ਲੇਖ਼ਕ

Tuesday, 01 May 2018 12:30

18. ਕਿਲੇ ਦੇ ਮੋਤੀ - ਇੱਕ ਸਦੀ ਦੇ ਆਰ-ਪਾਰ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਭਾਵੇਂ ਇਹ ਉਨ੍ਹਾਂ ਨਾਲ ਨਹੀਂ ਵਾਪਰਿਆ, ਪਰ ਜੈਕੀ ਤੇ ਸੁਰਜੀਤ ਆਪਣੇ ਪਿਤਾ ਦੇ ਉੱਤਰੀ ਅਮਰੀਕਾ ਵਿੱਚ ਪਹੁੰਚਣ ਦੀ ਕੋਤਰ ਸੌਵੀਂ ਵਰ੍ਹੇ ਗੰਢ ਮਨਾ ਸਕਦੀਆਂ ਸਨ ਜਦੋਂ ਉਨ੍ਹਾਂ ਨੇ 2007 ਵਿੱਚ ਸਵੈਨਵਿੱਕ ਕੇਂਦਰ ਖੋਲ੍ਹਿਆ।(ਭਾਰਤੀ ਸੱਭਿਆਚਾਰ ਵਿੱਚ ਇੱਕ ਸੌ ਇੱਕ ਨੰਬਰ ਸੁਲੱਖਣਾ ਹੈ) ਇਹ ਬਹੁਤ ਢੁੱਕਵਾਂ ਹੋਣਾ ਸੀ ਕਿਉਂ ਕਿ ਉਹ ਹਾਲੇ ਵੀ ਔੜ ਵਾਲੇ ਹਸਪਤਾਲ ਅਤੇ ਸਵੈਨਵਿੱਕ ਕੇਂਦਰ ਰਾਹੀਂ ਆਪਣੇ ਮਾਪਿਆਂ ਦੀਆਂ ਆਸਾਂ `ਤੇ ਫੁੱਲ ਚੜ੍ਹਾ ਰਹੀਆਂ ਸਨ। ਉਹ ਆਪਣੇ ਪਰਿਵਾਰ ਦੇ ਲਗਾਤਾਰ ਕਾਮਯਾਬ ਕਾਰੋਬਾਰ ਤੋਂ ਲੋਕ ਭਲਾਈ ਅਤੇ ਸੇਵਾ ਵੱਲ ਵਿਕਾਸ ਦੀ ਜ਼ਿੰਦਗੀ ਜਿਉਂ ਰਹੀਆਂ ਸਨ।

ਸਿੱਖਾਂ ਵਿੱਚ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਅਤੇ ਦਾਨ ਲਈ ਬਹੁਤ ਸਾਰੇ ਪਵਿੱਤਰ ਸ਼ਲੋਕ ਅਤੇ ਬਹੁਤ ਸਾਰੀਆਂ ਪ੍ਰਚੱਲਤ ਕਹਾਵਤਾਂ ਹਨ। ਜੇ ਅਸੀਂ ਉਨ੍ਹਾਂ ਵੱਲੋਂ ਆਪਣੀਆਂ ਬੇਟੀਆਂ ਨੂੰ ਦੱਸੇ ਰਾਹਾਂ ਵੱਲ ਝਾਤ ਮਾਰੀਏ, ਕਪੂਰ ਅਤੇ ਬਸੰਤ ਕੌਰ ਵੀ ਇਨ੍ਹਾਂ ਹੀ ਕਦਰਾਂ ਤੋਂ ਪ੍ਰੇਰਤ ਲੱਗਦੇ ਸਨ ਅਤੇ ਉਨ੍ਹਾਂ ਦੀ ਪਿੱਠ-ਭੂਮੀ ਵਿੱਚ ਇੱਕ ਹੋਰ ਪ੍ਰਭਾਵ ਵੀ ਸੀ, ਜਿਸਨੇ ਉਨ੍ਹਾਂ ਲਈ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਸੁਭਾਵਕ ਬਣਾ ਦਿੱਤਾ। ਉਹ ਦਿਹਾਤੀ ਪੰਜਾਬ ਦੇ ਜ਼ਮੀਨਾਂ ਦੇ ਮਾਲਕ ਪਤਵੰਤੇ ਲੋਕਾਂ ਵਿੱਚੋਂ ਸਨ,ਅਤੇ ਅਗਾਂਹ ਜ਼ਮੀਨਾਂ ਦੇ ਮਾਲਕ ਪਰਿਵਾਰਾਂ ਵਿੱਚੋਂ ਵੀ ਆਪਣੇ 'ਜਗੀਰਦਾਰ' ਘਰਾਣੇ ਕਾਰਣ ਵਿਲੱਖਣ ਸਨ। ਉਨ੍ਹਾਂ ਦੇ ਪਰਿਵਾਰਾਂ ਕੋਲ ਹਮੇਸ਼ਾਂ ਹੀ ਪਿੰਡ ਦੇ ਸਾਇਲ ਹੁੰਦੇ ਸਨ ਜਿਵੇਂ ਰਿਸ਼ਤੇਦਾਰ, ਨੌਕਰ, ਅਤੇ ਸੇਵਕ, ਜਿਨ੍ਹਾਂ ਦਾ ਉਹ ਖਿਆਲ ਰੱਖਦੇ। ਪੰਜਾਬੀ ਟਿੱਪਣੀਕਾਰ ਪੰਜਾਬੀ ਪੇਂਡੂਆਂ ਨੂੰ ਕੁਝ ਦੇਣ ਦਾ ਇੱਕ ਘੱਟ ਆਕਰਸ਼ਕ ਪੱਖ ਵੀ ਦੱਸਦੇ ਹਨ: ਦਾਨ ਰਾਹੀਂ ਰੁਤਬੇ ਅਤੇ ਇੱਜ਼ਤ ਲਈ ਮੁਕਾਬਲਾ।(1)  ਪਰ ਕਪੂਰ ਤੇ ਬਸੰਤ ਕੌਰ ਇਸ ਤੋਂ ਸਾਫ ਰਹੇ। ਜੇ ਕਪੂਰ ਆਪਣੇ ਜੱਦੀ ਪਿੰਡ ਵਿੱਚ ਆਪਣਾ ਸਮਾਰਕ ਚਿੰਨ੍ਹ ਬਣਾਉਣਾ ਚਾਹੁੰਦਾ ਤਾਂ ਉਹ ਪਰਿਵਾਰ ਦਾ ਹਸਪਤਾਲ ਖੜੌਦੀ ਵਿੱਚ ਬਣਾਉਂਦਾ। ਉਸ ਨੇ ਅਤੇ ਉਸਦੇ ਪਰਿਵਾਰ ਨੇ ਇਹ ਹਸਪਤਾਲ ਬਸੰਤ ਕੌਰ ਦੇ ਪਿੰਡ ਵਿੱਚ ਬਣਾਇਆ, ਇਹ ਵੀ ਉਨ੍ਹਾਂ ਨੇ ਉਦੋਂ ਬਣਾਇਆ ਜਦੋਂ ਉਨ੍ਹਾਂ ਨੂੰ ਫਗਵਾੜੇ ਸ਼ਹਿਰ ਵਿੱਚ ਬਣਾਉਣਾ ਅਸੰਭਵ ਲੱਗਾ। ਉਹ ਆਪਣੇ ਰੁਤਬੇ ਨੂੰ ਹਵਾ ਦੇਣ ਲਈ ਹੀ ਦੋਨਾਂ ਪਿੰਡਾਂ ਵਿੱਚੋਂ ਕਿਸੇ ਇੱਕ ਵਿੱਚ ਨਹੀਂ ਸੀ ਬਣਾ ਰਹੇ।

ਲੱਗਦਾ ਹੈ ਕਿ ਕਪੂਰ ਨੂੰ ਆਪਣੇ ਜਨਮ ਵਾਲੇ ਪਿੰਡ ਦਾ ਥੋੜ੍ਹਾ ਜਿਹਾ ਹੀ ਹੇਰਵਾ ਸੀ। ਇਹ ਯਕੀਨਨ ਹੀ ਉਸ ਲਈ ਓਨਾਂ ਮਹੱਤਵਪੂਰਨ ਨਹੀਂ ਸੀ, ਜਿੰਨਾਂ ਬਸੰਤ ਕੌਰ ਲਈ ਔੜ ਸੀ ਅਤੇ ਇਸ ਗੱਲ ਦੀ ਸਮਝ ਵੀ ਆਉਂਦੀ ਹੈ। ਜਦੋਂ ਉਹ ਹਾਲੇ ਪ੍ਰਾਇਮਰੀ ਸਕੂਲ ਵਿੱਚ ਹੀ ਸੀ, ਉਸਦੀ ਮਾਂ ਦੀ ਮੌਤ ਹੋ ਗਈ, ਅਤੇ ਹਾਈ ਸਕੂਲ ਵਿੱਚ ਪੜ੍ਹਣ ਵੇਲੇ ਉਹ ਆਪਣੀ ਮਾਸੀ ਦੇ ਪਿੰਡ ਰਹਿੰਦਾ ਰਿਹਾ। ਫਿਰ ਉਹ ਕੋਲਕਤੇ ਦੇ ਬਿਜ਼ਨਸ ਕਾਲਜ ਵਿੱਚ ਦਾਖਲ ਹੋ ਗਿਆ ਅਤੇ ਉਸ ਤੋਂ ਤਕਰੀਬਨ ਤੁਰਤ ਬਾਅਦ ਹੀ ਪ੍ਰਵਾਸ ਧਾਰ ਗਿਆ। ਵਿਦੇਸ਼ ਜਾ ਕੇ ਉਹ ਕੋਈ ਚੌਥਾਈ ਸਦੀ ਬਾਅਦ ਵਾਪਸ ਆਇਆ। ਅਤੇ ਜਦੋਂ ਉਹ ਲੰਬੀਆਂ ਛੁੱਟੀਆਂ ਲਈ ਵਾਪਸ ਆਇਆ, ਉਹ ਉਸ ਨੇ ਔੜ ਵਿੱਚ ਬਿਤਾ ਦਿੱਤੀਆਂ। ਭਾਵੇਂ ਲੱਗਦਾ ਸੀ ਕਿ ਉਹ ਪਿੰਡ ਖੜੌਦੀ ਨਾਲ ਭਾਵੁਕ ਸਾਂਝ ਗਵਾ ਚੁੱਕਾ ਸੀ, ਪਰ ਉਸ ਪਿੰਡ ਤੋਂ ਅਤੇ ਮਾਹਲਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਉਸਦੇ ਰਿਸ਼ਤੇਦਾਰ ਅਤੇ ਗਰਾਂਈ ਸਾਰੀ ਉਮਰ ਉਸਦੇ ਨਾਲ ਰਹੇ।

ਆਖਰ ਨੂੰ ਕਪੂਰ ਨੇ ਮਾਹਲਪੁਰ ਇਲਾਕੇ ਦੇ ਹੋਰ ਪਰਵਾਸੀਆਂ ਦੇ ਸਾਥ ਨਾਲ ਉੱਤਰੀ ਅਮਰੀਕਾ ਵਿੱਚ ਕਾਮਯਾਬੀ ਹਾਸਲ ਕਰ ਲਈ। ਇਹ ਉਸਦੀ ਭਾਰਤ ਨੂੰ ਛੱਡਣ, ਕੈਲੇਫੋਰਨੀਆ ਵਿੱਚ ਉਸਦੇ ਸਾਲਾਂ, ਉਸਦੀ ਕਨੇਡਾ ਵਿੱਚ ਸ਼ੁਰੂਆਤ, ਅਤੇ ਲੱਕੜ ਦੇ ਕਾਰੋਬਾਰ ਵਿੱਚ ਪ੍ਰਵੇਸ਼ ਦੀ ਕਹਾਣੀ ਸੀ। ਉਸਦੇ ਮਾਹਲਪੁਰ ਦੇ ਸਾਥੀਆਂ ਦਾ ਪ੍ਰਭਾਵ, ਭਰਾਤਰੀ ਭਾਵ ਅਤੇ ਸਾਂਝ ਉਸਦੀ ਨਵੀਂ ਦੁਨੀਆਂ `ਚ ਸਥਾਪਤੀ ਵਿੱਚ ਮਹੱਤਵਪੂਰਨ ਰਹੇ। ਉਸਦੀ ਉੱਤਰੀ ਅਮਰੀਕਾ ਵਿੱਚ ਮੌਕਿਆਂ ਦੀ ਭਾਲ ਲਈ ਉਸ ਕੋਲ ਆਪਣੀਆਂ ਦੋ ਅੱਖਾਂ ਨਾਲੋਂ ਜ਼ਿਆਦਾ ਅੱਖਾਂ ਸਨ ਅਤੇ ਹੋਰ ਤਜਰਬੇ, ਰਾਇ, ਊਰਜਾ ਅਤੇ ਉਸਦੇ ਆਪਣੇ ਤੌਰ `ਤੇ ਇਕੱਠਾ ਕਰਨ ਨਾਲੋਂ ਜ਼ਿਆਦਾ ਸਰਮਾਏ, ਦਾ ਵੀ ਲਾਭ ਸੀ। ਉਸਦੇ ਆਲੇ-ਦੁਆਲੇ ਦੇ ਲੋਕਾਂ ਲਈ ਉਸਦੀ ਅੰਗ੍ਰਜ਼ੀ ਜ਼ੁਬਾਨ `ਤੇ ਪਕੜ, ਉਸਦੀ ਵਿੱਦਿਆ, ਅਤੇ ਸ਼ਾਇਦ ਉਸਦੇ ਸਹਿਜ, ਸੋਚ ਵਿਚਾਰ ਕਰਨ ਵਾਲੇ ਅਤੇ ਸੰਤੁਲਿਤ ਵਿਅਕਤੀਤਵ ਕਰਕੇ ਉਹ ਹਮੇਸ਼ਾ ਹੀ ਖਾਸ ਰਿਹਾ ਸੀ। ਉਸ ਲਈ ਉਨ੍ਹਾਂ ਵੱਲੋਂ ਵਰਤਿਆ ਜਾਂਦਾ "ਬਾਬੂ" ਸੰਬੋਧਨ ਹੀ ਇਹ ਜ਼ਾਹਰ ਕਰਦਾ ਸੀ। (ਇੱਥੋਂ ਤੱਕ ਕਿ ਉਸਦਾ ਛੋਟਾ ਭਰਾ ਤਾਰਾ ਵੀ ਉਸ ਨੂੰ ਇਸੇ ਸੰਬੋਧਨ ਨਾਲ ਬਲਾਉਂਦਾ ਸੀ)। ਪਰ ਉਸਦੀ ਹੋਣਹਾਰ ਪਰਵਾਸੀ ਉਦਯੋਗਪਤੀ ਵਜੋਂ ਮੁੱਢਲੀ ਤਰੱਕੀ ਉਨ੍ਹਾਂ ਨਾਲ ਭਾਈਵਾਲੀ `ਤੇ ਨਿਰਭਰ ਕਰਦੀ ਸੀ।

ਇੱਕ ਪਰਵਾਸੀ ਵਜੋਂ ਕਪੂਰ ਨੇ ਕੁਝ ਸਾਲਾਂ ਬਾਅਦ ਜਾਇਦਾਦ ਅਤੇ ਛੋਟੇ ਕਾਰੋਬਾਰ ਵਿੱਚ ਨਿਵੇਸ਼ ਕਰਨ ਜੋਗੀ ਪੂੰਜੀ ਜੋੜ ਲਈ ਸੀ, ਪਰ ਇੱਕ ਉਦਯੋਗਪਤੀ ਵਜੋਂ ਅਸਲੀ ਕਾਮਯਾਬੀ ਉਸ ਵੱਲੋਂ ਪੱਕੀ ਤਰ੍ਹਾਂ ਨਾਲ ਕਨੇਡਾ ਵਿੱਚ ਵਸਣ ਦੇ ਫੈਸਲੇ ਤੋਂ ਬਾਅਦ ਹੀ ਉਸ ਨੂੰ ਮਿਲੀ। ਉਸਦੇ ਬਹੁਤੇ ਹਮਵਤਨੀਆਂ ਨੇ ਅਖੀਰ ਉਹੀ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਸ਼ੁਰੂ ਵਿੱਚ ਸੋਚਿਆ ਸੀ ਅਤੇ ਦੇਸ਼ ਵਾਪਸ ਪਰਤ ਗਏ। ਇੱਥੇ ਟਿਕੇ ਰਹਿਣ ਦੀ ਚੋਣ ਕਰਕੇ ਉਹ ਇੱਕ ਬਹੁਤ ਘੱਟ ਗਿਣਤੀ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਕਨੇਡਾ ਵਿੱਚ ਪੈਰ ਜਮ੍ਹਾ ਕੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਲਈ ਬਾਅਦ ਵਿੱਚ ਆਸਾਨੀ ਪੈਦਾ ਕਰ ਦਿੱਤੀ। ਦਾੜ੍ਹੀ ਸਾਫ ਕਰਨੀ, ਕੇਸਾਂ ਨੂੰ ਕਟਵਾਉਣਾ ਅਤੇ ਪੱਗ ਦਾ ਤਿਆਗ ਕਰਨਾ ਉਸਦੇ ਟਿਕੇ ਰਹਿਣ ਦੇ ਫੈਸਲੇ ਨੂੰ ਪ੍ਰਗਟਾਉਂਦੇ ਹਨ, ਅਤੇ ਉਹ ਵੀ ਉਸ ਸੰਕਟ ਦੀ ਘੜੀ ਵਿੱਚ ਜਦੋਂ ਗੋਰੇ ਕਨੇਡੀਅਨਾਂ ਵੱਲੋਂ ਵਿਰੋਧ ਵਾਲਾ ਵਤੀਰਾ ਸਿਖਰ `ਤੇ ਸੀ, ਅਤੇ ਸਿੱਖਾਂ ਦਰਮਿਆਨ ਖਾੜਕੂ ਅਤੇ ਨਰਮ ਖਿਆਲੀ ਸਿੱਖਾਂ ਵਿਚਲੀ ਵੰਡ ਨੇ ਹਿੰਸਾਤਮਕ ਰੂਪ ਲੈ ਲਿਆ ਸੀ। ਇਸ ਬਾਰੇ ਉਸਦੀ ਵਿਆਖਿਆ (ਕਈ ਪੱਖਾਂ ਵਾਲੇ ਹਾਲਾਤ ਦੇ ਗੁੰਝਲਦਾਰ ਪ੍ਰਤੀਕਰਮ) ਸੀ ਕਿ ਉਸ ਨੇ ਕਨੇਡਾ ਵਿੱਚ ਰਹਿਣ ਅਤੇ ਕਨੇਡੀਅਨ ਬਨਣ ਨੂੰ ਚੁਣਿਆ ।

ਕਪੂਰ ਲਈ ਕਨੇਡੀਅਨ ਬਨਣ ਦਾ ਮਤਲਬ ਭਾਰਤ ਦਾ ਤਿਆਗ ਕਰਨਾ ਨਹੀਂ ਸੀ। ਉਸ ਨੇ ਸੋਚਿਆ ਕਿ ਉਹ ਹਥਿਆਰਬੰਦ ਕ੍ਰਾਂਤੀਕਾਰੀ ਵਜੋਂ ਵਾਪਸ ਮੁੜਣ ਨਾਲੋਂ ਵਿਦੇਸ਼ ਵਿੱਚ ਰਹਿ ਕੇ ਆਪਣੀ ਮਾਤ-ਭੂਮੀ ਲਈ ਜ਼ਿਆਦਾ ਕੁਝ ਕਰ ਸਕਦਾ ਸੀ। ਅਤੇ ਵਿਦੇਸ਼ ਤੋਂ ਉਸ ਨੇ ਉਹ ਕੁਝ ਕੀਤਾ ਜਿਹੜਾ ਕੁਝ ਉਹ ਭਾਈ ਪਿਆਰਾ ਸਿੰਘ ਲੰਗੇਰੀ,  ਜਿਹੜਾ ਵਾਪਸ ਗਿਆ ਅਤੇ ਅੰਗ੍ਰੇਜ਼ਾਂ ਵੱਲੋਂ ਚਲਾਈ ਜਾਂਦੀ ਜੇਲ੍ਹ ਵਿੱਚ ਬੰਦ ਹੋ ਗਿਆ, ਵਰਗੇ ਆਪਣੇ ਲੋਕਾਂ ਦੀ ਸਹਾਇਤਾ ਕਰਨ ਲਈ ਕਰ ਸਕਦਾ ਸੀ। ਜਦੋਂ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਆਗੂ ਵਜੋਂ ਉੱਭਰ ਕੇ ਆਇਆ, ਕਪੂਰ ਉਸਦੇ ਅਹਿੰਸਾਵਾਦੀ ਫਲਸਫੇ ਨੂੰ ਪ੍ਰਣਾਇਆ ਗਿਆ ਅਤੇ ਜਨਤਕ ਤੌਰ `ਤੇ ਗਾਂਧੀ ਦੇ ਪੈਰੋਕਾਰ ਵਜੋਂ ਬੋਲਣ ਲੱਗਾ। ਪਰ ਉਸ ਨੇ ਭਾਈ ਪਿਆਰਾ ਸਿੰਘ ਵਰਗੇ ਕ੍ਰਾਂਤੀਕਾਰੀਆਂ ਪ੍ਰਤੀ ਮੋਹ ਅਤੇ ਹਮਦਰਦੀ ਕਦੇ ਵੀ ਨਾ ਗਵਾਈ, ਜਿਨ੍ਹਾਂ ਨੇ ਦੇਸ਼ ਭਗਤੀ ਲਈ ਜੇਲ੍ਹਾਂ ਕੱਟੀਆਂ ਜਾਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਸ ਨੂੰ ਇਸ ਤਰ੍ਹਾਂ ਬੋਲਦਿਆਂ ਸੁਣ ਕੇ, ਜੈਕੀ ਤੇ ਸੁਰਜੀਤ ਨੇ ਆਪਣੇ ਆਪ ਨੂੰ ਖਾੜਕੂ ਗਦਰੀ ਕ੍ਰਾਂਤੀਕਾਰੀ ਬਣਾਉਣ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਉਸਦੇ ਅਹਿੰਸਾਵਾਦੀ ਆਦਰਸ਼ ਅਤੇ ਕੌਮੀ ਅਹਿਸਾਸ ਕੁੜੀਆਂ ਦੇ ਮਨਾਂ ਵਿੱਚ ਜਮ੍ਹਾਂ ਹੋ ਗਏ। ਕਿਸੇ ਬਾਹਰਲੇ ਨੂੰ ਸ਼ਾਇਦ ਇਹ ਵਿਰੋਧਾਭਾਸੀ ਲੱਗੇ, ਪਰ ਇਹ ਉਨ੍ਹਾਂ ਲਈ ਇਸ ਤਰ੍ਹਾਂ ਨਹੀਂ ਸੀ। ਉਨ੍ਹਾਂ ਨੇ ਲੋਕਾਂ ਦਾ ਇਹ ਤਰਕ ਜਜ਼ਬ ਕਰ ਲਿਆ ਸੀ ਜਿਹੜੇ ਬਦੇਸ਼ੀ ਹਕੂਮਤ ਹੇਠ ਰਹੇ ਸਨ ਅਤੇ ਜਿਹੜੇ ਆਪਣੀ ਪਛਾਣ ਕਿਸੇ ਵੀ ਉਸ ਵਿਅਕਤੀ ਨਾਲ ਜੋੜਦੇ ਸਨ, ਜਿਸ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ।

ਕਪੂਰ ਉਸ ਕੁੜੱਤਣ ਬਾਰੇ ਜਾਣਦਾ ਸੀ ਜਿਹੜੀ ਪੰਜਾਬੀਆਂ ਅਤੇ ਹੋਰ ਸਾਊਥ ਏਸ਼ੀਅਨਾਂ ਨੇ ਕਨੇਡਾ ਵਿੱਚ ਮੁੱਢਲੇ ਸਾਲਾਂ ਦੌਰਾਨ ਆਪਣੇ ਨਾਲ ਹੁੰਦੇ ਵਿਹਾਰ ਤੋਂ ਮਹਿਸੂਸ ਕੀਤੀ ਸੀ ਅਤੇ 1914 ਵਿੱਚ ਕਾਮਾਗਾਟਾਮਾਰੂ ਦੀ ਘਟਨਾ ਇਸਦੀ ਇੱਕ ਦੁਖਦਾਈ ਉਦਾਹਰਣ ਸੀ। ਪਰ ਉਹ ਇਸ ਦਰਦ ਨੂੰ ਆਪਣੇ ਦਿਲ `ਤੇ ਲਾਉਂਦਾ ਪ੍ਰਤੀਤ ਨਹੀਂ ਹੁੰਦਾ, ਅਤੇ ਇਹ ਉਸਦੇ ਗੋਰੇ ਕਨੇਡੀਅਨਾਂ ਨਾਲ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਅਸਲ ਵਿੱਚ ਉਸ ਕੋਲ ਪੰਜਾਬੀ ਭਾਈਚਾਰੇ ਤੋਂ ਬਾਹਰਲੇ ਦੋਸਤਾਂ ਦਾ ਖਜ਼ਾਨਾ ਸੀ, ਭਾਵੇਂ ਕਈ ਵਾਰ ਉਸ ਨੂੰ ਉਨ੍ਹਾਂ ਦੀ ਨਸਲੀ ਪਛਾਣ ਨੂੰ  ਨਜ਼ਰ ਅੰਦਾਜ਼ ਕਰਨ ਦੀ ਲੋੜ ਪੈਂਦੀ। ਉਹ ਅਤੇ ਉਸਦਾ ਪਰਿਵਾਰ ਅਜੇਹੇ ਸੱਭਿਆਚਾਰਾਂ ਦੇ ਲੋਕਾਂ ਦੁਆਰਾ ਘਿਰੇ ਹੋਏ ਸਨ, ਜਿਹੜੇ ਭਾਰਤ ਬਾਰੇ ਬਹੁਤ ਘੱਟ ਜਾਣਦੇ ਸਨ, ਅਤੇ ਭਾਵੇਂ ਉਹ ਇਸ ਪ੍ਰਤੀ ਨਰਮੀ ਨਾਲ ਵਿਅੰਗਆਤਮਕ ਹੋ ਸਕਦਾ ਸੀ, ਪਰ ਉਹ ਦਾਰਸ਼ਨਿਕ ਹੋ ਜਾਂਦਾ। ਬਸੰਤ ਕੌਰ ਦੇ ਸਹਿਯੋਗ ਅਤੇ ਉਸਦੇ ਸੰਸਾਰ ਪ੍ਰਤੀ ਉਦਾਰ ਨਜ਼ਰੀਏ ਕਰਕੇ, ਉਸ ਨੇ ਆਪਣੀਆਂ ਬੇਟੀਆਂ ਨੂੰ ਬਿਨਾਂ ਕਿਸੇ ਸੰਕੋਚ ਦੇ ਕਨੇਡੀਅਨਾਂ ਵਜੋਂ ਪਾਲਿਆ ਅਤੇ ਵਰਤਮਾਨ ਲਈ ਭੂਤਕਾਲ ਨੂੰ ਅੜਿੱਕਾ ਨਹੀਂ ਬਨਣ ਦਿੱਤਾ।

ਕਪੂਰ ਨੇ ਆਪਣੇ ਭਾਈਚਾਰੇ ਲਈ ਯੋਗ ਵਿਹਾਰ ਲਈ ਦ੍ਰਿੜ੍ਹ ਅਤੇ ਚਿਰਜੀਵੀ ਸੰਘਰਸ਼ ਨੂੰ ਸਹਿਯੋਗ ਦੇ ਕੇ ਸਾਰਥਿਕ ਭੂਮਿਕਾ ਨਿਭਾਈ। ਪ੍ਰਕਾਸ਼ਨ, ਦਰਖਾਸਤਾਂ ਦੇਣੀਆਂ ਅਤੇ ਵਫਦ ਭੇਜਣੇ ਇਸ ਕੋਸ਼ਿਸ਼ ਦਾ ਹਿੱਸਾ ਸਨ। ਉਸਦਾ ਭਾਈਚਾਰਾ ਛੋਟਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਲਾਂ ਦੌਰਾਨ ਵਿਕਟੋਰੀਆ ਅਤੇ ਓਟਵਾ ਵਿੱਚ ਆਪਣਾ ਕੇਸ ਪੇਸ਼ ਕਰਨ ਲਈ, ਪ੍ਰੋਫੈਸਰ ਤੇਜਾ ਸਿੰਘ, ਡਾ. ਸੁੰਦਰ ਸਿੰਘ, ਸਾਧੂ ਸਿੰਘ ਧਾਮੀ, ਅਨੂਪ ਸਿੰਘ ਢਿੱਲੋਂ ਅਤੇ ਡਾ. ਪਾਂਡੀਆਂ ਵਰਗੇ ਉੱਚ ਵਿੱਦਿਆ ਪ੍ਰਾਪਤ ਅਤੇ ਬੁੱਧੀਜੀਵੀ ਬੁਲਾਰਿਆਂ ਨੂੰ ਭਰਤੀ ਕੀਤਾ। ਜਿੱਤਾਂ ਹੌਲੀ-ਹੌਲੀ ਸਿਲਸਿਲੇਵਾਰ ਹੋਈਆਂ: ਪਤਨੀਆਂ ਅਤੇ ਬੱਚਿਆਂ ਨੂੰ ਦਾਖਲੇ ਦੀ ਆਗਿਆ, ਗੈਰਕਨੂੰਨੀ ਪ੍ਰਵਾਸੀਆਂ ਨੂੰ ਆਮ ਮੁਆਫੀ, ਫੈਡਰਲ, ਸੂਬਾਈ ਅਤੇ ਮਿਉਂਸਪਲ ਚੋਣਾਂ ਵਿੱਚ ਵੋਟ ਦਾ ਹੱਕ, ਇਮੀਗਰੇਸ਼ਨ ਕੋਟੇ ਵਿੱਚ ਵਾਧਾ ਅਤੇ ਛੋਟ, ਅਤੇ  ਅਖੀਰ ਇਮੀਗਰੇਸ਼ਨ ਦੀ ਨੀਤੀ ਵਿੱਚੋਂ ਨਸਲ ਅਤੇ ਕੌਮ ਦੇ ਲਿਹਾਜ਼ ਦਾ ਖਾਤਮਾ। ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸਾਲਾਂ ਦੌਰਾਨ ਕਨੇਡੀਅਨ ਜਨਤਕ ਮੱਤ ਫੈਸਲਾਕੁਨ ਤਰੀਕੇ ਨਾਲ "ਸਿਰਫ ਗੋਰਿਆਂ ਲਈ" ਵਾਲੇ ਵਿਹਾਰ ਤੋਂ ਬਦਲ ਗਈ, ਇਸ ਬਦਲੇ ਵਿਹਾਰ ਨੇ ਕਪੂਰ ਦੇ ਲੋਕਾਂ ਨੂੰ ਮੁਕੰਮਲ ਤੌਰ `ਤੇ ਪ੍ਰਵਾਨ ਕਰਨ ਨੂੰ ਸੰਭਵ ਬਣਾਇਆ। ਪਰ ਉਹ ਅਤੇ ਉਸਦੀ ਪੀੜ੍ਹੀ ਦੇ ਲੋਕ ਆਪਣੇ ਆਪ ਨੂੰ ਦਾਹਵੇ ਨਾਲ ਆਖ ਸਕਦੇ ਸਨ ਕਿ ਉਨ੍ਹਾਂ ਨੇ ਕਨੇਡਾ ਵਿੱਚ ਆਪਣੀ ਥਾਂ ਕਮਾਈ ਸੀ। ਇਹ ਉਨ੍ਹਾਂ ਨੂੰ ਦਿੱਤੀ ਨਹੀਂ ਸੀ ਗਈ, ਉਨ੍ਹਾਂ ਨੇ ਇਸ ਲਈ ਸੰਘਰਸ਼ ਕੀਤੇ ਸਨ।

ਕਪੂਰ ਅਤੇ ਉਸਦੇ ਦੋਸਤ ਕਰਤਾਰ ਸਿੰਘ ਹੁੰਦਲ ਨੂੰ ਗੋਰੇ ਕਨੇਡੀਅਨ ਸਮਾਜ ਵਿਚਲੇ ਆਪਣੇ ਦੋਸਤਾਂ ਤੋਂ ਹਮੇਸ਼ਾ ਹੱਲਾਸ਼ੇਰੀ ਮਿਲਦੀ। ਅਤੇ ਉਨ੍ਹਾਂ ਵਿੱਚੋਂ ਵੀ ਥੀਓਫੈਸਟ ਸਭ ਤੋਂ ਵੱਧ ਸੁਆਗਤ ਕਰਨ ਵਾਲੇ ਸਨ, ਜਿਨ੍ਹਾਂ ਨੇ ਪੂਰਬੀ ਰੂਹਾਨੀਅਤ ਦੇ ਵਿਦਿਆਰਥੀ ਹੋਣ ਦੇ ਨਾਤੇ, ਕਰਤਾਰ ਸਿੰਘ ਹੁੰਦਲ ਨੂੰ ਆਪਣੇ ਵਿੱਚ ਭਰਾ ਵਾਂਗ ਰਲਾ ਲਿਆ ਅਤੇ ਧਰਮ ਦਾ ਦ੍ਰਿਸ਼ਟੀਕੋਣ ਦਿੱਤਾ ਜਿਹੜਾ ਕਪੂਰ ਨੂੰ ਅਰਥ ਭਰਪੂਰ ਲੱਗਾ। ਉਸਦੇ ਪਰਿਵਾਰਕ ਡਾਕਟਰ, ਵਾਸ਼ਿੰਗਟਨ ਵਿਲਕਸ, ਜਿਹੜਾ ਵੈਨਕੂਵਰ ਦੇ ਥੀਓਫੈਸਟਾਂ ਦਾ ਆਗੂ ਸੀ, ਦੇ ਸ਼ਬਦਾਂ ਵਿੱਚ, ਥੀਓਸੌਫੀਕਲ ਸੁਸਾਇਟੀ ਕੋਲ ਕੋਈ ਸਿਧਾਂਤ, ਵਿਸ਼ਵਾਸ਼, ਜਾਂ ਕੱਟੜਪੁਣਾ ਨਹੀਂ  ਅਤੇ ਇਸਦੀ ਸ਼ੁਰੂਆਤ ਸਚਾਈ ਦੀ ਭਾਲ ਵਾਲਿਆਂ ਨੂੰ " ਸੁਤੰਤਰ ਅਤੇ ਆਤਮ- ਨਿਰਭਓ ਖੋਜ" ਕਰਨ ਲਈ ਇੱਕਠੇ ਕਰਨ ਲਈ ਹੋਈ।(2) ਇਸ ਨੇ ਕਪੂਰ ਨੂੰ ਖਿੱਚ ਪਾਈ ਅਤੇ ਇਹ ਸ਼ਾਇਦ ਬਸੰਤ ਕੌਰ ਨੂੰ ਵੀ ਦਿਲਚਸਪ ਲੱਗਦੀ ਜੇ ਉਹ ਥੀਓਸੌਫੀਕਲ ਬੈਠਕਾਂ ਵਿੱਚ ਅੰਗ੍ਰੇਜ਼ੀ ਜ਼ੁਬਾਨ ਵਿੱਚ ਦਿੱਤੇ ਭਾਸ਼ਣਾਂ ਨੂੰ ਸਮਝ ਸਕਦੀ। ਦੋਹਾਂ ਵਿੱਚੋਂ ਕਿਸੇ ਦਾ ਵੀ ਵਿਸ਼ਵਾਸ ਨਹੀਂ ਸੀ ਕਿ ਸਿਰਫ ਇੱਕ ਧਰਮ ਕੋਲ ਹੀ ਅੰਤਿਮ ਸੱਚ ਹੈ। ਇਹੀ ਉਨ੍ਹਾਂ ਦੀ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਸਮਝ ਸੀ। ਇਸ ਤਰ੍ਹਾਂ ਦੇ ਨਜ਼ਰੀਏ ਨਾਲ ਹੀ ਉਹ ਸਿੱਖ ਮੱਤ ਵਿੱਚ ਵੱਡੇ ਹੋਏ ਸਨ। ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਦੀਆਂ ਪਹਿਲੀਆਂ ਪੀੜ੍ਹੀਆਂ ਵੱਲੋਂ ਦੂਸਰੇ ਧਰਮਾਂ ਨੂੰ ਪ੍ਰਵਾਨਗੀ ਦੇਣ ਵਾਲੇ ਵਿਹਾਰ ਦੀ ਹੀ ਉਹ ਤਰਜਮਾਨੀ ਕਰਦੇ ਸਨ। ਉਨ੍ਹਾਂ ਦੀ ਜ਼ਿੰਦਗੀ ਦੌਰਾਨ ਸਿੱਖਾਂ ਵਿੱਚ ਉੱਠੀ ਧਾਰਮਿਕ ਕੌਮਪ੍ਰਸਤੀ ਵਾਲੀ ਭਾਵਨਾ ਦੀ ਉਹ ਹਾਮੀ ਨਹੀਂ ਸੀ ਭਰਦੇ। ਅਤੇ ਇਸੇ ਤਰ੍ਹਾਂ ਦੀ ਸੋਚ ਵਾਲੇ ਇਸਾਈ ਧਰਮ ਪ੍ਰਚਾਰਕਾਂ ਤੋਂ ਵੀ ਉਹ ਪਾਸਾ ਵੱਟ ਜਾਂਦੇ ਜਿਹੜੇ ਧਰਮ ਬਦਲਣ ਆਉਂਦੇ ਸਨ।

ਕਪੂਰ ਨੇ ਜੈਕੀ ਤੇ ਸੁਰਜੀਤ ਨੂੰ ਥੀਓਸੌਫੀਕਲ ਸੁਸਾਇਟੀ ਦੇ ਭਾਸ਼ਣ ਸੁਨਣ ਦਾ ਸਿਰਫ ਸੱਦਾ ਹੀ ਨਹੀਂ ਦਿੱਤਾ ਸਗੋਂ ਉਸ ਨੇ ਯਕੀਨੀ ਬਣਾਇਆ ਕਿ ਉਹ ਨਾਲ ਚੱਲਣ। ਉਸਦਾ ਵਿਸ਼ਵਾਸ਼ ਸੀ ਕਿ ਇਹ ਉਨ੍ਹਾਂ ਦੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਸੀ। ਭਾਵੇਂ ਉਸ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜਾ ਅਧਿਆਤਮਿਕ ਰਾਹ ਚੁਨਣ ਪਰ ਉਹ ਉਨ੍ਹਾਂ ਤੋਂ ਆਸ ਕਰਦਾ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਰੁਹਾਨੀ ਪੱਖ `ਤੇ ਵੀ ਕੰਮ ਕਰਨ। ਉਸਦੀ ਅਤੇ ਖਾਸ ਕਰਕੇ ਉਨ੍ਹਾਂ ਦੀ ਮਾਂ ਦੀ ਮਿਸਾਲ ਕਰਕੇ ਉਨ੍ਹਾਂ ਦਾ ਆਪਣਾ ਝੁਕਾਅ ਵੀ ਇਸ ਪਾਸੇ ਸੀ। ਇਹ ਪ੍ਰਭਾਵ ਅਖੀਰ ਉਨ੍ਹਾਂ ਨੂੰ ਕ੍ਰਿਸ਼ਨਾਮੂਰਤੀ ਕੋਲ ਲੈ ਗਿਆ, ਭਾਵੇਂ ਉਸ ਨੂੰ ਲੱਭਣ ਤੋਂ ਪਹਿਲਾਂ ਉਨ੍ਹਾਂ ਦੀ ਖੋਜ ਨੇ ਕੁਝ ਸਮੇਂ ਲਈ ਉਨ੍ਹਾਂ ਦੇ ਮਾਪਿਆਂ ਨੂੰ ਫਿਕਰਮੰਦ ਕਰ ਦਿੱਤਾ ਸੀ। ਕਪੂਰ ਤੇ ਬਸੰਤ ਕੌਰ ਨੇ ਸਵਾਮੀ ਰਾਧਾ ਦਾ ਵਿਰੋਧ ਕੀਤਾ ਸੀ, ਕਿਉਂ ਕਿ ਉਹ ਹਰੇਕ ਅਧਿਆਤਮਿਕ ਅਧਿਆਪਕ ਦੀ ਦਿੱਖ ਤੋਂ ਹੀ ਉਸਦੇ ਮਗਰ ਨਹੀਂ ਸੀ ਲੱਗ ਤੁਰਦੇ। ਅਤੇ ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜ਼ਿੰਦਗੀ ਵਿੱਚ ਸੰਤੁਲਨ ਲਿਆਉਣਾ ਬਹੁਤ ਜ਼ਰੂਰੀ ਸੀ, ਇਸੇ ਲਈ ਜਦੋਂ ਜੈਕੀ ਨੇ ਧਾਰਮਿਕ ਤਪੱਸਵੀ, ਸਾਧੂ, ਬਣਨ ਦੀ ਗੱਲ ਕੀਤੀ, ਕਪੂਰ ਸਭ ਤੋਂ ਵੱਧ ਪਰੇਸ਼ਾਨ ਹੋਇਆ। ਦੂਜੇ ਹੱਥ, ਜਿਹੜਾ ਕੁਝ ਉਸ ਨੇ ਅਤੇ ਬਸੰਤ ਕੌਰ ਨੇ ਆਪਣੀਆਂ ਧੀਆਂ ਦੇ ਕ੍ਰਿਸ਼ਨਾਮੂਰਤੀ ਦੇ ਭਾਸ਼ਣ ਸੁਨਣ ਜਾਣ ਤੋਂ ਬਾਅਦ ਉਸ ਬਾਰੇ ਜਾਣਿਆ, ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਉਸਦੀਆਂ ਸਿੱਖਿਆਵਾਂ `ਤੇ ਵਿਸ਼ਵਾਸ ਕਰਨ ਦਿੱਤਾ। ਅਤੇ ਜਦੋਂ ਜੈਕੀ ਤੇ ਸੁਰਜੀਤ ਨੇ ਸਵੈਨਵਿੱਕ ਵਿੱਚ ਕ੍ਰਿਸ਼ਨਾਮੂਰਤੀ ਐਜੂਕੇਸ਼ਨ ਸੈਂਟਰ ਦੀ ਸਥਾਪਨਾ ਕੀਤੀ, ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਦੇ ਮਾਪੇ ਇਸਦੀ ਜ਼ਰੂਰ ਹੀ ਪ੍ਰਵਾਨਗੀ ਦਿੰਦੇ।

ਆਪਣੇ ਮਾਪਿਆਂ ਦੀਆਂ ਇੱਛਾਵਾਂ ਦੀ ਪੂਰਤੀ ਕਰਦਿਆਂ, ਖਾਸ ਕਰਕੇ ਹਸਪਤਾਲ ਵਾਲੀ, ਜੈਕੀ ਤੇ ਸੁਰਜੀਤ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਿਨ੍ਹਾਂ ਬਾਰੇ, ਪਿੱਛਲਝਾਤ ਮਾਰਿਆਂ, ਉਨ੍ਹਾ ਨੂੰ ਹੋਰ ਤਿਆਰੀ ਕਰਨੀ ਚਾਹੀਦੀ ਸੀ। ਖਾਸ ਕਰਕੇ ਸੁਰਜੀਤ (ਉਹੀ ਸੀ ਜਿਸਨੇ ਹਸਪਤਾਲ ਬਣਵਾਇਆ) ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਪਏ ਵਾਹ ਨਾਲ ਪੈਦਾ ਹੋਈ ਤਕਲੀਫ ਅਤੇ ਬਿਪਤਾ ਲਈ ਤਿਆਰ ਨਹੀਂ ਸੀ ਅਤੇ ਨਾ ਹੀ ਪਿੰਡ ਵਾਲਿਆਂ ਅਤੇ ਅਫਸਰਾਂ ਦੇ ਇਸ ਵਿਹਾਰ ਲਈ ਕਿ ਕੋਈ ਵੀ  ਵਿਦੇਸ਼ ਤੋਂ ਭਾਰਤ ਵਿੱਚ ਸੇਵਾ ਕਰਨ ਨਹੀਂ ਆਵੇਗਾ ਜੇ ਉਹ ਵਿਦੇਸ਼ ਵਿੱਚ ਕਿਸੇ ਕੰਮ ਦਾ ਹੋਵੇਗਾ ਜਾਂ ਧਨ ਕਮਾਉਣ ਦੇ ਲਾਲਚ ਤੋਂ ਬਿਨਾਂ ਕੋਈ ਨਹੀਂ ਆਵੇਗਾ। ਅਤੇ ਨਾ ਹੀ ਉਹ ਅਤੇ ਨਾ ਹੀ ਜੈਕੀ ਇਸ ਲਈ ਤਿਆਰ ਸਨ ( ਜਿਸ ਨੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਕਿ ਉਨ੍ਹਾਂ ਨੇ ਆਪਣੇ ਪ੍ਰੋਜੈਕਟ ਦਾ ਤਿਆਗ ਨਹੀਂ ਕੀਤਾ) ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦਾ ਭਰੋਸਾ ਜਿੱਤਣ ਲਈ ਐਨੀਂ ਲੰਬੀ ਜੱਦੋ-ਜਹਿਦ ਕਰਨੀ ਪਵੇਗੀ, ਜਿਨ੍ਹਾਂ ਦੀ ਉਹ ਸੇਵਾ ਕਰਨ ਆਈਆਂ ਸਨ। ਜਦੋਂ ਬਹੁਤ ਥੋੜ੍ਹੇ ਮਰੀਜ਼ ਆਉਂਦੇ ਸਨ ਜੇ ਉਸ ਸਮੇਂ ਭੈਣਾਂ ਹਸਪਤਾਲ ਨੂੰ ਛੱਡ ਕੇ ਵਾਪਸ ਪਰਤ ਜਾਂਦੀਆਂ ਤਾਂ ਸ਼ਾਇਦ ਉਨ੍ਹਾਂ ਨੂੰ ਬਖਸ਼ ਦਿੱਤਾ ਜਾਂਦਾ। ਇਹ ਉਨ੍ਹਾਂ ਦੀ ਮਾਂ ਹੀ ਸੀ ਜਿਸ ਨੇ ਇਸ ਸਾਰੇ ਸਮੇਂ ਦੌਰਾਨ ਸਭ ਤੋਂ ਵੱਧ ਦ੍ਰਿੜਤਾ ਦਿਖਾਈ ਅਤੇ ਜਿਸ ਨੇ ਨਿਰਾਸ਼ਤਾ ਨੂੰ ਕਬੂਲ ਕਰਨੋਂ ਇਨਕਾਰ ਕਰ ਦਿੱਤਾ। ਸ਼ਾਇਦ ਉਸ ਨੂੰ ਉਸ ਦੀ ਸਲਾਹ ਕਰਕੇ ਅਸਤਿਤਵਵਾਦੀ ਕਿਹਾ ਗਿਆ ਹੋਵੇ ਕਿ ਜੇ ਇੱਕ ਵੀ ਮਰੀਜ਼ ਆ ਜਾਵੇ ਅਤੇ ਉਸ ਨੂੰ ਸਹੀ ਇਲਾਜ ਦਿੱਤਾ ਜਾਵੇ ਤਾਂ ਉਹੀ ਬਹੁਤ ਸੀ। ਕੋਈ ਕਾਰਜ ਲਈ ਜਿਉਂਦਾ ਹੈ, ਫਲ ਲਈ ਨਹੀਂ। ਇਸ ਦ੍ਰਿਸ਼ਟੀਕੋਣ ਨੂੰ ਗ੍ਰਹਿਣ ਕਰਨ ਲਈ ਉਸ ਨੂੰ ਪੱਛਮੀ ਦਰਸ਼ਨ ਬਾਰੇ ਜਾਣਕਾਰੀ ਦੀ ਕੋਈ ਜ਼ਰੂਰਤ ਨਹੀਂ ਸੀ। ਇਹ ਸਿੱਖ ਅਤੇ ਹਿੰਦੂ ਰਵਾਇਤਾਂ ਵਿੱਚ ਪਿਆ ਸੀ, ਜਿਨ੍ਹਾਂ ਬਾਰੇ ਉਹ ਭਲੀ ਭਾਂਤ ਜਾਣੂੰ ਸੀ।

ਇੱਕ ਸਦੀ ਦੇ ਸਮੇਂ ਦੌਰਾਨ, ਇਸ ਦੇ ਸਾਰੇ ਡਰਾਮੇ ਅਤੇ ਤਬਦੀਲੀ ਦੇ ਨਾਲ ਅਤੇ ਇਸ ਸਫਰ ਦਾ ਸੁਆਗਤ ਕਰਨ ਦੀ ਆਪਣੀ ਖਾਹਸ਼ ਕਾਰਨ, ਸਿੱਧੂਆਂ ਨੇ ਪੰਜਾਬ ਨਾਲ ਕਦੇ ਵੀ ਸਬੰਧ ਨਹੀਂ ਗਵਾਇਆ। ਕਪੂਰ ਦੇ ਪੰਜਾਬੀ ਭਾਈਚਾਰੇ ਵਿੱਚ ਆਗੂ ਵਾਲੇ ਦਰਜੇ ਨੇ ਉਸ ਨੂੰ ਪੰਜਾਬੀ ਅਤੇ ਭਾਰਤੀ ਦੁਨੀਆਂ ਵਿੱਚ ਸਰਗਰਮ ਰੱਖਣ ਵਿੱਚ ਮੱਦਦ ਕੀਤੀ। ਉਹ ਟੈਗੋਰ ਤੋਂ ਨਹਿਰੂ ਤੱਕ, ਇੱਥੇ ਗੇੜਾ ਲਾਉਣ ਆਏ  ਹਰ ਉੱਘੇ ਭਾਰਤੀ ਨੂੰ ਮਿਲਣ ਦੇ ਯੋਗ ਹੁੰਦਾ, ਅਤੇ ਉਹ ਭਾਈ ਪਿਆਰਾ ਸਿੰਘ ਲੰਗੇਰੀ ਅਤੇ ਅਨੂਪ ਸਿੰਘ ਢਿੱਲੋਂ ਵਰਗੇ ਉੱਘੇ ਪੰਜਾਬੀਆਂ ਦੇ ਨੇੜੇ ਸੀ, ਜਿਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਪੇਸ਼ਿਆਂ ਨੇ ਕਨੇਡਾ ਅਤੇ ਭਾਰਤ ਵਿੱਚ ਪੁਲ ਦਾ ਕੰਮ ਕੀਤਾ। ਕਪੂਰ ਅਤੇ ਬਸੰਤ ਕੌਰ ਦੇ ਪ੍ਰਭਾਵ ਦੇ ਮੱਦੇਨਜ਼ਰ, ਇਹ ਅਟੱਲ ਸੀ ਕਿ ਉਨ੍ਹਾਂ ਦੀਆਂ ਬੇਟੀਆਂ ਭਾਰਤ ਨਾਲ ਤਕੜੀ ਪਛਾਣ ਬਣਾਉਂਦੀਆਂ। ਉਨ੍ਹਾਂ ਨੇ ਆਪਣੇ ਕਨੇਡੀਅਨਪੁਣੇ ਨੂੰ ਪੂਰੀ ਤਰ੍ਹਾਂ ਅਪਣਾ ਕੇ ਇਸ ਤਰ੍ਹਾਂ ਕੀਤਾ। ਉਹ ਸ਼ਹਿਰੀ ਗਵਾਂਢ ਵਿੱਚ ਰਹੀਆਂ, ਜਿੱਥੇ ਉਨ੍ਹਾਂ ਦਾ ਆਲਾ-ਦੁਆਲਾ ਬਰਤਾਨਵੀ ਅਤੇ ਯੂਰਪੀਆਨ ਪਿਛੋਕੜ ਵਾਲੇ ਕਨੇਡੀਅਨਾਂ ਦਾ ਸੀ, ਅਤੇ ਉਹ  ਸ਼ਹਿਰ ਦੇ ਸਕੂਲਾਂ ਵਿੱਚ ਪੜ੍ਹੀਆਂ ਅਤੇ ਵੈਨਕੂਵਰ, ਟਰਾਂਟੋ ਅਤੇ ਮਾਂਟਰੀਅਲ ਦੀਆਂ ਯੂਨੀਵਰਸਿਟੀਆਂ ਵਿੱਚ ਗਈਆਂ, ਜਿੱਥੇ ਆਪਣੀਆਂ ਕਲਾਸਾਂ ਵਿੱਚ ਸਿਰਫ ਉਹੀ ਇੰਡੋ-ਕਨੇਡੀਅਨ ਹੁੰਦੀਆਂ ਸਨ ਪਰ ਉਹ ਆਪਣੇ ਆਪ ਨੂੰ ਅਲੱਗ ਨਹੀਂ ਸੀ ਸਮਝਦੀਆਂ। ਉਨ੍ਹਾਂ ਦੇ ਮੁੱਢਲੇ ਸਾਲ ਐਨੇ ਕਨੇਡੀਅਨ ਸਨ ਕਿ ਉਨ੍ਹਾਂ ਨੂੰ ਸਭ ਕੁਝ ਦੱਸਣ ਦੇ ਬਾਵਜੂਦ (ਜਾਂ ਸ਼ਾਇਦ ਇਸੇ ਕਰਕੇ) ਵੀ ਉਹ ਭਾਰਤ ਲਈ ਤਿਆਰ ਨਹੀਂ ਸਨ ਜਦੋਂ ਉਹ ਜਵਾਨੀ ਵਿੱਚ ਪਹਿਲੀ ਵਾਰ ਉੱਥੇ ਗਈਆਂ। ਪਰ ਉਹ ਭਾਰਤ ਵਾਪਸ ਮੁੜੀਆਂ ਅਤੇ ਆਪਣੇ ਆਪ ਨੂੰ ਇਸਦਾ ਹਿੱਸਾ ਬਣਾਇਆ। ਇਸਦੇ ਸਿੱਟੇ ਵਜੋਂ, ਸੁਰਜੀਤ ਦੀ ਬੇਟੀ, ਚੰਦਾ, ਬੀ. ਸੀ. ਅਤੇ ਪੰਜਾਬ ਦੋਨਾਂ ਦੀ ਬੱਚੀ ਹੈ।

ਸਮੇਂ ਨੇ ਪਰਿਵਾਰ ਦੀਆਂ ਕਨੇਡਾ ਵਿਚਲੀਆਂ ਭੂਤਕਾਲ ਦੀਆਂ ਮਹੱਤਵਪੂਰਨ ਥਾਵਾਂ ਨੂੰ ਬੇਪਛਾਣੀਆਂ ਕਰ ਦਿੱਤਾ। ਮੇਓ ਸਾਈਡਿੰਗ ਵਾਲਾ ਪਿੰਡ ਖਤਮ ਹੋ ਗਿਆ। ਉੱਥੇ ਸਿਰਫ ਗੁਰਦਵਾਰਾ (ਜਿੱਥੇ ਹਾਲੇ ਵੀ ਮਹਾਰਾਜ ਪ੍ਰਕਾਸ਼ ਹੈ) ਅਤੇ ਮੇਓ ਦਾ ਮਕਾਨ ਬਚੇ ਹਨ, ਜਿਹੜਾ ਹੁਣ ਖਾਲੀ ਹੈ ਅਤੇ ਤਿਆਗਿਆ ਹੋਇਆ ਲਗਦਾ ਹੈ। ਸਿੱਧੂ ਸੂਕ ਝੀਲ ਵਾਲੇ ਇਲਾਕੇ ਵਿੱਚ 2447 ਹੈਕਟੇਅਰ (6047 ਏਕੜ) ਜੰਗਲ ਦੇ ਮਾਲਕ ਹਨ, ਪਰ ਉਨ੍ਹਾਂ ਦੇ ਸੂਕ ਲੇਕ ਵਾਲੇ ਕਪੂਰ ਪਿੰਡ ਦੀਆਂ ਇਮਾਰਤਾਂ ਅਤੇ ਸਾਜ਼ੋ-ਸਮਾਨ ਬਹੁਤ ਪਹਿਲਾਂ ਉੱਥੋਂ ਹਟਾ ਦਿੱਤਾ ਗਿਆ ਸੀ ਅਤੇ ਉਹ ਥਾਂ ਮੁੜ ਬੀਆਬਾਨ ਬਣ ਗਈ। ਬਾਰਨੈੱਟ ਵਿੱਚ ਕਪੂਰ ਮਿੱਲ ਵਾਲੀ ਥਾਂ ਹੁਣ ਮਾਰੀਨ ਪਾਰਕ ਹੈ। ਯੌਰਕ ਐਵੇਨਿਊ ਵਾਲੇ ਘਰ ਦੀ ਥਾਂ ਹੁਣ ਤਿੰਨ ਮੰਜ਼ਿਲੀ ਕੰਡੋਮਿਨੀਅਮ ਇਮਾਰਤ ਖੜ੍ਹੀ ਹੈ, ਜਿੱਥੇ ਕਪੂਰ ਤੇ ਉਸਦਾ ਪਰਿਵਾਰ ਬਹੁਤ ਸਮੇਂ ਲਈ ਰਿਹਾ ਸੀ। ਪਰ ਭਾਰਤ ਵਿੱਚ, ਕਹਾਣੀ ਅਲੱਗ ਹੈ। ਔੜ ਵਾਲਾ ਕਿਲਾ ਅਤੇ ਖੜੌਦੀ ਤੇ ਔੜ ਵਾਲੇ ਖੇਤ ਹਾਲੇ ਵੀ ਸਿੱਧੂ ਭੈਣਾਂ ਦੀ ਮਲਕੀਅਤ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਪੀੜ੍ਹੀਆਂ ਤੱਕ ਰੱਖੀ ਜਾਇਦਾਦ ਨੂੰ ਉਨ੍ਹਾਂ ਨੇ ਸੰਭਾਲੀ ਰੱਖਿਆ, ਜਿਸ ਨੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਨਿੱਜੀ ਅਤੇ ਸਪਸ਼ਟ ਸਬੰਧ ਦਿੱਤਾ। ਉਨ੍ਹਾਂ ਦਾ ਜੰਗਲਾਂ ਅਤੇ ਕਨੇਡਾ ਦੇ ਪੱਛਮੀ ਤੱਟ ਦੇ ਪਹਾੜਾਂ ਨਾਲ ਡੂੰਘਾ ਮੋਹ ਅਤੇ ਕਨੇਡੀਅਨ ਤਰੀਕਿਆਂ ਨਾਲ ਕੰਮ ਕਰਨਾ, ਉਨ੍ਹਾਂ ਦੇ ਬ੍ਰਿਟਿਸ਼ ਕੋਲੰਬੀਅਨ ਅਤੇ ਕਨੇਡੀਅਨ ਹੋਣ ਬਾਰੇ  ਦੱਸਦਾ ਹੈ, ਅਤੇ ਉਨ੍ਹਾਂ ਦੀ ਇਤਿਹਾਸ ਪ੍ਰਤੀ ਸਮਝ, ਅਤੇ ਉਨ੍ਹਾਂ ਦੀ ਔੜ ਤੇ ਖੜੌਦੀ ਵਿੱਚ ਪਰਿਵਾਰਕ ਜਾਇਦਾਦ ਦੀ ਮਲਕੀਅਤ ਨਾਲ, ਉਹ ਪੰਜਾਬੀ ਰਹੀਆਂ। ਾਾਸ

Read 107 times Last modified on Tuesday, 01 May 2018 12:36