ਲੇਖ਼ਕ

Tuesday, 01 May 2018 12:24

14. ਕਿਲੇ ਦੇ ਮੋਤੀ - ਔੜ ਵਿੱਚ ਹਸਪਤਾਲ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਦਾ ਵਿਸ਼ਵਾਸ਼ ਸੀ ਕਿ ਪੱਛਮੀ ਸਾਇੰਸ ਤੇ ਤਕਨਾਲੋਜੀ ਦੇ ਭਾਰਤੀ ਅਧਿਆਤਮਿਕਤਾ ਨਾਲ ਮਿਲਾਪ ਦੇ ਬਹੁਤ ਅੱਛੇ ਨਤੀਜੇ ਨਿਕਲ ਸਕਦੇ ਸਨ। ਉਸ ਨੂੰ ਕਨੇਡਾ ਤੇ ਭਾਰਤ ਬਾਰੇ ਸਮਝ ਸੀ ਤੇ ਦੋਨਾਂ ਨਾਲ ਲਗਾਵ ਸੀ, ਇਹ ਇੱਕ ਪਰਵਾਸੀ ਕੋਲ ਹੀ ਹੋ ਸਕਦੇ ਸਨ, ਅਤੇ ਉਹ ਸੋਚਦਾ ਸੀ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਦੋਨਾਂ ਦੇ ਸਭ ਤੋਂ ਅੱਛੇ ਗੁਣਾਂ ਨੂੰ ਇਕੱਠੇ ਕਰਨ ਵਿੱਚ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਸੀ। ਉਸਦੀ ਵੈਨਕੂਵਰ ਦੇ ਥੀਓਸੈਫਿਸਟਾਂ ਦੇ ਛੋਟੇ ਘੇਰੇ ਵਿੱਚ ਸ਼ਮੂਲੀਅਤ ਸੁਭਾਵਿਕ ਸੀ, ਇਹ ਪੱਛਮੀਆਂ ਵੱਲੋਂ ਭਾਰਤ ਦੀਆਂ ਰੁਹਾਨੀ ਰਵਾਇਤਾਂ ਨੂੰ ਅਪਨਾਉਂਦਿਆਂ ਦੇਖਣ ਦਾ ਮੌਕਾ ਸੀ, ਅਤੇ ਉਸਦੀਆਂ ਬੇਟੀਆਂ ਇਹ ਸਮਝਦਿਆਂ ਅਤੇ ਇਸ ਵਿੱਚ ਵਿਸ਼ਵਾਸ ਕਰਦੀਆਂ ਵੱਡੀਆਂ ਹੋਈਆਂ ਸਨ ਕਿ ਇਹ ਸਭ ਉਚਿੱਤ ਸੀ। ਉਹ ਇਹ ਵੀ ਜਾਣਦੀਆਂ ਸਨ ਕਿ ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਪੰਜਾਬ ਦੇ ਪਿੰਡਾਂ ਵਿੱਚ ਪੱਛਮੀ ਡਾਕਟਰੀ ਸਹੂਲਤਾਂ ਨਾਲ ਭਾਰਤ ਦੀ ਸੇਵਾ ਕਰਨ। ਪਰ ਜਦੋਂ ਇਹ ਮੌਕਾ ਆਇਆ, ਉਨ੍ਹਾਂ ਨੂੰ ਇਹ ਬਹੁਤ ਭੈਅ-ਭੀਤ ਕਰਨ ਵਾਲਾ ਲੱਗਾ। ਭਾਰਤ ਉਹ ਨਹੀਂ ਸੀ, ਜਿਸਦੀ ਉਨ੍ਹਾਂ ਨੂੰ ਆਸ ਸੀ।

ਫਿਰ ਵੀ, ਉਨ੍ਹਾਂ ਦੇ ਸਵਾਮੀ ਰਾਧਾ ਨਾਲ ਪਏ ਵਾਹ ਨੇ ਜੈਕੀ ਤੇ ਸੁਰਜੀਤ ਨੂੰ ਸਚਾਈ ਦੇ ਪਲਾਂ ਸਾਹਮਣੇ ਖੜ੍ਹਾ ਕਰ ਦਿੱਤਾ, ਜਿਨ੍ਹਾਂ ਤੋਂ ਟਾਲਾ ਨਹੀਂ ਸੀ ਵੱਟਿਆ ਜਾ ਸਕਦਾ। ਉਨ੍ਹਾਂ ਦੇ ਪੋਸਟ ਗਰੈਜੂਏਸ਼ਨ ਦੇ ਸਾਲਾਂ ਦੌਰਾਨ ਉਨ੍ਹਾਂ ਦੀ ਮਾਂ ਲਗਾਤਾਰ ਪੁੱਛਦੀ ਰਹੀ ਸੀ ਕਿ ਉਹ ਭਾਰਤ ਵਿੱਚ ਹਸਪਤਾਲ ਕਦੋਂ ਖੋਲ੍ਹਣਗੀਆਂ। ਸਵਾਮੀ ਰਾਧਾ ਨਾਲ ਉਨ੍ਹਾਂ ਦੀ ਥੋੜ੍ਹੇ ਸਮੇਂ ਲਈ  ਦਿਵਾਨਗੀ (ਜਦੋਂ ਉਹ ਆਪਣੀ ਪੜ੍ਹਾਈ ਵੱਲੋਂ ਲਾਪ੍ਰਵਾਹ ਹੋ ਗਈਆਂ ਸਨ) ਦੇ ਕੁਝ ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਦੀ ਮਾਂ ਨੇ ਧਰਤੀ `ਤੇ ਪੈਰ ਜਮਾਉਂਦਿਆਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਹੁਣ ਤੱਕ ਬਥੇਰੀ ਪੜ੍ਹਾਈ ਹੋ ਗਈ ਸੀ। ਉਨ੍ਹਾਂ ਨੇ ਕੋਈ ਵਿਰੋਧ ਨਾ ਕੀਤਾ ਅਤੇ ਆਪਣੇ ਮਾਪਿਆਂ ਨਾਲ ਕ੍ਰਿਸਮਸ ਸਮੇਂ ਭਾਰਤ ਲਈ ਚੱਲ ਪਈਆਂ। ਉਹ ਪੈਸੇਫਿਕ ਰੂਟ ਦੀ ਉਡਾਣ ਲੈ ਕੇ ਟੋਕੀਓ ਪਹੁੰਚੇ ਅਤੇ ਫਿਰ ਕੋਲਕਤਾ। ਉੱਥੋਂ ਉਨ੍ਹਾਂ ਨੇ ਪੰਜਾਬ ਜਾਣ ਲਈ ਰੇਲਗੱਡੀ ਪਕੜੀ ਅਤੇ 1ਜਨਵਰੀ 1957 ਨੂੰ ਔੜ ਪਹੁੰਚ ਗਏ। ਉਨ੍ਹਾਂ ਦੀ ਨਾਨੀ ਹਾਲ ਹੀ ਵਿੱਚ ਛਿਆਨਵੇਂ ਸਾਲ ਦੀ ਉਮਰ ਵਿੱਚ ਪੂਰੀ ਹੋ ਗਈ ਸੀ, ਅਤੇ ਉਸ ਤੋਂ ਬਗੈਰ ਘਰ ਖਾਲੀ ਲੱਗਦਾ ਸੀ, ਭਾਵੇਂ ਛੇਤੀ ਹੀ ਇਹ ਨਵੇਂ ਦੋਸਤਾਂ ਅਤੇ ਗਵਾਂਢੀਆਂ ਨਾਲ ਭਰ ਗਿਆ।

ਇਸ ਵਾਰ ਉਹ ਭਾਰਤ ਨੂੰ ਬਿਨਾਂ ਕਿਸੇ ਅਲੋਚਨਾ ਦੇ ਤਾਜ਼ੀਆਂ ਅੱਖਾਂ ਨਾਲ ਦੇਖਣਾ ਚਾਹੁੰਦੀਆਂ ਸਨ, ਪਰ ਇਹ ਚਣੌਤੀ ਸੀ। ਪਹਿਲੀ ਗੱਲ ਤਾਂ ਔੜ ਵਿਚਲਾ ਪਰਿਵਾਰ ਦਾ ਮਕਾਨ ਵੈਨਕੂਵਰ ਦੀਆਂ ਦੋ ਜਵਾਨ ਔਰਤਾਂ ਵਾਸਤੇ ਅਰਾਮਦਾਇਕ ਨਹੀਂ ਸੀ। ਬਾਕੀ ਦੇ ਪਿੰਡ ਵਾਂਗ ਹੀ ਇਸ ਵਿੱਚ ਬਿਜਲੀ ਨਹੀਂ ਸੀ, ਨਾ ਹੀ ਸਦਾ ਵਗਦੇ ਪਾਣੀ ਵਾਲੀਆਂ ਟੂਟੀਆਂ ਸਨ ਤੇ ਨਾ ਹੀ ਮਲ-ਮੂਤਰ ਲਈ ਢੁੱਕਵਾਂ ਨਿਕਾਸ ਪ੍ਰਬੰਧ ਸੀ। ਨੌਕਰ ਹਾਲੇ ਵੀ ਵੇਹੜੇ ਵਿੱਚ ਲੱਗੇ ਨਲਕੇ ਤੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਲਿਆਉਂਦੇ, ਨਹਾਉਣ ਲਈ ਪਾਣੀ ਨੂੰ ਚੁੱਲ੍ਹੇ `ਤੇ ਗਰਮ ਕਰਦੇ ਅਤੇ ਚੁੱਲ੍ਹਿਆਂ ਵਿੱਚ ਹੀ ਲੱਕੜ ਬਾਲ ਕੇ ਖਾਣਾ ਬਣਾਉਂਦੇ। ਉਸ ਜਨਵਰੀ ਵਿੱਚ ਜਦੋਂ ਤਾਪਮਾਨ ਮਨਫੀ ਤੋਂ ਕੁਝ ਦਰਜੇ ਹੀ ਉੱਪਰ ਸੀ, ਆਪਣੇ ਆਪ ਨੂੰ ਨਿੱਘਾ ਕਰਨ ਲਈ ਉਹ ਆਪਣੇ ਇੱਟਾਂ ਦੇ ਬਣੇ ਠੰਢੇ ਮਕਾਨ ਦੀਆਂ ਬਾਰੀਆਂ ਬੰਦ ਕਰ ਲੈਂਦੇ ਅਤੇ ਕੋਇਲੇ ਵਾਲੀ ਅੰਗੀਠੀ ਦੇ ਦੁਆਲੇ ਬੈਠ ਜਾਂਦੇ, ਜਿੱਥੇ ਕੋਇਲੇ ਦੇ ਧੂੰਏਂ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਉੱਥੇ ਫਰਸ਼ `ਤੇ ਬੈਠਣ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਹੁੰਦਾ, ਜੈਕੀ ਤੇ ਸੁਰਜੀਤ ਨੂੰ ਚੌਂਕੜੀ ਮਾਰ ਕੇ ਬੈਠਣ ਦੀ ਆਦਤ ਨਾ ਹੋਣ ਕਰਕੇ  ਉਨ੍ਹਾਂ ਲਈ ਇਹ ਉੱਨਾਂ ਚਿਰ ਬਹੁਤ ਮੁਸ਼ਕਲ ਰਿਹਾ, ਜਿੰਨਾਂ ਚਿਰ ਉਨ੍ਹਾਂ ਲਈ ਕਿਸੇ ਨੇ ਦੋ ਪੀੜ੍ਹੀਆਂ ਦਾ ਪਰਬੰਧ ਨਾ ਕਰ ਦਿੱਤਾ।  ਉਨ੍ਹਾਂ ਦੇ ਆਮ ਦਿਲ-ਪ੍ਰਚਾਵੇ ਦੇ ਸਾਧਨ ਵੀ ਗਾਇਬ ਸਨ। ਉਨ੍ਹਾਂ ਕੋਲ ਕੋਈ ਟੈਲੀਫੋਨ, ਜਾਂ ਰੋਜ਼ਾਨਾ ਅਖਬਾਰ ਨਹੀਂ ਸੀ ਹੁੰਦਾ ਅਤੇ ਉਹ ਬਾਹਰਲੀ ਦੁਨੀਆਂ ਦੀਆਂ ਖਬਰਾਂ ਵਾਸਤੇ ਇੱਕ ਛੋਟੇ ਜਿਹੇ ਰੇਡੀਓ `ਤੇ ਨਿਰਭਰ ਸਨ। ਗਰਮੀਆਂ ਦੀ ਰੁੱਤ ਆਉਣ ਨਾਲ ਗਰਮੀ ਤੇ ਹੁੰਮਸ ਦਾ ਜ਼ੋਰ ਪੈ ਗਿਆ। ਪਿੰਡ ਦੇ ਇੱਕ ਆਦਮੀ ਨੇ ਉਨ੍ਹਾਂ ਲਈ ਛੱਤ ਵਾਲਾ ਪੱਖਾ ਬਣਾ ਦਿੱਤਾ, ਜਿਹੜਾ ਰੱਸੀ ਖਿੱਚਣ ਨਾਲ ਹਵਾ ਦਿੰਦਾ ਸੀ, ਜਿਸ ਨਾਲ ਉਨ੍ਹਾਂ ਨੂੰ ਕੁਝ ਸਮੇਂ ਲਈ ਰਾਹਤ ਮਿਲਦੀ ਅਤੇ ਜਦੋਂ ਉਹ ਸੌਂ ਜਾਂਦਾ, ਪੱਖਾ ਖਿੱਚਣਾ ਬੰਦ ਹੋ ਜਾਂਦਾ।(1)

ਸ਼ਾਮ ਵੇਲੇ, ਜੈਕੀ, ਸੁਰਜੀਤ ਤੇ ਕਪੂਰ ਆਪਣੇ ਦਰਵਾਜ਼ੇ ਤੋਂ ਗੰਨੇ, ਬਾਜਰੇ ਅਤੇ ਕਣਕ ਦੇ ਖੇਤਾਂ ਵਿੱਚੋਂ ਲਾਗਲੇ ਪਿੰਡ ਵੱਲ ਤੁਰ ਪੈਂਦੇ। ਉਤਸੁਕਤਾ ਨਾਲ ਭਰੇ ਨਿਆਣਿਆਂ ਦੇ ਝੁੰਡ ਜਾਂ ਵੱਡਿਆਂ ਦੇ ਧਿਆਨ ਵੀ ਉਹ ਖਿੱਚ ਲੈਂਦੇ। ਪੜ੍ਹਣ, ਗੱਲ-ਬਾਤ ਅਤੇ ਨਿਰੀਖਣ ਰਾਹੀਂ ਉਨ੍ਹਾਂ ਨੇ ਜਾਣ ਲਿਆ ਸੀ ਕਿ ਦਿਹਾਤੀ ਪੰਜਾਬ ਬਦਲਾਵ ਦੇ ਪੜਾਅ ਵਿੱਚੋਂ ਗੁਜ਼ਰ ਰਿਹਾ ਸੀ। ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਵਾਰੀ-ਵਾਰੀ ਪਿੰਡਾਂ ਵਿੱਚ ਮੁਰੱਬੇਬੰਦੀ ਹੋ ਰਹੀ ਸੀ ਅਤੇ ਪਿੰਡ ਦੇ ਖੇਤਾਂ ਨੂੰ ਵੱਡੇ ਅਤੇ ਘੱਟ ਖਰਚੇ ਵਾਲੇ ਭਾਗਾਂ ਵਿੱਚ ਵੰਡਣ ਦੀ ਯੋਜਨਾ ਸੀ, ਪਿੰਡਾਂ ਵਿੱਚ ਬਿਜਲੀ ਲਿਆਉਣ ਦਾ ਕੰਮ ਸ਼ੁਰੂ ਸੀ, ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਔੜ ਤੋਂ ਪੰਜਾਹ ਕਿਲੋਮੀਟਰ ਉੱਤਰ ਪੂਰਬ ਵੱਲ ਮਹਾਨ ਭਾਖੜਾ ਬੰਨ੍ਹ ਦੀ ਉਸਾਰੀ ਹੋ ਰਹੀ ਸੀ, ਜਿਸ ਨਾਲ ਭਵਿੱਖ ਵਿੱਚ ਹੋਰ ਸਿੰਚਾਈ ਅਤੇ ਬਿਜਲੀ ਪੈਦਾ ਹੋਣੀ ਸੀ ਅਤੇ ਪਿੰਡ ਦੀ ਮਜ਼ਦੂਰੀ ਅਤੇ ਸਰਕਾਰ ਦੀ ਸਬਸਿਡੀ ਨਾਲ ਪੁੱਟੇ ਗਏ ਖੂਹਾਂ ਨਾਲ ਪਹਿਲਾਂ ਹੀ ਸੰਚਾਈ ਅਧੀਨ ਜ਼ਮੀਨ ਦਾ ਘੇਰਾ ਵਧ ਰਿਹਾ ਸੀ।(2)

ਇਹ ਪੰਜਾਬ ਵਿੱਚ 1970ਵਿਆਂ ਵਿੱਚ ਆਈ ਅਚਾਨਕ ਹਰੀ ਕ੍ਰਾਂਤੀ ਦੀਆਂ ਤਿਆਰੀਆਂ ਸਨ। ਪਰ 1957 ਵਿੱਚ ਬਦਲਾਅ ਪ੍ਰਤੱਖ ਨਹੀਂ ਦਿਸਦਾ ਸੀ। ਔੜ ਦੇ ਪੂਰਬ ਵਿੱਚ ਵੱਡੇ ਇਲਾਕੇ ਸਮੇਤ ਬਹੁਤਾ ਦਿਹਾਤੀ ਖੇਤਰ ਖੁਸ਼ਕ ਤੇ ਧੂੜ ਭਰਿਆ ਹੀ ਰਿਹਾ। ਔੜ ਤੇ ਖੜੌਦੀ ਵਰਗੇ ਪਿੰਡਾਂ ਵਿੱਚ, ਜਿੱਥੇ ਖੂਹਾਂ ਰਾਹੀਂ ਸਿੰਚਾਈ ਹੁੰਦੀ ਸੀ, ਖੇਤਾਂ ਵਿੱਚ ਪਾਣੀ ਖਾਲਾਂ ਰਾਹੀਂ ਪਹੁੰਚਦਾ ਸੀ, ਜਿਹੜਾ ਟਿੰਡਾਂ ਰਾਹੀਂ ਖੂਹ ਵਿੱਚੋਂ ਕੱਢਿਆ ਜਾਂਦਾ ਸੀ। ਖੂਹਾਂ ਨੂੰ ਬਲਦਾਂ ਰਾਹੀਂ ਗੇੜਿਆ ਜਾਂਦਾ ਸੀ, ਉਨ੍ਹਾਂ ਦੀਆਂ ਅੱਖਾਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ ਤਾਂ ਕਿ ਉਹ ਆਪਣੇ ਮਾਲਕ ਨੂੰ ਉੱਥੋਂ ਖਿਸਕਦੇ ਨੂੰ ਨਾ ਦੇਖ ਸਕਣ ਅਤੇ ਨਾ-ਮੁੱਕਣ ਵਾਲੇ ਗੇੜੇ ਕੱਢੀ ਜਾਣ। ਇਹ ਮਸ਼ੀਨਾਂ ਤੋਂ ਬਿਨਾਂ ਦੇਸ਼ ਸੀ, ਫਸਲ ਕੱਟਣ ਵਾਲੇ ਹੱਥ ਵਾਲੀ ਦਾਤੀ ਨਾਲ ਵਢਾਈ ਕਰਦੇ ਜਾਂ ਝੋਨੇ ਨੂੰ ਸੋਟੀਆਂ ਨਾਲ ਕੁੱਟ ਕੇ ਚੌਲ ਕੱਢਦੇ, ਕਣਕ ਨੂੰ ਬਲਦਾਂ ਨਾਲ ਗਾਹੁੰਦੇ, ਜਾਂ ਨਵੇਂ ਤਰੀਕੇ ਅਨੁਸਾਰ ਪੂਲਿਆਂ ਨੂੰ  ਸੜਕ ਤੇ ਰੱਖ ਦਿੰਦੇ ਤਾਂ ਕਿ ਵਾਹਣ ਉੱਪਰ ਦੀ ਲੰਘ ਜਾਣ। ਹਰ ਸਵੇਰ ਪਿੰਡ 3:00 ਵਜੇ ਔਰਤਾਂ ਵੱਲੋਂ ਚੱਕੀਆਂ ਪੀਹਣ ਦੀ  ਆਵਾਜ਼ ਨਾਲ ਜਾਗ ਪੈਂਦਾ। ਚੱਕੀਆਂ, ਗੋਲ ਆਕਾਰ ਦੇ ਦੋ ਪੱਥਰ ਹੁੰਦੇ, ਵਿੱਚ ਉਹ ਆਟੇ ਲਈ ਕਣਕ ਪੀਂਹਦੀਆਂ। ਭਾਵੇਂ ਜੈਕੀ ਤੇ ਸੁਰਜੀਤ ਨੂੰ ਜਾਣਕਾਰੀ ਸੀ ਕਿ ਅਧੁਨਿਕ ਉੱਨਤੀ ਆ ਰਹੀ ਸੀ ਪਰ ਇਹ ਉਨ੍ਹਾਂ ਨੂੰ ਸਦੀਵੀ ਲੱਗਦਾ।(3)

ਔੜ ਹੁਣ ਉਹ ਪਿੰਡ ਨਹੀਂ ਸੀ ਰਿਹਾ, ਜਿੱਥੇ ਬਸੰਤ ਕੌਰ ਵੱਡੀ ਹੋਈ ਸੀ, ਜਾਂ ਜਦੋਂ ਉਹ 1931 ਵਿੱਚ ਵਾਪਸ ਗਈ ਸੀ। ਕਦੇ ਉੱਥੇ ਤਿੰਨ ਭਾਈਚਾਰੇ, ਹਿੰਦੂ, ਸਿੱਖ ਅਤੇ ਮੁਸਲਮਾਨ ਬਹੁਤ ਸ਼ਾਂਤੀ ਨਾਲ ਵਸਦੇ ਸਨ। ਅਸਲ ਵਿੱਚ, ਔੜ 1947 ਤੱਕ ਮੁਸਲਮਾਨਾਂ ਦਾ ਮੁੱਖ ਕੇਂਦਰ ਹੁੰਦਾ ਸੀ, ਜਦੋਂ ਪਿੰਡਾਂ ਵਿੱਚ ਮੁਸਲਮਾਨਾਂ ਨੂੰ ਮਾਰਨ ਲਈ ਝੁੰਡ ਦਨਦਨਾਉਂਦੇ ਫਿਰਦੇ ਸਨ ਅਤੇ ਬਚ ਗਏ ਪਾਕਿਸਤਾਨ ਚਲੇ ਗਏ ਸਨ। ਔੜ ਵਿੱਚ ਉਨ੍ਹਾਂ ਦੀ ਥਾਂ ਹਿੰਦੂ ਅਤੇ ਸਿੱਖ ਸ਼ਰਨਾਰਥੀਆਂ ਨੇ ਲੈ ਲਈ ਸੀ, ਜਿਹੜੇ ਪਾਕਿਸਤਾਨ ਵਿੱਚ ਉੱਨੇ ਹੀ ਭੂਸਰੇ ਝੁੰਡਾਂ ਤੋਂ ਬਚ ਕੇ ਆਏ ਸਨ। ਪਿੰਡ ਨਵੇਂ ਵਾਸੀਆਂ ਨਾਲ ਭਰਿਆ ਪਿਆ ਸੀ, ਅਤੇ ਭਾਵੇਂ ਬਸੰਤ ਕੌਰ ਇਸ ਪਿੰਡ ਦੀਆਂ ਗਲ਼ੀਆਂ, ਇਮਾਰਤਾਂ ਅਤੇ ਆਲੇ-ਦੁਆਲੇ ਤੋਂ ਵਾਕਿਫ ਸੀ ਪਰ ਇਸਦੇ ਬਹੁਤ ਸਾਰੇ ਵਸਨੀਕਾਂ ਲਈ ਉਹ ਅਜਨਬੀ ਸੀ।

ਫਿਰ ਵੀ ਸ਼ਰਨਾਰਥੀਆਂ ਵਿੱਚੋਂ ਬਹੁਤਿਆਂ ਦੀਆਂ ਜੜ੍ਹਾਂ ਔੜ ਵਿੱਚ ਸਨ ਕਿਉਂ ਕਿ 1947 ਵਿੱਚ ਉਹ ਉਨ੍ਹਾਂ ਪਿੰਡਾਂ ਵੱਲ ਹੀ ਆਏ ਸਨ, ਜਿੱਥੇ ਕਦੇ ਉਨ੍ਹਾਂ ਦੇ ਵਡੇਰੇ ਰਹਿੰਦੇ ਰਹੇ ਸਨ। ਇਹੀ ਕੇਸ ਸਤ੍ਹਾਰਾਂ ਸਾਲਾਂ ਦੀ ਕ੍ਰਿਸ਼ਨਾ ਸ਼ਰਮਾ, ਉਸਦੇ ਮਾਪਿਆਂ ਅਤੇ ਦਸ ਭੈਣ-ਭਰਾਵਾਂ ਦਾ ਸੀ। ਉਹ ਸੰਧੂ ਕਿਲੇ ਵਾਲੀ ਗਲੀ ਵਿੱਚ ਹੀ ਰਹਿੰਦੇ ਸਨ। ਉਹ ਸ਼ਰਮਾ ਖਾਨਦਾਨ ਦੇ ਬ੍ਰਾਹਮਣ ਹਿੰਦੂ ਸਨ। ਉਸਦਾ ਦਾਦਾ ਔੜ ਛੱਡ ਕੇ ਇੱਕ ਹੋਰ ਹਿੰਦੂ, ਸ਼੍ਰੀ ਗੰਗਾ ਰਾਮ ਲਈ ਮੈਨੇਜਰ ਵਜੋਂ ਕੰਮ ਕਰਨ ਲਈ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਚਲਾ ਗਿਆ ਸੀ। ਸ਼੍ਰੀ ਗੰਗਾ ਰਾਮ ਖਾਦੀ, ਮੂੰਗਫਲੀ ਦੇ ਤੇਲ ਅਤੇ  ਸਰ੍ਹੋਂ ਦੇ ਤੇਲ ਦੀਆਂ ਫੈਕਟਰੀਆਂ ਦਾ ਮਾਲਕ ਸੀ। ਕ੍ਰਿਸ਼ਨਾਂ ਦੇ ਮੈਨੇਜਰ ਦਾਦੇ ਦੀ ਚੰਗੀ ਕਮਾਈ ਸੀ ਅਤੇ ਵੱਡੇ ਪਰਿਵਾਰ ਦਾ ਉਹ ਮੁੱਖ ਸਹਾਰਾ ਸੀ। ਉਸਦੇ ਮਾਪੇ ਵੰਡ ਵੇਲੇ ਉਸਦੇ ਮਾਮਿਆਂ ਦੀ ਉੱਥੋਂ ਨਿਕਲਣ ਦੀ ਦੁਹਾਈ ਦੇ ਬਾਵਜੂਦ ਵੀ ਪਾਕਿਸਤਾਨ ਵਿੱਚ ਹੀ ਰਹੇ। ਉਨ੍ਹਾ ਨੇ ਉਸਦੇ ਪਿਤਾ ਦੇ ਇੱਕ ਰਿਸ਼ਤੇਦਾਰ ਦਾ ਕਿਹਾ ਮੰਨਿਆ ਸੀ, ਜਿਸ ਨੇ ਕਿਹਾ ਸੀ, "ਨਹੀਂ, ਨਹੀਂ, ਕੋਈ ਖੂਨ-ਖਰਾਬਾ ਨਹੀਂ ਹੋਵੇਗਾ।" ਪਰ ਕ੍ਰਿਸ਼ਨਾ ਸੱਤ ਸਾਲ ਦੀ ਉਮਰ ਵਿੱਚ ਖਾਈਆਂ ਵਿੱਚ ਲੁਕੀ ਅਤੇ ਉਸ ਨੇ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਲੁੱਟ-ਮਾਰ ਕਰਨ ਵਾਲੇ ਟੋਲੇ ਨੂੰ ਆਉਂਦਾ ਦੇਖਿਆ ਅਤੇ ਗਲ਼ੀਆਂ ਵਿੱਚ ਖੂਨ ਦੇਖਿਆ, ਜਦੋਂ ਉਹ ਭਾਰਤ ਵੱਲ ਭੱਜਣ ਤੋਂ ਪਹਿਲਾਂ, ਆਪਣੀ ਮਾਂ ਦਾ ਅਖੀਰਲੇ ਮਿੰਟ ਯਾਦ ਆਇਆ ਇੱਕ ਛੋਟਾ ਜਿਹਾ ਕੰਮ(ਬੱਚੇ ਦੇ ਕੱਪੜੇ ਚੁੱਕਣ) ਕਰਨ ਗਈ ਸੀ। ਉਹ ਆਪਣੇ ਪਿਤਾ ਤੋਂ ਵਿਛੜ ਗਏ ਸਨ ਅਤੇ ਸਰਹੱਦ ਤੋਂ ਪਾਰ ਕਸ਼ਟਮਈ ਰੇਲਗੱਡੀ ਦੇ ਸਫਰ ਤੋਂ ਬਾਅਦ ਫਿਲੌਰ ਦੇ ਸਟੇਸ਼ਨ `ਤੇ ਉਸ ਨੂੰ ਮੁੜ ਮਿਲ ਪਏ।(4)

ਉਸ ਸਮੇਂ ਤੋਂ, ਕ੍ਰਿਸ਼ਨਾ ਅਤੇ ਉਸਦਾ ਪਰਿਵਾਰ ਔੜ ਵਿੱਚ ਰਹਿੰਦੇ ਸਨ, ਜਿੱਥੇ ਉਸਦੇ ਪਿਤਾ ਦੀ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਜਿਸ ਵਿੱਚ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕੰਘੇ, ਕਾਪੀਆਂ ਅਤੇ  ਛੋਟੇ-ਮੋਟੇ ਗਹਿਣੇ ਵਿਕਦੇ। ਛੋਟੀ ਕੁੜੀ ਵਜੋਂ ਕ੍ਰਿਸ਼ਨਾ ਅਕਸਰ ਹੀ ਗਲੀ ਵਿੱਚ ਦੌੜ ਕੇ ਜੈਕੀ ਤੇ ਸੁਰਜੀਤ ਦੀ ਨਾਨੀ ਨੂੰ ਮਿਲਣ ਜਾਂਦੀ, ਜਿਹੜੀ ਜਵਾਨ ਲੋਕਾਂ ਨੂੰ ਪਸੰਦ ਕਰਦੀ ਸੀ ਤੇ ਉਸ ਨੂੰ ਵੀ ਪਸੰਦ ਕਰਦੀ ਸੀ। ਜਦੋਂ ਉਹ ਕੁਝ ਵੱਡੀ ਹੋ ਗਈ ਅਤੇ ਜਦੋਂ ਸਿੱਧੂ ਕਨੇਡਾ ਤੋਂ ਪਹੁੰਚ ਗਏ, ਉਹ ਕੁਦਰਤੀ ਹੀ ਉਨ੍ਹਾਂ ਨਾਲ ਜੁੜ ਗਈ, ਆਪਣਾ ਬਹੁਤਾ ਸਮਾਂ ਉਨ੍ਹਾਂ ਨਾਲ ਹੀ ਬਿਤਾਉਂਦੀ। ਉਸਦਾ ਪਿਤਾ ਉਸ ਨੂੰ ਇਸ ਲਈ ਉਤਸ਼ਾਹਤ ਕਰਦਾ ਪਰ ਉਸਦੀਆਂ ਭੈਣਾਂ ਅਤੇ ਮਾਂ ਖਿੱਝਦੀ, ਜਿਹੜੀ ਸ਼ਕਾਇਤ ਕਰਦੀ ਕਿ ਉਹ ਘਰ `ਚ ਕੰਮ ਤੋਂ ਬਚਣ ਦੀ ਮਾਰੀ ਏਧਰ ਆ ਜਾਂਦੀ ਸੀ। ਜਦੋਂ ਬਸੰਤ ਕੌਰ, ਜੈਕੀ ਤੇ ਸੁਰਜੀਤ ਬਜ਼ਾਰ ਵਿੱਚ ਘਰ ਲਈ ਰਾਸ਼ਨ ਤੇ ਹੋਰ ਸੌਦਾ-ਪੱਤਾ ਲੈਣ ਜਾਂਦੀਆਂ, ਕ੍ਰਿਸ਼ਨਾ ਉਨ੍ਹਾਂ ਦੇ ਨਾਲ ਜਾਂਦੀ ਅਤੇ ਸਮਾਨ ਚੁੱਕਣ ਵਿੱਚ ਮੱਦਦ ਕਰਦੀ, ਵਧੀਆ ਦੁਕਾਨਾਂ ਦੀ ਦੱਸ ਪਾਉਂਦੀ ਅਤੇ ਠੀਕ ਮੁੱਲ ਲਈ ਦੁਕਾਨਦਾਰਾਂ ਨਾਲ ਹੁਸ਼ਿਆਰੀ ਨਾਲ ਭਾਅ ਬਣਾਉਂਦੀ। ਔੜ ਪਹੁੰਚਣ ਤੋਂ ਦੋ ਹਫਤੇ ਬਾਅਦ ਬਸੰਤ ਕੌਰ ਤੇ ਸੁਰਜੀਤ ਕਾਰ ਖ੍ਰੀਦਣ ਲਈ ਬੱਸ ਰਾਹੀਂ ਜਲੰਧਰ ਗਈਆਂ। ਜੀ ਟੀ ਰੋਡ ਉੱਪਰ ਉਨ੍ਹਾਂ ਨੇ ਮਸੰਦ ਮੋਟਰਜ਼ ਦੇ ਨਾਂ ਵਾਲਾ ਫੱਟਾ ਦੇਖਿਆ, ਜਿੱਥੋਂ ਉਨ੍ਹਾਂ ਨੇ ਹਰੇ ਰੰਗ ਦੀ ਚਾਰ ਦਰਵਾਜ਼ਿਆਂ ਵਾਲੀ ਛੋਟੀ ਜਿਹੀ ਫੀਏਟ ਕਾਰ ਖ੍ਰੀਦੀ। ਇਟਲੀ ਦਾ ਬਣਿਆ ਹੋਇਆ ਇਹ ਆਖਰੀ ਮਾਡਲ ਉਪਲਬਧ ਸੀ। ਅਖੀਰਲਾ ਇਸ ਕਰਕੇ ਕਿ ਮੁੰਬਈ ਦੀ ਫੈਕਟਰੀ `ਚ ਇੱਕ ਸਾਲ ਪਹਿਲਾਂ ਇਸੇ ਲਾਈਸੰਸ ਹੇਠ ਫੀਏਟ ਬਨਣੀਆਂ ਸ਼ੁਰੂ ਹੋ ਗਈਆਂ ਸਨ।  ਔੜ ਵਿੱਚ ਕਿਸੇ ਕੋਲ ਇਹ ਪਹਿਲੀ ਫੀਏਟ ਕਾਰ ਸੀ, ਅਤੇ ਜਦੋਂ ਇਹ ਕਿਤੋਂ ਬਾਹਰੋਂ ਪਰਤਦੀ, ਛੋਟੇ ਅਤੇ ਵੱਡੇ ਬੱਚਿਆਂ ਦਾ ਝੁੰਡ, ਇਸ ਨੂੰ ਦੇਖਣ ਲਈ ਇਕੱਠਾ ਹੋ ਜਾਂਦਾ। ਕ੍ਰਿਸ਼ਨਾ ਸਭ ਤੋਂ ਮੂਹਰੇ ਹੁੰਦੀ।

ਕ੍ਰਿਸ਼ਨਾ ਦੇ ਪਰਿਵਾਰ ਦੀ ਬਜ਼ੁਰਗ ਬ੍ਰਾਹਮਣ ਮੇਹਰਚੰਦ ਨਾਲ ਬਹੁਤ ਨੇੜਤਾ ਸੀ, ਜਿਹੜਾ ਕ੍ਰਿਸ਼ਨਾ ਦੇ ਦਾਦੇ ਦਾ ਔੜ ਵਿੱਚ ਹਮ ਜਮਾਤੀ ਸੀ ਅਤੇ ਉਸ ਨੇ ਵੀ ਪਿੰਡ ਤੋਂ ਕਈ ਵਰ੍ਹੇ ਪਾਸੇ ਰਹਿ ਕੇ ਗੁਜ਼ਾਰੇ ਸਨ। ਉਹ ਸ਼ਿਮਲੇ ਦੇ ਪਹਾੜਾਂ ਵਿੱਚ ਰਿਹਾ ਸੀ, ਜਿੱਥੇ ਉਹ ਬਰਤਾਨਵੀ ਸ਼ਾਸਨ ਹੇਠ ਪੋਸਟਮਾਸਟਰ ਸੀ। ਮੇਹਰ ਚੰਦ ਔੜ ਦੇ ਅਜੇਹੇ ਵਸਨੀਕਾਂ ਵਿੱਚੋਂ ਸੀ, ਜਿਨ੍ਹਾਂ ਨੂੰ ਬਸੰਤ ਕੌਰ ਚੰਗੀ ਤਰ੍ਹਾਂ ਜਾਣਦੀ ਸੀ। ਉਨ੍ਹਾਂ ਨੇ ਅਧਿਆਤਮਕ ਮਾਮਲੇ ਵਿੱਚ ਕੁਝ ਨੇੜਤਾ ਮਹਿਸੂਸ ਕੀਤੀ, ਅਤੇ ਉਹ ਉਸ ਨੂੰ ਧਰਮ ਦਾ ਭਰਾ ਆਖਣ ਲੱਗੀ ਸੀ। ਕਪੂਰ ਉਸ ਨੂੰ ਪਹਿਲੀਆਂ ਫੇਰੀਆਂ ਤੋਂ ਜਾਣਦਾ ਸੀ ਅਤੇ ਉਸ ਨਾਲ ਵੈਨਕੂਵਰ ਤੋਂ ਚਿੱਠੀ-ਪੱਤਰ ਰਾਹੀਂ ਜੁੜਿਆ ਹੋਇਆ ਸੀ। ਜਦੋਂ ਜੈਕੀ ਤੇ ਸੁਰਜੀਤ ਨੇ ਬਾਲਗਾਂ ਵਜੋਂ ਉਸ ਨਾਲ ਕੁਝ ਸਮਾਂ ਬਿਤਾਇਆ, ਉਨ੍ਹਾਂ ਨੂੰ ਉਹ ਚੰਗਾ ਲੱਗਣ ਲੱਗਾ ਅਤੇ ਉਹ ਉਸ ਨੂੰ ਅੰਕਲ ਆਖਣ ਲੱਗੀਆਂ। ਉਹ ਸ਼ਾਨਦਾਰ ਅੰਗ੍ਰੇਜ਼ੀ ਬੋਲਦਾ ਸੀ ਅਤੇ ਹਰ ਰੋਜ਼ ਗੱਲਾਂ-ਬਾਤਾਂ ਕਰਨ ਲਈ ਗੇੜਾ ਮਾਰਦਾ। ਉਸ ਨੇ ਦੱਸਿਆ ਕਿ ਮੀਂਹ-ਕਣੀ ਦੇ ਦਿਨੀਂ ਉਹ ਹੈਜ਼ਲਿਟ, ਚੌਸਰ ਅਤੇ ਸ਼ੈਕਸਪੀਅਰ ਨੂੰ ਪੜ੍ਹਦਾ ਸੀ ਇਸੇ ਕਾਰਣ ਉਹ ਰਵਾਨਗੀ ਨਾਲ ਅੰਗ੍ਰੇਜ਼ੀ ਬੋਲ ਲੈਂਦਾ ਸੀ। ਜਦੋਂ ਭੈਣਾਂ ਔੜ ਵਿਚਲੀ ਜ਼ਿੰਦਗੀ ਬਾਰੇ ਸ਼ਕਾਇਤ ਕਰਦੀਆਂ , ਉਹ ਆਖਦਾ, " ਜੈਸਾ ਦੇਸ ਵੈਸਾ ਭੇਸ।"  ਲਗਾਤਾਰ ਦੇ ਸਾਥੀ ਅਤੇ ਪੂਰੀ ਤਰ੍ਹਾਂ ਨਾਲ ਰਾਜ਼ਦਾਰ ਵਜੋਂ ਉਹ ਹਸਪਤਾਲ ਬਾਰੇ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦਾ ।

ਉਨ੍ਹਾਂ ਨੂੰ ਕਪੂਰ ਦੇ ਪੁਰਾਣੇ ਮਿੱਤਰ ਭਾਈ ਪਿਆਰਾ ਸਿੰਘ ਵੱਲੋਂ ਸਭ ਤੋਂ ਕੀਮਤੀ ਸਹਾਇਤਾ ਮਿਲੀ। ਉਸ ਨੇ ਕਪੂਰ ਦੇ ਨਾਲ ਹੀ ਕਨੇਡਾ ਵਿੱਚ ਪਰਵਾਸ ਕੀਤਾ ਸੀ ਅਤੇ ਇਹ ਆਜ਼ਾਦੀ ਘੁਲਾਟੀਆ ਦੋ ਵਾਰ ਅੰਗ੍ਰੇਜ਼ਾਂ ਹੇਠ ਜੇਲ੍ਹ ਵਿੱਚ ਬੰਦ ਰਿਹਾ ਸੀ ਅਤੇ ਬਰਤਾਨਵੀ ਹਕੂਮਤ ਦੇ ਆਖਰੀ ਸਾਲ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਬਹੁਤ ਸਾਲ ਪਹਿਲਾਂ ਉਸ ਨੇ ਕਪੂਰ ਦੇ ਹਸਪਤਾਲ ਲਈ ਫਗਵਾੜਾ ਸ਼ਹਿਰ ਦੇ ਬਾਹਰਵਾਰ ਸੱਤ ਘੁਮਾਂ ਜ਼ਮੀਨ ਲੈ ਰੱਖੀ ਸੀ। ਇਹ ਸ਼ਹਿਰ ਔੜ ਤੋਂ ਚਾਲੀ ਕਿਲੋਮੀਟਰ ਉੱਤਰ ਪੱਛਮ ਵੱਲ ਰੇਲਵੇ ਜੰਕਸ਼ਨ `ਤੇ ਹੈ। ਜ਼ਮੀਨ ਹਾਲੇ ਕਪੂਰ ਦੇ ਨਾਂ ਚੜ੍ਹਣੀ ਸੀ, ਭਾਵੇਂ ਇਹ ਬਿਨਾਂ ਕਿਸੇ ਦੇਰੀ ਦੇ ਹੋ ਗਈ ਪਰ ਇਸ ਜ਼ਮੀਨ `ਤੇ ਹਾਲ਼ੇ ਵਾਲ਼ੇ ਖੇਤੀ ਕਰਦੇ ਸਨ, ਜਿਨ੍ਹਾਂ ਨੂੰ ਉੱਥੋਂ ਪਾਸੇ ਕਰਨਾ ਸੀ ਅਤੇ ਜ਼ਮੀਨ ਤੱਕ ਪਹੁੰਚ ਵੀ ਇੱਕ ਸਮੱਸਿਆ ਸੀ। ਜਾਇਦਾਦ ਜੀ ਟੀ ਰੋਡ ਦੇ ਨੇੜੇ ਫਗਵਾੜੇ ਵਿੱਚ ਜਲੰਧਰ ਵਾਲੇ ਪਾਸੇ ਸੀ, ਪਰ ਇਹ ਕਿਸੇ ਦੀ ਨਿੱਜੀ ਜ਼ਮੀਨ ਅਤੇ ਦਿੱਲੀ ਤੋਂ ਅਮ੍ਰਿਤਸਰ ਤੇ ਅੱਗੇ ਪਾਕਿਸਤਾਨ ਜਾਣ ਵਾਲੀ ਰੇਲ ਦੀ ਮੁੱਖ ਪਟੜੀ ਕਾਰਣ ਮੁੱਖ ਸੜਕ ਤੋਂ ਕੱਟੀ ਹੋਈ ਸੀ।(5) ਉਸ ਜ਼ਮੀਨ ਦਾ ਮਾਲਕ ਵੇਚਣ ਦਾ ਚਾਹਵਾਨ ਸੀ ਪਰ ਉਸਦੇ ਹੱਥ ਤਿੰਨ ਭਤੀਜਿਆਂ ਕਾਰਣ ਬੱਝੇ ਹੋਏ ਸਨ, ਜਿਨ੍ਹਾਂ ਨੇ ਇਸ ਨੂੰ ਗਹਿਣੇ ਰੱਖਿਆ ਹੋਇਆ ਸੀ। ਸਰਕਾਰ ਦੀ ਸਹਾਇਤਾ ਤੋਂ ਬਿਨਾਂ ਸਿੱਧੂ ਪਹੁੰਚ ਮਾਰਗ ਨਹੀਂ ਬਣਾ ਸਕਦੇ ਸਨ। ਲੋਕ ਉਨ੍ਹਾਂ ਨੂੰ ਇਮਾਰਤੀ ਸਮਾਨ, ਇੱਟਾਂ, ਸੀਮਿੰਟ, ਲੋਹਾ, ਅਤੇ ਸਟੀਲ ਦੀ ਭਾਰੀ ਕਿੱਲਤ ਅਤੇ ਰਾਸ਼ਨ ਰਾਹੀਂ ਮਿਲਣ ਦੀਆਂ ਗੱਲਾਂ ਵੀ ਸੁਣਾਉਂਦੇ ਸਨ, ਇਸ ਲਈ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਸੂਬੇ ਦੀ ਸਰਕਾਰ ਦੇ ਨਾਲ ਕੇਂਦਰ ਦੀ ਸਰਕਾਰ ਨੂੰ ਵੀ ਰੇਲ ਪਟੜੀ ਦੇ ਪਾਰ ਲਾਂਘੇ ਅਤੇ ਇਮਾਰਤੀ ਸਮਾਨ ਲਈ ਅਰਜ਼ੀਆਂ ਭੇਜਣੀਆਂ ਚਾਹੀਦੀਆਂ ਸਨ। ਜਦੋਂ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਅੰਦਾਜ਼ੇ ਲਾਉਂਦੇ ਸਨ, ਉਦੋਂ ਉਨ੍ਹਾਂ ਕੋਲ ਭਾਈ ਪਿਆਰਾ ਸਿੰਘ ਦਾ ਸੁਖਾਵਾਂ ਸਾਥ ਸੀ, ਜਿਸ ਨੇ ਜਨਵਰੀ ਦੇ ਅਖੀਰ ਵਿੱਚ ਇੱਕ ਵੇਹਲੇ ਦਿਨ, ਜੈਕੀ ਤੇ ਸੁਰਜੀਤ ਨੂੰ 1915 ਵਿੱਚ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਵਾਲੀ ਕਰੂਰ ਕਹਾਣੀ ਅਤੇ ਅੰਡੇਮਾਨ ਟਾਪੂ ਵਿੱਚ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਦੇ ਔਖਿਆਈ ਭਰਪੂਰ ਦਿਨਾਂ ਦੀਆਂ ਗੱਲਾਂ ਸੁਣਾਈਆਂ।

ਹਸਪਤਾਲ ਦੇ ਕੰਮ ਦੀ ਸ਼ੁਰੂਆਤ ਲਈ ਉਨ੍ਹਾਂ ਨੇ ਉੱਪਰ ਤੋਂ ਕੰਮ ਵਿੱਢਿਆ, ਪੰਜਾਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ, ਸੂਬੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨਾਲ ਗੱਲਬਾਤ ਕਰਨ ਲਈ ਕੋਸ਼ਿਸ਼ ਕਰਨ ਲੱਗੇ। ਉਸ ਤੋਂ ਸਮਾਂ ਲੈਣ ਲਈ ਉਨ੍ਹਾਂ ਨੇ ਕੈਰੋਂ ਨੂੰ ਪੱਤਰ ਲਿਖਿਆ ਅਤੇ ਤਾਰਾਂ ਰਾਹੀਂ ਪਿੱਛੇ ਲੱਗੇ ਰਹੇ। ਔੜ ਵਿੱਚ ਡਾਕ ਘਰ ਸੀ ਅਤੇ ਤਾਰਾਂ ਪਾਉਣ ਵਾਲਾ ਦਫਤਰ ਵੀ ਪਰ ਟੈਲੀਫੋਨ ਨਹੀਂ ਸੀ, ਇਸ ਲਈ ਤਾਰਾਂ ਹੀ ਸਭ ਤੋਂ ਤੇਜ਼ ਵਸੀਲਾ ਸੀ ਅਤੇ ਜਵਾਬ ਵਿੱਚ ਤੇਜ਼ੀ ਲਿਆਉਣ ਲਈ (ਭਾਵੇਂ ਉਨ੍ਹਾਂ ਦਾ ਵਾਹ ਸਰਕਾਰ ਨਾਲ ਸੀ) ਉਹ ਜਵਾਬੀ ਤਾਰਾਂ ਦਾ ਮੁੱਲ ਵੀ ਪਹਿਲਾਂ ਹੀ ਤਾਰ ਦਿੰਦੇ। ਪਰ ਉਨ੍ਹਾਂ ਨੂੰ ਕੋਈ ਜਵਾਬ ਨਾ ਆਇਆ। ਜਦੋਂ ਉਹ ਬੇਸਬਰ ਹੋ ਗਏ, ਉਹ ਮੁੱਖ ਮੰਤਰੀ ਕੈਰੋਂ ਨੂੰ ਫੋਨ ਕਰਨ ਲਈ ਊਬੜ-ਖਾਭੜ ਸੜਕ ਰਾਹੀਂ ਬਾਰਾਂ ਕਿਲੋਮੀਟਰ ਦੂਰ ਨਵਾਂ ਸ਼ਹਿਰ ਗਏ। ਇਹ ਵੀ ਐਨਾਂ ਆਸਾਨ ਨਹੀਂ ਸੀ, ਸੁਰਜੀਤ ਨੇ ਪਹਿਲੀ ਵਾਰ ਇਹ ਕੀਤਾ ਸੀ, ਉਸ ਨੇ ਨਵਾਂ ਸ਼ਹਿਰ ਦੇ ਜਨਤਕ ਫੋਨ ਦਫਤਰ ਤੋਂ ਕਾਲ ਬੁੱਕ ਕੀਤੀ ਅਤੇ ਦੋ ਘੰਟੇ ਕੁਨੈਕਸ਼ਨ ਮਿਲਣ ਦੀ ਉਡੀਕ ਕਰਦੀ ਰਹੀ ਅਤੇ ਅਖੀਰ ਉਸ ਨੂੰ ਦੱਸਿਆ ਗਿਆ ਕਿ ਲਾਈਨਾਂ ਕੰਮ ਨਹੀਂ ਕਰਦੀਆਂ। ਭਾਈ ਪਿਆਰਾ ਸਿੰਘ ਦਾ ਸਬੰਧ ਵਿਰੋਧੀ ਦਲ ਆਕਾਲੀ ਪਾਰਟੀ ਨਾਲ ਸੀ, ਪਰ ਉਹ ਆਪਣੇ ਬਹੁਤ ਨਜ਼ਦੀਕੀ ਦੋਸਤ, ਗਿਆਨੀ ਕਰਤਾਰ ਸਿੰਘ, ਜਿਹੜਾ ਪੰਜਾਬ ਕੈਬਨਿਟ ਦਾ ਮੈਂਬਰ ਸੀ, ਰਾਹੀਂ ਉਨ੍ਹਾਂ ਦੀ ਸਹਾਇਤਾ ਕਰ ਸਕਦਾ ਸੀ। ਇਸ ਤਰੀਕੇ ਰਾਹੀਂ ਉਨ੍ਹਾਂ ਨੇ ਮੁੱਖ ਮੰਤਰੀ ਕੈਰੋਂ ਦਾ ਧਿਆਨ ਖਿੱਚਣ ਲਈ ਮੁੜ ਕੋਸ਼ਿਸ਼ ਕੀਤੀ।

ਉਡੀਕ ਦੌਰਾਨ ਉਨ੍ਹਾਂ ਨੇ ਦੋ ਚੀਜ਼ਾਂ ਕੀਤੀਆਂ। ਪਹਿਲੀ ਸੀ ਹਸਪਤਾਲ ਬਾਰੇ ਆਮ ਜਾਣਕਾਰੀ ਇਕੱਠੀ ਕਰਨਾ, ਅਤੇ ਦੂਜੀ ਸੀ ਭਾਰਤ ਦੀਆਂ ਪਵਿੱਤਰ ਥਾਵਾਂ ਅਤੇ ਤੀਰਥ ਅਸਥਾਨਾਂ, ਜਿਵੇਂ ਰਿਸ਼ੀਕੇਸ਼ ਤੇ ਹਰਦਵਾਰ ਦੇ ਦਰਸ਼ਨ ਕਰਨਾ, ਜਿੱਥੇ ਉਹ ਪਹਿਲਾਂ ਵੀ ਜਾ ਚੁੱਕੇ ਸਨ, ਅਤੇ ਹੋਰ ਜਿਹੜੇ ਉਨ੍ਹਾਂ ਲਈ ਨਵੇਂ ਸਨ। ਹਸਪਤਾਲ ਦੀ ਸਥਾਪਨਾ ਲਈ ਰਾਹ ਪੁੱਛਣ ਲਈ ਉਨ੍ਹਾਂ ਨੇ ਅਮਰੀਕਾ ਦੇ ਸੇਹਤ ਵਿਭਾਗ ਨੂੰ ਲਿਖਿਆ ਸੀ ਅਤੇ ਉਨ੍ਹਾਂ ਨੂੰ ਜਵਾਬ ਵਿੱਚ ਯੋਜਨਾਵਾਂ ਨਾਲ ਭਰਿਆ ਇੱਕ ਪੁਲੰਦਾ ਮਿਲਿਆ ਜਿਹੜਾ ਬਹੁਤ ਮੁਸ਼ਕਲ ਰਾਹ ਸੀ। ਉਹ ਪੰਜਾਬ ਦੀ ਨਵੀਂ ਰਾਜਧਾਨੀ, ਚੰਡੀਗੜ੍ਹ, ਵਿੱਚ ਉਸਾਰੀ ਅਧੀਨ ਹਜ਼ਾਰ ਬਿਸਤਰਿਆਂ ਦਾ ਹਸਪਤਾਲ ਦੇਖਣ ਗਏ, ਜਿਹੜਾ ਅੱਠ ਸਾਲ ਪਹਿਲਾਂ ਅਠਵੰਜਾ ਪਿੰਡਾਂ ਨੂੰ ਉਠਾਲ਼ ਕੇ ਅਤੇ ਮਲੀਆਮੇਟ ਕਰਕੇ ਉਸ ਥਾਂ `ਤੇ ਖੜ੍ਹਾ ਹੋ ਰਿਹਾ ਸੀ। ਅਤੇ ਉਹ ਲੁਧਿਆਣਾ ਦੇ ਪੱਛਮ ਵੱਲ ਨਾਰੰਗਵਾਲ ਪਿੰਡ ਦੇ ਇੱਕ ਛੋਟੇ ਹਸਪਤਾਲ ਨੂੰ ਦੇਖਣ ਵੀ ਗਏ, ਜਿਹੜਾ ਲੁਧਿਆਣਾ ਦੇ ਸੀ ਐਮ ਸੀ ਵੱਲੋਂ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੀ ਟਰਾਂਟੋ ਵਾਲੀ ਸਹੇਲੀ, ਲਕਸ਼ਮੀ ਰਾਓ, ਨੂੰ ਟੈਲੀਫੋਨ ਕੀਤਾ, ਜਿਹੜੀ ਹੁਣ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੀ ਡੀਨ ਸੀ, ਅਤੇ ਉਸਤੋਂ ਪੁੱਛਿਆ ਕਿ ਉਹ ਕਿਵੇਂ ਉਨ੍ਹਾਂ ਨੂੰ ਸਹਿਯੋਗ ਦੇ ਸਕਦੇ ਸਨ।

ਸੁਰਜੀਤ ਦਾ ਪ੍ਰੋਫੈਸਰ ਤੇ ਸਲਾਹਕਾਰ, ਬੱਚਿਆਂ ਦੇ ਰੋਗਾਂ ਦਾ ਮਾਹਰ ਜੇ ਐਫ ਮੈਕਕਰੀ, ਉਨ੍ਹਾਂ ਦੇ ਭਾਰਤ ਪਹੁੰਚਣ ਤੋਂ ਹਫਤਾ ਬਾਅਦ ਹੀ ਪਹੁੰਚ ਗਿਆ ਸੀ। ਉਸਦਾ ਮੁੱਖ ਟਿਕਾਣਾ ਦਿੱਲੀ ਵਿੱਚ ਸੀ ਅਤੇ ਉਹ ਜ਼ਿਆਦਾਤਰ ਸਫਰ `ਤੇ ਹੀ ਰਹਿੰਦਾ, ਦੇਸ਼ ਭਰ ਵਿੱਚ ਬੱਚਿਆਂ ਦੀ ਸੇਹਤ ਨਾਲ ਸਬੰਧਿਤ ਸੰਸਥਾਵਾਂ ਦਾ ਦੌਰਾ ਕਰਦਾ ਅਤੇ ਸੇਹਤ ਵਿਭਾਗ ਨਾਲ ਜੁੜੇ ਲੋਕਾਂ ਨਾਲ ਬੈਠਕਾਂ ਕਰਦਾ। ਜੈਕੀ ਤੇ ਸੁਰਜੀਤ ਉਸ ਨੂੰ ਮਿਲਣ ਲਈ ਜਨਵਰੀ ਦੇ ਅਖੀਰ ਵਿੱਚ ਤੇ ਫਿਰ ਮਾਰਚ ਵਿੱਚ ਕਾਰ ਰਾਹੀਂ ਦਿੱਲੀ ਗਈਆਂ। ਵੈਨਕੂਵਰ ਵਾਂਗ ਹੀ ਉਹ ਉਨ੍ਹਾਂ ਨੂੰ ਦਿੱਲੀ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਡਾਕਟਰੀ ਦੌਰਿਆਂ `ਤੇ ਨਾਲ ਲੈ ਗਿਆ ਅਤੇ ਉਨ੍ਹਾਂ ਦੀ ਪਛਾਣ ਉਨ੍ਹਾਂ ਲੋਕਾਂ ਨਾਲ ਕਰਵਾਈ ਜਿਹੜੇ ਉਸ ਨੂੰ ਲੱਗਦਾ ਸੀ ਕਿ ਇਨ੍ਹਾਂ ਦੀ ਮੱਦਦ ਕਰ ਸਕਣਗੇ। ਉਨ੍ਹਾਂ ਵਿੱਚੋਂ ਇੱਕ ਭਾਰਤ ਦੀ ਸੇਹਤ ਮੰਤਰੀ, ਔਕਸਫੋਰਡ ਤੋਂ ਵਿਦਿਆ ਪ੍ਰਾਪਤ ਰਾਜਕੁਮਾਰੀ ਅਮ੍ਰਿਤ ਕੌਰ, ਪੰਜਾਬ ਦੇ ਇੱਕ ਰਾਜ ਘਰਾਣੇ ਦੀ ਮੈਂਬਰ ਅਤੇ ਨਹਿਰੂ ਦੀ ਕੈਬਨਿਟ ਵਿੱਚ 1947 ਵਿੱਚ ਸ਼ਾਮਿਲ ਕੀਤੀ ਗਈ ਪਹਿਲੀ ਔਰਤ ਸੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਪਿੰਡ ਦੇ ਹਸਪਤਾਲ ਵਿੱਚ ਖਪਤ ਨਾ ਕਰਨ ਅਤੇ ਮੈਡੀਕਲ ਕਾਲਜ ਵਿੱਚ ਪੜ੍ਹਾ ਕੇ ਭਾਰਤ ਦੀ ਸੇਵਾ ਕਰਨ। ਪਰ, ਜਿਵੇਂ ਉਹਨਾਂ ਬਾਅਦ ਵਿੱਚ ਵਿਆਖਿਆ ਕੀਤੀ, ਉਨ੍ਹਾਂ ਦੇ ਦਿਮਾਗ ਵਿੱਚ ਉਹੀ ਕੁਝ ਕਰਨ ਦੀ ਧਾਰਨਾ ਸੀ, ਜਿਹੜੀ ਉਨ੍ਹਾਂ ਦੇ ਮਾਪਿਆਂ ਦੀ ਖਾਹਿਸ਼ ਸੀ।

ਕਪੂਰ ਜੂਨ ਵਿੱਚ ਵਾਪਸ ਕਨੇਡਾ ਮੁੜ ਰਿਹਾ ਸੀ, ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਸ ਤੋਂ ਪਹਿਲਾਂ ਕਿਸੇ ਵੱਡੇ ਤੀਰਥ ਅਸਥਾਨ ਦੀ ਯਾਤਰਾ ਕੀਤੀ ਜਾਵੇ। ਉਨ੍ਹਾਂ ਦੀ ਮੰਜ਼ਿਲ ਪੁਰਾਤਨ ਅਤੇ ਪਵਿੱਤਰ ਮੰਦਰ ਬਦਰੀਨਾਥ ਸੀ। ਇਹ ਹਿਮਾਲਾ ਪਰਬਤ ਵਿੱਚ ਉਚਾਈ `ਤੇ ਤਿੱਬਤ ਨਾਲ ਸਰਹੱਦ ਦੇ ਨੇੜੇ ਹੈ, ਇਹ ਥਾਂ ਹਿੰਦੂਆਂ ਅਤੇ ਬੋਧੀਆਂ ਲਈ ਇੱਕੋ ਜਿਹੀ ਮਹੱਤਤਾ ਰੱਖਦਾ ਹੈ ਅਤੇ ਇੱਥੇ ਅੱਧਾ ਸਾਲ ਬਰਫ ਰਹਿੰਦੀ ਹੈ ਪਰ ਮਈ ਦੇ ਸ਼ੁਰੂ ਤੋਂ ਇੱਥੇ ਪਹੁੰਚਿਆ ਜਾ ਸਕਦਾ ਹੈ। ਬਜ਼ੁਰਗ ਅੰਕਲ ਮੇਹਰਚੰਦ ਆਪਣੀ ਖੂੰਡੀ ਸਹਾਰੇ ਉਨ੍ਹਾਂ ਦੇ ਨਾਲ ਅਇਆ ਅਤੇ ਉਨ੍ਹਾਂ ਨੇ ਹਰਦਵਾਰ ਤੱਕ ਕਾਰ ਰਾਹੀਂ ਸਫਰ ਕੀਤਾ, ਜਿੱਥੇ ਉਨ੍ਹਾਂ ਨੇ ਫੀਏਟ ਪਾਰਕ ਕਰ ਦਿੱਤੀ। ਇੱਕ ਖਟਾਰਾ ਬੱਸ ਉਨ੍ਹਾਂ ਨੂੰ 150 ਕਿਲੋਮੀਟਰ ਤੰਗ ਪਹਾੜੀ ਸੜਕ ਰਾਹੀਂ ਜੋਸ਼ੀ ਮੱਠ ਤੱਕ ਲੈ ਗਈ। ਇਹ ਤੀਰਥ ਅਸਥਾਨ ਦਾ ਕੇਂਦਰ ਹੈ ਅਤੇ ਇੱਥੋਂ ਗੰਗਾ ਦੀਆਂ ਹੋਰ ਉੱਚਾਈਆਂ `ਤੇ ਬਦਰੀਨਾਥ ਪਹੁੰਚਣ ਲਈ ਤੀਹ ਕਿਲੋਮੀਟਰ ਦੀ ਚੜ੍ਹਾਈ ਹੈ, ਜਿਹੜਾ ਸਮੁੰਦਰੀ ਤਲ ਤੋਂ ਤਿੰਨ ਹਜ਼ਾਰ ਮੀਟਰ ਉਚਾਈ `ਤੇ ਇੱਕ ਵਾਦੀ ਵਿੱਚ ਸਥਿਤ ਹੈ। ਬਦਰੀ ਨਾਥ ਤੱਕ ਹੁਣ ਬੱਸ ਰਾਹੀਂ ਪਹੁੰਚਿਆ ਜਾ ਸਕਦਾ ਹੈ ਪਰ ਉਨ੍ਹਾਂ ਦਿਨਾਂ ਵਿੱਚ ਜੇ ਕੋਈ ਜਵਾਨ, ਰਿਸ਼ਟ-ਪੁਸ਼ਟ ਤੇ ਤੰਦਰੁਸਤ ਨਾ ਹੁੰਦਾ ਤਾਂ ਉਸ ਨੂੰ ਚੜ੍ਹਾਈ ਚੜ੍ਹਦਿਆਂ ਹਫਤਾ ਭਰ ਲੱਗ ਜਾਂਦਾ ਸੀ। ਰਾਤ ਨੂੰ ਉਹ ਆਰਾਮ ਘਰਾਂ, ਜਾਂ ਸਰਾਵਾਂ  ਵਿੱਚ ਠਹਿਰਦੇ, ਜਿੱਥੇ ਉਹ ਆਪਣੇ ਬਿਸਤਰੇ ਫਰਸ਼ `ਤੇ ਵਿਛਾਅ ਲੈਂਦੇ ਅਤੇ ਅਜਨਬੀਆਂ ਦੇ ਵਿਚਕਾਰ ਸੌਂ ਜਾਂਦੇ। ਦਿਨ ਵੇਲੇ ਉਹ ਸਦੀਆਂ ਪੁਰਾਣੀਆਂ ਪਗਡੰਡੀਆਂ `ਤੇ ਚਲਦੇ, ਜਿਨ੍ਹਾਂ ਤੇ ਤਿੱਖੀਆਂ ਚੜ੍ਹਾਈਆਂ ਸਨ ਅਤੇ ਅਚਾਨਕ ਨਿਵਾਣਾ ਸਨ ਅਤੇ ਐਨੀਆਂ ਕੁ ਚੌੜੀਆਂ ਸਨ ਕਿ ਦੋ ਜਾਂ ਤਿੰਨ ਜਣਿਆਂ ਤੋਂ ਵੱਧ ਬਰਾਬਰ-ਬਰਾਬਰ ਨਾ ਚੱਲ ਸਕਦੇ, ਵੱਖੋ-ਵੱਖਰੀਆਂ ਪੁਸ਼ਾਕਾਂ ਵਾਲੇ ਤੀਰਥ ਯਾਤਰੀਆਂ ਦੀ ਇਨ੍ਹਾਂ ਉੱਪਰ ਸਾਰੇ ਰਾਹ ਭੀੜ ਰਹਿੰਦੀ, ਜਿਹੜੇ ਭਜਨ ਗਾਉਂਦੇ, ਗੱਲਾਂ ਕਰਦੇ ਜਾਂ ਚੁੱਪ-ਚਾਪ ਤੁਰੇ ਜਾਂਦੇ। ਖੱਚਰਾਂ,ਘੋੜੇ, ਯਾਕ, ਅਤੇ ਬੱਕਰੀਆਂ ਯਾਤਰੀਆਂ ਦੇ ਨਾਲ ਖਹਿ ਕੇ ਲੰਘਦੀਆਂ। ਉਨ੍ਹਾਂ ਉੱਪਰ ਨਿੱਕ-ਸੁੱਕ ਲੱਦਿਆ ਹੁੰਦਾ ਜਾਂ ਬਦਰੀ ਨਾਥ ਦੀਆਂ ਦੁਕਾਨਾਂ ਦਾ ਸਮਾਨ ਜਿਵੇਂ ਕੱਪੜਾ, ਰਾਸ਼ਨ ਅਤੇ ਫੁੱਲ ਵਗੈਰਾ ਹੁੰਦੇ। ਕਪੂਰ ਨੇ ਆਪਣਾ ਸਮਾਨ ਚੁੱਕਣ ਲਈ ਕੁਲੀ ਕੀਤੇ ਅਤੇ ਕੁਝ ਘੋੜੇ ਸਮਾਨ ਚੁੱਕਣ ਜਾਂ ਥੱਕਣ ਵੇਲੇ ਸਵਾਰੀ ਲਈ ਕਿਰਾਏ `ਤੇ ਲੈ ਲਏ ਅਤੇ ਬਸੰਤ ਕੌਰ ਲਈ ਉਸ ਨੇ ਡਾਂਡੀ ਕਿਰਾਏ `ਤੇ ਲੈ ਲਈ। ਇਹ ਇੱਕ ਪ੍ਰਾਚੀਨ ਕਾਲ ਦੀ ਬਾਂਸਾਂ ਨਾਲ ਲਟਕਦੀ ਪਾਲਕੀ ਸੀ, ਜਿਸ ਨੂੰ ਚਾਰ ਆਦਮੀ ਚੁੱਕਦੇ ਸਨ। ਕਪੂਰ ਤੇ ਜੈਕੀ ਨੇ ਬਹੁਤਾ ਰਸਤਾ ਪੈਦਲ ਸਫਰ ਕੀਤਾ, ਪਰ ਸੁਰਜੀਤ ਅਤੇ ਅੰਕਲ ਮੇਹਰਚੰਦ (ਉਹ ਦਿਲ ਦਾ ਮਰੀਜ਼ ਸੀ) ਨੇ ਘੋੜਿਆਂ ਰਾਹੀਂ।  ਰਸਤੇ ਵਿੱਚ ਖਲਬਲੀ ਮਚਾਉਂਦੀ ਗੰਗਾ ਦਾ ਸ਼ੋਰ ਉਨ੍ਹਾਂ ਦੇ ਨਾਲ ਸੀ। ਅਤੇ ਉਨ੍ਹਾਂ ਨੇ ਸਾਹਮਣੇ ਅਦੁਭੁੱਤ ਕੁਦਰਤੀ ਦ੍ਰਿਸ਼ ਸਨ। ਪਹਾੜੀਆਂ ਸਫੈਦ ਤੇ ਲਾਲ ਫੁੱਲਾਂ ਦੀਆਂ ਝਾੜੀਆਂ ਨਾਲ ਕੱਜੀਆਂ ਹੋਈਆਂ ਸਨ, ਸਫੈਦ ਗੁਲਾਬ ਦੇ ਝੁੰਡ ਸਨ, ਬੇਲਿਆਂ ਵਿੱਚ ਪਹਾੜੀ ਫੁੱਲਾਂ ਦੇ ਗਲੀਚੇ ਵਿਛੇ ਹੋਏ ਸਨ ਅਤੇ ਸਾਰੇ ਪਾਸੀਂ ਹਿਮਾਲਾ ਪਰਬਤ ਦੀਆਂ ਬਰਫਾਂ ਲੱਦੀਆਂ ਚੋਟੀਆਂ ਸਨ। ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਉਹ ਪ੍ਰਮਾਤਮਾ ਦੇ ਦੇਸ਼ ਵਿੱਚ ਹੋਣ।

ਉਨ੍ਹਾਂ ਨੇ ਦੋ ਰਾਤਾਂ ਬਦਰੀਨਾਥ ਆਸ਼ਰਮ ਵਿੱਚ ਗੁਜ਼ਾਰੀਆਂ ਅਤੇ ਮੰਦਰਾਂ ਵਿੱਚ ਗਏ, ਜਿੱਥੇ ਤੀਰਥ ਯਾਤਰੀਆਂ ਨੂੰ ਉੱਥੇ ਰਹਿਣ ਵਾਲੇ ਗੁਰੂ ਦਰਸ਼ਨ (ਅਸ਼ੀਰਵਾਦ) ਦਿੰਦੇ ਸਨ। ਜੈਕੀ ਤੇ ਸੁਰਜੀਤ ਨੂੰ ਅੰਗ੍ਰੇਜ਼ੀ ਵਿੱਚ ਪੈਸਿਆਂ ਨਾਲ ਪੂਜਾ (ਪ੍ਰਾਰਥਨਾ) ਦੀ ਇਸ਼ਤਿਹਾਰਬਾਜ਼ੀ ਕਰਦੇ ਪੋਸਟਰਾਂ ਨੂੰ ਦੇਖ ਕੇ ਸਦਮਾ ਪਹੁੰਚਿਆ। ਉਨ੍ਹਾ ਵਿੱਚ ਖੁੱਲ੍ਹ ਕੇ ਲਿਖਿਆ ਸੀ ਕਿ ਇਸ ਪੂਜਾ ਲਈ ਐਨੇ ਪੈਸੇ, ਜਾਂ ਉਸ ਪੂਜਾ ਲਈ ਐਨੇ ਅਤੇ ਪਰਮ ਪੂਜਾ ਲਈ ਪੰਜ ਹਜ਼ਾਰ ਰੁਪਏ, ਜਿਸ ਨਾਲ ਮੁਕਤੀ ਜਾਂ ਨਿਰਵਾਣ ਪ੍ਰਾਪਤ ਹੁੰਦਾ ਸੀ। ਕਿਉਂ ਕਿ ਇਸ਼ਤਿਹਾਰ ਅੰਗ੍ਰੇਜ਼ੀ ਵਿੱਚ ਸਨ, ਇਸ ਲਈ ਉਨ੍ਹਾਂ ਨੂੰ ਆਪਣੀ ਮਾਂ ਨੂੰ ਇਸਦੀ ਵਿਆਖਿਆ ਕਰਕੇ ਦੱਸਣਾ ਪੈਂਦਾ ਸੀ। ਉਹ ਕੋਈ ਧਿਆਨ ਨਹੀਂ ਸੀ ਦਿੰਦੀ ਅਤੇ ਸਧਾਰਣ "ਓ ਕੇ" ਆਖ ਦਿੰਦੀ ਸੀ ਅਤੇ ਸੌ ਰੁਪਏ ਦੇ ਦਿੰਦੀ ਸੀ, ਜਿਹੜੇ ਉਸ ਨੇ ਵੈਸੇ ਵੀ ਦੇਣੇ ਹੀ ਹੁੰਦੇ ਸਨ ਅਤੇ ਫਿਰ ਆਪਣੀ "ਸਰਬਵਿਆਪਕ" ਅਰਦਾਸ ਆਪ ਕਰਦੀ ਸੀ।

ਤੀਜੇ ਦਿਨ, ਜਦੋਂ ਤੁਫਾਨ ਉੱਠਣ ਦੀ ਸੰਭਾਵਨਾ ਬਣ ਰਹੀ ਸੀ, ਉਨ੍ਹਾਂ ਨੇ ਕਈ ਦਿਨਾਂ ਦੀ ਉਤਰਾਈ ਸ਼ੁਰੂ ਕਰ ਦਿੱਤੀ। ਕੁਝ ਦੂਰੀ `ਤੇ ਹੇਠਾਂ ਵੱਲ, ਅਚਾਨਕ ਵੱਡੇ ਪੱਥਰ ਗੰਗਾਂ ਦੀ ਡੂੰਘੀ ਖੱਡ ਵਿੱਚ ਡਿੱਗਣ ਨਾਲ ਰਸਤੇ ਵਿੱਚ ਰੁਕਾਵਟ ਆ ਗਈ। ਕਪੂਰ ਤੇ ਜੈਕੀ ਅੱਗੇ ਤੁਰਦੇ ਸਨ ਅਤੇ ਉਹ ਰੁਕਾਵਟ ਤੋਂ ਅੱਗੇ ਲੰਘ ਗਏ ਸਨ ਪਰ ਬਸੰਤ ਕੌਰ, ਸੁਰਜੀਤ ਤੇ ਅੰਕਲ ਮੇਹਰਚੰਦ ਪਿੱਛੇ ਸਨ। ਰੁਕਾਵਟ ਦੇ ਦੋਨਾਂ ਪਾਸਿਆਂ ਤੋਂ ਕੁਲੀ "ਚਲੋ, ਚਲੋ!" ਚਿੱਲਾ ਰਹੇ ਸਨ ਅਤੇ ਉਨ੍ਹਾਂ ਤੋਂ ਮੂਹਰਲੇ ਯਾਤਰੀ ਖਤਰਾ ਮੁੱਲ ਲੈ ਕੇ ਪਾਰ ਜਾਣ ਲੱਗੇ। ਪਹਾੜ ਦੇ ਕਾਫੀ ਹੋਰ ਹੇਠਾਂ ਵੱਲ ਜੈਕੀ ਤੇ ਸੁਰਜੀਤ ਨੇ ਰਸਤੇ ਵਿੱਚ ਟੁੱਟੀਆਂ ਲੱਤਾਂ ਵਾਲੇ ਇੱਕ ਪਤੀ-ਪਤਨੀ ਨੂੰ ਬੈਠੇ ਦੇਖਿਆ। ਉਨ੍ਹਾਂ ਨੇ ਉਨ੍ਹਾਂ ਦੇ ਮੌਰਫੀਨ ਦੇ ਟੀਕੇ ਲਾ ਦਿੱਤੇ ਪਰ ਪਿੱਛੋਂ ਚੜ੍ਹੇ ਆ ਰਹੇ ਤੁਫਾਨ ਅਤੇ ਵਾਤਾਵਰਣ ਵਿੱਚ ਫੈਲੀ ਕਾਹਲੀ ਕਾਰਣ ਉਹ ਅੱਗੇ ਚੱਲ ਪਈਆਂ। ਉਨ੍ਹਾਂ ਨੂੰ ਵਿਸ਼ਵਾਸ਼ ਸੀ ਕਿ ਜਿਹੜੇ ਕੁਲੀਆਂ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ, ਉਹ ਅਗਲੇ ਪਿੰਡ ਤੋਂ ਉਨ੍ਹਾਂ ਲਈ ਸਹਾਇਤਾ ਦਾ ਪ੍ਰਬੰਧ ਕਰ ਦੇਣਗੇ। ਜੋਸ਼ੀ ਮੱਠ ਵਿੱਚ ਸਾਰੀਆਂ ਸਰਾਵਾਂ ਭਰੀਆਂ ਹੋਈਆਂ ਸਨ। ਅੰਕਲ ਮੇਹਰ ਚੰਦ ਦੀਆਂ ਪ੍ਰੇਰਣਾਦਾਇਕ ਕੋਸ਼ਿਸ਼ਾਂ ਦੀ ਮੇਹਰਬਾਨੀ ਨਾਲ ਇੱਕ ਦੁਕਾਨਦਾਰ ਨੇ ਉੱਪਰਲੇ ਵਰਾਂਡੇ ਵਿੱਚ ਉਨ੍ਹਾਂ ਨੂੰ ਕੁਝ ਥਾਂ ਦੇ ਦਿੱਤੀ, ਜਿੱਥੇ ਉਹ ਲੇਟਣ ਦੀ ਜਗਾਹ ਨਾ ਹੋਣ ਕਰਕੇ ਬਿਸਤਰਬੰਦਾਂ ਉੱਪਰ ਬੈਠ ਗਏ। ਸਾਰੀ ਰਾਤ ਝੱਖੜ ਝੁੱਲਦਾ ਰਿਹਾ ਅਤੇ ਬਿਜਲੀ ਲਿਸ਼ਕਦੀ ਰਹੀ ਅਤੇ ਬੱਦਲਾਂ ਦੀ ਗਰਜਣ ਨਾਲ ਇਮਾਰਤ ਕੰਬਦੀ ਰਹੀ। ਉਨ੍ਹਾਂ ਦੀ ਜਾਗ ਖੁੱਲ੍ਹਣ ਵੇਲੇ ਦਿਨ ਸੋਹਣਾ ਹੋ ਗਿਆ ਸੀ, ਉਨ੍ਹਾਂ ਨੇ ਹਰਦਵਾਰ ਤੱਕ ਬੱਸ ਫੜੀ, ਜਿੱਥੋਂ ਉਨ੍ਹਾਂ ਨੇ ਆਪਣੀ ਫੀਏਟ ਚੁੱਕੀ ਅਤੇ ਔੜ ਵੱਲ ਚੱਲ ਪਏ।

ਉਨ੍ਹਾਂ ਦੇ ਇਸ ਸੈਰ-ਸਪਾਟੇ ਵਿੱਚ ਤਿੰਨ ਹਫਤੇ ਲੰਘ ਗਏ ਸਨ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕੋਈ ਖਬਰ ਨਹੀਂ ਸੀ ਪਹੁੰਚੀ। ਕਪੂਰ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਫਗਵਾੜੇ ਵਾਲੀ ਜ਼ਮੀਨ ਅਤੇ ਕੁਝ ਧਨ ਸਰਕਾਰ ਨੂੰ ਆਪ ਹਸਪਤਾਲ ਬਣਾਉਣ ਅਤੇ ਚਲਾਉਣ ਲਈ ਦੇ ਦੇਵੇ। ਅੰਕਲ ਮੇਹਰ ਚੰਦ ਸਭ ਤੋਂ ਜ਼ਿਆਦਾ ਪਰੇਸ਼ਾਨ ਲੱਗਦਾ ਸੀ। ਉਸ ਨੂੰ ਸੁਰਜੀਤ ਨੇ ਆਪਣੀ ਡਾਇਰੀ ਵਿੱਚ "ਲਾਟਾਂ ਛੱਡਦੇ ਗੁੱਸੇ ਵਿੱਚ" ਵਜੋਂ ਲਿਖਿਆ। ਉਸ ਨੇ ਜੈਕੀ ਤੇ ਸੁਰਜੀਤ ਨੂੰ ਕਿਹਾ ਕਿ ਜੇ ਉਹ ਹਾਰ ਮੰਨ ਕੇ ਕਨੇਡਾ ਚਲੀਆਂ ਗਈਆਂ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹੋਣਗੀਆਂ। ਜਿਵੇਂ ਉਨ੍ਹਾਂ ਦੀ ਮਾਂ ਸੋਚਦੀ ਸੀ ਕਿ ਉਹ ਯਕੀਨਨ ਹੀ ਆਪਣੀਆਂ ਭਾਵਾਨਾਵਾਂ ਨੂੰ ਜੋਸ਼ ਨਾਲ ਪ੍ਰਗਟ ਕਰ ਰਿਹਾ ਸੀ, ਅਤੇ ਉਹ ਵੀ ਇਹ ਜਾਣਦੀਆਂ ਸਨ।

ਮੁੱਖ ਮੰਤਰੀ ਕੈਰੋਂ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਦਾ ਸਮਾਂ ਮਿਲਣ ਤੋਂ ਕੁਝ ਕੁ ਪਹਿਲਾਂ, ਮਈ ਦੇ ਅਖੀਰਲੇ ਹਫਤੇ ਇਹ ਉਨ੍ਹਾਂ ਦੀ ਮਾਨਸਿਕ ਹਾਲਤ ਸੀ। 31 ਮਈ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਵਧੀਆ ਰਹੀ। "ਐਕਸੀਲੈਂਟ" ਵਜੋਂ ਸੁਰਜੀਤ ਨੇ ਇਸ ਨੂੰ ਆਪਣੀ ਡਾਇਰੀ ਵਿੱਚ ਦਰਜ ਕੀਤਾ, ਭਾਵੇਂ ਆਉਣ ਵਾਲੇ ਮਹੀਨਿਆਂ ਵਿੱਚ ਉਹ ਸੋਚੀਂ ਪੈ ਗਈਆਂ ਕਿ ਉਸ ਮੁਲਾਕਾਤ ਨਾਲ ਉਨ੍ਹਾਂ ਨੂੰ ਕੀ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਹਿਰੂ ਨੂੰ ਲਿਖ ਚੁੱਕੇ ਸਨ। ਉਸਦੇ ਦਫਤਰ ਵੱਲੋਂ ਉਨ੍ਹਾਂ ਨੂੰ ਤਾਰ ਪਹੁੰਚੀ, ਉਹ 3 ਜੂਨ ਨੂੰ ਉਨ੍ਹਾਂ ਨੂੰ ਦਿੱਲੀ ਬੁਲਾ ਰਿਹਾ ਸੀ ਅਤੇ ਉਹ ਚਾਰੇ ਕਾਰ ਰਾਹੀਂ ਦਿੱਲੀ ਪਹੁੰਚ ਕੇ ਤੀਨ ਮੂਰਤੀ ਭਵਨ ਦੇ ਦਰਵਾਜ਼ੇ ਅੱਗੇ ਜਾ ਖੜ੍ਹੇ। ਕਦੇ ਇਹ ਆਲੀਸ਼ਾਨ ਮਕਾਨ ਬਰਤਾਨਵੀ ਕਮਾਂਡਰ ਇਨ ਚੀਫ ਦਾ ਹੋਇਆ ਕਰਦਾ ਸੀ ਅਤੇ 1947 ਤੋਂ ਨਹਿਰੂ ਦਾ ਸਰਕਾਰੀ ਰੈਣ-ਬਸੇਰਾ ਸੀ (ਹੁਣ ਇਸ ਵਿੱਚ ਨਹਿਰੂ ਮਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਹੈ)। ਉਹ ਹੈਰਾਨੀ ਨਾਲ ਭਰੇ ਵੱਡੇ ਕੀਮਤੀ ਉਡੀਕ ਕਮਰੇ ਵਿੱਚ ਬੈਠੇ ਸਨ, ਵਰਦੀਧਾਰੀ ਨੌਕਰਾਂ ਅਤੇ ਸਹਾਇਕਾਂ ਨੂੰ ਏਧਰ-ਓਧਰ ਜਾਂਦੇ ਨਿਹਾਰ ਰਹੇ ਸਨ, ਉਹ ਨਹਿਰੂ ਸਰਕਾਰ ਦੇ ਇੱਕ ਉੱਘੇ ਮੈਂਬਰ ਨੂੰ ਗੋਲਾਈਦਾਰ ਪੌੜੀਆਂ ਉੱਤਰ ਕੇ ਮੁਹਰਲੇ ਦਰਵਾਜ਼ੇ ਰਾਹੀਂ ਬਾਹਰ ਜਾਂਦਾ  ਦੇਖ ਕੇ ਇੱਕ ਦੂਜੇ ਦੇ ਕੰਨਾਂ ਵਿੱਚ ਘੁਸਰ-ਮੁਸਰ ਕਰਨ ਲੱਗੇ ਸਨ।

ਇੱਕ ਸਹਾਇਕ ਨੇ ਉਨ੍ਹਾਂ ਨੂੰ ਇੱਕ ਛੋਟੇ ਪੜ੍ਹਣ ਵਾਲੇ ਕਮਰੇ ਵਿੱਚ ਬੈਠਣ ਲਈ ਕਿਹਾ, ਜਿੱਥੇ ਕੁਝ ਪਲਾਂ ਬਾਅਦ ਨਹਿਰੂ ਆ ਗਿਆ। ਉਸ ਨੇ ਕਪੂਰ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਕਿ ਪਰਿਵਾਰ ਕੀ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਸੁਰਜੀਤ ਵੱਲੋਂ ਆ ਰਹੀਆਂ ਮੁਸ਼ਕਲਾਂ ਦੀ ਪੜ੍ਹੀ ਲਿਸਟ ਨੂੰ ਵੀ ਸੁਣਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਐਨੀ ਜਲਦੀ ਨਿਰਾਸ਼ ਨਾ ਹੋਣ। ਅਤੇ ਉਸ ਨੇ ਸੋਚ ਕੇ ਵਿਹਾਰੀ ਸਲਾਹ ਲਈ ਉਨ੍ਹਾਂ ਨੂੰ ਇੱਕ ਡਾਕਟਰ ਅਤੇ ਇੰਜੀਨੀਅਰ ਦੇ ਨਾਂ ਦੱਸੇ, ਜਿਹੜੇ ਦਿੱਲੀ ਤੋਂ ਦੱਖਣ ਪੱਛਮ ਵੱਲ ਸੱਤਰ ਕਿਲੋਮੀਟਰ ਦੀ ਦੂਰੀ `ਤੇ ਇੱਕ ਪਿੰਡ ਵਿੱਚ ਦਿਹਾਤੀ ਹਸਪਤਾਲ ਬਣਾ ਰਹੇ ਸਨ। ਇਸ ਤਰ੍ਹਾਂ ਆਖ ਕੇ ਉਹ ਕਮਰੇ ਵਿੱਚੋਂ ਬਾਹਰ ਚਲਿਆ ਗਿਆ ਅਤੇ ਉਨ੍ਹਾਂ ਨੂੰ ਕੁਝ ਮਿੰਟ ਉਡੀਕ ਕਰਨ ਲਈ ਆਖ ਗਿਆ। ਨਹਿਰੂ ਦੇ ਇੰਦਰਾ ਗਾਂਧੀ ਨਾਲ ਮੁੜਣ ਤੋਂ ਪਹਿਲਾਂ ਨੌਕਰ ਉਨ੍ਹਾਂ ਲਈ ਠੰਡੀ ਸ਼ਿਕੰਜ਼ਵੀਂ ਲੈ ਆਇਆ। " ਮੈਨੂੰ ਤੁਹਾਡੇ ਨਾਲ ਆਪਣੀ ਬੇਟੀ ਨੂੰ ਮਿਲਾਉਣ ਦਿਓ," ਉਸ ਨੇ ਕਿਹਾ, ਉਸ ਨੇ ਉਸਦਾ ਪਰਿਵਾਰਕ ਨਾਂ ਇੰਦੂ ਵਰਤਿਆ। ਮੁਲਾਕਾਤ ਗੈਰ-ਰਸਮੀ ਛੋਟੀਆਂ ਛੋਟੀਆਂ ਗੱਲਾਂ ਵਿੱਚ ਬਦਲ ਗਈ। ਨਹਿਰੂ ਦੇ ਦਿਲਚਸਪੀ ਦਿਖਾਉਣ ਅਤੇ ਸਵਾਲ ਪੁੱਛਣ ਤੋਂ ਉਤਸ਼ਾਹਿਤ ਹੋ ਕੇ ਉਹ ਬਦਰੀਨਾਥ ਦੀ ਯਾਤਰਾ ਬਾਰੇ ਦੱਸਣ ਲੱਗੇ।  ਬਸੰਤ ਕੌਰ ਨੇ ਉਨ੍ਹਾਂ ਨੂੰ ਬਦਰੀਨਾਥ ਦਾ ਪ੍ਰਸਾਦ ਦਿੱਤਾ ਅਤੇ ਉਨ੍ਹਾਂ ਨੇ ਇਕੱਲੀ ਇੰਦਰਾ ਗਾਂਧੀ ਨਾਲ ਵੀ ਕੁਝ ਮਿੰਟ ਬਿਤਾਏ, ਜਿਹੜੀ ਉਨ੍ਹਾਂ ਨੂੰ ਖੁਸ਼-ਮਿਜ਼ਾਜ ਲੱਗੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਵੀ ਕੋਈ ਲੋੜ ਹੋਵੇ ਉਸ ਨਾਲ ਰਾਬਤਾ ਬਣਾ ਲੈਣ। ਉਹ ਪਹਿਲਾਂ ਨਾਲੋਂ ਬੇਹਤਰ ਮਹਿਸੂਸ ਕਰਨ ਲੱਗੇ ਪਰ ਪੂਰੀ ਤਰ੍ਹਾਂ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਸੀ ਬੱਝਿਆ।

ਦਸ ਦਿਨਾਂ ਬਾਅਦ ਕਪੂਰ ਨੇ ਕਨੇਡਾ ਦੀ ਫਲਾਈਟ ਫੜ ਲਈ ਅਤੇ ਜੈਕੀ ਉਸਦੇ ਨਾਲ ਹੀ ਪਰਤ ਗਈ। ਉਸ ਨੇ ਫੈਸਲਾ ਕਰ ਲਿਆ ਕਿ ਉਹ ਹੈਰੀ ਪੈਰੀ ਦੀ ਨਿਗਰਾਨੀ ਹੇਠ ਮੁੜ ਤੋਂ ਆਪਣਾ ਪੋਸਟ-ਗਰੈਜੂਏਟ ਦਾ ਕੰਮ ਕਰੇਗੀ। ਸੁਰਜੀਤ ਤੋਂ ਵਿੱਛੜਣ ਵੇਲੇ ਉਸ ਨੇ ਕਿਹਾ, "ਜੇ ਤੂੰ ਇਹ ਹਸਪਤਾਲ ਬਣਾ ਸਕੇਂਗੀ ਤਾਂ ਮੈਂ ਵਾਪਸ ਆ ਜਾਵਾਂਗੀ, ਨਹੀਂ ਤਾਂ ਭੁੱਲ ਜਾ।" ਪਰ ਆਖਰਕਾਰ ਕੰਮ ਵਿੱਚ ਕੁਝ ਵਾਪਰਦਾ  ਪ੍ਰਤੀਤ ਹੋਇਆ। ਕਪੂਰ ਅਤੇ ਜੈਕੀ ਦੇ ਦਿੱਲੀ ਪਾਲਮ ਹਵਾਈ ਅੱਡੇ ਤੋਂ ਉਡਾਣ ਲੈਣ ਤੋਂ ਪਹਿਲਾਂ ਪਰਿਵਾਰ ਦੀਆਂ ਰਾਜਧਾਨੀ ਵਿੱਚ ਦੋ ਚੰਗੀਆਂ ਬੈਠਕਾਂ ਹੋਈਆਂ। ਇੱਕ ਬੈਠਕ ਨਹਿਰੂ ਵੱਲੋਂ ਸੁਝਾਏ ਨਾਵਾਂ ਵਿੱਚੋਂ ਡਾਕਟਰ ਪਾਂਦਲਿਕ ਡੀ ਗਾਏਤੋਂਦਾ ਨਾਲ ਸੀ, ਜਿਹੜਾ ਦਿੱਲੀ ਦੇ ਦੱਖਣ ਪੱਛਮ ਵਿੱਚ ਧਾਨੋਰਾ ਪਿੰਡ ਵਿੱਚ ਹਸਪਤਾਲ ਬਣਾ ਰਿਹਾ ਸੀ। ਇਹ ਉਸ ਨਾਲ ਕਦਰਦਾਨੀ ਵਾਲੇ ਰਿਸ਼ਤੇ ਦੀ ਸ਼ੁਰੂਆਤ ਸੀ। ਅਤੇ ਉਹ ਦੁਬਾਰਾ ਇੰਦਰਾ ਗਾਂਧੀ ਨੂੰ ਮਿਲੇ। ਆਪਣੇ ਪਿਤਾ ਅਤੇ ਭੈਣ ਦੇ ਜਾਣ ਤੋਂ ਬਾਅਦ ਸੁਰਜੀਤ ਨੇ ਗਾਏਤੋਂਦਾ ਦੇ ਦੱਸੇ ਅਨੁਸਾਰ ਪੰਜਾਬ ਸਰਕਾਰ ਲਈ ਹਸਪਤਾਲ ਦੇ ਪ੍ਰਸਤਾਵ ਦਾ ਖਾਕਾ ਤਿਆਰ ਕੀਤਾ। ਉਸ ਨੇ ਇਹ ਮੁੱਖ ਮੰਤਰੀ ਕੈਰੋਂ ਨੂੰ ਭੇਜ ਦਿੱਤਾ ਅਤੇ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ਦੇ ਸੇਹਤ ਸੇਵਾਵਾਂ ਦੇ ਡਾਇਰੈਕਟਰ ਨੂੰ ਨਾਲ ਲੈ ਕੇ ਕੈਂਰੋਂ ਨੂੰ ਮਿਲੀ। ਦੋ ਹਫਤਿਆਂ ਬਾਅਦ ਉਸ ਨੇ ਪੂਰਾ ਪ੍ਰਸਤਾਵ ਮੁਕੰਮਲ ਕਰਕੇ ਕੈਂਰੋਂ ਨੂੰ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਫਗਵਾੜੇ ਵਾਲੀ ਜ਼ਮੀਨ ਦਾ ਰੇਖਾ ਚਿੱਤਰ ਅਤੇ ਵਰਨਣ ਭੇਜ ਦਿੱਤਾ। ਫਿਰ ਸਭ ਕੁਝ ਠੰਡਾ ਪੈ ਗਿਆ, ਕੁਝ ਵੀ ਬਹੁਤਾ ਨਾ ਵਾਪਰਿਆ।

ਯੋਜਨਾ ਅਨੁਸਾਰ ਫਗਵਾੜੇ ਵਾਲੀ ਜ਼ਮੀਨ `ਤੇ ਗਰੀਬਾਂ ਲਈ ਤੀਹ ਬਿਸਤਰਿਆਂ ਦਾ ਹਸਪਤਾਲ ਬਣਨਾ ਸੀ, ਅਤੇ ਇਹ ਜ਼ਮੀਨ ਦੋ ਲੱਖ ਰੁਪਏ ਸਮੇਤ ਕਪੂਰ ਨੇ ਸਰਕਾਰ ਨੂੰ ਦਾਨ ਦੇਣੀ ਸੀ। ਜੈਕੀ ਤੇ ਸੁਰਜੀਤ ਨੇ ਬਿਨਾਂ ਕਿਸੇ ਤਨਖਾਹ ਦੇ ਹਸਪਤਾਲ ਨੂੰ ਚਲਾਉਣਾ ਸੀ ਅਤੇ ਇਸਦਾ ਨਾਂ 'ਕਪੂਰ ਸਿੰਘ ਪਰਿਵਾਰ ਹਸਪਤਾਲ' ਹੋਣਾ ਸੀ। ਬਦਲੇ ਵਿੱਚ ਪਰਿਵਾਰ ਸਰਕਾਰ ਤੋਂ ਚਾਹੁੰਦਾ ਸੀ ਕਿ ਉਹ ਯੋਜਨਾ ਬਣਾਵੇ, ਹਸਪਤਾਲ ਦੀ ਉਸਾਰੀ ਕਰੇ ਅਤੇ ਉਸ ਵਿੱਚ ਲੋੜੀਂਦਾ ਸਮਾਨ ਰੱਖੇ, ਕਿਸੇ ਦੀ ਨਿੱਜੀ ਜਾਇਦਾਦ ਵਿੱਚੋਂ ਅਤੇ ਰੇਲਵੇ ਦੀ ਪਟੜੀ ਦੇ ਉਪਰੋਂ ਪਹੁੰਚ ਮਾਰਗ ਬਣਾਵੇ।  ਅਤੇ ਐਂਬੂਲੈਂਸ ਵਾਸਤੇ ਸਰਕਾਰ ਰੈੱਡ ਕਰਾਸ ਵਰਗੀ ਕਿਸੇ ਸੰਸਥਾ ਦੀ ਸਥਾਪਨਾ ਕਰੇ ਅਤੇ ਜਨਤਕ ਸੇਹਤ ਸੇਵਾ ਅਤੇ ਕਿਸੇ ਵੱਡੇ ਸਰਕਾਰੀ ਮੈਡੀਕਲ ਕੇਂਦਰ ਨਾਲ ਇਸਦਾ ਸਬੰਧ ਜੋੜੇ। ਹਸਪਤਾਲ ਦੀ ਦੇਖ-ਭਾਲ, ਅਤੇ ਨਰਸਾਂ, ਦਵਾਫਰੋਸ਼ਾਂ, ਅਤੇ ਸੇਵਾਦਾਰਾਂ ਦੇ ਸਟਾਫ ਦੀ ਤਨਖਾਹ ਲਈ ਸੁਰਜੀਤ ਨੇ ਸਥਾਨਕ ਪੇਂਡੂਆਂ ਲਈ ਸਾਲਾਨਾ ਚੰਦੇ ਦਾ ਸੁਝਾਅ ਰੱਖਿਆ। ਉਸਦੀ ਗਣਨਾ ਅਨੁਸਾਰ ਉਸ ਨੇ ਫਰਜ਼ ਕਰ ਲਿਆ ਕਿ ਪ੍ਰਤੀ ਬੰਦਾ ਇੱਕ ਰੁਪਈਆ ਸਲਾਨਾ ਦੇ ਹਿਸਾਬ ਨਾਲ ਪੰਜਾਹ ਹਜ਼ਾਰ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਸਨ। ਫੰਡਾਂ `ਤੇ ਨਿਗਰਾਨੀ ਰੱਖਣ ਲਈ ਪੰਦਰਾਂ ਉੱਘੇ ਪੰਜਾਬੀਆਂ ਦਾ ਬੋਰਡ ਨਿਯੁਕਤ ਕੀਤਾ ਜਾ ਸਕਦਾ ਸੀ। ਸੁਰਜੀਤ ਨੇ ਕੈਰੋਂ ਨੂੰ ਸੁਝਾਅ ਦਿੱਤਾ ਕਿ ਇਹ ਪਾਇਲਟ ਸਕੀਮ ਵਜੋਂ ਸ਼ੁਰੂ  ਹੋ ਸਕਦਾ ਸੀ , ਸਾਰੇ ਦਿਹਾਤੀ ਪੰਜਾਬ ਵਿੱਚ ਇਸ ਨੂੰ ਮਾਡਲ ਮੰਨ ਕੇ ਹੋਰ ਇਸ ਰਾਹ `ਤੇ ਤੁਰ ਸਕਦੇ ਸਨ।(6)

ਉਸਨੇ ਕੈਂਰੋਂ ਨੂੰ ਸਭ ਤੋਂ ਜ਼ਰੂਰੀ ਕੰਮਾਂ ਦੀ ਲਿਸਟ ਦਿੱਤੀ, ਜਿਸ ਵਿੱਚ ਸੜਕ ਅਤੇ ਰੇਲਵੇ ਉਪਰੋਂ ਲਾਂਘਾ, ਸਰਕਾਰੀ ਭਵਨ ਨਿਰਮਾਣ ਸ਼ਾਸ਼ਤਰੀ ਵੱਲੋਂ ਯੋਜਨਾਵਾਂ ਦੇ ਨਕਸ਼ੇ ਬਨਾਉਣੇ, ਉਸਾਰੀ ਵਿੱਚ ਸਹਾਇਤਾ (ਖਾਸ ਕਰਕੇ ਇਮਾਰਤੀ ਸਮਾਨ ਉਪਲਬਧ ਕਰਵਾਏ), ਹਸਪਤਾਲ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਲਈ ਟਰਾਂਸਮਿਸ਼ਨ ਲਾਈਨ ਦੀ ਮਨਜ਼ੂਰੀ, ਅਤੇ ਇਨ੍ਹਾਂ ਸਰੋਕਾਰਾਂ ਦੇ ਦਰਮਿਆਨ ਕੈਰੋਂ ਵੱਲੋਂ ਨੀਂਹ-ਪੱਥਰ ਰੱਖਣ ਲਈ ਵਚਨਬੱਧਤਾ।

ਮੁੱਖ-ਮੰਤਰੀ ਕੈਰੋਂ ਛਪੰਜਾ ਸਾਲਾਂ ਦਾ ਸੀ। ਪੰਜਾਬ ਵਿੱਚ ਬਦਲਾਅ ਲਿਆਉਣ ਲਈ ਉਹ ਪ੍ਰੇਰਕ ਸ਼ਕਤੀ ਸੀ, ਊਰਜਾ ਨਾਲ ਭਰਪੂਰ ਅਤੇ ਦੂਰ ਦ੍ਰਿਸ਼ਟੀ ਵਾਲਾ, ਬਹੁਤ ਸਾਰੇ ਕੰਮਾਂ ਦੀ ਸ਼ੁਰੂਆਤ ਕਰਨ ਵਾਲਾ ਜਿਵੇਂ ਬਿਜਲੀਕਰਣ, ਉਦਯੋਗੀਕਰਣ, ਸਿੰਚਾਈ, ਮੁਰੱਬਾਬੰਦੀ, ਵਿੱਦਿਆ ਅਤੇ ਖੇਤੀਬਾੜੀ ਕਾਲਜ ਸ਼ੁਰੂ ਕਰਨ ਵਾਲਾ। ਇਹ ਸਭ ਦਿਹਾਤੀ ਪੰਜਾਬ ਵਿੱਚ ਆਰਥਿਕ ਕ੍ਰਾਂਤੀ ਲਿਆਉਣ ਦੀਆਂ ਤਿਆਰੀਆਂ ਸਨ। ਉਹ 1947 ਵਿੱਚ ਸ਼ਰਨਾਰਥੀਆਂ ਦੇ ਮੁੜ-ਵਸੇਬੇ ਅਤੇ ਉਨ੍ਹਾਂ ਨੂੰ ਰਾਹਤ ਦੇਣ ਵਾਲੇ ਮਹਿਕਮੇ ਦਾ ਮੰਤਰੀ ਰਿਹਾ ਸੀ। ਪਰ ਸ਼ਾਇਦ ਉਸ ਨੂੰ ਉਸਦੇ 1920 ਵਿਆਂ ਵਿੱਚ ਅਮਰੀਕਨ ਤਜਰਬੇ ਦੀ ਰੋਸ਼ਨੀ ਵਿੱਚ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਸੀ। ਉਸ ਨੇ ਬਰਕਲੇ ਅਤੇ ਮਿਸ਼ੀਗਨ ਯੂਨੀਵਰਸਿਟੀਆਂ ਤੋਂ ਅਰਥ-ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸ਼ਤਰ ਦੀ ਪੜ੍ਹਾਈ ਕੀਤੀ ਸੀ ਅਤੇ ਇਸ ਦੌਰਾਨ ਆਪਣੇ ਖਰਚ ਆਪ ਤੋਰਨ ਲਈ ਕੈਲੇਫੋਰਨੀਆ `ਚ ਫਲਾਂ  ਦੇ ਖੇਤਾਂ ਵਿੱਚ ਕੰਮ ਕਰਦਾ ਸੀ। ਕੈਲੇਫੋਰਨੀਆ ਦੀ ਖੇਤੀਬਾੜੀ ਨੂੰ ਦੇਖ ਕੇ ਉਹ ਦਿਹਾਤੀ ਪੰਜਾਬ ਦੀ ਉੱਨਤੀ ਲਈ ਤਾਂਘਵਾਨ ਹੋ ਗਿਆ। ਅਤੇ ਆਜ਼ਾਦੀ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਅਗਵਾਈ ਕਰਨ ਵਾਲੀ ਥਾਂ `ਤੇ ਦੇਖਿਆ।(7) ਉਹ ਕੁਦਰਤ ਵੱਲੋਂ ਹੀ ਫੈਸਲਾਕੁਨ ਸੀ ਪਰ ਹਰੇਕ ਚੀਜ਼ ਦਾ ਅਖਤਿਆਰ ਆਪਣੇ ਹੱਥ ਲੈਣ ਵੱਲ ਰੁਚਿਤ ਵੀ ਸੀ, ਜਿਸਦਾ ਮਤਲਬ ਸੀ ਕਿ ਕਪੂਰ ਹਸਪਤਾਲ ਵਰਗੀਆਂ ਤਜਵੀਜ਼ਾਂ ਨੂੰ ਉਸਦੇ ਕਾਰਜਕਾਲ ਦੌਰਾਨ ਉਡੀਕ ਕਰਨਾ ਪਵੇਗਾ।

ਪਹੁੰਚ-ਮਾਰਗ ਅਤੇ ਰੇਲਵੇ ਪਟੜੀ ਤੋਂ ਪਾਰ ਲਾਂਘੇ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਉਹ ਆਪ ਹਸਪਤਾਲ ਵਾਲੀ ਥਾਂ ਦੇਖਣ `ਤੇ ਜ਼ੋਰ ਦਿੰਦਾ ਸੀ, ਪਰ ਉਹ ਤੁਰੰਤ ਨਹੀਂ ਸੀ ਜਾਣਾ ਚਾਹੁੰਦਾ, ਅਤੇ ਇਸ ਨਾਲ ਇਹ ਪ੍ਰੋਜੈਕਟ  ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ। (ਭਾਵੇਂ ਦਿੱਲੀ ਦੀ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਨੇ ਰੇਲ ਲਾਂਘੇ ਦਾ ਫੈਸਲਾ ਕਰਨਾ ਸੀ ਪਰ ਕੈਰੋਂ ਫੈਸਲਾਕੁਨ ਤਰੀਕੇ ਨਾਲ ਉਨ੍ਹਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦਾ ਸੀ) ਅਗਸਤ ਦੇ ਪਿੱਛਲੇ ਪੱਖ ਉਸ ਨੇ ਸੁਰਜੀਤ ਨੂੰ ਮਿਲਣ ਦਾ ਸਮਾਂ ਅਤੇ ਸਥਾਨ ਦੱਸ ਦਿੱਤਾ। ਇਹ 11 ਸਤੰਬਰ ਨੂੰ ਸਵੇਰੇ 9:30 ਵਜੇ ਫਗਵਾੜਾ ਰੈਸਟ ਹਾਊਸ ਵਿੱਚ ਸੀ, ਜਿੱਥੋਂ ਸੁਰਜੀਤ ਉਸ ਨੂੰ ਹਸਪਤਾਲ ਵਾਲੀ ਥਾਂ `ਤੇ ਲਿਜਾ ਸਕਦੀ ਸੀ ਪਰ ਫਿਰ ਕੈਂਰੋ ਨੇ ਇਹ ਬੈਠਕ ਰੱਦ ਕਰ ਦਿੱਤੀ। ਅਖੀਰ ਦਸੰਬਰ ਦੇ ਦੂਜੇ ਹਫਤੇ ਸਮਾਂ ਦੇ ਕੇ ਉਹ ਫਗਵਾੜੇ ਦੇ ਬਾਹਰਵਾਰ ਜੀ ਟੀ ਰੋਡ `ਤੇ ਸੁਰਜੀਤ ਨੂੰ ਮਿਲਿਆ। ਉੱਥੋਂ ਉਹ ਸਰਕਾਰੀ ਜੀਪ ਰਾਹੀਂ ਜ਼ਮੀਨ ਤੱਕ ਗਏ, ਅਤੇ ਉਸ ਨੇ ਤਿੰਨ ਸੰਭਾਵੀ ਪਹੁੰਚ ਮਾਰਗਾਂ ਵਿੱਚੋਂ ਸਭ ਤੋਂ ਸਿੱਧੇ ਰਾਹ ਨੂੰ ਮਨਜ਼ੂਰੀ ਦੇ ਦਿੱਤੀ। ਉਸ ਤੋਂ ਬਾਅਦ, ਕਈ ਹਫਤੇ ਬਿਨਾਂ ਕਿਸੇ ਹੋਰ ਗੱਲਬਾਤ ਤੋਂ  ਗੁਜ਼ਰ ਗਏ, ਸਰਕਾਰ ਵੱਲੋਂ ਪ੍ਰੋਜੈਕਟ ਦੇ ਮੁੱਖ ਹਿੱਸਿਆਂ `ਚੋਂ ਕਿਸੇ ਦੀ ਮਨਜ਼ੂਰੀ ਨਾ ਆਈ। ਸੁਰਜੀਤ ਨੂੰ ਪਾਈਆਂ ਚਿੱਠੀਆਂ ਵਿੱਚ ਉਹ ਉਸ ਨੂੰ "ਪਿਆਰੀ ਬੇਟੀ" ਵਜੋਂ ਸੰਬੋਧਨ ਕਰਨ ਲੱਗਾ ਅਤੇ ਉਹ "ਪਿਆਰੇ ਅੰਕਲ" ਵਜੋਂ ਜਵਾਬ ਦੇਣ ਲੱਗੀ, ਪਰ ਕੈਰੋਂ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਇਹ ਅਪਣੱਤ ਖੋਖਲੀ ਲਗਦੀ ਸੀ। ਉਸ ਵੱਲੋਂ ਸਤੰਬਰ ਵਾਲੀ ਬੈਠਕ ਰੱਦ ਕਰਨ ਤੋਂ ਇੱਕ ਹਫਤਾ ਬਾਦ, ਸੁਰਜੀਤ ਨੇ ਉਸ ਨੂੰ ਹੱਥ ਨਾਲ ਬਹੁਤ ਖੁੱਲ੍ਹ ਕੇ ਚਿੱਠੀ ਲਿਖੀ। ਉਸ ਨੇ ਸ਼ਕਾਇਤ ਕਰਦਿਆਂ ਲਿਖਿਆ, " ਅਸੀਂ ਇੱਥੇ ਵਿਅਰਥ ਸਮਾਂ ਬਰਬਾਦ ਕਰ ਰਹੇ ਹਾਂ"। ਅਤੇ ਉਹ ਹੋਰ ਵੀ ਭੈੜਾ ਮਹਿਸੂਸ ਕਰਨ ਲੱਗੀ, ਜਦੋਂ ਉਸ ਨੂੰ ਭਾਰਤ ਵਿੱਚ ਬਿਨਾਂ ਕੋਈ ਸਫਲਤਾ ਹਾਸਿਲ ਕੀਤੇ ਪੂਰਾ ਸਾਲ ਹੋਣ ਦੇ ਨੇੜੇ ਆ ਗਿਆ। ਆਪਣੀ ਡਾਇਰੀ ਵਿੱਚ ਉਸ ਨੇ ਮਿਲਟਨ ਦੀ ਜ਼ਿੰਦਗੀ ਦੀ ਪਿਛੇਤੀ ਬਹਾਰ ਬਾਰੇ ਸਰੋਦੀ ਕਵਿਤਾ ਦਾ ਹਵਾਲਾ ਦਿੱਤਾ, ਜਿਸ ਵਿੱਚ  ਲਿਖਿਆ ਸੀ "ਨਾ ਕਰੂੰਬਲ ਫੁੱਟੀ  ਨਾ ਬੂਰ ਪਿਆ ਦਿਸਿਆ"। ਅਤੇ ਉਸ ਨੇ ਆਪਣੀ ਡੂੰਘੀ ਨਿਰਾਸ਼ਾ ਪ੍ਰਗਟ ਕਰਦਿਆਂ ਨਾਲ ਜੋੜਿਆ ਕਿ ਜਦੋਂ ਮਿਲਟਨ ਨੇ ਇਹ ਲਿਖਿਆ ਸੀ, ਉਹ ਤੇਈ ਸਾਲ ਦਾ ਸੀ, ਅਤੇ ਉਹ ਤੀਹਾਂ ਦੀ ਹੋ ਚੁੱਕੀ ਸੀ।(8)

ਮੁੱਖ ਮੰਤਰੀ ਕੈਰੋਂ ਦੇ ਹਾਲਾਤ ਦੇਖ ਕੇ ਉਹ ਉਸ ਨੂੰ ਦੋਸ਼ ਮੁਕਤ ਕਰ ਸਕਦੀ ਸੀ। ਉਹ ਭਾਸ਼ਾ ਦੇ ਮੁੱਦੇ `ਤੇ ਹਿੰਦੂਆਂ ਦੇ ਵੱਡੇ ਅੰਦੋਲਨ ਨਾਲ ਸੁਲਝ ਰਿਹਾ ਸੀ। ਇਹ ਉਨ੍ਹਾਂ ਗਰਮੀਆਂ ਵਿੱਚ ਸ਼ੁਰੂ ਹੋਇਆ ਸੀ, ਜਦੋਂ ਕੇਂਦਰੀ ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਪੰਜਾਬ ਦੀਆਂ ਸੀਮਾਵਾਂ ਵਧਾ ਦਿੱਤੀਆਂ ਅਤੇ ਵਾਅਦਾ ਕੀਤਾ ਕਿ ਇਸ ਵਧਾਏ ਗਏ ਰਾਜ ਦੀ ਸਰਕਾਰੀ ਭਾਸ਼ਾ ਪੰਜਾਬੀ ਤੇ ਹਿੰਦੀ ਦੀ ਥਾਂ ਤੇ ਸਿਰਫ ਪੰਜਾਬੀ ਹੀ ਹੋਵੇਗੀ। ਸੁਰਜੀਤ ਨੂੰ ਆਪਣੇ ਰੇਡੀਓ ਅਤੇ ਔੜ ਤੋਂ ਬਾਹਰ ਸਫਰ ਕਰਨ ਵੇਲੇ ਪੜ੍ਹੇ ਅਖਬਾਰਾਂ ਰਾਹੀਂ ਸ਼ਹਿਰਾਂ ਵਿੱਚ ਵੱਡੇ ਵਿਖਾਵਿਆਂ ਬਾਰੇ ਪਤਾ ਲੱਗਾ, ਜਿਨ੍ਹਾਂ ਵਿੱਚ ਰਾਸ਼ਟਰਵਾਦੀ ਹਿੰਦੂ "ਹਿੰਦੀ ਬਚਾਓ" ਦੇ ਨਾਹਰੇ ਲਾਉਂਦੇ ਅਤੇ ਸਿੱਖਾਂ ਅਤੇ ਉਨ੍ਹਾਂ ਦੇ ਧਾਰਮਿਕ ਚਿਨ੍ਹਾਂ `ਤੇ ਹਮਲੇ ਕਰਦੇ।(9) ਸਿੱਖਾਂ ਨੇ ਆਪਣੇ ਮੋਰਚਿਆਂ ਜਾਂ ਮਾਰਚਾਂ ਨਾਲ ਇਸਦਾ ਵਿਰੋਧ ਕੀਤਾ ਅਤੇ ਸਿੱਖ ਦੁਕਾਨਦਾਰਾਂ ਨੇ ਹੜਤਾਲਾਂ ਕੀਤੀਆਂ, ਪਰ ਉਨ੍ਹਾਂ ਗਰਮੀਆਂ ਅਤੇ ਪੱਤਝੜ ਵਿੱਚ ਹਿੰਦੀ ਰਕਸ਼ਾ ਸਮਿਤੀ ਦੇ ਮੂਲਵਾਦੀਆਂ ਦੀ ਅਗਵਾਈ ਪਿੱਛੇ ਬਹੁਤੇ ਹਿੰਦੂ ਹੀ ਗਲ਼ੀਆਂ ਵਿੱਚ ਸਨ। ਸੁਰਜੀਤ ਜਾਣਦੀ ਸੀ ਕਿ ਇਹ ਗੜਬੜ ਕੈਰੋਂ ਦਾ ਬਹੁਤਾ ਸਮਾਂ ਲੈ ਰਹੀ ਸੀ। ਜਦੋਂ ਕੈਰੋਂ ਨੇ ਫਗਵਾੜਾ ਰੈਸਟ ਹਾਊਸ ਵਿੱਚ ਮਿਲਣ ਦਾ ਪ੍ਰਸਤਾਵ ਰੱਖਿਆ ਸੀ, ਸੁਰਜੀਤ ਨੂੰ ਡਰ ਸੀ ਕਿ ਪਤਾ ਨਹੀਂ ਕੀ ਕਹੇਗਾ ਪਰ ਉਸ ਨੇ ਪੱਕਾ ਕਰਨ ਲਈ ਜਵਾਬ ਦਿੱਤਾ ਕਿ ਉਹ ਉੱਥੇ ਪਹੁੰਚ ਜਾਵੇਗੀ। ਉਸਦf ਪਰਿਵਾਰ ਵੀ ਡਰਦਾ ਸੀ। ਸੁਰਜੀਤ ਨੇ ਲਿਖਿਆ ਕਿ "ਬੇਕਾਰ ਸਮਿਤੀ ਲਹਿਰ" ਦੇ ਕਾਰਣ ਹਸਪਤਾਲ ਵਾਲਾ ਪ੍ਰੋਜੈਕਟ ਤਿਆਗਣਾ ਪਵੇਗਾ।(10)

ਭਾਵੇਂ ਮਿਲਣ ਵੇਲੇ ਮੁੱਖ ਮੰਤਰੀ ਹਮਦਰਦ ਅਤੇ  ਖਿਮਾ ਦਾ ਜਾਚਕ ਲੱਗਦਾ ਸੀ ਪਰ ਸੁਰਜੀਤ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਢਿੱਲ-ਮੱਠ ਕਰਦਾ ਸੀ। ਪਹਿਲਾਂ ਉਸ ਨੇ ਸੁਰਜੀਤ ਨੂੰ ਪੰਜਾਬ ਦੀਆਂ ਸੇਹਤ ਸੇਵਾਵਾਂ ਦੇ ਡਾਇਰੈਕਟਰ ਅਤੇ ਪੰਜਾਬ ਦੀ ਮੈਡੀਕਲ ਕਾਉਂਸਲ ਵੱਲ ਭੇਜਿਆ ਸੀ, ਪਰ ਉਨ੍ਹਾਂ ਅਧਿਕਾਰੀਆਂ ਨੂੰ ਸਹਾਇਤਾ ਕਰਨ ਦੀ ਕੋਈ ਕਾਹਲ ਨਹੀਂ ਸੀ।(11) ਅਖੀਰ ਸੇਹਤ ਸੇਵਾਵਾਂ ਵਿਭਾਗ ਵੱਲੋਂ ਆਏ ਪੱਤਰ ਦੇ ਹੇਠ ਸੁਰਜੀਤ ਨੇ ਅਸਹਿਣਸ਼ੀਲ ਹੋ ਕੇ ਲਿਖਿਆ, "ਅਜੀਬ ਦੇਸ਼ ਜਿੱਥੇ ਕਿਸੇ ਨੂੰ ਜਵਾਬ ਲਈ ਛੇ ਮਹੀਨੇ ਉਡੀਕਣਾ ਪੈਂਦਾ ਹੈ।"(12) ਇਤਫਾਕ ਨਾਲ, ਇਸ ਚਿੱਠੀ ਨੇ ਉਸਦੇ ਪ੍ਰਸ਼ਨ ਦਾ ਜਵਾਬ ਨਹੀਂ ਸੀ ਦਿੱਤਾ। ਇਸਦੇ ਤੱਥ ਗਲਤ ਸਨ ਅਤੇ ਇਸ ਉੱਪਰ ਪਤਾ ਔੜ ਦੀ ਥਾਂ ਫਗਵਾੜਾ ਹਸਪਤਾਲ ਵਾਲੀ ਜਗ੍ਹਾ ਦਾ ਸੀ ਅਤੇ ਇਹ ਉਸ ਕਿਸਾਨ ਦੇ ਘਰ ਭੇਜੀ ਗਈ ਜਿਹੜਾ ਇਸ ਜ਼ਮੀਨ ਨੂੰ ਹਾਲ਼ੇ `ਤੇ ਲੈ ਕੇ ਖੇਤੀ ਕਰਦਾ ਸੀ। ( ਓਵਰਸੀਅਰ ਬੱਸ ਦਾ ਲੰਬਾ ਸਫਰ ਕਰਕੇ ਸੁਰਜੀਤ ਨੂੰ ਦੇ ਕੇ ਗਿਆ)। ਇਸ ਦੇ ਇਲਾਵਾ, ਜਦੋਂ ਉਸ ਨੇ ਸੇਹਤ ਸੇਵਾਵਾਂ ਦੇ ਡਾਇਰੈਕਟਰ ਜਗਦੀਸ਼ ਸਿੰਘ ਅਤੇ ਮੈਡੀਕਲ ਕਾਉਂਸਲ ਦੇ ਹੰਸ ਰਾਜ ਨਾਲ ਗੱਲ ਕੀਤੀ, ਉਨ੍ਹਾਂ ਨੇ ਰੁੱਖੇ ਤਰੀਕੇ ਨਾਲ ਇਸ਼ਾਰਿਆਂ ਰਾਹੀਂ ਕਿਹਾ ਕਿ ਉਸਦੇ ਪਰਿਵਾਰ ਦਾ ਮਨੋਰਥ ਸੰਭਾਵੀ ਲਾਭ ਸੀ ਅਤੇ ਉਹ ਤੇ ਜੈਕੀ ਭਾਰਤ ਵਿੱਚ ਇਸੇ ਲਈ ਡਾਕਟਰੀ ਕਰਨਾ ਚਾਹੁੰਦੀਆਂ ਸਨ ਕਿਉਂ ਕਿ ਉਹ ਕਨੇਡਾ ਵਿੱਚ ਇਹ ਕਰਨ ਦੇ ਯੋਗ ਨਹੀਂ ਸਨ।

ਮੁੱਖ ਮੰਤਰੀ ਕੈਰੋਂ ਨੇ ਕਪੂਰ ਹਸਪਤਾਲ ਬਾਰੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ, ਅਤੇ ਉਸ ਨੇ ਮਈ 1958 ਵਿੱਚ ਸੁਰਜੀਤ ਨੂੰ ਡਾਂਟ ਪਾਈ। ਇਹ ਸੁਰਜੀਤ ਅਤੇ ਉਸਦੀ ਮਾਂ ਵੱਲੋਂ ਲਏ ਫੈਸਲੇ ਤੋਂ ਮਹੀਨਾ ਬਾਅਦ ਦੀ ਗੱਲ ਸੀ। ਉਨ੍ਹਾ ਨੇ ਅਖੀਰ ਫੈਸਲਾ ਕਰ ਲਿਆ ਕਿ ਉਹ ਸਰਕਾਰ ਨੂੰ ਨਾਲ ਰਲਾਏ ਤੋਂ ਬਿਨਾਂ ਹੀ ਫਗਵਾੜੇ ਦੇ ਬਾਹਰਵਾਰ ਦੀ ਥਾਂ ਔੜ ਵਿੱਚ ਹਸਪਤਾਲ ਬਣਾਉਣਗੇ। ਆਪਣੀ ਹਮਾਇਤ ਲਈ ਭਾਈ ਪਿਆਰਾ ਸਿੰਘ ਨੂੰ ਨਾਲ ਲੈ ਕੇ, ਸੁਰਜੀਤ ਤੇ ਬਸੰਤ ਕੌਰ ਚੰਡੀਗੜ੍ਹ ਦੇ ਸ਼੍ਰੇਸ਼ਠ ਦੋ ਸੈਕਟਰ ਵਿੱਚ  ਕੈਰੋਂ ਦੀ ਸਰਕਾਰੀ ਰਿਹਾਇਸ਼ `ਤੇ ਉਸ ਨੂੰ ਮਿਲਣ ਗਈਆਂ ਪਰ ਉਹ ਬਿਮਾਰ ਸੀ ਅਤੇ ਬਿਸਤਰੇ ਵਿੱਚ ਪਿਆ ਸੀ। ਸ਼੍ਰੀਮਤੀ ਕੈਰੋਂ, ਲੰਬੀ ਅਤੇ ਡਰਾਉਣੀ ਔਰਤ, ਉਨ੍ਹਾਂ ਨਾਲ ਗੱਲ ਕਰਨ ਲਈ ਬਾਹਰ ਆਈ। ਉਹ ਕੁਝ ਕੁ ਵਿਸਥਾਰ ਤੋਂ ਜਾਣੂੰ ਸੀ ਪਰ ਕਹਾਣੀ ਬਾਰੇ ਉਸਦਾ ਵੇਰਵਾ  ਬਹੁਤ ਪੱਖਪਾਤੀ ਸੀ। ਉਸਦੇ ਲਹਿਜ਼ੇ ਨੇ ਸੁਰਜੀਤ ਨੂੰ ਇਸ ਤਰ੍ਹਾਂ ਮਹਿਸੂਸ ਕਰਨ ਲਾ ਦਿੱਤਾ ਜਿਵੇਂ ਕੋਈ ਹੈਡਮਾਸਟਰਨੀ ਸਕੂਲੀ ਬੱਚੇ ਨੂੰ ਝਿੜਕ ਰਹੀ ਹੋਵੇ। ਉਸ ਨੂੰ ਵਿਸ਼ਵਾਸ਼ ਨਹੀਂ ਸੀ ਕਿ ਸਿੱਧੂ ਕਦੇ ਹਸਪਤਾਲ ਬਣਾਉਣਗੇ ਅਤੇ ਉਹ ਕਹਿੰਦੀ ਕਿ ਭਾਵੇਂ ਉਹ ਫਗਵਾੜੇ ਤੇ ਔੜ ਵਿੱਚ ਬਣਾਉਣ ਦੀਆਂ ਗੱਲਾਂ ਕਰਦੇ ਸਨ ਪਰ ਕਿਸੇ ਥਾਂ ਬਾਰੇ ਵੀ ਗੰਭੀਰ ਨਹੀਂ ਲੱਗਦੇ। ਕੁਝ ਵੀ ਬੋਲਣ ਤੋਂ ਅਸਮਰੱਥ, ਸੁਰਜੀਤ ਬੇਚੈਨੀ ਨਾਲ ਉੱਠੀ ਅਤੇ ਬਾਹਰ ਨਿਕਲ ਗਈ। ਉਸਦੀ ਮਾਂ ਨੂੰ ਝਟਕਾ ਲੱਗਾ। ਉਸ ਨੇ ਸੁਰਜੀਤ ਨੂੰ ਕਿਹਾ,"ਤੈਨੂੰ ਐਨਾ ਗੁੱਸਾ ਨੀ ਕਰਨਾ ਚਾਹੀਦਾ।" ਸੁਰਜੀਤ ਨੇ ਇਸ ਟਾਕਰੇ ਨੂੰ 'ਮੁੱਠ-ਭੇੜ' ਵਜੋਂ ਬਿਆਨ ਕੀਤਾ।

ਦੋ ਹਫਤੇ ਬਾਅਦ, 20 ਮਈ 1958 ਨੂੰ ਜਦੋਂ ਔੜ ਵਿੱਚ ਉਸਾਰੀ ਦੀ ਤਿਆਰੀ ਸੀ, ਸੁਰਜੀਤ ਤੇ ਉਸਦੀ ਮਾਂ ਨੇ ਇੱਕ ਰਸਮ ਨਿਭਾਉਣ ਦਾ ਪ੍ਰਬੰਧ ਕਰ ਲਿਆ। ਉਨ੍ਹਾਂ ਨੇ ਪਹਿਲੀ ਇੱਟ ਰੱਖਣ ਲਈ ਮੁੱਖ ਮੰਤਰੀ ਕੈਰੋਂ ਨੂੰ ਸੱਦਾ ਭੇਜਿਆ, ਪਰ ਉਸਦੇ ਦਫਤਰ ਵੱਲੋਂ ਕੋਈ ਜਵਾਬ ਨਾ ਆਇਆ, ਇਸ ਲਈ ਭਾਈ ਪਿਆਰਾ ਸਿੰਘ ਨੂੰ ਇਹ ਮਾਣ ਪ੍ਰਾਪਤ ਹੋਇਆ ਅਤੇ ਅੰਕਲ ਮੇਹਰ ਚੰਦ ਨੇ ਸਟੇਜ ਸਕੱਤਰ ਦੀ ਸੇਵਾ ਸੰਭਾਲੀ। ਔੜ ਅਤੇ ਲਾਗਲੇ ਪਿੰਡਾਂ ਤੋਂ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਵਿੱਚ ਭਾਗ ਲਿਆ। ਔੜ ਦੇ ਸਕੂਲੀ ਮੁੰਡਿਆਂ ਦੇ ਬੈਂਡ ਨੇ ਗਲ਼ੀਆਂ ਵਿੱਚ ਪਰੇਡ ਕੀਤੀ, ਉਨ੍ਹਾਂ ਦੇ ਨਾਲ ਸਥਾਨਕ ਔਰਤਾਂ ਨੇ ਭਜਨ ਗਾਏ ਅਤੇ ਕੁਝ ਕਿਲੋਮੀਟਰਾਂ ਦੀ ਦੂਰੀ `ਤੇ ਪੂਰਬ ਵੱਲ ਉੜਾਪੜ ਪਿੰਡ ਦੇ ਮੁੰਡਿਆਂ ਦੇ ਬੈਂਡ ਨੇ ਵੀ ਭਾਗ ਲਿਆ।

ਪਹਿਲੀ ਜਨਵਰੀ 1957 ਨੂੰ, ਜਦੋਂ ਸਿੱਧੂ ਕਨੇਡਾ ਤੋਂ ਪਹੁੰਚੇ ਸਨ, ਔੜ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਉਤਸੁਕਤਾ ਨਾਲ ਦੇਖਿਆ ਸੀ ਅਤੇ ਹਸਪਤਾਲ ਵਾਲੇ ਪ੍ਰੋਜੈਕਟ ਵਿੱਚ ਕੋਈ ਦਿਲਚਸਪੀ ਨਹੀਂ ਸੀ ਦਿਖਾਈ। ਕੁਝ ਮਹੀਨਿਆਂ ਬਾਅਦ, ਉਨ੍ਹਾਂ ਨੇ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਅਤੇ ਸ਼ਿਕਾਇਤ ਕਰਨ ਲੱਗੇ, ਅਤੇ ਛੇਤੀ ਹੀ ਉਹ ਬਸੰਤ ਕੌਰ `ਤੇ ਜ਼ੋਰ ਪਾਉਣ ਲੱਗੇ ਕਿ ਉਹ ਆਪਣਾ ਹਸਪਤਾਲ ਇੱਥੇ ਬਣਾਵੇ। ਪਰ ਉਨ੍ਹਾਂ ਕੋਲ ਘੜਿਆ-ਘੜਾਇਆ ਜਵਾਬ ਸੀ ਕਿ ਪਿੰਡ ਵਿੱਚ ਬਿਜਲੀ ਨਹੀਂ, ਇਸ ਕਰਕੇ ਇੱਥੇ ਅਧੁਨਿਕ ਹਸਪਤਾਲ ਨਹੀਂ ਬਣਾਇਆ ਜਾ ਸਕਦਾ। ਪਰ ਅਗਸਤ 1957 ਵਿੱਚ ਇਸ ਤਰ੍ਹਾਂ ਦੀ ਹਾਲਤ ਨਾ ਰਹੀ। ਪੰਜਾਬ ਰਾਜ ਬਿਜਲੀ ਬੋਰਡ ਦੀ ਇੱਕ ਟੀਮ ਅੱਗੇ ਵਧੀ ਅਤੇ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ।  ਅਸਲ ਵਿੱਚ ਬਿਜਲੀ ਪਹੁੰਚਣ ਲਈ ਸਾਲ ਤੋਂ ਉੱਤੇ ਲੱਗ ਗਿਆ, ਪਰ ਬਿਜਲੀ ਆਉਣ ਦੀ ਆਸ ਨੇ ਪੇਂਡੂਆਂ ਕੋਲ ਬਹਾਨਾ ਲਾਉਣਾ ਜ਼ਿਆਦਾ ਔਖਾ ਬਣਾ ਦਿੱਤਾ।(13) ਸੱਚੀ ਗੱਲ ਇਹ ਸੀ ਕਿ ਬਸੰਤ ਕੌਰ ਨੂੰ ਉਸਦੇ ਪਿੰਡ ਵਿੱਚ ਹਸਪਤਾਲ ਦਾ ਵਿਚਾਰ ਖਿੱਚ ਪਾਉਂਦਾ ਸੀ, ਪਰ ਉਸ ਨੇ ਖੁੱਲ੍ਹ ਕੇ ਨਹੀਂ ਸੀ ਕਿਹਾ, ਉਸ ਨੂੰ ਲਗਦਾ ਸੀ ਕਿ ਜਦੋਂ ਵੀ ਉਹ ਇਸਦਾ ਇਰਾਦਾ ਜ਼ਾਹਰ ਕਰੇਗੀ, ਸਥਾਨਕ ਜ਼ਮੀਨ ਦੇ ਮਾਲਕ ਸੰਭਾਵੀ ਥਾਵਾਂ ਦੀ ਕੀਮਤ ਵਧਾ ਦੇਣਗੇ। ਅਤੇ ਫਗਵਾੜਾ ਵੱਡੇ ਹਸਪਤਾਲ ਲਈ ਢੁੱਕਵੀਂ ਥਾਂ ਸੀ, ਇਸ ਲਈ ਉਨ੍ਹਾਂ ਨੇ ਆਪਣਾ ਧਿਆਨ ਉੱਥੇ ਹੀ ਰੱਖਿਆ ਸੀ।

ਪਰ ਪਿੰਡ ਵਾਲੇ ਲਗਾਤਾਰ ਆਪਣਾ ਜ਼ੋਰ ਪਾਉਂਦੇ ਰਹੇ।  ਨਵੰਬਰ ਦੇ ਸ਼ੁਰੂ ਵਿੱਚ ਪਿੰਡ ਦੀ ਪੰਚਾਇਤ ਦੇ ਤੇਰ੍ਹਾਂ ਮੈਂਬਰ ਅਤੇ ਦੋ ਜਲੰਧਰ ਦੇ ਜਿਲ੍ਹਾ ਅਧਿਕਾਰੀਆਂ ਨੇ ਮਾਂ ਧੀ ਨੂੰ ਤਿੰਨ ਸੰਭਾਵੀ ਥਾਵਾਂ ਦਿਖਾਈਆਂ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਚੁਣ ਲੈਣ ਲਈ ਕਿਹਾ। ਕਿਸੇ ਵੀ ਥਾਂ ਨੇ ਉਨ੍ਹਾਂ ਨੂੰ ਖਿੱਚ ਨਾ ਪਾਈ, ਪਰ ਸੁਰਜੀਤ ਅਤੇ ਬਸੰਤ ਕੌਰ ਨੂੰ ਮੁਸਲਮਾਨਾਂ ਦੇ ਸ਼ਮਸ਼ਾਨਘਾਟ ਦੇ ਨੇੜੇ ਬੰਜਰ ਪਈ ਜ਼ਮੀਨ ਦੂਜੀਆਂ ਨਾਲੋਂ ਜ਼ਿਆਦਾ ਢੁੱਕਵੀਂ ਲੱਗੀ। ਇਸ ਜ਼ਮੀਨ ਦੇ ਮਾਲਕ ਨੂੰ ਇਹ ਅੰਗ੍ਰੇਜ਼ਾਂ ਵਾਸਤੇ ਲੜਦਿਆਂ ਸੂਰਮਗਤੀ ਦਿਖਾਉਣ ਦੇ ਇਨਾਮ ਵਜੋਂ ਮਿਲੀ ਸੀ। ਉਹ ਇਸ ਦੀ ਵੱਡੀ ਰਕਮ ਭਾਲਦਾ ਸੀ ਅਤੇ ਉਨ੍ਹਾਂ ਦੀ ਗੱਲ ਨਾ ਬਣੀ। ਸੁਰਜੀਤ ਨੇ ਇਸ ਬਾਰੇ ਇਸ ਤਰ੍ਹਾਂ ਲਿਖਿਆ, "ਅਸੀਂ ਬਿਲਕੁਲ ਬੁੱਧੂ ਨਹੀਂ ਬਣਨਾ।"

ਜਿਉਂ ਨਵੰਬਰ ਲੰਘਦਾ ਗਿਆ, ਪਿੰਡ ਵੱਲੋਂ ਕੀਤੀ ਪਹਿਲ ਕਦਮੀ ਅਜਾਈਂ ਜਾਂਦੀ ਲੱਗਣ ਲੱਗੀ, ਪਰ ਮਹੀਨੇ ਦੇ ਅਖੀਰ `ਤੇ , ਬਸੰਤ ਕੌਰ ਤੇ ਸੁਰਜੀਤ ਘਰ ਦੀ ਦੂਜੀ ਮੰਜ਼ਿਲ `ਤੇ ਬੈਠੀਆਂ ਸ਼ਾਮ ਦਾ ਖਾਣਾ ਖਾ ਰਹੀਆਂ ਸਨ, ਉਨ੍ਹਾਂ ਨੇ ਹੇਠਾਂ ਗਲੀ ਵਿੱਚ ਸੂਚਨਾ ਦੇਣ ਵਾਲੇ ਲਹਿਜੇ  ਵਿੱਚ ਵੱਜਦੇ ਢੋਲ ਦੀ ਆਵਾਜ਼ ਸੁਣੀ। ਬਸੰਤ ਕੌਰ ਨੇ ਅੰਤਰ-ਦ੍ਰਿਸ਼ਟੀ ਨਾਲ ਕਿਹਾ, "ਇਹ ਢੋਲ ਸਾਡੇ ਲਈ ਵਜਾਉਂਦੇ ਹਨ।"ਛੱਤ `ਤੇ ਖੜ੍ਹੀ ਸੁਰਜੀਤ ਨੇ ਮੁਨਾਦੀ ਦੇਣ ਵਾਲੇ ਦੀ ਆਵਾਜ਼ ਸੁਣੀ। ਉਹ ਪਿੰਡ ਵਾਲਿਆਂ ਨੂੰ ਉਸੇ ਗਲੀ `ਚ ਹਿੰਦੂ ਧਰਮਸ਼ਾਲਾ ਵਿੱਚ ਇਕੱਠੇ ਹੋਣ ਲਈ ਆਖ ਰਿਹਾ ਸੀ। ਰਾਤ ਪਈ ਤੋਂ ਸੁਰਜੀਤ ਤੇ ਬਸੰਤ ਕੌਰ ਨੇ ਬਾਹਰ ਵੱਡੇ ਇਕੱਠ ਦੀਆਂ ਉਤੇਜਕ ਆਵਾਜ਼ਾਂ ਅਤੇ ਉਨ੍ਹਾਂ ਦੇ ਦਰਵਾਜ਼ੇ `ਤੇ ਉੱਚੀ ਕੁੰਡਾ ਖੜਕਣ ਦੀ ਆਵਾਜ਼ ਸੁਣੀ। ਅੰਕਲ ਮੇਹਰ ਚੰਦ ਬਾਹਰ ਵਾਲੀਆਂ ਇੱਟਾਂ ਦੀਆਂ ਪੌੜੀਆਂ ਕਾਹਲੀ ਨਾਲ ਚੜ੍ਹ ਕੇ ਦੂਜੀ ਮੰਜ਼ਿਲ `ਤੇ ਪਹੁੰਚਿਆ, ਦਿਲ ਦੇ ਮਰੀਜ਼ ਦਾ ਸਾਹ ਚੜ੍ਹਿਆ ਹੋਇਆ ਸੀ।  ਉਸ ਨੇ ਕਿਹਾ, " ਬੀਬੀ ਜੀ, ਤੁਹਾਨੂੰ ਸਾਰਾ ਪਿੰਡ ਕਹਿਣ ਆਇਐ ਕਿ ਹਸਪਤਾਲ ਇੱਥੇ ਬਣਾਓ।" ਬਸੰਤ ਕੌਰ ਨੇ ਤਾਰਿਆਂ ਭਰੇ ਆਕਾਸ਼ ਹੇਠ ਆਪਣੇ ਵੇਹੜੇ ਵਿੱਚ ਬਹੁਤ ਸਾਰੇ ਬੰਦਿਆਂ ਦਾ ਇਕੱਠ ਦੇਖਿਆ, ਉਨ੍ਹਾਂ ਦੇ ਹੱਥਾਂ ਵਿੱਚ ਲਾਲਟੈਨਾਂ ਸਨ ਅਤੇ ਉਹ ਮੰਜਿਆਂ ਅਤੇ ਲੱਕੜ ਦੀਆਂ ਕੁਰਸੀਆਂ `ਤੇ ਬੈਠੇ ਸਨ ਜਾਂ ਐੱਡੀ ਗਿਣਤੀ ਵਿੱਚ ਖੜ੍ਹੇ ਸਨ ਕਿ ਵਿਹੜਾ ਭਰਨ ਤੋਂ ਬਾਅਦ ਕਈਆਂ ਨੂੰ ਗਲੀ ਵਿੱਚ ਖੜ੍ਹਣਾ ਪਿਆ। ਉਨ੍ਹਾਂ ਨੇ ਬਸੰਤ ਕੌਰ ਨੂੰ ਕੁਰਸੀ ਪੇਸ਼ ਕੀਤੀ ਅਤੇ ਫਿਰ ਸੁਰਜੀਤ ਦੇ ਲਿਖਣ ਵਾਂਗ "ਆਦਰਯੋਗ ਸ਼ਾਂਤੀ" ਹੋ ਗਈ। ਅੰਕਲ ਮੇਹਰ ਚੰਦ ਦੀ ਆਵਾਜ਼ ਭਾਵੁਕ ਹੋ ਕੇ ਕੰਬ ਰਹੀ ਸੀ। ਉਹ ਉਸਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਅਤੇ ਬਾਕੀ ਸਿਰ ਹਿਲਾ ਕੇ ਹਾਮੀ ਭਰਦੇ ਸਨ। ਹਾਂ, ਉਹ ਚਾਹੁੰਦੇ ਸਨ ਕਿ ਉਹ ਔੜ ਵਿੱਚ ਹਸਪਤਾਲ ਬਣਾਉਣ, ਅਤੇ ਹਾਂ, ਉਹ ਉਨ੍ਹਾਂ ਲਈ ਢੁੱਕਵੀਂ ਜ਼ਮੀਨ ਲੱਭ ਕੇ ਦੇਣਗੇ।

ਅਗਲੇ ਦਿਨ, ਪਿੰਡ ਦਾ ਸਰਪੰਚ ਅਤੇ ਪੰਚਾਇਤ ਦੇ ਹੋਰ ਮੈਂਬਰ ਬਸੰਤ ਕੌਰ ਤੇ ਸੁਰਜੀਤ ਨੂੰ ਪਿੰਡ ਤੋਂ ਅੱਧਾ ਕਿਲੋਮੀਟਰ ਬਾਹਰ ਜ਼ਮੀਨ ਦਿਖਾਉਣ ਲਈ ਲੈ ਕੇ ਗਏ। ਇਹ ਜ਼ਮੀਨ 1947 ਤੋਂ ਪਹਿਲਾਂ ਮੁਸਲਮਾਨਾਂ ਦੀ ਸੀ ਅਤੇ ਹੁਣ ਸਰਕਾਰ ਦੇ ਉੱਜੜੇ ਲੋਕਾਂ ਦੀ ਜ਼ਮੀਨ ਦੇ ਨਿਗਰਾਨ ਮਹਿਕਮੇ ਕੋਲ ਸੀ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਕਰਾਉਣ ਲਈ ਅਗਲੇ ਪਿੰਡ ਤੋਂ ਸਰਕਾਰੀ ਅਫਸਰ ਸਾਰੇ ਕਾਗਜ਼-ਪੱਤਰ ਤਿਆਰ ਕਰ ਦੇਵੇਗਾ। ਇਸ ਤੋਂ ਇਲਾਵਾ, ਇਸਦੇ ਨਾਲ ਲੱਗਵੀਂ ਜ਼ਮੀਨ ਦਾ ਮਾਲਕ ਬਸੰਤ ਕੌਰ ਦੇ ਪਰਿਵਾਰ ਦੀ ਹੋਰ ਥਾਂ ਵਾਲੀ ਜ਼ਮੀਨ ਨਾਲ ਵਟਾਂਦਰਾ ਕਰਨ ਲਈ ਤਿਆਰ ਸੀ। (ਇਹ, ਉਸ ਲਈ ਫਾਇਦੇ ਵਾਲਾ ਸੌਦਾ ਸੀ ਕਿਉਂ ਕਿ ਉਸ ਨੂੰ ਬਦਲੇ ਵਿੱਚ ਮਿਲਣ ਵਾਲੀ ਜ਼ਮੀਨ ਜ਼ਿਆਦਾ ਉਪਜਾਊ ਅਤੇ ਤਿੱਗਣੇ ਮੁੱਲ ਦੀ ਸੀ)। ਦੋਹਾਂ ਨੂੰ ਜੋੜ ਕੇ ਦਸ ਏਕੜ ਬਣ ਜਾਣੇ ਸਨ ਅਤੇ ਇਸਦਾ ਲੰਬੇ ਲੋਟ ਵਾਲਾ ਅੱਗਾ ਮੁੱਖ ਸੜਕ `ਤੇ ਸੀ। ਮੁਸਲਮਾਨਾਂ ਦੇ ਹਿੱਸੇ ਵੱਲ ਜ਼ਮੀਨ ਦੇ ਵਿਚਕਾਰ ਉੱਚੇ ਦਰਖਤਾਂ ਦਾ ਆਕਰਸ਼ਕ  ਝੁੰਡ, ਇੱਕ ਖੂਹ, ਅਤੇ ਦੋ ਇੱਟਾਂ ਦੇ ਮਕਬਰੇ ਸਨ। ਸੂਫੀ ਸੰਤਾਂ ਜਾਂ ਫਕੀਰਾਂ ਦੇ ਇਹੋ-ਜਿਹੇ ਚੌਰਸ ਜਾਂ ਪੰਜ-ਭੁਜੇ ਗੁੰਬਦੀ ਮਕਬਰੇ ਸਾਰੇ ਪੰਜਾਬ ਵਿੱਚ  ਮਿਲ ਜਾਂਦੇ ਸਨ। ਇਨ੍ਹਾਂ ਦਾ ਮੁੱਖ ਦਰਵਾਜ਼ਾ ਦੱਖਣ ਵੱਲ ਹੁੰਦਾ। ਫਕੀਰ ਦੇ ਪੈਰ ਦੱਖਣ ਵੱਲ ਨੂੰ ਕਰਕੇ ਅਤੇ ਉਸ ਦਾ ਸਿਰ ਪੱਛਮ ਵਿੱਚ ਮੱਕੇ ਵੱਲ ਨੂੰ ਕਰਕੇ ਦਫਨਾਇਆ ਗਿਆ ਹੋਵੇਗਾ। ਬਸੰਤ ਕੌਰ ਤੇ ਸੁਰਜੀਤ ਨੇ ਇਸ ਜਾਇਦਾਦ `ਤੇ ਕਾਰ ਰਾਹੀਂ ਕਈ ਗੇੜੇ ਮਾਰੇ, ਪਰ ਜਦੋਂ ਉਹ ਤੁਰ ਕੇ ਇਸ ਵਿੱਚੋਂ ਦੀ ਲੰਘੀਆਂ, ਉਨ੍ਹਾ ਨੇ ਤੁਰੰਤ ਇਸ ਨੂੰ ਦਿਲ-ਖਿੱਚਵੀਂ ਮਹਿਸੂਸ ਕੀਤਾ ਅਤੇ ਸਹਿਮਤ ਹੋ ਗਈਆਂ ਕਿ ਇਹ ਹਸਪਤਾਲ ਲਈ ਢੁੱਕਵੀਂ ਥਾਂ ਸੀ।

ਉਨ੍ਹਾਂ ਨੇ ਇਹ ਜਾਇਦਾਦ ਸੁਰਜੀਤ ਦੇ ਮੁੱਖ ਮੰਤਰੀ ਕੈਰੋਂ ਨੂੰ ਜੀ ਟੀ ਰੋਡ `ਤੇ ਮਿਲਣ ਤੋਂ ਕੁਝ ਦਿਨ ਪਹਿਲਾਂ ਦੇਖੀ ਸੀ। ਉਹ ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਮਿਲਿਆ ਸੀ ਅਤੇ ਉਸ ਨੇ ਫਗਵਾੜੇ ਵਾਲੀ ਜਗ੍ਹਾ ਦੇ ਪਹੁੰਚ ਮਾਰਗ ਬਾਰੇ ਆਪਣਾ ਫੈਸਲਾ ਦੱਸਿਆ ਸੀ। ਬਸੰਤ ਕੌਰ ਹੁਣ ਦੁਖੀ ਸੀ ਕਿ ਉਹ ਕੀ ਕਰੇ, ਉਸ ਨੇ ਫਗਵਾੜੇ ਬਾਰੇ ਵਾਅਦਾ ਕੀਤਾ ਸੀ ਅਤੇ ਔੜ ਬਾਰੇ ਦਬਾਅ ਮਹਿਸੂਸ ਕਰ ਰਹੀ ਸੀ। ਕਪੂਰ ਨਾਲ ਟੈਲੀਫੋਨ ਰਾਹੀਂ ਗੱਲਬਾਤ ਸਹਾਇਤਾ ਕਰ ਸਕਦੀ ਸੀ, ਪਰ ਚੰਡੀਗੜ੍ਹ ਨਾਲ ਲਾਈਨ ਮਿਲਾਉਣਾ ਹੀ ਬਹੁਤ ਮੁਸ਼ਕਲ ਸੀ, ਵੈਨਕੂਵਰ ਦੀ ਤਾਂ ਗੱਲ ਹੀ ਛੱਡੋ। ਸੁਰਜੀਤ ਨੇ ਇੱਕ ਪਿੰਡ ਤੋਂ ਅਗਲੇ ਪਿੰਡ ਤੱਕ ਪਿੱਛਾ ਕਰਦਿਆਂ ਆਖਰ ਭਾਈ ਪਿਆਰਾ ਸਿੰਘ ਨੂੰ ਲਾਰੀ ਤੋਂ ਉੱਤਰਦੇ ਹੋਏ ਨੂੰ ਲੱਭ ਲਿਆ। ਇਹ ਉਸਦੀ ਬਹੁਤ ਸਾਰੀਆਂ ਮੀਟਿੰਗਾਂ ਕਾਰਣ ਰੁਝੇਵਿਆਂ ਭਰੀਆਂ ਸ਼ਾਮਾਂ ਵਿੱਚੋਂ ਇੱਕ ਸੀ। ਸੁਰਜੀਤ ਉਸਦੀ ਸਲਾਹ ਲੈਣਾ ਚਾਹੁੰਦੀ ਸੀ ਅਤੇ ਉਸ ਨੇ ਹਲੀਮੀ ਨਾਲ ਸਵਾਲ ਉਸੇ ਵੱਲ ਮੋੜ ਦਿੱਤਾ। ਪਿਆਰਾ ਸਿੰਘ ਕਹਿਣ ਲੱਗਾ ਕਿ ਉਹ ਉਸਦੀ ਬਹੁਤ ਕਦਰ ਕਰਦਾ ਸੀ ਅਤੇ ਜਿਹੜਾ ਵੀ ਫੈਸਲਾ ਉਹ ਕਰੇਗੀ, ਉਹ ਉਸ ਨਾਲ ਸਹਿਮਤ ਹੋਵੇਗਾ। ਸੁਰਜੀਤ ਅਨੁਸਾਰ ਦੋਹਾਂ ਥਾਵਾਂ `ਤੇ ਹੀ ਹਸਪਤਾਲ ਬਣਾਏ ਜਾਣ, ਵੱਡਾ ਫਗਵਾੜੇ ਅਤੇ ਛੋਟਾ ਔੜ। ਦੋ ਹਸਪਤਾਲ ਔੜ ਵਾਲਿਆਂ ਨੂੰ ਮਨਜ਼ੂਰ ਸਨ, ਪਰ ਉਹ ਵੱਡਾ ਚਾਹੁੰਦੇ ਸਨ। ਇਹ ਸ਼ਾਇਦ ਚੰਡੀਗੜ੍ਹ ਵਿੱਚ ਕੈਰੋਂ ਤੇ ਉਸਦੀ ਅਫਸਰਸ਼ਾਹੀ ਲਈ ਵੀ ਠੀਕ ਹੁੰਦਾ ਪਰ ਉਹ ਅਣਗਹਿਲੀ ਵਿੱਚ ਚੁੱਪ ਧਾਰ ਗਏ ਸਨ।

ਇਸ ਚੁੱਪ ਨੂੰ ਲੰਬਾ ਸਮਾਂ ਸਹਿਣ ਕਰਨ ਤੋਂ ਬਾਅਦ, ਹੁਣ ਇਹ ਸੁਰਜੀਤ ਨੂੰ ਮਾਨਸਿਕ ਤੌਰ `ਤੇ ਸਤਾਉਣ ਲੱਗੀ ਸੀ ਅਤੇ ਉਹ ਸਦਮੇ ਨਾਲ ਝੰਬੀ ਗਈ ਜਦੋਂ ਉਸਦੀ ਮਾਂ, ਜਿਹੜੀ ਕਦੇ ਵੀ ਬਿਮਾਰ ਨਹੀਂ ਸੀ ਹੋਈ, 1958 ਦੇ ਨਵੇਂ ਸਾਲ ਵਾਲੇ ਦਿਨ ਬੇਹੋਸ਼ ਹੋ ਗਈ, ਅਤੇ ਪੰਜ ਹਫਤੇ ਬਾਅਦ ਪੁਰਾਣੀ ਦਿੱਲੀ ਦੇ ਸਵਿੱਸ ਹੋਟਲ ਵਿੱਚ ਰਾਤ ਬਿਤਾਉਣ ਮਗਰੋਂ ਫਿਰ ਬੇਹੋਸ਼ ਹੋ ਗਈ। ਇਸ ਵਾਰ ਮਿਰਗੀ ਦੇ ਦੋਰਿਆਂ ਦੀਆਂ ਨਿਸ਼ਾਨੀਆਂ ਸਨ। ਹੰਝੂ ਭਰੀਆਂ ਅੱਖਾਂ ਨਾਲ ਸੁਰਜੀਤ ਨੇ  ਉਸ ਨੂੰ ਵੈਨਕੂਵਰ ਚੱਲਣ ਦੀ ਬੇਨਤੀ ਕੀਤੀ, ਪਰ ਉਸ ਨੇ ਦ੍ਰਿੜਤਾ ਨਾਲ ਨਾਂਹ ਕਰ ਦਿੱਤੀ। ਉਸ ਨੇ ਹਸਪਤਾਲ ਬਨਵਾਉਣਾ ਸੀ ਅਤੇ ਉਹ ਬਣਵਾ ਕੇ ਰਹੇਗੀ। ਉਸ ਨੇ ਸੁਰਜੀਤ ਨੂੰ ਕਿਹਾ, "ਜੇ ਤੂੰ ਐਨੀ ਹੀ ਬੇਚੈਨ ਹੈਂ ਤਾਂ ਤੂੰ ਚਲੀ ਜਾ।" ਉਨ੍ਹਾਂ ਨੇ ਮੁੜ ਇਸ ਬਾਰੇ ਗੱਲ ਨਾ ਕੀਤੀ, ਅਤੇ ਉਸ ਨੂੰ ਮੁੜ ਦੌਰਾ ਨਾ ਪਿਆ।

ਫਰਵਰੀ 1958 ਦੇ ਉਹ ਕੁਝ ਦਿਨ ਫੈਸਲਾਕੁਨ ਸਨ। ਕਾਰਵਾਈ ਦੀ ਸ਼ੁਰੂਆਤ! ਉਹ ਦਿੱਲੀ ਡਾ. ਪਾਂਡਲਿਕ ਡੀ ਗਾਇਤੋਂਦੇ ਅਤੇ ਸ਼੍ਰੀ ਸਿਵਸੁਬਰਾਮਨੀਅਨ, ਡਾਕਟਰ ਤੇ ਇੰਜੀਨੀਅਰ ਜਿਨ੍ਹਾ ਬਾਰੇ ਨਹਿਰੂ ਨੇ ਸੁਝਾਅ ਦਿੱਤਾ ਸੀ, ਨੂੰ ਮਿਲਣ ਆਏ ਸਨ। ਉਹ ਗਾਇਤੋਂਦੇ ਨੂੰ ਪਹਿਲਾਂ ਹੀ ਮਿਲ ਚੁੱਕੇ ਸਨ, ਅਤੇ ਸਿਵਸੁਬਰਾਮਨੀਅਨ ਨੂੰ ਪਹਿਲੀ ਵਾਰ ਮਿਲ ਰਹੇ ਸਨ। ਦੌਰਾ ਪੈਣ ਤੋਂ ਇੱਕ ਦਿਨ ਬਾਅਦ ਬਸੰਤ  ਕੌਰ ਦ੍ਰਿੜ੍ਹ ਇਰਾਦੇ ਨਾਲ ਸੁਰਜੀਤ ਦੇ ਨਾਲ ਸੱਤਰ ਕਿਲੋਮੀਟਰ ਦੂਰ ਧਨੌਰਾ ਗਈ, ਜਿੱਥੇ ਗਾਇਤੋਂਦਾ ਤੇ ਸਿਵਸੁਬਰਾਮਨੀਅਨ ਨੇ ਆਪਣਾ ਦਿਹਾਤੀ ਹਸਪਤਾਲ ਬਣਾਇਆ ਸੀ। ਹਸਪਤਾਲ ਦੀ ਇਮਾਰਤ ਅੱਛੀ ਸੀ, ਪਰ ਪਿੰਡ ਦੇ ਬਜ਼ੁਰਗਾਂ ਦੀ ਆਪਸੀ ਲੜਾਈ ਕਾਰਣ ਕੰਮ ਠੰਡਾ ਹੀ ਸੀ। ਮਹੱਤਵਪੂਰਨ ਗੱਲ ਇਹ ਸੀ ਕਿ ਬਸੰਤ ਕੌਰ ਤੇ ਸੁਰਜੀਤ ਨੂੰ ਸਿਵਸੁਬਰਾਮਨੀਅਨ ਵੀ ਗਾਇਤੋਂਦੇ ਵਰਗਾ ਹੀ ਲੱਗਾ ਜਿਹੜਾ ਬਦਲੇ ਵਿੱਚ ਕਿਸੇ ਵੀ ਚੀਜ਼ ਦੀ ਆਸ ਰੱਖੇ ਬਗੈਰ ਖੁੱਲ੍ਹ ਕੇ ਸਹਾਇਤਾ ਕਰਦਾ ਸੀ।

ਗਾਏਤੋਂਦੇ ਗੋਆ ਤੋਂ ਸੀ ਅਤੇ ਪੁਰਤਗਾਲੀਆਂ ਦੇ ਗੋਆ `ਤੇ ਸ਼ਾਸਨ ਕਰਨ ਦੇ ਅਖੀਰਲੇ ਦਿਨਾਂ ਦੌਰਾਨ ਨਵੀਂ ਦਿੱਲੀ ਵਿੱਚ ਰਹਿੰਦਾ ਸੀ। ਉਹ ਰਾਜਨੀਤਕ ਐਕਟੇਵਿਸਟ ਵੀ ਸੀ ਅਤੇ ਉੱਘਾ ਸਰਜਨ ਵੀ। ਉਹ ਦਿੱਲੀ ਦੇ ਪ੍ਰਮੁੱਖ ਸਿਖਲਾਈ ਹਸਪਤਾਲ ਦਾ ਸਟਾਫ ਮੈਂਬਰ ਸੀ ਅਤੇ ਗੋਆਨ ਨੈਸ਼ਨਲ ਕਾਂਗਰਸ ਦਾ ਜਲਾਵਤਨ ਆਗੂ ਸੀ। ਉਸਦਾ ਦੋਸਤ ਸਿਵਾਸੁਬਰਾਮਨੀਅਨ, ਚਨੇਈ (ਮਦਰਾਸ) ਤੋਂ ਸੀ ਅਤੇ ਭਾਰਤ ਸਰਕਾਰ ਦੇ ਪਬਲਿਕ ਵਰਕਸ ਵਿਭਾਗ ਵਿੱਚ ਐਕਸੀਅਨ ਸੀ। ਉਹ ਸਰਕਾਰੀ ਰਿਹਾਇਸ਼ ਵਾਲੇ ਇਲਾਕੇ, ਰਬਿੰਦਰ ਨਗਰ, ਵਿੱਚ ਨੇੜੇ-ਨੇੜੇ ਰਹਿੰਦੇ ਸਨ, ਜਿੱਥੇ ਅਫਸਰਾਂ ਦੀ ਵਸੋਂ ਸੀ। ਸੁਰਜੀਤ ਤੇ ਬਸੰਤ ਕੌਰ ਤੁਰੰਤ ਹੀ ਸਿਵਾਸੁਬਰਾਮਨੀਅਨ ਤੋਂ, ਪੇਸ਼ੇਵਾਰ ਵਜੋਂ ਅਤੇ ਮਨੁੱਖ ਵਜੋਂ,  ਪ੍ਰਭਾਵਿਤ ਹੋ ਗਈਆਂ। ਉਨ੍ਹਾਂ ਨੇ ਉਸਦੇ ਘਰ ਦੱਖਣ ਭਾਰਤੀ ਖਾਣੇ ਦਾ ਸਵਾਦ ਮਾਣਿਆ ਅਤੇ ਉਸਦੇ ਵੱਡੇ ਖੁਸ਼ਹਾਲ ਪਰਿਵਾਰ ਨੂੰ ਮਿਲੀਆਂ। ਉਸ ਨੇ ਬਿਨਾਂ ਕੋਈ ਫੀਸ ਲਏ, ਹਸਪਤਾਲ ਦੀ ਯੋਜਨਾ ਉੱਪਰ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਹਫਤੇ ਦੇ ਅਖੀਰ `ਤੇ ਕਾਰ ਰਾਹੀਂ ਔੜ ਜਾਂਦਾ, ਜਾਂ ਲੁਧਿਆਣਾ ਤੱਕ ਰੇਲ ਗੱਡੀ ਰਾਹੀਂ ਜਾਂਦਾ ਅਤੇ ਉਹ ਉੱਥੋਂ ਉਸ ਨੂੰ ਲੈ ਆਉਂਦੀਆਂ। ਫਰਵਰੀ ਦੇ ਅਖੀਰ ਤੱਕ ਉਸ ਨੇ ਔੜ ਵਿੱਚ ਹਸਪਤਾਲ ਵਾਲੀ ਥਾਂ ਦੀ ਮਿਣਤੀ ਕਰ ਲਈ ਸੀ ਅਤੇ ਇਮਾਰਤ ਦੀ ਲੰਬਾਈ-ਚੌੜਾਈ ਆਦਿ ਦਾ ਵੇਰਵਾ ਲਿਖ ਲਿਆ ਸੀ। ਉਹ 9 ਅਪ੍ਰੈਲ ਨੂੰ ਦੋ ਯੋਜਨਾਵਾਂ ਸਮੇਤ ਪਹੁੰਚ ਗਿਆ ਅਤੇ ਸੁਰਜੀਤ ਤੇ ਬਸੰਤ ਕੌਰ ਨੂੰ ਉਨ੍ਹਾਂ ਵਿੱਚੋਂ ਇੱਕ ਨੂੰ ਚੁਨਣ ਲਈ ਆਖਣ ਲੱਗਾ, ਅਤੇ ਉਨ੍ਹਾਂ ਨੇ ਉਸਦੇ ਮੁੜਣ ਤੋਂ ਪਹਿਲਾਂ ਇੱਕ ਚੁਣ ਲਈ।

ਸਿਵਸੁਬਰਾਮਨੀਅਨ, ਜਾਂ ਸਿਵਾ ਜੀ, ਜਿਸ ਤਰ੍ਹਾਂ ਸੁਰਜੀਤ ਤੇ ਬਸੰਤ ਉਸ ਨੂੰ  ਬੁਲਾਉਣ ਲੱਗੀਆਂ ਸਨ,  ਨੇ ਸੁਰਜੀਤ ਲਈ ਇੱਕ ਠੇਕੇਦਾਰ ਲੱਭ ਲਿਆ, ਕਿਉਂ ਕਿ ਉਸ ਨੇ ਪਰਖ ਲਿਆ ਸੀ ਕਿ ਉਹ ਕੁਝ ਜ਼ਿਆਦਾ ਹੀ ਭੋਲੀ ਸੀ ਤੇ ਆਪਣੇ ਆਪ ਕਿਸੇ ਇਮਾਨਦਾਰ ਠੇਕੇਦਾਰ ਨੂੰ ਲੱਭਣਾ ਉਸਦੇ ਵੱਸ ਦੀ ਗੱਲ ਨਹੀਂ ਸੀ। ਉਸ ਵੱਲੋਂ ਚੁਣੇ ਠੇਕੇਦਾਰ ਨੇ 1 ਮਈ 1958 ਨੂੰ ਕੰਮ ਸ਼ੁਰੂ ਕਰ ਦਿੱਤਾ। ਉਹ ਅਣਪੜ੍ਹ ਸੀ ਅਤੇ ਗੋਡਿਆਂ ਤੱਕ ਲੰਬੀ ਪੇਸ਼ਾਵਰੀ ਕਮੀਜ਼ ਤੇ ਖੁੱਲ੍ਹੀ ਪੇਸ਼ਾਵਰੀ ਸਲਵਾਰ ਪਾਉਂਦਾ ਸੀ। ਉਹ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਆਇਆ ਸੀ ਅਤੇ ਅੰਗ੍ਰੇਜ਼ੀ ਨਹੀਂ ਬੋਲਦਾ ਸੀ ਪਰ ਤੇਜ਼ ਅਤੇ ਮੇਹਨਤੀ ਸਿੱਧ ਹੋਇਆ। ਉਸਦਾ ਨਾਂ ਸੋਹਨ ਲਾਲ ਸੀ ਅਤੇ ਉਹ ਅਤੇ ਉਸਦਾ ਪਰਿਵਾਰ ਪੇਸ਼ਾਵਰ (ਹੁਣ ਪਾਕਿਸਤਾਨ ਵਿੱਚ)ਇਲਾਕੇ `ਚੋਂ ਉੱਜੜ ਕੇ ਆਏ ਸਨ। ਉਹ ਦਿੱਲੀ ਦੇ ਬਾਹਰਵਾਰ ਰਹਿੰਦੇ ਸਨ। ਸਿਵਾਜੀ ਦਾ ਕਈ ਸਾਲਾਂ ਤੋਂ ਉਸ ਨਾਲ ਕੰਮ ਦਾ ਵਾਹ ਸੀ ਅਤੇ ਉਹ ਉਸਦੀ ਭਰੋਸੇਯੋਗਤਾ ਦੀ ਜ਼ਾਮਨੀ ਭਰਦਾ ਸੀ। ਸਿਵਾਜੀ ਦੇ ਨਿਰਦੇਸ਼ਾਂ ਅਨੁਸਾਰ, ਦਿੱਲੀ ਤੋਂ ਲਿਆਂਦੇ ਮਜ਼ਦੂਰਾਂ ਅਤੇ ਸਥਾਨਿਕ ਭਰਤੀ ਕੀਤੇ ਮਜ਼ਦੂਰਾਂ ਨਾਲ, ਉਸ ਨੇ ਸਾਰਾ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਗਰਮੀਆਂ `ਚ ਸੋਹਨ ਲਾਲ ਆਮ ਹੀ ਕਿਤੇ ਗਾਇਬ ਹੋ ਜਾਂਦਾ ਅਤੇ ਕੰਮ ਠੰਡਾ ਪੈ ਜਾਂਦਾ। ਸ਼ਾਇਦ ਦਾਰੂ ਦੀ ਲਤ ਕਾਰਣ ( ਉਨ੍ਹਾਂ ਨੇ ਉਸ ਨੂੰ ਸ਼ਰਾਬੀ ਹਾਲਤ ਵਿੱਚ ਦੇਖਿਆ ਸੀ), ਸ਼ਾਇਦ ਦਿੱਲੀ ਵਿੱਚ ਮਜ਼ਦੂਰਾਂ ਦੀ ਭਰਤੀ ਕਰਨ, ਜਾਂ ਸ਼ਾਇਦ ਆਪਣੇ ਪਰਿਵਾਰ ਨੂੰ ਮਿਲਣ ਜਾਂਦਾ ਹੋਵੇ। ਸਿਵਾਜੀ ਉਸ ਨੂੰ ਕੰਮ ਤੋਂ ਹਟਾਉਣਾ ਚਾਹੁੰਦਾ ਸੀ ਪਰ ਬਸੰਤ ਕੌਰ ਤੇ ਸੁਰਜੀਤ ਨੇ ਨਾਂਹ ਕਰ ਦਿੱਤੀ। ਉਹ ਉਸਦੀ ਇਮਾਨਦਾਰੀ ਤੋਂ ਪ੍ਰਭਾਵਤ ਸਨ।

ਯੋਜਨਾ ਦੀ ਮੰਗ ਸੀ ਕਿ  ਉਸ ਥਾਂ ਤੋਂ ਇੱਕ ਮੁਸਲਿਮ ਮਜ਼ਾਰ ਢਾਹੀ ਜਾਵੇ, ਅਤੇ ਇਸ ਨਾਲ ਮਈ ਦੇ ਦੂਜੇ ਹਫਤੇ ਸੋਹਨ ਲਾਲ ਅਤੇ ਉਸਦੇ ਕਾਮੇ ਉਲਝਣ ਵਿੱਚ ਫਸ ਗਏ। ਕੋਈ ਵੀ ਆਦਮੀ ਇਹ ਕੰਮ ਨਹੀਂ ਕਰਨਾ ਚਾਹੁੰਦਾ ਸੀ। ਸੋਹਨ ਲਾਲ ਆਪ ਜਾਂ ਤਾਂ ਜ਼ਿਆਦਾ ਹੀ ਸ਼ਰਧਾਯੁਕਤ ਸੀ ਜਾਂ ਜ਼ਿਆਦਾ ਹੀ ਵਹਿਮੀ ਅਤੇ ਭੈਅ ਮੰਨਣ ਵਾਲਾ  ਪਰ ਉਹ ਕਦੇ ਕਿਸੇ ਪਵਿੱਤਰ ਆਤਮਾ ਦੇ ਪੂਜਣਯੋਗ ਰਹੇ ਇਸ ਮਕਬਰੇ ਨੂੰ ਢਾਹੁਣ ਲਈ ਤਿਆਰ ਨਹੀਂ ਸੀ। ਉਸਦੇ ਕਾਮਿਆਂ ਦੀ ਜੁੰਡਲੀ ਵਿੱਚ ਪੁਟਾਈ, ਸੀਮਿੰਟ ਅਤੇ ਇੱਟਾਂ ਦੀ ਚਿਣਾਈ ਦਾ ਕੰਮ ਆਦਮੀ ਕਰਦੇ, ਔਰਤਾਂ ਇੱਟਾਂ, ਮਿੱਟੀ, ਸੀਮਿੰਟ, ਬੱਜਰੀ ਆਦਿ ਢੋਣ ਦਾ ਕੰਮ ਕਰਦੀਆਂ ਅਤੇ ਉਨ੍ਹਾਂ ਦੇ ਛੋਟੇ ਬੱਚੇ ਨੇੜੇ ਹੀ ਖੇਡਦੇ ਰਹਿੰਦੇ। ਉਨ੍ਹਾਂ ਵਿੱਚ ਔੜ ਤੋਂ ਹਰਭਜਨ ਨਾਂ ਦੀ ਜਵਾਨ ਔਰਤ ਬਹੁਤ ਨਿੱਡਰ ਸੀ। ਉਸ ਨੇ ਹਥੌੜਾ ਚੁੱਕਿਆ ਅਤੇ ਫਕੀਰ ਦੀ ਕੁਟੀਆ `ਤੇ ਪਹਿਲਾ ਵਾਰ ਕਰ ਦਿੱਤਾ। ਇਸ ਬਾਰੇ ਸੁਰਜੀਤ ਨੇ ਲਿਖਿਆ, "ਹਰਭਜਨ ਉਸ ਦਿਨ ਦੀ ਨਾਇਕਾ ਸਿੱਧ ਹੋਈ।" ਅਗਲੀ ਸਵੇਰ, ਸੁਰਜੀਤ ਬੁਖਾਰ ਅਤੇ ਖਰਾਬ ਗਲੇ ਨਾਲ ਜਾਗੀ।  ਪਿੰਡ ਵਾਲਿਆਂ ਨੇ ਇਸ ਨੂੰ ਮਕਬਰੇ `ਤੇ ਹਮਲੇ ਦਾ ਨਤੀਜਾ ਕਿਹਾ। ਦੋ ਮਹੀਨਿਆਂ ਬਾਅਦ, ਜਦੋਂ ਹਸਪਤਾਲ ਨੀਹਾਂ ਤੋਂ ਉੱਪਰ ਉਸਰਨ ਲੱਗਾ, ਪਿੰਡ ਵਿੱਚ ਇੱਕ ਕਹਾਣੀ ਘੁੰਮ ਗਈ ਕਿ ਮਕਬਰੇ ਦੇ ਮਲਬੇ ਨਾਲ ਲਗਵੀਂ ਕੰਧ ਢਹਿ ਗਈ। ਪਰ ਇਹ ਸੱਚ ਨਹੀਂ ਸੀ।

ਹਰਭਜਨ ਨੇ 12 ਮਈ 1958 ਨੂੰ ਮਕਬਰਾ ਤੋੜਣਾ ਸ਼ੁਰੂ ਕੀਤਾ ਸੀ, ਇਹ ਸੁਰਜੀਤ ਦੀ ਸ਼੍ਰੀਮਤੀ ਕੈਰੋਂ ਨਾਲ ਚੰਡੀਗੜ੍ਹ ਵਿੱਚ ਮੁੱਠਭੇੜ ਤੋਂ ਚਾਰ ਦਿਨ ਬਾਅਦ ਦੀ ਗੱਲ ਸੀ ਅਤੇ ਭਾਈ ਪਿਆਰਾ ਸਿੰਘ ਵੱਲੋਂ ਪਹਿਲੀ ਇੱਟ ਰੱਖਣ ਦੀ ਰਸਮ ਤੋਂ ਅੱਠ ਦਿਨ ਪਹਿਲਾਂ ਸੀ। ਉਸ ਵੇਲੇ ਤੱਕ ਬਸੰਤ ਕੌਰ ਤੇ ਸੁਰਜੀਤ ਨੇ ਪੰਜਾਬ ਸਰਕਾਰ ਦੀ ਸ਼ਮੂਲੀਅਤ ਤੋਂ ਬਿਨਾਂ ਹੀ ਔੜ ਵਿੱਚ ਹਸਪਤਾਲ ਬਣਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਉਨ੍ਹਾਂ ਨੇ ਇਹ ਬਥੇਰਾ ਦੇਖ ਲਿਆ ਸੀ ਕਿ ਸਰਕਾਰ ਦੀ ਮਸ਼ੀਨਰੀ ਕਿਵੇਂ ਕੰਮ ਕਰਦੀ ਸੀ। ਉਨ੍ਹਾਂ ਦੀ ਵੱਡੀ ਚੁਣੌਤੀ ਬਲੈਕ ਮੰਡੀ ਦੇ ਭਾਅ ਦੇਣ ਤੋਂ ਬਿਨਾਂ ਇਮਾਰਤੀ ਸਮਾਨ ਲੈਣ ਦੀ ਸੀ। ਇੰਦਰਾ ਗਾਂਧੀ ਦੀ ਚਿੱਠੀ( ਜਿਸ ਨੂੰ ਉਹ ਕਈ ਵਾਰ ਮਿਲੀਆਂ ਸਨ ਅਤੇ ਉਹ ਲਗਾਤਾਰ ਉਨ੍ਹਾਂ ਨੂੰ  ਉਤਸ਼ਾਹਤ ਕਰ ਰਹੀ ਸੀ) ਨੂੰ ਹਥਿਆਰ ਵਜੋਂ ਲੈ ਕੇ ਆਪਣੀ ਜ਼ਰੂਰਤ ਦੇ ਸਮਾਨ ਲਈ ਬੇਨਤੀ ਕਰਨ ਲਈ ਉਹ ਏਧਰ-ਓਧਰ ਜਾਂਦੀਆਂ। ਉਨ੍ਹਾਂ ਕੋਲ ਸਟੀਲ ਅਤੇ ਖਾਣਾਂ ਦੇ ਮੰਤਰੀ, ਸਵਰਨ ਸਿੰਘ, ਦੀ ਚਿੱਠੀ ਵੀ ਸੀ। ਉਸ ਨੂੰ ਉਹ ਚਾਰ ਸਾਲ ਪਹਿਲਾਂ ਵੈਨਕੂਵਰ ਤੇ ਵਿਕਟੋਰੀਆ ਵਿੱਚ ਮਿਲੀਆਂ ਸਨ, ਜਦੋਂ ਉਹ ਆਪਣੇ ਸਰਕਾਰੀ ਦੌਰੇ `ਤੇ ਕਨੇਡਾ ਆਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੁਪਿਹਰ ਦੇ ਖਾਣੇ ਲਈ ਬੁਲਾਇਆ ਸੀ।(14) ਮਾਂ ਧੀ ਰਲ ਕੇ ਕੰਮ ਕਰਦੀਆਂ ਅਤੇ ਹਰ ਥਾਂ ਇਕੱਠੀਆਂ ਜਾਂਦੀਆਂ। ਇੱਟਾਂ, ਬੱਜਰੀ, ਰੇਤ ਅਤੇ ਬੇਲਚੇ ਲੈਣ ਲਈ ਉਹ ਰੋਪੜ, ਚੂਨੇ ਦਾ ਪੱਥਰ ਲੈਣ ਦੇਹਰਾਦੂਨ, ਅਤੇ ਸਟੀਲ ਤੇ ਲੱਕੜੀ ਦੇ ਕੰਮ ਦਾ ਠੇਕਾ ਦੇਣ ਲਈ ਦਿੱਲੀ ਗਈਆਂ।

ਘਰ ਨੂੰ ਨਵੀਂ ਦਿੱਖ ਦੇਣ ਦਾ ਵੀ ਬਥੇਰਾ ਕੰਮ ਸੀ। ਅਗਸਤ ਦੇ ਮੁੱਢ ਤੋਂ ਸੋਹਨ ਲਾਲ ਅਤੇ ਉਸਦੀ ਟੋਲੀ ਨੇ ਹਸਪਤਾਲ ਅਤੇ ਘਰ (ਕਿਲੇ) ਦਾ ਕੰਮ ਸ਼ੁਰੂ ਕਰ ਦਿੱਤਾ। ਕਿਲੇ ਵਿੱਚ ਉਹ ਪੁਰਾਣੀਆਂ ਇੱਟਾਂ ਨੂੰ ਬਦਲ ਰਹੇ ਸਨ, ਦੂਜੀ ਮੰਜ਼ਿਲ ਨੂੰ ਹੋਰ ਖੁੱਲ੍ਹਾ ਕਰ ਰਹੇ ਸਨ ਅਤੇ ਉੱਥੇ ਇੱਕ ਗੁਸਲਖਾਨਾ ਬਣਾ ਰਹੇ ਸਨ। ਪਲੰਬਿੰਗ ਦਾ ਕੰਮ, ਬਿਜਲੀ ਦੀ ਤਿਆਰੀ, ਪਲੱਸਤਰ ਅਤੇ ਰੋਗਨ ਕਰ ਰਹੇ ਸਨ। ਅਗਸਤ ਅਤੇ ਸਤੰਬਰ ਦੇ ਪਹਿਲੇ ਪੱਖ ਵਿੱਚ ਉਨ੍ਹਾਂ ਨੇ ਕੰਮ ਵਿੱਚ ਤੇਜ਼ੀ ਕਰ ਦਿੱਤੀ। ਉਹ ਕਪੂਰ ਅਤੇ ਜੈਕੀ ਦੇ ਸਾਲ ਬਾਅਦ ਮੁੜਣ ਤੋਂ ਪਹਿਲਾਂ ਕੰਮ ਨਬੇੜ ਦੇਣਾ ਚਾਹੁੰਦੇ ਸਨ। ਪਰ ਉਨ੍ਹਾਂ ਦੇ ਪਹੁੰਚਣ ਤੱਕ ਕੰਮ ਨਹੀਂ ਸੀ ਨਿੱਬੜਿਆ ਤੇ ਨਾ ਹੀ ਅਗਲੇ ਕਈ ਹੋਰ ਮਹੀਨੇ। ਇੱਕ ਪੱਖ ਨੂੰ ਦੇਖੀਏ: ਪਿੰਡ ਵਿੱਚ ਬਿਜਲੀ 30 ਸਤੰਬਰ ਨੂੰ ਪਹੁੰਚੀ, ਬਿਜਲੀ ਦਾ ਕੰਮ ਕਰਨ ਵਾਲੇ 8 ਨਵੰਬਰ ਨੂੰ ਕਿਲੇ ਵਿੱਚ ਆਏ, ਜਨਵਰੀ ਵਿੱਚ ਵੀ ਘਰ ਵਿੱਚ ਬਿਜਲੀ ਚਾਲੂ ਨਹੀਂ ਸੀ ਹੋਈ, ਫਲੱਸ਼ ਸਿਸਟਮ ਬੇਕਾਰ ਸੀ ਕਿਉਂ ਕਿ ਇਸ ਨੂੰ ਚਲਾਉਣ ਲਈ ਬਿਜਲੀ ਦੇ ਪੰਪ ਦੀ ਜ਼ਰੂਰਤ ਸੀ ਅਤੇ ਜੂਨ ਤੱਕ ਵੀ ਸਭ ਕੁਝ ਠੀਕ ਨਹੀਂ ਸੀ ਕਿਉਂ ਕਿ  ਜਦੋਂ ਸੁਰਜੀਤ ਨਹਾਉਣ ਲੱਗੀ ਉਸਦੀ ਕੂਹਣੀ `ਤੇ ਜ਼ਬਰਦਸਤ ਕਰੰਟ ਲੱਗ ਗਿਆ ਕਿਉਂ ਕਿ ਬਿਜਲੀ ਨੂੰ ਪਾਣੀ ਦੀ ਨਾਲੀ ਨਾਲ ਠੀਕ ਤਰੀਕੇ ਨਾਲ ਗਰਾਊਂਡ ਨਹੀਂ ਕੀਤਾ ਗਿਆ ਸੀ। ਇਸ ਮੁਰੰਮਤ ਦੇ ਕੰਮ ਨੇ ਤਣਾਅ ਵਿੱਚ ਹੋਰ ਵਾਧਾ ਕਰ ਦਿੱਤਾ ਸੀ। ਜਦੋਂ ਕਪੂਰ ਤੇ ਜੈਕੀ ਸਤੰਬਰ 1958 ਵਿੱਚ ਦਿੱਲੀ ਦੇ ਪਾਲਮ ਹਵਾਈ ਅੱਡੇ `ਤੇ ਉੱਤਰੇ, ਇਹ ਸੁਰਜੀਤ ਦੀ ਦਿੱਖ ਸੀ, ਨਾ ਕਿ ਉਸਦੀ ਮਾਂ ਦੀ, ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਧੱਕਾ ਲੱਗਾ। ਉਸਦਾ ਵਜ਼ਨ ਆਮ 115 ਤੋਂ ਘਟ ਕੇ 92 ਪੌਂਡ ਰਹਿ ਗਿਆ ਸੀ।

ਇਸ ਵਾਰ ਕਪੂਰ ਤੇ ਜੈਕੀ ਤਕਰੀਬਨ ਤਿੰਨ ਮਹੀਨੇ ਭਾਰਤ ਵਿੱਚ ਰਹੇ। ਉਹ 1959 ਦੀ ਜਨਵਰੀ ਦੇ ਸ਼ੁਰੂ ਵਿੱਚ ਵੈਨਕੂਵਰ ਪਰਤ ਆਏ। ਵੈਨਕੂਵਰ ਆ ਕੇ ਕਪੂਰ ਹਸਪਤਾਲ ਚਲਾਉਣ ਲਈ ਫੰਡ ਮੁਹੱਈਆ ਕਰਵਾਉਣ ਲਈ ਚੈਰੀਟੇਬਲ ਦੀ ਸਥਾਪਨਾ ਲਈ ਵਕੀਲਾਂ ਦੀ ਸਲਾਹ ਲੈਣ ਲੱਗਾ। ਉਨ੍ਹਾਂ ਦੀ ਸਲਾਹ ਅਨੁਸਾਰ ਕਪੂਰ ਨੇ ਬਸੰਤ ਕੌਰ ਤੇ ਸੁਰਜੀਤ ਨੂੰ ਦਸਤਦਵੇਜ਼ਾਂ `ਤੇ ਦਸਤਖਤ ਕਰਨ ਲਈ ਘਰ ਆਉਣ ਲਈ ਤਾਰ ਪਾ ਦਿੱਤੀ ਅਤੇ ਉਨ੍ਹਾਂ ਨੇ ਹਫਤੇ ਦੇ ਅੰਦਰ ਹੀ ਹਵਾਈ ਉਡਾਣ ਲੈ ਲਈ। ਉਹ ਭਾਰਤ ਦੀ ਧੁੱਪ ਦੀਆਂ ਆਦੀ ਹੋ ਗਈਆਂ ਸਨ ਅਤੇ ਵੈਨਕੂਵਰ ਵਿੱਚ ਹਫਤਿਆਂ ਤੱਕ ਬਿਨਾਂ ਰੁਕੇ ਮੀਂਹ ਪੈਂਦਾ ਰਿਹਾ, ਪਰ ਸੁਰਜੀਤ ਨੇ ਪਹਿਲੇ ਸੱਤਾਂ ਦਿਨਾਂ ਵਿੱਚ ਹੀ ਸੱਤ ਪੌਂਡ ਭਾਰ ਵਧਾ ਲਿਆ। ਉਨ੍ਹਾਂ ਨੇ ਪਿੱਛੋਂ ਸਭ ਕੁਝ ਸੋਹਨ ਲਾਲ ਦੀ ਨਿਗਰਾਨੀ ਹੇਠ ਛੱਡਣ ਬਾਰੇ ਵਿਚਾਰ ਕੀਤੀ ਪਰ ਇਹ ਬਹੁਤੀ ਸਿਆਣਪ ਨਾ ਲੱਗੀ, ਇਸ ਲਈ ਉਨ੍ਹਾ ਦੀ ਗੈਰ-ਹਾਜ਼ਰੀ ਵਿੱਚ ਭਾਈ ਪਿਆਰਾ ਸਿੰਘ ਨੇ ਨਿਗਰਾਨੀ ਕੀਤੀ। ਇਸ ਗੇੜੇ ਦਾ ਲਾਭ ਉਠਾਉਂਦਿਆਂ ਉਨ੍ਹਾਂ ਨੇ ਜ਼ਰੂਰੀ ਵਸਤਾਂ ਦੀ ਖ੍ਰੀਦੋ-ਫਰੋਖਤ ਵੀ ਕਰ ਲਈ। ਰਾਹ `ਚ ਹਾਂਗਕਾਂਗ ਤੇ ਲੰਡਨ  `ਚ ਪੜਾਅ ਦੌਰਾਨ ਜੈਕੀ ਨੇ ਪ੍ਰਯੋਗਸ਼ਾਲਾ ਲਈ ਜਰਮਨੀ ਦੇ ਬਣੇ ਲੀਟਜ਼ ਤੇ ਜ਼ਾਇਸ ਕੰਪਨੀ ਦੇ ਮਾਈਕਰੋਸਕੋਪ ਦੇਖੇ ਸਨ। ਮਹੀਨੇ ਬਆਦ ਉਸੇ ਰਸਤੇ ਆਈ ਸੁਰਜੀਤ ਨੇ ਉਹ ਖ੍ਰੀਦ ਲਏ।(15) ਵੈਨਕੂਵਰ ਵਿੱਚ ਭੈਣਾਂ ਨੇ ਐਕਸ-ਰੇਅ ਮਸ਼ੀਨ, ਇਲਕਟਰੋਕਾਰਡੀਓਗ੍ਰਾਫ ਮਸ਼ੀਨ, ਸੈਂਟਰੀਫਿਊਜ਼ ਅਤੇ ਪ੍ਰਯੋਗਸ਼ਾਲਾ ਦਾ ਹੋਰ ਸਮਾਨ ਖ੍ਰੀਦ ਲਿਆ ਅਤੇ ਅਮਰੀਕਨ ਐਕਸਪ੍ਰੈਸ ਰਾਹੀਂ ਭਾਰਤ ਭੇਜ ਦਿੱਤਾ। ਜਦੋਂ ਸਿੱਧੂ ਮਈ ਦੇ ਅਖੀਰ ਵਿੱਚ ਵਾਪਸ ਔੜ ਆਏ, ਉਹ ਸੋਹਨ ਲਾਲ ਦੁਆਰਾ ਨਬੇੜੇ  ਕੰਮ ਤੋਂ ਨਿਰਾਸ਼ ਹੋਏ। ਆਪਣੀ ਸਫਾਈ ਵਿੱਚ ਉਸ ਨੇ ਕਿਹਾ ਕਿ ਸਮਾਨ ਪੱਛੜ ਕੇ ਪਹੁੰਚਿਆ ਸੀ। ਹੁਣ ਉਸ ਨੂੰ ਕੰਮ ਵਿੱਚ ਤੇਜ਼ੀ ਲਿਆਉਣੀ ਪੈਣੀ ਸੀ ਕਿਉਂ ਕਿ ਉਨ੍ਹਾਂ ਨੇ ਉਸ ਪੱਤਝੜ ਵਿੱਚ ਇੱਕ ਖਾਸ ਤਰੀਖ ਨੂੰ ਕੰਮ ਨਿਬੇੜਣ ਦਾ ਵਾਅਦਾ ਕੀਤਾ ਸੀ। ਦਿੱਲੀ ਉੱਤਰਨ ਤੋਂ ਦੋ ਦਿਨ ਬਾਅਦ ਉਹ ਇੰਦਰਾ ਗਾਂਧੀ ਨੂੰ ਮਿਲਣ ਗਏ ਸਨ ਅਤੇ ਉਸ ਨੂੰ 7 ਅਕਤੂਬਰ ਨੂੰ ਹਸਪਤਾਲ ਦੇ ਮਹੂਰਤ ਦਾ ਸੱਦਾ ਦੇ ਦਿੱਤਾ ਸੀ। ਉਨ੍ਹਾਂ ਨੇ ਨਹਿਰੂ ਨੂੰ ਵੀ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦਿੱਤਾ ਪਰ ਉਹ ਇੰਦਰਾ ਗਾਂਧੀ ਵੱਲੋਂ ਜ਼ਰੂਰ ਆਉਣ ਦਾ ਵਾਅਦਾ ਸੁਣ ਕੇ ਖੁਸ਼ ਸਨ।(16)

ਉਨ੍ਹਾਂ ਨੇ ਆਪਣੇ ਪ੍ਰੋਜੈਕਟ ਵਿੱਚ ਕਟੌਤੀ ਕਰ ਲਈ ਸੀ, ਛੋਟੇ ਤੋਂ ਸ਼ੁਰੂ ਕਰ ਲਿਆ ਅਤੇ ਵਾਧੇ ਦੀ ਸੰਭਾਵਨਾ ਬਾਅਦ ਲਈ ਛੱਡ ਦਿੱਤੀ। ਸਿਵਾਜੀ ਨੇ ਬਾਰਾਂ ਬਿਸਤਰਿਆਂ ਦੇ ਹਸਪਤਾਲ ਦੀ ਰੂਪ-ਰੇਖਾ ਤਿਆਰ ਕੀਤੀ ਸੀ, ਜਿਸ ਵਿੱਚ ਔਰਤਾਂ ਅਤੇ ਮਰਦਾਂ ਦੇ ਵਾਰਡ, ਓਪਰੇਸ਼ਨ ਥੀਏਟਰ, ਉਡੀਕ ਕਮਰਾ, ਇਲਾਜ ਕਮਰਾ, ਸਲਾਹ-ਮਸ਼ਵਰੇ ਵਾਲਾ ਕਮਰਾ, ਦਵਾਖਾਨਾ, ਪ੍ਰਗੋਯਸ਼ਾਲਾ,  ਅਤੇ ਐਕਸ-ਰੇਅ ਵਾਲਾ ਕਮਰਾ ਤੇ ਡਾਰਕਰੂਮ ਵੱਖਰੀ ਇਮਾਰਤ ਵਿੱਚ ਸਨ ਕਿਉਂ ਕਿ ਉਨ੍ਹਾਂ ਦਿਨਾਂ ਵਿੱਚ ਐਕਸ-ਰੇਅ ਮਸ਼ੀਨਾਂ ਵਿੱਚੋਂ ਨਿਕਾਸ ਬਹੁਤ ਤਕੜਾ ਹੁੰਦਾ ਸੀ। ਹਸਪਤਾਲ ਦੇ ਪਿੱਛੇ ਸਟਾਫ ਵਾਸਤੇ ਅੱਠ ਕੁਆਟਰ ਸਨ। ਸਿਵਾਜੀ ਦੀ ਸਲਾਹ ਨਾਲ ਸਿੱਧੂਆਂ ਨੇ  ਘਾਹ ਵਾਲਾ ਵਿਹੜਾ, ਫੁੱਲਾਂ ਦੀਆਂ ਕਿਆਰੀਆਂ, ਵੱਡਾ ਸਬਜ਼ੀਆਂ ਦਾ ਬਾਗ ਅਤੇ ਦੁੱਧ ਲਈ ਗਊਆਂ ਦੇ ਢਾਰੇ ਬਨਵਾਉਣ ਦਾ ਫੈਸਲਾ ਕੀਤਾ। ਗਰਮੀਆਂ ਦੌਰਾਨ ਪੂਰਾ ਜ਼ੋਰ ਲਾਉਣ ਨਾਲ, ਮਹੂਰਤ ਵਾਲੇ ਦਿਨ ਹਸਪਤਾਲ ਮੁਕੰਮਲ ਵਾਂਗ ਹੀ ਲਗਦਾ ਸੀ। ਕਨੇਡਾ ਤੋਂ ਸਮਾਨ ਦੀ ਪਹਿਲੀ ਖੇਪ ਮੀਂਹ ਨਾਲ ਬੁਰੀ ਤਰ੍ਹਾਂ ਖਰਾਬ ਹੋਈ  ਮੌਨਸੂਨ ਰੁੱਤ ਵਿੱਚ ਪਹੁੰਚੀ।( ਕਸਟਮ ਵਾਲਿਆਂ ਨੇ ਸਾਰਾ ਕੁਝ ਖੋਲ੍ਹ ਦਿੱਤਾ ਸੀ ਅਤੇ ਉਨ੍ਹਾ ਦੇ ਮੁੰਬਈ ਵਾਲੇ ਦਲਾਲ ਨੇ ਲਾਪਰਵਾਹੀ ਨਾਲ ਦੁਬਾਰਾ ਪੈਕਿੰਗ ਨਾ ਕੀਤੀ)। ਸ਼ੁਕਰ ਸੀ ਕਿ ਐਕਸ-ਰੇਅ ਮਸ਼ੀਨ ਅਗਲੀ ਖੇਪ ਵਿੱਚ ਜਿਉਂ ਦੀ ਤਿਉਂ ਅਤੇ ਬਿਨਾਂ ਕਿਸੇ ਨੁਕਸਾਨ  ਪਹੁੰਚ ਗਈ। ਅਖੀਰਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਨੇ ਕਾਹਲੀ ਨਾਲ ਦਵਾਖਾਨੇ ਲਈ ਦਵਾਈਆਂ  ਅਤੇ ਲੈਬਾਟਰੀ ਲਈ ਸਮਾਨ ਖ੍ਰੀਦਿਆ, ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੀ ਸਹਾਇਤਾ ਨਾਲ ਸਟਾਫ ਨੂੰ ਸਿਖਲਾਈ ਦਿੱਤੀ, ਜਿਨ੍ਹਾਂ ਵਿੱਚ ਕ੍ਰਿਸ਼ਨਾ ਦਾ ਭਰਾ ਵੀ ਸ਼ਾਮਿਲ ਸੀ, ਜਿਹੜਾ ਲੈਬ ਟੈਕਨੀਸ਼ਨ ਬਣਿਆ।

ਉਨ੍ਹਾਂ ਕੋਲ ਦੋ ਉੱਘੇ ਪ੍ਰਹੁਣਿਆਂ, ਇੰਦਰਾ ਗਾਂਧੀ ਅਤੇ ਭਾਰਤ ਵਿੱਚ ਕਨੇਡਾ ਦੇ ਹਾਈ ਕਮਿਸ਼ਨਰ, ਚੈਸਟਰ ਰੌਨਿੰਗ ਵੱਲੋਂ ਪਹੁੰਚਣ ਦੀ ਪੁਸ਼ਟੀ ਆ ਗਈ ਸੀ(17) ਉਨ੍ਹਾਂ ਦਾ ਪੁਰਾਣਾ ਮਿੱਤਰ ਇਲਮੋਰ ਫਿੱਲਪਾਟ ਵੀ 'ਵੈਨਕੂਵਰ ਸਨ' ਅਖਬਾਰ ਦੇ ਕਾਲਮ ਨਵੀਸ ਵਜੋਂ ਆ ਰਿਹਾ ਸੀ।( ਉਸਦੀ ਯੋਜਨਾ ਧਰਮਸਾਲਾ ਜਾ ਕੇ ਜਵਾਨ ਦਲਾਈ ਲਾਮਾ ਨਾਲ ਮੁਲਾਕਾਤ ਕਰਨ ਦੀ ਸੀ)। ਉਸਦੇ ਨਾਲ ਉਸਦੀ ਪਤਨੀ ਅਤੇ ਵੈਨਕੂਵਰ ਤੋਂ ਇੱਕ ਦੋਸਤ, ਸ਼੍ਰੀਮਤੀ ਡੇਸਬਰੀਸੇਅ ਵੀ ਸਫਰ ਕਰ ਰਹੀਆਂ ਸਨ। ਭਾਰਤੀ ਅਖਬਾਰਾਂ ਦੇ ਮੈਂਬਰਾਂ ਨੇ ਵੀ ਉੱਥੇ ਹੋਣਾ ਸੀ, ਅਤੇ ਐਡਾ ਉੱਚ ਕੋਟੀ ਦਾ ਸਮਾਗਮ ਹੋਣ ਜਾ ਰਿਹਾ ਸੀ , ਇਸ ਲਈ ਪੰਜਾਬ ਦੀਆਂ ਸੇਹਤ ਸੇਵਾਵਾਂ ਦਾ ਮਹਿਕਮਾ ਪਿੰਡ ਦੀ ਸਫਾਈ ਨੂੰ ਟੁੱਟ ਕੇ ਪੈ ਗਿਆ।  ਪਿੰਡ ਵਾਸੀਆਂ ਨੂੰ ਗੰਦਗੀ ਦੀ ਸਫਾਈ ਕਰਨ ਦੀ ਚਿਤਾਵਨੀ ਦੇਣ ਲਈ ਢੰਡੋਰਾ ਪਿੱਟਿਆ ਜਾਂਦਾ, ਖੁੱਲੀਆਂ ਨਾਲੀਆਂ ਵਿੱਚ ਡੀ ਡੀ ਟੀ ਛਿੜਕੀ ਅਤੇ ਫਿਨੋਲ ਧੂੜ੍ਹੀ ਗਈ ਅਤੇ ਪਿੰਡ ਦੇ ਮਰੀਅਲ, ਪਾਂ ਪਏ ਤੇ  ਖੁਰਕ-ਖਾਧੇ ਅਵਾਰਾ ਕੁੱਤਿਆਂ ਨੂੰ ਜ਼ਹਿਰ ਪਾ ਦਿੱਤੀ, ਉਨ੍ਹਾਂ ਵਿੱਚੋਂ ਬਹੁਤੇ ਬਚ ਗਏ ਸਨ ਕਿਉਂ ਕਿ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਉਰੇ-ਪਰੇ ਕਰ ਦਿੱਤਾ ਸੀ।  ਸੁਰਜੀਤ ਨੇ ਬਾਈ ਮੈਂਬਰਾਂ ਵਾਲਾ ਜਲੰਧਰ ਤੋਂ ਪੁਲਿਸ ਦਾ ਬੈਂਡ ਕਰ ਲਿਆ ਸੀ ਅਤੇ "ਓ ਕਨੇਡਾ" ਦਾ ਪੇਪਰ `ਤੇ ਲਿਖਿਆ ਸੰਗੀਤ ਉਸ ਨੇ ਚੈਸਟਰ ਰੌਨਿੰਗ ਤੋਂ ਲੈ ਲਿਆ ਸੀ, ਜਿਹੜਾ ਉਸ ਨੇ ਬੈਂਡ ਵਾਲਿਆਂ ਅਤੇ ਔੜ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਦੇ ਦਿੱਤਾ। ਉਹ ਸ਼ੁੱਕਰਵਾਰ ਨੂੰ ਦੋ ਹਫਤੇ ਪਹਿਲਾਂ ਉਨ੍ਹਾਂ ਨੂੰ ਰੀਹਰਸਲ ਕਰਦਿਆਂ ਦੇਖਣ ਗਈ। ਅਤੇ ਹਾਈ ਕਮਿਸ਼ਨ ਨੇ ਵੱਡਾ ਲਾਲ ਝੰਡਾ( ਕਨੇਡਾ ਦਾ ਪੁਰਾਣਾ ਝੰਡਾ, ਜਿਸਦੇ ਕੋਨੇ ਵਿੱਚ ਯੂਨੀਅਨ ਜੈਕ ਦਾ ਨਿਸ਼ਾਨ ਸੀ ) ਅਤੇ ਬੱਚਿਆਂ ਦੇ ਲਹਿਰਾਉਣ ਲਈ ਕਾਗਜ਼ ਦੇ ਛੋਟੇ ਸੱਠ ਝੰਡੇ ਐਕਸਪ੍ਰੈਸ ਡਾਕ ਰਾਹੀਂ ਭੇਜ ਦਿੱਤੇ।(16)

ਮੌਨਸੂਨ ਰੁੱਤ ਦੇ ਪਿਛਲੇ ਪੱਖ ਵਿੱਚ ਮਹੂਰਤ ਵਾਲਾ ਦਿਨ ਖੂਬਸੂਰਤ ਸੀ ਅਤੇ ਆਕਾਸ਼ ਸਾਫ ਸੀ। ਪਿੰਡ ਵਿੱਚ ਸਫਾਈ ਸੀ ਅਤੇ ਰੌਣਕਾਂ ਸਨ। ਹਸਪਤਾਲ ਦੇ ਮੂਹਰਲੇ ਗੇਟ `ਤੇ ਭਾਰਤੀ ਅਤੇ ਕਨੇਡੀਅਨ ਝੰਡੇ ਲੱਗੇ ਹੋਏ ਸਨ। ਇਸ ਦ੍ਰਿਸ਼ ਦਾ ਨਜ਼ਾਰਾ ਫਿੱਲਪਾਟ ਜੋੜੀ ਤੇ ਸ਼੍ਰੀਮਤੀ ਡੇਸਬਰੀਸੇਅ ਨੇ ਕੋਠੇ ਤੋਂ ਦੇਖਿਆ। ਉਨ੍ਹਾਂ ਨੇ ਹਸਪਤਾਲ ਦੇ ਉੱਪਰ ਬਣੀ ਰਿਹਾਇਸ਼ੀ ਥਾਂ ਵਿੱਚ ਰਾਤ ਗੁਜ਼ਾਰੀ ਸੀ। ਹਾਈ ਕਮਿਸ਼ਨਰ ਰੌਨਿੰਗ ਤੇ ਉਸਦੀ ਪਤਨੀ ਕਾਰ ਰਾਹੀਂ ਦਿੱਲੀ ਤੋਂ ਆ ਰਹੇ ਸਨ ਅਤੇ ਇੰਦਰਾ ਗਾਂਧੀ ਵੀ ਰਾਹ ਵਿੱਚ ਹੀ ਆਉਂਦੀ ਸੀ। ਕਾਗਜ਼ ਦੀਆਂ ਕਨੇਡੀਅਨ ਝੰਡੀਆਂ ਵਾਲੇ ਬੱਚੇ ਪ੍ਰਵੇਸ਼ ਦੁਆਰ ਵਾਲੀ ਸੜਕ ਉੱਪਰ ਕਤਾਰ ਵਿੱਚ ਖੜ੍ਹੇ ਸਨ, ਦੂਰ-ਦੂਰ ਦੇ ਪਿੰਡਾਂ (ਕਈ ਤੀਹ ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਆਏ ਸਨ) ਤੋਂ ਆਏ ਲੋਕ ਮੁੱਖ ਸੜਕ `ਤੇ ਇਕੱਠੇ ਹੋਏ ਖੜ੍ਹੇ ਸਨ ਜਾਂ ਹਸਪਤਾਲ ਦੇ ਮੈਦਾਨ ਵਿੱਚ ਥਾਂ-ਥਾਂ ਖੜ੍ਹੇ ਸਨ। ਕਿਸੇ ਨੇ ਅੰਦਾਜ਼ਾ ਲਾਇਆ ਕਿ ਪੰਦਰਾਂ ਹਜ਼ਾਰ ਦਾ ਇਕੱਠ ਸੀ। ਰੌਨਿੰਗ ਜੋੜੀ ਐੱਨ ਪੂਰੇ ਸਮੇਂ `ਤੇ 3:00 ਵਜੇ ਪਹੁੰਚ ਗਈ ਸੀ ਅਤੇ ਥੋੜ੍ਹੀ ਦੇਰ ਬਾਅਦ ਹੀ ਇੰਦਰਾ ਗਾਂਧੀ ਪਹੁੰਚ ਗਈ। ਬੈਂਡ ਦੇ ਨਾਲ ਵਿਦਿਆਰਥੀਆਂ ਨੇ ਭਾਰਤੀ ਅਤੇ ਕਨੇਡੀਅਨ ਕੌਮੀ ਗੀਤ ਗਾਏ। ਚੈਸਟਰ ਰੌਨਿੰਗ ਬੋਲਿਆ ਅਤੇ ਇੰਦਰਾ ਗਾਂਧੀ ਨੇ 'ਕਪੂਰ ਸਿੰਘ ਕਨੇਡੀਅਨ ਹਸਪਤਾਲ' ਦਾ ਸਰਕਾਰੀ ਤੌਰ `ਤੇ ਉਦਘਾਟਨ ਕੀਤਾ। ਸ਼ਾਮ ਦੀ ਚਾਹ ਤੋਂ ਬਾਅਦ ਖਾਸ ਮਹਿਮਾਨਾਂ ਲਈ ਪੰਜਾਬੀ ਖਾਣੇ ਦਾ ਪ੍ਰਬੰਧ ਸੀ, ਜਿਸ ਵਿੱਚ ਦਾਲ, ਰੋਟੀ, ਸਾਗ ਅਤੇ ਰੈਤਾ ਸੀ। ਹਾਬੜੇ ਹੋਏ ਭਾਰਤੀ ਪੱਤਰਕਾਰ ਵੀ ਬਿਨਾਂ ਸੱਦੇ ਹੀ ਖਾਣੇ ਵਿੱਚ ਸ਼ਾਮਿਲ ਹੋ ਗਏ। ਗਰੁੱਪ ਫੋਟੋ ਤੋਂ ਬਾਅਦ ਰੌਨਿੰਗ ਜੋੜੀ ਤੇ ਇੰਦਰਾ ਗਾਂਧੀ ਚਲੇ ਗਏ, ਅਤੇ 5:00 ਵਜੇ ਤੱਕ ਸਮਾਪਤੀ ਹੋ ਗਈ। ਇਲਮੋਰ ਫਿਲਪਾਟ ਅਖਬਾਰ ਲਈ ਖਬਰਾਂ ਲਿਖਣ ਲਈ ਟਿਕ ਗਿਆ ਤਾਂ ਕਿ ਸੁਰਜੀਤ ਅਗਲੇ ਦਿਨ ਕਾਰ ਰਾਹੀਂ ਲੁਧਿਆਣੇ ਜਾ ਕੇ 'ਵੈਨਕੂਵਰ ਸਨ' ਅਖਬਾਰ ਨੂੰ ਤਾਰ ਰਾਹੀਂ ਭੇਜ ਦੇਵੇ।

ਉਹ 7 ਅਕਤੂਬਰ ਦਾ ਦਿਨ ਸੀ। ਉਨ੍ਹਾਂ ਨੇ ਹਾਲੇ ਸਮਾਨ ਟਿਕਾਉਣਾ ਸੀ ਅਤੇ ਨਰਸਾਂ, ਤਕਨੀਕੀ ਮਾਹਰ ਅਤੇ ਦਵਾਫਰੋਸ਼ਾਂ (ਫਰਮਾਸਿਸਟ) ਨੂੰ ਲੱਭਣਾ ਸੀ। ਉਨ੍ਹਾਂ ਨੂੰ ਪਤਾ ਲੱਗਦਾ ਗਿਆ ਕਿ ਸਿਖਲਾਈ ਯੁਕਤ ਲੋਕ ਪਿੰਡਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਸਨ ਅਤੇ ਅਸਾਧਾਰਣ ਮੰਗਾਂ ਰੱਖਦੇ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਦਾ ਗਿਆ ਕਿ ਉਹ ਬਹੁਤੀ ਦੇਰ ਟਿਕਦੇ ਵੀ ਨਹੀਂ ਸਨ। ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ ਸਥਾਨਿਕ ਲੋਕਾਂ ਨੂੰ ਸਿਖਲਾਈ ਦੇਣੀ ਸਭ ਤੋਂ ਵਧੀਆ ਢੰਗ ਸੀ ਕਿਉਂ ਕਿ ਉਨ੍ਹਾਂ ਦਾ ਘਰ ਪਿੰਡ ਵਿੱਚ ਹੀ ਸੀ, ਉਹ ਪਿੰਡ ਵਾਸੀਆਂ ਨੂੰ ਸਮਝਦੇ ਸਨ, ਅਤੇ ਉਹ ਤਿੰਨ-ਚਾਰ ਸਾਲ ਤੱਕ ( ਕੁੜੀਆਂ ਵਿਆਹ ਕਰਾਉਣ ਤੱਕ ਅਤੇ ਮੁੰਡੇ ਸ਼ਹਿਰਾਂ ਵਿੱਚ ਕੰਮ ਕਰਨ ਜਾਣ ਲੱਗਣ ਤੋਂ ਪਹਿਲਾਂ) ਤਾਂ ਰੁਕਣਗੇ ਹੀ । 9 ਨਵੰਬਰ ਨੂੰ, ਹਸਪਤਾਲ ਵਿੱਚ ਕੰਮ ਦੇ ਪਹਿਲੇ ਦਿਨ, ਗਿਆਰਾਂ ਮਰੀਜ਼ ਆਏ। ਕਈ ਮਹੀਨਿਆਂ ਤੱਕ ਕੁਝ ਮਰੀਜ਼ ਜਵਾਨ ਕਨੇਡੀਅਨ ਡਾਕਟਰਾਂ ਤੋਂ ਉਨ੍ਹਾਂ ਦੇ ਘਰੋਂ ਦਵਾਈ ਲੈ ਆਉਂਦੇ । ਪਰ ਹਸਪਤਾਲ ਦੇ ਖੁੱਲ੍ਹਣ, ਅਤੇ ਇਸਦੇ ਧੂਮ ਧੜੱਕੇ ਦੇ ਬਾਵਜੂਦ ਵੀ ਮਰੀਜ਼ਾਂ ਦਾ ਕੋਈ ਨਵਾਂ ਧੱਕਾ ਨਹੀਂ ਪਿਆ। ਪਹਿਲੇ ਤਿੰਨ ਮਹੀਨਿਆਂ ਦੇ ਦੌਰਾਨ, ਫਰਵਰੀ 1960 ਤੱਕ, ਉਨ੍ਹਾਂ ਨੇ ਕੁੱਲ 417 ਮਰੀਜ਼ ਦੇਖੇ, ਦਿਹਾੜੀ ਦੇ 10 ਜਾਂ 15 । ਇਹ ਅਜੇਹਾ ਹਸਪਤਾਲ ਸੀ ਜਿੱਥੇ ਮਰੀਜ਼ ਕੋਈ ਫੀਸ ਨਹੀਂ ਸੀ ਦਿੰਦੇ, ਲੈਬਾਟਰੀ ਦੀਆਂ ਸੇਵਾਵਾਂ ਮੁਫਤ ਸਨ, ਅਤੇ ਦਵਾਈ ਦੀ ਵੀ ਕੋਈ ਕੀਮਤ ਨਹੀਂ ਸੀ ਦੇਣੀ ਪੈਂਦੀ। ਕੁਝ ਮਹੀਨਿਆਂ ਦੇ ਅੰਦਰ ਹੀ ਜੈਕੀ ਤੇ ਸੁਰਜੀਤ ਨੇ ਸਾਰਾ ਸਾਲ ਕੰਮ ਕਰਨ ਵਾਲਾ ਤੀਜਾ ਡਾਕਟਰ ਲੱਭ ਲਿਆ, ਇਸ ਤਰ੍ਹਾਂ ਉਹ ਆਪਣਾ ਸਮਾਂ ਕਨੇਡਾ ਅਤੇ ਭਾਰਤ ਵਿੱਚ ਵੰਡ ਸਕਦੀਆਂ ਸਨ। ਪਰ ਉਸਦੇ ਆਉਣ ਤੋਂ ਪਹਿਲਾਂ ਵੀ ਉਹ ਮਰੀਜ਼ਾਂ ਦੀ ਉਡੀਕ ਵਿੱਚ ਘੰਟਿਆਂ ਬੱਧੀ ਸਖਤ ਫਰਸ਼ ਤੇ ਟੈਨਿਸ ਖੇਡ ਕੇ ਸਮਾਂ ਗੁਜ਼ਾਰਦੀਆਂ। ਉਨ੍ਹਾਂ ਦੀ ਮਾਂ ਦਾਰਸ਼ਨਿਕ ਸੀ। ਉਸ ਨੇ ਕਿਹਾ, "ਚਿੰਤਾ ਨਾ ਕਰੋ, ਜੇ ਤੁਸੀਂ ਦਿਹਾੜੀ `ਚ ਇੱਕ ਮਰੀਜ਼ ਵੀ ਦੇਖਦੀਆਂ ਹੋ ਅਤੇ ਢੁੱਕਵੀਂ ਦਵਾਈ ਦਿੰਦੀਆਂ ਹੋ, ਇਹੀ ਬਹੁਤ ਹੈ।"

ਉਨ੍ਹਾਂ ਦੀ ਸਮੱਸਿਆ ਦਾ ਇੱਕ ਹਿੱਸਾ,  ਖੂੰਡੀ ਸਹਾਰੇ ਚੱਲਣ ਵਾਲਾ ਅਤੇ ਉਨ੍ਹਾਂ ਦਾ ਮਨ-ਭਾਉਂਦਾ ਸਾਥੀ, ਉਨ੍ਹਾਂ ਦਾ ਸੈਕਟਰੀ ਅੰਕਲ ਮੇਹਰ ਚੰਦ ਸੀ। ਉਸਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਸਦੀ ਹੋਂਦ ਕਿੰਨੀ ਨਕਾਰਤਮਿਕ ਸੀ। ਹਸਪਤਾਲ ਲਈ ਸਮਾਨ ਖ੍ਰੀਦ ਕੇ 1960 ਦੀ ਪੱਤਝੜ ਰੁੱਤੇ ਵੈਨਕੂਵਰ ਤੋਂ ਔੜ ਪਹੁੰਚੀਆਂ ਜੈਕੀ ਤੇ ਸੁਰਜੀਤ ਕੋਲ ਸਕੀਅ ਕਰਨ ਦਾ ਸਮਾਨ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਛੁੱਟੀਆਂ ਦੌਰਾਨ ਸ਼ਿਮਲੇ ਤੋਂ ਥੋੜ੍ਹਾ ਉੱਤਰ ਵੱਲ ਕੁਫਰੀ ਵਿੱਚ ਹਿਮਾਲਾ ਦੀਆਂ ਢਲਾਣਾਂ `ਤੇ ਸਕੀਅ ਕਰਨਗੀਆਂ। ਸੁਰਜੀਤ ਦੇ ਨਾਲ ਅੰਕਲ ਮੇਹਰ ਚੰਦਰ ਹਸਪਤਾਲ ਪਹੁੰਚਿਆ ਅਤੇ ਇਹ ਉਸਦੀ ਜ਼ਿੰਦਗੀ ਦਾ ਅਖੀਰਲਾ ਦਿਨ ਸੀ। ਚਾਰ ਪੌੜੀਆਂ ਚੜ੍ਹ ਕੇ ਦਰਵਾਜ਼ੇ ਕੋਲ ਜਾ ਕੇ ਸੁਰਜੀਤ ਨੇ ਸਕੀਅ ਦੇ ਸਾਜ਼ੋ-ਸਮਾਨ ਵਾਲੇ ਲੱਕੜ ਦੇ ਵੱਡੇ ਡੱਬਿਆਂ ਵੱਲ ਇਸ਼ਾਰਾ ਕਰਕੇ ਕਿਹਾ, "ਦੇਖੋ ਅੰਕਲ, ਕਨੇਡਾ `ਚ ਅਸੀਂ ਏਦਾਂ ਏਧਰ-ਓਧਰ ਜਾਨੇ ਆਂ।" "ਹਾਂ," ਉਸ ਨੇ ਇਨ੍ਹਾਂ ਕਿਹਾ ਅਤੇ ਢਹਿ-ਢੇਰੀ ਹੋ ਗਿਆ ਅਤੇ ਪੂਰਾ ਹੋ ਗਿਆ। ਅਗਲੇ ਦਿਨ ਸਭ ਨੇ ਨੋਟਿਸ ਕੀਤਾ ਕਿ ਮਰੀਜ਼ਾਂ ਦੀ ਗਿਣਤੀ ਇਕਦਮ ਵਧ ਗਈ ਸੀ। ਆਪਣੀ ਸਾਰੀ ਸਿੱਖਿਆ ਕਰਕੇ ,  ਅੰਕਲ ਜਾਤ-ਬਰਾਦਰੀ ਦੀ ਦਲਦਲ ਵਿੱਚ ਖੁੱਭਿਆ ਬ੍ਰਾਹਮਣ ਸੀ, ਅਤੇ ਉਹ ਨੀਵੀਂਆਂ ਜ਼ਾਤਾਂ ਅਤੇ ਹੋਰ ਜ਼ਾਤਾਂ ਦੇ ਲੋਕਾਂ ਨੂੰ ਰੁੱਖਾ ਬੋਲਦਾ ਸੀ। ਜੇ ਉਹ ਬੈਠਕ ਦੇ ਬੈਂਚਾਂ `ਤੇ ਬੈਠ ਜਾਂਦੇ ਤਾਂ ਉਹ ਉਨ੍ਹਾਂ ਨੂੰ ਝਿੜਕ ਦਿੰਦਾ, ਇਸ ਲਈ ਉਹ ਦੂਰ ਹੀ ਰਹਿੰਦੇ।

ਉਸਦੀ ਮੌਤ ਤੋਂ ਬਾਅਦ ਹੋਰ ਮਰੀਜ਼ ਆਉਣ ਲੱਗੇ ਪਰ ਗਿਣਤੀ ਹਾਲੇ ਵੀ ਨਿਰਾਸ਼ਾਜਨਕ ਹੀ ਸੀ। ਖਿਆਲੀ ਤੌਰ `ਤੇ ਹਸਪਤਾਲ ਵੀਹ ਪਿੰਡਾਂ ਨੂੰ ਸੇਵਾਵਾਂ ਦਿੰਦਾ ਸੀ, ਨਹੀਂ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਧੁਨਿਕ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਲਈ ਲੁਧਿਆਣੇ ਜਾਣਾ ਪੈਂਦਾ।(20) ਪਰ ਬਹੁਤੇ ਕਿਸੇ ਵੀ ਹਸਪਤਾਲ ਤੋਂ ਡਰਦੇ ਸਨ ਅਤੇ ਆਪਣੇ ਕੁਦਰਤੀ ਇਲਾਜਾਂ ਨੂੰ ਤਰਜੀਹ ਦਿੰਦੇ ਸਨ ਜਾਂ ਸਥਾਨਿਕ ਦੇਸੀ ਡਾਕਟਰਾਂ ਜਾਂ ਹਕੀਮਾਂ ਤੋਂ ਰਵਾਇਤੀ ਅਯੁਰਵੈਦਿਕ ਤੇ ਯੂਨਾਨੀ ਦਵਾਈਆਂ ਲੈਂਦੇ ਅਤੇ ਜਣੇਪੇ ਲਈ ਦਾਈਆਂ `ਤੇ ਨਿਰਭਰ ਕਰਦੇ। ਔੜ ਵਿੱਚ ਇੱਕ ਬਹੁਤ ਅੱਛੀ ਮੁਸਲਮਾਨ ਦਾਈ ਸੀ, ਜਿਸ ਨੇ 1947 ਵਿੱਚ ਉਜਾੜੇ ਤੋਂ ਬਚਣ ਲਈ ਇੱਕ ਸਿੱਖ ਨਾਲ ਵਿਆਹ ਕਰਵਾ ਲਿਆ ਸੀ। ਜੇ ਪਿੰਡ ਵਾਲਿਆਂ ਨੂੰ ਐਂਟੀਬਾਇਓਟੈਕ ਚਾਹੀਦੀ ਹੁੰਦੀ, ਉਹ ਬਿਨਾਂ ਕਿਸੇ ਡਾਕਟਰ ਦੀ ਪਰਚੀ ਦੇ ਦਵਾਖਾਨੇ `ਚੋਂ ਲੈ ਲੈਂਦੇ। ਦਵਾਖਾਨਿਆਂ ਨੂੰ  ਪੇਨਕਿਲਰ ਵੇਚਣ ਦੀ ਇਜ਼ਾਜ਼ਤ ਨਹੀਂ ਸੀ ਪਰ ਸੁੱਖਾ ਜਾਂ ਭੰਗ ਸੜਕਾਂ ਦੇ ਆਸੇ-ਪਾਸੇ  ਉੱਗੀ ਹੋਈ ਹੁੰਦੀ ਅਤੇ ਭੈਣਾਂ ਆਪ ਵੀ ਕਿਸੇ ਸਖਤ ਦਰਦ ਪੀੜਤ ਨੂੰ ਇਹ ਵਰਤਣ ਦੀ ਸਲਾਹ ਦੇ ਦਿੰਦੀਆਂ। ਸ਼ੁਰੂ ਵਿੱਚ ਮੁੱਖ ਤੌਰ `ਤੇ 'ਕਪੂਰ ਸਿੰਘ ਹਸਪਤਾਲ' ਨਿਰਾਸ਼ ਰੋਗੀਆਂ ਦਾ ਆਖਰੀ ਸਹਾਰਾ ਹੁੰਦਾ ਸੀ। ਭੈਣਾਂ ਨੇ ਇਹ ਉਦਘਾਟਨ ਤੋਂ ਅਗਲੇ ਦਿਨ ਹੀ ਸਮਝ ਲਿਆ ਸੀ, ਜਦੋਂ ਕਿਸੇ ਮਰੀਜ਼ ਦੇ ਰਿਸ਼ਤੇਦਾਰ ਉਸ ਨੂੰ ਉਦੋਂ ਲੈ ਕੇ ਆਏ, ਜਦੋਂ ਉਹ ਖੰਘ ਦੇ ਨਾਲ ਖੂਨ ਥੁੱਕਦਾ ਸੀ, ਉਸਦੀਆਂ ਅੱਖਾਂ ਪੀਲੀਆਂ ਸਨ ਤੇ ਉਹ ਕਮਜ਼ੋਰੀ ਕਾਰਣ ਤੁਰਨ ਤੋਂ ਵੀ ਅਸਮਰੱਥ ਸੀ। ਉਸਦੇ ਪਰਿਵਾਰ ਕੋਲ ਪੈਸੇ ਨਹੀਂ ਸਨ ਅਤੇ ਉਹ ਉਸ ਨੂੰ ਲੁਧਿਆਣੇ ਲਿਜਾਣੋਂ ਡਰਦੇ ਸਨ। ਉਨ੍ਹਾਂ ਨੂੰ ਡਰ ਸੀ ਕਿ ਉਹ ਲੁਧਿਆਣੇ ਦੇ ਹਸਪਤਾਲ ਵਿੱਚ ਮਰ ਜਾਵੇਗਾ ਅਤੇ ਹਸਪਤਾਲ ਵਾਲੇ ਉਸਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਹਵਾਲੇ ਕਰਨ ਦੇ ਦੋ-ਤਿੰਨ ਸੌ ਰੁਪਏ ਝਾੜ ਲੈਣਗੇ।

ਪਿੰਡ ਦੇ ਵਿਵੇਕ ਅਨੁਸਾਰ, ਪੱਛਮੀ ਦਵਾਈਆਂ  ਸ਼ਾਇਦ ਗੁਣਕਾਰੀ ਹੋਣ, ਪਰ  ਜਿਹੜੇ ਡਾਕਟਰ ਇਨ੍ਹਾਂ ਨੂੰ ਵਰਤਣ ਲਈ ਆਖਦੇ ਸਨ, ਉਹ ਭਰੋਸੇਯੋਗ ਨਹੀਂ ਸਨ। ਅਤੇ  ਜੈਕੀ ਤੇ ਸੁਰਜੀਤ ਦੇ ਅਨੁਭਵ ਅਨੁਸਾਰ ਦਿਹਾਤੀ ਇਲਾਕਿਆਂ ਦੇ ਬਹੁਤ ਸਾਰੇ ਡਾਕਟਰਾਂ ਦੇ ਮਿਆਰ ਨੂੰ ਦੇਖ ਕੇ ਲਗਦਾ ਸੀ ਕਿ ਔੜ ਦੇ ਨਿਵਾਸੀਆਂ ਕੋਲ ਇਸ ਤਰ੍ਹਾਂ ਸੋਚਣ ਲਈ ਢੁੱਕਵਾਂ ਕਾਰਣ ਸੀ। ਪਿੰਡ ਵਾਸੀਆਂ ਦੀ ਧਾਰਨਾ ਸੀ ਕਿ ਚੰਗੇ ਡਾਕਟਰ ਸ਼ਹਿਰਾਂ ਵਿੱਚ ਹੀ ਹੁੰਦੇ ਸਨ ਅਤੇ ਇਸ ਪੂਰਵ-ਧਾਰਨਾ ਤੋਂ ਖਹਿੜਾ ਛਡਾਉਣ ਲਈ ਭੈਣਾਂ ਨੂੰ ਸੰਘਰਸ਼ ਕਰਨਾ ਪਿਆ। ਅਖੀਰ ਉਹ ਇਸ ਵਿੱਚ ਕਾਮਯਾਬ ਵੀ ਹੋਈਆਂ। ਉਨ੍ਹਾਂ ਵੱਲੋਂ ਪੰਜਾਬੀ ਬੋਲਣ ਨੇ ਮੱਦਦ ਕੀਤੀ। ਇੱਕ ਬਜ਼ੁਰਗ ਆਦਮੀ ਦੇ ਬੋਲਾਂ ਨੇ ਹੋਰ ਬਹੁਤ ਸਾਰਿਆਂ ਦੀ ਤਰਜਮਾਨੀ ਕੀਤੀ। ਉਸ ਨੇ ਸੁਰਜੀਤ ਨੂੰ ਕਿਹਾ, "ਹੁਣ ਤੁਸੀਂ ਆ ਗਏ ਹੋ, ਮੈਨੂੰ ਸਾਲਟ ਵਾਲੀਆਂ ਗੋਲੀਆਂ ਦਿਓ ਤੇ ਮੈਂ ਠੀਕ ਹੋ ਜਾਊਂ।" ਭਰੋਸਾ ਹੀ ਸਭ ਕੁਝ ਸੀ। ਅਖੀਰ ਦੂਰੋਂ-ਦੂਰੋਂ ਮਰੀਜ਼ ਨਿਯਮਬੱਧ ਤੌਰ `ਤੇ ਆਉਣ ਲੱਗੇ, ਅਤੇ ਉਹ ਜੈਕੀ ਤੇ ਸੁਰਜੀਤ ਨੂੰ ਰਵਾਇਤੀ ਡਾਕਟਰ ਸਾਹਬ ਦੀ ਥਾਂ ਤੇ ਪਿਆਰ ਨਾਲ ਬੀਬੀ ਜੀ ਆਖ ਕੇ ਬੁਲਾਉਂਦੇ। ਪਰ ਇਸ ਤਰ੍ਹਾਂ ਦੇ ਅਹਿਸਾਸ ਅਤੇ ਰਿਸ਼ਤਾ ਬਣਾਉਣ ਨੂੰ ਕਈ ਸਾਲ ਲੱਗੇ।

ਹਸਪਤਾਲ ਦੀ ਸ਼ੁਰੂਆਤ ਤੋਂ ਬਾਅਦ , ਟਰਾਂਟੋ ਮੈਡੀਕਲ ਸਕੂਲ ਵਾਲੀ ਇੱਕ ਸਹੇਲੀ , ਆਮਲਾ ਰਾਮਚਰਨ (ਟ੍ਰਿਨੀਡੈਡ ਵਾਲੀਆਂ ਦੋ ਰਾਮਚਰਨ ਭੈਣਾਂ ਵਿੱਚੋਂ ਇੱਕ), ਨੇ ਉਦਘਾਟਨ ਵੇਲੇ ਨਾ ਪਹੁੰਚ ਸਕਣ ਲਈ ਚਿੱਠੀ ਰਾਹੀਂ ਮੁਆਫੀ ਮੰਗੀ। ਉਹ ਕੋਲਕਤੇ ਆ ਰਹੀ  ਸੀ ਪਰ ਉਸ ਕੋਲ ਤਿੰਨ ਮਹੀਨਿਆਂ ਦਾ ਬੱਚਾ ਹੋਣ ਕਾਰਣ  ਉਹ ਆ ਨਹੀਂ ਸੀ ਸਕੀ। ਉਸ ਨੂੰ ਅਚੰਭਾ ਸੀ ਕਿ "ਕਨੇਡੀਅਨ" ਹਸਪਤਾਲ ਦੇ ਨਾਂ ਦਾ ਹਿੱਸਾ ਕਿਉਂ ਸੀ।(21) ਇਹ ਕਪੂਰ ਸਿੰਘ "ਕਨੇਡੀਅਨ" ਹਸਪਤਾਲ ਕਿਉਂ ਸੀ? ਉਸਦਾ ਪ੍ਰਸ਼ਨ ਵਾਜਬ ਸੀ, ਕਿਉਂ ਕਿ ਮੁੱਢ ਵਿੱਚ 'ਕਪੂਰ ਸਿੰਘ ਫੈਮਿਲੀ ਹਸਪਤਾਲ' ਨਾਂ ਰੱਖਣ ਦਾ ਵਿਚਾਰ ਸੀ, ਜਿਹੜਾ ਇੱਕ ਖਰੇ ਪਰਿਵਾਰਕ ਉੱਦਮ ਲਈ ਢੁੱਕਵਾਂ ਨਾਂ ਸੀ। ਪਰਿਵਾਰ ਦੇ ਕਨੇਡੀਅਨ ਹੋਣ ਕਾਰਣ "ਕਨੇਡੀਅਨ" ਨਾਲ ਜੋੜਿਆ ਗਿਆ। ਇਸ ਤੋਂ ਇਲਾਵਾ, ਪੰਜਾਬ ਵਿੱਚ ਇਹ ਨਾਂ ਸੁਭਾਵਿਕ ਵੀ ਲਗਦਾ ਸੀ, ਜਿੱਥੇ ਲੋਕ ਆਪਣੇ ਆਪ ਨੂੰ ਉਸ ਥਾਂ ਨਾਲ ਜੋੜ ਕੇ ਪੇਸ਼ ਕਰਦੇ , ਜਿੱਥੋਂ ਉਹ ਆਏ ਹੁੰਦੇ, ਜਿਵੇਂ ਭਾਈ ਪਿਆਰਾ ਸਿੰਘ ਲੰਗੇਰੀ, ਉਸਦਾ ਪਿੰਡ ਲੰਗੇਰੀ ਸੀ। ਪਿੰਡ `ਚ ਘਰਾਂ ਦੇ ਦਰਵਾਜ਼ਿਆਂ ਉੱਪਰ ਇਸ ਤਰ੍ਹਾਂ ਦੇ ਨਾਂ ਆਮ ਦੇਖਣ ਲਈ ਮਿਲ ਜਾਣਗੇ, ਜਿਵੇਂ ਹਰਜਿੰਦਰ ਸਿੰਘ ਮਲਾਇਆ, ਜਾਂ ਦਰਸ਼ਨ ਸਿੰਘ ਕਨੇਡੀਅਨ ਜਾਂ ਭਾਗ ਸਿੰਘ ਕਨੇਡੀਅਨ, ਜਿਹੜਾ ਘਰ ਦੇ ਬਾਸ਼ਿੰਦਿਆਂ ਦੇ ਬਾਹਰਲੇ ਮੁਲਕ ਨਾਲ ਸਬੰਧ ਹੋਣ ਦੀ ਸੂਹ ਦਿੰਦਾ ਹੈ। ਜੇ ਕਿਸੇ ਪਰਵਾਸੀ ਪੰਜਾਬੀ ਨੂੰ ਕਨੇਡੀਅਨ ਅਖਵਾਉਣ ਦਾ ਹੱਕ ਸੀ ਤਾਂ ਇਹ ਚੋਣ, ਪ੍ਰਾਪਤੀਆਂ ਅਤੇ ਸੇਵਾਵਾਂ ਕਾਰਣ, ਕਪੂਰ ਸਿੰਘ ਸਿੱਧੂ ਸੀ। ਅਤੇ ਨਾਂ ਇੱਕ ਮਹਾਨ ਵਿਹਾਰ ਨੂੰ ਵਿਅਕਤ ਕਰਦਾ ਸੀ। ਇਹ ਦੱਸਦਾ ਸੀ ਕਿ ਹਸਪਤਾਲ ਇੱਕ ਅਜੇਹੇ ਪ੍ਰਵਾਸੀ ਵੱਲੋਂ ਤੋਹਫਾ ਸੀ, ਜਿਸ ਨੇ ਬਹੁਤ ਤਰੱਕੀ ਕੀਤੀ ਅਤੇ ਜਿਸ ਨੂੰ ਕਨੇਡਾ ਨਾਲ ਸਬੰਧਤ ਹੋਣ`ਤੇ ਮਾਣ ਸੀ।

Read 120 times Last modified on Tuesday, 01 May 2018 12:35