You are here:ਮੁਖ ਪੰਨਾ»ਨਾਵਲ»ਤਫ਼ਤੀਸ਼»ਤਫ਼ਤੀਸ਼ - ਕਾਂਡ 15-25

ਲੇਖ਼ਕ

Thursday, 03 May 2018 16:11

ਤਫ਼ਤੀਸ਼ - ਕਾਂਡ 15-25

Written by
Rate this item
(0 votes)

ਭਾਗ ਦੂਜਾ

15

ਕਰਫ਼ਿਊ ਹਟਾਏ ਜਾਣ ਦੀ ਖ਼ਬਰ ਲਾਈਨੋਂ ਪਾਰ ਵੱਸਦੀ ਗਾਂਧੀ ਬਸਤੀ ਦੇ ਵਸਨੀਕਾਂ ਲਈ ਰੱਬੀ ਦਾਤ ਬਣ ਕੇ ਆਈ। ਸਾਰੀ ਬਸਤੀ ਵਿੱਚ ਇੱਕ ਅੱਧਾ ਘਰ ਹੀ ਖ਼ੁਸ਼ਨਸੀਬ ਹੋਏਗਾ ਜਿਸ ਨੂੰ ਇਹਨਾਂ ਕਾਲੇ ਦਿਨਾਂ ਵਿੱਚ ਫਾਕਾ ਨਾ ਕੱਟਣਾ ਪਿਆ ਹੋਵੇ।

ਕਦੇ ਮਜ੍ਹਬੀਆਂ ਦਾ ਵਿਹੜਾ ਅਖਵਾਉਣ ਵਾਲੀ ਇਸ ਬਸਤੀ ਲਈ ਕਰਫ਼ਿਊ ਇੱਕ ਵੱਖਰਾ ਹੀ ਮਤਲਬ ਰੱਖਦਾ ਸੀ। ਉਹ ਆਮ ਸ਼ਹਿਰੀਆਂ ਵਾਂਗ ਆਪਣੇ ਘਰਾਂ ਵਿੱਚ ਕੈਦ ਤਾਂ ਨਹੀਂ ਸਨ ਪਰ ਘੁੰਮਣ-ਫਿਰਨ ਦੀ ਇਸ ਅਜ਼ਾਦੀ ਦਾ ਵੀ ਕੋਈ ਲਾਭ ਨਹੀਂ ਸੀ।

ਕਾਂਗਰਸੀਆਂ ਦੀ ਕਿਰਪਾ ਨਾਲ ਇਸ ਬਸਤੀ ਨੂੰ ਗਾਂਧੀ ਬਸਤੀ ਦਾ ਨਾਂ ਮਿਲ ਗਿਆ ਸੀ। ਵਿਹੜੇ ਦੇ ਵਿਚਕਾਰ ਇੱਕ ਸਰਕਾਰੀ ਟੂਟੀ ਲੱਗ ਗਈ ਸੀ। ਕਿਸੇ-ਕਿਸੇ ਖੰਭੇ ’ਤੇ ਬਿਜਲੀ ਦਾ ਬਲਬ ਵੀ ਲਟਕ ਗਿਆ ਸੀ। ਪਰ ਪੇਟ ਭਰਨ ਲਈ ਨਾ ਗਾਂਧੀ ਦੇ ਨਾਂ ਨਾਲ ਸਰਦਾ ਸੀ, ਨਾ ਬਿਜਲੀ ਦੇ ਝਲਕਾਰਿਆਂ ਨਾਲ ਅਤੇ ਨਾ ਹੀ ਇਕੱਲੇ ਪਾਣੀ ਦੀਆਂ ਘੁੱਟਾਂ ਨਾਲ। ਢਿੱਡ ਭਰਨ ਲਈ ਰੋਟੀ ਦੀ ਜ਼ਰੂਰਤ ਸੀ ਜਿਹੜੀ ਕਰਫ਼ਿਊ ਨੇ ਉਹਨਾਂ ਤੋਂ ਖੋਹ ਲਈ ਸੀ।

ਭੈੜੇ ਦਿਨਾਂ ਵਿੱਚ ਕੰਮ ਆਉਣ ਲਈ ਉਹਨਾਂ ਦਾ ਇਕੋ-ਇੱਕ ਸਹਾਰਾ ਗਫ਼ੂਰ ਮੀਆਂ ਸੀ। ਕਦੇ ਕੋਈ ਬੀਮਾਰ ਹੋ ਜਾਂਦਾ ਜਾਂ ਦਿਹਾੜੀ ਟੁੱਟ ਜਾਂਦੀ ਤਾਂ ਉਹ ਉਧਾਰ ਦੇ ਕੇ ਚਾਰ ਦਿਨ ਕਟਾ ਦਿੰਦਾ।

ਇੰਨੇ ਦਿਨ ਸਾਰੀ ਬਸਤੀ ਨੂੰ ਹੀ ਉਧਾਰ ਚੁਕਾਈ ਜਾਣ ਲਈ ਗਫ਼ੂਰ ਕਿਹੜਾ ਹੇੜੀਕਿਆਂ ਵਾਲਾ ਸੇਠ ਸੀ ਬਈ ਉਸ ਦੇ ਸਟੋਰ ਖ਼ਤਮ ਨਾ ਹੁੰਦੇ। ਜਿਹੋ ਜਿਹੇ ਮਲੰਗ ਗਾਹਕ, ਉਹੋ ਜਿਹਾ ਗ਼ਰੀਬੜਾ ਉਹਨਾਂ ਦਾ ਸ਼ਾਹ। ਦਿਖਾਵਾ ਕਰਨ ਲਈ ਤਾਂ ਮੀਏਂ ਨੇ ਤੀਹ-ਚਾਲੀ ਡੱਬੇ ਚਿਣ ਕੇ ਰੱਖੇ ਸਨ ਪਰ ਵਰਤੋਂ ਵਿੱਚ ਅੱਠ-ਦਸ ਹੀ ਆਉਂਦੇ ਸਨ। ਗਿਣਵੇਂ ਤਾਂ ਸੌਦੇ ਵਿਕਦੇ ਸਨ। ਆਟਾ, ਲੂਣ, ਘਿਉ, ਚਾਹ ਅਤੇ ਗੁੜ। ਗੰਢੇ ਅਤੇ ਆਲੂ। ਇਹ ਚੀਜ਼ਾਂ ਮੀਆਂ ਸਵੇਰੇ ਬਜ਼ਾਰੋਂ ਖ਼ਰੀਦ ਲਿਆਉਂਦਾ, ਸ਼ਾਮ ਤਕ ਵੇਚ ਲੈਂਦਾ। ਵਿਚੋਂ ਆਪਣਾ ਤੋਰੀ ਫੁਲਕਾ ਕੱਢ ਲੈਂਦਾ।

ਕਰਫ਼ਿਊ ਦੇ ਦਿਨਾਂ ਵਿੱਚ ਉਸ ਦੇ ਮਨ ਵਿੱਚ ਰਹਿਮ ਆ ਗਿਆ ਸੀ। ਉਹ ਆਪਣੇ ਗਾਹਕਾਂ ਨੂੰ ਭੁੱਖੇ ਮਰਦੇ ਨਹੀਂ ਸੀ ਦੇਖ ਸਕਦਾ। ਜਿੰਨਾ ਚਿਰ ਸਾਰੇ ਡੱਬੇ ਖ਼ਾਲੀ ਨਹੀਂ ਹੋ ਗਏ, ਉਸ ਕਿਸੇ ਨੂੰ ਉਧਾਰ ਦੇਣੋਂ ਨਾਂਹ ਨਾ ਕੀਤੀ। ਉਸ ਦੀ ਘਰ ਵਾਲੀ ਨੇ ਤਾਂ ਆਪਣੀ ਰਸੋਈ ਵਿਚਲੇ ਪੀਪੇ ਵਿਚੋਂ ਵੀ ਆਟਾ ਕੱਢ ਕੇ ਦੇ ਦਿੱਤਾ ਸੀ।

ਕੱਲ੍ਹ ਦਾ ਉਹ ਖ਼ੁਦ ਹੀ ਭੁੱਖਾ ਬੈਠਾ ਸੀ।

ਕਰਫ਼ਿਊ ਹਟਿਆ ਤਾਂ ਸਭ ਦੇ ਚਿਹਰਿਆਂ ’ਤੇ ਰੌਣਕ ਆ ਗਈ। ਬਹੁਤਾ ਨਹੀਂ ਤਾਂ ਥੋੜ੍ਹਾ ਜਿਹਾ ਕੰਮ ਤਾਂ ਮਿਲੇਗਾ ਹੀ।

ਰਿਕਾਰਡ ਵਿੱਚ ਲੱਖ ਇਸ ਬਸਤੀ ਨੂੰ ਉੱਨਤ ਹੋਈ ਦਿਖਾਇਆ ਗਿਆ ਸੀ, ਪਰ ਅਸਲ ਵਿੱਚ ਇਹ ਬਸਤੀ ਪਹਿਲਾਂ ਨਾਲੋਂ ਵੀ ਨਿੱਘਰ ਗਈ ਸੀ। ਵਿਹੜੇ ਦੇ ਬਹੁਤੇ ਘਰਾਂ ਵਿੱਚ ਪਹਿਲਾਂ ਵਾਂਗ ਹੀ ਹਾਲੇ ਵੀ ਭੰਗ ਭੁੱਜਦੀ ਸੀ। ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸਾਰੇ ਘਰਾਂ ਨੂੰ ਜਿੰਦਰੇ ਵੱਜ ਜਾਂਦੇ ਸਨ। ਕਿਸੇ ਦੇ ਸਾਰੇ ਟੱਬਰ ਨੇ ਆੜ੍ਹਤੀਆਂ ਦੀਆਂ ਦੁਕਾਨਾਂ ਸੰਵਰਣ ਜਾਣਾ ਹੁੰਦੈ, ਕਿਸੇ ਨੇ ਘਰਾਂ ਦੀ ਸਫ਼ਾਈਆਂ ਲਈ। ਜੇ ਕਿਸੇ ਦਾ ਮਰਦ ਦਿਹਾੜੀ ਜਾਂਦਾ ਹੈ ਤਾਂ ਘਰ ਵਾਲੀ ਦਫ਼ਤਰ ਝਾੜੂ ਦੇਣ। ਕਿਸੇ ਨੇ ਰਿਕਸ਼ਾ ਲੈ ਕੇ ਡਾਕ ਗੱਡੀ ਤੋਂ ਉੱਤਰਨ ਵਾਲੀ ਸਵਾਰੀ ਕੋਲੋਂ ਬੋਹਣੀ ਕਰਨੀ ਹੁੰਦੀ ਹੈ ਅਤੇ ਕਿਸੇ ਨੇ ਲੇਬਰ ਚੌਕ ਵਿਚੋਂ। ਕਿਸੇ ਨੂੰ ਉਸ ਵਿਉਪਾਰੀ ਦੀ ਤਲਾਸ਼ ਹੁੰਦੀ ਹੈ ਜਿਸ ਨੂੰ ਬਜ਼ਾਰੋਂ ਖ਼ਰੀਦੇ ਸਮਾਨ ਨੂੰ ਪਿੰਡ ਪਹੁੰਚਾਣ ਲਈ ਰੇਹੜੇ ਦੀ ਜ਼ਰੂਰਤ ਹੁੰਦੀ ਹੈ।

ਕਈਆਂ ਦਿਨਾਂ ਤੋਂ ਕਰਫ਼ਿਊ ਕਾਰਨ ਇਹ ਤਾਣਾ-ਬਾਣਾ ਉਲਝਿਆ ਹੋਇਆ ਸੀ।

ਮੀਤੇ ਨੇ ਵੀ ਆਪਣਾ ਰੇਹੜਾ ਸ਼ਿੰਗਾਰ ਲਿਆ ਸੀ। ਉਹ ਸਬਜ਼ੀ ਮੰਡੀ ਅੱਗੇ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ। ਉਸ ਨੂੰ ਪਤਾ ਸੀ ਕਿ ਅਜਿਹੇ ਮੌਕਿਆਂ ’ਤੇ ਸਭ ਤੋਂ ਵੱਧ ਭੀੜ ਆਟੇ ਵਾਲੀਆਂ ਚੱਕੀਆਂ ’ਤੇ ਹੁੰਦੀ ਹੈ ਜਾਂ ਆਲੂ ਗੰਢਿਆਂ ਵਾਲੀਆਂ ਦੁਕਾਨਾਂ ’ਤੇ। ਕਰਫ਼ਿਊ ਦਾ ਕੀ ਪਤਾ ਹੈ ਕਦੋਂ ਫੇਰ ਲੱਗ ਜਾਏ? ਢਿੱਡ ਧਾਫੜਨ ਲਈ ਘਰ ਵਿੱਚ ਘੱਟੋ-ਘੱਟ ਇਹਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ।

ਆਟੇ ਵਾਲੀਆਂ ਚੱਕੀਆਂ ਤਾਂ ਚਾਰ-ਪੰਜ ਸਨ। ਕੋਈ ਸ਼ਹਿਰ ਦੇ ਉੱਤਰ ਵਿੱਚ ਤੇ ਕੋਈ ਦੱਖਣ ਵਿੱਚ। ਮੀਤੇ ਦਾ ਨਿਸ਼ਾਨਾ ਸਬਜ਼ੀ ਮੰਡੀ ਸੀ। ਹਰ ਛੋਟਾ-ਵੱਡਾ ਦੁਕਾਨਦਾਰ ਆਪਣੇ ਵਿੱਤ ਅਨੁਸਾਰ ਆਲੂ ਗੰਢੇ ਜ਼ਰੂਰ ਖ਼ਰੀਦਣ ਪਹੁੰਚੇਗਾ।

ਬਸਤੀ ਤੋਂ ਫਾਟਕ, ਫਾਟਕ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਉਹ ਸਟੇਸ਼ਨ ਤੇ ਪੁੱਜਾ। ਉਥੋਂ ਸਦਰ ਬਜ਼ਾਰ ਵਿੱਚ ਦੀ ਹੁੰਦਾ ਹੋਇਆ ਥਾਣੇ ਵੱਲ ਵਧਣ ਲੱਗਾ। ਖ਼ਿਆਲ ਸੀ ਥਾਣੇ ਪਿੱਛੋਂ ਹੋ ਕੇ ਕੱਚਾ ਕਾਲਜ ਰੋਡ ਪੈ ਕੇ ਸਬਜ਼ੀ ਮੰਡੀ ਪੁੱਜ ਜਾਏਗਾ।

ਬਜ਼ਾਰ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਉਸ ਨੂੰ ਰਸਤੇ ਵਿਚੋਂ ਸਾਮਾਨ ਮਿਲਣ ਦੀ ਆਸ ਸੀ। ਇਹ ਜ਼ਰੂਰੀ ਤਾਂ ਨਹੀਂ ਸੀ ਕਿ ਸਬਜ਼ੀ ਮੰਡੀ ਵਿਚੋਂ ਹੀ ਸਾਮਾਨ ਮਿਲੇ। ਉਹ ਕਾਫ਼ੀ ਲੇਟ ਹੋ ਗਿਆ ਸੀ। ਬਸਤੀ ਵਿੱਚ ਖ਼ਬਰ ਹੀ ਦੇਰ ਨਾਲ ਪੁੱਜੀ ਸੀ। ਦੋ-ਚਾਰ ਰੁਪਏ ਰਾਹ ਵਿੱਚ ਬਣ ਜਾਣ ਤਾਂ ਚੰਗਾ ਸੀ।

ਉਹ ਤੇਜ਼-ਤੇਜ਼ ਤੁਰ ਰਿਹਾ ਸੀ। ਮੀਤੇ ਦੇ ਮੰਡੀ ਪਹੁੰਚਣ ਤਕ ਕਿਧਰੇ ਸਾਰਾ ਸਾਮਾਨ ਢੋਇਆ ਹੀ ਨਾ ਜਾ ਚੁੱਕਾ ਹੋਵੇ। ਕਰਫ਼ਿਊ ਕਾਰਨ ਮੰਡੀ ਵਿੱਚ ਵੀ ਤਾਂ ਮਾਲ ਥੋੜ੍ਹਾ ਹੀ ਪੁੱਜਾ ਹੋਣਾ ਹੈ।

ਬਜ਼ਾਰ ਕਈ ਦਿਨਾਂ ਬਾਅਦ ਖੁੱਲ੍ਹਾ ਸੀ। ਰੌਣਕ ਦੀ ਥਾਂ ਬਜ਼ਾਰ ਵਿੱਚ ਛਾਉਂਦੇ ਜਾ ਰਹੇ ਮਾਤਮ ਨੂੰ ਦੇਖ ਕੇ ਮੀਤਾ ਹੈਰਾਨ ਹੋ ਰਿਹਾ ਸੀ। ਦੁਕਾਨਦਾਰਾਂ ਨੂੰ ਖ਼ੁਸ਼ ਹੋਣਾ ਚਾਹੀਦਾ ਸੀ। ਇਹ ਕਿਹੜਾ ਮੀਤੇ ਦਾ ਰੇਹੜਾ ਹੈ ਬਈ ਜਿਹੜੀ ਦਿਹਾੜੀ ਮਰ ਗਈ ਸੋ ਮਰ ਗਈ। ਇਹਨਾਂ ਨੇ ਤਾਂ ਰੇਟ ਦੁਗਣੇ ਕਰ ਕੇ ਆਪਣਾ ਘਾਟਾ ਪੂਰਾ ਕਰ ਲੈਣਾ ਸੀ।

ਸੌਦਾ ਖ਼ਰੀਦਣ ਵਾਲੇ ਪਾਗ਼ਲਾਂ ਵਾਂਗ ਇਧਰ ਉਧਰ ਦੌੜ ਰਹੇ ਸਨ। ਔਰਤਾਂ ਅਤੇ ਬੱਚੇ ਟੋਕਰੀਆਂ ਝੋਲੇ ਚੁੱਕੀ ਫਿਰਦੇ ਸਨ। ਜਿਸ ਦੁਕਾਨ ਦਾ ਵੀ ਦਰਵਾਜ਼ਾ ਖੁੱਲ੍ਹਦਾ, ਲੋਕ ਗਿਰਝਾਂ ਵਾਂਗ ਉਸੇ ਦੁਕਾਨ ’ਤੇ ਝਪਟ ਪੈਂਦੇ।

ਦੁਕਾਨ ਪੰਜ-ਦਸ ਮਿੰਟ ਖੁੱਲ੍ਹ ਕੇ ਫਿਰ ਬੰਦ ਹੋਣੀ ਸ਼ੁਰੂ ਹੋ ਜਾਂਦੀ। ਦੁਬਾਰਾ ਬੰਦ ਹੋ ਰਹੀਆਂ ਦੁਕਾਨਾਂ ਕਾਰਨ ਹੀ ਗਾਹਕਾਂ ਵਿੱਚ ਹਫੜਾ-ਦਫੜੀ ਮੱਚੀ ਹੋਈ ਸੀ।

ਦੇਖਦਿਆਂ-ਦੇਖਦਿਆਂ ਮੁੜ ਸਾਰਾ ਬਜ਼ਾਰ ਬੰਦ ਹੋ ਗਿਆ। ਲੋਕ ਥਾਂ-ਥਾਂ ਇਕੱਠੇ ਹੋਣ ਲੱਗੇ। ਸਭਨਾਂ ਦੇ ਚਿਹਰਿਆਂ ’ਤੇ ਉਦਾਸੀ ਸੀ, ਮਾਤਮ ਸੀ ਅਤੇ ਗੁੱਸਾ ਵੀ। ਕਈਆਂ ਦੀਆਂ ਅੱਖਾਂ ਵਿੱਚ ਅੱਥਰੂ ਵੀ ਛਲਕ ਰਹੇ ਸਨ।

ਮੀਤੇ ਨੇ ਅੰਦਾਜ਼ਾ ਲਾ ਲਿਆ ਕਿ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਵੇਗਾ। ਉਹ ਫਟਾ-ਫਟ ਪੰਜ-ਚਾਰ ਰੁਪਏ ਕਮਾਉਣਾ ਚਾਹੁੰਦਾ ਸੀ। ਆਟਾ-ਕੋਟਾ ਖ਼ਰੀਦ ਕੇ ਘਰ ਸੁੱਟ ਲਏ ਤਾਂ ਚੰਗਾ ਹੈ। ਕੋਈ ਪਤਾ ਨਹੀਂ ਕਦੋਂ ਫੇਰ ਘਰੇ ਕੈਦ ਹੋਣਾ ਪਏ ਅਤੇ ਫਾਕੇ ਕੱਟਣੇ ਪੈਣ।

ਮੀਤੇ ਨੂੰ ਇੰਨਾ ਕੁ ਪਤਾ ਸੀ ਕਿ ਲਾਲਾ ਜੀ ਦਾ ਪੋਤਾ ਕਈ ਦਿਨਾਂ ਤੋਂ ਗੁੰਮ ਸੀ। ਉਸ ਨੂੰ ਦਹਿਸ਼ਤਗਰਦਾਂ ਨੇ ਕਿਤੇ ਛੁਪਾ ਰੱਖਿਆ ਸੀ। ਉਹ ਲਾਲਾ ਜੀ ਤੋਂ ਵਾਰ-ਵਾਰ ਪੰਜ ਹਜ਼ਾਰ ਰੁਪਿਆ ਮੰਗ ਰਹੇ ਸਨ। ਪੁਲਿਸ ਵਾਲਿਆਂ ਨੇ ਸਖ਼ਤੀ ਕੀਤੀ ਹੋਈ ਸੀ। ਕਈ ਦਿਨਾਂ ਤੋਂ ਘਰ-ਘਰ ਦੀ ਤਲਾਸ਼ੀ ਹੋ ਰਹੀ ਸੀ। ਇਸੇ ਲਈ ਕਰਫ਼ਿਊ ਲਾਇਆ ਗਿਆ ਸੀ।

ਇੰਨੀ ਸਖ਼ਤੀ ਬਾਅਦ ਤਾਂ ਬੰਟੀ ਲੱਭ ਜਾਣਾ ਚਾਹੀਦਾ ਸੀ। ਬੰਟੀ ਦੇ ਲੱਭ ਜਾਣ ’ਤੇ ਸ਼ਹਿਰੀਆਂ ਨੂੰ ਖ਼ੁਸ਼ ਹੋਣਾ ਚਾਹੀਦਾ ਸੀ। ਖ਼ੁਸ਼ ਹੋਣ ਦੀ ਥਾਂ ਉਹ ਨਿਰਾਸ਼ ਕਿਉਂ ਹਨ, ਮੀਤੇ ਦੀ ਸਮਝ ’ਚ ਨਹੀਂ ਸੀ ਆ ਰਿਹਾ।

ਮੀਤਾ ਮਨ ਹੀ ਮਨ ਉਸ ਸਰਕਾਰੀ ਵਕੀਲ ਦਾ ਧੰਨਵਾਦ ਕਰ ਰਿਹਾ ਸੀ ਜਿਸ ਨੇ ਉਸ ਦੀ ਹਿਸਟਰੀ-ਸ਼ੀਟ ਬੰਦ ਕਰਵਾ ਦਿੱਤੀ ਸੀ। ਅੱਜ-ਕੱਲ੍ਹ ਪੁਲਿਸ ਮੀਤੇ ਨੂੰ ਤੰਗ ਨਹੀਂ ਕਰਦੀ।

ਇਹੋ ਵਾਕਾ ਇੱਕ ਸਾਲ ਪਹਿਲਾਂ ਹੋਇਆ ਹੁੰਦਾ ਤਾਂ ਮੀਤੇ ਨੂੰ ਵੀ ਥਾਣੇ ਬਿਠਾਇਆ ਹੁੰਦਾ। ਕੁੱਟ-ਕੁੱਟ ਉਸ ਦੇ ਹੱਡੀਂ ਰਾਧ ਪਾਈ ਹੁੰਦੀ।

ਪਿਛਲੀਆਂ ਕੁੱਟਾਂ ਨੂੰ ਯਾਦ ਕਰ ਕੇ ਮੀਤੇ ਦੀ ਚਾਲ ਮੱਠੀ ਪੈ ਗਈ। ਉਸ ਦੇ ਮੌਰਾਂ ਵਿੱਚ ਦਰਦ ਦੀ ਤ੍ਰਾਟ ਉੱਠੀ। ਰੇਹੜਾ ਉਸ ਨੂੰ ਹਜ਼ਾਰਾਂ ਮਣ ਭਾਰਾ ਲੱਗਣ ਲੱਗਾ।

ਸਬਜ਼ੀ ਮੰਡੀ ਵੱਲ ਤੇਜ਼ੀ ਨਾਲ ਵਧ ਰਹੇ ਮੀਤੇ ਅੱਗੇ ਉਸ ਦਾ ਅਤੀਤ ਸੁਰਜੀਤ ਹੋਇਆ ਖੜਾ ਸੀ।

ਮੀਤੇ ਦਾ ਬਚਪਨ ਸਟੇਸ਼ਨ ਅਤੇ ਬੱਸ-ਅੱਡਿਆਂ ਦੀਆਂ ਭੀੜਾਂ ਵਿੱਚ ਬੀਤਿਆ ਸੀ। ਲੋਕਾਂ ਦੀਆਂ ਜੇਬਾਂ ਕੱਟਣ ਦਾ ਗੁਰ ਉਸ ਨੂੰ ਕਿਸੇ ਹੋਰ ਤੋਂ ਨਹੀਂ, ਸਗੋਂ ਆਪਣੇ ਬਾਪ ਤੋਂ ਮਿਲਿਆ ਸੀ। ਪਹਿਲਾਂ ਉਸ ਨੂੰ ਸਕੂਲ ਜਾਂਦੇ ਬੱਚਿਆਂ ਦੀਆਂ ਜੇਬਾਂ ਕੱਟਣੀਆਂ ਸਿਖਾਈਆਂ ਗਈਆਂ, ਫੇਰ ਤਮਾਸ਼ਾ ਦੇਖ ਰਹੇ ਨੌਜਵਾਨਾਂ ਦੀਆਂ ਅਤੇ ਅਖ਼ੀਰ ਵਿੱਚ ਬੱਸ ਚੜ੍ਹਦੀਆਂ ਸਵਾਰੀਆਂ ਦੀਆਂ। ਪਹਿਲਾਂ ਜੇਬ ਕੱਟਣ ਬਦਲੇ ਉਸ ਨੂੰ ਖਾਣ-    ਪੀਣ ਦੀਆਂ ਰੱਜਵੀਆਂ ਚੀਜ਼ਾਂ ਮਿਲਦੀਆਂ ਸਨ, ਫੇਰ ਹਿੱਸਾ ਮਿਲਣ ਲੱਗਾ ਅਤੇ ਅਖ਼ੀਰ ਵਿੱਚ ਉਹ ਖ਼ੁਦ-ਮੁਖ਼ਤਿਆਰ ਹੋ ਗਿਆ।

ਬਾਪ ਨੇ ਧੰਦੇ ਦੇ ਲੋਕਾਂ ਨਾਲ ਉਸ ਦੀ ਜਾਣ-ਪਹਿਚਾਣ ਕਰਾਈ। ਅੱਡੇ ਵਿੱਚ ਦੇਸੂ ਦਾਦੇ ਨਾਲ, ਨਾਲ ਦੇ ਸਾਥੀਆਂ ਨਾਲ। ਕੁੱਲੀਆਂ ਨਾਲ ਅਤੇ ਟਰੈਫ਼ਿਕ ਦੇ ਸਿਪਾਹੀਆਂ ਨਾਲ। ਕਾਮਯਾਬੀ ਸਭ ਦੇ ਮਿਲ ਕੇ ਕੰਮ ਕਰਨ ਵਿੱਚ ਹੀ ਸੀ। ਕੱਟੀ ਗਈ ਜੇਬ ਵਿਚੋਂ ਕਿਸ ਨੂੰ ਕਿੰਨਾ ਹਿੱਸਾ ਦੇਣਾ ਹੈ, ਇਹ ਸਮਝਾਇਆ ਗਿਆ। ਕੌਣ ਕੀ ਮਦਦ ਕਰੇਗਾ? ਇਸ ਦੀ ਜਾਣਕਾਰੀ ਦਿੱਤੀ। ਕੁੱਲੀਆਂ ਨੇ ਅਸਾਮੀਆਂ ਦੱਸਣੀਆਂ ਹਨ। ਸਾਮਾਨ ਢੋਂਦੇ-ਢੋਂਦੇ ਉਹ ਅੰਦਾਜ਼ਾ ਲਾਉਂਦੇ ਹਨ ਕਿ ਕਿਹੜੀ ਅਸਾਮੀ ਮਾਲਦਾਰ ਹੈ। ਫੜੇ ਜਾਣ ’ਤੇ ਤੁਹਾਨੂੰ ਦੇਸੂ ਦਾਦਾ ਨੇ ਲੋਕਾਂ ਤੋਂ ਛੁਡਾਉਣਾ ਹੈ। ਫੇਰ ਵੀ ਦਾਲ ਨਾ ਗਲੇ ਤਾਂ ਬਾਕੀ ਦਾ ਕੰਮ ਬੱਸ-ਸਟੈਂਡ ’ਤੇ ਤਾਇਨਾਤ ਟਰੈਫ਼ਿਕ ਪੁਲਿਸ ਦਾ ਹੁੰਦਾ ਹੈ। ਉਹਨਾਂ ਦਾ ਡਿਪਟੀ ਤਕ ਹਿਸਾਬ-ਕਿਤਾਬ ਹੁੰਦਾ ਹੈ। ਆਪੇ ਨਿੱਬੜਦੇ ਰਹਿੰਦੇ ਹਨ। ਦੋ-ਚਾਰ ਥੱਪੜ ਜੜਨਗੇ। ਬੰਨ੍ਹ ਕੇ ਬਿਠਾ ਲੈਣਗੇ। ਜਦੋਂ ਲੋਕਾਂ ਦੀ ਭੀੜ ਖਿੰਡ ਜਾਏਗੀ ਤਾਂ ਇਧਰ-ਉਧਰ ਲਿਜਾ ਕੇ ਤੁਹਾਨੂੰ ਛੱਡ ਦੇਣਗੇ।

ਆਪਣੇ ਸਾਥੀਆਂ ਨਾਲ ਕੋਈ ਬੇਈਮਾਨੀ ਨਹੀਂ ਕਰਨੀ। ਕਿਸੇ ਨਾਲ ਵੀ ਠੱਗੀ ਮਾਰੀ ਤਾਂ ਧੰਦਾ ਚੌਪਟ ਹੋ ਜਾਂਦਾ ਹੈ। ਕੁੱਲੀ ਨੂੰ ਹਿੱਸਾ ਨਾ ਦਿੱਤਾ ਤਾਂ ਉਹ ਆਸਾਮੀ ਕੋਲ ਜਾਂ ਪੁਲਿਸ ਕੋਲ ਮੁਖ਼ਬਰੀ ਕਰ ਦਿੰਦੇ ਹਨ। ਪੁਲਿਸ ਨੂੰ ਪੈਸੇ ਨਾ ਪੁੱਜਣ ਤਾਂ ਮੁਕੱਦਮਾ ਬਣ ਜਾਂਦਾ ਹੈ। ਦਾਦਾ ਨਾਲ ਵਿਗੜ ਗਈ ਤਾਂ ਉਹ ਅੱਡੇ ਵਿੱਚ ਵੜਨੋਂ ਬੰਦ ਕਰ ਦਿੰਦੈ।

ਮੀਤੇ ਨੇ ਬੜੀ ਫ਼ੁਰਤੀ ਨਾਲ ਸਾਰੇ ਗੁਣ ਸਿੱਖੇ। ਦਿਨਾਂ ਵਿੱਚ ਹੀ ਅੰਬਾਲੇ ਅਤੇ ਰਾਜਪੁਰੇ ਤੱਕ ਦੇ ਅੱਡਿਆਂ ’ਤੇ ਉਹ ਕਾਬਜ਼ ਹੋ ਗਿਆ।

ਉਸ ਸਮੇਂ ਕਦੇ ਮੀਤੇ ਦੇ ਦਿਮਾਗ਼ ਵਿੱਚ ਵੀ ਨਹੀਂ ਸੀ ਆਇਆ ਕਿ ਦੋ ਵਕਤ ਦੀ ਰੋਟੀ ਕਮਾਉਣ ਲਈ ਉਸ ਨੂੰ ਮੰਡੀਆਂ ਸਾਹਮਣੇ ਖਲੋ ਕੇ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਏਗਾ ਅਤੇ ਮਣਾਂ-ਮੂੰਹੀਂ ਭਾਰ ਢੋਣਾ ਪਏਗਾ।

ਉਹ ਪਹਿਲਾਂ ਵਾਲਾ ਮੀਤਾ ਹੁੰਦਾ ਤਾਂ ਹੁਣ ਤਕ ਪੰਜ-ਚਾਰ ਸੌ ਰੁਪਿਆ ਕਮਾ ਕੇ ਕਿਸੇ ਹੋਟਲ ਵਿੱਚ ਬੈਠਾ ਪੈੱਗ ਲਾ ਰਿਹਾ ਹੁੰਦਾ। ਅਜਿਹਾ ਦਿਨ ਤਾਂ ਉਹਨਾਂ ਲਈ ‘ਸੀਜ਼ਨ’ ਵਾਲਾ ਦਿਨ ਹੁੰਦਾ ਹੈ। ਮਾਤਮ ਵਿੱਚ ਡੁੱਬੇ ਲੋਕਾਂ ਨੂੰ ਨਾ ਆਪਣੀ ਸੁਧ ਹੁੰਦੀ ਹੈ, ਨਾ ਆਲੇ-ਦੁਆਲੇ ਦੀ। ਚੁਪਕੇ ਜਿਹੇ ਜਿਸ ਮਰਜ਼ੀ ਟੋਲੀ ਵਿੱਚ ਜਾ ਖੜੋਵੋ। ਜਿਸ ਦੀ ਮਰਜ਼ੀ ਜੇਬ ਵਿਚੋਂ ਪਰਸ ਖਿਸਕਾ ਲਓ।

ਲੋਕਾਂ ਦੀਆਂ ਜੇਬਾਂ ਖ਼ਾਲੀ ਕਰਨ ਵਾਲੇ ਮੀਤੇ ਦੀ ਇਸ ਸਮੇਂ ਆਪਣੀ ਜੇਬ ਖ਼ਾਲੀ ਸੀ। ਉਹ ਵੀ ਸਮਾਂ ਸੀ ਜਦੋਂ ਉਸ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸ ਦੇ ਬਾਪ ਨੇ ਜੇਬ-ਤਰਾਸ਼ੀ ਦਾ ਸਾਰਾ ਕੰਮ ਉਸ ਦੇ ਹਵਾਲੇ ਕਰ ਕੇ ਆਪ ਹੋਰ ਧੰਦਾ ਅਪਣਾ ਲਿਆ ਸੀ।

ਉਸ ਦਾ ਬਾਪ ਤਰੱਕੀ ਕਰ ਕੇ ਰਾਜਸਥਾਨ ਚਲਾ ਗਿਆ ਸੀ। ਉਥੇ ਉਹ ਡਾਕੇ ਮਾਰਨ ਲੱਗਾ ਸੀ। ਇਥੋਂ ਦੇ ਕਿਸੇ ਥਾਣੇਦਾਰ ਨੇ ਉਸ ਦੀ ਜਾਣ-ਪਹਿਚਾਣ ਡਾਕੂਆਂ ਦੇ ਕਿਸੇ ਗਰੋਹ ਨਾਲ ਕਰਵਾ ਦਿੱਤੀ ਸੀ।

ਉਧਰ ਬਾਪ ਨੋਟਾਂ ਦੇ ਥੱਬੇ ਲੈ-ਲੈ ਆਉਂਦਾ, ਇਧਰ ਮੀਤਾ ਉਸਤਾਦ ਬਣ ਗਿਆ। ਮੀਤੇ ਨੇ ਪੰਜ-ਚਾਰ ਚੇਲੇ ਮੁੰਨ ਲਏ। ਜਿਹੜਾ ਵੀ ਜੇਬ ਕੱਟਦਾ, ਮੀਤੇ ਅੱਗੇ ਲਿਆ ਰੱਖਦਾ। ਉਹ ਕਈ- ਕਈ ਦਿਨ ਸ਼ਰਾਬ ਪੀਂਦੇ ਰਹਿੰਦੇ, ਮੁਰਗ਼ੇ ਖਾਂਦੇ ਅਤੇ ਚਰਸ ਪੀਂਦੇ। ਲੁਧਿਆਣੇ ਜਾ ਕੇ ਨਵੇ-ਨਵੇਂ ਕੱਪੜੇ ਖ਼ਰੀਦਦੇ, ਫ਼ਿਲਮਾਂ ਦੇਖਦੇ ਅਤੇ ਫੇਰ ਜ਼ਨਾਨੀਬਾਜ਼ੀ ਲਈ ਅੱਡਿਆਂ ’ਤੇ ਚਲੇ ਜਾਂਦੇ। ਜਿੰਨਾਂ ਚਿਰ ਸਾਰੇ ਪੈਸੇ ਮੁੱਕ ਨਾ ਜਾਂਦੇ, ਉਹ ਲੁਧਿਆਣੇ ਟਿਕੇ ਰਹਿੰਦੇ।

ਮਾੜੇ ਦਿਨ ਆਏ ਤਾਂ ਦਿਨਾਂ ਵਿੱਚ ਹੀ ਪਾਸਾ ਪੁੱਠਾ ਪੈ ਗਿਆ। ਰਾਜਸਥਾਨ ਪੁਲਿਸ ਨੇ ਉਸ ਦਾ ਬਾਪ ਫੜ ਲਿਆ। ਪੁਲਿਸ ਨੂੰ ਉਹ ਕਈਆਂ ਕਤਲਾਂ ਵਿੱਚ ਲੋੜੀਂਦਾ ਸੀ। ਸਰਕਾਰ ਨੇ ਉਸ ਦੇ ਸਿਰ ’ਤੇ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਸ ਨੂੰ ਉਮਰ ਕੈਦ ਹੋ ਗਈ।

ਪਿੱਛੋਂ ਮੀਤੇ ਦੀ ਮਾਂ ਨੂੰ ਇੱਕ ਸਿਪਾਹੀ ਭਜਾ ਕੇ ਲੈ ਗਿਆ।

ਇਕੱਲੇ ਰਹਿ ਗਏ ਮੀਤੇ ਦਾ ਵੀ ਬੁਰਾ ਹਾਲ ਹੋ ਗਿਆ। ਉਹ ਕਈ ਵਾਰ ਫੜਿਆ ਜਾ ਚੁੱਕਾ ਸੀ। ਕਈ ਥਾਣਿਆਂ ਦੀ ਪੁਲਿਸ ਉਸ ਨੂੰ ਕੁਟਾਪਾ ਚਾੜ੍ਹ ਚੁੱਕੀ ਸੀ।

ਪੁਲਿਸ ਦਾ ਧੁਰਗ ਹਿੱਲ ਗਿਆ ਸੀ। ਹਰ ਕਿਸੇ ਨੇ ਆਪਣਾ ਰੇਟ ਦੁਗਣਾ ਕਰ ਦਿੱਤਾ ਸੀ। ਸਾਰੀ ਰਕਮ ਹੀ ਹੜੱਪ ਕਰਨ ਨੂੰ ਤੁਰੇ ਫਿਰਦੇ ਰਹਿੰਦੇ ਸਨ। ਜੇਬ ਪੰਜ ਸੌ ਦੀ ਕੱਟੋ, ਹਜ਼ਾਰ, ਉਹਨਾਂ ਨੂੰ ਚਾਹੀਦਾ ਸੀ। ਪੰਜਾਹ ਤਰ੍ਹਾਂ ਦੀ ਪੁਲਿਸ ਤੁਰੀ ਫਿਰਦੀ ਸੀ। ਕੋਈ ਗੁੰਡਾ ਸਟਾਫ਼ ਹੈ ਤਾਂ ਕੋਈ ਸੀ.ਆਈ.ਏ.ਇਹ ਸਿਟੀ ਦੀ ਪੁਲਿਸ ਹੈ ਅਤੇ ਇਹ ਥਾਣੇ ਦੀ। ਹਿਸਾਬ-ਕਿਤਾਬ ਕਰਦੇ- ਕਰਦੇ ਮੀਤਾ ਮਲੰਗ ਹੋ ਜਾਂਦਾ। ਜੇਬ ਚਾਹੇ ਪਟਿਆਲੇ ਕੱਟੀ ਗਈ ਹੋਵੇ ਚਾਹੇ ਅੰਮ੍ਰਿਤਸਰ, ਹਿੱਸਾ ਇਥੋਂ ਦੀ ਪੁਲਿਸ ਮੰਗ ਕੇ ਬੈਠ ਜਾਂਦੀ ਸੀ। ਭੁੱਲ-ਭੁਲੇਖੇ ਕਦੇ ਕਿਸੇ ਮੋਹਤਬਰ ਦੀ ਜਾਂ ਪੁਲਿਸ ਦੇ ਕਿਸੇ ਖ਼ਾਸ ਵਾਕਫ਼ ਦੀ ਜੇਬ ਕੱਟੀ ਜਾਂਦੀ ਤਾਂ ਉਸ ਦਾ ਸਾਰਾ ਹਰਜਾਨਾ ਮੀਤੇ ਨੂੰ ਦੇਣਾ ਪੈਂਦਾ। ਹਿੱਸੇ ਪੱਤੀਆਂ ਪੁਲਿਸ ਖਾ ਜਾਂਦੀ। ਪੈਸੇ ਜੇਬ-ਕਤਰੇ ਦੇਣ।

ਪੁਲਿਸ ਤੋਂ ਤੰਗ ਆਏ ਮੀਤੇ ਦੇ ਸਾਥੀ ਸ਼ਹਿਰ ਛੱਡ ਗਏ। ਕਈ ਕੈਦਾਂ ਕੱਟ ਰਹੇ ਸਨ। ਮੀਤਾ ਵੀ ਹੰਭ ਚੁੱਕਾ ਸੀ। ਉਸ ਨੂੰ ਕਈ ਵਾਰ ਕੈਦ ਕੱਟਣੀ ਪਈ ਸੀ। ਹਰ ਵਾਰ ਉਹ ਤੋਬਾ ਕਰ ਕੇ ਬਾਹਰ ਆਉਂਦਾ। ਆਉਂਦਿਆਂ ਹੀ ਕੋਈ ਨਾ ਕੋਈ ਪੁਲਸੀਆ ਉਸ ਦੀ ਪਿੱਠ ਥਾਪੜ ਦਿੰਦਾ।

‘ਕੰਮ ਸ਼ੁਰੂ ਕਰ। ਮੈਂ ਆਪੇ ਸਾਂਭ ਲੂੰ।’

ਸਾਂਭਣਾ ਕਿਸ ਨੇ ਹੁੰਦਾ? ਜਿੰਨਾ ਚਿਰ ਮਾਲ ਮਿਲਦਾ ਰਹਿੰਦਾ, ਮੀਤੇ ਨਾਲ ਘਿਓ ਖਿਚੜੀ ਬਣੇ ਰਹਿੰਦੇ। ਕੋਈ ਭੀੜ ਪੈ ਜਾਂਦੀ ਤਾਂ ਮੂੰਹ ਫੇਰ ਲੈਂਦੇ।

ਹਿਸਟਰੀ-ਸ਼ੀਟ ਦਾ ਕੋਹੜ ਉਸ ਨੂੰ ਚੰਬੜ ਚੁੱਕਾ ਸੀ। ਮਹੀਨੇ ਬਾਅਦ ਉਸ ਦੀ ਥਾਣੇ ਹਾਜ਼ਰੀ ਲੱਗਦੀ। ਹਾਜ਼ਰੀ ਕਾਹਦੀ ਲੱਗਦੀ ਸੀ, ਸਿਪਾਹੀ, ਮੁਨਸ਼ੀ ਤੋਂ ਲੈ ਕੇ ਥਾਣੇਦਾਰ ਤਕ ਸਭ ਦੀਆਂ ਜੇਬਾਂ ਭਰਨੀਆਂ ਪੈਂਦੀਆਂ।

ਹੱਥਾਂ ਪੈਰਾਂ ਦੇ ਨਿਸ਼ਾਨਾਂ ਤੋਂ ਲੈ ਕੇ ਫ਼ੋਟੋਆਂ ਤਕ ਥਾਣੇ ਦੀਆਂ ਮਿਸਲਾਂ ਨਾਲ ਚਿਪਕ ਗਈਆਂ। ਵਾਰਦਾਤ ਕਿਤੇ ਵੀ ਹੋਈ ਹੁੰਦੀ, ਮੀਤੇ ਦੇ ਘਰ ਦਸਤਕ ਜ਼ਰੂਰ ਹੁੰਦੀ। ਕਈ ਵਾਰ ਕਈ-ਕਈ ਥਾਣੇ ਦੇਖਣੇ ਪੈਂਦੇ। ਹਰ ਥਾਂ ਕੁੱਟ-ਮਾਰ, ਲੁੱਟ-ਖਸੁੱਟ।

ਲੁੱਟ-ਖਸੁੱਟ ਅਤੇ ਕੁੱਟ-ਮਾਰ ਯਾਦ ਕਰ ਕੇ ਮੀਤੇ ਦਾ ਭਟਕਿਆ ਮਨ ਫੇਰ ਥਾਂ ਸਿਰ ਆ ਗਿਆ। ਜੇਬਾਂ ਕੱਟਣੀਆਂ ਛੱਡ ਕੇ ਉਸ ਨੇ ਚੰਗਾ ਹੀ ਕੀਤਾ ਸੀ। ਨਹੀਂ ਤਾਂ ਬੰਟੀ ਦੇ ਗੁੰਮ ਹੁੰਦਿਆਂ ਹੀ ਉਸ ਦੀ ਹੱਡੀ-ਪਸਲੀ ਇੱਕ ਹੋ ਜਾਣੀ ਸੀ।

ਕਰਫ਼ਿਊ ਵਾਲੇ ਦਿਨਾਂ ਵਿੱਚ ਇੱਕ ਵਾਰ ਉਸ ਦੇ ਘਰ ’ਤੇ ਰੇਡ ਹੋ ਚੁੱਕਾ ਸੀ। ਸ਼ੁਕਰ ਸੀ ਕਿ ਉਹ ਉਸ ਸਮੇਂ ਆਪਣੇ ਘਰ ਹੀ ਸੀ। ਗਿੱਲੇ ਗੋਹੇ ਨਾਲ ਅੱਗ ਬਾਲਣ ਦੇ ਯਤਨ ਕਰਦਾ ਅੱਖਾਂ ਵਿਚੋਂ ਪਾਣੀ ਬਹਾ ਰਿਹਾ ਸੀ। ਉਸ ਨੂੰ ਹਾਜ਼ਰ ਬੈਠਾ ਦੇਖ ਕੇ ਪੁਲਿਸ ਦੀਆਂ ਅੱਖਾਂ ਠੰਢੀਆਂ ਹੋ ਗਈਆਂ ਸਨ। ਉਸ ਦੀ ਧੌਣ ਵਿੱਚ ਦੋ-ਚਾਰ ਜੜ ਕੇ ਹੀ ਉਹ ਖਹਿੜਾ ਛੱਡ ਗਏ ਸਨ। ਵੱਡੀਆਂ- ਵੱਡੀਆਂ ਮਾਰਾਂ ਸਹਿਣ ਵਾਲੇ ਮੀਤੇ ਲਈ ਇਹ ਤਾਂ ਝੂੰਗਾ ਹੀ ਸੀ। ਉਸ ਨੇ ਲੱਖ ਵਾਰ ਧਰਤੀ ਨਮਸਕਾਰੀ। ਉਸ ਨੂੰ ਥਾਣੇ ਨਹੀਂ ਸੀ ਲਿਜਾਇਆ ਗਿਆ।

ਮੀਤੇ ਦੇ ਥਾਣੇ ਨੇੜੇ ਪਹੁੰਚਦਿਆਂ-ਪਹੁੰਚਦਿਆਂ ਮੁੜ ਸਾਰਾ ਬਜ਼ਾਰ ਖ਼ਾਲੀ ਹੋ ਗਿਆ। ਲੋਕ ਸੌਦਾ-ਪੱਤਾ ਖ਼ਰੀਦਣਾ ਵਿਚੇ ਛੱਡ ਕੇ ਘਰਾਂ ਨੂੰ ਮੁੜ ਪਏ। ਲੋਕਾਂ ਵਿਚਲੀ ਫੁਰਤੀ ਖੰਭ ਬਣ ਗਈ ਸੀ। ਲੱਗਦਾ ਸੀ ਉਹਨਾਂ ਦੀ ਭੁੱਖ ਮਿਟ ਗਈ ਜਾਂ ਫੇਰ ਉਹਨਾਂ ਨੂੰ ਸੌਦੇ-ਪੱਤੇ ਦੀ ਜ਼ਰੂਰਤ ਹੀ ਨਹੀਂ ਰਹੀ।

“ਕੀ ਗੱਲ ਹੋ ਗਈ ਬਈ?” ਆਖ਼ਰ ਮੀਤੇ ਨੇ ਕੋਲੋਂ ਲੰਘਦੇ ਇੱਕ ਰਿਕਸ਼ੇ ਵਾਲੇ ਤੋਂ ਪੁੱਛਿਆ।

“ਕੀ ਦੱਸਾਂ ਭਰਾਵਾ ) ਕਹਿੰਦੇ ਕੋਈ ਬੰਟੀ ਦੀ ਲਾਸ਼ ਡੰਗਰਾਂ ਵਾਲੇ ਹਸਪਤਾਲ ਵਿੱਚ ਸੁੱਟ ਗਿਐ। ਪਤਾ ਨੀ ਕਿਹੋ ਜੇ ਦਿਨ ਆ ਗੇ। ਮਨਾਂ ’ਚ ਜਮਾਂ ਈ ਕਿਰਕ ਨੀ ਰਹੀ, ਭਾਣਾ ਵਰਤ ਗਿਐ।” ਸੰਖੇਪ ’ਚ ਸਾਰਾ ਕਿੱਸਾ ਸੁਣਾ ਕੇ ਰਿਕਸ਼ੇ ਵਾਲਾ ਤੇਜ਼-ਤੇਜ਼ ਪੈਡਲ ਮਾਰਨ ਲੱਗਾ। ਉਹ ਵੀ ਜਲਦੀ-ਜਲਦੀ ਚਾਰ ਰੁਪਏ ਕਮਾਉਣ ਦੀ ਤਮੰਨਾ ਰੱਖਦਾ ਸੀ।

ਮੀਤੇ ਨੂੰ ਸਾਰਾ ਮਾਜਰਾ ਸਮਝ ਆ ਗਿਆ। ਉਸ ਦਾ ਆਪਣਾ ਦਿਲ ਵੀ ਧੱਕ-ਧੱਕ ਕਰਨ ਲੱਗਾ। ਉਸ ਦੀਆਂ ਅੱਖਾਂ ਸਿੰਮ ਆਈਆਂ, ਇਹ ਸੱਚਮੁੱਚ ਅੱਤਿਆਚਾਰ ਸੀ।

ਮੀਤਾ ਵੀ ਜੇਬਾਂ ਕੱਟਦਾ ਰਿਹਾ ਸੀ, ਪਰ ਉੇਸ ਨੇ ਤਾਂ ਕਦੇ ਕਿਸੇ ਭਈਏ ਜਾਂ ਮਾੜੇ ਮੰਗਤੇ ਦੀ ਜੇਬ ਨਹੀਂ ਸੀ ਕੱਟੀ। ਹਮੇਸ਼ਾ ਮੋਟੀਆਂ ਅਸਾਮੀਆਂ ਨੂੰ ਹੀ ਹੱਥ ਪਾਇਆ ਸੀ। ਉਹਨਾਂ ਨੇ ਬਦਲਾ ਲੈਣਾ ਸੀ ਤਾਂ ਲਾਲੇ ਤੋਂ ਲੈਂਦੇ। ਬੰਟੀ ਨੇ ਕੀ ਵਿਗਾੜਿਆ ਸੀ? ਉਂਝ ਤਾਂ ਲਾਲੇ ਦਾ ਵੀ ਕੀ ਕਸੂਰ ਸੀ? ਪੈਸੇ ਚਾਹੀਦੇ ਹਨ ਤਾਂ ਬੈਂਕ ਲੁੱਟਣ। ਲਾਲੇ ਕੋਲ ਵੀ ਕੀ ਹੈ? ਉਹ ਵੀ ਤਾਂ ਮਸਾਂ ਦਿਨ-ਕੱਟੀ ਕਰਦਾ ਹੈ।

ਅਜਿਹੇ ਜ਼ੁਲਮ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕਿਸੇ ਨੂੰ ਹੜਤਾਲ ਦਾ ਸੱਦਾ ਦੇਣ ਦੀ ਜ਼ਰੂਰਤ ਨਹੀਂ ਸੀ। ਜਿੰਨਾ ਚਿਰ ਮਾਸੂਮ ਦੀ ਲਾਸ਼ ਸ਼ਹਿਰੀਆਂ ਦੀਆਂ ਅੱਖਾਂ ਅੱਗੇ ਪਈ ਸੀ, ਉੱਨਾ ਚਿਰ ਕਿਸ ਪੱਥਰਦਿਲ ਇਨਸਾਨ ਦਾ ਮਨ ਕਰੇਗਾ ਕਿ ਉਹ ਗੱਦੀ ’ਤੇ ਬੈਠ ਕੇ ਆਰਾਮ ਨਾਲ ਸੌਦਾ ਵੇਚੇ ਜਾਂ ਕੋਈ ਠੰਢੇ ਦਿਮਾਗ਼ ਨਾਲ ਸੌਦਾ ਖ਼ਰੀਦੇ।

ਜੇ ਜ਼ਾਲਮਾਂ ਦੇ ਦਿਲ ਪਸੀਜ ਸਕਣ ਤਾਂ ਮੀਤਾ ਵੀ ਰੇੜ੍ਹਾ ਖੜਾ ਕਰ ਕੇ ਹੜਤਾਲ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ ਭਾਵੇਂ ਉਸ ਨੂੰ ਕਈ ਦਿਨ ਭੁੱਖਾ ਹੀ ਰਹਿਣਾ ਪਏ। ਉਸ ਨੂੰ ਪਤਾ ਸੀ ਮੁਜਰਮਾਂ ’ਤੇ ਇਹਨਾਂ ਜਲਸੇ-ਜਲੂਸਾਂ ਅਤੇ ਹੜਤਾਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਖ਼ੁਦ ਵੀ ਤਾਂ ਉਹਨਾਂ ਵਿੱਚ ਰਹਿ ਚੁੱਕਾ ਸੀ। ਤੜਪਦੇ ਲੋਕਾਂ ਨੂੰ ਦੇਖ ਕੇ ਤਾਂ ਸਗੋਂ ਉਹਨਾਂ ਨੂੰ ਖ਼ੁਸ਼ੀ ਹੁੰਦੀ ਹੈ।

“ਜਾਣੀ ਕੇ ਬੰਟੀ ਦਾ ਕਤਲ ਹੋ ਗਿਆ।” ਇਹ ਖ਼ਿਆਲ ਆਉਂਦਿਆਂ ਹੀ ਮੀਤੇ ਨੂੰ ਚੱਕਰ ਆਉਣ ਲੱਗੇ।

“ਓ ਮੇਰਿਆ ਰੱਬਾ ) ਇੱਕ ਕੰਮ ਹੋਰ ਕਰੀਂ। ਔਖਾ-ਸੌਖਾ ਕਾਤਲਾਂ ਨੂੰ ਵੀ ਫੜਾ ਹੀ ਦੇਈਂ, ਨਹੀਂ ਤਾਂ ਮੇਰੇ ਵਰਗੇ ਸੈਂਕੜੇ ਬੰਦਿਆਂ ਦਾ ਕੜ੍ਹੀਆ ਹੋ ਜੂ।” ਦੁਆ ਕਰਦੇ ਮੀਤੇ ਦਾ ਮਨ ਸਰਕਾਰੀ ਵਕੀਲ ਦੀ ਕੋਠੀ ਵੱਲ ਦੌੜਨ ਨੂੰ ਕਾਹਲਾ ਪੈ ਰਿਹਾ ਸੀ। ਉਸ ਦੇ ਆਖਣ ’ਤੇ ਹੀ ਪੁਲਿਸ ਨੇ ਉਸ ਦੀ ਹਿਸਟਰੀ-ਸ਼ੀਟ ਬੰਦ ਕਰ ਦਿੱਤੀ ਸੀ, ਪਰ ਇਹ ਕਤਲ ਦਾ ਮਾਮਲਾ ਸੀ। ਕੀ ਪਤੈ ਕਦੋਂ ਪੁਲਿਸ ਪੁਰਾਣਾ ਬਸਤਾ ਖੋਲ੍ਹ ਲਏ।

ਕਤਲਾਂ ਦੇ ਮਾਮਲਿਆਂ ’ਚ ਸਰਕਾਰੀ ਵਕੀਲਾਂ ਨੂੰ ਕੌਣ ਪੁੱਛਦੈ? ਇਹ ਸੋਚਦਿਆਂ ੳਹ ਆਪਣਾ ਰੇੜ੍ਹਾ ਧੂੰਹਦਾ ਰਿਹਾ।

‘ਜੇ ਫੜ ਵੀ ਲਿਆ ਤਾਂ ਗੁਰਮੀਤ ਆਪੇ ਛੁਡਾ ਲਏਗਾ।’ ਗੁਰਮੀਤ ਦਾ ਯਾਦ ਆਉਂਦਿਆਂ ਹੀ ਉਸ ਦੇ ਮਨ ਨੂੰ ਕੁੱਝ ਧਰਵਾਸ ਮਿਲੀ।

ਇਹ ਇਹੋ ਸਰਕਾਰੀ ਵਕੀਲ ਸੀ ਜਿਸ ਨੇ ਮੀਤੇ ਨੂੰ ਸਿੱਧੇ ਰਾਹ ਪਾਇਆ ਸੀ।

ਸ਼ਰਾਬੀ ਹੋਏ ਮੀਤੇ ਨੂੰ ਬੱਸ ਸਟੈਂਡ ਵਿੱਚ ਹੁੱਲੜਬਾਜ਼ੀ ਕਰਦਿਆਂ ਪੁਲਿਸ ਨੇ ਫੜ ਲਿਆ ਸੀ। ਉਹ ਕਈ ਦਿਨਾਂ ਤੋਂ ਥਾਣੇ ਬੈਠਾ ਸੀ। ਗੁਰਮੀਤ ਸ਼ਹਿਰ ’ਚ ਨਵਾਂ ਬਦਲ ਕੇ ਆਇਆ ਸੀ। ਪਟਿਆਲੇ ਤੋਂ ਉਸ ਦਾ ਸਾਮਾਨ ਚੁੱਕ ਕੇ ਲਿਆਉਣ ਲਈ ਕੁੱਝ ਮਜ਼ਦੂਰਾਂ ਦੀ ਜ਼ਰੂਰਤ ਸੀ। ਇੱਕ ਤਾਂ ਮੀਤਾ ਹਾਜ਼ਰ ਸੀ। ਸਵੇਰ ਦਾ ਵਕਤ ਹੁੰਦਾ ਤਾਂ ਮਜ਼ਦੂਰ ਲੇਬਰ ਚੌਕ ਵਿਚੋਂ ਲੈ ਆਉਂਦੇ। ਦਸ ਵਜੇ ਤਕ ਚੌਕ ਖ਼ਾਲੀ ਹੋ ਜਾਂਦਾ ਸੀ। ਹੋਰ ਕੋਈ ਰਾਹ ਨਾ ਲੱਭਾ ਤਾਂ ਉਹਨਾਂ ਬੱਸ-ਅੱਡੇ ਵਿਚੋਂ ਤਿੰਨ-ਚਾਰ ਰਿਕਸ਼ੇ ਵਾਲੇ ਫੜ ਲਿਆਂਦੇ। ਜੁਰਮ ਦਾ ਕੀ ਹੈ? ਜਿਹੜਾ ਮਰਜ਼ੀ ਸਿਰ ਮੜ੍ਹ ਦਿਉ। ਉਹਨਾਂ ਰਿਕਸ਼ੇ ਗ਼ਲਤ ਥਾਂ ਖੜ੍ਹਾਏ ਸਨ। ਉਹਨਾਂ ਨੂੰ ਸਰਕਾਰੀ ਵਕੀਲ ਦਾ ਸਾਮਾਨ ਚੁੱਕ ਲਿਆਉਣ ਦੀ ਸਜ਼ਾ ਦਿੱਤੀ ਗਈ ਸੀ।

ਮੀਤਾ ਮਹੀਨਾ-ਮਹੀਨਾ ਥਾਣੇ ਬੈਠਾ ਰਹਿੰਦਾ ਸੀ। ਵਿਹਲੇ ਮੀਤੇ ਤੋਂ ਪੁਲਿਸ ਵਗਾਰ ਕਰਾਉਂਦੀ ਰਹਿੰਦੀ। ਕਦੇ ਡਿਪਟੀ ਥਾਣੇਦਾਰ ਵਾਢੀਆਂ ਗੋਡੀਆਂ ਲਈ ਆਪਣੇ ਫ਼ਾਰਮਾਂ ’ਤੇ ਲੈ ਜਾਂਦੇ। ਦਿਹਾੜੀ ਤਾਂ ਕੀ ਦੇਣੀ ਸੀ, ਕਦੇ ਕਿਸੇ ਨੇ ਰੱਜਵਾਂ ਖਾਣ-ਪੀਣ ਨੂੰ ਵੀ ਨਹੀਂ ਸੀ ਦਿੱਤਾ।

ਇਸ ਸਰਕਾਰੀ ਵਕੀਲ ਦੇ ਕੰਮ ਨਿਆਰੇ ਸਨ। ਵਾਪਸ ਆਉਂਦਿਆਂ ਹੀ ਉਸ ਨੇ ਰਿਕਸ਼ੇ ਵਾਲਿਆਂ ਤੋਂ ਪੁੱਛਿਆ ਕਿ ਉਹ ਕਿੰਨੇ ਰੁਪਏ ਦਿਹਾੜੀ ਕਮਾਉਂਦੇ ਹਨ। ਉਹਨਾਂ ਡਰਦਿਆਂ ਦਸ ਰੁਪਏ ਦਿਹਾੜੀ ਦਾ ਹਿਸਾਬ ਦੱਸਿਆ। ਉਸ ਨੇ ਝੱਟ ਪੰਦਰਾਂ-ਪੰਦਰਾਂ ਰੁਪਏ ਉਹਨਾਂ ਦੇ ਹੱਥ ਫੜਾ ਦਿੱਤੇ।

ਗੁਰਮੀਤ ਨੂੰ ਇਸ ਤਰ੍ਹਾਂ ਰੁਪਏ ਵੰਡਦੇ ਦੇਖ ਕੇ ਮੀਤੇ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ।

ਮੀਤੇ ਨੂੰ ਲੱਗਾ ਸੀ ਜਿਵੇਂ ਦੁਨੀਆਂ ਦੇ ਸਾਰੇ ਮੁਜਰਮਾਂ ਦਾ ਦਰਦ ਗੁਰਮੀਤ ਦੀ ਛਾਤੀ ’ਚ ਛੁਪਿਆ ਹੋਇਆ ਸੀ। ਉਸ ਨੇ ਮੀਤੇ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ।

ਉਸ ਵਰਗੇ ਛੋਟੇ ਮੁਜਰਮ ਤਾਂ ਪੁਲਿਸ ਦੇ ਘਰ ਭਰਨ ਲਈ ਹੀ ਜੁਰਮ ਕਰਦੇ ਹਨ। ਉਹਨਾਂ ਦੀ ਖੱਟੀ ਕਮਾਈ ਸਭ ਪੁਲਿਸ ਖਾ ਜਾਂਦੀ ਹੈ। ਮੁਜਰਮਾਂ ਪੱਲੇ ਰਹਿ ਜਾਂਦੀ ਹੈ ਕੁੱਟ, ਕੈਦ ਜਾਂ ਉਹਨਾਂ ਗ਼ਰੀਬਾਂ ਦੀਆਂ ਦੁਰਸੀਸਾਂ ਜਿਹੜੇ ਉਹਨਾਂ ਦੇ ਜੁਰਮਾਂ ਦੇ ਸ਼ਿਕਾਰ ਹੁੰਦੇ ਸਨ। ਮੀਤੇ ਪੱਲੇ ਕੀ ਸੀ? ਕੁੱਝ ਵੀ ਨਹੀਂ। ਫਟੇ ਕੱਪੜੇ, ਭੁੱਖਾ ਢਿੱਡ।

ਗੁਰਮੀਤ ਦੀ ਪ੍ਰੇਰਨਾ ’ਤੇ ਉਸ ਨੇ ਜੇਬਾਂ ਕੱਟਣੀਆਂ ਛੱਡ ਦਿੱਤੀਆਂ।

ਪਹਿਲਾਂ ਉਸ ਨੇ ਰਿਕਸ਼ਾ ਚਲਾਇਆ। ਡਰਦੀਆਂ ਸਵਾਰੀਆਂ ਉਸ ਦੇ ਰਿਕਸ਼ੇ ’ਚ ਨਾ ਬੈਠਿਆ ਕਰਨ। ਕੀ ਪਤੈ ਕਿਥੇ ਖੜਾ ਕਰ ਕੇ ਲੁੱਟ ਲਏ।

ਰਿਕਸ਼ਾ ਛੱਡ ਕੇ ਦਿਹਾੜੀ ਲਈ ਚੌਕ ’ਚ ਖੜ੍ਹਨ ਲੱਗਾ। ਕੋਈ ਡਰਦਾ ਘਰ ਨਾ ਵਾੜੇ। ਮਿਸਤਰੀ ਸਿਰ ਹਿਲਾ ਦਿਆ ਕਰਨ। ਕਿਸੇ ਮਿਸਤਰੀ ਦਾ ਮੂੰਹ ਸਿਰ ਕਾਲਾ ਕਰਾਏਗਾ।

ਮੀਤਾ ਹਿੰਮਤ ਹਾਰਨ ਲੱਗਾ ਤਾਂ ਮੁੜ ਗੁਰਮੀਤ ਨੇ ਸੰਭਾਲਿਆ। ਕਿਸੇ ਆਪਣੇ ਵਾਕਫ਼ ਬੈਂਕ ਮੈਨੇਜਰ ਤੋਂ ਕਰਜ਼ਾ ਮਨਜ਼ੂਰ ਕਰਵਾ ਕੇ ਰੇੜ੍ਹਾ ਖ਼ਰੀਦ ਦਿੱਤਾ।

ਥੋੜ੍ਹਾ ਬਹੁਤ ਕੰਮ ਮਿਲਣ ਲੱਗਾ ਤਾਂ ਮੱਥੇ ਲੱਗਾ ਕਲੰਕ ਫੇਰ ਉਸ ਦਾ ਪਿੱਛਾ ਕਰਨ ਲੱਗਾ।

ਇੱਕ ਵਾਰ ਲੇਖਕਾਂ ਦਾ ਕਾਲਜ ’ਚ ਬਹੁਤ ਵੱਡਾ ਇਕੱਠ ਹੋਇਆ। ਦੋ ਦਿਨ ਲੰਗਰ ਚੱਲਿਆ। ਜਦੋਂ ਪ੍ਰੋਗਰਾਮ ਖ਼ਤਮ ਹੋਇਆ ਤਾਂ ਇੱਕ ਲੇਖਕ ਨੇ ਬਚੇ ਸਾਮਾਨ ਨੂੰ ਮੋੜਨ ਲਈ ਉਸ ਨੂੰ ਬੁਲਾ ਲਿਆ। ਮੀਤਾ ਉਸ ਲੇਖਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਬੜੇ ਵਧੀਆ ਭਾਸ਼ਣ ਦਿਆ ਕਰਦਾ ਸੀ। ਮੀਤੇ ਵਰਗਿਆਂ ਨੂੰ ਹਿੱਕ ਨਾਲ ਲਾਉਣ ਦੀਆਂ ਗੱਲਾਂ ਕਰਿਆ ਕਰਦਾ ਸੀ। ਉਸ ਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਸਨ ਅਤੇ ਲੋਕ ਉਸ ਨੂੰ ਗ਼ਰੀਬਾਂ ਦਾ ਹਾਮੀ ਆਖਦੇ ਸਨ। ਮੀਤੇ ਨੂੰ ਵੀ ਉਹ ਉਹਨਾਂ ਦਾ ਹਮਦਰਦ ਲੱਗਾ। ਜਿੰਨੇ ਪੈਸੇ ਮੀਤੇ ਨੇ ਮੰਗੇ, ਉਸ ਨੇ ਉਨੇ ਹੀ ਦੇਣੇ ਮੰਨ ਲਏ।

ਮੀਤਾ ਸਾਮਾਨ ਲੱਦ ਦੇ ਬਜ਼ਾਰ ਨੂੰ ਤੁਰ ਪਿਆ। ਲੇਖਕ ਸਾਹਿਬ ਕਿਸੇ ਨਾਲ ਗੱਲੀਂ ਪੈ ਗਏ। ਸਾਮਾਨ ਕਿਸ ਦੁਕਾਨ ’ਤੇ ਲਿਜਾਣਾ ਹੈ, ਮੀਤੇ ਨੂੰ ਕੁੱਝ ਨਹੀਂ ਸੀ ਦੱਸਿਆ ਗਿਆ। ਉਹ ਲੇਖਕ ਨੂੰ ਗਲੀ-ਗਲੀ, ਦੁਕਾਨ-ਦੁਕਾਨ ਲੱਭਦਾ ਰਿਹਾ।

ਮੀਤੇ ਨੂੰ ਲੇਖਕ ਉਦੋਂ ਲੱਭਾ ਜਦੋਂ ਇੱਕ ਸਿਪਾਹੀ ਨੇ ਮੀਤੇ ਨੂੰ ਗਰਦਨੋਂ ਆ ਫੜਿਆ। ਲੇਖਕ ਨੇ ਮੀਤੇ ਖ਼ਿਲਾਫ਼ ਰਿਪੋਰਟ ਦਰਜ ਕਰਾਈ ਸੀ। ਲੇਖਕ ਆਪਣੀ ਗ਼ਲਤੀ ’ਤੇ ਪਛਤਾ ਰਿਹਾ ਸੀ। ਉਸ ਨੇ ਜੇਬ-ਕਤਰੇ ਇਨਸਾਨ ’ਤੇ ਇਤਬਾਰ ਕੀਤਾ ਸੀ। ਮੀਤਾ ਸਾਮਾਨ ਲੈ ਕੇ ਗ਼ਾਇਬ ਹੋ ਚੁੱਕਾ ਸੀ।

ਮੀਤੇ ਦੀ ਕਿਸੇ ਨਾ ਸੁਣੀ। ਮੁਕੱਦਮਾ ਦਰਜ ਅਤੇ ਰੇੜ੍ਹਾ ਜ਼ਬਤ।

ਗੁਰਮੀਤ ਨੇ ਲੇਖਕ ਦੇ ਹਾੜੇ ਕੱਢ ਕੇ ਮਸਾਂ ਰਾਜ਼ੀਨਾਮਾ ਕਰਾਇਆ।

ਬਾਕੀ ਤਾਂ ਸਭ ਠੀਕ ਹੋ ਗਿਆ ਪਰ ਮੀਤੇ ਦੀ ਬਦਨਾਮੀ ਕਾਰਨ ਕੰਮ ਮੱਠਾ ਪੈ ਗਿਆ। ਕਈ ਦੁਕਾਨਦਾਰ ਉਸ ਨੂੰ ਸਾਮਾਨ ਚੁਕਾਉਣੋਂ ਡਰਨ ਲੱਗੇ।

ਕੁੱਝ ਵੀ ਸੀ। ਮੀਤਾ ਆਪਣੇ ਇਰਾਦੇ ’ਤੇ ਡਟਿਆ ਹੋਇਆ ਸੀ। ਪੂਰਾ ਇੱਕ ਸਾਲ ਹੋ ਗਿਆ ਸੀ, ਉਸ ਨੇ ਕਿਸੇ ਦੀ ਜੇਬ ਵੱਲ ਤੱਕਿਆ ਵੀ ਨਹੀਂ ਸੀ।

“ਇਹ ਸਾਰੀ ਸ਼ਰਾਰਤ ਪੁਲਿਸ ਦੀ ਹੈ। ਲਾਸ਼ ਮਿਲੀ ਤਾਂ ਖੰਡ ਮਿੱਲ ਵਾਲੇ ਭੱਠੇ ਕੋਲੋਂ ਹੈ। ਇਹ ਆਖਦੇ ਨੇ ਡੰਗਰਾਂ ਵਾਲੇ ਹਸਪਤਾਲ ਵਿੱਚ ਪਈ ਸੀ … ਨਿਰਾ ਝੂਠ।”

ਰੇੜ੍ਹੇ ਪਿੱਛੇ ਗੱਲਾਂ ਕਰਦੀ ਆਉਂਦੀ ਇੱਕ ਟੋਲੀ ਨੇ ਮੀਤੇ ਦਾ ਧਿਆਨ ਉਖੇੜਿਆ।

“ਰਾਮ ਬਾਗ ਦਾ ਮਾਲੀ ਦੱਸਦਾ ਸੀ ਕਿ ਅੱਜ ਸਵੇਰੇ ਜਦੋਂ ਉਹ ਗਊਆਂ ਨੂੰ ਪਾਣੀ ਪਿਆਉਣ ਲਈ ਗਊਸ਼ਾਲਾ ਵਿੱਚ ਗਿਆ ਤਾਂ ਪੁਲਿਸ ਦੀ ਇੱਕ ਜੀਪ ਗੇਟ ਕੋਲ ਆ ਕੇ ਰੁਕੀ। ਕੁੱਝ ਬੰਦੇ ਜੀਪ ਵਿਚੋਂ ਉਤਰ ਕੇ ਹਸਪਤਾਲ ਵੱਲ ਚਲੇ ਗਏ। ਉਹਨਾਂ ਦੇ ਹੱਥਾਂ ਵਿੱਚ ਕੁੱਝ ਫੜਿਆ ਹੋਇਆ ਸੀ। ਮਿੰਟ ਕੁ ਬਾਅਦ ਉਹ ਮੁੜ ਆਏ। ਉਹ ਜ਼ਰੂਰ ਲਾਸ਼ ਸੁੱਟ ਕੇ ਗਏ ਹੋਣਗੇ।

ਦੂਸਰਾ ਨੌਜਵਾਨ ਪਹਿਲੇ ਦੀ ਪੁਸ਼ਟੀ ਕਰ ਰਿਹਾ ਸੀ।

ਹਸਪਤਾਲ ਦੇ ਪਿੱਛੇ ਰਹਿੰਦੇ ਧੰਨੇ ਝਟਕਈ ਨੇ ਵੀ ਇਹੋ ਦੱਸਿਆ ਹੈ। ਉਸ ਨੇ ਰਾਤ ਪੁਲਿਸ ਨੂੰ ਟਾਰਚਾਂ ਮਾਰਦੇ ਅਤੇ ਇਸੇ ਕਮਰੇ ਵਿੱਚ ਘੁੰਮਦਿਆਂ ਦੇਖਿਆ।

ਤੇਜ਼-ਤੇਜ਼ ਤੁਰਦੀਆਂ ਕਈ ਟੋਲੀਆਂ ਮੀਤੇ ਦੇ ਕੋਲੋਂ ਦੀ ਲੰਘ ਗਈਆਂ।

ਮੀਤੇ ਨੇ ਅੰਦਾਜ਼ਾ ਲਾ ਲਿਆ ਸੀ ਕਿ ਇਹ ਸਾਰੇ ਲੋਕ ਡੰਗਰਾਂ ਦੇ ਹਸਪਤਾਲ ਵੱਲ ਹੀ ਵਹੀਰਾਂ ਘੱਤ ਰਹੇ ਸਨ।

“ਪੁਲਿਸ ਆਖਦੀ ਹੈ ਕਿ ਉਹਨਾਂ ਨੂੰ ਕਿਸੇ ਨੇ ਟੈਲੀਫ਼ੋਨ ’ਤੇ ਇਤਲਾਹ ਦਿੱਤੀ ਸੀ ਕਿ ਲਾਸ਼ ਹਸਪਤਾਲ ਵਿੱਚ ਪਈ ਹੈ। ਟੈਲੀਫ਼ੋਨ ਵਾਲੇ ਕਹਿੰਦੇ ਹਨ ਕਿ ਰਾਤ ਕਿਸੇ ਬਾਹਰਲੇ ਬੰਦੇ ਨੇ ਪੁਲਿਸ ਨਾਲ ਫ਼ੋਨ ’ਤੇ ਗੱਲ ਨਹੀਂ ਕੀਤੀ। ਜਿਹੜੇ ਲੋਕਾਂ ਨੇ ਥਾਣੇ ਫ਼ੋਨ ਕੀਤੇ ਉਹਨਾਂ ਦੀ ਪੂਰੀ ਲਿਸਟ ਮਹਿਕਮੇ ਵਾਲਿਆਂ ਕੋਲ ਹੈ। ਫ਼ੋਨ ਦਰਵੇਸ਼ ਨੇ ਕੀਤਾ ਸੀ ਜਾਂ ਸੰਘ ਵਾਲਿਆਂ ਨੇ … ਹਨੇਰ ਮੱਚਿਆ ਪਿਐ।”

ਮੀਤੇ ਕੋਲੋਂ ਲੰਘਦਾ ਕੋਈ ਹੋਰ ਆਖ ਰਿਹਾ ਸੀ।

ਸਰਕਾਰੀ ਹਸਪਤਾਲ ਸਾਹਮਣੇ ਬਣੇ ਚੌਕ ਕੋਲ ਆ ਕੇ ਮੀਤਾ ਰੁਕ ਗਿਆ। ਇਥੋਂ ਦੋ ਰਾਹ ਫਟਦੇ ਸਨ। ਇੱਕ ਰਾਮ ਬਾਗ ਦੇ ਕੋਲ ਦੀ ਹੋ ਕੇ ਭਦੌੜ ਵਾਲੀ ਸੜਕ ਜਾ ਚੜ੍ਹਦਾ ਸੀ। ਰਸਤੇ ਵਿਚੋਂ ਇੱਕ ਸੜਕ ਡੰਗਰਾਂ ਵਾਲੇ ਹਸਪਤਾਲ ਨੂੰ ਫਟਦੀ ਸੀ। ਦੂਸਰਾ ਰਸਤਾ ਕੱਚਾ ਕਾਲਜ ਰੋਡ ਸੀ, ਜਿਸ ’ਤੇ ਸਬਜ਼ੀ ਮੰਡੀ ਪੈਂਦੀ ਸੀ।

ਬੰਟੀ ਦੇ ਕਤਲ ਦੀ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਚੁੱਕੀ ਸੀ। ਸਾਰਾ ਸ਼ਹਿਰ ਬੰਦ ਹੋ ਗਿਆ ਸੀ। ਸਬਜ਼ੀ ਮੰਡੀ ਦੇ ਖੁੱਲ੍ਹੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੀਤੇ ਨੂੰ ਕੋਈ ਕੰਮ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਸੀ ਆ ਰਹੀ।

ਉਹ ਰਾਮ ਬਾਗ ਵਾਲੇ ਰਾਹ ਪੈ ਗਿਆ। ਬਾਗ ਵਿੱਚ ਰੇੜ੍ਹਾ ਖੜਾ ਕਰ ਕੇ ਉਹ ਹਸਪਤਾਲ ਵੱਲ ਤੁਰ ਪਿਆ।

 

 

16

ਹਸਪਤਾਲ ਦੇ ਛੋਟੇ ਜਿਹੇ ਅਹਾਤੇ ਵਿੱਚ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਉਮੜ ਆਇਆ ਹੋਵੇ।

ਟਾਹਲੀ ਦੇ ਦਰੱਖ਼ਤ ਹੇਠ ਡਾਕਟਰ ਨੇ ਮੇਜ਼ ਕੁਰਸੀਆਂ ਲਗਵਾ ਦਿੱਤੀਆਂ ਸਨ। ਦੋ ਮੰਜੇ ਵੀ ਡਾਹੇ ਗਏ ਸਨ। ਵਿਚਕਾਰਲੀ ਕੁਰਸੀ ਡਿਪਟੀ ਲਈ ਖ਼ਾਲੀ ਰੱਖੀ ਗਈ ਸੀ। ਬਾਕੀ ਥਾਣੇਦਾਰਾਂ ਅਤੇ ਹੌਲਦਾਰਾਂ ਨੇ ਮੱਲ ਰੱਖੀਆਂ ਸਨ। ਮੰਜੀਆਂ ਉਪਰ ਸਿਪਾਹੀਆਂ ਨੇ ਡੇਰਾ ਲਾਇਆ ਹੋਇਆ ਸੀ।

ਡਾਕਟਰ ਦੀ ਕੋਠੀਉਂ ਚਾਹ ਆ ਗਈ। ਟਰੇਅ ਵਿੱਚ ਸੱਜਿਆ ਇੱਕ ਟੀ-ਸੈੱਟ ਮੇਜ਼ ’ਤੇ ਰੱਖਿਆ ਗਿਆ। ਸਿਪਾਹੀਆਂ ਨੂੰ ਚਾਹ ਕੱਚ ਦੇ ਗਲਾਸਾਂ ਵਿੱਚ ਵਰਤਾਈ ਗਈ।

ਸਿਟੀ ਇੰਚਾਰਜ ਨਾਲੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ ਨਾਲੇ ਹੌਲਦਾਰ ਨੂੰ ਕੁੱਝ ਲਿਖਵਾ ਰਿਹਾ ਸੀ। ਥਾਣੇਦਾਰ ਵਾਰ-ਵਾਰ ਆਲੇ-ਦੁਆਲੇ ਦਾ ਜਾਇਜ਼ਾ ਲੈਂਦਾ ਅਤੇ ਫੇਰ ਲਿਖਾਉਣ ਲੱਗਦਾ।

ਹੌਲਦਾਰ ਨੇ ਵੀ ਸਨਮਾਇਕੇ ਦੀ ਫੱਟੀ ’ਤੇ ਸਫ਼ੈਦ ਕਾਗ਼ਜ਼ ਬੜੇ ਸਲੀਕੇ ਨਾਲ ਰੱਖੇ ਹੋਏ ਸਨ। ਉਹ ਚਿਣ-ਚਿਣ ਕੇ ਅੱਖਰ ਪਾ ਰਿਹਾ ਸੀ। ਉਸ ਦੀ ਸੁੰਦਰ ਲਿਖਾਈ ਸਾਰੇ ਜ਼ਿਲ੍ਹੇ ਵਿੱਚ ਮਸ਼ਹੂਰ ਸੀ।

ਜਿਥੇ ਪੁਲਿਸ ਪਾਰਟੀ ਬੈਠੀ ਸੀ, ਉਸ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ ਵਿੱਚ ਇੱਕ ਦਰੀ ਦਾ ਟੁਕੜਾ ਦਿਖਾਈ ਦੇ ਰਿਹਾ ਸੀ। ਦਰੀ ਦੇ ਸਿਰੇ ’ਤੇ ਇੱਕ ਕਾਲਾ ਧੱਬਾ ਜਿਹਾ ਨਜ਼ਰ ਆਉਂਦਾ ਸੀ, ਜਿਹੜੇ ਬੱਚੇ ਦੇ ਵਾਲਾਂ ਦੀ ਝਲਕ ਦਿਵਾਉਂਦਾ ਸੀ। ਉਥੇ ਕੁੱਝ ਹੋਰ ਨਜ਼ਰ ਨਹੀਂ ਸੀ ਆ ਰਿਹਾ।

ਸਾਰੀ ਭੀੜ ਦਾ ਇਕੋ ਨਿਸ਼ਾਨਾ ਸੀ। ਕਿਵੇਂ ਨਾ ਕਿਵੇਂ ਉਸ ਉਜਾੜ ਕਮਰੇ ਅੰਦਰ ਝਾਤ ਮਾਰੀ ਜਾਵੇ। ਬੰਟੀ ਦੇ ਚਿਹਰੇ ਨੂੰ ਨਿਹਾਰਿਆ ਜਾ ਸਕੇ। ਪੁਲਿਸ ਦਾ ਵੀ ਉਨਾ ਹੀ ਜ਼ੋਰ ਲੱਗਾ ਹੋਇਆ ਸੀ ਕਿ ਲੱਗਦੇ ਹੱਥ ਕੋਈ ਬੰਦਾ ਲਾਸ਼ ਦੇ ਸੌ ਗਜ਼ ਦੇ ਘੇਰੇ ਅੰਦਰ ਨਾ ਜਾ ਸਕੇ। ਇਸ ਕੰਮ ਲਈ ਪੁਲਿਸ ਨੂੰ ਪੂਰੀ ਸਖ਼ਤੀ ਵਰਤਣੀ ਪੈ ਰਹੀ ਸੀ। ਇੱਕ ਵਾਰ ਭੀੜ ਨੂੰ ਪਿਛਾਂਹ ਧੱਕਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਸੀ। ਲੋਕ ਸਨ ਕਿ ਟਲ ਹੀ ਨਹੀਂ ਸੀ ਰਹੇ। ਧੱਕੇ ਮਾਰ-ਮਾਰ ਫੇਰ ਅੱਗੇ ਆ ਜਾਂਦੇ।

ਭੀੜ ਵਿੱਚ ਸ਼ਾਮਲ ਹੋਇਆ ਹਰ ਨਵਾਂ ਆਦਮੀ ਪਹਿਲਾਂ ਲਾਸ਼ ਵੱਲ ਨੂੰ ਹੀ ਝੁਕਦਾ। ਡਿਪਟੀ ਭੀੜ ਵਿੱਚ ਘੁੰਮ ਰਿਹਾ ਸੀ। ਉਹ ਲੋਕਾਂ ਨੂੰ ਸਮਝਾ ਰਿਹਾ ਸੀ। ਲੋਕਾਂ ਦੇ ਲਾਸ਼ ਦੇ ਨੇੜੇ ਜਾਣ ਨਾਲ ਬਹੁਤ ਸਾਰੇ ਸਬੂਤਾਂ ਦੇ ਮਿਟ ਜਾਣ ਦਾ ਖ਼ਤਰਾ ਸੀ। ਉਹਨਾਂ ਕਾਤਲਾਂ ਦੀ ਸ਼ਨਾਖ਼ਤ ਕਰਨ ਲਈ ਕੁੱਤੇ, ਖੋਜੀ ਅਤੇ ਉਂਗਲਾਂ ਦੇ ਨਿਸ਼ਾਨਾਂ ਦੇ ਮਾਹਿਰ ਬੁਲਾਏ ਹੋਏ ਸਨ। ਜੇ ਭੀੜ ਲਾਸ਼ ਤਕ ਪਹੁੰਚ ਗਈ ਤਾਂ ਸਭ ਗੁੜ ਗੋਬਰ ਹੋ ਜਾਣਾ ਸੀ।

ਕਈ ਸਿਆਣੇ ਬੰਦੇ ਤਾਂ ਟਲ ਕੇ ਇੱਕ ਪਾਸੇ ਜਾ ਬੈਠੇ, ਪਰ ਬਹੁਤਿਆਂ ’ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ।

ਮੀਤਾ ਵੀ ਭੀੜ ਵਿੱਚ ਗੁਆਚ ਗਿਆ। ਉਸ ਦਾ ਮਨ ਵੀ ਬੰਟੀ ਦੀ ਝਲਕ ਲਈ ਕਾਹਲਾ ਪਿਆ ਹੋਇਆ ਸੀ। ਕਈ ਵਾਰ ਕੂਹਣੀਆਂ ਨਾਲ ਲੋਕਾਂ ਨੂੰ ਪਿੱਛੇ ਹਟਾ ਕੇ ਉਹ ਭੀੜ ਦੀ ਪਹਿਲੀ ਕਤਾਰ ਤਕ ਪਹੁੰਚਣ ਵਿੱਚ ਕਾਮਯਾਬ ਹੋ ਚੁੱਕਾ ਸੀ। ਭੀੜ ਨੂੰ ਕਾਬੂ ਕਰ ਰਹੇ ਸਾਰੇ ਹੀ ਪੁਲਸੀਏ ਉਸ ਨੂੰ ਜਾਣਦੇ ਸਨ। ਅੱਖਾਂ ਕੱਢ ਕੇ ਪਿਛਾਂਹ ਧੱਕ ਦਿੰਦੇ।

ਕੁਲਵੰਤ ਸਿਪਾਹੀ ਨੇ ਤਾਂ ਉਸ ਦਾ ਮੋਢਾ ਹੀ ਆ ਫੜਿਆ। ਇਸ਼ਾਰੇ ਨਾਲ ਸਮਝਾ ਦਿੱਤਾ ਕਿ ਉਸ ਨੇ ਮੀਤੇ ਨੂੰ ਇਥੇ ਘੁੰਮਦਿਆਂ ਦੇਖ ਲਿਆ ਹੈ। ਮੀਤਾ ਜਿਹੜੀ ਵੀ ਜੇਬ ਕੱਟੇ ਚੁੱਪ ਕਰ ਕੇ ਉਸ ਦਾ ਹਿੱਸਾ ਘਰ ਪਹੁੰਚਾ ਦੇਵੇ।

ਮੀਤੇ ਦੀਆਂ ਉਂਗਲਾਂ ਕਈ ਵਾਰ ਮੋਟੀਆਂ-ਮੋਟੀਆਂ ਜੇਬਾਂ ਨਾਲ ਘਿਸਰੀਆਂ ਵੀ। ਉਸ ਦਾ ਮਨ ਵੀ ਲਲਚਾਇਆ। ਕਦੇ-ਕਦੇ ਜੇਬ ਮਾਰਨ ਵਿੱਚ ਕੀ ਹਰਜ ਹੈ? ਫਾਕੇ ਤਾਂ ਨਹੀਂ ਕੱਟਣੇ ਪੈਣੇ। ਪਰ ਉਹ ਮਨ ’ਤੇ ਕਾਬੂ ਪਾਉਂਦਾ ਰਿਹਾ। ਇੱਕ ਵਾਰ ਵੀ ਉਹ ਪਾਪ ਕਰ ਬੈਠਾ ਤਾਂ ਦੁਬਾਰਾ ਉਹੋ ਚੱਕਰ ਸ਼ੁਰੂ ਹੋ ਜਾਣਾ ਸੀ। ਕਈ ਪੁਲਸੀਏ ਉਸ ਨੂੰ ਇਥੇ ਫਿਰਦੇ ਨੂੰ ਦੇਖ ਚੁੱਕੇ ਹਨ। ਉਹ ਭਾਵੇਂ ਜੇਬ ਨਾ ਕੱਟੇ, ਕਿਸੇ ਦਾ ਬਟੂਆ ਗੁੰਮ ਹੋ ਜਾਣ ’ਤੇ ਵੀ ਉਸੇ ਨੂੰ ਫੜਿਆ ਜਾਣਾ ਸੀ। ਉਹ ਉਂਗਲਾਂ ’ਤੇ ਕਾਬੂ ਰੱਖਦਾ ਰਿਹਾ।

ਰਮੇਸ਼ ਹੌਲਦਾਰ ਨੇ ਮੀਤੇ ਨੂੰ ਭੀੜ ਵਿੱਚ ਖੜਾ ਦੇਖ ਕੇ ਦੋ ਮੌਰਾਂ ਵਿੱਚ ਜੜ੍ਹ ਦਿੱਤੀਆਂ। ਨਾਲੇ ਉੱਚੀ-ਉੱਚੀ ਚਿੱਲਾਇਆ ।

“ਭੈਣ ਦਿਆ ਖਸਮਾ, ਇਥੇ ਤਾਂ ਰਹਿਣ ਦੇ। ਲੋਕਾਂ ਦੀਆਂ ਅੱਖਾਂ ’ਚੋਂ ਤਾਂ ਅੱਥਰੂ ਨਹੀਂ ਸੁੱਕਦੇ ਤੇ ਤੂੰ ਜੇਬਾਂ ’ਤੇ ਨਜ਼ਰ ਟਿਕਾਈ ਫਿਰਦੈਂ।”

ਰਮੇਸ਼ ਦੀ ਬੜ੍ਹਕ ਨਾਲ ਮੀਤੇ ਦਾ ਧੁਰ ਅੰਦਰ ਤਕ ਹਿੱਲ ਗਿਆ। ਭੀੜ ਵੀ ਸਹਿਮ ਗਈ। ਸਾਰੇ ਮੀਤੇ ਵੱਲ ਕੌੜ-ਕੌੜ ਅੱਖਾਂ ਨਾਲ ਦੇਖਣ ਲੱਗੇ। ਉਹਨਾਂ ਨੂੰ ਮੀਤਾ ਬੰਟੀ ਦੇ ਕਾਤਲਾਂ ਜਿੰਨਾ ਹੀ ਗੁਨਾਹਗਾਰ ਲੱਗਾ। ਸਾਰਿਆਂ ਨੇ ਆਪਣੀਆਂ-ਆਪਣੀਆਂ ਜੇਬਾਂ ’ਤੇ ਹੱਥ ਮਾਰੇ ਅਤੇ ਪੈਸਾ ਟਕਾ ਥਾਂ ਸਿਰ ਪਾ ਕੇ ਸੁੱਖ ਦਾ ਸਾਹ ਲਿਆ।

ਮੀਤੇ ਦਾ ਮਨ ਮਸੋਸਿਆ ਗਿਆ। ਉਹ ਉੱਚੀ-ਉੱਚੀ ਚਿੱਲਾ ਕੇ ਸਾਰੀ ਪੁਲਿਸ ਅਤੇ ਭੀੜ ਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਹੁਣ ਜੇਬ-ਕਤਰਾ ਨਹੀਂ ਰਿਹਾ। ਉਹ ਰੇੜ੍ਹਾ ਵਾਹੁਣ ਵਾਲਾ ਇੱਕ ਮਜ਼ਦੂਰ ਹੈ। ਇੱਕ ਸਾਲ ਤੋਂ ਹੱਕ ਹਲਾਲ ਦੀ ਰੋਟੀ ਖਾਂਦਾ ਹੈ, ਪਰ ਉਸ ਦੀ ਜੀਭ ਤਾਲੂਏ ਨਾਲ ਹੀ ਲੱਗੀ ਰਹੀ। ਇੱਕ ਮੁਜਰਮ ਦੇ ਸੱਚ ਨੂੰ ਕਿਸ ਨੇ ਮਾਨਤਾ ਦੇਣੀ ਸੀ?

ਮੀਤੇ ਦਾ ਮਨ ਕੀਤਾ, ਉਹ ਇਥੋਂ ਕਿਧਰੇ ਹੋਰ ਚਲਾ ਜਾਵੇ, ਪਰ ਕਿੱਥੇ? ਕੁੱਝ ਸਮਝ ਨਾ ਆਇਆ। ਸਾਰਾ ਸ਼ਹਿਰ ਤਾਂ ਇਥੇ ਪਹੁੰਚ ਹੀ ਗਿਆ ਸੀ। ਸਾਰੇ ਕੰਮ-ਕਾਰ ਠੱਪ ਹੋ ਗਏ ਸਨ। ਉਸ ਨੂੰ ਰੁਜ਼ਗਾਰ ਮਿਲਣੋਂ ਰਿਹਾ। ਘਰੇ ਵਿਹਲਾ ਪੈ-ਪੈ ਕੇ ਉਹ ਥੱਕ ਚੁੱਕਾ ਸੀ।

ਉਥੋਂ ਹਟ ਕੇ ਉਹ ਭੀੜ ਦੀ ਉਸ ਸਾਈਡ ਵੱਲ ਚਲਾ ਗਿਆ, ਜਿਥੇ ਉਸੇ ਵਰਗੇ ਚੂਹੜੇ, ਚਮਾਰ, ਮਜ਼ਦੂਰ ਅਤੇ ਜਮਾਂਦਾਰ ਖੜੇ ਸਨ। ਉਥੇ ਨਾ ਕਿਸੇ ਦੀ ਜੇਬ ’ਚ ਕੋਈ ਪੈਸਾ ਸੀ, ਨਾ ਜੇਬ-ਕਤਰੇ ਤੋਂ ਕੋਈ ਖ਼ਤਰਾ। ਅੱਧੇ ਨਾਲੋਂ ਵੱਧ ਲੋਕ ਉਸ ਨੂੰ ਨਿੱਜੀ ਤੌਰ ’ਤੇ ਜਾਣਦੇ ਸਨ। ਲੋੜ ਪੈਣ ’ਤੇ ਉਸ ਦੀ ਈਮਾਨਦਾਰੀ ਦੀ ਜ਼ਮਾਨਤ ਦੇ ਸਕਦੇ ਸਨ।

ਇਥੇ ਸਿਪਾਹੀ ਵੀ ਘੱਟ-ਵੱਧ ਹੀ ਚੱਕਰ ਮਾਰਦੇ ਸਨ। ਮੀਤਾ ਕਿਸੇ ਦੀ ਨਜ਼ਰ ਵੀ ਨਹੀਂ ਪਏਗਾ।

ਬੇਫ਼ਿਕਰ ਹੋ ਕੇ ਉਥੇ ਖੜੋਤਾ ਮੀਤਾ ਆਰਾਮ ਨਾਲ ਪੁਲਿਸ ਦੀ ਕਾਰਵਾਈ ਵੇਖਦਾ ਰਿਹਾ।

ਸਭ ਤੋਂ ਪਹਿਲਾਂ ਕੁੱਤਿਆਂ ਵਾਲਾ ਸੁਕਾਇਡ ਆਇਆ। ਉਨ੍ਹਾਂ ਨੂੰ ਇੱਕ ਮਾਰੂਤੀ ਵੈਨ ਵਿੱਚ ਸੰਗਰੂਰੋਂ ਲਿਆਂਦਾ ਗਿਆ ਸੀ। ਤਿੰਨਾਂ ਕੁੱਤਿਆਂ ਨਾਲ ਇੱਕ-ਇੱਕ ਉਸਤਾਦ ਸੀ।

ਆਉਂਦੇ ਹੀ ਉਹ ਕੰਮ ਵਿੱਚ ਰੁੱਝ ਜਾਣਾ ਚਾਹੁੰਦੇ ਸਨ। ਪਰ ਡਿਪਟੀ ਨੇ ਉਹਨਾਂ ਨੂੰ ਰੋਕ ਲਿਆ। ਕੁੱਤੋਂ ਦੂਰੋਂ ਆਏ ਸਨ, ਥੱਕੇ ਹੋਣਗੇ। ਬਿੰਦ-ਝੱਟ ਆਰਾਮ ਕਰਨ।

ਇੱਕ ਸਿਪਾਹੀ ਚਾਹ ਵਾਲੀ ਟਰੇਅ ਚੁੱਕ ਲਿਆਇਆ ਅਤੇ ਦੂਜਾ ਬਿਸਕੁਟਾਂ ਵਾਲੀ। ਉਸਤਾਦਾਂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਕੁੱਤਿਆਂ ਦਾ ਖ਼ਿਆਲ ਸੀ। ਆਪ ਉਹ ਇੱਕ ਬਿਸਕੁਟ ਖਾਂਦੇ ਸਨ ਪਰ ਕੁੱਤਿਆਂ ਨੂੰ ਚਾਰ ਦਿੰਦੇ ਸਨ।

ਕੁੱਤਿਆਂ ਨੂੰ ਭੀੜ ਵੱਲ ਤੱਕਦਿਆਂ ਦੇਖ ਕੇ ਮੀਤਾ ਭੀੜ ਦੀ ਆਖ਼ਰੀ ਕਤਾਰ ਵੱਲ ਖਿਸਕ ਗਿਆ। ਇਹਨਾਂ ਕੁੱਤਿਆਂ ਨਾਲ ਉਸ ਦਾ ਇੱਕ ਵਾਰ ਵਾਹ ਪੈ ਚੁੱਕਾ ਸੀ। ਇਹਨਾਂ ਕੰਬਖ਼ਤਾਂ ਨੇ ਜਿਸ ਨੂੰ ਵੀ ਮੂੰਹ ਲਾ ਦਿੱਤਾ, ਉਸੇ ਦੀ ਸ਼ਾਮਤ ਆ ਜਾਣੀ ਸੀ।

ਮੀਤਾ ਉਸ ਸਮੇਂ ਫਸ ਗਿਆ ਸੀ ਜਦੋਂ ਬੈਂਕ ਮੈਨੇਜਰ ਦੇ ਘਰ ਚੋਰੀ ਹੋਈ ਸੀ। ਗਹਿਣੇ, ਕੱਪੜੇ ਅਤੇ ਟੀ.ਵੀ.ਤਕ ਸਭ ਕੁੱਝ ਚੋਰੀ ਹੋ ਗਿਆ ਸੀ। ਥਾਵਾਂ ਸੁੰਘਦੇ ਕੁੱਤਿਆਂ ਨੂੰ ਦੇਖ ਕੇ ਮੀਤਾ ਵੀ ਉਥੇ ਖੜੋ ਗਿਆ।

ਇੱਕ ਕੁੱਤੇ ਨੇ ਉਸ ਦਾ ਅਜਿਹਾ ਝੱਗਾ ਫੜਿਆ ਕਿ ਛੱਡਣ ਦਾ ਨਾਂ ਹੀ ਨਾ ਲਏ। ਜੱਜ ਤਕ ਕਿਸੇ ਨੇ ਵੀ ਮੀਤੇ ਦੀ ਗੱਲ ਨਾ ਸੁਣੀ। ਮੀਤੇ ਦਾ ਪੁਰਾਣਾ ਰਿਕਾਰਡ ਹੀ ਉਸ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਸੀ। ਝੂਠੀਆਂ-ਸੱਚੀਆਂ ਚੀਜ਼ਾਂ ਦੀ ਬਰਾਮਦਗੀ ਮੀਤੇ ਸਿਰ ਮੜ੍ਹ ਕੇ ਉਸ ਨੂੰ ਪੁਲਿਸ ਨੇ ਛੇ ਮਹੀਨੇ ਦੀ ਸਜ਼ਾ ਕਰਾ ਦਿੱਤੀ ਸੀ।

ਇਥੇ ਕਤਲ ਦਾ ਮਸਲਾ ਸੀ। ਉਮਰ ਕੈਦ ਹੋਣੀ ਸੀ। ਡਰਦਾ ਮੀਤਾ ਬਹੁਤ ਪਿਛਾਂਹ ਹਟ ਕੇ ਖੜੋ ਗਿਆ।

“ਇਹ ਵੀ ਹੋ ਸਕਦਾ ਹੈ ਕਿ ਕੁੱਤੇ ਉਸਤਾਦਾਂ ਨੇ ਸਿਖਾ ਰੱਖੇ ਹੋਣ। ਉਸਤਾਦ ਦੇ ਇਸ਼ਾਰੇ ’ਤੇ ਉਹ ਮੀਤੇ ਵਰਗੇ ਦਾ ਝੱਗਾ ਫੜ ਲੈਂਦੇ ਹੋਣ। ਇਹਨਾਂ ਕੁੱਤਿਆਂ ਦੇ ਉਸਤਾਦ ਮੀਤੇ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਸਨ।” ਮੀਤਾ ਸੋਚ ਰਿਹਾ ਸੀ।

ਉਂਝ ਮੀਤੇ ਨੂੰ ਪਤਾ ਸੀ ਕਿ ਇਹ ਡਰਾਮਾ ਹੀ ਸੀ। ਕਿਸੇ ਕੁੱਤੇ ਨੇ ਬੱਸਾਂ ਦੇ ਅੱਡੇ ’ਚ ਜਾ ਕੇ ਰੁਕ ਜਾਣਾ ਸੀ ਅਤੇ ਕਿਸੇ ਨੇ ਚੌਰਸਤੇ ਵਿੱਚ। ਕਿਸੇ ਨੂੰ ਪੈਟਰੋਲ ਦੀ ਬੂ ਨੇ ਭੰਬਲਭੂਸਿਆਂ ਵਿੱਚ ਪਾ ਦੇਣਾ ਸੀ ਅਤੇ ਕਿਸੇ ਨੂੰ ਸੈਂਟਾਂ ਦੀ ਖ਼ੁਸ਼ਬੂ ਨੇ। ਪੁਰਾਣੇ ਜ਼ਮਾਨੇ ਤਾਂ ਰਹੇ ਨਹੀਂ ਕਿ ਮੁਜਰਮ ਨੂੰ ਕਈ-ਕਈ ਮੀਲ ਤੁਰ ਕੇ ਜਾਣਾ ਪਏ। ਮਿੰਟ-ਮਿੰਟ ’ਤੇ ਬੱਸਾਂ, ਰੇਲ-ਗੱਡੀਆਂ ਚੱਲਦੀਆਂ ਹਨ। ਦੋ ਘੰਟਿਆਂ ’ਚ ਚਾਹੇ ਤੁਸੀਂ ਚੰਡੀਗੜ੍ਹ ਪਹੁੰਚ ਜਾਓ। ਕੁੱਤੇ ਦਿੰਦੇ ਰਹਿਣ ਗੇੜੇ। ਅੱਜ-ਕੱਲ੍ਹ ਦੇ ਮੁਜਰਮ ਵੀ ਇੰਨੇ ਅਣਜਾਣ ਨਹੀਂ ਕਿ ਉਹਨਾਂ ਨੂੰ ਕੁੱਤਿਆਂ ਦੀਆਂ ਆਦਤਾਂ ਦਾ ਪਤਾ ਨਾ ਹੋਵੇ। ਉਹਨਾਂ ਨੂੰ ਕੁੱਤਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਵੀਹ ਤਰੀਕੇ ਆਉਂਦੇ ਹਨ। ਘੰਟਾ ਅੱਧਾ ਘੰਟਾ ਟੱਕਰਾਂ ਮਾਰ ਕੇ ਇਹਨਾਂ ਕੁੱਤਿਆਂ ਨੇ ਬੂਥੀਆਂ ਚੁੱਕ ਕੇ ਖੜੋ ਜਾਣਾ ਸੀ। ਉਸਤਾਦਾਂ ਦਾ ਟੀ.ਏ.ਡੀ.ਏ.ਬਣ ਜਾਣਾ ਸੀ ਅਤੇ ਪੁਲਿਸ ਦੀ ਕਾਰਵਾਈ ਪੈ ਜਾਣੀ ਸੀ।

ਮਨ ਪਰਚਾਉਣ ਲਈ ਮੀਤਾ ਦੂਰ ਖੜਾ ਕੁੱਤਿਆਂ ਦਾ ਤਮਾਸ਼ਾ ਦੇਖਦਾ ਰਿਹਾ। ਪਹਿਲਾਂ ਕੁੱਤਿਆਂ ਨੂੰ ਬੰਟੀ ਦੀ ਲਾਸ਼ ਸੁੰਘਾਈ ਗਈ। ਫੇਰ ਦਰੀ ਅਤੇ ਆਖ਼ਿਰ ਵਿੱਚ ਕਮਰਾ।

ਕੁੱਝ ਮਿੰਟਾਂ ਬਾਅਦ ਕੁੱਤੇ ਉਸਤਾਦਾਂ ਨੂੰ ਧੂਹਣ ਲੱਗੇ।

ਇੱਕ ਕੁੱਤਾ ਉਸਤਾਦ ਨੂੰ ਰਾਮ ਬਾਗ ਵੱਲ ਲੈ ਤੁਰਿਆ। ਹੁੱਲੜਬਾਜ਼ੀ ਕਰਦੀ ਅੱਧੀ ਭੀੜ ਕੁੱਤੇ ਪਿੱਛੇ ਲੱਗ ਗਈ।

ਦੂਜੇ ਦੋਹਾਂ ਨੂੰ ਕੋਈ ਰਾਹ ਨਾ ਲੱਭਾ। ਮੁੜ-ਮੁੜ ਉਹ ਉਸਤਾਦਾਂ ਦੇ ਪੈਰਾਂ ਵਿੱਚ ਲਿਟਣ ਲੱਗੇ।

ਕੁੱਤਿਆਂ ਨੂੰ ਇੱਕ ਵਾਰ ਫੇਰ ਬੰਟੀ ਦੁਆਲੇ ਲਿਜਾਇਆ ਗਿਆ। ਇੱਕ ਵਾਰ ਦਰੀ ਨੂੰ ਪਾਸੇ ਕਰ ਕੇ ਬੰਟੀ ਨੂੰ ਸੁੰਘਾਇਆ ਗਿਆ।

ਕੁੱਤੇ ਵਧੇਰੇ ਚੁਸਤ ਹੋ ਗਏ। ਉਹ ਇੰਨਾ ਜ਼ੋਰ ਦਿਖਾ ਰਹੇ ਸਨ ਕਿ ਉਸਤਾਦਾਂ ਨੂੰ ਉਹਨਾਂ ਦੀਆਂ ਸੰਗਲੀਆਂ ਕਾਬੂ ਰੱਖਣੀਆਂ ਔਖੀਆਂ ਹੋ ਗਈਆਂ।

ਬੱਬਰ ਸ਼ੇਰ ਵਰਗਾ ਇੱਕ ਕੁੱਤਾ ਰਮੇਸ਼ ਹੌਲਦਾਰ ਨੂੰ ਚੰਬੜ ਗਿਆ। ਕੁੱਤੇ ਨੇ ਉਹਦੀ ਪੈਂਟ ਪਾੜ ਦਿੱਤੀ ਅਤੇ ਹੱਥਾਂ ਨੂੰ ਬੁਰਕ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਉਸਤਾਦ ਹੈਰਾਨ ਹੋਇਆ ਉਸ ਨੂੰ ਪੁਚਕਾਰਨ ਲੱਗਾ। ਕੁੱਤਾ ਇਹ ਕੀ ਕਰਨ ਲੱਗਾ ਸੀ? ਰਮੇਸ਼ ਤਾਂ ਪੁਲਿਸ ਦਾ ਹੌਲਦਾਰ ਸੀ, ਕੋਈ ਮੁਜਰਮ ਨਹੀਂ।

“ਫੜੋ-ਫੜੋ ਇਸ ਹੌਲਦਾਰ ਨੂੰ। ਫੜਦੇ ਕਿਉਂ ਨਹੀਂ?” ਭੀੜ ਵਿਚੋਂ ਕਿਸੇ ਨੇ ਆਵਾਜ਼ਾਂ ਕੱਸੀਆਂ।

ਰਮੇਸ਼ ਦਾ ਰੰਗ ਪੀਲਾ ਭੂਕ ਹੋ ਗਿਆ। ਉਸ ਦੀਆਂ ਲੱਤਾਂ ਕੰਬਣ ਲੱਗੀਆਂ। ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ। ਕਦੇ ਉਹ ਡਿਪਟੀ ਵੱਲ ਤੱਕਦਾ ਅਤੇ ਕਦੇ ਭੌਂਕ ਰਹੇ ਕੁੱਤੇ ਵੱਲ।

ਚੁੱਪ ਖੜੇ ਡਿਪਟੀ ਨੂੰ ਦੇਖ ਕੇ ਬਾਂਸ ਬਾਹੀਆਂ ਵਾਲਾ ਪ੍ਰੇਮ ਤਿੜਕ ਉਠਿਆ। ਕੁੱਤਾ ਸਾਫ਼ ਇਸ਼ਾਰੇ ਕਰ ਰਿਹਾ ਹੈ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਕਿਸ ਨੂੰ ਨਹੀਂ ਪਤਾ ਪੁਲਿਸ ਆਪ ਦਹਿਸ਼ਤਗਰਦਾਂ ਨਾਲ ਮਿਲੀ ਹੋਈ ਹੈ। ਇਸ ਕਾਂਡ ਵਿੱਚ ਵੀ ਪੁਲਿਸ ਦੀ ਮਿਲੀ ਭੁਗਤ ਹੋ ਸਕਦੀ ਹੈ। ਇੰਨੀਆਂ ਤਲਾਸ਼ੀਆਂ ਦੇ ਬਾਵਜੂਦ ਵੀ ਕਾਤਲ ਇਸੇ ਸ਼ਹਿਰ ਵਿੱਚ ਲੁਕੇ ਰਹੇ, ਖਾਂਦੇ-ਪੀਂਦੇ ਰਹੇ ਅਤੇ ਚਿੱਠੀਆਂ ਵੀ ਲਿਖਦੇ ਰਹੇ। ਜਦੋਂ ਮਨ ’ਤੇ ਆਈ ਬੱਚੇ ਨੂੰ ਮਾਰ ਕੇ ਲਾਸ਼ ਇਥੇ ਸੁੱਟ ਗਏ। ਅੱਧੀ ਪੁਲਿਸ ਉਹਨਾਂ ਨਾਲ ਰਲੀ ਹੋਈ ਹੈ ਅਤੇ ਬਾਕੀ ਡਰੀ ਹੋਈ ਹੈ। ਕੁੱਤਾਂ ਤਾਂ ਕਿਸੇ ਦਾ ਸਿਖਾਇਆ ਹੋਇਆ ਨਹੀਂ।

“ਇਸ ਪੁਲਸੀਏ ਨੂੰ ਫੜਿਆ ਜਾਏ।” ਪ੍ਰੇਮ ਨੇ ਇੱਕ ਵਾਰ ਫੇਰ ਆਵਾਜ਼ਾ ਕੱਸਿਆ। ਉਸ ਨਾਲ ਬੰਦੂਕਾਂ ਵਾਲਾ ਸ਼ਿੰਦੀ ਵੀ ਸਹਿਮਤ ਸੀ। ਜਦੋਂ ਪੁਲਿਸ ਚੋਰੀਆਂ ਡਕੈਤੀਆਂ ਕਰ ਸਕਦੀ ਹੈ ਤਾਂ ਇਹ ਕੰਮ ਵੀ ਫੜ ਲਿਆ ਹੋਵੇਗਾ। ਇਥੋਂ ਪੈਸੇ ਚੰਗੇ ਮਿਲਦੇ ਹੋਣਗੇ।

ਉਹ ਉਸ ਬੁੱਢੀ ਦੀ ਕਹਾਣੀ ਸੁਣਾਉਣ ਲੱਗਾ, ਜਿਸ ਨੂੰ ਦੋ ਸਿਪਾਹੀ ਹੀ ਲੁੱਟਣ ਪੈ ਗਏ ਸਨ। ਬੁੱਢੀ ’ਚ ਪੁਰਾਣਾ ਖ਼ੂਨ ਸੀ। ਘਬਰਾਉਣ ਦੀ ਥਾਂ ਉਸ ਨੇ ਦੋਹਾਂ ਵਿਚੋਂ ਇੱਕ ਦੇ ਮੋਢੇ ’ਤੇ ਬੁਰਕੀ ਭਰ ਲਈ। ਸਵੇਰੇ ਜਦੋਂ ਤਫ਼ਤੀਸ਼ ਲਈ ਉਹੋ ਸਿਪਾਹੀ ਥਾਣੇਦਾਰ ਦੇ ਨਾਲ ਆਏ ਤਾਂ ਬੁੱਢੀ ਨੇ ਉਹ ਪਛਾਣ ਲਏ। ਥਾਣੇਦਾਰ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ। ਉਲਟਾ ਬੁੱਢੀ ਨੂੰ ਹੀ ਧਮਕਾਉਣ ਲੱਗਾ। ਪੰਚਾਇਤ ਦੇ ਜ਼ੋਰ ਦੇਣ ’ਤੇ ਜਦੋਂ ਸਿਪਾਹੀ ਦਾ ਕੁੜਤਾ ਲੁਹਾਇਆ ਗਿਆ ਤਾਂ ਦੰਦੀ ਵਾਲੀ ਥਾਂ ਤੋਂ ਖ਼ੂਨ ਸਿੰਮ ਰਿਹਾ ਸੀ। ਜਦੋਂ ਪੁਲਿਸ ਵਾਲੀਆਂ ਲਾਹੁਣ ਤਕ ਅੱਪੜ ਗਈ ਹੈ ਤਾਂ ਕਾਤਲਾਂ ਨਾਲ ਹਿੱਸਾ-ਪੱਤੀ ਕਰਨਾ ਕਿਹੜੀ ਅਣਹੋਣੀ ਗੱਲ ਹੈ? ਇਸ ਹੌਲਦਾਰ ਨੂੰ ਫੜਿਆ ਹੀ ਜਾਣਾ ਚਾਹੀਦਾ ਹੈ।

ਵਿਉਪਾਰ ਮੰਡਲ ਦੇ ਪ੍ਰਧਾਨ ਨੇ ਡਿਪਟੀ ਨਾਲ ਗੱਲ ਕੀਤੀ। ਡਿਪਟੀ ਨੇ ਰਮੇਸ਼ ਦੀ ਗਰੰਟੀ ਦੇ ਦਿੱਤੀ। ਉਹ ਤਾਂ ਕੱਲ੍ਹ ਦਾ ਡਿਪਟੀ ਦੇ ਨਾਲ ਫਿਰਦਾ ਹੈ। ਡਿਪਟੀ ਰਮੇਸ਼ ਨੂੰ ਨਾਲ ਲੈ ਕੇ ਕਈ ਵਾਰ ਮੌਕਾ ਦੇਖ ਚੁੱਕਾ ਹੈ, ਇਸ ਲਈ ਕੁੱਤੇ ਨੂੰ ਉਸ ’ਤੇ ਸ਼ੱਕ ਹੋ ਗਿਆ। ਉਹ ਜਾਨਵਰ ਹੈ। ਗ਼ਲਤੀ ਕਰ ਸਕਦਾ ਹੈ।

ਪ੍ਰਧਾਨ ਦੀ ਫੇਰ ਵੀ ਤਸੱਲੀ ਨਾ ਹੋਈ ਤਾਂ ਡਿਪਟੀ ਨੇ ਪੈਂਤੜਾ ਬਦਲਿਆ।

“ਉਹ ਤੁਹਾਡਾ ਹਿੰਦੂ ਭਰਾ ਹੈ, ਅਜਿਹੀ ਗ਼ਲਤੀ ਕਰ ਸਕਦੈ?”

ਡਿਪਟੀ ਪ੍ਰਧਾਨ ਨੂੰ ਕਿਵੇਂ ਦੱਸਦਾ ਕਿ ਜਿਹੜੀ ਪੁਲਿਸ ਪਾਰਟੀ ਰਾਤ ਇਥੇ ਲਾਸ਼ ਸੁੱਟ ਕੇ ਗਈ ਸੀ, ਰਮੇਸ਼ ਉਸ ਦਾ ਮੁਖੀ ਸੀ। ਡਿਪਟੀ ਨੇ ਰਮੇਸ਼ ਨੂੰ ਬਥੇਰਾ ਸਮਝਾਇਆ ਸੀ, ਸੈਂਟ ਵਗੈਰਾ ਲਗਾ ਕੇ ਰੱਖੇ, ਮੁੜ ਕੇ ਮੌਕੇ ’ਤੇ ਨਾ ਆਵੇ। ਨਹਾ-ਧੋ ਕੇ ਕੱਪੜੇ ਬਦਲ ਲਏ। ਬੇਵਕੂਫ਼ ਨੇ ਇੱਕ ਨਾ ਮੰਨੀ। ਉਸੇ ਦੀ ਸਜ਼ਾ ਭੁਗਤ ਰਿਹਾ ਸੀ। ਨਾਲ ਡਿਪਟੀ ਦੀ ਬਦਨਾਮੀ ਹੋ ਰਹੀ ਸੀ।

ਡਿਪਟੀ ਸ਼ੁਕਰ ਮਨਾ ਰਿਹਾ ਸੀ ਕਿ ਰਮੇਸ਼ ਹਿੰਦੂ ਹੈ। ਸਿੱਖ ਹੁੰਦਾ ਤਾਂ ਭੜਕੀ ਭੀੜ ਨੇ ਉਸ ਨੂੰ ਹੱਥਕੜੀਆਂ ਲਗਵਾ ਕੇ ਛੱਡਣੀਆਂ ਸਨ।

ਡਿਪਟੀ ਦੇ ਸਮਝਾਉਣ ਨਾਲ ਗੱਲ ਆਈ ਗਈ ਹੋ ਗਈ। ਉਸਤਾਦ ਕੁੱਤੇ ਨੂੰ ਆਰਾਮ ਕਰਾਉਣ ਦੇ ਬਹਾਨੇ ਥਾਣੇ ਲੈ ਗਿਆ।

ਦੂਸਰਾ ਕੁੱਤਾ ਜੀਪ ਨੂੰ ਭੌਂਕ ਰਿਹਾ ਸੀ। ਵਾਰ-ਵਾਰ ਉਹ ਜੀਪ ਦੀਆਂ ਸੀਟਾਂ ਸੁੰਘਣ ਲੱਗਦਾ।

ਡਿਪਟੀ ਦਾ ਦਿਲ ਇੱਕ ਵਾਰ ਫੇਰ ਧੜਕਿਆ। ਕੁੱਤਾ ਇਥੇ ਵੀ ਗ਼ਲਤ ਨਹੀਂ ਸੀ। ਰਮੇਸ਼ ਨੇ ਇੱਕ ਹੋਰ ਗ਼ਲਤੀ ਕੀਤੀ ਲੱਗਦੀ ਸੀ। ਡਿਪਟੀ ਨੇ ਆਖਿਆ ਲਾਸ਼ ਸੁੱਟਣ ਲਈ ਪ੍ਰਾਈਵੇਟ ਗੱਡੀ ਵਰਤੀ ਜਾਵੇ। ਉਸ ਨੇ ਸਰਕਾਰੀ ਜੀਪ ਹੀ ਵਰਤੀ ਲੱਗਦੀ ਸੀ।

ਡਿਪਟੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਇਥੇ ਕੁੱਤੇ ਬੁਲਾਉਣ ਦੀ ਕੀ ਲੋੜ ਸੀ? ਇਹ ਨਾਟਕ ਪੁਲਿਸ ਲਈ ਮਹਿੰਗਾ ਪੈ ਸਕਦਾ ਸੀ। ਕੁੱਤਿਆਂ ਨੂੰ ਇਥੋਂ ਕੀ ਲੱਭਣਾ ਸੀ? ਉਹਨਾਂ ਦੀ ਜ਼ਰੂਰਤ ਖੰਡ ਮਿੱਲ ਲਾਗਲੇ ਖੰਡਰਾਂ ਵਿੱਚ ਸੀ। ਉਹ ਇਥੋਂ ਤਿੰਨ ਮੀਲ ਦੂਰ ਸਨ। ਉਥੇ ਕੁੱਤੇ ਲਿਜਾਏ ਨਹੀਂ ਜਾ ਸਕਦੇ। ਲੋਕਾਂ ਵਿੱਚ ਪਹਿਲਾਂ ਹੀ ਘੁਸਰ-ਮੁਸਰ ਹੋ ਰਹੀ ਸੀ। ਕੁੱਤੇ ਉਥੇ ਭੇਜ ਕੇ ਡਿਪਟੀ ਉਹਨਾਂ ਦੇ ਸ਼ੱਕ ਨੂੰ ਸੱਚ ਵਿੱਚ ਨਹੀਂ ਸੀ ਬਦਲ ਸਕਦਾ।

ਦਿਨ ਦੇ ਗਿਆਰਾਂ ਵੱਜ ਚੁੱਕੇ ਸਨ। ਹਾਲੇ ਉਂਗਲਾਂ ਦੇ ਨਿਸ਼ਾਨਾਂ ਦੇ ਮਾਹਿਰ ਅਤੇ ਖੋਜੀ ਨੇ ਆਪਣਾ ਕੰਮ ਕਰਨਾ ਸੀ। ਪੋਸਟ ਮਾਰਟਮ ’ਤੇ ਵੀ ਕਈ ਘੰਟੇ ਲੱਗਣੇ ਸਨ। ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਬੱਚੇ ਦੀ ਮਿੱਟੀ ਸਮੇਟਣੀ ਵੀ ਜ਼ਰੂਰੀ ਸੀ। ਜੇ ਪੁਲਿਸ ਇਸੇ ਤਰ੍ਹਾਂ ਕੁੱਤਿਆਂ ਪਿੱਛੇ ਫਿਰਦੀ ਰਹੀ ਤਾਂ ਸਮੇਂ ਸਿਰ ਸੰਸਕਾਰ ਹੋਣਾ ਅਸੰਭਵ ਸੀ।

ਇਹਨਾਂ ਗੱਲਾਂ ਦਾ ਬਹਾਨਾ ਬਣਾ ਕੇ ਡਿਪਟੀ ਨੇ ਕੁੱਤੇ ਥਾਣੇ ਭੇਜ ਦਿੱਤੇ।

ਰਮੇਸ਼ ਹੌਲਦਾਰ ਨੂੰ ਲਾਲਾ ਜੀ ਵੱਲ ਭੇਜਿਆ। ਉਹ ਆਉਣ ਅਤੇ ਲਾਸ਼ ਸੰਭਾਲਣ। ਭੀੜ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ।

ਜਿੰਨਾ ਚਿਰ ਲਾਲਾ ਜੀ ਨਹੀਂ ਆਉਂਦੇ, ਡਿਪਟੀ ਨੇ ਮੁਜਰਮਾਂ ਦੇ ਹੱਥਾਂ-ਪੈਰਾਂ ਦੇ ਨਿਸ਼ਾਨ ਇਕੱਠੇ ਕਰਨ ਲਈ ਮਾਹਿਰਾਂ ਨੂੰ ਕਮਰੇ ਵਿੱਚ ਬੁਲਾਇਆ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਡਿਪਟੀ ਨੇ ਉਹਨਾਂ ਨੂੰ ਸਾਰਾ ਕਿੱਸਾ ਸਮਝਾ ਦਿੱਤਾ। ਇਥੋਂ ਕਿਸੇ ਦੇ ਨਿਸ਼ਾਨ ਨਹੀਂ ਮਿਲਣੇ। ਉਹਨਾਂ ਮਹਿਜ਼ ਜਾਬਤਾ ਪੂਰਾ ਕਰਨਾ ਹੈ। ਮਾਹਿਰ ਨੂੰ ਇਥੇ ਬੁਲਾਉਣ ਦੇ ਦੋ ਹੀ ਕਾਰਨ ਸਨ। ਪਹਿਲਾ ਇਹ ਕਿ ਲੋਕਾਂ ਨੂੰ ਯਕੀਨ ਦਿਵਾਇਆ ਜਾਏ ਕਿ ਪੁਲਿਸ ਕਾਤਲਾਂ ਨੂੰ ਲੱਭਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਦੂਜਾ ਇਹ ਕਿ ਪਿੱਛੋਂ ਕਿਸੇ ਸਮੇਂ ਜੇ ਕਿਸੇ ’ਤੇ ਕੇਸ ਫਿੱਟ ਕਰਨਾ ਪਿਆ ਤਾਂ ਇਸ ਮੌਕੇ ਮੁਲਾਹਜ਼ੇ ਦਾ ਫ਼ਾਇਦਾ ਉਠਾਇਆ ਜਾ ਸਕੇ। ਹੁਣ ਇਕੱਠੇ ਕੀਤੇ ਗਏ ਨਿਸ਼ਾਨਾਂ ਨੂੰ ਅਸਲੀ ਮੁਜਰਮਾਂ ਦੇ ਨਿਸ਼ਾਨਾਂ ਨਾਲ ਕਿਸੇ ਸਮੇਂ ਵੀ ਬਦਲਿਆ ਜਾ ਸਕਦਾ ਹੈ। ਲੋੜ ਬੱਸ ਇਸ ਚੀਜ਼ ਦੀ ਸੀ ਕਿ ਮਾਹਿਰਾਂ ਦਾ ਮੌਕਾ-ਮੁਲਾਹਜ਼ਾ ਕਰਨ ਦੀਆਂ ਰਿਪੋਰਟਾਂ ਰੋਜ਼ਨਾਮਚਿਆਂ ਅਤੇ ਜ਼ਿਮਨੀਆਂ ਵਿੱਚ ਦਰਜ ਹੋ ਜਾਣ। ਇਸ ਲਈ ਮਾਹਿਰਾਂ ਨੂੰ ਬਹੁਤੀਆਂ ਟੱਕਰਾਂ ਮਾਰਨ ਦੀ ਲੋੜ ਨਹੀਂ ਸੀ।

ਦੋ ਤਿੰਨ ਮੋਹਤਬਰਾਂ ਨੂੰ ਗਵਾਹ ਬਣਾ ਕੇ ਮਾਹਿਰਾਂ ਨੇ ਕੰਮ ਆਰੰਭ ਕੀਤਾ। ਮੁਜਰਮ ਬੜੇ ਚੁਸਤ ਲੱਗਦੇ ਹਨ। ਕਿਧਰੇ ਵੀ ਕੋਈ ਨਿਸ਼ਾਨ ਨਹੀਂ ਸੀ ਛੱਡ ਕੇ ਗਏ। ਉਂਝ ਵੀ ਨਿਸ਼ਾਨ ਲੱਭਣੇ ਮੁਸ਼ਕਲ ਸਨ। ਕਮਰਾ ਹਾਲੇ ਉਸਾਰੀ ਅਧੀਨ ਸੀ। ਇਸ ਲਈ ਲੱਕੜ ਅਤੇ ਇੱਟਾਂ ਤੋਂ ਸਿਵਾ ਇਥੇ ਕੋਈ ਚੀਜ਼ ਨਹੀਂ ਸੀ। ਇਹਨਾਂ ’ਤੇ ਹੱਥਾਂ-ਪੈਰਾਂ ਦੇ ਨਿਸ਼ਾਨ ਨਹੀਂ ਆਉਂਦੇ। ਫੇਰ ਵੀ ਇੱਕ ਘੰਟੇ ਦੀ ਸਿਰ-ਖਪਾਈ ਤੋਂ ਬਾਅਦ ਉਹ ਕੁੱਝ ਨਿਸ਼ਾਨ ਲੱਭਣ ਵਿੱਚ ਕਾਮਯਾਬ ਹੋ ਗਏ ਸਨ।

ਤਫ਼ਤੀਸ਼ ਦੀ ਸੁਸਤ ਰਫ਼ਤਾਰ ਤੋਂ ਸੰਘ ਵਾਲੇ ਖਿਝੇ ਹੋਏ ਸਨ। ਉਹਨਾਂ ਨੂੰ ਇਹਨਾਂ ਦਿਖਾਵਿਆਂ ਵਿਚੋਂ ਕੁੱਝ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਮਰਨ ਵਾਲਾ ਮਰ ਚੁੱਕਾ ਸੀ। ਕਾਤਲ ਫੜੇ ਵੀ ਜਾਣ ਤਾਂ ਕਿਹੜਾ ਉਸ ਨੇ ਮੁੜ ਆਉਣਾ ਸੀ। ਸੰਘ ਜਲਦੀ ਤੋਂ ਜਲਦੀ ਪੁਲਿਸ ਤੋਂ ਲਾਸ਼ ਹਾਸਲ ਕਰਨਾ ਚਾਹੁੰਦਾ ਸੀ ਤਾਂ ਜੋ ਸਮੇਂ ਸਿਰ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।

ਡਿਪਟੀ ਵੱਲੋਂ ਕੋਈ ਦੇਰ ਨਹੀਂ ਸੀ। ਪੁਲਿਸ ਦੀ ਲਿਖਾ-ਪੜ੍ਹੀ ਮੁਕੰਮਲ ਸੀ। ਲਾਲਾ ਜੀ ਆਉਣ। ਲਾਸ਼ ਦੀ ਸ਼ਨਾਖ਼ਤ ਕਰਨ ਅਤੇ ਰਸੀਦ ਦੇ ਕੇ ਲਾਸ਼ ਸੰਭਾਲ ਲੈਣ।

ਰਮੇਸ਼ ਨੇ ਵਾਪਸ ਆ ਕੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਲਾਲਾ ਜੀ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਹਨਾਂ ਦੇ ਘਰ ਪਹੁੰਚੇ ਹੋਏ ਸਨ। ਇਸ ਲਈ ਦੇਰ ਹੋ ਰਹੀ ਸੀ। ਖ਼ਾਨ ਵੀ ਉਹਨਾਂ ਨਾਲ ਸੀ। ਗੁਪਤਾ ਜੀ ਨੂੰ ਕਿਸੇ ਜ਼ਰੂਰੀ ਮੀਟਿੰਗ ਦਾ ਸੁਨੇਹਾ ਆਇਆ ਸੀ। ਉਹ ਉਥੋਂ ਹੀ ਸੰਗਰੂਰ ਚਲੇ ਜਾਣਾ ਚਾਹੁੰਦੇ ਸਨ। ਉਸ ਦਾ ਕੋਈ ਕੰਮ ਬਾਕੀ ਨਹੀਂ ਸੀ ਰਹਿ ਗਿਆ। ਕਾਤਲ ਤਾਂ ਪੁਲਿਸ ਨੇ ਲੱਭ ਹੀ ਲੈਣੇ ਸਨ। ਲੋਕ ਸ਼ਾਂਤ ਸਨ ਹੀ।

ਗੁਪਤੇ ਨੇ ਸਰਕਾਰ ਵੱਲੋਂ ਮਿਲਣ ਵਾਲੀ ਵੀਹ ਹਜ਼ਾਰ ਦੀ ਮਦਦ ਦਾ ਐਲਾਨ ਕਰ ਦਿੱਤਾ ਸੀ। ਰੈੱਡ ਕਰਾਸ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਸੀ ਕਿ ਬੱਚੇ ਦੀ ਯਾਦ ਵਿੱਚ ਅਜਿਹੀ ਯਾਦਗਾਰ ਉਸਾਰੀ ਜਾਏਗੀ ਕਿ ਉਸ ਦਾ ਨਾਂ ਰਹਿੰਦੀ ਦੁਨੀਆਂ ਤਕ ਰਹੇਗਾ। ਉਹਨਾਂ ਨੇ ਮਾਹਿਰਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਅਜਿਹੀ ਯਾਦਗਾਰ ਦੀ ਯੋਜਨਾ ਉਸ ਨੂੰ ਜਲਦੀ ਤੋਂ ਜਲਦੀ ਭੇਜੀ ਜਾਵੇ।

‘ਬੰਟੀ ਯਾਦਗਾਰੀ ਮੈਡਲ’ ਹਰ ਸਾਲ ਦੇਣ ਦਾ ਐਲਾਨ ਤਾਂ ਉਹ ਖ਼ੁਦ ਹੀ ਕਰ ਗਏ ਸਨ। ਇਹ ਇਨਾਮ ਰੈੱਡ ਕਰਾਸ ਵੱਲੋਂ ਸ਼ਹਿਰ ਦੇ ਉਸ ਵਿਦਿਆਰਥੀ ਨੂੰ ਦਿੱਤਾ ਜਾਇਆ ਕਰੇਗਾ, ਜਿਹੜਾ ਮੈਟ੍ਰਿਕ ਦੀ ਪ੍ਰੀਖਿਆ ਵਿਚੋਂ ਪਹਿਲੇ ਨੰਬਰ ’ਤੇ ਆਏਗਾ।

ਖ਼ਾਨ ਨੂੰ ਉਹਨਾਂ ਹਦਾਇਤ ਕੀਤੀ ਕਿ ਬੰਟੀ ਦਾ ਅੰਤਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇ। ਪੁਲਿਸ ਦੀ ਇੱਕ ਸੈਕਸ਼ਨ ਉਸ ਨੂੰ ਸਲਾਮੀ ਦੇਵੇ।

ਰਮੇਸ਼ ਹੱਥ ਸੁਨੇਹਾ ਆਇਆ ਸੀ ਕਿ ਡਿਪਟੀ ਕਮਿਸ਼ਨਰ ਦੇ ਵਿਦਾ ਹੁੰਦਿਆਂ ਹੀ ਖ਼ਾਨ ਖ਼ੁਦ ਲਾਲਾ ਜੀ ਨੂੰ ਲੈ ਕੇ ਇਥੇ ਪੁੱਜਣਗੇ।

ਡਿਪਟੀ ਨੇ ਵਾਧੂ ਸਮੇਂ ਦਾ ਪੂਰਾ ਲਾਭ ਉਠਾਇਆ। ਜਿੰਨਾ ਚਿਰ ਤਕ ਲਾਲਾ ਜੀ ਨਹੀਂ ਪਹੁੰਚਦੇ, ਉਨਾ ਚਿਰ ਤਕ ਖੋਜੀ ਆਪਣੇ ਜੌਹਰ ਦਿਖਾਉਣ। ਬੜੀ ਛਾਣ-ਬੀਣ ਤੋਂ ਬਾਅਦ ਪੁਲਿਸ ਦੋ ਪੈੜਾਂ ਖੋਜ ਕਰ ਸਕੀ। ਪੈੜਾਂ ਨੂੰ ਮਿੱਟੀ ਘੱਟੇ ਅਤੇ ਲੋਕਾਂ ਤੋਂ ਬਚਾਉਣ ਲਈ ਉਹਨਾਂ ਬੱਠਲਾਂ ਹੇਠ ਢੱਕ ਦਿੱਤਾ ਸੀ।

ਇੱਕ ਖੋਜੀ ਉਹਨਾਂ ਪੈੜਾਂ ਦੇ ‘ਮੋਲਡ’ (ਨਿਸ਼ਾਨ ਚੁੱਕਣ ਲਈ ਤਿਆਰ ਕੀਤੇ ਜਾਂਦੇ ਪਲਾਸਟਿਕ ਦੇ ਫੱਟੇ) ਤਿਆਰ ਕਰਨ ਲੱਗਾ। ਦੂਜਾ ਮੁਜਰਮਾਂ ਦਾ ਖੁਰਾ ਲੱਭਣ ਦੇ ਯਤਨ ਕਰਨ ਲੱਗਾ।

ਖੋਜੀਆਂ ਦੇ ਯਤਨ ਜਾਰੀ ਹੀ ਸਨ ਕਿ ਖ਼ਾਨ ਦੀ ਜੀਪ ਆ ਧਮਕੀ।

ਭੀੜ ਨੂੰ ਚੀਰਦੀ ਜੀਪ ਸਿੱਧੀ ਬੰਟੀ ਦੀ ਲਾਸ਼ ਵਾਲੇ ਕਮਰੇ ਸਾਹਮਣੇ ਜਾ ਰੁਕੀ। ਵਿਚੋਂ ਉਤਰਦੇ ਲਾਲਾ ਜੀ ਨੂੰ ਦੇਖ ਕੇ ਸਾਰੀ ਭੀੜ ਦੇ ਸਾਹ ਸੁੱਕ ਗਏ। ਚਾਰੇ ਪਾਸੇ ਸੰਨਾਟਾ ਛਾ ਗਿਆ।

ਖ਼ਾਨ ਖ਼ੁਦ ਲਾਲਾ ਜੀ ਨੂੰ ਲਾਸ਼ ਤਕ ਲੈ ਕੇ ਗਿਆ।

“ਹਰੇ ਰਾਮ … ਹਰੇ ਰਾਮ … ।’

“ਵਾਹਿਗੁਰੂ … ਵਾਹਿਗੁਰੁ … ।”

“ਯਾ ਅੱਲ੍ਹਾ … ਰਹਿਮ … ।”

“ਭਰ ਲਏ ਜ਼ਾਲਮੋਂ ਖ਼ਜ਼ਾਨੇ ਇਸ ਦਰਵੇਸ਼ ਦੇ ਘਰ ਨੂੰ ਉਜਾੜ ਕੇ … ।”

ਤਰ੍ਹਾਂ ਤਰ੍ਹਾਂ ਦੇ ਹਉਕੇ ਫ਼ਿਜ਼ਾ ਨੂੰ ਗ਼ਮਗ਼ੀਨ ਕਰਨ ਲੱਗੇ

ਬੰਟੀ ਦਾ ਚਿਹਰਾ ਦੇਖਦਿਆਂ ਹੀ ਲਾਲਾ ਜੀ ਨੂੰ ਚੱਕਰ ਆ ਗਿਆ। ਖ਼ਾਨ ਨੇ ਮਸਾਂ ਉਸ ਨੂੰ ਡਿੱਗਦੇ ਨੂੰ ਸੰਭਾਲਿਆ।

ਲਾਲਾ ਜੀ ਨੇ ਬੰਟੀ ਨੂੰ ਹਿੱਕ ਨਾਲ ਲਾ ਲਿਆ। ਇੱਕ ਪਾਸੇ ਲੁੜਕ ਗਏ ਬੰਟੀ ਦੇ ਚਿਹਰੇ ਨੂੰ ਉਹ ਵਾਹੋਦਾਹੀ ਚੁੰਮਣ ਲੱਗੇ। ਬੰਟੀ ਦਾ ਨਿੱਕਾ ਜਿਹਾ ਸਰੀਰ ਉਹਨਾਂ ਤੋਂ ਸੰਭਲ ਨਹੀਂ ਸੀ ਰਿਹਾ। ਕਦੇ ਬਾਂਹ ਇੱਕ ਪਾਸੇ ਲੁੜਕ ਜਾਂਦੀ, ਕਦੇ ਟੰਗ ਅਤੇ ਕਦੇ ਗਰਦਨ।

ਲਾਲਾ ਜੀ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਨਦੀਆਂ ਵਹਿ ਤੁਰੀਆਂ।

ਲਾਲਾ ਜੀ ਦੀ ਇਹ ਹਾਲਤ ਦੇਖ ਕੇ ਰਾਮ ਸਰੂਪ ਅਤੇ ਦਰਸ਼ਨ ਪੁਲਿਸ ਦੇ ਡੰਡਿਆਂ ਦੀ ਬਿਨਾਂ ਪਰਵਾਹ ਕਰੇ ਲਾਲਾ ਜੀ ਵੱਲ ਦੌੜ ਪਏ।

ਬੰਟੀ ਦੇ ਕਰੂਪ ਚਿਹਰੇ ਅਤੇ ਪਿੰਜਰ ਬਣੇ ਸਰੀਰ ਨੂੰ ਦੇਖ ਕੇ ਉਹ ਵੀ ਧਾਹਾਂ ਮਾਰਨ ਲੱਗੇ।

“ਅਸੀਂ ਪੋਸਟ ਮਾਰਟਮ ਨਹੀਂ ਹੋਣ ਦੇਣਾ। ਇਸ ਮਾਸੂਮ ਵਿੱਚ ਬਾਕੀ ਰਹਿ ਹੀ ਕੀ ਗਿਆ ਹੈ, ਜਿਹੜਾ ਚੀਰਿਆ ਫਾੜਿਆ ਜਾਵੇ।” ਜਦੋਂ ਇੱਕ ਹੌਲਦਾਰ ਇਸ ਮਕਸਦ ਲਈ ਲਾਲਾ ਜੀ ਤੋਂ ਕਾਗ਼ਜ਼ਾਂ ’ਤੇ ਦਸਖ਼ਤ ਕਰਾਉਣ ਆਇਆ ਤਾਂ ਕਾਗ਼ਜ਼ਾਂ ਨੂੰ ਪਿਛਾਂਹ ਧੱਕਦਾ ਹੋਇਆ ਦਰਸ਼ਨ ਚਿੱਲਾਇਆ।

ਦਰਸ਼ਨ ਦੀ ਹੁੱਲੜਬਾਜ਼ੀ ਕਾਰਨ ਜ਼ਮੀਨ ’ਤੇ ਗਿਰੇ ਕਾਗ਼ਜ਼ਾਂ ਨੇ ਖ਼ਾਨ ਨੂੰ ਨਾਰਾਜ਼ ਨਹੀਂ ਕੀਤਾ। ਉਹ ਹੋਰ ਵੀ ਨਰਮ ਹੋ ਕੇ ਦਰਸ਼ਨ ਨੂੰ ਸਮਝਾਉਣ ਲੱਗਾ।

“ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੋਸਟ ਮਾਰਟਮ ਬਹੁਤ ਜ਼ਰੂਰੀ ਹੈ।”

“ਜਿਹੋ ਜਿਹਾ ਜ਼ੋਰ ਤੁਸੀਂ ਪਹਿਲਾਂ ਲਾ ਲਿਆ, ਉਹੋ ਜਿਹਾ ਫੇਰ ਲਾ ਲਓਗੇ।” ਖ਼ਾਨ ਦਾ ਹੱਥ ਪਰ੍ਹਾਂ ਕਰਦੇ ਦਰਸ਼ਨ ਦਾ ਗਲਾ ਫੇਰ ਭਰ ਆਇਆ।

“ਤੁਸੀਂ ਹਾਲੇ ਬੱਚੇ ਹੋ … ਕਾਨੂੰਨ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦੇ … । ਅਸੀਂ ਤੁਹਾਡੇ ਦੁੱਖ ਨੂੰ ਸਮਝਦੇ ਹਾਂ … ਪਰ ਇਹ ਸਾਡੀ ਮਜਬੂਰੀ ਹੈ … ਪੋਸਟ ਮਾਰਟਮ ਬਹੁਤ ਜ਼ਰੂਰੀ ਹੈ … ਨਹੀਂ ਤਾਂ ਕਾਤਲ ਆਸਾਨੀ ਨਾਲ ਬਰੀ ਹੋ ਜਾਣਗੇ … ।” ਖ਼ਾਨ ਉਤੇਜਿਤ ਨਹੀਂ ਸੀ ਹੋ ਰਿਹਾ। ਉਹ ਬਰਾਬਰ ਸੰਘ ਦੇ ਨੌਜਵਾਨਾਂ ਦੇ ਜਜ਼ਬਾਤਾਂ ’ਤੇ ਕਾਬੂ ਪਾਉਣ ਦੇ ਯਤਨ ਕਰ ਰਿਹਾ ਸੀ।

“ਤੁਸੀਂ ਆਪਣਾ ਫ਼ਰਜ਼ ਨਿਭਾਓ … ਇਸ ਮਿੱਟੀ ਨਾਲ ਹੁਣ ਕਾਹਦਾ ਮੋਹ? ਪਲ ਦੋ ਪਲ ਨੂੰ ਮਿੱਟੀ ਦੇ ਹਵਾਲੇ ਤਾਂ ਕਰ ਦੇਣਾ ਹੈ … ਜਿਵੇਂ ਮਰਜ਼ੀ ਕਰੋ ਖ਼ਾਨ ਸਾਹਿਬ।”

ਆਪਣੇ ਸਿਰ ’ਤੇ ਲਪੇਟੇ ਤੌਲੀਏ ਨੂੰ ਸਿਰ ਤੋਂ ਲਾਹੁੰਦਿਆਂ ਲਾਲਾ ਜੀ ਨੇ ਆਪਣੀ ਸਹਿਮਤੀ ਪ੍ਰਗਟਾਈ।

ਬੰਟੀ ਨੂੰ ਤੌਲੀਏ ਵਿੱਚ ਲਪੇਟ ਕੇ, ਲਾਸ਼ ਨੂੰ ਦੋਹਾਂ ਬਾਹਾਂ ਵਿੱਚ ਸੰਭਾਲ ਕੇ ਲਾਲਾ ਜੀ ਡੈੱਡ ਹਾਊਸ ਵੱਲ ਤੁਰ ਪਏ।

ਪਿੱਛੇ-ਪਿੱਛੇ ਹਉਕੇ ਭਰਦੀ ਭੀੜ ਤੁਰ ਪਈ

ਮੀਤਾ ਵੀ ਅੱਖਾਂ ’ਚ ਉਮੜ ਆਏ ਹੰਝੂਆਂ ਨੂੰ ਰੋਕ ਨਹੀਂ ਸੀ ਸਕਿਆ।

 

 

17

ਲਾਸ਼ ਨੂੰ ਡੈੱਡ ਹਾਊਸ ਵਿੱਚ ਪਿਆਂ ਦੋ ਘੰਟੇ ਹੋ ਗਏ ਸਨ। ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਹੋਣ ’ਚ ਨਹੀਂ ਸੀ ਆ ਰਹੀ।

ਲਾਸ਼ ਦੇ ਡੈੱਡ ਹਾਊਸ ਪਹੁੰਚਦਿਆਂ ਹੀ ਡਾਕਟਰ ਨੇ ਕੁਰਸੀ ਮੱਲ ਲਈ ਸੀ। ਉਹ ਜੋਗਿੰਦਰ ਨੂੰ ਕਈ ਸੁਨੇਹੇ ਭੇਜ ਚੁੱਕਾ ਸੀ।

ਜੋਗਿੰਦਰ ਸੀ ਕਿ ਸਾਨ੍ਹ ਵਾਂਗ ਆਕੜਿਆ ਆਪਣੇ ਝੋਟੇ ਦੀ ਪਿੱਠ ਥਾਪੜਨ ਵਿੱਚ ਮਸਰੂਫ਼ ਸੀ।

ਡਾਕਟਰ ਜੋਗਿੰਦਰ ਦੇ ਰੋਸੇ ਦਾ ਕਾਰਨ ਸਮਝ ਰਿਹਾ ਸੀ। ਉਸ ਨੂੰ ਫ਼ੀਸ ਨਹੀਂ ਸੀ ਮਿਲੀ ਨਾ ਮਿਲਣੀ ਹੀ ਸੀ। ਹਰ ਕੇਸ ਵਿਚੋਂ ਫ਼ੀਸ ਦੀ ਆਸ ਰੱਖਣਾ ਉਸ ਦੀ ਬੇਵਕੂਫ਼ੀ ਸੀ।

ਇਸ ਕੇਸ ਵਿੱਚ ਕਰਨਾ ਵੀ ਤਾਂ ਕੁੱਝ ਨਹੀਂ ਸੀ। ਜ਼ਾਬਤਾ ਹੀ ਪੂਰਾ ਕਰਨਾ ਸੀ। ਲਾਸ਼ ਦਾ ਮੁਆਇਨਾ ਤਾਂ ਡਾਕਟਰ ਖ਼ੁਦ ਕਰ ਚੁੱਕਾ ਸੀ। ਸਿਰ ਵਿੱਚ ਇੱਕ ਗਹਿਰਾ ਘਾਓ ਸੀ। ਲੋਹੇ ਦੀ ਰਾਡ ਨਾਲ ਸੱਟ ਮਾਰੀ ਗਈ ਸੀ। ਬੱਚਾ ਜਦੋਂ ਇਸ ਸੱਟ ਨਾਲ ਨਾ ਮਰਿਆ ਤਾਂ ਉਹੋ ਰਾਡ ਉਸ ਦੀ ਗਰਦਨ ’ਤੇ ਰੱਖ ਕੇ ਦਬਾਈ ਗਈ। ਬਾਹਰ ਨਿਕਲੀਆਂ ਅੱਖਾਂ ਅਤੇ ਲਟਕਦੀ ਜੀਭ ਇਸ ਦਾ ਸਬੂਤ ਦੇ ਰਹੀਆਂ ਸਨ। ਸਰੀਰ ’ਤੇ ਜੰਮੀ ਮੈਲ ਅਤੇ ਗੱਲ੍ਹਾਂ ’ਤੇ ਹੰਝੂਆਂ ਦੇ ਨਿਸ਼ਾਨ ਦੱਸਦੇ ਸਨ ਕਿ ਬੱਚਾ ਬਿਨਾਂ ਨਹਾਤੇ-ਧੋਤੇ ਲਗਾਤਾਰ ਰੋਂਦਾ ਰਿਹਾ ਸੀ।

ਮੌਤ ਇਹਨਾਂ ਸੱਟਾਂ ਕਾਰਨ ਹੋਈ। ਪੇਟ ਖੋਲ੍ਹਣ ਦੀ ਡਾਕਟਰ ਕੋਈ ਜ਼ਰੂਰੀ ਮਹਿਸੂਸ ਨਹੀਂ ਸੀ ਕਰਦਾ। ਫੇਰ ਵੀ ਪੋਸਟ ਮਾਰਟਮ ਦੀ ਰਿਪੋਰਟ ਦੇ ਖ਼ਾਨੇ ਭਰਨ ਲਈ ਡਾਕਟਰ ਨੂੰ ਉਸ ਦਾ ਪੇਟ ਖੋਲ੍ਹਣਾ ਹੀ ਪੈਣਾ ਸੀ। ਪੇਟ ਵਿਚੋਂ ਵਿਸਰਾ ਲੈਣਾ ਸੀ। ਖਾਧੇ ਖਾਣੇ ਦੇ ਆਧਾਰ ’ਤੇ ਮੌਤ ਦੇ ਕਾਰਨ ਅਤੇ ਸਮਾਂ ਮਿਥਣਾ ਸੀ।

ਪੇਟ ਦੀ ਚੀਰ-ਫਾੜ ਲਈ ਡਾਕਟਰ ਨੂੰ ਹਸਪਤਾਲ ਦੇ ਜਮਾਂਦਾਰ ਦੀ ਜ਼ਰੂਰਤ ਪੈਂਦੀ ਸੀ। ਗੰਦ ’ਚ ਹੱਥ ਮਾਰਨ ਦੀ ਜੋਗਿੰਦਰ ਦੀ ਘੱਟੋ-ਘੱਟ ਫ਼ੀਸ ਪੰਜਾਹ ਰੁਪਏ ਸੀ।

ਲਾਸ਼ ਨੂੰ ਡੈੱਡ ਹਾਊਸ ਵਿੱਚ ਪਿਆਂ ਦੋ ਘੰਟੇ ਹੋ ਗਏ ਸਨ ਤਾਂ ਪਏ ਹੋਣ। ਸੂਰਜ ਛੁਪਣ ਵਿੱਚ ਥੋੜ੍ਹਾ ਸਮਾਂ ਹੀ ਰਹਿੰਦਾ ਹੈ ਤਾਂ ਪਿਆ ਰਹੇ। ਡਾਕਟਰ ਸੁਨੇਹੇ ਭੇਜ ਰਿਹਾ ਹੈ ਤਾਂ ਪਿਆ ਭੇਜੇ। ਜੋਗਿੰਦਰ ਨੇ ਵੀ ਬੱਚੇ ਪਾਲਣੇ ਹਨ। ਜੋਗਿੰਦਰ ਹੁਰਾਂ ਨੂੰ ਕਿਸੇ ਨੇ ਵਿਆਹ ’ਤੇ ਤਾਂ ਬੁਲਾਉਣਾ ਨਹੀਂ। ਉਲਟਾ ਅਜਿਹੇ ਕਿਸੇ ਮੌਕੇ ’ਤੇ ਉਹ ਮੱਥੇ ਲੱਗ ਜਾਣ ਤਾਂ ਅਸ਼ੁੱਭ ਸਮਝਿਆ ਜਾਂਦਾ ਹੈ। ਵੀਹ-ਵੀਹ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਮਹੀਨੇ ਵਿੱਚ ਇੱਕ ਦੋ ਲਾਸ਼ਾਂ ਨੇ ਤਾਂ ਪੋਸਟ ਮਾਰਟਮ ਲਈ ਆਉਣਾ ਹੁੰਦਾ ਹੈ। ਘੋੜਾ ਘਾਹ ਨਾਲ ਹੀ ਦੋਸਤੀ ਕਰ ਲਏ ਤਾਂ ਖਾਏਗਾ ਕੀ?

ਜੋਗਿੰਦਰ ਨੂੰ ਡਾਕਟਰ ਦਾ ਕੋਈ ਡਰ ਨਹੀਂ ਸੀ। ਗੰਦੀਆਂ ਲਾਸ਼ਾਂ ਦੀ ਚੀਰ-ਫਾੜ ਕਰਨਾ ਜੋਗਿੰਦਰ ਦੀ ਨੌਕਰੀ ਦਾ ਹਿੱਸਾ ਨਹੀਂ ਸੀ। ਕਾਗ਼ਜ਼ੀਂ-ਪੱਤਰੀਂ ਉਹ ਜਮਾਂਦਾਰ ਹੈ। ਉਸ ਦੀ ਡਿਊਟੀ ਹਸਪਤਾਲ ਦੀ ਸਫ਼ਾਈ ਕਰਨੀ ਹੈ। ਇਹ ਦੂਸਰੀ ਗੱਲ ਹੈ ਕਿ ਉਸ ਦੀ ਇਸ ਡਿਊਟੀ ਨੂੰ ਸਾਰੇ ਭੁੱਲ-ਭੁਲਾ ਗਏ ਹਨ। ਉਸ ਦਾ ਇਕੋ-ਇੱਕ ਫ਼ਰਜ਼ ਡੈੱਡ ਹਾਊਸ ਨੂੰ ਸਾਫ਼ ਰੱਖਣਾ ਅਤੇ ਪੋਸਟ ਮਾਰਟਮ ਲਈ ਆਈ ਲਾਸ਼ ਦੀ ਚੀਰ-ਫਾੜ ਕਰਕੇ ਡਾਕਟਰ ਦੀ ਮਦਦ ਕਰਨਾ ਸਮਝਿਆ ਜਾਂਦਾ ਹੈ ਜਾਂ ਫਿਰ ਆਪਣੇ ਝੋਟੇ ਦੀ ਦੇਖ-ਭਾਲ ਕਰਨਾ ਅਤੇ ਕੋਠੀ ਨਾਲ ਲੱਗਦੀ ਵਾਧੂ ਜ਼ਮੀਨ ਵਿੱਚ ਡਾਕਟਰਾਂ ਲਈ ਸਬਜ਼ੀਆਂ ਉਗਾਉਣਾ।

ਪਹਿਲਾਂ ਝੋਟਾ ਸਰਕਾਰੀ ਹੁੰਦਾ ਸੀ। ਹਲਟੀ ’ਤੇ ਜੋੜ ਲੈਂਦਾ। ਵਿਹਲਾ ਹੁੰਦਾ ਤਾਂ ਲੋਕਾਂ ਦੀਆਂ ਮੱਝਾਂ ਨਵੇਂ ਦੁੱਧ ਕਰਦਾ ਰਹਿੰਦਾ। ਲੋਕ ਉਸ ਨੂੰ ਗੁੜ ਦੀ ਭੇਲੀ ਦੇ ਜਾਂਦੇ।

ਸਮਾਂ ਬਦਲਿਆ ਤਾਂ ਹਲਟੀ ’ਤੇ ਮੋਟਰ ਲੱਗ ਗਈ। ਝੋਟੇ ਦਾ ਖ਼ਰਚਾ ਮਿਲਣੋਂ ਬੰਦ ਹੋ ਗਿਆ। ਜੋਗਿੰਦਰ ਨੇ ਝੋਟਾ ਹਿੱਕ ਨਾਲ ਲਾਈ ਰੱਖਿਆ। ਪਹਿਲਾਂ ਵਾਲੀ ਗੁੜ ਦੀ ਭੇਲੀ ਬੰਦ ਕਰ ਕੇ ਜੋਗਿੰਦਰ ਨੇ ਝੋਟੇ ਦਾ ਰੇਟ ਵੀਹ ਰੁਪਏ ਫ਼ੀ ਮੱਝ ਕਰ ਦਿੱਤਾ। ਦਿਨ ਵਿੱਚ ਦੋ-ਚਾਰ ਮੱਝਾਂ ਨਵੇਂ ਦੁੱਧ ਲਈ ਆਈਆਂ ਹੀ ਰਹਿੰਦੀਆਂ। ਉਹਦੀ ਅਤੇ ਝੋਟੇ ਦੀ ਧੰਨ-ਧੰਨ ਹੋ ਜਾਂਦੀ। ਘਾਹ-ਪੱਠੇ ਦੀ ਕੋਈ ਕਮੀ ਨਹੀਂ ਸੀ। ਡੈੱਡ ਹਾਊਸ ਦੇ ਨਾਲ ਲੱਗਦੀ ਜ਼ਮੀਨ ਵਿੱਚ ਘਾਹ ਹੀ ਘਾਹ ਸੀ। ਭੂਤਾਂ-ਪ੍ਰੇਤਾਂ ਦੇ ਵਹਿਮ ਕਰਕੇ ਕਦੇ ਕਿਸੇ ਨੇ ਇਸ ਜ਼ਮੀਨ ਨੂੰ ਵਾਹੁਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਜੋਗਿੰਦਰ ਨੇ ਇਸ ਵਹਿਮ ਦਾ ਫ਼ਾਇਦਾ ਉਠਾਇਆ ਹੋਇਆ ਸੀ। ਹਰਾ-ਹਰਾ ਘਾਹ ਝੋਟਾ ਖ਼ੁਸ਼ ਹੋ ਕੇ ਖਾਂਦਾ ਸੀ।

ਸਮਾਂ ਹੋਰ ਬਦਲਿਆ ਤਾਂ ਝੋਟੇ ਵਾਲਾ ਕੰਮ ਵੀ ਮੱਠਾ ਪੈ ਗਿਆ। ਲੋਕ ਉਸ ਦੇ ਝੋਟੇ ਕੋਲ ਲਿਆਉਣ ਦੀ ਥਾਂ ਮੱਝਾਂ ਡੰਗਰਾਂ ਦੇ ਹਸਪਤਾਲ ਲਿਜਾਣ ਲੱਗੇ। ਇਹਨੀਂ ਦਿਨੀਂ ਤਾਂ ਝੋਟੇ ਦਾ ਖ਼ਰਚਾ ਵੀ ਇਸ ਕੰਮ ਵਿਚੋਂ ਨਹੀਂ ਨਿਕਲਦਾ। ਮੋਹ ਦਾ ਮਾਰਿਆ ਜੋਗਿੰਦਰ ਝੋਟੇ ਨੂੰ ਘਰੋਂ ਨਹੀਂ ਸੀ ਕੱਢ ਸਕਦਾ। ਉਂਝ ਤਾਂ ਇਹ ਸਗੋਂ ਜੋਗਿੰਦਰ ’ਤੇ ਬੋਝ ਬਣਿਆ ਹੋਇਆ ਸੀ।

ਅਜਿਹੇ ਹਾਲਾਤ ਵਿੱਚ ਜੇ ਮਸਾਂ-ਮਸਾਂ ਆਈ ਲਾਸ਼ ਨੂੰ ਜੋਗਿੰਦਰ ਬਿਨਾਂ ਫ਼ੀਸ ਲਏ ਚੀਰ ਦੇਵੇ ਤਾਂ ਭੁੱਖਾ ਨਹੀਂ ਮਰੇਗਾ? ਦੁਖੀ ਹੋਇਆ ਜੋਗਿੰਦਰ ਦੁਖੀ ਝੋਟੇ ਨਾਲ ਦੁੱਖ ਸਾਂਝੇ ਕਰ ਰਿਹਾ ਸੀ। ਉਹ ਵਾਰ-ਵਾਰ ਝੋਟੇ ਦੀ ਪਿੱਠ ਖੁਰਕ ਰਿਹਾ ਸੀ।

ਮਰਨ ਵਾਲਾ ਲਾਲਾ ਜੀ ਦਾ ਪੋਤਾ ਹੈ ਤਾਂ ਪਿਆ ਹੋਵੇ। ਲਾਲਾ ਖ਼ੁਦ ਵੀ ਮਰਿਆ ਹੁੰਦਾ ਤਾਂ ਵੀ ਜੋਗਿੰਦਰ ਨੇ ਬਿਨਾਂ ਫ਼ੀਸ ਲਏ ਕੰਮ ਨਹੀਂ ਸੀ ਕਰਨਾ।

ਲਾਲਾ ਕਿੱਡਾ ਕੁ ਭਲਾਮਾਣਸ ਹੈ, ਇਹ ਜੋਗਿੰਦਰ ਚੰਗੀ ਤਰ੍ਹਾਂ ਜਾਣਦਾ ਸੀ। ਪਿਛਲੀ ਰਾਮ ਲੀਲ੍ਹਾ ਵੇਲੇ ਜੋਗਿੰਦਰ ਨੇ ਉਸ ਦੇ ਬਹੁਤ ਹਾੜ੍ਹੇ ਕੱਢੇ। ਰਾਮ ਲੀਲ੍ਹਾ ਵਾਲਿਆਂ ਨੇ ਸੀਤਾ-ਸਵੰਬਰ ਵਾਲੇ ਦਿਨ ਕਿਸੇ ਨਾ ਕਿਸੇ ਦੀ ਕੁੜੀ ਵਿਆਹੁਣੀ ਹੀ ਹੁੰਦੀ ਹੈ। ਕੁੜੀ ਦੀ ਚੋਣ ਲਾਲਾ ਜੀ ਨੇ ਕਰਨੀ ਹੁੰਦੀ ਹੈ। ਜਿਸ ਦੇ ਸਿਰ ’ਤੇ ਵੀ ਉਹਨਾਂ ਦਾ ਹੱਥ ਟਿਕ ਜਾਏ, ਉਸੇ ਦੇ ਭਾਗ ਖੁੱਲ੍ਹ ਜਾਂਦੇ ਹਨ। ਦਾਜ ਲਈ ਇੰਨੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ ਕਿ ਜੋਗਿੰਦਰ ਵਰਗਾ ਗ਼ਰੀਬੜਾ ਤਾਂ ਸਾਰੀ ਉਮਰ ਘੱਟਾ-ਢੋ ਕੇ ਵੀ ਇਕੱਠੀਆਂ ਨਾ ਕਰ ਸਕੇ।

ਜਦੋਂ ਵੀ ਲਾਲਾ ਜੀ ਕੋਈ ਕੈਂਪ ਹਸਪਤਾਲ ਵਿੱਚ ਲਾਉਂਦੇ, ਜੋਗਿੰਦਰ ਤਨ-ਮਨ ਨਾਲ ਮਰੀਜ਼ਾਂ ਦੀ ਸੇਵਾ ਕਰਦਾ। ਸਾਰਾ ਦਿਨ ਗੰਦ ਹੂੰਝਦਾ ਰਹਿੰਦਾ। ਮਜਾਲ ਹੈ ਇੱਕ ਮੱਖੀ ਵੀ ਕੈਂਪ `c ਆ ਸਕੇ। ਇਕੋ ਆਸ ਨਾਲ ਕਿ ਖ਼ੁਸ਼ ਹੋ ਕੇ ਲਾਲਾ ਜੀ ਉਸ ’ਤੇ ਮਿਹਰ ਕਰਨ। ਉਸ ਨੂੰ ਪੂਰੀ ਉਮੀਦ ਸੀ, ਲਾਲਾ ਜੀ ਉਸ ਨੂੰ ਸੇਵਾ ਦਾ ਫਲ ਜ਼ਰੂਰ ਦੇਣਗੇ। ਇਸ ਝਾਕ ਵਿੱਚ ਉਸ ਨੇ ਕੰਪਾਊਡਰ ਮੁੰਡਾ ਵੀ ਦੇਖ ਲਿਆ। ਰਿਸ਼ਤੇਦਾਰਾਂ ਨੂੰ ਸਾਰੀ ਗੱਲ ਸਮਝਾਈ। ਇੰਨਾ ਦਾਜ ਦਿਆਂਗਾ ਕਿ ਅੱਖਾਂ ਅੱਡੀਆਂ ਰਹਿ ਜਾਣਗੀਆਂ।

ਜੋਗਿੰਦਰ ਸਾਰਾ ਦਿਨ ਡਾਕਟਰਾਂ, ਕੰਪਾਊਡਰਾਂ ਵਿੱਚ ਹੀ ਤਾਂ ਰਹਿੰਦਾ ਸੀ। ਪਤਾ ਸੀ ਸਾਰਾ ਦਿਨ ਨੋਟਾਂ ਦੀ ਝੜੀ ਲੱਗਦੀ ਹੈ। ਦਵਾਈਆਂ ਤਾਂ ਇਧਰ-ਉਧਰ ਕਰਦੇ ਹੀ ਹਨ, ਬਿਨਾਂ ਫ਼ੀਸ ਲਏ ਕਿਸੇ ਦੇ ਚੂੰਡੀ ਨਹੀਂ ਭਰਦੇ। ਦਵਾਈਆਂ ਦੀਆਂ ਦੁਕਾਨਾਂ ਵਾਲੇ ਅੱਡ ਪੁੱਚ-ਪੁੱਚ ਕਰਦੇ ਰਹਿੰਦੇ ਹਨ। ਪ੍ਰਾਈਵੇਟ ਪ੍ਰੈਕਟਿਸ ਅਲੱਗ। ਕੁੜੀ ਨੇ ਮੌਜਾਂ ਕਰਨੀਆਂ ਸਨ, ਡਾਕਟਰਨੀ ਅਖਵਾਉਣਾ ਸੀ।

ਇਸ ਲਾਲੇ ਦੇ ਬੱਚੇ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਜੋਗਿੰਦਰ ਨੇ ਡਾਕਟਰ ਤੋਂ ਵੀ ਸਿਫ਼ਾਰਸ਼ ਕਰਵਾਈ। ਮੋਦੀ ਦਵਾਈਆਂ ਵਾਲੇ ਤੋਂ ਵੀ। ਸਭ ਨੂੰ ਟਾਲਮਟੋਲ ਕਰ ਗਿਆ। ਕਹਿੰਦਾ ਇਸ ਵਾਰ ਤਾਂ ਉਸ ਨੇ ਸ਼ਾਂਤੀ ਦੀ ਕੁੜੀ ਲਈ ਹਾਂ ਕਰ ਦਿੱਤੀ ਹੈ। ਕੋਈ ਲਾਲਾ ਜੀ ਨੂੰ ਪੁੱਛੇ ਬਈ ਸ਼ਾਂਤੀ ਹੁਣ ਕੋਈ ਗ਼ਰੀਬ ਹੈ। ਉਹ ਮੁੱਖ ਮੰਤਰੀ ਦੀ ਕੋਠੀ ਸੰਭਰਦੀ ਹੈ। ਉਸ ਦੀ ਬੀਬੀ ਨਾਲ ਸਿੱਧੀ ਜਾਣ-ਪਛਾਣ ਹੈ। ਚੌਥੇ ਦਿਨ ਕੋਈ ਨਾ ਕੋਈ ਕਾਰ ’ਚ ਬਿਠਾ ਕੇ ਉਸ ਨੂੰ ਚੰਡੀਗੜ੍ਹ ਲੈ ਤੁਰਦਾ ਹੈ। ਘਰ ਦੇ ਸਾਰੇ ਜੀਅ ਨੌਕਰ ਕਰਾ ਲਏ। ਕਿਸੇ ਨੂੰ ਮਾਰਕੀਟ ਕਮੇਟੀ ’ਚ ਚੌਕੀਦਾਰ ਲਗਵਾ ਦਿੱਤਾ, ਕਿਸੇ ਨੂੰ ਫੂਡ ਸਪਲਾਈ ਵਿੱਚ ਜਮਾਂਦਾਰ। ਇੱਕ ਨੂੰ ਐਫ਼.ਸੀ.ਆਈ.ਵਿੱਚ ਲਗਵਾ ਦਿੱਤਾ। ਉਹ ਆਥਣ ਨੂੰ ਬੋਰੀ ਕਣਕ ਦੀ ਲੈ ਕੇ ਆਉਂਦੈ। ਕੁੜੀਆਂ ਤਾਂ ਨਿੱਤ ਨਵਾਂ ਪਾ-ਪਾ ਨਿਕਲਦੀਆਂ ਨੇ। ਸ਼ਾਂਤੀ ਤਾਂ ਚਾਹੇ ਜਿੱਡਾ ਮਰਜ਼ੀ ਵਿਆਹ ਕਰ ਲਏ। ਜਿਸ ਨਾਲ ਮਰਜ਼ੀ ਨਾਤਾ ਜੋੜ ਲਏ। ਲਾਲਾ ਜੀ ਨੇ ਇੱਕ ਨਾ ਸੁਣੀ। ਸ਼ਾਂਤੀ ਦੀ ਕੁੜੀ ਦਾ ਵਿਆਹ ਕਰ ਕੇ ਛੱਡਿਆ ਲਾਲੇ ਨੇ। ਅੰਦਰਖਾਤੇ ਜ਼ਰੂਰ ਉਸ ਰਾਹੀਂ ਮੁੱਖ ਮੰਤਰੀ ਤੋਂ ਕੋਈ ਕੰਮ ਕਰਾਇਆ ਹੋਣੈ। ਉਂਝ ਤਾਂ ਉਸ ਦੀ ਮੁੱਖ ਮੰਤਰੀ ਨਾਲ ਬਣਦੀ ਨਹੀਂ।

ਅਗਲੇ ਸਾਲ ਲਈ ਵੀ ਲਾਲਾ ਹਾਂ ਕਰ ਦਿੰਦਾ ਤਾਂ ਵੀ ਜੋਗਿੰਦਰ ਰਿਸ਼ਤੇਦਾਰਾਂ ਦੀ ਮਿੰਨਤ ਕਰ ਲੈਂਦਾ। ਫੇਰ ਟਾਲ ਗਿਆ। ਅਗਲੇ ਸਾਲ ਦਾ ਫ਼ੈਸਲਾ ਅਗਲੇ ਕੀਤਾ ਜਾਏਗਾ। ਉਸ ਸਾਲ ਕਿਸੇ ਹੋਰ ਵਜ਼ੀਰ ਦੀ ਟੰਗ ਅੜ ਜਾਣੀ ਸੀ। ਗ਼ਰੀਬ ਜੋਗਿੰਦਰ ਦੀ ਕਿਸ ਨੇ ਸੁਣਨੀ ਸੀ।

ਜੋਗਿੰਦਰ ਨੂੰ ਵਿਚੋਲੇ ਨੂੰ ਸਾਫ਼ ਆਖਣਾ ਪਿਆ ਕਿ ਰਿਸ਼ਤੇਦਾਰਾਂ ਨੂੰ ਕੁੜੀ ਆਮ ਮਜ੍ਹਬੀਆਂ ਵਾਂਗ ਵਿਆਹ ਕੇ ਲਿਜਾਣੀ ਪਏਗੀ।

ਇਸ ਤਰ੍ਹਾਂ ਉਹ ਕਿਉਂ ਕਰਦੇ? ਉਹਨਾਂ ਦੇ ਪੜ੍ਹੇ-ਲਿਖੇ ਮੁੰਡੇ ਨੂੰ ਸਾਕਾਂ ਦਾ ਘਾਟਾ ਸੀ? ਉਹਨਾਂ ਅਗਲੇ ਦਿਨ ਹੀ ਮੁੰਡਾ ਮਾਸਟਰਨੀ ਨਾਲ ਮੰਗ ਲਿਆ।

ਜੋਗਿੰਦਰ ਦੇ ਸੁਫ਼ਨੇ ਖੇਰੂੰ-ਖੇਰੂੰ ਹੋ ਗਏ। ਉਸ ਦੀ ਕੁੜੀ ਨੂੰ ਗੋਹੇ ਕੂੜੇ ਨਾਲ ਹੀ ਟੱਕਰਾਂ ਮਾਰਨੀਆਂ ਪੈ ਰਹੀਆਂ ਹਨ। ਟੁੱਟੇ ਸਾਕ ਦੀ ਨਮੋਸ਼ੀ ਕਾਰਨ ਜੋਗਿੰਦਰ ਨੂੰ ਫਟਾ-ਫਟ ਵਿਆਹ ਕਰਨਾ ਪਿਆ। ਭੁੱਖੇ-ਨੰਗੇ ਰਿਸ਼ਤੇਦਾਰ ਟੱਕਰੇ। ਸੀਰੀ ਰਲਿਆ ਹੋਇਆ ਜਵਾਈ। ਲਾਲੇ ਦੀ ਮਿਹਰ ਹੋਈ ਹੁੰਦੀ ਤਾਂ ਧੀ ਮੌਜਾਂ ਕਰਦੀ।

ਜੋਗਿੰਦਰ ਦੱਸਣਾ ਚਾਹੁੰਦਾ ਸੀ ਕਿ ਉਸ ਦੀ ਵੀ ਕੋਈ ਹੈਸੀਅਤ ਹੈ। ਉਹ ਜੱਲਾਦ ਜ਼ਰੂਰ ਅਖਵਾਉਂਦੈ ਪਰ ਕਿਤੇ ਨਾ ਕਿਤੇ ਉਸ ਦੀ ਵੀ ਪੁੱਛ ਹੈ। ਭਾਵੇਂ ਲਾਸ਼ਾਂ ਚੀਰਨ ਵਿੱਚ ਹੀ ਸਹੀ। ਆਪਣੀ ਫ਼ੀਸ ਲਏ ਬਿਨਾਂ ਉਹ ਲਾਸ਼ ਨੂੰ ਹੱਥ ਨਹੀਂ ਲਾਏਗਾ। ਕਦੇ ਵੀ ਨਹੀਂ।

ਲਾਸ਼ ਦਾ ਪੋਸਟ ਮਾਰਟਮ ਕਰਾਉਣ ਆਏ ਸਿਪਾਹੀਆਂ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਨੇ ਤਾਂ ਇਸ਼ਾਰੇ ਨਾਲ ਲਾਲਾ ਜੀ ਦੇ ਹਮਾਇਤੀਆਂ ਨੂੰ ਸਮਝਾ ਦਿੱਤਾ ਸੀ ਕਿ ਜੋਗਿੰਦਰ ਦਾ ਖ਼ਿਆਲ ਰੱਖੇ। ਪਰ ਅੱਖਾਂ ’ਚੋਂ ਮਗਰਮੱਛ ਵਾਲੇ ਹੰਝੂ ਵਹਾਉਂਦੇ ਮੋਟੇ ਢਿੱਡਾਂ ਵਾਲਿਆਂ ਨੂੰ ਲਾਲਾ ਜੀ ਨਾਲ ਦਿਲੋਂ ਕੋਈ ਹਮਦਰਦੀ ਨਹੀਂ ਸੀ। ਨਹੀਂ ਤਾਂ ਕੀ ਹੁੰਦੇ ਨੇ ਪੰਜਾਹ ਰੁਪਏ। ਜਿਹੜਾ ਮਰਜ਼ੀ ਉਸ ਨੂੰ ਫੜਾ ਦਿੰਦਾ। ਅੱਗੇ ਕਿਹੜਾ ਹਰ ਵਾਰ ਫ਼ੀਸ ਵਾਰਿਸ ਹੀ ਦਿੰਦੇ ਹਨ। ਜਿਸ ਨੂੰ ਵੀ ਸਿਪਾਹੀ ਨੇ ਆਖ ਦਿੱਤਾ, ਉਸ ਨੇ ਫੜਾ ਦਿੱਤੇ। ਇਥੇ ਤਾਂ ਹਰ ਕੋਈ ਗੱਲ ਸੁਣੀ-ਅਣਸੁਣੀ ਕਰ ਕੇ ਬਾਹਰ ਵਿਛੇ ਸੱਥਰ ’ਤੇ ਜਾ ਬੈਠਦਾ ਹੈ।

ਜੋਗਿੰਦਰ ਨੂੰ ਬੁੱਧ ਸਿੰਘ ਹੌਲਦਾਰ ਦੀ ਯਾਦ ਸਤਾਉਣ ਲੱਗੀ। ਬੜਾ ਭਲਾ ਆਦਮੀ ਸੀ ਉਹ। ਖ਼ਾਸ ਕਰ ਜੋਗਿੰਦਰ ਲਈ। ਉਸ ਨੂੰ ਲਿਖਾ-ਪੜ੍ਹੀ ਦਾ ਕੰਮ ਘੱਟ ਆਉਂਦਾ ਸੀ। ਇਸ ਲਈ ਥਾਣੇ ਵਾਲੇ ਉਪਰਲੇ ਕੰਮਾਂ ’ਤੇ ਹੀ ਰੱਖਦੇ ਸਨ। ਜੋਗਿੰਦਰ ਵਾਂਗ ਉਹ ਗ਼ਰੀਬ ਘਰਾਣੇ ਦਾ ਸੀ। ਜੋਗਿੰਦਰ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਕਿਸੇ ਪੁਲਿਸ ਅਫ਼ਸਰ ਦੀ ਮਿਹਰਬਾਨੀ ਨਾਲ ਸਿਪਾਹੀ ਭਰਤੀ ਹੋ ਗਿਆ। ਅੱਗੋਂ ਆਪਣੀ ਤਾਬੇਦਾਰੀ ਦੇ ਸਿਰ ’ਤੇ ਹੌਲਦਾਰ ਬਣ ਗਿਆ। ਮਜ੍ਹਬੀਆਂ ਦਾ ਮੁੰਡਾ ਸੀ। ਕੋਰਸ ਕਰਦਿਆਂ ਹੀ ਫੀਤੀਆਂ ਲੱਗ ਗਈਆਂ। ਜੋਗਿੰਦਰ ਨਾਲ ਬਹੁਤ ਪਿਆਰ ਰੱਖਦਾ ਸੀ। ਜਦੋਂ ਵੀ ਕਿਸੇ ਲਾਸ਼ ਨਾਲ ਆਉਂਦਾ, ਘੱਟੋ-ਘੱਟ ਸੌ ਦਾ ਨੋਟ ਦਿਵਾਉਂਦਾ। ਇੱਕ ਵਾਰ ਤਾਂ ਤਿੰਨ ਸੌ ਵੀ ਦਿਵਾ ਗਿਆ। ਇਹਨਾਂ ਦਾ ਕਿਹੜਾ ਦਿਵਾਉਂਦਿਆਂ ਦਾ ਲੂਣ ਢਿਲਕਦੈ ਜਾਂ ਜੇਬੋਂ ਨਿਕਲਦੇ ਨੇ। ਥੋੜ੍ਹੀ ਜਿਹੀ ਜ਼ਬਾਨ ਹੀ ਹਿਲਾਉਣੀ ਹੁੰਦੀ ਹੈ।

ਇੱਕ-ਦੋ ਵਾਰ ਲਾਵਾਰਿਸ ਲਾਸ਼ਾਂ ਨਾਲ ਆਇਆ। ਫੇਰ ਵੀ ਪੰਜਾਹ ਦਾ ਨੋਟ ਆਪਣੇ ਕੋਲੋਂ ਦੇ ਗਿਆ। ਜੋਗਿੰਦਰ ਨੇ ਬਥੇਰਾ ਸਮਝਾਇਆ। ਲਾਵਾਰਿਸ ਲਾਸ਼ਾਂ ਵਿੱਚ ਉਹਨਾਂ ਨੇ ਕੁੱਝ ਨਹੀਂ ਕਰਨਾ ਹੁੰਦਾ। ਘੰਟਾ ਡੈੱਡ ਹਾਊਸ ਵਿੱਚ ਪਾਈ ਰੱਖਣ ਬਾਅਦ ਲਾਸ਼ ਵਾਪਸ ਕਰ ਦੇਣੀ ਹੁੰਦੀ ਹੈ।

ਪਹਿਲਾਂ ਵਾਲੇ ਡਾਕਟਰ ਤਾਂ ਰਹੇ ਨਹੀਂ, ਜਿਹੜੇ ਆਪ ਨਾੜ-ਨਾੜ ਟੋਂਹਦੇ ਸੀ। ਫੁੱਟੇ ਪੈਨਸਲਾਂ ਫੜੀ ਜ਼ਖ਼ਮਾਂ ਦੀ ਲੰਬਾਈ-ਚੌੜਾਈ ਮਿਣਦੇ ਰਹਿੰਦੇ ਸੀ। ਹੁਣ ਤਾਂ ਪਹਿਲਾਂ ਇਹ ਪੁੱਛਦੇ ਹਨ ਕਿ ਕਿਸ ਤਰ੍ਹਾਂ ਦੀ ਰਿਪੋਰਟ ਦੇਣੀ ਹੈ। ਜਿਹੋ ਜਿਹੀ ਫ਼ੀਸ, ਉਹੋ ਜਿਹਾ ਮੁਆਇਨਾ। ਕਤਲ ਨੂੰ ਖ਼ੁਦਕੁਸ਼ੀ ਬਣਾ ਦਿੰਦੇ ਹਨ ਅਤੇ ਖ਼ੁਦਕੁਸ਼ੀ ਨੂੰ ਕਤਲ। ਵਿਸਰੇ ਬਦਲ ਕੇ ਖਾਧੀ ਜ਼ਹਿਰ ਦਾ ਨਾਂ ਨਿਸ਼ਾਨ ਮਿਟਾ ਦਿੰਦੇ ਹਨ। ਲੋੜ ਪਏ ਤਾਂ ਜ਼ਹਿਰ ਕੋਲੋਂ ਮਿਲਾ ਦੇਂਦੇ ਹਨ। ਅਖ਼ੀਰ ਇਹ ਸਭ ਕੰਮ ਜੋਗਿੰਦਰ ਦੇ ਹੱਥੀਂ ਹੀ ਤਾਂ ਹੁੰਦੇ ਹਨ। ਲਾਵਾਰਿਸ ਲਾਸ਼ਾਂ ਤਾਂ ਜੋਗਿੰਦਰ ਵੀ ਨਹੀਂ ਛੇੜਦਾ।

ਉਸ ਨੂੰ ਯਾਦ ਸੀ, ਇਸੇ ਤਰ੍ਹਾਂ ਇੱਕ ਲਾਵਾਰਿਸ ਲਾਸ਼ ਵਿੱਚ ਡਾਕਟਰ ਸ਼ਰਮੇ ਨੂੰ ਸਿਆਪਾ ਪਿਆ ਸੀ। ਪੋਸਟ ਮਾਰਟਮ ਦੀ ਉਸ ਦੀ ਘੱਟੋ-ਘੱਟ ਫ਼ੀਸ ਇੱਕ ਹਜ਼ਾਰ ਰੁਪਏ ਸੀ। ਜਿਹੜਾ ਇੰਨੇ ਪੈਸੇ ਨਹੀਂ ਸੀ ਦਿੰਦਾ, ਉਹ ਉਸਦੇ ਉਲਟ ਰਿਪੋਰਟ ਕਰ ਦਿੰਦਾ। ਉਹ ਵੀ ਕੋਠੀ ਬੈਠ ਕੇ ਹੀ। ਡੈੱਡ ਹਾਊਸ ਵਿੱਚ ਪੈਰ ਨਹੀਂ ਸੀ ਧਰਦਾ। ਉਸ ਕੇਸ ਵਿੱਚ ਇੱਕ ਭਈਏ ਦਾ ਕਤਲ ਹੋਇਆ ਸੀ। ਅਸਲ ਗੱਲ ਦਾ ਕਿਸੇ ਨੂੰ ਵੀ ਨਹੀਂ ਸੀ ਪਤਾ। ਪੁਲਿਸ ਨੇ ਗੱਲ ਟਾਲਣ ਲਈ ਇਸ ਕਤਲ ਨੂੰ ਸ਼ਰਾਬੀਆਂ ਦੀ ਲੜਾਈ ਵਿੱਚ ਬਦਲ ਦਿੱਤਾ। ਉਹਨਾਂ ਪਰਚਾ ਦਰਜ ਕਰਦਿਆਂ ਲਿਖਿਆ ਸੀ ਕਿ ਭਈਆ ਸ਼ਰਾਬੀ ਸੀ। ਦੂਜੇ ਭਈਏ ਨੇ ਸਰਾਬ ਦੇ ਨਸ਼ੇ ਵਿੱਚ ਮਰਨ ਵਾਲੇ ਨੂੰ ਸੱਟ ਮਾਰ ਦਿੱਤੀ। ਡਰਦਾ ਭਈਆ ਆਪਣੇ ਦੇਸ ਦੌੜ ਗਿਆ।

ਮੁਜਰਮ ਵੀ ਭਈਆ ਅਤੇ ਮਰਨ ਵਾਲਾ ਵੀ ਭਈਆ। ਹਜ਼ਾਰ ਕੌਣ ਦੇਵੇ? ਬਿਨਾਂ ਫ਼ੀਸ ਤੋਂ ਡਾਕਟਰ ਕੋਲ ਵਕਤ ਕਿਥੇ ਕਿ ਉਹ ਪੁਲਿਸ ਦੇ ਕਾਗ਼ਜ਼ ਪੱਤਰ ਪੜ੍ਹ ਸਕੇ। ਉਸ ਦੇ ਸਿੱਧੀ ਸਾਦੀ ਰਿਪੋਰਟ ਕਰ ਦਿੱਤੀ।

ਰਿਪੋਰਟ ਜਦੋਂ ਸਰਕਾਰੀ ਵਕੀਲ ਕੋਲ ਪੁੱਜੀ, ਉਹ ਅੱਗ-ਬਬੂਲਾ ਹੋ ਗਿਆ। ਪੁਲਿਸ ਮੁਤਾਬਕ ਮਰਨ ਵਾਲਾ ਮੌਤ ਹੋਣ ਸਮੇਂ ਸ਼ਰਾਬੀ ਸੀ। ਡਾਕਟਰ ਦੀ ਰਿਪੋਰਟ ਆਖਦੀ ਹੈ ਕਿ ਉਸ ਦੇ ਪੇਟ ਵਿੱਚ ਸ਼ਰਾਬ ਨਹੀਂ ਸੀ। ਡਾਕਟਰ ਝੂਠਾ ਹੈ ਜਾਂ ਥਾਣੇਦਾਰ? ਉਸ ਨੇ ਵੱਡੀ ਸਾਰੀ ਚਿੱਠੀ ਐਸ.ਐਸ.ਪੀ.ਨੂੰ ਲਿਖ ਦਿੱਤੀ। ਕਸੂਰਵਾਰ ਨੂੰ ਸਜ਼ਾ ਦਿੱਤੀ ਜਾਵੇ। ਮੁਕੱਦਮਾ ਖ਼ਾਰਜ ਕੀਤਾ ਜਾਵੇ। ਪੁਲਿਸ ਨੇ ਪੁਲਿਸ ਦਾ ਹੀ ਪੱਖ ਲੈਣਾ ਸੀ। ਕਪਤਾਨ ਨੇ ਡਾਕਰਟ ਖ਼ਿਲਾਫ਼ ਪਰਚਾ ਦਰਜ ਕਰਨ ਦਾ ਹੁਕਮ ਫ਼ਰਮਾ ਦਿੱਤਾ। ਡਾਕਟਰ ਦਾ ਸਿਫ਼ਾਰਸ਼ੀ ਕਪਤਾਨ ਨੂੰ ਦੱਸ ਬੈਠਾ ਸੀ ਕਿ ਉਸ ਨੇ ਮਰਨ ਵਾਲੇ ਦਾ ਪੇਟ ਖੋਲ੍ਹਿਆ ਹੀ ਨਹੀਂ ਸੀ। ਨੋਟਾਂ ਦੇ ਥੱਬੇ ਦੇ ਕੇ ਮਸਾਂ ਉਸ ਦਾ ਖਹਿੜਾ ਛੁੱਟਿਆ।

ਜੋਗਿੰਦਰ ਸਿੰਘ ਨੇ ਕੁੱਝ ਕਰਨਾ ਹੈ ਭਾਵੇਂ ਨਹੀਂ, ਬੁੱਧ ਸਿੰਘ ਨੇ ਫ਼ੀਸ ਦੇਣੀ ਹੀ ਦੇਣੀ ਹੈ। ਉਹ ਆਖਦਾ ਹੁੰਦਾ ਸੀ ਕਈਆਂ ਕੇਸਾਂ ਵਿੱਚ ਪੁਲਿਸ ਲੱਖ-ਲੱਖ ਰੁਪਿਆ ਖਾ ਜਾਂਦੀ ਹੈ। ਕਦੇ ਪੱਲੇ ਤੋਂ ਦੇ ਦੇਣਗੇ ਤਾਂ ਕਿਹੜਾ ਮਲੰਗ ਹੋ ਜਾਣਗੇ। ਉਹ ਆਪੇ ਮੁਨਸ਼ੀ ਤੋਂ ਲੈ ਲਏਗਾ।

ਬੁੱਧ ਸਿੰਘ ਨੂੰ ਯਾਦ ਕਰ ਕੇ ਜੋਗਿੰਦਰ ਰੋਣ-ਹਾਕਾ ਹੋ ਗਿਆ। ਕੀ ਪਤਾ ਸੀ ਜੋਗਿੰਦਰ ਦੇ ਮਨਹੂਸ ਹੱਥ ਕਦੇ ਉਸੇ ਦਾ ਪੇਟ ਚੀਰਨ ਲਈ ਚੱਲਣਗੇ।

ਉਹ ਪੀਂਦਾ ਬਹੁਤ ਸੀ। ਕਈ ਵਾਰ ਜੋਗਿੰਦਰ ਨੇ ਵੀ ਸਮਝਾਇਆ ਸੀ, ਬਹੁਤੀ ਨਾ ਪੀਆ ਕਰੇ, ਪਰ ਮਾਂ ਦਾ ਸ਼ੇਰ ਕਿਸੇ ਦੀ ਨਹੀਂ ਸੀ ਸੁਣਦਾ। ਪੀਣ ਲੱਗਦਾ ਤਾਂ ਹਫ਼ਤਾ-ਹਫ਼ਤਾ ਪੀਂਦਾ ਰਹਿੰਦਾ। ਸੜਕਾਂ ’ਤੇ ਲਿਟਦਾ ਰਹਿੰਦਾ।

ਮੋਟਰ ਸਾਈਕਲ ਲਿਆ ਤਾਂ ਸਭ ਨੇ ਵਰਜਿਆ। ਇਹ ਤਾਂ ਉਸ ਦੀ ਮੌਤ ਦਾ ਗਾਲਾ ਸੀ। ਇਨਫੀਲਡ ਤਾਂ ਸੋਫ਼ੀ ਬੰਦੇ ਤੋਂ ਨਹੀਂ ਸੰਭਲਦਾ, ਉਹ ਤਾਂ ਸਾਰਾ ਦਿਨ ਸ਼ਰਾਬੀ ਰਹਿਣ ਵਾਲਾ ਸੀ।

ਆਖ਼ਿਰ ਉਹੋ ਹੋਇਆ। ਮਹੀਨੇ ਕੁ ਬਾਅਦ ਹੀ ਉਹ ਚਿੱਤ ਹੋ ਗਿਆ। ਮਰਿਆ ਵੀ ਕੁੱਤਿਆਂ ਵਾਲੀ ਮੌਤ। ਸ਼ਰਾਬੀ ਹੋਏ ਨੂੰ ਪਤਾ ਨਾ ਲੱਗਾ ਕਿ ਅੱਗੇ ਕੱਸੀ ਦੀ ਪੁਲੀ ਹੈ। ਕੱਸੀ ’ਚ ਗਿਰਦਿਆਂ ਹੀ ਘੰਡੀ ਟੁੱਟ ਗਈ। ਮੋਟਰ-ਸਾਈਕਲ ਨੂੰ ਅੱਗ ਲੱਗ ਗਈ। ਕਿਸੇ ਤੋਂ ਲਾਸ਼ ਪਛਾਣੀ ਵੀ ਨਾ ਗਈ। ਡਰਦਿਆਂ ਕਿਸੇ ਨੇ ਥਾਣੇ ਵੀ ਇਤਲਾਹ ਨਾ ਦਿੱਤੀ। ਸਾਰੀ ਰਾਤ ਕੱਸੀ ’ਚ ਪਿਆ ਸੜਦਾ ਰਿਹਾ।

ਸਵੇਰੇ ਪਤਾ ਲੱਗਾ, ਉਹ ਸ਼ਰਾਬ ਦੀ ਕੇਨੀ ਲੈਣ ਪਿੰਡ ਚਾਉਕੇ ਗਿਆ ਸੀ। ਰੱਜ ਕੇ ਪੀਤੀ, ਬਾਕੀ ਡਿੱਘੀ ਵਿੱਚ ਰੱਖ ਲਈ।

ਅਫ਼ਸਰਾਂ ਨੇ ਰਹਿਮ ਕੀਤਾ। ਮਰਿਆ ਉਹ ਤਪੇ ਥਾਣੇ ਦੀ ਹਦੂਦ ਵਿੱਚ ਸੀ। ਇਸ ਤਰ੍ਹਾਂ ਕਾਗ਼ਜ਼ ਪੱਤਰ ਭਰੇ ਗਏ ਤਾਂ ਉਸ ਦੇ ਵਾਰਿਸਾਂ ਨੂੰ ਧੇਲਾ ਨਹੀਂ ਸੀ ਮਿਲਣਾ। ਉਸ ਨੂੰ ਕਿਸੇ ਢੰਗ ਨਾਲ ਡਿਊਟੀ ’ਤੇ ਦਿਖਾਉਣਾ ਜ਼ਰੂਰੀ ਸੀ।

ਸਰਕਾਰੀ ਵਕੀਲ ਦੀ ਰਾਏ ਨਾਲ ਉਸ ਦੀ ਜੇਬ ਵਿੱਚ ਬਠਿੰਡੇ ਜ਼ਿਲ੍ਹੇ ਦੇ ਸੰਮਨ ਪਾਏ ਗਏ। ਰੋਜ਼ਨਾਮਚਾ ਪਾੜ ਕੇ ਨਵੀਂ ਰਿਪੋਰਟ ਦਰਜ ਕੀਤੀ ਗਈ। ਉਸ ਨੂੰ ਬਠਿੰਡੇ ਵੱਲ ਗਿਆ ਦਿਖਾਇਆ ਗਿਆ।

ਬਾਕੀ ਕੰਮ ਜੋਗਿੰਦਰ ਦੇ ਰਹਿਮੋ-ਕਰਮ ’ਤੇ ਸੀ। ਜੇ ਪੋਸਟ ਮਾਰਟਮ ਵਿੱਚ ਸ਼ਰਾਬ ਆ ਗਈ ਤਾਂ ਅਫ਼ਸਰਾਂ ਦੀ ਕੀਤੀ-ਕਰਾਈ ਖੂਹ ਵਿੱਚ ਪੈ ਜਾਣੀ ਸੀ। ਸ਼ਰਾਬੀ ਬੰਦੇ ਨੂੰ ਮਹਿਕਮਾ ਕੀ ਲਈ ਬੈਠਾ ਸੀ? ਡਾਕਟਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਸੀ, ਬੱਸ ਜੋਗਿੰਦਰ ਦੀ ਹਾਂ ਚਾਹੀਦੀ ਸੀ।

ਜੋਗਿੰਦਰ ਭੱਜਣ ਵਾਲਾ ਥੋੜ੍ਹਾ ਸੀ। ਇਸ ਹੌਲਦਾਰ ਲਈ ਤਾਂ ਉਹ ਕੁੱਝ ਵੀ ਕਰ ਸਕਦਾ ਸੀ। ਬੁੱਧ ਸਿੰਘ ਦੇ ਸਰੀਰ ’ਤੇ ਛੁਰੀ ਚਲਾਉਂਦੇ ਜੋਗਿੰਦਰ ਨੂੰ ਇਉਂ ਲੱਗਦਾ ਸੀ ਜਿਵੇਂ ਉਹ ਆਪਣੇ ਪੁੱਤ ਦਾ ਪੇਟ ਕੱਟ ਰਿਹਾ ਹੋਵੇ। ਕਈ ਵਾਰ ਇਉਂ ਝਉਲੇ ਪਏ, ਜਿਵੇਂ ਬੁੱਧ ਸਿੰਘ ਉੱਠੇਗਾ ਅਤੇ ਆਖੇਗਾ, ‘ਬਾਈ ਹੌਲੀ )’ ਪਰ ਮੁਰਦੇ ਕਦੇ ਉੱਠੇ ਨੇ? ਜੋਗਿੰਦਰ ਦੇ ਜ਼ਾਲਮ ਹੱਥ ਬੁੱਧ ਸਿੰਘ ਦੇ ਟੁਕੜੇ-ਟੁਕੜੇ ਕਰਦੇ ਰਹੇ।

ਦੇਣ ਵਾਲੇ ਤਾਂ ਜੋਗਿੰਦਰ ਨੂੰ ਬੁੱਧ ਸਿੰਘ ਦੇ ਪੋਸਟ ਮਾਰਟਮ ਦੀ ਫ਼ੀਸ ਵੀ ਦੇ ਗਏ ਸਨ। ਉਸ ਨੇ ਬਥੇਰੇ ਤਰਲੇ ਲਏ। ਉਹ ਬੁੱਧ ਸਿੰਘ ਦੇ ਬੱਚਿਆਂ ਨੂੰ ਕੁੱਝ ਦੇ ਤਾਂ ਨਹੀਂ ਸਕਦਾ ਪਰ ਲਵੇ ਤਾਂ ਨਾ, ਪਰ ਪੁਲਿਸ ਵਾਲੇ ਨਾ ਮੰਨੇ। ਜੇ ਜੋਗਿੰਦਰ ਸਿੰਘ ਨੇ ਬੁੱਧ ਸਿੰਘ ਦੇ ਬੱਚਿਆਂ ਦੇ ਮੂੰਹ ਰੋਟੀ ਪਾਣੀ ਸੀ ਤਾਂ ਉਹਨਾਂ ਦੀ ਯੂਨੀਅਨ ਦੀ ਪੰਜਾਹ ਰੁਪਏ ਨਾਲ ਟੰਗ ਥੋੜ੍ਹਾ ਟੁੱਟ ਜਾਣੀ ਸੀ।

ਇਹ ਸਨ ਕਿ ਜੋਗਿੰਦਰ ਦੀ ਫ਼ੀਸ ਦੀ ਪਰਵਾਹ ਹੀ ਨਹੀਂ ਸਨ ਕਰ ਰਹੇ।

ਜੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਤਾਂ ਘੱਟ ਜੋਗਿੰਦਰ ਵੀ ਨਹੀਂ। ਉਹ ਵੀ ਮਜ੍ਹਬੀ ਦਾ ਪੁੱਤ ਹੈ। ਮਜ੍ਹਬੀ ਦੀ ਆਕੜ ਸਾਰੇ ਮਸ਼ਹੂਰ ਹੈ। ਇੱਕ ਵਾਰ ਉਹ ਆਕੜ ਗਿਆ ਤਾਂ ਪੰਜ ਸੌ ’ਤੇ ਵੀ ਨਹੀਂ ਮੰਨਣਾ। ਡਾਕਟਰ ਆਪ ਭਾਵੇਂ ਚੀਰ-ਫਾੜ ਕਰ ਲਏ। ਡਾਕਟਰ ਜੋਗਿੰਦਰ ਤੋਂ ਬਾਹਰ ਹੋ ਕੇ ਚੱਲਿਆ ਤਾਂ ਉਸ ਨੇ ਵੀ ਡਾਕਟਰ ਦਾ ਬਾਈਕਾਟ ਕਰ ਦੇਣਾ ਹੈ। ਅੱਗੇ ਤੋਂ ਉਹ ਪਾਣੀ ’ਚ ਸੜੀਆਂ ਅਤੇ ਅੱਗ ’ਚ ਝੁਲਸੀਆਂ ਲਾਸ਼ਾਂ ਦੀ ਚੀਰ-ਫਾੜ ਡਾਕਟਰ ਨੂੰ ਕੋਲ ਖੜਾ ਹੋ ਕੇ ਕਰਿਆ ਕਰੇਗਾ। ਅੱਧਾ ਮੀਲ ਦੂਰ ਬੈਠੇ ਕੋਲ ਵਿਸਰੇ ਲਿਜਾ-ਲਿਜਾ ਨਹੀਂ ਰੱਖੇਗਾ।

ਜੋਗਿੰਦਰ ਦਾ ਕੋਈ ਹੋਰ ਵੱਸ ਨਾ ਹੀ ਚੱਲਿਆ ਤਾਂ ਉਸ ਕਾਮਰੇਡ ਵਰਗੀ ਤਾਂ ਕਰੇਗਾ ਹੀ, ਜਿਹੜਾ ਐਕਸੀਡੈਂਟ ਵਿੱਚ ਮਰ ਗਿਆ ਸੀ। ਜਦੋਂ ਜੋਗਿੰਦਰ ਨੇ ਫ਼ੀਸ ਦਾ ਇਸ਼ਾਰਾ ਕੀਤਾ, ਉਸ ਦੇ ਸਾਥੀਆਂ ਨੇ ਚੁੱਪ ਕਰ ਕੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। ਜਿਵੇਂ ਵਿਰੋਧ ਕਰਨ ਲਈ ਕੋਈ ਸਰਮਾਏਦਾਰ ਉਹਨਾਂ ਨੂੰ ਲੱਭਾ ਹੀ ਨਹੀਂ ਸੀ। ਗ਼ਰੀਬ ਜੋਗਿੰਦਰ ਹੀ ਲੱਭਾ ਸੀ, ਗੰਦਗੀ ’ਚੋਂ ਰੋਟੀ ਕਮਾ ਕੇ ਢਿੱਡ ਭਰਨ ਵਾਲਾ।

ਜੋਗਿੰਦਰ ਨੂੰ ਮਜਬੂਰੀ ਵਿੱਚ ਚੀਰ-ਫਾੜ ਤਾਂ ਕਰਨੀ ਪਈ ਸੀ ਪਰ ਉਸ ਨੇ ਕਾਮਰੇਡਾਂ ਨੂੰ ਨਾਨੀ ਯਾਦ ਕਰਾ ਦਿੱਤੀ ਸੀ।

ਜੋਗਿੰਦਰ ਨੇ ਕਾਮਰੇਡ ਦਾ ਪੇਟ ਤਾਂ ਚੀਰਨਾ ਹੀ ਸੀ, ਉਸ ਦੀਆਂ ਲੱਤਾਂ ਬਾਹਾਂ ਦੇ ਜੋੜ ਵੀ ਢਿੱਲੇ ਕਰ ਦਿੱਤੇ। ਆਂਤੜੀਆਂ ਦੀ ਥਾਂ ਤੂੜੀ ਭਰ ਕੇ ਪੇਟ ਨੂੰ ਚੰਗੀ ਤਰ੍ਹਾਂ ਸੀਊਣ ਦੀ ਥਾਂ ਕੱਚੇ ਸੜੋਪੇ ਹੀ ਮਾਰੇ।

ਟਰਾਲੀ ’ਚ ਰੱਖਦਿਆਂ ਹੀ ਲਾਸ਼ ਖੱਖੜੀ-ਖੱਖੜੀ ਹੋ ਗਈ। ਲੱਤ ਕਿਤੇ, ਬਾਂਹ ਕਿਤੇ ਅਤੇ ਧੜ ਕਿਤੇ। ਫੇਰ ਉਹਨਾਂ ਨੂੰ ਜੋਗਿੰਦਰ ਦੀ ਅਹਿਮੀਅਤ ਦਾ ਪਤਾ ਲੱਗਾ। ਸਾਰੇ ਰਸਮੋ-ਰਿਵਾਜ ਵਿਚੇ ਛੱਡ ਕੇ ਉਹਨਾਂ ਨੂੰ ਲਾਸ਼ ਸਮੇਟਣ ਦੀ ਪੈ ਗਈ। ਕਾਮਰੇਡ ਨੂੰ ਗੱਠੜੀ ਵਾਂਗ ਬੰਨ੍ਹ ਕੇ ਸ਼ਮਸ਼ਾਨ ਲਿਜਾਂਦੇ ਸਾਥੀਆਂ ਨੂੰ ਦੇਖ ਕੇ ਜੋਗਿੰਦਰ ਦੇ ਕਾਲਜੇ ਠੰਡ ਪਈ ਸੀ। ਦੇਖੇ ਜੋਗਿੰਦਰ ਦੇ ਹੱਥ।

ਲਾਲਾ ਜੀ ਨੂੰ ਵੀ ਇਹੋ ਕਰਾਮਾਤ ਦਿਖਾਣੀ ਪਏਗੀ।

ਇੱਕ ਸਿਪਾਹੀ ਨੇ ਜੋਗਿੰਦਰ ਨੂੰ ਦੱਸਿਆ ਕਿ ਡਾਕਟਰ ਨੇ ਮੁਰਾਰੀ ਨੂੰ ਬੁਲਾ ਕੇ ਜੋਗਿੰਦਰ ਨੂੰ ਮਨਾਉਣ ਦਾ ਇਸ਼ਾਰਾ ਕੀਤਾ ਸੀ।

ਮੁਰਾਰੀ ਡਾਕਟਰ ਦੇ ਨਜ਼ਦੀਕੀਆਂ ਵਿਚੋਂ ਇੱਕ ਸੀ। ਉਸ ਦਾ ਹਸਪਤਾਲ ਬਹੁਤ ਆਉਣ ਜਾਣ ਸੀ। ਹੋਰ ਕਾਹਦੀ ਲਿਹਾਜ਼ ਸੀ? ਡਾਕਟਰ ਦਾ ਦਲਾਲ ਸੀ। ਉਸ ਨੂੰ ਕੇਸ ਲਿਆ-ਲਿਆ ਦਿੰਦਾ ਸੀ। ਕੋਈ ਚੰਗੀ ਮੁਰਗੀ ਫਸ ਜਾਂਦੀ ਤਾਂ ਹਿੱਸਾ ਲੈ ਜਾਂਦਾ ਸੀ। ਪੈੱਗ ਮੁਫ਼ਤ ’ਚ ਲਾ ਜਾਂਦਾ। ਨਰਸਾਂ ਨਾਲ ਹਾਸਾ-ਠੱਠਾ ਬੋਨਸ ਵਿੱਚ।

ਜੋਗਿੰਦਰ ਉਹਨਾਂ ਦੀ ਖ਼ੂਬ ਸੇਵਾ ਕਰਦਾ ਸੀ। ਜਦੋਂ ਉਹ ਅਤੇ ਡਾਕਟਰ ਵਿਸਕੀ ਪੀ ਰਹੇ ਹੁੰਦੇ, ਉਹ ਬਾਹਰ ਬੈਠਾ ਪਹਿਰਾ ਦਿੰਦਾ ਰਹਿੰਦਾ। ਕਦੇ ਭੱਜ ਕੇ ਮੁਰਗਾ ਫੜ ਲਿਆਇਆ ਕਦੇ ਸਿਗਰਟਾਂ ਦੀ ਡੱਬੀ ਅਤੇ ਕਦੇ ਵਿਸਕੀ ਦੀ ਬੋਤਲ। ਜੋਗਿੰਦਰ ਨੂੰ ਪੂਰੀ ਆਸ ਸੀ। ਮੁਰਾਰੀ ਜੋਗਿੰਦਰ ਨੂੰ ਫ਼ੀਸ ਦਿਵਾ ਦੇਵੇਗਾ।

ਜੋਗਿੰਦਰ ਨੂੰ ਕੀ ਪਤਾ ਸੀ ਕਿ ਉਹ ਉੱਚੀ ਦੰਦਵੀੜ ਵਾਲਾ, ਪੀਲੇ ਦੰਦਾਂ ਨੂੰ ਕੱਢਣਾ ਜੋਗਿੰਦਰ ਨੂੰ ਰਿਸ਼ਵਤਖ਼ੋਰ ਆਖ ਕੇ ਭੰਡਣ ਲੱਗੇਗਾ।

“ਰਿਸ਼ਵਤ ਦੀ ਵੀ ਕੋਈ ਹੱਦ ਹੁੰਦੀ ਹੈ। ਇਹ ਤਾਂ ਮੁਰਦੇ ਤੋਂ ਖੱਫਣ ਲਾਹੁਣ ਵਾਲੀ ਗੱਲ ਹੈ।” ਉਹਦੀ ਚਿੜ-ਚਿੜ ਸੁਣ ਕੇ ਡਾਕਟਰ ਨੂੰ ਵੀ ਧਰਤੀ ’ਚ ਧਸਣ ਲਈ ਥਾਂ ਨਾ ਲੱਭੀ। ਡਾਕਟਰ ਰੋਣ-ਹਾਕਾ ਹੋ ਕੇ ਚੁੱਪ ਕਰ ਗਿਆ।

ਜੋਗਿੰਦਰ ਦਾ ਦਿਲ ਕਰ ਰਿਹਾ ਸੀ, ਉਹ ਮੁਰਾਰੀ ਦੇ ਬੱਚੇ ਨੂੰ ਗਿੱਚੀ ਤੋਂ ਫੜ ਕੇ ਪੁੱਛੇ ਕਿ ਉਹ ਕਿਧਰਲਾ ਭਲਾਮਾਣਸ ਹੈ? ਜਦੋਂ ਦੀ ਮਾਲ-ਗੁਦਾਮ ਦੇ ਨਾਲ ਲੱਗਦੀ ਬਸਤੀ ਵਿੱਚ ਚੱਕੀ ਲਾਈ ਹੈ, ਉਹ ਮਾਲਾ-ਮਾਲ ਹੋ ਗਿਆ ਹੈ। ਵਿਚਾਰੇ ਸਾਂਸੀ ਬਿਹਾਰੀ ਅਤੇ ਤਾਮਿਲ, ਲੇਬਰ ਦੇ ਡੰਡੇ ਖਾ-ਖਾ ਮਸਾਂ ਚਾਰ ਸੇਰ ਦਾਣੇ ਇਕੱਠੇ ਕਰਦੇ ਹਨ। ਇਹ ਭੋਅ ਦੇ ਭਾਅ ਕਣਕ ਖ਼ਰੀਦ ਕੇ ਆਟਾ ਤਿੰਨ ਰੁਪਏ ਕਿੱਲੋ ਵੇਚਦਾ ਹੈ। ਐਫ਼.ਸੀ.ਆਈ.ਵਾਲਿਆਂ ਤੋਂ ਲੈ ਕੇ ਟਰੱਕਾਂ ਵਾਲਿਆਂ ਤਕ ਸਭ ਚੋਰੀ ਦੀ ਕਣਕ ਉਸੇ ਨੂੰ ਵੇਚਦੇ ਹਨ। ਇੱਕ-ਦੋ ਵਾਰ ਫੜਿਆ ਵੀ ਗਿਐ। ਡਾਕਟਰ ਨੂੰ ਵਿੱਚ ਪਾ ਕੇ ਪੁਲਿਸ ਤੋਂ ਕੇਸ ਰਫ਼ਾ-ਦਫ਼ਾ ਕਰਾ ਦਿੱਤੇ। ਉਹ ਹੇਰਾਫੇਰੀ ਨਹੀਂ ਹੁੰਦੀ? ਰਿਸ਼ਵਤਖ਼ੋਰੀ ਨਹੀਂ? ਮੱਕੀ ਦੇ ਆਟੇ ਵਿੱਚ ਕਣਕ ਦਾ, ਵੇਸਣ ’ਚ ਮੱਕੀ ਦਾ ਆਟਾ ਰਲਾਉਣਾ ਜੁਰਮ ਨਹੀਂ? ਜਦੋਂ ਸੁੱਕੀਆਂ ਮਿਰਚਾਂ ’ਚ ਮਰੇ ਹੋਏ ਚੂਹਿਆਂ ਦੀਆਂ ਹੱਡੀਆਂ ਹੀ ਪੀਹ ਦਿੰਦੈ, ਉਦੋਂ ਉਸ ਨੂੰ ਖੱਫਣ ਯਾਦ ਨਹੀਂ ਆਉਂਦੈ? ਕੋਈ ਨਹੀਂ। ਕਦੇ ਮੁਰਾਰੀ ਦੇ ਕਿਸੇ ਰਿਸ਼ਤੇਦਾਰ ਨੂੰ ਡੈੱਡ ਹਾਊਸ ਦੇਖਣਾ ਪਿਆ ਤਾਂ ਜੋਗਿੰਦਰ ਦੱਸੇਗਾ ਕਿ ਰਿਸ਼ਵਤਖ਼ੋਰੀ ਕੀ ਹੁੰਦੀ ਹੈ?

ਬਿਨਾਂ ਕਿਸੇ ਕਾਰਨ ਤੋਂ ਪੋਸਟ ਮਾਰਟਮ ਲਈ ਹੁੰਦੀ ਦੇਰ ਤੋਂ ਸਾਰੇ ਘਬਰਾ ਗਏ ਸਨ। ਡੈੱਡ ਹਾਊਸ ਦੇ ਆਲੇ-ਦੁਆਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ। ਕਈ ਛੋਟੇ ਵੱਡੇ ਬਾਂਦਰਾਂ ਵਾਂਗ ਕੰਧਾਂ ’ਤੇ ਚੜ੍ਹ ਕੇ ਬੈਠ ਗਏ। ਇੱਕ ਚੱਕਰ ਡਿਪਟੀ ਵੀ ਮਾਰ ਗਿਆ ਸੀ।

ਭੀੜ ਬੇਚੈਨ ਹੁੰਦੀ ਜਾ ਰਹੀ ਸੀ। ਕਿਸੇ ਵੀ ਸਮੇਂ ਡਾਕਟਰ ਦੇ ਖ਼ਿਲਾਫ਼ ਨਾਹਰੇਬਾਜ਼ੀ ਹੋ ਸਕਦੀ ਸੀ।

ਢਲਦੀ ਸ਼ਾਮ ਨੂੰ ਦੇਖ ਕੇ ਲਾਲਾ ਜੀ ਨੇ ਪਹਿਲਾਂ ਪ੍ਰੋਗਰਾਮ ਬਦਲ ਦਿੱਤਾ ਸੀ। ਪਹਿਲਾਂ ਉਹਨਾਂ ਸੋਚਿਆ ਸੀ, ਕੁੱਝ ਦੇਰ ਲਈ ਲਾਸ਼ ਗੀਤਾ ਭਵਨ ਵਿੱਚ ਰੱਖ ਦਿੱਤੀ ਜਾਏਗੀ। ਲੋਕ ਸ਼ਰਧਾਂਜਲੀ ਭੇਟ ਕਰ ਸਕਣਗੇ। ਘਰ ਦੀਆ ਔਰਤਾਂ ਨੂੰ ਵੀ ਉਥੇ ਹੀ ਜਾਣ ਲਈ ਆਖਿਆ ਗਿਆ ਸੀ।

ਕੁਵੇਲਾ ਹੋਣ ਕਾਰਨ ਹੁਣ ਇਹ ਸੰਭਵ ਨਹੀਂ ਸੀ। ਇੱਕ ਘੰਟਾ ਬਾਕੀ ਸੀ ਸੂਰਜ ਅਸਤ ਹੋਣ ਵਿੱਚ। ਘੰਟੇ ਦੇ ਅੰਦਰ-ਅੰਦਰ ਸੰਸਕਾਰ ਨਾ ਕੀਤਾ ਗਿਆ ਤਾਂ ਸੰਸਕਾਰ ਅਗਲੇ ਦਿਨ ’ਤੇ ਪਾਉਣਾ ਪੈਣਾ ਸੀ। ਇਹ ਅਸੰਭਵ ਸੀ। ਬੱਚਾ ਪਤਾ ਨਹੀਂ ਕਦੋਂ ਦਾ ਮਰਿਆ ਹੋਇਆ ਸੀ। ਰਾਤ ਭਰ ਵਿੱਚ ਦੇਹ ਫਿੱਟ ਸਕਦੀ ਸੀ। ਬੰਟੀ ਦੀ ਮਾਂ ਕਾਂਤਾ ਦਾ ਵੀ ਬੁਰਾ ਹਾਲ ਸੀ। ਉਸ ਨੂੰ ਮਿੰਟ-ਮਿੰਟ ਬਾਅਦ ਦੰਦਲ ਪੈ ਰਹੀ ਸੀ। ਜਿੰਨੀ ਜਲਦੀ ਹੋ ਸਕੇ, ਬੰਟੀ ਦੀ ਮਿੱਟੀ ਸਮੇਟੀ ਜਾਣੀ ਚਾਹੀਦੀ ਸੀ।

ਇਹ ਤਾਂ ਹੀ ਸੰਭਵ ਸੀ ਜੇ ਪੋਸਟਮਾਰਟਮ ਕਰ ਕੇ ਲਾਸ਼ ਉਹਨਾਂ ਦੇ ਹਵਾਲੇ ਕੀਤੀ ਜਾਵੇ। ਡਾਕਟਰ ਮੂੰਹ-ਚੁੱਕੀ ਬੈਠਾ ਸੀ। ਜਮਾਂਦਾਰ ਝੋਟੇ ਨਾਲ ਚੰਬੜਿਆ ਖੜਾ ਸੀ। ਕਿਸੇ ਨੂੰ ਵੀ ਇਸ ਪਹੇਲੀ ਦੀ ਸਮਝ ਨਹੀਂ ਸੀ ਆ ਰਹੀ।

ਕਿਸੇ ਪਾਸਿਉਂ ਬਾਬੂ ਜੀ ਦੇ ਉਥੇ ਆ ਪੁੱਜਣ ਨਾਲ ਭੀੜ ਵਿੱਚ ਨਵੀਂ ਰੂਹ ਫੂਕੀ ਗਈ।

ਆਪਣੀ ਆਦਤ ਅਨੁਸਾਰ ਆਉਂਦੇ ਹੀ ਉਹ ਧਾਹਾਂ ਮਾਰ ਕੇ ਲਾਲਾ ਜੀ ਦੇ ਗਲ ਚਿੰਬੜ ਗਏ। ਹਾਲੇ ਤਕ ਲਾਲਾ ਜੀ ਸਬਰ ਦਾ ਘੁੱਟ ਭਰੀ ਬੈਠੇ ਸਨ। ਅਫ਼ਸੋਸ ਕਰਨ ਆਏ ਹਰ ਹਮਦਰਦ ਦੀ ਪਿੱਠ ਥਾਪੜ ਕੇ ਉਹ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਸਨ। ਬਾਬੂ ਜੀ ਦੀਆਂ ਧਾਹਾਂ ਨੇ ਉਹਨਾਂ ਨੂੰ ਵੀ ਬੇਕਾਬੂ ਕਰ ਦਿੱਤਾ। ਲਾਲਾ ਜੀ ਦੀਆ ਅੱਖਾਂ ਵਿਚੋਂ ਵੀ ਗੰਗਾ ਜਮਨਾ ਵਹਿ ਤੁਰੀਆਂ।

ਪਹਿਲਾਂ ਲਾਲਾ ਜੀ ਬਾਬੂ ਜੀ ਨੂੰ ਦਿਲਾਸਾ ਦੇ ਰਹੇ ਸਨ। ਫੇਰ ਆਪੇ ਤੋਂ ਬਾਹਰ ਹੋਏ ਲਾਲਾ ਜੀ ਨੂੰ ਬਾਬੂ ਜੀ ਸਮਝਾਉਣ ਲੱਗੇ। ਸ਼ਹਿਰ ਦੇ ਦੋਹਾਂ ਪਤਵੰਤਿਆਂ ਦੇ ਰੁਦਨ ਨੂੰ ਦੇਖ ਕੇ ਸਾਰੀ ਭੀੜ ਦੀਆਂ ਅੱਖਾਂ ਸਿੰਮ ਆਈਆਂ। ਕੁੱਝ ਕੁ ਹਮਦਰਦ ਹਉਕੇ ਭਰਨ ਲੱਗੇ।

ਜਦੋਂ ਸਭ ਕੁੱਝ ਠੀਕ ਹੋ ਗਿਆ ਤਾਂ ਸੰਘ ਵਾਲਿਆਂ ਨੇ ਪੋਸਟ ਮਾਰਟਮ ਵਿੱਚ ਹੋ ਰਹੀ ਦੇਰੀ ਲਈ ਬਾਬੂ ਜੀ ਕੋਲ ਸ਼ਿਕਾਇਤ ਕੀਤੀ। ਬਾਬੂ ਜੀ ਸਿਰਕੱਢ ਕਾਂਗਰਸੀ ਤਾਂ ਸਨ ਹੀ, ਨਾਲ ਸਮਾਜ ਸੇਵਕ ਵੀ ਸਨ। ਛੋਟੇ ਮਜ਼ਦੂਰ ਤੋਂ ਲੈ ਕੇ ਵੱਡੇ-ਵੱਡੇ ਕਾਰਖ਼ਾਨੇਦਾਰ ਸਭ ਉਹਨਾਂ ਦੇ ਉਪਾਸ਼ਕ ਸਨ। ਉਹ ਸਭ ਦੇ ਦੁੱਖ-ਸੁਖ ਵਿੱਚ ਸ਼ਰੀਕ ਹੁੰਦੇ ਸਨ। ਵਿਆਹ-ਸ਼ਾਦੀ ਹੋਵੇ ਜਾਂ ਮਰਨ-ਜੰਮਣ, ਬਾਬੂ ਜੀ ਆਪੇ ਹਾਜ਼ਰ ਹੋ ਜਾਂਦੇ ਸਨ। ਲੋੜ ਪੈਣ ’ਤੇ ਵਿਤੋਂ ਵੱਧ ਮਦਦ ਕਰਦੇ ਸਨ। ਕਿਧਰੇ ਬਾਹਰ ਅੰਦਰ ਜਾਣਾ ਹੋਵੇ ਤਾਂ ਇਹ ਵੀ ਨਹੀਂ ਪੁੱਛਦੇ ਕਿ ਕਿਥੇ ਜਾਣਾ ਹੈ? ਪੈਰ ਜੁੱਤੀ ਪਾ ਕੇ ਨਾਲ ਤੁਰ ਪੈਂਦੇ ਹਨ। ਭਾਵੇਂ ਤਿੰਨ ਦਿਨ ਲਈ ਨਾਲ ਲਈ ਫਿਰੇ। ਚੁੱਪ ਕਰ ਕੇ ਨਾਲ ਘੁੰਮਦੇ ਰਹਿੰਦੇ।

ਡਾਕਟਰ ਉਹਨਾਂ ਦੀ ਮੋੜ ਨਹੀਂ ਸਕਦਾ। ਡਾਕਟਰ ਵਿਰੁੱਧ ਕਾਰਵਾਈ ਤਾਂ ਸੰਘ ਆਪ ਵੀ ਕਰ ਸਕਦਾ ਸੀ, ਪਰ ਇਸ ਭੈੜੇ ਮੌਕੇ ਉਹ ਨਾਅਰੇਬਾਜ਼ੀ ਜਾਂ ਤਕਰਾਰ ਵਿੱਚ ਨਹੀਂ ਸੀ ਪੈਣਾ ਚਾਹੁੰਦੇ। ਉਹ ਡਾਕਟਰ ਨਾਲ ਕਿਸੇ ਹੋਰ ਸਮੇਂ ਨਿੱਬੜਨਗੇ। ਇਸ ਸਮੇਂ ਬਾਬੂ ਜੀ ਮਸਲਾ ਹੱਲ ਕਰਨ।

ਬਾਬੂ ਜੀ ਨੂੰ ਡਾਕਟਰ ਵੱਲ ਜਾਂਦਾ ਦੇਖ ਕੇ ਜੋਗਿੰਦਰ ਦਾ ਮੱਥਾ ਠਣਕਿਆ। ਜੇ ਬਾਬੂ ਨੇ ਜ਼ੋਰ ਪਾ ਦਿੱਤਾ ਤਾਂ ਜੋਗਿੰਦਰ ਨੂੰ ਹਥਿਆਰ ਸੁੱਟਣੇ ਹੀ ਪੈਣਗੇ। ਡਾਕਟਰ ਦੇ ਹੁਕਮਾਂ ਦੀ ਤਾਂ ਉਸ ਨੇ ਕੋਈ ਪਰਵਾਹ ਨਹੀਂ ਕੀਤੀ ਪਰ ਬਾਬੂ ਦਾ ਹੁਕਮ ਟਾਲਣਾ ਮੁਸ਼ਕਲ ਸੀ। ਬਾਬੂ ਦਾ ਉਹਨਾਂ ਦੇ ਪਰਿਵਾਰ ’ਤੇ ਬਹੁਤ ਵੱਡਾ ਅਹਿਸਾਨ ਸੀ।

ਜੋਗਿੰਦਰ ਦਾ ਭਣੋਈਆ ਉੱਨੀ ਸੌ ਇਕੱਤਰ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ। ਉਸ ਦੀ ਛੋਟੀ ਭੈਣ ਭਰ ਜਵਾਨੀ ਵਿੱਚ ਵਿਧਵਾ ਹੋ ਗਈ ਸੀ। ਜੋਗਿੰਦਰ ਹੋਰੀਂ ਪਾਗ਼ਲਾਂ ਵਰਗੇ ਹੋ ਗਏ ਸਨ। ਕੁੱਝ ਨਹੀਂ ਸੀ ਸੁੱਝ ਰਿਹਾ ਕਿ ਕੀ ਕੀਤਾ ਜਾਵੇ। ਜਵਾਨ ਭੈਣ ਨੂੰ, ਉਸ ਦੇ ਬੱਚੇ ਨੂੰ ਕਿਹੜੇ ਖੂਹ ਵਿੱਚ ਧੱਕਾ ਦੇਵੇ? ਜੋਗਿੰਦਰ ਦਾ ਤਾਂ ਆਪਣਾ ਡੰਗ ਮਸਾਂ ਟੱਪਦਾ ਸੀ।

ਬਾਬੂ ਜੀ ਨੂੰ ਪਤਾ ਲੱਗਾ ਤਾਂ ਭੱਜੇ-ਭੱਜੇ ਆਏ। ਆਪ ਹੀ ਅੱਗੇ ਲੱਗ ਕੇ ਕੁੜੀ ਦਾ ਨਾਂ ਰੁਜ਼ਗਾਰ ਦਫ਼ਤਰ ਵਿੱਚ ਦਰਜ ਕਰਵਾਇਆ। ਆਪੇ ਕਾਰਡ ਕਢਵਾ ਕੇ ਤਹਿਸੀਲ ਵਿੱਚ ਜਮਾਂਦਾਰਨੀ ਲਗਾ ਦਿੱਤਾ। ਹੁਣ ਮੌਜਾਂ ਕਰਦੀ ਹੈ। ਨਾਂਹ-ਨਾਂਹ ਕਰਦੀ ਵੀ ਉਪਰਲੀ ਆਮਦਨ ਦੇ ਪੰਜਾਹ ਰੁਪਏ ਰੋਜ਼ ਲੈ ਕੇ ਘਰ ਵੜਦੀ ਹੈ। ਮੁੰਡਾ ਵੀ ਤਹਿਸੀਲ ਵਿੱਚ ਹੀ ਨੌਕਰ ਕਰਾ ਲਿਆ। ਉਹ ਉਸ ਤੋਂ ਵੀ ਵੱਧ ਕਮਾਉਂਦਾ ਹੈ। ਜੋਗਿੰਦਰ ਦਾ ਪਰਿਵਾਰ ਤਾਂ ਉੱਠਦੇ-ਬੈਠਦੇ ਸਾਰਾ ਦਿਨ ਬਾਬੂ ਜੀ ਨੂੰ ਅਸੀਸਾਂ ਦਿੰਦਾ ਹੈ। ਉਹ ਬਾਬੂ ਜੀ ਦੀ ਨਹੀਂ ਮੋੜ ਸਕੇਗਾ।

ਉਹੋ ਹੋਇਆ, ਜਿਸ ਦੀ ਜੋਗਿੰਦਰ ਨੂੰ ਤਵੱਕੋ ਸੀ। ਡਾਕਟਰ ਨੇ ਬਾਬੂ ਜੀ ਨੂੰ ਇੱਕ ਪਾਸੇ ਲਿਜਾ ਕੇ ਸਾਰਾ ਕਿੱਸਾ ਸਮਝਾਇਆ।

ਬਾਬੂ ਜੀ ਸੰਘ ਵਾਲਿਆਂ ਨੂੰ ਡਾਕਟਰ ਕੋਲ ਖੜਾ ਕੇ ਇਕੱਲੇ ਹੀ ਜੋਗਿੰਦਰ ਵੱਲ ਵਧੇ।

ਸ਼ਰਮਸਾਰ ਹੋਏ ਜੋਗਿੰਦਰ ਨੂੰ ਉਹਨਾਂ ਦੇ ਪੈਰੀਂ ਹੱਥ ਲਾਉਣਾ ਵੀ ਭੁੱਲ ਗਿਆ।

ਬਾਬੂ ਜੀ ਜੋਗਿੰਦਰ ਦਾ ਹੱਥ ਫੜ ਕੇ ਇੱਕ ਪਾਸੇ ਲੈ ਗਏ। ਆਪਣੀ ਜੇਬ ਵਿਚੋਂ ਨੋਟਾਂ ਦਾ ਥੱਬਾ ਕੱਢ ਕੇ ਕਿਸੇ ਖ਼ਾਸ ਨੋਟ ਦੀ ਤਲਾਸ਼ ਕਰਨ ਲੱਗੇ।

“ਤੁਸੀਂ ਇਹ ਕੀ ਕਰਦੇ ਹੋ?” ਜੋਗਿੰਦਰ ਨੂੰ ਲੱਗਾ, ਬਾਬੂ ਜੀ ਉਸ ਨਾਲ ਡਾਹਡੇ ਨਾਰਾਜ਼ ਸਨ। ਉਸ ’ਤੇ ਲਾਹਨਤਾਂ ਪਾ ਰਹੇ ਸਨ।

ਜੋਗਿੰਦਰ ਨੂੰ ਲੱਗਾ, ਉਸ ਦੀਆਂ ਦੋਵੇਂ ਗੱਲ੍ਹਾਂ ’ਤੇ ਥੱਪੜਾਂ ਦਾ ਮੀਂਹ ਵਰਸ ਰਿਹਾ ਸੀ। ਉਸ ਨੂੰ ਨਮਕ-ਹਰਾਮ ਅਤੇ ਗ਼ਦਾਰ ਦੇ ਖ਼ਿਤਾਬ ਮਿਲ ਰਹੇ ਸਨ।

ਨੋਟ ਨੂੰ ਪਰ੍ਹਾਂ ਧੱਕਦਾ ਜੋਗਿੰਦਰ ਸੁਸਤ ਚਾਲ ਨਾਲ ਡੈੱਡ ਹਾਊਸ ਵੱਲ ਵਧਣ ਲੱਗਾ।

ਬੱਚੇ ਦੇ ਪੇਟ ’ਤੇ ਛੁਰੀ ਚਲਾਉਂਦੇ ਜੋਗਿੰਦਰ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਬਾਬੂ ਉਸ ਦੇ ਭੁੱਖੇ ਬੱਚਿਆਂ ਦੇ ਪੇਟ ’ਤੇ ਲੱਤ ਮਾਰ ਗਿਆ ਸੀ।

 

 

18

ਡੀ.ਆਈ.ਜੀ.ਨਿਰਭੈ ਸਿੰਘ ਕਈ ਦਿਨਾਂ ਤੋਂ ਮਾਨਸਿਕ ਤਨਾਓ ਵਿੱਚ ਸੀ।

ਲੋਹੇ ਦਾ ਥਣ ਬਣੇ ਡਿਪਟੀ ਤੇ ਨਿਰਭੈ ਸਿੰਘ ਨੂੰ ਇੱਕ ਚੜ੍ਹਦੀ ਅਤੇ ਇੱਕ ਲਹਿੰਦੀ ਸੀ। ਬਹੁਤੇ ਦਿਨ ਤਾਂ ਨਹੀਂ ਬੀਤੇ ਜਦੋਂ ਇਹੋ ਡਿਪਟੀ ਦਿਨ ’ਚ ਵੀਹ-ਵੀਹ ਵਾਰ ਉਸ ਦੇ ਗੋਡੀਂ ਹੱਥ ਲਾਉਂਦਾ ਸੀ। ਕਈ ਸਾਲਾਂ ਤੋਂ ਪੁਲਿਸ ਲਾਈਨ ਵਿੱਚ ਖੁੱਡੇ ਲੱਗਾ ਹੋਇਆ ਸੀ। ਜੇ ਨਿਰਭੈ ਸਿੰਘ ਉਸ ਦੀ ਪੋਸਟਿੰਗ ਲਈ ਪੂਰਾ ਸਟੈਂਡ ਨਾ ਲੈਂਦਾ ਤਾਂ ਉਸ ਨੂੰ ਇਸ ਸਬ-ਡਵੀਜ਼ਨ ’ਤੇ ਤਾਂ ਕਿਸ ਨੇ ਲਾਉਣਾ ਸੀ, ਕਿਸੇ ਨੇ ਪੀ.ਏ.ਪੀ.ਦੇ ਵੀ ਦਰਸ਼ਨ ਨਹੀਂ ਸੀ ਕਰਾਉਣੇ। ਸ਼ਹਿਰ ਦੇ ਦੋ-ਚਾਰ ਜਥੇਦਾਰਾਂ ਨਾਲ ਯਾਰੀ ਪਾ ਕੇ ਉਹ ਡੀ.ਆਈ.ਜੀ.ਨੂੰ ਟਿੱਚ ਹੀ ਸਮਝਣ ਲੱਗਾ ਸੀ। ਨਾ ਸੁਨੇਹੇ ’ਤੇ ਆਇਆ, ਨਾ ਵਾਇਰਲੈੱਸ ਕਰਨ ’ਤੇ। ਡਿਪਟੀਆਂ ਦੀ ਮੀਟਿੰਗ ਰੱਖੀ ਤਾਂ ਬਹਾਨਾ ਲਾ ਕੇ ਟਾਲ ਗਿਆ। ਸ਼ਹਿਰ ਵਿੱਚ ਹਾਲਾਤ ਤਨਾਓ-ਪੂਰਨ ਹਨ। ਕਿਸੇ ਵੀ ਸਮੇਂ ਗੜਬੜ ਹੋ ਸਕਦੀ ਸੀ। ਡਿਪਟੀ ਦਾ ਸ਼ਹਿਰ ਵਿੱਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ।

ਉਲਟਾ ਡੀ.ਆਈ.ਜੀ.ਦੇ ਬੰਦੇ ਧਮਕਾ ਦਿੱਤੇ। ‘ਦੋਬਾਰਾ ਸਾਹਿਬ ਕੋਲ ਗਏ ਤਾਂ ਸਾਰੇ ਟੱਬਰ ਨੂੰ ਅੰਦਰ ਤੁੰਨ ਦਿਊਂ।’

ਬੰਟੀ ਦੇ ਕਤਲ ਦੀ ਖ਼ਬਰ ਨਾਲ ਡੀ.ਆਈ.ਜੀ.ਨੂੰ ਕਾਫ਼ੀ ਰਾਹਤ ਮਿਲੀ। ਮੌਕਾ ਵੇਖਣ ਦੇ ਬਹਾਨੇ ਉਹ ਸ਼ਹਿਰ ਜਾ ਸਕੇਗਾ ਅਤੇ ਡਿਪਟੀ ਦੀ ਖੁੰਬ ਠੱਪ ਸਕੇਗਾ। ਜੇ ਫੇਰ ਵੀ ਕਾਬੂ ਨਾ ਆਇਆ ਤਾਂ ਉਸ ਦੀ ਬਦਲੀ ਦੀ ਸਿਫ਼ਾਰਸ਼ ਕਰ ਕੇ ਫਾਹਾ ਵਢਾ ਸੁੱਟੇਗਾ।

ਕਈ ਮਸਲੇ ਸੀ, ਜਿਹੜੇ ਉਸ ਨੇ ਡਿਪਟੀ ਨਾਲ ਨਜਿੱਠਣੇ ਸਨ।

ਪਹਿਲਾ ਰਾਏਸਰ ਵਾਲੀ ਪੰਜਾਹ ਕਿੱਲੇ ਜ਼ਮੀਨ ਦਾ ਸੀ। ਉਸ ਨੇ ਸਾਫ਼-ਸਾਫ਼ ਡਿਪਟੀ ਨੂੰ ਆਖਿਆ ਸੀ ਕਿ ਇਸ ਵਾਰ ਜ਼ਮੀਨ ’ਤੇ ਕਬਜ਼ਾ ਗਰੇਵਾਲਾਂ ਦਾ ਹੋਣਾ ਚਾਹੀਦਾ ਹੈ। ਉਹ ਇੱਕ ਕੇਂਦਰੀ ਮੰਤਰੀ ਦੀ ਚਿੱਠੀ ਲਿਆ ਕੇ ਉਸ ਨੂੰ ਮਿਲੇ ਸਨ। ਡਿਪਟੀ ਨੂੰ ਚੰਗਾ-ਭਲਾ ਪਤਾ ਸੀ ਕਿ ਉਸ ਨੂੰ ਸ਼ਹਿਰ ਦੀ ਇਸ ਸਬ-ਡਵੀਜ਼ਨ ਵਿੱਚ ਉਸੇ ਮੰਤਰੀ ਦੀ ਕਿਰਪਾ ਨਾਲ ਲਗਵਾਇਆ ਗਿਆ ਸੀ।

ਡੀ.ਆਈ.ਜੀ.ਨੇ ਗਰੇਵਾਲਾਂ ਨੂੰ ਮਸ਼ਵਰਾ ਦਿੱਤਾ ਕਿ ਜ਼ਮੀਨ ’ਤੇ ਜੇ ਕੋਈ ਕਬਜ਼ਾ ਕਰਵਾ ਸਕਦਾ ਹੈ ਤਾਂ ਉਹ ਨੌਨਿਹਾਲ ਸਿੰਘ ਜੀ ਹੈ। ਉਹਨਾਂ ਡੀ.ਆਈ.ਜੀ.ਦੇ ਕਹੇ ਅਨੁਸਾਰ ਕੇਂਦਰੀ ਮੰਤਰੀ ਨੂੰ ਜਾ ਆਖਿਆ। ਮੰਤਰੀ ਨੇ ਡੀ.ਆਈ.ਜੀ.ਨੂੰ ਸਿੱਧਾ ਫ਼ੋਨ ਖੜਕਾਇਆ। ਘੰਟੇ ਵਿੱਚ ਨੌਨਿਹਾਲ ਸਿੰਘ ਦੇ ਆਰਡਰ ਜਾਰੀ ਹੋ ਗਏ। ਆਪਣਾ ਕੰਮ ਕਢਾ ਕੇ ਗਰੇਵਾਲਾਂ ਤੋਂ ਮੂੰਹ ਲੁਕੋ ਰਿਹਾ ਹੈ।

ਇਸ ਵਾਰ ਤਾਂ ਗਰੇਵਾਲਾਂ ਨੇ ਵੈਸੇ ਹੀ ਲੜਾਈ ਦੀ ਜੜ੍ਹ ਵੱਢ ਦਿੱਤੀ ਸੀ। ਉਹਨਾਂ ਬੁੱਢੀ ਤੋਂ ਬੈਨਾਮਾ ਕਰਵਾ ਲਿਆ ਸੀ। ਪਹਿਲਾਂ ਬੁੱਢੀ ਨੂੰ ਕੋਈ ਪਾਰਟੀ ਚੁੱਕ ਕੇ ਲੈ ਜਾਂਦੀ ਸੀ ਅਤੇ ਕਦੇ ਕੋਈ। ਗਰੇਵਾਲਾਂ ਨੂੰ ਕਬਜ਼ਾ ਦਿਵਾਉਣ ਵਿੱਚ ਕੋਈ ਕਾਨੂੰਨੀ ਅੜਚਨ ਨਹੀਂ ਸੀ ਰਹੀ।

ਗਰੇਵਾਲ ਕਈ ਵਾਰ ਉਲਾਂਭਾ ਦੇ ਕੇ ਗਏ ਸਨ। ਡਿਪਟੀ ਦੂਜੀ ਪਾਰਟੀ ਨਾਲ ਮਿਲਿਆ ਫਿਰਦਾ ਹੈ। ਸਿੱਧੇ ਮੂੰਹ ਉਹਨਾਂ ਨਾਲ ਗੱਲ ਨਹੀਂ ਕਰਦਾ। ਜੇ ਗਰੇਵਾਲ ਕਬਜ਼ਾ ਨਾ ਲੈ ਸਕੇ ਤਾਂ ਡੀ.ਆਈ.ਜੀ.ਦਾ ਕਈ ਲੱਖ ਦਾ ਨੁਕਸਾਨ ਹੋ ਜਾਣਾ ਸੀ। ਪੰਜਾਹਾਂ ਵਿਚੋਂ ਪੰਜ ਕਿੱਲੇ ਉਸ ਨੂੰ ਮਿਲਣੇ ਸਨ।

ਦੂਜਾ ਮਸਲਾ ਖੁੱਡੀ ਵਾਲੇ ਨੰਬਰਦਾਰ ਦਾ ਸੀ। ਉਹ ਕਈ ਦਿਨਾਂ ਤੋਂ ਨਿਰਭੈ ਸਿੰਘ ਦੀ ਕੋਠੀ ਡੇਰਾ ਲਾਈ ਬੈਠਾ ਸੀ। ਡਿਪਟੀ ਨੂੰ ਚੰਗਾ ਭਲਾ ਪਤਾ ਸੀ ਕਿ ਨੰਬਰਦਾਰ ਦੇ ਹੱਥ ਬਹੁਤ ਲੰਬੇ ਹਨ। ਫੇਰ ਵੀ ਉਸ ਨੂੰ ਵੰਝ ’ਤੇ ਟੰਗੀ ਬੈਠਾ ਸੀ।

ਬਹਾਨਾ ਵਧੀਆ ਹੈ।

“ਡੀ.ਆਈ.ਜੀ.ਦਾ ਹੁਕਮ ਹੈ। ਸਾਰੇ ਪੰਜਾਬ ਵਿੱਚ ਭੁੱਕੀ ਬੰਦ ਹੈ। ਇਸੇ ਸਬ-ਡਵੀਜ਼ਨ ਵਿੱਚ ਆਮ ਵਿਕਦੀ ਹੈ। ਨਾਲ ਲੱਗਦੇ ਜ਼ਿਲ੍ਹਿਆਂ ਦੇ ਕਪਤਾਨਾਂ ਨੇ ਡੀ.ਜੀ.ਕੋਲ ਸ਼ਿਕਾਇਤ ਕੀਤੀ ਹੈ। ਉਹਨਾਂ ਦੀ ਸਖ਼ਤੀ ਦਾ ਕੋਈ ਫ਼ਾਇਦਾ ਨਹੀਂ। ਅਮਲੀ ਸ਼ਹਿਰ ਦੇ ਇਲਾਕੇ ਵਿਚੋਂ ਭੁੱਕੀ ਲੈ ਆਉਂਦੇ ਹਨ। ਡੀ.ਜੀ.ਨੇ ਉਹਨਾਂ ਥਾਣੇਦਾਰਾਂ ਦੀ ਲਿਸਟ ਭੇਜੀ ਹੈ, ਜਿਨ੍ਹਾਂ ਨੂੰ ਨੰਬਰਦਾਰ ਦਸ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਰੁਪਏ ਤਕ ਮਹੀਨਾ ਦਿੰਦਾ ਹੈ। ਡੀ.ਜੀ.ਦਾ ਹੀ ਹੁਕਮ ਹੈ ਕਿ ਨੰਬਰਦਾਰ ਦੇ ਪਿੱਛੇ ਕਿਸੇ ਹੋਰ ਥਾਣੇ ਦਾ ਥਾਣੇਦਾਰ ਲਾਇਆ ਜਾਵੇ।

ਕਿਸੇ ਕਰਿੰਦੇ ’ਤੇ ਕੇਸ ਬਣਾ ਦਿੰਦਾ ਤਾਂ ਨੰਬਰਦਾਰ ਨੂੰ ਫ਼ਰਕ ਨਹੀਂ ਸੀ ਪੈਣਾ। ਨੰਬਰਦਾਰ ਦੇ ਖ਼ਿਲਾਫ਼ ਪਰਚਾ ਕੱਟ ਦੇਵੇ ਤਾਂ ਵੀ ਕੋਈ ਹਰਜ ਨਹੀਂ, ਪਰ ਉਸ ਨੂੰ ਗ੍ਰਿਫ਼ਤਾਰ ਤਾਂ ਨਾ ਕਰੇ। ਪੇਸ਼ਗੀ ਜ਼ਮਾਨਤ ਤਾਂ ਕਰਾ ਲੈਣ ਦੇਵੇ। ਉਲਟਾ ਉਹ ਸੈਸ਼ਨ ਜੱਜ ਦੇ ਕੰਨ ਵਿੱਚ ਵੀ ਫੂਕ ਮਾਰ ਆਇਆ ਹੈ। ਡਰਦੇ ਸੈਸ਼ਨ ਜੱਜ ਨੇ ਜ਼ਮਾਨਤ ਰੱਦ ਕਰ ਦਿੱਤੀ।

ਚਲੋ ਇਹ ਵੀ ਕੋਈ ਗੱਲ ਨਹੀਂ। ਡਿਪਟੀ ਨੰਬਰਦਾਰ ਦੀ ਪਤਨੀ ਅਤੇ ਧੀ ਨੂੰ ਤਾਂ ਜ਼ਲੀਲ ਨਾ ਕਰੇ। ਕਈ ਵਾਰ ਥਾਣੇ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰ ਚੁੱਕਾ ਹੈ। ਕਾਰ ਬੇਸ਼ੱਕ ਥਾਣੇ ਖੜ੍ਹਾਈ ਰੱਖੇ, ਪੇਟੀਆਂ-ਟਰੰਕ, ਟੀ.ਵੀ.ਅਤੇ ਗੀਜਰ ਥਾਣੇ ਚੁੱਕ ਲਿਆਉਣ ਦਾ ਕੀ ਮਤਲਬ?

ਡੀ.ਆਈ.ਜੀ.ਨੰਬਰਦਾਰ ਨੂੰ ਬਥੇਰਾ ਸਮਝਾਉਂਦਾ ਸੀ, ਹੁਣ ਉਹ ਇਹ ਕੰਮ ਛੱਡ ਦੇਵੇ। ਬਥੇਰਾ ਪੈਸਾ ਕਮਾ ਲਿਆ। ਉਸ ਕੋਲ ਘੱਟੋ-ਘੱਟ ਕਰੋੜ ਰੁਪਏ ਦੀ ਜਾਇਦਾਦ ਹੋਏਗੀ। ਸਾਲ ਵਿੱਚ ਪੰਜ-ਚਾਰ ਕਾਰਾਂ ਤਾਂ ਉਹ ਅਫ਼ਸਰਾਂ ਨੂੰ ਖ਼ਰੀਦ ਕੇ ਦਿੰਦਾ ਹੈ। ਕਈ ਲੱਖ ਰੁਪਏ ਛੋਟੇ ਮੁਲਾਜ਼ਮਾਂ ’ਚ ਵੰਡਦਾ ਹੈ। ਨਾਲੇ ਉਹ ਕਮਾ ਕਿਸ ਲਈ ਰਿਹਾ ਹੈ? ਇੱਕ ਧੀ ਹੈ। ਉਹ ਵੀ ਪੇਟੋਂ ਨਹੀਂ ਫੁੱਟ ਸਕੀ, ਬਾਂਝ ਹੈ। ਸਹੁਰਿਆਂ ਨੇ ਸਾਰੇ ਇਲਾਜ ਕਰਾ ਕੇ ਦੇਖ ਲਏ। ਪੰਜਾਂ ਸਾਲਾਂ ਤੋਂ ਨੰਬਰਦਾਰ ਦੇ ਘਰ ਬੈਠੀ ਹੈ। ਉਹਦੇ ਘਰ ਵਾਲੇ ਨੇ ਹੋਰ ਵਿਆਹ ਕਰਾ ਲਿਆ ਹੈ।

ਨੰਬਰਦਾਰ ਦੇ ਅਜਿਹਾ ਲਹੂ ਮੂੰਹ ਲੱਗਾ ਹੈ ਕਿ ਹਰ ਵਾਰ ਉਸ ਕੋਲ ਤੋਬਾ ਕਰ ਕੇ ਜਾਂਦਾ ਹੈ। ਜਾਂਦਾ ਹੀ ਫੇਰ ਕੰਮ ਸ਼ੁਰੂ ਕਰ ਲੈਂਦਾ ਹੈ। ਇਸ ਵਾਰ ਵੀ ਇਹੋ ਆਖ ਰਿਹਾ ਹੈ। ਇਸ ਵਾਰ ਖਹਿੜਾ ਛੁੱਟ ਜਾਏ, ਮੁੜ ਕੰਮ ਤੋਂ ਤੋਬਾ।

ਡੀ.ਆਈ.ਜੀ.ਵੀ ਚਾਹੁੰਦਾ ਹੈ ਕਿ ਨੰਬਰਦਾਰ ਨੂੰ ਕਚਹਿਰੀ ਵਿੱਚ ਜ਼ਲੀਲ ਨਾ ਹੋਣਾ ਪਏ। ਉਸ ਦੀ ਨਜ਼ਰ ਨੰਬਰਦਾਰ ਦੀ ਘਰ ਬੈਠੀ ਕੁੜੀ ’ਤੇ ਸੀ। ਡੀ.ਆਈ.ਜੀ.ਦੇ ਨਾਲਾਇਕ ਪੁੱਤ ਦੀ ਵੀ ਆਪਣੀ ਪਾੜ੍ਹੀ ਪਤਨੀ ਨਾਲ ਨਹੀਂ ਸੀ ਬਣਦੀ। ਕਈ ਸਾਲਾਂ ਤੋਂ ਪੇਕੀਂ ਬੈਠੀ ਹੈ। ਉਸ ਦਾ ਤਲਾਕ ਕਰਾ ਕੇ ਉਹ ਨੰਬਰਦਾਰ ਨਾਲ ਰਿਸ਼ਤੇਦਾਰੀ ਪਾਉਣ ਦਾ ਇੱਛੁਕ ਸੀ। ਮੁੰਡੇ ਕੋਲ ਦੋ ਮੁੰਡੇ ਸਨ। ਨੰਬਰਦਾਰ ਦੀ ਧੀ ਬੱਚੇ ਨਹੀਂ ਵੀ ਜੰਮੇਗੀ ਤਾਂ ਵੀ ਕੋਈ ਫ਼ਰਕ ਨਹੀਂ ਸੀ। ਉਸ ਦੇ ਨਾਲਾਇਕ ਪੁੱਤ ਨੂੰ ਏਨਾ ਪੈਸਾ ਮਿਲ ਜਾਏਗਾ ਕਿ ਭਾਵੇਂ ਸਾਰੀ ਉਮਰ ਵਿਹਲਾ ਬੈਠ ਕੇ ਖਾਂਦਾ ਰਹੇ।

ਡੀ.ਆਈ.ਜੀ.ਵੀ ਰਿਟਾਇਰਮੈਂਟ ਉਡੀਕਦਾ ਹੈ। ਸਾਰੇ ਦੇ ਸਾਲ ਰਹਿੰਦੇ ਹਨ। ਹੁਣੇ ਰਿਸ਼ਤੇਦਾਰੀ ਪਾ ਲਈ ਤਾਂ ਸਾਰੇ ਸੂਬੇ ਵਿੱਚ ਬਦਨਾਮੀ ਹੋ ਜਾਣੀ ਸੀ। ਨੰਬਰਦਾਰ ਨਾਮੀ ਸਮੱਗਲਰਾਂ ਵਿੱਚ ਆਉਂਦਾ ਸੀ। ਇੱਕ ਵਾਰ ਉਹ ਰਿਟਾਇਰ ਹੋ ਗਿਆ ਤਾਂ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਰਹਿਣਾ। ਗੱਲੀਂ-ਗੱਲੀਂ ਉਸ ਨੇ ਇਹ ਗੱਲ ਨੰਬਰਦਾਰ ਦੇ ਕੰਨਾਂ ਥਾਣੀ ਕੱਢ ਵੀ ਦਿੱਤੀ ਸੀ। ਉਹ ਵੀ ਰਾਜ਼ੀ ਸੀ।

ਨੰਬਰਦਾਰ ਇਕੱਲਾ ਅਮੀਰ ਹੀ ਨਹੀਂ, ਉਸ ਦੀਆਂ ਰਿਸ਼ਤੇਦਾਰੀਆਂ ਵੱਡੇ-ਵੱਡੇ ਥਾਂ ਹਨ। ਇੱਕ ਸਾਲੀ ਆਈ.ਏ.ਐੱਸ.ਹੈ। ਨੰਬਰਦਾਰ ਦੀ ਡਟ ਕੇ ਮਦਦ ਕਰਦੀ ਹੈ। ਅੱਧੀ ਰਾਤੀਂ ਜਾ ਕੇ ਭਾਵੇਂ ਖ਼ਾਲੀ ਕਾਗ਼ਜ਼ਾਂ ’ਤੇ ਦਸਤਖ਼ਤ ਕਰਾ ਲਿਆਏ। ਡਿਪਟੀ ਨੇ ਜਿਹੜਾ ਵੀ ਕਾਗ਼ਜ਼ ਟਾਈਪ ਕਰਾ ਕੇ ਉਸ ਵੱਲ ਭੇਜਿਆ, ਉਸੇ ’ਤੇ ਦਸਤਖ਼ਤ ਹੋ ਕੇ ਆ ਗਏ। ਬਦਲੀਆਂ-ਸ਼ਦਲੀਆਂ ਤਾਂ ਮਾਮੂਲੀ ਕੰਮ ਹੈ। ਉਹ ਤਾਂ ਖੜੀ-ਖੜੀ ਲੱਖਾਂ ਦੇ ਫ਼ਾਇਦੇ ਕਰ ਦਿੰਦੀ ਹੈ। ਜਦੋਂ ਉਹ ਟਰਾਂਸਪੋਰਟ ਸਕੱਤਰ ਸੀ ਤਾਂ ਨਿਰਭੈ ਸਿੰਘ ਨੇ ਤਿੰਨ ਲੰਬੇ ਰੂਟ ਪਰਮਿਟ ਲਏ ਸਨ। ਇੱਕ ਰੂਟ ਦੀ ਬਲੈਕ ਪੰਜਾਹ ਹਜ਼ਾਰ ਰੁਪਏ ਹੈ।

ਨੰਬਰਦਾਰ ਦਾ ਇੱਕ ਸਾਂਢੂ ਹਾਈਕੋਰਟ ਦਾ ਜੱਜ ਹੈ। ਉਹ ਵੀ ਨੰਬਰਦਾਰ ਦੀ ਬਾਪ ਵਾਂਗ ਇੱਜ਼ਤ ਕਰਦਾ ਹੈ। ਵਜ਼ੀਰਾਂ ਦਾ ਕੀ ਹੈ? ਕਦੇ ਵਜ਼ਾਰਤ ਬਣ ਗਈ, ਕਦੇ ਟੁੱਟ ਗਈ। ਜੱਜ ਸਦਾ- ਬਹਾਰ ਵਜ਼ੀਰ ਹੁੰਦੇ ਹਨ। ਛੋਟੇ-ਮੋਟੇ ਮੈਜਿਸਟਰੇਟ ਜਾਂ ਸੈਸ਼ਨ ਜੱਜ ਦੀ ਕੀ ਮਜਾਲ ਹੈ ਕਿ ਅੱਖ ਚੁੱਕ ਦੇ ਵੀ ਦੇਖ ਜਾਣ। ਮਾੜੇ ਜਿਹੇ ਇਸ਼ਾਰੇ ’ਤੇ ਹੀ ਅਗਲੇ ਮਿਸਲਾਂ ਚੁੱਕ ਕੇ ਚੰਡੀਗੜ੍ਹ ਆ ਧਮਕਦੇ ਹਨ। ਜੁਡੀਸ਼ਰੀ ਨੇ ਤਾਂ ਜੱਜਾਂ ਤੋਂ ਡਰਨਾ ਹੀ ਸੀ, ਦੂਜੇ ਅਫ਼ਸਰ ਵੀ ਨਾਂਹ ਨਹੀਂ ਕਰਦੇ। ਕੀ ਪਤੈ ਕਦੋਂ ਕਿਸ ਦੀ ਹਾਈਕੋਰਟ ਵਿੱਚ ਜਾਨ ਫਸ ਜਾਏ?

ਨਿਰਭੈ ਸਿੰਘ ਨੇ ਕਪਤਾਨਾਂ ਦੀ ਪਿਛਲੀ ਮੀਟਿੰਗ ਵਿੱਚ ਸੰਗਰੂਰ ਵਾਲੇ ਕਪਤਾਨ ਦੀ ਕਾਫ਼ੀ ਖਿਚਾਈ ਕੀਤੀ ਸੀ। ਕਾਫ਼ੀ ਅਸਰ ਵੀ ਹੋਇਆ। ਉਸ ਨੇ ਸਮਾਨ ਵੀ ਵਾਪਸ ਕਰਵਾ ਦਿੱਤਾ ਅਤੇ ਜ਼ਨਾਨੀਆਂ ਨੂੰ ਥਾਣੇ ਬੁਲਾਉਣ ਤੋਂ ਵੀ ਵਰਜ ਦਿੱਤਾ। ਇਕੱਲੀ ਕਾਰ ਹੀ ਰਹਿੰਦੀ ਸੀ। ਉਹ ਵੀ ਇਸ ਲਈ ਕਿ ਇਹ ਕੇਸ ਵਿੱਚ ਪਾ ਦਿੱਤੀ ਗਈ ਸੀ। ਹੋਰ ਮਦਦ ਕਰਨ ਤੋਂ ਉਹ ਅਸਮਰੱਥ ਸੀ। ਡਿਪਟੀ ਨਾਲ ਉਸ ਦੀ ਬਹੁਤੀ ਬਣਦੀ ਨਹੀਂ, ਸਗੋਂ ਡਿਪਟੀ ਤਾਂ ਆਪਣੇ ਆਪ ਨੂੰ ਨਿਰਭੈ ਸਿੰਘ ਦਾ ਬੰਦਾ ਹੀ ਆਖਦਾ ਸੀ। ਇਸੇ ਲਈ ਕਪਤਾਨ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਕਰਦਾ। ਹੁਣ ਉਹਨਾਂ ਇਸ਼ਾਰਾ ਕੀਤਾ ਹੈ ਤਾਂ ਉਹ ਡਿਪਟੀ ਨੂੰ ਮਾਂਜ ਦੇਵੇਗਾ।

ਕਾਂਗਰਸ ਦੀ ਵਜ਼ਾਰਤ ਹੁੰਦੀ ਤਾਂ ਨੰਬਰਦਾਰ ਨੇ ਕਦੋਂ ਦਾ ਡਿਪਟੀ ਦਾ ਪੱਤਾ ਕਟਾ ਦੇਣਾ ਸੀ। ਮੁੱਖ ਮੰਤਰੀ ਉਸ ਦਾ ਵਿਰੋਧੀ ਤਾਂ ਨਹੀਂ ਸੀ, ਪਰ ਕੋਈ ਕੰਮ ਵੀ ਨਹੀਂ ਸੀ ਕਰਦਾ। ਨੰਬਰਦਾਰ ਸ਼ੁਰੂ ਤੋਂ ਹੀ ਕਾਂਗਰਸ ਵਿੱਚ ਪੈਰ ਧਰਦਾ ਸੀ। ਕਾਂਗਰਸੀਆਂ ਨਾਲ ਹੀ ਉਸ ਦੀਆਂ ਰਿਸ਼ਤੇਦਾਰੀਆਂ ਸਨ।

ਜ਼ੋਰ ਇਸ ਵਜ਼ਾਰਤ ਵਿੱਚ ਵੀ ਬਥੇਰਾ ਸੀ, ਪਰ ਛੋਟੇ ਵਜ਼ੀਰਾਂ ਤਕ ਪਹੁੰਚ ਸੀ। ਅਜਿਹੇ ਮਸਲੇ ਵਿੱਚ ਵਜ਼ੀਰ ਡੀ.ਜੀ.ਨੂੰ ਫ਼ੋਨ ਕਰਨ ਤੋਂ ਝਿਜਕਦੇ ਸਨ। ਉਹ ਵਜ਼ੀਰਾਂ ਨੂੰ ਟਿੱਚ ਸਮਝਦਾ ਸੀ। ਉਸ ਦਾ ਕੇਂਦਰ ਨਾਲ ਸਿੱਧਾ ਸੰਪਰਕ ਸੀ। ਵਜ਼ੀਰ ਕਈ ਵਾਰ ਉਸ ਦੇ ਖ਼ਿਲਾਫ਼ ਬੋਲ ਚੁੱਕੇ ਸਨ ਅਤੇ ਉਸ ਦੀ ਬਦਲੀ ਦੀ ਮੰਗ ਕਰ ਚੁੱਕੇ ਸਨ। ਕਿਸੇ ਦੇ ਕੰਨ ’ਤੇ ਜੂੰ ਨਹੀਂ ਸੀ ਸਰਕੀ। ਅਜਿਹੇ ਭੈੜੇ ਬੰਦੇ ਦਾ ਕੋਈ ਵਸਾਹ ਨਹੀਂ ਵਜ਼ੀਰਾਂ ਦੇ ਫ਼ੋਨ ਹੀ ਰਿਕਾਰਡ ਕਰ ਲਏ। ਸਿਫ਼ਾਰਸ਼ਾਂ ਦੇ ਹਵਾਲੇ ਦੇ-ਦੇ ਪ੍ਰੈਸ ਨੂੰ ਬਿਆਨ ਦਾਗ਼ ਦੇਵੇ। ਉਹ ਕਈ ਵਜ਼ੀਰਾਂ ’ਤੇ ਪਹਿਲਾਂ ਹੀ ਦਹਿਸ਼ਤਗਰਦਾਂ ਨਾਲ ਸੰਬੰਧ ਰੱਖਣ ਦੇ ਦੋਸ਼ ਲਾ ਚੁੱਕਾ ਸੀ। ਫੇਰ ਆਖੇਗਾ ਉਹ ਸਮੱਗਲਰਾਂ ਦੀ ਵੀ ਮਦਦ ਕਰਦੇ ਹਨ।

ਇਸੇ ਲਈ ਨੰਬਰਦਾਰ ਅਕਲ ਤੋਂ ਕੰਮ ਲੈ ਰਿਹਾ ਸੀ।

ਸੈਸ਼ਨ ਜੱਜ ਨੇ ਤਾਂ ਨਿਭਾ ਦਿੱਤੀ ਸੀ। ਪੰਦਰਾਂ ਦਿਨਾਂ ਲਈ ਨੰਬਰਦਾਰ ਦੀ ਗ੍ਰਿਫ਼ਤਾਰੀ ’ਤੇ ਪਾਬੰਦੀ ਲਾ ਦਿੱਤੀ ਸੀ। ਥੋੜ੍ਹੀ ਜਿਹੀ ਪੁਲਿਸ ਢਿੱਲੀ ਪਏ ਤਾਂ ਉਹ ਪੇਸ਼ਗੀ ਜ਼ਮਾਨਤ ਲੈਣ ਲਈ ਤਿਆਰ ਸੀ।

ਡਿਪਟੀ ਗ੍ਰਿਫ਼ਤਾਰੀ ’ਤੇ ਜ਼ੋਰ ਲਾ ਰਿਹਾ ਸੀ।

ਨੰਬਰਦਾਰ ਡਿਪਟੀ ਨੂੰ ਮੂੰਹ-ਮੰਗੇ ਪੈਸੇ ਦੇਣ ਨੂੰ ਤਿਆਰ ਸੀ। ਡਿਪਟੀ ਡਰ ਗਿਆ ਸੀ। ਪੈਸੇ ਲੈਣੋਂ ਟਲ ਰਿਹਾ ਸੀ। ਉਸ ਨੇ ਵਿਚੋਲਿਆਂ ਕੋਲ ਇਹੋ ਤੌਖ਼ਲਾ ਪ੍ਰਗਟਾਇਆ ਸੀ ਕਿ ਨੰਬਰਦਾਰ ਰੇਡ ਕਰਾਏਗਾ ਜਾਂ ਸ਼ਿਕਾਇਤ ਕਰਾਏਗਾ।

ਡਿਪਟੀ ਦੇ ਜ਼ੋਰ ਪਵਾਉਣ ਲਈ ਨੰਬਰਦਾਰ ਨੇ ਡੀ.ਆਈ.ਜੀ.ਦੀ ਕੋਠੀ ਡੇਰਾ ਲਾਇਆ ਹੋਇਆ ਸੀ।

ਨੰਬਰਦਾਰ ਇਕੋ ਗੱਲ ਚਾਹੁੰਦਾ ਸੀ। ਸਾਮਾਨ ਦੀ ਕੋਈ ਪਰਵਾਹ ਨਹੀਂ। ਮਹੀਨਾ ਦੋ ਮਹੀਨੇ ਕੰਮ ਵੀ ਬੰਦ ਰੱਖੇਗਾ। ਮੁਕੱਦਮਾ ਵੀ ਭੁਗਤ ਲਏਗਾ। ਥਾਣੇ ਹਾਜ਼ਰ ਹੋਣ ਨੂੰ ਵੀ ਤਿਆਰ ਹੈ। ਨਾ ਮਾਰ-ਕੁਟਾਈ ਹੋਵੇ, ਨਾ ਲੋਕਾਂ ਸਾਹਮਣੇ ਬੇਇੱਜ਼ਤੀ। ਰਾਤ-ਬਰਾਤੇ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਬਿਨਾਂ ਹੱਥਕੜੀ ਲਾਏ।

ਡਿਪਟੀ ਸਿੱਧੇ ਰਾਹ ਨਹੀਂ ਸੀ ਆ ਰਿਹਾ। ਡੀ.ਆਈ.ਜੀ.ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ ਜਿਸ ਨਾਲ ਉਹ ਡਿਪਟੀ ਨੂੰ ਸਬਕ ਸਿਖਾ ਸਕੇ ਕਿ ਅਫ਼ਸਰ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ, ਉਹ ਤਾਂ ਫਿਰ ਧੜੱਲੇਦਾਰ ਡੀ.ਆਈ.ਜੀ.ਸੀ।

ਆਖ਼ਰ ਡੀ.ਆਈ.ਜੀ.ਨੂੰ ਮੌਕਾ ਲੱਭ ਹੀ ਗਿਆ ਸੀ।

ਬੰਟੀ ਦੇ ਕਤਲ ਦੀ ਇਤਲਾਹ ਮਿਲਦਿਆਂ ਹੀ ਉਸ ਨੇ ਸ਼ਹਿਰ ਵਾਇਰਲੈੱਸ ਕਰਵਾ ਦਿੱਤੀ। ਸਵੇਰੇ ਉਹ ਮੌਕਾ ਦੇਖਣ ਆਏਗਾ। ਲੋਕ-ਕਚਹਿਰੀ ਵੀ ਲੱਗੇਗੀ। ਕਈ ਮੀਟਿੰਗਾਂ ਹੋਣਗੀਆਂ। ਪਬਲਿਕ ਦੀ ਅਲੱਗ, ਸਿਆਸੀ ਨੇਤਾਵਾਂ ਦੀ ਅਲੱਗ ਅਤੇ ਸ਼ਹਿਰੀ ਪਤਵੰਤਿਆਂ ਦੀ ਅਲੱਗ।

ਹੁਣ ਡਿਪਟੀ ’ਤੇ ਹਮਲਾ ਕਰਨ ਦੀ ਨੰਬਰਦਾਰ ਦੀ ਵਾਰੀ ਸੀ। ਉਸ ਨੇ ਲੋਕਾਂ ਨੂੰ ਬਥੇਰਾ ਰੁਪਿਆ ਖਵਾਇਆ ਸੀ। ਹਰ ਪਾਰਟੀ ਦੇ ਨੇਤਾ ਉਸ ਦੀ ਹਾਜ਼ਰੀ ਭਰਦੇ ਹਨ। ਉਹ ਹਰ ਤਬਕੇ ਵਿਚਲੇ ਆਪਣੇ ਬੰਦਿਆਂ ਨੂੰ ਹੁਸ਼ਿਆਰ ਕਰੇ। ਨਿਰਭੈ ਸਿੰਘ ਕੋਲ ਉਸ ਡਿਪਟੀ ਖ਼ਿਲਾਫ਼ ਝੂਠੀਆਂ ਸੱਚੀਆਂ ਸ਼ਿਕਾਇਤਾਂ ਕਰਨ।

ਡੀ.ਆਈ.ਜੀ.ਕੋਲ ਡਿਪਟੀ ਨੂੰ ਧਮਕਾਉਣ ਲਈ ਕੁੱਝ ਹੀ ਸ਼ਿਕਾਇਤਾਂ ਕਾਫ਼ੀ ਸਨ। ਬਾਕੀ ਉਹ ਆਪੇ ਦੇਖ ਲਏਗਾ।

ਨੰਬਰਦਾਰ ਨੂੰ ਸ਼ਹਿਰ ਭੇਜ ਕੇ ਡੀ.ਆਈ.ਜੀ.ਸ਼ਹਿਰ ਦੇ ਟੂਰ ਦੀਆਂ ਤਿਆਰੀਆਂ ਕਰਨ ਲੱਗਾ।

 

 

19

ਸਮਾਂ ਘੱਟ ਹੋਣ ਕਾਰਨ ਡੀ.ਆਈ.ਜੀ.ਦੇ ਦੌਰੇ ਦੀ ਖ਼ਬਰ ਪਿੰਡ-ਪਿੰਡ ਨਹੀਂ ਸੀ ਪਹੁੰਚਾਈ ਜਾ ਸਕੀ। ਕੇਵਲ ਸ਼ਹਿਰ ਵਿੱਚ ਹੀ ਢੰਡੋਰਾ ਪਿਟਾਇਆ ਗਿਆ ਸੀ। ਆਮ ਲੋਕਾਂ ਨੂੰ ਬੀ.ਡੀ.ਓ. ਦਫ਼ਤਰ ਅਤੇ ਪਤਵੰਤੇ ਸੱਜਣਾਂ ਨੂੰ ਰੈਸਟ ਹਾਊਸ ਵਿਖੇ ਇਕੱਠੇ ਹੋਣ ਲਈ ਆਖਿਆ ਗਿਆ ਸੀ।

ਥਾਣੇ ਵਾਲੇ ਚਾਹੁੰਦੇ ਸਨ ਕਿ ਡੀ.ਆਈ.ਜੀ.ਪਹਿਲਾਂ ਮੌਕਾ ਦੇਖ ਲਏ। ਉਥੇ ਬਹੁਤ ਸਾਰੇ ਤਮਾਸ਼ਬੀਨ ਇਕੱਠੇ ਹੋਏ-ਹੋਏ ਸਨ। ਅਮਨ ਬਹਾਲ ਰੱਖਣ ਲਈ ਅਤੇ ਅਫ਼ਸਰਾਂ ਨੂੰ ਕਿਸੇ ਖ਼ਤਰੇ ਤੋਂ ਬਚਾਈ ਰੱਖਣ ਲਈ ਉਥੇ ਬਹੁਤ ਸਾਰੀ ਫ਼ੋਰਸ ਲਾਈ ਗਈ ਸੀ। ਇੱਕ ਵਾਰ ਮੌਕਾ ਦੇਖਣ ਦਾ ਕੰਮ ਮੁੱਕ ਜਾਏ ਤਾਂ ਉਹ ਫ਼ੋਰਸ ਵਿਹਲੀ ਹੋ ਸਕਦੀ ਸੀ। ਉਸੇ ਫ਼ੋਰਸ ਨੂੰ ਪਿੱਛੋਂ ਡੀ.ਆਈ.ਜੀ.ਦੀ ਸਕਿਉਰਿਟੀ ਲਈ ਵਰਤਿਆ ਜਾ ਸਕਦਾ ਸੀ।

ਡੀ.ਆਈ.ਜੀ.ਮੌਕੇ ’ਤੇ ਜਾਣ ਤੋਂ ਪਹਿਲਾਂ ਕੁੱਝ ਮੀਟਿੰਗਾਂ ਕਰ ਲੈਣਾ ਚਾਹੁੰਦਾ ਸੀ। ਉਸ ਨੇ ਆਪਣੇ ਜ਼ਿਹਨ ਵਿੱਚ ਇੱਕ ਯੋਜਨਾ ਬਣਾਈ ਹੋਈ ਸੀ। ਉਸੇ ਮੁਤਾਬਕ ਚੱਲ ਕੇ ਉਸ ਦਾ ਇਥੇ ਆਉਣ ਦਾ ਮਕਸਦ ਹੱਲ ਹੋਣਾ ਸੀ।

ਬੀ.ਡੀ.ਓ.ਦਫ਼ਤਰ ਵਿੱਚ ਲੋਕ ਤਾਂ ਬਥੇਰੇ ਸਨ। ਸ਼ਿਕਾਇਤਾਂ ਵੀ ਧੜਾ-ਧੜ ਕਰ ਰਹੇ ਸਨ, ਪਰ ਜਿਹੜੀ ਸ਼ਿਕਾਇਤ ਨਿਰਭੈ ਸਿੰਘ ਸੁਣਨਾ ਚਾਹੁੰਦਾ ਸੀ, ਉਹ ਕਿਸੇ ਦੇ ਮੂੰਹੋਂ ਵੀ ਨਹੀਂ ਸੀ ਨਿਕਲ ਰਹੀ। ਕੋਈ ਆਪਣੇ ਖੁੱਸੇ ਕਬਜ਼ੇ ਦੇ ਰੋਣੇ ਰੋ ਰਿਹਾ ਸੀ, ਕੋਈ ਕਿਸੇ ਵੱਲੋਂ ਦੱਬੇ ਪੈਸਿਆਂ ਦੇ ਅਤੇ ਕੋਈ ਢਾਹੇ ਗਏ ਖਾਲ ਦੇ। ਕੋਈ ਟਾਵਾਂ-ਟੱਲਾ ਪੁਲਿਸ ਖ਼ਿਲਾਫ਼ ਵੀ ਬੋਲਦਾ ਸੀ। ਫਲਾਣੇ ਹੌਲਦਾਰ ਨੇ ਨਾਲੇ ਉਸ ਨੂੰ ਕੁੱਟਿਆ, ਨਾਲੇ ਉਸ ਦੀ ਘੜੀ ਲਾਹ ਲਈ। ਫਲਾਣੇ ਸਿਪਾਹੀ ਨੇ ਉਸ ਨੂੰ ਤਾਂ ਦੋ ਦਿਨ ਥਾਣੇ ਬਿਠਾਈ ਰੱਖਿਆ, ਪਿੱਛੋਂ ਦੂਜੀ ਪਾਰਟੀ ਨੇ ਉਸ ਦੀ ਜਗ੍ਹਾ ’ਚ ਕੰਧ ਕੱਢ ਲਈ। ਨਿਰਾਸ਼ ਹੋਇਆ ਡੀ.ਆਈ.ਜੀ.ਸ਼ਿਕਾਇਤਾਂ ਨੋਟ ਕਰਦਾ ਰਿਹਾ।

ਲੋਕ ਪੁਲਿਸ ਦੇ ਖ਼ਿਲਾਫ਼ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ? ਇਸ ਦਾ ਕਾਰਨ ਉਸ ਨੂੰ ਸਿਰਾਂ ’ਤੇ ਖੜੀ ਪੁਲਸੀਆਂ ਦੀ ਡਾਰ ਨਜ਼ਰ ਆਈ। ਕਿਸ ਦਾ ਸਿਰ ਭਵਿਆਂ ਹੈ ਕਿ ਕੋਲ ਖੜੇ ਪੁਲਸੀਏ ਦੇ ਖ਼ਿਲਾਫ਼ ਹੀ ਸ਼ਿਕਾਇਤ ਕਰ ਦੇਵੇ। ਡੀ.ਆਈ.ਜੀ.ਨੇ ਤਾਂ ਤੁਰ ਜਾਣਾ ਹੈ। ਪਿੱਛੋਂ ਅਗਲੇ ਨੇ ਸ਼ਿਕਾਇਤੀ ਦੇ ਹੱਡਾਂ ਵਿੱਚ ਰਾਧ ਪਾ ਦੇਣੀ ਹੈ। ਆਪ ਕੁੱਝ ਨਾ ਕੀਤਾ ਤਾਂ ਆਪਣੇ ਕਿਸੇ ਚਮਚੇ ਤੋਂ ਛਿੱਤਰ ਲਗਵਾ ਦੇਣੇ ਨੇ। ਸ਼ਿਕਾਇਤ ਕਰਕੇ ਸਗੋਂ ਲੈਣੇ ਦੇ ਦੇਣੇ ਪੈ ਸਕਦੇ ਸਨ।

ਜਦੋਂ ਨਿਰਭੈ ਸਿੰਘ ਐਸ.ਐਚ.ਓ.ਸੀ ਤਾਂ ਉਹ ਵੀ ਇਸ ਹੀ ਤਰ੍ਹਾਂ ਕਰਿਆ ਕਰਦਾ ਸੀ। ਅਜਿਹੇ ਮੌਕਿਆਂ ’ਤੇ ਆਪਣੇ ਵਿਰੋਧੀਆਂ ਨੂੰ ਪਹਿਲਾਂ ਹੀ ਬੈਰਕਾਂ ਵਿੱਚ ਤਾੜ ਦਿਆ ਕਰਦਾ ਸੀ। ਇਥੇ ਵੀ ਇੰਝ ਹੀ ਹੋਇਆ ਹੋਣਾ ਹੈ।

ਉਸ ਨੇ ਹਾਜ਼ਰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੀਟਿੰਗ ਵਿਚੋਂ ਬਾਹਰ ਭੇਜ ਦਿੱਤਾ। ਪੱਲੇ ਫੇਰ ਵੀ ਕੁੱਝ ਨਾ ਪਿਆ। ਇਹ ਤਾਂ ਹੋ ਨਹੀਂ ਸਕਦਾ ਕਿ ਨੰਬਰਦਾਰ ਆਪਣੇ ਹੱਕ ਦਾ ਇੱਕ ਵੀ ਬੰਦਾ ਇਥੇ ਨਾ ਭੇਜ ਸਕਿਆ ਹੋਵੇ। ਡਿਪਟੀ ਨੂੰ ਸੂਹ ਲੱਗ ਗਈ ਹੋਣੀ ਹੈ। ਨੰਬਰਦਾਰ ਦੇ ਬੰਦੇ ਜਾਂ ਫੜ ਲਏ ਗਏ ਹੋਣੇ ਹਨ ਜਾਂ ਡੰਡੇ ਮਾਰ-ਮਾਰ ਇਥੋਂ ਭਜਾ ਦਿੱਤੇ ਹੋਣਗੇ।

ਨਿਰਭੈ ਸਿੰਘ ਹਿੰਮਤ ਹਾਰਨ ਵਾਲਾ ਨਹੀਂ ਸੀ। ਇਸ ਮੀਟਿੰਗ ਵਿਚੋਂ ਕੁੱਝ ਨਾ ਮਿਲਿਆ ਤਾਂ ਪਤਵੰਤੇ ਸੱਜਣਾਂ ਵਿਚੋਂ ਕੁੱਝ ਜ਼ਰੂਰ ਮਿਲ ਜਾਏਗਾ। ਪਤਵੰਤੇ ਤਾਂ ਡਿਪਟੀ ਤੋਂ ਡਰਨ ਨਹੀਂ ਲੱਗੇ। ਡਿਪਟੀ ਦਾ ਕੀ ਹੈ? ਅੱਜ ਇਥੇ ਤਾਂ ਕੱਲ੍ਹ ਉਥੇ। ਨੰਬਰਦਾਰ ਨੇ ਤਾਂ ਹਮੇਸ਼ਾ ਇਥੇ ਹੀ ਰਹਿਣਾ ਹੈ। ਕਿਸੇ ਨੇ ਗਊਸ਼ਾਲਾ ਲਈ ਚੰਦਾ ਲੈਣਾ ਹੁੰਦਾ ਹੈ, ਕਿਸੇ ਨੇ ਡਰਾਮਾ ਕਲੱਬ ਲਈ ਅਤੇ ਕਿਸੇ ਨੇ ਇਲੈਕਸ਼ਨ ਲਈ। ਉਹ ਨੰਬਰਦਾਰ ਨੂੰ ਨਾਰਾਜ਼ ਨਹੀਂ ਕਰਨਗੇ।

ਇਕੱਠ ਵਿਚੋਂ ਕੁੱਝ ਬੰਦੇ ਡੀ.ਆਈ.ਜੀ.ਨਾਲ ਅਲੱਗ-ਅਲੱਗ ਗੱਲ ਕਰਨਾ ਚਾਹੁੰਦੇ ਸਨ।

ਡੀ.ਆਈ.ਜੀ.ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੂੰ ਤਾਂ ਆਉਂਦੇ ਹੀ ਇਹ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜੇ ਕਿਸੇ ਨੇ ਗੁਪਤ ਮੁਖ਼ਬਰੀ ਦੇਣੀ ਹੈ ਜਾਂ ਕਿਸੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਕਰਨੀ ਹੈ ਤਾਂ ਉਸ ਨੂੰ ਇਕੱਲਿਆਂ ਮਿਲ ਸਕਦਾ ਹੈ।

ਇਕੱਲੇ ਮਿਲਣ ਤੋਂ ਡਿਪਟੀ ਨੂੰ ਕਦੋਂ ਇਨਕਾਰ ਸੀ? ਉਹ ਡੈਪੂਟੇਸ਼ਨ ਨੂੰ ਦੂਜੇ ਕਮਰੇ ਵਿੱਚ ਲੈ ਗਿਆ। ਨਿਰਭੈ ਸਿੰਘ ਨੂੰ ਆਸ ਸੀ ਜ਼ਰੂਰ ਇਹ ਨੰਬਰਦਾਰ ਦੇ ਬੰਦੇ ਹੋਣਗੇ। ਇਸ ਵਾਰ ਉਸ ਨੇ ਰੀਡਰ ਨੂੰ ਵੀ ਬਾਹਰ ਭੇਜ ਦਿੱਤਾ। ਸ਼ਿਕਾਇਤਾਂ ਦੇ ਨੋਟਿਸ ਲੈਣ ਲਈ ਉਸ ਨੇ ਕਾਪੀ ਪੈਨਸਲ ਆਪ ਸੰਭਾਲ ਲਈ।

ਇਹ ਤਾਂ ਕਾਮਰੇਡਾਂ ਦਾ ਟੋਲਾ ਸੀ। ਇਹ ਨੰਬਰਦਾਰ ਦੀ ਬੋਲੀ ਨਹੀਂ ਸੀ ਬੋਲ ਰਹੇ। ਉਸ ਦੇ ਉਲਟ ਬੋਲ ਰਹੇ ਸਨ। ਹੌਲਦਾਰਾਂ, ਸਿਪਾਹੀਆਂ ਤੋਂ ਲੈ ਕੇ ਇੰਸਪੈਕਟਰ ਤਕ ਸਭ ’ਤੇ ਦੋਸ਼ ਲਾ ਰਹੇ ਸਨ। ਸ਼ਹਿਰ ਵਿੱਚ ਸੱਟੇਬਾਜ਼ ਹਨ, ਰੰਡੀਆਂ ਹਨ ਅਤੇ ਜੂਆ ਘਰ ਹਨ। ਨਾਜਾਇਜ਼ ਸ਼ਰਾਬ ਵਿਕਦੀ ਹੈ। ਅਫ਼ੀਮ ਅਤੇ ਡੋਡਿਆਂ ਦੇ ਟਰੱਕ ਆਮ ਆਉਂਦੇ ਹਨ। ਸ਼ਾਮ ਨੂੰ ਅੱਧੀ ਪੁਲਿਸ ਸੱਟੇਬਾਜ਼ਾਂ ਦੇ ਘਰ ਹੁੰਦੀ ਹੈ ਤੇ ਬਾਕੀ ਜੂਏਬਾਜ਼ਾਂ ਦੇ। ਰੰਡੀਆਂ ਥਾਣੇ ਬੈਠੀਆਂ ਰਹਿੰਦੀਆਂ ਹਨ। ਥਾਣੇਦਾਰ ਬਰਾਬਰ ਕੁਰਸੀ ਦਿੰਦੇ ਹਨ। ਉਹਨਾਂ ਦੀ ਲੋਕਾਂ ਦੇ ਨੁਮਾਇੰਦਿਆਂ ਨਾਲੋਂ ਵੱਧ ਚੱਲਦੀ ਹੈ। ਸਭ ਤਰ੍ਹਾਂ ਦੇ ਨਾਜਾਇਜ਼ ਧੰਦਿਆਂ ਵਿੱਚ ਪੁਲਿਸ ਦਾ ਹਿੱਸਾ ਹੈ। ਅਫ਼ੀਮ, ਡੋਡੇ ਥਾਣਿਉਂ ਮੁੱਲ ਮਿਲਦੇ ਹਨ। ਵੀਹ ਬੰਦੇ ਇਹਨਾਂ ਨੇ ਵਗਾਰੀ ਬਣਾ ਕੇ ਥਾਣੇ ਰੱਖੇ ਹੋਏ ਹਨ। ਆਥਣ ਨੂੰ ਉਹਨਾਂ ਨੂੰ ਝੋਲਾ ਡੋਡਿਆਂ ਦਾ ਦੇ ਦਿੰਦੇ ਹਨ। ਸਾਰਾ ਦਿਨ ਉਹਨਾਂ ਤੋਂ ਇਸੇ ਬਦਲੇ ਕੰਮ ਕਰਾਉਂਦੇ ਹਨ। ਪੁਲਿਸ ਖ਼ੁਦ ਲੋਕਾਂ ਨੂੰ ਨਸ਼ਿਆਂ ’ਤੇ ਲਾਉਣ ਲੱਗੇ ਤਾਂ ਜੁਰਮ ਕੌਣ ਰੋਕੇਗਾ?

ਪੁਲਿਸ ਹੜਤਾਲਾਂ ਵਿੱਚ ਦਖ਼ਲ ਦਿੰਦੀ ਹੈ। ਧਰਨਾ ਲਾ ਰਹੇ ਮਜ਼ਦੂਰਾਂ ਨੂੰ ਚੁੱਕ ਲਿਜਾਂਦੀ ਹੈ। ਵੱਡੇ-ਵੱਡੇ ਜੁਰਮ ਲਾ ਕੇ ਮਹੀਨਾ-ਮਹੀਨਾ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੰਦੀ। ਇਹਨਾਂ ਕੰਮਾਂ ਵਿੱਚ ਸਰਮਾਏਦਾਰਾਂ ਤੋਂ ਨੋਟ ਵਸੂਲ ਕਰਦੀ ਹੈ।

ਇੱਕ ਵੱਡੀ ਸਾਰੀ ਲਿਸਟ ਉਹਨਾਂ ਪੜ੍ਹ ਕੇ ਸੁਣਾਈ, ਜਿਸ ਵਿੱਚ ਦਰਜ ਸੀ ਕਿ ਕਿਸ ਪੁਲਸੀਏ ਨੇ ਕਿਸ ਤੋਂ ਕਿੰਨੇ ਪੈਸੇ ਲਏ।

ਉਸ ਵਿੱਚ ਸਭ ਦੇ ਨਾਂ ਸੀ। ਇਕੋ ਨਾਂ ਨਹੀਂ ਸੀ ਜਿਸ ਦੀ ਡੀ.ਆਈ.ਜੀ.ਨੂੰ ਜ਼ਰੂਰਤ ਸੀ। ਉਸ ਨੂੰ ਮਹਿਸੂਸ ਹੋਇਆ, ਇਹ ਟੋਲਾ ਡਿਪਟੀ ਦਾ ਭੇਜਿਆ ਹੋਇਆ ਹੈ।

“ਤੁਸੀਂ ਇਹ ਲਿਸਟ ਡਿਪਟੀ ਨੂੰ ਦੇਣੀ ਸੀ ”

“ਉਹ ਕਿਹੜਾ ਭਲਾਮਾਣਸ ਹੈ … ਉਹਨਾਂ ਦਾ ਵੀ ਗੁਰੂ ਹੈ … ਉਸ ਕੋਲ ਵੀ ਸ਼ਿਕਾਇਤਾਂ ਕੀਤੀਆਂ ਸਨ। ਕਦੇ ਕੋਈ ਕਾਰਵਾਈ ਨਹੀਂ ਹੋਈ … ਮੁਲਾਜ਼ਮਾਂ ਤੋਂ ਆਪਣਾ ਹਿੱਸਾ ਲੈ ਕੇ ਚੁੱਪ ਕਰ ਜਾਂਦੇ।”

“ਉਸ ਦੇ ਖ਼ਿਲਾਫ਼ ਤੁਹਾਡੇ ਕੋਲ ਕੋਈ ਸਬੂਤ ਹਨ?”

“ਸਬੂਤ ਉਹ ਬਾਕੀ ਛੱਡਦਾ ਹੀ ਨਹੀਂ। ਉਸ ਦੇ ਦਲਾਲ ਵੱਡੇ-ਵੱਡੇ ਸੇਠ ਜਾਂ ਜਗੀਰਦਾਰ ਹਨ। ਉਹਨਾਂ ਤਕ ਸਾਡੇ ਕਾਮਰੇਡਾਂ ਦੀ ਪਹੁੰਚ ਨਹੀਂ … । ਅਜਿਹੇ ਦੱਲੇ ਕਿਸੇ ਖ਼ਿਲਾਫ਼ ਮੂੰਹ ਵੀ ਨਹੀਂ ਖੋਲ੍ਹਦੇ। … ਸਬੂਤ ਕਿਥੋਂ ਇਕੱਠੇ ਕਰੀਏ?”

ਨਿਰਭੈ ਸਿੰਘ ਨੇ ਕਾਮਰੇਡਾਂ ਨੂੰ ਪੂਰੀ ਤਸੱਲੀ ਦਿਵਾਈ। ਉਹ ਉਹਨਾਂ ਦੀਆਂ ਸ਼ਿਕਾਇਤਾਂ ’ਤੇ ਪੂਰਾ ਗ਼ੌਰ ਕਰੇਗਾ। ਮੁਲਾਜ਼ਮਾਂ ਦੀਆਂ ਫੀਤੀਆਂ ਲਾਹੇਗਾ, ਡਿਸਮਿਸ ਕਰੇਗਾ। ਉਹ ਡੀ.ਆਈ.ਜੀ.ਨੂੰ ਸਹਿਯੋਗ ਦੇਣ। ਜੇ ਇਹਨਾਂ ਦੇ ਗੁਰੂ ਡਿਪਟੀ ਖ਼ਿਲਾਫ਼ ਠੋਸ ਸਬੂਤ ਮਿਲ ਜਾਣ ਤਾਂ ਛੋਟੇ ਮੁਲਾਜ਼ਮਾਂ ਦਾ ਆਪੇ ਹੌਸਲਾ ਢਹਿ ਜਾਏ। ਉਹ ਰਿਸ਼ਵਤਖ਼ੋਰੀ ਨੂੰ ਉਪਰੋਂ ਖ਼ਤਮ ਕਰਨ ਦੇ ਹੱਕ ਵਿੱਚ ਸੀ।

ਇੱਕ ਸੰਖੇਪ ਜਿਹਾ ਭਾਸ਼ਣ ਝਾੜ ਕੇ ਕਾਮਰੇਡਾਂ ਨੂੰ ਡਿਪਟੀ ਖ਼ਿਲਾਫ਼ ਸਬੂਤ ਇਕੱਠੇ ਕਰਨ ਦੇ ਆਹਰ ਲਾ ਕੇ ਡੀ.ਆਈ.ਜੀ.ਪਤਵੰਤੇ ਸੱਜਣਾਂ ਦੀ ਮੀਟਿੰਗ ਲੈਣ ਲਈ ਜੀਪ ਵਿੱਚ ਜਾ ਬੈਠਾ।

ਰੈਸਟ ਹਾਊਸ ਵੱਲ ਜਾਂਦਾ ਡੀ.ਆਈ.ਜੀ.ਸੋਚ ਰਿਹਾ ਸੀ ਕਿ ਨੰਬਰਦਾਰ ਡਿਪਟੀ ਖ਼ਿਲਾਫ਼ ਬੰਦੇ ਖੜੇ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੋਣਾ। ਡਿਪਟੀ ਆਖ਼ਿਰ ਤੇ ਥਾਣਿਆਂ ਦਾ ਮਾਲਕ ਹੈ। ਅੱਜ-ਕੱਲ੍ਹ ਪੁਲਿਸ ਨੂੰ ਪੂਰੇ ਅਖ਼ਤਿਆਰ ਹਨ, ਜਿਸ ਨੂੰ ਮਰਜ਼ੀ ਦਹਿਸ਼ਤਗਰਦ ਆਖ ਕੇ ਗੋਲੀ ਮਾਰ ਦਿਓ। ਕੋਈ ਬਹੁਤ ਵੱਡੇ ਗੁਰਦੇ ਵਾਲਾ ਹੀ ਡਿਪਟੀ ਦੇ ਖ਼ਿਲਾਫ਼ ਬੋਲ ਸਕਦਾ ਹੈ, ਉਹ ਜਿਸ ਨੇ ਆਪਣੀ ਜਾਨ ਤਲੀ ’ਤੇ ਧਰ ਲਈ ਹੋਵੇ।

ਜਿਵੇਂ ਕਿਸੇ ਜ਼ਮਾਨੇ ’ਚ ਕਾਮਰੇਡ ਬਸੰਤ ਨੇ ਧਰੀ ਸੀ। ਉਸ ਨੇ ਭਰੀ ਮਹਿਫ਼ਲ ਵਿੱਚ ਨਿਰਭੈ ਸਿੰਘ ’ਤੇ ਦੋਸ਼ ਲਾਏ ਸਨ ਅਤੇ ਉਸ ਦੀ ਬੇਇੱਜ਼ਤੀ ਕੀਤੀ ਸੀ।

ਉਹਨੀਂ ਦਿਨੀਂ ਨਿਰਭੈ ਸਿੰਘ ਡਿਪਟੀ ਸੀ ਅਤੇ ਨਕਸਲਬਾੜੀ ਲਹਿਰ ਜ਼ੋਰਾਂ ’ਤੇ ਸੀ। ਬਸੰਤ ਥੋੜ੍ਹਾ-ਥੋੜ੍ਹਾ ਉਹਨਾਂ ’ਚ ਪੈਰ ਧਰਨ ਲੱਗਾ ਸੀ। ਪੁਲਿਸ ਨੇ ਮੂਮਾਂ ਪਿੰਡ ਦੇ ਇੱਕ ਖ਼ਤਰਨਾਕ ਨਕਸਲੀਏ ਬੇਅੰਤ ਨੂੰ ਮਾਰਿਆ ਸੀ। ਆਈ.ਜੀ.ਮੌਕਾ ਦੇਖਣ ਆਇਆ ਸੀ। ਸਾਰਿਆਂ ਸਾਹਮਣੇ ਬਸੰਤ ਡਿਪਟੀ ਖ਼ਿਲਾਫ਼ ਬਕਣ ਲੱਗਾ।

“ਥੋਡਾ ਇਹ ਡਿਪਟੀ ਸਾਰਾ ਦਿਨ ਸ਼ਰਾਬੀ ਰਹਿੰਦਾ ਹੈ। ਭਾਵੇਂ ਇਸ ਵਕਤ ਮੁਆਇਨਾ ਕਰਾ ਕੇ ਦੇਖ ਲਓ, ਉਹ ਸ਼ਰਾਬੀ ਨਿਕਲੇਗਾ। ਨਸ਼ੇ ’ਚ ਧੁੱਤ ਇਸ ਡਿਪਟੀ ਨੂੰ ਚੰਗੇ-ਮਾੜੇ ਦੀ ਪਛਾਣ ਨਹੀਂ ਰਹਿੰਦੀ। ਨੌਜਵਾਨ ਮੁੰਡਿਆਂ ਨੂੰ ਪੁਲਿਸ ਮੁਕਾਬਲੇ ਬਣਾ-ਬਣਾ ਖ਼ਤਮ ਕਰਨ ਦੇ ਹੁਕਮ ਦਿੰਦਾ ਰਹਿੰਦਾ ਹੈ। ਬੇਅੰਤ ਪੁਲਿਸ ਮੁਕਾਬਲੇ ਵਿੱਚ ਨਹੀਂ ਮਰਿਆ, ਉਸ ਨੂੰ ਪਹਿਲਾਂ ਫੜਿਆ ਗਿਆ, ਤਸੀਹੇ ਦਿੱਤੇ ਗਏ ਅਤੇ ਫੇਰ ਮਾਰਿਆ ਗਿਆ।”

ਉਸ ਵਕਤ ਤਾਂ ਨਿਰਭੈ ਸਿੰਘ ਨੇ ਚੁੱਪ ਕਰ ਕੇ ਆਈ.ਜੀ.ਦੀਆਂ ਝਿੜਕਾਂ ਖਾ ਲਈਆਂ, ਪਰ ਉਸ ਦੇ ਅੰਦਰ ਓਨਾ ਚਿਰ ਵਿਸ਼ ਘੁਲਦਾ ਰਿਹਾ, ਜਿੰਨਾ ਚਿਰ ਬਸੰਤ ਨੂੰ ਉਸ ਨੇ ਟਿਕਾਣੇ ਨਾ ਲਾ ਦਿੱਤਾ।

ਨਿਰਭੈ ਸਿੰਘ ਨੇ ਇਲਾਕੇ ਦੇ ਸਾਰੇ ਬਦਮਾਸ਼ਾਂ, ਸਮਗੱਲਰਾਂ ਅਤੇ ਥਾਣੇਦਾਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਜਿਥੇ ਮਿਲੇ ਗੋਲੀ ਮਾਰ ਦਿਓ। ਕੋਈ ਉਨ੍ਹਾਂ ਦੀ ‘ਵਾ ਵੱਲ ਵੀ ਨਹੀਂ ਝਾਕ ਸਕਦਾ।

ਡਰਦਾ ਜਦੋਂ ਕੋਈ ਵੀ ਉਸ ਨੂੰ ਹੱਥ ਨਾ ਪਾ ਸਕਿਆ ਤਾਂ ਨਿਰਭੈ ਨੂੰ ਖ਼ੂਦ ਹੀ ਹੂਲਾ ਫੱਕਣਾ ਪਿਆ।

ਪੰਜ-ਚਾਰ ਪੁਰਾਣੀਆਂ ਮਿਸਲਾਂ ਵਿੱਚ ਉਸ ਨੂੰ ਮੁਜਰਮ ਨਾਮਜ਼ਦ ਕੀਤਾ। ਨਵੇਂ ਦਰਜ ਹੁੰਦੇ ਮੁਕੱਦਮਿਆਂ ਵਿੱਚ ਉਸ ਨੂੰ ਮੌਕੇ ’ਤੇ ਹਾਜ਼ਰ ਦਿਖਾਇਆ। ਭਗੌੜਾ ਕਰਾਰ ਦੇ ਕੇ ਸਰਕਾਰ ਤੋਂ ਉਸ ਦੇ ਸਿਰ ’ਤੇ ਇਨਾਮ ਰਖਵਾ ਦਿੱਤਾ।

ਖ਼ੂੰਖ਼ਾਰ ਨਕਸਲੀਏ ਦਾ ਬਿੰਬ ਬਣਾ ਕੇ ਬਸੰਤ ਨੂੰ ਫੜਿਆ ਅਤੇ ਪੁਲਿਸ ਮੁਕਾਬਲਾ ਬਣਾ ਕੇ ਫੁੰਡ ਦਿੱਤਾ।

ਨਿਰਭੈ ਦੀ ਇਸ ਬਹਾਦਰੀ ਦੇ ਕਿੱਸੇ ਅਖ਼ਬਾਰਾਂ ਵਿੱਚ ਛਪੇ। ਮਾਣ-ਸਨਮਾਨ ਮਿਲੇ। ਭਾਵੇਂ ਉਹ ਦਰਜਨ ਡਿਪਟੀਆਂ ਤੋਂ ਜੂਨੀਅਰ ਸੀ ਫੇਰ ਵੀ ਉਸੇ ਬਹਾਦਰੀ ਦੀ ਬਦੌਲਤ ਉਸ ਨੂੰ ਡਿਪਟੀ ਕਨਫ਼ਰਮ ਕਰ ਦਿੱਤਾ ਗਿਆ। ਉਸੇ ਬਹਾਦਰੀ ਦੀ ਬਦੌਲਤ ਉਹ ਅੱਜ ਡੀ.ਆਈ.ਜੀ.ਹੈ। ਉਸ ਨਾਮ ਦੇ ਮਸਾਂ ਐਸ.ਪੀ.ਬਣ ਸਕੇ ਹਨ।

ਬਸੰਤ ਦੇ ਮਰਨ ਨਾਲ ਲੋਕਾਂ ਵਿੱਚ ਪੁਲਿਸ ਦੀ ਅਜਿਹੀ ਦਹਿਸ਼ਤ ਪਈ ਕਿ ਡਿਪਟੀ ਦੇ ਖ਼ਿਲਾਫ਼ ਤਾਂ ਕਿਸੇ ਨੇ ਕੀ ਬੋਲਣਾ ਸੀ, ਕੋਈ ਸਿਪਾਹੀ ਦੇ ਖ਼ਿਲਾਫ਼ ਵੀ ਸਾਹ ਨਹੀਂ ਸੀ ਕੱਢਦਾ।

ਨੌਨਿਹਾਲ ਕਿਹੜਾ ਕਿਸੇ ਤੋਂ ਘੱਟ ਸੀ? ਉਹ ਵੀ ਕਿਸੇ ਨੂੰ ਕੁਸਕਣ ਨਹੀਂ ਦੇਵੇਗਾ। ਇਸ ਲਈ ਨਿਰਭੈ ਸਿੰਘ ਨੂੰ ਲੱਗਦਾ ਸੀ ਡਿਪਟੀ ਨੂੰ ਝਾੜਾਂ ਪਾਉਣ ਲਈ ਉਸ ਨੂੰ ਖ਼ੁਦ ਹੀ ਕੋਈ ਬਹਾਨਾ ਘੜਨਾ ਪਏਗਾ।

ਪਤਵੰਤੇ ਸੱਜਣਾਂ ਤੋਂ ਨਿਰਭੈ ਨੂੰ ਕੋਈ ਬਹੁਤੀ ਆਸ ਨਹੀਂ ਸੀ। ਉਹ ਤਾਂ ਕਿਸੇ ਚਪੜਾਸੀ ਤਕ ਦੀ ਸ਼ਿਕਾਇਤ ਨਹੀਂ ਕਰਦੇ। ਡਿਪਟੀ ਤਾਂ ਬਹੁਤ ਵੱਡੀ ਪੋਸਟ ਹੈ। ਮੀਟਿੰਗ ਵਿੱਚ ਆਉਣ ਦਾ ਉਹਨਾਂ ਦਾ ਮਕਸਦ ਤਾਂ ਅਫ਼ਸਰਾਂ ਨਾਲ ਹੱਥ ਮਿਲਾਉਣਾ, ਜਾਣ-ਪਹਿਚਾਣ ਕਾਇਮ ਕਰਨਾ ਅਤੇ ਆਪਣੇ ਰੁਤਬੇ ਦਾ ਦਿਖਾਵਾ ਕਰਨਾ ਹੁੰਦਾ ਹੈ। ਨਾ ਪੁਲਿਸ ਉਹਨਾਂ ਨੂੰ ਨਰਾਜ਼ ਕਰ ਸਕਦੀ ਹੈ, ਨਾ ਹੀ ਉਹ ਪੁਲਿਸ ਨੂੰ। ਪੁਲਿਸ ਨੇ ਅਚਾਨਕ ਪਈਆਂ ਵਗਾਰਾਂ ਇਹਨਾਂ ਸਿਰੋਂ ਹੀ ਪੂਰੀਆਂ ਕਰਨੀਆਂ ਹੁੰਦੀਆਂ ਹਨ। ਕਦੇ ਅਫ਼ਸਰਾਂ ਨੂੰ ਕਣਕ ਭੇਜਣੀ ਹੁੰਦੀ ਹੈ, ਕਦੇ ਕਾਰ ਅਤੇ ਕਦੇ ਵਿਆਹ-ਸ਼ਾਦੀ ਲਈ ਮੁਰਗ ਮੁਸੱਲਮ। ਪਤਵੰਤੇ ਸੱਜਣ ਇਹੋ ਜਿਹੇ ਕੰਮ ਖਿੜੇ-ਮੱਥੇ ਕਰਦੇ ਹਨ। ਕਾਰ ਵੀ ਦਿੰਦੇ ਹਨ, ਡਰਾਈਵਰ ਵੀ ਅਤੇ ਤੇਲ ਵੀ। ਲੋੜ ਪਏ ਤਾਂ ਰਸਤੇ ਦਾ ਰਾਸ਼ਨ-ਪਾਣੀ ਵੀ। ਕੋਈ ਵੱਡੀ ਵਗਾਰ ਪੈ ਜਾਏ ਤਾਂ ਕਿਹੜਾ ਪਿੱਠ ਦਿਖਾਉਂਦੇ ਹਨ। ਕਈ ਐਸੋਸੀਏਸ਼ਨਾਂ ਬਣਾ ਰੱਖੀਆਂ ਹਨ। ਸ਼ੈਲਰਾਂ ਵਾਲਿਆਂ ਦੀ ਐਸੋਸੀਏਸ਼ਨ, ਕਪਾਹ ਦੇ ਕਾਰਖ਼ਾਨੇਦਾਰਾਂ ਦੀ ਐਸੋਸੀਏਸ਼ਨ ਅਤੇ ਲੋਹੇ ਵਾਲਿਆਂ ਦੀ ਐਸੋਸੀਏਸ਼ਨ। ਹਰ ਸੰਸਥਾ ਕੋਲ ਲੱਖਾਂ ’ਚ ਫੰਡ ਪਏ ਹਨ। ਉਥੋਂ ਪੈਸੇ ਭੇਜ ਦਿੰਦੇ ਹਨ।

ਪੁਲਿਸ ਵੀ ਉਹਨਾਂ ਦੇ ਬਥੇਰੇ ਬੁੱਤੇ ਸਾਰਦੀ ਹੈ। ਮਹੀਨੇ ’ਚ ਇੱਕ ਗੇੜਾ ਕਾਰਖ਼ਾਨੇ ਮਾਰਨ ਨਾਲ ਹੀ ਲੇਬਰ ’ਤੇ ਰੋਹਬ ਪਿਆ ਰਹਿੰਦਾ ਹੈ। ਪੁਲਿਸ ਅਫ਼ਸਰ ਨੂੰ ਵੀ ਗੇੜਾ ਮਾੜਾ ਨਹੀਂ ਰਹਿੰਦਾ। ਨਾਲੇ ਬੈਠ ਕੇ ਖਾਓ-ਪੀਓ, ਨਾਲੇ ਆਉਂਦੇ ਹੋਏ ਕੋਈ ਨਾ ਕੋਈ ਗਿਫ਼ਟ ਲੈ ਆਓ। ਲੇਬਰ ’ਤੇ ਡੰਡਾ ਪਰੇਡ ਕਰਨ ਦੀ ਜ਼ਰੂਰਤ ਤਾਂ ਕਦੇ-ਕਦੇ ਹੀ ਪੈਂਦੀ ਹੈ। ਲੇਬਰ ਡਰੀ ਰਹੇ, ਕਾਰਖ਼ਾਨੇਦਾਰ ਇਸ ਨਾਲ ਹੀ ਖ਼ੁਸ਼ ਰਹਿੰਦੇ ਹਨ।

ਪਤਵੰਤੇ ਤਾਂ ਅਫ਼ਸਰਾਂ ਦੀ ਵਧ ਚੜ੍ਹ ਕੇ ਤਾਰੀਫ਼ ਹੀ ਕਰਨਗੇ। ਨਿਰਭੈ ਸਿੰਘ ਅੱਜ ਤਾਰੀਫ਼ ਸੁਣਨ ਦੇ ਮੂਡ ਵਿੱਚ ਨਹੀਂ ਸੀ।

ਨਿਰਭੈ ਸਿੰਘ ਨੇ ਆਪਣਾ ਸਾਰਾ ਧਿਆਨ ਕਾਜੂ ਬਦਾਮਾਂ ਵੱਲ ਹੀ ਲਾਈ ਰੱਖਿਆ। ਉਹਨਾਂ ਦੇ ਮਸ਼ਵਰੇ ਤਾਂ ਉਹੋ ਘਸੇ-ਪਿਟੇ ਸਨ।

ਉਸ ਦੀ ਆਖ਼ਰੀ ਉਮੀਦ ਯੁਵਾ ਸੰਘ ਸੀ।

ਸੰਘ ਦਾ ਸਾਰਾ ਨਜ਼ਲਾ ਪ੍ਰੀਤਮ ਸਿੰਘ ’ਤੇ ਝੜ ਰਿਹਾ ਸੀ। ਉਹ ਆਖ ਰਹੇ ਸਨ ਕਿ ਪ੍ਰੀਤਮ ਕੱਟੜ ਸਿੱਖ ਹੈ। ਉਹ ਸਿੱਖਾਂ ਦੀ ਡਟ ਕੇ ਹਮਾਇਤ ਕਰਦਾ ਹੈ। ਹਿੰਦੂਆਂ ਦੀ ਗੱਲ ਹੀ ਨਹੀਂ ਸੁਣਦਾ। ਜੇ ਗੁਰਦੁਆਰੇ ਦੀ ਤਲਾਸ਼ੀ ਪਹਿਲੇ ਹੀ ਦਿਨ ਕਰ ਲਈ ਜਾਂਦੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਨਾਲੇ ਕਾਤਲ ਫੜੇ ਜਾਣੇ ਸਨ, ਨਾਲੇ ਬੰਟੀ ਦੀ ਜਾਨ ਬਚ ਜਾਣੀ ਸੀ। ਪ੍ਰੀਤਮ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਸੀ।

“ਪ੍ਰੀਤਮ ਤਾਂ ਬੜਾ ਹੋਣਹਾਰ ਪੁਲਿਸ ਅਫ਼ਸਰ ਹੈ। ਉਹ ਤਾਂ ਦਹਿਸ਼ਤਗਰਦਾਂ ਦੀ ਹਿੱਟ ਲਿਸਟ ’ਤੇ ਹੈ। ਜਿਹੜਾ ਇਸ ਸਾਰੇ ਪੁਆੜੇ ਦੀ ਜੜ੍ਹ ਹੈ, ਉਸ ਦੀ ਤੁਸੀਂ ਸ਼ਨਾਖ਼ਤ ਹੀ ਨਹੀਂ ਕਰ ਸਕੇ। ਕਰੋ ਵੀ ਕਿਸ ਤਰ੍ਹਾਂ? ਉਹ ਹੈ ਹੀ ਚਲਾਕ ਲੂੰਬੜੀ ਦੀ ਜਾਤ ’ਚੋਂ।” ਕਾਗ਼ਜ਼ ਪੱਤਰ ਫਰੋਲਦੇ ਡੀ.ਆਈ.ਜੀ.ਨੇ ਆਪਣੀ ਕੂਟਨੀਤੀ ਦਾ ਪਹਿਲਾ ਬਾਣ ਛੱਡਿਆ।

“ਇਹ ਜਿਹੜਾ ਤੁਹਾਡਾ ਡਿਪਟੀ ਹੈ, ਇਹੋ ਹੈ ਜ਼ਹਿਰ ਦੀ ਗੰਦਲ। ਇਸ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹਨ। ਇਸ ਦਾ ਇੱਕ ਭਤੀਜਾ ‘ਬੀ’ ਸ਼੍ਰੇਣੀ ਦਾ ਦਹਿਸ਼ਤਗਰਦ ਹੈ। ਇਸੇ ਨੇ ਉਸ ਨੂੰ ਬਚਾ ਰੱਖਿਆ ਹੈ। ਸਰਕਾਰ ਕੋਲ ਖ਼ੁਫ਼ੀਆ ਰਿਪੋਰਟ ਪੁੱਜੀ ਸੀ ਕਿ ਉਹ ਕਈ-ਕਈ ਦਿਨ ਇਸ ਕੋਲ ਰਹਿ ਕੇ ਜਾਂਦਾ ਹੈ। ਇਹ ਡਿਪਟੀ ਉਸ ਨੂੰ ਸ਼ਰਨ ਦਿੰਦਾ ਹੈ।”

ਨਿਰਭੈ ਸਿੰਘ ਕੋਈ ਵੀ ਕਸਰ ਬਾਕੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ।

ਯੁਵਾ ਸੰਘ ਵਾਲਿਆਂ ਦੀਆਂ ਅੱਖਾਂ ਅੱਗੋਂ ਜਿਵੇਂ ਹਨੇਰਾ ਹਟ ਗਿਆ। ਉਹਨਾਂ ਦਾ ਗੁੱਸਾ ਇਕਦਮ ਅਸਮਾਨ ਛੂਹਣ ਲੱਗਾ।

“ਬਿਲਕੁਲ ਠੀਕ ਹੈ, ਜਦੋਂ ਦਾ ਇਹ ਆਇਆ ਹੈ, ਨਿੱਤ ਨਵੀਂ ਵਾਰਦਾਤ ਹੋ ਜਾਂਦੀ ਹੈ। ਪਹਿਲਾਂ ਧਨੌਲੇ ਵਾਲੀ ਸੜਕ ’ਤੇ ਉਹਨਾਂ ਦੀਸ਼ਾ ਮਾਰਿਆ, ਫੇਰ ਨਿਰੰਕਾਰੀ। ਪਿਛਲੇ ਬੰਦ ਸਮੇਂ ਸੀ.ਆਰ.ਪੀ.ਤੋਂ ਗੋਲੀ ਚਲਵਾ ਕੇ ਦੋ ਹਿੰਦੂ ਮਰਵਾ ਦਿੱਤੇ। ਜ਼ਰੂਰ ਉਸ ਅਤਿਵਾਦੀ ਨੇ, ਇਸ ਦੀ ਸ਼ਹਿ ਨਾਲ ਇਥੇ ਅੱਡੇ ਬਣਾ ਲਏ ਹੋਣਗੇ।” ਰਾਮ ਸਰੂਪ ਪ੍ਰਧਾਨ ਪਿਛਲੀਆਂ ਘਟਨਾਵਾਂ ਨੂੰ ਡਿਪਟੀ ਨਾਲ ਜੋੜਨ ਲੱਗਾ।

“ਜਦੋਂ ਕਾਤਲਾਂ ਨੂੰ ਡਿਪਟੀ ਦੀ ਸ਼ਹਿ ਸੀ ਤਾਂ ਉਹ ਫੜੇ ਕਿਥੋਂ ਜਾਂਦੇ। ਅਸੀਂ ਅੱਜ ਹੀ ਸਰਦਾਰ ਜੀ (ਮੁੱਖ ਮੰਤਰੀ) ਨਾਲ ਗੱਲ ਕਰਦੇ ਹਾਂ। ਉਸ ਦਾ ਇਥੋਂ ਫਾਹਾ ਵਢਾਉਂਦੇ ਹਾਂ।” ਦਰਸ਼ਨ ਮੇਜ ’ਤੇ ਮੁੱਕੀਆਂ ਮਾਰ-ਮਾਰ ਡੀ.ਆਈ.ਜੀ.ਨਾਲ ਸਹਿਮਤੀ ਪ੍ਰਗਟਾਉਣ ਲੱਗਾ।

“ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ। ਤੁਸੀਂ ਮੇਰੀ ਮਦਦ ਕਰੋ। ਮੈਂ ਇਕੱਲਾ ਹੀ ਇਸ ਨੂੰ ਨੌਕਰੀਉਂ ਕਢਾ ਦਿਆਂਗਾ। ਮੁੱਖ ਮੰਤਰੀ ਜੀ ਤਕ ਜਾਣ ਦੀ ਲੋੜ ਨਹੀਂ ਪੈਣੀ।”

“ਸਾਨੂੰ ਹੁਕਮ ਕਰੋ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ।” ਜੋਸ਼ ’ਚ ਆਏ ਸੰਘ ਵਾਲੇ ਡੀ.ਆਈ.ਜੀ.ਦੇ ਇਸ਼ਾਰੇ ’ਤੇ ਕੁੱਝ ਵੀ ਕਰਨ ਲਈ ਤਿਆਰ ਸਨ।

“ਹਾਲ ਦੀ ਘੜੀ ਤੁਸੀਂ ਛੋਟਾ ਜਿਹਾ ਕੰਮ ਕਰਨਾ ਹੈ, ਮੌਕੇ ’ਤੇ ਪੁੱਜੋ। ਜਦੋਂ ਮੈਂ ਉਥੇ ਪੁੱਜਾਂ ਤੁਸੀਂ ਡਿਪਟੀ ਖ਼ਿਲਾਫ਼ ਨਾਅਰੇ ਮਾਰਨੇ ਸ਼ੁਰੂ ਕਰ ਦਿਓ। ਬਾਕੀ ਮੈਂ ਆਪੇ ਸੰਭਾਲ ਲਵਾਂਗਾ।”

‘ਠੀਕ ਹੈ, ਨਾਅਰੇ ਤਾਂ ਜੇ ਤੁਸੀਂ ਆਖੋ ਤਾਂ ਹੁਣੇ ਮਾਰ ਦਿੰਦੇ ਹਾਂ।”

“ਨਹੀਂ, ਫੇਰ ਤਾਂ ਉਹ ਸਮਝੇਗਾ ਡੀ.ਆਈ.ਜੀ.ਨੇ ਤੁਹਾਨੂੰ ਚੁੱਕ ‘ਤਾ। ਮੈਂ ਸਟਾਫ਼ ਨਾਲ ਮੀਟਿੰਗ ਕਰ ਲਵਾਂ। ਪੰਜਾਂ ਮਿੰਟਾਂ ਵਿੱਚ ਉਥੇ ਪੁੱਜ ਜਾਵਾਂਗਾ। ਬੱਸ ਤੁਸੀਂ ਤਿਆਰ ਰਹੋ। ਆਪਣੀ ਸਾਰੀ ਤਾਕਤ ਲਾ ਦਿਓ। ਸਾਰੇ ਵਰਕਰਾਂ ਨੂੰ ਉਥੇ ਇਕੱਠੇ ਕਰੋ।” ਨਿਰਭੈ ਸਿੰਘ ਨੇ ਖ਼ੁਸ਼ੀ-ਖ਼ੁਸ਼ੀ ਸੰਘ ਨੂੰ ਵਿਦਾ ਕੀਤਾ।

ਡਿਪਟੀ ਦੀ ਲਾਹ-ਪਾਹ ਕਰਨ ਲਈ ਹੁਣ ਨਿਰਭੈ ਸਿੰਘ ਕੋਲ ਕਾਫ਼ੀ ਮਸਾਲਾ ਸੀ।

ਮੀਟਿੰਗ ਤਨਾਅ-ਪੂਰਨ ਮਾਹੌਲ ਵਿੱਚ ਸ਼ੁਰੂ ਹੋਈ। ਹਰ ਅਫ਼ਸਰ ਡਰਿਆ ਹੋਇਆ ਸੀ।  ਡੀ.ਆਈ.ਜੀ.ਨੇ ਇਕੱਲੇ ਬਹਿ ਕੇ ਲੋਕਾਂ ਤੋਂ ਸ਼ਿਕਾਇਤਾਂ ਸੁਣੀਆਂ ਸਨ। ਲੋਕਾਂ ਨੇ ਪਤਾ ਨਹੀਂ ਥਾਣੇਦਾਰਾਂ ਵਿਰੁੱਧ ਕੀ ਕੁੱਝ ਆਖਿਆ ਹੋਣੈ? ਸਭ ਨੂੰ ਆਪਣਾ-ਆਪਣਾ ਪਾਲਾ ਮਾਰ ਰਿਹਾ ਸੀ।

ਆਮ ਹੋਣ ਵਾਲੀਆਂ ਮੀਟਿੰਗਾਂ ਵਾਂਗ ਡੀ.ਆਈ.ਜੀ.ਨੇ ਪਹਿਲਾਂ ਥਾਣਿਆਂ ਦੇ ਅੰਕੜਿਆਂ ’ਤੇ ਝਾਤ ਮਾਰੀ। ਬੁਲਾਇਆ ਤਾਂ ਛੇ ਐਸ.ਐਚ.ਓਜ਼ ਨੂੰ ਗਿਆ ਸੀ। ਪੁੱਛ-ਪੜਤਾਲ ਕੇਵਲ ਸ਼ਹਿਰ ਦੇ ਥਾਣੇ ਦੀ ਹੋਈ।

ਭੱਠੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਈ ਗੁਣਾ ਘੱਟ ਸੀ। ਪਸਤੌਲ ਜ਼ਿਆਦਾ ਫੜੇ ਗਏ ਸਨ। ਕਤਲ ਵੀ ਕੁੱਝ ਜ਼ਿਆਦਾ ਹੀ ਹੋਏ ਸਨ। ਚੋਰੀਆਂ ਤਾਂ ਘੱਟ ਸਨ, ਪਰ ਖੋਹਾਂ ਵੱਧ ਗਈਆਂ ਸਨ। ਅਫ਼ੀਮ, ਡੋਡੇ ਕਿਧਰੇ ਨਜ਼ਰ ਨਹੀਂ ਸੀ ਆ ਰਹੇ। ਸੱਟਾ ਜੂਟਾ ਪਹਿਲਾਂ ਨਾਲੋਂ ਤੇਜ਼ ਸੀ। ਆਵਾਰਾਗਰਦੀ ਵੀ ਪਹਿਲਾਂ ਨਾਲੋਂ ਵੱਧ ਸੀ।

“ਲੋਕ ਤਾਂ ਸ਼ਿਕਾਇਤਾਂ ਕਰਦੇ ਹਨ ਕਿ ਇਥੇ ਟਰੱਕਾਂ ਦੇ ਟਰੱਕ ਡੋਡਿਆਂ ਦੇ ਆਉਂਦੇ ਹਨ। ਅੰਕੜੇ ਦੱਸਦੇ ਹਨ ਕਿ ਇਥੇ ਅਮਲੀਆਂ ਦਾ ਨਾਂ-ਨਿਸ਼ਾਨ ਵੀ ਨਹੀਂ। ਇਹ ਕੀ ਮਾਜਰਾ ਹੈ?” ਡੀ.ਆਈ.ਜੀ.ਦਾ ਪਹਿਲਾ ਸਵਾਲ ਸੀ।

“ਲੋਕਾਂ ਨੂੰ ਐਵੇਂ ਸ਼ਿਕਾਇਤਾਂ ਕਰਨ ਦੀ ਆਦਤ ਹੈ ਜਨਾਬ। ਡਿਪਟੀ ਸਾਹਿਬ ਨੇ ਸਮੱਗਲਰਾਂ ਨੂੰ ਅਜਿਹਾ ਫੈਂਟਾ ਚਾੜ੍ਹਿਐ, ਬਈ ਉਹਨਾਂ ਦੀਆਂ ਕਈ ਪੁਸ਼ਤਾਂ ਇਸ ਇਲਾਕੇ ਵਿੱਚ ਨਹੀਂ ਵੜਨ ਲੱਗੀਆਂ। ਜਦੋਂ ਦਾ ਨਵਾਂ ਕਾਨੂੰਨ ਬਣਿਐ ਅਮਲੀਆਂ ਅਤੇ ਛੋਟੇ ਸਮੱਗਲਰਾਂ ਨੂੰ ਤਾਂ ਉਂਝ ਹੀ ਨਾਨੀ ਯਾਦ ਆ ਗਈ ਹੈ।” ਇਹ ਐਸ.ਐਚ.ਓ.ਪ੍ਰੀਤਮ ਸਿੰਘ ਦਾ ਉੱਤਰ ਸੀ।

“ਸਮੱਗਲਰ ਤਾਂ ਭਜਾ ਦਿੱਤੇ, ਪਰ ਆਹ ਜੂਏ-ਸੱਟੇ ਵਾਲੇ ਨਹੀਂ ਸੰਭਲਦੇ ਸੋਥੋਂ? ਜਿਵੇਂ ਕਿਤੇ ਇਹ ਵੱਡੇ ਪਹਿਲਵਾਨ ਹੋਣ? ਜੇ ਤੁਸੀਂ ਇਹਨਾਂ ਦਾ ਕੁੱਝ ਨਹੀਂ ਵਿਗਾੜ ਸਕਦੇ ਤਾਂ ਦਹਿਸ਼ਤਗਰਦਾਂ ਦਾ ਕੀ ਕਰੋਗੇ?”

“ਜੂਆ ਖੇਡਦਾ ਕੋਈ ਨੀ ਜੀ ਇਥੇ। ਉਹ ਤਾਂ ਜੱਜ ਸਾਹਿਬ ਨੇ ਆਖਿਆ ਸੀ ਕਿ ਜੇ ਇਸ ਮਹੀਨੇ ਪਿਛਲੇ ਸਾਲ ਜਿੰਨੇ ਮੁਕੱਦਮੇ ਪੇਸ਼ ਨਾ ਕੀਤੇ ਤਾਂ ਇੱਕ ਅਦਾਲਤ ਟੁੱਟ ਜਾਏਗੀ। ਅਦਾਲਤ ਬਚਾਉਣ ਲਈ ਕੇਸ ਬਣਾਏ ਗਏ ਸੀ ਸਰ। ਸਾਰੇ ਮੁਜਰਮ ਇਕਬਾਲ ਕਰ ਗਏ।” ਨਵੇਂ ਆਏ ਸਿਟੀ ਇੰਚਾਰਜ ਨੇ ਸਪੱਸ਼ਟੀਕਰਨ ਦਿੱਤਾ।

“ਬੈਠ ਜਾ, ਬੈਠ ਜਾ। ਮੈਨੂੰ ਸਭ ਪਤਾ ਜਿਹੜਾ ਤੁਸੀਂ ਗੰਦ ਪਾਇਆ ਹੋਇਐ। ਚਲੋ ਇਹ ਪਿੱਛੋਂ ਦੇਖਦੇ ਹਾਂ। ਪਹਿਲਾਂ ਬੰਟੀ ਦੀ ਗੱਲ ਕਰੋ। ਇਸ ਕੇਸ ਬਾਰੇ ਡਿਪਟੀ ਸਾਹਿਬ ਜ਼ਰਾ ਤੁਸੀਂ ਚਾਨਣਾ ਪਾਓ।” ਡਿਪਟੀ ਨੂੰ ਬੋਲਣ ਲਈ ਆਖਦਾ ਡੀ.ਆਈ.ਜੀ.ਕੁੱਝ ਸਖ਼ਤ ਹੋ ਗਿਆ ਸੀ।

ਡੀ.ਆਈ.ਜੀ.ਵੱਲੋਂ ਅਚਾਨਕ ਹੋਏ ਹਮਲੇ ਨਾਲ ਡਿਪਟੀ ਘਬਰਾ ਗਿਆ। ਉਸ ਨੂੰ ਉਮੀਦ ਨਹੀਂ ਸੀ ਕਿ ਡਿਪਟੀ ਤੋਂ ਵੀ ਪ੍ਰਸ਼ਨ ਪੁੱਛੇ ਜਾਣਗੇ। ਭਵੰਤਰਿਆ ਡਿਪਟੀ ਡਾਇਰੀ ਦੇ ਵਰਕੇ ਫੋਲਣ ਲੱਗਾ।

“ਜ਼ਰਾ ਜਲਦੀ ਕਰ … ਮੈਂ ਮੌਕਾ ਦੇਖਣ ਵੀ ਜਾਣੈ। ਸਿਆਣਾ ਅਫ਼ਸਰ ਸਾਰੀਆਂ ਗੱਲਾਂ ਟਿਪਸ ’ਤੇ ਰੱਖਦੈ।” ਡਿਪਟੀ ਨੂੰ ਘਬਰਾਇਆ ਦੇਖ ਕੇ, ਉਸ ਦਾ ਚੰਗੀ ਤਰ੍ਹਾਂ ਜਲੂਸ ਕੱਢਣ ਲਈ ਨਿਰਭੈ ਸਿੰਘ ਨੇ ਪੈਰਾਂ ਹੇਠ ਅੱਗ ਮਚਾ ਦਿੱਤੀ।

“ਹਾਲ ਤਕ ਤਾਂ ਕੋਈ ਸੁਰਾਗ ਨਹੀਂ ਮਿਲਿਆ ਸਰ? ਇੱਕ ਰਿਕਸ਼ੇ ਵਾਲਾ ਅਤੇ ਇੱਕ ਚਪੜਾਸੀ ਫ਼ਰਾਰ ਹਨ। ਉਹਨਾਂ ਦੀ ਗ੍ਰਿਫ਼ਤਾਰੀ ਤੋਂ ਸ਼ਾਇਦ ਕੋਈ ਸੁਰਾਗ ਮਿਲ ਸਕੇ।” ਬੱਚਿਆਂ ਵਾਂਗ ਬਹਾਨੇ ਘੜਦਾ ਡਿਪਟੀ ਖਹਿੜਾ ਛੁਡਾਉਣ ਲੱਗਾ।

“ਉਹਨਾਂ ਦੋਹਾਂ ਨੂੰ ਫੜਨ ਲਈ ਕੀ ਯਤਨ ਕੀਤੇ ਨੇ ਤੂੰ?”

ਡਿਪਟੀ ਚੁੱਪ ਸੀ। ਕੁੱਝ ਕੀਤਾ ਹੋਵੇ ਤਾਂ ਦੱਸੇ।

“ਜੇ ਸੁਰਾਗ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਹੀ ਸੁਰਾਗ ਮਿਲੇ। ਜਨਾਬ ਦਾ ਜ਼ੋਰ ਤਾਂ ਇਸ ਬਹਾਨੇ ਮਨਥਲੀਆਂ ਇਕੱਠੀਆਂ ਕਰਨ ’ਤੇ ਲੱਗਾ ਹੋਇਐ। ਸਾਰਾ ਸ਼ਹਿਰ ਤੇਰੇ ’ਤੇ ਸ਼ੱਕ ਕਰ ਰਿਹੈ, ਕਹਿੰਦੇ ਨੇ ਤੇਰੀ ਨਾਲਾਇਕੀ ਕਰਕੇ ਬੱਚੇ ਦੀ ਮੌਤ ਹੋਈ। ਉਹਨਾਂ ਨੂੰ ਸਭ ਪਤੈ, ਤੇਰਾ ਕੋਈ ਰਿਸ਼ਤੇਦਾਰ ‘ਬੀ’ ਸ਼੍ਰੇਣੀ ਦਾ ਦਹਿਸ਼ਤਗਰਦ ਹੈ। ਉਹ ਤੇਰੇ ਖ਼ਿਲਾਫ਼ ਮੁੱਖ ਮੰਤਰੀ ਨੂੰ ਮਿਲਣ ਵਾਲੇ ਹਨ।”

ਇਹੋ ਜਿਹੀ ਤਾਂ ਕੋਈ ਗੱਲ ਨਹੀਂ ਸਰ ) ਮੈਂ ਤਾਂ ਪੂਰੀ ਵਾਹ ਲਾ ਦਿੱਤੀ।” ਡਿਪਟੀ ਡੀ.ਆਈ.ਜੀ.ਦੇ ਸਿੱਧੇ ਇਲਜ਼ਾਮ ’ਤੇ ਬੌਖਲਾ ਉੇਠਿਆ।

ਡਿਪਟੀ ਸਮਝ ਗਿਆ ਸੀ ਕਿ ਡੀ.ਆਈ.ਜੀ.ਕਿਥੋਂ ਬੋਲ ਰਿਹਾ ਹੈ। ਉਹ ਚੁੱਪ ਵਿੱਚ ਹੀ ਭਲੀ ਸਮਝਦਾ ਸੀ। ਨੇੜੇ ਭਵਿੱਖ ਵਿੱਚ ਕਾਤਲਾਂ ਦੇ ਫੜੇ ਜਾਣਾ ਸੰਭਵ ਨਹੀਂ ਸੀ। ਇਸ ਕਤਲ ਦਾ ਨਜ਼ਲਾ ਕਿਸੇ ਨਾ ਕਿਸੇ ’ਤੇ ਝੜਨਾ ਹੀ ਸੀ। ਕੋਈ ਵੀ ਬਲੀ ਦਾ ਬੱਕਰਾ ਬਣ ਸਕਦਾ ਸੀ। ਉਸ ਨੂੰ ਮਸਾਂ-ਮਸਾਂ ਇਹ ਇਲਾਕਾ ਮਿਲਿਆ ਸੀ। ਸੱਚ-ਮੁੱਚ ਸ਼ਹਿਰ ਵਾਲਿਆਂ ਨੇ ਮੁੱਖ ਮੰਤਰੀ ਕੋਲ ਉਸ ਦੀ ਸ਼ਿਕਾਇਤ ਕਰ ਦਿੱਤੀ ਤਾਂ ਡਿਪਟੀ ਨੇ ਖੂੰਜੇ ਲੱਗ ਜਾਣਾ ਸੀ। ਉਹ ਪਹਿਲਾਂ ਹੀ ਮਸਾਂ-ਮਸਾਂ ਬਚਿਆ ਸੀ। ਦੁਬਾਰਾ ਮੁੱਖ ਮੰਤਰੀ ਨਹੀਂ ਬਖ਼ਸ਼ਣ ਲੱਗਾ।

ਡਿਪਟੀ ਡੀ.ਆਈ.ਜੀ.ਨਾਲ ਵਿਗਾੜ ਲੈਣ ’ਤੇ ਪਛਤਾ ਰਿਹਾ ਸੀ। ਡੀ.ਆਈ.ਜੀ.ਆਪਣੀ ਰਿਪੋਰਟ ਵਿੱਚ ਜੇ ਅਜਿਹਾ ਇਲਜ਼ਾਮ ਲਾ ਦੇਵੇ ਤਾਂ ਡਿਸਮਿਸਲ ਦੇ ਆਰਡਰ ਮਿਲਣ ਲੱਗਿਆਂ ਮਿੰਟ ਨਹੀਂ ਲੱਗਣਾ। ਪਿੱਛੋਂ ਨਾ ਕੋਈ ਅਪੀਲ, ਨਾ ਦਲੀਲ। ਉਹ ਨਿਰਭੈ ਸਿੰਘ ਤੋਂ ਆਪਣੀ ਗ਼ਲਤੀ ਦੀ ਮੁਆਫ਼ੀ ਮੰਗਣ ਲਈ ਤਿਲਮਿਲਾਉਣ ਲੱਗਾ।

“ਇਕ ਅਫ਼ਸਰ ਹੋਣ ਦੇ ਨਾਤੇ ਮੈਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ। ਅੱਗੇ ਤੂੰ ਜਾਣ ਅਤੇ ਤੇਰਾ ਕੰਮ। ਸੀ.ਐਮ.ਦਾ ਇਲਾਕਾ ਹੈ। ਮੈਂ ਕੋਈ ਜ਼ੋਖ਼ਮ ਨਹੀਂ ਉਠਾ ਸਕਦਾ। ਕਿਸੇ ਨੇ ਲਿਖਤੀ ਸ਼ਿਕਾਇਤ ਕੀਤੀ ਤਾਂ ਮੈਨੂੰ ਕਾਰਵਾਈ ਕਰਨੀ ਹੀ ਪਏਗੀ।” ਆਖਦਾ ਨਿਰਭੈ ਸਿੰਘ ਮੌਕੇ ’ਤੇ ਜਾਣ ਲਈ ਉੱਠ ਖਲੋਤਾ।

ਡੀ.ਆਈ.ਜੀ.ਦੇ ਮੌਕੇ ’ਤੇ ਪਹੁੰਚਦਿਆਂ ਹੀ ਚਾਰੇ ਦਿਸ਼ਾਵਾਂ ਹਰਕਤ ਵਿੱਚ ਆ ਗਈਆਂ।

ਸੁਸਤ ਪੈ ਚੁੱਕੇ ਸਿਪਾਹੀਆਂ ਨੇ ਮੁੜ ਡਿਊਟੀਆਂ ਸੰਭਾਲ ਲਈਆਂ। ਕੋਈ ਸੱਠ-ਸੱਤਰ ਸਿਪਾਹੀ ਅਤੇ ਸੀ.ਆਰ.ਪੀ.ਦੇ ਜਵਾਨ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਜੂਝ ਰਹੇ ਸਨ। ਕੁੱਝ ਨੇ ਪੋਜ਼ੀਸ਼ਨਾਂ ਲੈ ਕੇ ਬੰਦੂਕਾਂ ਤਾਣ ਰੱਖੀਆਂ ਸਨ।

ਮਨਹੂਸ ਕਮਰੇ ਤੋਂ ਭੀੜ ਨੂੰ ਅੱਧਾ ਕਿੱਲੋਮੀਟਰ ਦੂਰ ਰੱਖਿਆ ਜਾ ਰਿਹਾ ਸੀ।

ਉਹੋ ਸਿਪਾਹੀ ਜਿਹੜੇ ਕੁੱਝ ਦੇਰ ਪਹਿਲਾਂ ਘਿਓ-ਖਿਚੜੀ ਹੋਏ ਭੀੜ ਨਾਲ ਗੱਪਾਂ ਮਾਰ ਰਹੇ ਸਨ, ਡੀ.ਆਈ.ਜੀ.ਦੇ ਆਉਂਦਿਆਂ ਹੀ ਲੋਹੇ ਦੇ ਬਣ ਗਏ। ਉਹ ਲੋਕਾਂ ਨੂੰ ਹੁੱਝਾਂ ਮਾਰ-ਮਾਰ ਇਉਂ ਪਿੱਛੇ ਧੱਕਣ ਲੱਗੇ ਜਿਵੇਂ ਇਹਨਾਂ ਵਿਚੋਂ ਕਿਸੇ ਨੇ ਡੀ.ਆਈ.ਜੀ.ਨੂੰ ਗੋਲੀ ਮਾਰ ਦੇਣੀ ਹੋਵੇ।

ਗੱਡੀਓਂ ਉਤਰਦਿਆਂ ਹੀ ਤਿੰਨ-ਚਾਰ ਫ਼ੋਟੋਗ੍ਰਾਫ਼ਰ ਅਤੇ ਦਸ-ਬਾਰਾਂ ਪੱਤਰਕਾਰ ਡੀ.ਆਈ.ਜੀ.ਨਾਲ ਜਾ ਰਲੇ। ਡੀ.ਆਈ.ਜੀ.ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ। ਉਹ ਪਹਿਲਾਂ ਮੌਕਾ ਦੇਖੇਗਾ ਅਤੇ ਫੇਰ ਕੋਈ ਬਿਆਨ ਦੇ ਸਕੇਗਾ।

ਇੰਸਪੈਕਟਰ ਡੀ.ਆਈ.ਜੀ.ਦੀ ਅਗਵਾਈ ਕਰ ਰਿਹਾ ਸੀ। ਡਿਪਟੀ ਉਸ ਦੇ ਬਰਾਬਰ ਸੀ। ਦੋਹਾਂ ਨੂੰ ਸਟੇਨਗੰਨਾਂ ਨਾਲ ਲੈਸ ਸਿਪਾਹੀਆਂ ਨੇ ਘੇਰਿਆ ਹੋਇਆ ਸੀ। ਉਹਨਾਂ ਦੇ ਪਿੱਛੇ ਸ਼ਹਿਰੀਆਂ ਅਤੇ ਪ੍ਰੈਸ ਵਾਲਿਆਂ ਦਾ ਕਾਫ਼ਲਾ ਚੱਲ ਰਿਹਾ ਸੀ।

ਘਟਨਾ ਦੀ ਜਾਣਕਾਰੀ ਇੰਸਪੈਕਟਰ ਦੇ ਰਿਹਾ ਸੀ। ਡੀ.ਆਈ.ਜੀ.ਸਾਰੀ ਗੱਲ ਬੜੇ ਗਹੁ ਨਾਲ ਸੁਣ ਰਿਹਾ ਸੀ।

ਲਾਸ਼ ਉਸ ਜਗ੍ਹਾ ਰੱਖੀ ਮਿਲੀ ਸੀ। ਮੁਜਰਮਾਂ ਦੇ ਦਾਖ਼ਲ ਹੋਣ ਦਾ ਇਕੋ ਰਸਤਾ ਸੀ। ਉਹਨਾਂ ਦੇ ਕਿਧਰੋਂ ਆਉਣ ਅਤੇ ਕਿਧਰ ਜਾਣ ਦੀ ਸੰਭਾਵਨਾ ਹੋ ਸਕਦੀ ਹੈ। ਕਿਥੋਂ-ਕਿਥੋਂ ਹੱਥਾਂ-ਪੈਰਾਂ ਦੇ ਨਿਸ਼ਾਨ ਲਏ ਗਏ। ਦੋਸ਼ੀਆਂ ਦੀਆਂ ਪੈੜਾਂ ਕਿਸ-ਕਿਸ ਦਿਸ਼ਾ ਵੱਲ ਗਈਆਂ। ਕੁੱਤੇ ਕਿਥੋਂ ਤਕ ਦੋਸ਼ੀਆਂ ਦਾ ਪਿੱਛਾ ਕਰ ਸਕੇ।

ਡੀ.ਆਈ.ਜੀ.ਹਰ ਗੱਲ ਵੱਲ ਧਿਆਨ ਦੇ ਰਿਹਾ ਸੀ। ਕਈ ਵਾਰ ਛੋਟੇ-ਛੋਟੇ ਸਵਾਲ ਵੀ ਪੁੱਛ ਰਿਹਾ ਸੀ। ਮੁਜਰਮ ਕਿੰਨੇ ਹੋ ਸਕਦੇ ਹਨ? ਲਾਸ਼ ਕਿਸ ਵਹੀਕਲ ਵਿੱਚ ਲਿਆਂਦੀ ਗਈ ਹੋਊ? ਲਾਸ਼ ਬਾਹਰ ਖੇਤਾਂ ਵਿੱਚ ਕਿਉਂ ਨਾ ਸੁੱਟੀ ਗਈ? ਨੇੜੇ ਲੁੱਕਣ ਦੇ ਕਿਹੜੇ-ਕਿਹੜੇ ਟਿਕਾਣੇ ਹੋ ਸਕਦੇ ਸਨ? ਹਸਪਤਾਲ ਦੇ ਆਲੇ-ਦੁਆਲੇ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ ਆਦਿ।

ਡੀ.ਆਈ.ਜੀ.ਨੇ ਹਸਪਤਾਲ ਵੱਲੋਂ ਆਉਂਦੇ ਅਤੇ ਬਾਹਰ ਜਾਂਦੇ ਹਰ ਰਸਤੇ ਦਾ ਬੜੀ ਬਰੀਕੀ ਨਾਲ ਮੁਆਇਨਾ ਕੀਤਾ। ਆਲੇ-ਦੁਆਲੇ ਵੱਸਦੇ ਘਰਾਂ ਦੀਆਂ ਛੱਤਾਂ ਦੀ ਪਰਖ ਕੀਤੀ।

ਉਹ ਮੌਕੇ ਦੀ ਜਾਂਚ ਕਰ ਹੀ ਰਹੇ ਸਨ ਕਿ ਦੂਰ ਖੜੇ ਇੱਕ ਬੱਚੇ ਅਤੇ ਉਸ ਦੇ ਦਾਦੇ ਵਿਚਲੇ ਸਵਾਲ-ਜਵਾਬ ਨੇ ਨਿਰਭੈ ਸਿੰਘ ਦੀ ਇਕਾਗਰਤਾ ਭੰਗ ਕਰ ਦਿੱਤੀ।

ਬੱਚਾ ਪੁੱਛ ਰਿਹਾ ਸੀ, “ਬਾਬਾ, ਉਹ ਕੌਣ ਹੈ, ਜਿਸ ਨੇ ਆਪਣੀ ਪੱਗ ਦੁਆਲੇ ਕਾਲਾ ਰਿਬਨ ਬੰਨ੍ਹਿਆ ਹੋਇਆ ਹੈ?”

“ਇਹੋ ਪੁਲਿਸ ਦਾ ਉਹ ਵੱਡਾ ਅਫ਼ਸਰ ਹੈ, ਜਿਹੜਾ ਮੌਕਾ ਦੇਖਣ ਆਇਆ ਹੈ।”

“ਉਹ ਵਾਰ-ਵਾਰ ਕਮਰੇ ਦੇ ਅੰਦਰ-ਬਾਹਰ ਕਿਉਂ ਜਾਂਦਾ ਹੈ? ਕਦੇ ਉੱਪਰ ਹੇਠਾਂ ਤੱਕਦਾ ਹੈ। ਉਹ ਕੀ ਕਰ ਰਿਹਾ ਹੈ?”

“ਡਰਾਮਾ, ਲੋਕ ਦਿਖਾਵਾ। ਜਿੱਡਾ ਵੱਡਾ ਅਫ਼ਸਰ ਹੈ, ਓਨਾ ਹੀ ਵਧੀਆ ਐਕਟਰ। ਮੌਕਾ ਦੇਖਣ ਦਾ ਨਾਟਕ ਕਰ ਰਿਹਾ ਹੈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹੈ।”

ਬੁੱਢੇ ਦੀ ਗੱਲ ਸੁਣ ਕੇ ਨਿਰਭੈ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਸ ਦੇ ਮੋਢਿਆਂ `qy ਵੱਡੇ ਅਫ਼ਸਰ ਦੇ ਬਿੱਲੇ ਨਾ ਲੱਗੇ ਹੁੰਦੇ ਤਾਂ ਉਸ ਨੇ ਕੁੱਟ-ਕੁੱਟ ਕੇ ਬੁੱਢੇ ਦੀ ਜਾਨ ਕੱਢ ਦੇਣੀ ਸੀ।

ਨਿਰਭੈ ਨੇ ਕੌੜੀਆਂ ਅੱਖਾਂ ਨਾਲ ਬੁੱਢੇ ਵੱਲ ਤੱਕਿਆ। ਉਹ ਬੱਚੇ ਨੂੰ ਲੈ ਕੇ ਖਿਸਕ ਗਿਆ।

ਪੁਲਿਸ ’ਚ ਜਿਵੇਂ ਅਣਖ ਹੀ ਨਹੀਂ ਰਹੀ। ਇੱਕ ਬੁੱਢਾ ਪੁਲਿਸ ’ਤੇ ਵਿਅੰਗ ਕੱਸ ਰਿਹਾ ਸੀ ਅਤੇ ਕੋਲ ਖੜਾ ਸਿਪਾਹੀ ਹਿੜ-ਹਿੜ ਕਰ ਰਿਹਾ ਸੀ। ਉਸ ਦੀ ਥਾਂ ਨਿਰਭੈ ਸਿੰਘ ਹੁੰਦਾ ਤਾਂ ਪਤਾ ਨਹੀਂ ਕੀ ਕੁੱਝ ਕਰ ਬੈਠਦਾ।

ਬੁੱਢੇ ਦੇ ਕਟਾਖ਼ਸ਼ ਨੇ ਡੀ.ਆਈ.ਜੀ.ਦਾ ਮਨੋਬਲ ਗੇਰ ਦਿੱਤਾ। ਉਹ ਇਸ ਨਾਟਕ ਨੂੰ ਬਹੁਤੀ ਦੇਰ ਚਾਲੂ ਨਾ ਰੱਖ ਸਕਿਆ। ਉਸ ਦੀ ਅੰਤਰ-ਆਤਮਾ ਜਾਗ ਪਈ ਸੀ। ਉਸ ਨੂੰ ਅਹਿਸਾਸ ਹੋਇਆ ਕਿ ਜਨਤਾ ਉਸ ਦੇ ਦਿਖਾਵੇ ਨੂੰ ਸਮਝ ਰਹੀ ਸੀ।

ਉਹ ਬੇਸਬਰੀ ਨਾਲ ਸੰਘ ਦੇ ਨਾਹਰੇ ਉਡੀਕਣ ਲੱਗਾ। ਇੱਕ-ਦੋ ਨਾਹਰੇ ਵੀ ਵੱਜ ਜਾਣ, ਉਹ ਮੌਕਾ ਵਿਚੇ ਛੱਡ ਕੇ ਸੰਘ ਵਾਲਿਆਂ ਨਾਲ ਮੀਟਿੰਗ ਲਈ ਰੈਸਟ ਹਾਊਸ ਚਲਾ ਜਾਵੇ।

ਇੱਕ ਨੁੱਕਰ ਦਾ ਮੁਆਇਨਾ ਕਰਾਉਣ ਦੇ ਬਹਾਨੇ ਡਿਪਟੀ ਉਸ ਨੂੰ ਇੱਕ ਪਾਸੇ ਲੈ ਤੁਰਿਆ।

“ਮੈਥੋਂ ਕੋਈ ਗੁਸਤਾਖ਼ੀ ਹੋ ਗਈ ਜਨਾਬ ) ਮੈਂ ਤਾਂ ਤਾਬੇਦਾਰ ਹਾਂ।” ਡਿਪਟੀ ਨਿਰਭੈ ਸਿੰਘ ਦੇ ਗੋਡਿਆਂ ਵੱਲ ਝੁਕਣਾ ਚਾਹੁੰਦਾ ਸੀ। ਦੂਰ ਖੜੀ ਭੀੜ ਤੋਂ ਝਿਜਕਦਿਆਂ ਉਸ ਨੇ ਕੇਵਲ ਇਸ ਤਰ੍ਹਾਂ ਕਰਨ ਦਾ ਇਸ਼ਾਰਾ ਹੀ ਕੀਤਾ।

“ਨਹੀਂ, ਗੁਸਤਾਖ਼ੀ ਤਾਂ ਮੈਥੋਂ ਹੋ ਗਈ, ਜਿਹੜਾ ਤੇਰੇ ਵਰਗੇ ਨਮਕ-ਹਰਾਮ ਨੂੰ ਇਥੇ ਲਗਵਾ ਦਿੱਤਾ।”

“ਕਿਸੇ ਨੇ ਜਨਾਬ ਤੇ ਮਨ ’ਚ ਗ਼ਲਤਫ਼ਹਿਮੀ ਪਾ ਦਿੱਤੀ। ਮੈਨੂੰ ਦੱਸੋ ਮੈਂ ਕੀ ਖ਼ਿਦਮਤ ਕਰਾਂ?” ਡਿਪਟੀ ਪਿਘਲ ਕੇ ਮੋਮ ਹੋ ਚੁੱਕਾ ਸੀ।

“ਮੈਂ ਕਿਸੇ ਦੀਆਂ ਗੱਲਾਂ ਵਿੱਚ ਆਉਣ ਵਾਲਾ ਦੁੱਧ ਚੁੰਘਦਾ ਬੱਚਾ ਹਾਂ?”

“ਫੇਰ ਦੱਸੋ ਵੀ?” ਦੋ-ਤਿੰਨ ਸੰਘ ਦੇ ਵਰਕਰ ਉਹਨਾਂ ਵੱਲ ਵਧ ਰਹੇ ਸਨ। ਉਹਨਾਂ ਨੂੰ ਪਿੱਛੇ ਹੀ ਰੁਕਣ ਦਾ ਇਸ਼ਾਰਾ ਕਰ ਕੇ ਡਿਪਟੀ ਨੇ ਫੇਰ ਤਰਲਾ ਲਿਆ।

“ਲੁੱਟਣ ਨੂੰ ਤੈਨੂੰ ਨੰਬਰਦਾਰ ਹੀ ਲੱਭਾ ਸੀ? ਗਰੇਵਾਲਾਂ ਦਾ ਕਬਜ਼ਾ ਕਿਉਂ ਨਹੀਂ ਹੋ ਰਿਹਾ? ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ ਐ।”

“ਉਹ ਤਾਂ … ਜੀ … “

“ਆਖ ਦੇ ਡੀ.ਜੀ.ਦਾ ਹੁਕਮ ਹੈ। ਬੜਾ ਵਧੀਆ ਬਹਾਨੈ, ਪਰ ਪੁਰਾਣਾ ਹੋ ਚੁੱਕੈ। ਇਹ ਅਸੀਂ ਵੀਹ ਸਾਲ ਪਹਿਲਾਂ ਵਰਤਦੇ ਹੁੰਦੇ ਸੀ।”

“ਛੱਡੋ ਸਰ ) ਜਿਵੇਂ ਆਖੋਗੇ, ਉਂਝ ਹੀ ਕਰਾਂਗਾ।”

“ਨੰਬਰਦਾਰ ਜਿਵੇਂ ਆਖਦੈ, ਉਸੇ ਤਰ੍ਹਾਂ ਕਰ। ਉਹ ਤੇਰਾ ਹੱਕ ਵੀ ਨਹੀਂ ਰੱਖਦਾ। ਗਰੇਵਾਲਾਂ ਦਾ ਕਬਜ਼ਾ ਕਰ ਕੇ ਕੱਲ੍ਹ ਹੀ ਰਿਪੋਰਟ ਭੇਜ।”

ਡਿਪਟੀ ਤੋਂ ਮਨ-ਮਰਜ਼ੀ ਦੀਆਂ ਸ਼ਰਤਾਂ ਮੰਨਵਾ ਕੇ ਡੀ.ਆਈ.ਜੀ.ਨੇ ਸੰਘ ਅਤੇ ਪ੍ਰੈਸ ਵਾਲਿਆਂ ਨੂੰ ਕੋਲ ਬੁਲਾਇਆ। ਤਫ਼ਤੀਸ਼ ਸੰਬੰਧੀ ਜਾਣਕਾਰੀ ਦਿੰਦਿਆ ਉਸ ਨੇ ਬਿਆਨ ਦਿੱਤਾ।

“ਮੈਨੂੰ ਚੱਲ ਰਹੀ ਤਫ਼ਤੀਸ਼ ’ਤੇ ਪੂਰੀ ਤਸੱਲੀ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ। ਪੁਲਿਸ ਪਾਰਟੀਆਂ ਉਹਨਾਂ ਦੀ ਗ੍ਰਿਫ਼ਤਾਰੀ ਲਈ ਜਾ ਚੁੱਕੀਆਂ ਹਨ। ਕਿਸੇ ਵੀ ਸਮੇਂ ਉਹ ਤੁਹਾਡੇ ਸਾਹਮਣੇ ਖੜੇ ਕੀਤੇ ਜਾ ਸਕਦੇ ਹਨ। ਮੇਰਾ ਵੱਸ ਚਲਦਾ ਤਾਂ ਮੈਂ ਕਾਤਲਾਂ ਦੇ ਨਾਂ ਵੀ ਦੱਸ ਦਿੰਦਾ, ਪਰ ਇਸ ਤਰ੍ਹਾਂ ਤਫ਼ਤੀਸ਼ ਨੂੰ ਧੱਕਾ ਲੱਗੇਗਾ।”

ਡਿਪਟੀ ਦੇ ਭਾਸ਼ਨ ਨੇ ਸਭ ਦੇ ਮਨ ਮੋਹ ਲਏ। ਸਭ ਦੇ ਚਿਹਰਿਆਂ ’ਤੇ ਖ਼ੁਸ਼ੀ ਟਪਕ ਪਈ। ਇਸੇ ਖ਼ੁਸ਼ੀ ਵਿੱਚ ਸੰਘ ਵਾਲੇ ਡਿਪਟੀ ਖ਼ਿਲਾਫ਼ ਨਾਹਰੇ ਮਾਰਨੇ ਹੀ ਭੁੱਲ ਗਏ। ਡੀ.ਆਈ.ਜੀ.ਵੀ ਇਹੋ ਚਾਹੁੰਦਾ ਸੀ। ਉਸ ਦਾ ਡਿਪਟੀ ਨਾਲ ਰਾਜ਼ੀਨਾਮਾ ਹੋ ਚੁੱਕਾ ਸੀ। ਨਾਹਰੇ ਮਾਹੌਲ ਵਿਗਾੜ ਸਕਦੇ ਸਨ।

ਡਿਪਟੀ ਤੋਂ ਗੁੱਸਾ ਲਹਿ ਜਾਣ ਕਰਕੇ ਡੀ.ਆਈ.ਜੀ.ਦੀ ਇਕਦਮ ਭੁੱਖ ਚਮਕ ਪਈ। ਉਸ ਦਾ ਵਫ਼ਾਦਾਰ ਇੰਸਪੈਕਟਰ ਕਾਫ਼ੀ ਦੇਰ ਤੋਂ ਗ਼ਾਇਬ ਸੀ। ਉਸ ਨੂੰ ਨਿਰਭੈ ਸਿੰਘ ਦੀ ਪਸੰਦ ਦਾ ਇਲਮ ਸੀ। ਜ਼ਰੂਰ ਚਿੱਲੀ ਚਿਕਨ ਦਾ ਪ੍ਰਬੰਧ ਕਰਨ ਗਿਆ ਹੋਏਗਾ।

ਲੋਕਾਂ ਨੂੰ ਖ਼ੁਸ਼ ਕਰ ਕੇ ਨਿਰਭੈ ਸਿੰਘ ਨੇ ਖਾਣੇ ਲਈ ਰੈਸਟ ਹਾਊਸ ਦਾ ਰੁਖ਼ ਕੀਤਾ। ਡਿਪਟੀ ਨੂੰ ਉਸ ਨੇ ਆਪਣੀ ਗੱਡੀ ਵਿੱਚ ਹੀ ਬਿਠਾ ਲਿਆ। ਖੁੱਲ੍ਹ ਕੇ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਸੀ। ਕਿਸੇ ਚੰਗੇ ਮੌਕੇ ਨੂੰ ਹੱਥੋਂ ਗਵਾਉਣਾ ਨਿਰਭੈ ਸਿੰਘ ਦੀ ਆਦਤ ਨਹੀਂ ਸੀ।

 

 

20

ਡੀ.ਆਈ.ਜੀ.ਦੇ ਲਾਰੇ ਲੋਕਾਂ ਨੂੰ ਬਹੁਤੇ ਦਿਨ ਖ਼ੁਸ਼ ਨਾ ਰੱਖ ਸਕੇ।

ਬੂਝਾ ਸਿੰਘ ਸੀ.ਆਈ.ਡੀ.ਵਾਲੇ ਨੇ ਸਾਰੇ ਪਾਜ ਖੋਲ੍ਹ ਦਿੱਤੇ।

“ਉਹ ਮੌਕਾ ਦੇਖਣ ਨਹੀਂ ਸੀ ਆਇਆ ਡਿਪਟੀ ਨੂੰ ਸਿੱਧਾ ਕਰਨ ਆਇਆ ਸੀ। ਆਪਣਾ ਉੱਲੂ ਸਿੱਧਾ ਕਰ ਕੇ ਤੁਰ ਗਿਆ। ਦੇਖ ਲਓ, ਉਸੇ ਦਿਨ ਦਾ ਨੰਬਰਦਾਰ ਪਿੰਡ ਬੜ੍ਹਕਾਂ ਮਾਰਦਾ ਫਿਰਦੈ। ਗਰੇਵਾਲਾਂ ਨੇ ਜ਼ਮੀਨ ’ਤੇ ਕਬਜ਼ਾ ਕਰ ਲਿਐ। ਬੰਟੀ ਦੇ ਕਾਤਲਾਂ ਦਾ ਪਤਾ ਟਿਕਾਣਾ ਨਾ ਉਸ ਦਿਨ ਸੀ, ਨਾ ਹਾਲੇ ਤਕ ਲੱਗੈ। ਉਹ ਕੋਰਾ ਝੂਠ ਮਾਰ ਗਿਐ।”

ਬੂਝਾ ਸਿੰਘ ਦਾ ਪਰਚਾਰ ਰੰਗ ਲਿਆਇਆ ਸੀ।

ਬੰਟੀ ਦੀ ਮੌਤ ਵਾਲੇ ਦਿਨ ਤੋਂ ਹੜਤਾਲ ਜਾਰੀ ਸੀ। ਹੜਤਾਲ ਵੀ ਬੇਮਿਸਾਲ ਸੀ। ਜਦੋਂ ਦੀ ਪੰਜਾਬ ਵਿੱਚ ਗੜਬੜ ਹੋਈ ਹੈ, ਹਰ ਤੀਸਰੇ ਦਿਨ ਹੜਤਾਲ ਹੁੰਦੀ ਹੈ। ਕਦੇ ਸਿੱਖਾਂ ਵੱਲੋਂ, ਕਦੇ ਹਿੰਦੂਆਂ ਵੱਲੋਂ। ਸਿੱਖਾਂ ਵੱਲੋਂ ਹੜਤਾਲ ਹੋਵੇ ਤਾਂ ਹਿੰਦੂ ਡਰਦੇ ਦੁਪਹਿਰ ਤਕ ਤਾਂ ਦੁਕਾਨਾਂ ਬਿਲਕੁਲ ਨਹੀਂ ਖੋਲ੍ਹਦੇ। ਦੁਪਹਿਰ ਤੋਂ ਬਾਅਦ ਪਹਿਲਾਂ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਦੇ ਹਨ ਤੇ ਫੇਰ ਹੌਲੀ-ਹੌਲੀ ਸਾਰਾ। ਸ਼ਾਮ ਤਕ ਬਜ਼ਾਰ ਵਿੱਚ ਗਹਿਮਾ-ਗਹਿਮੀ ਹੋਣ ਲੱਗਦੀ ਹੈ।

ਹੜਤਾਲ ਹਿੰਦੂਆਂ ਵੱਲੋਂ ਹੋਵੇ ਤਾਂ ਮਾਹੌਲ ਤਨਾਅ-ਪੂਰਨ ਬਣਿਆ ਰਹਿੰਦਾ ਹੈ। ਅੱਧੇ ਸਿੱਖ ਤਾਂ ਦੁਕਾਨਾਂ ਬੰਦ ਕਰਦੇ ਹੀ ਨਹੀਂ। ਉਹਨਾਂ ਦੇ ਬਹਾਨੇ ਕੁੱਝ ਹਿੰਦੂ ਵੀ ਦੁਕਾਨਾਂ ਖੋਲ੍ਹ ਲੈਂਦੇ ਹਨ। ਕੁੱਝ ਕਾਂਗਰਸੀ ਹੋਣ ਦਾ ਪੱਜ ਲਾਉਂਦੇ ਹਨ ਤੇ ਕੁੱਝ ਕਾਮਰੇਡ ਹੋਣ ਦਾ। ਉਹ ਆਖਦੇ ਹਨ, ਉਹਨਾਂ ਦਾ ਫ਼ਿਰਕੂ ਪਾਰਟੀਆਂ ਜਾਂ ਉਹਨਾਂ ਦੇ ਪ੍ਰੋਗਰਾਮਾਂ ਨਾਲ ਕੋਈ ਸੰਬੰਧ ਨਹੀਂ। ਭਾਰਤੀ ਜਨਤਾ ਪਾਰਟੀ ਵਾਲੇ ਜਾਂ ਫੇਰ ਵਿਉਪਾਰ ਮੰਡਲ ਵਾਲੇ ਲੋਕਾਂ ਤੋਂ ਦੁਕਾਨਾਂ ਬੰਦ ਕਰਾਉਣ ਲਈ ਇੱਕ ਗੇੜਾ ਮਾਰਦੇ ਹਨ, ਫੇਰ ਘਰੋ-ਘਰੀ ਜਾ ਵੜਦੇ ਹਨ।

ਇਸ ਵਾਰ ਹਾਲਾਤ ਉਲਟ ਸਨ। ਬੰਟੀ ਦੇ ਕਤਲ ਦੇ ਸਵਾਲ ਨੂੰ ਲੈ ਕੇ ਹੋਈ ਹੜਤਾਲ ਕਾਰਨ ਢਾਬਿਆਂ ਤੋਂ ਲੈ ਕੇ ਸ਼ਰਾਬ ਦੇ ਠੇਕਿਆਂ ਤਕ ਸਭ ਦੁਕਾਨਾਂ ਨੂੰ ਜਿੰਦੇ ਵੱਜੇ ਹੋਏ ਸਨ। ਕਿਸੇ ਰਾਹ ਜਾਂਦੇ ਨੂੰ ਚਾਹ ਦਾ ਕੱਪ ਤਕ ਨਸੀਬ ਨਹੀਂ ਸੀ ਹੁੰਦਾ। ਕਿਸੇ ਬੀਮਾਰ ਨੂੰ ਹਸਪਤਾਲ ਲਿਜਾਣ ਲਈ ਰਿਕਸ਼ਾ ਤਕ ਨਹੀਂ ਸੀ ਲੱਭਦਾ। ਆਖ਼ਿਰ ਵਿਉਪਾਰ ਲਈ ਵੀ ਤਾਂ ਸੁਖ-ਸ਼ਾਂਤੀ ਚਾਹੀਦੀ ਹੈ। ਅਜਿਹੇ ਰੁੱਖੇ ਦਿਨਾਂ ਵਿੱਚ ਕੰਮ ਕਰਨ ਨੂੰ ਕਿਸ ਦਾ ਦਿਲ ਕਰਦਾ ਹੈ? ਹਨੇਰ-ਗਰਦੀ ਮੱਚੀ ਪਈ ਸੀ। ਦਿਨ-ਦਿਹਾੜੇ ਬੱਚੇ ਨੂੰ ਅਗਵਾ ਕੀਤਾ ਗਿਆ, ਪੁਲਿਸ ਨੇ ਪੂਰਾ ਜ਼ੋਰ ਲਾ ਲਿਆ, ਉਹ ਸ਼ਹਿਰ ਵਿੱਚ ਬੈਠੇ ਹੋਏ ਵੀ ਉਸ ਦੇ ਹੱਥ ਨਾ ਆਏ। ਧਮਕੀਆਂ ਦਿੰਦੇ ਰਹੇ, ਬੱਚੇ ਨੂੰ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਏ।

ਅਜਿਹੇ ਮਾਹੌਲ ਵਿੱਚ ਆਮ ਬੰਦੇ ਦਾ ਕੀ ਵੱਟੀਦਾ ਹੈ? ਕਿੰਨੇ ਹੀ ਵਾਰ ਲੋਕਾਂ ਤੋਂ ਸਕੂਟਰ ਖੋਹੇ ਗਏ, ਕਈ ਵਾਰ ਬਜ਼ਾਰਾਂ ਵਿਚਲੀਆਂ ਬੈਂਕਾਂ ਲੁੱਟੀਆਂ ਗਈਆਂ। ਮੌਕੇ ’ਤੇ ਕਦੇ ਕੋਈ ਨਹੀਂ ਫੜਿਆ ਗਿਆ। ਲੋਕਾਂ ਦੇ ਦਿਲ ਟੁੱਟ ਚੁੱਕੇ ਸਨ। ਕੰਮ ’ਤੇ ਆਉਣ ਦੀ ਕਿਸੇ ਦੀ ਰੂਹ ਨਹੀਂ ਸੀ ਕਰਦੀ।

ਇਸ ਮੁਕੰਮਲ ਹੜਤਾਲ ਲਈ ਬੂਝਾ ਸਿੰਘ ਆਪਣੇ ਆਪ ਨੂੰ ਸ਼ਾਬਾਸ਼ ਦੇ ਰਿਹਾ ਸੀ। ਇਸ ਦਾ ਮੁੱਢ ਉਸੇ ਦੇ ਪੈਰੋਂ ਬੱਝਾ ਸੀ।

ਬੂਝਾ ਸਿੰਘ ਦੀ ਸੀ.ਆਈ.ਡੀ.ਵਿਚੋਂ ਨਿਕਲਣ ਦੀ ਪਹਿਲੀ ਚਾਲ ਅਸਫ਼ਲ ਹੋ ਗਈ ਸੀ। ਤਲਾਸ਼ੀਆਂ ਦੌਰਾਨ ਉਸ ਨੇ ਪੰਜ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਸਟੂਡੈਂਟਸ ਯੂਨੀਅਨ ਨੇ ਅਜਿਹਾ ਸਿਆਪਾ ਪਾਇਆ ਕਿ ਸ਼ਾਮੂ ਦੇ ਨਾਲ-ਨਾਲ ਬੂਝਾ ਸਿੰਘ ਨੂੰ ਬਾਕੀ ਸਾਂਸੀ ਵੀ ਛੱਡਣੇ ਪਏ। ਕਰਫ਼ਿਊ ਹੁੰਦਿਆਂ ਹੋਇਆਂ ਵੀ ਯੂਨੀਅਨ ਨੇ ਪਤਾ ਨਹੀਂ ਕਿਥੋਂ ਸੂਹ ਕੱਢੀ। ਖ਼ਾਨ ਨੂੰ ਝੱਟ ਫ਼ੋਨ ਖੜਕਾ ਦਿੱਤੇ। ਤਰੱਕੀ ਦੀ ਥਾਂ ਬੂਝਾ ਸਿੰਘ ਨੂੰ ਮਿਲੀਆਂ ਖ਼ਾਨ ਦੀਆਂ ਝਿੜਕਾਂ।

ਹੜਤਾਲ ਉਸ ਦੀ ਦੂਸਰੀ ਚਾਲ ਸੀ। ਉਹ ਵਿਸਥਾਰ ਨਾਲ ਰਿਪੋਰਟਾਂ ਭੇਜ ਰਿਹਾ ਸੀ। ਘੁੰਮ-ਫਿਰ ਕੇ ਸਾਰੀ ਗੱਲ ਪ੍ਰੀਤਮ ਸਿੰਘ ਸਿਰ ਆ ਜਾਂਦੀ। ਬੂਝਾ ਸਿੰਘ ਆਪਣੀਆਂ ਰਿਪੋਰਟਾਂ ਨਾਲ ਅਫ਼ਸਰਾਂ ਨੂੰ ਇਹ ਗੱਲ ਜਚਾਉਣ ’ਤੇ ਤੁਲਿਆ ਹੋਇਆ ਸੀ ਕਿ ਇਸ ਸਾਰੀ ਬਦਅਮਨੀ ਦਾ ਇਕੋ ਕਾਰਨ ਪ੍ਰੀਤਮ ਸਿੰਘ ਐਸ.ਐਚ.ਓ ਸੀ।

ਜਿੰਨੀਆਂ ਵੀ ਖ਼ਬਰਾਂ ਛਪਦੀਆਂ, ਜਿੰਨੀਆਂ ਰੈਲੀਆਂ ਹੁੰਦੀਆਂ, ਸਭ ਵਿੱਚ ਪ੍ਰੀਤਮ ’ਤੇ ਸਿੱਧੇ ਹਮਲੇ ਹੁੰਦੇ। ਉਸ ਵੱਲੋਂ ਕੀਤੀ ਜਾ ਰਹੀ ਕੁਰੱਪਸ਼ਨ ਦੇ ਕੱਚੇ ਚਿੱਠੇ ਖੋਲ੍ਹੇ ਜਾਂਦੇ। ਬੂਝਾ ਸਿੰਘ ਦੀ ਕਿਰਪਾ ਨਾਲ ਉਸ ਦੇ ਪੁਲਿਸ ’ਚ ਭਰਤੀ ਹੋਣ ਤੋਂ ਲੈ ਕੇ ਅੱਜ ਤਕ ਬਣੀ ਲੱਖਾਂ ਰੁਪਏ ਦੀ ਜਾਇਦਾਦ ਦੇ ਅੰਕੜੇ ਕਈ ਪੋਸਟਰਾਂ ਵਿੱਚ ਛਪ ਚੁੱਕੇ ਸਨ।

ਕਿਸੇ ਜਥੇਦਾਰ ਰਾਹੀਂ ਮੁੱਖ ਮੰਤਰੀ ਨੂੰ ਭੇਜੀ ਆਪਣੀ ਖ਼ੁਫ਼ੀਆ ਰਿਪੋਰਟ ਚਿ ਬੂਝਾ ਸਿੰਘ ਨੇ ਸਾਫ਼ ਲਿਖਿਆ ਸੀ ਕਿ ਲੋਕ ਅਸਲ ਵਿੱਚ ਪ੍ਰੀਤਮ ਸਿੰਘ ਦੇ ਖ਼ਿਲਾਫ਼ ਹਨ, ਕਿਉਂਕਿ ਉਹਨਾਂ ਦੀ ਪ੍ਰੀਤਮ ਨੂੰ ਤਬਦੀਲ ਕਰਨ ਦੀ ਮੰਗ ਨਹੀਂ ਮੰਨੀ ਜਾ ਰਹੀ, ਇਸ ਲਈ ਹੁਣ ਲੋਕ ਮੁੱਖ ਮੰਤਰੀ ਦੇ ਖ਼ਿਲਾਫ਼ ਹੁੰਦੇ ਜਾ ਰਹੇ ਹਨ। ਲੋਕਾਂ ਦਾ ਮਤ ਬਣਦਾ ਜਾ ਰਿਹਾ ਹੈ ਕਿ ਇਸ ਗੜਬੜ ਵਿੱਚ ਮੁੱਖ ਮੰਤਰੀ ਵੀ ਹਿੱਸੇਦਾਰ ਹੈ। ਕੀ ਹੋ ਗਿਆ ਜੋ ਅੱਜ ਉਨਾਂ ਦੀ ਪਾਰਟੀ ਚੋਣਾਂ ਜਿੱਤ ਗਈ ਹੈ। ਕੱਲ੍ਹ ਉਹ ਵੀ ਵੱਖਵਾਦੀ ਨਾਅਰੇ ਹੀ ਤਾਂ ਮਾਰ ਰਹੇ ਸਨ। ਜੇ ਮੁੱਖ ਮੰਤਰੀ ਨੂੰ ਆਪਣੇ ਇਲਾਕੇ ਦੇ ਲੋਕਾਂ ਦਾ ਹੀ ਖ਼ਿਆਲ ਨਹੀਂ, ਉਹ ਸੂਬੇ ਦਾ ਕੀ ਸੰਵਾਰੇਗਾ? ਉਸ ਨੂੰ ਇੱਕ ਬੇਈਮਾਨ ਥਾਣੇਦਾਰ ਨਾਲ ਇੰਨਾ ਮੋਹ ਕਿਉਂ ਹੈ? ਮੰਤਰੀ ਦੀ ਚੁੱਪ ਸਗੋਂ ਪੁਲਿਸ ਨੂੰ ਲੁੱਟ-ਖਸੁੱਟ ਦੀ ਖੁੱਲ੍ਹੀ ਛੁਟੀ ਦੇ ਰਹੀ ਸੀ।

ਲੋਕਾਂ ਦੀਆਂ ਮੰਗਾਂ ਜਾਇਜ਼ ਸਨ। ਉਹ ਕਿਸੇ ਪੁਲਿਸ ਵਾਲੇ ਨੂੰ ਫਾਹੇ ਲਾਉਣ ਦੀ ਮੰਗ ਤਾਂ ਨਹੀਂ ਕਰ ਰਹੇ। ਇਮਾਨਦਾਰ ਅਫ਼ਸਰਾਂ ਦੀ ਮੰਗ ਹੀ ਕਰ ਰਹੇ ਹਨ। ਮੁੱਖ ਮੰਤਰੀ ਨੂੰ ਚਾਹੀਦਾ ਹੈ, ਲੋਕਾਂ ਦਾ ਗੁੱਸਾ ਸ਼ਾਂਤ ਕਰੇ।

ਇਹ ਸ਼ਹਿਰ ਹੀ ਹੈ, ਜਿਹੜਾ ਵੋਟਾਂ ਵੇਲੇ ਮੁੱਖ ਮੰਤਰੀ ਦੇ ਹੱਕ ਵਿੱਚ ਭੁਗਤਦਾ ਹੈ। ਚੋਣਾਂ ਤੋਂ ਪਹਿਲਾਂ ਲੋਕ ਲੱਖ ਸਰਦਾਰ ਜੀ ਨਾਲ ਰੁੱਸੇ ਹੋਣ, ਵੋਟ ਪਾਉਣ ਵੇਲੇ ਉਹ ਸਰਦਾਰ ਦੇ ਨਰਮ ਸੁਭਾਅ ’ਤੇ ਹੀ ਧਿਜਦੇ ਹਨ। ਵਿਰੋਧੀ ਚਾਹੇ ਜਿੰਨੇ ਮਰਜ਼ੀ ਬ੍ਰਾਹਮਣਵਾਦ ਦੇ ਨਾਹਰੇ ਲਾਉਂਦੇ ਰਹਿਣ, ਲੋਕ ਸਰਦਾਰ ਜੀ ਨਾਲੋਂ ਨਹੀਂ ਟੁੱਟਦੇ। ਇਸ ਵਾਰ ਮਾਮਲਾ ਨਾਜ਼ੁਕ ਹੈ। ਜੇ ਫੌਰੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਲੋਕਾਂ ਨੇ ਸਰਦਾਰ ਜੀ ਤੋਂ ਅਜਿਹਾ ਮੁੱਖ ਮੋੜਨਾ ਹੈ ਕਿ ਉਹਨਾਂ ਨੂੰ ਹੋਰ ਹਲਕਾ ਲੱਭਣਾ ਪੈਣਾ ਹੈ। ਇਸ ਵਾਰ ਪਾਰਲੀਮੈਂਟ ਦੀਆਂ ਚੋਣਾਂ ਸਮੇਂ ਉਹ ਲੋਕਾਂ ਦੇ ਗੁੱਸੇ ਦਾ ਸੁਆਦ ਚੱਕ ਚੁੱਕੇ ਹਨ।

ਮੁੱਖ ਮੰਤਰੀ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਜਾਂ ਫੇਰ ਉਸ ਨੂੰ ਲੋਕਾਂ ਦੇ ਗ਼ੁੱਸੇ ਦੀ ਕੋਈ ਪਰਵਾਹ ਨਹੀਂ ਸੀ ਜਾਂ ਫੇਰ ਇਸ ਚੁੱਪ ਵਿੱਚ ਵੀ ਕੋਈ ਸਿਆਸੀ ਚਾਲ ਸੀ।

ਬੂਝਾ ਸਿੰਘ ਨੂੰ ਆਪਣੀ ਕਾਹਲ ਸੀ। ਉਸ ਨੇ ਮੁੱਖ ਮੰਤਰੀ ਦੇ ਸਭ ਤੋਂ ਨਜ਼ਦੀਕੀ ਜਥੇਦਾਰ ਨੂੰ ਸ਼ਿੰਗਾਰ ਰੱਖਿਆ ਸੀ। ਜਿਸ ਦਿਨ ਵੀ ਬਦਲੀਆਂ ਹੋਈਆਂ, ਮੁੱਖ ਮੰਤਰੀ ਤੋਂ ਫ਼ੋਨ ਕਰਾ ਕੇ ਐਸ.ਐਚ.ਓ.ਲਗਵਾ ਦੇਵੇਗਾ।

ਜਥੇਦਾਰ ਤਾਂ ਆਈ.ਜੀ.ਕੋਲ ਵੀ ਜਾ ਵੱਜਾ ਸੀ। ਆਈ.ਜੀ.ਨੇ ਇਕੋ ਸ਼ਰਤ ਰੱਖੀ ਸੀ।

“ਪਹਿਲਾਂ ਪੰਜ-ਚਾਰ ਦਹਿਸ਼ਤਗਰਦ ਫੜ ਕੇ ਮਾਰ। ਆਉਂਦੇ ਦੇ ਹੀ ਆਰਡਰ ਕਰ ਦਿਆਂਗਾ।”

ਬੂਝਾ ਸਿੰਘ ਇਹ ਕਰਨ ਲਈ ਤਿਆਰ ਨਹੀਂ ਸੀ। ਪਹਿਲਾਂ ਇੱਕ ਮਾਰਿਆ ਸੀ ਤਾਂ ਅੱਜ ਤਕ ਤਾਬ ਨਹੀਂ ਸੀ ਆਇਆ। ਅਜਿਹੀ ਨੌਕਰੀ ਨਾਲੋਂ ਤਾਂ ਇਥੇ ਹੀ ਭਲਾ ਸੀ।

ਉਂਝ ਬੂਝਾ ਸਿੰਘ ਸੀ.ਆਈ.ਡੀ.ਵਿੱਚ ਪਹਿਲਾਂ ਜਿੰਨਾ ਔਖਾ ਨਹੀਂ ਸੀ। ਇਸ ਕੰਮ ਦਾ ਹੁਣ ਉਸ ਨੂੰ ਭੁੱਸ ਪੈ ਗਿਆ ਸੀ।

ਜਦੋਂ ਦੀ ਗੜਬੜ ਸ਼ੁਰੂ ਹੋਈ ਹੈ, ਸੀ.ਆਈ.ਡੀ.ਵਾਲਿਆਂ ਦੀਆਂ ਵੀ ਮੌਜਾਂ ਹੋ ਗਈਆਂ ਹਨ। ਪਹਿਲਾਂ ਤਾਂ ਸਾਰਾ ਦਿਨ ਚੋਰਾਂ ਵਾਂਗ ਸ਼ੈਲਰਾਂ, ਫੂਡ ਸਪਲਾਈ ਜਾਂ ਮਾਰਕਫੈੱਡ ਵਾਲਿਆਂ ਪਿੱਛੇ ਫਿਰਨਾ ਪੈਂਦਾ ਸੀ, ਕਦੋਂ ਦੋ ਨੰਬਰ ਦੇ ਚੌਲਾਂ ਨਾਲ ਭਰਿਆ ਟਰੱਕ ਗੁਦਾਮੋਂ ਬਾਹਰ ਨਿਕਲਦਾ ਹੈ? ਕਦੇ ਪੀ.ਡਬਲਿਯੂ.ਡੀ.ਵਾਲਿਆਂ ਪਿੱਛੇ ਬੰਦੇ ਲਾਉਣੇ ਪੈਂਦੇ, ਕਦੇ ਜੰਗਲਾਤ ਵਾਲਿਆਂ ਪਿੱਛੇ। ‘ਮੁਲਾਜ਼ਮ ਭਾਈ, ਮੁਲਾਜ਼ਮ ਭਾਈ’ ਦਾ ਵਾਸਤਾ ਪਾ ਕੇ ਉਹ ਮਸਾਂ ਹੀ ਦਸੌਂਧ ਦਿੰਦੇ ਸਨ।

ਇਹਨਾਂ ਦਿਨਾਂ ਵਿੱਚ ਉਹਨਾਂ ਪਿੱਛੇ ਫਿਰਨ ਦੀ ਕਿਸ ਨੂੰ ਵਿਹਲ ਹੈ? ਉਸ ਦਾ ਹੌਲਦਾਰ ਬੜਾ ਸਿਆਣਾ ਹੈ। ਉਸ ਦੀ ਸਾਰੀ ਨੌਕਰੀ ਸੀ.ਆਈ.ਡੀ.ਦੀ ਹੈ ਅਤੇ ਉਹ ਵੀ ਇਸ ਇਲਾਕੇ ਦੀ। ਇਥੋਂ ਦੇ ਬੱਚੇ-ਬੱਚੇ ਨੂੰ ਜਾਣਦਾ ਹੈ। ਸਿਪਾਹੀ ਵੀ ਪੁਰਾਣੇ ਹਨ। ਉੱਪਰ ਭੇਜਣ ਲਈਂ ਆਪੇ ਇਤਲਾਹ ਇਕੱਠੀ ਕਰ ਲੈਂਦੇ ਹਨ। ਕੁੱਝ ਪ੍ਰੈਸ-ਰਿਪੋਰਟਰਾਂ ਕੋਲੋਂ, ਕੁੱਝ ਨੇਤਾਵਾਂ ਕੋਲੋਂ ਅਤੇ ਕੁੱਝ ਇਧਰੋਂ-ਉਧਰੋਂ। ਬਾਕੀ ਘੜੀਆਂ-ਘੜਾਈਆਂ ਹੁੰਦੀਆਂ ਹਨ। ਜਿਵੇਂ ਅੱਤਵਾਦ ਬਾਰੇ ਹਰ ਪੰਦਰਾਂ ਦਿਨਾਂ ਬਾਅਦ ਇਹੋ ਰਿਪੋਰਟ ਭੇਜਣੀ ਹੁੰਦੀ ਹੈ ਕਿ ਇਲਾਕੇ ਵਿੱਚ ਕੁੱਝ ਨਵੇਂ ਅਤਿਵਾਦੀ ਪ੍ਰਵੇਸ਼ ਕਰ ਗਏ ਹਨ। ਕਿਸੇ ਵੀ ਸਮੇਂ ਮਾੜੀ ਘਟਨਾ ਵਾਪਰ ਸਕਦੀ ਹੈ ਜਾਂ ਅਤਿਵਾਦੀ ਇਲਾਕੇ ਵਿੱਚ ਆਪਣਾ ਵਿਸਥਾਰ ਕਰ ਰਹੇ ਹਨ, ਨਵੇਂ ਮੁੰਡੇ ਭਰਤੀ ਕਰ ਰਹੇ ਹਨ। ਇਲਾਕੇ ਵਿੱਚ ਮਾਰੂ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਹਨ।

ਇਹ ਖ਼ਬਰ ਉਹਨਾਂ ਆਪਣੇ ਅਫ਼ਸਰਾਂ ਤੋਂ ਸਿੱਖੀ ਹੈ। ਹਰ ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਨੂੰ ਦਿੱਲੀ ਪੁਲਿਸ ਅਜਿਹੀ ਹੀ ਖ਼ਬਰ ਨਸ਼ਰ ਕਰਦੀ ਹੈ ਤੇ ਪੰਜ-ਚਾਰ ਮੁੰਡਿਆਂ ਦੀਆਂ ਫ਼ੋਟੋਆਂ ਛਾਪ ਦਿੰਦੀ ਹੈ ਕਿ ਇਹ ਖ਼ਤਰਨਾਕ ਅਤਿਵਾਦੀ ਦਿੱਲੀ ਵਿੱਚ ਪ੍ਰਵੇਸ਼ ਕਰ ਗਏ ਹਨ। ਕੋਈ ਵੀ ਵਾਰਦਾਤ ਕਰ ਸਕਦੇ ਹਨ। ਉਹਨਾਂ ਦੀ ਸਰਕਾਰੀ ਸਮਾਗਮਾਂ ਵਿੱਚ ਗੜਬੜ ਕਰਨ ਦਾ ਯੋਜਨਾ ਹੈ ਆਦਿ। ਜੇ ਦਿੱਲੀ ਵਾਲੇ ਇੰਝ ਕਰ ਸਕਦੇ ਹਨ ਤਾਂ ਉੇਹ ਕਿਉਂ ਨਹੀਂ ਕਰ ਸਕਦੇ? ਲੋਕਲ ਪੁਲਿਸ ਆਪੇ ਟੱਕਰਾਂ ਮਾਰਦੀ ਰਹਿੰਦੀ ਹੈ।

ਸ਼ਹਿਰ ਵਿੱਚ ਹੜਤਾਲ ਹੋਣੀ ਹੋਵੇ ਤਾਂ ਵੀ ਰਿਪੋਰਟ ਤਿਆਰ ਹੈ। ਉਹੋ ਪਹਿਲਾਂ ਵਾਲੇ ਅੱਖਰ, ਸੰਘ ਵੱਲੋਂ ਖ਼ੂਨ-ਖ਼ਰਾਬੇ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਹੋ ਰਹੀ ਹੈ। ਮੰਦਰ ਵਿੱਚ ਮੀਟਿੰਗਾਂ ਹੋ ਰਹੀਆਂ ਹਨ। ਕੁੱਝ ਹਥਿਆਰ ਅਤੇ ਬਹੁਤ ਸਾਰੀਆਂ ਡਾਂਗਾਂ ਇਕੱਠੀਆਂ ਕੀਤੀਆਂ ਜਾ ਚੁੱਕੀਆਂ ਹਨ। ਦੁਕਾਨਾਂ ਲੁੱਟਣ, ਅੱਗਜ਼ਨੀ ਤੋਂ ਲੈ ਕੇ ਕਤਲਾਂ ਤਕ ਕੁੱਝ ਵੀ ਹੋ ਸਕਦਾ ਹੈ। ਬੱਸਾਂ ਦਾ ਘਿਰਾਓ ਕੀਤਾ ਜਾਏਗਾ, ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਜਾਣੋਂ ਰੋਕਿਆ ਜਾਏਗਾ ਆਦਿ। ਇਹ ਰਿਪੋਰਟ ਵੀ ਉਹਨਾਂ ਉੱਚ ਅਧਿਕਾਰੀਆਂ ਵੱਲੋਂ ਹਰ ਤਿਉਹਾਰ ’ਤੇ ਜਾਰੀ ਕੀਤੀ ਜਾਂਦੀ ਰਿਪੋਰਟ ਦੇ ਆਧਾਰ ਉੱਪਰ ਹੀ ਤਿਆਰ ਕੀਤੀ ਹੈ।

ਹੜਤਾਲ ਅਕਾਲੀਆਂ ਵੱਲੋਂ ਹੋਵੇ ਤਾਂ ਕੁੱਝ ਸ਼ਬਦ ਬਦਲਣੇ ਪੈਂਦੇ ਹਨ। ਮੰਦਰ ਦੀ ਥਾਂ ਗੁਰਦੁਆਰਾ, ਡਾਂਗਾਂ ਦੀ ਥਾਂ ਕਿਰਪਾਨਾਂ, ਬਾਕੀ ਉਹੋ ਕੁੱਝ।

ਕੋਈ ਸਰਕਾਰੀ ਜਲਸਾ ਹੋਵੇ ਤਾਂ ਲੋਕਾਂ ਵਿੱਚ ਭਾਰੀ ਉਤਸ਼ਾਹ ਦੀ ਰਿਪੋਰਟ। ਕੋਈ ਵਿਰੋਧੀ ਪਾਰਟੀ ਦਾ ਜਲਸਾ ਹੋਵੇ ਤਾਂ ਲੋਕਾਂ ਵਿੱਚ ਉਦਾਸੀਨਤਾ ਦੀ ਰਿਪੋਰਟ। ਹੁਕਮਰਾਨ ਪਾਰਟੀ ਦੇ ਜਲਸੇ ਵਿੱਚ ਇਕੱਠੇ ਹੋਏ ਲੋਕਾਂ ਦੀ ਗਿਣਤੀ ਦਿੰਦਿਆਂ ਇੱਕ ਜਾਂ ਦੋ ਬਿੰਦੀਆਂ ਹੋਰ ਲਾ ਦਿਓ। ਵਿਰੋਧੀ ਪਾਰਟੀ ਦੇ ਇਕੱਠ ਨਾਲੋਂ ਇੱਕ ਬਿੰਦੀ ਖਿਸਕਾ ਦਿਓ। ਬੱਸ ) ਤੁਸੀਂ ਇੱਕ ਕਾਮਯਾਬ ਸੂਹੀਏ ਬਣ ਗਏ।

ਅਜਿਹੀਆਂ ਰਿਪੋਰਟਾਂ ਤਾਂ ਹੁਣ ਉਸ ਦੇ ਖੱਬੇ ਹੱਥ ਦੀ ਖੇਡ ਸੀ।

ਉਹਨਾਂ ਦਾ ਜ਼ਿਆਦਾ ਧਿਆਨ ਨਵੇਂ ਪੁੰਗਰਦੇ ਅਤਿਵਾਦੀਆਂ ਵੱਲ ਰਹਿੰਦਾ ਸੀ। ਕਿਸੇ ਮੁੰਡੇ ਨੇ ਕੇਸਰੀ ਪੱਗ ਬੰਨ੍ਹੀ ਨਹੀਂ ਕਿ ਉਹਨਾਂ ਆਪਣਾ ਜਾਲ ਵਿਛਾਇਆ ਨਹੀਂ। ਇਸ ਕੰਮ ਲਈ ਬੂਝਾ ਸਿੰਘ ਦਾ ਤਾਂ ਬਹੁਤਾ ਦਿਮਾਗ਼ ਕੰਮ ਨਹੀਂ ਕਰਦਾ, ਪਰ ਉਸ ਦਾ ਸਟਾਫ਼ ਬਹੁਤ ਮਾਹਿਰ ਹੈ।

ਉਹ ਦੂਜੇ-ਤੀਜੇ ਦਿਨ ਕੋਈ ਨਾ ਕੋਈ ਸ਼ਿਕਾਰ ਫੁੰਡ ਲੈਂਦੇ ਹਨ।

ਪਹਿਲੇ ਦਿਨ ਸਿਪਾਹੀ ਮੁੰਡੇ ਦੇ ਮਾਪਿਆਂ ਨੂੰ ਮਿਲਦਾ ਹੈ। ਮੁੰਡੇ ਦੇ ਬੁਰੀ ਸੰਗਤ ਵਿੱਚ ਪੈ ਜਾਣ ਦੀ ਸੂਚਨਾ ਦਿੰਦਾ ਹੈ। ਉਸ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਸੁਣਾਉਂਦਾ ਹੈ, ਜਿਹੜੀ ਵਿਚੋਂ ਮੁੰਡਾ ਉੱਠ ਕੇ ਆਇਆ ਹੁੰਦਾ ਹੈ। ਬੜੇ ਸਲੀਕੇ ਨਾਲ ਉਹ ਮਾਪਿਆਂ ਨੂੰ ਸਮਝਾਉਂਦਾ ਹੈ ਕਿ ਉਹ ਉਹਨਾਂ ਨੂੰ ਆਪਣਾ ਸਮਝ ਕੇ ਸੂਚਿਤ ਕਰਨ ਆਇਆ ਹੈ। ਹਾਲੇ ਮੌਕਾ ਸੰਭਾਲਿਆ ਜਾ ਸਕਦਾ ਹੈ। ਉਪਰੋਂ ਚਿੱਠੀ ਆਈ ਹੈ ਕਿ ਮੁੰਡੇ ਦੀਆਂ ਗਤੀਵਿਧੀਆਂ ’ਤੇ ਨਿਗਾਹ ਰੱਖੀ ਜਾਵੇ। ਨਾਲੇ ਉਸ ਦੇ ਚਾਲ-ਚਲਨ ਦੀ ਰਿਪੋਰਟ ਭੇਜੀ ਜਾਵੇ। ਇੱਕ ਵਾਰ ਸੀ.ਆਈ.ਡੀ.ਵਾਲਿਆਂ ਨੇ ਲਿਖ ਦਿੱਤਾ ਕਿ ਮੁੰਡਾ ਅਤਿਵਾਦੀਆਂ ਨਾਲ ਮਿਲਦਾ-ਜੁਲਦਾ ਹੈ ਤਾਂ ਸਿਆਪਾ ਖੜਾ ਹੋ ਜਾਣਾ ਹੈ। ਸਿਪਾਹੀ ਕਈ-ਕਈ ਉਦਾਹਰਣਾਂ ਦਿੰਦਾ। ਕਿਸੇ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ, ਕਿਸੇ ਦੇ ਬਿਨਾਂ ਮੁਕੱਦਮਾ ਜੇਲ੍ਹ ’ਚ ਸੜਦੇ ਰਹਿਣ ਦੀ। ਇੱਕ ਵਾਰ ਹਿਸਟਰੀ-ਸ਼ੀਟ ਖੁੱਲ੍ਹ ਜਾਣ ’ਤੇ ਲੱਗ ਜਾਣ ਵਾਲੀ ਕੋੜ੍ਹ ਦੀ ਬੀਮਾਰੀ ਦੀ। ਫੇਰ ਕਤਲ ਚਾਹੇ ਦਿੱਲੀ ਹੋਇਆ ਹੋਵੇ ਜਾਂ ਬੰਬਈ, ਅਗਲਿਆਂ ਝੱਟ ਥਾਣੇ ਬੁਲਾ ਲਿਆ ਕਰਨੈ। ਕਈ-ਕਈ ਦਿਨ ਥਾਣੇ ਬਿਠਾਈ ਰੱਖਿਆ ਕਰਨੈ। ਹਰ ਵਾਰ ਪੈਸੇ ਦੇ ਕੇ ਖਹਿੜਾ ਛੁੱਟਿਆ ਕਰਨੈ।

ਉਹ ਸਮਝਾ-ਬੁਝਾ ਕੇ ਮਾਪਿਆਂ ਦਾ ਦਿਲ ਹਿਲਾ ਕੇ ਆਇਆ ਹੀ ਹੁੰਦਾ ਹੈ ਕਿ ਬੂਝਾ ਸਿੰਘ ਅੱਧੀ ਰਾਤ ਨੂੰ ਉਹਨਾਂ ਦੇ ਘਰ ਰੇਡ ਕਰ ਦਿੰਦਾ ਹੈ। ਮੁੰਡੇ ਤੋਂ ਸਭ ਕੁੱਝ ਮਨਵਾ ਕੇ, ਮਾਪਿਆਂ ਦੀਆਂ ਮਿੰਨਤਾਂ ਨੂੰ ਮੁੱਖ ਰੱਖਦਿਆਂ ਉਸ ਨੂੰ ਅਗਲੇ ਦਿਨ ਤਕ ਲਈ ਛੱਡ ਆਉਂਦਾ।

ਬਾਕੀ ਕੰਮ ਸੇਵਾ ਸਿੰਘ ਹੌਲਦਾਰ ਕਰਦਾ। ਉਸ ਨੂੰ ਪਤਾ ਹੁੰਦਾ ਸੀ, ਕਿਸੇ ਦੇ ਕਿੱਡੀ ਕੁ ਸਿੰਗੀ ਲਾਉਣੀ ਹੈ।

ਅਤਿਵਾਦੀਆਂ ਵਿੱਚ ਨਾਂ ਆਉਣ ਅਤੇ ਫੇਰ ਕੱਟ ਦੇਣ ਦਾ ਉਹਨਾਂ ਦਾ ਪੂਰਾ ਸੀਜ਼ਨ ਲੱਗਾ ਹੋਇਆ ਸੀ। ਫੇਰ ਵੀ ਉਹ ਵੱਜਦੇ ਤਾਂ ਸੀ.ਆਈ.ਡੀ.ਵਾਲੇ ਹੀ ਸਨ। ਉਹ ਸਹੂਲਤਾਂ ਤਾਂ ਨਹੀਂ ਸਨ, ਜਿਹੜੀਆਂ ਥਾਣੇ ਵਾਲਿਆਂ ਨੂੰ ਹੁੰਦੀਆਂ ਹਨ। ਇਥੇ ਤਾਂ ਸਿਨੇਮਾ ਦੇਖਣ ਵੀ ਜਾਣਾ ਹੋਵੇ ਤਾਂ ਪਹਿਲਾਂ ਮੈਨੇਜਰ ਨੂੰ ਦੱਸਣਾ ਪੈਂਦਾ ਹੈ ਕਿ ਉਹ ਕੌਣ ਹੈ? ਬੱਸ ’ਚ ਸਫ਼ਰ ਕਰਨਾ ਹੋਵੇ ਤਾਂ ਅਡੈਂਟੀ ਕਾਰਡ ਦਿਖਾਉਣਾ ਪੈਂਦਾ ਹੈ। ਥਾਣੇ ਲੱਗਾ ਹੋਵੇ ਤਾਂ ਅਗਲੇ ਵਰਦੀ ਦੇਖ ਕੇ ਹੀ ਡਰ ਜਾਂਦੇ ਹਨ।

ਥਾਣੇਦਾਰ ਨੂੰ ਕੋਈ ਵੱਡਾ ਅਫ਼ਸਰ ਵੀ ਨਹੀਂ ਪੁੱਛਦਾ। ਕੋਈ ਜ਼ਮਾਨਾ ਸੀ ਜੇ ਥਾਣੇਦਾਰ ਦੇ ਹਲਕੇ ਵਿੱਚ ਇੱਕ ਕਤਲ ਵੀ ਹੋ ਜਾਂਦਾ ਤਾਂ ਅਗਲੇ ਦੀ ਬਦਲੀ ਹੋ ਜਾਂਦੀ। ਹੁਣ ਤਾਂ ਭਾਵੇਂ ਥਾਣੇ ਅੱਗੇ ਫ਼ਾਇਰਿੰਗ ਕਰ ਜਾਏ, ਕੋਈ ਪੁੱਛ-ਪੜਤਾਲ ਨਹੀਂ ਹੁੰਦੀ। ਸੀ.ਆਈ.ਡੀ.ਨੂੰ ਵਖਤ ਜ਼ਰੂਰ ਪੈ ਜਾਂਦਾ ਹੈ। ਉਹਨਾਂ ਪਹਿਲਾਂ ਸੂਹ ਕਿਉਂ ਨਾ ਲਾਈ? ਸੀ.ਆਈ.ਡੀ.ਸੂਹ ਕਿਥੋਂ ਲਾਵੇ? ਇਸ ਮਹਿਕਮੇ ਬਾਰੇ ਕੋਈ ਨਹੀਂ ਸੋਚਦਾ। ਦਹਿਸ਼ਤਗਰਦਾਂ ਕੋਲ ਇਨਫੀਲਡ ਮੋਟਰ-ਸਾਈਕਲ ਹਨ। ਪੁਲਿਸ ਕੋਲ ਸਾਈਕਲ ਵੀ ਨਹੀਂ। ਮੀਟਿੰਗ ਲਈ ਉਹਨਾਂ ਨੂੰ ਪੰਜ ਸਟਾਰ ਹੋਟਲ ਮਿਲ ਸਕਦੇ ਹਨ। ਸੀ.ਆਈ.ਡੀ.ਵਾਲੇ ਢਾਬੇ ’ਤੇ ਚਾਹ ਦਾ ਕੱਪ ਨਹੀਂ ਪੀ ਸਕਦੇ। ਸੀ.ਆਈ.ਡੀ.ਵਾਲੇ ਪਿੱਛਾ ਕਿਵੇਂ ਕਰਨ? ਕਦੇ ਪੈਰ ਹੇਠ ਬਟੇਰਾ ਆ ਵੀ ਜਾਵੇ ਤਾਂ ਪੈਸੇ ਪੁਲਿਸ ਬਣਾ ਲੈਂਦੀ ਹੈ। ਧਮਕੀਆਂ ਸੀ.ਆਈ.ਡੀ.ਵਾਲਿਆਂ ਨੂੰ।

ਇਸੇ ਲਈ ਬੂਝਾ ਸਿੰਘ ਨੇ ਅਸਲ ਕੰਮ ਛੱਡ ਕੇ ਚਾਰ ਪੈਸੇ ਕਮਾਉਣ ਵੱਲ ਧਿਆਨ ਲਾਇਆ ਹੋਇਆ ਹੈ। ਚਾਰ ਪੈਸੇ ਕਮਾਏ ਹਨ ਤਾਂ ਹੀ ਜਥੇਦਾਰਾਂ ਨੂੰ ਕਾਰਾਂ ਵਿੱਚ ਢੋਣ ਦੇ ਕਾਬਲ ਹੋਇਆ ਹੈ। ਅੱਜ ਕੱਲ੍ਹ ਜਥੇਦਾਰਾਂ ਨੂੰ ਵੀ ਖੰਭ ਲੱਗ ਗਏ ਹਨ। ਬਿਨਾਂ ਕਾਰ ਤੋਂ ਪੁਲਾਂਘ ਨਹੀਂ ਪੁੱਟਦੇ।

ਉਸ ਲਈ ਕਈ ਜਥੇਦਾਰ ਮੁੱਖ ਮੰਤਰੀ ਨੂੰ ਆਖ ਚੁੱਕੇ ਸਨ, ਪਰ ਉਸ ਦੇ ਕੰਨ ’ਤੇ ਜੂੰ ਨਹੀਂ ਸੀ ਸਰਕੀ। ਉਹ ਹਰ ਵਾਰ ਆਮ ਤਬਾਦਲਿਆਂ ਵਿੱਚ ਤਬਾਦਲਾ ਕਰਨ ਦਾ ਵਾਅਦਾ ਕਰ ਕੇ ਟਾਲ ਦਿੰਦਾ। ਇਹ ਗੱਲ ਜਥੇਦਾਰ ਉਸ ਨੂੰ ਨਹੀਂ ਸੀ ਸਮਝਾ ਸਕੇ ਕਿ ਪੁਲਿਸ ਦੇ ਤਬਾਦਲੇ ਬਾਰਾਂ ਮਹੀਨੇ ਤੀਹ ਦਿਨ ਹੁੰਦੇ ਰਹਿੰਦੇ ਹਨ। ਜਨਰਲ ਤਬਾਦਲੇ ਨਹੀਂ ਹੁੰਦੇ।

ਮੁੱਖ ਮੰਤਰੀ ਦਾ ਖਹਿੜਾ ਛੱਡ ਕੇ ਬੂਝਾ ਸਿੰਘ ਹੜਤਾਲਾਂ ਪਿੱਛੇ ਪਿਆ ਹੋਇਆ ਸੀ। ਇਹ ਬੇਅਰਥ ਨਹੀਂ ਸਨ ਜਾਣੀਆਂ। ਬਾਹਰਲੇ ਸ਼ਹਿਰਾਂ ਵਿੱਚ ਇਹਨਾਂ ਦਾ ਅਸਰ ਦਿਖਾਈ ਦੇਣ ਲੱਗਾ ਸੀ। ਕਈ ਸ਼ਹਿਰਾਂ ਵਿੱਚ ਇਥੋਂ ਦੇ ਲੋਕਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਹੜਤਾਲ ਹੋ ਚੁੱਕੀ ਸੀ।

ਕੱਲ੍ਹ ਕਿਸੇ ਅਖ਼ਬਾਰ ਵਿੱਚ ਪੰਜਾਬ ਬੰਦ ਹੋਣ ਦਾ ਇਸ਼ਾਰਾ ਵੀ ਸੀ।

ਮਸਲਾ ਜੇ ਪੰਜਾਬ ਪੱਧਰ ’ਤੇ ਪਹੁੰਚੇ ਤਾਂ ਮੁੱਖ ਮੰਤਰੀ ਦੀਆਂ ਅੱਖਾਂ ਖੁੱਲ੍ਹਣ। ਉਸ ਦੀਆਂ ਅੱਖਾਂ ਖੁੱਲ੍ਹਣ ਤਾਂ ਪੁਲਿਸ ਦੇ ਤਬਾਦਲੇ ਹੋਣ। ਪੁਲਿਸ ਦੇ ਤਬਾਦਲੇ ਹੋਣ ਤਾਂ ਬੂਝਾ ਸਿੰਘ ਦਾ ਦਾਅ ਲੱਗੇ।

ਹਾਲ ਦੀ ਘੜੀ ਇਹ ਹਵਾਈ ਕਿਲ੍ਹੇ ਹੀ ਸਨ। ਨਿਰਾਸ਼ ਬੂਝਾ ਸਿੰਘ ਨੂੰ ਕੁੱਝ ਵੀ ਵਾਪਰਦਾ ਨਜ਼ਰ ਨਹੀਂ ਸੀ ਆ ਰਿਹਾ।

 

 

21

ਆਪਣੇ ਹਲਕੇ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਮੁੱਖ ਮੰਤਰੀ ਬਰਾਬਰ ਨਜ਼ਰ ਰੱਖ ਰਿਹਾ ਸੀ।

ਹਰ ਸ਼ਾਮ ਉਹ ਸੀ.ਆਈ.ਡੀ.ਦੀਆਂ ਰਿਪੋਰਟਾਂ ਅਤੇ ਅਖ਼ਬਾਰਾਂ ਵਿੱਚ ਛਪਦੀਆਂ ਖ਼ਬਰਾਂ ਨੂੰ ਘੋਖਦੈ।

ਅਖ਼ਬਾਰਾਂ ਵਿੱਚ ਬੰਟੀ ਕਾਂਡ ਬਾਰੇ ਲਿਖਿਆ ਤਾਂ ਬਹੁਤ ਕੁੱਝ ਗਿਆ ਸੀ, ਪਰ ਉਹ ਸੀ ਖੇਤਰੀ ਭਾਸ਼ਾਵਾਂ ਦੇ ਅਖ਼ਬਾਰਾਂ ਵਿੱਚ। ਇਹਨਾਂ ਅਖ਼ਬਾਰਾਂ ਨੂੰ ਮੁੱਖ ਮੰਤਰੀ ਜੀ ਬਹੁਤੀ ਅਹਿਮੀਅਤ ਨਹੀਂ ਸਨ ਦਿੰਦੇ। ਪਹਿਲਾ ਕਾਰਨ ਤਾਂ ਇਹ ਸੀ ਕਿ ਇਹਨਾਂ ਦੇ ਹਿੱਤ ਕਿਸੇ ਨਾ ਕਿਸੇ ਤਬਕੇ ਨਾਲ ਜੁੜੇ ਹੋਏ ਸਨ। ਇਹ ਹਰ ਘਟਨਾ ਨੂੰ ਉਸੇ ਨਜ਼ਰੀਏ ਨਾਲ ਦੇਖਦੇ ਸਨ। ਦੂਜਾ ਇਹ ਕਿ ਪਾਠਕਾਂ ਦਾ ਘੇਰਾ ਸੀਮਤ ਹੋਣ ਕਰਕੇ ਹਰ ਖ਼ਬਰ ਨੂੰ ਲੂਣ ਮਿਰਚ ਲਾਉਣਾ ਇਹਨਾਂ ਦੀ ਮਜਬੂਰੀ ਹੈ। ਇਹ ਅਖ਼ਬਾਰ ਤਾਂ ਬਾਤ ਦਾ ਅਜਿਹਾ ਬਤੰਗੜ ਬਣਾਉਂਦੇ ਹਨ ਕਿ ਪੜ੍ਹਨ ਵਾਲੇ ਦਾ ਸਿਰ ਚਕਰਾ ਜਾਂਦਾ ਹੈ। ਸੁਰਖ਼ੀਆਂ ਪੜ੍ਹ ਕੇ ਲੱਗੇਗਾ, ਸਾਰਾ ਪੰਜਾਬ ਜਲ ਰਿਹਾ ਹੈ। ਹਰ ਹਿੰਦੂ ਹਰ ਸਿੱਖ ਦਾ ਵੈਰੀ ਹੈ। ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ। ਲੱਗੇਗਾ ਜੇ ਬਾਹਰ ਨਿਕਲ ਗਏ ਤਾਂ ਗਲੀਆਂ ਬਜ਼ਾਰਾਂ ਵਿੱਚ ਘੇਰ ਲਏ ਜਾਓਗੇ ਅਤੇ ਗੋਲੀਆਂ ਨਾਲ ਭੁੰਨ ਦਿੱਤੇ ਜਾਓਗੇ। ਡਰਦੇ ਸਫ਼ਰ ਨਹੀਂ ਕਰੀਦਾ। ਕੀ ਪਤੈ ਕਦੋਂ ਕੋਈ ਬੱਸ ਰੋਕ ਲਏ। ਇੱਕ ਤਬਕੇ ਦੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਕੇ ਗੋਲੀ ਮਾਰ ਦਿੱਤੀ ਜਾਵੇ।

ਘਰੋਂ ਬਾਹਰ ਨਿਕਲੋ ਤਾਂ ਸਥਿਤੀ ਉਲਟ ਨਜ਼ਰ ਆਏਗੀ। ਨਾ ਹਿੰਦੂ ਦਾ ਸਿੱਖ ਵੈਰੀ ਹੈ, ਨਾ ਸਿੱਖ ਦਾ ਹਿੰਦੂ। ਉਹੋ ਸਾਂਝ ਹੈ, ਉਹੋ ਇਕੱਠਾ ਖਾਣ-ਪੀਣ ਅਤੇ ਉਹੋ ਸਾਂਝਾ ਸਭਿਆਚਾਰ।

ਇਸੇ ਲਈ ਮੁੱਖ ਮੰਤਰੀ ਨੇ ਇਹਨਾਂ ਅਖ਼ਬਾਰਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਦਖ਼ਲ ਦੇਣਾ ਠੀਕ ਨਹੀਂ ਸੀ ਸਮਝਿਆ। ਕਿਸੇ ਇੰਗਲਿਸ਼ ਦੇ ਅਖ਼ਬਾਰ ਨੇ ਨੋਟਿਸ ਲਿਆ ਹੁੰਦਾ ਤਾਂ ਉਹ ਵੀ ਸਮਝਦੇ ਕਿ ਮਾਮਲਾ ਗੰਭੀਰ ਹੈ।

ਸੀ.ਆਈ.ਡੀ.ਦੀਆਂ ਰਿਪੋਰਟਾਂ ਦੀ ਵੀ ਇਹੋ ਹਾਲਤ ਸੀ। ਇਹ ਤਾਂ ਹੁਣ ਨਾਂ ਦਾ ਹੀ ਮਹਿਕਮਾ ਰਹਿ ਗਿਐ। ਹਰ ਮੁਲਾਜ਼ਮ ਨੂੰ ਮਹਿਸੂਸ ਹੁੰਦਾ ਰਹਿੰਦਾ ਹੈ ਜਿਵੇਂ ਉਸ ਨੂੰ ਖੂੰਜੇ ਲਾਉਣ ਲਈ ਹੀ ਸੀ.ਆਈ.ਡੀ.ਵਿੱਚ ਲਾਇਆ ਗਿਆ ਹੈ। ਸਾਰਾ ਦਿਨ ਇਕੋ ਤਲਬ ਰਹਿੰਦੀ ਹੈ। ਕਿਵੇਂ ਇਸ ਮਹਿਕਮੇ ਤੋਂ ਜਾਨ ਛੁਡਾਈ ਜਾਵੇ? ਕੰਮ ਇਹਨਾਂ ਕੀ ਸਵਾਹ ਕਰਨਾ ਹੈ? ਸੀ.ਆਈ.ਡੀ.ਵਾਲਿਆਂ ਵਿੱਚ ਮੁੱਖ ਮੰਤਰੀ ਨੂੰ ਨਾ ਅਸਲੀਅਤ ਖੋਜ ਲੈਣ ਦੀ ਕਾਬਲੀਅਤ ਨਜ਼ਰ ਆਉਂਦੀ ਹੈ ਅਤੇ ਨਾ ਹੀ ਸੱਚੀ ਰਿਪੋਰਟ ਦੇਣ ਦੀ ਹਿੰਮਤ। ਬਿਨਾਂ ਮਤਲਬ ਝੂਠੀਆਂ ਰਿਪੋਰਟਾਂ ਦੇਈ ਜਾਣਗੇ।

“ਬਹੁਤ ਮਾੜੀ ਘਟਨਾ ਵਾਪਰਨ ਦੀ ਸੰਭਾਵਨਾ ਹੈ। ਰਾਤ ਨੂੰ ਚੱਲਦੀਆਂ ਬੱਸਾਂ ਬੰਦ ਕਰਾ ਦਿਓ। ਹਥਿਆਰਾਂ ’ਤੇ ਪਾਬੰਦੀ ਲਾ ਦਿਓ। ਦੁਕਾਨਾਂ ਛੇ ਵਜੇ ਬੰਦ ਕਰਾ ਦਿਓ।”

ਜੇ ਮੁੱਖ ਮੰਤਰੀ ਇਹਨਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਣ ਲੱਗੇ ਤਾਂ ਸ਼ਾਮ ਤਕ ਪਾਗ਼ਲ ਹੋ ਜਾਵੇ। ਬਹੁਤੀਆਂ ਰਿਪੋਰਟਾਂ ਨੂੰ ਤਾਂ ਮੁੱਖ ਮੰਤਰੀ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਆ ਕਰਦਾ ਸੀ।

ਪਰ ਜਦੋਂ ਇਲਾਕੇ ਦੇ ਵਰਕਰ ਮਾੜੀਆਂ ਖ਼ਬਰਾਂ ਸੁਣਾਉਣ ਲੱਗੇ ਤਾਂ ਮੁੱਖ ਮੰਤਰੀ ਨੂੰ ਕੁੱਝ ਸੋਚਣ ਲਈ ਮਜਬੂਰ ਹੋਣਾ ਪਿਆ।

ਸਰਕਲ ਜਥੇਦਾਰ ਅਜੀਬ ਗੱਲ ਦੱਸ ਰਿਹਾ ਸੀ। ਬਾਬੂ ਹੱਥ ਧੋ ਕੇ ਹੀ ਸਰਦਾਰ ਦੇ ਪਿੱਛੇ ਪੈ ਗਿਆ ਲੱਗਦਾ ਸੀ। ਉਹ ਆਖਦਾ ਫਿਰਦਾ ਸੀ ਕਿ ਇਸ ਕਤਲ ਪਿੱਛੇ ਸਰਦਾਰ ਦਾ ਸਿੱਧਾ ਹੱਥ ਹੈ। ਕਾਰਨ ਕਿਸੇ ਤੋਂ ਲੁਕਿਆ ਨਹੀਂ। ਇਸ ਵਾਰ ਚੋਣਾਂ ਵਿੱਚ ਲਾਲਾ ਜੀ ਨੇ ਸਰਦਾਰ ਦਾ ਡਟ ਕੇ ਵਿਰੋਧ ਕੀਤਾ ਸੀ। ਸਰਕਾਰ ਦੇ ਹਾਮੀ ਉਸੇ ਦਿਨ ਤੋਂ ਲਾਲਾ ਜੀ ਨੂੰ ਧਮਕੀਆਂ ਦਿੰਦੇ ਆ ਰਹੇ ਸਨ। ਸਰਦਾਰ ਨੇ ਇਸ ਵਿਰੋਧ ਦਾ ਬਦਲਾ ਲੈਣਾ ਸੀ, ਸੋ ਲੈ ਲਿਆ। ਆਪਣੇ ਦੋਸ਼ ਦੇ ਹੱਕ ਵਿੱਚ ਉਹ ਦਲੀਲ ਦਿੰਦਾ ਹੈ ਕਿ ਇਸੇ ਲਈ ਮੁੱਖ ਮੰਤਰੀ ਚੁੱਪ ਧਾਰੀ ਬੈਠਾ ਹੈ। ਨਹੀਂ ਤਾਂ ਮੁੱਖ ਮੰਤਰੀ ਦੇ ਹਲਕੇ ਵਿੱਚ ਹਾਹਾਕਾਰ ਮੱਚੀ ਹੋਵੇ ਤੇ ਉਹ ਇਲਾਕੇ ਦਾ ਦੌਰਾ ਤਾਂ ਕੀ ਕਰਨਾ ਸੀ, ਇੱਕ ਬਿਆਨ ਵੀ ਨਾ ਦਾਗੇ? ਜ਼ਰੂਰ ਸਰਦਾਰ ਨੇ ਪੁਲਿਸ ਨੂੰ ਅੱਖਾਂ ਮੀਚੀ ਰੱਖਣ ਦਾ ਇਸ਼ਾਰਾ ਕੀਤਾ ਹੋਣਾ ਹੈ। ਇਸੇ ਲਈ ਪੁਲਿਸ ਲੋਕਾਂ ਨੂੰ ਦਿਲ ਖੋਲ੍ਹ ਕੇ ਲੁੱਟ ਰਹੀ ਹੈ। ਸ਼ਹਿਰ ਵਿੱਚ ਛਾਏ ਮਾਤਮ ਦਾ ਸਰਦਾਰ ਨੂੰ ਕੋਈ ਅਫ਼ਸੋਸ ਨਹੀਂ। ਉਹ ਤਾਂ ਸਗੋਂ ਖ਼ੁਸ਼ ਹੋ ਰਿਹਾ ਹੋਏਗਾ।

ਬਾਬੂ ਤਾਂ ਬਾਬੂ, ਇਸ ਮਸਲੇ ਨੂੰ ਭਾਰਤੀ ਜਨਤਾ ਪਾਰਟੀ ਵੀ ਉਛਾਲਣਾ ਚਾਹੁੰਦੀ ਸੀ। ਅੰਦਰੇ-ਅੰਦਰੀ ਉਹ ‘ਪੰਜਾਬ ਬੰਦ’ ਲਈ ਯਤਨ ਕਰ ਰਹੀ ਸੀ। ਅੱਜ ‘ਪੰਜਾਬ ਬੰਦ’ ਤਾਂ ਕੱਲ੍ਹ ਨੂੰ ‘ਭਾਰਤ ਬੰਦ’। ਮਸਲਾ ਰਾਸ਼ਟਰੀ ਪੱਧਰ ਤਕ ਜਾ ਸਕਦਾ ਸੀ। ਵਿਰੋਧੀ ਪਾਰਟੀਆਂ ਹਮੇਸ਼ਾ ਅਜਿਹੇ ਨੁਕਤੇ ਦੀ ਤਲਾਸ਼ ਵਿੱਚ ਰਹਿੰਦੀਆਂ ਹਨ, ਜਿਸ ’ਤੇ ਐਜੀਟੇਸ਼ਨ ਕੀਤੀ ਜਾ ਸਕੇ। ਹਿੰਦੂਆਂ ਦੀ ਹਮਦਰਦ ਅਖਵਾਉਂਦੀ ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਵਧੀਆ ਹੋਰ ਕਿਹੜਾ ਮੌਕਾ ਮਿਲੇਗਾ?

ਕਤਲ ਨੂੰ ਆਪਣੇ ਨਾਂ ਨਾਲ ਜੁੜਦਾ ਦੇਖ ਕੇ ਮੁੱਖ ਮੰਤਰੀ ਨੂੰ ਘਬਰਾਹਟ ਹੋਣ ਲੱਗੀ। ਉਹਨਾਂ ਨੂੰ ਇਲਮ ਸੀ ਕਿ ਉਹ ਪੰਜਾਬ ਦੀ ਵਿਗੜੀ ਸਥਿਤੀ ਨੂੰ ਕੇਂਦਰ ਸਰਕਾਰ ਦੀ ਇੱਛਾ ਅਨਸਾਰ ਨਹੀਂ ਸੀ ਸੰਭਾਲ ਸਕੇ। ਉਹਨਾਂ ਦੇ ਰਾਜ ਕਾਲ ਵਿੱਚ ਹਾਲਾਤ ਹੋਰ ਖ਼ਰਾਬ ਹੋਏ ਹਨ। ਇਸੇ ਲਈ ਉਹਨਾਂ ’ਤੇ ਕੇਂਦਰ ਪਹਿਲਾਂ ਜਿੰਨਾ ਮਿਹਰਬਾਨ ਨਹੀਂ ਸੀ। ਜਦੋਂ ਕੇਂਦਰ ਨੇ ਕਿਸੇ ਮੁੱਖ ਮੰਤਰੀ ਤੋਂ ਖਹਿੜਾ ਛੁਡਾਉਣਾ ਹੋਵੇ ਤਾਂ ਉਸ ਨੂੰ ਕਿਸੇ ਨਾ ਕਿਸੇ ਸਕੈਂਡਲ ਵਿੱਚ ਫਸਾ ਕੇ ਪਹਿਲਾਂ ਬਦਨਾਮ ਕੀਤਾ ਜਾਂਦਾ ਹੈ ਅਤੇ ਫੇਰ ਉਸ ਦਾ ਪੱਤਾ ਕੱਟ ਦਿੱਤਾ ਜਾਂਦਾ ਹੈ। ਹੋ ਸਕਦੈ ਬਾਬੂ ਇਹ ਪ੍ਰਚਾਰ ਕੇਂਦਰ ਦੇ ਇਸ਼ਾਰੇ ’ਤੇ ਕਰ ਰਿਹਾ ਹੋਵੇ? ਪਾਇਲ ਕਤਲ ਕਾਂਡ ਮੁੱਖ ਮੰਤਰੀ ਦੇ ਸਾਹਮਣੇ ਸੀ। ਸਿਆਸੀ ਕਤਲਾਂ ਵਿੱਚ ਕਈ ਵਾਰ ਵੱਡੇ-ਵੱਡੇ ਬੰਦਿਆਂ ਨੂੰ ਵੀ ਹਵਾਲਾਤ ਦੇਖਣੀ ਪੈ ਜਾਂਦੀ ਹੈ। ਉਹ ਪੇਸ਼ੇ ਤੋਂ ਵਕੀਲ ਸੀ। ਵਕੀਲ ਦਾ ਮਨ ਕਮਜ਼ੋਰ ਹੁੰਦਾ ਹੈ। ਮੁੱਖ ਮੰਤਰੀ ਨੂੰ ਲੱਗਣ ਲੱਗਾ, ਜਿਵੇਂ ਕੋਈ ਗੁਪਤ ਸੰਸਥਾ ਜਾਣ ਬੁਝ ਕੇ ਉਹਨਾਂ ਖ਼ਿਲਾਫ਼ ਤਾਣਾ-ਬਾਣਾ ਬੁਣ ਰਹੀ ਸੀ। ਉਹ ਚੁੱਪ ਰਹਿ ਕੇ ਖ਼ੁਦ ਵੀ ਬੇਵਕੂਫ਼ੀ ਕਰ ਰਹੇ ਸਨ। ਉਸ ਨੂੰ ਤਾਂ ਚਾਹੀਦਾ ਸੀ, ਪਹਿਲੇ ਦਿਨੋਂ ਹੀ ਇਸ ਕਾਂਡ ਵਿਰੁੱਧ ਆਵਾਜ਼ ਬੁਲੰਦ ਕਰੇ।

ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁੱਝ ਨਹੀਂ ਸੀ ਵਿਗੜਿਆ।

ਮੁੱਖ ਮੰਤਰੀ ਨੇ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਸੋਚਿਆ। ਉਸ ਦੀ ਚੁੱਪ ਦਾ ਅਸਲ ਕਾਰਨ ਇਹ ਸੀ ਕਿ ਲਾਲਾ ਜੀ ਦੇ ਘਰ ਜਾਣ ਦੀ ਗੱਲ ਤਾਂ ਦੂਰ ਰਹੀ, ਉਸ ਦਾ ਤਾਂ ਸ਼ਹਿਰ ਵੱਲ ਵੀ ਮੂੰਹ ਕਰਨ ਨੂੰ ਦਿਲ ਨਹੀਂ ਸੀ ਕਰਦਾ। ਚੋਣ ਜਿੱਤ ਕੇ ਮੁੱਖ ਮੰਤਰੀ ਨੇ ਇਹ ਜ਼ਰੂਰ ਆਖਿਆ ਸੀ ਕਿ ਹੁਣ ਉਸ ਦੇ ਵਿਰੋਧੀ ਵੀ ਉਸ ਦੇ ਮਿੱਤਰ ਹੀ ਹਨ, ਪਰ ਇਹ ਮਹਿਜ਼ ਇੱਕ ਸਿਆਸੀ ਗੱਲ ਸੀ। ਅਸਲੀਅਤ ਇਹ ਸੀ ਕਿ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਸ਼ਹਿਰੀਆਂ ਪ੍ਰਤੀ ਨਫ਼ਰਤ ਭਰੀ ਹੋਈ ਸੀ। ਲੱਖ ਯਤਨ ਕਰਨ ’ਤੇ ਵੀ ਉਹ ਲੋੜੋਂ ਵੱਧ ਹੀ ਮਿੰਨਤਾਂ ਕਰਾਉਂਦੇ ਸਨ। ਉਸ ਦਾ ਸ਼ਹਿਰੀਆਂ ਦਾ ਮੇਂਗਣਾਂ ਘੋਲ ਕੇ ਦੁੱਧ ਦੇਣਾ ਪਸੰਦ ਨਹੀਂ ਸੀ।

ਹਰ ਇੱਕ ਇਕੋ ਮੁੱਦਾ ਲੈ ਕੇ ਉਹ ਸਰਦਾਰ ਦਾ ਵਿਰੋਧ ਕਰਨ ਲੱਗਦੇ। ਸਰਦਾਰ ਫ਼ਸਲੀ ਬਟੇਰਾ ਹੈ। ਚੋਣ ਜਿੱਤ ਕੇ ਚੰਡੀਗੜ੍ਹ ਜਾ ਬੈਠਦਾ ਹੈ। ਵੋਟਾਂ ਵੇਲੇ ਹੀ ਨਜ਼ਰ ਆਉਂਦਾ ਹੈ।

ਜਿੱਤ ਕੇ ਗਿਆ ਸਰਦਾਰ ਲੋਕਾਂ ਨੂੰ ਭੁੱਲ ਜਾਂਦਾ ਹੈ। ਕੋਠੀ ’ਤੇ ਪਹਿਰਾ ਲਾ ਦਿੰਦਾ ਹੈ। ਸਿਰਕੱਢ ਵਰਕਰ ਨੂੰ ਵੀ ਮੁਲਾਕਾਤ ਕਰਨ ਤੋਂ ਪਹਿਲਾਂ ਪੁਲਿਸ ਹੱਥੋਂ ਜ਼ਲੀਲ ਹੋਣਾ ਪੈਂਦਾ ਹੈ। ਤਲਾਸ਼ੀ ਹੀ ਨਹੀਂ ਦੇਣੀ ਪੈਂਦੀ, ਚੋਰਾਂ ਵਾਂਗ ਵੀਹ ਸਵਾਲਾਂ ਦੇ ਉੱਤਰ ਵੀ ਦੇਣੇ ਹੁੰਦੇ ਹਨ। ਕੋਠੀ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲ ਜਾਵੇ ਤਾਂ ਕਿਹੜਾ ਸਰਦਾਰ ਮਿਲਦਾ ਹੈ। ਖੜੇ ਰਹੋ ਧੁੱਪੇ। ਇਹ ਵੀ ਪਤਾ ਨਹੀਂ ਹੁੰਦਾ, ਜਦੋਂ ਤੁਹਾਡੀ ਵਾਰੀ ਆਵੇ ਤਾਂ ਸਰਦਾਰ ਖਾਣੇ ਲਈ ਉੱਠ ਜਾਵੇ। ਫੇਰ ਆਰਾਮ ਕਰਨ ਲੱਗ ਪਏ। ਪਿੱਛੋਂ ਕਿਸੇ ਜ਼ਰੂਰੀ ਮੀਟਿੰਗ ’ਤੇ ਤੁਰ ਜਾਏ। ਤੁਹਾਨੂੰ ਤਿੰਨ ਦਿਨ ਉਡੀਕਣਾ ਪਏਗਾ ਜਾਂ ਪੰਜ ਦਿਨ, ਕੋਈ ਪਤਾ ਨਹੀਂ ਹੁੰਦਾ।

ਕਦੇ ਸਬੱਬ ਨਾਲ ਮਿਲ ਵੀ ਜਾਵੇ ਤਾਂ ਵੀ ਕੰਮ ਨਹੀਂ ਕਰਾਉਂਦਾ। ਕਲਰਕਾਂ ਵਾਂਗ ਟਾਲੇ ਲਾਉਂਦਾ ਰਹਿੰਦਾ ਹੈ।

“ਮੈਂ ਡਾਇਰੈਕਟਰ ਨਾਲ ਗੱਲ ਕਰੂੰ। ਮੈਂ ਸਕੱਤਰ ਨੂੰ ਪੁੱਛੂੰ। ਜੇ ਕੰਮ ਹੋਣ ਵਾਲਾ ਹੋਇਆ ਤਾਂ ਜ਼ਰੂਰ ਹੋਊ।”

ਦਸ ਚੱਕਰ ਲਗਵਾ ਕੇ ਜੇ ਕਿਸੇ ਅਫ਼ਸਰ ਨੂੰ ਫ਼ੋਨ ਕਰ ਦੇਵੇ ਤਾਂ ਜ਼ੋਰ ਲਾ ਕੇ ਨਹੀਂ ਆਖਦਾ। ਮਲਵੀਂ ਜਿਹੀ ਜੀਭ ਨਾਲ ਆਖੇਗਾ ।

“ਦੇਖ ਲੈਣਾ, ਹੋ ਸਕੇ ਤਾਂ ਅਡਜਸਟ ਕਰ ਲੈਣਾ।”

ਇਸ ਤਰ੍ਹਾਂ ਕਿਤੇ ਕੰਮ ਹੁੰਦੇ ਹਨ? ਉਸ ਦਾ ਇੱਕ ਉਦੇਸ਼ ਹੁੰਦਾ ਹੈ। ਅਗਲਾ ਚੰਡੀਗੜ੍ਹ ਦੇ ਗੇੜੇ ਮਾਰ-ਮਾਰ ਕੇ ਆਪੇ ਹੰਭ ਜਾਏਗਾ ਅਤੇ ਸਰਦਾਰ ਦਾ ਖਹਿੜਾ ਛੱਡ ਜਾਏਗਾ।

ਸਰਦਾਰ ਨੇ ਸ਼ਹਿਰੀਆਂ ਨੂੰ ਬਥੇਰਾ ਸਮਝਾਇਆ। ਅੱਗੇ ਉਹ ਇਕੱਲਾ ਵਜ਼ੀਰ ਹੁੰਦਾ ਸੀ। ਬਹੁਤੇ ਕੰਮਾਂ ਲਈ ਮੁੱਖ ਮੰਤਰੀ ਦੇ ਹੱਥਾਂ ਵੱਲ ਝਾਕਣਾ ਪੈਂਦਾ ਸੀ। ਕਸਰ ਤਾਂ ਉਸ ਨੇ ਫੇਰ ਵੀ ਕੋਈ ਨਹੀਂ ਸੀ ਛੱਡੀ। ਜਦੋਂ ਸਿੱਖਿਆ ਮੰਤਰੀ ਸੀ ਤਾਂ ਸੈਂਕੜੇ ਸਕੂਲ ਅੱਪ-ਗਰੇਡ ਕਰਾਏ, ਵੀਸੀਆਂ ਨਵੇਂ ਖੋਲ੍ਹੇ। ਉਹ ਕੰਮ ਲੋਕ ਭੁੱਲ ਗਏ। ਯਾਦ ਕਰਾ ਰਹੇ ਹਨ ਉਹ ਬਦਲੀਆਂ, ਜਿਹੜੀਆਂ ਉਹ ਮਜਬੂਰੀ-ਵੱਸ ਨਹੀਂ ਸੀ ਕਰਾ ਸਕਿਆ।

ਇਸ ਵਾਰ ਉਸ ਨੇ ਮੁੱਖ ਮੰਤਰੀ ਬਣਨਾ ਸੀ। ਕੇਂਦਰ ਦਾ ਹੱਥ ਉਸ ਦੇ ਸਿਰ ’ਤੇ ਸੀ। ਸ਼ਹਿਰ ਨੂੰ ਸਵਰਗ ਬਣਾ ਦੇਵੇਗਾ। ਲੋਕਾਂ ਦੀ ਇਕੋ ਵੱਡੀ ਮੰਗ ਹੈ ਕਿ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਜਾਏ। ਜ਼ਿਲ੍ਹਾ ਤਾਂ ਕੀ, ਸ਼ਹਿਰ ਨੂੰ ਰਾਜਧਾਨੀ ਵਾਲੀਆਂ ਸਹੂਲਤਾਂ ਦੇਵੇਗਾ। ਲੋਕਾਂ ਨੂੰ ਪਰਮਿਟ, ਕੋਟੇ, ਨਵੀਆਂ ਫ਼ੈਕਟਰੀਆਂ ਲਈ ਲਾਇਸੈਂਸ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਵੇਗਾ। ਇਲਾਕੇ ਨੂੰ ਪੱਛੜਿਆ ਕਰਾਰ ਦੇ ਕੇ ਸਬਸਿਡੀ ਨਾਲ ਨਿਹਾਲ ਕਰ ਦੇਵੇਗਾ। ਬਿਨਾਂ ਵਿਆਜ ਵਾਲੇ ਕਰਜ਼ਿਆਂ ਦੇ ਗੱਫੇ ਮਿਲਣਗੇ। ਪਹਿਲੇ ਕਰਜ਼ੇ ਮੁਆਫ਼ ਹੋਣਗੇ।

ਪਰ ਕਿਸੇ ’ਤੇ ਕੋਈ ਅਸਰ ਨਹੀਂ ਸੀ ਹੋ ਰਿਹਾ।

ਬਾਬੂ ਅਤੇ ਲਾਲਾ ਮਿਲ ਕੇ ਸਥਿਤੀ ਨੂੰ ਵਿਗਾੜ ਰਹੇ ਸਨ। ਚੋਣਾਂ ਲੜਨ ਦਾ ਹੋਰ ਤਾਂ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ। ਮਾਹੌਲ ਨੂੰ ਫ਼ਿਰਕੂ ਰੰਗ ਦੇਣ ’ਤੇ ਤੁਲੇ ਹੋਏ ਸਨ। ਸਥਿਤੀ ਇੰਨੀ ਮਾੜੀ ਹੋ ਗਈ ਸੀ ਕਿ ਸਰਦਾਰ ਨੂੰ ਕਿਸੇ ਹੋਰ ਹਲਕੇ ਵਿੱਚ ਜਾਣ ਦਾ ਮੌਕਾ ਨਹੀਂ ਸੀ ਮਿਲ ਰਿਹਾ। ਉਹਨਾਂ ਨੂੰ ਮਹਿਸੂਸ ਹੋਣ ਲੱਗਾ ਸੀ, ਜਿਵੇਂ ਉਹਨਾਂ ਦੀ ਹਾਰ ਯਕੀਨੀ ਸੀ। ਜੇ ਖ਼ੁਦ ਹੀ ਹਾਰ ਗਏ ਤਾਂ ਕੇਂਦਰ ਨੂੰ ਕੀ ਮੂੰਹ ਦਿਖਾਉਣਗੇ? ਆਪਣੀ ਪਾਰਟੀ ਦੇ ਵਿਰੋਧੀ ਧੜੇ ਨੂੰ ਮੁੱਖ ਮੰਤਰੀ ਬਣਾਉਣੋਂ ਕੌਣ ਰੋਕ ਸਕੇਗਾ?

ਕੇਂਦਰ ਨੇ ਤਾਂ ਸਰਦਾਰ ’ਤੇ ਏਨੀ ਮਿਹਰ ਕੀਤੀ ਸੀ ਕਿ ਕਾਂਗਰਸੀਆਂ ਨੂੰ ਵੀ ਟਿਕਟ ਸਰਦਾਰ ਦੀ ਮਰਜ਼ੀ ਨਾਲ ਦਿੱਤੇ ਸਨ। ਬਾਬੂ ਨੂੰ ਟਿਕਟ ਸਰਦਾਰ ਦੇ ਆਖਣ ’ਤੇ ਦਿੱਤਾ ਸੀ। ਸਰਦਾਰ ਦਾ ਖ਼ਿਆਲ ਸੀ ਕਿ ਹਿੰਦੂ ਹੋਣ ਕਰਕੇ ਉਸ ਨੂੰ ਪਿੰਡਾਂ ਵਿਚੋਂ ਤਾਂ ਵੋਟ ਮਿਲਣੀ ਨਹੀਂ। ਸ਼ਹਿਰ ਨੂੰ ਸਰਦਾਰ ਆਪੇ ਕਾਬੂ ਕਰ ਲਏਗਾ। ਸ਼ਹਿਰੀ ਸਿਆਣੇ ਹੁੰਦੇ ਹਨ। ਸਭ ਨੂੰ ਪਤਾ ਹੈ, ਇਸ ਵਾਰ ਉਸ ਨੇ ਮੁੱਖ ਮੰਤਰੀ ਬਣਨਾ ਹੈ। ਆਪੇ ਸਰਦਾਰ ਨਾਲ ਆ ਰਲਣਗੇ।

ਇਸ ਇਲਾਕੇ ਦੇ ਵੋਟਰਾਂ ਦਾ ਸੁਭਾਅ ਅਜੀਬ ਜਿਹਾ ਸੀ। ਅੱਧੀ ਵੋਟ ਪੇਂਡੂ ਸੀ ਅਤੇ ਅੱਧੀ ਸ਼ਹਿਰੀ। ਕਿਸੇ ਹਿੰਦੂ ਦੇ ਜਿੱਤਣ ਦੀ ਸੰਭਾਵਨਾ ਇਸ ਲਈ ਘੱਟ ਸੀ ਕਿ ਉਸ ਨੂੰ ਪਿੰਡਾਂ ਵਿਚੋਂ ਵੋਟ ਨਹੀਂ ਸੀ ਮਿਲਦੇ। ਕਾਂਗਰਸ ਕਿਸੇ ਸਿੱਖ ਨੂੰ ਟਿਕਟ ਦਿੰਦੀ ਤਾਂ ਉਸ ਨੂੰ ਸ਼ਹਿਰ ’ਚੋਂ ਵੋਟਾਂ ਨਾ ਮਿਲਦੀਆਂ। ਸਰਦਾਰ ਨੇ ਆਪਣੇ ਹੀ ਢੰਗ ਨਾਲ ਸੰਤੁਲਨ ਬਣਾਇਆ ਹੋਇਆ ਸੀ। ਪਿੰਡਾਂ ਵਿਚੋਂ ਵੋਟ ਇਸ ਲਈ ਮਿਲਦੇ ਸਨ ਕਿ ਉਹ ਅਕਾਲੀ ਉਮੀਦਵਾਰ ਹੁੰਦਾ ਸੀ। ਸ਼ਹਿਰ ’ਚੋਂ ਉਹ ਇਸ ਬਹਾਨੇ ਵੋਟਾਂ ਬਟੋਰ ਲੈਂਦਾ ਕਿ ਉਹ ਸ਼ਹਿਰ ਦਾ ਜੰਮਪਲ ਸੀ। ਜਦੋਂ ਦਾ ਸਿਆਸਤ ਵਿੱਚ ਪੈਰ ਰੱਖਿਆ ਸੀ, ਉਸ ਨੇ ਪਿਛਾਂਹ ਮੁੜ ਕੇ ਨਹੀਂ ਸੀ ਤੱਕਿਆ। ਹਰ ਵਾਰ ਚੋਣ ਜਿੱਤੀ ਸੀ। ਕਿਸੇ ਵਿਰੋਧੀ ਪਾਰਟੀ ਦੇ ਨੇਤਾ ਦੇ ਇਥੇ ਪੈਰ ਜੰਮ ਹੀ ਨਹੀਂ ਸਕੇ। ਨਿਰਾਸ਼ ਹੋਇਆ ਨੇਤਾ ਹਲਕਾ ਬਦਲ ਲੈਂਦਾ। ਸਰਦਾਰ ਨੂੰ ਹੋਰ ਸੌਖਾ ਹੋ ਜਾਂਦਾ।

ਇਸ ਨੀਤੀ ਨੂੰ ਮੁੱਖ ਰੱਖ ਕੇ ਸਰਦਾਰ ਨੇ ਬਾਬੂ ਨੂੰ ਟਿਕਟ ਦਿਵਾਇਆ ਸੀ।

ਸ਼ਹਿਰ ਦੀ ਕਾਂਗਰਸ ਪਹਿਲਾਂ ਹੀ ਦੋ ਧੜਿਆਂ ਵਿੱਚ ਵੰਡੀ ਹੋਈ ਸੀ। ਕਾਂਗਰਸ ’ਚ ਬਾਬੂ ਦੇ ਵਿਰੋਧੀਆਂ ਦੀ ਗਿਣਤੀ ਉਸ ਦੇ ਸਮਰਥਕਾਂ ਨਾਲੋਂ ਜ਼ਿਆਦਾ ਸੀ। ਅੱਧੇ ਤਾਂ ਬਾਹਰਲੇ ਹਲਕਿਆਂ ਨੂੰ ਤੁਰ ਜਾਣਗੇ। ਇਥੇ ਰਹਿਣਗੇ ਤਾਂ ਸ਼ਰਮੋ-ਸ਼ਰਮੀ ਬਾਬੂ ਨਾਲ ਤੁਰਨਾ ਪਏਗਾ। ਬਾਬੂ ਨਾਲ ਤੁਰਨਗੇ ਤਾਂ ਕੁੱਝ ਵੋਟਾਂ ਉਹਨਾਂ ਨੂੰ ਪੈ ਹੀ ਜਾਣੀਆਂ ਸਨ। ਬਾਹਰ ਜਾ ਕੇ ਆਪਣੇ ਕਿਸੇ ਮੂੰਹ- ਮੁਲਾਹਜ਼ੇ ਵਾਲੇ ਦਾ ਹੱਥ ਵਟਾਉਣਗੇ। ਬਾਬੂ ਨੂੰ ਹਰਾਉਣ ’ਚ ਸਹਾਈ ਹੋਣਗੇ।

ਕਈ ਪੁਰਾਣੇ ਨੇਤਾਵਾਂ ਨੇ ਬਾਬੂ ਦਾ ਖੁੱਲ੍ਹ ਕੇ ਵਿਰੋਧ ਕਰਨਾ ਸੀ, ਜਦੋਂ ਉਹਨਾਂ ਨੂੰ ਟਿਕਟ ਮਿਲਿਆ ਸੀ ਤਾਂ ਬਾਬੂ ਨੇ ਇਹ ਆਖ ਕੇ ਉਹਨਾਂ ਦਾ ਵਿਰੋਧ ਕੀਤਾ ਸੀ ਕਿ ਹਾਈ ਕਮਾਂਡ ਨੇ ਬਾਬੂ ਦਾ ਹੱਕ ਮਾਰ ਕੇ ਉਹਨਾਂ ਨੂੰ ਟਿਕਟ ਦੇ ਦਿੱਤੀ। ਜਦੋਂ ਬਾਬੂ ਉਹਨਾਂ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦਾ ਰਿਹਾ ਸੀ ਤਾਂ ਉਹਨਾਂ ਕਿਹੜੀ ਭਲੀ ਗੁਜ਼ਾਰਨੀ ਸੀ।

ਚੁਸਤ ਬਾਣੀਏ ਨੇ ਬੋਤਲ ’ਚੋਂ ਨਵਾਂ ਹੀ ਜਿੰਨ ਕੱਢ ਮਾਰਿਆ। ਲਾਲੇ ਨੇ ਉਸ ਦਾ ਸਾਥ ਦਿੱਤਾ। ਉਹ ਮਦਾਰੀਆਂ ਵਾਲਾ ਖੇਡ ਖੇਡਣ ਲੱਗੇ।

ਉਹ ਇਸ ਗੱਲ ਦਾ ਤਾਂ ਪ੍ਰਚਾਰ ਕਰਦੇ ਹੀ ਸਨ ਕਿ ਬਾਬੂ ਸਾਰਾ ਦਿਨ ਲੋਕਾਂ ਦੇ ਅੰਗ-ਸੰਗ ਰਹਿੰਦਾ ਹੈ, ਅਫ਼ਸਰਾਂ ਨਾਲ ਲੜ-ਲੜ ਲੋਕਾਂ ਦੇ ਕੰਮ ਕਰਾਉਂਦਾ ਹੈ ਅਤੇ ਅਮੀਰ-ਗ਼ਰੀਬ ਦਾ ਵਿਤਕਰਾ ਕੀਤੇ ਬਿਨਾਂ ਹਰ ਇੱਕ ਨਾਲ ਉੱਠ ਤੁਰਦਾ ਹੈ। ਪੰਜਾਹ ਰੁਪਏ ਦੇ ਕੰਮ ਲਈ ਪੰਜ ਸੌ ਖ਼ਰਚ ਕੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਉਹ ਇਸ ਗੱਲ ’ਤੇ ਜ਼ਿਆਦਾ ਜ਼ੋਰ ਦੇ ਰਹੇ ਸਨ ਕਿ ਬਾਬੂ ਉਹਨਾਂ ਦੇ ਧਰਮ ਅਤੇ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਹੈ।

ਜਾਤ ਬਰਾਦਰੀ ਦੇ ਨਾਂ ’ਤੇ ਵੋਟਾਂ ਲੈਣ ਦਾ ਠੇਕਾ ਲਾਲੇ ਜ਼ਿੰਮੇ ਸੀ। ਉਸ ਨੇ ਮੁਹੱਲੇ-ਮੁਹੱਲੇ ਕਮੇਟੀ ਬਣਾ ਦਿੱਤੀ। ਕਿਤੇ ਅਗਰਵਾਲ ਸਭਾ, ਕਿਤੇ ਬ੍ਰਾਹਮਣ ਸਭਾ। ਅਗਰਵਾਲ ਸਭਾ ਦਾ ਪ੍ਰਧਾਨ ਆਪ ਬਣ ਗਿਆ। ਬ੍ਰਾਹਮਣ ਸਭਾ ਦੀ ਵਾਗਡੋਰ ਯੁਵਾ ਸੰਘ ਨੂੰ ਫੜਾ ਦਿੱਤੀ। ਮਹਾਂਬੀਰ ਦਲ, ਗੀਤਾ ਭਵਨ ਸੰਮਤੀ ਸਭ ਬਾਬੂ ਦੇ ਹੱਕ ਵਿੱਚ ਰਾਗ ਅਲਾਪਣ ਲੱਗੇ। ਮੁੱਖ ਮੰਤਰੀ ਨੂੰ ਕਿਸੇ ਮੁਹੱਲੇ ਵਿਚੋਂ ਵੀ ਸਾਥ ਨਹੀਂ ਸੀ ਮਿਲ ਰਿਹਾ। ਉਹ ਇਕੱਲਾ ਪੈ ਗਿਆ।

ਸਰਦਾਰ ਲਾਲੇ ਨੂੰ ਆਖ਼ਰੀ ਦਿਨ ਤਕ ਚੋਗਾ ਪਾਉਂਦਾ ਰਿਹਾ। ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨਸ਼ਿਪ ਤੋਂ ਲੈ ਕੇ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰੀ ਤਕ ਕੁੱਝ ਵੀ ਉਸ ਨੂੰ ਭਰਮਾ ਨਾ ਸਕਿਆ। ਇਕੋ ਜਵਾਬ ਸੀ, ਇਸ ਵਾਰ ਉਹ ਮਜਬੂਰ ਹੈ। ਬਾਬੂ ਨਾਲ ਉਸ ਦਾ ਬਚਪਨ ਤੋਂ ਯਰਾਨਾ ਹੈ। ਰਾਮ ਲੀਲ੍ਹਾ ਵਿੱਚ ਜੇ ਲਾਲਾ ਦਸਰਥ ਬਣਦਾ ਤਾਂ ਬਾਬੂ ਰਾਵਣ। ਲਾਲਾ ਅੱਖਾਂ ਦਾ ਕੈਂਪ ਲਾਉਂਦਾ ਤਾਂ ਬਾਬੂ ਕਿਸੇ ਮੰਤਰੀ ਨੂੰ ਉਦਘਾਟਨ ’ਤੇ ਬੁਲਾ ਕੇ ਪੈਸੇ ਬਟੋਰ ਕੇ ਦਿੰਦਾ। ਮਹਾਂਬੀਰ ਦਲ ਲਈ ਰਾਸ਼ਨ ਬਾਬੂ ਇਕੱਠਾ ਕਰਦਾ, ਲੰਗਰ ਲਾਲਾ ਚਲਾਉਂਦਾ। ਬਾਬੂ ਨੂੰ ਤਾਂ ਲਾਲੇ ਦੀ ਅਤੇ ਉਸ ਦੀਆਂ ਜਥੇਬੰਦੀਆਂ ਦੀ ਪਹਿਲੀ ਵਾਰ ਜ਼ਰੂਰਤ ਪਈ ਸੀ। ਲਾਲਾ ਪਿੱਠ ਨਹੀਂ ਸੀ ਦਿਖਾ ਸਕਦਾ। ਨਾਲੇ ਜੇ ਬਾਬੂ ਜਿੱਤੇਗਾ ਤਾਂ ਉਹਨਾਂ ਦੀਆਂ ਸੰਸਥਾਵਾਂ ਨੂੰ ਫ਼ਾਇਦਾ ਹੀ ਹੋਏਗਾ। ਬਾਬੂ ਦੀ ਸਹਾਇਤਾ ਨਾਲ ਹੋਰ ਤਰੱਕੀ ਕਰਨਗੀਆਂ। ਸਰਦਾਰ ਤੋਂ ਤਾਂ ਕਿਸੇ ਨੂੰ ਕੋਈ ਆਸ ਨਹੀਂ ਸੀ।

ਬੱਸ, ਇਹੋ ਗੱਲ ਸਰਦਾਰ ਦੇ ਦਿਲ ਵਿੱਚ ਕੰਡੇ ਵਾਂਗ ਚੁਭੀ ਹੋਈ ਸੀ। ਲਾਲੇ ਦੀ ਅੜੀ ਨੂੰ ਸਰਦਾਰ ਭੁਲਾ ਨਹੀਂ ਸੀ ਸਕਿਆ। ਬੰਟੀ ਕਾਂਡ ਬਾਰੇ ਕੋਈ ਕਾਰਵਾਈ ਕਰਨ ਲੱਗਿਆਂ ਉਸ ਦਾ ਮਨ ਬਾਗ਼ੀ ਹੋ ਜਾਂਦਾ ਸੀ।

ਠੰਢੇ ਦਿਮਾਗ਼ ਨਾਲ ਸੋਚਿਆ ਤਾਂ ਮਹਿਸੂਸ ਹੋਇਆ ਕਿ ਆਖ਼ਰ ਉਹ ਮੁੱਖ ਮੰਤਰੀ ਹੈ। ਵੱਡੇ ਬੰਦੇ ਦਾ ਹਿਰਦਾ ਵਿਸ਼ਾਲ ਹੋਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਮਨ ’ਚ ਨਹੀਂ ਲਿਆਉਣਾ ਚਾਹੀਦਾ। ਨਾਲੇ ਉਹ ਸਭ ਸਿਆਸੀ ਲੋਕ ਹਨ। ਕਦੇ ਇੱਕ ਕੈਂਪ ਵਿੱਚ, ਕਦੇ ਦੂਸਰੇ ਕੈਂਪ ਵਿੱਚ। ਫੇਰ ਲਾਲਾ ਹਮੇਸ਼ਾ ਤਾਂ ਸਰਦਾਰ ਦਾ ਵਿਰੋਧੀ ਨਹੀਂ ਰਿਹਾ। ਪਹਿਲਾਂ ਹਰ ਇਲਕੈਸ਼ਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਹ ਸਰਦਾਰ ਦਾ ਸਾਥ ਦਿਆ ਕਰਦਾ ਸੀ। ਇਸ ਵਾਰ ਬਾਬੂ ਦਾ ਸਾਥ ਦੇ ਦਿੱਤਾ ਤਾਂ ਕੀ ਹੋ ਗਿਆ? ਨਾਲੇ ਬਾਬੂ ਤਾਂ ਫੇਰ ਵੀ ਹਾਰ ਗਿਆ ਸੀ।

ਸਗੋਂ ਉਹਨਾਂ ਦਾ ਬ੍ਰਾਹਮਣਵਾਦ ਸਰਦਾਰ ਦੇ ਕੰਮ ਹੀ ਆਇਆ ਸੀ।

ਬਾਬੂ ਕਿਸੇ ਜ਼ਮਾਨੇ ’ਚ ਲੁਕੇ-ਛੁਪੇ ਤੌਰ ’ਤੇ ਗਰਮ ਖ਼ਿਆਲਾਂ ਵਾਲੇ ਮੁੰਡਿਆਂ ਦੀ ਮਦਦ ਕਰਿਆ ਕਰਦਾ ਸੀ। ਜਦੋਂ ਉਹ ਅੰਡਰ-ਗਰਾਊਂਡ ਸਨ ਤਾਂ ਬਾਬੂ ਉਹਨਾਂ ਨੂੰ ਪੁਲਿਸ ਤੋਂ ਬਚਾਉਂਦਾ ਰਿਹਾ ਸੀ। ਇਸੇ ਅਹਿਸਾਨ ਬਦਲੇ ਉਹ ਬਾਬੂ ਦੀ ਅੰਦਰਖ਼ਾਤੇ ਮਦਦ ਕਰ ਰਹੇ ਸਨ। ਉਹ ਬਹੁਤ ਸਾਰੀਆਂ ਪੰਚਾਇਤਾਂ ’ਤੇ ਕਾਬਜ਼ ਸਨ। ਬਹੁਤੇ ਲੋਕ ਉਨ੍ਹਾਂ ਪਿੱਛੇ ਲੱਗਦੇ ਸਨ। ਜੇ ਲਾਲਾ ਜੀ ਜਾਤੀਵਾਦ ਦਾ ਪ੍ਰਚਾਰ ਨਾ ਕਰਦੇ ਤਾਂ ਉਹਨਾਂ ਮੁੰਡਿਆਂ ਨੇ ਪਿੰਡਾਂ ਵਿਚੋਂ ਬਹੁਤ ਸਾਰੀਆਂ ਵੋਟਾਂ ਬਾਬੂ ਨੂੰ ਪਵਾ ਕੇ ਸਰਦਾਰ ਦਾ ਨੁਕਸਾਨ ਕਰਨਾ ਸੀ।

ਸਰਦਾਰ ਨੇ ਆਪਣੇ ਸਮਰਥਕਾਂ ਰਾਹੀਂ ਮੁੰਡਿਆਂ ਦੇ ਪ੍ਰਗਤੀਵਾਦ ’ਤੇ ਕਟਾਖ਼ਸ਼ ਕਰਾਏ, ਪੋਸਟਰ ਲਗਵਾਏ। ਪੁੱਛਿਆ, ਕੀ ਧਰਮ ਦੇ ਨਾਂ ’ਤੇ ਵੋਟਾਂ ਮੰਗਣਾ ਹੀ ਪ੍ਰਗਤੀਵਾਦ ਹੈ? ਮੁੰਡਿਆਂ ਨੂੰ ਬੈਠ ਕੇ ਸੋਚਣਾ ਪਿਆ। ਬਾਬੂ ਦੀ ਹਮਾਇਤ ਕਰ ਕੇ ਉਹਨਾਂ ਦੀਆਂ ਨੀਤੀਆਂ ਨੂੰ ਤਾਂ ਗ੍ਰਹਿਣ ਲੱਗਣਾ ਹੀ ਸੀ, ਉਹਨਾਂ ਦੀ ਨਿੱਜੀ ਸਾਖ਼ ਵੀ ਵਿਗੜਨੀ ਸੀ। ਉਹ ਪਿਛਾਂਹ ਹਟੇ ਤਾਂ ਸਰਦਾਰ ਨੂੰ ਪਿੰਡਾਂ ਵਿਚੋਂ ਘੱਟ ਰਹੀਆਂ ਵੋਟਾਂ ਦਾ ਖ਼ਤਰਾ ਟਲਿਆ। ਪ੍ਰਗੀਤਵਾਦੀਆਂ ਦੇ ਚੁੱਪ ਕਰਨ ਨਾਲ ਉਹ ਵੋਟਾਂ ਪੰਥ ਤੋਂ ਸਿਵਾ ਕਿਧਰੇ ਨਹੀਂ ਸੀ ਜਾ ਸਕਦੀਆਂ।

ਕੁੱਝ ਬਦਮਾਸ਼ ਪਾਰਟੀਆਂ ਵੀ ਬਾਬੂ ਨੇ ਆਪਣੇ ਹੱਕ ਵਿੱਚ ਕਰ ਰੱਖੀਆਂ ਸਨ। ਬਾਬੂ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਅਫ਼ਸਰਾਂ ਨਾਲ ਲੈ-ਦੇ ਕਰ ਲੈਂਦਾ ਸੀ। ਥਾਣੇ ਕਚਹਿਰੀਆਂ ਵਿੱਚ ਵੀ ਉਸ ਦੀ ਚੜ੍ਹਤ ਸੀ। ਵੇਲੇ-ਕੁਵੇਲੇ ਉਹ ਉਹਨਾਂ ਪਾਰਟੀਆਂ ਦੀ ਮਦਦ ਕਰਦਾ ਸੀ। ਹੇਠ ਉਤਾਂਹ ਕਰ ਕੇ ਕੇਸ ਰਫ਼ਾ-ਦਫ਼ਾ ਕਰਾ ਦਿੰਦਾ।

ਉਹ ਵੀ ਬਾਬੂ ਦੀ ਮਦਦ ਕਰ ਰਹੇ ਸਨ। ਉਹਨਾਂ ਨੂੰ ਬਾਬੂ ਨਾਲੋਂ ਤੋੜਨ ਲਈ ਸਰਦਾਰ ਨੂੰ ਵੀ ਜਾਤੀਵਾਦ ਦਾ ਸਹਾਰਾ ਲੈਣਾ ਪਿਆ। ਬਦਮਾਸ਼ਾਂ ’ਤੇ ਸਰਦਾਰ ਨੇ ਪੁਲਿਸ ਦਾ ਪ੍ਰਭਾਵ ਤਾਂ ਪਾਇਆ ਹੀ, ਪੰਥ ਦਾ ਵਾਸਤਾ ਵੀ ਪਾਇਆ। ਜੇ ਸ਼ਹਿਰ ਵਾਲੇ ਬ੍ਰਾਹਮਣ ਸਭਾ ਅਤੇ ਅਗਰਵਾਲ ਸਭਾ ਬਣਾ ਸਕਦੇ ਹਨ ਤਾਂ ਉਹਨਾਂ ਨੂੰ ਉਸ ਦਾ ਮੂੰਹ-ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਇਹ ਜਵਾਬ ਪੰਥ ਦੇ ਹੱਥ ਮਜ਼ਬੂਤ ਕਰ ਕੇ ਹੀ ਦਿੱਤਾ ਜਾ ਸਕਦਾ ਹੈ।

ਇਸ ਲਈ ਸਰਦਾਰ ਨੂੰ ਲਾਲਾ ਜੀ ਨਾਲ ਨਾਰਾਜ਼ ਹੋਣ ਦੀ ਥਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਸੀ। ਉਹਨਾਂ ਦੀ ਕੱਚੀ ਸਿਆਸੀ ਚਾਲ ਨਾਲ ਹੀ ਸਰਦਾਰ ਨੂੰ ਜਿੱਤ ਹਾਸਲ ਹੋਈ ਸੀ।

ਸਰਦਾਰ ਦੇ ਸ਼ਹਿਰ ਜਾਣ ਤੋਂ ਟਾਲ-ਮਟੋਲ ਕਰਨ ਦਾ ਇੱਕ ਹੋਰ ਵੀ ਕਾਰਨ ਸੀ। ਇੱਕ ਬੱਚੇ ਦਾ ਅਪਹਰਣ ਜਾਂ ਕਤਲ ਅੱਜ ਦੇ ਹਾਲਤਾਂ ਵਿੱਚ ਇੱਕ ਮਾਮੂਲੀ ਘਟਨਾ ਸੀ। ਅੱਜ-ਕੱਲ੍ਹ ਤਾਂ ਭਰੀ ਬੱਸ ਦੀ ਹਰ ਇੱਕ ਸਵਾਰੀ ਨੂੰ ਹੇਠਾਂ ਉਤਾਰ ਲਿਆ ਜਾਂਦਾ ਹੈ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਰੇ ਦਾ ਸਾਰਾ ਟੱਬਰ ਭੁੰਨ ਦਿੱਤਾ ਜਾਂਦਾ ਹੈ। ਟੱਬਰ ਵਿੱਚ ਔਰਤਾਂ ਵੀ ਹੁੰਦੀਆਂ ਹਨ ਅਤੇ ਬੱਚੇ ਵੀ। ਇਹ ਅਜਿਹਾ ਮਸਲਾ ਨਹੀਂ ਸੀ, ਜਿਸ ’ਚ ਮੁੱਖ ਮੰਤਰੀ ਨਿੱਜੀ ਦਿਲਚਸਪੀ ਲੈਂਦਾ। ਸੂਬੇ ’ਚ ਵਾ-ਵਰੋਲਾ ਉੱਠ ਖੜ੍ਹਨਾ ਸੀ। ਮੁੱਖ ਮੰਤਰੀ ਨੂੰ ਇੱਕ ਖ਼ਾਸ ਬੱਚੇ ਨਾਲ ਇੰਨਾ ਮੋਹ ਕਿਉਂ ਹੈ? ਸਾਰੇ ਸੂਬੇ ਦਾ ਫ਼ਿਕਰ ਕਿਉਂ ਨਹੀਂ? ਉਸ ਕੋਲ ਕੀ ਜਵਾਬ ਸੀ?

ਹੁਣ ਜਥੇਦਾਰਾਂ ਦੀਆਂ ਗੱਲਾਂ ਤੋਂ ਸਰਦਾਰ ਨੂੰ ਲੱਗਣ ਲੱਗਾ ਸੀ ਜਿਵੇਂ ਸਾਰਾ ਸ਼ਹਿਰ ਹੀ ਨਹੀਂ, ਸਗੋਂ ਜਥੇਦਾਰ ਵੀ ਉਸ ਤੋਂ ਪੁੱਛ ਰਹੇ ਸਨ ਕਿ ਆਖ਼ਿਰ ਉਹ ਆਪਣੇ ਸ਼ਹਿਰ ਦੀ ਭਲਾਈ ਲਈ ਕੀ ਕਰ ਰਿਹਾ ਹੈ?

ਸਰਦਾਰ ਕੋਲ ਸਫ਼ਾਈ ’ਚ ਆਖਣ ਲਈ ਕੁੱਝ ਵੀ ਨਹੀਂ ਸੀ।

ਮੁੱਖ ਮੰਤਰੀ ਨੂੰ ਮਹਿਸੂਸ ਹੋਇਆ ਕਿ ਮੌਕਾ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਸੀ, ਨਹੀਂ ਤਾਂ ਉਸ ਦਾ ਸਿੰਘਾਸਣ ਡੋਲ ਜਾਣਾ ਸੀ।

ਉਹ ਮੁੱਖ ਮੰਤਰੀ ਹੈ। ਲੋਕਾਂ ਨੂੰ ਭਰਮਾਉਣ ਲਈ ਕੁੱਝ ਵੀ ਕਰ ਸਕਦਾ ਹੈ। ਕੁੱਝ ਬਿਆਨ ਦਾਗ਼ ਕੇ, ਕੁੱਝ ਵੱਡੇ-ਵੱਡੇ ਵਾਅਦੇ ਕਰ ਕੇ ਅਤੇ ਕੁੱਝ ਕੰਮ ਨੇਪਰੇ ਚਾੜ੍ਹ ਕੇ ਭੋਲੇ-ਭਾਲੇ ਲੋਕਾਂ ਦੇ ਰੋਹ ਨੂੰ ਠੱਲ੍ਹਿਆ ਜਾ ਸਕਦਾ ਹੈ।

ਹੋਰ ਸਮਾਂ ਗਵਾਉਣਾ ਹੁਣ ਸਿਆਣਪ ਨਹੀਂ ਸੀ।

ਉਸ ਨੇ ਸਭ ਤੋਂ ਪਹਿਲਾਂ ਪ੍ਰੈਸ ਸਕੱਤਰ ਨੂੰ ਬੁਲਾਇਆ। ਉਸ ਨੂੰ ਅਜਿਹੇ ਨਰਮ-ਨਰਮ ਭਾਸ਼ਣ ਅਤੇ ਬਿਆਨ ਤਿਆਰ ਕਰਨ ਦਾ ਹੁਕਮ ਹੋਇਆ, ਜਿਹੜੇ ਪੱਥਰ-ਦਿਲ ਲੋਕਾਂ ਨੂੰ ਵੀ ਹੰਝੂ ਵਹਾ ਦੇਣ ਲਈ ਮਜਬੂਰ ਕਰ ਦੇਣ।

ਕੱਲ੍ਹ ਉਹ ਸ਼ਹਿਰ ਦਾ ਦੌਰਾ ਵੀ ਕਰਨਗੇ। ਇਸ ਦੌਰੇ ਦੀ ਖ਼ਬਰ ਤੁਰੰਤ ਪ੍ਰੈਸ ਨੂੰ ਜਾਰੀ ਕੀਤੀ ਜਾਵੇ। ਰੇਡੀਓ ਅਤੇ ਟੀ.ਵੀ.ਦੇ ਹਰ ਬੁਲਿਟਿਨ ਵਿੱਚ ਇਸ ਦੌਰੇ ਦੀ ਸੂਚਨਾ ਦਿੱਤੀ ਜਾਵੇ। ਉਹਨਾਂ ਦੀਆਂ ਟੀਮਾਂ ਵੀ ਸਾਰੀ ਕਾਰਵਾਈ ਦੀ ਕਵਰਿੰਗ ਲਈ ਮੌਕੇ ’ਤੇ ਹਾਜ਼ਰ ਰਹਿਣ

ਮੁੱਖ ਸਕੱਤਰ ਨੂੰ ਪਿਛਲੀਆਂ ਸਾਰੀਆਂ ਖ਼ਬਰਾਂ ਦਾ ਨਚੋੜ ਅਤੇ ਲੋਕਾਂ ਦੀਆਂ ਮੰਗਾਂ ਦੀ ਸੂਚੀ ਤਿਆਰ ਕਰਨ ਦਾ ਹੁਕਮ ਹੋਇਆ। ਉਹ ਮੰਗਾਂ ਵੱਖ ਕਰ ਲਈਆਂ ਜਾਣ, ਜਿਨ੍ਹਾਂ ਨੂੰ ਫੌਰੀ ਤੌਰ ’ਤੇ ਕਬੂਲ ਕੀਤਾ ਜਾ ਸਕਦਾ ਹੋਵੇ।

ਉਹ ਆਪ ਸਿਆਸੀ ਸਲਾਹਕਾਰਾਂ ਅਤੇ ਜਥੇਦਾਰਾਂ ਦੀ ਸਹਾਇਤਾ ਨਾਲ ਦੌਰੇ ਦੀ ਰੂਪ-ਰੇਖਾ ਉਲੀਕਣ ਲੱਗੇ।

ਸਰਕਲ ਜਥੇਦਾਰ ਦਾ ਮੱਤ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿੱਚ ਅਕਾਲੀ ਪਾਰਟੀ ਦਾ ਵਜੂਦ ਨਾ ਬਰਾਬਰ ਹੈ। ਪਾਰਟੀ ਨੂੰ ਜੋ ਵੋਟਾਂ ਮਿਲਦੀਆਂ ਹਨ, ਉਹ ਸਰਦਾਰ ਦੇ ਨਿੱਜੀ ਰਸੂਖ਼ ਕਾਰਨ ਮਿਲਦੀਆਂ ਹਨ। ਸਰਦਾਰ ਦੀ ਚੁੱਪ ਅਤੇ ਪੁਲਿਸ ਦੀ ਵਧੀਕੀ ਕਾਰਨ ਸਰਦਾਰ ਦੇ ਪੱਕੇ ਸਮਰਥਕ ਵੀ ਨਾਰਾਜ਼ ਸਨ। ਉਹਨਾਂ ਨੂੰ ਬਿਨਾਂ ਮਤਲਬ ਲੋਕਾਂ ਦੇ ਮਿਹਣੇ-ਤਾਅਨੇ ਸੁਣਨੇ ਪੈ ਰਹੇ ਸਨ। ਸਾਰੇ ਸ਼ਹਿਰ ਵਿੱਚ ਸੋਗ ਸੀ, ਸਹਿਮ ਸੀ ਅਤੇ ਨਿਰਾਸ਼ਾ ਵੀ। ਬੰਟੀ ਦੇ ਕਤਲ ਨਾਲੋਂ ਵੀ ਲੋਕ ਸਰਦਾਰ ਦੀ ਚੁੱਪ ’ਤੇ ਦੁਖੀ ਸਨ। ਇਸ ਦਾ ਇਕੋ ਇੱਕ ਹੱਲ ਪੁਲਿਸ ਦਾ ਵੱਡੇ ਪੱਧਰ ’ਤੇ ਤਬਾਦਲਾ ਸੀ। ਪੁਲਿਸ ਨੇ ਲੋਕਾਂ ਨਾਲ ਬਹੁਤ ਜ਼ਿਆਦਤੀ ਕੀਤੀ ਸੀ।

ਸ਼ਹਿਰ ਦੀ ਸਾਰੀ ਪੁਲਿਸ ਦੇ ਤਬਾਦਲੇ ’ਤੇ ਸਰਦਾਰ ਨੂੰ ਤਾਂ ਕੋਈ ਗਿਲਾ ਨਹੀਂ ਸੀ, ਪਰ ਡੀ.ਜੀ.ਪੀ.ਬੜਾ ਅੜੀਅਲ ਸੀ। ਉਹ ਸਾਰਾ ਦਿਨ ਅਜਿਹੇ ਢੰਗ ਤਰੀਕੇ ਸੋਚਦਾ ਰਹਿੰਦਾ ਹੈ, ਜਿਸ ਨਾਲ ਪੁਲਿਸ ਦੇ ਗਿਰੇ ਮਨੋਬਲ ਨੂੰ ਫਿਰ ਤੋਂ ਉੱਚਾ ਚੁੱਕਿਆ ਜਾ ਸਕੇ। ਵੱਡੇ ਪੱਧਰ ’ਤੇ ਕੀਤੇ ਜਾਣ ਵਾਲੇ ਤਬਾਦਲਿਆਂ ਦਾ ਉਸ ਨੇ ਵਿਰੋਧ ਕਰਨਾ ਸੀ। ਉਸ ਨੇ ਆਖਣਾ ਸੀ, ਇਸ ਨਾਲ ਪੁਲਿਸ ’ਚ ਫੈਲੀ ਬੇਚੈਨੀ ਹੋਰ ਵਧਣੀ ਸੀ। ਲੋਕ ਤਾਂ ਪਹਿਲਾਂ ਹੀ ਦੋਸ਼ ਲਾ ਰਹੇ ਹਨ ਕਿ ਡਰਦੀ ਪੁਲਿਸ ਦਿਨ ਛਿਪਦੇ ਹੀ ਥਾਣਿਆਂ ਨੂੰ ਜਿੰਦੇ ਮਾਰ ਲੈਂਦੀ ਹੈ। ਬਾਹਰ ਕੁੱਝ ਵੀ ਹੁੰਦਾ ਰਹੇ, ਕੋਈ ਦਰਵਾਜ਼ਾ ਨਹੀਂ ਖੋਲ੍ਹਦਾ। ਸਰਹੱਦੀ ਜ਼ਿਲ੍ਹਿਆਂ ਵਿੱਚ ਰਾਤ ਨੂੰ ਰਾਜ ਹੀ ਦਹਿਸ਼ਤਗਰਦਾਂ ਦਾ ਹੁੰਦਾ ਹੈ। ਇਸ ਗੱਲ ’ਤੇ ਕੇਂਦਰ ਡੀ.ਜੀ.ਪੀ.ਦੀ ਹਮਾਇਤ ਕਰਦਾ ਹੈ, ਪਰ ਜੇ ਮੁੱਖ ਮੰਤਰੀ ਨੂੰ ਆਪਣੀ ਹੀ ਕੁਰਸੀ ਦਾ ਖ਼ਤਰਾ ਹੋਵੇ ਤਾਂ ਉਸ ਨੇ ਪੁਲਿਸ ਦੇ ਮਨੋਬਲ ਤੋਂ ਕੀ ਲੈਣਾ ਹੈ? ਨਾਲੇ ਅੱਗੇ ਕਿਹੜਾ ਪੁਲਿਸ ਮੱਲ ਢਾਹੁੰਦੀ ਸੀ ਬਈ ਫੇਰ ਢਾਉਣੋਂ ਹਟ ਜੂ। ਉਹ ਤਬਾਦਲੇ ਕਰੇਗਾ।

ਉਹ ਜਥੇਦਾਰਾਂ ਨੂੰ ਵੀ ਖ਼ੁਸ਼ ਰੱਖਣਾ ਚਾਹੁੰਦੇ ਸਨ। ਜੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸ਼ਹਿਰ ਵਿੱਚ ਲਗਵਾਉਣਾ ਚਾਹੁੰਦਾ ਹੈ ਤਾਂ ਉਸ ਦਾ ਨਾਂ ਨੋਟ ਕਰਾ ਦੇਵੇ। ਮੁੱਖ ਮੰਤਰੀ ਉਸ ਨੂੰ ਮਨ-ਮਰਜ਼ੀ ਦੀ ਥਾਂ ’ਤੇ ਲਗਵਾ ਦੇਵੇਗਾ।

ਜਥੇਦਾਰ ਨੇ ਜ਼ਿਹਨ ’ਤੇ ਪੂਰਾ ਜ਼ੋਰ ਦੇ ਕੇ ਸੋਚਿਆ। ਉਸ ਦਾ ਇੱਕ ਵੀ ਰਿਸ਼ਤੇਦਾਰ ਡਿਪਟੀ ਜਾਂ ਥਾਣੇਦਾਰ ਨਹੀਂ ਸੀ। ਕੁੱਝ ਕੁ ਵਾਕਫ਼ ਜ਼ਰੂਰ ਸਨ। ਚੰਗੇ ਥਾਣੇ ਦੇ ਤਬਾਦਲੇ ਲਈ ਕਈ ਜਣੇ ਕਈ-ਕਈ ਵਾਰ ਗੋਡੇ ਹੱਥ ਲਾ ਕੇ ਗਏ ਸਨ। ਉਹਨਾਂ ਦੇ ਨਾਂ ਨੋਟ ਕਰਾਉਣ ਨੂੰ ਜਥੇਦਾਰ ਦਾ ਦਿਲ ਨਾ ਕੀਤਾ। ਉਸ ਦਾ ਤਜਰਬਾ ਦੱਸਦਾ ਸੀ ਕਿ ਸਾਰੇ ਪੁਲਸੀਏ ਇਕੋ ਥੈਲੀ ਦੇ ਚੱਟੇ-ਵੱਟੇ ਹੁੰਦੇ ਹਨ। ਪਹਿਲਾਂ ਹੋਰ ਹੁੰਦੇ ਹਨ, ਕੁਰਸੀ ਮਿਲਦਿਆਂ ਹੀ ਪਹਿਲਾਂ ਆਪਣਿਆਂ ਦੇ ਚਿੱਤੜ ਕੁੱਟਦੇ ਹਨ। ਜਿਹੜਾ ਮਰਜ਼ੀ ਆ ਜਾਵੇ, ਸਭ ਠੀਕ ਹੈ। ਡਰਦੇ ਆਪੇ ਸਲੂਟ ਮਾਰਨਗੇ। ਕਿਸੇ ਨੂੰ ਸਿਫ਼ਾਰਸ਼ ਕਰ ਕੇ ਲਗਵਾ ਲਿਆ ਤਾਂ ਉਸ ਨੇ ਸਿਰ ਚੜ੍ਹੇ ਰਹਿਣਾ ਹੈ। ਚੰਗੇ-ਮੰਦੇ ਕੰਮ ਵਿੱਚ ਉਸ ਦੀ ਹਮਾਇਤ ਕਰਨੀ ਪਿਆ ਕਰੇਗੀ।

ਜਥੇਦਾਰ ਨੇ ਇਕੱਲੇ ਬੂਝਾ ਸਿੰਘ ਦਾ ਨਾਂ ਨੋਟ ਕਰਾਇਆ। ਉਸ ਨੂੰ ਜ਼ਰੂਰ ਥਾਣੇ ਵਿੱਚ ਲਾ ਦਿੱਤਾ ਜਾਵੇ। ਜਥੇਦਾਰ ਉਸ ਨਾਲ ਵਾਅਦਾ ਕਰ ਚੁੱਕਾ ਸੀ।

ਮੁੱਖ ਮੰਤਰੀ ਬੂਝਾ ਸਿੰਘ ’ਤੇ ਖ਼ੁਸ਼ ਨਹੀਂ ਸੀ। ਉਹ ਜਿਹੜਾ ਗੰਦ ਪਾ ਰਿਹਾ ਸੀ, ਉਸ ਦੀ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਪੁੱਜ ਰਹੀ ਸੀ, ਪਰ ਉਹਨਾਂ ਮਨ ਦੀ ਗੱਲ ਮਨ ਵਿੱਚ ਹੀ ਰੱਖੀ। ਸੋਚਿਆ ਰੋਪੜ ਵੱਲ ਧੱਕ ਦਿਆਂਗੇ। ਨਾਲੇ ਜਥੇਦਾਰ ਖ਼ੁਸ਼, ਨਾਲੇ ਹੋਏ ਤਬਾਦਲੇ ’ਤੇ ਲੋਕ ਖ਼ੁਸ਼, ਨਾਲੇ ਬੂਝੇ ਨੂੰ ਮੁੱਖ ਮੰਤਰੀ ਵਿਰੁੱਧ ਪ੍ਰਚਾਰ ਕਰਨ ਅਤੇ ਰਿਪੋਰਟਾਂ ਭੇਜਣ ਦਾ ਸੁਆਦ ਪਤਾ ਲੱਗ ਜਾਏਗਾ।

ਸਿਆਸੀ ਸਲਾਹਕਾਰ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੁੰਦੇ ਹਨ। ਉਹਨਾਂ ਨੂੰ ਰਿਪੋਰਟਾਂ ਮਿਲ ਰਹੀਆਂ ਸਨ ਕਿ ਦੂਜਾ ਧੜਾ ਪ੍ਰਧਾਨ ਮੰਤਰੀ ਦੇ ਨੇੜੇ ਹੁੰਦਾ ਜਾ ਰਿਹਾ ਸੀ। ਕੇਂਦਰ ਦਾ ਕੋਈ ਵਸਾਹ ਨਹੀਂ, ਉਸ ਨੂੰ ਹਿੱਕ ਨਾਲ ਲਾ ਲਏ।

ਸ਼ਹਿਰ ਵਿੱਚ ਬਹੁਤ ਵੱਡੀ ਕਾਨਫ਼ਰੰਸ ਹੋਣੀ ਚਾਹੀਦੀ ਹੈ। ਕਿਸੇ ਕੇਂਦਰੀ ਮੰਤਰੀ ਨੂੰ ਵੀ ਬੁਲਾਇਆ ਜਾਵੇ। ਨਾਲੇ ਤਾਕਤ ਦਾ ਦਿਖਾਵਾ ਕੀਤਾ ਜਾਵੇ, ਨਾਲੇ ਮਿੱਠੇ-ਮਿੱਠੇ ਭਾਸ਼ਣਾਂ ਨਾਲ ਸਰਦਾਰ ਦੇ ਖ਼ਿਲਾਫ਼ ਹੁੰਦੇ ਪ੍ਰਚਾਰ ਨੂੰ ਨਕਾਰਿਆ ਜਾਵੇ। ਬੰਟੀ ਦੀ ਯਾਦ ਵਿੱਚ ਬਣਾਈ ਜਾਣ ਵਾਲੀ ਕਿਸੇ ਵੱਡੀ ਯਾਦਗਾਰ ਦਾ ਐਲਾਨ ਕਰ ਕੇ ਲੋਕਾਂ ਦੇ ਬਦਲੇ ਮਜ਼ਾਜ਼ ਨੂੰ ਆਪਣੇ ਹੱਕ ਵਿੱਚ ਕੀਤਾ ਜਾਵੇ।

ਮੁੱਖ ਮੰਤਰੀ ਕਾਨਫ਼ਰੰਸ ਦੇ ਹੱਕ ਵਿੱਚ ਨਹੀਂ ਸੀ। ਇਸ ਘਟਨਾ ਨੂੰ ਸਿਆਸੀ ਰੰਗ ਦੇ ਕੇ ਆਪਣੇ ਪੈਰ ’ਤੇ ਆਪੇ ਕੁਹਾੜਾ ਮਾਰਨ ਵਾਲੀ ਗੱਲ ਹੋਏਗੀ। ਇਸ ਕਤਲ ਨੂੰ ਨਿੱਜੀ ਮਸਲੇ ਤਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਸੀ। ਉਹ ਲਾਲਾ ਜੀ ਦੇ ਘਰ ਜਾਣਗੇ। ਦੋ ਘੜੀ ਉਹਨਾਂ ਵਿੱਚ ਬੈਠਣਗੇ। ਲੋਕਾਂ ਦੀਆਂ ਮੰਗਾਂ ਮੰਨਣਗੇ।

ਲੋਕਾਂ ਦਾ ਗ਼ੁੱਸਾ ਠੰਢਾ ਕਰਨ ਲਈ ਜ਼ਰੂਰੀ ਹੈ, ਲੋਕਾਂ ਵਿੱਚ ਬੈਠਿਆ ਜਾਵੇ। ਉੱਚੀਆਂ- ਉੱਚੀਆਂ ਸਟੇਜਾਂ ਤੋਂ ਭਾਸ਼ਣ ਦੇਣ ਨਾਲ ਕੁੱਝ ਨਹੀਂ ਸੀ ਸੰਵਰਨਾ।

ਮੁੱਖ ਸਕੱਤਰ ਦੀ ਰਿਪੋਰਟ ਤਿਆਰ ਸੀ। ਦੋ ਕੁ ਮੰਗਾਂ ਛੱਡ ਕੇ ਬਾਕੀ ਮੌਕੇ ’ਤੇ ਪੂਰੀਆਂ ਕੀਤੀਆਂ ਜਾ ਸਕਦੀਆਂ ਸਨ

ਇਸ ਵਾਰ ਮੁੱਖ ਮੰਤਰੀ ਇਕੱਲੇ ਐਲਾਨ ਕਰਨ ਦੇ ਮੂਡ ਵਿੱਚ ਨਹੀਂ ਸੀ। ਉਹ ਜਿਹੜਾ ਵੀ ਐਲਾਨ ਕਰਨਗੇ, ਉਸ ’ਤੇ ਤੁਰੰਤ ਹੀ ਅਮਲ ਹੋਏਗਾ। ਇਸ ਲਈ ਮੁੱਖ ਸਕੱਤਰ ਨੂੰ ਹਦਾਇਤ ਹੋਈ ਕਿ ਉਹ ਡਿਪਟੀ ਕਮਿਸ਼ਨਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਮੌਕੇ ’ਤੇ ਹਾਜ਼ਰ ਰਹਿਣ ਦਾ ਹੁਕਮ ਜਾਰੀ ਕਰੇ।

ਸ਼ਹਿਰ ਜਾਣ ਦਾ ਪ੍ਰੋਗਰਾਮ ਬਣਾ ਕੇ ਮੁੱਖ ਮੰਤਰੀ ਦੇ ਮਨ ਤੋਂ ਬੋਝ ਲਹਿ ਗਿਆ ਸੀ। ਬੇਫ਼ਿਕਰ ਹੋਏ ਉਹ ਸੂਬੇ ਦੇ ਹੋਰ ਕੰਮਾਂ ਵੱਲ ਧਿਆਨ ਦੇਣ ਲੱਗੇ।

 

 

22

ਮੁੱਖ ਮੰਤਰੀ ਦੇ ਸ਼ਹਿਰ ਆਉਣ ਦੀ ਖ਼ਬਰ ਨਾਲ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ।

ਸਰਕਾਰੀ ਮਹਿਕਮਿਆਂ ਨੂੰ ਸਭ ਤੋਂ ਵੱਧ ਭਾਜੜਾਂ ਪਈਆਂ। ਤਿਆਰੀ ਲਈ ਉਹਨਾਂ ਨੂੰ ਬਹੁਤ ਥੋੜ੍ਹਾ ਸਮਾਂ ਮਿਲਿਆ ਸੀ।

ਸਭ ਤੋਂ ਜ਼ਿਆਦਾ ਵਖਤ ਮਿਊਂਸਪੈਲਟੀ ਵਾਲਿਆਂ ਨੂੰ ਪਿਆ ਸੀ। ਕਾਰਜ ਸਾਧਕ ਅਫ਼ਸਰ ਨੂੰ ਜਮਾਂਦਾਰਾਂ ਦੀਆਂ ਛੁੱਟੀਆਂ ਕੈਂਸਲ ਕਰ ਕੇ ਉਹਨਾਂ ਨੂੰ ਤੁਰੰਤ ਡਿਊਟੀ ’ਤੇ ਹਾਜ਼ਰ ਹੋਣ ਦਾ ਹੁਕਮ ਜਾਰੀ ਕਰਨਾ ਪਿਆ। ਬਾਕੀ ਕੰਮਾਂ ਦੀ ਜ਼ਿੰਮੇਵਾਰੀ ਤਾਂ ਦੂਜੇ ਮੁਲਾਜ਼ਮਾਂ ਦੇ ਮੋਢਿਆਂ ’ਤੇ ਵੀ ਪਾਈ ਜਾ ਸਕਦੀ ਸੀ, ਪਰ ਸੜਕਾਂ, ਨਾਲੀਆਂ ਅਤੇ ਗਲੀਆਂ ਦੀ ਸਫ਼ਾਈ ਤਾਂ ਉਹਨਾਂ ਬਿਨਾਂ ਕੋਈ ਨਹੀਂ ਸੀ ਕਰ ਸਕਦਾ।

ਟੁੱਟੀਆਂ ਸੜਕਾਂ ਦੀ ਮੁਰੰਮਤ ਹੋਣ ਲੱਗੀ। ਗਲੀਆਂ, ਮੁਹੱਲਿਆਂ ਦੇ ਟੋਏ ਭਰੇ ਗਏ। ਭਾਵੇਂ ਮੁੱਖ ਮੰਤਰੀ ਨੇ ਰਾਤ ਨੂੰ ਸ਼ਹਿਰ ਵਿੱਚ ਨਹੀਂ ਸੀ ਠਹਿਰਨਾ, ਫੇਰ ਵੀ ਸਟਰੀਟ ਲਾਈਟਾਂ ਦੇ ਫਿਊਜ਼ ਬੱਲਬ ਅਤੇ ਟਿਊਬਾਂ ਬਦਲ ਦਿੱਤੀਆਂ ਗਈਆਂ।

ਖ਼ੁਫ਼ੀਆ ਵਿਭਾਗ ਨੇ ਘਰ-ਘਰ ਦਾ ਜਾਇਜ਼ਾ ਲਿਆ। ਕਿਥੇ ਮੋਰਚਾਬੰਦੀ ਕਰਨੀ ਹੈ, ਕਿਥੇ ਘੱਟ ਅਤੇ ਕਿਥੇ ਵੱਧ ਸੂਹੀਏ ਤਾਇਨਾਤ ਕਰਨੇ ਹਨ, ਇਸ ਦਾ ਫ਼ੈਸਲਾ ਲਿਆ ਗਿਆ। ਗਸ਼ਤੀ ਪਾਰਟੀਆਂ ਦੀ ਗਿਣਤੀ ਤਾਂ ਤੁਰੰਤ ਹੀ ਵਧਾ ਦਿੱਤੀ ਗਈ।

ਬਾਹਰੋਂ ਆਏ ਬੰਦੇ ਨੂੰ ਇਉਂ ਝਉਲਾ ਪੈਂਦਾ ਸੀ ਜਿਵੇਂ ਕਿਸੇ ਧਨਾਢ ਦੀ ਕੁੜੀ ਦੀ ਬਰਾਤ ਆਉਣੀ ਹੋਵੇ। ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਸਾਰੇ ਸ਼ਹਿਰ ਵਿੱਚ ਪਾਣੀ ਛਿੜਕਿਆ ਗਿਆ। ਉਹਨਾਂ ਸਾਰੀਆਂ ਸੜਕਾਂ ’ਤੇ ਕਲੀ ਵਿਛਾ ਦਿੱਤੀ ਗਈ, ਜਿਥੋਂ ਲੰਘ ਕੇ ਸਰਦਾਰ ਨੇ ਲਾਲਾ ਜੀ ਦੇ ਘਰ ਜਾਣਾ ਸੀ।

ਸਾਰੇ ਅਫ਼ਸਰਾਂ ਦਾ ਧਿਆਨ ਲਾਲਾ ਜੀ ਦੇ ਮੁਹੱਲੇ ਵੱਲ ਸੀ। ਉਥੇ ਕੋਈ ਕਸਰ ਬਾਕੀ ਨਹੀਂ ਸੀ ਰਹਿਣੀ ਚਾਹੀਦੀ। ਨਾਲੀਆਂ ’ਤੇ ਡੀ.ਡੀ.ਟੀ.ਛਿੜਕੀ ਗਈ। ਕੁੱਝ ਕੁ ਥਾਵਾਂ ’ਤੇ ਅਗਰਬੱਤੀਆਂ ਲਾਈਆਂ ਗਈਆਂ। ਸੋਗ ਦਾ ਸਮਾਂ ਨਾ ਹੁੰਦਾ ਤਾਂ ਸਵਾਗਤੀ ਗੇਟ ਵੀ ਲਾਏ ਜਾਂਦੇ।

ਜਿਉਂ-ਜਿਉਂ ਸੂਰਜ ਉੱਚਾ ਹੁੰਦਾ ਗਿਆ, ਤਿਉਂ-ਤਿਉਂ ਲਾਲਾ ਜੀ ਦੇ ਘਰ ਚਹਿਲ-ਪਹਿਲ ਵਧਦੀ ਗਈ। ਅੱਜ ਉਹਨਾਂ ਦੇ ਦੁੱਖ ਵੰਡਾਉਣ ਵਾਲਿਆਂ ਵਿੱਚ ਅਫ਼ਸਰਾਂ ਅਤੇ ਸਿਆਸੀ ਨੇਤਾਵਾਂ ਦੀ ਗਿਣਤੀ ਜ਼ਿਆਦਾ ਸੀ। ਕਦੇ ਐਸ.ਡੀ.ਐਮ.ਚੱਕਰ ਕੱਟਦਾ-ਕੱਟਦਾ ਇਧਰ ਆ ਜਾਂਦਾ, ਕਦੇ ਡੀ.ਐਸ.ਪੀ.। ਹਰ ਕੋਈ ਬੈਠਕ ਵਿੱਚ ਬੈਠੇ ਲਾਲਾ ਜੀ ਦੇ ਗੋਡੀਂ ਹੱਥ ਲਾਉਂਦਾ ਅਤੇ ਬੜੀ ਨਿਮਰਤਾ ਨਾਲ ਸੇਵਾ ਪੁੱਛਦਾ। ਅਸਲ ਇਸ਼ਾਰਾ ਇਸ ਗੱਲ ਵੱਲ ਹੁੰਦਾ ਸੀ ਕਿ ਲਾਲਾ ਜੀ ਮੇਹਰ ਰੱਖਣ। ਉਹਨਾਂ ਦੀਆਂ ਭੁੱਲਾਂ ਬਖ਼ਸ਼ਣ। ਅਫ਼ਸਰਾਂ ਦੀ ਨਾਲਾਇਕੀ ਦੇ ਚਿੱਠੇ ਮੁੱਖ ਮੰਤਰੀ ਅੱਗੇ ਨਾ ਖੋਲ੍ਹਣ। ਹੋਰ ਤਾਂ ਸਭ ਠੀਕ ਸੀ, ਪਰ ਕਾਂਤਾ ਮੁੱਖ ਮੰਤਰੀ ਦੇ ਸਵਾਗਤ ਲਈ ਤਿਆਰ ਨਹੀਂ ਸੀ ਹੋ ਰਹੀ। ਉਹ ਮੰਜੇ ਨਾਲ ਚਿਪਕੀ ਪਈ ਸੀ। ਸੁਬ੍ਹਾ ਚਾਰ-ਚਾਰ ਵਜੇ ਉੱਠ ਕੇ ਸਾਰੇ ਕੰਮਾਂ ਨੂੰ ਮਿੰਟਾਂ-ਸਕਿੰਟਾਂ ਵਿੱਚ ਸਮੇਟਣ ਵਾਲੀ ਕਾਂਤਾ ਦੀ ਸਾਰੀ ਚੁਸਤੀ-ਫੁਰਤੀ ਜਿਵੇਂ ਬੰਟੀ ਆਪਣੇ ਨਾਲ ਹੀ ਲੈ ਗਿਆ ਸੀ।

ਕਮਰੇ ’ਚ ਪਈ ਕਾਂਤਾ ਬਹੁਤ ਉਦਾਸ ਸੀ। ਸੰਘ ਦਾ ਮੁੱਖ ਮੰਤਰੀ ਦੇ ਸਵਾਗਤ ਲਈ ਲਟਾ-ਪੀਂਘ ਹੋਣਾ ਉਸ ਨੂੰ ਬੰਟੀ ਦੇ ਕਤਲ ਨਾਲੋਂ ਵੀ ਭੈੜਾ ਲੱਗ ਰਿਹਾ ਸੀ।

ਸੰਘ ਵਾਲੇ ਮੁੱਖ ਮੰਤਰੀ ਲਈ ਚਾਹ ਦਾ ਇੰਤਜ਼ਾਮ ਕਰ ਰਹੇ ਸਨ। ਇਸ ਮਕਸਦ ਲਈ ਟੈਂਟ ਕੋਠੇ ’ਤੇ ਲਾਇਆ ਗਿਆ ਸੀ। ਕਰਾਕਰੀ ਮੰਗਵਾਈ ਗਈ ਸੀ। ਜਦੋਂ ਸਵਾਗਤ ਦੀਆਂ ਤਿਆਰੀਆਂ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ ਤਾਂ ਕਾਂਤਾ ਨੇ ਉਸ ਸਮੇਂ ਹੀ ਮੁੱਖ ਮੰਤਰੀ ਨੂੰ ਚਾਹ ਪਿਆਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਸੀ। ਉਹ ਮੁੰਡੇ ਦੀ ਛਟੀ ’ਤੇ ਨਹੀਂ ਸੀ ਆ ਰਿਹਾ ਬਈ ਉਸ ਨੂੰ ਬਰਫ਼ੀ ਅਤੇ ਪੇੜਿਆਂ ਨਾਲ ਚਾਹ ਪਿਲਾਈ ਜਾਏ। ਅਜਿਹੇ ਸਮੇਂ ਚਾਹ ਪੀਣਾ ਬੰਟੀ ਦੀ ਰੱਤ ਪੀਣ ਬਰਾਬਰ ਹੋਏਗਾ।

ਕਾਂਤਾ ਤਾਂ ਇਹ ਵੀ ਚਾਹੁੰਦੀ ਸੀ ਕਿ ਮੁੱਖ ਮੰਤਰੀ ਦੇ ਮਨਹੂਸ ਪੈਰ ਇਸ ਘਰ ਵਿੱਚ ਪੈਣ ਹੀ ਨਾ। ਬੰਟੀ ਸੂਬੇ ਵਿੱਚ ਫੈਲੀ ਹਫੜਾ-ਦਫੜੀ ਅਤੇ ਅਰਾਜਕਤਾ ਦਾ ਸ਼ਿਕਾਰ ਹੋਇਆ ਸੀ। ਇਸ ਸਾਰੀ ਬਦਅਮਨੀ ਲਈ ਉਹ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਸਮਝਦੀ ਸੀ। ਜਦੋਂ ਦਾ ਉਹ ਮੁੱਖ ਮੰਤਰੀ ਬਣਿਆ ਸੀ ਅਤੇ ਅਕਾਲੀਆਂ ਵਿੱਚ ਕੁਰਸੀ-ਯੁੱਧ ਛਿੜਿਆ ਸੀ, ਉਦੋਂ ਦੇ ਲੋਕਾਂ ਦੇ ਘਰੀਂ ਮੁੜ ਸੱਥਰ ਵਿਛਣ ਲੱਗੇ ਸਨ। ਕਾਂਤਾ ਨੂੰ ਤਾਂ ਮੁੱਖ ਮੰਤਰੀ ਹੀ ਬੰਟੀ ਦਾ ਕਾਤਲ ਲੱਗਦਾ ਸੀ। ਉਸ ਦੀਆਂ ਕਮਜ਼ੋਰ ਨੀਤੀਆਂ ਕਾਰਨ ਪੁਲਿਸ ਪੁਲਿਸ ਨਹੀਂ ਸੀ ਰਹੀ। ਪੁਲਿਸ ਦਾ ਮਨੋਬਲ ਇੰਨਾ ਗਿਰ ਗਿਆ ਸੀ ਕਿ ਉਹ ਕੋਲ ਖੜੇ ਮੁਜਰਮ ਨੂੰ ਵੀ ਹੱਥ ਪਾਉਣ ਤੋਂ ਡਰਦੀ ਸੀ।

ਜੋ ਹੋਣਾ ਸੀ ਸੋ ਹੋ ਗਿਆ। ਹੁਣ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਕੀ ਫ਼ਾਇਦਾ? ਘਰ ਤਾਂ ਕਾਂਤਾ ਦਾ ਉਜੜਿਆ ਹੈ। ਮੁੱਖ ਮੰਤਰੀ ਆਪਣਾ ਰਾਜਪਾਟ ਮਾਣਦਾ ਰਹੇ।

ਰਾਤ ਕਾਂਤਾ ਨੇ ਆਪਣੇ ਮਨ ਦੀ ਇਹ ਸਾਰੀ ਭੜਾਸ ਲਾਲਾ ਜੀ ਅੱਗੇ ਕੱਢ ਲਈ ਸੀ।

ਲਾਲਾ ਜੀ ਉਸ ਨਾਲ ਸਹਿਮਤ ਤਾਂ ਸਨ, ਪਰ ਸਨ ਮਜਬੂਰ। ਉਸ ਦਾ ਮਨ ਉਹਨਾਂ ਕਲਮੂੰਹੇਂ ਕਾਤਲਾਂ ਨੂੰ ਦੇਖਣ ਲਈ ਕਾਹਲਾ ਪੈ ਰਿਹਾ ਸੀ, ਜਿਨ੍ਹਾਂ ਅੰਦਰਲੀ ਸਾਰੀ ਮਾਨਵਤਾ ਮਰ ਚੁੱਕੀ ਸੀ, ਜਿਹੜੇ ਬੰਟੀ ਵਰਗੇ ਮਾਸੂਮਾਂ ਦਾ ਗਲਾ ਘੁੱਟਣ ਲੱਗੇ ਵੀ ‘ਸੀ’ ਨਹੀਂ ਕਰਦੇ। ਉਹ ਤਾਂ ਹੀ ਬੇਨਕਾਬ ਹੋ ਸਕਦੇ ਸਨ ਜੇ ਮੁੱਖ ਮੰਤਰੀ ਪੁਲਿਸ ਨੂੰ ਸਿਰ-ਧੜ ਦੀ ਬਾਜ਼ੀ ਲਾ ਕੇ ਕਾਤਲਾਂ ਨੂੰ ਫੜਨ ਦਾ ਹੁਕਮ ਦੇਵੇ।

ਲਾਲਾ ਜੀ ਅਤੇ ਉਸ ਦੇ ਚੇਲਿਆਂ ਦੀ ਅਕਲ ’ਤੇ ਕਾਂਤਾ ਨੂੰ ਰੋਣਾ ਆਇਆ ਸੀ। ਬੰਟੀ ਦੇ ਕਾਤਲਾਂ ਦੀ ਝਲਕ ਦੇਖਣੀ ਹੈ ਤਾਂ ਕਿਸੇ ਵੀ ਸਿਆਸੀ ਨੇਤਾ ਦੇ ਚਿਹਰੇ ’ਚੋਂ ਦੇਖ ਲੈਣ। ਪ੍ਰਧਾਨ ਮੰਤਰੀ, ਮੰਤਰੀ ਸਭ ਕਾਤਲ ਹਨ। ਕੋਈ ਬੰਟੀ ਦਾ ਕਾਤਲ ਹੈ, ਕੋਈ ਉਸ ਵਰਗੇ ਲੱਖਾਂ ਹੋਰਾਂ ਦਾ। ਮੁੱਖ ਮੰਤਰੀ ਤੋਂ ਕਾਤਲਾਂ ਦੀ ਸ਼ਨਾਖ਼ਤ ਦੀ ਆਸ ਰੱਖਣਾ ਸੰਘ ਦੀ ਅਕਲ ਦੇ ਨਿਕਲੇ ਜਨਾਜ਼ੇ ਦਾ ਸਬੂਤ ਸੀ। ਕੋਈ ਆਪਣੇ ਪੈਰੋਕਾਰਾਂ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਸਕਦੈ ਭਲਾ?

ਕਾਂਤਾ ਦੀਆਂ ਦਲੀਲਾਂ ਦਾ ਲਾਲਾ ਜੀ ਕੋਲ ਕੋਈ ਜਵਾਬ ਨਹੀਂ ਸੀ। ਉਸ ਨੇ ਔਰਤਾਂ ਵਾਂਗ ਅੱਖਾਂ ਭਰ ਲਈਆਂ। ਮੁੱਖ ਮੰਤਰੀ ਨੂੰ ਘਰੇ ਆਉਣ ਤੋਂ ਰੋਕਣ ਦੀ ਲਾਲਾ ਜੀ ਵਿੱਚ ਹਿੰਮਤ ਨਹੀਂ ਸੀ। ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਉਹ ਕਾਂਤਾ ਨੂੰ ਮਨਾਉਣ ਲੱਗੇ।

ਸਹੁਰੇ ਅੱਗੇ ਹਥਿਆਰ ਸੁੱਟਣ ਤੋਂ ਸਿਵਾ ਕਾਂਤਾ ਕਰ ਵੀ ਕੀ ਸਕਦੀ ਸੀ? ਹੁਣ ਕਿਹੜੇ ਮੂੰਹ ਕਾਂਤਾ ਮੁੱਖ ਮੰਤਰੀ ਦੇ ਸਵਾਗਤ ਲਈ ਹਾਰ-ਸ਼ਿੰਗਾਰ ਕਰੇ?

ਕਾਂਤਾ ਦੀ ਮਰਜ਼ੀ ਨੂੰ ਕੋਈ ਪਹਿਲੀ ਵਾਰ ਤਾਂ ਅਣਡਿੱਠਾ ਨਹੀਂ ਸੀ ਕੀਤਾ ਗਿਆ। ਇਸ ਘਰ ਵਿੱਚ ਉਸ ਨੂੰ ਪੁੱਛਦਾ ਹੀ ਕੌਣ ਸੀ? ਕਈ ਵਾਰ ਕਾਂਤਾ ਨੂੰ ਲੱਗਦਾ ਸੀ, ਉਹ ਪੈਦਾ ਹੀ ਲਤਾੜੇ ਜਾਣ ਲਈ ਹੋਈ ਸੀ।

ਬੰਦੇ ਤਾਂ ਬੰਦੇ, ਉਸ ਦੇ ਤਾਂ ਕੁਦਰਤ ਵੀ ਹੱਥ ਧੋ ਕੇ ਪਿੱਛੇ ਪੈ ਗਈ ਲੱਗਦੀ ਸੀ।

ਹਾਲੇ ਦੋ ਸਾਲ ਪਹਿਲਾਂ ਹੀ ਉਸ ਦੇ ਮੱਥੇ ਤੋਂ ਸੁਹਾਗ ਦੀ ਬਿੰਦੀ ਪੂੰਝੀ ਗਈ ਸੀ। ਹੱਸਦੀ- ਖੇਡਦੀ ਕਾਂਤਾ ਅਚਾਨਕ ਹੀ ਵਿਧਵਾ ਹੋ ਗਈ ਸੀ। ਉਸ ਦਾ ਬਲਦੇਵ ਟਰੱਕ ਹੇਠ ਕੁਚਲਿਆ ਗਿਆ ਸੀ।

ਕਾਂਤਾ ਨੂੰ ਅੱਜ ਤਕ ਯਕੀਨ ਨਹੀਂ ਆਇਆ ਕਿ ਉਸ ਦਾ ਬਲਦੇਵ ਕਦੇ ਵੀ ਮੁੜ ਕੇ ਘਰ ਨਹੀਂ ਆਏਗਾ। ਯਕੀਨ ਆਵੇ ਵੀ ਕਿਵੇਂ? ਉਸ ਨੂੰ ਕਿਹੜਾ ਬਲਦੇਵ ਦੇ ਆਖ਼ਰੀ ਦਰਸ਼ਨ ਕਰਾਏ ਗਏ ਸਨ। ਦਰਸ਼ਨ ਕਿਥੋਂ ਕਰਾਉਂਦੇ? ਟਰੱਕ ਨੇ ਦੇਖਣ ਵਾਲਾ ਛੱਡਿਆ ਹੀ ਕੀ ਸੀ? ਸਾਰਾ ਸਰੀਰ ਹੀ ਫੀਤਾ-ਫੀਤਾ ਕਰ ਦਿੱਤਾ ਸੀ।

ਕਾਂਤਾ ਨੂੰ ਬੰਟੀ ਦੇ ਮਰਨ ’ਤੇ ਵੀ ਯਕੀਨ ਨਹੀਂ। ਕਾਂਤਾ ਨੂੰ ਪਹਿਲਾਂ ਆਖਿਆ ਗਿਆ ਸੀ ਕਿ ਬੰਟੀ ਨੂੰ ਘਰ ਲਿਆਂਦਾ ਜਾਏਗਾ। ਉਸ ਦੀ ਗੋਦ ਵਿੱਚ ਪਾਇਆ ਜਾਏਗਾ। ਫੇਰ ਉਸ ਨੂੰ ਦੱਸਿਆ ਗਿਆ, ਪੋਸਟਮਾਰਟਮ ਨੂੰ ਦੇਰ ਹੋ ਗਈ ਸੀ। ਲਾਸ਼ ਦਾ ਘਰ ਲਿਆਉਣਾ ਮੁਸ਼ਕਲ ਸੀ। ਸੂਰਜ ਛੁਪਣ ਵਾਲਾ ਸੀ। ਕਾਂਤਾ ਨੂੰ ਡੈੱਡ ਹਾਊਸ ਵੱਲ ਧੂਹਿਆ ਗਿਆ। ਕਾਂਤਾ ਨਾਲ ਧੋਖਾ ਹੋਇਆ ਸੀ, ਸਾਰਾ ਧੋਖਾ।

ਜਿਹੜੇ ਗਿਣਵੇਂ ਪਲ ਬੰਟੀ ਦੇ ਦਰਸ਼ਨਾਂ ਲਈ ਮਿਲੇ, ਉਹਨਾਂ ਵਿੱਚ ਉਹ ਬੰਟੀ ਨੂੰ ਚੱਜ ਨਾਲ ਦੇਖ ਵੀ ਨਾ ਸਕੀ। ਜਿਹੜੀ ਲਾਸ਼ ਉਸ ਨੂੰ ਦਿਖਾਈ ਗਈ ਸੀ, ਉਹ ਬੰਟੀ ਦੀ ਨਹੀਂ ਸੀ ਲੱਗਦੀ। ਉਹ ਬੱਚਾ ਤਾਂ ਮਾੜਚੂ ਜਿਹਾ ਸੀ, ਹੱਡੀਆਂ ਦਾ ਢਾਂਚਾ। ਉਸ ਦਾ ਬੰਟੀ ਤਾਂ ਲੁਗ-ਲੁਗ ਕਰਦਾ ਸੀ। ਉਸ ਬੱਚੇ ਦਾ ਚਿਹਰਾ ਕਾਲਾ ਸ਼ਾਹ ਸੀ, ਬੰਟੀ ਗੋਰਾ ਨਿਛੋਹ ਸੀ। ਲਾਸ਼ ਦਾ ਤਾਂ ਕੁੱਝ ਵੀ ਬੰਟੀ ਨਾਲ ਨਹੀਂ ਸੀ ਮਿਲਦਾ।

ਹਿੰਮਤ ਕਰ ਕੇ ਕਾਂਤਾ ਨੇ ਪੇਟ ਨੰਗਾ ਕੀਤਾ। ਬੰਟੀ ਹੋਇਆ ਤਾਂ ਪੇਟ ’ਤੇ ਲਸਣ ਦਾ ਨਿਸ਼ਾਨ ਜ਼ਰੂਰ ਹੋਏਗਾ। ਪੇਟ ਸਿਊਣ ਨਾਲ ਭਰੇ ਵੱਡੇ-ਵੱਡੇ ਸੜੋਪੇ ਦੇਖ ਕੇ ਕਾਂਤਾ ਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਉਹ ਧੜੱਮ ਦੇਣੇ ਪਿਛਾਂਹ ਗਿਰ ਗਈ। ਲਸਣ ਦੇਖਣ ਦਾ ਸਮਾਂ ਹੀ ਨਾ ਮਿਲਿਆ।

ਜਦੋਂ ਹੋਸ਼ ਆਈ, ਬੰਟੀ ਮਿੱਟੀ ਨਾਲ ਮਿੱਟੀ ਹੋ ਚੁੱਕਾ ਸੀ।

ਲਾਲਾ ਜੀ ਦੇ ਮਨ ਵਿੱਚ ਵੀ ਇਹੋ ਸ਼ੱਕ ਸੀ। ਉਹ ਸਾਫ਼-ਸਾਫ਼ ਤਾਂ ਨਹੀਂ ਸੀ ਆਖਦੇ, ਪਰ ਸ਼ੰਕਾ ਅਕਸਰ ਪ੍ਰਗਟ ਕਰਦੇ ਸਨ। ਉਹਨਾਂ ਦੇ ਮੂੰਹੋਂ ਕਈ ਵਾਰ ਨਿਕਲਿਆ ਸੀ ਕਿ ਮਰਨ ਵਾਲਾ ਉਹਨਾਂ ਦਾ ਪੋਤਾ ਨਹੀਂ ਸੀ।

ਕਾਂਤਾ ਨੂੰ ਲੱਗਦਾ ਸੀ, ਗੁਰਦੁਆਰੇ ਦੀ ਤਲਾਸ਼ੀ ਤੋਂ ਡਰਦੀ ਪੁਲਿਸ ਨੇ ਕਿਸੇ ਹੋਰ ਮਾਂ ਦੇ ਢਿੱਡ ਦੇ ਆਂਡੇ ਨੂੰ ਕਾਂਤਾ ਦੀ ਝੋਲੀ ਪਾ ਦਿੱਤਾ ਸੀ।

ਕਾਂਤਾ ਨੂੰ ਸੌ ਫ਼ੀਸਦੀ ਯਕੀਨ ਸੀ ਕਿ ਬੰਟੀ ਜ਼ਿੰਦਾ ਸੀ। ਉਹ ਕਾਂਤਾ ਨੂੰ ਛੱਡ ਕੇ ਕਿਧਰੇ ਜਾ ਨਹੀਂ ਸਕਦਾ।

ਫੇਰ ਵੀ ਸਾਰਾ ਟੱਬਰ ਉਸ ਦਾ ਵੈਰੀ ਬਣ ਗਿਆ ਲੱਗਦਾ ਸੀ। ਉਸ ਦੇ ਅੱਧੋ-ਰਾਣੇ ਕੱਪੜੇ ਗ਼ਰੀਬ ਬੱਚਿਆਂ ਵਿੱਚ ਵੰਡ ਦਿੱਤੇ ਗਏ ਸਨ। ਉਸ ਦੇ ਸਾਰੇ ਖਿਡੌਣੇ, ਨਵੇਂ ਕੱਪੜੇ, ਕਿਤਾਬਾਂ ਅਤੇ ਫ਼ੋਟੋਆਂ ਅਲਮਾਰੀ ਵਿੱਚ ਸਾਂਭ ਦਿੱਤੀਆਂ ਗਈਆਂ ਸਨ। ਬਹਾਨਾ ਵਧੀਆ ਸੀ, ਕਾਂਤਾ ਸਾਰਾ ਦਿਨ ਪਾਗ਼ਲਾਂ ਵਾਂਗ ਖਿਡੌਣਿਆਂ ਨਾਲ ਗੱਲਾਂ ਕਰਦੀ ਰਹਿੰਦੀ ਹੈ। ਉਹਨਾਂ ਨੂੰ ਸਾਹਮਣੇ ਰੱਖ ਕੇ ਬੰਟੀ ਨੂੰ ਆਵਾਜ਼ਾਂ ਮਾਰਦੀ ਹੈ।

ਘਰ ਵਿਚੋਂ ਬੰਟੀ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਗਿਆ ਸੀ। ਇਸ ਕਾਰਨ ਕਾਂਤਾ ਦਾ ਮਨ ਹੋਰ ਵੀ ਮਸੋਸਿਆ ਗਿਆ ਸੀ। ਉਹ ਸੱਚਮੁੱਚ ਹੀ ਪਾਗ਼ਲ ਹੋ ਕੇ ਘਰੋਂ ਨਿਕਲ ਗਈ ਹੁੰਦੀ, ਜੇ ਉਸ ਦੀਆਂ ਦੋਵੇਂ ਧੀਆਂ ਉਸ ਦਾ ਰਸਤਾ ਰੋਕੀ ਨਾ ਖੜੀਆਂ ਹੁੰਦੀਆਂ।

ਧੀਆਂ ਕਦੇ ਕਾਂਤਾ ਨੂੰ ਦੁੱਧ ਦੀਆਂ ਨਾਲਾਂ ਲੱਗਦੀਆਂ, ਕਦੇ ਵਿਹੁ ਦੀਆਂ ਗੰਦਲਾਂ।

ਵਿਹੁ ਦੀਆਂ ਗੰਦਲਾਂ ਇਸ ਲਈ ਕਿ ਉਹ ਸਾਰਾ ਦਿਨ ਬੰਟੀ ਨਾਲ ਖਹਿਬੜਦੀਆਂ ਰਹਿੰਦੀਆਂ ਸਨ। ਕਦੇ ਉਸ ਦੇ ਖਿਡੌਣੇ ਖੋਹ ਲਏ, ਕਦੇ ਬਿਸਕੁਟ ਅਤੇ ਕਦੇ ਕਾਪੀ ਪੈਂਸਲ। ਜ਼ਿੱਦੀ ਸੁਭਾਅ ਕਾਰਨ ਉਹ ਕਾਂਤਾ ਤੋਂ ਵੀ ਦੋ-ਚਾਰ ਖਾ ਲੈਂਦਾ। ਬੰਟੀ ਦਾ ਹੋਰ ਤਾਂ ਕੋਈ ਜ਼ੋਰ ਨਾ ਚੱਲਦਾ, ਉਹ ਕੰਧਾਂ ਨਾਲ ਟੱਕਰਾਂ ਮਾਰਨ ਲੱਗਦਾ। ਇੱਕ ਵਾਰ ਰੋਣ ਲੱਗਦਾ ਤਾਂ ਘੰਟਾ-ਘੰਟਾ ਰੋਂਦਾ ਰਹਿੰਦਾ। ਕਾਂਤਾ ਦੇ ਹਾੜ੍ਹੇ ਕੱਢਣ ’ਤੇ ਵੀ ਚੁੱਪ ਨਾ ਕਰਦਾ। ਬੰਟੀ ਨੂੰ ਦੁਖੀ ਕਰਨ ਵਾਲੀਆਂ ਇਹ ਭੈਣਾਂ ਕਾਂਤਾ ਨੂੰ ਕਿਵੇਂ ਚੰਗੀਆਂ ਲੱਗਣ।

ਜਿਸ ਦਿਨ ਦਾ ਬੰਟੀ ਗੁੰਮ ਹੋਇਆ ਸੀ, ਇਹ ਵੀ ਬਲੂੰਗੜਿਆਂ ਵਾਂਗ ਸਹਿਮ ਗਈਆਂ ਸਨ। ਉਹਨਾਂ ਦੇ ਇਸ ਸਾਊਪੁਣੇ ਤੋਂ ਕਾਂਤਾ ਚਿੜਨ ਲੱਗਦੀ।

“ਹੁਣ ਨਸਾਲ ਲਓ ਟੰਗਾਂ ਭੂਤਨੀਓਂ … ਫਿਰਦੀਆਂ ਰਹੋ ਕੱਲ-ਮੁਕੱਲੀਆਂ … ਸਾਂਭ ਲਓ ਸਾਰੇ ਖਿਡੌਣੇ … ਕਾਪੀਆਂ ਪੈਂਸਲਾਂ … ਉਹ ਤਾਂ ਗਿਆ ਵਿਚਾਰਾ … “

ਉਹ ਧਾਹਾਂ ਮਾਰ-ਮਾਰ ਕਾਂਤਾ ਨੂੰ ਚਿੰਬੜ ਜਾਂਦੀਆਂ। ਕੰਨਾਂ ਨੂੰ ਫੜ ਕੇ ਆਖਦੀਆਂ ।

“ਮੰਮੀ ਇੱਕ ਵਾਰ ਬੰਟੀ ਨੂੰ ਘਰ ਲੈ ਆਓ … ਮੁੜ ਕੇ ਕਦੇ ਨਹੀਂ ਲੜਦੇ, ਅਸੀਂ ਉਸ ਤੋਂ ਕੋਈ ਚੀਜ਼ ਨਹੀਂ ਮੰਗਦੀਆਂ … ਮੋੜ ਲਿਆ ਸਾਡੇ ਵੀਰ ਨੂੰ … ।”

ਛੋਟੀ ਨੇ ਤਾਂ ਆਪਣੀਆਂ ਸਾਰੀਆਂ ਖੇਡਾਂ ਕਾਂਤਾ ਦੇ ਮੰਜੇ ਹੇਠ ਲਿਆ ਰੱਖੀਆਂ। ਜਦੋਂ ਬੰਟੀ ਆਵੇ, ਉਸ ਨੂੰ ਦੇ ਦੇਵੋ।

ਬੱਚੀਆਂ ਦੀਆਂ ਗੱਲਾਂ ਸੁਣ-ਸੁਣ ਕਾਂਤਾ ਵੀ ਪਰਲ-ਪਰਲ ਹੰਝੂ ਵਹਾਉਣ ਲੱਗਦੀ। ਕਿਥੋਂ ਮੋੜ ਲਿਆਵੇ ਉਹ ਬੰਟੀ ਨੂੰ?

ਲਾਡਲੀਆਂ ਬੱਚੀਆਂ ਕਦੇ ਕਾਂਤਾ ਨੂੰ ਡੈਣਾਂ ਲੱਗਣ ਲੱਗਣਗੀਆਂ, ਇਹ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਕਾਂਤਾ ਤਾਂ ਬੜੇ ਫ਼ਖ਼ਰ ਨਾਲ ਆਖਿਆ ਕਰਦੀ ਸੀ ਕਿ ਧੀਆਂ ਅਤੇ ਪੁੱਤਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ।

ਜਦੋਂ ਸ਼ੀਲੂ ਪੈਦਾ ਹੋਈ ਸੀ ਤਾਂ ਸਾਰੇ ਟੱਬਰ ਦੇ ਚਿਹਰੇ ਮੁਰਝਾ ਗਏ ਸਨ। ਇੱਕ ਕਾਂਤਾ ਹੀ ਸੀ, ਜਿਸ ਤੋਂ ਚਾਅ ਸਾਂਭਿਆ ਨਹੀਂ ਸੀ ਜਾਂਦਾ। ਉਹ ਕੁੜੀ ਨੂੰ ਮੁੰਡਿਆਂ ਨਾਲੋਂ ਵੱਧ ਲਾਇਕ ਬਣਾਉਣ ਦੇ ਸੁਪਨੇ ਦੇਖਦੀ ਸੀ।

“ਕੁੜੀ ਲੱਛਮੀ ਦਾ ਰੂਪ ਹੁੰਦੀ ਹੈ।” ਹਾਰ ਕੇ ਘਰ ਦੇ ਕਾਂਤਾ ਦੀ ਹਾਂ ਵਿੱਚ ਹਾਂ ਮਿਲਾਉਣ ਲਈ ਮਜਬੂਰ ਹੋਏ ਸਨ।

ਨੀਰੂ ਪੇਟ ਵਿੱਚ ਆਈ ਤਾਂ ਬਲਦੇਵ ਜ਼ਿੱਦ ਫੜ ਕੇ ਬੈਠ ਗਿਆ। ਉਹਨਾਂ ਨੂੰ ਕੇਵਲ ਦੋ ਬੱਚੇ ਚਾਹੀਦੇ ਸਨ। ਇੱਕ ਲੜਕਾ ਅਤੇ ਇੱਕ ਲੜਕੀ। ਉਹ ਪੇਟ ਵਿਚਲੇ ਬੱਚੇ ਦਾ ਸੈਕਸ ਟੈਸਟ ਕਰਵਾਉਣਾ ਚਾਹੁੰਦਾ ਸੀ। ਕਾਂਤਾ ਨੇ ਸਾਫ਼ ਨਾਂਹ ਕਰ ਦਿੱਤੀ। ਜੋ ਵੀ ਹੋਇਆ, ਉਸ ਨੂੰ ਮਨਜ਼ੂਰ ਹੋਏਗਾ। ਘਰ ਵਿੱਚ ਲੜਕੇ ਦਾ ਹੋਣਾ ਕੋਈ ਜ਼ਰੂਰੀ ਨਹੀਂ। ਜੇ ਜ਼ਰੂਰੀ ਹੈ ਵੀ ਤਾਂ ਕਿਸੇ ਨੂੰ ਗੋਦ ਲਿਆ ਜਾ ਸਕਦਾ ਹੈ। ਵਿਆਹ ਪਿੱਛੋਂ ਕਿਸੇ ਜਵਾਈ ਨੂੰ ਵੀ ਘਰ ਰੱਖਿਆ ਜਾ ਸਕਦਾ ਹੈ।

ਨੀਰੂ ਹੋਈ ਤਾਂ ਘਰ ਵਿੱਚ ਮਾਤਮ ਛਾ ਗਿਆ। ਆਂਢ-ਗੁਆਂਢ ਇਉਂ ਸੋਗ ਕਰਨ ਆਇਆ, ਜਿਵੇਂ ਘਰ ਵਿੱਚ ਕੋਈ ਜੰਮਿਆ ਨਹੀਂ, ਮਰਿਆ ਹੋਵੇ। ਕਾਂਤਾ ਨੇ ਕਿਸੇ ਨੂੰ ਮੂੰਹ ਨਹੀਂ ਸੀ ਲਾਇਆ, ਸਭ ਨੂੰ ਫਿਟਕਾਰਿਆ ਸੀ। ਉਸ ਨੂੰ ਧੀਆਂ ਜੰਮਣ ’ਤੇ ਅਫ਼ਸੋਸ ਨਹੀਂ ਸੀ।

ਬਲਦੇਵ ਕਈ ਮਹੀਨੇ ਕਾਂਤਾ ਨਾਲ ਰੁੱਸਿਆ ਰਿਹਾ। ਉਸ ਦਾ ਕਹਿਣਾ ਸੀ ਕਿ ਕਾਂਤਾ ਦੀ ਅੜੀ ਕਰਕੇ ਉਸ ਦੇ ਮੋਢਿਆਂ ’ਤੇ ਬੋਝ ਆ ਪਿਆ ਹੈ। ਲਾਲਾ ਜੀ ਵੀ ਕਦੇ ਪੋਤੀਆਂ ਨੂੰ ਹਿੱਕ ਨਾਲ ਨਹੀਂ ਸੀ ਲਾਉਂਦੇ।

ਬੰਟੀ ਪੇਟ ਵਿੱਚ ਆਇਆ ਤਾਂ ਕਾਂਤਾ ਇਸ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਤੀਜੇ ਬੱਚੇ ਦੀ ਕੋਈ ਜ਼ਰੂਰਤ ਨਹੀਂ ਸੀ। ਬਲਦੇਵ ਨੇ ਸੈਕਸ ਟੈਸਟ ਕਰਾਉਣ ਦੀ ਜ਼ਿੱਦ ਕੀਤੀ ਅਤੇ ਧਮਕੀ ਵੀ ਦਿੱਤੀ। ਹਾਰ ਕੇ ਕਾਂਤਾ ਨੂੰ ਹਥਿਆਰ ਸੁੱਟਣੇ ਪਏ। ਸ਼ੁਕਰ ਸੀ ਉਹ ਬੰਟੀ ਸੀ।

ਬੰਟੀ ਦੇ ਪੈਦਾ ਹੁੰਦਿਆਂ ਹੀ ਬਲਦੇਵ ਛੋਟੇ ਪਰਿਵਾਰ ਦੀਆਂ ਗੱਲਾਂ ਭੁੱਲ ਗਿਆ। ਮੁੰਡਿਆਂ ਦੀ ਜੋੜੀ ਦੀ ਇੱਛਾ ਰੱਖਣ ਲੱਗਾ। ਕੁੜੀਆਂ ਨੇ ਤਾਂ ਆਪਣੇ ਘਰ ਤੁਰ ਜਾਣਾ ਹੈ। ਇਕਲੌਤੇ ਪੁੱਤਰ ਦਾ ਕੀ ਪਤੈ, ਕੀ ਬਣੇ? ਦੋ ਹੋਣਗੇ ਤਾਂ ਉਹਨਾਂ ਦਾ ਭਵਿੱਖ ਸੁਰੱਖਿਅਤ ਰਹੇਗਾ।

ਬਲਦੇਵ ਕੋਲ ਆਪਣੀ ਦਲੀਲ ਦੇ ਹੱਕ ਵਿੱਚ ਕਈ ਉਦਾਹਰਣਾਂ ਸਨ।

ਸਭ ਤੋਂ ਪਹਿਲਾਂ ਉਹ ਕਾਂਤਾ ਦੇ ਮਾਮੇ ਦੀ ਗੱਲ ਛੇੜਦਾ। ਉਹਨਾਂ ਇਕੋ ਪੁੱਤਰ ਜੰਮ ਕੇ ਬੱਸ ਕਰ ਦਿੱਤੀ ਸੀ। ਮੁੰਡਾ ਬੇਹੱਦ ਲਾਇਕ ਨਿਕਲਿਆ। ਅੱਠਵੀਂ ਤਕ ਵਜ਼ੀਫ਼ੇ ਲੈਂਦਾ ਰਿਹਾ, ਨੌਵੀਂ ’ਚ ਜਾ ਕੇ ਦਿਮਾਗ਼ ਦਾ ਕੈਂਸਰ ਹੋ ਗਿਆ। ਤਿੰਨ ਸਾਲ ਇਲਾਜ ਚੱਲਦਾ ਰਿਹਾ, ਘਰ-ਬਾਰ ਸਾਰਾ ਉਸ ਦੀ ਬੀਮਾਰੀ ’ਤੇ ਲੱਗ ਗਿਆ। ਪੱਲੇ ਪਿਆ ਤਾਂ ਰੋਣ-ਧੋਣ। ਸਾਹਮਣੇ ਖੜੀ ਮੌਤ ਨੂੰ ਦੇਖ ਮਾਮੀ ਨੇ ਰੋ-ਰੋ ਆਪਣੀਆਂ ਅੱਖਾਂ ਗਾਲ੍ਹ ਲਈਆਂ। ਦੁੱਖ ’ਚ ਬੱਚੇਦਾਨੀ ’ਚ ਨੁਕਸ ਪੈ ਗਿਆ। ਮੁੜ ਬੱਚਾ ਪੈਦਾ ਨਹੀਂ ਹੋਇਆ। ਉਹਨਾਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ। ਦੋ ਬੱਚੇ ਹੁੰਦੇ ਤਾਂ ਇਹ ਦਿਨ ਤਾਂ ਨਾ ਦੇਖਣੇ ਪੈਂਦੇ।

ਬਲਦੇਵ ਦੇ ਬੈਂਕ ਮੈਨੇਜਰ ਦਾ ਵੀ ਕੁੱਝ ਅਜਿਹਾ ਹੀ ਹਾਲ ਸੀ। ਵਿਆਹ ਉਸ ਨੇ ਲੇਟ ਕਰਾਇਆ। ਫਿਰ ਬੱਚਾ ਦੇਰ ਨਾਲ ਜੰਮਿਆ। ਲਾਡ ਲਡਾ-ਲਡਾ ਮਾਂ ਨੇ ਵਿਗਾੜ ਦਿੱਤਾ। ਕਾਲਜ ਅੱਪੜਦਾ-ਅੱਪੜਦਾ ਅਸੱਭਿਅਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ। ਨਸ਼ੇ, ਚੋਰੀਆਂ, ਸਾਰੇ ਵੈਲ-ਐਬ ਸਹੇੜ ਲਏ। ਕਈ ਵਾਰ ਪੁਲਿਸ ਨੇ ਫੜਿਆ। ਨਮੋਸ਼ੀ ਤੋਂ ਡਰਦੇ ਮੈਨੇਜਰ ਨੇ ਘਰੋਂ ਕੱਢ ਦਿੱਤਾ। ਨਸ਼ੇ ’ਚ ਧੁੱਤ ਕਦੇ ਸਟੇਸ਼ਨ ’ਤੇ ਪਿਆ ਹੁੰਦੈ, ਕਦੇ ਬੱਸ ਸਟੈਂਡ ’ਤੇ। ਇਸ ਉਮਰ ਵਿੱਚ ਹੋਰ ਬੱਚਾ ਵੀ ਪੈਦਾ ਨਹੀਂ ਹੋ ਸਕਦਾ। ਦਰ-ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ।

ਕਾਂਤਾ ਦਾ ਆਪਣਾ ਤਰਕ ਸੀ। ਦੋ ਕਿਹੜਾ ਮਰ ਨਹੀਂ ਸਕਦੇ। ਪੰਜ-ਪੰਜ ਕਿਹੜਾ ਬਦਮਾਸ਼ ਨਹੀਂ ਨਿਕਲ ਸਕਦੇ। ਕਾਂਤਾ ਉਹਨਾਂ ਦੀਆਂ ਉਦਾਹਰਣਾਂ ਦਿੰਦੀ, ਜਿਹੜੇ ਪੰਜ-ਪੰਜ, ਸੱਤ-ਸੱਤ ਪੁੱਤਾਂ ਦੇ ਮਾਪੇ ਹੁੰਦਿਆਂ ਵੀ ਰੋਟੀ ਨੂੰ ਤਰਸਦੇ ਫਿਰਦੇ ਸਨ। ਕਈ ਵਾਰ ਸਾਰੇ ਹੀ ਪੁੱਤਰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਹਨ। ਉਹਨਾਂ ਦੇ ਤਾਂ ਫਿਰ ਵੀ ਦੋ ਧੀਆਂ ਹਨ। ਧੀਆਂ ਨੂੰ ਮਾਪੇ ਜ਼ਿਆਦਾ ਪਿਆਰੇ ਹੁੰਦੇ ਹਨ। ਉਹਨਾਂ ਦੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ ਸੀ।

ਕਾਂਤਾ ਹੋਰ ਗਰਭ ਧਾਰਨ ਤੋਂ ਟਲਦੀ ਸੀ।

ਉਸ ਨੂੰ ਕੀ ਪਤਾ ਸੀ ਕਿ ਇੱਕ ਦਿਨ ਬਲਦੇਵ ਦੀ ਭਵਿੱਖਬਾਣੀ ਸੱਚ ਹੋ ਜਾਣੀ ਸੀ।

ਬਲਦੇਵ ਅਤੇ ਬੰਟੀ ਬਿਨਾਂ ਕਾਂਤਾ ਦੀ ਜ਼ਿੰਦਗੀ ਅਰਥਹੀਣ ਹੋ ਗਈ ਸੀ।

ਹਾਲੇ ਪਹਾੜ ਜਿੱਡੀ ਉਮਰ ਅੱਗੇ ਖੜੀ ਸੀ। ਮੱਥੇ ’ਤੇ ਦੋ ਕਲੰਕ ਆ ਲੱਗੇ ਸਨ। ਨਿਪੁੱਤੀ ਅਤੇ ਵਿਧਵਾ। ਉਸ ਦੀ ਹਾਲੇ ਉਮਰ ਹੀ ਕੀ ਸੀ? ਸਾਰੀ ਬੱਤੀ ਸਾਲ। ਉਸ ਦੀਆਂ ਕਈ ਸਹੇਲੀਆਂ ਦੇ ਤਾਂ ਹਾਲੇ ਵਿਆਹ ਵੀ ਨਹੀਂ ਸੀ ਹੋਏ।

ਲਾਲਾ ਜੀ ਪਿੱਛੇ ਲੱਗ ਕੇ ਕਾਂਤਾ ਨੌਕਰੀ ਦਾ ਇੱਕ ਮੌਕਾ ਗਵਾ ਚੁੱਕੀ ਸੀ। ਬਲਦੇਵ ਦੀ ਥਾਂ ਉਸ ਨੂੰ ਬੈਂਕ ਵਿੱਚ ਨੌਕਰੀ ਮਿਲ ਸਕਦੀ ਸੀ, ਪਰ ਲਾਲਾ ਜੀ ਨੂੰ ਇਹ ਪਸੰਦ ਨਹੀਂ ਸੀ ਕਿ ਉਹਨਾਂ ਦੀ ਨੂੰਹ ਮਰਦਾਂ ’ਚ ਬੈਠ ਕੇ ਹੀਂ-ਹੀਂ ਕਰੇ। ਵਿਧਵਾ ਔਰਤ ਦਾ ਆਂਚਲ ਤਾਂ ਪਵਿੱਤਰਤਾ ਦੀ ਹੋਰ ਵੀ ਮੰਗ ਕਰਦਾ ਹੈ। ਮਰਦਾਂ ਵਿੱਚ ਬੈਠੇਗੀ ਤਾਂ ਮਨ ’ਚ ਮੈਲ ਆਏਗੀ ਹੀ। ਉਸ ਸਮੇਂ ਕਾਂਤਾ ਇਸ ਤਰਕ ਨਾਲ ਸਹਿਮਤ ਸੀ। ਜਦੋਂ ਸੁਹਾਗ ਹੀ ਉੱਜੜ ਗਿਆ ਤਾਂ ਕਾਹਦੀ ਜ਼ਿੰਦਗੀ। ਕਾਂਤਾ ਦਾ ਮਨ ਭਟਕਿਆ ਹੋਇਆ ਸੀ। ਬੱਚੇ ਨਾ ਹੁੰਦੇ ਤਾਂ ਉਹ ਸੰਨਿਆਸ ਲੈ ਲੈਂਦੀ।

ਲੱਗੀਆਂ ਠੋਕਰਾਂ ਨੇ ਉਸ ਦੀ ਸੋਚ ਬਦਲ ਦਿੱਤੀ ਸੀ। ਬਲਦੇਵ ਦੀ ਗਰੈਜੁਇਟੀ ਦੇ ਸਹਾਰੇ ਉਹ ਕਿੰਨੇ ਕੁ ਦਿਨ ਕੱਟ ਸਕੇਗੀ? ਬੰਟੀ ਦੇ ਮਰਨ ਨਾਲ ਲਾਲਾ ਜੀ ਤਾਂ ਕੁੱਝ ਦਿਨਾਂ ਵਿੱਚ ਹੀ ਅੱਧੇ ਰਹਿ ਗਏ। ਉਹ ਸਾਰੀ ਉਮਰ ਤਾਂ ਸਾਥ ਨਹੀਂ ਦੇ ਸਕਦੇ। ਕਾਂਤਾ ਨਹੀਂ ਸੀ ਚਾਹੁੰਦੀ, ਉਸ ਦੀਆਂ ਧੀਆਂ ਨੂੰ ਲੋਕਾਂ ਦੇ ਹੱਥਾਂ ਵੱਲ ਝਾਕਣਾ ਪਏ। ਧੀਆਂ ਨੂੰ ਪੈਰਾਂ ਸਿਰ ਕਰਨ ਲਈ ਪਹਿਲਾਂ ਕਾਂਤਾ ਨੂੰ ਪੈਰਾਂ ਸਿਰ ਖੜ੍ਹਨਾ ਪਏਗਾ।

ਕਾਂਤਾ ਨੌਕਰੀ ਕਰਨ ਦਾ ਮਨ ਕਾਫ਼ੀ ਚਿਰ ਤੋਂ ਬਣਾ ਚੁੱਕੀ ਸੀ। ਲਾਲਾ ਜੀ ਤੋਂ ਚੋਰੀ ਰੋਜ਼ਗਾਰ ਦਫ਼ਤਰ ਵਿੱਚ ਨਾਂ ਦਰਜ ਵੀ ਕਰਾ ਆਈ ਸੀ। ਉਹ ਦਸਵੀਂ ਪਾਸ ਸੀ। ਸ਼ਾਇਦ ਕਦੇ ਨੌਕਰੀ ਮਿਲ ਜਾਵੇ।

ਦੋ ਧੀਆਂ ਅਤੇ ਬੰਟੀ ਨਾ ਹੁੰਦੇ ਤਾਂ ਉਸ ਨੇ ਕਦੋਂ ਦਾ ਵਿਆਹ ਕਰਾ ਲੈਣਾ ਸੀ। ਆਖ਼ਰ ਮਰਿਆਂ ਨਾਲ ਕਾਹਦਾ ਮੋਹ? ਨਾ ਮਰਿਆਂ ਨੇ ਵਾਪਸ ਆਉਣਾ ਸੀ, ਨਾ ਕੁਰਬਾਨੀ ਦੀ ਸ਼ਾਬਾਸ਼ ਦੇਣੀ ਸੀ, ਪਰ ਆਪਣੇ ਆਰਾਮ ਬਦਲੇ ਉਹ ਤਿੰਨ ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਸੀ ਕਰ ਸਕਦੀ।

ਆਪਣੇ ਆਪ ਨਾਲ ਜੂਝਦੀ ਕਾਂਤਾ ਜ਼ਿੰਦਗੀ ਨੂੰ ਧੂੰਹਦੀ ਆ ਰਹੀ ਸੀ।

ਬੰਟੀ ਦੀ ਮੌਤ ਨੇ ਉਸ ਨੂੰ ਝੰਜੋੜ ਸੁੱਟਿਆ ਸੀ। ਉਸ ਦੀਆਂ ਸਾਰੀਆਂ ਯੋਜਨਾਂਵਾਂ ਧਰੀਆਂ- ਧਰਾਈਆਂ ਰਹਿ ਗਈਆਂ।

ਜਦੋਂ ਤੋਂ ਬੰਟੀ ਦੇ ਸਹੀ-ਸਲਾਮਤ ਘਰ ਮੁੜਨ ਦੀ ਆਸ ਮੁੱਕੀ ਸੀ ਤਾਂ ਕਾਂਤਾ ਪੱਥਰ ਬਣ ਕੇ ਰਹਿ ਗਈ ਸੀ। ਉਸ ਨੂੰ ਖਾਣਾ-ਪੀਣਾ ਭੁੱਲ ਗਿਆ। ਬੰਟੀ ਦੇ ਸੰਸਕਾਰ ਤੋਂ ਬਾਅਦ ਉਹ ਕੇਵਲ ਇੱਕ ਵਾਰ ਨਹਾਤੀ ਸੀ। ਉਸ ਦੇ ਵਾਲਾਂ ਦਾ ਝਥਰਾ ਬਣ ਗਿਆ ਸੀ। ਕੱਪੜੇ ਮੈਲੇ ਹੋ ਗਏ ਸਨ। ਘੜੀ-ਘੜੀ ਵਹਿੰਦੇ ਹੰਝੂਆਂ ਕਾਰਨ ਚਿਹਰੇ ’ਤੇ ਸੈਂਕੜੇ ਨਿਸ਼ਾਨ ਪੈ ਗਏ ਸਨ।

ਦਰਸ਼ਨ ਨੂੰ ਕਾਂਤਾ ਦਾ ਇਹ ਭੂਤਨੀਆਂ ਵਾਲਾ ਹੁਲੀਆ ਪਸੰਦ ਨਹੀਂ ਸੀ। ਮੁੱਖ ਮੰਤਰੀ ਕਿਸੇ ਵੀ ਸਮੇਂ ਘਰ ਆ ਸਕਦਾ ਸੀ। ਕਾਂਤਾ ਦਾ ਇਸ ਤਰ੍ਹਾਂ ਮੁੱਖ ਮੰਤਰੀ ਅੱਗੇ ਪੇਸ਼ ਹੋਣਾ ਅਜੀਬ- ਅਜੀਬ ਜਿਹਾ ਲੱਗੇਗਾ।

ਇਸ ਸਮੇਂ ਦਰਸ਼ਨ ਬਿਸਕੁਟਾਂ ਵਾਲੀਆਂ ਪਲੇਟਾਂ ਕੋਠੇ ’ਤੇ ਪਹੁੰਚਾ ਰਿਹਾ ਸੀ। ਹਰ ਵਾਰ ਉਹ ਕਾਂਤਾ ਦੇ ਕਮਰੇ ’ਚ ਝਾਤ ਮਾਰ ਜਾਂਦਾ। ਉਮੀਦ ਸੀ, ਸ਼ਾਇਦ ਅਗਲੇ ਚੱਕਰ ’ਚ ਸੰਭਲ ਜਾਏ। ਜਦੋਂ ਕਾਂਤਾ ਉਸੇ ਤਰ੍ਹਾਂ ਪਈ ਰਹੀ ਤਾਂ ਦਰਸ਼ਨ ਤੋਂ ਰਿਹਾ ਨਾ ਗਿਆ। ਕੁੱਝ ਸਮਝਾਉਣ ਦੀ ਨੀਯਤ ਨਾਲ ਉਹ ਕਾਂਤਾ ਦੇ ਕਮਰੇ ਵਿੱਚ ਦਾਖ਼ਲ ਹੋਇਆ।

“ਭੈਣ ਜੀ, ਜ਼ਰਾ ਹੌਂਸਲਾ ਕਰੋ … ਹੋਰ ਨਹੀਂ ਤਾਂ ਮੂੰਹ-ਹੱਥ ਹੀ ਧੋ ਲਓ … ਮੁੱਖ ਮੰਤਰੀ ਜੀ ਕਿਸੇ ਵੀ ਸਮੇਂ ਆ ਸਕਦੇ ਹਨ।”

“ਤਿਆਰ ਹੋਣ ਨੂੰ ਮੈਂ ਮੁਕਲਾਵੇ ਜਾਣੈਂ? ਭੱਠ ’ਚ ਪਏ ਤੇਰਾ ਮੁੱਖ ਮੰਤਰੀ ਨਾਲੇ ਤੇਰਾ ਸੰਘ … ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ।” ਦਰਸ਼ਨ ਦੇ ਚਿਹਰੇ ’ਤੇ ਟਪਕਦੀ ਖ਼ੁਸ਼ੀ ਕਾਂਤਾ ਦੇ ਸੀਨੇ ’ਚ ਬਲਦੀ ਅੱਗ ਲਈ ਬਾਲਣ ਬਣ ਗਈ। ਉਸ ਨੂੰ ਦਰਸ਼ਨ ਅਤੇ ਸਰਦਾਰ ਇਕੋ ਸਿੱਕੇ ਦੇ ਦੋ ਪਾਸੇ ਲੱਗੇ। ਦੋਵੇਂ ਬੰਟੀ ਦੀ ਮੌਤ ਤੋਂ ਸਿਆਸੀ ਲਾਭ ਲੈਣ ’ਤੇ ਤੁਲੇ ਹੋਏ ਸਨ। ਗ਼ੁੱਸੇ ਕਾਰਨ ਭਰ ਆਈਆਂ ਅੱਖਾਂ ਨੂੰ ਲੁਕਾਉਣ ਲਈ ਕਾਂਤਾ ਨੇ ਆਪਣਾ ਮੂੰਹ ਕੰਧ ਵੱਲ ਕਰ ਲਿਆ। ਉਹ ਦਰਸ਼ਨ ਤੋਂ ਪੁੱਛਣਾ ਚਾਹੁੰਦੀ ਸੀ ਕਿ ਜੇ ਮੁੱਖ ਮੰਤਰੀ ਆ ਰਿਹਾ ਹੈ ਤਾਂ ਇਸ ਵਿੱਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਹੈ? ਉਸ ਨੇ ਕੋਈ ਬੰਟੀ ਨੂੰ ਮੋੜ ਲਿਆਉਣਾ ਹੈ?

ਖਰੀਆਂ-ਖਰੀਆਂ ਸੁਣ ਕੇ ਦਰਸ਼ਨ ਦਾ ਸੀਤ ਨਿਕਲ ਗਿਆ। ਢਿੱਲਾ ਜਿਹਾ ਮੂੰਹ ਬਣਾ ਕੇ ਕਮਰੇ ’ਚੋਂ ਬਾਹਰ ਜਾਣ ਤੋਂ ਸਿਵਾ ਉਸ ਕੋਲ ਕੋਈ ਚਾਰਾ ਨਹੀਂ ਸੀ। ਜਾਂਦਾ-ਜਾਂਦਾ ਉਹ ਦੋ-ਦੋ ਬਿਸਕੁਟ ਕੁੜੀਆਂ ਨੂੰ ਫੜਾ ਗਿਆ।

ਬਿਸਕੁਟ ਕਾਂਤਾ ਨੇ ਗਿਰਝ ਵਾਂਗ ਝਪਟ ਲਏ। ਇਸ ਦਾ ਇਹ ਵੀ ਮਤਲਬ ਸੀ, ਮਨ੍ਹਾਂ ਕਰਨ ਦੇ ਬਾਵਜੂਦ ਵੀ ਘਰ ਵਿੱਚ ਬਿਸਕੁਟ ਲਿਆਂਦੇ ਗਏ ਹਨ। ਇਸ ਦਾ ਇਹ ਵੀ ਮਤਲਬ ਸੀ ਕਿ ਕਾਂਤਾ ਦੀ ਹੁਣ ਇਸ ਘਰ ਵਿੱਚ ਕੋਈ ਗੱਲ ਮੰਨੀ ਹੀ ਨਹੀਂ ਜਾਇਆ ਕਰੇਗੀ।

ਬਿਸਕੁਟਾਂ ਨੂੰ ਤਰਸਦਾ ਬੰਟੀ ਉਸ ਦੀਆਂ ਅੱਖਾਂ ਅੱਗੇ ਆ ਖੜੋਤਾ।

ਬੰਟੀ ਬਿਸਕੁਟਾਂ ਨੂੰ ਬਹੁਤ ਪਿਆਰ ਕਰਦਾ ਸੀ। ਕਾਂਤਾ ਹਰ ਵਕਤ ਡੱਬਾ ਬਿਸਕੁਟਾਂ ਨਾਲ ਭਰੀ ਰੱਖਦੀ। ਉਸੇ ਦਿਨ ਉਸ ਦੀ ਯਾਦਦਾਸ਼ਤ ਨੂੰ ਪਤਾ ਨਹੀਂ ਕੀ ਹੋ ਗਿਆ? ਬਿਸਕੁਟ ਰਾਤ ਦੇ ਮੁੱਕੇ ਹੋਏ ਸਨ। ਉਹ ਮੰਗਵਾਉਣਾ ਭੁੱਲ ਗਈ। ਸਕੂਲ ਜਾਣ ਲੱਗੇ ਬੰਟੀ ਨੂੰ ਜਦੋਂ ਬਿਸਕੁਟ ਨਾ ਮਿਲੇ, ਉਹ ਧੂੰਆਂ ਸੱਥਰ ਪਾ ਕੇ ਬੈਠ ਗਿਆ। ਆਖੇ ਬਿਸਕੁਟਾਂ ਬਿਨਾਂ ਸਕੂਲ ਨਹੀਂ ਜਾਣਾ। ਫ਼ਰਸ਼ ’ਤੇ ਲਿਟ-ਲਿਟ ਵਰਦੀ ਖ਼ਰਾਬ ਕਰ ਲਈ। ਵਾਲ ਪੁੱਟ ਸੁੱਟੇ। ਕਾਂਤਾ ਨੂੰ ਵੀ ਜਿਵੇਂ ਕੋਈ ਮਾੜਾ ਦਿਖਾਈ ਦੇ ਗਿਆ ਸੀ। ਉਸ ਨੇ ਵੀ ਬੰਟੀ ਨੂੰ ਚੁੱਪ ਨਾ ਕਰਾਇਆ। ਉਹ ਬੰਟੀ ਦੀਆਂ ਜ਼ਿਦਾਂ ਤੋਂ ਤੰਗ ਆ ਗਈ ਸੀ। ਸੋਚਿਆ ਰੋ-ਰੋ ਆਪੇ ਹੰਭ ਜਾਏਗਾ। ਕੁਦਰਤੀ ਲਾਲਾ ਜੀ ਵੀ ਘਰ ਨਹੀਂ ਸਨ। ਘਰ ਹੁੰਦੇ ਤਾਂ ਉਹੋ ਬੰਟੀ ਨੂੰ ਹਿੱਕ ਨਾਲ ਲਾ ਲੈਂਦੇ। ਮੋਮ ਵਾਂਗ ਪਿਘਲੀ ਕਾਂਤਾ ਬੰਟੀ ਦੇ ਚੁੱਪ ਹੋਣ ਨੂੰ ਉਡੀਕਦੀ ਰਹੀ। ਆਖ਼ਰ ਬੰਟੀ ਨੂੰ ਹੀ ਹਥਿਆਰ ਸੁੱਟਣੇ ਪਏ। ਕੁੱਝ ਕੁ ਮਿੰਟ ਹਉਕੇ ਭਰ ਕੇ ਉਹ ਚੁੱਪ ਕਰ ਗਿਆ।

ਬੱਘੀ ਵਾਲਾ ਆਇਆ ਤਾਂ ਬਸਤਾ ਚੁੱਕ ਕੇ ਸਕੂਲ ਤੁਰ ਗਿਆ। ਖ਼ਰਚਣ ਲਈ ਨਾ ਪੈਸੇ ਲਏ ਨਾ ਲੰਚ-ਬੌਕਸ। ਕਾਂਤਾ ਦੀਆਂ ਤਾਂ ਉਸੇ ਵਕਤ ਭੁੱਬਾਂ ਨਿਕਲ ਗਈਆਂ ਸਨ। ਕੀ ਪਤਾ ਸੀ ਉਹ ਸਾਰੀ ਉਮਰ ਲਈ ਰੁੱਸ ਕੇ ਜਾ ਰਿਹੈ? ਬੰਟੀ ਨੇ ਜਾਣਾ ਸੀ ਤਾਂ ਮਾਂ ਤੋਂ ਖ਼ੁਸ਼ੀ-ਖ਼ੁਸ਼ੀ ਤਾਂ ਵਿਦਾ ਹੁੰਦਾ। ਰੱਜ-ਪੁੱਜ ਕੇ ਘਰੋਂ ਜਾਂਦਾ। ਮਾਂ ਦੇ ਮਨ ’ਚ ਇਹ ਤਾਂ ਨਾ ਰਹਿ ਜਾਂਦਾ ਕਿ ਬੰਟੀ ਭੁੱਖਣ-ਭਾਣਾ ਹੀ ਤੁਰ ਗਿਆ। ਉਹ ਵੀ ਚੰਦਰੇ ਬਿਸਕੁਟਾਂ ਨੂੰ।

ਜਦੋਂ ਕਾਂਤਾ ਨੇ ਸਹੁੰ ਖਾਧੀ ਸੀ ਕਿ ਜਿਊਂਦੇ-ਜੀ ਉਹ ਬਿਸਕੁਟਾਂ ਨੂੰ ਘਰ ਨਹੀਂ ਵੜਨ ਦੇਵੇਗੀ ਤਾਂ ਘਰ ਵਿੱਚ ਬਿਸਕੁਟ ਕਿਉਂ ਲਿਆਂਦੇ ਗਏ? ਬਿਸਕੁਟਾਂ ਨੇ ਕਾਂਤਾ ਅੰਦਰ ਮੱਚਦੀ ਵਿਦਰੋਹ ਦੀ ਲਾਟ ਨੂੰ ਹੋਰ ਉੱਚਾ ਕਰ ਦਿੱਤਾ। ਉਸ ਦਾ ਮਨ ਕਰਨ ਲੱਗਾ ਕਿ ਭੂਤਰੀ ਗਾਂ ਵਾਂਗ ਉਹ ਸਾਰੇ ਭੜਥੂ ਪਾ ਦੇਵੇ। ਟੈਂਟ ਪੁੱਟ ਸੁੱਟੇ, ਕਰਾਕਰੀ ਤੋੜ ਦੇਵੇ। ਬਿਸਕੁਟਾਂ ਅਤੇ ਬਰਫ਼ੀ ਨੂੰ ਪੈਰਾਂ ਹੇਠ ਮਸਲ ਦੇਵੇ। ਸਹੁਰੇ ਦੀ ਇੱਜ਼ਤ ਨੂੰ ਧਿਆਨ ’ਚ ਰੱਖਦਿਆਂ ਉਹ ਇੰਝ ਤਾਂ ਨਾ ਕਰ ਸਕੀ, ਪਰ ਆਪਣੀਆਂ ਧੀਆਂ ’ਤੇ ਜ਼ੋਰ ਜ਼ਰੂਰ ਚਲਾ ਲਿਆ। ਉਹਨਾਂ ਤੋਂ ਖੋਹ ਕੇ ਬਿਸਕੁਟ ਗਲੀ ’ਚ ਵਗਾਹ ਮਾਰੇ।

ਮੁੱਖ ਮੰਤਰੀ ਸ਼ਹਿਰ ’ਚ ਪਹੁੰਚ ਚੁੱਕਾ ਸੀ। ਸੰਘ ਦੇ ਕਿਸੇ ਵਰਕਰ ਨੇ ਲਾਲਾ ਜੀ ਨੂੰ ਦੱਸਿਆ ਸੀ। ਰੈਸਟ ਹਾਊਸ ਵਿੱਚ ਕੁੱਝ ਮਿੰਟ ਰੁਕਣ ਤੋਂ ਪਿੱਛੋਂ ਉਹ ਇਧਰ ਆਉਣ ਵਾਲੇ ਹਨ।

ਮਿੰਟਾਂ ਵਿੱਚ ਸਾਰਾ ਮੁਹੱਲਾ ਪੁਲਿਸ ਨਾਲ ਭਰ ਗਿਆ। ਇੱਕ-ਇੱਕ ਬੰਦੇ ਪਿੱਛੇ ਦੋ-ਦੋ ਪੁਲਸੀਏ ਲੱਗ ਗਏ। ਸੀ.ਆਰ.ਪੀ.ਨੇ ਕੋਠਿਆਂ ’ਤੇ ਪੋਜ਼ੀਸ਼ਨਾਂ ਲੈ ਲਈਆਂ। ਖ਼ੁਫ਼ੀਆ ਵਿਭਾਗ ਦੀਆਂ ਔਰਤਾਂ ਵੀ ਲਾਲਾ ਜੀ ਦੇ ਘਰ ਇਕੱਠੀਆਂ ਹੋਈਆਂ ਔਰਤਾਂ ਵਿੱਚ ਜਾ ਬੈਠੀਆਂ।

ਬਾਹਰੋਂ ਆਏ ਪ੍ਰੈਸ ਰਿਪੋਰਟਰ ਕਾਂਤਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਉਹਨਾਂ ਕੋਲ ਵੱਡੇ-ਵੱਡੇ ਕੈਮਰੇ ਵੀ ਸਨ। ਉਹ ਫ਼ੋਟੋ ਵੀ ਲੈਣਾ ਚਾਹੁੰਦੇ ਸਨ। ਅਖ਼ਬਾਰ ਕਾਂਤਾ ਦੇ ਦੁੱਖ ਲੋਕਾਂ ਨਾਲ ਸਾਂਝੇ ਕਰਨੇ ਚਾਹੁੰਦੇ ਸਨ। ਕਾਂਤਾ ਸਭ ਨੂੰ ਨਾਂਹ ਕਰ ਰਹੀ ਸੀ। ਕਰਨ ਨੂੰ ਨਵੀਆਂ ਗੱਲਾਂ ਸਨ ਹੀ ਕਿਹੜੀਆਂ? ਜੋ ਵਾਪਰਿਆ ਸੀ ਸਭ ਨੂੰ ਪਤਾ ਸੀ।

ਇੱਕ ਬਹੁਤ ਹੀ ਚੁਸਤ ਫ਼ੋਟੋਗ੍ਰਾਫ਼ਰ ਨੇ ਕਾਂਤਾ ਦੀ ਮੰਜੇ ’ਚ ਪਈ ਦੀ ਹੀ ਫ਼ੋਟੋ ਖਿੱਚ ਲਈ। ਬਿਟਰ-ਬਿਟਰ ਤੱਕਦੀਆਂ ਦੋਹਾਂ ਬੱਚੀਆਂ ਦੀ ਵੀ। ਇੱਕ ਦੁਖੀ ਪਰਿਵਾਰ ਦਾ ਇਸ ਤੋਂ ਵੱਧ ਯਥਾਰਥਕ ਚਿਤ੍ਰਣ ਕੀ ਹੋਏਗਾ?

ਕਾਂਤਾ ਦੇ ਰੋਸ ਪ੍ਰਗਟ ਕਰਨ ’ਤੇ ਪੱਤਰਕਾਰ ਬਾਹਰ ਚਲੇ ਗਏ।

ਕਾਂਤਾ ਨੂੰ ਇਕੱਲੀ ਪਈ ਦੇਖ ਕੇ ਦੂਰੋਂ ਲੱਗਦੀ ਉਸ ਦੀ ਫੂਫਸ ਉਸ ਕੋਲ ਆ ਬੈਠੀ।

ਉਹ ਕਾਂਤਾ ਨੂੰ ਹੌਸਲਾ ਰੱਖਣ ਅਤੇ ਭੈੜੇ ਦਿਨਾਂ ਨੂੰ ਦਲੇਰੀ ਨਾਲ ਲੰਘਾਉਣ ਦੀ ਸਿੱਖਿਆ ਦੇਣ ਲੱਗੀ। ਉਹ ਕਿਸੇ ਹੋਰ ਦੀ ਨਹੀਂ, ਆਪਣੀ ਉਦਾਹਰਣ ਦੇ ਰਹੀ ਸੀ। ਕਾਂਤਾ ਵਾਂਗ ਉਹ ਵੀ ਭਰ ਜਵਾਨੀ ਵਿੱਚ ਰੰਡੀ ਹੋਈ ਸੀ। ਦੋ ਜਵਾਨ ਪੁੱਤਰਾਂ ਦਾ ਹੱਥੀਂ ਸੰਸਕਾਰ ਕੀਤਾ। ਧੀਆਂ ਸਹੁਰੇ ਤੋਰੀਆਂ। ਕਦੇ ਬਾਲ-ਬੱਚਿਆਂ ਨਾਲ ਚਹਿਕਦੇ ਘਰ ਵਿੱਚ ਹੁਣ ਉਹ ਇਕੱਲੀ ਹੀ ਰੁਲਦੀ ਹੈ, ਪਰ ਉਸ ਨੇ ਦੁੱਖਾਂ ਤੋਂ ਹਾਰ ਨਹੀਂ ਮੰਨੀ। ਕਾਂਤਾ ਨੂੰ ਵੀ ਹਿੰਮਤ ਬਟੋਰਨੀ ਚਾਹੀਦੀ ਹੈ। ਜਾਣ ਵਾਲੇ ਚਲੇ ਗਏ। ਗਏ ਤਾਂ ਜਾਣ। ਕਾਂਤਾ ਨੂੰ ਉਹਨਾਂ ਲਈ ਜਿਊਣਾ ਚਾਹੀਦਾ ਹੈ, ਜੋ ਜਿਊਂਦੇ ਹਨ। ਖਾਣਾ-ਪੀਣਾ ਛੱਡ ਕੇ ਕਿਸੇ ਵਾਪਸ ਥੋੜ੍ਹਾ ਮੁੜ ਆਉਣਾ ਸੀ? ਉਸ ਨੂੰ ਕੁੱਝ ਹੋ ਗਿਆ ਤਾਂ ਇਹਨਾਂ ਅਨਾਥ ਕੁੜੀਆਂ ਦਾ ਕੀ ਬਣੇਗਾ?

ਕਾਂਤਾ ਲਈ ਉਹ ਪਹਿਲਾਂ ਵੀ ਚਾਹ ਦਾ ਗਲਾਸ ਰੱਖ ਗਈ ਸੀ, ਜੋ ਪਈ-ਪਈ ਠੰਢੀ ਹੋ ਗਈ ਸੀ। ਫੂਫਸ ਦੂਸਰਾ ਗਲਾਸ ਲੈ ਆਈ, ਨਾਲ ਬਰੈਡ ਪੀਸ ਵੀ। ਨਾਲੇ ਭੋਰਾ ਆਪਣੇ ਅੰਦਰ ਪਾਏ ਨਾਲੇ ਇਹਨਾਂ ਮਾਸੂਮਾਂ ਦਾ ਪੇਟ ਭਰੇ। ਉਹ ਸਵੇਰ ਤੋਂ ਕਾਂਤਾ ਦੇ ਮੂੰਹ ਵੱਲ ਤੱਕ ਰਹੀਆਂ ਸਨ। ਮੁੱਖ ਮੰਤਰੀ ਦੇ ਸ਼ੋਰ-ਸ਼ਰਾਬੇ ਕਾਰਨ ਕਿਸੇ ਨੇ ਉਹਨਾਂ ਦੀ ਜਾਤ ਨਹੀਂ ਸੀ ਪੁੱਛੀ। ਮਾਂ ਨੇ ਵੀ ਉਹਨਾਂ ਦੇ ਹੱਥੋਂ ਬਿਸਕੁਟ ਖੋਹ ਲਏ। ਜੇ ਮਾਂ ਹੀ ਵੈਰਨ ਬਣ ਗਈ ਤਾਂ ਬਿਗਾਨਿਆਂ ਨੂੰ ਕੀ ਚੱਟੀ ਪਈ ਹੈ, ਇਹਨਾਂ ਦਾ ਖ਼ਿਆਲ ਰੱਖਣ ਦੀ?

ਫੂਫਸ ਦੇ ਬੋਲ ਕਾਂਤਾ ਨੂੰ ਸ਼ਹਿਦ ਵਰਗੇ ਲੱਗੇ। ਉਸ ਨੇ ਕੁੜੀਆਂ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ। ਹੰਝੂ ਕਾਂਤਾ ਦੀਆਂ ਅੱਖਾਂ ਵਿਚੋਂ ਵਹਿ ਤੁਰੇ। ਕੁੜੀਆਂ ਦੇ ਹੰਝੂਆਂ ਦੇ ਵੀ ਜਿਵੇਂ ਕੜ ਪਾਟ ਗਏ। ਉਹ ਹੁਬਕੀਂ-ਹੁਬਕੀਂ ਰੋਣ ਲੱਗੀਆਂ। ਕਈ ਦਿਨਾਂ ਬਾਅਦ ਕਾਂਤਾ ਵਿਚੋਂ ਉਹਨਾਂ ਨੂੰ ਆਪਣੀ ਗੁਆਚੀ ਮਾਂ ਲੱਭੀ ਸੀ।

ਕਾਂਤਾ ਨੇ ਦੋਹਾਂ ਨੂੰ ਗੋਦ ਵਿੱਚ ਬਿਠਾ ਲਿਆ। ਹੌਲੀ-ਹੌਲੀ ਉਹਨਾਂ ਨੂੰ ਬਰੈੱਡ ਖਵਾਉਣ ਲੱਗੀ।

“ਮੈਂ ਤੁਹਾਨੂੰ ਰੁਲਣ ਨਹੀਂ ਦਿਆਂਗੀ, ਮੇਰੀਓ ਬੱਚੀਓ … ਮੈਂ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ … ਮੈਂ ਜ਼ਰੂਰ ਕੋਈ ਅਜਿਹਾ ਸਾਥੀ ਲੱਭਾਂਗੀ ਜਿਹੜਾ ਤੁਹਾਨੂੰ ਪਿਓ ਦਾ ਪਿਆਰ ਦੇਣ ਲਈ ਤਿਆਰ ਹੋਵੇ … ਆਪਾਂ ਇਹ ਘਰ ਛੱਡ ਜਾਵਾਂਗੀਆਂ …”  ਆਪਣੇ ਮਨ ਦਾ ਫ਼ੈਸਲਾ ਉਹ ਬੱਚੀਆਂ ਨਾਲ ਸਾਂਝਾ ਕਰਨਾ ਚਾਹੁੰਦੀ ਸੀ, ਪਰ ਹਾਲੇ ਉਹਨਾਂ ਨੂੰ ਇਸ ਫ਼ੈਸਲੇ ਦੀ ਸਮਝ ਕਿਥੇ ਸੀ?

ਬੱਚੀਆਂ ਨੂੰ ਖੁਆ-ਪਿਆ ਕੇ ਬਾਹਰ ਭੇਜ ਦਿੱਤਾ। ਬਾਹਰ ਕਾਫ਼ੀ ਇਕੱਠ ਹੋ ਗਿਆ ਸੀ। ਉਹਨਾਂ ਦਾ ਮਨ ਪਰਚ ਜਾਏਗਾ।

ਕੋਈ ਹੋਰ ਫ਼ੋਟੋ ਨਾ ਖਿੱਚੀ ਜਾਵੇ, ਇਸ ਲਈ ਖੇਸ ਤਾਣ ਕੇ ਉਹ ਲੰਮੀ ਪੈ ਗਈ।

ਕੁੱਝ ਹੀ ਦੇਰ ਬਾਅਦ ‘ਆ ਗਏ, ਆ ਗਏ’ ਦਾ ਸ਼ੋਰ ਕਾਂਤਾ ਦੇ ਕੰਨ ਖਾਣ ਲੱਗਾ। ਪੁਲਿਸ ਦੇ ਕਾਸ਼ਨ ਸੁਣਾਈ ਦੇਣ ਲੱਗੇ। ਵਿਸਲਾਂ ਵੱਜਣ ਲੱਗੀਆਂ। ਲਾਲਾ ਜੀ ਦੇ ਘਰ ਜਿਵੇਂ ਭੁਚਾਲ ਜਿਹਾ ਆ ਗਿਆ। ਲੋਕ ਇਧਰ-ਉਧਰ ਦੌੜਨ ਲੱਗੇ।

ਮੰਤਰੀ ਜੀ ਨੂੰ ਬੈਠਕ ਤਕ ਪਹੁੰਚਦਿਆਂ ਅੱਧਾ ਘੰਟਾ ਲੱਗ ਗਿਆ। ਬਾਹਰ ਉਪਾਸ਼ਕਾਂ ਦਾ ਤਾਂਤਾ ਲੱਗਾ ਹੋਇਆ ਸੀ। ਹਰ ਇੱਕ ਦੀ ਇੱਛਾ ਸੀ ਕਿ ਉਹ ਮੁੱਖ ਮੰਤਰੀ ਨਾਲ ਹੱਥ ਮਿਲਾਏ। ਹੱਥ ਮਿਲਾਉਂਦੇ ਦੀ ਫ਼ੋਟੋ ਖਿੱਚੀ ਜਾਵੇ। ਇਸ ਮਕਸਦ ਲਈ ਕਈਆਂ ਨੇ ਤਾਂ ਫ਼ੋਟੋਗ੍ਰਾਫ਼ਰ ਨਾਲ ਲਿਆਂਦੇ ਸਨ। ਬਾਕੀਆਂ ਨੇ ਹਾਜ਼ਰ ਫ਼ੋਟੋਗ੍ਰਾਫ਼ਰਾਂ ਨੂੰ ਇਸ ਗੱਲ ਦੀ ਖ਼ਾਸ ਹਦਾਇਤ ਦਿੱਤੀ ਸੀ, ਜਦੋਂ ਵੀ ਉਸ ਨੂੰ ਮੁੱਖ ਮੰਤਰੀ ਦੇ ਨੇੜੇ ਹੋਣ ਦਾ ਮੌਕਾ ਮਿਲੇ, ਝੱਟ ਫ਼ੋਟੋ ਖਿੱਚ ਲਈ ਜਾਵੇ।

ਮੰਤਰੀ ਜੀ ਨੂੰ ਬੈਠਕ ਵਿੱਚ ਬਿਠਾਇਆ ਗਿਆ। ਬੈਠਕ ਵਿੱਚ ਸੰਘ ਦੇ ਚੋਣਵੇਂ ਵਰਕਰ, ਕੁੱਝ ਜਥੇਦਾਰ, ਮੰਤਰੀ ਦਾ ਸਟਾਫ਼ ਅਤੇ ਕੁੱਝ ਅਫ਼ਸਰਾਂ ਨੂੰ ਹੀ ਬੈਠਣ ਦਿੱਤਾ ਗਿਆ ਸੀ।

ਅੱਖਾਂ ਨਮ ਕਰ ਕੇ ਮੁੱਖ ਮੰਤਰੀ ਜੀ ਬੰਟੀ ਬਾਰੇ ਪੁੱਛਣ ਲੱਗੇ। ਉਹ ਕਿੰਨੇ ਸਾਲ ਦਾ ਸੀ? ਕਿਹੜੀ ਕਲਾਸ ਵਿੱਚ ਪੜ੍ਹਦਾ ਸੀ? ਕਿੰਨੇ ਵਜੇ ਸਕੂਲ ਗਿਆ? ਪੁਲਿਸ ਨੇ ਕਿੰਨੇ ਕੁ ਯਤਨ ਕੀਤੇ? ਆਦਿ।

ਲਾਲਾ ਜੀ ਇੱਕ-ਇੱਕ ਕਰ ਕੇ ਸਵਾਲਾਂ ਦਾ ਜਵਾਬ ਦਿੰਦੇ ਰਹੇ।

ਜਦੋਂ ਮੰਤਰੀ ਜੀ ਵੱਲੋਂ ਕੀਤੇ ਜਾਣ ਵਾਲੇ ਅਹਿਮ ਐਲਾਨਾਂ ਦਾ ਸਮਾਂ ਆਇਆ ਤਾਂ ਮੰਤਰੀ ਜੀ ਨੂੰ ਕਿਸੇ ਖ਼ਾਸ ਵਿਅਕਤੀ ਦੀ ਗ਼ੈਰ-ਹਾਜ਼ਰੀ ਰੜਕਣ ਲੱਗੀ। ਉਹਨਾਂ ਨੂੰ ‘ਬੀਬੀ’ ਨਜ਼ਰ ਨਹੀਂ ਸੀ ਆਈ।

ਬੀਬੀ ਨੂੰ ਬੈਠਕ ’ਚ ਲਿਆਉਣ ਲਈ ਲਾਲਾ ਜੀ ਨੂੰ ਖ਼ੁਦ ਉਸ ਦੇ ਕਮਰੇ ਵਿੱਚ ਜਾਣਾ ਪਿਆ।

ਉਹ ਹਾਲੇ ਵੀ ਖੇਸ ਤਾਣੀ ਪਈ ਸੀ। ਕਾਂਤਾ ਨੂੰ ਮਨਾਉਣ ਲਈ ਲਾਲਾ ਜੀ ਬੱਚਿਆਂ ਵਾਂਗ ਲੇਲ੍ਹੜੀਆਂ ਕੱਢਣ ਲੱਗੇ। ਤਮਾਸ਼ਾ ਬਣਨ ਤੋਂ ਡਰਦੀ ਕਾਂਤਾ ਆਖ਼ਰ ਉੱਠ ਖਲੋਤੀ।

ਕਾਂਤਾ ਦੇ ਬੈਠਕ ਵਿੱਚ ਪੈਰ ਧਰਦਿਆਂ ਹੀ ਕੈਮਰਿਆਂ ਦੇ ਫ਼ਲੈਸ਼ ਵੱਜਣ ਲੱਗੇ। ਟੀ.ਵੀ.ਸਟੇਸ਼ਨ ਦੀ ਕੈਮਰਾ ਟੀਮ ਨੇ ਵੀ ਕੈਮਰੇ ਦਾ ਫ਼ੋਕਸ ਮੁੱਖ ਮੰਤਰੀ ਤੋਂ ਹਟਾ ਕੇ ਕਾਂਤਾ ’ਤੇ ਕਰ ਲਿਆ।

ਮੁੱਖ ਮੰਤਰੀ ਨੇ ਕਾਂਤਾ ਨੂੰ ਆਪਣੇ ਕੋਲ ਬਿਠਾਇਆ। ਪਿਆਰ ਭਰਿਆ ਨਰਮ-ਨਰਮ ਹੱਥ ਉਸ ਦੀ ਪਿੱਠ ’ਤੇ ਫੇਰਿਆ। ‘ਭਾਣਾ ਮੰਨਣ’ ਦੀ ਘਸੀ-ਪਿਟੀ ਸਿੱਖਿਆ ਦਿੱਤੀ।

ਕਾਂਤਾ ਸਿਰ ਸੁੱਟ ਕੇ ਬੈਠੀ ਰਹੀ। ਕਮਰਾ ਛੋਟਾ ਸੀ, ਇਕੱਠ ਜ਼ਿਆਦਾ। ਕਾਂਤਾ ਦੀਆਂ ਵੱਖੀਆਂ ਵਿੱਚ ਗੋਡੇ ਵੱਜ ਰਹੇ ਸਨ। ਕਾਂਤਾ ਨੇ ਚੋਰ ਅੱਖਾਂ ਨਾਲ ਦੇਖਿਆ। ਜਥੇਦਾਰਾਂ ਅਤੇ ਸੰਘ ਦੇ ਵਰਕਰਾਂ ਦੀਆਂ ਨਿਗਾਹਾਂ ਟੀ.ਵੀ.ਕੈਮਰੇ ’ਤੇ ਸਨ। ਕੈਮਰਾ ਮੁੱਖ ਮੰਤਰੀ ਅਤੇ ਕਾਂਤਾ ’ਤੇ ਫ਼ੋਕਸ ਹੋਇਆ ਹੋਇਆ ਸੀ। ਵੱਖੀ ਵਿੱਚ ਗੋਡੇ ਮਾਰਨ ਵਾਲੇ ਇਸ ਤਾਕ ਵਿੱਚ ਸਨ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਜਾਂ ਕਾਂਤਾ ਦੇ ਨੇੜੇ ਹੋ ਜਾਣ ਤਾਂ ਜੋ ਉਹਨਾਂ ਦੀਆਂ ਸ਼ਕਲਾਂ ਵੀ ਕੈਮਰਾ ਆਪਣੇ ਵਿੱਚ ਸਮੋ ਸਕੇ। ਸਭ ਨੂੰ ਇਕੋ ਤਲਬ ਸੀ। ਕਿਵੇਂ ਨਾ ਕਿਵੇਂ ਸ਼ਾਮ ਨੂੰ ਟੀ.ਵੀ.’ਤੇ ਉਸ ਦੀ ਫ਼ੋਟੋ ਆ ਜਾਵੇ। ਕਾਂਤਾ ਉਹਨਾਂ ਵਿਚੋਂ ਹਟ ਜਾਣਾ ਚਾਹੁੰਦੀ ਸੀ। ਉਸ ਨੇ ਆਪਣੇ ਕਮਰੇ ਵਿੱਚ ਜਾਣਾ ਚਾਹਿਆ।

ਮੁੱਖ ਮੰਤਰੀ ਜੀ ਨੇ ਕਾਂਤਾ ਨੂੰ ਰੋਕ ਲਿਆ। ਜਿਸ ਕੰਮ ਲਈ ਉਹ ਇੰਨੀ ਦੂਰੋਂ ਆਏ ਸਨ, ਉਹ ਤਾਂ ਹਾਲੇ ਰਹਿੰਦਾ ਸੀ। ਬਹੁਤਾ ਸਮਾਂ ਤਾਂ ਮੰਤਰੀ ਜੀ ਕੋਲ ਵੀ ਨਹੀਂ ਸੀ। ਕਾਂਤਾ ਦੀ ਤੇਜ਼ੀ ਦਾ ਫ਼ਾਇਆ ਉਠਾਉਂਦਿਆਂ ਉਹ ਐਲਾਨ ਕਰਨ ਲੱਗੇ।

ਪਹਿਲਾਂ ਉਹਨਾਂ ਬੰਟੀ ਦੀ ਮਾਂ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ। ਨਾਲ ਹੀ ਉਹਨਾਂ ਸਮਝਾਇਆ ਕਿ ਦਹਿਸ਼ਤਗਰਦਾਂ ਹੱਥੋਂ ਮਰਨ ਵਾਲੇ ਦੇ ਵਾਰਿਸਾਂ ਨੂੰ ਸਰਕਾਰ ਵੈਸੇ ਤਾਂ ਕੇਵਲ ਵੀਹ ਹਜ਼ਾਰ ਰੁਪਿਆ ਹੀ ਦਿੰਦੀ ਹੈ, ਪਰ ਕਿਉਂਕਿ ਬੰਟੀ ਉਹਨਾਂ ਦਾ ਆਪਣਾ ਬੱਚਾ ਸੀ, ਇਸ ਲਈ ਉਹ ਆਪਣੇ ਵਿਸ਼ੇਸ਼ ਅਖ਼ਤਿਆਰਾਂ ਦੀ ਵਰਤੋਂ ਕਰ ਰਹੇ ਸਨ। ਮੁੱਖ ਮੰਤਰੀ ਦਾ ਐਲਾਨ ਮਹਿਜ਼ ਐਲਾਨ ਹੀ ਨਹੀਂ ਸੀ, ਉਹਨਾਂ ਨੇ ਚੈਕ ਭਰਵਾ ਕੇ ਲਿਆਂਦਾ ਸੀ। ਡੀ.ਸੀ.ਨੇ ਚੈਕ ਝੱਟ ਮੁੱਖ ਮੰਤਰੀ ਜੀ ਨੂੰ ਫੜਾ ਦਿੱਤਾ।

ਮੁੱਖ ਮੰਤਰੀ ਜੀ ਕਾਂਤਾ ਨੂੰ ਚੈਕ ਇਸ ਢੰਗ ਨਾਲ ਦੇਣਾ ਚਾਹੁੰਦੇ ਸਨ ਜਿਵੇਂ ਕਿਸੇ ਜੇਤੂ ਨੂੰ ਟਰਾਫ਼ੀ ਦਿੱਤੀ ਜਾਂਦੀ ਹੈ। ਜਿੰਨਾ ਚਿਰ ਕੈਮਰੇ ਵਾਲਿਆਂ ਨੇ ਪੋਜ਼ੀਸ਼ਨਾਂ ਨਾ ਸੰਭਾਲ ਲਈਆਂ, ਉਹ ਰੁਕੇ ਰਹੇ।

ਕਾਂਤਾ ਬੰਟੀ ਦੀ ਜਾਨ ਦੀ ਕੀਮਤ ਲੈਣ ਲਈ ਤਿਆਰ ਨਹੀਂ ਸੀ। ਉਸ ਨੇ ਚੈਕ ਲਈ ਹੱਥ ਫੈਲਾਉਣੋਂ ਨਾਂਹ ਕਰ ਦਿੱਤੀ। ਉਹ ਡੁੰਨ ਬਣੀ ਬੈਠੀ ਰਹੀ।

ਲਾਲਾ ਜੀ ਨੇ ਮੌਕਾ ਸੰਭਾਲਿਆ। ਉਹਨਾਂ ਅੱਗੇ ਹੋ ਕੇ ਚੈਕ ਫੜਿਆ। ਧੜਾ-ਧੜ ਫ਼ੋਟੋਆਂ ਹੋਈਆਂ।

ਦੂਸਰਾ ਐਲਾਨ ਵੀ ਘੱਟ ਅਹਿਮ ਨਹੀਂ ਸੀ। ਕਾਂਤਾ ਨੂੰ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ। ਉਹ ਪੜ੍ਹੀ ਹੀ ਦਸ ਜਮਾਤਾਂ ਸੀ। ਬੀ.ਏ.ਹੁੰਦੀ ਤਾਂ ਮੁੱਖ ਮੰਤਰੀ ਉਸ ਨੂੰ ਪੀ.ਸੀ.ਐਸ.ਕਿਹੜਾ ਨਾ ਬਣਾ ਦਿੰਦੇ। ਉਹਨਾਂ ਇਹ ਵੀ ਯਕੀਨ ਦਿਵਾਇਆ ਕਿ ਕਾਂਤਾ ਜਿਥੇ ਆਖੇਗੀ, ਉਸ ਦੀ ਪੋਸਟਿੰਗ ਉਥੇ ਹੀ ਹੋਏਗੀ।

ਐਲਾਨ ਹੁੰਦਿਆਂ ਹੀ ਡੀ.ਈ.ਓ.ਅੱਗੇ ਵਧਿਆ। ਨਿਯੁਕਤੀ ਪੱਤਰ ਵਾਲਾ ਲਿਫ਼ਾਫ਼ਾ ਉਸ ਨੇ ਮੁੱਖ ਮੰਤਰੀ ਨੂੰ ਫੜਾਇਆ।

ਲਿਫ਼ਾਫ਼ਾ ਕਾਂਤਾ ਵੱਲ ਵਧਾਉਂਦੇ ਮੁੱਖ ਮੰਤਰੀ ਜੀ ਝਿਜਕ ਰਹੇ ਸਨ। ਕਿਧਰੇ ਪਹਿਲਾਂ ਵਾਲੀ ਗੱਲ ਹੀ ਨਾ ਹੋਵੇ। ਇਸ ਵਾਰ ਕਾਂਤਾ ਨੇ ਹੱਥ ਅੱਗੇ ਵਧਾਏ। ਉਹ ਨੌਕਰੀ ਕਰੇਗੀ।

ਇਹ ਤਾਂ ਦੁਖੀ ਪਰਿਵਾਰ ਨੂੰ ਰਾਹਤ ਦੇਣ ਸੰਬੰਧੀ ਐਲਾਨ ਸਨ। ਉਹ ਬੰਟੀ ਦੀ ਸ਼ਹਾਦਤ ਨੂੰ ਵੀ ਅਮਰ ਕਰਨਾ ਚਾਹੁੰਦੇ ਸਨ। ਪਹਿਲਾ ਕੰਮ ਇਹ ਕੀਤਾ ਗਿਆ ਕਿ ਸ਼ਹਿਰ ਦੇ ਸਦਰ ਬਜ਼ਾਰ ਦਾ ਨਾਂ ਬਦਲ ਕੇ ਬੰਟੀ ਬਜ਼ਾਰ ਰੱਖਿਆ ਗਿਆ। ਕਿਸੇ ਵੱਡੀ ਯਾਦਗਾਰ ਲਈ ਡਿਪਟੀ ਕਮਿਸ਼ਨਰ ਪਹਿਲਾਂ ਹੀ ਐਲਾਨ ਕਰ ਚੁੱਕਾ ਸੀ। ਮੁੱਖ ਮੰਤਰੀ ਨੇ ਉਸ ਯਾਦਗਾਰ ਲਈ ਇੱਕ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ।

ਇਹਨਾਂ ਐਲਾਨਾਂ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਲੋਕਾਂ ਨੂੰ ਸਮਾਂ ਦਿੱਤਾ। ਉਹ ਆਪਣੇ ਦੁੱਖੜੇ ਦੱਸਣ। ਮੁੱਖ ਮੰਤਰੀ ਸਾਰੇ ਦੁੱਖੜੇ ਦੂਰ ਕਰੇਗਾ।

ਲੋਕ ਖ਼ਾਮੋਸ਼ ਬੈਠੇ ਰਹੇ, ਜਿਵੇਂ ਕਿਸੇ ਨੂੰ ਕੋਈ ਦੁੱਖ ਹੀ ਨਾ ਹੋਵੇ।

ਕੁੱਝ ਪਲ ਮੰਤਰੀ ਜੀ ਭੀੜ ਵੱਲ ਤੱਕਦੇ ਰਹੇ। ਜਦੋਂ ਖ਼ਾਮੋਸ਼ੀ ਨਾ ਹੀ ਟੁੱਟੀ ਤਾਂ ਉਹ ਉੱਠਣ ਦੀ ਤਿਆਰੀ ਕਰਨ ਲੱਗੇ।

ਦਰਸ਼ਨ ਤੋਂ ਰਿਹਾ ਨਾ ਗਿਆ। ਮੁੱਖ ਮੰਤਰੀ ਨੂੰ ਉੱਠਦਾ ਦੇਖ ਕੇ ਉਸ ਨੇ ਪੁਲਿਸ ਦੇ ਅੱਤਿਆਚਾਰਾਂ ਦੀ ਕਹਾਣੀ ਛੇੜ ਦਿੱਤੀ।

ਦਰਸ਼ਨ ਦੇ ਗੱਲ ਸ਼ੁਰੂ ਕਰਨ ਦੀ ਹੀ ਦੇਰ ਸੀ ਕਿ ਸ਼ਿਕਾਇਤਾਂ ਦੇ ਢੇਰ ਲੱਗ ਗਏ।

ਮੁੱਖ ਮੰਤਰੀ ਜੀ ਤਾਂ ਪਹਿਲਾਂ ਹੀ ਇਸ ਦੀ ਤਿਆਰੀ ਕਰ ਕੇ ਆਏ ਸਨ। ਆਪਣੇ ਆਪ ਤਾਂ ਪੁਲਿਸ ਦੇ ਤਬਾਦਲਿਆਂ ਦਾ ਐਲਾਨ ਨਹੀਂ ਸੀ ਕਰਨਾ। ਲੋਕਾਂ ਤੋਂ ਅਖਵਾ ਕੇ ਹੀ ਕਰਨਾ ਸੀ।

“ਸਾਰੀ ਪੁਲਿਸ ਦਾ ਤਬਾਦਲਾ ਕਰੋ। ਇਮਾਨਦਾਰ ਅਤੇ ਸਖ਼ਤ ਅਫ਼ਸਰ ਭੇਜੋ … ਜਿਹੜੇ ਕਿਸੇ ਦਾ ਵੀ ਲਿਹਾਜ਼ ਨਾ ਕਰਨ।” ਹੱਲ ਪੁੱਛੇ ਜਾਣ ’ਤੇ ਦਰਸ਼ਨ ਨੇ ਸੁਝਾਅ ਦਿੱਤਾ।

“ਠੀਕ ਹੈ, ਤੁਸੀਂ ਹੌਲਦਾਰਾਂ ਅਤੇ ਥਾਣੇਦਾਰਾਂ ਦੇ ਤਬਾਦਲਿਆਂ ਦੀ ਗੱਲ ਕਰਦੇ ਹੋ, ਮੈਂ ਜ਼ਿਲ੍ਹੇ ਦੇ ਕਪਤਾਨ ਤਕ ਸਾਰੀ ਪੁਲਿਸ ਦੇ ਤਬਾਦਲੇ ਦਾ ਐਲਾਨ ਕਰਦਾ ਹਾਂ। ਨਾਲ ਇਹ ਵੀ ਵਾਅਦਾ ਕਰਦਾ ਹਾਂ ਕਿ ਅਜਿਹੇ ਪੁਲਿਸ ਅਫ਼ਸਰ ਇਥੇ ਭੇਜਾਂਗਾ, ਜਿਹੜੇ ਬੰਟੀ ਦੇ ਭੋਗ ਤੋਂ ਪਹਿਲਾਂ-ਪਹਿਲਾਂ ਕਾਤਲ ਤੁਹਾਡੇ ਸਾਹਮਣੇ ਲਿਆ ਖੜ੍ਹਾਉਣ।”

ਲੋਕ ਇਹ ਭੁੱਲ-ਭੁਲਾ ਗਏ ਸਨ ਕਿ ਇਹ ਸੋਗ ਸਮਾਗਮ ਸੀ। ਖ਼ੁਸ਼ੀ ’ਚ ਪਾਗ਼ਲ ਹੋਏ ਲੋਕਾਂ ਨੇ ਤਾੜੀਆਂ ਦੀ ਝੜੀ ਲਾ ਦਿੱਤੀ।

ਹੁਣ ਭੀੜ ਦਾ ਮੂਡ ਠੀਕ ਸੀ। ਮੁੱਖ ਮੰਤਰੀ ਜੀ ਵਾਪਸ ਜਾਣ ਲਈ ਉੱਠ ਖਲੋਤੇ।

ਲਾਲਾ ਜੀ ਨੇ ਅੱਗੇ ਹੋ ਕੇ ਉਹਨਾਂ ਦਾ ਰਸਤਾ ਰੋਕਿਆ। ਚਾਹ ਤਿਆਰ ਸੀ।

ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਮੁੱਖ ਮੰਤਰੀ ਦੇ ਚਾਹ ਕਿਵੇਂ ਲੰਘ ਸਕਦੀ ਹੈ?

ਮੁੱਖ ਮੰਤਰੀ ਨੂੰ ਤੋਰ ਕੇ ਬਾਕੀ ਬਚੇ ਲੋਕ ਕੋਠੇ ’ਤੇ ਜਾ ਚੜ੍ਹੇ। ਮੁੱਖ ਮੰਤਰੀ ਨੇ ਚਾਹ ਨਹੀਂ ਪੀਤੀ ਤਾਂ ਨਾ ਸਹੀ। ਉਹ ਤਾਂ ਚੁਸਕੀਆਂ ਲੈ-ਲੈ ਚਾਹ ਪੀਣਗੇ। ਮੁੱਖ ਮੰਤਰੀ ਤੋਂ ਵੱਡੇ-ਵੱਡੇ ਐਲਾਨ ਕਰਾ ਕੇ ਉਹਨਾਂ ਮੋਰਚਾ ਮਾਰ ਲਿਆ ਸੀ।

 

 

23

ਯੁਵਾ ਸੰਘ ਵਾਲਿਆਂ ਦਾ ਧਰਤੀ ’ਤੇ ਪੱਥ ਨਹੀਂ ਸੀ ਪੈਂਦਾ। ਉਹਨਾਂ ਦੇ ਸੰਘਰਸ਼ ਅੱਗੇ ਮੁੱਖ ਮੰਤਰੀ ਨੂੰ ਝੁਕਣਾ ਪਿਆ ਸੀ। ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਸੀ ਕਿ ਉਸ ਦੇ ਐਲਾਨਾਂ ’ਤੇ ਬੜੀ ਫੁਰਤੀ ਨਾਲ ਅਮਲ ਹੋ ਰਿਹਾ ਸੀ।

ਪੁਰਾਣੇ ਅਫ਼ਸਰਾਂ ਦਾ ਤੁਰੰਤ ਬੋਰੀਆ ਬਿਸਤਰਾ ਗੋਲ ਕਰਾਇਆ ਗਿਆ। ਨਵੇਂ ਅਫ਼ਸਰ ਕਿਧਰੋਂ ਬਰਸਾਤੀ ਖੁੰਬਾਂ ਵਾਂਗ ਆ ਨਿਕਲੇ ਅਤੇ ਸ਼ਾਮ ਤਕ ਕੁਰਸੀਆਂ ’ਤੇ ਆ ਬਿਰਾਜੇ।

ਸੀ.ਆਰ.ਪੀ ਅਤੇ ਬੀ.ਐਸ.ਐਫ਼.ਵੀ ਟਿੱਡੀ-ਦਲ ਵਾਂਗ ਆ ਉੱਤਰੀ। ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਉਹਨਾਂ ਨਾਲ ਭਰ ਗਏ। ਕੁੱਝ ਸਰਕਾਰੀ ਸਕੂਲ ਵੀ ਖ਼ਾਲੀ ਕਰਾਉਣੇ ਪਏ। ਆਉਂਦਿਆਂ ਹੀ ਉਹਨਾਂ ਗਲੀ-ਗਲੀ ਦੀ ਗਸ਼ਤ ਸ਼ੁਰੂ ਕਰ ਦਿੱਤੀ। ਲੋਕਾਂ ਵਿੱਚ ਫੈਲਿਆ ਆਤੰਕ ਖੰਭ ਲਾ ਗਿਆ।

ਨਵੀਆਂ ਨਿਯੁਕਤੀਆਂ ਸਰਕਾਰ ਦੀ ਨਵੀਂ ਪਾਲਿਸੀ ਅਧੀਨ ਹੋਈਆਂ ਸਨ। ਲੋਕਾਂ ਨੂੰ ਇਸ ਸ਼ਿਕਾਇਤ ਦਾ ਮੌਕਾ ਹੀ ਨਹੀਂ ਸੀ ਦਿੱਤਾ ਗਿਆ ਕਿ ਫਲਾਣਾ ਅਫ਼ਸਰ ਇੱਕ ਤਬਕੇ ਨਾਲ ਸੰਬੰਧ ਰੱਖਦਾ ਹੈ, ਇਸ ਲਈ ਉਸ ਤਬਕੇ ਦੀ ਮਦਦ ਕਰਦਾ ਹੈ। ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹਿੰਦੂ ਸੀ। ਪੁਲਿਸ ਦਾ ਮੁਖੀ ਸਿੱਖ ਲਾਇਆ ਗਿਆ। ਐਸ.ਡੀ.ਐਮ.ਸਿੱਖ ਸੀ, ਇਸ ਲਈ ਡਿਪਟੀ ਹਿੰਦੂ ਭੇਜਿਆ ਗਿਆ। ਥਾਣੇ ਦਾ ਵਾਸਤਾ ਪਿੰਡਾਂ ਨਾਲ ਹੈ, ਇਸ ਲਈ ਐਸ.ਐਚ.ਓ.ਸਿੱਖ ਸੀ। ਸਿਟੀ ਅਧੀਨ ਸ਼ਹਿਰ ਆਉਂਦਾ ਸੀ ਇਸ ਲਈ ਸਿਟੀ ਇੰਚਾਰਜ ਹਿੰਦੂ ਸੀ। ਸੀ.ਆਈ.ਡੀ.ਦੀ ਦੇਖ ਭਾਲ ਲਈ ਕੋਈ ਮੁਸਲਮਾਨ ਹੀ ਕੱਢ ਮਾਰਿਆ। ਇਥੇ ਹੀ ਬੱਸ ਨਹੀਂ ਸੀ, ਹੇਠਲੇ ਪੱਧਰ ਦੀਆਂ ਨਿਯੁਕਤੀਆਂ ਵੀ ਇਸੇ ਨੀਤੀ ਦੇ ਆਧਾਰ ਤੇ ਹੀ ਹੋਈਆਂ ਸਨ।

ਪੁਲਿਸ ਅਫ਼ਸਰ ਵੀ ਚੁਣ-ਚੁਣ ਭੇਜੇ ਗਏ ਸਨ। ਅੜੀਅਲ ਅਤੇ ਖ਼ੂੰਖ਼ਾਰ। ਨਾ ਪਰਵਾਹ ਕਰਨ ਤਾਂ ਮੁੱਖ ਮੰਤਰੀ ਦੀ ਵੀ ਨਾ ਕਰਨ। ਮੁਜਰਮਾਂ ਦੀ ਸਿਫ਼ਾਰਸ਼ ਕਰਨ ਵਾਲਿਆਂ ਦੀ ਭਰੀ ਪੰਚਾਇਤ ਵਿੱਚ ਬੇਇਜ਼ਤੀ ਕਰਨ ਵਾਲੇ। ਕਸੂਰਵਾਰਾਂ ਨੂੰ ਚੌਂਕ ਵਿੱਚ ਪੁੱਠੇ ਲਟਕਾਉਣ ਵਾਲੇ। ਬੰਟੀ ਦੇ ਕਾਤਲਾਂ ਨੂੰ ਲੱਭਣ ਲਈ ਅਜਿਹੇ ਪੁਲਿਸ ਅਫ਼ਸਰਾਂ ਦੀ ਹੀ ਜ਼ਰੂਰਤ ਸੀ।

ਹੋਰ ਤਾਂ ਸਭ ਠੀਕ ਸੀ, ਪਰ ਸੰਘ ਵਾਲਿਆਂ ਨੂੰ ਇੱਕ ਗੱਲ ਸਮਝ ਨਹੀਂ ਸੀ ਆ ਰਹੀ। ਮੁੱਖ ਮੰਤਰੀ ਸਾਹਮਣੇ ਤਾਂ ਕਿਸੇ ਦੀ ਪੁਲਿਸ ਖ਼ਿਲਾਫ਼ ਚੂੰ ਤਕ ਕਰਨ ਦੀ ਹਿੰਮਤ ਨਾ ਪਈ। ਹੁਣ ਉਹ ਸ਼ਹਿਰ ਵਿੱਚ ਜਿਥੇ ਵੀ ਜਾ ਖੜੋਂਦੇ ਹਨ, ਹਰ ਕੋਈ ਫੜ੍ਹਾਂ ਮਾਰਦਾ ਸੁਣਾਈ ਦਿੰਦਾ ਹੈ। ਫਲਾਣੇ ਅਫ਼ਸਰ ਦੀ ਬਦਲੀ ਪਿੱਛੇ ਫਲਾਣੇ ਬੰਦੇ ਦਾ ਹੱਥ ਹੈ।

ਸਭ ਤੋਂ ਵੱਧ ਫੜ੍ਹਾਂ ਠੇਕੇਦਾਰ ਮਾਰ ਰਹੇ ਸਨ। ਉਹ ਚੌਂਕ ’ਚ ਖੜੋ ਕੇ ਸ਼ਰੇਆਮ ਆਖਦੇ ਸਨ ਕਿ ਡਿਪਟੀ ਦਾ ਪੱਤਾ ਉਹਨਾਂ ਨੇ ਕਟਾਇਆ ਹੈ। ਸਾਰੇ ਸ਼ਹਿਰ ਨੂੰ ਪਤਾ ਸੀ ਕਿ ਬੰਟੀ ਦੇ ਕੇਸ ਦੀ ਤਫ਼ਤੀਸ਼ ਕਰਦਿਆਂ ਉਸ ਨੇ ਠੇਕੇਦਾਰਾਂ ਨਾਲ ਪੰਗਾ ਲੈ ਲਿਆ ਸੀ। ਉਦੋਂ ਜੇ ਸਪੀਕਰ ਉਸ ਦੀ ਮਦਦ ਨਾ ਕਰਦਾ ਤਾਂ ਮੁੱਖ ਮੰਤਰੀ ਨੇ ਪਹਿਲਾਂ ਹੀ ਤਬਾਦਲਾ ਕਰ ਦੇਣਾ ਸੀ। ਸਰਦਾਰ ਨੇ ਠੇਕੇਦਾਰਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮੌਕਾ ਲੱਗਦੇ ਹੀ ਉਹ ਡਿਪਟੀ ਨੂੰ ਝੋਟੀਆਂ ਚੁੰਘਾ ਦੇਵੇਗਾ। ਮੁੱਖ ਮੰਤਰੀ ਨੇ ਠੇਕੇਦਾਰਾਂ ਨਾਲ ਕੀਤਾ ਵਾਅਦਾ ਨਿਭਾਇਆ ਸੀ। ਉਹ ਡਾਹਡੇ ਖ਼ੁਸ਼ ਵੀ ਸਨ। ਨਵਾਂ ਅਫ਼ਸਰ ਉਹਨਾਂ ਦੇ ਠੇਕਿਆਂ ਵੱਲ ਝਾਕਣ ਤੋਂ ਪਹਿਲਾਂ ਪੰਜਾਹ ਵਾਰ ਸੋਚੇਗਾ।

ਖੁੱਡੀ ਵਾਲਾ ਨੰਬਰਦਾਰ ਵੀ ਕਮਲੀ ਤੀਵੀਂ ਵਾਂਗ ਘਰ-ਘਰ ਗੇੜਾ ਦਿੰਦਾ ਫਿਰਦਾ ਸੀ। ਉਹ ਆਖਦਾ ਸੀ ਠੇਕੇਦਾਰ ਤਾਂ ਐਵੇਂ ਫੜ੍ਹਾਂ ਮਾਰਦੇ ਹਨ। ਅਸਲ ’ਚ ਡਿਪਟੀ ਦਾ ਤਬਾਦਲਾ ਤਾਂ ਡੀ.ਆਈ.ਜੀ.ਦੀ ਰਿਪੋਰਟ ਦੇ ਆਧਾਰ ’ਤੇ ਹੋਇਆ ਹੈ ਅਤੇ ਇਹ ਕਿਸ ਨੂੰ ਨਹੀਂ ਪਤਾ ਬਈ ਨਿਰਭੈ ਸਿੰਘ ਨੰਬਰਦਾਰ ਦਾ ਲੰਗੋਟੀਆ ਯਾਰ ਹੈ। ਨੰਬਰਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਨਿਰਭੈ ਸਿੰਘ ਨੇ ਡਿਪਟੀ ਖ਼ਿਲਾਫ਼ ਅਜਿਹੀ ਰਿਪੋਰਟ ਤਿਆਰ ਕੀਤੀ ਕਿ ਮੁੱਖ ਮੰਤਰੀ ਨੂੰ ਮਜਬੂਰ ਹੋ ਕੇ ਤਬਾਦਲਾ ਕਰਨਾ ਪਿਆ। ਸੰਘ ਦਾ ਇਸ ਵਿੱਚ ਕੋਈ ਰੋਲ ਨਹੀਂ।

ਸੱਟੇ ਵਾਲਾ ਵੇਦੂ ਤਾਂ ਦਰਸ਼ਨ ਨਾਲ ਖਹਿਬੜ ਹੀ ਪਿਆ। ਅਖੇ ਸੰਘ ਨੂੰ ਕੌਣ ਪੁੱਛਦਾ ਹੈ? ਜੇ ਮੁੱਖ ਮੰਤਰੀ ਸੰਘ ਦੀ ਇੰਨੀ ਹੀ ਮੰਨਦਾ ਹੁੰਦਾ ਤਾਂ ਉਦੋਂ ਤਹਿਸੀਲਦਾਰ ਦਾ ਤਬਾਦਲਾ ਨਾ ਕਰ ਦਿੰਦਾ, ਜਦੋਂ ਸੰਘ ਨੇ ਪੰਦਰਾਂ ਦਿਨ ਇਸੇ ਮੰਗ ਨੂੰ ਲੈ ਕੇ ਧਰਨੇ ਲਾਏ ਸਨ। ਉਸ ਸਮੇਂ ਸੰਘ ਨੇ ਇਸ ਤੋਂ ਕਈ ਗੁਣਾ ਵੱਧ ਜ਼ੋਰ ਲਾਇਆ ਸੀ।

ਅਕਾਲੀ ਸਰਕਾਰ ਨੇ ਗੱਦੀ ਸੰਭਾਲਦਿਆਂ ਹੀ ਕਿਰਸਾਨਾਂ ਨੂੰ ਲੁੱਟ ਤੋਂ ਬਚਾਉਣ ਲਈ ਤਹਿਸੀਲਾਂ ਵਿੱਚ ਕੱਟੇ ਜਾਂਦੇ ਰੈੱਡ ਕਰਾਸ ਦੇ ਟਿਕਟ ਬੰਦ ਕਰਵਾ ਦਿੱਤੇ।

ਪਰ ਤਹਿਸੀਲ ਵਾਲਿਆਂ ਨੂੰ ਇਸ ਕਾਨੂੰਨੀ ਰਿਸ਼ਵਤ ਦਾ ਅਜਿਹਾ ਭੁੱਸ ਪਿਆ ਸੀ ਕਿ ਉਹ ਇਸ ਪਾਬੰਦੀ ਤੋਂ ਤਿਲਮਿਲਾ ਉੱਠੇ। ਉਹਨਾਂ ਹੋਰ ਰਾਹ ਲੱਭਿਆ। ਰੈਡ ਕਰਾਸ ਦੀਆਂ ਟਿਕਟਾਂ ਨਾ ਸਹੀ, ‘ਗੁਰਦਾਸ ਮਾਨ ਨਾਈਟ’ ਦੀਆਂ ਸਹੀ। ਇਹ ਸਕੀਮ ਤਹਿਸੀਲਦਾਰ ਦੇ ਹਮਪਿਆਲਾ ਦੋਸਤਾਂ ਦੀ ਕਾਢ ਸੀ। ਇਸ ਬਹਾਨੇ ਨਾਲੇ ਤਹਿਸੀਲ ਵਾਲੇ ਚਾਰ ਪੈਸੇ ਬਣਾ ਲੈਣਗੇ, ਨਾਲੇ ਯਾਰ ਦੋਸਤ ਰੰਗ-ਰਲੀਆਂ। ‘ਨਾਈਟ’ ਲਈ ਵਧੀਆ-ਵਧੀਆ ਡਾਂਸਰਾਂ ਬੁਲਾਈਆਂ ਜਾਣੀਆਂ ਸਨ।

ਸੰਘ ਨੇ ਇਸ ਲੁੱਟ ਦੇ ਖ਼ਿਲਾਫ਼ ਜਹਾਦ ਛੇੜਿਆ। ਲੋਕਾਂ ਦੀ ਦੂਹਰੀ ਲੁੱਟ ਹੋ ਰਹੀ ਸੀ। ਪਹਿਲੀ ਤਾਂ ਇਹ ਕਿ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਕੰਜਰੀਆਂ ਦੇ ਨਾਚਾਂ ’ਤੇ ਖ਼ਰਚਿਆ ਜਾਣਾ ਸੀ। ਦੂਜਾ ਇਹ ਕਿ ਅੱਵਲ ਤਾਂ ਲੋਕਾਂ ਨੂੰ ਟਿਕਟ ਦਿੱਤੇ ਹੀ ਨਹੀਂ ਸੀ ਜਾਂਦੇ, ਜੇ ਦਿੱਤੇ ਵੀ ਜਾਂਦੇ ਸਨ ਤਾਂ ਬਾਹਰ ਬੈਠੇ ਅਰਜ਼ੀ ਨਵੀਸ ਅੱਧ ਵਿੱਚ ਖ਼ਰੀਦ ਕੇ ਬਾਬੂਆਂ ਨੂੰ ਵਾਪਸ ਦੇ ਆਉਂਦੇ ਸਨ। ਇਸ ਤਰ੍ਹਾਂ ਇੱਕ-ਇੱਕ ਟਿਕਟ ਕਈ-ਕਈ ਵਾਰ ਵਿਕ ਰਿਹਾ ਸੀ।

ਸੰਘ ਨੇ ਧਰਨੇ ਲਾਏ, ਹੜਤਾਲਾਂ ਕੀਤੀਆਂ। ਪੱਤਰਕਾਰਾਂ ਤੋਂ ਅਖ਼ਬਾਰਾਂ ਵਿੱਚ ਵੱਡੀਆਂ- ਵੱਡੀਆਂ ਸੁਰਖ਼ੀਆਂ ਲਗਵਾਈਆਂ। ਕਈਂ ਡੈਪੂਟੇਸ਼ਨ ਮੁੱਖ ਮੰਤਰੀ ਨੂੰ ਮਿਲੇ, ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਕਿਸੇ ਦੇ ਕੰਨ ’ਤੇ ਜੂੰ ਨਾ ਸਰਕੀ। ਹੰਭ ਕੇ ਸੰਘ ਨੂੰ ਰਾਜ਼ੀਨਾਮਾ ਕਰਨਾ ਪਿਆ। ਤਹਿਸੀਲਦਾਰ ਨੇ ਪ੍ਰੋਗਰਾਮ ਕੈਂਸਲ ਕਰ ਦਿੱਤਾ ਤੇ ਇਕੱਠੇ ਹੋਏ ਪੈਸੇ ਰੈਡ ਕਰਾਸ ਫੰਡ ਵਿੱਚ ਜਮ੍ਹਾਂ ਕਰਵਾ ਦਿੱਤੇ। ਮਹੀਨਾ ਕੁ ਚੁੱਪ ਰਹਿ ਕੇ ਉਹੋ ਚਾਲੇ ਫੇਰ ਫੜ ਲਏ।

ਇਸ ਲਈ ਵੇਦੂ ਗ਼ਲਤ ਨਹੀਂ ਸੀ। ਸਿਟੀ ਪੁਲਿਸ ਦੇ ਤਬਾਦਲਿਆਂ ਵਿੱਚ ਸੰਘ ਦੀ ਨਹੀਂ, ਸਗੋਂ ਸੱਟੇ ਵਾਲਿਆਂ ਦੀ ਸੁਣੀ ਗਈ ਲੱਗਦੀ ਸੀ।

ਸਿਟੀ ਪੁਲਿਸ ਨੇ ਸੱਟੇ ਵਾਲਿਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਮਹੀਨਾ ਤਾਂ ਲੈਂਦੇ ਹੀ ਸਨ, ਦਿਹਾੜੀ ਅਲੱਗ ਭਾਲਦੇ ਸਨ। ਮਨਬੀਰ ਸਿੰਘ ਤਾਂ ਠੀਕ ਸੀ, ਹੇਠਲਿਆਂ ਨੇ ਅੱਤ ਚੁੱਕੀ ਹੋਈ ਸੀ। ਦਿਨ ਢਲਦਿਆਂ ਹੀ ਸਾਰੇ ਹੌਲਦਾਰ ਵਾਰੀ-ਵਾਰੀ ਉਸ ਦੇ ਚੁਬਾਰੇ ਆ ਖੜ੍ਹਦੇ। ਦਾਰੂ-ਸਿੱਕੇ ਦਾ ਖ਼ਰਚ ਤਾਂ ਉਹ ਬਰਦਾਸ਼ਤ ਕਰ ਲੈਂਦੇ, ਪਰ ਜਿਹੜੀ ਜੀਪ ਗਲੀ ਵਿੱਚ ਖੜ੍ਹਦੀ ਸੀ, ਇਹ ਖ਼ਤਰਨਾਕ ਸੀ। ਚਾਰ ਸਟੇਨਗੰਨਾਂ ਵਾਲੇ ਸਿਪਾਹੀ ਗਲੀ ’ਚ ਗੇੜੇ ਦੇਣ ਲੱਗਦੇ। ਪੁਲਿਸ ਮੁਹੱਲੇ ’ਚ ਫਿਰਦੀ ਹੋਵੇ ਤਾ ਗਾਹਕ ਨੇ ਆ ਕੇ ਪੁਲਿਸ ਤੋਂ ਟੰਗਾਂ ਤੁੜਾਉਣੀਆਂ ਹਨ? ਇਹੋ ਵਕਤ ਚਾਰ ਪੈਸੇ ਕਮਾਉਣ ਦਾ ਹੁੰਦਾ ਹੈ। ਸੱਟਾ ਲਾਉਣ ਕਿਸੇ ਆੜ੍ਹਤੀਏ ਜਾਂ ਕਾਰਖ਼ਾਨੇਦਾਰ ਨੇ ਤਾਂ ਆਉਣਾ ਨਹੀਂ। ਮਜ਼ਦੂਰਾਂ, ਦਿਹਾੜੀਦਾਰਾਂ ਨੇ ਹੀ ਆਉਣਾ ਹੁੰਦਾ ਹੈ। ਪੁਲਿਸ ਨੂੰ ਦੇਖ ਕੇ ਅਗਲੇ ਟਲ ਜਾਂਦੇ ਸਨ। ਇਹ ਕਿਹੜਾ ਨਸ਼ਾ ਹੈ ਬਈ ਜੇ ਨਾ ਖਾਧਾ ਤਾਂ ਜਾਨ ਨਿਕਲ ਜਾਊ। ਅੱਜ ਨਹੀਂ ਤਾਂ ਕੱਲ੍ਹ ਸਹੀ। ਜਿਸ ਦਿਨ ਵੀ ਜੀਪ ਗਲੀ ’ਚ ਆ ਲੱਗਦੀ, ਆਮਦਨ ਅੱਧੀ ਰਹਿ ਜਾਂਦੀ। ਜੇ ਜੀਪ ਦੂਰ ਖੜ੍ਹਾਉਣੀ ਹੈ ਤਾਂ ਸਿਪਾਹੀਆਂ ਨੂੰ ਨਾਲੇ ਫ਼ੀਸ ਦਿਓ ਨਾਲੇ ਬੋਤਲ। ਸੱਟੇ ਵਾਲਿਆਂ ਦੀ ਤੋਬਾ ਹੋਈ ਪਈ ਸੀ।

ਆਪਣੇ ਆੜ੍ਹਤੀਆਂ ਰਾਹੀਂ ਵੇਦੂ ਨੇ ਅਫ਼ਸਰਾਂ ਕੋਲ ਦੁਖੜੇ ਰੋਏ ਹੋਏ ਸਨ। ਸੱਟਾ ਬਰਾਦਰੀ ਦੀ ਕਰਾਮਾਤ ਕਰਕੇ ਹੀ ਸਾਰਾ ਗੰਦਾ ਅਨਸਰ ਤਬਦੀਲ ਕੀਤਾ ਗਿਆ ਸੀ। ਨਹੀਂ ਤਾਂ ਮਨਬੀਰ ਸਿੰਘ ਤੋਂ ਸਿਵਾ ਬਾਕੀ ਦੀ ਸਿਟੀ ਪੁਲਿਸ ਦਾ ਬੰਟੀ ਦੇ ਕੇਸ ਨਾਲ ਕੀ ਸੰਬੰਧ ਸੀ? ਵੇਦੂ ਦੀ ਰਾਏ ਸੀ ਕਿ ਸੰਘ ਨੂੰ ਬਿਨਾਂ ਮਤਲਬ ਹੀ ਉਤਲੀ ਹਵਾ ਵਿੱਚ ਨਹੀਂ ਉੱਡਦੇ ਰਹਿਣਾ ਚਾਹੀਦਾ।

ਹਲਵਾਈ ਯੂਨੀਅਨ ਦਾ ਪ੍ਰਧਾਨ ਗਿਆਨ ਅੱਡ ਡਫਲੀ ਵਜਾਉਂਦਾ ਫਿਰਦਾ ਸੀ। ਉਹ ਕਹਿੰਦਾ ਸੀ ਯੂਨੀਅਨ ਨੇ ਪਿਛਲੇ ਚਾਰ ਮਹੀਨਿਆਂ ਤੋਂ ਪੁਲਿਸ ਖ਼ਿਲਾਫ਼ ਠੰਢਾ ਯੁੱਧ ਸ਼ੁਰੂ ਕੀਤਾ ਹੋਇਆ ਸੀ। ਉਹ ਪੁਲਿਸ ਦੀ ਮੁਨਾਸਬ ਵਗਾਰ ਤਾਂ ਕਰਦੇ ਆ ਰਹੇ ਸਨ। ਜਿਸ ਮਰਜ਼ੀ ਦੁਕਾਨ ਵਿੱਚ ਵੜ ਕੇ ਪੁਲਿਸ ਚਾਹ ਪੀ ਲਏ। ਕੋਈ ਪੈਸਾ ਨਹੀਂ ਮੰਗਦਾ। ਕੋਈ ਦੋ-ਚਾਰ ਬਰਫ਼ੀ ਦੇ ਟੁਕੜੇ ਜਾਂ ਲੱਡੂ ਚੁੱਕ ਲਏ ਤਾਂ ਉਹ ਵੀ ਮੁਆਫ਼ ਸੀ, ਪਰ ਇਹ ਕੀ ਮਤਲਬ ਹੋਇਆ ਕਿ ਕਿਸੇ ਅਫ਼ਸਰ ਦੇ ਦੌਰੇ ਸਮੇਂ ਕਾਜੂਆਂ ਵਾਲੇ ਮਰਤਬਾਨ ਹੀ ਚੁੱਕ ਲਏ ਜਾਣ। ਅਫ਼ਸਰ ਇੱਕ ਆਉਣਾ ਹੁੰਦਾ ਤਾਂ ਵਗਾਰ ਵੀਹ ਦੁਕਾਨਦਾਰਾਂ ਨੂੰ ਪੈਂਦੀ। ਕਿਸੇ ਤੋਂ ਬਰਫ਼ੀ, ਕਿਸੇ ਤੋਂ ਪਨੀਰ, ਕਿਸੇ ਤੋਂ ਸਮੋਸੇ।

ਪਿਛਲੇ ਕੁੱਝ ਮਹੀਨਿਆਂ ਤੋਂ ਪੁਲਿਸ ਦਾ ਜ਼ਿਆਦਾ ਹੀ ਮੂੰਹ ਖੁੱਲ੍ਹ ਗਿਆ ਸੀ। ਕਿਸੇ ਨਾ ਕਿਸੇ ਪੁਲਸੀਏ ਦੇ ਘਰ ਵਿਆਹ-ਸ਼ਾਦੀ ਆਈ ਹੀ ਰਹਿੰਦੀ ਹੈ। ਕਿਸੇ ਵੱਡੇ ਅਫ਼ਸਰ ਦੇ ਵਿਆਹ ਹੋਵੇ ਤਾਂ ਬਣੀ-ਬਣਾਈ ਮਿਠਾਈ ਵੀ ਇਥੋਂ ਜਾਂਦੀ ਅਤੇ ਮੁਫ਼ਤ ਵਿੱਚ ਹਲਵਾਈ ਵੀ। ਦਿਲ ਕੀਤਾ ਤਾਂ ਚਾਰ ਢੋਲ ਦੁੱਧ ਦੇ ਮੰਗਵਾ ਦਿੱਤੇ, ਨਾ ਦਿਲ ਕੀਤਾ ਤਾਂ ਉਪਰੋਂ-ਉਪਰੋਂ ਹੀ ਸਾਰ ਦਿੱਤਾ। ਛੋਟੇ ਮੁਲਾਜ਼ਮ ਦੇ ਵਿਆਹ ਹੋਵੇ ਤਾਂ ਖੋਏ, ਪਨੀਰ ਭੇਜੋ। ਪੰਜ ਸੌ ਦੀ ਚੀਜ਼ ਦੇ ਪੰਜਾਹ ਰੁਪਏ ਵੀ ਪੱਲੇ ਨਹੀਂ ਸੀ ਪੈਂਦੇ।

ਫੇਰ ਵਗਾਰ ਦਾ ਅਹਿਸਾਨ ਕੋਈ ਨਹੀਂ। ਦੁੱਧ ਤੋਂ ਮਠਿਆਈ ਬਣਾਉਣ ’ਤੇ ਪਾਬੰਦੀ ਤਾਂ ਪਿੱਛੋਂ ਲੱਗਦੀ, ਹਲਵਾਈਆਂ ਦੇ ਛਾਪੇ ਪਹਿਲਾਂ ਪੈ ਜਾਂਦੇ। ਸਾਰਾ ਦਿਨ ਗੱਦੀਆਂ ’ਤੇ ਬੈਠਣ ਕਰਕੇ ਹਲਵਾਈਆਂ ਦੀਆਂ ਗੋਗੜਾਂ ਤਾਂ ਪਹਿਲਾਂ ਹੀ ਵਧੀਆਂ ਹੁੰਦੀਆਂ ਹਨ। ਉਪਰੋਂ ਇਹ ਕਿਸੇ ਨੇਤਾ ਦੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਅਗਲੇ ਦੀਆਂ ਡੰਡ-ਬੈਠਕਾਂ ਲਗਵਾ-ਲਗਵਾ ਬਲੱਡ ਪ੍ਰੈਸ਼ਰ ਹਾਈ ਕਰ ਚੁੱਕੇ ਹੁੰਦੇ। ਬਿਨਾਂ ਪੈਸਾ ਲਏ ਕੋਈ ਛੱਡਣਾ ਨਹੀਂ। ਨੋਟ ਇਉਂ ਗਿਣ-ਗਿਣ ਲੈਂਦੇ, ਜਿਵੇਂ ਹਲਵਾਈ ਉਹਨਾਂ ਦੇ ਕਰਜ਼ਾਈ ਹੋਣ।

ਹਲਵਾਈ ਯੂਨੀਅਨ ਨੇ ਬਾਕਾਇਦਾ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੋਈ ਸੀ। ਪਿਛਲੀ ਵਾਰ ਜਦੋਂ ਸਰਦਾਰ ਜੀ ਸ਼ਹਿਰ ’ਚ ਆਏ ਸਨ ਤਾਂ ਉਹਨਾਂ ਦੀ ਯੂਨੀਅਨ ਦਾ ਡੈਪੂਟੇਸ਼ਨ ਉਹਨਾਂ ਨੂੰ ਮਿਲਿਆ ਵੀ ਸੀ। ਯੂਨੀਅਨ ਨੇ ਸਰਦਾਰ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਹਲਵਾਈਆਂ ਦੀ ਨਾ ਸੁਣੀ ਗਈ ਤਾਂ ਉਹ ਅੱਗੋਂ ਤੋਂ ਸਰਦਾਰ ਦਾ ਬਾਈਕਾਟ ਕਰਨਗੇ।

ਇਹ ਹਲਵਾਈਆਂ ਦੀ ਯੂਨੀਅਨ ਦੇ ਸੰਘਰਸ਼ ਦਾ ਨਤੀਜਾ ਸੀ ਕਿ ਉਹਨਾਂ ਦੇ ਗਲੋਂ ਜੂਲਾ ਲਹਿ ਗਿਆ ਸੀ। ਮੁੜ ਨਾ ਹਲਵਾਈ ਕਿਸੇ ਪੁਲਸੀਏ ਨੂੰ ਮੁਫ਼ਤ ’ਚ ਚਾਹ ਪਿਆਉਣਗੇ, ਨਾ ਵਗਾਰ ਕਰਨਗੇ।

ਦਰਸ਼ਨ ਨੂੰ ਪਤਾ ਸੀ, ਪ੍ਰਧਾਨ ਏਨਾ ਖ਼ੁਸ਼ ਕਿਉਂ ਸੀ। ਇਹ ਤਾਂ ਠੀਕ ਸੀ ਕਿ ਡਰਦਿਆਂ- ਡਰਦਿਆਂ ਯੂਨੀਅਨ ਨੇ ਪੁਲਿਸ ਦੀ ਸ਼ਿਕਾਇਤ ਕੀਤੀ ਸੀ, ਪਰ ਪ੍ਰਧਾਨ ਨੇ ਇਹ ਸ਼ਿਕਾਇਤ ਯੂਨੀਅਨ ਦੇ ਭਲੇ ਲਈ ਨਹੀਂ ਸੀ ਕਰਾਈ, ਸਗੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕਰਾਈ ਸੀ। ਸਿਟੀ ਪੁਲਿਸ ਨੇ ਉਸ ਦੇ ਸਾਲੇ ਦਾ ਸੀਮਿੰਟ ਦਾ ਭਰਿਆ ਟਰੱਕ ਫੜ ਲਿਆ ਸੀ। ਉਸ ਦਾ ਸਾਲਾ ਪੀ.ਡਬਲਿਯੂ.ਡੀ.ਮਹਿਕਮੇ ਵਿੱਚ ਓਵਰਸੀਅਰ ਸੀ ਅਤੇ ਸਰਕਾਰੀ ਸੀਮਿੰਟ ਅਤੇ ਲੋਹਾ ਥੋਕ ਦੇ ਭਾਅ ਵੇਚਣ ਵਿੱਚ ਮਸ਼ਹੂਰ ਸੀ। ਉਹ ਟਰੱਕ ਉਸ ਨੇ ਸਰਕਾਰੀ ਗੁਦਾਮਾਂ ਵਿਚੋਂ ਚੋਰੀ ਕੀਤਾ ਸੀ। ਪ੍ਰਧਾਨ ਚਾਹੁੰਦਾ ਸੀ ਬਿਨਾਂ ਦਿੱਤੇ-ਲਏ ਟਰੱਕ ਛੁੱਟ ਜਾਵੇ। ਪੁਲਿਸ ਫਸੀ ਮੁਰਗੀ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦੀ। ਕੋਈ ਹੋਰ ਹੁੰਦਾ ਤਾਂ ਪ੍ਰਧਾਨ ਪੁਲਿਸ ਦੇ ਖ਼ਿਲਾਫ਼ ਨਾਅਰੇ ਮਾਰ ਕੇ ਬਾਹਰ ਆ ਜਾਂਦਾ। ਅਗਲੇ ਉਪਰ ਭਾਵੇਂ ਵੀਹ ਮੁਕੱਦਮੇ ਬਣ ਜਾਂਦੇ। ਆਪਣੇ ਸਾਲੇ ਲਈ ਉਹ ਮੁਕੱਦਮੇ ਦਾ ਜੋਖ਼ਮ ਨਹੀਂ ਸੀ ਉਠਾ ਸਕਦਾ। ਮਜਬੂਰੀ ਵਿੱਚ ਪ੍ਰਧਾਨ ਨੂੰ ਪੈਸੇ ਦੇਣੇ ਪਏ ਸਨ। ਉਸੇ ਦਿਨ ਤੋਂ ਪ੍ਰਧਾਨ ਨੂੰ ਲਗਦਾ ਸੀ ਉਹ ਸ਼ਹਿਰ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਸਾਰਾ ਦਿਨ ਪੁਲਿਸ ਖ਼ਿਲਾਫ਼ ਪ੍ਰਚਾਰ ਕਰਦਾ ਰਹਿੰਦਾ ਸੀ।

ਇਹ ਉਸ ਲਈ ਵਧੀਆ ਮੌਕਾ ਸੀ। ਪੁਲਿਸ ਦੇ ਤਬਾਦਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ਉਹ ਆਪਣੀ ਖੋਈ ਲੀਡਰੀ ਪ੍ਰਾਪਤ ਕਰਨ ਦੇ ਯਤਨ ਕਰ ਰਿਹਾ ਸੀ।

ਥਾਂ-ਥਾਂ ਹੁੰਦੇ ਇਸ ਤਰ੍ਹਾਂ ਦੇ ਪ੍ਰਚਾਰ ਨਾਲ ਸੰਘ ਦੇ ਨੇਤਾਵਾਂ ਨੂੰ ਫ਼ਿਕਰ ਹੋਣ ਲੱਗਾ। ਲੜਾਈ ਸੰਘ ਨੇ ਲੜੀ, ਹੜਤਾਲਾਂ ਸੰਘ ਨੇ ਕਰਾਈਆਂ, ਸਰਦਾਰ ਕੋਲ ਸੰਘ ਨੇ ਸ਼ਿਕਾਇਤ ਕੀਤੀ, ਪਰ ਸੰਘ ਦਾ ਕੋਈ ਨਾਂ ਹੀ ਨਹੀਂ ਸੀ ਲੈਂਦਾ। ਜੇ ਇਸ ਤਰ੍ਹਾਂ ਪ੍ਰਚਾਰ ਹੁੰਦਾ ਰਿਹਾ ਤਾਂ ਲੋਕਾਂ ਨੇ ਇਸ ਕੋਰੇ ਝੂਠ ਨੂੰ ਸੱਚ ਮੰਨ ਲੈਣਾ ਸੀ ਅਤੇ ਸੰਘ ਦੀ ਕੀਤੀ ਕਰਾਈ ਖੂਹ ’ਚ ਪੈ ਜਾਣੀ ਸੀ।

ਲੋਕਾਂ ਨੂੰ ਸੰਘ ਦੀਆਂ ਪ੍ਰਾਪਤੀਆਂ ਬਾਰੇ ਦੱਸਣਾ ਬਹੁਤ ਜ਼ਰੂਰੀ ਸੀ। ਸ਼ਹਿਰ ਵਿੱਚ ਥਾਂ-ਥਾਂ ਖੜੋ ਕੇ ਤਾਂ ਸੰਘ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਇਸ ਦਾ ਇਕੋ-ਇੱਕ ਹੱਲ ਸੀ। ਇੱਕ ਸਰਬ-ਪਾਰਟੀ ਕਾਨਫ਼ਰੰਸ ਰੱਖੀ ਜਾਵੇ। ਮੁੱਖ ਮੁੱਦਾ ਸਰਦਾਰ ਵੱਲੋਂ ਦਿਖਾਈ ਗਈ ਖੁੱਲ੍ਹਦਿਲੀ ਦੇ ਧੰਨਵਾਦ ਦਾ ਹੋਵੇ। ਨਾਲ ਹੀ ਇਸ ਮੰਗ ’ਤੇ ਜ਼ੋਰ ਦਿੱਤਾ ਜਾਵੇ ਕਿ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਬੰਟੀ ਦੇ ਕਾਤਲਾਂ ਨੂੰ ਭੋਗ ਤਕ ਹਰ ਹਾਲਤ ਵਿੱਚ ਗ੍ਰਿਫ਼ਤਾਰ ਕਰਾਏ। ਸੰਘ ਦਾ ਪ੍ਰਚਾਰ ਆਪੇ ਹੀ ਹੋ ਜਾਣਾ ਸੀ।

ਸੰਘ ਕੋਲ ਆਪਣੇ ਤਾਂ ਬਹੁਤੇ ਵਰਕਰ ਨਹੀਂ ਸਨ। ਨਾ ਹੀ ਚੰਗੇ ਬੁਲਾਰੇ। ਕਿਸੇ ਇੱਕ ਸਿਆਸੀ ਪਾਰਟੀ ’ਤੇ ਵੀ ਨਿਰਭਰ ਨਹੀਂ ਸੀ ਕਰਨਾ ਚਾਹੀਦਾ। ਭਰਵੀਂ ਕਾਨਫ਼ਰੰਸ ਲਈ ਜ਼ਰੂਰੀ ਸੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੱਦੇ ਜਾਣ।

ਸੰਘ ਨੇ ਕਾਨਫ਼ਰੰਸ ਦੀ ਤਿਆਰੀ ਤਾਂ ਜ਼ੋਰ-ਸ਼ੋਰ ਨਾਲ ਕੀਤੀ, ਪਰ ਉਹ ਨਤੀਜੇ ਨਾ ਨਿਕਲੇ, ਜਿਨ੍ਹਾਂ ਦੀ ਉਹਨਾਂ ਨੂੰ ਆਸ ਸੀ।

ਕਿਸੇ ਵੀ ਪਾਰਟੀ ਦਾ ਸਿਰਕੱਢ ਨੇਤਾ ਸਮਾਗਮ ਵਿੱਚ ਸ਼ਾਮਲ ਨਾ ਹੋਇਆ। ਦੂਸਰੇ-ਤੀਸਰੇ ਦਰਜੇ ਦੇ ਨੇਤਾ ਹੀ ਭੇਜੇ ਗਏ, ਸੰਘ ਦਾ ਸਮਾਗਮ ਜਿਵੇਂ ਕੋਈ ਟ੍ਰੇਨਿੰਗ ਸੈਂਟਰ ਹੋਵੇ। ਦਰਸ਼ਨ ਨੂੰ ਇਸ ਦੇ ਦੋ ਕਾਰਨ ਨਜ਼ਰ ਆਏ। ਪਹਿਲਾ ਇਹ ਕਿ ਲੀਡਰ ਦਹਿਸ਼ਤਗਰਦਾਂ ਦੇ ਖ਼ਿਲਾਫ਼ ਬੋਲਣ ਤੋਂ ਡਰਦੇ ਸਨ। ਦੂਜਾ ਇਹ ਕਿ ਸਮਾਗਮ ਦਾ ਮੁੱਖ ਮੁੱਦਾ ਮੁੱਖ ਮੰਤਰੀ ਦਾ ਧੰਨਵਾਦ ਸੀ। ਵਿਰੋਧੀ ਧਿਰ ਮੁੱਖ ਮੰਤਰੀ ਦੀ ਤਾਰੀਫ਼ ਕਿਵੇਂ ਕਰ ਸਕਦੀ ਹੈ? ਉਸ ਦਾ ਕੰਮ ਤਾਂ ਸਰਕਾਰ ’ਤੇ ਨੋਕ-ਝੋਕ ਕਰਨਾ ਹੈ।

ਸੰਘ ਨੂੰ ਇਸ ਗੱਲ ਦਾ ਵੀ ਅਫ਼ਸੋਸ ਸੀ ਕਿ ਕਾਨਫ਼ਰੰਸ ਨਾਲ ਸੰਘ ਦਾ ਪ੍ਰਚਾਰ ਨਹੀਂ ਸੀ ਹੋਇਆ। ਹਰ ਬੁਲਾਰੇ ਦਾ ਇਕੋ ਉਦੇਸ਼ ਹੁੰਦਾ ਸੀ ਲੋਕਾਂ ਨੂੰ ਇਹ ਦੱਸਣਾ ਕਿ ਪੁਲਿਸ ਬਹੁਤ ਜ਼ਾਲਮ ਹੈ। ਪੁਲਿਸ ਦੇ ਤਬਾਦਲੇ ਲਈ ਵਕਤਾ ਜਾਂ ਉਸ ਦੀ ਪਾਰਟੀ ਜ਼ਿੰਮੇਵਾਰ ਸੀ। ਨਾ ਕੋਈ ਕਾਤਲਾਂ ਦੀ ਗੱਲ ਛੇੜਦਾ ਨਾ ਬੰਟੀ ਦੀ।

ਦਰਸ਼ਨ ਨੇ ਸਮਾਗਮ ਦਾ ਉਦਘਾਟਨ ਜ਼ੈਲਦਾਰ ਤੋਂ ਕਰਾਇਆ। ਖ਼ਿਆਲ ਸੀ ਮੁੱਖ ਮੰਤਰੀ ਦੇ ਹੱਕ ਵਿੱਚ ਉਹ ਸਭ ਤੋਂ ਵੱਧ ਬੋਲੇਗੇ। ਉਹ ਪਹਿਲੇ ਹੱਲੇ ਹੀ ਬੂਝਾ ਸਿੰਘ ’ਤੇ ਵਰ੍ਹਨ ਲੱਗਾ। ਉਸ ਕੋਲ ਅੰਕੜਿਆਂ ਦੀ ਕਿਤਾਬਚੀ ਸੀ। ਬੂਝੇ ਨੇ ਕਿਸ ਸਿੱਖ ਨੌਜਵਾਨ ਤੋਂ ਕਿੰਨੇ ਪੈਸੇ ਲਏ, ਸਭ ਉਸ ਨੂੰ ਜ਼ਬਾਨੀ ਯਾਦ ਸੀ। ਉਹ ਦੁਖੀ ਸੀ ਕਿ ਬੂਝਾ ਸਿੰਘ ਕਿਸੇ ਨੂੰ ਵੀ ਨਹੀਂ ਸੀ ਬਖ਼ਸ਼ਦਾ। ਇੱਕ ਵਾਰ ਚੁਪਕੇ ਜਿਹੇ ਉਹ ਜ਼ੈਲਦਾਰ ਦੇ ਪੋਤੇ ਦੇ ਸਾਂਢੂ ਤੋਂ ਦਸ ਹਜ਼ਾਰ ਲੈ ਗਿਆ। ਜ਼ੈਲਦਾਰ ਲੰਬੇ ਸਮੇਂ ਤੋਂ ਉਸ ਦੇ ਖ਼ਿਲਾਫ਼ ਸੰਘਰਸ਼ਸ਼ੀਲ ਸੀ। ਉਹ ਹਰ ਥਾਂ ਬੂਝੇ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ_ਪਾਰਟੀ ਮੀਟਿੰਗਾਂ ਵਿੱਚ, ਗਰੀਵੀਐਂਸ ਕਮੇਟੀ ਵਿੱਚ ਅਤੇ ਮੁੱਖ ਮੰਤਰੀ ਕੋਲ। ਉਹ ਮੁੱਖ ਮੰਤਰੀ ਦਾ ਧੰਨਵਾਦੀ ਸੀ ਕਿ ਮੁੱਖ ਮੰਤਰੀ ਨੇ ਦੇਰ ਤਾਂ ਜ਼ਰੂਰ ਕੀਤੀ ਸੀ, ਪਰ ਹਨੇਰ ਨਹੀਂ ਸੀ ਪਾਇਆ। ਸਿੱਖ ਉਹਨਾਂ ਦੇ ਧੰਨਵਾਦੀ ਸਨ। ਉਹਨਾਂ ਸਿੱਖਾਂ ਨੂੰ ਇਸ ਕੋਹੜ ਤੋਂ ਰਾਹਤ ਦਿਖਾਈ ਸੀ।

ਬੂਝਾ ਸਿੰਘ ਨਾਲ ਦੁਸ਼ਮਣੀ ਦਾ ਅਸਲ ਕਾਰਨ ਉਸ ਦੀ ਲੁੱਟ ਨਹੀਂ ਸੀ। ਦਰਸ਼ਨ ਨੂੰ ਪਤਾ ਸੀ ਬੂਝਾ ਸਿੰਘ ਨੇ ਜ਼ੈਲਦਾਰਾਂ ਦੇ ਕੁੜਮਾਂ ਦਾ ਡੋਡਿਆਂ ਦਾ ਟਰੱਕ ਫੜ ਲਿਆ ਸੀ। ਉਹ ਜ਼ੈਲਦਾਰ ਦੇ ਰੋਹਬ ਅੱਗੇ ਝੁਕਿਆ ਵੀ ਨਹੀਂ ਸੀ। ਉਲਟਾ ਬੂਝਾ ਸਿੰਘ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਕੰਨ ਭਰ ਦਿੱਤੇ। ਭੱਜਾ-ਭੱਜਾ ਜ਼ੈਲਦਾਰ ਜਦੋਂ ਮੁੱਖ ਮੰਤਰੀ ਕੋਲ ਗਿਆ ਤਾਂ ਅੱਗੋਂ ਝਿੜਕਾਂ ਖਾਣੀਆਂ ਪਈਆਂ। ਗਿਆਨ ਚੰਦ ਵਾਂਗ ਉਸ ਦਿਨ ਤੋਂ ਜ਼ੈਲਦਾਰ ਵੀ ਬੂਝਾ ਸਿੰਘ ਵਿਰੁੱਧ ਜ਼ਹਿਰ ਘੋਲ ਰਿਹਾ ਸੀ। ਉਸ ਨੂੰ ਵੀ ਬੂਝਾ ਸਿੰਘ ਦੇ ਤਬਾਦਲੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕਾਹਲ ਸੀ ਤਾਂ ਹੀ ਲੋਕਾਂ ’ਚ ਨੱਕ ਰਹਿਣਾ ਸੀ।

ਅਖਿਲ ਭਾਰਤੀ ਮਜ਼ਦੂਰ ਸੰਘ ਦੇ ਬੁੱਧ ਰਾਮ ਦਾ ਸਾਰਾ ਜ਼ੋਰ ਸਿਪਾਹੀਆਂ ਨੂੰ ਭੰਡਣ ’ਤੇ ਲੱਗਾ ਸੀ। ਕਿਵੇਂ ਉਹ ਐਫ਼.ਸੀ.ਆਈ ਦੀ ਲੇਬਰ ਨੂੰ ਤੰਗ ਕਰਦੇ ਹਨ। ਕਿਵੇਂ ਗ਼ਰੀਬ ਇਸਤਰੀ ਮਜ਼ਦੂਰਾਂ ’ਤੇ ਬੁਰੀ ਨਜ਼ਰ ਰੱਖਦੇ ਹਨ। ਕਿਵੇਂ ਡੁੱਲ੍ਹੇ ਚੌਲ ਇਕੱਠੇ ਕਰਦੀਆਂ ਮੰਗਤੀਆਂ ਦੀ ਇੱਜ਼ਤ ਲੁੱਟਦੇ ਹਨ। ਕਿਵੇਂ ਕਿਸੇ ਕਣਕ ਦੀ ਸਪੈਸ਼ਲ ਗੱਡੀ ਲੱਗਣ ਦੀ ਖ਼ਬਰ ਸੁਣ ਕੇ ਗਿਰਝਾਂ ਵਾਂਗ ਉਹਨਾਂ ਦੇ ਸਿਰ ’ਤੇ ਮੰਡਰਾਉਣ ਲੱਗਦੇ ਹਨ। ਅਫ਼ਸਰਾਂ ਦੀ ਵਗਾਰ ਦੇ ਬਹਾਨੇ, ਕਦੇ ਥਾਣੇ ਦੀ ਮੈਸ ਦੇ ਬਹਾਨੇ ਕਿਵੇਂ ਦਸ-ਦਸ ਬੋਰੀਆਂ ਕਣਕ ਚੁੱਕ ਕੇ ਲਿਜਾਂਦੇ ਹਨ। ਕਣਕ ਚੋਰੀ ਦੇ ਝੂਠੇ ਇਲਜ਼ਾਮ ਲਾ ਕੇ ਕਿਵੇਂ ਲੇਬਰ ਤੋਂ ਸ਼ਰਾਬਾਂ ਪੀਂਦੇ ਅਤੇ ਮੁਰਗ਼ੇ ਖਾਂਦੇ ਹਨ।

ਜਦੋਂ ਲੇਬਰ ਕੋਈ ਜਾਇਜ਼ ਹੜਤਾਲ ਕਰੇ ਤਾਂ ਡੰਡਾ ਪਰੇਡ ਵੀ ਲੇਬਰ ’ਤੇ ਹੀ ਕਰਦੇ ਹਨ। ਉਸ ਸਮੇਂ ਸਿਪਾਹੀ ਲੇਬਰ ਦੀਆਂ ਦੋਸਤੀਆਂ ਭੁੱਲ ਜਾਂਦੇ ਹਨ। ਉਹਨਾਂ ਨੂੰ ਸਰਮਾਏਦਾਰਾਂ ਦੀ ਮਾਇਆ ਅਤੇ ਵਿਸਕੀ ਦੀ ਯਾਦ ਰਹਿੰਦੀ ਹੈ। ਉਸ ਨੂੰ ਗਿਲਾ ਸੀ, ਅੱਧੇ ਨਾਲੋਂ ਵੱਧ ਸਿਪਾਹੀ ਪੰਦਰਾਂ-ਪੰਦਰਾਂ ਸਾਲ ਤੋਂ ਇਥੇ ਲੱਗੇ ਹੋਏ ਸਨ। ਝੂਠੀ ਮੁਖ਼ਬਰੀ ਕਰ-ਕਰ ਉਹ ਅਫ਼ਸਰਾਂ ਨੂੰ ਭਟਕਾਉਂਦੇ ਸਨ। ਇਸ ਤਬਾਦਲੇ ਵਿੱਚ ਵੀ ਉਹਨਾਂ ਨੂੰ ਨਹੀਂ ਸੀ ਛੇੜਿਆ ਗਿਆ। ਪਤਾ ਨਹੀਂ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੋਹ ਕਿਉਂ ਸੀ?

ਬੁੱਧ ਰਾਮ ਦੇ ਭਾਸ਼ਣ ਨੂੰ ਉਲਟ ਦਿਸ਼ਾ ਵੱਲ ਜਾਂਦਾ ਦੇਖ ਕੇ ਦਰਸ਼ਨ ਤਿਲਮਿਲਾ ਉਠਿਆ। ਕਾਨਫ਼ਰੰਸ ਮੁੱਖ ਮੰਤਰੀ ਦੇ ਸਵਾਗਤ ਲਈ ਬੁਲਾਈ ਗਈ ਸੀ ਨਾ ਕਿ ਵਿਰੋਧ ਕਰਨ ਲਈ। ਉਸ ਦਾ ਸਿਪਾਹੀਆਂ ਵਿਰੁੱਧ ਬੋਲਣ ਦਾ ਕਾਰਨ ਨਿੱਜੀ ਸੀ। ਉਹ ਆਪ ਤਾਂ ਸਾਰਾ ਦਿਨ ਲੀਡਰੀ ’ਤੇ ਰਹਿੰਦਾ ਸੀ, ਪਰ ਉਸ ਦੇ ਦੋਵੇਂ ਮੁੰਡੇ ਚੋਰੀ ਦੀ ਕਣਕ ਖ਼ਰੀਦਣ ਲਈ ਮਾਲ ਗੁਦਾਮ ’ਤੇ ਬੈਠੇ ਰਹਿੰਦੇ ਸਨ। ਸਿਪਾਹੀਆਂ ਨੇ ਉਹਨਾਂ ਨੂੰ ਕਈ ਵਾਰ ਫੜਿਆ ਸੀ। ਉਹ ਸਿਪਾਹੀ ਇਸ ਸਮੇਂ ਕਾਨਫ਼ਰੰਸ ਵਿੱਚ ਹਾਜ਼ਰ ਸਨ। ਬੁੱਧ ਰਾਮ ਨੂੰ ਕਈ ਸਾਲਾਂ ਬਾਅਦ ਸਟੇਜ ’ਤੇ ਚੜ੍ਹਨ ਦਾ ਮੌਕਾ ਮਿਲਿਆ ਸੀ। ਉਹ ਸਿਪਾਹੀਆਂ ਨੂੰ ਡਰਾਉਣ ’ਤੇ ਤੁਲਿਆ ਹੋਇਆ ਸੀ।

ਬੁੱਧ ਰਾਮ ਦੀਆਂ ਊਟ-ਪਟਾਂਗ ਗੱਲਾਂ ਦਰਸ਼ਨ ਤੋਂ ਬਰਦਾਸ਼ਤ ਨਾ ਹੋਈਆਂ। ਪਹਿਲਾਂ ਉਸ ਨੇ ਉਸ ਨੂੰ ਭਾਸ਼ਣ ਦਾ ਰੁਖ਼ ਬਦਲਣ ਲਈ ਇਸ਼ਾਰੇ ਕੀਤੇ। ਜਦੋਂ ਉਹ ਨਾ ਹੀ ਹਟਿਆ ਤਾਂ ਦਰਸ਼ਨ ਨੂੰ ‘ਸਮਾਂ ਸਮਾਪਤ ਹੋ ਗਿਆ’ ਆਖ ਕੇ ਉਸ ਤੋਂ ਮਾਈਕ ਖੋਹਣਾ ਪਿਆ।

ਅਗਲਾ ਬੁਲਾਰਾ ਉਸ ਦਾ ਵੀ ਗੁਰੂ ਨਿਕਲਿਆ। ਉਹ *ਤੀਕਾਰੀ ਫ਼ਰੰਟ ਦਾ ਰਾਜਿੰਦਰ ਸੀ। ਉਹ ਮੁੱਖ ਮੰਤਰੀ ਅਤੇ ਪੁਲਿਸ ਨੂੰ ਤਾਂ ਗੇੜਾ ਦੇ ਹੀ ਰਿਹਾ ਸੀ, ਨਾਲ ਹੀ ਸੰਘ ’ਤੇ ਵੀ ਵਿਅੰਗ ਕਰਨ ਲੱਗਾ।

ਉਹ ਪੁੱਛ ਰਿਹਾ ਸੀ ਕਿ ਮੁੱਖ ਮੰਤਰੀ ਦਾ ਧੰਨਵਾਦ ਕਿਸ ਖ਼ੁਸ਼ੀ ਵਿੱਚ ਕੀਤਾ ਜਾਵੇ?

ਕੀ ਇਸ ਲਈ ਕਿ ਉਹ ਦਸ ਦਿਨ ਚੁੱਪ ਕਰ ਕੇ ਬੰਟੀ ਦੀ ਮੌਤ ਉਡੀਕਦਾ ਰਿਹਾ? ਜਾਂ ਇਸ ਲਈ ਕਿ ਉਸ ਨੇ ਬੰਟੀ ਦੀ ਸ਼ਹਾਦਤ ਦਾ ਮੁੱਲ ਇੱਕ ਲੱਖ ਰੁਪਿਆ ਪਾਇਆ ਸੀ ਜਾਂ ਫਿਰ ਇਸ ਲਈ ਕਿ ਉਸ ਦੀ ਸਾਰੀ ਪੁਲਿਸ ਨਿਕੰਮੀ ਸੀ।

ਇਸ ਗੱਲ ਦੀ ਕੀ ਗਾਰੰਟੀ ਹੈ ਕਿ ਅੱਗੋਂ ਤੋਂ ਕੋਈ ਬੰਟੀ ਅਗਵਾ ਨਹੀਂ ਹੋਏਗਾ ਜਾਂ ਆਉਣ ਵਾਲੀ ਪੁਲਿਸ ਈਮਾਨਦਾਰ ਅਤੇ ਦਿਆਨਤਦਾਰ ਹੋਏਗੀ।

ਮੁੱਖ ਮੰਤਰੀ ਲੋਕਾਂ ਨਾਲ ਹਮਦਰਦੀ ਪ੍ਰਗਟਾਉਣ ਨਹੀਂ, ਉਹਨਾਂ ਨੂੰ ਬੁੱਧੂ ਬਣਾਉਣ ਆਇਆ ਸੀ। ਲੋਕਾਂ ਦੇ ਜਜ਼ਬਾਤ ਭਟਕ ਗਏ ਸਨ। ਮਜਬੂਰ ਹੋ ਕੇ ਉਸ ਨੂੰ ਸ਼ਹਿਰ ਆਉਣਾ ਪਿਆ ਸੀ। ਲੋਕ ਉਸ ਦੀਆਂ ਲੂੰਬੜ-ਚਾਲਾਂ ਵਿੱਚ ਆ ਗਏ ਸਨ।

ਕੀ ਇੱਕ ਲੱਖ ਰੁਪਏ ਦੀ ਸਹਾਇਤਾ ਨਾਲ ਲੋਕਾਂ ਦੇ ਮਸਲੇ ਹੱਲ ਹੋ ਗਏ? ਓਨਾ ਚਿਰ ਸੈਂਕੜੇ ਬੰਟੀ ਅਗਵਾ ਅਤੇ ਸ਼ਹੀਦ ਹੁੰਦੇ ਰਹਿਣਗੇ, ਜਿੰਨਾਂ ਚਿਰ ਲੋਕਾਂ ਨੂੰ ਸੱਚ ਅਤੇ ਝੂਠ ਦੀ ਪਹਿਚਾਣ ਨਹੀਂ ਹੁੰਦੀ। ਸੂਬੇ ਵਿੱਚ ਅਮਨ ਬਹਾਲ ਕਰਨਾ ਹੈ ਤਾਂ ਮੂਲਵਾਦੀ ਸ਼ਕਤੀਆਂ ਦੇ ਤੱਤ ਨੂੰ ਪਛਾਣੋ। ਇਹਨਾਂ ਵੱਖਵਾਦੀ ਅਤੇ ਅਤਿਵਾਦੀ ਤਾਕਤਾਂ ਨੂੰ ਉਭਾਰਨ ਵਾਲੇ ਬਾਹਰੋਂ ਕਿਧਰੋਂ ਨਹੀਂ ਆਏ, ਸਾਡੇ ਆਪਣੇ ਹਨ। ਸਾਡੇ ਸੂਬੇ ਵਿੱਚ ਮੂਲਵਾਦ ਦੀ ਜੜ੍ਹ ਜੇ ਮੁੱਖ ਮੰਤਰੀ ਦੀ ਪਾਰਟੀ ਨੇ ਲਾਈ ਹੈ ਤਾਂ ਕੇਂਦਰੀ ਸਰਕਾਰ ਇਸ ਨੂੰ ਵਧਣ-ਫੁੱਲਣ ਵਿੱਚ ਸਹਾਈ ਹੋ ਰਹੀ ਹੈ। ਦੋਹਾਂ ਦਾ ਮਕਸਦ ਇਕੋ ਹੈ। ਕਿਵੇਂ ਨਾ ਕਿਵੇਂ ਸੱਤਾ ’ਤੇ ਕਾਬਜ਼ ਰਿਹਾ ਜਾਵੇ ਜਾਂ ਫੇਰ ਸੱਤਾ ਹਥਿਆਈ ਜਾਵੇ। ਇਸ ਗੜਬੜ ਤੋਂ ਦੋਵੇਂ ਫ਼ਾਇਦਾ ਉਠਾ ਰਹੇ ਸਨ। ਲੋਕ ਇਸ ਚਾਲ ਨੂੰ ਸਮਝਣ।

ਉਹ ਸੰਘ ਨੂੰ ਵੀ ਸਮਝਾ ਰਿਹਾ ਸੀ। ਸਮੱਸਿਆ ਇਕੱਲੇ ਬੰਟੀ ਦੀ ਨਹੀਂ। ਨਾ ਇੱਕ ਲੱਖ ਰੁਪਏ ਦੀ ਗਰਾਂਟ ਨਾਲ ਹੱਲ ਹੋਈ ਸੀ। ਹਜ਼ਾਰਾਂ ਬੰਟੀ ਇਸ ਸਮੱਸਿਆ ਦਾ ਸ਼ਿਕਾਰ ਸਨ। ਸੰਘ ਆਪਣੀ ਤਾਕਤ ਮੁੱਖ ਮੰਤਰੀ ਦੇ ਧੰਨਵਾਦ ਦੀ ਥਾਂ ਉਸ ਦੀ ਅਸਲੀਅਤ ਨੂੰ ਬੇਨਕਾਬ ਕਰਨ ਅਤੇ ਲੋਕ-ਸ਼ਕਤੀਆਂ ਨੂੰ ਇੱਕ ਪਲੇਟਫ਼ਾਰਮ ’ਤੇ ਇਕੱਠਿਆਂ ਕਰਨ ਵਿੱਚ ਲਾਏ। ਇਹੋ ਬੰਟੀ ਲਈ ਸੱਚੀ ਸ਼ਰਧਾਂਜਲੀ ਸੀ।

ਰਾਜਿੰਦਰ ਦਾ ਭਾਸ਼ਨ ਦਰਸ਼ਨ ਨੂੰ ਭੰਬਲ-ਭੂਸਿਆਂ ’ਚ ਪਾਉਣ ਲੱਗਾ।

ਹੁਣ ਤਕ ਤਾਂ ਸੰਘ ਸਮਝਦਾ ਸੀ ਕਿ ਮੁੱਖ ਮੰਤਰੀ ਨੂੰ ਜੇ ਕਿਸੇ ਨੇ ਝੁਕਾਇਆ ਸੀ ਤਾਂ ਉਹ ਸੰਘ ਹੀ ਸੀ। ਸੰਘ ਦੀਆਂ ਹੜਤਾਲਾਂ ਅਤੇ ਧਮਕੀਆਂ ਅੱਗੇ ਮੁੱਖ ਮੰਤਰੀ ਹਥਿਆਰ ਸੁੱਟਣ ਲਈ ਮਜਬੂਰ ਹੋਇਆ ਸੀ, ਪਰ ਲੋਕਾਂ ਦੇ ਦਾਅਵਿਆਂ ਅਤੇ ਨੇਤਾਵਾਂ ਦੇ ਭਾਸ਼ਣਾਂ ਤੋਂ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਮੁੱਖ ਮੰਤਰੀ ਦੇ ਐਲਾਨਾਂ ਪਿੱਛੇ ਨਾ ਸੰਘ ਦਾ ਹੱਥ ਸੀ, ਨਾ ਜਥੇਦਾਰਾਂ ਦਾ ਅਤੇ ਨਾ ਹੀ ਕਿਸੇ ਯੂਨੀਅਨ ਦਾ।

ਇਸ ਪਿੱਛੇ ਕੋਈ ਹੋਰ ਹੀ ਕਾਰਨ ਸੀ, ਜਿਹੜੇ ਦਰਸ਼ਨ ਦੀ ਸਮਝੋਂ ਬਾਹਰ ਸੀ। ਹੋ ਸਕਦੈ ਉਹਨਾਂ ਵਿਚੋਂ ਇੱਕ ਰਾਜਿੰਦਰ ਦੇ ਕਹਿਣ ਮੁਤਾਬਕ, ਸੰਘ ਨੂੰ ਬੁੱਧੂ ਬਣਾਉਣਾ ਵੀ ਹੋਵੇ।

 

 

24

ਜੇ ਪਾਲਾ ਚਾਹੁੰਦਾ ਤਾਂ ਘਰੋਂ ਭੱਜ ਕੇ ਆਪਣੀ ਜਾਨ ਬਚਾ ਸਕਦਾ ਸੀ।

ਬਲਵੰਤ ਸਿਪਾਹੀ ਉਸ ਨੂੰ ਰਾਤ ਹੀ ਦੱਸ ਗਿਆ ਸੀ ਕਿ ਨਵੀਂ ਪੁਲਿਸ ਨੇ ਪੁਰਾਣੇ ਬਸਤੇ ਖੋਲ੍ਹ ਲਏ ਹਨ। ਪੁਲਿਸ ਨੇ ਹਰ ਉਸ ਮੁਜਰਮ ਤੋਂ ਪੁੱਛ-ਗਿੱਛ ਕਰਨੀ ਹੈ, ਜਿਸ ਖ਼ਿਲਾਫ਼ ਕਦੇ ਇੱਕ ਵੀ ਮੁਕੱਦਮਾ ਦਰਜ ਹੋਇਆ ਹੈ। ਪਾਲਾ ਤਾਂ ਦਸ ਨੰਬਰੀਆ ਰਿਹਾ ਹੈ। ਉਸ ਦੇ ਘਰ ਪਹਿਲੀ ਹੀ ਰਾਤ ਛਾਪਾ ਪਏਗਾ।

ਬਲਵੰਤ ਨੇ ਇਹ ਵੀ ਦੱਸਿਆ ਸੀ ਕਿ ਸਟਾਫ਼ ਬੜਾ ਖ਼ੂੰਖ਼ਾਰ ਹੈ। ਕਿਸੇ ਦੀ ਹੱਡੀ ਪੱਸਲੀ ਤੋੜਨਾ ਉਹਨਾਂ ਲਈ ਮਾਮੂਲੀ ਗੱਲ ਹੈ। ਇਹ ਬੰਦਾ ਮਾਰਨ ਲੱਗੇ ਵੀ ‘ਸੀ’ ਨਹੀਂ ਕਰਦੇ। ਇੱਕ-ਇੱਕ ਨੇ ਕਈ-ਕਈ ਬੰਦੇ ਮਾਰੇ ਹੋਏ ਹਨ। ਵੱਡਾ ਥਾਣੇਦਾਰ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿਚੋਂ ਆਇਆ ਹੈ, ਬੜਾ ਜ਼ਾਲਮ ਹੈ। ਬੰਦੇ ਦੀ ਗਰਦਨ ਇਉਂ ਮਰੋੜ ਦਿੰਦਾ ਹੈ, ਜਿਵੇਂ ਬੰਦਾ ਬੰਦਾ ਨਾ ਹੋਵੇ, ਮੁਰਗ਼ਾ ਹੋਵੇ। ਵੱਡੇ ਸਾਹਿਬ ਨੇ ਉਸ ਨੂੰ ਅਖ਼ਤਿਆਰ ਵੀ ਪੂਰੇ ਦਿੱਤੇ ਹਨ। ਕਾਤਲ ਹਰ ਹਾਲਤ ਵਿੱਚ ਭੋਗ ਤੋਂ ਪਹਿਲਾਂ-ਪਹਿਲਾਂ ਫੜੇ ਜਾਣ। ਇਸ ਮਕਸਦ ਦੀ ਪ੍ਰਾਪਤੀ ਲਈ ਉਹ ਭਾਵੇਂ ਵੀਹ ਬੰਦੇ ਮਾਰ ਦੇਵੇ, ਉਸ ਨੂੰ ਖੁੱਲ੍ਹੀ ਛੁੱਟੀ ਹੈ।

ਪਾਲੇ ਦਾ ਇਸੇ ਵਿੱਚ ਫ਼ਾਇਦਾ ਹੈ ਕਿ ਉਹ ਦੋ-ਚਾਰ ਦਿਨ ਇਧਰ-ਉਧਰ ਹੋ ਕੇ ਆਪਣੀ ਜਾਣ ਬਚਾ ਲਏ।

ਬੁੱਢੇ ਸਿਪਾਹੀ ਦੀ ਘਬਰਾਹਟ ਤੋਂ ਪਾਲੇ ਨੇ ਅੰਦਾਜ਼ਾ ਲਾ ਲਿਆ ਸੀ ਕਿ ਬਲਵੰਤ ਦੀ ਗੱਲ ਵਿੱਚ ਸੌ ਫ਼ੀਸਦੀ ਸੱਚ ਸੀ। ਬਲਵੰਤ ਉਹਨਾਂ ਦਾ ਪੁਰਾਣਾ ਜੁੱਟ ਹੈ। ਮੌਕੇ-ਬੇਮੌਕੇ ਪਾਲੇ ਹੁਰਾਂ ਦੇ ਕੰਮ ਆਉਂਦਾ ਰਿਹਾ ਹੈ। ਨਵੀਂ ਯੋਜਨਾ ਦਾ ਪਤਾ ਲੱਗਦੇ ਹੀ ਉਹ ਭੱਜਾ-ਭੱਜਾ ਆਇਆ। ਇੱਕ ਮਿੰਟ ਵੀ ਨਾ ਰੁਕਿਆ। ਹਾਲੇ ਉਸ ਨੇ ਬਹੁਤ ਮਿੱਤਰਾਂ ਦੇ ਘਰ ਜਾਣਾ ਸੀ।

ਰੋਣ-ਹਾਕਾ ਹੋ ਕੇ ਥਰ-ਥਰ ਕੰਬਣ ਤੋਂ ਸਿਵਾ ਪਾਲਾ ਕੁੱਝ ਵੀ ਨਹੀਂ ਸੀ ਕਰ ਸਕਦਾ। ਬਲਵੰਤ ਦੀਆਂ ਗੱਲਾਂ ਸੁਣ ਕੇ ਪਾਲੇ ਦਾ ਸਾਰਾ ਸਰੀਰ ਦਰਦ ਕਰਨ ਲੱਗਾ। ਪੁਲਿਸ ਦੀ ਪੈਣ ਵਾਲੀ ਮਾਰ ਦੀ ਕਲਪਨਾ ਕਰ ਕੇ ਉਸ ਦੀਆਂ ਚੀਕਾਂ ਨਿਕਲਣ ਵਾਲੀਆਂ ਹੋ ਗਈਆਂ। ਪਹਿਲਾਂ ਉਹ ਤਕੜਾ ਸੀ। ਪੁਲਿਸ ਦੀ ਮਾਰ ਝੱਲ ਜਾਂਦਾ ਸੀ। ਹੁਣ ਤਾਂ ਉਸ ਦਾ ਹਰ ਅੰਗ ਟੁੱਟਿਆ-ਭੱਜਿਆ ਪਿਆ ਹੈ। ਪੁਰੇ ਦੀ ਹਵਾ ਚੱਲਦੇ ਹੀ ਸਾਰੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਪਾਲੇ ਦਾ ਸਰੀਰ ਹੁਣ ਮਾਰ ਖਾਣ ਦੇ ਕਾਬਲ ਨਹੀਂ ਰਿਹਾ।

ਘਰੋਂ ਭੱਜ ਕੇ ਖਹਿੜਾ ਛੁੱਟ ਸਕਦਾ ਹੁੰਦਾ ਤਾਂ ਉਹ ਜ਼ਰੂਰ ਘਰੋਂ ਭੱਜ ਜਾਂਦਾ। ਕਈ ਵਾਰ ਉਸ ਨੇ ਘਰੋਂ ਭੱਜ-ਭੱਜ ਦੇਖਿਆ ਸੀ। ਪਾਲੇ ਦੇ ਸਾਰੇ ਟੱਬਰ ਨੂੰ ਬਗਲ ਲਿਆ ਜਾਂਦਾ। ਬੁੱਢੇ ਬਾਪ ਦੀ ਦਾੜ੍ਹੀ ਪੁੱਟੀ ਜਾਂਦੀ। ਭਰਾਵਾਂ ਨੂੰ ਪੁੱਠਾ ਲਟਕਾਇਆ ਜਾਂਦਾ। ਮਾਂ ਅਤੇ ਭੈਣਾਂ ਨਾਲ ਜੋ ਸਲੂਕ ਹੁੰਦਾ, ਉਸ ਬਾਰੇ ਸੋਚ ਕੇ ਪਾਲੇ ਨੂੰ ਆਪਣੇ-ਆਪ ਨਾਲ ਨਫ਼ਰਤ ਹੋਣ ਲੱਗਦੀ ਹੈ। ਉਸ ਦੀਆਂ ਭੈਣਾਂ ਨੂੰ, ਬਾਪ ਅਤੇ ਭਰਾਵਾਂ ਅੱਗੇ ਨੰਗਾ ਹੋਣਾ ਪੈਂਦਾ। ਇੱਕ ਤੋਂ ਦੂਜੇ ਦੇ ਗੁਪਤ ਅੰਗਾਂ ਦੇ ਵਾਲ ਪੁਟਵਾਏ ਜਾਂਦੇ। ਭੈਣਾਂ ਪੁਲਸੀਆਂ ਦੀ ਹਵਸ ਦਾ ਸ਼ਿਕਾਰ ਹੀ ਨਹੀਂ ਸੀ ਹੁੰਦੀਆਂ, ਉੱਨਾ ਚਿਰ ਗੋਹਾ-ਕੂੜਾ ਵੀ ਕਰਦੀਆਂ ਜਿੰਨਾ ਚਿਰ ਪਾਲਾ ਹਾਜ਼ਰ ਨਾ ਹੁੰਦਾ।

ਮਾਂ-ਬਾਪ ਨੂੰ ਇਹੋ ਤਾਹਨੇ ਦਿੱਤੇ ਜਾਂਦੇ ਕਿ ਉਹਨਾਂ ਨੇ ਪਾਲੇ ਵਰਗਾ ਨਾਲਾਇਕ ਪੁੱਤ ਕਿਉਂ ਜੰਮਿਆ ਹੈ? ਜਦੋਂ ਪਾਲਾ ਹਾਜ਼ਰ ਹੁੰਦਾ ਤਾਂ ਸਭ ਨੂੰ ਨੰਗੇ ਕਰ ਕੇ ਉਹੋ ਕਾਰਵਾਈ ਫੇਰ ਦੁਹਰਾਈ ਜਾਂਦੀ।

ਮਾਂ-ਬਾਪ ਦੀ ਬੇਇੱਜ਼ਤੀ ’ਤੇ ਪਾਲੇ ਨੂੰ ਕੋਈ ਰੰਜ ਨਹੀਂ ਸੀ ਹੁੰਦਾ। ਉਸ ਸਮੇਂ ਉਹ ਸਮਝਦਾ ਸੀ ਕਿ ਪਾਲੇ ਨੂੰ ਚੋਰ ਬਣਾਉਣ ਵਿੱਚ ਉਹੋ ਭਾਈਵਾਲ ਸਨ। ਉਹਨਾਂ ਨਾਲ ਜਿੰਨੀ ਹੋਵੇ, ਓਨੀ ਹੀ ਥੋੜ੍ਹੀ ਸੀ।

ਆੜ੍ਹਤ ਦੀ ਦੁਕਾਨ ’ਤੇ ਮਾਪਿਆਂ ਨੂੰ ਚੰਗੀ ਮਜ਼ਦੂਰੀ ਮਿਲਦੀ ਸੀ। ਕੰਮ ਕਰਨ ਵਾਲੇ ਬਥੇਰੇ ਜੀਅ ਸਨ। ਕੁਲ ਮਿਲਾ ਕੇ ਪੂਰੇ ਗਿਆਰਾਂ। ਪੰਜਾਹ-ਸੱਠ ਦੀ ਦਿਹਾੜੀ ਕਿਧਰੇ ਨਹੀਂ ਸੀ ਜਾਂਦੀ। ਸੀਜ਼ਨ ਵਿੱਚ ਦਾਣੇ-ਫੱਕੇ ਦੇ ਬੋਹਲ ਲੱਗ ਜਾਂਦੇ। ਫੇਰ ਉਹਨਾਂ ਨੂੰ ਕੀ ਲੋੜ ਸੀ, ਪਿੜਾਂ ’ਚੋਂ ਕਣਕਾਂ, ਕਪਾਹਾਂ ਤੇ ਝੋਨਾ ਚੋਰੀ ਕਰਨ ਦੀ? ਕਦੇ ਕਿਸੇ ਢੇਰ ਵਿਚੋਂ ਕਣਕ ਦਾ ਪੀਪਾ ਭਰ ਲਿਆ, ਕਦੇ ਕਿਸੇ ਢੇਰ ’ਚੋਂ ਰੁੱਗ ਕਪਾਹ ਦਾ ਖਿਸਕਾ ਲਿਆ। ਉਹਨਾਂ ਨੂੰ ਨਾ ਆੜ੍ਹਤੀਆ ਕੁੱਝ ਆਖਦਾ ਨਾ ਮੁਨੀਮ। ਇਸ ਗੱਲ ਦੀ ਪਾਲੇ ਨੂੰ ਪਿੱਛੋਂ ਸਮਝ ਆਈ ਸੀ ਕਿ ਆੜ੍ਹਤੀਏ ਦੀ ਇਸ ਮਿਹਰਬਾਨੀ ਦਾ ਮੁੱਲ ਮਾਂ ਕਿਸ ਰੂਪ ਵਿੱਚ ਉਤਾਰਦੀ ਸੀ।

ਪਾਲਾ ਵੱਡਾ ਹੋਇਆ ਤਾਂ ਉਸ ਨੂੰ ਇਹੋ ਜਾਚ ਸਿਖਾਈ ਗਈ। ਜਿੱਡੀ ਵੱਡੀ ਚੋਰੀ ਕਰਦਾ, ਓਡੀ ਵੱਡੀ ਥਾਪੀ ਮਿਲਦੀ। ਕਦੇ-ਕਦੇ ਝੋਲੀ ਦਾਣਿਆਂ ਦੀ ਵੀ ਮਿਲਦੀ। ਦਾਣੇ ਵੇਚ ਕੇ ਜੋ ਮਰਜ਼ੀ ਖਾਵੇ।

ਖ਼ਰਚਣ ਲਈ ਪੈਸੇ ਹੋਣ ਤਾਂ ਖਾਣ-ਪੀਣ ਦੀਆਂ ਚੀਜ਼ਾਂ ਦੀ ਤਾਂ ਕੋਈ ਕਮੀ ਨਹੀਂ। ਵਾਸਦੇਵ ਦੀ ਬਰਫ਼, ਰਾਮ ਦੀਆਂ ਕਚੌਰੀਆਂ, ਲੀਲੇ ਦੇ ਲੱਡੂ ਅਤੇ ਮੋਟੇ ਦੀਆਂ ਜਲੇਬੀਆਂ, ਨੱਨੇ ਦੀ ਕਰਾਰੀ ਚਾਟ ਅਤੇ ਮਿੱਠੂ ਦੇ ਭੱਲੇ।

ਕਰਾਰੀਆਂ ਚੀਜ਼ਾਂ ਖਾਣ ਦਾ ਅਜਿਹਾ ਭੁੱਸ ਪਿਆ ਕਿ ਰੋਟੀ ਸਵਾਦ ਲੱਗਣੋਂ ਹਟ ਗਈ। ਪਾਲਾ ਸਾਬਤ ਕਣਕ ਦਾ ਪੀਪਾ ਵੇਚ ਕੇ ਪੈਸੇ ਜੇਬ ’ਚ ਪਾਉਣ ਲੱਗਾ। ਉਹਨਾਂ ਪੈਸਿਆਂ ਨਾਲ ਉਹ ਫ਼ਿਲਮ ਦੇਖਦਾ, ਬੀੜੀਆਂ ਪੀਂਦਾ ਅਤੇ ਦੋਸਤਾਂ ਨਾਲ ਰਲ ਕੇ ਮੱਛੀ ਖਾਂਦਾ। ਸਿਨੇਮੇ ਵਿੱਚ ਉਸ ਦੀ ਮੁਲਾਕਾਤ ਮੀਤੇ, ਨਿੰਦੇ ਅਤੇ ਘਾਰੂ ਨਾਲ ਹੋਈ। ਮੀਤਾ ਜੇਬਾਂ ਕੱਟਦਾ ਸੀ। ਨਿੰਦਾ ਅਤੇ ਘਾਰੂ ਚੋਰੀ ਕਰਦੇ ਸਨ। ਉਹਨਾਂ ਦੀਆਂ ਸ਼ਕਲਾਂ, ਕਦ-ਕਾਠ ਅਤੇ ਪਹਿਰਾਵਾ ਪਾਲੇ ਨਾਲ ਮਿਲਦਾ- ਜੁਲਦਾ ਸੀ। ਮਾਂ-ਬਾਪ ਵੀ ਇਕੋ ਜਿਹੇ ਅਤੇ ਘਰ-ਬਾਰ ਵੀ। ਉਹ ਸਾਰੇ ਹੀ ਚੋਰੀ ਫ਼ਿਲਮਾਂ ਦੇਖਦੇ ਸਨ। ਕੁੱਝ ਦਿਨਾਂ ਵਿੱਚ ਉਹ ਸਾਰੇ ਦੋਸਤ ਬਣ ਗਏ।

ਪੈਸੇ ਕਮਾਉਣ ਦਾ ਘਾਰੂ ਨੇ ਬੜਾ ਵਧੀਆ ਤਰੀਕਾ ਦੱਸਿਆ। ਸਿਨੇਮਾ ਅੱਗੇ ਖੜੇ ਸਾਈਕਲਾਂ ਦੀਆਂ ਘੰਟੀਆਂ ਤੋਂ ਪਿੱਤਲ ਦੀਆਂ ਕੌਲੀਆਂ ਲਾਹ ਲਓ। ਇੱਕ ਕੌਲੀ ਬਦਲੇ ਨੱਨਾ ਚਾਟ ਵਾਲਾ ਪੂਰਾ ਪੱਤਾ ਚਾਟ ਦਾ ਦਿੰਦਾ ਹੈ। ਵੈਸੇ ਇਹ ਕੰਮ ਸੌਖਾ ਨਹੀਂ ਸੀ। ਠੇਕੇਦਾਰ ਅਕਸਰ ਉਨਾਂ ਦੀ ਮੁਰੰਮਤ ਕਰ ਦਿੰਦੇ। ਉਹ ਡਾਕਖ਼ਾਨੇ, ਹਸਪਤਾਲ ਅਤੇ ਬੈਂਕ ਅੱਗੇ ਖੜੇ ਸਾਈਕਲਾਂ ’ਤੇ ਹੱਥ ਫੇਰਨ ਲੱਗੇ।

ਨਿੰਦੇ ਨੇ ਖੋਜ ਕੱਢੀ। ਉਸ ਨੂੰ ਪਤਾ ਲੱਗ ਗਿਆ ਕਿ ਨੱਨਾ ਕੌਲੀਆਂ ਕਿਥੇ ਵੇਚਦਾ ਹੈ। ਨਿੰਦਾ ਕਬਾੜੀਏ ਨੂੰ ਮਿਲ ਵੀ ਆਇਆ। ਜੇ ਸਿੱਧੀ ਕੌਲੀ ਉਸ ਕੋਲ ਵੇਚੀ ਜਾਵੇ ਤਾਂ ਦੋ ਰੁਪਏ ਮਿਲ ਸਕਦੇ ਸਨ। ਚਾਟ ਵਾਲਾ ਪੱਤਾ ਤਾਂ ਸਾਰਾ ਅੱਠ ਆਨੇ ਦਾ ਹੁੰਦਾ ਸੀ।

ਉਹਨਾਂ ਦੀ ਕਬਾੜੀਏ ਨਾਲ ਦੋਸਤੀ ਹੋ ਗਈ।

ਕਦੇ-ਕਦੇ ਉਹ ਗਲੀਆਂ ਵਿੱਚ ਚੱਕਰ ਕੱਢਦੇ। ਚਬੂਤਰਿਆਂ ’ਤੇ ਪਏ ਗਲਾਸ, ਕੌਲੀਆਂ ਖਿਸਕਾ ਲੈਂਦੇ। ਇਹਨਾਂ ਚੀਜ਼ਾਂ ਦੇ ਚੰਗੇ ਪੈਸੇ ਮਿਲਦੇ।

“ਘੰਟੀਆਂ ਲਾਹੁਣ ਨੂੰ ਤੁਸੀਂ ਹੁਣ ਜਵਾਕ ਨਹੀਂ ਰਹੇ। ਸਾਈਕਲ ਹੀ ਉਡਾ ਲਿਆ ਕਰੋ। ਪੰਜਾਹ ਰੁਪਏ ਫ਼ੀ ਸਾਈਕਲ ਮਿਲਿਆ ਕਰਨਗੇ।” ਕਬਾੜੀਏ ਨੇ ਇੱਕ ਦਿਨ ਉਹਨਾਂ ਨੂੰ ਵੱਡੇ ਹੋਣ ਦਾ ਅਹਿਸਾਸ ਕਰਾਇਆ।

ਮੀਤਾ ਜੇਬਾਂ ਕੱਟਣ ਵਿੱਚ ਮਾਹਿਰ ਹੋ ਗਿਆ। ਉਹ ਕਦੇ-ਕਦੇ ਹੀ ਮਿਲਦਾ। ਪੱਕੀ ਦੋਸਤੀ ਤਿੰਨਾਂ ਵਿੱਚ ਹੀ ਰਹਿ ਗਈ।

ਸੱਚਮੁੱਚ ਸਾਈਕਲਾਂ ਵਾਲਾ ਧੰਦਾ ਵਧੀਆ ਸੀ। ਚੋਰੀ ਦਾ ਢੰਗ ਵੀ ਕਬਾੜੀਏ ਨੇ ਹੀ ਦੱਸਿਆ ਸੀ। ਜਿਸ ਸਾਈਕਲ ਨੂੰ ਚੋਰੀ ਕਰਨਾ ਹੋਵੇ, ਉਸ ਕੋਲ ਆਪਣਾ ਸਾਈਕਲ ਖੜਾ ਕਰ ਦਿਓ। ਕੁੱਝ ਦੇਰ ਇਧਰ-ਉਧਰ ਘੁੰਮ ਕੇ ਚੋਰੀ ਵਾਲਾ ਸਾਈਕਲ ਖਿਸਕਾ ਕੇ ਤੁਰਦੇ ਬਣੋ। ਜੇ ਫੜੇ ਜਾਓ ਤਾਂ ਗ਼ਲਤੀ ਹੋਣ ਦੀ ਮੁਆਫ਼ੀ ਮੰਗੋ। ਪਏ ਭੁਲੇਖੇ ਦਾ ਅਹਿਸਾਸ ਕਰਾਓ। ਆਪਣਾ ਸਾਈਕਲ ਚੁੱਕ ਕੇ ਤੁਰਦੇ ਬਣੋ। ਜੇ ਸਾਈਕਲ ਥਾਂ ਸਿਰ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਤਾਂ ਥੋੜ੍ਹੀ ਦੇਰ ਬਾਅਦ ਆਪਣਾ ਸਾਈਕਲ ਵੀ ਚੁੱਕ ਲਿਆਓ।

ਇੱਕ ਵਾਰ ਸਾਈਕਲ ਕਬਾੜਖ਼ਾਨੇ ਤਕ ਪਹੁੰਚਾ ਦਿਉ, ਪੈਸੇ ਖਰੇ। ਕਬਾੜਖ਼ਾਨੇ ਪੁੱਜਦਿਆਂ ਹੀ ਸਾਈਕਲ ਦਾ ਪੁਰਜ਼ਾ-ਪੁਰਜ਼ਾ ਹੋ ਜਾਂਦਾ ਸੀ।

ਕਈ ਸਾਲ ਉਹ ਮੌਜਾਂ ਕਰਦੇ ਰਹੇ। ਪਾਲਾ ਘਰੇ ਵੜਨੋਂ ਹਟ ਗਿਆ। ਸਾਰਾ ਦਿਨ ਦੋਸਤਾਂ ਨਾਲ ਫਿਰਦਾ ਰਹਿੰਦਾ। ਕੰਮ-ਕਾਰ ਉੱਕਾ ਛੱਡ ਦਿੱਤਾ। ਦਿਲ ਕੀਤਾ ਘਰ ਚਲਾ ਗਿਆ, ਨਾ ਦਿਲ ਕੀਤਾ ਤਾਂ ਕਬਾੜਖ਼ਾਨੇ ਪਿਆ ਰਿਹਾ।

ਫੇਰ ਉਹਨਾਂ ਨੂੰ ਲੱਗਾ, ਸਾਈਕਲਾਂ ਦੀ ਚੋਰੀ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਸੀ। ਪੰਜਾਹ ਰੁਪਏ ਨਾਲ ਤਿੰਨ ਜਣਿਆਂ ਦਾ ਕੀ ਬਣਦਾ ਹੈ? ਪੰਜਾਹ ਦੀ ਤਾਂ ਸ਼ਰਾਬ ਆਉਂਦੀ ਹੈ। ਉਪਰਲਾ ਖ਼ਰਚ ਕਿਥੋਂ ਆਵੇ?

ਕਬਾੜੀਆ ਫੇਰ ਉਹਨਾਂ ਦੀ ਸਹਾਇਤਾ ਲਈ ਬਹੁੜਿਆ। ਉਹ ਸਕੂਟਰਾਂ ’ਤੇ ਹੱਥ ਅਜ਼ਮਾ ਕੇ ਦੇਖਣ। ਘਾਰੂ ਸਕੂਟਰ ਚਲਾ ਲੈਂਦਾ ਸੀ। ਪਾਲੇ ਹੁਰੀਂ ਉਸ ਦੀ ਹਿਫ਼ਾਜ਼ਤ ਕਰਨ ਲੱਗੇ। ਤਰੀਕਾ ਉਹੋ ਪੁਰਾਣਾ। ਬੱਸ ਥੋੜ੍ਹਾ ਜਿਹਾ ਖ਼ਿਆਲ ਰੱਖਣਾ ਪੈਂਦਾ ਸੀ। ਕੰਮ-ਕਾਰ ਦਾ ਘੇਰਾ ਵੱਡਾ ਕਰਨਾ ਪੈਣਾ ਸੀ। ਬਾਹਰਲੇ ਕਸਬਿਆਂ ਤਕ ਜਾਣਾ ਪੈਣਾ ਸੀ। ਕੰਮ ਸ਼ੁਰੂ ਕਰਨ ਲਈ ਕਬਾੜੀਏ ਨੇ ਉਹਨਾਂ ਨੂੰ ਇੱਕ ਸਕੂਟਰ ਵੀ ਦੇ ਦਿੱਤਾ।

ਇਹ ਧੰਦਾ ਬਹੁਤਾ ਚਿਰ ਨਾ ਚੱਲਿਆ। ਸਕੂਟਰ ਦਾ ਅਕਸਰ ਬੀਮਾ ਹੋਇਆ ਹੁੰਦਾ ਸੀ। ਬੀਮੇ ਦੀ ਰਕਮ ਲੈਣ ਲਈ ਚੋਰੀ ਦੀ ਰਿਪੋਰਟ ਦਰਜ ਹੋਣੀ ਜ਼ਰੂਰੀ ਸੀ। ਸਾਈਕਲ ਦੀ ਚੋਰੀ ਥੋੜ੍ਹਾ ਸੀ ਕਿ ਮਾਲਕ ਸਬਰ ਦੀ ਘੁੱਟ ਭਰ ਕੇ ਬੈਠ ਜਾਏ। ਕੋਈ ਥਾਣੇ ਚਲਾ ਵੀ ਜਾਂਦਾ ਤਾਂ ਥਾਣੇ ਵਾਲੇ ਰਸੀਦਾਂ ਪੇਸ਼ ਕਰਨ ਦੇ ਬਹਾਨੇ ਟਾਲ ਦਿੰਦੇ। ਸਕੂਟਰਾਂ ਵਾਲੇ ਪਰਚਾ ਦਰਜ ਕਰਾ ਕੇ ਹੀ ਹਟਦੇ।

ਸਕੂਟਰ ਚੋਰੀ ਹੋਣ ਦੇ ਦੋ-ਚਾਰ ਮੁਕੱਦਮੇ ਦਰਜ ਹੋਏ ਤਾਂ ਪੁਲਿਸ ਨੂੰ ਫ਼ਿਕਰ ਹੋ ਗਿਆ।

ਚੌਥਾ ਸਕੂਟਰ ਚੁੱਕਦੇ ਹੀ ਉਹ ਫੜੇ ਗਏ।

ਥਾਣੇ ਦੀ ਇਹ ਉਸ ਦੀ ਪਹਿਲੀ ਸੈਰ ਸੀ।

ਇੱਕ-ਦੋ ਵਾਰ ਥਾਣੇ ਜਾ ਕੇ ਪੁਲਿਸ ਦਾ ਹਊਆ ਚੁੱਕਿਆ ਗਿਆ। ਪੁਲਿਸ ਵਾਲੇ ਜ਼ਾਲਮ ਘੱਟ ਤੇ ਦੋਸਤ ਜ਼ਿਆਦਾ ਸਨ। ਪਹਿਲਾਂ-ਪਹਿਲਾਂ ਦੱਬ ਕੇ ਕੁੱਟਦੇ ਸਨ, ਪਰ ਸੱਟਾਂ ਠੀਕ ਹੋਣ ਤੋਂ ਪਹਿਲਾਂ ਹੀ ਗਹਿਰੀ ਦੋਸਤੀ ਵੀ ਗੰਢ ਲੈਂਦੇ ਸਨ। ਹਿੱਸਾ-ਪੱਤੀ ਆਪੇ ਤਹਿ ਕਰ ਲੈਂਦੇ।

ਥਾਣੇ-ਜੇਲ੍ਹਾਂ ਵਿੱਚ ਉਹਨਾਂ ਦੀ ਦੋਸਤੀ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਚੋਰਾਂ ਦੇ ਕਈ ਗਰੋਹ ਉਹਨਾਂ ਦੇ ਸੰਪਰਕ ਵਿੱਚ ਆ ਗਏ। ਸਾਈਕਲਾਂ ਦੀ ਚੋਰੀ ਵੀ ਕੋਈ ਚੋਰੀ ਹੈ? ਕੋਠੀਆਂ ਨੂੰ ਪਾੜ ਲਾਓ।

ਥਾਣੇ-ਕਚਹਿਰੀ ਉਹਨਾਂ ਲਈ ਆਮ ਗੱਲ ਹੋ ਗਈ। ਵਕੀਲਾਂ ਨੇ ਬਰੀ ਹੋਣ ਦੇ ਸਾਰੇ ਦਾਅ-ਪੇਚ ਸਿਖਾ ਦਿੱਤੇ। ਬਿਨਾਂ ਝਿਜਕ ਘਰਾਂ ’ਚ ਚੋਰੀਆਂ ਕਰਨ ਲੱਗੇ। ਬਹੁਤੀਆਂ ਚੋਰੀਆਂ ਵਿੱਚ ਉਹ ਫੜੇ ਹੀ ਨਾ ਜਾਂਦੇ ਜਾਂ ਆਖੋ ਪੁਲਿਸ ਫੜਦੀ ਹੀ ਨਾ। ਕਦੇ ਫੜੇ ਜਾਂਦੇ ਤਾਂ ਪੁਲਿਸ ਨੂੰ ਮਾਲ ਖ਼ਰੀਦਣ ਵਾਲਿਆਂ ਦੇ ਘਰ ਲਿਜਾ ਕੇ ਪੈਸੇ ਖਟਾ ਦਿੰਦੇ।

ਕੋਈ ਧੜੱਲੇਦਾਰ ਥਾਣੇਦਾਰ ਹੁੰਦਾ ਤਾਂ ਮਹੀਨਾ-ਵੀਹ ਦਿਨ ਜੇਲ੍ਹ ’ਚ ਰਹਿ ਕੇ ਜੁਰਮ ਦਾ ਇਕਬਾਲ ਕਰ ਲੈਂਦੇ, ਉਹ ਖ਼ੁਸ਼ ਹੋ ਜਾਂਦਾ। ਉਸ ਦਾ ਮੁਕੱਦਮਾ ਕਾਮਯਾਬ ਹੋ ਗਿਆ।

ਮਾੜਾ ਹੁੰਦਾ ਤਾਂ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ। ਗਵਾਹ ਕਚਹਿਰੀ ਦੇ ਚੱਕਰ ਕੱਟ-ਕੱਟ ਹੰਭ ਜਾਂਦੇ। ਅੱਕ ਕੇ ਪੈਰਵਾਈ ਛੱਡ ਜਾਂਦੇ। ਅੱਧੇ ਗਵਾਹ ਆਪਣੀ ਧਰਮ ਦੀ ਸਹੁੰ ਖਾ ਕੇ ਝੂਠ ਬੋਲਣ ਤੋਂ ਨਾਂਹ ਕਰ ਦਿੰਦੇ। ਸੱਚ ਬੋਲੇ ਤਾਂ ਉਹ ਬਰੀ। ਕੋਈ ਬਹੁਤਾ ਹੀ ਚੁਸਤ ਮੁਦੱਈ ਹੁੰਦਾ ਤਾਂ ਪਾਲੇ ਹੁਰੀਂ ਸਰਕਾਰੀ ਵਕੀਲ ਨੂੰ ਪੈਸੇ ਦੇ ਦਿੰਦੇ। ਉਹ ਆਪੇ ਹੇਠ-ਉਤਾਂਹ ਕਰ ਕੇ ਬਰੀ ਕਰਵਾ ਦਿੰਦਾ।

ਪਾਲੇ ਨੂੰ ਇਹ ਕੰਮ ਬੜਾ ਰਾਸ ਆ ਗਿਆ ਸੀ। ਮੌਜਾਂ ਹੀ ਮੌਜਾਂ ਸਨ। ਜੇਲ੍ਹਾਂ ’ਚ ਬਣੇ ਦੋਸਤ ਬੜੇ ਕੰਮ ਆਉਂਦੇ ਸਨ। ਕਦੇ ਭੀੜ ਪੈਂਦੀ ਤਾਂ ਵੱਡੇ ਸਮੱਗਲਰਾਂ ਦੀ ਓਟ ਮਿਲ ਜਾਂਦੀ।

ਫੇਰ ਬੀ.ਏ.ਨਾਂ ਨਾਲ ਮਸ਼ਹੂਰ ਇੱਕ ਅਜਿਹਾ ਥਾਣੇਦਾਰ ਆਇਆ ਕਿ ਉਹਨਾਂ ਨੂੰ ਨਾਨੀ ਯਾਦ ਆ ਗਈ। ਤੇਜ਼ ਰੋਸ਼ਨੀਆਂ ਅੱਗੇ ਬਿਠਾ-ਬਿਠਾ ਕੇ ਪਹਿਲਾਂ ਪਾਲੇ ਦੀ ਨਿਗਾਹ ਕਮਜ਼ੋਰ ਕੀਤੀ। ਜਦੋਂ ਦਿਖੇਗਾ ਹੀ ਨਹੀਂ ਚੋਰੀ ਕਿਵੇਂ ਕਰੇਗਾ? ਪਿੱਛੋਂ ਚੂਲਾ ਲਾਹ ਦਿੱਤਾ। ਮਹੀਨਾ ਥਾਣੇ ਪਾਈ ਰੱਖਿਆ। ਇਲਾਜ ਵੀ ਨਾ ਕਰਵਾਉਣ ਦਿੱਤਾ, ਉਹ ਲੰਗੜਾ ਹੋ ਕੇ ਤੁਰਨ ਲੱਗਾ।

ਘਾਰੂ ਦੀਆਂ ਦੋਵੇਂ ਬਾਹਾਂ ਤੋੜ ਦਿੱਤੀਆਂ। ਨਿੱਕੇ ਕੇ ਕੰਨਾਂ ਵਿੱਚ ਕੋਈ ਚੀਜ਼ ਪਾ ਦਿੱਤੀ, ਉਹ ਬੋਲਾ ਹੋ ਗਿਆ।

ਉਹਨਾਂ ਵਿਚੋਂ ਕੋਈ ਵੀ ਚੋਰੀ ਦੇ ਕਾਬਲ ਨਾ ਰਹਿਣ ਦਿੱਤਾ।

ਸਾਲ ਭਰ ਹਸਪਤਾਲਾਂ ਦੇ ਧੱਕੇ ਖਾ ਕੇ ਪਾਲੇ ਨੂੰ ਮਸਾਂ ਧੁੱਪ-ਛਾਂ ਦਿਖਾਈ ਦੇਣ ਲੱਗੀ ਸੀ। ਬਸਾਖੀਆਂ ਤਾਂ ਲਹਿ ਗਈਆਂ, ਪਰ ਤੇਜ਼ ਤੁਰਨ ਲੱਗਿਆਂ ਸਾਰੀ ਟੰਗ ਦਰਦ ਕਰਨ ਲੱਗਦੀ।

ਜੀਵਨ ਆੜ੍ਹਤੀਆ ਉਸ ਦੀ ਬਾਂਹ ਨਾ ਫੜਦਾ ਤਾਂ ਪਾਲੇ ਨੂੰ ਕਿਸੇ ਮੰਦਰ-ਗੁਰਦੁਆਰੇ ਅੱਗੇ ਬੈਠ ਕੇ ਭੀਖ ਮੰਗਣੀ ਪੈਂਦੀ। ਬਾਪ ਨੇ ਜੀਵਨ ਦੇ ਪੈਰੀਂ ਪੱਗ ਧਰੀ, ਮਾਂ ਨੇ ਹਾੜ੍ਹੇ ਕੱਢੇ। ਸਾਰੀ ਉਮਰ ਜੀਵਨ ਦੀ ਕੀਤੀ ਗ਼ੁਲਾਮੀ ਦੀ ਯਾਦ ਦਿਵਾਈ। ਪਾਲੇ ਨੇ ਵੀ ਨੱਕ ਨਾਲ ਲਕੀਰਾਂ ਕੱਢੀਆਂ। ਮਾੜੇ ਕੰਮਾਂ ਦੀ ਅਸਲ ਸਜ਼ਾ ਉਹ ਹੁਣ ਭੁਗਤਣ ਲੱਗਾ ਸੀ। ਪੰਝੀਆਂ ਦੀ ਉਮਰ ਵਿੱਚ ਸੱਠਾਂ ਦਾ ਲੱਗਣ ਲੱਗਾ ਸੀ। ਉਹ ਹੋਰ ਪਾਪ ਨਹੀਂ ਕਰੇਗਾ।

ਪਾਲੇ ਨੂੰ ਸੁਧਰਨ ਦਾ ਮੌਕਾ ਮਿਲਿਆ। ਜੀਵਨ ਨੇ ਅੱਖਾਂ ਵਾਲੇ ਡਾਕਟਰ ਤੋਂ ਉਸ ਦਾ ਇਲਾਜ ਵੀ ਕਰਵਾ ਦਿੱਤਾ। ਮੋਟੇ-ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲਾ ਕੇ ਉਹ ਠੀਕ ਦੇਖ ਸਕਦਾ ਸੀ।

ਮੁੜ ਉਸ ਨੂੰ ਨਾ ਘਾਰੂ ਦੇ ਦਰਸ਼ਨ ਹੋਏ ਨਾ ਨਿੰਦੇ ਦੇ। ਪਾਲਾ ਉਹਨਾਂ ਨੂੰ ਭੁੱਲ-ਭੁਲਾ ਗਿਆ।

ਪਾਲੇ ਦਾ ਪਿਛਲੇ ਸਾਲ ਵਿਆਹ ਵੀ ਹੋ ਗਿਆ ਸੀ। ਉਹ ਬਾਪ ਬਣਨ ਵਾਲਾ ਸੀ।

ਬਲਵੰਤ ਸਿਪਾਹੀ ਦੇ ਆਖੇ ਲੱਗ ਕੇ ਜੇ ਉਹ ਘਰੋਂ ਭੱਜ ਵੀ ਜਾਂਦਾ ਤਾਂ ਪਿੱਛੋਂ ਕੀ ਹੋਣਾ ਸੀ, ਉਸ ਤੋਂ ਭੁੱਲਾ ਨਹੀਂ ਸੀ। ਭੈਣਾਂ ਤਾਂ ਵਿਆਹੀਆਂ ਵਰੀਆਂ ਗਈਆਂ। ਮਾਂ ਥਾਣੇ ਜਾਣ ਜੋਗੀ ਨਹੀਂ ਸੀ। ਸਾਰੀ ਉਮਰ ਧੂੜ ਫੱਕਦੀ ਰਹਿਣ ਕਾਰਨ ਉਸ ਨੂੰ ਟੀ.ਬੀ.ਹੋ ਗਈ। ਪੁਲਿਸ ਦੀ ਇਕੋ ਘੁਰਕੀ ਨਾਲ ਉਸ ਨੇ ਮਰ ਜਾਣਾ ਸੀ। ਨੰਗੀ ਕਰਨ ਲਈ ਉਸ ਦੀ ਪਤਨੀ ਹੀ ਰਹਿ ਜਾਣੀ ਸੀ। ਪਤਨੀ ਨੂੰ ਪੁਲਿਸ ਦੇ ਹੱਥ ਉਹ ਦੇਣਾ ਨਹੀਂ ਸੀ ਚਾਹੁੰਦਾ।

ਪਾਲਾ ਮੋਢੇ ’ਤੇ ਭੂਰਾ ਰੱਖ ਕੇ ਜੀਵਨ ਆੜ੍ਹਤੀਏ ਕੋਲ ਚਲਾ ਗਿਆ। ਕਿਸੇ ਜਾਣ-ਪਹਿਚਾਣ ਵਾਲੇ ਰਾਹੀਂ ਉਹ ਪਾਲੇ ਨੂੰ ਪੁਲਿਸ ਕੋਲ ਪੇਸ਼ ਕਰਾ ਦੇਵੇ।

ਜੀਵਨ ਸੋਚੀਂ ਪੈ ਗਿਆ, ਕਿਸ ਅਫ਼ਸਰ ਰਾਹੀਂ ਪਾਲੇ ਨੂੰ ਪੇਸ਼ ਕਰੇ। ਹੌਲਦਾਰ ਤੋਂ ਲੈ ਕੇ ਡਿਪਟੀ ਤਕ ਸਾਰੇ ਅਫ਼ਸਰਾਂ ਦਾ ਇਕਦਮ ਤਬਾਦਲਾ ਹੋ ਗਿਆ ਸੀ। ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ। ਪਹਿਲਾਂ ਇੱਕ-ਦੋ ਦੇ ਤਬਾਦਲੇ ਹੁੰਦੇ ਸਨ। ਪੁਰਾਣਿਆਂ ਰਾਹੀਂ ਨਵੇਂ ਅਫ਼ਸਰਾਂ ਨਾਲ ਜਾਣ-ਪਹਿਚਾਣ ਹੋ ਜਾਂਦੀ।

ਪਹਿਲਾ ਡਿਪਟੀ ਹੁੰਦਾ ਤਾਂ ਪਾਲੇ ਨੂੰ ਕਿਸੇ ਨੇ ਥਾਣੇ ਬੁਲਾਉਣਾ ਤੱਕ ਨਹੀਂ ਸੀ। ਪਾਲੇ ਦਾ ਠੀਕ ਰਿਕਾਰਡ ਦੇਖ ਕੇ ਦੋ ਸਾਲ ਪਹਿਲਾਂ ਉਸ ਨੇ ਪਾਲੇ ਦੀ ਹਿਸਟਰੀ-ਸ਼ੀਟ ਬੰਦ ਕਰਵਾ ਦਿੱਤੀ ਸੀ। ਹਿਸਟਰੀ-ਸ਼ੀਟ ਬੰਦ ਕਰਵਾਉਣੀ ਕੋਈ ਖੇਡ ਨਹੀਂ ਹੁੰਦੀ। ਸੈਂਕੜੇ ਰਿਪੋਰਟਾਂ ਹੁੰਦੀਆਂ ਹਨ, ਪਰ ਡਿਪਟੀ ਜੀਵਨ ਦਾ ਹਮ-ਪਿਆਲਾ ਸੀ। ਉਸ ਦੀ ਗਰੰਟੀ ਦੇ ਆਧਾਰ ’ਤੇ ਹੀ ਪਾਲੇ ਨੂੰ ਦਸ ਨੰਬਰੀਆਂ ਵਿਚੋਂ ਕੱਢ ਦਿੱਤਾ ਗਿਆ ਸੀ।

ਹਥਿਆਰ ਸੁੱਟਣ ਵਾਲਾ ਜੀਵਨ ਵੀ ਨਹੀਂ ਸੀ। ਵਾਕਫ਼ ਤਾਂ ਉਸ ਦੇ ਜੱਜ ਵੀ ਸਨ। ਇਸ ਕੰਮ ਲਈ ਤਾਂ ਸਰਕਾਰੀ ਵਕੀਲ ਦੀ ਸਿਫ਼ਾਰਸ਼ ਹੀ ਕਾਫ਼ੀ ਸੀ।

ਗੁਰਮੀਤ ਰਾਹੀਂ ਪਾਲਾ ਪੇਸ਼ ਹੋ ਗਿਆ।

ਪਾਲਾ ਆਪੇ ਪੇਸ਼ ਹੋਇਆ ਸੀ, ਇਸ ਲਈ ਉਹ ਪੁਲਿਸ ਦੇ ਗ਼ੁੱਸੇ ਤੋਂ ਬਚਿਆ ਹੋਇਆ ਸੀ। ਉਸ ਨੂੰ ਮਜ਼ਾਰ ਵਾਲੇ ਚਬੂਤਰੇ ਕੋਲ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਨ ਦਾ ਹੁਕਮ ਹੋਇਆ ਸੀ।

ਪਾਲੇ ਦੀ ਨਜ਼ਰ ਥਾਣੇ ਦੇ ਵੱਡੇ ਦਰਵਾਜ਼ੇ ’ਤੇ ਟਿਕੀ ਹੋਈ ਸੀ। ਹਰ ਦਸ-ਪੰਦਰਾਂ ਮਿੰਟਾਂ ਬਾਅਦ ਗੇਟ ’ਤੇ ਪੁਲਿਸ ਦੀ ਕੋਈ ਗੱਡੀ ਰੁਕਦੀ। ਉਸ ਵਿਚੋਂ ਪਾਲੇ ਵਰਗਾ ਕੋਈ ਦਸ ਨੰਬਰੀਆ ਉਤਰਦਾ ਜਾਂ ਦਸ ਨੰਬਰੀਏ ਦੇ ਵਾਰਿਸ।

ਥਾਣੇ ਵਿੱਚ ਵਧ ਰਹੀ ਭੀੜ ਨੂੰ ਦੇਖ ਕੇ ਪਾਲੇ ਨੂੰ ਕਾਂਬਾ ਛਿੜ ਰਿਹਾ ਸੀ। ਕਿਸੇ ਵੀ ਸਮੇਂ ਉਸ ’ਤੇ ਤਸ਼ੱਦਦ ਭਾਰੂ ਹੋ ਸਕਦਾ ਸੀ।

ਹੁਣ ਭਾਵੇਂ ਦੋ-ਤਿੰਨ ਸਾਲਾਂ ਤੋਂ ਉਹ ਟਿਕਿਆ ਹੋਇਆ ਸੀ, ਪਰ ਉਸ ਦੇ ਖ਼ਿਲਾਫ਼ ਦਰਜ ਹੋਏ ਮੁਕੱਦਮਿਆਂ ਦੀ ਲਿਸਟ ਬਹੁਤ ਲੰਬੀ ਸੀ। ਕਈਆਂ ਵਿੱਚ ਉਸ ਨੂੰ ਸਜ਼ਾ ਹੋਈ ਸੀ, ਕਈਆਂ ਵਿਚੋਂ ਬਰੀ ਹੋਇਆ ਸੀ। ਇਹਨਾਂ ਸਜ਼ਾਵਾਂ ਦੇ ਆਧਾਰ ’ਤੇ ਹੀ ਉਸ ਨੂੰ ਦਸ ਨੰਬਰੀਆ ਬਣਾਇਆ ਗਿਆ ਸੀ। ਉਹੋ ਸਜ਼ਾਵਾਂ ਉਸ ਨੂੰ ਕਿਸੇ ਵੀ ਸਮੇਂ ਪੁੱਠਾ ਲਟਕਣ ਲਈ ਮਜਬੂਰ ਕਰ ਸਕਦੀਆਂ ਸਨ।

ਪਾਲੇ ਨੂੰ ਤਾਂ ਉਸ ਦਿਨ ਦੀ ਹੀ ਪੁਲਿਸ ਦੀ ਉਡੀਕ ਸੀ, ਜਿਸ ਦਿਨ ਬੰਟੀ ਦੀ ਲਾਸ਼ ਮਿਲੀ ਸੀ। ਅਜਿਹੇ ਮੌਕੇ ਪੁਲਿਸ ਨੂੰ ਉਸ ਵਰਗੇ ਮੁਜਰਮਾਂ ਦੀ ਲੋੜ ਪੈਂਦੀ, ਪਰ ਉਹ ਇਸ ਲਈ ਬਚ ਗਿਆ ਸੀ, ਕਿਉਂਕਿ ਸਾਰੀ ਪੁਲਿਸ ਜੀਵਨ ਆੜ੍ਹਤੀਏ ਦੀ ਵਾਕਫ਼ ਸੀ। ਜੀਵਨ ਆੜ੍ਹਤੀਏ ਨੂੰ ਵੀ ਪਤਾ ਸੀ ਕਿ ਉਹ ਹੁਣ ਘੰਟੇ ਲਈ ਵੀ ਦੁਕਾਨ ਤੋਂ ਗ਼ੈਰ-ਹਾਜ਼ਰ ਨਹੀਂ ਹੁੰਦਾ। ਸਾਰੀਆਂ ਕਹਾਣੀਆਂ ਭੁਲਾ ਕੇ ਪਾਲੇ ਨੇ ਦੁਕਾਨ ਸੁੰਭਰਨ, ਦਾਣਿਆਂ ਨੂੰ ਝਾਰ ਲਾਉਣ, ਬੋਰੀਆਂ ਭਰਨ ਅਤੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਚੋਰੀ-ਯਾਰੀ ਤੋਂ ਪਾਲੇ ਨੂੰ ਨਫ਼ਰਤ ਹੋ ਗਈ ਸੀ। ਮਹਿੰਗਾਈ ਦੇ ਇਹਨਾਂ ਦਿਨਾਂ ਵਿੱਚ ਮਜ਼ਦੂਰੀ ਦੁੱਗਣੀ-ਤਿੱਗਣੀ ਹੋ ਗਈਂ ਸੀ। ਨਾਲੇ ਚਾਰ ਸੇਰ ਦਾਣੇ ਵੀ ਇਕੱਠੇ ਹੋ ਜਾਂਦੇ ਸਨ। ਦੋ-ਤਿੰਨ ਢਿੱਡ ਭਰਨ ਲਈ ਇੰਨੀ ਕੁ ਕਮਾਈ ਬਹੁਤ ਸੀ।

ਫੇਰ ਵੀ ਨਵੀਂ ਪੁਲਿਸ ਨੂੰ ਉਸ ਦੀ ਜ਼ਰੂਰਤ ਮਹਿਸੂਸ ਹੋਈ ਸੀ।

ਉਹ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਖ਼ੁਦ ਹੀ ਹਾਜ਼ਰ ਹੋ ਗਿਆ ਸੀ।

ਪਤਾ ਨਹੀਂ ਕਿਥੋਂ ਪੁਲਿਸ ਪਾਲੇ ਦੇ ਸਾਰੇ ਪੁਰਾਣੇ ਦੋਸਤ ਲੱਭ ਲਿਆਈ ਸੀ। ਕਈ ਅਜਿਹੇ ਬੰਦੇ ਵੀ ਫੜ ਲਏ ਗਏ ਸਨ ਜਿਹੜੇ ਪਾਲੇ ਨੂੰ ਕਦੇ-ਕਦਾਈਂ ਜੇਲ੍ਹ ਜਾਂ ਥਾਣੇ ਵਿੱਚ ਹੀ ਮਿਲਦੇ ਸਨ। ਬਾਹਰ ਕਦੇ ਉਹਨਾਂ ਦੇ ਦਰਸ਼ਨ ਨਹੀਂ ਸੀ ਹੋਏ।

ਸਭ ਤੋਂ ਪਹਿਲਾਂ ਪੁਲਿਸ ਦੇ ਹੱਥ ਆਉਣ ਵਾਲਿਆਂ ਵਿੱਚ ਉਸ ਦੇ ਸਾਥੀ ਬਾਰੂ ਅਤੇ ਨਿੰਦਾ ਸਨ।

ਉਸੇ ਢਾਣੀ ਦੇ ਸੰਤੂ, ਮਿਹਰੂ, ਪਾਲੂ, ਘੀਚਰ ਅਤੇ ਬੰਤੂ। ਪੁਰਾਣਾ ਜੇਬ-ਕਤਰਾ ਮੀਤਾ ਅਤੇ ਉਸ ਦੇ ਚੇਲੇ ਦਾਰੂ, ਰਾਮੂ ਅਤੇ ਸੁੰਦਰ। ਨਾਜਾਇਜ਼ ਸ਼ਰਾਬ ਕਸ਼ੀਦ ਕਰਨ ਵਾਲੇ ਨਿੰਦਰ, ਮੁਰਲੀ ਅਤੇ ਸਾਥੀ। ਨੰਬਰਦਾਰਾਂ ਦੀ ਅਫ਼ੀਮ ਢੋਣ ਵਾਲੇ ਬਿਹਾਰੀ ਭਈਏ। ਵੇਦੂ ਸੱਟੇ ਵਾਲੇ ਦੇ ਕਰਿੰਦੇ ਰਮੇਸ਼, ਦਰਸ਼ੀ ਅਤੇ ਜਨਕ। ਰਿਕਸ਼ੇ ਵਾਲਾ ਬੰਤੂ ਅਤੇ ਜੱਸਾ। ਜੂਆ ਖੇਡਣਾ ਜਿਨ੍ਹਾਂ ਦੀ ਆਦਤ ਸੀ। ਦੋ ਪੈਸੇ ਆ ਜਾਣ ਤਾਂ ਸਟੇਸ਼ਨ ’ਤੇ ਹੀ ਜੂਆ ਖੇਡਣ ਬੈਠ ਜਾਂਦੇ। ਕਈ ਵਾਰ ਫੜੇ ਗਏ। ਜੁਰਮਾਨੇ ਭਰ ਕੇ ਛੁੱਟ ਆਉਂਦੇ ਸਨ। ਦਾਨਕਿਆਂ ਦੇ ਘੀਚਰ ਅਤੇ ਨਿਹਾਲਾ ਜਿਹੜੇ ਜੰਗਲਾਤ ਮਹਿਕਮੇ ਦੀਆਂ ਲੱਕੜਾਂ ਚੋਰੀ ਕਰਨ ਲਈ ਮਸ਼ਹੂਰ ਹਨ। ਪੀਲੂ ਅਤੇ ਧਿਚਕੂ ਜਿਨ੍ਹਾਂ ਨੂੰ ਬਣ-ਸੰਵਰ ਕੇ ਰਹਿਣ ਅਤੇ ਬਦਮਾਸ਼ ਅਖਵਾਉਣ ਦਾ ਸ਼ੌਕ ਹੈ। ਪੱਬੀ ਨੇ ਜਦੋਂ ਵੀ ਜ਼ਮੀਨ ’ਤੇ ਕਬਜ਼ਾ ਕਰਨ ਜਾਣਾ ਹੋਵੇ, ਉਹ ਮੁੱਛਾਂ ਨੂੰ ਵੱਟ ਦੇ ਕੇ, ਪ੍ਰੈਸ ਕੀਤੇ ਕੁੜਤੇ-ਚਾਦਰੇ ਪਾ ਕੇ ਅਤੇ ਮੋਢੇ ’ਤੇ ਬੰਦੂਕਾਂ ਲਟਕਾ ਕੇ ਸਭ ਤੋਂ ਅੱਗੇ ਜਾਂਦੇ ਹਨ। ਕਈ ਬੰਦੇ ਮਾਰੇ। ਕਦੇ ਬਰੀ ਹੋ ਜਾਂਦੇ, ਕਦੇ ਦੋ-ਚਾਰ ਸਾਲ ਦੀ ਕੱਟ ਆਉਂਦੇ। ਵਧੀਆ ਤੋਂ ਵਧੀਆ ਵਕੀਲ ਉਹਨਾਂ ਦੀ ਪੈਰਵਾਈ ਲਈ ਹਾਜ਼ਰ ਹੁੰਦਾ। ਦਾਰੂ ਦਾ ਘੁੱਟ ਪੀ ਕੇ ਆਪਣੇ ਹੀ ਭਾਈਚਾਰੇ ਦਾ ਸਿਰ ਪਾੜਨ ਵਾਲੇ ਢੀਚੂ ਅਤੇ ਸਾਧੂ। ਸਾਂਸੀ ਅਤੇ ਬਾਜ਼ੀਗਰ। ਸਭ ਪੁਰਾਣੇ ਮੁਜਰਮ, ਪਾਲੇ ਦੇ ਯਾਰ।

ਨਵੇਂ ਚਿਹਰਿਆਂ ਦੀ ਵੀ ਘਾਟ ਨਹੀਂ ਸੀ, ਪਰ ਉਹ ਸਨ ਪਾਲੇ ਦੀ ਜਾਤ-ਬਰਾਦਰੀ ਵਿਚੋਂ ਹੀ।

ਜਿਹੜੇ ਘਰਾਂ ਵਿਚੋਂ ਮੁਜਰਮ ਨਹੀਂ ਸੀ ਮਿਲੇ, ਉਹਨਾਂ ਵਿਚੋਂ ਮੁਜਰਮਾਂ ਦੇ ਵਾਰਿਸ ਧੂਹੇ ਗਏ ਸਨ। ਪ੍ਰਿੰਸ ਦੀਆਂ ਭੈਣਾਂ ਅਤੇ ਨਾਨੂ ਦੀ ਮਾਂ। ਸ਼ਾਲੂ ਦਾ ਬਾਪ ਲਿਆਂਦਾ ਗਿਆ ਸੀ। ਸ਼ੰਕਰ ਦਾ ਚਾਚਾ। ਜਿਸ ਦਾ ਕੋਈ ਵੀ ਨਾ ਮਿਲਿਆ, ਉਸ ਦਾ ਸਾਮਾਨ ਚੁੱਕਿਆ ਗਿਆ। ਬਾਕੀਆਂ ਦੇ ਡੰਗਰ-ਪਸ਼ੂ ਖੋਲ੍ਹ ਲਿਆਂਦੇ ਗਏ। ਦੁਪਹਿਰ ਤਕ ਥਾਣਾ ਮੁਜਰਮਾਂ ਨਾਲ ਭਰ ਚੁੱਕਾ ਸੀ। ਚਾਰੇ ਪਾਸੇ ਚੀਕ-ਚਿਹਾੜਾ ਪੈ ਰਿਹਾ ਸੀ।

ਮੁਜਰਮ ਦਾ ਥਾਣੇ ਵੜਦਿਆਂ ਹੀ ਸਵਾਗਤ ਸ਼ੁਰੂ ਹੋ ਜਾਂਦਾ। ਦੋ ਸਿਪਾਹੀ ਦਰਵਾਜ਼ੇ ਅੱਗੇ ਖੜੇ ਸਨ। ਅੰਦਰ ਵੜਦਿਆਂ ਹੀ ਹੂਰੇ ਮਾਰਨੇ ਸ਼ੁਰੂ ਕਰ ਦਿੰਦੇ। ਧੌਣ ’ਚ, ਜਾਭਾਂ ’ਤੇ, ਮੌਰਾਂ ’ਚ। ਅਗਲੇ ਦਾ ਹੁਲੀਆ ਵਿਗੜ ਜਾਂਦਾ। ਪੱਗ ਕਿਤੇ ਹੁੰਦੀ ਅਗਲਾ ਕਿਤੇ। ਧੱਕੇ ਮਾਰ-ਮਾਰ ਧਰਤੀ ’ਤੇ ਡੇਗ ਲੈਂਦੇ, ਠੁੱਡੇ ਮਾਰਦੇ। ਕੇਸਾਂ ਤੋਂ ਫੜ ਕੇ ਖੜਾ ਕਰਦੇ। ਧੀਆਂ-ਭੈਣਾਂ ਦੀਆਂ ਗਾਲ੍ਹਾਂ ਕੱਢਦੇ ਐਸ.ਐਚ.ਓ.ਦੇ ਪੇਸ਼ ਕਰਦੇ।

ਨਾਂ ਪਤਾ ਪੁੱਛ ਕੇ ਐਸ.ਐਚ.ਓ.ਹਿਸਟਰੀ-ਸ਼ੀਟ ਖੋਲ੍ਹਦਾ। ਉਸ ਦੇ ਪੁਰਾਣੇ ਰਿਕਾਰਡ ਨੂੰ ਦੇਖ ਕੇ ਫ਼ੈਸਲਾ ਕੀਤਾ ਜਾਂਦਾ ਕਿ ਉਸ ਨੂੰ ਕਿਸ ਤਫ਼ਤੀਸ਼ੀ ਪਾਰਟੀ ਦੇ ਹਵਾਲੇ ਕਰਨਾ ਹੈ।

ਪਾਲਾ ਬੇਸਬਰੀ ਨਾਲ ਉਡੀਕ ਰਿਹਾ ਸੀ। ਕੋਈ ਪਤਾ ਨਹੀਂ ਉਸ ਨੂੰ ਕਿਸ ਪਾਰਟੀ ਦੇ ਹਵਾਲੇ ਕੀਤਾ ਜਾਵੇ?

 

 

25

ਬਲਵੰਤ ਸਿਪਾਹੀ ਦੀ ਗੱਲ ਗ਼ਲਤ ਨਹੀਂ ਸੀ।

ਨਵਾਂ ਥਾਣੇਦਾਰ ਸੱਚਮੁੱਚ ਦਿਓ ਵਰਗਾ ਸੀ, ਛੇ ਫ਼ੁੱਟ ਕੱਦ। ਬਿੱਲੀਆਂ ਅੱਖਾਂ। ਕੁੰਢੀਆਂ ਮੁੱਛਾਂ। ਤੁਰਦਾ ਤਾਂ ਧਰਤੀ ਕੰਬਣ ਲੱਗਦੀ। ਬੋਲਦਾ ਤਾਂ ਸਭ ਦੇ ਦਿਲ ਹਿਲਾ ਦਿੰਦਾ।

ਉਸੇ ਜਿੰਨਾ ਖ਼ਤਰਨਾਕ ਸੀ, ਉਸ ਦਾ ਸਹਾਇਕ, ਛੋਟਾ ਥਾਣੇਦਾਰ ਨਾਜਰ ਸਿੰਘ। ਕੁਇੰਟਲ ਦੇਹ, ਚੌੜੀ ਛਾਤੀ, ਸੂਹੀਆਂ ਅੱਖਾਂ ’ਚੋਂ ਕਹਿਰ ਵਰਸਾਉਣ ਵਾਲਾ। ਜਿਸ ਕੋਲ ਵੀ ਜਾ ਖੜਦਾ, ਅਗਲਾ ਡਰਦਾ ਆਪੇ ਬਕਣ ਲੱਗਦਾ।

ਹੌਲਦਾਰ ਵੀ ਜਿੰਨਾਂ ਦਾ ਰੂਪ। ਸਿਪਾਹੀ ਉਹਨਾਂ ਦੇ ਵੀ ਗੁਰੂ।

ਥਾਣੇ ਦਾ ਵਿਹੜਾ ਯੁੱਧ-ਭੂਮੀ ਬਣ ਗਿਆ ਲੱਗਦਾ ਸੀ। ਇੱਕ ਪਾਸੇ ਸਨ ਮਾੜਚੂ ਜਿਹੇ ਨਿਹੱਥੇ ਮੁਜਰਮ, ਦੂਜੇ ਪਾਸੇ ਸਨ ਝੋਟਿਆਂ ਵਰਗੇ ਹਥਿਆਰਬੰਦ ਪੁਲਸੀਏ।

ਐਸ.ਐਚ.ਓ.ਲਾਲ ਸਿੰਘ ਨੇ ਤਫ਼ਤੀਸ਼ੀ ਅਫ਼ਸਰਾਂ ਦੀ ਯੋਗਤਾ ਦਾ ਪੈਮਾਨਾ ਉਹਨਾਂ ਦੀ ਕੁੱਟ-ਮਾਰ ਕਰ ਸਕਣ ਦੀ ਸ਼ਕਤੀ ਰੱਖਿਆ ਸੀ। ਪਾਰਟੀ ਦੀ ਯੋਗਤਾ ਦੇ ਆਧਾਰ ’ਤੇ ਹੀ ਉਹਨਾਂ ਨੂੰ ਮੁਜਰਮ ਸੰਭਾਲੇ ਜਾਂਦੇ ਸਨ।

ਕਿਸੇ ਪਾਰਟੀ ਨੂੰ ਘੋਟਾ ਲਾਉਣ ਦਾ ਹੁਕਮ ਹੋਇਆ ਸੀ, ਕਿਸੇ ਨੂੰ ਕੁਰਸੀ ਅਤੇ ਕਿਸੇ ਨੂੰ ਮੰਜਾ।

ਕੁੱਝ ਨੂੰ ਪਿੱਪਲ ਨਾਲ ਬੰਨ੍ਹਿਆ ਗਿਆ ਸੀ। ਕੁੱਝ ਟਾਹਣੀਆਂ ’ਤੇ ਤੋਰੀਆਂ ਵਾਂਗ ਲਟਕ ਰਹੇ ਸਨ। ਕੋਈ ਪੁੱਠਾ ਲਟਕ ਰਿਹਾ ਸੀ, ਕੋਈ ਸਿੱਧਾ। ਰੱਸਾ ਕਿਸੇ ਦੇ ਗਿੱਟਿਆਂ ਵਿੱਚ ਪਾਇਆ ਗਿਆ ਸੀ ਅਤੇ ਕਿਸੇ ਦੇ ਗੁੱਟਾਂ ਵਿੱਚ।

ਕਿਸੇ ਨੂੰ ਪਿੰਜਰੇ ਵਿੱਚ ਤਾੜ ਕੇ ਤੜਪਾਇਆ ਜਾ ਰਿਹਾ ਸੀ, ਕਿਸੇ ਨੂੰ ਬਰਫ਼ ਦੀਆਂ ਸਿਲੀਆਂ ’ਤੇ ਪਾ ਕੇ।

ਟੱਟੀਆਂ ਕੋਲ ਗੰਦ ਦਾ ਬੱਠਲ ਭਰੀ ਬੈਠੀ ਜਮਾਂਦਾਰਨੀ ਬੜੀ ਖ਼ੁਸ਼ ਸੀ। ਉਸ ਦੇ ਕੋਲ ਗੰਦ ਚੁੱਕਣ ਵਾਲਾ ਕੜਛਾ ਪਿਆ ਸੀ। ਰਮੇਸ਼, ਦਰਸ਼ੀ ਅਤੇ ਜਨਕਾ ਉਸ ਦੇ ਹਵਾਲੇ ਸਨ। ਬੜੇ ਮਜ਼ੇ ਨਾਲ ਉਸ ਨੇ ਤਿੰਨਾਂ ਦੇ ਮੂੰਹ ’ਤੇ ਗੰਦ ਬੰਨ੍ਹਿਆ ਸੀ। ਉਹਨਾਂ ਦੇ ਹੱਥ ਪਿਛਾਂਹ ਪਿੱਠ ’ਤੇ ਲਿਜਾ ਕੇ ਬੰਨ੍ਹ ਦਿੱਤਾ ਗਿਆ ਸੀ। ਥਾਣੇਦਾਰ ਦੀ ਸਖ਼ਤ ਤਾੜਨਾ ਸੀ। ਉਹ ਜਿੰਨਾ ਚਿਰ ਕੁੱਝ ਬਕਣ ਦਾ ਇਸ਼ਾਰਾ ਨਾ ਕਰਨ, ਉਹਨਾਂ ਦੇ ਮੂੰਹਾਂ ਤੋਂ ਗੰਦ ਨਾ ਲਾਹਿਆ ਜਾਵੇ। ਉਹ ਥਾਣੇ ਕਚਹਿਰੀ ਘੁੰਮਦੇ ਰਹਿੰਦੇ ਹਨ। ਹੋ ਸਕਦੈ ਉਹਨਾਂ ਕਦੇ ਮੁਜਰਮਾਂ ਨੂੰ ਸਾਜ਼ਿਸ਼ ਕਰਦੇ ਸੁਣਿਆ ਹੋਵੇ।

ਘੀਚਰ ਅਤੇ ਨਿਹਾਲਾ ਉਹਨਾਂ ਨਾਲੋਂ ਕੁੱਝ ਤਕੜੇ ਸਨ। ਇਸ ਲਈ ਉਹਨਾਂ ’ਤੇ ਸਖ਼ਤੀ ਦੀ ਜ਼ਰੂਰਤ ਸੀ। ਕਤਲ ਬਾਰੇ ਜਾਣਕਾਰੀ ਰੱਖਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਉਹਨਾਂ ਨੂੰ ਮੁਨਸ਼ੀ ਦੇ ਦਫ਼ਤਰ ਅੱਗੇ ਕੁਰਸੀ ਡਾਹੀ ਬੈਠੇ ਹੌਲਦਾਰ ਦੇ ਹਵਾਲੇ ਕੀਤਾ ਗਿਆ ਸੀ। ਹੌਲਦਾਰ ਦੇ ਦੋਹਾਂ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ। ਮੁਜਰਮਾਂ ਨੂੰ ਉਸ ਦੇ ਸਾਹਮਣੇ ਪੈਰਾਂ ਭਾਰ ਬੈਠਣ ਦਾ ਹੁਕਮ ਹੋਇਆ। ਉਹਨਾਂ ਦੇ ਵਿਗੜੇ ਦਿਮਾਗ਼ ਨੂੰ ਦਰੁੱਸਤ ਕਰਨ ਲਈ ਉਹਨਾਂ ਦੇ ਸਿਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ। ਦੋ ਕੁ ਵਾਰ ਉਹਨਾਂ ਸਿਰਾਂ ’ਤੇ ਹੱਥ ਰੱਖ ਕੇ ਮਾਰਾਂ ਨੂੰ ਠੱਲ੍ਹਣਾ ਚਾਹਿਆ, ਉਲਟਾ ਡੰਡਿਆਂ ਦੀ ਬਾਰਸ਼ ਤੇਜ਼ ਹੋ ਗਈ।

ਬਿਨਾਂ ਕੋਈ ਇਕਬਾਲ ਕਰੇ ਉਹ ਇੱਕ ਪਾਸੇ ਨੂੰ ਲੁੜ੍ਹਕ ਗਏ।

ਦੋ ਸਿਪਾਹੀ ਆਏ ਅਤੇ ਬਾਹਾਂ ਤੋਂ ਫੜ ਕੇ ਬੈਰਕਾਂ ਨੂੰ ਲੈ ਤੁਰੇ।

ਇਸ ਤਫ਼ਤੀਸ਼ ਤੋਂ ਵਿਹਲਾ ਹੋ ਕੇ ਅਗਲੇ ਹੁਕਮਾਂ ਲਈ ਹੌਲਦਾਰ ਨੇ ਥਾਣੇਦਾਰ ਨੂੰ ਸਲੂਟ ਮਾਰਿਆ।

ਪੁਲਿਸ ਕੋਲ ਬੰਦੇ ਬਹੁਤ ਸਨ, ਪਰ ਸਮਾਂ ਘੱਟ ਸੀ। ਦਿਨ ਛਿਪਣ ਨੂੰ ਆਇਆ ਸੀ। ਕੰਮ ਅੱਧਾ ਵੀ ਨਹੀਂ ਸੀ ਨਿੱਬੜਿਆ।

ਲਾਲ ਸਿੰਘ ਦਾ ਸਾਰਾ ਸਮਾਂ ਸਿਫ਼ਾਰਸ਼ੀਆਂ ਦੇ ਹੜ੍ਹ ਠੱਲ੍ਹਣ ’ਤੇ ਲੱਗ ਗਿਆ ਸੀ। ਜੱਜ ਤੋਂ ਲੈ ਕੇ ਡੀ.ਸੀ.ਤਕ ਦੀਆਂ ਸਿਫ਼ਾਰਸ਼ਾਂ ਆ ਗਈਆਂ ਸਨ। ਅੱਕ ਕੇ ਉਸ ਨੇ ਫ਼ੋਨ ਹੀ ਕਟਵਾ ਦਿੱਤਾ। ਕਾਂਗਰਸੀਆਂ ਤੋਂ ਲੈ ਕੇ ਕਾਮਰੇਡ ਤਕ ਸਭ ਥਾਣੇ ਦਾ ਚੱਕਰ ਮਾਰ ਗਏ ਸਨ। ਲਾਲ ਸਿੰਘ ਜਾਣ-ਬੁੱਝ ਕੇ ਉਹਨਾਂ ਨੂੰ ਪੁੱਠਾ ਹੀ ਪੈਂਦਾ ਰਿਹਾ ਤਾਂ ਜੋ ਮੁੜ ਉਹ ਸਿਫ਼ਾਰਸ਼ ਕਰਨ ਦੀ ਹਿੰਮਤ ਨਾ ਕਰਨ। ਖਿਝੇ ਥਾਣੇਦਾਰ ਨੇ ਥਾਣੇ ਦੇ ਗੇਟ ਨੂੰ ਜਿੰਦਾ ਲਗਵਾ ਦਿੱਤਾ। ਜਿੰਨਾ ਚਿਰ ਅੰਦਰਲੇ ਮੁਜਰਮਾਂ ਤੋਂ ਪੁੱਛ-ਗਿੱਛ ਨਹੀਂ ਹੋ ਜਾਂਦੀ, ਕਿਸੇ ਲਈ ਦਰਵਾਜ਼ਾ ਨਾ ਖੋਲ੍ਹਿਆ ਜਾਵੇ।

ਜੇ ਥਾਣੇਦਾਰ ਚਲਾਕ ਸੀ ਤਾਂ ਮੁਜਰਮ ਵੀ ਦੋ ਚੰਦੇ ਵੱਧ ਸਨ। ਕਪਤਾਨ ਤਕ ਪਹੁੰਚ ਕਰ ਕੇ ਵਾਇਰਲੈੱਸ ਕਰਵਾ ਸਕਦੇ ਸਨ। ਕਿਸੇ ਸਿਫ਼ਾਰਸ਼ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹ ਆਪਣੀ ਤਸੱਲੀ ਕਰਨਾ ਚਾਹੁੰਦਾ ਸੀ।

ਨਾਜ਼ਰ ਸਿੰਘ ਢੀਚੂ ਅਤੇ ਸਾਧੂ ਦੀ ਤਫ਼ਤੀਸ਼ ਕਰ ਕੇ ਹਟਿਆ ਸੀ। ਉਹਨਾਂ ਨੂੰ ਕੁਟਾਪਾ ਚਾੜ੍ਹਦੇ ਨਾਜ਼ਰ ਦਾ ਆਪਣਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਉਸ ਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ। ਮੱਥਾ ਪਸੀਨੇ ਨਾਲ ਤਰ ਹੋ ਗਿਆ ਸੀ। ਤਫ਼ਤੀਸ਼ ਦੀ ਰਿਪੋਰਟ ਦਿੰਦੇ ਨਾਜ਼ਰ ਨੂੰ ਕਈ ਵਾਰ ਰੁਕਣਾ ਪੈਂਦਾ ਸੀ।

ਉਸ ਨੇ ਸਿੱਟਾ ਕੱਢਿਆ ਸੀ ਕਿ ਢੀਚੂ ਅਤੇ ਸਾਧੂ ਨਿਰਦੋਸ਼ ਸਨ। ਉਹ ਤਾਂ ਸਾਧਾਰਨ ਜਿਹੇ ਲੜਕੇ ਸਨ। ਬੰਟੀ ਦੇ ਕਤਲ ਵਰਗੀ ਗੁੰਝਲਦਾਰ ਸਾਜ਼ਿਸ਼ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ।

ਪੀਲੂ ਅਤੇ ਪਿਚਕੂ ਦੀ ਤਫ਼ਤੀਸ਼ ਸਿਪਾਹੀਆਂ ਦੇ ਵੱਸ ਦੀ ਨਹੀਂ ਸੀ। ਉਹਨਾਂ ’ਤੇ ਘੋਟਾ ਲੱਗਣਾ ਚਾਹੀਦਾ ਸੀ। ਜਿਹੜੇ ਕਈ-ਕਈ ਕਤਲ ਭੁਗਤ ਚੁੱਕੇ ਹੋਣ, ਉਹ ਮਾੜੀ-ਮੋਟੀ ਤਫ਼ਤੀਸ਼ ਨੂੰ ਕੀ ਸਮਝਦੇ ਹਨ? ਉਹਨਾਂ ਤੋਂ ਨਾਜ਼ਰ ਸਿੰਘ ਵਰਗਾ ਥਾਣੇਦਾਰ ਹੀ ਕੁੱਝ ਹਾਸਲ ਕਰ ਸਕਦਾ ਸੀ।

ਨਾਜ਼ਰ ਚਾਹੁੰਦਾ ਸੀ, ਪੀਲੂ ਹੁਰਾਂ ’ਤੇ ਝੱਟ ਲਾਉਣ ਤੋਂ ਪਹਿਲਾਂ ਉਸ ਨੂੰ ਕੁੱਝ ਸਮਾਂ ਆਰਾਮ ਲਈ ਦਿੱਤਾ ਜਾਵੇ ਅਤੇ ਕੁੱਝ ਹੋਰ ਬੰਦੇ ਵੀ। ਘੋਟਾ ਲਾਉਣ ਲਈ ਘੱਟੋ-ਘੱਟ ਅੱਠ-ਦਸ ਬੰਦਿਆਂ ਦੀ ਲੋੜ ਪੈਂਦੀ ਹੈ।

ਲਾਲ ਸਿੰਘ ਨਾਜ਼ਰ ਨੂੰ ਸਮਾਂ ਨਹੀਂ ਸੀ ਦੇ ਸਕਦਾ, ਬੰਦੇ ਜ਼ਰੂਰ ਦੇ ਸਕਦਾ ਸੀ।

ਵੈਸੇ ਤਾਂ ਉਸ ਕੋਲ ਹੌਲਦਾਰ ਵੀ ਵਿਹਲਾ ਸੀ, ਪਰ ਇਸ ਹੌਲਦਾਰ ਲਈ ਉਸ ਕੋਲ ਹੋਰ ਬਥੇਰੇ ਬੰਦੇ ਬੈਠੇ ਸਨ। ਨਾਜ਼ਰ ਸਿੰਘ ਸਿਪਾਹੀਆਂ ਨਾਲ ਕੰਮ ਚਲਾ ਸਕਦਾ ਸੀ।

ਕਿਹੜੇ ਬੰਦੇ ਫ਼ਾਰਗ ਕੀਤੇ ਜਾ ਸਕਦੇ ਸਨ, ਇਸ ਦਾ ਜਾਇਜ਼ਾ ਲੈਣ ਲਈ ਲਾਲ ਸਿੰਘ ਨੇ ਸਾਰੀਆਂ ਪਾਰਟੀਆਂ ’ਤੇ ਨਜ਼ਰ ਮਾਰੀ।

ਦੋ ਸਿਪਾਹੀ ਤਾਂ ਉਸ ਨੂੰ ਉਹ ਵਾਧੂ ਲੱਗੇ, ਜਿਹੜੇ ਇੱਕ ਸਾਂਸੀ ਦਾ ਜਮੂਰਾਂ ਨਾਲ ਮਾਸ ਖਿੱਚ ਰਹੇ ਸਨ। ਕਿਸੇ ਬਾਜ਼ੀਗਰ ਦੇ ਨਹੁੰ ਉਖਾੜਦੇ ਦੋ ਸਿਪਾਹੀ ਵੀ ਉਥੋਂ ਹਟਾਏ ਜਾ ਸਕਦੇ ਸਨ। ਸਾਂਸੀ ਬਾਜ਼ੀਗਰਾਂ ਦਾ ਕੀ ਹੈ? ਜਦੋਂ ਮਰਜ਼ੀ ਵੰਝ ’ਤੇ ਚਾੜ੍ਹ ਦੇਵੋ। ਇਹਨਾਂ ਦੀ ਕਿਹੜੀ ਸਿਫ਼ਾਰਸ਼ ਆਉਣੀ ਸੀ।

ਪੀਲੂ ਅਤੇ ਪਿਚਕੂ ਪਾਰਟੀਬਾਜ਼ ਸਨ। ਉਹਨਾਂ ਦੀ ਸਿਫ਼ਾਰਸ਼ ਮੁੱਖ ਮੰਤਰੀ ਤਕ ਕਿਸੇ ਵੀ ਪੱਧਰ ਤੋਂ ਹੋ ਸਕਦੀ ਸੀ।

ਔਖਾ-ਸੌਖਾ ਨਾਜ਼ਰ ਉਹਨਾਂ ਦੀ ਤਫ਼ਤੀਸ਼ ਜ਼ਰੂਰ ਕਰ ਲਏ। ਸ਼ੱਕੀ ਬੰਦਿਆਂ ਨਾਲ ਆਪ ਘੁਲਣ ਦੀ ਜ਼ਰੂਰਤ ਨਹੀਂ। ਉਹ ਚੁੱਪ ਕਰ ਕੇ ਕੁਰਸੀ ’ਤੇ ਬੈਠਾ ਰਹੇ, ਸਵਾਲ ਪੁੱਛਦਾ ਰਹੇ। ਬਾਕੀ ਕੰਮ ਟਰੇਂਡ ਸਿਪਾਹੀਆਂ ਤੋਂ ਕਰਾਏ।

ਉਕਤ ਚਾਰੇ ਸਿਪਾਹੀ ਉਸ ਨੇ ਨਾਜ਼ਰ ਨੂੰ ਦੇ ਦਿੱਤੇ। ਜੇ ਹੋਰ ਬੰਦੇ ਦੀ ਜ਼ਰੂਰਤ ਹੈ ਤਾਂ ਸਵੇਰ ਤੋਂ ਵਿਹਲੇ ਬੈਠੇ ਪਾਲੇ ਨੂੰ ਨਾਲ ਲੈ ਲਏ। ਥਾਣੇ ’ਚ ਮਾਰ ਖਾਣ ਦਾ ਉਸ ਦਾ ਬਹੁਤ ਤਜਰਬਾ ਹੈ। ਮੁਸਤਵਿਆਂ ਦੀਆਂ ਟੰਗਾਂ-ਬਾਹਾਂ ਤਾਂ ਕਾਬੂ ਕਰ ਹੀ ਲਏਗਾ।

ਨਾਜ਼ਰ ਮੰਨ ਗਿਆ। ਜੇ ਇੰਨੇ ਬੰਦੇ ਮਿਲ ਜਾਣ ਤਾਂ ਉਹ ਕੰਮ ਚਲਾ ਲਏਗਾ।

“ਖੜਾ ਹੋ ਓਏ ਗਧੀ ਦਿਆ ਪੁੱਤਰਾ। ਕਿਵੇਂ ਲਾਟ ਸਾਹਿਬ ਵਾਂਗ ਕੱਛਾਂ ’ਚ ਹੱਥ ਦੇਈ ਬੈਠੈਂ?” ਢੂਹੀ ’ਤੇ ਡੰਡੇ ਦੀ ਹੁੱਝ ਮਾਰਦੇ ਨਾਜ਼ਰ ਨੇ ਪਾਲੇ ਨੂੰ ਖੜਾ ਹੋਣ ਦਾ ਇਸ਼ਾਰਾ ਕੀਤਾ।

ਨਾਜ਼ਰ ਦਾ ਹੁਕਮ ਸੁਣ ਕੇ ਪਾਲੇ ਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਹੱਡਾਂ ਨੂੰ ਜਰਕਾਉਣ ਵਾਲਾ ਡੰਡੇ ਦਾ ਦਰਦ ਤਾਂ ਉਹ ਭੁੱਲ ਗਿਆ, ਪਰ ਇਸ ਗੱਲ ਦਾ ਫ਼ਿਕਰ ਖਾਣ ਲੱਗਾ ਕਿ ਪਾਲੇ ਦਾ ਨੰਬਰ ਹੁਣ ਲੱਗਾ ਸੀ। ਪਤਾ ਨਹੀਂ ਕੀ ਵਾਪਰਨ ਵਾਲਾ ਸੀ।

ਢੀਚੂ ਅਤੇ ਸਾਧੂ ਉੱਤੇ ਨਾਜ਼ਰ ਦੀ ਵਰਸਦੀ ਡਾਂਗ ਪਾਲੇ ਨੇ ਦੇਖੀ ਸੀ। ਜੇ ਮਾਮੂਲੀ ਮੁਜਰਮਾਂ ਤੇ ਘੰਟਾ ਡਾਂਗ ਵਰਸ ਸਕਦੀ ਸੀ ਤਾਂ ਪਾਲੇ ਵਰਗੇ ਚੋਰ ਦੀ ਖ਼ੈਰ ਕਿਥੇ? ਉਸ ਨਾਲ ਕੁੱਝ ਵੀ ਵਾਪਰ ਸਕਦਾ ਸੀ।

ਥਰ-ਥਰ ਕੰਬਦਾ ਪਾਲਾ ਹੱਥ ਬੰਨ੍ਹ ਕੇ ਖੜਾ ਹੋ ਗਿਆ। ਉਸ ਦੇ ਸਾਰੇ ਸਰੀਰ ਵਿੱਚ ਦਰਦ ਦੀਆਂ ਤ੍ਰਾਟਾਂ ਛਿੜ ਪਈਆਂ। ਉਸ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਚੜ੍ਹਨ ਵਾਲੇ ਕੜਕ ਲਈ ਕਿਸ ਅੰਗ ਨੂੰ ਤਿਆਰ ਕਰੇ? ਪਾਲੇ ਦਾ ਤਾਂ ਕੋਈ ਵੀ ਅੰਗ ਤਫ਼ਤੀਸ਼ ਦੇ ਕਾਬਲ ਨਹੀਂ ਸੀ ਰਿਹਾ।

“ਚੱਲ ਘੋਟਾ ਚੁੱਕ ਕੇ ਲਿਆ।” ਪਾਲੇ ਦੇ ਜੁੜੇ ਹੱਥਾਂ ’ਤੇ ਡੰਡਾ ਮਾਰਦੇ ਨਾਜ਼ਰ ਨੇ ਪਿੱਪਲ ਹੇਠਾਂ ਵਾਧੂ ਪਏ ਇੱਕ ਬਾਲੇ ਨੂੰ ਚੁੱਕ ਲਿਆਉਣ ਦਾ ਹੁਕਮ ਸੁਣਾਇਆ।

ਘੋਟੇ ਦਾ ਨਾਂ ਸੁਣਦਿਆਂ ਹੀ ਪਾਲੇ ਨੂੰ ਤਰੇਲੀ ਆ ਗਈ। ਇਸ ਘੋਟੇ ਦੀ ਤਾਬ ਨਾ ਝੱਲਦਿਆਂ ਇੱਕ ਵਾਰ ਉਸ ਦੇ ਗੋਡੇ ਦੀ ਚੱਪਣੀ ਲਹਿ ਗਈ ਸੀ। ਅੱਜ ਤਕ ਉਸ ਦੇ ਗੋਡੇ ਵਿੱਚ ਦਰਦ ਰਹਿੰਦਾ ਹੈ। ਦੋਬਾਰਾ ਘੋਟਾ ਲਵਾਉਣ ਦੀ ਹਿੰਮਤ ਕਿੱਥੇ?

ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਪਾਲੇ ਨੂੰ ਕੋਈ ਪਤਾ ਨਾ ਲੱਗਾ, ਕਦੋਂ ਉਸ ਨੇ ਘੋਟਾ ਚੁੱਕਿਆ ਅਤੇ ਕਦੋਂ ਕੰਬਲ ਵਿਛਾਇਆ।

ਇੱਕ ਵਾਰ ਉਸ ਨੂੰ ਝਉਲਾ ਜਿਹਾ ਪਿਆ, ਜਿਵੇਂ ਕੱਪੜੇ ਲਾਹੁਣ ਦਾ ਹੁਕਮ ਪਾਲੇ ਨੂੰ ਨਹੀਂ, ਪਿਚਕੂ ਨੂੰ ਹੋਇਆ ਸੀ।

“ਧੌਣ ’ਤੇ ਬੈਠ ਜਾ। ਦੇਖੀਂ ਹਿੱਲ ਨਾ ਸਕੇ।” ਜਦੋਂ ਪਾਲੇ ਦੇ ਗਿੱਟਿਆਂ ’ਤੇ ਡੰਡਾ ਮਾਰ ਕੇ ਪਾਲੇ ਨੂੰ ਪਿਚਕੂ ਦੀ ਗਰਦਨ ਨੂੰ ਚੰਗੀ ਤਰ੍ਹਾਂ ਨੱਪਣ ਦਾ ਹੁਕਮ ਹੋਇਆ ਤਾਂ ਕਿਤੇ ਜਾ ਕੇ ਉਸ ਦੇ ਹੋਸ਼ ਪਰਤੇ।

“ਬੰਟੀ ਦੇ ਕਾਤਲਾਂ ਬਾਰੇ ਕੁੱਝ ਪਤੈ ਤਾਂ ਭਲਮਾਣਸੀ ਨਾਲ ਦੱਸ ਸਕਦੈਂ। ਨਹੀਂ ਤਾਂ ਝੁਰਲੂ ਤਿਆਰ ਹੈ।” ਅਲਫ਼ ਨੰਗਾ ਕਰ ਕੇ ਕੰਬਲ ’ਤੇ ਪੈਣ ਦਾ ਹੁਕਮ ਦੇਣ ਤੋਂ ਪਹਿਲਾਂ ਨਾਜ਼ਰ ਨੇ ਪਿਚਕੂ ਨੂੰ ਇੱਕ ਮੌਕਾ ਦਿੱਤਾ।

“ਵਾਹਿਗੁਰੂ ਦੀ ਸਹੁੰ ਮੈਨੂੰ ਕੁੱਝ ਨੀ ਪਤਾ। ਜਿਹੜੇ ਕਤਲ ਅਸੀਂ ਕੀਤੇ ਆ’, ਉਹ ਸਾਰੇ ਦੱਸ ਦਿੰਨਾ।” ਪਿਚਕੂ ਨੇ ਲੇਲ੍ਹੜੀ ਕੱਢੀ।

“ਜੇ ਤੁਸੀਂ ਆਸਾਨੀ ਨਾਲ ਮੰਨ ਜਾਓ ਤਾਂ ਤੁਹਾਨੂੰ ਬਦਮਾਸ਼ ਕਿਹੜਾ ਆਖੇ? ਦੇਖਦਾ ਜਾ ਬੰਟੀ ਦਾ ਕਤਲ ਵੀ ਕਿਵੇਂ ਮੰਨਦੈਂ ਤੂੰ … ? ਰੱਖੋ ਬਈ ਘੋਟਾ ਜਵਾਨੋ।” ਬੈਠ ਕੇ ਗੱਲ ਕਰਨ ਲਈ ਉੱਠਣ ਲੱਗੇ ਪਿਚਕੂ ਦੀ ਢੂਹੀ ’ਚ ਠੁੱਡਾ ਮਾਰ ਕੇ ਦੁਬਾਰਾ ਹੇਠਾਂ ਸੁੱਟ ਕੇ ਨਾਜ਼ਰ ਨੇ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ।

ਪਾਲੇ ਨੇ ਪਿਚਕੂ ਦੀ ਗਰਦਨ ਨੱਪੀ। ਦੋ ਸਿਪਾਹੀ ਬਾਹਾਂ ਫੜ ਕੇ ਬੈਠ ਗਏ। ਇੱਕ ਨੇ ਪਹਿਲਾਂ ਖੁੱਚਾਂ ’ਚ ਪਰਨਾ ਰੱਖਿਆ। ਫੇਰ ਘੁਮਾ-ਫਿਰਾ ਕੇ ਘੋਟਾ ਫਿੱਟ ਕੀਤਾ। ਬਾਕੀ ਦੇ ਦੋ ਨੇ ਟੰਗਾਂ ਨੂੰ ਗਿੱਟਿਆਂ ਕੋਲੋਂ ਫੜ ਕੇ ਹੌਲੀ-ਹੌਲੀ ਟੰਗਾਂ ਨੂੰ ਪਿਚਕੂ ਦੀ ਪਿੱਠ ਵੱਲ ਦਬਾਉਣਾ ਸ਼ੁਰੂ ਕੀਤਾ।

ਜਿਉਂ-ਜਿਉਂ ਗਿੱਟਿਆਂ ’ਤੇ ਜ਼ੋਰ ਵਧਦਾ ਗਿਆ, ਤਿਉਂ-ਤਿਉਂ ਪਿਚਕੂ ਦੀਆਂ ਚੀਕਾਂ ਉੱਚੀਆਂ ਹੁੰਦੀਆਂ ਗਈਆਂ। ਸਾਰੇ ਸਰੀਰ ’ਚੋਂ ਵਹਿ ਤੁਰੀਆਂ ਪਸੀਨੇ ਦੀਆਂ ਨਦੀਆਂ ਦਾ ਵਹਾ ਤੇਜ਼ ਹੋ ਗਿਆ।

ਪਾਲਾ ਪਿਚਕੂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ। ਉਸ ਨੂੰ ਪਤਾ ਸੀ ਜਦੋਂ ਘੋਟਾ ਲਗਦਾ ਹੈ ਤਾਂ ਹੱਡੀਆਂ ਖਿੱਚ ਨਾ ਸਹਾਰਦੀਆਂ ਹੋਈਆਂ, ਟੁੱਟੂੰ-ਟੁੱਟੂੰ ਕਰਨ ਲੱਗਦੀਆਂ ਹਨ। ਦਿਲ ਜ਼ੋਰ-ਜ਼ੋਰ ਦੀ ਧੜਕਦਾ ਹੈ। ਦਿਮਾਗ਼ ਵਿੱਚ ਵਾ-ਵਰੋਲੇ ਉੱਠ ਖੜੋਂਦੇ ਹਨ। ਮਾਸ ਫਟਣ ਲੱਗਦਾ ਹੈ, ਹਫ਼ਦਿਆਂ ਦਾ ਮੂੰਹ ਸੁੱਕ ਜਾਂਦਾ ਹੈ। ਜੀਭ ਤਾਲੂਏ ਨਾਲ ਜਾ ਲੱਗਦੀ ਹੈ। ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ। ਬੰਦਾ ਜਿਊਣ ਨਾਲੋਂ ਮਰਨ ਨੂੰ ਤਰਜੀਹ ਦੇਣ ਲੱਗਦਾ ਹੈ। ਉਹਨਾਂ ਘੜੀਆਂ ਨੂੰ ਬੇਸਬਰੀ ਨਾਲ ਉਡੀਕਦਾ ਹੈ, ਜਦੋਂ ਘੋਟਾ ਖੁੱਚਾਂ ’ਚੋਂ ਕੱਢਿਆ ਜਾਣਾ ਹੁੰਦਾ ਹੈ। ਇਹ ਕੁੱਝ ਕੁ ਪਲ ਸਦੀਆਂ ਜਿੱਡੇ ਲੰਬੇ ਲੱਗਣ ਲੱਗਦੇ ਹਨ। ਉਹ ਮਨ ਹੀ ਮਨ ਤੋਬਾ ਕਰਦਾ ਹੈ। ਅੱਗੇ ਤੋਂ ਮਾੜੇ ਕੰਮ ਨਾ ਕਰਨ ਦੀ ਸਹੁੰ ਖਾਂਦਾ ਹੈ।

ਇਹੋ ਹਾਲਤ ਪਿਚਕੂ ਦੀ ਹੋ ਰਹੀ ਸੀ। ਉਹ ਹਾਲ-ਦੁਹਾਈ ਪਾ ਰਿਹਾ ਸੀ। ਗਿੱਟਿਆਂ ’ਤੇ ਵਧ ਰਹੇ ਜ਼ੋਰ ਨੂੰ ਘਟਾਉਣ ਲਈ ਅਰਜ਼ਾਂ ਕਰ ਰਿਹਾ ਸੀ। ਸਹੁੰਆਂ ਖਾ-ਖਾ ਨਿਰਦੋਸ਼ ਹੋਣ ਦੇ ਸਬੂਤ ਦੇ ਰਿਹਾ ਸੀ।

ਜਦੋਂ ਪਿਚਕੂ ਦੀਆਂ ਚੀਕਾਂ ਮੱਧਮ ਪੈ ਗਈਆਂ ਅਤੇ ਲੱਤਾਂ-ਬਾਹਾਂ ਦੀ ਫੜਫੜਾਹਟ ਘਟ ਗਈ ਤਾਂ ਗਿੱਟਿਆਂ ਤੋਂ ਦਬਾਅ ਘਟਾਇਆ ਗਿਆ। ਹੌਲੀ-ਹੌਲੀ ਟੰਗਾਂ ਨੂੰ ਅਸਲੀ ਥਾਂ ਲਿਆਂਦਾ ਗਿਆ। ਖੁੱਚਾਂ ਤੋਂ ਘੋਟਾ ਚੁੱਕ ਕੇ, ਜੰਮੇ ਖ਼ੂਨ ਦਾ ਦੌਰਾ ਵਧਾਉਣ ਲਈ ਖੁੱਚਾਂ ਅਤੇ ਪਿੰਜਣੀਆਂ ਦੀ ਮਾਲਸ਼ ਕੀਤੀ ਗਈ। ਸੁੱਕੇ ਬੁੱਲ੍ਹਾਂ ’ਤੇ ਪਾਣੀ ਲਾਇਆ ਗਿਆ। ਜਦੋਂ ਉਸ ਨੇ ਅੱਖਾਂ ਖੋਲ੍ਹ ਲਈਆਂ ਤਾਂ ਦੋ ਸਿਪਾਹੀਆਂ ਨੇ ਮੋਢਿਆਂ ਦਾ ਸਹਾਰਾ ਦੇ ਕੇ ਉਸ ਨੂੰ ਤੁਰਨ ਦਾ ਅਭਿਆਸ ਕਰਾਇਆ। ਕੁੱਝ ਕਦਮ ਸਿਪਾਹੀਆਂ ਦੇ ਸਹਾਰੇ ਤੁਰ ਕੇ ਪਿਚਕੂ ਆਪੇ ਤੁਰਨ ਲੱਗਾ।

ਉਸ ਨੂੰ ਕੁੱਝ ਸੁਸਤਾਉਣ ਲਈ ਇੱਕ ਪਾਸੇ ਬਿਠਾ ਦਿੱਤਾ ਗਿਆ।

ਜਿਸ ਫੁਰਤੀ ਨਾਲ ਪਾਲੇ ਨੇ ਨਾਜ਼ਰ ਦੀ ਸਹਾਇਤਾ ਕੀਤੀ ਸੀ, ਉਸ ’ਤੇ ਨਾਜ਼ਰ ਗਦ-ਗਦ ਹੋ ਗਿਆ। ਅੱਗੋਂ ਤੋਂ ਉਹ ਪਾਲੇ ਨੂੰ ਹਰ ਤਫ਼ਤੀਸ ਵਿੱਚ ਆਪਣੇ ਨਾਲ ਰੱਖਣ ਲੱਗਾ।

ਪਾਲਾ ਖ਼ੁਸ਼ ਸੀ। ਪੁਲਿਸ ਉਸ ਨੂੰ ਕੁੱਟਣਾ ਭੁੱਲ ਗਈ ਸੀ।

Additional Info

  • Writings Type:: A single wirting
Read 5428 times