ਲੇਖ਼ਕ

Tuesday, 01 May 2018 12:26

16. ਕਿਲੇ ਦੇ ਮੋਤੀ - ਵਿਆਹ ਅਤੇ ਮਾਂ ਦਾ ਵਿਛੋੜਾ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਪੰਜਾਬ ਵਿੱਚ ਜੈਕੀ ਤੇ ਸੁਰਜੀਤ ਨਾ ਤਾਂ ਉੱਥੋਂ ਦੀਆਂ ਸਨ ਤੇ ਨਾ ਹੀ ਬਾਹਰਲੀਆਂ। ਉਨ੍ਹਾਂ ਦਾ ਪੰਜਾਬ ਨਾਲ ਸਬੰਧ ਆਪਣੇ ਮਾਪਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਰਾਹੀਂ ਸੀ ਅਤੇ ਉਹ ਆਪਣੀ ਮਾਂ ਵਾਲੀ ਪੇਂਡੂ, ਮਿੱਠੀ, ਠੇਠ ਪੰਜਾਬੀ ਬੋਲਦੀਆਂ ਸਨ, ਭਾਵੇਂ ਪਿੰਡ ਵਾਲਿਆਂ ਦੇ ਕੰਨਾਂ ਨੂੰ ਇਹ ਸ਼ੁੱਧ ਅਤੇ ਪ੍ਰਾਚੀਨ ਲੱਗਦੀ ਸੀ, ਜਿਹੜੇ ਆਮ ਤੌਰ `ਤੇ ਆਪ ਬਿਨਾਂ ਕਿਸੇ ਅਦਾ ਅਤੇ ਤਕੱਲਫ ਤੋਂ, ਰੁੱਖੇ ਢੰਗ ਨਾਲ ਬੋਲਦੇ ਸਨ। ਉਹ ਵਿਦੇਸ਼ ਵਿੱਚ ਵੱਡੀਆਂ ਹੋਈਆਂ ਸਨ, ਅਤੇ ਸਥਾਨਕ ਲੋਕ ਉਨ੍ਹਾਂ ਦੀ ਬੋਲ-ਬਾਣੀ, ਅਦਾਵਾਂ, ਵਿਹਾਰ ਅਤੇ ਕੱਪੜਿਆਂ ਕਾਰਣ ਉਨ੍ਹਾਂ ਨੂੰ ਵਿਦੇਸ਼ੀ ਸਮਝਦੇ ਸਨ। ਔੜ ਦੇ ਆਸ-ਪਾਸ, ਉਹ, ਕਨੇਡੀਅਨ ਭੈਣਾਂ ਜਿਹੜੀਆਂ "ਕਨੇਡਾ ਵਾਲਾ" ਹਸਪਤਾਲ ਚਲਾਉਂਦੀਆਂ ਸਨ, ਵਜੋਂ ਜਾਣੀਆਂ ਜਾਂਦੀਆਂ ਸਨ। ਜਦੋਂ ਉਨ੍ਹਾਂ ਨੇ ਹਸਪਤਾਲ ਬਣਾਇਆ, ਪਿੰਡ ਵਾਲਿਆਂ ਨੂੰ ਆਸ ਨਹੀਂ ਸੀ ਕਿ ਉਹ ਟਿਕਣਗੇ ਅਤੇ ਉਨ੍ਹਾਂ ਨੇ ਹੈਰਾਨਗੀ ਪ੍ਰਗਟਾਈ ਜਦੋਂ ਉਹ ਪਹਿਲੀਆਂ ਗਰਮੀਆਂ ਦੀ ਗੈਰਹਾਜ਼ਰੀ ਤੋਂ ਬਾਅਦ ਸੱਚੀਂ ਹੀ ਮੁੜ ਆਏ। ਸਮਾਂ ਬੀਤਣ ਨਾਲ ਉਨ੍ਹਾਂ ਨੇ ਹਸਪਤਾਲ ਵਿੱਚ ਸੇਵਾ ਕਰਨ ਦੀ ਆਪਣੀ ਗੰਭੀਰਤਾ ਸਿੱਧ ਕੀਤੀ। ਅਤੇ ਵਰ੍ਹਿਆਂ ਦੇ ਬੀਤਣ ਨਾਲ, ਪੰਜਾਬ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ, ਭਾਵੇਂ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗੇ ਪੰਜਾਬੀ ਕਦੇ ਵੀ ਨਾ ਬਣੇ।

ਆਪਣੇ ਪਿਤਾ ਦੀ ਮੌਤ ਤੋਂ ਪੰਜ ਮਹੀਨੇ ਬਾਅਦ, ਸੁਰਜੀਤ ਨੇ ਇੱਕ ਪੰਜਾਬੀ ਨਾਲ ਵਿਆਹ ਕਰਵਾ ਲਿਆ, ਅਤੇ ਉਸ ਤੋਂ ਸੋਲ੍ਹਾਂ ਮਹੀਨੇ ਬਾਅਦ ਜੈਕੀ ਨੇ ਵੀ। ਉਨ੍ਹਾਂ ਦੇ ਦੋਸਤਾਂ ਵਿੱਚ ਪਹਿਲਾਂ, ਆਪਣੇ ਪਿਤਾ, ਰਿਸ਼ਤੇਦਾਰ ਭਰਾਵਾਂ, ਜਾਂ ਚਾਚਿਆਂ-ਤਾਇਆਂ ਤੋਂ ਬਿਨਾਂ ਕੋਈ ਹੋਰ ਮਰਦ ਨਹੀਂ ਸੀ, ਅਤੇ ਤੀਹਵਿਆਂ ਦੇ ਅਖੀਰ ਵਿੱਚ ਜਾ ਕੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਕੋਈ ਝਾਕ ਵੀ ਨਹੀਂ ਸੀ ਅਤੇ ਨਾ ਹੀ ਉਹ ਚਾਹੁੰਦੀਆਂ ਸਨ। ਇੱਕ ਵੇਲੇ, ਸੁਰਜੀਤ ਬਹੁਤ ਸਾਰੇ ਬੱਚਿਆਂ ਦੀ ਕਲਪਨਾ ਕਰਦੀ ਸੀ- ਆਪਣੇ ਰਿਸ਼ਤੇ ਦੇ ਭੈਣ-ਭਰਾਵਾਂ ਨੂੰ ਵੱਡੇ ਪਰਿਵਾਰਾਂ ਵਿੱਚ ਖੇਡ-ਕੁੱਦ ਕਰਦਿਆਂ ਨੂੰ ਦੇਖ ਕੇ ਉਸ ਨੂੰ ਚੰਗਾ ਲੱਗਦਾ ਸੀ- ਪਰ ਉਸਦੀ ਇਹ ਅਭਿਲਾਸ਼ਾ ਕਦੋਂ ਦੀ ਲੰਘ ਗਈ ਸੀ। ਉਨ੍ਹਾਂ ਦੇ ਪਿਤਾ ਦੇ ਇੱਕ ਦੋਸਤ ਨੇ ਇੱਕ ਵਾਰ ਕੁਝ ਸੰਭਾਵੀ ਰਿਸ਼ਤਿਆ ਦੀ ਦੱਸ ਪਾਈ ਸੀ, ਪਰ ਭੈਣਾਂ ਨੂੰ ਕੋਈ ਦਿਲਚਸਪੀ ਨਹੀਂ ਸੀ। ਜਦੋਂ ਉਨ੍ਹਾਂ ਨੇ ਆਪਣੇ ਘਰਵਾਲੇ ਚੁਣ ਲਏ, ਉਹ ਆਪ ਵੀ ਹੈਰਾਨ ਸਨ। ਉਸ ਵੇਲੇ, ਜੈਕੀ ਆਪਣੇ ਚਾਲ੍ਹੀਵੇਂ ਜਨਮ ਦਿਨ ਤੋਂ ਛੇ ਮਹੀਨੇ ਉੱਪਰ ਸੀ, ਅਤੇ ਜਦੋਂ ਉਸਦੀ ਮਾਂ ਕਨੇਡਾ ਵਿੱਚ ਆ ਕੇ ਉਨ੍ਹਾਂ ਦੇ ਪਿਤਾ ਨਾਲ ਰਹਿਣ ਲੱਗੀ ਸੀ, ਉਦੋਂ ਉਹ ਜੈਕੀ ਦੀ ਹੁਣ ਵਾਲੀ ਉਮਰ ਤੋਂ ਸੱਤ ਸਾਲ ਛੋਟੀ ਸੀ।

ਆਪਣੀ ਭੈਣ ਤੋਂ ਇੱਕ ਕਦਮ ਅੱਗੇ ਚਲਦਿਆਂ, ਜਿਸ ਆਦਮੀ ਨਾਲ ਸੁਰਜੀਤ ਨੇ ਵਿਆਹ ਕਰਵਾਇਆ, ਉਹ ਅਵਤਾਰ ਸਿੰਘ ਅਟਵਾਲ ਸੀ। ਉਹ ਤਕਰੀਬਨ ਉਸਦੀ ਉਮਰ ਦਾ ਹੀ ਸੀ ਅਤੇ ਹਾਲੇ ਕਵਾਰਾ ਸੀ। ਉਹ ਲੁਧਿਆਣੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ,`ਚ ਜੰਤੂ ਵਿਗਿਆਨ ਤੇ ਕੀਟ ਵਿਗਿਆਨ ਦਾ ਸਹਾਇਕ ਪ੍ਰੋਫੈਸਰ ਸੀ। ਉਹ ਉਸ ਨੂੰ ਆਪਣੇ ਪਿਤਾ ਦੀ ਮੌਤ ਤੋਂ ਥੋੜ੍ਹਾ ਪਹਿਲਾਂ ਹੀ ਮਿਲੀ ਸੀ। ਸੁਰਜੀਤ ਨੂੰ ਇਹ ਇਸ ਤਰ੍ਹਾਂ ਯਾਦ ਸੀ: ਸੁਰਜੀਤ ਆਮ ਤੌਰ `ਤੇ ਫਲ ਅਤੇ ਸਬਜ਼ੀਆਂ ਖ੍ਰੀਦਣ ਲੁਧਿਆਣੇ ਜਾਂਦੀ। ਉਹ ਸ਼ਹਿਰ `ਚ ਖ੍ਰੀਦੋ-ਫਰੋਖਤ ਕਰਨ ਜਾਣ ਦਾ ਕੋਈ ਵੀ ਮੌਕਾ ਨਾ ਖੁੰਝਾਉਂਦੀ। ਉਹ ਪਿੰਡੀ ਗਲੀ ਵਿੱਚ ਦਵਾਈਆਂ ਦੀ ਦੁਕਾਨ ਤੋਂ ਹਸਪਤਾਲ ਲਈ ਦਵਾਈਆਂ ਖ੍ਰੀਦਦੀ। ਇਹ ਲੁਧਿਆਣੇ ਵਿੱਚ, ਬਲਕਿ ਪੰਜਾਬ ਵਿੱਚ ਦਵਾਈਆਂ ਦਾ ਮੁੱਖ ਬਾਜ਼ਾਰ ਸੀ। ਅਜੇਹੇ ਮੌਕਿਆਂ `ਤੇ, ਉਸਦੇ ਨਾਲ ਜਾਣ ਵਾਲੀ ਸਾਥਣ ਨੂੰ ਰਿਸ਼ਤੇ ਕਰਵਾਉਣ ਦੀ ਜਾਚ ਸੀ। ਇਹ ਸਾਥਣ, ਗੁਆਂਢੀਆਂ ਦੀ ਤੇਈ ਸਾਲਾ ਕੁੜੀ, ਕ੍ਰਿਸ਼ਨਾ ਸ਼ਰਮਾ ਸੀ, ਜਿਹੜੀ ਹੁਣ ਵਿਆਹ ਕਰਵਾਕੇ ਕ੍ਰਿਸ਼ਨਾ ਭਾਰਦਵਾਜ ਬਣ ਗਈ ਸੀ। ਉਹ ਕਈ ਸਾਲ ਪਹਿਲਾਂ ਸਿੱਧੂ ਪਰਿਵਾਰ ਨਾਲ ਘੁਲਮਿਲ ਗਈ ਸੀ। ਜਦੋਂ ਅਵਤਾਰ ਨੇ ਲੁਧਿਆਣੇ ਦੇ ਬਾਜ਼ਾਰ ਵਿੱਚ ਸੁਰਜੀਤ ਅਤੇ ਕ੍ਰਿਸ਼ਨਾ ਨੂੰ ਫਲਾਂ ਦੀ ਦੁਕਾਨ `ਤੇ ਦੇਖਿਆ, ਸੁਰਜੀਤ `ਤੇ ਉਸਦੀ ਨਿਗ੍ਹਾ ਅਟਕ ਗਈ। ਸੁਰਜੀਤ ਦੇ ਕੇਸ ਛੋਟੇ ਅਤੇ ਵਿਦੇਸ਼ੀ ਸਟਾਈਲ ਵਾਲੇ ਸਨ, ਉਸਦੇ ਸ਼ਿੰਗਾਰ ਨਹੀਂ ਸੀ ਕੀਤਾ ਤੇ ਨਾ ਹੀ ਗਹਿਣੇ ਪਹਿਨੇ ਹੋਏ ਸਨ, ਅਤੇ ਸਲਵਾਰ ਤੇ ਛਾਪੇਦਾਰ ਕਮੀਜ਼ ਪਹਿਨੇ ਹੋਏ ਸਨ, ਇਹ ਵਿਹਾਰਕ ਤਾਂ ਸੀ ਪਰ ਉਨ੍ਹਾਂ ਵੇਲਿਆਂ ਵਿੱਚ ਆਮ ਨਹੀਂ ਸੀ, ਉਸ ਨੇ ਪੂਰਬ ਤੇ ਪੱਛਮ ਨੂੰ ਮਿਲਾਇਆ ਹੋਇਆ ਸੀ। ਸੁਰਜੀਤ ਕਹਿੰਦੀ, " ਮੈਂ ਜ਼ਰੂਰੀ ਹੀ ਅਨੋਖੀ ਦਿਸਦੀ ਹੋਵਾਂਗੀ।" ਭਾਵੇਂ ਕੁਝ ਵੀ ਸੀ, ਉਸ ਨੇ ਅਵਤਾਰ ਦੀ ਨਿਗ੍ਹਾ ਖਿੱਚ ਲਈ ਸੀ। ਉਸ ਤੋਂ ਬਾਅਦ, ਉਹ ਆਪਣੇ ਕਨੇਡੀਅਨ ਸਹਿਯੋਗੀ ਨਾਲ ਔੜ ਹਸਪਤਾਲ ਦੇਖਣ ਆਇਆ, ਅਤੇ ਫਿਰ ਕ੍ਰਿਸ਼ਨਾ ਦੀ ਹੱਲਾਸ਼ੇਰੀ ਨਾਲ ਹੋਰ ਮਿਲਣੀਆਂ ਹੋਈਆਂ, ਅਤੇ ਫਿਰ 25 ਜੂਨ 1964 ਨੂੰ ਉਨ੍ਹਾਂ ਦਾ ਵਿਆਹ ਹੋ ਗਿਆ।

ਇਹ ਸੁਰਜੀਤ ਦੀ ਕਹਾਣੀ ਦਾ ਵੇਰਵਾ ਸੀ, ਜਿਵੇਂ ਉਸ ਨੇ ਬਿਨਾਂ ਕਿਸੇ ਵਧਾ-ਚੜ੍ਹਾਅ ਦੇ  ਦੱਸਿਆ। ਅਵਤਾਰ ਨੂੰ ਇਹ ਥੋੜ੍ਹਾ ਵੱਖਰੀ ਤਰ੍ਹਾਂ ਯਾਦ ਸੀ ਪਰ ਉਸ ਨੇ ਵੀ ਬਹੁਤ ਸਧਾਰਨ ਤਰੀਕੇ ਨਾਲ ਹੀ ਦੱਸਿਆ। ਸਿੱਧੂ ਹਾਲੇ ਵੀ ਫਗਵਾੜੇ ਵਾਲੀ ਸੱਤ ਏਕੜ ਜ਼ਮੀਨ ਦੇ ਮਾਲਕ ਸਨ, ਜਿੱਥੇ ਉਨ੍ਹਾਂ ਨੇ ਸ਼ੁਰੂ ਵਿੱਚ ਹਸਪਤਾਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਇਸ ਵਿੱਚ ਖੇਤੀ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਵਿਨਾਸ਼ਕਾਰੀ ਕੀੜਿਆਂ ਦੀ ਸਮੱਸਿਆ ਸੀ। ਅਤੇ ਉਨ੍ਹਾਂ ਕੋਲ ਔੜ ਵਿੱਚ ਹਸਪਤਾਲ ਵਾਲੀ ਜ਼ਮੀਨ `ਤੇ ਇੱਕ ਵੱਡਾ ਬਾਗ, ਬਗੀਚਾ,ਖੇਤ,ਅਤੇ ਦੁੱਧ ਵਾਲੀਆਂ ਗਾਵਾਂ ਸਨ। ਉਹ ਅਵਤਾਰ ਦੇ ਵਿਭਾਗ ਵਿੱਚ ਸਲਾਹ ਲਈ ਕਈ ਵਾਰ ਆਏ ਸਨ, ਅਤੇ ਉਸ ਨੇ ਆਪਣੇ ਬੰਦਿਆਂ ਨੂੰ ਕੀੜਿਆਂ ਦੇ ਭੌਣਾਂ ਦਾ ਨਿਰੀਖਣ ਕਰਨ ਲਈ ਫਗਵਾੜੇ ਭੇਜਿਆ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਅਤੇ ਪਸ਼ੂਆਂ ਦੇ ਹਸਪਤਾਲ ਦੇ ਮਾਹਰਾਂ ਨਾਲ ਮਿਲਾ ਕੇ ਮੱਦਦ ਕੀਤੀ। ਉਸ ਲਈ ਸਭ ਤੋਂ ਸਜੀਵ ਪਲ ਉਹ ਸਨ ਜਦੋਂ ਉਹ  ਸੁਰਜੀਤ ਤੇ ਉਸਦੇ ਪਿਤਾ ਨੂੰ ਪਹਿਲੀ ਵਾਰ ਮਿਲਿਆ। ਇਹ 1963 ਦੇ ਅਖੀਰ ਦੇ ਨੇੜੇ ਸੀ ਅਤੇ ਉਹ ਅਸਥਾਈ ਤੌਰ `ਤੇ ਕਾਰਜਕਾਰੀ ਡੀਨ ਸੀ। ਕੋਈ ਉਸ ਵੱਲ ਦੌੜ ਕੇ ਆਇਆ ਅਤੇ ਉਸ ਨੂੰ ਦੱਸਿਆ ਕਿ ਕਨੇਡਾ ਤੋਂ ਕੋਈ ਖਾਸ ਬੰਦਾ ਯੂਨੀਵਰਸਿਟੀ  ਆਇਆ ਸੀ, ਇਸ ਲਈ ਅਵਤਾਰ ਗਿਆ ਅਤੇ ਉਸ ਨੇ  ਕਪੂਰ ਤੇ ਸੁਰਜੀਤ ਨਾਲ ਆਪਣੀ ਜਾਣ-ਪਹਿਚਾਣ ਕਰਵਾਈ। ਉਸ ਨੇ ਉਨ੍ਹਾਂ ਨੂੰ ਆਲਾ-ਦੁਆਲਾ ਦਿਖਾਇਆ ਅਤੇ ਆਪਣੇ ਦਫਤਰ ਵਿੱਚ ਬਿਠਾ ਕੇ ਚਾਹ ਪਿਆਈ। ਕਪੂਰ ਤੰਦਰੁਸਤ ਨਹੀਂ ਸੀ ਅਤੇ ਉਹ ਕਠਿਨਾਈ ਨਾਲ ਬੋਲਦਾ ਸੀ ਇਸ ਲਈ ਉਸਦੇ ਥੱਕਣ ਦੇ ਡਰੋਂ ਅਵਤਾਰ ਨੇ ਗੱਲਬਾਤ ਨੂੰ ਛੋਟੀ ਰੱਖਿਆ। ਦੋ ਮਹੀਨੇ ਬਾਅਦ, ਅਵਤਾਰ ਨੇ ਅਖਬਾਰ ਵਿੱਚ ਪੜ੍ਹਿਆ ਕਿ ਕਪੂਰ ਦੀ ਮੌਤ ਹੋ ਗਈ ਸੀ, ਇਸ ਲਈ ਉਹ ਅਫਸੋਸ ਕਰਨ ਲਈ ਔੜ ਗਿਆ। ਉਨ੍ਹਾਂ ਦੇ ਵਿਚਕਾਰਲੀ ਕੜੀ, ਕ੍ਰਿਸ਼ਨਾ ਦੇ ਉਤਸ਼ਾਹ ਨਾਲ ਉਹ ਸੁਰਜੀਤ ਨੂੰ ਮਿਲਿਆ, ਅਤੇ ਕਿਸੇ ਵੀ ਧੂਮ-ਧੜੱਕੇ ਜਾਂ ਡਰਾਮੇ ਤੋਂ ਬਿਨਾਂ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।

ਉਨ੍ਹਾਂ ਦਾ ਵਿਆਹ ਔੜ ਵਿੱਚ ਕਿਲੇ ਦੇ ਵੇਹੜੇ `ਚ ਸਾਦਾ ਸਿੱਖ ਰਸਮਾਂ ਨਾਲ ਹੋਇਆ। ਸਿੱਖ ਰਵਾਇਤਾਂ ਅਨੁਸਾਰ ਉਨ੍ਹਾਂ ਨੇ  ਗੁਰੂ ਗਰੰਥ ਸਾਹਬ ਦੀ ਪਰਿਕਰਮਾ ਕੀਤੀ  ਅਤੇ ਰਾਗੀ ਸਿੰਘਾਂ ਨੇ ਲਾਵਾਂ ਦੇ ਸ਼ਬਦਾਂ ਦਾ ਗਾਇਨ ਕੀਤਾ। ਇਸ ਰਸਮ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਸ਼ਗਨ ਅਤੇ ਸ਼ੁਭ-ਇਛਾਵਾਂ ਦੇਣ ਲਈ ਮਹਿਮਾਨਾਂ ਦੀ ਲੰਬੀ ਕਤਾਰ ਲੱਗ ਗਈ। ਵਿਆਹ ਲਈ ਬਹੁਤੇ ਪ੍ਰਬੰਧਾਂ ਦੀ ਜ਼ਰੂਰਤ ਨਹੀਂ ਪਈ। ਅਵਤਾਰ ਦੇ ਪਰਿਵਾਰ ਦੇ ਹੋਰ ਮੈਂਬਰ ਅਤੇ ਉਸਦਾ ਭਣੋਈਆ ਇਸ ਵਿੱਚ ਸ਼ਾਮਲ ਹੋਏ, ਕਪੂਰ ਦੇ ਪੁਰਾਣੇ ਮਿੱਤਰ ਭਾਈ ਪਿਆਰਾ ਸਿੰਘ ਨੇ ਪ੍ਰਬੰਧ ਕਰਨ ਵਿੱਚ ਸਹਾਇਤਾ ਕੀਤੀ ਅਤੇ ਉਸ ਨੇ ਵਿਆਹ ਲਈ ਡਾਢੀ ਖੁਸ਼ੀ ਦਾ ਇਜ਼ਹਾਰ ਕੀਤਾ। ਸੁਰਜੀਤ ਨੇ ਆਪਣੀ ਮਾਂ ਨੂੰ ਪੁੱਛਿਆ ਸੀ ਕਿ ਕੀ ਉਸ ਨੂੰ ਵਿਆਹ ਕਰਵਾਉਣਾ ਚਾਹੀਦਾ, ਅਤੇ ਉਸਦਾ ਜਵਾਬ ਸੀ, "ਤੇਰੀ ਮਰਜ਼ੀ ਹੈ।" ਰਸਮਾਂ ਤੋਂ ਬਾਅਦ, ਸੁਰਜੀਤ ਤੇ ਅਵਤਾਰ ਉਸਦੇ ਯੂਨੀਵਰਸਿਟੀ ਕੈਂਪਸ ਵਿਚਲੇ ਘਰ ਚਲੇ ਗਏ। ਉੱਥੇ ਉਸਦੇ ਪਰਿਵਾਰ ਨੇ ਪਾਰਟੀ ਰੱਖੀ ਹੋਈ ਸੀ, ਜਿਹੜੀ ਸੁਰਜੀਤ ਨੂੰ ਲੋੜ ਤੋਂ ਕੁਝ ਜ਼ਿਆਦਾ ਹੀ ਲੱਗੀ। ਅਗਲੇ ਦਿਨ ਉਹ ਔੜ ਮੁੜ ਆਈ, ਉਸੇ ਹੀ ਘਰ ਜਿੱਥੇ ਉਹ ਆਪਣੀ ਮਾਂ ਨਾਲ ਰਹਿੰਦੀ ਸੀ। ਜੈਕੀ ਹਸਪਤਾਲ ਵਿੱਚ ਬਣੇ ਘਰ ਵਿੱਚ ਰਹਿੰਦੀ ਸੀ। ਉਹ ਹਨੀਮੂਨ `ਤੇ ਨਹੀਂ ਗਏ। ਅਵਤਾਰ ਨੇ ਯੂਨੀਵਰਸਿਟੀ ਵਿੱਚ ਕੰਮ ਕਰਨਾ ਸੀ ਅਤੇ ਸੁਰਜੀਤ ਨੇ ਹਸਪਤਾਲ ਵਿੱਚ ਅਤੇ ਉਹ ਆਪਣੇ ਕੰਮਾਂ ਵਿੱਚ ਰੁੱਝ ਗਏ।

ਸੁਰਜੀਤ ਨੇ ਕਿਹਾ ਕਿ ਉਹ ਅਵਤਾਰ ਵੱਲ ਇਸ ਕਰਕੇ ਖਿੱਚੀ ਗਈ, ਕਿਉਂ ਕਿ ਉਹ ਰਵਾਨਗੀ ਨਾਲ ਅੰਗ੍ਰੇਜ਼ੀ ਬੋਲਣ ਵਾਲਾ ਪ੍ਰੋਫੈਸਰ ਸੀ ਅਤੇ ਉਸ ਕੋਲ ਪੜ੍ਹਿਆਂ-ਲਿਖਿਆਂ ਵਾਲੀ ਬੁੱਧੀ ਸੀ ਅਤੇ ਅੰਤਰ ਰਾਸ਼ਟਰੀ ਦ੍ਰਿਸ਼ਟੀਕੋਣ ਸੀ। ਵਿਡੰਬਨਾ ਇਹ ਸੀ ਕਿ ਉਹ ਸੁਰਜੀਤ ਨੂੰ ਪੰਜਾਬੀ ਬੋਲਦਿਆਂ ਨਹੀਂ ਸੀ ਸੁਨਣਾ ਚਾਹੁੰਦਾ, ਕਿਉਂ ਕਿ ਏਦਾਂ ਉਹ ਦਿਹਾਤੀ ਗੰਵਾਰ ਲਗਦੀ ਸੀ। ਉਹ ਚਾਹੁੰਦਾ ਸੀ ਕਿ ਸੁਰਜੀਤ ਹਿੰਦੀ ਬੋਲੇ -ਬਹੁਤ ਸਾਰੇ ਸ਼ਹਿਰੀ ਪੰਜਾਬੀਆਂ ਵਾਂਗ- ਜਾਂ ਅੰਗ੍ਰੇਜ਼ੀ ਨਾਲ ਹੀ ਜੁੜੀ ਰਹੇ ਅਤੇ ਪੜ੍ਹੀ-ਲਿਖੀ ਲੱਗੇ। ਉਸ ਨੇ ਵਿਦੇਸ਼ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਆਸਟਰੇਲੀਆ ਅਤੇ ਕਨੇਡਾ ਬਾਰੇ ਉਸ ਨੂੰ ਖਾਸੀ ਜਾਣਕਾਰੀ ਸੀ। ਜਿਹੜੀ ਗੱਲ ਨੇ ਸੁਰਜੀਤ ਨੂੰ ਪ੍ਰਭਾਵਿਤ ਕੀਤਾ ਉਹ ਉਸਦੀ ਕੰਮ ਅਤੇ ਦੇਸ਼ ਪ੍ਰਤੀ ਪ੍ਰਤਿਬੱਧਤਾ ਸੀ। ਉਸ ਨੇ ਪੱਛਮ ਦੇ ਆਕਰਸ਼ਨ ਅਤੇ ਤਨਖਾਹ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਅਤੇ ਪੰਜਾਬ `ਚ ਸੇਵਾ ਕਰਨ ਲਈ ਆਪਣੀ ਮਾਤ-ਭੂਮੀ `ਤੇ ਮੁੜ ਆਇਆ ਸੀ।

ਅਵਤਾਰ ਦਾ ਪਰਿਵਾਰ ਫਰਾਲ਼ਾ ਪਿੰਡ ਤੋਂ ਸੀ। ਇਹ ਔੜ ਤੋਂ ਵੀਹ ਕਿਲੋਮੀਟਰ ਉੱਤਰ ਪੱਛਮ ਵਿੱਚ ਹੈ।(1) ਉਸਦਾ ਦਾਦਾ ਅੰਗ੍ਰੇਜ਼ਾਂ ਦੇ ਥੱਲੇ ਲੰਬੜਦਾਰ ਤੇ ਜ਼ੈਲਦਾਰ ਰਿਹਾ ਸੀ। ਉਹ ਫਰਾਲ਼ਾ ਅਤੇ ਆਸੇ-ਪਾਸੇ ਦੇ ਪਿੰਡਾਂ ਤੋਂ ਸਰਕਾਰ ਵਾਸਤੇ ਟੈਕਸ ਦੀ ਉਗਰਾਹੀ ਕਰਦਾ ਸੀ। ਅਵਤਾਰ ਦੇ ਪਰਿਵਾਰ ਕੋਲ ਹਾਲੇ ਵੀ ਫਰਾਲ਼ੇ ਵਿੱਚ ਜ਼ਮੀਨ ਸੀ। ਪਰ ਅਵਤਾਰ ਦਾ ਜਨਮ ਪੱਛਮੀ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਖਾਨੇਵਾਲ ਵਿੱਚ ਹੋਇਆ ਸੀ। ਇਹ ਹੁਣ ਪਾਕਿਸਤਾਨ ਵਿੱਚ ਹੈ। ਉਸਦਾ ਪਿਤਾ ਸਰਕਾਰੀ ਨੌਕਰੀ ਵਿੱਚ ਪਸ਼ੂਆਂ ਦਾ ਸਹਾਇਕ ਸਰਜਨ ਸੀ। ਅਵਤਾਰ ਦੀਆਂ ਪਹਿਲੀਆਂ ਯਾਦਾਂ ਵਿੱਚ ਖਾਨੇਵਾਲ ਦਾ ਪਸ਼ੂਆਂ ਦਾ ਹਸਪਤਾਲ ਸੀ, ਜਿਹੜਾ ਦਸਾਂ ਏਕੜਾਂ ਵਿੱਚ ਫੈਲਿਆ ਹੋਇਆ ਮੈਦਾਨ ਸੀ ਅਤੇ ਉਸਦੇ ਦੁਆਲੇ ਕੰਧਾਂ ਦੀ ਚਾਰਦਵਾਰੀ ਸੀ। ਉੱਥੇ ਹੀ ਉਸਦਾ ਪਰਿਵਾਰ ਰਹਿੰਦਾ ਸੀ ਅਤੇ ਹਸਪਤਾਲ ਵਿੱਚ ਮੁੱਖ ਕੰਮ, ਸਥਾਨਕ ਕਿਸਾਨਾਂ ਵੱਲੋਂ ਲਿਆਂਦੇ ਬਲਦਾਂ ਨੂੰ ਖੱਸੀ ਕਰਨਾ ਹੁੰਦਾ ਸੀ। ਉਸਦਾ ਪਿਤਾ ਡਾਇਰੈਕਟਰ ਦਾ ਸਹਾਇਕ ਸੀ ਅਤੇ ਅਕਸਰ ਦੌਰੇ `ਤੇ ਰਹਿੰਦਾ। ਇਸਦਾ ਅੰਤ ਉਦੋਂ ਹੋਇਆ, ਜਦੋਂ ਉਸਦੇ ਪਿਤਾ ਦੀ ਮੋਤੀਏ ਕਾਰਣ ਰਾਤੋ-ਰਾਤ ਨਿਗ੍ਹਾ ਜਾਂਦੀ ਰਹੀ ਅਤੇ ਉਹ ਅੰਗ੍ਰੇਜ਼ਾਂ ਦੁਆਰਾ ਬਣਾਏ ਗਏ ਅਤੇ ਪ੍ਰਫੁੱਲਤ ਹੋ ਰਹੇ ਉਦਯੋਗਿਕ ਸ਼ਹਿਰ ਲਾਇਲਪੁਰ(ਹੁਣ ਫੈਸਲਾਬਾਦ) ਜਾ ਕੇ ਸੇਵਾ-ਮੁਕਤ ਹੋ ਗਿਆ, ਜਿੱਥੇ ਅਵਤਾਰ ਦਾ ਵੱਡਾ ਭਰਾ ਕੰਮ ਕਰਦਾ ਸੀ ਅਤੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। (ਬਾਅਦ ਵਿੱਚ ਉਸਦੇ ਪਿਤਾ ਦੀ ਇੱਕ ਅੱਖ ਦੀ ਨਿਗ੍ਹਾ ਪਰਤ ਆਈ) ਲਾਇਲਪੁਰ ਵਿੱਚ, ਅਵਤਾਰ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਖੇਤੀਬਾੜੀ ਕਾਲਜ ਵਿੱਚ ਚਲਾ ਗਿਆ। ਉਸ ਨੇ ਮਾਰਚ 1947 ਵਿੱਚ ਵੀਹ ਸਾਲ ਦੀ ਉਮਰ `ਚ ਆਪਣੇ ਆਖਰੀ ਇਮਤਿਹਾਨ ਦਿੱਤੇ, ਜਦੋਂ ਉਸਦੀ ਆਮ ਤੌਰ `ਤੇ ਸ਼ਾਂਤ ਵਿਦਿਆਰਥੀ ਜ਼ਿੰਦਗੀ ਸਾਰੇ ਪੰਜਾਬ ਵਿੱਚ ਭਿਆਨਕ ਦੰਗਿਆਂ ਦੀਆਂ ਖਬਰਾਂ ਨਾਲ ਬੇਹੱਦ ਅਸਤ-ਵਿਅਸਤ ਸੀ। ਭਾਈਚਾਰਿਆਂ ਵਿਚਲੀ ਹਿੰਸਾ ਨੇ ਹਿੰਦੂ ਤੇ ਸਿੱਖਾਂ ਦੀ ਮੁਸਲਮਾਨਾਂ ਵਿਚਕਾਰ ਖਾਈ ਪੁੱਟ ਦਿੱਤੀ ਸੀ। ਵੰਡਾਰੇ ਤੋਂ ਪਹਿਲਾਂ ਉਸਦਾ ਨਤੀਜਾ ਆ ਗਿਆ ਸੀ ਅਤੇ ਇਹ 'ਲਾਹੌਰ ਸਿਵਲ ਅਤੇ ਮਿਲਟਰੀ ਗੱਜ਼ਟ' ਵਿੱਚ ਛਪਿਆ ਸੀ। ਉਹ ਕਾਲਜ ਵਿੱਚੋਂ ਪਹਿਲੇ ਨੰਬਰ `ਤੇ ਆਇਆ ਅਤੇ ਉਸ ਨੂੰ ਸੋਨ ਤਗਮਾ ਮਿਲਿਆ।

ਪੰਜਾਬ ਵਿੱਚ ਹੋਰ ਸਭਨਾਂ ਵਾਂਗ, ਉਸਦਾ ਪਰਿਵਾਰ ਵੀ ਲੱਖਣ ਹੀ ਲਾ ਸਕਦਾ ਸੀ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਕਿੱਥੇ ਹੋਵੇਗੀ, ਜਿਸਦੀ ਘੋਸ਼ਣਾ ਆਜ਼ਾਦੀ ਤੋਂ ਪਹਿਲੀ ਸ਼ਾਮ ਨੂੰ ਅੱਧੀ ਰਾਤ ਤੱਕ ਨਹੀਂ ਸੀ ਹੋਈ। ਉਹ ਜਾਨਣਾ ਚਾਹੁੰਦੇ ਸਨ ਕਿ ਕੀ ਸੂਬੇ ਦੀ ਰਾਜਧਾਨੀ, ਲਾਹੌਰ, ਭਾਰਤ ਵੱਲ ਜਾਏਗਾ, ਪਰ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਲਾਇਲਪੁਰ, ਜਿੱਥੇ ਉਹ ਰਹਿੰਦੇ ਸਨ, ਪਾਕਿਸਤਾਨ ਵਿੱਚ ਜਾਏਗਾ। ਕਿਸਮਤ ਨਾਲ, ਉਸ ਬਸੰਤ ਅਤੇ ਗਰਮੀਆਂ ਦੀ ਰੁੱਤੇ, ਉਹ ਆਪਣੇ ਗਵਾਂਢ ਵਿੱਚ ਬਿਨਾਂ ਕਿਸੇ ਹਲਚਲ ਦੇ ਰਹਿੰਦੇ ਰਹੇ । ਪਰ ਉਹ ਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੇ। ਛੱਤ ਉੱਤੋਂ, ਜਿੱਥੇ ਉਹ ਗਰਮੀਆਂ ਵਿੱਚ ਰਾਤ ਨੂੰ ਸੌਂਦੇ ਸਨ, ਉਨ੍ਹਾਂ ਨੇ ਮੁਸਲਮਾਨਾਂ ਦੇ ਇਕੱਠ ਵੱਲੋਂ ਉੱਚੀ-ਉੱਚੀ ਰੌਲੇ ਦੀਆਂ ਆਵਾਜ਼ਾਂ ਸੁਣੀਆਂ। ਇਸਦਾ ਕਾਰਣ ਉਨ੍ਹਾਂ ਦੇ ਸਿੱਖ ਮਕਾਨ ਮਾਲਕ ਵੱਲੋਂ ਹਨੇਰੇ ਵਿੱਚ ਹਵਾਈ ਫਾਇਰ ਕਰਨ ਤੋਂ ਬਾਅਦ ਪੁਲਿਸ ਨਾਲ ਘਬਰਾਹਟ ਵਿੱਚ ਆ ਕੇ ਕੀਤਾ ਟਾਕਰਾ ਸੀ। ਇਸ ਘਟਨਾ ਨੇ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਬਹੁਤੇ ਮੈਂਬਰਾਂ ਨੂੰ ਅਗਲੇ ਦਿਨ ਤੁਰੰਤ ਚਲੇ ਜਾਣ ਦਾ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਉਹ ਜਿਹੜਾ ਕੁਝ ਵੀ ਚੁੱਕ ਸਕਦੇ ਸਨ ਜਿਵੇਂ ਕੱਪੜੇ, ਰਾਸ਼ਨ, ਫਰਨੀਚਰ, ਲੱਕੜਾਂ, ਦੋ ਗਾਈਆਂ ਅਤੇ ਇੱਕ ਵੱਛਾ, ਰੇਲਵੇ ਦੀ ਵੈਗਨ ਵਿੱਚ ਲੱਦ ਦਿੱਤਾ ਅਤੇ ਆਪ ਮੁਸਾਫਿਰ ਡੱਬਿਆਂ ਦੀਆਂ ਸੀਟਾਂ `ਤੇ ਬੈਠ ਗਏ।

ਅਵਤਾਰ ਆਪਣੇ ਭਰਾ ਦੀ ਸਹਾਇਤਾ ਲਈ ਪਿੱਛੇ ਲਾਇਲਪੁਰ ਵਿੱਚ ਹੀ ਰਹਿ ਪਿਆ। ਉਸ ਨੇ ਕਪਾਹ ਦੀ ਖੇਤੀ ਅਰਥ ਵਿਵਸਥਾ ਬਾਰੇ ਆਪਣੀ ਐਮ ਐਸ ਸੀ ਦਾ ਖੋਜ ਪ੍ਰਬੰਧ ਮੁਕੰਮਲ ਕਰਨਾ ਸੀ। ਅਵਤਾਰ ਨੇ ਖੋਜ ਪ੍ਰਬੰਧ ਦੇ ਚਿੱਤਰ ਬਣਾ ਦਿੱਤੇ। ਇਹ ਉਨ੍ਹਾਂ ਨੇ ਵੰਡਾਰੇ ਤੋਂ ਪੰਜ ਦਿਨ ਪਹਿਲਾਂ, 10 ਅਗਸਤ ਨੂੰ ਮੁਕੰਮਲ ਕਰ ਦਿੱਤਾ, ਜਿਸ ਨਾਲ ਉਸ ਨੂੰ ਰੇਲ ਗੱਡੀ `ਤੇ ਚੜ੍ਹਣ ਤੋਂ ਪਹਿਲਾਂ ਤਿੰਨ ਦਿਨ ਸਮਾਨ ਬੰਨ੍ਹਣ-ਬਨ੍ਹਾਉਨ ਲਈ ਮਿਲ ਗਏ। ਵੰਡ ਤੋਂ ਦੋ ਦਿਨ ਬਾਅਦ, ਉਸਦਾ ਭਰਾ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਬੱਸ ਰਾਹੀਂ ਆ ਗਿਆ, ਅਤੇ ਉਹ ਲਹੌਰ ਵਿੱਚ ਮੁਸਲਮਾਨਾਂ ਦੇ ਇਕੱਠ ਵੱਲੋਂ ਡਰਾਵਿਆਂ ਦੇ ਬਾਵਜੂਦ ਭਾਰਤ ਵਾਲੇ ਪਾਸੇ ਸੁਰੱਖਿਅਤ ਪਹੁੰਚ ਗਏ। ਅਵਤਾਰ ਦਾ ਇੱਕ ਹੋਰ ਕਵਾਰਾ ਭਰਾ, ਲਾਇਲਪੁਰ ਵਿੱਚ ਸੀ, ਜਿਹੜਾ ਚਿਕਨ ਪੌਕਸ ਦੇ ਹੱਲੇ ਕਾਰਣ ਪਿੱਛੇ ਰਹਿ ਗਿਆ ਸੀ ਪਰ ਨਿੱਜੀ ਜਹਾਜ਼ ਰਾਹੀਂ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਜਿਹੜਾ ਹਰ ਰੋਜ਼ ਸੈਨਾ ਦੇ ਆਰਜ਼ੀ ਹਵਾਈ ਅੱਡੇ ਤੋਂ ਉਡਾਨ ਭਰਦਾ ਸੀ। ਭਾਰਤ ਵਿੱਚ, ਅਵਤਾਰ ਆਪਣੇ ਪੁਰਾਣੇ ਪਿੰਡ ਫਰਾਲ਼ੇ ਰਹਿਣ ਲੱਗਾ। ਇਸ ਤਜਰਬੇ ਨੇ ਉਸ ਨੂੰ ਇੱਕ ਅਭੁੱਲ ਯਾਦ ਦੇ ਦਿੱਤੀ ਕਿ ਇੱਕ ਸ਼ਾਂਤਮਈ ਦਿਹਾਤੀ ਇਲਾਕੇ ਦਾ ਕਿੰਨੀ ਗਤੀ ਨਾਲ  ਅਫਰਾ ਤਫਰੀ  ਤੇ ਰਾਕਸ਼ਪੁਣੇ ਵੱਲ ਪਤਨ ਹੋ ਸਕਦਾ ਸੀ। ਫਰਾਲ਼ੇ ਦੇ ਨਾਲ ਲੱਗਵੇਂ ਬਹਿਰਾਮ ਪਿੰਡ ਵਿੱਚੋਂ ਮੁਸਲਮਾਨ ਉਜੱੜ ਕੇ ਉਸ ਨੂੰ ਖਾਲੀ ਕਰ ਗਏ ਸਨ। ਇਸਦੇ ਵਾਸੀ ਆਪਣੇ ਘਰਾਂ ਨੂੰ ਬਿਨਾਂ  ਕਿਸੇ ਝਗੜੇ ਦੇ ਖਾਲੀ ਕਰ ਗਏ, ਉਵੇਂ ਹੀ ਜਿਵੇਂ ਉਹ ਆਪਣਾ ਘਰ ਛੱਡ ਕੇ ਆਇਆ ਸੀ, ਅਤੇ ਵੰਡ ਤੋਂ ਹਫਤਿਆਂ ਬਾਅਦ ਵੀ ਉਹ ਉਨ੍ਹਾਂ ਨੂੰ ਅਤੇ ਹੋਰ ਪਿੰਡਾਂ ਦੇ ਮੁਸਲਮਾਨਾਂ ਨੂੰ ਸੈਨਾ ਦੇ ਪਹਿਰੇ ਹੇਠ ਪਾਕਿਸਤਾਨ ਲਿਜਾਣ ਦੀ ਉਡੀਕ ਵਿੱਚ ਅਸਥਾਈ ਕੈਂਪਾਂ ਵਿੱਚ ਦੇਖ ਸਕਦਾ ਸੀ। ਬੱਸ ਰਾਹੀਂ ਜਲੰਧਰ ਜਾਂਦਿਆਂ, ਜਿੱਥੇ ਉਸਦੇ ਵੱਡੇ ਭਰਾ ਨੇ ਮੁੜ ਵਸੇਬਾ ਕਰ ਲਿਆ ਸੀ, ਅਵਤਾਰ ਨੇ ਮੁਸਲਮਾਨਾਂ ਦੇ ਬੇਈਂ ਕਿਨਾਰੇ ਕੈਂਪ ਦੀ ਭਿਆਨਕ ਰਹਿੰਦ-ਖੂੰਹਦ ਦੇਖੀ। ਹੜ੍ਹਾਂ ਦਾ ਪਾਣੀ ਕੈਂਪ ਦੇ ਵਾਸੀਆਂ ਅਤੇ ਉਨ੍ਹਾਂ ਦੇ ਮਾਲ-ਡੰਗਰ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ ਸੀ। ਕੁਦਰਤ ਦੀ ਤਬਾਹੀ ਨੇ, ਮਨੁੱਖ ਵੱਲੋਂ ਮਚਾਈ ਤਬਾਹੀ ਵਿੱਚ ਹੋਰ ਵਾਧਾ ਕਰ ਦਿੱਤਾ ਸੀ।

ਅਵਤਾਰ ਦੀ ਵਿੱਦਿਆ, ਸ਼ਰਨਾਰਥੀਆਂ ਨਾਲ ਭਰੇ ਦੇਸ਼ ਵਿੱਚ ਨੌਕਰੀ ਲੱਭਣ ਵਿੱਚ ਸਹਾਈ ਹੋਈ। ਉਹ ਜਲੰਧਰ  ਰਾਹਤ ਅਤੇ ਮੁੜ ਵਸਾਊ ਮਹਿਕਮੇ ਦੇ ਕੰਮ ਚਲਾਊ ਦਫਤਰਾਂ ਵਿੱਚ ਗਿਆ ਅਤੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ। ਸ਼ਰਨਾਰਥੀਆਂ ਦੇ ਆ ਰਹੇ ਹੜ੍ਹਾਂ ਕਾਰਣ, ਇਹ ਵਿਭਾਗ ਸਰਕਾਰ ਦਾ ਵਾਧੇ ਵਾਲਾ ਖੇਤਰ ਬਣ ਗਿਆ ਸੀ। ਡਾਇਰੈਕਟਰ ਜਨਰਲ ਕੋਲ ਬਹੁਤ ਸਾਰੀਆਂ ਅਸਾਮੀਆਂ ਸਨ ਅਤੇ ਉਹ ਉਸੇ ਮੌਕੇ ਹੀ ਅਵਤਾਰ ਨੂੰ ਅਫਸਰ ਦਾ ਸਹਾਇਕ ਰੱਖ ਸਕਦਾ ਸੀ। ਪਰ ਉਸ ਨੇ ਅਵਤਾਰ ਨੂੰ ਇਹ ਵੀ ਦੱਸ ਦਿੱਤਾ ਕਿ ਭਾਰਤ ਦੀਆਂ ਜਨਤਕ ਸੇਵਾਵਾਂ ਲਈ ਬਰਤਾਨਵੀ ਰਵਾਇਤ ਸੀ ਕਿ ਡਿਗਰੀ ਲੈਣ ਵਾਲੀ ਕਲਾਸ ਵਿੱਚੋਂ ਚੋਟੀ ਦੇ ਵਿਦਿਆਰਥੀ ਨੂੰ ਆਪਣੇ ਆਪ ਹੀ ਸਰਕਾਰੀ ਨੌਕਰੀ ਮਿਲ ਜਾਂਦੀ ਸੀ। ਉਸ ਨੇ ਸੋਚਿਆ ਕਿ ਅਵਤਾਰ ਨੂੰ ਇਸਦਾ ਲਾਭ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਲੈ ਕੇ ਉਠਾਉਣਾ ਚਾਹੀਦਾ ਸੀ, ਜਿਸਦੀ ਉਸ ਨੇ ਪੜ੍ਹਾਈ ਕੀਤੀ ਸੀ। ਅਵਤਾਰ ਨੇ ਉਸਦੀ ਸਲਾਹ ਮੰਨ ਲਈ, ਅਤੇ ਅਫਸਰਸ਼ਾਹੀ ਨਾਲ ਕੁਝ ਜੱਦੋ-ਜਹਿਦ ਤੋਂ ਬਾਅਦ, ਉਸ ਨੂੰ ਕੀੜਿਆਂ ਦੀ ਰੋਕਥਾਮ ਲਈ ਸਹਾਇਕ ਖੋਜੀ ਵਜੋਂ ਜਲੰਧਰ ਦੇ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਮਿਲ ਗਈ। ਕਾਲਜ ਦੇ ਅਖੀਰਲੇ ਸਾਲ ਦੌਰਾਨ ਕੀਟ ਵਿਗਿਆਨ ਵਿੱਚ ਉਸਦੀ ਵਿਸ਼ੇਸ਼ ਮੁਹਾਰਤ ਸੀ।

ਉਸ ਤੋਂ ਉੱਪਰਲਿਆਂ ਨੇ ਉਸ ਨੂੰ ਨਵੇਂ  ਵਪਾਰਕ  ਕੀਟਨਾਸ਼ਕ ਡੀਡੀਟੀ ਅਤੇ ਬੀ ਐੱਚ ਸੀ ਦੀ ਵਰਤੋਂ ਬਾਰੇ ਖੋਜ ਦਾ ਕੰਮ ਸੌਂਪਿਆ। ਪਰ ਕੁਝ ਮਹੀਨਿਆਂ ਦੇ ਅੰਦਰ ਹੀ, ਉਸਦੀ ਬਦਲੀ ਖੇਤੀਬਾੜੀ ਵਿਭਾਗ ਦੇ ਅੰਦਰ ਹੀ, ਲੁਧਿਆਣੇ `ਚ ਨਵੇਂ ਖੇਤੀਬਾੜੀ ਕਾਲਜ ਵਿੱਚ ਹੋ ਗਈ, ਜਿੱਥੇ ਉਹ ਆਪਣੇ ਲਾਇਲਪੁਰ ਵਾਲੇ ਪੁਰਾਣੇ ਕਾਲਜ ਦੇ, ਸਾਰੇ ਸ਼ਰਨਾਰਥੀ, ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਜਾ ਮਿਲਿਆ।  ਇਹ ਕਾਲਜ 1948 ਵਿੱਚ, ਕਿਰਾਏ `ਤੇ ਲਈਆਂ ਹਾਈ ਸਕੂਲ ਦੀਆਂ ਇਮਾਰਤਾਂ ਵਿੱਚ ਸ਼ੁਰੂ ਹੋਇਆ ਸੀ, ਅਤੇ ਇੱਥੇ  ਉਸ ਨੇ ਆਪਣਾ ਪਹਿਲਾ ਦਿਨ ਅਧਿਆਪਕ ਵਜੋਂ ਸ਼ੁਰੂ ਕੀਤਾ। ਤਿੰਨ ਸਾਲ ਬਾਅਦ ਉਸ ਨੂੰ ਆਸਟਰੇਲੀਆ ਵਿੱਚ ਖੋਜ ਕਰਨ ਲਈ ਵਜ਼ੀਫਾ ਮਿਲ ਗਿਆ ਅਤੇ ਉਸ ਨੇ ਕਾਲਜ ਤੋਂ ਛੁੱਟੀ ਲੈ ਲਈ। ਨਵੀਂ ਬਣੀ ਕੋਲੰਬੋ ਯੋਜਨਾ ਅਧੀਨ, ਜਿਹੜੀ ਸਿਰਫ ਬਰਤਾਨਵੀ ਕਾਮਨਵੈਲਥ ਵਿਕਾਸ ਪ੍ਰੋਗਰਾਮ ਵਜੋਂ ਸ਼ੁਰੂ ਹੋਈ ਸੀ, ਆਸਟਰੇਲੀਆ ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਰਿਹਾ ਸੀ। ਅਵਤਾਰ ਅਤੇ ਉਸਦੇ ਲੁਧਿਆਣੇ ਦੇ ਤਿੰਨ ਨਿਕਟਵਰਤੀਆਂ ਨੇ ਪਹਿਲੇ ਸਾਲ ਵਿੱਚ ਅਰਜ਼ੀ ਭੇਜੀ, ਅਤੇ ਉਹ ਕਾਮਯਾਬ ਹੋ ਗਏ। ਉਸਦੇ ਲਾਇਲਪੁਰ ਕਾਲਜ ਵਿੱਚ ਪਹਿਲੇ ਸਥਾਨ `ਤੇ ਆਉਣ ਕਾਰਣ ਉਹ ਚੁਣਿਆ ਗਿਆ। ਉਸਦੇ ਤਿੰਨੋਂ ਨਿਕਟਵਰਤੀ ਵੀ ਆਪੋ-ਆਪਣੇ ਸਾਲਾਂ ਦੋਰਾਨ ਪਹਿਲੇ ਸਥਾਨ `ਤੇ  ਰਹੇ ਸਨ। ਵਜ਼ੀਫਾ ਉਸ ਨੂੰ ਐਡੀਲੇਡ ਦੇ ਵੈਟ ਐਗਰੀਕਲਚਰ ਰੀਸਰਚ ਇੰਸਟੀਚਿਊਟ ਵਿੱਚ ਲੈ ਗਿਆ, ਜਿੱਥੇ ਉਸ ਨੇ ਦੋ ਸਾਲ ਬਾਅਦ, 1953 ਦੇ ਅੰਤ ਤੱਕ, ਪੀ ਐੱਚ ਡੀ ਕਰ ਲਈ। ਉਸ ਨੇ ਬੰਦ-ਗੋਭੀ ਦੇ ਕੀੜੇ ਦੇ ਪੁਨਰ ਉਤਪਾਦਨ `ਤੇ ਖੋਜ ਕੀਤੀ ਸੀ। ਉਸ ਨੂੰ ਇਹ ਆਦਾਰਾ, ਸੰਘਣੀ ਤੇ ਨਿਕਟਵਰਤੀ ਰੂਪ-ਰੇਖਾ ਅਤੇ ਹਰ ਸਵੇਰ ਚਾਹ ਵਾਸਤੇ ਸਭ ਦਾ ਇਕੱਠੇ ਹੋਣ ਦੀ ਰਵਾਇਤ  ਕਾਰਣ ਅਨੁਕੂਲ ਥਾਂ ਲਗਦੀ ਸੀ। ਆਸਟਰੇਲੀਆ ਦੀ ਹਾਲੇ ਵੀ 'ਸਿਰਫ ਗੋਰੇ' ਵਾਲੀ ਇਮੀਗਰੇਸ਼ਨ ਨੀਤੀ ਸੀ (ਸਾਊਥ ਏਸ਼ੀਅਨ ਵਿਦਿਆਰਥੀਆਂ ਲਈ ਇਹ ਹਾਲ ਹੀ ਵਿੱਚ ਮਿਲੀ ਛੋਟ ਸੀ), ਪਰ ਸੰਸਥਾ ਦੇ ਲੋਕ, ਜਿਨ੍ਹਾਂ ਨੂੰ ਉਹ ਜਾਣਦਾ ਸੀ, ਇਸ ਨੂੰ ਪਸੰਦ ਨਹੀਂ ਸੀ ਕਰਦੇ। ਇਸ ਬਾਰੇ ਗੱਲ ਸੁਣ ਕੇ ਵੀ ਉਹ ਸ਼ਰਮਿੰਦਾ ਮਹਿਸੂਸ ਕਰਦੇ ਸਨ।

ਭਾਰਤ ਮੁੜਣ ਤੋਂ ਕੁਝ ਮਹੀਨੇ ਬਾਅਦ, ਉਸ ਨੂੰ ਕਨੇਡਾ ਦੀ ਨੈਸ਼ਨਲ ਰੀਸਰਚ ਕਾਊਂਸਲ ਵੱਲੋਂ ਪੋਸਟ-ਡੌਕਟਰਲ ਫੈਲੋਸ਼ਿਪ ਮਿਲ ਗਈ। ਇਸ ਕਰਕੇ ਉਹ ਅਲਬਰਟਾ ਸੂਬੇ `ਚ ਪਰੇਰੀ ਇਲਾਕੇ  ਦੇ ਲੈੱਥਬਰਿੱਜ ਸ਼ਹਿਰ ਚਲਾ ਗਿਆ। ਇਹ ਫੈਡਰਲ ਸਰਕਾਰ ਦਾ ਖੇਤੀਬਾੜੀ ਦਾ ਸਭ ਤੋਂ ਵੱਡਾ ਵਿਭਾਗ ਸੀ, ਜਿਸਦੇ ਬਹੁਤ ਸਾਰੇ ਖੋਜ ਕੇਂਦਰ ਸਨ ਅਤੇ ਜਿਸਦੇ ਸੌ ਦੇ ਕਰੀਬ ਕਰਮਚਾਰੀ ਸਨ, ਜਿਨ੍ਹਾਂ ਵਿੱਚ ਪੰਜਾਹ ਖੋਜੀ ਸਾਇੰਸਦਾਨ ਸਨ। ਉਸਦਾ ਪ੍ਰੋਜੈਕਟ, ਗੁਦਾਮ ਵਿੱਚ ਸਾਂਭੇ ਦਾਣਿਆਂ ਨੂੰ ਕੀੜੇ ਦੇ ਨੁਕਸਾਨ `ਤੇ ਕੇਂਦਰਤ ਸੀ। ਉਸ ਵਾਸਤੇ ਸਿਆਲਾਂ ਦੇ ਤਾਪਮਾਨ ਦੀ ਸਥਿਤੀ `ਤੇ ਨਿਗ੍ਹਾ ਰੱਖਣ ਦੀ ਜ਼ਰੂਰਤ ਸੀ, ਜਿਸ ਥੱਲੇ ਕੀੜੇ ਜਿਉਂਦੇ ਰਹਿੰਦੇ ਸਨ। ਉਹ ਸਟੇਸ਼ਨ ਦੇ ਪ੍ਰਬੰਧਕ ਅਫਸਰ ਦਾ ਚੰਗਾ ਮਿੱਤਰ ਬਣ ਗਿਆ। ਉਹ ਉਸਦਾ ਹਮਉਮਰ, ਡੱਚ ਕਨੇਡੀਅਨ ਸੀ। ਉਸਦਾ ਨਾਂ ਕਲੇਫਿਸ (ਕਲੀਓ) ਗੂਬਲਜ਼ ਸੀ ਅਤੇ ਉਹ ਵਿਕਟੋਰੀਆ ਦੇ ਭੈਣਾਂ ਭਰਾਵਾਂ ਵਾਲੇ ਵੱਡੇ ਪਰਿਵਾਰ ਵਿੱਚੋਂ ਸੀ। ਲੈੱਥਬਰਿੱਜ ਵਿੱਚ ਕਾਰ ਤੋਂ ਬਿਨਾਂ ਗੁਜ਼ਾਰਾ ਕਰਨਾ ਮੁਸ਼ਕਲ ਸੀ, ਅਤੇ ਗੂਬਲਜ਼ ਨੇ ਉਸ ਨੂੰ ਆਪਣੇ ਵਜ਼ੀਫੇ ਦੇ ਕੁਝ ਹਿੱਸੇ ਨਾਲ 1951 ਦੀ ਸ਼ੈਵਰਲੇ ਕਾਰ ਖ੍ਰੀਦਣ ਲਈ ਪ੍ਰੇਰਿਆ।( ਆਸਟਰੇਲੀਆ ਵਿੱਚ ਉਸ ਆਪਣੇ ਵਜ਼ੀਫੇ ਵਾਲੇ ਧਨ `ਚੋਂ ਹੱਥ ਘੁੱਟ ਕੇ ਨਵਾਂ ਚੈਕੋਸਲਵਾਕੀਆ ਦਾ ਬਣਿਆ ਉਨਾਬੀ ਰੰਗਾ ਮੋਟਰਸਾਈਕਲ ਖ੍ਰੀਦਣ ਜੋਗੇ ਪੈਸੇ ਬਚਾ ਲਏ ਸਨ, ਅਤੇ ਦਾੜ੍ਹੀ-ਪੱਗ ਵਾਲੇ ਸਰਦਾਰ ਦੀ ਆਪਣੇ ਮੋਟਰ ਸਾਈਕਲ ਉੱਪਰ ਚੜ੍ਹੇ ਦੀ  ਵਚਿੱਤਰ ਤਸਵੀਰ ਐਡੀਲੇਡ ਅਖਬਾਰ ਵਿੱਚ ਛਪੀ ਸੀ)

ਅਵਤਾਰ ਦੀ ਸ਼ੈਵਰਲੇ, ਗੂਬਲਜ਼ ਦੀ ਕਾਰ ਨਾਲੋਂ ਜ਼ਿਆਦਾ ਭਰੋਸੇਯੋਗ ਸੀ, ਅਤੇ ਉਨ੍ਹਾਂ ਦੋਨਾਂ ਨੇ ਰਲ ਕੇ ਇਸ ਨੂੰ ਸਿਆਲਾਂ ਵਿੱਚ ਚਲਾਉਣ ਲਈ ਖੂਬ ਵਰਤਿਆ। ਇੱਕ ਵਾਰ ਕ੍ਰਿਸਮਸ ਵੇਲੇ ਉਹ ਇਸ ਕਾਰ ਰਾਹੀਂ ਆਪਣੇ ਦੋ ਹੋਰ ਨਜ਼ਦੀਕੀਆਂ ਨਾਲ ਰਲ ਕੇ ਪਹਾੜਾਂ ਵਿੱਚੋਂ ਦੀ ਵੈਕਨੂਵਰ ਗਏ ਸਨ। ਉਹ ਚਾਰੇ ਵਾਰੀ-ਵਾਰੀ ਕਾਰ ਚਲਾਉਂਦੇ ਰਹੇ। ਇਹ ਉਨ੍ਹਾਂ ਦੀ ਯਾਦਗਾਰੀ ਫੇਰੀ ਸੀ। ਅਵਤਾਰ ਕੋਲ ਵੈਨਕੂਵਰ ਵਿੱਚ ਕੁਝ ਸਿੱਖ ਪਰਿਵਾਰਾਂ ਦੇ ਨਾਂ ਸਨ, ਉਸ ਨੇ ਉਨ੍ਹਾਂ `ਚੋਂ ਇੱਕ ਨੂੰ ਟੈਲੀਫੂਨ ਕੀਤਾ ਅਤੇ ਰਹਿਣ ਲਈ ਥਾਂ ਪ੍ਰਾਪਤ ਕਰ ਲਈ। ਵੈਨਕੂਵਰ ਠਹਿਰ ਦੌਰਾਨ ਉਹ ਪਹਿਲੇ ਸਿੱਖ ਪਰਵਾਸੀਆਂ ਵੱਲੋਂ ਬਣਾਏ ਪੁਰਾਣੇ ਖਾਲਸਾ ਦੀਵਾਨ ਸੁਸਾਇਟੀ ਗੁਰਦਵਾਰੇ ਵਿੱਚ ਗਿਆ ਅਤੇ ਉਨ੍ਹਾਂ ਨਾਲੋਂ ਵੱਖ ਹੋਏ ਅਕਾਲੀ ਸਿੰਘ ਗੁਰਦਵਾਰੇ ਵੀ ਗਿਆ, ਜਿਹੜਾ ਹਾਲੇ ਵੀ ਪੁਰਾਣੀ ਚਰਚ ਵਾਲੀ ਇਮਾਰਤ ਵਿੱਚ ਹੀ ਸੀ। ਉਹ ਕੁਝ ਪੁਰਾਣੇ ਬੰਦਿਆਂ ਨੂੰ ਵੀ ਮਿਲਿਆ, ਜਿਵੇਂ ਬਲਵੰਤ ਸਿੰਘ, ਜਿਹੜਾ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਵੈਨਕੂਵਰ ਦੀ ਹੇਸਟਿੰਗਜ਼ ਸਟਰੀਟ ਨੂੰ ਘੋੜੇ ਅਤੇ ਸੁਹਾਗੇ ਨਾਲ ਪੱਧਰ ਕਰਨ ਦਾ ਕੰਮ ਕਰਦਾ ਸੀ। ਉਸ ਨੇ ਸਥਾਨਕ ਸਿੱਖ ਭਾਈਚਾਰੇ ਵਿੱਚ ਕੁਝ ਸਬੰਧ ਵੀ ਬਣਾਏ। ਜਿਹੜੇ ਕਾਮਯਾਬ ਸਨ, ਉਨ੍ਹਾਂ ਨਾਲ ਵੀ ਅਤੇ ਜਿਨ੍ਹਾਂ ਦੀ ਬਹੁਤੀ ਕਮਾਈ ਨਹੀਂ ਸੀ ਅਤੇ ਸਾਦਾ ਜੀਵਨ ਗੁਜ਼ਾਰਦੇ ਸਨ, ਉਨ੍ਹਾਂ ਨਾਲ ਵੀ। ਰਲ਼ਾ-ਮਿਲ਼ਾ ਕੇ, ਜਦੋਂ ਉਸ ਨੇ ਪਿਛਲਝਾਤ ਮਾਰੀ, ਉਸ ਨੂੰ ਕਨੇਡਾ ਵਿਚਲੇ ਆਪਣੇ ਦੋ ਸਾਲ, ਚੰਗੇ ਵਕਤ ਵਜੋਂ ਯਾਦ ਸਨ।

1957 ਵਿੱਚ ਭਾਰਤ ਮੁੜ ਕੇ ਉਹ ਪੰਜਾਬ ਦੇ ਖੇਤੀਬਾੜੀ ਵਿਭਾਗ ਨਾਲ ਨਿੱਜੀ ਜੰਗ ਵਿੱਚ ਉਲਝ ਗਿਆ। ਵਿਭਾਗ ਉਸ ਤੋਂ ਆਸ ਰੱਖਦਾ ਸੀ ਕਿ ਉਹ ਲੁਧਿਆਣੇ ਵਿੱਚ ਆਪਣੀ ਅਧਿਆਪਕ ਵਾਲੀ ਪੁਰਾਣੀ ਨੌਕਰੀ `ਤੇ, ਬਿਨਾਂ ਤਨਖਾਹ ਵਿੱਚ ਵਾਧੇ ਜਾਂ ਤਰੱਕੀ ਦੇ, ਲੱਗ ਜਾਵੇ। ਉਹ ਉਸਦੀ ਆਸਟਰੇਲੀਆ ਵਿਚਲੀ ਪੀ ਐੱਚ ਡੀ ਅਤੇ ਕਨੇਡਾ ਵਾਲੇ ਪੋਸਟ ਡੌਕਟਰਲ ਕੰਮ ਨੂੰ ਮਾਨਤਾ ਨਹੀਂ ਸੀ ਦੇ ਰਹੇ। ਉਸ ਨੇ ਅਵੱਗਿਆਕਾਰੀ ਵਜੋਂ, ਕਿਸੇ ਹੋਰ ਥਾਂ ਕੀਟ ਵਿਗਿਆਨ ਦੀ ਉੱਚੀ ਪਦਵੀ ਲੈ ਲਈ। ਇਹ ਹੁਸ਼ਿਆਰਪੁਰ ਦਾ ਕਾਲਜ ਸੀ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਸੀ। ਜਦੋਂ ਉਹ ਹੁਸ਼ਿਆਰਪੁਰ ਵਿੱਚ ਸਥਾਪਿਤ ਹੋ ਗਿਆ, ਉਸ ਨੇ ਅਟੱਲਤਾ ਨਾਲ ਲੁਧਿਆਣੇ ਵਿੱਚ ਰੀਪੋਰਟ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਨੂੰ ਸਰਕਾਰ ਦੇ ਸਕੱਤਰ ਵੱਲੋਂ "ਡਿਸਿਪਲਿਨ" ਦੀ ਧਮਕੀ ਭਰੀ ਚਿੱਠੀ ਆਈ ਅਤੇ ਉਸਦੇ ਇੱਕ ਤਜਰਬੇਕਾਰ ਨਜ਼ਦੀਕੀ ਨੇ ਸਲਾਹ ਦਿੱਤੀ ਕਿ "ਉਹ ਹੁਣ ਗੰਭੀਰ ਨੇ"। 1958 ਦੇ ਪਿਛਲੇ ਪੱਖ, ਉਹ ਲੁਧਿਆਣੇ ਪਰਤ ਆਇਆ, ਪਰ ਉਸ ਨੂੰ ਕੁਝ ਤਸੱਲੀ ਸੀ ਕਿ ਉਹ ਹੁਣ ਸਹਾਇਕ ਪ੍ਰੋਫੈਸਰ ਸੀ।  ਉਸਦੇ ਹਠ ਨੇ ਉਸਨੂੰ ਤਰੱਕੀ ਦਿਵਾ ਦਿੱਤੀ ਸੀ।

ਉਹ ਲੁਧਿਆਣੇ ਵਾਲੇ ਕਾਲਜ ਵਿੱਚ ਹੋਣ ਵਾਲੇ ਵੱਡੇ ਵਾਧੇ ਵਿੱਚ ਹਿੱਸਾ ਪਾਉਣ ਲਈ ਉੱਥੇ ਸੀ। ਉਸ ਨੇ 1947 ਵੇਲੇ ਮੁਸਲਮਾਨ ਅਬਾਦੀ ਵਾਲੇ ਖਾਲੀ ਹੋਏ ਪਿੰਡਾਂ ਦੀ ਛੇ ਸੌ ਹੈਕਟੇਅਰ ਅੱਧ-ਮਾਰੂ ਜ਼ਮੀਨ ਉੱਤੇ ਸ਼ਾਨਦਾਰ ਕੈਂਪਸ ਬਣਦਾ ਵੀ ਦੇਖਿਆ। ਪਹਿਲੀ ਸਥਾਈ ਇਮਾਰਤ, ਉਸਦੇ ਵਾਪਸ ਮੁੜਣ ਵਾਲੇ ਸਾਲ, 1958 ਵਿੱਚ ਉਸਰੀ। ਕੈਂਪਸ ਦੀ ਹਰਿਆਲੀ ਅਤੇ ਨੁਮਾਇਸ਼ੀ ਖੇਤਾਂ ਲਈ ਨਹਿਰ ਰਾਹੀਂ ਪਾਣੀ ਆਉਂਦਾ ਸੀ। ਅਮਰੀਕਨ ਸਹਾਇਤਾ ਰਾਸ਼ੀ ਨਾਲ ਸਾਜ਼ੋ-ਸਮਾਨ ਆਇਆ, ਭਾਵੇਂ ਪਹਿਲੇ ਤਿੰਨ ਸਾਲ, ਪਹਿਲਾ ਟਰੈਕਟਰ ਆਉਣ ਤੱਕ, ਕਾਲਜ ਨੂੰ ਬਲਦਾਂ ਦੀ ਵਰਤੋਂ ਕਰਨੀ ਪਈ। ਪਹਿਲੀ ਫੇਕਲਟੀ ਨੂੰ ਸਲਾਹ ਦੇਣ ਲਈ ਅਮਰੀਕਨ ਮਾਹਰ ਆਏ, ਅਤੇ ਜਾਂ ਪੰਜਾਬ ਦਾ ਖੇਤੀਬਾੜੀ ਮੰਤਰੀ ਜਾਂ ਸਰਕਾਰ ਦਾ ਸਕੱਤਰ ਵਿਕਾਸ ਦੀ ਪੜਤਾਲ ਕਰਨ ਲਈ  ਰੋਜ਼ਾਨਾ ਫੋਨ ਕਰਦੇ। ਖੇਤੀਬਾੜੀ ਮਹਿਕਮਾ ਲਗਾਤਾਰ ਆਪਣੇ ਖੋਜ ਕਾਰਜ ਕਾਲਜ ਵੱਲ ਤਬਦੀਲ ਕਰਦੇ ਰਹੇ, ਅਤੇ ਪਬਲਿਕ ਸਰਵਿਸ ਕਮਿਸ਼ਨ ਨੇ 1958 ਵਿੱਚ ਇਸਦਾ ਦਰਜਾ ਪੋਸਟ-ਗਰੈਜੂਏਸ਼ਨ ਕਾਲਜ ਦਾ ਕਰ ਦਿੱਤਾ ਅਤੇ ਫਿਰ 1962 ਵਿੱਚ ਯੂਨੀਵਰਸਿਟੀ ਦਾ। ਇਹ ਏਸ਼ੀਆ ਦੇ ਸਭ ਤੋਂ ਵਧੀਆ ਖੇਤੀਬਾੜੀ ਖੋਜ ਕੇਂਦਰਾਂ ਵਿੱਚੋਂ ਇੱਕ ਬਣਨ ਦੇ ਰਾਹ `ਤੇ ਚੱਲ ਰਹੀ ਸੀ।

ਅਵਤਾਰ ਵਰਗੇ, ਵਿਦੇਸ਼ਾਂ ਤੋਂ ਪੀ ਐੱਚ ਡੀ ਕਰਕੇ ਆਏ ਨੌਜਵਾਨਾਂ ਦਾ ਇਸ ਅੰਡਰ-ਗਰੈਜੂਏਸ਼ਨ ਕਾਲਜ ਦੇ ਵੱਡੀ ਖੋਜ ਸੰਸਥਾ ਵਿੱਚ ਬਦਲਣ ਵਿੱਚ ਬਹੁਤ ਮਹੱਤਵਪੂਰਨ ਰੋਲ ਸੀ। ਉਹ ਇਸ ਗੱਲੋਂ ਅਸ਼ਾਂਤ ਸਨ ਕਿ ਉਨ੍ਹਾਂ ਤੋਂ ਘੱਟ ਯੋਗਤਾ ਵਾਲੇ ਪਰ ਵੱਧ ਸਮੇਂ ਤੋਂ ਨੌਕਰੀ ਵਾਲੇ ਉਨ੍ਹਾਂ ਤੋਂ ਪਹਿਲਾਂ ਤਰੱਕੀ ਲੈ ਲੈਂਦੇ ਸਨ। ਇਸ ਤਰ੍ਹਾਂ ਅਵਤਾਰ ਨਾਲ ਦੋ ਵਾਰ ਵਾਪਰਿਆ। ਉਸਦੇ ਵਿਭਾਗ ਨੂੰ ਦੋ ਕੀਟ ਵਿਗਿਆਨ ਦੀਆਂ ਪ੍ਰੋਫੈਸਰਸ਼ਿਪ ਮਿਲੀਆਂ ਪਰ ਉਸ ਨੂੰ ਕੋਈ ਵੀ ਨਾ ਮਿਲੀ, ਭਾਵੇਂ ਬਹੁਤੇ ਵਿਦਿਆਰਥੀ ਉਸਦੀ ਨਿਗਰਾਨੀ ਹੇਠ ਗਰੈਜੂਏਸ਼ਨ ਕਰ ਰਹੇ ਸਨ। ਪਹਿਲੀ ਨਾਕਾਮੀ ਤੋਂ ਬਾਅਦ ਅਸਾਧਾਰਨ ਤਰੀਕੇ ਨਾਲ ਉਸ ਨੂੰ ਮੁੱਖ ਮੰਤਰੀ, ਪ੍ਰਤਾਪ ਸਿੰਘ ਕੈਰੋਂ ਨਾਲ ਮਿਲਣ ਦਾ ਮੌਕਾ ਮਿਲਿਆ। ਇਹ ਉਸਦੇ ਸੁਰਜੀਤ ਜਾਂ ਉਸਦੇ ਕੈਰੋਂ ਨਾਲ ਸੰਪਰਕਾਂ ਨੂੰ ਮਿਲਣ ਤੋਂ ਪਹਿਲਾਂ ਦੀ ਗੱਲ ਸੀ। ਅਵਤਾਰ ਨੂੰ ਮੌਕਾ ਇਸ ਲਈ ਮਿਲ ਗਿਆ, ਕਿਉਂ ਕਿ ਉਹ ਮੁੱਖ ਮੰਤਰੀ ਦੇ ਪੁੱਤਰ, ਸੁਰਿੰਦਰ ਨੂੰ ਜਾਣਦਾ ਸੀ। ਉਸ ਨੂੰ ਮੁੱਖ ਮੰਤਰੀ ਨਾਲ ਗੈਰ-ਰਸਮੀ ਵਿਚਾਰ-ਵਟਾਂਦਰੇ ਲਈ ਸੁਰਿੰਦਰ ਵੱਲੋਂ ਸੁਨੇਹਾ ਮਿਲਿਆ। ਉਹ ਕੈਂਪਸ ਦੇ ਨੇੜੇ ਸਰਕਾਰੀ ਆਰਾਮ ਘਰ ਵਿੱਚ ਮਿਲੇ, ਅਵਤਾਰ ਸਾਈਕਲ ਚਲਾ ਕੇ ਉੱਥੇ ਪਹੁੰਚ ਗਿਆ। ਕੈਰੋਂ ਨੇ ਉਸ ਨੂੰ ਕਾਲਜ, ਇਮਾਰਤਾਂ ਦੇ ਵਿਕਾਸ, ਸਾਜੋ-ਸਮਾਨ, ਅਮਰੀਕਨ ਮਾਹਰਾਂ ਦੇ ਰੋਲ, ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਫੈਕਲਟੀ, ਅਕਾਦਮਿਕ ਉਸਾਰੀ ਦੇ ਵਿਕਾਸ, ਅਤੇ ਖੇਤੀ ਉਦਯੋਗ ਜਿਵੇਂ ਪੋਲਟਰੀ ਫਾਰਮਿੰਗ, ਮਿਲਕ ਪਲਾਂਟਸ, ਅਤੇ ਖਾਦ ਦੇ ਆਊਟਲਿਟਾਂ  ਬਾਰੇ ਕੀ ਕਰਨਾ ਚਾਹੀਦਾ ਸੀ, ਵਰਗੇ ਸਵਾਲ ਪੁੱਛੇ।  ਫਿਰ ਅਚਾਨਕ ਹੀ ਇੱਕ ਸਵਾਲ ਆਇਆ ਕਿ ਕੀ ਢੁੱਕਵੀਆਂ ਥਾਵਾਂ `ਤੇ ਢੁੱਕਵੇਂ ਲੋਕਾਂ ਦੀ ਚੋਣ ਨਿਰਪੱਖ ਤਰੀਕੇ ਨਾਲ ਹੁੰਦੀ ਸੀ? ਅਵਤਾਰ ਦੀ ਸਰੀਰਕ ਭਾਸ਼ਾ ਨੇ ਇਹ ਦੱਸ ਦਿੱਤਾ। ਉਹ ਇਸ ਤਰ੍ਹਾਂ ਨਹੀਂ ਸੀ ਸੋਚਦਾ ਅਤੇ ਕੈਰੋਂ ਨੇ ਛੇਤੀ ਹੀ ਉਸ ਨੂੰ ਆਪਣੀ ਵਿਥਿਆ ਸੁਨਾਉਣ ਲਈ ਪ੍ਰੇਰ ਲਿਆ।  ਕੈਰੋਂ ਨੇ ਕਿਹਾ, " ਜਦੋਂ ਅਗਲੀ ਵਾਰ ਤੇਰੀ ਇੰਟਰਵਿਊ ਹੋਣੀ ਹੋਈ, ਆ ਕੇ ਮੈਨੂੰ ਮਿਲੀਂ।"

ਕਿਉਂ ਕਿ ਕਾਲਜ ਖੇਤੀਬਾੜੀ ਮਹਿਕਮੇ ਦੇ ਥੱਲੇ ਸੀ ਅਤੇ ਇਸਦੇ ਕਰਮਚਾਰੀ ਸਰਕਾਰੀ ਨੌਕਰ ਸਨ, ਉਨ੍ਹਾਂ ਦੀ ਭਰਤੀ ਪੰਜਾਬ ਦਾ ਸਿਵਿਲ ਸਰਵਿਸ ਕਮਿਸ਼ਨ ਕਰਦਾ ਸੀ। ਇਹ  ਵਰਤਾਰਾ ਉਦੋਂ ਬਦਲ ਜਾਣਾ ਸੀ ਜਦੋਂ, ਕਾਲਜ ਯੂਨੀਵਰਸਿਟੀ ਵਿੱਚ ਤਬਦੀਲ ਹੋ ਜਾਣਾ ਸੀ  ਅਤੇ ਇਸ ਨੇ ਉੱਤਰੀ ਅਮਰੀਕਨ ਯੂਨੀਵਰਸਿਟੀਆਂ ਵਾਂਗ ਚੱਲਣ ਲੱਗਣਾ ਸੀ। ਕੈਰੋਂ ਨੂੰ ਪਤਾ ਸੀ ਕਿ ਇਹ ਤਬਦੀਲੀ ਹੋਣ ਵਾਲੀ ਸੀ, ਜਿਸ ਨੇ ਉਸ ਨੂੰ ਅਵਤਾਰ ਦੀ ਸਹਾਇਤਾ ਕਰਨ ਲਈ ਉਤਸ਼ਾਹਤ ਕੀਤਾ। ਆਪਣੀ ਟੰਗ ਅੜਾਂਉਣਾ ਕੈਂਰੋ ਦਾ ਸੁਭਾਅ ਵੀ ਸੀ। ਭਾਵੇਂ ਉਸ ਨੂੰ ਸੱਦਾ ਮਿਲਿਆ ਸੀ, ਫਿਰ ਵੀ ਅਵਤਾਰ  ਮੁੱਖ ਮੰਤਰੀ ਨਾਲ ਗੱਲ ਕਰਨ ਕਰਕੇ ਚਿੰਤਤ ਸੀ, ਕਿਉਂ ਕਿ ਸਿਵਿਲ ਸਰਵਿਸ ਜ਼ਾਬਤਾ, ਤਰੱਕੀ ਦੇ ਉਦੇਸ਼ ਨਾਲ, ਮੰਤਰੀਆਂ ਨਾਲ ਸੰਪਰਕ ਕਰਨ ਦੀ ਆਗਿਆ ਨਹੀਂ ਸੀ ਦਿੰਦਾ। ਪ੍ਰੋਫੈਸਰ ਦੀ ਦੂਜੀ ਅਸਾਮੀ ਦੀ ਇੰਟਰਵਿਊ ਤੋਂ ਪਹਿਲਾਂ ਉਹ ਹੌਸਲਾ ਕਰਕੇ ਕੈਰੋਂ ਨੂੰ ਜਾ ਮਿਲਿਆ, ਅਤੇ ਜਦੋਂ ਉਸ ਨੂੰ ਇਹ ਨਾ ਮਿਲੀ, ਉਹ ਮੁੜ ਕੈਰੋਂ ਨੂੰ ਮਿਲਿਆ। ਅਵਤਾਰ ਦੇ ਕਮਰੇ ਵਿੱਚ ਬੈਠੇ ਤੋਂ ਹੀ ਕੈਰੋਂ ਨੇ ਸਿਵਿਲ ਸਰਵਿਸ ਕਮਿਸ਼ਨ ਦੇ ਮੁਖੀ ਨੂੰ ਫੋਨ ਕਰਕੇ ਉਸ ਤੋਂ ਫੈਸਲੇ ਦੀ ਤਫਸੀਲ ਮੰਗੀ। ਵਿਆਖਿਆ ਇਹ ਸੀ ਕਿ ਦੂਜੇ ਉਮੀਦਵਾਰ ਦਾ ਤਜਰਬਾ ਵਧੇਰੇ ਸੀ। ਇਸਦੇ ਜਵਾਬ ਵਿੱਚ ਕੈਰੋਂ ਨੇ ਕਿਹਾ, "ਜੇ ਤੁਸੀਂ ਸਿਰਫ ਇਹੀ ਦੇਖਣਾ ਹੈ ਤਾਂ ਮੈਨੂੰ ਤੁਹਾਡੇ ਕਮਿਸ਼ਨ ਦੀ ਲੋੜ ਨਹੀਂ, ਮੈਂ ਆਪ ਹੀ ਨਿਯੁਕਤੀਆਂ ਕਰ ਸਕਦਾ ਹਾਂ।"

ਕਮਿਸ਼ਨ ਨੇ ਫੈਸਲਾ ਕਰ ਲਿਆ ਸੀ ਤੇ ਕੈਰੋਂ ਨੇ ਉਸ ਨੂੰ ਉਵੇਂ ਹੀ ਰਹਿਣ ਦਿੱਤਾ, ਪਰ ਉਸ ਨੇ ਅਵਤਾਰ ਲਈ ਰਾਜ ਸਰਕਾਰ ਵੱਲੋਂ ਨਿਯੁਕਤੀ ਦਾ ਹੁਕਮ ਦੇ ਦਿੱਤਾ ਅਤੇ ਉਸ ਨੂੰ ਸੂਬੇ ਦਾ ਕੀਟ ਵਿਗਿਆਨੀ ਤੇ ਟਿੱਡੀ ਦਲ ਨਿਯੰਤਰਨ ਅਫਸਰ ਬਣਾ ਦਿੱਤਾ ਅਤੇ ਉਸਦੀ ਅਕਾਦਮਿਕ ਥਾਂ ਨੂੰ ਉਵੇਂ ਹੀ ਰਹਿਣ ਦਿੱਤਾ ਅਤੇ ਉਸ ਨੂੰ ਉਸਦੇ ਵਿਭਾਗ ਦਾ ਮੁਖੀ ਥਾਪ ਦਿੱਤਾ। ਅਵਤਾਰ ਹੁਣ ਖੇਤਬਾੜੀ ਵਿਗਿਆਨੀਆਂ ਦੀ ਟੀਮ ਦਾ ਮੁਖੀ ਸੀ, ਜਿਨ੍ਹਾਂ ਦੇ ਕੰਮ ਨੇ 1970 ਵਿਆਂ ਵਿੱਚ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣੀ ਸੀ।

ਟਿੱਡੀ ਦਲ ਨਿਯੰਤਰਨ ਦੀ ਸ਼ੁਰੂਆਤ ਨਾਟਕੀ ਸੀ। ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਐਨ ਉਸ ਮੌਕੇ ਕੀਤੀ, ਜਦੋਂ ਚਿਰ ਤੋਂ ਉਡੀਕੇ ਜਾ ਰਹੇ ਟਿੱਡੀ ਦਲ ਨੇ ਪੰਜਾਬ `ਤੇ ਹਮਲਾ ਕੀਤਾ। ਇਹ ਪਹਿਲੇ ਅਠ੍ਹਾਰਾਂ ਮਹੀਨਿਆਂ ਤੋਂ ਦੱਖਣੀ ਅਫਰੀਕਾ ਤੋਂ ਫੈਲੇ  ਟਿੱਡੀ ਦਲ  ਦਾ ਨਤੀਜਾ ਸੀ। ਭਾਰਤ ਸਰਕਾਰ ਨੇ ਇਸ ਨਾਲ ਸਿੱਝਣ ਲਈ ਉੱਪਰੋਂ ਸਪਰੇਅ ਕਰਨ ਲਈ ਦੋ ਕਨੇਡੀਅਨ ਬੀਵਰ ਜਹਾਜ਼ ਖ੍ਰੀਦ ਕੇ ਤਿਆਰੀ ਕਰ ਲਈ ਸੀ। ਅਵਤਾਰ ਦੀ ਪਹਿਲੀ ਜ਼ਿੰਮੇਵਾਰੀ ਦਿੱਲੀ ਦੇ ਪੁਰਾਣੇ ਸਫਦਰਜੰਗ ਹਵਾਈ ਅੱਡੇ ਤੱਕ ਕਾਰ ਰਾਹੀਂ ਜਾ ਕੇ ਉਨ੍ਹਾਂ ਵਿੱਚੋਂ ਇੱਕ ਬੀਵਰ ਜਹਾਜ਼ ਲਈ ਅਰਜ਼ ਕਰਨਾ ਸੀ।  ਉਸ ਨੂੰ  ਜਹਾਜ਼ ਦੇ ਕਾਕਪਿੱਟ ਦੇਖਣ ਤੋਂ ਵੱਧ ਦੀ ਉਮੀਦ ਨਹੀਂ ਸੀ, ਪਰ ਉਸ ਨੂੰ ਹੈਰਾਨੀ ਹੋਈ, ਜਦੋਂ ਉਸਦੇ ਬੈਠਦਿਆਂ ਹੀ ਪਾਇਲਟ ਨੇ ਉਡਾਣ ਭਰ ਲਈ ਅਤੇ ਲੁਧਿਆਣੇ ਪਹੁੰਚ ਕੇ ਜਹਾਜ਼ ਉਤਾਰਨ ਲਈ ਖਾਲੀ ਥਾਂ ਦੇਖਣ ਲਈ ਗੇੜੇ ਕੱਢਣ ਲੱਗਾ। ਨਤੀਜੇ ਵਜੋਂ, ਅਵਤਾਰ ਉਸੇ ਦਿਨ ਆਪਣੇ ਬਿਸਤਰੇ ਵਿੱਚ ਆ ਸੁੱਤਾ, ਅਤੇ ਅਗਲੇ ਦਿਨ ਉਸ ਨੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਹਾਜ਼ੀ ਛਿੜਕਾਅ ਦੀ ਮੁਹਿੰਮ ਆਰੰਭ ਦਿੱਤੀ। ਇਸ ਲਈ ਉਨ੍ਹਾਂ ਨੇ ਲੁਧਿਆਣੇ ਦੇ ਦੱਖਣ ਵੱਲ ਸੰਗਰੂਰ ਵਿੱਚ ਸੈਨਾ ਦੇ ਖਾਲੀ ਪਏ ਹਵਾਈ ਅੱਡੇ ਨੂੰ ਵਰਤਿਆ। ਉਸ ਨੇ ਸਰਕਾਰੀ ਅਹੁਦੇਦਾਰਾਂ ਅਤੇ ਪੁਲਿਸ ਦੇ ਸਹਿਯੋਗ ਦਾ ਤਾਲਮੇਲ ਬਣਾਇਆ, ਕੀਟਨਾਸ਼ਕ ਦਵਾਈਆਂ ਦੇ ਡਰੰਮਾਂ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਉਣ ਲਈ ਟਰੱਕਾਂ ਦੀ ਮੰਗ ਕੀਤੀ, ਅਤੇ ਚਾਰ-ਪੰਜ ਕਿਲੋਮੀਟਰਾਂ ਤੱਕ ਫੈਲੇ ਟਿੱਡੀ ਦਲਾਂ ਉੱਪਰ ਨੀਵੀਂ ਉਡਾਣ ਭਰਨ ਲਈ ਉਹ ਪਾਇਲਟ ਦੇ ਨਾਲ ਬੈਠਾ। ਜਹਾਜ਼ ਦਰੱਖਤਾਂ ਦੀਆਂ ਟੀਸੀਆਂ ਕੱਟ ਦਿੰਦਾ ਅਤੇ ਧਰਤੀ `ਤੇ ਲੱਗਣ ਵੇਲੇ ਉਸਦੇ ਪਹੀਆਂ ਵਿੱਚ ਪੱਤੇ ਫਸੇ ਹੁੰਦੇ। ਪਾਇਲਟ ਆਪਣੇ ਮੁਸਾਫਿਰ ਨੂੰ ਪ੍ਰਭਾਵਿਤ ਕਰਨ ਲਈ ਲੋੜ ਤੋਂ ਜ਼ਿਆਦਾ ਹੀ ਨੀਵਾਂ ਚਲਾਉਂਦਾ। ਤਿੰਨ ਰੁਝੇਵੇਂ ਭਰੇ ਹਫਤਿਆਂ ਤੋਂ ਬਾਅਦ ਉਨ੍ਹਾਂ ਨੇ ਟਿੱਡੀ ਦਲ ਉੱਤੇ ਛਿੜਕਾਅ ਕਰਨ ਦੇ ਦੌਰ ਨੂੰ ਮੁਕਾ ਲਿਆ।

ਅਵਤਾਰ ਨੂੰ ਆਪਣੇ ਵਿਭਾਗ ਦਾ ਮੁਖੀ ਬਣੇ ਨੂੰ ਚਾਰ ਸਾਲ ਹੋ ਗਏ ਸਨ, ਜਦੋਂ ਉਸਦਾ ਸੁਰਜੀਤ ਨਾਲ ਵਿਆਹ ਹੋਇਆ, ਅਤੇ ਉਹ ਲੁਧਿਆਣੇ ਦੀ ਯੂਨੀਵਰਸਿਟੀ ਵਿੱਚ ਪੱਕਾ ਰਹਿਣ ਲੱਗ ਪਿਆ ਸੀ। ਲੁਧਿਆਣਾ ਔੜ ਦੇ ਐਨਾ ਕੁ ਨੇੜੇ ਸੀ ਕਿ ਸੁਰਜੀਤ ਕੈਂਪਸ ਵਿੱਚ ਰਹਿ ਕੇ ਹਸਪਤਾਲ ਵਿੱਚ ਕੰਮ ਕਰ ਸਕਦੀ ਸੀ। ਉਨ੍ਹਾਂ ਨੇ ਡਰਾਈਵਰ ਰੱਖ ਲਿਆ, ਜਿਸ ਨਾਲ ਆਉਣ-ਜਾਣ ਵਿੱਚ ਸੁਖਿਆਈ ਹੋ ਗਈ, ਭਾਵੇਂ ਉਹ ਲਗਾਤਾਰ ਸਿਗਰਟਾਂ ਪੀਂਦਾ ਸੀ ਅਤੇ ਇਸ ਮਾਮਲੇ ਵਿੱਚ ਆਦਰਸ਼ਕ ਨਾਲੋਂ ਨੀਵਾਂ ਸੀ। ਸੁਰਜੀਤ ਇਸ ਗੱਲੋਂ ਰੁਮਾਂਚਿਤ ਸੀ ਕਿ ਉਹ ਯੂਨੀਵਰਸਿਟੀ ਦੇ ਵਾਤਾਵਰਣ ਵਿੱਚ ਵੀ ਰਹਿ ਰਹੀ ਸੀ ਅਤੇ ਔੜ ਪਿੰਡ ਵਿੱਚ ਆਪਣੇ ਮਰੀਜ਼ਾਂ ਦੀ ਸੇਵਾ ਵੀ ਕਰ ਰਹੀ ਸੀ ਅਤੇ ਦੋਹਾਂ ਥਾਵਾਂ `ਤੇ ਹੀ ਘਰ ਵਰਗਾ ਨਿੱਘ ਮਹਿਸੂਸ ਕਰਦੀ ਸੀ। ਜਦੋਂ ਤੋਂ ਉਸ ਨੇ ਟਰਾਂਟੋ ਮੈਡੀਕਲ ਸਕੂਲ ਵਿੱਚ ਦਾਖਲਾ ਲਿਆ ਸੀ, ਉਸ ਵੇਲੇ ਤੋਂ ਹੀ ਉਸ ਨੇ ਆਪਣੀ ਜ਼ਿੰਦਗੀ ਹਸਪਤਾਲਾਂ ਜਾਂ ਯੂਨੀਵਰਸਿਟੀਆਂ ਵਿੱਚ ਗੁਜ਼ਾਰੀ ਸੀ। ਬਾਅਦ ਵਿੱਚ ਉਸ ਨੇ ਲਿਖਿਆ ਕਿ ਵਿਆਹ ਇੱਕ ਮੁਸ਼ਕਲ  ਸਮਝੌਤਾ ਸੀ, ਖਾਸ ਕਰਕੇ ਸੈਂਤੀ ਸਾਲ ਦੀ ਉਮਰ ਵਿੱਚ। ਉਹ ਇੱਕ ਆਮ ਭਾਰਤੀ ਪਤਨੀ ਨਹੀਂ ਸੀ, ਅਤੇ ਉਸ ਨੂੰ ਆਪਣੇ ਪਤੀ, ਸਹੁਰਿਆਂ ਅਤੇ ਉਨ੍ਹਾਂ ਦੇ ਦੋਸਤਾਂ ਦੀਆਂ ਆਸਾਂ, ਅਸਾਧਾਰਨ ਅਤੇ ਵਿਦੇਸ਼ੀ ਲਗਦੀਆਂ ਸਨ। ਫਿਰ ਵੀ ਜਦੋਂ ਉਸ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ, ਉਹ ਦ੍ਰਿੜ੍ਹ ਹੋ ਗਈ ਕਿ ਜੈਕੀ ਵੀ ਵਿਆਹ ਕਰਵਾ ਲਵੇ। ਅਤੇ ਉਸ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਉਸਦਾ ਵਿਆਹ ਹੋ ਜਾਵੇ।

ਉਸ ਲਈ ਵਰ ਲੱਭਣ ਦਾ ਕੰਮ 1959 ਵਿੱਚ ਖ੍ਰੀਦੀ ਹਰੀ ਫੀਏਟ ਕਾਰ ਨਾਲ ਸ਼ੁਰੂ ਹੋਇਆ। ਕਾਰ ਦੀ ਤਸੱਲੀਬਖਸ਼ ਸਰਵਿਸ ਲਈ ਫੀਏਟ ਦੇ ਡੀਲਰ ਨੇ ਜਲੰਧਰ ਦੀ ਇੱਕ ਕਾਰ ਮੁਰੰਮਤ ਕਰਨ ਵਾਲੀ ਦੁਕਾਨ ਦੀ ਦੱਸ ਪਾਈ ਸੀ, ਜਿਸਦਾ ਮੈਨੇਜਰ ਇੱਕ ਪੰਜਾਬੀ ਇਸਾਈ, ਡੌਨੀ ਲੂਥਰ ਸੀ। ਸੁਰਜੀਤ ਕਾਰ ਦੀ ਦੇਖ-ਭਾਲ ਕਰਦੀ ਸੀ, ਇਸ ਲਈ ਉਹ ਡੌਨੀ ਨੂੰ ਦੁਕਾਨ ਦੇ ਮੈਨੇਜਰ ਵਜੋਂ ਜਾਣਦੀ ਸੀ। ਉਹ ਹਮੇਸ਼ਾ ਡਾਕਟਰਾਂ  ਵਾਂਗ ਨੀਲਾ ਚੋਗਾ ਪਾ ਕੇ ਰੱਖਦਾ। ਜਦੋਂ ਵੀ ਸੁਰਜੀਤ ਉੱਥੇ ਜਾਂਦੀ, ਉਹ ਪਕੌੜੇ ਮੰਗਵਾ ਲੈਂਦਾ ਅਤੇ ਉਸ ਨਾਲ ਕੁਝ ਜਿਆਦਾ ਹੀ ਨਜ਼ਦੀਕੀ ਦਿਖਾਉਂਦਾ। ਜਿਸ ਦਿਨ ਸੁਰਜੀਤ ਨੇ ਉਸ ਨੂੰ ਦੱਸਿਆ ਕਿ ਉਹ ਵਿਆਹ ਕਰਵਾ ਰਹੀ ਸੀ, ਉਸਦਾ ਚੇਹਰਾ ਉੱਤਰ ਗਿਆ ਲੱਗਦਾ ਸੀ। ਅਗਲੀ ਗੱਲ ਹੀ ਸੁਰਜੀਤ ਨੇ ਇਹ ਆਖ ਦਿੱਤੀ ਕਿ ਉਸਦੀ ਇੱਕ ਭੈਣ ਵੀ ਸੀ। ਉਹ "ਇਹ ਗੱਲ ਵਾਰ ਵਾਰ ਉਸ ਦੇ ਮਨ ਵਿੱਚ ਪਾਉਣ ਲਈ" ਉਤਾਵਲੀ ਸੀ।

ਡੌਨੀ ਅਵੈਂਗਲੀਕਲ ਇਸਾਈ ਪਰਿਵਾਰ ਦੇ ਤਿੰਨ ਭੈਣ-ਭਰਾਵਾਂ ਵਿੱਚੋਂ ਇੱਕ ਸੀ। ਇਹ ਦੋ ਪੀੜ੍ਹੀਆਂ ਪਹਿਲਾਂ ਬਣੇ ਇਸਾਈ, ਪੰਜਾਬ ਦੀ ਵਸੋਂ ਦਾ ਬਹੁਤ ਛੋਟਾ ਹਿੱਸਾ ਸੀ। ਉਸਦੇ ਦਾਦੇ ਤੇ ਨਾਨੇ ਵਿੱਚੋਂ ਇੱਕ ਅਫਗਾਨਿਸਤਾਨ ਦਾ ਪਸ਼ਤੂਨ ਮੁਸਲਮਾਨ ਸੀ, ਅਤੇ ਦੂਜਾ ਸਿੱਖਾਂ ਦੀ ਬੇਦੀ ਕੁਲ ਵਿੱਚੋਂ ਸੀ (ਸਿੱਖ ਧਰਮ ਦੇ ਬਾਨੀ, ਗੁਰੂ ਨਾਨਾਕ ਦੇਵ ਦੀ ਕੁਲ)। ਉਸਦਾ ਦਾਦਾ ਤੇ ਨਾਨਾ ਦੋਨੋਂ ਇਸਾਈ ਬਣ ਗਏ, ਅਤੇ ਇਸਦੀ ਉਨ੍ਹਾਂ ਨੂੰ ਭਾਰੀ ਕੀਮਤ ਤਾਰਨੀ ਪਈ। ਉਨ੍ਹਾਂ ਦੇ ਮੁਸਲਮ ਤੇ ਸਿੱਖ ਪਰਿਵਾਰਾਂ ਨੂੰ ਇਹ ਪਰਵਾਨ ਨਹੀਂ ਸੀ ਅਤੇ ਉਨ੍ਹਾਂ ਨੇ  ਉਨ੍ਹਾਂ ਦਾ ਬਾਈਕਾਟ ਕਰ ਦਿੱਤਾ। ਬਾਅਦ ਵਿੱਚ ਡੌਨੀ ਦਾ ਪਸ਼ਤੂਨ ਦਾਦਾ ਜਾਂ ਨਾਨਾ(ਗਰੈਂਡਫਾਦਰ) ਆਪਣੇ ਪਰਿਵਾਰ ਨਾਲ ਵਰਤਣ ਲੱਗਾ, ਜਦੋਂ ਉਨ੍ਹਾਂ ਦੇ ਮੰਦੇ ਦਿਨ ਆ ਗਏ ਅਤੇ ਉਹ ਉਸ ਕੋਲ ਮੱਦਦ ਅਤੇ ਆਸਰੇ ਲਈ ਆਏ। ਉਸਦੇ ਇਸ ਗਰੈਂਡਫਾਦਰ ਦਾ ਵਿਆਹ ਅੰਗ੍ਰੇਜ਼-ਭਾਰਤੀ ਇਸਾਈ ਧਰਮ ਪ੍ਰਚਾਰਕ ਅਤੇ ਉਸਦੀ ਬਰਮਾ ਵਾਸੀ ਪਤਨੀ ਦੀ ਬੇਟੀ ਨਾਲ ਹੋਇਆ ਸੀ। ਇਹ ਡੌਨੀ ਦੇ ਪਰਿਵਾਰਕ ਦਰਖਤ ਦੀ ਅਜੇਹੀ ਸ਼ਾਖਾ ਸੀ, ਜਿਹੜੀ ਉਸ ਨੂੰ ਪੰਜਾਬ ਦੇ ਇਸਾਈਆਂ ਦੇ ਪ੍ਰਮੁੱਖ ਲੋਕਾਂ ਨਾਲ ਜੋੜਦੀ ਸੀ।

ਸੁਰਜੀਤ ਨੇ ਆਪਣੀ ਮਾਂ ਨਾਲ ਵੈਨਕੂਵਰ ਜਾਣ ਤੋਂ ਪਹਿਲਾਂ ਡੌਨੀ ਨੂੰ ਦੱਸਿਆ ਸੀ ਕਿ ਉਸਦੀ ਇੱਕ ਭੈਣ ਵੀ ਸੀ। ਉਸ ਨੇ ਬਿਨਾਂ ਕੋਈ ਸਮਾਂ ਗਵਾਇਆਂ, ਔੜ ਦੇ ਹਸਪਤਾਲ ਵਿੱਚ ਜਾ ਕੇ ਜੈਕੀ ਬਾਰੇ ਪੁੱਛ ਲਿਆ। ਅਤੇ ਜਦੋਂ ਉਹ ਉਸ ਨੂੰ ਮਿਲਣ ਲਈ ਆਪਣੇ ਰੈਣ ਬਸੇਰੇ ਵਿੱਚੋਂ ਹੇਠਾਂ ਉੱਤਰੀ, ਉਸ ਨੇ ਉਸੇ ਮੌਕੇ ਹੀ ਜੈਕੀ ਨਾਲ ਦੋਸਤੀ ਬਣਾ ਕੇ ਆਪਣਾ ਨਿਸ਼ਾਨਾ ਪੂਰਾ ਕਰ ਲਿਆ। ਉਨ੍ਹਾਂ ਦੀ ਦੋਸਤੀ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹ ਡਲਹੌਜ਼ੀ ਗਏ, ਇਹ ਪਹਾੜੀ ਸਥਾਨ ਬਰਤਾਨਵੀ ਸ਼ਾਸਨ ਅਧੀਨ ਪੰਜਾਬ ਦਾ ਗਰਮੀਆਂ ਵਿੱਚ ਜ਼ਿਲ੍ਹਾ ਸਦਰ-ਮੁਕਾਮ ਹੋਇਆ ਕਰਦਾ ਸੀ ਅਤੇ ਹੁਣ ਯਾਤਰੀਆਂ ਲਈ ਤਫਰੀਹਗਾਹ ਬਣ ਗਿਆ ਸੀ। ਉਹ ਆਪਣੇ ਨਾਲ ਸੁਰਜੀਤ ਦੇ ਕੁੱਤੇ ਤਾਸ਼ੀ ਅਤੇ ਜੈਕੀ ਦੇ ਕੁੱਤੇ ਟਾਈਨੀ ਨੂੰ ਲੈ ਕੇ ਗਏ ਸਨ ਅਤੇ ਜਦੋਂ ਉਹ ਸੜਕ ਦੀ ਮੁਰੰਮਤ ਵਾਲੇ ਥਾਂ ਬੰਦ ਹੋਏ ਰਸਤੇ ਦੇ ਮੁੜ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ, ਤਾਸ਼ੀ ਕਾਰ ਦੀ ਖਿੜਕੀ ਰਾਹੀਂ ਬਾਹਰ ਨਿਕਲ ਗਿਆ ਅਤੇ ਲਾਪਤਾ ਹੋ ਗਿਆ। ਵੈਨਕੂਵਰ ਵਿੱਚ, ਬਸੰਤ ਕੌਰ ਤੇ ਸੁਰਜੀਤ ਨੂੰ ਇਸਦੀ ਖਬਰ ਦੋ ਉਲਟ ਤਰਤੀਬ ਵਿੱਚ ਪਹੁੰਚੀਆਂ ਤਾਰਾਂ ਰਾਹੀਂ ਮਿਲੀ। ਪਹਿਲੀ ਤਾਰ ਵਿੱਚ ਲਿਖਿਆ ਸੀ "ਤਾਸ਼ੀ ਲੱਭ ਗਿਆ" ਅਤੇ ਦੂਜੀ ਵਿੱਚ "ਤਾਸ਼ੀ ਗੁੰਮ ਗਿਆ"। ਡੌਨੀ ਨੇ ਨੇੜੇ ਦੇ ਪਿੰਡ ਵਿੱਚੋਂ ਕੁੱਤੇ ਨੂੰ ਲੱਭ ਲਿਆ ਸੀ। ਤਾਸ਼ੀ ਮੁੜ ਭੱਜ ਗਿਆ ਸੀ, ਜਦੋਂ ਡੌਨੀ ਤੇ ਜੈਕੀ  ਚੰਡੀਗੜ੍ਹ  ਗਏ ਸਨ। ਉੱਥੇ ਡੌਨੀ 'ਰਾਧਾ ਸਵਾਮੀ ਡੇਰੇ' ਵਿੱਚ ਠਹਿਰਿਆ ਸੀ, ਜਿੱਥੇ ਇਸਾਈ, ਸਿੱਖ, ਜਾਂ ਹਿੰਦੂ, ਸਾਰਿਆਂ ਦਾ ਸਵਾਗਤ ਸੀ। ਤਾਸ਼ੀ ਉੱਥੋਂ ਭੱਜ ਗਿਆ ਅਤੇ ਡੌਨੀ ਨੇ ਅਚਾਨਕ ਹੀ ਉਸ ਨੂੰ ਗਲੀ ਵਿੱਚੋਂ ਲੱਭ ਲਿਆ।

ਤਾਸ਼ੀ ਬਾਰੇ ਇਨ੍ਹਾਂ ਕਹਾਣੀਆਂ ਨਾਲ ਬਸੰਤ ਕੌਰ ਤੇ ਸੁਰਜੀਤ ਨੂੰ ਸੂਚਨਾ ਮਿਲ ਗਈ ਕਿ ਡੌਨੀ, ਜੈਕੀ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਸ਼ੁਰੂ ਹੋ ਗਿਆ ਸੀ। ਉਸ ਪਤੱਝੜ ਰੁੱਤੇ, ਜਦੋਂ ਉਹ ਵੈਨਕੂਵਰ ਤੋਂ ਪਰਤੀਆਂ, ਉਨ੍ਹਾਂ ਨੂੰ ਅਸ਼ੋਕਾ ਹੋਟਲ ਵਿੱਚ ਮਿਲਣ ਲਈ ਡੈਨੀ ਦਿੱਲੀ ਆਇਆ। ਪੰਜਾਬ ਆਉਣ ਤੋਂ ਪਹਿਲਾਂ ਉਹ ਹਮੇਸ਼ਾਂ ਪਹਿਲੀ ਰਾਤ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਠਹਿਰਦੇ। ਬਸੰਤ ਕੌਰ ਉਸ ਨੂੰ ਪਹਿਲੀ ਵਾਰ ਮਿਲ ਰਹੀ ਸੀ। ਉਸ ਨੇ ਜੈਕੀ ਨੂੰ ਕਦੇ ਵੀ ਇਹ ਨਾ ਕਿਹਾ, "ਤੂੰ ਇਸ ਨਾਲ ਵਿਆਹ ਨਹੀਂ ਕਰਵਾ ਸਕਦੀ", ਭਾਵੇਂ ਉਸ ਨੂੰ ਚਿੰਤਾ ਸੀ ਕਿ ਉਹ ਉਸ ਨੂੰ ਇਸਾਈ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਸਦੀ ਥਾਂ, ਉਹ ਲੋਕਾਂ ਦੇ ਨਾਂ ਬਦਲਣ ਦੀ ਆਪਣੀ ਆਦਤ ਅਨੁਸਾਰ ਉਸ ਨੂੰ ਇੰਦਰਜੀਤ ਆਖਣ ਲੱਗੀ, ਭਾਵੇਂ ਉਹ ਡੌਨੀ ਅਖਵਾਉਣਾ ਹੀ ਪਸੰਦ ਕਰਦਾ ਸੀ ਅਤੇ ਇਹੀ ਉਸਦਾ ਨਾਂ ਰਿਹਾ। ਪਰ ਉਹ ਆਪਣਾ ਪਿਛਲਾ ਨਾਂ ਛੱਡਣ ਲਈ ਤਿਆਰ ਸੀ ਅਤੇ ਇਸ ਨੂੰ ਕਨੂੰਨੀ ਤੌਰ `ਤੇ ਲੂਥਰ ਤੋਂ ਸਿੱਧੂ ਵਿੱਚ ਬਦਲ ਲਿਆ, ਇਸ ਲਈ ਜਦੋਂ ਉਸਦਾ ਜੈਕੀ ਨਾਲ ਵਿਆਹ ਹੋਇਆ, ਉਹ ਡੌਨੀ ਸਿੱਧੂ ਸੀ। ਉਨ੍ਹਾਂ ਦਾ ਵਿਆਹ ਅਕਤੂਬਰ 1965 ਵਿੱਚ, ਸੁਰਜੀਤ ਤੇ ਅਵਤਾਰ ਵਾਂਗ, ਸਿੱਖ ਰਸਮਾਂ ਨਾਲ ਕਿਲੇ ਦੇ ਵੇਹੜੇ ਵਿੱਚ ਹੋਇਆ।

ਜੈਕੀ ਦੀ ਕ੍ਰਿਸ਼ਨਾਮੂਰਤੀ ਵਿੱਚ ਦਿਲਚਸਪੀ ਨੂੰ ਡੌਨੀ ਪਸੰਦ ਨਹੀਂ ਸੀ ਕਰਦਾ ਅਤੇ ਉਸਦੇ ਪ੍ਰਵਚਨ ਸੁਨਣ ਜਾਣ ਦਾ ਵਿਰੋਧ ਕਰਦਾ ਸੀ। ਜੁਲਾਈ 1966 ਵਿੱਚ ਜੈਕੀ ਨੇ ਉਸ ਨੂੰ ਛੁੱਟੀਆਂ ਮਨਾਉਣ ਲਈ ਜੈਸਟਾਡ ਜਾਣ ਲਈ ਮਨਾ ਲਿਆ, ਅਤੇ ਜਦੋਂ ਉਹ ਟਾਈਨੀ ਨੂੰ ਸੈਰ ਕਰਵਾ ਰਹੇ ਸਨ, ਜੈਕੀ ਨੇ ਮੁੱਖ ਸੜਕ `ਤੇ ਜਾਂਦੇ ਕ੍ਰਿਸ਼ਨੀਮੂਰਤੀ ਨੂੰ ਦੇਖ ਲਿਆ ਅਤੇ ਕੁੱਤੇ ਸਮੇਤ ਭੱਜ ਕੇ ਸੜਕ ਪਾਰ ਕਰਕੇ ਉਸ ਨੂੰ ਜਾ ਮਿਲੀ। ਇੱਕ ਸਾਲ ਬਾਅਦ, ਅਖੀਰ ਡੌਨੀ ਟੋਕਣੋਂ ਹਟ ਗਿਆ ਅਤੇ ਉਹ ਭਾਸ਼ਣ ਸੁਣਨ ਮੁੜ ਸਾਨੇਨ ਚਲੀ ਗਈ। ਜਿਵੇਂ ਉਹ ਆਖਦੀ ਸੀ ਕਿ ਉਹ ਇਨ੍ਹਾਂ ਤੋਂ ਦੂਰ ਰਹਿਣ ਲਈ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਦੀ। ਉਸ ਤੋਂ ਬਾਅਦ, ਡੌਨੀ ਹਰ ਸਾਲ ਸਲਾਨਾ  ਉਤਸਵ ਲਈ ਸਵਿਟਜ਼ਰਲੈਂਡ ਜਾਂਦਾ ਰਿਹਾ। ਉਹ ਭਾਸ਼ਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਪਰ ਉਸ ਥਾਂ ਅਤੇ ਸ਼ਹਿਰ ਦੇ ਸਥਾਨਕ ਸਵਿੱਸ ਲੋਕਾਂ ਨੂੰ ਪਿਆਰ ਕਰਦਾ, ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਨਣ ਲੱਗ ਪਿਆ ਸੀ।(2)

ਅਗਲੇ ਸਾਲ ਜੁਲਾਈ ਵਿੱਚ, ਸੁਰਜੀਤ ਨੇ ਵੈਨਕੂਵਰ ਦੇ ਗਰੇਸ ਮੈਮੋਰੀਅਲ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ। ਉਸ ਨੇ ਭਾਰਤ ਤੋਂ ਵਾਪਸੀ ਦਾ ਸਮਾਂ ਇਸ ਤਰ੍ਹਾਂ ਰੱਖਿਆ ਸੀ ਕਿ ਬੱਚੇ ਦਾ ਜਨਮ ਕਨੇਡਾ ਵਿੱਚ ਹੋਵੇ। ਜਦੋਂ ਸੁਰਜੀਤ ਨੇ ਨਵੇਂ ਜਨਮੇ ਦੀ ਸੰਭਾਲ ਲਈ ਆਪਣੇ ਆਪ ਨੂੰ "ਬੇਕਾਰ" ਆਖ ਦਿੱਤਾ, ਬਸੰਤ ਕੌਰ ਨੇ ਬੱਚੀ ਦੀ ਸੰਭਾਲ ਲਈ ਇੱਕ ਅੰਗ੍ਰੇਜ਼ ਆਇਆ ਰੱਖ ਲਈ। ਆਇਆ ਭਰਵੀਂ ਵੀ ਸੀ ਅਤੇ ਸੁਨਿਹਰੀ ਕੇਸਾਂ ਵਾਲੀ ਵੀ, ਇਸ ਲਈ ਉਸ ਪੱਤਝੜ ਰੁੱਤੇ, ਜਦੋਂ ਬਸੰਤ ਕੌਰ, ਸੁਰਜੀਤ ਤੇ ਬੱਚੀ ਭਾਰਤ ਗਈਆਂ, ਉਸ ਨੂੰ ਪਿੱਛੇ ਛੱਡ ਗਈਆਂ। ਆਇਆ ਨਿਰਾਸ਼ ਸੀ, ਪਰ ਸੁਰਜੀਤ ਅਟੱਲ ਰਹੀ। ਉਸ ਨੇ ਸੋਚਿਆ ਕਿ ਅਜੇਹੀ ਕਾਮੁਕ ਤੇ ਸਨਿਹਰੀ ਕੇਸਾਂ ਵਾਲੀ ਔਰਤ ਨੂੰ ਉਸ ਦੇਸ਼ ਵਿੱਚ ਨਾਲ ਲਿਜਾਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ, ਜਿੱਥੇ ਆਦਮੀਆਂ ਦੀ ਭਰਮਾਰ ਪੱਛਮੀ ਔਰਤਾਂ ਨੂੰ ਚਾਲੂ ਸਮਝਦੀ ਹੋਵੇ।

ਬਸੰਤ ਕੌਰ ਨੇ ਬੱਚੀ ਦਾ ਨਾਂ ਚੰਦਰਮਾਪਤੀ ਰੱਖਿਆ, ਜਿਸਦਾ ਮਤਲਬ ਹੈ ਕਿ "ਸਾਡੇ ਘਰ ਚੰਦ ਚੜ੍ਹਿਆ ਹੈ"। ਸਾਰੇ ਉਸ ਨੂੰ ਛੋਟੇ ਨਾਂ ਚੰਦਾ ਨਾਲ ਬਲਾਉਣ ਲੱਗੇ। ਚੰਦਾ ਦੁਨੀਆਂ ਦੇ ਦੋਨਾਂ ਹਿੱਸਿਆਂ ਦੇ ਘਰਾਂ ਨਾਲ ਸਾਂਝ ਪਾਉਂਦਿਆ ਵੱਡੀ ਹੋਈ: ਯੌਰਕ ਐਵੇਨੀਊ ਵਾਲਾ ਘਰ, ਔੜ ਵਾਲਾ ਕਿਲਾ ਅਤੇ ਆਪਣੇ ਪਿਤਾ ਦੇ ਲੁਧਿਆਣੇ ਕੈਂਪਸ ਵਾਲੇ ਘਰ।  ਨੌਂ ਸਾਲ ਦੀ ਉਮਰ ਤੱਕ ਉਸਦੀ ਜ਼ਿੰਦਗੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਜਿਸ ਨਾਲ ਉਹ ਸਭ ਤੋਂ ਵੱਧ ਸਮਾਂ ਗੁਜ਼ਾਰਦੀ ਸੀ, ਉਹ ਉਸਦੀ ਮਾਂ ਜੀ, ਉਸਦੀ ਨਾਨੀ ਬਸੰਤ ਕੌਰ ਸੀ, ਜਿਹੜੀ ਕਨੇਡਾ ਅਤੇ ਭਾਰਤ ਵਿੱਚ ਲਗਾਤਾਰ ਉਸਦੇ ਨਾਲ ਰਹੀ। ਬਸੰਤ ਕੌਰ ਉਸ ਨੂੰ ਕਹਾਣੀਆਂ ਸਣਾਉਂਦੀ ਅਤੇ ਅਦੁਭੁੱਤ ਚੀਜ਼ਾਂ ਸਿਖਾਉਂਦੀ। ਪੰਜ ਸਾਲ ਦੀ ਉਮਰ ਵਿੱਚ ਚੰਦਾ ਨੇ ਵੈਨਕੂਵਰ ਵਿੱਚ ਸਕੂਲ ਸ਼ੁਰੂ ਕੀਤਾ। ਅਵਤਾਰ ਚਾਹੁੰਦਾ ਸੀ ਕਿ ਉਹ ਭਾਰਤ ਵਿੱਚ ਕਿਸੇ ਉੱਤਮ ਸ਼੍ਰੇਣੀ ਦੇ ਸਕੂਲ ਵਿੱਚ ਪੜ੍ਹੇ, ਪਰ ਸੁਰਜੀਤ ਉਸ ਨੂੰ ਕਨੇਡੀਅਨ ਵਿਦਿਆ ਦਿਵਾਉਣ ਲਈ ਜ਼ੋਰ ਪਾਉਂਦੀ ਸੀ।

ਵੈਨਕੂਵਰ ਦੇ ਪ੍ਰਾਈਵੇਟ ਕੈਥੋਲਿਕ ਸਕੂਲ ਲਈ ਉਹ ਰਜ਼ਾਮੰਦ ਹੋ ਗਏ। ਇਸ ਲਈ ਚੰਦਾ ਨੂੰ ਕੁੜੀਆਂ ਦੇ ਸੇਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ ਕਾਲੇ ਪਹਿਰਾਵੇ ਵਿੱਚ ਇਸਾਈ ਸੰਤਣੀਆਂ (ਨੰਨਾਂ) ਪੜ੍ਹਾਈ ਕਰਵਾਉਂਦੀਆਂ।(3) ਦੋ ਸਾਲ ਬਾਅਦ ਸੁਰਜੀਤ ਨੇ ਉਸ ਨੂੰ ਪੱਛਮੀ ਵੈਨਕੂਵਰ ਦੇ ਸੇਂਟ ਐਂਥਨੀ'ਜ਼ ਕੈਥੋਲਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਇੱਥੇ ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਸਨ ਅਤੇ ਨੰਨਾਂ ਲੰਬੇ ਚੋਗੇ ਨਹੀਂ ਸੀ ਪਹਿਨਦੀਆਂ। ਜਦੋਂ ਪਰਿਵਾਰ ਹਰ ਸਾਲ ਭਾਰਤ ਜਾਂਦਾ (ਹਾਲੋਵੀਨ ਤੋਂ ਕੁਝ ਸਮਾਂ ਬਾਅਦ ਜਦੋਂ ਚੰਦਾ ਦੀ ਜਮਾਤ ਲਈ ਸੁਰਜੀਤ ਵੱਡੀ ਪਾਰਟੀ ਕਰਦੀ), ਸੁਰਜੀਤ ਨੰਨਾਂ ਤੋਂ ਕਿਤਾਬਾਂ ਅਤੇ ਹੋਮਵਰਕ ਲੈ ਜਾਂਦੀ, ਅਤੇ ਚੰਦਾ ਨੂੰ ਔੜ ਵਾਲੇ ਘਰ ਵਿੱਚ ਪੜ੍ਹਾਉਂਦੀ ਅਤੇ ਉਸ ਤੋਂ ਸਕੂਲ ਵੱਲੋਂ ਮਿਲਿਆ ਹੋਮਵਰਕ ਕਰਵਾਉਂਦੀ। ਪਰ ਦੋਨਾਂ ਵਾਤਾਵਰਣਾਂ ਵਿੱਚ ਵੱਡਾ ਅੰਤਰ ਸੀ।  ਸੇਂਟ ਐਂਥਨੀ ਵਿੱਚ ਕਠੋਰ ਨਿਯੰਤਰਨ ਅਤੇ ਅਨੁਸ਼ਾਸਨ ਸੀ, ਔੜ ਵਿੱਚ ਤੇ ਉਸਦੇ ਪਿਤਾ ਦੇ ਲੁਧਿਆਣੇ ਵਾਲੇ ਘਰ ਵਿੱਚ ਖੁੱਲ੍ਹੀ ਖੇਡ ਸੀ। ਹਰ ਸਾਲ,  ਗਰਮੀਆਂ ਵਿੱਚ ਸਕੂਲਾਂ ਦੇ ਬੰਦ ਹੋਣ ਤੋਂ ਪਹਿਲਾਂ ਹਰ ਹਾਲਤ ਵਿੱਚ ਉਹ ਕਨੇਡਾ ਵਾਪਸ ਆ ਜਾਂਦੇ ਤਾਂ ਕਿ ਚੰਦਾ ਅਗਲੀ ਜਮਾਤ ਵਿੱਚ ਜਾਣ ਦੇ ਯੋਗ ਹੋ ਜਾਵੇ।

ਚੰਦਾ ਸੇਂਟ ਐਂਥਨੀ ਸਕੂਲ ਦੇ ਬੱਚਿਆਂ ਨੂੰ ਤਾਂ ਪਸੰਦ ਕਰਦੀ ਸੀ ਪਰ ਉੱਥੋਂ ਦੇ ਮਾਹੌਲ ਨੂੰ ਨਹੀਂ ਅਤੇ ਖਾਸ ਕਰਕੇ ਧਾਰਮਿਕ ਕਲਾਸ, ਜਿੱਥੇ ਨੰਨ ਆਖਦੀ ਕਿ ਸਿਰਫ ਚੰਗੇ ਕੈਥੋਲਿਕ ਹੀ ਸਵਰਗਾਂ ਵਿੱਚ ਜਾਂਦੇ ਸਨ। ਚੰਦਾ ਨੇ ਪੁੱਛਿਆ, " ਫਿਰ ਕੀ ਹੋਵੇਗਾ ਜੇ ਤੁਸੀਂ ਚੰਗੇ ਇਨਸਾਨ ਹੋ? ਤੁਸੀ ਫਿਰ ਵੀ ਸਵਰਗਾਂ ਵਿੱਚ ਜਾਵੋਗੇ ਜੇ ਤੁਸੀਂ ਕੈਥੋਲਿਕ ਨਹੀਂ ਹੋ?"ਨੰਨ ਨੇ ਜਵਾਬ ਦਿੱਤਾ, "ਤੁਸੀਂ ਪਰਗੇਟਰੀ (ਪ੍ਰਾਸ਼ਚਿਤ ਕਰਨ ਵਾਲੀ ਥਾਂ) ਵਿੱਚ ਜਾਵੋਗੇ।" ਸਕੂਲ ਤੋਂ ਬਾਅਦ, ਉਸਦੀ ਛੋਟੀ ਸਹੇਲੀ ਜੇਨ ਟਰੋਜਨ ਜਿਹੜੀ ਸ਼ੰਕਾਵਾਦੀ ਕੈਥੋਲਿਕ ਪਰਿਵਾਰ ਵਿੱਚੋਂ ਸੀ, ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਚਿੰਤਾ ਨਾ ਕਰੇ, ਇਹ ਸਭ ਬਕਵਾਸ ਸੀ।

ਜਦੋਂ ਚੰਦਾ ਛੇਵੀਂ ਜਮਾਤ ਵਿੱਚ ਸੀ, ਜੈਕੀ ਤੇ ਸੁਰਜੀਤ ਵੈਨਕੂਵਰ ਟਾਪੂ `ਤੇ ਕ੍ਰਿਸ਼ਨਾਮੂਰਤੀ ਸਕੂਲ ਖੋਲ੍ਹਣ ਬਾਰੇ ਯੋਜਨਾ ਬਣਾਉਣ ਲੱਗੀਆਂ। ਇਹ ਉਨ੍ਹਾਂ ਨੇ ਅਗਲੇ ਸਾਲ ਸਵੈਨਵਿੱਕ ਸੜਕ `ਤੇ ਖੋਲ੍ਹ ਲਿਆ, ਜਿੱਥੋਂ ਸਮੁੰਦਰੀ ਪਾਣੀ ਦਾ ਅਦੁਭੁੱਤ ਨਜ਼ਾਰਾ ਦਿਸਦਾ ਸੀ। ਇਹ ਵਿਕਟੋਰੀਆਂ ਸ਼ਹਿਰ ਦੇ ਕੇਂਦਰ ਤੋਂ ਕਾਰ ਰਾਹੀਂ ਅੱਧੇ ਘੰਟੇ ਦੀ ਦੂਰੀ `ਤੇ ਸੀ। ਇਸ ਵਿੱਚ ਤਿੰਨ ਕੈਬਿਨਾਂ ਸਨ ਅਤੇ ਇੱਕ ਘਰ ਅਤੇ ਇਸ ਥਾਂ ਜੰਗਲ, ਮੈਦਾਨ, ਬਾਗ, ਅਤੇ ਫਲਦਾਰ ਦਰੱਖਤਾਂ ਦਾ ਬਗੀਚਾ ਸੀ। ਚੰਦਾ ਗਿਆਰਾਂ ਸਾਲ ਦੀ ਸੀ ਅਤੇ ਸਕੂਲ ਦੇ ਦਸਾਂ ਵਿਦਿਆਰਥੀਆਂ ਵਿੱਚੋਂ ਸਭ ਤੋਂ ਛੋਟੀ ਸੀ ਅਤੇ ਇਸ ਸਕੂਲ ਦੇ ਸਟਾਫ ਦੀ ਗਿਣਤੀ ਵੀ ਵਿਦਿਆਰਥੀਆਂ ਜਿੰਨੀਂ ਹੀ ਸੀ, ਜਿਸ ਵਿੱਚ ਬਾਵਰਚੀ, ਸਫਾਈ ਸੇਵਕ, ਮਿਸਤਰੀ ਅਤੇ ਅਧਿਆਪਕ ਸਨ। ਕੁਝ ਵਿਦਿਆਰਥੀ ਵਿਕਟੋਰੀਆ ਤੋਂ ਸਨ, ਅਤੇ ਬਾਕੀ ਅਲਬਰਟਾ ਅਤੇ ਕੈਲੇਫੋਰਨੀਆ ਤੋਂ ਸਨ ਅਤੇ ਇਹ ਸਾਰੇ ਵਿਦਿਆਰਥੀ, ਉਨ੍ਹਾਂ ਮਾਪਿਆਂ ਦੇ ਬੱਚੇ ਸਨ, ਜਿਹੜੇ ਕ੍ਰਿਸ਼ਨਾਮੂਰਤੀ ਦੇ ਪੈਰੋਕਾਰ ਸਨ। ਚੰਦਾ ਨੂੰ ਇਹ ਸਕੂਲ ਦਿਲਚਸਪ ਲਗਦਾ ਸੀ ਅਤੇ ਉਸ ਨੇ ਕ੍ਰਿਸ਼ਨਾਮੂਰਤੀ ਵੱਲੋਂ ਮਿੱਥੇ ਅਸੂਲਾਂ ਨੂੰ ਗ੍ਰਹਿਣ ਕਰ ਲਿਆ ਸੀ ਕਿ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਮੁਕਾਬਲੇ ਅਤੇ ਆਪਸੀ ਤੁਲਨਾ ਦੇ, ਆਪਣੀ ਆਪਣੀ ਦਿਸ਼ਾ ਵੱਲ, ਆਪਣੀ ਆਪਣੀ ਚਾਲੇ ਵਧਣ ਦੀ ਆਗਿਆ ਦਿਓ।

ਇਹ ਸਕੂਲ ਬਣਾਉਣ ਦਾ ਵਿਚਾਰ ਜੈਕੀ ਦਾ ਸੀ, ਅਤੇ ਉਸ ਨੇ ਇਸ ਨੂੰ ਚਾਲੂ ਕਰਨ ਲਈ ਜ਼ੋਰ ਪਾਇਆ। "ਤੇਰੀ ਇੱਕ ਧੀ ਹੈ ਅਤੇ ਤੈਨੂੰ ਉਸ ਲਈ ਕੁਝ ਕਰਨਾ ਚਾਹੀਦਾ ਹੈ", ਉਸ ਨੇ ਇਹ ਵਾਰ ਵਾਰ ਆਪਣੀ ਭੈਣ ਨੂੰ ਕਿਹਾ।(4) ਉਨ੍ਹਾਂ ਨੇ ਰਲਕੇ ਇਹ ਜਾਇਦਾਦ ਖ੍ਰੀਦੀ ਅਤੇ ਸਟਾਫ ਦੀ ਤਨਖਾਹ ਅਤੇ ਸਕੂਲ ਚਲਾਉਣ ਦੇ ਬਹੁਤੇ ਖਰਚੇ ਰਲ ਕੇ ਤਾਰੇ। ਅਵਤਾਰ ਇਸ ਵਿੱਚ ਸ਼ਾਮਿਲ ਨਹੀਂ ਸੀ ਅਤੇ ਉਸ ਨੇ ਇਸ ਪ੍ਰਤੀ ਆਪਣੇ ਭਾਰੀ ਸ਼ੰਕੇ  ਵਿਅਕਤ ਕੀਤੇ, ਜਿਨ੍ਹਾਂ ਨੂੰ ਕ੍ਰਿਸ਼ਨਾਮੂਰਤੀ ਨੇ ਵੀ ਜ਼ਰੂਰ ਹੀ ਮਹਿਸੂਸ ਕਰ ਲਿਆ ਹੋਵੇਗਾ। ਜਦੋਂ ਜੈਕੀ ਤੇ ਸੁਰਜੀਤ ਨੇ ਕੈਲੇਫੋਰਨੀਆ ਦੇ ਓਜਾਏ ਸ਼ਹਿਰ ਵਿੱਚ ਉਸ ਨਾਲ ਸਕੂਲ ਬਾਰੇ ਗੱਲਬਾਤ ਕੀਤੀ, ਉਸ ਨੇ ਕਿਹਾ, " ਸ਼ਾਇਦ ਤੁਹਾਡੇ ਪਤੀ ਇਸ ਬਾਰੇ ਰਜ਼ਾਮੰਦ ਨਾ ਹੋਣ, ਫਿਰ ਤੁਸੀਂ ਕਿਸ ਤਰ੍ਹਾਂ ਪ੍ਰਬੰਧ ਕਰੋਂਗੀਆਂ?" ਭਾਵੇਂ ਕੁਝ ਵੀ ਸੀ, ਉਸ ਨੇ ਸਕੂਲ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਵੈਨਕੂਵਰ ਟਾਪੂ `ਤੇ ਕਪੂਰ ਦੇ  ਵੌਲਫ ਝੀਲ ਵਾਲੇ ਜੰਗਲ ਵਿੱਚ ਪੈਰ ਪਾਏ, ਜਿੱਥੇ ਭੈਣਾਂ ਪਹਿਲਾਂ ਸਕੂਲ ਬਣਾਉਣਾ ਚਾਹੁੰਦੀਆਂ ਸਨ। ਉਨ੍ਹਾਂ ਨੇ ਇੱਥੋਂ ਦਾ ਵਿਚਾਰ ਤਿਆਗ ਦਿੱਤਾ ਸੀ, ਜਦੋਂ ਆਰਕੀਟੈਕਟ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਥਾਂ ਨੂੰ ਆਬਾਦ ਕਰਨਾ ਬਹੁਤ ਮਹਿੰਗਾ ਪਵੇਗਾ। ਸਵੈਨਵਿੱਕ ਸੜਕ `ਤੇ ਸਕੂਲ ਖੋਲ੍ਹਣ ਤੋਂ ਬਾਅਦ ਵੀ ਉਨ੍ਹਾਂ ਨੇ ਇਸਦਾ ਨਾਂ ਵੌਲਫਲੇਕ ਹੀ ਰੱਖਿਆ।

ਬਾਅਦ `ਚ, ਜਦੋਂ ਕ੍ਰਿਸ਼ਨਾਮੂਰਤੀ ਸਕੂਲ ਵਿੱਚ ਆਇਆ, ਜੈਕੀ ਤੇ ਸੁਰਜੀਤ ਸ਼ਿਕਾਇਤਾਂ ਲਾਉਣ ਲੱਗੀਆਂ ਕਿ ਉਨ੍ਹਾਂ ਦੇ ਕਿਸ਼ੋਰ ਉਮਰ ਦੇ ਵਿਦਿਆਰਥੀ ਕਾਬੂ ਤੋਂ ਬਾਹਰ ਹੋ ਰਹੇ ਸਨ।( ਇੱਕ ਵਾਰ ਅੱਧੀ ਰਾਤੋਂ ਤਿੰਨ ਮੁੰਡੇ ਸੁਰਜੀਤ ਦੀ ਕਾਰ ਝੂਟਾ ਲੈਣ  ਲਈ ਲੈ ਗਏ, ਖੜਕੇ ਦੇ ਡਰੋਂ ਸੜਕ ਤੱਕ ਉਨ੍ਹਾਂ ਨੇ ਕਾਰ ਨੂੰ ਧੱਕਾ ਲਾ ਲਿਆ ਅਤੇ ਫਿਰ ਕਾਰ ਚਲਾ ਲਈ, ਅੱਗੇ ਉਨ੍ਹਾਂ ਦਾ ਟਾਕਰਾ ਪੁਲਿਸ ਨਾਲ ਹੋ ਗਿਆ, ਜਿਹੜੀ ਨੇੜੇ  ਵਿਲੀਅਮ ਹੈੱਡ ਜੇਲ੍ਹ ਤੋਂ ਭੱਜੇ ਕੈਦੀਆਂ ਦੀ ਤਲਾਸ਼ ਵਿੱਚ ਸੀ)। ਕ੍ਰਿਸ਼ਨਾਮੂਰਤੀ ਨੇ ਅਜੇਹੇ ਵਿਹਾਰ ਬਾਰੇ ਸੁਣਿਆ ਅਤੇ ਕਾਗਜ਼ ਮੰਗ ਲਿਆ ਅਤੇ ਲਿਖਿਆ, "ਨਹੀਂ ਵੱਡਾ."  ਅਤੇ ਬੈੱਡ ਦੇ ਕਿਨਾਰੇ `ਤੇ ਬੈਠਾ ਸਕੂਲ ਦੇ ਵਿਦਿਆਰਥੀਆਂ ਲਈ ਅਸੂਲ ਲਿਖਾਉਣ ਲੱਗਾ, ਜਿਨ੍ਹਾਂ ਵਿੱਚ ਮੀਟ, ਸਿਗਰਟ, ਨਸ਼ੇ, ਅਤੇ ਸੰਭੋਗ ਕਰਨ ਦੀ ਮਨਾਹੀ ਵੀ ਸ਼ਾਮਲ ਸੀ। ਸੁਰਜੀਤ ਨੇ ਦੇਖਿਆ ਕਿ ਅਸੂਲ ਬਣਾ ਕੇ ਉਸ ਨੇ ਦੁਨੀਆਂ ਵਿੱਚ ਆਪਣੇ ਮਿੱਤਰਾਂ ਅਤੇ ਪੈਰੋਕਾਰਾਂ ਅੰਦਰ ਸਦਮੇ ਦੀ ਲਹਿਰ ਚਲਾ ਦਿੱਤੀ, ਉਹ ਹੈਰਾਨ ਸਨ , "ਉਹ ਕਿਵੇਂ ਕਰ ਸਕਦਾ ਹੈ? ਇਹ ਉਸਦੇ ਸਿਧਾਤਾਂ ਦੇ ਉਲਟ ਹੈ"। ਪਰ ਲਗਦਾ ਸੀ ਕਿ ਤਜਰਬੇ ਅਤੇ ਉਮਰ ਨਾਲ ਉਹ ਆਪਣੇ ਵਿਚਾਰਾਂ ਨੂੰ ਨਵੀਂ ਸ਼ਕਲ ਦੇ ਰਿਹਾ ਸੀ।

ਵੌਲਫ ਲੇਕ ਸਕੂਲ ਨੇ, ਸੱਠਵਿਆਂ ਤੋਂ ਬਾਅਦ ਵਾਲੇ ਦੁਨੀਆਂ ਦੇ ਨੌਜਵਾਨ ਸੱਭਿਆਚਾਰ ਵਿੱਚ ਰੰਗੇ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਿਆ। ਜਦੋਂ ਚੰਦਾ ਚੌਦ੍ਹਾਂ ਸਾਲ ਦੀ ਸੀ, ਸੁਰਜੀਤ ਤੇ ਜੈਕੀ ਨੇ ਇਹ ਸਕੂਲ ਬੰਦ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਅਧਿਆਪਕ ਦੀ ਆਪਣੇ ਵਿਦਿਆਰਥੀ ਨਾਲ ਸਾਲ ਭਰ ਆਸ਼ਕੀ ਚਲਦੀ ਰਹੀ ਸੀ ਅਤੇ ਉਹ ਖੁੱਲ੍ਹੇਆਮ ਨਿਰਾਸ਼ਤਾ ਤੋਂ ਛੁਟਕਾਰਾ ਪਾਉਣ ਲਈ ਸੰਭੋਗ ਕਰਨ ਦਾ ਹਮਾਇਤੀ ਸੀ, ਅਤੇ ਇੱਕ ਹੋਰ ਅਧਿਆਪਕ ਦੀ ਧਾਰਨਾ ਕਿ ਆਪਣੇ ਭੋਗ ਦੇ ਤਜਰਬਿਆਂ ਨੂੰ ਆਪਣੀ ਕਲਾਸ ਨਾਲ ਸਾਂਝਾ ਕਰਨਾ ਉੱਚਿਤ ਸੀ, ਅਤੇ ਛੇ ਮੁੰਡੇ-ਕੁੜੀਆਂ ਦਾ ਸਾਹਸ, ਜਿਨ੍ਹਾਂ ਨੇ ਇਕੱਠਿਆਂ ਭੋਗ ਕੀਤਾ ਸੀ ਅਤੇ ਇੱਕ ਮੁੰਡੇ ਦਾ ਵਤੀਰਾ ਜਿਹੜਾ ਸਕੂਲ ਵਿੱਚ ਭੰਗ ਲੈ ਆਇਆ ਸੀ।(6) ਜੈਕੀ ਨਾਲੋਂ ਸੁਰਜੀਤ ਵਧੇਰੇ ਭੈਅ ਭੀਤ ਸੀ। ਕ੍ਰਿਸ਼ਨਾਮੂਰਤੀ ਦੇ ਭੋਗ ਪ੍ਰਤੀ ਉਦਾਰ ਵਤੀਰੇ ਨਾਲ ਜੈਕੀ ਕੁਝ ਕੁ ਸਹਿਮਤ ਸੀ।  ਪਰ ਦੋਨਾਂ ਵਿੱਚੋਂ ਕੋਈ ਵੀ ਇਸ ਹਾਲਾਤ ਨੂੰ ਸਥਾਈ ਨਹੀਂ ਸੀ ਰੱਖਣਾ ਚਾਹੁੰਦੀ। ਓਜਾਏ ਵਿੱਚ ਕ੍ਰਿਸ਼ਨਾਮੂਰਤੀ ਨਾਲ ਇੱਕ ਬੈਠਕ ਵਿੱਚ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਸਕੂਲ

ਬੰਦ ਕਰ ਦਿੱਤਾ। ਚੰਦਾ ਲਈ ਸੁਰਜੀਤ ਅਜੇਹਾ ਵਾਤਾਵਰਣ ਨਹੀਂ ਸੀ ਚਾਹੁੰਦੀ।(7)

ਇਸ ਤੋਂ ਬਾਅਦ, ਸੁਰਜੀਤ ਨੇ ਚੰਦਾ ਨੂੰ ਬਰੌਕਵੁੱਡ ਪਾਰਕ ਭੇਜ ਦਿੱਤਾ। ਇਹ ਕ੍ਰਿਸ਼ਨਾਮੂਰਤੀ ਦਾ ਇੰਗਲੈਂਡ ਦੇ  ਦਿਹਾਤੀ ਹੈਂਪਸ਼ਾਇਰ ਇਲਾਕੇ ਵਿੱਚ ਰਿਹਾਇਸ਼ੀ ਸਕੂਲ ਸੀ। ਬਰੌਕਵੁੱਡ ਪਾਰਕ ਵਿੱਚ, ਸੱਤਰ ਤੋਂ ਸੌ ਵਿਦਿਆਰਥੀ ਪੂਰੀ ਤਰ੍ਹਾਂ ਕੌਮਾਂਤਰੀ ਸਨ। ਜ਼ਿਆਦਾਤਰ ਪੱਛਮੀ ਯੂਰਪ ਤੋਂ ਸਨ, ਪਰ ਹਰੇਕ ਮਹਾਂਦੀਪ ਦੇ ਪ੍ਰਤੀਨਿੱਧ ਸਨ। ਕ੍ਰਿਸ਼ਨਾਮੂਰਤੀ ਸਾਲ ਦਾ ਕੁਝ ਹਿੱਸਾ ਇੱਥੇ ਗੁਜ਼ਾਰਦਾ ਅਤੇ ਡਾਈਨਿੰਗ ਹਾਲ ਵਿੱਚ ਮੁੱਖ ਮੇਜ਼ `ਤੇ ਭੋਜਨ ਛਕਦਾ। ਚੰਦਾ ਅਤੇ ਹੋਰ ਵਿਦਿਆਰਥੀ ਉਸ ਨੂੰ ਮਿਲਦੇ ਅਤੇ ਨੌਜਵਾਨਾਂ ਦੇ ਨਜ਼ਰੀਏ ਤੋਂ ਉਹ ਬੁੱਢਾ, ਥੱਕਿਆ ਹੋਇਆ, ਅਤੇ ਕਈ ਵਾਰ ਖਿੱਝਿਆ ਹੋਇਆ ਲਗਦਾ। ਚੰਦਾ ਕੋਲ ਬਦਲਵੇਂ ਸਕੂਲ ਦਾ ਵੌਲਫ ਲੇਕ ਦਾ ਅਸਲੀ ਸਵਾਦ ਸੀ ਅਤੇ ਉਸ ਨੂੰ ਬਰੌਕਵੁੱਡ ਪਾਰਕ ਆਮ ਵਰਗਾ ਲੱਗਦਾ: "ਇਹ ਤੁਹਾਡਾ ਸਬਕ ਹੈ, ਹੁਣ ਪੜ੍ਹ ਕੇ ਸੁਣਾਓ"। ਉਸ ਨੇ ਕ੍ਰਿਸ਼ਨਾਮੂਰਤੀ ਨੂੰ ਪੁੱਛਿਆ ਕਿ ਉਸਦੀਆਂ ਨਜ਼ਰਾਂ ਵਿੱਚ ਕਿੰਨੀਆਂ ਕੁ ਅਨੁਸ਼ਾਸਿਤ ਕਲਾਸਾਂ ਨੂੰ ਪ੍ਰਵਾਨਗੀ ਮਿਲ ਸਕਦੀ ਸੀ,  ਪਰ ਲੱਗਦਾ ਸੀ ਕਿ ਉਸ ਨੂੰ ਇਸ ਵਿੱਚ ਕੋਈ ਨੁਕਤਾ ਨਜ਼ਰ ਨਹੀਂ ਆਇਆ। ਉਹ ਇਹ ਕਹਿੰਦਾ ਜਾਪਦਾ ਸੀ ਕਿ ਪੜ੍ਹਾਈ ਇੱਕ ਅਜੇਹੀ ਚੀਜ਼ ਹੈ, ਜਿਹੜੀ ਤੁਹਾਨੂੰ ਕਰਨੀ ਹੀ ਪੈਣੀ ਹੈ(8)

ਚੰਦਾ ਦੇ ਵੌਲਫ ਲੇਕ ਸਕੂਲ ਤੇ ਬਰੌਕਵੁੱਡ ਪਾਰਕ ਵਾਲੇ ਸਾਲ, ਬਸੰਤ ਕੌਰ ਦੀ ਔੜ ਵਿੱਚ 20 ਜਨਵਰੀ 1975 ਨੂੰ ਪਚਾਸੀ ਸਾਲ ਦੀ ਉਮਰ ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਆਏ । ਡੇਢ ਸਾਲ ਪਹਿਲਾਂ ਭਾਰਤ ਜਾਂਦਿਆਂ ਬਸੰਤ ਕੌਰ ਨੂੰ ਠੰਢ ਲੱਗ ਗਈ ਸੀ ਅਤੇ ਨਮੂਨੀਆ ਹੋ ਗਿਆ ਸੀ। ਉਹ ਪੈਰਿਸ ਦੇ ਓਰਲੀ ਹਵਾਈ ਅੱਡੇ `ਤੇ  ਗਠੀਏ ਕਾਰਣ ਵੀਲ੍ਹਚੇਅਰ `ਚ ਬੈਠੀ ਸੀ ਅਤੇ ਸੁਰਜੀਤ ਤੇ ਅਵਤਾਰ ਦੀ ਉਡੀਕ ਕਰ ਰਹੀ ਸੀ ਜਦੋਂ ਉਹ ਅਵਤਾਰ ਲਈ ਪੈਰਿਸ ਵਿੱਚ ਰਾਤ ਰੁਕਣ ਲਈ ਵੀਜ਼ਾ ਲੈ ਰਹੇ ਸਨ। ਇਸ ਇੱਕ ਘੰਟੇ ਦੌਰਾਨ, ਜਦੋਂ ਉਨ੍ਹਾਂ ਨੇ ਉਸ ਨੂੰ ਇਕੱਲੀ ਛੱਡਿਆ ਸੀ, ਉਹ ਬੇਹੋਸ਼ ਹੋ ਗਈ। ਸਟਾਫ ਉਸ ਨੂੰ ਹਵਾਈ ਅੱਡੇ ਦੀ ਐਮਰਜੈਂਸੀ ਵਿੱਚ ਲੈ ਗਿਆ ਅਤੇ ਉਨ੍ਹਾਂ ਨੇ ਸੁਰਜੀਤ ਨੂੰ ਪੇਜ ਕਰ ਦਿੱਤਾ। ਸੁਰਜੀਤ ਨੇ ਜੈਕੀ ਨੂੰ ਜੈਸਟਾਡ `ਚ ਫੋਨ ਰਾਹੀਂ ਸੂਚਿਤ ਕਰ ਦਿੱਤਾ। ਓਰਲੀ ਦੇ ਡਾਕਟਰ ਉਸ ਨੂੰ ਨਿਗਰਾਨੀ ਲਈ ਹਸਪਤਾਲ ਵਿੱਚ ਰੱਖਣਾ ਚਾਹੁੰਦੇ ਸਨ ਪਰ ਜੈਕੀ ਦੀ ਸਲਾਹ ਨਾਲ, ਸੁਰਜੀਤ ਉਸ ਨੂੰ ਜੈਸਟਾਡ ਲੈ ਗਈ, ਜਿੱਥੇ ਉਹ ਦੋਨੋਂ ਉਸਦੀ ਦੇਖ-ਭਾਲ ਕਰ ਸਕਦੀਆਂ ਸਨ। ਇਹ ਸਹੀ ਫੈਸਲਾ ਪ੍ਰਤੀਤ ਹੁੰਦਾ ਸੀ, ਕਿਉਂ ਕਿ ਚੌਵੀ ਘੰਟਿਆ ਬਾਅਦ ਉਹ ਬਹੁਤ ਬੇਹਤਰ ਲੱਗ ਰਹੀ ਸੀ। ਪਰ ਉਹ ਉਸ ਤੋਂ ਬਾਅਦ ਕਮਜ਼ੋਰ ਹੁੰਦੀ ਗਈ।

ਦਸੰਬਰ 1974 ਵਿੱਚ, ਜੈਕੀ ਨੇ ਔੜ ਤੋਂ ਸੁਰਜੀਤ ਨੂੰ ਫੋਨ ਕੀਤਾ ਕਿ ਬਸੰਤ ਕੌਰ ਉਸ ਨੂੰ ਮਿਲਣਾ ਚਾਹੁੰਦੀ ਸੀ। ਅਗਲੇ ਦਿਨ ਉਹ ਅਤੇ ਚੰਦਾ ਵੈਨਕੂਵਰ ਤੋਂ ਹਵਾਈ ਜਹਾਜ਼ ਚੜ੍ਹ ਗਈਆਂ, ਅਤੇ ਜਦੋਂ ਉਹ ਔੜ ਪਹੁੰਚੀਆਂ, ਬਸੰਤ ਕੌਰ ਮੁੜ ਤੰਦਰੁਸਤ ਹੋ ਰਹੀ ਪ੍ਰਤੀਤ ਹੁੰਦੀ ਸੀ। ਅਵਤਾਰ ਉਸ ਵੇਲੇ ਜੰਮੂ ਵਿੱਚ ਨਵੀਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਯੋਜਨਾਵਾਂ ਦਾ ਕਾਰਜਕਾਰੀ ਵਾਈਸ ਚਾਂਸਲਰ ਸੀ  ਅਤੇ ਜੰਮੂ ਤੇ ਕਸ਼ਮੀਰ ਦੀ ਸਰਕਾਰ ਦੇ ਸਲਾਹਕਾਰ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਸ ਨੇ ਸੁਰਜੀਤ ਨੂੰ ਜੰਮੂ ਬੁਲਾ ਲਿਆ। ਆਪਣੀ ਮਾਂ ਵਾਲਾ ਸੰਕਟ ਗੁਜ਼ਰ ਚੁੱਕਾ ਮਹਿਸੂਸ ਕਰਕੇ, ਉਹ ਜੰਮੂ ਚਲੀ ਗਈ। ਕੁਝ ਦਿਨਾਂ ਬਾਅਦ ਜਦੋਂ ਉਹ ਔੜ ਮੁੜੀ, ਉਸਦੀ ਮਾਂ ਮਰ ਰਹੀ ਸੀ ਅਤੇ ਕੁਝ ਵੀ ਖਾਣ-ਪੀਣ ਤੋਂ ਇਨਕਾਰ ਕਰ ਰਹੀ ਸੀ। ਆਪਣੀ ਮਾਂ ਕੋਲੋਂ ਇਸ ਸੰਕਟ ਦੀ ਘੜੀ ਵਿੱਚ ਦੂਰ ਜਾਣ ਬਾਰੇ ਸੁਰਜੀਤ ਭਾਰੀ ਗੁਨਾਹਗਾਰ ਮਹਿਸੂਸ ਕਰ ਰਹੀ ਸੀ, ਪਰ ਉਹ ਅੰਤਿਮ ਸਮੇਂ ਵੇਲੇ, ਆਪਣੀ ਮਾਂ ਦੇ ਸਿਰਾਹਣੇ ਆਪਣੀ ਭੈਣ ਦੇ ਨਾਲ ਸੀ।

ਬਸੰਤ ਕੌਰ ਦੀ ਜ਼ਿੰਦਗੀ ਔੜ ਦੇ ਕਿਲੇ ਵਿੱਚ ਹੀ ਸ਼ੁਰੂ ਹੋਈ ਅਤੇ ਉੱਥੇ ਹੀ ਪੂਰੀ ਹੋਈ, ਭਾਵੇਂ ਉਸ ਨੇ ਆਪਣੀ ਉਮਰ ਦੇ ਤੀਹਵਿਆਂ ਦੇ ਸ਼ੁਰੂ ਤੋਂ ਤਕਰੀਬਨ ਸੱਤਰ ਸਾਲ ਦੀ ਉਮਰ ਤੱਕ, ਆਪਣੀ ਅੱਧੀ ਜ਼ਿੰਦਗੀ ਕਨੇਡਾ ਵਿੱਚ ਗੁਜ਼ਾਰੀ ਸੀ ਅਤੇ ਉਸ ਤੋਂ ਬਾਅਦ ਵਾਰੀ ਵਾਰੀ ਦੋਨਾਂ ਥਾਵਾਂ ਉੱਤੇ।  ਕਨੇਡਾ ਅਤੇ ਭਾਰਤ ਵਿੱਚ, ਆਪਣੇ ਲੋਕਾਂ ਦਰਮਿਆਨ ਉਸ ਨੇ ਮਾਣ-ਸਤਿਕਾਰ ਵਾਲੀ ਥਾਂ ਬਣਾ ਲਈ ਸੀ। ਇਹ ਉਸ ਨੇ ਆਪਣੇ ਸੁਭਾਅ ਕਰਕੇ ਕਮਾਈ ਸੀ ਅਤੇ ਆਪਣੇ ਰੁੱਤਬੇ ਨਾਲ ਮੰਗੀ ਸੀ। ਉਹ ਜਗੀਰਦਾਰ ਦੀ ਬੇਟੀ ਸੀ, ਉਸ ਨੂੰ ਆਪਣੇ ਪਰਿਵਾਰ ਦੇ ਭੂਤਕਾਲ `ਤੇ ਮਾਣ ਸੀ ਅਤੇ ਉਹ ਅਗਲੀ ਪੀੜ੍ਹੀ ਦੀ ਰੱਖਿਅਕ ਸੀ- ਆਪਣੀਆਂ ਬੇਟੀਆਂ ਅਤੇ ਉਨ੍ਹਾਂ ਦੇ ਰਿਸ਼ਤੇ ਦੇ ਭੈਣ-ਭਰਾਵਾਂ ਦੀ। ਉਹ ਇੰਡੋ-ਕਨੇਡੀਅਨ ਔਰਤਾਂ ਦਰਮਿਆਨ ਮੋਢੀ ਸੀ ਅਤੇ ਘਰ ਤੋਂ ਦੂਰ ਵਸੇ ਛੋਟੇ ਪੰਜਾਬੀ ਭਾਈਚਾਰੇ ਵਿੱਚ ਰਾਹਬਰ ਅਤੇ ਸਾਲਸ ਸੀ। ਉਹ ਆਪਣੇ ਪਰਿਵਾਰ ਨਾਲ ਬਹੁਤ ਘੁੰਮੀ-ਫਿਰੀ ਸੀ ਅਤੇ ਉਸ ਨੇ ਸਵਾਮੀਆਂ, ਸੰਤਾਂ, ਰਾਜਦੂਤਾਂ, ਬੁੱਧੀਜੀਵੀਆਂ, ਆਪਣੇ ਘਰਵਾਲੇ ਦੇ ਕਾਰੋਬਾਰੀ ਅਤੇ ਪੇਸ਼ੇਵਾਰ ਸਹਿਯੋਗੀਆਂ, ਆਪਣੀਆਂ ਧੀਆਂ ਦੇ ਅਧਿਆਪਕਾਂ, ਦੋਸਤਾਂ ਅਤੇ ਪਰਿਵਾਰਾਂ, ਅਤੇ ਗਵਾਂਢੀਆਂ, ਖਾਸ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਆਪਣੇ ਘਰ ਵਿੱਚ ਆਓ-ਭਗਤ ਕੀਤੀ ਸੀ। ਇੱਕ ਗਵਾਂਢੀ, ਪਤਨੀ-ਵਿਹੂਣੇ ਬੰਦੇ ਅਤੇ ਸੇਵਾ-ਮੁਕਤ ਦਰਿਆਈ ਵਪਾਰੀ ਐਲਫਰਡ ਟਰੈਮੀਅਰ, ਨੂੰ ਉਸ ਨੇ ਕਈ ਸਾਲਾਂ ਤੱਕ ਆਪਣੇ ਪਰਿਵਾਰ ਵਿੱਚ ਸ਼ਾਮਿਲ ਕਰਕੇ ਆਪਣੇ ਘਰ ਰੱਖਿਆ। ਇਹ ਸਭ ਕੁਝ ਉਸ ਨੇ ਬਹੁਤੀ ਅੰਗ੍ਰੇਜ਼ੀ ਸਿੱਖਣ ਤੋਂ ਬਿਨਾਂ ਹੀ ਨਿਭਾਅ ਲਿਆ ਪਰ ਉਸਦੀ ਡੂੰਘੀ ਧਾਰਮਿਕ ਰੂਹ, ਜਿਹੜੀ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਸੀ, ਨੇ ਉਸਦੀ ਬਹੁਤ ਮੱਦਦ ਕੀਤੀ।

ਪਰਿਵਾਰ ਵੱਲੋਂ ਬਸੰਤ ਕੌਰ ਬਾਰੇ ਦੱਸੀਆਂ ਗਈਆਂ ਕਹਾਣੀਆਂ ਇਸ ਗੱਲ ਦੀ ਵਿਆਖਿਆ ਕਰਦੀਆਂ ਸਨ ਕਿ ਉਹ ਉਸ ਬਾਰੇ ਕੀ ਪਸੰਦ ਕਰਦੇ ਸਨ। ਜਦੋਂ ਉਹ ਤਕਰੀਬਨ ਅੱਸੀ ਸਾਲ ਦੀ ਸੀ, ਅਵਤਾਰ ਉਸ ਵੇਲੇ ਕੁਦਰਤੀ ਯੌਰਕ ਐਵੇਨਿਊ ਵਾਲੇ ਘਰ ਵਿੱਚ ਮੌਜੂਦ ਸੀ ਜਦੋਂ ਤਿੰਨ ਸਿੱਖ ਸਮਾਂ ਲੈ ਕੇ  ਬਸੰਤ ਕੌਰ ਨੂੰ ਮਿਲਣ ਆਏ ਸਨ। ਉਸ ਨੇ ਅਵਤਾਰ ਨੂੰ ਕਿਹਾ ਕਿ ਉਹ ਉਸਦੇ ਕੋਲ ਹੀ ਰਹੇ, ਇਸ ਲਈ ਉਹ ਚੁੱਪ-ਚਾਪ ਕੋਨੇ ਵਿੱਚ ਬੈਠਾ ਰਿਹਾ। ਉਹ ਚਾਹੁੰਦੇ ਸਨ ਕਿ ਬਸੰਤ ਕੌਰ ਵੈਨਕੂਵਰ ਵਿੱਚ ਨਵੇਂ ਬਣ ਰਹੇ ਗੁਰਦਵਾਰੇ ਦੀ ਇਮਾਰਤ ਲਈ ਦਾਨ ਦੇਵੇ। ਇਹ ਗੁਰਦਵਾਰਾ, 1908 ਵਿੱਚ ਸੈਕਿੰਡ ਐਵੇਨੀਊ `ਤੇ ਬਣੇ ਪੁਰਾਣੇ ਇਤਿਹਾਸਕ ਗੁਰਦਵਾਰੇ, ਨੂੰ ਬਦਲ ਕੇ ਬਣਨਾ ਸੀ ਅਤੇ ਉਨ੍ਹਾਂ ਨੂੰ ਆਸ ਸੀ ਕਿ ਉਹ ਦਾਨ ਲਈ ਸਭ ਤੋਂ ਵੱਧ ਰਕਮ ਦੇਵੇਗੀ। ਨਵਾਂ ਗੁਰਦਵਾਰਾ, ਜਿਸਦਾ ਨਕਸ਼ਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਆਰਕੀਟੈਕਟ ਆਰਥਰ ਐਰਿਕਸਨ ਨੇ ਬਣਾਇਆ ਸੀ, 1970 ਵਿੱਚ ਰੌਸ ਸਟਰੀਟ `ਤੇ ਖੁੱਲ੍ਹਿਆ, ਪਰ ਜਿਹੜਾ ਮੌਕਾ ਅਵਤਾਰ ਨੇ ਅੱਖੀਂ ਦੇਖਿਆ ਸੀ, ਉਹ ਇਸ ਤੋਂ ਪੰਜ ਸਾਲ ਪਹਿਲਾਂ ਦੀ ਗੱਲ ਸੀ। ਤਿੰਨ ਸਿੱਖ, ਦੋ ਕੇਸਾਧਾਰੀ ਤੇ ਇੱਕ ਕਲੀਨਸ਼ੇਵ, ਇਹ ਦਿਖਾਉਣ ਲਈ ਇਕੱਠੇ ਆਏ ਸਨ ਕਿ ਹੁਣ ਰਵਾਇਤੀ ਅਤੇ ਮਾਡਰਨ ਸਿੱਖ ਰਲ ਕੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਆਪਣੀ ਬੇਨਤੀ ਲਈ ਹਾਂ-ਪੱਖੀ ਹੁੰਗਾਰੇ ਦੀ ਉਮੀਦ ਸੀ। ਅਤੇ ਸੱਚ ਹੀ, ਬਸੰਤ ਕੌਰ ਨੇ ਕਿਹਾ ਕਿ ਉਹ ਦਾਨ ਦੇਵੇਗੀ "ਜੇ ਤੁਸੀਂ ਸਾਰੇ ਇਕੱਠੇ ਹੋ"। ਪਰ ਜਦੋਂ ਉਹ ਚੈੱਕ ਕੱਟਣ ਲਈ ਕਮਰੇ ਵਿੱਚੋਂ ਬਾਹਰ ਗਈ, ਮਹਿਮਾਨਾਂ ਵਿੱਚੋਂ ਇੱਕ ਥੋੜ੍ਹਾ ਹਮਲਾਵਰ ਹੋ ਗਿਆ। ਹਮੇਸ਼ਾ ਦੀ ਤਰ੍ਹਾਂ ਅਵਤਾਰ  ਨੇ ਪੱਗ ਬੰਨ੍ਹੀ ਹੋਈ ਸੀ ਪਰ ਉਸ ਨੇ ਆਪਣੀ ਦਾੜ੍ਹੀ ਕਤਰੀ ਹੋਈ ਸੀ, ਇਹ ਰਵਾਇਤੀ ਸਿੱਖਾਂ ਦੀਆਂ ਪਾਬੰਦੀਆਂ ਦੇ   ਉਲਟ ਸੀ। ਹਮਲਾਵਰ ਮਹਿਮਾਨ ਨੇ ਬਹੁਤੀ ਸੂਖਮਤਾ ਤੋਂ ਬਿਨਾਂ ਕਿਹਾ, " ਅੱਜ-ਕੱਲ ਦੇ ਕਾਹਦੇ ਸਿੱਖ, ਉਹ ਆਪਣੀਆਂ ਦਾੜ੍ਹੀਆਂ ਕਤਰਦੇ ਐ।" ਉਹ ਬਸੰਤ ਕੌਰ ਦੀ ਹਾਜ਼ਰੀ ਵਿੱਚ ਅਜੇਹੇ ਬੋਲ ਕਦੇ ਵੀ ਨਾ ਬੋਲਦਾ ਪਰ ਉਸ ਨੇ ਕਮਰੇ ਵਿੱਚ ਮੁੜ ਵੜਦੀ ਨੇ ਕੁਝ ਸ਼ਬਦ ਸੁਣ ਲਏ। ਫਿਰ ਵੀ, ਉਸ ਨੇ ਕੁਝ ਨਾ ਕਿਹਾ , ਅਤੇ ਵਾਅਦੇ ਅਨੁਸਾਰ ਚੈੱਕ ਦੇ ਦਿੱਤੀ। ਅਵਤਾਰ ਲਈ, ਇਹ ਘਟਨਾ ਉਸਦੇ ਵਿਅਕਤੀਤਵ ਦੀ ਤਾਕਤ ਅਤੇ ਭਾਈਚਾਰੇ ਵਿੱਚ ਉਸਦੇ ਸਥਿਰ ਅਤੇ  ਮਾਂ ਵਾਲੇ ਰੋਲ ਦੀ ਵਿਆਖਿਆ ਕਰਦੀ ਸੀ।(9)

ਇਸ ਤੋਂ ਕੁਝ ਪਹਿਲਾਂ, ਜਦੋਂ ਚੰਦਾ ਹਾਲੇ ਬਾਲੜੀ ਸੀ ਅਤੇ ਪਰਿਵਾਰ ਔੜ ਵਿੱਚ ਸੀ, ਅਵਤਾਰ ਦੇ ਕਿਸੇ ਰਿਸ਼ਤੇਦਾਰ ਨੇ ਫੋਨ ਕੀਤਾ ਅਤੇ ਦੱਸਿਆ ਕਿ ਅਵਤਾਰ ਦਾ ਸਭ ਤੋਂ ਵੱਡਾ ਭਰਾ ਗੰਭੀਰ ਬਿਮਾਰ ਸੀ। ਭਾਵੇਂ ਉਹ ਲੁਧਿਆਣੇ ਸੀ ਅਤੇ ਅੱਧੀ ਰਾਤ ਦਾ ਵੇਲਾ ਸੀ, ਪਰ ਸੁਰਜੀਤ ਨੇ ਮਹਿਸੂਸ ਕੀਤਾ ਕਿ ਉਸ ਨੂੰ ਤੁਰੰਤ ਹੀ ਜਾਣਾ ਚਾਹੀਦਾ ਸੀ। ਬਸੰਤ ਕੌਰ ਨੂੰ ਇਹ ਪਸੰਦ ਨਹੀਂ ਆਇਆ, ਪਰ ਉਸ ਨੇ ਕਿਹਾ ਕਿ ਜੇ ਉਸ ਨੇ ਜਾਣਾ ਹੀ ਹੈ ਤਾਂ ਉਹ ਆਪ ਅਤੇ ਬਾਵਰਚੀ ਮੁੰਡਾ ਉਸਦੇ ਨਾਲ ਜਾਣਗੇ। ਰਸਤੇ ਵਿੱਚ ਉਨ੍ਹਾਂ ਦਾ ਸਾਹਮਣਾ ਡਾਕੂਆਂ (ਲੁਟੇਰਿਆਂ) ਨਾਲ ਹੋ ਗਿਆ, ਜਿਹੜੇ ਬੰਦੂਕਾਂ ਨਾਲ ਲੈੱਸ ਮੱਕੀ ਦੇ ਖੇਤਾਂ ਵਿੱਚੋਂ ਬਾਹਰ ਆ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਲੱਗੇ। ਜਦੋਂ ਡਾਕੂ ਕਾਰ ਦੇ ਨੇੜੇ ਆਏ ਅਤੇ ਬਸੰਤ ਕੌਰ ਨੂੰ ਮੂਹਰਲੀ ਸੀਟ `ਤੇ ਬੈਠੇ ਦੇਖਿਆ, ਉਹ ਹਿਚਕਚਾਏ। ਉਹ ਉਸ ਨੂੰ ਜਾਣਦੇ ਸਨ, ਅਤੇ ਉਸਦੇ ਸਤਿਕਾਰ ਵਜੋਂ ਉਹ ਪਾਸੇ ਹੋ ਗਏ ਅਤੇ ਕਾਰ ਨੂੰ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ।(10)

ਸੁਰਜੀਤ ਲਈ, ਆਪਣੀ ਮਾਂ ਦਾ ਹਨੇਰੀ ਸੜਕ `ਤੇ ਡਾਕੂਆਂ ਨਾਲ ਸਾਹਮਣਾ ਕਰਨਾ ਕੋਈ ਅਨੋਖੀ ਗੱਲ ਨਹੀਂ ਸੀ। ਉਸਦੀ ਮਾਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਹੀ ਸੀ। ਕੁਝ ਮਹੀਨੇ ਪਹਿਲਾਂ, ਜਦੋਂ ਉਸ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਯੌਰਕ ਐਵੇਨੀਊ ਵਾਲੇ ਘਰ ਦੇ ਪਿਛਵਾੜੇ ਕਿਸੇ ਨੇ ਘੁਸਪੈਂਠ ਕਰ ਦਿੱਤੀ ਸੀ, ਬਸੰਤ ਕੌਰ ਇਹ ਦੇਖਣ ਲਈ ਕਿ ਉਹ ਕੌਣ ਸੀ, ਬੰਦੂਕ ਲੈ ਕੇ ਹਨੇਰੇ ਵਿੱਚ ਕੁੱਦ ਪਈ ਸੀ। ਪਰ ਡਾਕੂਆਂ ਨਾਲ ਸਾਹਮਣਾ ਕਰਨ ਵਾਲੀ ਘਟਨਾ ਇਸ ਗੱਲ ਦੀ ਵੀ ਉਦਾਹਰਣ ਸੀ ਕਿ ਉਸ ਕੋਲ ਅਗਾਊਂ ਸੂਹ ਮਿਲਣ ਦਾ ਵੀ ਵਰਦਾਨ ਸੀ। ਉਸ ਨੂੰ ਪਤਾ ਸੀ ਕਿ ਰਸਤੇ ਵਿੱਚ ਉਸਦੀ ਜ਼ਰੂਰਤ ਪਵੇਗੀ ਅਤੇ ਉਹ ਸਹੀ ਨਿਕਲੀ।

ਪ੍ਰਤੀਤ ਹੁੰਦਾ ਸੀ ਕਿ ਬਸੰਤ ਕੌਰ ਨੂੰ ਅਕਸਰ ਹੀ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਪੂਰਵ ਗਿਆਨ ਜਾਂ ਉਸਦੇ ਰਿਸ਼ਤੇਦਾਰਾਂ ਦੇ ਕਿਸੇ ਖਤਰੇ ਵਿੱਚ ਹੋਣ ਦੀ ਸੋਝੀ ਹੋ ਜਾਂਦੀ ਸੀ, ਭਾਵੇਂ ਉਹ ਦੁਨੀਆਂ ਦੇ ਦੂਜੇ ਹਿੱਸੇ ਵਿੱਚ ਹੁੰਦੇ ਸਨ। ਪਰ ਉਹ ਇਸ ਨੂੰ ਕੋਈ ਬਹੁਤਾ ਮਹੱਤਵ ਨਹੀਂ ਸੀ ਦਿੰਦੀ ਅਤੇ ਉਸ ਨੂੰ ਭਵਿੱਖਬਾਣੀ, ਜੋਤਿਸ਼ ਜਾਂ ਮਨਹੂਸ ਰੂਹਾਂ ਵਿੱਚ ਕੋਈ ਯਕੀਨ ਨਹੀਂ ਸੀ। ਜਦੋਂ ਦੋਸਤ ਉਸ ਨੂੰ ਚਮਤਕਾਰੀ ਤਜਰਬਿਆਂ ਬਾਰੇ ਦੱਸਦੇ, ਉਹ ਜ਼ੋਰ ਦੇ ਕੇ ਆਖਦੀ ਕਿ ਉਸ ਨੇ ਕਦੇ ਵੀ ਅਜੇਹਾ ਕੁਝ ਨਹੀਂ ਸੀ ਦੇਖਿਆ ਅਤੇ ਉਨ੍ਹਾਂ ਨੂੰ ਆਖਦੀ ਕਿ ਰੱਬ ਦੇ ਨਾਂ ਦਾ ਧਿਆਨ ਧਰ ਕੇ ਡਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ। ਆਪਣੇ ਆਖਰੀ ਦਿਨਾਂ ਦੌਰਾਨ ਵੀ ਉਹ ਨਿੱਤਨੇਮ ਕਰਦੀ ਰਹੀ ਅਤੇ ਆਪਣੀ ਮਾਲਾ ਦੇ ਮਣਕੇ ਫੇਰਦੀ ਰਹੀ। ਆਪਣੀਆਂ ਧੀਆਂ  ਨਾਲ ਆਪਣੇ ਆਖਰੀ ਬੋਲ ਸਾਂਝੇ ਕਰਦਿਆਂ ਉਸ ਨੇ ਉਨ੍ਹਾਂ ਦਾ ਉਸਦੀ ਸੰਭਾਲ ਕਰਨ ਲਈ ਧੰਨਵਾਦ ਕੀਤਾ, ਅਤੇ ਉਨ੍ਹਾਂ ਨੂੰ ਚੰਦਾ ਦਾ ਖਿਆਲ ਰੱਖਣ ਲਈ ਕਿਹਾ, ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ, ਅਤੇ ਕਿਹਾ ਕਿ ਸਭ ਨੇ ਇਸ ਧਰਤੀ ਤੋਂ ਚਲੇ ਜਾਣਾ ਹੈ ਜਦੋਂ ਕਿਸੇ ਦਾ ਵਕਤ ਆ ਗਿਆ। ਕੋਈ ਵੀ ਜਾਣਾ ਨਹੀਂ ਚਾਹੁੰਦਾ ਪਰ ਕਿਸੇ ਕੋਲ ਕੋਈ ਚਾਰਾ ਨਹੀਂ, ਉਸ ਨੇ ਕਿਹਾ।

ਜਿੱਥੋਂ ਤੱਕ ਪਰਿਵਾਰ  ਜਾਂ ਦੋਸਤ ਦੇਖ ਸਕਦੇ ਸਨ, ਕੁਝ ਵੀ ਬਸੰਤ ਕੌਰ ਦੇ ਮੂਲ ਸੁਭਾਅ ਜਾਂ ਜ਼ਿੰਦਗੀ ਬਾਰੇ ਸਮਝ ਨੂੰ ਬਦਲ ਨਹੀਂ ਸਕਿਆ। ਕਨੇਡਾ ਆ ਕੇ ਵੀ ਉਹ ਨਹੀਂ ਬਦਲੀ, ਦੂਜੇ ਮੱਤਾਂ ਬਾਰੇ ਉਹੀ ਪ੍ਰਵਾਨਗੀ ਵਾਲਾ ਵਤੀਰਾ, ਅਤੇ ਆਪਣੇ ਮੱਤ ਬਾਰੇ ਉਹੀ ਸਹਿਜ। ਉਸਨੇ ਆਪਣੀਆਂ ਬੇਟੀਆਂ ਨੂੰ ਹਿੰਦੂ ਅਤੇ ਸਿੱਖ ਰਵਾਇਤਾਂ ਦਾ ਪਿਆਰ ਸਿਖਾਇਆ, ਅਤੇ ਦੂਜਿਆਂ ਦੇ ਵਿਸ਼ਵਾਸ਼ਾਂ ਦੀ ਕੁਦਰਤੀ ਕਦਰ ਕਰਨੀ ਸਿਖਾਈ। ਉਸ ਨੇ ਉਦੋਂ ਹੀ ਲੀਹ ਵਾਹੀ ਅਤੇ ਹਿਫਾਜ਼ਤੀ ਰੁਖ ਵਾਲੀ ਹੋ ਗਈ ਜਦੋਂ ਕਿਸੇ ਨੇ ਉਨ੍ਹਾਂ ਦਾ ਮੱਤ ਬਦਲਣ ਦੀ ਕੋਸ਼ਿਸ਼ ਕੀਤੀ। ਉਸਦੇ ਨਿਰਵਿਵਾਦ ਤਰਕ ਅਨੁਸਾਰ, ਸਾਰੇ ਰਾਹ ਇੱਕੋ ਸੱਚ ਤੱਕ ਪਹੁੰਚਦੇ ਹਨ, ਇਸ ਲਈ ਮੱਤ ਬਦਲਣ ਦੀ ਲੋੜ ਨਹੀਂ, ਜਿਸ ਪਹੁੰਚ ਨੇ ਉਸ ਨੂੰ ਉਸ ਗੱਲ `ਤੇ ਕੇਂਦਰਿਤ ਰੱਖਿਆ, ਜਿਹੜੀ ਉਹ ਜਾਣਦੀ ਸੀ ਅਤੇ ਸਦਾ ਜਾਣਦੀ ਆਈ ਸੀ। ਆਪਣੀਆਂ ਬੇਟੀਆਂ `ਤੇ ਕੱਸਵੀਂ ਪਕੜ ਰੱਖਣ ਅਤੇ ਉਨ੍ਹਾਂ ਨੂੰ ਮੁੰਡਿਆਂ ਨਾਲ ਘੁਲਦਿਆਂ-ਮਿਲਦਿਆਂ ਨਾ ਦੇਖਣ ਦੀ ਚਾਹਵਾਨ ਵਜੋਂ ਉਹ ਇੱਕ ਆਮ ਪੰਜਾਬੀ  ਮਾਂ ਵਾਂਗ ਹੀ ਸੀ। ਪਰ ਉਸਦੀਆਂ ਉਨ੍ਹਾਂ ਤੋਂ ਆਸਾਂ ਆਮ ਨਾਲੋਂ ਕਿਤੇ ਵੱਧ ਸਨ। ਉਸਦੇ ਪ੍ਰਭਾਵ ਥੱਲੇ ਜੈਕੀ ਤੇ ਸੁਰਜੀਤ  ਗੈਰ-ਰਵਾਇਤੀ ਔਰਤਾਂ ਵਜੋਂ ਵੱਡੀਆਂ ਹੋਈਆਂ (ਭਾਵੇਂ ਇਹ ਕਨੇਡੀਅਨ ਦ੍ਰਿਸ਼ਟੀਕੋਣ ਸੀ ਜਾਂ ਭਾਰਤੀ)। ਅਤੇ ਜਦੋਂ  ਅਖੀਰ ਵਿੱਚ ਉਨ੍ਹਾਂ ਨੇ ਵਿਆਹ ਕਰਵਾਏ, ਉਨ੍ਹਾਂ ਨੇ ਆਪਣੇ ਤੌਰ `ਤੇ ਆਜ਼ਾਦ ਚੋਣ ਕੀਤੀ ਖਾਸ ਕਰਕੇ ਜੈਕੀ ਨੇ। ਉਨ੍ਹਾਂ ਨੇ ਪੰਜਾਬ ਵਿੱਚ ਆਪਣੀ ਮਾਂ ਦੀ ਦਿਸ਼ਾ ਜਾਂ ਰਾਹਨੁਮਾਈ ਤੋਂ ਬਿਨਾਂ ਪਤੀ ਲੱਭੇ, ਪਰ ਉਹ ਪਿਛਲ-ਭੂਮੀ ਵਿੱਚ ਰਹੀ ਔਰਤ ਸੀ ਜਿਸ ਨੇ ਬਚਪਨ ਤੋਂ ਹੀ ਉਨ੍ਹਾਂ ਦੀਆਂ ਚੋਣਾਂ ਨੂੰ ਸ਼ਕਲਾਂ ਦੇ ਦਿੱਤੀਆਂ ਸਨ।

Read 106 times Last modified on Tuesday, 01 May 2018 12:35