You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»15. ਕਿਲੇ ਦੇ ਮੋਤੀ - ਰਹਿਨੁਮਾ ਲੱਭਣਾ ਅਤੇ ਪਿਤਾ ਦਾ ਵਿਗੋਚਾ

ਲੇਖ਼ਕ

Tuesday, 01 May 2018 12:25

15. ਕਿਲੇ ਦੇ ਮੋਤੀ - ਰਹਿਨੁਮਾ ਲੱਭਣਾ ਅਤੇ ਪਿਤਾ ਦਾ ਵਿਗੋਚਾ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਜੈਕੀ ਤੇ ਸੁਰਜੀਤ ਲਈ ਕਨੇਡਾ ਘਰ ਸੀ, ਭਾਵੇਂ 1959 ਤੋਂ ਅਗਲੇ ਸਾਲਾਂ `ਚ ਹਰ ਸਾਲ ਉਨ੍ਹਾਂ ਨੇ ਭਾਰਤ ਵਿੱਚ ਜ਼ਿਆਦਾ ਸਮਾਂ ਗੁਜ਼ਾਰਿਆ। ਉਹ ਸਪੈਸ਼ਲ ਅਤੇ ਸੁਰੱਖਿਅਤ ਪਾਲਣ-ਪੋਸਣ ਦੀ ਪੈਦਾਵਾਰ ਸਨ, ਪਰ ਇਹ ਕਨੇਡਾ ਵਿੱਚ ਹੋਇਆ, ਜਿੱਥੇ ਉਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਨੇ ਬਚਪਨ ਦੀਆਂ ਦੋਸਤੀਆਂ ਪਾਈਆਂ, ਅਤੇ ਜਿੱਥੇ ਉਨ੍ਹਾਂ ਨੇ ਪੈਸੇਫਿਕ ਤੱਟ ਦੀ ਧਰਤੀ ਨਾਲ ਕੁਦਰਤੀ ਅਤੇ ਡੂੰਘੇ ਸਬੰਧ ਸਥਾਪਿਤ ਕੀਤੇ। ਆਪਣੀ ਬਾਲਗ ਉਮਰ ਵਿੱਚ ਵੀ ਉਹ ਆਪਣੇ ਮਾਪਿਆਂ ਨਾਲ ਨੇੜੀਓਂ ਜੁੜੀਆਂ ਰਹੀਆਂ, ਜਿਨ੍ਹਾਂ ਨੂੰ ਉਹ ਐਨਾ ਪਿਆਰ ਅਤੇ ਐਨੀ ਇੱਜ਼ਤ ਕਰਦੀਆਂ ਸਨ ਕਿ ਉਨ੍ਹਾ ਦੀ ਖਾਹਸ਼ `ਤੇ ਫੁੱਲ ਚੜ੍ਹਾਉਣ ਲਈ ਪੰਜਾਬ ਵਿੱਚ ਸੇਵਾ ਕਰਨ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ। ਜਦੋਂ ਉਹ ਕੌਮਾਂਤਰੀ ਦ੍ਰਿਸ਼ਟੀਕੋਣ ਅਤੇ ਤਜਰਬੇ ਵਾਲੀਆਂ, ਵਿਹਾਰ ਵਿੱਚ ਸੁਤੰਤਰ, ਅਤੇ ਆਪਣੇ ਲਈ ਮਹੱਤਵਪੂਰਨ ਵਿਸ਼ਿਆਂ ਦੀ ਆਪ ਚੋਣ ਕਰਨ ਵਾਲੀਆਂ, ਸ਼ਕਤੀਸ਼ਾਲੀ-ਸੋਚ ਵਾਲੀਆਂ ਯੋਗ ਔਰਤਾਂ ਵਜੋਂ ਪ੍ਰੌੜ੍ਹ ਅਵਸਥਾ ਵਿੱਚ ਪਹੁੰਚੀਆਂ ਉਦੋਂ ਵੀ ਇਹ ਪਿਆਰ ਅਤੇ ਵਫਾਦਾਰੀ ਉਨ੍ਹਾਂ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਬਣੇ ਰਹੇ। ਇੱਕ ਗੱਲ ਜਿਹੜੀ ਉਨ੍ਹਾਂ ਲਈ ਬਹੁਤ ਮਹੱਤਤਾ ਰੱਖਦੀ ਸੀ, ਉਹ ਕਨੇਡਾ ਵਿੱਚ ਆਪਣੀ ਪਰਿਵਾਰਕ ਜ਼ਿੰਦਗੀ ਦੀ ਸਮਾਨਤਾ  ਨੂੰ ਬਣਾਈ ਰੱਖਣਾ ਸੀ।

ਜਦੋਂ ਜੈਕੀ ਤੇ ਸੁਰਜੀਤ ਮੈਡੀਕਲ ਦੀਆਂ ਵਿਦਿਆਰਥਣਾਂ ਸਨ, ਕਪੂਰ ਨੇ ਇਹ ਸੋਚ ਕੇ ਕਿ ਆਖੀਰ ਪ੍ਰਬੰਧ ਉਨ੍ਹਾਂ ਨੇ ਹੀ ਸੰਭਾਲਣਾ ਸੀ, ਕਪੂਰ ਆਰਾ ਮਿੱਲ ਦੇ ਬਹੁਤੇ ਹਿੱਸੇ ਉਨ੍ਹਾਂ ਦੇ ਨਾਂ ਕਰ ਦਿੱਤੇ ਸਨ। ਉਸ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਉਹ ਕਿਸੇ ਪੁਰਸ਼ ਵਾਂਗ ਹੀ ਇਸ ਨੂੰ ਚਲਾ ਸਕਣਗੀਆਂ। ਉਸ ਨੇ ਸੋਚਿਆ ਸੀ ਕਿ ਇੱਕ ਧੀ ਕਨੇਡਾ ਵਿੱਚ ਜੰਗਲੀ ਲੱਕੜ ਦੇ ਕਾਰੋਬਾਰ ਅਤੇ ਮਿੱਲ ਦੇ ਪ੍ਰਬੰਧ ਨੂੰ ਸੰਭਾਲ ਲਿਆ ਕਰੇਗੀ ਅਤੇ ਦੂਜੀ ਭਾਰਤ ਵਿੱਚ ਹਸਪਤਾਲ ਚਲਾ ਲਿਆ ਕਰੇਗੀ। ਉਹ ਆਪਣੀਆਂ ਜ਼ਿੰਮੇਵਾਰੀਆਂ ਬਦਲ ਲਿਆ ਕਰਨਗੀਆਂ ਅਤੇ ਵਾਰੀ-ਸਿਰ ਭਾਰਤ ਚਲੇ ਜਾਇਆ ਕਰਨਗੀਆਂ। ਪਰ ਭੈਣਾਂ ਜੌੜੀਆਂ ਵਾਂਗ ਹੀ ਵੱਡੀਆਂ ਹੋਈਆਂ ਸਨ, ਅਤੇ ਇੱਕ-ਦੂਜੇ ਤੋਂ ਪਾਸੇ ਨਹੀਂ ਹੋਣਾ ਚਾਹੁੰਦੀਆਂ ਸਨ। ਇਸ ਲਈ, ਜਿਉਂ ਹੀ ਹਸਪਤਾਲ ਦੀ ਨੀਂਹ `ਤੇ ਉਸਾਰੀ ਸ਼ੁਰੂ ਹੋਈ ਅਤੇ ਜਿਉਂ ਹੀ ਕਪੂਰ ਨੇ ਆਪਣਾ ਪੰਝਤਰਵਾਂ ਜਨਮ ਦਿਨ ਪਾਰ ਕਰ ਲਿਆ, ਉਸ ਨੇ ਫੈਸਲਾ ਕਰ ਲਿਆ ਕਿ ਉਹ ਕਾਰੋਬਾਰ ਨੂੰ ਛੱਡ ਦੇਵੇਗਾ। ਉਸ ਨੇ ਆਪਣਾ ਕਾਰੋਬਾਰ ਵੱਡੀ ਜੰਗਲਾਤ ਕੰਪਨੀ ਬੀ ਸੀ ਫੌਰਿਸਟ ਪਰੋਡਕਟਸ ਨੂੰ ਜਨਵਰੀ 1959 ਵਿੱਚ ਵੇਚ ਦਿੱਤਾ ਅਤੇ ਇੱਕ ਸਾਲ ਬਾਅਦ 'ਕਪੂਰ ਆਰਾ ਮਿੱਲਾਂ' ਦਾ ਕਨੂੰਨੀ ਵਸਤ ਵਜੋਂ ਭੁਗਤਾਨ ਕਰ ਦਿੱਤਾ। ਇਸ ਵਿਕਰੀ ਨਾਲ ਉਸ ਨੇ ਬਾਰਨੈੱਟ ਵਾਲੀ ਮਿੱਲ ਦੀ ਇਮਾਰਤ ਅਤੇ ਮਸ਼ੀਨਰੀ ਨੂੰ ਉਧੇੜ ਕੇ ਇਸ ਥਾਂ ਤੋਂ ਦੂਰ ਜਾਂਦੇ ਦੇਖਿਆ, ਉਸ ਨੇ ਸ਼ਾਨੀਗਨ ਝੀਲ ਵਾਲਾ ਲੰਬਰ ਕੈਂਪ ਤੇ ਸਾਜੋ-ਸਮਾਨ ਵੀ ਵੇਚ ਦਿੱਤਾ ਅਤੇ ਇਸਦੇ ਨਾਲ ਹੀ ਅਪਣੀ ਮਲਕੀਅਤ ਵਾਲੇ ਵੈਨਕੂਵਰ ਟਾਪੂ `ਚ ਜੰਗਲ ਦਾ ਬਹੁਤਾ ਹਿੱਸਾ ਵੀ ਵੇਚ ਦਿੱਤਾ।(1) ਆਪਣੇ ਪਰਿਵਾਰ ਦੇ ਭਵਿੱਖ ਬਾਰੇ ਸੋਚ ਕੇ ਉਸ ਨੇ ਸੂਕ ਝੀਲ ਵਾਲੇ ਦਰਖਤਾਂ ਵਾਲੇ  ਪੰਜ ਹਜ਼ਾਰ ਏਕੜ ਰੱਖ ਲਏ, ਪਰ ਅੱਧੀ ਸਦੀ ਬਾਅਦ ਉਸਦੇ 'ਲੰਬਰਮੈਨ' ਵਜੋਂ ਕਿੱਤੇ ਦੀ ਸਮਾਪਤੀ ਹੋ ਗਈ। ਇਹ ਜ਼ਿੰਦਗੀ ਦੇ ਚੱਕਰ ਵਿੱਚ ਬਦਲਾਅ ਸੀ, ਅਤੇ ਉਸਦੀਆਂ ਧੀਆਂ ਨੇ ਬਹੁਤ ਦੇਰ ਬਾਅਦ ਦੁੱਖ ਨਾਲ ਮਹਿਸੂਸ ਕੀਤਾ ਕਿ ਜਦੋਂ ਉਨ੍ਹਾਂ ਨੇ ਉਸ ਨੂੰ ਆਪਣਾ ਕਾਰੋਬਾਰ ਵੇਚਣ ਦੀ ਸਹਿਮਤੀ ਦੇ ਦਿੱਤੀ ਸੀ, ਕਪੂਰ ਨੇ ਆਪਣੀ ਕੁਝ ਪ੍ਰਾਣ-ਸ਼ਕਤੀ ਵੀ ਤਿਆਗ ਦਿੱਤੀ ਸੀ।

ਹਸਪਤਾਲ ਦੀ ਸ਼ੁਰੂਆਤ ਨਾਲ ਸਾਰਾ ਪਰਿਵਾਰ ਸਤੰਬਰ ਤੋਂ ਜੂਨ ਤੱਕ ਭਾਰਤ ਰਹਿਣ ਲੱਗਾ ਅਤੇ ਗਰਮੀਆਂ ਦੇ ਦੋ ਮਹੀਨੇ ਕਨੇਡਾ ਵਿੱਚ ਆ ਜਾਂਦੇ। ਹਸਪਤਾਲ ਵਿੱਚ, ਜੈਕੀ ਤੇ ਸੁਰਜੀਤ ਕੁਝ ਕੁ ਨੂੰ ਛੱਡ ਕੇ ਬਾਕੀ ਦੇ ਬਹੁਤੇ ਕੇਸ ਅਜੇਹੇ ਹੀ ਦੇਖਦੀਆਂ, ਜਿਹੜੇ ਉਨ੍ਹਾ ਨੇ ਕਨੇਡਾ ਵਿੱਚ ਦੇਖਣੇ ਸਨ ਜੇ ਉਹ ਆਮ ਡਾਕਟਰ ਵਜੋਂ ਕੰਮ ਕਰਦੀਆਂ। ਹਰ ਉਮਰ ਦੇ ਮਰੀਜ਼ ਹਸਪਤਾਲ ਤੱਕ ਪੈਦਲ, ਬੱਸ, ਸਾਈਕਲ, ਗੱਡੇ ਅਤੇ ਕਈ ਵਾਰ ਘੋੜੇ`ਤੇ ਚੜ੍ਹ ਕੇ ਪਹੁੰਚਦੇ। ਅਤੇ ਬਾਅਦ ਦੇ ਸਾਲਾਂ ਦੌਰਾਨ ਸਕੂਟਰ ਜਾਂ ਕਦੇ-ਕਦਾਈਂ ਕਾਰ `ਤੇ ਵੀ ਹੁੰਦੇ। ਉਨ੍ਹਾਂ ਨੂੰ ਆਮ ਤੌਰ `ਤੇ ਠੰਢ, ਜ਼ੁਕਾਮ, ਸਾਹ, ਅਲਰਜੀ, ਦਿਲ ਦਾ ਰੋਗ, ਗਠੀਆ, ਬਲੱਡ ਪ੍ਰੈਸ਼ਰ, ਖੂਨ ਦੀ ਘਾਟ, ਟੱਟੀਆਂ, ਹਾਜ਼ਮਾ, ਮਲੱਪ ਜਾਂ ਟੀ ਬੀ ਦਾ ਰੋਗ ਹੁੰਦਾ। ਜਿਹੜੇ ਕੁਝ ਘੱਟ ਗਿਣਤੀ ਵਿੱਚ ਆਉਂਦੇ, ਉਨ੍ਹਾਂ ਨੂੰ ਖਸਰਾ, ਕਨੇਡੂ, ਮਲੇਰੀਆ, ਅਮੀਬਾ, ਖੁਰਕ, ਸਾਹ ਨਾਲੀ ਦੀ ਸੋਜ਼ਿਸ਼, ਨਮੂਨੀਆ, ਟਾਈਫਾਈਡ, ਬੁਖਾਰ, ਪਿਸ਼ਾਬ `ਚ ਨੁਕਸ, ਜਿਗਰ ਦੀ ਸੋਜ, ਲੁਕੀਮੀਆ, ਕੈਂਸਰ ਅਤੇ ਮਾਨਸਿਕ ਰੋਗ ਹੁੰਦੇ। ਕਦੇ-ਕਦਾਈਂ ਕੋਈ ਸੱਸ ਆ ਕੇ ਜੈਕੀ ਤੇ ਸੁਰਜੀਤ ਨੂੰ ਆਖਦੀ ਕਿ ਉਸਦੀ ਨੂੰਹ `ਚ ਕੋਈ ਨੁਕਸ ਸੀ, "ਉਸ ਨੂੰ ਕੋਈ ਨਿਆਣਾ ਨੀ ਹੁੰਦਾ।" ਅਤੇ ਉਸਦੇ ਨਾਲ ਆਈ ਨੂੰਹ, ਜਿਹੜੀ ਆਪ ਵੀ ਨਿਆਣੇ ਨਾਲੋਂ ਮਸਾਂ ਹੀ ਕੁਝ ਵੱਡੀ ਹੁੰਦੀ, ਚੁੱਪ-ਚਾਪ ਬੈਠੀ ਰਹਿੰਦੀ। ਭੈਣਾਂ ਇਹ ਵਿਆਖਿਆ ਕਰਨ ਲਈ ਮਿੱਠੇ ਸ਼ਬਦ ਨਾ ਵਰਤ ਸਕਦੀਆਂ ਕਿ ਉਸਦੇ ਪੁੱਤ ਵਿੱਚ ਕੋਈ ਨੁਕਸ ਹੋ ਸਕਦਾ ਸੀ। ਉਨ੍ਹਾਂ ਤੋਂ ਅਜੇਹੇ ਵਿਹਾਰ ਪ੍ਰਤੀ ਨਾਖੁਸ਼ੀ ਲੁਕੋ ਨਾ ਹੁੰਦੀ, ਅਤੇ ਜਿਵੇਂ ਉਨ੍ਹਾਂ ਨੂੰ ਆਸ ਹੁੰਦੀ, ਅਜੇਹੀ ਸੱਸ ਸਿੱਧਾ ਜਵਾਬ ਸੁਣ ਕੇ ਮੁੜ ਕੇ ਮੂੰਹ ਨਾ ਦਿਖਾਉਂਦੀ।(2)

ਟੀ ਬੀ ਦੇ ਕੇਸ ਕਨੇਡਾ ਨਾਲੋਂ ਕਿਤੇ ਜ਼ਿਆਦਾ ਸਨ, ਕਈ ਵਾਰੀ ਕਈਆਂ `ਚ ਇਹ ਪੂਰੀ ਤਰ੍ਹਾਂ ਫੈਲਿਆ ਹੁੰਦਾ ਜਦੋਂ ਉਹ ਆਉਂਦੇ, ਜਿਹੜਾ ਜੈਕੀ ਤੇ ਸੁਰਜੀਤ ਨੇ ਪਹਿਲਾਂ ਕਿਤਾਬਾਂ `ਚ ਹੀ ਦੇਖਿਆ ਸੀ। ਪਿੰਡ ਦੇ ਵਾਤਾਵਰਣ ਨੂੰ ਸਮਝਦਿਆਂ, ਉਹ ਟੀਬੀ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਬਚਾਉਣ ਲਈ ਸਾਵਧਾਨੀਆਂ ਵਰਤਣ ਲਈ ਆਖਦੀਆਂ ਕਿ ਉਹ ਵੱਖਰੇ ਭਾਂਡੇ ਵਰਤਣ, ਕਿਸੇ ਦੇ ਨਾਲ ਨਾ ਸੌਣ, ਬੱਚੇ ਨੂੰ ਨਾ ਚੁੱਕਣ ਤੇ ਨਾ ਹੀ ਆਪਣੇ ਮੂੰਹ ਦੇ ਨੇੜੇ ਲਿਆਉਣ, ਕਦੇ ਵੀ ਕਿਸੇ ਦੇ ਨੇੜੇ ਨਾ ਖੰਘਣ , ਧਰਤੀ ਉੱਪਰ ਨਾ ਥੁੱਕਣ, ਕਿਸੇ ਖਾਸ ਭਾਂਡੇ ਵਿੱਚ ਥੁੱਕਣ ਜਿਸ ਵਿੱਚ ਮਿੱਟੀ ਹੋਵੇ ਅਤੇ ਬਾਅਦ ਵਿੱਚ ਉਸ ਨੂੰ ਧਰਤੀ ਵਿੱਚ ਦੱਬ ਦੇਣ। ਕਿਉਂ ਕਿ ਹਸਪਤਾਲ ਮੁਫਤ ਦਵਾਈ ਦਿੰਦਾ ਸੀ, ਇਸ ਲਈ ਟੀਬੀ ਦੇ ਮਰੀਜ਼ ਦੂਰੋਂ-ਦੂਰੋਂ ਆਉਂਦੇ ਸਨ, ਅਤੇ ਜੈਕੀ ਤੇ ਸੁਰਜੀਤ ਇਸ ਗੱਲੋਂ ਪ੍ਰਭਾਵਿਤ ਸਨ ਕਿ ਇਹ ਸਾਰੇ ਹੀ ਮਰੀਜ਼ ਛੇ ਮਹੀਨਿਆਂ ਦੇ ਇਲਾਜ ਦੌਰਾਨ ਪੂਰੇ ਧਿਅਨ ਨਾਲ ਦਵਾਈ ਲੈਂਦੇ ਸਨ।

ਉਨ੍ਹਾਂ ਦਾ ਹਸਪਤਾਲ ਦਾ ਨਿੱਤਨੇਮ ਹਾਲੇ ਸ਼ੁਰੂ ਹੀ ਹੋਇਆ ਸੀ, ਅਤੇ ਉਹ ਕੁਝ ਮਰੀਜ਼ ਹੀ ਦੇਖਦੀਆਂ ਸਨ, ਜਦੋਂ ਗਾਂਧੀ ਦਾ ਅਧਿਆਤਮਿਕ ਵਾਰਸ, ਸੰਤਾਂ ਵਰਗਾ ਬਾਬਾ ਵਿਨੋਬਾ ਭਾਵੇ, ਆਪਣੀ ਪਦ-ਯਾਤਰਾ ਨਾਲ ਪੰਜਾਬ ਪਹੁੰਚਿਆ। ਉਹ ਦਿਹਾੜੀ ਵਿੱਚ ਬਾਰਾਂ ਕਿਲੋਮੀਟਰ ਤੁਰਦਾ ਸੀ, ਸਵੇਰ ਦੀ ਠੰਢ ਵਿੱਚ ਤੁਰ ਕੇ 8 ਵਜੇ ਤੱਕ ਅਗਲੇ ਪਿੰਡ ਪਹੁੰਚ ਕੇ ਨਾਸ਼ਤਾ ਕਰਦੇ। ਉਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਜਾਂਦੇ ਅਤੇ ਉਹ ਪ੍ਰਵਚਨ ਕਰਦਾ। ਉਹ ਗਰਮ ਦੁਪਹਿਰਾਂ ਨੂੰ ਅਰਾਮ ਕਰਦਾ ਅਤੇ ਸ਼ਾਮ ਵੇਲੇ ਉਹ ਅਤੇ ਉਸਦੇ ਸਾਥੀ ਪਿੰਡ ਦੇ ਸਕੂਲ ਜਾਂ ਧਰਮਸਾਲਾ ਵਿੱਚ ਸੌਣ ਲਈ ਚਲੇ ਜਾਂਦੇ। ਉਨ੍ਹਾਂ ਦੇ ਬਿਸਤਰੇ ਪਿਛਲੇ ਪਿੰਡ ਤੋਂ ਜੀਪ ਰਾਹੀਂ ਆ ਜਾਂਦੇ, ਅਤੇ ਉਹ ਬਿਨਾਂ ਕੋਈ ਭਾਰ ਚੁੱਕੇ ਤੁਰਦੇ। ਵਿਨੋਬਾ ਭਾਵੇ ਅਮੀਰਾਂ ਤੋਂ ਗਰੀਬਾਂ ਲਈ ਜ਼ਮੀਨ ਦਾ ਦਾਨ ਲੈਣ ਲਈ, ਪਿਛਲੇ ਅੱਠ ਸਾਲ ਤੋਂ ਸਾਰੇ ਭਾਰਤ ਦੀ ਪਦ-ਯਾਤਰਾ ਕਰ ਰਿਹਾ ਸੀ ਅਤੇ ਉਹ ਅਗਲੇ ਦਹਾਕੇ ਤੱਕ ਕਰਦਾ ਰਿਹਾ, ਜਦੋਂ ਤੱਕ ਉਹ ਪੰਝਤਰ ਸਾਲ ਦਾ ਹੋ ਗਿਆ। ਜਦੋਂ ਫਰਵਰੀ 1960 ਵਿੱਚ ਸੁਰਜੀਤ ਨੇ ਉਸ ਨੂੰ ਦੇਖਿਆ, ਉਹ ਅਤਿਅੰਤ ਪ੍ਰਭਾਵਿਤ ਹੋਈ ਅਤੇ ਉਸ ਨੇ ਆਪਣੀ ਡਾਇਰੀ ਵਿੱਚ ਦਰਜ ਕੀਤਾ, " ਕਮਜ਼ੋਰ ਸਰੀਰ ਪਰ ਅਧਿਆਤਮਿਕ ਤੌਰ `ਤੇ ਵਿਰਾਟ ਪ੍ਰਤਿਭਾਸ਼ੀਲ।"(3)

ਜੈਕੀ ਨੇ ਔੜ ਤੋਂ ਵੀਹ ਕਿਲੋਮੀਟਰ ਦੂਰ, ਫਿਲੌਰ ਤੋਂ ਉਨ੍ਹਾਂ ਨਾਲ ਪਦ-ਯਾਤਰਾ ਸ਼ੁਰੂ ਕੀਤੀ ਅਤੇ ਦਸੰਬਰ ਤੋਂ ਅਪ੍ਰੈਲ ਤੱਕ ਉਨ੍ਹਾਂ ਦੇ ਨਾਲ ਹੀ ਰਹੀ। ਸੁਰਜੀਤ ਅਤੇ ਉਸਦੇ ਮਾਪੇ ਹਰ ਰੋਜ਼ ਵਿਨੋਦਾ ਭਾਵੇ ਨੂੰ ਸੁਨਣ ਲਈ ਅਗਲੇ ਪਿੰਡ ਕਾਰ ਰਾਹੀਂ ਜਾਂਦੇ ਅਤੇ ਜੈਕੀ ਨੇ ਇਸ ਬਾਰੇ ਆਪਣੇ ਅਨੁਭਵ  'ਚੰਡੀਗੜ੍ਹ ਟ੍ਰਿਬੀਊਨ' ਦੇ ਮੈਗਜ਼ੀਨ ਸੈਕਸ਼ਨ ਵਿੱਚ ਇੱਕ ਲੇਖ ਰਾਹੀਂ ਵਿਅਕਤ ਕੀਤੇ। ਇਸ ਲੇਖ ਦੇ ਫਲਸਰੂਪ,  ਹੁਣੇ ਹੀ ਕੇਰਲਾ ਤੋਂ ਡਾਕਟਰੀ ਪਾਸ ਕਰਨ ਵਾਲੇ ਡਾਕਟਰ ਕੇ. ਫਿਲਿਪ ਦੀ ਚਿੱਠੀ ਆਈ। ਉਹ ਇਸਾਈ ਭਾਰਤੀ ਸੀ, ਜਿਹੜਾ ਧਰਮ ਪ੍ਰਚਾਰ ਦੇ ਜੋਸ਼ ਨਾਲ ਭਰਪੂਰ ਸੀ। ਜੈਕੀ ਦੀ ਲਿਖਤ ਨੇ ਉਸ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਉਸ ਨੇ ਔੜ ਆ ਕੇ ਹਸਪਤਾਲ ਵਿਚ ਕੰਮ ਕਰਨ ਦਾ ਫੈਸਲਾ ਕਰ ਲਿਆ, ਜਿਹੜਾ ਉਸ ਨੇ ਆਸਟਰੇਲੀਆ ਪਰਵਾਸ ਧਾਰਨ ਤੋਂ ਪਹਿਲਾਂ ਕਈ ਸਾਲ ਤੱਕ ਕੀਤਾ।(5)

ਜੈਕੀ ਨੇ ਪਦ-ਯਾਤਰਾ ਲਈ ਤਕਰੀਬਨ ਚਾਲੀ ਨੰਗੀਆਂ ਲੱਤਾਂ ਅਤੇ ਖਾਦੀ ਦੇ ਸਫੈਦ ਝੱਗਿਆਂ ਵਾਲੇ ਸ਼ਗਿਰਦਾਂ ਦੇ ਜਲੂਸ ਵਿੱਚ ਸ਼ਮੂਲੀਅਤ ਕੀਤੀ, ਜਿਸਦੀ ਅਗਵਾਈ ਬਾਬਾ ਵਿਨੋਬਾ ਕਰ ਰਹੇ ਸਨ। ਹਰ ਸਵੇਰ 4:30 ਵਜੇ ਚੱਲਣ ਤੋਂ ਪਹਿਲਾਂ ਉਹ ਸੰਸਕ੍ਰਿਤ ਵਿੱਚ ਸਲੋਕਾਂ ਦਾ ਪਾਠ ਕਰਦੇ ਅਤੇ ਯਾਤਰਾ ਦੇ ਪਹਿਲੇ ਹਿੱਸੇ ਵਿੱਚ ਮੌਨ ਰੱਖਦੇ। ਬਾਅਦ ਵਿੱਚ ਯਾਤਰਾ ਦੌਰਾਨ ਬਾਬਾ ਨਿਯਮਬੱਧ ਤਰੀਕੇ ਨਾਲ ਮੁਲਾਕਾਤਾਂ ਕਰਦਾ। ਕੋਈ ਵੀ ਚਾਹਵਾਨ ਮੁੱਖ ਚੇਲਿਆਂ ਰਾਹੀਂ ਸਮਾਂ ਲੈਂਦਾ ਅਤੇ ਅੱਗੇ ਵਧ ਕੇ ਤੁਰਦਿਆਂ ਹੀ  ਉਸ ਨਾਲ ਗੱਲਾਂ ਕਰਦਾ। ਮੁਲਾਕਾਤ ਤੋਂ ਬਾਅਦ ਉਹ ਪਿੱਛੇ ਬਾਕੀ ਯਾਤਰੀਆਂ ਨਾਲ ਹੀ ਰਲ ਜਾਂਦਾ। ਜਿਹੜਾ ਵੀ ਉਸ ਤੱਕ ਪਹੁੰਚ ਕਰਦਾ, ਬਾਬਾ ਉਸ ਨਾਲ ਗੱਲ ਕਰਦਾ ਉਹ ਭਾਵੇਂ ਮਹਾਨ ਹੋਵੇ, ਜਾਂ ਦੀਨ। ਉਹ ਆਪ ਕਿਸੇ ਕੋਲ ਨਾ ਜਾਂਦਾ। ਜਦੋਂ ਉਹ ਔੜ ਦੇ ਆਸ-ਪਾਸ ਦੇ ਇਲਾਕੇ ਵਿੱਚ ਸੀ, ਸੁਰਜੀਤ ਕਈ ਵਾਰ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੋਂ ਪ੍ਰਮੁਖ ਹਸਤੀਆਂ ਨੂੰ ਆਪਣੀ ਕਾਰ ਰਾਹੀਂ ਲੈਣ ਗਈ। ਇੱਕ ਵਾਰ ਉਸ ਨਾਲ ਉਸਦੀ ਕਾਰ ਵਿੱਚ ਮਸ਼ਹੂਰ ਗਾਂਧੀਵਾਦੀ, ਸਮਾਜਵਾਦੀ ਅਤੇ ਅਮਨ ਪਸੰਦ ਜੈਪ੍ਰਕਾਸ਼ ਨਰਾਇਣ ਨੇ ਸਫਰ ਕੀਤਾ, ਜਿਹੜਾ ਪਾਕਿਸਤਾਨ ਦੇ ਦੱਖਣੀ ਅਫਰੀਕਾ ਵਿੱਚ ਹਾਈ ਕਮਿਸ਼ਨਰ ਨੂੰ ਬਾਬਾ ਵਿਨੋਬਾ ਨਾਲ ਨਿੱਜੀ ਮੁਲਾਕਾਤ ਕਰਵਾਉਣ ਲਈ ਆਪਣੇ ਨਾਲ ਲਿਆਇਆ ਸੀ।

ਭੈਣਾਂ ਨੇ ਬਾਬੇ ਨੂੰ  ਯਾਤਰਾ ਦੌਰਾਨ ਔੜ ਵਿੱਚੋਂ ਦੀ ਲੰਘਣ ਲਈ ਪ੍ਰੇਰ ਲਿਆ ਸੀ, ਜਿੱਥੇ ਉਸ ਨੇ ਅੰਬ ਦਾ ਬੂਟਾ ਲਾਇਆ ਅਤੇ ਦੋ ਹਜ਼ਾਰ ਦੇ ਇਕੱਠ ਨੂੰ ਮੁਖਾਤਿਬ ਹੋਇਆ। ਉਸ ਨੇ ਰਾਤ ਹਸਪਤਾਲ ਵਿੱਚ ਬਿਤਾਈ ਅਤੇ ਸਿੱਧੂ ਪਰਿਵਾਰ ਨੇ ਉਸਦੇ ਦਰਸ਼ਨ ਕੀਤੇ, ਉਸ ਨੂੰ ਦੇਖਿਆ, ਉਸਦੇ ਸਾਥ ਦਾ ਆਨੰਦ ਮਾਣਿਆ, ਅਤੇ ਉਸਦੀ ਹੋਂਦ ਦੀ ਮੌਜੂਦਗੀ ਦੀ ਡੂੰਘੀ ਅਸ਼ੀਰਵਾਦ ਦਾ ਅਨੁਭਵ ਕੀਤਾ।(6) ਉਸ ਨੇ ਕੱਚੀ ਜਿਲਦ ਵਾਲੀ ਇੱਕ-ਇੱਕ ਕਿਤਾਬ ਦੋਹਾਂ ਭੈਣਾਂ ਨੂੰ ਦਿੱਤੀ। ਉਸ ਸਮੇਂ ਤੱਕ ਉਹ ਉਨ੍ਹਾਂ ਨੂੰ ਐਨਾ ਕੁ ਜਾਣ ਚੁੱਕਾ ਸੀ ਕਿ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੁਭਾਅ ਮੁਤਾਬਿਕ ਉਪਾਧੀਆਂ ਦੇ ਦਿੱਤੀਆਂ। ਜੈਕੀ ਦੀ ਕਿਤਾਬ ਅੰਦਰ ਉਸ ਨੇ ਲਿਖਿਆ, "ਚੁੱਪ ਕੀਤੀ" ਅਤੇ ਸੁਰਜੀਤ ਦੀ ਕਿਤਾਬ ਅੰਦਰ, "ਗਾਲੜੀ" ਲਿਖਿਆ । ਉਨ੍ਹਾਂ ਦੀ ਮਾਂ ਨੂੰ ਉਸ ਨੇ 'ਸੱਤੂ'  ਉਪਹਾਰ ਵਜੋਂ ਦਿੱਤੇ। ਇਹ ਕਾਬਲੀ ਛੋਲਿਆਂ ਅਤੇ ਮਸਰਾਂ ਦੀ ਦਾਲ ਦਾ ਬਿਹਾਰ ਤੋਂ ਲਿਆਂਦਾ ਦਲ਼ੀਆ ਸੀ, ਜਿਹੜਾ ਠੰਢਾ ਵਰਤਾਇਆ ਜਾਂਦਾ ਅਤੇ ਗਰਮੀਆਂ ਦੇ ਮੌਸਮ ਵਿੱਚ ਇਸਦਾ ਠੰਢਾ ਅਸਰ ਹੁੰਦਾ। ਬਾਬਾ ਬਿਹਾਰੀ ਸੀ। ਗਾਂਧੀ ਦੇ ਮੂਹਰਲੇ ਸ਼ਗਿਰਦ ਨਾਲ ਮਿਲਣੀ ਬਾਰੇ ਸੁਰਜੀਤ ਦੀ ਡਾਇਰੀ ਦੀਆਂ ਕੁਝ ਲਾਈਨਾਂ ਉਸਦੀਆਂ ਡੂੰਘੀਆਂ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਸਨ। ਉਸ ਨੇ ਲਿਖਿਆ, "ਇੱਕ ਜਿਉਂਦਾ ਕਰਾਈਸਟ, ਇੱਕ ਜਿਉਂਦਾ ਬੁੱਧ, ਇੱਕ ਜਿਉਂਦਾ ਗੁਰੂ ਨਾਨਕ, ਸਾਡੀ ਇਸ ਧਰਤੀ `ਤੇ ਅੱਜ ਤੁਰ ਰਿਹਾ ਹੈ, ਅਤੇ ਸਿਰਫ ਮੁੱਠੀ ਭਰ ਲੋਕ ਹੀ ਇਸ ਸੱਚ ਨੂੰ ਪਛਾਨਣ ਦੇ ਯੋਗ ਹਨ।"

ਬਾਬਾ ਵਿਨੋਬਾ ਦੇ ਸ਼ਗਿਰਦਾਂ ਵਿੱਚੋਂ ਦੋ ਬ੍ਰਾਹਮਣ ਭਰਾ ਸਨ, ਸਵਾਮੀ ਸਚਿਦਾਨੰਦ ਅਤੇ ਸਵਾਮੀ ਬ੍ਰਹਮਾਨੰਦ।  ਜਵਾਨ ਲੱਗਦੇ  ਇਹ ਆਦਮੀ ਉਮਰ ਦੇ ਚਾਲ੍ਹੀਵਿਆਂ ਵਿੱਚ ਸਨ। ਉਹ ਮਿਲਣਸਾਰ ਅਤੇ ਸ਼ਿਸ਼ਟਾਚਾਰੀ ਸੁਭਾਅ ਦੇ ਮਾਲਕ ਸਨ। ਪਦ-ਯਾਤਰਾ ਦੌਰਾਨ ਜੈਕੀ ਨੇ ਖਾਸ ਕਰਕੇ ਸਵਾਮੀ ਸਚਿਦਾਨੰਦ ਨੂੰ ਜਾਨਣਾ ਸ਼ੁਰੂ ਕੀਤਾ। ਉਹ ਲਾਹੌਰ ਤੋਂ ਐੱਮ ਏ ਪਾਸ ਸੀ ਅਤੇ ਸ਼ੁੱਧ ਅੰਗ੍ਰੇਜ਼ੀ ਬੋਲਦਾ ਸੀ, ਅਤੇ ਉਸ ਨੇ ਆਪਣੇ ਆਪ ਨੂੰ ਬਾਬਾ ਵਿਨੋਬਾ ਨਾਲ ਪ੍ਰਤਿਬੱਧ ਕੀਤਾ ਹੋਇਆ ਸੀ। ਉਸ ਨਾਲ ਗੱਲਾਂਬਾਤਾਂ ਅਤੇ ਬਾਬਾ ਵਿਨੋਬਾ ਦੀ ਉਦਾਹਰਣ ਨੇ ਉਸਦੀਆਂ ਮਾਂਟਰੀਅਲ ਵਿੱਚ ਸਵਾਮੀ ਰਾਧਾ ਨਾਲ ਸਮੇਂ ਦੀਆਂ ਭਾਵਨਾਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ। ਉਹ ਆਪਣੇ ਮਾਪਿਆਂ `ਤੇ ਹਸਪਤਾਲ ਨੂੰ ਵਿਨੋਬਾ ਦੀ ਲਹਿਰ ਦੇ ਸਪੁਰਦ ਕਰਨ ਲਈ ਜ਼ੋਰ ਪਾਉਣ ਲੱਗੀ, ਅਤੇ ਥੋੜ੍ਹੀ ਦੇਰ ਲਈ ਉਸ ਨੇ ਉਨ੍ਹਾਂ ਨੂੰ ਇਹ ਐਲਾਨ ਕਰਕੇ ਸੁੰਨ ਕਰ ਦਿੱਤਾ ਕਿ ਉਹ ਵੀ ਸਚਿਦਾਨੰਦ ਵਾਂਗ ਸੰਨਿਆਸੀ ਹੋਣ ਬਾਰੇ ਸੋਚ ਰਹੀ ਸੀ। ਉਸ ਨੇ ਇਹ ਇੱਕ ਸ਼ਾਮ ਨੂੰ ਉਸ ਵੇਲੇ ਕਿਹਾ, ਜਦੋਂ ਉਹ ਕਿਲੇ ਤੋਂ ਹਸਪਤਾਲ ਨੂੰ ਜਾ ਰਹੀ ਸੀ, ਜਿੱਥੇ ਉਹ ਮਹਿਮਾਨਾਂ ਲਈ ਬਣੇ ਘਰ ਵਿੱਚ ਰਹਿਣ ਲੱਗੀ ਸੀ। ਉਸਦੇ ਦਰਵਾਜ਼ੇ `ਚੋਂ ਬਾਹਰ ਨਿਕਲਣ ਤੋਂ ਬਾਅਦ ਸੁਰਜੀਤ ਅਤੇ ਉਸਦੇ ਮਾਪਿਆਂ ਵਿਚਕਾਰ ਚੁੱਪ ਵਰਤ ਗਈ। ਫਿਰ ਕਪੂਰ ਨੇ ਇਸ ਚੁੱਪ ਨੂੰ ਤੋੜਦਿਆਂ ਕਿਹਾ, "ਇਹ ਕੀ ਸੋਚਦੀ ਹੈ? ਅਸੀਂ ਇਸ ਨੂੰ ਡਾਕਟਰੀ ਇਸ ਲਈ ਕਰਵਾਈ ਕਿ ਇਹ ਗੰਗਾ ਦੇ ਕਿਨਾਰੇ ਬੈਠੇ ਅਤੇ ਦੁਨੀਆਂ ਨੂੰ ਤਿਆਗ ਦੇਵੇ?" ਉਸ ਨੂੰ ਇਸਦਾ ਯਕੀਨ ਨਹੀਂ ਸੀ ਹੁੰਦਾ ਅਤੇ  ਅਖੀਰ ਵਿੱਚ ਜੈਕੀ ਨੂੰ ਵੀ ਨਹੀਂ, ਭਾਵੇਂ ਉਹ ਹਾਲੇ ਵੀ ਗੁਰੂ ਦੀ ਤਲਾਸ਼ ਵਿੱਚ ਸੀ।

ਸਚਿਦਾਨੰਦ ਨੇ ਜੈਕੀ ਨੂੰ ਸਿੱਖ ਚਿੱਤਰਕਾਰ ਸੋਭਾ ਸਿੰਘ ਬਾਰੇ ਦੱਸਿਆ, ਜਿਸ ਵੱਲੋਂ ਬਣਾਇਆ ਗੁਰੂ ਨਾਨਕ ਦੇਵ ਦਾ ਮਸ਼ਹੂਰ ਚਿੱਤਰ ਬਹੁਤ ਸਾਰੇ ਸਿੱਖਾਂ ਲਈ ਹੂਬਹੂ ਆਕਾਰ ਬਣ ਗਿਆ ਸੀ। ਸੋਭਾ ਸਿੰਘ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਅੰਦਰੇਟਾ ਵਿੱਚ ਕਲਾਕਾਰ ਭਾਈਚਾਰੇ ਵਿੱਚ ਰਹਿੰਦਾ ਸੀ। ਇਹ ਭਾਈਚਾਰਾ ਬਜ਼ੁਰਗ ਆਇਰਿਸ਼ ਅਦਾਕਾਰ ਨੋਰਾ ਰਿਚਰਡਜ਼ ਦੇ ਦੁਆਲੇ ਵਸਿਆ ਹੋਇਆ ਸੀ। ਉਸ ਨੂੰ ਮਿਲਣ ਲਈ ਸਿੱਧੂ ਨੌਂ ਘੰਟੇ ਕਾਰ ਚਲਾ ਕੇ ਉੱਥੇ ਪਹੁੰਚੇ ਅਤੇ ਇਹ ਮਿਲਣੀ ਲੰਬੀ ਮਿੱਤਰਤਾ ਦੀ ਸ਼ੁਰੂਆਤ ਹੋ ਨਿਬੜੀ। ਉਹ ਉਸ ਵੇਲੇ ਆਪਣੇ ਸੱਠਵੇਂ ਜਨਮ-ਦਿਨ ਦੇ ਨੇੜੇ ਪਹੁੰਚ ਰਿਹਾ ਸੀ ਅਤੇ ਉਸਦੀ ਮਸ਼ਹੂਰੀ ਹਾਲੇ ਹੋਣੀ ਸੀ। ਸੁਰਜੀਤ ਨੂੰ ਉਹ ਸਫੈਦ ਖੁੱਲ੍ਹੀ ਦਾਹੜੀ ਅਤੇ ਕੇਸਾਂ, ਜਿਹੜੇ "ਨਰਮ ਅਤੇ ਕੋਮਲ ਕਿਸਮ ਦੇ ਸਨ", ਨਾਲ ਯਾਦ ਸੀ। ਉਹ " ਕੱਟੜ ਤੇ ਖੁਸ਼ਕ ਸਿੱਖ" ਨਹੀਂ ਸੀ ਅਤੇ ਪੱਗ ਨਹੀਂ ਬੰਨ੍ਹਦਾ ਸੀ। ਇਸ ਗੇੜੇ ਦੌਰਾਨ ਉਹ ਉਨ੍ਹਾਂ ਨੂੰ ਪਹਾੜਾਂ ਦੇ ਮਨਮੋਹਕ ਦ੍ਰਿਸ਼ ਦਿਖਾਉਣ ਲਈ ਸਥਾਨਿਕ ਤਾਰਾਂ ਵਾਲੀ ਰੇਲਵੇ `ਤੇ ਲੈ ਗਿਆ। ਤੁਰਦਿਆਂ ਹੋਇਆਂ ਉਹ ਅਧਿਆਤਮਿਕ  ਵਿਚਾਰ ਕਰ ਰਹੇ ਸਨ ਅਤੇ ਉਸਦੀ ਪਤਨੀ ਪਿੱਛੇ ਘਰ ਹੀ ਰਹੀ, ਉਹ ਕੁਝ ਹੋਰ ਮਹਿਮਾਨਾਂ ਦੇ ਪਹੁੰਚਣ `ਤੇ ਬਹੁਤੀ ਖੁਸ਼ ਨਹੀਂ ਸੀ ਲੱਗਦੀ। ਇਸ ਬਾਰੇ ਸੋਭਾ ਸਿੰਘ ਨੇ ਕਿਹਾ, "ਪਤਾ ਨੀ ਉਹ ਨਰਾਜ਼ ਕਿਓਂ ਹੈ, ਇੱਕ ਚਾਹ ਦੀ ਪਿਆਲੀ ਸਿਰਫ ਦੋ ਕੁ ਪੈਸਿਆਂ ਦੀ ਤਾਂ ਹੁੰਦੀ ਹੈ।"

ਸੋਭਾ ਸਿੰਘ ਦੇ ਘਰ ਪਈਆਂ ਕਿਤਾਬਾਂ ਵਿੱਚ ਜਿੱਦੂ ਕ੍ਰਿਸ਼ਨਾਮੂਰਤੀ ਦੀ ਕਿਤਾਬ 'ਲਾਈਫ ਇਨ ਫਰੀਡਮ' ਪਈ ਸੀ, ਇਹ 1928 ਵਿੱਚ ਛਪੀ ਸੀ ਅਤੇ ਹੁਣ ਮਿਲਦੀ ਨਹੀਂ ਸੀ। ਜਦੋਂ ਜੈਕੀ ਤੇ ਸੁਰਜੀਤ ਨੇ ਇਸ ਨੂੰ ਪੜ੍ਹਣਾ ਸ਼ੁਰੂ ਕੀਤਾ, ਸੋਭਾ ਸਿੰਘ ਨੇ ਕਿਹਾ, "ਉਹੀ ਆਦਮੀ ਹੈ, ਜਿਸ ਨੂੰ ਤੁਸੀਂ ਲੱਭ ਰਹੀਆਂ ਹੋ। ਉਹ ਅੱਜ-ਕੱਲ੍ਹ ਦਿੱਲੀ ਵਿੱਚ ਪ੍ਰਵਚਨ ਦੇ ਰਿਹਾ ਹੈ।" ਕ੍ਰਿਸ਼ਨਾਮੂਰਤੀ ਪਿਛਲੇ ਸਾਲ ਭਰ ਤੋਂ ਭਾਰਤ ਵਿੱਚ ਪ੍ਰਵਚਨ ਕਰ ਰਿਹਾ ਸੀ ਅਤੇ ਹੁਣ ਉਹ ਯੂਰਪ ਰਾਹੀਂ ਕੈਲੇਫੋਰਨੀਆ ਵਿੱਚ ਓਹਾਏ ਜਾਣ ਦੀਆਂ ਤਿਆਰੀਆਂ ਵਿੱਚ ਸੀ। ਕਈ ਸਾਲ ਪਹਿਲਾਂ, ਜੈਕੀ ਤੇ ਸੁਰਜੀਤ ਨੇ ਆਪਣੇ ਪਿਤਾ ਦੇ ਥੀਓਸੌਫੀਕਲ ਦੋਸਤਾਂ, ਖਾਸ ਕਰਕੇ ਕਰਤਾਰ ਸਿੰਘ ਤੋਂ, ਉਸ ਬਾਰੇ ਸੁਣਿਆ ਸੀ , ਪਰ ਉਸ ਬਾਰੇ ਉਨ੍ਹਾਂ ਨੇ ਬਹੁਤਾ ਸੋਚਿਆ ਨਹੀਂ ਸੀ। ਹਾਲ ਹੀ ਵਿੱਚ, ਸਚਿਦਾਨੰਦ ਨੇ ਵੀ ਉਸ ਬਾਰੇ ਗੱਲ ਕੀਤੀ ਸੀ। ਕ੍ਰਿਸ਼ਨਾਮੂਰਤੀ ਦੀ ਕਿਤਾਬ ਅਤੇ ਸੋਭਾ ਸਿੰਘ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਤੁਰਤ ਦਿੱਲੀ ਜਾਣ ਲਈ ਪ੍ਰੇਰ ਲਿਆ। ਉੱਥੇ ਉਨ੍ਹਾਂ ਨੇ ਕਨਾਟ ਸਰਕਸ ਨੇੜੇ ਸਿਵਿਕ ਸੈਂਟਰ ਵਿੱਚ ਚਾਰ ਹਜ਼ਾਰ ਦੇ ਕਰੀਬ ਸ੍ਰੋਤਿਆਂ ਵਿੱਚ ਬੈਠ ਕੇ ਕ੍ਰਿਸ਼ਨਾਮੂਰਤੀ ਨੂੰ ਸੁਣਿਆ। ਉਸਦੇ ਬੋਲਾਂ ਵਿੱਚ ਐਨੀ ਸ਼ਕਤੀ ਸੀ ਕਿ ਉਹ ਹਰ ਸ਼ਬਦ ਨਾਲ ਜੁੜਦੀਆਂ ਗਈਆਂ। ਉਹ ਤੁਰਤ ਹੀ ਉਸ ਬਾਰੇ ਹੋਰ ਜਾਨਣ ਲਈ ਉਤਾਵਲੀਆਂ ਹੋ ਗਈਆਂ।(7)

ਉਹ ਆਪਣੇ ਪੁਰਾਣੇ ਸੰਸਕ੍ਰਿਤ ਦੇ ਅਧਿਆਪਕ (ਉਸ ਵੇਲੇ ਤੱਕ ਉਹ ਮਸ਼ਹੂਰ ਪੱਤਰਕਾਰ ਅਤੇ ਸਿਆਸਤਦਾਨ ਬਣ ਗਿਆ ਸੀ) ਬੰਗਾਲੀ ਸ਼ਿਵਾ ਰਾਓ ਅਤੇ ਰਾਓ ਦੀ ਆਸਟਰੀਅਨ ਪਤਨੀ, ਕਿਟੀ ਕੋਲ ਠਹਿਰਿਆ ਹੋਇਆ ਸੀ। ਉਸ ਨੇ ਭੈਣਾਂ ਨੂੰ ਲੋਧੀ ਬਾਗ ਵਿੱਚ ਮੁਗਲਾਂ ਦੀਆਂ ਥੇਹਾਂ ਦੇ ਨੇੜੇ, ਲੋਧੀ ਐਸਟੇਟ ਵਿਚਲੇ ਆਪਣੇ ਘਰ ਕ੍ਰਿਸ਼ਨਾਮੂਰਤੀ ਨੂੰ ਨੇੜਿਓਂ ਸੁਨਣ ਲਈ ਸੱਦਾ ਦੇ ਦਿੱਤਾ। ਉਹ ਹੋਰ ਮਹਿਮਾਨਾਂ ਦੇ ਨਾਲ ਬੈਠਕ ਵਿੱਚ ਫਰਸ਼ `ਤੇ ਬੈਠ ਗਈਆਂ। ਉੱਥੋਂ ਫਰਨੀਚਰ ਚੁੱਕਿਆ ਹੋਇਆ ਸੀ, ਕਿਓਂ ਕਿ ਕ੍ਰਿਸ਼ਨਾਮੂਰਤੀ ਹੋਰਾਂ ਦੇ ਨਾਲ ਫਰਸ਼ `ਤੇ ਹੀ ਬੈਠਦਾ ਸੀ। ਜੈਕੀ ਤੇ ਸੁਰਜੀਤ ਉਸਦੀ ਹਾਜ਼ਰੀ ਵਿੱਚ ਬੋਲਣੋਂ ਸੰਗਦੀਆਂ ਸਨ, ਭਾਵੇਂ ਇੱਥੇ ਕ੍ਰਿਸ਼ਨਾਮੂਰਤੀ ਉਸ ਤਰ੍ਹਾਂ ਹਾਵੀ ਹੋਣ ਵਾਲੀ ਮਸ਼ਹੂਰ ਹਸਤੀ ਨਹੀਂ ਸੀ, ਜਿਵੇਂ ਉਹ ਜਨਤਕ ਪ੍ਰਵਚਨ ਕਰਦਿਆਂ ਲਗਦਾ ਸੀ। ਅਸਲ ਵਿੱਚ ਉਹ ਸਧਾਰਨ ਗੱਲਾਂਬਾਤਾਂ ਵਿੱਚ ਬਹੁਤ ਘੱਟ ਬੋਲਣ ਵਾਲਾ ਸੀ। ਪਰ ਜਦੋਂ ਉਹ ਬੋਲਦਾ ਸੀ, ਸੁਰਜੀਤ ਅਨੁਸਾਰ, " ਉਹ ਸੱਚੀਆਂ ਗੱਲਾਂ ਨਾਲ ਤੁਹਾਨੂੰ ਚਿੱਥ ਸੁੱਟਦਾ ਸੀ।" ਅਤੇ ਸੱਚ ਇਹ ਸੀ ਕਿ ਲੋਕਾਂ ਨੂੰ ਗੁਰੂ ਨਹੀਂ ਚਾਹੀਦੇ, " ਮੈਂ ਤੁਹਾਡਾ ਗੁਰੂ ਨਹੀਂ, ਮੈਂ ਇੱਥੇ ਸੁਵਿਧਾ ਲਈ ਬੈਠਾ ਹਾਂ।" ਹੋਰ ਅਧਿਆਤਮਿਕ ਅਧਿਆਪਕਾਂ ਨਾਲ ਭੈਣਾਂ ਭੈਅ ਮਹਿਸੂਸ ਕਰਦੀਆਂ ਸਨ, ਪਰ ਉਸ ਨਾਲ ਕੋਈ ਡਰ ਨਹੀਂ ਸੀ ਲਗਦਾ। ਉਨ੍ਹਾਂ ਨੇ ਚਿਤਵਿਆ ਕਿ ਇਸੇ ਤਰ੍ਹਾਂ ਹੀ ਈਸਾ, ਗੁਰੂ ਨਾਨਕ ਤੇ ਬੁੱਧ ਦੀ ਹਾਜ਼ਰੀ ਵਿੱਚ ਮਹਿਸੂਸ ਹੁੰਦਾ ਹੋਵੇਗਾ।

ਬੰਗਾਲੀ ਸ਼ਿਵਾ ਰਾਓ ਪੰਜਾਹ ਸਾਲਾਂ ਤੋਂ ਕ੍ਰਿਸ਼ਨਾਮੂਰਤੀ ਦੇ ਨੇੜੇ ਸੀ। ਉਹ ਉਸ ਨੂੰ ਉਸ ਵੇਲੇ ਤੋਂ ਜਾਣਦਾ ਸੀ, ਜਦੋਂ ਥੀਓਫਿਸਟ ਅਤੇ ਅਗੰਮ ਦ੍ਰਿਸ਼ਟੀਵਾਲੇ,  ਚਾਰਲਸ ਵੈਬਸਟਰ ਲੈੱਡਬੀਟਰ ਨੇ ਕ੍ਰਿਸ਼ਨਾਮੂਰਤੀ ਨੂੰ ਚਨੇਈ ਨੇੜੇ, ਆਦਯਾਰ ਵਿੱਚ ਥੀਓਸੌਫੀਕਲ ਸੁਸਾਇਟੀ ਦੇ ਹੈਡਕੁਆਟਰ ਦੇ ਨਜ਼ਦੀਕ ਬੀਚ `ਤੇ ਦੇਖਿਆ ਸੀ। ਕ੍ਰਿਸ਼ਨਾਮੂਰਤੀ ਉਸ ਵੇਲੇ ਚੌਦ੍ਹਾਂ ਸਾਲ ਦਾ ਸੀ ਅਤੇ ਕਮਜ਼ੋਰ ਅਤੇ ਲਾਵਾਰਿਸ ਲਗਦਾ ਸੀ, ਅਤੇ ਬਹੁਤ ਥੋੜ੍ਹੀ ਅੰਗ੍ਰੇਜ਼ੀ ਬੋਲਦਾ ਸੀ, ਪਰ ਲੈੱਡਬੀਟਰ ਨੇ ਸੋਚਿਆ ਕਿ ਉਸਦੇ ਆਭਾ ਮੰਡਲ ਵਿੱਚ ਸੰਪੂਰਨ ਨਿਰਮਲਤਾ ਸੀ ਅਤੇ ਉਸ ਨੇ ਫੈਸਲਾ ਕਰ ਲਿਆ ਕਿ ਉਹ ਆਉਣ ਵਾਲਾ ਲਾਰਡ ਮੈਡ੍ਰੇਯ, ਦੁਨੀਆਂ ਦਾ ਅਧਿਆਪਕ, ਬੁੱਧਤਵ ਨੂੰ ਪ੍ਰਾਪਤ, ਈਸਾ, ਅਤੇ ਹੋਰ ਜਿੰਨੇ ਵੀ ਇਸ ਤਰ੍ਹਾ ਦੇ ਨਾਂ ਲੈੱਡਬੀਟਰ ਦੇ ਸ਼ਬਦ-ਕੋਸ਼ ਵਿੱਚ ਸਨ, ਹੋਵੇਗਾ। ਕ੍ਰਿਸ਼ਨਾਮੂਰਤੀ ਆਦਯਾਰ ਵਿੱਚ ਇਸ ਕਰਕੇ ਰਹਿ ਰਿਹਾ ਸੀ ਕਿਉਂ ਕਿ ਉਸਦਾ ਬ੍ਰਾਹਮਣ ਪਿਤਾ, ਸੇਵਾ-ਮੁਕਤ ਜ਼ਿਲ੍ਹਾ ਮਜਿਸਟ੍ਰੇਟ, ਥੀਓਸੌਫੀਕਲ ਸੁਸਾਇਟੀ ਵਾਸਤੇ ਸਹਾਇਕ ਸਕੱਤਰ ਵਜੋਂ ਕੰਮ ਕਰਦਾ ਸੀ। ਪਰਿਵਾਰ ਸੁਸਾਇਟੀ ਦੇ ਅਹਾਤੇ ਬਾਹਰ ਇੱਕ ਮੰਦੀ ਹਾਲਤ ਵਾਲੀ ਝੌਂਪੜੀ ਵਿੱਚ ਰਹਿੰਦਾ ਸੀ। ਜਵਾਨ ਸ਼ਿਵਾ ਰਾਓ ਬਨਾਰਸ ਤੋਂ ਅਧਿਆਪਕ ਦੀ ਨੌਕਰੀ ਛੱਡ ਕੇ ਲੈੱਡਬੀਟਰ ਦੀ ਆਤਮਿਕ ਖੋਜ ਦੀ ਦਸਤਾਵੇਜ਼ੀ ਵਿੱਚ ਸਹਾਇਤਾ ਕਰਨ ਲਈ ਆਦਯਾਰ ਵਿੱਚ ਆਇਆ ਹੋਇਆ ਸੀ। ਕਿਉਂ ਕਿ ਉਹ ਉੱਥੇ ਆਇਆ ਹੋਇਆ ਸੀ ਅਤੇ ਉਸ ਕੋਲ ਸਮਾਂ ਵੀ ਸੀ, ਇਸ ਲਈ ਉਸਦੀ ਜ਼ਿੰਮੇਵਾਰੀ ਕ੍ਰਿਸ਼ਨਾਮੂਰਤੀ ਦੇ ਅਧਿਆਪਕ ਵਜੋਂ ਲੱਗ ਗਈ। ਸੁਸਾਇਟੀ ਦੀ ਪ੍ਰਧਾਨ, ਐਨੀ ਬੇਸੈਂਟ, ਦੀ ਸਹਾਇਤਾ ਨਾਲ ਲੈੱਡਬੀਟਰ ਨੇ ਮੁੰਡੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲੈ ਲਈ, ਜਿਸ ਬਾਰੇ ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਦੁਨੀਆਂ ਨੂੰ ਬਹੁਤ ਕੁਝ ਦੇਵੇਗਾ। ਮੁੰਡੇ ਦੇ ਪਿਤਾ ਨਾਲ ਉਸਦੀ ਸਪੁਰਦਗੀ ਨੂੰ ਲੈ ਕੇ ਬਹੁਤ ਪ੍ਰਚਾਰੀ ਗਈ ਲੜਾਈ ਤੋਂ ਬਾਅਦ, ਲੈੱਡਬੀਟਰ ਨੇ ਕ੍ਰਿਸ਼ਨਾਮੂਰਤੀ ਨੂੰ  ਉੱਤਰੀ ਕੌਰਨਵਾਲ ਵਿੱਚ ਸਮੁੰਦਰ ਕਿਨਾਰੇ ਬਣੀ ਬੂਡੇਹ ਦੀ ਤਫਰੀਹਗਾਹ ਵਿੱਚ ਭੇਜ ਦਿੱਤਾ ਤਾਂ ਕਿ ਉਸ ਨੂੰ ਪੱਛਮੀ ਰੰਗਤ ਵਿੱਚ ਢਾਲ ਕੇ ਭਵਿੱਖ ਲਈ ਤਿਆਰ ਕੀਤਾ ਜਾ ਸਕੇ। ਉਸ ਨੂੰ ਸੰਸਕ੍ਰਿਤ ਵਿੱਚ ਪੜ੍ਹਾਉਣ ਲਈ ਉਹ  ਸ਼ਿਵਾ ਰਾਓ ਨੂੰ ਵੀ ਨਾਲ ਲੈ ਗਏ। ਇਹ ਤਿੰਨ ਸਾਲ ਤੱਕ ਜਾਰੀ ਰਿਹਾ ਅਤੇ ਫਿਰ ਸ਼ਿਵਾ ਰਾਓ ਨੂੰ ਚਨੇਈ ਵਿੱਚ ਐਨੀ ਬੇਸੈਂਟ ਦੇ ਰੋਜ਼ਾਨਾ ਅਖਬਾਰ 'ਨਿਊ ਇੰਡੀਆ' ਦੇ ਸੰਪਾਦਕ ਵਜੋਂ ਭਾਰਤ ਮੋੜ ਦਿੱਤਾ। (9)

ਤਕਰੀਬਨ ਇੱਕ ਦਹਾਕੇ ਬਾਅਦ, ਸ਼ਿਵਾ ਰਾਓ ਤੇ ਕ੍ਰਿਸ਼ਨਾਮੂਰਤੀ ਇਕੱਠੇ ਸਮੁੰਦਰੀ ਯਾਤਰਾ ਰਾਹੀਂ ਇੱਕੋ ਕੈਬਿਨ ਰਾਹੀਂ ਕੋਲੰਬੋ ਵੱਲ ਰਵਾਨਾ ਹੋਏ, ਜਦੋਂ ਕ੍ਰਿਸ਼ਨਾਮੂਰਤੀ ਨੂੰ ਉਸਦੇ ਭਰਾ ਨਿੱਤਿਆ ਦੀ ਮੌਤ ਦੀ ਦੁਖਦਾਈ ਤੇ ਅਣਕਿਆਸੀ ਖਬਰ ਮਿਲੀ। ਅਤੇ ਚਾਰ ਸਾਲ ਬਾਅਦ ਰਾਓ ਵਫਾਦਾਰ ਮਿੱਤਰ ਵਜੋਂ ਉਸ ਨਾਲ ਖੜ੍ਹਿਆ, ਜਦੋਂ ਕ੍ਰਿਸ਼ਨਾਮੂਰਤੀ ਨੇ ਲੈੱਡਬੀਟਰ ਵੱਲੋਂ ਉਸ ਉੱਪਰ ਥੋਪੇ ਗਏ ਸੰਭਾਵੀ ਸੰਸਾਰ ਗੁਰੂ ਦੇ ਰੋਲ ਨੂੰ ਨਿਭਾਉਣ ਤੋਂ ਇਨਕਾਰ ਕਰ ਦਿੱਤਾ।  ਉਸ ਸਮੇਂ ਤੋਂ, ਕ੍ਰਿਸ਼ਨਾਮੂਰਤੀ ਨੇ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਕੋਈ ਵੀ ਇੱਕ ਰਸਤਾ ਅੰਤਿਮ ਸੱਚ ਤੱਕ ਨਹੀਂ ਲੈ ਕੇ ਜਾਂਦਾ ਅਤੇ ਨਾ ਹੀ ਕੋਈ ਗੁਰੂ ਜਾਂ ਸੰਸਥਾ ਫਾਹੁੜੀ ਜਾਂ ਪਿੰਜਰਾ ਬਣ ਕੇ ਸੱਚ ਤੱਕ ਦੀ ਅਗਵਾਹੀ  ਕਰ ਸਕਦੀ ਸੀ। ਇਸ ਵਿਵੇਕ ਨਾਲ, ਉਸ ਨੇ ਥੀਓਸੌਫੀਕਲ ਸੁਸਾਇਟੀ ਤੋਂ ਅਸਤੀਫਾ ਦੇ ਦਿੱਤਾ ਅਤੇ 'ਆਰਡਰ ਆਫ ਦਾ ਸਟਾਰ' ਸੰਸਥਾ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ, ਜਿਹੜੀ ਥੀਓਫੈਸਟਾਂ ਨੇ ਉਸ ਨੂੰ ਸੰਸਾਰ ਗੁਰੂ ਵਜੋਂ ਪੇਸ਼ ਕਰਨ ਲਈ ਬਣਾਈ ਸੀ। ਇਸ ਸਭ ਦੇ ਦੌਰਾਨ, ਸ਼ਿਵਾ ਰਾਓ ਦਾ ਉਸ ਨਾਲ ਲਗਾਤਾਰ ਲਗਾਵ ਬਣਿਆ ਰਿਹਾ,  ਅਤੇ ਜੈਕੀ ਤੇ ਸੁਰਜੀਤ ਦੇ ਰਾਓ ਦੀ ਪਤਨੀ, ਕਿੱਟੀ, ਨੂੰ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਕ੍ਰਿਸ਼ਨਾਮੂਰਤੀ ਦੇ ਸਭ ਤੋਂ ਪੁਰਾਣੇ ਦੋਸਤਾਂ ਅਤੇ ਨਿਕਟਵਰਤੀਆਂ ਨਾਲ ਬੈਠਣ ਦਾ ਮੌਕਾ ਮਿਲ ਗਿਆ।(9)

ਕ੍ਰਿਸ਼ਨਾਮੂਰਤੀ ਨਾਲ ਹੋਈਆਂ ਮੁਲਾਕਾਤਾਂ ਬਾਰੇ ਜੈਕੀ ਡਾਇਰੀ ਵਿੱਚ ਲਿਖਦੀ ਰਹਿੰਦੀ। ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਬਣੀ, ਮਹੱਤਵਪੂਰਨ ਅਤੇ ਮਹੱਤਵਹੀਣ, ਹਰ ਗੱਲ ਨੂੰ ਦਰਜ ਕਰ ਲੈਂਦੀ, ਅਤੇ ਬਾਅਦ ਵਿੱਚ ਉਸ ਨੇ ਇਸ ਨੂੰ 'ਲਿਸਨਿੰਗ ਇਜ਼ ਗੁਰੂ' ਨਾਂ ਹੇਠ ਛਪਵਾਇਆ। ਉਹ ਪਹਿਲੀ ਵਾਰ ਉਸ ਨੂੰ ਰਾਓ ਦੇ ਕੰਧਾਂ `ਚ ਘਿਰੇ ਬਾਗ ਵਿੱਚ ਮਿਲੀ ਅਤੇ ਉਸ ਨਾਲ ਕੁਝ ਨਿੱਜੀ ਪਲ ਗੁਜ਼ਾਰੇ।  ਜੈਕੀ ਨੇ ਉਸ ਨਾਲ ਸਵਾਮੀ ਰਾਧਾ ਨਾਲ ਹੋਏ ਰਹੱਸਮਈ ਤਜਰਬੇ ਨੂੰ ਸਾਂਝਾ ਕੀਤਾ  ਅਤੇ ਉਸ ਤੋਂ ਪੱਕਾ ਕੀਤਾ ਕਿ ਉਹ ਕੀ ਸੀ। ਜੈਕੀ ਦੀ ਅਧਿਆਤਮਿਕ  ਖੋਜ ਦਾ ਉਹ  ਕੇਂਦਰ ਬਣ ਗਿਆ ਅਤੇ ਉਸ ਤੋਂ ਬਾਅਦ ਉਹ ਜਿੱਥੇ ਵੀ ਸੰਭਵ ਹੁੰਦਾ, ਕ੍ਰਿਸ਼ਨਾਮੂਰਤੀ ਦੇ ਹਰੇਕ ਪ੍ਰਵਚਨ ਵਿੱਚ ਜਾਣ ਲੱਗ ਪਈ। ਭਾਵੇਂ ਸੁਰਜੀਤ ਵੀ ਉਸਦੇ ਨਾਲ ਹੀ ਜਾਂਦੀ ਸੀ, ਪਰ ਉਸਦੀ ਤਾਂਘ ਜੈਕੀ ਜਿੰਨੀ ਤੀਬਰ ਨਹੀਂ ਸੀ। ਸੁਰਜੀਤ ਨੇ ਇਸ ਬਾਰੇ ਸੋਭਾ ਸਿੰਘ ਨੂੰ ਫਰਵਰੀ 1962 ਵਿੱਚ ਚਿੱਠੀ ਲਿਖੀ। ਇਸ ਨੂੰ "ਮਨਮੋਹਕ ਚਿੱਠੀ" ਆਖਦਿਆਂ ਜਵਾਬ ਵਿੱਚ ਉਸ ਨੇ ਸਲਾਹ ਦਿੱਤੀ , " ਸੋ ਤੁਸੀਂ ਕ੍ਰਿਸ਼ਨਾ ਜੀ ਦੇ ਨਿਯਮਤ ਸ੍ਰੋਤੇ ਬਣ ਚੁੱਕੇ ਹੋ, ਪਰ ਮੇਰੇ ਬੱਚੇ, ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਆਪਣੇ ਆਪ ਨੂੰ ਬੇਲੋੜਾ ਥਕਾ ਰਹੇ ਹੋ। ਤੁਹਾਡੇ ਵਿੱਚ ਕੀ ਕਮੀ ਹੈ ਕਿ ਤੁਸੀਂ ਹਰ ਅਧਿਆਤਮਵਾਦੀ ਦੇ ਪਿੱਛੇ ਦੌੜਦੇ ਹੋ ਭਾਵੇਂ ਉਹ ਵਿਨੋਦਾ ਭਾਵੇ ਸੀ ਜਾਂ ਕ੍ਰਿਸ਼ਨਾਮੂਰਤੀ? ਕਦੇ ਵੀ ਕਿਸੇ ਨੂੰ ਐਨਾ ਜ਼ਿਆਦਾ ਨਾ ਜਾਣੋ ਕਿ ਉਹ ਆਪਣੀ ਖਿੱਚ ਹੀ ਗਵਾ ਦੇਵੇ। ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਜਾਨਣ ਤੋਂ ਬਾਅਦ ਇਵੇਂ ਹੀ ਹੁੰਦਾ ਹੈ।" (10) ਪਰ ਕ੍ਰਿਸ਼ਨਾਮੂਰਤੀ ਪ੍ਰਤੀ ਭੈਣਾਂ ਵਿੱਚੋਂ ਕਿਸੇ ਦੀ ਵੀ ਖਿੱਚ ਵਿੱਚ ਕਮੀ ਨਾ ਆਈ।

ਇਸ ਤੋਂ ਕੁਝ ਮਹੀਨਿਆਂ ਬਾਅਦ ਹੀ, ਕਪੂਰ ਨੂੰ ਦਿਲ ਦਾ ਵੱਡਾ ਦੌਰਾ ਪਿਆ। ਇਹ ਔੜ ਵਿੱਚ 9 ਸਤੰਬਰ 1962 ਨੂੰ ਵਾਪਰਿਆ, ਅਤੇ ਅਗਲੇ ਡੇਢ ਸਾਲ ਲਈ ਉਸ ਨੂੰ ਲਗਾਤਾਰ ਨਿਗਰਾਨੀ ਦੀ ਲੋੜ ਰਹੀ ਕਿਉਂ ਕਿ 1947 ਤੋਂ ਸ਼ੂਗਰ ਦਾ ਮਰੀਜ਼ ਹੋਣ ਕਰਕੇ ਉਸਦੀ ਕਮਜ਼ੋਰੀ ਗੁੰਝਲਦਾਰ ਹੋ ਗਈ ਸੀ। ਉਹ ਬਹੁਤ ਬੇਸਬਰੀ ਨਾਲ ਫਿਰ ਕਨੇਡਾ ਦੇਖਣਾ ਚਾਹੁੰਦਾ ਸੀ, ਅਤੇ ਉਸਦਾ ਪਰਿਵਾਰ ਆਉਂਦੀਆਂ ਗਰਮੀਆਂ ਵਿੱਚ ਉਸ ਨੂੰ ਦੋ ਮਹੀਨੇ ਲਈ ਮੁੜ ਵੈਨਕੂਵਰ ਲੈ ਗਿਆ। ਸਾਰੇ ਸਮਝਦੇ ਸਨ ਕਿ ਇਹ ਸ਼ਾਇਦ ਉਸਦੀ  ਦੇਸ਼ ਵਿੱਚ ਆਖਰੀ ਫੇਰੀ ਹੋਵੇ, ਜਿਸਦਾ ਉਸ ਲਈ ਬਹੁਤ ਮਹੱਤਵ ਸੀ, ਜਿੱਥੇ ਉਹ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਰਿਹਾ ਅਤੇ ਭਾਰੀ ਮੁਸ਼ਕਲਾਂ ਦੇ ਬਾਵਜੂਦ ਵੱਡੀ ਸਫਲਤਾ ਪ੍ਰਾਪਤ ਕੀਤੀ ਸੀ। ਉਹ ਪੱਛਮੀ ਤੱਟ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਖਾਸ ਕਰਕੇ  ਵੈਨਕੂਵਰ ਟਾਪੂ `ਤੇ ਉਸਦੀ ਕੰਪਨੀ ਦੀ ਜਾਇਦਾਦ ਉਪਰਲੇ ਵਣਾਂ ਅਤੇ ਝੀਲਾਂ ਨੂੰ । ਅਤੇ ਉਹ ਆਪਣੇ ਆਪ ਨੂੰ ਕਨੇਡੀਅਨ ਮਹਿਸੂਸ ਕਰਦਾ ਸੀ। ਨੌਜਵਾਨ ਵਜੋਂ ਉਸ ਨੇ ਕਨੇਡੀਅਨ ਬਣਨਾ ਚੁਣਿਆ ਸੀ, ਅਤੇ ਜਿੱਥੋਂ ਤੱਕ ਉਸਦਾ ਸਬੰਧ ਸੀ, ਉਸਦਾ ਫੈਸਲਾ ਠੀਕ ਸੀ।

ਪੰਜਾਬੀ ਭਾਈਚਾਰੇ ਤੋਂ ਬਾਹਰ ਵੀ ਆਪਣੀ ਮਿੱਤਰਤਾ ਦੀ ਉਸ ਨੂੰ ਕਦਰ ਸੀ, ਖਾਸ ਕਰਕੇ ਰੀਅਲ ਅਸਟੇਟ ਤੇ ਇੰਸ਼ਿਉਰੈਂਸ ਏਜੰਟ, ਜਿਮ ਆਰਮਸਟਰੌਂਗ, ਜਿਸ ਨੇ ਬਰਾਨੈੱਟ ਮਿੱਲ ਖ੍ਰੀਦਣ ਵਿੱਚ ਉਸਦੀ ਸਹਾਇਤਾ ਕੀਤੀ ਸੀ ਅਤੇ ਉਦੋਂ ਤੋਂ ਹੀ ਉਸਦਾ ਨਜ਼ਦੀਕੀ ਸਾਥੀ ਸੀ। ਆਰਮਸਟਰੌਂਗ ਇਸ ਕਿਸਮ ਦਾ ਮਿੱਤਰ ਸੀ ਜਿਹੜਾ ਹਰ ਵਾਰ ਉਸਦੇ ਭਾਰਤ ਤੋਂ ਮੁੜਣ ਵੇਲੇ ਹਵਾਈ ਅੱਡੇ `ਤੇ ਪਹੁੰਚ ਕੇ ਉਸਦਾ ਸਵਾਗਤ ਕਰਦਾ। ਅਜੇਹੇ ਲੋਕਾਂ ਰਾਹੀਂ, ਕਪੂਰ ਦੀ ਸੂਬੇ ਦੇ ਸਭ ਤੋਂ ਵੱਧ ਯੋਗ ਪੇਸ਼ੇਵਾਰ ਅਤੇ ਕਨੂੰਨੀ ਮਾਹਰ ਲੋਕਾਂ ਦੀ ਸਲਾਹ ਤੱਕ ਪਹੁੰਚ ਸੀ। 1963 ਦੀਆਂ ਗਰਮੀਆਂ ਵਿੱਚ ਕਮਜ਼ੋਰ ਰੋਗੀ ਵਜੋਂ, ਉਸ ਨੂੰ ਔੜ ਵਾਲੇ ਹਸਪਤਾਲ ਲਈ ਭਵਿੱਖ ਵਿੱਚ ਆਰਥਿਕ ਪ੍ਰਬੰਧ ਦੀ ਚਿੰਤਾ ਸੀ। ਉਹ ਕਨੇਡਾ ਦੀ ਸਰਕਾਰ ਤੋਂ ਆਪਣੀ ਸੰਸਥਾ ਵੱਲੋਂ ਭਾਰਤ ਨੂੰ ਭੇਜੀ ਜਾਣ ਵਾਲੀ ਸਹਾਇਤਾ ਉੱਪਰ ਟੈਕਸ ਦੀ ਛੋਟ ਚਾਹੁੰਦਾ ਸੀ। ਟੈਕਸ ਵਿਭਾਗ ਨਾਲ ਸੌਦੇਬਾਜ਼ੀ ਕਰਨ ਲਈ ਉਸ ਨੇ ਵਾਲਟਰ ਓਵਨ ਨਾਂ ਦੇ ਵਕੀਲ ਨੂੰ ਓਟਵਾ ਭੇਜਿਆ। ਉਹ ਕਨੇਡੀਅਨ ਬਾਰ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਸੀ ਅਤੇ ਭਵਿੱਖ ਵਿੱਚ ਬੀ. ਸੀ. ਦਾ ਲੈਫਟੀਨੈਂਟ ਗਵਰਨਰ ਬਣਿਆ ਅਤੇ ਉਸ ਨੇ ਇਸ ਕੰਮ ਵਿੱਚ ਸਫਲਤਾ ਪ੍ਰਾਪਤ ਕੀਤੀ। ਇੱਕ ਪ੍ਰਵਾਸੀ, ਜਿਸ ਨੂੰ ਕਦੇ ਕਨੇਡਾ ਦੀ ਬਲੇਨ ਵਾਲੀ ਸਰਹੱਦ ਤੋਂ ਪਾਰ ਆਉਣ ਦੀ ਆਗਿਆ ਨਹੀਂ ਸੀ ਮਿਲੀ, ਉਸ ਨੇ ਲੰਬਾ ਪੈਂਡਾ ਸਰ ਕਰ ਲਿਆ ਸੀ।

ਜਦੋਂ ਕਪੂਰ ਨੇ ਕਨੇਡਾ ਵਿੱਚ ਆਪਣੀ ਹਯਾਤੀ ਦੀਆਂ ਆਖਰੀ ਗਰਮੀਆਂ ਬਿਤਾਈਆਂ, ਕ੍ਰਿਸ਼ਨਾਮੂਰਤੀ ਨੇ ਸਵਿਟਜ਼ਰਲੈਂਡ ਦੇ ਪਰਬਤੀ ਪਿੰਡ ਸਾਨੇਨ ਵਿੱਚ ਦਸ ਭਾਸ਼ਣ ਦਿੱਤੇ। ਇਹ ਥਾਂ ਕੌਮਾਂਤਰੀ ਤਫਰੀਹਗਾਹ ਜੈਸਟਾਡ, ਤੋਂ ਥੋੜ੍ਹੀ ਦੂਰੀ `ਤੇ ਹੇਠ ਵਹਾਅ ਵੱਲ ਉਸੇ ਮਨਮੋਹਕ ਵਾਦੀ ਵਿੱਚ ਸੀ। ਇਹ ਸਲਾਨਾ ਸਮਾਗਮ ਕ੍ਰਿਸ਼ਨਾਮੂਰਤੀ ਦੀ ਸਾਰੇ ਯੂਰਪ ਨਾਲ ਮੁੱਖ ਬੈਠਕ ਸੀ। ਉਸ ਨੇ ਆਪਣੇ ਭਾਸ਼ਣ ਸੇਨ ਦਰਿਆ ਦੇ ਕਿਨਾਰੇ, ਕਿਰਾਏ `ਤੇ ਲਈ ਜ਼ਮੀਨ ਉਪੱਰ ਤਣੇ ਵੱਡੇ ਗੁੰਬਦੀ ਟੈਂਟਾਂ ਵਿੱਚ ਦਿੱਤੇ। ਇਨ੍ਹਾਂ ਟੈਂਟਾਂ ਦਾ ਨਕਸ਼ਾ ਬੱਕਮਿਨਸਟਰ ਫੁੱਲਰ ਨੇ ਬਣਾਇਆ ਸੀ। ਉਨ੍ਹਾਂ ਗਰਮੀਆਂ ਵਿੱਚ ਯਾਹੂਦੀ ਮੈਨੂਅਨ ਅਤੇ ਉਸਦੇ ਪਰਿਵਾਰ ਨੇ ਇਸ ਸਮਾਗਮ ਵਿੱਚ ਹਾਜ਼ਰੀ ਲਵਾਈ ਅਤੇ ਚਾਰਲਸ ਲਿੰਡਬਰਗ ਤੇ ਉਸਦੀ ਪਤਨੀ ਨੇ ਵੀ। ਜੈਕੀ ਨੇ ਜਾਣ ਲਈ ਖਿੱਚ ਮਹਿਸੂਸ ਕੀਤੀ, ਕ੍ਰਿਸ਼ਨਾਮੂਰਤੀ ਦੁਆਲੇ ਸਾਥ ਕਰਕੇ ਨਹੀਂ, ਸਗੋਂ ਅਧਿਆਪਕ ਅਤੇ ਉਸਦੀਆਂ ਸਿੱਖਿਆਵਾਂ ਵਾਸਤੇ। ਉਹ ਜਨੇਵਾ ਤੱਕ ਹਵਾਈ ਜਹਾਜ਼ ਰਾਹੀਂ ਗਈ ਅਤੇ ਉੱਥੋਂ ਜੈਸਟਾਡ ਤੱਕ ਬੱਸ ਰਾਹੀਂ, ਜਿੱਥੇ ਉਹ ਉੱਚ ਦੁਮਾਲੜੇ ਪਾਰਕ ਹੋਟਲ ਵਿੱਚ ਠਹਿਰੀ ਅਤੇ ਸੁਰਜੀਤ, ਰਲਵੀਆਂ-ਮਿਲਵੀਆਂ ਭਾਵਨਾਵਾਂ ਨਾਲ, ਉਨ੍ਹਾਂ ਦੇ ਪਿਤਾ ਦੀ ਦੇਖ-ਭਾਲ ਲਈ, ਪਿੱਛੇ ਵੈਨਕੂਵਰ ਵਿੱਚ ਠਹਿਰੀ। ਕ੍ਰਿਸ਼ਨਾਮੂਰਤੀ ਦੇ ਭਾਸ਼ਣਾਂ ਵਿੱਚੋਂ ਇੱਕ ਤੋਂ ਬਾਅਦ, ਜੈਕੀ ਉਸ ਨੂੰ ਸਮਾਂ ਲੈ ਕੇ ਮਿਲੀ ਅਤੇ ਉਸ ਕੋਲੋਂ ਭਾਸ਼ਣ ਸੁਣਦੇ ਸਮੇਂ ਦੌਰਾਨ ਅਤੇ ਉਸ ਤੋਂ ਪਿੱਛੋਂ ਦੇ ਆਪਣੇ ਮਨ ਦੀ ਅਵਸਥਾ ਦੇ ਤਜਰਬੇ ਬਾਰੇ ਪੁੱਛਿਆ। ਉਸ ਨੇ ਆਪ ਵੀ ਇਸ ਬਾਰੇ ਵਿਸ਼ਲੇਸ਼ਣ ਕੀਤਾ ਸੀ,  ਜਿਹੜਾ ਉਸਦੀਆਂ ਸਿੱਖਿਆਵਾਂ `ਤੇ ਅਧਾਰਤ ਸੀ ਜਿਵੇਂ ਸਵੈ-ਪੜਚੋਲ, ਚੇਤਨਤਾ ਦੀਆਂ ਪਰਤਾਂ ਨੂੰ ਉਧੇੜਨਾ ਅਤੇ ਬਿਨਾਂ ਕਿਸੇ ਦਵੈਤ ਭਾਵ ਦੇ ਸਮੇਂ ਅਤੇ ਸੋਚ ਦੇ ਪਾਰ ਨੁਕਤੇ `ਤੇ ਪਹੁੰਚਣਾ। ਉਸ ਨੇ ਜੈਕੀ ਨੂੰ ਯਕੀਨ ਦਵਾਇਆ ਕਿ ਉਹ ਸਹੀ ਰਸਤੇ `ਤੇ ਸੀ।  ਜਿਓਂ ਹੀ ਉਹ ਜਾਣ ਲੱਗੀ, ਕ੍ਰਿਸ਼ਨਾਮੂਰਤੀ ਨੇ ਉਸ ਨੂੰ ਪੁੱਛਿਆ ਕਿ ਜਦੋਂ ਉਹ ਪਿਛਲੀ ਵਾਰ ਉਸ ਨੂੰ ਦਿੱਲੀ ਵਿੱਚ ਮਿਲਿਆ ਸੀ, ਉਸ ਤੋਂ ਬਾਅਦ ਉਹ ਕੀ ਕਰਦੀ ਰਹੀ ਸੀ। ਜੈਕੀ ਨੇ ਉਸ ਨੂੰ ਦੱਸਿਆ ਕਿ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਸੀ, ਅਤੇ ਕ੍ਰਿਸ਼ਨਾਮੂਰਤੀ ਨੇ ਇਸ ਪ੍ਰਤੀ ਦੁੱਖ ਪ੍ਰਗਟਾਇਆ।(11)

ਸਤੰਬਰ ਵਿੱਚ ਜਦੋਂ ਸਿੱਧੂ ਵੈਨਕੂਵਰ ਤੋਂ ਦਿੱਲੀ ਲਈ ਚੱਲੇ, ਉਨ੍ਹਾਂ ਨੇ ਆਪਣਾ ਲਾਲ ਰੰਗ ਦਾ ਪੋਮੇਰਨੀਅਨ ਨਸਲ ਦਾ ਛੋਟਾ ਕੁੱਤਾ, ਟਿਨੀ, ਵੀ ਨਾਲ ਲੈ ਲਿਆ, ਜਿਹੜਾ ਕਦੇ ਯੌਰਕ ਐਵੇਨਿਊ ਵਾਲੇ ਗਵਾਂਢੀਆਂ ਦਾ ਸੀ। ਜੈਕੀ ਤੇ ਸੁਰਜੀਤ ਨੇ ਸੋਚਿਆ ਕਿ ਟਿਨੀ ਵਰਗਾ ਕੁੱਤਾ, ਉਨ੍ਹਾਂ ਦੇ ਪਿਤਾ ਲਈ ਚੰਗਾ ਸਾਥ ਹੋਵੇਗਾ। ਕੁੱਤੇ ਦੇ ਮਾਲਕਾਂ ਨੇ ਅਪਾਰਟਮੈਂਟ ਵਿੱਚ ਰਹਿਣ ਲੱਗਣਾ ਸੀ, ਇਸ ਲਈ ਜੈਕੀ ਤੇ ਸੁਰਜੀਤ ਨੇ ਉਸ ਨੂੰ ਅਪਣਾ ਲਿਆ ਅਤੇ ਉਹ ਛੇਤੀ ਹੀ ਤਜਰਬੇਕਾਰ ਯਾਤਰੀ ਬਣ ਗਿਆ। ਜੈਕੀ ਚਾਹੁੰਦੀ ਸੀ ਕਿ ਉਸਦਾ ਪਿਤਾ, ਕ੍ਰਿਸ਼ਨਾਮੂਰਤੀ ਦੇ ਦਰਸ਼ਨ ਕਰੇ( ਉੱਚੇ ਦਰਜੇ ਦਾ ਅਸ਼ੀਰਵਾਦ ਅਤੇ ਉਸਦੀ ਮੌਜੂਦਗੀ ਦਾ ਅਨੁਭਵ), ਇਸ ਲਈ ਉਹ ਰਸਤੇ ਵਿੱਚ ਜਨੇਵਾ  ਰੁਕ ਗਏ ਅਤੇ ਉੱਥੋਂ ਸੜਕ ਰਸਤੇ 115 ਕਿਲੋਮੀਟਰ ਕਾਰ ਰਾਹੀਂ ਜੈਸਟਾਡ ਅਤੇ ਪਾਰਕ ਹੋਟਲ ਤੱਕ ਗਏ। ਕ੍ਰਿਸ਼ਨਾਮੂਰਤੀ ਜੈਸਟਾਡ ਵਿੱਚ ਇੱਕ ਸਜੇ ਹੋਏ ਵੱਡੇ ਘਰ ਵਿੱਚ ਰਹਿ ਰਿਹਾ ਸੀ। ਇਹ ਘਰ ਉਸਦੇ ਚੰਗੇ ਦੋਸਤਾਂ ਵਿੱਚੋਂ ਇੱਕ, ਰਾਜਦੂਤ ਇਟਾਲੀਨ ਵਿਧਵਾ ਵਾਂਡਾ ਸਕਾਰਵੇਲੀ ਨੇ ਉਸ ਲਈ ਕਿਰਾਏ `ਤੇ ਲੈ ਕੇ ਦਿੱਤਾ ਸੀ। ਕ੍ਰਿਸ਼ਨਾਮੂਰਤੀ ਨੇ ਸਾਨੈਨ ਵਾਲੇ ਭਾਸ਼ਣਾਂ ਦੀ ਲੜੀ ਸ਼ੈਲੇ ਟਾਨੈਗ ਵਿੱਚ ਰਹਿੰਦਿਆਂ ਪੂਰੀ ਕਰ ਲਈ ਸੀ। ਜੈਕੀ ਤੇ ਸੁਰਜੀਤ ਆਪਣੇ ਮਾਪਿਆਂ ਅਤੇ ਕੁੱਤੇ ਨਾਲ ਸ਼ੈਲੇ ਤੱਕ ਕਾਰ ਚਲਾ ਕੇ ਗਈਆਂ, ਅਤੇ ਦਰਵਾਜ਼ੇ `ਤੇ ਰੁਕ ਕੇ ਪੁੱਛਿਆ ਕਿ ਕੀ ਕ੍ਰਿਸ਼ਨਾਮੂਰਤੀ ਉਨ੍ਹਾਂ ਨੂੰ ਮਿਲ ਸਕਦਾ ਸੀ। ਉਹ ਮਿਹਰਬਾਨੀ ਨਾਲ ਬਾਹਰ ਆਇਆ ਕਪੂਰ ਨੂੰ ਬੋਲਿਆ, "ਤੁਸੀਂ ਕਿਵੇਂ ਹੋ, ਜਨਾਬ।" ਕਪੂਰ, ਜਿਹੜਾ ਉਸ ਵੇਲੇ ਬਹੁਤ ਬਿਮਾਰ ਸੀ, ਮੁਸਕਰਾ ਪਿਆ।

ਪੰਜ ਮਹੀਨੇ ਬਾਅਦ, 16 ਫਰਵਰੀ1964, ਨੂੰ ਕਪੂਰ ਆਪਣੇ ਔੜ ਵਾਲੇ ਘਰ ਵਿੱਚ ਪੂਰਾ ਹੋ ਗਿਆ। ਟਿਨੀ ਉਸਦੀਆਂ ਉਂਗਲਾਂ ਨੂੰ ਚੱਟ ਰਿਹਾ ਸੀ ਜਦੋਂ ਉਸ ਨੇ ਆਖਰੀ ਸਾਹ ਲਿਆ। ਉਸਦੇ ਪਿਤਾ ਦੀ ਮੌਤ, ਜਿਵੇਂ ਸੁਰਜੀਤ ਨੇ ਬਾਅਦ ਵਿੱਚ ਲਿਖਿਆ, ਪਰਿਵਾਰ ਵਿੱਚ ਵੱਡੀ ਖਾਈ ਛੱਡ ਗਈ। ਉਸ ਨੇ ਅਤੇ ਜੈਕੀ ਨੇ ਕਪੂਰ ਵੱਲੋਂ ਮਿਲਦੇ ਨੈਤਿਕ ਸਹਿਯੋਗ ਦੀ ਘਾਟ ਨੂੰ ਮਹਿਸੂਸ ਕੀਤਾ ਅਤੇ ਉਸਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਾ ਭਾਰ ਵੀ ਮਹਿਸੂਸ ਕੀਤਾ, ਜਿਹੜਾ ਹੁਣ ਉਨ੍ਹਾਂ ਨੂੰ ਚੁੱਕਣਾ ਪੈਣਾ ਸੀ। ਸੁਰਜੀਤ ਨੇ ਤੁਰਤ ਹੀ ਆਪਣੇ ਆਪ ਨੂੰ ਇੱਕ ਨਿਰਾਸ਼ ਟਕਰਾਵ ਦੌਰਾਨ ਭਾਰਤੀ ਅਫਸਰਸ਼ਾਹੀ `ਤੇ ਆਪਣਾ ਤਣਾਅ ਝਾੜਦੇ ਪਾਇਆ। ਸਥਾਨਿਕ ਪੁਲਿਸ ਥਾਣੇ ਨੇ ਜਲੰਧਰ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਕਪੂਰ ਦੀ ਮੌਤ ਬਾਰੇ ਰੀਪੋਰਟ ਭੇਜ ਦਿੱਤੀ ਸੀ, ਪਰ ਇੱਕ ਛੋਟੇ ਦਰਜੇ ਦੇ ਸਥਾਨਿਕ ਪੁਲਿਸ ਅਫਸਰ (ਜਮਾਦਾਰ) ਨੇ ਕਿਸੇ ਨਾਲ ਵੀ ਸੰਪਰਕ ਕੀਤੇ ਬਿਨਾਂ ਹੀ ਫਾਰਮ ਭਰ ਦਿੱਤਾ ਸੀ। ਉਸ ਨੇ ਕਪੂਰ ਦੀ ਉਮਰ ਨੱਬੇ ਸਾਲ ਭਰੀ ਸੀ, ਭਾਵੇਂ ਕਪੂਰ ਅਸਲ ਵਿੱਚ ਉਨਾਸੀ ਸਾਲ ਦਾ ਸੀ।

ਸੁਰਜੀਤ ਨੂੰ ਇਸ ਗਲਤੀ ਦਾ ਉਦੋਂ ਪਤਾ ਲੱਗਾ ਜਦੋਂ ਉਹ ਜਲੰਧਰ ਤੋਂ ਸਰਜਨ ਜਨਰਲ ਦੇ ਦਫਤਰ ਵਿੱਚੋਂ ਮੌਤ ਦਾ ਸਰਟੀਫੀਕੇਟ ਲੈਣ ਗਈ। ਇਸ ਨੂੰ ਬਦਲਣਾ ਅਸੰਭਵ ਸਿੱਧ ਹੋਇਆ, ਭਾਵੇਂ  ਉਸ ਨੇ  ਔੜ ਤੋਂ , ਸਥਾਨਿਕ ਥਾਣੇ ਵਾਲੇ ਪਿੰਡ, ਨਵਾਂ ਸ਼ਹਿਰ ਤਹਿਸੀਲ, ਅਤੇ ਜਲੰਧਰ  ਦੇ ਕਈ ਗੇੜੇ ਲਾਏ। ਉਸ ਨੇ ਜਿਸ ਬਾਰੇ ਵੀ ਸੋਚ ਸਕਦੀ ਸੀ, ਉਸ ਨਾਲ ਗੱਲ ਕੀਤੀ ਜਿਵੇਂ ਜਮਾਦਾਰ, ਸਰਪੰਚ, ਨਵਾਂ ਸ਼ਹਿਰ `ਚ ਤਹਿਸੀਲਦਾਰ, ਜਲੰਧਰ ਵਿੱਚ ਸਰਜਨ ਜਨਰਲ, ਸਰਕਾਰੀ ਵਕੀਲ, ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ। ਸਭ ਤੋਂ ਉੱਚੇ ਅਹੁਦੇ ਵਾਲੇ ਅਫਸਰ ਨੇ ਵੀ ਆਖ ਦਿੱਤਾ ਕਿ ਉਹ ਜਮਾਦਾਰ ਦੇ ਲਿਖੇ ਨੂੰ ਬਦਲ ਨਹੀਂ ਸਕਦਾ। ਉਨ੍ਹਾਂ ਅਨੁਸਾਰ ਇਹ ਉਸ `ਤੇ ਨਿਰਭਰ ਕਰਦਾ ਸੀ ਅਤੇ ਜਮਾਦਾਰ ਉਨ੍ਹਾਂ ਦੀਆਂ ਸਪਸ਼ਟ ਹਦਾਇਤਾਂ ਤੋਂ ਬਿਨਾਂ ਕੁਝ ਵੀ ਬਦਲਣ ਲਈ ਤਿਆਰ ਨਹੀਂ ਸੀ। ਸੁਰਜੀਤ ਨੇ ਸਰਕਾਰੀ ਵਕੀਲਾਂ ਨੂੰ ਅਪਣੇ ਪਿਤਾ ਦਾ ਕਨੇਡੀਅਨ ਪਾਸਪੋਰਟ ਦਿਖਾਇਆ, ਜਿਸ ਉੱਪਰ ਜਨਮ ਤਾਰੀਖ ਦਰਜ ਸੀ, ਪਰ ਨਵਾਂ ਸ਼ਹਿਰ ਦੇ ਤਹਿਸੀਲਦਾਰ ਨੇ ਜਨਮ ਜਾਂ ਸਕੂਲ ਦੇ ਸਰਟੀਫੀਕੇਟ ਤੋਂ ਬਿਨਾਂ ਕੁਝ ਵੀ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜ ਹਫਤਿਆਂ ਬਾਅਦ, ਉਸਨੇ ਹਥਿਆਰ ਸੁੱਟ ਦਿੱਤੇ ਅਤੇ ਉਹੀ ਮੌਤ ਦਾ ਸਟਰੀਫੀਕੇਟ ਲੈ ਕੇ ਆਪਣੇ ਵਕੀਲਾਂ ਨੂੰ ਕਨੇਡਾ ਭੇਜ ਦਿੱਤਾ ਅਤੇ ਉਨ੍ਹਾਂ ਨੂੰ ਆਖ ਦਿੱਤਾ ਕਿ ਉਸਦੇ ਪਿਤਾ ਦੀ ਜਾਇਦਾਦ ਦਾ  ਨਿਪਟਾਰਾ ਇਨ੍ਹਾਂ ਗਲਤ ਪੇਪਰਾਂ ਨਾਲ ਹੀ ਕਰ ਦਿਓ। ਫਿਰ ਉਸ ਨੇ ਇਸ ਬਾਰੇ ਇੰਦਰਾ ਗਾਂਧੀ ਨੂੰ ਇੱਕ ਲੰਬੀ ਚਿੱਠੀ ਲਿਖੀ। ਉਸ ਨੇ ਲਿਖਿਆ, "ਮੈਂ ਪ੍ਰਮਾਤਮਾ ਦਾ ਸ਼ੁਕਰ ਹੀ ਕਰ ਸਕਦੀ ਹਾਂ ਕਿ ਸਾਡਾ ਇਨ੍ਹਾਂ ਅਧਿਕਾਰੀਆਂ ਨਾਲ ਹਰ ਰੋਜ਼ ਵਾਹ ਨਹੀਂ ਪੈਂਦਾ।" ਉਸ ਨੂੰ ਜਵਾਬ ਦੀ ਕੋਈ ਉਮੀਦ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਇਆ।(12)

ਕਪੂਰ ਦੇ ਸਭ ਤੋਂ ਨੇੜਲੇ ਪਰਿਵਾਰ ਵਿੱਚੋਂ ਉਸਦਾ ਛੋਟਾ ਭਰਾ, ਤਾਰਾ  ਅਤੇ  ਉਸਦਾ ਭਤੀਜਾ, ਕਸ਼ਮੀਰ ਕਨੇਡਾ ਵਿੱਚ ਸਨ। ਤਾਰਾ ਹਾਲੇ ਵੀ ਵਿਨਾਸ਼ ਹੋਈ ਬਾਰਨੈੱਟ ਮਿੱਲ ਦੇ ਨੇੜੇ ਆਪਣੇ ਐਲਬਰਟ ਗਲੀ ਵਾਲੇ ਘਰ `ਚ ਹੀ ਰਹਿੰਦਾ ਸੀ ਅਤੇ ਕਸ਼ਮੀਰ, ਭਗਵਾਨ ਦਾ ਪੁੱਤਰ, ਜਿਹੜਾ ਬਾਰਨੈੱਟ ਮਿੱਲ ਚਲਾਉਂਦਾ ਸੀ, ਬਾਅਦ ਵਿੱਚ ਅਪਾਰਟਮੈਂਟ ਬਣਾਉਣ ਦਾ ਕਾਰੋਬਾਰ ਕਾਮਯਾਬੀ ਨਾਲ ਕਰਨ ਲੱਗਾ। ਪਰ ਜਦੋਂ 'ਵੈਨਕੂਵਰ ਸਨ' ਅਖਬਾਰ ਨੇ ਕਪੂਰ ਦੀ ਮੌਤ ਬਾਰੇ ਖਬਰ ਛਾਪੀ, ਜਿਹੜੇ ਆਦਮੀ ਨੇ ਮੌਤ ਦੇ ਲੇਖ ਵਾਸਤੇ ਬਿਆਨ ਦਿੱਤਾ, ਉਹ ਉਸਦਾ ਪੁਰਾਣਾ ਦੋਸਤ, ਉਸਦਾ ਸਹਿਯੋਗੀ, ਅਤੇ ਉਸਦਾ ਮੁਲਾਜ਼ਮ, ਕਰਤਾਰ ਸਿੰਘ ਹੁੰਦਲ ਸੀ। ਕਰਤਾਰ ਸਿੰਘ ਨੂੰ ਕਪੂਰ ਦੀ ਨੌਕਰੀ ਛੱਡੇ ਨੂੰ ਪੰਦਰਾਂ ਸਾਲਾਂ ਤੋਂ ਉੱਪਰ ਹੋ ਗਏ ਸਨ। ਇਹ ਉਸ ਨੇ ਹੈਲੇਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਿੱਚ ਛੱਡੀ ਸੀ। ਉਹ ਉਸ ਵੇਲੇ ਛਪੰਜਾ ਸਾਲ ਦਾ ਸੀ ਅਤੇ ਹੈਲੇਨਾ, ਜਿਹੜੀ ਪਹਿਲਾਂ ਯੂ. ਬੀ. ਸੀ. ਦੇ ਇੱਕ ਪ੍ਰੋਫੈਸਰ ਦੀ ਪਤਨੀ ਸੀ, ਉਸ ਨਾਲੋਂ ਬਹੁਤ ਛੋਟੀ ਸੀ।  ਉਨ੍ਹਾਂ ਦੇ ਬੱਚੇ ਵੀ ਸਨ, ਪਰ ਇਹ ਵਿਆਹ ਨਿਭਿਆ ਨਹੀਂ ਸੀ। ਜਦੋਂ ਕਪੂਰ ਦੀ ਮੌਤ ਹੋਈ ਸੀ, ਉਦੋਂ ਕਰਤਾਰ ਆਪਣੇ ਭਤੀਜੇ ਤਲਮਿੰਦਰ ਨਾਲ ਐਡਨਿਕ ਗਲੀ ਵਿਚ ਰਹਿੰਦਾ ਸੀ ਅਤੇ ਡਾਊਨਟਾਊਨ ਦੀ ਗ੍ਰੈਨਵਿਲ ਸਟਰੀਟ `ਤੇ ਆਪਣੇ ਅਕਾਊਂਟਿੰਗ ਦੇ ਦਫਤਰ ਨੂੰ ਚਲਾਉਂਦਾ ਸੀ।(13) ਉਸਦੇ ਕਪੂਰ ਨਾਲ ਬਹੁਤ ਸਾਰੇ ਉਦੇਸ਼ ਸਾਂਝੇ ਸਨ ਅਤੇ ਰਾਜਨੀਤਕ ਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਵੀ ਇੱਕੋ ਜਿਹੇ ਸਨ ਪਰ ਅਖਬਾਰ ਵਾਸਤੇ ਮੌਤ ਵਾਲੇ ਲੇਖ ਲਈ ਉਸ ਨੇ ਸਿਰਫ ਉਸਦੇ ਗੁਣਾਂ ਦੀ ਹੀ ਗੱਲ ਕੀਤੀ, "ਇੱਕ ਬਹੁਤ ਚੰਗਾ ਇਨਸਾਨ----ਸਾਡੇ ਸਾਰਿਆਂ ਲਈ ਉਦਾਹਰਣ-----ਸਹਿਜ ਅਤੇ ਨਰਮ ਦਿਲ----ਉਹੀ ਬੋਲਦਾ, ਜਿਸਦਾ ਮਤਲਬ ਹੁੰਦਾ----ਉਸ ਕੋਲ ਕਦੇ ਵੀ ਕਿਸੇ ਵੀ ਸਲਾਹ ਲਈ ਜਾਇਆ ਜਾ ਸਕਦਾ ਸੀ।(14)

ਪਹਿਲਾਂ 1959 ਵਿੱਚ ਕਰਤਾਰ ਸਿੰਘ ਨੇ ਕਪੂਰ ਨੂੰ ਪੰਜਾਬ ਦੀ ਰਾਜਨੀਤੀ ਬਾਰੇ ਲਿਖਿਆ ਸੀ। ਕਰਤਾਰ ਸਿੰਘ ਨੇ ਕਦੇ ਵੀ ਸੰਘਰਸ਼ ਕਰਨਾ ਨਹੀਂ ਸੀ ਛੱਡਿਆ, ਪਰ ਉਹ ਆਪਣੀ ਉਮਰ ਨੂੰ ਮਹਿਸੂਸ ਕਰ ਰਿਹਾ ਸੀ ਅਤੇ ਪੰਜਾਬ ਵਿਚਲੇ ਧਾਰਮਿਕ ਤੇ ਰਾਜਨੀਤਕ ਸਿੱਖ ਆਗੂਆਂ ਤੋਂ ਬੇਹੱਦ ਨਿਰਾਸ਼ ਸੀ। ਉਹ ਇੱਕ ਅਜੇਹੇ ਵਾਕੇ ਦੇ ਦਸਤਾਵੇਜ਼ ਇਕੱਠੇ ਕਰ ਰਿਹਾ ਸੀ, ਜਿਹੜਾ ਹਾਲਾਤ ਦੀ ਗੰਦਗੀ `ਤੇ ਚਾਨਣਾ ਪਾਉਂਦਾ ਸੀ। ਉਹ ਸੱਤਾ ਦੀ ਉੱਪਰਲੀ ਪੌੜੀ `ਤੇ ਬੈਠੇ ਲੋਕਾਂ ਦੀਆਂ ਅਢੁੱਕਵੀਆਂ ਸਕੀਮਾਂ ਅਤੇ ਛੜਯੰਤਰਾਂ ਬਾਰੇ ਕਪੂਰ ਨੂੰ ਦੱਸਣਾ ਚਾਹੁੰਦਾ ਸੀ। ਉਸ ਨੇ ਇਹ ਚਿੱਠੀ ਕਪੂਰ ਦੇ ਭਾਰਤ ਤੋਂ ਗੇੜਾ ਲਾ ਕੇ ਮੁੜਣ ਤੋਂ ਬਾਅਦ ਲਿਖੀ ਸੀ , ਅਤੇ ਉਹ ਕਪੂਰ ਦੇ ਪੱਕੇ ਤੌਰ `ਤੇ ਭਾਰਤ ਮੁੜਣ ਤੋਂ ਪਹਿਲਾਂ ਉਸ ਨੂੰ ਮਿਲਣਾ ਚਾਹੁੰਦਾ ਸੀ। ਕਰਤਾਰ ਸਿੰਘ  ਹੁਣ ਕਾਰ ਨਹੀਂ ਸੀ ਰੱਖਦਾ, ਇਸ ਲਈ ਉਹ ਸ਼ਹਿਰ ਦੇ ਦੂਜੇ ਹਿੱਸੇ ਦਾ ਚੱਕਰ ਲਾਉਣ ਤੋਂ ਪਹਿਲਾਂ, ਚਿੱਠੀ ਰਾਹੀਂ ਮਿਲਣ ਦਾ ਪ੍ਰਬੰਧ ਕਰ ਰਿਹਾ ਸੀ। ਕਪੂਰ ਨੇ ਇਹ ਚਿੱਠੀ ਸਾਂਭ ਰੱਖੀ ਸੀ ਅਤੇ ਜਦੋਂ ਸਾਲਾਂ ਬਾਅਦ ਉਸਦੀਆਂ ਧੀਆਂ ਨੇ ਇਹ ਪੜ੍ਹੀ, ਇਹ ਇੱਕ ਨਾਖੁਸ਼ ਐਕਟੇਵਿਸਟ ਦਾ ਉਦਾਸ ਹਲਫੀਆ ਬਿਆਨ ਪ੍ਰਤੀਤ ਹੁੰਦਾ ਸੀ ਜਿਹੜਾ ਭਵਿੱਖ ਨੂੰ ਦੇਖਣ ਲਈ ਜਿੰਦਾ ਰਿਹਾ ਸੀ ਅਤੇ ਇਹ ਉਸ ਨੂੰ ਉਸ ਤੋਂ ਕਿਤੇ ਘੱਟ ਲੱਗਾ, ਜਿਹੋ ਜਿਹੇ ਦੀ  ਉਸ ਨੂੰ ਉਮੀਦ ਸੀ।(15)

1959 ਵਿੱਚ, ਜਦੋਂ ਕਪੂਰ ਨੇ ਅਪਣਾ ਕਾਰੋਬਾਰ ਸਮੇਟਿਆ ਅਤੇ ਭਾਰਤ ਵਿਚਲੇ ਹਸਪਤਾਲ ਦੀ ਸਹਾਇਤਾ ਲਈ ਇੱਕ ਚੈਰੀਟੇਬਲ ਸੰਸਥਾ ਸਥਾਪਿਤ ਕੀਤੀ, ਕਨੇਡਾ ਵਿਚਲਾ ਸਿੱਖ ਭਾਈਚਾਰਾ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਸੀ। 150 ਪਰਵਾਸੀਆਂ ਦਾ ਸਲਾਨਾ ਕੋਟਾ, ਜਿਹੜਾ ਪਾਂਡੀਆ, ਕਰਤਾਰ, ਕਪੂਰ ਅਤੇ ਉਨ੍ਹਾਂ ਦੇ ਹਮਵਤਨੀਆਂ ਨੇ ਕਨੇਡਾ ਦੀ ਸਰਕਾਰ ਨਾਲ ਸੰਘਰਸ਼ ਕਰ ਕੇ 1951 ਵਿੱਚ ਲਿਆ ਸੀ, ਨੇ ਅਸਰ ਦਿਖ਼ਾਇਆ ਸੀ। ਅਤੇ ਪਾਂਡੀਆਂ ਦੀ ਅਗਵਾਈ ਵਿੱਚ  ਉਹ ਇਸ ਨੂੰ  1958 ਵਿੱਚ ਦੁੱਗਣਾ ਕਰਨ ਵਿੱਚ ਕਾਮਯਾਬ ਹੋ ਗਏ ਸਨ। ਕਪੂਰ ਦੇ ਮਰਨ ਤੋਂ ਪਹਿਲਾਂ, 1963 ਵਿੱਚ ਕੋਟਾ ਪੂਰੀ ਤਰ੍ਹਾਂ ਗਾਇਬ ਹੋ ਗਿਆ, ਅਤੇ 1967 ਤੱਕ ਪੰਜਾਬੀ  ਅਤੇ ਹੋਰ ਭਾਰਤੀ ਵੀ ਯੂਰਪ ਅਤੇ ਅਮਰੀਕਾ ਤੋਂ ਆਉਣ ਵਾਲੇ  ਪਰਵਾਸੀਆਂ ਦੇ ਦਾਖਲੇ ਵਾਲੇ ਸਾਰੇ ਹੱਕਾਂ ਦਾ ਆਨੰਦ ਮਾਣ ਰਹੇ ਸਨ। ਭਾਵੇਂ ਇੱਕ ਛੋਟੇ ਭਾਈਚਾਰੇ ਲਈ, ਜਿਸਨੇ ਸਾਲਾਂ ਬੱਧੀ ਪਰਵਾਸ ਲਈ ਘੋਰ ਰੋਕਾਂ ਦਾ ਸਾਹਮਣਾ ਕੀਤਾ ਸੀ, ਲਈ 150 ਜਾਂ 300 ਪਰਵਾਸੀਆਂ ਦਾ ਕੋਟਾ ਵੀ ਬਹੁਤਾ ਨਹੀਂ ਸੀ ਲੱਗਦਾ ਪਰ ਇਹ ਜਸ਼ਨ ਮਨਾਉਣ ਵਾਲੀ ਪ੍ਰਾਪਤੀ ਸੀ। ਇਸਦਾ ਮਤਲਬ ਸੀ ਕਿ ਕਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਭਵਿੱਖ ਸੁਰੱਖਿਅਤ ਸੀ।

1959 ਦੇ ਜੁਲਾਈ ਤੇ ਅਗਸਤ ਮਹੀਨਿਆਂ ਵਿੱਚ, ਇੱਕ ਬਰਤਾਨਵੀ ਮਾਨਵ ਵਿਗਿਆਨੀ, ਏਡਰੀਅਨ ਸੀ. ਮੇਅਰ, ਨੇ ਯੂ. ਬੀ. ਸੀ. `ਚ ਗਰਮੀਆਂ ਦੇ ਸਕੂਲ ਵਿੱਚ ਪੜ੍ਹਾਇਆ। ਉਹ ਪਹਿਲਾਂ ਹੀ ਭਾਰਤ ਅਤੇ ਫਿਜੀ ਦੇ ਭਾਰਤੀਆਂ ਬਾਰੇ ਕਈ ਘੋਖ-ਪੱਤਰਾਂ ਦਾ ਲੇਖਕ ਸੀ। ਅਤੇ ਉਹ ਹਰ ਰੋਜ਼ ਕਲਾਸ ਤੋਂ ਬਾਅਦ ਘੰਟਿਆਂ ਬੱਧੀ ਸਿੱਖਾਂ ਅਤੇ ਹੋਰ ਸਾਊਥ ਏਸ਼ੀਅਨਾਂ ਨਾਲ ਉਨ੍ਹਾਂ ਦੇ ਘਰੀਂ ਜਾਂ ਮੰਦਰਾਂ ਵਿੱਚ ਜਾ ਕੇ ਗੱਲਾਂ ਕਰਦਾ। ਗਰਮੀਆਂ ਦੇ ਅੰਤ `ਤੇ ਉਸ ਨੇ ਇੱਕ ਰੀਪੋਰਟ ਲਿਖੀ ਅਤੇ ਅਮਰੀਕਨ ਮਾਨਵਜਾਤੀ ਵਿਗਿਆਨੀ, ਮਾਰੀਅਨ ਸਮਿੱਥ ਨੂੰ ਦਿਖਾਈ। ਉਸ ਨੇ ਵੀ ਇਹੋ-ਜਿਹੀ ਹੀ ਘੋਖ 1943 ਵਿੱਚ ਕੀਤੀ ਸੀ।  ਮੇਅਰ ਨੇ ਗਰੇਟਰ ਵੈਨਕੂਵਰ ਇਲਾਕੇ ਦੀ ਟੈਲੀਫੋਨ ਡਾਇਰੈਕਟਰੀ ਵਿੱਚ ਘੱਟੋ ਘੱਟ 108 ਅਤੇ ਸ਼ਾਇਦ ਵੱਧ ਤੋਂ ਵੱਧ 113 ਸਾਊਥ ਏਸ਼ੀਅਨਾਂ ਦੇ ਪਤੇ ਲੱਭੇ, ਉਨ੍ਹਾਂ ਵਿੱਚੋਂ ਜ਼ਿਆਦਾ ਵੈਨਕੂਵਰ ਸ਼ਹਿਰ ਵਿੱਚ ਸਨ। ਇਹ ਦੇਸ਼ ਵਿੱਚ ਸਾਊਥ ਏਸ਼ੀਅਨਾਂ ਦੀ ਸਭ ਤੋਂ ਘਣੀ ਆਬਾਦੀ ਸੀ। ਧਿਆਨ ਦੇਣ ਯੋਗ ਗੱਲ ਇਹ ਸੀ ਕਿ ਜਿਹੜੇ ਪਤੇ ਮੇਅਰ ਨੇ ਇਕੱਠੇ ਕੀਤੇ ਸਨ, ਉਹ ਝੁਰਮਟ ਵਿੱਚ ਨਹੀਂ ਸਨ, ਸਗੋਂ ਸਾਰੇ ਸ਼ਹਿਰ ਵਿੱਚ ਖਿੱਲਰੇ ਹੋਏ ਸਨ।

ਉਸ ਨੇ ਖੋਜ ਕੀਤੀ ਕਿ ਜਦੋਂ ਸਾਊਥ ਏਸ਼ੀਅਨ ਮਕਾਨ ਖ੍ਰੀਦਦੇ ਸਨ ਅਤੇ ਵੈਨਕੂਵਰ ਵਿੱਚ ਗੁਆਂਢ ਚੁਣਦੇ ਸਨ ਤਾਂ ਉਹ ਕੀਮਤ ਅਤੇ ਸਕੂਲ ਜਾਂ ਕੰਮ ਦੇ ਨੇੜੇ ਹੋਣ ਬਾਰੇ ਦੇਖਦੇ ਸਨ, ਅਤੇ ਹੋਰ ਸਾਊਥ ਏਸ਼ੀਅਨਾਂ ਦੇ ਨੇੜੇ ਹੋਣ ਦੀ ਚਿੰਤਾ ਨਹੀਂ ਸੀ ਕਰਦੇ। ਉਨ੍ਹਾਂ ਕੋਲ ਕਾਰਾਂ ਹੁੰਦੀਆਂ ਸਨ ਅਤੇ ਉਹ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਲਈ ਪੰਦਰਾਂ ਮਿੰਟ ਜਾਂ ਅੱਧਾ ਘੰਟਾ ਕਾਰ ਚਲਾ ਕੇ ਜਾਣ `ਚ ਔਖਿਆਈ ਨਹੀਂ ਸੀ ਮੰਨਦੇ। ਮੇਅਰ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਲੰਡਨ ਵਿੱਚ ਗੁਜ਼ਾਰਿਆ ਸੀ, ਜਿੱਥੇ ਲੋਕਾਂ ਦੀਆਂ ਵੱਖ-ਵੱਖ ਤਰਜੀਹਾਂ ਸਨ, ਉਸ ਨੇ ਦੇਖਿਆ ਕਿ ਇਸੇ ਕਿਸਮ ਦਾ ਵਿਹਾਰ ਹੀ ਵੈਨਕੂਵਰ ਵਿੱਚ ਸੀ ਅਤੇ ਸਾਊਥ ਏਸ਼ੀਅਨ ਇਸ ਤੋਂ ਵੱਖਰੇ ਸਨ। ਉਸ ਨੇ ਵੇਖਿਆ ਕਿ ਵੈਨਕੂਵਰ ਵਾਲਿਆਂ ਦਾ ਆਪਣੇ ਗੁਆਂਢੀਆਂ ਨਾਲ ਕੋਈ ਲੈਣ-ਦੇਣ ਨਹੀਂ ਜਾਂ ਬਹੁਤ ਥੋੜ੍ਹਾ ਸੀ। ਪਰ ਜਿਹੜੇ ਸਾਊਥ ਏਸ਼ੀਅਨਾਂ ਨੂੰ ਉਹ ਮਿਲਿਆ, ਉਨ੍ਹਾ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਤੋਂ ਅਗਲੇ ਮਕਾਨ ਵਾਲੇ ਜਾਂ ਗਲੀ `ਚ ਸਾਹਮਣੇ ਵਾਲਿਆਂ ਨਾਲ ਉਨ੍ਹਾਂ ਦਾ ਮਿਲਵਰਤਣ ਸੀ ਭਾਵੇਂ ਉਹ ਚੀਨੇ ਸਨ ਜਾਂ ਗੋਰੇ। ਉਨ੍ਹਾਂ ਦੇ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸਨ ਜਿਵੇਂ 1930ਵਿਆਂ ਅਤੇ 1940ਵਿਆਂ ਵਿੱਚ ਜੈਕੀ ਤੇ ਸੁਰਜੀਤ ਆਪਣੇ ਗੁਆਂਢ ਵਿਚਲੇ ਬੱਚਿਆਂ ਨਾਲ ਖੇਡਦੀਆਂ ਸਨ। ਅਤੇ ਨਾਲ ਲੱਗਵੇਂ ਘਰਾਂ ਵਾਲੇ ਇੱਕ-ਦੂਜੇ ਦੀ ਸਹਾਇਤਾ ਕਰਦੇ ਸਨ ਅਤੇ ਕ੍ਰਿਸਮਸ ਤੇ ਨਵੇਂ ਸਾਲ ਵਾਲੇ ਦਿਨ ਇੱਕ-ਦੂਜੇ ਦੇ ਆਉਂਦੇ-ਜਾਂਦੇ ਸਨ। ਇਹ ਉਨ੍ਹਾਂ ਨੇ ਸੱਭਿਆਚਾਰਕ ਅੜਿੱਕਿਆਂ ਤੋਂ ਪਾਰ ਜਾ ਕੇ ਕਰ ਲਿਆ ਸੀ। ਜਿਵੇਂ ਇੱਕ ਸਿੱਖ ਬਾਪ ਨੇ ਮੇਅਰ ਨੂੰ ਦੱਸਿਆ, ਉਸ ਨੂੰ ਸ਼ੱਕ ਸੀ ਕਿ ਉਸਦੇ ਬੱਚਿਆਂ ਦੇ ਨਾਲ ਖੇਡਣ ਵਾਲੇ ਜਾਣਦੇ ਹੋਣਗੇ ਕਿ ਉਹ ਘਰ ਵਿੱਚ ਕੋਈ ਹੋਰ ਜ਼ੁਬਾਨ ਬੋਲਦੇ ਸਨ। ਇੱਕ ਪੱਧਰ `ਤੇ ਦੋਸਤ ਸਨ ਅਤੇ ਕਿਸੇ ਹੋਰ `ਤੇ ਅਜਨਬੀ।(17)

ਮੇਅਰ ਜਿਹੜੇ ਸਾਊਥ ਏਸ਼ੀਅਨਾਂ ਨੂੰ ਮਿਲਿਆ ਉਨ੍ਹਾਂ ਰਾਹੀਂ ਉਹ ਦੋ ਤੱਤਾਂ ਤੋਂ ਜਾਣੂੰ ਹੋਇਆ, ਇੱਕ ਪਿੰਡਾਂ ਦੇ ਸੱਭਿਆਚਾਰ ਨੂੰ ਛੱਡ ਕੇ ਪੱਛਮੀ ਰੰਗ ਵਿੱਚ ਰੰਗੇ ਗਏ ਸਨ ਤੇ ਦੂਜੇ ਨਹੀਂ। ਵਿੱਦਿਆ, ਭਾਵੇਂ ਉਹ ਭਾਰਤ ਤੋਂ ਪ੍ਰਾਪਤ ਕੀਤੀ ਜਾਂ ਕਨੇਡਾ ਤੋਂ, ਨੇ ਪੱਛਮੀਕਰਨ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਪਰਿਵਾਰਕ ਜ਼ਿੰਦਗੀ ਕਨੇਡੀਅਨ ਬੱਚਿਆਂ ਦੀ ਪੀੜ੍ਹੀ ਪੈਦਾ ਕਰ ਰਹੀ ਸੀ ਜਿਹੜੇ ਆਪਣੇ ਮਾਪਿਆਂ ਨੂੰ ਵਿਸ਼ਾਲ ਕਨੇਡੀਅਨ ਭਾਈਚਾਰੇ ਵਿੱਚ ਖਿੱਚ ਕੇ ਲੈ ਗਏ। ਪਰ ਮੇਅਰ ਨੇ ਪ੍ਰਭਾਵ ਗ੍ਰਹਿਣ ਕੀਤਾ ਕਿ ਭਾਰਤ ਵਿੱਚ ਜਨਮੇ ਬਹੁਤੇ ਬੰਦੇ, ਦੋਨੋਂ ਹੀ ਪਹਿਲਾਂ ਆਏ ਅਤੇ ਨਵੇਂ ਪਹੁੰਚੇ, ਇਸ ਤਰ੍ਹਾਂ ਵਿਹਾਰ ਕਰਦੇ ਸਨ ਜਿਵੇਂ ਉਹ ਹਾਲੇ ਵੀ ਪੰਜਾਬ ਦੇ ਪਿੰਡਾਂ ਵਿੱਚ ਹੋਣ, ਇਹ ਵੱਖਰੀ ਗੱਲ ਸੀ ਕਿ ਉਨ੍ਹਾਂ ਕੋਲ ਜ਼ਿਆਦਾ ਧਨ, ਆਰਾਮ ਅਤੇ ਆਜ਼ਾਦੀ ਸੀ। ਇਹ ਬੰਦੇ ਪਿੰਡ ਦੇ ਸਮਾਜ ਨੂੰ ਥੋੜ੍ਹਾ ਜਾਂ ਬਹੁਤਾ ਪੂਰਨ ਰੂਪ ਵਿੱਚ ਆਪਣੇ ਨਾਲ ਹੀ ਲੈ ਆਏ ਸਨ। ਉਸ ਨੇ ਇਸਦੀ ਉਦਾਹਰਣ ਪੰਜਾਬੀਆਂ ਦੀ ਇੱਕ ਪਿਕਨਿਕ ਵਿੱਚ ਜਾ ਕੇ ਅੱਖੀਂ ਦੇਖੀ, ਜਿੱਥੇ ਉਹ  ਤਾਸ਼ ਖੇਡਦੇ ਹੋਏ ਰੌਲਾ-ਰੱਪਾ ਪਾਉਂਦੇ ਸਨ, ਕਬੱਡੀ ਖੇਡਦੇ ਸਨ, ਰੱਸਾ-ਕਸ਼ੀ ਕਰਦੇ ਸਨ, ਸ਼ਰਾਬ ਪੀਂਦੇ ਸਨ, ਉੱਚੀ-ਉੱਚੀ ਗੱਲਾਂ ਕਰਦੇ ਅਤੇ ਉੱਥੋਂ ਲੰਘ ਰਹੀਆਂ ਗੋਰੀਆਂ ਕੁੜੀਆਂ `ਤੇ ਪੰਜਾਬੀ ਵਿੱਚ ਆਵਾਜੇ ਕੱਸਦੇ ਸਨ।  ਕੁਝ ਪੜ੍ਹੇ ਲਿਖੇ ਆਦਮੀ ਹਾਸ਼ੀਏ `ਤੇ ਖੜ੍ਹੇ ਸਨ, ਉਹ ਭਾਰਤ ਤੋਂ ਆਏ ਪਰਵਾਸੀ ਸਨ ਜਿਹੜੇ ਉੱਥੇ ਅਧਿਆਪਕ ਸਨ ਜਾਂ ਹੋਰ ਸਰਕਾਰੀ ਨੌਕਰੀ ਛੱਡ ਕੇ ਆਏ ਅਤੇ ਉਹ ਵਧੀਆ ਅੰਗ੍ਰੇਜ਼ੀ ਬੋਲਦੇ ਸਨ। ਮੇਅਰ ਨੇ ਦੇਖਿਆ ਕਿ ਉਹ ਆਪਣੇ ਰੌਲਾ-ਰੱਪਾ ਪਾਉਣ ਵਾਲੇ ਦੇਸ ਵਾਸੀਆਂ ਤੋਂ ਅਲੱਗ ਖੜੋਤੇ ਸਨ ਅਤੇ ਕਦੇਂ ਕਦਾਈਂ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਾਲ ਉਨ੍ਹਾਂ ਵਿੱਚ ਦਖਲ ਦਿੰਦੇ।  ਉਨ੍ਹਾਂ ਦੇ ਆਲੇ-ਦੁਆਲੇ ਪਿਕਨਿਕ ਕਰਨ ਆਏ ਗੋਰੇ ਉਨ੍ਹਾਂ ਦੀਆਂ ਹਰਕਤਾਂ ਨੂੰ ਨਾਪਸੰਦਗੀ ਵਾਲੀਆਂ ਨਜ਼ਰਾਂ ਨਾਲ ਤੱਕਦੇ ਸਨ, ਇਸ ਗੱਲੋਂ ਦਖਲ ਦੇਣ ਵਾਲੇ ਤਾਂ ਸਾਵਧਾਨ ਸਨ, ਪਰ ਖਰੂਦ ਕਰਨ ਵਾਲੇ ਨਹੀਂ।

ਮੇਅਰ ਨੇ ਕਪੂਰ ਨਾਲ ਮੁਲਾਕਾਤ ਨਹੀਂ ਕੀਤੀ ਸੀ, ਉਹ ਉਸ ਮਈ ਵਿੱਚ ਭਾਰਤ ਚਲਿਆ ਗਿਆ ਸੀ, ਪਰ ਉਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਭਾਈਚਾਰੇ ਦੀ ਕਪੂਰ ਦੇ ਸੇਵਾ-ਮੁਕਤ ਹੋਣ ਵਾਲੇ ਸਮੇਂ ਦੀ ਤਸਵੀਰ ਖਿੱਚ ਦਿੱਤੀ ਸੀ। ਇਹ ਵਧ ਰਿਹਾ ਸੀ, ਭਾਵੇਂ ਬਹੁਤ ਥੋੜ੍ਹੀ ਮਾਤਰਾ ਵਿੱਚ, ਅਤੇ ਹਾਲੇ ਵੀ ਮਰਦ-ਪ੍ਰਧਾਨ, ਜਿਹੜਾ ਕੁਝ ਮੇਅਰ ਨੇ ਪਿਕਨਿਕ ਵੇਲੇ ਵੇਖਿਆ ਉਹ ਇਸਦੀ ਵਿਆਖਿਆ ਕਰਨ ਵਿੱਚ ਸਹਾਈ ਹੁੰਦਾ ਹੈ। ਕਪੂਰ ਤਕਰੀਬਨ ਅੱਧੀ ਸਦੀ ਤੱਕ ਇਸ ਭਾਈਚਾਰੇ ਦਾ ਆਗੂ ਰਿਹਾ ਸੀ, ਅਤੇ ਇਸਦੇ ਬਚੇ ਰਹਿਣ ਵਿੱਚ ਕਪੂਰ ਦਾ ਵੱਡਾ ਹਿੱਸਾ ਸੀ। ਉਸ ਨੇ ਸਦਾ ਹੋਰ ਕਨੇਡੀਅਨਾਂ ਤੱਕ ਪਹੁੰਚ ਕੀਤੀ ਸੀ, ਅਤੇ ਜੇ ਉਸ ਨੇ ਅਜੇਹਾ ਨਾ ਕੀਤਾ ਹੁੰਦਾ ਤਾਂ ਕਾਰੋਬਾਰ ਵਿੱਚ ਬਰਾਬਰ ਦੀ ਕਾਮਯਾਬੀ ਅਸੰਭਵ ਹੋਣੀ ਸੀ। ਉਸ ਨੇ ਹੋਰ ਪੰਜਾਬੀਆਂ ਲਈ ਕਨੇਡਾ ਦੇ ਬੂਹੇ ਖੋਲ੍ਹਣ ਵਿੱਚ ਮੱਦਦ ਕੀਤੀ ਸੀ। ਜਿਹੜੇ ਲੋਕਾਂ ਨੇ ਇਸਦਾ ਸਭ ਤੋਂ ਵੱਧ ਫਾਇਦਾ ਉਠਾਇਆ, ਉਹ ਪੰਜਾਬ ਦੇ ਉਸ ਵਾਲੇ ਇਲਾਕੇ ਵਿੱਚੋਂ ਆਏ ਸਨ। ਜਦੋਂ ਮੇਅਰ ਵੈਨਕੂਵਰ ਟਾਪੂ ਦੀ ਫੋਨ ਡਾਇਰੈਕਟਰੀ ਵਿੱਚ ਦੀ ਲੰਘਿਆ, ਉਸ ਨੂੰ ਪਤਾ ਲੱਗਾ ਕਿ ਉਸ ਵਿੱਚ ਦਰਜ ਬਹੁਤੇ ਪੇਂਡੂ ਦੁਆਬੇ ਦੇ ਇਲਾਕੇ ਤੋਂ ਸਨ। ਉਹ ਲੋਕ ਕਨੇਡਾ ਵੱਲ ਕਪੂਰ, ਮੇਓ, ਅਤੇ ਉਨ੍ਹਾਂ ਦੇ ਹਿੱਸੇਦਾਰਾਂ ਦੇ ਦੁਆਲੇ ਪਿੰਡਾਂ ਅਤੇ ਰਿਸ਼ਤੇਦਾਰੀਆਂ ਦੇ  ਨੈੱਟਵਰਕ ਰਾਹੀਂ ਖਿੱਚੇ ਗਏ। ਅਤੇ ਆਉਣ ਵਾਲੇ ਦਹਾਕਿਆਂ ਵਿੱਚ ਦੁਆਬੇ ਦੇ ਹੋਰ ਪਰਿਵਾਰਾਂ ਦੇ ਕਨੇਡਾ ਵਿੱਚ ਆਉਣ ਨਾਲ ਸਬੰਧ ਹੋਰ ਤਾਕਤਵਾਰ ਹੋ ਗਏ। ਕਪੂਰ ਦੀ ਜ਼ਿੰਦਗੀ ਦੌਰਾਨ, ਬਹੁਤੇ ਕਨੇਡੀਅਨਾਂ ਨੂੰ ਮੁਸ਼ਕਲ ਨਾਲ ਹੀ ਉਨ੍ਹਾਂ ਦਰਮਿਆਨ ਸਿੱਖਾਂ ਦੀ ਹੋਂਦ ਬਾਰੇ ਚੇਤਨਾ ਸੀ। ਉਸਦੀ ਸਫਲਤਾ ਨੇ ਇਹ ਬਦਲਣ ਵਿੱਚ ਸਹਾਇਤਾ ਕੀਤੀ, ਭਾਵੇਂ ਉਸ ਨੇ ਆਪਣੀ ਜ਼ਿੰਦਗੀ ਦੌਰਾਨ ਇਹ ਆਪ ਵਾਪਰਦਾ ਨਹੀਂ ਦੇਖਿਆ।

Read 106 times Last modified on Tuesday, 01 May 2018 12:35