You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਵਰਯਾਮਾਂ ਦਾ ਵਰਯਾਮ – ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 21:18

ਵਰਯਾਮਾਂ ਦਾ ਵਰਯਾਮ – ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਦਾਨੇ ਆਖਦੇ ਨੇ ਮਰਦਾਂ ਤੇ ਘੋੜਿਆਂ ਦਾ ਪਤਾ ਮੈਦਾਨੇ ਨਿਕਲ਼ਿਆਂ ਲਗਦਾ ਏ। ਅਖ਼ੇ ਵਾਹ ਪਿਆਂ ਜਾਣੀਏਂ ਜਾਂ ਰਾਹ ਪਿਆਂ ਜਾਣੀਏਂ। ਗੱਲੀਂ ਬਾਤੀਂ ਤਾਂ ਸਾਰੇ ਈ ਰਾਠ ਅਤੇ ਵਰਯਾਮ ਬਣੇ ਫਿਰਦੇ ਨੇ। ਕਈ ਵਾਰ ਬੰਦਾ ਕਿਸੇ ਅਜਿਹੀ ਅੜਾਉਣੀ ਵਿੱਚ ਫਸ ਜਾਂਦਾ ਏ ਪਈ ਉਸ ਨੂੰ ਉਸ ’ਚੋਂ ਸਮੁੱਚਾ ਨਿਕਲ਼ ਆਉਣ ਦੀ ਰਾਹ ਨਈਂ ਸੁਝਦੀ। ਪਰ ਇਹ ਵੀ ਸੱਚ ਏ ਅਖ਼ੇ ਰੱਬ ਮੇਹਰਬਾਨ ਤੇ ਸਭ ਮੇਹਰਬਾਨ। ਪੰਜਾਬ ਦੇ ਵਾਰਿਸ ਹਜ਼ਰਤ ਵਾਰਿਸ ਸ਼ਾਹ ਨੇ ਆਖਿਆ ਏ:

-ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ

ਉਹੋ ਗੱਲ ਬਣੀ ਪਈ ਮੁਹਤਰਮ ਕਿਰਪਾਲ ਸਿੰਘ ਪੰਨੂੰ ਨਾਲ਼ ਮੇਰੀ ਸਿੰਗ ਸਿਹਾਂਣ ਉਦੋਂ ਹੋਈ ਜਦੋਂ ਮੇਰੀ ਕਿਤਾਬ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਦੀ ਫ਼ੌਰਮੈੱਟਿੰਗ ਤੇ ਇਸ ਕਿਤਾਬ ਨੂੰ ਕਿਸੇ ਹੋਰ ਮਸ਼ਹੂਰ ਫੌਂਟ ਵਿੱਚ ਬਦਲਣ ਦੀ ਲੋੜ ਪਈ। ਉਸ ਵੇਲ਼ੇ ਆਪਣੇ ਆਪ ਨੂੰ ਗੁਰਮੁਖੀ ਫੌਂਟਾਂ ਸਣੇ ਕੰਪਿਊਟਰ ਜਗਤ ਵਿੱਚ ਉੱਚੀ ਸੰਝਾਣ ਦੇ ਕਈ ਵਾਰਸਾਂ ਬਾਹਵਾਂ ਖਲੀਆਂ ਕਰ ਦਿੱਤੀਆਂ ਅਤੇ ਆਖਣ ਲੱਗੇ ਪਈ ਇਹ ਕਿਤਾਬ ਕਈ ਫੌਂਟਾਂ ਵਿੱਚ ਕੰਪੋਜ਼ ਹੋਈ ਏ, ਇਹਨੂੰ ਇੱਕ ਫੌਂਟ ਵਿੱਚ ਕਰਨਾ ਅਤੇ ਇਸ ਕਿਤਾਬ ਦੀ ਫੌਰਮੈੱਟਿੰਗ ਤੁਹਾਡੀ ਮਰਜ਼ੀ ਮੂਜਬ ਕਰਨਾ ਨਾਂਹ ਹੋ ਸਕਣ ਵਾਲ਼ਾ ਕੰਮ ਏਂ।

ਏਡੀ ਵੱਡੀ ਕਿਤਾਬ ਦੀ ਨਵੇਂ ਸਿਰਿਓਂ ਕੰਪੋਜ਼ਿੰਗ ਤੇ ਪਰੂਫ਼ ਰੀਡਿੰਗ ਪਹਾੜ ਵਰਗਾ ਕੰਮ ਸੀ। ਮੈਂ ਤਾਂ ਸਿਰ ਫ਼ੜ ਕੇ ਬਹਿ ਗਿਆ। ਉਹ ਇਸ ਲਈ ਪਈ ਮੈਂ ਇਹਦੀ ਕੰਪੋਜ਼ਿੰਗ ਮਗਰੋਂ ਸ਼ਾਹਮੁਖੀ ਨੂੰ ਮੁੱਖ ਰਖਦਿਆਂ ਇਹਦੀ ਪਰੂਫ਼ ਰੀਡਿੰਗ ਕਰ ਚੁੱਕਿਆ ਸਾਂ।

ਇਹ ਤਾਂ ਸੀ ਕੰਪੋਜ਼ਿੰਗ ਅਤੇ ਫੌਰਮੈੱਟਿੰਗ ਦਾ ਬਖੇੜਾ, ਇਸ ਕਿਤਾਬ ਦੀ ਗੁਰਮੁਖੀ ਦੇ ਹਵਾਲੇ ਨਾਲ਼ ਪਰੂਫ਼ ਰੀਡਿੰਗ ਕਰਾਣ ਲਈ ਗੁਰਮੁਖੀ ਤੇ ਕੁਝ ਸ਼ਾਹਮੁਖੀ ਦੀ ਸੂਝ ਬੂਝ ਰੱਖਣ ਵਾਲ਼ੇ ਕੁਝ ਸੂਝਵਾਨਾਂ ਨਾਲ਼ ਇਸ ਸਿਲਸਲੇ ਵਿੱਚ ਗੱਲ ਬਾਤ ਕੀਤੀ ਗਈ ਅਤੇ ਸ਼ਾਹਮੁਖੀ ਨੂੰ ਪੂਰਾ ਜਾਨਣ ਦੀਆਂ ਫ਼ੜ੍ਹਾਂ ਮਾਰਨ ਵਾਲ਼ੇ ਸਿਆਣਿਆਂ ਵਿੱਚੋਂ ਕਈ ਤੇ ਇਸ ਕੰਮ ਨੂੰ ਵਿਹੰਦਿਆਂ ਸਾਰ ਹੀ ਹੱਥ ਬੰਨ੍ਹ ਖਲੋਤੇ ਅਤੇ ਕਈਆਂ ਨੇ ਇਸ ਕਿਤਾਬ ਦੇ ਕੁਝ ਕੁ ਸਫ਼ਿਆਂ ਦਾ ਪਰੂਫ਼ ਪੜ੍ਹ ਕੇ ਜਦੋਂ ਮੈਨੂੰ ਮੋੜਿਆ ਤਾਂ ਮੈਂ ਵੇਖ ਕੇ ਰੋਣਹਾਕਾ ਹੋ ਗਿਆ। ਇੱਕ-ਇੱਕ ਸਫ਼ੇ ਤੇ ਵੀਹ-ਵੀਹ ਗ਼ਲਤੀਆਂ ਅਜੇ ਵੀ ਪਰੂਫ਼ ਰੀਡਰਾਂ ਦੇ ਚੀਂਗੇ ਲਾ ਰਹੀਆਂ ਸਨ। ਮੈਨੂੰ ਇਹ ਪੱਕ ਹੋ ਗਿਆ ਪਈ ਉਹਨਾਂ ਸੂਝਵਾਨਾਂ ਦੇ ਸ਼ਾਹਮੁਖੀ ਨੂੰ ਜਾਨਣ ਦੇ ਫੋਕੇ ਦਾਹਵਿਆਂ ਵਿੱਚ ਕਿੰਨੀ ਕੁ ਸਚਿਆਈ ਸੀ। ਇਹ ਗੱਲ ਮੇਰੇ ਲਈ ਹੋਰ ਵੀ ਪਰੇਸ਼ਾਨੀ ਦਾ ਕਾਰਨ ਬਣ ਗਈ।

ਇਸ ਨਿਰਾਸਤਾ ਸਮੇਂ ਸਈਂ ਸਬੱਬੀਂ ਮੇਰਾ ਮੇਲ ਮਾਨਯੋਗ ਡਾ: ਦਰਸ਼ਨ ਸਿੰਘ ਬੈਂਸ ਹੋਰਾਂ ਨਾਲ਼ ਹੋ ਗਿਆ ਜਿਹਨਾਂ ਦੀ ਪਰਧਾਨਗੀ ਹੇਠ ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਦੇ ਸਭ ਤੋਂ ਵੱਡੇ ਤੇ ਸੁਚੱਜੇ ਹਫ਼ਤਾਵਾਰ ਅਖ਼ਬਾਰ ਅਜੀਤ ਵੀਕਲੀ ਨੇ ਧੁੰਮਾਂ ਪਾਈਆਂ ਹੋਈਆਂ ਹਨ। ਮੈਂ ਪਰੂਫ਼ ਲਈ ਡਾ: ਸਾਹਿਬ ਨੂੰ ਆਪਣੀ ਕਿਤਾਬ ਦੀਆਂ ਕੁਝ ਫਾਈਲਾਂ ਘੱਲੀਆਂ ਜਿਹਨਾਂ ਨੂੰ ਵੇਖ ਕੇ ਉਹ ਬੜੇ ਈ ਖ਼ੁਸ਼ ਹੋਏ ਅਤੇ ਆਖਣ ਲੱਗੇ, “ਤੁਹਾਡੀ ਕਿਤਾਬ ਨੂੰ ਇੱਕ ਫੌਂਟ ਵਿੱਚ ਬਦਲਣ ਲਈ ਤੇ ਇਹਦੀ ਫੌਰਮੈੱਟਿੰਗ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ: ਗੁਰਪਰੀਤ ਸਿੰਘ ਲਹਿਲ ਅਤੇ ਟੋਰਾਂਟੋ ਕੈਨੇਡਾ ਤੋਂ ਮਾਨਯੋਗ ਕਿਰਪਾਲ ਸਿੰਘ ਪੰਨੂੰ ਹੋਰਾਂ ਤੋਂ ਵੱਧ ਪੂਰੇ ਜੱਗ ਅੰਦਰ ਇਸ ਕੰਮ ਲਈ ਕੰਪਿਊਟਰ ਦਾ ਸਿਆਣਾ ਕੋਈ ਵਿਰਲਾ ਈ ਹੋਵੇਗਾ।”

ਗੱਲ ਕੀ ਜਦੋਂ ਮਾਨਯੋਗ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਇਸ ਕਿਤਾਬ ਦੀਆਂ ਕੁਝ ਫਾਈਲਾਂ ਘੱਲੀਆਂ ਤੇ ਗੱਲ ਬਾਤ ਚਲਾਈ ਤਾਂ ਮੁੜ ਉਸੇ ਵੇਲ਼ੇ ਕਿਤਾਬ ਦੀ ਪਰੂਫ਼ ਰੀਡਿੰਗ ਲਈ ਮਾਨਯੋਗ ਡਾ: ਦਰਸ਼ਨ ਸਿੰਘ ਬੈਂਸ ਅਤੇ ਫੌਂਟ ਦੀ ਬਦਲੀ ਲਈ ਮਾਨਯੋਗ ਕਿਰਪਾਲ ਸਿੰਘ ਪੰਨੂੰ ਹੋਰੀਂ ਪਿੜ ਵਿੱਚ ਲੰਗੋਟੇ ਕਸ ਕੇ ਨਿਕਲ ਪਏ ਅਤੇ ਉਹਨਾਂ ਨੇਕ ਮਨੁੱਖਾਂ ਦੇ ਉੱਦਮ ਸਦਕਾ ਰੱਬ ਨੇ ਮੇਹਰ ਕੀਤੀ ਤੇ ਮੇਰੀ ਉਹ ਕਿਤਾਬ ਪਰੂਫ਼ ਰੀਡਿੰਗ, ਫੌਂਟ ਬਦਲੀ ਅਤੇ ਫੌਰਮੈੱਟਿੰਗ ਦੇ ਪੜਾਵਾਂ ’ਚੋਂ ਛੜੱਪੇ ਮਾਰਦੀ ਹੋਈ ਛਾਪੇ ਚੜ੍ਹਨਯੋਗ ਹੋ ਗਈ।

ਸਿਆਣੇ ਸੱਚ ਆਖਦੇ ਨੇ ਪਈ ਢੱਗਾ ਉਹ ਜੋ ਵਾਹ ਕੇ ਵੇਖਿਆ ਹੋਵੇ, ਲਵੇਰੀ ਉਹ ਜੋ ਚੋਅ ਕੇ ਵੇਖੀ ਹੋਵੇ ਅਤੇ ਬੰਦਾ ਉਹ ਜੋ ਮਿਲ ਵਰਤ ਕੇ ਵੇਖਿਆ ਜਾਚਿਆ ਹੋਵੇ। ਦਾਨੇ ਲੋਕਾਂ ਦੇ ਕਥਨ ਅਨੁਸਾਰ ਇਸ ਸੰਸਾਰ ਵਿੱਚ ਵਸਦੇ ਹਰ ਇੱਕ ਜੀਅ ਬਾਰੇ ਅਪਣੀ ਵਿਉਂਤ ਬਨਾਣ ਤੋਂ ਅਗਦੂੰ ਉਹਨੂੰ ਉਹਦੇ ਕੰਮ ਕਾਰ ਦੇ ਬਸਬੂੰ ਅਜ਼ਮਾਣਾ ਬੜਾ ਜ਼ਰੂਰੀ ਹੁੰਦਾ ਏ। ਇੱਕ ਵਾਰੀ ਅਜ਼ਮਾ ਲੈਣ ਮਗਰੋਂ ਉਹਦੇ ਬਾਰੇ ਪੱਕੇ ਪੀਢੇ ਵਿਚਾਰ ਬਣਾ ਲੈਣੇ ਚਾਹੀਦੇ ਨੇ। ਇੰਝ ਬੰਦਾ ਹਰ ਤਰ੍ਹਾਂ ਦੇ ਭੁਲੇਖੇ, ਧੋਖੇ ਜਾਂ ਫਰੇਬੀ ਤੋਂ ਸੌਖਾ ਬਚ ਸਕਦਾ ਏ।

ਦਾਨੇ ਲੋਕਾਂ ਦੇ ਉੱਤੇ ਦੱਸੇ ਕਥਨ ਅਨੁਸਾਰ ਮੁਹਤਰਮ ਜਨਾਬ ਕਿਰਪਾਲ ਸਿੰਘ ਪੰਨੂੰ ਹੋਰੀਂ ਇਸ ਅਖਾਣ ਵਿੱਚ ਦੱਸੀ ਗਈ ਚੰਗਿਆਈ ਦੀ ਸਮੁੱਚੀ ਮੂਰਤ ਹਨ। ਜਿੱਥੇ ਉਹ ਕੰਪਿਊਟਰ ਅਤੇ ਗੁਰਮੁਖੀ ਫੌਂਟਾਂ ਦੇ ਅਤੀ ਸਿਆਣੇ ਹਨ ਉਥੇ ਉਹ ਆਪਣੇ ਇਲਮ ਗਿਆਨ, ਨਿੱਘੇ ਸੁਭਾਅ, ਦਰਵੇਸ਼ ਸਿਫਤੀ, ਹਰ ਪੱਖ ਦੀਆਂ ਧਰਮੀ ਤੇ ਮੁਲਕੀ ਵੰਡਾਂ ਤੇ ਵਲਗਣਾਂ ਤੋਂ ਛੁੱਟ ਆਮ ਲੋਕਾਂ ਨਾਲ਼ ਦਿਲੀ ਮੋਹ ਰੱਖਦੇ ਹਨ। ਨਾਲ਼-ਨਾਲ਼ ਉਹ ਉੱਥੇ ਪੂਰੇ ਜੱਗ ਦੇ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣੀਆਂ ਮੁਫ਼ਤ ਸੇਵਾਵਾਂ ਪੇਸ਼ ਕਰ ਰਹੇ ਹਨ, ਜਿਹਦੇ ਲਈ ਉਹ ਚੋਖੀ ਵਧਾਈ ਦੇ ਹੱਕਦਾਰ ਹਨ।

ਅਪਣੀ ਕਿਤਾਬ ਦੀ ਫੌਰਮੈੱਟਿੰਗ ਸਮੇਂ ਮੈਨੂੰ ਜਨਾਬ ਕਿਰਪਾਲ ਸਿੰਘ ਪੰਨੂੰ ਹੋਰਾਂ ਬਾਰੇ ਜੋ ਜਾਣਕਾਰੀ ਮਿਲੀ ਮੈਂ ਉਹਦੇ ਵਿੱਚੋਂ ਕੁੱਝ ਕੁ ਗੱਲਾਂ ਅਪਣੇ ਮਿੱਤਰਾਂ ਨਾਲ਼ ਸਾਂਝੀਆਂ ਕਰਨੀਆਂ ਲੋੜਦਾ ਹਾਂ।

1. ਜਨਾਬ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਕੰਪਿਊਟਰ ਦੇ ਹਵਾਲੇ ਨਾਲ਼ ਕਿਤਾਬ, ‘ਆਓ ਕੰਪਿਊਟਰ ਸਿੱਖੀਏ’ ਦੇ 2009 ਅਤੇ 2010 ਵਿੱਚ ਦੋ ਐਡੀਸ਼ਨ ਛਪ ਕੇ ਪੜ੍ਹਨ ਵਾਲ਼ਿਆਂ ਕੋਲੋਂ ਚੋਖੀ ਸ਼ੋਭਾ ਖੱਟ ਚੁੱਕੇ ਹਨ।

2. ਉਹ ਦੁਨੀਆਂ ਭਰ ਵਿੱਚੋਂ ਪੰਜਾਬੀ, ਸ਼ਾਹਮੁਖੀ ਅਤੇ ਹਿੰਦੀ ਸਬੰਧੀ ਈਮੇਲਾਂ ਜਾਂ ਟੈਲੀਫੋਨਾਂ ਰਾਹੀਂ ਦੱਸੀਆਂ ਗਈਆਂ ਸਮੱਸਿਆਵਾਂ ਦਾ ਉਪਾਏ ਦਸਦੇ ਰਹਿੰਦੇ ਹਨ।

3. ਉਹ ਸੰਸਾਰ ਭਰ ਵਿੱਚ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਲਿੱਪੀ ਅੰਤਰ ਦਾ ਕੰਪਿਊਟਰੀ ਪਰੋਗਰਾਮ ਤਿਆਰ ਕਰਨ ਵਾਲ਼ੇ ਸਭ ਤੋਂ ਪਹਿਲੇ ਵਿਅਕਤੀ ਹਨ।

4. ਗੁਰਮੁਖੀ ਦੇ ਸਾਰੇ ਫੌਂਟਾਂ ਦੀ ਇੱਕ ਦੂਜੇ ਵਿੱਚ ਬਦਲੀ ਦਾ ਪਰੋਗਰਾਮ ਤਿਆਰ ਕਰਨ ਵਾਲ਼ੇ ਪਹਿਲੇ ਵਿਅਕਤੀ ਹਨ।

5. ਟੋਰਾਂਟੋ, ਕੈਨੇਡਾ ਵਿੱਚ ਪੰਜਾਹ ਸਾਲ਼ ਤੋਂ ਉੱਪਰ ਵਾਲ਼ੇ ਬਹੁਤ ਸਾਰੇ ਵਿਅਕਤੀਆਂ ਲਈ ਉਸ ਨੇ ਮੁਫ਼ਤ ਕੰਪਿਊਟਰ ਕਲਾਸਾਂ ਚਲਾਈਆਂ ਹਨ ਜਿਹਨਾਂ ਵਿੱਚੋਂ ਕਈ ਵਿਅਕਤੀ ਤਾਂ ਹੁਣ ਆਪਣੀਆਂ ਕਿਤਾਬਾਂ ਆਪ ਕੰਪੋਜ਼ ਕਰ ਰਹੇ ਨੇ।

6. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਕੁਰੂਕੁਸ਼ੇਤਰ ਯੂਨੀਵਰਸਿਟੀ, ਸਟੇਟ ਕਾਲਜ ਆਫ਼ ਪਟਿਆਲਾ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ, ਵਰਲਡ ਪੰਜਾਬੀ ਕਾਨਫਰੰਸ ਟੋਰਾਂਟੋ, ਵਰਲਡ ਪੰਜਾਬੀ ਕਾਨਫਰੰਸ ਆਟਵਾ, ਵਰਲਡ ਪੰਜਾਬੀ ਕਾਨਫਰੰਸ ਪਰਿੰਸ ਜਾਰਜ ਬੀ.ਸੀ. ਵਿਖੇ ਪੰਜਾਬੀ-ਸ਼ਾਹਮੁਖੀ ਸਬੰਧੀ ਲੈਕਚਰ ਦਿੱਤੇ ਹਨ ਜਾਂ ਪਰਚੇ ਪੜ੍ਹੇ ਹਨ।

7. ਜਨਾਬ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਪੰਜਾਬੀ ਕੰਪਿਊਟਰ ਅਤੇ ਗੁਰਮੁਖੀ ਤੋਂ ਸ਼ਾਹਮੁਖੀ, ਸ਼ਾਹਮੁਖੀ ਤੋਂ ਗੁਰਮੁਖੀ ਬਦਲਾਓ ਲਈ ਪਾਏ ਗਏ ਮੌਲਕ ਯੋਗਦਾਨ ਅਤੇ ਪੰਜਾਬੀ ਭਾਈਚਾਰੇ ਦੀਆਂ ਕੀਤੀਆਂ ਸੇਵਾਵਾਂ ਲਈ ਬਹੁਤ ਸਾਰੇ ਸਨਮਾਨ ਪ੍ਰਾਪਤ ਹੋਏ ਹਨ। ਜਿਹਨਾਂ ਵਿੱਚੋਂ ਪੰਜਾਬੀ ਸੱਥ ਲਾਂਬੜਾ ਦਾ ਤਕਨੀਕੀ ਖੋਜ ਲਈ ਸ: ਲਹਿਣਾ ਸਿੰਘ ਮਜੀਠੀਆ ਅਵਾਰਡ ਫਰਵਰੀ 2002 ਵਿੱਚ, ਹਰਿਆਣਾ ਸਾਹਿਤ ਅਕੈਡਮੀ ਪੰਚਕੂਲਾ ਵੱਲੋਂ 2006 ਵਿੱਚ ਅਤੇ ਅਜੀਤ ਵੀਕਲੀ ਕੰਪਿਊਟਰ ਚੇਤਨਾ ਅਵਾਰਡ 2009 ਵਰਨਣਯੋਗ ਹਨ।

ਸੌ ਹੱਥ ਰੱਸਾ ਸਿਰੇ ’ਤੇ ਗੰਢ, ਮੈਂ ਜਿੰਨੀਆਂ ਮਰਜ਼ੀ ਸਿਫ਼ਤਾਂ ਕਰ ਲਵਾਂ ਪਰ ਜਨਾਬ ਕਿਰਪਾਲ ਸਿੰਘ ਪੰਨੂੰ ਹੋਰਾਂ ਦੇ ਕੰਮਾਂ ਕਾਰਾਂ ਦਵਾਲ਼ੇ ਵਲਗਣ ਨਈਂ ਵਲ ਸਕਦਾ। ਉਹਨਾਂ ਦੇ ਸਮੁੱਚੇ ਪਿਆਰ, ਅਮੋਲ ਮੁਹੱਬਤ, ਨਿੱਘੇ ਸੁਭਾਅ ਅਤੇ ਮਿੱਠੇ ਬੋਲਾਂ ਦਾ ਰਸ ਅਜੇ ਤੀਕ ਨਈਂ ਭੁਲਾ ਸਕਿਆ। ਅਜਿਹੇ ਵਿਅਕਤੀ ਆਪਣੇ ਪਿੱਛੇ ਪੈੜਾਂ ਦੇ ਨਿਸ਼ਾਨ ਛੱਡ ਜਾਂਦੇ ਨੇ ਜਿਹਨਾਂ ਨੂੰ ਸਲੂਟ ਮਾਰ ਕੇ ਮਨ ਪਰਚਦਾ ਏ। ਸਈਯਦ ਵਾਰਿਸ ਸ਼ਾਹ ਹੋਰਾਂ ਅਜਿਹੇ ਲੋਕਾਂ ਨੂੰ ਅਜਿਹੀ ਨੇਕ ਕਮਾਈ ਕਰਨ ਪਾਰੋਂ ਇੰਝ ਫੁਰਮਾਇਆ ਏ:

ਵਾਰਿਸ ਸ਼ਾਹ ਉਹ ਸਦਾ ਈ ਜੀਂਵਦੇ ਨੀ ਜਿਹਨਾਂ ਕੀਤੀਆਂ ਨੇਕ ਕਮਾਈਆਂ ਨੀ...।

ਜ਼ਾਹਿਦ ਇਕਬਾਲ

ਮੁਹੱਲਾ ਹੁਸੈਨ ਆਬਾਦ, ਨੌਸ਼ਹਿਰਾ ਵਿਰਕਾਂ,

ਜ਼ਿਲ੍ਹਾ ਗੁੱਜਰਾਂਵਾਲ਼ਾ, ਪੰਜਾਬ, ਪਾਕਿਸਤਾਨ

Read 4744 times Last modified on Monday, 07 May 2018 13:49