Print this page
Friday, 04 May 2018 14:25

ਸੁਧਾਰ ਘਰ - ਕਾਂਡ 21-30

Written by
Rate this item
(0 votes)

21

ਪੰਛੀਆਂ ਦੀ ਬੈਰਕ ਵੱਲ ਜਾਂਦੇ ਮੀਤੇ ਨੂੰ ਲੱਗ ਰਿਹਾ ਸੀ, ਜਿਵੇਂ ਉਹ ਨਰਕਾਂ ‘ਚੋਂ ਛੁੱਟ ਕੇ ਆਇਆ ਹੋਵੇ।

ਇਕ ਸਾਲ ਰਹਿ ਕੇ ਵੀ ਸਿੰਘਾਂ ਦੀ ਬੈਰਕ ਉਸ ਨੂੰ ਆਪਣੀ ਨਹੀਂ ਸੀ ਲੱਗੀ।

ਪਹਿਲੇ ਕੁਝ ਮਹੀਨੇ ਉਸ ਨੇ ਲੰਬੇ-ਚੌੜੇ ਸੁਪਨੇ ਲਏ ਸਨ। ਸਿੰਘ ਸਜਣ ਦਾ ਭੂਤ ਉਸ ਦੇ ਸਿਰ ’ਤੇ ਸਵਾਰ ਰਿਹਾ ਸੀ। ਜਥੇਬੰਦੀ ਦੇ ਮੁੱਢਲੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਨੇ ਦਾੜ੍ਹੀ ਕੇਸ ਵਧਾ ਲਏ ਸਨ। ਨਿੱਤਨੇਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿਛਲਿਆਂ ਨਾਲੋਂ ਨਾਤਾਤੋੜ ਲਿਆ ਸੀ। ਸੰਮਤੀ ਵਾਲਿਆਂ ਨਾਲ ਮਜਬੂਰੀ ਵੱਸ ਗਿਣਤੀ ਦੀਆਂ ਮੁਲਾਕਾਤਾਂ ਕੀਤੀਆਂ ਸਨ। ਭਰਾਵਾਂ ਵਰਗਾ ਪਾਲਾ ਕਿਸ ਖੂਹ ਖਾਤੇ ਵਿਚ ਰੁਲ ਰਿਹਾ ਹੈ, ਇਸ ਦੀ ਪ੍ਰਵਾਹ ਨਹੀਂ ਸੀ ਕੀਤੀ।

ਜਿੰਨਾ ਉਹ ਸਿੰਘਾਂ ਦੇ ਨੇੜੇ ਜਾਂਦਾ ਰਿਹਾ, ਓਨਾ ਉਸ ਦਾ ਮਨ ਖੱਟਾ ਹੁੰਦਾ ਰਿਹਾ।

ਉਸ ਨੂੰ ਪਤਾ ਲੱਗਾ ਕਿ ਸਿੰਘ ਘੜੇ ਵਿਚ ਪਰਚੀਆਂ ਪਾਉਂਦੇ ਹਨ, ਜਿਸ ਦਾ ਨਾਂ ਨਿਕਲ ਆਵੇ, ਉਸ ਨੂੰ ਪਾਰ ਬੁਲਾਉਣ ਦਾ ਹੁਕਮਨਾਮਾ ਜਾਰੀ ਕਰਦੇ ਹਨ। ਡਾਕਟਰਾਂ, ਵਕੀਲਾਂ ਅਤੇ ਸਨਅਤਕਾਰਾਂ ਨੂੰ ਅਗਵਾ ਕਰਦੇ ਹਨ। ਭਾਰੀ ਫਿਰੌਤੀਆਂ ਵਸੂਲਦੇ ਹਨ। ਉਹ ਰਕਮ ਨਾਲ ਗੁਆਂਢੀ ਦੇਸ਼ਾਂ ਕੋਲੋਂ ਘਾਤਕ ਹਥਿਆਰ ਖ਼ਰੀਦਦੇ ਹਨ। ਉਹਨਾਂ ਹਥਿਆਰਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨਦੇ ਹਨ।

ਫੇਰ ਉਸ ਨੂੰ ਪਤਾ ਲੱਗਾ, ਸੁਰੰਗ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਕਿਸੇ ਵੀ ਸਮੇਂ ਉਹ ਜੇਲ੍ਹ ਤੋਂ ਗ਼ਾਇਬ ਹੋ ਸਕਦੇ ਹਨ।

ਮੀਤੇ ਦਾ ਜੇਲ੍ਹੋਂ ਭੱਜਣ ਦਾ ਕੋਈ ਇਰਾਦਾ ਨਹੀਂ ਸੀ। ਪਤਾ ਸੀ ਦਸਾਂ-ਵੀਹਾਂ ਦਿਨਾਂ ਵਿਚ ਉਸ ਨੇ ਫੜੇ ਜਾਣਾ ਹੈ। ਨਾ ਸਿੰਘਾਂ ਦਾ ਮੀਤੇ ਨੂੰ ਨਾਲ ਲਿਜਾਣ ਦਾ ਇਰਾਦਾ ਸੀ।

ਸਿੰਘਾਂ ਦੇ ਜੇਲ੍ਹੋਂ ਭੱਜ ਜਾਣ ਬਾਅਦ ਮੀਤੇ ਨਾਲ ਕੀ ਬੀਤੇਗੀ, ਇਸ ਦਾ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ।

ਘਬਰਾਇਆ ਮੀਤਾ ਸਿੰਘਾਂ ਕੋਲੋਂ ਖਹਿੜਾ ਛੁਡਾਉਣ ਦੀ ਤਾਕ ਵਿਚ ਸੀ, ਪਰ ਉਸ ਦੇ ਬੁੱਧੂ ਦਿਮਾਗ਼ ਨੂੰ ਕੋਈ ਤਰਕੀਬ ਨਹੀਂ ਸੀ ਸੁੱਝ ਰਹੀ।

ਮੀਤੇ ਦੀ ਇਹ ਸਮੱਸਿਆ ਖ਼ੁਦ ਸਰਕਾਰ ਨੇ ਹੱਲ ਕਰ ਦਿੱਤੀ।

ਆਪਣੇ ਗੁਪਤ ਸੂਤਰਾਂ ਰਾਹੀਂ ਸਿੰਘਾਂ ਨੂੰ ਪਤਾ ਲੱਗਾ ਕਿ ਜੇਲ੍ਹਾਂ ਵਿਚ ਬੰਦ ਸਿੰਘਾਂ ਨਾਲ ਨਿਬੜਨ ਲਈ ਸਰਕਾਰ ਨੇ ਨਵੀਂ ਨੀਤੀ ਘੜੀ ਹੈ।

ਅਦਾਲਤਾਂ ਦੇ ਕੰਮ-ਕਾਜ ਦੀ ਮੱਠੀ ਰਫ਼ਤਾਰ ਕਾਰਨ ਸਰਕਾਰ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ। ਸਿੰਘਾਂ ’ਤੇ ਚੱਲ ਰਹੇ ਮੁਕੱਦਮਿਆਂ ਦੀ ਗਿਣਤੀ ਧੜਾ-ਧੜ ਵਧ ਰਹੀ ਸੀ, ਪਰ ਨਿਪਟਾਰੇ ਨਾ ਬਰਾਬਰ ਸਨ। ਫ਼ੈਸਲਾ ਹੁੰਦੇ ਮੁਕੱਦਮਿਆਂ ਦੇ ਸਿੱਟੇ ਤਸੱਲੀ-ਬਖ਼ਸ਼ ਨਹੀਂ ਸਨ।

ਪੇਸ਼ੀ ਭੁਗਤਣ ਲਈ ਸਿੰਘਾਂ ਨੂੰ ਦੂਰ-ਦੁਰਾਡੇ ਦੀਆਂ ਅਦਾਲਤਾਂ ਵਿਚ ਲਿਜਾਣਾ ਪੈਂਦਾ ਸੀ। ਇਕ ਅੱਤਵਾਦੀ ਲਈ ਘੱਟੋ-ਘੱਟ ਇਕ ਬੁਲਟ ਪਰੂਫ਼ ਗੱਡੀ ਅਤੇ ਚਾਰ ਪੁਲਿਸ ਮੁਲਾਜ਼ਮਾਂ ਦੀ ਗੈਂਗ ਚਾਹੀਦੀ ਸੀ। ਸੂਬੇ ਦੀ ਅੱਧੀ ਪੁਲਿਸ ਇਸੇ ਕੰਮ ’ਚ ਲੱਗੀ ਹੋਈ ਸੀ।

ਪੇਸ਼ੀ ਭੁਗਤਣ ਜਾ ਰਹੇ ਸਿੰਘਾਂ ਨੂੰ ਛੁਡਾਉਣ ਦੀਆਂ ਵਾਰਦਾਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਸੀ। ਲੋਕ ਉਸ ਮੁਕਾਬਲੇ ਨੂੰ ਸਹੀ ਸਮਝਦੇ ਸਨ, ਜਿਸ ਵਿਚ ਕੋਈ ਪੁਲਿਸ ਮੁਲਾਜ਼ਮ ਮਾਰਿਆ ਜਾਂ ਫੱਟੜ ਹੋਇਆ ਹੋਵੇ। ਨਹੀਂ ਤਾਂ ਉਹ ਸੋਚਦੇ ਸਨ ਕਿ ਸਰਕਾਰ ਝੂਠ ਬੋਲ ਰਹੀ ਹੈ। ਪੁਲਿਸ ਹਿਰਾਸਤ ਵਿਚੋਂ ਭੱਜਣ ਦੇ ਬਹਾਨੇ ਉਸ ਨੂੰ ਗੱਡੀ ਚੜ੍ਹਾ ਦਿੱਤਾ ਗਿਆ ਹੈ।

ਖ਼ਰਚਿਆਂ ਅਤੇ ਬਦਨਾਮੀ ਤੋਂ ਡਰਦੀ ਸਰਕਾਰ ਨੇ ਨਵੀਂ ਨੀਤੀ ਘੜ ਲਈ ਸੀ।

ਨਾਭੇ ਦੀ ਜੇਲ੍ਹ ਨੂੰ ‘ਅਤੀ ਸੁਰੱਖਿਅਤ’ ਘੋਸ਼ਿਤ ਕਰ ਦਿੱਤਾ ਗਿਆ। ਉਸ ਦੇ ਆਲੇ-ਦੁਆਲੇ ਸੁਰੱਖਿਆ-ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਕਾਨੂੰਨ ਵਿਚ ਸੋਧ ਕਰ ਕੇ ਇਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਗਿਆ। ਉਸ ਜੱਜ ਦੀ ਕੁਰਸੀ ਨੂੰ ਜੇਲ੍ਹ ਵਿਚ ਡਾਹਿਆ ਗਿਆ। ਵੱਖ-ਵੱਖ ਅਦਾਲਤਾਂ ਵਿਚ ਚੱਲਦੇ ਮੁਕੱਦਮਿਆਂ ਨੂੰ ਬਦਲਾਇਆ ਗਿਆ। ਸੂਬੇ ਦੀਆਂ ਬਾਕੀ ਜੇਲ੍ਹਾਂ ਵਿਚ ਬੰਦ ਸਾਰੇ ਸਿੰਘਾਂ ਨੂੰ ਨਾਭਾ ਜੇਲ੍ਹ ਬਦਲਣ ਦਾ ਹੁਕਮ ਸੁਣਾਇਆ ਗਿਆ।

ਇਸੇ ਨੀਤੀ ਤਹਿਤ ਇਸ ਜੇਲ੍ਹ ਵਿਚ ਬੰਦ ਸਿੰਘਾਂ ਨੂੰ ਤਿਆਰ ਰਹਿਣ ਲਈ ਆਖਿਆ ਜਾਣ ਵਾਲਾ ਸੀ।

ਇਸ ਨੀਤੀ ਦੀ ਭਿਣਕ ਮਿਲਦਿਆਂ ਹੀ ਜਥੇਦਾਰ ਨੇ ਬੈਠਕ ਬੁਲਾਈ। ਪੁੱਟੀ ਜਾ ਰਹੀ ਸੁਰੰਗ ਦਾ ਜਾਇਜ਼ਾ ਲਿਆ। ਜਦੋਂ ਕਿਸੇ ਵੀ ਢੰਗ ਨਾਲ ਇਹ ਸਮੇਂ ਸਿਰ ਮੁਕੰਮਲ ਹੁੰਦੀ ਨਜ਼ਰ ਨਾ ਆਈ ਤਾਂ ਭਰੇ ਮਨ ਨਾਲ ਫ਼ੈਸਲਾ ਲਿਆ ਗਿਆ ਕਿ ਸਰਕਾਰ ਨੂੰ ਸਿੰਘਾਂ ਦੇ ਜੇਲ੍ਹੋਂ ਫ਼ਰਾਰ ਹੋਣ ਦੀ ਯੋਜਨਾ ਦੀ ਸੂਹ ਨਾ ਮਿਲੇ, ਇਸ ਲਈ ਪੁੱਟੀ ਸੁਰੰਗ ਨੂੰ ਪੂਰ ਦਿੱਤਾ ਜਾਵੇ।

ਸਾਲ ਭਰ ਦੀ ਮਿਹਨਤ ਨੂੰ ਮਿੱਟੀ ਹੇਠ ਦਬਾ ਕੇ ਸਿੰਘ ਹੁਕਮਾਂ ਦੀ ਉਡੀਕ ਕਰਨ ਲੱਗੇ।

ਮੀਤਾ ਇਕ ਸਾਲ ਸਿੰਘਾਂ ਨਾਲ ਰਿਹਾ ਸੀ। ਉਹਨਾਂ ਦੀ ਸੁਹਬਤ ਕਾਰਨ ਉਹ ਸਿੰਘ ਸਜ ਚੁੱਕਾ ਸੀ। ਅਦਾਲਤ ਪਹਿਲਾਂ ਹੀ ਉਸ ਨੂੰ ਅੱਤਵਾਦੀ ਘੋਸ਼ਿਤ ਕਰ ਚੁੱਕੀ ਸੀ। ਇਸ ਲਈ ਜਥੇਦਾਰ ਉਸ ਨੂੰ ਆਪਣੇ ਨਾਲ ਨਾਭੇ ਲਿਜਾਣਾ ਚਾਹੁੰਦੇ ਸਨ।

ਜੇਲ੍ਹ ਸੁਪਰਡੈਂਟ ਨੇ ਸਿੰਘਾਂ ਦੀ ਇਸ ਮੰਗ ਨਾਲ ਅਸਹਿਮਤੀ ਪ੍ਰਗਟਾਈ। ਉਸ ਨੂੰ ਅੱਤਵਾਦੀ ਕਾਰਵਾਈਆਂ ਵਾਲੇ ਕੇਸ ਵਿਚ ਸਜ਼ਾ ਜ਼ਰੂਰ ਹੋਈ ਸੀ, ਪਰ ਉਹ ਅੱਤਵਾਦੀ ਨਹੀਂ ਸੀ। ਉਸ ਦਾ ਨਾਂ ਸਿੰਘਾਂ ਦੀ ਸੂਚੀ ਵਿਚੋਂ ਕਟਾਉਣ ਲਈ ਉਸਨੇ ਸਰਕਾਰ ਨੂੰ ਭੇਜੀ ਆਪਣੀ ਰਿਪੋਰਟ ਵਿਚ ਟਿੱਪਣੀ ਕੀਤੀ, “ਮੀਤਾ ਸਿੰਘਾਂ ਦਾ ਪ੍ਰਭਾਵ ਕਬੂਲਦਾ ਜਾ ਰਿਹਾ ਹੈ। ਜੇ ਉਸ ਨੂੰ ਨਾਭੇ ਭੇਜ ਦਿੱਤਾ ਗਿਆ ਤਾਂ ਉਸ ਨੇ ਪੱਕਾ ਅੱਤਵਾਦੀ ਬਣ ਜਾਣਾ ਹੈ।”

ਸਰਕਾਰ ਤੋਂ ਆਪੇ ਬਣੇ ਅੱਤਵਾਦੀ ਕਾਬੂ ਨਹੀਂ ਸਨ ਆ ਰਹੇ। ਉਹ ਇਕ ਸਾਧਾਰਨ ਕੈਦੀਨੂੰ ਅੱਤਵਾਦੀ ਬਣਨ ਦਾ ਮੌਕਾ ਦੇਣ ਦਾ ਖ਼ਤਰਾ ਨਹੀਂ ਸੀ ਸਹੇੜ ਸਕਦੀ। ਜੇਲ੍ਹ ਸੁਪਰਡੈਂਟ ਦੀ ਟਿੱਪਣੀ ਨਾਲ ਸਹਿਮਤੀ ਪ੍ਰਗਟਾ ਕੇ ਸਰਕਾਰ ਨੇ ਮੀਤੇ ਦਾ ਨਾਂ ਸਿੰਘਾਂ ਵਾਲੀ ਸੂਚੀ ਵਿਚੋਂ ਕੱਟ ਦਿੱਤਾ।

ਅੱਜ ਸਿੰਘਾਂ ਨੂੰ ਨਾਭੇ ਅਤੇ ਮੀਤੇ ਨੂੰ ਪੰਛੀਆਂ ਦੀ ਬੈਰਕ ਵਿਚ ਭੇਜਿਆ ਗਿਆ ਸੀ।

ਸਿੰਘ ਕੈਦੀਆਂ ਵਾਲੀ ਵਰਦੀ ਨਹੀਂ ਸਨ ਪਾਉਂਦੇ। ਉਂਝ ਉਹਨਾਂ ਨੇ ਆਪਣੀ ਪੁਸ਼ਾਕ ਤਹਿ ਕੀਤੀ ਹੋਈ ਸੀ। ਤੇੜ ਕੁੜਤਾ-ਪਜਾਮਾ ਪਹਿਨਦੇ ਸਨ। ਸਿਰ ’ਤੇ ਕਾਲੀ ਪੱਗ ਬੰਨ੍ਹਦੇ ਸਨ। ਸਰਦੀਆਂ ਵਿਚ ਕਾਲੀ ਲੋਈ ਲੈਂਦੇ ਸਨ।

ਉਹਨਾਂ ਦੀ ਰੀਸੀਂ ਮੀਤਾ ਵੀ ਉਹੋ ਵਰਦੀ ਪਹਿਨਦਾ ਸੀ। ਪਹਿਲਾਂ-ਪਹਿਲ ਇਹ ਪੁਸ਼ਾਕਪਾ ਕੇ ਉਹ ਆਕੜ-ਆਕੜ ਤੁਰਦਾ ਸੀ। ਹੁਣ ਕੁਝ ਸਮੇਂ ਤੋਂ ਉਹ ਇਸ ਵਰਦੀ ਤੋਂਉਕਤਾਇਆਹੋਇਆ ਸੀ। ਉਹ ਕਾਹਲਾ ਸੀ, ਕਦੋਂ ਉਹ ਬੈਰਕ ਪੁੱਜੇ ਅਤੇ ਕਦੋਂ ਇਸ ਪੁਸ਼ਾਕ ਤੋਂ ਖਹਿੜਾ ਛੁਡਾਵੇ।

ਮੀਤਾ ਸਿੰਘਾਂ ਬਾਰੇ ਕੁਝ ਵੀ ਸੋਚਦਾ ਹੋਵੇ। ਸਿੰਘਾਂ ਨੇ ਉਸ ਬਾਰੇ ਚੰਗਾ ਹੀ ਸੋਚਿਆ ਸੀ। ਵਿਛੜਨ ਤੋਂ ਪਹਿਲਾਂ ਉਹਨਾਂ ਨੇ ਉਸ ਨੂੰ ਕੁਝ ਤੋਹਫ਼ੇ ਦਿੱਤੇ ਸਨ।

ਉਹਨਾਂ ਵਿਚੋਂ ਇਕ ਗੁੱਟ ’ਤੇ ਬੰਨ੍ਹਣ ਵਾਲੀ ਸੁਨਹਿਰੀ ਘੜੀ ਸੀ ਅਤੇ ਇਕ ਜੇਬ ਵਿਚ ਪਾਉਣ ਵਾਲਾ ਟਰਾਂਜ਼ਿਸਟਰ।

ਇਕ ਤਣੀਆਂ ਵਾਲਾ ਵੱਡਾ ਖੱਦਰ ਦਾ ਝੋਲਾ। ਝੋਲੇ ਵਿਚ ਦੋ ਨਵੇਂ ਕੁੜਤੇ-ਪਜਾਮੇ ਸਨ। ਇਕ ਲੋਈ, ਸਫ਼ੈਦ ਚਾਦਰ, ਨਵੀਂ ਦਰੀ ਅਤੇ ਖੇਸ। ਕੁਝ ਸਟੀਲ ਦੇ ਭਾਂਡੇ। ਉਸ ਦੇ ਇਕ ਹੱਥ ਵਿਚ ਚਾਰ ਕਿੱਲੋ ਵਾਲੀ ਪੀਪੀ ਸੀ। ਪੀਪੀ ਵਿਚ ਖੋਏ ਦੀਆਂ ਪਿੰਨੀਆਂ ਅਤੇ ਪੰਜੀਰੀ ਸੀ।

ਸਿੰਘਾਂ ਦਾ ਮੁਸ਼ੱਕਤੀ ਹੋਣ ਕਾਰਨ ਮੀਤੇ ਤੋਂ ਕੈਦੀਆਂ ਦੇ ਨਾਲ-ਨਾਲ ਜੇਲ੍ਹ ਕਰਮਚਾਰੀ ਵੀ ਤ੍ਰਬਕਦੇ ਸਨ। ਮੀਤੇ ਦਾ ਖ਼ਿਆਲ ਸੀ ਕਿ ਉਸ ਰੋਹਬ-ਦਾਅਬ ਕਾਰਨ ਉਸ ਨੂੰ ਬਿਨਾਂ ਤਲਾਸ਼ੀਉਂ ਅਤੇ ਬਿਨਾਂ ਲੁੱਟ-ਖੋਹ ਤੋਂ ਬੈਰਕ ਅੰਦਰ ਜਾਣ ਦਿੱਤਾ ਜਾਵੇਗਾ।

ਮੀਤੇ ਨੇ ਸੁਣ ਰੱਖਿਆ ਸੀ ਕਿ ਥਾਣੇਦਾਰ ਦੀ ਮਾਂ ਦੇ ਭੋਗ ’ਤੇ ਹਜ਼ਾਰਾਂ ਚਮਚੇ ਜੁੜਦੇ ਹਨ। ਥਾਣੇਦਾਰ ਦੇ ਭੋਗ ’ਤੇ ਦਸ ਨਹੀਂ ਆਉਂਦੇ। ਉਸੇ ਤਰ੍ਹਾਂ ਜਾਪਦਾ ਸੀ, ਸਿੰਘਾਂ ਦਾ ਰੋਹਬ ਵੀ ਉਹਨਾਂ ਦੇ ਨਾਲ ਹੀ ਚਲਿਆ ਗਿਆ ਸੀ।

ਪੰਛੀਆਂ ਦੀ ਬੈਰਕ ਦੇ ਮੁਨਸ਼ੀ ਨੇ ਮੀਤੇ ਨਾਲ ਸਾਧਾਰਨ ਕੈਦੀਆਂ ਵਰਗਾ ਵਿਵਹਾਰ ਕਰਨਾ ਸ਼ੁਰੂ ਕੀਤਾ।

ਮੀਤੇ ਨੇ ਪਹਿਲਾਂ ਹੀ ਧਾਰੀ ਹੋਈ ਸੀ ਕਿ ਜੇ ਮੁਨਸ਼ੀ ਨੇ ਟੰਗ ਅੜਾਈ ਤਾਂ ਉਹ ਖੋਏ ਦੀਆਂ ਪਿੰਨੀਆਂ ਵਾਲੀ ਪੀਪੀ ਉਸ ਦੇ ਹਵਾਲੇ ਕਰ ਦੇਵੇਗਾ। ਮਲਕ ਭਾਗੋ ਦੀ ਇਸ ਕੜਾਹ ਪੂਰੀ ਵਿਚੋਂ ਮੀਤੇ ਨੂੰ ਲਹੂ ਦੀ ਬੂਅ ਆਉਂਦੀ ਸੀ।

ਮੁਨਸ਼ੀ ਬਹੁਤਾ ਅੜਿਆ ਤਾਂ ਉਹ ਕੱਪੜਿਆਂ ਵਾਲਾ ਝੋਲਾ ਉਸ ਦੇ ਹਵਾਲੇ ਕਰ ਦੇਵੇਗਾ। ਉਸ ਲਈ ਇਹ ਹੁਣ ਬੇਕਾਰ ਸਨ।

ਉਸ ਨੂੰ ਬੱਸ ਘੜੀ ਅਤੇ ਟਰਾਂਜ਼ਿਸਟਰ ਨਾਲ ਮੋਹ ਸੀ।

ਮੁਨਸ਼ੀ ਜਿਵੇਂ ਸੱਤਾਂ ਪੱਤਣਾਂ ਦਾ ਤਾਰੂ ਸੀ। ਉਸ ਨੇ ਉਹੋ ਚੀਜ਼ਾਂ ਝਪਟੀਆਂ ਜੋ ਮੀਤੇ ਨੂੰ ਪਿਆਰੀਆਂ ਸਨ।

ਸਬਰ ਦਾ ਘੁੱਟ ਭਰ ਕੇ ਮੀਤਾ ਬੈਰਕ ਅੰਦਰ ਜਾ ਵੜਿਆ।

 

 

22

ਰੋਟੀ-ਟੁੱਕ ਤੋਂ ਵਿਹਲੇ ਹੋਏ ਕੈਦੀ ਟੋਲੀਆਂ ਬਣਾਈ ਬੈਠੇ ਸਨ। ਕੋਈ ਤਾਸ਼ ਕੁੱਟ ਰਿਹਾਸੀ,ਕੋਈ ਗਾ-ਵਜਾ ਰਿਹਾ ਸੀ। ਕੋਈ ਭੰਗ ਰਗੜ ਰਿਹਾ ਸੀ ਅਤੇ ਕੋਈ ਸੁਲਫ਼ਾ ਪੀ ਰਿਹਾਸੀ।

ਮੀਤੇ ਨੂੰ ਉਹਨਾਂ ਦਿਨਾਂ ਦੀ ਯਾਦ ਆਈ, ਜਦੋਂ ਉਹ ਆਪਣੇ ਧੰਦੇ ਵਿਚ ਪੂਰੀ ਤਰ੍ਹਾਂ ਖੱਭਿਆ ਹੋਇਆ ਸੀ। ਉਦੋਂ ਸਾਲ ਵਿਚੋਂ ਅੱਠ ਮਹੀਨੇ ਉਹ ਜੇਲ੍ਹ ਵਿਚ ਰਹਿੰਦਾ ਸੀ। ਜੇਲ੍ਹ ਮੇਲੇ ਵਾਂਗ ਲੱਗਦੀ ਹੁੰਦੀ ਸੀ। ਬਹੁਤੇ ਕੈਦੀ ਹਮ-ਉਮਰ, ਹਮ-ਪੇਸ਼ਾ ਅਤੇ ਹਮ-ਖ਼ਿਆਲ ਹੁੰਦੇ ਸਨ। ਸਾਰਾ ਦਿਨ ਹਾਸੇ-ਮਜ਼ਾਕ ਅਤੇ ਖੇਡ-ਕੁੱਦ ਵਿਚ ਲੰਘਦਾ ਸੀ।

ਉਸ ਸਮੇਂ ਮੀਤੇ ਦੇ ਵਾਕਫ਼ਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਇੱਟ ਚੁੱਕੇ ਤੋਂ ਮਿੱਤਰ ਨਿਕਲ ਆਉਂਦਾ ਸੀ। ਇਕ ਵਾਰ ਉਸ ਨੂੰ ਦਿੱਲੀ ਦੀ ਅਤੇ ਇਕ ਵਾਰ ਕੁੱਲੂ ਦੀ ਜੇਲ੍ਹ ਦੀ ਹਵਾ ਖਾਣੀ ਪਈ ਸੀ। ਉਥੇ ਵੀ ਉਸ ਨੂੰ ਜਾਣਕਾਰ ਮਿਲ ਗਏ ਸਨ।

ਮੀਤੇ ਨੂੰ ਧੰਦਾ ਛੱਡਿਆਂ ਕਈ ਸਾਲ ਹੋ ਗਏ ਸਨ। ਧੰਦਾ ਛੱਡਦੇ ਸਮੇਂ ਉਸ ਨੇ ਪੱਕਾ ਫ਼ੈਸਲਾ ਕੀਤਾ ਸੀ ਕਿ ਕੁਝ ਵੀ ਹੋਵੇ, ਮੁੜ ਇਸ ਰਸਤੇ ’ਤੇ ਨਹੀਂ ਚੱਲੇਗਾ। ਇਸੇ ਲਈ ਉਸ ਨੇ ਪੁਰਾਣੇ ਸਾਥੀਆਂ ਨਾਲੋਂ ਨਾਤਾ ਤੋੜ ਲਿਆ ਸੀ। ਨਾ ਕਦੇ ਉਸ ਨੇ ਕਿਸੇ ਨੂੰ ਥਾਂ ਟਿਕਾਣਾ ਦੱਸਿਆ ਸੀ, ਨਾ ਕਿਸੇ ਤੋਂ ਪੁੱਛਿਆ ਸੀ।

ਆਪਣੇ ਉਸ ਫ਼ੈਸਲੇ ’ਤੇ ਹੁਣ ਉਸ ਨੂੰ ਪਛਤਾਵਾ ਹੋ ਰਿਹਾ ਸੀ। ਕੀ ਪਤਾ ਸੀ ਕਦੇ ਮੁਸੀਬਤ ਦਾ ਪਹਾੜ ਸਿਰ ’ਤੇ ਆ ਡਿੱਗੇਗਾ। ਕੀ ਪਤਾ ਸੀ, ਉਮਰ ਭਰ ਲਈ ਜੇਲ੍ਹ ਵਿਚ ਰਹਿਣਾ ਪੈ ਜਾਏਗਾ।

ਫੇਰ ਵੀ ਮੀਤੇ ਨੇ ਪੂਰੀ ਤਰ੍ਹਾਂ ਆਸ ਨਹੀਂ ਸੀ ਛੱਡੀ। ਜਾਪਦਾ ਸੀ ਦਿਨ ਕੱਟੀ ਲਈ ਇਥੇ ਵੀ ਕੋਈ ਵਾਕਫ਼ ਮਿਲ ਜਾਏਗਾ।

ਆਮ ਬੈਰਕਾਂ ਵਾਂਗ ਇਹ ਬੈਰਕ ਵੀ ਖਚਾ-ਖਚ ਭਰੀ ਹੋਈ ਸੀ। ਕਿਧਰੇ ਦਰੀ ਵਿਛਾਉਣ ਲਈ ਥਾਂ ਮਿਲੂ ਜਾਂ ਨਹੀਂ? ਇਹ ਜਾਇਜ਼ਾ ਲੈਣ ਲਈ ਉਹ ਬੈਰਕ ਨੂੰ ਇਕ ਸਿਰੇ ਤੋਂ ਦੂਜੇ ਸਿਰੇ ਤਕ ਘੋਖਣ ਲੱਗਾ।

ਇੰਨੇ ਵਿਚ ਤਾਸ਼ ਖੇਡ ਰਹੀ ਇਕ ਟੋਲੀ ਵਿਚੋਂ ਇਕ ਹੱਟਾ-ਕੱਟਾ ਨੌਜਵਾਨ ਉਠਿਆ।ਉਸਨੇ ਮੀਤੇ ਦੇ ਪੈਰੀਂ ਹੱਥ ਲਾਏ ਅਤੇ ‘ਮੀਤਾ ਉਸਤਾਦ’ ਆਖਦਾ ਉਹ ਉਸ ਨਾਲ ਲਿਪਟ ਗਿਆ।

“ਭੋਲੇ ਤੂੰ)” ਜੱਫੀ ਢਿੱਲੀ ਹੁੰਦੇ ਹੀ ਮੀਤੇ ਨੇ ਜੱਫੀ ਪਾਉਣ ਵਾਲੇ ਨੂੰ ਪਹਿਚਾਣ ਲਿਆ।

ਭੋਲਾ ਉਸ ਦਾ ਸਭ ਤੋਂ ਚਹੇਤਾ ਸ਼ਾਗਿਰਦ ਸੀ। ਉਸ ਨੂੰ ਉਸ ਨੇ ਪੁੱਤਾਂ ਵਾਂਗ ਪਾਲਿਆਸੀ।

ਟੀ.ਬੀ. ਦੀ ਬੀਮਾਰੀ ਕਾਰਨ ਜਦੋਂ ਭੋਲੇ ਦੀ ਮਾਂ ਮਰੀ ਸੀ, ਉਸ ਸਮੇਂ ਉਸ ਦੀ ਉਮਰ ਛੇ-ਸੱਤ ਸਾਲ ਸੀ। ਮਤਰੇਈ ਮਾਂ ਨੇ ਭੋਲੇ ’ਤੇ ਉਹ ਸਭ ਜ਼ੁਲਮ ਕੀਤੇ, ਜਿਨ੍ਹਾਂ ਦਾ ਜ਼ਿਕਰ ਪੁਰਾਣੇ ਕਿੱਸੇ ਕਹਾਣੀਆਂ ਵਿਚ ਹੁੰਦਾ ਹੈ। ਰੋਜ਼ ਦੇ ਟੰਟੇ ਤੋਂ ਤੰਗ ਆਇਆ ਭੋਲਾ ਇਕ ਦਿਨ ਗੱਡੀ ਚੜ੍ਹ ਗਿਆ। ਕਿਸੇ ਆਸਮੀ ਦਾ ਪਿੱਛਾ ਕਰਦਾ ਮੀਤਾ ਉਸੇ ਗੱਡੀ ਵਿਚ ਸਵਾਰ ਸੀ। ਗੱਡੀ ਦੀ ਦੌੜ ਅੰਬਾਲੇ ਜਾ ਕੇ ਮੁੱਕ ਗਈ। ਸਵਾਰੀਆਂ ਉਤਰ ਕੇ ਘਰਾਂ ਨੂੰ ਚਲੀਆਂ ਗਈਆਂ। ਭਵੰਤਰਿਆ ਭੋਲਾ ਚਿੰਘਾੜਾਂ ਮਾਰਨ ਲੱਗਾ। ਮੀਤੇ ਨੇ ਸਵਾਰੀ ਦਾ ਖਹਿੜਾ ਛੱਡ ਕੇ ਭੋਲੇ ਨੂੰ ਸੰਭਾਲ ਲਿਆ। ਬਾਂਦਰੀ ਵਾਂਗ ਉਸ ਨੂੰ ਹਿੱਕ ਨਾਲ ਲਾ ਲਿਆ। ਭੋਲੇ ਨੂੰ ਦੇਣ ਲਈ ਮੀਤੇ ਕੋਲ ਸੋਨਾ ਚਾਂਦੀ ਤਾਂ ਹੈ ਨਹੀਂ ਸੀ। ਧੰਦੇ ਦੇ ਜਿੰਨੇ ਗੁਰ ਉਸ ਨੇ ਸਿੱਖੇ ਸਨ, ਉਹ ਸਾਰੇ ਉਸ ਦੀ ਝੋਲੀਪਾ ਦਿੱਤੇ। ਦਿਨਾਂ ਵਿਚ ਹੀ ਭੋਲਾ ਉਡਾਰ ਹੋ ਗਿਆ ਅਤੇ ਆਪਣਾ ਸ਼ਿਕਾਰ ਆਪ ਮਾਰਨ ਲੱਗਾ।

ਧੰਦੇ ਦਾ ਤਿਆਗ ਕਰਦੇ ਸਮੇਂ ਮੀਤੇ ਨੇ ਪਹਿਲਾਂ ਭੋਲੇ ਨੂੰ ਆਪਣਾ ਵਾਰਿਸ ਘੋਸ਼ਿਤ ਕੀਤਾ ਅਤੇ ਫੇਰ ਜੇਬ-ਕਤਰਾ ਬਰਾਦਰੀ ਕੋਲੋਂ ਆਪਣਾ ਇਲਾਕਾ ਉਸ ਨੂੰ ਦਿਵਾਇਆ।

“ਉਸਤਾਦ, ਤੂੰ ਧੰਦਾ ਛੱਡ ਗਿਆ ਸੀ। ਫੇਰ ਇਥੇ ਕਿਸ ਤਰ੍ਹਾਂ?”

ਮੀਤੇ ਕੋਲੋਂ ਪੀਪੀ ਅਤੇ ਝੋਲਾ ਫੜ ਕੇ ਉਸ ਨੂੰ ਆਪਣੇ ਖੱਡੇ ਵੱਲ ਲਿਜਾਂਦੇ ਭੋਲੇ ਨੇ ਪੁੱਛਿਆ। ਮੀਤੇ ਨੇ ਸੰਖੇਪ ਸ਼ਬਦਾਂ ਵਿਚ ਆਪਣੀ ਵਿਥਿਆ ਸੁਣਾ ਦਿੱਤੀ।

“ਇਹ ਮੇਰਾ ਉਸਤਾਦ ਮੀਤਾ ਹੈ। ਜਿਸ ਦੀਆਂ ਸਾਰਾ ਦਿਨ ਮੈਂ ਗੱਲਾਂ ਕਰਦਾ ਹੁੰਨਾਂ।”

ਮੀਤੇ ਦੀ ਆਪਣੇ ਟੋਲੀਦਾਰਾਂ ਨਾਲ ਜਾਣ-ਪਹਿਚਾਣ ਭੋਲੇ ਨੇ ਬੜੇ ਮਾਣ ਨਾਲ ਕਰਾਈ।

ਆਪਣੇ ਉਸਤਾਦ ਦੇ ਉਸਤਾਦ ਲਈ ਸਤਿਕਾਰ ਪ੍ਰਗਟ ਕਰਨ ਲਈ ਭੋਲੇ ਦੇ ਟੋਲੀਦਾਰ ਉੱਠ ਕੇ ਖੜੇ ਹੋਏ ਅਤੇ ਇਕ-ਇਕ ਕਰ ਕੇ ਗੋਡੀਂ ਹੱਥ ਲਾਉਣ ਲੱਗੇ।

ਭੋਲੇ ਦੇ ਚੇਲਿਆਂ ਨੇ ਇਕ ਕੰਬਲ ਦੂਹਰਾ ਕਰ ਕੇ ਦਰੀ ਉਪਰ ਵਿਛਾਇਆ ਹੋਇਆ ਸੀ। ਉਸ ਨੂੰ ਉਹ ਗੱਦੀ ਕਹਿੰਦੇ ਸਨ। ਇਸ ਉਪਰ ਕੇਵਲ ਉਸਤਾਦ ਬੈਠ ਸਕਦਾ ਸੀ।

ਸਤਿਕਾਰ ਵਜੋਂ ਭੋਲੇ ਨੇ ਉਹ ਗੱਦੀ ਆਪਣੇ ਉਸਤਾਦ ਨੂੰ ਬਖ਼ਸ਼ੀ। ਆਪ ੳਹ ਆਪਣੇ ਚੇਲਿਆਂ ਕੋਲ ਬੈਠ ਗਿਆ।

ਮੀਤੇ ਦਾ ਚੇਲਿਆਂ ਵਿਚ ਰਲਣ ਦਾ ਕੋਈ ਇਰਾਦਾ ਨਹੀਂ ਸੀ। ਇਸ ਲਈ ਕੰਬਲ ਇਕੱਠਾ ਕਰ ਕੇ ਇਕ ਪਾਸੇ ਰੱਖ ਦਿੱਤਾ ਅਤੇ ਸਾਧਾਰਨ ਕੈਦੀ ਵਾਂਗ ਦਰੀ ਉਪਰ ਬੈਠ ਗਿਆ।

ਭੋਲਾ ਉਸਤਾਦ ਦਾ ਇਰਾਦਾ ਸਮਝ ਗਿਆ। ਉਹ ਉਸਤਾਦ ਨੂੰ ਜੁਰਮ ਦੀ ਦੁਨੀਆਂ ਵਿਚ ਮੁੜ ਸ਼ਾਮਲ ਕਰਨ ਲਈ ਕਾਹਲਾ ਨਹੀਂ ਸੀ।

“ਉਸਤਾਦ, ਤੂੰ ਸਿੰਘ ਸਜ ਗਿਐਂ?” ਮੀਤੇ ਦੇ ਪਹਿਰਾਵੇ ਤੋਂ ਅੰਦਾਜ਼ਾ ਲਾ ਕੇ ਭੋਲੇ ਨੇ ਪੁੱਛਿਆ।

“ਨਹੀਂ, ਖ਼ਰਬੂਜ਼ਿਆਂ ’ਚ ਰਹਿ ਕੇ ਖ਼ਰਬੂਜ਼ਾ ਰੰਗ ਫੜਨ ਲੱਗ ਪਿਆ ਸੀ।” ਫੇਰ ਮੀਤੇ ਨੇ ਸਿੰਘਾਂ ਦੀ ਬੈਰਕ ਅੰਦਰਲੇ ਤਜਰਬੇ ਉਹਨਾਂ ਨਾਲ ਸਾਂਝੇ ਕੀਤੇ।

“ਲੈ ਪਹਿਲਾਂ ਇਹ ਭੁਲੇਖਾ ਪਾਊ ਬਾਣਾ ਬਦਲੀਏ।”

ਆਖਦੇ ਮੀਤੇ ਨੇ ਆਪਣਾ ਝੋਲਾ ਚੁੱਕਿਆ, ਉਸ ਵਿਚੋਂ ਲਾਭ ਸਿੰਘ ਕੋਲੋਂ ਪਹਿਲੇ ਦਿਨ ਤੋਹਫ਼ੇ ਵਿਚ ਮਿਲਿਆ ਨਵਾਂ ਕੁੜਤਾ-ਪਜਾਮਾ ਕੱਢਿਆ ਅਤੇ ਪਹਿਨ ਲਿਆ।

ਉਸਤਾਦ ਦੀ ਮਨਸ਼ਾ ਸਮਝ ਕੇ ਭੋਲੇ ਨੇ ਪਹਿਲਾਂ ਜਰਦਾ ਪੇਸ਼ ਕੀਤਾ ਅਤੇ ਫਿਰ ਉਸ ਦੀ ਮਨਭਾਉਂਦੀ ‘ਫੋਰ ਸੁਕੇਅਰ’ ਦੀ ਸਿਗਰਟ।

ਮੀਤੇ ਨੂੰ ਬੀੜੀ ਸਿਗਰਟ ਛੱਡਿਆਂ ਕਈ ਸਾਲ ਹੋ ਗਏ ਸਨ। ਤਮਾਕੂ ਨਾਲ ਉਸ ਨੂੰ ਮਨੋਂ ਨਫ਼ਰਤ ਹੋ ਗਈ ਸੀ। ਹੁਣ ਨਾ ਉਸ ਦਾ ਦਿਲ ਜਰਦਾ ਲਾਉਣ ਨੂੰ ਕਰਦਾ ਸੀ, ਨਾ ਸਿਗਰਟ ਪੀਣ ਨੂੰ।

ਪਰ ਆਪਣੇ ਆਪ ਨੂੰ ਅਤੇ ਸਾਥੀ ਕੈਦੀਆਂ ਨੂੰ ਇਹ ਯਕੀਨ ਦਿਵਾਉਣ ਲਈ ਕਿ ਉਹ ਸਿੰਘ ਨਹੀਂ ਹੈ, ਉਸ ਨੇ ਜਰਦਾ ਲਾਇਆ ਅਤੇ ਸਿਗਰਟ ਪੀਤੀ।

“ਉਸਤਾਦ) ਹੁਣ ਸਮੈਕ ਦਾ ਦੌਰ ਚੱਲਣਾ ਚਾਹੀਦਾ ਹੈ।”

ਨੰਦੂ ਨੂੰ ਜਰਦਾ, ਸਿਗਰਟ ’ਤੇ ਤਸੱਲੀ ਨਹੀਂ ਸੀ ਹੋਈ। ਉਹ ਦਾਦਾ ਉਸਤਾਦ ਦੀ ਭਰਪੂਰ ਸੇਵਾ ਕਰਨੀ ਚਾਹੁੰਦਾ ਸੀ।

“ਤੂੰ ਉਸਤਾਦ ਬਣ ਗਿਐਂ ਭੋਲੇ?”

ਮੀਤੇ ਨੂੰ ਭੋਲੇ ਦੇ ਉਸਤਾਦ ਬਣਨ ’ਤੇ ਖ਼ੁਸ਼ੀ ਦੀ ਥਾਂ ਅਫ਼ਸੋਸ ਹੋਇਆ।

“ਸਾਧ ਬਣ ਕੇ ਤੂੰ ਨਜ਼ਾਰਾ ਦੇਖ ਤਾਂ ਲਿਆ ਉਸਤਾਦ। ਰੰਡੀ ਰੰਡੇਪਾ ਕੱਟ ਲਏ ਪਰ ਮੁਸ਼ਟੰਡੇ ਕੱਟਣ ਨਹੀਂ ਦਿੰਦੇ। ਆਪਾਂ ਇਥੇ ਠੀਕ ਹਾਂ। ਇਹ ਮੇਰੇ ਚੇਲੇ ਹਨ। ਮੈਂ ਇਹਨਾਂ ਬਾਰੇ ਤੈਨੂੰ ਦੱਸਦਾਹਾਂ।”

ਆਖਦੇ ਭੋਲੇ ਨੇ ਪਹਿਲਾਂ ਨੰਦੂ ਦੇ ਮੋਢੇ ’ਤੇ ਹੱਥ ਰੱਖਿਆ। ਨੰਦੂ ਦਾ ਬਾਪ ਭੱਠੇ ’ਤੇ ਇੱਟਾਂ ਪੱਥਦਾ ਸੀ। ਭੱਠੇ ਤੋਂ ਸੌ ਗ਼ਜ਼ ਦੀ ਦੂਰੀ ’ਤੇ ਸਕੂਲ ਸੀ। ਨੰਦੂ ਦਾ ਬਾਪ ਚਾਹੁੰਦਾ ਸੀ, ਉਹ ਪੜ੍ਹ-ਲਿਖ ਕੇ ਇਸ ਜ਼ਿੱਲਤ ਵਿਚੋਂ ਨਿਕਲੇ। ਸਰਕਾਰੀ ਨੌਕਰ ਨਹੀਂ ਬਣ ਸਕਦਾ ਤਾਂ ਘੱਟੋ-ਘੱਟ ਭੱਠੇ ਦਾ ਮੁਨਸ਼ੀ ਤਾਂ ਬਣੇ। ਬੜੇ ਅਰਮਾਨਾਂ ਨਾਲ ਉਸ ਨੇ ਨੰਦੂ ਨੂੰ ਸਕੂਲ ਪਾਇਆ ਪਰ ਉਹ ਸਕੂਲ ਸਰਕਾਰੀ ਸੀ। ਅਧਿਆਪਕਾਵਾਂ ਦੀ ਸਾਰੀ ਦਿਹਾੜੀ ਸਵੈਟਰ ਬੁਣਦਿਆਂ ਅਤੇ ਚੁਗ਼ਲੀਆਂ ਕਰਦਿਆਂ ਲੰਘ ਜਾਂਦੀ ਸੀ। ਨੰਦੂ ਦੇ ਘਰ ਸਕੂਲ ਦਾ ਕੰਮ ਕਰਾਉਣ ਵਾਲਾ ਕੋਈ ਨਹੀਂ ਸੀ। ਕੰਮ ਨਾ ਕਰ ਕੇ ਲਿਆਉਣ ਕਾਰਨ ਸਕੂਲ ਵਿਚ ਅਧਿਆਪਕਾਵਾਂ ਕੁੱਟਦੀਆਂ ਸਨ। ਪੜ੍ਹਾਈ ਵਿਚ ਨਾਲਾਇਕ ਹੋਣ ਕਾਰਨ ਘਰੇ ਬਾਪੂ ਕੁੱਟਦਾ ਸੀ। ਮਾਰ ਤੋਂ ਡਰਦਾ ਉਹ ਸਕੂਲੋਂ ਟਲ ਕੇ ਕਦੇ ਸਟੇਸ਼ਨ ’ਤੇ ਜਾ ਬੈਠਦਾ, ਕਦੇ ਬੱਸ ਸਟੈਂਡ ‘ਤੇ। ਭੋਲੇ ਅਤੇ ਨੰਦੂ ਦੀ ਮੁਲਾਕਾਤ ਬੱਸ ਸਟੈਂਡ ’ਤੇ ਹੋਈ ਸੀ। ਆਪਣਾ ਪਰਿਵਾਰ ਛੱਡ ਕੇ ਉਹ ਹੁਣ ਪੱਕੇ ਤੌਰ ’ਤੇ ਭੋਲੇ ਨਾਲ ਆ ਰਲਿਆ ਸੀ।

ਦੂਸਰਾ ਚੇਲਾ ਰਾਜੂ ਪਹਾੜੀਆ ਸੀ। ਉਸ ਦਾ ਬਾਪ ਪਿੱਛੇ ਪਹਾੜ ਵਿਚ ਕਤੂਰਿਆਂ ਵਾਂਗ ਬੱਚੇ ਪੈਦਾ ਕਰਦਾ ਸੀ। ਮੁੰਡੇ ਨੂੰ ਛੇ-ਸੱਤ ਸਾਲ ਦਾ ਹੁੰਦੇ ਹੀ ਇਧਰ ਹਲਵਾਈ ਦੀ ਦੁਕਾਨ ’ਤੇ ਛੱਡ ਜਾਂਦਾ ਸੀ। ਖਾਣ-ਪੀਣ ਦਾ ਇੰਤਜ਼ਾਮ ਹਲਵਾਈ ਦੇ ਜ਼ਿੰਮੇ ਹੁੰਦਾ ਸੀ। ਤਨਖ਼ਾਹ ਉਹ ਸਾਲ ਭਰ ਪਹਿਲਾਂ ਫੜ ਕੇ ਲੈ ਜਾਂਦਾ ਸੀ। ਬਾਰ੍ਹਾਂ-ਤੇਰਾਂ ਸਾਲ ਦਾ ਹੋਣ ’ਤੇ ਵਿਆਹ ਦਿੰਦਾ ਸੀ। ਨੂੰਹ ਨੂੰ ਘਰ ਰੱਖ ਲੈਂਦਾ ਸੀ। ਦੋਹਾਂ ਜੀਆਂ ਦੀ ਕਮਾਈ ’ਤੇ ਉਹ ਗੁਲਸ਼ਰੇ ਉਡਾਉਂਦਾ ਸੀ।

ਦੀਵਾਲੀ ਦੇ ਨੇੜੇ ਹਲਵਾਈ ਦੀ ਦੁਕਾਨ ’ਤੇ ਕੰਮ ਵਧ ਜਾਂਦਾ ਸੀ। ਨੀਲਾ ਹਲਵਾਈ ਨੌਕਰਾਂ ਨੂੰ ਦਿਨ ਰਾਤ ਜੋੜੀ ਰੱਖਦਾ ਸੀ। ਮੁੰਡੇ ਥੱਕ ਨਾ ਜਾਣ ਇਸ ਲਈ ਕਦੇ ਭੁੱਕੀ ਉਬਾਲ ਕੇ ਦੇ ਦਿੰਦਾ ਸੀ। ਕਦੇ ਅਫ਼ੀਮ ਖੁਆ ਦਿੰਦਾ ਸੀ। ਹੋਰ ਨੌਕਰਾਂ ਵਾਂਗ ਰਾਜੂ ਨੂੰ ਭੁੱਕੀ ਖਾਣ ਦੀ  ਲੱਤ ਲੱਗ ਗਈ ਸੀ। ਦੀਵਾਲੀ ਬਾਅਦ ਨਾ ਉਹਨਾਂ ਨੂੰ ਭੁੱਕੀ ਮਿਲਦੀ, ਨਾ ਅਫ਼ੀਮ। ਤਨਖ਼ਾਹ ਵਿਚੋਂ ਪੈਸਾ ਲੈਣ ਦਾ ਹੁਕਮ ਨਹੀਂ ਸੀ। ਭੁੱਕੀ ਖ਼ਰੀਦਨ ਦਾ ਵੱਲ ਉਸ ਨੂੰ ਭੁੱਕੀ ਵੇਚਣ ਵਾਲਿਆਂ ਨੇ ਸਿਖਾਇਆ। ਕਹਿੰਦੇ, “ਹਲਵਾਈ ਨੂੰ ਬਥੇਰੀ ਵੱਟਤ ਹੈ। ਦਿਨ ਵਿਚ ਪੰਜ-ਚਾਰ ਰੁਪਏ ਖਿਸਕਾ ਲੈਣ ਨਾਲ ਉਸ ਨੂੰ ਕੋਈ ਪਤਾ ਨਹੀਂ ਲੱਗਣਾ।” ਕਮਾਈ ਘਟਦੀ ਵੇਖ ਕੇ ਹਲਵਾਈ ਨੂੰ ਸ਼ੱਕ ਹੋਣ ਲੱਗਾ। ਕੜਿੱਕੀ ਲਾ ਕੇ ਉਸ ਨੇ ਰਾਜੂ ਨੂੰ ਚੂਹੇ ਵਾਂਗ ਮੂੰਹ ਮਾਰਦੇ ਰੰਗੇ ਹੱਥੀਂ ਫੜ ਲਿਆ। ਨਾਲੇ ਕੁੱਟਿਆ, ਨਾਲੇ ਨੌਕਰੀਉਂ ਕੱਢ ਦਿੱਤਾ। ਬਾਪ ਦੀ ਛਿਤਰੌਲ ਤੋਂ ਡਰਦਾ ਰਾਜੂ ਸ਼ਹਿਰ ਛੱਡਣ ਦੀਆਂ ਤਰਕੀਬਾਂ ਸੋਚਣ ਲੱਗਾ।

ਹਲਵਾਈ ਦੀ ਦੁਕਾਨ ਸਟੇਸ਼ਨ ਦੇ ਬਾਹਰ ਸੀ। ਭੋਲਾ ਆਪਣਾ ਵਿਹਲਾ ਸਮਾਂ ਉਥੇ ਗੁਜ਼ਾਰਦਾ ਸੀ। ਦੋਹਾਂ ਦੀ ਪਹਿਲਾਂ ਤੋਂ ਜਾਣ-ਪਹਿਚਾਣ ਸੀ। ਔਖੇ ਵੇਲੇ ਭੋਲੇ ਨੇ ਰਾਜੂ ਦੀ ਬਾਂਹ ਫੜੀ। ਹੁਣ ਪਰਛਾਵੇਂ ਵਾਂਗ ਉਹ ਹਮੇਸ਼ਾ ਭੋਲੇ ਦੇ ਨਾਲ ਰਹਿੰਦਾ ਹੈ।

ਭੋਲੇ ਦੇ ਚੇਲਿਆਂ ਨੇ ਮੀਤੇ ਦੀ ਖ਼ੂਬ ਸੇਵਾ ਕੀਤੀ। ਹੁਣ ਵਾਰੀ ਉਸ ਦੀ ਸੀ।

ਆਪਣਾ ਫ਼ਰਜ਼ ਨਿਭਾਉਣ ਲਈ ਮੀਤੇ ਨੇ ਝੋਲੇ ਵਿਚੋਂ ਸਟੀਲ ਦੀਆਂ ਪਲੇਟਾਂ ਕੱਢੀਆਂ ਅਤੇ ਉਹਨਾਂ ਵਿਚ ਸਾਰੀ ਪੰਜੀਰੀ ਅਤੇ ਪਿੰਨੀਆਂ ਉਲਟਾ ਦਿੱਤੀਆਂ।

“ਲਓ, ਮੂੰਹ ਮਿੱਠਾ ਕਰੋ।”

ਆਖਦੇ ਮੀਤੇ ਨੇ ਪਲੇਟਾਂ ਭੋਲੇ ਵੱਲ ਖਿਸਕਾ ਦਿੱਤੀਆਂ।

ਖ਼ੁਸ਼ੀ ਵਿਚ ਖੀਵੇ ਹੋਏ ਭੋਲੇ ਨੇ ਮਹਾਂ ਭੋਜ ਵਿਚ ਸ਼ਾਮਲ ਹੋਣ ਲਈ ਆਪਣੇ ਮਿੱਤਰਾਂ ਨੂੰ ਆਵਾਜ਼ ਮਾਰ ਲਈ।

ਭੋਲਾ ਨਾਲੇ ਦੋਸਤਾਂ ਵਿਚ ਪਿੰਨੀਆਂ ਵੰਡਦਾ ਰਿਹਾ, ਨਾਲੇ ਆਪਣੇ ਅਤੇ ਉਸਤਾਦ ਦੀ ਹੱਡ-ਬੀਤੀ ਸੁਣਾਉਂਦਾ ਰਿਹਾ।

ਆਨੇ-ਬਹਾਨੇ ਭੋਲਾ ਉਸਤਾਦ ਨੂੰ ਦੱਸਣ ਲੱਗਾ। ਹੁਣ ਉਹ ਇਕੱਲਾ ਰਹਿ ਜਾਣ ’ਤੇ ਬੜਾਉਣ ਵਾਲਾ ਭੋਲਾ ਨਹੀਂ ਹੈ। ਹੁਣ ਉਸ ਦਾ ਨਾਂ ਸੁਣ ਕੇ ਲੋਕ ਡਰਦੇ ਹਨ। ਹੁਣ ਉਹ ਪੰਜ-ਪੰਜ ਸੌ ਦੀ ਜੇਬ ਨਹੀਂ ਕੱਟਦਾ। ਸੁਪਾਰੀਆਂ ਲੈਂਦਾ ਹੈ। ਉਹ ਭਾਂਡਾ-ਠੀਕਰ ਚੋਰੀ ਕਰਨ ਦੇ ਜੁਰਮ ਵਿਚ ਜੇਲ੍ਹ ਨਹੀਂ ਆਇਆ। ਮੀਤੇ ਉਸਤਾਦ ਵਾਂਗ ਉਸ ਉਪਰ ਵੀ ਕਤਲ ਦਾ ਕੇਸ ਹੈ।

ਭੋਲਾ ਜੇਲ੍ਹ ’ਚ ਕੁਝ ਦਿਨਾਂ ਦਾ ਪ੍ਰਾਹੁਣਾ ਹੈ। ਉਸ ਦੇ ਜੇਲ੍ਹੋਂ ਬਾਹਰਲੇ ਦੋਸਤਾਂ ਨੇ ਸਭ ਇੰਤਜ਼ਾਮ ਕਰ ਰੱਖਿਆ ਹੈ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਉਸ ਨੇ ਬਰੀ ਹੋ ਜਾਣਾ ਹੈ।

“ਭੋਲੇ, ਮੇਰੇ ਜ਼ਿੰਮੇ ਕੋਈ ਸੇਵਾ ਲਾ। ਹੁਕਮ ਹੋਵੇ ਤਾਂ ਉਸਤਾਦ ਵਿਰੁੱਧ ਝੂਠੀ ਗਵਾਹੀ ਦੇਣ ਵਾਲੇ ਗਵਾਹਾਂ ਵਿਰੁੱਧ ਹੁਕਮਨਾਮਾ ਜਾਰੀ ਕਰ ਦੇਵਾਂ।”

ਬਿੱਲੂ ਉਸਤਾਦ ਨੂੰ ਮੀਤੇ ਦੇ ਝੂਠੇ ਮੁਕੱਦਮੇ ਵਿਚ ਸਜ਼ਾ ਹੋਣ ’ਤੇ ਦੁੱਖ ਸੀ। ਇਸ ਸਜ਼ਾ ਲਈ ਗਵਾਹ ਜ਼ਿੰਮੇਵਾਰ ਸਨ। ਬਿੱਲੂ ਨੇ ਗਵਾਹਾਂ ਨੂੰ ਸਬਕ ਸਿਖਾਉਣ ਲਈ ਆਪਣੇ ਸਹਿਯੋਗ ਦੀ ਪੇਸ਼ਕਸ਼ ਕੀਤੀ।

ਬਿੱਲੂ ਫੜ੍ਹਾਂ ਨਹੀਂ ਸੀ ਮਾਰ ਰਿਹਾ। ਉਹ ਜੋ ਕਹਿੰਦਾ ਸੀ, ਕਰ ਦਿਖਾਉਂਦਾ ਸੀ।

ਲੋਕ ਬਿੱਲੂ ਨੂੰ ‘ਸਟੇਸ਼ਨ ਦਾ ਬਾਦਸ਼ਾਹ’ ਆਖਦੇ ਸਨ। ਇਸ ਲਈ ਨਹੀਂ ਕਿ ਉਹ ਸਟੇਸ਼ਨ ਦੇ ਪੁਲ ’ਤੇ ਬੈਠ ਕੇ ਮੰਗਦੀ ਮੰਗਤੀ ਦੇ ਪੇਟੋਂ ਜੰਮਿਆ ਸੀ, ਬਲਕਿ ਇਸ ਲਈ ਕਿਉਂਕਿ ਸਟੇਸ਼ਨ ’ਤੇ ਹੁੰਦਾ ਹਰ ਜੁਰਮ ਉਸ ਦੀ ਸਹਿਮਤੀ ਨਾਲ ਹੁੰਦਾ ਸੀ।

ਬਿੱਲੂ ਦਾ ਗਰੋਹ ਮੁਸਾਫ਼ਿਰਾਂ ਨਾਲ ਘੁਲਣ-ਮਿਲਣ, ਉਹਨਾਂ ਦਾ ਦਿਲ ਜਿੱਤਣ ਅਤੇ ਫੇਰ ਖਾਣ-ਪੀਣ ਸਾਂਝਾ ਕਰਨ ਦਾ ਮਾਹਿਰ ਸੀ। ਉਹ ਖਾਣ-ਪੀਣ ਵਾਲੇ ਸਾਮਾਨ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਸਵਾਰੀ ਨੂੰ ਖਵਾ ਦਿੰਦੇ ਸਨ। ਸਵਾਰੀ ਜਦੋਂ ਬੇਹੋਸ਼ ਹੋ ਜਾਂਦੀ, ਉਹ ਸਾਮਾਨ ਲੈ ਕੇ ਪੱਤਰਾ ਵਾਚ ਜਾਂਦੇ। ਸਟੇਸ਼ਨ ਛੋਟਾ ਸੀ। ਦਿਨ ਵਿਚ ਦੋ ਸ਼ਿਕਾਰ ਮਾਰ ਹੁੰਦੇ ਸਨ। ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਦੇ ਦਿਨ ਗਰਦਸ਼ ਵਿਚ ਸਨ। ਉਹਨਾਂ ਵਰਗੇ ਕੰਮ ਕਰਨ ਵਾਲੀ ਇਕ ਹੋਰ ਟੋਲੀ ਸਟੇਸ਼ਨ ’ਤੇ ਉਤਰੀ ਸੀ। ਤਿੰਨ-ਚਾਰ ਦਿਨਾਂ ਵਿਚ ਉਹਨਾਂ ਨੇ ਅਠਾਰਾਂ-ਵੀਹ ਚੇਨੀਆਂ ਝਪਟ ਲਈਆਂ। ਰੇਲਵੇ ਵਿਭਾਗ ਦੇ ਨਾਲ-ਨਾਲ ਰੇਲਵੇ ਪੁਲਿਸ ਦੀ ਬਦਨਾਮੀ ਹੋਣ ਲੱਗੀ।  ਮਾਮਲਾ ਦਿੱਲੀ ਤਕ ਪੁੱਜ ਗਿਆ। ਰੇਲ ਵਿਭਾਗ ਨੇ ਮੁਸਾਫ਼ਰਾਂ ਨੂੰ ਚੌਕਸ ਕਰਨ ਲਈ ਸਟੇਸ਼ਨ ਉਪਰ ਵੱਡੇ-ਵੱਡੇ ਬੋਰਡ ਲਗਵਾ ਦਿੱਤੇ। ਨਾਲ ਹਰ ਪੰਦਰਾਂ-ਮਿੰਟਾਂ ਬਾਅਦ ਲਾਊਡ ਸਪੀਕਰ ਤੇ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ। ਸੁਚੇਤ ਹੋਏ ਮੁਸਾਫ਼ਰਾਂ ਨੇ ਅਣਜਾਣ ਬੰਦਿਆਂ ਨਾਲ ਖਾਣਾ-ਪੀਣਾ ਤਾਂ ਦੂਰ, ਗੱਲ ਤਕ ਕਰਨੀ ਵੀ ਛੱਡ ਦਿੱਤੀ।

ਮਾਮਲੇ ਦੇ ਠੰਢਾ ਹੋਣ ਤਕ ਬਿੱਲੂ ਹੋਰਾਂ ਨੂੰ ਵਾਰਦਾਤ ਦਾ ਤਰੀਕਾ ਬਦਲਣਾ ਪਿਆ।

ਉਹਨਾਂ ਨੇ ਇਕ ਪੁਰਾਣਾ ਥਰੀ-ਵ੍ਹੀਲਰ ਖ਼ਰੀਦ ਲਿਆ। ਸਵਾਰੀਆਂ ਚੜ੍ਹਾਉਣ ਲਈ ਥਰੀ-ਵ੍ਹੀਲਰ ਨੂੰ ਸਟੇਸ਼ਨ ਅੱਗੇ ਖੜ੍ਹਾਉਣ ਲੱਗੇ। ਟੋਲੀ ਦੇ ਦੋ-ਤਿੰਨ ਮੈਂਬਰ ਪਹਿਲਾਂ ਹੀ ਸਵਾਰੀਆਂ ਬਣ ਕੇ ਥਰੀ-ਵ੍ਹੀਲਰ ਵਿਚ ਬੈਠ ਜਾਂਦੇ। ਜਦੋਂ ਕੋਈ ਮਾਲਦਾਰ ਸਵਾਰੀ ਥਰੀ-ਵ੍ਹੀਲਰ ਵਿਚ ਬੈਠਦੀ, ਉਹ ਥਰੀ-ਵ੍ਹੀਲਰ ਲੈ ਕੇ ਤੁਰ ਪੈਂਦੇ। ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਸਵਾਰੀ ਨੂੰ ਲੁੱਟ ਲੈਂਦੇ। ਕੁਝ ਮੁਸਾਫ਼ਰ ਨੰਗ-ਮਲੰਗ ਹ ਕੇ ਘਰ ਨੂੰ ਮੁੜ ਜਾਂਦੇ। ਕੁਝ ਥਾਣੇ ਪੁੱਜ ਜਾਂਦੇ। ਪੁਲਿਸ ਵਾਲੇ ਥੋੜ੍ਹੀ-ਬਹੁਤ ਭੱਜ-ਨੱਠ ਕਰ ਕੇ ਮਾਮਲਾ ਠੱਪ ਦਿੰਦੇ।

ਇਕ ਫ਼ੁਰਤੀਲੀ ਸਵਾਰੀ ਨੇ ਬੇੜੀ ਵਿਚ ਵੱਟੇ ਪਾ ਦਿੱਤੇ। ਸਵਾਰੀ ਕਦੇ ਟੈਂਪੂ ਯੂਨੀਅਨ ਦੀ ਪ੍ਰਧਾਨ ਰਹੀ ਸੀ। ਉਹ ਸਭ ਟੈਂਪੂ ਵਾਲਿਆਂ ਨੂੰ ਜਾਣਦੀ ਸੀ। ਬਿੱਲੂ ਹੋਰਾਂ ਦੇ ਹੁਲੀਏ ਦੱਸ ਕੇ ਉਸ ਨੇ ਪੁਲਿਸ ਕੰਟਰੋਲ ਰੂਮ ਤੋਂ ਸਭ ਨਾਕਿਆਂ ’ਤੇ ਫ਼ੋਨ ਕਰਵਾ ਦਿੱਤੇ। ਚੌਕਸ ਹੋਈ ਪੁਲਿਸ ਨੇ ਗਿਰੋਹ ਦੇ ਖਿੰਡਣ ਤੋਂ ਪਹਿਲਾਂ ਉਹਨਾਂ ਨੂੰ ਦਬੋਚ ਲਿਆ।

ਜੇਲ੍ਹ ਬਿੱਲੂ ਲਈ ਸਹੁਰੇ ਘਰ ਵਾਂਗ ਸੀ। ਆਉਣਾ-ਜਾਣਾ ਲੱਗਾ ਰਹਿੰਦਾ ਸੀ। ਇਂਸ ਵਾਰ ਜੇਲ੍ਹ ਆਉਣ ’ਤੇ ਉਸ ਨੂੰ ਖ਼ੁਸ਼ੀ ਹੋਈ ਸੀ। ਜੇਲ੍ਹ ਵਿਚ ਉਸ ਦਾ ਭੋਲੇ ਉਸਤਾਦ ਨਾਲ ਵਾਹ ਪਿਆ ਸੀ। ਭੋਲੇ ਨੇ ਵੱਖ-ਵੱਖ ਗਿਰੋਹਾਂ ਦੇ ਉਸਤਾਦਾਂ ਨੂੰ ਇਕੱਠੇ ਕਰ ਕੇ ਯੂਨੀਅਨ ਬਣਾ ਰੱਖੀ ਸੀ। ਬਿੱਲੂ ਨੂੰ ਇਸ ਯੂਨੀਅਨ ਵਿਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ। ਧੰਦੇ ਦੇ ਗੁਰ ਬਿੱਲੂ ਨੂੰ ਪਹਿਲਾਂ ਬਥੇਰੇ ਆਉਂਦੇ ਸਨ। ਯੂਨੀਅਨ ਨੇ ਉਸ ਨੂੰ ਮੁਕੱਦਮੇ ਵਿਚੋਂ ਬਰੀ ਹੋਣ ਦੇ ਗੁਰ ਦੱਸੇ। ਉਹਨਾਂ ਵਿਚੋਂ ਇਕ ਗੁਰ ਡਰਾ-ਧਮਕਾ ਕੇ ਗਵਾਹਾਂ ਨੂੰ ਗਵਾਹੀ ਤੋਂ ਮੁਕਰਾਉਣਾ ਸੀ। ਬਿੱਲੂ ਹੋਰੀ ਸਭ ਜੇਲ੍ਹ ਦੇ ਅੰਦਰ ਸਨ। ਗਵਾਹਾਂ ਨੂੰ ਡਰਾਏ ਤਾਂ ਕੌਣ? ਯੂਨੀਅਨ ਦੇ ਮੈਂਬਰ ਬਣਦੇ ਹੀ ਇਹ ਸਮੱਸਿਆ ਹੱਲ ਹੋ ਗਈ। ਝੱਟ ਬਾਹਰਲੇ ਮੈਂਬਰਾਂ ਨੇ ਗਵਾਹਾਂ ਨੂੰ ਸਮਝਾਇਆ, ‘ਜੇ ਅਦਾਲਤ ਵਿਚ ਜਾ ਕੇ ਗਵਾਹੀ ਦਿੱਤੀ, ਬਾਹਰ ਨਿਕਲਦੇ ਹੀ ਉਸਤਾਦ ਨੂੰ ਮਿਲੀ ਸਜ਼ਾ ਨਾਲੋਂ ਦੁੱਗਣੀ ਸਜ਼ਾ ਮਿਲੇਗੀ।” ਡਰਦੇ ਗਵਾਹਾਂ ਨੂੰ ਕੰਬਣੀ ਛਿੜ ਗਈ। ਬਿੱਲੂ ਦੇ ਮੁਕੱਦਮੇ ਦੇ ਸਾਰੇ ਗਵਾਹ ਮੁੱਕਰ ਚੁੱਕੇ ਸਨ। ਉਹ ਬਰੀ ਹੋਣ ਵਾਲਾ ਸੀ।

“ਕਮਲਿਆ, ਮੇਰੇ ਮੁਕੱਦਮੇ ਦਾ ਫ਼ੈਸਲਾ ਹੋ ਚੁੱਕਿਆ ਹੈ। ਹੁਣ ਕਿਹੜੇ ਗਵਾਹਾਂ ਨੂੰ ਮੁਰਕਾਏਂਗਾ?”

ਮੀਤੇ ਨੇ ਬਿੱਲੂ ਦਾ ਧੰਨਵਾਦ ਕੀਤਾ ਅਤੇ ਆਪਣੇ ਮੁਕੱਦਮੇ ਦੀ ਸਥਿਤੀ ਸਮਝਾਈ।

“ਫੇਰ ਹਾਈ ਕੋਰਟ ਲਈ ਵਧੀਆ ਵਕੀਲ ਕਰ ਦਿੰਦੇ ਹਾਂ। ਪਹਿਲਾਂ ਉਹ ਜ਼ਮਾਨਤ ਕਰਾਏਗਾ, ਫੇਰ ਬਰੀ, ਪੈਸਾ ਯੂਨੀਅਨ ਦੇਵੇਗੀ।”

ਮੀਤੇ ਦੀ ਮਦਦ ਵਿਚ ਉਸਤਾਦ ਨੀਲੇ ਖ਼ਾਂ ਪਿੱਛੇ ਨਹੀਂ ਸੀ ਰਹਿਣਾ ਚਾਹੰਦਾ। ਯੂਨੀਅਨ ਦਾ ਮੈਂਬਰ ਬਣ ਕੇ ਉਸ ਨੂੰ ਜਿਸ ਗੱਲ ਦਾ ਸਭ ਤੋਂ ਵੱਧ ਫ਼ਾਇਦਾ ਹੋਇਆ ਸੀ, ਉਹ ਉਹੋ ਸੁਝਾਅ ਪੇਸ਼ ਕਰਨ ਲੱਗਾ।

“ਏਕੇ ਵਿਚ ਬਰਕਤ ਹੁੰਦੀ ਹੈ,” ਇਸ ਟੋਟਕੇ ਦੀ ਸਮਝ ਨੀਲੇ ਖ਼ਾਂ ਨੂੰ ਯੂਨੀਅਨ ਦਾ ਮੈਂਬਰ ਬਣ ਕੇ ਆਈ ਸੀ।

ਉਸ ਦੇ ਗਿਰੋਹ ਵਿਚ ਸੱਤ ਮੈਂਬਰ ਸਨ। ਉਹ ਸੱਤੇ ਹੁਣ ਉਸ ਦੇ ਨਾਲ ਸਨ। ਅੱਜ ਕੱਲ੍ਹ ‘ਕਾਲੇ ਕੱਛਿਆਂ ਵਾਲੇ’ ਗਿਰੋਹ ਦੇ ਨਾਂ ਨਾਲ ਮਸ਼ਹੂਰ ਸਨ।

ਪਹਿਲਾਂ ਉਹ ਇਸ ਤਰ੍ਹਾਂ ਦੇ ਨਹੀਂ ਸਨ। ਬਿਹਾਰੋਂ ਰੁਜ਼ਗਾਰ ਦੀ ਭਾਲ ਵਿਚ ਇਧਰ ਆਏ ਸਨ। ਆਉਂਦੇ ਹੀ ਇਕ ਫ਼ੈਕਟਰੀ ਵਿਚ ਕੰਮ ਵੀ ਮਿਲ ਗਿਆ। ਜਲਦੀ ਹੀ ਹੱਥ ਸੁਖਾਲਾ ਹੋ ਗਿਆ। ਉਸੇ ਸੌਖ ਨੇ ਉਹਨਾਂ ਦੇ ਮੁਜਰਮ ਬਣਨ ਦੀ ਨੀਂਹ ਰੱਖੀ। ਹੋਲੀ ਵਾਲੇ ਦਿਨ ਦਾਰੂ ਪੀ ਕੇ ਉਹਨਾਂ ਹੱਲੜਬਾਜ਼ੀ ਕੀਤੀ। ਸ਼ਾਮ ਨੂੰ ਹੁੱਲੜਬਾਜ਼ੀ ਲੜਾਈ ਵਿਚ ਬਦਲ ਗਈ। ਰਾਤ ਨੂੰ ਇਹ ਲੜਾਈ ਉਹਨਾਂ ਨੂੰ ਹਵਾਲਾਤ ਲੈ ਗਈ।

ਉਹਨਾਂ ਨੂੰ ਛੱਡਣ ਲਈ ਪੁਲਿਸ ਨੇ ਜਿੰਨੇ ਪੈਸੇ ਉਹਨਾਂ ਕੋਲੋਂ ਮੰਗੇ, ਓਨੇ ਨਾ ਉਹਨਾਂ ਕੋਲ ਸਨ ਨਾ ਉਹਨਾਂ ਦੇਣੇ ਸਨ। ਉਹਨਾਂ ਸੋਚਿਆ ਅਸੀਂ ਕਿਹੜਾ ਕਿਸੇ ਦਾ ਸਿਰ ਪਾੜਿਆ ਹੈ। ਆਪਸ ਵਿਚ ‘ਤੂੰ-ਤੂੰ ਮੈਂ-ਮੈਂ’ ਹੋਏ ਹਾਂ। ਸਾਡਾ ਰਾਜ਼ੀਨਾਮਾ ਹੋ ਗਿਆ। ਆਪੇ ਦੋ-ਚਾਰ ਦਿਨਾਂ ਬਾਅਦ ਛੱਡ ਦੇਣਗੇ।

ਪਰ ਮਾਮਲਾ ਹੋਰ ਹੀ ਰੂਪ ਧਾਰ ਗਿਆ।

ਉਸ ਥਾਣੇ ਦੇ ਥਾਣੇਦਾਰਾਂ ਨੇ ਪਹਿਲੇ ਮਹੀਨੇ ‘ਡਕੈਤੀ ਦੀ ਤਿਆਰੀ ’ਚ ਰੁੱਝੇ’ ਚਾਰ ਗਿਰੋਹ ਫੜੇ ਸਨ। ਇਸ ਵਾਰ ਮਹੀਨੇ ਦੇ ਅਖ਼ੀਰ ਵਿਚ ਇਕ ਗਿਰੋਹ ਵੀ ਹੱਥ ਨਹੀਂ ਸੀ ਲੱਗਾ। ਅਫ਼ਸਰਾਂ ਦੀਆਂ ਝਿੜਕਾਂ ਤੋਂ ਡਰਦੀ ਅਤੇ ਮੰਗੇ ਪੈਸੇ ਨਾ ਦੇਣ ਦੇ ਹੱਠ ਤੋਂ ਖਿਝੀ ਪੁਲਿਸ ਨੇ ਝੱਟ ਇਹਨਾਂ ’ਤੇ ਇਸ ਧਾਰਾ ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਮੁਕੱਦਮਾ ਮਜ਼ਬੂਤ ਕਰਨ ਲਈ ਪੁਲਿਸ ਨੇ ਕਿਸੇ ਕੋਲੋਂ ਦੇਸੀ ਪਿਸਤੌਲ ਅਤੇ ਕਿਸੇ ਕੋਲੋਂ ਚਾਕੂ ਫੜਿਆ ਦਿਖਾ ਦਿੱਤਾ।

ਉਹਨੀਂ ਦਿਨੀਂ ‘ਕਾਲੇ ਕੱਛਿਆਂ ਵਾਲਾ’ ਗਿਰੋਹ ਸੱਚਮੁੱਚ ਸਰਗਰਮ ਸੀ। ਆਏ ਦਿਨ ਲੁੱਟ-ਖਸੁੱਟ ਅਤੇ ਮਾਰ-ਕੁਟਾਈ ਹੁੰਦੀ ਸੀ। ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਜੱਜ ਨੇ ਪਹਿਲਾਂ ਉਹਨਾਂ ਨੂੰ ਜ਼ਮਾਨਤ ’ਤੇ ਛੱਡਣੋਂ ਨਾਂਹ ਕਰ ਦਿੱਤੀ, ਫੇਰ ਤੇਜ਼ੀ ਨਾਲ ਸੁਣਵਾਈ ਮੁਕੰਮਲ ਕਰ ਕੇ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ।

ਪਿੱਛੋਂ ਬੌਰੀਆ ਬਰਾਦਰੀ ਨਾਲ ਸੰਬੰਧਿਤ ਕਾਲੇ ਕੱਛਿਆਂ ਵਾਲਿਆਂ ਦਾ ਅਸਲੀ ਗਿਰੋਹ ਫੜਿਆ ਗਿਆ। ਉਹ ਵੀ ਨੀਲੇ ਖ਼ਾਂ ਵਾਲੀ ਬੈਰਕ ਵਿਚ ਪੁੱਜ ਗਏ।

ਆਪਣਾ ਭਾਈਚਾਰਾ ਮੰਨ ਕੇ ਬੌਰੀਆਂ ਨੇ ਉਹਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਲ ਕਰ ਲਿਆ ਅਤੇ ਕੰਮ-ਕਾਰ ਦੇ ਢੰਗ ਸਿਖਾ ਦਿੱਤੇ।

ਤਿੰਨ ਸਾਲ ਬਾਅਦ ਨਾ ਉਹ ਹੱਥੀਂ ਕੰਮ ਕਰਨ ਦੇ ਯੋਗ ਰਹੇ, ਨਾ ਉਹਨਾਂ ਨੇ ਇਸ ਦੀ ਜ਼ਰੂਰਤ ਸਮਝੀ। ਮਿਹਨਤ ਮਜ਼ਦੂਰੀ ਨਾਲੋਂ ਇਸ ਧੰਦੇ ਵਿਚ ਦਿਹਾੜੀ ਸੌਖੀ ਅਤੇ ਵੱਧ ਮਿਲਦੀਸੀ।

ਹੁਣ ਕਦੇ ਉਹ ਫੜੇ ਜਾਂਦੇ ਸਨ, ਕਦੇ ਛੁੱਟ ਜਾਂਦੇ ਸਨ।

ਨੀਲੇ ਖ਼ਾਂ ਦੇ ਉਸਤਾਦ ਸਾਰੇ ਸੂਬੇ ਵਿਚ ਮਾਰ ਕਰਦੇ ਸਨ। ਉਹਨਾਂ ਨੇ ਹਰ ਥਾਂ ਆਪਣੇ ਪੱਕੇ ਵਕੀਲ ਕੀਤੇ ਹੋਏ ਸਨ। ਹਰ ਮਹੀਨੇ ਉਹਨਾਂ ਨੂੰ ਬੱਝਵੀਂ ਫ਼ੀਸ ਦਿੰਦੇ ਸਨ। ਜਦੋਂ ਗਿਰੋਹ ਦਾ ਕੋਈ ਮੈਂਬਰ ਫੜਿਆ ਜਾਂਦਾ, ਵਕੀਲ ਆਪੇ ਪੈਰਵੀ ਸ਼ੁਰੂ ਕਰ ਦਿੰਦਾ। ਵਕੀਲ ਹਾਈਕੋਰਟ ਤਕ ਤਾਰਾਂ ਖੜਕਾ ਦਿੰਦਾ, “ਪੁਲਿਸ ਨੇ ਮੇਰੇ ਸਾਇਲ ਨੂੰ ਸਟੇਸ਼ਨ ਤੋਂ ਚੁੱਕ ਲਿਆ ਹੈ। ਝੂਠੇ ਮੁਕੱਦਮੇ ਵਿਚ ਫਸਾਏ ਜਾਣ ਦਾ ਡਰ ਹੈ।” ਫੜੇ ਮੈਂਬਰ ’ਤੇ ਕਿਹੜਾ ਕੇਸ ਬਣਾਇਆ ਜਾਵੇ? ਇਹ ਸੋਚਦੀ-ਸੋਚਦੀ ਪੁਲਿਸ ਕਈ ਦਿਨ ਲੰਘਾ ਦਿੰਦੀ ਸੀ। ਤਾਰ ਦੇ ਆਧਾਰ ’ਤੇ ਉਹਨਾਂ ਦੀ ਗ੍ਰਿਫ਼ਤਾਰੀ ਪੁਲਿਸ ਵੱਲੋਂ ਦਿਖਾਈ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਸਿੱਧ ਹੋ ਜਾਂਦੀ ਸੀ। ਸ਼ੱਕ ਦੇ ਆਧਾਰ ’ਤੇ ਉਹ ਬਰੀ ਹੋ ਜਾਂਦੇ ਸਨ।

ਬੌਰੀਆਂ ਵੱਲੋਂ ਵਰਤਿਆ ਜਾਂਦਾ ਇਹ ਗੁਰ ਨੀਲੇ ਖ਼ਾਂ ਨੇ ਯੂਨੀਅਨ ਵਾਲਿਆਂ ਨੂੰ ਦੱਸਿਆ। ਯੂਨੀਅਨ ਵਾਲਿਆਂ ਨੇ ਝੱਟ ਇਸ ਨੂੰ ਅਪਣਾ ਲਿਆ। ਯੂਨੀਅਨ ਨੇ ਹਾਈ ਕੋਰਟ ਤਕ ਪੱਕੇ ਵਕੀਲ ਕਰ ਲਏ, ਉਹ ਵੀ ਉੱਚ ਕੋਟੀ ਦੇ। ਬੱਝਵੀਂ ਫ਼ੀਸ ਮਿਲਣ ਦੇ ਲਾਲਚ ਵਿਚ ਚੰਗੇ ਵਕੀਲ ਸਸਤੇ ਭਾਅ ਮਿਲ ਗਏ। ਦੋਹਾਂ ਧਿਰਾਂ ਨੂੰ ਫ਼ਾਇਦਾ ਹੋਇਆ। ਹਰ ਮੈਂਬਰ ਨੂੰ ਦੋ-ਤਿੰਨ ਸੌ ਰੁਪਏ ਮਹੀਨਾ ਦੇਣਾ ਪੈਂਦਾ ਸੀ। ਵਕੀਲਾਂ ਦਾ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਸੀ।

ਯੂਨੀਅਨ ਦੇ ਇਸ ਉੱਦਮ ਦੇ ਸਿੱਟੇ ਚੰਗੇ ਨਿਕਲ ਰਹੇ ਸਨ। ਪਹਿਲਾਂ ਪੁਲਿਸ ਫੜੇ ਦੋਸ਼ੀ ਨੂੰ ਕਈ-ਕਈ ਦਿਨ ਥਾਣੇ ਬਿਠਾਈ ਰੱਖਦੀ। ਯੂਨੀਅਨ ਦੇ ਵਕੀਲ ਹੁਣ ਝੱਟ ਹਾਈ ਕੋਰਟ ਦਾ ਰੇਡ ਕਰਵਾ ਦਿੰਦੇ ਹਨ। ਡਰਦੀ ਪੁਲਿਸ ਫੜਨ ਸਾਰ ਮੁਕੱਦਮਾ ਦਰਜ ਕਰਦੀ ਹੈ। ਪਹਿਲਾਂ ਬਿਨਾਂ ਕਾਰਨ ਮੈਜਿਸਟ੍ਰੇਟ ਦਸ-ਦਸ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੰਦਾ ਸੀ। ਹੁਣ ਇਕ-ਦੋ ਦਿਨਾਂ ਤੋਂ ਵੱਧ ਨਹੀਂ ਦਿੰਦਾ। ਹੱਡ ਟੁੱਟਣੋਂ ਬਚ ਜਾਂਦੇ ਹਨ। ਅੱਗੇ ਪੁਲਿਸ ਫੜਦੀ ਕੁਝ ਸੀ, ਪਾਉਂਦੀ ਕੁਝ ਸੀ। ਹੁਣ ਹੇਰਾਫੇਰੀ ਦੀ ਸੰਭਾਵਨਾ ਘਟ ਗਈ ਹੈ। ਅੱਗੇ ਵਕੀਲਾਂ ਦੀਆਂ ਫ਼ੀਸਾਂ ਤੋਂ ਡਰਦੇ ਛੋਟੇ-ਮੋਟੇ ਮੁਜਰਮ ਅਪੀਲ ਨਹੀਂ ਸਨ ਕਰਦੇ। ਕਈ ਵਾਰ ਝੂਠੇ ਮੁਕੱਦਮੇ ਵਿਚ ਸਜ਼ਾ ਕੱਟਣੀ ਪੈ ਜਾਂਦੀ ਸੀ। ਹੁਣ ਹਰ ਫ਼ੈਸਲੇ ਵਿਰੁੱਧ ਅਪੀਲ ਹੁੰਦੀ ਸੀ। ਬਹੁਤੀਆਂ ਅਪੀਲਾਂ ਮਨਜ਼ੂਰ ਹੁੰਦੀਆਂ ਸਨ।

ਇਸੇ ਲਈ ਨੀਲੇ ਖ਼ਾਂ ਚਾਹੁੰਦਾ ਸੀ ਕਿ ਉਸਤਾਦ ਨੂੰ ਵਕੀਲ ਯੂਨੀਅਨ ਵੱਲੋਂ ਕਰ ਕੇ ਦਿੱਤਾ ਜਾਵੇ।

“ਨਹੀਂ ਭਾਈ) ਮੇਰਾ ਕੇਸ ਸੰਮਤੀ ਲੜ ਰਹੀ ਹੈ। ਮੈਨੂੰ ਉਹਨਾਂ ’ਤੇ ਪੂਰੀ ਤਸੱਲੀ ਹੈ। ਉਹ ਮੇਰੀ ਅਪੀਲ ਮਨਜ਼ੂਰ ਕਰਵਾ ਕੇ ਛੱਡਣਗੇ।”

ਮੀਤੇ ਨੂੰ ਆਪਣੇ ਸਮਰਥਕਾਂ ’ਤੇ ਭਰੋਸਾ ਸੀ।

“ਬਾਬਿਓ) ਸੰਮਤੀ ਵਾਲਿਆਂ ਦਾ ਖਹਿੜਾ ਛੱਡੋ। ਉਹਨਾਂ ਬਾਬੂਆਂ ਤੋਂ ਕੁਝ ਨਹੀਂ ਹੋਣਾ। ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦੈ। ਇਹ ਕੇਸ ਸਾਡੇ ਹਵਾਲੇ ਕਰੋ। ਫੇਰ ਦੇਖੋ ਸਾਡੇ ਹੱਥ। ਦਿਨਾਂ ਵਿਚ ਬਰੀ ਕਰਵਾ ਦੇਵਾਂਗੇ।”

ਪੱਟ ’ਤੇ ਥਾਪੀ ਮਾਰ ਕੇ ਬੰਤੇ ਫ਼ੌਜੀ ਨੇ ਫੜ੍ਹ ਮਾਰੀ।

 

 

 

 

“ਪਹਿਲਾਂ ਮੈਂ ਤੁਹਾਡੇ ਵਾਂਗ ਸੋਚਿਆ ਕਰਦਾ ਸੀ, ਪਰ ਮਿੱਤਰੋ, ਵਧੀਆ ਜ਼ਿੰਦਗੀ ਜਿਊਣ ਦਾ ਇਹ ਤਰੀਕਾ ਨਹੀਂ। ਔਖਾ ਰਹਾਂ, ਸੌਖਾ ਰਹਾਂ, ਹੁਣ ਮੈਂ ਪਹਿਲੇ ਰਾਹ ਨਹੀਂ ਪੈਣਾ।”

ਮੀਤੇ ਨੇ ਗੱਲ ਮੁਕਾਈ।

“ਉਸਤਾਦ) ਇਕ ਗੱਲ ਦੱਸ। ਨਵੇਂ ਰਾਹ ਪੈ ਕੇ ਖੱਟਿਆ ਕੀ? ਉਮਰ ਕੈਦ। ਹੈ ਨਾ। ਪੰਛੀਆਂ ਵਰਗੀ ਪਹਿਲੀ ਬੇਫ਼ਿਕਰ ਜ਼ਿੰਦਗੀ ਵਿਚ ਕੀ ਘਾਟ ਸੀ? ਜੇ ਤੂੰ ਪਹਿਲਾਂ ਵਾਲਾ ਮੀਤਾ ਉਸਤਾਦ ਹੁੰਦਾ, ਨਾ ਤੈਨੂੰ ਪੁਲਿਸ ਇਸ ਮੁਕੱਦਮੇ ਵਿਚ ਘੜੀਸਦੀ, ਨਾ ਗਵਾਹ ਝੂਠੀ ਗਵਾਹੀ ਦੇਣ ਦੀ ਹਿੰਮਤ ਕਰਦੇ। ਸਾਨੂੰ ਤੇਰਾ ਇਹ ਰਾਹ ਚੰਗਾ ਨਹੀਂ ਲੱਗਦਾ।”

ਮੀਤੇ ਨਾਲ ਹੋਏ ਧੱਕੇ ਕਾਰਨ ਭੋਲਾ ਤਲਖ਼ ਹੋਣ ਲੱਗਾ।

“ਕੋਈ ਨੀ, ਸੰਮਤੀ ਵਾਲਿਆਂ ਨੂੰ ਆ ਲੈਣ ਦੇ, ਸੋਨੂੰ ਉਹਨਾਂ ਨਾਲ ਮਿਲਾਵਾਂਗਾ। ਫੇਰ ਸੋਨੂੰ ਪਤਾ ਲੱਗੂ ਅਸਲੀ ਰਾਹ ਕਿਹੜਾ ਹੈ।”

ਮੀਤੇ ਨੂੰ ਆਪਣੀ ਗੱਲ ਮੁਕਾਉਣ ਲਈ ਬਹੁਤੇ ਤਰਕ ਨਹੀਂ ਸਨ ਦੇਣੇ ਆਉਂਦੇ। ਇਸ ਲਈ ਬਾਕੀ ਦੀ ਗੱਲ ਉਸ ਨੇ ਸੰਮਤੀ ’ਤੇ ਛੱਡ ਦਿੱਤੀ।

“ਕੌਣ ਸਿੱਧੇ ਰਾਹ ’ਤੇ ਹੈ ਅਤੇ ਕੌਣ ਪੁੱਠੇ, ਇਹ ਗੱਲ ਛੱਡੋ। ਆਓ, ਹੁਣ ਉਸਤਾਦ ਦੇ ਮਿਲਣ ’ਤੇ ਜਸ਼ਨ ਮਨਾਈਏ।” ਪੰਜੀਰੀ ਖ਼ਤਮ ਕਰ ਕੇ ਹੱਥ ਝਾੜਦੇ ਨੀਲੇ ਖ਼ਾਂ ਨੇ ਤਰਕ-ਬਤਰਕ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ। ਫੇਰ ਖ਼ੁਸ਼ੀ-ਖ਼ੁਸ਼ੀ ਉਹ ਰਾਤ ਨੂੰ ਮਨਾਏ ਜਾਣ ਵਾਲੇ ਜਸ਼ਨ ਦੀ ਤਿਆਰੀ ਵਿਚ ਰੁੱਝ ਗਏ।

 

 

23

ਸੰਘਰਸ਼ ਸੰਮਤੀ ਦੇ ਕੰਮ ਦੀਆਂ ਖ਼ਬਰਾਂ ਦੂਰ-ਦੂਰ ਤਕ ਫੈਲਣ ਲੱਗੀਆਂ। ਪੁਲਿਸ ਵੱਲੋਂ ਧੱਕੇ ਵਿਰੁੱਧ ਲੋਕ ਫ਼ਰਿਆਦ ਲੈ-ਲੈ ਆਉਣ ਲੱਗੇ। ਝੂਠੇ ਕੇਸਾਂ ਵਿਚ ਫਸੇ ਅਤੇ ਜੇਲ੍ਹਾਂ ਵਿਚ ਸੜਦੇ ਬੇਕਸੂਰ ਕੈਦੀਆਂ ਦੀਆਂ ਦਰਖ਼ਾਸਤਾਂ ਆਉਣ ਲੱਗੀਆਂ।

ਹਲਕੇ ਵਿਚ ਕੰਮ ਕਰਦੀਆਂ ਛੋਟੀਆਂ-ਛੋਟੀਆਂ ਸੰਸਥਾਵਾਂ ਨੇ ਸੰਮਤੀ ਵੱਲ ਰੁਖ਼ ਕੀਤਾ। ਇਹ ਸੰਸਥਾਵਾਂ ਆਪਣੇ ਤੌਰ ’ਤੇ ਸਰਕਾਰ, ਪੁਲਿਸ ਜਾਂ ਅਦਾਲਤ ਨਾਲ ਨਜਿੱਠਣ ਦੇ ਯੋਗ ਨਹੀਂ ਸਨ। ਬੂੰਦ-ਬੂੰਦ ਰਲ ਕੇ ਸਮੁੰਦਰ ਦਾ ਰੂਪ ਧਾਰ ਸਕਦੀ ਹੈ। ਆਪਣੇ ਆਪ ਨੂੰ ਸਮੁੰਦਰ ਵਿਚ ਸਮਾਉਣ ਲਈ ਇਹ ਸੰਸਥਾਵਾਂ ਆਪਣੇ ਸਹਿਯੋਗ ਦੀ ਪੇਸ਼ਕਸ਼ ਕਰਨ ਲੱਗੀਆਂ ਅਤੇ ਆਪਣੀਆਂ ਸਮੱਸਿਆਵਾਂ ਵੀ ਲੈ ਕੇ ਆਉਣ ਲੱਗੀਆਂ।

ਸੰਘਰਸ਼ ਸੰਮਤੀ ਦਾ ਉਤਸ਼ਾਹ ਵਧਣ ਲੱਗਾ। ਕਾਰਕੁੰਨਾਂ ਨੂੰ ਮਹਿਸੂਸ ਹੋਣ ਲੱਗਾ ਕਿ “ਇਕੱਲੇ ਪਾਲੇ ਮੀਤੇ ਨੂੰ ਬਰੀ ਕਰਾਉਣ ਨਾਲ ਮਸਲਾ ਹੱਲ ਨਹੀਂ ਹੋਣਾ, ਉਹਨਾਂ ਵਰਗਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਸ ਬਾਰੇ ਸੋਚਣਾ ਚਾਹੀਦਾ ਹੈ।”

ਸੰਮਤੀ ਨੂੰ ਇਹ ਵੀ ਮਹਿਸੂਸ ਹੋਣ ਲੱਗਾ, “ਸੰਘਰਸ਼ ਨੂੰ ਥਾਣੇ ਕਚਹਿਰੀ ਤਕ ਸੀਮਤ ਰੱਖ ਕੇ ਅਸਲ ਮੰਜ਼ਿਲ ਪ੍ਰਾਪਤ ਹੋਣ ਵਾਲੀ ਨਹੀਂ। ਲੜਾਈ ਦਾ ਘੇਰਾ ਵਸੀਹ ਕਰਨਾ ਪਏਗਾ। ਸੰਘਰਸ਼ ਨੂੰ ਸੜਕਾਂ ਤਕ ਲਿਜਾਣਾ ਪਏਗਾ। ਜਨ-ਸਾਧਾਰਨ ਨੂੰ ਨਾਲ ਜੋੜਨਾ ਪਏਗਾ।”

ਸੋਚ-ਵਿਚਾਰ ਬਾਅਦ ਸੰਮਤੀ ਨੇ ਐਲਾਨ ਕੀਤਾ, “ਸੰਮਤੀ ਹਰ ਉਸ ਵਿਅਕਤੀ ਲਈ ਕਾਨੂੰਨੀ ਸੰਘਰਸ਼ ਕਰੇਗੀ, ਜਿਸ ਨਾਲ ਥਾਣੇ ਜਾਂ ਕਚਹਿਰੀ ਵਿਚ ਧੱਕਾ ਹੋਇਆ ਹੈ।”

ਇਹ ਐਲਾਨ ਹੁੰਦਿਆਂ ਹੀ ਸਭ ਤੋਂ ਪਹਿਲਾਂ ਇਸਤਰੀ ਸਭਾ ਨੇ ਸੰਮਤੀ ਵੱਲ ਹੱਥ ਵਧਾਇਆ। ਸਭਾ ਨੂੰ ਅਜਿਹੇ ਕਈ ਮਾਮਲਿਆਂ ਵਿਚ ਸੰਮਤੀ ਦੀ ਸਹਾਇਤਾ ਦੀ ਜ਼ਰੂਰਤ ਸੀ। ਜਿਨ੍ਹਾਂ ਵਿਚ ਔਰਤਾਂ ਨਾਲ ਸਰਾਸਰ ਧੱਕਾ ਹੋਇਆ ਸੀ। ਆਪਣੇ ਸੀਮਤ ਸਾਧਨਾਂ ਅਤੇ ਕਾਨੂੰਨ ਦੀ ਜਾਣਕਾਰੀ ਦੀ ਘਾਟ ਕਾਰਨ ਇਸਤਰੀ ਸਭਾ ਚਾਹੁੰਦੀ ਹੋਈ ਵੀ ਪੀੜਤ ਔਰਤਾਂ ਦੀ ਮਦਦ ਨਹੀਂ ਸੀ ਕਰ ਸਕੀ।

ਪ੍ਰਧਾਨ ਇੰਦਰਜੀਤ ਕੌਰ ਦੀ ਪੁਰਜ਼ੋਰ ਸਿਫ਼ਾਰਸ਼ ਸੀ ਕਿ ਨੌਜਵਾਨ ਕੁੜੀਆਂ ਨੂੰ ਵਰਗਲਾ ਕੇ ਉਹਨਾਂ ਕੋਲੋਂ ਧੰਦਾ ਕਰਾਉਣ ਦੇ ਦੋਸ਼ ਵਿਚ ਬੰਦ ਨੀਲਮ ਨੂੰ ਤੁਰੰਤ ਕਾਨੂੰਨੀ ਸਹਾਇਤਾ ਦਿੱਤੀ ਜਾਵੇ।

ਏਡਜ਼ ਵਰਗੀ ਭਿਆਨਕ ਬੀਮਾਰੀ ਨਾਲ ਪੀੜਤ ਨੀਲਮ ਜੇ ਹਫ਼ਤੇ ਦੇ ਅੰਦਰ-ਅੰਦਰ ਬਾਹਰ ਨਾ ਆਈ ਤਾਂ ਉਸ ਦੀ ਲਾਸ਼ ਬਾਹਰ ਆਏਗੀ ਅਤੇ ਜੇ ਇੰਝ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਇਸਤਰੀ ਸਭਾ ਹੋਏਗੀ।

ਨੀਲਮ ਦੀ ਇਹ ਦੁਰਦਸ਼ਾ ਸਭਾ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਹੋਈ ਸੀ।

ਉਹਨੀਂ ਦਿਨੀਂ ਅਖ਼ਬਾਰਾਂ ਵਿਚ ਪੁਲਿਸ ਦੇ ਸੋਹਲੇ ਗਾਏ ਜਾ ਰਹੇ ਸਨ। ਪੁਲਿਸ ਨੇ ਨੌਜਵਾਨ ਕੁੜੀਆਂ ਕੋਲੋਂ ਧੰਦਾ ਕਰਾਉਣ ਵਾਲੇ ਇਕ ਬਹੁਤ ਵੱਡੇ ਗਿਰੋਹ ਦਾ ਭੰਡਾ ਫੋੜ ਦਿੱਤਾ ਸੀ। ਛਾਪੇ ਦੌਰਾਨ ਗਿਰੋਹ ਦੀ ਸਰਗਨਾ ਨੀਲਮ ਦੇ ਘਰੋਂ ਇਕ ਸੋਲ੍ਹਾਂ ਸਾਲ ਦੀ ਕੁੜੀ ਬਰਾਮਦ ਹੋਈ ਸੀ। ਨੀਲਮ ਕਿਸ ਤਰ੍ਹਾਂ ਉਸ ਕੁੜੀ ਨੂੰ ਇਸ ਧੰਦੇ ਵਿਚ ਲਿਆਈ ਅਤੇ ਕਿਸ-ਕਿਸ ਤਰ੍ਹਾਂ ਉਸ ਨੂੰ ਜ਼ਲੀਲ ਕੀਤਾ, ਇਸ ਦੇ ਕਿੱਸੇ ਲੂਣ-ਮਿਰਚ ਲੱਗ-ਲੱਗ ਅਖ਼ਬਾਰਾਂ ਵਿਚ ਛਪ ਰਹੇ ਸਨ।

ਪੁਲਿਸ ਕੋਲ ਦਰਜ ਕਰਾਏ ਆਪਣੇ ਬਿਆਨ ਵਿਚ ਕੁੜੀ ਨੇ ਦੱਸਿਆ ਕਿ ਉਹ ਅਨਾਥ ਸੀ। ਉਸ ਦੇ ਮਾਂ-ਬਾਪ ਦੀ ਮੌਤ ਬਚਪਨ ਵਿਚ ਹੀ ਹੋ ਗਈ ਸੀ। ਨੀਲਮ ਉਸ ਦੀ ਮਾਸੀ ਸੀ।। ਰਾਜੀ ਨੂੰ ਉਸ ਦੀ ਚਾਚੀ ਕੋਲੋਂ ਉਹ ਇਹ ਕਹਿ ਕੇ ਲੈ ਆਈ ਸੀ ਕਿ ਮਾਸੀ ਉਸ ਨੂੰ ਦਿਲ ਦਾ ਟੁਕੜਾ ਬਣਾ ਕੇ ਰੱਖੇਗੀ, ਪਰ ਕੁੜੀ ਦੇ ਜਵਾਨੀ ਵਿਚ ਪੈਰ ਧਰਦਿਆਂ ਹੀ ਮਾਸੀ ਨੇ ਉਸ ਦੀ ਜਵਾਨੀ ਦਾ ਮੁੱਲ ਵੱਟਣਾ ਸ਼ੁਰੂ ਕਰ ਦਿੱਤਾ। ਪੈਸੇ ਦੀ ਹਵਸ ਕਾਰਨ ਨੀਲਮ ਰਾਜੀ ਨੂੰ ਇਕੋ ਰਾਤ ਵਿਚ ਪੰਜ-ਪੰਜ, ਸੱਤ-ਸੱਤ ਬੰਦਿਆਂ ਅੱਗੇ ਪੇਸ਼ ਕਰਦੀ ਸੀ। ਪੇਂਡੂ ਸ਼ਰਾਬੀ ਗਾਹਕਾਂ ਨੂੰ ਕੁੜੀ ਮਸਾਂ ਮਿਲਦੀ ਸੀ। ਉਹ ਉਸਨੂੰ ਹਾਬੜ ਕੇ ਪੈਂਦੇ ਸਨ। ਕੁੜੀ ਦੀ ਹੱਡੀ-ਹੱਡੀ ਨੋਚ ਦਿੰਦੇ ਸਨ। ਉਸ ਦਾ ਕਈ ਵਾਰ ਗਰਭਪਾਤ ਹੋ ਚੁੱਕਾ ਸੀ। ਇਲਾਜ ਦੀ ਘਾਟ ਕਾਰਨ ਉਸ ਦੇ ਅੰਦਰ ਜ਼ਖ਼ਮ ਹੋ ਗਏ ਸਨ ਅਤੇ ਜ਼ਖ਼ਮਾਂ ਵਿਚ ਪੀਕ ਪੈ ਗਈ ਸੀ। ਪੁਲਿਸ ਦੇ ਛਾਪਿਆਂ ਤੋਂ ਡਰਦੀ ਨੀਲਮ ਹਰ ਮਹੀਨੇ ਘਰ ਅਤੇ ਹਰ ਛਿਮਾਹੀ ਪਿੰਡ ਬਦਲ ਲਿਆ ਕਰਦੀ ਸੀ। ਗ੍ਰਿਫ਼ਤਾਰੀ ਸਮੇਂ ਰਾਜੀ ਦਾ ਜੋ ਹਾਲ ਸੀ ਉਸ ਤੋਂ ਨੀਲਮ ਦੇ ਜੰਗਲੀ ਸੁਭਾਅ ਦੀ ਔਰਤ ਹੋਣ ਦਾ ਸਬੂਤ ਮਿਲਦਾ ਸੀ। ਕੁੜੀ ਦੇ ਸਰੀਰ ਵਿਚੋਂ ਬੂਅ ਮਾਰਦੀ ਸੀ। ਇਕ ਹਫ਼ਤੇ ਤੋਂ ਉਹ ਨਹਾਤੀ ਨਹੀਂ ਸੀ। ਉਸ ਦੇ ਕੱਪੜੇ ਮੈਲੇ-ਕੁਚੈਲੇ ਹੀ ਨਹੀਂ, ਟਾਕੀਆਂ ਲੱਗੇ ਵੀ ਸਨ। ਹੱਥਾਂ-ਪੈਰਾਂ ਉਪਰ ਮੈਲ ਜੰਮੀ ਹੋਈ ਸੀ। ਛੋਟੀ ਉਮਰ ਵਿਚ ਹੀ ਉਹ ਕਈ ਬੀਮਾਰੀਆਂ ਸਹੇੜ ਬੈਠੀ ਸੀ। ਪਤਾ ਨਹੀਂ ਮਰਦ ਕਿਸ ਤਰ੍ਹਾਂ ਉਸ ਦੇ ਨੇੜੇ ਜਾਂਦੇ ਹੋਣਗੇ।

ਪੁਲਿਸ ਨੇ ਇਕ ਹੋਰ ਬਿਆਨ ਦਾਗ਼ਿਆ ਸੀ। ਨੀਲਮ ਨੇ ਰਾਜੀ ਵਰਗੀਆਂ ਕਈ ਕੁੜੀਆਂ ਨੂੰ ਵੱਸ ਵਿਚ ਕੀਤਾ ਹੋਇਆ ਸੀ। ਲੁਕ-ਛਿਪ ਕੇ ਪਹਿਲਾਂ ਉਹ ਨੰਗੀਆਂ ਕੁੜੀਆਂ ਦੀਆਂ ਤਸਵੀਰਾਂ ਖਿੱਚ ਲੈਂਦੀ ਸੀ ਅਤੇ ਫੇਰ ਤਸਵੀਰਾਂ ਦਿਖਾ-ਦਿਖਾ ਉਹਨਾਂ ਨੂੰ ਡਰਾਉਂਦੀ ਸੀ। ਬਦਨਾਮੀ ਤੋਂ ਡਰਦੀਆਂ ਕੁੜੀਆਂ ਉਹੋ ਕਰਦੀਆਂ ਸਨ, ਜੋ ਨੀਲਮ ਆਖਦੀ ਸੀ।

ਖ਼ਬਰਾਂ ਪੜ੍ਹ ਕੇ ਇਸਤਰੀ ਸਭਾ ਹਰਕਤ ਵਿਚ ਆ ਗਈ। ਸਭਾ ਨੇ ਨੀਲਮ ਵਿਰੁੱਧ ਜਲੂਸ ਕੱਢਿਆ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਅਦਾਲਤ ਵੱਲੋਂ ਦਰਖ਼ਾਸਤ ਦੇ ਕੇ ਰਾਜੀ ਨੂੰ ਨਾਰੀ ਨਿਕੇਤਨ ਭੇਜਣ ਦੀ ਥਾਂ ਆਪਣੇ ਕੋਲ ਠਹਿਰਾਉਣ ਦੀ ਇਜਾਜ਼ਤ ਲੈ ਲਈ ਸੀ।

ਇਸਤਰੀ ਸਭਾ ਦੀ ਸੇਵਾ ’ਤੇ ਧਿੱਜਣ ਅਤੇ ਸਭਾ ਦੇ ਆਪਣੀ ਹਮਦਰਦ ਹੋਣ ਦੇ ਯਕੀਨ ਬਾਅਦ ਰਾਜੀ ਨੇ ਜੋ ਰਾਮ ਕਹਾਣੀ ਸੁਣਾਈ, ਉਸ ਨੇ ਕਹਾਣੀ ਦਾ ਰੁਖ ਮੋੜ ਦਿੱਤਾ।

ਅਸਲੀਅਤ ਇਹ ਸੀ ਕਿ ਨੀਲਮ ਰਾਜੀ ਦੀ ਮਾਂ ਸੀ। ਬਦਨਾਮੀ ਤੋਂ ਡਰਦੀ ਉਹ ਉਸ ਨੂੰ ਆਪਣੀ ਭਾਣਜੀ ਆਖਦੀ ਸੀ। ਰਾਜੀ ਦਾ ਬਾਪ ਟਰੱਕ ਡਰਾਈਵਰ ਸੀ। ਬਹੁਤੀ ਦੇਰ ਘਰੋਂ ਬਾਹਰ ਰਹਿੰਦਾ ਸੀ। ਬਾਹਰੋਂ ਏਡਜ਼ ਦੀ ਬੀਮਾਰੀ ਸਹੇੜ ਲਈ। ਪਤਾ ਲੱਗਦਿਆਂ ਹੀ ਮਾਲਕ ਨੇ ਛੁੱਟੀ ਕਰ ਦਿੱਤੀ। ਘਰ ਵਿਚਲਾ ਸਾਰਾ ਪੈਸਾ-ਧੇਲਾ ਵੀ ਉਸ ਨੂੰ ਬਚਾ ਨਾ ਸਕਿਆ। ਮਰਨ ਤੋਂ ਪਹਿਲਾਂ ਉਹ ਨੀਲਮ ਨੂੰ ਏਡਜ਼ ਦਾ ਤੋਹਫ਼ਾ ਦੇ ਗਿਆ। ਨੀਲਮ ਤੋਂ ਨਾ ਆਪਣੇ ਸਰੀਰ ਦੀ ਸੰਭਾਲ ਹੋ ਰਹੀ ਸੀ ਨਾ ਧੀ ਦੀ ਇੱਜ਼ਤ ਦੀ। ‘ਮਾੜੇ ਦੀ ਰੰਨ ਸਭ ਦੀ ਭਰਜਾਈ’ ਵਾਂਗ ਹਰ ਲੰਡਾ ਚਿੜਾ ਰਾਜੀ ’ਤੇ ਅੱਖ ਰੱਖਣ ਲੱਗਾ। ਇਕੱਲੀ ਅਤੇ ਬੇਵੱਸ ਸਮਝ ਕੇ ਕਈਆਂ ਨੇ ਉਸ ਨੂੰ ਘੇਰਿਆ ਵੀ। ਇਕ ਨਾ ਇਕ ਦਿਨ ਕੁੜੀ ਦੀ ਇੱਜ਼ਤ ਦਾਅ ’ਤੇ ਲੱਗਣੀ ਸੀ। ਸੋਚ ਕੇ ਨੀਲਮ ਨੇ ਰਾਜੀ ਨੂੰ ਖ਼ੁਦ ਇਸ ਧੰਦੇ ਵਿਚ ਪਾ ਲਿਆ। ਸੋਚਿਆ ਜਿੰਨੇ ਦਿਨ ਸੁਖ ਦੀ ਰੋਟੀ ਮਿਲੂ, ਉਨੇ ਦਿਨ ਸਹੀ।

ਸਰੀਰ ਵੇਚ ਕੇ ਵੀ ਸੁਖ ਦੀ ਰੋਟੀ ਨਸੀਬ ਨਾ ਹੋਈ। ਕਿਸੇ ਗਾਹਕ ਦਾ ਦਿਲ ਕਰਦਾ, ਦੋ ਪੈਸੇ ਦੇ ਜਾਂਦਾ। ਨਾ ਦਿਲ ਕਰਦਾ ਧੱਕਾ ਕਰ ਕੇ ਤੁਰਦਾ ਬਣਦਾ। ਤੀਵੀਆਂ ਨਿਮਾਣੀਆਂ ਨਾ ਬਰਾਬਰੀ ਕਰ ਸਕਦੀਆਂ ਸਨ, ਨਾ ਰੌਲਾ ਪਾ ਸਕਦੀਆਂ ਸਨ। ਇਸੇ ਕਾਰਨ ਰਾਜੀ ਦੀ ਇਹ ਹਾਲਤ ਹੋਈ ਸੀ।

ਨਾ ਨੀਲਮ ਨੇ ਕਿਸੇ ਹੋਰ ਕੁੜੀ ਦੀ ਫ਼ੋਟੋ ਖਿੱਚੀ ਸੀ, ਨਾ ਕਿਸੇ ਕੋਲੋਂ ਧੰਦਾ ਕਰਾਉਂਦੀਸੀ।

ਪੁਲਿਸ ਦੇ ਝੂਠ ਨੂੰ ਨੰਗਾ ਕਰਨ ਲਈ ਇਸਤਰੀ ਸਭਾ ਨੇ ਫੇਰ ਰੋਸ ਮੁਜ਼ਾਹਰਾ ਕੀਤਾ ਸੀ।

ਪਾਜ ਖੁੱਲ੍ਹਣ ਤੋਂ ਡਰਦੀ ਪੁਲਿਸ ਨੇ ਝੱਟ ਚਲਾਨ ਤਿਆਰ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ।

ਯਾਦ-ਪੱਤਰ ਲੈ ਕੇ ਗਏ ਇਸਤਰੀ ਸਭਾ ਦੇ ਨੁਮਾਇੰਦਿਆਂ ਨੂੰ ਪੁਲਿਸ ਕਪਤਾਨ ਨੇ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਮੋੜ ਦਿੱਤਾ।

“ਮੁਕੱਦਮਾ ਅਦਾਲਤ ਦੇ ਵਿਚਾਰ ਅਧੀਨ ਹੈ। ਹੁਣ ਜੋ ਕੁਝ ਕਰੇਗੀ, ਅਦਾਲਤ ਕਰੇਗੀ। ਪੁਲਿਸ ਕੁਝ ਨਹੀਂ ਕਰ ਸਕਦੀ। ਤੁਹਾਨੂੰ ਆਪਣਾ ਪੱਖ ਅਦਾਲਤ ਵਿਚ ਪੇਸ਼ ਕਰਨਾ ਚਾਹੀਦਾਹੈ।”

ਅਦਾਲਤ ਦੇ ਕੰਮ ਵਿਚ ਦਖ਼ਲ ਦੇਣ ਤੋਂ ਡਰਦੀ ਸਭਾ ਜਲਸੇ-ਜਲੂਸ ਬੰਦ ਕਰ ਕੇ ਘਰ ਬੈਠ ਗਈ ਸੀ।

ਇਸਤਰੀ ਸਭਾ ਨੂੰ ਹੁਣ ਸਮਝ ਆਈ ਸੀ। ਸੰਘਰਸ਼ ਸੰਮਤੀ ਵਾਂਗ ਚੱਲਦੇ ਮੁਕੱਦਮੇ ਦੌਰਾਨ ਲੋਕ-ਰਾਏ ਤਿਆਰ ਕਰ ਕੇ ਸੰਘਰਸ਼ ਕੀਤਾ ਜਾ ਸਕਦਾ ਸੀ।

ਨੀਲਮ ਦੀ ਬੀਮਾਰੀ ਦਿਨੋ-ਦਿਨ ਵਧ ਰਹੀ ਸੀ। ਜੇਲ੍ਹ ਡਾਕਟਰ ਜਾਣ-ਬੁਝ ਕੇ ਉਸ ਦੀ ਬੀਮਾਰੀ ਛੁਪਾ ਰਿਹਾ ਸੀ। ਉਸ ਦੀ ਬੀਮਾਰੀ ਦਾ ਇਲਾਜ ਨਾ ਜੇਲ੍ਹ ਹਸਪਤਾਲ ਵਿਚ ਸੀ ਤੇ ਨਾ ਸਿਵਲ ਹਸਪਤਾਲ ਵਿਚ। ਜ਼ਮਾਨਤ ਉਪਰ ਰਿਹਾਅ ਹੋਣ ਬਾਅਦ ਉਸਦਾ ਇਲਾਜ ਸੰਭਵ ਹੋ ਸਕਦਾ ਸੀ। ਸੰਮਤੀ ਉਸ ਦੀ ਜ਼ਮਾਨਤ ਕਰਾਏ। ਸਭਾ ਉਸ ਦਾ ਇਲਾਜ ਕਰਾਏਗੀ।

ਸੰਮਤੀ ਨੇ ਝੱਟ ਨੀਲਮ ਦੇ ਮੁਕੱਦਮੇ ਦੀ ਪੈਰਵਾਈ ਆਪਣੇ ਜ਼ਿੰਮੇ ਲੈ ਲਈ।

 

 

 

 

24

ਬੇਸਹਾਰਾ ਅਤੇ ਗ਼ਰੀਬ ਬੱਚਿਆਂ ਦੀ ਸਹਾਇਤਾ ਲਈ ਪੜ੍ਹੇ-ਲਿਖੇ ਨੌਜਵਾਨਾਂ ਵੱਲੋਂ  ਬਣਾਈ ਸੰਸਥਾ ਹੈਲਪਲਾਈਨ ਆਪਣੇ ਕੰਮ ਦਾ ਘੇਰਾ ਵਸੀਹ ਕਰਨਾ ਚਾਹੁੰਦੀ ਸੀ। ਸੰਸਥਾ ਨੇ ਆਪਣੇ ਕੰਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਨੂੰ ਵਰਦੀਆਂ, ਪੁਸਤਕਾਂ ਅਤੇ ਲਿਖਣ ਸਮੱਗਰੀ ਵੰਡ ਕੇ ਕੀਤੀ ਸੀ।

ਚੰਗੇ ਸਿੱਟੇ ਨਿਕਲਦੇ ਦੇਖ ਕੇ ਸ਼ਹਿਰ ਦੇ ਪਤਵੰਤੇ ਸੱਜਣ ਸਹਾਇਤਾ ਲਈ ਹੱਥ ਵਧਾਉਣ ਲੱਗੇ।

ਉਤਸ਼ਾਹਤ ਹੋਏ ਨੌਜਵਾਨਾਂ ਨੇ ਪੜ੍ਹਾਈ ਦੇ ਨਾਲ-ਨਾਲ ਕਮਜ਼ੋਰ ਅਤੇ ਬੀਮਾਰ ਬੱਚਿਆਂ ਨੂੰ ਡਾਕਟਰੀ ਸਹਾਇਤਾ ਦੇਣ ਦਾ ਬੀੜਾ ਚੁੱਕ ਲਿਆ। ਦੋ ਡਾਕਟਰਾਂ ਨੇ ਮਹੀਨੇ ਵਿਚ ਇਕ-ਇਕ ਦਿਨ ਬੱਚਿਆਂ ਦੇ ਮੁਫ਼ਤ ਡਾਕਟਰੀ ਮੁਆਇਨੇ ਲਈ ਰਾਖਵਾਂ ਕਰ ਦਿੱਤਾ। ਦਵਾਈ ਅਤੇ ਹੋਰ ਲੋੜੀਂਦੀ ਸਮੱਗਰੀ ਉਪਲਬਧ ਕਰਾਉਣ ਦੀ ਜ਼ਿੰਮੇਵਾਰੀ ਐਨ.ਆਰ.ਆਈ. (ਨਾਨ ਰੈਜ਼ੀਡੈਂਟ ਇੰਡੀਅਨ) ਸਭਾ ਨੇ ਸੰਭਾਲ ਲਈ।

ਜਿਹੜੇ ਪੇਂਡੂ ਬੱਚਿਆਂ ਨੇ ਕਦੇ ਸ਼ਹਿਰ ਦਾ ਰੇਲਵੇ ਸਟੇਸ਼ਨ ਨਹੀਂ ਸੀ ਦੇਖਿਆ, ਉਹਨਾਂ ਨੂੰ ਪਹਾੜਾਂ ਦੀ ਸੈਰ ਕਰਾਉਣ ਲਈ ਗਰੀਨ ਟਰਾਂਸਪੋਰਟ ਕੰਪਨੀ ਨੇ ਆਏ ਮਹੀਨੇ ਇਕ ਬੱਸ ਭੇਜਣ ਦੀ ਜ਼ਿੰਮੇਵਾਰੀ ਲੈ ਲਈ। ਲੰਗਰ ਦਾ ਪ੍ਰਬੰਧ ਟਰੱਕ ਯੂਨੀਅਨ ਦੇ ਜ਼ਿੰਮੇ ਸੀ।

ਪਿਛਲੇ ਕੁਝ ਸਮੇਂ ਤੋਂ ਹੈਲਪਲਾਈਨ ਵਾਲਿਆਂ ਨੂੰ ਇਕ ਨਵੀਂ ਸਮੱਸਿਆ ਨੇ ਘੇਰਿਆ ਹੋਇਆ ਸੀ। ਸ਼ਹਿਰੀਆਂ ਵੱਲੋਂ ਹੈਲਪਲਾਈਨ ਕੋਲੋਂ ਜੇਲ੍ਹ ਵਿਚ ਬੰਦ ਕੁਝ ਬੱਚਿਆਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਸੰਸਥਾ ਮੁਸੀਬਤ ਵਿਚ ਫਸੇ ਬੱਚਿਆਂ ਦੀ ਸਹਾਇਤਾ ਕਰਨਾ ਚਾਹੁੰਦੀ ਸੀ, ਪਰ ਸਹਾਇਤਾ ਕਿਸ ਤਰ੍ਹਾਂ ਕੀਤੀ ਜਾਵੇ, ਇਹ ਸਮਝ ਨਹੀਂ ਸੀ ਆ ਰਹੀ।

ਹੈਲਪਲਾਈਨ ਦਾ ਡਾਇਰੈਕਟਰ, ਤਰਸੇਮ, ਜੇਲ੍ਹ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰ ਚੁੱਕਾ ਸੀ। ਜੇਲ੍ਹ ਵਿਚ ਬੰਦ ਬੱਚਿਆਂ ਦਾ ਪਿਛੋਕੜ ਜਾਣ ਚੁੱਕਾ ਸੀ। ਉਹਨਾਂ ਨੂੰ ਰਿਹਾਅ ਕਰਾਉਣ ਦੇ ਢੰਗ-ਤਰੀਕੇ ਸਮਝ ਚੁੱਕਾ ਸੀ।

ਜੇਲ੍ਹ ਵਿਚ ਬੰਦ ਚੌਦਾਂ ਵਿਚੋਂ ਦੋ ਬੱਚੇ ਉਮਰ ਕੈਦ ਕੱਟ ਰਹੇ ਕੈਦੀਆਂ ਦੇ ਸਨ। ਉਹਨਾਂ ਵਿਚੋਂ ਇਕ ਕੈਦੀ ਇਸਤਰੀ ਸੀ, ਇਕ ਪੁਰਸ਼। ਇਸਤਰੀ ਕੈਦਣ ਜਦੋਂ ਗ੍ਰਿਫ਼ਤਾਰ ਹੋਈ ਤਾਂ ਉਹ ਗਰਭਵਤੀ ਸੀ। ਉਸ ਉਪਰ ਆਪਣੀ ਸੱਸ ਨੂੰ ਗਲਾ ਘੁੱਟ ਕੇ ਮਾਰਨ ਦਾ ਦੋਸ਼ ਸੀ। ਕੈਦਣ ਦੇ ਸਹੁਰਿਆਂ ਨੇ ਤਾਂ ਉਸ ਦਾ ਵਿਰੋਧ ਕਰਨਾ ਹੀ ਸੀ, ਮਾਪਿਆਂ ਨੇ ਵੀ ਇਕ ਵਾਰ ਆ ਕੇ ਧੀ ਕੋਲੋਂ ਇਹ ਨਹੀਂ ਸੀ ਪੁੱਛਿਆ ਕਿ ਉਸ ਨੇ ਆਪਣੀ ਸੱਸ ਦਾ ਗਲਾ ਕਿਉਂ ਘੁੱਟਿਆ ਸੀ? ਸ਼ੀਲਾ ਦੇ ਪੇਕਿਆਂ ਨੇ ਸਹੁਰਿਆਂ ਦੇ ਇਸ ਦੋਸ਼ ਨੂੰ ਸਹੀ ਮੰਨ ਲਿਆ ਸੀ ਕਿ ਉਸ ਦੇ ਪੇਟ ਵਿਚ ਪਲਦਾ ਬੱਚਾ ਨਾਜਾਇਜ਼ ਸੀ।

ਅੱਠ ਸਾਲ ਦੀ ਉਮਰ ਤਕ ਬੱਚਾ ਜ਼ਨਾਨਾ ਵਾਰਡ ਵਿਚ ਮਾਂ ਨਾਲ ਰਹਿੰਦਾ ਰਿਹਾ। ਜਿਉਂ ਹੀ ਬੱਚੇ ਨੇ ਨੌਵੇਂ ਸਾਲ ਵਿਚ ਪੈਰ ਧਰਿਆ, ਤਿਉਂ ਹੀ ਜੇਲ੍ਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਨੂੰ ਜ਼ਨਾਨਾ ਵਾਰਡ ਵਿਚੋਂ ਕੱਢ ਕੇ ਬੱਚਾ ਵਾਰਡ ਵਿਚ ਭੇਜ ਦਿੱਤਾ ਗਿਆ। ਹੁਣ ਉਹ ਦੋ ਸਾਲ ਤੋਂ ਇਥੇ ਬੰਦ ਸੀ। ਜੇਲ੍ਹ ਅਧਿਕਾਰੀਆਂ ਨੇ ਸ਼ੀਲਾ ਦੇ ਪੇਕਿਆਂ ਅਤੇ ਸਹੁਰਿਆਂ ਦੋਹਾਂ ਧਿਰਾਂ ਨਾਲ ਸੰਪਰਕ ਕੀਤਾ। ਕੋਈ ਧਿਰ ਬੱਚੇ ਨੂੰ ਲੈਣਾ ਚਾਹੇ ਤਾਂ ਲੈ ਸਕਦੀ ਹੈ। ਕੋਈ ਵੀ ਧਿਰ ਨਾਜਾਇਜ਼ ਬੱਚੇ ਨੂੰ ਆਪਣੇ ਚੌਂਕੇ ਚੜ੍ਹਾਉਣ ਲਈ ਤਿਆਰ ਨਹੀਂ ਸੀ।

ਛੇ ਸਾਲ ਦਾ ਦੂਸਰਾ ਬੱਚਾ ਇਕ ਮੰਗਤੇ ਕੈਦੀ ਦਾ ਸੀ। ਮੰਗਤੇ ਦੀ ਜੇਲ੍ਹ ਅੰਦਰ ਮੌਤ ਹੋ ਗਈ ਸੀ। ਮੰਗਤੇ ਦੇ ਅੱਗੇ-ਪਿੱਛੇ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕੁਝ ਮੰਗਤੇ ਬੱਚੇ ਨੂੰ ਲੈਣ ਆਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੇ ਨੂੰ ਮੰਗਤਿਆਂ ਹਵਾਲੇ ਕਰਨਾ ਉਚਿਤ ਨਹੀਂ ਸਮਝਿਆ। ਮੰਗਤਿਆਂ ਨੇ ਬੱਚੇ ਨੂੰ ਮੰਗਤਾ ਬਣਾਉਣਾ ਸੀ। ਤਿੰਨ ਸਾਲ ਤੋਂ ਇਹ ਬੱਚਾ ਬਿਨਾਂ ਮਤਲਬ ਜੇਲ੍ਹ ਵਿਚ ਬੰਦ ਸੀ। ਪਹਿਲਾਂ-ਪਹਿਲਾਂ ਕੁਝ ਜੋੜੇ ਇਸ ਬੱਚੇ ਨੂੰ ਗੋਦ ਲੈਣ ਆਏ, ਪਰ ਬੱਚਾ ਨਾ ਦੇਖਣ ਵਿਚ ਦਿਲਕਸ਼ ਸੀ, ਨਾ ਬਹੁਤਾ ਚੁਸਤ ਚਲਾਕ। ਨੌਂ ਸਾਲ ਦਾ ਹੋ ਕੇ ਵੀ ਉਸ ਨੂੰ ਕਿਤਾਬ ਸਿੱਧੀ ਫੜਨੀ ਨਹੀਂ ਸੀ ਆਉਂਦੀ। ਉਪਰੋਂ ਮੰਗਤਿਆਂ ਵਾਲਾ ਪਿਛੋਕੜ ਹੋਣ ਕਾਰਨ ਜੋੜੇ ਮੁੜਦੇ ਰਹੇ।

 

ਬਾਕੀ ਕੈਦੀ ਬੱਚਿਆਂ ਦੇ ਪਿਛੋਕੜ ਮੁਜਰਮਾਨਾ ਸਨ। ਕੋਈ ਚੋਰੀ ਕਰਦਾ ਫੜਿਆ ਗਿਆ ਸੀ ਅਤੇ ਕੋਈ ਜੇਬਾਂ ਕੱਟਦਾ। ਕਿਸੇ ਨੂੰ ਜੂਆ ਖੇਡਣ ਦੀ ਲਤ ਸੀ ਅਤੇ ਕਿਸੇ ਨੂੰ ਚਰਸ ਪੀਣ ਦੀ। ਕਿਸੇ ਦਾ ਬਾਪ ਚਾਕੂਮਾਰ ਸੀ ਅਤੇ ਕਿਸੇ ਦੀ ਮਾਂ ਧੰਦਾ ਕਰਦੀ ਸੀ।

ਹੈਲਪਲਾਈਨ ਨੂੰ ਪਹਿਲੇ ਦੋ ਬੱਚਿਆਂ ਦਾ ਫ਼ਿਕਰ ਸੀ। ਵੱਧ ਚਿੰਤਾ ਇਸ ਗੱਲ ਦੀ ਵੀ ਸੀ ਕਿ ਉਹਨਾਂ ਨੂੰ ਪੇਸ਼ੇਵਰ ਮੁਜਰਮਾਂ ਨਾਲ ਰੱਖਿਆ ਜਾ ਰਿਹਾ ਸੀ। ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜ ਰਿਹਾ ਸੀ। ਬੀੜੀ ਸਿਗਰਟ ਪੀਣੀ ਉਹਨਾਂ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਜੇ ਉਹਨਾਂ ਨੂੰ ਜਲਦੀ ਰਿਹਾਅ ਨਾ ਕਰਾਇਆ ਗਿਆ ਤਾਂ ਉਹਨਾਂ ਵੀ ਮੁਜਰਮ ਬਿਰਤੀ ਦਾ ਬਣ ਜਾਣਾ ਸੀ। ਜਿਨ੍ਹਾਂ ਨੂੰ ਗੁੜ੍ਹਤੀ ਵਿਚ ਜੁਰਮ ਦਾ ਪਾਠ ਮਿਲਿਆ ਹੋਵੇ, ਉਹਨਾਂ ਨੇ ਵੱਡੇ ਹੋ ਕੇ ਕੀ ਬਣਨਾ ਹੈ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ।

ਜੇਲ੍ਹ ਅਧਿਕਾਰੀ ਦੋਹਾਂ ਬੱਚਿਆਂ ਨੂੰ ਜ਼ਮਾਨਤ ਉਪਰ ਰਿਹਾਅ ਕਰਨ ਲਈ ਤਿਆਰ ਸਨ। ਉਹਨਾਂ ਦੀ ਚੰਗੀ ਪਰਵਰਸ਼ਿ ਦੀ ਜ਼ਿੰਮੇਵਾਰੀ ਕੌਣ ਲਏ ਅਤੇ ਰਿਹਾਅ ਕਰਾਉਣ ਬਾਅਦ ਕਿਥੇ ਰੱਖਿਆ ਜਾਵੇ? ਹੈਲਪਲਾਈਨ ਵਾਲਿਆਂ ਨੇ ਉੱਡਦੀ-ਉੱਡਦੀ ਖ਼ਬਰ ਸੁਣੀ ਸੀ। ਲੋਕ ਸੰਘਰਸ਼ ਸੰਮਤੀ ਨੇ ਗ਼ਰੀਬ ਪੀੜਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

ਇਸ ਖ਼ਬਰ ਦੀ ਪੁਸ਼ਟੀ ਇਸਤਰੀ ਸਭਾ ਦੀ ਪ੍ਰਧਾਨ ਕੋਲੋਂ ਹੋ ਗਈ। ਜੋ ਕੰਮ ਸਭਾ ਤੋਂ ਛੇ ਮਹੀਨੇ ਵਿਚ ਨਹੀਂ ਸੀ ਹੋਇਆ, ਉਹ ਸੰਘਰਸ਼ ਸੰਮਤੀ ਨੇ ਛੇ ਦਿਨਾਂ ਵਿਚ ਕਰ ਦਿੱਤਾ।

ਇਸਤਰੀ ਸਭਾ ਚਾਹੰਦੀ ਸੀ, ਨੀਲਮ ਨੂੰ ਜ਼ਮਾਨਤ ’ਤੇ ਰਿਹਾਅ ਕਰਾਇਆ ਜਾਵੇ। ਸੰਮਤੀ ਚਾਹੁੰਦੀ ਤਾਂ ਨੀਲਮ ਨੂੰ ਇਕ ਘੰਟੇ ਦੇ ਅੰਦਰ-ਅੰਦਰ ਜ਼ਮਾਨਤ ’ਤੇ ਰਿਹਾਅ ਕਰਵਾ ਦਿੰਦੀ, ਪਰ ਜ਼ਮਾਨਤ ’ਤੇ ਬਾਹਰ ਆਉਣਾ ਨੀਲਮ ਦੇ ਹਿੱਤ ਵਿਚ ਨਹੀਂ ਸੀ। ਉਹ ਖ਼ਤਰਨਾਕ ਬੀਮਾਰੀ ਦੀ ਸ਼ਿਕਾਰ ਸੀ। ਇਲਾਜ ਬਹੁਤ ਮਹਿੰਗਾ ਸੀ। ਨਾ ਇਸ ਦਾ ਬੋਝ ਇਸਤਰੀ ਸਭਾ ਤੋਂ ਝੱਲ ਹੋਣਾ ਸੀ, ਨਾ ਸੰਘਰਸ਼ ਸੰਮਤੀ ਤੋਂ। ਉਸ ਦਾ ਇਲਾਜ ਸਰਕਾਰੀ ਖ਼ਰਚੇ ’ਤੇ ਹੋਣਾ ਚਾਹੀਦਾ ਸੀ।

ਸੰਘਰਸ਼ ਸੰਮਤੀ ਨੇ ਨੀਲਮ ਦਾ ਡਾਕਟਰੀ ਮੁਆਇਨਾ ਮਾਹਿਰ ਡਾਕਟਰਾਂ ਕੋਲੋਂ ਕਰਾਉਣ ਦੀ ਅਦਾਲਤ ਵਿਚ ਦਰਖ਼ਾਸਤ ਲਾਈ। ਅਰਜ਼ ਮਨਜ਼ੂਰ ਹੋਈ। ਡਾਕਟਰੀ ਹੋਈ। ਉਚਿਤ ਇਲਾਜ ਲਈ ਨੀਲਮ ਨੂੰ ਸੂਬੇ ਦੇ ਉੱਚ ਕੋਟੀ ਦੇ ਹਸਪਤਾਲ ਵਿਚ ਦਾਖ਼ਲ ਕਰਾਉਣ ਦੀ ਹਦਾਇਤ ਹੋਈ।

ਨੀਲਮ ਦੇ ਅਦਾਲਤ ਦੀ ਹਿਰਾਸਤ ਵਿਚ ਹੋਣ ਕਾਰਨ ਅਤੇ ਹਰ ਪੰਦਰਾਂ ਦਿਨਾਂ ਬਾਅਦ ਸਿਹਤ ਸੰਬੰਧੀ ਮੰਗੀ ਜਾਂਦੀ ਰਿਪੋਰਟ ਕਾਰਨ ਡਾਕਟਰਾਂ ਨੂੰ ਉਸ ਦਾ ਇਲਾਜ ਧਿਆਨ ਨਾਲ ਕਰਨਾ ਪੈ ਰਿਹਾ ਸੀ।

ਉਸ ਦੀ ਹਾਲਤ ਸੁਧਰ ਗਈ ਸੀ। ਕਿਸੇ ਵੀ ਸਮੇਂ ਉਸ ਨੂੰ ਹਸਪਤਾਲੋਂ ਛੁੱਟੀ ਹੋ ਸਕਦੀਸੀ।

ਛੁੱਟੀ ਹੋਣ ’ਤੇ ਸੰਮਤੀ ਨੇ ਉਸ ਦੀ ਜ਼ਮਾਨਤ ਕਰਵਾ ਲੈਣੀ ਸੀ।

 

ਇਸਤਰੀ ਸਭਾ ਦੀ ਪ੍ਰਧਾਨ ਨੇ ਹੈਲਪਲਾਈਨ ਵਾਲਿਆਂ ਨੂੰ ਸਲਾਹ ਦਿੱਤੀ।

“ਤੁਸੀਂ ਸੰਘਰਸ਼ ਸੰਮਤੀ ਵਾਲਿਆਂ ਕੋਲ ਜਾਓ। ਉਹਨਾਂ ਕੋਲੋਂ ਸਹਾਇਤਾ ਲਓ। ਲੋੜ ਪੈਣ ’ਤੇ ਉਹਨਾਂ ਨੂੰ ਸਹਾਇਤਾ ਦਿਓ। ਸਾਂਝੇ ਸੰਘਰਸ਼ ਨਾਲ ਮਸਲੇ ਹੱਲ ਹੋਣੇ ਹਨ।”

ਪ੍ਰਧਾਨ ਦੀ ਕਰੋੜਾਂ ਰੁਪਏ ਦੇ ਮੱਲ ਦੀ ਰਾਏ ’ਤੇ ਝੱਟ ਫੁੱਲ ਚੜ੍ਹਾਏ ਗਏ।

ਸੰਮਤੀ ਵਾਲਿਆਂ ਝੱਟ ਵਿਚਾਰ-ਵਟਾਂਦਰੇ ਲਈ ਦੀ ਮੀਟਿੰਗ ਬੁਲਾ ਲਈ।

 

“ਬੱਚਿਆਂ ਨੂੰ ਰਿਹਾਅ ਕਰਾਉਣ ਦੀ ਕੋਈ ਦਿੱਕਤ ਨਹੀਂ ਹੈ। ਜਿਨ੍ਹਾਂ ਬੱਚਿਆਂ ਨੂੰ ਅਸੀਂ ਰਿਹਾਅ ਕਰਾਉਣਾ ਚਾਹੁੰਦੇ ਹਾਂ, ਉਹ ਅਪਰਾਧੀ ਨਹੀਂ, ਬੇਸਹਾਰਾ ਹਨ। ਉਚਿਤ ਦੇਖ-ਭਾਲ ਦਾ ਯਕੀਨ ਦਿਵਾ ਕੇ ਕੋਈ ਵੀ ਸੰਸਥਾ ਉਹਨਾਂ ਨੂੰ ਛੁਡਾ ਸਕਦੀ ਹੈ। ਇਸ ਉੱਦਮ ਦੀ ਕਾਨੂੰਨ ਇਜਾਜ਼ਤ ਹੀ ਨਹੀਂ, ਉਸ ਨੂੰ ਉਤਸ਼ਾਹਿਤ ਵੀ ਕਰਦਾ ਹੈ। ਸਮੱਸਿਆ ਇਹ ਹੈ ਕਿ ਬੱਚੇ ਰਹਿਣਗੇ ਕਿੱਥੇ? ਇਹਨਾਂ ਦੀ ਪਰਵਰਿਸ਼ ਕੌਣ ਕਰੇਗਾ?

ਗੁਰਮੀਤ ਨੂੰ ਬੱਚਿਆਂ ਦੇ ਵਰਤਮਾਨ ਦੇ ਨਾਲ-ਨਾਲ ਭਵਿੱਖ ਦੀ ਚਿੰਤਾ ਸੀ। ਇਹ ਚਿੰਤਾ ਉਸ ਨੇ ਹੈਲਪਲਾਈਨ ਵਾਲਿਆਂ ਨਾਲ ਸਾਂਝੀ ਕੀਤੀ।

“ਹਾਲ ਦੀ ਘੜੀ ਇਸ ਸਮੱਸਿਆ ਦਾ ਹੱਲ ਸਾਡੇ ਕੋਲ ਨਹੀਂ ਹੈ। ਸਾਨੂੰ ਬੱਚਿਆਂ ਨਾਲ ਨਜਿੱਠਣ ਦਾ ਤਜਰਬਾ ਨਹੀਂ ਹੈ। ਸਹਾਇਤਾ ਲਈ ਕਿਸੇ ਵੱਡੀ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।”

ਤਰਸੇਮ ਨੇ ਆਪਣੀ ਸੰਸਥਾ ਦੀਆਂ ਸੀਮਾਵਾਂ ਦਾ ਬਿਨਾਂ ਝਿਜਕ ਜ਼ਿਕਰ ਕੀਤਾ।

“ਇਕ ਹੱਲ ਹੋ ਸਕਦਾ ਹੈ। ਆਪਾਂ ਅਦਾਲਤ ਦਾ ਦਰਵਾਜ਼ਾ ਖੜਕਾਈਏ। ਬੇਕਸੂਰ ਬੱਚਿਆਂ ਨੂੰ ਅਪਰਾਧੀਆਂ ਨਾਲੋਂ ਵੱਖ ਰੱਖਣ ਦਾ ਹੁਕਮ ਕਰਾਈਏ। ਉਹਨਾਂ ਨੂੰ ਹੋਰ ਵਿਗੜਨ ਤੋਂ ਬਚਾਈਏ। ਜਿਨ੍ਹਾਂ-ਜਿਨ੍ਹਾਂ ਸਹੂਲਤਾਂ ਦਾ ਕਾਨੂੰਨ ਵਾਅਦਾ ਕਰਦਾ ਹੈ, ਉਹ ਬੱਚਿਆਂ ਨੂੰ ਉਪਲਬਧ ਕਰਾਈਏ।”

ਬਦਲਵੇਂ ਪ੍ਰਬੰਧ ਹੋਣ ਤਕ ਗੁਰਮੀਤ ਸਮੱਸਿਆ ਨੂੰ ਕਾਨੂੰਨੀ ਢੰਗ ਨਾਲ ਨਜਿੱਠਣਾ ਚਾਹੁੰਦਾ ਸੀ।

“ਜੇ ਬੇਸਹਾਰਾ ਬੱਚੇ ਅਪਰਾਧੀਆਂ ਨਾਲੋਂ ਵੱਖ ਹੋ ਜਾਣ, ਉਹਨਾਂ ਨੂੰ ਖਾਣ-ਪੀਣ ਚੰਗਾ ਮਿਲਣ ਲੱਗ ਜਾਏ ਅਤੇ ਪੜ੍ਹਾਈ-ਲਿਖਾਈ ਦਾ ਪ੍ਰਬੰਧ ਹੋ ਜਾਏ ਤਾਂ ਹਾਲ ਦੀ ਘੜੀ ਇਹੋ ਬਥੇਰਾਹੈ।”

ਗੱਲਬਾਤ ਬਾਅਦ ਨਿਕਲੇ ਸਿੱਟੇ ’ਤੇ ਤਰਸੇਮ ਨੇ ਤਸੱਲੀ ਪ੍ਰਗਟਾਈ।

ਫ਼ੈਸਲੇ ਨੂੰ ਤੁਰੰਤ ਅਮਲੀ ਰੁਪ ਦੇਣ ਅਤੇ ਆਪਣੇ-ਆਪਣੇ ਕੰਮਾਂ ਵਿਚ ਜੁੱਟ ਜਾਣ ਲਈ ਦੋਵੇਂ ਧਿਰਾਂ ਉੱਠ ਖੜੋਤੀਆਂ।

 

 

25

ਆਪਣੇ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾਉਣ ਦੇ ਮਕਸਦ ਨਾਲ ਸੰਘਰਸ਼ ਸੰਮਤੀ ਸੋਚੀ-ਸਮਝੀ ਨੀਤੀ ਤਹਿਤ ਕੰਮ ਕਰਨ ਲੱਗੀ।

ਇਸ ਵਾਰ ਸੰਮਤੀ ਨੇ ਪ੍ਰੀਤੋ ਦੀ ਜ਼ਮਾਨਤ ਕਰਾਉਣ ਬਾਅਦ ਆਪਣੀਆਂ ਗਤੀਵਿਧੀਆਂ ਨੂੰ ਕਚਹਿਰੀ ਤਕ ਸੀਮਤ ਨਹੀਂ ਸੀ ਰੱਖਿਆ। ਘਰ ਅਤੇ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਵੀ ਪਹਿਲ ਕੀਤੀ ਸੀ।

ਇਸਤਰੀ ਸਭਾ ਨਾਲ ਮਿਲ ਕੇ ਜਲਸੇ ਜਲੂਸ ਸ਼ਹਿਰਾਂ ਦੀ ਥਾਂ ਪਿੰਡਾਂ ਵਿਚ ਕੀਤੇ ਸਨ।

ਪਹਿਲਾਂ ਘਬਰਾਈ ਪੁਲਿਸ ਨੇ ਧੰਨੇ ਦਾ ਸਾਥ ਛੱਡਿਆ। ਫੇਰ ਘਬਰਾਏ ਧੰਨੇ ਨੇ ਕਬਜ਼ਾ ਛੱਡ ਦਿੱਤਾ।

ਇਹਨਾਂ ਸਾਂਝੇ ਸੰਘਰਸ਼ਾਂ ਬਾਅਦ ਇਸਤਰੀ ਸਭਾ ਅਤੇ ਸੰਮਤੀ ਦਾ ਘਿਓ-ਖਿਚੜੀ ਵਾਲਾ ਰਿਸ਼ਤਾ ਬਣ ਗਿਆ। ਇਕ ਸੰਸਥਾ ਜੇ ਸੰਘਰਸ਼ ਵਿੱਢਦੀ ਤਾਂ ਦੂਜੀ ਬਿਨਾਂ ਪੁੱਛੇ ਪੁੱਜ ਜਾਂਦੀ ਹੈ।

ਹੈਲਪਲਾਈਨ ਵਾਲਿਆਂ ਦਾ ਮਸਲਾ ਕਾਨੂੰਨੀ ਸੀ। ਅਦਾਲਤ ਵਿਚ ਦਰਖ਼ਾਸਤ ਦਿੰਦਿਆਂ ਹੀ ਸਮੱਸਿਆ ਸੁਲਝ ਗਈ। ਬੇਸਹਾਰਾ ਬੱਚਿਆਂ ਨੂੰ ਕਿਸ਼ੋਰ ਅਪਰਾਧੀਆਂ ਨਾਲੋਂ ਵੱਖ ਕਰ ਦਿੱਤਾ ਗਿਆ। ਨਾਲ ਹੀ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਹੁਕਮ ਹੋ ਗਿਆ।

ਨੌਜਵਾਨ ਤਬਕਾ ਸੰਮਤੀ ਦਾ ਅਹਿਸਾਨਮੰਦ ਹੋ ਗਿਆ।

ਚੌਥਾ ਦਰਜਾ ਕਰਮਚਾਰੀਆਂ ਦੀ ਜਥੇਬੰਦੀ ਨੂੰ ਜਦੋਂ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਪਈ ਤਾਂ ਹੈਲਪਲਾਈਨ ਵਾਲਿਆਂ ਨੇ ਉਹਨਾਂ ਦੀ ਬਾਂਹ ਸੰਮਤੀ ਵਾਲਿਆਂ ਨੂੰ ਫੜਾ ਦਿੱਤੀ।

ਜਥੇਬੰਦੀ ਦਾ ਇਕ ਮੈਂਬਰ ਸਿਵਲ ਹਸਪਤਾਲ ਵਿਚ ਸੇਵਾਦਾਰ ਸੀ।

ਪਿਛਲੇ ਮਹੀਨੇ ਹਸਪਤਾਲ ਦੇ ਮੁਖੀ ਡਾਕਟਰ ਨੇ ਫੂਡ ਇੰਸਪੈਕਟਰ ਨੂੰ ਨਾਲ ਲੈ ਕੇ ਖਾਣ- ਪੀਣ ਦੀਆਂ ਚੀਜ਼ਾਂ ਦੇ ਨਮੂਨੇ ਭਰਨ ਦੀ ਮੁਹਿੰਮ ਛੇੜੀ ਸੀ।

ਬਹੁਤੀਆਂ ਥਾਵਾਂ ਤੋਂ ਪਹਿਲਾਂ ਹੀ ਬੱਝਵਾਂ ਮਹੀਨਾ ਆਉਂਦਾ ਸੀ। ਉਹਨਾਂ ਦੁਕਾਨਦਾਰਾਂ ਨੂੰ ਫੂਡ ਇੰਸਪੈਕਟਰ ਨੇ ਆਪਣੇ ਆਉਣ ਦੀ ਸੂਚਨਾ ਪਹਿਲਾਂ ਦੇ ਦਿੱਤੀ। ਆਨੇ-ਬਹਾਨੇ ਦੁਕਾਨਾਂ ਬੰਦ ਕਰ ਕੇ ਉਹ ਟੀਮ ਦੇ ਦਫ਼ਤਰੋਂ ਨਿਕਲਣ ਤੋਂ ਪਹਿਲਾਂ ਖਿਸਕ ਗਏ। ਕੁਝ ਨਾਲ ਮੌਕੇ ’ਤੇ ਲੈਣ-ਦੇਣ ਹੋ ਗਿਆ। ਜਿਨ੍ਹਾਂ ਨੂੰ ਅਫ਼ਸਰਾਂ ਨਾਲ ਗੱਲ ਕਰਨ ਦੀ ਜਾਚ ਨਹੀਂ ਸੀ, ਉਹਨਾਂ ਦੀਆਂ ਚੀਜ਼ਾਂ ਦੇ ਨਮੂਨੇ ਭਰੇ ਗਏ।

ਨਮੂਨੇ ਭਰਨ ਨਿਕਲੀ ਟੀਮ ਦਾ ਮਕਸਦ ਸਿਹਤ ਲਈ ਹਾਨੀਕਾਰਕ ਚੀਜ਼ਾਂ ਵਿਕਣੀਆਂ ਬੰਦ ਕਰਾਉਣਾ ਨਹੀਂ ਸੀ ਸਗੋਂ ਅਫ਼ਸਰਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਡਰਾਉਣਾ-ਧਮਕਾਉਣਾ, ਜਿਹੜੇ ਮਹੀਨਾ ਨਹੀਂ ਦਿੰਦੇ ਉਹਨਾਂ ਨੂੰ ਸਬਕ ਸਿਖਾਉਣਾ ਅਤੇ ਆਪਣੀਆਂ ਜੇਬਾਂ ਭਰਨਾ ਸੀ। ਨਾਲੇ ਮਹਿਕਮੇ ਵੱਲੋਂ ਨਿਸ਼ਚਿਤ ਕੋਟੇ ਦੇ ਨਮੂਨੇ ਭਰ ਕੇ ਖ਼ਾਨਾ-ਪੂਰਤੀ ਕਰਨਾ ਸੀ।

ਟੀਮ ਦੇ ਸਾਰੇ ਮੈਂਬਰ ਆਪਣਾ ਇਹ ਫ਼ਰਜ਼ ਬਾ-ਖ਼ੂਬੀ ਨਿਭਾ ਰਹੇ ਸਨ।

ਅਣਜਾਣਪੁਣੇ ਵਿਚ ਜਿਹੜੇ ਦੁਕਾਨਦਾਰਾਂ ਨੇ ਨਮੂਨੇ ਭਰਾ ਲਏ, ਉਹਨਾਂ ਨੂੰ ਖੱਜਲ-ਖ਼ੁਆਰੀ ਵਿਚੋਂ ਨਿਕਲਣ ਦੇ ਢੰਗ-ਤਰੀਕੇ ਟੀਮ ਦੇ ਮੈਂਬਰ ਹੀ ਸਮਝਾਉਣ ਲੱਗੇ।

“ਫ਼ੀਸ ਦੇ ਦੇ। ਨਮੂਨੇ ਜਾਂਦੇ ਹੋਏ ਨਾਲੇ ਵਿਚ ਸੁੱਟ ਜਾਵਾਂਗੇ।” ਕਿਸੇ ਦੁਕਾਨਦਾਰ ਨੂੰ ਇਹ ਗੁਰ ਦੱਸਿਆ ਗਿਆ।

“ਪਹਿਲਾਂ ਆਪਣੀ ਚੀਜ਼ ਪ੍ਰਾਈਵੇਟ ਲੈਬਾਰਟਰੀ ਵਿਚੋਂ ਟੈਸਟ ਕਰਾ ਲੈ। ਜਦੋਂ ਪਾਸ ਹੋ ਜਾਵੇ ਲੈ ਆਈਂ। ਮਾਲ ਬਦਲ ਦੇਵਾਂਗੇ। ਨਮੂਨੇ ਆਪੇ ਪਾਸ ਹੋ ਕੇ ਆਉਣਗੇ।” ਕਿਸੇ ਦੁਕਾਨਦਾਰ ਨੂੰ ਇਹ ਤਰੀਕਾ ਦੱਸਿਆ ਗਿਆ।

ਡਾਕਟਰ ਨੇ ਦੁਕਾਨਦਾਰਾਂ ਨੂੰ ਰਿਆਇਤਾਂ ਵੀ ਨਿਹੰਗਾਂ ਵਾਲੀਆਂ ਦਿੱਤੀਆਂ।ਹਰਦੁਕਾਨਦਾਰ ਤੋਂ ਪੰਜ ਹਜ਼ਾਰ ਮੰਗਿਆ ਗਿਆ। ਜਾਂਦੇ ਚੋਰ ਦੀ ਲੰਗੋਟੀ ਸਮਝ ਕੇ ਲੈ ਦੋ ਸੌ ਵੀ ਲਿਆ।

ਨੀਨਾ ਆਚਾਰ ਫ਼ੈਕਟਰੀ ਵਿਚ ਗੱਲਬਾਤ ਕੁਝ ਜ਼ਿਆਦਾ ਲਟਕ ਗਈ।

ਨੀਨਾ ਇਸ ਫ਼ੈਕਟਰੀ ਦੀ ਮਾਲਕ ਦਾ ਨਾਂ ਸੀ। ਉਸ ਦਾ ਪਤੀ ਪਾਪੜ-ਵੜੀਆਂ ਦਾ ਕੰਮ ਕਰਦਾ ਸੀ। ਸ਼ਹਿਰ ਵਿਚ ਉਸ ਦੀ ਚੰਗੀ ਪੜਤ ਸੀ। ਪਿਛਲੇ ਸਾਲ ਇਕ ਐਕਸੀਡੈਂਟ ਵਿਚ ਉਸ ਦੀ ਮੌਤ ਹੋ ਗਈ। ਛੇ ਮਹੀਨੇ ਘਰ ਬੈਠੀ ਨੀਨਾ ਰੋਂਦੀ ਕੁਰਲਾਂਦੀ ਰਹੀ। ਜਦੋਂ ਚੁੱਲ੍ਹਾ ਮਘਦਾ ਰੱਖਣ ਵਿਚ ਦਿੱਕਤ ਆਉਣ ਲੱਗੀ ਤਾਂ ਭੈਣ-ਭਰਾਵਾਂ ਅਤੇ ਪਤੀ ਦੇ ਦੋਸਤਾਂ ਨੇ ਸਮਝਾਇਆ, “ਕੁਝ ਕਰਨਾ ਪਏਗਾ।”

ਨੀਨਾ ਦੇ ਜੀਜੇ ਦੀ ਪੰਚਕੂਲੇ ਆਚਾਰ ਦੀ ਫ਼ੈਕਟਰੀ ਸੀ। ਆਪਣੇ ਮਿਸਤਰੀ ਭੇਜ ਕੇ ਉਸ ਨੇ ਆਚਾਰ ਦੀ ਫ਼ੈਕਟਰੀ ਚਾਲੂ ਕਰਵਾ ਦਿੱਤੀ। ਪੁਰਾਣੇ ਦੁਕਾਨਦਾਰਾਂ ਨੇ ਮੁਲਾਹਜ਼ਾ ਨਿਭਾਇਆ। ਬਾਕੀ ਦੇ ਆਚਾਰ ਮੰਗਵਾਉਣੇ ਬੰਦ ਕਰ ਕੇ ਉਹਨਾਂ ਨੇ ਨੀਨਾ ਫ਼ੈਕਟਰੀ ਦਾ ਆਚਾਰ ਵੇਚਣਾ ਸ਼ੁਰੂ ਕਰ ਦਿੱਤਾ। ਨਾਲ ਸਲਾਹ ਦਿੱਤੀ।

“ਕੁੜੀਏ, ਜੇ ਸਹੀ ਅਰਥਾਂ ਵਿਚ ਕਾਮਯਾਬ ਹੋਣਾ ਹੈ ਤਾਂ ਮਾਲ ਦੀ ਕੁਆਲਿਟੀ ਬਣਾਈ ਰੱਖੀਂ।”

ਨੀਨਾ ਨੇ ਗੱਲ ਲੜ ਬੰਨ੍ਹ ਲਈ।

ਨੀਨਾ ਨੂੰ ਯਕੀਨ ਸੀ ਕਿ ਇੰਸਪੈਕਟਰ ਚਾਹੇ ਸਾਰੇ ਆਚਾਰਾਂ ਦੇ ਨਮੂਨੇ ਭਰ ਲਏ, ਸਭ ਪਾਸ ਹੋਣਗੇ।

ਪਰ ਇੰਸਪੈਕਟਰ ਨੂੰ ਮਾਲ ਦੀ ਕੁਆਲਿਟੀ ਨਾਲ ਮਤਲਬ ਨਹੀਂ ਸੀ। ਉਸ ਨੂੰ ਮਹੀਨਾ ਚਾਹੀਦਾ ਸੀ। ਉਹ ਹੈਰਾਨ ਸੀ। ਛੇ ਮਹੀਨਿਆਂ ਤੋਂ ਫ਼ੈਕਟਰੀ ਚੱਲ ਰਹੀ ਸੀ।  ਉਸ ਨੂੰ ਪਤਾ ਤੱਕ ਨਹੀਂ ਸੀ ਲੱਗਾ।

ਨੀਨਾ ਨੂੰ ਸਬਕ ਸਿਖਾਉਣ ਲਈ ਉਸ ਨੇ ਚਾਰ ਨਮੂਨੇ ਭਰ ਲਏ।

ਨਾਲ ਨੀਨਾ ਦੇ ਭੋਲੇਪਣ ’ਤੇ ਤਰਸ ਆਇਆ। ਨੀਨਾ ਦਾ ਭਰਮ ਦੂਰ ਕਰਨ ਲਈ ਉਸ ਨੇ ਸਮਝਾਇਆ।

“ਕੁੜੀਏ, ਮਾਲ ’ਤੇ ਹੰਕਾਰ ਨਾ ਕਰੀਂ। ਨਮੂਨੇ ਟੈਸਟ ਕਰਨ ਵਾਲੇ ਰਾਜਾ ਹਰੀਸ਼ ਚੰਦਰ ਨਹੀਂ ਹਨ। ਉਹਨਾਂ ਦੇ ਵੀ ਪੇਟ ਲੱਗੇ ਹੋਏ ਨੇ। ਨਮੂਨੇ ਉਹੋ ਪਾਸ ਹੋਣਗੇ, ਜਿਹੜੇ ਅਸੀਂ ਕਰਵਾਵਾਂਗੇ। ਬਾਕੀ ਫ਼ੇਲ੍ਹ ਹੋ ਕੇ ਆਉਣਗੇ। ਅੜੀ ਛੱਡ ਤੇ ਗੱਲ ਕਰ।”

ਗੱਲ ਨੀਨਾ ਦੀ ਸਮਝ ਆ ਗਈ। ਉਸ ਨੇ ਗੱਲਾ ਫਰੋਲਿਆ। ਗੱਲੇ ਵਿਚ ਸੱਤ-ਅੱਠ ਸੌ ਰੁਪਿਆ ਸੀ। ਸਾਰੀ ਰਕਮ ਫੂਡ ਇੰਸਪੈਕਟਰ ਦੇ ਹਵਾਲੇ ਕਰ ਦਿੱਤੀ।

“ਇਸ ਨਾਲ ਕੀ ਬਣਨਾ ਹੈ? ਹਜ਼ਾਰ ਰੁਪਏ ਮਹੀਨਾ ਦੇ ਹਿਸਾਬ ਨਾਲ ਛੇ ਹਜ਼ਾਰ ਪਿਛਲਾ, ਅਗਲੀ ਤਿਮਾਹੀ ਦਾ ਤਿੰਨ ਹਜ਼ਾਰ ਪੇਸ਼ਗੀ। ਇਹ ਨਮੂਨੇ ਸੁੱਟਣ ਦੇ ਅਲੱਗ। ਘੱਟੋ-ਘੱਟ ਦਸ ਹਜ਼ਾਰ ਚਾਹੀਦਾ ਹੈ।

ਨੀਨਾ ਨੇ ਤਰਲਾ ਕੀਤਾ। ਹਜ਼ਾਰ ਰੁਪਿਆ ਮਹੀਨਾ ਉਸ ਨੂੰ ਖ਼ੁਦ ਨਹੀਂ ਬਣਦਾ।

ਇੰਸਪੈਕਟਰ ਅੜਿਆ ਰਿਹਾ।

“ਤਿੰਨ ਸੌ ਰੁਪਿਆ ਮਹੀਨਾ ਚਾਹ ਦੀ ਰੇਹੜੀ ਲਾਉਣ ਵਾਲੇ ਭਈਏ ਤੋਂ ਲਈਦਾ ਹੈ। ਪੰਜ ਸੌ ਰੁਪਿਆ ਝੁੱਗੀਆਂ-ਝੌਂਪੜੀਆਂ ਵਿਚਲੀਆਂ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਤੋਂ। ਤੇਰੀ ਫ਼ੈਕਟਰੀ ਤੋਂ ਘੱਟੋ-ਘੱਟ ਹਜ਼ਾਰ ਰੁਪਿਆ ਮਹੀਨਾ ਚਾਹੀਦਾ ਹੈ।”

ਘਬਰਾਈ ਨੀਨਾ ਇੰਸਪੈਕਟਰ ਦੀ ਗੱਲ ਮੰਨ ਗਈ।

ਦੋਹਾਂ ਧਿਰਾਂ ਵਿਚ ਤਹਿ ਹੋਇਆ। ਹਫ਼ਤੇ ਦੇ ਅੰਦਰ-ਅੰਦਰ ਨੀਨਾ ਉਹਨਾਂ ਨੂੰ ਬਾਕੀ ਦੀ ਰਕਮ ਦੇਵੇਗੀ। ਪੈਸੇ ਪੂਰੇ ਹੋਣ ’ਤੇ ਟੀਮ ਭਰੇ ਨਮੂਨੇ ਉਸ ਨੂੰ ਵਾਪਸ ਕਰ ਦੇਵੇਗੀ। ਅੱਗੋਂ ਤੋਂ ਟੀਮ ਫ਼ੈਕਟਰੀ ਵੱਲ ਮੂੰਹ ਨਹੀਂ ਕਰੇਗੀ।

ਤੀਜੇ ਦਿਨ ਸੇਵਾਦਾਰ ਆ ਅੱਪੜਿਆ।

ਡਰਦੀ ਨੀਨਾ ਨੇ ਹਜ਼ਾਰ ਹੋਰ ਦੇ ਦਿੱਤਾ।

ਸ਼ਾਮ ਨੂੰ ਦਿਓਰਾਂ-ਜੇਠਾਂ ਨਾਲ ਸਲਾਹ ਕੀਤੀ। ਇੰਨੇ ਪੈਸੇ ਦੇ ਨਾਲੋਂ ਤਾਂ ਕੰਮ ਬੰਦ ਕੀਤਾ ਚੰਗਾ।

ਦਿਓਰ-ਜੇਠ ਭੜਕ ਗਏ। ਉਹਨਾਂ ਸੰਘ ਵਾਲਿਆਂ ਨਾਲ ਗੱਲ ਕੀਤੀ। ਸੰਘ ਵਾਲੇ ਨੀਨਾ ਨੂੰ ਨਾਲ ਲੈ ਕੇ ਚੌਕਸੀ ਵਿਭਾਗ ਵਾਲਿਆਂ ਕੋਲ ਪੁੱਜ ਗਏ।

ਵਿਜੀਲੈਂਸ ਵਾਲਿਆਂ ਨੂੰ ਅਜਿਹੀ ਸ਼ਿਕਾਇਤ ਦੀ ਪਹਿਲਾਂ ਹੀ ਉਡੀਕ ਸੀ। ਫ਼ੂਡ ਇੰਸਪੈਕਟਰ ਖ਼ੁਦ ਮਹੀਨਾ ਇਕੱਠਾ ਕਰ ਰਿਹਾ ਸੀ, ਪਰ ਵਿਜੀਲੈਂਸ ਵਾਲਿਆਂ ਨੂੰ ਮਹੀਨਾ ਪੁੱਜਦਾ ਕਰਨ ਵਿਚ ਆਨਾਕਾਨੀ ਕਰ ਰਿਹਾ ਸੀ। ਸਬਕ ਸਿਖਾਉਣ ਦਾ ਵਧੀਆ ਮੌਕਾ ਸੀ।

ਝੱਟ ਉਹਨਾਂ ਟੀਮ ਦੇ ਮੈਂਬਰਾਂ ਨੂੰ ਰੰਗੇ ਹੱਥੀਂ ਫੜਨ ਦੀ ਯੋਜਨਾ ਘੜ ਲਈ।

“ਟੀਮ ਨੂੰ ਅਗਲੇ ਦਿਨ ਫ਼ੈਕਟਰੀ ਬੁਲਾਓ। ਪੈਸੇ ਦੇ ਕੇ ਰੰਗੇ ਹੱਥੀਂ ਫੜਾਓ।”

ਨੀਨਾ ਦੇ ਆਖਣ ਦੇ ਬਾਵਜੂਦ ਨਾ ਡਾਕਟਰ ਪੈਸੇ ਲੈਣ ਆਇਆ, ਨਾ ਫੂਡ ਇੰਸਪੈਕਟਰ। ਆਇਆ ਤਾਂ ਸੇਵਾਦਾਰ।

ਨੀਨਾ ਨੇ ਵਿਜੀਲੈਂਸ ਵਾਲਿਆਂ ਨੂੰ ਬਥੇਰਾ ਸਮਝਾਇਆ, ਸੇਵਾਦਾਰ ਨੂੰ ਨਾ ਫੜੋ, ਪਰ ਉਹਨਾਂ ਨੇ ਇਕ ਨਾ ਮੰਨੀ।

ਚੌਕਸੀ ਵਿਭਾਗ ਦੀ ਇਕ ਟੀਮ ਨੇ ਇਧਰ ਸੇਵਾਦਾਰ ਫੜਿਆ, ਉਧਰ ਦੂਜੀ ਟੀਮ ਨੇ ਡਾਕਟਰ ਦੀ ਕੋਠੀ ’ਤੇ ਛਾਪਾ ਮਾਰ ਦਿੱਤਾ।

ਡਾਕਟਰ ਹਸਪਤਾਲ ਸੀ। ਉਥੋਂ ਉਹ ਫ਼ਰਾਰ ਹੋ ਗਿਆ।

ਡਾਕਟਰ ਕਾਬੂ ਨਾ ਆਇਆ, ਪਰ ਖ਼ਾਨਾ-ਤਲਾਸ਼ੀ ਤੋਂ ਢੇਰ ਸਾਰੀ ਨਕਦੀ, ਵਿਕਾਸ-ਪੱਤਰ, ਬੈਂਕ ਦੀਆਂ ਕਾਪੀਆਂ ਤੇ ਕੋਠੀਆਂ ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਹੱਥ ਲੱਗ ਗਈਆਂ।

ਅਗਲੇ ਦਿਨ ਅਖ਼ਬਾਰਾਂ ਵਿਚ ਡਾਕਟਰ ਦਾ ਪਿਛੋਕੜ ਛਪਿਆ। ਉਹ ਇਕ ਸਾਧਾਰਨ ਬੈਂਕ ਕਲਰਕ ਦਾ ਮੁੰਡਾ ਸੀ। ਡਿਗਰੀ ਦੀ ਪੜ੍ਹਾਈ ਕਰਨ ਲਈ ਉਸ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਪੜ੍ਹਨ ਵਿਚ ਹੁਸ਼ਿਆਰ ਸੀ। ਕਾਲਜੋਂ ਨਿਕਲਦੇ ਹੀ ਨੌਕਰੀ ਮਿਲ ਗਈ। ਫੜੀ ਗਈ ਸਾਰੀ ਜਾਇਦਾਦ ਉਸ ਨੇ ਹੇਰਾਫੇਰੀ ਨਾਲ ਬਣਾਈ ਸੀ।

ਡਾਕਟਰ ਨੇ ਤਿੰਨ ਦਿਨ ਦੇ ਅੰਦਰ-ਅੰਦਰ ਸਭ ਦੇ ਮੂੰਹ ਬੰਦ ਕਰ ਦਿੱਤੇ। ਪਹਿਲਾਂ ਅਦਾਲਤ ਵਿਚੋਂ ਪੇਸ਼ਗੀ ਜ਼ਮਾਨਤ ਕਰਾਈ। ਫੇਰ ਝੂਠੇ-ਸੱਚੇ ਹਿਸਾਬ-ਕਿਤਾਬ ਪੇਸ਼ ਕਰ ਕੇ ਸਾਰੇ ਦਸਤਾਵੇਜ਼ ਅਤੇ ਨਕਦੀ ਵਾਪਸ ਕਰਵਾ ਲਈ।

ਫੂਡ ਇੰਸਪੈਕਟਰ ਉਸ ਤੋਂ ਵੀ ਤੇਜ਼ ਸੀ। ਉਸ ਨੇ ਪਹਿਲੇ ਦਿਨ ਹੀ ਉਪਰੋਂ ਚੌਕਸੀ ਵਿਭਾਗ ਵਾਲਿਆਂ ਨੂੰ ਫ਼ੋਨ ਕਰਵਾ ਦਿੱਤਾ ਸੀ। ਉਸ ਨੂੰ ਪੇਸ਼ਗੀ ਜ਼ਮਾਨਤ ਕਰਾਉਣ ਦੀ ਵੀ ਜ਼ਰੂਰਤ ਨਹੀਂ ਸੀ ਪਈ। ਪਹਿਲੇ ਹੱਲੇ ਹੀ ਉਸ ਨੂੰ ਬੇਕਸੂਰ ਠਹਿਰਾ ਦਿੱਤਾ ਗਿਆ।

ਹਫ਼ਤੇ ਬਾਅਦ ਡਾਕਟਰ ਨੌਕਰੀ ’ਤੇ ਹਾਜ਼ਰ ਹੋਇਆ। ਦਰਖ਼ਾਸਤ ਦੇ ਕੇ ਉੱਚ ਪੱਧਰੀ ਜਾਂਚ ਕਰਾਈ। ਆਪਣੇ ਆਪ ਨੂੰ ਬੇਕਸੂਰ ਸਾਬਤ ਕਰਵਾ ਕੇ ਸੇਵਾਦਾਰ ਵਿਰੁੱਧ ਚਲਾਨ ਪੇਸ਼ ਕਰਵਾ ਦਿੱਤਾ।

ਸੇਵਾਦਾਰ ਜਥੇਬੰਦੀ ਨੂੰ ਅਫ਼ਸਰਾਂ ’ਤੇ ਗਿਲਾ ਸੀ। ਉਹਨਾਂ ਨੇ ਆਪਣੀ ਜਾਨ ਤਾਂ ਬਚਾ ਲਈ, ਪਰ ਗ਼ਰੀਬ ਸੇਵਾਦਾਰ ਨੂੰ ਫਸਾ ਦਿੱਤਾ। ਉਹ ਪੁੱਛ ਰਹੇ ਸਨ। ਸੇਵਾਦਾਰ ਦੀ ਫ਼ੀਸ ਪੰਜ ਹਜ਼ਾਰ ਰੁਪਏ ਹੁੰਦੀ ਹੈ। ਸੇਵਾਦਾਰ ਨੇ ਇੰਨੀ ਵੱਡੀ ਰਕਮ ਲੈ ਕੇ ਨੀਨਾ ਦਾ ਕੀ ਫ਼ਾਇਦਾ ਕਰਨਾ ਸੀ? ਜੋ ਕਰਨਾ ਸੀ, ਉਹ ਅਫ਼ਸਰਾਂ ਨੇ ਕਰਨਾ ਸੀ, ਪਰ ਉਹਨਾਂ ਦੀ ਪੁਕਾਰ ਕੋਈ ਨਹੀਂ ਸੀ ਸੁਣ ਰਿਹਾ। ਚੌਕਸੀ ਵਿਭਾਗ ਵਾਲੇ ਵੀ ਨਹੀਂ।

ਉਹ ਨੀਨਾ ਦਾ ਹਲਫ਼ੀਆ ਬਿਆਨ ਚੁੱਕੀ ਫਿਰਦੇ ਸਨ। ਸੇਵਾਦਾਰ ਨੇ ਨਾ ਰਿਸ਼ਵਤ ਮੰਗੀ ਸੀ, ਨਾ ਉਸ ਨੇ ਉਸ ਨੂੰ ਰਿਸ਼ਵਤ ਦਿੱਤੀ ਸੀ। ਇਹ ਪੈਸੇ ਅਫ਼ਸਰਾਂ ਲਈ ਸਨ, ਪਰ ਕੋਈ ਨੀਨਾ ਦੇ ਹਲਫ਼ੀਆ ਬਿਆਨ ਨੂੰ ਪੜ੍ਹਨ ਤਕ ਲਈ ਤਿਆਰ ਨਹੀਂ ਸੀ।

ਜਥੇਬੰਦੀ ਨੇ ਅਧਿਕਾਰੀਆਂ ਵਿਰੁੱਧ ਧਰਨਾ ਮਾਰਨ ਦੀ ਯੋਜਨਾ ਬਣਾਈ। ਡਾਕਟਰ ਝੱਟ ਉਹਨਾਂ ਦੇ ਅਫ਼ਸਰਾਂ ਦੇ ਦਫ਼ਤਰ ਪੁੱਜ ਗਿਆ। ਹਰ ਅਫ਼ਸਰ ਨੇ ਆਪਣੇ-ਆਪਣੇ ਸੇਵਾਦਾਰ ਨੂੰ ਧਮਕਾਇਆ। “ਜੇ ਜਲਸਾ ਕੀਤਾ, ਤੇਰਾ ਜਲੂਸ ਪਹਿਲਾਂ ਨਿਕਲੂ” ਇਹ ਸਮਝਾਇਆ।

ਡਰਦੇ ਸੇਵਾਦਾਰ ਧਰਨਾ ਮਾਰਨ ਤੋਂ ਮੁੱਕਰ ਗਏ।

ਜਥੇਬੰਦੀ ਦੇ ਅਹੁਦੇਦਾਰ ਇਨਸਾਫ਼ ਚਾਹੁੰਦੇ ਸਨ।

ਇਸੇ ਆਸ ਨਾਲ ਉਹ ਸੰਮਤੀ ਦੇ ਦਰ ’ਤੇ ਆਏ ਸਨ।

ਇਸੇ ਮਕਸਦ ਲਈ ਸੰਮਤੀ ਬਣੀ ਸੀ।

ਸੰਮਤੀ ਦੇ ਕਾਰਕੁੰਨਾਂ ਨੇ ਝੱਟ ਤਫ਼ਤੀਸ਼ ਸ਼ੁਰੂ ਕਰ ਦਿੱਤੀ।

ਨੀਨਾ ਦੇ ਬਿਆਨ ਉਪਰ ਚੌਕਸੀ ਵਿਭਾਗ ਨੇ ਜੋ ਰਪਟ ਦਰਜ ਕੀਤੀ, ਉਸ ਵਿਚ ਸਾਫ਼ ਲਿਖਿਆ ਸੀ, ਰਿਸ਼ਵਤ ਡਾਕਟਰ ਅਤੇ ਫੂਡ ਇੰਸਪੈਕਟਰ ਨੇ ਮੰਗੀ ਸੀ। ਉਹ ਹੁਣ ਵੀ ਇਸੇ ਬਿਆਨ ’ਤੇ ਅੜੀ ਹੋਈ ਸੀ।

ਸੰਮਤੀ ਨੇ ਪਹਿਲਾਂ ਉਸ ਰਪਟ ਦੀ ਨਕਲ ਹਾਸਲ ਕੀਤੀ।

ਡਾਕਟਰ ਦੀ ਕੋਠੀ ਦੀ ਤਲਾਸ਼ੀ ਸਮੇਂ ਜਿਹੜੇ ਦਸਤਾਵੇਜ਼ ਮਿਲੇ ਸਨ, ਉਹਨਾਂ ਦੀ ਇਕ ਫ਼ਰਦ ਤਿਆਰ ਹੋਈ ਸੀ। ਫ਼ਰਦ ਉਪਰ ਨੀਨਾ ਦੇ ਦਸਤਖ਼ਤ ਹੋਏ ਸਨ। ਫ਼ਰਦ ਦੀ ਇਕ ਨਕਲ ਅਦਾਲਤ ਵਿਚ ਪੇਸ਼ ਹੋ ਕੇ ਚਲਾਨ ਨਾਲ ਲੱਗੀ ਹੋਈ ਸੀ। ਉਸ ਦੀ ਨਕਲ ਹਾਸਲ ਕੀਤੀ ਗਈ।

ਫੇਰ ਡਾਕਟਰ ਦੇ ਬੈਂਕ ਅਕਾਊਂਟ ਦੀਆਂ ਨਕਲਾਂ ਹਾਸਲ ਕੀਤੀਆਂ ਗਈਆਂ। ਡਾਕਟਰ ਵੱਲੋਂ ਖਾਤਿਆਂ ਵਿਚ ਜਮ੍ਹਾਂ ਕਰਵਾਏ ਗਏ ਪੈਸਿਆਂ ਦਾ ਵੇਰਵਾ ਪ੍ਰਾਪਤ ਕੀਤਾ ਗਿਆ। ਫੇਰ ਜ਼ਮੀਨਾਂ, ਕੋਠੀਆਂ ਦੀਆਂ ਰਜਿਸਟਰੀਆਂ ਦੀਆਂ ਨਕਲਾਂ ਹਾਸਲ ਕੀਤੀਆਂ ਗਈਆਂ। ਇਹਨਾਂ ਦਾ ਮੁੱਲ ਪਵਾਇਆ ਗਿਆ।

ਡਾਕਟਰ ਦੇ ਪਿਛੋਕੜ ਦੀ ਜਾਂਚ ਚੌਕਸੀ ਵਿਭਾਗ ਪਹਿਲਾਂ ਹੀ ਕਰ ਚੁੱਕਾ ਸੀ।

ਫੇਰ ਡਾਕਟਰ ਕੋਲ ਕਰੋੜਾਂ ਦੀ ਸੰਪੱਤੀ ਕਿਥੋਂ ਆਈ?

ਸੇਵਾਦਾਰਾਂ ਦੀ ਜਥੇਬੰਦੀ ਨਾਲ ਮਿਲ ਕੇ ਜਲਸੇ-ਜਲੂਸਾਂ ਰਾਹੀਂ ਸੰਮਤੀ ਚੌਕਸੀ ਵਿਭਾਗ ਕੋਲੋਂ ਪੁੱਛਣ ਲੱਗੀ।

ਨੀਨਾ ਦਾ ਹਲਫ਼ੀਆ ਬਿਆਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਪਹਿਲਾਂ ਹੀ ਇਸ ਪੱਖਪਾਤੀ ਤਫ਼ਤੀਸ਼ ’ਤੇ ਖ਼ਫ਼ਾ ਸੀ। ਹਲਫ਼ੀਆ ਬਿਆਨ ਦੇ ਆਧਾਰ ’ਤੇ ਝੱਟ ਸੇਵਾਦਾਰ ਨੂੰ ਬੇਕਸੂਰ ਕਰਾਰ ਦਿੱਤਾ ਗਿਆ।

ਨਾਲ ਚੌਕਸੀ ਵਿਭਾਗ ਨੂੰ ਹਦਾਇਤ ਹੋਈ। ਡਾਕਟਰ ਅਤੇ ਫੂਡ ਇੰਸਪੈਕਟਰ ਦੀਆਂ ਜਾਇਦਾਦਾਂ ਅਤੇ ਨਕਦੀ ਦੇ ਵੇਰਵੇ ਮਹੀਨੇ ਦੇ ਅੰਦਰ-ਅੰਦਰ ਅਦਾਲਤ ਵਿਚ ਪੇਸ਼ ਕੀਤੇ ਜਾਣ।

ਮੁਕੱਦਮੇ ਵਿਚੋਂ ਬਰੀ ਹੋਣ ਬਾਅਦ ਜਿੱਤ ਦੀ ਖ਼ੁਸ਼ੀ ਮਨਾਉਂਦੀ ਜਥੇਬੰਦੀ ਸੇਵਾਦਾਰ ਨੂੰ ਜਲੂਸ ਦੀ ਸ਼ਕਲ ਵਿਚ ਦਫ਼ਤਰ ਲੈ ਗਈ।

ਸਾਰੇ ਰਾਹ ਉਹਨਾਂ ਨੇ ਆਪਣੀ ਜਥੇਬੰਦੀ ਦੀ ਥਾਂ ਸੰਮਤੀ ਦੇ ਹੱਕ ਵਿਚ ਨਾਅਰੇ ਲਾਏਸਨ।

 

 

26

ਪਟਨਾ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ‘ਕਾਨੂੰਨ ਦੀ ਬਰਾਬਰਤਾ ਦਾ ਸਿਧਾਂਤ ਅਤੇ ਨਿਮਨ ਵਰਗ’ ਵਿਸ਼ੇ ਉਪਰ ਖੋਜ ਕਰ ਰਹੇ ਸਨ। ਤੱਥ ਇਕੱਠੇ ਕਰਨ ਲਈ ਵਿਦਿਆਰਥੀਆਂ ਦੀ ਇਕ ਟੀਮ ਨੇ ਜਦੋਂ ਜੇਲ੍ਹਾਂ ਦਾ ਦੌਰਾ ਕੀਤਾ ਤਾਂ ਇਸ ਸਿਧਾਂਤ ਦਾ ਪਹਿਲੇ ਹੱਲੇ ਹੀ ਪੋਲ ਖੱਲ੍ਹ ਗਿਆ।

ਜੇਲ੍ਹ ਵਿਚ ਬੰਦ ਅੱਸੀ ਫ਼ੀਸਦੀ ਕੈਦੀ ਨਿਮਨ ਵਰਗ ਨਾਲ ਸੰਬੰਧ ਰੱਖਦੇ ਸਨ। ਇਹਨਾਂ ਵਿਚੋਂ ਤਿੰਨ-ਚੌਥਾਈ ਹਵਾਲਾਤੀ ਅਜਿਹੇ ਸਨ, ਜਿਨ੍ਹਾਂ ਦੇ ਮੁਕੱਦਮੇ ਤਫ਼ਤੀਸ਼ ਅਧੀਨ ਜਾਂ ਸੁਣਵਾਈ ਅਧੀਨ ਸਨ ਅਤੇ ਉਹ ਕਾਨੂੰਨ ਵੱਲੋਂ ਨਿਸ਼ਚਿਤ ਕੀਤੀ ਵੱਧ ਤੋਂ ਵੱਧ ਸਜ਼ਾ ਨਾਲੋਂ ਕਈ ਗੁਣਾ ਵੱਧ ਸਜ਼ਾ ਕੱਟ ਚੱਕੇ ਸਨ। ਹਾਲੇ ਵੀ ਲੰਬੇ ਸਮੇਂ ਤਕ ਉਹਨਾਂ ਦੇ ਰਿਹਾਅ ਹੋਣ ਦੇ ਆਸਾਰ ਨਹੀਂ ਸਨ। ਕਾਰਨ ਹਵਾਲਾਤੀਆਂ ਦੀ ਗ਼ਰੀਬੀ, ਸਰਕਾਰ ਦੀ ਬੇਰੁਖ਼ੀ ਅਤੇ ਅਦਾਲਤਾਂ ਦੀ ਲਾਪ੍ਰਵਾਹੀ ਸੀ।

ਰਿਪੋਰਟ ਦੇ ਅਖ਼ਬਾਰਾਂ ਵਿਚ ਛਪਦੇ ਹੀ ਸੁਪਰੀਮ ਕੋਰਟ ਵੱਲੋਂ ਇਸ ਗੰਭੀਰ ਮਸਲੇ ਦਾ ਨੋਟਿਸ ਲਿਆ ਗਿਆ। ਬਿਹਾਰ ਸਰਕਾਰ ਦੇ ਮੁੱਖ ਸਕੱਤਰ ਨੂੰ ਹੁਕਮ ਹੋਇਆ ਕਿ ਮਹੀਨੇ ਦੇ ਅੰਦਰ-ਅੰਦਰ ਉਹ ਤੱਥਾਂ ਬਾਰੇ ਸਪੱਸ਼ਟੀ ਕਰਨ ਦੇਵੇ। ਨਾਲੇ ਹਾਈ ਕੋਰਟ ਦੇ ਕੰਨ ਖਿੱਚੇ ਗਏ। ਉਹ ਕੁੰਭਕਰਨੀ ਨੀਂਦ ਤੋਂ ਉੱਠੇ।

ਬਿਹਾਰ ਵਿਚ ਆਏ ਭੁਚਾਲ ਦੇ ਝਟਕੇ ਇਸ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ। ਮੁੱਖ ਮੰਤਰੀ ਨੇ ਅਹਿਲਕਾਰਾਂ ਨੂੰ ਸਲਾਹ ਦਿੱਤੀ, “ਤੁਫ਼ਾਨ ਦੇ ਇਧਰ ਰੁਖ਼ ਕਰਨ ਤੋਂ ਪਹਿਲਾਂ ਘਰ ਨੂੰ ਸੰਭਾਲ ਲੈਣ ਵਿਚ ਸਿਆਣਪ ਹੈ।”

ਜੇਲ੍ਹ ਮੰਤਰੀ ਵੱਲੋਂ ਜੇਲ੍ਹ ਵਿਭਾਗ ਨੂੰ ਹੁਕਮ ਹੋਇਆ, “ਮਹਿਕਮੇ ਦਾ ਸਕੱਤਰ ਇਸ ਮਸਲੇ ਵੱਲ ਖ਼ੁਦ ਧਿਆਨ ਦੇਵੇ। ਸਾਰੇ ਤੱਥ ਇਕੱਠੇ ਕਰ ਕੇ ਰਿਪੋਰਟ ਇਕ ਮਹੀਨੇ ਦੇ ਅੰਦਰ-ਅੰਦਰ ਮੰਤਰੀ ਕੋਲ ਪੁੱਜਦੀ ਕੀਤੀ ਜਾਵੇ।”

ਜੇਲ੍ਹ ਵਿਭਾਗ ਦੇ ਮੁਖੀ ਨੇ ਜੇਲ੍ਹਾਂ ਦੇ ਦਰੋਗ਼ਿਆਂ ਨੂੰ ਤਾੜਿਆ, “ਅਜਿਹਾ ਇਕ ਵੀ ਹਵਾਲਾਤੀ ਜੇਲ੍ਹ ਵਿਚ ਬੰਦ ਨਹੀਂ ਰਹਿਣਾ ਚਾਹੀਦਾ। ਜੇ ਕੋਈ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕਰਾਇਆ ਜਾਵੇ। ਫੇਰ ‘ਸਭ ਠੀਕ ਠਾਕ ਹੈ’ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇ।”

ਜੇਲ੍ਹ ਪ੍ਰਸ਼ਾਸਨ ਦਾ ਵਿਚਾਰ ਸੀ ਕਿ ਉਹਨਾਂ ਦਾ ਸੂਬਾ ਬਿਹਾਰ ਨਹੀਂ ਹੈ, ਜਿਥੇ ਭੁੱਖਮਰੀ ਦਾ ਰਾਜ ਹੈ। ਉਹਨਾਂ ਦਾ ਸੂਬਾ ਦੇਸ਼ ਦੇ ਖ਼ੁਸ਼ਹਾਲ ਸੂਬਿਆਂ ਵਿਚੋਂ ਇਕ ਹੈ। ਇਥੋਂ ਦੇ ਵਾਸੀ ਕੋਈ ਹੂਲਾ ਫੱਕਣ, ਬੀਮਾਰੀ ਸਮੇਂ ਦਵਾਈ ਬੂਟੀ ਅਤੇ ਮੁਕੱਦਮੇ ਸਮੇਂ ਵਕੀਲ ਦਾ ਇੰਤਜ਼ਾਮ ਜ਼ਰੂਰ ਕਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਮੁਲਜ਼ਮ ਹੋਵੇ, ਜਿਹੜਾ ਕਾਨੂੰਨੀ ਚਾਰਾਜ਼ੋਈ ਦੀ ਕਮੀ ਕਾਰਨ ਜੇਲ੍ਹ ਵਿਚ ਸੜ ਰਿਹਾ ਹੋਵੇ।

ਫੇਰ ਵੀ ਸਰਕਾਰ ਦਾ ਹੁਕਮ ਤਾਂ ਵਜਾਉਣਾ ਸੀ। ਮਨ ਦੀ ਤਸੱਲੀ ਲਈ ਛਾਣਬੀਣ ਸ਼ੁਰੂ ਹੋਈ।

ਜਿਉਂ ਹੀ ਕੀੜਿਆਂ ਦੇ ਭੌਣ ਨੂੰ ਛੇੜਿਆ ਗਿਆ, ਅੰਦਰੋਂ ਨਿਕਲਣ ਵਾਲੇ ਕੀੜਿਆਂ ਦੀ ਗਿਣਤੀ ਵਧਦੀ ਗਈ।

ਜੇਲ੍ਹ ਵਿਚ ਸਟਾਫ਼ ਦੀ ਪਹਿਲਾਂ ਹੀ ਕਮੀ ਸੀ। ਉਪਰੋਂ ਇਹ ਕੰਮ ਪੇਚੀਦਾ ਸੀ। ਇਕ ਦੋਸ਼ੀ  ਉਪਰ ਦਸ-ਦਸ ਜੁਰਮ ਲੱਗੇ ਹੋਏ ਸਨ। ਕਿਸ ਦੋਸ਼ੀ ਨੂੰ ਕਿਸ ਦੋਸ਼ ਵਿਚ ਕਿੰਨੀ ਸਜ਼ਾ ਦੇਣੀ ਹੈ? ਕਿਸ ਮੁਲਜ਼ਮ ਦੀ ਕਿੰਨੀ ਦੇਰ ਬਾਅਦ ਜ਼ਮਾਨਤ ਹੋਣੀ ਚਾਹੀਦੀ ਹੈ? ਮਗ਼ਜ਼-ਖਪਾਈ ਕਰਨ ਬਾਅਦ ਵੀ ਜੇਲ੍ਹ ਪ੍ਰਸ਼ਾਸਨ ਤੋਂ ਗੁੱਥੀ ਸੁਲਝ ਨਹੀਂ ਸੀ ਰਹੀ।

ਇਹ ਸਮੱਸਿਆ ਕਾਨੂੰਨੀ ਮਾਹਿਰ ਹੀ ਹੱਲ ਕਰ ਸਕਦੇ ਹਨ।

ਜੇਲ੍ਹ ਅਧਿਕਾਰੀਆਂ ਨੇ ਰਹਿਨੁਮਾਈ ਲਈ ਸਰਕਾਰੀ ਵਕੀਲਾਂ ਨਾਲ ਸੰਪਰਕ ਕੀਤਾ। ਉਹਨਾਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਸੀ। ਕਚਹਿਰੀ ਛੱਡ ਕੇ ਉਹ ਪੰਦਰਾਂ ਸੌ ਕੈਦੀਆਂ ਦੇ ਕੇਸਾਂ ਦੀ ਘੋਖ ਨਹੀਂ ਸਨ ਕਰ ਸਕਦੇ। ਉਹਨਾਂ ਨੇ ਕਾਨੂੰਨ ਦੀ ਮੁੱਢਲੀ ਜਾਣਕਾਰੀ ਦੇ ਕੇ ਨਾਲੇ ਸਲਾਹ ਦਿੱਤੀ, “ਬਾਕੀ ਦਾ ਕੰਮ ਪ੍ਰਾਈਵੇਟ ਵਕੀਲਾਂ ਤੋਂ ਲਓ।”

ਵਕੀਲਾਂ ਦੇ ਪ੍ਰਧਾਨ ਨੇ ਗੱਲ ਕੀਤੀ। ਉਹ ਨਵੇਂ ਵਕੀਲਾਂ ਦੀ ਇਕ ਟੀਮ ਜੇਲ੍ਹ ਭੇਜਣ ਲਈ ਸਹਿਮਤ ਹੋਇਆ, ਪਰ ਇਕ ਸ਼ਰਤ ‘ਤੇ। “ਉਤਸ਼ਾਹ ਵਧਾਉਣ ਲਈ ਨੌਜਵਾਨਾਂ ਨੂੰ ਕੁਝ ਮਿਹਨਤਾਨਾ ਦਿੱਤਾ ਜਾਵੇ।”

ਮਹਿਕਮੇ ਦਾ ਬਜਟ ਪਹਿਲਾਂ ਹੀ ਘਾਟੇ ਵਿਚ ਸੀ। ਜੇਲ੍ਹ ਵਿਭਾਗ ਵਾਧੂ ਬੋਝ ਸਹਾਰਨ ਦੀ ਸਥਿਤੀ ਵਿਚ ਨਹੀਂ ਸੀ। ਜੇਲ੍ਹ ਵਿਭਾਗ ਨੇ ਸੁਝਾਅ ਦਿੱਤਾ, “ਹਵਾਲਾਤੀਆਂ ਨੂੰ ਆਖੋ। ਉਹ ਆਪਣੇ ਕੇਸ ਖ਼ੁਦ ਆਪਣੇ ਵਕੀਲਾਂ ਕੋਲੋਂ ਤਿਆਰ ਕਰਵਾਉਣ।”

ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ। ਜਿਹੜੇ ਹਵਾਲਾਤੀ ਵਕੀਲਾਂ ਦੀਆਂ ਫ਼ੀਸਾਂ ਉਤਾਰਨ ਦੀ ਸਥਿਤੀ ਵਿਚ ਸਨ, ਉਹ ਕਦੋਂ ਦੇ ਰਿਹਾਅ ਹੋ ਚੁੱਕੇ ਸਨ। ਲੋੜੋਂ ਵੱਧ ਕੈਦ ਉਹੋ ਕੱਟ ਰਹੇ ਸਨ ਜਿਨ੍ਹਾਂ ਦਾ ਅੱਗੇ-ਪਿੱਛੇ ਕੋਈ ਨਹੀਂ ਸੀ। ਜੇਲ੍ਹ ਆ ਕੇ ਕੇਸ ਤਿਆਰ ਕਰਨ ਦੀ ਵਕੀਲ ਦੁੱਗਣੀ ਫ਼ੀਸ ਮੰਗਣ ਲੱਗੇ।

ਫੇਰ ਕਿਸੇ ਨੇ ਦੱਸ ਪਾਈ, “ਮਾਇਆ ਨਗਰ ਵਿਚ ਇਕ ਵਿਕਟਮ ਵੈਲਫ਼ੇਅਰ ਸੋਸਾਇਟੀ ਬਣੀ ਹੋਈ ਹੈ। ਉਹ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੰਦੇ ਹਨ। ਉਹ ਇਹਨਾਂ ਕੈਦੀਆਂ ਦੀ ਮਦਦ ਕਰਨ ਲਈ ਰਾਜ਼ੀ ਹੋ ਸਕਦੇ ਹਨ।”

ਸੋਸਾਇਟੀ ਦੇ ਪ੍ਰਧਾਨ ਨੇ ਕੋਰਾ ਜਵਾਬ ਦੇ ਦਿੱਤਾ। ਕਹਿੰਦਾ, “ਸਾਡੀ ਸੰਸਥਾ ਮੁਲਜ਼ਮਾਂ ਵੱਲੋਂ ਸਤਾਏ ਪੀੜਤਾਂ ਦਾ ਪੱਖ ਪੂਰਦੀ ਹੈ, ਮੁਲਜ਼ਮਾਂ ਦਾ ਨਹੀਂ। ਅਸੀਂ ਮੁਲਜ਼ਮਾਂ ਨੂੰ ਬਿਨਾਂ ਮਤਲਬ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਵਿਰੁੱਧ ਹਾਂ। ਅਸੀਂ ਆਪਣੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ।”

ਜਦੋਂ ਸੁਭਾਸ਼ ਜੈਨ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਪੇਸ਼ ਆ ਰਹੀ ਇਸ ਸਮੱਸਿਆ ਬਾਰੇ ਪਤਾ ਲੱਗਾ ਤਾਂ ਉਹ ਠਹਾਕਾ ਮਾਰ ਕੇ ਹੱਸਿਆ। ਕਹਿੰਦਾ, “ਕੰਨ੍ਹੇ ਕੁੜੀ ਗਰਾਉਂ ਹੋਕਾ। ਇਕ ਸਮਝਦਾਰ ਵਕੀਲ ਜੇਲ੍ਹ ਵਿਚ ਬੰਦ ਹੈ। ਫ਼ੈਕਟਰੀ ਦੇ ਹਿਸਾਬ-ਕਿਤਾਬ ਦਾ ਕੰਮ ਮੇਰੇ ਕੋਲੋਂ ਲਿਆ ਜਾ ਸਕਦਾ ਹੈ। ਵਕੀਲ ਤੋਂ ਵਕਾਲਤ ਕਰਾਓ।”

ਜੈਨ ਦੀ ਗੱਲ ਸੁਣ ਕੇ ਸੁਪਰਡੈਂਟ ਨੂੰ ਆਪਣੀ ਅਕਲ ’ਤੇ ਪਏ ਪਰਦੇ ’ਤੇ ਹੈਰਾਨੀ ਹੋਈ। ਉਸ ਦੇ ਘਰ ਅੱਗੋਂ ਦੀ ਗੰਗਾ ਵਹਿ ਰਹੀ ਸੀ ਅਤੇ ਉਹ ਬੂੰਦ-ਬੂੰਦ ਲਈ ਤਰਸ ਰਿਹਾ ਸੀ।

ਝੱਟ ਹਾਕਮ ਨੂੰ ਫ਼ੈਕਟਰੀਉਂ ਬੁਲਾਇਆ ਗਿਆ। ਲੀਗਲ ਸੈੱਲ ਬਣਾ ਕੇ ਉਸ ਦਾ ਮੁਖੀਆ ਬਣਾਇਆ ਗਿਆ। ਸਹਾਇਤਾ ਲਈ ਅਧਿਆਪਕ ਕੈਦੀ ਉਸ ਲਾਲ ਲਾਇਆ ਗਿਆ।

ਲੀਗਲ ਸੈੱਲ ਵਾਲਿਆਂ ਨੂੰ ਕੰਮ ਸਮਝਾਇਆ ਗਿਆ, “ਤੁਸੀਂ ਬੈਰਕ-ਬੈਰਕ ਜਾਣਾ ਹੈ। ਹਰ ਹਵਾਲਾਤੀ ਦੇ ਕੇਸ ਦਾ ਮੁਆਇਨਾ ਕਰਨਾ ਹੈ। ਜਿਹੜੀ ਰਿਆਇਤ ਕਿਸੇ ਨੂੰ ਦਿੱਤੀ ਜਾ ਸਕਦੀ ਹੋਵੇ, ਉਸ ਦੀ ਸਿਫ਼ਾਰਸ਼ ਕਰਨੀ ਹੈ।”

ਹਾਕਮ ਸਿੰਘ ਨੂੰ ਇਕ ਬਚਨ ਦਿੱਤਾ ਗਿਆ, “ਤੰ ਮਨ ਲਾ ਕੇ ਕੰਮ ਕਰ। ਬਦਲੇ ਵਿਚ ਤੈਨੂੰ ਰੱਜਵੀਂ ਮੁਆਫ਼ੀ ਦਿੱਤੀ ਜਾਏਗੀ।”

ਹਾਕਮ ਇਸ ਕੰਮ ਦੀ ਪਹਿਲਾਂ ਹੀ ਤਿਆਰੀ ਕਰ ਕੇ ਆਇਆ ਸੀ। ਇਕ ਵਾਰ ਉਸ ਨੇ ਜੇਲ੍ਹ ਪ੍ਰਸ਼ਾਸਨ ਕੋਲ ਆਪਣੀ ਮੰਗ ਰੱਖੀ ਸੀ।

“ਜੇਲ੍ਹ ਮੈਨੂਅਲ ਕਹਿੰਦਾ ਹੈ, ਕੈਦੀ ਨੂੰ ਕਾਬਲੀਅਤ ਅਨੁਸਾਰ ਕੰਮ ਦਿੱਤਾ ਜਾਵੇ। ਮੈਂ ਵਕੀਲ ਹਾਂ, ਗ਼ਰੀਬ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਦੀ ਸਖ਼ਤ ਜ਼ਰੂਰਤ ਹੈ। ਮੈਨੂੰ ਇਹ ਸੇਵਾ ਬਖ਼ਸ਼ੀ ਜਾਵੇ।

ਪਰ ਉਸ ਸਮੇਂ ਜੇਲ੍ਹ ਅਧਿਕਾਰੀਆਂ ਦਾ ਵਿਚਾਰ ਸੀ ਕਿ ਕੈਦੀਆਂ ਨੂੰ ਕਾਨੂੰਨ ਪੜ੍ਹਾਉਣਾ ਸੱਪਾਂ ਨੂੰ ਦੁੱਧ ਪਿਆਉਣ ਵਾਂਗ ਹੈ। ਅਫ਼ਸਰ ਆਪਣੀਆਂ ਦਾਹੜੀਆਂ ਨੂੰ ਹੱਥ ਪਾਉਣ ਵਾਲੇ ਆਪ ਤਿਆਰ ਨਹੀਂ ਕਰ ਸਕਦੇ।

ਹੁਣ ਮਜਬੂਰੀ ਵੱਸ ਉਹਨਾਂ ਨੂੰ ਹਾਕਮ ਦੀ ਸਹਾਇਤਾ ਲੈਣੀ ਪਈ ਸੀ।

ਮੌਕਾ ਮਿਲਦਿਆਂ ਹੀ ਹਾਕਮ ਪੂਰੇ ਤਨ-ਮਨ ਨਾਲ ਆਪਣੇ ਕੰਮ ਵਿਚ ਜੁੱਟ ਗਿਆ।

 

 

27

ਹਾਕਮ ਸਿੰਘ ਲੋੜਵੰਦ ਕੈਦੀਆਂ ਦੀ ਸਹਾਇਤਾ ਦਾ ਮਨ ਪਹਿਲਾਂ ਬਣਾ ਕੇ ਆਇਆ ਸੀ। ਕੈਦੀ-ਪੱਖੀ ਕੁਝ ਖ਼ਾਸ ਫ਼ੈਸਲਿਆਂ ਦੀਆਂ ਨਕਲਾਂ ਨਾਲ ਲਿਆਇਆ ਸੀ, ਪਰ ਹੁਣ ਤਕ ਲਾਭ ਸਿੰਘ ਨੇ ਉਸ ਦੇ ਪੈਰ ਨਹੀਂ ਸਨ ਲੱਗਣ ਦਿੱਤੇ।

ਬਦਲੀਆਂ ਹਾਂ-ਪੱਖੀ ਪ੍ਰਸਥਿਤੀਆਂ ਵਿਚ ਹਾਕਮ ਸਿੰਘ ਨੇ ਸਾਰੇ ਕਾਨੂੰਨ ਨੂੰ ਮੁੜ ਘੋਖਿਆ। ਉਸ ਨੂੰ ਸਾਧਨਹੀਨ ਕੈਦੀਆਂ ਨੂੰ ਰਿਹਾਅ ਕਰਾਉਣ ਲਈ ਕਿਸ ਤਰ੍ਹਾਂ ਵਰਤਣਾ ਹੈ, ਉਹਨਾਂ ਬਾਰੀਕੀਆਂ ਨੂੰ ਸਮਝਿਆ। ਜਦੋਂ ਕਾਮਯਾਬੀ ਦਾ ਭਰੋਸਾ ਹੋ ਗਿਆ ਤਾਂ ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਹਿੱਕ ਥਾਪੜ ਕੇ ਆਖਿਆ, “ਤੁਸੀਂ ਮੈਨੂੰ ਬੱਸ ਸਹਿਯੋਗ ਦੇਵੋ। ਮੈਂ ਤਿੰਨ ਮਹੀਨੇ ਦੇ ਅੰਦਰ-ਅੰਦਰ ਅੱਧੀ ਜੇਲ੍ਹ ਖ਼ਾਲੀ ਕਰਵਾ ਦੇਵਾਂਗਾ।”

ਜੇਲ੍ਹ ਵਿਭਾਗ ਨੇ ਗਰਮ-ਜੋਸ਼ੀ ਨਾਲ ਹੱਥ ਵਧਾਇਆ। ਉਸ ਦੀ ਮੰਗ ’ਤੇ ਤਾਰਾ ਚੰਦ ਉਸ ਦਾ ਸਹਾਇਕ ਬਣਿਆ। ਉਹ ਪੜ੍ਹਿਆ-ਲਿਖਿਆ ਤਾਂ ਸੀ ਹੀ, ਨਾਲੇ ਈਮਾਨਦਾਰ ਅਤੇ ਵਫ਼ਾਦਾਰ ਵੀ ਸੀ।

ਜੇਲ੍ਹ ਆਉਣ ਤੋਂ ਪਹਿਲਾਂ ਤਾਰਾ ਚੰਦ ਸਰਕਾਰੀ ਸਕੂਲ ਵਿਚ ਸਮਾਜ ਸ਼ਾਸਤਰ ਦਾ ਅਧਿਆਪਕ ਸੀ। ਕਦੇ-ਕਦੇ ਕਵਿਤਾ ਵੀ ਲਿਖਦਾ ਸੀ। ਅਧਿਆਪਕ ਯੂਨੀਅਨ ਵਿਚ ਸਰਗਰਮ ਸੀ। ਇਹ ਸਰਗਰਮੀ ਹੀ ਉਸ ਦੇ ਜੇਲ੍ਹ ਆਉਣ ਦਾ ਸਬੱਬ ਬਣੀ ਸੀ।

ਉਸ ਦਾ ਵੱਡਾ ਭਰਾ ਮੰਡੀਕਰਨ ਬੋਰਡ ਵਿਚ ਸਹਾਇਕ ਇੰਜੀਨੀਅਰ ਸੀ। ਉਸ ਦੀ ਭਰਜਾਈ ਅਮੀਰ ਘਰ ਦੀ ਤਾਂ ਸੀ, ਪਰ ਬਹੁਤੀ ਪੜ੍ਹੀ-ਲਿਖੀ ਨਹੀਂ ਸੀ। ਉਸ ਨੂੰ ਗੱਲਬਾਤ ਕਰਨਦੀਤਾਮੀਜ਼ ਨਹੀਂ ਸੀ। ਇਸੇ ਗੱਲ ’ਤੇ ਮੀਆਂ-ਬੀਵੀ ਵਿਚਕਾਰ ਤਕਰਾਰ ਰਹਿੰਦਾ ਸੀ। ਹਰ ਰੋਜ਼ ਦੀ ਕਿੜ-ਕਿੜ ਤੋਂ ਤੰਗ ਆਈ ਭਰਜਾਈ ਨੇ ਇਕ ਦਿਨ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਭਰਜਾਈ ਦੇ ਤਕੜੇ ਪੇਕਿਆਂ ਨੇ ਸਾਧਾਰਨ ਖ਼ੁਦਕੁਸ਼ੀ ਨੂੰ ‘ਦਾਜ ਦੀ ਬਲੀ’ ਵਿਚ ਬਦਲ ਦਿੱਤਾ।

“ਜੇ ਇਹ ਲੀਡਰ ਬਾਹਰ ਰਿਹਾ ਤਾਂ ਮੁਕੱਦਮੇ ਦੀ ਪੈਰਵੀ ਕਰੂ। ਇਸ ਨੂੰ ਪਹਿਲਾਂ ਟੰਗੋ।”

ਭਰਜਾਈ ਦੇ ਪੇਕਿਆਂ ਦੇ ਹਮਾਇਤੀਆਂ ਨੇ ਰਾਏ ਦਿੱਤੀ।

ਤੇ ਆਟੇ ਨਾਲ ਪਲੇਥਣ ਵੀ ਸੇਕਿਆ ਗਿਆ।

ਭਰਾ ਦੇ ਨਾਲ-ਨਾਲ ਤਾਰਾ ਚੰਦ ਨੂੰ ਵੀ ਉਮਰ ਕੈਦ ਹੋ ਗਈ। ਭੱਜ-ਨੱਠ ਬਾਅਦ ਵੀ ਯੂਨੀਅਨ ਵਾਲੇ ਤਾਰਾ ਚੰਦ ਨੂੰ ਬਰੀ ਨਾ ਕਰਵਾ ਸਕੇ, ਪਰ ਜੇਲ੍ਹ ਆਉਂਦੇ-ਜਾਂਦੇ ਰਹਿਣ ਕਾਰਨ ਉਹਨਾਂ ਦੀ ਜੇਲ੍ਹ ਅਧਿਕਾਰੀਆਂ ਨਾਲ ਚੰਗੀ ਜਾਣ-ਪਹਿਚਾਣ ਸੀ। ਆਪਣਾ ਅਸਰ-ਰਸੂਖ਼ ਵਰਤ ਕੇ ਉਹਨਾਂ ਨੇ ਤਾਰਾ ਚੰਦ ਨੂੰ ਮੁਸ਼ੱਕਤ ਤੋਂ ਬਚਾ ਲਿਆ ਅਤੇ ਲਿਖਾ-ਪੜ੍ਹੀ ਦੇ ਆਸਾਨ ਕੰਮ ’ਤੇ ਲਗਵਾ ਲਿਆ। ਅੱਗੋਂ ਆਪਣੀ ਮਿਹਨਤ ਨਾਲ ਤਾਰਾ ਚੰਦ ਨੇ ਆਣਾ ਰਾਹ ਆਪ ਪੱਧਰਾ ਕਰ ਲਿਆ। ਵਾਰਡਰਾਂ ਨਾਲ ਦੋਸਤੀ ਗੱਠ ਲਈ। ਅਨਪੜ੍ਹ ਕੈਦੀਆਂ ਦੀਆਂ ਅਰਜ਼ੀਆਂ ਪੱਤਰ ਲਿਖ-ਲਿਖ ਨਾਲੇ ਕੈਦੀ ਖ਼ੁਸ਼ ਕਰ ਲਏ, ਨਾਲੇ ਆਪਣਾ ਹੱਥ ਸੁਖਾਲਾ ਕਰ ਲਿਆ।

ਤਾਰਾ ਚੰਦ ਕੈਦੀਆਂ ਦੀਆਂ ਅਰਜ਼ੀਆਂ ਲਿਖਣ ਦਾ ਮਾਹਿਰ ਸੀ। ਉਸ ਨੂੰ ਲੀਗਲ ਸੈੱਲ ਦਾ ਮੈਂਬਰ ਬਣਾਏ ਜਾਣ ਦਾ ਇਕ ਕਾਰਨ ਇਹ ਸੀ। ਜਦੋਂ ਕਿਸੇ ਪੜ੍ਹੇ-ਲਿਖੇ ਵਿਅਕਤੀ ’ਤੇ ਮੁਕੱਦਮਾ ਬਣਦਾ ਹੈ ਤਾਂ ਆਪਣੇ ਬਚਾਅ ਦਾ ਰਸਤਾ ਤਲਾਸ਼ਦਾ ਉਹ ਕਾਨੂੰਨ ਦੀਆਂ ਕਿਤਾਬਾਂ ਨਾਲ ਘੁਲਣ ਲੱਗਦਾ ਹੈ। ਇਹ ਭੂਤ ਤਾਰਾ ਚੰਦ ਨੂੰ ਵੀ ਸਵਾਰ ਹੋਇਆ ਸੀ। ਪਰਚਾ ਦਰਜ ਹੋਣ ਵਾਲੇ ਦਿਨ ਤੋਂ ਲੈ ਕੇ ਫ਼ੈਸਲੇ ਵਾਲੇ ਦਿਨ ਤਕ ਉਹ ਦਹੇਜ ਅਤੇ ਦਹੇਜ ਕਾਰਨ ਹੁੰਦੇ ਝਗੜਿਆਂ ਨਾਲ ਸੰਬੰਧਿਤ ਹਜ਼ਾਰਾਂ ਫ਼ੈਸਲੇ ਪੜ੍ਹ ਚੁੱਕਾ ਸੀ। ਉਸ ਦਾ ਗਿਆਨ ਉਸ ਦੇ ਆਪਣੇ ਕੰਮ ਨਾ ਆਇਆ, ਪਰ ਜੇਲ੍ਹ ਵਿਚ ਮਜਮੇ ਲਾ-ਲਾ ਉਹ ਦੂਜੇ ਕੈਦੀਆਂ ਦੀ ਰਹਿਨੁਮਾਈ ਜ਼ਰੂਰ ਕਰਦਾ ਸੀ।

“‘ਮੈਨੂੰ ਇਕ ਆਮ ਵਕੀਲ ਜਿੰਨਾ ਕਾਨੂੰਨ ਆਉਂਦਾ ਹੈ।” ਇਸੇ ਭਰਮ ਤਹਿਤ ਤਾਰਾ ਚੰਦ ਨੇ ਆਪਣੀਆਂ ਸੇਵਾਵਾਂ ਲੀਗਲ ਸੈੱਲ ਨੂੰ ਅਰਪਿਤ ਕੀਤੀਆਂ ਸਨ।

ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਾਕਮ ਸਿੰਘ ਨੇ ਹਰ ਮੁਕੱਦਮੇ ਨੂੰ ਵਿਗਿਆਨਕ ਢੰਗ ਨਾਲ ਘੋਖਿਆ। ਫੇਰ ਸਿੱਟਾ ਕੱਢਿਆ। ਸ਼ੁਰੂ ਵਿਚ ਲੀਗਲ ਸੈੱਲ ਨੂੰ ਤਿੰਨ ਮੁੱਢਲੇ ਕਾਨੂੰਨੀ ਨੁਕਤਿਆਂ ’ਤੇ ਕੰਮ ਕਰਨਾ ਚਾਹੀਦਾ ਹੈ। ਤਾਰਾ ਚੰਦ ਨੂੰ ਕੰਮ ਕਰਨ ਵਿਚ ਆਸਾਨੀ ਰਹੇ, ਇਸ ਲਈ ਪਹਿਲਾਂ ਉਸ ਨੇ ਉਹ ਨੁਕਤੇ ਉਸ ਨੂੰ ਸਮਝਾਏ।

“ਪੁਲਿਸ ਨੂੰ ਪਹਿਲਾਂ ਦੋਸ਼ੀ ਵਿਰੁੱਧ ਸਬੂਤ ਇਕੱਠੇ ਕਰਨੇ ਚਾਹੀਦੇ ਹਨ। ਫੇਰ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਸਾਡੀ ਪੁਲਿਸ ਉਲਟ ਚੱਲਦੀ ਹੈ। ਪਹਿਲਾਂ ਮੁਲਜ਼ਮ ਨੂੰ ਫੜਦੀ ਹੈ, ਫੇਰ ਸਬੂਤ ਇਕੱਠੇ ਕਰਨ ਲੱਗਦੀ ਹੈ। ਕਈ ਵਾਰ ਪਹਾੜ ਖੋਦਣ ਬਾਅਦ ਹੇਠੋਂ ਚੂਹਾ ਵੀ ਨਹੀਂ ਨਿਕਲਦਾ। ਚੂਹੇ ਦੀ ਤਲਾਸ਼ ਵਿਚ ਪੁਲਿਸ ਸਾਲਾਂ ਬੱਧੀ ਤਫ਼ਤੀਸ਼ ਲਟਕਾਈ ਰੱਖਦੀ ਹੈ। ਜੇਲ੍ਹ ਵਿਚ ਬੈਠਾ ਦੋਸ਼ੀ ਬਿਨਾਂ ਮਤਲਬ ਜੇਲ੍ਹ ਵਿਚ ਸੜਦਾ ਰਹਿੰਦਾ ਹੈ। ਇਸ ਦਾ ਦੂਜਾ ਪੱਖ ਵੀ ਹੈ। ਕਈ ਵਾਰ ਮਾਮਲੇ ਗੁੰਝਲਦਾਰ ਹੁੰਦੇ ਹਨ। ਪੁਲਿਸ ਨੂੰ ਸਬੂਤ ਇਕੱਠੇ ਕਰਦਿਆਂ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਦੋਸ਼ੀ ਦੋਸ਼-ਪੱਤਰ ਦਾਇਰ ਹੋਣ ਦਾ ਇੰਤਜ਼ਾਰ ਕਰਦਾ ਰਹੇ। ਕਾਨੂੰਨ ਨੇ ਗੁੰਝਲ ਵਿਚ ਫਸੇ ਅਜਿਹੇ ਦੋਸ਼ੀ ਦਾ ਧਿਆਨ ਰੱਖਿਆ ਹੈ। ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਸ਼ਚਿਤ ਸਮੇਂ ਦੇ ਅੰਦਰ ਤਫ਼ਤੀਸ਼ ਮੁਕੰਮਲ ਕਰੇ, ਦੋਸ਼-ਪੱਤਰ ਤਿਆਰ ਕਰ ਕੇ ਅਦਾਲਤ ਵਿਚ ਦੇਵੇ। ਜੇ ਉਹ ਇੰਜ ਨਹੀਂ ਕਰ ਸਕਦੀ ਤਾਂ ਅਦਾਲਤ ਦੋਸ਼ੀ ਨੂੰ ਮੁਕੱਦਮੇ ਦੇ ਫ਼ੈਸਲੇ ਤਕ ਜ਼ਮਾਨਤ ’ਤੇ ਰਿਹਾਅ ਕਰੇ। ਸੰਗੀਨ ਤੋਂ ਸੰਗੀਨ ਜੁਰਮ ਵਿਚ ਇਹ ਸਮਾਂ-ਸੀਮਾ ਨੱਬੇ ਦਿਨ ਹੈ। ਬਾਕੀ ਜੁਰਮਾਂ ਵਿਚ ਸੱਠ ਦਿਨ। ਬਹੁਤੇ ਕੈਦੀਆਂ ਨੂੰ ਇਸ ਨਿਯਮ ਦੀ ਜਾਣਕਾਰੀ ਨਹੀਂ। ਉਹ ਕਈ-ਕਈ ਸਾਲ ਜੇਲ੍ਹ ਵਿਚ ਸੜਦੇ ਰਹਿੰਦੇ ਹਨ। ਆਪਾਂ ਅਜਿਹੇ ਹਵਾਲਾਤੀਆਂ ਦੀ ਮਦਦ ਕਰਨੀ ਹੈ। ਦੋਸ਼ੀ ਦਾ ਜੇਲ੍ਹ ਵਾਰੰਟ ਲੈ ਕੇ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਦੋਸ਼ੀ ਨੂੰ ਕਿਸ ਤਾਰੀਖ਼ ਨੂੰ ਫੜਿਆ ਗਿਆ ਹੈ। ਫੇਰ ਦੇਖਾਂਗੇ, ਉਸ ਉਪਰ ਕਿਹੜਾ ਦੋਸ਼ ਲੱਗਾ ਹੈ? ਦੋਸ਼-ਪੱਤਰ ਸੱਠ ਦਿਨਾਂ ਵਿਚ ਦਾਇਰ ਹੋਣਾ ਚਾਹੀਦਾ ਸੀ ਜਾਂ ਨੱਬੇ ਦਿਨਾਂ ਵਿਚ? ਜੇ ਇਕ ਦਿਨ ਵੀ ਉਪਰ ਲੰਘਦਾ ਹੈ ਤਾਂ ਆਪਾਂ ਝੱਟ ਦਰਖ਼ਾਸਤ ਲਾਵਾਂਗੇ। ਇਕ ਗੱਲ ਚੰਗੀ ਤਰ੍ਹਾਂ ਸਮਝ ਲੈ। ਮਿਆਦ ਲੰਘਣ ਬਾਅਦ ਮੈਜਿਸਟ੍ਰੇਟ ਦੋਸ਼ੀ ਨੂੰ ਇਕ ਘੰਟਾ ਵੀ ਜੇਲ੍ਹ ਵਿਚ ਨਹੀਂ ਰੱਖ ਸਕਦਾ।

ਇਸੇ ਨੁਕਤੇ ਦੀ ਤਾਰਾ ਚੰਦ ਨੂੰ ਪਹਿਲਾਂ ਸਮਝ ਸੀ। ਕੁਝ ਸ਼ੱਕ ਸਨ। ਉਹ ਉਸ ਨੇ ਦੂਰ ਕਰ ਲਏ। “ਦੂਜੇ ਨੁਕਤੇ ਤਹਿਤ ਅਸੀਂ ਉਹਨਾਂ ਹਵਾਲਾਤੀਆਂ ਨੂੰ ਰਿਹਾਅ ਕਰਵਾਉਣਾ ਹੈ, ਜਿਨ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਸਾਲਾਂ ਤੋਂ ਲਟਕੀ ਹੋਈ ਹੈ। ਕਾਨੂੰਨ ਨੇ ਹਰ ਜੁਰਮ ਲਈ ਵੱਧ ਤੋਂ ਵੱਧ ਸਜ਼ਾ ਨਿਸਚਿਤ ਕੀਤੀ ਹੋਈ ਹੈ। ਨਾਲ ਇਹ ਵੀ ਨਿਯਮ ਬਣਾ ਰੱਖਿਆ ਹੈ ਕਿ ਦੋਸ਼ੀ ਨੂੰ ਨਿਸ਼ਚਿਤ ਸਜ਼ਾ ਨਾਲੋਂ ਵੱਧ ਸਮਾਂ ਜੇਲ੍ਹ ਵਿਚ ਨਹੀਂ ਰੱਖਿਆ ਜਾ ਸਕਦਾ।  ਇਹ ਦੇਖਣਾ ਹੈ ਕਿ ਅਦਾਲਤ ਨੇ ਕਿਹੜੇ ਜੁਰਮ ਲਾਏ ਹਨ। ਦੋਸ਼ੀ ਨੂੰ ਵੱਧ ਤੋਂ ਵੱਧ ਕਿੰਨੀ ਸਜ਼ਾ ਹੋ ਸਕਦੀ ਹੈ, ਇਸ ਦਾ ਹਿਸਾਬ ਅਦਾਲਤ ਵੱਲੋਂ ਲੱਗੇ ਦੋਸ਼ਾਂ ਅਨੁਸਾਰ ਲਾਉਣਾ ਹੈ। ਜੇ ਦੋਸ਼ੀ ਨੇ ਇਕ ਦਿਨ ਵੀ ਵੱਧ ਸਜ਼ਾ ਕੱਟ ਲਈ ਹੈ ਤਾਂ ਅਸੀਂ ਉਸ ਨੂੰ ਰਿਹਾਅ ਕਰਾਉਣਾਹੈ।”

 

“ਹੁਣ ਸੁਣ ਉਹਨਾਂ ਅਭਾਗਿਆਂ ਲਈ ਨੁਕਤਾ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈ। ਮਾੜੇ-ਧੀੜੇ ਖ਼ਾਸ ਕਰਕੇ ਪਰਵਾਸੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਦੇ ਸਮੇਂ ਅਦਾਲਤ ਨੂੰ ਧੁੜਕੂ ਲੱਗਾ ਰਹਿੰਦਾ ਹੈ। ਜੇਲ੍ਹੋਂ ਛੁੱਟਦੇ ਹੀ ਉਹ ਆਪਣੇ ਦੇਸ਼ ਵੱਲ ਸ਼ੂਟ ਵੱਟ ਦੇਵੇਗਾ। ਪਿੱਛੋਂ ਉਸ ਨੂੰ ਕੌਣ ਫੜ ਕੇ ਲਿਆਏਗਾ। ਬਹੁਤੀ ਵਾਰ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਨਹੀਂ ਹੁੰਦੀ। ਕਦੇ ਹੋ ਜਾਵੇ ਤਾਂ ਵੀਹ ਸ਼ਰਤਾਂ ਲੱਗ ਜਾਂਦੀਆਂ ਹਨ। ਜ਼ਮਾਨਤੀ ਸਥਾਨਕ ਹੋਣ ਅਤੇ ਰੱਜੇ-ਪੁੱਜੇ ਵੀ। ਪਰਵਾਸੀਆਂ ਕੋਲੋਂ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ। ਜ਼ਮਾਨਤੀਆਂ ਦੀ ਘਾਟ ਕਾਰਨ ਉਹ ਜੇਲ੍ਹ ਵਿਚ ਸੜਦੇ ਰਹਿੰਦੇ ਹਨ। ਅਜਿਹੇ ਗ਼ਰੀਬ-ਗ਼ੁਰਬਿਆਂ ਦੇ ਕੁਝ ਹਮਾਇਤੀ ਉੱਚੀਆਂ ਅਦਾਲਤਾਂ ਵਿਚ ਬੈਠੇ ਹਨ। ਕੁਝ ਫ਼ੈਸਲਿਆਂ ਵਿਚ ਰਹਿਮ ਦਿਲ ਜੱਜਾਂ ਨੇ ਹੇਠਲੀਆਂ ਅਦਾਲਤਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ। “ਜੇ ਦੋਸ਼ੀ ਦੀ ਹਿਰਾਸਤ ਲੰਬੀ ਹੋ ਜਾਵੇ ਤਾਂ ਉਸ ਨੂੰ ਜ਼ਾਮਨ ਪੇਸ਼ ਕਰਨ ਦੀ ਛੋਟ ਦਿੱਤੀ ਜਾਵੇ। ਉਸ ਨੂੰ ਨਿੱਜੀ ਜ਼ਮਾਨਤ ਦੇ ਆਧਾਰ ’ਤੇ ਛੱਡ ਦਿੱਤਾਜਾਵੇ।”ਇਹਨਾਂ ਫ਼ੈਸਲਿਆਂ ਦਾ ਨਾਂ ਜੱਜ ਨੂੰ ਪਤਾ ਹੈ, ਨਾ ਬਹੁਤੇ ਵਕੀਲਾਂ ਨੂੰ। ਮੈਂ ਇਹ ਲੱਭ ਲਏ ਹਨ। ਆਪਾਂ ਇਹਨਾਂ ਫ਼ੈਸਲਿਆਂ ਨੂੰ ਲਾਗੂ ਕਰਾਉਣ ਦਾ ਸਿਰਤੋੜ ਯਤਨ ਕਰਨਾਹੈ।”

ਹਾਕਮ ਦੀਆਂ ਗੱਲਾਂ ਸੁਣਨ ਬਾਅਦ ਤਾਰਾ ਚੰਦ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਐਵੇਂ ਵਹਿਮ ਦਾ ਢਿੱਡ ਹੋਇਆ ਸੀ। ਹੁਣ ਤਕ ਖੁੰਡਾਂ ਵਾਲੇ ਵਕੀਲਾਂ ਵਾਂਗ ਉਹ ਕੈਦੀਆਂ ਨੂੰ ਗੁੰਮਰਾਹ ਕਰਦਾ ਰਿਹਾ ਸੀ। ਅਸਲ ਨੁਕਤੇ ਇਹ ਹਨ।

 

ਉਤਸ਼ਾਹਿਤ ਹੋਇਆ ਤਾਰਾ ਚੰਦ ਆਪਣੇ ਕੰਮ ਵਿਚ ਰੁੱਝ ਗਿਆ।

ਰਿਹਾਅ ਹੋਣ ਵਾਲੇ ਕੈਦੀਆਂ ਦੀ ਇਕ ਵਢਿਉਂ ਸੂਚੀ ਬਣਾ ਰਹੇ ਤਾਰਾ ਚੰਦ ਦੇ ਮਨ ਵਿਚ ਪ੍ਰਸ਼ਨ ਉੱਠਣ ਲੱਗਾ।

“ਇੰਜ ਪੇਸ਼ੇਵਰ ਅਤੇ ਖ਼ੂੰਖ਼ਾਰ ਮੁਜਰਮ ਵੀ ਰਿਹਾਅ ਹੋ ਜਾਣਗੇ। ਕੀ ਉਹਨਾਂ ਨੂੰ ਰਿਹਾਅ ਕਰਾਉਣਾ ਲੀਗਲ ਸੈੱਲ ਦਾ ਉਦੇਸ਼ ਹੈ? ਹਾਕਮ ਕਿਧਰੇ ਕੋਈ ਹਦਾਇਤ ਦੇਣੀ ਭੁੱਲ ਤਾਂ ਨਹੀਂ ਗਿਆ?”

ਸ਼ੱਕ ਦੂਰ ਕਰਨ ਲਈ ਉਸ ਨੇ ਹਾਕਮ ਤੋਂ ਸਪੱਸ਼ਟੀਕਰਨ ਮੰਗਿਆ।

“ਮੈਂ ਆਪਣੇ ਦੇਸ਼ ਦੇ ਕਾਨੂੰਨ ਨੂੰ ਕਾਨੂੰਨ ਨਹੀਂ ਮੰਨਦਾ। ਇਹ ਜਨ-ਸਾਧਾਰਨ ਦੇ ਕਲਿਆਣ ਲਈ ਨਹੀਂ ਬਣਿਆ। ਇਕ ਵਿਸ਼ੇਸ਼ ਵਰਗ ਨੇ ਆਪਣੇ ਹਿੱਤਾਂ ਦੀ ਰਾਖੀ ਅਤੇ ਆਮ ਲੋਕਾਂ ਨੂੰ ਗ਼ੁਲਾਮ ਬਣਾਈ ਰੱਖਣ ਲਈ ਇਸ ਨੂੰ ਘੜਿਆ ਹੈ। ਕਾਨੂੰਨ ਮੱਥਾ ਦੇਖ ਕੇ ਟਿੱਕਾ ਕੱਢਦਾ ਹੈ। ਰਿਕਸ਼ੇ ਵਾਲਿਆਂ ਦਾ ਪੰਜ-ਪੰਜ ਰੁਪਏ ਦਾ ਜੂਆ ਖੇਡਣਾ ਜੁਰਮ ਹੈ, ਕਲੱਬਾਂ ਵਿਚ ਲੱਖਾਂ ਦਾ ਜੂਆ ਖੇਡਣਾ ਜਾਇਜ਼ ਹੈ। ਢਿੱਡ ਧਾਫੜਨ ਲਈ ਝੌਂਪੜੀ ਵਿਚ ਸਰੀਰ ਵੇਚਣਾ ਜੁਰਮ ਹੈ, ਪੰਜ ਤਾਰਾ ਹੋਟਲਾਂ ਵਿਚ ਹਮ-ਬਿਸਤਰ ਹੋਣਾ ਜਾਇਜ਼ ਹੈ। ਦੱਸ, ਜਿਸ ਜੁਰਮ ਵਿਚ ਤੈਨੂੰ ਸਜ਼ਾ ਹੋਈ ਹੈ, ਕੀ ਉਹ ਤੂੰ ਕੀਤਾ ਹੈ? ਜਿਸ ਜੁਰਮ ਵਿਚ ਮੈਨੂੰ ਸਜ਼ਾ ਹੋਈ ਹੈ, ਕੀ ਮੈਂ ਉਹ ਕੀਤਾ ਹੈ? ਕੋਈ ਵਿਅਕਤੀ ਮੁਜਰਮ ਆਪਣੀ ਮਰਜ਼ੀ ਨਾਲ ਨਹੀਂ ਬਣਦਾ। ਪ੍ਰਸਥਿਤੀਆਂ ਉਸ ਨੂੰ ਮੁਜਰਮ ਬਣਾਉਂਦੀਆਂ ਹਨ। ਸਰਕਾਰ ਦਾ ਮੁੱਢਲਾ ਫ਼ਰਜ਼ ਭੈੜੀਆਂ ਪ੍ਰਸਥਿਤੀਆਂ ਨੂੰ ਬਣਨ ਤੋਂ ਰੋਕਣਾ ਹੈ। ਜਦੋਂ ਸਰਕਾਰ ਆਪਣੇ ਫ਼ਰਜ਼ਾਂ ਤੋਂ ਭਟਕੀ ਹੋਈ ਹੈ ਤਾਂ ਪ੍ਰਸਥਿਤੀਆਂ ਵਿਚ ਘਿਰੇ ਲੋਕਾਂ ਨੇ ਕੁਰਾਹੇ ਪੈਣਾ ਹੀ ਹੈ। ਮੈਂ ਉਹਨਾਂ ਨੂੰ ਉਨੇ ਕਸੂਰਵਾਰ ਨਹੀਂ ਮੰਨਦਾ, ਜਿੰਨਾ ਸਾਡਾ ਕਾਨੂੰਨ ਮੰਨਦਾ ਹੈ। ਇਸ ਸਮੇਂ ਮੈਂ ਕਾਨੂੰਨ ਬਦਲਣ ਦੀ ਮੰਗ ਨਹੀਂ ਕਰ ਰਿਹਾ। ਚੰਗਾ-ਮਾੜਾ ਜੋ ਕਾਨੂੰਨ ਹੈ, ਉਸੇ ਨੂੰ ਲਾਗੂ ਕਰਾਉਣ ਦਾ ਯਤਨ ਕਰ ਰਿਹਾ ਹਾਂ। ਆਪਣੇ ਮਾੜੇ ਕੰਮ ਦੀ ਇਹ ਸਜ਼ਾ ਭੁਗਤ ਚੁੱਕੇ ਹਨ। ਲੋੜੋਂ ਵੱਧ ਇਹਨਾਂ ਨੂੰ ਜੇਲ੍ਹ ਵਿਚ ਡੱਕੀ ਰੱਖਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਇਹਨਾਂ ਨੂੰ ਇਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ।”

ਸ਼ੱਕ ਦੂਰ ਹੋਣ ਬਾਅਦ ਗਦ-ਗਦ ਹੋਇਆ ਤਾਰਾ ਚੰਦ ਹੋਰ ਮਿਹਨਤ ਕਰਨ ਲੱਗਾ।

 

 

28

ਮਾੜੇ-ਧੀੜਿਆਂ ਦੀ ਬੈਰਕ ਵਿਚ ਰਿਹਾਅ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀ। ਇਸੇ ਲਈ ਲੀਗਲ ਸੈੱਲ ਵਾਲਿਆਂ ਨੇ ਆਪਣੇ ਕੰਮ ਦੀ ਸ਼ੁਰੂਆਤ ਇਸੇ ਬੈਰਕ ਤੋਂ ਕੀਤੀ ਸੀ। ਪਿਛਲੇ ਹਫ਼ਤੇ ਛੇ ਦਰਖ਼ਾਸਤਾਂ ਲਿਖੀਆਂ ਗਈਆਂ ਸਨ। ਪੰਜ ਵਿਚ ਕਾਮਯਾਬੀ ਮਿਲ ਚੁੱਕੀ ਸੀ। ਛੇਵੀਂ ਦਾ ਕੀ ਬਣਿਆ, ਹੁਣ ਪਤਾ ਲੱਗਣਾ ਸੀ। ਦੂਜੀ ਵਾਰ ਮਾੜੇ-ਧੀੜਿਆਂ ਦੀ ਬੈਰਕ ਵੱਲ ਜਾਂਦੇ ਲੀਗਲ ਸੈੱਲ ਵਾਲੇ ਪੂਰੇ ਉਤਸ਼ਾਹ ਵਿਚ ਸਨ।

ਪਿਛਲੀ ਵਾਰ ਸਭ ਤੋਂ ਪਹਿਲਾਂ ਦਰਖ਼ਾਸਤ ਨੱਨੇ ਵੱਲੋਂ ਲਿਖੀ ਗਈ ਸੀ। ਉਹ ਚਾਕੂ-ਮਾਰ ਸੀ। ਨਾਜ਼ ਸਿਨਮੇ ਵਾਲਿਆਂ ਨੇ ਕੁੜੀਆਂ-ਕਤਰੀਆਂ ਨਾਲ ਛੇੜ-ਛਾੜ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਉਸ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਇਵਜ਼ ਵਿਚ ਉਹ ਉਸ ਨੂੰ ਟਿਕਟਾਂ ਬਲੈਕ ਵਿਚ ਵੇਚਣ ਦੀ ਖੁੱਲ੍ਹ ਦਿੰਦੇ ਸਨ। ਕਦੇ ਫ਼ਿਲਮ ਮਾੜੀ ਲੱਗੀ ਹੋਵੇ ਅਤੇ ਗਾਹਕ ਘੱਟ ਪੈਂਦਾ ਹੋਵੇ ਤਾਂ ਨਸ਼ਾ-ਪੱਤਾ ਪੂਰਾ ਕਰਨ ਲਈ ਉਹ ਇਕ-ਅੱਧ ਜੇਬ ਸਾਫ਼ ਕਰ ਲਿਆ ਕਰਦਾ ਸੀ। ਇਸ ਵਾਰ ਉਸ ਨੇ ਫ਼ਿਲਮ ਦੇਖਣ ਆਏ ਇਕ ਮੁੰਡੇ ਦੀ ਜੇਬ ਵਿਚ ਹੱਥ ਪਾਇਆ ਸੀ। ਮੁੰਡੇ ਨੂੰ ਭਿਣਕ ਪੈ ਗਈ। ਉਸ ਨੇ ਨੱਨੇ ਨੂੰ ਰੰਗੇ ਹੱਥੀਂ ਫੜ ਲਿਆ। ਬਚਾਅ ਲਈ ਨੱਨੇ ਨੇ ਮੁੰਡੇ ਦੇ ਢਿੱਡ ਵੱਲ ਚਾਕੂ ਦਾ ਵਾਰ ਕੀਤਾ। ਮੁੰਡੇ ਨੇ ਵਾਰ ਹੱਥਾਂ ’ਤੇ ਰੋਕ ਲਿਆ। ਪੁਲਿਸ ਨੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਲਕ ਨੱਨੇ ਨਾਲ ਗ਼ੱਸੇ ਸਨ। ਉਸ ਨੇ ਗਾਹਕ ’ਤੇ ਚਾਕੂ ਦਾ ਵਾਰ ਕਰ ਕੇ ਸਿਨੇਮਾ ਮਾਲਕਾਂ ਦੀ ਬਦਨਾਮੀ ਕਰਵਾਈ ਸੀ। ਇਸ ਤਰ੍ਹਾਂ ਗਾਹਕੀ ’ਤੇ ਅਸਰ ਪੈਂਦਾ ਸੀ। ਆਪਣਾ ਅਸਰ-ਰਸੂਖ਼ ਵਰਤ ਕੇ ਉਹਨਾਂ ਨੇ ਇਰਾਦਾ ਕਤਲ ਦੀ ਦਫ਼ਾ ਤੁੜਵਾ ਦਿੱਤੀ। ਫੇਰ ਵੀ ਪੁਲਿਸ ਨੇ ਜੇਬ ਕੱਟਣ ਦਾ ਯਤਨ ਕਰਨ ਅਤੇ ਬਿਨਾਂ ਮਤਲਬ ਸੱਟਾਂ ਮਾਰਨ ਦੇ ਜੁਰਮ ਵਿਚ ਉਸ ਵਿਰੁੱਧ ਦੋਸ਼-ਪੱਤਰ ਦਾਖ਼ਲ ਕਰ ਦਿੱਤਾ।

ਅਜਿਹੀ ਕਿਸਮ ਦਾ ਨੱਨੇ ’ਤੇ ਇਹ ਅੱਠਵਾਂ ਮੁਕੱਦਮਾ ਸੀ। ਚਾਰ ਵਿਚ ਸਜ਼ਾ ਭੁਗਤ ਚੁੱਕਾ ਸੀ। ਚਾਰ ਵਿਚ ਪੇਸ਼ੀਆਂ ਭੁਗਤਦਾ ਸੀ। ਅਦਾਲਤ ਅਤੇ ਕਾਨੂੰਨ ਦਾ ਜਿਵੇਂ ਉਸ ਨੂੰ ਕੋਈ ਡਰ ਨਹੀਂ ਸੀ। ਜ਼ਮਾਨਤ ’ਤੇ ਰਿਹਾਅ ਹੁੰਦੇ ਹੀ ਨਵੀਂ ਵਾਰਦਾਤ ਕਰ ਦਿੰਦਾ ਸੀ। ਖਿਝੇ ਜੱਜ ਨੇ ਉਸ ਨੂੰ ਜ਼ਮਾਨਤ ਦੇਣੋਂ ਨਾਂਹ ਕਰ ਦਿੱਤੀ। ਖਿਝੇ ਮਾਲਕਾਂ ਨੇ ਉਸ ਦੀ ਪੈਰਵਾਈ ਕਰਨੀ ਛੱਡ ਦਿੱਤੀ।

ਦੋ ਸਾਲ ਮੁਦੱਈ ਗਵਾਹੀ ਦੇਣ ਨਾ ਆਇਆ। ਫੇਰ ਥਾਣੇਦਾਰ ਬਾਹਰਲੇ ਮੁਲਕ ਚਲਾ ਗਿਆ। ਜੇਲ੍ਹ ਦੀਆਂ ਰੋਟੀਆਂ ਭੰਨਦਾ ਨੱਨਾ ਸਾਢੇ ਤਿੰਨ ਸਾਲ ਤੋਂ ਫ਼ੈਸਲਾ ਉਡੀਕ ਰਿਹਾ ਸੀ।

ਨੱਨੇ ਉਪਰ ਭਾਵੇਂ ਪੰਜ ਮੁਕੱਦਮੇ ਚੱਲਦੇ ਸਨ, ਪਰ ਕਿਸੇ ਜੁਰਮ ਵਿਚ ਵੀ ਸਜ਼ਾ ਤਿੰਨ ਸਾਲ ਤੋਂ ਵੱਧ ਨਹੀਂ ਸੀ। ਰਿਹਾਅ ਹੋਣਾ ਉਸ ਦਾ ਕਾਨੂੰਨੀ ਹੱਕ ਸੀ।

ਫ਼ੌਜਦਾਰੀ ਜ਼ਾਬਤੇ ਦੀਆਂ ਧਾਰਵਾਂ ਅਤੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਆਧਾਰ ਬਣਾ ਕੇ ਜਦੋਂ ਦਰਖ਼ਾਸਤ ਲਿਖੀ ਗਈ ਤਾਂ ਤਾਰਾ ਚੰਦ ਝੱਟ ਸਮਝ ਗਿਆ ਕਿ ਕੋਈ ਮਾਈ ਦਾ ਲਾਲ ਇਸ ਦਰਖ਼ਾਸਤ ਨੂੰ ਰੱਦ ਨਹੀਂ ਕਰ ਸਕਦਾ।

ਨੱਨੇ ਵੱਲੋਂ ਇਕ ਦਰਖ਼ਾਸਤ ਮਹੀਨਾ ਪਹਿਲਾਂ ਵੀ ਲਿਖੀ ਗਈ ਸੀ। ਉਹ ਦਰਖ਼ਾਸਤ ਤਾਰਾ ਚੰਦ ਨੇ ਚੀਫ਼ ਵਾਰਡਰ ਦੇ ਕਹਿਣ ’ਤੇ ਲਿਖੀ ਸੀ। ਉਹੋ ਘਿਸੇ-ਪਿਟੇ ਬਹਾਨੇ ਲਾਏ ਸਨ, “ਮੈਂ ਘਰ ਵਿਚ ਇਕੱਲਾ ਕਮਾਊ-ਪੱਤ ਹਾਂ। ਮੇਰੇ ਮਾਂ-ਬਾਪ ਬੁੱਢੇ ਹਨ। ਮੈਂ ਬੀਮਾਰ ਰਹਿੰਦਾ ਹਾਂ।” ਆਦਿ। ਹੁਣ ਤਾਰਾ ਚੰਦ ਨੂੰ ਸਮਝ ਆਈ। ਇਹ ਦਰਖ਼ਾਸਤ ਚੀਫ਼ ਨੇ ਨੱਨੇ ਲਈ ਨਹੀਂ, ਆਪਣੇ ਫ਼ਾਇਦੇ ਲਈ ਲਿਖਾਈ ਸੀ। ਨੱਨੇ ਕੋਲੋਂ ਉਸ ਨੇ ਪੰਜਾਹ ਰੁਪਏ ਬਟੋਰੇ ਸਨ। ਚਾਲੀ ਆਪ ਰੱਖੇ ਸਨ, ਦਸ ਤਾਰਾ ਚੰਦ ਨੂੰ ਦਿੱਤੇ ਸਨ।

ਤਾਹੀਉਂ ਪਿਛਲੀ ਵਾਰ ਨੱਨਾ ਤਾਰਾ ਚੰਦ ਦੇ ਹੱਥ ਵਿਚ ਕਾਗ਼ਜ਼ਾਂ ਵਾਲਾ ਲਿਫ਼ਾਫ਼ਾ ਫੜਿਆ ਦੇਖ ਕੇ ਭੜਕ ਉਠਿਆ ਸੀ, “ਤੁਸੀਂ ਇਸ ਮਾਸਟਰ ਨੂੰ ਫੇਰ ਫੜ ਲਿਆਂਦਾ। ਮੇਰੇ ਕੋਲ ਪੰਜਾਹ ਰੁਪਏ ਨਹੀਂ ਹਨ। ਤੁਸੀਂ ਸਾਰੇ ਚੋਰ ਹੋ। ਮੈਂ ਇਕ-ਇਕ ਕਰਕੇ ਮਸਾਂ ਪੰਜਾਹ ਰੁਪਏ ਜੋੜਦਾ ਹਾਂ। ਬਹਾਨੇ ਨਾਲ ਤੁਸੀਂ ਝੱਟ ਰੁਪਏ ਠੱਗ ਲੈਂਦੇ ਹੋ। ਮੈਨੂੰ ਪਤਾ ਹੈ, ਮੇਰੀ ਰਿਹਾਈ ਨਹੀਂ ਹੋਣੀ। ਮੈਨੂੰ ਰਿਹਾਈ ਦੀ ਜ਼ਰੂਰਤ ਨਹੀਂ।”

ਨੱਨੇ ਦੀ ਖੱਬੀ ਅੱਖ ਪੱਥਰ ਦੀ ਸੀ। ਉਸ ਪੱਥਰ ਉਪਰ ਨੱਨੇ ਦੇ ਗ਼ੁੱਸੇ ਦਾ ਕੋਈ ਅਸਰ ਨਾ ਹੋਇਆ। ਸਬੂਤੀ ਅੱਖ ਅੱਗ ਬਰਸਾਉਣ ਲੱਗੀ। ਕਿਸੇ ਲੜਾਈ ਵਿਚ ਨੱਨੇ ਦਾ ਮੱਥਾ ਜ਼ਖ਼ਮੀ ਹੋ ਗਿਆ ਸੀ। ਥਾਂ-ਥਾਂ ਟਾਂਕਿਆਂ ਨੇ ਸਥਾਈ ਤਿਊੜੀਆਂ ਦਾ ਰੂਪ ਧਾਰ ਰੱਖਿਆ ਸੀ। ਖ਼ੂਨ ਦੇ ਵਧੇ ਦੌਰੇ ਕਾਰਨ ਉਹ ਤਿਊੜੀਆਂ ਆਕੜ ਗਈਆਂ। ਟੁੱਟੇ ਜਬਾੜੇ ਦੀ ਕੰਪਨ ਨੇ ਉਸ ਦੀ ਸ਼ਕਲ ਨੂੰ ਹੋਰ ਡਰਾਉਣਾ ਬਣਾ ਦਿਤਾ।

“ਮੇਰੀ ਖ਼ੈਰ ਨਹੀਂ।” ਸੋਚਦੇ ਤਾਰਾ ਚੰਦ ਦੀਆਂ ਲੱਤਾਂ ਕੰਬਣ ਲੱਗੀਆਂ।

“ਭੈਣ ਦਿਆ ਯਾਰਾ, ਇਹ ਲੀਗਲ ਸੈੱਲ ਵਾਲੇ ਹਨ। ਕੋਈ ਪੈਸਾ ਨਹੀਂ ਲੈਣਗੇ। ਜਦੋਂ ਮੈਂ ਕੱਲ੍ਹ ਭਕਾਈ ਕੀਤੀ ਸੀ, ਉਦੋਂ ਤੂੰ ਕਿੱਥੇ ਸੀ?”

ਨੱਨੇ ਦੇ ਵਿਵਹਾਰ ’ਤੇ ਖਿਝਿਆ ਸਹਾਇਕ ਦਰੋਗ਼ਾ ਝਈ ਲੈ ਕੇ ਪਿਆ।

“ਕੋਈ ਨਹੀਂ। ਇਸ ਵਿਚ ਇਸ ਦਾ ਕੋਈ ਕਸੂਰ ਨਹੀਂ। ਦਰਖ਼ਾਸਤਾਂ ਦੇ ਵਾਰ-ਵਾਰ ਰੱਦ ਹੋਣ ਕਾਰਨ ਇਸ ਦਾ ਵਿਸ਼ਵਾਸ ਉਠਿਆ ਹੋਇਆ ਹੈ। ਮੈਂ ਆਪੇ ਸੰਭਾਲ ਲਵਾਂਗਾ।”

ਆਖਦੇ ਹਾਕਮ ਨੇ ਸਹਾਇਕ ਦਰੋਗ਼ੇ ਦੇ ਨੱਨੇ ਦੇ ਮੌਰਾਂ ਵੱਲ ਵਧਦੇ ਡੰਡੇ ਨੂੰ ਰੋਕ ਲਿਆਸੀ।

ਪਹਿਲਾਂ ਤਾਰਾ ਚੰਦ ਨੂੰ ਆਪਣੀ ਤੀਹ-ਤੀਹ ਰੁਪਏ ਰੋਜ਼ ਦੀ ਕਮਾਈ ’ਤੇ ਖ਼ੁਸ਼ੀ ਹੁੰਦੀ ਸੀ। ਉਸ ਦਿਨ ਤੋਂ ਉਸ ਨੂੰ ਅਜਿਹੀ ਕਮਾਈ ਤੋਂ ਗਲਿਆਨੀ ਹੋਣ ਲੱਗੀ ਸੀ।

ਅੱਜ ਮਾੜੇ-ਧੀੜਿਆਂ ਦੀ ਬੈਰਕ ਵੱਲ ਜਾਂਦਾ ਤਾਰਾ ਚੰਦ ਡਰ ਰਿਹਾ ਸੀ। ਕਿਧਰੇ ਕਿਸੇ ਹੋਰ ਨੱਨੇ ਨਾਲ ਵਾਹ ਨਾ ਪੈ ਜਾਵੇ। ਉਂਝ ਅੱਜ ਉਹ ਜੇਬ ਵਿਚ ਕੁਝ ਰੁਪਏ ਪਾ ਕੇ ਲਿਆਇਆ ਸੀ। ਨਵੇਂ ਨੱਨੇ ਨਾਲ ਵਾਹ ਪੈਣ ’ਤੇ ਪੈਸੇ ਵਾਪਸ ਕਰਨ ਦਾ ਮਨ ਬਣਾ ਕੇ ਆਇਆ ਸੀ।

ਦੂਜੀ ਦਰਖ਼ਾਸਤ ਝੋਟਿਆਂ ਦੇ ਭੇੜ ਵਿਚ ਆਏ ਰਾਮੂ ਚਾਹ ਵਾਲੇ ਅਤੇ ਲੰਬੂ ਰਿਕਸ਼ੇ ਵਾਲੇ ਦੀ ਸੀ।

ਇਕ ਸਾਲ ਪਹਿਲਾਂ ਰਾਮਾ ਨੰਦ ਹਸਪਤਾਲ ਦੇ ਪੈਰਾ-ਮੈਡੀਕਲ ਸਟਾਫ਼ ਨੇ ਹੜਤਾਲ ਕੀਤੀ ਸੀ। ਸਟਾਫ਼ ਦਾ ਕਹਿਣਾ ਸੀ ਕਿ ਹਸਪਤਾਲ ਦੀ ਤਰੱਕੀ ਵਿਚ ਉਹਨਾਂ ਦਾ ਯੋਗਦਾਨ ਵੀ ਓਨਾ ਹੀ ਹੈ ਜਿੰਨਾ ਡਾਕਟਰਾਂ ਦਾ। ਡਾਕਟਰਾਂ ਵਾਂਗ ਉਹਨਾਂ ਤੋਂ ਕੁਆਰਟਰਾਂ ਦੇ ਕਿਰਾਏ ਨਾ ਲਏ ਜਾਣ, ਬਿਜਲੀ ਪਾਣੀ ਮੁਫ਼ਤ ਦਿੱਤੀ ਜਾਵੇ। ਸਟਾਫ਼ ਦੇ ਪਰਿਵਾਰ ਦੇ ਮੈਂਬਰਾਂ ਨੂੰ ਡਾਕਟਰੀ ਸਹਾਇਤਾ ਮੁਫ਼ਤ ਦਿੱਤੀ ਜਾਵੇ। ਡਾਕਟਰਾਂ ਵਾਂਗ ਉਹਨਾਂ ਨੂੰ ਹਸਪਤਾਲ ਵਿਚ ਹੁੰਦੇ ਟੈਸਟਾਂ ਵਿਚੋਂ ਕਮਿਸ਼ਨ ਦਿੱਤਾ ਜਾਵੇ।

ਮੈਨੇਜਮੈਂਟ ਕਹਿੰਦੀ ਸੀ ਕਿ ਸਟਾਫ਼ ਆਪਣੀ ਔਕਾਤ ਨੂੰ ਪਹਿਚਾਣੇ। ਕੁੱਤਾ ਜੇ ਗੱਡੇ ਹੇਠ ਵੜ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੱਡਾ ਉਸੇ ਦੇ ਸਹਾਰੇ ਚੱਲ ਰਿਹਾ ਹੈ। ਜੇ ਦਿੱਲੀ ਦੱਖਣ ਤੋਂ ਮਰੀਜ਼ ਇਸ ਹਸਪਤਾਲ ਵਿਚ ਇਲਾਜ ਕਰਾਉਣ ਆਉਂਦੇ ਹਨ ਤਾਂ ਇਸ ਦਾ ਕਾਰਨ ਸਟਾਫ਼ ਦੀ ਕਾਬਲੀਅਤ ਨਹੀਂ, ਡਾਕਟਰਾਂ ਦੀ ਮੁਹਾਰਤ ਹੈ। ਸਟਾਫ਼ ਵਾਲੇ ਦੂਜੇ ਪ੍ਰਾਈਵੇਟ ਹਸਪਤਾਲ ਦੇ ਸਟਾਫ਼ ਨੂੰ ਮਿਲਦੀਆਂ ਸਹੂਲਤਾਂ ’ਤੇ ਨਜ਼ਰ ਮਾਰਨ। ਉਹਨਾਂ ਦੀਆਂ ਤਨਖ਼ਾਹਾਂ ਅੱਧੀਆਂ ਹਨ, ਕੰਮ ਕਰਨ ਦੇ ਘੰਟੇ ਡਿਉੜੇ। ਜੇ ਸਿਰ ਦੁਖਦੇ ਦੀ ਗੋਲੀ ਖਾਣੀ ਪਵੇ ਤਾਂ ਉਹਨਾਂ ਨੂੰ ਪੂਰੀ ਕੀਮਤ ਚੁਕਾਉਣੀ ਪੈਂਦੀ ਹੈ। ਸਟਾਫ਼ ਚੁੱਪ ਕਰ ਕੇ ਮੌਜਾਂ ਮਾਣਦਾ ਰਹੇ।

ਤਕਰਾਰ ਵਧਦਾ-ਵਧਦਾ ਹੜਤਾਲ ਤਕ ਪੁੱਜ ਗਿਆ। ਹੜਤਾਲ ਦਾ ਅਸਰ ਹਸਪਤਾਲ ਦੀ ਆਮਦਨ ਅਤੇ ਮਸ਼ਹੂਰੀ ਉੱਪਰ ਹੋਣ ਲੱਗਾ। ਨਵੇਂ ਮਰੀਜ਼ ਆਉਣੋਂ ਹਟ ਗਏ। ਪੁਰਾਣੇ ਹੋਰ ਹਸਪਤਾਲਾਂ ਵਿਚ ਜਾਣ ਦੀ ਸੋਚਣ ਲੱਗੇ। ਮੌਕਾ ਸੰਭਾਲਣ ਦੇ ਇਰਾਦੇ ਨਾਲ ਮੈਨੇਜਮੈਂਟ ਝੁਕਣ ਲੱਗੀ। ਕੁਝ ਮੰਗਾਂ ਮੰਨਣ ਲਈ ਸਹਿਮਤ ਹੋਣ ਲੱਗੀ। ਯੂਨੀਅਨ ਦੇ ਅਨਾੜੀ ਨੇਤਾ ਚਾਂਭਲ ਗਏ। ਕਹਿੰਦੇ ਪੂਰੀਆਂ ਮੰਗਾਂ ਮੰਨਵਾ ਕੇ ਹੜਾਤਲ ਵਾਪਸ ਲਵਾਂਗੇ।

ਮੈਨੇਜਮੈਂਟ ਨੂੰ ਸਹੇ ਨਾਲੋਂ ਪਹੇ ਦਾ ਫ਼ਿਕਰ ਹੋਣ ਲੱਗਾ। ਇੰਝ ਯੂਨੀਅਨ ਤਕੜੀ ਹੋ ਜਾਵੇਗੀ। ਆਏ ਦਿਨ ਧਮਕੀਆਂ ਦਿਆ ਕਰੇਗੀ। ਸੂਲਾਂ ਦੇ ਜੰਮਦੀਆਂ ਦੇ ਮੂੰਹ ਮੋੜ ਦੇਣੇ ਚਾਹੀਦੇ ਹਨ। ਸੋਚ ਕੇ ਮੈਨੇਜਮੈਂਟ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ, “ਅਸੀਂ ਤੁਹਾਡੇ ਕੁੱਤੇ-ਬਿੱਲੀਆਂ ਤਕ ਦਾ ਮੁਫ਼ਤ ਇਲਾਜ ਕਰਦੇ ਹਾਂ। ਹੁਣ ਸਾਨੂੰ ਲੋੜ ਪਈ ਹੈ। ਸਾਡੀ ਮਦਦ ਕਰੋ।”

ਖਾਧੇ ਨਮਕ ਦਾ ਬਦਲਾ ਚੁਕਾਉਣ ਲਈ ਪੁਲਿਸ ਹਰਕਤ ਵਿਚ ਆ ਗਈ। ਧਰਨੇ ’ਤੇ ਬੈਠੇ ਨੇਤਾਵਾਂ ਨੂੰ ਜਬਰੀ ਚੁੱਕਣ ਅਤੇ ਜੇਲ੍ਹਾਂ ਵਿਚ ਸੁੱਟਣ ਦੀ ਯੋਜਨਾ ਬਣ ਗਈ। ਪੁਲਿਸ ਦੇ ਇਸ ਮਨਸੂਬੇ ਦੀ ਭਿਣਕ ਯੂਨੀਅਨ ਵਾਲਿਆਂ ਨੂੰ ਪੈ ਗਈ। ਉਹਨਾਂ ਨੇ ਪੁਲਿਸ ਦਾ ਡਟ ਕੇ ਮੁਕਾਬਲਾ ਕਰਨ ਦਾ ਮਨ ਬਣਾ ਲਿਆ।

ਪੁਲਿਸ ਨੂੰ ਇੰਨੀ ਉਮੀਦ ਨਹੀਂ ਸੀ। ਡਿਪਟੀ ਦੀ ਕਮਾਂਡ ਹੇਠ ਇਕ ਛੋਟੀ ਜਿਹੀ ਪੁਲਿਸ ਟੁਕੜੀ ਧਰਨਾ ਉਠਾਉਣ ਗਈ ਸੀ। ਨੇਤਾਵਾਂ ਨਾਲ ਖਿੱਚ-ਧੂਹ ਕਰਦੀ ਪੁਲਿਸ ਨੂੰ ਲੁਕ ਕੇ ਬੈਠੇ ਵਰਕਰ ਪੈ ਨਿਕਲੇ। ਹੱਥੋ-ਪਾਈ ਵਿਚ ਕੁਝ ਪੁਲਿਸ ਵਾਲਿਆਂ ਦੀਆਂ ਪੱਗਾਂ ਲਹਿ ਗਈਆਂ, ਕੁਝ ਨੂੰ ਝਰੀਟਾਂ ਵੱਜੀਆਂ। ਡਿਪਟੀ ਦਰੀ ਵਿਚ ਫਸ ਕੇ ਜ਼ਮੀਨ ’ਤੇ ਡਿੱਗ ਪਿਆ। ਸਰੀਰ ਭਾਰਾ ਹੋਣ ਕਾਰਨ ਖੜਾ ਹੋਣ ਨੂੰ ਦੇਰ ਲੱਗ ਗਈ। ਇੰਨੇ ਵਿਚ ਪੱਤਰਕਾਰਾਂ ਨੇ ਉਸ ਦੀ ਡਿੱਗੇ ਹੋਏ ਦੀ ਫ਼ੋਟੋ ਖਿੱਚ ਲਈ। ਇਕ ਨਰਸ ਨੇ ਇਕ ਲੇਡੀ ਕਾਂਸਟੇਬਲ ਦੀ ਗੁੱਤ ਫੜ ਲਈ। ਇਕ ਚੁਸਤ ਕੈਮਰਾਮੈਨ ਨੇ ਉਹ ਦ੍ਰਿਸ਼ ਵੀ ਕੈਮਰੇ ਵਿਚ ਕੈਦ ਕਰ ਲਿਆ।

ਵੱਧ ਗ਼ੁੱਸਾ ਪੁਲਿਸ ਨੂੰ ਖ਼ਾਲੀ ਹੱਥ ਮੁੜਨ ’ਤੇ ਚੜ੍ਹਿਆ।

ਉੱਚ ਅਧਿਕਾਰੀਆਂ ਨੇ ਫੇਰ ਮੀਟਿੰਗ ਕੀਤੀ। “ਬੇਇੱਜ਼ਤੀ ਦਾ ਤੁਰੰਤ ਬਦਲਾ ਲਿਆ ਜਾਵੇ। ਪੁਲਿਸ ਨੂੰ ਹੱਥ ਪਾਉਣ ਵਾਲੇ ਵਰਕਰਾਂ ਦੇ ਨਾਲ-ਨਾਲ ਪੱਤਰਕਾਰਾਂ ਨੂੰ ਸਬਕ ਸਿਖਾਇਆ ਜਾਵੇ।” ਇਹ ਫ਼ੈਸਲਾ ਲਿਆ ਗਿਆ।

ਸਾਰੇ ਜ਼ਿਲ੍ਹੇ ਦੀ ਪੁਲਿਸ ਇਕੱਠੀ ਕੀਤੀ ਗਈ। ਹਸਪਤਾਲ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਗਿਆ। ਫੇਰ ਹਸਪਤਾਲ ’ਤੇ ਇਉਂ ਹਮਲਾ ਹੋਇਆ ਜਿਵੇਂ ਦੁਸ਼ਮਣ ਦੇ ਕਿਲ੍ਹੇ ’ਤੇ ਹੁੰਦਾ ਹੈ। ਰਸਤੇ ਵਿਚ ਰਾਹਗੀਰ, ਵਿਦਿਆਰਥੀ, ਮਰੀਜ਼ ਜਾਂ ਰਿਕਸ਼ੇ ਰੇਹੜੀ ਵਾਲਾ ਜੋ ਮਿਲਿਆ, ਉਸ ਨੂੰ ਕੁਟਾਪਾ ਚਾੜ੍ਹਿਆ ਗਿਆ। ਰੇਹੜੀਆਂ, ਰਿਕਸ਼ਿਆਂ, ਕਾਰਾਂ ਅਤੇ ਸਕੂਟਰਾਂ ਦੀ ਭੰਨ-ਤੋੜ ਕੀਤੀ ਗਈ।

ਟਿੱਡੀ ਦਲ ਵਾਂਗ ਚੜ੍ਹੀ ਆਉਂਦੀ ਪੁਲਿਸ ਨੂੰ ਦੇਖ ਕੇ ਵਰਕਰਾਂ ਵਿਚ ਭਗਦੜ ਮੱਚ ਗਈ। ਜਾਨ ਬਚਾਉਣ ਲਈ ਕੋਈ ਫ਼ਲੱਸ਼ ਵਿਚ ਵੜ ਗਿਆ, ਕੋਈ ਕਾਊਂਟਰ ਹੇਠ ਛੁਪ ਗਿਆ। ਪੁਲਿਸ ਨੇ ਦਰਵਾਜ਼ੇ ਖਿੜਕੀਆਂ ਤੋੜ ਕੇ ਸਭ ਨੂੰ ਬਾਹਰ ਕੱਢ ਲਿਆ। ਮਾਰ-ਕੁਟਾਈ ਤੋਂ ਬਚਣ ਲਈ ਕੁਝ ਵਰਕਰ ਛੱਤ ’ਤੇ ਜਾ ਚੜ੍ਹੇ ਅਤੇ ਕੁਝ ਦਰੱਖ਼ਤਾਂ ‘ਤੇ। ਪੁਲਿਸ ਨੂੰ ਛੱਤ ’ਤੇ ਚੜ੍ਹਦੀ ਦੇਖ ਕੇ ਕੁਝ ਨੇ ਛੱਤਾਂ ਤੋਂ ਛਾਲਾਂ ਮਾਰ ਦਿੱਤੀਆਂ। ਕੋਈ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ, ਕੋਈ ਰੌਸ਼ਨਦਾਨ ਵਿਚ। ਪੱਤਰਕਾਰਾਂ ਨੇ ਫੇਰ ਪਹਿਲ ਕੀਤੀ। ਛੱਤਾਂ ਤੋਂ ਛਾਲਾਂ ਮਾਰਦੇ, ਤਾਰਾਂ ’ਚ ਫਸੇ ਅਤੇ ਪੁਲਿਸ ਦੇ ਡੰਡੇ ਖਾਂਦੇ ਲੋਕਾਂ ਦੀਆਂ ਤਸਵੀਰਾਂ ਖਿੱਚ ਲਈਆਂ।

ਹੱਥ ਆਏ ਲੋਕਾਂ ਨੂੰ ਪਹਿਲਾਂ ਪੁਲਿਸ ਨੇ ਹਸਪਤਾਲ ਵਿਚ ਕੁੱਟਿਆ। ਫੇਰ ਉਹਨਾਂ ਵਰਕਰਾਂ ਦੀ ਸ਼ਨਾਖ਼ਤ ਕੀਤੀ ਗਈ, ਜਿਨ੍ਹਾਂ ਨੇ ਪੁਲਿਸ ਦੀ ਦਾੜ੍ਹੀ ਪੁੱਟੀ ਸੀ। ਥਾਣੇ ਉਹਨਾਂ ਨੂੰ ਮੁੜ ਬੇਇੱਜ਼ਤ ਕੀਤਾ ਗਿਆ। ਫੇਰ ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਅਤੇ ਸਰਕਾਰੀ ਕਰਮਚਾਰੀਆਂ ਉਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ।

ਫੱਟੜ ਹੋਣ ਕਾਰਨ ਕੁਝ ਵਰਕਰਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਹੋਣਾ ਪਿਆ। ਕੁਝ ਜੇਲ੍ਹ ਪੁੱਜ ਗਏ। ਦਹਿਸ਼ਤ ਕਾਰਨ ਬਾਕੀ ਭੂਮੀਗਤ ਹੋ ਗਏ। ਹੜਤਾਲ ਅਸਫ਼ਲ ਹੋ ਗਈ। ਆਰਜ਼ੀ ਵਰਕਰ ਕੰਮ ’ਤੇ ਮੁੜਨ ਲੱਗੇ।

ਅਗਲੇ ਹੀ ਦਿਨ ਮੈਨੇਜਮੈਂਟ ਦੀ ਖ਼ੁਸ਼ੀ ਗ਼ਮ ਵਿਚ ਬਦਲ ਗਈ। ਅਖ਼ਬਾਰਾਂ ਵਾਲਿਆਂ ਨੇ ਬਣੀ-ਬਣਾਈ ਖੇਡ ਵਿਗਾੜ ਦਿੱਤੀ। ਪੁਲਿਸ ਵੱਲੋਂ ਵਰਕਰਾਂ ਉਪਰ ਹੋਏ ਅੱਤਿਆਚਾਰ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪ ਗਈਆਂ। ਸਾਰੇ ਦੇਸ਼ ਵਿਚ ਹਾਹਾਕਾਰ ਮੱਚ ਗਈ। ਕਿਸੇ ਤਸਵੀਰ ਵਿਚ ਕਿਸੇ ਔਰਤ ਵਰਕਰ ਨੂੰ ਨੰਗਾ ਕੀਤਾ ਜਾ ਰਿਹਾ ਸੀ, ਕਿਸੇ ਵਿਚ ਬੂਟਾਂ ਹੇਠ ਲਤਾੜਿਆ ਜਾ ਰਿਹਾ ਸੀ। ਪੱਤਰਕਾਰਾਂ ਨੇ ਉਹਨਾਂ ਫੱਟੜ ਲੋਕਾਂ ਦੇ ਨਾਂ-ਪਤੇ ਵੀ ਛਾਪੇ, ਜਿਨ੍ਹਾਂ ਦਾ ਨਾਂ ਸਟਾਫ਼ ਨਾਲ ਕੋਈ ਸੰਬੰਧ ਸੀ, ਨਾ ਮੈਨੇਜਮੈਂਟ ਨਾਲ।

ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਦੋਂ ਇਹ ਮਾਮਲਾ ਉਠਾਇਆ ਤਾਂ ਮੈਨੇਜਮੈਂਟ ਦੇ ਨਾਲ ਪੁਲਿਸ ਵੀ ਮੋਮ ਵਾਂਗ ਨਰਮ ਹੋ ਗਈ। ਸਰਕਾਰ ਦੀ ਹਦਾਇਤ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਦਖ਼ਲ ਦਿੱਤਾ। ਦੋ ਮੀਟਿੰਗਾਂ ਵਿਚ ਸਮਝੌਤਾ ਹੋ ਗਿਆ। ‘ਜੋ ਮਿਲਿਆ ਉਹੋ ਗ਼ਨੀਮਤ’ ਸਮਝ ਕੇ ਵਰਕਰ ਕੰਮ ’ਤੇ ਆਉਣ ਲਈ ਰਾਜ਼ੀ ਹੋ ਗਏ।

ਹੜਤਾਲ ਕਾਰਨ ਹਸਪਤਾਲ ਛੱਡ ਕੇ ਗਏ ਮਰੀਜ਼ਾਂ ਦੇ ਮੁੜਨ ਦੀ ਰਫ਼ਤਾਰ ਤੇਜ਼ ਹੋ ਗਈ, ਪਰ ਵਰਕਰਾਂ ਦੇ ਕੰਮ ’ਤੇ ਮੁੜਨ ਦੀ ਰਫ਼ਤਾਰ ਮੱਠੀ ਰਹੀ। ਮੈਨੇਜਮੈਂਟ ਨੂੰ ਫ਼ਿਕਰ ਹੋਇਆ, ਪੂਰੇ ਸਟਾਫ਼ ਬਿਨਾਂ ਹਸਪਤਾਲ ਕਿਸ ਤਰ੍ਹਾਂ ਚੱਲੇਗਾ? ਭੂਮੀਗਤ ਨੇਤਾਵਾਂ ਨੂੰ ਫ਼ਿਕਰ ਹੋਇਆ ਕਿ ਆਪਣੇ ਨੇਤਾਵਾਂ ਨੂੰ ਜੇਲ੍ਹਾਂ ਵਿਚ ਸੜਦੇ ਛੱਡ ਕੇ ਕਿਹੜੇ ਮੂੰਹ ਉਹ ਕੰਮ ’ਤੇ ਮੁੜਨਗੇ।

ਮੈਨੇਜਮੈਂਟ ਅਤੇ ਵਰਕਰਾਂ ਵਿਚਕਾਰ ਇਕ ਵਾਰ ਫੇਰ ਮੀਟਿੰਗ ਹੋਈ। ਮੈਨੇਜਮੈਂਟ ਨੇ ਵਾਅਦਾ ਕੀਤਾ ਕਿ ਉਹ ਤੁਰੰਤ ਜੇਲ੍ਹ ਬੈਠੇ ਵਰਕਰਾਂ ਨੂੰ ਛੁਡਾਏਗੀ।

ਪੁਲਿਸ ਅਧਿਕਾਰੀਆਂ ਦਾ ਗ਼ੱਸਾ ਹਾਲੇ ਠੰਢਾ ਨਹੀਂ ਸੀ ਹੋਇਆ। ਵਰਕਰਾਂ ਹੱਥੋਂ ਕੁੱਟ ਖਾਂਦੀ ਪੁਲਿਸ ਦੀਆਂ ਤਸਵੀਰਾਂ ਲਗਭਗ ਹਰ ਅਖ਼ਬਾਰ ਨੇ ਵੱਡੇ-ਵੱਡੇ ਹਾਸ਼ੀਏ ਲਾ ਕੇ ਛਾਪੀਆਂ ਸਨ। ਲੋਕਾਂ ਦੀ ਯਾਦਾਸ਼ਤ ਹਾਲੇ ਮੱਠੀ ਨਹੀਂ ਸੀ ਪਈ। ਵਰਕਰਾਂ ਦੀ ਝਟਪਟ ਰਿਹਾਈ ਕਰਵਾ ਕੇ ਪੁਲਿਸ ਆਪਣੇ ਮੁਲਾਜ਼ਮਾਂ ਦਾ ਮਨੋਬਲ ਡੇਗਣ ਲਈ ਤਿਆਰ ਨਹੀਂ ਸੀ।

ਪੁਲਿਸ ਕੇਸ ਵਾਪਸ ਲੈਣ ਤੋਂ ਆਨਾ-ਕਾਨੀ ਕਰਨ ਲੱਗੀ।

ਖਿਝੀ ਮੈਨੇਜਮੈਂਟ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ।

ਮੁੱਖ ਮੰਤਰੀ ਦੀ ਹਦਾਇਤ ’ਤੇ ਪੁਲਿਸ ਅਤੇ ਮੈਨੇਜਮੈਂਟ ਵਿਚਕਾਰ ਇਕ ਵਾਰ ਫੇਰ ਮੀਟਿੰਗ ਹੋਈ। ਮੈਨੇਜਮੈਂਟ ਨੇ ਪੁਲਿਸ ਨੂੰ ਯਕੀਨ ਦਿਵਾਇਆ, “ਸ਼ਰਾਰਤੀ ਅਨਸਰ ਸਾਡੀਆਂ ਅੱਖਾਂ ਵਿਚ ਵੀ ਰੜਕਦੇ ਹਨ। ਅਸੀਂ ਮੌਕਾ ਸੰਭਾਲਣਾ ਹੈ। ਹਾਲਾਤ ਠੀਕ ਹੁੰਦਿਆਂ ਹੀ ਸਭ ਨਾਲ ਨਜਿੱਠਣਾ ਹੈ। ਤੁਸੀਂ ਕੁਝ ਮਹੀਨੇ ਲਈ ਮਿਸਲ ਨੂੰ ਠੰਢੇ ਬਸਤੇ ਵਿਚ ਪਾ ਦੇਵੋ। ਫੇਰ ਭਾਵੇਂ ਦੋਸ਼-ਪੱਤਰ ਤਿਆਰ ਕਰ ਕੇ ਅਦਾਲਤ ਵਿਚ ਦੇ ਦੇਣਾ। ਮੈਨੇਜਮੈਂਟ ਕੋਈ ਗਿਲਾ ਕਰਨ ਦੀ ਥਾਂ ਤੁਹਾਡਾ ਸਾਥ ਦੇਵੇਗੀ।”

ਸੋਚ ਵਿਚਾਰ ਬਾਅਦ ਇਕ ਰਾਹ ਲੱਭਿਆ ਗਿਆ। ਗ਼ਲਤੀ ਨਾਲ ਪੁਲਿਸ ਨੇ ਕੁਝ ਆਮ ਲੋਕਾਂ ਨੂੰ ਫੜ ਰੱਖਿਆ ਸੀ। ਆਪਣਾ ਵੱਕਾਰ ਰੱਖਣ ਲਈ ਪੁਲਿਸ ਉਹਨਾਂ ਵਿਰੁੱਧ ਆਪਣਾ ਸਕੰਜਾ ਕੱਸੀ ਰੱਖੇਗੀ। ਵਰਕਰ ਰਿਹਾਅ ਹੋਣ, ਇਸ ਲਈ ਗਵਾਹਾਂ ਦੇ ਬਿਆਨਾਂ ਵਿਚ ਰੱਦੋ-ਬਦਲ ਕਰੇਗੀ।

ਮੈਨੇਜਮੈਂਟ ਨੇ ਗਵਾਹਾਂ ਨਾਲ ਸੰਪਰਕ ਕੀਤਾ। ਉਹਨਾਂ ਤੋਂ ਹਲਫ਼ੀਆ ਬਿਆਨ ਲਏ, “ਵਾਰਦਾਤ ਸਮੇਂ ਉਹ ਮੌਕੇ ’ਤੇ ਹਾਜ਼ਰ ਨਹੀਂ ਸਨ।”

ਮੈਨੇਜਮੈਂਟ ਨੇ ਵਕੀਲ ਨੂੰ ਹਦਾਇਤ ਕੀਤੀ, “ਤੁਸੀਂ ਯੂਨੀਅਨ ਦੇ ਵਕੀਲਾਂ ਦੀ ਮਦਦ ਕਰੋ। ਵੱਧ ਤੋਂ ਵੱਧ ਵਰਕਰ ਰਿਹਾਅ ਕਰਾਓ।”

ਯੋਜਨਾ ਸਿਰੇ ਚੜ੍ਹਨ ਲੱਗੀ। ਇਕ-ਇਕ ਕਰ ਕੇ ਵਰਕਰ ਰਿਹਾਅ ਹੋਣ ਲੱਗੇ।

ਪਹਿਲਾਂ ਯੂਨੀਅਨ ਵਾਲਿਆਂ ਨੇ ਆਮ ਲੋਕਾਂ ਨੂੰ ਯਕੀਨ ਦਿਵਾਇਆ ਸੀ ਕਿ  ਉਹਨਾਂ ਦਾ ਮੁਕੱਦਮਾ ਮੁਫ਼ਤ ਵਿਚ ਲੜਿਆ ਜਾਵੇਗਾ।

ਬਦਲੇ ਹਾਲਾਤਾਂ ਵਿਚ ਯੂਨੀਅਨ ਨੂੰ ਉਹਨਾਂ ਦਾ ਖ਼ਿਆਲ ਭੁੱਲ ਗਿਆ।

ਰਿਕਸ਼ੇ ਰੇਹੜੀਆਂ ਵਾਲੇ ਯੂਨੀਅਨ ਦੇ ਮੈਂਬਰ ਨਹੀਂ ਸਨ। ਮੁਕੱਦਮੇ ਦੀ ਪੈਰਵਾਈ ਲਈ ਵਕੀਲ ਉਹਨਾਂ ਕੋਲੋਂ ਫ਼ੀਸਾਂ ਮੰਗਣ ਲੱਗੇ।

ਜਿਨ੍ਹਾਂ ਦਾ ਹੱਥ ਸੁਖਾਲਾ ਸੀ, ਉਹਨਾਂ ਨੇ ਆਪਣੇ ਵਕੀਲ ਖੜੇ ਕੀਤੇ, ਜ਼ਮਾਨਤਾਂ ਭਰੀਆਂ ਅਤੇ ਰਿਹਾਅ ਹੋ ਗਏ।

ਪਿੱਛੇ ਰਹਿ ਗਏ ਲੰਬੂ ਅਤੇ ਰਾਮੂ ਵਰਗੇ ਮਲੰਗ।

ਰਾਮੂ ਰਿਕਸ਼ਾ ਚਲਾਉਂਦਾ ਸੀ। ਸਵਾਰੀ ਦੀ ਉਡੀਕ ਹਸਪਤਾਲ ਦੇ ਬਾਹਰ ਖੜ੍ਹ ਕੇ ਕਰਦਾ ਸੀ। ਉਸ ਅਭਾਗੇ ਦਿਨ ਉਹ ਮਰੀਜ਼ ਦਾ ਸਾਮਾਨ ਲੈਣ ਹਸਪਤਾਲ ਅੰਦਰ ਚਲਿਆ ਗਿਆ ਸੀ। ਰਸਤੇ ਵਿਚ ਹੀ ਮਾਂਜਿਆ ਗਿਆ।

ਲੰਬੂ ਹਸਪਤਾਲ ਦੇ ਬਾਹਰ ਇਕ ਦਰੱਖ਼ਤ ਹੇਠ ਚਾਹ ਦੀ ਰੇਹੜੀ ਲਾਉਂਦਾ ਸੀ। ਦਰਿਆ ਦੇ ਤੇਜ਼ ਵਹਾਅ ਵਾਂਗ ਆਈ ਪੁਲਿਸ ਦੀ ਲਪੇਟ ਵਿਚ ਉਸ ਦੀ ਰੇਹੜੀ ਆ ਗਈ ਸੀ। ਪੁਲਿਸ ਨੇ ਉਸ ਦੀ ਰੇਹੜੀ ਦਾ ਵੀ ਕਬਾੜ ਬਣਾ ਦਿੱਤਾ ਅਤੇ ਉਸ ਦੇ ਸਰੀਰ ਦਾ ਵੀ।

ਦੋ ਦਿਨ ਕਰਫ਼ਿਊ ਵਰਗੇ ਹਾਲਾਤ ਬਣੇ ਰਹੇ। ਜਿਥੇ ਜਿਸ ਦੀ ਪੱਗ ਪਈ ਸੀ, ਪਈ ਰਹੀ। ਜਿਥੇ ਕਿਸੇ ਦੀ ਜੁੱਤੀ ਲਟਕੀ ਸੀ, ਲਟਕੀ ਰਹੀ। ਲੰਬੂ ਦੀ ਟੁੱਟੀ ਰੇਹੜੀ ਅਤੇ ਰਾਮੂ ਦੇ ਰਿਕਸ਼ੇਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪੀਆਂ ਸਨ। ਉਹਲਾਂ ਦੀ ਢਾਰਸ ਬੱਝੀ ਕਿ ਸਾਮਾਨ ਸੁਰੱਖਿਅਤਹੈ।

ਕੁਝ ਦਿਨਾਂ ਬਾਅਦ ਕਾਰਪੋਰੇਸ਼ਨ ਵਾਲੇ ਆਏ ਅਤੇ ਲਾਵਾਰਸ ਸਾਮਾਨ ਚੁੱਕ ਕੇ ਲੈ ਗਏ। ਰਾਮੂ ਨੇ ਰਿਕਸ਼ਾ ਕਿਰਾਏ ’ਤੇ ਲਿਆ ਹੋਇਆ ਸੀ। ਮਾਲਕ ਕਮੇਟੀ ਗਿਆ, ਜੁਰਮਾਨਾ ਭਰਿਆ ਅਤੇ ਰਿਕਸ਼ਾ ਛੁਡਾ ਲਿਆਇਆ। ਫੇਰ ਉਹ ਮੁਲਾਕਾਤ ਲਈ ਜੇਲ੍ਹ ਆਇਆ। ਰਾਮੂ ਦੇ ਪੰਜ ਸੌ ਰੁਪਏ ਬਤੌਰ ਜ਼ਮਾਨਤ ਜਮ੍ਹਾਂ ਸਨ। ਉਹ ਕੱਟ ਕੇ ਰਾਮੂ ਵੱਲ ਪੰਜ ਸੌ ਹੋਰ ਕੱਢਿਆ। ਪਰਨੋਟ ’ਤੇ ਦਸਤਖ਼ਤ ਕਰਾਏ ਅਤੇ ਚਲਾ ਗਿਆ।

ਲੰਬੂ ਉਸ ਨਾਲੋਂ ਖ਼ੁਸ਼ਕਿਸਮਤ ਸੀ। ਰੇਹੜੀ ਉਸ ਦੀ ਆਪਣੀ ਸੀ। ਅੱਠ ਸਾਲਾਂ ਦੀ ਮਿਹਨਤ ਬਾਅਦ ਮਸਾਂ ਬਣਾਈ ਸੀ। ਸਟੋਵ, ਪਤੀਲਾ ਅਤੇ ਹੋਰ ਨਿੱਕ-ਸੁੱਕ ਉਸ ਨੇ ਕਿਸ਼ਤਾਂ ’ਤੇ ਲਿਆ ਹੋਇਆ ਸੀ। ਲੰਬੂ ਦੇ ਸਾਥੀ ਰੇਹੜੀ ਛੁਡਾਉਣ ਕਮੇਟੀ ਗਏ। ਜੁਰਮਾਨੇ ਦੀ ਰਕਮ ਰੇਹੜੀ ਦੇ ਕਬਾੜ ਨਾਲੋਂ ਵੱਧ ਬਣਦੀ ਸੀ। ਬਾਕੀ ਦਾ ਸਾਮਾਨ ਉਥੇ ਜਮ੍ਹਾਂ ਨਹੀਂ ਸੀ। ਸਬਰ ਦਾ ਘੁੱਟ ਭਰ ਕੇ ਉਹ ਵਾਪਸ ਆ ਗਏ।

ਪੇਸ਼ੀ ਭੁਗਤਣ ਗਏ ਲੰਬੂ ਦਾ ਮਾਲਕ ਕਚਹਿਰੀ ਮਿਲਣ ਆਇਆ। ਹਿਸਾਬ-ਕਿਤਾਬ ਕਰ ਕੇ ਦੋ ਹਜ਼ਾਰ ਉਸ ਵੱਲ ਕੱਢ ਗਿਆ।

ਰਾਮੂ ਅਤੇ ਲੰਬੂ ਵਰਗੇ ਉਹਨਾਂ ਦੇ ਸਾਥੀ ਸਨ। ਦਸ-ਦਸ, ਵੀਹ-ਵੀਹ ਫੜ ਕੇ ਪਹਿਲਾਂ ਦੋ-ਤਿੰਨ ਸੌ ਰੁਪਏ ਇਕੱਠੇ ਕਰਦੇ, ਫਿਰ ਮਿੱਤਰਾਂ ਨੂੰ ਰਿਹਾਅ ਕਰਾਉਣ ਦੀ ਆਸ ਨਾਲ ਕਚਹਿਰੀ ਜਾਂਦੇ। ਟਾਊਟ ਉਹਨਾਂ ਨੂੰ ਰਸਤੇ ਵਿਚ ਹੀ ਘੇਰ ਲੈਂਦੇ। ਉਹਨਾਂ ਦੀ ਬੱਚਤ ਕਦੇ ਕਿਸੇ ਮੁਨਸ਼ੀ ਦੇ ਢਿੱਡ ਵਿਚ ਸਮਾ ਜਾਂਦੀ ਅਤੇ ਕਦੇ ਕਿਸੇ ਟਾਈਪਿਸਟ ਦੇ। ਦਰਖ਼ਾਸਤ ਜੱਜ ਤਕ ਪੁੱਜਣ ਤੋਂ ਪਹਿਲਾਂ ਉਹ ਮਲੰਗ ਹੋ ਜਾਂਦੇ।

ਇਸੇ ਖਿੱਚ-ਧੂਹ ਵਿਚ ਸਾਲ ਲੰਘ ਗਿਆ।

ਪਿਛਲੇ ਹਫ਼ਤੇ ਜੇਲ੍ਹ ਅਧਿਕਾਰੀਆਂ ਵੱਲੋਂ ਐਲਾਨ ਹੋਇਆ ਸੀ। ਲੋੜਵੰਦ ਕੈਦੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਏਗੀ।

ਇਹ ਐਲਾਨ ਸੁਣ ਕੇ ਰਾਮੂ ਹੋਰਾਂ ਦੀਆਂ ਅੱਖਾਂ ਵਿਚ ਆਸ ਦੀ ਜੋਤ ਜਗੀ ਸੀ, ਪਰ ਜਿਉਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਹੱਥ ਵਿਚ ਫੜਾਈ ਦਰਖ਼ਾਸਤ ਵਿਚ ਉਹਨਾਂਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਅਰਜ਼ੀ ਦਰਜ ਹੈ ਤਾਂ ਝੱਟ ਉਹਨਾਂ ਦੀ ਆਸ ਦੀ ਜੋਤ ਬੁਝਗਈ।

ਇਹ ਹੁਕਮ ਇਕ ਭਲੇਮਾਣਸ ਜੱਜ ਨੇ ਛੇ ਮਹੀਨੇ ਪਹਿਲਾਂ ਕਰ ਦਿੱਤਾ ਸੀ।

ਇਸ ਮੁਕੱਦਮੇ ਵਿਚ ਪੁਲਿਸ ਨੇ ਅਠਾਈ ਬੰਦੇ ਫੜੇ ਸਨ। ਕੋਈ ਨਾ ਕੋਈ ਹੀਲਾ ਕਰ ਕੇ ਛੱਬੀ ਰਿਹਾਅ ਹੋ ਚੁੱਕੇ ਸਨ। ਮੈਜਸਿਟ੍ਰੇਟ ਨੂੰ ਇਹਨਾਂ ’ਤੇ ਤਰਸ ਆਇਆ। ਬਿਨਾਂ ਕਿਸੇ ਅਰਜ਼ੀ-ਪੱਤਰ ਦੇ ਉਸ ਨੇ ਉਹਨਾਂ ਨੂੰ ਜ਼ਮਾਨਤ ’ਤੇ ਛੱਡਣ ਦਾ ਹੁਕਮ ਦੇ ਦਿੱਤਾ।

ਰਾਮੂ ਹੋਰਾਂ ਦੇ ਸਾਥੀ ਭੱਜੇ-ਭੱਜੇ ਕਚਹਿਰੀ ਗਏ। ਜਦੋਂ ਪਤਾ ਲੱਗਾ ਕਿ ਪਰਵਾਸੀ ਦੋਸ਼ੀਆਂ ਦੇ ਜਾਮਨਾਂ ਦਾ ਸਥਾਨਕ ਹੋਣਾ ਵੀ ਜ਼ਰੂਰੀ ਹੈ ਅਤੇ ਮੋਟੀਆਂ ਜ਼ਮੀਨਾਂ ਜਾਇਦਾਦਾਂ ਵਾਲਾ ਵੀ ਤਾਂ ਉਹਨਾਂ ਦੇ ਰੰਗ ਵਿਚ ਭੰਗ ਪੈ ਗਿਆ। ਘਰ-ਬਾਰ ਛੱਡੀ ਉਹ ਪਹਿਲਾਂ ਹੀ ਪ੍ਰਦੇਸਾਂ ਵਿਚ ਬੈਠੇ ਹੋਏ ਸਨ। ਉਹਨਾਂ ਦੇ ਸਾਥੀ ਸੰਗੀ ਫੁੱਟਪਾਥਾਂ ਅਤੇ ਰਿਕਸ਼ੇ-ਰੇਹੜੀਆਂ ’ਤੇ ਸੌਣ ਵਾਲੇ ਸਨ। ਉਹਨਾਂ ਨੇ ਕਦੇ ਦਸ ਹਜ਼ਾਰ ਦਾ ਮਾਲਕ ਬਣਨ ਦਾ ਸੁਪਨਾ ਨਹੀਂ ਲਿਆ। ਉਹ ਵੱਡੀਆਂ ਜਾਇਦਾਦਾਂ ਨੂੰ ਖ਼ਤਰੇ ਵਿਚ ਨਹੀਂ ਸਨ ਪਾ ਸਕਦੇ। ਕਈ ਮਹੀਨੇ ਦਰ-ਦਰ ਦੀਆਂ ਠੋਕਰਾਂ ਖਾਣ ਬਾਅਦ ਵੀ ਉਹ ਕੋਈ ਜ਼ਮਾਨਤੀਆ ਖੜਾ ਨਹੀਂ ਸਨ ਕਰ ਸਕੇ।

ਫੇਰ ਕਿਸੇ ਨੇ ਸਲਾਹ ਦਿੱਤੀ। ਕਚਹਿਰੀ ਵਿਚ ਅਜਿਹੇ ਕਈ ਖੋਖੇ ਹਨ, ਜਿਨ੍ਹਾਂ ਵਿਚ ਜ਼ਮਾਨਤੀਆਂ ਦੀ ਡਾਰ ਬੈਠਦੀ ਹੈ। ਉਹਨਾਂ ਕੋਲ ਕੋਠੀਆਂ ਦੀਆਂ ਰਜਿਸਟਰੀਆਂ ਵੀ ਹੁੰਦੀਆਂ ਹਨ ਅਤੇ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ ਵੀ। ਗਵਾਹੀ ਪਾਉਣ ਲਈ ਨੰਬਰਦਾਰ ਵੀ ਅਤੇ ਮੈਂਬਰ ਪੰਚਾਇਤ ਵੀ। ਲੰਬੂ ਹੋਰਾਂ ਦੇ ਸਾਥੀ ਖੋਖਿਆਂ ਵਿਚ ਗਏ। ਕਿਸੇ ਨੇ ਦਸ ਹਜ਼ਾਰ ਫ਼ੀ ਬੰਦਾ ਮੰਗਿਆ, ਕਿਸੇ ਨੇ ਅੱਠ ਹਜ਼ਾਰ। ਹਜ਼ਾਰ-ਪੰਦਰਾਂ ਸੌ ਦੀ ਪੇਸ਼ਕਸ਼ ਸੁਣ ਕੇ ਜ਼ਾਮਨ ਇਉਂ ਛਾਲ ਮਾਰ ਕੇ ਦੌੜ ਜਾਂਦੇ, ਜਿਵੇਂ ਸੱਪ ਨੇ ਡਸਿਆ ਹੋਵੇ। ਹੁਣ ਤਕ ਹਾਰ ਕੇ ਸਭ ਘਰ ਬੈਠ ਚੁੱਕੇ ਸਨ। ਰਾਮੂ ਹੋਰਾਂ ਨੂੰ ਹੁਕਮ ਨਹੀਂ, ਜ਼ਾਮਨ ਚਾਹੀਦਾ ਸੀ।

“ਹੁਕਮ ਸਾਡੇ ਕੋਲ ਹੈ। ਜੇ ਦੇ ਸਕਦੇ ਹੋ ਤਾਂ ਜ਼ਾਮਨ ਦਿਉ।” ਦਰਖ਼ਾਸਤ ਫੜਨ ਤੋਂ ਬਾਅਦ ਆਨਾ-ਕਾਨੀ ਕਰਦੇ ਰਾਮੂ ਨੇ ਆਖਿਆ।

“ਦਿਲ ਕਿਉਂ ਛੱਡਦਾ ਹੈਂ। ਇਹ ਅਰਜ਼ੀ ਪੜ੍ਹਨ ਬਾਅਦ ਮੈਜਸਿਟ੍ਰੇਟ ਤੇਰੇ ਕੋਲੋਂ ਜ਼ਾਮਨ ਨਹੀਂ ਮੰਗੇਗਾ। ਤੈਨੂੰ ਤੇਰੀ ਨਿੱਜੀ ਜ਼ਮਾਨਤ ਉਪਰ ਛੱਡ ਦੇਵੇਗਾ।”

ਹਾਕਮ ਨੇ ਰਾਮੂ ਦੀ ਪਿੱਠ ਥਾਪੜ ਕੇ ਆਖਿਆ ਸੀ ਤੇ ਸੱਚਮੁੱਚ ਪੇਸ਼ੀ ਭੁਗਤਣ ਆਏ ਰਾਮੂ ਹੋਰਾਂ ਦੀ ਥਾਂ ਉਹਨਾਂ ਦੀ ਰਿਹਾਈ ਦੇ ਹੁਕਮ ਆਏ ਸਨ।

 

 

ਲੀਗਲ ਸੈੱਲ ਆਪਣੇ ਕੰਮ ’ਤੇ ਨਜ਼ਰ ਰੱਖ ਰਿਹਾ ਸੀ। ਨਤੀਜੇ ਉਤਸ਼ਾਹ ਜਨਕ ਆ ਰਹੇ ਸਨ। ਅਦਾਲਤ ਦੇ ਪੂਰਨ ਸਹਿਯੋਗ ਕਾਰਨ ਸਾਰੀਆਂ ਦਰਖ਼ਾਸਤਾਂ ਮਨਜ਼ੂਰ ਹੋ ਰਹੀਆਂ ਸਨ।

ਬੈਰਕ ਵੱਲ ਜਾਂਦੇ ਤਾਰਾ ਚੰਦ ਨੂੰ ਸ਼ੀਬੂ ਬਾਰੇ ਜਾਨਣ ਦੀ ਉਬਲਚਿੱਤੀ ਲੱਗੀ ਹੋਈ ਸੀ।

ਅੱਜ ਉਹ ਪੇਸ਼ੀ ਭੁਗਤਣ ਗਿਆ ਸੀ। ਸ਼ੀਬੂ ਇਸ ਬੈਰਕ ਵਿਚ ਸਭ ਤੋਂ ਪੁਰਾਣਾ ਬਸ਼ਿੰਦਾ ਸੀ। ਉਸ ਉਪਰ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਰੇਲ ਮੁਸਾਫ਼ਰ ਦਾ ਸੂਟਕੇਸ ਚੋਰੀ ਕਰਨ ਦਾ ਦੋਸ਼ ਸੀ। ਪੁਲਿਸ ਨੇ ਇਹ ਦੋਸ਼ ਵੀ ਲਾਇਆ ਸੀ ਕਿ ਸੂਟਕੇਸ ਵਿਚੋਂ ਨਿਕਲਿਆ ਸਾਮਾਨ ਸਭ ਨੇ ਬਰਾਬਰ ਵੰਡਿਆ ਸੀ। ਸ਼ੀਬੂ ਦੇ ਹਿੱਸੇ ਪੰਜ ਸੌ ਰੁਪਿਆ ਅਤੇ ਇਕ ਕੁੜਤਾ-ਪਜਾਮਾ ਆਇਆ ਸੀ। ਉਸ ਦੇ ਸਾਥੀਆਂ ਕੋਲੋਂ ਨਕਦੀ ਅਤੇ ਹੋਰ ਸਾਮਾਨ ਬਰਾਮਦ ਹੋਇਆ ਸੀ।

ਸ਼ੀਬੂ ਹਵਾਲਾਤੀ ਸੀ। ਉਸਨੂੰ ਕੈਦੀਆਂ ਵਾਲੀ ਵਰਦੀ ਨਹੀਂ ਸੀ ਮਿਲਦੀ। ਜਿਨ੍ਹਾਂ ਕੱਪੜਿਆਂ ਵਿਚ ਉਹ ਫੜਿਆ ਗਿਆ ਸੀ, ਉਹ ਕਦੋਂ ਦੇ ਘਸ ਗਏ ਸਨ। ਉਸ ਨੂੰ ਨੰਗੇਜ ਢੱਕਣਾ ਮੁਸ਼ਕਿਲ ਹੋਇਆ ਪਿਆ ਸੀ। ਉਸ ਦੀ ਬੈਰਕ ਵਿਚ ਉਸੇ ਵਰਗੇ ਨੰਗ-ਮਲੰਗ ਬੰਦੇ ਸਨ। ਕਿਸੇ ਦੀ ਮੁੱਠੀਚਾਪੀ ਕਰ ਕੇ, ਕਿਸੇ ਦੇ ਹਿੱਸੇ ਦੀ ਮੁਸ਼ੱਕਤ ਕਰ ਕੇ ਪੈਸੇ ਕਮਾਉਣ ਦਾ ਸਬੱਬ ਨਹੀਂ ਸੀ ਬਣਦਾ।

ਗ਼ੁਰਬਤ ਤੋਂ ਤੰਗ ਆਏ ਸ਼ੀਬੂ ਨੂੰ ਦੇਖ ਕੇ ਇਕ ਕੈਦੀ ਨੇ ਨਾਲੇ ਉਸ ਨੂੰ ਕੁਝ ਰੁਪਏ ਦਿੱਤੇ, ਨਾਲੇ ਸਲਾਹ।

“ਹਰ ਪੇਸ਼ੀ ’ਤੇ ਗਿਆ, ਜੱਜ ਨੂੰ ਇਕ ਦਰਖ਼ਾਸਤ ਦਿਆ ਕਰ। ਰਿਹਾਈ ਅਤੇ ਕੇਸ ਦੇ ਜਲਦੀ ਨਿਪਟਾਰੇ ਦੀ ਦੁਹਾਈ ਪਾਇਆ ਕਰ।”

ਜੇਲ੍ਹ ਵਿਚੋਂ ਅਰਜ਼ੀ ਲਿਖਾਉਣ ਦੀ ਸ਼ੀਬੂ ਦੀ ਹਿੰਮਤ ਨਹੀਂ ਸੀ, ਪਰ ਉਹ ਹਿੰਮਤ ਹਾਰਨ ਵਾਲਾ ਵੀ ਨਹੀਂ ਸੀ। ਕਚਹਿਰੀ ਜਾ ਕੇ ਕਦੇ ਉਹ ਕਿਸੇ ਪੜ੍ਹੇ-ਲਿਖੇ ਕੈਦੀ ਦੀ ਮਿੰਨਤ ਕਰਦਾ, ਕਦੇ ਕਿਸੇ ਮੁਨਸ਼ੀ ਦੇ ਹਾੜੇ ਕੱਢਦਾ। ਕਿਤੋਂ ਨਾ ਕਿਤੋਂ ਦਰਖ਼ਾਸਤ ਲਿਖਵਾ ਕੇ ਉਹ ਜੱਜ ਅੱਗੇ ਜ਼ਰੂਰ ਰੱਖਦਾ।

ਕਦੇ ਜੱਜ ਭੱਜ ਕੇ ਪੈਂਦਾ, “ਮੇਰੇ ਕੋਲ ਚਾਰ ਹਜ਼ਾਰ ਕੇਸ ਨੇ। ਤੇਰੇ ਲਈ ਮੈਂ ਵਿਹਲਾ ਹਾਂ।”

ਕਦੇ ਮੂਡ ਠੀਕ ਹੰਦਾ ਤਾਂ “ਅਗਲੀ ਵਾਰੀ ਨਬੇੜ ਦੇਵਾਂਗੇ।” ਦਾ ਲਾਰਾ ਲਾਉਂਦਾ।

ਸ਼ੀਬੂ ਦਰਖ਼ਾਸਤਾਂ ਦੇ-ਦੇ ਹੰਭ ਚੁੱਕਾ ਸੀ।

ਉਸ ਨੂੰ ਲੱਗਾ ਲੀਗਲ ਸੈੱਲ ਵਾਲੀ ਦਰਖ਼ਾਸਤ ਦਾ ਵੀ ਇਹੋ ਹਸ਼ਰ ਹੋਣਾ ਹੈ।

ਸ਼ੀਬੂ ਨੇ ਦਰਖ਼ਾਸਤ ਫੜੀ, ਫਾੜੀ ਅਤੇ ਟੋਟੇ ਹਵਾ ਵਿਚ ਖਿਲਾਰਦਾ ਆਪਣੇ ਖੱਡੇ ਵੱਲ ਤੁਰ ਪਿਆ।

ਹਾਕਮ ਸ਼ੀਬੂ ਕੋਲ ਜਾ ਕੇ ਉਸ ਨੂੰ ਪਿਆਰ ਨਾਲ ਸਮਝਾਉਣ ਲੱਗਾ, “ਤੇਰੇ ਜੁਰਮ ਦੀ ਸਜ਼ਾ ਤਿੰਨ ਸਾਲ ਹੈ। ਤੂੰ ਇਕ ਸਾਲ ਵੱਧ ਸਜ਼ਾ ਕੱਟੀ ਬੈਠਾ ਹੈਂ। ਬਿਨਾਂ ਸਿਰ-ਪੈਰ ਵਾਲੀ ਅਰਜ਼ੀ ਦੇਣ ਦਾ ਕੋਈ ਲਾਭ ਨਹੀਂ ਹੰਦਾ। ਤੈਨੂੰ ਜੇਲ੍ਹ ’ਚ ਡੱਕੀ ਰੱਖਣਾ ਗ਼ੈਰ-ਕਾਨੂੰਨੀ ਹੈ। ਮੇਰੀ ਮੰਨ ਇਕ ਵਾਰਾ ਦਰਖ਼ਾਸਤ ਦੇ ਕੇ ਦੇਖ।”

“ਮੈਂ ਗ਼ਰੀਬ ਹਾਂ, ਮੇਰੀ ਕੋਈ ਨਹੀਂ ਸੁਣਦਾ।” ਆਖ ਕੇ ਭੁੱਬਾਂ ਮਾਰਦਾ ਸ਼ੀਬੂ, ਨੱਨਾ ਫੜ ਕੇ ਬੈਠ ਗਿਆ।

ਨੱਨਾ, ਰਾਮੂ ਤੇ ਲੰਬੂ ਸਭ ਰਿਹਾਅ ਹੋ ਚੁੱਕੇ ਸਨ। ਬਾਗ਼ੀ ਸ਼ੀਬੂ ਦਾ ਕੀ ਬਣਿਆ? ਤਾਰਾ ਚੰਦ ਇਹ ਜਾਣਨ ਲਈ ਕਾਹਲਾ ਸੀ।

ਬੈਰਕ ਵਿਚ ਵੜਦਿਆਂ ਹੀ ਤਾਰਾ ਚੰਦ ਨੇ ਸਹਾਇਕ ਦਰੋਗ਼ੇ ਕੋਲੋਂ ਇਹੋ ਪੱਛਿਆ।

“ਉਹ ਹਰਾਮ ਦਾ ਬੜਾ ਚੁਸਤ ਨਿਕਲਿਆ। ਨੱਨੇ ਹੋਰਾਂ ਦੇ ਰਿਹਾਅ ਹੋਣ ਬਾਅਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਦੋ ਦਿਨ ਉਹ ਸਾਡੀਆਂ ਮਿੰਨਤਾਂ ਕਰਦਾ ਰਿਹਾ। ਮੈਨੂੰ ਨਵੀਂ ਦਰਖ਼ਾਸਤ ਲਿਖਵਾ ਕੇ ਦਿਉ। ਮੈਂ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਪੇਸ਼ੀ ਭੁਗਤਣ ਗਏ ਨੇ ਪਤਾ ਨਹੀਂ ਕੀ ਜਾਦੂ ਮਾਰਿਆ। ਕਿਸੇ ਕੋਲੋਂ ਦਰਖ਼ਾਸਤ ਲਿਖਵਾ ਕੇ ਜੱਜ ਦੇ ਪੇਸ਼ ਕਰ ਦਿੱਤੀ। ਜੱਜ ਨੇ ਝੱਟ ਮਨਜ਼ੂਰ ਕਰ ਦਿੱਤੀ। ਸਾਲਾ ਸਾਮਾਨ ਲੈਣ ਬੈਰਕ ਵਿਚ ਵੀ ਨਹੀਂ ਆਇਆ। ਡਿਉਢੀ ਵਿਚੋਂ ਹੀ ਪੱਤਰਾ ਵਾਚ ਗਿਆ।”

“ਸਾਮਾਨ ਵਿਚ ਕਿਹੜਾ ਲੂਲਾਂ ਪਈਆਂ ਸਨ।” ਸੋਚਦੇ ਅਤੇ ਖ਼ੁਸ਼ੀ ਵਿਚ ਝੂਮਦੇ ਤਾਰਾ ਚੰਦ ਨੇ ਕੁਰਸੀ ’ਤੇ ਬੈਠੇ ਹਾਕਮ ਵੱਲ ਤੱਕਿਆ।

ਕਾਗ਼ਜ਼ਾਂ ਦੀ ਘੋਖ ਵਿਚ ਖੁਭੇ ਹਾਕਮ ਨੂੰ ਦੇਖ ਕੇ ਉਸ ਪੰਜ ਸੌ ਸਾਲ ਪਹਿਲਾਂ ਜੇਲ੍ਹ ’ਚ ਚੱਕੀ ਪੀਸਦੇ ਬਾਬਾ ਨਾਨਕ ਦੀ ਯਾਦ ਆਈ।

“ਧੰਨ ਹੈਂ ਤੂੰ ਬਾਬਾ। ਤੂੰ ਮਾੜੇ ਬੰਦਿਆਂ ਨੂੰ ਹੱਕ ਦਿਵਾ ਹੀ ਨਹੀਂ ਰਿਹਾ, ਉਹਨਾਂ ਨੂੰ ਹੱਕ ਖੋਹਣ ਯੋਗ ਵੀ ਬਣਾ ਰਿਹੈਂ।”

ਫੇਰ ਮਨ ਹੀ ਮਨ ਤਾਰਾ ਚੰਦ ਨੇ ਹਾਕਮ ਅੱਗੇ ਸਿਰ ਝੁਕਾਇਆ।

 

 

29

ਬਾਕੀ ਬੈਰਕਾਂ ਵਿਚ ਛੱਤੀ ਪ੍ਰਕਾਰ ਦੇ ਭੋਜਨ ਆਉਂਦੇ ਰਹਿੰਦੇ ਸਨ। ਨੰਗਾਂ ਦੀ ਬੈਰਕ ਵਿਚ ਲੱਡੂਆਂ ਦੀ ਪੰਸੇਰੀ ਪਹਿਲੀ ਵਾਰੀ ਆਈ ਸੀ।

ਖ਼ੁਸ਼ੀਆਂ ਦੀ ਇਹ ਪੰਡ ਬੈਂਕ ਵਿਚੋਂ ਪੈਸੇ ਕਢਾਉਣ ਗਿਆ ਨੰਦ ਫ਼ੌਜੀ ਲੈ ਕੇ ਆਇਆਸੀ।

ਬੈਰਕ ਦਾ ਦੋ-ਤਿਹਾਈ ਹਿੱਸਾ ਲੀਗਲ ਸੈੱਲ ਵਾਲਿਆਂ ਦੀ ਹਿੰਮਤ ਕਾਰਨ ਖ਼ਾਲੀ ਹੋ ਚੁੱਕਾ ਸੀ। ਜੋ ਬਾਕੀ ਬਚਦੇ ਸਨ, ਉਹਨਾਂ ਦੇ ਚਿਹਰੇ ਖਿਲੇ ਹੋਏ ਸਨ। ਰਿਹਾਈ ਭਾਵੇਂ ਨਹੀਂ ਸੀ ਹੋ ਰਹੀ ਪਰ ਇਨਸਾਫ਼ ਮਿਲਣ ਲੱਗਾ ਸੀ।

ਅੱਜ ਸੈੱਲ ਵਾਲਿਆਂ ਦੀ ਇਸ ਬੈਰਕ ਵਿਚ ਆਉਣ ਦੀ ਵਾਰੀ ਸੀ। ਕੁਝ ਕੈਦੀਆਂ ਨੇ  ਉਹਨਾਂ ਕੋਲ ਆਪਣੇ ਦੱਖੜੇ ਰੋਣੇ ਸਨ। ਕੁਝ ਨੇ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਸ਼ਨ।

ਖ਼ੁਸ਼ੀਆਂ ਸਾਂਝੀਆਂ ਕਰਨ ਵਾਲਿਆਂ ਵਿਚੋਂ ਫ਼ੌਜੀ ਇਕ ਸੀ।

ਫ਼ੌਜੀ ਸਰਕਾਰੀ ਰੈਸਟ ਹਾਊਸ ਦਾ ਚੌਕੀਦਾਰ ਸੀ। ਉਸ ਉਪਰ ਅਫ਼ਸਰ ਨਾਲ ਆਈ ਇਕ ਜਵਾਨ ਨੌਕਰਾਣੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ। ਦੋਸ਼ ਸੱਚਾ ਜੀ ਜਾਂ ਝੂਠਾ, ਹਾਲ ਦੀ ਘੜੀ ਇਹ ਮਸਲਾ ਨਹੀਂ ਸੀ। ਉਹ ਨਵੀਂ ਕਿਸਮ ਦੀ ਸਮੱਸਿਆ ਨਾਲ ਘਿਰਿਆ ਹੋਇਆ ਸੀ। ਚੌਕੀਦਾਰ ਲੱਗਣ ਤੋਂ ਦੋ ਮਹੀਨੇ ਪਹਿਲਾਂ ਹੀ ਉਹ ਫ਼ੌਜ ਵਿਚੋਂ ਰਿਟਾਇਰ ਹੋਇਆ ਸੀ। ਉਸ ਦੀ ਪੈਨਸ਼ਨ ਬੈਂਕ ਵਿਚ ਜਮ੍ਹਾਂ ਹੰਦੀ ਸੀ। ਖ਼ਰਚੇ ਲਈ ਉਸ ਨੂੰ ਪੈਸਾ ਚਾਹੀਦਾ ਸੀ। ਪਿਛਲੀ ਵਾਰ ਚੈੱਕ ਉਸ ਨੇ ਆਪਣੇ ਵਕੀਲ ਨੂੰ ਦਿੱਤਾ ਸੀ। ਫ਼ੀਸ ਦਾ ਬਕਾਇਆ ਆਖ ਕੇ ਵਿਚੋਂ ਪੰਦਰਾਂ ਸੌ ਉਸ ਨੇ ਰੱਖ ਲਿਆ ਸੀ। ਪੰਜ ਸੌ ਉਸ ਦੇ ਪੱਲੇ ਪਿਆ ਸੀ। ਭਰਜਾਈ ਵਕੀਲ ਨਾਲੋਂ ਵੱਧ ਲਾਲਚੀ ਸੀ। ਪੈਨਸ਼ਨ ਦੇ ਬੈਂਕ ਵਿਚ ਜਮ੍ਹਾਂ ਹੋਣ ਦੀ ਭਿਣਕ ਪੈਂਦਿਆਂ ਹੀ ਉਹ ਜੇਲ੍ਹ ਦੇ ਚੱਕਰ ਕੱਟਣ ਲੱਗਦੀ ਸੀ। ਕਦੇ ਉਸ ਨੂੰ ਪੈਸੇ ਭਤੀਜੇ ਦੀ ਫ਼ੀਸ ਭਰਨ ਲਈ ਚਾਹੀਦੇ ਹੁੰਦੇ ਸਨ, ਕਦੇ ਭਤੀਜੀ ਦੀ ਜੁੱਤੀ ਖ਼ਰੀਦਣ ਲਈ। ਛੜਾ ਹੋਣ ਕਾਰਨ ਭਰਜਾਈ ਨਾਲ ਫ਼ੌਜੀ ਨੂੰ ਤਿਹੁ ਸੀ। ਕਦੇ ਉਸ ਨੂੰ ਖ਼ਾਲੀ ਹੱਥ ਨਹੀਂ ਸੀ ਮੋੜਿਆ, ਪਰ ਇਕ ਗਿਲਾ ਜ਼ਰੂਰ ਸੀ। ਫ਼ੌਜੀ ਪੰਜ ਸੌ ਮੰਗਵਾਉਂਦਾ, ਉਹ ਸੌ ਭੇਜਦੀ।

ਆਪਣੀ ਨੌਕਰੀ ਦੌਰਾਨ ਫ਼ੌਜੀ ਬਹੁਤਾ ਸਮਾਂ ਬਰਫ਼ੀਲੀਆਂ ਪਹਾੜੀਆਂ ਉਪਰ ਤਾਇਨਾਤ ਰਿਹਾ ਸੀ। ਉਸ ਨੂੰ ਰੱਮ ਪੀਣ ਦੀ ਲਤ ਪਈ ਹੋਈ ਸੀ। ਕਦੇ-ਕਦੇ ਮਾਵਾ ਵੀ ਲਾ ਲੈਂਦਾ ਸੀ। ਇਹ ਚੀਜ਼ਾਂ ਜੇਲ੍ਹ ਵਿਚ ਮਿਲਦੀਆਂ ਸਨ, ਪਰ ਬਹੁਤ ਮਹਿੰਗੀਆਂ। ਪੈਸੇ ਦੀ ਤੋਟ ਕਾਰਨ ਫ਼ੌਜੀ ਔਖਾ ਸੀ।

ਅੱਕੇ ਫ਼ੌਜੀ ਨੇ ਫ਼ੈਸਲਾ ਕੀਤਾ ਸੀ ਕਿ ਅੱਗੋਂ ਤੋਂ ਉਹ ਕਿਸੇ ਨੂੰ ਦੁਆਨੀ ਨਹੀਂ ਦੇਵੇਗਾ। ਸਾਰੀ ਪੈਨਸ਼ਨ ਜੇਲ੍ਹ ਵਿਚ ਮੰਗਵਾਏਗਾ। ਫੇਰ ਗੁਲਸ਼ਰੇ ਉਡਾਏਗਾ। ਸਹੀ ਸਲਾਮਤ ਸਾਰੀ ਰਕਮ ਜੇਲ੍ਹ ਕਿਸ ਤਰ੍ਹਾਂ ਪੁੱਜੇ, ਉਹ ਇਸ ਸਮੱਸਿਆ ਨਾਲ ਘਿਰਿਆ ਹੋਇਆ ਸੀ।

ਹੱਲ ਸੁਲਝਾਉਣ ਤੋਂ ਪਹਿਲਾਂ ਹਾਕਮ ਨੇ ਫ਼ੌਜੀ ਕੋਲੋਂ ਇਹ ਬਚਨ ਲਿਆ ਸੀ ਅੱਧੀ ਰਕਮ ਉਹ ਭਤੀਜੇ-ਭਤੀਜੀਆਂ ਲਈ ਛੱਡੇਗਾ, ਅੱਧੀ ਜੇਲ੍ਹ ਮੰਗਵਾਏਗਾ।

ਫ਼ੌਜੀ ਵੱਲੋਂ ਇਕ ਦਰਖ਼ਾਸਤ ਲਿਖੀ ਗਈ, “ਮੈਨੂੰ ਬੈਂਕ ਜਾ ਕੇ ਪੈਸੇ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਵੇ।” ਦਰਖ਼ਾਸਤ ਮਨਜ਼ੂਰ ਹੋ ਗਈ।

ਫ਼ੌਜੀ ਨੂੰ ਪਹਿਲੀ ਵਾਰ ਆਪਣੇ ਪੈਸੇ ਆਪਣੀ ਮਰਜ਼ੀ ਨਾਲ ਖ਼ਰਚਣ ਦੀ ਖੁੱਲ੍ਹ ਮਿਲੀ ਸੀ। ਆਪਣੀ ਇਹ ਖ਼ੁਸ਼ੀ ਉਹ ਹਾਕਮ ਅਤੇ ਸਾਥੀ ਕੈਦੀਆਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ।

ਲੱਡੂਆਂ ਦੀ ਖ਼ੁਸ਼ਬੂ ਨੇ ਬੈਰਕ ਦੇ ਮਾਹੌਲ ਨੂੰ ਖ਼ੁਸ਼ਬੂਦਾਰ ਬਣਾ ਰੱਖਿਆ ਸੀ। ਹਰ ਇਕ ਨੂੰ ਮੂੰਹ ਮਿੱਠਾ ਕਰਨ ਦੀ ਆਸ ਸੀ। ਕੈਦੀਆਂ ਤੋਂ ਮੂੰਹ ਵਿਚ ਆਇਆ ਪਾਣੀ ਕਾਬੂ ਨਹੀਂ ਸੀ ਹੋ ਰਿਹਾ। ਆਨੇ-ਬਹਾਨੇ ਉਹ ਲੱਡੂਆਂ ਵਾਲੇ ਲਿਫ਼ਾਫ਼ੇ ਦੁਆਲੇ ਭਿਣਕਣ ਲੱਗਦੇ।

ਪਰ ਫ਼ੌਜੀ ਦਾ ਸਖ਼ਤ ਹੁਕਮ ਸੀ ਕਿ ਇਹ ਲੜਾਈ ਉਸ ਨੇ ਆਪਣੇ ਕਪਤਾਨ ਹਾਕਮ ਸਿੰਘ ਦੀ ਕਿਰਪਾ ਨਾਲ ਜਿੱਤੀ ਸੀ। ਜਸ਼ਨ ਦਾ ਆਰੰਭ ਹਾਕਮ ਦੇ ਮੂੰਹ ਮਿੱਠਾ ਕਰਨ ਬਾਅਦ ਹੋਣਾ ਸੀ।

ਦੁਖੂ ਭਈਏ ਕੋਲ ਲੱਡੂ ਲਿਆਉਣ ਜੋਗੇ ਪੈਸੇ ਨਹੀਂ ਸਨ। ਉਂਝ ਉਹ ਫ਼ੌਜੀ ਨਾਲੋਂ ਵੱਧ ਖ਼ੁਸ਼ ਸੀ ਅਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਜ਼ੋਰ-ਸ਼ੋਰ ਨਾਲ ਕਰਨਾ ਚਾਹੁੰਦਾ ਸੀ।

ਦੁਖੂ ਦੀ ਅਪੀਲ ਮਨਜ਼ੂਰ ਹੋ ਚੁੱਕੀ ਸੀ। ਕੱਲ੍ਹ ਨੂੰ ਉਸ ਨੇ ਬਰੀ ਹੋ ਜਾਣਾ ਸੀ। ਉਸ ਨੂੰ ਵੀਹ ਬੋਤਲਾਂ ਨਾਜਾਇਜ਼ ਸ਼ਰਾਬ ਰੱਖਣ ਦੇ ਦੋਸ਼ ਵਿਚ ਇਕ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਇਆ ਸੀ।

ਰੋਜ਼ੀ-ਰੋਟੀ ਦੀ ਤਲਾਸ਼ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਜੌਨਪੁਰ ਤੋਂ ਆਇਆ ਦੁਖੂ ਸਰਦਾਰਾਂ ਦੇ ਫ਼ਾਰਮ ’ਤੇ ਕੰਮ ਕਰਦਾ ਸੀ। ਪੋਤੇ ਦੀ ਸਾਲਗਿਰਾਹ ਮਨਾਉਣ ਲਈ ਵੱਡੇ ਸਰਦਾਰ ਨੇ ਮਿੱਤਰਾਂ ਨੂੰ ਮੋਟਰ ’ਤੇ ਬੁਲਾਇਆ ਸੀ। ਇਕ ਭਈਏ ਨੂੰ ਮੀਟ ਰਿੰਨ੍ਹਣ ਲਾ ਕੇ ਦੁਖੂ ਨੂੰ ਗੁਆਂਢੀ ਪਿੰਡ ਭਜਾਇਆ ਸੀ।

ਰਾਹ ਵਿਚ ਛਾਪਾ ਪੈ ਗਿਆ। ਮੋਟਰ ਦੀ ਥਾਂ ਸਣੇ ਕੇਨੀ ਉਹ ਥਾਣੇ ਪੁੱਜ ਗਿਆ।

ਪੁਲਿਸ ਨੇ ਜੇ ਆਪਣੇ ਤੌਰ ’ਤੇ ਫੜਿਆ ਹੁੰਦਾ ਤਾਂ ਹੇਠ-ਉਤਾਂਹ ਕਰ ਕੇ ਛੱਡ ਦਿੰਦੇ,ਪਰਮੁਖ਼ਬਰੀ ਸਰਦਾਰਾਂ ਦੇ ਦੁਸ਼ਮਣਾਂ ਨੇ ਕੀਤੀ ਸੀ। ਉਹ ਰੰਗ ਵਿਚ ਭੰਗ ਪਾਉਣਾ ਚਾਹੁੰਦੇਸਨ।

ਸਰਦਾਰ ਦੇ ਦੁਖੂ ਨੂੰ ਛੁਡਾਉਣ ਦੇ ਯਤਨ ਅਸਫ਼ਲ ਹੋ ਗਏ। ਪੁਲਿਸ ਨੇ ਦਾਅਵਾ ਕੀਤਾ, “ਮਹੀਨੇ ਦੇ ਅੰਦਰ-ਅੰਦਰ ਭਈਏ ਨੂੰ ਛੁਡਾ ਦਿਆਂਗੇ। ਹਾਲੇ ਇਸ ਨੂੰ ਅੰਦਰ ਰਹਿਣ ਦਿਓ। ਫੇਰ ਇਕਬਾਲ ਕਰਵਾ ਦਿਆਂਗੇ। ਕੱਟੀ ਸਜ਼ਾ ਜਿੰਨੀ ਸਜ਼ਾ ਕਰਵਾ ਕੇ ਘਰ ਲੈ ਆਵਾਂਗੇ।”

ਮਹੀਨੇ ਬਾਅਦ ਪੇਸ਼ੀ ਭੁਗਤਣ ਗਏ ਦੁਖੂ ਨੂੰ ਹੌਲਦਾਰ ਨੇ ਸਮਝਾਇਆ, “ਜੇ ਜੱਜ ਪੁੱਛੇ ਤਾਂ ਆਖ ਦੇਈਂ, ਸ਼ਰਾਬ ਮੇਰੇ ਕੋਲੋਂ ਫੜੀ ਗਈ ਹੈ। ਬਾਕੀ ਕੰਮ ਸਰਕਾਰੀ ਵਕੀਲ ਦਾ ਹੈ।”

ਸਰਕਾਰੀ ਵਕੀਲ ਨੇ ਮੌਕਾ ਸੰਭਾਲਣ ਦੀ ਥਾਂ ਵਿਗਾੜ ਦਿੱਤਾ। ਹੌਲਦਾਰ ਕਹਿੰਦਾ ਸੀ, ‘ਇਕ ਬੋਤਲ ਅਤੇ ਮੁਰਗੇ ਨਾਲ ਸਰ ਜਾਏਗਾ।” ਸਰਕਾਰੀ ਵਕੀਲ ਪੇਟੀ ਤੋਂ ਹੇਠਾਂ ਨਹੀਂ ਸੀ ਉਤਰ ਰਿਹਾ। ਕਹਿੰਦਾ ਸੀ, ਉਸ ਨੂੰ ਉਪਰੋਂ ਵਗਾਰ ਪਈ ਹੈ।

ਏਨਾ ਖ਼ਰਚਾ ਕਰਨ ਤੋਂ ਸਰਦਾਰ ਟਲ ਗਏ। ਭਈਏ ਤੋਂ ਸਾਲ ਭਰ ਮਜ਼ਦੂਰੀ ਕਰ ਕੇ ਵੀ ਪੇਟੀ ਦਾ ਖ਼ਰਚ ਨਹੀਂ ਜੁੜਨਾ। ਇਹ ਵੀ ਨਹੀਂ ਪਤਾ ਕਿ ਬਾਹਰ ਨਿਕਲ ਕੇ ਦੇਸ਼ ਨੂੰ ਭੱਜ ਜਾਵੇ ਜਾਂ ਰੌਲਾ ਪਾ ਕੇ ਬੈਠ ਜਾਵੇ। ਸ਼ਰਾਬ ਸਰਦਾਰ ਨੇ ਮੰਗਵਾਈ ਸੀ, ‘ਖ਼ਰਚਾ ਉਹੋ ਕਰਨ’ ਦੀ ਮੰਗ ਰੱਖ ਦੇਵੇ।

ਜਦੋਂ ਸੌਦਾ ਸਿਰੇ ਨਾ ਚੜ੍ਹਿਆ ਤਾਂ ਸਰਕਾਰੀ ਵਕੀਲ ਮੂੰਹ ਮੋਟਾ ਕਰ ਕੇ ਜੱਜ ਦੇ ਰਿਟਾਇਰਿੰਗ ਰੂਮ ਵਿਚ ਜਾ ਵੜਿਆ। ਪਤਾ ਨਹੀਂ ਉਸ ਦੇ ਕੰਨ ਵਿਚ ਕੀ ਫੂਕ ਮਾਰੀ ਕਿ ਜੱਜ ਨੇ ਉਸ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ।

ਸਰਦਾਰਾਂ ਨੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ। “ਵਕੀਲ ਕਹਿੰਦਾ ਕਿ ਪਹਿਲਾਂ ਜੁਰਮਾਨਾ ਭਰਨਾ ਪਏਗਾ।” ਪੰਜ ਹਜ਼ਾਰ ਖੂਹ-ਖਾਤੇ ਪੈਂਦਾ ਦੇਖ ਸਰਦਾਰਾਂ ਨੇ ਅਪੀਲ ਕਰਨ ਦਾ ਖ਼ਿਆਲ ਤਿਆਗ ਦਿੱਤਾ। ਫੇਰ ਭਈਆ ਵੀ ਵਿਸਾਰ ਦਿਤਾ।

ਜੋ ਕਾਨੂੰਨੀ ਲੜਾਈ ਸਰਦਾਰ ਨਹੀਂ ਸੀ ਲੜ ਸਕੇ, ਉਹ ਦੁਖੂ ਕਿਸ ਤਰ੍ਹਾਂ ਲੜ ਸਕਦਾ ਸੀ। ਉਹ ਥੱਕ-ਹਾਰ ਕੇ ਬੈਠ ਗਿਆ।

ਦੁਖੂ ਅੱਠ ਮਹੀਨੇ ਸਜ਼ਾ ਕੱਟ ਚੁੱਕਾ ਸੀ। ਢਾਈ-ਤਿੰਨ ਮਹੀਨੇ ਦੀ ਮੁਆਫ਼ੀ ਕਮਾ ਚੁੱਕਾ ਸੀ। ਉਸ ਨੂੰ ਜਾਪਦਾ ਸੀ ਕਿ ਉਸ ਦੇ ਸੰਕਟ ਦੇ ਦਿਨ ਕੱਟਣ ਵਾਲੇ ਹਨ, ਪਰ ਇਕ ਦਿਨ ਜਦੋਂ ਉਸ ਨੇ ਸਹਾਇਕ ਦਰੋਗ਼ੇ ਤੋਂ ਹਿਸਾਬ ਕਰਵਾਇਆ ਤਾਂ ਪਤਾ ਲੱਗਾ ਕਿ ਰਿਹਾਈ ਤੋਂ ਪਹਿਲਾਂ ਪੰਜ ਹਜ਼ਾਰ ਰੁਪਏ ਜੁਰਮਾਨਾ ਭਰਨਾ ਪੈਣਾ ਸੀ, ਨਹੀਂ ਤਾਂ ਛੇ ਮਹੀਨੇ ਹੋਰ ਸਜ਼ਾ ਕੱਟਣੀ ਪੈਣੀਸੀ।

ਉਸ ਦਿਨ ਤੋਂ ਦੁਖੂ ਦੁਖੀ ਸੀ।

ਹਾਕਮ ਦਾ ਹੱਥ ਪਿੱਠ ’ਤੇ ਟਿਕਦਿਆਂ ਹੀ ਉਸ ਦੀ ਉਦਾਸੀ ਹਰੀ ਗਈ। ਹਾਕਮ ਨੇ ਉਸਦੇਬਚਾਅ ਦੇ ਕਈ ਰਾਹ ਲੱਭੇ। ਦੋਸ਼ੀ ਕੋਲੋਂ ਆਪਣੇ ਜੁਰਮ ਦਾ ਇਕਬਾਲ ਕਰਾਉਣ ਦੀਕਾਹਲ ਵਿਚ ਪੁਲਿਸ ਕੁਝ ਅਹਿਮ ਉਪਚਾਰਕਤਾਵਾਂ ਨਿਭਾਉਣਾ ਭੁੱਲ ਗਈ ਸੀ। ਉਹਨਾਂਨੂੰਫੜੀ ਸ਼ਰਾਬ ਵਿਚੋਂ ਨਮੂਨਾ ਕੱਢਣਾ ਚਾਹੀਦਾ ਸੀ। ਨਮੂਨੇ ਨੂੰ ਟੈਸਟ ਲਈ ਮਾਹਿਰਾਂ ਕੋਲ ਭੇਜਣਾ ਚਾਹੀਦਾ ਸੀ। ਫੇਰ ਹੀ ਦੁਖੂ ਕੋਲੋਂ ਫੜੀ ਚੀਜ਼ ਨੂੰ ਨਾਜਾਇਜ਼ ਸ਼ਰਾਬ ਆਖਿਆ ਜਾ ਸਕਦਾ ਸੀ।

ਉਸ ਦੇ ਬਚਾਅ ਦਾ ਦੂਜਾ ਕਾਰਨ ਉਸ ਵੱਲੋਂ ਆਪਣੇ ਜੁਰਮ ਦਾ ਇਕਬਾਲ ਕਰਨਾ ਸੀ। ਜੁਰਮ ਦੇ ਇਕਬਾਲ ਕਰਨ ਦਾ ਮਤਲਬ ਰਹਿਮ ਦੀ ਝਾਕ ਹੁੰਦਾ ਹੈ, ਪਰ ਜਾਪਦਾ ਸੀ ਮੈਜਸਿਟ੍ਰੇਟ ਸਰਕਾਰੀ ਵਕੀਲ ਦਾ ਪਿਛਲੱਗ ਸੀ। ਜੱਜ ਅਤੇ ਸਰਕਾਰੀ ਵਕੀਲ ਦੇ ਲਾਲਚੀ ਹੋਣ ਦੀ ਬੂਅ ਫ਼ੈਸਲੇ ਵਿਚੋਂ ਆਉਂਦੀ ਸੀ। ਬੱਸ ਸੈਸ਼ਨ ਜੱਜ ਨੂੰ ਧਿਆਨ ਦੇਣ ਦੀ ਜ਼ਰੂਰਤ ਸੀ।

ਪਹਿਲੀ ਪੇਸ਼ੀ ਹੀ ਸੁਣਵਾਈ ਹੋ ਗਈ। ਜੱਜ ਨੇ ਉਸ ਨੂੰ ਬਰੀ ਕਰਨ ਦਾ ਐਲਾਨ ਕਰ ਦਿੱਤਾ, ਪਰ ਅੱਜ ਮਹੀਨੇ ਦਾ ਆਖ਼ਰੀ ਦਿਨ ਸੀ। ਜਿੰਨੇ ਫ਼ੈਸਲੇ ਜੱਜ ਨੂੰ ਕਰਨੇ ਚਾਹੀਦੇ ਸਨ, ਉਹ ਕਰ ਚੁੱਕਾ ਸੀ। ਨਵਾਂ ਮਹੀਨਾ ਚੜ੍ਹਦੇ ਹੀ ਜੱਜ ਨੇ ਆਪਣੇ ਫ਼ੈਸਲਿਆਂ ਦਾ ਸ੍ਰੀ ਗਨੇਸ਼ ਦੁਖੂ ਨੂੰ ਬਰੀ ਕਰ ਕੇ ਕਰਨਾ ਸੀ।

ਦੱਖੂ ਆਪਣਾ ਬੋਰੀਆ ਬਿਸਤਰਾ ਬੰਨ੍ਹੀ ਬੈਠਾ ਸੀ। ਬੱਸ ਹਾਕਮ ਸਿੰਘ ਦੇ ਪੈਰੀਂ ਹੱਥ ਲਾਉਣਾ ਬਾਕੀ ਸੀ।

ਦੁੱਖੂ ਦੀਆਂ ਗੱਲਾਂ ਸੁਣ-ਸੁਣ ਉਹਨਾਂ ਕੈਦੀਆਂ ਦੇ ਮੂੰਹ ਵਿਚ ਪਾਣੀ ਆ ਰਿਹਾ ਸੀ, ਜਿਨ੍ਹਾਂ ਨੇ ਅਗਲੇ ਹਫ਼ਤੇ ਪੇਸ਼ੀ ਭੁਗਤਣ ਕਚਹਿਰੀ ਜਾਣਾ ਸੀ। ਉਹਨਾਂ ਦੇ ਮੁਕੱਦਮਿਆਂ ਨੂੰ ਘੋਖਣ ਹੀ ਸੈੱਲ ਵਾਲਿਆਂ ਨੇ ਇਧਰ ਆਉਣਾ ਸੀ।

ਨੰਗਾਂ ਦੀ ਬੈਰਕ ਵਿਚ ਬੰਦ ਸਾਰੇ ਹਵਾਲਾਤੀਆਂ ਨੂੰ ਉਬਲ-ਚਿੱਤੀ ਲੱਗੀ ਹੋਈ ਸੀ। ਕਦੋਂ ਹਾਕਮ ਹੋਰੀਂ ਬੈਰਕ ਵਿਚ ਆਉਣ, ਕਦੋਂ ਭੰਗੜੇ ਪਾ ਕੇ ਉਹ ਉਹਨਾਂ ਦਾ ਸਵਾਗਤ ਕਰਨ।

 

 

30

“ਲੀਗਲ ਸੈੱਲ ਵਾਲੇ ਹਰ ਰੋਜ਼ ਚਾਰ-ਪੰਜ ਮਰਦ ਕੈਦੀ ਰਿਹਾਅ ਕਰਵਾ ਦਿੰਦੇ ਹਨ,” ਜਦੋਂ ਇਹ ਖ਼ਬਰ ਜ਼ਨਾਨਾ ਜੇਲ੍ਹ ਪੁੱਜੀ ਤਾਂ ਉਥੋਂ ਮੰਗ ਉੱਠਣ ਲੱਗੀ, “ਤੁਰੰਤ ਵਕੀਲ ਨੂੰ ਸਾਡੇ ਕੋਲ ਭੇਜਿਆ ਜਾਵੇ। ਸਾਡੀ ਹਾਲਤ ਮਰਦ ਕੈਦੀਆਂ ਨਾਲੋਂ ਭੈੜੀ ਹੈ। ਸਾਨੂੰ ਨਾ ਸਹੁਰੇ ਸਹਾਰਦੇ ਹਨ ਨਾ ਪੇਕੇ।”

ਜ਼ਨਾਨਾ ਵਾਰਡ ਵਿਚ ਸ਼ੀਬੂਆਂ, ਦੁਖੂਆਂ ਦੀ ਕਮੀ ਨਹੀਂ ਸੀ। ਉਥੋਂ ਵੀ ਰਿਹਾਈਆਂ ਹੋਣ ਲੱਗੀਆਂ।

ਫੇਰ ਖ਼ਬਰ ਬਰੋਸਟਲ ਜੇਲ੍ਹ ਪੁੱਜ ਗਈ। ਬੱਚਿਆਂ ਨੂੰ ਕਾਨੂੰਨੀ ਸਹਾਇਤਾ ਦੀ ਸਭ ਤੋਂ ਵੱਧ ਜ਼ਰੂਰਤ ਸੀ। ਉਹ ਜੇਲ੍ਹ ਵਿਚ ਕੇਵਲ ਇਸ ਲਈ ਬੰਦ ਸਨ, ਕਿਉਂਕਿ ਉਹਨਾਂ ਦਾ ਕੋਈ ਵਾਲੀ-ਵਾਰਸ ਨਹੀਂ ਸੀ।

ਬੱਚਿਆਂ ਨੂੰ ਵੀ ਰਾਹਤ ਮਿਲਣ ਲੱਗੀ।

ਜੇਲ੍ਹ ਪ੍ਰਸ਼ਾਸਨ ਦੀ ਪਹਿਲ ’ਤੇ ਰਿਹਾਅ ਹੋ ਰਹੇ ਕੈਦੀਆਂ ਦੇ ਕਿੱਸੇ ਅਖ਼ਬਾਰਾਂ ਵਿਚ ਛਪਣ ਲੱਗੇ। ਬਿਹਾਰ ਵਾਂਗ ਜੇਲ੍ਹ ਅਧਿਕਾਰੀਆਂ ’ਤੇ ਚਿੱਕੜ ਸੁੱਟਣ ਦੀ ਥਾਂ ਸੂਬੇ ਦੇ ਅਖ਼ਬਾਰ ਉਹਨਾਂ ਦੀ ਤਾਰੀਫ਼ ਕਰਨ ਲੱਗੇ।

ਜੇਲ੍ਹ ਪ੍ਰਸ਼ਾਸਨ ਦੀ ਹੁੰਦੀ ਤਾਰੀਫ਼ ’ਤੇ ਸੈਸ਼ਨ ਜੱਜ ਨੂੰ ਸ਼ਰਮ ਆਈ। ਕੈਦੀਆਂ ਦੇ ਹੱਕਾਂ ਦੀ ਰਾਖੀ ਕਰਨਾ ਅਦਾਲਤਾਂ ਦਾ ਕੰਮ ਹੈ। ਲੋੜ ਨਾਲੋਂ ਵੱਧ ਸਮਾਂ ਹਵਾਲਾਤੀਆਂ ਨੂੰ ਜੇਲ੍ਹ ’ਚ ਬਿਠਾ ਕੇ ਉਹ ਇਨਸਾਫ਼ ਦੀ ਥਾਂ ਬੇਇਨਸਾਫ਼ੀ ਕਰ ਰਹੀਆਂ ਹਦੂਜੇ ਕਤਲ ਦਾ ਪਿਛੋਕੜ ਵੀ ਪਹਿਲੇ ਵਰਗਾ ਸੀ। ਉਥੇ ਝਗੜਾ ਮਾਲਕ ਅਤੇ ਕਿਰਾਏਦਾਰ ਦਾ ਸਨ। ਗ਼ਲਤੀ ਸੁਧਾਰਨ ਲਈ ਸੈਸ਼ਨ ਜੱਜ ਨੇ ਅਦਾਲਤਾਂ ਦੇ ਪੁਰਾਣੇ ਬਸਤੇ ਖੁਲ੍ਹਾਏ। ਅਜਿਹੇ ਕੈਦੀਆਂ ਦੀ ਬਿਨਾਂ ਦਰਖ਼ਾਸਤ ਰਿਹਾਈ ਹੋਣ ਲੱਗੀ।

ਸੈਸ਼ਨ ਜੱਜ ਨੂੰ ਆਪਣੀ ਨਿੱਜੀ ਕੋਤਾਹੀ ਦਾ ਅਹਿਸਾਸ ਹੋਇਆ। ਉਹ ਹਰ ਮਹੀਨੇ ਜੇਲ੍ਹ ਦਾ ਦੌਰਾ ਕਰਦਾ ਸੀ। ‘ਸਭ ਅੱਛਾ ਹੈ’ ਆਖ ਕੇ ਮੁੜ ਆਉਂਦਾ ਸੀ। ਅੱਧੀ ਜੇਲ੍ਹ ਨਾਜਾਇਜ਼ ਕੈਦੀਆਂ ਨਾਲ ਭਰੀ ਪਈ ਸੀ, ਇਸ ਤੱਥ ਦੀ ਉਸ ਨੇ ਕਦੀ ਘੋਖ ਨਹੀਂ ਸੀ ਕੀਤੀ।

ਇਸ ਤੋਂ ਪਹਿਲਾਂ ਕਿ ਹਾਈ ਕੋਰਟ ਉਸ ਦੀ ਖਿਚਾਈ ਕਰੇ, ਉਸ ਨੇ ਜੇਲ੍ਹ ਅੰਦਰ ਲੋਕ-ਅਦਾਲਤ ਲਾਉਣ ਦਾ ਐਲਾਨ ਕਰ ਦਿੱਤਾ। ਸਾਰੇ ਮੈਜਿਸਟ੍ਰੇਟਾਂ ਨੂੰ ਹੁਕਮ ਹੋਇਆ। ਅਗਲੇ ਤਿੰਨ ਦਿਨ ਸੁਣਵਾਈ ਜੇਲ੍ਹ ਵਿਚ ਹੋਵੇ। ਛੋਟੇ-ਛੋਟੇ ਜੁਰਮਾਂ ਵਿਚ ਫਸੇ ਦੋਸ਼ੀਆਂ ਦੀ ਮੌਕੇ ਉਪਰ ਸੁਣਵਾਈ ਅਤੇ ਝੱਟਪੱਟ ਰਿਹਾਈ ਹੋਵੇ।

ਵਗਦੀ ਗੰਗਾ ਵਿਚ ਹੱਥ ਧੋਣ ਲਈ ਵਕੀਲਾਂ ਨੇ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ। ਤਿੰਨ ਦਿਨਾਂ ਅੰਦਰ ਅੱਧੀ ਜੇਲ੍ਹ ਖ਼ਾਲੀ ਹੋ ਗਈ। ਸਾਰੇ ਦੇਸ਼ ਵਿਚ ਸੂਬਾ ਸਰਕਾਰ ਦੀ ਪ੍ਰਸੰਸਾ ਹੋਣ ਲੱਗੀ। ਹੋਈ ਪ੍ਰਸੰਸਾ ਦਾ ਮੁੱਲ ਉਤਾਰਨ ਲਈ ਸੂਬਾ ਸਰਕਾਰ ਵੱਲੋਂ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਮਿਹਨਤੀ ਜੇਲ੍ਹ ਅਧਿਕਾਰੀਆਂ ਨੂੰ ਵਿਸ਼ੇਸ਼ ਤਰੱਕੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਹਾਈ ਕੋਰਟ ਵੀ ਪਿੱਛੇ ਨਹੀਂ ਰਹੀ। ਉਸ ਵੱਲੋਂ ਵੀ ਸੈਸ਼ਨ ਜੱਜ ਨੂੰ ਪ੍ਰਸੰਸਾ ਪੱਤਰ ਭੇਜਿਆ ਗਿਆ। ਸ਼ਹਿਰ ਦੇ ਪਤਵੰਤਿਆਂ ਨੇ ਵਕੀਲਾਂ ਦੀ ਖੁੱਲ੍ਹ-ਦਿਲੀ ਦੇ ਸੋਹਲੇਗਾਏ।

ਪਰ ਇਸ ਲਹਿਰ ਦੇ ਬਾਨੀ, ਇਕ ਕੈਦੀ ਦਾ ਨਾਂ ਕਿਸੇ ਨੂੰ ਵੀ ਯਾਦ ਨਾ ਆਇਆ।

Read 4779 times Last modified on Friday, 04 May 2018 14:35
ਮਿੱਤਰ ਸੈਨ ਮੀਤ

Latest from ਮਿੱਤਰ ਸੈਨ ਮੀਤ