ਲੇਖ਼ਕ

Tuesday, 01 May 2018 12:27

17. ਕਿਲੇ ਦੇ ਮੋਤੀ - ਕਨੇਡਾ ਤੇ ਭਾਰਤ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਦਸੰਬਰ 2012 ਵਿੱਚ ਇੱਕ ਸਦੀ ਹੋ ਗਈ ਸੀ ਜਦੋਂ ਕਪੂਰ ਕਨੇਡਾ `ਚ ਵਿਕਟੋਰੀਆ ਪਹੁੰਚਿਆ ਸੀ। ਉਸ ਤੋਂ ਪਹਿਲਾਂ ਉਸ ਨੂੰ ਬਲੇਨ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ ਸੀ। ਉਹ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਆਣ ਰਲਿਆ, ਜਿਨ੍ਹਾਂ ਦੀ ਗਿਣਤੀ ਉਸ ਵੇਲੇ ਕਨੇਡੀਅਨ ਮਰਦਮਸ਼ੁਮਾਰੀ ਅਨੁਸਾਰ 2300 ਸੀ। ਛੇਤੀ ਹੀ, ਉਸ ਨੇ ਇਸ ਨੂੰ ਤਕਰੀਬਨ 700 ਤੱਕ ਸੁੰਗੜਦੇ ਦੇਖਿਆ ਅਤੇ ਫਿਰ ਇਸ ਗਿਣਤੀ ਨੂੰ 2150 ਤੱਕ ਪਹੁੰਚਣ ਲਈ ਚਾਲ੍ਹੀ ਸਾਲ ਲੱਗਦੇ ਦੇਖਿਆ। ਇਸ ਗਿਣਤੀ ਦੇ ਘਟਣ ਦਾ ਕਾਰਣ ਪਰਵਾਸੀਆਂ ਨੂੰ ਦੇਸ਼ ਵਿੱਚ ਵੜਣ ਲਈ ਪੇਸ਼ ਆਉਂਦੀਆਂ ਕਠਨਾਈਆਂ ਸਨ, ਕੁਝ ਦੀਆਂ ਕਨੇਡਾ ਵਿੱਚ ਨੌਕਰੀਆਂ ਚਲੀਆਂ ਗਈਆਂ ਸਨ ਤੇ ਉਹ ਵਾਪਸ ਪਰਤ ਗਏ ਸਨ, ਅਤੇ ਬਹੁਤ ਸਾਰੇ 1914 ਵਿੱਚ ਗਦਰੀਆਂ ਵੱਲੋਂ ਹਥਿਆਰ ਚੁੱਕਣ ਦੇ ਆਏ ਸੱਦੇ ਕਾਰਣ ਭਾਰਤ ਪਰਤ ਗਏ ਸਨ ਅਤੇ ਅਸਫਲ ਹੋਈ ਗਦਰ ਕ੍ਰਾਂਤੀ ਵਿੱਚ ਸ਼ਾਮਲ ਹੋਏ ਸਨ। ਫਿਰ ਪਹਿਲੀ ਸੰਸਾਰ ਜੰਗ ਤੋਂ ਬਾਅਦ ਓਟਵਾ ਵੱਲੋਂ ਪਤਨੀਆਂ ਅਤੇ ਬੱਚਿਆਂ ਨੂੰ ਮੰਗਵਾਉਣ ਦੀ ਖੁੱਲ੍ਹ ਦਿੱਤੇ ਜਾਣ ਤੋਂ ਬਾਅਦ ਭਾਈਚਾਰੇ ਵਿੱਚ ਧੀਮੀ ਗਤੀ ਨਾਲ ਵਾਧਾ ਹੋਣ ਲੱਗਾ।

ਕਪੂਰ ਨੇ ਇਹ ਸਭ ਕਨੇਡਾ ਵਿੱਚ ਆਪਣੇ ਪਹਿਲੇ ਚਾਲ੍ਹੀ ਸਾਲਾਂ ਦੌਰਾਨ ਦੇਖਿਆ, ਅਤੇ ਆਪਣੀ ਮੌਤ ਤੋਂ ਦਰਜਨ ਕੁ ਪਹਿਲੇ ਸਾਲਾਂ ਵਿੱਚ ਉਸ ਨੇ ਇੰਡੋ-ਕਨੇਡੀਅਨ ਜਨਸੰਖਿਆ ਵਿੱਚ ਲੋਹੜੇ ਦਾ ਵਾਧਾ ਹੁੰਦਾ ਦੇਖਿਆ, ਜਦੋਂ ਕਨੇਡੀਅਨ ਇਮੀਗਰੇਸ਼ਨ ਦੇ ਮੁੱਖ ਸਰੋਤ ਅਸਲ ਵਿੱਚ ਵਿਸ਼ਵ-ਵਿਆਪੀ ਹੋਏ, ਯੂਰਪ ਤੋਂ ਬਦਲ ਕੇ ਏਸ਼ੀਆ, ਕੈਰੇਬੀਅਨ, ਅਫਰੀਕਾ, ਅਤੇ ਦੱਖਣੀ ਅਮਰੀਕਾ ਤੋਂ ਪ੍ਰਵਾਸੀ ਆਉਣੇ ਸ਼ੁਰੂ ਹੋਏ। ਉਹ ਅੱਜ ਦੇ ਕਨੇਡਾ ਦੀ ਨਸਲੀ ਤੇ ਜਾਤੀ  ਵਿਭਿੰਨਤਾ ਨੂੰ ਦੇਖ ਕੇ ਵਿਸਮਤ ਹੁੰਦਾ ਤੇ ਤ੍ਰਿਪਤ ਮਹਿਸੂਸ ਕਰਦਾ, ਜਿਨ੍ਹਾਂ ਵਿੱਚ 1,250,000 ਲੋਕਾਂ ਦੀਆਂ ਜੜ੍ਹਾਂ ਭਾਰਤੀ ਉਪ-ਮਹਾਂਦੀਪ ਵਿੱਚ ਹਨ, ਜਿਨ੍ਹਾਂ ਨੇ ਸਾਰੇ ਦੇਸ਼ ਵਿੱਚ ਆਪਣੇ ਮੰਦਰ, ਮਸਜਿਦਾਂ, ਅਤੇ ਗੁਰਦਵਾਰੇ ਬਣਾਏ ਹਨ, ਜਿਨ੍ਹਾਂ ਦੇ ਆਪਣੇ ਟੀ ਵੀ ਪ੍ਰੋਗਰਾਮ, ਰੇਡੀਓ ਸਟੇਸ਼ਨ, ਅਤੇ ਰਸਾਲੇ ਨਿਕਲਦੇ ਹਨ, ਜਿਹੜੇ ਆਪਣੇ ਭਾਈਚਾਰੇ ਨਾਲ ਸਬੰਧਤ ਦੁਕਾਨਾਂ ਅਤੇ ਪਲਾਜਿਆਂ ਵਿੱਚ ਖ੍ਰੀਦੋ-ਫਰੋਖਤ ਕਰਦੇ ਹਨ, ਜਿਹੜੇ ਆਪਣੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸੰਸਥਾਵਾਂ ਨੂੰ ਸਹਿਯੋਗ ਦਿੰਦੇ ਹਨ, ਅਤੇ ਜਿਨ੍ਹਾਂ ਦੀ ਹੋਂਦ ਨੇ ਕਨੇਡਾ ਦੇ ਸੱਭਿਆਚਾਰ ਨੂੰ ਬਹੁਤ ਅਮੀਰ ਬਣਾਇਆ ਹੈ। ਉਸਦਾ ਵਿਸ਼ਵਾਸ਼ ਸੀ ਕਿ ਕਨੇਡਾ ਦਾ ਅਜੇਹਾ ਭਵਿੱਖ ਹੋਵੇਗਾ, ਅਤੇ ਉਸ ਨੇ ਇਸ ਤਰ੍ਹਾਂ ਹੋਣ ਵਿੱਚ ਆਪਣੇ ਵੱਲੋਂ ਉਹ ਸਭ ਕੁਝ ਕੀਤਾ, ਜਿਹੜਾ ਕੁਝ ਉਹ ਕਰ ਸਕਦਾ ਸੀ।

ਉਹ ਸ਼ਾਇਦ ਅੱਜ ਦੇ ਕਨੇਡਾ ਦੀ ਸਾਊਥ ਏਸ਼ੀਅਨ ਵਸੋਂ ਦੀ ਵਿਭਿੰਨਤਾ ਦੇਖ ਕੇ ਹੈਰਾਨ ਹੁੰਦਾ, ਜਿਸ ਵਿੱਚ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਸ਼੍ਰੀ ਲੰਕਾ ਦੇ ਬਹੁਤ ਸਾਰੇ ਖਿੱਤਿਆਂ ਦੇ ਲੋਕ ਹਨ, ਅਤੇ ਇਨ੍ਹਾਂ ਦੇ ਨਾਲ ਨਾਲ ਕੈਰੇਬੀਅਨ, ਦੱਖਣੀ ਪੈਸੇਫਿਕ, ਅਫਰੀਕਾ ਅਤੇ ਯੂਨਾਈਡ ਕਿੰਗਡਮ ਵਿੱਚ ਸਥਾਪਤ ਭਾਰਤੀਆਂ ਵਿੱਚੋ ਵੀ ਇੱਥੇ ਆਣ ਵਸੇ ਹਨ। ਕਨੇਡਾ ਵਿੱਚ ਹੁਣ ਸਾਊਥ ਏਸ਼ੀਅਨਾਂ ਵੱਲੋਂ ਭਸ਼ਾਵਾਂ ਦੀ ਭਰਮਾਰ, ਰਿਵਾਜ, ਗਰੁੱਪਾਂ ਦੀਆਂ ਕਹਾਣੀਆਂ, ਅਤੇ ਧਾਰਮਿਕ ਰਵਾਇਤਾਂ ਨੂੰ ਦੇਖ ਕੇ ਉਹ ਪ੍ਰਭਾਵਤ ਹੋ ਜਾਂਦਾ। ਫਿਰ ਵੀ, ਉਸਦੇ ਲੋਕਾਂ, ਪੰਜਾਬੀਆਂ, ਅਤੇ ਖਾਸ ਕਰਕੇ ਪੰਜਾਬੀ ਸਿੱਖਾਂ, ਕੋਲ ਸਾਊਥ ਏਸ਼ੀਆ ਤੋਂ ਸਭ ਤੋਂ ਵੱਡੇ ਇੱਕ ਗਰੁੱਪ ਵਜੋਂ ਦੇਸ਼ ਵਿੱਚ ਇੱਕ ਖਾਸ ਥਾਂ ਹੈ, ਜਿਨ੍ਹਾਂ ਦਾ ਸਭ ਤੋਂ ਲੰਬਾ ਇਤਿਹਾਸ ਅਤੇ ਸਭ ਤੋਂ ਵੱਡੀ ਮੌਜ਼ੂਦਗੀ ਹੈ। ਅਤੇ ਪੰਜਾਬੀਆਂ ਵਿੱਚ ਵੀ , ਭਾਈਚਾਰੇ ਦਾ ਮਹੱਤਵਪੂਰਨ ਹਿੱਸਾ ਹਾਲੇ ਵੀ ਦੁਆਬੇ ਅਤੇ ਮਾਲਵੇ ਤੋਂ ਹੈ, ਪਰਿਵਾਰ ਜਿਨ੍ਹਾਂ ਦੇ ਕਪੂਰ ਵਰਗੇ ਕਨੇਡੀਅਨ ਮੋਢੀ, ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਪਹੁੰਚੇ ਅਤੇ ਜਿਨ੍ਹਾਂ ਨੇ ਅਖੀਰ ਬਾਲ-ਬੱਚਿਆਂ, ਭੈਣ-ਭਰਾਵਾਂ, ਰਿਸ਼ਤੇ ਦੇ ਭੈਣ-ਭਰਾਵਾਂ, ਲਾੜੀਆਂ ਅਤੇ ਲਾੜਿਆਂ ਨੂੰ ਇੱਧਰ ਮੰਗਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ, ਜਿਹੜਾ ਅੱਜ ਤੱਕ ਜਾਰੀ ਹੈ। ਪਿਛਲੇ ਵੀਹ ਸਾਲਾਂ ਦੌਰਾਨ, ਉਸਦੇ ਭਾਈਚਾਰੇ ਵੱਲੋਂ ਰਾਜਨੀਤਕ ਪਿੜ ਵਿੱਚ ਮੱਲਾਂ ਮਾਰਦਿਆਂ ਨੂੰ ਦੇਖ ਕੇ, ਉਸ ਨੇ ਮਾਣ ਮਹਿਸੂਸ ਕਰਨਾ ਸੀ ਕਿ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਅਤੇ ਓਂਟੇਰੀਓ ਵਿੱਚ  ਕੁਝ ਮਹਾਂਨਗਰਾਂ ਦੇ ਹਲਕਿਆਂ ਵਿੱਚ ਭਾਈਚਾਰੇ ਦੀਆਂ ਸੰਘਣੀਆਂ ਵੋਟਾਂ ਦਾ ਭਰਪੂਰ ਲਾਭ ਲਿਆ, ਅਤੇ ਉਸ ਨੂੰ ਖੁਸ਼ੀ ਹੋਣੀ ਸੀ ਕਿ ਭਾਈਚਾਰੇ ਕੋਲ ਵੱਡੇ ਸੁਪਨਿਆਂ ਵਾਲੇ ਸਿਆਸਦਾਨ ਹਨ, ਜਿਨ੍ਹਾਂ ਦੀ ਅੰਗ੍ਰੇਜ਼ੀ ਜ਼ੁਬਾਨ ਉੱਪਰ ਪੂਰੀ ਪਕੜ ਹੈ ਅਤੇ ਉਹ ਕਨੇਡਾ ਦੇ ਰਾਜਨੀਤਕ ਢਾਂਚੇ ਨੂੰ ਪੂਰੀ ਤਰ੍ਹਾਂ ਜਾਣਦੇ ਹਨ।(1)

ਕਨੇਡਾ ਦੀ ਕੌਮੀ ਤੇ ਸੂਬੇ ਪੱਧਰ ਦੀ ਰਾਜਨੀਤੀ ਵਿੱਚ ਸਭ ਤੋਂ ਵੱਧ ਕਾਮਯਾਬੀ ਨਾਲ ਪ੍ਰਵੇਸ਼ ਕਰਨ ਵਾਲੇ ਸਭ ਤੋਂ ਮੂਹਰਲੇ ਪੰਜਾਬੀ, ਪੰਜਾਬ ਦੇ ਉਸ ਵਾਲੇ ਹਿੱਸੇ ਵਿੱਚੋਂ ਹਨ- 2009 ਵਿੱਚ ਨੌਂ ਪੰਜਾਬੀ ਐਮ ਪੀ ਓਟਵਾ ਗਏ, 2005 ਵਿੱਚ ਸੱਤ ਪੰਜਾਬੀ ਐਮ ਐਲ ਏ ਬ੍ਰਿਟਿਸ਼ ਕੋਲੰਬੀਆ ਵਿੱਚੋਂ ਚੁਣੇ ਗਏ ਅਤੇ ਅਲਬਰਟਾ ਸੂਬੇ ਵਿੱਚ 2007 ਦੀਆਂ ਚੋਣਾਂ ਵਿੱਚ ਸੱਤ ਪੰਜਾਬੀਆਂ ਨੇ ਆਪਣੀ ਸੀਟਾਂ ਜਿੱਤੀਆਂ। ਕਿਸੇ ਵੀ ਹੋਰ ਘੱਟ ਗਿਣਤੀ ਭਾਈਚਾਰੇ ਨੇ ਏਨੀ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ। ਚਾਰ ਪੰਜਾਬੀ ਕਨੇਡੀਅਨ, ਜਿਨ੍ਹਾਂ ਨੇ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕੀਤੀ, ਮੋਅ ਸਹੋਤਾ, ਉੱਜਲ ਦੁਸਾਂਝ, ਹਰਬ ਧਾਲੀਵਾਲ ਅਤੇ ਵਾਲੀ ਉੱਪਲ, ਦੁਆਬੇ ਦੇ ਪਰਿਵਾਰਾਂ ਵਿੱਚੋਂ ਹਨ। ਮੋਅ ਸਹੋਤਾ ਵਿਧਾਨ ਸਭਾ ਲਈ ਚੁਣਿਆ ਜਾਣ ਵਾਲਾ ਪਹਿਲਾ ਇੰਡੋ-ਕਨੇਡੀਅਨ ਬਣਿਆ ਅਤੇ ਕੈਬਨਿਟ ਵਿੱਚ ਜਾਣ ਵਾਲਾ ਵੀ, ਜਿਸ ਨਾਲ ਬੀ. ਸੀ. ਵਿੱਚ ਰਾਜਨੀਤਕ ਕਿੱਤਾ 1986 ਵਿੱਚ ਸ਼ੁਰੂ ਹੋਇਆ। ਦੁਸਾਂਝ ਚੌਦ੍ਹਾਂ ਮਹੀਨੇ ਲਈ ਬੀ. ਸੀ. ਦਾ ਪ੍ਰੀਮੀਅਰ ਬਣਿਆ ਅਤੇ ਦੋ ਸਾਲ ਲਈ ਕੇਂਦਰ ਸਰਕਾਰ ਵਿੱਚ ਸੇਹਤ ਮੰਤਰੀ ਬਣਿਆ। ਧਾਲੀਵਾਲ ਕੇਂਦਰ ਦੀ ਕੈਬਨਿਟ ਵਿੱਚ ਜਾਣ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਸਿੱਖ ਸੀ, ਉਸ ਨੇ ਛੇ ਸਾਲ ਤੱਕ ਆਪਣੀ ਥਾਂ ਬਣਾਈ ਰੱਖੀ ਅਤੇ ਫਿਰ ਉਸਦੀ ਪਾਰਟੀ ਦੀ ਹਾਰ ਹੋ ਗਈ। ਅਤੇ ਉੱਪਲ, ਜਿਹੜਾ ਚਾਰ ਸਾਲ ਤੱਕ ਬੀ. ਸੀ. ਦਾ ਅਟੌਰਨੀ ਜਨਰਲ ਰਿਹਾ, ਉਸ ਤੋਂ ਪਹਿਲਾਂ ਉਹ ਸੂਬੇ ਦੀ ਸੁਪਰੀਮ ਕੋਰਟ ਦੇ ਜੱਜ ਦੇ ਪ੍ਰਤਿਸ਼ਠਿਤ ਅਹੁਦੇ `ਤੇ ਰਿਹਾ। ਦੁਸਾਂਝ, ਧਾਲੀਵਾਲ ਤੇ ਉੱਪਲ ਦੇ ਪਰਿਵਾਰਾਂ ਦੇ ਪਿੰਡ ਔੜ ਤੋਂ ਵੀਹ ਜਾਂ ਪੱਚੀ ਕਿਲੋਮੀਟਰ ਦੀ ਦੂਰੀ `ਤੇ ਹਨ,  ਇਹ ਨਿਕਟਤਾ, ਇਲਾਕੇ ਦੇ ਛੋਟੇ ਆਕਾਰ ਦੀ ਦੱਸ ਪਾਉਂਦੀ ਹੈ, ਜਿੱਥੋਂ ਕਨੇਡਾ ਦੇ ਬਹੁਤੇ ਪੰਜਾਬੀ ਆਏ।(2)

ਇਹ ਇਲਾਕਾ, ਭਾਰਤ ਵਾਲੇ ਪੰਜਾਬ ਦੇ ਕੇਂਦਰ ਵਿੱਚ ਹੈ, ਮਾਲਵੇ ਦੇ ਕੁਝ ਹਿੱਸੇ ਸਮੇਤ ਅਤੇ ਸਾਰਾ ਦੁਆਬਾ, ਔੜ ਤੋਂ ਪੰਜਾਹ ਕਿਲੋਮੀਟਰ ਤੋਂ ਸੌ ਕਿਲੋਮੀਟਰ ਤੋਂ ਵੱਧ ਦੂਰੀ `ਤੇ ਨਹੀਂ। ਪੰਜਾਬ ਦੇ ਸਤਾਰਾਂ ਜ਼ਿਲ੍ਹਿਆਂ ਵਿੱਚੋਂ ਸਿਰਫ ਛੇ ਦੀਆਂ ਹੱਦਾਂ ਇਸਦੇ ਅੰਦਰ ਆਉਂਦੀਆਂ ਹਨ। ਉੱਥੇ ਬਾਹਰਲੇ ਪੰਜਾਬੀਆ ਦਾ ਪ੍ਰਭਾਵ ਹੈ ਤੇ ਉਨ੍ਹਾਂ ਕਾਰਣ ਅਮੀਰੀ ਹੈ, ਜਿਹੜੇ ਬਰਤਾਨੀਆ, ਅਮਰੀਕਾ ਅਤੇ ਕਨੇਡਾ ਵਿੱਚ ਰਹਿੰਦੇ ਹਨ। ਇਹ ਪ੍ਰਭਾਵ ਵੱਡੇ ਘਰਾਂ ਤੋਂ ਦੇਖਿਆ ਜਾ ਸਕਦਾ ਹੈ, ਜਿਹੜੇ ਉਨ੍ਹਾਂ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਆਪਣੇ ਪਿੰਡਾਂ ਵਿੱਚ ਰਹਿਣ ਲਈ ਬਣਾਏ ਹੋਏ ਹਨ ਜਾਂ ਇਹ ਵਿਆਹ ਕਰਨ ਲਈ ਉੱਸਰੀਆਂ ਸ਼ਾਨਦਾਰ ਇਮਾਰਤਾਂ ਤੋਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦਾ ਉਹ ਪਰਿਵਾਰ ਦੇ ਵਿਆਹਾਂ ਵਿੱਚ ਸ਼ਾਮਲ ਹੋਣ ਲਈ ਆ ਕੇ ਆਨੰਦ ਮਾਣਦੇ ਹਨ, ਲਿਸ਼ਕਾਰੇ ਮਾਰਦੇ ਨਵੇਂ ਮੰਦਰਾਂ ਅਤੇ ਗੁਰਦਵਾਰਿਆਂ, ਜਿਨ੍ਹਾਂ ਦੀ ਉਸਾਰੀ ਲਈ ਉਨ੍ਹਾਂ ਯੋਗਦਾਨ ਪਾਇਆ ਅਤੇ ਜੋ ਉੱਥੋਂ ਦੀ ਦ੍ਰਿਸ਼-ਭੂਮੀ ਦੀ ਸ਼ਾਨ ਹਨ, ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ  ਉਨ੍ਹਾਂ ਦੇ ਮਗਰ ਹੀ ਸਮੁੰਦਰੋਂ ਪਾਰ ਚਲੇ ਜਾਣ ਨਾਲ ਪਿੰਡਾਂ ਦੀ ਆਬਾਦੀ ਘਟਾਉਣ ਵਿੱਚ ਵੀ ਬਾਹਰਲੇ ਪੰਜਾਬੀਆਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ । ਪੰਜਾਬ ਸਰਕਾਰ ਵਿਦੇਸ਼ੀ ਪੰਜਾਬੀਆਂ ਤੋਂ ਹੁੰਦੇ ਫਾਇਦਿਆਂ ਤੋਂ ਭਲੀ ਭਾਂਤ ਜਾਣੂੰ ਹੈ ਅਤੇ ਉਨ੍ਹਾਂ ਨੂੰ ਐੱਨ ਆਰ ਆਈ (ਨੌਨ-ਰੈਜ਼ੀਡੈਂਟ ਇੰਡੀਅਨਜ਼) ਵਜੋਂ ਜਾਣਿਆਂ ਜਾਂਦਾ ਹੈ। ਪੰਜਾਬ ਸਰਕਾਰ ਉਨ੍ਹਾਂ ਦੇ ਸੰਗਠਤ ਵਫਦਾਂ ਨੂੰ ਸੁਣਦੀ ਹੈ, ਖਾਸ ਕਰਕੇ ਉਨ੍ਹਾਂ ਦੇ ਪੰਜਾਬ ਵਿੱਚ ਜਾਇਦਾਦਾਂ ਦੇ ਅਧਿਕਾਰਾਂ ਬਾਰੇ, ਉਨ੍ਹਾਂ ਵਾਸਤੇ ਬੈਕਾਂ ਦੀਆਂ ਖਾਸ ਸ਼ਖਾਵਾਂ ਹਨ, ਉਨ੍ਹਾਂ ਦੇ ਕੇਸਾਂ ਨੂੰ ਨਿਪਟਾਉਣ ਲਈ ਫਾਸਟ-ਟਰੈਕ ਅਦਾਲਤਾਂ ਅਤੇ ਖਾਸ ਪੁਲਿਸ ਥਾਣਿਆਂ ਬਾਰੇ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੋਇਆ ਹੈ- ਇੱਕ ਪੁਲਿਸ ਥਾਣਾ ਹਰੇਕ ਸਬੰਧਤ ਜ਼ਿਲ੍ਹੇ  ਵਿੱਚ : ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਨਵਾਂਸ਼ਹਿਰ, ਅਤੇ ਲੁਧਿਆਣਾ।(3)

ਵਿਦੇਸ਼ੀ ਪੰਜਾਬੀਆਂ ਨੇ ਆਪਣੀ ਗਿਣਤੀ ਦੀ ਅਨੁਪਾਤ ਨਾਲੋਂ ਵੱਧ ਆਪਣੀ ਮਾਂ-ਭੂਮੀ ਉੱਤੇ ਪ੍ਰਭਾਵ ਪਾਇਆ ਹੋਇਆ ਹੈ, ਉਵੇਂ ਹੀ ਜਿਵੇਂ ਕਪੂਰ ਦੇ ਸਮੇਂ ਵੇਲੇ ਸੀ। ਇਹ ਅਸਰ ਪੰਜਾਬੀ ਪਿੰਡਾਂ ਵਿੱਚ ਆਧੁਨਿਕ ਸੁਧਾਰ ਨੂੰ ਉਤਸ਼ਾਹਤ ਵੀ ਕਰ ਸਕਦਾ ਹੈ, ਇਹ ਦੋਨਾਂ ਹੀ ਥਾਵਾਂ, ਵਿਦੇਸ਼ ਅਤੇ ਦੇਸ਼ ਵਿੱਚ, ਗੜਬੜ ਅਤੇ  ਬੇਚੈਨੀ  ਦਾ ਸਰੋਤ ਵੀ ਹੋ ਸਕਦਾ ਹੈ। 1980ਵਿਆਂ ਅਤੇ 1990 ਵਿਆਂ ਦੇ ਪਹਿਲੇ ਪੱਖ ਵਿੱਚ ਚੱਲੀ ਖਾਲਿਸਤਾਨੀ ਲਹਿਰ ਲਈ ਵਿਦੇਸ਼ੀ ਸਿੱਖਾਂ ਵੱਲੋਂ ਭੇਜੇ ਧਨ ਅਤੇ ਹੱਲਾਸ਼ੇਰੀ ਨੇ ਹਿੰਸਾ, ਅਰਾਜਕਤਾ, ਅਤੇ ਜੁਰਮ ਦੇ ਵਾਧੇ ਵਿੱਚ ਵੱਡਾ ਹਿੱਸਾ ਪਾਇਆ, ਜਿਸ ਨੇ ਉਨ੍ਹਾਂ ਦੇ ਸੂਬੇ ਨੂੰ ਇੱਕ ਦਹਾਕੇ ਤੋਂ ਉੱਪਰ ਸਮੇਂ ਲਈ ਆਪਣੀ ਜਕੜ ਵਿੱਚ ਰੱਖਿਆ। ਆਮ ਪੰਜਾਬੀ, ਪੰਜਾਬ ਪੁਲਿਸ ਅਤੇ ਖਾਲਿਸਤਾਨੀ ਅੱਤਵਾਦੀਆਂ ਦੇ ਵਿਚਕਾਰ ਦਰੜੇ ਗਏ, ਦੋਨਾਂ ਨੇ ਹੀ ਉਨ੍ਹਾਂ ਨੂੰ ਆਤੰਕਤ ਕੀਤਾ, ਅਤੇ ਜਦੋਂ ਅਖੀਰ ਪੁਲਿਸ ਦਾ ਹੱਥ ਉੱਤੇ ਹੋ ਗਿਆ, ਪਿੰਡਾਂ ਵਿੱਚ ਟਿਕ ਟਿਕਾ ਹੋਣ ਨਾਲ ਉਨ੍ਹਾਂ ਨੇ ਰਾਹਤ ਮਹਿਸੂਸ ਕੀਤੀ। ਅਤੇ ਪ੍ਰਵਾਸੀ ਸਿੱਖ, ਭਾਵੇਂ ਉਨ੍ਹਾਂ ਨੇ ਪਾਸੇ ਰਹਿਣ ਦੀ ਕੋਸ਼ਿਸ਼ ਕੀਤੀ ਜਾਂ ਪੂਰੀ ਤਰ੍ਹਾਂ ਇਸ ਵਿੱਚ ਸਰਗਰਮ ਸਨ, ਆਪ ਵੀ ਬੁਰੀ ਤਰ੍ਹਾਂ ਇਸ ਤੋਂ ਪ੍ਰਭਾਵਤ ਹੋਏ। ਉਹ ਪਿੱਛੇ ਆਪਣੇ ਰਿਸ਼ਤੇਦਾਰਾਂ ਬਾਰੇ ਫਿਕਰਮੰਦ ਸਨ ਅਤੇ ਆਪ ਉੱਥੇ ਜਾਣੋਂ ਘਬਰਾਉਂਦੇ ਸਨ। ਉਨ੍ਹਾਂ ਸਾਲਾਂ ਵਿੱਚ, ਕਨੇਡਾ ਅਤੇ ਭਾਰਤ ਦਰਮਿਆਨ ਪੰਜਾਬੀ ਵਿਆਹਾਂ ਦੀ ਗਿਣਤੀ ਤੇਜ਼ੀ ਨਾਲ ਡਿੱਗੀ। ਗੜਬੜ ਤੋਂ ਬਾਅਦ ਕਨੇਡਾ ਅਤੇ ਪੰਜਾਬ ਦਰਮਿਆਨ ਸਮਾਜਕ ਤੇ ਆਰਥਿਕ ਵਟਾਂਦਰਾ ਆਮ ਵਾਂਗ ਹੋਇਆ ਅਤੇ ਫਿਰ ਇਸ ਤਰ੍ਹਾਂ ਮੌਲਿਆ ਜਿਵੇਂ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ।

ਗੜਬੜ ਵਾਲੇ ਸਾਲ ਜੈਕੀ ਤੇ ਸੁਰਜੀਤ ਲਈ ਔਖਿਆਈ ਭਰੇ ਸਨ। ਉਨ੍ਹਾਂ ਨੇ ਔੜ ਦੇ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ, ਗਰਮੀਆਂ ਵਿੱਚ ਕਨੇਡਾ ਗੇੜਾ ਮਾਰਨਾ ਅਤੇ ਯੂਰਪ ਵਿੱਚ ਕ੍ਰਿਸ਼ਨਾਮੂਰਤੀ ਦੇ ਸਲਾਨਾ ਭਾਸ਼ਣ ਸੁਨਣ ਲਈ ਰਸਤੇ ਵਿੱਚ ਸਵਿਟਜ਼ਰਲੈਂਡ ਵਿੱਚ ਰੁਕਣਾ ਉਵੇਂ ਹੀ ਚੱਲਦਾ ਰਿਹਾ। ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ, ਜਦੋਂ ਉਹ ਦਿੱਲੀ ਵਿੱਚ ਦੀ ਲੰਘਦੀਆਂ, ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦੀਆਂ। ਉਸਦੇ ਸਰੋਤੇ ਬਣਨਾ ਕੋਈ ਐਨਾ ਵੀ ਅਸਾਧਾਰਨ ਨਹੀਂ ਸੀ, ਕਿਉਂ ਕਿ ਉਹ ਅਕਸਰ ਹੀ ਪ੍ਰਾਰਥਕਾਂ ਅਤੇ ਸ਼ੁਭਚਿੰਤਕਾਂ ਦੀ ਲੰਬੀ ਲਾਈਨ ਲਈ ਸਮਾਂ ਕੱਢ ਲੈਂਦੀ ਸੀ। ਜਦੋਂ ਉਹ ਪਹਿਲੀ ਵਾਰ ਉਸ ਨੂੰ ਮਿਲੀਆਂ ਸਨ, ਉਹ ਉਨ੍ਹਾਂ ਨੂੰ ਸਹਿਜ, ਮਿਲਣਸਾਰ ਅਤੇ ਮੱਦਦਗਾਰ ਲੱਗੀ ਸੀ। ਪਰ ਜਿਉਂ ਜਿਉਂ ਪ੍ਰਧਾਨ ਮੰਤਰੀ ਵਜੋਂ ਉਸਦਾ ਸਮਾਂ ਵਧਦਾ ਗਿਆ, ਉਹ ਬਦਲਦੀ ਗਈ ਅਤੇ ਉਹ ਤਾਕਤ ਦੀ ਵਰਤੋਂ ਕਰਨ ਦੀ ਆਦੀ ਹੋ ਗਈ। ਉਨ੍ਹਾਂ ਦੀ ਇੱਕ ਫੇਰੀ ਨੇ ਅਜੀਬ ਕਰਵਟ ਲਈ। ਇਹ ਜੂਨ 1975 ਤੋਂ ਬਾਅਦ ਦੀ ਗੱਲ ਸੀ ਅਤੇ ਉਸਦੇ ਇੱਕੀ ਮਹੀਨਿਆਂ ਦੇ "ਐਮਰਜੈਂਸੀ" ਰਾਜ ਦੌਰਾਨ ਜਦੋਂ ਉਸ ਨੇ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਚੋਣਾਂ ਮੁਲਤਵੀ ਕਰ ਦਿੱਤੀਆਂ ਸਨ ਅਤੇ ਤਾਨਾਸ਼ਾਹੀ ਤਾਕਤ ਧਾਰਨ ਕਰ ਲਈ ਸੀ। ਜਦੋਂ ਜੈਕੀ ਤੇ ਸੁਰਜੀਤ ਉਸ ਨੂੰ ਮਿਲਣ ਗਈਆਂ, ਉਹ ਚਿੰਤਾਗ੍ਰਸਥ ਲੱਗੀ ਅਤੇ ਉਸ ਨੇ  ਉਨ੍ਹਾਂ ਤੋਂ ਧਨ ਦੀ ਮੰਗ ਕੀਤੀ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਜੇਹੀ ਬੇਨਤੀ ਕੀਤੀ ਹੋਵੇ ਤਾਂ ਕੋਈ ਕਿਸ ਤਰ੍ਹਾਂ ਪ੍ਰਤੀਕਰਮ ਕਰ ਸਕਦਾ ਹੈ? ਸੁਰਜੀਤ ਕੋਲ ਤਿੰਨ ਹਜ਼ਾਰ ਡਾਲਰ ਦੇ ਨੋਟ ਸਨ, ਜਿਹੜੇ ਉਸ ਨੇ ਯਾਤਰਾ ਦੇ ਖਰਚੇ ਲਈ ਬੈਂਕ `ਚੋਂ ਕਢਵਾਏ ਹੀ ਸਨ। ਉਸ ਨੇ ਉਹ ਸ਼੍ਰੀਮਤੀ ਗਾਂਧੀ ਨੂੰ ਦੇ ਦਿੱਤੇ, ਜਿਸ ਨੇ ਕੋਈ ਵੀ ਵਿਆਖਿਆ ਦਿੱਤੇ ਜਾਂ ਟਿੱਪਣੀ ਕੀਤੇ ਬਿਨਾਂ ਉਹ ਆਪਣੇ ਮੋਢੇ ਨਾਲ ਲਟਕਦੇ ਕੱਪੜੇ ਦੇ ਥੈਲੇ ਵਿੱਚ ਪਾ ਲਏ।

ਇੰਦਰਾ ਗਾਂਧੀ ਮੁੜ ਸੱਤਾ ਵਿੱਚ ਆ ਗਈ ਸੀ ਜਦੋਂ ਜੈਕੀ, ਸੁਰਜੀਤ, ਚੰਦਾ, ਅਤੇ ਅਵਤਾਰ 1980 ਦੀਆਂ ਗਰਮੀਆਂ ਵਿੱਚ ਉਸ ਨੂੰ ਮਿਲਣ ਗਏ। ਪਰਿਵਾਰ ਕੋਲ ਇਸ ਮੌਕੇ ਦੀ ਇੱਕ ਤਸਵੀਰ ਹੈ। ਇਹ ਉਸ ਤੋਂ ਬਾਅਦ ਦੀ ਗੱਲ ਸੀ ਜਦੋਂ 1977 ਵਿੱਚ ਉਸ ਨੇ ਚੋਣਾਂ ਕਰਵਾਈਆਂ ਤੇ ਹਾਰ ਗਈ ਅਤੇ ਮੁੜ ਆਪਣੀ ਹਰਮਨ ਪਿਆਰਤਾ ਵਾਲਾ  ਅਧਾਰ ਬਣਾਇਆ ਅਤੇ ਭਾਰੀ ਬਹੁਮੱਤ ਨਾਲ ਜਿੱਤ ਕੇ ਮੁੜ ਸੱਤਾ ਵਿੱਚ ਆ ਗਈ । ਉਹ ਪ੍ਰਧਾਨ ਮੰਤਰੀ ਵਜੋਂ  ਚੌਥੀ ਅਤੇ ਆਖਰੀ ਪਾਰੀ ਦੀ ਸ਼ੁਰੂਆਤ ਕਰ ਰਹੀ ਸੀ, ਜਿਸਦਾ ਅੰਤ ਉਸਦੀ ਸਰਕਾਰੀ ਰਿਹਾਇਸ਼ ਦੇ ਗਾਰਡਨ ਗੇਟ`ਤੇ ਉਸਦੇ ਕਤਲ ਨਾਲ ਹੋਇਆ, ਉਸਦੀ ਜ਼ਿੰਦਗੀ ਦਾ ਅੰਤ ਉਸਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਪਸਤੌਲ ਅਤੇ ਮਸ਼ੀਨਗਨ ਨਾਲ ਕੀਤਾ। 1980 ਵਿੱਚ ਕੋਈ ਵੀ ਕਿਆਸ ਅਰਾਈ ਨਹੀਂ ਸੀ ਕਰ ਸਕਦਾ ਕਿ ਉਹ ਤਕਰੀਬਨ ਸਾਰੀ ਸਿੱਖ ਕੌਮ ਲਈ ਦੁਸ਼ਮਣ ਬਣ ਜਾਵੇਗੀ। ਪਰ ਉਹ 1984 ਦੇ ਜੂਨ ਦੇ ਸ਼ੁਰੂ ਵਿੱਚ ਇਹੀ ਬਣੀ, ਜਦੋਂ ਉਸਦੇ ਹੁਕਮਾਂ ਨਾਲ ਭਾਰਤੀ ਸੈਨਾ ਨੇ ਸਿੱਖਾਂ ਦੇ ਗੋਲਡਨ ਟੈਂਪਲ ਅਮ੍ਰਿਤਸਰ ਉੱਤੇ ਪੂਰੀ ਤਿਆਰੀ ਨਾਲ ਹਮਲਾ ਕਰ ਦਿੱਤਾ। ਉਹ ਕ੍ਰਿਸ਼ਮਈ ਤਾਕਤ ਰੱਖਣ ਵਾਲੇ ਗਰੰਥੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਫੜਣਾ ਚਾਹੁੰਦੇ ਸਨ, ਜਿਸ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ ਉੱਥੇ ਮੋਰਚਾ ਲਾਇਆ ਹੋਇਆ ਸੀ। ਇਸ ਬਲੂਅ ਸਟਾਰ ਓਪਰੇਸ਼ਨ ਨਾਂ ਵਾਲੇ ਹਮਲੇ ਵਿੱਚ ਸੈਂਕੜੇ ਜਾਨਾਂ ਗਈਆਂ ਅਤੇ ਭਾਰਤੀ ਸੈਨਾ ਵੱਲੋਂ ਗੋਲਡਨ ਟੈਂਪਲ ਕੰਪਲੈਕਸ ਵਿੱਚ ਪਵਿੱਤਰ ਅਤੇ ਇਤਿਹਾਸਕ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਇੰਦਰਾ ਗਾਂਧੀ ਦੇ ਨੇੜੇ ਦੇ ਸਿੱਖ ਵੀ ਫਿਕਰਮੰਦ, ਗੁੱਸੇ ਅਤੇ ਆਪਣੇ ਦੇਸ਼ ਨਾਲੋਂ ਟੁੱਟੇ ਹੋਏ ਮਹਿਸੂਸ ਕਰਨ ਲੱਗੇ। ਉਸ ਸਮੇਂ ਤੋਂ ਹੀ ਖਿਆਲ ਕੀਤਾ ਜਾਂਦਾ ਸੀ ਕਿ ਸਿੱਖ ਭਾਈਚਾਰੇ ਵਿੱਚੋਂ ਕੋਈ ਅਨਸਰ ਬਦਲੇ ਦੀ ਕੋਈ ਕਾਰਵਾਈ ਕਰੇਗਾ।

ਉਸ ਸਮੇ ਚੰਦਾ ਅਤੇ ਸੁਰਜੀਤ ਭਾਰਤ ਵਿੱਚ ਸਨ ਅਤੇ ਉਨ੍ਹਾਂ ਨੇ ਗਾਂਧੀ ਦੇ ਕਤਲ ਤੋਂ ਬਾਅਦ ਕੌਮੀ ਸਦਮੇ ਨੂੰ ਅੱਖੀਂ ਦੇਖਿਆ। ਚੰਦਾ ਨੇ ਅਠ੍ਹਾਰਾਂ ਸਾਲ ਦੀ ਉਮਰ ਵਿੱਚ ਬਰੌਕਵੁੱਡ ਪਾਰਕ ਵਿੱਚ ਪੜ੍ਹਾਈ ਮੁਕੰਮਲ ਕਰ ਲਈ ਸੀ ਅਤੇ ਇੱਕ ਸਾਲ ਲਈ ਅਵਤਾਰ ਦੀ ਪ੍ਰੇਰਣਾ ਨਾਲ ਸਿਤਾਰ ਸਿੱਖਣ ਭਾਰਤ ਆਈ ਹੋਈ ਸੀ। ਅਵਤਾਰ ਨੇ ਹੀ ਉਸਦੀ ਇਸ ਸਾਜ਼ ਨਾਲ ਸਾਂਝ ਪਵਾਈ ਸੀ ਅਤੇ ਉਹ ਪ੍ਰੋਗਰਾਮਾਂ ਦੇ ਸਿੱਧੇ ਪ੍ਰਸਾਰਣ ਵਾਲੀਆਂ  ਆਪਣੀਆਂ ਟੇਪਾਂ ਉਸ ਨੂੰ ਸਣਾਉਂਦਾ ਰਹਿੰਦਾ ਸੀ।  ਉਹ ਕੁਝ ਮੱਧਮ ਜਿਹੇ ਉਤਸ਼ਾਹ ਨਾਲ ਭਾਰਤੀ ਕਲਾਸੀਕਲ ਗਾਉਣ ਦੀ ਸਿੱਖਿਆ ਵੀ ਲੈ ਰਹੀ ਸੀ, ਜਿਹੜਾ ਉਸ ਦੀ ਸੰਗੀਤ ਬਾਰੇ ਸਮਝ ਵਿੱਚ ਸੁਧਾਰ ਕਰਨ ਲਈ ਉਸ ਦੀ ਮਾਂ ਦਾ ਖਿਆਲ ਸੀ। ਸਿਤਾਰ ਦੀ ਵਿੱਦਿਆ ਲੈਣ ਲਈ ਉਹ  ਬੰਗਾਲੀ ਪ੍ਰੋਫੈਸਰ ਦੇ ਘਰ ਜਾਂਦੀ ਜਿਹੜਾ ਦਿੱਲੀ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਂਦਾ ਸੀ ਅਤੇ ਅੰਤਰ ਰਾਸ਼ਟਰੀ ਪੱਧਰ `ਤੇ ਪ੍ਰੋਗਰਾਮ ਵੀ ਕਰਦਾ ਸੀ। ਗਾਉਣਾ, ਉਹ ਕਿਸੇ ਛੋਟੇ ਮੁਸਲਮਾਨ ਉਸਤਾਦ ਤੋਂ ਸਿੱਖਦੀ ਜਿਹੜਾ ਉਸਦੇ ਛੋਟੇ ਕਿਰਾਏ `ਤੇ ਲਏ ਫਲੈਟ `ਤੇ ਸਿਖਾਉਣ ਆਉਂਦਾ ਅਤੇ ਉਹ ਹਮੇਸ਼ਾ ਲੇਟ ਹੁੰਦਾ ਅਤੇ ਉਸ ਕੋਲ ਹਰ ਵਾਰ ਕੋਈ ਨਵਾਂ ਬਹਾਨਾ ਹੁੰਦਾ। ਦਿੱਲੀ ਵਿੱਚ ਉਸਦਾ ਆਪਣੀਆਂ ਦੋ ਭੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੇਲ ਮਿਲਾਪ ਸੀ, ਔੜ ਤੋਂ ਵੀ ਕੋਈ ਨਾ ਕੋਈ ਆਇਆ ਹੀ ਰਹਿੰਦਾ, ਅਤੇ  ਦੋ ਪੱਛਮੀ ਦੋਸਤ, ਬਰੌਕਵੁੱਡ ਪਾਰਕ ਤੋਂ ਹਮ ਸਕੂਲ ਜਿਹੜੀ ਕੁਝ ਹਫਤਿਆਂ ਲਈ ਉਸ ਕੋਲ ਆਈ ਅਤੇ ਇੱਕ ਕਨੇਡੀਅਨ ਮੁੰਡਾ ਜਿਸ ਨੂੰ ਉਹ ਕਨੇਡੀਅਨ ਹਾਈ ਕਮਿਸ਼ਨ ਦੇ ਰਾਹੀਂ ਮਿਲੀ ਸੀ, ਉਸ ਨੂੰ ਮਿਲਦਾ।

ਸੁਰਜੀਤ ਨੂੰ ਇੰਦਰਾ ਗਾਂਧੀ ਦੇ ਕਤਲ ਬਾਰੇ ਇੱਕ ਦਿਨ ਪਿੱਛੋਂ ਪਤਾ ਲੱਗਾ। ਔੜ ਵਿੱਚ ਇਹ ਖਬਰ ਰੇਡੀਓ ਰਾਹੀਂ ਪਹੁੰਚੀ, ਅਤੇ ਕ੍ਰਿਸ਼ਨਾ ਭਾਰਦਵਾਜ, ਉਸਦੀ ਪਿੰਡ ਵਾਲੀ ਸਹੇਲੀ ਅਤੇ ਸਾਥਣ, ਨੇ ਉਸ ਨੂੰ ਇਸ ਬਾਰੇ ਦੱਸਿਆ। ਸੁਰਜੀਤ ਦਾ ਪਹਿਲਾ ਪ੍ਰਸ਼ਨ ਸੀ ਕਿ ਕੀ ਇਹ ਕਿਸੇ ਸਿੱਖ ਦਾ ਕਾਰਾ ਸੀ। ਉਹ ਜਾਣਦੀ ਸੀ ਕਿ ਰਾਜਧਾਨੀ ਵਿੱਚ ਦੰਗੇ ਹੋਣਗੇ, ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਇਸ ਬਾਰੇ ਕੀ ਕਰ ਸਕਦੀ ਸੀ ਅਤੇ ਉਹ ਪਹਿਲਾਂ ਵਿਉਂਤੇ ਅਨੁਸਾਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ  ਕਾਰ ਚਲਾ ਕੇ ਫਗਵਾੜੇ ਚਲੀ ਗਈ। ਜਦੋਂ ਅਵਤਾਰ ਨੂੰ ਲੁਧਿਆਣੇ ਸ਼੍ਰੀਮਤੀ ਗਾਂਧੀ ਬਾਰੇ ਖਬਰ ਮਿਲੀ, ਉਸ ਨੇ ਉਦੋਂ ਹੀ ਯੂਨੀਵਰਸਿਟੀ ਦੇ ਡਰਾਈਵਰ ਨੂੰ ਕਾਰ ਦੇ ਕੇ  ਸੁਰਜੀਤ ਨੂੰ ਲੱਭਣ ਲਈ ਤੋਰ ਦਿੱਤਾ ਅਤੇ  ਉਸ ਨੂੰ ਤੁਰੰਤ ਲੁਧਿਆਣੇ ਆਉਣ ਦਾ ਸੁਨੇਹਾ ਦੇਣ ਲਈ ਕਿਹਾ। ਸੁਰਜੀਤ ਕੋਲ ਕੱਪੜੇ ਬਦਲਣ ਜਾਂ ਨਾਲ ਚੁੱਕਣ ਦਾ ਸਮਾਂ ਨਹੀਂ ਸੀ ਅਤੇ ਜਦੋਂ ਹੀ ਉਹ ਅਵਤਾਰ ਦੇ ਦਫਤਰ ਪਹੁੰਚੀ, ਉਸ ਨੇ ਉਸ ਨੂੰ ਉਸੇ ਰਾਤ ਦਿੱਲੀ ਲਈ ਗੱਡੀ ਫੜਨ ਲਈ ਕਿਹਾ। ਉਹ ਚੰਦਾ ਬਾਰੇ ਫਿਕਰਮੰਦ ਸੀ। ਸੁਰਜੀਤ ਖਿਝ ਗਈ ਕਿ ਉਹ ਆਪ ਉਸਦੇ ਨਾਲ ਕਿਓਂ ਨਹੀਂ ਸੀ ਜਾ ਰਿਹਾ, ਪਰ ਉਸ ਨੂੰ ਬਾਅਦ ਵਿੱਚ ਇਸ ਬਾਰੇ ਸਮਝ ਲੱਗ ਗਈ। ਉਹ ਉਸ ਨੂੰ ਸਟੇਸ਼ਨ ਤੱਕ ਛੱਡਣ ਗਿਆ ਅਤੇ ਜਿਵੇਂ ਉਸ ਨੂੰ ਯਾਦ ਸੀ ਉਸ ਨੇ ਬਿਨਾਂ ਕੋਈ ਸੀਟ ਰਾਖਵੀਂ ਕੀਤਿਆਂ ਉਸ ਨੂੰ ਗੱਡੀ ਵਿੱਚ "ਧੱਕ ਹੀ ਦਿੱਤਾ" ਅਤੇ ਤਿੰਨ ਚਿਤਾਵਨੀਆਂ ਦਿੱਤੀਆਂ ਕਿ ਦਿੱਲੀ ਵਿੱਚ ਪੰਜਾਬੀ ਨਹੀਂ ਬੋਲਣੀ, ਸਿੱਖ ਟੈਕਸੀ ਡਰਾਈਵਰ ਦੀ ਟੈਕਸੀ ਨਹੀਂ ਲੈਣੀ ਅਤੇ ਚੰਦਾ ਦੇ ਫਲੈਟ ਤੱਕ ਜਾਣ ਲਈ ਸਿੱਧੇ ਰਾਹ ਨਹੀਂ ਜਾਣਾ। 1947 ਦੀ ਵੰਡ ਵੇਲੇ ਹਿੰਸਾ ਦੇਖੀ ਹੋਣ ਕਰਕੇ, ਉਹ ਜਾਣਦਾ ਸੀ ਕਿ ਕਿਹੜੀਆਂ ਭਿਆਨਕ ਘਟਨਾਵਾਂ ਵਾਪਰ ਸਕਦੀਆਂ ਸਨ। ਸੁਰਜੀਤ ਨੇ ਅਜੇਹਾ ਕੁਝ ਨਹੀਂ ਸੀ ਦੇਖਿਆ, ਪਰ ਜਦੋਂ ਹੀ ਉਹ ਦਿੱਲੀ ਪਹੁੰਚੀ ਉਹ ਸ਼ੁਕਰਗੁਜ਼ਾਰ ਸੀ ਕਿ ਅਵਤਾਰ ਨਾਲ ਨਹੀਂ ਸੀ ਆਇਆ।

ਇਸ ਲਈ ਸੁਰਜੀਤ ਤੇ ਚੰਦਾ ਨੇ ਹੀ ਸਾਰੀ ਦਿੱਲੀ ਵਿੱਚ ਦਸ ਦਿਨਾਂ ਲਈ ਦੰਗੇ, ਕਤਲ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਦੇਖਿਆ। ਕਰਫਿਊ ਜਾਂ ਸੈਨਾ ਦੀ ਪ੍ਰਵਾਹ ਕੀਤੇ ਬਿਨਾਂ, ਹਿੰਦੂ ਧਾੜਵੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ, ਸੈਨਾ ਨੇ ਹਿੰਸਾ ਨੂੰ ਰੋਕਣ ਲਈ  ਗੋਲ਼ੀ ਨਾ ਚਲਾਈ ਜਾਂ ਪਹਿਲੇ ਅਠਤਾਲੀ ਘੰਟੇ ਤਾਂ ਉਨ੍ਹਾ ਨੇ ਮੂੰਹ ਵੀ ਨਾ ਦਿਖਾਏ। ਜਦੋਂ ਸੁਰਜੀਤ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ `ਤੇ ਵੱਡੇ ਤੜਕੇ ਦੇ ਮੂੰਹ-ਹਨੇਰੇ ਵਿੱਚ ਪਹੁੰਚੀ, ਉਸ ਨੇ ਸੁਰੱਖਿਆ ਲਈ ਪਹੁੰਚੇ ਸਿੱਖ ਪਰਿਵਾਰਾਂ ਨਾਲ ਸਟੇਸ਼ਨ ਨੂੰ ਖਚਾਖਚ ਭਰੇ ਪਾਇਆ। ਉਸ ਨੇ ਦੋ ਕਲੀਨਸ਼ੇਵ "ਮੁੰਡਿਆਂ" ਦੀ ਟੈਕਸੀ ਲੈ ਲਈ, ਪਰ ਭੈਅਭੀਤ ਹੋਈ ਟੇਢਾ ਰਾਹ ਦੱਸਣਾ ਭੁੱਲ ਗਈ ਅਤੇ ਸਿੱਧਾ ਹੀ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ, ਸਰਪਰੀਆ ਵਿਹਾਰ ਵਿੱਚ ਚੰਦਾ ਦੇ ਫਲੈਟ `ਤੇ ਲੈ ਗਈ। ਚਾਨਣ ਹੋਣ ਤੋਂ ਪਹਿਲਾਂ ਗਲ਼ੀਆਂ ਖਾਲੀ ਸਨ। ਸਫਦਰਜੰਗ ਪੁਲ ਦੇ ਦੂਜੇ ਪਾਸੇ, ਉਹ "ਸੋਹਣੇ ਸਿੱਖ ਗੱਭਰੂ" ਲਈ ਰੁਕਣਾ ਚਾਹੁੰਦੀ ਸੀ ਜਿਹੜਾ ਉਸਦੀ ਟੈਕਸੀ ਦੇ ਨੇੜੇ ਖੜ੍ਹਾ ਸਹਾਇਤਾ ਲਈ ਪੁਕਾਰ ਰਿਹਾ ਸੀ, ਪਰ ਉਸਦੇ ਟੈਕਸੀ ਡਰਾਈਵਰ ਅਤੇ ਉਸਦੇ ਨਾਲ ਮੂਹਰਲੀ ਸੀਟ `ਤੇ ਬੈਠੇ ਉਸਦੇ ਸਾਥੀ ਨੇ ਇਨਕਾਰ ਕਰ ਦਿੱਤਾ। ਉਹ ਬਹੁਤੀ ਦੂਰ ਨਹੀ ਸੀ ਗਏ ਜਦੋਂ ਪੰਦਰਾਂ ਗੁੰਡਿਆਂ ਦੀ ਜੁੰਡਲੀ ਨੇ ਰਾਹ ਰੋਕ ਲਿਆ ਅਤੇ ਜਿਵੇਂ ਸਾਰੇ ਸਿੱਖਾਂ ਨੂੰ ਆਖਦੇ ਹਨ "ਸਰਦਾਰ, ਸਰਦਾਰ" ਚਿੱਲ੍ਹਾ ਰਹੇ ਸਨ। ਜਦੋਂ ਉਹ ਕਾਰ ਅੰਦਰ ਅਤੇ ਡਿੱਗੀ ਵਿੱਚ ਦੇਖ ਰਹੇ ਸਨ ਸੁਰਜੀਤ ਨੇ ਆਪਣੀ ਬਾਂਹ ਵਿੱਚ ਪਾਇਆ ਕੜ੍ਹਾ ਢਕ ਲਿਆ। ਉਸ ਨੂੰ ਉਦੋਂ ਸਮਝ ਲੱਗੀ ਕਿ ਜੇ ਅਵਤਾਰ ਉਸਦੇ ਨਾਲ ਹੁੰਦਾ ਤਾਂ ਉਸਦਾ ਥਾਂ `ਤੇ ਹੀ ਕਤਲ ਹੋ ਜਾਣਾ ਸੀ।(4)

ਉਹ ਉਸ ਖੌਫ਼ ਦੇ ਵਿਚਕਾਰ ਸੀ, ਜਿਹੜਾ ਬਹੁਤੇ ਦੇਸ਼ ਤੋਂ ਲੁਕਿਆ ਹੋਇਆ ਸੀ-ਅਖਬਾਰਾਂ ਜਾਂ ਟੀ ਵੀ `ਤੇ ਇਸਦਾ ਜ਼ਿਕਰ ਨਹੀਂ ਸੀ, ਜਿਸਦਾ ਸਾਰਾ ਧਿਆਨ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਵਾਲੀ ਲੰਬੀ ਲਾਈਨ ਉੱਪਰ ਸੀ। ਅਤੇ ਚੰਦਾ ਆਪਣੇ ਫਲੈਟ `ਤੇ ਨਹੀਂ ਸੀ। ਪਹਿਲੀ ਸ਼ਾਮ ਨੂੰ ਉਹ ਆਪਣੇ ਇੱਕ ਵੀਹ ਸਾਲਾ  ਭੂਆ ਦੇ ਪੁੱਤ ਭਰਾ ਨਾਲ ਟੈਨਿਸ ਖੇਡਣ ਗਈ ਸੀ ਜਿਹੜਾ ਨੇੜੇ ਹੀ ਸਾਊਥ ਐਕਸਟੈਂਸ਼ਨ ਵਿੱਚ ਰਹਿੰਦਾ ਸੀ। ਜਦੋਂ ਉਨ੍ਹਾਂ ਨੂੰ ਗਲ਼ੀਆਂ ਵਿੱਚ ਖਤਰੇ ਦਾ ਪਤਾ ਲੱਗਾ, ਉਹ ਉਸ ਸ਼ਾਮ ਨੂੰ ਉਨ੍ਹਾਂ ਦੇ ਘਰ ਹੀ ਠਹਿਰ ਗਈ, ਅਤੇ ਫਿਰ ਕਾਰ ਰਾਹੀਂ ਡਰਾਉਣੀ ਤੇਜ਼ ਸਪੀਡ ਤੋਂ ਬਾਅਦ ਇੱਕ ਹੋਰ ਭੂਆ ਦੇ ਘਰ, ਉਨ੍ਹਾਂ ਨੂੰ ਖਬਰਾਂ ਮਿਲੀਆਂ ਕਿ ਸਰੀਆਂ ਅਤੇ ਤੇਲ ਵਾਲੀਆਂ ਪੀਪੀਆਂ ਨਾਲ ਲੈਸ ਧਾੜਵੀ ਉੱਧਰ ਆ ਰਹੇ ਸਨ ਅਤੇ ਵੋਟਾਂ ਵਾਲੀ ਸੂਚੀ ਤੋਂ ਸਿੱਖਾਂ ਨੂੰ ਲੱਭ ਰਹੇ ਸਨ। ਚੰਦ ਚਾਨਣੀ ਰਾਤ ਵਿੱਚ ਚੰਦਾ ਤੇ ਉਸਦੀ ਭੂਆ ਦਾ ਪਰਿਵਾਰ  ਛੱਤ ਤੋਂ ਚਾਰੇ ਪਾਸੀਂ ਅੱਗ ਦੀ ਲਾਲੀ ਦੇਖ ਸਕਦੇ ਸਨ, ਦੂਰ ਦੁਮੇਲ ਵਿੱਚ ਵੀ ਤੇ ਨੇੜੇ ਵੀ। ਇੱਕ ਭੂਆ ਦੇ ਘਰ ਤੋਂ ਦੂਜੀ ਦੇ ਘਰ ਕੰਬਣੀ ਵਾਲੇ ਕਾਰ ਸਫਰ ਦੌਰਾਨ ਚੰਦਾ ਨੇ ਅੱਗ ਨਾਲ ਸੜੀ ਬੱਸ ਦਾ ਢਾਂਚਾ ਦੇਖਿਆ ਅਤੇ ਇੱਕ ਖੋਤਾ-ਰੇੜੀ ਝੁਲਸੀ ਹੋਈ ਲਾਸ਼ ਨੂੰ ਲਿਜਾਂਦੀ ਦੇਖੀ ਜਿਸਦੇ ਪਿੱਛੇ ਖੁੱਲ੍ਹੀ ਹੋਈ ਪੱਗ ਲਮਕਦੀ ਸੀ।

ਸਵੇਰੇ ਸਾਝਰੇ, ਜਦੋਂ ਉਨ੍ਹਾਂ ਨੇ ਸੋਚਿਆ ਕਿ ਗੁੰਡੇ ਵੀ ਸੁੱਤੇ ਹੋਣਗੇ, ਉਨ੍ਹਾਂ ਦੇ ਹਿੰਦੂ ਦੋਸਤ ਚੰਦਾ, ਉਸਦੀ ਭੂਆ, ਫੁੱਫੜ, ਭੂਆ ਦੇ ਪੁੱਤ ਭਰਾ ਅਤੇ ਡਰਾਈਵਰ ਨੂੰ ਆਪਣੇ ਪੰਡਾਰਾ ਸੜਕ ਵਾਲੇ ਘਰ ਲਿਜਾਣ ਲਈ ਆ ਗਏ, ਜਿੱਥੇ ਸਰਕਾਰੀ ਨੌਕਰ ਰਹਿੰਦੇ ਸਨ ਅਤੇ ਠਾਹਰ ਲਈ ਕੁਝ ਸੁਰੱਖਿਅਤ ਥਾਂ ਸੀ। ਇਹ ਦੋਸਤ ਬ੍ਰਾਹਮਣ ਹਿੰਦੂ ਪੱਤਰਕਾਰ ਤੇ ਉਸਦੀ ਪਤਨੀ ਸਨ। ਉੱਥੇ ਹੀ ਆਖਿਰ ਸੁਰਜੀਤ ਨੇ ਚੰਦਾ ਨੂੰ ਲੱਭਿਆ। ਉਹ ਤਿੰਨ ਪਹੀਆ ਸਕੂਟਰ `ਤੇ ਪੰਡਾਰਾ ਸੜਕ `ਤੇ ਪਹੁੰਚੀ, ਜਿਸਦਾ ਡਰਾਈਵਰ ਭਾਰਤੀ ਇਸਾਈ ਸੀ। ਉਸ ਨੇ ਪਹਿਲੀ ਟੈਕਸੀ ਚੰਦਾ ਦੇ ਫਲੈਟ ਕੋਲ ਹੀ ਛੱਡ ਦਿੱਤੀ ਸੀ, ਪਰ ਉਸ ਨਾਲ ਹੁਣ ਸਾਥ ਸੀ।  ਔੜ ਤੋਂ ਕ੍ਰਿਸ਼ਨਾ ਦਾ ਪੁੱਤਰ (ਹਿੰਦੂ) ਦਿੱਲੀ ਆਇਆ ਹੋਇਆ ਸੀ ਅਤੇ ਫਲੈਟ ਵਿੱਚ ਹੀ ਸੀ। ਉਹ ਸਾਰੇ ਹੀ ਕਈ ਦਿਨ ਪੰਡਾਰਾ ਸੜਕ ਵਾਲੇ ਘਰ ਵਿੱਚ ਰਹੇ। ਜਦੋਂ ਉਹ ਇਹ ਮਹਿਸੂਸ ਕਰਨ ਲੱਗੇ ਕਿ ਉਹ ਬਹੁਤ ਭਾਰ ਪਾ ਰਹੇ ਸਨ,  ਸੁਰਜੀਤ ਨੇ ਨੌਕਰ ਨੂੰ ਟੈਕਸੀ ਲੈਣ ਲਈ ਭੇਜਿਆ, ਜਿਸ ਨੂੰ ਕਾਫੀ ਸਮਾਂ ਲੱਗ ਗਿਆ। ਫਿਰ ਉਹ ਅਤੇ ਚੰਦਾ ਹੌਂਸਲਾ ਕਰਕੇ ਆਮ ਤੌਰ `ਤੇ ਅੱਧੀ ਰਾਤੋਂ ਸੁੰਨੇ ਸ਼ਹਿਰ ਵਿੱਚ ਚੰਦਾ ਦੇ ਫਲੈਟ `ਤੇ ਜਾਣ ਲਈ ਨਿਕਲ ਪਈਆਂ, ਜਿੱਥੇ ਹਾਲੇ ਵੀ ਗੁੰਡਿਆਂ ਦੇ ਝੁੰਡ ਚਿੱਲਾਉਂਦੇ ਅਤੇ ਧਮਕੀਆਂ ਦਿੰਦੇ ਘੁੰਮ ਰਹੇ ਸਨ। ਫਲੈਟ `ਤੇ ਪਹੁੰਚਣ ਤੋਂ ਇੱਕ ਬਲਾਕ ਪਹਿਲਾਂ, ਗੁੰਡਿਆਂ ਨੇ ਉਨ੍ਹਾਂ ਨੂੰ ਰੋਕ ਲਿਆ, ਅਤੇ ਉਨ੍ਹਾਂ ਨੂੰ ਤੋਰਨ ਤੋਂ ਪਹਿਲਾਂ ਕਾਰ ਦੇ ਸਾਰੇ ਦਰਵਾਜ਼ੇ ਅਤੇ ਡਿੱਗੀ ਨੂੰ ਖੋਲ੍ਹ ਕੇ ਦੇਖਿਆ। ਉਨ੍ਹਾਂ ਨੂੰ ਯਕੀਨ ਸੀ ਕਿ ਜੇ ਕੋਈ ਸਿੱਖ ਆਦਮੀ ਉਨ੍ਹਾਂ ਦੇ ਨਾਲ ਹੁੰਦਾ, ਉਸਦਾ ਕਤਲ ਹੋ ਜਾਣਾ ਸੀ।

ਜਦੋਂ ਇਹ ਸਭ ਕੁਝ ਨਿਕਲ ਗਿਆ, ਸਿੱਖ ਆਪਣੀਆਂ ਜ਼ਿੰਦਗੀਆਂ ਨੂੰ ਮੁੜ ਸ਼ੁਰੂ ਕਰਨ ਲਈ, ਸਾਵਧਾਨੀ ਨਾਲ ਹੌਲੀ-ਹੌਲੀ ਆਪਣੀਆਂ ਲੁਕਣਗਾਹਾਂ ਵਿੱਚੋਂ ਬਾਹਰ ਨਿਕਲਣੇ ਸ਼ੂਰੂ ਹੋਏ,  ਉਨ੍ਹਾਂ ਦੀਆਂ ਕਾਰਾਂ, ਬੱਸਾਂ, ਸਕੂਟਰ ਅਤੇ ਇਮਾਰਤਾਂ  ਸੜੀਆਂ ਪਈਆਂ ਸਨ। ਚੰਦਾ ਨੇ ਐਲਾਨ ਕਰ ਦਿੱਤਾ ਕਿ ਉਹ ਮੁੜ ਕਦੇ ਵੀ ਭਾਰਤ ਨਹੀਂ ਆਵੇਗੀ। ਅਸਲ ਵਿੱਚ , ਉਹ ਬਾਕੀ ਦਾ ਉਹ ਸਾਲ ਵੀ ਉੱਥੇ ਹੀ ਰਹੀ ਅਤੇ ਫਿਰ ਵੀ ਆਮ ਹੀ ਆਉਂਦੀ ਰਹੀ, ਪਰ  ਉਸ ਵੇਲੇ ਉਹ ਉਸ ਦੇਸ਼ ਪ੍ਰਤੀ ਗੁੱਸੇ ਵਿੱਚ ਸੀ, ਜਿਹੜਾ ਆਪਣੇ ਸਹਿਣਸ਼ੀਲ ਆਦਰਸ਼ਾਂ ਤੋਂ ਬੁਰੀ ਤਰ੍ਹਾਂ ਨਾਲ ਥਿੜ੍ਹਕ ਗਿਆ ਸੀ। ਦੋ ਸਾਲ ਬਾਅਦ ਵੀ ਉਸਦਾ ਉਹ ਗੁੱਸਾ ਕਾਇਮ ਸੀ ਜਦੋਂ ਉਹ ਆਪਣੇ ਪਿਤਾ ਦੇ ਚੰਡੀਗੜ੍ਹ ਵਾਲੇ ਘਰ ਵਿੱਚ ਟਾਈਪ ਰਾਈਟਰ ਦੇ ਮੂਹਰੇ ਬੈਠੀ ਆਪਣੇ ਦੇਖੇ, ਮਹਿਸੂਸ ਕੀਤੇ ਅਤੇ ਹੰਢਾਏ ਨੂੰ ਗਲਪੀ ਰੂਪ ਦੇ ਰਹੀ ਸੀ।(5) ਇਹ ਲਿਖ ਕੇ ਉਸ ਨੇ ਰਾਹਤ ਮਹਿਸੂਸ ਕੀਤੀ, ਭਾਵੇਂ ਉਸ ਨੇ ਮੁਕੰਮਲ ਖਰੜਾ ਆਪਣੇ ਕਿਸੇ ਦਰਾਜ ਹਵਾਲੇ ਕਰ ਦਿੱਤਾ ਪਰ ਉਸਦਾ ਮੰਤਵ ਹੱਲ ਹੋ ਗਿਆ ਸੀ।(6) ਆਪਣੀ ਲਿਖਤ ਵਿੱਚ ਉਸ ਨੇ ਇੰਦਰਾ ਗਾਂਧੀ ਦੀ ਮੌਤ ਬਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੰਡੇ ਹੋਏ ਦਿਖਾਇਆ ਸੀ, ਉਸਦਾ ਜਵਾਨ ਭੂਆ ਦਾ ਪੁੱਤ ਭਰਾ ਹੁਲਾਸਿਆ ਹੋਇਆ ਸੀ ਅਤੇ ਉਸਦੀ ਭੂਆ ਚਿੰਤਾਗ੍ਰਸਤ ਸੀ। ਉਹ ਆਪਣੇ ਰਿਸ਼ਤੇ ਦੇ ਭਰਾ ਨਾਲ ਸਹਿਮਤ ਸੀ, ਇੰਦਰਾ ਗਾਂਧੀ ਨੂੰ ਗੋਲੀ ਲੱਗਣ ਬਾਰੇ ਉਸ ਨੇ ਇੱਕ ਵੇਲੇ ਇਹ ਵੀ ਕਿਹਾ ਕਿ, " ਨਿਆਂ ਹੋ ਗਿਆ ਹੈ"। ਇਹ ਉਸ ਔਰਤ ਬਾਰੇ ਸੀ, ਜਿਸ ਨੂੰ ਉਸਦਾ ਪਰਿਵਾਰ ਕਈ ਵਾਰ ਨਿੱਜੀ ਤੌਰ `ਤੇ ਮਿਲਿਆ ਸੀ। ਕੌਮਾਂਤਰੀ ਪਾਲਣ-ਪੋਸਣ, ਵਿੱਦਿਆ ਅਤੇ ਦੋਸਤਾਂ ਦੇ ਬਾਵਜੂਦ ਵੀ ਚੰਦਾ ਨੇ ਪੰਜਾਬ ਵਿੱਚ ਐਨਾਂ ਕੁ ਸਮਾਂ ਬਿਤਾਇਆ ਸੀ ਕਿ ਉਸ ਨੇ ਵੀ ਹੋਰ ਸਿੱਖਾਂ ਵਾਂਗ ਗੋਲਡਨ ਟੈਂਪਲ `ਤੇ ਹਮਲੇ ਤੋਂ ਪਿੱਛੋਂ ਘੋਰ ਅਪਮਾਨ ਮਹਿਸੂਸ ਕੀਤਾ ਅਤੇ ਸਭਾਵਿਕ ਹੀ ਆਪਣੇ ਸਿੱਖ ਵਿਰਸੇ ਨਾਲ ਇੱਕਮਿੱਕ ਹੋ ਗਈ। ਅਤੇ ਦਸ ਦਿਨ ਦੰਗਿਆਂ ਦੌਰਾਨ, ਉਸਦਾ ਵਿਸ਼ਵਾਸ਼ ਸੀ ਕਿ ਉਹ ਹਿੰਦੂਆਂ ਦਾ ਸਿੱਖਾਂ ਵਿਰੁੱਧ  ਸਭਾਵਿਕ ਅਤੇ ਵਿਆਪਕ ਵਿਸਫੋਟ ਦੇਖ ਰਹੀ ਸੀ। ਬਾਅਦ ਵਿੱਚ ਜਿਹੜਾ ਕੁਝ ਉਸ ਨੇ ਸੁਤੰਤਰ ਖੋਜਕਾਰਾਂ ਦੀਆ ਰੀਪੋਰਟਾਂ ਵਿੱਚ ਪੜ੍ਹਿਆ ਉਸ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਕਿ ਦੰਗੇ ਬੇਅਸੂਲੇ ਸਿਆਸਤਦਾਨਾਂ, ਸਰਕਾਰੀ ਅਧਿਕਾਰੀਆਂ ਅਤੇ ਕਿਰਾਏ ਦੇ ਗੁੰਡਿਆਂ ਦੀ ਮਿਲੀ ਭੁਗਤ ਸੀ, ਅਤੇ ਜਿੰਨਾਂ ਇਹ ਕਸ਼ਟਮਈ ਸੀ, ਅਖੀਰ ਉਸ ਨੇ ਉਹੋ ਜਿਹਾ ਹੀ ਇਸ ਦਾ ਦ੍ਰਿਸ਼ ਪੇਸ਼ ਕਰ ਦਿੱਤਾ।(7)

ਗੋਲਡਨ ਟੈਂਪਲ `ਤੇ ਹਮਲੇ, ਇੰਦਰਾ ਗਾਂਧੀ ਦੇ ਕਤਲ ਅਤੇ ਦਿੱਲੀ ਦੰਗਿਆਂ ਤੋਂ ਬਾਅਦ  ਅਸ਼ਾਂਤੀ  ਵਾਲੇ ਦਹਾਕੇ ਦੌਰਾਨ, ਜੈਕੀ ਤੇ ਸੁਰਜੀਤ ਪੰਜਾਬ ਮੁੜਦੀਆਂ ਰਹੀਆਂ ਅਤੇ ਚੰਦਾ ਵੀ। ਇਸਦਾ ਇੱਕ ਕਾਰਣ ਇਹ ਵੀ ਸੀ ਕਿ ਅਵਤਾਰ ਆਪਣੀ ਲੁਧਿਆਣਾ ਯੂਨੀਵਰਸਿਟੀ ਵਾਲੀ ਨੌਕਰੀ `ਤੇ 1986 ਤੱਕ ਲੱਗਾ ਰਿਹਾ ਅਤੇ ਫਿਰ ਰਾਜ ਯੋਜਨਾ ਬੋਰਡ ਚੰਡੀਗੜ੍ਹ ਵਿੱਚ ਤਿੰਨ ਸਾਲ ਬਾਅਦ ਸੇਵਾ ਮੁਕਤ ਹੋਣ ਤੱਕ ਲੱਗਾ ਰਿਹਾ। ਅਕਾਦਮਿਕ ਹੋਣ ਕਾਰਣ ਉਸ ਨੂੰ ਅਕਸਰ ਹੀ ਉੱਤਰੀ ਅਮਰੀਕਾ ਦਾ ਚੱਕਰ ਲਾਉਣ ਦਾ ਕਾਰਣ ਮਿਲ ਜਾਂਦਾ, ਅਤੇ ਸੇਵਾ ਮੁਕਤੀ ਤੋਂ ਬਾਅਦ ਉਹ ਸੁਰਜੀਤ ਦੇ ਨਾਲ ਹਰ ਸਾਲ ਆਉਣ ਜਾਣ ਲਈ ਵੇਹਲਾ ਹੀ ਸੀ। ਆਮ ਤੌਰ `ਤੇ ਉਹ ਜੈਕੀ ਤੇ ਡੌਨੀ ਦੇ ਨਾਲ ਯਾਤਰਾ ਕਰਦੇ। ਪਰ ਯਾਤਰਾ ਕਰਨ ਲਈ ਉਹ ਸੌਖੇ ਸਮੇਂ ਨਹੀਂ ਸਨ। ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਜਿਵੇਂ ਬੰਬ, ਕਤਲ, ਅਤੇ ਪੁਲਿਸ ਮੁਕਾਬਲੇ ਆਮ ਸਨ ਅਤੇ 1980 ਵਿਆਂ ਦੇ ਅਖੀਰ ਅਤੇ 1990ਵਿਆਂ ਦੇ ਸ਼ੁਰੂ ਵਿੱਚ ਪੰਜ ਸਾਲ ਲਈ ਸਿਵਲ ਸਰਕਾਰ ਮੁਅੱਤਲ ਰਹੀ, ਅਤੇ ਕੇਂਦਰੀ ਸਰਕਾਰ ਰਾਸ਼ਟਰਪਤੀ ਰਾਜ ਅਧੀਨ ਦਿੱਲੀ ਤੋਂ ਰਾਜ ਨੂੰ ਚਲਾਉਂਦੀ ਰਹੀ। ਇਹ ਦੇਸ਼ ਅਤੇ ਵਿਦੇਸ਼ ਤੋਂ ਸਿੱਖ ਖਾੜਕੂਆਂ ਦੀ ਸਰਕਾਰ ਨਾਲ ਜੰਗ ਸੀ। 22 ਜੂਨ 1985 ਨੂੰ ਮਾਂਟਰੀਅਲ ਤੋਂ ਉੱਡੀ ਏਅਰ ਇੰਡੀਆ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੀ ਘਟਨਾ ਇਸ ਜੰਗ ਦਾ ਸਭ ਤੋਂ ਭਿਆਨਕ ਮੌਕਾ ਸੀ, ਪਰ ਇਸ ਨਾਲ ਹੀ ਇਸਦਾ ਅੰਤ ਨਹੀਂ ਹੋ ਗਿਆ। ਵਿਦੇਸ਼ਾਂ ਵਿਚਲੇ ਸਾਰੇ ਸਿੱਖ ਇਸ ਤੋਂ ਪ੍ਰਭਾਵਿਤ ਹੋਏ ਕਿਉਂ ਕਿ ਉਨ੍ਹਾਂ ਦੇ ਪੰਜਾਬ ਵਿੱਚ ਪਰਿਵਾਰ ਸਨ ਅਤੇ ਜਦੋਂ ਉਹ ਦੇਸ਼ ਜਾਣ ਲਈ ਵੀਜ਼ੇ ਜਾਂ ਪਾਸਪੋਰਟ ਦੀ ਅਰਜ਼ੀ ਦਿੰਦੇ ਤਾਂ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ।

ਮੁਸੀਬਤਾਂ ਵਿੱਚੋਂ ਸਭ ਤੋਂ ਮਾੜੀ ਘਟਨਾ, ਜਦੋਂ ਜੈਕੀ ਤੇ ਸੁਰਜੀਤ ਨੂੰ ਪੰਜਾਬ ਜਾਣ ਲਈ ਭਾਰਤੀ ਸਰਕਾਰ ਕੋਲੋਂ ਇਜਾਜ਼ਤ ਮਿਲਣ ਵਿੱਚ ਦਿੱਕਤ ਆਈ। ਅਵਤਾਰ ਅਤੇ ਉਸਦੇ ਲੁਧਿਆਣੇ ਵਿੱਚ ਪੋਸਟ-ਗਰੈਜੂਏਸ਼ਨ ਦੇ ਡੀਨ ਤੇ ਰਾਜ ਯੋਜਨਾ ਬੋਰਡ ਦੇ ਮੈਂਬਰ ਵਜੋਂ ਸਬੰਧਾਂ ਤੋਂ ਬਿਨਾਂ ਸ਼ਾਇਦ ਉਨ੍ਹਾਂ ਨੂੰ ਦੇਸ਼ ਜਾਣ ਦੀ ਇਜਾਜ਼ਤ ਹੀ ਨਾ ਮਿਲਦੀ। ਅਤੇ ਜਦੋਂ ਉਹ ਪੰਜਾਬ ਵਿੱਚ ਸਨ ਪੁਲਿਸ ਅਤੇ ਸੜਕ ਰੁਕਾਵਟਾਂ ਹਰ ਥਾਂ ਸਨ। ਔੜ ਤੋਂ ਸਧਾਰਨ ਆਉਣ ਜਾਣ ਵੇਲੇ ਵੀ  ਆਮ ਤੌਰ `ਤੇ ਪੁਲਿਸ ਉਨ੍ਹਾਂ ਨੂੰ ਰੋਕ ਲੈਂਦੀ। ਅਤੇ ਸ਼ਹਿਰਾਂ ਦੇ ਲੋਕ ਅਤੇ ਸੂਬੇ ਤੋਂ ਬਾਹਰਲੇ ਪੰਜਾਬ ਦੇ ਦਿਹਾਤੀ ਇਲਾਕੇ ਵਿੱਚ ਜਾਣੋਂ ਡਰਦੇ। ਇਸ ਸਭ ਨੇ ਹਸਪਤਾਲ ਦੀ ਆਮ ਜ਼ਿੰਦਗੀ ਨੂੰ ਦੁੱਭਰ ਕਰ ਦਿੱਤਾ। ਐਕਸ-ਰੇਅ ਮਸ਼ੀਨ ਦੀ ਮੁਰੰਮਤ ਕਰਨ ਵਾਲੀ ਕੰਪਨੀ ਕੋਲਕਤੇ ਵਿੱਚ ਸੀ। ਜਦੋਂ ਗੜਬੜ ਸ਼ੁਰੂ ਹੋਈ, ਕੰਪਨੀ ਨੇ ਆਪਣੇ ਮਿਸਤਰੀ ਪੰਜਾਬ ਭੇਜਣ ਤੋਂ ਇਨਕਾਰ ਕਰ ਦਿੱਤਾ, ਅਤੇ ਜਦੋਂ ਭੈਣਾਂ ਨੂੰ ਐਕਸ-ਰੇਅ ਮਸ਼ੀਨ ਨਾਲ ਕੋਈ ਸਮੱਸਿਆ ਆਉਂਦੀ ਤਾਂ ਉਹ ਮਰੀਜ਼ਾਂ ਨੂੰ ਨਵਾਂਸ਼ਹਿਰ ਭੇਜ ਦਿੰਦੀਆਂ। ਉਸ ਵੇਲੇ ਤੱਕ ਉਨ੍ਹਾਂ ਨੇ ਵਾਰਡ ਅਤੇ ਓਪ੍ਰੇਸ਼ਨ ਕਮਰੇ ਬੰਦ ਕਰ ਦਿੱਤੇ ਸਨ ਅਤੇ ਸਿਰਫ ਮਰੀਜ਼ਾਂ ਨੂੰ ਦਾਖਲ ਨਾ ਕਰਨ ਵਾਲੇ  ਹਸਪਤਾਲ ਵਜੋਂ ਹੀ ਚਲਾ ਰਹੀਆਂ ਸਨ। ਜਿਹੜਾ ਵੀ ਉਨ੍ਹਾ ਦਾ ਪੂਰੇ ਹਸਪਤਾਲ ਦੀਆਂ ਸੇਵਾਵਾਂ ਦੇਣ ਦਾ ਸੁਪਨਾ ਸੀ ਉਹ ਉਨ੍ਹਾਂ ਦਿਨਾਂ ਵਿੱਚ ਮਰ ਗਿਆ, ਪਰ ਉਹ ਜਿਹੜਾ ਕੁਝ ਕਰ ਸਕਦੀਆਂ ਸਨ, ਉਹ ਕਰਦੀਆਂ ਰਹੀਆਂ, ਜਿਵੇਂ ਚਾਰ ਸੌ (ਸਿਖਰ ਵੇਲੇ) ਮਰੀਜ਼ਾਂ ਦੀ ਰੋਜ਼ਾਨਾ ਸੇਵਾ ਕਰਨੀ, ਮੁਫਤ ਦਵਾਈਆਂ ਦੇਣੀਆਂ ਅਤੇ ਜਿਨ੍ਹਾਂ ਦੀ ਮੱਦਦ ਨਹੀਂ ਸੀ ਕਰ ਸਕਦੀਆਂ, ਉਨ੍ਹਾਂ ਨੂੰ ਲੁਧਿਆਣੇ ਭੇਜ ਦਿੰਦੀਆਂ।

ਜਦੋਂ 1993-94 ਵਿੱਚ ਪੰਜਾਬ ਅੰਦਰ ਸ਼ਾਂਤੀ ਆਈ, ਜੈਕੀ ਤੇ ਸੁਰਜੀਤ ਸੱਠਵਿਆਂ ਦੇ ਅਖੀਰ ਵਿੱਚ ਸਨ। ਹਸਪਤਾਲ ਨੂੰ ਮੁੱਢਲੇ ਪੂਰੇ ਉਦੇਸ਼ ਵੱਲ ਲਿਜਾਣ ਦੀ ਉਨ੍ਹਾਂ ਕੋਸ਼ਿਸ਼ ਨਹੀਂ ਕੀਤੀ, ਪਰ ਜਿਵੇਂ ਉਨ੍ਹਾਂ ਦੇ ਮਾਪੇ ਚਾਹੁੰਦੇ ਸਨ, ਉਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਿੱਚ ਵਚਨਬੱਧ ਰਹੀਆਂ। ਤਕਰੀਬਨ ਇੱਕ ਦਹਾਕੇ ਬਾਅਦ, ਉਹ ਹਾਲੇ ਵੀ ਕਈ ਮਹੀਨੇ ਔੜ ਵਿੱਚ ਬਿਤਾਉਂਦੀਆਂ ਅਤੇ ਉਨ੍ਹਾਂ ਨੇ ਪੂਰੇ ਸਟਾਫ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਇੱਕ ਸਾਰਾ ਸਾਲ ਕੰਮ ਕਰਨ ਵਾਲਾ ਡਾਕਟਰ ਵੀ ਸੀ। ਪਰ ਜਿਉਂ ਹੀ ਸੁਰਜੀਤ ਅੱਸੀਵੇਂ ਨੂੰ ਪਹੁੰਚੀ ਅਤੇ ਅਵਤਾਰ ਦੀ ਸੇਹਤ ਢਿੱਲੀ-ਮੱਠੀ ਰਹਿਣ ਲੱਗੀ, ਉਹ ਹਸਪਤਾਲ ਜਾਣੋਂ ਹਟ ਗਈ, ਪਰ ਉਹ ਅਤੇ ਅਵਤਾਰ ਹਰ ਸਾਲ ਭਾਰਤ ਜਾਂਦੇ ਅਤੇ ਸਰਦੀਆਂ ਦੇ ਮਹੀਨੇ ਉਸਦੇ ਚੰਡੀਗੜ੍ਹ ਵਾਲੇ ਘਰ ਵਿੱਚ ਬਿਤਾਉਂਦੇ। ਪਰ ਆਪਣੇ ਅੱਸੀਵਿਆਂ ਵਿੱਚ ਅਤੇ ਇਸ ਕਿਤਾਬ ਦੇ ਲਿਖਣ ਤੱਕ, ਜੈਕੀ ਔੜ ਵਿੱਚ ਲਗਾਤਾਰ ਮਰੀਜ਼ਾਂ ਨੂੰ ਦੇਖਦੀ ਰਹੀ।

ਜਿਹੜਾ ਕੁਝ ਵੀ ਸਿੱਧੂ ਭੈਣਾਂ ਨੇ ਔੜ ਵਿੱਚ ਕੀਤਾ ਉਸ ਨਾਲ ਉਨ੍ਹਾਂ ਨੂੰ ਪੰਜਾਬ ਦੇ ਉਸ ਹਿੱਸੇ ਵਿੱਚ ਬਹੁਤ ਮਾਣ ਮਿਲਿਆ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ, ਜਿਨ੍ਹਾਂ ਨੇ  ਇਸ ਤਰ੍ਹਾਂ ਦਾ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਕੁਝ ਸਾਲਾਂ ਤੋਂ ਅਜੇਹੇ ਲੋਕਾਂ ਦੀ ਗਿਣਤੀ ਵਧੀ ਸੀ, ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ। ਵੀਹਵੀਂ ਸਦੀ ਦੇ ਮੁੱਕਣ ਵਾਲੇ ਸਾਲਾਂ ਦੌਰਾਨ, ਪ੍ਰਵਾਸੀ ਪੰਜਾਬੀਆਂ ਵੱਲੋਂ ਆਪਣੇ ਪਿੰਡਾਂ `ਤੇ ਲਾਇਆ ਤਕਰੀਬਨ ਸਾਰਾ ਹੀ ਧਨ ਪਿੰਡਾਂ ਦੇ ਵੱਡੇ ਮੁੱਖ ਦਵਾਰਾਂ, ਮੰਦਰਾਂ, ਸਰਾਵਾਂ ਅਤੇ ਸਮਾਰਕਾਂ `ਤੇ ਖਰਚ ਹੋਇਆ, ਜਿਸ ਨੂੰ ਪੰਜਾਬ ਦੇ ਕੁਝ ਅਲੋਚਕਾਂ ਨੇ ਦਾਨੀਆਂ ਦੀ ਹਾਊਮੈ ਨੂੰ ਸੰਤੁਸ਼ਟੀ ਆਖ ਕੇ ਰੱਦ ਕਰ ਦਿੱਤਾ ਕਿ ਉਹ ਦਿਖਾ ਰਹੇ ਹਨ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਕਿੰਨੀ ਕਮਾਈ ਕੀਤੀ ਸੀ।  ਪਰ ਇੱਕੀਵੀਂ ਸਦੀ ਦੇ ਪਹਿਲੇ ਸਾਲਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਬਹੁਤੇ ਧਨ ਨੂੰ ਸਮਾਜਕ ਭਲਾਈ ਦੇ ਕੰਮਾਂ ਵਿੱਚ ਲਾਇਆ ਜਿਵੇਂ ਵਿੱਦਿਆ, ਸੇਹਤ ਸੇਵਾਵਾਂ, ਖੇਡ ਮੈਦਾਨ, ਅਤੇ ਪਿੰਡ ਸੁਧਾਰ ਜਿਵੇਂ ਗਲ਼ੀਆਂ ਪੱਕੀਆਂ ਕਰਨਾ, ਸੀਵਰੇਜ, ਅਤੇ ਨਿਕਾਸ। (8) ਉਹ ਮੁੱਢਲੇ ਪ੍ਰਵਾਸੀਆਂ ਦੀ ਰਾਜਸੀ ਅਤੇ ਸਮਾਜਕ ਚੇਤਨਾ ਨੂੰ ਜ਼ਾਹਰ ਕਰ ਰਹੇ ਹਨ, ਜਿਹੜੇ ਪਹਿਲੀ ਸੰਸਾਰ ਜੰਗ ਤੋਂ ਵੀ ਪਹਿਲਾਂ ਵਿੱਦਿਆ ਲਈ ਧਨ ਇਕੱਠਾ ਕਰਦੇ ਸਨ। ਉਨ੍ਹਾਂ ਵਿੱਚ ਕਪੂਰ ਅਤੇ ਭਾਈ ਪਿਆਰਾ ਸਿੰਘ ਲੰਗੇਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਜਦੋਂ ਉਹ ਹਾਲੇ ਕੈਲੇਫੋਰਨੀਆ ਵਿੱਚ ਹੀ ਸਨ, ਦੁਆਬੇ ਇਲਾਕੇ ਦੇ ਪਿੰਡਾਂ ਵਿੱਚ ਸਕੂਲਾਂ ਅਤੇ ਜਲੰਧਰ  ਵਿੱਚ ਖਾਲਸਾ ਹਾਈ ਸਕੂਲ ਲਈ ਉਗਰਾਹੀ ਕਰਕੇ ਭੇਜੀ। ਅਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਨੇਡਾ ਅਤੇ ਅਮਰੀਕਾ ਦੇ ਪ੍ਰਵਾਸੀਆਂ ਦੀਆਂ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਸਾਲਾਂ ਵਿੱਚ ਜਾਰੀ ਰਹੀਆਂ, ਜਿਨ੍ਹਾਂ ਨੇ ਸਕੂਲ ਬਣਾਉਣ ਜਾਂ ਸਕੂਲ ਦੀ ਛੱਤ ਦੀ ਮੁਰੰਮਤ ਕਰਨ ਲਈ ਧਨ ਭੇਜਿਆ ਜਾਂ ਸਾਲਾਂ ਦੇ ਗੁਜ਼ਰਨ ਦੇ ਨਾਲ  ਬਿਜਲੀ ਲਿਆਉਣ , ਪਾਣੀ ਵਾਲਾ ਪੰਪ ਲਾਉਣ ਜਾਂ ਟਾਇਲਟ ਲਵਾਉਣ ਲਈ।

ਕਿਸੇ ਲਈ ਆਪਣੇ ਪਿੰਡ ਵਾਸਤੇ ਕੁਝ ਕਰਨ ਦਾ ਵਿਚਾਰ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਰਿਹਾ ਸੀ। 1970ਵਿਆਂ ਵਿੱਚ ਪੰਜਾਬ ਵਿੱਚ ਸੈਕੰਡਰੀ ਤੋਂ ਉੱਪਰਲੀ ਪੜ੍ਹਾਈ ਦੇ ਵਾਧੇ ਨਾਲ, ਕਾਲਜ ਸ਼ੁਰੂ ਹੋਏ ਜਾਂ ਉਨ੍ਹਾਂ ਵਿੱਚ ਵਾਧਾ ਹੋਇਆ ਜਿਵੇਂ ਮਾਹਲਪੁਰ ਵਿੱਚ, ਜਿੱਥੇ ਕਪੂਰ ਸਕੂਲ ਵਿੱਚ ਪੜ੍ਹਿਆ ਸੀ, ਵੀਹ ਕਿਲੋਮੀਟਰ ਦੱਖਣ ਵੱਲ ਗੜ੍ਹਸ਼ੰਕਰ ਵਿੱਚ, ਔੜ ਤੋਂ ਉੱਤਰ ਵੱਲ ਬੰਗੇ, ਅਤੇ ਉੱਤਰ ਪੱਛਮ ਵਿੱਚ ਸੰਗ ਢੇਸੀਆਂ। ਇਨ੍ਹਾਂ ਸਾਰੇ ਕਾਲਜਾਂ ਨੂੰ ਵੈਨਕੂਵਰ, ਵਿਕਟੋਰੀਆ ਅਤੇ ਉੱਤਰੀ ਅਮਰੀਕਾ ਵਿੱਚ ਜਿੱਥੇ ਵੀ ਪੰਜਾਬੀ ਵਸੇ ਸਨ, ਉੱਥੋਂ ਧਨ ਇੱਕਠਾ ਕਰਕੇ ਭੇਜਿਆ ਗਿਆ। ਅਤੇ ਜਿਉਂ ਜਿਉਂ ਵਿਦੇਸ਼ਾਂ ਵਿੱਚ ਜਨ-ਸੰਖਿਆ ਵਧਦੀ ਗਈ ਅਤੇ ਉਨ੍ਹਾਂ ਦੇ ਕਾਰੋਬਾਰ ਵਧੇ-ਫੁੱਲੇ , ਉਵੇਂ-ਉਵੇਂ ਵੱਧ ਧਨ ਪੰਜਾਬ ਦੇ ਪਿੰਡਾਂ ਵਿੱਚ ਜਾਣ ਲੱਗਾ। ਪਰ ਬਹੁਤ ਸਾਰਾ ਦਿਖਾਵੇ ਵਿੱਚ ਵੀ ਲੱਗਾ।

ਕਪੂਰ ਦੇ ਜੱਦੀ ਪਿੰਡ ਖੜੌਦੀ ਵਿੱਚ 1999 ਤੋਂ ਬਾਅਦ ਦੀ ਉੱਨਤੀ ਬਹੁਤ ਉੱਘੜਵੀਂ ਸੀ। ਤਿੰਨ ਸਾਲਾਂ ਦੀਆਂ ਕ੍ਰਮਬੱਧ ਗਤੀਵਿਧੀਆਂ ਨਾਲ ਪਿੰਡ ਵਿੱਚ ਪੱਕੀਆਂ ਗਲ਼ੀਆਂ, ਗਲ਼ੀਆਂ ਵਿੱਚ ਸੂਰਜੀ-ਊਰਜਾ ਨਾਲ ਜਗਣ ਵਾਲੀਆਂ ਬੱਤੀਆਂ, ਹਰ ਘਰ ਚੋਂ ਢਕੀਆਂ ਨਾਲੀਆਂ, ਇੱਕ ਪਾਰਕ, ਅਤੇ ਸੈਕੰਡਰੀ ਸੀਵੇਜ ਟਰੀਟਮੈਂਟ ਪਲਾਂਟ, ਜਿਸ ਵਿੱਚੋਂ ਮੱਛੀਆਂ ਦੇ ਫਾਰਮ ਲਈ ਸਾਫ ਤੇ ਸੁਰੱਖਿਅਤ ਪਾਣੀ ਨਿਕਲਦਾ। ਇਸ ਪ੍ਰੋਜੈਕਟ ਨਾਲ ਖੜੌਦੀ ਇੱਕ ਮਾਡਲ ਪਿੰਡ ਵਿੱਚ ਬਦਲ ਗਿਆ ਜਿਸਦੇ ਬੁਨਿਆਦੀ ਢਾਂਚੇ ਕਾਰਣ ਇਹ ਬਹੁਤੇ ਪੰਜਾਬ ਅਤੇ ਭਾਰਤ ਲਈ ਰਸ਼ਕ ਦਾ ਕੇਂਦਰ ਬਣ ਗਿਆ, ਜਿਸਦਾ ਸੇਹਰਾ ਪਿੰਡ ਦੇ ਦੋ ਪ੍ਰਵਾਸੀ ਪੰਜਾਬੀਆਂ ਸਿਰ ਬੱਝਦਾ ਹੈ। ਉਨ੍ਹਾਂ ਵਿੱਚੋਂ ਇੱਕ ਡਾਕਟਰ ਗੁਰਦੇਵ ਸਿੰਘ ਗਿੱਲ ਹੈ, ਜਿਹੜਾ ਨਿਊ ਵੈਸਟਮਨਿਸਟਰ ਤੋਂ ਸੇਵਾ ਮੁਕਤ ਡਾਕਟਰ ਹੈ ਅਤੇ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲਾ ਇੰਡੋ-ਕਨੇਡੀਅਨ ਸੀ, ਜਿਸਨੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਦੂਜਾ ਰਘਬੀਰ ਸਿੰਘ ਬਾਸੀ, ਏਂਕਰਿੱਜ ਵਿੱਚ ਅਲਾਸਕਾ ਪੈਸੇਫਿਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ।

ਕੁਦਰਤੀ ਇੱਕੋ ਵੇਲੇ ਖੜੌਦੀ ਗਏ, ਗਿੱਲ ਤੇ ਬਾਸੀ ਸਰਦੀਆਂ ਦੀ ਇੱਕ ਸ਼ਾਮ ਸ਼ਰਾਬ ਪੀਣ ਬੈਠੇ, ਗੰਦਗੀ ਦੀ ਸੜਿਆਂਦ, ਮੱਖੀਆਂ ਤੇ ਮੱਛਰਾਂ ਬਾਰੇ ਆਪਣੀ ਨਾਖੁਸ਼ੀ ਸਾਂਝੀ ਕਰ ਰਹੇ ਸਨ, ਜਿਹੜੀ ਉਨ੍ਹਾਂ ਦੇ ਜਵਾਨੀ ਦੇ ਦਿਨਾਂ ਨਾਲੋਂ ਵੀ ਨਿਘਾਰ ਵੱਲ ਸੀ।  ਪਿੰਡ ਵਿੱਚ ਘਰਾਂ ਅੰਦਰ ਪਲੰਬਿੰਗ ਅਤੇ ਬਹੁਤ ਸਾਰੇ ਘਰਾਂ ਨੂੰ ਭਰਪੂਰ ਪਾਣੀ ਦੀ ਸਪਲਾਈ ਦੀ ਹਾਲ ਹੀ ਵਿੱਚ ਹੋਈ ਉੱਨਤੀ ਵਿੱਚ ਕਮੀ ਇਹ ਸੀ ਕਿ ਸੀਵਰੇਜ ਢਕਿਆ ਹੋਇਆ ਨਹੀਂ ਸੀ। ਡਾ. ਗਿੱਲ ਇਸ ਗੱਲੋਂ ਪੂਰਾ ਚੇਤੰਨ ਸੀ ਕਿ ਅਜੇਹਾ ਵਾਤਾਵਰਣ ਕਿਹੋ-ਜਿਹੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਖਾਸ ਕਰਕੇ ਟਾਈਫਾਈਡ, ਹੈਪੇਟਾਈਟਸ, ਅਤੇ ਹੁੱਕਵਾਰਮ।  ਉਸ ਨੇ ਅਤੇ ਬਾਸੀ ਨੇ ਤੁਰਤ ਯੋਗਦਾਨ ਪਾ ਦਿੱਤਾ ਅਤੇ ਵਿਦੇਸ਼ੀ ਵਸਦੇ ਖੜੌਦੀ ਦੇ ਇਕੱਤੀ ਪਰਵਾਸੀਆਂ ਤੋਂ ਤਕਰੀਬਨ ਪੱਚੀ ਸੌ ਡਾਲਰ ਹਰੇਕ ਤੋਂ  ਇਕੱਠਾ ਕਰ ਲਿਆ ਅਤੇ ਹੋਰ ਫੰਡਾਂ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਇਸ ਪ੍ਰੋਜੈਕਟ ਤੋਂ ਸਰਕਾਰੀ ਅਫਸਰਸ਼ਾਹੀ ਨੂੰ ਪੂਰੀ ਤਰ੍ਹਾਂ  ਪਾਸੇ ਰੱਖ ਕੇ ਆਪ ਇਸਦੀ ਨਿਗਰਾਨੀ ਕੀਤੀ। ਡਾ. ਗਿੱਲ ਨੇ ਨਿਰਣਾਇਕ ਕਿਹਾ ਕਿ ਇਹ ਸਿਰਫ ਧਨ ਹੀ ਨਹੀਂ ਸੀ ਜਿਹੜਾ ਉਸ ਨੇ ਅਤੇ ਡਾ. ਬਾਸੀ ਨੇ ਇਸ ਪ੍ਰੋਜੈਕਟ ਵਿੱਚ ਲਾਇਆ, ਸਗੋਂ ਉਨ੍ਹਾਂ ਦੀ ਜਾਣਕਾਰੀ ਅਤੇ ਤਜਰਬਾ ਵੀ ਸੀ। ਅਤੇ ਇਹ ਉਨ੍ਹਾਂ ਦੀ ਜਾਣਕਾਰੀ ਅਤੇ ਤਜਰਬਾ ਹੀ ਸੀ ਜਿਸ ਨੇ ਇਸ ਨੂੰ ਸ਼ੁਰੂ ਕੀਤਾ।(9)

ਪੰਜਾਬ ਵਿੱਚ ਜਿੰਨਾਂ ਵੀ ਕੋਈ ਜ਼ਿਆਦਾ ਘੁੰਮੇ-ਫਿਰੇਗਾ, ਉੱਨੇ ਹੀ ਵੱਧ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੇ ਚੰਗੇ ਕੰਮ ਦੇਖੇਗਾ। ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਬ ਧਾਲੀਵਾਲ ਨੇ ਖੜੌਦੀ ਦੀ ਉਦਾਹਰਣ ਦੇ ਪਿੱਛੇ ਲੱਗ ਕੇ ਆਪਣੇ ਜੱਦੀ ਪਿੰਡ ਢੀਂਗਰੀਆਂ ਵਿੱਚ ਵਿਕਾਸ ਦਾ ਪ੍ਰੋਜੈਕਟ ਸ਼ੁਰੂ ਕੀਤਾ। ਕਨੇਡਾ ਵਿੱਚ ਲੰਗੇਰੀ ਵਾਸੀਆਂ ਵੱਲੋਂ ਫੰਡ ਇਕੱਠੇ ਕਰਕੇ ਭਾਈ ਪਿਆਰਾ ਸਿੰਘ ਦੇ ਪਿੰਡ ਲੰਗੇਰੀ ਵਿੱਚ ਖੇਡ ਸਟੇਡੀਅਮ ਬਣਾਇਆ ਗਿਆ। ਔੜ ਤੋਂ ਕੁਝ ਕਿਲੋਮੀਟਰ ਉੱਤਰ ਪੂਰਬ ਵੱਲ ਇੱਕ ਛੋਟੇ ਜਿਹੇ ਪਿੰਡ ਦੌਲਤਪੁਰ ਵਿੱਚ ਇੱਕ ਨਵਾਂ ਸਕੂਲ, ਇਸਦੇ ਵਿਦਿਆਰਥੀਆਂ ਲਈ ਕੰਪਿਊਟਰ, ਸਕੂਲ ਬੱਸਾਂ, ਸਟੇਡੀਅਮ ਅਤੇ ਜਲਸਾ ਘਰ ਬਣੇ ਹੋਏ ਹਨ, ਜਿਹੜੀ ਕੇਹਰ ਸਿੰਘ ਥਾਂਦੀ ਦੀਆਂ ਕੋਸ਼ਿਸ਼ਾਂ ਦੀ ਮੇਹਰਬਾਨੀ ਹੈ ਜਿਸਨੇ ਕਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਪਿੰਡ ਵਾਲਿਆਂ ਤੋਂ ਇਸ ਸਭ ਲਈ ਧਨ ਇਕੱਠਾ ਕੀਤਾ। ਕੁਲਥਮ ਪਿੰਡ ਵਿੱਚ ਤਕਰੀਬਨ ਚਾਰ ਸੌ ਵਿਦਿਆਰਥੀਆਂ ਵਾਲਾ ਸਕੂਲ ਹੈ, ਜਿਹੜਾ ਥੋੜ੍ਹਾ ਥੋੜ੍ਹਾ ਕਰਕੇ ਹਰ ਸਾਲ ਉੱਸਰਿਆ ਅਤੇ ਇਹ ਕਨੇਡਾ ਦੇ ਸੇਵਾ ਮੁਕਤ, ਤਾਰਾ ਸਿੰਘ ਬੈਂਸ ਨੇ ਸਿਰਫ ਆਪਣੀ ਜੇਬ ਵਿੱਚੋਂ ਖਰਚ ਕਰਕੇ ਹੀ ਬਣਵਾਇਆ ਜਿਸ ਨੇ ਸਾਰੀ ਉਮਰ ਬੀ. ਸੀ. ਦੀਆਂ ਆਰਾ ਮਿੱਲਾਂ ਵਿੱਚ ਕੰਮ ਕੀਤਾ। ਮਾਹਲਪੁਰ ਤੋਂ ਦਸ ਕਿਲੋਮੀਟਰ ਦੂਰ ਚੱਬੇਵਾਲ ਵਿੱਚ ਹਾਲੇ ਨਵਾਂ ਹੀ ਇੱਕ ਕਾਲਜ ਉੱਸਰਿਆ ਹੈ, ਜਿਹੜਾ ਵੈਨਕੂਵਰ ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸਿੰਘਪੁਰੀਆ ਅਤੇ ਉਸਦੇ ਭਰਾ ਦੀਆਂ ਕੋਸ਼ਿਸ਼ਾਂ ਨਾਲ ਬਣਿਆ। ਸਾਰੇ ਪੰਜਾਬ ਵਿੱਚ ਬਹੁਤ ਸਾਰੇ ਸਾਲਾਨਾ ਖੇਡ ਟੂਰਨਾਮੈਂਟ ਵਿਦੇਸ਼ੀ ਪੰਜਾਬੀਆਂ ਦੇ ਸਹਿਯੋਗ `ਤੇ ਨਿਰਭਰ ਕਰਦੇ ਹਨ। ਇੱਕ ਟੂਰਨਾਮੈਂਟ ਹਕੀਮਪੁਰ ਪਿੰਡ ਵਿੱਚ ਬੀ. ਸੀ. ਦੇ ਪਿੱਟਮਿਡੋਜ਼ ਸ਼ਹਿਰ ਦੇ ਵਸਨੀਕ ਪੁਰੇਵਾਲ ਭਰਾ ਕਰਵਾਉਂਦੇ ਹਨ।

ਜਲੰਧਰ ਵਾਲਾ ਨਰਗਿੱਸ ਦੱਤ ਤੁਰਦਾ-ਫਿਰਦਾ ਹਸਪਤਾਲ ਜਿਹੜਾ ਸਾਰੇ ਪੰਜਾਬ ਵਿੱਚ ਸੇਵਾਵਾਂ ਦਿੰਦਾ ਹੈ ਉਸਦਾ ਖਰਚ ਵੈਨਕੂਵਰ ਦੇ ਪੰਜਾਬੀਆਂ ਨੇ ਦਿੱਤਾ। ਬੰਗਾ ਨੇੜੇ ਢਾਹਾਂ ਵਿੱਚ ਇੱਕ 250 ਕਮਰਿਆਂ ਦਾ ਅਧੁਨਿਕ ਹਸਪਤਾਲ ਦਿਹਾਤੀ ਇਲਾਕੇ ਵਿੱਚ ਬਣਿਆ ਹੋਇਆ ਹੈ ਜਿਹੜਾ ਕਿਸੇ ਵੀ ਚੰਗੇ ਸ਼ਹਿਰੀ ਹਸਪਤਾਲ ਦੇ ਬਰਾਬਰ ਹੈ, ਜਿਸਦਾ ਨਰਸਿੰਗ ਸਕੂਲ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ। ਬੱਤੀ ਏਕੜਾਂ ਵਿੱਚ ਫੈਲੇ ਇਸ ਕੰਪਲੈਕਸ ਵਿੱਚ ਮਾਨਸਿਕ ਸਦਮੇ ਅਤੇ ਨਸ਼ਾ ਛਡਾਊ ਕੇਂਦਰ ਵੀ ਹਨ ਅਤੇ ਇੱਕ ਵੱਡਾ ਸੈਕੰਡਰੀ ਸਕੂਲ ਵੀ। ਇਹ ਸਭ ਬੰਗਾ ਨੇੜਲੇ ਇੱਕ ਪਿੰਡ ਦੇ ਵਾਸੀ ਬੁੱਧ ਸਿੰਘ ਢਾਹਾਂ ਦਾ ਸੁਪਨਾ ਸੀ ਜਿਹੜਾ ਹੁਣ ਪੂਰਾ ਹੋਇਆ ਹੈ। ਉਸ ਨੇ 1984 ਵਿੱਚ ਇਹ ਪ੍ਰਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉੱਨੀ ਸਾਲ ਬੀ. ਸੀ. ਵਿੱਚ ਕੰਮ ਕੀਤਾ। ਇਸ ਪ੍ਰੋਜੈਕਟ ਲਈ ਬਹੁਤਾ ਧਨ ਵੈਨਕੂਵਰ ਵਿੱਚ ਰਜਿਸਟਰ ਇੱਕ ਸੁਸਾਇਟੀ ਰਾਹੀਂ ਕਨੇਡੀਅਨ ਪੰਜਾਬੀਆਂ ਨੇ ਲਾਇਆ। ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿੱਚ ਉੱਥੋਂ ਦੇ ਗਰੇਵਾਲ ਪਰਿਵਾਰ ਨੇ 1988 ਵਿੱਚ ਇੱਕ ਵੱਡੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ, ਜਿੱਥੇ ਅਯੁਰਵੈਦਿਕ ਸਿਖਲਾਈ ਅਤੇ ਅਧੁਨਿਕ ਮੈਡੀਕਲ ਇਲਾਜ ਕੀਤਾ ਜਾਂਦਾ ਹੈ। ਗਰੇਵਾਲ ਪਰਿਵਾਰ ਦੇ ਬਰਤਾਨੀਆ, ਅਮਰੀਕਾ ਅਤੇ ਕਨੇਡਾ  ਵਿੱਚ ਰਹਿੰਦੇ ਸਾਰੇ ਮੈਂਬਰਾਂ ਨੇ ਇਸ ਵਿੱਚ ਯੋਗਦਾਨ ਪਾਇਆ ਅਤੇ ਅੱਜ-ਕੱਲ੍ਹ ਇਸਦੇ ਪ੍ਰਬੰਧ ਦੀ ਜ਼ਿੰਮੇਵਾਰੀ ਟਰਾਂਟੋ ਵਾਸੀ ਅਵਤਾਰ ਸਿੰਘ ਗਰੇਵਾਲ ਦੇ ਹੱਥ ਹੈ।(10)

ਲੁਧਿਆਣੇ ਜ਼ਿਲ੍ਹੇ ਦੇ ਧੁਰ ਅੰਦਰ  ਇੱਕ ਚਲਦੀ-ਫਿਰਦੀ ਕਿਤਾਬ ਲਾਇਬਰੇਰੀ ਹੈ, ਜਿਹੜੀ ਛੇ ਪਿੰਡਾਂ ਵਿੱਚ ਹਰ ਹਫਤੇ ਦੋ ਵਾਰ ਪਹੁੰਚਦੀ ਹੈ। ਇਹ ਪੰਜਾਬ ਵਿੱਚ ਇੱਕੋ-ਇੱਕ ਚਲਦੀ-ਫਿਰਦੀ ਲਾਇਬਰੇਰੀ ਹੈ। ਇਸ ਬਾਰੇ ਖਿਆਲ ਸੇਵਾ ਮੁਕਤ ਲਾਇਬ੍ਰੇਰੀਅਨ ਜਸਵੰਤ ਸਿੰਘ ਨੂੰ ਆਇਆ ਅਤੇ ਉਸ ਨੇ ਆਪਣੇ ਕੋਲੋਂ ਖਰਚ ਕਰਕੇ ਇਸ ਨੂੰ ਸ਼ੁਰੂ ਕੀਤਾ। ਉਹ ਬਹੁਤ ਸਾਲ ਪਹਿਲਾਂ ਕਨੇਡਾ ਵਿੱਚ ਪੜ੍ਹਾਈ ਕਰਨ ਆਇਆ ਸੀ ਅਤੇ ਫਿਰ ਮਿਸ਼ੀਗਨ ਵਿੱਚ ਵਸ ਗਿਆ ਸੀ। ਉਸਦਾ ਵਿਸ਼ਵਾਸ਼ ਹੈ ਕਿ ਕਿਤਾਬਾਂ ਅਤੇ ਵਿੱਦਿਆ ਨਾਲ ਬਰਾਬਰੀ ਲਿਆਦੀਂ ਜਾ ਸਕਦੀ ਹੈ ਅਤੇ ਇਹ ਲੋਕਤੰਤਰ ਵਿੱਚ ਚਰਚ ਜਾਂ ਗੁਰਦਵਾਰੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਸਦੀ ਖਾਹਿਸ਼ ਹੈ ਕਿ ਸਾਰੇ ਪੰਜਾਬ ਵਿੱਚ ਲਾਇਬ੍ਰੇਰੀ ਦੀਆਂ ਸੇਵਾਵਾਂ ਉਪਲਬਧ ਹੋਣ, ਪਰ ਉਹ ਆਪ ਇਹ ਕਰਨ ਤੋਂ ਅਸਮਰੱਥ ਹੈ, ਉਹ ਉਹੀ ਕਰ ਰਿਹਾ ਹੈ ਜਿਹੜਾ ਕੁਝ ਉਹ ਕਰ ਸਕਦਾ ਹੈ।(11)

ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵਿਕਾਸ ਕਾਰਜ ਹੋ ਰਹੇ ਹਨ ਜਿਨ੍ਹਾਂ ਸਾਰਿਆਂ ਦਾ ਹਿਸਾਬ ਰੱਖਣਾ ਐਨਾ ਅਸਾਨ ਨਹੀਂ, ਇੱਥੋਂ ਤੱਕ ਕਿ ਐੱਨ ਆਰ ਆਈ ਸਭਾ ਪੰਜਾਬ  ਅਤੇ ਪ੍ਰਵਾਸੀ ਐਸੋਸੀਏਸ਼ਨ ਜਿਹੜੀ ਵਿਦੇਸ਼ੀ ਪੰਜਾਬੀਆਂ ਵੱਲੋਂ ਆਪਣੀ ਮਾਤ-ਭੂਮੀ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਰਿਕਾਰਡ ਰੱਖਦੀ ਹੈ, ਲਈ ਵੀ ਇਹ ਸੌਖਾ ਕੰਮ ਨਹੀਂ ਹੈ। ਪੰਜਾਬ ਦੀ ਐੱਨ ਆਰ ਆਈ ਸਭਾ ਨੇ ਇਹ ਸਵੀਕਾਰ ਕਰਦਿਆਂ ਕਿ ਮੁਕੰਮਲ ਜਾਣਕਾਰੀ ਇੱਕਠੀ ਕਰਨੀ ਮੁਸ਼ਕਲ ਹੈ, ਹੁਣੇ ਜਿਹੇ ਦੁਆਬਾ ਇਲਾਕੇ, ਜਿਸ ਵਿੱਚ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਕਪੂਰਥਲਾ ਜ਼ਿਲ੍ਹੇ ਆਉਂਦੇ ਹਨ, ਉਣਤਾਲੀ ਪਿੰਡਾਂ ਦੇ ਪ੍ਰੋਜੈਕਟਾਂ ਦੀ ਸੂਚੀ ਬਣਾਈ ਹੈ, ਜਿਹੜੇ  ਵਿਦੇਸ਼ੀ ਧਨ ਨਾਲ ਚੱਲ ਰਹੇ ਹਨ।(12) ਆਮ ਵਾਂਗ, ਇਹ ਪ੍ਰੋਜੈਕਟ ਕਨੇਡਾ, ਅਮਰੀਕਾ ਜਾਂ ਬਰਤਾਨੀਆ ਵਿੱਚ ਵਸੇ ਪਿੰਡ ਵਾਸੀਆਂ ਵੱਲੋਂ ਸ਼ੁਰੂ ਕੀਤੇ ਗਏ, ਜਿਨ੍ਹਾਂ ਦੀ ਪਹਿਲੀ ਵਫਾਦਾਰੀ ਆਪਣੇ ਪਰਿਵਾਰਾਂ, ਪਿੰਡਾਂ ਅਤੇ ਇਲਾਕਿਆਂ ਨਾਲ ਹੈ। ਕਿਉਂ ਕਿ ਉਹ ਭਾਰਤ ਅਤੇ ਵਿਦੇਸ਼ ਵਿੱਚ ਆਪਣੇ ਪੇਂਡੂ ਨੈੱਟਵਰਕ ਰਾਹੀਂ ਹੀ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਦੇ ਪ੍ਰੋਜੈਕਟਾਂ ਲਈ, ਪੁੱਛ-ਪੜਤਾਲ, ਫੋਨ ਕਰਨੇ  ਵਗੈਰਾ ਬਹੁਤ ਸਾਰਾ ਕੰਮ ਹੁੰਦਾ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਜੋਸ਼ ਅਤੇ ਕਦਰਾਂ-ਕੀਮਤਾਂ ਨੇ ਕਪੂਰ, ਬਸੰਤ ਕੌਰ ਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਪ੍ਰੇਰਿਆ ਉਹ ਬਾਅਦ ਵਾਲੇ ਪ੍ਰਵਾਸੀਆਂ ਵਿੱਚ ਆਪਣੇ ਆਪ ਹੀ ਉਜਾਗਰ ਹੋ ਗਈਆਂ। ਸਿੱਧੂਆਂ ਨੇ ਜਿਹੜੀ ਮਿਸਾਲ ਕਾਇਮ ਕਰ ਦਿੱਤੀ ਹੋਰ ਲੋਕ ਅਚੇਤ ਜਾਂ ਸਚੇਤ ਉਸ `ਤੇ ਚੱਲ ਰਹੇ ਹਨ।

ਕਪੂਰ ਨੇ ਹਮੇਸ਼ਾ ਆਪਣੀਆਂ ਬੇਟੀਆਂ ਨੂੰ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਕਨੇਡਾ ਅਤੇ ਭਾਰਤ ਦੋਹਾਂ ਨੂੰ ਹੀ ਦੇਣ- ਆਪਣੀ ਜਨਮ-ਭੂਮੀ ਅਤੇ ਆਪਣੇ ਵਡੇਰਿਆਂ ਦੇ ਦੇਸ਼ ਨੂੰ। ਕਪੂਰ ਦਾ ਪਹਿਲਾਂ ਵਾਲਾ ਹਿੱਸੇਦਾਰ ਮੇਓ ਸਿੰਘ ਵੀ ਵੈਨਕੂਵਰ ਟਾਪੂ ਦੇ ਹਸਪਤਾਲਾਂ ਅਤੇ ਚੈਰੀਟੇਬਲ ਸਭਾਵਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦਾ ਅਤੇ ਆਪਣੇ ਜੱਦੀ ਪਿੰਡ ਪਾਲਦੀ ਦੇ ਪ੍ਰੋਜੈਕਟਾਂ ਲਈ ਵੀ, ਅਤੇ ਇਸ ਮਾਮਲੇ ਵਿੱਚ, ਉਸਦੇ ਅਤੇ ਕਪੂਰ ਵਿੱਚ, ਦੋਨਾਂ ਵਿੱਚੋਂ ਕਿਸੇ ਦੇ ਵੀ  ਆਸਾਨੀ ਨਾਲ  ਕਬੂਲ ਕਰਨ ਨਾਲੋਂ ਜ਼ਿਆਦਾ ਕੁਝ ਸਾਂਝਾ ਸੀ।(13) ਕਪੂਰ ਦੀਆਂ ਬੇਟੀਆਂ ਉਸਦੇ ਕਹੇ ਨੂੰ ਦਿਲ ਵਿੱਚ ਵਸਾ ਲੈਂਦੀਆਂ। ਉਨ੍ਹਾਂ ਦੇ ਆਪਣੇ ਨਿੱਜੀ ਅਤੇ ਕਾਰੋਬਾਰੀ ਤਜਰਬਿਆਂ ਨੇ ਵਿੱਦਿਆ ਅਤੇ ਸੇਹਤ ਸੇਵਾਵਾਂ ਨੂੰ ਉਨ੍ਹਾਂ ਲਈ ਪਹਿਲ ਬਣਾ ਦਿੱਤਾ, ਇਸ ਲਈ ਉਹ ਮੈਡੀਸਨ, ਜੰਗਲਾਤ ਅਤੇ ਯੂ. ਬੀ. ਸੀ. ਦੇ ਵਾਤਾਵਰਣ ਵਿਭਾਗ ਦੇ ਵਜ਼ੀਫਿਆਂ ਲਈ ਧਨ ਦਿੰਦੀਆਂ ਸਨ ਅਤੇ ਵੈਨਕੂਵਰ ਇਲਾਕੇ ਦੇ ਬਹੁਤ ਸਾਰੇ ਮੁੱਖ ਹਸਪਤਾਲਾਂ ਅਤੇ ਸਥਾਨਕ ਚੈਰੀਟੇਬਲ ਸਭਾਵਾਂ ਨੂੰ ਦਾਨ ਦਿੰਦੀਆਂ। ਕਨੇਡਾ ਵਿੱਚ ਉਨ੍ਹਾਂ ਦਾ ਮੁੱਖ ਉਦੇਸ਼ ਕ੍ਰਿਸ਼ਨਾਮੂਰਤੀ ਐਜੂਕੇਸ਼ਨਲ ਸੈਂਟਰ ਆਫ ਕਨੇਡਾ ਸੀ, ਜਿਸ ਨੂੰ  ਉਹ 1977 ਤੋਂ ਸਵੈਨਵਿੱਕ ਸੜਕ `ਤੇ  ਚਲਾ ਰਹੀਆਂ ਸਨ, ਪਹਿਲਾਂ ਸਕੂਲ ਦੇ ਤੌਰ `ਤੇ ਅਤੇ ਬਾਅਦ ਵਿੱਚ ਅਧਿਆਤਮਕ ਕੇਂਦਰ ਵਜੋਂ। ਜਦੋਂ ਉਨ੍ਹਾਂ ਨੇ 1981 ਵਿੱਚ ਵੌਲਫ ਲੇਕ ਸਕੂਲ ਨੂੰ ਬੰਦ ਕੀਤਾ, ਉਸ ਜਾਇਦਾਦ ਨੂੰ ਜਿਸ ਵਿੱਚ, ਛੇ ਸੌਣ-ਕਮਰਿਆਂ ਵਾਲਾ ਮੁੱਖ ਘਰ, ਅਤੇ ਇਸਦੇ ਨਾਲ ਲੱਗਵੀਆਂ ਛੇ ਹੋਰ ਸੌਣ ਕਮਰਿਆਂ ਵਾਲੀਆਂ ਕੌਟੇਜ, ਟੈਨਿਸ ਦਾ ਮੈਦਾਨ ਅਤੇ ਸਵਿਮਿੰਗ-ਪੂਲ ਨੂੰ ਗਰੁੱਪ ਅਤੇ ਇਕੱਲੇ-ਇਕੱਲੇ ਲਈ ਅਧਿਆਤਮਿਕ ਰੀਟ੍ਰੀਟ ਵਿੱਚ ਤਬਦੀਲ ਕਰ ਦਿੱਤਾ, ਜਿੱਥੇ ਸ਼ਾਂਤ ਰੀਟ੍ਰੀਟ, ਵਿਚਾਰ-ਵਟਾਂਦਰੇ ਅਤੇ ਭਾਸ਼ਣ ਹੁੰਦੇ। ਜਦੋਂ ਜੈਕੀ ਪਹਿਲੀ ਵਾਰ ਕ੍ਰਿਸ਼ਨਾਮੂਰਤੀ ਨੂੰ ਇੱਥੇ ਲੈ ਕੇ ਆਈ, ਗੇਟ ਅੰਦਰ ਵੜਦਿਆਂ ਹੀ ਉਸਦਾ ਪਹਿਲਾ ਕਥਨ ਸੀ, "ਇਹ ਇੱਕ ਅੰਗ੍ਰੇਜ਼ ਮਿਲਖ ਵਰਗਾ ਹੈ।"(14) ਉਸ ਨੇ ਇੱਥੋਂ ਦੀ ਸੁੰਦਰਤਾ ਅਤੇ ਸ਼ਾਂਤੀ ਨੂੰ ਪਸੰਦ ਕੀਤਾ ਅਤੇ ਇਸਦੀ ਖੂਬੀ ਨੂੰ, ਜਿਸ ਨੇ ਇਸ ਨੂੰ 2004 ਤੋਂ 2007 ਤੱਕ ਅਸਥਾਈ ਤੌਰ `ਤੇ ਬੰਦ ਕਰਨ ਤੋਂ ਇਲਾਵਾ, ਤਿੰਨ ਦਹਾਕਿਆਂ ਤੱਕ ਪ੍ਰਸ਼ੰਸਾਯੋਗ ਤਰੀਕੇ ਨਾਲ ਚਲਾਉਣ ਵਿੱਚ ਮੱਦਦ ਕੀਤੀ। ਕ੍ਰਿਸ਼ਨਾਮੂਰਤੀ ਦੀਆਂ ਸਿੱਖਿਆਵਾਂ ਸਵੈਨਵਿੱਕ ਸੈਂਟਰ ਦਾ ਮੁੱਖ ਉਦੇਸ਼ ਸੀ, ਜਿੱਥੇ ਰੋਜ਼ਾਨਾ ਦੇ ਪ੍ਰੋਗਰਾਮਾਂ ਵਿੱਚ ਕ੍ਰਿਸ਼ਨਾਮੂਰਤੀ ਦੀਆਂ ਵੀਡੀਓ ਦੇਖੀਆਂ ਜਾਂਦੀਆਂ ਅਤੇ ਉਨ੍ਹਾਂ `ਤੇ ਵਿਚਾਰ ਵਟਾਂਦਰਾ ਹੁੰਦਾ। ਵਾਤਾਵਰਣ ਖੁੱਲ੍ਹੇ ਵਿਚਾਰਾਂ ਵਾਲਾ ਹੁੰਦਾ ਅਤੇ ਕ੍ਰਿਸ਼ਨਾਮੂਰਤੀ ਦੀਆਂ ਸਿੱਖਿਆਵਾਂ `ਤੇ ਕੇਂਦਰਤ ਹੁੰਦਾ ਕਿ  ਮਨ ਨੂੰ ਵਿਚਾਰਾਂ ਤੋਂ ਮੁਕਤ ਕਰਕੇ ਇਸ ਨੂੰ ਤਾਜ਼ਾ ਅਤੇ ਸਿਰਜਣਸ਼ੀਲ ਬਣਾਉਣਾ।(15)

ਬੰਦ ਹੋਣ ਵਾਲੇ ਸਾਲਾਂ ਨੂੰ ਛੱਡ ਕੇ ਬਾਕੀ ਸਾਰੇ ਸਾਲਾਂ ਦੌਰਾਨ ਜੈਕੀ ਤੇ ਸੁਰਜੀਤ ਨੇ ਇਸ ਜਾਇਦਾਦ ਅਤੇ ਰੀਟ੍ਰੀਟ ਨੂੰ ਚਲਾਉਣ ਲਈ ਘੱਟੋ-ਘੱਟ ਚਾਰ ਮੈਂਬਰਾਂ ਦਾ ਸਟਾਫ ਰੱਖੀ ਰੱਖਿਆ। ਜਦੋਂ ਉਨ੍ਹਾਂ ਨੂੰ ਜ਼ਿਆਦੇ ਮੈਂਬਰਾਂ ਨੂੰ ਖਾਣਾ ਦੇਣ ਦੀ ਲੋੜ ਪੈਂਦੀ, ਉਹ ਖਾਨਸਾਮੇ ਨੂੰ ਲੈ ਆਉਂਦੇ। ਖਾਣਾ ਸਾਕਾਹਾਰੀ ਹੁੰਦਾ, ਜਿਹੜਾ ਅਸੂਲ ਇਸਦੇ ਸ਼ੁਰੂ ਹੋਣ ਵੇਲੇ ਕ੍ਰਿਸ਼ਨਾਮੂਰਤੀ ਦੀ ਪ੍ਰਵਾਨਗੀ ਨਾਲ ਬਣਾਇਆ ਗਿਆ ਸੀ। ਬੱਤੀ ਏਕੜਾਂ ਵਿੱਚ ਫੈਲੀ ਇਹ ਜ਼ਮੀਨ, ਜਿੱਥੋਂ ਸਮੁੰਦਰੀ ਪਾਣੀ ਦੇ ਦਿਲਕਸ਼ ਨਜ਼ਾਰੇ ਦਿਸਦੇ ਹਨ, ਵਿੱਚ ਬਾਗ ਸੀ ਜਿਸ ਵਿੱਚ ਸੇਬ, ਨਾਸ਼ਪਾਤੀ ਅਤੇ ਚੈਰੀ ਦੇ ਦਰਖਤ ਸਨ, ਸਬਜ਼ੀਆਂ ਦਾ ਬਗੀਚਾ, ਖੇਤ ਅਤੇ ਚਾਰਗਾਹ, ਦੋ ਦੁਧਾਰੂ ਗਾਈਆਂ, ਅਤੇ ਮੁਰਗੀਆਂ (ਖਾਣ ਵਾਸਤੇ ਨਹੀਂ) ਸਨ। ਇਹ ਔੜ ਵਾਲੇ ਹਸਪਤਾਲ ਦੇ ਮੈਦਾਨੀ ਖੇਤਾਂ ਦਾ ਪੂਰਕ ਸੀ। ਖੇਤੀ ਦਾ ਕੰਮ ਇੱਕ ਕਰਮਚਾਰੀ ਦੇਖਦਾ ਅਤੇ ਰੀਟ੍ਰੀਟ ਦੌਰਾਨ ਬਾਹਰਲੇ ਕੰਮਾਂ ਵਿੱਚ ਮਹਿਮਾਨ ਹੱਥ ਵੰਡਾ ਦਿੰਦੇ। ਰੀਟ੍ਰੀਟ ਤੋਂ ਛੁੱਟੀ ਦੌਰਾਨ ਉਹ ਜੰਗਲ ਦੇ ਰਾਹਾਂ ਅਤੇ ਸਮੁੰਦਰ ਨੇੜੇ ਝਾੜੀਆਂ ਵਿੱਚੋਂ ਲਾਂਘੇ ਬਣਾਉਂਦਿਆਂ ਤੁਰ ਕੇ ਕੁਦਰਤ ਦਾ ਅਨੰਦ ਮਾਣਦੇ, ਜਿੱਥੋਂ ਉਹ ਸਮੁੰਦਰ ਤੋਂ ਪਾਰ ਵਾਸ਼ਿੰਗਟਨ ਸਟੇਟ ਦੇ ਓਲੰਪਿਕਸ ਪੈਨਿਨਸੁਲਾ ਦੀਆਂ ਬਰਫ ਲੱਦੀਆਂ ਪਹਾੜੀਆਂ, ਜਿਹੜੀਆਂ ਉੱਥੋਂ ਪੱਚੀ ਕਿਲੋਮੀਟਰ `ਤੇ ਸਨ, ਦੇ ਮਨਮੋਹਕ ਦ੍ਰਿਸ਼ਾਂ ਨੂੰ ਮਾਣ ਸਕਦੇ।

ਇੱਕ ਵਕਤਾ, ਜਿਸ ਨੂੰ ਜੈਕੀ ਤੇ ਸੁਰਜੀਤ ਕਈ ਵਾਰ ਸਵੈਨਵਿੱਕ ਸੈਂਟਰ ਵਿੱਚ ਲੈ ਕੇ ਆਈਆਂ, ਡਾ. ਐਲਨ ਐਂਡਰਸਨ ਸੀ,  ਜਿਹੜਾ ਸੇਨ ਡੀਇਗੋ ਯੂਨੀਵਰਸਿਟੀ ਦੇ ਧਾਰਮਿਕ ਵਿਭਾਗ ਵਿੱਚ ਸੀਨੀਅਰ ਪ੍ਰੋਫੈਸਰ ਸੀ। ਉਸ ਨੇ ਕ੍ਰਿਸ਼ਨਾਮੂਰਤੀ ਨਾਲ ਅਠਾਰਾਂ ਵਿਚਾਰ-ਵਟਾਂਦਰਿਆਂ ਦੀ ਵੀਡੀਓ ਬਣਾਈਆਂ ਹੋਈਆਂ ਹਨ ( ਪਹਿਲੀ ਅਮਰੀਕਨ ਟੈਲੀਵਿਜ਼ਨ ਰਾਹੀਂ 1974 ਵਿੱਚ ਪ੍ਰਸਾਰਿਤ ਕੀਤੀ ਗਈ), ਹੁਣ ਕਲਾਸਿਕ ਹਨ ਅਤੇ ਕ੍ਰਿਸ਼ਨਾਮੂਰਤੀ ਦੀਆਂ ਬਣੀਆਂ ਟੇਪਾਂ ਵਿੱਚੋਂ ਇਹ ਸਭ ਤੋਂ ਵੱਧ ਵਿਕੀਆਂ ਅਤੇ ਸੁਣੀਆਂ ਗਈਆਂ। ਭਾਵੇਂ ਐਂਡਰਸਨ ਬਹੁਤ ਸਾਲਾਂ ਤੋਂ ਪੂਰਬੀ ਧਰਮਾਂ ਬਾਰੇ ਕੋਰਸ ਪੜ੍ਹਾਉਂਦਾ ਸੀ, ਪਰ ਉਹ ਟੇਪਾਂ ਬਣਾਉਣ ਤੋਂ ਪਹਿਲਾਂ ਕ੍ਰਿਸ਼ਨਾਮੂਰਤੀ ਨੂੰ ਸਿਰਫ ਇੱਕ ਵਾਰ ਹੀ ਮਿਲਿਆ ਸੀ। ਕੁਝ ਹੱਦ ਤੱਕ ਸੁਰਜੀਤ ਇਨ੍ਹਾਂ ਦੀ ਕਦਰ ਕਰਦੀ ਸੀ, ਕਿਉਂ ਕਿ ਜਿਉਂ ਜਿਉਂ ਵਾਰਤਾਲਾਪ ਅੱਗੇ ਤੁਰਦੀ ਸੀ, ਕ੍ਰਿਸ਼ਨਾਮੂਰਤੀ ਦੀ ਸੋਚ ਬਾਰੇ ਐਂਡਰਸਨ ਦੀ ਸਮਝ ਡੂੰਘੇਰੀ ਹੁੰਦੀ ਜਾਂਦੀ ਸੀ। ਐਂਡਰਸਨ ਆਪਣੀਆਂ ਸਵੈਨਵਿੱਕ ਸੈਂਟਰ ਵਿੱਚ ਬਹੁਤ ਸਾਰੀਆਂ ਫੇਰੀਆਂ ਵਿੱਚ ਚੰਦਾ ਵੱਲ ਖਿੱਚਿਆ ਗਿਆ ਅਤੇ ਇੱਕ ਤਰ੍ਹਾਂ ਨਾਲ ਉਸਦਾ ਅਧਿਆਤਮਿਕ ਸਲਾਹਕਾਰ ਬਣ ਗਿਆ। ਉਨ੍ਹਾਂ ਦੀ ਫੋਨ ਰਾਹੀਂ ਗੰਭੀਰ ਵਿਸ਼ਿਆਂ ਉੱਪਰ ਲੰਬੀ ਗੱਲਬਾਤ ਹੁੰਦੀ। ਕ੍ਰਿਸ਼ਨਾਮੂਰਤੀ ਵੱਲੋਂ ਐਂਡਰਸਨ ਦੀ ਪਿੱਠ ਥਾਪੜਣ ਕਰਕੇ ਚੰਦਾ ਲਈ ਉਹ ਹੋਰ ਸਤਿਕਾਰਯੋਗ ਹੋ ਗਿਆ, ਕਿਉਂ ਕਿ ਜਦੋਂ ਕ੍ਰਿਸ਼ਨਾਮੂਰਤੀ ਬਹੁਤ ਸਾਲਾਂ ਦੌਰਾਨ ਕਈ ਵਾਰ ਸ਼ਿਕਾਇਤ ਕਰਦਾ ਸੀ ਕਿ ਜਿਹੜਾ ਕੁਝ ਉਹ ਸਿਖਾਉਂਦਾ ਸੀ, ਉਸ ਨੂੰ ਕੋਈ ਨਹੀਂ ਸਮਝਦਾ ਸੀ, ਉਸ ਨੇ ਇੱਕ ਜਾਂ ਦੋ ਵਾਰ ਸਵੀਕਾਰ ਕੀਤਾ ਕਿ ਐਂਡਰਸਨ ਨੂੰ ਛੱਡ ਕੇ। (16)

ਇੱਕ ਹੋਰ ਜਿਸ ਨੇ ਸਵੈਨਵਿੱਕ ਵਿੱਚ ਕਈ ਵਾਰ ਸੈਮੀਨਾਰ ਕੀਤੇ, ਮਾਰਕ ਲੀ ਸੀ, ਜਿਹੜਾ ਓਹਾਏ, ਕੈਲੇਫੋਰਨੀਆ ਵਿੱਚ ਕ੍ਰਿਸ਼ਨਾਮੂਰਤੀ ਸਕੂਲ ਦਾ ਬਾਨੀ ਡਾਇਰੈਕਟਰ ਸੀ। ਉਸਦੇ ਕ੍ਰਿਸ਼ਨਾਮੂਰਤੀ ਨਾਲ ਸਬੰਧ ਸਵਿਟਜ਼ਰਲੈਂਡ ਵਿੱਚ 1965 ਵਿੱਚ ਬਣੇ, ਜਦੋਂ ਲੀ ਚੌਵ੍ਹੀ ਸਾਲ ਦਾ ਅਮਰੀਕਨ ਕਿਸੇ ਰੁਹਾਨੀ ਰਾਹਗੀਰ ਦੀ ਤਲਾਸ਼ ਵਿੱਚ ਸੀ।  ਉਸ ਤੋਂ ਪਿੱਛੋਂ, 1970 ਵਿਆਂ ਦੇ ਸ਼ੁਰੂ ਤੱਕ ਅੱਠ ਸਾਲ ਲਈ ਲੀ ਨੇ ਭਾਰਤ ਵਿੱਚ ਬੰਗਲੌਰ ਤੋਂ ਉੱਤਰਪੂਰਬ ਵੱਲ ਰਿਸ਼ੀ ਵਾਦੀ ਵਿੱਚ ਕ੍ਰਿਸ਼ਨਾਮੂਰਤੀ ਜੂਨੀਅਰ ਸਕੂਲ ਵਿੱਚ ਅੰਗ੍ਰੇਜ਼ੀ ਪੜ੍ਹਾਈ। ਉਸ ਸਕੂਲ ਦਾ ਉਹ ਪ੍ਰਿੰਸੀਪਾਲ ਬਣ ਗਿਆ, ਅਤੇ 1975 ਵਿੱਚ ਕ੍ਰਿਸ਼ਨਾਮੂਰਤੀ ਨੇ ਉਸ ਨੂੰ ਓਹਾਏ ਵਿੱਚ ਸਕੂਲ ਸ਼ੁਰੂ ਕਰਨ ਲਈ ਕਿਹਾ, ਇਸ ਲਈ ਲੀ ਆਪਣੀ ਭਾਰਤੀ ਪਤਨੀ, ਆਸ਼ਾ ਨਾਲ ਉੱਥੇ ਚਲਾ ਗਿਆ। ਉਸ ਤੋਂ ਬਾਅਦ ਉਹ ਉੱਥੇ ਹੀ ਟਿਕ ਗਏ ਅਤੇ ਅਮਰੀਕਾ ਦੀ ਕ੍ਰਿਸ਼ਨਾਮੂਰਤੀ ਫਾਊਂਡੇਸ਼ਨ ਵਿੱਚ ਸਰਗਰਮ ਹੋ ਗਏ। ਹੋਰ ਮਹਿਮਾਨਾਂ ਵਿੱਚ, ਇੰਗਲੈਂਡ ਦੀ ਕ੍ਰਿਸ਼ਨਾਮੂਰਤੀ ਫਾਊਂਡੇਸ਼ਨ ਦੀ ਸਕੱਤਰ ਮੈਰੀ ਕੈਡੋਗਨ, ਅਤੇ ਮੌਨਟੀਗ ਸਿਮਨਜ਼, ਜਿਸ ਨੇ ਬਰੌਕਵੁੱਡ ਪਾਰਕ ਵਿੱਚ ਕ੍ਰਿਸ਼ਨਾਮੂਰਤੀ ਸਕੂਲ ਬਣਾਇਆ ਅਤੇ ਚਲਾਇਆ।

ਸੈਂਟਰ ਨੇ ਕ੍ਰਿਸ਼ਨਾਮੂਰਤੀ ਦੇ ਨਜ਼ਦੀਕੀ ਦੋਸਤ, ਅਮਰੀਕਾ ਦੇ ਜਨਮੇ ਅਤੇ ਬਰਕਬੈਕ ਕਾਲਜ ਲੰਡਨ ਤੋਂ ਕੁਆਨਟਮ ਫਿਜ਼ਿਸਟ ਬਣੇ, ਡੇਵਿਡ ਬੋਮ੍ਹ ਅਤੇ ਉਸਦੀ ਬਰਤਾਨੀਆ ਵਿੱਚ ਜਨਮੀ ਪਤਨੀ, ਸਾਰਲ ਦੀ ਵੀ ਮੇਜ਼ਬਾਨੀ ਕੀਤੀ। ਜਿਸ ਸਮੇਂ ਸਵੈਨਵਿੱਕ ਸੈਂਟਰ ਖੁੱਲ੍ਹਿਆ, ਬੋਮ੍ਹ ਨੂੰ ਕ੍ਰਿਸ਼ਨਾਮੂਰਤੀ ਦੇ ਘੇਰੇ ਵਿੱਚ ਆਏ ਨੂੰ ਵੀਹ ਸਾਲ ਤੋਂ ਉੱਪਰ ਹੋ ਗਏ ਸਨ ਅਤੇ ਹਾਲ ਹੀ ਵਿੱਚ ਦੋਨਾਂ ਹਸਤੀਆਂ ਨੇ  ਰਲ ਕੇ  ਇੱਕ ਕਿਤਾਬ 'ਸਮੇ ਦਾ ਅੰਤ' `ਤੇ ਕੰਮ ਕੀਤਾ ਸੀ।  ਚੰਦਾ ਆਪਣੇ ਬਰੌਕਵੁੱਡ ਵਾਲੇ ਸਮੇਂ ਦੌਰਾਨ ਬੋਮ੍ਹ ਨੂੰ ਚੰਗੀ ਤਰ੍ਹਾਂ ਮਿਲ ਚੁੱਕੀ ਸੀ, ਅਤੇ ਐਲਨ ਐਂਡਰਸਨ ਵਾਂਗ ਉਹ ਵੀ ਉਸ ਲਈ ਵਿਵੇਕ ਅਤੇ ਸਲਾਹ ਲੈਣ ਲਈ ਵੱਡਾ ਸੋਮਾ ਸੀ। ਬੋਮ੍ਹ ਉਹੀ ਆਦਮੀ ਸੀ ਜਿਸ ਬਾਰੇ ਜੈਕੀ ਤੇ ਸੁਰਜੀਤ ਨੇ ਸਭ ਤੋਂ ਪਹਿਲਾਂ ਸੋਚਿਆ ਸੀ ਜਦੋਂ ਕ੍ਰਿਸ਼ਨਾਮੂਰਤੀ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਕ੍ਰਿਸ਼ਨਾਮੂਰਤੀ ਐਜੂਕੇਸ਼ਨ ਸੈਂਟਰ ਨੂੰ ਕਨੇਡਾ ਵਿੱਚ ਗਿਆਤ ਕਰਵਾਉਣ ਲਈ ਉਹ ਕੀ ਕਰ ਰਹੀਆਂ ਸਨ। 1978 ਵਿੱਚ ਬੋਮ੍ਹ ਭਾਸ਼ਣ ਟੂਰ ਕਰਨ ਲਈ ਸਹਿਮਤ ਹੋ ਗਿਆ ਅਤੇ ਸਾਰਲ ਵੀ ਨਾਲ ਆ ਰਹੀ ਸੀ ਅਤੇ ਸੁਰਜੀਤ ਨੇ ਕਾਰ ਚਲਾਉਣ ਦਾ ਕੰਮ ਸੰਭਾਲ ਲਿਆ, ਬੋਮ੍ਹ ਨੇ ਕਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਨੇਡੀਅਨ ਯੂਨੀਵਰਸਿਟੀਆਂ ਦੇ ਸਰੋਤਿਆ ਸਾਹਮਣੇ ਭੌਤਿਕ ਵਿਗਿਆਨ ਅਤੇ ਫਿਲਾਸਫੀ ਬਾਰੇ ਭਾਸ਼ਣ ਦਿੱਤੇ, ਅਤੇ ਵੈਨਕੂਵਰ ਟਾਪੂ `ਤੇ ਨਵੇਂ ਕ੍ਰਿਸ਼ਨਾਮੂਰਤੀ ਸਕੂਲ ਵਿੱਚ ਵੀ। ਸੁਰਜੀਤ ਨੂੰ ਬੋਮ੍ਹ ਜੋੜੀ ਦਿਲਚਸਪ ਲੱਗੀ ਅਤੇ ਉਨ੍ਹਾਂ ਨਾਲ ਉਸਦੀ ਲੰਬੀ ਨਿਭਣ ਵਾਲੀ ਦੋਸਤੀ ਪੈ ਗਈ।

ਸਵੈਨਵਿੱਕ ਸੈਂਟਰ ਦਾ ਲਾਭ ਉਠਾਉਣ ਵਾਲਿਆਂ ਵਿੱਚ ਵਿਕਟੋਰੀਆ ਦੇ ਥੀਓਸੌਫੀਕਲ ਸੁਸਾਇਟੀ ਦੇ ਮੈਂਬਰ, ਅਤੇ ਵੰਨ-ਸਵੰਨੇ ਤੇ ਦੂਰ-ਦੁਰੇਡੇ ਤੋਂ ਪੁੱਛ-ਗਿੱਛ ਕਰਨ ਵਾਲੇ ਯਾਤਰੀਆਂ ਦੇ ਸਮੂਹ ਜਿਹੜੇ ਬੁੱਧਤਵ, ਯੋਗਾ, ਸੂਫੀਮੱਤ ਅਤੇ ਮਨੁੱਖੀ ਸੰਭਾਵਨਾਵਾਂ `ਤੇ ਵੱਖ-ਵੱਖ ਚਿੰਤਨ ਕਰਦੇ ਸਨ, ਅਤੇ ਜਿਹੜੇ ਕ੍ਰਿਸ਼ਨਾਮੂਰਤੀ ਵਾਤਾਵਰਣ ਵਿੱਚ ਭਾਈਚਾਰਾ ਮਹਿਸੂਸ ਕਰਦੇ ਸਨ। ਸਵੈਨਵਿੱਕ ਸੈਂਟਰ ਦੇ ਅਧਿਆਤਮਿਕ ਕੇਂਦਰ ਵਜੋਂ ਜਵਾਨ ਹੋਣ ਤੋਂ ਬਾਅਦ ਜਿਹੜਾ ਭਾਸ਼ਣਕਾਰ ਇੱਥੇ ਨਹੀਂ ਸੀ ਪਹੁੰਚਿਆ, ਉਹ ਆਪ ਕ੍ਰਿਸ਼ਨਾਮੂਰਤੀ ਸੀ। ਜਦੋਂ ਉਹ 1978 ਵਿੱਚ ਵੋਲਫ ਲੇਕ ਸਕੂਲ ਵਿੱਚ ਆਇਆ ਸੀ ਤਾਂ ਉਹ ਸ਼ਿਕਾਇਤ ਕਰਦਾ ਸੀ ਕਿ ਉਸਦੀ ਉਮਰ ਦੇ ਆਦਮੀ ਲਈ ਯਾਤਰਾ ਬਹੁਤ ਭਾਰੂ ਸੀ, ਭਾਵੇਂ ਉਹ ਲਗਾਤਾਰ ਦੁਨੀਆਂ ਦੇ ਚੱਕਰ ਲਾ ਰਿਹਾ ਸੀ, ਜੈਸਟਾਡ ਤੋਂ ਓਹਾਏ ਤੇ ਉੱਥੋਂ  ਮਦਰਾਸ। ਕਿਸੇ ਤਰ੍ਹਾਂ ਉਸ ਨੂੰ ਬੀ. ਸੀ. ਦੀ ਯਾਤਰਾ ਦੂਜਿਆਂ ਨਾਲੋਂ ਦੁਰੇਡੀ ਲਗਦੀ ਸੀ। ਅਤੇ ਉਸ ਨੇ ਸੁਰਜੀਤ ਨੂੰ ਕਿਹਾ ਉਸਦਾ ਦੌਰਾ ਹਰ ਇੱਕ ਨੂੰ ਵਕਤੀ ਹੁਲਾਰਾ ਦੇਵੇਗਾ ਅਤੇ ਉਸਦੇ ਮੁੜਦਿਆਂ ਹੀ ਉਹ ਖਤਮ ਹੋ ਜਾਵੇਗਾ। ਸੁਰਜੀਤ ਨੇ ਦੋ ਸਾਲ ਬਾਅਦ ਉਸ ਨੂੰ ਫਿਰ ਪੁੱਛਿਆ ਜਦੋਂ ਉਹ ਪੱਚਾਸੀ ਸਾਲ ਦਾ ਸੀ, ਅਤੇ ਉਸ ਨੇ ਸੁਰਜੀਤ ਨੂੰ ਕਿਹਾ ਕਿ ਉਸ ਨੂੰ ਆਪਣੇ ਭਾਸ਼ਣ ਘਟਾਉਣੇ ਪੈਣਗੇ ਕਿਉਂ ਕਿ ਹਰ ਭਾਸ਼ਣ ਤੋਂ ਬਾਅਦ ਉਸ ਨੂੰ ਰਾਜ਼ੀ ਹੋਣ ਵਿੱਚ ਦੋ ਦਿਨ ਲੱਗਦੇ ਸਨ। ਇਹ ਵਾਰਤਾਲਾਪ ਜੈਸਟਾਡ ਵਿੱਚ ਹੋਈ, ਜਿੱਥੇ ਉਹ ਆਪਣੀ ਪੁਰਾਣੀ ਦੋਸਤ ਵਾਂਡਾ ਸਕਾਰਾਵੈਲੀ ਦਾ ਮਹਿਮਾਨ ਸੀ। ਉਹ ਉੱਥੇ ਨਹੀਂ ਸੀ, ਅਤੇ ਇੱਕ ਹੋਰ ਪੁਰਾਣੀ ਦੋਸਤ, ਮੈਰੀ (ਟੇਲਰ)ਜ਼ਿੰਬਾਲਿਸਟ, ਫਿਲਮ ਨਿਰਮਾਤਾ ਸੈਮ ਜ਼ਿੰਬਾਲਿਸਟ ਦੀ ਵਿਧਵਾ, ਕ੍ਰਿਸ਼ਨਾਮੂਰਤੀ ਦੀ ਦੇਖ ਭਾਲ ਕਰ ਰਹੀ ਸੀ। ਉਹ ਕ੍ਰਿਸ਼ਨਾਮੂਰਤੀ ਦੀ ਰੱਖਿਅਕ ਬਣੀ ਹੋਈ ਸੀ ਤੇ ਉਹ ਤੁਰਤ ਬੋਲੀ ਕਿ ਹਰ ਇੱਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕ੍ਰਿਸ਼ਨਾਮੂਰਤੀ ਉੱਥੇ ਆਉਣ ਦੇ ਯੋਗ ਨਹੀਂ ਹੋਵੇਗਾ।(17) ਜੈਕੀ ਤੇ ਸੁਰਜੀਤ ਨੂੰ ਇਹ ਬੇਤੁਕੀ ਗੱਲ ਲੱਗੀ।  ਉਨ੍ਹਾਂ ਨੂੰ ਕ੍ਰਿਸ਼ਨਾਮੂਰਤੀ ਦੇ ਦੋਸਤਾਂ ਦੇ ਅੰਦਰਲੇ ਘੇਰੇ ਨਾਲ ਸਬੰਧਤ ਹੋਣ ਦਾ ਕੋਈ ਭਰਮ ਨਹੀਂ ਸੀ ਅਤੇ ਨਾ ਹੀ ਉਸ ਨੂੰ ਖਾਸ ਬੇਨਤੀ ਕਰਨ ਦੇ ਅਧਿਕਾਰੀ ਹੋਣ ਦਾ।

ਨੱਬੇ ਸਾਲ ਦੀ ਉਮਰ ਤੋਂ ਉੱਪਰ ਹੋਣ ਤੱਕ ਉਹ ਆਪਣੇ ਵਿਰੋਧ ਦੇ ਬਾਵਜੂਦ ਵੀ ਸਾਲ ਵਿੱਚ 120 ਭਾਸ਼ਣ ਕਰਦਾ ਰਿਹਾ। ਜੈਕੀ ਤੇ ਸੁਰਜੀਤ ਹਾਲੇ ਵੀ ਹਰ ਸਾਲ ਜੁਲਾਈ-ਅਗਸਤ ਵਿੱਚ ਉਸਦੇ ਸਾਨੇਨ ਵਾਲੇ ਭਾਸ਼ਣਾਂ ਵਿੱਚ ਜਾਂਦੀਆਂ ਅਤੇ ਆਮ ਤੌਰ `ਤੇ ਉਸਦਾ ਧਿਆਨ ਖਿੱਚਣ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਪਿੱਛੇ ਹੀ ਰਹਿੰਦੀਆਂ। ਉੱਥੇ ਬਹੁਤ ਸਾਰੀਆਂ ਫੇਰੀਆਂ ਕਾਰਣ ਉਨ੍ਹਾਂ ਦਾ ਉਸ ਇਲਾਕੇ ਨਾਲ ਡੂੰਘਾ ਮੋਹ ਹੋ ਗਿਆ, ਅਤੇ ਉੱਥੇ  ਉਹ ਕਈ ਵਾਰੀ ਸਿਰਫ ਸੈਰ-ਸਪਾਟੇ ਲਈ ਹੀ ਚਲੀਆਂ ਜਾਂਦੀਆਂ। ਇਸੇ ਲਈ ਹੀ ਜੈਕੀ ਤੇ ਡੌਨੀ ਫਰਵਰੀ 1986 ਵਿੱਚ ਜੈਸਟਾਡ ਵਿੱਚ ਸਨ, ਜਦੋਂ ਜੈਕੀ ਨੂੰ ਪਤਾ ਲੱਗਾ ਕਿ ਓਹਾਏ ਵਿੱਚ ਕ੍ਰਿਸ਼ਨਾਮੂਰਤੀ ਬਹੁਤ ਬੀਮਾਰ ਸੀ। ਉਸ ਨੇ ਸੁਰਜੀਤ ਨੂੰ ਫੋਨ ਕੀਤਾ, ਜਿਸ ਨੇ ਤੁਰਤ ਹੀ ਕੈਲੇਫੋਰਨੀਆ ਦੀ ਉਡਾਣ ਲੈ ਕੇ ਸਮੇਂ ਸਿਰ ਉਸ ਨਾਲ ਆਖਰੀ ਮੁਲਾਕਾਤ ਕਰ ਲਈ। 17 ਫਰਵਰੀ ਨੂੰ ਜੈਕੀ ਆਪ ਵੀ ਉਸਦੇ ਆਖਰੀ ਦਰਸ਼ਨ ਕਰਨ ਲਈ ਓਹਾਏ ਜਾਣ ਦੀ ਤਿਆਰੀ ਕਰ ਰਹੀ ਸੀ ਜਦੋਂ ਸੁਰਜੀਤ ਨੇ ਫੋਨ ਰਾਹੀਂ ਦੱਸਿਆ ਕਿ ਉਹ ਉਸ ਦਿਨ ਇਕੱਨਵੇਂ ਸਾਲ ਦੀ ਉਮਰ ਵਿੱਚ ਫੌਤ ਹੋ ਗਿਆ ਸੀ। (18)

ਜਿਉਂ ਜਿਉਂ ਉਹ ਬੁੱਢਾ ਹੋਇਆ ਸੀ, ਕ੍ਰਿਸ਼ਨਾਮੂਰਤੀ ਆਪਣੀਆਂ ਸਿੱਖਿਆਵਾਂ ਪ੍ਰਤੀ ਕਿ ਉਨ੍ਹਾਂ ਨੂੰ ਕਿਵੇਂ ਚੱਲਦੇ ਰੱਖਣਾ ਸੀ, ਜ਼ਿਆਦਾ ਚਿੰਤਾਤੁਰ ਹੋ ਗਿਆ ਸੀ(ਪਹਿਲਾਂ ਉਹ ਕਹਿੰਦਾ ਸੀ ਕਿ ਇਸਦਾ ਕੋਈ ਮਹੱਤਵ ਨਹੀਂ ਕਿਉਂ ਕਿ ਜਦੋਂ ਉਹ ਚਲਾ ਗਿਆ, ਕਹਾਣੀ ਖਤਮ ਹੋ ਜਾਵੇਗੀ)।(19) ਇਹ ਚਿੰਤਾ, ਜੈਕੀ ਤੇ ਸੁਰਜੀਤ ਵੱਲੋਂ ਸਵੈਨਵਿੱਕ ਕੇਂਦਰ ਸ਼ੁਰੂ ਕਰਨ ਤੋਂ ਕਈ ਸਾਲ ਪਹਿਲਾਂ ਉਹ ਵਿਅਕਤ ਕਰਨ ਲੱਗਾ ਸੀ, ਅਤੇ ਇਹ ਕ੍ਰਿਸ਼ਨਾਮੂਰਤੀ ਦੇ ਭਾਰਤ ਵਿਚਲੇ ਸਕੂਲਾਂ, ਤੇ ਬਰੌਕਵੁੱਡ ਪਾਰਕ ਤੇ ਓਹਾਏ ਦੁਆਲੇ ਘੁੰਮਦੀ ਸੀ, ਅਤੇ ਇਸਦੇ ਨਾਲ ਨਾਲ ਉਸਦੇ ਪ੍ਰਕਾਸ਼ਨਾ ਅਤੇ ਉਸਦੀਆਂ ਸਿੱਖਿਆਵਾਂ ਦੇ ਲਗਾਤਾਰ ਪ੍ਰਸਾਰਣ ਦੁਆਲੇ ਵੀ ਘੁੰਮਦੀ ਸੀ ਕਿ ਉਨ੍ਹਾਂ ਨੂੰ ਕਿਵੇਂ ਤਾਜ਼ਾ ਰੱਖਣਾ ਸੀ ਜਾਂ  ਉਸਦੇ ਸ਼ਬਦਾਂ ਨੂੰ ਵਰਤਦੇ ਸਮੇਂ ਕਿਵੇਂ ਯਕੀਨੀ ਬਣਾਉਣਾ ਸੀ ਕਿ ਉਸਦੀ ਮੌਤ ਤੋਂ ਬਾਅਦ ਉਨ੍ਹਾਂ ਦੀ "ਮਹਿਕ" ਚਿਰਾਂ ਤੱਕ ਆਉਂਦੀ ਰਹੇ। ਉਸਦਾ ਹੱਲ ਸੀ ਕਿ ਕ੍ਰਿਸ਼ਨਾਮੂਰਤੀ ਰਵਾਇਤਾਂ ਦਾ ਭਵਿੱਖ ਕ੍ਰਿਸ਼ਨਾਮੂਰਤੀ ਫਾਊਂਡੇਸ਼ਨਾਂ ਦੇ ਸਪੁਰਦ ਕੀਤਾ ਜਾਵੇ ਜਿਹੜੀਆਂ ਉਸਨੇ ਅਤੇ ਉਸਦੇ ਮਿੱਤਰਾਂ ਨੇ ਇੰਗਲੈਂਡ, ਅਮਰੀਕਾ ਅਤੇ ਭਾਰਤ ਵਿੱਚ ਸਥਾਪਤ ਕੀਤੀਆਂ ਸਨ। ਇਹ ਫਾਊਂਡੇਸ਼ਨਾਂ ਅੱਜ ਵੀ ਸਰਗਰਮ ਹਨ, ਅਤੇ ਜੈਕੀ ਤੇ ਸੁਰਜੀਤ ਦੇ ਕ੍ਰਿਸ਼ਨਾਮੂਰਤੀ ਐਜੂਕੇਸ਼ਨ ਸੈਂਟਰ ਆਫ ਕਨੇਡਾ ਰਾਹੀਂ ਉਸਦੀਆਂ ਸਿੱਖਿਆਵਾਂ ਵੀ ਜ਼ਿੰਦਾ ਹਨ।

ਕ੍ਰਿਸ਼ਨਾਮੂਰਤੀ ਕੇਂਦਰ ਅਤੇ ਔੜ ਵਾਲੇ ਕਪੂਰ ਸਿੰਘ ਕਨੇਡੀਅਨ ਹਸਪਤਾਲ ਰਾਹੀਂ ਜੈਕੀ ਤੇ ਸੁਰਜੀਤ ਨੇ ਆਪਣੇ ਪਰਵਾਸੀ ਮਾਪਿਆਂ ਦੇ ਸੁਪਨਿਆਂ `ਤੇ ਫੁੱਲ ਚੜ੍ਹਾਏ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਪ੍ਰਾਜੈਕਟਾਂ ਤੋਂ ਵੱਧ ਤੋਂ ਵੱਧ ਨਤੀਜੇ ਲੈਣ ਲਈ ਆਪਣਾ ਸਮਾਂ, ਪ੍ਰਤਿਭਾ,ਅਤੇ ਆਪਣੇ ਸੋਮੇ ਦਾਨ ਕੀਤੇ। ਉਨ੍ਹਾਂ ਦਾ ਕੰਮ ਸਥਾਨਕ ਪੱਧਰ `ਤੇ ਸੀ, ਪਰ ਇਸਦੇ ਮਗਰ ਉਨ੍ਹਾਂ ਦਾ ਜੋਸ਼ ਅਤੇ ਮਕਸਦ ਬਹੁਤ ਵੱਡੇ ਸਨ, ਅਤੇ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿੱਚ ਉਹ ਹਾਂ-ਪੱਖੀ ਚੀਜ਼ਾਂ ਲਿਆਂਦੀਆਂ , ਜਿਹੜੀਆਂ ਉਦੋਂ ਹੀ ਆ ਸਕਦੀਆਂ ਸਨ, ਜਦੋਂ ਦਰਵਾਜ਼ੇ ਖੁੱਲ੍ਹੇ ਹੋਣ ਅਤੇ ਲੋਕ ਦਾਖਲ ਹੋਣ ਲਈ ਆਜ਼ਾਦ ਹੋਣ।

Read 114 times Last modified on Tuesday, 01 May 2018 12:36