You are here:ਮੁਖ ਪੰਨਾ»ਨਾਵਲ»ਤਫ਼ਤੀਸ਼»ਤਫ਼ਤੀਸ਼ - ਕਾਂਡ 01-08

ਲੇਖ਼ਕ

Thursday, 03 May 2018 16:01

ਤਫ਼ਤੀਸ਼ - ਕਾਂਡ 01-08

Written by
Rate this item
(0 votes)

“ਮੈਂ ਲੋਕਾਂ ਨੂੰ ਕੇਵਲ ਇਹੀ ਦੱਸਣਾ ਚਾਹੁੰਦਾ ਹਾਂ ਕਿ ਜੋ ਜੀਵਨ ਉਹ ਜੀ ਰਹੇ ਹਨ, ਉਹ ਕਿੰਨਾ ਘਟੀਆ ਅਤੇ ਰੁੱਖਾ ਹੈ। ਜਦੋਂ ਉਹ ਇਹ ਗੱਲ ਸਮਝ ਜਾਣਗੇ, ਉਹ ਇਸ ਨੂੰ ਜ਼ਰੂਰ ਬਦਲ ਦੇਣਗੇ। ਜਦ ਤਕ ਲੋਕ ਨਵੀਂ ਜ਼ਿੰਦਗੀ ਜੀਊਣ ਨਹੀਂ ਲੱਗ ਪੈਂਦੇ, ਮੈਂ ਇਹ ਗੱਲ ਵਾਰ-ਵਾਰ ਕਹਿੰਦਾ ਰਹਾਂਗਾ।”

-ਚੇਖੋਵ

 

ਪੁਲਿਸ । … ਪੁਲਿਸ ਨਾ ਕੇਵਲ ਜੁਰਮਾਂ ਨੂੰ ਬੰਦ ਕਰਨ, ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਜਾਨ-ਮਾਲ ਦੀ ਰਾਖੀ ਕਰਨ ਵਿੱਚ ਹੀ ਅਸਫ਼ਲ ਰਹੀ, ਸਗੋਂ ਸਾਡੀ ਪੁਲਿਸ ਆਪ ਜ਼ੁਲਮ ਦਾ ਇੱਕ ਸਾਧਨ ਹੈ ਅਤੇ ਲੋਕਾਂ ਦੇ ਇਖ਼ਲਾਕੀ ਪਤਨ ਦਾ ਇੱਕ ਪ੍ਰਬਲ ਕਾਰਨ ਬਣ ਗਈ ਹੈ।

(1853 ਵਿੱਚ ਅੰਗਰੇਜ਼ਾਂ ਦੀਇੰਡੀਆ ਰਿਫ਼ਾਰਮ ਸੁਸਾਇਟੀ ਪੱਤ੍ਰਿਕਾ’ ਦਾ ਸਰਵੇ)

 

1

ਮੁੱਖ ਮੰਤਰੀ ਦੀ ਜਾਨ ਦੋਹਾਂ ਪੁੜਾਂ ਵਿੱਚ ਫਸੀ ਹੋਈ ਸੀ। ਸਹੁੰ ਚੁੱਕਦਿਆਂ ਹੀ ਉਸ ਨੇ ਜਣੇ-ਖਣੇ ਨੂੰ ਝੰਡੀ ਵਾਲੀ ਕਾਰ ਫੜਾ ਦਿੱਤੀ।

ਹਾਬੜੇ ਵਜ਼ੀਰਾਂ ਨੂੰ ਰਾਤੋ-ਰਾਤ ਯਾਰਾਂ-ਦੋਸਤਾਂ, ਹਮਾਇਤੀਆਂ ਅਤੇ ਰਿਸ਼ਤੇਦਾਰਾਂ ਦਾ ਮੋਹ ਜਾਗ ਪਿਆ। ਕੋਈ ਪਤਾ ਨਹੀਂ ਸੀ ਅਗਲੇ ਦਿਨ ਕੁਰਸੀ ਹੇਠਾਂ ਰਹੇਗੀ ਵੀ ਜਾਂ ਨਹੀਂ। ਇਹ ਵੀ ਪਤਾ ਨਹੀਂ ਸੀ, ਇਸ ਹਾੜੀ ਵਾਂਗ ਅਗਲੀ ਹਾੜੀ ਨੂੰ ਵੀ ਵੋਟਾਂ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਣ।

ਵੋਟਰਾਂ ਨੂੰ ਖ਼ੁਸ਼ ਕਰਨ ਲਈ ਕਿਸੇ ਨੂੰ ਆਪਣੇ ਇਲਾਕੇ ਵਿੱਚ ਸਕੂਲ ਖੋਲ੍ਹਣ ਦੀ ਬਣੀ, ਕਿਸੇ ਨੂੰ ਹਸਪਤਾਲ ਦੀ ਅਤੇ ਕਿਸੇ ਨੂੰ ਨਵੀਂ ਅਨਾਜ ਮੰਡੀ ਦੀ। ਜਿਹੜੇ-ਜਿਹੜੇ ਮਹਿਕਮੇ ਵਜ਼ੀਰਾਂ ਦੇ ਕੋਲ ਸਨ, ਉਹ ਐਲਾਨ ਤਾਂ ਉਹਨਾਂ ਝਟਪਟ ਕਰ ਦਿੱਤੇ। ਬਾਕੀਆਂ ਦੇ ਇੱਕ ਦੂਜੇ ਨਾਲ ਸੌਦੇ ਕਰ ਲਏ। ਜੇ ਗਿਆਨੀ ਜੀ ਨੇ ਆਪਣੇ ਪਿੰਡ ਸਕੂਲ ਖੁਲ੍ਹਾਉਣਾ ਹੈ ਤਾਂ ਉਸ ਨੂੰ ਜਥੇਦਾਰ ਦੇ ਪਿੰਡ ਹਸਪਤਾਲ ਖੋਲ੍ਹਣਾ ਪਏਗਾ। ਜੇ ਖ਼ਾਲਸਾ ਜੀ ਨੂੰ ਅਨਾਜ-ਮੰਡੀ ਚਾਹੀਦੀ ਹੈ ਤਾਂ ਉਸ ਨੂੰ ਦੀਵਾਨਾ ਜੀ ਦੇ ਪਿੰਡ ਵਾਲੀ ਹਰੀਜਨਾਂ ਦੀ ਧਰਮਸ਼ਾਲਾ ਨੂੰ ਗਰਾਂਟ ਦੇਣੀ ਪਏਗੀ।

ਇੱਕ ਦੂਜੇ ਤੋਂ ਵੱਧੋਂ-ਵੱਧ ਨੀਂਹ ਪੱਥਰ ਰਖਾ ਲੈਣ ਦੀ ਵਜ਼ੀਰਾਂ ਵਿੱਚ ਇੱਕ ਦੌੜ ਜਿਹੀ ਲੱਗ ਚੁੱਕੀ ਸੀ। ਕਈ ਵਾਰ ਇਕੋ ਦਿਨ ਇਕੋ ਹਲਕੇ ਵਿੱਚ ਤਿੰਨ-ਤਿੰਨ, ਚਾਰ-ਚਾਰ ਵਜ਼ੀਰ ਆ ਧਮਕਦੇ।

ਇੱਕ ਪਾਸੇ ਪਿੰਡ-ਪਿੰਡ ਫਿਰਦੀਆਂ ਵਜ਼ੀਰਾਂ ਦੀਆਂ ਡਾਰਾਂ ਸਨ ਅਤੇ ਦੂਜੇ ਪਾਸੇ ਧੜਾ-ਧੜ ਹੋ ਰਹੀਆਂ ਵਾਰਦਾਤਾਂ। ਪੁਲਿਸ ਦੀਆਂ ਭੂਤਨੀਆਂ ਭੁੱਲੀਆਂ ਪਈਆਂ ਸਨ।

ਹੁਣ ਭਲੇ ਦਿਨ ਤਾਂ ਰਹੇ ਨਹੀਂ ਸਨ ਜਦੋਂ ਵਜ਼ੀਰ ਹਾੜੀ-ਸੌਣੀ ਕਦੇ-ਕਦਾਈਂ ਦਰਸ਼ਨ ਦਿਆ ਕਰਦੇ ਸਨ। ਲੋਕ ਵੀ ਨੇਤਾਵਾਂ ਦੇ ਦੀਦਾਰ ਲਈ ਉਤਾਵਲੇ ਘੰਟਿਆਂ ਬੱਧੀ ਧੁੱਪਾਂ ਵਿੱਚ ਖੜੇ ਰਹਿੰਦੇ। ਅੱਜ-ਕੱਲ੍ਹ ਤਾਂ ਭੜਕੀਆਂ ਭੀੜਾਂ ਨੂੰ ਕਾਬੂ ਕਰਨ, ਜਲਸੇ-ਜਲੂਸਾਂ ਨੂੰ ਖਿੰਡਾਉਣ ਅਤੇ ਵਜ਼ੀਰਾਂ ਨੂੰ ਇੱਟਾਂ ਰੋੜਿਆਂ ਤੋਂ ਬਚਾਉਣ ਲਈ ਪੁਲਿਸ ਨੂੰ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਅਤਿਵਾਦੀਆਂ ਨੇ ਹਰ ਵਜ਼ੀਰ ਨੂੰ ਧਮਕੀਆਂ ਦੇ ਰੱਖੀਆਂ ਹਨ। ਮਾੜੀ ਜਿਹੀ ਕੁਤਾਹੀ ਹੋਈ ਨਹੀਂ ਕਿ ਨੌਕਰੀਉਂ ਬਰਖ਼ਾਸਤ ਹੋਣ ਦੇ ਹੁਕਮ ਮਿਲੇ ਨਹੀਂ।

ਸੁਰੱਖਿਆ ਪ੍ਰਬੰਧ ਇੰਨੇ ਸਖ਼ਤ ਕਿ ਵਜ਼ੀਰ ਦੇ ਚੰਡੀਗੜ੍ਹ ਚੱਲਣ ਤੋਂ ਪਹਿਲਾਂ ਹੀ ਥਾਂ-ਥਾਂ ਵਾਇਰਲੈੱਸਾਂ ਖੜਕ ਜਾਂਦੀਆਂ ਹਨ। ਸਾਰਾ ਥਾਣਾ ਇੱਕ-ਦਮ ਵਿਹਲਾ। ਨਾਕੇ, ਪਹਿਰੇ, ਤਲਾਸ਼ੀਆਂ ਅਤੇ ਗੁੰਡੇ ਅਨਸਰਾਂ ਦੀ ਫੜੋ-ਫੜਾਈ। ਮਜਾਲ ਕਿ ਮੁਨਸ਼ੀ ਅਤੇ ਸੰਤਰੀ ਤੋਂ ਇਲਾਵਾ ਕੋਈ ਬੀਮਾਰ-ਠਮਾਰ ਸਿਪਾਹੀ ਵੀ ਦੋ ਘੜੀ ਥਾਣੇ ਟਿਕ ਸਕੇ।

ਇੱਕ ਮੰਤਰੀ ਨੇ ਆਉਣਾ ਹੋਵੇ ਤਾਂ ਸੌਖੇ ਹੀ ਸਰ ਜਾਂਦਾ ਹੈ। ਦੋ ਨੇ ਆਉਣਾ ਹੋਵੇ ਤਾਂ ਆਂਢ-ਗੁਆਂਢ ਤੋਂ ਫ਼ੋਰਸ ਮੰਗਵਾ ਕੇ ਡੰਗ ਲੰਘ ਸਕਦੈ। ਜੇ ਚਾਰ-ਚਾਰ ਨੇ ਆਉਣਾ ਹੋਵੇ ਅਤੇ ਇੱਕ-ਇੱਕ ਨੇ ਦਸ-ਦਸ ਪਿੰਡਾਂ ਵਿੱਚ ਗੇੜੇ ਦੇਣੇ ਹੋਣ ਤਾਂ ਗਿਣਤੀ-ਮਿਣਤੀ ਦੀ ਪੁਲਿਸ ਕਿਧਰ ਜਾਵੇ? ਇਹ ਵੀ ਪਤਾ ਨਹੀਂ ਲੱਗਦਾ ਕਿਸ ਪਿੰਡ ਕਿਸ ਦੇ ਘਰ ਡੇਰਾ ਲਾਉਣਾ ਹੈ। ਇਹ ਵੀ ਵਸਾਹ ਨਹੀਂ, ਰਾਤ ਠਹਿਰਨ ਦਾ ਐਲਾਨ ਕਿਸੇ ਦੋ ਕੌਡੀ ਦੇ ਬੰਦੇ ਦੇ ਘਰ ਹੀ ਹੋ ਜਾਵੇ।

ਇਸ ਸ਼ਹਿਰ ਦੀ ਪੁਲਿਸ ਲਈ ਵੀ ਇੱਕ ਇਹੋ ਜਿਹਾ ਹੀ ਮਨਹੂਸ ਦਿਨ ਚੜ੍ਹਿਆ ਹੋਇਆ ਸੀ।

ਦੋ ਮੰਤਰੀ ਪਿਛਲੀ ਰਾਤ ਤੋਂ ਉਹਨਾਂ ਦੇ ਹਲਕੇ ਵਿੱਚ ਰੁਕੇ ਹੋਏ ਸਨ। ਦੋ ਨੇ ਦਿਨ ਚੜ੍ਹਨ ਤੋਂ ਪਹਿਲਾਂ ਆ ਧਮਕਣਾ ਸੀ। ਅੱਧੀ ਪੁਲਿਸ ਨੂੰ ਪਿੰਡਾਂ ਵਿੱਚ ਡੇਰੇ ਲਾਉਣੇ ਪੈ ਗਏ ਸਨ। ਬਾਕੀ ਸਲਾਮੀਆਂ ਲਈ ਰੈਸਟ ਹਾਊਸ ਅੱਪੜੀ ਹੋਈ ਸੀ।

ਭਾਂਅ-ਭਾਂਅ ਕਰਦੇ ਥਾਣੇ ਵਿੱਚ ਦੋ ਹੀ ਬੰਦੇ ਸਨ। ਵਿਹੜੇ ਵਿੱਚ ਮੇਜ਼ ਡਾਹੀ ਬੈਠਾ ਮੁਨਸ਼ੀ ਜਾਂ ਫੇਰ ਥਾਣੇ ਦੇ ਵੱਡੇ ਦਰਵਾਜ਼ੇ ਨੂੰ ਬੰਦ ਕਰੀ, ਛੋਟੇ ਦਰਵਾਜ਼ੇ ਅੱਗੇ ਟਹਿਲ ਰਿਹਾ ਸੰਤਰੀ।

ਮਧਰੇ ਕੱਦ ਵਾਲੇ ਸੰਤਰੀ ਦੀਆਂ ਛੋਟੀਆਂ-ਛੋਟੀਆਂ ਅੱਖਾਂ ਵਿੱਚ ਉਦਾਸੀ ਛਾਈ ਹੋਈ ਸੀ। ਸਰਕਾਰੀ ਹੁਕਮ ਸਨ ਕਿ ਥਿਰੀ-ਨਾਟ-ਥਿਰੀ ਦੀ ਬੰਦੂਕ ਨੂੰ ਮੋਢੇ ’ਤੇ ਰੱਖ ਕੇ ਸੰਤਰੀ ਗੇਟ ਅੱਗੇ ਚਹਿਲ-ਕਦਮੀ ਕਰਦਾ ਰਹੇ। ਢੱਠੇ ਖੂਹ ’ਚ ਪੈਣ ਸਰਕਾਰੀ ਹੁਕਮ। ਬੰਦੂਕ ਦਾ ਬੱਟ ਉਸ ਨੇ ਜ਼ਮੀਨ ’ਤੇ ਟਿਕਾ ਰੱਖਿਆ ਸੀ। ਬੰਦੂਕ ਮੋਢੇ ’ਤੇ ਹੋਵੇ ਜਾਂ ਜ਼ਮੀਨ ’ਤੇ, ਇਸ ਨਾਲ ਕੀ ਫ਼ਰਕ ਪੈਂਦਾ ਹੈ? ਐਵੇਂ ਵੀਹ ਕਿੱਲੋ ਭਾਰ ਚੁੱਕੀ ਮੁਫ਼ਤ ’ਚ ਸਜ਼ਾ ਭੁਗਤਦੇ ਰਹੋ। ਇਹ ਹੁਕਮ ਸੰਤਰੀ ਨੂੰ ਪਸੰਦ ਨਹੀਂ ਸੀ।

ਸੰਤਰੀ ਦੀਆਂ ਅੱਖਾਂ ਵਾਰ-ਵਾਰ ਖੱਬੇ ਗੁੱਟ ’ਤੇ ਬੰਨ੍ਹੀ ਘੜੀ ’ਤੇ ਜਾਂਦੀਆਂ। ਉਥੋਂ ਹਟ ਕੇ ਥਾਣੇ ਅਤੇ ਸਟੇਸ਼ਨ ਵਿਚਕਾਰ ਫੈਲੇ ਬਾਜ਼ਾਰ ਵਿਚਲੀ ਭੀੜ ਵੱਲ ਹੁੰਦੀਆਂ। ਉਹ ਉਹਨਾਂ ਲਾਲਿਆਂ ਨੂੰ ਟਟੋਲਣ ਲੱਗਦੀਆਂ, ਜਿਨ੍ਹਾਂ ਨੂੰ ਗਿਆਂ ਦੋ ਘੰਟੇ ਹੋਣ ਲੱਗੇ ਸਨ।

ਅਜੀਬ-ਅਜੀਬ ਤਰ੍ਹਾਂ ਦੇ ਵਿਚਾਰ ਸੰਤਰੀ ਦਾ ਪਿੱਛਾ ਕਰ ਰਹੇ ਸਨ।

ਮੁੱਖ-ਮੰਤਰੀ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ। ਇਥੋਂ ਹੀ ਚੋਣ ਜਿੱਤੀ ਹੈ। ਕਿਲ੍ਹੇ ਵਰਗੀ ਕੋਠੀ ਇਸੇ ਸ਼ਹਿਰ ਵਿੱਚ ਹੈ। ਕੋਠੀ ਸੰਭਰਨ ਵਾਲੀ ਜਮਾਂਦਾਰਨੀ ਤੋਂ ਲੈ ਕੇ ਰਿਕਸ਼ੇ ਵਾਲਿਆਂ ਤਕ ਨੂੰ ਮੁੱਖ-ਮੰਤਰੀ ਦਾ ਬੰਦਾ ਹੋਣ ਦਾ ਹੰਕਾਰ ਹੈ। ਕਿਸੇ ਨੂੰ ਵੀ ਭੂਤਨਾ ਚੜ੍ਹ ਸਕਦਾ ਹੈ ਅਤੇ ਉਹ ਮੁੱਖ-ਮੰਤਰੀ ਦੀ ਕੋਠੀ ਅੱਗੇ ਧਰਨਾ ਦੇ ਸਕਦਾ ਹੈ।

ਸ਼ਹਿਰ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦਾ ਮੁੱਖ-ਮੰਤਰੀ ਕੋਲ ਤਾਂ ਵਕਤ ਨਹੀਂ। ਦਿੱਲੀ ਸਰਕਾਰ ਹੀ ਉਸ ਦਾ ਖਹਿੜਾ ਨਹੀਂ ਛੱਡਦੀ। ਆਪਣੇ ਬਹੁਤੇ ਅਖ਼ਤਿਆਰ ਉਸ ਨੇ ਜਥੇਦਾਰਾਂ ਨੂੰ ਦਿੱਤੇ ਹੋਏ ਹਨ। ਉੱਨੀਂ ਕਰਨ ਇੱਕੀ ਕਰਨ। ਉੱਚ ਅਧਿਕਾਰੀਆਂ ਨੂੰ ਹੁਕਮ ਹੈ, ਉਹਨਾਂ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਏ ਜਾਣ। ਸ਼ਹਿਰ ਵਿੱਚ ਅਕਾਲੀਆਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਇਸੇ ਲਈ ਸ਼ਹਿਰ ਦੇ ਮਸਲਿਆਂ ਵਿੱਚ ਉਹਨਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ।

ਸ਼ਹਿਰ ਦਾ ਸਾਰਾ ਕੰਮ ਕਦੇ ਮੁੱਖ-ਮੰਤਰੀ ਦਾ ਰਹਿ ਚੁੱਕਾ ਮੁਨਸ਼ੀ ਸਦਾ ਨੰਦ ਹੀ ਨਿਭਾਉਂਦਾ ਸੀ। ਮੁੱਖ-ਮੰਤਰੀ ਦੇ ਸਹੁੰ ਚੁੱਕਦਿਆਂ ਹੀ ਉਸ ਨੇ ਕਚਹਿਰੀਉਂ ਦਰੀ ਚੁੱਕ ਕੇ ਮੁੱਖ-ਮੰਤਰੀ ਦੀ ਕੋਠੀ ਡੇਰਾ ਲਾ ਲਿਆ ਸੀ। ਸ਼ਹਿਰ ਦੇ ਬਹੁਤੇ ਕੰਮਾਂ ਦੀ ਜ਼ਿੰਮੇਵਾਰੀ ਉਸੇ ਦੇ ਸਿਰ ਸੀ।

ਸਿੱਧੇ ਤੌਰ ’ਤੇ ਤਾਂ ਮੰਤਰੀ ਨੂੰ ਸਦਾ ਨੰਦ ਤੋਂ ਕੋਈ ਖ਼ਤਰਾ ਨਹੀਂ ਸੀ। ਪੂਰੇ ਪੰਦਰਾਂ ਵਰ੍ਹੇ ਸੰਤਰੀ ਅਤੇ ਮੁਨਸ਼ੀ ਕਚਹਿਰੀਆਂ ਵਿੱਚ ਘਿਉ-ਖਿਚੜੀ ਬਣ ਕੇ ਰਹੇ ਸਨ। ਮੁਨਸ਼ੀ ਰਾਹੀਂ ਹੁਣ ਵੀ ਉਸ ਨੇ ਕਈ ਕੰਮ ਕਰਾਏ ਸਨ। ਹਿੱਸਾ-ਪੱਤੀ ਉਸੇ ਤਰ੍ਹਾਂ ਕਾਇਮ ਹੈ। ਛੋਟੀ-ਮੋਟੀ ਸ਼ਿਕਾਇਤ ਨੂੰ ਤਾਂ ਮੁਨਸ਼ੀ ਨਹੀਂ ਗੌਲੇਗਾ। ਮਸਲਾ ਗੰਭੀਰ ਹੋਇਆ ਤਾਂ ਬਖ਼ਸ਼ੇਗਾ ਵੀ ਨਹੀਂ।

ਹੁਣੇ-ਹੁਣੇ ਉਸ ਵੱਲੋਂ ਫਿਟਕਾਰੇ ਸੇਠ ਮਾੜੇ-ਮੋਟੇ ਬੰਦੇ ਨਹੀਂ ਸਨ। ਜ਼ਰੂਰ ਉਹ ਮੁਨਸ਼ੀ ਵੱਲ ਗਏ ਹੋਣਗੇ। ਸੰਤਰੀ ਨੂੰ ਫ਼ਿਕਰ ਲੱਗਾ ਹੋਇਆ ਸੀ।

ਮੁਖ਼ਤਿਆਰ ਨੂੰ ਆਪਣੇ ਅੱਖੜ ਸੁਭਾਅ ਅਤੇ ਮੰਦ-ਅਕਲੀ ’ਤੇ ਘ੍ਰਿਣਾ ਹੋ ਰਹੀ ਸੀ। ਉਸ ਨੂੰ ਚੰਗਾ-ਭਲਾ ਪਤਾ ਸੀ, ਹਲਕੇ ਵਿੱਚ ਚਾਰ ਵਜ਼ੀਰ ਘੁੰਮ ਰਹੇ ਹਨ। ਪਹਿਲਾਂ ਵਾਲੀ ਗੱਲ ਥੋੜ੍ਹਾ ਸੀ ਕਿ ਕੋਈ ਪੁੱਛਣ ਵਾਲਾ ਨਹੀਂ ਸੀ। ਅੱਜ-ਕੱਲ੍ਹ ਤਾਂ ਕਿਸੇ ਦਾ ਕੱਟਾ ਵੀ ਗਵਾਚ ਜਾਵੇ ਤਾਂ ਵੀ ਥਾਣੇ ਆਉਣ ਤੋਂ ਪਹਿਲਾਂ ਵਜ਼ੀਰ ਤੋਂ ਫ਼ੋਨ ਕਰਾਉਂਦੈ। ਵਜ਼ੀਰਾਂ ਨੂੰ ਜਿਵੇਂ ਹੋਰ ਕੋਈ ਕੰਮ ਨਹੀਂ ਰਿਹਾ। ਭਾਵੇਂ ਪੰਜਾਹ ਰੁਪਏ ਦੀ ਟੇਪ-ਰਿਕਾਰਡਰ ਚੋਰੀ ਹੋਈ ਹੋਵੇ, ਭਾਵੇਂ ਤੀਹਾਂ ਦਾ ਪੁਰਾਣਾ ਸਾਈਕਲ, ਵਜ਼ੀਰ ਸਾਹਿਬ ਝੱਟ ਅਰਜ਼ੀ ’ਤੇ ਦਸਖ਼ਤ ਕਰ ਕੇ ਆਈ.ਜੀ.ਨੂੰ ਭੇਜ ਦਿੰਦੇ ਹਨ।

ਅਫ਼ਸਰਾਂ ਦੇ ਅੱਡ ਸੱਤੂ ਮੁੱਕੇ ਪਏ ਹਨ। ਆਪਣੀ ਕੁਰਸੀ ਬਚੀ ਰਹਿਣੀ ਚਾਹੀਦੀ ਹੈ, ਛੋਟੇ ਮੁਲਾਜ਼ਮ ਚਾਹੇ ਖੂਹ ’ਚ ਪੈਣ। ਨਾ ਵਜ਼ੀਰ ਨੂੰ ਨਰਾਜ਼ ਹੋਣ ਦਿੰਦੇ ਹਨ, ਨਾ ਹੀ ਉਹਨਾਂ ਦੇ ਕਿਸੇ ਚਹੇਤੇ ਸਿਆਸੀ ਦੋਸਤ ਨੂੰ। ਛੋਟੀ ਜਿਹੀ ਸ਼ਿਕਾਇਤ ’ਤੇ ਹੀ ਬਦਲੀ ਦੇ ਆਰਡਰ ਹੋ ਜਾਂਦੇ ਹਨ। ਇੱਕ ਵਾਰ ਗੁੱਠੇ ਲੱਗ ਗਏ ਤਾਂ ਚੰਗੇ ਥਾਣੇ ਪਹੁੰਚਣ ਲਈ ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ।

ਜੇ ਰਿਪੋਰਟ ਦਰਜ ਕਰਾਉਣ ਆਏ ਲਾਲੇ ਸੰਤਰੀ ਤੋਂ ਝਿੜਕੇ ਗਏ ਤਾਂ ਉਸ ਦਾ ਕੀ ਕਸੂਰ? ਭੁੱਖਣ ਭਾਣਾ ਉਹ ਸਵੇਰ ਦਾ ਪਹਿਰੇ ’ਤੇ ਖੜਾ ਹੈ। ਦਿਨ ਦੇ ਗਿਆਰਾਂ ਵੱਜ ਚੁੱਕੇ ਹਨ। ਹਾਲੇ ਤਕ ਇੱਕ ਵੀ ਬੰਦੇ ਦੁਆ ਸਲਾਮ ਨਹੀਂ ਕੀਤੀ। ਸੰਤਰੀ ਦੀ ਜੇਬ ਖ਼ਾਲੀ ਹੈ। ਤਿੰਨ ਗਲਾਸ ਲੱਸੀ ਦੇ ਪੀ ਚੁੱਕਾ ਹੈ। ਰਾਤ ਦੀ ਪੀਤੀ ਹਾਲੇ ਤਕ ਨਹੀਂ ਉਤਰੀ। ਬੇਸੁੱਧ ਹੋਇਆ ਉਹ ਦੋ ਜੱਗ ਦਾਰੂ ਪੀ ਗਿਆ ਸੀ। ਉਹ ਵੀ ਰੂੜੀ ਮਾਰਕਾ। ਮੁਖ਼ਤਿਆਰ ਨੇ ਸੋਚਿਆ ਸੀ ਚੰਗੀ ਆਸਾਮੀ ਹੈ। ਦਸ-ਵੀਹ ਝੜ ਜਾਣਗੇ। ਲੱਸੀ ਅਤੇ ਲੈਚੀਆਂ ਦਾ ਖ਼ਰਚ ਨਿਕਲ ਆਵੇਗਾ।

ਕੀ ਪਤਾ ਸੀ ਉਹਨਾਂ ਉੱਲੂਆਂ ਨੂੰ ਸੰਤਰੀ ਦੇ ਦਬਕੇ ਦੀ ਸਮਝ ਹੀ ਨਹੀਂ ਪਏਗੀ?

ਮੁਖ਼ਤਿਆਰ ਨੇ ਸੋਚਿਆ ਸੀ ਆਮ ਸੰਤਰੀ ਵਾਂਗ ਪਹਿਲਾਂ ਆਪ ਫ਼ੀਸ ਲਏਗਾ। ਫੇਰ ਮੁਨਸ਼ੀ ਨਾਲ ਗੱਲ ਕਰਾ ਕੇ ਉਹਦੀ ਹਮਦਰਦੀ ਜਿੱਤੇਗਾ। ਮੁਨਸ਼ੀ ਸੂਈ ਬਘਿਆੜੀ ਵਾਂਗ ਪੈਂਦਾ ਹੈ। ਕੁੱਝ ਨਰਮ ਹੋਏਗਾ।

ਬਿਨਾਂ ਕਿਸੇ ਮੋਹਤਬਰ ਤੋਂ ਥਾਣੇ ਨੂੰ ਮੂੰਹ ਚੁੱਕੀ ਆਉਂਦੇ ਲਾਲੇ ਸੰਤਰੀ ਨੂੰ ਵਿਹੁ ਵਰਗੇ ਲੱਗੇ ਸਨ। ਉਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਵਿੱਚ ਚਿੰਗਾੜੇ ਮਘ ਪਏ ਸਨ।

“ਕਿਧਰ ਨੂੰ ਮੂੰਹ ਚੁੱਕਿਐ ਬਈ ਸੇਠੋ?” ਖਿਝੇ ਸੰਤਰੀ ਨੇ ਬਿਨਾਂ ਦੁਆ-ਸਲਾਮ ਕਰੇ ਥਾਣੇ ਅੰਦਰ ਘੁਸਦੇ ਲਾਲਿਆਂ ਨੂੰ ਦਬਕਾ ਮਾਰਿਆ ਸੀ। ਉਹਨਾਂ ਦੇ ਘਬਰਾਏ ਚਿਹਰਿਆਂ ਤੋਂ ਸੰਤਰੀ ਨੇ ਅੰਦਾਜ਼ਾ ਲਾ ਲਿਆ ਸੀ ਕਿ ਨਾ ਉਹ ਨੇਤਾ ਲੋਕ ਸਨ ਅਤੇ ਨਾ ਹੀ ਮੋਹਤਬਰ। ਉਹ ਕੇਵਲ ਫ਼ਰਿਆਦੀ ਸਨ।

ਵਰਤੇ ਗਏ ਸਖ਼ਤ ਸ਼ਬਦਾਂ ਨੂੰ ਉਚਿਤ ਠਹਿਰਾਉਣ ਲਈ ਸੰਤਰੀ ਨੇ ਹੱਥ ਵਿੱਚ ਫੜੀ ਬੰਦੂਕ ਨੂੰ ਮੋਢੇ ’ਤੇ ਰੱਖਿਆ। ਲੋਹੇ ਦੀ ਉਸ ਸੰਗਲੀ ਨੂੰ ਇੱਕ ਦੋ ਵਾਰ ਖੜਕਾਇਆ, ਜਿਸ ਦਾ ਇੱਕ ਸਿਰਾ ਉਸ ਦੀ ਬੈਲਟ ਵਿੱਚ ਸੀ ਅਤੇ ਦੂਸਰਾ ਬੰਦੂਕ ਦੇ ਟਾਇਗਰ ਗਾਰਡ ਵਿੱਚ। ਇਸ ਖੜਕੇ ਨਾਲ ਉਹ ਸੇਠਾਂ ਨੂੰ ਕਾਲੇ ਦਿਨਾਂ ਦੀ ਯਾਦ ਦਿਵਾਉਣਾ ਚਾਹੁੰਦਾ ਸੀ। ਇਹਨੀਂ ਦਿਨੀਂ ਥਾਣੇ ਲੁੱਟਣ ਦੀਆਂ ਵਾਰਦਾਤਾਂ ਆਮ ਹਨ। ਕੀ ਪਤੈ ਕੋਈ ਦਿਨ-ਦਿਹਾੜੇ ਹੀ ਥਾਣਾ ਲੁੱਟਣ ਪੈ ਜਾਵੇ? ਥਾਣੇ ਵੜਨ ਤੋਂ ਪਹਿਲਾਂ ਸੰਤਰੀ ਦੀ ਇਜਾਜ਼ਤ ਜ਼ਰੂਰੀ ਹੈ। ਸੇਠਾਂ ਨੇ ਇਹ ਗੁਸਤਾਖ਼ੀ ਕੀਤੀ ਸੀ। ਇਸ ਕੁਤਾਹੀ ਲਈ ਝਾੜ-ਝੰਬ ਕਰਨਾ ਸੰਤਰੀ ਦਾ ਫ਼ਰਜ਼ ਸੀ।

“ਅਸੀਂ ਵੱਡੇ ਸਰਦਾਰ ਨੂੰ ਮਿਲਨੈ … ।” ਉਹਨਾਂ ਵਿਚੋਂ ਪਹਿਲੇ ਨੇ, ਜਿਸ ਦੀਆਂ ਅੱਖਾਂ ਸਾਰੀ ਰਾਤ ਦਾ ਜਗਰਾਤਾ ਕੱਟਣ ਕਰਕੇ ਸੁੱਜੀਆਂ ਹੋਈਆਂ ਸਨ, ਥਾਣੇ ਆਉਣ ਦਾ ਮਕਸਦ ਦੱਸਿਆ।

“ਮੈਂ ਕੀ ਇਥੇ ਆਂਡੇ ਦੇਣ ਨੂੰ ਖੜੈਂ? ਪਹਿਲਾਂ ਮੈਨੂੰ ਦੱਸੋ ਕਿਸ ਕੰਮ ਲਈ ਮਿਲਣੈ ਸਰਦਾਰ ਨੂੰ?” ਵੱਡੇ ਸਰਦਾਰ ਨੂੰ ਸਿੱਧਾ ਮਿਲਣ ਵਾਲੀ ਗੱਲ ਮੁਖ਼ਤਿਆਰ ਦੇ ਸੀਨੇ ’ਚ ਤੀਰ ਵਾਂਗ ਲੱਗੀ। ਸਰਦਾਰ ਨੂੰ ਮਿਲਣ ਲਈ ਕਈ ਦਰਵਾਜ਼ਿਉਂ ਲੰਘਣਾ ਪੈਣਾ ਹੈ। ਇਹ ਤਾਂ ਪਹਿਲਾ ਹੀ ਸੀ। ਉਹਨਾਂ ਨੂੰ ਪੈਰੋਂ ਕੱਢਣ ਲਈ ਇੰਨਾ ਕੁ ਰੋਹਬ ਮਾਰਨਾ ਸੰਤਰੀ ਲਈ ਜ਼ਰੂਰੀ ਸੀ।

“ਜੀ ਮੇਰਾ ਭਾਣਜਾ ਬੰਟੀ ਕੱਲ੍ਹ ਦਾ ਸਕੂਲੋਂ ਨਹੀਂ ਮੁੜਿਆ … ਰਪਟ ਦਰਜ ਕਰਾਉਣੀ ਹੈ …”  ਏਨੇ ਕੁ ਸ਼ਬਦ ਬੋਲਦਿਆਂ ਹੀ ਬੰਟੀ ਦੇ ਮਾਮੇ ਸੂਰਜ ਦਾ ਗਲਾ ਕਈ ਵਾਰ ਭਰ ਆਇਆ ਸੀ।

ਸੰਤਰੀ ਨੇ ਪਾਰਖੂ ਨਿਗਾਹਾਂ ਨਾਲ ਤਿੰਨਾਂ ਦਾ ਉੱਪਰ ਤੋਂ ਹੇਠਾਂ ਤਕ ਮੁਆਇਨਾ ਕੀਤਾ। ਭਾਣਜਾ ਆਖਣ ਵਾਲਾ ਨੌਜਵਾਨ ਮਾੜਚੂ ਜਿਹਾ ਸੀ। ਉਸ ਨੇ ਸਫ਼ੈਦ ਕੁੜਤਾ ਪਜਾਮਾ ਪਾਇਆ ਹੋਇਆ ਸੀ। ਲੱਗਦਾ ਸੀ ਉਸ ਨੂੰ ਕੁੜਤਾ ਪਜਾਮਾ ਬਦਲਣ ਦਾ ਵਕਤ ਨਹੀਂ ਸੀ ਮਿਲਿਆ। ਮੈਲਾ ਹੋ-ਹੋ ਕੇ ਉਹ ਮਿੱਟੀ ਰੰਗਾ ਹੋ ਗਿਆ ਸੀ। ਵਾਰ-ਵਾਰ ਪੂੰਝੇ ਗਏ ਹੰਝੂਆਂ ਕਾਰਨ ਕਮੀਜ਼ ਦੀਆਂ ਕਫਾਂ ’ਤੇ ਕਈ ਧੱਬੇ ਪੈ ਗਏ ਸਨ। ਉਸ ਦੇ ਚਿਹਰੇ ’ਤੇ ਥਕਾਨ ਦੇ ਚਿੰਨ੍ਹ ਸਾਫ਼ ਦਿਖਾਈ ਦੇ ਰਹੇ ਸਨ।

ਬਾਕੀ ਦੇ ਦੋਹਾਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਸੀ। ਦੋਹਾਂ ਦੀਆਂ ਗੋਗੜਾਂ ਵਧੀਆਂ ਹੋਈਆਂ ਸਨ। ਮੋਟੀਆਂ-ਮੋਟੀਆਂ ਗਰਦਨਾਂ ਦੁਆਲੇ ਸੋਨੇ ਦੀਆਂ ਚੈਨਾਂ ਸਨ। ਉਂਗਲਾਂ ਵਿੱਚ ਹੀਰਿਆਂ ਦੀਆਂ ਮੁੰਦਰੀਆਂ। ਉਹਨਾਂ ਦੀਆਂ ਅੱਖਾਂ ਵਿੱਚ ਗ਼ਮ ਦੀ ਝਲਕ ਤਾਂ ਸੀ ਪਰ ਥਕੇਵਾਂ ਨਹੀਂ ਸੀ। ਲੱਗਦਾ ਸੀ ਉਹ ਇੱਕ-ਦੋ ਘੰਟੇ ਪਹਿਲਾਂ ਹੀ ਸੂਰਜ ਨਾਲ ਰਲੇ ਸਨ। ਉਹਨਾਂ ਵਿਚੋਂ ਇੱਕ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਪੈਰੀਂ ਚੱਪਲਾਂ। ਦੂਜੇ ਦੇ ਪੈਂਟ ਸੂਟ ਸੀ ਅਤੇ ਪੈਰੀਂ ਬੂਟ। ਸਾਫ਼-ਸੁਥਰੇ ਕੱਪੜੇ ਅਤੇ ਸਰੀਰ ਵਿਚਲੀ ਚੁਸਤੀ ਦੱਸਦੀ ਸੀ ਕਿ ਉਹਨਾਂ ਨੇ ਬੱਚੇ ਨੂੰ ਲੱਭਣ ਲਈ ਬਹੁਤੇ ਯਤਨ ਨਹੀਂ ਸਨ ਕੀਤੇ।

ਸੋਨੇ ਨਾਲ ਲੱਦੇ ਸੇਠਾਂ ਨੂੰ ਦੇਖ ਕੇ ਮੁਖ਼ਤਿਆਰ ਅੰਦਰ ਵੱਡੀ ਫ਼ੀਸ ਦੀ ਲਾਲਸਾ ਜਾਗੀ ਸੀ। ਥੋੜ੍ਹੀ ਜਿਹੀ ਸਖ਼ਤੀ ਵਰਤ ਕੇ ਉਸ ਨੂੰ ਮਤਲਬ ਹੱਲ ਹੋਣ ਦੀ ਆਸ ਸੀ।

“ਪਹਿਲਾਂ ਜੰਮ-ਜੰਮ ਢੇਰ ਲਾ ਦਿੰਦੇ ਹੋ … ਜਵਾਕ ਸੂਰਾਂ ਵਾਂਗ ਗਲੀਆਂ-ਬਜ਼ਾਰਾਂ ਵਿੱਚ ਧੱਕੇ ਖਾਂਦੇ ਫਿਰਦੇ ਹਨ … ਪੁਲਸ ਕਿਸ-ਕਿਸ ਦਾ ਖ਼ਿਆਲ ਰੱਖੇ?” ਬੰਦੂਕ ਨੂੰ ਮੋਟੇ ਤੋਂ ਲਾਹ ਕੇ ਮੁੜ ਜ਼ਮੀਨ ’ਤੇ ਟਿਕਾਉਂਦੇ ਸੰਤਰੀ ਨੇ ਸਖ਼ਤ ਰੁਖ਼ ਅਪਣਾਈ ਰੱਖਿਆ।

“ਨਹੀਂ, ਨਹੀਂ, ਇਹ ਗੱਲ ਨਹੀਂ … ਉਹ ਤਾਂ ਮੇਰੀ ਵਿਧਵਾ ਭੈਣ ਦਾ ਇਕੋ-ਇੱਕ ਪੁੱਤਰ ਸੀ … ਲਾਲਾ ਜੀ ਆਪ ਉਸ ਨੂੰ ਸਕੂਲ ਲੈ ਕੇ ਜਾਂਦੇ ਸਨ … ਆਪ ਲੈ ਕੇ ਆਉਂਦੇ ਸਨ … ਕੱਲ੍ਹ ਪਤਾ ਨਹੀਂ ਕੀ ਭਾਣਾ ਵਰਤ ਗਿਆ …”  ਸਾਰੀ ਰਾਤ ਦੇ ਭੁੱਖੇ ਤਿਹਾਏ ਸੂਰਜ ਤੋਂ ਖੜ੍ਹਿਆ ਨਹੀਂ ਸੀ ਜਾ ਰਿਹਾ। ਉਸ ਦਾ ਸਿਰ ਚਕਰਾ ਰਿਹਾ ਸੀ ਅਤੇ ਅੰਦਰੋਂ ਉਲਟੀ ਆਉਣ ਵਾਲੀ ਲੱਗਦੀ ਸੀ। ਡਿੱਗਣ ਤੋਂ ਡਰਦਾ ਉਹ ਕੋਲ ਪਈ ਇੱਟ ’ਤੇ ਬੈਠ ਗਿਆ। ਦੋਹਾਂ ਹੱਥਾਂ ’ਚ ਸਿਰ ਫੜ ਕੇ ਉਹ ਉਲਟੀ ਕਰਨ ਦਾ ਯਤਨ ਕਰਨ ਲੱਗਾ।

“ਫੇਰ ਸਾਰੀ ਰਾਤ ਸੁੱਤੇ ਰਹੇ? ਹੁਣ ਤਕ ਤਾਂ ਅਗਲੇ ਜਵਾਕ ਨੂੰ ਦਿੱਲੀ-ਦੱਖਣ ਲੈ ਗਏ ਹੋਣਗੇ … ਕਿਥੇ-ਕਿਥੇ ਭਾਲੂ ਪੁਲਸ … ਹੋਰ ਜਿਵੇਂ ਸਾਨੂੰ ਕੋਈ ਕੰਮ ਹੀ ਨਹੀਂ?” ਹਾਲੇ ਵੀ ਸੰਤਰੀ ਦੀ ਹਥਿਆਰ ਸੁੱਟਣ ਦੀ ਨੀਯਤ ਨਹੀਂ ਸੀ।

“ਸੁੱਤੇ ਨਹੀਂ, ਜਾਗਦੇ ਰਹੇ ਹਾਂ … ਆਂਢ-ਗੁਆਂਢ … ਟੋਏ-ਟਿੱਬੇ … ਸਿਨੇਮੇ … ਸਟੇਸ਼ਨ … ਬੱਸਾਂ … ਗੱਡੀਆਂ … ਕਿਤੋਂ ਵੀ ਪਤਾ ਨਹੀਂ ਲੱਗਾ। ਸਾਰੀ ਰਾਤ ਵਾਕਫ਼ਾਂ ਦੇ ਘਰ ਛਾਣਦੇ ਰਹੇ ਹਾਂ।” ਕੁੜਤੇ ਪਜਾਮੇ ਵਾਲੇ ਸੇਠ ਨੂੰ ਕੁੱਝ ਗ਼ੁੱਸਾ ਆ ਗਿਆ ਸੀ। ਸੂਰਜ ਨੂੰ ਨਿਢਾਲ ਹੋ ਕੇ ਇੱਕ ਪਾਸੇ ਬੈਠਦਿਆਂ ਦੇਖ ਕੇ ਉਸ ਨੇ ਗੱਲ ਅੱਗੇ ਤੋਰੀ।

“ਠੀਕ ਹੈ … ਠੀਕ ਹੈ …”  ਸੇਠ ਦੀ ਸਖ਼ਤੀ ਅੱਗੇ ਸੰਤਰੀ ਦੀਆਂ ਤਿਊੜੀਆਂ ਢਿੱਲੀਆਂ ਪੈ ਗਈਆਂ। ਉਸ ਦਾ ਮਨ ਡੋਲਿਆ ਜ਼ਰੂਰ ਪਰ ਉਸ ਨੇ ਆਪਣੀ ਬੜ੍ਹਕ ਵਿੱਚ ਕੋਈ ਪਰਿਵਰਤਨ ਨਹੀਂ ਆਉਣ ਦਿੱਤਾ।

ਤਿੰਨਾਂ ਦੇ ਚਿਹਰਿਆਂ ’ਤੇ ਛਾਈ ਮੁਰਦੇਹਾਣੀ ਨੂੰ ਦੇਖ ਕੇ ਸੰਤਰੀ ਨੇ ਭਾਂਪ ਲਿਆ ਕਿ ਉਹ ਨਰਮ-ਦਿਲ ਆਦਮੀ ਹਨ। ਸਭ ਨੂੰ ਬੱਚੇ ਦੇ ਗੁੰਮ ਹੋਣ ਦਾ ਗ਼ਮ ਹੈ। ਬੱਚੇ ਨੂੰ ਲੱਭਣ ਲਈ ਉਹ ਸਭ ਕੁੱਝ ਕਰਨ ਨੂੰ ਤਿਆਰ ਵੀ ਹਨ। ਪਰ ਇੱਕ ਘਾਟ ਸੀ। ਪੁਲਿਸ ਦੇ ਕਾਇਦੇ ਕਾਨੂੰਨ ਜਾਣਨ ਵਾਲਾ ਉਹਨਾਂ ਵਿੱਚ ਕੋਈ ਨਹੀਂ ਸੀ। ਉਹਨਾਂ ਨੂੰ ਕਿਸੇ ਮੋਹਤਬਰ ਦੀ ਜ਼ਰੂਰਤ ਸੀ। ਮੋਹਤਬਰ … ਜਾਣੀ ਉਹ ਬੰਦਾ ਜਿਹੜਾ ਮਗਰਮੱਛ ਵਾਂਗ ਉਪਰੋਂ ਤਾਂ ਮੁਸਤਗੀਸਾਂ ਦੇ ਹੱਕ ਵਿੱਚ ਹੰਝੂ ਬਹਾਏ ਪਰ ਅੰਦਰੋਂ ਪੁਲਿਸ ਨੂੰ ਪੈਸੇ ਦਿਵਾਉਣ ਲਈ ਹੱਥ-ਪੈਰ ਮਾਰੇ।

ਬੰਦੇ ਭੋਲੇ-ਭਾਲੇ ਸਨ। ਉਹਨਾਂ ਨੂੰ ਸਹੀ ਰਹਿਨੁਮਾਈ ਦੀ ਲੋੜ ਸੀ। ਤਜਰਬੇਕਾਰ ਹੁੰਦੇ ਤਾਂ ਕਦੋਂ ਦੇ ਦਸ-ਵੀਹ ਜਾਂ ਪੰਜਾਹ ਦਾ ਨੋਟ ਸੰਤਰੀ ਦੀ ਮੁੱਠੀ ਵਿੱਚ ਦੇ ਕੇ ਅੱਗੇ ਲੰਘ ਗਏ ਹੁੰਦੇ।

ਮਸਾਂ-ਮਸਾਂ ਅਸਾਮੀ ਹੱਥ ਆਈ ਸੀ। ਬੱਚਾ ਗੁਆਚਣ ਵਰਗਾ ਨਾਜ਼ੁਕ ਮਸਲਾ। ਮੁਖ਼ਤਿਆਰ ਨੇ ਵੀ ਬੱਚੇ ਪਾਲਣੇ ਹਨ। ਇਥੇ ਕਿਸੇ ਨੇ ਵਿਆਹ ਦੇ ਕਾਰਡ ਦੇਣ ਤਾਂ ਨਹੀਂ ਆਉਣਾ। ਮਰਿਆਂ ਦੀਆਂ ਖ਼ਬਰਾਂ ਹੀ ਲਿਆਉਣੀਆਂ ਹਨ। ਪੁਲਿਸ ਨੇ ਤਾਂ ਮੁਰਦਿਆਂ ਦੇ ਹੀ ਕਫ਼ਨ ਲਾਹੁਣੇ ਹਨ।

ਮੂੰਹੋਂ ਫ਼ੀਸ ਮੰਗੀ ਨਹੀਂ ਜਾ ਸਕਦੀ। ਬੇਸ਼ਰਮ ਬਣ ਕੇ ਮੰਗ ਵੀ ਲਈ ਤਾਂ ਘੱਟ-ਵੱਧ ਨਾ ਮੰਗੀ ਜਾਵੇ। ਚੰਗਾ ਹੋਵੇ ਜੇ ਉਹਨਾਂ ਵਿੱਚ ਕੋਈ ਮੋਹਤਬਰ ਆ ਵੜੇ। ਆਮ ਮੋਹਤਬਰ ਨਹੀਂ, ਪੁਲਿਸ ਦੀ ਭਾਸ਼ਾ ਵਾਲਾ ਮੋਹਤਬਰ। ਫੇਰ ਕੋਈ ਡਰ-ਡੁੱਕਰ ਨਹੀਂ।

“ਥੋਨੂੰ ਪਤੈ ਰਪਟ ਕੀ ਹੁੰਦੀ ਐ? ਘਾਬਰਿਆ ਬੰਦਾ ਰਪਟ ਦਰਜ ਨਹੀਂ ਕਰਾ ਸਕਦਾ। … ਰਪਟ ਲਿਖਾਉਣ ਲਈ ਦਿਮਾਗ਼ ਦਾ ਤਵਾਜ਼ਨ ਠੀਕ ਹੋਣਾ ਚਾਹੀਦਾ ਹੈ। ਊਟ-ਪਟਾਂਗ ਲਿਖ ਲਈਏ ਤਾਂ ਪਿੱਛੋਂ ਨਾਲੇ ਸਰਕਾਰੀ ਵਕੀਲ ਸਾਡੇ ਛਿੱਤਰ ਮਾਰਦੈ, ਨਾਲੇ ਜੱਜ ਪਹਿਲੀ ਪੇਸ਼ੀ ਮੁਜਰਮਾਂ ਨੂੰ ਕਰੀ ਕਰ ਦਿੰਦੈ। ਪੂਰੇ ਕਾਇਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਰਪਟ ਲਿਖਣੀ ਪੈਂਦੀ ਹੈ … ਚੰਗਾ ਹੋਵੇ ਜੇ ਕੋਈ ਮੋਹਤਬਰ ਬੰਦਾ ਲੈ ਆਵੋ … । ਅਜਿਹਾ ਬੰਦਾ ਜਿਹੜਾ ਅਤਿਵਾਦੀਆਂ ਦੇ ਖ਼ਿਲਾਫ਼ ਵੀ ਗਵਾਹੀ ਦੇ ਸਕੇ। … ਥੋਡੇ ਵਰਗੇ ਗੋਗੜਾਂ ਵਾਲੇ ਸੇਠ ਗਵਾਹੀ ਵੇਲੇ ਮੋਕ ਮਾਰ ਜਾਂਦੇ ਹਨ … । ਵੱਡੇ ਅਫ਼ਸਰ ਪੜਤਾਲਾਂ ਸਾਡੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ … ਮੁਜਰਮ ਬਰੀ ਕਿਉਂ ਹੋਏ? ਲਿਆਓ ਕੋਈ ਮੋਹਤਬਰ ਬੰਦਾ ਲਿਆਓ … ਨਾਲੇ ਗਵਾਹੀ ਪਾ ਦਊ, ਨਾਲੇ ਰਪਟ ਦਰਜ ਕਰਾ ਦਊ … ।”

ਸੰਤਰੀ ਨੇ ਥਾਣੇ ਸਾਹਮਣੀਆਂ ਦੁਕਾਨਾਂ ਵੱਲ ਇਸ਼ਾਰਾ ਵੀ ਕੀਤਾ, ਜਿਥੇ ਮੋਹਤਬਰਾਂ ਦੀ ਮੰਡੀ ਲੱਗੀ ਰਹਿੰਦੀ ਸੀ।

ਉਂਝ ਤਾਂ ਪਿੰਡ-ਪਿੰਡ, ਗਲੀ-ਗਲੀ ਹੀ ਮੋਹਤਬਰਾਂ ਦਾ ਜਾਲ ਵਿਛਿਆ ਹੋਇਆ ਹੈ। ਇੱਟ ਚੁੱਕੋ ਤਾਂ ਮੋਹਤਬਰ ਨਿਕਲ ਆਉਂਦਾ ਹੈ। ਮੋਹਤਬਰ ਸ਼ਿੰਗਾਰਨ ਵਿੱਚ ਪੁਲਿਸ ਦਾ ਲੱਗਦਾ ਵੀ ਕੀ ਹੈ? ਆਏ ਬੰਦੇ ਨੂੰ ਜੱਫੀ ਪਾ ਕੇ ਮਿਲੋ। ਬਾਲ-ਬੱਚਿਆਂ ਅਤੇ ਫ਼ਸਲਾਂ ਦਾ ਹਾਲ-ਚਾਲ ਪੁੱਛੋ। ਸ਼ਰਾਬ ਵਾਲੀ ਕੇਨੀ ਵਿਚੋਂ ਕੱਚ ਦੀ ਇੱਕ ਗਲਾਸੀ ਭਰੋ ਅਤੇ ਅਦਬ ਨਾਲ ਪੇਸ਼ ਕਰੋ। ਰੋਟੀ-ਟੁੱਕ ਦੇ ਬਹਾਨੇ ਕੁਆਟਰ ਲੈ ਜਾਓ। ਪਿਛਲੀ ਫ਼ੀਸ ਦਾ ਹਿੱਸਾ ਉਹਦੇ ਬੋਝੇ ਪਾਓ ਅਤੇ ਅਗਲੀ ਦੀ ਤਿਆਰੀ ਕਰੋ। ਮੋਹਤਬਰ ਬਿਨਾਂ ਪੁਲਿਸ ਨੂੰ ਕਿਹੜਾ ਸੁਫ਼ਨਾ ਆਉਂਦਾ ਹੈ ਕਿ ਅਸਾਮੀ ਵਿੱਚ ਕਿੰਨਾ ਦਮ ਹੈ? ਪੰਜ ਵਾਲੇ ਤੋਂ ਪੰਜਾਹ ਮੰਗੇ ਜਾ ਸਕਦੇ ਹਨ ਅਤੇ ਪੰਜਾਹ ਵਾਲੇ ਤੋਂ ਪੰਜ। ਸ਼ਿਕਾਇਤ ਦਾ ਧੁੜਕੂ ਵੱਖਰਾ। ਮੋਹਤਬਰ ਨਾਲ ਹੋਵੇ ਤਾਂ ਪਹਿਲਾਂ ਹੀ ਸਮਝਾ ਦਿੰਦੈ ਕਿ ਤਿਲਾਂ ਵਿੱਚ ਕਿੰਨਾ ਕੁ ਤੇਲ ਹੈ।

ਮੋਹਤਬਰ ਵੀ ਘਰ-ਘਰ ਫਿਰ ਕੇ ਲੜਾਈ-ਝਗੜੇ ਦੀ ਸੂਹ ਲਾਉਂਦੇ ਰਹਿੰਦੇ ਹਨ। ਵਿਹਲੇ ਹੋਣ ਤਾਂ ਸੱਥਾਂ ਅਤੇ ਬੱਸ ਅੱਡਿਆਂ ’ਚ ਡੇਰੇ ਲਾਈ ਰੱਖਦੇ ਹਨ। ਕੋਈ ਥਾਣੇ ਜਾਂਦਾ ਦਿਖਾਈ ਦੇਵੇ, ਝੱਟ ਨਾਲ ਹੋ ਲੈਂਦੇ ਹਨ।

ਜਿੰਨਾ ਚਿਰ ਲੋਕਾਂ ਦੇ ਸਿੰਗ ਭਿੜੇ ਰਹਿਣਗੇ, ਮੋਹਤਬਰਾਂ ਦੀ ਚੌਧਰ ਬਣੀ ਰਹੇਗੀ। ਚਾਰੇ ਪਾਸੇ ਜਵਾਈਆਂ ਵਾਂਗ ਸੇਵਾ ਹੁੰਦੀ ਹੈ। ਨਕਦ ਨਰਾਇਣ ਅਲੱਗ।

ਕੋਈ ਪਿੱਛੋਂ ਸੁੱਕਾ ਨਿਕਲ ਜਾਵੇ ਤਾਂ ਥਾਣੇ ਦੇ ਸਾਹਮਣੇ ਵਾਲੀਆਂ ਚਾਹ-ਦੁੱਧ ਅਤੇ ਟਾਈਪਿਸਟਾਂ ਦੀਆਂ ਦੁਕਾਨਾਂ ’ਤੇ ਬਥੇਰੇ ਰੈਡੀਮੇਡ ਮੋਹਤਬਰ ਮਿਲ ਜਾਂਦੇ ਹਨ।

ਭੁੱਲ-ਭੁਲੇਖੇ ਕੋਈ ਸਭ ਦੇ ਅੱਖੀਂ ਘੱਟਾ ਪਾ ਕੇ ਥਾਣੇ ਆ ਵੀ ਧਮਕੇ ਤਾਂ ਸੰਤਰੀ ਦਾ ਪਹਿਲਾ ਫ਼ਰਜ਼ ਇਹੋ ਹੈ ਕਿ ਅਰਜ਼ੀ-ਪੱਤਰ ਦੇ ਬਹਾਨੇ ਮੁਸਤਗੀਸਾਂ ਨੂੰ ਟਾਈਪਿਸਟਾਂ ਜਾਂ ਅਰਜ਼ੀ ਨਵੀਸਾਂ ਕੋਲ ਭੇਜੇ। ਬਹੁਤੇ ਪੜ੍ਹੇ-ਲਿਖੇ ਜੇ ਆਪ ਲਿਖਾ-ਪੜ੍ਹੀ ਕਰ ਲਿਆਏ ਹੋਣ ਤਾਂ ਮੁਨਸ਼ੀ ਦਾ ਫ਼ਰਜ਼ ਹੈ ਚਾਹ-ਪਾਣੀ ਦੇ ਬਹਾਨੇ ਫ਼ਰਿਆਦੀਆਂ ਨੂੰ ਦੁਕਾਨ ’ਤੇ ਘੱਲੇ। ਅੱਗੇ ਮੋਹਤਬਰ ਉਹਨਾਂ ਨੂੰ ਆਪੇ ਬੋਚ ਲੈਂਦੇ ਹਨ। ਟਾਈਪ ਕਰਦੇ-ਕਰਦੇ ਜਾਂ ਚਾਹ ਵਿੱਚ ਦੁੱਧ ਮਿਲਾਉਂਦੇ- ਮਿਲਾਉਂਦੇ ਉਹ ਮੁਸਤਗੀਸਾਂ ਦੇ ਮਨਾਂ ਵਿੱਚ ਉਤਰ ਜਾਂਦੇ ਹਨ। ਇਧਰ-ਉਧਰ ਦੀਆਂ ਮਾਰ ਕੇ ਸਾਰਾ ਮਸਲਾ ਆਪਣੇ ਹੱਥ ਲੈ ਲੈਂਦੇ ਹਨ। ਪਿੱਛੋਂ ਸਭ ਦੀਆਂ ਪੌਂ-ਬਾਰਾਂ।

ਮੋਹਤਬਰਾਂ ਦੀ ਗੱਲ ਛੇੜ ਕੇ ਸੰਤਰੀ ਆਪਣਾ ਫ਼ਰਜ਼ ਨਿਭਾ ਰਿਹਾ ਸੀ। ਇਸੇ ਵਿੱਚ ਸਭ ਦਾ ਭਲਾ ਸੀ।

“ਮੈਂ ਧਾਗਾ ਮਿੱਲ ਦਾ ਮੈਨੇਜਿੰਗ ਡਾਇਰੈਕਟਰ ਹਾਂ ਅਤੇ ਇਹ ਭਾਈ ਸਾਹਿਬ ਫਲੌਰ ਮਿਲਜ਼ ਮਾਲਕ ਯੂਨੀਅਨ ਦੇ ਪ੍ਰਧਾਨ।” ਜਾਣ-ਪਹਿਚਾਣ ਕਰਾ ਰਹੇ ਕੁੜਤੇ ਪਜਾਮੇ ਵਾਲੇ ਦਾ ਮਤਲਬ ਸੀ ਕਿ ਉਹ ਮੋਹਤਬਰ ਬੰਦੇ ਹੀ ਤਾਂ ਹਨ।

ਸੇਠਾਂ ਦੇ ਅਹੁਦੇ ਸੁਣ ਕੇ ਸੰਤਰੀ ਨੇ ਦਿਮਾਗ਼ ’ਤੇ ਪੂਰਾ ਬੋਝ ਪਾ ਕੇ ਸੋਚਿਆ। ਪੂਰੇ ਪੰਦਰਾਂ ਦਿਨਾਂ ਤੋਂ ਉਹ ਪਹਿਰੇ ’ਤੇ ਸੀ। ਅਜਿਹਾ ਕੋਈ ਮੋਹਤਬਰ ਨਹੀਂ ਸੀ, ਜਿਹੜਾ ਹਾਲੇ ਤਕ ਉਸ ਦੀਆਂ ਨਜ਼ਰਾਂ ਥਾਣੀਂ ਨਾ ਨਿਕਲਿਆ ਹੋਵੇ। ਉਹ ਮੋਹਤਬਰ ਹੀ ਕਾਹਦਾ ਜਿਹੜਾ ਦਿਨ ਵਿੱਚ ਦੋ-ਤਿੰਨ ਚੱਕਰ ਵੀ ਨਾ ਮਾਰੇ। ਇਹ ਸੇਠ ਤਾਂ ਇੱਕ ਵਾਰ ਵੀ ਥਾਣੇ ਨਹੀਂ ਆਏ।

“ਲੱਗਦਾ ਹੈ ਤੁਸੀਂ ਇਨਕਮ ਟੈਕਸ ਜਾਂ ਸੇਲ ਟੈਕਸ ਦੇ ਦਫ਼ਤਰ ਵਿੱਚ ਲੀਡਰੀ ਕਰਦੇ ਹੋ। ਥੋਨੂੰ ਥਾਣੇ ਤਾਂ ਕਦੇ ਨਹੀਂ ਦੇਖਿਆ … ।” ਸੰਤਰੀ ਨੇ ਨਰਮੀ ਫੜਨੀ ਸ਼ੁਰੂ ਕਰ ਦਿੱਤੀ ।

“ਰੱਬ ਥਾਣੇ, ਹਸਪਤਾਲਾਂ ਤੋਂ ਬਚਾਈ ਰੱਖੇ। ਅਸੀਂ ਹਾਲੇ ਤਕ ਕਦੇ ਥਾਣੇ ਪੈਰ ਨਹੀਂ ਪਾਇਆ।” ਪ੍ਰਧਾਨ ਗੱਲ ਨਿਬੇੜਨਾ ਚਾਹੁੰਦਾ ਸੀ। ਤਿੱਖੇ ਵਿਅੰਗ ਤੋਂ ਉਸ ਨੂੰ ਆਸ ਸੀ ਕਿ ਸੰਤਰੀ ਰਾਹ ਛੱਡ ਦੇਵੇਗਾ।

“ਫੇਰ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹਰ ਸੰਸਥਾ ਦੇ ਕਾਇਦੇ-ਕਾਨੂੰਨ ਹੁੰਦੇ ਹਨ। ਤੁਸੀਂ ਜਾਓ ਸਾਹਮਣੀ ਬੰਦੂਕਾਂ ਵਾਲੀ ਦੁਕਾਨ ਤੋਂ ਗੁਪਤਾ ਜੀ ਨੂੰ ਬੁਲਾ ਲਿਆਓ … ਵਿਉਪਾਰ ਮੰਡਲ ਦੇ ਪ੍ਰਧਾਨ ਨੂੰ ਹਾਕ ਮਾਰ ਲਓ … ਹੋਰ ਕੋਈ ਨਹੀਂ ਲੱਭਦਾ ਤਾਂ ਅਰਜ਼ੀ ਨਵੀਸ ਪਾਧਾ ਹੀ ਸਹੀ। ਉਹ ਕਿਧਰੇ ਗਿਆ ਹੋਇਆ ਤਾਂ ਢਾਬੇ ਵਾਲੇ ਪਹਿਲਵਾਨ ਨੂੰ ਲੈ ਆਓ … । ਕੋਈ ਤਾਂ ਹੋਵੇ ਰਪਟ ’ਤੇ ਅੰਗੂਠਾ ਲਾਉਣ ਲਈ।”

“ਚੰਗਾ ਦੇਖਦੇ ਹਾਂ ਕੋਈ … ।” ਆਖਦੇ ਉਹ ਗਰਦਨਾਂ ਸੁੱਟੀ, ਛੋਟੇ ਕਦਮ ਪੁੱਟਦੇ ਬਜ਼ਾਰ ਵੱਲ ਤੁਰ ਪਏ।

ਪਾਧੇ ਅਤੇ ਗੁਪਤੇ ਦਾ ਨਾਂ ਤਾਂ ਉਸ ਨੇ ਐਵੇਂ ਗਿਣਤੀ ਲਈ ਲਿਆ ਸੀ। ਉਸ ਦੀ ਅਸਲੀ ਦਾਲ ਤਾਂ ਹੀ ਗਲਦੀ ਜੇ ਉਹ ਢਾਬੇ ਵਾਲੇ ਪਹਿਲਵਾਨ ਕੋਲ ਜਾਂਦੇ।

ਪਹਿਲਵਾਨ ਕੋਈ ਪਰਾਇਆ ਨਹੀਂ ਸੀ। ਉਹ ਮੁਖ਼ਤਿਆਰ ਦਾ ਗੁਰੂ ਵੀ ਸੀ, ਚਾਚਾ ਵੀ ਅਤੇ ਸਰਪ੍ਰਸਤ ਵੀ।

ਜਦੋਂ ਉਹ ਪਾਕਿਸਤਾਨੋਂ ਉੱਜੜ ਕੇ ਆਏ ਸਨ ਤਾਂ ਮੁਖ਼ਤਿਆਰ ਪੰਜਾਂ ਸਾਲਾਂ ਦਾ ਸੀ। ਆਉਂਦਿਆਂ ਹੀ ਪਹਿਲਾਂ ਉਸ ਦੇ ਬਾਪ ਅਤੇ ਪਹਿਲਵਾਨ ਨੇ ਪਿੰਡ-ਪਿੰਡ ਜਾ ਕੇ ਸਬਜ਼ੀ ਵੇਚੀ। ਗਰਮੀਆਂ ਵਿੱਚ ਨਾਲ ਕੁਲਫ਼ੀਆਂ ਲੈ ਜਾਣੀਆਂ। ਉਧਰੋਂ ਦਾਣਿਆਂ ਅਤੇ ਆਂਡਿਆਂ ਦੀ ਬਹਿੰਗੀ ਭਰ ਲਿਆਉਣੀ।

ਨਵਾਂ ਬੱਸ ਸਟੈਂਡ ਬਣਿਆ ਤਾਂ ਉਹਨਾਂ ਨੇ ਪਰੌਂਠਿਆਂ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ। ਰੇਹੜੀ ਲੱਗਦੀ ਨੂੰ ਜਦੋਂ ਦਸ ਵਰ੍ਹੇ ਹੋ ਗਏ ਤਾਂ ਕਮੇਟੀ ਨੇ ਉਹਨਾਂ ਨੂੰ ਦੁਕਾਨ ਅਲਾਟ ਕਰ ਦਿੱਤੀ। ਤਰੱਕੀ ਕਰਦਾ-ਕਰਦਾ ਉਹਨਾਂ ਦਾ ਢਾਬਾ ਵਧੀਆ ਚੱਲ ਨਿਕਲਿਆ। ਗਸ਼ਤ ਲਈ ਨਿਕਲੀ ਪੁਲਿਸ ਪਾਰਟੀ ਉਹਨਾਂ ਦੇ ਚੁਬਾਰੇ ਵਿੱਚ ਹੀ ਥਕੇਵਾਂ ਲਾਹੁੰਦੀ ਸੀ।

ਮੁਖ਼ਤਿਆਰ ਨੇ ਪਹਿਲਾਂ ਸਬਜ਼ੀ ਢੋਈ, ਰੇਹੜੀ ’ਤੇ ਭਾਂਡੇ ਮਾਂਜੇ ਅਤੇ ਜਦੋਂ ਹੋਟਲ ਖੁੱਲ੍ਹਿਆ ਤਾਂ ਸਬਜ਼ੀਆਂ ਅਤੇ ਮੀਟ ਬਣਾਉਣ ਦਾ ਭਾਰ ਸੰਭਾਲਿਆ। ਕਦੇ-ਕਦੇ ਸਕੂਲ ਵੀ ਗੇੜਾ ਮਾਰ ਆਉਂਦਾ। ਪੰਜਾਬੀ ਪੜ੍ਹਨੀ-ਲਿਖਣੀ ਸਿੱਖ ਲਈ।

ਪੁਲਿਸ ਨਾਲ ਵਾਕਫ਼ੀਅਤ ਵਧੀ ਤਾਂ ਬੰਤਾ ਸਿੰਘ ਥਾਣੇਦਾਰ ਨੇ ਥਾਣੇ ਸਾਹਮਣੀਆਂ ਦੁਕਾਨਾਂ ਵਿਚੋਂ ਇੱਕ ਉਹਨਾਂ ਨੂੰ ਦਿਵਾ ਦਿੱਤੀ। ਦੋਹਾਂ ਧਿਰਾਂ ਨੂੰ ਇੱਕ-ਦੂਜੇ ਦੀ ਜ਼ਰੂਰਤ ਸੀ। ਪੁਲਿਸ ਵਾਲਿਆਂ ਨੂੰ ਪੈਸੇ ਫੜਨ ਵਾਲਾ ਇਮਾਨਦਾਰ ਬੰਦਾ ਚਾਹੀਦਾ ਸੀ ਅਤੇ ਪਹਿਲਵਾਨ ਨੂੰ ਮੂੰਹ-ਮੰਗੇ ਪੈਸੇ ਦੇਣ ਵਾਲੇ ਗਾਹਕ। ਚੱਲ ਸੋ ਚੱਲ। ਦਿਨਾਂ ਵਿੱਚ ਹੀ ਉਹ ਵਾਹਵਾ ਤਰੱਕੀ ਕਰ ਗਏ।

ਜਾਂਦਾ-ਜਾਂਦਾ ਬੰਤਾ ਸਿੰਘ ਇੱਕ ਹੋਰ ਅਹਿਸਾਨ ਕਰ ਗਿਆ। ਕੱਦ ਤਾਂ ਭਾਵੇਂ ਮੁਖ਼ਤਿਆਰ ਦਾ ਛੋਟਾ ਹੀ ਸੀ ਪਰ ਪੁਲਿਸ ’ਚ ਭਰਤੀ ਕਰਾ ਗਿਆ।

ਬਾਪੂ ਨੂੰ ਅੱਖਾਂ ਮੀਚੇ ਵਰ੍ਹੇ ਬੀਤ ਗਏ ਸਨ। ਮੁਖ਼ਤਿਆਰ ਦੇ ਸਿਰ ’ਤੇ ਪਹਿਲਵਾਨ ਦਾ ਹੱਥ ਸੀ। ਉਸ ਨੇ ਸਿਫ਼ਾਰਸ਼ ਕਰ ਕੇ ਮੁਖ਼ਤਿਆਰ ਨੂੰ ਨਾਇਬ-ਕੋਰਟ ਲਗਵਾ ਦਿੱਤਾ। ਇੱਕ ਹੋਟਲ ਪਹਿਲਵਾਨ ਨੇ ਕਚਹਿਰੀ ਵਿੱਚ ਖੋਲ੍ਹ ਲਿਆ ਸੀ। ਥਾਣੇ ਸਿਪਾਹੀਆਂ ਨੂੰ ਕੌਣ ਪੁੱਛਦਾ ਹੈ? ਉੱਥੇ ਨਾਇਬ-ਕੋਰਟਾਂ ਦੀਆਂ ਮੌਜਾਂ ਹੀ ਮੌਜਾਂ। ਕਚਹਿਰੀ ਰਹਿ ਕੇ ਵੱਡੇ ਅਫ਼ਸਰਾਂ ਦੇ ਮੱਥੇ ਲੱਗੇਗਾ ਅਤੇ ਵੱਡੀਆਂ ਮਾਰਾਂ ਮਾਰੇਗਾ।

ਹੋਇਆ ਵੀ ਇੰਝ ਹੀ। ਕਰਾਰੇ ਪਰੌਂਠੇ, ਤੜਕੇ ਵਾਲੀਆਂ ਸਬਜ਼ੀਆਂ ਅਤੇ ਮਸਾਲੇਦਾਰ ਮੀਟ ਦੇ ਤਜਰਬੇ ਨੇ ਉਸ ਨੂੰ ਰੱਜ ਕੇ ਐਸ਼ਾਂ ਕਰਾਈਆਂ। ਜਿਸ ਅਫ਼ਸਰ ਦੇ ਮੂੰਹ ਉਹਦੀ ਸਬਜ਼ੀ ਲੱਗ ਜਾਂਦੀ, ਉਹ ਹੋਟਲਾਂ ਵਿੱਚ ਜਾਣਾ ਭੁੱਲ ਜਾਂਦਾ। ਬਥੇਰੀ ਵਾਰ ਉਸ ਦੀ ਬਦਲੀ ਹੁੰਦੀ। ਬਦਲੀ ਰੁਕਵਾਉਣ ਅਫ਼ਸਰ ਆਪੇ ਜਾਂਦੇ। ਉਸ ਨੂੰ ਆਖਣ ਦੀ ਲੋੜ ਹੀ ਨਹੀਂ ਸੀ ਪੈਂਦੀ।

ਪੰਦਰਾਂ ਸਾਲ ਕਚਹਿਰੀ ’ਚ ਰਹਿ ਕੇ ਉਹ ਭੁੱਲ ਹੀ ਗਿਆ ਸੀ ਕਿ ਉਹ ਇੱਕ ਮਾਮੂਲੀ ਸਿਪਾਹੀ ਸੀ। ਉਹ ਆਪਣੇ ਆਪ ਨੂੰ ਜੱਜ ਹੀ ਸਮਝਣ ਲੱਗ ਪਿਆ ਸੀ। ਥਾਣੇ ਵਾਲੇ ਤਾਂ ਉਸ ਨੂੰ ‘ਮਿੰਨੀ ਜੱਜ’ ਹੀ ਆਖਣ ਲੱਗ ਪਏ ਸਨ। ਕਚਹਿਰੀ ਵਿੱਚ ਉਸ ਦੀ ਚੱਲਦੀ ਵੀ ਪੂਰੀ ਸੀ। ਦਿਲ ਕਰਿਆ ਕਿਸੇ ਦਾ ਤਫ਼ਤੀਸ਼ੀ ਦਾ ਚਲਾਨ ਪੇਸ਼ ਕਰ ਦਿੱਤਾ। ਨਾ ਦਿਲ ਕਰਿਆ ਨਾਂਹ ਕਰ ਦਿੱਤੀ। ਜੱਜ ਉਸ ਦੀ ਉਲਟਾਉਂਦੇ ਨਹੀਂ ਸਨ। ਪਤਾ ਸੀ, ਸਾਰਾ ਦਿਨ ਵਗਾਰ ਕਰਦਾ ਹੈ। ਚਾਰ ਪੈਸੇ ਕਮਾ ਲਏਗਾ ਤਾਂ ਕੀ ਫ਼ਰਕ ਪੈਂਦਾ ਹੈ। ਕਿਸੇ ਥਾਣੇਦਾਰ ਦੀ ਕੀ ਮਜਾਲ ਕਿਸੇ ਜੱਜ ਤੋਂ ਸਿੱਧਾ ਕੰਮ ਕਰਾ ਲਏ।

ਇਹ ਅਹਿਸਾਸ ਉਸ ਨੂੰ ਹੁਣ ਹੋਇਆ ਸੀ ਕਿ ਅੱਧੇ ਨਾਲੋਂ ਵੱਧ ਪੁਲਿਸ ਅਫ਼ਸਰ ਉਸ ਨਾਲ ਨਾਰਾਜ਼ ਹਨ। ਕਈਆਂ ਨਾਲ ਤਾਂ ਇੱਟ-ਕੁੱਤੇ ਵਾਲਾ ਵੈਰ ਪਿਆ ਹੋਇਆ ਸੀ। ਜਦੋਂ ਦਾ ਉਹ ਥਾਣੇ ਬਦਲ ਕੇ ਆਇਆ ਸੀ, ਸਾਰੇ ਗਿਣ-ਗਿਣ ਕੇ ਬਦਲੇ ਲੈ ਰਹੇ ਸਨ।

ਸਭ ਤੋਂ ਵੱਡਾ ਦੁਸ਼ਮਣ ਐਸ.ਐਚ.ਓ.ਸੀ। ਉਦੋਂ ਤਾਂ ਅੱਗੇ-ਪਿੱਛੇ ਫਿਰਦਾ ਹੁੰਦਾ ਸੀ। ਥਾਣੇ ਆਏ ਦੀ ਜਵਾਈਆਂ ਵਾਂਗ ਸੇਵਾ ਕਰਦਾ ਸੀ। ‘ਭਤੀਜ-ਭਤੀਜ’ ਕਹਿੰਦੇ ਦਾ ਮੂੰਹ ਸੁੱਕਦਾ ਹੁੰਦਾ ਸੀ। ਕਦੇ-ਕਦੇ ਵਿਸਕੀ ਵੀ ਹਾਜ਼ਰ ਕਰਦਾ ਸੀ। ਮੁਖ਼ਤਿਆਰ ਮਤਹਿਤ ਬਣ ਕੇ ਆਇਆ ਤਾਂ ਮੁਨਸ਼ੀ ਨੂੰ ਹੁਕਮ ਸੁਣਾ ਦਿੱਤਾ, ਇਸ ਦੇ ਵੱਟ ਕੱਢੇ ਜਾਣ। ਸਖ਼ਤ ਤੋਂ ਸਖ਼ਤ ਡਿਊਟੀ ’ਤੇ ਰੱਖਿਆ ਜਾਵੇ। ਵਜ੍ਹਾ, ਰੰਜਿਸ਼? ਇੱਕ ਵਾਰੀ ਉਸ ਨੇ ਅੜ ਕੇ ਇੰਸਪੈਕਟਰ ਤੋਂ ਵੀਹ ਰੁਪਏ ਲੈ ਲਏ ਸੀ। ਇੰਸਪੈਕਟਰ ਸਮਝਾਉਂਦਾ ਰਿਹਾ। ਚਲਾਨ ਪੇਸ਼ ਕਰਨ ਦੀ ਆਖ਼ਰੀ ਤਰੀਖ਼ ਸੀ। ਮੁਜਰਮ ਨਾਮੀ ਦਹਿਸ਼ਤਗਰਦ ਸੀ। ਚਲਾਨ ਪੇਸ਼ ਨਾ ਹੋਇਆ ਤਾਂ ਉਸ ਦੀ ਜ਼ਮਾਨਤ ਹੋ ਜਾਣੀ ਸੀ ਅਤੇ ਇੰਸਪੈਕਟਰ ਦੀ ਇਨਕੁਆਇਰੀ। ਮੁਖ਼ਤਿਆਰ ਆਪਣੀ ਜ਼ਿੱਦ ’ਤੇ ਅੜਿਆ ਰਿਹਾ। ਫ਼ੀਸ ਬਿਨਾਂ ਚਲਾਨ ਪੇਸ਼ ਨਹੀਂ ਹੋ ਸਕਦਾ। ਇੰਸਪੈਕਟਰ ਦਿਨ ਵਿੱਚ ਦਸ-ਦਸ ਹਜ਼ਾਰ ਰੁਪਏ ਕਮਾਉਂਦਾ ਹੈ। ਕਿਸੇ ਦਿਨ ਪੱਲਿਓਂ ਦੇਣੇ ਪੈ ਗਏ ਤਾਂ ਕਿਹੜਾ ਉਹ ਨੰਗ ਹੋਣ ਲੱਗਾ ਹੈ। ਨਾਇਬ-ਕੋਰਟਾਂ ਦੇ ਕਿਹੜਾ ਹਲ ਚੱਲਦੇ ਹਨ। ਇਸੇ ਤਰ੍ਹਾਂ ਗੁਜ਼ਾਰਾ ਚਲਾਉਣਾ ਹੁੰਦਾ ਹੈ।

ਊਠ ਵਾਂਗ ਇੰਸਪੈਕਟਰ ਦਿਲ ’ਚ ਖਾਰ ਰੱਖੀ ਬੈਠਾ ਸੀ। ਥਾਣੇ ਆਉਂਦਿਆਂ ਹੀ ਉਸ ਨੂੰ ਪਹਿਰੇ ’ਤੇ ਚਾੜ੍ਹ ਦਿੱਤਾ।

ਮੁਨਸ਼ੀ ਉਸ ਦਾ ਵੀ ਪਿਓ ਸੀ। ਉਸ ਨੇ ਆਪਣੀ ਚਲਾਉਣੀ ਸ਼ੁਰੂ ਕਰ ਦਿੱਤੀ। ਕਈ ਵਾਰ ਆਖ ਚੁੱਕਾ ਸੀ। ਮੁਖ਼ਤਿਆਰ ਦੀ ਮਿਹਰਬਾਨੀ ਕਰ ਕੇ ਮੁਨਸ਼ੀ ਦੀ ਕਈ ਵਾਰ ਦੋ-ਦੋ ਸਾਲ ਦੀ ਨੌਕਰੀ ਕੱਟੀ ਗਈ ਸੀ। ਜੇ ਮੁਖ਼ਤਿਆਰ ਦੀਆਂ ਸ਼ਿਕਾਇਤਾਂ ਕਰਕੇ ਉਸ ਨੂੰ ਸਜ਼ਾਵਾਂ ਨਾ ਮਿਲੀਆਂ ਹੁੰਦੀਆਂ ਤਾਂ ਹੁਣ ਨੂੰ ਉਹ ਕਦੇ ਦਾ ਛੋਟਾ ਥਾਣੇਦਾਰ ਬਣਿਆ ਹੁੰਦਾ। ਹਜ਼ਾਰਾਂ ਮੁਕੱਦਮੇ ਬਰੀ ਹੁੰਦੇ ਹਨ। ਜਿਹੜਾ ਦਸ-ਵੀਹ ਮੁਖ਼ਤਿਆਰ ਦੇ ਹੱਥ ਰੱਖ ਦਿੰਦਾ, ਉਸ ਦੇ ਕਾਗ਼ਜ਼ ਦੱਬ ਲੈਂਦਾ। ਨਾ ਮਿਲਦੇ ਤਾਂ ਸਰਕਾਰੀ ਵਕੀਲ ਤੋਂ ਰਿਪੋਰਟ ਕਰਾ ਦਿੰਦਾ। ਕਈ ਵਾਰ ਹੱਥ ਤੰਗ ਹੁੰਦੈ। ਇਸ ਤੰਗੀ ਦਾ ਫ਼ਾਇਦਾ ਉਠਾ ਕੇ ਮੁਖ਼ਤਿਆਰ ਨੇ ਮੁਨਸ਼ੀ ਨੂੰ ਮਾੜੇ ਦਿਨ ਦਿਖਾਏ ਸਨ। ਹੁਣ ਮੁਖ਼ਤਿਆਰ ਮਸਾਂ-ਮਸਾਂ ਉਹਦੇ ਅੜਿੱਕੇ ਚੜ੍ਹਿਆ ਸੀ। ਉਹਨੇ ਬਦਲਾ ਲੈਣਾ ਹੀ ਸੀ।

ਪਹਿਰਾ ਥਾਣੇ ’ਚ ਸਭ ਤੋਂ ਸਖ਼ਤ ਡਿਊਟੀ ਹੁੰਦੀ ਹੈ। ਮੁਖ਼ਤਿਆਰ ਦਾ ਪਹਿਰਾ ਕਦੇ ਦਿਨ ਦਾ ਹੁੰਦਾ, ਕਦੇ ਰਾਤ ਦਾ। ਮਜਾਲ ਨਹੀਂ ਇੱਕ ਮਿੰਟ ਵੀ ਬੈਠ ਸਕੇ। ਇੱਕ ਵਾਰ ਪਹਿਲਵਾਨ ਦੀ ਦੁਕਾਨ ਤੋਂ ਬੈਂਚ ਮੰਗਵਾਇਆ ਤਾਂ ਇੰਸਪੈਕਟਰ ਨੇ ਗਾਲ੍ਹਾਂ ਦੀ ਬੁਛਾੜ ਕਰ ਦਿੱਤੀ। ਵੀਹ ਥਾਣੇ ਲੁੱਟੇ ਜਾ ਚੁੱਕੇ ਹਨ। ਸੰਤਰੀ ਥੋੜ੍ਹਾ ਜਿਹਾ ਵੀ ਅਵੇਸਲਾ ਹੋ ਗਿਆ ਤਾਂ ਕੁੱਝ ਵੀ ਵਾਪਰ ਸਕਦਾ ਸੀ।

ਰਾਤ ਦਾ ਪਹਿਰਾ ਦੇ ਰਹੇ ਸੰਤਰੀ ਨੂੰ ਘੰਟਾ ਦੋ ਘੰਟੇ ਅੱਖ ਲਾਉਣ ਦੀ ਖੁੱਲ੍ਹ ਹੁੰਦੀ ਹੀ ਹੈ। ਰਾਤ ਵਾਲਾ ਮੁਨਸ਼ੀ ਕਿਹੜਾ ਸੌਂਦਾ ਨਹੀਂ? ਕਈ ਸੰਤਰੀ ਤਾਂ ਪੈੱਗ ਮਾਰ ਕੇ ਅਜਿਹਾ ਸੌਂਦੇ ਹਨ ਕਿ ਸਵੇਰੇ ਅੱਖ ਖੁੱਲ੍ਹਦੀ ਹੈ। ਵਾਰਦਾਤਾਂ ਤੋਂ ਡਰਦੇ ਲੋਕ ਤਾਂ ਦਿਨ ਛਿਪਦੇ ਹੀ ਘਰੋ-ਘਰੀ ਜਾ ਵੜਦੇ ਹਨ। ਛੇ ਵਜੇ ਹੀ ਕਰਫ਼ਿਊ ਵਰਗੀ ਹਾਲਤ ਹੋ ਜਾਂਦੀ ਹੈ। ਕੌਣ ਆਉਂਦੈ ਥਾਣੇ ਇਤਲਾਹ ਦੇਣ? ਜੇ ਕੋਈ ਆ ਵੀ ਜਾਵੇ ਤਾਂ ਸੰਤਰੀ ਨੂੰ ਜਗਾ ਸਕਦੈ। ਇਹਨਾਂ ਵਿਚੋਂ ਕੋਈ ਵੀ ਖੁੱਲ੍ਹ ਮੁਖ਼ਤਿਆਰ ਨੂੰ ਹਾਸਲ ਨਹੀਂ ਸੀ। ਦਿਹਾੜੀ ’ਚ ਚਾਰ-ਚਾਰ ਵਾਰ ਉਹਦੀ ਚੈਕਿੰਗ ਹੁੰਦੀ। ਸਾਰਾ ਥਾਣਾ ਜਿਵੇਂ ਮੌਕਾ ਹੀ ਭਾਲਾ ਸੀ। ਕਦੋਂ ਮੌਕਾ ਮਿਲੇ ਅਤੇ ਉਹ ਮੁਖ਼ਤਿਆਰ ਦੀ ਬੇਇੱਜ਼ਤੀ ਕਰਨ।

ਸੰਤਰੀ ਨੇ ਸੋਚ-ਸਮਝ ਕੇ ਪਹਿਲਵਾਨ ਦਾ ਨਾਂ ਲਿਆ ਸੀ। ਜੇ ਉਹ ਵਿੱਚ ਪੈ ਜਾਵੇ ਤਾਂ ਮੁਖ਼ਤਿਆਰ ਦੀ ਜਾਨ ਸੁਖਾਲੀ ਹੋ ਜਾਵੇ। ਉਹ ਮੋਟੀ ਫ਼ੀਸ ਦਿਵਾਉਣ ਵਿੱਚ ਮਾਹਿਰ ਹੈ। ਇੱਕ ਵਾਰ ਇੰਸਪੈਕਟਰ ਨੂੰ ਚੰਗੀ ਫ਼ੀਸ ਦਿਵਾ ਦੇਵੇ ਤਾਂ ਸ਼ਾਇਦ ਉਸ ਦਾ ਗੁੱਸਾ ਠੰਢਾ ਪੈ ਜਾਵੇ।

ਇਥੇ ਪਾਸਾ ਪੁੱਠਾ ਹੀ ਪੈਂਦਾ ਨਜ਼ਰ ਆ ਰਿਹਾ ਸੀ।

ਸੇਠਾਂ ਨੂੰ ਗਏ ਦੋ ਘੰਟੇ ਹੋ ਗਏ ਸਨ। ਮੁੜ ਆਉਣ ਦੇ ਆਸਾਰ ਨਜ਼ਰ ਨਹੀਂ ਸੀ ਆ ਰਹੇ।

ਕਈ ਚੱਕਰ ਉਹਨੇ ਢਾਬੇ ਦੇ ਲਾਏ ਸਨ। ਚਾਚਾ ਨਾ ਕਿਸੇ ਪ੍ਰਧਾਨ ਨੂੰ ਜਾਣਦਾ ਸੀ, ਨਾ ਮੈਨੇਜਿੰਗ ਡਾਇਰੈਕਟਰ ਨੂੰ। ਨਾ ਉਸ ਨੂੰ ਕਿਸੇ ਬੱਚੇ ਦੇ ਗੁੰਮ ਹੋਣ ਦਾ ਪਤਾ ਸੀ। ਅਜੀਬ ਜਿਹੀ ਘੁੰਮਣ-ਘੇਰੀ ਵਿੱਚ ਫਸ ਗਿਆ ਸੀ ਮੁਖ਼ਤਿਆਰ।

ਉਹਨਾਂ ਦੇ ਵਾਪਸ ਨਾ ਆਉਣ ਦੇ ਦੋ ਹੀ ਕਾਰਨ ਹੋ ਸਕਦੇ ਸਨ। ਜਾਂ ਬੱਚਾ ਮਿਲ ਗਿਆ ਹੋਣਾ ਹੈ ਜਾਂ ਫੇਰ ਉਹ ਕਿਸੇ ਵਜ਼ੀਰ ਕੋਲ ਸੰਤਰੀ ਦੀ ਸ਼ਿਕਾਇਤ ਕਰਨ ਗਏ ਹੋਣਗੇ।

ਬੱਚਾ ਲੱਭਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬੱਚਾ ਆਪੇ ਇਧਰ-ਉਧਰ ਹੋਇਆ ਹੁੰਦਾ ਤਾਂ ਕਦੋਂ ਦਾ ਮੁੜ ਆਉਂਦਾ। ਉਹ ਜ਼ਰੂਰ ਕਿਸੇ ਗਰੋਹ ਦੇ ਹੱਥ ਲੱਗਾ ਹੋਣਾ ਹੈ। ਇਹੋ ਜਿਹੇ ਸੇਠਾਂ ਤੋਂ ਵੀਹ-ਵੀਹ ਹਜ਼ਾਰ ਝਾੜਨਾ ਖੱਬੇ ਹੱਥ ਦੀ ਖੇਡ ਹੁੰਦੀ ਹੈ।

ਜ਼ਰੂਰ ਉਹ ਕਿਸੇ ਵਜ਼ੀਰ ਵੱਲ ਭੱਜੇ ਹੋਣਗੇ। ਇੱਕ ਫਲੋਰ ਮਿਲਜ਼ ਮਾਲਕ ਯੂਨੀਅਨ ਦਾ ਪ੍ਰਧਾਨ ਹੈ ਅਤੇ ਦੂਜਾ ਧਾਗਾ ਮਿੱਲ ਦਾ ਉੱਚ ਅਧਿਕਾਰੀ। ਦੋਹਾਂ ਸੰਸਥਾਵਾਂ ਕੋਲ ਲੱਖਾਂ ਰੁਪਏ ਦਾ ਫੰਡ ਹੈ। ਚੋਣਾਂ ਵਿੱਚ ਉਹਨਾਂ ਲੱਖਾਂ ਰੁਪਏ ਵਜ਼ੀਰਾਂ ਨੂੰ ਦਿੱਤੇ ਹੋਣਗੇ। ਹਾਲੇ ਕੱਲ੍ਹ ਚੋਣਾਂ ਹੋ ਕੇ ਹਟੀਆਂ ਹਨ। ਇੰਨੀ ਜਲਦੀ ਤਾਂ ਵਜ਼ੀਰ ਅੱਖਾਂ ਨਹੀਂ ਫੇਰਨ ਲੱਗੇ। ਮੁੱਖ-ਮੰਤਰੀ ਤੋਂ ਬਿਨਾਂ ਦੋ-ਤਿੰਨ ਹੋਰ ਵਜ਼ੀਰ ਆਲੇ-ਦੁਆਲੇ ਦੇ ਹਨ। ਹੋ ਸਕਦੈ ਇੱਕ-ਦੋ ਇਹਨਾਂ ਦੇ ਕਰਜ਼ਾਈ ਵੀ ਹੋਣ। ਚੇਅਰਮੈਨ ਅਤੇ ਪ੍ਰਧਾਨ ਤਾਂ ਕੀੜੀਆਂ ਵਾਂਗ ਫਿਰਦੇ ਹਨ। ਬਹੁਤੇ ਇਹਨਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ ਹੋਣਗੇ। ਕਿਸੇ ਕੋਲ ਵੀ ਅੱਪੜ ਗਏ ਤਾਂ ਸਾਰਾ ਨਜ਼ਲਾ ਸੰਤਰੀ ’ਤੇ ਹੀ ਝੜਨਾ ਹੈ।

ਜੋ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਉਹ ਕੀ ਕਰੇ?

ਬੇਚੈਨ ਸੰਤਰੀ ਮੋਢੇ ’ਤੇ ਬੰਦੂਕ ਰੱਖੀ ਕਦੇ ਅੰਦਰ ਮੁਨਸ਼ੀ ਵੱਲ ਚੱਕਰ ਲਾਉਂਦਾ, ਕਦੇ ਬਾਹਰ ਦੁਕਾਨਾਂ ਵੱਲ। ਹੋ ਸਕਦੈ ਕੋਈ ਫ਼ੋਨ ਆ ਜਾਵੇ। ਹੋ ਸਕਦੈ ਬਾਹਰ ਕਿਸੇ ਮੋਹਤਬਰ ਨੂੰ ਲੱਭਦੇ ਹੋਣ।

ਗੋਲੇ ਕਬੂਤਰ ਵਾਂਗ ਡਰਿਆ ਮੁਖ਼ਤਿਆਰ ਨਾਲੇ ਸੇਠਾਂ ਨੂੰ ਉਡੀਕ ਰਿਹਾ ਸੀ, ਨਾਲੇ ਭਲੇ ਦਿਨਾਂ ਨੂੰ ਯਾਦ ਕਰ ਰਿਹਾ ਸੀ।

ਕਚਹਿਰੀਆਂ ’ਚ ਉਹਦੇ ਦਿਨ ਤੀਆਂ ਵਾਂਗ ਲੰਘਦੇ ਸਨ। ਕਈ ਅਫ਼ਸਰ ਆਏ ਅਤੇ ਚਲੇ ਗਏ, ਉਸ ਦੀ ਸਰਦਾਰੀ ਹਮੇਸ਼ਾ ਕਾਇਮ ਰਹੀ। ਕੀ ਵਕੀਲ, ਕੀ ਮੁਨਸ਼ੀ ਅਤੇ ਕੀ ਸਾਇਲ, ਸਭ ਉਸ ਨੂੰ ਦੁਆ-ਸਲਾਮ ਕਰਦੇ ਸਨ। ਉਹਨੂੰ ਰੱਬ ਭੁੱਲਿਆ ਹੋਇਆ ਸੀ।

ਕਚਹਿਰੀ ਦਾ ਹਰ ਕੰਮ ਉਹਦੇ ਲਈ ਟਿੱਚ ਸੀ। ਕਿਸੇ ਨੇ ਮਿਸਲ ਦੀਆਂ ਜ਼ਿਮਨੀਆਂ ਉਤਾਰਨੀਆਂ ਹੋਣ ਤਾਂ ਉਹ ਇਕੋ-ਇੱਕ ਅਜਿਹਾ ਨਾਇਬ-ਕੋਰਟ ਸੀ, ਜਿਹੜਾ ਮਿਸਲ ਕੱਛ ’ਚ ਦੇ ਕੇ ਸ਼ਰੇਆਮ ਵਕੀਲ ਦੀ ਕੋਠੀ ਪੁੱਜ ਜਾਂਦਾ ਸੀ। ਕਿਸੇ ਨੇ ਹਲਫ਼ੀਆ ਬਿਆਨ ਜਾਂ ਨਕਸ਼ਾ ਮੌਕਾ ਵਿੱਚ ਹੇਰਾ-ਫੇਰੀ ਕਰਾਉਣੀ ਹੋਵੇ ਤਾਂ ਮਿੰਟ ਲਾਉਂਦਾ ਸੀ। ਹਲਫ਼ੀਆ ਬਿਆਨ ਵਿੱਚ ‘ਏਕੇ’ ਦੇ ਅੱਗੇ ‘ਏਕਾ’ ਪਾ ਕੇ ਗਿਆਰਾਂ ਬਣਾ ਦਿਓ ਤਾਂ ਮੁਜਰਮ ਪਹਿਲੀ ਪੇਸ਼ੀ ਬਰੀ। ਮੁਕੱਦਮਾ ਭਾਵੇਂ ਕੁਇੰਟਲ ਅਫ਼ੀਮ ਦਾ ਹੋਵੇ। ਨਕਸ਼ੇ ’ਚ ਮੁਜਰਮਾਂ ਦੀ ਥਾਂ ਗਵਾਹ ਲਿਖ ਕੇ ਭਾਵੇਂ ਕਤਲ ’ਚੋਂ ਬਰੀ ਕਰਾ ਲਓ।

ਇਹ ਖ਼ਤਰੇ ਵਾਲੇ ਕੰਮ ਸਨ। ਅਜਿਹੇ ਕੰਮ ਉਹ ਨੌਕਰੀ ਦੇ ਪਹਿਲੇ ਸਾਲਾਂ ਵਿੱਚ ਕਰਿਆ ਕਰਦਾ ਸੀ। ਕਈ ਵਾਰ ਝਾੜ-ਝੰਬ ਹੋਈ ਅਤੇ ਕਈ ਵਾਰ ਤਾੜਨਾਵਾਂ।

ਥੋੜ੍ਹਾ ਜਿਹਾ ਤਜਰਬਾ ਹੋਇਆ ਤਾਂ ਉਹਨੇ ਟਰੈਫ਼ਿਕ ਦੇ ਚਲਾਨ ਇਧਰ-ਉਧਰ ਕਰਨੇ ਸ਼ੁਰੂ ਕੀਤੇ। ਚੰਗੇ ਪੈਸੇ ਬਣ ਜਾਂਦੇ ਸਨ। ਟਰੈਫ਼ਿਕ ਦੇ ਚਲਾਨ ਤਾਂ ਆਏ ਹੀ ਰਹਿੰਦੇ ਸਨ। ਕਿਸੇ ਸਿਪਾਹੀ ਨੇ ਵੀ ਜੇ ਸਹੁਰੇ ਜਾਣਾ ਹੋਵੇ ਤਾਂ ਉਸ ਨੂੰ ਕਾਰ ਦੀ ਲੋੜ ਹੁੰਦੀ ਹੈ। ਜੱਜ ਵੀ ਪੰਜ-ਪੰਜ ਸੌ ਤੋਂ ਘੱਟ ਜੁਰਮਾਨਾ ਨਹੀਂ ਕਰਦੇ। ਜੇ ਉਹ ਚੰਗਾ ਦੰਡ ਲਾਉਣਗੇ ਤਾਂ ਹੀ ਟੈਕਸੀ ਵਾਲਿਆਂ ਨੂੰ ਕੰਨ ਹੋਣਗੇ। ਕਚਹਿਰੀ ਆਉਣ ਤੋਂ ਡਰਦੇ ਉਹ ਪੁਲਿਸ ਦੀ ਵਗਾਰ ਕਰਨਗੇ। ਪੁਲਿਸ ਨੂੰ ਵਗਾਰ ਮਿਲੇਗੀ ਤਾਂ ਹੀ ਜੱਜਾਂ ਦਾ ਨੰਬਰ ਲੱਗੇਗਾ। ਜੱਜ ਨੂੰ ਕਾਰ ਦੀ ਲੋੜ ਪੈਰ-ਪੈਰ ’ਤੇ ਪੈਂਦੀ ਹੈ।

ਪੰਜ-ਪੰਜ ਸੌ ਦੇ ਜੁਰਮਾਨੇ ਤੋਂ ਡਰਦੇ ੳਹ ਮੁਖ਼ਤਿਆਰ ਕੋਲ ਆ ਧਮਕਦੇ। ਪੰਜ-ਚਾਰ ਚਲਾਨ ਪਾੜ ਕੇ ਸੁੱਟਣੇ ਉਸ ਲਈ ਮਾਮੂਲੀ ਗੱਲ ਸੀ। ਇਹਨਾਂ ਦਾ ਕਿਹੜਾ ਕੋਈ ਰਿਕਾਰਡ ਹੁੰਦਾ ਹੈ ਬਈ ਨਾਇਬ-ਕੋਰਟ ਫੜਿਆ ਜਾਊ। ਪਰਚੀ ਫੜੋ। ਕਾਪੀ ਫੜਾਓ ਅਤੇ ਬੱਸ ਮਾਮਲਾ ਖ਼ਤਮ।

ਪਿਛਲੇ ਪੰਜਾਂ ਕੁ ਸਾਲਾਂ ਤੋਂ ਉਸ ਨੇ ਇਹ ਕੰਮ ਵੀ ਛੱਡ ਦਿੱਤਾ ਸੀ। ਛੋਟੀਆਂ-ਮੋਟੀਆਂ ਰਕਮਾਂ ਉਸ ਦੇ ਨੱਕ ਹੇਠਾਂ ਨਹੀਂ ਸੀ ਆਉਂਦੀਆਂ। ਜੱਜ ਖਾਊ-ਪੀਊ ਆਉਣ ਲੱਗ ਪਏ ਸਨ। ਉਥੋਂ ਚੰਗੇ ਗੱਫੇ ਲੱਗਦੇ ਸਨ।

ਸਭ ਤੋਂ ਪਹਿਲਾਂ ਉਸ ਦੀ ਸ਼ਰਮੇ ਨਾਲ ਬੁੱਕਲ ਖੁੱਲ੍ਹੀ। ਟੱਬਰ-ਟੀਹਰ ਚੰਡੀਗੜ੍ਹ ਰਹਿੰਦਾ ਸੀ। ਹਰ ਸ਼ਾਮ ਮਹਿਫ਼ਲ ਜੰਮਦੀ। ਰੋਟੀ-ਟੁੱਕ ਦੀ ਦੇਖ-ਭਾਲ ਮੁਖ਼ਤਿਆਰ ਦੇ ਜ਼ੁੰਮੇ ਹੁੰਦੀ। ਸ਼ਰਾਬੀ ਹੋਏ ਮਹਿਮਾਨ ਕਈ ਰਾਜ਼ ਉਗਲ ਦਿੰਦੇ। ਕਿਸ-ਕਿਸ ਮੁਕੱਦਮੇ ਵਿੱਚ ਕਿੰਨੇ-ਕਿੰਨੇ ਚੜ੍ਹਾਵੇ ਚੜ੍ਹੇ ਹਨ, ਸਭ ਉਸ ਦੀਆਂ ਉਂਗਲਾਂ ’ਤੇ ਹੁੰਦਾ। ਪਿੱਛੇ ਜਿਹੇ ਤਾਂ ਸ਼ਰਮਾ ਜੀ ਉਸ ਨੂੰ ਉਗਰਾਹੀ ਕਰਨ ਵੀ ਭੇਜ ਦਿੰਦੇ। ਪੈਸੇ ਕਦੇ ਟਿਫ਼ਨ ਕੈਰੀਅਰ ਵਿੱਚ ਆਉਂਦੇ, ਕਦੇ ਮਠਿਆਈ ਵਾਲੇ ਡੱਬੇ ਵਿੱਚ ਅਤੇ ਕਦੇ ਫਲਾਂ ਵਾਲੀ ਟੋਕਰੀ ਵਿੱਚ। ਉਸ ਨੂੰ ਵੀ ਮੋਟੀ ਰਕਮ ਮਿਲਦੀ। ਕਦੇ ਅਸਾਮੀ ਵੱਲੋਂ। ਕਦੇ ਸ਼ਰਮੇ ਵੱਲੋਂ।

ਗਰੇਵਾਲ ਨੇ ਉਹਦੇ ਸਾਰੇ ਹੀ ਦੁੱਖ ਤੋੜ ਦਿੱਤੇ। ਉਸ ਨੇ ਗਰੇਵਾਲ ਤੋਂ ਹੀ ਸਿੱਖਿਆ ਸੀ ਕਿ ਮੁਖ਼ਤਿਆਰ ਦੀ ਬਹੁਤ ਅਹਿਮੀਅਤ ਸੀ। ਸ਼ਰਮੇ ਦਾ ਤਾਂ ਦੋ-ਤਿੰਨ ਫ਼ਰਮਾਂ ਨਾਲ ਹੀ ਵਾਹ ਸੀ। ਰਮੇਸ਼ ਫ਼ਲੋਰ ਮਿੱਲ, ਭਾਰਤ ਮੈਡੀਕਲ ਹਾਲ ਜਾਂ ਗੁਪਤਾ ਕਲਾਥ ਹਾਊਸ। ਗਰੇਵਾਲ ਨੇ ਸਭ ਨੂੰ ਝਾੜ ਦਿੱਤਾ ਸੀ। ਸਿੱਧੀ ਗੱਲ ਕਰਦਾ। ਉਹ ਵੀ ਕੇਵਲ ਮੁਖ਼ਤਿਆਰ ਰਾਹੀਂ।

ਮੁਖ਼ਤਿਆਰ ਨੂੰ ਸਮਝ ਆ ਗਿਆ ਸੀ ਪਹਿਲੇ ਹੱਲੇ ਆਸਾਮੀ ਨੂੰ ਅਫ਼ਸਰ ਦੇ ਮੱਥੇ ਨਹੀਂ ਲਾਉਣਾ ਚਾਹੀਦਾ। ਪਹਿਲਾਂ ਪੰਜ-ਚਾਰ ਚੱਕਰ ਕਟਾਓ। ਦੋ-ਚਾਰ ਹਜ਼ਾਰ ਝਾੜੋ। ਦੂਜੇ-ਤੀਜੇ ਦਿਨ ਅਗਲੇ ਕੋਲੋਂ ਦਾਰੂ ਪੀਓ। ਪੰਜ-ਚਾਰ ਵਗਾਰਾਂ ਪਾਓ। ਖੋਖਲਾ ਕਰ ਕੇ ਅਫ਼ਸਰ ਅੱਗੇ ਪੇਸ਼ ਕਰੋ। ਪਿੱਛੋਂ ਆਪਣਾ ਕਮਿਸ਼ਨ ਲਓ, ਅਫ਼ਸਰ ਤੋਂ ਵੀ ਅਤੇ ਅਸਾਮੀ ਤੋਂ ਵੀ। ਗਰੇਵਾਲ ਦੀ ਛਤਰ-ਛਾਇਆ ਵਿੱਚ ਮੁਖ਼ਤਿਆਰ ਨੇ ਨਵਾਂ ਮੋਟਰ ਸਾਈਕਲ ਖ਼ਰੀਦਿਆ। ਮੁੰਦਰੀ ਅਤੇ ਕੜਾ ਬਣਵਾਇਆ।

ਸ਼ਾਰਦਾ ਕੁਮਾਰ ਉਸ ਤੋਂ ਵੀ ਦੋ ਚੰਦੇ ਵੱਧ ਸੀ। ਉਹ ਡਰੂ ਸੀ। ਉਸ ਪਾਰਟੀ ਕੋਲੋਂ ਹੀ ਪੈਸੇ ਲੈਂਦਾ, ਜਿਸ ਦੇ ਹੱਕ ਵਿੱਚ ਜਾਣਾ ਹੁੰਦਾ। ਕੇਸ ਕਿਧਰ ਜਾਵੇਗਾ ਇਹ ਮੁਖ਼ਤਿਆਰ ਨੂੰ ਪਹਿਲਾਂ ਹੀ ਦੱਸ ਦਿੰਦਾ ਤਾਂ ਜੋ ਉਹ ਅਸਾਮੀ ਨੂੰ ਠੋਰ ਸਕੇ। ਮੁਖ਼ਤਿਆਰ ਅਸਾਮੀ ਦੀ ਹੈਸੀਅਤ ਦੇਖ ਕੇ ਵੱਧੋ-ਵੱਧ ਪੈਸੇ ਵਸੂਲਦਾ। ਸ਼ਾਰਦਾ ਕੁਮਾਰ ਦੇ ਹੱਥ ’ਤੇ ਮਸਾਂ ਹਜ਼ਾਰ-ਪੰਦਰਾਂ ਸੌ ਧਰਦਾ। ਨਿੱਕੇ-ਮੋਟੇ ਕੇਸ ਬੋਨਸ ਵਿੱਚ ਕਰਵਾ ਲੈਂਦਾ।

ਸ਼ਾਰਦਾ ਕੁਮਾਰ ਦੇ ਸਮੇਂ ਹੀ ਮੁਖ਼ਤਿਆਰ ਦਾ ਦਿਮਾਗ਼ ਖ਼ਰਾਬ ਹੋਇਆ ਸੀ। ਸੁਭਾਸ਼ ਕਲੋਨੀ ਵਿੱਚ ਪਲਾਟ ਖ਼ਰੀਦ ਕੇ ਉਸ ਨੇ ਕੋਠੀ ਆਰੰਭ ਦਿੱਤੀ ਸੀ। ਸ਼ਾਮ ਨੂੰ ਪੂਰੀ ਬੋਤਲ ਸੜ੍ਹਾਕਨਾ ਅਤੇ ਕਚਹਿਰੀਆਂ ਵਿੱਚ ਘੁੰਮਦੇ ਸਾਇਲਾਂ ਨੂੰ ਕੰਮ ਕਰਾਉਣ ਦੇ ਝਾਂਸੇ ਦੇ ਕੇ ਹੋਟਲਾਂ ਵਿੱਚ ਲੈ ਜਾਣਾ ਉਸ ਦੀ ਆਦਤ ਬਣ ਗਈ ਸੀ। ਸਾਇਲ ਤਾਂ ਸਾਇਲ, ਉਸ ਨੂੰ ਤਾਂ ਵਕੀਲ ਵੀ ਪਾਰਟੀਆਂ ਦਿੰਦੇ ਸਨ।

ਕੋਠੀ ਮੁਫ਼ਤ ’ਚ ਉਸਰਨ ਲੱਗੀ ਸੀ। ਟਰੱਕ ਯੂਨੀਅਨ ਵਾਲੇ ਭਰਤੀ ਪਾ ਗਏ। ਰੇਤਾ ਬੱਜਰੀ ਵੀ ਮੁਫ਼ਤ। ਪੀ.ਡਬਲਯੂ.ਡੀ.ਵਾਲਿਆਂ ਤੋਂ ਸੀਮਿੰਟ, ਲੋਹਾ ਅਤੇ ਲੁੱਕ ਮਿਲ ਗਈ। ਕਿਸੇ ਤੋਂ ਇੱਟਾਂ, ਕਿਸੇ ਤੋਂ ਲੱਕੜ। ਥੋੜ੍ਹੀ ਮੋਟੀ ਲੇਬਰ ਹੀ ਦੇਣੀ ਪੈਂਦੀ ਸੀ।

ਕੰਮ ਕਰਾਉਣ ਵਾਲਿਆਂ ਦੀ ਉਹਦੇ ਘਰ ਮਹਿਫ਼ਲ ਜੁੜਦੀ। ਕਈ ਵਾਰ ਤਾਂ ਇਸਤਗਾਸਿਆਂ ਵਿੱਚ ਫਸੇ ਥਾਣੇਦਾਰ ਵੀ ਗੋਡੇ ਹੱਥ ਲਾ ਜਾਂਦੇ।

ਉਸ ਸਮੇਂ ਕੀ ਪਤਾ ਸੀ, ਮਿੰਨਤਾਂ-ਤਰਲੇ ਕਰਨ ਵਾਲੇ ਲੋਕ ਹੀ ਕਦੇ ਗਿਣ-ਗਿਣ ਬਦਲੇ ਲੈਣਗੇ।

ਟੀਸੀ ਤੋਂ ਡਿੱਗਣ ਦਾ ਉਹਦਾ ਕਸੂਰ? ਬੇਅਕਲੀ ਅਤੇ ਹੰਕਾਰ। ਉਹ ਭੁੱਲ ਗਿਆ ਸੀ ਕਿ ਉਹ ਮਾਮੂਲੀ ਜਿਹਾ ਮੁਲਾਜ਼ਮ ਹੈ। ਉਸ ਨੂੰ ਤਾਂ ਲਗਣ ਲੱਗੀ ਸੀ ਜਿਵੇਂ ਸਾਰਾ ਅਦਾਲਤੀ ਢਾਂਚਾ ਉਸ ਦੇ ਸਹਾਰੇ ਹੀ ਖੜਾ ਸੀ।

ਸ਼ਾਰਦਾ ਕੁਮਾਰ ਜਿਵੇਂ ਜਾਂਦਾ ਹੋਇਆ ਉਹਦੀ ਕਿਸਮਤ ਵੀ ਨਾਲ ਹੀ ਲੈ ਗਿਆ। ਉਸ ਦੀ ਥਾਂ ਬਦਲ ਕੇ ਆਇਆ ਜੁਨੇਜਾ ਹਰੀਸ਼ ਚੰਦਰ ਦਾ ਰੂਪ ਸੀ। ਉਸ ਦਾ ਸਾਮਾਨ ਚੁੱਕਣ ਗਏ ਸੇਵਾਦਾਰਾਂ ਨੇ ਸਾਮਾਨ ਦੇਖ ਕੇ ਹੀ ਭਾਂਪ ਲਿਆ ਸੀ ਕਿ ਔੜ ਦੇ ਦਿਨ ਆਉਣ ਵਾਲੇ ਹਨ। ਨਾ ਫ਼ਰਿਜ, ਨਾ ਰੰਗਦਾਰ ਟੀ.ਵੀ., ਨਾ ਕੋਈ ਹੋਰ ਵਿਦੇਸ਼ੀ ਨਿਕ-ਸੁਕ। ਜੱਜਾਂ ਦੇ ਸਾਮਾਨ ਤਾਂ ਤਿੰਨ-ਤਿੰਨ ਟਰੱਕਾਂ ਵਿੱਚ ਵੀ ਨਹੀਂ ਆਉਂਦੇ। ਉਹਦਾ ਇਕੋ ਵਿੱਚ ਸਮਾ ਗਿਆ ਸੀ।

ਜੁਨੇਜੇ ਦੇ ਚਾਰਜ ਸੰਭਾਲਦਿਆਂ ਹੀ ਸਭ ਦੇ ਸਕੰਜੇ ਕੱਸੇ ਗਏ। ਕੀ ਮਜਾਲ ਸੀ ਕੋਈ ਦੋ ਰੁਪਏ ਵੀ ਲੈ ਲਏ। ਜ਼ੋਰ ਵਾਲੇ ਅਹਿਲਕਾਰ ਬਦਲੀਆਂ ਕਰਾ-ਕਰਾ ਭੱਜ ਗਏ।

ਜੱਜ ਦੇ ਬੱਚਿਆਂ ਨੂੰ ਸਾਈਕਲ ’ਤੇ ਸਕੂਲ ਛੱਡਣ ਜਾਣਾ ਮੁਖ਼ਤਿਆਰ ਦੀ ਸ਼ਾਨ ਦੇ ਖ਼ਿਲਾਫ਼ ਸੀ। ਉਹ ਪਹਿਲਾਂ ਵਾਲਾ ਸਿਪਾਹੀ ਨਹੀਂ ਸੀ ਰਿਹਾ। ਅਫ਼ਸਰਾਂ ਦੀ ਰਸੋਈ ਵਿੱਚ ਗੇੜਾ ਮਾਰਨਾ ਉਸ ਨੇ ਕਦੋਂ ਦਾ ਛੱਡ ਦਿੱਤਾ ਸੀ। ਉਸ ਦੇ ਆਪਣੇ ਬੱਚੇ ਵੈਨ ਵਿੱਚ ਸਕੂਲ ਜਾਂਦੇ ਸਨ। ਕੁੱਝ ਉਪਰੋਂ ਬਣਦਾ ਹੋਵੇ ਤਾਂ ਮੁਖ਼ਤਿਆਰ ਪੈਟਰੋਲ ਫੂਕ ਕੇ ਮੋਟਰ ਸਾਈਕਲ ’ਤੇ ਹੀ ਬੱਚੇ ਸਕੂਲ ਛੱਡ ਆਵੇ। ਮੁਫ਼ਤ ’ਚ ਵਗਾਰਾਂ ਕਰਨਾ ਉਹਨੂੰ ਵਿਹੁ ਵਰਗਾ ਲੱਗਾ।

ਓਮੀ ਅਰਦਲੀ ਦੇ ਨਾਲ ਹੀ ਉਹਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ। ਜੱਜ ਦੀ ਕੋਠੀ ਗੇੜਾ ਮਾਰਨਾ ਉਹਦੀ ਡਿਊਟੀ ਨਹੀਂ। ਖ਼ਰਚੇ ਤੋਂ ਤੰਗ ਆਇਆ ਉਹ ਇੱਕ-ਦੋ ਵਾਰ ਜੱਜ ਦੇ ਮੂਹਰੇ ਵੀ ਬੋਲ ਪਿਆ।

ਨਤੀਜਾ ਸਾਫ਼ ਸੀ। ਪਤਾ ਵੀ ਨਾ ਲੱਗਾ ਕਦੋਂ ਬਦਲੀ ਦੇ ਆਰਡਰ ਆ ਗਏ। ਐਸ.ਪੀ.ਦਫ਼ਤਰ ’ਚ ਬੈਠੇ ਬਾਬੂਆਂ ਦੇ ਵਾਅਦੇ ਕਿਧਰੇ ਉੱਡ-ਪੁੱਡ ਗਏ। ਕਿਸੇ ਨੇ ਉਸ ਨੂੰ ਸੂਚਿਤ ਕਰਨ ਦੀ ਖੇਚਲ ਨਹੀਂ ਕੀਤੀ। ਜਦੋਂ ਮੁਖ਼ਤਿਆਰ ਰੰਗਾਂ ਵਿੱਚ ਸੀ ਤਾਂ ਉਹ ਥਾਣੇਦਾਰਾਂ ਜਿੰਨੀ ਬਾਬੂਆਂ ਦੀ ਸੇਵਾ ਕਰਦਾ ਸੀ। ਪਹਿਲਾਂ ਪਤਾ ਲੱਗ ਜਾਂਦਾ ਤਾਂ ਬਦਲੀ ਨਾ ਹੋਣ ਦਿੰਦਾ। ਜੁਨੇਜਾ ਖ਼ਿਲਾਫ਼ ਹੈ ਤਾਂ ਕੀ ਹੈ? ਉਹ ਕਿਸੇ ਹੋਰ ਜੱਜ ਕੋਲ ਬਦਲੀ ਕਰਵਾ ਲੈਂਦਾ।

ਜੁਨੇਜੇ ਨੇ ਪਤਾ ਨਹੀਂ ਸਾਹਿਬ ਦੇ ਕੰਨ ਵਿੱਚ ਕਿਹੋ ਜਿਹੀ ਫੂਕ ਮਾਰੀ ਸੀ? ਮੁਖ਼ਤਿਆਰ ਨੇ ਸ਼ਹਿਰ ਦੇ ਸਾਰੇ ਸਿਆਸੀ ਬੰਦੇ ਢੋਅ ਦਿੱਤੇ। ਉਸ ਨੇ ਬਦਲੀ ਕੈਂਸਲ ਨਹੀਂ ਕੀਤੀ। ਵੱਧੋ-ਵੱਧ ਜੋ ਉਹ ਕਰਾ ਸਕਿਆ ਸੀ, ਉਹ ਸੀ ਥਾਣੇ ਦੀ ਬਦਲੀ।

ਸੇਠਾਂ ਨੂੰ ਨਰਾਜ਼ ਕਰ ਕੇ ਲੱਗ ਰਿਹਾ ਸੀ ਥਾਣੇ ਵੀ ਬਹੁਤੇ ਦਿਨ ਨਹੀਂ ਟਿਕ ਹੋਣਾ।

ਮੁਨਸ਼ੀ ਨਾਲ ਬਣੀ ਹੁੰਦੀ ਤਾਂ ਉਹ ਪਹਿਰਾ ਛੱਡ ਕੇ ਸ਼ਹਿਰ ਦਾ ਚੱਕਰ ਲਾ ਆਉਂਦਾ। ਧਾਗਾ ਮਿੱਲ ਹੋ ਆਉਂਦਾ। ਮੁਨਾਦੀ ਵਾਲੇ ਨੂੰ ਲੱਭ ਕੇ ਗੁਆਚੇ ਬੱਚੇ ਦੇ ਘਰ ਦਾ ਪਤਾ ਕਰਦਾ। ਭੁੱਲ ਬਖ਼ਸ਼ਾਉਂਦਾ। ਮੁਨਸ਼ੀ ਨੂੰ ਸੱਚੀ ਗੱਲ ਵੀ ਨਹੀਂ ਦੱਸ ਸਕਦਾ। ਹੋਰ ਸਿਆਪਾ ਛਿੜੂ। ਆਖੂ ਤੂੰ ਕੌਣ ਹੈਂ ਮੁਸਤਗੀਸਾਂ ਨੂੰ ਬਾਹਰੋਂ ਹੀ ਮੋੜਨ ਵਾਲਾ।

ਅਕਤੂਬਰ ਦਾ ਮਹੀਨਾ ਸੀ। ਮੌਸਮ ਸੁਹਾਵਣਾ ਸੀ। ਫੇਰ ਵੀ ਪਸੀਨੇ ਦੀਆਂ ਬੂੰਦਾਂ ਉਹਦੇ ਮੱਥੇ ’ਤੇ ਆ ਟਪਕੀਆਂ ਸਨ। ਇਹ ਘਬਰਾਹਟ ਕਰਕੇ ਸੀ ਜਾਂ ਰਾਤੀਂ ਜ਼ਿਆਦਾ ਪੀਣ ਕਰਕੇ, ਇਹ ਸਮਝ ਨਹੀਂ ਸੀ ਆ ਰਿਹਾ।

ਚਿੱਟੀ ਮਾਰੂਤੀ ਥਾਣੇ ਵੱਲ ਮੁੜਦੀ ਦੇਖ ਕੇ ਸੰਤਰੀ ਸਾਵਧਾਨ ਹੋ ਗਿਆ। ਲੱਕ ਕੋਲੋਂ ਪੈਂਟ ’ਚੋਂ ਬਾਹਰ ਨਿਕਲ ਆਏ ਕਮੀਜ਼ ਨੂੰ ਪੈਂਟ ਦੇ ਅੰਦਰ ਕੀਤਾ, ਬੰਦੂਕ ਨੂੰ ਮੋਢੇ ’ਤੇ ਰੱਖਿਆ ਅਤੇ ਪੋਲੇ-ਪੋਲੇ ਕਦਮੀਂ ਗਸ਼ਤ ਕਰਨ ਲੱਗਾ।

ਸੇਠਾਂ ਨੂੰ ਕਾਰ ਵਿਚੋਂ ਨਿਕਲਿਆਂ ਦੇਖ ਕੇ ਸੰਤਰੀ ਦੇ ਸਾਹ ਵਿੱਚ ਸਾਹ ਆਇਆ। ਉਹਨਾਂ ਨਾਲ ਦਰਵੇਸ਼ ਪੱਤਰਕਾਰ ਵੀ ਸੀ। ਉੱਚਾ ਲੰਬਾ ਕੱਦ ਅਤੇ ਬਗਲੇ ਵਰਗੀਆਂ ਟੰਗਾਂ।

ਕਾਰ ’ਚੋਂ ਉਤਰਦਿਆਂ ਹੀ ਦਰਵੇਸ਼ ਨੇ ਕੁੜਤੇ ਪਜਾਮੇ ਦੇ ਵਲ ਕੱਢੇ, ਐਨਕ ਲਾਹ ਕੇ ਸ਼ੀਸ਼ੇ ਸਾਫ਼ ਕੀਤੇ ਅਤੇ ਹੱਥਲੀ ਡਾਇਰੀ ਤੋਂ ਮਿੱਟੀ ਝਾੜਦਾ ਲੰਬੀਆਂ ਪੁਲਾਂਘਾ ਪੁੱਟਦਾ ਦਰਵਾਜ਼ੇ ਵੱਲ ਵਧਣ ਲੱਗਾ।

ਦਰਵੇਸ਼ ਨੂੰ ਦੇਖ ਕੇ ਇੱਕ ਵਾਰ ਫੇਰ ਮੁਖ਼ਤਿਆਰ ਦੇ ਮੱਥੇ ਦੀਆਂ ਤਿਊੜੀਆਂ ਚੜ੍ਹੀਆਂ। ਹੁਣ ਤਕ ਭਾਵੇਂ ਉਹ ਆਪਣੇ ਪਹਿਲੇ ਵਤੀਰੇ ’ਤੇ ਪਛਤਾ ਰਿਹਾ ਸੀ, ਫੇਰ ਵੀ ਉਸ ਦੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਇਸ ਅਸਾਮੀ ਤੋਂ ਫ਼ੀਸ ਮਿਲਣ ਦੀ ਆਸ ਪਲਮ ਰਹੀ ਸੀ। ਸ਼ਹਿਰ ਦੇ ਸਾਰੇ ਮੋਹਤਬਰਾਂ ਵਿਚੋਂ ਸੰਤਰੀ ਨੂੰ ਦਰਵੇਸ਼ ਨਾਲ ਸਭ ਤੋਂ ਵੱਧ ਨਫ਼ਰਤ ਸੀ।

ਉਹਦੀ ਗਰਦਨ ਵਿੱਚ ਪੱਤਰਕਾਰੀ ਦਾ ਕੀੜਾ ਅੜਿਆ ਹੋਇਆ ਸੀ। ਵੱਡੇ ਅਫ਼ਸਰਾਂ ਨਾਲ ਬੈਠ ਕੇ ਦਾਰੂ ਪੀਂਦਾ ਸੀ। ਛੋਟੇ ਮੁਲਾਜ਼ਮਾਂ ਨੂੰ ਟਿੱਚ ਸਮਝਦਾ ਸੀ। ਕਿਸੇ ਤੋਂ ਕੋਈ ਗੁਸਤਾਖ਼ੀ ਹੋਈ ਨਹੀਂ ਕਿ ਉਸ ਨੇ ਅਗਲੇ ਦਿਨ ਅਖ਼ਬਾਰ ਵਿੱਚ ਸੁਰਖ਼ੀ ਦਿੱਤੀ ਨਹੀਂ।

ਦਰਵੇਸ਼ ਦੀਆਂ ਅੱਖਾਂ ਵਿੱਚ ਸ਼ਰਾਰਤ ਭਰੀ ਹਾਸੀ ਦੇਖ ਕੇ ਸੰਤਰੀ ਨੂੰ ਲੱਗ ਰਿਹਾ ਸੀ, ਜਿਵੇਂ ਦਰਵੇਸ਼ ਪੁੱਛ ਰਿਹਾ ਹੋਵੇ ।

‘ਕਿਉਂ ਬੱਚੂ, ਇਥੇ ਵੀ ਦਿਲ ਨਹੀਂ ਲੱਗਦਾ? ‘

ਸੰਤਰੀ ਨੂੰ ਲੱਗ ਰਿਹਾ ਸੀ, ਅਗਲੇ ਦਿਨ ਦੇ ਅਖ਼ਬਾਰ ਉਸ ਦੇ ਖ਼ਿਲਾਫ਼ ਭਰੇ ਹੋਣਗੇ। ਪੁਲਿਸ ਦੀ ਧੱਕੜਸ਼ਾਹੀ … ਮੁਦੱਈਆਂ ਲਈ ਥਾਣਿਆਂ ਦੇ ਦਰਵਾਜ਼ੇ ਬੰਦ … ਸੰਤਰੀ ਸਿੱਧੇ ਮੂੰਹ ਗੱਲ ਨਹੀਂ ਕਰਦੇ … ਪੁਲਿਸ ਦੀ ਅਣਗਹਿਲੀ ਕਾਰਨ ਅਗਵਾਕਾਰਾਂ ਨੂੰ ਫ਼ਰਾਰ ਹੋਣ ਦਾ ਮੌਕਾ।

ਦਰਵੇਸ਼ ਨੂੰ ਤੇਜ਼ੀ ਨਾਲ ਆਪਣੇ ਵੱਲ ਵਧਦਾ ਦੇਖ ਕੇ ਸੰਤਰੀ ਦੇ ਕੱਸੇ ਭਰਵੱਟੇ ਢਿੱਲੇ ਪੈ ਗਏ। ਹੋਣ ਵਾਲੇ ਸਵਾਲਾਂ ਦੇ ਉਹ ਉੱਤਰ ਘੜਨ ਲੱਗਾ।

ਦਰਵੇਸ਼ ਉਹ ਨਾਂ ਦਾ ਹੀ ਸੀ। ਕਿੱਤੇ ਰਾਖ਼ਸ਼ਾਂ ਵਾਲੇ ਹੀ ਸਨ। ਇੱਕ ਛੋਟੀ ਜਿਹੀ ਪ੍ਰੈਸ ਲਾਈ ਹੋਈ ਸੀ। ਹਫ਼ਤਾਵਾਰ ਅਖ਼ਬਾਰ ਕੱਢਣ ਲਈ। ਤਰ੍ਹਾਂ-ਤਰ੍ਹਾਂ ਦੇ ਸਕੈਂਡਲ ਛਾਪਣ ਲਈ। ਕਦੇ ਐਫ਼.ਸੀ.ਆਈ.ਦੇ ਅਤੇ ਕਦੇ ਮਾਰਕਫੈੱਡ ਦੇ। ਕਦੇ ਸਿਨੇਮੇ ਵਿੱਚ ਚੱਲਦੀਆਂ ਟਿਕਟਾਂ ਦੀ ਬਲੈਕ ਦੀ ਕਹਾਣੀ ਅਤੇ ਕਦੇ ਹੋਟਲਾਂ ਵਿੱਚ ਚੱਲਦੀ ਰੰਡੀਬਾਜ਼ੀ ਅਤੇ ਸ਼ਰੇਆਮ ਚੱਲਦੇ ਜੂਏ ਦੀ। ਕਦੇ ਪੀ.ਡਬਲਿਯੂ.ਡੀ.ਵਾਲਿਆਂ ਵੱਲੋਂ ਵੇਚੇ ਸੀਮਿੰਟ ਦੇ ਕਿੱਸੇ ਅਤੇ ਕਦੇ ਪੁਲਿਸ ਵੱਲੋਂ ਸੱਟੇ ਵਾਲਿਆਂ ਤੋਂ ਲਏ ਜਾ ਰਹੇ ਮਹੀਨੇ ਦੀ ਕਹਾਣੀ। ਸਕੈਂਡਲ ਦਬਾਉਣੇ ਹੋਣ ਤਾਂ ਵੱਡੇ-ਵੱਡੇ ਇਸ਼ਤਿਹਾਰ ਅਖ਼ਬਾਰ ਨੂੰ ਦੇਵੋ। ਚੰਦੇ ਭਰੋ।

ਹੋਰ ਕੋਈ ਸ਼ਰਾਰਤ ਨਾ ਸੁੱਝੀ ਤਾਂ ਕੋਈ ਪ੍ਰੋਗਰਾਮ ਹੀ ਰਚ ਲਿਆ। ਕਦੇ ਅੱਖਾਂ ਦੇ ਕੈਂਪ ਲਈ ਚੰਦਾ, ਕਦੇ ਕਵੀ ਦਰਬਾਰ ਲਈ ਅਤੇ ਕਦੇ ਗਊਸ਼ਾਲਾ ਲਈ। ਡਰਦੇ ਅਫ਼ਸਰਾਂ ਨੂੰ ਮੂੰਹ-ਮੰਗੀ ਰਕਮ ਦੇਣੀ ਪੈਂਦੀ। ਲੱਖਾਂ ਦੀ ਰਕਮ ਇਸੇ ਹੀਲੇ ਡਕਾਰ ਜਾਂਦਾ ਹੈ।

ਇਥੇ ਹੀ ਬੱਸ ਨਹੀਂ। ਆਪ ਜੂਏ ਦਾ ਸ਼ੌਕੀਨ ਹੈ। ਪ੍ਰੈਸ ਵਿੱਚ ਹੀ ਮਹਿਫ਼ਲ ਲੱਗਦੀ ਹੈ। ਤਾਸ਼ ਨਾਲ ਸ਼ਰਾਬ ਵੀ ਚੱਲਦੀ ਹੈ ਅਤੇ ਕਦੇ-ਕਦੇ ਕੋਈ ਜ਼ਨਾਨੀ ਵੀ।

“ਲੈ … ਲੈ ਆਏ ਹਾਂ ਮੋਹਤਬਰ ਨੂੰ … ਪਸੰਦ ਏ ਨਾ?” ਪ੍ਰਧਾਨ ਦੇ ਵਿਅੰਗ ਦਾ ਜਵਾਬ ਦੇਣ ਦੀ ਸੰਤਰੀ ਦੀ ਕੋਈ ਇੱਛਾ ਨਹੀਂ ਸੀ। ਉਸ ਨੇ ਚੁੱਪ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ।

“ਦਰਵੇਸ਼ ਸਾਹਿਬ ਆ ਗਏ ਤਾਂ ਸਮਝੋ ਕੰਮ ਬਣ ਗਿਆ … ।” ਨਾ ਚਾਹੁੰਦੇ ਹੋਏ ਵੀ ਸੰਤਰੀ ਨੇ ਦਰਵੇਸ਼ ਨੂੰ ਢਿੱਲਾ ਜਿਹਾ ਸਲੂਟ ਮਾਰਿਆ।

“ਕਿਵੇਂ ਐਂ ਸੰਤਰੀ?” ਮਿਲੀ ਸਲਾਮੀ ਨਾਲ ਦਰਵੇਸ਼ ਦੀ ਹਿੱਕ ਚੌੜੀ ਹੋ ਗਈ। ਪਿੱਛੇ ਆਉਂਦੇ ਸੇਠਾਂ ਵੱਲ ਉਸ ਨੇ ਮੁਸਕਰਾ ਕੇ ਦੇਖਿਆ ਜਿਵੇਂ ਆਖ ਰਿਹਾ ਹੋਵੇ, “ਕਿਉਂ ਦੇਖਿਆ?”

ਜੇਤੂ ਯੋਧਿਆਂ ਵਾਗ ਸੇਠ ਦਰਵੇਸ਼ ਦੇ ਪਿੱਛੇ-ਪਿੱਛੇ ਮੁਨਸ਼ੀ ਵੱਲ ਵਧ ਗਏ।

ਆਏ ਤੁਫ਼ਾਨ ਨੂੰ ਸ਼ਾਂਤੀ ਨਾਲ ਲੰਘ ਜਾਣ ’ਤੇ ਸੰਤਰੀ ਨੇ ਸੁਖ ਦਾ ਸਾਹ ਲਿਆ।

 

 

2

ਨਵੀਂ ਸਰਕਾਰ ਦੇ ਬਣਦਿਆਂ ਹੀ ਥਾਣੇ ਵਿੱਚ ਉੱਲੂ ਬੋਲਣ ਲੱਗੇ ਸਨ।

ਸਵੇਰ ਦੇ ਦਸ ਵੱਜ ਚੁੱਕੇ ਸਨ। ਥਾਣੇ ਦੇ ਟੈਲੀਫ਼ੋਨ ਦੀ ਘੰਟੀ ਹਾਲੇ ਤਕ ਕੇਵਲ ਇੱਕ ਵਾਰ ਖੜਕੀ ਸੀ। ਉਸ ਗੱਲ ਨੂੰ ਵੀ ਘੰਟਾ ਹੋ ਗਿਆ ਸੀ। ਮੁੜ ਕੇ ਕੋਈ ਉੱਘ-ਸੁੱਘ ਨਹੀਂ ਨਿਕਲੀ।

ਫ਼ੋਨ ’ਤੇ ਰਿਪੋਰਟ ਦਰਜ ਕਰਾਉਣ ਦਾ ਕੀ ਮਤਲਬ? ਭਲੇਮਾਨਸਾਂ ਦੀ ਤਰ੍ਹਾਂ ਥਾਣੇ ਆਓ, ਗੱਲਬਾਤ ਕਰੋ ਅਤੇ ਰਿਪੋਰਟ ਦਰਜ ਕਰਵਾ ਕੇ ਤਫ਼ਤੀਸ਼ ਸ਼ੁਰੂ ਕਰਾਓ। ਉਹਨਾਂ ਨੂੰ ਪਤਾ ਹੋਣਾ ਚਾਹੀਦੈ ਕਿ ਕਾਨੂੰਨ ਫ਼ੋਨ ’ਤੇ ਦਰਜ ਹੋਈਆਂ ਰਿਪੋਰਟਾਂ ਨੂੰ ਸਵੀਕਾਰ ਨਹੀਂ ਕਰਦਾ।

ਅੱਗ-ਬਬੂਲਾ ਹੋਏ ਮੁਨਸ਼ੀ ਨੇ ਫ਼ੋਨ ਕਰਨ ਵਾਲੇ ਦਾ ਨਾਂ ਪਤਾ ਤਕ ਨਹੀਂ ਸੀ ਪੁੱਛਿਆ।

“ਥਾਣੇ ਆ ਕੇ ਗੱਲ ਕਰੋ।” ਆਖ ਕੇ ਰਸੀਵਰ ਰੱਖ ਦਿੱਤਾ ਸੀ।

ਪਿੱਪਲ ਹੇਠਾਂ ਮੇਜ਼ ਕੁਰਸੀ ਡਾਹ ਕੇ ਬੈਠਾ ਮੁਨਸ਼ੀ ਸਵੇਰ ਤੋਂ ਵਿਹਲਾ ਸੀ। ਅਖ਼ਬਾਰ ਪੜ੍ਹ-ਪੜ੍ਹ, ਰੇਡੀਓ ਸੁਣ-ਸੁਣ ਅਤੇ ਕਾਗ਼ਜ਼-ਪੱਤਰ ਝਾੜਦਾ-ਝਾੜਦਾ ਉਹ ਹੰਭਿਆ ਪਿਆ ਸੀ।

ਅਖ਼ਬਾਰ ’ਤੇ ਝਾਤ ਮਾਰੀਏ ਤਾਂ ਚਾਰ-ਚਾਰ ਪੰਨੇ ਵਾਰਦਾਤਾਂ ਨਾਲ ਭਰੇ ਪਏ ਹੁੰਦੇ ਹਨ। ਬੰਦਾ ਪੜ੍ਹਦਾ-ਪੜ੍ਹਦਾ ਥੱਕ ਜਾਂਦਾ ਹੈ। ਕਤਲ, ਡਕੈਤੀਆਂ, ਖੋਹਾਂ ਅਤੇ ਚੋਰੀਆਂ। ਕਿਹੜਾ ਜੁਰਮ ਹੈ ਜਿਹੜਾ ਇਹਨੀਂ ਦਿਨੀਂ ਪੰਜਾਬ ਵਿੱਚ ਨਹੀਂ ਹੋ ਰਿਹਾ। ਸੁਰਖ਼ੀਆਂ ਦੇਖ ਕੇ ਲੱਗੂ ਜਿਵੇਂ ਅੱਜ ਦਾ ਦਿਨ ਦੁਨੀਆਂ ਦਾ ਆਖ਼ਰੀ ਦਿਨ ਹੈ। ਥਾਣੇ ਆ ਕੇ ਦੇਖੋ ਤਾਂ ਲੱਗੇਗਾ ਚਾਰੇ ਪਾਸੇ ਸੁਖ ਸ਼ਾਂਤੀ ਹੈ। ਕੋਈ ਗੜਬੜ ਨਹੀਂ। ਕਿਸੇ ਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ।

ਭੁੱਲੇ-ਚੁੱਕੇ ਕਿਸੇ ਨੇ ਪੁਲਿਸ ਸਹਾਇਤਾ ਮੰਗੀ ਵੀ ਤਾਂ ਮੁਨਸ਼ੀ ਨੇ ਨਾਂਹ ਕਰ ਦਿੱਤੀ। ਅੱਗੋਂ ਅਗਲੇ ਖ਼ਾਮੋਸ਼ ਹੋ ਗਏ। ਹੱਥੋਂ ਖੁੱਸੀ ਅਸਾਮੀ ਦਾ ਗ਼ੁੱਸਾ ਮੁਨਸ਼ੀ ਪੇਪਰ-ਵੇਟ ’ਤੇ ਕੱਢ ਰਿਹਾ ਸੀ। ਮੇਜ਼ ’ਤੇ ਘੁੰਮਦਾ-ਘੁੰਮਦਾ ਪੇਪਰ-ਵੇਟ ਕਈ ਵਾਰ ਉਹਦੇ ਹੱਥੋਂ ਡਿੱਗਿਆ ਸੀ। ਹਰ ਵਾਰ ਪੇਪਰ-ਵੇਟ ਦੀਆਂ ਨੁੱਕਰਾਂ ਭੁਰੀਆਂ ਸਨ।

ਬੱਚੇ ਨੇ ਜਾਣਾ ਕਿਧਰ ਹੈ? ਖੇਡਦਾ-ਖੇਡਦਾ ਕਿਸੇ ਬੱਚੇ ਨਾਲ ਉਸ ਦੇ ਘਰ ਜਾ ਕੇ ਸੌਂ ਗਿਆ ਹੋਣਾ ਹੈ। ਫ਼ੋਨ ਤੋਂ ਬਾਅਦ ਮੁਨਸ਼ੀ ਨੇ ਥਾਣੇ ਦਾ ਸੱਠ ਸਾਲ ਪੁਰਾਣਾ ਸਾਰਾ ਰਿਕਾਰਡ ਦੇਖਿਆ ਸੀ। ਬੱਚੇ ਨੂੰ ਅਗਵਾ ਕਰਨ ਵਾਲਾ ਇੱਕ ਵੀ ਕੇਸ ਕਦੇ ਦਰਜ ਨਹੀਂ ਸੀ ਹੋਇਆ।

ਬਹੁਤ ਪਛਤਾ ਰਿਹਾ ਸੀ ਮੁਨਸ਼ੀ। ਅੱਗੇ ਕਿਹੜਾ ਪੁਲਿਸ ਝਟਪਟ ਮੁਕੱਦਮੇ ਦਰਜ ਕਰ ਦਿੰਦੀ ਹੈ। ਤਸੱਲੀ ਹੀ ਦਿੰਦੀ ਹੈ ਕਿ ਮੁਕੱਦਮਾ ਦਰਜ ਹੋ ਗਿਆ। ਬੱਚੇ ਨੇ ਤਾਂ ਲੱਭ ਹੀ ਜਾਣਾ ਸੀ। ਸ਼ਾਮ ਨੂੰ ਅਗਲੇ ਦੀ ਕੋਠੀ ਜਾਂ ਦੁਕਾਨ ’ਤੇ ਜਾ ਕੇ ਨਾਲੇ ਅਗਲੇ ਨੂੰ ਵਧਾਈ ਦੇ ਆਉਂਦੇ ਨਾਲੇ ਪੈੱਗ-ਸ਼ੈੱਗ ਲਾ ਆਉਂਦੇ। ਮੁਕੱਦਮਾ ਖਾਰਜ ਕਰਨ ਦੀ ਫ਼ੀਸ ਲੈਂਦੇ। ਹੁਣ ਬੈਠਾ ਰਹਿ ਹੱਥ ’ਤੇ ਹੱਥ ਧਰੀ।

ਮੁਨਸ਼ੀ ਲੱਕੜ ਦੇ ਵੱਡੇ ਸਾਰੇ ਮੇਜ਼ ਉੱਤੇ ਵਿਛੇ ਨੀਲੇ ਮੇਜ਼ਪੋਸ਼ ’ਤੇ ਬਿੱਖਰੇ ਕਾਗ਼ਜ਼, ਰੋਜ਼ਨਾਮਚੇ, ਰਜਿਸਟਰ ਅਤੇ ਕਾਰਬਨ ਪੇਪਰਾਂ ਨੂੰ ਕਈ ਵਾਰ ਤਰਤੀਬ ਵਿੱਚ ਦੇਖ ਚੁੱਕਾ ਸੀ। ਕਈ ਵਾਰ ਫ਼ੋਨ ਦੇ ਚੋਂਗੇ ਵਿੱਚ ਫੂਕਾਂ ਮਾਰ-ਮਾਰ ਦੇਖਿਆ। ਕਿਧਰੇ ਫ਼ੋਨ ਹੀ ਖ਼ਰਾਬ ਨਾ ਹੋ ਗਿਆ ਹੋਵੇ। ਨਹੀਂ ਤਾਂ ਕੋਈ ਵਜ੍ਹਾ ਨਹੀਂ ਕਿ ਦਿਨ ਦੇ ਬਾਰਾਂ ਵਜੇ ਤਕ ਕਿਸੇ ਲੜਾਈ-ਝਗੜੇ, ਚੋਰੀ-ਯਾਰੀ, ਕਤਲ, ਨਾਜਾਇਜ਼ ਕਬਜ਼ੇ ਜਾਂ ਮਾੜੇ-ਮੋਟੇ ਐਕਸੀਡੈਂਟ ਦੀ ਇਤਲਾਹ ਥਾਣੇ ਨਾ ਅੱਪੜੇ। ਇੰਨਾ ਅਮਨ ਤਾਂ ਸਤਯੁੱਗ ਵਿੱਚ ਵੀ ਨਹੀਂ ਹੋਇਆ ਹੋਣਾ।

ਵੈਸੇ ਥਾਣੇ ਆਉਣ ਦੀ ਕਿਸੇ ਨੂੰ ਕੀ ਲੋੜ ਹੈ? ਸੱਤ-ਇਕਵੰਜਾ ਤੋਂ ਲੈ ਕੇ ਕਤਲ ਤਕ ਦੀਆਂ ਸਾਰੀਆਂ ਦਰਖ਼ਾਸਤਾਂ ਡਿਪਟੀ ਦੇ ਸਿੱਧੀਆਂ ਪੇਸ਼ ਹੁੰਦੀਆਂ ਹਨ। ਉਹ ਆਪਣੀ ਕੋਠੀ ਵਿੱਚ ਹੀ ਮਹਿਫ਼ਲ ਲਾਉਂਦਾ ਹੈ। ਦਫ਼ਤਰ ਤਾਂ ਵੜਦਾ ਹੀ ਨਹੀਂ। ਬਹਾਨਾ ਵਧੀਆ ਹੈ। ਅਖੇ ਹਿੱਟ ਲਿਸਟ ’ਤੇ ਹੈ। ਕਿਸ ਦੀ ਹਿੱਟ ਲਿਸਟ ’ਤੇ ਹੈ, ਇਹ ਕਿਸੇ ਨੂੰ ਨਹੀਂ ਪਤਾ। ਉਹਨੇ ਕਦੇ ਕੋਈ ਪੁਲਿਸ ਮੁਕਾਬਲਾ ਨਹੀਂ ਬਣਾਇਆ, ਕਦੇ ਕੋਈ ਦਹਿਸ਼ਤਗਰਦ ਨਹੀਂ ਫੜਿਆ। ਜਿਹੜੇ ਫੜੇ ਦਿਖਾਉਂਦਾ ਹੈ, ਉਹ ਤਾਂ ਖ਼ੁਦ ਪੇਸ਼ ਹੋਏ ਹੁੰਦੇ ਹਨ, ਡਰਦੇ ਮਾਰੇ।

ਹਿੱਟ ਲਿਸਟ ਦੇ ਬਹਾਨੇ ਕਪਤਾਨ ਤੋਂ ਦੋ ਸਪੈਸ਼ਲ ਪੁਲਿਸ ਪਾਰਟੀਆਂ ਲੈ ਲਈਆਂ। ਕੋਠੀ ਪਹਿਰਾ ਲਗਵਾ ਲਿਆ। ਹਰ ਥਾਣੇ ’ਚੋਂ ਇੱਕ-ਇੱਕ ਸਿਪਾਹੀ ਬੁਲਾ ਕੇ ਇੱਕ ਗਾਰਦ ਹੋਰ ਖੜੀ ਕਰ ਲਈ। ਨਵਾਂ ਥਾਣਾ ਹੀ ਬਣ ਗਿਐ ਡਿਪਟੀ ਦੀ ਕੋਠੀ।

ਦਿਨ ਚੜ੍ਹਨ ਤੋਂ ਪਹਿਲਾਂ ਹੀ ਪੰਚਾਇਤਾਂ ਕੋਠੀ ਅੱਗੇ ਡੇਰੇ ਲਾ ਲੈਂਦੀਆਂ ਹਨ। ਜਿਵੇਂ ਪਟਿਆਲੇ ਵਾਲੇ ਮਹਾਰਾਜੇ ਦੀ ਕਚਹਿਰੀ ਲੱਗਣੀ ਹੋਵੇ। ਸਾਰਾ ਦਿਨ ‘ਲੈ ਤੇਰੇ ਦੀ, ਲੈ ਤੇਰੇ ਦੀ’ ਹੁੰਦੀ ਰਹਿੰਦੀ ਹੈ।

ਸਪੈਸ਼ਲ ਪਾਰਟੀਆਂ ਬਣਾਈਆਂ ਤਾਂ ਦਹਿਸ਼ਤਗਰਦਾਂ ਨੂੰ ਫੜਨ ਲਈ ਹਨ, ਕੰਮ ਲੈਂਦਾ ਹੈ ਹੋਰ ਹੀ। ਕਿਸੇ ਸਮਗਲਰ ਨੇ ‘ਮਹੀਨਾ’ ਸਮੇਂ ਸਿਰ ਨਹੀਂ ਭੇਜਿਆ ਤਾਂ ਚੁੱਕ ਲਓ ਉਸ ਨੂੰ। ਕੋਈ ਲੜਾਈ-ਝਗੜਾ ਹੋ ਗਿਆ ਤਾਂ ਬੁਲਾ ਲਓ ਕੋਠੀ ਮੁਜਰਮਾਂ ਨੂੰ। ਪੈਸੇ ਬਟੋਰ ਕੇ ਥਾਣੇ ਭੇਜ ਦਿੰਦਾ ਹੈ। ਨਾਲੇ ਪਾਰਟੀ ਨੂੰ ਹਦਾਇਤ ਕਰ ਦਿੰਦੈ ‘ਥਾਣੇ ਕਿਸੇ ਨੂੰ ਦੁਆਨੀ ਨਹੀਂ ਦੇਣੀ, ਕੋਈ ਮੰਗੇ ਤਾਂ ਸ਼ਿਕਾਇਤ ਕਰੋ।’

ਥਾਣੇ ਵਾਲੇ ਡਿਪਟੀ ਨੂੰ ਬਿਨਾਂ ਪੁੱਛੇ ਨਾ ਕਿਸੇ ਨੂੰ ਫੜ ਸਕਦੇ ਹਨ ਅਤੇ ਨਾ ਹੀ ਫੜੇ ਬੰਦੇ ਨੂੰ ਛੱਡ ਸਕਦੇ ਹਨ। ਪਹਿਲੇ ਐਸ.ਐਚ.ਓ.ਨੇ ਥੋੜ੍ਹਾ ਜਿਹਾ ਹੌਸਲਾ ਕੱਢਿਆ ਤਾਂ ਇਲਾਕੇ ਭਰ ਦੇ ਸਮਗਲਰਾਂ ਤੋਂ ਉਸ ਦੇ ਖ਼ਿਲਾਫ਼ ਸ਼ਿਕਾਇਤਾਂ ਕਰਵਾ ਦਿੱਤੀਆਂ। ਆਪ ਅਫ਼ਸਰਾਂ ਦੇ ਕੰਨ ਭਰ ਦਿੱਤੇ। ਉਹ ਤਾਂ ਥਾਣੇਦਾਰ ਹੀ ਤਕੜਾ ਸੀ, ਬਦਲੀ ਕਰਵਾ ਗਿਆ। ਮਾੜਾ ਹੁੰਦਾ ਤਾਂ ਡਿਸਮਿਸ ਹੋਇਆ ਹੁੰਦਾ, ਨਹੀਂ ਜਬਰੀ ਰਿਟਾਇਰਮੈਂਟ ਤਾਂ ਪੱਕੀ ਸੀ। ਮੁੜ ਕਿਸੇ ਦੀ ਜੁਰਅੱਤ ਨਹੀਂ ਪਈ ਡਿਪਟੀ ਦੀ ਹੁਕਮ ਅਦੂਲੀ ਕਰਨ ਦੀ।

ਇੱਕ ਪਾਸੇ ਡਿਪਟੀ ਹੈ ਤੇ ਦੂਜੇ ਪਾਸੇ ਜਥੇਦਾਰਾਂ ਦਾ ਟੋਲਾ। ਸਰਕਾਰ ਬਣਦੇ ਹੀ ਨੀਲੀਆਂ ਪੱਗਾਂ ਖੁੰਬਾਂ ਵਾਂਗ ਨਿਕਲ ਆਉਂਦੀਆਂ ਹਨ। ਲੀਡਰਾਂ ਦੇ ਰੋਸੇ ਤੋਂ ਡਰਦੇ ਮੁੱਖ-ਮੰਤਰੀ ਨੇ ਜਥੇਦਾਰੀਆਂ ਥੋਕ ਦੇ ਭਾਅ ਵੰਡ ਦਿੱਤੀਆਂ ਹਨ। ਜਣਾ-ਖਣਾ ਜਥੇਦਾਰੀ ਦਾ ਸ਼ਨਾਖ਼ਤੀ ਕਾਰਡ ਲਈ ਫਿਰਦਾ ਹੈ। ਕੋਈ ਜ਼ਿਲ੍ਹੇ ਦਾ ਜਥੇਦਾਰ, ਕੋਈ ਸਰਕਲ ਦਾ, ਕੋਈ ਪਿੰਡ ਦਾ ਅਤੇ ਕੋਈ ਗਲੀ-ਮੁਹੱਲੇ ਦਾ। ਦਸ-ਵੀਹਾਂ ਸਾਲਾਂ ਬਾਅਦ ਕਦੇ-ਕਦੇ ਦੋ ਸਾਲ ਲਈ ਹਕੂਮਤ ਕਰਨ ਦਾ ਮੌਕਾ ਮਿਲਦਾ ਹੈ। ਮਸਾਂ-ਮਸਾਂ ਲੋਕ ਸਲਾਮਾਂ ਕਰਨ ਲੱਗਦੇ ਹਨ। ਉਹ ਵੀ ਸਾਲ ਛੇ ਮਹੀਨੇ ਲਈ। ਫੇਰ ਜਥੇਦਾਰ ਇਸ ਮੌਕੇ ਦਾ ਫ਼ਾਇਦਾ ਕਿਉਂ ਨਾ ਉਠਾਉਣ?

ਵੱਡੇ ਜਥੇਦਾਰ ਤਾਂ ਵੱਡੇ ਅਫ਼ਸਰਾਂ ਦੀਆਂ ਕਾਰਾਂ ਵਿੱਚ ਬੈਠ ਕੇ ਵੱਡੇ-ਵੱਡੇ ਕੰਮਾਂ ਲਈ ਚੰਡੀਗੜ੍ਹ ਨੂੰ ਤੁਰੇ ਰਹਿੰਦੇ ਹਨ। ਜਥੇਦਾਰੀ ਦਾ ਸੁਆਦ ਹੀ ਇਸ ਵਾਰੀ ਆਇਆ ਹੈ। ਪਹਿਲਾਂ ਐਵੇਂ ਬੱਸਾਂ ’ਚ ਧੱਕੇ ਖਾਂਦੇ ਰਹਿੰਦੇ। ਗੁਰਦੁਆਰਿਆਂ ’ਚ ਲੰਗਰ ਛਕ ਕੇ ਮੁੜ ਆਉਂਦੇ। ਅੱਜ- ਕੱਲ੍ਹ ਕਾਰਾਂ ਹਾਜ਼ਰ ਹਨ। ਰਹਿਣ ਲਈ ਹੋਟਲ, ਠੰਢੇ-ਠਾਰ ਕਮਰੇ, ਚਿੱਟੀਆਂ ਦੁੱਧ ਵਰਗੀਆਂ ਚਾਦਰਾਂ ਅਤੇ ਲਾਲ-ਲਾਲ ਵਰਦੀਆਂ ਵਾਲੇ ਸੇਵਾਦਾਰ। ‘ਜੀ ਹਜ਼ੂਰ, ਜੀ ਹਜ਼ੂਰ’ ਸੁਣਦਿਆਂ ਇਉਂ ਲੱਗਦੈ ਜਿਵੇਂ ਮਹਾਰਾਜਾ ਪਟਿਆਲਾ ਦੇ ਕੁੜਮ ਹੋਈਏ। ਪਹਿਲੀ ਵਾਰ ਪਤਾ ਲੱਗਾ ਹੈ ਕਿ ਹਕੂਮਤ ਦਾ ਨਸ਼ਾ ਕੀ ਹੁੰਦਾ ਹੈ? ਪਹਿਲਾਂ ਤਾਂ ਐਵੇਂ ਲੋਕ-ਸੇਵਾ ਵਿੱਚ ਹੀ ਫਸੇ ਰਹੇ।

ਪੜ੍ਹੇ-ਲਿਖੇ ਜਥੇਦਾਰ ਚੰਡੀਗੜ੍ਹ ਤੁਰ ਜਾਂਦੇ ਹਨ। ਘੱਟ ਪੜ੍ਹੇ-ਲਿਖੇ ਜ਼ਿਲ੍ਹਾ ਹੈੱਡ ਕੁਆਰਟਰ ਸੰਭਾਲੀ ਫਿਰਦੇ ਹਨ। ਚੰਡੀਗੜ੍ਹ ਦੇ ਦਫ਼ਤਰਾਂ ’ਚ ਹਰ ਕੋਈ ਅੰਗਰੇਜ਼ੀ ’ਚ ਗੱਲ ਕਰਦੈ। ਇਹ ਭੂਤਨੀ ਉਹਨਾਂ ਨੂੰ ਸਮਝ ਨਹੀਂ ਆਉਂਦੀ। ਕਈ-ਕਈ ਦਿਨ ਅਫ਼ਸਰ ਨਹੀਂ ਮਿਲਦਾ। ਮਿਲ ਵੀ ਜਾਵੇ ਤਾਂ ਤਾਤੇ-ਬਾਤੇ ਕਰ ਕੇ ਬੇਰੰਗ ਤੋਰ ਦਿੰਦੈ। ਉਹ ਥੱਲੇ ਠੀਕ ਸਨ। ਡੀ.ਸੀ., ਐਸ.ਐਸ.ਪੀ.ਅਤੇ ਭਲਾਈ ਅਫ਼ਸਰ। ਇਹਨਾਂ ਨਾਲ ਉਹ ਨਜਿੱਠ ਲੈਂਦੇ ਹਨ। ਕਾਰਾਂ ਦਾ ਭੁੱਸ ਇਹਨਾਂ ਛੋਟੇ ਜਥੇਦਾਰਾਂ ਨੂੰ ਵੀ ਪਿਆ ਹੋਇਆ। ਹੋਟਲਾਂ ਦਾ ਸੁਆਦ ਨਹੀਂ ਪਿਆ। ਢਾਬਿਆਂ ’ਚ ਦਹੀਂ ਦੀ ਲੱਸੀ ਪੀ ਕੇ ਅਤੇ ਛੋਲੇ-ਪੂੜੀਆਂ ਖਾ ਕੇ ਹੀ ਕੜਕਦੀ ਧੁੱਪ ਵਿੱਚ ਗੇੜੇ ਦਿੰਦੇ ਹਨ। ਰਹਿੰਦੇ-ਖੂੰਹਦੇ ਬਸ ਚੜ੍ਹ ਕੇ ਸ਼ਹਿਰ ਆ ਟਪਕਦੇ ਹਨ। ਤਹਿਸੀਲ ਜਾਂ ਕਚਹਿਰੀ। ਹੋਰ ਕਿਸੇ ਥਾਂ ਨਾ ਗੱਲ ਬਣੀ ਤਾਂ ਥਾਣੇ ਆ ਧਮਕੇ। ਬੰਦੂਕਾਂ ਦੇ ਲਾਇਸੈਂਸਾਂ ਦੀਆਂ ਅਰਜ਼ੀਆਂ ’ਤੇ ਰਿਪੋਰਟਾਂ ਹੀ ਸਹੀ।

ਵਰਕਰ ਛੋਟਾ ਹੋਵੇ ਜਾਂ ਵੱਡਾ, ਸਭ ਦੀ ਵੁੱਕਤ ਇਕੋ ਜਿੰਨੀ ਹੈ। ਸਾਲ ’ਚ ਅੱਠ ਮਹੀਨੇ ਤਾਂ ਜੇਲ੍ਹਾਂ ਭਰੀਆਂ ਰੱਖਣੀਆਂ ਹੁੰਦੀਆਂ ਹਨ। ਉਦੋਂ ਛੋਟੇ ਵਰਕਰਾਂ ਦੀ ਲੋੜ ਹੁੰਦੀ ਹੈ। ਜੇਲ੍ਹ ਕੱਟਣ ਵਾਲੇ ਵਰਕਰਾਂ ਦੀ ਹਰ ਹਾਲਤ ਵਿੱਚ ਸੁਣਨੀ ਪੈਂਦੀ ਹੈ। ਕੰਮ ਨਾ ਹੋਵੇ ਤਾ ਵਰਕਰ ਆਪਣੇ ਇਲਾਕੇ ਦੇ ਵਜ਼ੀਰ ਨਾਲ ਜਾ ਮੱਥਾ ਲਾਉਂਦੇ ਹਨ। ਵਜ਼ੀਰ ਦੇ ਆਖੇ ਵੀ ਕੰਮ ਨਾ ਹੋਵੇ ਤਾਂ ਉਹ ਮੁੱਖ-ਮੰਤਰੀ ਨਾਲ ਮੂੰਹ ਮੋਟਾ ਕਰ ਲੈਂਦਾ ਹੈ। ਪ੍ਰੈਸ ਵਿੱਚ ਬਿਆਨ ਦਾਗ਼ ਦਿੰਦਾ ਹੈ। ਦੂਜੇ ਗਰੁੱਪ ਨਾਲ ਰਲਣ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਛਪਵਾ ਦਿੰਦਾ ਹੈ। ਸਭ ਕੁੱਝ ਜਾਣਦੇ-ਬੁਝਦੇ ਵੀ ਮੁੱਖ-ਮੰਤਰੀ ਨੂੰ ਉਹਨਾਂ ਅੱਗੇ ਝੁਕਣਾ ਪੈਂਦਾ ਹੈ। ਐਮ.ਐਲ.ਏ.ਤਾਂ ਪਹਿਲਾਂ ਹੀ ਉਸ ਨਾਲ ਬਹੁ-ਸੰਮਤੀ ਨਾਲੋਂ ਘੱਟ ਹਨ। ਇੱਕ ਦੋ ਹੋਰ ਟੁੱਟ ਗਏ ਤਾਂ ਮੁੱਖ-ਮੰਤਰੀ ਨੇ ਧੜੱਮ ਦੇਣੇ ਕੁਰਸੀ ਤੋਂ ਹੇਠਾਂ ਡਿੱਗ ਪੈਣਾ ਹੈ। ਕੁਰਸੀ ਕਿਹੜਾ ਬਾਪੂ ਵਾਲੀ ਹੈ, ਵਰਕਰਾਂ ਅਤੇ ਨੇਤਾਵਾਂ ਦੇ ਸਹਾਰੇ ਤਾਂ ਖੜੀ ਹੈ। ਉਹ ਝੱਟ ਟੈਲੀਫ਼ੋਨ ਖੜਕਾ ਦਿੰਦਾ ਹੈ।

ਜਿਹਾ ਰਾਜਾ ਤਿਹੀ ਪਰਜਾ। ਜੇ ਮੁੱਖ-ਮੰਤਰੀ ਆਪਣੀ ਕੁਰਸੀ ਬਚਾਉਣ ਲਈ ਪੁੱਠੇ-ਸਿੱਧੇ ਹੁਕਮ ਸੁਣਾ ਰਿਹਾ ਹੈ ਤਾਂ ਅਫ਼ਸਰਾਂ ਨੂੰ ਕੀ ਚੱਟੀ ਪਈ, ਆਪਣੀ ਕੁਰਸੀ ਨੂੰ ਖ਼ਤਰੇ ’ਚ ਪਾਉਣ ਦੀ। ਉਹ ਵਰਕਰ ਦੇ ਪਹਿਲੇ ਬੋਲ ’ਤੇ ਹੀ ਘੁੱਗੀ ਮਾਰ ਦਿੰਦੇ ਹਨ। ਪਹਿਲਾ ਜਥੇਦਾਰ ਆਇਆ, ਉਸ ਦੇ ਮੁਤਾਬਕ ਹੁਕਮ ਜਾਰੀ ਕਰ ਦਿੱਤੇ, ਦੂਜੇ ਦੇ ਆਖਣ ’ਤੇ ਕੈਂਸਲ ਕਰ ਦਿੱਤੇ। ਆਪੇ ਲੜਦੇ ਰਹਿਣ।

ਸਰਕਾਰ ਹਾਲੇ ਨਵੀਂ-ਨਵੀਂ ਹੈ, ਸਾਲ ਦੋ ਸਾਲ ਕੱਟ ਗਏ ਤਾਂ ਵੱਡੇ-ਵੱਡੇ ਸੇਠ, ਅਫ਼ਸਰ ਅਤੇ ਸਰਦਾਰ ਜਥੇਦਾਰਾਂ ਨੂੰ ਆਪੇ ਹਕੂਮਤ ਦੇ ਗੁਰ ਸਿਖਾ ਦੇਣਗੇ। ਅੰਦਰ ਵੜ ਕੇ ਸਮਝਾ ਦੇਣਗੇ ਕਿ ਐਵੇਂ ਜਣੇ-ਖਣੇ ਨਾਲ ਗੇੜੇ ਨਹੀਂ ਦੇਈਦੇ। ਤੁਸੀਂ ਵੀ ਚੋਣਾਂ ਵੇਲੇ ਪੈਸੇ ਖਰਚਣੇ ਹੁੰਦੇ ਹਨ। ਹੁਣ ਝੋਲੀਆਂ ਭਰੋਗੇ ਤਾਂ ਹੀ ਸਮੇਂ ਸਿਰ ਖ਼ਰਚ ਕਰ ਸਕੋਗੇ। ਕਾਂਗਰਸੀ ਹੋਰ ਕੋਈ ਆਪਣੀਆਂ ਨੀਤੀਆਂ ਦੇ ਸਿਰ ’ਤੇ ਚੋਣਾਂ ਜਿੱਤਦੇ ਨੇ? ਮਾਇਆ ਜਾਲ ਵਿਛਾਉਂਦੇ ਹਨ। ਪਹਿਲਾਂ ਖਾਂਦੇ ਹਨ ਫੇਰ ਖਵਾਉਂਦੇ ਹਨ। ਬੱਸ ਇਸੇ ਨੀਤੀ ਦੇ ਸਹਾਰੇ ਚਾਲੀ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ।

ਜਦੋਂ ਅਕਲ ਆ ਗਈ ਤਾਂ ਆਪੇ ਕਾਂਗਰਸੀਆਂ ਵਾਂਗ ਅਫ਼ਸਰਾਂ ਨਾਲ ਹਿੱਸੇ-ਪੱਤੀਆਂ ਕਰ ਲੈਣਗੇ ਪਰ ਜਿੰਨਾ ਚਿਰ ਉਹਨਾਂ ਨੂੰ ਅਕਲ ਨਹੀਂ ਆਉਂਦੀ, ਮੁਨਸ਼ੀ ਕਿਸ ਦੀ ਮਾਂ ਨੂੰ ਮਾਸੀ ਆਖੇ? ਖ਼ਰਚਾ ਕਿਥੋਂ ਚਲਾਵੇ?

ਕੰਮਾਂ-ਕਾਰਾਂ ਵਾਲੇ ਜਾਂ ਤਾਂ ਇਹਨਾਂ ਜਥੇਦਾਰਾਂ ਦੇ ਧੱਕੇ ਚੜ੍ਹ ਜਾਂਦੇ ਹਨ ਜਾਂ ਫੇਰ ਡਿਪਟੀ ਦੇ। ਹਰ ਕੋਈ ਚੌਧਰੀ ਬਣਿਆ ਫਿਰਦਾ ਹੈ। ਬਾਹਰ ਖੜਾ ਸੰਤਰੀ ਹੀ ਮਾਣ ਨਹੀਂ। ਮੁਨਸ਼ੀ ਨੇ ਉਹਨੂੰ ਸਬਕ ਸਿਖਾਉਣ ਲਈ ਪਹਿਰੇ ’ਤੇ ਚਾੜ੍ਹਿਆ ਸੀ। ਲੱਗਦੈ ਲਹਿਰਾਂ ਗਿਣਨ ਵਾਲੇ ਵਾਂਗ ਇਥੇ ਵੀ ਉਸ ਨੇ ਕੋਈ ਰਾਹ ਲੱਭ ਲਿਆ ਹੈ। ਆਏ-ਗਏ ਨੂੰ ਬਾਹਰੋਂ ਹੀ ਨਠਾ ਦਿੰਦਾ ਹੋਣੈ। ਕਚਹਿਰੀ ’ਚ ਰਹਿ ਕੇ ਗੱਫੇ ਮਾਰਨ ਦੀ ਆਦਤ ਪਈ ਹੋਈ ਹੈ। ਮੁਜਰਮ ਆਪ ਬਰੀ ਕਰਾਈ ਜਾਣੇ, ਸਿਆਪੇ ਥਾਣੇ ਵਾਲਿਆਂ ਸਿਰ ਪਾਈ ਜਾਣੇ। ਉਹਦੇ ਬੀਜੇ ਕੰਡੇ ਮੁਨਸ਼ੀ ਨੂੰ ਚੁਗਣੇ ਔਖੇ ਹੋਏ ਪਏ ਹਨ। ਨਿੱਤ ਨਵਾਂ ਨੋਟਿਸ ਆ ਜਾਂਦਾ ਹੈ। ਕਦੇ ਮਾਲ ਮੁਕੱਦਮਾ ਗ਼ਲਤ ਪੇਸ਼ ਕਰਨ ਲਈ ਅਤੇ ਕਦੇ ਸੰਮਨ ਤਾਮੀਲ ਨਾ ਕਰਾਉਣ ਲਈ।

ਸੰਤਰੀ ’ਤੇ ਨਿਗਾਹ ਰੱਖਣ ਲਈ ਮੁਨਸ਼ੀ ਕਈ ਗੇੜੇ ਗੇਟ ਤਕ ਮਾਰਦਾ ਸੀ। ਇਸ ਵਾਰ ਉਸ ਨੇ ਦੇਖਿਆ ਸੰਤਰੀ ਮੁਨਸ਼ੀ ਨਾਲੋਂ ਵੀ ਉਦਾਸ ਸੀ। ਮੁਨਸ਼ੀ ਦਾ ਮਨ ਪਸੀਜ ਗਿਆ। ਵਿਹਲਾ ਖਾਣ ਗਿੱਝਿਆ ਸੀ। ਪਹਿਰੇ ’ਤੇ ਖੜ੍ਹਦੇ ਦੀ ਜਾਨ ਟੁੱਟਦੀ ਹੋਣੀ ਹੈ। ਬੰਦੂਕ ਦਾ ਭਾਰ ਦੀ ਮਣਾਂ-ਮੂੰਹੀਂ ਲੱਗਦਾ ਹੋਏਗਾ।

ਵਾਪਸੀ ’ਤੇ ਮੁਨਸ਼ੀ ਬਾਬਾ ਜ਼ਾਹਰ ਅਲੀ ਪੀਰ ਦੀ ਮਜ਼ਾਰ ’ਤੇ ਰੁਕ ਗਿਆ। ਮਜ਼ਾਰ ਬੜੀ ਕਰਾਮਾਤਾਂ ਵਾਲੀ ਸੀ। ਲੋਕ ਆਖਦੇ ਨੇ ਕਿਸੇ ਸਮੇਂ ਇਥੇ ਕੋਈ ਕਰਨੀ ਵਾਲਾ ਪੀਰ ਰਿਹਾ ਕਰਦਾ ਸੀ। ਇਸ ਮਜ਼ਾਰ ’ਤੇ ਸੁੱਖੀ ਹਰ ਸੁੱਖ ਪੂਰੀ ਹੁੰਦੀ ਹੈ। ਭਲੇ ਜ਼ਮਾਨਿਆਂ ’ਚ ਲੋਕਾਂ ਦੇ ਅੱਧੇ ਫ਼ੈਸਲੇ ਇਸੇ ਮਜ਼ਾਰ ਦੀ ਕਿਰਪਾ ਨਾਲ ਹੁੰਦੇ ਸਨ। ਇਸ ਦੀ ਹਜ਼ੂਰੀ ਵਿੱਚ ਪੰਚਾਇਤਾਂ ਜੁੜਦੀਆਂ ਸਨ। ਮਜ਼ਾਰ ਦੇ ਚਬੂਤਰੇ ’ਤੇ ਚੜ੍ਹ ਕੇ ਕੋਈ ਝੂਠ ਨਹੀਂ ਸੀ ਬੋਲ ਸਕਦਾ। ਜਿਹੜਾ ਕੋਈ ਝੂਠ ਬੋਲ ਗਿਆ, ਉਸ ਨੇ ਸੁਖ ਨਹੀਂ ਪਾਇਆ। ਬਥੇਰੀਆਂ ਕਥਾਵਾਂ ਪ੍ਰਚੱਲਿਤ ਹਨ। ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ, ਕਿਸੇ ਦੇ ਬਲਦ ਮਰ ਗਏ ਅਤੇ ਕਿਸੇ ਦਾ ਜਵਾਨ ਪੁੱਤ ਤੁਰ ਗਿਆ। ਹਾਲੇ ਵੀ ਇਸ ਦੀ ਮਹੱਤਤਾ ਘਟੀ ਨਹੀਂ ਸੀ ਭਾਵੇਂ ਪਹਿਲਾਂ ਜਿੰਨੀ ਨਹੀਂ ਸੀ ਰਹੀ।

ਥਾਣੇ ਦੇ ਵਿਹੜੇ ਦੀ ਖੱਬੀ ਨੁੱਕਰ ਵਿੱਚ ਜੰਡ ਦੇ ਦਰੱਖ਼ਤ ਹੇਠਾਂ ਬਣੀ ਇਸ ਮਜ਼ਾਰ ਨੂੰ ਥਾਣੇ ਵਾਲੇ ਪੂਰੀ ਇੱਜ਼ਤ ਬਖ਼ਸ਼ਦੇ ਸਨ। ਸਮੇਂ-ਸਮੇਂ ਸਿਰ ਇਥੇ ਕਲੀ-ਕੂਚੀ ਹੁੰਦੀ, ਚਰਾਗ਼ ਬਲਦਾ ਅਤੇ ਚਾਦਰ ਚੜ੍ਹਾਈ ਜਾਂਦੀ।

ਮੁਨਸ਼ੀ ਮਜ਼ਾਰ ਅੱਗੇ ਹੱਥ ਬੰਨ੍ਹ ਕੇ ਖਲੋ ਗਿਆ। ਅੱਖਾਂ ਬੰਦ ਕਰ ਕੇ ਅਰਦਾਸ ਕਰਨ ਲੱਗਾ ।

“ਘੱਲ ਬਾਬਾ ਕੋਈ ਅਸਾਮੀ … ਦਸਵੇਂ ਦਸੌਂਦ ਦਾ ਪ੍ਰਸ਼ਾਦ ਚੜ੍ਹਾਊਂ … ਖ਼ਾਸੇ ਕੰਮ ਰੁਕੇ ਪਏ ਨੇ … ।”

ਗੱਫੇ ਨਾਲੋਂ ਵੀ ਵੱਧ ਉਹਦੇ ਮਨ ਵਿੱਚ ਇੱਕ ਹੋਰ ਇੱਛਾ ਸੀ, ਜਿਸ ਨੂੰ ਉਹ ਪਾਪ ਸਮਝ ਕੇ ਅੰਦਰ ਦਬਾਈ ਬੈਠਾ ਸੀ। ਉਂਝ ਜੇ ਬਾਬਾ ਉਹ ਇੱਛਾ ਪੂਰੀ ਕਰ ਦੇਵੇ ਤਾਂ ਮੁਨਸ਼ੀ ਦੀ ਹੀ ਨਹੀਂ, ਸੈਂਕੜੇ ਮੁਲਾਜ਼ਮਾਂ ਦੇ ਭਾਗ ਖੁੱਲ੍ਹ ਜਾਣ। ਉਹ ਸੀ ਡਿਪਟੀ ਦਾ ਇਥੋਂ ਤੁਰ ਜਾਣਾ। ਉਹ ਚਾਹੁੰਦਾ ਸੀ ਡਿਪਟੀ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋਵੇ। ਜੇ ਬਾਬਾ ਇੰਨੀ ਮਾੜੀ ਨਹੀਂ ਕਰਨਾ ਚਾਹੁੰਦਾ ਤਾਂ ਉਸ ਦਾ ਤਬਾਦਲਾ ਹੀ ਕਰਵਾ ਦੇਵੇ। ਉਂਝ ਬਦਲੀ ਨਹੀਂ ਤਾਂ ਤਰੱਕੀ ਕਰਵਾ ਕੇ ਹੀ ਇਥੋਂ ਫਾਹਾ ਵਢਾ ਦੇਵੇ, ਕੁੱਝ ਤਾਂ ਕਰੇ। ਬਾਬਾ ਪਤਾ ਨਹੀਂ ਕਿਹੜੀ ਨੀਂਦ ਸੁੱਤਾ ਪਿਆ ਸੀ। ਇਹ ਵੀ ਹੋ ਸਕਦੈ ਡਿਪਟੀ ਨੇ ਵੱਡਾ ਚੜ੍ਹਾਵਾ ਸੁੱਖ ਕੇ ਬਾਬੇ ਨੂੰ ਪਹਿਲਾਂ ਹੀ ਖ਼ੁਸ਼ ਕਰ ਰੱਖਿਆ ਹੋਵੇ। ਉਸ ਦਾ ਦਸਵਾਂ ਦਸੌਂਦ ਮੁਨਸ਼ੀ ਨਾਲੋਂ ਕਈ ਗੁਣਾ ਵੱਡਾ ਹੋਏਗਾ। ਆਖ਼ਿਰ ਕਲਯੁੱਗ ਹੈ, ਭਗਵਾਨ ਵੀ ਪੈਸੇ ਵਾਲੇ ਵੱਲ ਹੀ ਹੈ।

ਮੁਨਸ਼ੀ ਮਜ਼ਾਰ ਅੱਗੇ ਹੱਥ ਜੋੜੀ ਖੜਾ ਹੀ ਸੀ ਕਿ ਟੈਲੀਫ਼ੋਨ ਦੀ ਘੰਟੀ ਖੜਕੀ।

ਇੱਕ ਵਾਰ ਤਾਂ ਮੁਨਸ਼ੀ ਦੇ ਚਿਹਰੇ ’ਤੇ ਲਾਲੀ ਛਾ ਗਈ। ਬਾਬੇ ਨੇ ਤਾਂ ਝੱਟ ਸੁਣ ਲਈ ਸੀ। ਖ਼ੁਸ਼ੀ ਨਾਲ ਉਹ ਟੈਲੀਫ਼ੋਨ ਵੱਲ ਦੌੜਿਆ।

ਰਸੀਵਰ ਚੁੱਕਦਿਆਂ ਉਹਦੇ ਹੱਥ ਕੰਬੇ। ਜ਼ਰੂਰੀ ਤਾਂ ਨਹੀਂ ਫ਼ੋਨ ਕਿਸੇ ਅਸਾਮੀ ਦਾ ਹੋਵੇ। ਮੀਟਿੰਗ ’ਤੇ ਜਾਣ ਲਈ ਕਾਰ ਚਾਹੀਦੀ ਹੋਣੀ ਹੈ। ਫ਼ੋਨ ਸਰਕਾਰੀ ਵਕੀਲ ਦਾ ਵੀ ਹੋ ਸਕਦਾ ਹੈ ਅਤੇ ਡਿਪਟੀ ਦਾ ਵੀ।

ਵਗਾਰਾਂ ਤੋਂ ਡਰਦਾ ਮੁਨਸ਼ੀ ਕਲਪਨਾ ਦੇ ਘੋੜੇ ਦੌੜਾਉਣ ਲੱਗਾ।

ਜੇ ਫ਼ੋਨ ਜੱਜ ਦਾ ਹੋਇਆ ਤਾਂ ਕੀ ਕਰੇਗਾ? ਕਾਰ ਲੈਣ ਕਿਸ ਨੂੰ ਘੱਲੇਗਾ? ਸੰਤਰੀ ਨੂੰ ਭੇਜਿਆ ਤਾਂ ਵਸਾਹ ਨਹੀਂ, ਦਸ-ਦਸ ਰੁਪਏ ਲੈ ਕੇ ਟੈਕਸੀ ਵਾਲਿਆਂ ਨੂੰ ਭਜਾ ਆਵੇ। ਨਾਲੇ ਉਹ ਕਿਹੜਾ ਅੱਧ-ਬੋਲ ਤੁਰਦੇ ਹਨ। ਵੀਹ ਨਖ਼ਰੇ ਕਰਦੇ ਹਨ। ਐਸ.ਐਚ.ਓ.ਹਾਜ਼ਰ ਹੋਵੇ, ਗੱਲ ਹੋਰ ਹੈ। ਮੁਨਸ਼ੀ ਜਾਂ ਸਿਪਾਹੀ ਨੂੰ ਕੌਣ ਪੁੱਛਦੈ। ਦੂਰੋਂ ਆਉਂਦੇ ਸਿਪਾਹੀ ਨੂੰ ਦੇਖ ਕੇ ਅੱਧੇ ਡਰਾਈਵਰ ਤਾਂ ਕਾਰਾਂ ਨੂੰ ਜਿੰਦੇ ਮਾਰ ਕੇ ਇਧਰ-ਉਧਰ ਖਿਸਕ ਜਾਂਦੇ ਹਨ। ਕੋਈ ਫਸ ਵੀ ਗਿਆ ਤਾਂ ਤੇਲ ਤਾਂ ਪਵਾਉਣਾ ਹੀ ਪਊ। ਪੱਲੇ ਦੁਆਨੀ ਨਹੀਂ, ਸਾਂਝਾ ਫੰਡ ਵੀ ਖ਼ਤਮ ਹੈ। ਕੋਈ ਥਾਣੇ ਆਵੇ ਤਾਂ ਹੀ ਚਾਰ ਪੈਸੇ ਬਣਨ। ਇੰਸਪੈਕਟਰ ਹੁੰਦਾ ਤਾਂ ਆਪੇ ਸੰਭਾਲ ਲੈਂਦਾ। ਉਹ ਦੀ ਵੀਹ ਕਾਰਖ਼ਾਨੇਦਾਰਾਂ ਅਤੇ ਸ਼ੈਲਰਾਂ ਵਾਲਿਆਂ ਨਾਲ ਦੋਸਤੀ ਹੈ। ਲਾਲੇ ਕਾਰ ਘੱਲ ਦਿੰਦੇ ਹਨ। ਤੇਲ ਤੋਂ ਵੀ ਬੱਚਤ ਹੋ ਜਾਂਦੀ ਹੈ।

ਡਿਪਟੀ ਦਾ ਫ਼ੋਨ ਹੋਇਆ ਤਾਂ ਅਫ਼ੀਮ ਮੰਗੇਗਾ। ਪਤਾ ਨਹੀਂ ਕਿੰਨੇ ਕੁ ਸਰਦਾਰਾਂ ਨਾਲ ਲਿਹਾਜ਼ ਪਾਲ ਰੱਖੀ ਹੈ। ਥਾਣਾ ਥਾਣਾ ਨਾ ਹੋਇਆ, ਡੋਡਿਆਂ ਦੀ ਦੁਕਾਨ ਹੋਈ। ਜਣੇ-ਖਣੇ ਨੂੰ ਬੋਰੀ ਚੁਕਾ ਕੇ ਤੋਰ ਦਿੰਦੈ। ਇਹ ਗਰੇਵਾਲਾਂ ਦਾ ਸੀਰੀ ਹੈ, ਇਹ ਗਿੱਲਾਂ ਦਾ ਸਾਂਝੀ। ਬਾਣੀਆਂ ਵਾਂਗ ਪੂਰਾ ਹਿਸਾਬ ਰੱਖਦਾ ਹੈ। ਕਿੰਨੀਆਂ ਬੋਰੀਆਂ ਫੜੀਆਂ ਗਈਆਂ, ਕਿੰਨੀਆਂ ਵਗਾਰ ਵਿੱਚ ਗਈਆਂ ਅਤੇ ਕਿੰਨੀਆਂ ਬਾਕੀ ਹਨ? ਮਜ਼ਾਲ ਹੈ ਮੁਨਸ਼ੀ ਇੱਕ ਝੋਲਾ ਵੀ ਆਪਣੇ ਲਈ ਰੱਖ ਸਕੇ। ਡਿਪਟੀ ਦਾ ਡੰਡਾ ਨਾ ਹੋਵੇ ਤਾਂ ਮੁਨਸ਼ੀ ਦਾ ਖ਼ਰਚਾ ਕੱਢਣ ਲਈ ਅਫ਼ੀਮ ਤੇ ਡੋਡੇ ਹੀ ਬਥੇਰੇ ਹਨ। ਇਹੋ ਜਿਹਾ ਕਰਫ਼ਿਊ ਲਾਇਐ ਕਿ ਮੁਨਸ਼ੀ ਨੂੰ ਆਪਣੇ ਘਰ ਭੇਜਣ ਲਈ ਲੋਕਾਂ ਤੋਂ ਡੋਡੇ ਮੰਗਣੇ ਪਏ। ਕਦੇ ਇਹ ਵੀ ਸੁਣਿਐ ਬਈ ਥਾਣੇ ਦਾ ਮੁਨਸ਼ੀ ਆਪ ਡੋਡੇ ਮੰਗਦਾ ਫਿਰੇ।

ਚਾਰ ਵਜ਼ੀਰ ਇਲਾਕੇ ਵਿੱਚ ਘੁੰਮਦੇ ਹੋਣ ਅਤੇ ਮੁਨਸ਼ੀ ਫ਼ੋਨ ਨਾ ਚੁੱਕੇ? ਹਾਲੇ ਨੌਕਰੀ ਛੱਡ ਕੇ ਉਹ ਘਰ ਜਾਣ ਦੀ ਹੈਸੀਅਤ ਵਿੱਚ ਨਹੀਂ ਸੀ।

ਧੜਕਦੇ ਦਿਲ ਅਤੇ ਬੇਰੁਖ਼ੀ ਨਾਲ ਮੁਨਸ਼ੀ ਨੇ ਚੋਂਗਾ ਕੰਨ ’ਤੇ ਲਾਇਆ।

“ਮੈਂ ਥਾਣੇ ’ਚੋਂ ਮੁਨਸ਼ੀ ਬਘੇਲ ਸਿੰਘ ਬੋਲ ਰਿਹਾ ਹਾਂ … ।”

“ਮੈਂ ਸੁਰਿੰਦਰ ਕੁਮਾਰ ਸਰਕਾਰੀ ਵਕੀਲ ਹਾਂ … ।”

ਇੱਕ ਵਾਰ ਤਾਂ ਮੁਨਸ਼ੀ ਦਾ ਦਿਲ ਕੀਤਾ ਦੋ-ਚਾਰ ਖਰੀਆਂ ਸੁਣਾ ਕੇ ਰਸੀਵਰ ਰੱਖ ਦੇਵੇ। ਕਿਸੇ ਨਾ ਕਿਸੇ ਵਗਾਰ ਦਾ ਸੁਨੇਹਾ ਸੁਣਾਏਗਾ। ਉਹਨੂੰ ਪਤਾ ਨਹੀਂ ਪੈਸਿਆਂ ਦੀ ਔੜ ਲੱਗੀ ਹੋਈ ਹੈ?

ਮੁਨਸ਼ੀ ਦੀ ਜਾਨ ਸਰਕਾਰੀ ਵਕੀਲ ਦੇ ਹੱਥ ਵਿੱਚ ਹੁੰਦੀ ਹੈ। ਮੁਨਸ਼ੀ ਨੂੰ ਸਰਕਾਰੀ ਵਕੀਲ ਨਾਲ ਵਿਗਾੜ ਕੇ ਨਹੀਂ ਸਰਦਾ।

“ਹੁਕਮ ਜਨਾਬ …”  ਦੰਦਾਂ ’ਚ ਜੀਭ ਦੇ ਕੇ ਉਸ ਨੇ ਹੁਕਮ ਪੁੱਛਿਆ।

“ਸਾਡੇ ਗੁਆਂਢੋਂ ਇੱਕ ਬੱਚਾ ਗੁੰਮ ਹੋ ਗਿਐ … ਵਾਰਿਸ ਇਤਲਾਹ ਦੇਣ ਆਏ ਸੀ … ਸੰਤਰੀ ਨੇ ਬਾਹਰੋਂ ਹੀ ਡੱਕਰ ਦਿੱਤੇ … ।”

“ਤੁਸੀਂ ਉਸ ਭੈਣ ਦੇ ਯਾਰ ਨੂੰ ਜਾਣਦੇ ਤਾਂ ਹੋ … ਮੈਨੂੰ ਦੱਸੋ ਕੀ ਹੁਕਮ ਹੈ?” ਉਪਰੋਂ ਤਾਂ ਮੁਨਸ਼ੀ ਨੇ ਇਹ ਆਖਿਆ ਪਰ ਅੰਦਰੋਂ ਚਾਰ ਗਾਲ੍ਹਾਂ ਕੱਢੀਆਂ। ਸਿਰ ਤਾਂ ਸੰਤਰੀ ਨੂੰ ਸਰਕਾਰੀ ਵਕੀਲਾਂ ਨੇ ਹੀ ਚੜ੍ਹਾਇਆ ਸੀ।

“ਵੈਸੇ ਤਾਂ ਉਹ ਸ਼ਹਿਰ ਦੇ ਮਸ਼ਹੂਰ ਸੋਸ਼ਲ ਵਰਕਰ ਲਾਲਾ ਹਰਦਿਆਲ ਦਾ ਪੋਤਾ ਹੈ … ਫੇਰ ਵੀ ਨਾਲ ਨਾਗਪਾਲ ਹੁਰਾਂ ਨੂੰ ਭੇਜ ਰਿਹਾ ਹਾਂ … ਆਪੇ ਸਮਝ ਲੂ … ਸਮਝ ਗਿਆ ਨਾ?”

“ਤੁਸੀਂ ਪਰਵਾਹ ਨਾ ਕਰੋ … ਮੈਂ ਆਪੇ ਸਮਝ ਲੂੰ … ।” ਆਖ ਕੇ ਰਸੀਵਰ ਰੱਖਦਿਆਂ ਹੀ ਮੁਨਸ਼ੀ ਡੂੰਘੀਆਂ ਸੋਚਾਂ ਵਿੱਚ ਧਸ ਗਿਆ।

ਉਸ ਨੂੰ ਸੰਤਰੀ ’ਤੇ ਗੁੱਸਾ ਆਇਆ। ਜੇ ਸੰਤਰੀ ਅਸਾਮੀ ਨੂੰ ਅੰਦਰ ਆਉਣ ਦਿੰਦਾ ਤਾਂ ਸਰਕਾਰੀ ਵਕੀਲ ਨੂੰ ਦਖ਼ਲ ਦੇਣ ਦੀ ਲੋੜ ਨਹੀਂ ਸੀ ਪੈਣੀ। ਮੁਨਸ਼ੀ ਨੇ ਪਹਿਲੇ ਹੱਲੇ ਹੀ ਪੰਜ-ਸੱਤ ਸੌ ਲਾਹ ਲੈਣਾ ਸੀ। ਨਾਗਪਾਲ ਬੰਦਾ ਤਾਂ ਪੁਲਿਸ-ਹਮਾਇਤੀ ਹੈ। ਫਿਰ ਵੀ ਸਰਕਾਰੀ ਵਕੀਲ ਨੇ ਵਾਰਿਸਾਂ ਨੂੰ ਸਮਝਾ ਦਿੱਤਾ ਹੋਣਾ ਹੈ। ਮੁਨਸ਼ੀ ਦੀ ਫ਼ੀਸ ਪੰਜਾਹ ਰੁਪਏ ਹੁੰਦੀ ਹੈ। ਸਿੱਧੇ ਆਏ ਹੁੰਦੇ ਤਾਂ ਮਨ-ਮਰਜ਼ੀ ਦੇ ਪੈਸੇ ਬਟੋਰਦਾ। ਗੱਫੇ ਅਫ਼ਸਰਾਂ ਨੂੰ ਦਿਵਾਉਂਦਾ ਅਤੇ ਆਪਣਾ ਹਿੱਸਾ ਲੈਂਦਾ।

ਇੱਕ ਵਾਰ ਫੇਰ ਮੁਨਸ਼ੀ ਨੇ ਮੇਜ਼ ਦੀ ਸਫ਼ਾਈ ਕੀਤੀ। ਸਫ਼ੈਦ ਕਾਗ਼ਜ਼, ਬਾਲਪੈੱਨ ਅਤੇ ਕਾਰਬਨ ਦਰਾਜ਼ ਵਿੱਚ ਸੁੱਟ ਲਏ। ਕੁੱਝ ਭਰੇ ਹੋਏ ਕਾਗ਼ਜ਼ ਫੱਟੀ ਵਿੱਚ ਅੜਾਏ ਅਤੇ ਆਉਣ ਵਾਲੇ ਬੰਦਿਆਂ ਦੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਾ।

ਉੱਚੇ ਲੰਬੇ ਤਿੰਨ ਮਣ ਦੇਹ ਵਾਲੇ ਸੁਰਿੰਦਰ ਕੁਮਾਰ ਸਰਕਾਰੀ ਵਕੀਲ ਦਾ ਅਕਸ ਵਾਰ- ਵਾਰ ਉਸ ਦੀਆਂ ਅੱਖਾਂ ਅੱਗੇ ਉੱਘੜ ਆਉਂਦਾ। ਝੋਟੇ ਵਰਗੇ ਹੌਸਲੇ ਵਾਲਾ ਸੀ ਸਰਕਾਰੀ ਵਕੀਲ। ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਸਾਰਾ ਦਿਨ ਦਾਰੂ ਪੀਈ ਰੱਖਦਾ, ਕੋਈ ਵੀ ਪੁਲਿਸ ਅਫ਼ਸਰ ਦਫ਼ਤਰ ਵੜੇ, ਝੱਟ ਬੋਤਲ ਦਾ ਸਵਾਲ ਪਾ ਦਿੰਦਾ ਹੈ। ਵਕੀਲਾਂ ਨਾਲ ਤਾਂ ਪੀਣੀ ਹੀ ਸੀ, ਨਾਇਬ-ਕੋਰਟਾਂ ਅਤੇ ਮੁਲਜ਼ਮਾਂ ਨਾਲ ਵੀ ਬਹਿ ਜਾਂਦਾ ਹੈ।

ਉਸ ਦੀਆਂ ਕਰਨੀਆਂ ਦੇ ਫਲ ਭੁਗਤ ਰਿਹਾ ਹੈ ਮੁਨਸ਼ੀ ਬਘੇਲ ਸਿੰਘ।

ਉਸ ਦਾ ਕਸੂਰ? ਬਸ ਇਹੋ ਕਿ ਉਹ ਥਾਣੇ ਦਾ ਮੁਨਸ਼ੀ ਹੈ। ਮੁਨਸ਼ੀ ਮਾਲਖ਼ਾਨੇ ਦਾ ਇੰਚਾਰਜ ਹੁੰਦਾ ਹੈ। ਅਦਾਲਤਾਂ ਵਿੱਚ ਸਹੀ ਮਾਲ ਪੇਸ਼ ਕਰਨਾ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਕਿਸ ਨੂੰ ਨਹੀਂ ਪਤਾ ਕਿ ਮਾਲਖ਼ਾਨੇ ਨੂੰ ਲੁੱਟਣ ਵਾਲੇ ਵੀਹ ਡਾਕੂ ਹਨ।

ਆਖ਼ਿਰ ਉਹ ਹੌਲਦਾਰ ਹੀ ਤਾਂ ਹੈ। ਸਿਪਾਹੀਆਂ ਨੂੰ ਛੱਡ ਕੇ ਬਾਕੀ ਉਹਦੇ ਬਰਾਬਰ ਰੈਂਕ ਦੇ ਹਨ ਜਾਂ ਫੇਰ ਵੱਡੇ। ਏ.ਐਸ.ਆਈ., ਐਸ.ਆਈ.ਅਤੇ ਇੰਸਪੈਕਟਰ ਸਭ ਤੋਂ ਦੱਬ ਕੇ ਰਹਿਣਾ ਪੈਂਦਾ ਹੈ। ਕਿਸੇ ਵੀ ਸਮੇਂ ਉਹਨਾਂ ਦੇ ਮਾਤਹਿਤ ਲੱਗ ਸਕਦਾ ਹੈ। ਬਣੀ ਹੋਵੇ ਤਾਂ ਜ਼ੈਲ ਚੰਗੀ ਮਿਲ ਜਾਂਦੀ ਹੈ। ਸੰਤਰੀ ਵਾਂਗ ਵਿਗਾੜ ਕੇ ਰੱਖੇ ਤਾਂ ਅਗਲੇ ਕਚਹਿਰੀਆਂ ’ਚ ਪੈਰਵਾਈ ਲਈ ਧੱਕੀ ਰੱਖਦੇ ਨੇ।

ਬਹੁਤੇ ਤਫ਼ਤੀਸ਼ੀ ਤਾਂ ਮਹੀਨਾ-ਮਹੀਨਾ ਮਾਲ ਜਮ੍ਹਾਂ ਹੀ ਨਹੀਂ ਕਰਾਉਂਦੇ। ਫੜਨ ਤਾਂ ਹੀ ਜਮ੍ਹਾਂ ਕਰਾਉਣ। ਸਾਰੀ ਕਰਵਾਈ ਤਾਂ ਝੂਠੀ ਹੁੰਦੀ ਹੈ। ਮੀਟਿੰਗ ਵਿੱਚ ਹੁਕਮ ਹੋ ਜਾਂਦਾ ਹੈ, ਤੂੰ ਪੰਜ ਕਿੱਲੋ ਅਫ਼ੀਮ ਦਾ ਪਰਚਾ ਦੇ ਦੇ, ਤੂੰ ਭੱਠੀ ਦਾ ਅਤੇ ਤੂੰ ਜੂਏ ਦਾ। ਵੱਟਾ ਰੱਖਣ ਲੱਗੇ ਤਫ਼ਤੀਸ਼ੀ ਭੋਰਾ ਪਰਵਾਹ ਨਹੀਂ ਕਰਦੇ। ਦਸ-ਦਸ ਕਿੱਲੋ ਅਫ਼ੀਮ, ਵੀਹ-ਵੀਹ ਬੋਰੇ ਭੁੱਕੀ, ਪੰਜਾਹ-ਪੰਜਾਹ ਬੋਤਲਾਂ ਸ਼ਰਾਬ। ਆਖ਼ਰ ਮਾਲ ਪੂਰਾ ਹੁੰਦਾ-ਹੁੰਦਾ ਹੀ ਹੁੰਦਾ ਹੈ। ਮੁਨਸ਼ੀ ਕਿਵੇਂ ਆਖ ਸਕਦਾ ਹੈ ਕਿ ਪਹਿਲਾਂ ਮਾਲ ਜਮ੍ਹਾਂ ਕਰਵਾਉ। ਰਿਪੋਰਟ ਲਿਖ ਕੇ ਹੱਥ ਵਢਾਉਣੇ ਪੈਂਦੇ ਹਨ। ਪਿੱਛੋਂ ਜਾਨ ਤਫ਼ਤੀਸ਼ੀ ਦੇ ਹੱਥ ਵਿੱਚ। ਜਦੋਂ ਮਰਜ਼ੀ ਮਾਲ ਜਮ੍ਹਾਂ ਕਰਵਾਵੇ।

ਕੜਾਹੀ ਮਹੀਨੇ ’ਚ ਇੱਕ-ਅੱਧਾ ਦਿਨ ਹੀ ਚੜ੍ਹਦੀ ਹੈ। ਗੁੜ ਕਾੜ੍ਹ-ਕਾੜ੍ਹ ਡੱਬਿਆਂ, ਪੀਪਿਆਂ ਅਤੇ ਟਰੰਕਾਂ ਵਿੱਚ ਭਰੀ ਜਾਓ। ਇਕੋ ਦਿਨ ਆਰੇ ਤੋਂ ਲੱਕੜਾਂ ਦੀ ਬੂਰ ਦੀ ਭਰੀ ਟਰਾਲੀ ਆਉਂਦੀ ਹੈ। ਮਹੀਨੇ ’ਚ ਇੱਕ ਵਾਰ ਹੀ ਠੇਕੇਦਾਰ ਖ਼ਾਲੀ ਬੋਤਲਾਂ, ਪਊਏ ਅਤੇ ਅਧੀਆਂ ਦਾ ਭਰਿਆ ਰੇਹੜਾ ਭੇਜਦੇ ਹਨ। ਮਹੀਨੇ ਭਰ ਦਾ ਮਾਲ ਇੱਕ ਦਿਨ ਵਿੱਚ ਤਿਆਰ ਕਰਦਿਆਂ- ਕਰਦਿਆਂ ਕਈ ਵਾਰ ਗ਼ਲਤੀ ਹੋ ਜਾਂਦੀ ਹੈ। ਗੁਰਮੁਖ ਸਿੰਘ ਵਾਲੀ ਮੋਹਰ ਧਿਆਨ ਸਿੰਘ ਦੇ ਮਾਲ ’ਤੇ ਲੱਗ ਜਾਂਦੀ ਹੈ ਅਤੇ ਧਿਆਨ ਸਿੰਘ ਵਾਲੀ ਨਿਹਾਲ ਸਿੰਘ ਦੇ ਮਾਲ ’ਤੇ।

ਕਦੇ ਅਸਲੀ ਮਾਲ ਵੀ ਫੜਿਆ ਜਾਵੇ ਤਾਂ ਕਿਹੜਾ ਥਾਣੇ ਸਹੀ-ਸਲਾਮਤ ਅੱਪੜਦਾ ਹੈ। ਰਸਤੇ ਵਿੱਚ ਹੀ ਸੌਦੇ ਹੋ ਜਾਂਦੇ ਹਨ। ਮਾਲ ਫੜਿਆ ਪਿੱਛੋਂ ਹੁੰਦਾ ਹੈ, ਵੰਡੀਆਂ ਪਹਿਲਾਂ ਪੈ ਜਾਦੀਆਂ ਹਨ। ਮਹੀਨੇ ’ਚ ਅੱਧਾ ਕਿੱਲੋ ਅਫ਼ੀਮ ਤਾਂ ਇਸੇ ਸਰਕਾਰੀ ਵਕੀਲ ਨੂੰ ਚਾਹੀਦੀ ਹੁੰਦੀ ਹੈ, ਪਤਾ ਨਹੀਂ ਖਾਂਦਾ ਹੈ ਜਾਂ ਵੇਚਦਾ ਹੈ। ਉਦੋਂ ਇਹ ਵੀ ਆਖਦਾ ਹੈ ਕਿ ਕਚਹਿਰੀ ਵਿੱਚ ਮਾਲ ਸਹੀ ਨਹੀਂ ਪਹੁੰਚਦਾ।

ਠੇਕੇ ਵਾਲਿਆਂ ਤੋਂ ਜਦੋਂ ਚਾਰ ਬੋਰੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਸਨ ਤਾਂ ਠਾਹ ਠਾਣੇ ਆ ਵੱਜਾ ਸੀ। ਪੂਰੀ ਦਰਜਨ ਬੋਤਲਾਂ ਦੀ ਲੈ ਕੇ ਹਿੱਲਿਆ। ਸਾਰੀ ਸ਼ਰਾਬ ਇਉਂ ਉੱਡ ਗਈ, ਜਿਵੇਂ ਲੁੱਟ ਦਾ ਮਾਲ ਹੋਵੇ। ਡਿਪਟੀ ਦਾ ਰੀਡਰ ਨਰਾਜ਼ ਹੋ ਗਿਆ। ਕੋਲੋਂ ਬੋਤਲਾਂ ਭੇਜ ਕੇ ਮੁਨਸ਼ੀ ਨੇ ਖਹਿੜਾ ਛੁਡਾਇਆ।

ਠੇਕੇਦਾਰਾਂ ਦੇ ਕਰਿੰਦੇ ਜਦੋਂ ਬਰੀ ਹੋਏ ਤਾਂ ਇਸੇ ਵਕੀਲ ਨੇ ਮੁਨਸ਼ੀ ਦੇ ਖ਼ਿਲਾਫ਼ ਲਿਖ ਦਿੱਤਾ, ਅਖੇ ਬੋਤਲਾਂ ਫੜੀਆਂ ਜਨਵਰੀ ਵਿੱਚ ਗਈਆਂ ਸਨ। ਜਿਹੜੀਆਂ ਅਦਾਲਤ ਵਿੱਚ ਪੇਸ਼ ਕੀਤੀਆਂ, ਉਹਨਾਂ ’ਤੇ ਮਾਰਚ ਮਹੀਨੇ ਦੇ ਲੇਬਲ ਸਨ। ਜਿਵੇਂ ਭਲਾ ਸਰਕਾਰੀ ਵਕੀਲ ਨੂੰ ਪਤਾ ਨਹੀਂ, ਅਸਲੀ ਬੋਤਲਾਂ ਕਿਥੇ ਗਈਆਂ?

ਇਸੇ ਸਰਕਾਰੀ ਵਕੀਲ ਦੀ *ਪਾ ਨਾਲ ਉਸ ਦੀ ਦੋ ਸਾਲ ਦੀ ਨੌਕਰੀ ਕੱਟੀ ਗਈ। ਕੁੱਝ ਵੀ ਸੀ, ਆਖ਼ਰ ਉਹ ਸਰਕਾਰੀ ਵਕੀਲ ਸੀ। ਮੁਨਸ਼ੀ ਉਸ ਨਾਲ ਵਿਗਾੜ ਨਹੀਂ ਸਕਦਾ। ਅਗਾਂਹ ਕਿਹੜਾ ਗ਼ਲਤੀਆਂ ਨਹੀਂ ਹੋਣੀਆਂ। ਨਾਲੇ ਨਾਗਪਾਲ ਵੀ ਤਾਂ ਆ ਰਿਹਾ ਹੈ। ਉਹ ਕਾਂਗਰਸੀਆਂ ਵਿੱਚ ਪੈਰ ਜ਼ਰੂਰ ਧਰਦਾ ਹੈ, ਪਰ ਖੱਦਰਪੋਸ਼ ਨਹੀਂ ਹੈ। ਹਰ ਮੁਲਾਜ਼ਮ ਤੋਂ ਕੰਮ ਲੈਣ ਦੀ ਉਸ ਨੂੰ ਜਾਚ ਹੈ। ਕਿਸੇ ਵੀ ਪਾਰਟੀ ਦੀ ਹਕੂਮਤ ਹੋਵੇ, ਅਫ਼ਸਰਾਂ ਦੇ ਸਿਰ ’ਤੇ ਉਸ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਰਹਿੰਦੀਆਂ ਹਨ। ਖ਼ਾਲੀ ਮੁੜਨ ਵਾਲਾ ਨਹੀਂ, ਜੋ ਮਿਲੂ ਉਹੋ ਸਹੀ। ਮੋਟਰ-ਸਾਈਕਲ ਦਾ ਤੇਲ, ਬੱਚਿਆਂ ਦੀ ਫ਼ੀਸ, ਹੋਰ ਨਹੀਂ ਤਾਂ ਸ਼ਾਮ ਦੇ ਫਰੂਟ ਦਾ ਖ਼ਰਚਾ ਹੀ ਸਹੀ। ਜੋ ਬਣੂ, ਉਹੋ ਭਲਾ।

ਅਸਾਮੀ ਸੀ ਕਿ ਪੁੱਜ ਹੀ ਨਹੀਂ ਸੀ ਰਹੀ। ਹਾਲ ਦੀ ਘੜੀ ਉਹ ਥਾਣੇ ਦਾ ਮਾਲਕ ਸੀ। ਚੰਮ ਦੀਆਂ ਚਲਾ ਸਕਦਾ ਸੀ। ਬਿੰਦ ਝੱਟ ਹੋਰ ਲੇਟ ਹੋ ਗਏ ਤਾਂ ਥਾਣੇਦਾਰ ਨੇ ਆ ਧਮਕਣਾ ਸੀ। ਪਾਰਟੀ ਨਾਲ ‘ਡੀਲ’ ਕਰਨ ਦਾ ਮੌਕਾ ਹੱਥੋਂ ਖੁੰਝ ਜਾਣਾ ਸੀ। ਇੱਕ ਵਾਰ ਫ਼ੀਸ ਜੇਬ ਵਿੱਚ ਪੈ ਜਾਵੇ, ਫੇਰ ਭਾਵੇਂ ਸਾਰਾ ਥਾਣਾ ਆ ਜਾਵੇ, ਕੋਈ ਪਰਵਾਹ ਨਹੀਂ।

ਬਾਰਾਂ ਸਾਲਾਂ ਦੀ ਨੌਕਰੀ ਵਿੱਚ ਇਹ ਪਹਿਲੀ ਵਾਰ ਸੀ ਕਿ ਬਘੇਲ ਸਿੰਘ ਪੈਸੇ-ਪੈਸੇ ਲਈ ਤਰਸ ਰਿਹਾ ਸੀ। ਉਸ ਦਾ ਦਿਲ ਵਰਦੀ ਲਾਹ ਕੇ ਪਿੰਡ ਭੱਜ ਜਾਣ ਨੂੰ ਕਰਦਾ ਸੀ। ਆਖ਼ਿਰ ਮਹਿਕਮੇ ਨੇ ਉਹਦੀ ਮਿਹਨਤ ਦਾ ਕੀ ਮੁੱਲ ਪਾਇਆ ਹੈ। ਥਾਣੇ ਦੇ ਚਾਲੀ ਮੁਲਾਜ਼ਮਾਂ ਵਿਚੋਂ ਉਹ ਇਕੱਲਾ ਹੀ ਬੀ.ਏ.ਪਾਸ ਸੀ, ਉਹ ਵੀ ਸੈਕਿੰਡ ਡਵੀਜ਼ਨ ਵਿੱਚ। ਕਈ ਦਸਵੀਂ ਪਾਸ ਉਸ ਤੋਂ ਪਿੱਛੋਂ ਭਰਤੀ ਹੋ ਕੇ ਮੋਢੇ ’ਤੇ ਸਟਾਰ ਲਾਈ ਫਿਰਦੇ ਹਨ। ਉਹ ਹੌਲਦਾਰ ਦਾ ਹੌਲਦਾਰ ਹੀ ਰਹਿ ਗਿਆ।

ਉਹ ਤੇ ਗੁਰਮੁਖ ਇਕੋ ਦਿਨ ਭਰਤੀ ਹੋਏ ਸੀ। ਗੁਰਮੁਖ ਕਿਸੇ ਗੱਲੋਂ ਉਸ ਨਾਲੋਂ ਵੱਧ ਹੈ? ਸਿਹਤ ’ਚ, ਲਿਖਾ-ਪੜ੍ਹੀ ’ਚ ਜਾਂ ਫੇਰ ਦਲੇਰੀ ’ਚ? ਕਿਸੇ ’ਚ ਵੀ ਨਹੀਂ। ਇੱਕ ਵਾਧੂ ਗੁਣ ਹੈ ਕਿ ਉਹ ਚੂਹੜਿਆਂ ਦੇ ਜੰਮਿਆ ਹੈ।

ਇਕੋ ਸਾਲ ਹੌਲਦਾਰੀ ਟੈਸਟ ਪਾਸ ਕੀਤਾ, ਇਕੱਠੇ ਕੋਰਸ ਨੂੰ ਗਏ। ਬਘੇਲ ਸਿੰਘ ਨੂੰ ਤਾਂ ਮਸਾਂ ਹਾਲੇ ਤੀਜੀ ਫੀਤੀ ਹੀ ਮਿਲੀ ਹੈ, ਉਹ ਇੰਟਰ ਵੀ ਪਾਸ ਕਰ ਆਇਆ। ਆਉਂਦੇ ਹੀ ਪ੍ਰਮੋਟ ਹੋ ਗਿਆ। ਉਹ ਥਾਣੇਦਾਰ ਅਖਵਾਉਂਦੈ ਅਤੇ ਬਘੇਲ ਸਿੰਘ ਹੌਲਦਾਰ। ਕੋਈ ਪਤਾ ਨਹੀਂ ਦੋ ਸਾਲਾਂ ਨੂੰ ਹੀ ‘ਅਪਰ’ ਦਾ ਨੰਬਰ ਲੱਗ ਜਾਏ ਅਤੇ ਕਿਸੇ ਦਿਨ ਬਘੇਲ ਸਿੰਘ ਦਾ ਐਸ.ਐਚ.ਓ.ਲੱਗ ਜਾਵੇ। ਕੰਮ ਨੂੰ ਕੌਣ ਪੁੱਛਦਾ ਹੈ? ਛੋਟੀ ਜਾਤ ਦੇ ਅਧਾਰ ’ਤੇ ਉਹ ਅੱਗੇ ਲੰਘ ਗਿਆ। ਗੁਰਮੁਖ ਨੂੰ ਕੰਮ-ਕਾਰ ਦਾ ਡੱਕਾ ਨਹੀਂ ਆਉਂਦਾ। ਬੱਸ ਗੋਡੇ ਹੱਥ ਲਾਉਣ ਦੀ ਆਦਤ ਕਾਰਨ ਕਾਮਯਾਬ ਹੋਇਆ ਫਿਰਦਾ ਹੈ। ਬਘੇਲ ਸਿੰਘ ਤੋਂ ਇਹ ਕਦੇ ਨਹੀਂ ਹੋ ਸਕਿਆ। ਇਸੇ ਲਈ ਪਿੱਛੇ ਹੋਇਆ ਬੈਠਾ ਹੈ।

ਕਿਸਮਤ ਦਿੰਦੀ ਹੈ ਤਾਂ ਛੱਪਰ ਪਾੜ ਕੇ ਦਿੰਦੀ ਹੈ। ਸੰਤੋਖ ਸਿੰਘ ਤਾਂ ਕਿਸੇ ਦੇ ਗੋਡੇ ਹੱਥ ਵੀ ਨਹੀਂ ਲਾਉਂਦਾ, ਸਾਰਾ ਦਿਨ ਮਾਂਹ ਦੇ ਆਟੇ ਵਾਂਗ ਆਕੜਿਆ ਰਹਿੰਦਾ ਹੈ। ਦਸਵੀਂ ਨਕਲਾਂ ਮਾਰ-ਮਾਰ ਪਾਸ ਕੀਤੀ। ਤਿੰਨ ਸਾਲ ਕਾਲਜ ’ਚ ਧੱਕੇ ਖਾ ਕੇ ਵੀ ਪ੍ਰੈਪ ਪਾਸ ਨਹੀਂ ਹੋਈ। ਬੱਤੀ ਸਾਲ ਦੀ ਉਮਰ ਤਕ ਕਿਸੇ ਨੇ ਰਿਸ਼ਤਾ ਨਹੀਂ ਕੀਤਾ। ਮਰਦਾ-ਮਰਦਾ ਉਹਦਾ ਬਾਪ ਸਟਾਰ ਆਪਣੇ ਮੋਢੇ ਤੋਂ ਲਾਹ ਕੇ ਸੰਤੋਖ ਦੇ ਮੋਢੇ ਉੱਤੇ ਲਾ ਗਿਆ। ਉਹ ਰਿਟਾਇਰ ਹੋਣ ਤੋਂ ਇੱਕ ਸਾਲ ਪਹਿਲਾਂ ਮਰ ਗਿਆ ਸੀ। ਉਸ ਦੀ ਥਾਂ ਸੰਤੋਖ ਨੂੰ ਥਾਣੇਦਾਰੀ ਮਿਲ ਗਈ।

ਮੋਢੇ ’ਤੇ ਲੱਗਾ ਸਟਾਰ ਦੇਖ ਕੇ ਡਿਪਟੀ ਨੇ ਸਰ੍ਹੋਂ ਦੀ ਗੰਦਲ ਵਰਗੀ ਕੁੜੀ ਦਾ ਰਿਸ਼ਤਾ ਕਰ ਦਿੱਤਾ। ਮੋਟਰ-ਸਾਈਕਲ, ਛਾਪਾਂ, ਕੜੇ ਤਾਂ ਲੋਕਾਂ ਨੇ ਹੀ ਪਾ ਦਿੱਤੇ। ਡਿਪਟੀ ਨੇ ਚੰਡੀਗੜ ਵਾਲੀ ਇੱਕ ਕਨਾਲ ਦੀ ਕੋਠੀ ਨਾਂ ਲਵਾਈ।

ਜਦੋਂ ਦਾ ਡਿਪਟੀ ਦਾ ਜਵਾਈ ਬਣਿਆ ਹੈ, ਚੰਗੇ ਤੋਂ ਚੰਗੇ ਥਾਣੇ ਵਿੱਚ ਰਹਿੰਦਾ ਹੈ। ਪੈਸਾ ਕਮਾ-ਕਮਾ ਕੇ ਆਫਰ ਗਿਐ। ਗੋਗੜ ਪੈਣ ਲੱਗ ਪਈ ਹੈ। ਬਥੇਰੀਆਂ ਸ਼ਿਕਾਇਤਾਂ ਹੁੰਦੀਆਂ ਹਨ, ਡਿਪਟੀ ਵਿਚੇ ਦਬਾ ਦਿੰਦਾ ਹੈ। ਇੱਕ ਬਘੇਲ ਸਿੰਘ ਹੈ ਕਿ ਹੋਰਾਂ ਦੀਆਂ ਕੀਤੀਆਂ ਵੀ ਭੁਗਤਦਾ ਫਿਰਦਾ ਹੈ।

ਜੱਜ ਨੇ ਬਿਲਕੁਲ ਹੀ ਲਾਹ ਰੱਖੀ ਹੈ। ਤੀਜੇ ਦਿਨ ਚਪੜਾਸੀ ਸੁਨੇਹਾ ਲੈ ਕੇ ਆ ਜਾਂਦਾ ਹੈ, ਸਾਈਕਲ ਦੇ ਟਾਇਰ ਬਦਲਾ ਦਿਓ, ਟੱਲੀ ਦੇ ਦਿਓ, ਜਿੰਦਾ ਦੇ ਦਿਓ, ਸਾਹਿਬ ਨੂੰ ਪਾਣੀ ਗਰਮ ਕਰਨ ਨੂੰ ਪਤੀਲਾ ਚਾਹੀਦੈ, ਦੇਗਚੀ ਚਾਹੀਦੀ ਹੈ। ਕਦੇ ਬਾਲਟੀਆਂ ਭੇਜੋ, ਕਦੇ ਡਰੰਮੀ ਅਤੇ ਕਦੇ ਟੱਬ। ਮਾਲ ਕੋਠੀ ਘੱਲ ਕੇ ਭੱਠੀਆਂ ਦਾ ਸਮਾਨ ਪੂਰਾ ਕਿਵੇਂ ਰਹਿ ਸਕਦੈ?

ਸੰਤੋਖ ਸਿੰਘ ਵਾਂਗ ਐਸ.ਪੀ.ਦਫ਼ਤਰ ਵਾਲੇ ਉਸ ਦੇ ਕਾਗ਼ਜ਼ ਦੱਬਦੇ ਨਹੀਂ, ਸਗੋਂ ਸਾਹਿਬ ਨੂੰ ਪੇਸ਼ ਕਰ ਦਿੰਦੇ ਹਨ। ਪਿਛਲੀਆਂ ਵਗਾਰਾਂ ਭੁੱਲ ਜਾਂਦੇ ਹਨ। ਰੀਡਰ ਨੂੰ ਮੇਜ਼ ’ਤੇ ਰੱਖਣ ਲਈ ਭੇਜਿਆ ਗਿਆ ਸ਼ੀਸ਼ਾ ਥਾਣੇ ਖੜੀ ਕਾਰ ਵਿਚੋਂ ਹੀ ਤਾਂ ਲਾਹਿਆ ਸੀ। ਕਦੇ ਕਣਕ ਲਈ ਢੋਲ, ਕਦੇ ਤੇਲ ਲਈ ਕੇਨੀ ਅਤੇ ਬੱਚਿਆਂ ਲਈ ਤਾਸ਼। ਮੂੰਹ ਤਾਂ ਇਉਂ ਅੱਡ ਲੈਂਦੇ ਹਨ ਜਿਵੇਂ ਇਥੇ ਸਰਕਾਰੀ ਸਟੋਰ ਖੁੱਲ੍ਹਾ ਹੋਵੇ।

ਜਿਹੜਾ ਨਵਾਂ ਨੋਟਿਸ ਬਾਬੂਆਂ ਨੇ ਜਾਰੀ ਕਰਾਇਆ ਸੀ, ਉਸ ਤੋਂ ਮੁਨਸ਼ੀ ਨੂੰ ਸ਼ਰਮ ਹੀ ਆ ਰਹੀ ਸੀ। ਅਖੇ ਉਹ ਦਸ ਖ਼ਾਲੀ ਬੋਰੀਆਂ ਗ਼ਬਨ ਕਰ ਗਿਆ। ਮੁਨਸ਼ੀ ਨੂੰ ਚੰਗੀ ਤਰ੍ਹਾਂ ਯਾਦ ਸੀ, ਉਹ ਡਿਪਟੀ ਦਾ ਨੌਕਰ ਪੱਠੇ ਪਾਉਣ ਲਈ ਲੈ ਗਿਆ ਸੀ। ਮੁਨਸ਼ੀ ਨੂੰ ਕੀ ਪਤਾ ਸੀ ਕਿ ਉਹਨਾਂ ’ਤੇ ਅਮਰੀਕਾ ਸਰਕਾਰ ਦਾ ਮਾਰਕਾ ਲੱਗਾ ਹੋਇਆ ਸੀ। ਮੁਜਰਮ ਤਾਂ ਜੱਜ ਨੇ ਬਰੀ ਕਰਨਾ ਹੀ ਸੀ। ਉਹ ਕਿਸੇ ਹੋਰ ਜੱਜ ਦਾ ਸਾਲਾ ਸੀ। ਮੁਜਰਮ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਦਾ ਦਲੀਆ ਵੇਚ ਕੇ ਪੈਸੇ ਹੜੱਪ ਕਰ ਗਿਆ ਸੀ। ਜੁਰਮ ਤਾਂ ਹੀ ਸਾਬਤ ਹੋਣਾ ਸੀ ਜੇ ਖ਼ਾਲੀ ਬੋਰੀਆਂ ਅਦਾਲਤ ’ਚ ਪੇਸ਼ ਹੁੰਦੀਆਂ। ਇਸੇ ਬਹਾਨੇ ਉਸ ਨੇ ਮੁਜਰਮ ਬਰੀ ਕਰ ਦਿੱਤਾ। ਦਸ ਰੁਪਈਆਂ ਦੀਆਂ ਬੋਰੀਆਂ ਗ਼ਬਨ ਕਰਨ ਦੇ ਦੋਸ਼ ਵਿੱਚ ਮੁਨਸ਼ੀ ਨੂੰ ਕਟਹਿਰੇ ਵਿੱਚ ਖੜਾਇਆ ਗਿਆ ਹੈ।

ਜੇ ਮੁਨਸ਼ੀ ਵਕਤ ਸਿਰ ਬਾਬੂਆਂ ਨੂੰ ‘ਮਹੀਨਾ’ ਫੜਾ ਆਉਂਦਾ ਤਾਂ ਕਾਹਨੂੰ ਇਹ ਸਿਆਪੇ ਛਿੜਦੇ। ਮਹੀਨਾ ਤਾਂ ਹੀ ਦਿੰਦਾ ਜੇ ਚਾਰ ਪੈਸੇ ਆਪਣੀ ਜੇਬ ਵਿੱਚ ਹੁੰਦੇ। ਤਨਖ਼ਾਹ ਤਾਂ ਨਹੀਂ ਵੰਡ ਛੱਡਣੀ।

ਸਾਰੇ ਮਸਲਿਆਂ ਦਾ ਹੱਲ ਸੀ ਪੈਸਾ ਤੇ ਉਸ ਨੂੰ ਮੁਨਸ਼ੀ ਉਡੀਕ ਰਿਹਾ ਸੀ।

ਉਡੀਕ ਕਰਾ-ਕਰਾ ਕੋਈ ਮੱਥੇ ਲੱਗਿਆ ਵੀ ਤਾਂ ਉਹ ਸੀ ਕਾਲੇ ਮੂੰਹ ਵਾਲਾ ਦਰਵੇਸ਼ ਪੱਤਰਕਾਰ।

ਦਰਵੇਸ਼ ਨੂੰ ਦੇਖ ਕੇ ਮੁਨਸ਼ੀ ਨੂੰ ਨਾ ਕੋਈ ਖ਼ੁਸ਼ੀ ਹੋਈ ਅਤੇ ਨਾ ਹੀ ਗ਼ਮੀ। ਜੇ ਸੇਠਾਂ ਤੋਂ ਚਾਰ ਪੈਸਿਆਂ ਦੀ ਆਸ ਕੀਤੀ ਜਾ ਸਕਦੀ ਸੀ ਤਾਂ ਦਰਵੇਸ਼ ਦੀ ਭਾਨੀ ਦਾ ਵੀ ਡਰ ਸੀ। ਦਰਵੇਸ਼ ਦਾ ਨਾਂ ਉਸ ਦੇ ਘਰਦਿਆਂ ਨੇ ਨਸੀਬ ਚੰਦ ਰੱਖਿਆ ਸੀ ਪਰ ਪੁਲਿਸ ਵਾਲਿਆਂ ਨੇ ਬਦਨਸੀਬ। ਜਿਸ ਦੇ ਮੱਥੇ ਲੱਗ ਜਾਵੇ, ਉਸ ਨੂੰ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ। ਲਬੂੰਤਰੇ ਮੂੰਹ ਵਾਲਾ ਦਰਵੇਸ਼, ਅਜੀਬ ਜਿਹਾ ਬੰਦਾ ਸੀ। ਦਿਵਾ ਦੇਵੇ ਤਾਂ ਭਾਵੇਂ ਥੱਬਾ ਨੋਟਾਂ ਦਾ ਦਿਵਾ ਦੇਵੇ, ਗੁੱਸੇ ਹੋ ਜਾਵੇ ਤਾਂ ਭਾਵੇਂ ਮਨੋਂ ਘੜ ਕੇ ਰਿਸ਼ਵਤ ਦਾ ਦੋਸ਼ ਲਾ ਦੇਵੇ। ਹਰ ਪੁਲਿਸ ਵਾਲਾ ਉਸ ਨਾਲ ਗੱਲ ਕਰਨ ਸਮੇਂ ਸਾਵਧਾਨੀ ਵਰਤਦਾ ਹੈ। ਜਿਥੋਂ ਤਕ ਹੋ ਸਕੇ, ਉਸ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ।

ਪੱਤਰਕਾਰ ਨੂੰ ਅੰਦਰ ਆਉਂਦਾ ਦੇਖ ਕੇ ਮੁਨਸ਼ੀ ਨੇ ਜਲਦੀ-ਜਲਦੀ ਸਾਰੇ ਥਾਣੇ ਦਾ ਜਾਇਜ਼ਾ ਲਿਆ। ਹਵਾਲਾਤ ਤਾਂ ਕਈ ਦਿਨਾਂ ਤੋਂ ਖ਼ਾਲੀ ਸੀ। ਬੈਰਕਾਂ ਵੀ ਭਾਂ-ਭਾਂ ਕਰਦੀਆਂ ਸਨ। ਕੋਈ ਮੁਸਤਵਾ ਵੀ ਨਹੀਂ ਸੀ। ਪਿੱਪਲ ਹੇਠਲੇ ਚਬੂਤਰੇ ’ਤੇ ਸੁੱਖ ਨਹੀਂ ਸੀ। ‘ਆਨ ਮਿਲੋ ਸੱਜਣਾ’ ਵਾਲਾ ਛਿੱਤਰ, ‘ਕਿੱਲੋਮੀਟਰ’ ਨਾਂ ਵਾਲਾ ਘੋਟਾ, ਕੰਬਲ ਅਤੇ ਰੱਸਾ। ਦਰਵੇਸ਼ ਦਾ ਕੋਈ ਵਿਸਾਹ ਨਹੀਂ, ਤੁਰਿਆ ਜਾਂਦਾ ਇਹਨਾਂ ’ਤੇ ਨਿਗਾਹ ਮਾਰ ਲਵੇ ਅਤੇ ਅਗਲੇ ਦਿਨ ਵੱਡਾ ਸਾਰਾ ਫੀਚਰ ਅਖ਼ਬਾਰਾਂ ਨੂੰ ਭੇਜ ਦੇਵੇ।

ਇੱਕ ਵਾਰ ਇੰਝ ਹੀ ਹੋਇਆ। ਘੁੰਮਦਾ-ਫਿਰਦਾ ਉਹ ਅਦਾਲਤਾਂ ਅੱਗੇ ਜਾ ਪਹੁੰਚਿਆ। ਅਦਾਲਤ ’ਚ ਪੇਸ਼ ਕਰਨ ਲਈ ਕੁੱਝ ਕੇਨੀਆਂ, ਬਲੈਡਰ, ਟੁੱਟੇ ਸਾਈਕਲ, ਟਿਊਬਾਂ ਅਤੇ ਲੱਕੜ ਦੇ ਬੂਰੇ ਦੀਆਂ ਭਰੀਆਂ ਬੋਰੀਆਂ ਨਾਇਬ-ਕੋਰਟ ਨੇ ਅਦਾਲਤ ਦੇ ਬਾਹਰ ਹੀ ਰਖਵਾ ਲਈਆਂ ਸਨ। ਵਾਰ-ਵਾਰ ਥਾਣੇ ’ਚੋਂ ਮਾਲ ਮੰਗਵਾਉਣ ਨਾਲੋਂ ਇਥੋਂ ਚੁੱਕ ਕੇ ਪੇਸ਼ ਹੁੰਦੀਆਂ ਦੇਖਦਾ ਰਿਹਾ। ਕੁੱਝ ਮੁਜਰਮ ਸਜ਼ਾ ਵੀ ਹੋ ਗਏ। ਤਰ੍ਹਾਂ-ਤਰ੍ਹਾਂ ਦੇ ਪੱਜ ਬਣਾ ਕੇ ਉਸ ਨੇ ਮਾਲ ਮੁਕੱਦਮੇ ਦੀਆਂ ਫ਼ੋਟੋਆਂ ਖਿੱਚੀਆਂ। ਵਕੀਲਾਂ ਅਤੇ ਸਾਇਲਾਂ ਦੇ ਬਿਆਨਾਂ ਦੇ ਆਧਾਰ ’ਤੇ ਇੱਕ ਵੱਡਾ ਸਾਰਾ ਲੇਖ ਲਿਖ ਦਿੱਤਾ। ਕਈ ਪੁਲਸ ਵਾਲਿਆਂ ਦੀ ਅੱਜ ਤਕ ਜਾਨ-ਖਲਾਸੀ ਨਹੀਂ ਹੋਈ। ਹਾਈ ਕੋਰਟ ਵੱਲੋਂ ਜਾਰੀ ਹੋਈ ਚਾਰਜਸ਼ੀਟ ਲਈ ਹਾਲੇ ਤੱਕ ਜੱਜ ਨੂੰ ਢੁਕਵਾਂ ਜਵਾਬ ਨਹੀਂ ਲੱਭਾ।

ਕੁਰਸੀ ਤੋਂ ਉੱਠ ਕੇ ਮੁਨਸ਼ੀ ਨੇ ਦਰਵੇਸ਼ ਦਾ ਸਵਾਗਤ ਕੀਤਾ। ਸਾਹਮਣੇ ਪਈ ਕੁਰਸੀ ਖਿੱਚ ਕੇ ਆਪਣੇ ਬਰਾਬਰ ਕੀਤੀ। ਪਹਿਲਾਂ ਉਸ ਨੂੰ ਬਿਠਾ ਕੇ ਫੇਰ ਆਪ ਬੈਠਿਆ।

“ਤੁਸੀਂ ਵੀ ਬੈਠੋ ਸੇਠ ਜੀ … ਕੀ ਕਰੀਏ? ਦੋ ਹੀ ਕੁਰਸੀਆਂ ਨੇ। ਉਹ ਬੈਂਚ ਖਿੱਚ ਲਓ। ਤੁਹਾਡੇ ਵਰਗਿਆਂ ਸੇਠਾਂ ਨੂੰ ਬੈਂਚਾਂ ’ਤੇ ਬਿਠਾਉਂਦਿਆਂ ਨੂੰ ਸ਼ਰਮ ਤਾਂ ਬਹੁਤ ਆਉਂਦੀ ਹੈ, ਪਰ ਸਰਕਾਰ ਦਾ ਭੱਠਾ ਹੀ ਬੈਠਾ ਪਿਐ। ਇੱਕ-ਦੋ ਪੰਚਾਇਤਾਂ ਹਾਂ ਕਰ ਕੇ ਗਈਆਂ ਸਨ, ਮੁੜ ਉਹ ਵੀ ਦੜ ਵੱਟ ਗਈਆਂ।” ਸੇਠਾਂ ਦੀ ਸਮੱਸਿਆ ਸੁਣਨ ਤੋਂ ਪਹਿਲਾਂ ਹੀ ਬਘੇਲ ਸਿੰਘ ਨੇ ਆਪਣੀ ਸਮੱਸਿਆ ਰੱਖਣੀ ਸ਼ੁਰੂ ਕਰ ਦਿੱਤੀ।

“ਪਿਛਲੀ ਵਾਰ ਦਿਵਾਈਆਂ ਤਾਂ ਸਨ ਕੁਰਸੀਆਂ … ।” ਪਿਛਲੇ ਮਹੀਨੇ ਕੁਰਸੀਆਂ ਲਈ ਦਿਵਾਏ ਪੈਸਿਆਂ ਦੀ ਯਾਦ ਕਰਵਾ ਕੇ ਦਰਵੇਸ਼ ਨੇ ਥਾਣੇ ਦਾ ਮੁਆਇਨਾ ਕਰਨ ਲਈ ਚਾਰੇ ਪਾਸੇ ਨਿਗਾਹ ਦੌੜਾਈ। ਦੋ-ਚਾਰ ਬੈਂਚਾਂ ਤੋਂ ਬਿਨਾਂ ਲੋਕਾਂ ਦੇ ਬੈਠਣ ਲਈ ਕੁੱਝ ਵੀ ਨਹੀਂ ਸੀ।

“ਉਹ … ਉਹ ਤਾਂ ਡਿਪਟੀ ਸਾਹਿਬ ਨੇ ਮੰਗਵਾ ਲਈਆਂ। ਇਥੇ ਕੌਣ ਰਹਿਣ ਦਿੰਦੈ।” ਬਘੇਲ ਸਿੰਘ ਨੂੰ ਖਹਿੜਾ ਛੁਡਾਉਣ ਲਈ ਕੋਈ ਬਹਾਨਾ ਨਹੀਂ ਸੀ ਲੱਭ ਰਿਹਾ। ਉਸ ਨੂੰ ਜਲਦਬਾਜ਼ੀ ਵਿੱਚ ਇਹੋ ਗਪੌੜ ਸੁੱਝਾ। ਉਂਝ ਨਾ ਕੁਰਸੀਆਂ ਆਈਆਂ ਸਨ, ਨਾ ਕਿਧਰੇ ਗਈਆਂ ਸਨ।

“ਚੱਲ ਹੋਰ ਮੰਗਵਾ ਦਿਆਂਗੇ …”  ਦਰਵੇਸ਼ ਹੋਰ ਤਫ਼ਤੀਸ਼ ਦੇ ਹੱਕ ਵਿੱਚ ਨਹੀਂ ਸੀ।

ਕਾਗ਼ਜ਼ਾਂ ਪੱਤਰਾਂ ਤੋਂ ਨਿਗਾਹ ਹਟਾ ਕੇ ਮੁਨਸ਼ੀ ਨੇ ਦਰਵੇਸ਼ ਦੇ ਸਾਥੀਆਂ ਦੇ ਚਿਹਰਿਆਂ ਦਾ ਜਾਇਜ਼ਾ ਲਿਆ। ਉਹਨਾਂ ਦੇ ਚਿਹਰੇ ਤਾਂ ਪੀੜਤ ਸਨ ਹੀ, ਦਰਵੇਸ਼ ਵੀ ਗੰਭੀਰ ਸੀ। ਲੱਗਦਾ ਸੀ ਸਭ ਨੂੰ ਹੀ ਗਹਿਰਾ ਸਦਮਾ ਪੁੱਜਾ ਹੈ।

“ਕਿਵੇਂ ਦਰਸ਼ਨ ਦਿੱਤੇ ਦਰਵੇਸ਼ ਜੀ … ?” ਮੁਨਸ਼ੀ ਗੱਲ ਜਾਣਨ ਲਈ ਕਾਹਲਾ ਪਿਆ ਹੋਇਆ ਸੀ।

“ਕਾਹਦੇ ਦਰਸ਼ਨ … ?” ਦਰਵੇਸ਼ ਨੇ ਹਉਕਾ ਭਰਦਿਆਂ ਗੱਲ ਜਾਰੀ ਰੱਖੀ।

“ਹਨੇਰ ਗਰਦੀ ਹੀ ਪੈ ਗਈ … ਲੱਗਦੈ ਹੁਣ ਸੌਹਰੇ ਬੱਚਿਆਂ ਪਿੱਛੇ ਹੀ ਪੈ ਗਏ। ਕੱਲ੍ਹ ਦਾ ਆਪਣੇ ਲਾਲਾ ਜੀ ਦਾ ਪੋਤਾ ਨਹੀਂ ਲੱਭਦਾ … ਕੋਈ ਚੁੱਕ ਕੇ ਲੈ ਗਿਐ … ਸਾਰੀ ਰਾਤ ਕੁੱਤਿਆਂ ਵਾਗ ਭੌਂਕਦੇ ਰਹੇ ਹਾਂ। ਕੋਈ ਉੱਘ-ਸੁੱਘ ਨਹੀਂ ਲੱਗੀ। ਰਿਪੋਰਟ ਦਰਜ ਕਰੋ।”

ਦਰਵੇਸ਼ ਦੀਆਂ ਅੱਖਾਂ ਤਾਂ ਸਿੰਮ ਹੀ ਪਈਆਂ ਸਨ, ਮੁਨਸ਼ੀ ਦਾ ਮਨ ਵੀ ਭੁੱਬਾਂ ਮਾਰ-ਮਾਰ ਰੋਣ ਨੂੰ ਕਰ ਰਿਹਾ ਸੀ। ਸਰਕਾਰੀ ਵਕੀਲ ਨੇ ਤਾਂ ਆਖਿਆ ਸੀ, ਰਿਪੋਰਟ ਦਰਜ ਕਰਾਉਣ ਨਾਗਪਾਲ ਆਏਗਾ। ਆਇਆ ਹੈ ਇਕੱਲਾ ‘ਨਾਗ’ ਹੀ। ਜਿਸ ਹਿਸਾਬ ਨਾਲ ਦਰਵੇਸ਼ ਨਾਟਕ ਕਰ ਰਿਹਾ ਸੀ, ਉਸ ਹਿਸਾਬ ਨਾਲ ਫ਼ੀਸ ਕਿਥੇ?

“ਰਿਪੋਰਟਾਂ ਜਿੰਨੀਆਂ ਮਰਜ਼ੀ … ਕੋਈ ਸ਼ੱਕ-ਸ਼ੁਬਾ?” ਕਾਗ਼ਜ਼ਾਂ ਵਾਲੀ ਫੱਟੀ ਨੂੰ ਆਪਣੇ ਵੱਲ ਖਿੱਚਦੇ ਮੁਨਸ਼ੀ ਨੇ ਹੁਣ ਤਕ ਚੁੱਪ ਧਾਰੀ ਬੈਠੇ ਲਾਲਿਆਂ ਨੂੰ ਖਧੇੜਿਆ।

“ਸ਼ੱਕ ਨੂੰ ਲਾਲਾ ਜੀ ਦੀ ਕਿਹੜੀ ਕਿਸੇ ਨਾਲ ਦੁਸ਼ਮਣੀ ਹੈ। ਦੇਵਤਾ ਬੰਦਾ ਹੈ। ਸਾਰਾ ਦਿਨ ਪੂਜਾ-ਪਾਠ ਜਾਂ ਲੋਕ-ਸੇਵਾ ਵਿੱਚ ਗੁਜ਼ਰਦੈ। ਕੀੜੀ ਤਕ ਨੂੰ ਤਾਂ ਉਹਨਾਂ ਕਦੇ ਤਕਲੀਫ਼ ਨਹੀਂ ਦਿੱਤੀ। ਕੀ ਗੱਲਾਂ ਕਰਦੇ ਹੋ ਮੁਨਸ਼ੀ ਜੀ।” ਨਾਲ ਆਏ ਸੇਠਾਂ ਦੇ ਬੋਲਣ ਤੋਂ ਪਹਿਲਾਂ ਹੀ ਦਰਵੇਸ਼ ਨੇ ਸਥਿਤੀ ਸਪੱਸ਼ਟ ਕੀਤੀ।

“ਫੇਰ ਪਰਚਾ ਕਿਸ ’ਤੇ ਦਰਜ ਕਰੀਏ? ਰਿਪੋਰਟ ’ਚ ਕਿਸੇ ਨਾ ਕਿਸੇ ਦਾ ਨਾਂ ਤਾਂ ਲਿਖਣਾ ਹੀ ਪੈਣਾ ਹੈ … ਗਵਾਹ ਵੀ ਲਿਖਾਉਣੇ ਪੈਣਗੇ। ਕੋਈ ਬੱਘੀ ਵਾਲਾ, ਸਕੂਲ ਅੱਗੇ ਛਾਬੜੀ ਲਾਉਣ ਵਾਲਾ … ਚਪੜਾਸੀ, ਅਧਿਆਪਕ … ਕਿਸੇ ਨਾ ਕਿਸੇ ’ਤੇ ਤਾਂ ਸ਼ੱਕ ਲਿਖਾਉਣਾ ਹੀ ਪਊ।” ਮੁਨਸ਼ੀ ਦਾ ਧਿਆਨ ਹਾਲੇ ਵੀ ਸੇਠਾਂ ਵੱਲ ਸੀ।

“ਮੂੰਹ-ਮੁਟਾਵ ਤਾਂ ਕਿਸੇ ਨਾਲ ਨਹੀਂ … ਵੈਸੇ ਸਕੂਲ ਦਾ ਇੱਕ ਚਪੜਾਸੀ ਕਈ ਦਿਨਾਂ ਤੋਂ ਘਰੋਂ ਫ਼ਰਾਰ ਹੈ। ਉਸ ਦੀ ਘਰਵਾਲੀ ਵੀ ਪੁੱਠੀ ਬੋਲਦੀ ਹੈ … । ਇਹ ਵੀ ਸੁਣਿਐ ਬਈ ਉਹ ਨਵਾਂ-ਨਵਾਂ ਸਿੰਘ ਸਜਿਐ … ਅਤਿਵਾਦੀਆਂ ਦੇ ਹੱਕ ਵਿੱਚ ਗੱਲਾਂ ਕਰਦੈ।”

ਦਰਵੇਸ਼ ਨੇ ਜਦੋਂ ਮਨ ਦੀ ਘੁੰਡੀ ਖੋਹਲੀ ਤਾਂ ਮੁਨਸ਼ੀ ਨੂੰ ਝਟਕਾ ਜਿਹਾ ਲੱਗਾ, ਪਰ ਉਹ ਝੱਟ ਹੀ ਸੰਭਲ ਗਿਆ ਅਤੇ ਬੜੀ ਹਲੀਮੀ ਨਾਲ ਦਰਵੇਸ਼ ਦੀ ਦਲੀਲ ਨਕਾਰਨ ਲੱਗਾ।

“ਇਹ ਥੋਨੂੰ ਭੁਲੇਖਾ ਹੈ … ਉਹ ਮਾਰ-ਧਾੜ ਜ਼ਰੂਰ ਕਰਦੇ ਹਨ … ਖੋਹਾਂ ਵੀ ਕਰਦੇ ਹਨ। ਹੋਰ ਜੋ ਮਰਜ਼ੀ ਕਰਨ ਪਰ ਬੱਚਿਆਂ ਅਤੇ ਔਰਤਾਂ ਨੂੰ ਕਤਲ ਨਹੀਂ ਕਰਦੇ। ਆਖ਼ਿਰ ਉਹ ਧਾਰਮਿਕ ਖ਼ਿਆਲਾਂ ਦੇ ਬੰਦੇ ਹਨ। ਉਹਨਾਂ ਦਾ ਮਾਸੂਮਾਂ ਨਾਲ ਕੀ ਵੈਰ? ਇਹ ਤਾਂ ਕਿਸੇ ਜਵਾਕ ਚੁੱਕਣ ਵਾਲੇ ਗਰੋਹ ਦਾ ਕੰਮ ਹੈ। ਸਾਂਸੀ, ਗੰਧੀਲੇ, ਮੰਗਤੇ ਜਾਂ ਬੱਚਿਆਂ ਦੀਆਂ ਬਲੀਆਂ ਦੇਣ ਵਾਲੇ ਪਖੰਡੀ ਸਾਧ। ਬਥੇਰੇ ਟੋਲੇ ਫਿਰਦੇ ਨੇ ਨੀਚ ਤੋਂ ਨੀਚ ਕੰਮ ਕਰਨ ਵਾਲੇ। ਕੋਈ ਨਹੀਂ, ਵੱਡੇ ਸਰਦਾਰ ਨੂੰ ਆ ਜਾਣ ਦਿਓ, ਲਾ ਦੇਣਗੇ ਕੋਈ ਤਫ਼ਤੀਸ਼ੀ ਤਫ਼ਤੀਸ਼ ਲਈ।”

ਗੱਲ ਨਾ ਬਣਦੀ ਦੇਖ ਕੇ ਮੁਨਸ਼ੀ ਨੇ ਕਾਗ਼ਜ਼ਾਂ ਵਾਲੀ ਫੱਟੀ ਪਰਾਂ ਖਿਸਕਾ ਦਿੱਤੀ।

ਮੁਨਸ਼ੀ ਦੀ ਇਹ ਤਕਰੀਰ ਦਰਵੇਸ਼ ਦੇ ਕਾਲੇ ਨਾਗ ਵਾਂਗ ਲੜੀ। ਗਹਿਰੀ ਅੱਖ ਨਾਲ ਉਹਨੇ ਪ੍ਰਧਾਨ ਵੱਲ ਤੱਕਿਆ ਜਿਵੇਂ ਆਖ ਰਿਹਾ ਹੋਵੇ ।

“ਮੈਂ ਆਖਿਆ ਨਹੀਂ ਸੀ ਪੁਲਿਸ ਤਾਂ ਉਹਨਾਂ ਨਾਲ ਰਲੀ ਹੋਈ ਹੈ। ਹੁਣ ਤਾਂ ਨਿਕਲ ਗਿਆ ਨਾ ਸ਼ੱਕ। ਪੈਣ ਦਿੰਦੈ ਪੈਰਾਂ ’ਤੇ ਪਾਣੀ?”

ਦਰਵੇਸ਼ ਦੀਆਂ ਅੱਖਾਂ ’ਚੋਂ ਝਲਕਦੀ ਕੁੜੱਤਣ ਮੁਨਸ਼ੀ ਨੇ ਭਾਂਪ ਲਈ। ਉਸ ਨੂੰ ਆਪਣੀ ਆਖੀ ਗੱਲ ’ਤੇ ਪਛਤਾਵਾ ਹੋਣ ਲੱਗਾ। ਉਸ ਨੇ ਤਾਂ ਇਹ ਗੱਲ ਸੁਭਾਵਕ ਹੀ ਆਖੀ ਸੀ। ਫ਼ਰਿਆਦੀਆਂ ਦਾ ਮਨੋਬਲ ਡੇਗਣ ਲਈ। ਇਸ ਦਾ ਮਤਲਬ ਉਲਟਾ ਹੀ ਕੱਢਿਆ ਜਾ ਰਿਹਾ ਸੀ।

ਅੱਗੋਂ ਕੀ ਹੋਣ ਵਾਲਾ ਹੈ? ਇਸ ਦੀ ਕਲਪਨਾ ਕਰਦਾ ਮੁਨਸ਼ੀ ਆਪਣੀ ਗ਼ਰੀਬੀ ’ਤੇ ਝੂਰਨ ਲੱਗਾ।

ਘਰ ’ਚ ਖਾਣ ਜੋਗੇ ਦਾਣੇ ਹੁੰਦੇ ਤਾਂ ਉਹ ਕਦੋਂ ਦਾ ਕੁੱਤੀ ਨੌਕਰੀ ਨੂੰ ਲੱਤ ਮਾਰ ਜਾਂਦਾ। ਸੰਤੋਖ ਵਾਂਗ ਦੋ-ਚਾਰ ਸਾਲ ਦੱਬ ਕੇ ਲਾਉਂਦਾ, ਦਸ-ਵੀਹ ਕਿੱਲੇ ਜ਼ਮੀਨ ਖ਼ਰੀਦ ਕੇ ਫ਼ਾਰਮ ਬਣਾ ਲੈਂਦਾ। ਹੁਣ ਕੀ ਨੰਗੀ ਨਹਾਏ ਤੇ ਕੀ ਨਚੋੜੇ? ਜਿਹੜਾ ਥੋੜ੍ਹਾ ਬਹੁਤ ਕਮਾਉਂਦਾ ਹੈ, ਕਬੀਲਦਾਰ ਨਿਗਲ ਜਾਂਦੀ ਹੈ। ਲੁੰਗ ਲਾਣਾ ਕਿਹੜਾ ਥੋੜ੍ਹਾ ਛੱਡ ਗਿਐ ਬਾਪੂ? ਵਿਆਹੁਣ ਲਈ ਇੱਕ ਭੂਆ ਅਤੇ ਤਿੰਨ ਭੈਣਾਂ, ਪੜ੍ਹਾਉਣ ਲਿਖਾਉਣ ਲਈ ਚਾਰ ਭਰਾ। ਸਾਰੇ ਜੀਅ ਬਘੇਲ ਸਿੰਘ ਦੇ ਹੱਥਾਂ ਵੱਲ ਝਾਕਦੇ ਹਨ। ਵਿਆਹ ਕੀਤੇ ਤਾਂ ਛੱਕਾਂ ਸ਼ੁਰੂ ਹੋ ਗਈਆਂ। ਕਿਸੇ ਦੇ ਬੱਚਾ ਹੋਣਾ ਹੈ ਜਾਂ ਕਿਸੇ ਦੇ ਮਰਨੇ ’ਤੇ ਜਾਣਾ ਹੈ। ਭਰਾਵਾਂ ਦਾ ਕੋਈ ਫ਼ਾਇਦਾ ਨਹੀਂ। ਦੋ ਵਿਹਲੇ ਫਿਰਦੇ ਹਨ, ਦੋ ਕਲਰਕ ਮਸਾਂ ਹੀ ਲੱਗੇ ਹਨ। ਉਹ ਆਪਣਾ ਡੰਗ ਮਸਾਂ ਟਪਾਉਂਦੇ ਹਨ ਅੜੇ-ਥੁੜੇ ਬਘੇਲ ਸਿੰਘ ਦੇ ਦਰ ’ਤੇ ਹੀ ਦਸਤਕ ਦਿੰਦੇ ਹਨ।

ਛੋਟੀ ਭੈਣ ਜਣੇਪਾ ਕਰਨ ਆਈ ਹੋਈ ਹੈ। ਪਹਿਲਾ ਬੱਚਾ ਹੈ। ਜੇ ਮੁੰਡਾ ਹੋ ਗਿਆ ਤਾਂ ਚਾਰ-ਪੰਜ ਹਜ਼ਾਰ ਦਾ ਖ਼ਰਚ ਮਾਮੂਲੀ ਗੱਲ ਹੈ। ਕੁੜੀ ਦੇ ਸਹੁਰੇ ਤਾਂ ਹਰ ਰੋਜ਼ ਸੱਥ ’ਚ ਖੜੇ ਹੋ ਕੇ ਲਲਕਾਰੇ ਮਾਰਦੇ ਹਨ। ਉਹਨਾਂ ਦਾ ਰਿਸ਼ਤੇਦਾਰ ਥਾਣੇਦਾਰ ਹੈ। ਕੁੜੀ ਦੀ ਇੱਜ਼ਤ ਰੱਖਣ ਲਈ ਕੋਈ ਤਾਂ ਹੂਲਾ ਫੱਕਣਾ ਹੀ ਪੈਣਾ ਹੈ।

ਬਘੇਲ ਸਿੰਘ ਦੀ ਯੋਜਨਾ ਤਾਂ ਹੋਰ ਸੀ, ਪਰ ਹੁੰਦਾ ਉਲਟ ਹੀ ਜਾ ਰਿਹਾ ਸੀ। ਇੱਕ ਪੱਤਰਕਾਰ ਦੇ ਸਾਹਮਣੇ ਉਹ ਦਹਿਸ਼ਤਗਰਦਾਂ ਦੇ ਹੱਕ ਵਿੱਚ ਬੋਲ ਬੈਠਾ ਸੀ।

“ਜਿੰਨਾ ਚਿਰ ਸਰਦਾਰ ਨਹੀਂ ਆਉਂਦਾ, ਉਨਾ ਚਿਰ ਕੁੱਝ ਤਾਂ ਕਰੋ … । ਫ਼ੌਰੀ ਕਾਰਵਾਈ ਨਾ ਕੀਤੀ ਤਾਂ ਕੁੱਝ ਵੀ ਪੱਲੇ ਨਹੀਂ ਪੈਣਾ।” ਮੁਨਸ਼ੀ ਦੀ ਚੁੱਪ ਪ੍ਰਧਾਨ ਨੂੰ ਚੰਗੀ ਨਹੀਂ ਸੀ ਲੱਗੀ।

“ਦੇਰ ਤਾਂ ਤੁਸੀਂ ਬਥੇਰੀ ਕਰ ਦਿੱਤੀ। ਵੀਹ ਘੰਟਿਆਂ ’ਚ ਤਾਂ ਅਗਲਿਆਂ ਨੇ ਜੋ ਕਰਨਾ ਹੋਊ, ਕਰ ਦਿੱਤਾ ਹੋਊ। ਫੇਰ ਵੀ ਪਰਵਾਹ ਨਾ ਕਰੋ। ਅਸੀਂ ਜ਼ਮੀਨ-ਅਸਮਾਨ ਇੱਕ ਕਰ ਦਿਆਂਗੇ। ਅਸਮਾਨ ’ਚ, ਪਤਾਲ ’ਚ ਜਿਥੇ ਵੀ ਹੋਇਆ, ਲੱਭ ਲਿਆਵਾਂਗੇ। ਆਖ਼ਿਰ ਇਹ ਪੰਜਾਬ ਪੁਲਿਸ ਹੈ। … ਇਸ ਸਮੇਂ ਥਾਣੇ ਵਿੱਚ ਕੋਈ ਨਹੀਂ। ਨਾ ਮੈਂ ਫ਼ੋਨ ਛੱਡ ਸਕਦਾ ਹਾਂ, ਨਾ ਸੰਤਰੀ ਪਹਿਰਾ। ਹੋ ਸਕਦੈ ਇਹ ਥਾਣਾ ਖ਼ਾਲੀ ਕਰਾਉਣ ਦੀ ਹੀ ਦਹਿਸ਼ਤਗਰਦਾਂ ਦੀ ਕੋਈ ਨਵੀਂ ਚਾਲ ਹੋਵੇ। ਅਜਿਹੇ ਵੀਹ ਅਡੰਬਰ ਉਹ ਰਚ ਚੁੱਕੇ ਨੇ। … ਨਾਲੇ ਅਸੀਂ ਜਾਵਾਂਗੇ ਕਿਥੇ? ਇਹ ਮਸਲਾ ਠੰਢੇ ਦਿਮਾਗ਼ ਨਾਲ ਸੋਚਣ ਵਾਲਾ ਹੈ। ਕੋਈ ਤਫ਼ਤੀਸ਼ੀ ਆਊ ਤਾਂ ਹੀ ਗੱਲ ਬਣੂ।” ਮੁਨਸ਼ੀ ਟਾਲੇ ’ਤੇ ਟਾਲਾ ਲਾਉਂਦਾ ਜਾ ਰਿਹਾ ਸੀ, ਪਰ ਉਹਨਾਂ ਭੋਲੇ ਪੰਛੀਆਂ ਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਦਰਵੇਸ਼ ਤਾਂ ਥਾਣੇ ਦੀ ਭਾਸ਼ਾ ਸਮਝਦਾ ਸੀ, ਉਹ ਵੀ ਚੁੱਪ ਸੀ।

“ਹੋਰ ਕੁੱਝ ਨਹੀਂ ਕਰ ਸਕਦੇ ਤਾਂ ਕੰਟਰੋਲ ਰੂਮ ’ਤੇ ਬੱਚੇ ਦਾ ਹੁਲੀਆ ਹੀ ਦੱਸ ਦੇਵੋ। ਨਾਕਿਆਂ ’ਤੇ ਛਾਣਬੀਣ ਹੁੰਦੀ ਰਹੇਗੀ।” ਦਰਵੇਸ਼ ਚਿੜਨਾ ਸ਼ੁਰੂ ਹੋ ਗਿਆ ਸੀ। ਉਹ ਮੁਨਸ਼ੀ ਦੀਆਂ ਚਾਲਾਂ ਸਮਝ ਰਿਹਾ ਸੀ, ਪਰ ਉਹ ਝਗੜਾ ਕਰ ਕੇ ਮਸਲਾ ਉਲਝਾਉਣਾ ਨਹੀਂ ਸੀ ਚਾਹੁੰਦਾ। ਉਸ ਨੂੰ ਲਾਲਾ ਜੀ ਨਾਲ ਮੋਹ ਸੀ। ਕੋਈ ਹੋਰ ਬੰਦਾ ਹੁੰਦਾ, ਤਾਂ ਉਹ ਕਦੋਂ ਦਾ ਮੁਨਸ਼ੀ ਨੂੰ ਗਾਲ੍ਹਾਂ ਕੱਢ ਕੇ ਥਾਣਿਉਂ ਬਾਹਰ ਨਿਕਲ ਜਾਂਦਾ।

“ਇਹ ਮੈਂ ਕਰ ਦਿਆਂਗਾ। ਸੈੱਟ ਦੋ ਵਜੇ ਖੁੱਲ੍ਹੇਗਾ … ਹਾਲੇ ਇੱਕ ਵੱਜਾ ਹੈ। ਤਿੰਨ ਵਜੇ ਤਕ ਸਾਰਾ ਸਟਾਫ਼ ਵੀ ਮੁੜ ਆਊ। ਫੇਰ ਅਸੀਂ ਇਸ ਕੇਸ ਨੂੰ ਚੰਬੜ ਜਾਵਾਂਗੇ।”

“ਕਿਰਪਾ ਕਰ ਕੇ ਤੁਸੀਂ ਰਿਪੋਰਟ ਦਰਜ ਕਰੋ, ਬਾਕੀ ਕੰਮ ਮੈਂ ਆਪੇ ਡਿਪਟੀ ਸਾਹਿਬ ਤੋਂ ਕਰਵਾ ਲਊਂਗਾ।” ਫ਼ੋਨ ਨੇ ਡਿਪਟੀ ਨਾਲ ਗੱਲ ਕਰਨ ਲਈ ਦਰਵੇਸ਼ ਨੇ ਫ਼ੋਨ ਆਪਣੇ ਵੱਲ ਖਿੱਚਦਿਆਂ ਆਖਿਆ।

“ਡਿਪਟੀ ਸਾਹਿਬ ਤਾਂ ਛੁੱਟੀ ’ਤੇ ਨੇ। ਰਿਪੋਰਟ ਨੂੰ ਮੈਂ ਕਦੋਂ ਜਵਾਬ ਦਿੱਤੈ।” ਇੱਕ ਵਾਰ ਫੇਰ ਕਾਗ਼ਜ਼ਾਂ ਵਾਲੀ ਫੱਟੀ ਆਪਣੇ ਵੱਲ ਕਰ ਕੇ ਮੁਨਸ਼ੀ ਖ਼ਾਲੀ ਕਾਗ਼ਜ਼ ਲੱਭਣ ਲੱਗਾ।

“ਕਾਹਦੀ ਸਰਕਾਰ ਹੈ ਸਾਲੀ। ਕਾਰਵਾਈ ਸਾਰੀ ਕਾਗ਼ਜ਼ੀ ਕਰਦੇ ਹਾਂ। ਕਾਗ਼ਜ਼ ਦਾ ਟੁਕੜਾ ਵੀ ਨਹੀਂ ਘੱਲਦੀ। ਸਾਰੀ ਸਟੇਸ਼ਨਰੀ ਬਾਬੂਆਂ ਦੇ ਘਰੀਂ ਅੱਪੜ ਜਾਂਦੀ ਹੈ। ਮੁਨਸ਼ੀ ਦੋ-ਦੋ ਕਾਗ਼ਜ਼ਾਂ ਲਈ ਲੋਕਾਂ ਨੂੰ ਸਵਾਲ ਪਾਉਂਦਾ ਰਹੇ। ਭਾਈ ਸਾਹਿਬ ਬੁਰਾ ਨਾ ਮਨਾਉਣਾ … ਸਾਹਮਣੇ ਕਬੀਰ ਬੁੱਕ ਡੀਪੂ ਵਾਲੇ ਤੋਂ ਅੱਧਾ ਦਸਤਾ ਕਾਗ਼ਜ਼ਾਂ ਦਾ ਫੜ ਲਿਆਉ।”

ਪਰਚੀ ਲਿਖਣ ਲੱਗੇ ਮੁਨਸ਼ੀ ਨੇ ਅੱਧੇ ਦੀ ਥਾਂ ਦੋ ਦਸਤੇ ਕਾਗ਼ਜ਼ਾਂ ਦੇ ਨਾਲ ਹੀ ਦੋ ਵਧੀਆ ਬਾਲਪੈੱਨ, ਇੱਕ ਦਰਜਨ ਕਾਰਬਨ ਅਤੇ ਇੱਕ ਚੈੱਲਪਾਰਕ ਦੀ ਦਵਾਤ ਵੀ ਲਿਖ ਦਿੱਤੀ।

ਮੁਨਸ਼ੀ ਤੋਂ ਪਰਚੀ ਫੜ ਕੇ ਦਰਵੇਸ਼ ਨੇ ਪ੍ਰਧਾਨ ਨੂੰ ਫੜਾ ਦਿੱਤੀ। ਪ੍ਰਧਾਨ ਤੋਂ ਸੂਰਜ ਨੇ ਫੜ ਲਈ।

ਕੁੱਝ ਦੇਰ ਤਣਾਓ ਪੂਰਨ ਸ਼ਾਂਤੀ ਛਾਈ ਰਹੀ।

ਮੁਨਸ਼ੀ ਸੋਚ ਰਿਹਾ ਸੀ, ਜੇ ਸਿੱਧੇ ਮੂੰਹ ਕਰਨ ਤਾਂ ਬੱਚੇ ਦਾ ਲੱਭਣਾ ਕਿਹੜੀ ਵੱਡੀ ਗੱਲ ਹੈ? ਅਤਿਵਾਦੀਆਂ ਦਾ ਨਾਂ ਤਾਂ ਐਵੇਂ ਹੀ ਹਰ ਵਾਰਦਾਤ ਨਾਲ ਜੋੜ ਦੇਈਦਾ ਹੈ। ਉਹਨਾਂ ਨੇ ਬੱਚਿਆਂ ਤੋਂ ਕੀ ਲੈਣਾ ਹੈ। ਇਹ ਕਾਰਵਾਈ ਜਾਂ ਬੱਗੇ ਬਾਜ਼ੀਗਰ ਦੀ ਹੋਣੀ ਹੈ ਜਾਂ ਉਹਨਾਂ ਤਾਮਿਲ ਮੰਗਤਿਆਂ ਦੀ, ਜਿਹੜੇ ਸਾਰਾ ਦਿਨ ਮਾਲ-ਗੁਦਾਮ ’ਚੋਂ ਕਣਕਾਂ ਚੋਰੀ ਕਰਦੇ ਰਹਿੰਦੇ ਹਨ ਜਾਂ ਫਿਰ ਕੁਸ਼ਟ-ਆਸ਼ਰਮ ਵਾਲਿਆਂ ਦੀ। ਸੁਣਿਐ ਗਿਐ ਉਹ ਇੱਕ ਥਾਂ ਤੋਂ ਬੱਚੇ ਚੁੱਕ ਕੇ ਦੂਜੀ ਥਾਂ ’ਤੇ ਪਹੁੰਚਾ ਦਿੰਦੇ ਹਨ। ਮੁਫ਼ਤ ’ਚ ਮੰਗਣ ਵਾਲੇ ਟੱਕਰ ਜਾਂਦੇ ਹਨ। ਇਹ ਵੀ ਹੋ ਸਕਦੈ ਕਿਸੇ ਬਾਂਝ ਔਰਤ ਨੇ ਪੁੱਤਰ ਦੇ ਲਾਲਚ ’ਚ ਬਲੀ ਦੇਣ ਲਈ ਉਸ ਨੂੰ ਖਿਸਕਾ ਲਿਆ ਹੋਵੇ। ਅਜਿਹੇ ਕੇਸ ਹਰ ਰੋਜ਼ ਅਖ਼ਬਾਰਾਂ ਵਿੱਚ ਪੜ੍ਹੀਦੇ ਹਨ। ਕਈ ਬੂਬਨੇ ਫਿਰਦੇ ਨੇ, ਅਜਿਹੇ ਕਾਰੇ ਕਰਾਉਣ ਵਾਲੇ। ਇੱਕ-ਦੋ ਡੇਰੇ ਉਹਦੀ ਨਿਗਾਹ ਵਿੱਚ ਹਨ। ਪਸ਼ੂਆਂ ਦੀ ਬਲੀ ਤਾਂ ਉਥੇ ਆਮ ਹੀ ਦਿੱਤੀ ਜਾਂਦੀ ਹੈ। ਬਹੁਤ ਔਰਤਾਂ ਟੂਣੇ-ਟਾਮਣ ਕਰਨ ਅਤੇ ਚੌਂਕੀਆਂ ਭਰਨ ਉਥੇ ਜਾਂਦੀਆਂ ਹਨ। ਮੁਨਸ਼ੀ ਤੋਂ ਨਾ ਬਾਜ਼ੀਗਰ ਬਾਹਰ ਹੈ ਨਾ ਬੂਬਨੇ, ਨਾ ਮੰਗਤੇ ਉਸ ਦੀ ਮਾਰ ਤੋਂ ਬਾਹਰ ਹਨ, ਨਾ ਕੁਸ਼ਟ ਆਸ਼ਰਮ ਵਾਲੇ। ਬਾਹਰ ਹਨ ਤਾਂ ਇਹ ਸੇਠ, ਬਿਨਾਂ ਮਤਲਬ ਤੋਂ ਪੈਟਰੋਲ ਕਿਹੜਾ ਫੂਕੇ?

ਨਾਗਪਾਲ ਹੁੰਦਾ ਤਾਂ ਮੁਨਸ਼ੀ ਨੂੰ ਫ਼ੀਸ ਮੰਗਣ ਦੀ ਜ਼ਰੂਰਤ ਨਹੀਂ ਸੀ ਪੈਣੀ। ਉਹ ਪਹਿਲਾਂ ਫ਼ੀਸ ਦਿਵਾਉਂਦਾ, ਫੇਰ ਗੱਲ ਸ਼ੁਰੂ ਕਰਦਾ। ਇਹ ਜਦੋਂ ਦਰਵੇਸ਼ ਵਰਗੇ ਬਲੈਕ-ਮੇਲਰ ਨੂੰ ਮੋਹਤਬਰ ਬਣਾ ਕੇ ਲਿਆਏ ਹਨ ਤਾਂ ਮਰਨ ਪਰੇ। ਬੱਚੇ ਦਾ ਦੁੱਖ ਇਹਨਾਂ ਨੂੰ ਹੈ, ਬਘੇਲ ਨੂੰ ਤਾਂ ਨਹੀਂ। ਜਦੋਂ ਅਕਲ ਆਈ, ਆਪੇ ਸਿੱਧੇ ਰਾਹ ਪੈ ਜਾਣਗੇ।

ਸਟੇਸ਼ਨਰੀ ਲੈ ਕੇ ਮੁੜਦੇ ਸੂਰਜ ਨਾਲ ਆਉਂਦੇ ਨਾਗਪਾਲ ਨੂੰ ਦੇਖ ਕੇ ਮੁਨਸ਼ੀ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ।

ਨਾਗਪਾਲ ਦੇ ਨਾਲ ਦਰਸ਼ਨ ਸੀ, ਜੋ ਪੰਝੀਆਂ ਕੁ ਸਾਲਾਂ ਦਾ ਸੀ। ਉਸ ਨੇ ਕੁੜਤਾ ਪਜਾਮਾ ਅਤੇ ਪੈਰੀਂ ਚੱਪਲਾਂ ਪਾਈਆਂ ਹੋਈਆਂ ਸਨ। ਉਹਦੇ ਵਾਲ ਵਧੇ ਹੋਏ ਸਨ ਅਤੇ ਛੋਟੀ-ਛੋਟੀ ਦਾੜ੍ਹੀ ਉੱਗੜੀ-ਦੁੱਗੜੀ ਹੋਈ ਪਈ ਸੀ। ਲੱਗਦਾ ਸੀ ਉਹਨੂੰ ਨਹਾਉਣ ਅਤੇ ਦਾੜ੍ਹੀ ਬਣਾਉਣ ਦਾ ਸਮਾਂ ਨਹੀਂ ਸੀ ਮਿਲਿਆ। ਉਹਦੇ ਹੱਥ ਵਿੱਚ ਸਰਕਾਰੀ ਡਾਇਰੀ ਵੀ ਸੀ।

“ਸੰਤਰੀ, ਇਧਰ ਆ। ਬਾਈ ਜੀ ਲਈ ਐਸ.ਐਚ.ਓ.ਵਾਲੇ ਕਮਰੇ ਵਿਚੋਂ ਕੁਰਸੀਆਂ ਚੱਕ ਲਿਆ, ਨਾਲੇ ਠੰਢਾ-ਤੱਤਾ ਵੀ।” ਕੁਰਸੀ ਤੋਂ ਖੜੇ ਹੋ ਕੇ ਮੁਨਸ਼ੀ ਨੇ ਗਰਮ-ਜੋਸ਼ੀ ਨਾਲ ਨਾਗਪਾਲ ਦਾ ਸਵਾਗਤ ਕੀਤਾ।

“ਅਸੀਂ ਕੁੱਝ ਨਹੀਂ ਪੀਣਾ, ਬੜੀ ਮੁਸੀਬਤ ਵਿੱਚ ਹਾਂ … ।” ਗੱਲ ਸ਼ੁਰੂ ਕਰਦਿਆਂ ਹੀ ਨਾਗਪਾਲ ਦੇ ਚਿਹਰੇ ’ਤੇ ਵੀ ਗੰਭੀਰਤਾ ਫੈਲ ਗਈ।

“ਕੋਈ ਨੀ … ਜਾ ਲਿਆ ਸੱਤ-ਅੱਠ ਕੱਪ ਚਾਹ … ਨਾਲੇ …”  ਪੰਜ ਦਾ ਨੋਟ ਸੰਤਰੀ ਨੂੰ ਫੜਾਉਂਦਾ ਮੁਨਸ਼ੀ ਆਰਡਰ ਦੇਣ ਲੱਗਾ।

“ਨਹੀਂ … ਫੇਰ ਅਸੀਂ ਮੰਗਵਾਉਂਦੇ ਹਾਂ। ਨੋਟ ਰੱਖ ਆਪਣੇ ਕੋਲ … ਚੱਲ ਦਰਸ਼ਨ ਬੇਟਾ ਲਿਆ ਚਾਹ ਫੜ ਕੇ।”

ਦਰਸ਼ਨ ਸੰਤਰੀ ਨਾਲ ਜਾਣ ਲਈ ਬੈਂਚ ਤੋਂ ਉੱਠ ਖੜੋਤਾ।

“ਇੰਝ ਕਰ, ਚਾਹ ਨੂੰ ਛੱਡ। ਦੁੱਧ ’ਚ ਹੀ ਪੱਤੀ ਪਵਾ ਲਿਆ। ਕੁੱਝ ਨਮਕੀਨ ਵੀ ਫੜੀ ਲਿਆਈਂ … ਕੀ ਹੋਊ ਭਲਾ ਉਸ ਹਲਵਾਈ ਕੋਲ?”

“ਕਾਜੂ ਹੈਣ।” ਅਸਾਮੀ ਚੋਣ ਦਾ ਸੰਤਰੀ ਨੂੰ ਬਥੇਰਾ ਤਜਰਬਾ ਸੀ। ਇਸ਼ਾਰੇ ਨਾਲ ਉਸ ਨੇ ਮੁਨਸ਼ੀ ਨੂੰ ਸਮਝਾਇਆ ਕਿ ਉਹ ਪਰਵਾਹ ਨਾ ਕਰੇ। ਹੁਣ ਲਾ ਦਿੰਦੈ ਚੀਜ਼ਾਂ ਦਾ ਢੇਰ।

“ਤੂੰ ਆਪੇ ਦੇਖ ਲਵੀਂ। ਬੱਸ ਸੇਵਾ ’ਚ ਕੋਈ ਕਸਰ ਨਾ ਰਹੇ। ਇਹਨਾਂ ਦੇ ਸਹਾਰੇ ਹੀ ਆਪਾਂ ਇਸ ਸ਼ਹਿਰ ’ਚ ਦਿਨ ਕੱਟਦੇ ਹਾਂ।” ਮੁਨਸ਼ੀ ਜਾਣਦਾ ਸੀ, ਨਾਗਪਾਲ ਨੂੰ ਜਿੰਨਾ ਮੱਖਣ ਲਾਏਗਾ, ਉਨੀ ਹੀ ਵੱਧ ਫ਼ੀਸ ਮਿਲੇਗੀ।

ਕਾਜੂ, ਸਮੋਸੇ ਅਤੇ ਬਿਸਕੁਟਾਂ ਦੀਆਂ ਪਲੇਟਾਂ ਨਾਲ ਸੰਤਰੀ ਨੇ ਮੇਜ਼ ਭਰ ਦਿੱਤਾ।

ਦਰਸ਼ਨ ਸੂਰਜ ਨੂੰ ਇੱਕ ਪਾਸੇ ਕਰ ਕੇ ਕੁੱਝ ਸਮਝਾਉਣ ਲੱਗਾ। ਮੁਨਸ਼ੀ ਤਾੜ ਰਿਹਾ ਸੀ, ਜ਼ਰੂਰ ਕੋਈ ਮਾੜੀ ਖ਼ਬਰ ਹੈ। ਦਰਸ਼ਨ ਦਾ ਹਰ ਸ਼ਬਦ ਸੂਰਜ ਦੇ ਚਿਹਰੇ ਦੀ ਪਿਲੱਤਣ ਵਿੱਚ ਵਾਧਾ ਕਰ ਰਿਹਾ ਸੀ।

ਮੁਨਸ਼ੀ ਅਤੇ ਸੰਤਰੀ ਤੋਂ ਬਿਨਾਂ ਕਿਸੇ ਨੇ ਵੀ ਕਿਸੇ ਚੀਜ਼ ਨੂੰ ਮੂੰਹ ਨਾ ਲਾਇਆ, ਮੁਨਸ਼ੀ ਦੇ ਬਹੁਤ ਜ਼ੋਰ ਦੇਣ ’ਤੇ ਉਹਨਾਂ ਚਾਹ ਵਾਲੇ ਕੱਪ ਆਪਣੇ ਅੱਗੇ ਜ਼ਰੂਰ ਕਰ ਲਏ ਪਰ ਘੁੱਟ ਕਿਸੇ ਨੇ ਵੀ ਨਾ ਭਰੀ।

ਕੰਬਦੇ ਹੱਥਾਂ ਨਾਲ ਨਾਗਪਾਲ ਨੇ ਜੇਬ ਵਿਚੋਂ ਇੱਕ ਕਾਗ਼ਜ਼ ਕੱਢਿਆ ਤੇ ਮੇਜ਼ ’ਤੇ ਵਿਛਾ ਦਿੱਤਾ।

ਚਿੱਠੀ ਪੜ੍ਹਦਿਆਂ ਹੀ ਮੁਨਸ਼ੀ ਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਦਰਵੇਸ਼, ਪ੍ਰਧਾਨ ਅਤੇ ਉਸ ਦੇ ਨਾਲ ਵਾਲਾ ਸੇਠ ਸਾਰੇ ਦੇ ਸਾਰੇ ਮੇਜ਼ ਦੁਆਲੇ ਝੁਕ ਗਏ ਅਤੇ ਚਿੱਠੀ ਦਾ ਅੱਖਰ-ਅੱਖਰ ਪੜ੍ਹਨ ਲੱਗੇ।

ਛਪੇ ਪੈਡ ’ਤੇ ਲਿਖੀ ਚਿੱਠੀ ਦਹਿਸ਼ਤਗਰਦਾਂ ਦੀ ਕਿਸੇ ਸੰਸਥਾ ਵੱਲੋਂ ਸੀ। ਸਵੇਰ ਦੇ ਸੱਤ ਵਜੇ ਤਕ ਪੰਜ ਹਜ਼ਾਰ ਰੁਪਏ ਮੰਗੇ ਗਏ ਸਨ। ਨਾਲ ਹੀ ਲਾਲਾ ਜੀ ਨੂੰ ਰਾਮ ਲੀਲਾ ਅਤੇ ਰਾਸ ਲੀਲਾ ਮੁੜ ਸ਼ਹਿਰ ’ਚ ਨਾ ਕਰਾਉਣ ਦੀ ਹਦਾਇਤ ਸੀ। ਹੁਕਮ ਅਦੂਲੀ ਦਾ ਨਤੀਜਾ ਸ਼ਾਮ ਤਕ ਬੱਚੇ ਦੀ ਲਾਸ਼ ਘਰ ਅੱਪੜਨਾ ਸੀ।

“ਕਿਸੇ ਸ਼ਰਾਰਤੀ ਬੰਦੇ ਦੀ ਚਾਲ ਹੈ … ਇਸ ਸੰਸਥਾ ਦੇ ਨਾਂ ਦੀ ਕੋਈ ਜਥੇਬੰਦੀ ਆਪਣੇ ਇਲਾਕੇ ਵਿੱਚ ਕੰਮ ਨਹੀਂ ਕਰਦੀ।” ਚਿੱਠੀ ਨੂੰ ਇੱਕ-ਦੋ ਵਾਰ ਪੁੱਠਾ-ਸਿੱਧਾ ਕਰ ਕੇ, ਸ਼ੀਸ਼ੇ ਹੇਠਾਂ ਰੱਖਦਿਆਂ ਮੁਨਸ਼ੀ ਨੇ ਉਹਨਾਂ ਨੂੰ ਢਾਰਸ ਬੰਨ੍ਹਾਈ।

“ਜੇ ਇਹੋ ਗੱਲ ਸੀ ਤਾਂ ਪੰਜ ਹਜ਼ਾਰ ਫੂਕ ਦੇਣਾ ਸੀ। ਇਥੇ ਆਉਣ ਦੀ ਕੀ ਲੋੜ ਸੀ?” ਦਰਵੇਸ਼ ਮਹਿਸੂਸ ਕਰ ਰਿਹਾ ਸੀ ਕਿ ਚਿੱਠੀ ਇਥੇ ਲਿਆ ਕੇ ਨਾਗਪਾਲ ਨੇ ਗ਼ਲਤੀ ਕੀਤੀ ਹੈ।

“ਪੰਜ ਹਜ਼ਾਰ ਤਾਂ ਕੀ, ਲਾਲਾ ਜੀ ਲਈ ਤਾਂ ਪੰਜ ਲੱਖ ਵੀ ਇਕੱਠਾ ਹੋ ਜਾਂਦਾ, ਪਰ ਮਾੜੀ ਕਿਸਮਤ। ਚਿੱਠੀ ਪਤਾ ਨਹੀਂ ਕਿਸ ਖੂੰਜੇ ਲੱਗੀ ਰਹਿ ਗਈ। ਹੁਣ ਮਿਲੀ ਹੈ।” ਅੱਖਾਂ ਭਰਦੇ ਨਾਗਪਾਲ ਨੇ ਸਥਿਤੀ ਸਪੱਸ਼ਟ ਕੀਤੀ।

“ਘੰਟਾ ਕੁ ਹੋਇਆ ਲਾਲਾ ਜੀ ਦੇ ਮਕਾਨ ਦੇ ਚਬੂਤਰੇ ’ਤੇ ਇੱਕ ਟੋਪੀਆ ਪਿਆ ਦਿਸਿਐ। ਬੰਟੀ ਦਾ ਬਸਤਾ ਟੋਪੀਏ ਦੇ ਉੱਤੇ ਪਿਐ … ਪਤਾ ਨਹੀਂ ਕੀ ਭਾਣਾ ਵਰਤ ਗਿਐ? … ਮੁਨਸ਼ੀ ਜੀ ਜਲਦੀ ਕਰੋ … ਟੋਪੀਏ ਥੱਲੇ … ?”

“ਟੋਪੀਏ ਥੱਲੇ ਬੰਬ-ਬੁੰਬ ਕੁੱਝ ਵੀ ਹੋ ਸਕਦੇ … ਮੁਹੱਲਾ ਖ਼ਾਲੀ ਕਰਵਾ ਆਏ ਹਾਂ। ਸਮਾਂ ਸੋਚਣ ਦਾ ਨਹੀਂ, ਕੁੱਝ ਕਰਨ ਦਾ ਹੈ … ਸਾਥੋਂ ਪਹਿਲਾਂ ਹੀ ਗ਼ਲਤੀ ਹੋ ਗਈ। ਚਿੱਠੀ ਕਿਧਰੇ ਪਹਿਲਾਂ ਮਿਲ ਗਈ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ।” ਦਰਸ਼ਨ ਤੋਂ ਵੀ ਹੋਰ ਸਬਰ ਨਹੀਂ ਸੀ ਹੋ ਰਿਹਾ।

ਟੋਪੀਏ ਥੱਲੇ ਬੰਬ ਜਾਂ ਲਾਸ਼। ਕਹਾਣੀ ਨਵਾਂ ਮੋੜ ਕੱਟ ਗਈ ਸੀ। ਮੁਨਸ਼ੀ ਨੂੰ ਖ਼ਤਰਾ ਖੜਾ ਹੋ ਗਿਆ ਸੀ। ਸੱਚਮੁੱਚ ਇਸੇ ਤਰ੍ਹਾਂ ਹੋਇਆ ਤਾਂ ਮੁਨਸ਼ੀ ਨੇ ਸਜ਼ਾ ਦਾ ਭਾਗੀਦਾਰ ਬਣਨਾ ਸੀ। ਬਰਖ਼ਾਸਤੀ ਜਾਂ ਮੁਅੱਤਲੀ, ਕੁੱਝ ਨਾ ਕੁੱਝ ਵੱਟ ’ਤੇ ਸੀ।

“ਲਾਲਾ ਜੀ ਕੋਈ ਮਾੜੀ-ਮੋਟੀ ਸ਼ੈਅ ਨਹੀਂ। ਬੰਟੀ ਨੂੰ ਕੁੱਝ ਹੋ ਗਿਆ ਤਾਂ ਅਸੀਂ ਖ਼ੂਨ ਦੀਆਂ ਨਦੀਆਂ ਬਹਾ ਦਿਆਂਗੇ … ।” ਦਰਸ਼ਨ ਦਾ ਖ਼ੂਨ ਖ਼ੌਲ ਰਿਹਾ ਸੀ। ਉਹ ਆਪੇ ਤੋਂ ਬਾਹਰ ਹੁੰਦਾ ਜਾ ਰਿਹਾ ਸੀ।

“ਕੁਝ ਸੋਚਣ ਤਾਂ ਦਿਉ। ਕੀ ਕਰੀਏ? ਇਹੋ ਤਾਂ ਸੋਚ ਰਿਹਾ ਹਾਂ।” ਉਹਨਾਂ ਨੂੰ ਸ਼ਾਂਤ ਕਰਨ ਲਈ ਮੁਨਸ਼ੀ ਗਹਿਰੀ ਸੋਚ ਵਿੱਚ ਡੁੱਬੇ ਹੋਣ ਦਾ ਨਾਟਕ ਕਰਨ ਲੱਗਾ।

“ਤੁਸੀਂ ਇੰਝ ਕਰੋ ਨਾਗਪਾਲ ਜੀ, ਟੈਕਸੀ ਲੈ ਆਓ ਭੱਜ ਕੇ … ਇੰਨੇ ਵਿੱਚ ਮੈਂ ਕੰਟਰੋਲ ਰੂਮ ਨੂੰ ਇਤਲਾਹ ਦਿੰਦਾਂ। ਬੰਬ ਸਕਾਡ ਲਈ ਵੀ ਆਖਦਾਂ। ਫੇਰ ਸਰਦਾਰ ਜੀ ਕੋਲ ਚੱਲਦੇ ਹਾਂ। ਵਜ਼ੀਰਾਂ ਦਾ ਕੀ ਪਤਾ ਹੈ, ਸਾਰਾ ਦਿਨ ਹੀ ਨਾ ਹਿੱਲਣ। ਰਾਤ ਇਥੇ ਹੀ ਰਹਿ ਪੈਣ। ਸਰਦਾਰ ਨੂੰ ਦੱਸਣਾ ਜ਼ਰੂਰੀ ਹੈ। ਪ੍ਰਧਾਨ ਜੀ, ਤੁਸੀਂ ਚੱਲੋ ਨਾਲ।”

ਇਸ ਤੋਂ ਪਹਿਲਾਂ ਕਿ ਲਾਲਾ ਜੀ ਦਾ ਕੋਈ ਹਮਾਇਤੀ ਕਿਸੇ ਵਜ਼ੀਰ ਦੇ ਕੰਨ ਵਿੱਚ ਫੂਕ ਮਾਰੇ, ਉਸ ਨੇ ਦਬਾਦਬ ਆਪਣੇ ਗਲੋਂ ਗੁਲਾਮਾ ਲਾਹਿਆ।

ਰਿਪੋਰਟ ਦਰਜ ਕੀਤੀ, ਕੰਟਰੋਲ ਰੂਮ ਨੂੰ ਹੁਲੀਆ ਦੱਸਿਆ ਅਤੇ ਰਿਪੋਰਟ ਦੀਆਂ ਨਕਲਾਂ ਉੱਚ ਅਧਿਕਾਰੀਆਂ ਨੂੰ ਭੇਜ ਕੇ ਆਪਣੀ ਡਿਊਟੀ ਪੂਰੀ ਕੀਤੀ।

ਅੱਗੋਂ ਐਸ.ਐਚ.ਓ.ਜਾਣੇ, ਕੰਟਰੋਲ ਰੂਮ ਜਾਣੇ ਜਾਂ ਉੱਚ ਅਧਿਕਾਰੀ। ਉਸ ਨੂੰ ਕੀ?

 

 

3

ਸੂਰਜ ਢਲਣ ਤੋਂ ਪਹਿਲਾਂ ਹੀ ਬੰਟੀ ਦੇ ਅਗਵਾ ਹੋਣ ਦੀ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਜਿਸ-ਜਿਸ ਨੂੰ ਵੀ ਪਤਾ ਲੱਗਦਾ ਗਿਆ, ਉਹੋ ਹਥਲਾ ਕੰਮ ਵਿਚੇ ਛੱਡ ਕੇ ਲਾਲਾ ਜੀ ਵੱਲ ਦੌੜ ਪਿਆ।

ਸ਼ਹਿਰ ਦੇ ਲਗਭਗ ਹਰ ਬੰਦੇ ਸਿਰ ਲਾਲਾ ਜੀ ਦਾ ਅਹਿਸਾਨ ਸੀ। ਲਾਲਾ ਜੀ ਨੂੰ ਪਹਿਲੀ ਵਾਰ ਭੀੜ ਪਈ ਸੀ। ਹਰ ਕੋਈ ਸੋਚਦਾ ਸੀ ਜੇ ਉਹ ਬੰਟੀ ਨੂੰ ਲੱਭਣ ਵਿੱਚ ਲਾਲਾ ਜੀ ਦੀ ਮਦਦ ਕਰ ਸਕੇ ਤਾਂ ਇਹ ਉਸ ਦੀ ਖ਼ੁਸ਼ਕਿਸਮਤੀ ਹੋਵੇਗੀ।

ਖੋਜ ਬੰਟੀ ਦੇ ਸਕੂਲ ਤੋਂ ਸ਼ੁਰੂ ਹੋਈ। ਕੁੱਝ ਮਹੀਨੇ ਪਹਿਲਾਂ ਅਖ਼ਬਾਰਾਂ ਵਿੱਚ ਛਪੀ ਖ਼ਬਰ ਉਹਨਾਂ ਦੇ ਸਾਹਮਣੇ ਸੀ। ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੇ ਦਿਨ ਇੱਕ ਬੱਚਾ ਕਲਾਸ-ਰੂਮ ਵਿੱਚ ਸੁੱਤਾ ਰਹਿ ਗਿਆ। ਮਾਪਿਆਂ ਅਤੇ ਸਕੂਲ ਵਾਲਿਆਂ ਨੇ ਸ਼ਹਿਰ ਦਾ ਕੋਨਾ-ਕੋਨਾ ਤਾਂ ਛਾਣ ਮਾਰਿਆ ਪਰ ਪੀੜ੍ਹੀ ਹੇਠਾਂ ਸੋਟਾ ਨਾ ਮਾਰਿਆ। ਛੁੱਟੀਆਂ ਪਿੱਛੋਂ ਜਦੋਂ ਸਕੂਲ ਖੁੱਲ੍ਹਾ ਤਾਂ ਬੱਚੇ ਦਾ ਪਿੰਜਰ ਹੀ ਹੱਥ ਲੱਗਾ।

ਪਹਿਲਾਂ ਪ੍ਰਿੰਸੀਪਲ ਅਤੇ ਚਪੜਾਸੀ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ। ਸਕੂਲ ਦਾ ਇੱਕ-ਇੱਕ ਕਮਰਾ ਖੋਲ੍ਹਿਆ ਗਿਆ। ਇੱਕ-ਇੱਕ ਕੁਰਸੀ ਅਤੇ ਬੈਂਚ ਦੀ ਪੜਤਾਲ ਹੋਈ। ਲੈਟਰਿਨ, ਕੈਂਟੀਨ, ਪਾਣੀ ਵਾਲੀ ਟੈਂਕੀ ਅਤੇ ਸਾਈਕਲ ਸਟੈਂਡ।

ਸਕੂਲ ਦਾ ਚੱਪਾ-ਚੱਪਾ ਛਾਣਦਿਆਂ ਆਂਢ-ਗੁਆਂਢ ਦੇ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ। ਝੱਟ ਉਹ ਵੀ ਖੋਜ ਵਿੱਚ ਸ਼ਾਮਲ ਹੋ ਗਏ।

ਸਕੂਲੋਂ ਨਿਕਲ ਕੇ ਪਾਰਕਾਂ ’ਚ ਗਏ। ਆਖ਼ਰ ਬੱਚਾ ਹੈ, ਕੋਈ ਵਸਾਹ ਨਹੀਂ ਕਿਸੇ ਪਾਰਕ ’ਚ ਝੂਟਦਾ-ਝੂਟਦਾ ਘਰ ਮੁੜਨਾ ਭੁੱਲ ਗਿਆ ਹੋਵੇ।

ਉਥੋਂ ਸਿਨੇਮੇ, ਸਿਨੇਮੇ ਤੋਂ ਸਟੇਸ਼ਨ, ਬੱਸਾ ਅੱਡਾ, ਟੋਭੇ ਅਤੇ ਤਲਾਅ, ਗੰਦਾ ਨਾਲਾ, ਸੀਵਰੇਜ ਦੇ ਮੇਨਹੋਲ। ਆਖ਼ਰ ’ਚ ਗਲੀ-ਗਲੀ ਅਤੇ ਘਰ-ਘਰ।

ਬਿਨਾਂ ਕਿਸੇ ਦੇ ਆਖੇ ਹੀ ਭਾਗ ਮੁਨਾਦੀ ਵਾਲੇ ਨੇ ਆਪਣਾ ਭੂਪਨਾ ਅਤੇ ਸਾਈਕਲ ਚੁੱਕਿਆ ਅਤੇ ਗਲੀ-ਗਲੀ, ਮੁਹੱਲੇ-ਮੁਹੱਲੇ ਬੰਟੀ ਦੇ ਗੁੰਮ ਹੋਣ ਦੀ ਸੂਚਨਾ ਦੇਣ ਲੱਗਾ। ਏਡੇ ਵੱਡੇ ਸਹਿਰ ਵਿੱਚ ਇਕੱਲਾ ਭਾਗ ਗੇੜਾ ਕਿਵੇਂ ਦੇਵੇਗਾ? ਸਾਧੂ ਨੇ ਵੀ ਰਿਕਸ਼ਾ ਮੰਗਵਾ ਲਈ। ਆਪਣਾ ਲਾਊਡ-ਸਪੀਕਰ ਫਿੱਟ ਕੀਤਾ ਅਤੇ ਸ਼ਹਿਰ ਦੀਆਂ ਬਾਹਰਲੀਆਂ ਬਸਤੀਆਂ ਵੱਲ ਨਿਕਲ ਗਿਆ।

ਲਾਲਾ ਜੀ ਨੂੰ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਸੀ। ਜਿਸ ਘਰ ’ਚ ਵੀ ਪੁੱਛ-ਪੜਤਾਲ ਲਈ ਜਾਂਦੇ, ਉਸੇ ਘਰ ਦਾ ਕੋਈ ਨਾ ਕੋਈ ਮੈਂਬਰ ਉਹਨਾਂ ਦੇ ਨਾਲ ਹੋ ਲੈਂਦਾ।

ਅੱਧੀ ਰਾਤ ਤਕ ਉਹਨਾਂ ਦੇ ਕਾਫ਼ਲੇ ਦੀ ਗਿਣਤੀ ਸੌ ਤਕ ਅੱਪੜ ਗਈ। ਕਾਫ਼ਲੇ ਵਿੱਚ ਜੇ ਕਈ ਕਰੋੜਪਤੀ ਸ਼ਾਮਲ ਸਨ ਤਾਂ ਸਫ਼ਾਈ ਵਰਕਰ ਵੀ। ਕੁਸ਼ਟ-ਆਸ਼ਰਮ ਦਾ ਚੌਧਰੀ ਵੀ ਅਤੇ ਸਾਂਸੀਆਂ ਦਾ ਨੰਬਰਦਾਰ ਵੀ। ਟਰੱਕਾਂ ਵਾਲੇ ਵੀ ਅਤੇ ਰਿਕਸ਼ਿਆਂ ਵਾਲੇ ਵੀ। ਸੇਵਾ ਸੰਮਤੀ ਵਾਲੇ ਵੀ ਅਤੇ ਮਹਾਂਬੀਰ ਦਲ ਵਾਲੇ ਵੀ, ਮਿਸਤਰੀ ਵੀ ਅਤੇ ਮਾਲਕ ਵੀ।

ਯੁਵਾ ਸੰਘ ਦੇ ਪ੍ਰਧਾਨ ਰਾਮ ਸਰੂਪ ਨੂੰ ਇਹ ਗੱਲ ਪਸੰਦ ਨਹੀਂ ਸੀ ਆਈ। ਇੰਨੇ ਲੋਕਾਂ ਨੂੰ ਲਾਲਾ ਜੀ ਦੇ ਪਿੱਛੇ-ਪਿੱਛੇ ਫਿਰਨ ਦੀ ਕੀ ਲੋੜ ਹੈ? ਇਹ ਨਿਰਾ ਦਿਖਾਵਾ ਹੈ। ਇਸ ਦਾ ਲਾਲਾ ਜੀ ਨੂੰ ਕੀ ਫ਼ਾਇਦਾ? ਹਰ ਕੋਈ ਦੂਜੇ ਨੂੰ ਕੂਹਣੀ ਮਾਰ ਕੇ ਲਾਲਾ ਜੀ ਅੱਗੇ ਜਾ ਖੜੋਂਦਾ। ਦੂਸਰਾ ਧੱਕਾ ਮਾਰ ਕੇ ਉਸ ਤੋਂ ਅੱਗੇ ਹੋ ਜਾਂਦਾ। ਕੁੱਝ ਕਰਨਾ ਹੀ ਹੈ ਤਾਂ ਤਨੋਂ-ਮਨੋਂ ਅਤੇ ਢੰਗ ਨਾਲ ਕਰੋ। ਤੁਰਦੇ-ਤੁਰਦੇ ਰਾਮ ਸਰੂਪ ਨੇ ਸਾਥੀ ਵਰਕਰਾਂ ਦੀ ਸਲਾਹ ਲਈ। ਲਾਲਾ ਜੀ ਤੋਂ ਇਜਾਜ਼ਤ ਲੈ ਕੇ ਉਹ ਗੀਤਾ ਭਵਨ ’ਚ ਜਾ ਬੈਠੇ।

ਰਾਮ ਸਰੂਪ ਨੇ ਵਰਕਰਾਂ ਨੂੰ ਕਈ ਟੋਲੀਆਂ ਵਿੱਚ ਵੰਡਿਆ। ਕੋਈ ਟੋਲੀ ਰਾਮ ਪੁਰੇ ਵੱਲ ਜਾਵੇ ਅਤੇ ਕੋਈ ਧੂਰੀ ਵੱਲ। ਉਹਨਾਂ ਲਈ ਗੱਡੀ ਠੀਕ ਰਹੇਗੀ। ਬੱਸਾਂ ਤਾਂ ਸੱਤ ਵਜੇ ਹੀ ਬੰਦ ਹੋ ਜਾਂਦੀਆਂ ਹਨ। ਬਾਕੀ ਟੈਕਸੀਆਂ ਲੈ ਕੇ ਭਦੌੜ, ਰਾਏਕੋਟ, ਸੇਖਾਂ, ਠੀਕਰੀਵਾਲ ਅਤੇ ਮਾਨਸਾ ਵੱਲ ਕੂਚ ਕਰਨ। ਕਿਸੇ ਦੇ ਪਿੱਛੇ ਲੱਗ ਕੇ ਬੱਚਾ ਬੱਸ ਜਾਂ ਗੱਡੀ ਚੜ੍ਹ ਸਕਦਾ ਹੈ। ਪਿੱਛੋਂ ਇਕੱਲਾ ਰਹਿ ਕੇ ਕਿਸੇ ਬੱਸ ਅੱਡੇ ਜਾਂ ਸਟੇਸ਼ਨ ’ਤੇ ਬੈਠਾ ਵਿਲ੍ਹਕ ਰਿਹਾ ਹੋਣਾ ਹੈ। ਪੁਰਾਣੇ ਸਮੇਂ ਤਾਂ ਰਹੇ ਨਹੀਂ ਜਦੋਂ ਅਗਲਾ ਲੋੜਵੰਦਾਂ ਦੀ ਨਾਲੇ ਸੇਵਾ ਕਰੇ ਨਾਲੇ ਸਹੀ ਸਲਾਮਤ ਘਰ ਪਹੁੰਚਾਏ। ਅੱਜ-ਕੱਲ੍ਹ ਤਾਂ ਭਲਾ ਕਰਨ ਵਾਲੇ ਨੂੰ ਵੀ ਸੌ ਸਿਆਪੇ ਪੈ ਸਕਦੇ ਹਨ। ਨਾ ਚਾਹੁੰਦੇ ਹੋਏ ਭੀ ਭਲੇਮਾਣਸ ਬੰਦਿਆਂ ਨੂੰ ਪਿੱਠ ਭੁਆਉਣੀ ਪੈਂਦੀ ਹੈ।

ਕਾਲਕਾ ਮੇਲ ਦਾ ਵਕਤ ਹੋ ਗਿਆ ਸੀ। ਦੋ ਟੋਲੀਆਂ ਸਟੇਸ਼ਨ ਵੱਲ ਤੁਰ ਪਈਆਂ। ਬਾਕੀਆਂ ਲਈ ਕਾਰਾਂ ਦਾ ਇੰਤਜ਼ਾਮ ਕਰਨ ਲਈ ਥਾਂ-ਥਾਂ ਫ਼ੋਨ ਖੜਕਾਏ ਗਏ।

ਰਾਮ ਸਰੂਪ ਨੇ ਸਭ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਚੰਗੀ-ਮਾੜੀ ਜੋ ਵੀ ਖ਼ਬਰ ਮਿਲੇ, ਤੁਰੰਤ ਲਾਲਾ ਜੀ ਨੂੰ ਸੂਚਿਤ ਕੀਤਾ ਜਾਵੇ। ਮੀਟਿੰਗ ਤੋਂ ਪਿੱਛੋਂ ਉਹ ਲਾਲਾ ਜੀ ਦੇ ਘਰ ਬੈਠੇਗਾ ਅਤੇ ਉਥੋਂ ਕੰਮ ਚਲਾਏਗਾ।

ਸਾਰੀ ਰਾਤ ’ਚ ਲਾਲਾ ਜੀ ਦੇ ਕਾਫ਼ਲੇ ਨੂੰ ਕੋਈ ਸਫ਼ਲਤਾ ਨਾ ਮਿਲੀ, ਨਾ ਹੀ ਯੁਵਾ ਸੰਘ ਨੂੰ। ਔਰਤਾਂ ਦਾ ਟੋਲਾ ਵੀ ਹੰਭ ਕੇ ਘਰ ਆ ਬੈਠਾ।

ਲਾਲਾ ਜੀ ਲੋਕਾਂ ਨੂੰ ਘਰੋ-ਘਰੀ ਜਾ ਕੇ ਆਰਾਮ ਕਰਨ ਲਈ ਕਈ ਵਾਰ ਬੇਨਤੀ ਕਰ ਚੁੱਕੇ ਸਨ। ਕਿਸੇ ਨੇ ਇੱਕ ਨਾ ਸੁਣੀ। ਸਾਰੇ ਧਰਨਾ ਮਾਰਨ ਵਾਲਿਆਂ ਵਾਂਗ ਢੀਠ ਬਣ ਕੇ ਬੈਠੇ ਰਹੇ।

ਬੈਠਕ ਤਾਂ ਉਹਨਾਂ ਲੋਕਾਂ ਨਾਲ ਹੀ ਭਰ ਗਈ ਸੀ, ਜਿਹੜੇ ਸਾਰੀ ਰਾਤ ਲਾਲਾ ਜੀ ਨਾਲ ਫਿਰਦੇ ਰਹੇ ਸਨ। ਨਵੇਂ ਆਉਣ ਵਾਲੇ ਜਾਂ ਲਾਂਘੇ ਵਿੱਚ ਹੀ ਬੈਠ ਜਾਂਦੇ ਜਾਂ ਵਿਹੜੇ ਵਿੱਚ ਜਾ ਬੈਠਦੇ। ਔਰਤਾਂ ਅੰਦਰ ਕੋਠੜੀ ’ਚ ਬੈਠੀ ਕਾਂਤਾ ਦੁਆਲੇ ਜੁੜ ਗਈਆਂ।

ਹਮਦਰਦਾਂ ਲਈ ਥਾਂ ਬਣਾਉਂਦੇ-ਬਣਾਉਂਦੇ ਲਾਲਾ ਜੀ ਬੈਠਕ ਦੀ ਕੰਧ ਨਾਲ ਜਾ ਲੱਗੇ ਸਨ।

ਪਹੁ ਫੁੱਟਣ ਤਕ ਕੋਈ ਚੰਗੀ ਖ਼ਬਰ ਨਹੀਂ ਸੀ ਮਿਲੀ।

ਖੋਜ ਲਈ ਨਿਕਲਿਆ ਕੋਈ ਨੌਜਵਾਨ ਜਦੋਂ ਬੈਠਕ ’ਚ ਪੈਰ ਧਰਦਾ ਤਾਂ ਲਾਲਾ ਜੀ ਦੀਆਂ ਅੱਖਾਂ ਅਜੀਬ ਜਿਹੀ ਆਸ ਨਾਲ ਚਮਕ ਉਠਦੀਆਂ। ਉਹਨਾਂ ਨੂੰ ਲੱਗਦਾ ਹੁਣੇ ਕੋਈ ਬੰਟੀ ਦੇ ਲੱਭਣ ਦੀ ਖ਼ਬਰ ਸੁਣਾਏਗਾ। ਪਰ ਜਦੋਂ ਆਉਣ ਵਾਲਾ ਗਰਦਨ ਸੁੱਟ ਕੇ ਬੈਠ ਜਾਂਦਾ ਤਾਂ ਲਾਲਾ ਜੀ ਇੱਕ ਲੰਬਾ ਹਉਕਾ ਭਰਦੇ ਅਤੇ ਮੁੜ ਕੰਧ ਨਾਲ ਢਾਸਣਾ ਲਾ ਕੇ ਅਗਲੇ ਬੰਦੇ ਦਾ ਇੰਤਜ਼ਾਰ ਆਰੰਭ ਦਿੰਦੇ।

ਕਦੇ-ਕਦੇ ਨਿਗਾਹਾਂ ਦਰਵਾਜ਼ੇ ਤੋਂ ਹਟ ਕੇ ਸਾਹਮਣੀ ਕਾਨਸ ’ਤੇ ਪਈਆਂ ਫ਼ੋਟੋਆਂ ’ਤੇ ਟਿਕ ਜਾਂਦੀਆਂ।

ਕਾਨਸ ਦੇ ਵਿਚਕਾਰ ਬੰਟੀ ਦੇ ਬਾਪ ਬਲਦੇਵ ਦੀ ਫ਼ੋਟੋ ਸੀ। ਉਸ ਦੀ ਫ਼ੋਟੋ ਦੁਆਲੇ ਲਟਕਾਇਆ ਗੋਟੇ ਦਾ ਹਾਰ ਦਸਦਾ ਸੀ ਕਿ ਉਹ ਇਸ ਦੁਨੀਆਂ ਤੋਂ ਕੂਚ ਕਰ ਚੁੱਕਾ ਸੀ। ਉਸ ਫ਼ੋਟੋ ਦੇ ਦੋਹੀਂ ਪਾਸੀਂ ਬੰਟੀ ਦੀਆਂ ਫ਼ੋਟੋਆਂ ਸਨ। ਕਿਸੇ ਫ਼ੋਟੋ ’ਚ ਉਹ ਲਾਲਾ ਜੀ ਦੇ ਮੋਢੇ ਚੜ੍ਹਿਆ ਹੋਇਆ ਸੀ, ਕਿਸੇ ’ਚ ਉਂਗਲ ਫੜੀ ਸਕੂਲ ਜਾ ਰਿਹਾ ਸੀ ਅਤੇ ਕਿਸੇ ਵਿੱਚ ਇਕਾਗਰ ਮਨ ਨਾਲ ਰਮਾਇਣ ਸੁਣ ਰਿਹਾ ਸੀ।

ਲਾਲਾ ਜੀ ਪੂਰਾ ਯਤਨ ਕਰ ਰਹੇ ਸਨ ਕਿ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ, ਪਰ ਉਹ ਵਾਰ-ਵਾਰ ਮਿਚ ਰਹੀਆਂ ਸਨ।

ਚਾਰੇ ਪਾਸੇ ਮੌਤ ਵਰਗਾ ਸੰਨਾਟਾ ਸੀ। ਲਾਲਾ ਜੀ ਨੂੰ ਅੰਤਰ-ਧਿਆਨ ਹੁੰਦਾ ਦੇਖ ਕੇ ਲੋਕ ਸਾਹ ਵੀ ਰੋਕਣ ਦੀ ਕੋਸ਼ਿਸ਼ ਕਰਦੇ।

ਗਿਆਨੀ-ਧਿਆਨੀ ਬੰਦਾ ਹੈ। ਕੀ ਪਤੈ ਉਪਰਲੇ ਨਾਲ ਹੀ ਲਿਵ ਲੱਗੀ ਹੋਵੇ। ਕੋਈ ਰੱਬੀ ਹੁਕਮ ਹੋ ਜਾਵੇ। ਕੋਈ ਦੇਵੀ-ਦੇਵਤਾ ਕਿਸੇ ਭੁੱਲ-ਚੁੱਕ ਦੀ ਯਾਦ ਦਿਵਾ ਦੇਵੇ। ਬੰਟੀ ਦੇ ਲੁਕਾਉਣ ਵਾਲੀ ਜਗ੍ਹਾ ਦੇ ਦਰਸ਼ਨ ਹੀ ਹੋ ਜਾਣ।

ਸ਼ਰਧਾਲੂ ਕੁੱਝ ਹੋਰ ਸੋਚ ਰਹੇ ਸਨ, ਲਾਲਾ ਜੀ ਕੁੱਝ ਹੋਰ। ਲਾਲਾ ਜੀ ਨੂੰ ਤਾਂ ਆਪਣੀ ਚਾਲੀ ਸਾਲਾ ਨਿਸ਼ਕਾਮ ਲੋਕ-ਸੇਵਾ ਅਤੇ ਪ੍ਰਭੂ-ਭਗਤੀ ’ਤੇ ਸ਼ੱਕ ਹੋ ਰਿਹਾ ਸੀ। ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਰੱਬੀ-ਸ਼ਕਤੀ ਦਾ ਪ੍ਰਚਾਰ ਕਰ ਰਹੇ ਲੋਕਾਂ ਨੂੰ ਕੁਰਾਹੇ ਹੀ ਤਾਂ ਪਾ ਰਿਹਾ ਸੀ। ਰੱਬ ਨਾ ਦੀ ਕੋਈ ਚੀਜ਼ ਹੁੰਦੀ ਤਾਂ ਲਾਲਾ ਜੀ ਦੇ ਗਿਣ-ਗਿਣ ਬਦਲੇ ਨਾ ਲੈਂਦੀ। ਪਿਛਲੇ ਜਨਮ ’ਚ ਆਖ਼ਿਰ ਉਸ ਤੋਂ ਕਿਹੜਾ ਅਜਿਹਾ ਮਹਾਂਰਿਸ਼ੀ ਮਾਰਿਆ ਗਿਆ ਸੀ, ਜਿਸ ਦੀ ਸਜ਼ਾ ਸੱਠ ਸਾਲ ਲਈ ਨਰਕ ਭੋਗ ਕੇ ਵੀ ਪੂਰੀ ਨਹੀਂ ਸੀ ਹੋ ਰਹੀ। ਬੱਚੇ ਤਾਂ ਭਗਵਾਨ ਦਾ ਰੂਪ ਮੰਨੇ ਗਏ ਹਨ। ਉਹ ਉਹਨਾਂ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਦੇ ਰਿਹਾ, ਜਿਨ੍ਹਾਂ ਨੇ ਵਿਧਵਾ ਮਾਂ ਦਾ ਇਕੋ-ਇੱਕ ਪੁੱਤ ਉਸ ਦੀ ਛਾਤੀ ਨਾਲੋਂ ਧੂਹ ਲਿਆ ਹੈ।

ਅਸ਼ਾਂਤ ਮਨ ਨਾਲ ਲਾਲਾ ਜੀ ਆਪਣੀ ਜ਼ਿੰਦਗੀ ਦੇ ਸੱਠ ਸਾਲਾ ਇਤਿਹਾਸ ਨੂੰ ਘੋਖ ਰਹੇ ਸਨ।

ਉਹਨਾਂ ਨੂੰ ਅਜਿਹਾ ਇੱਕ ਵੀ ਪਲ ਯਾਦ ਨਹੀਂ ਸੀ ਆ ਰਿਹਾ, ਜਦੋਂ ਉਹ ਖੁੱਲ੍ਹ ਕੇ ਹੱਸੇ ਹੋਣ, ਰੱਜ ਕੇ ਬੇਫ਼ਿਕਰੀ ਦੀ ਨੀਂਦ ਸੁੱਤੇ ਹੋਣ ਜਾਂ ਖ਼ੁਸ਼ੀਆਂ ਨੇ ਕਦੇ ਉਹਨਾਂ ਦੇ ਵਿਹੜੇ ਵੱਲ ਮੂੰਹ ਕੀਤਾ ਹੋਵੇ।

ਇਹ ਸੁਫ਼ਨਾ ਹੈ ਜਾਂ ਸੱਚ, ਇਹ ਤਾਂ ਲਾਲਾ ਜੀ ਨੂੰ ਚੰਗੀ ਤਰ੍ਹਾਂ ਯਾਦ ਨਹੀਂ। ਬਾਈ ਦੀ ਸ਼ਕਲ ਦੇ ਕੁੱਝ ਕੁ ਝਉਲੇ ਜਿਹੇ ਯਾਦ ਹਨ। ਘੋਨ-ਮੋਨ ਸਿਰ ਵਾਲਾ ਅੱਠਾਂ ਸਾਲਾਂ ਦਾ ਦਿਆਲਾ ਗਲੀ ਵਿੱਚ ਰੀਠੇ ਖੇਡ ਰਿਹਾ ਹੈ। ਚਿੱਟੇ ਕੁੜਤੇ, ਡੱਬੀਦਾਰ ਲੂੰਗੀ ਅਤੇ ਤੋਤੀਆ ਪਗੜੀ ਵਾਲਾ ਉਹਦਾ ਉੱਚਾ ਲੰਬਾ ਭਾਈ ਬਾਹਰੋਂ ਕਿਸੇ ਰਿਸ਼ਤੇਦਾਰੀ ਵਿਚੋਂ ਆ ਰਿਹਾ ਹੈ। ਖੰਡ ਦੀਆਂ ਗੋਲੀਆਂ ਨਾਲ ਉਹਦੀ ਜੇਬ ਭਰੀ ਹੋਈ ਹੈ। ਦੋ-ਦੋ ਚਾਰ-ਚਾਰ ਗੋਲੀਆਂ ਦਿਆਲੇ ਦੇ ਸਾਥੀਆਂ ਨੂੰ ਵੰਡਦਾ-ਵੰਡਦਾ ਉਹ ਦਿਆਲੇ ਕੋਲ ਪੁੱਜ ਕੇ ਉਸ ਨੂੰ ਗੋਦੀ ਚੁੱਕ ਰਿਹਾ ਹੈ। ਦਿਆਲੇ ਦੀ ਜੇਬ ਗੋਲੀਆਂ ਨਾਲ ਭਰ ਰਿਹਾ ਹੈ। ਪਿਆਰਦਾ-ਪੁਚਕਾਰਦਾ ਉਸ ਨੂੰ ਘਰ ਵੱਲ ਲੈ ਤੁਰਦਾ ਹੈ। ਗੋਦੀ ਚੜ੍ਹਿਆ ਦਿਆਲਾ ਮਾਊਂਟ ਐਵਰੇਸਟ ’ਤੇ ਚੜ੍ਹਿਆ ਮਹਿਸੂਸ ਕਰ ਰਿਹਾ ਹੈ।

ਬਾਈ ਦੀ ਇਸ ਤਸਵੀਰ ਦਾ ਦੂਜਾ ਪਾਸਾ ਉਸ ਨੂੰ ਚੰਗੀ ਤਰ੍ਹਾਂ ਯਾਦ ਹੈ। ਗਲੀ ’ਚ ਬੈਠਾ ਉਹ ਬਾਰਾਂ-ਗੀਟੀ ਖੇਡ ਰਿਹਾ ਹੈ। ਛੋਟੀ ਭੈਣ ਸ਼ਕੁੰਤਲਾ ਦਰਾਂ ’ਚ ਬੈਠੀ ਰੋਟੀ ਖਾ ਰਹੀ ਹੈ। ਇੱਕ ਦਮ ਉਹਨਾਂ ਦੇ ਘਰੋਂ ਅੰਦਰੋਂ ਚੀਕਾਂ ਸੁਣਾਈ ਦਿੰਦੀਆਂ ਹਨ। ਦਿਆਲਾ ਰੋਣ-ਹਾਕਾ ਹੋਇਆ ਘਰ ਵੱਲ ਦੌੜ ਰਿਹਾ ਹੈ।

ਉਹਨਾਂ ਦਾ ਬਾਈ ਵਿਹੜੇ ਵਿੱਚ ਭੁੰਜੇ ਪਿਆ ਹੈ। ਮਾਂ ਬਾਹੋ-ਧਾਹੀ ਪਿੱਟੀ ਜਾ ਰਹੀ ਹੈ। ਉਸ ਨੇ ਬਾਹਾਂ ਦੀਆਂ ਚੂੜੀਆਂ ਤੋੜ ਲਈਆਂ ਹਨ, ਵਾਲ ਖਿੱਲਰੇ ਪਏ ਹਨ, ਅੱਖਾਂ ’ਚ ਪਾਇਆ ਸੁਰਮਾ ਹੰਝੂਆਂ ਨਾਲ ਵਹਿ ਗਿਆ ਹੈ। ਗੋਰਾ ਮੂੰਹ ਕਾਲਖ ਨਾਲ ਲਿੱਪਿਆ ਗਿਆ ਹੈ। ਮਾਂ ਵਿੱਚ ਭੂਤਾਂ ਵਰਗੀ ਤਾਕਤ ਆ ਗਈ ਹੈ। ਉਹ ਕਈ-ਕਈ ਗੁਆਂਢਣਾਂ ਦੇ ਵੀ ਵੱਸ ਵਿੱਚ ਨਹੀਂ ਆ ਰਹੀ। ਬਾਈ ਨਾਲ ਚੁੰਬੜੀ ਹੋਈ ਹੈ। ਇੱਕ-ਅੱਧ ਵਾਰ ਜੇ ਪਿੱਛੇ ਹਟਦੀ ਹੈ ਤਾਂ ਦੂਜੀ ਵਾਰ ਦੂਣੀ ਤਾਕਤ ਨਾਲ ਜੱਫਾ ਪਾਉਂਦੀ ਹੈ।

ਡਰਿਆ ਸਹਿਮਿਆ ਦਿਆਲਾ ਮਾਂ ਕੋਲ ਖੜਾ ਹੈ। ਦਿਆਲੇ ਨੂੰ ਹਿੱਕ ਨਾਲ ਲਾ ਕੇ ਉਹ ਫੇਰ ਧਾਹਾਂ ਮਾਰਦੀ ਹੈ। ਦਿਆਲੇ ਨੂੰ ਦੇਖ ਕੇ ਬਾਕੀ ਔਰਤਾਂ ਵੀ ਚੀਕਾਂ ਮਾਰਨ ਲੱਗਦੀਆਂ ਹਨ। ਦਿਆਲੇ ਨੂੰ ਬਾਈ ਦਾ ਢੱਕਿਆ ਮੂੰਹ ਇੱਕ ਵਾਰ ਨੰਗਾ ਕਰ ਕੇ ਦਿਖਾਇਆ ਜਾਂਦਾ ਹੈ। ਅੱਖਾਂ ਬੰਦ, ਚਿਹਰਾ ਸ਼ਾਂਤ, ਜਿਵੇਂ ਹੁਣੇ ਉਠ ਕੇ ਦਿਆਲੇ ਨੂੰ ਗੋਦ ਲਏਗਾ। ਇੱਕ ਗੁਆਂਢੀ ਬਾਈ ਦਾ ਮੂੰਹ ਢੱਕਦਾ ਹੈ। ਇੱਕ ਹੋਰ ਦਿਆਲੇ ਨੂੰ ਚੁੱਕ ਕੇ ਬਾਹਰ ਲੈ ਜਾਂਦਾ ਹੈ। ਸਭ ਆਖਦੇ ਹਨ ਕਿ ਉਸ ਦਾ ਬਾਈ ਮਰ ਗਿਆ ਹੈ। ਮਰ ਗਿਆ ਤਾਂ ਕੀ ਹੋ ਗਿਆ? ਉਸ ਨੂੰ ਸਮਝ ਨਹੀਂ ਆ ਰਹੀ।

‘ਮਰ ਗਿਆ’ ਦਾ ਕੀ ਮਤਲਬ ਹੁੰਦਾ ਹੈ, ਇਸ ਦਾ ਮਤਲਬ ਉਸ ਨੂੰ ਬਾਅਦ ਵਿੱਚ ਸਮਝ ਆਇਆ ਸੀ। ਇਸ ਦੇ ਇੱਕ ਨਹੀਂ, ਹਜ਼ਾਰਾਂ ਅਰਥ ਹਨ। ਮਰਨ ਵਾਲੇ ਦੇ ਹਰ ਸੰਬੰਧੀ ਲਈ ਇਸ ਦਾ ਅਰਥ ਵੱਖਰਾ ਹੁੰਦਾ ਹੈ।

ਜਵਾਨ ਪਤਨੀ ਲਈ ਇਸ ਦਾ ਅਰਥ ਹੈ ਖ਼ਾਹਿਸ਼ਾਂ ਅਤੇ ਉਮੰਗਾਂ ਦਾ ਕਤਲ ਹੋਣਾ। ਪੈਰੀਂ ਪੰਜੇਬਾਂ, ਹੱਥੀਂ ਚੂੜੀਆਂ ਅਤੇ ਕੰਨਾਂ ਦੇ ਝੁਮਕਿਆਂ ਦੇ ਮਧੁਰ ਸੰਗੀਤ ਦਾ ਗਲਾ ਘੁੱਟਿਆ ਜਾਣਾ। ਰੰਗੀਨ ਅਤੇ ਲਿਸ਼ਕਦੇ ਕੱਪੜਿਆਂ ਦੇ ਸਿਰ ’ਚ ਸੰਧੂਰ ਦੀ ਲਾਲੀ ਦਾ ਮਿਟ ਜਾਣਾ ਅਤੇ ਸਫ਼ੈਦ ਕੱਪੜਿਆਂ ’ਚ ਕੈਦ ਹੋਣਾ। ਆਂਢ-ਗੁਆਂਢ ਦੇ ਸ਼ਰਾਰਤੀ ਬੰਦਿਆਂ ਦੀਆਂ ਅੱਖਾਂ ਤੋਂ ਬਚਣਾ। ਨਜ਼ਦੀਕੀ ਰਿਸ਼ਤੇ ’ਚ ਲੱਗਦੇ ਬਾਪਾਂ, ਭਰਾਵਾਂ ਅਤੇ ਪੁੱਤਾਂ ਵਰਗੇ ਮਰਦਾਂ ਤੋਂ ਵੀ ਅੱਖ ਚੁਰਾਉਣਾ। ਤਿੱਥਾਂ ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ’ਤੇ ਲੋਕਾਂ ਦੇ ਮੱਥੇ ਲੱਗਣੋਂ ਗੁਰੇਜ਼ ਕਰਨਾ। ਦੀਵਾਲੀ ਨੂੰ ਹਨੇਰੇ ’ਚ ਬੈਠ ਕੇ ਸਿਸਕੀਆਂ ਭਰਨਾ। ਕਰਵਾ ਚੌਥ ਨੂੰ ਭੁੱਖਣ-ਭਾਣੇ ਰਹਿ ਕੇ ‘ਵਰਤਣ’ ਨਾ ਅਖਵਾਉਣਾ। ਹਰ ਸਾਲ ਤੁਰ ਗਏ ਮਾਹੀ ਨੂੰ ਯਾਦ ਕਰਨ ਅਤੇ ਵਧ ਰਹੀ ਕਬੀਲਦਾਰੀ ਨੂੰ ਦੇਖ-ਦੇਖ ਤਿਲ-ਤਿਲ ਝੂਰਨਾ। ਚੁੱਲ੍ਹਾ ਮਘਦਾ ਰੱਖਣ ਲਈ ਲੋਕਾਂ ਦੀਆਂ ਦਰੀਆਂ ਬੁਣਨਾ, ਸੂਤ ਕੱਤਣਾ, ਬੋਹੀਏ-ਬੂਟੀਆਂ ਬਣਾਉਣਾ, ਨਾਲੇ ਬੁਣਨੇ ਅਤੇ ਫੁਲਕਾਰੀਆਂ ਕੱਢਣਾ। ‘ਮਰਨ’ ਦੇ ਇਹ ਅਰਥ ਉਸ ਦੀ ਮਾਂ ਨੇ ਆਪਣੇ ਪਿੰਡੇ ’ਤੇ ਹੰਢਾਏ ਸਨ।

ਦਿਆਲੇ ਵਰਗੇ ਅੱਠਾਂ ਸਾਲਾਂ ਦੇ ਪੁੱਤ ਲਈ ‘ਮਰ ਗਏ’ ਦੇ ਅਰਥ ਹੁੰਦੇ ਹਨ, ਉਸੇ ਦਿਨ ਤੋਂ ਗੰਭੀਰ ਹੋ ਜਾਣਾ। ਸਾਦਾ ਖਾਣਾ ਅਤੇ ਸਾਦਾ ਪਹਿਨਣਾ। ਸਾਥੀਆਂ ਤੋਂ ਕੁੱਟ ਖਾ ਕੇ ਵੀ ਗੁੱਸਾ ਪੀ ਜਾਣਾ। ਖੇਡਣਾ ਘੱਟ, ਪੜ੍ਹਨਾ ਬਹੁਤਾ। ਘਰ ਆ ਕੇ ਮਾਂ ਨਾਲ ਕੰਮ ਕਰਾਉਣਾ। ਵਿਹਲੇ ਸਮੇਂ ਦੁਕਾਨ ’ਤੇ ਨੌਕਰੀ ਕਰਨੀ। ਭੈਣ ਦੇ ਵਿਆਹ ਦਾ ਫ਼ਿਕਰ ਰੱਖਣਾ। ਬਾਪ ਦੇ ਸਿਰੋਂ ਉੱਠ ਜਾਣ ਦੇ ਇਹ ਅਰਥ ਕੱਢੇ ਸਨ ਲਾਲਾ ਜੀ ਨੇ।

ਬਿਨਾਂ ਮਰਦ ਵਾਲੇ ਘਰਾਂ ਦੀਆਂ ਧੀਆਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਕੈਦ ਰਹਿਣਾ ਹੁੰਦਾ ਹੈ। ਗਲੀ ’ਚ ਕੂੜਾ ਸੁੱਟਣ ਤੋਂ ਪਹਿਲਾਂ ਵੀ ਵੀਹ-ਵੀਹ ਵਾਰ ਇਧਰ-ਉਧਰ ਦੇਖਣਾ ਹੁੰਦਾ ਹੈ। ਕਿਸੇ ਭੈੜੀ ਅੱਖ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ? ਸਹੇਲੀਆਂ ਨਾਲ ਹੱਸਣਾ, ਖੇਡਣਾ, ਤੀਆਂ ’ਚ ਜਾ ਕੇ ਚਾਂਭੜੇ ਪਾਉਣਾ ਉਹਨਾਂ ਲਈ ਵਰਜਿਤ ਹੁੰਦਾ ਹੈ। ਛੋਟੀ ਹੀ ਉਮਰੇ ਇੱਜ਼ਤ ਲੈ ਕੇ ਬੁੱਢੇ-ਠੇਰੇ ਲੜ ਲੱਗਣਾ ਉਸ ਦਾ ਨਸੀਬ ਹੁੰਦਾ ਹੈ। ਲੰਗੜੇ ਫ਼ੌਜੀ ਨੂੰ ਵਿਆਹੀ ਸ਼ਕੁੰਤਲਾ ਉਸੇ ਕਰੋਪੀ ਦਾ ਸੰਤਾਪ ਭੋਗ ਰਹੀ ਹੈ।

“ਗੁਰੂ ਦੇਵ, ਥੋੜ੍ਹੀ ਜਿਹੀ ਚਾਹ ਲਓ … ।” ਜ਼ਿੰਦਗੀ ਦਾ ਪਹਿਲਾ ਕਾਂਡ ਸਮਾਪਤ ਕਰ ਕੇ ਲਾਲਾ ਜੀ ਨੇ ਜਿਉਂ ਹੀ ਅੱਖਾਂ ਖੋਲ੍ਹੀਆਂ, ਰਾਮ ਸਰੂਪ ਨੇ ਝੱਟ ਚਾਹ ਵਾਲਾ ਗਲਾਸ ਅੱਗੇ ਕਰ ਦਿੱਤਾ।

“ਨਹੀਂ। ਮਨ ਨਹੀਂ ਕਰ ਰਿਹਾ …”  ਅਸਲ ’ਚ ਅਤੀਤ ਵਿੱਚ ਗੁਆਚੇ ਲਾਲਾ ਜੀ ਦਾ ਵਰਤਮਾਨ ਵਿੱਚ ਮੁੜਨ ਨੂੰ ਦਿਲ ਨਹੀਂ ਸੀ ਕਰਦਾ।

“ਥੋੜ੍ਹੀ ਜਿਹੀ ਤਾਂ ਜ਼ਰੂਰ ਲਓ। ਕਾਂਤਾ ਭੈਣ ਜੀ ਨੇ ਕੱਲ੍ਹ ਦਾ ਪਾਣੀ ਤਕ ਨਹੀਂ ਪਰਸਿਆ … । ਜੇ ਤੁਸੀਂ ਹੀ ਹੌਸਲਾ ਢਾਹ ਗਏ ਤਾਂ ਸਾਡਾ ਕੀ ਬਣੇਗਾ?” ਯੁਵਾ ਸੰਘ ਦਾ ਸਕੱਤਰ ਦਰਸ਼ਨ ਵੀ ਲਾਲਾ ਜੀ ’ਤੇ ਚਾਹ ਪੀਣ ਲਈ ਜ਼ੋਰ ਪਾ ਰਿਹਾ ਸੀ।

ਲਾਲਾ ਜੀ ਦੀਆਂ ਉਦਾਸ ਅੱਖਾਂ ਬੈਠਕ ਦਾ ਜਾਇਜ਼ਾ ਲੈਣ ਲੱਗੀਆਂ। ਕਿਸੇ ਟਾਵੇਂ-ਟੱਲੇ ਦੇ ਹੱਥ ਵਿੱਚ ਚਾਹ ਵਾਲਾ ਗਲਾਸ ਫੜਿਆ ਹੋਇਆ ਸੀ। ਅੱਧਿਆਂ ਨਾਲੋਂ ਵੱਧ ਅਜਿਹੇ ਬੰਦੇ ਸਨ ਜਿਹੜੇ ਭੁੱਖੇ ਤਿਹਾਏ ਕੱਲ੍ਹ ਦੇ ਹੀ ਲਾਲਾ ਜੀ ਨਾਲ ਘੁੰਮ ਰਹੇ ਸਨ। ਲਾਲਾ ਜੀ ਤਾਂ ਵਰਤ ਰੱਖਣ ਦੇ ਆਦੀ ਸਨ। ਮਹੀਨੇ ’ਚ ਵੀਹ ਦਿਨ ਵਰਤ ਰੱਖਦੇ ਸਨ। ਇੱਕ ਦਿਨ ਨਹੀਂ ਖਾਣ-ਪੀਣਗੇ, ਕੋਈ ਫ਼ਰਕ ਨਹੀਂ ਪੈਣ ਲੱਗਾ। ਬਾਕੀਆਂ ਦਾ ਹਾਲ ਬੁਰਾ ਹੋ ਸਕਦਾ ਹੈ। ਕੱਪੜੇ ਵਾਲਾ ਅੰਮ੍ਰਿਤ, ਲੋਹੇ ਵਾਲਾ ਰਾਮਗੜ੍ਹੀਆ ਅਤੇ ਸੇਵਾ ਸੰਮਤੀ ਵਾਲਾ ਮਾਸਟਰ ਤਾਂ ਘੰਟੇ ਵਿੱਚ ਤਿੰਨ-ਤਿੰਨ ਵਾਰ ਚਾਹ ਪੀਂਦੇ ਹਨ। ਕੈਂਪਾਂ ਵਿੱਚ ਲਾਲਾ ਜੀ ਉਹਨਾਂ ਨੂੰ ਤਾੜਦੇ ਵੀ ਰਹਿੰਦੇ ਹਨ। ਜਦੋਂ ਵੇਖੋ ਚਾਹ ਸੜ੍ਹਾਕਦੇ ਦੇ ਸੜ੍ਹਾਕਦੇ। ਜੇ ਲਾਲਾ ਜੀ ਭੁੱਖੇ ਬੈਠੇ ਰਹੇ ਤਾਂ ਉਹਨਾਂ ਨੇ ਵੀ ਕੁੱਝ ਨਹੀਂ ਖਾਣਾ।

ਇਹ ਸਭ ਸੋਚ ਵਿਚਾਰ ਕੇ ਲਾਲਾ ਜੀ ਨੇ ਚਾਹ ਵਾਲਾ ਗਲਾਸ ਫੜ ਲਿਆ।

ਬੰਟੀ ਦੀ ਗ਼ੈਰ-ਹਾਜ਼ਰੀ ਵਿੱਚ ਭਰਿਆ ਚਾਹ ਦਾ ਘੁੱਟ ਲਾਲਾ ਜੀ ਨੂੰ ਜ਼ਹਿਰ ਵਰਗਾ ਲੱਗਾ। ਉਹ ਮਾਸੂਮ ਪਤਾ ਨਹੀਂ ਕਿਸ ਹਾਲਤ ਵਿੱਚ ਹੋਵੇਗਾ? ਸੁੱਤਾ ਵੀ ਹੋਵੇਗਾ ਜਾਂ ਜਾਗਦਾ ਹੀ ਰਿਹਾ ਹੋਵੇਗਾ? ਬਿਨਾਂ ਕਹਾਣੀ ਸੁਣੇ ਤਾਂ ਉਹ ਸੌਂ ਹੀ ਨਹੀਂ ਸਕਦਾ। ਜਿੰਨਾ ਚਿਰ ਸਿਰ ਵਿੱਚ ਉਂਗਲਾਂ ਨਾਲ ਮਾਲਿਸ਼ ਨਾ ਕਰੋ, ਉਸ ਨੂੰ ਨੀਂਦ ਨਹੀਂ ਆਉਂਦੀ। ਕਾਂਤਾ ਦੀ ਗੋਦ ਵਿੱਚ ਬੈਠੇ ਬਿਨਾਂ ਉਹ ਇੱਕ ਬੁਰਕੀ ਵੀ ਅੰਦਰ ਨਹੀਂ ਕਰਦਾ। ਬੰਟੀ ਇੱਕ ਪਲ ਲਈ ਵੀ ਅੱਖ ਨਹੀਂ ਝਪਕ ਸਕਿਆ ਹੋਣਾ ਹੈ। ਚੀਕਦਾ ਹੀ ਰਿਹਾ ਹੋਣਾ ਏਂ। ਗਲਾ ਬਹਿ ਗਿਆ ਹੋਣਾ ਹੈ ਰੋ-ਰੋ। ਕਿਸੇ ਨੇ ਪਾਣੀ ਦੀ ਘੁੱਟ ਵੀ ਨਹੀਂ ਦਿੱਤੀ ਹੋਣੀ।

ਲਾਲਾ ਜੀ ਦੇ ਹੱਥ ’ਚ ਫੜਿਆ ਗਲਾਸ ਦੇਖ-ਦੇਖ ਕੇ ਸਭ ਨੇ ਗਲਾਸ ਫੜ ਲਏ। ਗੁਆਂਢੀਆਂ ਨੇ ਚਾਹ ਤਾਂ ਕਈ ਵਾਰ ਬਣਾ-ਬਣਾ ਲਿਆਂਦੀ ਸੀ ਪਰ ਕਿਸੇ ਨੇ ਵੀ ਮੂੰਹ ਨਹੀਂ ਸੀ ਲਾਈ। ਠੰਢੀ ਹੋ ਕੇ ਖ਼ਰਾਬ ਹੁੰਦੀ ਰਹੀ। ਧਰਮਪਾਲ ਨੇ ਇਸ ਵਾਰ ਚਾਹ ਥੋੜ੍ਹੀ ਹੀ ਲਿਆਂਦੀ ਸੀ। ਕੁੱਝ ਗਲਾਸਾਂ ’ਚ ਪੈਣ ਨਾਲ ਹੀ ਮੁੱਕ ਗਈ। ਚਾਹ ਵਰਤਦੀ ਦੇਖ ਕੇ ਕਈ ਗੁਆਂਢੀ ਘਰਾਂ ਨੂੰ ਹੋਰ ਚਾਹ ਲੈਣ ਲਈ ਦੌੜ ਪਏ।

ਚਾਹ ਦੀਆਂ ਚੁਸਕੀਆਂ ਲਾਲਾ ਜੀ ਦੇ ਸੀਨੇ ’ਚ ਤੀਰ ਵਾਂਗ ਚੁਭ ਰਹੀਆਂ ਸਨ। ਉਹ ਚਾਹੁੰਦੇ ਸਨ, ਉਹਨ੍ਹਾਂ ਦੇ ਕੰਨ ਬੋਲੇ ਹੋ ਜਾਣ। ਇਹ ਸੰਭਵ ਨਹੀਂ ਸੀ। ਉਹਨਾਂ ਦੁਬਾਰਾ ਕੰਧ ਨਾਲ ਢਾਸਣਾ ਲਾਇਆ ਅਤੇ ਅੱਖਾਂ ਮੀਚ ਲਈਆਂ।

ਪੁੱਤ ਜੰਮ ਕੇ ਮਾਵਾਂ ਸੌ ਵਾਰੀ ਧਰਤੀ ਨਮਸਕਾਰਦੀਆਂ ਹਨ। ਜਿਊਂਦੀ ਮਾਂ ਪੁੱਤ ਦੀ ਛਾਂ ਹੇਠਾਂ ਮੌਜਾਂ ਮਾਣਦੀ ਹੈ। ਮਰ ਕੇ ਵੀ ਪੁੱਤ ਹੱਥੋਂ ਗਤੀ ਕਰਾ ਕੇ ਸਿੱਧੀ ਸੁਰਗ ਨੂੰ ਜਾਂਦੀ ਹੈ। ਲਾਲਾ ਜੀ ਦੀ ਮਾਂ ਨੇ ਜਿਹੜੀਆਂ ਸੁੱਖਾਂ ਉਸ ਦੇ ਜਨਮ ਤੋਂ ਪਹਿਲਾਂ ਸੁੱਖੀਆਂ ਸਨ, ਉਹ ਮਾਂ ਦੇ ਮਰਨ ਤਕ ਵੀ ਪੂਰੀਆਂ ਨਹੀਂ ਸੀ ਹੋ ਸਕੀਆਂ। ਸਾਰੀ ਉਮਰ ਉਹਨੂੰ ਵਰਤ ਰੱਖਣੇ, ਪਾਠ, ਜਗਰਾਤੇ ਅਤੇ ਕਦੇ ਤੀਰਥ ਯਾਤਰਾਵਾਂ ਕਰਨੀਆਂ ਪਈਆਂ ਸਨ।

ਮਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਲਾ ਜੀ ਦੀ ਖ਼ੁਸ਼ੀ ਲਈ ਲਾ ਦਿੱਤੀ। ਲਾਲਾ ਜੀ ਨੇ ਉਸ ਨੂੰ ਕੀ ਦਿੱਤਾ? ਦੁੱਖਾਂ ਦੇ ਪਹਾੜ, ਹੰਝੂ ਤੇ ਹਉਕੇ।

ਮਾਂ ਨੇ ਬੜੇ ਸੁਫ਼ਨੇ ਦੇਖੇ ਸਨ। ਹਰਦਿਆਲ ਵੱਡਾ ਹੋ ਕੇ ਅਫ਼ਸਰ ਬਣੇਗਾ। ਕਿਸੇ ਮਲੂਕ ਜਿਹੀ ਕੁੜੀ ਨਾਲ ਵਿਆਹ ਕਰਾਏਗਾ। ਪੋਤਿਆਂ ’ਚ ਖੇਡਦੀ ਬੁੱਢੀ ਨੂੰ ਜਵਾਨੀ ’ਚ ਗਲ ਪਿਆ ਰੰਡੇਪਾ ਭੁੱਲ ਜਾਏਗਾ।

ਹਰਦਿਆਲ ਨੇ ਅਫ਼ਸਰ ਕਿਥੋਂ ਬਣਨਾ ਸੀ? ਸਕੂਲ ਮਾਸਟਰ ਲਈ ਹੀ ਕਈ ਸਾਲ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਮਾਂ ਵਿਧਵਾ, ਘਰ ਜਵਾਨ ਭੈਣ, ਮੁੰਡਾ ਮਾਸਟਰ। ਕੁੜੀ ਨੂੰ ਲੜ ਲਾਉਣ ਦੀ ਥਾਂ ਅਗਲਾ ਖੂਹ ’ਚ ਧੱਕਾ ਨਹੀਂ ਦੇ ਦਿਊ। ਨਣਦ ਪਹਿਲਾਂ ਭਰਜਾਈ ਨਾਲ ਆਢਾ ਰੱਖੂ। ਜਾਂਦੀ ਹੋਈ ਸਾਰਾ ਨਿੱਕ-ਸੁੱਕ ਦਾਜ ’ਚ ਲੈ ਜਾਊ। ਮਾਸਟਰ ਦੀ ਤਨਖ਼ਾਹ ਨਾਲ ਤਾਂ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ। ਕੋਈ ਕੁੜੀ ਨੂੰ ਨਰਕਾਂ ’ਚ ਧੱਕਣ ਲਈ ਤਿਆਰ ਨਹੀਂ ਸੀ। ਹਰਦਿਆਲ ਦੇ ਵਿਆਹ ਲਈ ਵੀ ਮਾਂ ਨੂੰ ਹੀ ਕਈਆਂ ਦੇ ਪੈਰੀਂ ਚੁੰਨੀ ਧਰਨੀ ਪਈ।

ਨੌਕਰੀ ਅਤੇ ਵਿਆਹ ਤਾਂ ਬਿਗਾਨੇ ਹੱਥ ਸੀ। ਲਾਲਾ ਤਾਂ ਮਾਂ ਦੀ ਜਵਾਕਾਂ ਨਾਲ ਵਿਹੜਾ ਭਰਨ ਦੀ ਖ਼ਾਹਿਸ਼ ਵੀ ਪੂਰੀ ਨਾ ਕਰ ਸਕਿਆ।

ਵਿਆਹ ਦੇ ਤੀਸਰੇ ਮਹੀਨੇ ਹੀ ਬਲਦੇਵ ਆਪਣੀ ਮਾਂ ਦੇ ਪੇਟ ਆ ਪਿਆ। ਬੁੱਢੀ ਦਾ ਧਰਤੀ ’ਤੇ ਪੈਰ ਨਹੀਂ ਸੀ ਪੈਂਦਾ। ਬਹੂ ਨੂੰ ਸਾਰਾ ਦਿਨ ਮੰਦਰਾਂ, ਗੁਰਦੁਆਰਿਆਂ ਅਤੇ ਡੇਰਿਆਂ ’ਚ ਲਈ ਫਿਰਦੀ ਰਹੀ। ਕਦੇ ਧਾਗੇ ਕਰਾਉਂਦੀ, ਕਦੇ ਤਵੀਤ। ਕਦੇ ਕਿਸੇ ਪੰਡਤ ਤੋਂ ਪਾਣੀ ਕਰਾ ਲਿਆਈ ਅਤੇ ਕਦੇ ਕਿਸੇ ਸਾਧੂ ਤੋਂ ਭਬੂਤੀ। ਪੋਤੇ ਦਾ ਮੂੰਹ ਦੇਖਣ ਨੂੰ ਉਹ ਹਾਬੜੀ ਪਈ ਸੀ।

ਸੌਧਾਂ ਦੇ ਪੇਟ ਦਾ ਦਰਦ ਉਸ ਦਾ ਖਹਿੜਾ ਨਹੀਂ ਸੀ ਛੱਡ ਰਿਹਾ। ਸਾਰਾ ਦਿਨ ‘ਢੂਹੀ, ਢੂਹੀ’ ਕਰਦੀ ਮੰਜਾ ਮੱਲੀ ਰੱਖਦੀ। ਲਾਲਾ ਬਥੇਰੀ ਦੁਹਾਈ ਦਿੰਦਾ ਸੀ, ਉਸ ਨੂੰ ਡਾਕਟਰ ਕੋਲ ਲਿਜਾਣਾ ਚਾਹੀਦੈ। ਮਾਂ ਪੱਟੀ ਨਹੀਂ ਸੀ ਬੰਨ੍ਹਣ ਦਿੰਦੀ।

“ਤੈਨੂੰ ਬਹੂ ਦਾ ਹੇਰਵਾ ਮਾਰ ਗਿਐ। ਵੇ ਇਹ ਬੁੱਢੀਆਂ ਵਾਲੀਆਂ ਬੀਮਾਰੀਆਂ ਨੇ। ਬੁੱਢੀਆਂ ਹੀ ਇਹਦਾ ਇਲਾਜ ਜਾਣਦੀਆਂ ਨੇ। ਪਹਿਲਾ ਜਾਪਾ ਹੈ, ਬਹੂ ਦਾ ਸਰੀਰ ਨਾਜ਼ੁਕ ਜਿਹਾ ਹੈ। ਆਪੇ ਠੀਕ ਹੋ ਜੂ।”

ਨਾ ਸੌਧਾਂ ਨੇ ਠੀਕ ਹੋਣਾ ਸੀ, ਨਾ ਹੋਈ। ਸੱਸ ਦੀ ਗੋਦ ’ਚ ਚੰਦ ਵਰਗਾ ਪੋਤਾ ਪਾ ਕੇ ਨੂੰਹ ਦੁਨੀਆਂ ਤੋਂ ਕਿਨਾਰਾ ਕਰ ਗਈ।

ਕਬੀਲਦਾਰੀ ਦਾ ਜੂਲਾ ਮਸਾਂ ਮਾਂ ਨੇ ਗਲੋਂ ਲਾਹਿਆ ਸੀ। ਸੌਧਾਂ ਦੇ ਮਰਨ ਨਾਲ ਮੁੜ ਗਲ ਆ ਪਿਆ। ਦਿਨਾਂ ਦੇ ਬੱਚੇ ਦੀ ਪਰਵਰਿਸ਼ ਅਤੇ ਉੱਤੇ ਚੁੱਲ੍ਹੇ ’ਚ ਸਿਰ।

ਲਾਲਾ ਜੀ ਲਈ ਆਪਣਾ ਹੀ ਘਰ ਬੇਗਾਨਾ ਹੋ ਗਿਆ। ਧੋਬੀ ਦੇ ਕੁੱਤੇ ਵਾਂਗ ਉਹ ਨਾ ਘਰ ਦਾ ਰਿਹਾ, ਨਾ ਘਾਟ ਦਾ। ਘਰੇ ਆਉਂਦਾ ਤਾਂ ਕੰਧਾਂ ਵੱਢ-ਵੱਢ ਖਾਂਦੀਆਂ। ਬਾਹਰ ਹੁੰਦਾ ਤਾਂ ਬਲਦੇਵ ਦੀਆਂ ਚੀਕਾਂ ਘਰ ਨੂੰ ਧੂੰਹਦੀਆਂ। ਮਰਜ਼ੀ ਦਾ ਖਾਣਾ ਪੀਣਾ ਮੁੱਕ ਗਿਆ। ਧੋਤਾ ਕੱਪੜਾ ਮਿਲਣੋਂ ਹਟ ਗਿਆ। ਨਾ ਕਿਸੇ ਨਾਲ ਦੁੱਖ-ਸੁਖ ਸਾਂਝਾ ਹੋਣਾ, ਨਾ ਮਨ ਦਾ ਗੁਬਾਰ ਨਿਕਲ ਸਕਣਾ। ਚੁੱਪ ਕਰ ਕੇ ਘਰ ਆਉਣਾ, ਰੋਟੀ ਅੰਦਰ ਸੁੱਟਣੀ ਅਤੇ ਮੰਜਾ ਮੱਲ ਲੈਣਾ।

ਬਲਦੇਵ ਨੂੰ ਕਦੇ ਬੁਖ਼ਾਰ ਹੈ, ਕਦੇ ਖੰਘ ਅਤੇ ਕਦੇ ਟੱਟੀਆਂ। ਕਦੇ ਗਰਮੀ ਲੱਗ ਜਾਣੀ, ਕਦੇ ਠੰਢ। ਸਾਰੀ-ਸਾਰੀ ਰਾਤ ਜਗਰਾਤਾ ਕਰਨ ਦੀ ਮਾਂ ’ਚ ਹਿੰਮਤ ਨਹੀਂ ਸੀ। ਉਹਦੀ ਰੋਂਦੀ ਦੀ ਨਿਗਾਹ ਕਮਜ਼ੋਰ ਹੋ ਗਈ ਸੀ। ਗੋਡੇ ਵੀ ਜਵਾਬ ਦਿੰਦੇ ਜਾ ਰਹੇ ਸਨ।

ਆਥਣ-ਉਗਣ ਮਾਂ ਸਮਝਾਉਣ ਲੱਗਦੀ। ਮਰ ਗਿਆਂ ਨੂੰ ਦਿਲ ’ਚ ਲਈ ਫਿਰਨਾ ਕੋਈ ਸਿਆਣਪ ਨਹੀਂ ਹੁੰਦੀ। ਚੁੱਪ ਕਰ ਕੇ ਦੂਜਾ ਵਿਆਹ ਕਰਾ ਲੈ। ਮਰਦ ਕਿੰਨਾ ਕੁ ਚਿਰ ਬੱਚੇ ਦਾ ਹੱਗਣਾ-ਮੂਤਣਾ ਕਰ ਸਕਦਾ ਹੈ। ਇਹ ਕੰਮ ਤਾਂ ਔਰਤ ਹੀ ਕਰ ਸਕਦੀ ਹੈ।

ਕੁੱਝ ਵੀ ਸੀ। ਲਾਲਾ ਜੀ ਦਾ ਫ਼ੈਸਲਾ ਅਟੱਲ ਸੀ। ਨਾ ਉਹਨੇ ਦੂਜਾ ਵਿਆਹ ਕਰਾਉਣਾ ਸੀ, ਨਾ ਕਰਾਇਆ। ਜਦੋਂ ਪਹਿਲੀ ਹੀ ਧੋਖਾ ਦੇ ਗਈ ਤਾਂ ਦੂਜੀ ਦਾ ਕੀ ਭਰੋਸਾ? ਨਾਲੇ ਮਤਰੇਈ ਹੱਥ ਬਲਦੇਵ ਦਾ ਕੀ ਬਣੇਗਾ? ਉਹ ਆਪਣੇ ਸੁਖ ਲਈ ਬਲਦੇਵ ਦੀ ਜ਼ਿੰਦਗੀ ਨੂੰ ਨਰਕ ਨਹੀਂ ਬਣਾਏਗਾ।

“ਗੁਰੂ ਦੇਵ, ਜ਼ਰਾ ਥਾਲ ਨੂੰ ਹੱਥ ਲਾ ਦਿਓ।” ਦਰਸ਼ਨ ਨੇ ਪਤਾਸਿਆਂ ਨਾਲ ਭਰੇ ਥਾਲ ਨੂੰ ਲਾਲਾ ਜੀ ਅੱਗੇ ਕਰ ਕੇ ਉਹਨਾਂ ਦੀ ਇਕਾਗਰਤਾ ਭੰਗ ਕੀਤੀ। ਪਤਾਸਿਆਂ ਉਪਰ ਪਿਆ ਇੱਕ ਤਵੀਤ ਵੀ ਚਮਕ ਰਿਹਾ ਸੀ।

ਲਾਲਾ ਜੀ ਨੇ ਕੁੱਝ ਨਹੀਂ ਪੁੱਛਿਆ ਇਹ ਕੀ ਹੈ? ਉਹਨਾਂ ਦਾ ਮਨ ਕਿਸੇ ਨਾਲ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ। ਉਹ ਬੱਸ ਸੋਚੀ ਹੀ ਜਾਣਾ ਚਾਹੁੰਦੇ ਸਨ। ਚੁੱਪ ਕਰ ਕੇ ਉਹਨਾਂ ਥਾਲ ਨੂੰ ਹੱਥ ਲਾ ਦਿੱਤਾ।

ਦਰਸ਼ਨ ਆਪੇ ਦੱਸਣ ਲੱਗਾ। ਸੰਤੀ ਤਵੀਤ ਕਰਾ ਕੇ ਲਿਆਈ ਹੈ। ਤਵੀਤ ਨੂੰ ਚਰਖੇ ਦੇ ਮੁੰਨੇ ਨਾਲ ਬੰਨ੍ਹ ਕੇ ਚਰਖੇ ਨੂੰ ਪੁੱਠਾ ਘੁਮਾਉਣਾ ਹੈ। ਮੂੰਹ ਵਿੱਚ ਸੌ ਵਾਰੀ ਮੰਤਰ ਦਾ ਜਾਪ ਕਰਨਾ ਹੈ। ਫੇਰ ਤਵੀਤ ਨੂੰ ਮੁੰਨੇ ਨਾਲੋਂ ਲਾਹ ਕੇ ਲਾਲ ਮਿਰਚਾਂ ਵਾਲੇ ਠੀਕਰੇ ਵਿੱਚ ਪਾ ਕੇ ਸਾੜਨਾ ਹੈ। ਇਹ ਸੇਕ ਬੰਟੀ ਨੂੰ ਚੁੱਕਣ ਵਾਲਿਆਂ ਨੂੰ ਪੁੱਜਣਾ ਹੈ। ਉਹਨਾਂ ਦੇ ਸਰੀਰਾਂ ਨੇ ਉਸ ਸਮੇਂ ਤਕ ਮੱਚਦੇ ਰਹਿਣਾ ਹੈ, ਜਦੋਂ ਤਕ ਉਹ ਬੰਟੀ ਨੂੰ ਵਾਪਸ ਨਹੀਂ ਭੇਜਦੇ।

ਸੰਤੀ ਨੂੰ ਉੱਡਦੀ-ਉੱਡਦੀ ਖ਼ਬਰ ਅੱਧੀ ਰਾਤੀਂ ਮਿਲੀ ਸੀ। ਉਸੇ ਵਕਤ ਉਹ ਸੰਤਾਂ ਦੇ ਡੇਰੇ ਗਈ ਸੀ। ਪਹਿਲਾਂ ਤਾਂ ਕੱਚੀ ਨੀਂਦ ਉੱਠਣ ਕਰਕੇ ਸੰਤ ਝਈਆਂ ਲੈ-ਲੈ ਪਏ, ਪਰ ਜਦੋਂ ਲਾਲਾ ਜੀ ’ਤੇ ਪਈ ਭੀੜ ਦੀ ਗੱਲ ਸੁਣੀ ਤਾਂ ਠੰਢੇ ਹੋ ਗਏ। ਉਹਨਾਂ ਪੂਰਾ ਜ਼ੋਰ ਲਾ ਕੇ ਤਵੀਤ ਤਿਆਰ ਕੀਤਾ ਸੀ। ਟੂਣੇ-ਟਾਮਣਾ ਵਿੱਚ ਸੰਤ ਜੀ ਦੂਰ-ਦੂਰ ਤਕ ਮਸ਼ਹੂਰ ਹਨ। ਉਹਨਾਂ ਦਾ ਤਵੀਤ ਆਲ੍ਹਾ ਨਹੀਂ ਜਾਂਦਾ।

ਕੁੱਝ ਹੀ ਮਿੰਟਾਂ ਬਾਅਦ ਚਰਖਾ ਪੁੱਠਾ ਘੁੰਮਣ ਲੱਗਾ।

ਪੁੱਠੀਆਂ ਚੱਕੀਆਂ ਤਾਂ ਪਹਿਲਾਂ ਹੀ ਘਰ ’ਚ ਚੱਲ ਰਹੀਆਂ ਸਨ। ਇਹ ਟੂਣਾ ਸਾਧਾਂ ਦੀ ਵੀਰੋ ਨੇ ਦੱਸਿਆ ਸੀ। ਉਹ ਆਖਦੀ ਸੀ ਜਦੋਂ ੳਹ ਛੋਟੀ ਸੀ ਤਾਂ ਉਹਦਾ ਮਾਮਾ ਮਾਮੀ ਨਾਲ ਲੜ ਕੇ ਘਰੋਂ ਨਿਕਲ ਗਿਆ ਸੀ। ਬੀੜ ’ਚ ਆਏ ਇੱਕ ਸਾਧ ਨੇ ਇਹ ਟੂਣਾ ਦੱਸਿਆ ਸੀ। ਮਾਮੀ ਨੇ ਤਿੰਨ ਦਿਨ ਪੁੱਟੀ ਚੱਕੀ ਘੁਮਾਈ। ਚੌਥੇ ਦਿਨ ਮਾਮਾ ਘਰੇ ਆ ਵੜਿਆ।

ਪੁੱਠਾ ਤਵਾ ਤਾਂ ਰਾਤ ਕਾਂਤਾ ਨੇ ਆਪ ਹੀ ਚਾੜ੍ਹ ਲਿਆ ਸੀ। ਕਿਸੇ ਸਮੇਂ ਉਹਦੀ ਮਾਂ ਨੇ ਦੱਸਿਆ ਸੀ ਕਿ ਜੇ ਕਿਸੇ ਦਾ ਪਸ਼ੂ ਗੁਆਚਾ ਹੋਵੇ ਤਾਂ ਪੁੱਠੇ ਤਵੇਂ ’ਤੇ ਰੋਟੀ ਲਾਹੁਣ ਨਾਲ ਪਸ਼ੂ ਖੁਰਲੀ ’ਤੇ ਮੁੜ ਆਉਂਦੈ। ਜੇ ਜਾਨਵਰ ਮੁੜ ਸਕਦੈ ਤਾਂ ਬੰਦਾ ਕਿਉਂ ਨਹੀਂ। ਰੋਟੀਆਂ ਨਾਲ ਉਹਦਾ ਡੱਬਾ ਭਰ ਗਿਆ ਸੀ।

ਚਰਖਿਆਂ, ਚੱਕੀਆਂ ਦੀ ਘੂਕਰ ਲਾਲਾ ਜੀ ਨੂੰ ਬੇਚੈਨ ਕਰ ਰਹੀ ਸੀ। ਸੰਤੀ ਦਾ ਉੱਚੀ-ਉੱਚੀ ਮੰਤਰ ਪੜ੍ਹਨਾ ਉਹਨਾਂ ਨੂੰ ਹੋਰ ਵੀ ਬੁਰਾ ਲੱਗ ਰਿਹਾ ਸੀ।

ਸੰਤੀ ਆਪਣੀ ਪੂਰੀ ਵਾਹ ਲਾ ਰਹੀ ਸੀ। ਉਹ ਲਾਲਾ ਜੀ ਦੇ ਸਾਰੇ ਅਹਿਸਾਨ ਚੁਕਾ ਦੇਣਾ ਚਾਹੁੰਦੀ ਸੀ। ਉਸ ਦਾ ਪੰਡਤ ਤਾਂ ਭਰੀ ਜਵਾਨੀ ਵਿੱਚ ਹੀ ਚਾਰ ਧੀਆਂ ਛੱਡ ਕੇ ਤੁਰ ਗਿਆ ਸੀ। ਕੋਠੇ ਵਰਗੀਆਂ ਧੀਆਂ ਨਾਲ ਪਤਾ ਨਹੀਂ ਕੀ ਬੀਤਦੀ। ਲਾਲਾ ਜੀ ਨੇ ਰਹਿਮ ਕੀਤਾ ਸੀ। ਇੱਕ-ਇੱਕ ਕਰਕੇ ਰਾਮ ਲੀਲ੍ਹਾ ਕਮੇਟੀ ਵੱਲੋਂ ਸੀਤਾ-ਸਵੰਬਰ ਵਾਲੇ ਦਿਨ ਸਾਰੀਆਂ ਵਿਆਹ ਦਿੱਤੀਆਂ। ਵਰ ਵੀ ਵਧੀਆ ਟੱਕਰੇ ਅਤੇ ਦਹੇਜ਼ ਵੀ ਸ਼ਰੀਕਾਂ ਨਾਲੋਂ ਵੱਧ ਇਕੱਠਾ ਹੋਇਆ। ਸਾਰੀਆਂ ਧੀਆਂ ਲਾਲਾ ਜੀ ਦੀ ਕਿਰਪਾ ਕਰਕੇ ਸੁਖੀ ਵੱਸਦੀਆਂ ਨੇ।

ਸੰਤੀ ਦੇ ਮੰਤਰ ਤੋਂ ਖਹਿੜਾ ਛੁਡਾਉਣ ਲਈ ਲਾਲਾ ਜੀ ਨੇ ਆਪਣਾ ਧਿਆਨ ਫ਼ੋਟੋਆਂ ’ਚ ਲਗਾ ਦਿੱਤਾ। ਕਦੇ ਬਲਦੇਵ ਦੀ ਫ਼ੋਟੋ ਵਿਚੋਂ ਉਹਨਾਂ ਨੂੰ ਬੰਟੀ ਦੇ ਭਵਿੱਖ ਦੇ ਝਉਲੇ ਪੈਂਦੇ ਅਤੇ ਕਦੇ ਬੰਟੀ ਦੀ ਫ਼ੋਟੋ ਵਿਚੋਂ ਬਲਦੇਵ ਦੇ ਅਤੀਤ ਦੇ। ਕਦੇ ਬੰਟੀ ਬਲਦੇਵ ਬਣ ਜਾਂਦਾ ਅਤੇ ਕਦੇ ਬਲਦੇਵ ਬੰਟੀ। ਦੋਨੋਂ ਇੱਕ-ਮਿੱਕ ਹੋ ਗਏ ਲੱਗਦੇ ਸਨ।

ਬੰਟੀ ਦੀ ਉਮਰ ’ਚ ਬਲਦੇਵ ਬੰਟੀ ਵਰਗਾ ਹੁੰਦਾ ਸੀ। ਮੋਟੀਆਂ-ਮੋਟੀਆਂ ਅੱਖਾਂ, ਗੁੰਦਵਾਂ ਸਰੀਰ ਅਤੇ ਸਾਫ਼ ਸੁਥਰੀ ਆਵਾਜ਼।

ਪੰਜਵੇਂ ਵਰ੍ਹੇ ਹੀ ਜੇ ਚੰਦਰੀ ਬੀਮਾਰੀ ਨਾ ਚੰਬੜੀ ਹੁੰਦੀ ਤਾਂ ਬਲਦੇਵ ਨੇ ਵੀ ਲਾਲਾ ਜੀ ਵਰਗਾ ਹੀ ਭਰ ਜਵਾਨ ਗੱਭਰੂ ਨਿਕਲਣਾ ਸੀ। ਓਪਰੇ ਦੁੱਧ ਅਤੇ ਵੇਲੇ-ਕੁਵੇਲੇ ਦੀ ਠੰਢੀ-ਤੱਤੀ ਰੋਟੀ ਨੇ ਉਹਦਾ ਮਿਹਦਾ ਕਮਜ਼ੋਰ ਕਰ ਦਿੱਤਾ। ਦਸੀਂ-ਪੰਦਰੀ ਦਿਨੀ ਉਹ ਮੰਜੀ ਮੱਲ ਲੈਂਦਾ। ਪਾਣੀ ਤਕ ਨਾ ਪਚਦਾ। ਡਾਕਟਰ ਉਹਦਾ ਖਾਣਾ-ਪੀਣਾ ਬੰਦ ਕਰ ਦਿੰਦੇ। ਕਈ-ਕਈ ਦਿਨ ਉਹ ਹਸਪਤਾਲ ਵਿੱਚ ਰੁਲਦੇ ਰਹਿੰਦੇ।

ਹਸਪਤਾਲ ਦੇ ਚੱਕਰ ਕੱਟਦੇ-ਕੱਟਦੇ ਲਾਲਾ ਜੀ ਦੀ ਜ਼ਿੰਦਗੀ ਨੇ ਮੋੜ ਕੱਟਿਆ ਸੀ। ਬਲਦੇਵ ਲਾਲਾ ਜੀ ਦੀ ਹਾਜ਼ਰੀ ਤਾਂ ਭਾਲਦਾ ਸੀ ਪਰ ਟਹਿਲ ਸੇਵਾ ਨਹੀਂ। ਵਿਹਲਾ ਬੈਠਾ ਹਰਦਿਆਲ ਸਮਾਂ ਲੰਘਾਉਣ ਲਈ ਮਰੀਜ਼ਾਂ ਦੇ ਛੋਟੇ-ਮੋਟੇ ਕੰਮ ਕਰਦਾ ਰਹਿੰਦਾ। ਕਿਸੇ ਨੂੰ ਦਵਾਈ ਲਿਆ ਦਿੱਤੀ, ਕਿਸੇ ਦਾ ਦੁੱਧ ਗਰਮ ਕਰਾ ਲਿਆਂਦਾ ਅਤੇ ਕਿਸੇ ਨੂੰ ਟੱਟੀ ਪੇਸ਼ਾਬ ਕਰਾ ਦਿੱਤਾ।

ਕਈ ਵਾਰ ਅਜਿਹੇ ਮਰੀਜ਼ ਵੀ ਆਉਂਦੇ, ਜਿਨ੍ਹਾਂ ਦੀ ਉੱਘ-ਸੁੱਘ ਲੈਣ ਵਾਲਾ ਕੋਈ ਨਾ ਹੁੰਦਾ। ਉਸ ਬਦਨਸੀਬ ਨੂੰ ਹਸਪਤਾਲ ਵਾਲੇ ਵੀ ਨਾ ਗੌਲਦੇ। ਕਈ ਦੇਖ-ਭਾਲ ਬਾਝੋਂ ਦਮ ਤੋੜ ਜਾਂਦੇ। ਅਜਿਹੇ ਹੀ ਦੋ ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ਬਚਾ ਕੇ ਲਾਲਾ ਜੀ ਨੂੰ ਅਜੀਬ ਜਿਹਾ ਸਕੂਨ ਮਿਲਿਆ ਸੀ। ਉਹਨਾਂ ਦੇ ਗ਼ਮ, ਖ਼ੁਸ਼ੀ ਵਿੱਚ ਬਦਲਣ ਲੱਗੇ ਸਨ। ਉਹਨਾਂ ਨੂੰ ਖ਼ੁਸ਼ੀ ਦਾ ਰਾਹ ਦਿਸ ਗਿਆ ਸੀ।

ਬਲਦੇਵ ਰਾਜ਼ੀ ਵੀ ਹੁੰਦਾ ਤਾਂ ਉਹ ਹਸਪਤਾਲ ਗੇੜਾ ਮਾਰਦੇ। ਮਰੀਜ਼ਾਂ ਨੂੰ ਵੀ ਉਹਦੀ ਲੋੜ ਮਹਿਸੂਸ ਹੋਣ ਲੱਗੀ ਸੀ। ਉਹ ਇੱਕ ਦਿਨ ਗੇੜਾ ਨਾ ਮਾਰਦਾ ਤਾਂ ਮਰੀਜ਼ਾਂ ਦੇ ਚਿਹਰੇ ਮੁਰਝਾ ਜਾਂਦੇ। ਕਿਸੇ ਦੇ ਕੱਪੜੇ ਗੰਦੇ ਰਹਿ ਜਾਂਦੇ, ਕਿਸੇ ਨੂੰ ਦੁੱਧ ਨਾ ਮਿਲਦਾ ਅਤੇ ਕਿਸੇ ਦੀ ਦਵਾਈ ਖੁੰਝ ਜਾਂਦੀ।

ਵੱਡਾ ਹੋਇਆ ਬਲਦੇਵ ਸਕੂਲ ਜਾਣ ਲੱਗਾ। ਕਰਨ ਲਈ ਲਾਲਾ ਜੀ ਕੋਲ ਹੋਰ ਕੋਈ ਕੰਮ ਨਹੀਂ ਸੀ। ਸਕੂਲੋਂ ਮੁੜਦੇ ਉਹ ਹਸਪਤਾਲ ਰੁਕਣ ਲੱਗੇ। ਜਿੰਨਾ ਕੁ ਸਰਦਾ ਕੋਲੋਂ ਖ਼ਰਚ ਦਿੰਦੇ, ਬਾਕੀ ਇਧਰੋਂ ਉਧਰੋਂ ਮੰਗ ਲੈਂਦੇ। ਸੇਵਾ ਸੰਮਤੀ ਨਵੀਂ-ਨਵੀਂ ਬਣੀ ਸੀ। ਲਾਲਾ ਜੀ ਦੀ ਰੀਸ ਨਾਲ ਉਹ ਵੀ ਮਰੀਜ਼ਾਂ ਵੱਲ ਧਿਆਨ ਦੇਣ ਲੱਗੀ। ਫਿਰ ਪੈਸਾ ਸੇਵਾ-ਸੰਮਤੀ ਵਾਲੇ ਖ਼ਰਚਣ ਲੱਗੇ, ਦੇਖ-ਭਾਲ ਲਾਲਾ ਜੀ ਕਰ ਦਿੰਦੇ। ਮਰੀਜ਼ਾਂ ਲਈ ਤਾਂ ਲਾਲਾ ਜੀ ਮਸੀਹਾ ਹੀ ਬਣ ਗਏ।

ਹਸਪਤਾਲ ’ਚ ਲਾਵਾਰਸ ਲਾਸ਼ਾਂ ਵੀ ਟੱਕਰਨ ਲੱਗੀਆਂ। ਲਾਵਾਰਸ ਲਾਸ਼ ਨੂੰ ਕਮੇਟੀ ਵਾਲੇ ਜਦੋਂ ਮਰੇ ਕੁੱਤੇ ਵਾਂਗ ਕੂੜੇ ਵਾਲੀ ਰੇਹੜੀ ਵਿੱਚ ਲੱਦ ਕੇ ਸ਼ਮਸ਼ਾਨ ਘਾਟ ਵੱਲ ਲਿਜਾਂਦੇ ਤਾਂ ਲਾਲਾ ਜੀ ਦੀਆਂ ਅੱਖਾਂ ਭਰ ਆਉਂਦੀਆਂ। ਕਿੰਨੀਆਂ ਆਸਾਂ ਲੈ ਕੇ ਜਿਊਂਦਾ ਹੈ ਮਨੁੱਖ ) ਜਦੋਂ ਸੰਘਰਸ਼ ਹਾਰ ਜਾਂਦਾ ਹੈ ਤਾਂ ਕੁੱਤਿਆਂ ਨਾਲੋਂ ਵੀ ਭੈੜੀ ਮੌਤ ਮਰਦਾ ਹੈ। ਕਈਆਂ ਨੂੰ ਤਾਂ ਕਫ਼ਨ ਵੀ ਨਸੀਬ ਨਹੀਂ ਸੀ ਹੁੰਦਾ। ਕਮੇਟੀ ਵਾਲੇ ਤਾਂ ਲੱਕੜਾਂ ਵੀ ਪੂਰੀਆਂ ਨਹੀਂ ਸੀ ਪਾਉਂਦੇ। ਪਾਥੀਆਂ ਨਾਲ ਹੀ ਸਾਰ ਦਿੰਦੇ ਸਨ। ਨਾ ਕੋਈ ਕਿਰਿਆ ਕਰਮ, ਨਾ ਸ਼ਰਾਧ। ਫੁੱਲ ਗੰਗਾ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਰਨ ਵਾਲੇ ਦੀ ਰੂਹ ਭਟਕਦੀ ਹੈ ਤਾਂ ਭਟਕਦੀ ਰਹੇ। ਕਿਸੇ ਨੂੰ ਕੀ?

ਲਾਸ਼ਾਂ ਨੂੰ ਮਾਣ-ਇੱਜ਼ਤ ਬਖ਼ਸ਼ਣ ਲਈ ਲਾਲਾ ਜੀ ਨੂੰ ਬਹੁਤ ਭੱਜ-ਨੱਠ ਕਰਨੀ ਪਈ। ਕੁੱਝ ਖ਼ਰਚ ਕਮੇਟੀ ਤੋਂ ਮਨਜ਼ੂਰ ਕਰਾਇਆ, ਕੁੱਝ ਸੇਵਾ ਸੰਮਤੀ ਤੋਂ ਅਤੇ ਬਾਕੀ ਮਹਾਂਬੀਰ ਦਲ ਤੋਂ। ਕਿਰਿਆ ਕਰਮ ਉਹ ਆਪਣੇ ਹੱਥੀਂ ਕਰਾਉਂਦੇ। ਹਰਿਦੁਆਰ ਜਾ ਕੇ ਸਾਰੇ ਬਦਨਸੀਬਾਂ ਦੇ ਫੁੱਲ ਵੀ ਗੰਗਾ ਪਾ ਆਉਂਦੇ।

ਸ਼ਮਸ਼ਾਨ ਘਾਟ ਜਾਣ ਲੱਗੇ ਤਾਂ ਉਥੋਂ ਦੀਆਂ ਤਕਲੀਫ਼ਾਂ ਸਤਾਉਣ ਲੱਗੀਆਂ। ਮਲ੍ਹੇ, ਝਾੜੀਆਂ, ਟੁੱਟੇ ਘੜਿਆਂ ਦੀਆਂ ਠੀਕਰੀਆਂ, ਮੱਟੀਆਂ ਦੀਆਂ ਉੱਖੜੀਆਂ ਇੱਟਾਂ ਤੋਂ ਸਿਵਾ ਕੁੱਝ ਵੀ ਨਹੀਂ ਸੀ ਉਥੇ। ਲੱਕੜਾਂ ਲੈਣ ਲਈ ਕੋਹ ਵਾਟ ਜਾਣਾ ਪੈਂਦਾ। ਗਰਮੀਆਂ ’ਚ ਨੜੋਏ ਨਾਲ ਆਏ ਬੰਦੇ ਗਰਮੀ ਨਾਲ ਹੀ ਅਧ-ਮੋਏ ਹੋ ਜਾਂਦੇ। ਨਾ ਬੈਠਣ ਨੂੰ ਥਾਂ, ਨਾ ਪੀਣ ਨੂੰ ਪਾਣੀ। ਕੋਈ ਚਾਰ ਦੀਵਾਰੀ ਨਹੀਂ, ਕੋਈ ਰਖਵਾਲਾ ਨਹੀਂ। ਕਈ ਵਾਰ ਕੁੱਤੇ ਤਾਜ਼ੇ ਦੱਬੇ ਬੱਚਿਆਂ ਦੀਆਂ ਲਾਸ਼ਾਂ ਕੱਢ ਲੈਂਦੇ ਅਤੇ ਲੱਤਾਂ ਬਾਹਾਂ ਘੜੀਸੀ ਫਿਰਦੇ। ਮੀਂਹ ਕਣੀ ਹੁੰਦੀ ਤਾਂ ਤਿੰਨ-ਤਿੰਨ ਚਾਰ-ਚਾਰ ਦਿਨ ਲਾਸ਼ ਬਿੱਲੇ ਨਾ ਲੱਗਦੀ।

ਲਾਲਾ ਜੀ ਨੇ ਪਹਿਲਾਂ ਕਮੇਟੀ ਬਣਾਈ। ਲੱਕੜਾਂ ਸੁਟਵਾਈਆਂ, ਨਲਕਾ ਲਵਾਇਆ ਅਤੇ ਆਖ਼ਰ ਵਿੱਚ ਸ਼ੈੱਡ ਬਣਾਏ। ਲੋਕਾਂ ਨੂੰ ਥੋੜ੍ਹਾ ਜਿਹਾ ਸੁਖ ਦਾ ਸਾਹ ਆਉਣ ਲੱਗਾ ਤਾਂ ਆਪਣੇ ਆਪ ਦਾਨ ਦੇਣ ਲੱਗੇ।

ਮਿੱਠੂ ਸੇਠ ਨੇ ਆਪਣੀ ਪੁਰਾਣੀ ਹਵੇਲੀ ਸ਼ਮਸ਼ਾਨ ਘਾਟ ਦੇ ਨਾਂ ਲਗਵਾ ਦਿੱਤੀ। ਉਸ ਨੂੰ ਹਵੇਲੀ ਦਾ ਕੋਈ ਫ਼ਾਇਦਾ ਨਹੀਂ ਸੀ। ਤਿੰਨ ਪੁਸ਼ਤਾਂ ਤੋਂ ਹੀ ਇਹ ਹਵੇਲੀ ਉਜਾੜ ਪਈ ਸੀ। ਕਦੇ ਕੋਈ ਇਥੇ ਰਹਿੰਦਾ ਵੀ ਰਿਹਾ ਸੀ ਜਾਂ ਨਹੀਂ, ਕਿਸੇ ਨੂੰ ਨਹੀਂ ਪਤਾ। ਲੋਕਾਂ ਨੂੰ ਇਸ ਹਵੇਲੀ ਬਾਰੇ ਪ੍ਰਚੱਲਤ ਦੰਦ-ਕਥਾਵਾਂ ਦਾ ਹੀ ਪਤਾ ਸੀ। ਜਿਸ ਸੇਠ ਨੇ ਇਹ ਹਵੇਲੀ ਬਣਵਾਈ ਸੀ, ਉਹ ਚੌਦਾਂ ਧੀਆਂ-ਪੁੱਤ ਜੰਮ ਕੇ ਵੀ ਔਤ ਮਰਿਆ ਸੀ। ਉਸ ਜੋੜੇ ਦੀ ਰੂਹ ਇਸ ਹਵੇਲੀ ਵਿੱਚ ਭਟਕਦੀ ਫਿਰਦੀ ਹੈ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਅਵਾਜ਼ਾਂ ਅਤੇ ਚੀਕਾਂ ਇਸ ਹਵੇਲੀ ਵਿਚੋਂ ਸੁਣੀਆਂ ਸਨ। ਕਈ ਆਖਦੇ ਸਨ ਇਥੇ ਕਾਲਾ ਨਾਗ ਸਾਰਾ ਦਿਨ ਫੁੰਕਾਰੇ ਮਾਰਦਾ ਰਹਿੰਦਾ ਹੈ। ਹਵੇਲੀ ’ਚ ਰਹਿਣਾ ਤਾਂ ਇੱਕ ਪਾਸੇ ਰਿਹਾ, ਡਰਦਾ ਕੋਈ ਉਧਰ ਦੀ ਲੰਘਦਾ ਵੀ ਨਹੀਂ ਸੀ। ਅੱਧ-ਪਚੱਧ ਹਵੇਲੀ ਢਹਿ ਚੁੱਕੀ ਸੀ, ਉਥੇ ਅੱਜ-ਕੱਲ੍ਹ ਕਬੂਤਰ ਅਤੇ ਉੱਲੂ ਵੱਸਦੇ ਸਨ।

ਲਾਲਾ ਜੀ ਨੇ ਹਵੇਲੀ ਢਾਹੁਣ ਦਾ ਕੰਮ ਆਪਣੇ ਜ਼ਿੰਮੇ ਲਿਆ। ਪਹਿਲਾਂ ਪੂਰੀਆਂ ਧਾਰਮਿਕ ਰਸਮਾਂ ਨਾਲ ਰੂਹਾਂ ਦੀ ਗਤੀ ਕਰਾਈ ਗਈ। ਫੇਰ ਮੰਤਰਾਂ ਦੇ ਉਚਾਰਨ ਨਾਲ ਹਵੇਲੀ ਢਾਹੁਣ ਦਾ ਕੰਮ ਸ਼ੁਰੂ ਹੋਇਆ।

ਹਵੇਲੀ ਦੇ ਮਲਬੇ ਨਾਲ ਸ਼ਮਸ਼ਾਨ ਘਾਟ ਦੀ ਨੁਹਾਰ ਹੀ ਬਦਲ ਗਈ। ਲਾਸ਼ਾਂ ਨੂੰ ਦਫ਼ਨਾਉਣ ਲਈ ਚਬੂਤਰੇ ਬਣ ਗਏ, ਪਾਣੀ ਵਾਲੀ ਟੈਂਕੀ ਖੜੀ ਹੋ ਗਈ ਅਤੇ ਮੋਢੇ ਜਿੱਡੀ ਚਾਰ ਦੀਵਾਰੀ ਬਣ ਗਈ। ਵਾਧੂ-ਘਾਟੂ ਸਮਾਨ ਦੇ ਪੈਸਿਆਂ ’ਚ ਟੂਟੀਆਂ ਲੱਗ ਗਈਆਂ ਅਤੇ ਬਿਜਲੀ ਦੀ ਮੋਟਰ ਆ ਗਈ।

ਜੈਨੀਆਂ ਦੀ ਮਾਂ ਮਰੀ ਤਾਂ ਉਹਨਾਂ ਸ਼ਮਸ਼ਾਨ ਘਾਟ ਵਿੱਚ ਬਗ਼ੀਚੀ ਲਗਵਾ ਦਿੱਤੀ। ਵਿਚਕਾਰ ਸ਼ਿਵ ਦੀ ਮੂਰਤੀ ਦੀ ਸਥਾਪਨਾ ਕਰਾ ਦਿੱਤਾ ਅਤੇ ਬਗ਼ੀਚੀ ਦੀ ਦੇਖ-ਭਾਲ ਲਈ ਮਾਲੀ ਰਖਵਾ ਦਿੱਤਾ।

ਲਾਲਾ ਜੀ ਦੀ ਚੜ੍ਹਤ ਤੋਂ ਕਈਆਂ ਨੂੰ ਚਿੜ ਹੋਣ ਲੱਗੀ। ਉਹ ਮਿਹਣੇ ਮਾਰਨ ਲੱਗੇ।

“ਮੜ੍ਹੀਆਂ ਨਾਲ ਮੋਹ ਪਾ ਕੇ ਵੀ ਕਿਸੇ ਕੁੱਝ ਖੱਟਿਐ?”

ਉਸ ਸਮੇਂ ਤਾਂ ਲਾਲਾ ਜੀ ਦੇ ਕੰਨ ’ਤੇ ਜੂੰ ਨਹੀਂ ਸੀ ਸਰਕਦੀ। ਹੁਣ ਉਹ ਸੋਚ ਰਹੇ ਸਨ। ਸੱਚਮੁੱਚ ਉਸ ਨੇ ਮੜ੍ਹੀਆਂ ’ਚੋਂ ਕੁੱਝ ਨਹੀਂ ਖੱਟਿਆ, ਸਗੋਂ ਮੜ੍ਹੀਆਂ ਨੇ ਉਸ ਨਾਲ ਮੋਹ ਪਾ ਲਿਐ। ਪਹਿਲਾ ਬਲਦੇਵ ਗਿਆ, ਮਗਰੇ ਮਾਂ … ਅਤੇ ਹੁਣ … ਉਹਨਾਂ ਨੂੰ ਲੱਗਾ, ੳਹ ਆਪਣੀਆਂ ਬਾਹਾਂ ’ਤੇ ਬੰਟੀ ਦੀ ਲਾਸ਼ ਪਾਈ ਆਪਣੀਆਂ ਹੀ ਸਜਾਈਆਂ ਸੰਵਾਰੀਆਂ ਮੜ੍ਹੀਆਂ ਵੱਲ ਜਾ ਰਿਹਾ ਹੈ … ।

“ਨਹੀਂ … ਨਹੀਂ … ।” ਆਪ ਮੁਹਾਰੇ ਲਾਲਾ ਜੀ ਦੀਆਂ ਚੀਕਾਂ ਹਵਾ ਵਿੱਚ ਗੂੰਜਣ ਲੱਗੀਆਂ।

“ਕੀ ਗੱਲ? ਕੀ ਹੋਇਆ?” ਘਬਰਾਈ ਭੀੜ ਉਹਨਾਂ ’ਤੇ ਉੱਲਰ ਗਈ।

“ਕੁਛ ਨੀ … ਕੁਛ ਨੀ … ਇੱਕ ਮਾੜਾ ਸੁਫ਼ਨਾ ਦੇਖਿਐ … ।” ਜੋ ਕੁੱਝ ਉਹ ਦੇਖ ਰਹੇ ਸੀ, ਉਹ ਇੱਕ ਸੁਫ਼ਨਾ ਸੀ, ਇਹ ਜਾਣ ਕੇ ਉਹਨਾਂ ਦੀ ਜਾਨ ਵਿੱਚ ਜਾਨ ਆਈ।

ਆਪਣਾ ਅਤੇ ਹਮਦਰਦਾਂ ਦਾ ਧਿਆਨ ਚੰਗੇ ਪਾਸੇ ਲਾਉਣ ਲਈ ਲਾਲਾ ਜੀ ਇਤਿਹਾਸਕ ਮਿਥਿਹਾਸਕ ਕਹਾਣੀਆਂ ਛੋਹ ਕੇ ਬੈਠ ਗਏ। ਹਰੀਸ਼ ਚੰਦਰ ’ਤੇ ਆਏ ਸੰਕਟ ਦੀਆਂ। ਲਛਮਣ ਮੂਰਛਾ ਦੀਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਹੀਦ ਹੋਏ ਚਾਰੇ ਸਾਹਿਬਜ਼ਾਦਿਆਂ ਦੀਆਂ। ਇਹ ਕੁੱਝ ਘੜੀਆਂ ਦਾ ਗ੍ਰਹਿ ਹੈ, ਜੋ ਉਹਨਾਂ ’ਤੇ ਆਇਆ ਹੈ। ਇਸ ਨੇ ਟਲ ਹੀ ਜਾਣਾ ਹੈ। ਗ੍ਰਹਿ-ਚੱਕਰ ਤਾਂ ਦੇਵੀ-ਦੇਵਤਿਆਂ ਨੂੰ ਨਹੀਂ ਬਖ਼ਸ਼ਦਾ, ਉਹ ਤਾਂ ਮਾਮੂਲੀ ਮਨੁੱਖ ਹਨ।

ਉਹ ਦੱਸਣ ਲੱਗੇ ਕਿ ਹਰ ਵਿਦਵਾਨ ਨੇ ਬੰਟੀ ਦੀ ਲੰਬੀ ਉਮਰ ਦੀ ਭਵਿੱਖਬਾਣੀ ਕੀਤੀ ਹੋਈ ਹੈ। ਫ਼ਿਕਰ ਵਾਲੀ ਕੋਈ ਗੱਲ ਨਹੀਂ, ਪਾਂਧੇ ’ਤੇ ਉਹਨਾਂ ਨੂੰ ਮਾਣ ਸੀ।

ਬਲਦੇਵ ਦੀ ਜਨਮ-ਪੱਤਰੀ ਦੇਖ ਕੇ ਪਾਂਧਾ ਹਮੇਸ਼ਾ ਹੀ ਚੁੱਪ ਹੋ ਜਾਇਆ ਕਰਦਾ ਸੀ। ਵਾਰ-ਵਾਰ ਪੁੱਛਣ ’ਤੇ ਇਹੋ ਆਖਦਾ ਕਿ ਮੁੰਡਾ ਸੁਖ ਨਹੀਂ ਦੇਣ ਲੱਗਾ।

ਉਹ ਤਾਂ ਬਲਦੇਵ ਦੀਆਂ ਹਰਕਤਾਂ ਤੋਂ ਹੀ ਨਜ਼ਰ ਆਉਂਦਾ ਸੀ। ਉਹ ਲਾਲਾ ਜੀ ਵਾਲੀ ਦਿਸ਼ਾ ਤੋਂ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਧਰਮ-ਕਰਮ ਨੂੰ ਉੱਕਾ ਨਹੀਂ ਸੀ ਮੰਨਦਾ। ਲਾਲਾ ਜੀ ਵਾਂਗ ਧੋਤੀ-ਕੁੜਤਾ ਨਹੀਂ ਸੀ ਪਾਉਂਦਾ। ਸਵੇਰੇ-ਸ਼ਾਮ ਪੂਜਾ-ਪਾਠ ਨਹੀਂ ਸੀ ਕਰਦਾ। ਕਦੇ- ਕਦੇ ਬੀੜੀ ਸਿਗਰਟ ਵੀ ਪੀ ਲੈਂਦਾ ਸੀ। ਬਹੁਤਾ ਪੜ੍ਹਿਆ-ਲਿਖਿਆ ਵੀ ਨਹੀਂ। ਦਸਵੀਂ ਕਰ ਕੇ ਪ੍ਰਾਈਵੇਟ ਸਕੂਲ ਵਿੱਚ ਕਲਰਕ ਲੱਗ ਗਿਆ। ਵਿਆਹ ਕੀਤਾ ਤਾਂ ਉਪਰੋਥੱਲੀ ਦੋ ਲੜਕੀਆਂ ਹੋ ਗਈਆਂ। ਤੀਜੀ ਵਾਰੀ ਬਹੂ ਨੂੰ ਲੈ ਕੇ ਅੰਮ੍ਰਿਤਸਰ ਨੂੰ ਚੜ੍ਹ ਗਿਆ। ਲਾਲਾ ਜੀ ਦੀ ਇੱਕ ਨਾ ਸੁਣੀ। ਰੱਬ ਦੇ ਜੀਅ ਨੂੰ ਧਰਤੀ ’ਤੇ ਆਉਣ ਦੇਣਾ ਚਾਹੀਦੈ। ਗਰਭ-ਪਾਤ ਪਾਪ ਸੀ। ਹਰ ਜੀਅ ਆਪਣੀ ਕਿਸਮਤ ਆਪ ਲੈ ਕੇ ਆਉਂਦਾ ਹੈ, ਪਰ ਉਸ ਨੂੰ ਹੋਰ ਧੀਆਂ ਦੀ ਜ਼ਰੂਰਤ ਨਹੀਂ ਸੀ। ਗਰਭ ਵਿੱਚ ਮੁੰਡਾ ਹੈ ਤਾਂ ਦੁਨੀਆਂ ’ਤੇ ਆਵੇ, ਨਹੀਂ ਤੁਰਦਾ ਬਣੇ। ਲਾਲਾ ਜੀ ਨੇ ਲੱਖ ਵਾਰ ਧਰਤੀ ਨਮਸਕਾਰੀ, ਜਦੋਂ ਪਤਾ ਲੱਗਾ, ਪੇਟ ਵਿੱਚ ਬੰਟੀ ਸੀ। ਉਹਨਾਂ ਦੇ ਘਰ ਜੀਵ-ਹੱਤਿਆ ਹੋਣੋਂ ਬਚ ਗਈ।

ਬਲਦੇਵ ਲਾਲਾ ਜੀ ਨੂੰ ਆਦਰਸ਼ਵਾਦੀ ਆਖਦਾ ਸੀ। ਉਸ ਨੂੰ ਸਾਦਾ ਖਾਣ-ਪੀਣ ਪਸੰਦ ਨਹੀਂ ਸੀ। ਉਹ ਘਰੇ ਟਿਕ ਕੇ ਬੈਠਣਾ ਨਹੀਂ ਸੀ ਚਾਹੁੰਦਾ। ਉਹ ਧੀਆਂ ਦਾ ਬਾਪ ਸੀ। ਉਹ ਨਹੀਂ ਸੀ ਚਾਹੁੰਦਾ, ਉਸ ਦੀਆਂ ਧੀਆਂ ਨੂੰ ਰਾਮ ਲੀਲ੍ਹਾ ਕਮੇਟੀ ਵਾਲੇ ਵਿਆਹੁਣ। ੳਹ ਬੰਟੀ ਨੂੰ ਵੀ ਤੱਪੜਾਂ ਵਾਲੇ ਗੌਰਮਿੰਟ ਸਕੂਲ ’ਚ ਨਹੀਂ ਸੀ ਪੜ੍ਹਾ ਸਕਦਾ। ਉਹ ਧੀਆਂ ਪੁੱਤਾਂ ਨੂੰ ਉੱਚੀ ਸਿੱਖਿਆ ਦੇ ਕੇ ਅਸਮਾਨੀ ਚੜ੍ਹਾਉਣ ਦੇ ਸੁਫ਼ਨੇ ਲੈਂਦਾ ਸੀ।

ਦਿਨ ਰਾਤ ਮਿਹਨਤ ਕਰ ਕੇ ਉਹ ਬੈਂਕ ’ਚ ਕਲਰਕ ਜਾ ਲੱਗਾ। ਬਾਰਾਂ ਸੌ ਦੀ ਥਾਂ ਅਠਾਰਾਂ ਸੌ ਤਨਖ਼ਾਹ ਮਿਲਣ ਲੱਗੀ। ਕੁੱਝ ਮਹੀਨੇ ਹੀ ਸੰਗਰੂਰ ਜਾਣਾ ਪੈਣਾ ਸੀ। ਫੇਰ ਇਥੋਂ ਦੀ ਬਦਲੀ ਹੋ ਜਾਣੀ ਸੀ।

ਕਿਸੇ ਨੂੰ ਕੀ ਪਤਾ ਸੀ, ਮੌਤ ਉਸ ਨੂੰ ਹਾਕਾਂ ਮਾਰ ਰਹੀ ਸੀ। ਵਿਹੁ ਮਾਤਾ ਨੇ ਨੌਕਰੀ ਦਾ ਬਹਾਨਾ ਘੜਿਆ ਸੀ, ਉਸ ਨੂੰ ਆਪਣੇ ਮਰਨ ਵਾਲੀ ਥਾਂ ’ਤੇ ਸੱਦਣ ਦਾ। ਦੂਸਰੇ ਹੀ ਮਹੀਨੇ ਟਰੱਕ ਹੇਠਾਂ ਆ ਕੇ ਮਰ ਗਿਆ ਸੀ।

ਇਤਿਹਾਸ ਦੁਹਰਾਇਆ ਗਿਆ। ਲਾਲਾ ਜੀ ਵਾਂਗ ਬੰਟੀ ਵੀ ਛੋਟੀ ਉਮਰੇ ਬੇਸਹਾਰਾ ਹੋ ਗਿਆ, ਪਰ ਉਸ ਲਈ ਲਾਲਾ ਜੀ ਹਾਜ਼ਰ ਸਨ। ਉਹਨਾਂ ਚੁਣੌਤੀ ਕਬੂਲ ਕੀਤੀ। ਲਾਲਾ ਜੀ ਨੇ ਤਹੱਈਆ ਕੀਤਾ ਕਿ ਉਹ ਬੰਟੀ ਨੂੰ ਬਲਦੇਵ ਦੀ ਗ਼ੈਰ-ਹਾਜ਼ਰੀ ਮਹਿਸੂਸ ਨਹੀਂ ਹੋਣ ਦੇਣਗੇ।

ਚਾਰ ਸਾਲਾਂ ਤੋਂ ਉਹ ਆਪਣਾ ਫ਼ਰਜ਼ ਨਿਭਾਉਂਦੇ ਆ ਰਹੇ ਸਨ।

ਯੁਵਾ ਸੰਘ ਦੀ ਸਥਾਪਨਾ ਕਰ ਕੇ ਉਹਨਾਂ ਬਹੁਤਾ ਭਾਰ ਨੌਜਵਾਨਾਂ ਦੇ ਮੋਢਿਆਂ ’ਤੇ ਪਾ ਦਿੱਤਾ ਸੀ। ਉਹਨਾਂ ਨੂੰ ਪਹਿਲਾਂ ਹੀ ਪਛਤਾਵਾ ਸੀ। ਬਲਦੇਵ ਵੱਲ ਉਹ ਬਹੁਤਾ ਧਿਆਨ ਨਹੀਂ ਸੀ ਦੇ ਸਕੇ। ਸਾਰਾ ਦਿਨ ਲੋਕਾਂ ਦੇ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ। ਉਹ ਇਸੇ ਗੱਲ ’ਤੇ ਉਹਨਾਂ ਨਾਲ ਗੁੱਸੇ ਰਹਿੰਦਾ ਸੀ। ਇਸ ਸ਼ਿਕਾਇਤ ਦਾ ਮੌਕਾ ਉਹ ਬੰਟੀ ਨੂੰ ਨਹੀਂ ਸੀ ਦੇਣਾ ਚਾਹੁੰਦੇ।

ਕੀ ਪਤਾ ਸੀ ਬਲਦੇਵ ਨੂੰ ਫੇਰ ਵੀ ਸ਼ਿਕਾਇਤ ਕਰਨ ਦਾ ਮੌਕਾ ਮਿਲ ਹੀ ਜਾਏਗਾ।

ਬਲਦੇਵ ਵਾਰ-ਵਾਰ ਉਹਨਾਂ ਅੱਗੇ ਆ ਖੜੋਂਦਾ ਸੀ। ਉਹਨਾਂ ਨੂੰ ਉਲਾਂਭੇ ’ਤੇ ਉਲਾਂਭਾ ਦੇ ਰਿਹਾ ਸੀ। ਜਿਵੇਂ ਆਖ ਰਿਹਾ ਸੀ, “ਚੁੱਕ ਲੈ ਆਪਣੀ ਸਮਾਜ-ਸੇਵਾ ਨੂੰ ਮੋਢਿਆਂ ’ਤੇ। ਤੇਰਾ ਤੁਖ਼ਮ ਇਸ ਦੁਨੀਆਂ ਤੋਂ ਚੁੱਕਿਆ ਗਿਆ, ਤੈਥੋਂ ਇੱਕ ਬੱਚਾ ਵੀ ਨਹੀਂ ਸੰਭਾਲਿਆ ਗਿਆ।”

ਉਹਨਾਂ ਨੂੰ ਕਈ ਵਾਰ ਝਉਲੇ ਪੈ ਰਹੇ ਸਨ, ਜਿਵੇਂ ਬਲਦੇਵ ਉਹਨਾਂ ਤੋਂ ਬੰਟੀ ਨੂੰ ਹਥਿਆ ਰਿਹਾ ਹੈ, ਬੰਟੀ ਨੂੰ ਉਂਗਲ ਲਾ ਕੇ ਕਿਸੇ ਅਣਪਛਾਤੀ ਥਾਂ ਵੱਲ ਲੈ ਕੇ ਜਾ ਰਿਹਾ ਹੈ … । ਉਹਨਾਂ ਦੀ ਇੱਕ ਵਾਰ ਫੇਰ ਚੀਕ ਨਿਕਲ ਚੱਲੀ ਸੀ ਪਰ ਇਸ ਵਾਰ ਉਹਨਾਂ ਕਾਬੂ ਰੱਖਿਆ। ਦੂਜਿਆਂ ਨੂੰ ਰੱਬ ਦਾ ਭਾਣਾ ਮੰਨਣ ਦਾ ਸਬਕ ਦੇਣ ਵਾਲਾ ਆਪ ਹੀ ਡੋਲ ਗਿਆ। ਸੋਚ ਕੇ ਉਹਨਾਂ ਚੀਕ ਅੰਦਰ ਹੀ ਦਬਾ ਲਈ।

ਨੌਂ ਵਾਲੀ ਗੱਡੀ ਜਦੋਂ ਯੁਵਾ ਸੰਘ ਦੀ ਆਖ਼ਰੀ ਟੋਲੀ ਵੀ ਖ਼ਾਲੀ ਹੱਥ ਮੁੜ ਆਈ ਤਾਂ ਸਭ ਦੇ ਮਾਪੇ ਜਿਹੇ ਮਾਰੇ ਗਏ।

ਪੁਲਿਸ ਨੂੰ ਇਤਲਾਹ ਦੇਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ।

ਕੀ ਬੰਟੀ ਮੁੜ ਕੇ ਨਹੀਂ ਆਏਗਾ? ਕੀ ਲਾਲਾ ਜੀ ਦੇ ਉਮਰ-ਭਰ ਦੇ ਪੁੰਨ-ਦਾਨ ਦਾ ਇਹੋ ਫਲ ਸੀ? ਹਜ਼ਾਰਾਂ ਪ੍ਰਸ਼ਨ ਜਵਾਰਭਾਟੇ ਵਾਂਗ ਲਾਲਾ ਜੀ ਅੰਦਰ ਉਛਾਲੇ ਮਾਰਨ ਲੱਗੇ।

ਸ਼ਹਿਰ ’ਚ ਕਿਹੜੀ ਭਲਾਈ ਸੀ, ਜਿਹੜੀ ਲਾਲਾ ਜੀ ਨੇ ਤਨੋ-ਮਨੋਂ ਨਹੀਂ ਸੀ ਕੀਤੀ।

ਅੱਜ ਕੱਲ੍ਹ ਤਾਂ ਜਣਾ-ਖਣਾ ਅਖ਼ਬਾਰ ਵਿੱਚ ਫ਼ੋਟੋਆਂ ਛਪਵਾਉਣ ਲਈ ਅੱਖਾਂ ਦੇ ਮੁਫ਼ਤ ਕੈਂਪ ਲਾ ਲੈਂਦੇ। ਅਸਲ ’ਚ ਇਹ ਕਾਢ ਲਾਲਾ ਜੀ ਦੇ ਦਿਮਾਗ਼ ਦੀ ਹੈ।

ਜਦੋਂ ਤੀਹ ਸਾਲ ਪਹਿਲਾਂ ਉਹਨਾਂ ਕੈਂਪ ਲਾਇਆ ਸੀ ਤਾਂ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਅੱਖਾਂ ਦਾ ਅਪਰੇਸ਼ਨ ਇੰਨਾ ਸੌਖਾ ਹੋ ਜਾਂਦੈ। ਪੂਰੀ ਭੱਜ-ਨੱਠ ਕਰ ਕੇ ਉਹ ਮਸਾਂ ਅੱਠ ਅਪਰੇਸ਼ਨ ਕਰ ਸਕੇ ਸਨ। ਜਦੋਂ ਦਸ-ਦਸ ਸਾਲਾਂ ਤੋਂ ਅੰਨ੍ਹੇ ਹੋਏ ਬੰਦੇ ਆਪੇ ਬੱਸਾਂ ਚੜ੍ਹ ਕੇ ਪਿੰਡ ਪਹੁੰਚ ਗਏ ਤਾਂ ਲੋਕਾਂ ਨੂੰ ਤਸੱਲੀ ਹੋਈ। ਅੱਜ ਕਲ੍ਹ ਹਰ ਛਿਮਾਹੀ ਕੈਂਪ ਲੱਗਦਾ ਹੈ। ਪੰਡਾਲ ਵਿਆਹ ਵਾਂਗ ਸਜ ਜਾਂਦੈ। ਹਜ਼ਾਰਾਂ ਮਰੀਜ਼ ਵਹੀਰਾਂ ਘੱਤੀ ਆਉਂਦੇ ਹਨ। ਵਧੀਆ ਤੋਂ ਵਧੀਆ ਡਾਕਟਰ ਪੁੱਜਦੇ ਹਨ। ਕੋਈ ਸੰਸਥਾ ਮੁਫ਼ਤ ਦਵਾਈਆਂ ਦਿੰਦੀ ਹੈ, ਕੋਈ ਐਨਕਾਂ ਲਾਉਂਦੀ ਹੈ ਅਤੇ ਕੋਈ ਰਾਸ਼ਨ-ਪਾਣੀ ਦਿੰਦੀ ਹੈ। ਵਜ਼ੀਰਾਂ ਤਕ ਨੂੰ ਲਾਲਸਾ ਰਹਿੰਦੀ ਹੈ ਕਿ ਉਸ ਤੋਂ ਕੈਂਪ ਦਾ ਉਦਘਾਟਨ ਕਰਾਇਆ ਜਾਵੇ। ਕੀ ਲੱਖਾਂ ਲੋਕਾਂ ਨੂੰ ਰੋਸ਼ਨੀ ਦਿਵਾਉਣ ਦਾ ਇਹੋ ਫਲ ਹੈ? ਉਸ ਤੋਂ ਆਪਣੀਆਂ ਅੱਖਾਂ ਦਾ ਨੂਰ ਖੋਹਿਆ ਜਾ ਰਿਹਾ ਸੀ।

ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਨੇ ਆ ਕੇ ਦੱਸਿਆ ਕਿ ਰਾਮ ਲੀਲਾ ਗਰਾਊਂਡ ਵਿੱਚ ਪੰਡਤਾਂ ਨੇ ਹਵਨ ਆਰੰਭ ਕੀਤਾ ਹੈ, ਜਿਸ-ਜਿਸ ਪੰਡਤ ਨੂੰ ਵੀ ਪਤਾ ਲੱਗਦਾ ਜਾ ਰਿਹਾ ਹੈ, ਉਹੋ ਪਾਠ ’ਤੇ ਬੈਠਦਾ ਜਾ ਰਿਹਾ ਹੈ। ਆਖ਼ਰ ਰਾਮ ਲੀਲ੍ਹਾ ਕਮੇਟੀ ਲਈ ਲਾਲਾ ਜੀ ਦਾ ਯੋਗਦਾਨ ਕਿਹੜਾ ਥੋੜ੍ਹਾ ਹੈ। ਉਹ ਕਮੇਟੀ ਦੇ ਪ੍ਰਬੰਧਕਾਂ ਵਿੱਚ ਪੈ ਕੇ ਝਗੜਾ ਨਾ ਨਬੇੜਦੇ ਤਾਂ ਕਮੇਟੀ ਕਦੋਂ ਦੀ ਖਿੰਡ-ਪੁੰਡ ਗਈ ਹੁੰਦੀ। ਉਹਨਾਂ ਦੇ ਕਮੇਟੀ ਵਿੱਚ ਆਉਂਦਿਆਂ ਹੀ ਰਾਮ ਲੀਲਾ ਦੀ ਨੁਹਾਰ ਹੀ ਬਦਲ ਗਈ। ਪਹਿਲਾਂ ਭੀੜ ਇਕੱਠੀ ਕਰਨ ਲਈ ਅਖਾੜੇ ਲਾਏ ਅਤੇ ਡਾਂਸ ਕਰਾਏ ਜਾਂਦੇ ਸਨ। ਰਾਮ ਲੀਲ੍ਹਾ ਕਦੇ ਚੌਂਕ ਵਿੱਚ ਹੁੰਦੀ, ਕਦੇ ਦਾਣਾ-ਮੰਡੀ ਵਿੱਚ ਅਤੇ ਕਦੇ ਧਰਮਸ਼ਾਲਾ ਵਿੱਚ। ਕੋਈ ਸਿਗਰਟ ਪੀਵੇ ਚਾਹੇ ਸ਼ਰਾਬ, ਕੋਈ ਰੋਕ-ਟੋਕ ਨਹੀਂ ਸੀ। ਸੀਟੀਆਂ ਅਤੇ ਕੂਕਾਂ ਆਮ ਜਿਹੀ ਗੱਲ ਸੀ। ਲਾਲਾ ਜੀ ਨੇ ਇਹ ਸਭ ਕੁੱਝ ਬੰਦ ਕਰਾਇਆ। ਡੀ.ਸੀ.’ਤੇ ਜ਼ੋਰ ਪਾ ਕੇ ਕਿਲ੍ਹੇ ਦੇ ਨਾਲ ਲੱਗਦੀ ਵਿਰਾਨ ਪਈ ਜਗ੍ਹਾ ਕਮੇਟੀ ਨੇ ਅਲਾਟ ਕਰਾਈ। ਲੋਕਾਂ ਵੱਲੋਂ ਚੜ੍ਹਦੇ ਚੜ੍ਹਾਵੇ ਨੂੰ ਸਟੇਜ ਬਣਾਉਣ ਲਈ ਵਰਤਿਆ। ਚਾਰ ਦੀਵਾਰੀ ਬਣਵਾਈ ਅਤੇ ਪੱਕੇ ਕਮਰੇ। ਇਹ ਗਰਾਊਂਡ ਹੁਣ ਹਜ਼ਾਰਾਂ ਕੰਮ ਆਉਂਦਾ ਹੈ। ਇਥੇ ਹਰ ਸਾਲ ਰਾਮ ਲੀਲ੍ਹਾ ਹੁੰਦੀ ਹੈ, ਜਗਰਾਤੇ ਅਤੇ ਕਥਾ-ਵਾਰਤਾਵਾਂ ਹੁੰਦੀਆਂ ਹਨ। ਕਿਸੇ ਚੰਗੀ ਪਾਰਟੀ ਨੇ ਡਰਾਮੇ ਕਰਨੇ ਹੋਣ ਤਾਂ ਸਿਨੇਮੇ ਵਾਲਿਆਂ ਦੇ ਪਿੱਛੇ ਫਿਰਨ ਦੀ ਲੋੜ ਨਹੀਂ। ਬਣੀ-ਬਣਾਈ ਸਟੇਜ ਮਿਲ ਜਾਂਦੀ ਹੈ।

ਗੀਤਾ ਭਵਨ ਵਾਲੇ ਸਵਾਮੀ ਜੀ ਨੇ ਵੀ ਅਖੰਡ ਕੀਰਤਨ ਸ਼ੁਰੂ ਕਰ ਦਿੱਤਾ ਸੀ। ਉਹਨਾਂ ਪ੍ਰਣ ਕੀਤਾ ਸੀ, ਜਿੰਨਾ ਚਿਰ ਬੰਟੀ ਘਰ ਨਹੀਂ ਮੁੜਦਾ, ਕੀਰਤਨ ਹੁੰਦਾ ਰਹੇਗਾ। ਉਹਦੇ ਸ਼ਗਿਰਦਾਂ ਨੇ ਵੀ ਵਰਤ ਰੱਖੇ ਸਨ।

ਲਾਲਾ ਜੀ ਭਾਣਾ ਮੰਨ ਕੇ ਸਬਰ ਕਰਨਾ ਚਾਹੁੰਦੇ ਸਨ। ਕਿਸਮਤ ’ਚ ਹੋਇਆ ਤਾਂ ਬੰਟੀ ਦਾ ਵਾਲ ਵਿੰਗਾ ਨਹੀਂ ਹੋਣਾ। ਨਾ ਹੋਇਆ ਤਾਂ ਪੁਲਿਸ ਨੇ ਕਿਹੜਾ ਉਸ ਨੂੰ ਹਰਾ ਕਰ ਦੇਣਾ ਹੈ। ਯੁਵਾ ਸੰਘ ਇਸ ਗੱਲ ਨਾਲ ਸਹਿਮਤ ਨਹੀਂ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਬੰਟੀ ਕਿਸੇ ਮਾੜੇ ਅਨਸਰ ਦੇ ਹੱਥ ਲੱਗ ਚੁੱਕਾ ਸੀ। ਪੁਲਿਸ ਬਿਨਾਂ ਮਾੜੇ ਅਨਸਰ ਫੜੇ ਨਹੀਂ ਜਾ ਸਕਦੇ। ਉਪਰੋਂ ਮਾੜੀ ਹਵਾ ਵਗ ਰਹੀ ਹੈ, ਚੰਗੇ-ਭਲੇ ਬੰਦੇ ਦਾ ਦਿਮਾਗ਼ ਫਿਰਿਆ ਪਿਐ।

ਥਾਣੇ ਇਤਲਾਹ ਦੇਣ ਦੀ ਜ਼ਿੰਮੇਵਾਰੀ ਧਾਗਾ ਮਿੱਲ ਦੇ ਐਮ.ਡੀ.ਨੇ ਆਪਣੇ ਜ਼ਿੰਮੇ ਲਈ। ਨਾਲ ਫ਼ਲੋਰ ਮਿੱਲਜ਼ ਮਾਲਕ ਯੂਨੀਅਨ ਦੇ ਪ੍ਰਧਾਨ ਨੂੰ ਲਿਆ। ਸਾਰ ਦਿਨ ਉਹ ਥਾਣੇ ਦੀ ਮੈਸ ਲਈ ਵਗਾਰਾਂ ਕਰਦੇ ਨੇ। ਚੌਥੇ ਦਿਨ ਬੋਰੀ ਕਣਕ ਦੀ ਮੰਗ ਲੈਂਦੇ ਨੇ। ਬੰਟੀ ਦਾ ਨਾਂ ਪਤਾ ਅਤੇ ਹੋਰ ਜਾਣਕਾਰੀ ਲਈ ਉਹਨਾਂ ਬੰਟੀ ਦੇ ਮਾਮੇ ਸੂਰਜ ਨੂੰ ਨਾਲ ਲੈ ਲਿਆ।

ਸੂਰਜ ਅਤੇ ਐਮ.ਡੀ.ਦੇ ਥਾਣੇ ਜਾਂਦਿਆਂ ਹੀ ਕੁਸ਼ਟ ਆਸ਼ਰਮ ਦੇ ਚੌਧਰੀ ਅਤੇ ਸਾਂਸੀਆਂ ਦੇ ਨੰਬਰਦਾਰ ਦੇ ਸਾਹ ਸੁੱਕਣ ਲੱਗੇ।

ਬੰਟੀ ਨੂੰ ਲੱਭਣ ਲਈ ਪੁਲਿਸ ਦਾ ਪਹਿਲਾ ਹਮਲਾ ਉਹਨਾਂ ਦੀਆਂ ਕੁੱਲੀਆਂ ’ਤੇ ਹੀ ਹੋਵੇਗਾ।

“ਅੰਨ-ਦਾਤਾ, ਕੁੱਝ ਦੇਰ ਹੋਰ ਉਡੀਕ ਲਓ … ਪੁਲਿਸ ਨੇ ਤਾਂ ਸਾਡੇ ਹੱਡਾਂ ਵਿੱਚ ਹੀ ਭਾਪ ਪਾਉਣੀ ਹੈ।” ਭੀੜ ਨੂੰ ਚੀਰ ਕੇ ਲਾਲਾ ਜੀ ਤੱਕ ਅੱਪੜ ਕੇ ਪਹਿਲਾਂ ਨੰਬਰਦਾਰ ਨੇ ਬੇਨਤੀ ਕੀਤੀ। ਪਿੱਛੇ ਹੀ ਹੱਥ ਜੋੜ ਕੇ ਚੌਧਰੀ ਜਾ ਖੜੋਤਾ।

ਕੁੱਲੀਆਂ ’ਤੇ ਟੁੱਟਣ ਵਾਲੇ ਕਹਿਰ ਤੋਂ ਉਹਨਾਂ ਨੂੰ ਲਾਲਾ ਜੀ ਹੀ ਬਚਾ ਸਕਦੇ ਸਨ।

ਲਾਲਾ ਜੀ ਦੀ ਕਿਰਪਾ ਨਾਲ ਸਾਂਸੀ ਪਹਿਲੇ ਸਾਂਸੀ ਨਹੀਂ ਸੀ ਰਹੇ। ਉਹ ਆਪਣਾ ਜੱਦੀ ਪੇਸ਼ਾ_ਚੋਰੀ ਛੱਡਦੇ ਜਾ ਰਹੇ ਸਨ। ਮਰਦ ਰੇਹੜੇ ਵਾਹੁਣ ਲੱਗੇ ਸਨ, ਔਰਤਾਂ ਖੇਤਾਂ ਨੂੰ ਜਾਂਦੀਆਂ ਸਨ। ਉਹਨਾਂ ਨੇ ਸੂਰਾਂ ਅਤੇ ਗਊਆਂ ਦੀ ਗਿਣਤੀ ਵਧਾ ਲਈ ਸੀ। ਬੱਚੇ ਸਕੂਲ ਜਾਣ ਲੱਗੇ ਸਨ। ਪੁਲਿਸ ਨੇ ਚੰਗੇ-ਮਾੜੇ ਦੀ ਪਛਾਣ ਨਹੀਂ ਸੀ ਕਰਨੀ, ਚੰਗੇ-ਮਾੜੇ ਸਾਰੇ ਇਕੋ ਰੱਸੇ ਨੂੜ ਲੈਣੇ ਸਨ। ਕਈਆਂ ਦੀਆਂ ਦਿਹਾੜੀਆਂ ਟੁੱਟ ਜਾਣਗੀਆਂ, ਕਈਆਂ ਨੂੰ ਟੁੱਟੀਆਂ ਲੱਤਾਂ-ਬਾਹਾਂ ਜੁੜਾਉਣ ਲਈ ਉਧਾਰ ਨਹੀਂ ਮਿਲਣਾ। ਉਨਾਂ ਨੂੰ ਨੰਬਰਦਾਰ ਦੇ ਖ਼ਿਲਾਫ਼ ਬੋਲਣ ਦਾ ਬਹਾਨਾ ਮਿਲ ਜਾਊ। ਜੇ ਇਮਾਨਦਾਰ ਰਹਿ ਕੇ ਵੀ ਪੁਲਿਸ ਤੋਂ ਮਾਰ ਖਾਣੀ ਹੈ ਤਾਂ ਸਾਰਾ ਦਿਨ ਪਸੀਨਾ ਵਹਾਉਣ ਦੀ ਕੀ ਲੋੜ ਹੈ? ਪਹਿਲਾ ਕੰਮ ਕੀ ਮਾੜਾ ਸੀ? ਸਾਰਾ ਦਿਨ ਸੁੱਤੇ ਰਹੇ, ਰਾਤ ਨੂੰ ਘਰੋਂ ਨਿਕਲੋ। ਇੱਕ-ਦੋ ਘਰਾਂ ਨੂੰ ਪਾੜ ਲਾਓ, ਅੱਧਾ ਪੁਲਿਸ ਨੂੰ ਦਿਉ, ਬਾਕੀ ਨਾਲ ਮੌਜਾਂ ਕਰੋ। ਕਿਸੇ ਦੇ ਘਰੇ ਦਾਅ ਨਹੀਂ ਲੱਗਦਾ ਤਾਂ ਕਿਸੇ ਦਾ ਨਰਮਾ ਚੁੱਕ ਲਓ। ਲਾਲਾ ਜੀ ਉਹਨਾਂ ਦੀ ਰੱਖਿਆ ਕਰਨ। ਆਪਣੇ ਹੱਥੀਂ ਲਾਏ ਬੂਟੇ ਨੂੰ ਬਚਾਉਣ।

ਇਹੋ ਡਰ ਚੌਧਰੀ ਨੂੰ ਸੀ। ਪਹਿਲਾਂ ਉਹ ਮੰਗਤੇ ਅਖਵਾਉਂਦੇ ਸਨ। ਸਟੇਸ਼ਨਾਂ, ਅੱਡਿਆਂ ਅਤੇ ਉਜਾੜਾਂ ਵਿੱਚ ਪਏ ਸੜਦੇ ਰਹਿੰਦੇ ਸਨ। ਉਸ ਸਮੇਂ ਉਹ ਬੱਚੇ ਵੀ ਚੁੱਕ ਲੈਂਦੇ ਸਨ ਅਤੇ ਚੋਰੀਆਂ ਵੀ ਕਰ ਲੈਂਦੇ ਸਨ। ਮੰਗਣ ਵਾਲੇ ਜਿੰਨੇ ਹੱਥ ਹੋਣਗੇ, ਓਨੇ ਹੀ ਥੋੜ੍ਹੇ। ਚੌਧਰੀ ਖ਼ੁਦ ਵੀ ਇਸੇ ਬੀਮਾਰੀ ਦਾ ਸ਼ਿਕਾਰ ਸੀ, ਉਸ ਨੂੰ ਵੀ ਕਿਤੋਂ ਚੁੱਕਿਆ ਗਿਆ ਸੀ। ਲਾਲਾ ਜੀ ਨੇ ਹਿੰਮਤ ਕੀਤੀ ਅਤੇ ਨਵੀਂ ਅਨਾਜ ਮੰਡੀ ਕੋਲ ਉਹਨਾਂ ਨੂੰ ਝੌਂਪੜੀਆਂ ਪਵਾ ਦਿੱਤੀਆਂ। ਮੰਗਣਾ ਬੰਦ, ਕੋਹੜੀਆਂ ਦੇ ਮੋਹਰੀਆਂ ਨੇ ਹਫ਼ਤੇ ’ਚ ਇੱਕ ਦਿਨ ਇੱਕ ਮੁਹੱਲੇ ’ਚ ਚੱਕਰ ਕੱਟਣਾ ਹੈ, ਅਗਲੇ ਦਿਨ ਦੂਜੇ ਮੁਹੱਲੇ। ਖਾਣ-ਪੀਣ ਜੋਗੇ ਪੈਸੇ ਉਹਨਾਂ ਨੂੰ ਮੁੱਕਦੇ ਨਹੀਂ। ਪੁੰਨ-ਦਾਨ ਕਰਨ ਵਾਲੇ ਆਸ਼ਰਮ ਪੁੱਜਣ ਲੱਗੇ ਹਨ। ਸਰਦੀਆਂ ’ਚ ਕੋਟੀਆਂ, ਕੰਬਲ ਮਿਲ ਜਾਂਦੇ ਹਨ। ਉਹਨਾਂ ਦੇ ਦਿਨ ਵਧੀਆ ਲੰਘ ਰਹੇ ਹਨ। ਬੱਚਾ ਗੁੰਮ ਜਾਣ ਦੀ ਖ਼ਬਰ ਨਾਲ ਪੁਲਿਸ ਦੀਆਂ ਗੱਡੀਆਂ ਦੇ ਮੂੰਹ ਪਹਿਲਾਂ ਆਸ਼ਰਮ ਵੱਲ ਹੀ ਮੁੜਨਗੇ।

“ਤੁਸੀਂ ਪਰਵਾਹ ਨਾ ਕਰੋ … ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ। ਤੁਹਾਡੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ। ਚੁੱਪ ਕਰ ਕੇ ਘਰੇ ਬੈਠੋ … ।” ਦਰਸ਼ਨ ਉਹਨਾਂ ਨੂੰ ਯਕੀਨ ਦਿਵਾਉਣ ਲੱਗਾ।

ਇਸ ਤੋਂ ਪਹਿਲਾਂ ਕਿ ਚੌਧਰੀ ਕੋਈ ਸਫ਼ਾਈ ਪੇਸ਼ ਕਰਦਾ, ‘ਰਾਮ, ਰਾਮ’ ਕਰਦੀ ਜਮਾਦਾਰਨੀ ਦੇਹਲੀਆਂ ਵਿੱਚ ਆ ਖੜੀ।

ਕੱਲ੍ਹ ਸ਼ਾਮ ਨੂੰ ਨਾਲੀਆਂ ਕੱਢਦੀ ਜਮਾਂਦਾਰਨੀ ਨੂੰ ਜਦੋਂ ਪਤਾ ਲੱਗਾ ਕਿ ਬੰਟੀ ਗੁਆਚ ਗਿਆ ਹੈ ਤਾਂ ਉਹ ਪਤਾ ਲੈਣ ਲਾਲਾ ਜੀ ਦੇ ਘਰ ਆਈ ਸੀ। ਘਰ ਵਿੱਚ ਕੋਈ ਨਹੀਂ ਸੀ। ਸਾਰੇ ਬੰਟੀ ਨੂੰ ਲੱਭਣ ਤੁਰੇ ਹੋਏ ਸਨ। ਕੋਈ ਉਸ ਨੂੰ ਕਾਗ਼ਜ਼ ਦਾ ਟੁਕੜਾ ਫੜਾ ਗਿਆ ਸੀ। ਉਹ ਲਾਲਾ ਜੀ ਨੂੰ ਦੇਣਾ ਸੀ। ਜਮਾਂਦਾਰਨੀ ਕਾਫ਼ੀ ਦੇਰ ਬੈਠੀ ਲਾਲਾ ਜੀ ਨੂੰ ਉਡੀਕਦੀ ਰਹੀ। ਫੇਰ ਕਾਗ਼ਜ਼ ਲੜ ਬੰਨ੍ਹ ਲਿਆ। ਜਾਂਦੀ ਹੋਈ ਦੇਣਾ ਭੁੱਲ ਗਈ।

ਸੁਬ੍ਹਾ ਯਾਦ ਆਉਣ ’ਤੇ ਉਹ ਭੱਜੀ-ਭੱਜੀ ਆਈ ਸੀ। ਉਹ ਕਾਗ਼ਜ਼ ਲਾਲਾ ਜੀ ਦੀ ਸੇਵਾ ਵਿੱਚ ਹਾਜ਼ਰ ਕਰਨਾ ਚਾਹੁੰਦੀ ਸੀ।

ਨੰਬਰਦਾਰ ਨੇ ਚਿੱਠੀ ਜਮਾਂਦਾਰਨੀ ਤੋਂ ਫੜ ਕੇ ਲਾਲਾ ਜੀ ਨੂੰ ਫੜਾ ਦਿੱਤੀ।

ਕਾਗ਼ਜ਼ ਦੀਆਂ ਤੈਹਾਂ ਖੋਲ੍ਹਦਿਆਂ ਹੀ ਲਾਲਾ ਜੀ ਦੇ ਹੱਥ-ਪੈਰ ਸੁੰਨ ਹੋਣ ਲੱਗੇ। ਉਹਨਾਂ ਦੇ ਚਿਹਰੇ ’ਤੇ ਉੱਡਦੀਆਂ ਹਵਾਈਆਂ ਦੇਖ ਕੇ ਕੁੱਝ ਹੋਰ ਬੰਦੇ ਵੀ ਕਾਗ਼ਜ਼ ’ਤੇ ਨਿਗਾਹ ਮਾਰਨ ਲੱਗੇ।

ਉਹੋ ਹੋਇਆ ਸੀ, ਜਿਸ ਦਾ ਸਭ ਨੂੰ ਡਰ ਸੀ। ਚਿੱਠੀ ਦਹਿਸ਼ਤਗਰਦਾਂ ਵੱਲੋਂ ਸੀ। ਪੰਜ ਹਜ਼ਾਰ ਰੁਪਏ ਪੰਜਵੀੜੀ ਵਾਲੇ ਟੋਭੇ ਕੋਲ ਬੋਹੜ ਹੇਠਾਂ ਰੱਖਣੇ ਸਨ। ਨਹੀਂ ਦਿਨ ਚੜ੍ਹਦੇ ਨਾਲ ਲਾਸ਼ ਉਹਨਾਂ ਦੇ ਘਰ ਪੁੱਜ ਜਾਣੀ ਸੀ।

ਸਵੇਰ ਦੇ ਦਸ ਵੱਜ ਚੁੱਕੇ ਸਨ। ਦਿੱਤੇ ਸਮੇਂ ਨੂੰ ਲੰਘਿਆਂ ਕਈ ਘੰਟੇ ਬੀਤ ਗਏ ਸਨ। ਹੁਣ ਕੀ ਹੋਏਗਾ?

ਸਾਰੀ ਭੀੜ ਰੋਹ ਭਰੀਆਂ ਅੱਖਾਂ ਨਾਲ ਜਮਾਂਦਾਰਨੀ ਨੂੰ ਘੂਰਨ ਲੱਗੀ। ਕਿਧਰੇ ਉਹ ਚਿੱਠੀ ਵਕਤ ਸਿਰ ਫੜਾ ਦਿੰਦੀ ਤਾਂ ਬੰਟੀ ਕਦੋਂ ਦਾ ਘਰ ਮੁੜ ਆਉਂਦਾ। ਉਸ ਅਨਪੜ੍ਹ ਦਾ ਕੀ ਕਸੂਰ ਸੀ? ਡਰਦੀ ਉਹ ਸਾਰੀ ਦੀ ਸਾਰੀ ਕੰਬਣ ਲੱਗੀ।

ਪੰਜ ਹਜ਼ਾਰ ਦੀ ਤਾਂ ਕੋਈ ਗੱਲ ਨਹੀਂ। ਇਕੱਲਾ ਬੰਦਾ ਹੀ ਦੇ ਦਿੰਦਾ। ਲੰਘਿਆ ਸਮਾਂ ਕਿਵੇਂ ਮੁੜੇ?

“ਬੰਟੀ ਦਾ ਬਸਤਾ … ।” ਪਿੱਤਲ ਦੇ ਟੋਪੀਏ ’ਤੇ ਪਏ ਬੰਟੀ ਦੇ ਬਸਤੇ ਨੂੰ ਦੇਖ ਕੇ ਉਸ ਦੀ ਮੈਡਮ ਦੀ ਚੀਕ ਨਿਕਲ ਗਈ। ਉਸ ਨੂੰ ਲੱਗਾ ਬੰਟੀ ਮੁੜ ਆਇਆ ਹੈ। ਉਹ ਬਸਤਾ ਸੁੱਟ ਕੇ ਕਿਧਰੇ ਲੁਕ ਗਿਐ।

ਬਸਤਾ ਦੇਖਣ ਸਾਰੀ ਭੀੜ ਚਬੂਤਰੇ ’ਤੇ ਜੁੜ ਗਈ। ਬਸਤਾ ਉਸੇ ਦਾ ਸੀ।

ਬਸਤਾ ਸੁੱਖ ਦਾ ਸੰਕੇਤ ਨਹੀਂ ਸੀ। ਚਿੱਠੀ ਵਿੱਚ ਲਿਖੀ ਤਾੜਨਾ ਸਭ ਦੇ ਦਿਲਾਂ ਨੂੰ ਧੜਕਾਉਣ ਲੱਗੀ। ਟੋਪੀਏ ਹੇਠੋਂ ਬੰਟੀ ਦੀ ਨਿੱਕਰ ਦੀ ਗੈਲਸ ਵੀ ਦਿਖਾਈ ਦੇ ਰਹੀ ਸੀ।

“ਹੋ ਸਕਦੈ ਹੇਠਾਂ ਕੋਈ ਚਿੱਠੀ ਹੋਵੇ … ਹੋਰ ਸਮਾਂ ਦਿੱਤਾ ਹੋਵੇ।” ਇੱਕ ਰੋਣਹਾਕਾ ਹੋਇਆ ਚਿੱਲਾਇਆ।

“ਠਹਿਰੋ … ਇਹ ਵੀ ਹੋ ਸਕਦੈ ਉਹਨਾਂ ਆਪਣੀ ਧਮਕੀ … ।” ਟੋਪੀਆ ਚੁੱਕਣ ਗਏ ਪਹਿਲੇ ਨੂੰ ਰੋਕਣ ਲਈ ਦੂਸਰੇ ਨੇ ਕਿਹਾ।

“ਇਹ ਨਹੀਂ ਹੋ ਸਕਦਾ … ਟੋਪੀਆ ਛੋਟਾ ਜਿਹੈ … ਕਿਧਰੇ ਇਸ ਹੇਠਾਂ ਬੰਬ ਹੀ ਨਾ ਹੋਵੇ … ।” ਸਾਬਕਾ ਕੈਪਟਨ ਧਰਮ ਸਿੰਘ ਦੀ ਰਾਏ ਸੀ। ਇਸ ਤਰ੍ਹਾਂ ਦੇ ਵਾਕੇ ਆਮ ਹੋ ਰਹੇ ਹਨ। ਦੁਸ਼ਮਣ ਪਿੱਛੇ ਪਿਆ ਹੋਵੇ ਤਾਂ ਕੋਈ ਵੀ ਹਰਕਤ ਕਰ ਸਕਦਾ ਹੈ।

“ਕੈਪਟਨ ਸਾਹਿਬ ਠੀਕ ਆਖਦੇ ਹਨ … ਤੁਰੰਤ ਪੁਲਿਸ ਬੁਲਾਓ … ਸਾਰੇ ਪਰ੍ਹਾਂ ਹਟ ਜਾਓ … ।” ਸਹਿਗਲ ਵਕੀਲ ਵੀ ਜੋਸ਼ ਵਿੱਚ ਆ ਗਿਆ।

ਭੀੜ ਵਿੱਚ ਹਫੜਾ-ਦਫੜੀ ਮੱਚ ਗਈ। ਸਭ ਆਪਣੇ-ਆਪਣੇ ਘਰਾਂ ਨੂੰ ਨੱਠ ਤੁਰੇ। ਕੈਪਟਨ ਸਾਹਿਬ ਅਤੇ ਸਹਿਗਲ ਔਰਤਾਂ ਅਤੇ ਬੱਚਿਆਂ ਨੂੰ ਦੂਰ ਚਲੇ ਜਾਣ ਵਿੱਚ ਮਦਦ ਦੇਣ ਲੱਗੇ।

ਦਰਸ਼ਨ ਨੂੰ ਲਾਲਾ ਜੀ ਨੇ ਨਾਗਪਾਲ ਵੱਲ ਭੇਜਿਆ। ਉਸ ਤੋਂ ਫ਼ੋਨ ਕਰਾ ਕੇ ਪੁਲਿਸ ਬੁਲਾਈ ਜਾਵੇ।

ਸਹਿਗਲ ਅਤੇ ਕੈਪਟਨ ਲਾਲਾ ਜੀ ਨੂੰ ਬੈਠਕ ਛੱਡਣ ਲਈ ਮਜਬੂਰ ਕਰਦੇ ਰਹੇ।

ਉਹਨਾਂ ਸਗੋਂ ਚਾਦਰ ਓੜ ਲਈ ਅਤੇ ਲੰਬੀ ਤਾਣ ਕੇ ਪੈ ਗਏ।

ਚੰਗਾ ਹੋਵੇ ਜੇ ਇਹ ਬੰਬ ਚੱਲ ਜਾਵੇ। ਉਹਨਾਂ ਨੂੰ ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਤਾਂ ਮਿਲੇ।

 

 

4

ਜਦੋਂ ਸ਼ਿਵ ਕੁਆਟਰ ਪੁੱਜਿਆ, ਤਿੰਨ ਵੱਜ ਚੁੱਕੇ ਸਨ।

ਰੂੜੀ ਮਾਰਕਾ ਸ਼ਰਾਬ ਦਾ ਨਸ਼ਾ ਹਾਲੇ ਉਤਰਿਆ ਨਹੀਂ ਸੀ। ਕਦੇ-ਕਦੇ ਸਿਰ ਝੂਟਾ ਖਾ ਹੀ ਜਾਂਦਾ। ਮੀਟ ਵੀ ਰੱਜ ਕੇ ਖਾਧਾ ਸੀ, ਪੇਟ ਆਫਰਿਆ ਪਿਆ ਸੀ। ਉਸ ਦੀ ਸ਼ਾਮ ਦੀ ਗਿਣਤੀ ਤਕ ਸੌਂ ਲੈਣ ਦੀ ਇੱਛਾ ਸੀ। ਨਾਲੇ ਨਸ਼ਾ ਲਹਿ ਜਾਏਗਾ, ਨਾਲੇ ਪੇਟ ਨੂੰ ਕੁੱਝ ਰਾਹਤ ਮਿਲੇਗੀ।

ਕੁਆਟਰ ’ਚ ਵੜਨ ਲੱਗਿਆਂ ਉਸ ਨੇ ਪੂਰੀ ਸਾਵਧਾਨੀ ਵਰਤੀ ਸੀ। ਥਾਣੇ ਵਾਲਿਆਂ ਤੋਂ ਅੱਖ ਬਚਾ ਕੇ, ਡਰੰਮਾਂ ਪਿੱਛੋਂ ਦੀ ਚੋਰਾਂ ਵਾਂਗ ਲੁਕ ਕੇ ਅੰਦਰ ਆਇਆ ਸੀ। ਦੋ ਦਿਨ ਵਜ਼ੀਰ ਦੇ ਪਿੱਛੇ ਫਿਰ ਕੇ ਉਹ ਅੱਕਿਆ ਪਿਆ ਸੀ। ਕਿਸੇ ਨੇ ਸ਼ਿਵ ਨੂੰ ਥਾਣੇ ਵੜਦੇ ਦੇਖ ਲਿਆ ਤਾਂ ਪਿੱਛੇ ਹੀ ਸੁਨੇਹਾ ਆ ਜਾਣਾ ਸੀ। ਉਹ ਪੰਜਵੇਂ ਟਾਇਰ ਵਾਂਗ ਹੈ, ਜਿਥੇ ਕੋਈ ਹੋਰ ਨਾ ਜਾਵੇ, ਉਥੇ ਸ਼ਿਵ ਪ੍ਰਸ਼ਾਦ ਨੂੰ ਜਾਣਾ ਪੈਂਦਾ।

ਕਮਰੇ ਦਾ ਬੁਰਾ ਹਾਲ ਹੋਇਆ ਪਿਆ ਸੀ। ਦੋ ਦਿਨ ਬਾਹਰ ਰਹਿਣ ਕਰਕੇ ਹਰ ਚੀਜ਼ ’ਤੇ ਮਿੱਟੀ ਚੜ੍ਹ ਗਈ ਸੀ। ਉਹਨੇ ਮੇਜ਼ ਸਾਫ਼ ਕੀਤਾ। ਪੇਟੀ ਨਾਲੋਂ ਰਿਵਾਲਰ ਲਾਹ ਕੇ ਅਨਲੋਡ ਕੀਤਾ। ਕਾਰਤੂਸ ਪੇਟੀ ’ਚ ਪਾਏ, ਪੇਟੀ ਕਿੱਲੀ ’ਤੇ ਟੰਗ ਕੇ ਬੈਲਟ ਢਿੱਲੀ ਕੀਤੀ। ਬੈਲਟ ਕੱਸ ਕੇ ਬੰਨ੍ਹੀ ਹੋਣ ਕਰਕੇ ਪੇਟ ਦੋ ਇੰਚ ਅੰਦਰ ਧਸਿਆ ਪਿਆ ਸੀ।

ਕੁੱਲੇ ਵਾਲੀ ਪਗੜੀ ਲਾਹ ਕੇ ਮੇਜ਼ ’ਤੇ ਰੱਖੀ ਹੀ ਸੀ ਕਿ ਉਹੋ ਹੋ ਗਿਆ, ਜਿਸ ਤੋਂ ਉਹ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਤਰੀ ਬਾਹਰ ਖੜਾ ਦੁਹਾਈ ਦੇ ਰਿਹਾ ਸੀ।

“ਬਾਬੂ ਜੀ, ਵਰਦੀ ਨਾ ਲਾਹੁਣਾ। ਲਾਲਾ ਜੀ ਦਾ ਪੋਤਾ ਅਗਵਾ ਕਰ ਲਿਆ ਗਿਐ। ਕੋਈ ਬੂਹੇ ਅੱਗੇ ਟੋਪੀਆ ਰੱਖ ਗਿਐ। ਉਹਨਾਂ ਨੂੰ ਸ਼ੱਕ ਹੈ, ਟੋਪੀਏ ਹੇਠਾਂ ਬੰਬ ਹੈ। ਮੁਨਸ਼ੀ ਨੇ ਬੰਬ ਡਿਸਪੋਜ਼ਲ ਸਕਾਡ ਨੂੰ ਵਾਇਰਲੈੱਸ ਕਰ ਦਿੱਤੀ ਹੈ। ਉਨਾ ਚਿਰ ਤੁਸੀਂ ਮੌਕੇ ’ਤੇ ਜਾ ਕੇ ਨਿਗਰਾਨੀ ਕਰੋ।”

ਸ਼ਿਵ ਦੇ ਮੱਥੇ ’ਤੇ ਤਿਊੜੀਆਂ ਚੜ੍ਹ ਗਈਆਂ। ਇਹੋ ਗੱਲ ਉਸ ਨੂੰ ਪਸੰਦ ਨਹੀਂ। ਉਸ ਦੀ ਪੋਸਟਿੰਗ ਥਾਣੇ ਵਿੱਚ ਹੈ। ਸਿਟੀ ਨਾਲ ਕੋਈ ਤੁਅੱਲਕ ਨਹੀਂ। ਉਥੇ ਬਰਾਬਰ ਦੇ ਦੋ ਥਾਣੇਦਾਰ ਹਨ। ਹੌਲਦਾਰ ਵੀ ਨੇ। ਸਾਰੇ ਰੋਜ਼ਨਾਮਚੇ ’ਚ ਹਾਜ਼ਰ ਹੋਣਗੇ। ਘਰੋ-ਘਰੀ ਸੁੱਤੇ ਹੋਣਗੇ। ਪ੍ਰਾਈਵੇਟ ਮਕਾਨਾਂ ਦਾ ਇਹੋ ਫ਼ਾਇਦਾ ਹੁੰਦਾ ਹੈ। ਅੰਦਰ ਪਏ ਹੀ ਅਖਵਾ ਦਿਓ ਕਿ ਘਰ ਨਹੀਂ। ਸ਼ਿਵ ਨੇ ਸਰਕਾਰੀ ਕੁਆਟਰ ਚਾਰ ਪੈਸੇ ਬਚਾਉਣ ਲਈ ਲਿਆ ਸੀ ਨਾ ਕਿ ਮੁਫ਼ਤ ਦੀ ਬਲਾ ਗਲ ਪਾਉਣ ਲਈ। ਥੱਕਿਆ ਟੁੱਟਿਆ ਉਹ ਪਹਿਲਾਂ ਹੀ ਪਿਆ ਸੀ। ਘੁੱਟ ਪੀਤੀ ਵੀ ਹੋਈ ਸੀ। ਉਹ ਵਗਾਰ ਕਰਨ ਨਹੀਂ ਜਾਏਗਾ।

“ਮੈਂ ਨਹੀਂ ਜਾਣਾ। ਕਿਸੇ ਹੋਰ ਨੂੰ ਭੇਜ ਦਿਉ। ਮੈਂ ਕਿਹੜਾ ਹਾਲੇ ਵਾਪਸੀ ਕਰਾਈ ਹੈ।”

ਝਿੜਕਾਂ ਮਾਰ ਕੇ ਉਸ ਨੇ ਸੰਤਰੀ ਨੂੰ ਵਾਪਸ ਭੇਜ ਦਿੱਤਾ।

ਸਾਰੇ ਥਾਣੇ ਨੇ ਹਨੇਰ-ਗਰਦੀ ਹੀ ਤਾਂ ਮਚਾ ਰੱਖੀ ਹੈ। ਸ਼ਹਿਰ ’ਚੋਂ ਪੈਸੇ ਇਕੱਠੇ ਕਰਨੇ ਹੋਣ ਤਾਂ ਸਿਟੀ ਵਾਲੇ ਮੂਹਰੇ। ਸੱਟੇ ਵਾਲਿਆਂ, ਜੂਏ ਵਾਲਿਆਂ ਅਤੇ ਲੱਕੀ ਗੇਮਾਂ ਵਾਲਿਆਂ ਤੋਂ ਮਹੀਨਾ ਉਹ ਲੈਣ। ਐਫ਼.ਸੀ.ਆਈ.ਦੀ ਸਪੈਸ਼ਲ ਲੱਗੇ, ਸ਼ੈਲਰਾਂ ਵਾਲਿਆਂ ਨੇ ਸਰਕਾਰੀ ਚੌਲ ਬਲੈਕ ਵਿੱਚ ਵੇਚਣੇ ਹੋਣ ਜਾਂ ਫੂਡ ਸਪਲਾਈ ਵਾਲਿਆਂ ਨੇ ਗੁਦਾਮ ਖ਼ਾਲੀ ਕਰਨੇ ਹੋਣ ਤਾਂ ਹਿੱਸਾ ਉਹ ਵੰਡਾਉਣ। ਕੋਈ ਔਖਾ ਕੰਮ ਕਰਨਾ ਹੋਵੇ ਤਾਂ ਸਭ ਟਲ ਜਾਂਦੇ ਹਨ। ਕਈ ਥਾਣੇ ਸਾਹਮਣੀਆਂ ਦੁੱਧ-ਚਾਹ ਦੀਆਂ ਦੁਕਾਨਾਂ ਵਿੱਚ ਹੀ ਛਾਈਂ-ਮਾਈਂ ਹੋ ਜਾਂਦੇ ਹਨ। ਆਪੇ ਸ਼ਿਵ ਤੁਰ ਜਾਏਗਾ। ਇਹੋ ਉਹਨਾਂ ਹੁਣ ਸੋਚਿਆ ਹੋਣਾ ਹੈ।

ਬੰਟੀ ਦੇ ਗੁਆਚਣ ਦਾ ਤਾਂ ਉਹਨੂੰ ਕੱਲ੍ਹ ਦਾ ਪਤਾ ਹੈ। ਘਰ-ਘਰ, ਪਿੰਡ-ਪਿੰਡ ਤਾਂ ਹਾਹਾਕਾਰ ਮੱਚੀ ਪਈ ਹੈ। ਇੱਕ ਵਾਰ ਦਿਲ ਕੀਤਾ ਵੀ ਸੀ, ਥਾਣੇ ਇਤਲਾਹ ਦੇ ਦੇਵੇ। ਲਾਲਾ ਭਲਾਮਾਣਸ ਬੰਦਾ ਹੈ। ਬੱਚੇ ਸਭ ਦੇ ਸਾਂਝੇ ਹੁੰਦੇ ਹਨ। ਲਾਲੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਫੇਰ ਉਹ ਇਹ ਸੋਚ ਕੇ ਚੁੱਪ ਕਰ ਗਿਆ ਕਿ ਉਸ ਨੂੰ ਦਸ ਮੀਲ ਦੂਰ ਬੈਠੇ ਨੂੰ ਪਤਾ ਲੱਗ ਗਿਆ ਤਾਂ ਥਾਣੇ ਵਾਲਿਆਂ ਨੂੰ ਕਿਹੜਾ ਪਤਾ ਨਹੀਂ ਹੋਣਾ? ਥਾਣਾ ਸ਼ਹਿਰ ਦੇ ਵਿਚਕਾਰ ਹੈ। ਪੁਲਿਸ ਸਾਰਾ ਦਿਨ ਸ਼ਹਿਰ ’ਚ ਗੇੜੇ ਦਿੰਦੀ ਰਹਿੰਦੀ ਹੈ, ਸਭ ਨੂੰ ਪਤਾ ਹੋਣਾ ਹੈ। ਇਹ ਅਲੱਗ ਗੱਲ ਹੈ ਕਿ ਸਭ ਨੇ ਸ਼ਿਵ ਵਾਂਗ ਇਧਰਲੇ ਕੰਨ ਪਾ ਕੇ ਉਧਰਲੇ ਰਾਹੀਂ ਕੱਢ ਦਿੱਤੀ ਹੋਣੀ ਹੈ। ਪਤਾ ਹੈ, ਜਿਹੜਾ ਬੋਲੂ, ਉਹੋ ਕੁੰਡਾ ਖੋਹਲੂ। ਕੱਢਣ ਪਾਉਣ ਨੂੰ ਕੁੱਝ ਨਹੀਂ, ਸ਼ਿਕਾਇਤਾਂ ਹੋਣਗੀਆਂ, ਮਗ਼ਜ਼ ਖਪਾਈ ਹੋਵੇਗੀ। ਮੁੱਖ-ਮੰਤਰੀ ਦਾ ਇਲਾਕਾ ਹੈ। ਉੱਚ ਅਧਿਕਾਰੀ ਮਿੰਟ- ਮਿੰਟ ’ਤੇ ਇਤਲਾਹ ਮੰਗਣ ਲੱਗਦੇ ਹਨ। ਸਾਰੇ ਸ਼ਹਿਰ ਨੇ ਸ਼ਿਵ ਦੇ ਸਿਰ ਚੜ੍ਹੇ ਰਹਿਣਾ ਹੈ। ਦੋ ਕੌਡੀ ਦਾ ਬੰਦਾ ਵੀ ਆਖਣ ਲੱਗੂ ਪੁਲਿਸ ਕੁੱਝ ਨਹੀਂ ਕਰਦੀ। ਉਸਤਾਦ ਦੀ ਦਿੱਤੀ ਸਿੱਖਿਆ ਸ਼ਿਵ ਨੇ ਲੜ ਬੰਨ੍ਹੀ ਹੋਈ ਸੀ, ਵਗਾਰ ਦੀ ਤਫ਼ਤੀਸ਼ ਤੋਂ ਜਿੰਨਾ ਬਚਿਆ ਜਾ ਸਕੇ, ਬਚਣਾ ਚਾਹੀਦਾ ਹੈ। ਉਹ ਸਾਫ਼ ਸ਼ਬਦਾਂ ਵਿੱਚ ਆਖਦਾ ਹੁੰਦਾ ਸੀ ਕਿ ਜੇ ਕਿਸੇ ਸੂਏ ਖਾਲ ਵਿੱਚ ਕੋਈ ਗਲੀ-ਸੜੀ ਲਾਸ਼ ਟੱਕਰ ਜਾਵੇ ਤਾਂ ਠੁੱਡਾ ਮਾਰ ਕੇ ਅਗਾਂਹ ਰੋੜ੍ਹ ਦੇਈਦੀ ਐ। ਕੱਢ ਦੇ ਤਫ਼ਤੀਸ਼ ਨਹੀਂ ਸ਼ੁਰੂ ਕਰੀਦੀ। ਮਰਿਆ ਸੱਪ ਆਪ ਹੀ ਕੌਣ ਗੱਲ ਪਾਵੇ।

ਅਖੇ ਮੁੱਲਾਂ ਭੱਜਾ ਮੌਤ ਤੋਂ ਅੱਗੇ ਮੌਤ ਖੜੀ।

ਹੋਰ ਕੱਪੜੇ ਲਾਹੇ ਬਿਨਾਂ ਹੀ ਸ਼ਿਵ ਮੰਜੇ ’ਤੇ ਲੇਟ ਗਿਆ। ਪਤਾ ਸੀ ਜਾਣਾ ਤਾਂ ਪੈਣਾ ਹੀ ਹੈ, ਜਿੰਨਾ ਹੋ ਸਕੇ ਆਰਾਮ ਕਰ ਲਏ।

ਰੱਬ ਮੋਟਾ ਸਰੀਰ ਵੀ ਕਿਸੇ ਨੂੰ ਨਾ ਦੇਵੇ। ਸਾਰੀ ਉਮਰ ਦੀ ਸਜ਼ਾ ਹੈ। ਉਹਦਾ ਵਜ਼ਨ ਵੀ ਸਵਾ ਕੁਇੰਟਲ ਤੋਂ ਉਪਰ ਸੀ। ਪੇਟ ਢੋਲ ਵਾਂਗ ਬਾਹਰ ਨੂੰ ਨਿਕਲਿਆ ਪਿਐ। ਕਈ ਵਾਰ ਸਹੁੰ ਖਾਧੀ ਹੈ, ਘੱਟ ਖਾਵੇ ਅਤੇ ਕਸਰਤ ਵੱਧ ਕਰੇ, ਪਰ ਸ਼ਰਾਬ ਉਹਦੀ ਕਮਜ਼ੋਰੀ ਬਣ ਚੁੱਕੀ ਹੈ। ਨਾਲ ਮਸਾਲੇਦਾਰ ਮੀਟ ਬਣਿਆ ਹੋਵੇ ਤਾਂ ਸਭ ਕਸਮਾਂ ਭੁੱਲ ਜਾਂਦੀਆਂ ਹਨ। ਖਾ ਪੀ ਕੇ ਖੜ੍ਹਨਾ ਔਖਾ ਹੋ ਜਾਂਦਾ ਹੈ, ਪੇਟ ਵਿੱਚ ਹਵਾ ਭਰ ਜਾਂਦੀ ਹੈ। ਕਈ-ਕਈ ਦਿਨ ਕਬਜ਼ ਰਹਿੰਦੀ ਹੈ। ਦਵਾਈਆਂ ਵੀ ਅਸਰ ਨਹੀਂ ਕਰਦੀਆਂ।

ਬਦਹਜ਼ਮੀ ਤੋਂ ਡਰਦਾ ੳਹ ਪਹਿਲੇ ਦੋ ਪੈੱਗ ਨੀਟ ਹੀ ਪੀਂਦਾ ਹੈ। ਆਚਾਰ ਦੀ ਫਾੜੀ ਤੱਕ ਨੂੰ ਬਿਨਾਂ ਮੂੰਹ ਲਾਇਆਂ। ਜਦੋਂ ਅੰਦਰ ਅੱਗ ਦਾ ਭਾਂਬੜ ਮੱਚਣ ਲੱਗ ਜਾਏ, ਫੇਰ ਉਹ ਮੀਟ ਵੱਲ ਹੁੰਦਾ ਹੈ। ਇੰਝ ਪੀਣ ਨਾਲ ਹਾਜ਼ਮਾ ਦਰੁੱਸਤ ਰਹਿੰਦਾ ਹੈ। ਪਿੱਛੋਂ ਭਾਵੇਂ ਦੋ ਮੁਰਗ਼ੇ ਹਜ਼ਮ ਕਰ ਜਾਏ, ਕੁੱਝ ਨਹੀਂ ਹੁੰਦਾ। ਬਿਨਾਂ ਘੁੱਟ ਪੀਤੇ ਜੇ ਇੱਕ ਟੁਕੜੀ ਬਰਫ਼ੀ ਦੀ ਵੀ ਖਾ ਲਏ ਤਾਂ ਸਾਰਾ ਦਿਨ ਪੇਟ ਭਾਰਾ ਰਹਿੰਦਾ ਹੈ। ਜਿੰਨਾ ਚਿਰ ਅੱਧੀਆ ਅੰਦਰ ਨਾ ਸੁੱਟ ਲਏ, ਹਜ਼ਮ ਨਹੀਂ ਹੁੰਦਾ।

ਬਹੁਤੀ ਪਿਆ ਕੇ ਸਹਿਜੜੇ ਵਾਲੇ ਸਰਪੰਚ ਨੇ ਉਹਦੇ ਨਾਲ ਧੱਕਾ ਕੀਤਾ ਸੀ। ਗਲਾਸੀ ਤੇ ਗਲਾਸੀ ਭਰ-ਭਰ ਦੇਈ ਗਿਆ। ਸ਼ਿਵ ਨੇ ਬਥੇਰਾ ਸਮਝਾਇਆ, ਵਜ਼ੀਰ ਸਾਹਿਬ ਸ਼ਰਾਬ ਦੇ ਖ਼ਿਲਾਫ਼ ਹਨ, ਕਿਸੇ ਨੇ ਮੁਖ਼ਬਰੀ ਕਰ ਦਿੱਤੀ ਜਾਂ ਉਹਨਾਂ ਨੂੰ ਹਵਾੜ ਆ ਗਈ ਤਾਂ ਖੜੇ ਹੀ ਸ਼ਿਵ ਦਾ ਸਟਾਰ ਲੁਹਾ ਦੇਣਗੇ। ਸਰਪੰਚ ਨੇ ਇੱਕ ਨਾ ਸੁਣੀ। ਹਾਥੀ ਦੇ ਦੰਦਾਂ ਵਾਂਗ ਕਹਿਣਾ ਕੁੱਝ ਹੋਰ ਹੁੰਦਾ ਹੈ ਅਤੇ ਕਰਨਾ ਕੁੱਝ ਹੋਰ। ਇਸੇ ਦਾ ਨਾਂ ਸਿਆਸਤ ਹੈ। ਇਹ ਵਜ਼ੀਰ ਕਛਹਿਰੇ ਪਾਉਣ ਵਾਲਾ ਜਥੇਦਾਰ ਨਹੀਂ ਹੈ, ਕੋਟ-ਪੈਂਟ ਵਾਲਾ ਹੈ। ਪੰਜ ਸਾਲ ਪ੍ਰੋਫ਼ੈਸਰ ਰਿਹਾ ਹੈ, ਕੱਟੜ ਨਹੀਂ। ਵੇਲੇ-ਕੁਵੇਲੇ ਛਿੱਟ ਲਾ ਲੈਂਦਾ ਹੈ। ਸ਼ਿਵ ਦਾ ਮੂੰਹ ਸੁੰਘਣ ਦੇ ਉਹ ਕਾਬਲ ਹੀ ਨਹੀਂ। ਉਹ ਆਪ ਵੀ ਮੂੰਹ ਲੁਕੋ ਕੇ ਬੈਠੇਗਾ ਅਤੇ ਚੰਡੀਗੜ੍ਹ ਤਕ ਘੁਰਾੜੇ ਮਾਰਦਾ ਜਾਵੇਗਾ।

ਸ਼ਿਵ ਸ਼ਰਮੋਂ-ਸ਼ਰਮੀਂ ਪੀਂਦਾ ਰਿਹਾ। ਸਰਪੰਚ ਵਜ਼ੀਰ ਦਾ ਲੰਗੋਟੀਆ ਯਾਰ ਸੀ। ਜਿੰਨਾ ਚਿਰ ਜੱਟ ਨਾਲ ਬੈਠ ਕੇ ਹਮ-ਪਿਆਲਾ ਨਾ ਹੋਇਆ ਜਾਵੇ, ਉਹ ਤੁਹਾਨੂੰ ਯਾਰ ਹੀ ਨਹੀਂ ਮੰਨਦਾ। ਜਿੰਨਾ ਚਿਰ ਯਾਰੀ ਨਾ ਹੋਵੇ, ਕੰਮ ਕਾਹਦਾ? ਕੰਮ ਦਾ ਕੀ ਪਤਾ ਹੈ ਕਦੋਂ ਨਿਕਲ ਆਵੇ? ਇਹੋ ਸੋਚ ਕੇ ਉਹ ਸਰਪੰਚ ਨਾਲ ਗਲਾਸ ਖੜਕਾ-ਖੜਕਾ ਕੇ ਪੀਂਦਾ ਰਿਹਾ ਸੀ। ਅੱਜ-ਕੱਲ੍ਹ ਦੇ ਸਿਆਸੀ ਮਾਹੌਲ ਵਿੱਚ ਇੱਕ-ਅੱਧ ਵਜ਼ੀਰ ਹੱਥ ਵਿੱਚ ਹੋਣਾ ਹੀ ਚਾਹੀਦਾ ਹੈ। ਕੋਈ ਅੰਗਲੀ- ਸੰਗਲੀ ਨਾਲ ਭਿੜਦੀ ਹੋਵੇ ਤਾਂ ਜ਼ੋਰਵਾਰ ਥਾਣੇਦਾਰ ਸ਼ਿਵ ਵਰਗੇ ਨੂੰ ਚੌਥੇ ਦਿਨ ਲਾਈਨ ਹਾਜ਼ਰ ਕਰਾ ਕੇ ਆਪ ਥਾਣੇ ਆ ਲੱਗਦੇ ਹਨ। ਸ਼ਿਵ ਦਾ ਕਿਹੜਾ ਕੁੱਝ ਪੱਲਿਓਂ ਜਾਦਾ ਸੀ, ਉਹਨਾਂ ਦੀਆਂ ਜੁੱਤੀਆਂ, ਉਹਨਾਂ ਦਾ ਹੀ ਸਿਰ।

ਵੱਤਰ ਹੋਣ ਲਈ ਸ਼ਿਵ ਨੂੰ ਘੰਟੇ-ਦੋ ਘੰਟੇ ਦਾ ਆਰਾਮ ਜ਼ਰੂਰੀ ਸੀ।

ਉਹਦੀ ਵਰਦੀ ਵੀ ਗੰਦੀ ਸੀ। ਵਜ਼ੀਰ ਦਾ ਪ੍ਰੋਗਰਾਮ ਇੱਕ ਦਿਨ ਦਾ ਸੀ। ਉਹ ਵਾਧੂ ਵਰਦੀ ਨਹੀਂ ਸੀ ਲੈ ਕੇ ਗਿਆ। ਵਜ਼ੀਰ ਤਾਂ ਮਰਾਸੀਆਂ ਦੇ ਜਵਾਈ ਵਾਂਗੂੰ ਡੇਰਾ ਹੀ ਲਾ ਕੇ ਬੈਠ ਗਿਆ। ਕੁੜਤੇ ਦੇ ਕਾਲਰ ਅਤੇ ਕਫ਼ਾਂ ’ਤੇ ਕਾਲਖ ਦੂਰੋਂ ਹੀ ਦਿਖਾਈ ਦਿੰਦੀ ਸੀ ਗੰਦੀ ਵਰਦੀ ਪਾਉਣ ਦਾ ਸ਼ਿਵ ਆਦੀ ਨਹੀਂ ਸੀ। ਗੰਦੇ ਕੱਪੜਿਆਂ ’ਚ ਪੁਲਿਸ ਅਫ਼ਸਰ ਦਾ ਰੋਹਬ ਨਹੀਂ ਰਹਿੰਦਾ। ਸਾਰੇ ਸਰੀਰ ’ਚੋਂ ਪਸੀਨੇ ਦੀ ਬੂ ਆ ਰਹੀ ਸੀ। ਮੋਟੇ ਬੰਦੇ ਨੂੰ ਪਸੀਨਾ ਵੀ ਜ਼ਿਆਦਾ ਆਉਂਦਾ ਹੈ।

ਸ਼ਿਵ ਦੀ ਇੱਛਾ ਸੀ ਕਿ ਉਹ ਘੜੀ ਪਲ ਆਰਾਮ ਕਰੇ, ਨਹਾਵੇ ਅਤੇ ਨਵੀਂ ਵਰਦੀ ਪਾ ਕੇ ਬਾਹਰ ਨਿਕਲੇ। ਇੱਕ ਵਾਰ ਤੁਰ ਪਿਆ ਤਾਂ ਪਤਾ ਨਹੀਂ ਕਦੋਂ ਵਾਪਸੀ ਹੋਵੇ। ਮੁਕਾਬਲਾ ਹੋ ਸਕਦਾ ਹੈ, ਮੁਜਰਮਾਂ ਨੂੰ ਘੇਰਾ ਪਾਇਆ ਜਾ ਸਕਦਾ ਹੈ ਜਾਂ ਪਿੱਛਾ ਕਰਦੇ-ਕਰਦੇ ਕਿਧਰੇ ਦੂਰ ਵੀ ਨਿਕਲਿਆ ਜਾ ਸਕਦਾ ਹੈ। ਪੁਲਿਸ ਦੀ ਨੌਕਰੀ ਦਾ ਇਹੋ ਕੁੱਤਖ਼ਾਨਾ ਹੈ। ਚੌਵੀ ਘੰਟੇ ਸੂਲੀ ਚੜ੍ਹੇ ਰਹੋ।

ਬਾਕੀ ਕੰਮਾਂ ਲਈ ਤਾਂ ਵਕਤ ਕਿਥੇ? ਪੇਟ ਦੀ ਹਵਾ ਰਿਸਕਾਉਣ ਲਈ ਓਨਾ ਚਿਰ ਪਾਸੇ ਪਰਤਦਾ ਰਿਹਾ, ਜਿੰਨਾ ਚਿਰ ਮੁਨਸ਼ੀ ਖ਼ੁਦ ਨਾ ਆ ਧਮਕਿਆ।

“ਕਮਾਲ ਦੀ ਗੱਲ ਹੈ ਬਾਬੂ ਜੀ? ਰਿਪੋਰਟ ਡੀ.ਜੀ.ਤਕ ਜਾ ਚੁੱਕੀ ਹੈ ਤੇ ਤੁਸੀਂ ਆਰਾਮ ਨਾਲ ਪਏ ਹੋ। … ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ … ਝੱਟਪਟ ਮੌਕੇ ’ਤੇ ਜਾਓ। ਮੈਂ ਤੁਹਾਡੀ ਵਾਪਸੀ ਕਰਕੇ ਮੌਕੇ ਲਈ ਰਵਾਨਗੀ ਕਰ ਦਿੱਤੀ ਹੈ। … ਚੌਂਕ ’ਚੋਂ ਦੋ ਸਿਪਾਹੀ ਹਟਾ ਕੇ ਉਥੇ ਭੇਜ ਦਿੱਤੇ ਹਨ। ਮੈਂ ਤੁਹਾਨੂੰ ਇਤਲਾਹ ਦੇ ਦਿੱਤੀ। ਅੱਗੋਂ ਤੁਹਾਡੀ ਮਰਜ਼ੀ।” ਮੁਨਸ਼ੀ ਹਫ਼ਿਆ ਪਿਆ ਸੀ। ਉਹਦੀ ਆਵਾਜ਼ ਵਿੱਚ ਘਬਰਾਹਟ ਸੀ, ਤਰਲਾ ਸੀ ਅਤੇ ਥੋੜ੍ਹਾ ਜਿਹਾ ਰੋਹਬ ਵੀ।

“ਚੱਲ ਮਨਾ ਚੱਲੀਏ। ਨੌਕਰੀ ਕੀ ਤੇ ਨਖ਼ਰਾ ਕੀ?” ਮਨ ਨੂੰ ਸਮਝਾ ਕੇ ਸ਼ਿਵ ਉੱਠਿਆ। ਬੈਲਟ ਕੱਸੀ। ਪਸੀਨੇ ਅਤੇ ਤੇਲ ਨਾਲ ਥਿੰਦੀ ਹੋਈ-ਹੋਈ ਪਗੜੀ ਹੀ ਸਿਰ ’ਤੇ ਰੱਖੀ। ਰਿਵਾਲਵਰ ਵਿੱਚ ਛੇ ਗੋਲੀਆਂ ਪਾਈਆਂ ਅਤੇ ਹੱਥ ’ਚ ਡੰਡਾ ਫੜ ਕੇ ਬਾਹਰ ਨੂੰ ਤੁਰ ਪਿਆ।

ਥਾਣੇ ਦੇ ਗੇਟ ’ਤੇ ਆ ਕੇ ਇਧਰ-ਉਧਰ ਤੱਕਿਆ। ਉਸ ਨੂੰ ਆਸ ਸੀ ਜ਼ਰੂਰ ਕੋਈ ਬਾਹਰ ਖੜਾ ਉਸ ਦੀ ਇੰਤਜ਼ਾਰ ਕਰ ਰਿਹਾ ਹੋਣਾ ਹੈ। ਲਾਲਾ ਜੀ ਦਾ ਘਰ ਕੋਈ ਬਹੁਤਾ ਦੂਰ ਨਹੀਂ। ਤੁਰ ਕੇ ਜਾਈਏ ਤਾਂ ਵੀ ਦਸ ਮਿੰਟ ਤੋਂ ਵੱਧ ਨਹੀਂ ਲੱਗਦੇ। ਫਿਰ ਵੀ ਤੁਰ ਕੇ ਉਹ ਆਪਣਾ ਬਲੱਡ ਪ੍ਰੈਸ਼ਰ ਹਾਈ ਕਿਉਂ ਕਰੇ?

ਭਾਰੀ ਦੇਹ ਕਰ ਕੇ ਸਾਈਕਲ ਸ਼ਿਵ ਨੇ ਰੱਖਿਆ ਹੀ ਨਹੀਂ ਸੀ। ਕਦੇ ਸਾਈਕਲ ’ਤੇ ਚੜ੍ਹਨਾ ਪੈਂਦਾ ਤਾਂ ਦੇਖ-ਦੇਖ ਲੋਕ ਮੁਸ਼ਕੜੀਏ ਹੱਸਦੇ। ਬਿਨਾਂ ਵਰਦੀ ਤੋਂ ਹੁੰਦਾ ਤਾਂ ਬੱਚੇ ਛੇੜਖ਼ਾਨੀ ਕਰਨ ਤੋਂ ਵੀ ਗੁਰੇਜ਼ ਨਾ ਕਰਦੇ। ਕੁੜੀਆਂ-ਕੱਤਰੀਆਂ ਤਾਂ ਵਰਦੀ ਦੀ ਵੀ ਪਰਵਾਹ ਨਾ ਕਰਦੀਆਂ, ਟਿੱਚਰ ਕਰ ਹੀ ਜਾਦੀਆਂ। ਮੋਟਰ-ਸਾਈਕਲ ਤੋਂ ਉਸ ਨੂੰ ਪਹਿਲੇ ਦਿਨੋਂ ਹੀ ਡਰ ਲੱਗਦਾ ਹੈ। ਇੱਕ ਵਾਰ ਸਿੱਖਦਾ-ਸਿੱਖਦਾ ਅਜਿਹਾ ਡਿੱਗਿਆ ਕਿ ਮੁੜ ਮੋਟਰ-ਸਾਈਕਲ ਨੂੰ ਹੱਥ ਲਾਉਣ ਦੀ ਹਿੰਮਤ ਨਾ ਪਈ। ਨਾਲੇ ਮਹਿੰਗੇ ਭਾਅ ਦਾ ਤੇਲ ਫੁਕਣ ਦੀ ਉਸ ਨੂੰ ਕੀ ਚੱਟੀ ਪਈ ਹੈ? ਸਾਈਕਲ ਚਲਾਵੇ ਤਾਂ ਗੋਡਿਆਂ ’ਚ ਦਰਦ ਹੋਣ ਲੱਗਦੈ, ਸਾਹ ਅੱਡ ਚੜ੍ਹ ਜਾਂਦੈ। ਬਲੱਡ ਪ੍ਰੈਸ਼ਰ ਤਾਂ ਵਧਣਾ ਹੀ ਹੋਇਆ। ਜਿਸ ਨੂੰ ਕੰਮ ਹੋਊ, ਆਪੇ ਸਵਾਰੀ ਦਾ ਇੰਤਜ਼ਾਮ ਕਰੂ।

ਨਾ ਕੋਈ ਸ਼ਿਵ ਨੂੰ ਲੈਣ ਆਇਆ ਸੀ, ਨਾ ਸਵਾਰੀ ਦਾ ਇੰਤਜ਼ਾਮ ਸੀ। ਵਾੜ ’ਚ ਫਸੇ ਬਿੱਲੇ ਵਾਂਗ ਉਹ ਬਿਟਰ-ਬਿਟਰ ਤੱਕਦਾ ਰਿਹਾ।

ਕੋਈ ਗੱਲ ਨਹੀਂ, ਸਵਾਰੀ ਨਹੀਂ ਤਾਂ ਨਾ ਸਹੀ। ਚੌਂਕ ’ਚ ਖੜੇ ਰਿਕਸ਼ੇ ਵਾਲੇ ਤਾਂ ਕਿਤੇ ਨਹੀਂ ਗਏ। ਪੁਲਿਸ ਨੂੰ ਡਿਊਟੀ ਵਾਲੀ ਥਾਂ ’ਤੇ ਪਹੁੰਚਾਉਣਾ ਉਹਨਾਂ ਦਾ ਪਹਿਲਾ ਫ਼ਰਜ਼ ਹੈ।

ਸ਼ਿਵ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਚੌਂਕ ’ਚ ਖੜੇ ਰਿਕਸ਼ੇ ਵਾਲੇ ਖਿਸਕਣ ਲੱਗੇ। ਦੋ ਕੁ ਸਟੇਸ਼ਨ ਵੱਲ ਤੁਰ ਪਏ, ਚਾਰ ਕੁ ਪੁਰਾਣੇ ਸ਼ਹਿਰ ਵੱਲ। ਜਿਹਨਾਂ ਨੂੰ ਰਤਾ ਅਟਕ ਕੇ ਅਕਲ ਆਈ, ਉਹ ਰਿਕਸ਼ੇ ਛੱਡ ਕੇ ਦੁਕਾਨਾਂ ਵਿੱਚ ਜਾ ਵੜੇ। ਵਗਾਰ ਤਾਂ ਕਰਨੀ ਹੀ ਹੈ। ਜਿਹੜਾ ਫਸ ਗਿਆ, ਫਸ ਗਿਆ। ਮੀਲ ਦੋ ਮੀਲ ਜਾਣਾ ਹੋਵੇ ਤਾਂ ਰਿਕਸ਼ੇ ਵਾਲੇ ਮੱਥੇ ਵੱਟ ਨਹੀਂ ਪਾਉਂਦੇ, ਜਦੋਂ ਸਾਰੀ ਦਿਹਾੜੀ ਭੁੱਖਣ-ਭਾਣਿਆਂ ਨੂੰ ਧੂਹਿਆ ਜਾਂਦਾ ਹੈ ਤਾਂ ਉਹ ਖਿਝਦੇ ਹਨ। ਇਸੇ ਬੀਮਾਰੀ ਤੋਂ ਡਰਦੇ ਉਹ ਖਿੰਡ-ਪੁੰਡ ਰਹੇ ਸਨ।

ਸ਼ਿਵ ਨੂੰ ਗੁੱਸਾ ਚੜ੍ਹ ਗਿਆ। ਇਹ ਸਰਾਸਰ ਬਦਤਮੀਜ਼ੀ ਸੀ। ਪੁਲਿਸ ਦੀ ਤੌਹੀਨ ਸੀ। ਚੌਂਕ ’ਚ ਪਹੁੰਚ ਕੇ ਸਭ ਤੋਂ ਪਹਿਲਾਂ ਉਹਨੇ ਸਾਰੇ ਰਿਕਸ਼ਿਆਂ ਵਿਚੋਂ ਹਵਾ ਕੱਢ ਦਿੱਤੀ, ਵਾਲ ਅਤੇ ਢਿਬਰੀਆਂ ਜੇਬ ਵਿੱਚ ਪਾ ਲਈਆਂ। ਦੋ-ਦੋ ਰੁਪਏ ਵੀ ਖ਼ਰਚ ਹੋਣਗੇ ਅਤੇ ਘੰਟਾ-ਘੰਟਾ ਖ਼ਰਾਬ ਵੀ ਹੋਏਗਾ।

ਜਿਹੜਾ ਇੱਕ ਖਿਸਕਣੋਂ ਰਹਿ ਗਿਆ, ਉਸ ਨੂੰ ਸ਼ਿਵ ਨੇ ਕਾਬੂ ਕਰ ਲਿਆ।

“ਪਿਓ ਵਾਲਾ ਚੌਂਕ ਸਮਝਿਐ ਲੱਗਦੈ? ਭੂਤਨੀ ਦਿਆ, ਦਿੱਸਦਾ ਨਹੀਂ, ਸਾਰੀ ਟਰੈਫ਼ਿਕ ਜਾਮ ਹੋ ਗਈ।” ਇਸ ਤੋਂ ਪਹਿਲਾਂ ਕਿ ਸ਼ਿਵ ਧੌਲ-ਧੱਫਾ ਕਰਦਾ, ਰਿਕਸ਼ੇ ਵਾਲਾ ਪਹਿਲਾਂ ਹੀ ਬੋਲ ਪਿਆ ।

“ਕਿਥੇ ਜਾਓਗੇ ਬਾਬੂ ਜੀ … ? ‘

“ਟੈਗੋਰ ਸਟਰੀਟ।” ਮੁੱਛਾਂ ਨੂੰ ਵੱਟ ਦਿੰਦੇ ਸ਼ਿਵ ਨੇ ਆਪਣੀ ਮੰਜ਼ਲ ਦੱਸੀ।

“ਉਹ ਡਾਕਟਰ ਵਾਲੇ ਮੋੜ ’ਤੇ ਰੋਕੀਂ ਜ਼ਰਾ … ਕੰਜਰ ਦਾ ਪੁੱਤ ਪਾਨਾਂ ਵਾਲਾ ਹਰ ਰੋਜ਼ ਇਸ ਮੋੜ ’ਤੇ ਖੜੋ ਜਾਂਦੈ। ਗਲੀ ਪਹਿਲਾਂ ਹੀ ਦੋ ਫੁੱਟ ਦੀ ਮਸਾਂ ਹੈ … ।”

ਸ਼ਿਵ ਨੂੰ ਵਹਿਮ ਸੀ, ਉਹਦੇ ਮੂੰਹ ਵਿਚੋਂ ਬੂ ਮਾਰ ਰਹੀ ਹੋਏਗੀ। ਰੂੜੀ ਮਾਰਕਾ ਸ਼ਰਾਬ ਦਾ ਨਸ਼ਾ ਤਾਂ ਭਾਵੇਂ ਘੰਟੇ ਬਾਅਦ ਹੀ ਉਤਰ ਜਾਂਦਾ ਹੈ ਪਰ ਬੂ ਅਗਲੇ ਦਿਨ ਤਕ ਆਉਂਦੀ ਰਹਿੰਦੀ ਹੈ। ਉਹਨੂੰ ਡਕਾਰ ’ਤੇ ਡਕਾਰ ਆ ਰਹੇ ਸਨ। ਡਕਾਰ ਨਾਲ ਬੂ ਸਾਰੇ ਵਾਯੂ-ਮੰਡਲ ਵਿੱਚ ਫੈਲ ਰਹੀ ਸੀ। ਯੁਵਾ ਸੰਘ ਸ਼ਰਾਬ ਦੇ ਖ਼ਿਲਾਫ਼ ਹੈ। ਰਾਮ-ਲੀਲ੍ਹਾ ’ਚ ਕਈ ਵਾਰ ਉਹਨੇ ਸੰਘ ਵਾਲਿਆਂ ਨੂੰ ਸ਼ਰਾਬੀਆਂ ਨਾਲ ਝਗੜਦੇ ਦੇਖਿਐ। ਰਾਮ ਸਰੂਪ, ਦਰਸ਼ਨ ਅਤੇ ਨਰਾਤਾ ਉਂਝ ਤਾਂ ਸਭ ਪਿਆਕੜ ਹਨ। ਸ਼ਿਵ ਨਾਲ ਕਈ ਵਾਰ ਬੈਠ ਚੁੱਕੇ ਹਨ, ਪਰ ਲੁਕ-ਛਿਪ ਕੇ ਅਤੇ ਸਮਾਂ ਵਿਚਾਰ ਕੇ। ਵੈਸੇ ਡਿਊਟੀ ’ਤੇ ਖੜਾ ਸਿਪਾਹੀ ਵੀ ਜੇ ਸ਼ਰਾਬੀ ਹੋ ਗਿਐ ਤਾਂ ਉਹਨਾਂ ਝੱਟ ਜਲੂਸ ਕੱਢ ਦੇਣੈ। ਬਹੁਤੀ ਦੇਰ ਨਹੀਂ ਹੋਈ ਉਸ ਗੱਲ ਨੂੰ, ਜਦੋਂ ਟਰੱਕ ਯੂਨੀਅਨ ਵਿੱਚ ਗੋਲੀ ਚੱਲੀ ਸੀ। ਉਥੇ ਕਈ ਘੰਟੇ ਹੱਲਾ-ਗੁੱਲਾ ਹੁੰਦਾ ਰਿਹਾ। ਡਿਪਟੀ ਨੂੰ ਸੰਘ ਵਾਲੇ ਭਾਲਦੇ ਰਹੇ, ਉਹ ਕਿਧਰੇ ਨਾ ਲੱਭਾ। ਪੁਲਿਸ ਘੰਟਾ ਬਾਅਦ ਮੌਕੇ ’ਤੇ ਪੁੱਜੀ। ਕਿਸੇ ਨੇ ਸੰਘ ਨੂੰ ਸੂਹ ਦੇ ਦਿੱਤੀ, ਡਿਪਟੀ ਡਾਕਟਰ ਦੀ ਕੋਠੀ ਬੈਠਾ ਦਾਰੂ ਪੀ ਰਿਹਾ ਹੈ। ਉਹਨਾਂ ਡਾਕਟਰ ਦੀ ਕੋਠੀ ਦਾ ਘਿਰਾਓ ਕਰ ਲਿਆ। ਆਖਣ ਦੋਹਾਂ ਦਾ ਮੁਆਇਨਾ ਕਰਾਉਣਾ ਹੈ। ਘਿਰੇ ਡਿਪਟੀ ਨੂੰ ਮੁਆਫ਼ੀ ਮੰਗ ਕੇ ਜਾਣ ਬਚਾਉਣੀ ਪਈ। ਸ਼ਰਮ ਦਾ ਮਾਰਿਆ ਦਸਾਂ ਦਿਨਾਂ ਬਾਅਦ ਬਦਲੀ ਕਰਵਾ ਕੇ ਭੱਜ ਗਿਆ। ਡਿਪਟੀ ਦਾ ਇਹ ਹਾਲ ਹੋ ਸਕਦੈ ਤਾਂ ਸ਼ਿਵ ਕਿਸ ਦਾ ਵਿਚਾਰਾ ਹੈ? ਜਿਸ ਦਾ ਨਾ ਅੱਗਾ ਨਾ ਪਿੱਛਾ।

ਸ਼ਿਵ ਦਾ ਥੋੜ੍ਹਾ ਜਿੰਨਾ ਵੀ ਕਿੱਲੇ ਦਾ ਜ਼ੋਰ ਹੁੰਦਾ ਤਾਂ ਉਹ ਛੇ ਸਾਲ ਸਸਪੈਂਡ ਹੋ ਕੇ ਘਰੇ ਨਾ ਬੈਠਾ ਰਹਿੰਦਾ। ਹੋਰ ਥਾਣੇਦਾਰਾਂ ਵਾਂਗ ਤੀਜੇ ਦਿਨ ਇਨਕੁਆਇਰੀ ਫ਼ਾਈਲ ਕਰਵਾ ਕੇ ਬੜ੍ਹਕਾਂ ਮਾਰਦਾ ਫਿਰਦਾ।

ਅਠਾਈ ਸਾਲਾਂ ਦੀ ਨੌਕਰੀ ’ਚ ਉਹਨੇ ਪਹਿਲੀ ਵਾਰ ਦਲੇਰੀ ਫੜੀ ਸੀ। ਪਹਿਲੀ ਚੋਰੀ ਵਿੱਚ ਹੀ ਉਹਨੂੰ ਫਾਹਾ ਲੱਗਣ ਲੱਗਾ ਸੀ। ਪਹਿਲੇ ਅਠਾਈ ਸਾਲ ਉਹਨੇ ਡਰ ਕੇ ਹੀ ਨੌਕਰੀ ਕੀਤੀ ਸੀ। ਲੋਕ ਸੱਚ ਆਖਦੇ ਹਨ, ਉਸ ਵਿੱਚ ਪੈਸੇ ਲੈਣ ਵਾਲਾ ਗੁਰਦਾ ਹੈ ਹੀ ਨਹੀਂ। ਲੱਖ ਚਾਹੁੰਦਾ ਹੋਇਆ ਵੀ ਉਹ ਕਦੇ ਵੱਡੀ ਮਾਰ ਨਹੀਂ ਸੀ ਮਾਰ ਸਕਿਆ। ਇਹ ਗੱਲ ਨਹੀਂ ਕਿ ਉਸ ਨੂੰ ਕਦੇ ਵੱਡੀ ਫ਼ੀਸ ਲੈਣ ਦਾ ਮੌਕਾ ਨਹੀਂ ਮਿਲਿਆ। ਅਜਿਹੇ ਬਥੇਰੇ ਮੌਕੇ ਆਏ, ਕਈ ਸਾਲ ਉਹ ਬਾਰਡਰ ’ਤੇ ਰਿਹਾ ਸੀ। ਉਥੋਂ ਅਫ਼ੀਮ, ਡੋਡਿਆਂ ਦੇ ਟਰੱਕਾਂ ਦੇ ਟਰੱਕ ਲੰਘਦੇ ਸਨ। ਚਾਹੁੰਦਾ ਤਾਂ ਲੱਖਾਂ ਰੁਪਿਆ ਕਮਾ ਲੈਂਦਾ। ਫੜਿਆ ਟਰੱਕ ੳਹ ਕਦੇ ਵੀ ਨਾ ਛੱਡ ਸਕਿਆ। ਇਹ ਅਲੱਗ ਗੱਲ ਸੀ ਕਿ ਟਰੱਕਾਂ ਵਾਲਿਆਂ ’ਤੇ ਕਦੇ ਮੁਕੱਦਮੇ ਵੀ ਨਹੀਂ ਸੀ ਬਣੇ। ਕਿਸੇ ਨਾ ਕਿਸੇ ਵੱਡੇ ਅਫ਼ਸਰ ਨੇ ਵਿੱਚ ਪੈ ਜਾਣਾ ਅਤੇ ਪੈਸੇ ਲੈ ਕੇ ਛੱਡ ਦੇਣਾ।

ਇੱਕ ਵਾਰ ਦੀਵਾਲੀ ਵਾਲੇ ਦਿਨ ਜੂਆ ਖੇਡਦੇ ਸੇਠ ਹੱਥ ਲੱਗ ਗਏ। ਸੱਠ-ਸੱਠ ਸਾਲ ਦੇ ਬੁੱਢੇ। ਸ਼ੁਗਲ ਮੇਲੇ ਲਈ ਤਾਸ਼ ਖੇਡਣ ਬੈਠ ਗਏ। ਪੰਜਾਹ ਹਜ਼ਾਰ ਪਿੜ ਵਿੱਚ ਪਿਆ ਸੀ। ਇਸ ਤੋਂ ਵੱਧ ਉਹਨਾਂ ਦੇ ਗੋਡਿਆਂ ਹੇਠ। ਸ਼ਿਵ ਨੂੰ ਦੇਣ ਲਈ ਡਰਦੇ ਸੇਠਾਂ ਨੇ ਕੜੇ ਮੁੰਦਰੀਆਂ ਵੀ ਲਾਹ ਲਈਆਂ, ਪਿੜਾਂ ਵਾਲੇ ਪੈਸੇ ਵੀ ਉਹ ਰੱਖੇ, ਕੜੇ ਮੁੰਦਰੀਆਂ ਵੀ ਲਵੇ, ਉਹਨਾਂ ਦੀ ਇੱਜ਼ਤ ਬਚਾਏ। ਸਾਰੇ ਇੱਜ਼ਤਦਾਰ ਬੰਦੇ ਹਨ। ਧੀਆਂ-ਪੁੱਤ ਵੀ ਚੰਗੇ-ਚੰਗੇ ਥਾਂ ਵਿਆਹੇ ਹੋਏ ਹਨ। ਇੱਕ ਵਾਰ ਥਾਣੇ ਜਾਣਾ ਪੈ ਗਿਆ, ਸਾਰੀ ਇੱਜ਼ਤ ਮਿੱਟੀ ’ਚ ਰੁਲ ਜਾਏਗੀ। ਇਹ ਫ਼ੀਸ ਵੀ ਘੱਟ ਲੱਗਦੀ ਹੈ ਤਾਂ ਮੂੰਹ-ਮੰਗੇ ਪੈਸੇ ਕਾਰਖ਼ਾਨਿਉਂ ਭੇਜ ਦਿੰਦੇ ਹਾਂ। ਇੰਨੀ ਰਕਮ ਹਜ਼ਮ ਕਰਨ ਦੀ ਸ਼ਿਵ ਦੀ ਹਿੰਮਤ ਨਹੀਂ ਸੀ ਪਈ। ਕਿਸੇ ਨਾ ਕਿਸੇ ਪਾਸਿਉਂ ਗੱਲ ਨਿਕਲ ਜਾਣੀ ਸੀ। ਨਾਲ ਦੇ ਸਿਪਾਹੀਆਂ ਨੇ ਬਥੇਰੀਆਂ ਮਿੰਨਤਾਂ ਕੀਤੀਆਂ। ਸ਼ਿਵ ਨਾ ਲਵੇ ਪਰ ਸਿਪਾਹੀਆਂ ਦੀ ਭੁੱਖ ਤਾਂ ਮਿਟਾ ਦੇਵੇ। ਡਰੇ ਸ਼ਿਵ ਨੇ ਉਹਨਾਂ ਨੂੰ ਇੱਕ ਪੈਸਾ ਨਹੀਂ ਲੈਣ ਦਿੱਤਾ। ਉਹ ਮਾਰ ਡਿਪਟੀ ਮਾਰ ਗਿਆ। ਸ਼ਿਵ ਨੂੰ ਝਿੜਕਾਂ ਵੀ ਪਈਆਂ। ਸੇਠ ਉਸ ਨੂੰ ਮੁਜਰਮ ਲੱਗਦੇ ਹਨ? ਕੋਠੀ ’ਚ ਤਾਸ਼ ਖੇਡਣਾ ਕੋਈ ਜੁਰਮ ਹੈ? ਇਹ ਤਾਂ ਮੋਚੀਆਂ, ਰਿਕਸ਼ੇ ਵਾਲਿਆਂ ਜਾਂ ਮਜ਼ਦੂਰਾਂ ਲਈ ਹੁੰਦੈ, ਜਿਹੜੇ ਸ਼ਰੇਆਮ ਜੂਆ ਖੇਡਦੇ ਹਨ।

ਉਸ ਪਿੱਛੋਂ ਸਿਪਾਹੀ ਸ਼ਿਵ ਨਾਲ ਗਸ਼ਤ ’ਤੇ ਜਾਣੋ ਹਟ ਗਏ। ਆਪ ਵੀ ਭੁੱਖਾ ਮਰਦਾ ਹੈ, ਨਾਲ ਦਿਆਂ ਨੂੰ ਵੀ ਮਾਰਦਾ ਹੈ।

ਸ਼ਿਵ ਦੀ ਫ਼ੀਸ ਸੌ-ਦੋ ਸੌ ਰੁਪਏ ਹੀ ਸੀ। ਬਹੁਤਾ ਜ਼ੋਰ ਲਾ ਕੇ ਮੰਗੇ ਤਾਂ ਵੀ ਹਜ਼ਾਰ ਤੋਂ ਵੱਧ ਨਹੀਂ ਮੰਗਦਾ। ਅੱਧੇ ਪਚੱਧੇ ਨਾਲ ਦੇ ਸਿਪਾਹੀਆਂ ਨੂੰ ਦੇ ਦਿੰਦਾ ਹੈ। ਕੁੱਝ ਸਰਕਾਰੀ ਵਕੀਲ ਅਤੇ ਜੱਜਾਂ ਦੀ ਵਗਾਰ ਲਈ ਰੱਖ ਲੈਂਦਾ ਹੈ। ਪੈਸੇ ਥੋੜ੍ਹੇ ਲਏ ਹੋਣ ਤਾਂ ਸ਼ਿਕਾਇਤ ਨਹੀਂ ਹੁੰਦੀ।

ਸ਼ਿਵ ਨੂੰ ਆਪਣੀ ਹੈਸੀਅਤ ਦਾ ਪਤਾ ਸੀ। ਉਹ ਇੱਕ ਹਟਵਾਣੀਏ ਦਾ ਮੁੰਡਾ ਸੀ। ਨਾ ਕਿਸੇ ਡਿਪਟੀ ਦਾ ਜਵਾਈ ਸੀ, ਨਾ ਕਿਸੇ ਵਜ਼ੀਰ ਦਾ ਭਤੀਜਾ, ਭਾਣਜਾ। ਅਧਵਾਟੇ ਨੌਕਰੀ ਵੀ ਨਹੀਂ ਛੱਡ ਸਕਦਾ। ਵਿਉਪਾਰ ਲਈ ਨਾ ਉਹਦੇ ਕੋਲ ਤਜਰਬਾ ਹੈ ਨਾ ਪੈਸੇ। ਨੌਕਰੀ ਹਰ ਹਾਲਤ ਵਿੱਚ ਕਰਨੀ ਹੀ ਪੈਣੀ ਹੈ। ਜਿਸ ਨੇ ਡਰ ਕੇ ਨੌਕਰੀ ਕਰਨੀ ਹੋਵੇ, ਉਹ ਪੈਸਾ ਨਹੀਂ ਕਮਾ ਸਕਦਾ।

ਪੁਲਿਸ ’ਚ ਪੈਸੇ ਕਮਾਉਣ ਦਾ ਦੂਜਾ ਤਰੀਕਾ ਡੰਡਾ ਪਰੇਡ ਹੈ। ਬੇਰੀ ਨੂੰ ਜਿੰਨੇ ਵੱਧ ਵੱਟੇ ਪੈਣ, ਓਨੇ ਵੱਧ ਬੇਰ ਦਿੰਦੀ ਹੈ। ਇਹੋ ਅਸੂਲ ਪੁਲਿਸ ਦਾ ਹੈ। ਜਿਉਂ-ਜਿਉਂ ਡੰਡਿਆਂ ਦੀ ਗਿਣਤੀ ਵਧਦੀ ਜਾਊ, ਤਿਉਂ-ਤਿਉਂ ਪੈਸਿਆਂ ਦਾ ਢੇਰ ਉੱਚਾ ਹੁੰਦਾ ਜਾਊ। ਡੰਡਾ ਪਰੇਡ ਕਰਦਿਆਂ ਸ਼ਿਵ ਨੂੰ ਪਸੀਨੇ ਛੁੱਟਦੇ ਹਨ। ਇੱਕ ਵਾਰ ਉਸ ਤੋਂ ਕਿਸੇ ਬਾਜ਼ੀਗਰ ਦੀ ਟੰਗ ਟੁੱਟ ਗਈ ਸੀ। ਸ਼ਿਵ ਨੇ ਉਸੇ ਦਿਨ ਦੇਵੀ ਅੱਗੇ ਸਹੁੰ ਖਾ ਲਈ। ਇੱਕ ਵਾਰ ਖਲਾਸੀ ਹੋ ਜਾਵੇ, ਮੁੜ ਕਿਸੇ ਨੂੰ ਹੱਥ ਨਹੀਂ ਲਾਉਣਾ। ਮਾਈ ਦੀ ਕਿਰਪਾ ਨਾਲ ਬਾਜ਼ੀਗਰ ਪੰਜ ਸੌ ਲੈ ਕੇ ਚੁੱਪ ਹੋ ਗਿਆ। ਕੋਈ ਹੋਰ ਹੁੰਦਾ ਤਾਂ ਸਜ਼ਾ ਕਰਾ ਕੇ ਹਟਦਾ। ਬਥੇਰੇ ਥਾਣੇਦਾਰਾਂ ਨੂੰ ਸਜ਼ਾ ਹੋ ਚੁੱਕੀ ਹੈ। ਨੌਕਰੀ ਤੋਂ ਬਰਖ਼ਾਸਤ ਤਾਂ ਹੁੰਦੇ ਹੀ ਰਹਿੰਦੇ ਹਨ। ਮੌਜੂਦ ਐਸ.ਐਚ.ਓ.ਤੋਂ ਸਾਲ ਪਹਿਲਾਂ ਇੱਕ ਬੰਦਾ ਮਰ ਗਿਆ ਸੀ। ਵਾਰਿਸ ਬੰਦੂਕਾਂ ਲੈ ਕੇ ਆ ਖੜੇ। ਉਹ ਤਾਂ ਇਸ ਦਾ ਰਸੂਖ਼ ਹੀ ਬਹੁਤ ਤਕੜਾ ਸੀ ਅਤੇ ਰਿਸ਼ਤੇਦਾਰ ਤਕੜੇ ਸਨ। ਵਜ਼ੀਰ ਨੇ ਵਿੱਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ। ਫੇਰ ਵੀ ਲੱਖ ਰੁਪਿਆ ਹਰਜਾਨਾ ਦੇਣਾ ਪਿਆ। ਸ਼ਿਵ ਕੋਲ ਇੰਨੀ ਪਰੋਖੋਂ ਨਹੀਂ। ਉਸ ਲਈ ਚੁੱਪ ਹੀ ਭਲੀ ਸੀ।

ਪੈਸੇ ਕਮਾਉਣ ਦੀ ਕਲਾ ਨਾ ਆਉਣ ਕਰਕੇ ਹੀ ਸ਼ਿਵ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ। ਕੋਈ ਪੈਸਿਆਂ ਵਾਲੀ ਤਫ਼ਤੀਸ਼ ਹੁੰਦੀ ਤਾਂ ਉਸ ਤੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ। ਵਾਧੂ-ਘਾਟੂ ਕੰਮ ਉਸ ਨੂੰ ਫੜਾ ਦਿੱਤਾ ਜਾਂਦਾ। ਜਿਵੇਂ ਹੁਣ ਉਹ ਬੰਟੀ ਦੀ ਤਲਾਸ਼ ਲਈ ਚਲਾ ਗਿਆ ਸੀ। ਪੈਸੇ ਬਣਨ ਜਾਂ ਨਾ। ਇੱਕ ਮੌਜ ਜ਼ਰੂਰ ਸੀ, ਕੋਈ ਸਿਰ ਦਰਦ ਨਹੀਂ, ਕਿਸੇ ਸ਼ਿਕਾਇਤ, ਪੜਤਾਲ ਦਾ ਡਰ ਨਹੀਂ।

ਸਾਰੀ ਨੌਕਰੀ ’ਚ ਇਕੋ ਸ਼ਿਕਾਇਤ ਹੋਈ ਸੀ, ਉਸੇ ’ਚ ਨਾਨੀ ਯਾਦ ਆ ਗਈ ਸੀ।

ਉਸ ਕੇਸ ਵਿੱਚ ਵੀ ਸ਼ਿਵ ਨੇ ਇੰਨੇ ਪੈਸੇ ਨਹੀਂ ਸਨ ਲੈਣੇ ਜੇ ਕਈ ਗੱਲਾਂ ਦਾ ਮੇਲ ਨਾ ਹੋਇਆ ਹੁੰਦਾ। ਪਹਿਲੀ ਤਾਂ ਇਹ ਕਿ ਉਸ ਸਮੇਂ ਕਪਤਾਨ ਦੀ ਰਿਟਾਇਰਮੈਂਟ ਵਿੱਚ ਸਾਰੇ ਛੇ ਮਹੀਨੇ ਰਹਿੰਦੇ ਸਨ। ਕਪਤਾਨ ਨੇ ਝਾੜੂ ਫੜਿਆ ਹੋਇਆ ਸੀ। ਉਸ ਨੂੰ ਪੈਸੇ ਚਾਹੀਦੇ ਸਨ। ਤੁਸੀਂ ਚਾਹੇ ਖੂਹ ਪੁੱਟਿਆ ਹੈ, ਉਸ ਨੂੰ ਕੋਈ ਪਰਵਾਹ ਨਹੀਂ। ਦਸਖ਼ਤ ਵੀ ਅੱਖਾਂ ਮੀਚ ਕੇ ਕਰ ਦਿੰਦਾ, ਜਿਥੇ ਮਰਜ਼ੀ ਕਰਾ ਲਓ। ਕਤਲ ’ਚੋਂ ਬੰਦੇ ਕੱਢ ਦਿੰਦਾ। ਭਦੌੜ ਵਾਲੇ ਕਤਲ ਕੇਸ ’ਚ ਸਰਦਾਰਾਂ ਨੂੰ ਕੱਢ ਕੇ ਉਸੇ ਮਹੀਨੇ ਚਰਨ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਲਏ ਸਨ। ਅਗਾਂਹ ਦਸ ਹਜ਼ਾਰ ਦੇ ਕੇ ਚਾਲੀ ਡਕਾਰ ਗਿਆ ਸੀ। ਭੁੱਕੀ, ਅਫ਼ੀਮ ਤਾਂ ਦੁਕਾਨਾਂ ’ਤੇ ਹੀ ਵਿਕਣ ਲੱਗ ਪਈ ਸੀ। ਮੁਨਸ਼ੀਆਂ ਨੇ ਸਾਰੇ ਮਾਲਖ਼ਾਨੇ ਵੇਚ ਦਿੱਤੇ। ਭੁੱਕੀ ਤਾਂ ਵੇਚੀ ਹੀ, ਖ਼ਾਲੀ ਬੋਤਲਾਂ, ਬੋਰੀਆਂ ਅਤੇ ਪੀਪੀਆਂ ਵੀ ਵੇਚ ਛੱਡੀਆਂ। ਮੁਨਸ਼ੀ ਹਜ਼ਾਰਾਂ ਰੁਪਏ ਇਸ ਕੰਮ ਵਿੱਚ ਹੀ ਕਮਾ ਗਏ। ਸਿਪਾਹੀ ਤਕ ਨੂੰ ਖੁੱਲ੍ਹ ਸੀ। ਬਾਹਰੋਂ ਬੰਦਾ ਫੜੋ, ਫ਼ੀਸ ਲਓ ਅਤੇ ਬੰਦਾ ਛੱਡ ਦਿਉ। ਵਰੰਟ ਤਾਮੀਲ ਕਰਾਉਣ ਗਏ ਸੌਦਾ ਕਰ ਆਉਂਦੇ। ਦੋਸ਼ੀ ਪੈਸੇ ਦਿੰਦਾ ਹੈ ਤਾਂ ਛੱਡ ਦਿਉ, ਨਹੀਂ ਹੱਥਕੜੀ ਲਾ ਕੇ ਅੰਦਰ ਤੁੰਨ ਦਿਓ। ਚਾਰੇ ਪਾਸੇ ਨੋਟਾਂ ਦਾ ਮੀਂਹ ਪੈਂਦਾ ਸੀ।

ਇੰਨੀ ਖੁੱਲ੍ਹ ਦੇਖ ਕੇ ਹੀ ਸ਼ਿਵ ਨੇ ਹਿੰਮਤ ਕੱਢੀ ਸੀ।

ਇੱਕ ਤਾਂ ਕਪਤਾਨ ਦਾ ਕੋਈ ਡਰ ਨਹੀਂ ਸੀ, ਦੂਜਾ ਦੋਸ਼ੀ ਜੈਨੀ ਸੇਠ ਸਨ। ਉਹਨਾਂ ਕੋਲ ਜਿੰਨਾ ਪੈਸਾ ਆਖ ਲਓ, ਉਨਾ ਹੀ ਥੋੜ੍ਹਾ ਹੈ। ਮੁੰਡੇ ਦਾ ਚਾਚਾ ਕਈ ਕਾਰਖ਼ਾਨਿਆਂ ਦਾ ਮਾਲਕ ਸੀ। ਸ਼ਹਿਰ ਦੀ ਸਭ ਤੋਂ ਵੱਡੀ ਕੱਪੜੇ ਦੀ ਦੁਕਾਨ ਉਸੇ ਦੀ ਸੀ। ਭਤੀਜਾ ਮਾਲੀ ਤੌਰ ’ਤੇ ਕਮਜ਼ੋਰ ਸੀ। ਕਿਸੇ ਦੁਕਾਨ ’ਤੇ ਮੁਨੀਮ ਸੀ। ਚਾਚੇ ਨੂੰ ਦਸ-ਪੰਜ ਹਜ਼ਾਰ ਚਿੱਤ ਚੇਤੇ ਨਹੀਂ ਸੀ। ਮਾਮਲਾ ਇੱਜ਼ਤ ਦਾ ਵੀ ਸੀ ਅਤੇ ਡੇਢ ਕਿੱਲੋ ਸੋਨੇ ਦਾ ਵੀ।

ਚਾਚਾ ਆਖਦਾ ਸੀ ਝਗੜੇ ਵਾਲਾ ਸੋਨਾ ਉਸ ਦੀ ਨਿੱਜੀ ਜਾਇਦਾਦ ਸੀ। ਇਹ ਗਹਿਣੇ ਉਹਦੀ ਮਾਂ ਨੂੰ ਉਹਦੇ ਨਾਨਕਿਆਂ ਨੇ ਵਿਆਹ ਵੇਲੇ ਦਾਜ ’ਚ ਦਿੱਤੇ ਸਨ। ਮਰਨ ਤੋਂ ਪਹਿਲਾਂ ਇਹ ਗਹਿਣੇ ਮਾਂ ਉਸ ਦੀ ਪਤਨੀ ਨੂੰ ਦੇ ਗਈ। ਭਤੀਜਾ ਕਹਿੰਦਾ ਸੀ ਇਹ ਉਸ ਦੀ ਜਾਇਦਾਦ ਸੀ। ਗਹਿਣੇ ਉਸ ਦੀ ਮਾਂ ਦੇ ਸਨ। ਗਹਿਣੇ ਉਹਦੇ ਪਿਓ ਦੇ ਕਬਜ਼ੇ ਵਿੱਚ ਸਨ। ਜਦੋਂ ਉਹ ਮਰਿਆ ਭਤੀਜਾ ਛੋਟਾ ਸੀ, ਮਾਂ ਪਹਿਲਾਂ ਹੀ ਮਰ ਗਈ ਸੀ। ਘਰ ਦਾ ਮੋਢੀ ਹੋਣ ਕਰਕੇ ਹੋਰ ਜਾਇਦਾਦ ਦੇ ਨਾਲ-ਨਾਲ ਗਹਿਣੇ ਵੀ ਚਾਚੇ ਨੂੰ ਮਿਲ ਗਏ ਸਨ। ਮੋੜਨ ਲੱਗਿਆਂ ਉਹ ਬੇਈਮਾਨ ਹੋ ਗਿਐ।

ਭਾਈਚਾਰਾ ਚਾਚੇ ਨਾਲ ਸੀ। ਚਾਚਾ ਦਾਨੀ ਪੁਰਸ਼ ਹੈ। ਦਸ ਹਜ਼ਾਰ ਰੁਪਿਆ ਆਏ ਸਾਲ ਤਾਂ ਉਹ ਇਕੱਲੀ ਗਊਸ਼ਾਲਾ ਨੂੰ ਦਿੰਦਾ ਹੈ। ਉਹ ਦੂਜੇ ਦੀ ਜਾਇਦਾਦ ’ਤੇ ਧਾਰ ਨਹੀਂ ਮਾਰਦਾ। ਮੁੰਡੇ ਦਾ ਹੱਥ ਤੰਗ ਹੈ, ਇਸ ਲਈ ਲਾਲਚ ਕਰ ਰਿਹਾ ਹੈ।

ਵੱਡੀ ਗੱਲ ਇਹ ਕਿ ਡੀ.ਸੀ.ਦਾ ਜੀ.ਏ.ਚਾਚੇ ਦੇ ਸਾਲੇ ਦਾ ਸਾਂਢੂ ਸੀ। ਉਸ ਨੇ ਸ਼ਿਵ ਨੂੰ ਦਫ਼ਤਰ ਬੁਲਾ ਕੇ ਚਾਚੇ ਦੀ ਮਦਦ ਦਾ ਹੁਕਮ ਦਿੱਤਾ ਸੀ।

ਦਬਕਾ ਧਮਕਾ ਕੇ ਸ਼ਿਵ ਨੇ ਸਾਰੇ ਗਹਿਣੇ ਕਾਬੂ ਕਰ ਲਏ। ਡੱਬੇ ’ਚ ਪਾ ਕੇ ਮੋਹਰਾਂ ਜੜ੍ਹ ਦਿੱਤੀਆਂ। ਕੋਈ ਹੋਰ ਤਫ਼ਤੀਸ਼ੀ ਹੁੰਦਾ ਤਾਂ ਇੱਕ ਦੋ ਗਹਿਣੇ ਖਿਸਕਾ ਲੈਂਦਾ ਜਾਂ ਅਸਲੀ ਕੱਢ ਕੇ ਨਕਲੀ ਪਾ ਦਿੰਦਾ। ਮੋਹਰਾਂ ਲਾਉਣਾ ਤਾਂ ਐਵੇਂ ਅਦਾਲਤ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੁੰਦੀ ਹੈ। ਸਾਰੇ ਕਾਗ਼ਜ਼ ਪੱਤਰ ਆਪਣੇ ਹੱਥ ’ਚ ਰੱਖੀਦੇ ਹਨ। ਜਦੋਂ ਜੀਅ ਕਰੇ ਮੋਹਰਾਂ ਤੋੜ ਕੇ ਨਵੀਆਂ ਲਾ ਦਿਓ। ਖ਼ਾਲੀ ਕਾਗ਼ਜ਼ਾਂ ’ਤੇ ਪਹਿਲਾਂ ਹੀ ਦਸਖ਼ਤ ਕਰਵਾ ਲਈਦੇ ਹਨ। ਪਿੱਛੋਂ ਫਸਿਆ ਮਾਲਕ ਮੁੱਕਰ ਨਹੀਂ ਸਕਦਾ। ਮੁੱਕਰੇਗਾ ਤਾਂ ਜਿਹੜੇ ਥੋੜ੍ਹੇ ਬਹੁਤੇ ਅਸਲੀ ਗਹਿਣੇ ਡੱਬੇ ਵਿੱਚ ਬਚ ਰਹਿੰਦੇ ਹਨ, ਉਹਨਾਂ ਤੋਂ ਵੀ ਹੱਥ ਧੋ ਬੈਠੇਗਾ। ਸ਼ਿਵ ਨੇ ਇਸ ਤਰ੍ਹਾਂ ਦੀ ਕੋਈ ਹੇਰਾ-ਫੇਰੀ ਨਹੀਂ ਸੀ ਕੀਤੀ। ਚਾਚੇ ਨਾਲ ਉੱਕਾ-ਪੁੱਕਾ ਸੌਦਾ ਕੀਤਾ ਸੀ। ਵੀਹ ਹਜ਼ਾਰ ਲਿਆ ਸੀ। ਸੌ ਵਾਰ ਸਹੁੰਆਂ ਖੁਆ ਕੇ ਕਿ ਜੀ.ਏ.ਨੂੰ ਨਹੀਂ ਦੱਸਣਾ।

ਭਤੀਜਾ ਜਦੋਂ ਦੋ ਦਿਨ ਥਾਣੇ ਬੈਠ ਕੇ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਸ਼ਿਵ ਨੇ ਦੋ ਕਿੱਲੋ ਅਫ਼ੀਮ ਫਿੱਟ ਕਰ ਦਿੱਤੀ। ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ। ਹਫ਼ਤਾ ਜ਼ਮਾਨਤ ਨਾ ਹੋਣ ਦਿੱਤੀ।

ਭਤੀਜਾ ਜਦੋਂ ਅੱਠ-ਦਸ ਦਿਨ ਜੇਲ੍ਹ ’ਚ ਕੱਟ ਕੇ ਬਾਹਰ ਆਇਆ ਤਾਂ ਪਾਸਾ ਪਲਟ ਚੁੱਕਾ ਸੀ। ਸਾਰੀ ਜੈਨ ਬਰਾਦਰੀ ਮੁੰਡੇ ਦੇ ਹੱਕ ’ਚ ਹੋ ਚੁੱਕੀ ਸੀ। ਪੈਸੇ ’ਚ ਅੰਨ੍ਹੇ ਹੋਏ ਚਾਚੇ ਨੇ ਤਾਂ ਹੱਦ ਹੀ ਕਰ ਦਿੱਤੀ। ਗਊ ਵਰਗੇ ਮੁੰਡੇ ਨੂੰ ਜੱਲਾਦਾਂ ਹੱਥ ਵੇਚ ਦਿੱਤਾ। ਅੱਗ ਲੱਗੇ ਅਜਿਹੇ ਪੈਸੇ ਨੂੰ। ਇਹ ਪਹਿਲੀ ਵਾਰ ਸੀ ਕਿ ਕਿਸੇ ਜੈਨੀਆਂ ਦੇ ਮੁੰਡੇ ਨੂੰ ਕੈਦ ਕੱਟਣੀ ਪਈ ਸੀ।

ਚਾਚਾ ਵੀ ਪਸੀਜ ਗਿਆ। ਭਤੀਜੇ ਨੂੰ ਜੇਲ੍ਹ ਭੇਜ ਕੇ ਉਹਦੀ ਨੱਕ ਕੱਟੀ ਗਈ ਸੀ। ਬਾਹਰ ਆਉਂਦਿਆਂ ਹੀ ਉਸ ਨੇ ਸਾਰੇ ਗਹਿਣੇ ਉਸ ਨੂੰ ਦੇਣ ਦਾ ਐਲਾਨ ਕਰ ਦਿੱਤਾ।

ਰਾਜ਼ੀਨਾਮਾ ਹੋ ਗਿਆ ਤਾਂ ਮੁੰਡਾ ਕੇਸ ਵਿਚੋਂ ਬਰੀ ਵੀ ਹੋਣਾ ਚਾਹੀਦਾ ਸੀ। ਸਜ਼ਾ ਹੋ ਗਈ ਤਾਂ ਧੀਆਂ ਪੁੱਤ ਵਿਆਹੁਣੇ ਰਹਿ ਜਾਣਗੇ। ਬਰਾਦਰੀ ਨੂੰ ਦਾਗ਼ ਲੱਗ ਜਾਏਗਾ। ਏੁਹੋ ਚਾਚਾ ਜਿਹੜਾ ਭਤੀਜੇ ਨੂੰ ਸਜ਼ਾ ਕਰਾਉਣ ਲਈ ਨੋਟ ਚੁੱਕੀ ਫਿਰਦਾ ਸੀ, ਉਸ ਨੂੰ ਬਰੀ ਕਰਾਉਣ ਲਈ ਤਰਲੋ-ਮੱਛੀ ਹੋਣ ਲੱਗਾ।

ਬਰੀ ਕਰਾਉਣ ਲਈ ਸ਼ਿਵ ਕੋਲ ਕੋਈ ਜਾਦੂ ਦਾ ਡੰਡਾ ਤਾਂ ਹੈ ਨਹੀਂ ਸੀ। ਚਾਰ ਤਰੀਕਾਂ ਪੈ ਕੇ ਹੀ ਮੁੰਡੇ ਨੇ ਬਰੀ ਹੋਣਾ ਸੀ, ਦੂਜਾ ਤਰੀਕਾ ਸੀ ਮੁੰਡਾ ਜੁਰਮ ਦਾ ਇਕਬਾਲ ਕਰ ਲਏ। ਨੇਕ-ਚਲਨੀ ਕਰਾ ਕੇ ਖਹਿੜਾ ਛੁੱਟ ਜਾਣਾ ਸੀ।

ਚਾਚੇ ਦੀ ਬੇਚੈਨੀ ਦੇਖ ਕੇ ਸ਼ਿਵ ਵੀ ਘਬਰਾ ਗਿਆ। ਜੀ.ਏ.ਦੇ ਸੁਨੇਹੇ ਆਉਣ ਲੱਗੇ। ਸ਼ਿਵ ਡਰ ਰਿਹਾ ਸੀ, ਜੇ ਉਹਨਾਂ ਜੀ.ਏ.ਨੂੰ ਦੱਸ ਦਿੱਤਾ ਤਾਂ ਸ਼ਿਵ ਦੀ ਖ਼ੈਰ ਨਹੀਂ। ਸ਼ਿਵ ਨੂੰ ਇਕੋ ਰਾਹ ਦਿਖਾਈ ਦੇ ਰਿਹਾ ਸੀ। ਰੋਜ਼ਨਾਮਚੇ ਅਤੇ ਉੱਨੀ ਨੰਬਰ ਰਜਿਸਟਰ (ਸਟਾਕ ਰਜਿਸਟਰ) ਵਿੱਚ ਅਦਲਾ ਬਦਲੀ। ਦੋ ਕਿੱਲੋ ਦੀ ਥਾਂ ਸੌ ਗਰਾਮ ਬਣਾ ਦੇਵੇ। ਦੋ ਕਿੱਲੇ ਅਫ਼ੀਮ ਦਾ ਇਕਬਾਲ ਜੱਜ ਨੇ ਲੈਣਾ ਨਹੀਂ। ਦੋ ਸੌ ਗਰਾਮ ਦਾ ਝੱਟ ਹੋ ਜਾਣਾ ਸੀ।

ਇਕਬਾਲ ਲਈ ਚਾਚਾ ਵੀ ਸਹਿਮਤ ਸੀ ਅਤੇ ਭਤੀਜਾ ਵੀ। ਮੁਨਸ਼ੀ ਨੇ ਪੰਜ ਸੌ ਲੈ ਕੇ ਰੋਜ਼ਨਾਮਚੇ ਦੇ ਵਰਕੇ ਬਦਲ ਦਿੱਤੇ। ਉੱਨੀ ਨੰਬਰ ’ਚ ਇੱਕ ਰਿਮੂਵਰ ਨਾਲ ਕੰਮ ਚੱਲ ਗਿਆ।

ਕਚਹਿਰੀ ਇਕਬਾਲ ਕਰਨ ਗਏ ਤਾਂ ਵਕੀਲ ਨੇ ਢੁੱਚਰ ਅੜਾ ਦਿੱਤੀ। ਇਕਬਾਲ ਕਰ ਕੇ ਸਜ਼ਾ-ਯਾਫ਼ਤਾ ਹੋ ਜਾਣਾ ਸੀ, ਸਾਰੀ ਉਮਰ ਦਾ ਮਿਹਣਾ। ਜੇ ਜੀ.ਏ.ਰਿਸ਼ਤੇਦਾਰ ਹੈ ਤਾਂ ਕਾਹਦਾ ਡਰ? ਮੁਕੱਦਮਾ ਤਾਂ ਝੂਠਾ ਹੈ ਹੀ, ਉਪਰੋਂ ਰਿਕਾਰਡ ’ਚ ਹੇਰਾ-ਫੇਰੀ ਹੋ ਗਈ। ਪੜਤਾਲ ਕਰਵਾ ਕੇ ਮੁਕੱਦਮਾ ਖ਼ਾਰਜ ਕਰਵਾ ਲਓ।

ਉਨ੍ਹਾਂ ਵਕੀਲ ਵਾਲੀ ਗੱਲ ਜਦੋਂ ਜੀ.ਏ.ਨੂੰ ਦੱਸੀ ਤਾਂ ਉਹਨੇ ਪਿਆਰ-ਪੁਚਕਾਰ ਕੇ ਸਾਰੀ ਕਹਾਣੀ ਸੁਣ ਲਈ। ਉਹਨੂੰ ਸ਼ਿਵ ’ਤੇ ਗੁੱਸਾ ਚੜ੍ਹ ਗਿਆ। ਜਦੋਂ ਜੀ.ਏ.ਨੇ ਸਿਫ਼ਾਰਸ਼ ਕਰ ਦਿੱਤੀ ਸੀ ਤਾਂ ਉਸ ਦਾ ਪੈਸੇ ਲੈਣ ਦਾ ਕੀ ਮਤਲਬ? ਪਰਚਾ ਉਹ ਕੈਂਸਲ ਕਰਵਾ ਦੇਵੇਗਾ। ਸ਼ਿਵ ’ਤੇ ਰਿਸ਼ਵਤ ਲੈਣ ਦੀ ਦਰਖ਼ਾਸਤ ਦੇਣੀ ਜ਼ਰੂਰੀ ਸੀ। ਇਨਕੁਆਰੀ ਕਾਹਦੀ ਸ਼ੁਰੂ ਹੋਈ, ਸ਼ਿਵ ਨੂੰ ਦਿਨੇ ਤਾਰੇ ਦਿਖਾਈ ਦੇਣ ਲੱਗੇ।

ਵੀਹ ਹਜ਼ਾਰ ਵਿਚੋਂ ਦਸ ਤਾਂ ਉਹ ਕਪਤਾਨ ਨੂੰ ਹੀ ਦੇ ਆਇਆ ਸੀ। ਦੋ-ਤਿੰਨ ਬਾਕੀ ਮਾਤਹਿਤਾਂ ਵਿੱਚ ਵੰਡਿਆ ਜਾ ਚੁੱਕਾ ਸੀ। ਜੈਨੀ ਸਾਰੇ ਪੈਸੇ ਵਾਪਸ ਮੰਗਦੇ ਸਨ। ਕਪਤਾਨ ਦੇ ਸਿਰ ’ਤੇ ਪਹਿਲਾਂ ਉਹਨੇ ਬਹੁਤੀ ਪਰਵਾਹ ਨਾ ਕੀਤੀ।

ਪੜਤਾਲ ਪਹਿਲਾਂ ਡਿਪਟੀ (ਹੈੱਡਕੁਆਰਟਰ) ਨੇ ਸ਼ੁਰੂ ਕੀਤੀ। ਸੌਦਾ ਪੰਜ ਹਜ਼ਾਰ ’ਚ ਤਹਿ ਹੋਇਆ। ਉਹਦੇ ਦੋ-ਚਾਰ ਬਿਆਨ ਲਿਖ ਕੇ ਰਿਪੋਰਟ ਸ਼ਿਵ ਦੇ ਹੱਕ ਵਿੱਚ ਕਰ ਦਿੱਤੀ। ਜੀ.ਏ.ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹਨੇ ਡੀ.ਸੀ.ਤੋਂ ਉਹ ਰਿਪੋਰਟ ਨਾ-ਮਨਜ਼ੂਰ ਕਰਾ ਦਿੱਤੀ।

ਦੂਜੀ ਵਾਰ ਐਸ.ਪੀ.(ਡੀ) ਆਇਆ। ਉਹ ਸਖ਼ਤੀ ਲਈ ਮਸ਼ਹੂਰ ਸੀ। ਨਵਾਂ-ਨਵਾਂ ਨੌਕਰ ਹੋਇਆ ਸੀ। ਰਿਸ਼ਵਤ ਦੇ ਕੋਲ ਦੀ ਨਹੀਂ ਸੀ ਲੰਘਦਾ। ਭੱਜ-ਨੱਠ ਕਰ ਕੇ ਮਸਾਂ ਸ਼ਿਵ ਨੇ ਉਹਦਾ ਸਾਲਾ ਫੜਿਆ। ਸਾਲੇ ਨੇ ਦਸ ਹਜ਼ਾਰ ਤਾਂ ਲਿਆ ਪਰ ਰਿਪੋਰਟ ਸ਼ਿਵ ਦੀ ਮਨ-ਮਰਜ਼ੀ ਦੀ ਕਰਵਾ ਦਿੱਤੀ। ਸ਼ਿਵ ਨੇ ਸੁਖ ਦਾ ਸਾਹ ਲਿਆ। ਚਲੋ ਮਾਮਲਾ ਰਫ਼ਾ-ਦਫ਼ਾ ਹੋਇਆ।

ਜੀ.ਏ.ਨੇ ਫਿਰ ਟੰਗ ਅੜਾ ਦਿੱਤੀ। ਇਨਕੁਆਰੀ ਵਿਜੀਲੈਂਸ ਨੂੰ ਭਿਜਵਾ ਦਿੱਤੀ। ਨਾਲੇ ਕਪਤਾਨ ਨੂੰ ਮੁਅੱਤਲੀ ਲਈ ਲਿਖ ਦਿੱਤਾ। ਜਿੰਨਾ ਚਿਰ ਸ਼ਿਵ ਬਹਾਲ ਹੈ, ਪੜਤਾਲ ਸਹੀ ਨਹੀਂ ਹੋ ਸਕਦੀ।

ਵਿਜੀਲੈਂਸ ਦੇ ਡੀ.ਆਈ.ਜੀ.ਨਾਲ ਸ਼ਿਵ ਕਦੇ ਰੀਡਰ ਰਿਹਾ ਸੀ। ਰਿਪੋਰਟ ਉਹਦੇ ਹੱਕ ਵਿੱਚ ਹੋਏਗੀ, ਇਹ ਸ਼ਿਵ ਨੂੰ ਆਸ ਸੀ। ਕੁੱਤੇ ਦਾ ਕੁੱਤਾ ਵੈਰੀ ਵਾਂਗ ਉਸ ਨੇ ਸਗੋਂ ਰੋਜ਼ਨਾਮਚਾ ਅਤੇ ਰਜਿਸਟਰ ਡਾਕੂਮੈਂਟ ਐਕਸਪਰਟ ਨੂੰ ਭੇਜ ਦਿੱਤੇ। ਰਿਪੋਰਟ ਸ਼ਿਵ ਦੇ ਖ਼ਿਲਾਫ਼ ਆਉਣੀ ਹੀ ਸੀ। ਰਿਪੋਰਟ ਠੀਕ ਕਰਾਉਣ ਲਈ ਡੀ.ਆਈ.ਜੀ.ਨੇ ਵੀਹ ਹਜ਼ਾਰ ਮੰਗਿਆ। ਮਰਦੇ ਸ਼ਿਵ ਨੇ ਇਹ ਅੱਕ ਵੀ ਚੱਬਿਆ। ਮਾੜੀ ਕਿਸਮਤ ਹੋਵੇ ਤਾਂ ਬਣੇ ਕੰਮ ਵੀ ਵਿਗੜ ਜਾਂਦੇ ਹਨ। ਰਿਪੋਰਟ ਲਿਖਣ ਤੋਂ ਪਹਿਲਾਂ ਹੀ ਉਹ ਡੀ.ਆਈ.ਜੀ.ਚਲਾਣਾ ਕਰ ਗਿਆ।

ਹੋਰ ਪੈਰਵਾਈ ਦੀ ਸ਼ਿਵ ’ਚ ਹਿੰਮਤ ਨਹੀਂ ਸੀ। ਜਿੰਨੇ ਪੈਸੇ ਪੱਲੇ ਸੀ, ਸਭ ਲੱਗ ਗਏ ਸਨ। ਉਹ ਚੁੱਪ ਕਰ ਕੇ ਘਰ ਬੈਠ ਗਿਆ, ਤਨਖ਼ਾਹ ਅੱਧੀ ਰਹਿ ਗਈ ਸੀ। ਖ਼ਰਚਾ ਪੂਰਾ ਕਰਨ ਲਈ ਸ਼ਿਵ ਨੇ ਟਾਈਪ-ਰਾਈਟਰ ਕਚਹਿਰੀ ਜਾ ਧਰਿਆ। ਲਿਖਣ-ਪੜ੍ਹਨ ਦਾ ਉਹ ਮਾਹਿਰ ਸੀ। ਨਵੇਂ ਵਕੀਲਾਂ ਨਾਲੋਂ ਵੱਧ ਕੰਮ ਜਾਣਦਾ ਸੀ।

ਜੀ.ਏ.ਨੇ ਜ਼ੋਰ ਪਾ ਕੇ ਅਫ਼ੀਮ ਦਾ ਮੁਕੱਦਮਾ ਤਾਂ ਖਾਰਜ ਕਰਵਾਇਆ ਹੀ, ਸ਼ਿਵ ’ਤੇ ਵੀ ਰਿਸ਼ਵਤ ਦਾ ਮੁਕੱਦਮਾ ਦਰਜ ਕਰਵਾ ਦਿੱਤਾ।

ਉਹ ਆਥਣ-ਉਗਣ ਜੈਨੀਆਂ ਦੀਆਂ ਮਿੰਨਤਾਂ ਕਰਨ ਜਾਂਦਾ। ਚਾਰ ਸਾਲ ਧੱਕੇ ਖਾ ਕੇ ਮਸਾਂ ਬਰੀ ਹੋਇਆ।

ਦੁੱਧ ਦਾ ਫੂਕਿਆ ਜਿਵੇਂ ਲੱਸੀ ਨੂੰ ਵੀ ਫੂਕਾਂ ਮਾਰਦਾ ਹੈ, ਇਵੇਂ ਹੀ ਸ਼ਿਵ ਨਹੀਂ ਸੀ ਚਾਹੁੰਦਾ ਕਿ ਦਾਰੂ ਪੀ ਕੇ ਲਾਲਾ ਜੀ ਦੇ ਘਰ ਜਾਵੇ। ਯੁਵਾ ਸੰਘ ਦੇ ਧੱਕੇ ਚੜ੍ਹ ਕੇ ਮੁੜ ਉਸੇ ਘੁੰਮਣ-ਘੇਰੀ ਵਿੱਚ ਫਸੇ। ਤਿੰਨ ਸਾਲ ਰਿਟਾਇਰ ਹੋਣ ਨੂੰ ਰਹਿੰਦੇ ਸਨ, ਉਹ ਸੁੱਖੀਂ-ਸਾਂਦੀ ਪੈਨਸ਼ਨ ਲੈ ਕੇ ਘਰ ਜਾਣਾ ਚਾਹੁੰਦਾ ਸੀ।

ਪਾਨ ਖਾਣ ਦੀ ਨੀਯਤ ਨਾਲ ਉਹਨੇ ਰਿਕਸ਼ਾ ਪਾਨ-ਫ਼ਰੋਸ਼ ਦੀ ਰੇਹੜੀ ਕੋਲ ਰੁਕਵਾਇਆ।

“ਤੈਨੂੰ ਹਜ਼ਾਰ ਵਾਰ ਆਖਿਐ ਇਸ ਰਸਤੇ ਜੱਜ ਸਾਹਿਬ ਦੀ ਕਾਰ ਨੇ ਲੰਘਣਾ ਹੁੰਦੈ, ਤੂੰ ਇਸ ਮੋੜ ਦਾ ਖਹਿੜਾ ਹੀ ਨਹੀਂ ਛੱਡਦਾ … ।” ਰਿਕਸ਼ੇ ’ਚ ਬੈਠੇ-ਬੈਠੇ ਹੀ ਉਹਨੇ ਰੇਹੜੀ ਦੀ ਟੀਨ ਦੀ ਛੱਤ ’ਤੇ ਡੰਡਾ ਖੜਕਾਇਆ।

ਪਾਨ-ਫ਼ਰੋਸ਼ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਲਦੀ-ਜਲਦੀ ਸਾਮਾਨ ਇਕੱਠਾ ਕਰਦੇ ਦੇ ਉਸ ਦੇ ਹੱਥ ਕੰਬਣ ਲੱਗੇ।

“ਇਕ-ਦੋ ਖ਼ੂਬਸੂਰਤ ਪਾਨ … ਲੈਚੀਆਂ ਦੀ ਪੁੜੀ … ਅਤੇ ਸਿਗਰਟਾਂ ਦੀ ਇੱਕ ਡੱਬੀ ਦੇ ਸਾਹਿਬ ਨੂੰ … ।” ਰਿਕਸ਼ੇ ਵਾਲਾ ਸ਼ਿਵ ਦਾ ਭੇਤੀ ਸੀ। ਪਾਨ-ਫ਼ਰੋਸ਼ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਉਂਦਿਆਂ ਉਸ ਨੇ ਸ਼ਿਵ ਦੀਆਂ ਲੋੜਾਂ ਦੱਸੀਆਂ।

ਪੈਸਿਆਂ ਲਈ ਸ਼ਿਵ ਜੇਬ ’ਚ ਹੱਥ ਪਾਉਣ ਲੱਗਾ ਤਾਂ ਪਾਨ-ਫ਼ਰੋਸ਼ ਹੱਥ ਬੰਨ੍ਹ ਕੇ ਖੜੋ ਗਿਆ।

“ਚੰਗਾ, ਅੱਜ ਤਾਂ ਖੜਾ ਰਹਿ, ਕੱਲ੍ਹ ਨੂੰ ਕੋਈ ਹੋਰ ਇੰਤਜ਼ਾਮ ਕਰ ਲਈਂ। ਨਹੀਂ ਮੈਥੋਂ ਬੁਰਾ ਕੋਈ ਨਹੀਂ।” ਇੱਕ ਪਾਨ ਮੂੰਹ ’ਚ ਪਾ ਕੇ ਅਤੇ ਦੂਜਾ ਜੇਬ ’ਚ ਤੁੰਨ ਕੇ ਉਹ ਅੱਗੇ ਵਧਿਆ।

“ਮੁਰਗੀ ਚੋਰ … ਮੁਰਗੀ ਚੋਰ …”  ਸ਼ਿਵ ਨੂੰ ਲੱਗਾ ਜਿਵੇਂ ਰਿਕਸ਼ੇ ਵਾਲਾ ਇਹ ਸ਼ਬਦ ਗੁਣਗੁਣਾ ਰਿਹਾ ਹੈ। ਇੱਕ-ਦੋ ਵਾਰ ਸ਼ਿਵ ਨੇ ਕੰਨ ਲਾ ਕੇ ਸੁਣਿਆ ਵੀ, ਇਹ ਉਸਦੇ ਮਨ ਦਾ ਭਰਮ ਸੀ। ਉਹ ਤਾਂ ਕੋਈ ਫ਼ਿਲਮੀ ਧੁਨ ਗਾ ਰਿਹਾ ਸੀ।

ਹੋਰ ਕੌਣ ਸੀ ਫੇਰ, ਜਿਹੜਾ ਸ਼ਿਵ ਦੀ ਇਸ ਖਿਝ ਨੂੰ ਜਾਣਦਾ ਸੀ? ਪੰਝੀ ਸਾਲ ਪੁਰਾਣੀ ਗੱਲ ਸੀ। ਸਾਂਸੀਆਂ ਦੀਆਂ ਕੁੱਲੀਆਂ ’ਚ ਗਿਆਂ ਨੂੰ ਉਹਨਾਂ ਨੂੰ ਇੱਕ ਮੁਰਗੀ ਪਸੰਦ ਆ ਗਈ ਸੀ। ਮੁਰਗੀ ਦਾ ਉਂਝ ਤਾਂ ਸੌਦਾ ਨਾ ਬਣਿਆ, ਉਹਨਾਂ ਕਿਸੇ ਖ਼ਾਸ ਬੰਦੇ ਰਾਹੀਂ ਖਿਸਕਾ ਲਈ। ਸਾਂਸੀਆਂ ਨੂੰ ਪਤਾ ਨਹੀਂ ਕਿਥੋਂ ਪਤਾ ਲੱਗਾ, ‘ਮੁਰਗੀ ਚੋਰ, ਮੁਰਗੀ ਚੋਰ’ ਕਰਦੇ ਥਾਣੇ ਅੱਗੇ ਆ ਬੈਠੇ। ਉਸ ਦਿਨ ਤੋਂ ਅੱਜ ਤਕ ਲੋਕ ਉਸ ਨੂੰ ‘ਮੁਰਗੀ ਚੋਰ’ ਆਖ ਕੇ ਚਿੜਾਉਂਦੇ ਹਨ। ਮੁਫ਼ਤ ਦੀਆਂ ਸਿਗਰਟਾਂ ਅਤੇ ਪਾਨ ਲੈ ਕੇ ਉਸ ਅੰਦਰਲਾ ਸ਼ਿਵ ਹੀ ਸ਼ਾਇਦ ਬਾਗ਼ੀ ਹੋ ਗਿਆ ਸੀ।

ਆਪਣੇ ਅਤੀਤ ਤੋਂ ਖਹਿੜਾ ਛੁਡਾਉਣ ਲਈ ਸ਼ਿਵ ਆਲੇ-ਦੁਆਲੇ ਦੀਆਂ ਇਮਾਰਤਾਂ ਤੇ ਲਟਕਦੇ ਬੋਰਡ ਅਤੇ ਨੇਮ-ਪਲੇਟਾਂ ਪੜ੍ਹਨ ਲੱਗਾ।

ਤੀਸਰੀ ਗਲੀ ਟੈਗੋਰ ਸਟਰੀਟ ਸੀ। ਗਲੀ ਦੀ ਸਾਰੀ ਆਬਾਦੀ ਮੋੜ ’ਤੇ ਆ ਖੜੋਤੀ ਸੀ। ਸਭ ਦੇ ਚਿਹਰਿਆਂ ’ਤੇ ਡਰ ਅਤੇ ਮਾਤਮ ਸੀ।

ਪਹਿਲੇ ਪਹੁੰਚੇ ਸਿਪਾਹੀ ਨੇ ਕਾਫ਼ੀ ਕੰਮ ਨਿਬੇੜ ਲਿਆ ਸੀ। ਮੁਨਸ਼ੀ ਨੇ ਉਹਨਾਂ ਨੂੰ ਸਮਝਾ ਕੇ ਭੇਜਿਆ ਸੀ। ਜਾਂਦੇ ਹੀ ਟੋਪੀਏ ਦੁਆਲੇ ਰੇਤੇ ਦੀਆਂ ਬੋਰੀਆਂ ਲਗਵਾ ਦੇਣਾ। ਕੋਈ ਹੋਰ ਥਾਂ ਹੁੰਦਾ ਤਾਂ ਰੇਤਾ ਲੱਭਣਾ ਹੀ ਔਖਾ ਹੋ ਜਾਂਦਾ। ਇਥੇ ਲਾਲਾ ਜੀ ਦੇ ਉਪਾਸ਼ਕਾਂ ਵਿੱਚ ਲੱਭੂ ਰੇਤੇ ਬੱਜਰੀ ਵਾਲਾ ਹਾਜ਼ਰ ਸੀ। ਉਹਨੇ ਝੱਟ ਬਰੇਤੀ ਨਾਲ ਭਰੀਆਂ ਬੋਰੀਆਂ ਦਾ ਰੇਹੜਾ ਮੰਗਵਾ ਲਿਆ। ਯੁਵਾ ਸੰਘ ਦੇ ਵਰਕਰਾਂ ਨੇ ਮਿੰਟਾਂ ਵਿੱਚ ਬੋਰੀਆਂ ਚਿਣ ਦਿੱਤੀਆਂ।

ਸ਼ਿਵ ਦੇ ਪੁੱਜਣ ਤਕ ਸਿਪਾਹੀ ਵਿਹਲੇ ਹੋ ਚੁੱਕੇ ਸਨ। ਘਰਾਂ ਦੀਆਂ ਛੱਤਾਂ ’ਤੇ ਲੋਕ ਇਕੱਠੇ ਹੋਏ-ਹੋਏ ਸਨ। ਬੁੱਢੇ ਅਤੇ ਕੀ ਬੱਚੇ, ਸਭ ਦੇ ਸਭ ਟੋਪੀਏ, ਬਸਤੇ ਅਤੇ ਉਸ ਦੁਆਲੇ ਚਿਣੀਆਂ ਬੋਰੀਆਂ ਨੂੰ ਹੈਰਾਨੀ ਨਾਲ ਦੇਖ ਰਹੇ ਸਨ।

ਆਉਂਦਿਆਂ ਹੀ ਸ਼ਿਵ ਨੂੰ ਲਿਮਕਾ ਭੇਟ ਕੀਤਾ ਗਿਆ। ਇੱਕ ਗੁਆਂਢੀ ਸ਼ਿਵ ਲਈ ਕੁਰਸੀ ਤਕ ਚੁੱਕ ਲਿਆਇਆ।

“ਨਹੀਂ ਬਈ ਨਹੀਂ, ਮੈਂ ਬੈਠਣ ਥੋੜ੍ਹਾ ਆਇਆ ਹਾਂ।” ਜੇਬ ’ਚੋਂ ਦੂਜਾ ਪਾਨ ਕੱਢ ਕੇ ਮੂੰਹ ’ਚ ਪਾਉਂਦੇ ਸ਼ਿਵ ਨੇ ਗੁਆਂਢੀ ਦਾ ਧੰਨਵਾਦ ਕੀਤਾ।

ਸ਼ਿਵ ਕੁਰਸੀ ’ਤੇ ਬੈਠਣਾ ਚਾਹੁੰਦਾ ਸੀ, ਪਰ ਕਰਸੀ ਬਾਹਾਂ ਵਾਲੀ ਸੀ। ਸ਼ਿਵ ਨੂੰ ਪਤਾ ਸੀ ਉਹਦੀ ਦੇਹ ਕੁਰਸੀ ’ਚ ਫਸ ਨਹੀਂ ਸਕਦੀ। ਸ਼ਿਵ ਦੇ ਵਾਕਫ਼ਕਾਰਾਂ ਨੂੰ ਤਾਂ ਇਸ ਔਕੜ ਦਾ ਪਤਾ ਸੀ। ਉਹ ਸ਼ਿਵ ਨੂੰ ਬੈਠਣ ਲਈ ਸੋਫ਼ਾ ਭੇਟ ਕਰਦੇ ਜਾਂ ਬਿਨ ਬਾਹਾਂ ਵਾਲੀ ਕੁਰਸੀ। ਦੋਹਾਂ ਵਿਚੋਂ ਕੁੱਝ ਵੀ ਨਾ ਲੱਭਦਾ ਤਾਂ ਮੰਜਾ ਸਹੀ। ਹਾਸੇ ਦਾ ਪਾਤਰ ਬਣਨ ਨਾਲੋਂ ਤਾਂ ਖੜੇ ਰਹਿਣਾ ਹੀ ਚੰਗਾ ਸੀ। ਸੋ ਸ਼ਿਵ ਖੜਾ ਰਿਹਾ।

ਆਪਣੇ ਮੋਟਾਪੇ ’ਤੇ ਸ਼ਿਵ ਨੂੰ ਅਕਸਰ ਹੈਰਾਨੀ ਹੁੰਦੀ ਸੀ। ਮੀਟ ਅਤੇ ਸ਼ਰਾਬ ਨੇ ਕੋਈ ਮਣ ਪੱਕੀ ਚਰਬੀ ਉਹਦੇ ਸਰੀਰ ’ਚ ਜਮ੍ਹਾਂ ਕਰ ਦਿੱਤੀ ਸੀ। ਕੋਈ ਉਹ ਦਿਨ ਵੀ ਸਨ, ਜਦੋਂ ਸ਼ਿਵ ਪਤਲਾ ਪਤੰਗ ਵਰਗਾ ਹੁੰਦਾ ਸੀ, ਉਹਦੀ ਕਬੱਡੀ ਪੰਜਾਹ-ਪੰਜਾਹ ਕੋਹਾਂ ’ਚ ਮਸ਼ਹੂਰ ਸੀ। ਉਸ ਦੀ ਕਬੱਡੀ ਦੀ ਖੇਡ ਨੇ ਹੀ ਉਸ ਨੂੰ ਪੁਲਿਸ ’ਚ ਭਰਤੀ ਕਰਾਇਆ ਸੀ। ਉਹਨਾਂ ਸਮਿਆਂ ’ਚ ਪੁਲਿਸ ’ਚ ਭਰਤੀ ਹੋਣ ਲਈ ਅੱਜ-ਕੱਲ੍ਹ ਵਾਂਗ ਨਾ ਸਰਟੀਫ਼ਿਕੇਟਾਂ ਦੀ ਲੋੜ ਹੁੰਦੀ ਸੀ ਨਾ ਸਿਫ਼ਾਰਸ਼ਾਂ ਦੀ ਅਤੇ ਨਾ ਹੀ ਨੋਟਾਂ ਦੀ। ਲੋੜ ਹੁੰਦੀ ਸੀ ਉੱਚੇ-ਲੰਬੇ ਕੱਦ ਦੀ, ਚੌੜੇ ਜੁੱਸੇ ਦੀ ਅਤੇ ਪਹਾੜ ਜਿੱਡੇ ਜਿਗਰੇ ਦੀ। ਤਿੰਨ-ਤਿੰਨ ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕੀ ਫਿਰਦੇ ਸ਼ਿਵ ਨੂੰ ਦੇਖ ਕੇ ਹੀ ਡਿਪਟੀ ਖ਼ੁਸ਼ ਹੋਇਆ ਸੀ। ਕਬੱਡੀ ਵਿਚੇ ਰੋਕ ਕੇ ਹੀ ਉਸ ਨੇ ਸ਼ਿਵ ਨੂੰ ਪੁਲਿਸ ’ਚ ਭਰਤੀ ਕਰਨ ਦਾ ਐਲਾਨ ਕਰ ਦਿੱਤਾ ਸੀ।

ਬਾਣੀਆਂ ਦਾ ਮੁੰਡਾ ਅਤੇ ਪੁਲਿਸ? ਘਰ ਦੇ ਕਈ ਦਿਨ ਸੋਚੀਂ ਪਏ ਰਹੇ। ਉਹਦੇ ਬਾਪ ਨੂੰ ਇੱਕ ਵੀ ਰਿਸ਼ਤੇਦਾਰ ਯਾਦ ਨਹੀਂ ਸੀ ਆ ਰਿਹਾ, ਜਿਹੜਾ ਪੁਲਿਸ ’ਚ ਨੌਕਰ ਰਿਹਾ ਹੋਵੇ। ਬਾਣੀਆਂ ਬ੍ਰਾਹਮਣਾਂ ਦਾ ਪੁਲਿਸ ’ਚ ਕੀ ਕੰਮ? ਪੁਲਿਸ ਨੂੰ ਮਾਰ-ਧਾੜ ਕਰਨੀ ਪੈਂਦੀ ਹੈ। ਉਹਨਾਂ ਦਾ ਮੁੰਡਾ ਤਾਂ ਗਊਆਂ ਭਿੜਦੀਆਂ ਦੇਖ ਕੇ ਡਰ ਜਾਂਦੈ, ਗੋਲੀ ਕਿਥੋਂ ਚਲਾਏਗਾ? ਕਿਸੇ ਨੇ ਸ਼ਿਵ ਨੂੰ ਕੁੜੀ ਨਹੀਂ ਦੇਣੀ। ਪੁਲਸੀਆਂ ਦਾ ਹੱਥ ਖੁਲ੍ਹ ਜਾਂਦਾ ਹੈ। ਘਰ ’ਚ ਡੰਡਾ ਫੇਰਨ ਲੱਗਾ, ਫੇਰ ਕੀ ਬਣੂ?

ਸਾਰਾ ਪਿੰਡ ਵਧਾਈਆਂ ਦੇ-ਦੇ ਜਾਵੇ। ਉਹਦੇ ਬਾਈ ਨੂੰ ਸ਼ਰਮ ਆਵੇ। ਨੰਬਰਦਾਰਾਂ ਦੇ ਸਮਝਾਉਣ ’ਤੇ ਉਸ ਨੇ ਮਸਾਂ ਹਾਂ ਕੀਤੀ। ਜੱਟਾਂ ਦਾ ਮੁੰਡਾ ਪੁਲਿਸ ’ਚ ਭਰਤੀ ਹੋ ਜਾਵੇ ਤਾਂ ਰਿਸ਼ਤੇਦਾਰ ਮਹੀਨਾ-ਮਹੀਨਾ ਜਸ਼ਨ ਮਨਾਉਂਦੇ ਹਨ। ਦੂਰੋਂ ਰਿਸ਼ਤੇਦਾਰ ਵਧਾਈਆਂ ਦੇਣ ਆਉਂਦੇ ਹਨ। ਇੱਕ ਰਿਸ਼ਤੇਦਾਰ ਵੀ ਪੁਲਿਸ ਵਿੱਚ ਹੋਵੇ ਤਾਂ ਕਈ ਖ਼ਾਨਦਾਨਾਂ ਦੇ ਮਸਲੇ ਹੱਲ ਹੋ ਜਾਂਦੇ ਹਨ। ਡਰਦੇ ਸ਼ਰੀਕ ਕੋਠੜੀ ’ਚ ਮੂੰਹ ਦੇਣ ਲਈ ਮਜਬੂਰ ਹੋ ਜਾਂਦੇ ਹਨ।

ਇਹ ਫ਼ਾਇਦਾ ਉਸ ਦੇ ਬਾਪ ਨੂੰ ਵੀ ਹੋਇਆ। ਪਹਿਲਾਂ ਹਰ ਕਿਸੇ ਲਈ ਉਹ ‘ਕਰਾੜ’ ਸੀ। ਧੀਆਂ-ਭੈਣਾਂ ਦਾ ਬਾਹਰ ਨਿਕਲਣਾ ਔਖਾ ਸੀ। ਐਰ-ਗ਼ੈਰ ਖੰਘੂਰਾ ਮਾਰ ਜਾਂਦਾ। ਉਹਨੇ ਵਰਦੀ ਪਾ ਕੇ ਜਦੋਂ ਪਹਿਲਾ ਗੇੜਾ ਪਿੰਡ ’ਚ ਦਿੱਤਾ ਤਾਂ ਮੁੰਦਰ ਵਰਗੇ ਬਦਮਾਸ਼ ਵੀ ਉਹਦੇ ਬਾਈ ਨੂੰ ‘ਲਾਲਾ ਜੀ’ ਆਖਣ ਲੱਗੇ, ਸਾਰਾ ਉਧਾਰ ਨਿਕਲ ਆਇਆ। ਜਿਹੜੀਆਂ ਅਸਾਮੀਆਂ ਮਰੀਆਂ ਸਮਝ ਕੇ ਬਾਈ ਨੇ ਨਾਮੇ ’ਤੇ ਕਾਟਾ ਮਾਰ ਦਿੱਤਾ ਸੀ, ਉਹ ਵੀ ਸਣੇ ਵਿਆਜ ਖਰੀਆਂ ਹੋ ਗਈਆਂ। ਉਗਰਾਹੀ ਲੈਣ ਗਏ ਨੂੰ ਲੋਕ ਅੱਖਾਂ ਕੱਢਣੋਂ ਹਟ ਗਏ। ਨਾਲ ਦੇ ਦੁਕਾਨਦਾਰ ਵੀ ਸੁਸਰੀ ਵਾਂਗ ਸੌਂ ਗਏ। ਪਹਿਲਾਂ ਗਾਹਕ ਖ਼ਰਾਬ ਕਰਦੇ ਰਹਿੰਦੇ, ਸਾਰਾ ਮਾਹੌਲ ਹੀ ਬਦਲ ਗਿਆ। ਬਾਈ ਨੇ ਚੰਗੇ ਪੈਸੇ ਕਮਾਏ।

ਪਿੰਡ ’ਚ ਉਹਨਾਂ ਦੇ ਅਜਿਹੇ ਪੈਰ ਜੰਮੇ ਕਿ ਅੱਜ ਉਹਦੇ ਭਰਾ ਲੱਖਾਂ ਦੇ ਮਾਲਕ ਬਣੇ ਬੈਠੇ ਨੇ। ਚਾਰ ਪੈਸੇ ਜੁੜੇ ਤਾਂ ਸ਼ਹਿਰ ਆ ਕੇ ਕੱਪੜੇ ਦੀ ਦੁਕਾਨ ਖੋਲ੍ਹ ਲਈ। ਕੱਪੜੇ ਦਾ ਕੰਮ ਚੱਲਿਆ ਤਾਂ ਕਪਾਹ ਦਾ ਕਾਰਖ਼ਾਨਾ ਜੜ ਦਿੱਤਾ। ਇਲਾਕੇ ’ਚ ਝੋਨਾ ਹੋਣ ਲੱਗਾ ਤਾਂ ਸਭ ਤੋਂ ਪਹਿਲਾਂ ਸ਼ੈਲਰ ਗੱਡ ਦਿੱਤਾ। ਸ਼ਿਵ ਨੂੰ ਉਹ ਭਾਵੇਂ ਟਿੱਚ ਕਰਕੇ ਜਾਣਦੇ ਸਨ, ਕਿਰਪਾ ਸਾਰੀ ਸ਼ਿਵ ਦੀ ਹੀ ਸੀ।

ਉਹਦੇ ਭਰਾ ਅਮੀਰ ਹੋ ਗਏ ਤਾਂ ਕੀ ਹੈ? ਘਾਟਾ ਉਸ ਨੂੰ ਵੀ ਕਿਸੇ ਚੀਜ਼ ਦਾ ਨਹੀਂ। ਸਭ ਤੋਂ ਵੱਧ ਫ਼ਿਕਰ ਔਲਾਦ ਦਾ ਹੁੰਦਾ ਹੈ। ਖ਼ਾਸ ਕਰ ਪੁਲਿਸ ਵਾਲਿਆਂ ਨੂੰ। ਬੱਚੇ ਜਿਹੜੇ ਮਰਜ਼ੀ ਖੂਹ ਪੁੱਟਦੇ ਰਹਿਣ, ਕੋਈ ਨਹੀਂ ਟੋਕਦਾ। ਸਕੂਲ ’ਚ ਥਾਣੇਦਾਰ ਤੋਂ ਡਰਦਾ ਮਾਸਟਰ ਨਹੀਂ ਝਿੜਕਦਾ। ਗਲੀ-ਗੁਆਂਢ ਦੇ ਕਿਸੇ ਜਵਾਕ ਨੂੰ ਕੁੱਟ ਦੇਣ, ਡਰਦਾ ਕੋਈ ਉਲਾਂਭਾ ਨਹੀਂ ਦਿੰਦਾ। ਸਿਨੇਮੇ ’ਚ ਜਾਣ ਜਾਂ ਹੋਟਲ ’ਚ, ਕੋਈ ਪੈਸੇ ਨਹੀਂ ਮੰਗਦਾ। ਪੁਲਸੀਆਂ ਦੇ ਬੱਚੇ ਵਿਗੜਨ ਦੀਆਂ ਸ਼ਿਵ ਸਾਹਮਣੇ ਹਜ਼ਾਰਾਂ ਉਦਾਹਰਣਾਂ ਸਨ। ਜਿੰਨੇ ਸੰਤਾ ਸਿੰਘ ਨੇ ਪੈਸੇ ਕਮਾਏ ਸਨ, ਸ਼ਾਇਦ ਹੀ ਕਿਸੇ ਨੇ ਕਮਾਏ ਹੋਣ। ਮਹੀਨੇ ਪਿੱਛੋਂ ਪਿੰਡ ਜਾਂਦਾ ਹੈ। ਬਰੀਫ਼ਕੇਸ ਨੋਟਾਂ ਦਾ ਭਰ ਕੇ ਲਿਜਾਂਦਾ ਹੈ। ਸੈਂਕੜੇ ਦੁਕਾਨਾਂ ਬਣਾ ਰੱਖੀਆਂ ਨੇ, ਕਈ ਫ਼ਾਰਮ ਲੱਖ ਰੁਪਿਆ ਕਿਰਾਏ ਦਾ ਆਉਂਦਾ ਹੋਊ। ਧੀਆਂ ਪੁੱਤਰ ਸਭ ਲੰਡਰ। ਵੱਡਾ ਦਿਨ ਚੜ੍ਹਦਿਆਂ ਹੀ ਪੀਣੀ ਸ਼ੁਰੂ ਕਰ ਦਿੰਦਾ ਹੈ, ਛੋਟਾ ਜੂਏਬਾਜ਼। ਦੂਜੇ ਦਿਨ ਮਾਂ ਨਾਲ ਰੁੱਸ ਕੇ ਘਰੋਂ ਨਿਕਲ ਜਾਂਦੈ। ਸੰਤਾ ਸਿੰਘ ਮਿੰਨਤਾਂ ਕਰ-ਕਰ ਲਿਆਉਂਦੈ।

ਭਾਨ ਸਿੰਘ ਨੇ ਵੀ ਕਮਾਈ ਦੀ ਕਸਰ ਨਹੀਂ ਛੱਡੀ। ਪਰ ਬਾਪ ਵਾਂਗ ਔਲਾਦ ਵੀ ਜ਼ਨਾਨੀ- ਬਾਜ਼ੀ ਦੀ ਸ਼ੌਕੀਨ ਹੈ। ਵੀਹ ਵਾਰ ਪੁਲਿਸ ਨੇ ਕੁੱਟੇ ਹਨ। ਕੋਈ ਮੁੰਡਾ ਮਾਸਟਰਨੀ ਨੂੰ ਘਰ ਖਵਾਈ ਜਾਂਦਾ ਹੈ, ਕੋਈ ਨਰਸ ਨੂੰ। ਕੁੜੀਆਂ ਉਹਨਾਂ ਤੋਂ ਵੀ ਦੋ ਚੰਦੇ ਵੱਧ ਹਨ। ਇੱਕ ਕਿਸੇ ਮਾਸਟਰ ਨਾਲ ਨਿਕਲ ਗਈ।

ਸ਼ਿਵ ਦੇ ਤਿੰਨ ਬੱਚੇ ਲਾਇਕ ਹਨ। ਇੱਕ ਡਾਕਟਰ ਬਣ ਗਿਆ, ਦੂਜਾ ਓਵਰਸੀਅਰ, ਕੁੜੀ ਪ੍ਰੋਫ਼ੈਸਰ ਬਣ ਗਈ। ਸੇਲ-ਟੈਕਸ ਇੰਸਪੈਕਟਰ ਨਾਲ ਵਿਆਹੀ ਗਈ। ਕਾਰ ਲੈ ਲਈ? ਹੋਰ ਸ਼ਿਵ ਨੂੰ ਕੀ ਚਾਹੀਦਾ ਹੈ? ਮੀਆਂ-ਬੀਵੀ ਰਹਿ ਗਏ। ਤਨਖ਼ਾਹ ਹੀ ਕਾਫ਼ੀ ਹੈ। ਨਾ-ਨਾ ਕਰਦਿਆਂ ਵੀ ਦੋ-ਤਿੰਨ ਹਜ਼ਾਰ ਹੋਰ ਬਣ ਜਾਂਦੈ।

ਸਿਆਣੇ ਸਿਪਾਹੀ ਨੇ ਇੱਕ ਗੁਆਂਢੀ ਨੂੰ ਇਸ਼ਾਰਾ ਕੀਤਾ। ਉਹ ਸ਼ਿਵ ਦੇ ਬੈਠਣ ਲਈ ਮੰਜਾ ਚੁੱਕ ਲਿਆਇਆ। ਨਾਲੇ ਦੋ ਚਿੱਟੇ ਸਿਰਹਾਣੇ।

ਸ਼ਿਵ ਨੂੰ ਮੰਜੇ ’ਤੇ ਕਿਹੜਾ ਆਰਾਮ ਮਿਲ ਰਿਹਾ ਸੀ? ਕਦੇ ਉਹ ਸਾਰਾ ਬੋਝ ਖੱਬੇ ਪਾਸੇ ਸੁੱਟਦਾ ਕਦੇ ਸੱਜੇ ਪਾਸੇ।

ਸ਼ਿਵ ਪਾਣੀ ਦਾ ਜੱਗ ਪੀ ਚੁੱਕਾ ਸੀ। ਪਿਆਸ ਸਗੋਂ ਵਧਦੀ ਹੀ ਜਾ ਰਹੀ ਸੀ। ਖੱਟੇ ਡਕਾਰ ਵੀ ਵਧ ਗਏ ਸਨ। ਬਿੰਦੇ ਝੱਟੇ ਮਸਾਲੇਦਾਰ ਤਰੀ ਢਿੱਡ ’ਚੋਂ ਨਿਕਲ ਕੇ ਜੀਭ ’ਤੇ ਆ ਜਾਂਦੀ। ਕੋਈ ਹੋਰ ਥਾਂ ਹੁੰਦਾ, ਉਹ ਅਧੀਆ ਸੁੱਟ ਕੇ ਟੁੱਟੇ ਨਸ਼ੇ ਦਾ ਇਲਾਜ ਕਰਦਾ। ਇਥੇ ਕੁੱਝ ਵੀ ਸੰਭਵ ਨਹੀਂ ਸੀ।

ਬੰਬ ਡਿਸਪੋਜ਼ਲ ਦਸਤੇ ਦਾ ਕੀ ਪਤਾ ਹੈ ਕਦੋਂ ਆਵੇ? ਉਹਦੀ ਉਡੀਕ ਵਿੱਚ ਸ਼ਿਵ ਆਪਣੇ ਆਪ ਨੂੰ ਫਾਹੇ ਟੰਗ ਕੇ ਨਹੀਂ ਰੱਖ ਸਕਦਾ।

ਮਾਹੌਲ ਤਨਾਅ-ਪੂਰਨ ਸੀ। ਯੁਵਾ ਸੰਘ ਵਾਲੇ ਸੰਤਰੀ ਅਤੇ ਮੁਨਸ਼ੀ ਨੂੰ ਵਾਰ-ਵਾਰ ਗਾਲ੍ਹਾਂ ਕੱਢ ਰਹੇ ਸਨ। ਸਮੇਂ ਸਿਰ ਕਾਰਵਾਈ ਹੋਈ ਹੁੰਦੀ ਤਾਂ ਇਹ ਝੰਜਟ ਨਾ ਪੈਂਦਾ। ਵਰਕਰ ਡਾਂਗਾਂ ਚੁੱਕੀ ਫਿਰਦੇ ਸਨ। ਸ਼ਿਵ ਨੇ ਹਿੰਦੂ-ਭਰਾ ਹੋਣ ਦਾ ਵਾਸਤਾ ਪਾ ਕੇ ਜਾਨ ਛੁਡਾਈ। ਹੁਣ ਬੰਬ ਸਕਾਡ ’ਤੇ ਖਿਝ ਰਹੇ ਸਨ। ਆਉਣ ਦਾ ਨਾਂ ਹੀ ਨਹੀਂ ਲੈਂਦਾ। ਕੋਈ ਨੁਕਸਾਨ ਹੋ ਗਿਆ ਤਾਂ ਪਿੱਛੋਂ ਆਉਣ ਜਾਂ ਨਾ। ਕਈ ਵਾਰ ਉਹ ਸੰਗਰੂਰ ਕਪਤਾਨ ਨੂੰ ਫ਼ੋਨ ਖੜਕਾ ਚੁੱਕੇ ਸਨ।

“ਤੁਸੀਂ ਜ਼ਰਾ ਦੇਖੋ ਤਾਂ ਸਹੀ ਕਿ ਬੋਰੀਆਂ ਠੀਕ ਤਰ੍ਹਾਂ ਹੀ ਲੱਗੀਆਂ ਨੇ?” ਮੰਜੇ ’ਤੇ ਲਿਟੇ ਸ਼ਿਵ ਨੂੰ ਦੇਖ ਕੇ ਰਾਮ ਸਰੂਪ ਖਿਝ ਗਿਆ ਸੀ। ਉਹਨੇ ਸ਼ਿਵ ਨੂੰ ਕੰਮ ਲਾਉਣਾ ਚਾਹਿਆ।

“ਹਾਂ ਹਾਂ ਚੱਲੋ … ।” ਸ਼ਿਵ ਨੂੰ ਵੀ ਗ਼ਲਤੀ ਦਾ ਅਹਿਸਾਸ ਹੋਇਆ। ਉਹਦਾ ਫ਼ਰਜ਼ ਬਣਦਾ ਸੀ, ਆਉਂਦਾ ਹੀ ਮੌਕੇ ਦੀ ਪੜਤਾਲ ਕਰਦਾ। ਬਸਤੇ ਅਤੇ ਟੋਪੀਏ ਦਾ ਜਾਇਜ਼ਾ ਲੈਂਦਾ। ਉਹ ਆਉਂਦਾ ਹੀ ਮੰਜਾ ਮੱਲ ਕੇ ਬੈਠ ਗਿਆ।

ਪੂਰਾ ਜ਼ੋਰ ਲਾ ਕੇ ਵੀ ਮਿਣਿਆ ਜਾਵੇ ਤਾਂ ਵੀ ਟੋਪੀਏ ਦਾ ਵਿਆਸ ਗਿੱਠ ਤੋਂ ਵੱਧ ਨਹੀਂ ਸੀ। ਛੋਟੇ ਜਿਹੇ ਬੈਗ ਹੇਠਾਂ ਉਹ ਪੂਰੀ ਤਰ੍ਹਾਂ ਛੁਪਿਆ ਹੋਇਆ ਸੀ। ਟੋਪੀਏ ਦੇ ਇੱਕ ਪਾਸਿਉਂ ਨਿੱਕਰ ਦੀ ਗੈਲਸ ਬਾਹਰ ਨਿਕਲੀ ਹੋਈ ਸੀ। ਗੈਲਸ ਹੈ ਤਾਂ ਨਿੱਕਰ ਤਾਂ ਹੋਏਗੀ ਹੀ। ਸ਼ਰਟ ਵੀ ਹੋ ਸਕਦੈ। ਬਸਤਾ ਅਤੇ ਕੱਪੜਾ ਭੇਜਣ ਦਾ ਮਤਲਬ ਹੈ ਬੰਟੀ ਦੀ ਹਿਰਾਸਤ ਦਾ ਸਬੂਤ ਦੇਣਾ। ਬੰਬ ਦਾ ਕੋਈ ਮਤਲਬ ਨਹੀਂ। ਲਾਸ਼ ਵੀ ਨਹੀਂ ਹੋ ਸਕਦੀ। ਹੁੰਦੀ ਤਾਂ ਖ਼ੂਨ ਸਿੰਮ ਪੈਂਦਾ। ਕੀੜੇ ਲੱਗ ਜਾਂਦੇ, ਮੱਖੀਆਂ ਭਿਣਕਣ ਲੱਗਦੀਆਂ।

ਸ਼ਿਵ ਨੂੰ ਆਪਣੀ ਅਕਲ ’ਤੇ ਪਰਦਾ ਪਿਆ ਲੱਗਾ। ਮੁਨਸ਼ੀ ਨੇ ਵੀ ਸਿਆਣਪ ਤੋਂ ਕੰਮ ਨਹੀਂ ਸੀ ਲਿਆ। ਬਿਨਾਂ ਪੜਤਾਲ ਕੀਤੇ ਬੰਬ ਸਕਾਡ ਨੂੰ ਬੁਲਾ ਲਿਆ ਸੀ। ਸ਼ਿਵ ਨੇ ਵੀ ਉਹੋ ਗ਼ਲਤੀ ਦੁਹਰਾਈ ਸੀ। ਘੰਟਾ ਸ਼ਿਵ ਨੇ ਗੱਲਾਂ ਵਿੱਚ ਲੰਘਾ ਦਿੱਤਾ। ਟੋਪੀਏ ਹੇਠਾਂ ਕੁੱਝ ਨਹੀਂ ਸੀ। ਵੱਧੋ-ਵੱਧ ਕੋਈ ਧਮਕੀ-ਪੱਤਰ ਹੋਏਗਾ।

ਸ਼ਿਵ ਨੇ ਇੱਕ ਵੱਡਾ ਬਾਂਸ ਮੰਗਵਾਇਆ। ਇੱਕ ਸਿਰੇ ’ਤੇ ਮੇਖ ਗੱਡ ਕੇ ਕੋਠੇ ’ਤੇ ਜਾ ਚੜ੍ਹਿਆ।

ਪੂਰੀ ਸਾਵਧਾਨੀ ਨਾਲ ਮੇਖ ਬੈਗ ਦੇ ਕਲਿੱਪ ਵਿੱਚ ਅੜਾਈ ਅਤੇ ਬਸਤਾ ਉੱਪਰ ਖਿੱਚ ਲਿਆ।

ਧੜਕਦੇ ਦਿਲ ਨਾਲ ਇੱਕ ਵਾਰ ਫੇਰ ਬਾਂਸ ਹੇਠਾਂ ਕੀਤਾ। ਇਸ ਵਾਰ ਮੇਖ ਗੈਲਸ ਵਿੱਚ ਅੜਾਈ।

ਗੈਲਸ ਥੋੜ੍ਹੀ ਜਿਹੀ ਉੱਪਰ ਉਠਦਿਆਂ ਹੀ ਟੋਪੀਆ ਮੂਧਾ ਹੋ ਗਿਆ। ਨਿੱਕਰ ਸ਼ਿਵ ਨੇ ਉੱਪਰ ਖਿੱਚ ਲਈ। ਸ਼ਰਟ ਇੱਕ ਪਾਸੇ ਜਾ ਗਿਰੀ।

ਆਪਣੀ ਸਫ਼ਲਤਾ ’ਤੇ ਫੁੱਲ ਕੇ ਕੁੱਪਾ ਹੋਏ ਸ਼ਿਵ ਨੇ ਜੇਤੂ ਨਜ਼ਰਾਂ ਨਾਲ ਸੰਘ ਦੇ ਵਰਕਰਾਂ ਵੱਲ ਤੱਕਿਆ। ਸਭ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੀ ਚਮਕ ਸੀ।

ਰੇਤੇ ਦੀਆਂ ਬੋਰੀਆਂ ਹਟਾ ਦਿੱਤੀਆਂ ਗਈਆਂ। ਸੰਘ ਵਾਲੇ ਕੱਪੜੇ ਅਤੇ ਬੈਗ ਨੂੰ ਕੋਲ ਰੱਖਣਾ ਚਾਹੁੰਦੇ ਸਨ। ਇਹ ਸ਼ਿਵ ਦੀ ਮਜਬੂਰੀ ਸੀ। ਸਾਰੀਆਂ ਚੀਜ਼ਾਂ ਥਾਣੇ ਲੈ ਜਾਣੀਆਂ ਜ਼ਰੂਰੀ ਸਨ। ਇਹਨਾਂ ਤੋਂ ਮੁਜਰਮਾਂ ਦਾ ਭੇਤ ਖੁੱਲ੍ਹ ਸਕਦਾ ਸੀ। ਉਂਗਲਾਂ ਦੇ ਨਿਸ਼ਾਨ ਮਿਲ ਸਕਦੇ ਸਨ। ਕੋਈ ਟੋਪੀਆ ਪਛਾਣ ਕੇ ਮੁਜਰਮਾਂ ਦੀ ਸ਼ਨਾਖ਼ਤ ਕਰ ਸਕਦਾ ਹੈ।

ਨਿੱਕਰ ਦੀ ਜੇਬ ’ਚੋਂ ਨਿਕਲੀ ਚਿੱਠੀ ਉਹਨੇ ਰਾਮ ਸਰੂਪ ਨੂੰ ਪੜ੍ਹਾ ਦਿੱਤੀ। ਉਹੋ ਪਹਿਲਾਂ ਵਾਲੀਆਂ ਗੱਲਾਂ ਦੁਹਰਾਈਆਂ ਗਈਆਂ ਸਨ। ਪਹਿਲੀ ਚਿੱਠੀ ਲੇਟ ਮਿਲਣ ਦਾ ਉਹਨਾਂ ਨੂੰ ਇਲਮ ਸੀ। ਇਸ ਲਈ ਇੱਕ ਹੋਰ ਮੌਕਾ ਦਿੱਤਾ ਗਿਆ ਸੀ। ਸਮਾਂ ਅਤੇ ਸਥਾਨ ਪਹਿਲਾਂ ਵਾਲਾ ਹੀ ਸੀ। ਪੁਲਿਸ ਨੂੰ ਇਤਲਾਹ ਦੇਣ ਤੋਂ ਰੋਕਿਆ ਗਿਆ ਸੀ। ਇਹ ਆਖ਼ਰੀ ਮੌਕਾ ਸੀ।

ਉਹਨਾਂ ਕੋਲ ਪੁੱਜਣ ਤੋਂ ਪਹਿਲਾਂ ਹੀ ਚਿੱਠੀ ਪੁਲਿਸ ਦੇ ਹੱਥ ਲੱਗ ਚੁੱਕੀ ਸੀ। ਇਹ ਮੌਕਾ ਵੀ ਹੱਥੋਂ ਖੁੰਝ ਜਾਣ ’ਤੇ ਸੰਘ ਫਿਰ ਨਿਰਾਸਤਾ ਦੀ ਖੱਡ ਵਿੱਚ ਜਾ ਡਿੱਗਾ।

ਸ਼ਿਵ ਖ਼ੁਸ਼ ਸੀ, ਬੰਬ ਸਕਾਡ ਨੇ ਪਤਾ ਨਹੀਂ ਕਦੋਂ ਆਉਣਾ ਸੀ, ਆ ਕੇ ਉਹਨਾਂ ਵੀਹ ਨਾਟਕ ਕਰਨੇ ਸਨ।

ਸ਼ਿਵ ਦੇ ਹੱਡ ਛੁੱਟੇ। ਹੁਣ ਉਹ ਕੁਆਰਟਰ ’ਚ ਜਾ ਕੇ ਮੌਜ ਨਾਲ ਅਧੀਆ ਅੰਦਰ ਸੁੱਟੇਗਾ ਅਤੇ ਬਦਹਜ਼ਮੀ ਦਾ ਇਲਾਜ ਕਰੇਗਾ।

 

 

5

ਆਖ਼ਿਰ ਉਹ ਮੌਕਾ ਆ ਹੀ ਗਿਆ, ਜਿਸ ਦੀ ਸਿਟੀ ਇਨਚਾਰਜ ਮਨਬੀਰ ਸਿੰਘ ਭੁੱਲਰ ਨੂੰ ਕਾਫ਼ੀ ਅਰਸੇ ਤੋਂ ਉਡੀਕ ਸੀ।

ਜਦੋਂ ਦਾ ਉਸ ਦੇ ਬੈਚ ਦਾ ਸਭ ਤੋਂ ਘਟੀਆ ਥਾਣੇਦਾਰ ਡਿਪਟੀ ਬਣਿਆ ਸੀ, ਓਦੋਂ ਦਾ ਉਹ ਦਹਿਸ਼ਤਗਰਦਾਂ ਨਾਲ ਟੱਕਰਨ ਲਈ ਤਰਲੋ-ਮੱਛੀ ਹੋ ਰਿਹਾ ਸੀ। ਇੱਕ-ਦੋ ਵਾਰ ਉਸ ਨੇ ਅਫ਼ਸਰਾਂ ਕੋਲ ਬੇਨਤੀ ਵੀ ਕੀਤੀ ਸੀ। ਉਸ ਨੂੰ ਕਿਸੇ ਸਰਹੱਦੀ ਜ਼ਿਲ੍ਹੇ ਵਿੱਚ ਭੇਜਿਆ ਜਾਵੇ। ਮੁੱਖ ਮੰਤਰੀ ਮਨਬੀਰ ਨੂੰ ਇਥੋਂ ਤਬਦੀਲ ਕਰਨ ਲਈ ਤਿਆਰ ਨਹੀਂ ਸੀ। ਉਹ ਭੁੱਲਰ ’ਤੇ ਪੁੱਤਰਾਂ ਜਿੰਨਾ ਵਿਸ਼ਵਾਸ ਕਰਦਾ ਸੀ। ਚੰਗਾ-ਮਾੜਾ ਕੋਈ ਵੀ ਕੰਮ ਹੋਵੇ, ਮੁੱਖ ਮੰਤਰੀ ਸਿੱਧਾ ਹੀ ਮਨਬੀਰ ਨੂੰ ਆਖ ਦਿੰਦਾ ਸੀ। ਕਿਸੇ ਉੱਚ ਅਧਿਕਾਰੀ ਕੋਲ ਪੜਦਾ ਚੁੱਕਣ ਦੀ ਲੋੜ ਨਹੀਂ ਸੀ ਪੈਂਦੀ। ਮਨਬੀਰ ਤਰੱਕੀ ਲਈ ਹੀ ਅੱਗ ਦੇ ਮੂੰਹ ਵਿੱਚ ਜਾਣਾ ਚਾਹੁੰਦਾ ਸੀ। ਉਹ ਸਬਰ ਰੱਖੇ। ਜਿਉਂ ਹੀ ਮੁੱਖ ਮੰਤਰੀ ਨੂੰ ਮੌਕਾ ਲੱਗਾ, ਉਹ ਇੱਕ ਹੋਰ ਸਟਾਰ ਮਨਬੀਰ ਦੇ ਮੋਢੇ ’ਤੇ ਸਜਾ ਦੇਵੇਗਾ।

ਨਿੰਦਰ ਬਾਰੇ ਸੋਚ-ਸੋਚ ਮਨਬੀਰ ਨੂੰ ਚਿੜ੍ਹ ਚੜ੍ਹ ਜਾਂਦੀ। ਟ੍ਰੇਨਿੰਗ ਸਮੇਂ ਉਸ ਮਾੜਚੂ ਜਿਹੇ ਤੋਂ ਰੱਸਾ ਨਹੀਂ ਸੀ ਚੜ੍ਹਿਆ ਜਾਂਦਾ, ਨਾ ਉਹਦੇ ਅਕਲ ਪੱਲੇ ਸੀ, ਨਾ ਕੱਦ-ਕਾਠ ਸੀ। ਲੱਗਦਾ ਸੀ ਨੋਟਾਂ ਦੀ ਪੰਡ ਦੇ ਕੇ ਭਰਤੀ ਹੋਇਐ।

ਪਹਿਲਾਂ ਸਰਹੱਦੀ ਜਿਲ੍ਹਿਆਂ ਵਿੱਚ ਰਹਿ ਕੇ ਉਸ ਨੇ ਨੋਟਾਂ ਦੇ ਬੋਹਲ ਲਾਏ। ਪਿੱਛੋਂ ਦੋ ਵਾਰ ਅਤਿਵਦੀਆਂ ਨੂੰ ਮਾਰ ਕੇ ਦੋ ਤਰੱਕੀਆਂ ਲੈ ਲਈਆਂ। ਮੌਜ ਨਾਲ ਡਿਪਟੀ ਬਣਿਆ ਬੈਠਾ ਹੈ। ਪਿਛਲੀ ਵਾਰ ਜਦੋਂ ਮਨਬੀਰ ਨੂੰ ਮਿਲਿਆ ਤਾਂ ਪਛਾਣ ’ਚ ਹੀ ਨਾ ਆਵੇ। ਮਨਬੀਰ ਨੇ ਉਸੇ ਦਿਨ ਸਹੁੰ ਖਾਧੀ, ਜਿੰਨਾ ਚਿਰ ਡਿਪਟੀ ਨਹੀਂ ਬਣਦਾ, ਉਹ ਟਿਕ ਕੇ ਨਹੀਂ ਬੈਠੇਗਾ। ਉਸ ਨੂੰ ਚਾਹੇ ਪੰਜਾਹ ਦਹਿਸ਼ਤਗਰਦ ਮਾਰਨੇ ਪੈਣ।

ਇਕੱਲਾ ਨਿੰਦਰ ਹੀ ਨਹੀਂ, ਸਰਹੱਦੀ ਜ਼ਿਲ੍ਹਿਆਂ ਵਿੱਚ ਤਾਂ ਉਸ ਨਾਲ ਦੇ ਕਈ ਹੋਰ ਇੰਸਪੈਕਟਰ ਬਣੇ ਫਿਰਦੇ ਹਨ। ਪੰਜ-ਚਾਰ ਸਾਲਾਂ ਨੂੰ ਡਿਪਟੀ ਬਣ ਜਾਣਗੇ। ਇੱਕ ਮਨਬੀਰ ਹੈ ਕਿ ਹਾਲੇ ਸਬ-ਇੰਸਪੈਕਟਰ ਵੀ ਕਨਫ਼ਰਮ ਨਹੀਂ ਹੋਇਆ। ਜੇ ਇਸੇ ਜ਼ਿਲ੍ਹੇ ਵਿੱਚ ਬੈਠਾ ਰਿਹਾ ਤਾਂ ਡਿਪਟੀ ਤਾਂ ਕੀ ਇੰਸਪੈਕਟਰ ਵੀ ਨਹੀਂ ਬਣ ਹੋਣਾ।

ਸ਼ਿਵ ਪ੍ਰਸ਼ਾਦ ਨੇ ਜਦੋਂ ਦਾ ਦੱਸਿਆ ਸੀ ਕਿ ਬੰਟੀ ਨੂੰ ਦਹਿਸ਼ਤਗਰਦਾਂ ਨੇ ਅਗਵਾ ਕਰ ਲਿਆ ਹੈ ਤਾਂ ਭੁੱਲਰ ਨੂੰ ਲੱਗਾ, ਉਹਦੀ ਅਰਦਾਸ ਪਰਵਾਨ ਚੜ੍ਹ ਗਈ ਹੈ। ਬਿਨਾਂ ਹੋਰ ਕੁੱਝ ਸੋਚੇ ਉਹਨੇ ਤਫ਼ਤੀਸ਼ ਆਪਣੇ ਹੱਥ ’ਚ ਲੈ ਲਈ ਅਤੇ ਵੱਖ-ਵੱਖ ਪਹਿਲੂਆਂ ’ਤੇ ਸੋਚਣ ਲੱਗਾ।

ਸਰਹੱਦੀ ਜ਼ਿਲ੍ਹੇ ਦਹਿਤਸ਼ਗਰਦੀ ਦੀ ਲਪੇਟ ਵਿੱਚ ਆਏ ਹੋਏ ਸਨ। ਇਹ ਜ਼ਿਲ੍ਹਾ ਇਸ ਬੀਮਾਰੀ ਤੋਂ ਬਚਿਆ ਹੋਇਆ ਸੀ। ਇਹ ਕਾਰਵਾਈ ਦਹਿਸ਼ਤਗਰਦਾਂ ਦੀ ਨਹੀਂ ਸੀ ਲੱਗਦੀ। ਪੈਸਾ ਤਾਂ ਉਹਨਾਂ ਨੂੰ ਬੈਂਕਾਂ ਵਿਚੋਂ ਬਥੇਰਾ ਮਿਲ ਜਾਂਦਾ ਹੈ। ਇਹ ਸ਼ਰਾਰਤ ਕਿਸੇ ਜਰਾਇਮ-ਪੇਸ਼ਾ ਗ੍ਰੋਹ ਦੀ ਲੱਗਦੀ ਸੀ। ਹਰ ਕਿਸੇ ਨੇ ਲੈਟਰ-ਪੈਡ ਛਪਵਾ ਲਿਆ ਹੈ। ਜਿਸ ਨੂੰ ਦਿਲ ਕੀਤਾ ਚਿੱਠੀ ਕੱਢ ਦਿੱਤੀ। ਪੈਸੇ ਮਿਲ ਗਏ ਤਾਂ ਠੀਕ, ਨਹੀਂ ਆਪ ਚੁੱਪ ਕਰ ਗਏ। ਮਨਬੀਰ ਨੇ ਥੋੜ੍ਹੀ ਜਿਹੀ ਵੀ ਸਖ਼ਤੀ ਕੀਤੀ ਤਾਂ ਸੁਰਾਗ਼ ਮਿਲ ਜਾਣਾ ਹੈ। ਇੱਕ ਵਾਰ ਬੰਟੀ ਮਿਲਿਆ ਨਹੀਂ ਕਿ ਉਸ ਨੂੰ ਤਰੱਕੀ ਮਿਲੀ ਨਹੀਂ।

ਮੁੱਖ ਮੰਤਰੀ ਤਾਂ ਉਸ ’ਤੇ ਖ਼ੁਸ਼ ਸੀ ਹੀ। ਸੌ ਬੰਦਿਆਂ ’ਚੋਂ ਪਛਾਣ ਕੇ ਹਾਲ-ਚਾਲ ਪੁੱਛਦਾ ਹੈ। ਹੁਣ ਉਹ ਨਾਂਹ ਨਹੀਂ ਕਰਨ ਲੱਗਾ।

ਮਨਬੀਰ ਨੇ ਵੀ ਸਰਦਾਰ ਲਈ ਪੂਰੇ ਤਨ, ਮਨ ਅਤੇ ਧਨ ਨਾਲ ਕੰਮ ਕੀਤਾ ਸੀ। ਆਪਣਾ ਸਭ ਕੁੱਝ ਦਾਅ ’ਤੇ ਲਾ ਕੇ ਸਰਦਾਰ ਦੀ ਡੋਲਦੀ ਕਿਸ਼ਤੀ ਨੂੰ ਪਾਰ ਲਾਇਆ ਸੀ।

ਚੋਣਾਂ ਸਮੇਂ ਇੱਕ ਵਾਰ ਤਾਂ ਉਹ ਮੌਕਾ ਵੀ ਆ ਗਿਆ ਸੀ ਕਿ ਸ਼ਹਿਰ ਵਿੱਚ ਉਹਨਾਂ ਦਾ ਕੋਈ ਝੰਡਾ ਵੀ ਲਾਉਣ ਨੂੰ ਤਿਆਰ ਨਹੀਂ ਸੀ। ਹਜ਼ਾਰ ਕੋਸ਼ਿਸ਼ ਕਰਨ ’ਤੇ ਵੀ ਸ਼ਹਿਰ ਵਿੱਚ ਕੋਂਈ ਚੋਣ ਜਲਸਾ ਨਹੀਂ ਸੀ ਹੋ ਸਕਿਆ। ਵਿਰੋਧੀ ਗਲੀ-ਗਲੀ ਮੀਟਿੰਗਾਂ ਕਰ ਰਿਹਾ ਸੀ। ਸਾਰੇ ਸ਼ਹਿਰ ਨੂੰ ਰੋਸਾ ਸੀ, ਸਰਦਾਰ ਚੋਣਾਂ ਜਿੱਤਦੇ ਹੀ ਚੰਡੀਗੜ੍ਹ ਜਾ ਬੈਠਦਾ ਹੈ, ਵਜ਼ੀਰ ਵੀ ਬਣ ਜਾਂਦਾ ਹੈ, ਕੋਈ ਕੰਮ ਲਈ ਜਾਵੇ ਤਾਂ ਵਕੀਲਾਂ ਵਾਲੀਆਂ ਘੁੰਡੀਆਂ ਕੱਢ ਕੇ ਟਾਲ ਦਿੰਦਾ ਹੈ। ਇਸ ਵਾਰ ਉਹ ਅਜਿਹਾ ਉਮੀਦਵਾਰ ਚੁਣਨਗੇ, ਜਿਹੜਾ ਉਹਨਾਂ ਦੇ ਅੰਗ-ਸੰਗ ਰਹੇ। ਦੁੱਖ-ਸੁਖ ਵੇਲੇ ਮੋਢਾ ਜੋੜ ਕੇ ਨਾਲ ਖਲੋਵੇ। ਬਾਬੂ ਜੀ ਅਜਿਹੇ ਹੀ ਬੰਦੇ ਸਨ। ਅੱਧੇ ਬੋਲ ਥਾਣੇ ਕਚਹਿਰੀ ਜਾਂਦਾ ਹੈ। ਲੋਕਾਂ ਨੇ ਸਰਦਾਰ ਦੀ ਸਰਦਾਰੀ ਤੋਂ ਕੀ ਲੈਣਾ।

ਭਾਰਤੀ ਜਨਤਾ ਪਾਰਟੀ ਸੂਬਾ ਪੱਧਰ ’ਤੇ ਹੀ ਅਕਾਲੀ ਦਲ ਦਾ ਵਿਰੋਧ ਕਰ ਰਹੀ ਸੀ। ਅੱਗੇ ਸ਼ਹਿਰ ਦਾ ਕੰਮ ਭਾਰਤੀ ਜਨਤਾ ਪਾਰਟੀ ਹੀ ਸੰਭਾਲਦੀ ਸੀ। ਸ਼ਹਿਰ ਦੀ ਵੋਟ ਬਿਨਾਂ ਅਕਾਲੀ ਉਮੀਦਵਾਰ ਦਾ ਜਿੱਤਣਾ ਅਸੰਭਵ ਸੀ। ਸ਼ਹਿਰ ਸੀ ਕਿ ਸਾਰੇ ਦਾ ਸਾਰਾ ਮੁੱਖ ਮੰਤਰੀ ਦੇ ਖ਼ਿਲਾਫ਼ ਹੋਇਆ ਪਿਆ ਸੀ।

ਕਿਸੇ ਨੇ ਸਰਦਾਰ ਨੂੰ ਸਲਾਹ ਦਿੱਤੀ ਕਿ ਮਨਬੀਰ ਬੇੜਾ ਬੰਨੇ ਲਾ ਸਕਦਾ ਹੈ। ਵਿਉਪਾਰ ਮੰਡਲ ਦੇ ਪ੍ਰਧਾਨ ਰਾਮ ਲਾਲ ਅਤੇ ਮਾਸਟਰ ਵਰਗੇ ਬੰਦਿਆਂ ਨੂੰ ਉਹ ਸਰਦਾਰ ਵੱਲ ਲਿਆ ਸਕਦਾ ਹੈ। ਦੋਹਾਂ ਨਾਲ ਉਹਦਾ ਖਾਣ-ਪੀਣ ਹੈ। ਦੋਵੇਂ ਭਾਰਤੀ ਜਨਤਾ ਪਾਰਟੀ ਵਿੱਚ ਸਿੱਧੇ ਆਏ ਹਨ। ਜਨਸੰਘ ਕੇਡਰ ’ਚੋਂ ਨਹੀਂ ਆਏ। ਉਹ ਬਹੁਤੇ ਆਦਰਸ਼ਵਾਦੀ ਨਹੀਂ। ਪਾਰਟੀ ਵਾਲੇ ਉਹਨਾਂ ਤੋਂ ਦੁਖੀ ਹਨ ਅਤੇ ਉਹ ਪਾਰਟੀ ਤੋਂ। ਲੋਕ ਉਹਨਾਂ ਪਿੱਛੇ ਲੱਗਦੇ ਹਨ। ਉਹਨਾਂ ਦੇ ਸਰਦਾਰ ਦੇ ਕੈਂਪ ਵਿੱਚ ਆਉਣ ਨਾਲ ਜਿੱਤ ਸੌਖੀ ਹੋ ਸਕਦੀ ਹੈ।

ਮਾਸਟਰ ਸਕੱਤਰ ਦੀਆਂ ਚੋਣਾਂ ਤੋਂ ਪਹਿਲਾਂ ਸਕੂਲ ਮਾਸਟਰ ਸੀ। ਤਨਖ਼ਾਹ ਵਿੱਚ ਗੁਜ਼ਾਰਾ ਨਾ ਹੁੰਦਾ ਵੇਖ ਕੇ ਉਹਨੇ ਬਸਾਤੀ ਦੀ ਦੁਕਾਨ ਖੋਲ੍ਹ ਲਈ। ਹਿੱਸੇਦਾਰ ਆਰ.ਐਸ.ਐਸ.ਦਾ ਸਰਗਰਮ ਮੈਂਬਰ ਸੀ। ਸੰਘ ਦੀ ਹਦਾਇਤ ’ਤੇ ਹਿੱਸੇਦਾਰ ਜਨਤਾ ਪਾਰਟੀ ਵਿੱਚ ਚਲਾ ਗਿਆ ਸੀ। ਆਪਣੇ ਗਰੁੱਪ ਦਾ ਦਬਾਅ ਬਣਾਈ ਰੱਖਣ ਲਈ ਉਸ ਨੇ ਮਾਸਟਰ ਨੂੰ ਵੀ ਪਾਰਟੀ ਦਾ ਮੈਂਬਰ ਬਣਾ ਲਿਆ। ਪਾਰਟੀ ਨਵੀਂ ਬਣੀ ਸੀ। ਦਫ਼ਤਰ ਹਾਲੇ ਬਣਾਇਆ ਨਹੀਂ ਸੀ। ਨਵੀਂ-ਨਵੀਂ ਹਕੂਮਤ ਬਣੀ ਸੀ, ਕੰਮਾਂ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ। ਜ਼ਿਆਦਾ ਇਕੱਠ ਮਾਸਟਰ ਦੀ ਦੁਕਾਨ ’ਤੇ ਹੀ ਰਹਿੰਦਾ। ਲਿਖਣ-ਪੜ੍ਹਨ ਦਾ ਮਾਹਿਰ ਸੀ। ਤਰੱਕੀ ਕਰਦਾ-ਕਰਦਾ ਪਾਰਟੀ ਦਾ ਸਕੱਤਰ ਬਣ ਗਿਆ। ਅਫ਼ਸਰਾਂ ਨਾਲ ਜਾਣ-ਪਹਿਚਾਣ ਹੋ ਗਈ। ਅੰਦਰਖਾਤੇ ਲੈਣ-ਦੇਣ ਕਰਾ ਦਿੰਦਾ। ਅਫ਼ਸਰ ਵੀ ਇੱਜ਼ਤ ਕਰਨ ਲੱਗੇ ਅਤੇ ਲੋਕ ਵੀ। ਵਰਕਰਾਂ ਪਿੱਛੇ ਚੱਕਰ ਕੱਟਣ ਨਾਲੋਂ ਤਾਂ ਪੈਸੇ ਦੇ ਕੇ ਕੰਮ ਕਰਾਉਦਾ ਅਸਾਨ ਸੀ। ਅਫ਼ਸਰਾਂ ਦੇ ਮਸ਼ਵਰੇ ਅਤੇ ਵਜ਼ੀਰਾਂ ਦੀ ਸਿਫ਼ਾਰਸ਼ ’ਤੇ ਮਾਸਟਰ ਨੇ ਕਈ ਕੋਟੇ ਲਗਵਾ ਲਏ, ਲੋਨ ਲੈ ਲਏ ਅਤੇ ਛੋਟੀਆਂ          ਛੋਟੀਆਂ ਫ਼ੈਕਟਰੀਆਂ ਅੜਕਾ ਲਈਆਂ। ਦੂਜੇ ਵਰਕਰਾਂ ਨੂੰ ਮਾਸਟਰ ਦਾ ਅਮੀਰ ਹੋਣਾ ਪਸੰਦ ਨਹੀਂ ਸੀ। ਕਈ ਵਾਰ ਉਸ ’ਤੇ ਇਲਜ਼ਾਮ ਲੱਗ ਚੁੱਕੇ ਸਨ। ਉਹਦੇ ਖ਼ਿਲਾਫ਼ ਮਤੇ ਪਾਸ ਹੋ ਚੁੱਕੇ ਸਨ। ਇੱਕ ਵਾਰ ਮੁਅੱਤਲ ਵੀ ਕੀਤਾ ਗਿਆ। ਚੋਣਾਂ ਨੇੜੇ ਆਈਆਂ ਦੇਖ ਕੇ ਫੇਰ ਬਹਾਲ ਕਰ ਦਿੱਤਾ। ਮਾਸਟਰ ਪਾਰਟੀ ਵਿੱਚ ਤਾਂ ਆ ਗਿਆ ਪਰ ਬਦਲੇ ਦੀ ਤਾਕ ਵਿੱਚ ਸੀ।

ਇਹੋ ਹਾਲ ਪ੍ਰਧਾਨ ਦਾ ਸੀ। ਉਹ ਬਚਪਨ ਤੋਂ ਹੀ ਖੱਦਰ ਪਾਉਂਦਾ ਸੀ। ਸ਼ਹਿਰ ’ਚ ਕਾਂਗਰਸੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਸੀ। ਪੁਰਾਣੇ ਘੁਲਾਟੀਏ ਦੀ ਹਾਜ਼ਰੀ ਵਿੱਚ ਉਸ ਦੀ ਕੋਈ ਪੁੱਛ ਨਾ ਪਈ, ਉਹ ਵੀ ਪੂਰਾ ਢੀਠ ਸੀ। ਕੋਈ ਸੱਦੇ ਜਾਂ ਨਾ, ਜਿਥੇ ਵੀ ਕਿਸੇ ਵਜ਼ੀਰ ਨੇ ਆਉਣਾ ਹੁੰਦਾ, ਆਪ ਹੀ ਸਟੇਜ ’ਤੇ ਜਾ ਬੈਠਦਾ। ਕਾਂਗਰਸ ਦੋਫਾੜ ਹੋਈ ਤਾਂ ਉਹਦਾ ਦਾਅ ਲੱਗ ਗਿਆ। ਇੱਕ ਗਰੁੱਪ ਦਾ ਖ਼ਜ਼ਾਨਚੀ ਬਣ ਗਿਆ। ਐਮਰਜੈਂਸੀ ਲੱਗੀ ਤਾਂ ਰੱਜ ਕੇ ਪੈਸੇ ਕਮਾਏ। ਕਾਰ ਖ਼ਰੀਦ ਲਈ। ਖਾਦ ਦੀਆਂ ਦੋ ਅਤੇ ਟਰੈਕਟਰਾਂ ਦੀ ਇੱਕ ਏਜੰਸੀ ਲੈ ਲਈ। ਪੈਸੇ ਦੇ ਸਿਰ ’ਤੇ ਬੱਲੇ-ਬੱਲੇ ਹੋਣ ਲੱਗੀ।

ਕਾਂਗਰਸ ਦਾ ਸਫ਼ਾਇਆ ਹੋਇਆ ਤਾਂ ਖੱਦਰ ਲਾਹ ਕੇ ਔਹ ਮਾਰਿਆ। ਬ੍ਰਿਜਭਾਨ ਰਾਹੀਂ ਜਨਤਾ ਪਾਰਟੀ ਵਿੱਚ ਚਲਿਆ ਗਿਆ। ਪਾਰਟੀ ਵਿੱਚ ਜੰਮ ਤਾਂ ਨਾ ਸਕਿਆ ਪਰ ਦਬੜੂ-ਘੁਸੜੂ ਕਰਦਾ ਰਿਹਾ।

ਜਨਤਾ ਪਾਰਟੀ ਦੋਫਾੜ ਹੋਈ ਤਾਂ ਭਾਰਤੀ ਜਨਤਾ ਪਾਰਟੀ ਵਿੱਚ ਟਿਕ ਗਿਆ। ਉਹ ਕਾਂਗਰਸੀਆਂ ਵੱਲੋਂ ‘ਘਰ-ਵਾਪਸੀ’ ਦੇ ਸੱਦੇ ਦੀ ਉਡੀਕ ਵਿੱਚ ਸੀ। ਕਾਂਗਰਸੀਆਂ ਨੂੰ ਪਹਿਲਾਂ ਹੀ ਕੁਰਸੀਆਂ ਦੀ ਘਾਟ ਮਹਿਸੂਸ ਹੋ ਰਹੀ ਸੀ। ਦਲ-ਬਦਲੂ ਤੋਂ ਉਹਨਾਂ ਨੇ ਕੀ ਲੈਣਾ ਸੀ। ਇੱਕ-ਦੋ ਵਾਰ ਆਪਣੇ ਬੰਦੇ ਪ੍ਰਧਾਨ ਨੇ ਘੱਲੇ ਵੀ ਪਰ ਦਾਲ ਨਾ ਗਲੀ। ਦੜ ਵੱਟੀ ਬੈਠੇ ਰਹੇ।

ਉਹਦੀ ਚੰਗੀ ਕਿਸਮਤ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ। ਪਾਰਟੀ ਵਿੱਚ ਪ੍ਰਧਾਨ ਨੂੰ ਗੁੱਠੇ ਲਾਉਣ ਵਾਲਾ ਉਹੋ ਸੀ। ਉਹ ਪੁਰਾਣਾ ਘੁਲਾਟੀਆ ਸੀ। ਕੇਂਦਰ ਤਕ ਪਹੁੰਚ ਸੀ। ਬਾਕੀ ਮੁੰਡੇ-ਖੁੰਡੇ ਸਨ। ਦਾਰੂ-ਸਿੱਕਾ ਪੀ ਲੈਂਦੇ ਸਨ। ਪੁਰਾਣਾ ਬੰਦਾ ਤਾਂ ਕੋਈ ਪਹਿਲੇ ਪ੍ਰਧਾਨ ਨੇ ਪਾਰਟੀ ਵਿੱਚ ਟਿਕਣ ਹੀ ਨਹੀਂ ਦਿੱਤਾ। ਜਿਸ ਨੇ ਪ੍ਰਧਾਨ ਦੀ ਬਰਾਬਰੀ ਕਰਨੀ ਚਾਹੀ, ਉਸ ਦਾ ਪੱਤਾ ਕੱਟ ਦਿੱਤਾ।

ਉਹ ਮਰਿਆ ਤਾਂ ਸਭ ਦੀਆਂ ਅੱਖਾਂ ਪ੍ਰਧਾਨਗੀ ’ਤੇ ਲੱਗ ਗਈਆਂ। ਪ੍ਰਧਾਨ ਚਾਹੇ ਜੇਲ੍ਹ ਨਹੀਂ ਗਿਆ ਪਰ ਕੰਮ ਕਰਾਉਣ ਵਿੱਚ ਮਾਹਿਰ ਹੈ। ਅਫ਼ਸਰ ਉਹਦੀ ਮੰਨਦੇ ਹਨ। ਕਾਰ ਹੈ, ਪੈਸਾ ਹੈ, ਵੇਲੇ-ਕੁਵੇਲੇ ਖ਼ਰਚ ਵੀ ਕਰ ਦਿੰਦਾ ਹੈ। ਬਾਕੀ ਵਰਕਰਾਂ ਕੋਲ ਤਾਂ ਚੰਡੀਗੜ੍ਹ ਤਕ ਜਾਣ ਦਾ ਕਿਰਾਇਆ ਵੀ ਨਹੀਂ ਹੁੰਦਾ। ਮੈਂਬਰ ਉਸ ਨੂੰ ਪ੍ਰਧਾਨ ਬਣਾਉਣ ਲਈ ਪੂਰੀ ਤਰ੍ਹਾਂ ਸਹਿਮਤ ਸਨ, ਪਰ ਹਾਈ ਕਮਾਂਡ ਅੜ ਗਈ। ਉਹ ਕੇਡਰ ਵਿੱਚ ਆਏ ਬੰਦੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਉਮਰ ਛੋਟੀ ਹੈ ਜਾਂ ਵੱਡੀ, ਕੋਈ ਫ਼ਰਕ ਨਹੀਂ ਪੈਂਦਾ। ਕੇਡਰ ਵਿਚੋਂ ਆਇਆ ਬੰਦਾ ਅਨੁਸ਼ਾਸਨ ਵਿੱਚ ਤਾਂ ਰਹਿੰਦਾ ਹੀ ਹੈ, ਪਾਰਟੀ ਅਸੂਲਾਂ ’ਤੇ ਵੀ ਚੱਲਦਾ ਹੈ। ਪਾਰਟੀ ਦੀ ਪ੍ਰਧਾਨਗੀ ਤਾਂ ਰਾਮ ਲਾਲ ਨੂੰ ਨਾ ਮਿਲ ਸਕੀ ਪਰ ਵਿਉਪਾਰ ਮੰਡਲ ਦੀ ਪ੍ਰਧਾਨਗੀ ਹੱਥ ਲਗ ਹੀ ਗਈ। ਉਸ ਦਿਨ ਤੋਂ ਉਹ ਇਸ ਪਦਵੀ ’ਤੇ ਕਬਜ਼ਾ ਕਰੀ ਬੈਠਾ ਹੈ।

ਪਿਛਲੀ ਵਾਰ ਜਦੋਂ ਦਰਬਾਰਾ ਸਿੰਘ ਦੀ ਵਜ਼ਾਰਤ ਬਣੀ ਤਾਂ ਉਹ ਪਾਰਟੀ ਤੋਂ ਉਪਰਾਮ ਹੋ ਗਿਆ। ਉਹਨਾਂ ਦੀ ਪਾਰਟੀ ਨੂੰ ਕੋਈ ਪੁੱਛਦਾ ਹੀ ਨਹੀਂ ਸੀ। ਸਾਰੇ ਵੀਹ-ਤੀਹ ਮੈਂਬਰ ਸਨ। ਸਾਲ-ਸਾਲ ਪਾਰਟੀ ਦੀ ਮੀਟਿੰਗ ਨਹੀਂ ਸੀ ਹੁੰਦੀ। ਕਾਂਗਰਸ ਦੀ ਮੈਂਬਰਸ਼ਿਪ ਤਾਂ ਨਹੀਂ ਲਈ ਪਰ ਡੱਕਾ ਉਧਰ ਹੀ ਸੁੱਟਣ ਲੱਗੇ। ਇਸੇ ਗੱਲ ’ਤੇ ਭਾਰਤੀ ਜਨਤਾ ਪਾਰਟੀ ਨਰਾਜ਼ ਸੀ। ਅਹਿਮ ਮਸਲਿਆਂ ’ਤੇ ਵਿਚਾਰਾਂ ਸਮੇਂ ਉਸ ਨੂੰ ਘੱਟ ਹੀ ਬੁਲਾਇਆ ਜਾਂਦਾ। ਇੱਕ ਵਾਰੀ ਇੱਕ ਵਰਕਰ ਤੋਂ ਈ.ਟੀ.ਓ.ਨੂੰ ਪੈਸੇ ਕਾਹਦੇ ਦਿਵਾ ਦਿੱਤੇ, ਪਾਰਟੀ ਨੇ ਉਹਦਾ ਜਲੂਸ ਹੀ ਕੱਢ ਦਿੱਤਾ।

ਅਜਿਹੇ ਹਾਲਾਤਾਂ ਵਿੱਚ ਮਾਸਟਰ ਅਤੇ ਰਾਮ ਲਾਲ ਨੂੰ ਆਪਣੇ ਵੱਲ ਲਿਆਉਣਾ ਕੋਈ ਔਖਾ ਕੰਮ ਨਹੀਂ ਸੀ।

ਪਰ ਇਹ ਕੰਮ ਮਨਬੀਰ ਹੀ ਕਰ ਸਕਦਾ ਸੀ।

ਮਨਬੀਰ ਨੂੰ ਸਰਦਾਰ ਨੇ ਬੁਲਾਇਆ ਅਤੇ ਕੋਲ ਬਿਠਾ ਕੇ ਆਪ ਗੱਲ ਕੀਤੀ। ਉਮਰ ਭਰ ਅਹਿਸਾਨਮੰਦ ਰਹਿਣ ਦਾ ਤਰਲਾ ਲਿਆ।

ਮਨਬੀਰ ਕੋਈ ਬੁੱਧੂ ਥਾਣੇਦਾਰ ਨਹੀਂ ਸੀ। ਉਹ ਪੋਲੀਟੀਕਲ ਸਾਇੰਸ ਦਾ ਐਮ.ਏ.ਸੀ। ਸਿਆਸਤ ਦੇ ਉਤਰਾਵਾਂ-ਚੜ੍ਹਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਸ ਨੂੰ ਯਕੀਨ ਸੀ, ਕੇਂਦਰ ਨੇ ਅਗਲਾ ਮੁੱਖ ਮੰਤਰੀ ਸਰਦਾਰ ਨੂੰ ਹੀ ਬਣਾਉਣਾ ਹੈ। ਇੱਕ ਵਾਰ ਮਨਬੀਰ ਉਹਨਾਂ ਦੀ ਨਜ਼ਰ ਵਿੱਚ ਆ ਗਿਆ ਤਾਂ ਪੰਜੇ ਉਂਗਲਾਂ ਘਿਓ ਵਿੱਚ ਸਮਝੋ। ਇਸੇ ਵਿਚਾਰ ਨੂੰ ਮੁੱਖ ਰੱਖ ਕੇ ਮਨਬੀਰ ਨੇ ਦੋਹਾਂ ’ਤੇ ਜ਼ੋਰ ਪਾ ਦਿੱਤਾ।

ਅੰਨ੍ਹਾ ਕੀ ਭਾਲੇ, ਦੋ ਅੱਖਾਂ? ਉਹ ਦੋਵੇਂ ਇਹੋ ਚਾਹੁੰਦੇ ਸਨ। ਇੱਜ਼ਤ ਨਾਲ ਸਰਦਾਰ ਬੁਲਾ ਰਿਹਾ ਸੀ, ਉਹ ਝੱਟ ਮੰਨ ਗਏ। ਬਲਕਿ ਪੂਰਾ ਯਕੀਨ ਦਿਵਾਇਆ, ਉਹ ਪਾਰਟੀ ’ਤੇ ਜ਼ੋਰ ਪਾਉਣਗੇ ਕਿ ਸਰਦਾਰ ਦੀ ਮਦਦ ਕੀਤੀ ਜਾਵੇ। ਜੇ ਗੱਲ ਨਾ ਬਣੀ ਤਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਹਿਲਾਂ ਸਿਟੀਜ਼ਨ ਕੌਂਸਲ ਦਾ ਗਠਨ ਕਰਨਗੇ ਅਤੇ ਫੇਰ ਸਰਦਾਰ ਦੀ ਹਮਾਇਤ ਦਾ ਐਲਾਨ।

ਇੰਝ ਹੀ ਹੋਇਆ। ਬੜੀ ਧੂਮਧਾਮ ਨਾਲ ਕੌਂਸਲ ਬਣਾਈ ਗਈ। ਬਜ਼ਾਰ ਦੇ ਵਿਚਾਲੇ ਦਫ਼ਤਰ ਖੁੱਲ੍ਹਾ। ਸਰਦਾਰ ਨੇ ਝੱਟ ਝੰਡਿਆਂ, ਪੋਸਟਰਾਂ ਅਤੇ ਬੈਨਰਾਂ ਨਾਲ ਦਫ਼ਤਰ ਭਰ ਦਿੱਤਾ।

ਦੋ ਦਿਨਾਂ ਵਿੱਚ ਹੀ ਸ਼ਹਿਰ ਦੀ ਹਵਾ ਬਦਲ ਗਈ। ਥਾਂ-ਥਾਂ ਝੰਡੇ ਲੱਗ ਗਏ, ਗਲੀ-ਗਲੀ ਮੀਟਿੰਗਾਂ ਹੋਈਆਂ। ਘਰ ਵਿੱਚ ਸਰਦਾਰ ਨੂੰ ਹਾਰ ਪਏ। ਅੰਦਰਖਾਤੇ ਇਕੱਲੇ ਰਹਿ ਗਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਸਰਦਾਰ ਨਾਲ ਸਹਿਮਤ ਹੋ ਗਏ। ਉਹਨਾਂ ਸਰਦਾਰ ਦਾ ਵਿਰੋਧ ਕਰਨਾ ਛੱਡ ਦਿੱਤਾ। ਚੋਣਾਂ ਤੋਂ ਦੋ ਦਿਨ ਪਹਿਲਾਂ ਹੋਰ ਹਲਕਿਆਂ ਨੂੰ ਤੁਰ ਗਏ।

ਇਸ ਸਿਆਸੀ ਉਥਲ-ਪੁੱਥਲ ਤੋਂ ਬਿਨਾਂ ਵੀ ਮਨਬੀਰ ਨੇ ਸਰਦਾਰ ਦੇ ਬਹੁਤ ਕੰਮ ਕੀਤੇ। ਪੰਜਾਹ ਹਜ਼ਾਰ ਰੁਪਿਆ ਨਕਦ ਦਿੱਤਾ। ਪੰਜ ਕਾਰਾਂ ਮੰਗਵਾ ਕੇ ਦਿੱਤੀਆਂ, ਪੈਟਰੋਲ ਵੀ ਆਪਣੇ ਜ਼ਿੰਮੇ ਲਿਆ।

ਸਰਦਾਰ ਨੇ ਜਿਸ ਕੰਮ ਲਈ ਵੀ ਫ਼ੋਨ ਕੀਤਾ, ਮਨਬੀਰ ਨੇ ਝੱਟ ਹੁਕਮ ਦੀ ਪਾਲਣਾ ਕੀਤੀ। ਚੋਣਾਂ ਦੇ ਦਿਨਾਂ ਵਿੱਚ ਸੱਟੇਬਾਜ਼ਾਂ ਨੂੰ ਖੁੱਲ੍ਹੀ ਛੁੱਟੀ ਰਹੀ। ਮੋੜ-ਮੋੜ ’ਤੇ ਖਲੋ ਕੇ ਉਹਨਾਂ ਸੱਟਾ ਲਗਵਾਇਆ। ਠੇਕੇਦਾਰਾਂ ਨੂੰ ਖੁੱਲ੍ਹ ਸੀ। ਨਾਜਾਇਜ਼ ਸ਼ਰਾਬ ਦੇ ਉਹਨਾਂ ਦਰਿਆ ਹੀ ਵਹਾ ਦਿੱਤੇ। ਸਮੱਗਲਰਾਂ ਨੂੰ ਹਰੀ ਝੰਡੀ ਸੀ। ਉਹਨਾਂ ਰਾਜਸਥਾਨ ਦੀ ਸਾਰੀ ਅਫ਼ੀਮ ਢੋਅ ਲਈ। ਮਨਬੀਰ ਦੀ ਇਕੋ ਸ਼ਰਤ ਸੀ, ਉਹ ਸਾਰੇ ਸਰਦਾਰ ਦੀ ਡਟ ਕੇ ਮਦਦ ਕਰਨ।

ਵੋਟਾਂ ਵਾਲੇ ਦਿਨ ਮਨਬੀਰ ਨੇ ਖ਼ਾਸ ਚੌਕਸੀ ਰੱਖੀ। ਜਿਸ-ਜਿਸ ਬੂਥ ’ਤੇ ਸਰਦਾਰ ਦੀ ਪੋਜ਼ੀਸ਼ਨ ਕਮਜ਼ੋਰ ਸੀ, ਉਥੇ ਮਨਬੀਰ ਨੇ ਆਪਣੇ ਖ਼ਾਸ-ਖ਼ਾਸ ਬੰਦੇ ਤਾਇਨਾਤ ਕੀਤੇ। ਜਦੋਂ ਵੀ ਸਰਦਾਰ ਦਾ ਪੋਲਿੰਗ ਏਜੰਟ ਇਸ਼ਾਰਾ ਕਰਦਾ, ਉਹ ਜਾਅਲੀ ਵੋਟਾਂ ਭੁਗਤਾਉਣ ਵਾਲਿਆਂ ਦੇ ਨਾਲ ਜਾਂਦਾ। ਕੋਈ ਵਿਰੋਧੀ ਦੇ ਹੱਕ ਵਿੱਚ ਜਾਅਲੀ ਵੋਟ ਭੁਗਤਣੀ ਹੁੰਦੀ ਤਾਂ ਉਹ ਡਰਾ ਕੇ ਭਜਾ ਦਿੰਦਾ। ਹਜ਼ਾਰਾਂ ਵੋਟਾਂ ਉਹਨਾਂ ਜਾਅਲੀ ਭੁਗਤਾਈਆਂ।

ਮਨਬੀਰ ਦੇ ਖ਼ਿਲਾਫ਼ ਫ਼ੋਨ ਵੀ ਹੋਏ ਅਤੇ ਤਾਰਾਂ ਵੀ ਦਿੱਤੀਆਂ ਗਈਆਂ। ਇੱਕ-ਦੋ ਥਾਵਾਂ ’ਤੇ ਨਾਅਰੇਬਾਜ਼ੀ ਵੀ ਹੋਈ। ਇਸ ਸਭ ਕਾਸੇ ਨੇ ਸਗੋਂ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਅਫ਼ਸਰਾਂ ਨੂੰ ਵੀ ਪਤਾ ਲੱਗ ਗਿਆ ਕਿ ਮਨਬੀਰ ਸਰਦਾਰ ਦਾ ਬੰਦਾ ਹੈ। ਸਰਦਾਰ ਨੂੰ ਵੀ ਯਕੀਨ ਹੋ ਗਿਆ ਕਿ ਮਨਬੀਰ ਨੇ ਉਹਦੀ ਨੰਗੇ ਚਿੱਟੇ ਹੋ ਕੇ ਮਦਦ ਕੀਤੀ ਹੈ।

ਫੇਰ ਬੰਟੀ ਅਤੇ ਉਹਦੇ ਅਗਵਾਕਾਰਾਂ ਨੂੰ ਲੱਭ ਕੇ ਉਹ ਸਰਦਾਰ ਤੋਂ ਆਪਣੀ ਸੇਵਾ ਦਾ ਫ਼ਲ ਕਿਉਂ ਨਾ ਲਵੇ?

ਸਭ ਤੋਂ ਪਹਿਲਾਂ ਉਸ ਨੇ ਸ਼ਹਿਰ ਦੀਆਂ ਸਾਰੀਆਂ ਪ੍ਰੈਸਾਂ ਦੇ ਮਾਲਕਾਂ, ਉਹਨਾਂ ਦੇ ਨੌਕਰਾਂ, ਭਾਂਡਿਆਂ ਵਾਲਿਆਂ, ਸਕੂਲਾਂ ਦੇ ਸਟਾਫ਼ ਅਤੇ ਰਿਕਸ਼ੇ-ਬੱਘੀਆਂ ਵਾਲਿਆਂ ਨੂੰ ਪੁੱਛ-ਗਿੱਛ ਲਈ ਬੁਲਾਇਆ।

ਹੋ ਸਕਦੈ ਲੈਟਰਪੈਡ ਕਿਸੇ ਸਥਾਨਕ ਪ੍ਰੈਸ ਵਿਚੋਂ ਹੀ ਛਪਿਆ ਹੋਵੇ। ਸਹਿਮਤੀ ਨਾਲ ਨਾ ਸਹੀ, ਡਰਾ-ਧਮਕਾ ਦੇ ਛਪਵਾ ਲਿਆ ਹੋਵੇ। ਪ੍ਰੈਸ ਦਾ ਕੋਈ ਵਰਕਰ ਵੀ ਕਿਸੇ ਗ੍ਰੋਹ ਨਾਲ ਹਮਦਰਦੀ ਰੱਖ ਸਕਦੈ। ਉਸਨੇ ਵੇਲੇ-ਕੁਵੇਲੇ ਛਾਪ ਲਿਆ ਹੋਵੇ।

ਟੋਪੀਆ ਨਵਾਂ ਨਕੋਰ ਹੈ। ਨਵਾਂ ਖ਼ਰੀਦਿਆ ਹੋਣਾ ਹੈ। ਹੋ ਸਕਦੈ ਕੋਈ ਦੁਕਾਨਦਾਰ ਖ਼ਰੀਦਦਾਰ ਨੂੰ ਪਛਾਣ ਲਏ।

ਕਿਸੇ ਅਧਿਆਪਕ ਨੇ ਬੰਟੀ ਨੂੰ ਕਿਸੇ ਅਜਨਬੀ ਨਾਲ ਗੱਲਾਂ ਕਰਦੇ, ਕਿਸੇ ਨਾਲ ਜਾਂਦੇ-ਆਉਂਦੇ ਦੇਖਿਆ ਹੋ ਸਕਦੈ।

ਬੱਘੀ ਵਾਲਿਆਂ ਨੂੰ ਫੇਰੀਆਂ ਵਾਲਿਆਂ ਦੀ ਪਛਾਣ ਹੁੰਦੀ ਹੈ। ਕੋਈ ਨਵਾਂ ਫੇਰੀ ਵਾਲਾ ਉਸ ਦਿਨ ਆਇਆ ਹੋਵੇ? ਕਿਸੇ ਨੇ ਬੰਟੀ ਨੂੰ ਕਿਸੇ ਰੇਹੜੀ ਜਾਂ ਛਾਬੇ ਵਾਲੇ ਕੋਲ ਖੜਾ ਦੇਖਿਆ ਹੋਵੇ?

ਆਖ਼ਿਰ ਬੰਟੀ ਕੋਈ ਸੂਈ ਤਾਂ ਨਹੀਂ ਸੀ ਕਿ ਕੋਈ ਜੇਬ ਵਿੱਚ ਪਾ ਕੇ ਲੈ ਗਿਆ। ਪੁਲਿਸ ਕੋਲ ਕੋਈ ਜਾਦੂ ਵਾਲਾ ਝੁਰਲੂ ਤਾਂ ਹੈ ਨਹੀਂ ਕਿ ਫੇਰਦਿਆਂ ਹੀ ਮੁਜਰਮ ਹਾਜ਼ਰ ਹੋ ਜਾਣ। ਸੁਰਾਗ਼ ਮਿਲਦਾ ਹੀ ਮਿਲਦਾ ਹੈ। ਸੁਰਾਗ ਲੱਭਣ ਲਈ ਇਹੋ ਢੁਕਵੇਂ ਬੰਦੇ ਸਨ।

ਬੱਘੀਆਂ ਵਾਲੇ ਤਾਂ ਜਿਵੇਂ ਪਹਿਲਾਂ ਹੀ ਤਾੜ ਗਏ। ਤਿੰਨ-ਚਾਰ ਤਾਂ ਬਿਹਾਰੀ ਭਈਏ ਸਨ। ਭਾਂਡਾ ਠੀਕਰ ਇਥੇ ਹੀ ਛੱਡ ਕੇ ਗੱਡੀ ਜਾ ਚੜ੍ਹੇ। ਇੱਕ ਬਾਜ਼ੀਗਰਾਂ ਦਾ ਮੁੰਡਾ ਹੈ। ਉਸ ਦੀ ਸ਼ਰਾਫ਼ਤ ਦੇ ਸਾਰੇ ਗਵਾਹ ਹਨ। ਅੱਠ ਸਾਲਾਂ ਤੋਂ ਬੱਚੇ ਲਿਜਾ ਰਿਹਾ ਹੈ। ਕਦੇ ਕੋਈ ਸ਼ਿਕਾਇਤ ਨਹੀਂ ਆਈ। ਉਸ ਦੀ ਸਿਫ਼ਾਰਸ਼ ਐਸ.ਡੀ.ਐਮ.ਨੇ ਖ਼ੁਦ ਕੀਤੀ।

ਸਕੂਲ ਦੇ ਸਟਾਫ਼ ’ਚ ਬਹੁਤੀਆਂ ਔਰਤਾਂ ਸਨ। ਉਹਨਾਂ ਦਾ ਥਾਣੇ ਆਉਣਾ ਸ਼ਹਿਰ ਵਾਲਿਆਂ ਨੂੰ ਪਸੰਦ ਨਹੀਂ ਸੀ। ਥਾਣਾ ਜਿਵੇਂ ਕੋਈ ਕੰਜਰਖ਼ਾਨਾ ਹੈ ਕਿ ਇਥੇ ਪੈਰ ਪਾਉਂਦਿਆਂ ਹੀ ਉਹਨਾਂ ਦਾ ਸਤ ਭੰਗ ਹੋ ਜਾਣਾ ਹੈ।

ਮੁਸ਼ਕਲ ਨਾਲ ਬੰਟੀ ਦੀ ਇੱਕ ਟੀਚਰ ਅਤੇ ਚਪੜਾਸੀ ਨੂੰ ਹੀ ਥਾਣੇ ਬੁਲਾਇਆ ਜਾ ਸਕਿਆ। ਟੀਚਰ ਤਾਂ ਥਾਣੇ ਵੜਦੀ ਹੀ ਬੇਹੋਸ਼ ਹੋ ਗਈ। ਚਪੜਾਸੀ ਬੁਖਲਾ ਗਿਆ। ਉਲਟੇ-ਸਿੱਧੇ ਜਵਾਬ ਦੇਣ ਲੱਗਾ। ਭੁੱਲਰ ਨੇ ਦਬਕਾ ਮਾਰਿਆ ਤਾਂ ਉਹਦਾ ਪਿਸ਼ਾਬ ਨਿਕਲ ਗਿਆ।

ਬਾਕੀ ਸਟਾਫ਼ ਲਾਲਾ ਜੀ ਦੇ ਘਰ ਜਾ ਵੜਿਆ। ਬੰਟੀ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਾਂ ਤਿਆਰ ਸਨ ਪਰ ਥਾਣੇ ਨਹੀਂ ਜਾਣਗੇ। ਲਾਲਾ ਜੀ ਨੇ ਵੀ ਉਹਨਾਂ ਦੀ ਹਮਾਇਤ ਕੀਤੀ। ਸਟਾਫ਼ ’ਤੇ ਸਖ਼ਤੀ ਦੀ ਜ਼ਰੂਰਤ ਨਹੀਂ। ਤਫ਼ਤੀਸ਼ ਠੀਕ ਢੰਗ ਨਾਲ ਕਰੋ।

ਇਹ ਗੁੰਝਲ ਹਾਲੇ ਮਨਬੀਰ ਸੁਲਝਾ ਵੀ ਨਹੀਂ ਸੀ ਸਕਿਆ ਕਿ ਮਾਸਟਰ ਅਤੇ ਪ੍ਰਧਾਨ ਦੇ ਫ਼ੋਨ ਕੰਨ ਖਾਣ ਲੱਗੇ।

ਸਕੂਲ ਵਾਲਿਆਂ ਤੋਂ ਕੁੱਝ ਮਿਲਣ ਦੀ ਆਸ ਨਹੀਂ ਸੀ। ਪ੍ਰੈਸ ਅਤੇ ਭਾਂਡਿਆਂ ਵਾਲਿਆਂ ਨੂੰ ਧੂਣ ਦਾ ਉਹਨੇ ਹੁਕਮ ਦਿੱਤਾ। ਸਿਪਾਹੀਆਂ ’ਤੇ ਭਰੋਸਾ ਨਹੀਂ ਸੀ। ਦਸ-ਦਸ ਰੁਪਏ ਲੈ ਕੇ ਛੱਡ ਆਉਣਗੇ। ਉਹਨੇ ਹੌਲਦਾਰ ਭੇਜੇ ਸਨ।

ਉਹ ਵੀ ਦੋ ਬੰਦਿਆਂ ਨੂੰ ਹੀ ਕਾਬੂ ਕਰ ਸਕੇ। ਇੱਕ ਨੂੰ ਘਰੋਂ, ਦੂਜੇ ਨੂੰ ਪ੍ਰੈਸ ਵਿਚੋਂ। ਬਾਕੀਆਂ ਨੂੰ ਪਤਾ ਲੱਗ ਗਿਆ, ਉਹ ਫ਼ਰਾਰ ਹੋ ਗਏ।

ਭਗੌੜੇ ਬੰਦੇ ਮਾਸਟਰ ਅਤੇ ਪ੍ਰਧਾਨ ਕੋਲ ਪੁੱਜ ਗਏ ਸਨ। ਪ੍ਰੈਸਾਂ ਵਾਲੇ ਪ੍ਰਧਾਨ ਦੇ ਚੁਬਾਰੇ ਵਿੱਚ ਬੈਠੇ ਸਨ ਅਤੇ ਭਾਂਡਿਆਂ ਵਾਲੇ ਮਾਸਟਰ ਦੀ ਦੁਕਾਨ ਵਿੱਚ। ਦੋਹਾਂ ਦਾ ਵਿਚਾਰ ਸੀ ਕਿ ਲੈ-ਦੇ ਕਰ ਕੇ ਉਹਨਾਂ ਦਾ ਖਹਿੜਾ ਛੱਡ ਦਿੱਤਾ ਜਾਵੇਗਾ।

ਮਨਬੀਰ ਉਹਨਾਂ ਨਾਲ ਸਹਿਮਤ ਨਹੀਂ ਸੀ। ਪੈਸਾ ਉਸ ਨੇ ਬਥੇਰਾ ਕਮਾਇਆ ਹੈ। ਪੰਦਰਾਂ ਸਾਲ ਹੋ ਗਏ ਉਸ ਨੂੰ ਥਾਣੇਦਾਰ ਭਰਤੀ ਹੋਇਆਂ। ਰੱਬ ਦੀ ਕਿਰਪਾ ਨਾਲ ਇੱਕ ਦਿਨ ਵੀ ਮਾੜੀ ਮੱਦ ’ਤੇ ਨਹੀਂ ਰਿਹਾ। ਮਨ-ਭਾਉਂਦੇ ਥਾਣੇ ਰਿਹਾ ਹੈ। ਕਾਰਨ? ਉਸਤਾਦ ਦਾ ਸਬਕ। ਰਿਸ਼ਵਤ ਵੰਡ ਕੇ ਖਾਓ। ਉਹ ਹਮੇਸ਼ਾ ਦਸੌਂਦ ਕੱਢਦਾ ਰਹਿੰਦਾ ਹੈ। ਅਫ਼ਸਰਾਂ ਮਾਤਹਿਤਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਪਹੁੰਚਦਾ ਰਹਿੰਦਾ ਹੈ।

ਸਿਪਾਹੀ ਤੋਂ ਡਿਪਟੀ ਤਕ ਸਭ ਉਸ ਨੂੰ ਕੁਰਸੀ ਦਿੰਦੇ ਹਨ। ਉਹਦੀ ਡੀ.ਆਈ.ਜੀ.ਦੇ ਬੈੱਡ-ਰੂਮ ਤਕ ਪਹੁੰਚ ਹੈ। ਬੀਵੀ ਵਿਦੇਸ਼ੀ ਸਾੜ੍ਹੀਆਂ ਦੀ ਸ਼ੌਕੀਨ ਹੈ। ਦੋ-ਚਾਰ ਮਹੀਨਿਆਂ ਬਾਅਦ ਵਿਦੇਸ਼ੀ ਸਾੜ੍ਹੀਆਂ ਦਾ ਸੂਟਕੇਸ ਭਰ ਕੇ ਸਲੂਟ ਮਾਰ ਆਉਂਦਾ ਹੈ। ਉਹ ਡੀ.ਆਈ.ਜੀ.ਨਾਲੋਂ ਵੀ ਵੱਧ ਫੁਰਤੀ ਨਾਲ ਆਰਡਰ ਕਰਾਉਂਦੀ ਹੈ। ਕੀ ਮਜਾਲ ਹੈ ਸਾਹਿਬ ਨਾਂਹ-ਨੁੱਕਰ ਜਾਂ ਟਾਲ-ਮਟੋਲ ਕਰ ਜਾਵੇ।

ਕਪਤਾਨ ਉਸ ਨੂੰ ਛੋਟਾ ਵੀਰ ਸਮਝਦੇ ਹਨ। ਨਵੇਂ ਆਏ ਸਾਹਿਬ ਦੀ ਹਜ਼ੂਰੀ ’ਚ ਪੇਸ਼ ਹੋਣ ਤੋਂ ਪਹਿਲਾਂ ਹੀ ਉਹ ਉਸ ਦੇ ਸ਼ੌਕਾਂ ਦੀ ਸੂਚੀ ਤਿਆਰ ਕਰਦਾ ਹੈ। ਫੇਰ ਉਸੇ ਮੁਤਾਬਕ ਚੱਲਦਾ ਹੈ। ਪਹਿਲਾਂ ਸ਼ਰਮਾ ਆਇਆ, ਮਨਬੀਰ ਨੇ ਉਹਨੂੰ ਪਹਿਲੇ ਹਫ਼ਤੇ ਹੀ ਵਲਾਇਤੀ ਰਿਵਾਲਰ ਲਿਆ ਦਿੱਤਾ। ਦੁੱਗਲ ਆਇਆ ਤਾਂ ਪਤਾ ਲੱਗਾ, ਉਹਦੀ ਚੰਡੀਗੜ੍ਹ ਕੋਠੀ ਬਣਦੀ ਹੈ। ਇੱਟਾਂ, ਸੀਮਿੰਟ ਅਤੇ ਲੋਹਾ ਇਥੋਂ ਭੇਜਦਾ ਰਿਹਾ। ਜਿੰਨਾ ਚਿਰ ਉਹ ਰਿਹਾ ਮਨਬੀਰ ਨੂੰ ਇਨਾਮ ’ਤੇ ਇਨਾਮ ਦਿੰਦਾ ਰਿਹਾ। ਕੈਂਥ ਆਇਆ ਤਾਂ ਸ਼ਹਿਰ ਦੀਆਂ ਸਭ ਤੋਂ ਸੋਹਣੀਆਂ ਤੀਵੀਆਂ ਮਨਬੀਰ ਨੇ ਉਹਦੇ ਪੇਸ਼ ਕੀਤੀਆਂ। ਔਰਤਾਂ ਦੇ ਨਖ਼ਰਿਆਂ ਦਾ ਕੀਲਿਆ ਕੈਂਥ ਹਰ ਤੀਸਰੇ ਦਿਨ ਰੈਸਟ ਹਾਊਸ ਡੇਰਾ ਲਾ ਲੈਂਦਾ। ਰਾਤੋ-ਰਾਤ ਮਨਬੀਰ ਮਨ-ਮਰਜ਼ੀ ਦੇ ਆਰਡਰ ਕਰਾ ਲੈਂਦਾ। ਗੁਪਤੇ ਨੂੰ ਪੈਸਾ ਚਾਹੀਦਾ ਸੀ। ਮਨਬੀਰ ਨੇ ਤਿੰਨ-ਚਾਰ ਵੱਡੇ ਸਮੱਗਲਰ ਉਹਦੇ ਮੱਥੇ ਲਾ ਦਿੱਤੇ। ਨਾਲੇ ਸਾਹਿਬ ਖ਼ੁਸ਼ ਨਾਲੇ ਸਮੱਗਲਰ।

ਫੇਰ ਮਨਬੀਰ ਦੀ ਤਰੱਕੀ ਵਿੱਚ ਕਿਸੇ ਨੇ ਕੀ ਟੰਗ ਅੜਾਉਣੀ ਸੀ? ਇੱਕ ਵਾਰ ਤਰੱਕੀ ਦਾ ਮੌਕਾ ਬਣੇ ਸਹੀ, ਮਿਸਲ ਤਾਂ ਭੰਬੀਰੀ ਵਾਂਗ ਘੁੰਮੇਗੀ।

ਮਨਬੀਰ ਨੂੰ ਕੇਵਲ ਬੰਟੀ ਦੀ ਲੋੜ ਸੀ। ਅਗਵਾਕਾਰਾਂ ਦੀ ਕੋਈ ਪਰਵਾਹ ਨਹੀਂ। ਅਸਲੀ ਨਾ ਵੀ ਲੱਭੇ ਤਾਂ ਕੀ ਹੈ। ਦੋ-ਚਾਰ ਹੋਰਾਂ ਨੂੰ ਹੀ ਗੱਡੀ ਚੜ੍ਹਾ ਦੇਵੇਗਾ। ਅੱਗੇ ਕਿਹੜਾ ਅਫ਼ਸਰਾਂ ਦੇ ਇਸ਼ਾਰਿਆਂ ’ਤੇ ਬੰਦੇ ਮਾਰੇ ਨਹੀਂ। ਇੱਕ-ਦੋ ਆਪਣੇ ਲਈ ਮਾਰ ਦਿੱਤੇ ਤਾਂ ਕਿਹੜਾ ਪਹਾੜ ਡਿੱਗ ਪੈਣੈ।

ਮਨਬੀਰ ਦਾ ਮਨ ਤਰੱਕੀ ਲੈਣ ’ਤੇ ਤੁਲਿਆ ਹੋਇਆ ਸੀ। ਸਬ-ਇੰਸਪੈਕਟਰੀ ਦੀ ਕੀ ਵੁੱਕਤ ਹੈ? ਸਭ ਦੇ ਥੱਲੇ ਲੱਗੇ ਰਹੋ। ਡਿਪਟੀ ਲੱਗੇਗਾ ਤਾਂ ਮੜਕ ਨਾਲ ਅਫ਼ਸਰੀ ਕਰੇਗਾ। ਛੇ-ਛੇ ਥਾਣੇ ਥੱਲੇ। ਮਹੀਨੇ ਹੀ ਨਹੀਂ ਮਾਣ।

ਇਸੇ ਲਈ ਉਹ ਵਾਰ-ਵਾਰ ਦੋਹਾਂ ਨੂੰ ਨਾਂਹ ਕਰ ਰਿਹਾ ਸੀ। ਪੁੱਛ-ਪੜਤਾਲ ਮਨਬੀਰ ਨੇ ਕਰਨੀ ਹੀ ਹੈ। ਮਾਰੇ-ਕੁੱਟੇ ਬਿਨਾਂ ਕੋਈ ਸੱਚ ਨਹੀਂ ਬੋਲਦਾ। ਉਹਨਾਂ ਦੇ ਆਖਣ ਕਰਕੇ ਮਨਬੀਰ ਇੱਕ ਰਿਆਇਤ ਕਰ ਸਕਦਾ ਹੈ। ਜੇ ਕੋਈ ਇਕਬਾਲ ਕਰ ਲਏ ਤਾਂ ਉਹ ਬਾਕੀਆਂ ਨੂੰ ਛੱਡ ਸਕਦਾ ਹੈ। ਇਕਬਾਲ ਕਰਨ ਵਾਲੇ ਨੂੰ ਵੀ ਨਾ ਹੱਥ ਲਾਏਗਾ ਅਤੇ ਨਾ ਹੀ ਉਸ ਦਾ ਨਾਂ ਕਿਸੇ ਨੂੰ ਦੱਸੇਗਾ। ਬੰਟੀ ਦਾ ਕੇਸ ਉਸ ਨੇ ਹਰ ਹਾਲਤ ਵਿੱਚ ਸਿਰੇ ਚਾੜ੍ਹਨਾ ਹੈ। ਪੈਸਿਆਂ ਦਾ ਲਾਲਚ ਨਹੀਂ ਕਰਨਾ।

ਲਾਲਚ ’ਚ ਆ ਕੇ ਤਰੱਕੀ ਦਾ ਮੌਕਾ ਗਵਾਉਣ ਨੂੰ ਉਹ ਕਿਹੜਾ ਮਲੰਗਾਂ ਦਾ ਮੁੰਡਾ ਹੈ? ਪੰਜਾਹ ਏਕੜ ਜ਼ਮੀਨ ਤਾਂ ਉਹਦੀ ਭਰਤੀ ਹੋਣ ਤੋਂ ਪਹਿਲਾਂ ਹੀ ਸੀ। ਇੰਨੀ ਹੁਣ ਬਣ ਗਈ ਹੈ। ਦੋ ਭਰਾ ਕੈਨੇਡਾ ਵਿੱਚ ਇੰਜੀਨੀਅਰ ਹਨ। ਇਕੋ-ਇੱਕ ਭੈਣ ਇੰਗਲੈਂਡ ਵਿਆਹੀ ਹੋਈ ਹੈ। ਭਰਾ ਕੈਨੇਡਾ ਆਉਣ ਲਈ ਜ਼ੋਰ ਪਾਉਂਦੇ ਹਨ, ਬਾਪੂ ਨਹੀਂ ਮੰਨਦਾ। ਕੋਈ ਜੱਦੀ ਜਾਇਦਾਦ ਸਾਂਭਣ ਵਾਲਾ ਵੀ ਪਿੱਛੇ ਚਾਹੀਦਾ ਹੈ। ਪੜ੍ਹਾਈ ਵਿੱਚ ਉਹ ਭਰਾਵਾਂ ਵਾਂਗ ਮਾਅਰਕੇ ਨਹੀਂ ਮਾਰ ਸਕਿਆ। ਐਮ.ਏ.ਹੀ ਕਰ ਸਕਿਆ। ਚੰਗੇ ਕਰਮਾਂ ਨੂੰ ਥਾਣੇਦਾਰਾਂ ਦੀਆਂ ਨੌਕਰੀਆਂ ਨਿਕਲ ਆਈਆਂ। ਪੰਜਾਹ ਹਜ਼ਾਰ ਮੱਥੇ ਮਾਰ ਕੇ ਭਰਤੀ ਹੋ ਗਿਆ। ਹੁਣ ਭਰਾਵਾਂ ਨਾਲੋਂ ਘੱਟ ਨਹੀਂ। ਕਮਾਈ ਤਾਂ ਮਨਬੀਰ ਨੂੰ ਜ਼ਮੀਨ ਦੀ ਹੀ ਘੱਟ ਨਹੀਂ, ਉੱਤੋਂ ਥਾਣੇਦਾਰੀ। ਬਹੁਤੇ ਲਾਲਚ ਦੀ ਲੋੜ ਨਹੀਂ।

ਵੈਸੇ ਵੀ ਲਾਲਾ ਜੀ ਭਲੇ ਬੰਦੇ ਹਨ। ਬੰਟੀ ਲੱਭਣਾ ਹੀ ਚਾਹੀਦਾ ਹੈ। ਇਹ ਮਨਬੀਰ ਦਾ ਇਖ਼ਲਾਕੀ ਫ਼ਰਜ਼ ਵੀ ਹੈ।

ਯੁਵਾ ਸੰਘ ਤੋਂ ਵੀ ਡਰ ਲੱਗਦਾ ਹੈ। ਉਹ ਮਾੜੀ ਜਿਹੀ ਗੱਲ ’ਤੇ ਹੀ ਅੜ ਜਾਂਦੇ ਹਨ। ਇਹ ਤਾਂ ਉਹਨਾਂ ਦਾ ਆਪਣਾ ਕੰਮ ਸੀ। ਲਾਲਾ ਜੀ ਲਈ ਤਾਂ ਸੰਘ ਦਾ ਹਰ ਮੈਂਬਰ ਜਾਨ ਦੀ ਬਾਜ਼ੀ ਤੱਕ ਲਾਉਣ ਨੂੰ ਤਿਆਰ ਹੈ। ਮਨਬੀਰ ਨੂੰ ਉਹ ਘਟਨਾ ਯਾਦ ਆਈ ਜਦੋਂ ਇਹਨਾਂ ਦੇ ਇੱਕ ਸਰਗਰਮ ਵਰਕਰ ਦੀ ਪਤਨੀ ਸੜ ਕੇ ਮਰ ਗਈ ਸੀ। ਰਾਮੂ ਬੂਟਾਂ ਵਾਲੇ ਦੇ ਮੁੰਡਿਆਂ ਨੂੰ ਨਵੇਂ ਕਮਾਏ ਪੈਸੇ ਦਾ ਹੰਕਾਰ ਸੀ। ਮੁੰਡੇ ਦੇ ਵਿਆਹ ਨੂੰ ਛੇ ਮਹੀਨੇ ਵੀ ਪੂਰੇ ਨਹੀਂ ਸੀ ਹੋਏ ਕਿ ਸੱਸ-ਨੂੰਹ ਵਿੱਚ ਖੜਕਣ ਲੱਗ ਪਈ। ਰਾਮ ਲਾਲ ਦਾ ਲਾਡਲਾ ਸੋਹਣ ਮਾਂ ਦਾ ਜ਼ਿਆਦਾ ਆਗਿਆਕਾਰ ਅਖਵਾਉਂਦਾ ਸੀ। ਘੁੱਟ ਪੀ ਕੇ ਕਰਵਾ ਚੌਥ ਵਾਲੇ ਦਿਨ ਸਹੁਰੇ ਚਲਾ ਗਿਆ। ਪਤਨੀ ਨੇ ਵਰਤ ਰੱਖਿਆ ਹੋਇਆ ਸੀ। ਜ਼ਿਦ ਫੜ ਕੇ ਬੈਠ ਗਿਆ, ਹੁਣੇ ਲੈ ਕੇ ਜਾਣੀ ਹੈ। ਤੈਸ਼ ’ਚ ਆ ਕੇ ਪਤਨੀ ਨਾਲ ਝਗੜ ਪਿਆ। ਅੱਜ-ਕੱਲ੍ਹ ਦੀਆਂ ਕੁੜੀਆਂ ਕਿਹੜਾ ਘੱਟ ਹਨ। ਆਉਂਦੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਰਾਮੂ ਨੂੰ ਮਾਣ ਸੀ, ਉਹਦੀ ਥਾਣੇ ਕਚਹਿਰੀ ਚੱਲਦੀ ਸੀ। ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ। ਬੂਟਾਂ ਦੀ ਦੁਕਾਨ ਤਾਂ ਉਹਦੀ ਤੀਹ ਸਾਲ ਪਹਿਲਾਂ ਹੁੰਦੀ ਸੀ। ਇਹਨੀਂ ਦਿਨੀਂ ਤਾਂ ਉਹ ਸ਼ਹਿਰ ਦਾ ਸਿਰਕੱਢ ਬਿਜ਼ਨਸਮੈਨ ਹੈ। ਗੈਸ ਦੀ ਏਜੰਸੀ ਤੋਂ ਲੈ ਕੇ ਟੀ.ਵੀ., ਫਰਿੱਜ ਤਕ ਦੀਆਂ ਏਜੰਸੀਆਂ ਉਸੇ ਕੋਲ ਹਨ। ਪੰਜ ਟਰੱਕ ਚੱਲਦੇ ਹਨ। ਟਰੱਕ ਯੂਨੀਅਨ ਦੇ ਪ੍ਰਧਾਨ ਜੱਗੇ ਨਾਲ ਉਸ ਦੀ ਇਕੋ ਗੱਲ ਹੈ। ਬਦਮਾਸ਼ਾਂ ਦੀ ਭਰੀ ਜੀਪ ਸਾਰਾ ਦਿਨ ਉਸ ਦੇ ਬਾਰ ’ਚ ਖੜੀ ਰਹਿੰਦੀ ਹੈ। ਐਸ.ਐਚ.ਓ.ਨਾਲ ਗੱਲ ਕਰਕੇ ਉਹ ਆਪਣੀ ਨੂੰਹ ਨੂੰ ਉਹਦੇ ਮਾਪਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਮਸ਼ਾਨ ਘਾਟ ਲੈ ਗਏ।

ਸੰਘ ਦੇ ਕਿਸੇ ਵਰਕਰ ਦੇ ਕੰਨੀਂ ਖ਼ਬਰ ਪਈ ਤਾਂ ਉਹਨੇ ਝੱਟ ਮੀਟਿੰਗ ਬੁਲਾ ਲਈ। ਇਹ ਤਾਂ ਧੱਕਾ ਸੀ, ਬੇਇਨਸਾਫ਼ੀ ਸੀ। ਰਾਮੂ ਨੇ ਬਹੁਤ ਤਰਲੇ ਲਏ। ਸੋਹਣ ਵੀ ਤਾਂ ਸੰਘ ਦਾ ਮੈਂਬਰ ਹੈ। ਕਿਸੇ ਨੇ ਇਸ ਦਲੀਲ ਦੀ ਪਰਵਾਹ ਨਾ ਕੀਤੀ। ਲਾਸ਼ ਨੂੰ ਅੱਗ ਲਾਉਣੋਂ ਰੋਕ ਲਿਆ ਗਿਆ। ਕੁੜੀ ਦੇ ਮਾਪੇ ਆਏ, ਪੋਸਟ ਮਾਰਟਮ ਹੋਇਆ। ਓਨਾ ਚਿਰ ਹੜਤਾਲ ਜਾਰੀ ਰਹੀ, ਜਿੰਨਾ ਚਿਰ ਰਾਮੂ ਦੇ ਸਾਰੇ ਟੱਬਰ ਨੂੰ ਹੱਥਕੜੀ ਨਾ ਲੱਗ ਗਈ।

ਮਾੜੀ ਜਿਹੀ ਹਵਾ ਵੀ ਨਿਕਲ ਗਈ ਤਾਂ ਮਨਬੀਰ ਦੇ ਨਾਲ-ਨਾਲ ਹੀ ਪ੍ਰਧਾਨ ਤੇ ਮਾਸਟਰ ਦਾ ਜਲੂਸ ਵੀ ਨਿਕਲਣਾ ਸੀ। ਇਹ ਗੱਲ ਉਹਨਾਂ ਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਸੀ ਆ ਰਹੀ।

ਪ੍ਰਧਾਨ ਵਾਰ-ਵਾਰ ਵਾਲ-ਕੱਟੀ ਵਾਲੇ ਕੇਸ ਦੀ ਯਾਦ ਦਿਵਾ ਰਿਹਾ ਸੀ। ਉਦੋਂ ਮਨਬੀਰ ਇਥੇ ਬਦਲ ਕੇ ਆਇਆ ਹੀ ਸੀ। ਆਉਂਦਿਆਂ ਹੀ ‘ਵਾਲ-ਕੱਟੀ’ ਨਾਂ ਨਾਲ ਮਸ਼ਹੂਰ ਇੱਕ ਕੁੜੀ ’ਤੇ ਨਿਗਾਹ ਪਈ। ਉਹ ਸਾਰਾ ਦਿਨ ਸ਼ਹਿਰ ’ਚ ਘੁੰਮਦੀ ਰਹਿੰਦੀ ਸੀ। ਮਲੂਕੜੀ ਜਿਹੀ, ਹੱਥ ’ਚ ਲਾਲ ਜਾਪਾਨੀ ਛਤਰੀ। ਧੁੰਨੀ ਤੋਂ ਖ਼ਾਸੀ ਹੇਠਾਂ ਕਰਕੇ ਬੰਨ੍ਹੀ ਬਨਾਰਸੀ ਸਾੜ੍ਹੀ। ਤੇਜ਼-ਤਰਾਰ ਮੇਕ-ਅੱਪ। ਉੱਚੀ ਅੱਡੀ ਵਾਲੇ ਸੈਂਡਲ। ਇੱਕ ਵਾਰ ਤਾਂ ਮਨਬੀਰ ਦਾ ਮਨ ਡੋਲਿਆ। ਕੋਈ ਅਪੱਸਰਾ ਹੀ ਤਾਂ ਸੀ ਉਹ। ਕਿਸੇ ਅਫ਼ਸਰ ਦੇ ਪੇਸ਼ ਹੋ ਸਕੇ ਤਾਂ ਕਿਆ ਕਹਿਣੈ।

ਪੜਤਾਲ ਕੀਤੀ ਤਾਂ ਪਤਾ ਲੱਗਾ, ਉਹ ਡੇਹਰਾਦੂਨ ਦੀ ਜੰਮਪਲ ਸੀ। ਚੰਗੇ ਸਕੂਲਾਂ ਵਿੱਚ ਪੜ੍ਹੀ ਸੀ। ਉਹਦਾ ਬਾਪ ਇੱਕ ਰਈਸ ਸੀ, ਜੇ ਬੰਬੇ ਠੇਕੇਦਾਰੀ ਕਰਦਾ ਸੀ। ‘ਵਾਲ ਕੱਟੀ’ ਦੀ ਮਾਂ ਉਹਦੀ ਰਖੇਲ ਸੀ, ਜਿਹੜੀ ਉਸ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਡੇਹਰਾਦੂਨ ਰੱਖੀ ਹੋਈ ਸੀ। ਗ਼ਲਤੀ ਨਾਲ ਵਾਲ ਕੱਟੀ ਪੇਂਡੂ ਹਟਵਾਣੀਏ ਨਾਲ ਵਿਆਹੀ ਗਈ। ਕੱਪੜਿਆਂ ਦੀ ਦੁਕਾਨ ’ਤੇ ਕੈਂਚੀ ਚਲਾਉਂਦਾ ਮੁੰਡਾ ਉਹਦੇ ਰਾਸ ਨਹੀਂ ਸੀ। ਮੁੰਡੇ ਨੂੰ ਵੀ ਉਹਦਾ ਸੂਰਜ ਚੜ੍ਹਨ ਤਕ ਸੁੱਤੇ ਰਹਿਣਾ, ਅੱਧ-ਨੰਗੇ ਲਿਬਾਸ ਵਿੱਚ ਇਧਰ-ਉਧਰ ਘੁੰਮਣਾ, ਫ਼ਿਲਮਾਂ ਦੇਖਣਾ ਅਤੇ ਨਾਵਲ ਪੜ੍ਹਦੇ ਰਹਿਣਾ ਪਸੰਦ ਨਹੀਂ ਸੀ। ਛੋਟੀ-ਛੋਟੀ ਗੱਲ ’ਤੇ ਹੁੰਦਾ ਤਕਰਾਰ ਤਲਾਕ ਤਕ ਪਹੁੰਚ ਗਿਆ।

ਅਣਖੀਲੀ ਕੁੜੀ ਨੇ ਸਹੁਰਿਆਂ ਨੂੰ ਸਬਕ ਸਿਖਾਉਣ ਲਈ ਸ਼ਹਿਰ ਵਿੱਚ ਹੀ ਡੇਰੇ ਲਾ ਲਏ। ਸਹੁਰਿਆਂ ਨੂੰ ਉਸ ਦਾ ਸ਼ਰੇਆਮ ਸੜਕਾਂ ’ਤੇ ਘੁੰਮਣਾ ਵੀ ਪਸੰਦ ਨਹੀਂ ਸੀ। ਸ਼ਾਇਦ ਇਸੇ ਲਈ ਉਹ ਵਾਲ ਕੱਟੀ ’ਤੇ ਕਈ ਤਰ੍ਹਾਂ ਦੇ ਦੂਸ਼ਣ ਲਾ ਰਹੇ ਸਨ।

ਆਪਣੀ ਤਸੱਲੀ ਲਈ ਮਨਬੀਰ ਨੇ ਛੇੜਖ਼ਾਨੀ ਲਈ ਇੱਕ-ਦੋ ਬੰਦੇ ਉਹਦੇ ਪਿੱਛੇ ਵੀ ਲਾਏ। ਜਦੋਂ ਉਹ ਛਿੱਤਰ ਖਾ ਕੇ ਮੁੜੇ ਤਾਂ ਮਨਬੀਰ ਨੇ ਉਹਦਾ ਖਹਿੜਾ ਛੱਡ ਦਿੱਤਾ।

ਭਲਾ ਹੋਵੇ ਇੱਕ ਵਕੀਲ ਦਾ। ਉਹ ਵਾਲ ਕੱਟੀ ਦਾ ਗੁਆਂਢੀ ਸੀ। ਉਹਦਾ ਕਹਿਣਾ ਸੀ ਕਿ ਉਹ ਵੇਸਵਾ ਹੈ। ਮੁਹੱਲੇ ਵਿੱਚ ਸਾਰਾ ਦਿਨ ਗੁੰਡਾਗਰਦੀ ਹੁੰਦੀ ਹੈ। ਅੱਧਾ ਮੁਹੱਲਾ ਕੁੜੀ ਦੇ ਨਾਲ ਸੀ। ਵਕੀਲ ਦੀ ਦਾਲ ਨਹੀਂ ਗਲੀ, ਇਸ ਲਈ ਝੂਠੇ ਇਲਜ਼ਾਮ ਲਾ ਰਿਹਾ ਹੈ। ਵਕੀਲ ਹਿੰਮਤ ਹਾਰਨ ਵਾਲਾ ਨਹੀਂ ਸੀ। ਲੋਕਾਂ ਦੀਆਂ ਅੱਖਾਂ ਉਸ ਸਮੇਂ ਖੁੱਲ੍ਹੀਆਂ ਜਦੋਂ ਇੱਕ ਐਫ਼.ਸੀ.ਆਈ.ਦੇ ਮੈਨੇਜਰ ਨੂੰ ਉਸ ਨੇ ਰੰਗੇ ਹੱਥੀਂ ਕਾਬੂ ਕੀਤਾ।

ਮੈਨੇਜਰ ਐਸ.ਪੀ.ਵਿਜੀਲੈਂਸ ਦਾ ਛੋਟਾ ਭਰਾ ਸੀ। ਉਹ ਪੁਲਿਸ ਨੂੰ ਛੱਡਣਾ ਪਿਆ, ਪਰ ਵਾਲ ਕੱਟੀ ਉਹਨਾਂ ਦੇ ਕਾਬੂ ਆ ਗਈ।

ਆਸ਼ਕਾਂ ਦੀ ਜਿਹੜੀ ਲਿਸਟ ਵਾਲ ਕੱਟੀ ਨੇ ਦਿੱਤੀ, ਉਹ ਹੈਰਾਨੀਜਨਕ ਸੀ। ਡਾਕਟਰ, ਵਕੀਲ ਅਤੇ ਜੱਜ, ਮੌਜੂਦਾ ਐਸ.ਡੀ.ਐਮ.ਵੀ। ਸਨਅਤਕਾਰਾਂ ਅਤੇ ਸਿਆਸਤਦਾਨਾਂ ਨੇ ਤਾਂ ਹੋਣਾ ਹੀ ਸੀ।

ਪਹਿਲਾਂ ਝੁਰਲੂ ਮਨਬੀਰ ਨੇ ਸਾਬਣ ਵਾਲੇ ਕਾਲੂ ਰਾਮ ’ਤੇ ਫੇਰਿਆ। ਵਾਲ ਕੱਟੀ ਨੇ ਜਦੋਂ ਤਾੜ-ਤਾੜ ਉਹਦੇ ਕੁਕਰਮਾਂ ਦੇ ਭਾਂਡੇ ਭੰਨੇ ਤਾਂ ਸਾਹਮਣੇ ਬੈਠੇ ਕਾਲੂ ਰਾਮ ਨੂੰ ਗਸ਼ ਪੈ ਗਈ। ਝੱਟ ਵੀਹ ਹਜ਼ਾਰ ਦੇ ਨੋਟ ਹਾਜ਼ਰ ਹੋ ਗਏ।

ਆਪਣੇ ਖ਼ਾਸ-ਖ਼ਾਸ ਬੰਦਿਆਂ ਰਾਹੀਂ ਮਨਬੀਰ ਨੇ ਇਹ ਗੱਲ ਫੈਲਾਈ। ਆਸ਼ਕਾਂ ਨੂੰ ਫ਼ਿਕਰ ਪੈ ਗਿਆ। ਕੋਈ ਐਸ.ਡੀ.ਐਮ.ਵੱਲ ਭੱਜਾ, ਕੋਈ ਜੱਜ ਵੱਲ। ਪਹਿਲਾਂ ਅਫ਼ਸਰਾਂ ਨੇ ਰੋਹਬ ਮਾਰਨਾ ਚਾਹਿਆ, ਪੁਲਿਸ ਇੱਕ ਸ਼ਰੀਫ਼ ਕੁੜੀ ਨੂੰ ਤੰਗ ਕਰ ਰਹੀ ਹੈ।

ਜਦੋਂ ਉਹਨਾਂ ਦੇ ਸੁਣਨ ਲਈ ਮਨਬੀਰ ਨੇ ਟੇਪਾਂ ਭੇਜਣੀਆਂ ਚਾਹੀਆਂ ਤਾਂ ਸਭ ਦੇ ਹੋਸ਼ ਉੱਡ ਗਏ। ਐਸ.ਡੀ.ਐਮ.ਤਾਂ ਆਪ ਹੀ ਥਾਣੇ ਪੁੱਜ ਗਿਆ, ਜੱਜ ਨੇ ਸਰਕਾਰੀ ਵਕੀਲ ਭੇਜਿਆ। ਮਾਮਲਾ ਠੱਪ ਹੋਣਾ ਚਾਹੀਦਾ ਹੈ। ਐਸ.ਡੀ.ਐਮ.ਨੇ ਮਨਬੀਰ ਦੇ ਖ਼ਿਲਾਫ਼ ਚੱਲਦੀਆਂ ਪੜਤਾਲਾਂ ਦਾਖ਼ਲ ਦਫ਼ਤਰ ਕਰਨ ਦਾ ਵਾਅਦਾ ਕੀਤਾ ਅਤੇ ਜੱਜ ਨੇ ਇਸਤਗਾਸੇ ਖ਼ਾਰਜ ਕਰਨ ਦਾ। ਅਫ਼ਸਰ ਅਫ਼ਸਰ ਹੀ ਹੁੰਦੇ ਹਨ। ਪੁਲਿਸ ਨੇ ਕੰਮ ਲੈਣਾ ਹੁੰਦਾ ਹੈ। ਮਨਬੀਰ ਚੁੱਪ ਕਰ ਗਿਆ।

ਉਸ ਸਮੇਂ ਪ੍ਰਧਾਨ ਨਾਲ ਕਈ ਵਾਰ ਵਾਹ ਪਿਆ ਸੀ। ਵਾਲ ਕੱਟੀ ਦੇ ਆਸ਼ਕਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਉਸੇ ਨੇ ਕੀਤਾ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਰਾਫ਼ ਤੋਂ ਕਿੰਨੇ ਪੈਸੇ ਲੈਣੇ ਹਨ, ਠੁੱਲੀਵਾਲ ਵਾਲੇ ਆਤਮੇ ਤੋਂ ਕਿੰਨੇ ਅਤੇ ਸਿਨੇਮੇ ਵਾਲੇ ਭਾਨ ਤੋਂ ਕਿੰਨੇ।

ਤਿੰਨ ਦਿਨ ਵਾਲ ਕੱਟੀ ਪੁਲਿਸ ਹਿਰਾਸਤ ਵਿੱਚ ਰਹੀ। ਪੂਰੇ ਢਾਈ ਲੱਖ ਮਨਬੀਰ ਨੇ ਬਣਾਏ। ਪੰਜਾਹ-ਸੱਠ ਪ੍ਰਧਾਨ ਲੈ ਗਿਆ। ਸਾਲ ਹੋ ਗਿਆ ਉਹਨਾਂ ਗੱਲਾਂ ਨੂੰ, ਮੁੜ ਕਿਸੇ ਨੇ ਚੂੰ ਨਹੀਂ ਕੀਤੀ।

ਪ੍ਰਧਾਨ ਬੰਦਾ ਭਰੋਸੇ ਵਾਲਾ ਸੀ। ਇਹੋ ਨਹੀਂ, ਪੰਜਾਹ ਵਾਰ ਪਰਖਿਆ ਸੀ ਮਨਬੀਰ ਨੇ। ਹਰ ਤਿੱਥ ਤਿਉਹਾਰ ਨੂੰ ਬੰਨ੍ਹੇ-ਬੰਨ੍ਹਾਏ ਪੈਸੇ ਮਿਲ ਜਾਦੇ ਹਨ। ਦੀਵਾਲੀ ਨੂੰ ਪਟਾਖੇ ਵੇਚਣ ਦੀ ਮਨਾਹੀ ਹੁੰਦੀ ਹੈ। ਚੁੱਪ ਕਰ ਕੇ ਪੰਜ ਹਜ਼ਾਰ ਦੇ ਨੋਟ ਫੜਾ ਗਿਆ। ਦੁਕਾਨਦਾਰ ਪਟਾਖੇ ਵੇਚਦੇ ਰਹਿਣ, ਪੁਲਿਸ ਨੂੰ ਕੀ?

ਬੰਦਾ ਮਾਸਟਰ ਵੀ ਠੀਕ ਸੀ। ਉਸ ਨੇ ਉਸ ਸਮੇਂ ਜੌਹਰ ਦਿਖਾਏ, ਜਦੋਂ ਕਾਲਾ ਪੁਲਿਸ ਦੇ ਹੱਥ ਲੱਗਾ ਸੀ। ਕਾਲਾ ਚੋਰੀ ਤਾਂ ਸਾਰੇ ਇਲਾਕੇ ਵਿੱਚ ਕਰ ਜਾਂਦਾ ਪਰ ਹੱਥ ਕਦੇ ਨਾ ਆਉਂਦਾ। ਮਨਬੀਰ ਦੇ ਭਾਗਾਂ ਨੂੰ ਇੱਕ ਵਾਰ ਉਹ ਬਟੇਰਾ ਬਣ ਕੇ ਪੈਰ ਹੇਠਾਂ ਆ ਗਿਆ।

ਪੁਲਿਸ ਨੂੰ ਚੋਰਾਂ ਕੋਲੋਂ ਖੱਟਣ ਨੂੰ ਕੁੱਝ ਨਹੀਂ ਹੁੰਦਾ। ਚੋਰ ਮਾਲ ਨੂੰ ਸੰਭਾਲੀ ਰੱਖਣ ਲਈ ਤਾਂ ਚੋਰੀ ਕਰਦੇ ਨਹੀਂ। ਮਾਲ ਖ਼ਰੀਦਣ ਵਾਲੇ ਉਹਨਾਂ ਨਾਲੋਂ ਵੀ ਤੇਜ਼ ਹਨ। ਚੋਰ ਅੱਗੇ-ਅੱਗੇ, ਮਾਲ ਖ਼ਰੀਦਣ ਵਾਲੇ ਪਿੱਛੇ-ਪਿੱਛੇ।

ਪੁਲਿਸ ਦਾ ਘਰ ਉਹਨਾਂ ਦੁਕਾਨਦਾਰਾਂ ਤੋਂ ਪੂਰਾ ਹੁੰਦਾ ਹੈ, ਜਿਹੜੇ ਭੁੱਲ-ਭੁਲੇਖੇ ਚੋਰਾਂ ਤੋਂ ਮਾਲ ਖ਼ਰੀਦ ਲੈਂਦੇ ਹਨ। ਨਾਲੇ ਮਾਲ ਬਰਾਮਦ ਕਰੋ, ਨਾਲੇ ਚੋਰੀ ਦਾ ਮਾਲ ਖ਼ਰੀਦਣ ਦੇ ਜੁਰਮ ਤੋਂ ਬਰੀ ਕਰਨ ਦੀ ਫ਼ੀਸ ਲਵੋ। ਕਾਲੇ ਨੇ ਚੋਰੀਆਂ ਥੋਕ ਦੇ ਭਾਅ ਕੀਤੀਆਂ ਸਨ। ਪੱਖੇ, ਰੇਡੀਓ, ਟੀ.ਵੀ., ਕੈਮਰੇ, ਕੱਪੜਾ ਅਤੇ ਘੜੀਆਂ। ਸ਼ਹਿਰ ਦਾ ਕੋਈ ਦੁਕਾਨਦਾਰ ਅਜਿਹਾ ਨਹੀਂ ਸੀ, ਜਿਸ ਕੋਲ ਉਸ ਨੇ ਕੋਈ ਨਾ ਕੋਈ ਚੀਜ਼ ਨਹੀਂ ਸੀ ਵੇਚੀ। ਕਾਲਾ ਜਿਸ ਦੁਕਾਨ ਅੱਗੇ ਜਾ ਕੇ ਰੁਕਦਾ, ਉਸੇ ਦੁਕਾਨਦਾਰ ਨੂੰ ਕੰਬਣੀ ਛਿੜ ਜਾਦੀ। ਕਾਲਾ ਕਈ ਸਾਲ ਪਹਿਲਾਂ ਵੇਚੀ ਚੀਜ਼ ਦੀ ਯਾਦ ਦਿਵਾਉਂਦਾ। ਦੁਕਾਨਦਾਰ ਨੂੰ ਕੁੱਝ ਯਾਦ ਆਉਂਦਾ ਜਾਂ ਨਾ ਪਰ ਪੁਲਿਸ ਤੋਂ ਡਰਦਾ ਹਾਂ ਜ਼ਰੂਰ ਕਰ ਦਿੰਦਾ। ਉਸ ਸਮੇਂ ਦੁਕਾਨਦਾਰਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਮਾਸਟਰ ਨੇ ਬੜੀ ਹੁਸ਼ਿਆਰੀ ਨਾਲ ਕੀਤਾ ਸੀ।

ਚੰਗੀ ਫ਼ੀਸ ਦੇ ਲਾਲਚ ’ਚ ਆ ਕੇ ਅਤੇ ਮਿੱਤਰਾਂ ਦੇ ਮਜਬੂਰ ਕਰਨ ’ਤੇ ਮਨਬੀਰ ਪ੍ਰੈਸ ਅਤੇ ਭਾਂਡਿਆਂ ਵਾਲਿਆਂ ਨੂੰ ਛੱਡਣ ਲਈ ਮੰਨ ਗਿਆ। ਚਲੋ ਬੰਟੀ ਦੇ ਹੋਰ ਸੁਰਾਗ਼ ਬਥੇਰੇ। ਘਰ ਆਈ ਮਾਇਆ ਨੂੰ ਧੱਕਣਾ ਨਹੀਂ ਚਾਹੀਦਾ।

ਮਾਮਲਾ ਤੈਅ ਹੋਏ ਨੂੰ ਦੋ ਘੰਟੇ ਵੀ ਨਹੀਂ ਸੀ ਹੋਏ ਕਿ ਬਜ਼ਾਰ ਵਿੱਚ ਘੁਸਰ-ਮੁਸਰ ਹੋਣ ਲੱਗ ਪਈ। ਮਨਬੀਰ ਦੇ ਦੋਸਤਾਂ ਨੇ ਉਸ ਨੂੰ ਸਾਵਧਾਨ ਕੀਤਾ। ਚੰਗਾ ਹੋਵੇ ਜੇ ਪੈਸੇ ਵਾਪਸ ਕਰ ਦਿੱਤੇ ਜਾਣ। ਕੁੱਝ ਬੰਦੇ ਮਾਲੀ ਤੌਰ ’ਤੇ ਕਮਜ਼ੋਰ ਸਨ। ਪ੍ਰਧਾਨ ਨੇ ਜ਼ਿਆਦਾ ਪੈਸੇ ਬਟੋਰ ਲਏ।

ਮਨਬੀਰ ਨੇ ਮਾਸਟਰ ਨੂੰ ਫ਼ੋਨ ਕੀਤਾ। ਪਹਿਲਾਂ ਜਵਾਬ ਮਿਲਿਆ, ਘਰ ਨਹੀਂ। ਦੁਬਾਰਾ ਕੀਤਾ ਤਾਂ ਪਤਾ ਲੱਗਾ ਕੋਈ ਉਸ ਨੂੰ ਚੰਡੀਗੜ੍ਹ ਲੈ ਗਿਆ। ਤਿੰਨ ਦਿਨਾਂ ਦਾ ਪ੍ਰੋਗਰਾਮ ਸੀ।

ਸੀ.ਆਈ.ਡੀ.ਵਾਲਿਆਂ ਦਾ ਫ਼ੋਨ ਆਇਆ। ਹੜਤਾਲ ਦੀ ਤਿਆਰੀ ਹੋ ਰਹੀ ਸੀ।

ਘਬਰਾਏ ਮਨਬੀਰ ਨੇ ਪ੍ਰਧਾਨ ਨੂੰ ਫ਼ੋਨ ਕੀਤਾ। ਜਵਾਬ ਮਿਲਿਆ, ਉਹ ਮਨਬੀਰ ਦੇ ਕੰਮ ਹੀ ਕਿਧਰੇ ਗਿਆ ਹੋਇਆ ਹੈ।

ਮਨਬੀਰ ਪਛਤਾਉਣ ਲੱਗਾ। ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ। ਤਰੱਕੀ ਦੀ ਥਾਂ ਰਿਵਰਟ ਨਾ ਹੋ ਜਾਵੇ। ਉਹਦੇ ਖ਼ਿਲਾਫ਼ ਜਲਸੇ ਹੋਏ ਤਾਂ ਮੁੱਖ ਮੰਤਰੀ ਕੀ ਸੋਚੇਗਾ? ਵਾਲ ਕੱਟੀ ਅਤੇ ਚੋਰੀਆਂ ਵੇਲੇ ਗੱਲ ਹੋਰ ਸੀ। ਉਸ ਸਮੇਂ ਦੇਣ ਵਾਲੇ ਕਸੂਰਵਾਰ ਸਨ। ਇਹ ਸਭ ਬੇਕਸੂਰ। ਪੈਸੇ ਕਾਹਦੇ ਦੇਣ? ਪ੍ਰਧਾਨ ਦਾ ਵੱਟਾ ਵੀ ਭਾਰਾ ਹੈ। ਜ਼ਰੂਰ ਮੋਟੀ ਫ਼ੀਸ ਲਈ ਹੋਏਗੀ। ਅਗਲਿਆਂ ਨੇ ਤੜਫਣਾ ਹੀ ਸੀ।

ਯੁਵਾ ਸੰਘ ਵਿੱਚ ਮਨਬੀਰ ਦੀ ਬਹੁਤੀ ਸ਼ਾਖ਼ ਨਹੀਂ। ਸੰਘ ਨੂੰ ਪੁਲਿਸ ਖ਼ਿਲਾਫ਼ ਬੋਲਣ ਦਾ ਬਹਾਨਾ ਹੀ ਚਾਹੀਦਾ ਹੈ। ਉਹਨਾਂ ਨੂੰ ਚੁੱਪ ਕਰਾਉਣ ਵਾਲਾ ਮਨਬੀਰ ਦੇ ਹੱਥ ਵਿੱਚ ਕੋਈ ਬੰਦਾ ਨਹੀਂ। ਮਨਬੀਰ ਮੁੱਖ ਮੰਤਰੀ ਦਾ ਬੰਦਾ ਅਖਵਾਉਂਦਾ ਹੈ। ਮੁੱਖ ਮੰਤਰੀ ਦਾ ਵੀ ਕੋਈ ਬੰਦਾ ਮਨਬੀਰ ਦੀ ਮਦਦ ਨਹੀਂ ਸੀ ਕਰ ਸਕਦਾ।

ਦਰਵੇਸ਼ ਨੂੰ ਥਾਣੇ ਬੁਲਾਉਣ ਲਈ ਮਨਬੀਰ ਨੇ ਗੱਡੀ ਭੇਜੀ। ਉਹਨੇ ਸਾਫ਼ ਨਾਂਹ ਕਰ ਦਿੱਤੀ। ਪੁਲਿਸ ਨੂੰ ਪੈਸੇ ਬਣਾਉਣ ਦੀ ਲੱਗੀ ਹੋਈ ਹੈ। ਦਰਵੇਸ਼ ਤਿੰਨਾਂ ਦਿਨਾਂ ਦਾ ਚੀਖ ਰਿਹਾ ਹੈ ਕਿ ਸਕੂਲ ਦਾ ਇੱਕ ਚਪੜਾਸੀ ਉਸੇ ਦਿਨ ਦਾ ਫ਼ਰਾਰ ਹੈ। ਉਸ ਦਿਨ ਬੰਟੀ ਨੂੰ ਕੁਲਫ਼ੀ ਦਿੰਦਾ ਦੇਖਿਆ ਗਿਆ। ਦਰਵੇਸ਼ ਦੇ ਆਖਣ ’ਤੇ ਜਦੋਂ ਪੁਲਿਸ ਇੱਕ ਵਾਰ ਵੀ ਉਸ ਦੀ ਘਰਵਾਲੀ ਨੂੰ ਥਾਣੇ ਬੁਲਾਉਣ ਦੀ ਤਕਲੀਫ਼ ਨਹੀਂ ਕਰ ਸਕਦੀ ਤਾਂ ਉਹ ਕਿਉਂ ਪੁਲਿਸ ਦਾ ਪੱਖ ਪੂਰੇ?

ਫ਼ੋਨ ’ਤੇ ਨਾਗਪਾਲ ਨਾਲ ਗੱਲ ਹੋਈ। ਥਾਣੇ ਆਉਣ ’ਚ ਉਸ ਨੂੰ ਵੀ ਇਤਰਾਜ਼ ਸੀ। ਮਸਲਾ ਗੰਭੀਰ ਹੁੰਦਾ ਜਾ ਰਿਹਾ ਸੀ। ਨਾਗਪਾਲ ਵੀ ਸ਼ਹਿਰ ਵਿੱਚ ਕੁੱਝ ਥਾਂ ਰੱਖਦਾ ਹੈ। ਖੁੱਲ੍ਹਮ-ਖੁੱਲ੍ਹਾ ਪੁਲਿਸ ਦੀ ਮਦਦ ਕਰਨ ’ਤੇ ਨਾਗਪਾਲ ਦਾ ਵੀ ਜਲੂਸ ਨਿਕਲ ਸਕਦਾ ਹੈ। ਮਨਬੀਰ ਦੇ ਖ਼ਿਲਾਫ਼ ਉਹ ਸਾਰੇ ਬੰਦੇ ਉੱਠ ਖੜੇ ਹੋਏ ਹਨ, ਜਿਨ੍ਹਾਂ ਤੋਂ ਕਦੇ ਨਾ ਕਦੇ ਉਸ ਨੇ ਪੈਸੇ ਬਟੋਰੇ ਸਨ। ਪੁਲਿਸ ਦੇ ਹੱਕ ਦੀ ਗੱਲ ਕਰਨ ਵਾਲੇ ਨੂੰ ਉਹ ਸੂਈ ਬਘਿਆੜੀ ਵਾਂਗ ਪੈਂਦੇ ਹਨ।

ਇਕੋ ਰਾਹ ਸੀ, ਗ੍ਰਿਫ਼ਤਾਰੀ ਦੇ ਬਹਾਨੇ ਪੁਲਿਸ ਨਾਗਪਾਲ ਕੋਲ ਆਵੇ। ਦੁਕਾਨ ’ਤੇ ਆ ਕੇ ਥੋੜ੍ਹਾ-ਬਹੁਤਾ ਉੱਚਾ-ਨੀਵਾਂ ਬੋਲਣ। ਧੱਕੇ ਨਾਲ ਜੀਪ ’ਚ ਬਿਠਾ ਕੇ ਥਾਣੇ ਲੈ ਜਾਣ।

ਇਸੇ ਬਹਾਨੇ ਜਦੋਂ ਨਾਗਪਾਲ ਨੂੰ ਥਾਣੇ ਲਿਆਂਦਾ ਗਿਆ ਤਾਂ ਸਾਰੀ ਪੁਲਿਸ ਨੂੰ ਹੀ ਫ਼ਿਕਰ ਪੈ ਗਿਆ।

ਗੁੱਸੇ ’ਚ ਮਨਬੀਰ ਦੀਆਂ ਮੁੱਠੀਆਂ ਕਈ ਵਾਰ ਬੰਦ ਹੋਈਆਂ। ਉਹੋ ਕੰਜਰ ਜਿਹੜੇ ਵਾਲ ਕਟੀ ਦੇ ਕੇਸ ਵਿਚੋਂ ਨਿਕਲਣ ਲਈ ਆਪਣੀ ਇਜ਼ਤ ਦਾ ਵਾਸਤਾ ਪਾਉਂਦੇ ਸਨ, ਟੋਪੀਆਂ, ਪਗੜੀਆਂ ਲਾਹ ਕੇ ਮਨਬੀਰ ਦੇ ਪੈਰੀਂ ਧਰਦੇ ਸਨ, ਹੁਣ ਉਸ ਖ਼ਿਲਾਫ਼ ਬੋਲਣ ਦੀ ਹਿੰਮਤ ਕਰ ਰਹੇ ਹਨ।

ਸਭ ਤੋਂ ਮੂਹਰੇ ਬਾਂਸ ਬਾਹੀਆਂ ਵਾਲਾ ਪ੍ਰੇਮ ਸੀ। ਵਾਲ ਕੱਟੀ ਦਾ ਸਭ ਤੋਂ ਚਹੇਤਾ ਆਸ਼ਕ। ਉਹ ਆਖਦਾ ਹੈ ਕਿ ਇਸ ਥਾਣੇਦਾਰ ਨੂੰ ਬਾਣੀਏ ਲੁੱਟਣ ਦਾ ਭੁੱਸ ਪੈ ਗਿਐ। ਬਹਾਨੇ ਨਾਲ ਕੋਈ ਨਾ ਕੋਈ ਝੂਠੀ ਕਹਾਣੀ ਘੜ ਲੈਂਦਾ ਹੈ, ਫੇਰ ਥੋਕ ਦੇ ਭਾਅ ਪੈਸੇ ਬਟੋਰਦਾ ਹੈ। ਇਸ ਥਾਣੇਦਾਰ ਨੇ ਚੋਰਾਂ, ਠੱਗਾਂ ਨੂੰ ਤਾਂ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ, ਸ਼ਰੀਫ਼ਾਂ ਦੇ ਗਲ ਅੰਗੂਠਾ ਦੇ ਰੱਖਿਆ ਹੈ।

ਸੀਤਾ ਸਰਾਫ਼ ਉਸ ਨਾਲ ਮੋਢਾ ਜੋੜੀ ਫਿਰਦਾ ਹੈ। ਸਭ ਤੋਂ ਵੱਧ ਚੋਰੀ ਦਾ ਮਾਲ ਉਹੋ ਖ਼ਰੀਦਦਾ ਹੈ। ਹੁਣ ਧੰਦਾ ਠੱਪ ਹੈ। ਅੱਕਿਆ ਆਖਦਾ ਹੈ ਕਿ ਮਨਬੀਰ ਸਿੱਖਾਂ ਦਾ ਸਮਰਥਕ ਹੈ। ਸਰਦਾਰ ਦਾ ਬੰਦਾ ਹੋਣ ਕਰਕੇ ਹਿੰਦੂਆਂ ਨੂੰ ਤੰਗ ਕਰਦਾ ਹੈ। ਸ਼ਹਿਰ ਵਿੱਚ ਹਿੰਦੂ ਥਾਣੇਦਾਰ ਲਾਇਆ ਜਾਵੇ।

ਬੰਦੂਕਾਂ ਵਾਲੇ ਸ਼ਿੰਦੇ ਨੂੰ ਕੀ ਗਿਲਾ, ਇਹ ਸਮਝ ਨਹੀਂ ਆਈ। ਥੋੜ੍ਹਾ-ਮੋਟਾ ਸਿਆਸਤ ਵਿੱਚ ਪੈਰ ਧਰਦਾ ਹੈ। ਚੋਣਾਂ ਦੇ ਦਿਨਾਂ ਵਿੱਚ ਜਿਸ ਉਮੀਦਵਾਰ ਦਾ ਪੱਲੜਾ ਭਾਰੀ ਹੋਵੇ, ਪੈਸੇ ਦੇ ਕੇ ਉਸ ਨਾਲ ਹੋ ਜਾਂਦਾ ਹੈ। ਇੱਕ-ਦੋ ਫ਼ੋਟੋਆਂ ਖਿਚਵਾ ਲੈਂਦਾ ਹੈ, ਪਿੱਛੋਂ ਚੁੱਪ। ਥਾਣੇ ਕਦੇ ਨਹੀਂ ਆਇਆ, ਅਸਲੇ ਦਾ ਕੰਮ ਬੰਦ ਹੈ। ਕੋਈ ਠੱਗੀ-ਠੋਰੀ ਕਰਨੀ ਹੋਊ। ਸੋਚਦਾ ਹੋਊ ਇੰਨੇ ਵਿੱਚ ਪੁਲਿਸ ਚੁੱਪ ਰਹੂ ਜਾਂ ਮੁੱਖ ਮੰਤਰੀ ਤੋਂ ਕਿਸੇ ਕੋਟੇ ਦੀ ਝਾਕ ਹੋਊ। ਸਿਆਸਤ ਵਿੱਚ ਸਰਗਰਮ ਰਹੇਗਾ ਤਾਂ ਹੀ ਮੰਤਰੀ ਦੀਆਂ ਨਜ਼ਰਾਂ ਵਿੱਚ ਆ ਸਕੇਗਾ।

ਨਾਗਪਾਲ ਦੀ ਰਾਏ ਸੀ, ਜਿੰਨਾ ਜਲਦੀ ਹੋ ਸਕੇ ਦਰਵੇਸ਼ ਨੂੰ ਕਾਬੂ ਕੀਤਾ ਜਾਵੇ। ਉਹ ਹਲਫ਼ੀਆ ਬਿਆਨ ਇਕੱਠੇ ਕਰ ਰਿਹਾ ਹੈ। ਖ਼ਬਰਾਂ ਤਾਂ ਛਪਵਾਏਗਾ ਹੀ, ਨਾਲ ਪੜਤਾਲ ਵੀ ਕਰਾਏਗਾ।

ਪ੍ਰੈਸਾਂ ਵਾਲੇ ਤਾਂ ਧੜਾ-ਧੜ ਪੋਸਟਰ ਛਾਪ ਰਹੇ ਸਨ। ਪੋਸਟਰਾਂ ਤੋਂ ਵੀ ਘੱਟ ਖ਼ਤਰਾ ਨਹੀਂ। ਹਰ ਪੋਸਟਰ ਵਿੱਚ ਨਵਾਂ ਕਿੱਸਾ ਛਾਪਿਆ ਗਿਆ ਹੈ। ਕਿਸੇ ਵਿੱਚ ਵਾਲ ਕੱਟੀ ਵਾਲਾ ਅਤੇ ਕਿਸੇ ਵਿੱਚ ਚੋਰਾਂ ਵਾਲਾ। ਮੁੱਖ ਮੰਤਰੀ ਨੂੰ ਵੀ ਵਿਚੇ ਘੜੀਸਿਆ ਗਿਆ ਹੈ। ਇਹ ਪੋਸਟਰ ਕੰਧਾਂ ’ਤੇ ਲੱਗ ਗਏ ਤਾਂ ਮੁੱਖ ਮੰਤਰੀ ਖ਼ੁਦ ਹੀ ਨੁਕਸਾਨ ਕਰ ਸਕਦਾ ਹੈ। ਸਿਆਸਤਦਾਨਾਂ ਦਾ ਕੀ ਹੈ? ਕੰਮ ਲੈਣ ਵੇਲੇ ਹੋਰ, ਦੇਣ ਵੇਲੇ ਹੋਰ। ਪੁਲਿਸ ਵਾਂਗ ਇਹ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ।

ਮਨਬੀਰ ਮਾਸਟਰ ਤੇ ਪ੍ਰਧਾਨ ’ਤੇ ਚਿੜ ਰਿਹਾ ਸੀ। ਇੱਕ ਚੰਡੀਗੜ੍ਹ ਤੁਰ ਗਿਆ, ਦੂਜਾ ਗ਼ਾਇਬ ਹੈ। ਕਿਸੇ ਨੇ ਹਾਲੇ ਪੈਸੇ ਨਹੀਂ ਦਿੱਤੇ। ਇਹ ਵੀ ਨਹੀਂ ਦੱਸਿਆ, ਕਿਸ ਤੋਂ ਕਿੰਨੇ ਲਏ ਹਨ। ਉਹਨਾਂ ਬਿਨਾਂ ਮੋੜ-ਮੁੜਾਈ ਵੀ ਨਹੀਂ ਹੋ ਸਕਦੀ।

ਪ੍ਰਧਾਨ ਨਾਲ ਗੱਲ ਹੋਈ ਤਾਂ ਉਹ ਅੱਖਾਂ ਫੇਰ ਗਿਆ। ਨਾ ਥਾਣੇ ਆਉਣ ਨੂੰ ਤਿਆਰ ਹੈ, ਨਾ ਮਨਬੀਰ ਨੂੰ ਘਰੇ ਬੁਲਾਉਣ ਨੂੰ। ਆਖਦਾ ਹੈ ਇਸ ਤਰ੍ਹਾਂ ਪ੍ਰਧਾਨ ਦੀ ਹੋਰ ਬਦਨਾਮੀ ਹੋਏਗੀ। ਮਨਬੀਰ ਨੂੰ ਚੁੱਪ ਕਰ ਕੇ ਬੈਠਣ ਦੀ ਸਲਾਹ ਦੇ ਰਿਹਾ ਹੈ। ਇੱਕ-ਦੋ ਬੰਦੇ ਹੀ ਮਾੜੇ ਹਨ। ਪ੍ਰਧਾਨ ਆਪੇ ਸਾਂਭ ਲਏਗਾ। ਮਨਬੀਰ ਦਾ ਕੀ ਹੈ? ਅੱਜ ਇਥੇ, ਕੱਲ ਉਥੇ। ਪ੍ਰਧਾਨ ਨੇ ਤਾਂ ਸ਼ਹਿਰ ਵਿੱਚ ਹੀ ਰਹਿਣਾ ਹੈ। ਇੱਕ ਵਾਰ ਉਹਦੀ ਬਦਨਾਮੀ ਹੋ ਗਈ ਤਾਂ ਲੀਡਰੀ ਖੁੱਸ ਜਾਏਗੀ।

ਕੋਈ ਪ੍ਰਧਾਨ ਨੂੰ ਪੁੱਛੇ ਨੌਕਰੀ ਕੋਈ ਸੁਖਾਲੀ ਹੀ ਮਿਲ ਜਾਂਦੀ ਹੈ? ਮਨਬੀਰ ਚੁੱਪ ਕਰ ਕੇ ਕਿਵੇਂ ਬੈਠ ਸਕਦਾ ਹੈ?

ਜੇ ਸ਼ਹਿਰ ਵਾਲੇ ਹਿੰਦੂ ਸਿੱਖ ਦਾ ਸਵਾਲ ਬਣਾ ਲੈਣ, ਫੇਰ ਮਨਬੀਰ ਦਾ ਬਚਾਅ ਹੋ ਸਕਦਾ ਹੈ। ਜਥੇਦਾਰਾਂ ਨਾਲ ਮਨਬੀਰ ਦੀ ਪੂਰੀ ਯਾਰੀ ਹੈ। ਉਹ ਝੱਟ ਇਸ ਮਸਲੇ ਨੂੰ ਤੂਲ ਦੇ ਕੇ ਉਛਾਲ ਦੇਣਗੇ। ਹੱਥ ਮਜ਼ਬੂਤ ਕਰਨ ਲਈ ਮਨਬੀਰ ਨੇ ਆਪਣੇ ਖ਼ਾਸ-ਖ਼ਾਸ ਸਿਪਾਹੀ ਬੁਲਾਏ ਅਤੇ ਹਦਾਇਤਾਂ ਜਾਰੀ ਕੀਤੀਆਂ। ਕਿਸ-ਕਿਸ ਪਿੰਡ ਜਾਣਾ ਹੈ, ਕਿਹੜੇ-ਕਿਹੜੇ ਜਥੇਦਾਰ ਨੂੰ ਮਿਲਣਾ ਹੈ। ਕੀ-ਕੀ ਕਹਿਣਾ ਹੈ? ਉਹ ਤਿਆਰੀ ਵਿੱਚ ਰਹਿਣ। ਛੋਟੇ-ਮੋਟੇ ਜਲੂਸ ਦੀ ਲੋੜ ਕਿਸੇ ਸਮੇਂ ਵੀ ਪੈ ਸਕਦੀ ਹੈ।

ਸੰਤਰੀ ਨੇ ਇਤਲਾਹ ਦਿੱਤੀ। ਅੱਧਾ ਬਜ਼ਾਰ ਬੰਦ ਹੋ ਗਿਆ ਹੈ। ਸੰਘ ਵਾਲੇ ਬਜ਼ਾਰ ਬੰਦ ਕਰਾਉਂਦੇ ਸਟੇਸ਼ਨ ਵੱਲੋਂ ਇਧਰ ਨੂੰ ਆ ਰਹੇ ਹਨ। ਕਈ ਟੋਲੀਆਂ ਬਣੀਆਂ ਹੋਈਆਂ ਹਨ। ਪੋਸਟਰ ਵੀ ਲੱਗ ਰਹੇ ਹਨ।

ਮਨਬੀਰ ਨੇ ਪ੍ਰਧਾਨ ਨੂੰ ਆਖ਼ਰੀ ਵਾਰ ਫ਼ੋਨ ਮਿਲਾਇਆ। ਪ੍ਰਧਾਨ ਨੂੰ ਬੇਨਤੀ ਕੀਤੀ, ਕਿਵੇਂ ਨਾ ਕਿਵੇਂ ਪੈਸੇ ਵਾਪਸ ਕਰ ਦੇਵੇ ਜਾਂ ਸਾਰੇ ਪੈਸੇ ਮਨਬੀਰ ਕੋਲ ਭੇਜ ਦੇਵੇ। ਉਹ ਵਾਪਸ ਕਰਨ ਦਾ ਆਪੇ ਪ੍ਰਬੰਧ ਕਰ ਲਏਗਾ।

ਪ੍ਰਧਾਨ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਇਸ ਵੇਲੇ ਪੈਸੇ ਵਾਪਸ ਕਰਨੇ ਬਲਦੀ ’ਤੇ ਤੇਲ ਪਾਉਣ ਦੇ ਬਰਾਬਰ ਹੋਏਗਾ। ਪ੍ਰਧਾਨ ਇਕੋ ਰਟ ਲਾਈ ਬੈਠਾ ਸੀ। ਮਨਬੀਰ ਪਰਵਾਹ ਨਾ ਕਰੇ, ਪ੍ਰਧਾਨ ਆਪੇ ਸੰਭਾਲ ਲਏਗਾ। ਸੰਭਾਲੇਗਾ ਕਦੋਂ? ਉਦੋਂ ਜਦੋਂ ਮਨਬੀਰ ਮੁਅੱਤਲ ਹੋ ਗਿਆ।

“ਪ੍ਰਧਾਨ ਇਹ ਤੂੰ ਠੀਕ ਨਹੀਂ ਕਰ ਰਿਹਾ … ਮੈਨੂੰ ਫਸਾ ਕੇ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ … ਮੈਂ ਵੀ ਥਾਣੇਦਾਰ ਹਾਂ … ਲੋੜ ਪੈਣ ’ਤੇ ਤੈਨੂੰ ਮੇਰੇ ਨਾਂ ’ਤੇ ਪੈਸੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕਰ ਸਕਦਾ ਹਾਂ … ।” ਮਨਬੀਰ ਆਪੇ ਤੋਂ ਬਾਹਰ ਹੋ ਕੇ ਜੋ ਮੂੰਹ ਆਇਆ ਬੋਲੀ ਗਿਆ।

“ਤੇਰੇ ਵਰਗੇ ਵੀਹ ਥਾਣੇਦਾਰ ਦੇਖੇ ਨੇ … ਜੇ ਇਹੋ ਗੱਲ ਹੈ ਤਾਂ ਦੇਖ ਲਈਂ … ਪਹਿਲਾਂ ਆਪਣੀ ਜਾਨ ਬਚਾ … ।” ਪ੍ਰਧਾਨ ਦੀ ਆਵਾਜ਼ ਵੀ ਉਨੀ ਹੀ ਕੁਰੱਖਤ ਸੀ।

ਨਾਅਰੇ ਉੱਚੀ ਹੁੰਦੇ ਜਾ ਰਹੇ ਸਨ। ਭੀੜ ਥਾਣੇ ਵੱਲ ਵਧਣ ਲੱਗੀ ਸੀ।

“ਮੁੰਡਿਓ, ਬੰਦੂਕਾਂ ਲੋਡ ਕਰੋ … ਪੁਜ਼ੀਸ਼ਨਾਂ ਲੈ ਲਓ … ਕੋਈ ਗੜਬੜ ਕਰੇ ਤਾਂ ਬਿਨਾਂ ਝਿਜਕ ਗੋਲੀ ਮਾਰ ਦਿਓ … ਮੈਂ ਆਪੇ ਦੇਖ ਲਊਂ।”

ਮਨਬੀਰ ਨੇ ਆਪਣਾ ਰਿਵਾਲਵਰ ਵੀ ਲੋਡ ਕੀਤਾ। ਗੁੱਸੇ ਨਾਲ ਪਾਗ਼ਲ ਉਹ ਆਉਣ ਵਾਲੇ ਭੈੜੇ ਸਮੇਂ ਦਾ ਇੰਤਜ਼ਾਰ ਕਰਨ ਲੱਗਾ।

 

 

6

ਡਿਪਟੀ ਮਨਬੀਰ ਦੀ ਡਟ ਕੇ ਹਮਾਇਤ ਕਰ ਰਿਹਾ ਸੀ। ਛੇ ਥਾਣਿਆਂ ਵਿੱਚ ਉਹ ਇਕੱਲਾ ਹੀ ਥਾਣੇਦਾਰ ਸੀ, ਜਿਹੜਾ ਸਵੇਰੇ ਸ਼ਾਮ ਕੋਠੀ ਆ ਕੇ ਡਿਪਟੀ ਨੂੰ ਸਲੂਟ ਮਾਰਦਾ ਸੀ ਅਤੇ ਹੁਕਮ ਹਕਾਮ ਪੁੱਛਦਾ ਸੀ। ਅੱਗੇ-ਪਿੱਛੇ ਵੀ ਡਿਪਟੀ ਦੇ ਖ਼ਿਲਾਫ਼ ਨਹੀਂ ਸੀ ਬੋਲਦਾ, ਨਹੀਂ ਤਾਂ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤਕ ਡਿਪਟੀ ਦੇ ਸਾਹਮਣੇ ਤਾਂ ਥਰ-ਥਰ ਕੰਬਦੇ ਸਨ ਪਰ ਪਿੱਠ ਪਿੱਛੇ ਧੀ-ਭੈਣ ਇੱਕ ਕਰ ਦਿੰਦੇ। ਮਨਬੀਰ ਡਿਪਟੀ ਤੋਂ ਕੁੱਝ ਵੀ ਲੁਕੋ ਕੇ ਨਹੀਂ ਸੀ ਰੱਖਦਾ। ਸਾਰੀ ਕਹਾਣੀ ਡਿਪਟੀ ਨੂੰ ਸੁਣਾ ਜਾਂਦਾ। ਕਿਥੋਂ ਕਿੰਨੀ ਫ਼ੀਸ ਲਈ ਹੈ, ਸਭ ਸਾਫ਼-ਸਾਫ਼ ਦੱਸ ਦਿੰਦਾ।

ਡਿਪਟੀ ਇਸ ਲਈ ਵੀ ਮਨਬੀਰ ਦੀ ਮਦਦ ਕਰ ਰਿਹਾ ਸੀ, ਕਿਉਂਕਿ ਉਹ ਇੱਕ ਦਲੇਰ ਥਾਣੇਦਾਰ ਸੀ। ਉਹ ਥਾਣੇਦਾਰ ਹੀ ਕਾਹਦਾ ਜਿਸ ਦੇ ਖ਼ਿਲਾਫ਼ ਰੌਲੇ-ਰੱਪੇ ਨਾ ਪੈਣ, ਜਲਸੇ ਅਤੇ ਹੜਤਾਲਾਂ ਨਾ ਹੋਣ। ਕੰਮ ਕਰਨ ਵਾਲੇ ਅਫ਼ਸਰ ਦੀ ਇਹੋ ਪਛਾਣ ਹੈ। ਜਿਸ ਪੁਲਿਸ ਅਫ਼ਸਰ ਨੇ ਚੂਹੇ ਵਾਂਗ ਖੁੱਡ ਵਿੱਚ ਹੀ ਵੜੇ ਰਹਿਣਾ ਹੈ, ਉਸ ਦੇ ਖ਼ਿਲਾਫ਼ ਕਿਸੇ ਨੇ ਕੀ ਗਿਲਾ ਕਰਨਾ ਹੈ। ਉਸ ਨੂੰ ਡਿਪਟੀ ਬਣਿਆਂ ਭਾਵੇਂ ਦਸ ਸਾਲ ਹੋ ਗਏ ਪਰ ਥਾਣੇਦਾਰੀ ਵੇਲੇ ਦੀਆਂ ਪੜਤਾਲਾਂ ਹਾਲੇ ਤਕ ਚੱਲ ਰਹੀਆਂ ਹਨ।

ਜੇ ਲਾਲਾ ਜੀ ਨੂੰ ਹਰ ਤੀਜੇ ਦਿਨ ਧਮਕੀ-ਪੱਤਰ ਆ ਰਿਹਾ ਹੈ ਤਾਂ ਇਸ ਵਿੱਚ ਮਨਬੀਰ ਜਾਂ ਪੁਲਿਸ ਕੀ ਕਰੇ? ਹਾਲਾਤ ਹੀ ਅਜਿਹੇ ਚੱਲ ਰਹੇ ਹਨ, ਹਰ ਕੋਈ ਡਰਿਆ ਹੋਇਆ ਹੈ। ਮੁਜਰਮ ਚਾਹੇ ਕਿਸੇ ਦੀ ਕੁੱਛੜ ਵਿੱਚ ਹੀ ਬੈਠਾ ਹੋਵੇ, ਮਜਾਲ ਹੈ ਡਰਦਾ ਇਸ਼ਾਰਾ ਵੀ ਕਰ ਸਕੇ। ਸ਼ਹਿਰ ਵਾਲਿਆਂ ਦੀ ਮੰਗ ਗ਼ਲਤ ਸੀ। ਤਫ਼ਤੀਸ਼ ਵਿੱਚ ਮਦਦ ਕਰਨ ਦੀ ਥਾਂ ਉਹ ਪੁਲਿਸ ਨੂੰ ਜਲਸੇ-ਜਲੂਸਾਂ ਵਿੱਚ ਉਲਝਾਈ ਬੈਠੇ ਸਨ

ਪੁਲਿਸ ਦਾ ਮਨੋਬਲ ਅੱਗੇ ਹੀ ਗਿਰਿਆ ਹੋਇਆ ਹੈ। ਮਨਬੀਰ ਵਰਗੇ ਪੁਲਿਸ ਅਫ਼ਸਰ ਦੇ ਖ਼ਿਲਾਫ਼ ਰਿਪੋਰਟ ਕਰਕੇ ਉਹ ਪੁਲਿਸ ਦੇ ਹੌਸਲੇ ਨੂੰ ਹੋਰ ਪਸਤ ਨਹੀਂ ਸੀ ਕਰਨਾ ਚਾਹੁੰਦਾ।

ਪਰ ਜਦੋਂ ਵੱਡੀਆਂ-ਵੱਡੀਆਂ ਸੁਰਖ਼ੀਆਂ ਵਿੱਚ ਅਖ਼ਬਾਰਾਂ ’ਤੇ ਪਹਿਲੇ ਪੰਨਿਆਂ ’ਤੇ ਮਨਬੀਰ ਦੇ ਕਾਰਨਾਮੇ ਛਪਣ ਲੱਗੇ ਤਾਂ ਡਿਪਟੀ ਦਾ ਮਨ ਖੱਟਾ ਹੋ ਗਿਆ। ਵਾਲ ਕੱਟੀ ਸਕੈਂਡਲ। ਚੋਰ ਸਕੈਂਡਲ ਅਤੇ ਦੀਵਾਲੀ ਸਕੈਂਡਲ। ਡਿਪਟੀ ਨੂੰ ਯਕੀਨ ਨਹੀਂ ਸੀ ਆ ਰਿਹਾ। ਜੇ ਮਨਬੀਰ ਨੇ ਸੱਚਮੁੱਚ ਇੰਨੇ ਪੈਸੇ ਕਮਾਏ ਹੁੰਦੇ ਤਾਂ ਕਦੇ ਨਾ ਕਦੇ ਕਿਸੇ ਨੇ ਡਿਪਟੀ ਕੋਲ ਜ਼ਰੂਰ ਗੱਲ ਕਰ ਦੇਣੀ ਸੀ। ਉਸ ਨੂੰ ਲੱਗ ਰਿਹਾ ਸੀ ਪੱਤਰਕਾਰ ਮਨਬੀਰ ਨੂੰ ਬਦਲਾਉਣ ਲਈ ਹੀ ਮਨਘੜਤ ਕਹਾਣੀਆਂ ਘੜ ਰਹੇ ਸਨ।

ਡਿਪਟੀ ਨੂੰ ਆਪਣੇ ਮੁਖ਼ਬਰਾਂ ’ਤੇ ਮਾਣ ਸੀ। ਉਹ ਇੰਨੇ ਮਾੜੇ ਨਹੀਂ ਕਿ ਸਾਲ ਭਰ ਤਕ ਸੇਠਾਂ ਦੀਆਂ ਕਾਲੀਆਂ ਕਰਤੂਤਾਂ ਦੀ ਸੂਹ ਨਾ ਕੱਢ ਸਕਣ। ਮੁਖ਼ਬਰ ਪੈਦਾ ਕਰਨ ਦੀ ਆਪਣੀ ਯੋਗਤਾ ਦੇ ਸਿਰ ’ਤੇ ਹੀ ਤਾਂ ਉਹ ਪੰਜਾਬ ਦੇ ਮੰਨੇ-ਪ੍ਰਮੰਨੇ ਡਿਪਟੀਆਂ ਵਿਚੋਂ ਗਿਣਿਆ ਜਾਂਦਾ ਸੀ।

ਸੀ.ਆਈ.ਡੀ.’ਤੇ ਉਸ ਨੇ ਪਹਿਲੇ ਦਿਨੋਂ ਵਿਸ਼ਵਾਸ ਨਹੀਂ ਕੀਤਾ। ਵਧੀਆ ਇਤਲਾਹ ਤਾਂ ਪੈਸੇ ਲੈ ਕੇ ਆਪ ਹੀ ਖੁਰਦ-ਬੁਰਦ ਕਰ ਦਿੰਦੇ ਹਨ। ਸੁਣੀਆਂ-ਸੁਣਾਈਆਂ ਗੱਲਾਂ ਦੀ ਰਿਪੋਰਟ ਬਣਾ ਕੇ ਉਪਰ ਧੱਕ ਦਿੰਦੇ ਹਨ।

ਨਵੀਂ ਥਾਂ ’ਤੇ ਜਾ ਕੇ ਆਪਣੇ ਭਰੋਸੇਯੋਗ ਮੁਖ਼ਬਰਾਂ ਦੀ ਢਾਣੀ ਖੜੀ ਕਰਨੀ ਉਸ ਦਾ ਪਹਿਲਾ ਕੰਮ ਹੁੰਦਾ ਹੈ।

ਮੁਖ਼ਬਰ ਪੈਦਾ ਕਰਨ ਦੇ ਉਸ ਦੇ ਆਪਣੇ ਤਰੀਕੇ ਸਨ। ਤਜਰਬਾ ਦੱਸਦਾ ਸੀ ਕਿ ਅੱਧੇ ਲੋਕ ਤਾਂ ਪੁਲਿਸ ਦੀਆਂ ਵਗਾਰਾਂ ਤੋਂ ਡਰਦੇ ਹੀ ਥਾਣੇ ਵੱਲ ਮੂੰਹ ਨਹੀਂ ਕਰਦੇ। ਮੁਖ਼ਬਰ ਭਾਵੇਂ ਜਾਨ ਤਲੀ ’ਤੇ ਧਰ ਕੇ ਇਤਲਾਹ ਦੇਣ ਆਇਆ ਹੋਵੇ, ਥਾਣੇਦਾਰ ਗੱਲ ਸੁਣਨ ਤੋਂ ਪਹਿਲਾਂ ਹੀ ਲੱਸੀਆਂ, ਚਾਹਾਂ ਅਤੇ ਬਰਫ਼ੀਆਂ ਲਿਆਉਣ ਦਾ ਹੁਕਮ ਸੁਣਾ ਦਿੰਦੇ ਹਨ। ਕਈ ਦੂਜੀ ਪਾਰਟੀ ਤੋਂ ਪੈਸੇ ਲੈ ਕੇ ਮੁਖ਼ਬਰ ਦਾ ਨਾਂ ਦੱਸ ਦਿੰਦੇ ਹਨ। ਦੁਸ਼ਮਣੀ ਪਵਾ ਦਿੰਦੇ ਹਨ। ਫੇਰ ਕਿਸੇ ਦਾ ਸਿਰ ਭੰਵਿਆ ਹੈ ਅਗਲਾ ਥਾਣੇ ਆ ਕੇ ਲੋਕਾਂ ਨਾਲ ਵੈਰ ਪਾਵੇ, ਨਾਲੇ ਧੌੜੀ ਲੁਹਾਵੇ।

ਡਿਪਟੀ ਦਾ ਰਵੱਈਆ ਇਸ ਤੋਂ ਬਿਲਕੁਲ ਉਲਟ ਹੈ। ਫ਼ਰਿਆਦੀਆਂ ਲਈ ਕੁਰਸੀਆਂ ਅਤੇ ਬੈਂਚ ਹਾਜ਼ਰ ਹਨ। ਆਏ ਨੂੰ ਪਹਿਲਾਂ ਪਾਣੀ-ਧਾਣੀ ਮਿਲਦਾ ਹੈ, ਬਿੰਦ-ਝੱਟ ਉਡੀਕਣਾ ਪਏ ਤਾਂ ਚਾਹ ਅਤੇ ਬਿਸਕੁਟ ਵੀ ਮਿਲ ਸਕਦੇ ਹਨ। ਰੋਟੀ-ਟੁੱਕ ਦਾ ਟਾਇਮ ਹੋਵੇ ਤਾਂ ਲੰਗਰ ਵੀ ਤਿਆਰ ਮਿਲਦਾ ਹੈ। ਕਿਸੇ ਮੁਲਾਜ਼ਮ ਦੀ ਕੀ ਮਜਾਲ ਚਾਹ ਦਾ ਕੱਪ ਵੀ ਮੰਗਵਾ ਲਵੇ। ਹੋਰ ਡਿਪਟੀ ਉਸ ਨੂੰ ਮਖ਼ੌਲ ਕਰਦੇ ਹਨ। ਉਸ ਦੇ ਚਲਾਏ ਲੰਗਰ ’ਤੇ ਹੱਸਦੇ ਹਨ। ਉਹ ਉਹਨਾਂ ਮੂਰਖ ਡਿਪਟੀਆਂ ’ਤੇ ਹੱਸਦਾ ਹੈ। ਉਹਨਾਂ ਭਲੇਮਾਣਸਾਂ ਨੂੰ ਲੋਕਾਂ ਦੇ ਮਨੋਵਿਗਿਆਨ ਦੀ ਸੂਝ ਹੋਵੇ ਤਾਂ ਹੀ ਲੰਗਰ ਦੀ ਮਹਾਨਤਾ ਨੂੰ ਸਮਝਣ। ਇਹ ਖ਼ਰਚ ਕਿਹੜਾ ਤਨਖ਼ਾਹ ਵਿਚੋਂ ਹੁੰਦਾ ਹੈ। ਇੱਕ ਵਾਰ ਕੋਈ ਚਾਹ ਦੀ ਪਿਆਲੀ ਮੁਫ਼ਤ ਵਿੱਚ ਪੀ ਜਾਵੇ, ਅਗਲੀ ਵਾਰ ਆਉਂਦਾ ਹੋਇਆ ਢੋਲੀ ਦੁੱਧ ਦੀ ਚੱਕੀ ਲਿਆਉਂਦਾ ਹੈ। ਕੋਈ ਪ੍ਰਸ਼ਾਦਾ ਛਕ ਗਿਆ ਤਾਂ ਬੋਰੀ ਕਣਕ ਦੀ ਭੇਜ ਦਿੰਦੈ। ਬਚੇ ਰਾਸ਼ਨ ਨੂੰ ਵਰਤਣ ਲਈ ਸਗੋਂ ਡਿਪਟੀ ਨੂੰ ਕਈ ਵਾਰ ਅਖੰਡ ਪਾਠ ਰਖਾਉਣਾ ਪੈਂਦਾ ਹੈ। ਘਰ-ਘਰ ਸੱਦਾ ਘੱਲਿਆ ਜਾਂਦਾ ਹੈ। ਡਿਪਟੀ ਦਾ ਕਾਰਡ ਮਿਲਣ ’ਤੇ ਅਗਲਾ ਫੁੱਲ ਕੇ ਕੁੱਪਾ ਹੋ ਜਾਂਦਾ ਹੈ। ਅਗਲੀ ਵਾਰੀ ਹੱਗਿਆ-ਮੂਤਿਆ ਸਭ ਦੱਸ ਜਾਂਦੈ। ਕਿਹੜੇ ਸਮੱਗਲਰ ਨੇ ਕਿਸ ਦਿਨ ਕਿਥੋਂ ਡੋਡਿਆਂ ਦਾ ਟਰੱਕ ਲਿਆਉਣਾ ਹੈ, ਕਿਸ ਦੇ ਮੁੰਡੇ ਦਾ ਕਦੋਂ ਵਿਆਹ ਹੈ ਅਤੇ ਕਿਸ ਦਿਨ ਸ਼ਰਾਬ ਲਈ ਭੱਠੀ ਚੜ੍ਹਨੀ ਹੈ। ਕਿਸ ਹੌਲਦਾਰ ਨੇ ਕਿਸ ਬੈਤਲ ਦੇ ਘਰ ਰਾਤ ਕੱਟੀ। ਕਿਸ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ। ਕਿਹੜੀ ਪਾਰਟੀ ਲੜਾਈ ਦੀ ਤਿਆਰੀ ਕਰ ਰਹੀ ਹੈ।

ਆਪਣੇ ਮੁਖ਼ਬਰਾਂ ਦੇ ਜਾਲ ਦੇ ਸਹਾਰੇ ਉਹ ਅਫ਼ਸਰਾਂ ਵਿੱਚ ਤਾਂ ਮਕਬੂਲ ਸੀ ਹੀ, ਮਾਤਹਿਤਾਂ ’ਤੇ ਵੀ ਰੋਹਬ ਰੱਖਦਾ ਸੀ। ਕਿਸੇ ਨੇ ਥੋੜ੍ਹੀ ਜਿਹੀ ਵੀ ਹੁਕਮ-ਅਦੂਲੀ ਕੀਤੀ, ਉਸ ਨੇ ਝੱਟ ਮੀਟਿੰਗ ਵਿੱਚ ਬੇਇੱਜ਼ਤੀ ਕਰ ਦੇਣੀ। ਜਦੋਂ ਸਾਰਾ ਖਾਧਾ-ਪੀਤਾ ਗਿਣਵਾ ਦੇਣਾ ਤਾਂ ਅਗਲੇ ਨੇ ਆਪੇ ਪੈਰੀਂ ਪੈ ਕੇ ਖਹਿੜਾ ਛੁਡਾਉਣਾ। ਕੋਈ ਫੇਰ ਵੀ ਆਕੜਦਾ ਤਾਂ ਸ਼ਿਕਾਇਤ ਕਰਾ ਕੇ ਅਫ਼ਸਰਾਂ ਤੋਂ ਛੁੱਟੀ ਕਰਵਾ ਦਿੰਦਾ। ਅਫ਼ਸਰਾਂ ਨਾਲ ਬਣਾ ਕੇ ਰੱਖਣ ਦਾ ਇਹੋ ਫ਼ਾਇਦਾ ਹੈ।

ਉਸ ਨੂੰ ਦੁੱਖ ਹੋ ਰਿਹਾ ਸੀ ਮਨਬੀਰ ਦੇ ਕਾਰਨਾਮੇ ਉਸ ਦੇ ਮੁਖ਼ਬਰਾਂ ਤੋਂ ਕਿਵੇਂ ਛਿਪੇ ਰਹੇ?

ਖ਼ਬਰਾਂ ਨੇ ਡਾਇਰੈਕਟਰ ਜਨਰਲ ਨੂੰ ਵੀ ਚੱਕਰ ਵਿੱਚ ਪਾਇਆ ਹੋਇਆ ਸੀ। ਆਏ ਦਿਨ ਉਹ ਭ੍ਰਿਸ਼ਟ ਕਰਮਚਾਰੀਆਂ ਨੂੰ ਨੌਕਰੀਉਂ ਕੱਢਣ ਦੇ ਬਿਆਨ ਦਾਗ਼ ਰਿਹਾ ਸੀ। ਹਰ ਪ੍ਰੈਸ ਕਾਨਫ਼ਰੰਸ ਵਿੱਚ ਪੱਤਰਕਾਰ ਉਸ ਤੋਂ ਮਨਬੀਰ ਬਾਰੇ ਸਵਾਲ ਪੁੱਛਦੇ ਸਨ। ਦੇਣ ਲਈ ਉਸ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ। ਡੀ.ਜੀ.ਇਸ ਗੱਲੋਂ ਡਰਦਾ ਸੀ ਕਿ ਇਹ ਮੁੱਖ-ਮੰਤਰੀ ਦਾ ਹਲਕਾ ਸੀ। ਮੁੱਖ-ਮੰਤਰੀ ਪਤਾ ਨਹੀਂ ਕਿਉਂ ਖ਼ਾਮੋਸ਼ ਸੀ। ਕਈ ਦਿਨਾਂ ਤੋਂ ਸ਼ਹਿਰ ਵਿੱਚ ਹੜਤਾਲ ਚੱਲ ਰਹੀ ਸੀ। ਕੁੱਝ ਨੇਤਾ ਗ੍ਰਿਫ਼ਤਾਰ ਵੀ ਹੋ ਚੁੱਕੇ ਸਨ। ਇੱਕ-ਦੋ ਵਾਰ ਲਾਠੀਚਾਰਜ ਵੀ ਹੋ ਚੁੱਕਾ ਸੀ। ਥਾਣੇਦਾਰ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਸ਼ੁਰੂ ਨਹੀਂ ਸੀ ਹੋ ਰਹੀ। ਬਦਲੀ ਦੀ ਛੋਟੀ ਜਿਹੀ ਮੰਗ ਨੂੰ ਵੀ ਮਹਿਕਮਾ ਨਹੀਂ ਸੀ ਮੰਨ ਰਿਹਾ। ਜੇ ਮਨਬੀਰ ਸੱਚਾ-ਸੁੱਚਾ ਹੈ ਤਾਂ ਮਹਿਕਮੇ ਨੂੰ ਪੜਤਾਲ ਕਰਾ ਲੈਣੀ ਚਾਹੀਦੀ ਹੈ। ਡੀ.ਜੀ.ਡਿਪਟੀ ਤੋਂ ਰਿਪੋਰਟ ਮੰਗ ਰਿਹਾ ਸੀ। ਉਸ ਰਿਪੋਰਟ ਦੇ ਆਧਾਰ ’ਤੇ ਉਹ ਮਨਬੀਰ ਦੇ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦਾ ਸੀ।

ਪੱਤਰਕਾਰਾਂ ਦੀਆਂ ਰਿਪੋਰਟਾਂ ’ਤੇ ਤਾਂ ਡਿਪਟੀ ਨੂੰ ਯਕੀਨ ਨਹੀਂ ਸੀ ਆ ਰਿਹਾ, ਪਰ ਜਦੋਂ ਮਨਬੀਰ ਖ਼ੁਦ ਹੀ ਗ਼ਲਤੀ ਮੰਨ ਗਿਆ ਅਤੇ ਮਦਦ ਲਈ ਡਿਪਟੀ ਦੇ ਹਾੜੇ ਕੱਢਣ ਲੱਗਾ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੀ।

ਮਨ ਤਾਂ ਕਰਦਾ ਸੀ ਮਨਬੀਰ ਨੂੰ ਅਜਿਹਾ ਸਬਕ ਸਿਖਾਵੇ ਕਿ ਉਹ ਅਫ਼ਸਰਾਂ ਨਾਲ ਹੇਰਾ-ਫੇਰੀ ਕਰਨ ਦੀ ਜੁਰਅਤ ਨਾ ਕਰੇ ਪਰ ਮਨਬੀਰ ਦੇ ਮੁੱਖ ਮੰਤਰੀ ਨਾਲ ਸੰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਆਪਣੀ ਕਲਮ ਦਾ ਵਾਰ ਮੱਠਾ ਹੀ ਰੱਖਿਆ। ਕੋਈ ਪਤਾ ਨਹੀਂ ਮਨਬੀਰ ਮੰਤਰੀ ਤੋਂ ਫ਼ੋਨ ਕਰਾ ਕੇ ਮਸਲਾ ਠੱਪ ਹੀ ਕਰਵਾ ਦੇਵੇ। ਉਹੋ ਕੁੱਝ ਲਿਖਿਆ ਜਾਵੇ ਜਿਹੜਾ ਸਭ ਨੂੰ ਪਰਵਾਨ ਹੋਵੇ।

ਡਿਪਟੀ ਨੇ ਮਨਬੀਰ ਦੀ ਬਦਲੀ ਦੀ ਸਿਫ਼ਾਰਸ਼ ਹੀ ਕੀਤੀ। ਉਹ ਵੀ ਦੂਸਰੇ ਕਿਸੇ ਥਾਣੇ ਵਿੱਚ। ਉਸ ਦੀ ਦਲੇਰੀ ’ਤੇ ਤਾਂ ਕਿਸੇ ਨੂੰ ਸ਼ੱਕ ਨਹੀਂ। ਇਹੋ ਜਿਹੀ ਗੁੰਝਲਦਾਰ ਤਫ਼ਤੀਸ਼ ਲਈ ਡਿਪਟੀ ਨੂੰ ਉਸ ਵਰਗੇ ਥਾਣੇਦਾਰਾਂ ਦੀ ਹੀ ਲੋੜ ਸੀ।

ਡਿਪਟੀ ਦੀ ਅੱਧੀ ਸਿਫ਼ਾਰਸ਼ ਮੰਨੀ ਗਈ। ਮਨਬੀਰ ਦੀ ਬਦਲੀ ਤਾਂ ਹੋਈ ਪਰ ਪੁਲਿਸ ਲਾਈਨ ਦੀ। ਹੋਰ ਕਾਰਵਾਈ ਤੋਂ ਉਹ ਬਚ ਗਿਆ।

ਮਨਬੀਰ ਦੇ ਸਕੈਂਡਲਾਂ ਨੇ ਡਿਪਟੀ ਨੌਨਿਹਾਲ ਸਿੰਘ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ। ਉਸ ਨੂੰ ਇਹ ਗੱਲ ਹਜ਼ਮ ਕਰਨੀ ਔਖੀ ਸੀ ਕਿ ਮਨਬੀਰ ਉਸ ਨਾਲੋਂ ਵੀ ਦੋ ਕਦਮ ਅੱਗੇ ਲੰਘ ਗਿਆ ਸੀ। ਪੰਝੀ ਸਾਲਾਂ ਦੀ ਨੌਕਰੀ ਵਿੱਚ ਇਹ ਪਹਿਲੀ ਵਾਰ ਸੀ ਕਿ ਉਸ ਦੇ ਹਲਕੇ ਵਿੱਚ ਹੋਏ ਜੁਰਮਾਂ ਬਾਰੇ ਉਸ ਨੂੰ ਪਤਾ ਨਹੀਂ ਸੀ ਲੱਗਾ। ਨਹੀਂ ਤਾਂ ਹਲਕੇ ਵਿੱਚ ਪੱਤਾ ਪਿੱਛੋਂ ਹਿੱਲਦਾ ਸੀ, ਉਸ ਦੀ ਇਤਲਾਹ ਡਿਪਟੀ ਨੂੰ ਪਹਿਲਾਂ ਮਿਲ ਜਾਂਦੀ ਸੀ।

ਉਹਦੇ ਮੁਖ਼ਬਰਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ? ਉਹ ਬੰਟੀ ਦੇ ਕੇਸ ਵਿੱਚ ਵੀ ਚੁੱਪ ਧਾਰੀ ਬੈਠੇ ਸਨ। ਹਫ਼ਤੇ ਤੋਂ ਹੀ ਡਿਪਟੀ ਅੰਦਰਖਾਤੇ ਇਸ ਕੋਸ਼ਿਸ਼ ਵਿੱਚ ਸੀ ਕਿ ਕਿਵੇਂ ਨਾ ਕਿਵੇਂ ਬੰਟੀ ਦਾ ਪਤਾ ਲੱਗ ਜਾਏ। ੳਹ ਆਪਣੀਆਂ ਵੱਡੀਆਂ-ਵੱਡੀਆਂ ਸਾਜ਼ਿਸ਼ਾਂ ਨੰਗੀਆਂ ਕਰਨ ਦੀ ਪਈ ਪੈਂਠ ਨੂੰ ਕਾਇਮ ਰੱਖਣਾ ਚਾਹੁੰਦਾ ਸੀ। ਪਰ ਇਸ ਉਲਝੀ ਤਾਣੀ ਦੀ ਇੱਕ ਵੀ ਤੰਦ ਉਸ ਦੇ ਹੱਥ ਨਹੀਂ ਸੀ ਆ ਰਹੀ।

ਹਫ਼ਤਾ ਬੀਤ ਜਾਣ ’ਤੇ ਵੀ ਤਫ਼ਤੀਸ਼ ਦਾ ਮੂੰਹ-ਮੱਥਾ ਨਹੀਂ ਸੀ ਬਣ ਸਕਿਆ। ਅਖ਼ਬਾਰਾਂ ਵਿੱਚ ਛਪਦੀਆਂ ਖ਼ਬਰਾਂ ਨੇ ਇਸ ਨੂੰ ਹੋਰ ਹੀ ਗੰਭੀਰ ਬਣਾ ਦਿੱਤਾ। ਮੁੱਖ ਮੰਤਰੀ ਕਿਸੇ ਵੀ ਸਮੇਂ ਰਿਪੋਰਟ ਮੰਗ ਸਕਦਾ ਸੀ। ਇਸ ਲਈ ਡਿਪਟੀ ਨੂੰ ਹੁਕਮ ਹੋਇਆ ਸੀ ਤਫ਼ਤੀਸ਼ ਉਹ ਆਪ ਕਰੇ। ਸਮੇਂ ਸਿਰ ਡੀ.ਜੀ.ਨੂੰ ਇਸ ਕੇਸ ਦੀ ਇਤਲਾਹ ਦਿੰਦਾ ਰਹੇ। ਡੀ.ਜੀ.ਨਹੀਂ ਸੀ ਚਾਹੁੰਦਾ ਕਿ ਉਹ ਲੋੜ ਪੈਣ ’ਤੇ ਮੁੱਖ ਮੰਤਰੀ ਅੱਗੇ ਘੁੱਗੂਆਂ ਵਾਂਗ ਖੜੋ ਜਾਵੇ। ਤਫ਼ਤੀਸ਼ ਦੇ ਸਾਰੇ ਤੱਥ ਉਹ ‘ਟਿਪਸ’ ’ਤੇ ਰੱਖਣਾ ਚਾਹੁੰਦਾ ਸੀ।

ਤਫ਼ਤੀਸ਼ ਹੱਥ ਵਿੱਚ ਲੈ ਕੇ ਡਿਪਟੀ ਨਿਰਾਸ਼ ਵੀ ਸੀ ਅਤੇ ਖ਼ੁਸ਼ ਵੀ। ਨਿਰਾਸ਼ ਇਸ ਲਈ ਕਿ ਬੰਟੀ ਦੇ ਲੱਭਣ ਦੇ ਆਸਾਰ ਨਜ਼ਰ ਨਹੀਂ ਸੀ ਆ ਰਹੇ। ਖ਼ੁਸ਼ ਇਸ ਲਈ ਕਿ ‘ਬਲਾਈਂਡ’ ਕੇਸ ਵਿੱਚ ਮਨਮਰਜ਼ੀ ਕਰਨ ਦੀ ਖੁੱਲ੍ਹ ਸੀ। ਜੋ ਮਰਜ਼ੀ ਕਰੇ, ਅਜਿਹੇ ਨਾਜ਼ਕ ਮਸਲੇ ਵਿੱਚ ਤਾਂ ਜੇ ਮੁੱਖ ਮੰਤਰੀ ਦੇ ਕਿਸੇ ਖ਼ਾਸ ਬੰਦੇ ਦੀ ਵੀ ਝਾੜ-ਝੰਬ ਹੋ ਜਾਵੇ ਤਾਂ ਕੋਈ ਬੁਰਾ ਨਹੀਂ ਮਨਾਉਂਦਾ।

ਤਫ਼ਤੀਸ਼ ਹੱਥ ਵਿੱਚ ਲੈਂਦਿਆਂ ਹੀ ਡਿਪਟੀ ਨੇ ਪਹਿਲਾਂ ਉਹਨਾਂ ਬੰਦਿਆਂ ਦੀ ਲਿਸਟ ਬਣਾਈ, ਜਿਹੜੇ ਉਸ ਨੂੰ ਟਿੱਚ ਸਮਝਦੇ ਸਨ ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲੀ ਰਾਤ ਹੀ ਚੁੱਕਣਾ ਸੀ।

ਸਭ ਤੋਂ ਜ਼ਿਆਦਾ ਗੁੱਸਾ ਉਸ ਨੂੰ ਖੁੱਡੀ ਵਾਲੇ ਨੰਬਰਦਾਰ ’ਤੇ ਸੀ। ਉਹ ਆਪਣੇ ਆਪ ਨੂੰ ਹਾਜੀ ਮਸਤਾਨ ਹੀ ਸਮਝਦਾ ਸੀ। ਨਾ ਉਸ ਨੇ ਡੋਡੇ ਵੇਚਣੇ ਛੱਡੇ, ਨਾ ਡਿਪਟੀ ਨਾਲ ਸੰਧੀ ਕੀਤੀ। ਜਿਥੇ-ਜਿਥੇ ਵੀ ਡਿਪਟੀ ਰਿਹਾ, ਡੋਡਿਆਂ ਦਾ ਧੰਦਾ ਉਹ ਆਪਣੀ ਮਰਜ਼ੀ ਨਾਲ ਚਲਾਉਂਦਾ ਰਿਹਾ। ਛੋਟੇ ਸਮੱਗਲਰਾਂ ਨੂੰ ਭਜਾ ਦਿੰਦਾ, ਵੱਡਿਆਂ ਨਾਲ ਹੱਥ ਮਿਲਾਉਂਦਾ। ਬਾਹਰੋਂ ਮਾਲ ਲਿਆਉਣਾ ਸਮੱਗਲਰਾਂ ਦਾ ਕੰਮ ਸੀ। ਵੇਚਣਾ ਡਿਪਟੀ ਦਾ। ਸਭ ਦੀ ਆਮਦਨ ਵਿੱਚ ਵਾਧਾ ਹੁੰਦਾ। ਇੱਕ ਤਾਂ ਮਾਲ ਲੈਣ ਲਈ ਗੱਡੀ ਨੂੰ ਬਹੁਤੀ ਵਗਾਰ ਨਹੀਂ ਸੀ ਦੇਣੀ ਪੈਂਦੀ। ਉਸ ਨਾਲ ਦੋ ਸਿਪਾਹੀ ਭੇਜ ਦਿੰਦਾ ਸੀ। ਗੱਡੀ ਆਰਾਮ ਨਾਲ ਨਾਕੇ ਲੰਘਦੀ ਆਉਂਦੀ। ਦੂਜਾ ਇਲਾਕੇ ਵਿੱਚ ਮਨਮਰਜ਼ੀ ਦਾ ਰੇਟ ਲੈਂਦੇ। ਕਿਸੇ ਹੋਰ ਦੀ ਮਜਾਲ ਨਹੀਂ ਸੀ ਕਿ ਇੱਕ ਤੋਲਾ ਵੀ ਮਾਲ ਵੇਚ ਜਾਵੇ। ਕਿਸੇ ਅਮਲੀ ਦੀ ਵੀ ਮਜਾਲ ਨਹੀਂ ਕਿ ਮਾਲ ਕਿਧਰੋਂ ਹੋਰ ਖ਼ਰੀਦ ਲਿਆਵੇ। ਜਿਸ ਨੇ ਵੀ ਗੁਸਤਾਖ਼ੀ ਕੀਤੀ, ਉਸੇ ’ਤੇ ਡਿਪਟੀ ਮੁਕੱਦਮਾ ਮੜ੍ਹ ਦਿੰਦਾ। ਨਾਲੇ ਪੁਲਿਸ ਨੂੰ ਵੀ ਮਹੀਨਾ ਦੇਣ ਦੀ ਜ਼ਰੂਰਤ ਨਹੀਂ। ਛੋਟੇ ਮੁਲਾਜ਼ਮ ਹੀ ਮਾਣ ਨਹੀਂ ਹੁੰਦੇ।

ਨੰਬਰਦਾਰ ਲੀਹ ’ਤੇ ਨਹੀਂ ਸੀ ਆਇਆ। ਇੱਕ-ਦੋ ਵਾਰ ਉਸ ਦੇ ਬੰਦੇ ਫੜੇ ਤਾਂ ਅਫ਼ਸਰਾਂ ਤੋਂ ਝਾੜਾਂ ਪਵਾ ਦਿੱਤੀਆਂ। ਉਸ ਬੇਇੱਜ਼ਤੀ ਦਾ ਬਦਲਾ ਲੈਣ ਦਾ ਇਹ ਵਧੀਆ ਮੌਕਾ ਸੀ।

ਪੈਸਿਆਂ ਦੀ ਕਮੀ ਕਰ ਕੇ ਡਿਪਟੀ ਦਾ ਜ਼ਮੀਨ ਦਾ ਸੌਦਾ ਵਿਚੇ ਪਿਆ ਸੀ। ਪਿੰਡ ਦੀ ਨਿਆਈਂ ਵਾਲੀ ਜ਼ਮੀਨ ਦੇ ਨਾਲ ਲੱਗਦੀ ਝੋਟੇ ਦੇ ਸਿਰ ਵਰਗੀ ਪੰਝੀ ਕਿੱਲੇ ਜ਼ਮੀਨ ਹੱਥੋਂ ਖੁੱਸਦੀ ਨਜ਼ਰ ਆ ਰਹੀ ਸੀ। ਵੈਸੇ ਤਾਂ ਉੇਸ ਕੋਲ ਜ਼ਮੀਨ ਬਥੇਰੀ ਸੀ, ‘ਸਰਪਲਸ’ ਹੋਣ ਦੇ ਡਰੋਂ ਧੀਆਂ-ਪੁੱਤਾਂ ਦੇ ਨਾਂ ਤਾਂ ਕਰਾਉਣੀ ਹੀ ਸੀ। ਪਤਨੀ ਨੂੰ ਵੀ ਤਲਾਕ ਦੇ ਰੱਖਿਆ ਸੀ, ਫੇਰ ਵੀ ਨਾਲ ਦੀ ਜ਼ਮੀਨ ਦਾ ਮੋਹ ਉਸ ਤੋਂ ਛੱਡਿਆ ਨਹੀਂ ਸੀ ਜਾ ਰਿਹਾ। ਪੈਸੇ ਬੈਂਕ ਵਿੱਚ ਬਥੇਰੇ ਸਨ, ਡਿਪਟੀ ਹੋ ਕੇ ਬੈਂਕ ਵਿਚੋਂ ਪੈਸੇ ਕਢਾ ਕੇ ਜ਼ਮੀਨ ਖ਼ਰੀਦੀ ਤਾਂ ਕੀ ਖ਼ਰੀਦੀ। ਉਹ ਬਾਹਰੋ-ਬਾਹਰੋਂ ਹੀ ਸਾਰਨਾ ਚਾਹੁੰਦਾ ਸੀ। ਇੱਕ ਫੂਡ ਸਪਲਾਈ ਅਫ਼ਸਰ ਵੀ ਉਸ ਜ਼ਮੀਨ ’ਤੇ ਨਜ਼ਰ ਟਿਕਾਈ ਬੈਠਾ ਸੀ। ਦਸ ਹਜ਼ਾਰ ਕਿੱਲੇ ਪਿੱਛੇ ਤਾਂ ਹੁਣੇ ਭਾਅ ਵਧਿਆ ਪਿਆ ਸੀ। ਨੰਬਰਦਾਰ ਅੜੀ ਨਾ ਕਰਦਾ ਤਾਂ ਸੌਦਾ ਕਦੋਂ ਦਾ ਸਿਰੇ ਚੜ੍ਹ ਗਿਆ ਹੁੰਦਾ।

ਨੰਬਰਦਾਰ ਨੂੰ ਉਹ ਪਿੰਡ ਵਿੱਚ ਹੀ ਕੁਟਾਪਾ ਚਾੜ੍ਹੇਗਾ। ਸਾਰਾ ਮਾਲ ਫੜ ਕੇ ਲੱਖਾਂ ਦਾ ਨੁਕਸਾਨ ਕਰੇਗਾ। ਫ਼ੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਛਪਵਾਏਗਾ।

ਦੂਜਾ ਨੰਬਰ ਸ਼ਰਾਬ ਦੇ ਠੇਕੇਦਾਰ ਮੇਜਰ ਦਾ ਸੀ। ਉਸ ਦੀ ਨਿਗਾਹ ਵੀ ਉੱਚੀ ਹੈ। ਧਰਤੀ ’ਤੇ ਪੱਬ ਨਹੀਂ ਲੱਗਦਾ। ਬਹਾਨਾ ਵਧੀਆ ਹੈ। ਐਕਸਾਈਜ਼ ਮਨਿਸਟਰ ਉਹਦਾ ਰਿਸ਼ਤੇਦਾਰ ਹੈ। ਬਾਰਾਂ ਠੇਕੇਦਾਰਾਂ ਨੇ ਰਲ ਕੇ ਸਾਰੀ ਸਬ-ਡਵੀਜ਼ਨ ਦੇ ਠੇਕੇ ਹੀ ਲੈ ਲਏ ਹਨ। ਮਨਮਰਜ਼ੀ ਦੀ ਬੋਲੀ ਦਿੰਦੇ ਹਨ। ਮਹਿਕਮੇ ਨਾਲ ਮਿਲ ਕੇ ਕਈ ਪਿੰਡਾਂ ਵਿੱਚ ਵੈਸੇ ਹੀ ਸ਼ਰਾਬ ਧਰ ਲੈਂਦੇ ਹਨ। ਮਰਜ਼ੀ ਦਾ ਭਾਅ ਲੈਂਦੇ ਹਨ। ਜਿਹੜੀ ਬੋਤਲ ਪਟਿਆਲੇ ਪੰਤਾਲੀ ਦੀ ਵਿਕਦੀ ਹੈ, ਉਹੋ ਇਥੇ ਪੈਂਹਠਾਂ ਦੀ ਵਿਕਦੀ ਹੈ। ਸਿੱਧਾ ਵੀਹ ਦਾ ਮੁਨਾਫ਼ਾ। ਹੋਰ ਠੱਗੀਆਂ ਅਲੱਗ। ਡਿਪਟੀ ਤਾਂ ਜੰਮਿਆ ਹੀ ਠੇਕੇਦਾਰਾਂ ਦੇ ਘਰ ਹੈ। ਇਸ ਲਈ ਸਾਰੇ ਭੇਤ ਜਾਣਦਾ ਹੈ। ਨੋਟ ਹੀ ਨੋਟ ਹਨ ਇਸ ਕੰਮ ਵਿੱਚ।

ਸ਼ਰਾਬ ਦੇ ਠੇਕਿਆਂ ਵਿੱਚ ਥੋੜ੍ਹਾ ਬਹੁਤਾ ਹਿੱਸਾ ਪਾਉਣਾ ਉਸ ਦੀ ਆਦਤ ਸੀ। ਬਹੁਤਾ ਨਹੀਂ ਤਾਂ ਡੂਨ ਸਕੂਲ ਵਿੱਚ ਪੜ੍ਹਦੇ ਬੱਚਿਆਂ ਦਾ ਖ਼ਰਚਾ ਬਾਹਰੋ-ਬਾਹਰ ਨਿਕਲ ਜਾਂਦਾ। ਇਸ ਨਾਲ ਠੇਕੇਦਾਰਾਂ ਨੂੰ ਵੀ ਮੌਜਾਂ, ਉਸ ਨੂੰ ਵੀ ਫ਼ਾਇਦਾ। ਉਂਝ ਤਾਂ ਸਿਪਾਹੀਆਂ ਦੀਆਂ ਵਗਾਰਾਂ ਵੀ ਮਾਨ ਨਹੀਂ। ਦਿਨ ਢਲਦਿਆਂ ਹੀ ਬੋਤਲ ਮੰਗਣ ਆ ਜਾਂਦੇ ਹਨ। ਹੌਲਦਾਰਾਂ, ਥਾਣੇਦਾਰਾਂ ਦਾ ਮਹੀਨਾ ਅਲੱਗ ਅਤੇ ਵਗਾਰ ਅਲੱਗ। ਡਿਪਟੀ ਦਾ ਹਿੱਸਾ ਹੋਵੇ ਤਾਂ ਪੁਲਿਸ ਦੇ ਕਿਸੇ ਮੁਲਾਜ਼ਮ ਦੀ ਮਜਾਲ ਨਹੀਂ, ਠੇਕੇ ਅੱਗੋਂ ਵੀ ਲੰਘ ਜਾਵੇ। ਇਹੋ ਨਫ਼ਾ ਬਥੇਰਾ ਹੈ ਠੇਕੇਦਾਰਾਂ ਨੂੰ। ਡਿਪਟੀ ਹਿੱਸੇਦਾਰ ਹੋਵੇ ਤਾਂ ਬੋਲੀ ਵੀ ਅੱਧੇ ਭਾਅ। ਬੋਲੀ ਵਾਲੇ ਦਿਨ ਡਿਪਟੀ ਆਪ ਜੀਪ ਬਦਮਾਸ਼ਾਂ ਦੀ ਭਰ ਕੇ ਲਿਜਾਂਦੈ। ਇੱਕ ਵਾਰ ਕਿਸੇ ਨੇ ਉਹਨਾਂ ਤੋਂ ਉਪਰ ਦੀ ਬੋਲੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਡਿਪਟੀ ਦੇ ਬੰਦਿਆਂ ਨੇ ਉਹਨਾਂ ਦੇ ਸਿਰ ਪਾੜ ਦਿੱਤੇ।

ਮੇਜਰ ਉਂਗਲ ਨਹੀਂ ਸੀ ਫੜਾ ਰਿਹਾ। ਆਖਦਾ ਹੈ ਮਹੀਨਾ ਭਾਵੇਂ ਦੁਗਣਾ ਕਰ ਲਓ ਪਰ ਹਿਸਾਬ-ਕਿਤਾਬ ਦੀਆਂ ਕਿਤਾਬਾਂ ਨਹੀਂ ਦਿਖਾਉਣੀਆਂ। ਵਜ਼ੀਰਾਂ ਦਾ ਵਿੱਚ ਹਿੱਸਾ ਹੈ। ਉਹਨਾਂ ਦੀ ਬਦਨਾਮੀ ਹੋ ਸਕਦੀ ਹੈ। ਮਹੀਨੇ ’ਚ ਇੱਕ-ਦੋ ਗੇੜੇ ਵਜ਼ੀਰ ਮਾਰਦਾ ਵੀ ਹੈ। ਠੇਕੇਦਾਰਾਂ ਦਾ ਖ਼ਿਆਲ ਰੱਖਣ ਲਈ ਅਫ਼ਸਰਾਂ ਨੂੰ ਇਸ਼ਾਰਾ ਵੀ ਕਰਦਾ ਹੈ।

ਹਿੱਸਾ ਤਾਂ ਕੀ ਰੱਖਣਾ ਸੀ, ਮਹੀਨਾ ਵੀ ਪੂਰਾ ਨਹੀਂ ਸੀ ਦਿੰਦੇ। ਸਿਪਾਹੀਆਂ, ਹੌਲਦਾਰਾਂ ਨੂੰ ਤਾਂ ਥੜ੍ਹੇ ’ਤੇ ਨਹੀਂ ਚੜ੍ਹਨ ਦਿੰਦੇ। ਡਿਪਟੀ ਨੂੰ ਲਾਗੀਆਂ ਵਾਂਗ ਇੰਨੇ ਕੁ ਪੈਸੇ ਫੜਾ ਜਾਂਦੇ ਹਨ ਕਿ ਇੱਕ ਬੱਚੇ ਦਾ ਖ਼ਰਚਾ ਵੀ ਨਹੀਂ ਨਿਕਲਦਾ। ਉਹਦੇ ਤਾਂ ਤਿੰਨ ਬੱਚੇ ਪੜ੍ਹਦੇ ਹਨ। ਇਥੇ ਆ ਕੇ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਬੱਚੇ ਫ਼ਜ਼ੂਲਖ਼ਰਚੀ ਕਰਨ ਲੱਗੇ ਹਨ।

ਕਿਸੇ ਨਾ ਕਿਸੇ ਗੇੜ ਵਿੱਚ ਲਿਆ ਕੇ ਮੇਜਰ ਨੂੰ ਵੀ ਅੰਦਰ ਕਰਨਾ ਹੀ ਹੈ। ਉਹੋ ਜੱਟ ਅੜੀਅਲ ਹੈ, ਬਾਕੀ ਤਾਂ ਸਭ ਸੇਠ ਨੇ। ਪਹਿਲੇ ਦਬਕੇ ਹੀ ਮੰਨ ਜਾਣਗੇ।

ਤੀਜਾ ਨਿਸ਼ਾਨਾ ਪੱਬੀ ਬਦਮਾਸ਼ ਸੀ। ਉਸ ਨੇ ਵੀ ਬਥੇਰੀਆਂ ਮਨ-ਮਾਨੀਆਂ ਕਰ ਲਈਆਂ। ਮੁੱਖ ਮੰਤਰੀ ਦੀ ਆੜ ਵਿੱਚ ਧੜਾਧੜ ਜ਼ਮੀਨਾਂ, ਪਲਾਟਾਂ ਅਤੇ ਦੁਕਾਨਾਂ ’ਤੇ ਕਬਜ਼ੇ ਕਰਦਾ ਜਾ ਰਿਹਾ ਹੈ।

ਕਬਜ਼ਿਆਂ ਵਾਲਾ ਕੰਮ ਵੀ ਬਹੁਤ ਵਧੀਆ ਹੈ। ਨੌਨਿਹਾਲ ਦੇ ਪੈਰ ਇਸੇ ਕੰਮ ਵਿੱਚ ਲੱਗੇ ਹਨ। ਜੇ ਅੱਜ ਉਸ ਕੋਲ ਸੌ ਕਿੱਲੇ ਜ਼ਮੀਨ ਹੈ, ਕੰਬਾਈਨਾਂ ਅਤੇ ਟਰੈਕਟਰਾਂ ਦੀ ਦਰਜਨ ਹੈ ਤਾਂ ਸਭ ਇਸੇ ਧੰਦੇ ਦੀ ਮਿਹਰਬਾਨੀ ਕਰਕੇ। ਇਹ ਗੁਰ ਦਿੱਤਾ ਉਸ ਨੂੰ ਪਰਦੁਮਨ ਸਿੰਘ ਤਹਿਸੀਲਦਾਰ ਨੇ। ਇੱਕ ਵਾਰ ਚਾਹ ਪਾਰਟੀ ’ਤੇ ਇਕੱਠੇ ਹੋਏ ਤਾਂ ਤਹਿਸੀਲਦਾਰ ਨੇ ਸਕੀਮ ਸਮਝਾਈ। ਸ਼ਹਿਰ ਦੇ ਨਵੇਂ ਬਣੇ ਬਾਈਪਾਸ ’ਤੇ ਵੀਹ ਕਿੱਲਿਆਂ ਦਾ ਇੱਕ ਟੱਕ ਬਾਣੀਆਂ ਦੇ ਕਬਜ਼ੇ ਵਿੱਚ ਸੀ। ਕਾਬਜ਼ ਤਾਂ ਉੇਹ ਪੰਜਾਹ ਸਾਲਾਂ ਦੇ ਸਨ ਪਰ ਜਮ੍ਹਾਂਬੰਦੀ ’ਚ ਮਾਲਕ ਕੋਈ ਹੋਰ ਬੋਲਦਾ ਸੀ। ਮਾਲ ਮਹਿਕਮੇ ਨੇ ਅਸਲੀ ਮਾਲਕ ਲੱਭ ਲਿਆ ਸੀ। ਉਸ ਤੋਂ ਭੋਅ ਦੇ ਭਾਅ ਰਜਿਸਟਰੀ ਆਪਣੇ ਕਿਸੇ ਬੰਦੇ ਦੇ ਨਾਂ ਕਰਾ ਲਈ ਸੀ। ਡਿਪਟੀ ਨੇ ਕਬਜ਼ਾ ਲੈਣ ਸਮੇਂ ਉਹਨਾਂ ਦੀ ਮਦਦ ਕਰਨੀ ਸੀ। ਡਿਪਟੀ ਨੂੰ ਕੀ ਇਤਰਾਜ਼ ਹੋ ਸਕਦੈ? ਦਸਵੇਂ ਹਿੱਸੇ ਦੇ ਹਿਸਾਬ ਨਾਲ ਉਸ ਨੂੰ ਦੋ ਲੱਖ ਮਿਲਣਾ ਸੀ। ਬਾਣੀਏ ਚੀਕਾਂ ਮਾਰਦੇ ਹੀ ਰਹਿ ਗਏ। ਪੁਲਿਸ ਨੇ ਉਹਨਾਂ ਦੀ ਟਿੰਡ-ਫੂਹੜੀ ਚੁੱਕ ਕੇ ਔਹ ਮਾਰੀ।

ਪਿੱਛੋਂ ਡਿਪਟੀ ਖ਼ੁਦ ਹੀ ਪਟਵਾਰੀਆਂ ਅਤੇ ਕਾਨੂੰਗੋਆਂ ਨਾਲ ਤਾਲਮੇਲ ਰੱਖਣ ਲੱਗਾ। ਮਹੀਨੇ ਵੀਹ ਦਿਨਾਂ ਬਾਅਦ ਬੁਲਾ ਕੇ ਦਾਰੂ ਪਿਆ ਦੇਣੀ। ਉਸ ਨੂੰ ਵਾਧੂ-ਘਾਟੂ ਜ਼ਮੀਨ ਦਾ ਪਤਾ ਹੋਣਾ ਚਾਹੀਦਾ ਹੈ। ਕਬਜ਼ਾ ਕਰਨ ਵਾਲੀਆਂ ਪਾਰਟੀਆਂ ਦੀ ਕੋਈ ਕਮੀ ਨਹੀਂ। ਪਟਵਾਰੀ ਆਪਣੇ- ਆਪਣੇ ਹਲਕੇ ਵਿੱਚ ਕਿਸੇ ਔਤ ਜਾਂ ਬੁੱਢੇ-ਠੇਰੇ ਦੀ ਜ਼ਮੀਨ ’ਤੇ ਨਿਗਾਹ ਰੱਖਦੇ। ਦਾਅ ਲੱਗਦੇ ਹੀ ਕਿਸੇ ਆਪਣੇ ਬੰਦੇ ਦੇ ਨਾਂ ਝੂਠੀ-ਸੱਚੀ ਰਜਿਸਟਰੀ ਹੁੰਦੀ, ਫੇਰ ਕਬਜ਼ਾ। ਕੋਈ ਰੌਲਾ-ਰੱਪਾ ਪਾਉਂਦਾ ਤਾਂ ਡਿਪਟੀ ਮੁਕੱਦਮਿਆਂ ਵਿੱਚ ਉਲਝਾ ਲੈਂਦਾ। ਬਹੁਤਾ ਜ਼ੋਰ ਪੈਂਦਾ ਤਾਂ ਦੇ-ਲੈ ਕਰਾ ਕੇ ਰਾਜ਼ੀਨਾਮਾ ਕਰਾ ਦਿੰਦਾ। ਫੇਰ ਵੀ ਕੁੱਝ ਨਾ ਕੁੱਝ ਖੱਟਦੇ ਹੀ। ਕਿਸੇ ਦੁਕਾਨ-ਮਕਾਨ ਦਾ ਰੌਲਾ ਹੁੰਦਾ ਤਾਂ ਝੱਟ ਉਸ ਦੇ ਬੰਦੇ ਉਸ ਪਾਰਟੀ ਨਾਲ ਸੰਪਰਕ ਬਣਾਉਂਦੇ, ਜਿਹੜਾ ਮਾੜਾ ਹੁੰਦਾ ਜਾਂ ਮੁਕੱਦਮੇ ਲੜ-ਲੜ ਥੱਕ ਚੁੱਕਾ ਹੁੰਦਾ। ਕੌਡੀਆਂ ਦੇ ਭਾਅ ਖ਼ਰੀਦਦੇ, ਪਿੱਛੋਂ ਡਰਾ ਧਮਕਾ ਕੇ ਕਿਰਾਏਦਾਰ ਨੂੰ ਕੱਢ ਦਿੰਦੇ। ਅਜਿਹੀਆਂ ਕਈ ਦੁਕਾਨਾਂ ਦਾ ਡਿਪਟੀ ਅੱਜ ਮਾਲਕ ਸੀ।

ਇਥੇ ਪੱਬੀ ਹੁਰਾਂ ਦੀ ਪਾਰਟੀ ਉਸ ਦੇ ਪੱਬ ਨਹੀਂ ਲੱਗਣ ਦਿੰਦੀ। ਉਹ ਮੁੱਖ ਮੰਤਰੀ ਵੱਲੋਂ ਲਾਏ ਜਾਂਦੇ ‘ਧਰਮ ਯੁੱਧ’ ਦੇ ਮੋਰਚਿਆਂ ਵਿੱਚ ਕਈ ਵਾਰ ਜੇਲ੍ਹ ਕੱਟ ਚੁੱਕੇ ਸਨ। ਚੋਣਾਂ ਵਿੱਚ ਪੂਰੇ ਦਾ ਪੂਰਾ ਕਾਫ਼ਲਾ ਹਥਿਆਰਬੰਦ ਹੋ ਕੇ ਉਹਨਾਂ ਦੀ ਹਿਫ਼ਾਜ਼ਤ ਲਈ ਅੱਗੇ-ਪਿੱਛੇ ਰਹਿੰਦਾ। ਜਿਥੇ ਕਿਤੇ ਗੜਬੜ ਹੋਣ ਦੀ ਸੰਭਾਵਨਾ ਹੁੰਦੀ, ਇਹ ਗੇੜਾ ਮਾਰ ਆਉਂਦੇ। ਲੋੜ ਪੈਣੀ ਤਾਂ ਇੱਕ ਦੋ ਹਵਾਈ ਫ਼ਾਇਰ ਵੀ ਕਰ ਦੇਣੇ। ਅੱਜ-ਕੱਲ੍ਹ ਕਿਲ੍ਹੇ ਵਰਗੀ ਕੋਠੀ ਦੀ ਰਾਖੀ ਕਰਦੇ ਹਨ। ਉਹਨਾਂ ਨੂੰ ਡਿਪਟੀ-ਸ਼ਿਪਟੀ ਦੀ ਕੀ ਪਰਵਾਹ? ਬਹੁਤੀ ਟੰਗ ਅੜਾਊ ਤਾਂ ਸਰਦਾਰ ਨੂੰ ਆਖ ਕੇ ਆਥਣ ਨੂੰ ਬਦਲੀ ਕਰਾ ਦੇਣਗੇ।

ਨਵੇਂ ਬੱਸ ਸਟੈਂਡ ਕੋਲ ਉਹਨਾਂ ਪਿੱਛੇ ਜਿਹੇ ਹੀ ਅੱਠ ਕਿੱਲੇ ਦੇ ਟੱਕ ’ਤੇ ਹੱਥ ਮਾਰਿਆ ਸੀ। ਇਕਰਾਰਨਾਮੇ ਦੇ ਬਹਾਨੇ ਬੈਨਾਮੇ ’ਤੇ ਅੰਗੂਠਾ ਲਗਵਾ ਲਿਆ। ਦੋ ਮਹੀਨੇ ਚੁੱਪ ਰਹੇ, ਪਿੱਛੋਂ ਕਬਜ਼ੇ ਲਈ ਵਹੀਰਾਂ ਘੱਤ ਲਈਆਂ। ਡਿਪਟੀ ਨੇ ਪਰਚਾ ਦਰਜ ਕਰ ਕੇ ਥੋੜ੍ਹਾ ਜਿਹਾ ਖਿੱਚਣਾ ਚਾਹਿਆ ਤਾਂ ਉਪਰੋਂ ਫ਼ੋਨ ਖੜਕ ਗਏ। ਡੀ.ਜੀ.ਨੇ ਰਜਿਸਟਰੀ ਸਹੀ ਮੰਨ ਕੇ ਪਰਚਾ ਕੈਂਸਲ ਕਰ ਦਿੱਤਾ।

ਪੰਜ ਹਜ਼ਾਰ ਇਉਂ ਭੇਜ ਦਿੱਤਾ, ਜਿਵੇਂ ਮੰਗਤੇ ਨੂੰ ਖ਼ੈਰ ਪਾਈਦੀ ਹੈ। ਉਸ ਨੇ ਜਾਂਦੇ ਚੋਰ ਦੀ ਲੰਗੋਟੀ ਸਮਝ ਕੇ ਰੱਖ ਲਏ। ਉਹਨੀਂ ਦਿਨੀ ਪਟਿਆਲੇ ਵਾਲੀ ਮਾਸਟਰਨੀ ਵੀ ਆਈ ਹੋਈ ਸੀ। ਉਸ ਨੇ ਵੀ ਖ਼ਰਚਾ ਵਧਾ ਰੱਖਿਆ ਸੀ। ਉਸ ਨੂੰ ਸਿਰ ਚੜ੍ਹਾਉਣ ਵਿੱਚ ਡਿਪਟੀ ਦੀ ਹੀ ਗ਼ਲਤੀ ਸੀ। ਚੰਡੀਗੜ੍ਹ ਜਾਂਦਾ-ਆਉਂਦਾ ਉਹ ਪਟਿਆਲੇ ਉਸ ਕੋਲ ਰਾਤ ਕੱਟਦਾ। ਉਹ ਡਿਪਟੀ ਲਈ ਕੁਆਰੀ ਹੀ ਬੈਠੀ ਸੀ। ਇਸ ਗੱਲ ਨੇ ਡਿਪਟੀ ਨੂੰ ਉਸ ਦਾ ਭਗਤ ਬਣਾ ਦਿੱਤਾ ਸੀ। ਚਾਲੀ ਦੀ ਹੋ ਗਈ ਸੀ, ਵੀਹਾਂ ਸਾਲਾਂ ਤੋਂ ਯਾਰੀ ਨਿਭਾ ਰਹੀ ਸੀ। ਮਾਸਟਰਨੀ ਦੇ ਮੋਹ ’ਚ ਕੀਲੇ ਡਿਪਟੀ ਨੇ ਉਸ ਨੂੰ ਕੋਠੀ ਵੀ ਪਾ ਦਿੱਤੀ ਅਤੇ ਬੈਂਕ ਵਿੱਚ ਢੇਰ ਸਾਰੇ ਰੁਪਏ ਵੀ ਜਮ੍ਹਾਂ ਕਰਾ ਦਿੱਤੇ। ਸਕੂਲ ਵਿੱਚ ਮਾਸਟਰਾਂ ਦੀਆਂ ਟਿੱਚਰਾਂ ਤੋਂ ਬਚਾਉਣ ਲਈ ਨੌਕਰੀ ਛੁਡਾ ਦਿੱਤੀ। ਉਸ ਨੂੰ ਮਹਾਰਾਣੀਆਂ ਵਾਂਗ ਰਹਿਣ ਦੀ ਆਦਤ ਬਣ ਗਈ। ਪੰਜ-ਛੇ ਹਜ਼ਾਰ ਹਰ ਮਹੀਨੇ ਉਡਾ ਦਿੰਦੀ ਹੈ। ਉਸ ਦਾ ਵਾਰ-ਵਾਰ ਇਥੇ ਆਉਣਾ ਡਿਪਟੀ ਨੂੰ ਜ਼ਹਿਰ ਵਰਗਾ ਲੱਗਦਾ ਸੀ। ਪੱਬੀ ਵਾਲੇ ਪੰਜ ਹਜ਼ਾਰ ਉਸ ਨੂੰ ਦੇ ਕੇ ਮਸਾਂ ਖਹਿੜਾ ਛੁਡਾਇਆ।

ਤਿੰਨਾਂ ਵਿਚੋਂ ਉਹ ਕਿਸੇ ਨੂੰ ਵੀ ਨਹੀਂ ਬਖ਼ਸ਼ੇਗਾ। ਬਹੁਤਾ ਜ਼ੋਰ ਲਾਉਣਗੇ ਤਾਂ ਡਿਪਟੀ ਦੀ ਬਦਲੀ ਹੀ ਕਰਾ ਦੇਣਗੇ। ਇਹੋ ਉਹ ਚਾਹੁੰਦਾ ਸੀ। ਭੁੱਖੇ ਮਰਨ ਨਾਲੋਂ ਤਾਂ ਬਦਲੀ ਹੀ ਚੰਗੀ। ਇਸ ਨਾਲੋਂ ਵਧੀਆ ਥਾਂ ਹੀ ਜਾਏਗਾ। ਸਾਲ ਦੋ ਸਾਲ ਗੁੱਠੇ ਲੱਗਣਾ ਪਿਆ ਤਾਂ ਵੀ ਕੱਟ ਲਏਗਾ। ਇਹਨਾਂ ਭੂਤਰੇ ਸਾਨ੍ਹਾਂ ਨੂੰ ਝੋਟੀਆਂ ਜ਼ਰੂਰ ਚੁੰਘਾਏਗਾ।

ਕਿਸੇ ਵੀ ਮਾਤਹਿਤ ਨਾਲ ਉਸ ਨੇ ਆਪਣੀ ਯੋਜਨਾ ਸਾਂਝੀ ਨਾ ਕੀਤੀ। ਜਿਨ੍ਹਾਂ ਪਾਰਟੀਆਂ ਨਾਲ ਡਿਪਟੀ ਪੰਗਾ ਲੈਣ ਜਾ ਰਿਹਾ ਸੀ, ਉਹਨਾਂ ਦੇ ਹੱਥ ਬੜੇ ਲੰਬੇ ਸਨ। ਕੋਈ ਪੁਲਸੀਆ ਹੀ ਉਹਨਾਂ ਨੂੰ ਸੂਹ ਦੇ ਸਕਦਾ ਸੀ।

ਚੁੱਪ ਕਰ ਕੇ ਉਸ ਨੇ ਦੋ ਟਰੱਕ ਅਤੇ ਦੋ ਜੀਪਾਂ ਮੰਗਵਾ ਕੇ ਕੋਠੀ ਖੜ੍ਹਾ ਲਈਆਂ। ਸਾਰੇ ਥਾਣਿਆਂ ਵਿਚੋਂ ਵਾਧੂ ਫ਼ੋਰਸ ਮੰਗਵਾ ਲਈ। ਬਾਕੀ ਮੁਲਾਜ਼ਮਾਂ ਨੂੰ ਇੰਨਾ ਹੀ ਦੱਸਿਆ ਗਿਆ ਕਿ ਸਵੇਰੇ ਤਿੰਨ ਵਜੇ ਦਹਿਸ਼ਤਗਰਦਾਂ ਦੇ ਖ਼ਾਸ-ਖ਼ਾਸ ਅੱਡਿਆਂ ’ਤੇ ਰੇਡ ਕਰਨਾ ਹੈ।

ਸਵੇਰੇ ਕੋਈ ਅਜਿਹਾ ਬੰਦਾ ਮੱਥੇ ਲੱਗਿਆ ਸੀ ਕਿ ਉਹਨਾਂ ਦੀ ਸਾਰੀ ਮਿਹਨਤ ਅਜਾਈਂ ਗਈ। ਨਾ ਮੇਜਰ ਮਿਲਿਆ, ਨਾ ਨੰਬਰਦਾਰ ਅਤੇ ਨਾ ਹੀ ਪੱਬੀ। ਸਗੋਂ ਯੋਜਨਾ ਜੱਗਰ ਹੋ ਗਈ।

ਨੰਬਰਦਾਰ ਦਾ ਉਹ ਨੁਕਸਾਨ ਜ਼ਰੂਰ ਕਰ ਆਇਆ ਸੀ। ਤੀਹ ਬੋਰੇ ਡੋਡਿਆਂ ਦੇ ਅਤੇ ਦਸ-ਬਾਰਾਂ ਕਿੱਲੋ ਅਫ਼ੀਮ ਚੁੱਕ ਲਿਆਇਆ ਸੀ। ਇਸ ਬਰਾਮਦਗੀ ਦੇ ਆਧਾਰ ’ਤੇ ਉਹ ਨੰਬਰਦਾਰ ’ਤੇ ਪਰਚਾ ਦਰਜ ਕਰ ਸਕਦਾ ਸੀ। ਨੰਬਰਦਾਰ ਨੂੰ ਮਾਲ ਛੱਡ ਕੇ ਭੱਜਦਾ ਦਿਖਾਇਆ ਜਾ ਸਕਦਾ ਸੀ। ਇੱਕ-ਦੋ ਕਰਿੰਦੇ ਹੱਥ ਲੱਗੇ ਸਨ। ਉਹੋ ਟਰੱਕ ਵਿੱਚ ਸੁੱਟ ਲਏ। ਹੋਰ ਕੁੱਝ ਨਾ ਹੋ ਸਕਿਆ ਤਾਂ ਉਹਨਾਂ ’ਤੇ ਹੀ ਪਰਚਾ ਦੇ ਦੇਵੇਗਾ। ਘੱਟੋ-ਘੱਟ ਤੀਹ-ਚਾਲੀ ਹਜ਼ਾਰ ਦਾ ਨੁਕਸਾਨ ਤਾਂ ਹੋਏਗਾ।

ਤਿੰਨ ਕਰਿੰਦੇ ਠੇਕੇਦਾਰਾਂ ਦੇ ਵੀ ਚੁੱਕੇ। ਜਦੋਂ ਉਹਨਾਂ ਦੱਸਿਆ ਕਿ ਕਿਥੋਂ-ਕਿਥੋਂ ਨਜਾਇਜ਼ ਸ਼ਰਾਬ ਆਉਂਦੀ ਹੈ ਅਤੇ ਕਿਥੇ-ਕਿਥੇ ਰੱਖੀ ਜਾਂਦੀ ਹੈ ਤਾਂ ਠੇਕੇਦਾਰਾਂ ਨੂੰ ਆਪੇ ਟੱਟੀਆਂ ਲੱਗ ਜਾਣਗੀਆਂ।

ਪੱਬੀ ਦੇ ਘਰੋਂ ਕੁੱਝ ਵੀ ਹੱਥ ਨਹੀਂ ਸੀ ਲੱਗਾ। ਘਰੇ ਬੁੱਢੀਆਂ-ਠੇਰੀਆਂ ਹੀ ਸਨ। ਪੱਬੀ ਦੀ ਘਰਵਾਲੀ ਦੀ ਗੋਦੀ ਦਸਾਂ ਦਿਨਾਂ ਦਾ ਬੱਚਾ ਸੀ। ਮਾਂ ਅੰਨ੍ਹੀ ਸੀ। ਥਾਣੇ ਬਿਠਾਏ ਜਾਣ ਵਾਲੀ ਇਕੱਲੀ ਉਸ ਦੀ ਭਰਜਾਈ ਹੀ ਸੀ। ਉਸ ਨੂੰ ਜੀਪ ’ਚ ਬਿਠਾ ਲਿਆ ਗਿਆ। ਆਪੇ ਛੁਡਾਉਣ ਆਏਗਾ।

ਪੱਬੀ ਦੇ ਪਿੱਡੋਂ ਚੱਲਦੇ-ਚੱਲਦੇ ਪਹੁ ਫੁੱਟ ਪਈ। ਖ਼ਾਲੀ ਹੱਥ ਵਾਪਸ ਮੁੜਨਾ ਡਿਪਟੀ ਦੀ ਸ਼ਾਨ ਦੇ ਖ਼ਿਲਾਫ਼ ਸੀ। ਕੋਈ ਨਾ ਕੋਈ ਸ਼ਿਕਾਰ ਤਾਂ ਫਸਣਾ ਹੀ ਚਾਹੀਦਾ ਸੀ। ਰਾਹ ਵਿੱਚ ਧਨੌਲਾ ਸੀ, ਪਿੰਡੀ ਸੀ ਅਤੇ ਫਰਵਾਹੀ ਵੀ। ਇਥੋਂ ਕਿਸ ਨੂੰ ਚੁੱਕਿਆ ਜਾਵੇ? ਉਹ ਜੀਪ ਦੀ ਸਪੀਡ ਜਿੰਨੀ ਤੇਜ਼ੀ ਨਾਲ ਹੀ ਸੋਚ ਰਿਹਾ ਸੀ।

ਧਨੌਲੇ ਦੇ ਟੈਕਸੀ-ਸਟੈਂਡ ਕੋਲ ਅੱਪੜ ਕੇ ਡਿਪਟੀ ਨੂੰ ਯਾਦ ਆਇਆ ਕਿ ਪ੍ਰਧਾਨ ਨੂੰ ਫੜਿਆ ਜਾ ਸਕਦਾ ਹੈ। ਉਹ ਤਖ਼ਤਪੋਸ਼ ’ਤੇ ਬੈਠਾ ਮੌਜ ਨਾਲ ਅਖ਼ਬਾਰ ਪੜ੍ਹ ਰਿਹਾ ਸੀ। ਚਿੱਟੇ ਦੁੱਧ ਵਰਗੇ ਕੱਪੜੇ ਇਉਂ ਪਾਏ ਹੋਏ ਸਨ ਜਿਵੇਂ ਬਹੁਤ ਵੱਡਾ ਬਦਮਾਸ਼ ਹੋਵੇ।

ਇਹ ਡਿਪਟੀ ਦਾ ਪਹਿਲਾ ਸ਼ਿਕਾਰ ਸੀ।

ਜਦੋਂ ਦਾ ਧਨੌਲੇ ਵਾਲਾ ਜਥੇਦਾਰ ਚੇਅਰਮੈਨ ਬਣਿਆ ਹੈ, ਇਸ ਪ੍ਰਧਾਨ ਦਾ ਦਿਮਾਗ਼ ਹੀ ਖ਼ਰਾਬ ਹੋ ਗਿਐ। ਅੱਗੇ ਚੰਗੀ-ਭਲੀ ਵਗਾਰ ਦਿੰਦੇ ਸੀ, ਗੱਡੀ ਵੀ ਅਤੇ ਤੇਲ ਵੀ। ਹੁਣ ਆਖਦੇ ਹਨ, ਉਹ ਆਪਣੀਆਂ ਸ਼ਰਤਾਂ ਨਾਲ ਗੱਡੀ ਦੇਣਗੇ। ਪਹਿਲੀ ਇਹ ਕਿ ਗੱਡੀ ਉਹਨਾਂ ਦਾ ਡਰਾਈਵਰ ਚਲਾਏਗਾ। ਡਿਪਟੀ ਕਾਰ ਕੋਠੀ ਲੈ ਕੇ ਗਏ ਡਰਾਈਵਰ ਨੂੰ ਬੇਰੰਗ ਭੇਜ ਦਿੰਦਾ ਹੈ। ਗੱਡੀ ਉਹ ਆਪ ਚਲਾਉਂਦਾ ਹੈ ਜਾਂ ਉਸ ਦਾ ਕੋਈ ਸਿਪਾਹੀ। ਦੋ ਦਿਨਾਂ ਵਿੱਚ ਗੱਡੀ ਖੜਕ ਜਾਂਦੀ ਹੈ। ਇਥੇ ਹੀ ਬੱਸ ਨਹੀਂ, ਜਿਥੇ ਤੇਲ ਮੁੱਕ ਗਿਆ, ਉਥੇ ਹੀ ਖੜ੍ਹਾ ਕੇ ਮੁੜ ਆਉਂਦੇ ਹਨ। ਦੂਜੀ ਇਹ ਕਿ ਗੱਡੀ ਜਿੰਨੇ ਦਿਨਾਂ ਲਈ ਮੰਗੀ ਜਾਵੇ, ਉਨੇ ਦਿਨਾਂ ਦੇ ਅੰਦਰ-ਅੰਦਰ ਹੀ ਵਾਪਸ ਕੀਤੀ ਜਾਵੇ। ਇੱਕ ਦਿਨ ਲਈ ਗਈ ਗੱਡੀ ਹਫ਼ਤਾ-ਹਫ਼ਤਾ ਨਹੀਂ ਆਉਂਦੀ। ਸੰਗਰੂਰ ਲਈ ਆਖ ਕੇ ਦਿੱਲੀ ਲੈ ਵੜਦੇ ਹਨ।

ਡਿਪਟੀ ਨੂੰ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਸੀ। ਡਿਪਟੀ ਨੇ ਵੀਹ ਗੁਪਤ ਕੰਮ ਕਰਨੇ ਹੁੰਦੇ ਹਨ। ਹਰ ਡਰਾਈਵਰ ਨੂੰ ਤਾਂ ਭੇਤ ਨਹੀਂ ਦਿੱਤਾ ਜਾ ਸਕਦਾ। ਡਿਪਟੀ ਉਹਨਾਂ ਦਾ ਨੌਕਰ ਨਹੀਂ ਕਿ ਕੰਮ ਵਿਚਾਲੇ ਛੱਡ ਕੇ ਇਸ ਲਈ ਮੁੜ ਆਵੇ ਕਿ ਗੱਡੀ ਜਿੰਨੇ ਦਿਨਾਂ ਲਈ ਮੰਗੀ ਗਈ ਸੀ, ਉਹ ਪੂਰੇ ਹੋ ਗਏ ਹਨ।

ਪਿਛਲੇ ਕੁੱਝ ਮਹੀਨਿਆਂ ਤੋਂ ਉਹ ਗੱਡੀ ਭੇਜਣ ਲੱਗੇ ਟਾਲ-ਮਟੋਲ ਕਰ ਰਹੇ ਸਨ। ਦੋ-ਤਿੰਨ ਡੀਜ਼ਲ ਵਾਲੀਆਂ ਗੱਡੀਆਂ ਸਨ। ਸਸਤੀਆਂ ਪੈਂਦੀਆਂ ਸਨ। ਮਾਲਕਾਂ ਨੇ ਉਹ ਵੇਚ ਕੇ ਪੈਟਰੋਲ ਵਾਲੀਆਂ ਲੈ ਆਂਦੀਆਂ। ਡਿਪਟੀ ਉਹਨਾਂ ਦਾ ਖਹਿੜਾ ਨਹੀਂ ਸੀ ਛੱਡਦਾ।

ਡਿਪਟੀ ਦੇ ਇਸ਼ਾਰੇ ’ਤੇ ਟੈਕਸੀ-ਸਟੈਂਡ ਨੂੰ ਘੇਰਾ ਪਾਇਆ ਗਿਆ। ਦੋ ਸਿਪਾਹੀ ਗਏ ਅਤੇ ਪ੍ਰਧਾਨ ਨੂੰ ਧੂਹ ਲਿਆਏ। ਉਸ ਨੇ ਅੜ-ਅੜਾਈ ਕੀਤੀ ਤਾਂ ਉਹਨਾਂ ਕੇਸਾਂ ਤੋਂ ਫੜ ਕੇ ਜ਼ਮੀਨ ’ਤੇ ਸੁੱਟ ਲਿਆ। ਅਗਾਂਹ ਵਧ ਕੇ ਡਿਪਟੀ ਨੇ ਖ਼ੁਦ ਹੀ ਠੁੱਡੇ ਮਾਰੇ।

“ਸਾਰਾ ਸ਼ਹਿਰ ਬੰਟੀ ਨੂੰ ਲੱਭਦਾ ਫਿਰਦਾ ਹੈ … ਇਹ ਨਵਾਬ ਸਾਹਿਬ ਉਸ ਨੂੰ ਆਪਣੀ ਟੈਕਸੀ ਵਿੱਚ ਲਈ ਫਿਰਦਾ ਰਿਹਾ … ਪੁਲਿਸ ਨੂੰ ਇਤਲਾਹ ਵੀ ਨਹੀਂ ਦਿੱਤੀ।”

ਥਰ-ਥਰ ਕੰਬ ਰਹੇ ਡਰਾਈਵਰਾਂ ਨੂੰ ਡਿਪਟੀ ਨੇ ਪ੍ਰਧਾਨ ਦੀ ਗ੍ਰਿਫ਼ਤਾਰੀ ਦਾ ਕਾਰਨ ਦੱਸਿਆ।

ਪਿੰਡੀ ਕੋਲ ਪੁੱਜ ਕੇ ਉਸ ਨੂੰ ਫ਼ਕੀਰੀਏ ਦੀ ਯਾਦ ਆਈ। ਪਿਛਲੀ ਵਾਰੀ ਉਸ ਨੇ ਆਈ.ਜੀ.ਨੂੰ ਕਾਰ ਦੇਣ ਦੇ ਬਹਾਨੇ ਮੋਹਤਬਰਾਂ ਅਤੇ ਨਾਮੀ ਸਮੱਗਲਰਾਂ ਤੋਂ ਪੰਜ-ਪੰਜ ਹਜ਼ਾਰ ਲੈ ਕੇ ਹਾਜ਼ਰ ਹੋਣ ਦਾ ਸੁਨੇਹਾ ਦਿੱਤਾ ਸੀ। ਇਹ ਤਾਂ ਡਿਪਟੀ ਨੂੰ ਪਤਾ ਸੀ ਕਿ ਪੰਜਾਂ ਸਾਲਾਂ ਤੋਂ ਉਹ ਧੰਦਾ ਛੱਡ ਗਿਐ। ਪਰ ਉਹ ਦੁਬਾਰਾ ਸ਼ੁਰੂ ਕਰ ਲਏ, ਡਿਪਟੀ ਕਿਹੜਾ ਰੋਕਦਾ ਹੈ। ਉਸ ਦਾ ਨਾਂ ਹਾਲੇ ਵੀ ਦਸ ਨੰਬਰੀਆਂ ਵਿੱਚ ਬੋਲਦਾ ਹੈ। ਜਿੰਨਾ ਚਿਰ ਉਸ ਦੀ ਮਿਸਲ ਇਸ ਬਸਤੇ ਵਿਚੋਂ ਨਹੀਂ ਨਿਕਲਦੀ, ਉਸ ਤੋਂ ਪੈਸੇ ਲੈਣ ਦਾ ਪੁਲਿਸ ਨੂੰ ਹੱਕ ਹੈ। ਉਸ ਤੋਂ ਪਹਿਲਾਂ ਉਸ ਨੇ ਡੀ.ਆਈ.ਜੀ.ਦੀ ਕੁੜੀ ਦੇ ਵਿਆਹ ਦੇ ਬਹਾਨੇ ਪੈਸੇ ਇਕੱਠੇ ਕੀਤੇ ਸਨ। ਪੰਚਾਂ-ਸਰਪੰਚਾਂ ਤਕ ਨੂੰ ਤਿੰਨ-ਤਿੰਨ ਹਜ਼ਾਰ ਲਾਇਆ ਸੀ। ਉੇਸ ਸਮੇਂ ਤਾਂ ਫ਼ਕੀਰੀਆ ਪਹਿਲੇ ਬੋਲ ਹੀ ਦੇ ਗਿਆ ਸੀ। ਇਸ ਵਾਰ ਨਾਂਹ ਕਰ ਦਿੱਤੀ ਸੀ। ਕਹਿੰਦਾ, ਉਸ ਦਾ ਆਪਣਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ। ਉਹ ਰਾਧਾ ਸੁਆਮੀ ਬਣ ਗਿਐ। ਕਿਸੇ ਮਾੜੇ ਕੰਮ ਨੂੰ ਹੱਥ ਨਹੀਂ ਲਾਉਂਦਾ। ਪਹਿਲਾਂ ਉਸ ਨੇ ਡਿਪਟੀ ਦੀ ਨਹੀਂ ਸੀ ਮੋੜੀ। ਹਰ ਵਾਰ ਧੌੜੀ ਲੁਹਾਉਣੀ ਮੁਸ਼ਕਿਲ ਹੈ।

ਜੇ ਇਸ ਵਰਗੇ ਮਲੰਗ ਡਿਪਟੀ ਨੂੰ ਨਾਂਹ ਕਰ ਗਏ ਤਾਂ ਉਸ ਨੂੰ ਪੈਸੇ ਕਿਸ ਨੇ ਦੇਣੇ ਹਨ। ਡਿਪਟੀ ਤਾਂ ਅਜਿਹਾ ਕੋਈ ਨਾ ਕੋਈ ਪ੍ਰੋਜੈਕਟ ਹਰ ਤਿਮਾਹੀ ਛੇੜੀ ਰੱਖਦਾ ਹੈ। ਇਸ ਬਹਾਨੇ ਵਾਹਵਾ ਪੈਸੇ ਇਕੱਠੇ ਹੋ ਜਾਂਦੇ ਹਨ। ਅਫ਼ਸਰਾਂ ਦੀਆਂ ਅੱਖਾਂ ਤਾਂ ਠੰਢੀਆਂ ਰਹਿੰਦੀਆਂ ਹੀ ਹਨ, ਉਸ ਨੂੰ ਵੀ ਗੱਫਾ ਟੱਕਰ ਜਾਂਦਾ ਹੈ। ਇੱਕ ਹੋਰ ਫ਼ਾਇਦਾ, ਜਿਹੜੇ ਮਾੜੇ ਸਿਫ਼ਾਰਸ਼ੀ ਹੁੰਦੇ ਹਨ, ਉਹ ਕੋਠੀ ਵੱਲ ਮੂੰਹ ਨਹੀਂ ਕਰਦੇ। ਜਿਹੜਾ ਪੰਜ-ਚਾਰ ਵਾਰ ਹੱਸ ਕੇ ਖ਼ਰਚ ਸਕਦੈ, ਉਹ ਡਿਪਟੀ ਦੇ ਬਰਾਬਰ ਬੈਠ ਸਕਦੈ।

ਇਸ ਗੁਸਤਾਖ਼ ਨੂੰ ਵੀ ਦੇਖ ਲਏਗਾ। ਬੰਗਾਲਣਾਂ ਵੇਚ-ਵੇਚ ਵੀਹ ਕਿੱਲੇ ਦਾ ਫ਼ਾਰਮ ਬਣਾ ਲਿਆ। ਹਜ਼ਾਰਾਂ ਘਰ ਪੁੱਟ ਦਿੱਤੇ, ਹੁਣ ਆਖਦੈ ਰਾਧਾ ਸੁਆਮੀ ਬਣ ਗਿਆ।

ਜਦੋਂ ਫ਼ਕੀਰੀਏ ਦੇ ਘਰ ਨੂੰ ਘੇਰਾ ਪਾ ਕੇ ਦੇਖਿਆ, ਉਹ ਵਿਹੜੇ ਵਿੱਚ ਬੈਠਾ ਪਾਠ ਕਰ ਰਿਹਾ ਸੀ। ਦਗੜ-ਦਗੜ ਕੰਧਾਂ ਟੱਪਦੀ ਪੁਲਿਸ ਨੂੰ ਦੇਖ ਕੇ ਉਸ ਨੇ ਪਾਠ ਬੰਦ ਕਰ ਦਿੱਤਾ ਅਤੇ ਆਉਣ ਵਾਲੀ ਮੁਸੀਬਤ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ।

“ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਸੈਂਕੜੇ ਘਰ ਤਬਾਹ ਕਰ ਕੇ ਹੁਣ ਇਹ ਪਾਠੀ ਬਣ ਗਿਐ।” ਡਿਪਟੀ ਨੇ ਪਹਿਲਾ ਠੁੱਡਾ ਮਾਰਦਿਆਂ ਵਿਅੰਗ ਕੱਸਿਆ।

“ਮੇਰਾ ਕਸੂਰ?” ਹੱਥ ਬੰਨ੍ਹ ਕੇ ਖੜੋਂਦੇ ਫ਼ਕੀਰੀਏ ਨੇ ਤਰਲਾ ਲਿਆ।

“ਬੰਟੀ ਦੇ ਅਗਵਾਕਾਰਾਂ ਨੂੰ ਤੂੰ ਸ਼ਰਨ ਦਿੱਤੀ ਹੈ। ਕਿਵੇਂ ਭੋਲਾ ਬਣ ਕੇ ਪੁੱਛਦੈ? ਜਿਵੇਂ ਕੁੱਝ ਪਤਾ ਹੀ ਨਾ ਹੋਵੇ।” ਬਿਨਾਂ ਕੋਈ ਹੋਰ ਦਲੀਲ ਸੁਣੇ ਉਹਨਾਂ ਉਸ ਨੂੰ ਵੀ ਟਰੱਕ ਵਿੱਚ ਸੁੱਟ ਲਿਆ।

ਫਰਵਾਹੀ ਚੱਲ ਕੇ ਮੱਘਰ ਦੇ ਫ਼ਾਰਮ ’ਤੇ ਰੇਡ ਕੀਤਾ। ਉਸ ਨੇ ਕਪਤਾਨ ਨਾਲ ਸਿੱਧਾ ਹੀ ਹਿੱਸਾ ਕਰ ਲਿਆ ਸੀ। ਅੱਖਾਂ ਪੂੰਝਣ ਲਈ ਡਿਪਟੀ ਨੂੰ ਸਾਰਾ ਹਜ਼ਾਰ ਰੁਪਿਆ ਹੀ ਦਿੰਦਾ ਸੀ। ਉਸ ਨੂੰ ਨਹੀਂ ਪਤਾ ਡਿਪਟੀ ਦੀ ਘੱਟੋ-ਘੱਟ ਫ਼ੀਸ ਪੰਜ ਹਜ਼ਾਰ ਰੁਪਿਆ ਹੁੰਦੀ ਹੈ। ਪਹਿਲੇ ਭਨੋਈਏ ਨੂੰ ਚੰਗਾ-ਭਲਾ ਪੰਜ ਹਜ਼ਾਰ ਦਿੰਦਾ ਸੀ। ਦੇਖੂੰ ਸਾਹਿਬ ਕਿਵੇਂ ਉਸ ਦੀ ਮਦਦ ਕਰੂ।

ਦੁਪਹਿਰ ਤਕ ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਗਈ ਕਿ ਡਿਪਟੀ ਨੇ ਪੂਰੀ ਸਖ਼ਤੀ ਕਰ ਦਿੱਤੀ ਹੈ। ਪਹਿਲਾਂ ਉਸ ਨੇ ਵੱਡੇ-ਵੱਡੇ ਬਦਮਾਸ਼ਾਂ ਨੂੰ ਹੀ ਹੱਥ ਪਾਇਐ। ਸਿਟੀ ਵਾਲੇ ਥਾਣੇਦਾਰ ਨੂੰ ਤਾਂ ਪੈਸੇ ਬਟੋਰਨ ਦੀ ਬਣੀ ਹੋਈ ਸੀ।

ਜਿਉਂ-ਜਿਉਂ ਥਾਣੇ ’ਚੋਂ ਆਉਂਦੀਆਂ ਚੀਕਾਂ ਦੀ ਸੁਰ ਉੱਚੀ ਹੁੰਦੀ ਜਾ ਰਹੀ ਸੀ, ਤਿਉਂ-ਤਿਉਂ ਥਾਣੇ ਦੇ ਬਾਹਰ ਜੁੜੀ ਭੀੜ ਨੂੰ ਰਾਹਤ ਮਹਿਸੂਸ ਹੋ ਰਹੀ ਸੀ। ਭਲਮਾਣਸੀ ਨਾਲ ਕੋਈ ਬੱਚਾ ਦੇਣ ਲੱਗੈ ਭਲਾ?

ਜਿਹੜਾ ਵੀ ਥਾਣਿਉਂ ਨਿਕਲਦਾ, ਡਿਪਟੀ ਦੇ ਗੁਣਗਾਣ ਕਰਦਾ ਨਾ ਥੱਕਦਾ। ਸਭ ਨੂੰ ਯਕੀਨ ਸੀ ਕਿ ਡਿਪਟੀ ਕਿਸੇ ਵੀ ਸਮੇਂ ਬੰਟੀ ਨੂੰ ਬਰਾਮਦ ਕਰ ਸਕਦਾ ਸੀ।

ਕੋਈ ਬਾਹਰ ਆ ਕੇ ਦੱਸਦਾ ਕਿ ਧਨੌਲੇ ਦੀ ਟੈਕਸੀ ਯੂਨੀਅਨ ਦਾ ਪ੍ਰਧਾਨ ਸਾਰਾ ਕੁੱਝ ਮੰਨ ਗਿਐ।

ਕੋਈ ਆਖਦਾ ਉਹ ਫ਼ਕੀਰੀਏ ਕੋਲ ਇੱਕ ਰਾਤ ਰਹੇ ਸੀ। ਤੀਵੀਆਂ ਕੱਢ ਕੇ ਲਿਆਉਣੀਆਂ ਔਖੀਆਂ ਹੋ ਗਈਆਂ, ਬੁੱਢਾ ਜੁ ਹੋ ਗਿਐ, ਹੁਣ ਇਹ ਕੰਮ ਫੜ ਲਿਆ। ਬਾਹਰਲਾ ਘਰ ਇਸੇ ਕੰਮ ਲਈ ਪਾਇਆ ਹੋਊ। ਬਗਲਾ ਭਗਤ।

ਚਾਹ ਦੇ ਕੇ ਆਏ ਭੋਲੂ ਨੇ ਦੱਸਿਆ ਕਿ ਠੇਕੇਦਾਰਾਂ ਦਾ ਕਰਿੰਦਾ ਸਾਰਾ ਕੁੱਝ ਫਟਾ-ਫਟ ਦੱਸ ਰਿਹੈ। ਮੇਜਰ ਦੇ ਆਖਣ ’ਤੇ ਉਸ ਨੇ ਉਹਨਾਂ ਨੂੰ ਇੱਕ ਰਾਤ ਥੋਕ ਵਾਲੇ ਠੇਕੇ ਵਿੱਚ ਕਟਾਈ ਸੀ। ਦਹਿਸ਼ਤਗਰਦਾਂ ਨੂੰ ਉਹ ਸ਼ਰਾਬ ਵੀ ਦਿੰਦੇ ਸਨ ਅਤੇ ਰੋਟੀ-ਟੁੱਕ ਵੀ।

ਡਿਪਟੀ ਨੂੰ ਮਿਲ ਕੇ ਆਏ ਰਮੇਸ਼ ਆੜ੍ਹਤੀਏ ਨੂੰ ਲੱਗਦਾ ਸੀ ਇਹ ਸਾਰੀ ਸ਼ਰਾਰਤ ਹੀ ਖੁੱਡੀ ਵਾਲੇ ਨੰਬਰਦਾਰ ਦੀ ਸੀ। ਉਹਦਾ ਸੀਰੀ ਇਹੋ ਜਿਹਾ ਹੀ ਕੁੱਝ ਬਕ ਰਿਹਾ ਸੀ। ਉਹਨਾਂ ਦੀ ਮੋਟਰ ’ਤੇ ਪਰਾਏ ਮੁੰਡੇ ਆਉਂਦੇ ਰਹਿੰਦੇ ਹਨ। ਕਈ ਵਾਰ ਉਸ ਨੂੰ ਰੋਟੀ ਦੇਣ ਲਈ ਭੇਜਿਆ ਜਾਂਦਾ ਰਿਹਾ ਹੈ। ਉਹਨਾਂ ਨਾਲ ਕਦੇ ਬੱਚੇ ਹੁੰਦੇ ਅਤੇ ਕਦੇ ਜ਼ਨਾਨੀਆਂ। ਬੰਟੀ ਦੀ ਜਿਹੜੀ ਫ਼ੋਟੋ ਉਸ ਨੂੰ ਦਿਖਾਈ ਜਾ ਰਹੀ ਸੀ, ਉਸ ਤਰ੍ਹਾਂ ਦਾ ਬੱਚਾ ਉਹਨਾਂ ਦੀ ਮੋਟਰ ’ਤੇ ਦੋ ਦਿਨ ਰਿਹਾ ਸੀ।

ਪੱਤਰਕਾਰ ਜ਼ੋਰ ਦੇ ਰਹੇ ਸਨ, ਡਿਪਟੀ ਕੋਈ ਬਿਆਨ ਦੇਵੇ। ਡਿਪਟੀ ਉਹਨਾਂ ਨੂੰ ਸਬਰ ਕਰਨ ਲਈ ਆਖ ਰਿਹਾ ਸੀ। ਉਸ ਦਾ ਕੋਈ ਵੀ ਬਿਆਨ ਬੰਟੀ ਦੀ ਜਾਨ ਲੈ ਸਕਦਾ ਹੈ। ਡਿਪਟੀ ਮੁਜਰਮਾਂ ਨੂੰ ਤਾਂ ਘੰਟੇ ਵਿੱਚ ਹੀ ਫੜ ਸਕਦਾ ਹੈ। ਹਾਲੇ ਇਸ ਗੱਲ ਦਾ ਪਤਾ ਨਹੀਂ ਸੀ ਲੱਗ ਸਕਿਆ ਕਿ ਬੰਟੀ ਕਿਸ ਜਗ੍ਹਾ ’ਤੇ ਲਕੋਇਆ ਗਿਆ ਹੈ। ਮੁਜਰਮਾਂ ਨਾਲੋਂ ਉਸ ਨੂੰ ਬੰਟੀ ਦੀ ਜਾਨ ਪਿਆਰੀ ਸੀ।

ਅੱਗੇ ਹਰ ਤੀਸਰੇ ਦਿਨ ਲਾਲਾ ਜੀ ਨੂੰ ਦਹਿਸ਼ਤਗਰਦਾਂ ਦੀ ਚਿੱਠੀ ਆਉਂਦੀ ਸੀ। ਅਗਲੀ ਚਿੱਠੀ ਦੀ ਵਾਰੀ ਕੱਲ੍ਹ ਬਣਦੀ ਸੀ। ਅੱਜ ਤਕ ਉਹ ਨਹੀਂ ਆਈ ਤਾਂ ਮਤਲਬ ਸਾਫ਼ ਸੀ ਕਿ ਪੁਲਿਸ ਨੇ ਕਾਫ਼ੀ ਸਫ਼ਲਤਾ ਪ੍ਰਾਪਤ ਕਰ ਲਈ ਸੀ।

ਆਪਣੇ ਹੱਕ ਵਿੱਚ ਬਣੇ ਮਾਹੌਲ ਨੂੰ ਦੇਖਦਿਆਂ ਡਿਪਟੀ ਨੇ ਆਪਣੇ ਦੁਸ਼ਮਣਾਂ ਦੀ ਲਿਸਟ ਵਿੱਚ ਕਈ ਹੋਰ ਨਾਂ ਲਿਖ ਲਏ।

ਵੱਧੋ-ਵੱਧ ਬੰਦਿਆਂ ਨੂੰ ਸਬਕ ਸਿਖਾਉਣ ਦਾ ਇਹ ਵਧੀਆ ਮੌਕਾ ਸੀ।

 

 

7

ਡਾਇਨਿੰਗ ਟੇਬਲ ’ਤੇ ਖਾਣਾ ਲਗਾਈ ਬੈਠਾ ਲਾਂਗਰੀ ਸਾਹਿਬ ਨੂੰ ਉਡੀਕ ਰਿਹਾ ਸੀ। ਸਾਹਿਬ ਸੀ ਕਿ ਫ਼ੋਨ ਤੋਂ ਵਿਹਲਾ ਹੀ ਨਹੀਂ ਸੀ ਹੋ ਰਿਹਾ।

ਡੀ.ਆਈ.ਜੀ.ਦਾ ਫ਼ੋਨ ਸੀ। ਖ਼ਾਨ ਨੂੰ ਮੁੱਖ ਮੰਤਰੀ ਦਾ ਹੁਕਮ ਸੁਣਾਇਆ ਜਾ ਰਿਹਾ ਸੀ। ਮੁੱਖ ਮੰਤਰੀ ਚਾਹੁੰਦਾ ਸੀ ਕਿ ਕੁੱਝ ਦਿਨ ਲਈ ਖ਼ਾਨ ਦਾ ਹੈੱਡਕੁਆਰਟਰ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਜਾਵੇ। ਬੰਟੀ ਦੇ ਕੇਸ ਦੀ ਤਫ਼ਤੀਸ਼ ਖ਼ਾਨ ਖ਼ੁਦ ਕਰੇ ਅਤੇ ਸ਼ਹਿਰ ਵਿੱਚ ਅਮਨ ਬਣਾਈ ਰੱਖੇ।

ਮੁੱਖ ਮੰਤਰੀ ਦਾ ਤਾਂ ਹੁਕਮ ਸੀ ਕਿ ਖ਼ਾਨ ਇਸੇ ਵਕਤ ਸ਼ਹਿਰ ਜਾਵੇ। ਡੀ.ਆਈ.ਜੀ.ਦੀ ਰਾਏ ਸੀ ਕਿ ਇੰਨੀ ਕਾਹਲ ਵਾਲੀ ਕੋਈ ਗੱਲ ਨਹੀਂ। ਰਾਤ ਪੈ ਚੁੱਕੀ ਸੀ। ਅਜਿਹੇ ਵਕਤ ਪੁਲਿਸ ਅਫ਼ਸਰਾਂ ਦਾ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਖ਼ਾਨ ਸਵੇਰੇ ਜਾਵੇ। ਅਜਿਹੀ ਕਿਹੜੀ ਪਰਲੋ ਆਉਣ ਵਾਲੀ ਹੈ, ਜਿਹੜੀ ਖ਼ਾਨ ਬਿਨਾਂ ਠੱਲ੍ਹੀ ਨਹੀਂ ਜਾਣੀ।

ਫ਼ੋਨ ਸੁਣ ਕੇ ਐਸ.ਪੀ.ਖ਼ਾਨ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਘੜੀ ’ਤੇ ਅੱਠ ਵੱਜੇ ਸਨ। ਸ਼ਹਿਰ ਜਾਣ ਨੂੰ ਅੱਧਾ ਘੰਟਾ ਲੱਗੇਗਾ। ਖ਼ਾਨ ਦਸ ਮਿੰਟਾਂ ਵਿੱਚ ਤਿਆਰ ਹੋ ਜਾਏਗਾ। ਉਹਦੇ ਕਿਹੜਾ ਕੋਈ ਲੰਮਚਿੜਾ ਹੈ ਕਿ ਤਿਆਰੀ ਕਰਦੇ-ਕਰਦੇ ਰਾਤ ਲੱਗ ਜਾਏ। ਛੜਾ-ਛੜਾਂਗ ਹੈ, ਇੱਕ ਅਟੈਚੀ ਅਤੇ ਇੱਕ ਬਿਸਤਰਾ। ਇਥੇ ਉੱਸਲਵੱਟੇ ਲੈਣ ਨਾਲੋਂ ਸ਼ਹਿਰ ਪੁੱਜ ਕੇ ਰਾਤੋ-ਰਾਤ ਉਸ ਨੇ ਹਾਲਾਤ ਦਾ ਜਾਇਜ਼ਾ ਲੈ ਲੈਣਾ ਸੀ ਅਤੇ ਦਿਨ ਚੜ੍ਹਦਿਆਂ ਕੰਮ ਆਰੰਭ ਦੇਣਾ ਸੀ।

ਖ਼ਾਨ ਨੇ ਉਸੇ ਵਕਤ ਥਾਣੇ ਵਾਇਰਲੈੱਸ ਕਰਾਈ। ਉਹ ਹੁਣੇ ਸ਼ਹਿਰ ਪੁੱਜ ਰਿਹਾ ਹੈ। ਮੀਟਿੰਗ ਲਈ ਸਾਰੇ ਤਫ਼ਤੀਸ਼ੀ ਤਿਆਰ ਰਹਿਣ।

ਕਪਤਾਨ ਦੇ ਰੀਡਰ ਨੂੰ ਹੁਕਮ ਭੇਜਿਆ ਗਿਆ ਕਿ ਹੁਣ ਤਕ ਜਿੰਨੀ ਵੀ ਇਤਲਾਹ ਉਸ ਕੋਲ ਹੈ, ਲੈ ਕੇ ਹਾਜ਼ਰ ਹੋਵੇ।

ਮਿਸਲ ਦੱਸਦੀ ਸੀ ਕਿ ਬੱਚੇ ਨੂੰ ਗੁੰਮ ਹੋਇਆਂ ਦਸਵਾਂ ਦਿਨ ਸੀ। ਧਮਕੀ ਵਾਲੀ ਚਿੱਠੀ ਸ਼ਹਿਰ ਵਿਚੋਂ ਹੀ ਪੋਸਟ ਹੁੰਦੀ ਸੀ। ਪੁਲਿਸ ਅੱਧਾ ਸ਼ਹਿਰ ਕੁੱਟ ਚੁੱਕੀ ਸੀ ਪਰ ਪ੍ਰਨਾਲਾ ਉਥੇ ਦਾ ਉਥੇ ਸੀ।

ਦਹਿਸ਼ਤਗਰਦਾਂ ਦੀ ਹਰ ਚਿੱਠੀ ਰਸਤੇ ਵਿੱਚ ਹੀ ਦਬੋਚ ਲੈਣਾ ਪੁਲਿਸ ਆਪਣੀ ਬਹਾਦਰੀ ਸਮਝਦੀ ਸੀ। ਮਿਸਲ ਵਿੱਚ ਥਾਂ-ਥਾਂ ਪੁਲਿਸ ਦੀ ਇਸੇ ਚੌਕਸੀ ’ਤੇ ਤਸੱਲੀ ਪ੍ਰਗਟਾਈ ਗਈ ਸੀ।

ਰੀਡਰ ਦੱਸ ਰਿਹਾ ਸੀ ਕਿ ਸ਼ਹਿਰ ਵਾਲੇ ਦਹਿਸ਼ਤਗਰਦਾਂ ਨੂੰ ਪੈਸੇ ਦੇਣ ਨੂੰ ਤਿਆਰ ਹਨ। ਪੰਜ ਦੀ ਥਾਂ ਉਹਨਾਂ ਪੰਜਾਹ ਹਜ਼ਾਰ ਇਕੱਠਾ ਕਰ ਲਿਆ ਸੀ। ਪੁਲਿਸ ਲੋਕਾਂ ਦੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦੀ। ਪੈਸੇ ਦੇਣ ਨਾਲ ਪੁਲਿਸ ਦਾ ਵਕਾਰ ਖ਼ਤਮ ਹੁੰਦਾ ਹੈ। ਪੁਲਿਸ ਬੰਟੀ ਨੂੰ ਸਹੀ ਸਲਾਮਤ ਬਿਨਾਂ ਕੁੱਝ ਦਿੱਤੇ-ਲਏ ਬਰਾਮਦ ਕਰਾਏਗੀ।

ਖ਼ਾਨ ਦੀ ਲੋੜ ਆਖ਼ਰੀ ਧਮਕੀ ’ਤੇ ਮਹਿਸੂਸ ਕੀਤੀ ਗਈ ਸੀ। ਇਸ ਚਿੱਠੀ ਨਾਲ ਸਾਰਾ ਸ਼ਹਿਰ ਦਹਿਲ ਗਿਆ ਸੀ। ਪੁਲਿਸ ਨਾ ਕੁੱਝ ਆਪ ਕਰਦੀ ਸੀ ਨਾ ਲੋਕਾਂ ਨੂੰ ਕਰਨ ਦਿੰਦੀ ਸੀ। ਇਸ ਤਰ੍ਹਾਂ ਬੱਚਾ ਕਿਸ ਤਰ੍ਹਾਂ ਬਰਾਮਦ ਹੋਏਗਾ?

ਡਿਪਟੀ ਆਪਣੇ ਆਪ ਨੂੰ ਖੱਬੀ-ਖ਼ਾਨ ਅਫ਼ਸਰ ਅਖਵਾਉਂਦਾ ਹੈ। ਉਸ ਤੋਂ ਵੀ ਪੂਰੀ ਨਹੀਂ ਪਈ। ਮੁੱਖ ਮੰਤਰੀ ਦੀ ਸਮਾਧੀ ਉਸ ਸਮੇਂ ਹੀ ਖੁੱਲ੍ਹੀ ਜਦੋਂ ਸ਼ਹਿਰ ਦੇ ਪਤਵੰਤੇ ਵਿਰੋਧੀ ਕੈਂਪ ਦੇ ਨਹੀਂ, ਸਗੋਂ ਉਸ ਦੇ ਆਪਣੇ ਨਜ਼ਦੀਕੀ ਸਨ, ਪੱਬੀ, ਠੇਕੇਦਾਰ ਅਤੇ ਨੰਬਰਦਾਰ। ਉਹਨਾਂ ਕੋਲ ਡਿਪਟੀ ਦੇ ਖ਼ਿਲਾਫ਼ ਸ਼ਿਕਾਇਤਾਂ ਦੀ ਪੰਡ ਸੀ।

ਦੌਰੇ ’ਤੇ ਗਿਆ ਮੰਤਰੀ ਜਦੋਂ ਕਿਸੇ ਭੱਦਰ-ਪੁਰਸ਼ ਦੇ ਘਰ ਜਾਂਦਾ ਹੈ ਜਾਂ ਖਾਣਾ ਖਾਂਦਾ ਹੈ ਤਾਂ ਉਸ ਦਾ ਕੋਈ ਮਤਲਬ ਹੁੰਦਾ ਹੈ। ਅਫ਼ਸਰਾਂ ਅਤੇ ਲੋਕਾਂ ਨੂੰ ਇਸ਼ਾਰਾ ਹੁੰਦਾ ਹੈ ਕਿ ਮੇਜ਼ਬਾਨ ਮੰਤਰੀ ਦਾ ਖ਼ਾਸ ਬੰਦਾ ਹੈ। ਪੱਬੀ ਦੀ ਮੰਤਰੀ ਨਾਲ ਨੇੜਤਾ ਬਾਰੇ ਤਾਂ ਕਿਸੇ ਨੂੰ ਸ਼ੱਕ ਹੋਣਾ ਹੀ ਨਹੀਂ ਚਾਹੀਦਾ। ਜੇ ਪੱਬੀ ਦੀਆਂ ਧੀਆਂ-ਭੈਣਾਂ ਹੀ ਚੁੱਕ ਲਿਆਂਦੀਆਂ ਗਈਆਂ ਤਾਂ ਬਾਕੀ ਲੋਕਾਂ ਨਾਲ ਕੀ ਬਣੀ ਹੋਏਗੀ, ਇਸ ਦਾ ਅੰਦਾਜ਼ਾ ਮੁੱਖ ਮੰਤਰੀ ਆਸਾਨੀ ਨਾਲ ਲਾ ਸਕਦਾ ਸੀ।

ਠੇਕੇਦਾਰਾਂ ਨੇ ਮੁੱਖ ਮੰਤਰੀ ਅੱਗੇ ਦੋ-ਨੁਕਾਤੀ ਪ੍ਰੋਗਰਾਮ ਰੱਖਿਆ ਸੀ। ਪਹਿਲਾ ਡਿਪਟੀ ਦਾ ਤਬਾਦਲਾ। ਦੂਜਾ ਸ਼ਹਿਰ ਨੂੰ ਪੁਲਿਸ ਦੀ ਲੁੱਟ ਅਤੇ ਕੁੱਟ ਤੋਂ ਬਚਾਉਣ ਲਈ ਬੰਟੀ ਦੀ ਬਰਾਮਦਗੀ ਤਕ ਖ਼ਾਨ ਦਾ ਸ਼ਹਿਰ ਵਿੱਚ ਤਬਾਦਲਾ।

ਹਰਖੇ ਮੁੱਖ ਮੰਤਰੀ ਨੇ ਦੋਹਾਂ ਨੁਕਤਿਆਂ ’ਤੇ ਅਮਲ ਸ਼ੁਰੂ ਕਰ ਦਿੱਤਾ।

ਡਿਪਟੀ ਨੂੰ ਪੀ.ਏ.ਪੀ.ਜਲੰਧਰ ਬਦਲਿਆ ਗਿਆ। ਭੁੱਖੇ ਮਰਦੇ ਨੂੰ ਆਪੇ ਨਾਨੀ ਯਾਦ ਆ ਜਾਏਗੀ। ਉਹਨਾਂ ਦਾ ਖ਼ਿਆਲ ਸੀ।

ਬੰਟੀ ਦੀ ਸੂਹ ਡਿਪਟੀ ਨੂੰ ਮਿਲੇ ਜਾਂ ਨਾ ਪਰ ਆਪਣੇ ਤਬਾਦਲੇ ਦੀ ਸੂਹ ਉਸ ਨੇ ਝੱਟ ਕੱਢ ਲਈ। ਆਰਡਰ ਡਿਸਪੈਚ ਹੋਣ ਤੋਂ ਪਹਿਲਾਂ-ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਮੁੱਖ ਮੰਤਰੀ ਦੀ ਕੋਠੀ ਲਿਆ ਬਿਠਾਇਆ। ਅਜਿਹੀ ਸਿਫ਼ਾਰਸ਼ ਲੱਭੀ, ਜਿਸ ਨੂੰ ਮੁੱਖ ਮੰਤਰੀ ਨਾਂਹ ਕਰ ਹੀ ਨਹੀਂ ਸਕਦਾ। ਕੋਈ ਐਮ.ਐਲ.ਏ.ਜਾਂ ਛੋਟਾ-ਮੋਟਾ ਮੰਤਰੀ ਹੁੰਦਾ, ਉਹ ਟਾਲ ਦਿੰਦਾ। ਸਪੀਕਰ ਨੂੰ ਕੀ ਆਖੇ? ਬਹੁਮਤ ਤਾਂ ਮੁੱਖ ਮੰਤਰੀ ਪਹਿਲਾਂ ਹੀ ਗੁਆ ਚੁੱਕਾ ਹੈ। ਡਾਵਾਂਡੋਲ ਮਨਿਸਟਰੀ ਨੂੰ ਸਪੀਕਰ ਦੀ ਉਸੇ ਤਰ੍ਹਾਂ ਲੋੜ ਸੀ ਜਿਵੇਂ ਮਰ ਰਹੇ ਮਰੀਜ਼ ਨੂੰ ਆਕਸੀਜਨ ਦੀ। ਗੁੱਸੇ ਹੋਇਆ ਸਪੀਕਰ ਕਿਸੇ ਵੀ ਸਮੇਂ ਹੇਠੋਂ ਕੁਰਸੀ ਖਿੱਚ ਸਕਦਾ ਸੀ। ਸੋਚ-ਸਮਝ ਕੇ ਮੁੱਖ-ਮੰਤਰੀ ਨੇ ਅਜਿਹਾ ਰਾਹ ਲੱਭਿਆ ਕਿ ਦੋਹਾਂ ਧਿਰਾਂ ਦੀ ਤਸੱਲੀ ਹੋ ਗਈ। ਆਰਡਰ ਵੀ ਕੈਂਸਲ ਕਰ ਦਿੱਤੇ ਅਤੇ ਡਿਪਟੀ ਤੋਂ ਪੱਬੀ ਹੁਰਾਂ ਦੀਆਂ ਮਿੰਨਤਾਂ ਵੀ ਕਰਵਾ ਦਿੱਤੀਆਂ। ਨਾ ਪੱਬੀ ਨੂੰ ਡਿਪਟੀ ਨਾਲ ਕੋਈ ਨਿੱਜੀ ਰੰਜਿਸ਼ ਸੀ ਨਾ ਠੇਕੇਦਾਰਾਂ ਨੂੰ। ਡਿਪਟੀ ਬੱਸ ਉਹਨਾਂ ਦੇ ਕੰਮ ਵਿੱਚ ਟੰਗ ਨਾ ਅੜਾਵੇ। ਜਦੋਂ ਸਪੀਕਰ ਨੂੰ ਪਤਾ ਲੱਗਾ ਕਿ ਡਿਪਟੀ ਮੁਖ ਮੰਤਰੀ ਦੇ ਬੰਦਿਆਂ ਨੂੰ ਵੀ ਨਹੀਂ ਬਖ਼ਸ਼ਦਾ ਤਾਂ ਉਸ ਨੇ ਸਭ ਦੇ ਸਾਹਮਣੇ ਹੀ ਡਿਪਟੀ ਨੂੰ ਝਾੜਾਂ ਪਾਈਆਂ।

ਦੂਸਰੇ ਨੁਕਤੇ ’ਤੇ ਹੋਏ ਅਮਲ ਦੇ ਰੂਪ ਵਿੱਚ ਖ਼ਾਨ ਸ਼ਹਿਰ ਪਹੁੰਚਿਆ ਸੀ।

ਮੁੱਖ ਮੰਤਰੀ ਨੇ ਖ਼ਾਨ ਦਾ ਹੈਡਕੁਆਰਟਰ ਤਾਂ ਸ਼ਹਿਰ ਤਬਦੀਲ ਕੀਤਾ ਹੀ ਸੀ, ਕਪਤਾਨ ਦਾ ਵੀ ਚੰਗਾ ਮੱਕੂ ਠੱਪਿਆ। ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹਾਹਾਕਾਰ ਮੱਚੀ ਪਈ ਸੀ ਪਰ ਕਪਤਾਨ ਸੁੱਤਾ ਪਿਆ ਸੀ। ਸ਼ਿਕਾਇਤਾਂ ਨਾਲ ਅਖ਼ਬਾਰ ਭਰੇ ਪਏ ਹੁੰਦੇ ਹਨ ਪਰ ਉਸ ਨੇ ਹਾਲੇ ਤਕ ਇੱਕ ਵੀ ਮੁਲਾਜ਼ਮ ਦੀ ਪੜਤਾਲ ਸ਼ੁਰੂ ਨਹੀਂ ਕੀਤੀ। ਕਈ ਦਿਨ ਹੜਤਾਲ ਰਹੀ ਪਰ ਉਸ ਨੇ ਸ਼ਹਿਰ ਦਾ ਇੱਕ ਵੀ ਚੱਕਰ ਨਹੀਂ ਮਾਰਿਆ। ਸਾਰੇ ਕੰਮ ਵਿਚੇ ਛੱਡ ਕੇ ਉਹ ਬੰਟੀ ਦੇ ਕੇਸ ਵੱਲ ਧਿਆਨ ਦੇਵੇ। ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਚੁਸਤ-ਚਲਾਕ ਅਤੇ ਇਮਾਨਦਾਰ ਐਸ.ਪੀ.ਖ਼ਾਨ ਦਾ ਹੈਡਕੁਆਰਟਰ ਸ਼ਹਿਰ ਤਬਦੀਲ ਕੀਤਾ ਜਾਵੇ।

ਖ਼ਾਨ ਦੀ ਯੋਗਤਾ ਵਿੱਚ ਮੁੱਖ ਮੰਤਰੀ ਨੇ ਜਿਹੜਾ ਭਰੋਸਾ ਪ੍ਰਗਟਾਇਆ ਸੀ, ਉਹ ਖ਼ਾਨ ਲਈ ਫ਼ਖ਼ਰ ਵਾਲੀ ਗੱਲ ਸੀ। ਖ਼ਾਨ ਨੂੰ ਆਈ.ਪੀ.ਐਸ.ਵਿੱਚ ਆਇਆਂ ਸਾਰੇ ਢਾਈ ਸਾਲ ਹੋਏ ਸਨ। ਡੇਢ ਸਾਲ ਸਿਖਲਾਈ ਵਿੱਚ ਲੰਘ ਗਿਆ। ਆਪਣੇ ਜੌਹਰ ਦਿਖਾਉਣ ਲਈ ਉਸ ਨੂੰ ਕੇਵਲ ਇੱਕ ਸਾਲ ਮਿਲਿਆ ਸੀ।

ਉਸ ਦੀ ਪਹਿਲੀ ਪੋਸਟਿੰਗ ਮੋਗੇ ਦੀ ਸੀ, ਬਤੌਰ ਏ.ਐਸ.ਪੀ.।

ਜੋ ਕੁੱਝ ਇਲਾਕੇ ’ਚ ਵਾਪਰ ਰਿਹਾ ਸੀ, ਉਸ ਨੂੰ ਦੇਖ-ਦੇਖ ਖ਼ਾਨ ਹੈਰਾਨ ਹੁੰਦਾ ਰਿਹਾ। ਅਮਲੀਆਂ ’ਤੇ ਧੜਾ-ਧੜ ਕੇਸ ਬਣ ਰਹੇ ਸਨ। ਟਰੱਕਾਂ ਦੇ ਟਰੱਕ ਅਫ਼ੀਮ-ਡੋਡੇ ਵੇਚਣ ਵਾਲਿਆਂ ਨਾਲ ਪੁਲਿਸ ਹਮ-ਪਿਆਲਾ ਹੁੰਦੀ ਸੀ। ਪਿੰਡ ਅਜਿੱਤਵਾਲ ‘ਅਫ਼ੀਮ ਦੀ ਮੰਡੀ’ ਦੇ ਨਾਂ ਨਾਲ ਮਸ਼ਹੂਰ ਸੀ। ਇਥੋਂ ਦੇ ‘ਆੜ੍ਹਤੀਏ’ ਕਿਸੇ ਥਾਣੇ ਨੂੰ ਸੱਠ ਹਜ਼ਾਰ ਰੁਪਿਆ ਮਹੀਨਾ ਦਿੰਦੇ ਸਨ ਅਤੇ ਕਿਸੇ ਨੂੰ ਚਾਲੀ ਹਜ਼ਾਰ।

ਖ਼ਾਨ ਨੇ ਜਾਂਦਿਆਂ ਹੀ ਵੱਡੇ-ਵੱਡੇ ਮਗਰਮੱਛਾਂ ਨੂੰ ਹੱਥ ਪਾਇਆ। ਪਹਿਲਾਂ ਸਮੱਗਲਰਾਂ ਵੱਲੋਂ ਧਮਕੀਆਂ ਆਈਆਂ। ਫੇਰ ਸਿਫ਼ਾਰਸ਼ਾਂ ਅਤੇ ਅਖ਼ੀਰ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ। ਕੋਈ ਨਵੀਂ ਕਾਰ ਦੇਣ ਨੂੰ ਫਿਰਦਾ ਸੀ, ਕੋਈ ਕੋਠੀ। ਕੋਈ ਲੱਖ ਰੁਪਿਆ ਮਹੀਨਾ ਦੇਣ ਨੂੰ ਤਿਆਰ ਸੀ, ਕੋਈ ਡੇਢ ਲੱਖ।

ਖ਼ਾਨ ਨੇ ਕਸਮ ਖਾਧੀ ਸੀ, ਜਿੰਨਾ ਚਿਰ ਏਥੇ ਰਹੇਗਾ, ਨਸ਼ਾ ਨਹੀਂ ਵਿਕਣ ਦੇਵੇਗਾ। ਜਦੋਂ ਸਮੱਗਲਰਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਵਜ਼ੀਰਾਂ ਪਿੱਛੇ ਫਿਰਨ ਲੱਗੇ। ਕਈ ਵਾਰ ਖ਼ਾਨ ਦੀ ਬਦਲੀ ਕਰਵਾਈ, ਪਰ ਅਮਨ-ਪਸੰਦ ਲੋਕ ਆਪੇ ਬਦਲੀ ਕੈਂਸਲ ਕਰਾ ਦਿੰਦੇ। ਖ਼ਾਨ ਨੇ ਸਮੱਗਲਰਾਂ ਦੇ ਜਲੂਸ ਕੱਢੇ, ਮੂੰਹ ਕਾਲੇ ਕੀਤੇ, ਲੋਕਾਂ ਸਾਹਮਣੇ ਨੱਕ ਰਗੜਾਏ ਅਤੇ ਮੰਦਰਾਂ- ਗੁਰਦੁਆਰਿਆਂ ਵਿੱਚ ਸਹੁੰ ਖੁਆਈ।

ਉਸ ਸਮੇਂ ਤਾਂ ਲੋਕਾਂ ਦੇ ਮੂੰਹ ਅੱਡੇ ਹੀ ਰਹਿ ਗਏ ਜਦੋਂ ਖ਼ਾਨ ਨੇ ਜ਼ੈਲਦਾਰਾਂ ਦਾ ਨਕਾਬ ਲਾਹਿਆ।

ਚਾਰਜ ਸੰਭਾਲਦਿਆਂ ਹੀ ਉਸ ਅੱਗੇ ਜ਼ੈਲਦਾਰਾਂ ਦੀ ਨੂੰਹ ਦੇ ਕਤਲ ਵਾਲੀ ਮਿਸਲ ਪੇਸ਼ ਕੀਤੀ ਗਈ। ਕਤਲ ਹੋਏ ਨੂੰ ਸਾਲ ਹੋ ਗਿਆ ਸੀ। ਕਾਤਲ ਭਈਆ ਉਸੇ ਦਿਨ ਤੋਂ ਫ਼ਰਾਰ ਸੀ। ਪੁਲਿਸ ਸਿਰ-ਤੋੜ ਯਤਨ ਕਰ ਚੁੱਕੀ ਸੀ, ਭਈਆ ਨਹੀਂ ਸੀ ਮਿਲਿਆ। ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਜਾ ਚੁੱਕਾ ਸੀ। ਹੇਠਲੇ ਅਫ਼ਸਰਾਂ ਦਾ ਕੇਸ ਨੂੰ ‘ਅਨਟਰੇਸ’ ਦੇ ਕੇ ਤਫ਼ਤੀਸ਼ ਬੰਦ ਕਰਨ ਦਾ ਇਰਾਦਾ ਸੀ।

ਖ਼ਾਨ ਨੂੰ ਦਾਲ ’ਚ ਕਾਲਾ ਨਜ਼ਰ ਆਇਆ। ਪੰਜਾਬ ਪੁਲਿਸ ਏਨੀ ਗਈ-ਗੁਜ਼ਰੀ ਨਹੀਂ ਕਿ ਇੱਕ ਭਈਆ ਹੀ ਨਾ ਫੜਿਆ ਜਾਵੇ। ਮਾਮਲਾ ਸ਼ੱਕੀ ਸੀ।

ਅਜੀਬ ਜਿਹੀ ਕਹਾਣੀ ਸੀ। ਕਤਲ ਸਵੇਰੇ, ਮੂੰਹ-ਹਨੇਰੇ ਉਸੇ ਸਮੇਂ ਹੋਇਆ ਜਦੋਂ ਵੱਡੀ ਨੂੰਹ ਮੱਝਾਂ ਦੀ ਧਾਰ ਕੱਢ ਰਹੀ ਸੀ। ਕੋਲ ਖ਼ੂਨ ਨਾਲ ਲਿੱਬੜੀ ਭਈਏ ਦੀ ਪੈਂਟ ਅਤੇ ਜੁੱਤੀ ਪਈ ਸੀ। ਸਰਦਾਰਨੀ ਦੇ ਗਲੋਂ ਸੋਨੇ ਦੀ ਚੈਨੀ ਗ਼ਾਇਬ ਸੀ। ਅਲਮਾਰੀ ਵਿੱਚ ਪਿਆ ਤਿੰਨ ਹਜ਼ਾਰ ਰੁਪਿਆ ਵੀ ਨਹੀਂ ਸੀ ਲੱਭਦਾ। ਘਰ ਵਾਲਿਆਂ ਨੂੰ ਭਈਏ ’ਤੇ ਸ਼ੱਕ ਸੀ। ਉਸ ਅੰਦਰ ਲਾਲਚ ਜਾਗ ਪਿਆ। ਗੜਬੜ ਇਹ ਸੀ ਕਿ ਭਈਏ ਦਾ ਪਿਛਲਾ ਪਤਾ ਕਿਸੇ ਨੂੰ ਨਹੀਂ ਸੀ ਪਤਾ। ਪੁਲਿਸ ਸਿਰ ਖਪਾ ਕੇ ਬੈਠ ਗਈ। ਜ਼ੈਲਦਾਰਾਂ ਨੇ ਭਾਣਾ ਮੰਨ ਲਿਆ। ਜਦੋਂ ਕੋਈ ਪੈਰਵਾਈ ਹੀ ਨਹੀਂ ਕਰਦਾ ਤਾਂ ਪੁਲਿਸ ਪੱਲਿਉਂ ਪੈਰਵਾਈ ਕਿਉਂ ਕਰੇ? ਜਿਥੇ ਬਸਤੇ ਵਿੱਚ ਹੋਰ ਸੈਂਕੜੇ ਮਿਸਲਾਂ ਪਈਆਂ ਹਨ, ਉੇਥੇ ਇੱਕ ਹੋਰ ਪਈ ਰਹੇਗੀ।

ਪਹਿਲੀ ਜ਼ਿਮਨੀ ਪੜ੍ਹਦਿਆਂ ਹੀ ਖ਼ਾਨ ਨੂੰ ਜਚ ਗਈ ਕਿ ਕਾਤਲ ਘਰ ਵਿੱਚ ਹੀ ਸਨ। ਭਈਆ ਸਾਰਾ ਅੱਠਾਂ ਸਾਲਾਂ ਦਾ ਸੀ, ਜਦੋਂ ਸਰਦਾਰਾਂ ਦੇ ਆਇਆ ਸੀ। ਦਸਾਂ ਸਾਲਾਂ ਤੋਂ ਭਈਆ ਘਰ ਵਿੱਚ ਪੁੱਤਾਂ ਵਾਂਗ ਰਹਿੰਦਾ ਸੀ। ਘਰ ਦੀ ਹਰ ਚੀਜ਼ ਦਾ ਉਸ ਨੂੰ ਇਲਮ ਸੀ। ਸਵੇਰੇ ਉੱਠ ਕੇ ਮੱਝਾਂ ਨੂੰ ਪੱਠੇ ਪਾਉਂਦਾ, ਸੰਨ੍ਹੀਆਂ ਰਲਾਉਂਦਾ, ਫੇਰ ਸਰਦਾਰਨੀ ਨਾਲ ਧਾਰਾਂ ਕੱਢਦਾ। ਚੋਰੀ ਦੀ ਨੀਯਤ ਹੁੰਦੀ ਤਾਂ ਕਿਸੇ ਚੰਗੀ ਚੀਜ਼ ’ਤੇ ਹੱਥ ਮਾਰਦਾ, ਪੰਜ-ਸੱਤ ਹਜ਼ਾਰ ਦੀ ਚੋਰੀ ਲਈ ਕਤਲ ਦੀ ਕੀ ਲੋੜ ਸੀ?

ਲਾਸ਼ ਤੂੜੀ ਵਾਲੇ ਕੋਠੇ ਵਿੱਚ ਕਿਵੇਂ ਪੁੱਜੀ? ਕਿਸੇ ਨੂੰ ਮਰਨ ਵਾਲੀ ਦੀ ਚੀਕ ਤਕ ਸੁਣਾਈ ਕਿਉਂ ਨਹੀਂ ਦਿੱਤੀ। ਭਈਏ ਦੀ ਪੈਂਟ ਅਤੇ ਜੁੱਤੀ ਉੱਪਰ ਖ਼ੂਨ ਕਿਥੋਂ ਆਇਆ? ਕਤਲ ਛੇ ਵਜੇ ਹੋਇਆ। ਰਿਪੋਰਟ ਦਸ ਵਜੇ ਦਰਜ ਕਰਵਾਈ ਗਈ। ਚਾਰ ਘੰਟੇ ਮਸਲਾ ਗੁਪਤ ਕਿਉਂ ਰੱਖਿਆ ਗਿਆ।

ਭਈਏ ਦਾ ਸਾਰਾ ਸਾਮਾਨ ਉਸ ਦੀ ਕੋਠੜੀ ਵਿੱਚ ਸੀ। ਤਲਾਸ਼ੀ ਸਮੇਂ ਕੁੱਝ ਪੈਸੇ ਵੀ ਮਿਲੇ ਸਨ। ਡਾਕਖ਼ਾਨੇ ਵਿੱਚ ਖਾਤਾ ਸੀ। ਚਾਰ ਸੌ ਜਮ੍ਹਾਂ ਸੀ। ਭੱਜਣਾ ਹੁੰਦਾ ਤਾਂ ਪੈਸੇ ਕਢਾ ਕੇ ਰੱਖਦਾ।

ਖ਼ਾਨ ਦੇ ਸਰਸਰੀ ਜਿਹੀ ਪੁੱਛ-ਪੜਤਾਲ ਲਈ ਜ਼ੈਲਦਾਰਾਂ ਨੂੰ ਬੁਲਾਇਆ ਤਾਂ ਡੀ.ਆਈ.ਜੀ.ਦਾ ਫ਼ੋਨ ਆ ਗਿਆ।

“ਸਰਦਾਰ ਮੇਰੇ ਰਿਸ਼ਤੇਦਾਰ ਹਨ। ਘਰ ਪਹਿਲਾਂ ਹੀ ਪੁੱਟਿਆ ਗਿਆ। ਉਹਨਾਂ ਨੂੰ ਹੋਰ ਪ੍ਰੇਸ਼ਾਨ ਨਾ ਕੀਤਾ ਜਾਵੇ।”

ਖ਼ਾਨ ਨੂੰ ਯਕੀਨ ਹੋ ਗਿਆ ਕਿ ਭਈਆ ਕਾਤਲ ਨਹੀਂ। ਸਿਫ਼ਾਰਸ਼ਾਂ ਦਾ ਮਤਲਬ ਸੀ ਸਰਦਾਰਾਂ ਦੇ ਦਿਲ ਵਿੱਚ ਚੋਰ ਸੀ।

ਖ਼ੁਫ਼ੀਆ ਪੜਤਾਲ ਕਰਾਈ ਤਾਂ ਪਤਾ ਲੱਗਾ ਕਿ ਮਰਨ ਵਾਲੀ ਦਾ ਘਰ ਵਾਲਾ ਦਸਾਂ ਸਾਲਾਂ ਤੋਂ ਇੰਗਲੈਂਡ ਰਹਿੰਦੈ। ਜਦੋਂ ਇਥੇ ਸੀ, ਉਦੋਂ ਵੀ ਸਰਦਾਰਨੀ ਨਾਲ ਨਹੀਂ ਸੀ ਬਣਦੀ। ਇੰਗਲੈਂਡ ਵਿੱਚ ਉਸ ਨੇ ਦੂਜਾ ਵਿਆਹ ਕਰਾਇਆ ਹੋਇਐ। ਬਾਲ-ਬੱਚੇ ਵੀ ਹਨ। ਮਰਨ ਵਾਲੀ ਪੇਟੋਂ ਨਹੀਂ ਸੀ ਫੁੱਟੀ। ਪਹਿਲਾਂ ਪੇਕੇ ਰਹੀ। ਭਰਜਾਈ ਨੇ ਲੜ-ਲੜ ਘਰੋਂ ਕੱਢੀ ਤਾਂ ਦਿਨ-ਕੱਟੀ ਕਰਨ ਇਥੇ ਆ ਗਈ। ਜ਼ੈਲਦਾਰਾਂ ਨੇ ਉਸ ਨੂੰ ਮੁਫ਼ਤ ਦੀ ਕਾਮੀ ਸਮਝ ਕੇ ਰੱਖ ਲਿਆ। ਉਸ ਦਾ ਖ਼ਰਚ ਤਾਂ ਭਈਏ ਨਾਲੋਂ ਵੀ ਘੱਟ ਸੀ। ਸਾਰਾ ਦਿਨ ਭਈਏ ਨਾਲ ਰਲ ਕੇ ਕੰਮ ਕਰਾਉਂਦੀ। ਗੁਆਂਢੀਆਂ ਨੂੰ ਸ਼ੱਕ ਸੀ, ਉਹ ਭਈਏ ਨਾਲ ਘੁਲ-ਮਿਲ ਗਈ ਹੋਵੇਗੀ। ਕਈ ਵਾਰ ਉਸ ਨੂੰ ਭਈਏ ਨਾਲ ਹੱਸਦੇ-ਖੇਡਦੇ ਦੇਖਿਆ ਗਿਆ ਸੀ।

ਚਾਰ ਦਿਨ ਸਖ਼ਤ ਮਿਹਨਤ ਕਰ ਕੇ ਖ਼ਾਨ ਦੀ ਤੇਜ਼ ਬੁੱਧੀ ਨੇ ਟੁੱਟੀਆਂ ਤੰਦਾਂ ਜੋੜ ਲਈਆਂ। ਉਸ ਦੇ ਭਈਏ ਨਾਲ ਨਾਜਾਇਜ਼ ਸੰਬੰਧ ਹੋਣਗੇ। ਤੂੜੀ ਵਾਲੇ ਕੋਠੇ ਵਿੱਚ ਫੜੇ ਗਏ ਹੋਣਗੇ। ਹਰਖੇ ਸਰਦਾਰਾਂ ਨੇ ਦੋਹਾਂ ਦਾ ਫਾਹਾ ਵੱਢ ਦਿੱਤਾ। ਨੂੰਹ ਦੀ ਮੌਤ ਲੁਕਾਉਣਾ ਮੁਸ਼ਕਿਲ ਸੀ, ਕਿਸੇ ਸਿਆਣੇ ਦੀ ਰਾਏ ਨਾਲ ਕਤਲ ਭਈਏ ਸਿਰ ਮੜ੍ਹ ਦਿੱਤਾ ਗਿਆ। ਨਾਲੇ ਸੱਪ ਵੀ ਮਰ ਜਾਣਾ ਸੀ, ਨਾਲੇ ਸੋਟੀ ਵੀ ਬਚ ਰਹਿਣੀ ਸੀ।

ਸਾਰੀਆਂ ਸਿਫ਼ਾਰਸ਼ਾਂ ਇੱਕ ਪਾਸੇ ਰੱਖ ਕੇ ਜਦੋਂ ਵੱਡੇ ਸਰਦਾਰ ਦੇ ਘੋਟਾ ਲਾਉਣ ਲਈ ਕੱਪੜੇ ਲੁਹਾਏ ਗਏ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ।

ਸਰਦਾਰ ਜਦੋਂ ਭਈਏ ਦੀਆਂ ਹੱਡੀਆਂ ਬਰਾਮਦ ਕਰਾਉਣ ਖੇਤ ਗਏ ਤਾਂ ਚਾਰ ਸੌ ਬੰਦੇ ਦਾ ਇਕੱਠ ਸੀ। ਵੀਡੀਓ ਕੈਮਰੇ ਚੁੱਕੀ ਪੱਤਰਕਾਰ ਇਉਂ ਭੱਜੇ ਫਿਰਦੇ ਸਨ ਜਿਵੇਂ ਵਿਆਹ ’ਚ ਨੈਣ ਭੱਜੀ ਫਿਰਦੀ ਹੈ।

ਕਈ ਮਹੀਨੇ ਇਸ ਸਨਸਨੀਖੇਜ਼ ਕਤਲ ਦੀਆਂ ਫ਼ੋਟੋਆਂ ਅਤੇ ਰਿਪੋਰਟਾਂ ਅਖ਼ਬਾਰਾਂ ਵਿੱਚ ਛਪੀਆਂ। ਖ਼ਾਨ ਦੀ ਇੰਟਰਵਿਊ ਕਰਨ ਪੱਤਰਕਾਰ ਦੂਰੋਂ-ਦੂਰੋਂ ਆਏ। ਵਧਾਈ ਦੀਆਂ ਚਿੱਠੀਆਂ ਦਾ ਤਾਂਤਾ ਲੱਗ ਗਿਆ। ਡੀ.ਜੀ.ਨੇ ਖ਼ੁਦ ਫ਼ੋਨ ਕਰ ਕੇ ਖ਼ਾਨ ਦੇ ਕੰਮ ਨੂੰ ਸਲਾਹਿਆ।

ਪਾਪਾ ਨੇ ਕਲਕੱਤੇ ਤੋਂ ਵਧਾਈ ਦੀ ਤਾਰ ਵੀ ਦਿੱਤੀ ਅਤੇ ਇੱਕ ਵੱਡਾ ਸਾਰਾ ਨਸੀਹਤਾਂ ਨਾਲ ਭਰਿਆ ਖ਼ਤ ਵੀ ਲਿਖਿਆ। ਖ਼ਾਨ ਨੇ ਡੀ.ਆਈ.ਜੀ.ਨੂੰ ਨਰਾਜ਼ ਕਰਕੇ ਚੰਗਾ ਨਹੀਂ ਕੀਤਾ। ਨਵੇਂ ਅਫ਼ਸਰ ਨੂੰ ਕਦੇ ਵੀ ਆਪਣੇ ‘ਬਾਸ’ ਨਾਲ ਵਿਗਾੜਨੀ ਨਹੀਂ ਚਾਹੀਦੀ। ਅਫ਼ਸਰ ਮਾਤਹਿਤ ਦਾ ਕਿਸੇ ਸਮੇਂ ਕੰਨ ਖਿੱਚ ਸਕਦਾ ਹੈ। ਪਾਪਾ ਨੇ ਹਵਾ ਦੇ ਰੁਖ਼ ਅਨੁਸਾਰ ਚੱਲਣ ਦੀ ਰਾਏ ਦਿੱਤੀ ਸੀ। ਪਰ ਖ਼ਾਨ ਸੀ ਕਿ ਹਵਾ ਦੇ ਰੁਖ਼ ਨੂੰ ਮੋੜਨ ਵਿੱਚ ਵਿਸ਼ਵਾਸ ਰੱਖਦਾ ਸੀ।

ਖ਼ਾਨ ਪਾਪਾ ਨੂੰ ਫ਼ੋਨ ਕਰਨ ਲਈ ਕਾਹਲਾ ਪੈ ਰਿਹਾ ਸੀ। ਉਹ ਦੱਸਣਾ ਚਾਹੁੰਦਾ ਸੀ ਕਿ ਖ਼ਾਨ ਦੇ ਕੰਮ ਦੇ ਡੰਕੇ ਮੁੱਖ ਮੰਤਰੀ ਦੇ ਦਰਬਾਰ ਤਕ ਵੱਜ ਚੁੱਕੇ ਹਨ। ਲੋਕਾਂ ਨੇ ਖ਼ਾਨ ਤੋਂ ਤਫ਼ਤੀਸ਼ ਕਰਾਉਣ ਲਈ ਮੁੱਖ ਮੰਤਰੀ ’ਤੇ ਦਬਾਅ ਪਾਇਆ ਹੈ। ਹਾਲੇ ਫ਼ੋਨ ਲਈ ਉਸ ਕੋਲ ਵਕਤ ਨਹੀਂ ਸੀ। ਉਸ ਨੇ ਸ਼ਹਿਰ ਜਾਣਾ ਸੀ, ਤਫ਼ਤੀਸ਼ ਦੀਆਂ ਕੜੀਆਂ ਜੋੜਨੀਆਂ ਸਨ ਅਤੇ ਬੰਟੀ ਨੂੰ ਬਰਾਮਦ ਕਰਨ ਦੇ ਰਾਹ ਲੱਭਣੇ ਸਨ।

ਸ਼ਹਿਰ ਪਹੁੰਚ ਕੇ ਨਾ ਖ਼ਾਨ ਸੁੱਤਾ, ਨਾ ਉਸ ਨੇ ਕਿਸੇ ਤਫ਼ਤੀਸ਼ੀ ਅਫ਼ਸਰ ਨੂੰ ਸੌਣ ਦਿੱਤਾ। ਉਹ ਥਾਣੇਦਾਰਾਂ ਨੂੰ ਝਈਆਂ ਲੈ-ਲੈ ਪੈ ਰਿਹਾ ਸੀ। ਅਫ਼ਸੋਸ ਕਰ ਰਿਹਾ ਸੀ ਕਿ ਤਫ਼ਤੀਸ਼ ਪਹਿਲੇ ਦਿਨ ਵਾਲੀ ਥਾਂ ਹੀ ਖੜੀ ਸੀ। ਵਰਕੇ ਕਾਲੇ ਕਰਨ ਤੋਂ ਇਲਾਵਾ ਕਿਸੇ ਨੇ ਕੁੱਝ ਨਹੀਂ ਸੀ ਕੀਤਾ। ਸਭ ਨੇ ‘ਹਿੱਟ ਐਂਡ ਟਰਾਇਲ’ ਤਰੀਕਾ ਅਪਣਾਇਆ ਸੀ। ਪੁਰਾਣੀਆਂ ਲਿਸਟਾਂ ਚੁੱਕੀਆਂ, ਮੁਜਰਮ ਬੁਲਾਏ, ਮਾਰੇ-ਕੁੱਟੇ ਅਤੇ ਛੱਡ ਦਿੱਤੇ। ਡਿਪਟੀ ਤਕ ਨੇ ਇਹ ਪੜਤਾਲ ਨਹੀਂ ਸੀ ਕੀਤੀ ਕਿ ਚਿੱਠੀ ਦਾ ਵਰਕਾ ਕਿਹੋ ਜਿਹਾ ਹੈ? ਕਾਪੀ ਦਾ, ਦਸਤੇ ਦਾ ਜਾਂ ਕਿਸੇ ਪੈਡ ਦਾ? ਸਿਆਹੀ ਕਿਹੋ ਜਿਹੀ ਵਰਤੀ ਜਾ ਰਹੀ ਹੈ? ਦਫ਼ਤਰਾਂ ਵਾਲੀ, ਸਕੂਲੀ ਬੱਚਿਆਂ ਵਾਲੀ ਜਾਂ ਦੁਕਾਨਦਾਰਾਂ ਵਾਲੀ? ਪੈੱਨ ਵਰਤਿਆ ਗਿਆ ਹੈ ਜਾਂ ਪੈਨਸਲ। ਹਰ ਵਾਰ ਉਸੇ ਤਰ੍ਹਾਂ ਦਾ ਕਾਗ਼ਜ਼ ਵਰਤਿਆ ਜਾਂਦਾ ਹੈ ਜਾਂ ਵੱਖਰਾ? ਲਿਖਤ ਕਿਸ ਤਰ੍ਹਾਂ ਦੀ ਹੈ? ਕਿਸੇ ਪੜ੍ਹੇ-ਲਿਖੇ ਦੀ? ਸ਼ਬਦ-ਜੋੜਾਂ ਵਿੱਚ ਕਿਹੋ ਜਿਹੀਆਂ ਗ਼ਲਤੀਆਂ ਹਨ। ਲਿਖਣ ਵਾਲਾ ਇਕੋ ਹੈ ਜਾਂ ਵੱਖ-ਵੱਖ? ਕਿਸੇ ਨੂੰ ਕੁੱਝ ਨਹੀਂ ਪਤਾ। ਇਕੋ ਗੱਲ ਦਾ ਪਤਾ ਹੈ ਕਿ ਕਿਵੇਂ ਨਾ ਕਿਵੇ ਚਿੱਠੀ ਬਰਾਮਦ ਕਰੋ ਅਤੇ ਮਿਸਲ ਨਾਲ ਨੱਥੀ ਕਰ ਦਿਉ।

ਤਫ਼ਤੀਸ਼ ਦੀ ਹਾਲਤ ਦੇਖ ਕੇ ਖ਼ਾਨ ਘਬਰਾ ਰਿਹਾ ਸੀ। ਉਸ ਨੂੰ ਬੜਾ ਘੱਟ ਸਮਾਂ ਮਿਲਿਆ ਸੀ। ਆਖ਼ਰੀ ਚਿੱਠੀ ਨੂੰ ਸਹੀ ਮੰਨ ਲਿਆ ਜਾਵੇ ਤਾਂ ਉਸ ਕੋਲ ਇੱਕ ਦਿਨ ਅਤੇ ਇੱਕ ਰਾਤ ਸੀ। ਸਾਰਾ ਕੰਮ ਖ਼ਾਨ ਨੇ ਕਰਨਾ ਸੀ। ਕੁੱਝ ਗੱਲਾਂ ਤਾਂ ਸਾਫ਼ ਨਜ਼ਰ ਆਉਂਦੀਆਂ ਸਨ। ਅਗਵਾਕਾਰ ਹਾਲੇ ਤਕ ਸ਼ਹਿਰ ਵਿੱਚ ਹੀ ਟਿਕੇ ਹੋਏ ਸਨ। ਇਰਾਦੇ ਦੇ ਪੱਕੇ ਲੱਗਦੇ ਸਨ। ਕਿਸੇ ਖ਼ਾਸ ਥਾਂ ਸ਼ਰਨ ਲਈ ਹੋਈ ਸੀ। ਉਹਨਾਂ ਨੂੰ ਹਰ ਤਰ੍ਹਾਂ ਦੀ ਸੂਚਨਾ ਵੀ ਮਿਲ ਰਹੀ ਸੀ। ਖ਼ਾਨ ਦੇ ਸ਼ਹਿਰ ਪੁੱਜਣ ਦੀ ਖ਼ਬਰ ਵੀ ਉਹਨਾਂ ਨੂੰ ਮਿਲ ਗਈ ਹੋਵੇਗੀ। ਉਹ ਘਬਰਾਏ ਵੀ ਹੋਣਗੇ। ਖ਼ਾਨ ਇਸ ਗੱਲ ’ਤੇ ਘਬਰਾ ਰਿਹਾ ਸੀ ਕਿ ਜੇ ਉਹਨਾਂ ਬੰਟੀ ਨੂੰ ਮਾਰ ਦਿੱਤਾ ਤਾਂ ਮੁੱਖ ਮੰਤਰੀ ਕੀ ਸੋਚੇਗਾ? ਖ਼ਾਨ ਦੀ ਬਣੀ-ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ।

ਹੌਲੀ-ਹੌਲੀ ਖ਼ਾਨ ਆਪਣੀ ਘਬਰਾਹਟ ’ਤੇ ਕਾਬੂ ਪਾਉਣ ਲੱਗਾ। ਵੱਡੇ ਕੰਮ ਨੂੰ ਸਾਹਮਣੇ ਦੇਖ ਕੇ ਘਬਰਾ ਜਾਣਾ ਉਸ ਦੀ ਆਦਤ ਸੀ। ਇਮਤਿਹਾਨ ਸਮੇਂ ਇਸੇ ਤਰ੍ਹਾਂ ਹੁੰਦਾ ਆਇਆ ਸੀ। ਪਹਿਲਾਂ ਵੱਡੀਆਂ-ਵੱਡੀਆਂ ਪੁਸਤਕਾਂ ਦੇਖ ਕੇ ਘਬਰਾ ਜਾਣਾ। ਜਦੋਂ ਪੜ੍ਹਨ ਬੈਠਣਾ ਤਾਂ ਕੰਮ ਦਿਨਾਂ ਵਿੱਚ ਮੁਕਾ ਲੈਣਾ। ਇੱਕ ਗੱਲ ’ਤੇ ਉਸ ਨੂੰ ਮਾਣ ਸੀ। ਉਹ ਇਰਾਦੇ ਦਾ ਪੱਕਾ ਸੀ। ਜਿਹੜੀ ਗੱਲ ਇੱਕ ਵਾਰ ਠਾਣ ਲਈ, ਜਿੰਨਾ ਚਿਰ ਉਸ ਨੂੰ ਸਿਰੇ ਨਾ ਚਾੜ੍ਹ ਲੈਂਦਾ, ਉਹ ਦਮ ਨਹੀਂ ਸੀ ਲੈਂਦਾ। ਆਈ.ਪੀ.ਐਸ.ਦੇ ਅਹੁਦੇ ਤਕ ਪਹੁੰਚਣ ਲਈ ਉਸ ਦਾ ਇਹੋ ਗੁਣ ਸਹਾਈ ਹੋਇਆ ਸੀ।

ਖ਼ਾਨ ਬੰਟੀ ਵਾਲੀ ਤਫ਼ਤੀਸ਼ ਨੂੰ ਵੀ ਆਪਣਾ ਇਮਤਿਹਾਨ ਸਮਝ ਰਿਹਾ ਸੀ। ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਸੀ ਜਿਵੇਂ ਇੱਕ ਵਾਰ ਮੋਗੇ ਝੋਟਿਆਂ ਦੇ ਭੇੜ ਵਿੱਚ ਫਸੇ ਖ਼ਾਨ ਲਈ ਬਣ ਗਈ ਸੀ।

ਉਸ ਸਮੇਂ ਸ਼ੈਲਰ ਮਾਲਕਾਂ ਦੀ ਯੂਨੀਅਨ ਦੇ ਪ੍ਰਧਾਨ ਲਾਲਾ ਸ਼ਿਵ ਦਿਆਲ ਨੇ ਲੇਬਰ ਯੂਨੀਅਨ ਦੇ ਪ੍ਰਧਾਨ ਬੰਤਾ ਸਿੰਘ ਦੇ ਭਰੇ ਬਜ਼ਾਰ ਵਿੱਚ ਗੋਲੀ ਮਾਰੀ ਸੀ। ਬੰਤੇ ਨੂੰ ਟਰੱਕ ਡਰਾਈਵਰਾਂ ਦੀ ਸ਼ਹਿ ਸੀ। ਸੈਂਕੜੇ ਲੋਕਾਂ ਦੇ ਸਾਹਮਣੇ ਉਹ ਭਰੇ ਬਜ਼ਾਰ ਵਿੱਚ ਲਾਲੇ ਨੂੰ ਧੀਆਂ-ਭੈਣਾਂ ਦੀਆ ਗਾਲ੍ਹਾਂ ਕੱਢ ਰਿਹਾ ਸੀ। ਸਾਰਾ ਬਜ਼ਾਰ ਗਵਾਹ ਸੀ ਕਿ ਲਾਲਾ ਆਖ਼ਰੀ ਮੌਕੇ ਤਕ ਲੜਾਈ ਤੋਂ ਟਲਦਾ ਰਿਹਾ। ਖਿਸਕਦਾ-ਖਿਸਕਦਾ ਆਪਣੀ ਦੁਕਾਨ ਤਕ ਚਲਾ ਗਿਆ। ਅੱਗੇ ਲੱਗੇ ਲਾਲੇ ਨੂੰ ਦੇਖ ਕੇ ਬੰਤੇ ਨੂੰ ਹੋਰ ਸ਼ਹਿ ਹੋ ਗਈ। ਬੱਕਰੇ ਬੁਲਾਉਂਦਾ ਉਹ ਦੁਕਾਨ ਤਕ ਲਾਲੇ ਦਾ ਪਿੱਛਾ ਕਰਦਾ ਰਿਹਾ।

ਅੱਗੋਂ ਸ਼ਿਵ ਦਿਆਲ ਕਿਹੜਾ ਘੱਟ ਸੀ। ਬੁਰਛਿਆਂ ਵਰਗੇ ਪੰਜ ਪੁੱਤਾਂ ਦਾ ਬਾਪ ਸੀ। ਦੋ ਆੜ੍ਹਤ ਦੀਆਂ ਦੁਕਾਨਾਂ, ਚਾਰ ਸ਼ੈਲਰਾਂ ਅਤੇ ਅੱਠ ਟਰੱਕਾਂ ਦਾ ਮਾਲਕ ਸੀ। ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸੀ। ਦੋ ਲਾਇਸੈਂਸੀ ਬੰਦੂਕਾਂ ਹਰ ਸਮੇਂ ਭਰ ਕੇ ਰੱਖਦਾ ਸੀ। ਵੀਹ ਸਾਲ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ। ਅੱਜ ਤਕ ਕਿਸੇ ਨੇ ਉਸ ਅੱਗੇ ਅੱਖ ਨਹੀਂ ਚੁੱਕੀ। ਧੀਆਂ-ਭੈਣਾਂ ਦੀਆਂ ਗਾਲ੍ਹਾਂ ਸੁਣ ਕੇ ਜਿਊਣ ਨਾਲੋਂ ਤਾਂ ਮਰਨਾ ਚੰਗਾ ਸੀ। ਅੱਕ ਕੇ ਸ਼ਿਵ ਦਿਆਲ ਨੇ ਬੰਦੂਕ ਤਾਣ ਲਈ।

ਪਿੱਛੇ ਹਟਣਾ ਬੰਤੇ ਲਈ ਵੀ ਔਖਾ ਸੀ। ਪਿਛਲੇ ਪੰਜਾਂ ਸਾਲਾਂ ਤੋਂ ਉਹ ਚੰਮ ਦੀਆਂ ਚਲਾਉਂਦਾ ਆ ਰਿਹਾ ਸੀ। ਬੰਤੇ ਦੇ ਬਾਪ ਨੇ ਸਾਰੀ ਉਮਰ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਝਾੜੂ ਮਾਰਿਆ ਸੀ ਤਾਂ ਕੀ ਹੋਇਆ? ਬੰਤਾ ਅੱਜ-ਕੱਲ੍ਹ ਲੱਖਾਂ ਵਿੱਚ ਖੇਡਦਾ ਸੀ। ਲਾਲਿਆਂ ਦੇ ਵੀਹ ਮੁੰਡੇ ਉਸ ਦੇ ਨੌਕਰ ਸਨ। ਉਸ ਕੋਲ ਕੋਠੀ ਸੀ, ਕਾਰ ਸੀ ਅਤੇ ਕਾਂਗਰਸ ਪਾਰਟੀ ਦਾ ਅਹੁਦਾ ਵੀ। ਐਫ਼.ਸੀ.ਆਈ.ਦਾ ਮਹਿਕਮਾ ਖੁੱਲ੍ਹਦਿਆਂ ਹੀ ਬੰਤੇ ਦੀ ਕਿਸਮਤ ਜਾਗ ਪਈ। ਬੋਰੀਆ ਢੋਂਦਾ- ਢੋਂਦਾ ਉਹ ਪਹਿਲਾਂ ਇਥੋਂ ਦੀ ਮੰਡੀ ਦਾ ਠੇਕੇਦਾਰ ਬਣਿਆ, ਫੇਰ ਜ਼ਿਲ੍ਹੇ ਦਾ। ਦੋ ਗੱਡੀਆਂ ਲੈ ਕੇ ਟਰੱਕ ਯੂਨੀਅਨ ਵਿੱਚ ਜਾ ਵੜਿਆ। ਪ੍ਰਧਾਨਗੀ ਮੱਲ ਲਈ। ਪੰਜਾਹ-ਪੰਜਾਹ ਬੰਦੇ ਸਾਰਾ ਦਿਨ ਅੱਗੇ-ਪਿੱਛੇ ਰਹਿਣ ਲੱਗੇ। ਵਜ਼ੀਰਾਂ ਨਾਲੋਂ ਵੱਧ ਟੌਹਰ ਸੀ। ਹਰ ਸਮਾਗਮ ’ਤੇ ਗਿਆ ਪੰਜ-ਪੰਜ ਹਜ਼ਾਰ ਦਾਨ ਦੇ ਆਉਂਦਾ। ਲਾਲੇ ਨਾਲ ਉਸ ਦਾ ਟਰੱਕ ਯੂਨੀਅਨ ਦੇ ਹਿਸਾਬ-ਕਿਤਾਬ ਦਾ ਹੀ ਰੌਲਾ ਸੀ। ਲਾਲੇ ਦੀ ਬੰਦੂਕ ਨੂੰ ਉਹ ਬਾਂਦਰ-ਧਮਕੀ ਹੀ ਸਮਝਦਾ ਸੀ। ਪਿੱਠ ਦਿਖਾ ਕੇ ਭੱਜਣ ਵਾਲਾ ਬੰਤਾ ਨਹੀਂ ਸੀ।

ਲਾਲਾ ਗੋਲੀ ਨਾ ਚਲਾਉਂਦਾ ਤਾਂ ਹੋ ਸਕਦੈ ਬੰਤੇ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ। ਬੰਤਾ ਹਮੇਸ਼ਾ ਭਰਿਆ ਪਿਸਤੌਲ ਡੱਬ ਵਿੱਚ ਰੱਖਦਾ ਸੀ।

ਮਰੇ ਪਏ ਬੰਤੇ ਦੇ ਉਸ ਦੇ ਸਾਥੀਆਂ ਨੇ ਦੋ ਗੋਲੀਆਂ ਹੋਰ ਮਾਰ ਦਿੱਤੀਆਂ। ਲਾਲਾ ਤਾਂ ਫਸਣਾ ਹੀ ਸੀ, ਨਾਲ ਸ਼ਿਵ ਦਿਆਲ ਦੇ ਦੋ ਮੁੰਡੇ ਵੀ ਘੜੀਸ ਲਏ।

ਇਥੋਂ ਹੀ ਮਸਲਾ ਗੰਭੀਰ ਬਣਿਆ ਸੀ। ਕਈ ਯੂਨੀਅਨਾਂ ਸ਼ਿਵ ਦਿਆਲ ਦੇ ਮੁੰਡਿਆਂ ਦੀ ਗ੍ਰਿਫ਼ਤਾਰੀ ਲਈ ਜ਼ੋਰ ਲਾ ਰਹੀਆਂ ਸਨ। ਜਲਸਾ ਕਦੇ ਲੇਬਰ ਯੂਨੀਅਨ ਕਰਦੀ, ਕਦੇ ਟਰੱਕ ਯੂਨੀਅਨ ਅਤੇ ਕਦੇ ਕਾਂਗਰਸ। ਧਰਨਾ ਕਦੇ ਬਾਲਮੀਕ ਸਭਾ ਵੱਲੋਂ ਹੁੰਦਾ, ਕਦੇ ਸਾਰੇ ਦਲਿਤਾਂ ਵੱਲੋਂ। ਇੱਕ ਅਕਾਲੀ ਨੇਤਾ, ਜਿਹੜਾ ਦੂਰੋਂ-ਨੇੜਿਉਂ ਬੰਤੇ ਦਾ ਰਿਸ਼ਤੇਦਾਰ ਸੀ, ਵੀ ਧਰਨਾ ਦੇਈ ਬੈਠਾ ਸੀ।

ਲਾਲਿਆਂ ਨਾਲ ਸਾਰਾ ਬਜ਼ਾਰ ਸੀ। ਵਜ਼ੀਰ ਸਨ ਅਤੇ ਅਫ਼ਸਰਸ਼ਾਹੀ ਸੀ। ਲਾਲਾ ਆਪ ਹੀ ਪੁਲਿਸ ਅੱਗੇ ਪੇਸ਼ ਹੋ ਚੁੱਕਾ ਸੀ। ਬਜ਼ਾਰ ਵਾਲੇ ਬੇਕਸੂਰ ਮੁੰਡਿਆਂ ਨੂੰ ਹੱਥ ਨਹੀਂ ਲਾਉਣ ਦੇਣਗੇ। ਇੱਕ ਦਿਨ ਲੇਬਰ ਯੂਨੀਅਨ ਵਾਲੇ ਬਜ਼ਾਰ ਬੰਦ ਕਰਵਾ ਦਿੰਦੇ ਤਾਂ ਦੂਜੇ ਦਿਨ ਵਿਉਪਾਰ ਮੰਡਲ ਵਾਲੇ।

ਪੁਲਿਸ ਭੰਬਲ-ਭੂਸੇ ਵਿੱਚ ਪਈ ਹੋਈ ਸੀ। ਵੱਡੇ ਤੋਂ ਵੱਡਾ ਅਫ਼ਸਰ ਲੱਤ ਨਹੀਂ ਸੀ ਲਾ ਰਿਹਾ। ਮਿੰਟ-ਮਿੰਟ ’ਤੇ ਹੁਕਮ ਜਾਰੀ ਹੋ ਰਹੇ ਸਨ। ਕਦੇ ਮੁੰਡੇ ਗ੍ਰਿਫ਼ਤਾਰ ਕਰਨ ਦਾ, ਕਦੇ ਬੰਦੂਕਾਂ ਜ਼ਬਤ ਕਰਨ ਦਾ। ਦੂਜੇ ਹੀ ਪਲ ਹੁਕਮ ਮਿਲਦਾ, ਮੁੰਡੇ ਬੇਕਸੂਰ ਹਨ। ਉਹਨਾਂ ਨੂੰ ਖਾਨਾ ਨੰਬਰ ਦੋ ਵਿੱਚ ਰੱਖ ਕੇ ਚਲਾਨ ਪੇਸ਼ ਕਰੋ।

ਹੋਮ ਮਨਿਸਟਰ ਨੇ ਪੜਤਾਲ ਦੇ ਹੁਕਮ ਜਾਰੀ ਕੀਤੇ ਤਾਂ ਸਾਰੇ ਅਫ਼ਸਰ ਟਲ ਗਏ। ਪਾਣੀ ਆਖ਼ਰ ਨਿਵਾਣਾਂ ਵੱਲ ਹੀ ਵਿਹਾ। ਖ਼ਾਨ ਦੀ ਯੋਗਤਾ ਦਾ ਇਮਤਿਹਾਨ ਰੱਖਿਆ ਗਿਆ।

ਯੂਨੀਅਨ ਵਾਲਿਆਂ ਨੂੰ ਖ਼ਾਨ ਦੀ ਨਿਯੁਕਤੀ ਪਸੰਦ ਨਹੀਂ ਸੀ। ਉਹਨਾਂ ਨੂੰ ਖਾਣ-ਪੀਣ ਵਾਲਾ ਬੰਦਾ ਚਾਹੀਦਾ ਸੀ। ਖ਼ਾਨ ਦੀ ਇਮਾਨਦਾਰੀ ’ਤੇ ਕੋਈ ਉਂਗਲ ਨਹੀਂ ਧਰ ਸਕਦਾ। ਜਲਦੀ- ਜਲਦੀ ਖ਼ਾਨ ਤਕ ਪਹੁੰਚ ਨਹੀਂ ਸੀ ਹੋ ਸਕਣੀ। ਉਸ ਦਾ ਬਾਪ ਆਈ.ਏ.ਐਸ.ਅਫ਼ਸਰ ਸੀ ਅਤੇ ਇਕੋ-ਇੱਕ ਭਰਾ ਕਸਟਮਜ਼ ਦਾ ਕਮਿਸ਼ਨਰ। ਏਡੇ ਵੱਡੇ ਅਫ਼ਸਰਾਂ ਨੂੰ ਤਾਂ ਮਿਲਣਾ ਹੀ ਔਖਾ ਹੁੰਦਾ ਹੈ। ਉਹਨਾਂ ਤੋਂ ਸਿਫ਼ਾਰਸ਼ ਕਰਾਉਣ ਦੀ ਗੱਲ ਦੂਰ ਦੀ ਸੀ। ਵੈਸੇ ਵੀ ਖ਼ਾਨਦਾਨੀ ਰਈਸ ਸਨ। ਪਰਿਵਾਰ ਕਲਕੱਤੇ ਰਹਿੰਦਾ ਸੀ। ਪੰਜਾਬ ਨਾਲ ਉਹਨਾਂ ਦਾ ਦੂਰੋਂ-ਨੇੜਿਉਂ ਕੋਈ ਸੰਬੰਧ ਨਹੀਂ ਸੀ। ਯੂਨੀਅਨ ਵਾਲੇ ਡਰ ਰਹੇ ਸਨ। ਬੰਤੇ ਦੇ ਗੋਲੀਆਂ ਮਾਰ ਕੇ ਉਹ ਗ਼ਲਤੀ ਕਰ ਬੈਠੇ ਸਨ। ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ। ਕੇਸ ਆਪਣੇ ਬੰਦਿਆਂ ਸਿਰ ਹੀ ਨਾ ਪੈ ਜਾਵੇ।

ਲਾਲੇ ਕਿਹੜੇ ਘੱਟ ਸਨ। ਮਿਲ-ਮਿਲਾ ਕੇ ਸਾਰੀਆਂ ਰਿਪੋਰਟਾਂ ਆਪਣੇ ਹੱਕ ਵਿੱਚ ਕਰਵਾ ਲਈਆਂ। ਪਹਿਲੀ ਇਹ ਕਿ ਜਿਸ ਰੌਂਦ ਨਾਲ ਬੰਤਾ ਮਰਿਆ ਦੱਸਿਆ ਜਾਂਦਾ ਹੈ, ਉਹ ਰੌਂਦ ਉਸ ਬੰਦੂਕ ਵਿਚੋਂ ਨਹੀਂ ਨਿਕਲਿਆ, ਜਿਹੜੀ ਲਾਲੇ ਕੋਲੋਂ ਬਰਾਮਦ ਹੋਈ ਸੀ। ਦੂਜੀ ਇਹ ਕਿ ਦੂਸਰੇ ਫ਼ਾਇਰ ਮਰਨ ਵਾਲੇ ਦੇ ਬਹੁਤ ਨੇੜੇ ਤੋਂ ਮਾਰੇ ਗਏ ਸਨ। ਉਹਨਾਂ ਦਾ ਬੋਰ ਵੀ ਲਾਲੇ ਦੀਆਂ ਦੋਹਾਂ ਬੰਦੂਕਾਂ ਤੋਂ ਵੱਖ ਸੀ।

ਖ਼ਾਨ ਨੇ ਤਿੰਨ ਦਿਨ ਖੁੱਲ੍ਹਾ ਦਰਬਾਰ ਲਾਇਆ। ਫ਼ੋਨ ਸੁਣ-ਸੁਣ ਅਤੇ ਵਿਰੋਧੀ ਖ਼ੁਫ਼ੀਆ ਰਿਪੋਰਟਾਂ ਤੋਂ ਉਹ ਅੱਕ ਗਿਆ ਸੀ।

ਲਾਲਿਆਂ ਨੇ ਕਿਸੇ ਨਾਲ ਅਜਿਹੀ ਅੰਗਲੀ-ਸੰਗੀ ਭਿੜਾਈ ਕਿ ਦਿੱਲੀ ਤੋਂ ਖ਼ਾਨ ਦੇ ਭਰਾ ਨੂੰ ਲੈ ਆਏ। ਗੱਲੀਂ ਪਏ ਖ਼ਾਨ ਨੇ ਆਪਣੀ ਪੜਤਾਲ ਦਾ ਨਿਚੋੜ ਦੱਸਿਆ।

ਕਤਲ ਲਾਲੇ ਨੇ ਕੀਤਾ ਸੀ। ਜਿਨ੍ਹਾਂ ਬੰਦਿਆਂ ਨੇ ਬੰਤੇ ਦੇ ਵਾਧੂ ਗੋਲੀਆਂ ਮਾਰੀਆਂ ਸਨ, ਉਹਨਾਂ ਦੀ ਸ਼ਨਾਖ਼ਤ ਹੋ ਗਈ ਸੀ। ਖ਼ਾਨ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਸੋਚ ਰਿਹਾ ਸੀ।

ਖ਼ਾਨ ਦੀਆਂ ਗੱਲਾਂ ਸੁਣ ਕੇ ਭਰਾ ਦਾ ਚਿਹਰਾ ਗੁਲਾਬ ਵਾਂਗ ਖਿੜ ਗਿਆ। ਲਾਲੇ ਦੇ ਮੁੰਡਿਆਂ ਨੂੰ ਨਿਰਦੋਸ਼ ਕਰਾਰ ਦਿਵਾਉਣ ਲਈ ਹੀ ਉਹ ਪੰਜ ਲੱਖ ਲੈ ਕੇ ਆਇਆ ਸੀ। ਜੇ ਬੰਤੇ ਦੇ ਹਮਾਇਤੀ ਫਸ ਜਾਣ ਤਾਂ ਲੱਖ ਹੋਰ ਮਿਲ ਸਕਦਾ ਸੀ।

ਗਈ ਰਾਤ ਤਕ ਖ਼ਾਨ ਦਾ ਭਰਾ ਉਸ ਨੂੰ ਪੈਸਿਆਂ ਦੀ ਅਹਿਮੀਅਤ ਸਮਝਾਉਂਦਾ ਰਿਹਾ। ਉਹ ਵੀ ਪਹਿਲਾਂ ਖ਼ਾਂਨ ਵਾਂਗ ਇਮਾਨਦਾਰ ਅਤੇ ਆਦਰਸ਼ਵਾਦੀ ਸੀ। ਵੱਡੇ ਸਮੱਗਲਰਾਂ ਦੇ ਸੋਨੇ ਚਾਂਦੀ ਨੂੰ ਬਾਜ ਵਾਂਗ ਝਪਟ ਲੈਂਦਾ ਸੀ। ਇੱਕ-ਦੋ ਸਾਲ ਚੜ੍ਹਤ ਰਹੀ। ਪਿੱਛੋਂ ਸਾਰਾ ਵਿਰੋਧੀ ਧੜਾ ਇਕਮੁੱਠ ਹੋ ਗਿਆ। ਪਾਪਾ ਜੀ ਨਾ ਬਚਾਉਂਦੇ ਤਾਂ ਬਦਮਾਸ਼ ਲੋਕ ਉਸ ਨੂੰ ਨੌਕਰੀਉਂ ਕਢਾ ਕੇ ਦਮ ਲੈਂਦੇ। ਪੈਸੇ ਲੈਣ ਲੱਗਾ ਹੈ ਤਾਂ ਸਾਰੇ ਬਾਗ਼ੋ-ਬਾਗ਼ ਹਨ। ਸ਼ੁਰੂਆਤ ਪੰਜ ਲੱਖ ਤੋਂ ਹੁੰਦੀ ਹੈ ਤਾਂ ਖ਼ਾਨ ਨੂੰ ਕਰ ਹੀ ਲੈਣੀ ਚਾਹੀਦੀ ਹੈ। ਇਸ ਵਿੱਚ ਵੈਸੇ ਵੀ ਕੋਈ ਹਰਜ ਨਹੀਂ, ਰਿਪੋਰਟ ਉਂਝ ਵੀ ਇਸੇ ਤਰ੍ਹਾਂ ਹੋਣੀ ਹੈ। ਉਹ ਖ਼ਾਨ ਦਾ ਭਰਾ ਹੋਣ ਕਰਕੇ ਸੱਚ ਦੱਸ ਰਿਹਾ ਹੈ। ਨਹੀਂ ਤਾਂ ਉਸ ਦੀਆਂ ਗੱਲਾਂ ਸੁਣ ਕੇ ਵਿਚੋਲਾ ਸਾਰੇ ਪੈਸੇ ਹਜ਼ਮ ਕਰ ਗਿਆ ਹੁੰਦਾ, ਕਿਸੇ ਨੂੰ ਕੰਨੋਂ-ਕੰਨ ਖ਼ਬਰ ਵੀ ਨਹੀਂ ਸੀ ਹੋਣੀ।

ਖ਼ਾਨ ’ਤੇ ਇਸ ਭਾਸ਼ਣ ਦਾ ਕੋਈ ਅਸਰ ਨਹੀਂ ਸੀ। ਬੜੀ ਹਲੀਮੀ ਨਾਲ ਉਸ ਨੇ ਪੈਸਿਆਂ ਵਾਲਾ ਬੈਗ ਵਾਪਸ ਕਰ ਦਿੱਤਾ।

ਚੋਰੀ ਯਾਰੀ ਵਾਂਗ ਰਿਸ਼ਵਤ ਵੀ ਗੁੱਝੀ ਨਹੀਂ ਰਹਿੰਦੀ। ਦੋ ਦਿਨਾਂ ਵਿੱਚ ਹੀ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ। ਪਹਿਲਾਂ ਖ਼ਾਨ ਡਰਿਆ। ਹੌਲੀ-ਹੌਲੀ ਇਹ ਗੱਲ ਖ਼ਾਨ ਦੇ ਹੱਕ ਵਿੱਚ ਭੁਗਤਣ ਲੱਗੀ। ਕੋਈ ਦੇਵਤਾ ਹੀ ਏਡੀ ਵੱਡੀ ਰਕਮ ਠੁਕਰਾ ਸਕਦੈ। ਲੋਕ ਆਖਣ ਲੱਗੇ।

ਦਿੱਲੀ ਜਾ ਕੇ ਭਾਈ ਸਾਹਿਬ ਨੇ ਬੜੀ ਸਖ਼ਤ ਚਿੱਠੀ ਲਿਖੀ। ਉਸ ਦੇ ਬਚਪਨੇ ’ਤੇ ਅਫ਼ਸੋਸ ਪ੍ਰਗਟ ਕੀਤਾ। ਖ਼ਾਨ ਨੂੰ ਕੋਈ ਅਫ਼ਸੋਸ ਨਹੀਂ। ਉਸ ਦੀ ਸਖ਼ਤੀ ਰੰਗ ਲਿਆ ਰਹੀ ਸੀ। ਮੁੱਖ ਮੰਤਰੀ ਨੇ ਖ਼ੁਦ ਖ਼ਾਨ ਨੂੰ ਇਸ ਤਫ਼ਤੀਸ਼ ਲਈ ਚੁਣਿਆ ਸੀ, ਨਵੇਂ ਅਫ਼ਸਰ ਲਈ ਇਹ ਕੋਈ ਘੱਟ ਫ਼ਖ਼ਰ ਵਾਲੀ ਗੱਲ ਨਹੀਂ ਹੁੰਦੀ। ਉਸ ਨਾਲ ਦੇ ਹਾਲੇ ਪੁਲਿਸ ਲਾਈਨ ਵਿੱਚ ਧੱਕੇ ਖਾ ਰਹੇ ਹਨ। ਉਹ ਐਸ.ਪੀ.ਬਣ ਚੁੱਕਾ ਹੈ। ਬੰਟੀ ਲੱਭ ਪਿਆ ਤਾਂ ਐਸ.ਐਸ.ਪੀ.ਬਣ ਜਾਣਾ ਹੈ।

ਇੰਨੇ ਥੋੜ੍ਹੇ ਸਮੇਂ ਵਿੱਚ ਬੰਟੀ ਦੀ ਤਲਾਸ਼ ਉਸ ਨੂੰ ਅਸੰਭਵ ਲੱਗ ਰਹੀ ਸੀ। ਮੋਗੇ ਹੁੰਦਾ ਤਾਂ ਲੋਕਾਂ ਨੇ ਉਸ ਨੂੰ ਨਿਧੜਕ ਮੁਖ਼ਬਰੀ ਦੇ ਦੇਣੀ ਸੀ। ਉਸ ਦਾ ਏਨਾ ਰਸੂਖ਼ ਬਣ ਗਿਆ ਸੀ ਕਿ ਮਾੜੇ ਤੋਂ ਮਾੜਾ ਬੰਦਾ ਵੀ ਚਿਕ ਚੁੱਕ ਕੇ ਅੰਦਰ ਆ ਸਕਦਾ ਸੀ। ਹਰ ਕਿਸੇ ਨੂੰ ਆਪਣੇ ਦੁਖੜੇ ਰੋਣ ਦੀ ਖੁੱਲ੍ਹ ਸੀ। ਉਸ ਦੇ ਰਵੱਈਏ ਨੂੰ ਦੇਖ ਛੋਟੇ ਮੁਲਾਜ਼ਮਾਂ ਨੇ ਵੀ ਆਪਣਾ ਰਵੱਈਆ ਬਦਲਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੂੰ ਪਤਾ ਸੀ, ਖ਼ਾਨ ਨੇ ਦਰਖ਼ਾਸਤ ’ਤੇ ਦਸਖ਼ਤ ਕਰਕੇ ਹੀ ਚੁੱਪ ਨਹੀਂ ਸੀ ਕਰ ਜਾਣਾ। ਜਿੰਨਾ ਚਿਰ ਫ਼ਰਿਆਦੀ ਦੀ ਤਸੱਲੀ ਨਹੀਂ ਹੁੰਦੀ, ਉਹ ਖਹਿੜਾ ਨਹੀਂ ਸੀ ਛੱਡਦਾ। ਕਿਸੇ ਮੁਲਾਜ਼ਮ ਦੀ ਉਸ ਕੋਲ ਝੂਠੀ ਰਿਪੋਰਟ ਕਰਨ ਦੀ ਵੀ ਹਿੰਮਤ ਨਹੀਂ ਸੀ ਪੈਂਦੀ। ਉਹ ਆਪ ਤਸਦੀਕ ਕਰਨ ਤੁਰ ਪੈਂਦਾ ਸੀ। ਕਦੇ-ਕਦੇ ਮੁਜਰਮ ਨੂੰ ਕੁੱਟ ਕੇ ਇਹ ਵੀ ਪੁੱਛ ਲੈਂਦਾ ਸੀ ਕਿ ਪੁਲਿਸ ਨੂੰ ਕਿੰਨੇ ਪੈਸੇ ਦਿੱਤੇ ਹਨ। ਇੱਕ ਮੁਜਰਮ ਨੂੰ ਤਫ਼ਤੀਸ਼ ਲਈ ਕਈ-ਕਈ ਥਾਣਿਆਂ ਵਿਚੋਂ ਵੀ ਗੁਜ਼ਰਨਾ ਪੈ ਸਕਦਾ ਸੀ। ਇਸ ਲਈ ਖ਼ਾਨ ਨੂੰ ਹਨੇਰੇ ਵਿੱਚ ਰੱਖਣ ਦੀ ਕਿਸੇ ਦੀ ਮਜਾਲ ਨਹੀਂ ਸੀ।

ਜਿਥੇ ਖ਼ਾਨ ਸਖ਼ਤ ਸੀ, ਉਥੇ ਮੁਲਾਜ਼ਮਾਂ ਦਾ ਪੱਖ ਵੀ ਪੂਰਦਾ ਸੀ। ਭੀੜ ਪੈਣ ’ਤੇ ਹੋਰ ਅਫ਼ਸਰਾਂ ਵਾਂਗ ਪਿੱਠ ਨਹੀਂ ਸੀ ਦਿਖਾਉਂਦਾ। ਜਿਹੜੀ ਕਾਰਵਾਈ ਖ਼ਾਨ ਦੇ ਹੁਕਮਾਂ ਨਾਲ ਹੁੰਦੀ, ਉਸ ਬਾਰੇ ਕਿਸੇ ਪਾਸਿਉਂ ਵੀ ਪੁੱਛ-ਪੜਤਾਲ ਹੁੰਦੀ, ਉਹ ਚੱਟਾਨ ਵਾਂਗ ਅੜਦਾ। ਉਸ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਰਹਿੰਦੇ ਸਨ। ਖ਼ਤਰਨਾਕ ਤੋਂ ਖ਼ਤਰਨਾਕ ਕੰਮ ਨੂੰ ਹੱਥ ਪਾਉਣ ਲੱਗਾ ਉਹ ਮਿੰਟ ਲਾਉਂਦਾ ਸੀ।

ਬੰਟੀ ਦੀ ਤਫ਼ਤੀਸ਼ ਲਈ ਉਸ ਨੂੰ ਜਾਨ ’ਤੇ ਖੇਡਣ ਵਾਲੇ ਮੁਲਾਜ਼ਮਾਂ ਦੀ ਵੀ ਜ਼ਰੂਰਤ ਸੀ ਅਤੇ ਬਿਨਾਂ ਡਰ ਭੈਅ ਤੋਂ ਪੁਲਿਸ ਦਾ ਸਾਥ ਦੇਣ ਵਾਲੇ ਲੋਕਾਂ ਦੀ ਵੀ। ਹੈਰਾਨੀ ਦੀ ਗੱਲ ਸੀ ਕਿ ਹਾਲੇ ਤਕ ਕਿਸੇ ਵੀ ਅਫ਼ਸਰ ਨੇ ਨਾ ਲੋਕਾਂ ਦੇ ਸਹਿਯੋਗ ਲਈ ਕੋਈ ਯਤਨ ਕੀਤਾ ਸੀ ਅਤੇ ਨਾ ਹੀ ਕੋਈ ਸਾਂਝਾ ਪ੍ਰੋਗਰਾਮ ਬਣਾਇਆ ਸੀ। ਜਿਸ ਨੂੰ ਵੀ ਤਫ਼ਤੀਸ਼ ਮਿਲੀ, ਉਸੇ ਨੇ ਮਿਸਲ ਕੁੱਛੜ ’ਚ ਦੇ ਲਈ ਅਤੇ ਪੈਸੇ ਕਮਾਉਣ ਲੱਗਾ।

ਆਉਂਦਿਆਂ ਹੀ ਖ਼ਾਨ ਨੇ ਰੈਸਟ ਹਾਊਸ ਵਿੱਚ ਸ਼ਹਿਰੀਆਂ ਦੀ ਮੀਟਿੰਗ ਰੱਖ ਲਈ। ਹਰ ਤਬਕੇ ਦੇ ਮੋਹਰੀ ਨੂੰ ਸੱਦਾ ਭੇਜਿਆ ਗਿਆ। ਰਿਕਸ਼ਾ ਯੂਨੀਅਨ ਤੋਂ ਲੈ ਕੇ ਵਿਉਪਾਰ ਮੰਡਲ ਤਕ ਸਭ ਤੋਂ ਸਹਾਇਤਾ ਮੰਗੀ।

ਮੀਟਿੰਗ ਨੌਂ ਵਜੇ ਹੋਣੀ ਸੀ। ਬਾਕੀ ਬਚਦੇ ਘੰਟੇ ਨੂੰ ਖ਼ਾਨ ਨੇ ਬਾਕੀ ਦੇ ਪ੍ਰਬੰਧ ਮੁਕੰਮਲ ਕਰਨ ਲਈ ਵਰਤਿਆ। ਚਿੱਠੀਆਂ ਦੀ ਘੋਖ ਲਈ ਹੱਥ-ਲਿਖਤਾਂ ਦੇ ਮਾਹਿਰ ਬੁਲਾਏ ਗਏ। ਸਾਰੇ ਥਾਣਿਆਂ ਦੀ ਫ਼ੋਰਸ ਦਾ ਜਾਇਜ਼ਾ ਲਿਆ ਗਿਆ। ਕਿਥੋਂ-ਕਿਥੋਂ ਵਾਧੂ ਫ਼ੋਰਸ ਮੰਗਵਾਈ ਜਾ ਸਕਦੀ ਹੈ? ਗੱਡੀਆਂ ਅਤੇ ਅਸਲੇ ਦੀ ਪੜਤਾਲ ਕੀਤੀ।

ਮੀਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਪੁਲਿਸ ’ਤੇ ਗੁੱਸਾ ਕੱਢਣਾ ਸ਼ੁਰੂ ਕੀਤਾ। ਖ਼ਾਨ ਚੁੱਪ ਕਰਕੇ ਸੁਣਦਾ ਰਿਹਾ। ਉਹਨਾਂ ਦੀਆਂ ਸਾਰੀਆਂ ਗੱਲਾਂ ਜਾਇਜ਼ ਸਨ। ਉਹ ਸਭ ਸ਼ਿਕਾਇਤਾਂ ਦੀ ਪੜਤਾਲ ਕਰੇਗਾ, ਪਰ ਇਹ ਵਕਤ ਪੁਲਿਸ ਦੀਆਂ ਪੜਤਾਲਾਂ ਕਰਨ ਦਾ ਨਹੀਂ ਸੀ। ਇਹ ਕੰਮ ਪਿੱਛੋਂ ਕੀਤਾ ਜਾਏਗਾ। ਫ਼ੋਰਸ ਵੀ ਘੱਟ ਸੀ ਅਤੇ ਘਬਰਾਈ ਹੋਈ ਵੀ। ਪਹਿਲਾਂ ਬੰਟੀ ਨੂੰ ਲੱਭਿਆ ਜਾਵੇ, ਉਸ ਦੇ ਅਗਵਾਕਾਰਾਂ ਨੂੰ ਨੱਥ ਪਾਈ ਜਾਵੇ। ਪਿੱਛੋਂ ਜਿੰਨਾ ਚਿਰ ਲੋਕ ਆਖਣਗੇ, ਖ਼ਾਨ ਇਥੇ ਬੈਠਾ ਰਹੇਗਾ। ਮੁਲਾਜ਼ਮਾਂ ਦੀ ਖੁੱਲ੍ਹੇ ਦਰਬਾਰ ਵਿੱਚ ਪੜਤਾਲ ਕਰੇਗਾ।

ਖ਼ਾਨ ਇਸ ਗੱਲ ’ਤੇ ਖ਼ੁਸ਼ ਸੀ ਕਿ ਸਾਰਾ ਸ਼ਹਿਰ ਬੰਟੀ ਨੂੰ ਲੱਭਣ ਲਈ ਇਕਮੁੱਠ ਸੀ। ਇਸ ਕੰਮ ਲਈ ਹਰ ਪਾਰਟੀ, ਹਰ ਤਬਕਾ ਅਤੇ ਹਰ ਸੰਸਥਾ ਆਪਣੇ ਮਤਭੇਦਾਂ ਨੂੰ ਭੁਲਾ ਕੇ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਸੀ। ਦਹਿਸ਼ਤਗਰਦਾਂ ਨੂੰ ਪੈਸੇ ਦੇ ਕੇ ਵੀ ਬੱਚੇ ਦੀ ਜਾਨ ਬਚਾਈ ਜਾ ਸਕੇ ਤਾਂ ਵੀ ਕਿਸੇ ਨੂੰ ਕੋਈ ਗਿਲਾ ਨਹੀਂ ਸੀ।

ਖ਼ਾਨ ਇੱਕ ਗੱਲ ’ਤੇ ਹੈਰਾਨ ਸੀ। ਸ਼ਹਿਰ ਦੇ ਹਰ ਮੁਹੱਲੇ, ਤਬਕੇ ਅਤੇ ਪਾਰਟੀ ਦੇ ਨੁਮਾਇੰਦੇ ਇਥੇ ਮੌਜੂਦ ਸਨ। ਅਗਵਾਕਾਰਾਂ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਹਰ ਇੱਕ ਨੇ ਸਹੁੰ ਖਾ ਕੇ ਕਿਹਾ ਕਿ ਅਗਵਾਕਾਰ ਉਹਨਾਂ ਦੇ ਗਲੀ-ਮੁਹੱਲੇ ਵਿੱਚ ਨਹੀਂ ਹਨ। ਸਭ ਦਾ ਇਹ ਵੀ ਮੱਤ ਸੀ ਕਿ ਬੱਚਾ ਅਤੇ ਅਗਵਾਕਾਰ ਸਨ ਸ਼ਹਿਰ ਵਿੱਚ ਹੀ।

ਉਹ ਕਿਥੇ ਹੋ ਸਕਦੇ ਹਨ? ਉਹਨਾਂ ਨੂੰ ਕੌਣ ਪਨਾਹ ਦੇ ਰਿਹਾ ਹੈ? ਇਸ ਬਾਰੇ ਸਭ ਦੇ ਵਿਚਾਰ ਅਲੱਗ-ਅਲੱਗ ਸਨ।

ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਿਹਾਰੀ ਲਾਲ ਦਾ ਮੱਤ ਸੀ ਕਿ ਅਜਿਹੀ ਕਮੀਨੀ ਹਰਕਤ ਕੋਈ ਖ਼ਾਨਦਾਨੀ ਅਤੇ ਪੇਸ਼ੇਵਾਰ ਮੁਜਰਮ ਹੀ ਕਰ ਸਕਦਾ ਹੈ। ਅਜਿਹੇ ਮੁਜਰਮਾਂ ਦੀ ਸ਼ਹਿਰ ਵਿੱਚ ਪਹਿਲਾਂ ਹੀ ਕਮੀ ਨਹੀਂ ਸੀ। ਲਾਲਾ ਜੀ ਨੇ ਕੁਸ਼ਟ ਆਸ਼ਰਮ ਬਣਾ ਕੇ ਹੋਰ ਕੰਡੇ ਬੀਜ ਦਿੱਤੇ। ਪ੍ਰਧਾਨ ਨੇ ਉਸ ਸਮੇਂ ਵੀ ਇਸ ਆਸ਼ਰਮ ਦਾ ਵਿਰੋਧ ਕੀਤਾ ਸੀ, ਜਦੋਂ ਇਸ ਦੀ ਸਥਾਪਨਾ ਦੀ ਗੱਲ ਚੱਲੀ ਸੀ। ਕੌਣ ਨਹੀਂ ਜਾਣਦਾ ਕਿ ਇਹਨਾਂ ਹੱਡ-ਹਰਾਮਾਂ ਦਾ ਇਕੋ-ਇੱਕ ਪੇਸ਼ਾ ਮੰਗ-ਖਾਣਾ ਹੈ। ਭਾਂਤ-ਭਾਂਤ ਦੀਆਂ ਬੀਮਾਰੀਆਂ ਦਾ ਦਿਖਾਵਾ ਕਰਨ ਦੇ ਇਹ ਮਾਹਿਰ ਹਨ। ਲੋਕਾਂ ਦਾ ਦਿਲ ਪਸੀਜ ਕੇ ਵੱਧੋ-ਵੱਧ ਪੈਸੇ ਬਟੋਰਦੇ ਹਨ। ਨਹੀਂ ਤਾਂ ਇਸ ਦੀ ਕੋਈ ਵਜ੍ਹਾ ਨਹੀਂ ਕਿ ਇਹਨਾਂ ਦੇ ਕੋੜਮੇ ਦੇ ਹਰ ਮੈਂਬਰ ਦਾ ਕੋਈ ਨਾ ਕੋਈ ਅੰਗ ਜਾਂ ਕੱਟਿਆ ਹੋਵੇ ਜਾਂ ਫਿਰ ਕਰੂਪ ਹੋਵੇ। ਇਹ ਹਰਾਮਖ਼ੋਰ ਸ਼ਰੀਫ਼ ਘਰਾਂ ਦੇ ਬੱਚੇ ਚੁੱਕਦੇ ਹਨ। ਉਹਨਾਂ ਦੇ ਅੰਗ ਕੱਟ ਕੇ, ਉਹਨਾਂ ਨੂੰ ਤਰਸ ਦੇ ਪਾਤਰ ਬਣਾ ਕੇ, ਗਲੀ-ਗਲੀ ਮੰਗਣ ਲਈ ਭੇਜ ਦਿੰਦੇ ਹਨ। ਅਜਿਹੇ ਸੈਂਕੜੇ ਕੇਸ ਅਖ਼ਬਾਰਾਂ ਵਿੱਚ ਹਰ ਰੋਜ਼ ਛਪਦੇ ਹਨ। ਬਹੁਤੇ ਦਿਨ ਨਹੀਂ ਹੋਏ ਜਦੋਂ ਪ੍ਰਧਾਨ ਨੇ ਖ਼ੁਦ ਇੱਕ ਅਜਿਹਾ ਹੀ ਕੇਸ ਪੁਲਿਸ ਦੇ ਹਵਾਲੇ ਕੀਤਾ ਸੀ। ਅੱਠ ਸਾਲਾਂ ਦੇ ਇੱਕ ਅਧਰੰਗ ਦੇ ਮਰੀਜ਼ ਬੱਚੇ ਨੂੰ ਰੇਹੜੀ ਵਿੱਚ ਪਾਈ ਇੱਕ ਟੋਲਾ ਕਈ ਦਿਨ ਬਜ਼ਾਰਾਂ ਵਿੱਚ ਮੰਗਦਾ ਫਿਰਦਾ ਰਿਹਾ। ਉਸ ਦੀ ਬੀਮਾਰੀ ਦੇ ਵੈਣ ਪਾ-ਪਾ ਕੇ ਪੈਸੇ ਉਗਰਾਹੁੰਦਾ ਰਿਹਾ। ਪੰਜਵੇਂ ਦਿਨ ਉਸ ਦੀ ਲਾਸ਼ ਨੂੰ ਚੌਂਕ ਵਿੱਚ ਸਜਾਇਆ ਗਿਆ। ਉਸ ਦੇ ਸੰਸਕਾਰ ਦੇ ਨਾਂ ’ਤੇ ਫੇਰ ਪੈਸੇ ਇਕੱਠੇ ਕੀਤੇ ਗਏ। ਕੁਦਰਤੀ ਉਸੇ ਦਿਨ ਪ੍ਰਧਾਨ ਦਾ ਸਾਲਾ ਆ ਗਿਆ। ਉਹ ਸਾਰੀ ਘਟਨਾ ਦੇਖ ਕੇ ਬੜਾ ਹੈਰਾਨ ਹੋਇਆ। ਪੰਦਰਾਂ ਦਿਨ ਪਹਿਲਾਂ ਇਹੋ ਟੋਲਾ ਇਸੇ ਤਰ੍ਹਾਂ ਬਠਿੰਡੇ ਪੈਸੇ ਇਕੱਠੇ ਕਰ ਰਿਹਾ ਸੀ। ਪ੍ਰਧਾਨ ਨੇ ਹਿੰਮਤ ਕੀਤੀ ਤਾਂ ਸਾਰਾ ਭੇਤ ਖੁੱਲ੍ਹ ਗਿਆ। ਬੱਚੇ ਚੁੱਕ ਕੇ ਬੀਮਾਰ ਕਰਨੇ ਅਤੇ ਫੇਰ ਉਸ ਨੂੰ ਮਾਰ ਕੇ ਪੈਸੇ ਇਕੱਠੇ ਕਰਨਾ ਇਹ ਗਰੋਹ ਦਾ ਕੰਮ ਸੀ। ਕੁਸ਼ਟ ਆਸ਼ਰਮ ਵਾਲੇ ਕੁੱਝ ਵਰ੍ਹੇ ਪਹਿਲਾਂ ਇਹੋ ਧੰਦਾ ਕਰਦੇ ਸਨ। ਰੋਟੀ ਚੰਗੀ ਮਿਲਣ ਲੱਗੀ ਹੈ। ਇਸ ਲਈ ਹੋ ਸਕਦੈ ਮਾੜੇ ਕੰਮ ਘਟਾ ਦਿੱਤੇ ਹੋਣ। ਚੋਰ, ਚੋਰੀ ਤੋਂ ਤਾਂ ਭਾਵੇਂ ਚਲਾ ਜਾਵੇ ਪਰ ਹੇਰਾ-ਫੇਰੀ ਤੋਂ ਨਹੀਂ ਜਾਂਦਾ। ਆਪ ਨਾ ਕੀਤਾ ਕਿਸੇ ਭਾਈਚਾਰੇ ਦੇ ਬੰਦੇ ਤੋਂ ਕਰਵਾ ਦਿੱਤਾ। ਜੁਰਮ ਇਹਨਾਂ ਦੇ ਖ਼ੂਨ ’ਚ ਰਚਿਆ ਹੋਇਐ। ਇਹਨਾਂ ਦੀਆਂ ਕੁੱਲੀਆਂ ਦੀ ਤਲਾਸ਼ੀ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਮਾੜੇ ਮੰਗਤੇ ਨਾ ਸਮਝ ਕੇ ਇਹਨਾਂ ਦੇ ਮੁਜਰਮਾਨਾ ਇਤਿਹਾਸ ਦੀ ਨਿਗਾਹ ਵਿੱਚ ਇਹਨਾਂ ਨੂੰ ਪਰਖਿਆ ਜਾਵੇ।

ਰਾਮ ਸ਼ਰਨ ਵਕੀਲ ਨੂੰ ਇਹ ਗੱਲ ਬੇਤੁਕੀ ਲੱਗੀ। ਉਹ ਜਰਾਇਮ-ਪੇਸ਼ਾ ਲੋਕ ਜ਼ਰੂਰ ਹਨ। ਕਦੇ ਮਨ ਵਿੱਚ ਬੇਈਮਾਨੀ ਵੀ ਆ ਸਕਦੀ ਹੈ। ਜੇ ਇਕੱਲਾ ਬੱਚਾ ਅਗਵਾ ਹੋਇਆ ਹੁੰਦਾ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ। ਇਥੇ ਤਾਂ ਹਰ ਰੋਜ਼ ਚਿੱਠੀ ਲਿਖੀ ਜਾ ਰਹੀ ਸੀ। ਇੰਨਾ ਹੌਂਸਲਾ ਜਾਂ ਸਾਧਨ ਉਹਨਾਂ ਕੋਲ ਕਿਥੋਂ ਆਏ? ਵਕੀਲ ਦਾ ਮੱਤ ਸੀ ਕਿ ਇਸ ਕੰਮ ਵਿੱਚ ਸਾਂਸੀਆਂ ਜਾਂ ਬਾਜ਼ੀਗਰਾਂ ਦਾ ਹੱਥ ਹੋ ਸਕਦਾ ਹੈ। ਇਹਨਾਂ ਕਬੀਲਿਆਂ ਦਾ ਇਕੋ-ਇੱਕ ਕਿੱਤਾ ਜੁਰਮ ਕਰਨਾ ਹੈ। ਠੱਗੀ, ਚੋਰੀ ਇਹਨਾਂ ਦਾ ਧਰਮ ਹੈ। ਇਸੇ ਪੇਸ਼ੇ ਦੇ ਨਵੇਂ-ਨਵੇਂ ਤਰੀਕੇ ਇਹਨਾਂ ਨੂੰ ਬਚਪਨ ਵਿੱਚ ਸਿਖਾਏ ਜਾਂਦੇ ਹਨ। ਉਸ ਦਾ ਵਕਾਲਤ ਦਾ ਤਜਰਬਾ ਦੱਸਦਾ ਸੀ ਕਿ ਸ਼ਹਿਰ ਵਿੱਚ ਹੁੰਦੀਆਂ ਨੱਬੇ ਫ਼ੀਸਦੀ ਚੋਰੀਆਂ ਵਿੱਚ ਇਹ ਭਾਈਵਾਲ ਹੁੰਦੇ ਹਨ। ਇਹਨਾਂ ਦੇ ਜਵਾਕ ਦੋ-ਦੋ, ਚਾਰ-ਚਾਰ ਜਮਾਤਾਂ ਪੜ੍ਹ ਗਏ ਹਨ। ਚਿੱਠੀਆਂ ਲਿਖਣ ਦੇ ਕਾਬਲ ਹਨ। ਇਹਨਾਂ ਦੇ ਮਰਦ ਸ਼ਹਿਰਾਂ ਵਿੱਚ ਚੋਰੀਆਂ ਕਰਦੇ ਹਨ, ਬੱਚੇ ਜੇਬਾਂ ਕੱਟਦੇ ਹਨ ਅਤੇ ਔਰਤਾਂ ਬੱਸਾਂ ਵਿੱਚ ਚੈਨੀਆਂ ਲਾਹੁੰਦੀਆਂ ਹਨ। ਕੋਈ ਹੋਰ ਦਾਅ ਨਾ ਲੱਗੇ ਤਾਂ ਕਪਾਹਾਂ ਚੁਗ ਲਈਆਂ, ਕਣਕਾਂ ਵੱਢ ਲਈਆਂ ਜਾਂ ਡੰਗਰ ਹੱਕ ਲਏ। ਫ਼ਿਲਮੀ ਯੁਗ ਹੈ, ਨਵੀਂ ਪੀੜ੍ਹੀ ਨੇ ਨਵਾਂ ਢੰਗ ਅਪਣਾ ਲਿਆ ਹੋਣਾ ਹੈ। ਇਹ ਉਹਨਾਂ ਦੀ ਹੀ ਸ਼ਰਾਰਤ ਹੈ। ਉਸ ਨੇ ਆਪਣੀ ਰਾਏ ਦੀ ਪੁਸ਼ਟੀ ਲਈ ਸਭ ਤੋਂ ਵੱਡੀ ਇਹ ਦਲੀਲ ਦਿੱਤੀ ਸੀ ਕਿ ਪੈਸਿਆਂ ਲਈ ਨੀਯਤ ਕੀਤੀ ਜਗ੍ਹਾ ਹਰ ਵਾਰ ਉਹਨਾਂ ਦੇ ਵਿਹੜੇ ਦੇ ਨੇੜੇ-ਤੇੜੇ ਹੀ ਹੁੰਦੀ ਸੀ।

ਇਹ ਗੱਲਾਂ ਲਾਲਾ ਜੀ ਨੂੰ ਅਤੇ ਸੰਘ ਨੂੰ ਪਸੰਦ ਨਹੀਂ ਸਨ। ਅਸਿੱਧੇ ਢੰਗ ਨਾਲ ਉਹ ਲਾਲਾ ਜੀ ’ਤੇ ਹਮਲੇ ਕਰ ਰਹੇ ਸਨ। ਲਾਲਾ ਜੀ ਦੇ ਕੰਮਾਂ ’ਤੇ ਨੁਕਤਾਚੀਨੀ ਕੀਤੀ ਜਾ ਰਹੀ ਸੀ। ਲਾਲਾ ਜੀ ਤਾਂ ਚੁੱਪ ਰਹੇ, ਉਹਨਾਂ ਦੇ ਬੋਲਣ ਦਾ ਸਮਾਂ ਨਹੀਂ ਸੀ। ਦਰਸ਼ਨ ਤੋਂ ਰਿਹਾ ਨਾ ਗਿਆ। ਉਸ ਨੂੰ ਪ੍ਰਧਾਨ ਨਾਲੋਂ ਜ਼ਿਆਦਾ ਵਕੀਲ ਸਾਹਿਬ ਦੀ ਅਕਲ ’ਤੇ ਹਾਸਾ ਆ ਰਿਹਾ ਸੀ। ਨਾ ਸਾਂਸੀ ਖ਼ਾਨਦਾਨ ਮੁਜਰਮ ਸਨ ਨਾ ਮੰਗਤੇ। ਮਾੜੇ ਹਾਲਾਤਾਂ ਨੇ ਉਹਨਾਂ ਨੂੰ ਮੁਜਰਮ ਬਣਾਇਆ ਹੈ। ਜਦੋਂ ਤੋਂ ਸੰਘ ਨੇ ਸਾਂਸੀਆਂ ਦੇ ਵਿਹੜੇ ਕੰਮ ਕਰਨਾ ਸ਼ੁਰੂ ਕੀਤਾ ਹੈ, ਇੱਕ ਦੋ ਜੁਰਮਾਂ ਨੂੰ ਛੱਡ ਕੇ ਕੋਈ ਬਹੁਤੇ ਜੁਰਮ ਨਹੀਂ ਹੋਏ। ਜਦੋਂ ਹਾਲੇ ਵੀ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ ਅਤੇ ਧਿਰਕਾਰਿਆ ਜਾ ਰਿਹਾ ਹੈ ਤਾਂ ਉਹ ਮੁਜਰਮ ਨਾ ਬਣਨ ਤਾਂ ਕੀ ਕਰਨ। ਸਮਾਜ ਉਹਨਾਂ ਨੂੰ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ। ਸੰਘ ਨੂੰ ਯਕੀਨ ਹੈ ਕਿ ਬੰਟੀ ਨਾ ਕੁੱਲੀਆਂ ਵਿੱਚ ਹੈ, ਨਾ ਆਸ਼ਰਮ ਵਿੱਚ।

ਰਾਮ ਸਰੂਪ ਪੂਰਾ ਜ਼ੋਰ ਲਾ ਕੇ ਇਹ ਸਿੱਧ ਕਰ ਰਿਹਾ ਸੀ ਕਿ ਇਹ ਸਾਰੀ ਕਰਤੂਤ ਵਾਣ ਵੱਟਣਿਆਂ ਦੀ ਸੀ। ਉਹ ਪੇਸ਼ੇ ਤੋਂ ਝਟਕਈ ਹਨ। ਮੁਰਗਿਆਂ ਅਤੇ ਭੇਡਾਂ ਬੱਕਰੀਆਂ ਦੇ ਸਿਰ ਗਾਜਰ ਮੂਲੀ ਵਾਂਗ ਵੱਢ ਸੁੱਟਦੇ ਹਨ। ਤਕਸੀਮ ਸਮੇਂ ਇਹਨਾਂ ਨੂੰ ਪਾਕਿਸਤਾਨੋਂ ਉੱਜੜ ਕੇ ਆਇਆਂ ਨੂੰ ਸ਼ਹਿਰ ਨੇ ਹਿੱਕ ਨਾਲ ਲਾਇਆ ਸੀ। ਪੁਰਾਣੇ ਕਿਲ੍ਹੇ ਦੇ ਖੰਡਰਾਂ ਵਿੱਚ ਉਹਨਾਂ ਨੂੰ ਵਸਾਇਆ ਗਿਆ ਸੀ। ਮੁੱਢਲੇ ਦਿਨਾਂ ਵਿੱਚ ਉਹ ਵਾਣ ਵੱਟ ਕੇ ਗੁਜ਼ਾਰਾ ਕਰਦੇ ਸਨ। ਮਸ਼ੀਨੀ ਯੁਗ ਆਇਆ ਤਾਂ ਇਹਨਾਂ ਵੀ ਕਿੱਤੇ ਬਦਲ ਲਏ। ਕੋਈ ਸਬਜ਼ੀ ਵੇਚਣ ਲੱਗਾ, ਕੋਈ ਰਿਕਸ਼ਾ ਵਾਹੁਣ ਲੱਗਾ ਅਤੇ ਕੋਈ-ਕੋਈ ਤਰੱਕੀ ਕਰ ਕੇ ਟਰੱਕ-ਡਰਾਈਵਰ ਬਣ ਗਿਆ। ਮਾਰ-ਧਾੜ ਇਹ ਉਸੇ ਤਰ੍ਹਾਂ ਕਰਦੇ ਰਹਿੰਦੇ ਹਨ, ਜਿਵੇਂ ਪਹਿਲਾਂ ਕਰਦੇ ਸਨ। ਮੁਰਗੀ ਦੇ ਆਂਡੇ ਖ਼ਾਤਰ ਬੰਦਾ ਮਾਰ ਦਿੰਦੇ ਹਨ। ਇਸ ਮੁਹੱਲੇ ਸਿੱਖੀ ਦਾ ਨਵਾਂ-ਨਵਾਂ ਪ੍ਰਚਾਰ ਹੋਇਆ ਹੈ। ਦਿਨਾਂ ਵਿੱਚ ਆਲੀਸ਼ਾਨ ਗੁਰਦੁਆਰਾ ਉੱਸਰ ਗਿਆ। ਉਥੋਂ ਦਾ ਗ੍ਰੰਥੀ ਖ਼ਤਰਨਾਕ ਲੱਗਦਾ ਹੈ। ਉਸ ਦਾ ਭਾਸ਼ਣ ਭੜਕਾਊ ਹੁੰਦਾ ਹੈ। ਪਿਛਲੇ ਕਈ ਜਲੂਸਾਂ ਵਿੱਚ ਮੁੰਡੇ ਨੰਗੀਆਂ ਤਲਵਾਰਾਂ ਲੈ ਕੇ ਸ਼ਾਮਲ ਹੁੰਦੇ ਰਹੇ ਹਨ। ਹਿੰਦੂਆਂ ਦੇ ਕਈ ਧਾਰਮਿਕ ਜਲੂਸਾਂ ਵਿੱਚ ਹੁੱਲੜਬਾਜ਼ੀ ਕਰ ਚੁੱਕੇ ਹਨ। ਉਪਰੋਂ ਆਈ ਕਿਸੇ ਹਦਾਇਤ ਦੇ ਆਧਾਰ ’ਤੇ ਗੜਬੜ ਕਰ ਬੈਠੇ ਹੋਣ ਤਾਂ ਇਹ ਕੋਈ ਵੱਡੀ ਗੱਲ ਨਹੀਂ। ਫੁਰਤੀਲਾ ਉਹਨਾਂ ਦਾ ਆਗੂ ਹੈ। ਸਮਝਾ-ਬੁਝਾ ਕੇ ਮੰਨ ਜਾਣ ਤਾਂ ਠੀਕ ਹੈ, ਨਹੀਂ ਤਾਂ ਗੁਰਦੁਆਰੇ ਸਣੇ ਸਾਰੇ ਮੁਹੱਲੇ ਦੀ ਤਲਾਸ਼ੀ ਹੋਣੀ ਚਾਹੀਦੀ ਹੈ।

ਫੁਰਤੀਲਾ ਵਿਚਕਾਰੋਂ ਹੀ ਬੋਲ ਪਿਆ। ਉਸ ਦੀ ਬਰਾਦਰੀ ’ਤੇ ਲੱਗੀ ਦੂਸ਼ਣਬਾਜ਼ੀ ’ਤੇ ਉਹ ਤਿਲਮਿਲਾ ਉਠਿਆ। ਉਹ ਰਾਜਪੂਤ ਹਨ, ਲੜਨਾ ਉਹਨਾਂ ਦਾ ਧਰਮ ਹੈ। ਰਾਜਪੂਤ ਕਦੇ ਇਸ ਤਰ੍ਹਾਂ ਦੀਆਂ ਕਮੀਨੀਆਂ ਹਰਕਤਾਂ ਨਹੀਂ ਕਰਦੇ, ਲਲਕਾਰ ਕੇ ਲੜਦੇ ਹਨ। ਮਾਸੂਮਾਂ ਅਤੇ ਔਰਤਾਂ ’ਤੇ ਤਾਂ ਉਹ ਵਾਰ ਕਰਦੇ ਹੀ ਨਹੀਂ। ਇਹ ਗੱਲ ਸੀ ਤਾਂ ਪਹਿਲਾਂ ਹੀ ਦੱਸ ਦਿੰਦੇ। ਉਹ ਘਰ-ਘਰ ਦੀ ਤਲਾਸ਼ੀ ਲਈ ਤਿਆਰ ਹਨ। ਬੰਟੀ ਉਹਨਾਂ ਨੂੰ ਆਪਣੇ ਬੱਚਿਆਂ ਜਿੰਨਾ ਹੀ ਅਜ਼ੀਜ਼ ਹੈ। ਮੀਟਿੰਗ ਵਿੱਚ ਉਹਨਾਂ ਦੀ ਬਰਾਦਰੀ ਨੂੰ ਜ਼ਲੀਲ ਕਰਨ ਦੀ ਕੀ ਲੋੜ ਸੀ? ਰਾਮ ਸਰੂਪ ਦੇ ਭਾਸ਼ਨ ’ਤੇ ਉਹ ਤੈਸ਼ ਵਿੱਚ ਆ ਗਿਆ ਸੀ। ਖ਼ਾਨ ਠੰਢਾ ਨਾ ਕਰਦਾ ਤਾਂ ਉਸ ਨੇ ਬਾਈਕਾਟ ਕਰਨ ਲੱਗਿਆਂ ਮਿੰਟ ਲਾਉਣਾ ਸੀ।

ਹੈੱਡਮਾਸਟਰ ਸ਼ਰਮਾ ਜੀ ਹੋਰ ਹੀ ਰਾਏ ਰੱਖਦੇ ਸਨ। ਇਸ ਮਸਲੇ ਦੀ ਜੜ੍ਹ ਨਾ ਸਾਂਸੀਆਂ ਵਿੱਚ ਹੈ, ਨਾ ਕੋਹੜੀਆਂ ਵਿੱਚ ਅਤੇ ਨਾ ਵਾਣ ਵੱਟਣਿਆਂ ਵਿੱਚ। ਇਸ ਸਾਰੇ ਸਿਆਪੇ ਦੀ ਜੜ੍ਹ ਤਾਂ ਸਿੱਧੂਆਂ ਦਾ ਅਗਵਾੜ ਹੋ ਸਕਦੈ। ਪੰਜਾਹ ਸਾਲਾਂ ਵਿੱਚ ਅਗਵਾੜ ਦੀ ਆਬਾਦੀ ਤਾਂ ਦੁੱਗਣੀ ਤਿੱਗਣੀ ਹੋ ਗਈ ਪਰ ਖੇਤੀ ਵਾਲੀ ਜ਼ਮੀਨ ਘਟ ਕੇ ਚੌਥਾ ਹਿੱਸਾ ਰਹਿ ਗਈ। ਸ਼ਹਿਰ ਦਾ ਵਿਸਥਾਰ ਚਾਰੇ ਪਾਸੇ ਵੱਲ ਹੋ ਰਿਹਾ ਹੈ। ਅਗਵਾੜ ਦੀ ਅੱਧੀ ਜ਼ਮੀਨ ਵਿੱਚ ਕਾਰਖ਼ਾਨੇ ਅਤੇ ਫ਼ੈਕਟਰੀਆਂ ਲੱਗ ਗਈਆਂ ਅਤੇ ਅੱਧੀ ਵਿੱਚ ਕੋਠੀਆਂ ਅਤੇ ਮਕਾਨ ਬਣ ਗਏ। ਦੂਜੇ ਪਾਸੇ ਮੁੰਡੇ ਪੜ੍ਹਦੇ-ਲਿਖਦੇ ਜਾ ਰਹੇ ਹਨ। ਪੈਂਟਾਂ-ਸ਼ਰਟਾਂ ਪਾਉਣ ਲੱਗੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਲਈ ਫਿਰਦੇ ਹਨ। ਨਾ ਖੇਤੀ ਦੇ ਕਾਬਲ ਰਹੇ ਹਨ, ਨਾ ਨੌਕਰੀ ਮਿਲਦੀ ਹੈ। ਵਿਹਲਿਆਂ ਨੇ ਮਾੜੇ ਪਾਸੇ ਹੀ ਲੱਗਣਾ ਹੈ। ਜਦੋਂ ਨਕਸਲਬਾੜੀ ਲਹਿਰ ਚੱਲੀ, ਅਗਵਾੜ ਦੇ ਅੱਧੇ ਮੁੰਡੇ ਕੇਸ ਕਟਾ ਕੇ ਨਕਸਲੀਏ ਬਣ ਗਏ। ਕਈ ਮਾਰੇ ਗਏ, ਕਈ ਜੇਲ੍ਹਾਂ ’ਚ ਰੁਲਦੇ ਰਹੇ। ਹੁਣ ਫੇਰ ਸਾਰਾ ਅਗਵਾੜ ਕੇਸਰੀ ਪੱਗਾਂ ਬੰਨ੍ਹੀ ਫਿਰਦੈ। ਅੱਧੀ ਨਾਲੋਂ ਵੱਧ ਮੁੰਡੀਰ ਨੇ ਗਾਤਰੇ ਪਾ ਲਏ। ਫ਼ੈਡਰੇਸ਼ਨ ਦੇ ਨਾਂ ਥੱਲੇ ਮੀਟਿੰਗਾਂ ਕਰਦੇ ਹਨ, ਜਲੂਸ ਕੱਢਦੇ ਹਨ ਅਤੇ ਇਸ਼ਤਿਹਾਰ ਲਾਉਂਦੇ ਹਨ। ਵਾਣ ਵੱਟਣਿਆਂ ਵਿਚਾਰਿਆਂ ਨੂੰ ਇੰਨੀ ਸੂਝ ਕਿਥੇ? ਫੜ-ਫੜਾਈ ਕਰਨੀ ਹੈ ਤਾਂ ਅਗਵਾੜ ਵਿਚੋਂ ਕੀਤੀ ਜਾਵੇ।

ਹੈੱਡਮਾਸਟਰ ਦੀਆਂ ਗੱਲਾਂ ਨੇ ਜ਼ੈਲਦਾਰ ਨੂੰ ਪਸੀਨਾ ਲਿਆ ਦਿੱਤਾ। ਉਸ ਨੇ ਹੈੱਡਮਾਸਟਰ ਨੂੰ ਕਈ ਵਾਰ ਟੋਕਿਆ। ਖ਼ਾਨ ਨੇ ਹੈੱਡਮਾਸਟਰ ਨੂੰ ਬੋਲਣ ਦਿੱਤਾ। ਉਹ ਸਭ ਦੇ ਵਿਚਾਰ ਸੁਣਨਾ ਚਾਹੁੰਦਾ ਸੀ। ਜਿੰਨਾ ਚਿਰ ਕੋਈ ਖੁੱਲ੍ਹ ਕੇ ਬੋਲ ਨਹੀਂ ਸਕਦਾ, ਮਾਮਲੇ ਦੀ ਤਹਿ ਤਕ ਨਹੀਂ ਪਹੁੰਚਿਆ ਜਾ ਸਕਦਾ।

ਮੁੰਡਿਆਂ ਦਾ ਧਾਰਮਿਕ ਖ਼ਿਆਲਾਂ ਦਾ ਹੋ ਜਾਣਾ ਜ਼ੈਲਦਾਰ ਨੂੰ ਮਾੜਾ ਨਹੀਂ ਸੀ ਲੱਗਦਾ। ਇਹ ਤਾਂ ਸਗੋਂ ਚੰਗੀ ਗੱਲ ਸੀ। ਕਿਸੇ ਵੀ ਧਰਮ ਨੂੰ ਅਪਨਾਉਣ ਦੀ ਹਰ ਨਾਗਰਿਕ ਨੂੰ ਸੰਵਿਧਾਨਕ ਖੁੱਲ੍ਹ ਹੈ। ਨਾਸਤਕ ਹੋ ਕੇ ਕਤਲੇਆਮ ਕਰਨ ਦੀ ਥਾਂ ਜੇ ਮੁੰਡੇ ਧਰਮ ਦਾ ਰਾਹ ਅਪਣਾ ਕੇ ਖ਼ਲਕਤ ਦੀ ਭਲਾਈ ਕਰਨਾ ਚਾਹੁੰਦੇ ਹਨ ਤਾਂ ਇਸ ਵਿੱਚ ਕੀ ਬੁਰਾਈ ਹੈ? ਇਹਨਾਂ ਹਿੰਦੂ ਸੇਠਾਂ ਨੂੰ ਤਾਂ ਹਰ ਸਿੱਖ ਹੀ ਦਹਿਸ਼ਤਗਰਦ ਨਜ਼ਰ ਆਉਣ ਲੱਗਾ ਹੈ। ਸਭ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਹਨ। ਪੰਜ ਹਜ਼ਾਰ ਲਈ ਅਜਿਹੀ ਕਮੀਨੀ ਹਰਕਤ ਕਿਉਂ ਕਰਨਗੇ? ਉਹ ਕਿਸੇ ਵੀ ਕੀਮਤ ’ਤੇ ਅਗਵਾੜ ਦੀ ਬੇਇੱਜ਼ਤੀ ਨਹੀਂ ਹੋਣ ਦੇਵੇਗਾ। ਉਹ ਮੁੱਖ ਮੰਤਰੀ ਨਾਲ ਗੱਲ ਕਰੇਗਾ।

ਜ਼ੈਲਦਾਰ ਨੂੰ ਮੁੱਖ ਮੰਤਰੀ ਦੇ ਨੇੜੇ ਹੋਣ ਦਾ ਮਾਣ ਸੀ। ਹਰ ਮੋਰਚੇ ਵਿੱਚ ਉਹ ਸਰਦਾਰ ਦਾ ਹਰ ਤਰ੍ਹਾਂ ਸਾਥ ਦਿੰਦਾ ਸੀ। ਧਨ ਨਾਲ ਵੀ ਅਤੇ ਬੰਦਿਆਂ ਨਾਲ ਵੀ। ਇਸ ਮੀਟਿੰਗ ਵਿੱਚ ਵੀ ਅਗਵਾੜ ਦੇ ਨੁਮਾਇੰਦੇ ਦੇ ਤੌਰ ’ਤੇ ਹਾਜ਼ਰ ਸੀ। ਅਗਵਾੜ ’ਤੇ ਕੋਈ ਚਿੱਕੜ ਉਛਾਲੇ ਤਾਂ ਉਸ ਦਾ ਜਵਾਬ ਦੇਣਾ ਜ਼ੈਲਦਾਰ ਦੀ ਜ਼ਿੰਮੇਵਾਰੀ ਹੈ। ਆਪਣੀ ਜ਼ਿੰਮੇਵਾਰੀ ਉਹ ਬਾਖ਼ੂਬੀ ਨਿਭਾ ਰਿਹਾ ਸੀ।

ਲਾਲਾ ਜੀ ਦਾ ਵੀਹ ਘਰਾਂ ਨਾਲ ਵਿਰੋਧ ਵੀ ਤਾਂ ਹੈ। ਬੰਟੀ ਮਾਡਲ ਟਾਊਨ ਦੀਆਂ ਕੋਠੀਆਂ ਵਿੱਚ ਕਿਉਂ ਨਹੀਂ ਹੋ ਸਕਦਾ? ਕਿਹੜਾ ਭੈੜੇ ਤੋਂ ਭੈੜਾ ਜੁਰਮ ਹੈ, ਜਿਹੜਾਂ ਉਹਨਾਂ ਕੋਠੀਆਂ ਵਿੱਚ ਨਹੀਂ ਹੁੰਦਾ? ਚੋਰ-ਬਜ਼ਾਰੀ, ਸਮੱਗਲਿੰਗ ਅਤੇ ਹੇਰਾ-ਫੇਰੀਆਂ ਦੀਆਂ ਸਾਰੀਆਂ ਯੋਜਨਾਵਾਂ ਉਥੇ ਹੀ ਤਾਂ ਬਣਦੀਆਂ ਹਨ। ਉਹ ਖ਼ੁਦ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਖ਼ਰੀਦ ਤਾਂ ਸਕਦੇ ਹਨ। ਕਈ ਸੇਠਾਂ ਨੂੰ ਦੁੱਖ ਹੈ, ਲਾਲਾ ਹਰ ਵਾਰ ਹੀ ਸੀਤਾ ਭਵਨ ਦਾ ਪ੍ਰਧਾਨ ਬਣ ਜਾਂਦਾ ਹੈ। ਬਾਕੀ ਸੇਵਾ ਦੇ ਮੌਕੇ ਤੋਂ ਖੁੰਝ ਜਾਂਦੇ ਹਨ। ਕਈ ਹੋਰਾਂ ਨੂੰ ਰਾਮ ਲੀਲਾ ਕਮੇਟੀ ’ਤੇ ਕਬਜ਼ਾ ਕਰਨ ਦੀ ਭੁੱਖ ਹੈ। ਸੇਵਾ ਸੰਮਤੀ ਵਿੱਚ ਵੀ ਪਾਰਟੀ-ਬਾਜ਼ੀ ਹੈ। ਮਹਾਂਬੀਰ ਦਲ ਵਿੱਚ ਵੀ ਲਾਲਾ ਜੀ ਦਾ ਬੋਲਬਾਲਾ ਹੈ। ਚੋਣਾਂ ਵਿੱਚ ਵੀ ਇਹਨਾਂ ਇੱਕ ਪਾਰਟੀ ਦਾ ਪੱਖ ਖੁੱਲ੍ਹ ਕੇ ਪੂਰਿਆ ਹੈ। ਮਾੜੇ ਹਾਲਤਾਂ ਦਾ ਫ਼ਾਇਦਾ ਉਠਾ ਕੇ ਕੋਈ ਵੀ ਨਿੱਜੀ ਦੁਸ਼ਮਣੀ ਕੱਢ ਸਕਦਾ ਹੈ। ਜਿੰਨਾ ਚਿਰ ਕੋਠੀਆਂ ਦੀ ਛਾਣ-ਬੀਣ ਨਹੀਂ ਹੋ ਜਾਂਦੀ, ਜ਼ੈਲਦਾਰ ਕਿਸੇ ਨੂੰ ਅਗਵਾੜ ਵੱਲ ਮੂੰਹ ਨਹੀਂ ਕਰਨ ਦੇਵੇਗਾ।

ਖ਼ਾਨ ਨੇ ਸਭ ਦੀਆਂ ਗੱਲਾਂ ਸੁਣੀਆਂ। ਭਾਵੇਂ ਹਰ ਕਿਸੇ ਨੇ ਆਪਣੇ ਤਬਕੇ ਦਾ ਪੱਖ ਪੂਰਿਆ ਸੀ, ਫੇਰ ਵੀ ਉਹਨਾਂ ਦੇ ਨੁਕਤਿਆਂ ਵਿੱਚ ਵਜ਼ਨ ਸੀ। ਕਸੂਰਵਾਰ ਕੋਈ ਵੀ ਹੋ ਸਕਦਾ ਸੀ। ਸਾਂਸੀਆਂ ਕੋਹੜੀਆਂ ਤੋਂ ਲੈ ਕੇ ਸੇਠਾਂ ਤਕ।

ਖ਼ਾਨ ਦੇ ਜ਼ਿਹਨ ਵਿੱਚ ਜੁਰਮ-ਵਿਗਿਆਨ ਦੇ ਵੱਖ-ਵੱਖ ਸਿਧਾਂਤ ਘੁੰਮਣ ਲੱਗੇ। ਬੰਟੀ ਦੇ ਕੇਸ ਨੂੰ ਕਿਸ ਸਿਧਾਂਤ ’ਤੇ ਰੱਖ ਕੇ ਪਰਖਿਆ ਜਾਵੇ, ਉਸ ਨੂੰ ਸਮਝ ਨਹੀਂ ਸੀ ਆ ਰਹੀ।

ਕਈ ਜੁਰਮ ਵਿਗਿਆਨੀ ਆਖਦੇ ਹਨ ਕਿ ਜੁਰਮ ਕਰਨ ਦੀ ਪ੍ਰਵਿਰਤੀ ਖ਼ਾਨਦਾਨੀ ਹੁੰਦੀ ਹੈ। ਜੁਰਮ ਮੁਜਰਮਾਂ ਦੇ ਖ਼ੂਨ ਵਿੱਚ ਵੱਸਿਆ ਹੁੰਦਾ ਹੈ। ਉਹ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਰਹਿੰਦਾ ਹੈ। ਪੰਜਾਬ ਵਿੱਚ ਅਜਿਹੇ ਕਬੀਲਿਆਂ ਦੀ ਕਮੀ ਨਹੀਂ, ਜਿਨ੍ਹਾਂ ਦਾ ਇਕੋ-ਇੱਕ ਪੇਸ਼ਾ ਜੁਰਮ ਹੈ ਅਤੇ ਜੁਰਮ ਕਰਨ ਦੀ ਸਿੱਖਿਆ ਬੱਚਿਆਂ ਨੂੰ ਗੁੜ੍ਹਤੀ ਵਿੱਚ ਦਿੱਤੀ ਜਾਂਦੀ ਹੈ। ਅਜਿਹੇ ਮੁਜਰਮਾਂ ਦਾ ਸੁਧਾਰ ਅਸੰਭਵ ਹੈ। ਇਹਨਾਂ ਨੂੰ ਜੇਲ੍ਹ ’ਚ ਸੁੱਟੀ ਰੱਖਣਾ ਜਾਂ ਖ਼ਤਮ ਕਰਨਾ ਹੀ ਇਕੋ-ਇੱਕ ਇਲਾਜ ਹੈ।

ਮਾਰਕਸ ਦੇ ਸਮਰਥਕ ਇਸ ਸਿਧਾਂਤ ਦਾ ਵਿਰੋਧ ਕਰਦੇ ਹਨ। ਉਹ ਜੁਰਮਾਂ ਦੇ ਕਾਰਨ ਬਾਹਰ- ਮੁਖੀ ਪ੍ਰਸਥਿਤੀਆਂ ਵਿੱਚ ਮਿੱਥਦੇ ਹਨ। ਜਿੰਨਾ ਚਿਰ ਸਮਾਜ ਵਿੱਚ ਅਸਮਾਨਤਾ ਰਹੇਗੀ, ਲੋਕਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲੇਗਾ ਅਤੇ ਕਿਰਤੀ ਲੋਕਾਂ ਦੀ ਲੁੱਟ-ਖਸੁੱਟ ਹੁੰਦੀ ਰਹੇਗੀ, ਓਨਾ ਚਿਰ ਸਮਾਜ ਵਿੱਚ ਜੁਰਮ ਹੁੰਦਾ ਰਹੇਗਾ। ਉਹ ਮੁਜਰਮ ਨੂੰ ਖ਼ਤਮ ਕਰਨ ਦੀ ਥਾਂ ਅਜਿਹੀਆਂ ਪ੍ਰਸਥਿਤੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜਿਸ ਨਾਲ ਅਸਮਾਨਤਾ ਵਧਦੀ ਹੈ।

ਸਦਰਲੈਂਡ ਵਰਗੇ ਇਸ ਸਿਧਾਂਤ ਨੂੰ ਵੀ ਰੱਦ ਕਰਦੇ ਹਨ। ਉਹਨਾਂ ਦਾ ਮੱਤ ਹੈ ਕਿ ਪੈਸੇ ਦੀ ਕਮੀ ਨਹੀਂ, ਸਗੋਂ ਪੈਸੇ ਦੀ ਭੁੱਖ ਮੁਜਰਮਾਂ ਲਈ ਪ੍ਰੇਰਨਾ-ਸ੍ਰੋਤ ਬਣਦੀ ਹੈ। ਜੇ ਪੈਸੇ ਲਈ ਲੋਕ ਜੁਰਮ ਕਰਦੇ ਤਾਂ ਅਮੀਰ ਲੋਕ ਜੁਰਮ ਦੇ ਨੇੜੇ ਵੀ ਨਾ ਢੁਕਦੇ। ਇਹਨੀਂ ਦਿਨੀਂ ਸਮਾਜ ਦਾ ਸਭ ਤੋਂ ਅਮੀਰ ਤਬਕਾ ਹੀ ਜੁਰਮ ਕਰਨ ’ਤੇ ਤੁਲਿਆ ਹੋਇਆ ਹੈ। ਰਿਸ਼ਵਤ-ਖ਼ੋਰੀ, ਟੈਕਸਾਂ ਦੀ ਚੋਰੀ, ਸਮੱਗਲਿੰਗ ਅਤੇ ਬਲੈਕ-ਮਾਰਕੀਟ, ਸਭ ਅਮੀਰਾਂ ਦੇ ਜੁਰਮ ਹਨ।

ਕੋਈ ਕੁੱਝ ਵੀ ਆਖੇ। ਖ਼ਾਨ ਲੋਕਬਰੋਸੋ (Lombroso) ਦਾ ਹਾਮੀ ਸੀ। ਕਈ ਮੁਜਰਮ ਹੁੰਦੇ ਹਨ, ਜਿਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ। ਸਾਡੀ ਨਿਆਂ-ਪ੍ਰਣਾਲੀ ਆਪਣੇ ਮਕਸਦ ਤੋਂ ਭਟਕ ਚੁੱਕੀ ਹੈ। ਖ਼ਾਨ ਅਜਿਹੇ ਕੱਟੜ ਮੁਜਰਮਾਂ ਨੂੰ ਖ਼ਤਮ ਕਰਨ ਦਾ ਹਾਮੀ ਸੀ। ਉਹ ਬਿਹਾਰ ਦੀ ਪੁਲਿਸ ਮੁਤਾਬਕ ਮੁਜਰਮਾਂ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਸੀ, ਜਿਨ੍ਹਾਂ ਨੇ ਚੋਰਾਂ ਦੀਆਂ ਅੱਖਾਂ ਹੀ ਕੱਢ ਦਿੱਤੀਆਂ ਸਨ। ਸਮਾਜ-ਸੁਧਾਰਕਾਂ ਦੀ ਹਾਲ ਦੁਹਾਈ ਖ਼ਾਨ ਨੂੰ ਭੈੜੀ ਲੱਗਦੀ ਸੀ। ਜੇ ਅਦਾਲਤਾਂ ਸਮਾਜ ਨੂੰ ਇਹਨਾਂ ਚੋਰਾਂ ਤੋਂ ਨਹੀਂ ਬਚਾ ਸਕਦੀਆਂ ਤਾਂ ਪੁਲਿਸ ਨੇ ਤਾਂ ਬਚਾਉਣਾ ਹੀ ਹੈ। ਲਾਲਾ ਜੀ ਦਾ ਆਦਰਸ਼ਵਾਦ ਵੀ ਉਸ ਨੂੰ ਪਸੰਦ ਨਹੀਂ ਸੀ ਆਇਆ। ਬੰਟੀ ਦੀ ਬਹੁਤੀ ਸੰਭਾਵਨਾ ਉਹਨਾਂ ਕੁੱਲੀਆਂ ਵਿੱਚ ਹੀ ਹੋ ਸਕਦੀ ਸੀ, ਜਿਥੇ ਸਾਂਸੀ, ਬਾਜ਼ੀਗਰ ਅਤੇ ਮੰਗਤੇ ਰਹਿੰਦੇ ਹਨ।

ਵਜ਼ਨ ਸਿੱਧੂਆਂ ਦੇ ਅਗਵਾੜ ਵਾਲੀ ਗੱਲ ਵਿੱਚ ਵੀ ਸੀ। ਮੱਧ-ਵਰਗੀ ਨੌਜਵਾਨ ਵਿਹਲਾ ਰਹਿ ਕੇ ਬਗ਼ਾਵਤ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਉਹ ਨਾ ਘਰ ਦਾ ਰਿਹੈ, ਨਾ ਘਾਟ ਦਾ। ਪੈਸਿਆਂ ਬਿਨਾਂ ਕੋਈ ਨੌਕਰੀ ਨਹੀਂ ਮਿਲਦੀ। ਅੱਧੀਆਂ ਸੀਟਾਂ ਵੱਖ-ਵੱਖ ਜਾਤਾਂ ਲਈ ਰਾਖਵੀਆਂ ਹਨ, ਬਾਕੀ ਦੀਆਂ ਨੌਕਰੀਆਂ ਜਾਂ ਪੈਸੇ ਵਾਲੇ ਲੈ ਜਾਂਦੇ ਹਨ ਜਾਂ ਅਫ਼ਸਰਾਂ ਤੇ ਨੇਤਾਵਾਂ ਦੇ ਰਿਸ਼ਤੇਦਾਰ। ਸਿੱਖਿਆ ਪ੍ਰਣਾਲੀ ਵਿੱਚ ਇੰਨਾ ਦਮ ਨਹੀਂ ਕਿ ਕਿਸੇ ਕਿੱਤੇ ਦੇ ਯੋਗ ਬਣਾ ਦੇਵੇ। ਹੋ ਸਕਦੈ ਕਿਸੇ ਅੱਤਵਾਦੀ ਸੰਸਥਾ ਨਾਲ ਜੁੜਨ ਲਈ ਅਗਵਾੜ ਦੇ ਮੁੰਡੇ ਆਪਣੀ ਦਲੇਰੀ ਦਾ ਸਬੂਤ ਦੇ ਰਹੇ ਹੋਣ। ਲਾਲਾ ਜੀ ਦਾ ਸ਼ਹਿਰ ਵਿੱਚ ਬਹੁਤ ਰਸੂਖ਼ ਹੈ। ਕਿਸੇ ਮਾੜੀ ਘਟਨਾ ਦੇ ਵਾਪਰਦੇ ਹੀ ਦੰਗੇ ਫ਼ਸਾਦ ਹੋ ਸਕਦੇ ਹਨ। ਅਗਵਾੜ ਦੇ ਬਹੁਤੇ ਮੁੰਡੇ ਫ਼ੈਡਰੇਸ਼ਨ ਦੇ ਮੈਂਬਰ ਹਨ। ਇੱਕ-ਦੋ ਘਰੋਂ ਫ਼ਰਾਰ ਵੀ ਹਨ। ਸਿੱਧੂਆਂ ਦਾ ਅਗਵਾੜ ਛੱਡਿਆ ਨਹੀਂ ਜਾ ਸਕਦਾ।

ਮਾਡਲ ਟਾਊਨ ਦੀ ਤਲਾਸ਼ੀ ਵਾਲੀ ਗੱਲ ਖ਼ਾਨ ਨੂੰ ਜਚੀ ਨਹੀਂ ਸੀ। ਉਹ ਖ਼ੁਦ ਰਈਸ ਖ਼ਾਨਦਾਨ ਦਾ ਮੁੰਡਾ ਹੈ। ਅਮੀਰਾਂ ਦੇ ਕਰਨ ਲਈ ਹੋਰ ਬਥੇਰੀ ਤਰ੍ਹਾਂ ਦੇ ਜੁਰਮ ਹਨ। ਇਸ ਤਰ੍ਹਾਂ ਦੀ ਘਟੀਆ ਹਰਕਤ ਉਹ ਕਦੇ ਨਹੀਂ ਕਰਨਗੇ। ਸੇਵਾ ਸੰਮਤੀ ਦੀ ਪ੍ਰਧਾਨਗੀ ਦਾ ਰੌਲਾ ਹੋਵੇ ਤਾ ਗੀਤਾ ਭਵਨ ਦੀ ਚੌਧਰ ਦਾ, ਬੱਚੇ ਨਾਲ ਕੀ ਮਤਲਬ? ਉਹ ਪੈਸਾ ਖ਼ਰਚ ਕੇ ਨਵੇਂ ਮੈਂਬਰ ਬਣਾ ਸਕਦੇ ਹਨ, ਪੁਰਾਣਿਆਂ ਨੂੰ ਖ਼ਰੀਦ ਸਕਦੇ ਹਨ। ਨਵੀਂ ਸੰਸਥਾ ਜਾਂ ਭਵਨ ਉਸਾਰ ਸਕਦੇ ਹਨ। ਖ਼ਾਨ ਸੇਠਾਂ ਨੂੰ ਤੰਗ ਕਰਨ ਦੇ ਹੱਕ ਵਿੱਚ ਨਹੀਂ ਸੀ, ਪਰ ਜੇ ਹੋਰ ਬਸਤੀਆਂ ਦੀ ਤਲਾਸ਼ੀ ਕਰਨੀ ਹੈ ਤਾਂ ਲੋਕਾਂ ਦੀਆਂ ਅੱਖਾਂ ਪੂੰਝਣ ਅਤੇ ਨਿਰਪੱਖਤਾ ਦਾ ਸਬੂਤ ਦੇਣ ਲਈ ਮਾਡਲ ਟਾਊਨ ਦੀ ਤਲਾਸ਼ੀ ਦਾ ਵੀ ਕੋਈ ਹਰਜ ਨਹੀਂ। ਇਹ ਹਦਾਇਤਾਂ ਉਹ ਜ਼ਰੂਰ ਦੇਵੇਗਾ ਕਿ ਨੌਕਰਾਂ ਦੇ ਕੁਆਟਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਈ ਵਾਰ ਦੀਵੇ ਥੱਲੇ ਹੀ ਹਨੇਰਾ ਹੁੰਦਾ ਹੈ। ਨੌਕਰ ਕੋਠੀਆਂ ਨੂੰ ਜੁਰਮ ਲਈ ਅਕਸਰ ਵਰਤਦੇ ਦੇਖੇ ਗਏ ਹਨ।

ਕਰਫ਼ਿਊ ਲਗਾ ਕੇ ਘਰ-ਘਰ ਦੀ ਤਲਾਸ਼ੀ ਲੈਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਆਪਣੀ ਯੋਜਨਾ ਉਹ ਮੀਟਿੰਗ ਵਿੱਚ ਬੈਠੇ ਲੋਕਾਂ ਕੋਲ ਵੀ ਨਹੀਂ ਸੀ ਦੱਸ ਸਕਦਾ। ਪੁਲਿਸ ਨੇ ਹਾਲੇ ਬਹੁਤ ਪ੍ਰਬੰਧ ਕਰਨੇ ਸਨ। ਹੋ ਸਕਦੈ ਗੱਲ ਮੁਜਰਮਾਂ ਕੋਲ ਪੁੱਜ ਜਾਏ ਅਤੇ ਉਹ ਪੁਲਿਸ ਪ੍ਰਬੰਧ ਮੁਕੰਮਲ ਹੋਣ ਤੋਂ ਪਹਿਲਾਂ ਹੀ ਖਿਸਕ ਜਾਣ।

ਪਤਵੰਤੇ ਇਸ ਗੱਲ ’ਤੇ ਸਹਿਮਤ ਸਨ ਕਿ ਘਰ-ਘਰ ਦੀ ਤਲਾਸ਼ੀ ਲਈ ਜਾਵੇ। ਮਸਲਾ ਤਾਂ ਹੀ ਹੱਲ ਹੋਣਾ ਸੀ।

ਖ਼ਾਨ ਉਹਨਾਂ ਨਾਲ ਸਹਿਮਤ ਤਾਂ ਸੀ ਪਰ ਮੀਟਿੰਗ ਵਿੱਚ ਐਲਾਨ ਨਹੀਂ ਸੀ ਕਰ ਸਕਦਾ।

ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਉਸ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਉਹ ਬਿਨਾਂ ਕਰਫ਼ਿਊ ਲਾਇਆਂ ਹੀ ਬੰਟੀ ਨੂੰ ਲੱਭ ਲਏਗਾ। ਉਸ ਦੇ ਜ਼ਿਹਨ ਵਿੱਚ ਕੁੱਝ ਯੋਜਨਾਵਾਂ ਸਨ। ਉਹ ਬਾਕੀ ਅਫ਼ਸਰਾਂ ਨਾਲ ਰਾਏ ਕਰਕੇ ਪਤਵੰਤਿਆਂ ਨਾਲ ਅਗਲੀ ਮੀਟਿੰਗ ਵਿੱਚ ਉਹਨਾਂ ’ਤੇ ਵਿਚਾਰ ਕਰੇਗਾ।

ਅਗਲੀ ਮੀਟਿੰਗ ਸ਼ਾਮ ਨੂੰ ਚਾਰ ਵਜੇ ਰੱਖੀ ਗਈ।

ਖ਼ਾਨ ਨੂੰ ਪਤਾ ਸੀ ਅਗਲੀ ਮੀਟਿੰਗ ਦੀ ਲੋੜ ਨਹੀਂ ਪਏਗੀ। ਚਾਰ ਵੱਜਣ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਵਿੱਚ ਕਰਫ਼ਿਊ ਲਾ ਦਿੱਤਾ ਜਾਏਗਾ ਅਤੇ ਸ਼ਹਿਰ ਦੇ ਸਾਰੇ ਰਾਹ ਸੀਲ ਕਰ ਕੇ ਘਰ-ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਜਾਏਗੀ।

 

 

8

ਪਿਛਲੇ ਦਿਨਾਂ ਵਿੱਚ ਜਿਹੜੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉਹਨਾਂ ਵਿੱਚ ਪ੍ਰਵੇਸ਼ ਕਰਨ ਵਾਲੇ ਹਰ ਰਾਹ ਉੱਤੇ ਪਹਿਰਾ ਅਤੇ ਉਥੋਂ ਲੰਘਦੀ ਹਰ ਗੱਡੀ ਦੀ ਛਾਣ-ਬੀਣ ਵੀ ਸ਼ਾਮਲ ਸੀ।

ਦਰਸ਼ਨ ਸਿੰਘ ਹੌਲਦਾਰ ਨੇ ਡਿਪਟੀ ਦੇ ਨੇੜੇ ਹੋਣ ਦਾ ਫ਼ਾਇਦਾ ਉਠਾ ਰੱਖਿਆ ਸੀ। ਆਪਣੀ ਮਰਜ਼ੀ ਨਾਲ ਉਸ ਨੇ ਹੰਢਿਆਏ ਦੀਆਂ ਕੈਂਚੀਆਂ ਵਾਲਾ ਨਾਕਾ ਚੁਣਿਆ ਸੀ। ਇਥੋਂ ਚਾਰ ਰਾਹ ਨਿਕਲਦੇ ਸਨ। ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ।

ਘੰਟੇ ਵਿੱਚ ਪੰਜਾਹ-ਪੰਜਾਹ ਗੱਡੀਆਂ ਲੰਘਦੀਆਂ ਹਨ। ਨਾਕੇ ਦਾ ਇੰਚਾਰਜ ਜਿਵੇਂ ਮਰਜ਼ੀ ਹੱਥ ਰੰਗਦਾ ਰਹੇ।

ਪਹਿਲੇ ਪੰਜ-ਚਾਰ ਦਿਨ ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਦੋ ਸਿਪਾਹੀ ਲੈ ਕੇ ਨਿੰਮ ਹੇਠਾਂ ਖੜਾ ਰਹਿੰਦਾ। ਦੋ-ਚਾਰ ਸਕੂਟਰ ਮੋਟਰ-ਸਾਈਕਲ ਘੇਰ ਕੇ ਉਹਨਾਂ ਦੇ ਕਾਗ਼ਜ਼ ਦੇਖ ਲਏ, ਇੱਕ-ਦੋ ਕਾਰਾਂ ਦੀਆਂ ਡਿੱਘੀਆਂ ਖੁਲ੍ਹਵਾ ਕੇ ਤਲਾਸ਼ੀ ਲੈ ਲਈ ਤੇ ਬੱਸ। ਬਾਕੀ ਸਾਰਾ ਦਿਨ ਫ਼ੀਸ ਉਗਰਾਹੁੰਦੇ ਰਹਿਣਾ।

ਕੱਲ੍ਹ ਦੀ ਜਦੋਂ ਦੀ ਖ਼ਾਨ ਦੇ ਹੈੱਡਕੁਆਰਟਰ ਨੂੰ ਸ਼ਹਿਰ ਤਬਦੀਲ ਕਰਨ ਦੇ ਹੁਕਮਾਂ ਦੀ ਖ਼ਬਰ ਆਈ ਸੀ, ਦਰਸ਼ਨ ਨੇ ਵੀ ਸਖ਼ਤੀ ਵਧਾ ਦਿੱਤੀ ਸੀ।

ਰਾਤੋ-ਰਾਤ ਪੀ.ਡਬਲਯੂ.ਡੀ.ਵਾਲਿਆਂ ਤੋਂ ਚਾਲੀ-ਪੰਜਾਹ ਖ਼ਾਲੀ ਡਰੰਮ ਸੜਕ ’ਤੇ ਸੁਟਵਾ ਲਏ। ਮੇਟਾਂ ਨੂੰ ਬੁਲਾ ਕੇ ਸਫ਼ੈਦੀ ਕਰਾ ਲਈ। ਵੀਹ ਕੁ ਬੋਰੀਆਂ ਵਿੱਚ ਮਿੱਟੀ ਭਰਵਾ ਲਈ। ਜੰਗਲਾਤ ਵਾਲਿਆਂ ਨੂੰ ਆਖ ਕੇ ਇੱਕ ਵੱਡਾ ਸਾਰਾ ਸਫ਼ੈਦਾ ਕਟਵਾ ਲਿਆ।

ਚੌਂਕ ਵਿਚੋਂ ਲੰਘਣ ਵਾਲੇ ਵਹੀਕਲ ਦੀ ਰਫ਼ਤਾਰ ਘਟਾਉਣ ਲਈ ਦਰਸ਼ਨ ਨੇ ਦੂਹਰਾ ਪ੍ਰਬੰਧ ਕੀਤਾ ਸੀ। ਸੜਕ ’ਤੇ ਡਰੰਮ ਇਸ ਤਰ੍ਹਾਂ ਰੱਖੇ ਗਏ ਸਨ ਕਿ ਉਥੋਂ ਲੰਘਦੀ ਹਰ ਗੱਡੀ ਸੱਪ ਵਾਂਗ ਵੱਲ ਖਾਵੇ ਅਤੇ ਕੀੜੀ ਦੀ ਤੋਰ ਤੁਰੇ। ਕੋਈ ਕੁਤਾਹੀ ਕਰੇ ਤਾਂ ਅੱਗੇ ਸਫ਼ੈਦਾ ਰਾਹ ਰੋਕੀ ਖੜ੍ਹਾ ਹੋਊ। ਸੜਕ ਦੇ ਇੱਕ ਪਾਸੇ ਦੋ ਥੱਮ੍ਹੀਆਂ ਗਡਵਾ ਕੇ ਵਿਚਕਾਰ ਸਫ਼ੈਦਾ ਰੱਖ ਕੇ, ਸਫ਼ੈਦੇ ਦੇ ਇੱਕ ਸਿਰੇ ਨਾਲ ਭਾਰ ਲਾਉਣ ਲਈ ਮਿੱਟੀ ਦੀ ਭਰੀ ਬੋਰੀ ਲਟਕਾ ਦਿੱਤੀ ਸੀ। ਦੂਜੇ ਸਿਰੇ ’ਤੇ ਇੱਕ ਰੱਸਾ ਬੰਨ੍ਹ ਕੇ ਹੋਮਗਾਰਡੀਏ ਨੂੰ ਫੜਾ ਦਿੱਤਾ ਗਿਆ। ਜਿੰਨਾ ਚਿਰ ਗੱਡੀ ਚੈੱਕ ਨਾ ਹੋ ਜਾਵੇ, ਉਸ ਨੇ ਰੱਸਾ ਖਿੱਚੀ ਰੱਖਣਾ। ਦਰਸ਼ਨ ਦੇ ਇਸ਼ਾਰੇ ਤੋਂ ਪਿੱਛੋਂ ਹੀ ਰੱਸਾ ਢਿੱਲਾ ਛੱਡਣਾ ਸੀ ਅਤੇ ਗੱਡੀ ਨੂੰ ਲੰਘਣ ਦੇਣਾ ਸੀ।

ਖ਼ਾਨ ਦੇ ਸਖ਼ਤ ਸੁਭਾਅ ਦਾ ਕਿਸ ਨੂੰ ਨਹੀਂ ਸੀ ਪਤਾ? ਅਫ਼ਸਰ ਦੇ ਸੁਭਾਅ ਅਨੁਸਾਰ ਢਲ ਜਾਣਾ ਦਰਸ਼ਨ ਦਾ ਖ਼ਾਸ ਗੁਣ ਸੀ। ਖ਼ਾਨ ਦਾ ਕੋਈ ਪਤਾ ਨਹੀਂ ਕਿਸ ਸਮੇਂ ਨਾਕਾ ਚੈੱਕ ਕਰ ਲਏ। ਰਾਤ ਦੇ ਇੱਕ ਵਜੇ ਅਤੇ ਸਵੇਰ ਦੇ ਚਾਰ ਵਜੇ ਥਾਣੇ ਚੈੱਕ ਕਰਨ ਲਈ ਉਹ ਮਸ਼ਹੂਰ ਹੈ। ਵਰਦੀ ਦਾ ਬਹੁਤ ਸ਼ੌਕੀਨ ਹੈ। ਬੂਟ ਪਾਲਿਸ਼ ਨਾ ਕੀਤੇ ਹੋਣ, ਵਰਦੀ ਵਿੱਚ ਵਲ ਹੋਣ ਜਾਂ ਪਗੜੀ ਵਿੰਗੀ ਟੇਢੀ ਹੋਵੇ, ਝੱਟ ਲਾਈਨ ਹਾਜ਼ਰ ਕਰ ਦਿੰਦੈ। ਜਿੰਨਾ ਚਿਰ ਵਰਦੀ ਪਾਉਣ ਦਾ ਵੱਲ ਨਹੀਂ ਆਉਂਦਾ, ਥਾਣੇ ਦਾ ਮੂੰਹ ਨਹੀਂ ਦਿਖਾਉਂਦਾ। ਦਰਸ਼ਨ ਨੇ ਸਵੇਰੇ ਹੀ ਵਰਦੀ ਪ੍ਰੈਸ ਕਰਾ ਲਈ ਸੀ। ਇੱਕ ਵਾਧੂ ਵਰਦੀ ਲਿਆ ਕੇ ਕੋਲ ਰੱਖ ਲਈ ਸੀ। ਜਿਉਂ ਹੀ ਪਹਿਲੀ ਵਰਦੀ ਖ਼ਰਾਬ ਹੋਈ, ਝੱਟ ਦੂਜੀ ਪਾ ਲਏਗਾ। ਵਰਦੀ ਦਾ ਖ਼ਿਆਲ ਰੱਖਣ ਬਾਰੇ ਉਸ ਨੇ ਨਾਲ ਦੇ ਸਿਪਾਹੀਆਂ ਅਤੇ ਸੀ.ਆਰ.ਪੀ.ਵਾਲਿਆਂ ਨੂੰ ਵੀ ਸਮਝਾ ਦਿੱਤਾ।

ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸੜਕ ਦੇ ਚੌਹਾਂ ਪਾਸਿਆਂ ’ਤੇ ਬੰਕਰ ਬਣਾ ਦਿੱਤੇ ਗਏ। ਲੋੜ ਪੈਣ ’ਤੇ ਜਵਾਨ ਪੋਜ਼ੀਸ਼ਨਾਂ ਲੈ ਸਕਦੇ ਸਨ। ਨਾਕੇ ਦੇ ਚਾਰੇ ਪਾਸਿਉਂ ਸਫ਼ਾਈ ਕਰਾ ਕੇ ਛਿੜਕਾ ਕਰਵਾ ਦਿੱਤਾ ਗਿਆ। ਮੰਜੇ ਪੀਹੜੇ ਲੁਕੋ ਦਿੱਤੇ ਗਏ। ਆਰੇ ਤੋਂ ਇੱਕ ਛੋਟਾ ਮੇਜ਼ ਅਤੇ ਦੋ ਕੁਰਸੀਆਂ ਮੰਗਵਾਈਆਂ ਗਈਆਂ। ਡਿਊਟੀ ’ਤੇ ਆਰਾਮ ਕਰਨ ਨੂੰ ਖ਼ਾਨ ਕੁਫ਼ਰ ਸਮਝਦਾ ਸੀ।

ਖ਼ਾਨ ਦੇ ਸ਼ਹਿਰ ਵਿੱਚ ਪਹੁੰਚਣ ਤੋਂ ਬਾਅਦ ਦਰਸ਼ਨ ਨੂੰ ਸੀ.ਆਰ.ਪੀ.ਦੇ ਚਾਰ ਜਵਾਨਾਂ ਦੀ ਇੱਕ ਹੋਰ ਸੈਕਸ਼ਨ ਦਿੱਤੀ ਗਈ। ਰਲ ਕੇ ਸਾਰੇ ਜਣੇ ਦੁਪਹਿਰ ਤਕ ਪਹਿਰਾ ਦਿੰਦੇ ਰਹੇ।

ਹਰ ਜਵਾਨ ਨੂੰ ਬੰਟੀ ਦੀ ਇੱਕ-ਇੱਕ ਤਸਵੀਰ ਵੰਡੀ ਗਈ। ਖ਼ੂੰਖ਼ਾਰ ਦਹਿਸ਼ਤਗਰਦਾਂ ਅਤੇ ਨਾਮੀ ਬਦਮਾਸ਼ਾਂ ਵਾਲੀ ਇੱਕ ਐਲਬਮ ਵੀ ਉਹਨਾਂ ਕੋਲ ਸੀ। ਹਰ ਗੱਡੀ ਦੀ ਹਰ ਸਵਾਲੀ ਦੀ ਪੜਤਾਲ ਉਹ ਗਹੁ ਨਾਲ ਕਰਨ ਲੱਗੇ। ਬੁੱਢੀਆਂ-ਠੇਰੀਆਂ ਦੀਆਂ ਗਠੜੀਆਂ ਤਕ ਨੂੰ ਫਰੋਲ-ਫਰੋਲ ਦੇਖਿਆ ਗਿਆ। ਕਈ ਵਾਰ ਲੋਕ ਟਿੱਚਰਾਂ ਵੀ ਕਰਨ ਲੱਗਦੇ।

“ਉਹ ਤੁਹਾਡੇ ਭੜੂਏ ਬੱਸਾਂ ਵਿੱਚ ਫਿਰਨਗੇ?”

“ਇਹਨਾਂ ਨੂੰ ਹੁਣ ਬੱਸਾਂ ’ਚੋਂ ਬੰਬ ਮਿਲਣਗੇ?”

ਕੋਈ ਇਹਨਾਂ ਟਿੱਚਰਾਂ ਦੀ ਪਰਵਾਹ ਨਹੀਂ ਸੀ ਕਰ ਰਿਹਾ। ਕਈ ਵਾਰ ਟਰੈਫ਼ਿਕ ਜਾਮ ਹੋ ਜਾਂਦੀ। ਲੋਕ ਬੁੜਬੁੜ ਕਰਨ ਲੱਗਦੇ। ਪੁਲਿਸ ਪਾਰਟੀ ਕੰਨਾਂ ਵਿੱਚ ਤੇਲ ਪਾ ਲੈਂਦੀ। ਉਹਨਾਂ ਆਪਣੀ ਡਿਊਟੀ ਹਰ ਹਾਲਤ ਵਿੱਚ ਨਿਭਾਉਣੀ ਹੈ। ਕਿਸੇ ਨੂੰ ਬਹੁਤੀ ਤਕਲੀਫ਼ ਹੈ, ਉਹ ਉਤਰ ਕੇ ਨਾਲ ਵਾਲੇ ਢਾਬਿਆਂ ਤੋਂ ਅੰਨ-ਪਾਣੀ ਛਕ ਲਏ, ਚਾਹ-ਦੁੱਧ ਪੀ ਲਏ। ਲੰਬੇ ਰੂਟ ਦੀ ਬੱਸ ਤਾਂ ਉਹ ਕਈ ਵਾਰ ਜਾਣ-ਬੁੱਝ ਕੇ ਲੇਟ ਕਰ ਦਿੰਦੇ। ਹੋਟਲਾਂ ਵਾਲਿਆਂ ਨੂੰ ਚਾਰ ਪੈਸੇ ਬਣ ਜਾਂਦੇ। ਦੋ ਪੈਸੇ ਵੱਟਣਗੇ ਤਾਂ ਹੀ ਅੱਠ-ਦਸ ਜਣਿਆਂ ਨੂੰ ਮੁਫ਼ਤ ’ਚ ਰੋਟੀ-ਪਾਣੀ ਖਵਾਉਂਦੇ ਕੌੜ-ਕੌੜ ਨਹੀਂ ਝਾਕਣਗੇ। ਦੁਪਹਿਰ ਤਕ ਜਦੋਂ ਕੁੱਝ ਵੀ ਪੱਲੇ ਨਾ ਪਿਆ ਤਾਂ ਪੁਲਿਸ ਪਾਰਟੀ ਦਾ ਉਤਸ਼ਾਹ ਮੱਠਾ ਪੈ ਗਿਆ। ਲੋਕ ਠੀਕ ਆਖਦੇ ਹਨ। ਉਹਨਾਂ ਬੱਚੇ ਨੂੰ ਬੱਸਾਂ ’ਚ ਥੋੜ੍ਹਾ ਲਈ ਫਿਰਨੈ। ਇਹ ਪੁਲਿਸ ਦੀ ਵਾਧੂ ਭਕਾਈ ਕਰਾਈ ਜਾ ਰਹੀ ਹੈ।

ਖੜੇ-ਖੜੇ ਦਰਸ਼ਨ ਦੀਆਂ ਟੰਗਾਂ ਆਕੜ ਗਈਆਂ, ਢੂਹੀ ’ਚ ਦਰਦ ਹੋਣ ਲੱਗਾ। ਸਿਰ ਨੂੰ ਕਈ ਵਾਰ ਘੁਮੇਰ ਚੜ੍ਹੀ।

ਦਰਸ਼ਨ ਨੂੰ ਹੌਲਦਾਰ ਬਣਿਆਂ ਚਾਰ ਸਾਲ ਹੋ ਗਏ ਸਨ। ਸਖ਼ਤ ਡਿਊਟੀ ਦੀ ਆਦਤ ਨਹੀਂ ਸੀ ਰਹੀ। ਜਦੋਂ ਸਿਪਾਹੀ ਸੀ ਉਸ ਸਮੇਂ ਗੱਲ ਹੋਰ ਸੀ। ਸਿਪਾਹੀ ਨੂੰ ਸਾਰਾ ਦਿਨ ਨੱਠ-ਭੱਜ ਰਹਿੰਦੀ ਹੈ। ਕਦੇ ਗਸ਼ਤ ਕਰਨੀ, ਕਦੇ ਕਿਸੇ ਨੂੰ ਫੜਨ ਤੁਰ ਜਾਣਾ ਅਤੇ ਕਦੇ ਪਹਿਰੇ ’ਤੇ ਖੜੋਣਾ। ਉਹਨੀਂ ਦਿਨੀਂ ਉਹ ਪਤਲਾ-ਪਤੰਗ ਸੀ।

ਚਾਰੇ ਸਾਲ ਦਰਸ਼ਨ ਨੇ ਥਾਣਿਆਂ ਵਿੱਚ ਕੱਟੇ ਸਨ। ਥਾਣੇ ਵਿੱਚ ਹੌਲਦਾਰ ਦੇ ਕਰਨ ਵਾਲਾ ਕੋਈ ਸਖ਼ਤ ਕੰਮ ਨਹੀਂ ਹੁੰਦਾ। ਨਾਕੇ ’ਤੇ ਖੜੇ ਦਰਸ਼ਨ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਸ ਦੀ ਗੋਗੜ ਵਧ ਰਹੀ ਹੈ ਅਤੇ ਹਿੱਪ ਵੀ ਭਾਰੀ ਹੋ ਗਈ ਹੈ। ਗਰਦਨ ’ਤੇ ਵੀ ਮਾਸ ਚੜ੍ਹਨ ਲੱਗਾ ਹੈ। ਉਸ ਦਾ ਇਸ ਵਿੱਚ ਕੋਈ ਕਸੂਰ ਨਹੀਂ, ਪੁਲਿਸ ਨੂੰ ਹੁਣ ਡਸਿਪਲਿੰਡ ਫ਼ੋਰਸ ਕਹਿਣਾ ਫ਼ਜ਼ੂਲ ਹੈ। ਇੱਕ ਵਾਰ ਫਿਲੌਰ ਤੋਂ ਕੋਰਸ ਕਰ ਕੇ ਆ ਜਾਓ ਫੇਰ ਮੌਜਾਂ ਹੀ ਮੌਜਾਂ ਹਨ। ਹਫ਼ਤੇ ਵਿੱਚ ਇੱਕ ਦਿਨ ਪਰੇਡ ਹੁੰਦੀ ਹੈ, ਉਹ ਵੀ ਉਹਨਾਂ ਮਾੜੀ ਕਿਸਮਤ ਵਾਲਿਆਂ ਦੀ ਜਿਹੜੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਲੱਗੇ ਹੋਣ। ਉਥੇ ਹੀ ਅਗਲਾ ਪਰੇਡ ’ਚ ਜਾਣ ਤੋਂ ਟਲਣ ਲਈ ਵੀਹ ਬਹਾਨੇ ਘੜਦਾ ਹੈ। ਇੱਕ ਨੇ ਸ਼ਹਾਦਤ ਦਾ ਬਹਾਨਾ ਘੜਿਆ ਤਾਂ ਦੂਜੇ ਨੇ ਬੀਮਾਰੀ ਦਾ। ਫੇਰ ਮੁਲਾਜ਼ਮਾਂ ਦੇ ਸਰੀਰ ਫ਼ੁਰਤੀਲੇ ਰਹਿਣ ਤਾਂ ਕਿਵੇਂ?

ਦਰਸ਼ਨ ਦੀ ਸਿਹਤ ਖ਼ਰਾਬ ਕਰਨ ਵਿੱਚ ਜਰਦੇ ਅਤੇ ਸ਼ਰਾਬ ਦਾ ਹੱਥ ਵੀ ਸੀ। ਮਹਿਕਮਾ ਹੀ ਅਜਿਹਾ ਹੈ। ਡਰੰਮਾਂ ਦੇ ਡਰੰਮ ਸ਼ਰਾਬ ਦੇ ਪੀਓ ਅਤੇ ਦਰਜਨਾਂ ਦੇ ਦਰਜਨਾ ਮੁਰਗੇ ਛਕੋ। ਕੋਈ ਘਾਟਾ ਨਹੀਂ। ਪੁਲਿਸ ਦੀ ਨੌਕਰੀ ਹੀ ਅਜਿਹੀ ਹੈ ਕਿ ਮਜਬੂਰੀ ਵਿੱਚ ਖਾਣਾ-ਪੀਣਾ ਪੈਂਦਾ ਹੈ। ਸਾਰਾ ਦਿਨ ਚੋਰਾਂ, ਠੱਗਾਂ ਅਤੇ ਸਮੱਗਲਰਾਂ ਨਾਲ ਵਾਹ ਹੈ। ਜਿਥੇ ਵੀ ਜਾਓ, ਅਗਲਾ ਬੋਤਲ ਕੱਢ ਕੇ ਬੈਠ ਜਾਂਦੈ। ਇੰਨਾਂ ਦਰਸ਼ਨ ’ਚ ਹੌਸਲਾ ਨਹੀਂ ਕਿ ਬੋਤਲ ਚੱਕ ਕੇ ਇੱਕ ਪਾਸੇ ਰੱਖ ਦੇਵੇ। ਮੂੰਹ ’ਚ ਪਾਣੀ ਆ ਹੀ ਜਾਂਦਾ ਹੈ। ਪਹਿਲਾਂ ਇੱਕ ਪੈੱਗ ਲਾਉਣ ਦਾ ਮਨ ਬਣਾਉਂਦਾ ਹੈ। ਜਦੋਂ ਥੋੜ੍ਹਾ ਜਿਹਾ ਨਸ਼ਾ ਹੋ ਜਾਂਦੇ ਤਾਂ ਛੱਡਣ ਨੂੰ ਦਿਲ ਨਹੀਂ ਕਰਦਾ।

ਉਂਝ ਦਰਸ਼ਨ ਆਪਣੀ ਕਾਮਯਾਬੀ ਦਾ ਰਾਜ਼ ਸ਼ਰਾਬ ਨੂੰ ਹੀ ਮੰਨਦਾ ਹੈ। ਜਿੰਨਾ ਚਿਰ ਕਿਸੇ ਨਾਲ ਬੈਠ ਕੇ ਪੀਓ ਨਾ, ਉਹ ਤੁਹਾਡੇ ਨਾਲ ਹਮਰਾਜ਼ ਨਹੀਂ ਹੁੰਦਾ। ਪੁਲਿਸ ਨੂੰ ਪੈਰ-ਪੈਰ ’ਤੇ ਮੁਖ਼ਬਰੀ ਦੀ ਲੋੜ ਹੁੰਦੀ ਹੈ। ਜਿਸ ਪੁਲਿਸ ਅਫ਼ਸਰ ਨੂੰ ਮੁਖ਼ਬਰੀ ਨਹੀਂ ਮਿਲਦੀ, ਉਹ ਕੀ ਖ਼ਾਕ ਕੰਮ ਕਰੇਗਾ।

ਰਾਤ ਉਸ ਨੇ ਪੱਕਾ ਮਨ ਬਣਾਇਆ ਸੀ ਕਿ ਜਿੰਨਾ ਚਿਰ ਖ਼ਾਨ ਸ਼ਹਿਰ ਵਿੱਚ ਰਹੂ, ਦਾਰੂ ਨੂੰ ਮੂੰਹ ਨਹੀਂ ਲਾਉਣਾ। ਓਵਰਸੀਅਰ ਕੋਲ ਡਰੰਮ ਲੈਣ ਗਿਆ ਤਾਂ ਉਹ ਬੋਤਲ ਲੈ ਕੇ ਬੈਠ ਗਿਆ। ਨਾਲ ਠੇਕੇਦਾਰ ਬੈਠੇ ਸਨ। ਬਰਾਂਡ ਵਧੀਆ ਸੀ। ਮੀਟ ਵੀ ਕਰਾਰਾ ਸੀ। ਮਨ ਮਚਲ ਗਿਆ। ਦੋ ਪੈੱਗਾਂ ਬਿਨਾਂ ਉਸ ਨੇ ਉੱਠਣ ਹੀ ਨਾ ਦਿੱਤਾ। ਲੋਕਾਂ ਤੋਂ ਕੰਮ ਲੈਣਾ ਹੈ ਤਾਂ ਮੂੰਹ-ਮੁਲਾਹਜ਼ਾ ਤਾਂ ਰੱਖਣਾ ਹੀ ਪੈਂਦਾ ਹੈ। ਅੱਗੇ ਜਦੋਂ ਰੇਂਜਰ ਕੋਲ ਗਿਆ ਤਾਂ ਉਹ ਫੁੱਲ ਸੀ। ਮੱਲੋ-ਮੱਲੀ ਉਸ ਨੇ ਦੋ ਪੈੱਗ ਪਿਆ ਦਿੱਤੇ।

ਰਾਤ ਜ਼ਿਆਦਾ ਪੀਣ ਕਰਕੇ ਹੀ ਸ਼ਾਇਦ ਉਸ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ। ਨਿੰਬੂ ਕੋਈ ਅਸਰ ਨਹੀਂ ਸੀ ਕਰ ਰਹੇ। ਕੁੱਝ ਮਿੰਟਾਂ ਲਈ ਦਿਲ ਟਿਕਦਾ, ਫੇਰ ਧੱਕ-ਧੱਕ ਕਰਨ ਲੱਗਦਾ। ਦੋ ਵਾਰ ਅਫ਼ੀਮ ਦੀਆਂ ਗੋਲੀਆਂ ਵੀ ਅੰਦਰ ਸੁੱਟੀਆਂ। ਉਹ ਵੀ ਬਹੁਤਾ ਅਸਰ ਨਾ ਦਿਖਾ ਸਕੀਆਂ। ਅਫ਼ੀਮ ਸ਼ਾਇਦ ਖਰੀ ਨਹੀਂ ਸੀ। ਥਕਾਨ ਲਾਹੁਣ ਲਈ ਨਾ ਦਰਸ਼ਨ ਮੰਜਾ ਮੱਲ ਸਕਦਾ ਸੀ, ਨਾ ਹੋਰ ਪੀ ਸਕਦਾ ਸੀ। ਕੁੱਝ ਦੇਰ ਪਹਿਲਾਂ ਵੀ ਵਾਕੀ-ਟਾਕੀ ’ਤੇ ਸੁਨੇਹਾ ਮਿਲਿਆ ਸੀ ਕਿ ਖ਼ਾਨ ਸ਼ਹਿਰੀਆਂ ਨਾਲ ਮੀਟਿੰਗ ਕਰ ਰਿਹਾ ਹੈ। ਕੁੱਝ ਅਹਿਮ ਫ਼ੈਸਲੇ ਲਏ ਜਾਣੇ ਹਨ। ਖ਼ਾਨ ਜੇ ਆਇਆ ਹੈ ਤਾਂ ਕੁੱਝ ਕਰ ਕੇ ਹੀ ਜਾਏਗਾ।

ਮੀਟਿੰਗ ਕਿਹੜਾ ਘੰਟੇ-ਅੱਧੇ ਘੰਟੇ ਵਿੱਚ ਮੁੱਕ ਜਾਣੀ ਸੀ। ਜਿੰਨੇ ਮੂੰਹ, ਓਨੀਆਂ ਗੱਲਾਂ। ਹਰ ਇੱਕ ਨੇ ਆਪਣਾ-ਆਪਣਾ ਘੋੜਾ ਭਜਾਉਣਾ ਸੀ। ਜਿੰਨਾ ਚਿਰ ਮੀਟਿੰਗ ਚੱਲਦੀ ਹੈ, ਖ਼ਾਨ ਇਧਰ ਥੋੜ੍ਹਾ ਆਉਣ ਲੱਗੈ। ਉੱਨਾ ਚਿਰ ਕਿਉਂ ਨਾ ਢੂਹੀ ਸਿੱਧੀ ਕਰ ਲਈ ਜਾਵੇ।

ਥੱਕੇ ਦਰਸ਼ਨ ਨੇ ਅਰਾਮ ਦੇ ਹੱਕ ਵਿੱਚ ਆਪੇ ਦਲੀਲ ਲੱਭੀ ਅਤੇ ਦੋ ਘੜੀ ਸੁਸਤਾਉਣ ਲਈ ਢਾਬੇ ਵੱਲ ਹੋ ਗਿਆ।

ਉਹਦੀ ਅੱਖ ਲੱਗੀ ਹੀ ਸੀ ਕਿ ਨੱਥੂ ਸਿਪਾਹੀ ਅਤੇ ਦੋ ਸੀ.ਆਰ.ਪੀ.ਦੇ ਜਵਾਨ ਚੀਕ- ਚਿਹੜਾ ਪਾਉਂਦੇ ਆ ਧਮਕੇ। ਇੱਕ ਵਾਰ ਤਾਂ ਦਰਸ਼ਨ ਦੇ ਖਾਨਿਉਂ ਗਈ। ਕਿਧਰੇ ਚੈਕਿੰਗ ਹੀ ਨਾ ਹੋ ਗਈ ਹੋਵੇ? ਕੋਈ ਮੁਕਾਬਲਾ ਨਾ ਹੋ ਗਿਆ ਹੋਵੇ? ਅਗਵਾਕਾਰ ਤਾਂ ਨਹੀਂ ਫੜੇ ਗਏ? ਕਈ ਪ੍ਰਸ਼ਨ ਇਕਦਮ ਉਹਦੇ ਜ਼ਿਹਨ ਵਿੱਚ ਉੱਭਰੇ।

ਗੱਲ ਮਾਮੂਲੀ ਸੀ। ਨੱਥੂ ਨੇ ਇੱਕ ਭਈਏ ਦੇ ਸਕੂਟਰ ਵਿਚੋਂ ਤਿੰਨ ਬੋਤਲਾਂ ਵਿਸਕੀ ਦੀਆਂ ਫੜ ਲਈਆਂ ਸਨ। ਨੱਥੂ ਆਖਦਾ ਸੀ ਤਿੰਨ ਬੋਤਲਾਂ ਸ਼ਰਾਬ ਦੀਆਂ ਕਬਜ਼ੇ ਵਿੱਚ ਰੱਖਣਾ ਜੁਰਮ ਹੈ। ਸੀ.ਆਰ.ਪੀ.ਵਾਲੇ ਆਖਦੇ ਸਨ ਕਿ ਭਈਆ ਵਿਚਾਰਾ ਤਾਂ ਇੱਕ ਨੌਕਰ ਹੈ। ਰਾਮ ਲਾਲ ਪੋਲਟਰੀ ਫ਼ਾਰਮ ਵਾਲੇ ਦਾ ਮੁਨੀਮ ਹੈ। ਉਹ ਸ਼ਰਾਬ ਮਾਲਕਾਂ ਲਈ ਲੈ ਕੇ ਚੱਲਿਆ ਹੈ। ਨੱਥੂ ਨੇ ਉਸ ਗ਼ਰੀਬ ਦੀ ਜੇਬ ਵਿਚੋਂ ਜਾਮਾ-ਤਲਾਸ਼ੀ ਦੇ ਬਹਾਨੇ ਇੱਕ ਸੌ ਵੀਹ ਰੁਪਏ ਵੀ ਕੱਢ ਲਏ ਸਨ। ਸੀ.ਆਰ.ਪੀ.ਵਾਲੇ ਕਹਿੰਦੇ ਸਨ ਕਿ ਭਈਏ ਨੂੰ ਛੱਡਿਆ ਜਾਵੇ, ਨਾਲੇ ਉਸਦੇ ਪੈਸੇ ਵਾਪਸ ਕੀਤੇ ਜਾਣ। ਪੁਲਿਸ ਪਾਰਟੀ ਇਥੇ ਮੁਜਰਮਾਂ ਅਤੇ ਬੰਟੀ ਦੀ ਭਾਲ ਲਈ ਖੜੀ ਹੈ ਨਾ ਕਿ ਸ਼ਰਾਬ ਫੜਨ ਲਈ। ਉਂਝ ਵੀ ਭਈਆ ਉਹਨਾਂ ਦੇ ਸੂਬੇ ਦਾ ਹੈ।

ਦਰਸ਼ਨ ਸਾਰੀ ਗੱਲ ਤਾੜ ਗਿਆ। ਸ਼ਹਿਰ ਦੇ ਠੇਕਿਆਂ ਤੋਂ ਸ਼ਰਾਬ ਮਾੜੀ ਮਿਲਦੀ ਹੈ। ਹੰਡਿਆਏ ਦੀ ਸ਼ਰਾਬ ਮਸ਼ਹੂਰ ਹੈ। ਪੋਲਟਰੀ ਵਾਲਿਆਂ ਨੇ ਉਥੋਂ ਮੰਗਵਾਈ ਹੋਣੀ ਹੈ। ਭਈਏ ਦਾ ਬਹੁਤਾ ਕਸੂਰ ਨਹੀਂ। ਨੌਕਰ ਹੈ, ਹੁਕਮ ਮੰਨਣਾ ਹੀ ਹੋਇਆ। ਨਾਲੇ ਉਹ ਕਿਹੜਾ ਵਕਾਲਤ ਪਾਸ ਹੈ ਬਈ ਦੇਸ਼ ਦੇ ਸਾਰੇ ਕਾਨੂੰਨਾਂ ਦਾ ਵਾਕਫ਼ ਹੋਵੇ। ਇੱਕ ਸੌ ਵੀਹ ਰੁਪਿਆਂ ਵਿਚੋਂ ਭਈਏ ਦੇ ਆਪਣੇ ਕੇਵਲ ਚਾਰ ਰੁਪਏ ਸਨ, ਬਾਕੀ ਮਾਲਕਾਂ ਦੇ।

ਸੀ.ਆਰ.ਪੀ.ਦੀ ਸਿਫ਼ਾਰਸ਼ ’ਤੇ ਦਰਸ਼ਨ ਨੇ ਭਈਏ ਨੂੰ ਛੱਡ ਦਿੱਤਾ। ਚਾਰ ਰੁਪਏ ਵੀ ਵਾਪਸ ਕਰ ਦਿੱਤੇ। ਬਾਕੀ ਪੈਸੇ, ਵਿਸਕੀ ਅਤੇ ਸਕੂਟਰ ਜ਼ਬਤ ਕਰ ਲਏ। ਉਹ ਜਾ ਕੇ ਮਾਲਕਾਂ ਨੂੰ ਭੇਜੇ, ਆਪੇ ਨਾਲੇ ਮਿੰਨਤਾਂ ਕਰਨਗੇ, ਨਾਲੇ ਜੁਰਮਾਨਾ ਭਰਨਗੇ। ਹੋਰ ਨਹੀਂ ਤਾਂ ਪੰਜ-ਸੱਤ ਮੁਰਗ਼ੇ ਹੀ ਸਹੀ। ਨਾਲੇ ਅੱਗੋਂ ਤੋਂ ਪੋਲਟਰੀ ਫ਼ਾਰਮ ’ਤੇ ਜਾਣ-ਆਉਣ ਦਾ ਰਾਹ ਖੁੱਲ੍ਹ ਜਾਏਗਾ।

ਕੁੱਝ ਦੇਰ ਦਰਸ਼ਨ ਸੋਚਦਾ ਰਿਹਾ। ਫੇਰ ਉਸ ਨੇ ਨੱਥੂ ਤੋਂ ਜਾਮਾ-ਤਲਾਸ਼ੀ ਵਾਲੇ ਸਾਰੇ ਪੈਸੇ ਫੜ ਅਤੇ ਸੀ.ਆਰ.ਪੀ.ਦੇ ਜਵਾਨਾਂ ਵਿੱਚ ਵੰਡ ਦਿੱਤੇ। ਬੀੜੀਆਂ ’ਚ ਰਿਸ਼ਵਤਾਂ ਲੈਣ ਵਾਲਿਆਂ ਦਾ ਮੂੰਹ ਬੰਦ ਕਰਨ ਦਾ ਇਹੋ ਤਰੀਕਾ ਸੀ। ਦੋ ਵਿਸਕੀ ਦੀਆਂ ਬੋਤਲਾਂ ਵੀ ਜਵਾਨਾਂ ਲਈ ਰਾਖਵੀਆਂ ਕਰ ਦਿੱਤੀਆਂ। ਡਿਊਟੀ ਤੋਂ ਫ਼ਾਰਗ ਹੁੰਦੇ ਹੀ ਮੌਜਾਂ ਕਰਨ।

ਨੱਥੂ ਦੇਖਦਾ ਹੀ ਰਹਿ ਗਿਆ। ਮਾਰ ਨੱਥੂ ਨੇ ਮਾਰੀ, ਸ਼ਿਕਾਰ ਲੈ ਗਏ ਇਹ ਭਈਏ। ਦਰਸ਼ਨ ਨੇ ਇਸ਼ਾਰੇ ਨਾਲ ਉਸ ਨੂੰ ਸਬਰ ਕਰਨ ਦਾ ਹੁਕਮ ਦਿੱਤਾ। ਇਸ ਤੋਂ ਕਿਤੇ ਵੱਧ ਉਹ ਪੋਲਟਰੀ ਫ਼ਾਰਮ ਵਾਲਿਆਂ ਤੋਂ ਲੈਣਗੇ। ਹੋਰ ਬਥੇਰਾ ਕਮਾਉਣਗੇ। ਇਹ ਤਾਂ ਭਈਆਂ ਦੇ ਮੂੰਹ ਨੂੰ ਲਹੂ ਲਾਇਆ ਗਿਆ ਸੀ।

ਦਰਸ਼ਨ ਦੇ ਹਰ ਥਾਂ ਹਰਮਨ ਪਿਆਰੇ ਹੋਣ ਦਾ ਇਹੋ ਰਾਜ਼ ਸੀ। ਰਿਸ਼ਵਤ ਵੰਡ ਕੇ ਖਾਂਦਾ ਸੀ। ਲੋਕ ਆਖਦੇ ਹਨ ਉਹ ਖੁੱਲ੍ਹੇ ਸੁਭਾਅ ਦਾ ਹੈ, ਪਰ ਦਰਸ਼ਨ ਉਹਨਾਂ ਦੀਆਂ ਜੁੱਤੀਆਂ ਉਹਨਾਂ ਦੇ ਹੀ ਸਿਰ ਮਾਰਦਾ ਹੈ। ਉਸ ਨੇ ਹਰ ਮੁਲਾਜ਼ਮ ਦੀ ਦਰਜਾ-ਬ-ਦਰਜਾ ਵੰਡ ਕੀਤੀ ਹੋਈ ਹੈ। ਉਸੇ ਦਰਜੇ ਮੁਤਾਬਕ ਲਈ ਫ਼ੀਸ ਵਿਚੋਂ ਹਿੱਸੇ ਲੈਂਦਾ ਹੈ। ਚੌਥਾ ਹਿੱਸਾ ਉਪਰਲੇ ਅਫ਼ਸਰਾਂ ਲਈ, ਦਸੌਂਦ ਸਾਹਿਬ ਦੇ ਦਫ਼ਤਰ ਦੇ ਮੁਲਾਜ਼ਮਾਂ ਲਈ, ਇੱਕ ਦਸੌਂਦ ਆਪਣੇ ਝੋਲੀ-ਚੁੱਕਾਂ ਲਈ। ਥਾਂ-ਥਾਂ ਦਰਸ਼ਨ- ਦਰਸ਼ਨ ਹੁੰਦੀ ਹੈ। ਜਿਹੜਾ ਕੰਮ ਥਾਣੇਦਾਰਾਂ ਤੋਂ ਨਹੀਂ ਹੁੰਦਾ, ਉਹ ਦਰਸ਼ਨ ਕਰ ਲੈਂਦਾ ਹੈ।

ਕਚਹਿਰੀ ਦੇ ਕੰਮਾਂ ਲਈ ਤਾਂ ਡਿਊਟੀ ਹੀ ਦਰਸ਼ਨ ਦੀ ਲੱਗਦੀ ਹੈ। ਕਚਹਿਰੀ ਦੇ ਮੁਲਾਜ਼ਮ ਦਰਸ਼ਨ ਨੂੰ ਹੱਥਾਂ ’ਤੇ ਚੁੱਕ ਲੈਂਦੇ ਹਨ। ਪਤਾ ਹੁੰਦਾ ਹੈ ਕਿ ਜਾਂਦਾ ਹੋਇਆ ਜੇਬ ਖ਼ਾਲੀ ਕਰ ਕੇ ਜਾਏਗਾ। ਕਈ ਸੂਮ ਪੁਲਿਸ ਅਫ਼ਸਰਾਂ ਨੂੰ ਜੇਬ ਨੂੰ ਤਾਲਾ ਲਾ ਕੇ ਰੱਖਣ ਦੀ ਆਦਤ ਹੁੰਦੀ ਹੈ। ਸਰਕਾਰੀ ਵਕੀਲ ਦੀ ਭਲਾ ਕੀ ਵਗਾਰ ਹੁੰਦੀ ਹੈ? ਉਹ ਦਫ਼ਤਰ ਵਿੱਚ ਵੜਨ ਤੋਂ ਪਹਿਲਾਂ ਹੀ ਗੁਲਾਬ ਜਾਮਨਾਂ ਅਤੇ ਦੁੱਧ-ਪੱਤੀ ਦਾ ਹੁਕਮ ਦੇ ਦਿੰਦਾ ਹੈ। ਗਰਮੀ ਹੋਵੇ ਤਾਂ ਚਾਰ ਗਲਾਸ ਜੂਸ। ਬਹੁਤਾ ਜ਼ੋਰ ਮਾਰੂ ਤਾਂ ਦੋ ਬੋਤਲਾਂ ਵਿਸਕੀ ਦੀਆਂ ਮੰਗ ਲਊ। ਸਾਰੇ ਕੰਮ ’ਤੇ ਸੌ ਤੋਂ ਵੱਧ ਖ਼ਰਚ ਨਹੀਂ ਹੁੰਦਾ। ਪਿੱਛੋਂ ਭਾਵੇਂ ਵੀਹ ਹਜ਼ਾਰ ਵਾਲਾ ਕੰਮ ਕਢਾ ਲਓ।

ਜੱਜ ਤੋਂ ਵੀ ਪੁਲਿਸ ਵਾਲੇ ਐਵੇਂ ਹੀ ਡਰਦੇ ਰਹਿੰਦੇ ਹਨ। ਉਸ ਦੀ ਵੱਡੀ ਤੋਂ ਵੱਡੀ ਵਗਾਰ ਗੱਡੀ ਦੀ ਹੁੰਦੀ ਹੈ। ਉਹ ਵੀ ਲੁਧਿਆਣੇ ਜਾਂ ਚੰਡੀਗੜ੍ਹ ਤਕ। ਟੈਕਸੀ ਪੁਲਿਸ ਨੇ ਅੱਡੇ ਵਿਚੋਂ ਫੜਨੀ ਹੁੰਦੀ ਹੈ, ਸੌ ਤੋਂ ਵੱਧ ਤੇਲ ਨਹੀਂ ਪੈਂਦਾ। ਜੱਜ ਜੇ ਅੰਬੈਸਡਰ ਕਾਰ ਮੰਗੇ, ਉਹ ਮਾਰੂਤੀ ਭੇਜਦਾ ਹੈ, ਜੱਜ ਅਰੈਸਟੋਕਰੇਟ ਦੀ ਵਿਸਕੀ ਮੰਗੇ ਤਾਂ ਉਹ ਮੈਕਡਾਵਲ ਭੇਜਦਾ ਹੈ। ਜੱਜ ਬਾਗ਼ੋ- ਬਾਗ਼। ਦਰਸ਼ਨ ਨੂੰ ਕਚਹਿਰੀ ਵਿੱਚ ਫਿਰਦੇ ਨੂੰ ਦੇਖ ਕੇ ਪਹਿਲਾਂ ਰਿਟਾਇਰਿੰਗ ਰੂਮ ਵਿੱਚ ਬਿਠਾਉਂਦਾ ਹੈ, ਚਾਹ ਪਿਲਾਉਂਦਾ ਹੈ ਅਤੇ ਫੇਰ ਕੰਮ-ਕਾਰ ਪੁੱਛਦਾ ਹੈ। ਸਾਲ ’ਚ ਜੱਜ ਤੋਂ ਇੱਕ ਕੰਮ ਵੀ ਕਰਾ ਲਓ ਤਾਂ ਵੀ ਸਾਲ ਭਰ ਦੀਆਂ ਵਗਾਰਾਂ ਨਿਕਲ ਜਾਦੀਆਂ ਹਨ। ਆਪਣੇ ਅਫ਼ਸਰਾਂ ਕੋਲ ਸਿਫ਼ਾਰਸ਼ ਕਰਾਉਣੀ ਹੋਵੇ, ਉਹ ਮੁਫ਼ਤ ਵਿੱਚ। ਪੁਲਿਸ ਅਫ਼ਸਰ ਜੁਡੀਸ਼ੀਅਲ ਵਾਲਿਆਂ ਦਾ ਕਹਿਣਾ ਨਹੀਂ ਮੋੜਦੇ। ਮੁਲਾਜ਼ਮਾਂ ਅਤੇ ਅਫ਼ਸਰਾਂ ਦੇ ਪੈਸੇ ਉਹਨਾਂ ’ਤੇ ਖ਼ਰਚ ਕੇ ਉਹ ਮੁਫ਼ਤ ਦੀ ਵਾਹ-ਵਾਹ ਖੱਟਦਾ ਰਹਿੰਦਾ ਹੈ।

ਇਹੋ ਢੰਗ ਉਸ ਨੇ ਹੁਣ ਅਪਣਾਇਆ ਸੀ। ਇੱਕ ਵਾਰ ਜਵਾਨਾਂ ਨੂੰ ਕਾਣੇ ਕਰ ਕੇ ਉਹ ਮਨਮਾਨੀਆਂ ਕਰ ਸਕਦਾ ਸੀ। ਇਹਨਾਂ ਅਠੱਨੀ-ਚਵੱਨੀ ਰਿਸ਼ਵਤ ਲੈਣ ਵਾਲਿਆਂ ਨੂੰ ਕੀ ਪਤੈ ਕਿ ਪੰਜਾਬ ਪੁਲਿਸ ਦੀ ਛੋਟੀ ਤੋਂ ਛੋਟੀ ਰਿਸ਼ਵਤ ਵੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਹੁੰਦੀ ਹੈ, ਜਿਹੜੀ ਘੱਟੋ-ਘੱਟ ਪੈਂਹਠਾਂ ਦੀ ਆਉਂਦੀ ਹੈ। ਅਗਲਾ ਰਿਆਇਤ ਕਰਾ ਲਏ ਤਾਂ ਦੇਸੀ ਦੀ ਬੋਤਲ ਤਾਂ ਲਿਆਉਣੀ ਹੀ ਪਊ। ਉਹ ਵੀ ਤੀਹ-ਪੈਂਤੀ ਦੀ ਆਉਂਦੀ ਹੈ।

ਤੀਹ-ਤੀਹ ਜੇਬਾਂ ਵਿੱਚ ਪਾ ਕੇ ਸੀ.ਆਰ.ਪੀ.ਵਾਲਿਆਂ ਦੇ ਤੇਵਰ ਹੀ ਬਦਲ ਗਏ। ਉਹ ਦਰਸ਼ਨ ਨੂੰ ‘ਸਾਹਿਬ-ਸਾਹਿਬ’ ਆਖ ਕੇ ਬੁਲਾਉਣ ਲੱਗੇ।

ਨੱਥੂ ਅਤੇ ਪਾਲਾ ਬਾਕੀ ਬਚੀ ਬੋਤਲ ਵਿਚੋਂ ਦੋ-ਦੋ ਪੈੱਗ ਮਾਰ ਆਏ। ਮਨ ਤਾਂ ਦਰਸ਼ਨ ਦਾ ਵੀ ਕਰ ਰਿਹਾ ਸੀ, ਪਰ ਉਹ ਮੀਟਿੰਗ ਦੇ ਨਤੀਜੇ ਉਡੀਕ ਰਿਹਾ ਸੀ। ਉਥੇ ਹੋਏ ਫ਼ੈਸਲਿਆਂ ਤੋਂ ਬਾਅਦ ਹੀ ਦਰਸ਼ਨ ਨੇ ਆਪਣਾ ਅਗਲਾ ਪ੍ਰੋਗਰਾਮ ਉਲੀਕਣਾ ਸੀ।

ਸੀ.ਆਰ.ਪੀ.ਨਾਲ ਬੁੱਕਲ ਸਾਂਝੀ ਹੋਣ ਕਰਕੇ ਅਤੇ ਵਧੀਆ ਸ਼ਰਾਬ ਦੇ ਨਸ਼ੇ ਕਰਕੇ ਨੱਥੂ ਦਾ ਹੌਸਲਾ ਬੁਲੰਦ ਸੀ। ਪਾਲ ਤਾਂ ਹਾਲੇ ਨਵਾਂ ਸੀ ਪਰ ਨੱਥੂ ਦਾ ਪੈਂਤੀਆਂ ਸਾਲਾਂ ਦਾ ਤਜਰਬਾ ਸੀ। ਉਹ ਇੱਕ ਚੰਗੇ ਤਫ਼ਤੀਸ਼ੀ ਜਿੰਨਾ ਦਿਮਾਗ਼ ਰੱਖਦਾ ਸੀ। ਦਰਸ਼ਨ ਦਾ ਇਸ਼ਾਰਾ ਸਮਝ ਕੇ ਉਸ ਨੇ ਦੁਬਾਰਾ ਨਾਕਾ-ਬੰਦੀ ਕੀਤੀ।

ਇੱਕ ਪਾਸੇ ਪਾਲ ਸਿੰਘ ਅਤੇ ਦੋ ਜਵਾਨ ਸੀ.ਆਰ.ਪੀ.ਦੇ ਖੜਾਏ ਗਏ। ਮਾਨਸਾ ਵੱਲੋਂ ਆਉਣ ਵਾਲੀਆਂ ਗੱਡੀਆਂ ਪਾਲ ਸਿੰਘ ਦੀ ਪਾਰਟੀ ਨੇ ਚੈੱਕ ਕਰਨੀਆਂ ਸਨ। ਨੱਥੂ ਦੋ ਜਵਾਨਾਂ ਨੂੰ ਲੈ ਕੇ ਦੂਸਰੇ ਪਾਸੇ ਹੋ ਗਿਆ। ਬਠਿੰਡੇ ਵਾਲੀ ਸਾਈਡ ਉਸ ਕੋਲ ਸੀ। ਹੋਮਗਾਰਡ ਵਾਲਿਆਂ ਨੂੰ ਵੀ ਚੌਕੰਨਾ ਕਰ ਦਿੱਤਾ ਗਿਆ। ਰੱਸਾ ਚੁਸਤੀ ਨਾਲ ਫੜਿਆ ਜਾਵੇ। ਅੱਗੇ ਜੋ ਕਾਰਵਾਈ ਉਹ ਕਰਨ ਜਾ ਰਹੇ ਸਨ, ਉਸ ਵਿੱਚ ਉਹਨਾਂ ਦਾ ਵੀ ਹਿੱਸਾ ਹੋਏਗਾ।

ਦਰਸ਼ਨ ਨੇ ਮੇਜ਼ ਕੁਰਸੀ ਸੰਭਾਲ ਲਈ। ਹੁਣ ਤਕ ਉਹ ਕਾਗ਼ਜ਼-ਪੱਤਰ ਦੇਖ ਕੇ ਗੱਡੀਆਂ ਲੰਘਾਉਂਦੇ ਰਹੇ ਸਨ। ਅੱਗੋਂ ਤੋਂ ਕਾਗ਼ਜ਼ਾਂ ਵਿੱਚ ਨੁਕਸ ਕੱਢਣਗੇ। ਚਲਾਨ ਦੀਆਂ ਧਮਕੀਆਂ ਦੇਣਗੇ। ਦੋ-ਚਾਰ ਮੋਟਰ ਸਾਈਕਲਾਂ ਅਤੇ ਸਕੂਟਰ ਦਰੱਖ਼ਤਾਂ ਹੇਠ ਖੜੇ ਕਰਨਗੇ। ਮਸਾਂ ਉਹਨਾਂ ਨੂੰ ਟਰੈਫਿਕ ਪੁਲਿਸ ਵਾਲੇ ਅਧਿਕਾਰ ਮਿਲੇ ਹਨ। ਇੱਕ ਦਿਨ ਦੇ ਰਾਜ-ਪਾਟ ਵਿੱਚ ਚੰਮ ਦੀਆਂ ਚਲਾਉਣਾ ਪਾਪ ਨਹੀਂ ਹੁੰਦਾ।

ਦੋ ਘੰਟਆਂ ਵਿੱਚ ਦਰਸ਼ਨ ਨੇ ਨੋਟਾਂ ਨਾਲ ਝੋਲਾ ਭਰ ਲਿਆ। ਪਹਿਲਾਂ ਸੀ.ਆਰ.ਪੀ.ਵਾਲੇ ਝਿਜਕੇ। ਉਹਨਾਂ ਨੂੰ ਕਾਗ਼ਜ਼ਾਂ-ਪੱਤਰਾਂ ਦੀ ਬਹੁਤੀ ਸਮਝ ਨਹੀਂ ਸੀ। ਜਿਉਂ-ਜਿਉਂ ਝੋਲਾ ਭਰਦਾ ਗਿਆ, ਉਹਨਾਂ ਨੂੰ ਵੀ ਕਾਗ਼ਜ਼ਾਂ ਦੀ ਸਮਝ ਆਉਂਦੀ ਗਈ। ਇੰਨੇ ਰੂਲ ਲਾਗੂ ਸਨ ਕਿ ਚੰਗੀ-ਭਲੀ ਗੱਡੀ ਦਾ ਚਲਾਨ ਕੀਤਾ ਜਾ ਸਕਦਾ ਸੀ। ਕਿਸੇ ਨੇ ਬੀਮਾ ਨਹੀਂ ਕਰਾਇਆ, ਕਿਸੇ ਨੇ ਟੈਕਸ ਨਹੀਂ ਭਰਿਆ ਅਤੇ ਕਿਸੇ ਨੇ ਗੱਡੀ ਪਾਸ ਨਹੀਂ ਕਰਾਈ। ਇਹ ਸਭ ਠੀਕ ਹੈ ਤਾਂ ਕਿਸੇ ਦੀਆਂ ਲਾਈਟਾਂ ਪੂਰੀਆਂ ਨਹੀਂ, ਕਿਸੇ ਨੇ ਸ਼ੀਸ਼ੇ ਕਾਲੇ ਨਹੀਂ ਕੀਤੇ ਅਤੇ ਕਿਸੇ ਦੀਆਂ ਬੱਤੀਆਂ ਦੀ ਰੌਸ਼ਨੀ ਘੱਟ ਹੈ। ਹੋਰ ਨਹੀਂ ਤਾਂ ਗ਼ਲਤ ਸਾਈਡ ਖੜਾਉਣ ਦਾ ਹੀ ਚਲਾਨ ਕਰ ਦਿਉ। ਕੋਈ ਗੱਡੀ ਕਿਸੇ ਤਰ੍ਹਾਂ ਵੀ ਸੂਤ ਨਹੀਂ ਆਉਂਦੀ ਤਾਂ ਉਹਦੇ ਡਰਾਈਵਰ ਨਾਲ ਥੋੜ੍ਹਾ ਜਿਹਾ ਗਰਮ ਹੋਵੋ, ਉਸ ਦਾ ਲਾਇਸੈਂਸ ਆਪਣੀ ਜੇਬ ਵਿੱਚ ਪਾਓ ਅਤੇ ਬਿਨਾਂ ਲਾਇਸੈਂਸ ਗੱਡੀ ਚਲਾਉਣ ਦਾ ਚਲਾਨ ਕਰ ਦਿਓ। ਅਗਲਾ ਆਪੇ ਨਾਲੇ ਕਚਹਿਰੀ ’ਚ ਧੱਕੇ ਖਾਊ, ਨਾਲੇ ਲਾਇਸੈਂਸ ਵਾਪਸ ਲੈਣ ਲਈ ਕਿਸੇ ਦੀ ਸਿਫ਼ਾਰਸ਼ ਲਿਆਊ।

ਟਰੱਕਾਂ ਟੈਕਸੀਆਂ ਵਾਲੇ ਤਾਂ ਕਾਗ਼ਜ਼ ਕੱਢਣ ਤੋਂ ਪਹਿਲਾਂ ਹੀ ਬਟੂਆ ਕੱਢ ਲੈਂਦੇ। ਬਿਨਾਂ ਕੁੱਝ ਪੁੱਛੇ-ਗਿੱਛੇ ਵੀਹ ਦਾ ਨੋਟ ਫੜਾ ਦਿੰਦੇ। ਕੋਈ ਦਿੱਲੀ-ਦੱਖਣ ਦਾ ਹੁੰਦਾ, ਕੋਈ ਬੰਬਈ ਕਲਕੱਤੇ ਦਾ। ਇੱਕ ਵਾਰ ਵੀ ਚਲਾਨ ਭੁਗਤਣ ਲਈ ਇਥੇ ਆਉਣਾ ਪਿਆ ਤਾਂ ਸਿਧਾ ਹਜ਼ਾਰ ਦਾ ਨੁਕਸਾਨ ਹੋਣਾ ਸੀ। ਅੱਗੇ ਕਚਹਿਰੀ ਵਿੱਚ ਕਿਹੜੇ ਫੁੱਲ ਪੈਣੇ ਸਨ। ਉਥੇ ਗੂੰਗਾ ਬਣ ਕੇ ਜੁਰਮ ਦਾ ਇਕਬਾਲ ਹੀ ਕਰਨਾ ਪੈਂਦਾ ਹੈ। ਮੁਕੱਦਮਾ ਝਗੜਨਾ ਹੋਵੇ ਤਾਂ ਪਹਿਲਾਂ ਵਕੀਲ ਕਰੋ, ਜ਼ਮਾਨਤੀਆ ਲਿਆਓ ਅਤੇ ਫੇਰ ਦਸ-ਪੰਦਰਾਂ ਪੇਸ਼ੀਆਂ ਭੁਗਤੋ। ਇਥੇ ਵੀਹ ਨਾਲ ਖਹਿੜਾ ਛੁੱਟ ਜਾਂਦਾ ਹੈ। ਉਥੇ ਜੱਜ ਦੇ ਮੂਡ ’ਤੇ ਨਿਰਭਰ ਕਰਦਾ ਹੈ। ਖਿਝਿਆ ਹੋਵੇ ਤਾਂ ਭਾਵੇਂ ਪੰਜ ਸੌ ਜੁਰਮਾਨਾ ਕਰ ਦੇਵੇ। ਚੰਗੇ ਰੌਂ ’ਚ ਹੋਵੇ ਤਾਂ ਭਾਵੇਂ ਪੰਜਾਹ ਨਾਲ ਸਾਰ ਦੇਵੇ। ਰਜਿਸਟਰੇਸ਼ਨ ਵਾਪਸ ਲੈਣ ਲਈ ਮੁਨਸ਼ੀਆਂ, ਰੀਡਰਾਂ, ਨਾਇਬ-ਕੋਰਟਾਂ ਅਤੇ ਅਹਿਲਮੱਦਾਂ ਦੇ ਨਾਲੇ ਹਾੜੇ ਕੱਢੋ ਨਾਲੇ ਮੁੱਠੀ ਗਰਮ ਕਰੋ। ਖੱਜਲ-ਖੁਆਰੀ ਹੀ ਖੱਜਲ-ਖੁਆਰੀ ਹੈ। ਜੁਰਮਾਨੇ ਕਰਨ ਲੱਗਿਆਂ ਵੀ ਜੱਜ ਨੇ ਪੁਲਿਸ ਦਾ ਹੀ ਪੱਖ ਪੂਰਨਾ ਹੁੰਦਾ ਹੈ। ਇਹ ਗੱਲਾਂ ਟਰੱਕਾਂ ਅਤੇ ਕਾਰਾਂ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ। ਇਸੇ ਲਈ ਸਾਊ ਪੁੱਤਾਂ ਵਾਂਗ ਪੈਸੇ ਦੇ ਰਹੇ ਸਨ।

ਸਕੂਟਰਾਂ ਵਾਲੇ ਅੜਫੜ ਕਰਦੇ ਰਹਿੰਦੇ। ਸੀ.ਆਰ.ਪੀ.ਵਾਲਿਆਂ ਨੂੰ ਉਹਨਾਂ ਦਾ ਅੜਨਾ ਪਸੰਦ ਨਹੀਂ ਸੀ। ਵੀਹ ਨਾ ਸਹੀ ਦਸ ਦਾ ਨੋਟ ਤਾਂ ਦੇਣ। ਉਹਨਾਂ ਸਕੂਟਰਾਂ ਵਾਲਿਆਂ ’ਤੇ ਸਖ਼ਤੀ ਵਧਾ ਦਿੱਤੀ। ਇੱਕ-ਦੋ ਨੂੰ ਧੌਲ-ਧੱਫਾ ਵੀ ਕਰ ਦਿੱਤਾ।

ਇੱਕ ਬਾਬੂ ਨਾਲ ਉਲਝ ਪੈਣ ’ਤੇ ਦਰਸ਼ਨ ਨੂੰ ਦਖ਼ਲ ਦੇਣਾ ਪਿਆ। ਬਾਬੂ ਆਖ ਰਿਹਾ ਸੀ, ਉਹ ਇਥੋਂ ਦੇ ਸਰਕਾਰੀ ਵਕੀਲ ਸੁਰਿੰਦਰ ਕੁਮਾਰ ਦਾ ਸਾਲਾ ਹੈ। ਇਹ ਸਕੂਟਰ ਸਰਕਾਰੀ ਵਕੀਲ ਦਾ ਹੀ ਹੈ। ਉਹ ਮੰਗ ਕੇ ਲਿਆਇਆ ਸੀ। ਕਾਗ਼ਜ਼ ਡਿੱਘੀ ਵਿੱਚ ਹਨ। ਚਾਬੀ ਉਸ ਕੋਲ ਨਹੀਂ। ਸੀ.ਆਰ.ਪੀ.ਵਾਲੇ ਇਸ ਬਹਾਨੇ ਨੂੰ ਮੰਨਣ ਲਈ ਤਿਆਰ ਨਹੀਂ ਸੀ। ਸਕੂਟਰ ਬਿਨਾਂ ਕਾਗ਼ਜ਼ਾਂ ਤੋਂ ਸੀ। ਕਬਜ਼ੇ ਵਿੱਚ ਲਿਆ ਜਾ ਸਕਦਾ ਸੀ। ਨੱਥੂ ਪਰ੍ਹਾਂ ਟਲ ਚੁੱਕਾ ਸੀ। ਉਸ ਨੂੰ ਪਤਾ ਸੀ ਕਿ ਸਕੂਟਰ ਸੱਚਮੁੱਚ ਸਰਕਾਰੀ ਵਕੀਲ ਦਾ ਸੀ। ਵੀਹ ਵਾਰ ਤਾਂ ਉਸ ਨੇ ਇਸ ਵਿੱਚ ਪੈਟਰੋਲ ਪਵਾ-ਪਵਾ ਲਿਆਂਦੈ। ਉਸ ਨੇ ਸੋਚਿਆ ਸੀ ਜੇ ਸੀ.ਆਰ.ਪੀ.ਵਾਲੇ ਕੁੱਝ ਝਾੜ ਲੈਣ ਤਾਂ ਕੀ ਹਰਜ ਹੈ? ਜੇ ਸਰਕਾਰੀ ਵਕੀਲ ਨੇ ਉਲਾਂਭਾ ਦਿੱਤਾ ਤਾਂ ਨਾਂ ਸੀ.ਆਰ.ਪੀ.ਦਾ ਹੀ ਲੱਗਣਾ ਸੀ। ਦਰਸ਼ਨ ਨੱਥੂ ਦੇ ਲਾਲਚੀ ਸੁਭਾਅ ’ਤੇ ਚਿੜ ਰਿਹਾ ਸੀ। ਇਹਨਾਂ ਬਾਂਦਰਾਂ ਨੂੰ ਤਾਂ ਕੁੱਝ ਨਹੀਂ ਪਤਾ, ਪਰ ਉਸ ਨੱਥੂ ਦੇ ਬੱਚੇ ਨੂੰ ਤਾਂ ਸ਼ਰਮ ਕਰਨੀ ਚਾਹੀਦੀ ਹੈ। ਸਾਰਾ ਦਿਨ ਸਰਕਾਰੀ ਵਕੀਲਾਂ ਤੋਂ ਕੰਮ ਲੈਣਾ ਹੁੰਦਾ ਹੈ। ਵੀਹ-ਤੀਹ ਰੁਪਿਆਂ ਖ਼ਾਤਰ ਬਣੀ-ਬਣਾਈ ਤਾਂ ਨਹੀਂ ਵਿਗਾੜਨੀ। ਦਰਸ਼ਨ ਨੇ ਸਕੂਟਰ ਛੁਡਾ ਦਿੱਤਾ। ਖਿਝੇ ਦਰਸ਼ਨ ਨੇ ਜਵਾਨਾਂ ਨੂੰ ਆਪਣੀ ਡਿਊਟੀ ਵੀ ਯਾਦ ਕਰਾਈ। ਕਾਗ਼ਜ਼-ਪੱਤਰ ਕੇਵਲ ਪੁਲਿਸ ਹੀ ਦੇਖ ਸਕਦੀ ਹੈ। ਉਹਨਾਂ ਕੋਲ ਅਜਿਹੇ ਕੋਈ ਅਧਿਕਾਰ ਨਹੀਂ। ਚੰਗਾ-ਮਾੜਾ ਬੰਦਾ ਦੇਖ ਲਿਆ ਕਰਨ, ਹੋਰ ਨਾ ਕਿਸੇ ਨਾਲ ਪੰਗਾ ਪਵਾ ਦੇਣ।

ਸ਼ਹਿਰੀਆਂ ਨਾਲ ਮੀਟਿੰਗ ਕਰ ਕੇ ਖ਼ਾਨ ਨੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਖ਼ਤਮ ਹੁੰਦਿਆਂ ਹੀ ਨਾਕਾ ਪਾਰਟੀਆਂ ਨੂੰ ਚੌਕਸ ਕਰ ਦਿੱਤਾ ਗਿਆ। ਕੁੱਝ ਹੀ ਸਮੇਂ ’ਚ ਸ਼ਹਿਰ ਵਿੱਚ ਕਰਫ਼ਿਊ ਲਾਇਆ ਜਾਣਾ ਸੀ ਅਤੇ ਘਰ-ਘਰ ਦੀ ਤਲਾਸ਼ੀ ਹੋਣੀ ਸੀ। ਮੁਜਰਮ ਘਬਰਾ ਕੇ ਸ਼ਹਿਰੋਂ ਬਾਹਰ ਜਾ ਸਕਦੇ ਹਨ। ਨਾਕਾ-ਪਾਰਟੀਆਂ ਦੀ ਹੁਸ਼ਿਆਰੀ ਬਹੁਤ ਜ਼ਰੂਰੀ ਸੀ।

ਦਰਸ਼ਨ ਨੇ ਇੱਕ ਵਾਰ ਫੇਰ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਿਆ। ਜਿੰਨੇ ਪੈਸੇ ਹੁਣ ਤਕ ਇਕੱਠੇ ਹੋਏ ਸੀ, ਹਿੱਸੇ ਬਹਿੰਦੇ ਵੰਡ ਦਿੱਤੇ।

ਮੁੜ ਸਖ਼ਤੀ ਨਾਲ ਅਗਵਾਕਾਰਾਂ ਦੀ ਤਲਾਸ਼ ਹੋਣ ਲੱਗੀ।

ਨਵੇਂ ਦੌਰ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਅੜਿੱਕੇ ਠੇਕੇਦਾਰਾਂ ਦੀ ਜੀਪ ਆਈ। ਜੀਪ ਨੂੰ ਖ਼ੁਦ ਸ਼ਾਮ ਲਾਲ ਚਲਾ ਰਿਹਾ ਸੀ। ਪਿੱਛੇ ਉਹਦੀ ਨੂੰਹ ਅਤੇ ਧੀ ਬੈਠੀ ਸੀ। ਨਾਲ ਗੋਦੀਆਂ ਵਿੱਚ ਸੁੱਤੇ ਉਹਨਾਂ ਦੇ ਬੱਚੇ। ਮੱਥੇ ’ਤੇ ਲੱਗੇ ਤਿਲਕਾਂ ਤੋਂ ਲੱਗਦਾ ਸੀ ਜਾਂ ਉਹ ਵਿਆਹ-ਸ਼ਾਦੀ ਤੋਂ ਆਏ ਸਨ ਜਾਂ ਫੇਰ ਕਿਸੇ ਧਾਰਮਿਕ ਸਥਾਨ ਤੋਂ।

ਦਰਸ਼ਨ ਨ ਜਵਾਨਾਂ ਨੂੰ ਸਮਝਾਇਆ, ਇਹ ਠੇਕੇਦਾਰਾਂ ਦੀ ਜੀਪ ਹੈ। ਉਹ ਰੱਜੇ-ਪੁੱਜੇ ਬੰਦੇ ਹਨ। ਅਜਿਹੇ ਕੰਮ ਦਾ ਪਰਛਾਵਾਂ ਨਹੀਂ ਲੈਂਦੇ, ਪਰ ਜਵਾਨ ਟੱਸ ਤੋਂ ਮੱਸ ਨਾ ਹੋਏ। ਬੱਚਿਆਂ ਦੇ ਚਿਹਰੇ ਚੁੰਨੀਆਂ ਨਾਲ ਢੱਕੇ ਹੋਏ ਸਨ। ਜੀਪ ਵਿੱਚ ਟਰੰਕ ਸਨ, ਫਲਾਂ ਦੀਆਂ ਟੋਕਰੀਆਂ ਅਤੇ ਹੋਰ ਨਿੱਕ-ਸੁੱਕ ਵੀ। ਉਹਨਾਂ ਦੇ ਖ਼ਿਆਲ ਵਿੱਚ ਤਲਾਸ਼ੀ ਬਹੁਤ ਜ਼ਰੂਰੀ ਸੀ। ਅਗਵਾਕਾਰ ਕੋਈ ਵੀ ਤਰੀਕਾ ਵਰਤ ਸਕਦੇ ਸਨ। ਭੁੱਚੋ ਦੀ ਬੈਂਕ ਡਕੈਤੀ ਵੇਲੇ ਇੱਕ ਔਰਤ ਵੀ ਡਾਕੇ ਵਿੱਚ ਸ਼ਾਮਲ ਸੀ। ਔਰਤਾਂ ਅਤੇ ਬੱਚਿਆਂ ਦੀ ਆੜ ਵਿੱਚ ਕਈ ਵਾਰ ਖ਼ਤਰਨਾਕ ਦਹਿਸ਼ਤਗਰਦ ਬਚ ਕੇ ਨਿਕਲ ਜਾਂਦੇ ਹਨ। ਪੰਜਾਬ ਪੁਲਿਸ ਕੁੱਝ ਵੀ ਆਖੇ, ਉਹ ਬਿਨਾਂ ਤਲਾਸ਼ੀ ਜੀਪ ਨਹੀਂ ਜਾਣ ਦੇਣਗੇ।

ਸੀ.ਆਰ.ਪੀ.ਦੀ ਜ਼ਿੱਦ ’ਤੇ ਦਰਸ਼ਨ ਨੇ ਹਥਿਆਰ ਸੁੱਟ ਦਿੱਤੇ। ਮਲਵੀਂ ਜਿਹੀ ਜੀਭ ਨਾਲ ਠੇਕੇਦਾਰਾਂ ਤੋਂ ਮੁਆਫ਼ੀ ਮੰਗੀ। ਉਹ ਮਜਬੂਰ ਸੀ। ਰੋਸ ਵੱਜੋਂ ਦਰਸ਼ਨ ਪੰਜਾਹ ਕਦਮ ਪਿਛਾਂਹ ਜਾ ਖਲੋਤਾ ਅਤੇ ਮੂੰਹ ਦੂਜੇ ਪਾਸੇ ਭਵਾਂ ਲਿਆ।

ਦਰਸ਼ਨ ਕਿਹੜੇ ਮੂੰਹ ਠੇਕੇਦਾਰਾਂ ਦੀ ਤਲਾਸ਼ੀ ਲਏ? ਉਹ ਮਿਲਣਸਾਰ ਬੜੇ ਸਨ। ਜਦੋਂ ਮਰਜ਼ੀ, ਜਿੰਨੀ ਮਰਜ਼ੀ ਵਿਸਕੀ ਚੁੱਕ ਲਓ। ਕਦੇ ਮੱਥੇ ਵੱਟ ਨਹੀਂ ਪਾਉਂਦੇ। ਵੇਲੇ-ਕੁਵੇਲੇ ਪੈਸੇ-ਟਕੇ ਦੀ ਜ਼ਰੂਰਤ ਪੈ ਜਾਏ ਤਾਂ ਵੀ ਨਾਂਹ ਨਹੀਂ ਕਰਦੇ। ਕਈ ਕਪਤਾਨਾਂ ਅਤੇ ਕਮਿਸ਼ਨਰਾਂ ਨਾਲ ਇਹਨਾਂ ਦਾ ਖਾਣ-ਪੀਣ ਹੈ। ਕਦੇ ਕੰਮ ਪੈ ਜਾਏ ਪਿੱਛੇ ਨਹੀਂ ਹਟਦੇ। ਗੱਡੀ ਵੀ ਠੇਕੇਦਾਰਾਂ ਦੀ, ਖ਼ਰਚਾ ਵੀ ਠੇਕੇਦਾਰਾਂ ਦਾ ਪਰ ਕੰਮ ਦਰਸ਼ਨ ਦਾ।

ਜਦੋਂ ਜਵਾਨ ਜ਼ਨਾਨੀਆਂ ਨੂੰ ਜੀਪ ਵਿਚੋਂ ਉਤਰਨ ਲਈ ਮਜਬੂਰ ਕਰਨ ਲੱਗੇ ਤਾਂ ਖਿਝੇ ਦਰਸ਼ਨ ਨੇ ਜਵਾਨਾਂ ਨੂੰ ਪੰਜ-ਚਾਰ ਕਰਾਰੀਆਂ-ਕਰਾਰੀਆਂ ਗਾਲ੍ਹਾਂ ਮਨ ਵਿੱਚ ਹੀ ਕੱਢੀਆਂ। ਦਰਸ਼ਨ ਇਸ ਨੂੰ ਆਪਣੀ ਤੌਹੀਨ ਸਮਝ ਰਿਹਾ ਸੀ। ਪਰ ਕੀ ਕਰੇ? ਮਾਮਲਾ ਹੀ ਨਾਜ਼ੁਕ ਸੀ। ਦਰਸ਼ਨ ਨੇ ਮੱਲੋ-ਮੱਲੀ ਰੋਕਿਆ ਤਾਂ ਇਹਨਾਂ ਪਾਗ਼ਲਾਂ ਦਾ ਪਤਾ ਨਹੀਂ ਆਪਣੇ ਅਫ਼ਸਰ ਕੋਲ ਸ਼ਿਕਾਇਤ ਹੀ ਕਰ ਦੇਣ। ਲੋਕ ਤਾਂ ਪਹਿਲਾਂ ਹੀ ਪੁਲਿਸ ਦੇ ਪਿੱਛੇ ਪਏ ਹੋਏ ਹਨ। ਸਬਰ ਦੀ ਘੁੱਟ ਭਰ ਉਹ ਮੋਟੀਆਂ-ਮੋਟੀਆਂ ਅਤੇ ਚਿੱਟੀਆਂ-ਚਿੱਟੀਆਂ ਔਰਤਾਂ ਨੂੰ ਗਲੋਟ ਵਰਗੇ ਜਵਾਕ ਗੋਦੀ ਚੁੱਕੀ ਗੱਡੀਉਂ ਉਤਰਦੇ ਦੇਖਦਾ ਰਿਹਾ।

ਠੇਕੇਦਾਰ ਨੂੰ ਸਵਾ ਕੁਇੰਟਲ ਦੀ ਦੇਹ ਲੈ ਕੇ ਹੇਠਾਂ ਉਤਰਨਾ ਫ਼ਾਂਸੀ ਚੜ੍ਹਨ ਬਰਾਬਰ ਸੀ। ਉਹਦੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ ਅਤੇ ਗਲ ਵਿਚਲੀ ਦੋ ਤੋਲੇ ਦੀ ਚੈਨੀ ਜੇਬ ਵਿਚਲੇ ਪੈੱਨ ਵਿੱਚ ਅੜਕ ਕੇ ਟੁੱਟ ਗਈ। ਘਬਰਾਇਆ ਉਹ ਡਿੱਗਦਾ-ਡਿੱਗਦਾ ਮਸਾਂ ਹੀ ਸੰਭਲਿਆ।

ਮੋਟੀ ਗੋਗੜ ਵਾਲਾ ਇਹ ਠੇਕੇਦਾਰ ਪੰਦਰਾਂ ਸਾਲ ਪਹਿਲਾਂ ਸੁੱਕੇ ਕਾਨੇ ਵਰਗਾ ਹੁੰਦਾ ਸੀ। ਸਾਰਾ ਦਿਨ ਫਾਟਕਾਂ ਵਾਲੇ ਠੇਕੇ ’ਤੇ ਗੱਦੀ ’ਤੇ ਬੈਠਾ ਰਹਿੰਦਾ। ਉਸ ਸਮੇਂ ਉਹ ਕੇਵਲ ਇੱਕ ਕਰਿੰਦਾ ਸੀ। ਕੰਮ ਦਾ ਇੰਨਾ ਮਾਹਿਰ ਕਿ ਠੇਕੇਦਾਰ ਪੁੱਛ ਕੇ ਗੱਲ ਕਰਦੇ। ਕਦੇ ਦਰਸ਼ਨ ਠੇਕੇ ’ਤੇ ਚਲਿਆ ਜਾਂਦਾ, ਉਸ ਨੂੰ ਚਾਅ ਚੜ੍ਹ ਜਾਂਦਾ। ਆਪ ਪੈੱਗ ਬਣਾ-ਬਣਾ ਦਾਰੂ ਪਿਆਉਂਦਾ। ਹਫ਼ਤੇ ਦਸੀਂ ਦਿਨੀਂ ਮੁਰਗਾ ਰਿੰਨ੍ਹਦਾ। ਦਰਸ਼ਨ ਉਸ ਸਮੇਂ ਤੋਂ ਹੀ ਠੇਕੇਦਾਰ ਨਾਲ ਮੋਹ ਰੱਖਦਾ ਸੀ।

ਇਹਦੀ ਕਿਸਮਤ ਕਿ ਠੇਕੇਦਾਰਾਂ ਦੀਆਂ ਦੋ ਪਾਰਟੀਆਂ ਬਣ ਗਈਆਂ। ਧਨੀ ਰਾਮ ਕੋਲ ਪੈਸਾ ਤਾਂ ਸੀ ਪਰ ਤਜਰਬਾ ਨਹੀਂ ਸੀ। ਸ਼ਾਮ ਲਾਲ ਕੋਲ ਤਜਰਬਾ ਸੀ ਪਰ ਪੈਸਾ ਨਹੀਂ ਸੀ। ਦੋਹਾਂ ਨੇ ਅੱਧੋ-ਅੱਧ ਵਿੱਚ ਕੰਮ ਕਰ ਲਿਆ।

ਉਹ ਦਿਨ ਤੇ ਆਹ ਦਿਨ। ਸ਼ਾਮ ਲਾਲ ਪੈਸੇ ਝਾੜੂਆਂ ਨਾਲ ਹੂੰਝਦਾ ਹੈ। ਉਹਦੇ ਮੁੰਡੇ, ਜਿਹੜੇ ਸ਼ਰਾਬ ਦੇ ਅਹਾਤੇ ਵਿੱਚ ਜੂਠੀਆਂ ਪਲੇਟਾਂ ਧੋਇਆ ਕਰਦੇ ਸਨ, ਮਾਰੂਤੀ ਤੋਂ ਬਿਨਾਂ ਨਹੀਂ ਤੁਰਦੇ। ਕਰੋੜਪਤੀਆਂ ਦੇ ਘਰ ਰਿਸ਼ਤੇ ਹੋਏ। ਪਰੀਆਂ ਵਰਗੀਆਂ ਕੁੜੀਆਂ ਨਾਲ ਵਿਆਹੇ ਗਏ। ਅਗਾਂਹ ਅੰਗਰੇਜ਼ਾਂ ਵਰਗੇ ਜਵਾਕ ਜੰਮੇ।

ਸੇਠਾਣੀਆਂ ਦੀਆਂ ਗਹਿਣਿਆਂ ਨਾਲ ਭਰੀਆਂ ਗਰਦਨਾਂ ਅਤੇ ਬਾਹਾਂ ਉੱਤੇ ਨੱਥੂ ਦੀਆਂ ਟਿਕੀਆਂ ਅੱਖਾਂ ਦੇਖ ਕੇ ਦਰਸ਼ਨ ਦਾ ਹਾਸਾ ਨਿਕਲ ਗਿਆ। ਥਾਣੇ ਹੁੰਦਾ ਤਾਂ ਜਾਮਾ-ਤਲਾਸ਼ੀ ਦੇ ਬਹਾਨੇ ਸਾਰੇ ਗਹਿਣੇ ਲੁਹਾ ਲੈਂਦਾ। ਇੱਕ ਅੱਧ ਜ਼ਰੂਰ ਖਿਸਕਾ ਲੈਂਦਾ। ਇਥੇ ਉਸ ਦਾ ਦਾਅ ਨਹੀਂ ਸੀ ਲੱਗ ਰਿਹਾ।

ਪਾਲੇ ਦੀ ਨੀਅਤ ਵੀ ਸਾਫ਼ ਨਹੀਂ ਸੀ। ਉਸ ਦੀ ਟਿਕਟਿਕੀ ਔਰਤਾਂ ਦੇ ਅੱਧ-ਨੰਗੇ ਸਰੀਰਾਂ ’ਤੇ ਟਿਕੀ ਹੋਈ ਸੀ। ਜੀਪ ਤੋਂ ਉਤਰਦੀ ਠੇਕੇਦਾਰ ਦੀ ਕੁੜੀ ਦਾ ਪੇਟੀਕੋਟ ਥੋੜ੍ਹਾ ਜਿਹਾ ਉਤਾਂਹ ਉੱਠ ਗਿਆ ਸੀ। ਗੋਰੀ ਲੱਤ ’ਤੇ ਚਮਕਦੇ ਸੁਨਹਿਰੀ ਵਾਲਾਂ ਨੂੰ ਦੇਖ ਕੇ ਉਹ ਪਾਗ਼ਲ ਹੋਇਆ ਪਿਆ ਸੀ। ਥਾਣੇ ਹੁੰਦਾ ਤਾ ਜ਼ਰੂਰ ਛੇੜ-ਛਾੜ ਕਰਦਾ। ਇਥੇ ਵਿਚਾਰਾ ਮਜਬੂਰ ਸੀ।

ਨੂੰਹ ਨੂੰ ਥੋੜ੍ਹਾ ਜਿਹਾ ਝੁਕ ਕੇ ਹੇਠਾਂ ਉਤਰਨਾ ਪਿਆ, ਉਸ ਦੀਆਂ ਭਾਰੀਆਂ ਛਾਤੀਆਂ ਹੇਠਾਂ ਲਟਕ ਗਈਆਂ ਤੇ ਸਾਫ਼ ਦਿਖਾਈ ਦੇਣ ਲੱਗੀਆਂ। ਉਹਨਾਂ ਵਿੱਚ ਬਣੀ ਲੀਕ ਦੇਖ ਕੇ ਦਰਸ਼ਨ ਦੇ ਅੰਦਰ ਵੀ ਰੁੱਗ ਭਰਿਆ ਗਿਆ। ਜ਼ਨਾਨੀਆਂ ਤਾਂ ਇਹ ਹਨ, ਨਿਰੀਆਂ ਬਰਫ਼ੀ ਦੀਆਂ ਟੁਕੜੀਆਂ। ਉਹ ਤਾਂ ਐਵੇਂ ਕਾਲੀਆਂ ਮੱਝਾਂ ਨਾਲ ਖੇਹ ਖਾਂਦੇ ਹਨ।

ਪਾਲਾ ਸੇਠਾਨੀਆਂ ਦੀ ਨੇੜਤਾ ਮਾਨਣ ਲਈ ਜੀਪ ਕੋਲ ਜਾ ਖਲੋਤਾ। ਉਹਦਾ ਨਸ਼ਾ ਖਿੜ ਰਿਹਾ ਸੀ। ਧਰਤੀ ’ਤੇ ਪੱਬ ਨਹੀਂ ਸੀ ਟਿਕਦਾ।

ਪਾਲੇ ਦੇ ਮੂੰਹ ਵਿਚੋਂ ਆਉਂਦੀ ਬੂ ਨਾਲ ਸੇਠਾਨੀ ਨੂੰ ਉਲਟੀ ਆਉਣ ਵਾਲੀ ਹੋ ਗਈ। ਇੱਕ ਹੱਥ ਨਾਲ ਬੱਚਾ ਸੰਭਾਲ ਕੇ, ਦੂਜੇ ਨਾਲ ਉਸ ਨੇ ਨੱਕ ’ਤੇ ਪੱਲਾ ਦੇ ਲਿਆ।

ਪਾਲੇ ਦਾ ਸਾਰਾ ਨਸ਼ਾ ਉਤਰ ਗਿਆ। ਬੁੜ-ਬੁੜ ਕਰਦਾ ਉਹ ਜੀਪ ਵਿਚਲੀਆਂ ਪੇਟੀਆਂ ਫਰੋਲਣ ਲੱਗਾ। ਇੱਕ ਵਿੱਚ ਸੇਬ ਸਨ ਅਤੇ ਦੂਜੀ ਵਿੱਚ ਸੰਗਤਰੇ। ਟੋਕਰੀ ਕੇਲਿਆਂ ਨਾਲ ਭਰੀ ਹੋਈ ਸੀ।

ਉਹ ਪੂਰੀ ਬੋਤਲ ਸੁੱਕੀ ਹੀ ਸੜਾਕ ਗਏ ਸਨ। ਖਾਣ-ਪੀਣ ਨੂੰ ਕੁੱਝ ਨਹੀਂ ਸੀ ਮਿਲਿਆ। ਹਿੰਮਤ ਕਰ ਕੇ ਉਸ ਨੇ ਪੰਜ-ਛੇ ਸੰਗਤਰੇ ਅਤੇ ਤਿੰਨ-ਚਾਰ ਸੇਬ ਖਿਸਕਾ ਲਏ ਤੇ ਹਿੜ-ਹਿੜ ਕਰਦਾ ਸੰਗਤਰੇ ਛਿਲਦਾ, ਪਰ੍ਹਾਂ ਨੂੰ ਤੁਰ ਗਿਆ।

ਜਵਾਨਾਂ ਨੇ ਸੁੱਤੇ ਪਏ ਬੱਚਿਆਂ ਦੇ ਨਕਸ਼ ਬੰਟੀ ਦੀ ਫ਼ੋਟੋ ਨਾਲ ਮਿਲਾਉਣੇ ਚਾਹੇ। ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਕਿਥੇ ਮਾੜਚੂ ਜਿਹਾ ਬੰਟੀ, ਕਿਥੇ ਗੜੌਂਦੇ ਬੇਰ ਵਰਗੇ ਇਹ।

ਜਵਾਨਾਂ ਵੱਲੋਂ ਹਰੀ ਝੰਡੀ ਮਿਲਣ ’ਤੇ ਦਰਸ਼ਨ ਇੱਕ ਵਾਰ ਫਿਰ ਜੀਪ ਕੋਲ ਗਿਆ। ਠੇਕੇਦਾਰ ਦੇ ਮੱਥੇ ’ਤੇ ਪਈਆਂ ਤਿਊੜੀਆਂ ਨੂੰ ਢਿੱਲਾ ਕਰਨ ਲਈ ਉਸ ਨੇ ਇੱਕ ਵਾਰ ਫੇਰ ਰਸਮੀ ਜਿਹੀ ਮੁਆਫ਼ੀ ਮੰਗੀ।

ਠੇਕੇਦਾਰ ਜੀਪ ਸਟਾਰਟ ਕਰਨ ਹੀ ਲੱਗਾ ਸੀ ਕਿ ਨੱਥੂ ਨੇ ਦਰਸ਼ਨ ਨੂੰ ਕੰਨ ਵਿੱਚ ਘੁਸਰ-ਮੁਸਰ ਕੀਤੀ। ਦਰਸ਼ਨ ਨੂੰ ਵੀ ਜਿਵੇਂ ਕੁੱਝ ਅਚਾਨਕ ਯਾਦ ਆ ਗਿਆ। ਤ੍ਰਿਕਾਲਾਂ ਪੈ ਚੱਲੀਆਂ ਸਨ। ਖਾਣ-ਪੀਣ ਦਾ ਵਕਤ ਹੋਣ ਵਾਲਾ ਸੀ। ਠੇਕੇਦਾਰ ਤੋਂ ਪਰਚੀ ਲੈ ਲੈਣੀ ਚਾਹੀਦੀ ਹੈ।

“ਇਹ ਕਿਹੜੀ ਖ਼ਾਸ ਗੱਲ ਹੈ? ਤੁਸੀਂ ਤਾਂ ਭਾਵੇਂ ਸ਼ਾਮ ਲਾਲ ਨੂੰ ਨਹੀਂ ਬਖ਼ਸ਼ਿਆ, ਪਰ ਇਹ ਜਵਾਬ ਨਹੀਂ ਦੇਣ ਲੱਗੇ। ਸ਼ਾਮ ਲਾਲ ਜੀ, ਦਿਓ ਇਹਨੂੰ ਪਰਚੀ। ਸਾਲਾ ਸਵੇਰ ਦਾ ਪੀਈ ਜਾਂਦੈ, ਫੇਰ ਵੀ ਸਬਰ ਨਹੀਂ।”

ਦਰਸ਼ਨ ਦੇਖ ਰਿਹਾ ਸੀ, ਠੇਕੇਦਾਰ ਦਾ ਪਾਰਾ ਲੱਥਾ ਨਹੀਂ ਸੀ। ਇਸੇ ਲਈ ਉਸ ਨੇ ਆਪਣੇ ਪੈੱਨ ਵੱਲ ਹੱਥ ਨਹੀਂ ਸੀ ਵਧਾਇਆ। ਦਰਸ਼ਨ ਨੇ ਆਪਣਾ ਪੈੱਨ ਉਸ ਅੱਗੇ ਕਰ ਦਿੱਤਾ। ਜੇਬ ਵਿਚੋਂ ਦੋ ਦਾ ਨੋਟ ਵੀ ਕੱਢ ਲਿਆ। ਇਸ ’ਤੇ ਨਿਸ਼ਾਨੀ ਪਾ ਦੇਵੇ।

ਬੁਝੇ ਮਨ ਨਾਲ ਠੇਕੇਦਾਰ ਨੇ ਦੋ ਅੱਖਰ ਝਰੀਟ ਦਿੱਤੇ।

ਜੀਪ ਦੇ ਲੰਘ ਜਾਣ ’ਤੇ ਜਦੋਂ ਦਰਸ਼ਨ ਨੇ ਨੋਟ ’ਤੇ ਝਾਤੀ ਮਾਰੀ ਤਾਂ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਕੇਵਲ ਦੋ ਬੋਤਲਾਂ ਅਤੇ ਉਹ ਵੀ ਦੇਸੀ। ਉਸਨੂੰ ਚੰਗਾ ਭਲਾ ਪਤਾ ਸੀ, ਦਰਸ਼ਨ ਦੇਸੀ ਸ਼ਰਾਬ ਨੂੰ ਮੂੰਹ ਨਹੀਂ ਲਾਉਂਦਾ। ਫੇਰ ਉਹ ਠੰਢਾ ਹੋ ਗਿਆ। ਠੇਕੇਦਾਰ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਹੀ ਸੀ।

ਸ਼ਹਿਰ ਵਿੱਚ ਕਰਫ਼ਿਊ ਲੱਗਣ ਦਾ ਸੁਨੇਹਾ ਮਿਲ ਚੁੱਕਾ ਸੀ।

ਸਾਰੀ ਟਰੈਫ਼ਿਕ ਬੰਦ ਹੋ ਗਈ। ਸ਼ਹਿਰ ਵੱਲੋਂ ਤਾਂ ਕੋਈ ਆਉਂਦੀ ਹੀ ਨਹੀਂ ਸੀ। ਕੋਈ ਗੱਡੀ ਬਾਹਰੋਂ ਆਉਂਦੀ ਤਾਂ ਉਥੇ ਹੀ ਰੋਕ ਦਿੱਤੀ ਜਾਂਦੀ। ਕੋਈ ਵਾਪਸ ਮੁੜਨਾ ਚਾਹੇ ਤਾਂ ਮੁੜ ਸਕਦਾ ਸੀ।

ਹਨੇਰਾ ਹੋਣ ਲੱਗਾ ਸੀ। ਚਾਰੇ ਦਿਸ਼ਾਵਾਂ ਸ਼ਾਂਤ ਸਨ।

ਮਜ਼ਦੂਰ ਅਤੇ ਪਾਲੀਆਂ ਨੂੰ ਘਰ ਮੁੜਦੇ ਦੇਖ ਕੇ ਪਾਲ ਦੇ ਹੌਲ ਪੈਣ ਲੱਗੇ। ਬੱਸ ਤਾਂ ਕੋਈ ਨਹੀਂ ਸੀ ਆਉਣੀ ਸ਼ਹਿਰੋਂ। ਪਿੰਡ ਵੀਹ ਮੀਲ ਦੂਰ ਸੀ। ਥੋੜ੍ਹਾ ਜਿਹਾ ਵੀ ਹੋਰ ਲੇਟ ਹੋ ਗਿਆ ਤਾਂ ਪਿੰਡ ਨੂੰ ਜਾਣ ਵਾਲੇ ਮਜ਼ਦੂਰਾਂ ਨੇ ਵੀ ਲੰਘ ਜਾਣਾ ਸੀ। ਪੀਤੀ ਹੋਈ ਵੀ ਸੀ। ਸਾਈਕਲ ਵੀ ਨਹੀਂ ਸੀ ਚਲਾਇਆ ਜਾਣਾ। ਚਾਰੇ ਪਾਸੇ ਸੰਨਾਟਾ ਛਾ ਗਿਆ ਸੀ। ਇਸ ਵਕਤ ਕਿਸ ਭੜੂਏ ਨੇ ਇਧਰ ਆਉਣਾ ਹੈ। ਆ ਵੀ ਗਿਆ ਫੇਰ ਕਿਹੜਾ ਪਾਲੇ ਬਿਨਾਂ ਪੁਲਿਸ ਪਾਰਟੀ ਕਮਜ਼ੋਰ ਹੋ ਜਾਣੀ ਹੈ। ਬਥੇਰੇ ਜਵਾਨ ਹਨ।

ਪਾਲੇ ਨੇ ਮਲਕੜੇ ਜਿਹੇ ਆ ਕੇ ਦਰਸ਼ਨ ਦੇ ਗੋਡੇ ਫੜੇ। ਨੱਥੂ ਵੀ ਇਹੋ ਰੋਣਾ ਰੋ ਰਿਹਾ ਸੀ। ਘਰ ਜਾਣ ਦਾ ਪਾਲ ਦਾ ਕੇਸ ਮਜ਼ਬੂਤ ਸੀ। ਨੱਥੂ ਤਾਂ ਬੁੜ੍ਹਾ ਖੁੰਢ ਹੈ, ਉਹ ਚਾਰ ਦਿਨ ਪਿੰਡ ਨਹੀਂ ਜਾਊ ਤਾਂ ਕਿਹੜਾ ਮੱਝ ਧਾਰ ਦੇਣੋਂ ਹਟ ਜਾਊ। ਪਾਲੇ ਦਾ ਵਿਆਹ ਨਵਾਂ-ਨਵਾਂ ਹੋਇਆ ਹੈ। ਉਹਦਾ ਘਰ ਜਾਣਾ ਬਹੁਤ ਜ਼ਰੂਰੀ ਹੈ।

ਦਰਸ਼ਨ ਦਾ ਫ਼ੈਸਲਾ ਪਾਲੇ ਦੇ ਹੱਕ ਵਿੱਚ ਸੀ। ਪਾਲ ਨੇ ਝੱਟ ਰਾਈਫ਼ਲ ਨੱਥੂ ਦੇ ਹਵਾਲੇ ਕੀਤੀ। ਪਗੜੀ ਲਾਹ ਕੇ ਬੈਗ ਵਿੱਚ ਪਾਈ ਅਤੇ ਸ਼ਰਟ ਬਦਲ ਕੇ ਕਾਲਜੀਏਟ ਬਣ ਗਿਆ। ਬੈਗ ਨੂੰ ਮੋਢੇ ’ਤੇ ਲਟਕਾ ਕੇ ਸਵਾਰੀ ਦੀ ਉਡੀਕ ਕਰਨ ਲੱਗਾ।

ਜਵਾਨਾਂ ਨੂੰ ਭੋਜਨ ਦੇਣ ਆਈ ਗੱਡੀ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਹਿਰ ਵਿੱਚ ਤਲਾਸ਼ੀ ਜ਼ੋਰਾਂ ’ਤੇ ਸੀ। ਕਈ ਪਾਰਟੀਆਂ ਨਾਕਿਆਂ ਤੋਂ ਵਾਪਸ ਬੁਲਾ ਕੇ ਤਲਾਸ਼ੀ ਲਈ ਲਾ ਦਿੱਤੀਆਂ ਗਈਆਂ ਸਨ। ਅਜਿਹੇ ਹਾਲਾਤ ਵਿੱਚ ਕਿਸੇ ਅਫ਼ਸਰ ਦਾ ਨਾਕਾ ਚੈੱਕ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਦਰਸ਼ਨ ਨੇ ਮੰਜੇ ਮੰਗਵਾ ਲਏ। ਹੋਮ-ਗਾਰਡੀਏ ਨੂੰ ਰੱਸੇ ਤੋਂ ਫ਼ਾਰਗ ਕਰ ਕੇ ਢਾਬੇ ਤੋਂ ਆਂਡਿਆਂ ਦੀ ਭੁਰਜੀ, ਮੀਟ ਅਤੇ ਨਮਕੀਨ ਲਿਆਉਣ ਲਈ ਭੇਜਿਆ। ਜਵਾਨਾਂ ਨੇ ਡਿਊਟੀ ’ਤੇ ਪੀਣੋਂ ਨਾਂਹ ਕਰ ਦਿੱਤੀ। ਜਾਮ ਖੜਕਾਉਣ ਵਾਲੇ ਕੇਵਲ ਨੱਥੂ ਅਤੇ ਦਰਸ਼ਨ ਹੀ ਸਨ ਜਾਂ ਵਿੱਚ ਦੀ ਕਦੇ-ਕਦੇ ਉਹ ਹੋਮਗਾਰਡੀਏ ਨੂੰ ਵੀ ਗਲਾਸ ਭਰ ਦਿੰਦੇ। ਇਸੇ ਚਾਅ ’ਚ ਉਹ ਭੱਜ-ਭੱਜ ਕੰਮ ਕਰ ਰਿਹਾ ਸੀ।

ਦਰਸ਼ਨ ਜਵਾਨਾਂ ਨੂੰ ਆਰਾਮ ਕਰਨ ਲਈ ਆਖਣ ਹੀ ਲੱਗਾ ਸੀ ਕਿ ਬਠਿੰਡੇ ਵੱਲੋਂ ਆਉਂਦੇ ਕਿਸੇ ਵ੍ਹੀਕਲ ਦੀ ਤੇਜ਼ ਰਫ਼ਤਾਰ ਨੇ ਉਹਨਾਂ ਨੂੰ ਡਰਾ ਦਿੱਤਾ। ਲਾਈਟਾਂ ਦੀ ਤੇਜ਼ ਰੌਸ਼ਨੀ ਕਾਰਨ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ, ਆਉਣ ਵਾਲਾ ਵ੍ਹੀਕਲ ਟਰੱਕ ਹੈ ਜਾਂ ਬੱਸ।

ਦਰਸ਼ਨ ਟਾਰਚ ਨਾਲ ਵਾਰ-ਵਾਰ ਇਸ਼ਾਰੇ ਕਰ ਰਿਹਾ ਸੀ, ਸੁੱਤੇ ਪਏ ਡਰਾਈਵਰ ਨੂੰ ਜਿਵੇਂ ਕੁੱਝ ਦਿਖਾਈ ਨਹੀਂ ਸੀ ਦੇ ਰਿਹਾ।

ਘਬਰਾਏ ਜਵਾਨਾਂ ਨੇ ਬੰਕਰਾਂ ਵਿੱਚ ਪੋਜ਼ੀਸ਼ਨਾਂ ਲੈ ਲਈਆਂ। ਲੋੜ ਪੈਣ ’ਤੇ ਉਹ ਟਾਇਰ ਵੀ ਪਾੜ ਸਕਦੇ ਸਨ ਅਤੇ ਚਾਲਕ ਨੂੰ ਚਿੱਤ ਵੀ ਕਰ ਸਕਦੇ ਸਨ।

ਟਰੱਕ ਇੱਕ ਕਦਮ ਵੀ ਹੋਰ ਅੱਗੇ ਵਧਦਾ ਤਾਂ ਉਸ ਨੇ ਫ਼ਾਇਰ ਦਾ ਹੁਕਮ ਦੇ ਦੇਣਾ ਸੀ। ਉਸ ਨੂੰ ਸੁਖ ਦਾ ਸਾਹ ਆਇਆ ਜਦੋਂ ਟਰੱਕ ਵਿਚੋਂ ਉਤਰਨ ਵਾਲਾ ਜ਼ੈਲਾ ਨਿਕਲਿਆ।

“ਓਏ ਖਸਮਾ ਤੂੰ? ਸਾਲਿਆ, ਟਰੱਕ ਤਾਂ ਇਉਂ ਭਜਾਈ ਆਉਂਦਾ ਸੀ ਜਿਵੇਂ ਬਾਪੂ ਵਾਲਾ ਰਾਜ ਹੋਵੇ। ਤੇਰੀ ਕਿਸਮਤ ਚੰਗੀ ਹੈ। ਥੋੜ੍ਹਾ ਜਿਹਾ ਹੋਰ ਅੱਗੇ ਗਿਆ ਹੁੰਦਾ ਤਾਂ ਤੇਰਾ ਘੋਗਾ ਚਿੱਤ ਹੋਇਆ ਪਿਆ ਹੋਣਾ ਸੀ।” ਜ਼ੈਲੇ ਨੂੰ ਜੱਫੀ ਵਿੱਚ ਲੈਂਦਿਆਂ ਦਰਸ਼ਨ ਨੇ ਅਪਣੱਤ ਦਿਖਾਈ।

ਦਰਸ਼ਨ ਅਤੇ ਜ਼ੈਲੇ ਨੂੰ ਘਿਓ-ਖਿਚੜੀ ਹੋਇਆ ਦੇਖ ਕੇ ਜਵਾਨ ਬੰਕਰ ਵਿਚੋਂ ਬਾਹਰ ਆ ਗਏ।

“ਮੈਨੂੰ ਪਿੱਛੇ ਪਤਾ ਲੱਗ ਗਿਆ ਸੀ ਕਿ ਅੱਗੇ ਬਾਈ ਦਾ ਨਾਕਾ ਹੈ। ਤੇਰੇ ਹੁੰਦੇ ਮੈਨੂੰ ਕਾਹਦਾ ਡਰ ਸੀ। ਸੋਚਿਆ ਟਰੱਕ ਥਾਂ ਸਿਰ ਲਾ ਹੀ ਦੇਵਾਂ।”

ਹਫ਼ਤੇ ਤੋਂ ਜੈਲਾ ਰਾਜਸਥਾਨ ਵਿੱਚ ਸੀ। ਥਾਂ-ਥਾਂ ਲੱਗੇ ਨਾਕਿਆਂ ਤੋਂ ਉਸ ਨੇ ਅੰਦਾਜ਼ਾ ਤਾਂ ਲਾ ਲਿਆ ਸੀ ਕਿ ਸੁਖ ਨਹੀਂ। ਪਰ ਦੋ ਲੱਖ ਦੇ ਮਾਲ ਨੂੰ ਲੈ ਕੇ ਬਾਹਰਲੇ ਇਲਾਕੇ ਵਿੱਚ ਖੜੋ ਜਾਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਆਪਣੇ ਹਲਕੇ ਵਿੱਚ ਤਾਂ ਕੋਈ ਨਾ ਕੋਈ ਹੀਲਾ ਬਣ ਹੀ ਜਾਂਦਾ ਹੈ। ਇਹ ਸੋਚ ਕੇ ਪੈਸਿਆਂ ਦਾ ਮੀਂਹ ਵਰਸਾਉਂਦਾ ਉਹ ਇਥੇ ਤਕ ਪਹੁੰਚ ਗਿਆ ਸੀ। ਇਹ ਆਖ਼ਰੀ ਨਾਕਾ ਸੀ। ਇਥੋਂ ਟਰੱਕ ਨੇ ਸਿੱਧਾ ਗੁਦਾਮ ਵਿੱਚ ਪਹੁੰਚ ਜਾਣਾ ਸੀ।

“ਇਹ ਵੱਡੇ ਸਰਦਾਰ ਦੀ ਕੈਟਲ-ਫੀਡ ਹੈ … ਮੁਰਗੀਖ਼ਾਨੇ ਲਿਜਾਣੀ ਹੈ।” ਇਸ਼ਾਰਿਆਂ ਨਾਲ ਉਸ ਨੇ ਗੱਲ ਸਮਝਾਈ। ਟਰੱਕ ਵਿੱਚ ਡੋਡੇ ਸਨ। ਉਸ ਦੇ ਆਪਣੇ ਸਨ ਅਤੇ ਗੁਦਾਮ ਵਿੱਚ ਚੱਲੇ ਸਨ। ਸੇਵਾ ਲਈ ਉਹ ਹਾਜ਼ਰ ਹੈ।

ਦਰਸ਼ਨ ਦੇ ਹੱਥ ਦੋ ਲੱਖ ਦਾ ਮਾਲ ਸੀ। ਉਹ ਚਾਹੇ ਤਾਂ ਟਰੱਕ ਦੀ ਬਰਾਮਦੀ ਪਾ ਕੇ ਮਹਿਕਮੇ ਤੋਂ ਵਾਹ-ਵਾਹ ਖੱਟ ਸਕਦਾ ਸੀ। ਤਸਵੀਰ ਦਾ ਦੂਸਰਾ ਪਾਸਾ ਵੀ ਦਰਸ਼ਨ ਦੇ ਸਾਹਮਣੇ ਸੀ। ਉਸ ਦੀਆਂ ਤਿੰਨ ਫੀਤੀਆਂ ਵੀ ਲਹਿ ਸਕਦੀਆਂ ਸਨ ਅਤੇ ਨੌਕਰੀ ਗਵਾ ਕੇ ਘਰ ਵੀ ਬੈਠ ਸਕਦਾ ਸੀ। ਜੈਲਾ ਕੋਈ ਮਾੜੀ-ਮੋਟੀ ਸ਼ੈਅ ਨਹੀਂ ਸੀ। ਉਹਨੇ ਦੂਰ-ਦੂਰ ਤਕ ਟੰਗਾਂ ਪਸਾਰ ਲਈਆਂ ਸਨ। ਅੱਧਿਆਂ ਨਾਲੋਂ ਵੱਧ ਡਿਪਟੀਆਂ ਨਾਲ ਹਿੱਸੇਦਾਰ ਰਹਿ ਚੁੱਕਾ ਸੀ। ਕਈ ਜੱਥੇਦਾਰ ਅਤੇ ਖੱਦਰਧਾਰੀ ਆਥਣ-ਉਗਣ ਉਹਦੀ ਹਾਜ਼ਰੀ ਭਰਦੇ ਸਨ। ਹਰ ਇਲੈਕਸ਼ਨ ਵਿੱਚ ਸਾਰੇ ਉਮੀਦਵਾਰਾਂ ਨੂੰ ਪੈਸੇ ਦਿੰਦਾ ਸੀ। ਜੇ ਕੋਈ ਸਿਆਸੀ ਬੰਦਾ ਉਹਦੀ ਮਦਦ ਨਹੀਂ ਸੀ ਕਰਦਾ ਤਾਂ ਵਿਰੋਧ ਵੀ ਨਹੀਂ ਸੀ ਕਰਦਾ। ਮੁਕੱਦਮਾ ਬਣਾਉਣ ਦਾ ਮਤਲਬ ਸੀ, ਦਰਿਆ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ।

ਦੂਸਰਾ ਰਸਤਾ ਸੀ ਚੁੱਪ ਕਰਕੇ ਪੈਸੇ ਲੈਣੇ ਅਤੇ ਟਰੱਕ ਲੰਘਾ ਦੇਣਾ। ਜੈਲੇ ਨੂੰ ਦਰਸ਼ਨ ਦੇ ਸੁਭਾਅ ਦਾ ਪਤਾ ਸੀ। ਮੋਟੀ ਫ਼ੀਸ ਲੈਂਦਾ ਸੀ। ਸੌ ਰੁਪਏ ਬੋਰੀ ਦੇ ਹਿਸਾਬ ਨਾਲ ਵੀ ਦਸ ਹਜ਼ਾਰ ਬਣਦਾ ਸੀ। ਚੁੱਪ ਖੜਾ ਜੈਲਾ ਦਰਸ਼ਨ ਨੂੰ ਜ਼ਹਿਰ ਵਰਗਾ ਲੱਗਾ। ਪਤਾ ਨਹੀਂ ਮੂੰਹੋਂ ਕੀ ਕੱਢ ਦੇਵੇ। ਜੋ ਬਕੇਗਾ ਉਹੋ ਲੈਣਾ ਪਏਗਾ। ਇਸ਼ਾਰੇ ਨਾਲ ਉਸ ਨੇ ਟਰੱਕ ਲੰਘਾਉਣ ਦਾ ਮੁੱਲ ਦੱਸਿਆ।

ਦਿਓ ਕੱਦ ਉਸ ਜੈਲੇ ਅੱਗੇ ਖੜਾ ਦਰਸ਼ਨ ਆਪਣੇ ਆਪ ਨੂੰ ਬੌਣਾ ਮਹਿਸੂਸ ਕਰ ਰਿਹਾ ਸੀ, ਜਿਹੜਾ ਆਪਣੀ ਮਾਂ ਨਾਲ ਥਾਣਾ ਸੰਭਰਨ ਆਇਆ ਕਰਦਾ ਸੀ। ਦਰਸ਼ਨ ਨੇ ਜੈਲੇ ਦੇ ਬਦਲਦੇ ਸਾਰੇ ਰੂਪ ਦੇਖੇ ਸਨ। ਨੱਕ ’ਚ ਨਲੀਆਂ, ਗਲ ਫਟਿਆ ਕੁੜਤਾ, ਅੱਖਾਂ ’ਚ ਗਿੱਡ ਅਤੇ ਸਿਰ ’ਚ ਜੂੰਆਂ। ਸਾਰਾ ਦਿਨ ਰੀਂ-ਰੀਂ ਕਰਦਾ ਜਮਾਂਦਾਰਨੀ ਪਿੱਛੇ ਫਿਰਦਾ ਰਹਿੰਦਾ। ਕਈ ਵਾਰ ਦਰਸ਼ਨ ਨੇ ਚੁਆਨੀ ਅਠਿਆਨੀ ਦੇ ਕੇ ਉਸ ਨੂੰ ਚੁੱਪ ਕਰਾਇਆ ਸੀ। ਥੋੜ੍ਹਾ ਵੱਡਾ ਹੋਇਆ ਤਾਂ ਥਾਣੇ ਵਾਲਿਆਂ ਦੇ ਛੋਟੇ-ਛੋਟੇ ਕੰਮ ਕਰਨ ਲੱਗਾ। ਕਦੇ ਚਾਹ ਲਿਆ ਦਿੱਤੀ, ਕਦੇ ਕੱਪੜੇ ਪ੍ਰੈਸ ਕਰਾ ਲਿਆਂਦੇ ਅਤੇ ਕਦੇ ਮਾਲਖ਼ਾਨੇ ਦੀ ਸਫ਼ਾਈ ਕਰਵਾ ਦਿੱਤੀ। ਹੋਰ ਵੱਡਾ ਹੋਇਆ ਤਾਂ ਸਿਪਾਹੀਆਂ, ਹੌਲਦਾਰਾਂ ਨਾਲ ਬੈਠ ਕੇ ਦਾਰੂ ਪੀਣ ਲੱਗਾ। ਲੋਕ ਉਸ ਦੀ ਜਾਣ-ਪਹਿਚਾਣ ਦਾ ਫ਼ਾਇਦਾ ਉਠਾਉਣ ਲੱਗੇ। ਉਹ ਪੁਲਿਸ ਵਾਲਿਆਂ ਨੂੰ ਫ਼ੀਸ ਦਿਵਾਉਣ ਲੱਗਾ। ਮਹੀਨੇ ਤੈਅ ਕਰਾਉਣ ਅਤੇ ਉਗਰਾਹੁਣ ਲੱਗਾ।

ਹੋਰ ਸੁਰਤ ਸੰਭਾਲੀ ਤਾਂ ਪਹਾੜੀਏ ਨਾਲ ਹਿੱਸਾ ਪਾ ਲਿਆ। ਜਿੰਨਾ ਵੀ ਨਾਜਾਇਜ਼ ਮਾਲ ਪੁਲਿਸ ਫੜਦੀ, ਉਹ ਸਾਰਾ ਪਹਾੜੀਆ ਅਤੇ ਜੈਲਾ ਖ਼ਰੀਦ ਲੈਂਦੇ। ਬਣਦਾ-ਬਣਦਾ ਉਹ ਥੋਕ ਦਾ ਵਿਉਪਾਰੀ ਬਣ ਗਿਆ। ਹੁਣ ਥਾਣੇਦਾਰ ਉਸ ਦੇ ਅੱਗੇ-ਪਿੱਛੇ ਫਿਰਦੇ ਹਨ। ਸਿਪਾਹੀ ਬੋਤਲ ਲੈਣ ਲਈ ਘੰਟਾ-ਘੰਟਾ ਕੋਠੀ ਅੱਗੇ ਖੜੇ ਰਹਿੰਦੇ ਹਨ।

ਪੰਜ ਟਰੱਕ ਹਨ। ਸ਼ਰਾਬ ਦੇ ਠੇਕੇ ਹਨ। ਸੂਏ ’ਤੇ ਕੋਠੀ ਹੈ। ਸਾਲਮ ਦਾ ਸਾਲਮ ਟਰੱਕ ਭੋਰੇ ਵਿੱਚ ਗ਼ਾਇਬ ਹੋ ਜਾਂਦਾ ਹੈ। ਟੈਲੀਫ਼ੋਨ ਹੈ। ਆਲੀਸ਼ਾਨ ਗੈਸਟ ਰੂਮ ਬਣਾਇਆ ਹੋਇਐ। ਆਏ ਗਏ ਅਤੇ ਪੁਲਿਸ ਦੀ ਸੇਵਾ ਲਈ ਦੋ ਤਿੰਨ ਮਦਰਾਸਣਾਂ ਹਨ। ਸੌਦੇ ਫ਼ੋਨ ’ਤੇ ਹੀ ਹੁੰਦੇ ਹਨ। ਅੱਜ ਟਰੱਕ ਵਿੱਚ ਕਿਵੇਂ ਬੈਠ ਗਿਆ, ਦਰਸ਼ਨ ਹੈਰਾਨ ਸੀ।

ਕੁੱਝ ਦੇਰ ਸੋਚ-ਸਮਝ ਕੇ ਜੈਲੇ ਨੇ ਦਰਸ਼ਨ ਦੀ ਮੰਗ ਮੰਨ ਲਈ। ਇੱਕ ਸ਼ਰਤ ’ਤੇ। ਨੱਥੂ ਉਸ ਨਾਲ ਗੁਦਾਮ ਤਕ ਜਾਵੇ ਟਰੱਕ ਵਿੱਚ ਬੈਠ ਕੇ। ਟਰੱਕ ਨੂੰ ਗੁਦਾਮ ਤਕ ਸਹੀ ਸਲਾਮਤ ਪਹੁੰਚਾਣਾ, ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ। ਸਿਪਾਹੀ ਟਰੱਕ ਵਿੱਚ ਬੈਠਾ ਹੋਵੇ ਤਾਂ ਕੋਈ ਨਹੀਂ ਰੋਕਦਾ। ਕੋਈ ਰੋਕੇ ਤਾਂ ਨੱਥੂ ਉਤਰ ਕੇ ਆਖੇ, ਇਹ ਟਰੱਕ ਸਾਹਿਬ ਦੀ ਵਗਾਰ ’ਤੇ ਚੱਲਿਆ ਹੈ।

ਇਸ ਵਕਤ ਜੈਲਾ ਵੈਸੇ ਵੀ ਖ਼ਾਲੀ ਹੱਥ ਸੀ। ਕੋਠੀ ਪਹੁੰਚ ਕੇ ਨੱਥੂ ਨੂੰ ਫ਼ੀਸ ਵੀ ਦੇ ਦੇਵੇਗਾ।

ਜੈਲਾ ਜਵਾਨਾਂ ਲਈ ਕੁੱਝ ਪੈਸੇ ਦੇਣਾ ਚਾਹੁੰਦਾ ਸੀ। ਦਰਸ਼ਨ ਨੇ ਰੋਕ ਦਿੱਤਾ। ਇੰਝ ਕਰੇਗਾ ਤਾਂ ਜਵਾਨਾਂ ਨੂੰ ਸ਼<ਕ ਹੋ ਜਾਏਗਾ। ਹਾਂ, ਜੇ ਉਸ ਕੋਲ ਵਿਸਕੀ ਹੈ ਤਾਂ ਦੋ ਬੋਤਲਾਂ ਦੇ ਦੇਵੇ। ਉਸ ਦਾ ਨਸ਼ਾ ਟੁੱਟਦਾ ਜਾ ਰਿਹਾ ਸੀ। ਠੇਕੇ ਬੰਦ ਹੋ ਚੁੱਕੇ ਸਨ।

ਬਾਂਦਰ ਵਾਂਗ ਟਪੂਸੀ ਮਾਰ ਕੇ ਜ਼ੈਲਾ ਝੱਟ ਟੂਲ-ਬਕਸ ਵਿਚੋਂ ਵਿਸਕੀ ਵਾਲਾ ਡੱਬਾ ਲਾਹ ਲਿਆਇਆ।

ਇੱਕ-ਇੱਕ ਵੱਡਾ ਪੈੱਗ ਉਹਨਾਂ ਸੌਦਾ ਤੈਅ ਹੋ ਜਾਣ ਦੀ ਖ਼ੁਸ਼ੀ ਵਿੱਚ ਲਾਇਆ। ਬਹੁਤਾ ਰੁਕਣਾ ਸਭ ਲਈ ਖ਼ਤਰਨਾਕ ਸੀ।

ਨੱਥੂ ਨੂੰ ਟਰੱਕ ’ਚ ਚੜ੍ਹਾ ਦੇ ਬੇਫ਼ਿਕਰ ਹੋਏ ਦਰਸ਼ਨ ਨੇ ਦੋ ਪੈੱਗ ਹੋਰ ਅੰਦਰ ਸੁੱਟੇ। ਮੰਜੇ ’ਤੇ ਲੇਟਦਿਆਂ ਹੀ ਉਹ ਘੁਰਾੜੇ ਮਾਰਨ ਲੱਗਾ।

Additional Info

  • Writings Type:: A single wirting
Read 5559 times Last modified on Thursday, 03 May 2018 16:09