ਲੇਖ਼ਕ

Sunday, 06 May 2018 21:21

ਉਹ ਆਸ਼ਿਕ ਹੈ! ਉਹ ਸਾਦਕ ਹੈ!!

Written by
Rate this item
(0 votes)

ਇਸ਼ਕ ਦੇ ਕਈ ਰੂਪ ਹਨ ਇਹਨਾਂ ਰੂਪਾਂ ਵਿੱਚੋਂ ਇੱਕ ਰੂਪ ਆਪਣੇ ਕੰਮ ਨਾਲ ਇਸ਼ਕ ਵੀ ਹੈ ਉਹ ਲੋਕ ਜਿਹੜੇ ਆਪਣੇ ਕੰਮ ਨਾਲ ਇਸ਼ਕ ਕਰਦੇ ਹਨ ਅਸਲ ਵਿੱਚ ਉਹੀ ਸਫਲ ਲੋਕ ਅਖਵਾਉਂਦੇ ਹਨ ਅਜਿਹੇ ਆਸ਼ਿਕਾਂ ਬਾਰੇ ਬੁੱਲ੍ਹੇ ਸ਼ਾਹ ਕਹਿੰਦਾ ਹੈ:

ਬੁੱਲ੍ਹਾ ਕੀ ਜਾਣਾਂ ਜ਼ਾਤ ਇਸ਼ਕ ਦੀ ਕੌਣ

ਨਾ ਸੂਹਾਂ, ਨਾ ਬਖੇੜੇ, ਵੰਜੇ ਜਾਗਣ ਸੌਣ

ਇਹ ਉਹ ਲੋਕ ਹੁੰਦੇ ਹਨ ਜਿਹੜੇ ਇਸ਼ਕ ਵਿੱਚ ਜ਼ਾਤ ਤਾਂ ਰਹੀ ਇੱਕ ਪਾਸੇ, ਜਾਗਣ ਅਤੇ ਸੌਣ ਤਕ ਨੂੰ ਤੱਜ ਬਹਿੰਦੇ ਹਨ ਉਨ੍ਹਾਂ ਵਾਸਤੇ ਜ਼ਿੰਦਗੀ ਦਾ ਮੂਲ ਉਨ੍ਹਾਂ ਦਾ ਕੰਮ ਨਹੀਂ, ਉਨ੍ਹਾਂ ਦਾ ਇਸ਼ਕ ਹੀ ਹੁੰਦਾ ਹੈ

. ਕਿਰਪਾਲ ਸਿੰਘ ਪੰਨੂੰ ਹੁਰਾਂ ਦੀ ਜ਼ਾਤ, ਆਪਣੀ ਹੋਂਦ, ਸਿਆਣ, ਦੁਨੀਆ, ਰੱਬ, ਧਰਮ ਸਭੋ ਕੁੱਝ ਉਨ੍ਹਾਂ ਦਾ ਕੰਮ ਹੈ ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਅਜਿਹੇ ਹੀ ਦੋ ਆਸ਼ਿਕਾਂ ਰਾਹੀਂ ਹੋਈ ਮੈਂ ਮਿਸ਼ੀਗਨ ਤੋਂ ਡਾ. ਜਸਵੰਤ ਸਿੰਘ ਹੁਰਾਂ ਨਾਲ ਟੋਰੰਟੋ ਇਕਬਾਲ ਮਾਹਲ ਦੇ ਘਰ ਅਪੜਿਆ ਇਕਬਾਲ ਮਾਹਲ ਦੂਜਾ ਆਸ਼ਿਕ ਹੈ ਆਪਣੇ ਕੰਮ ਅਤੇ ਇਨਸਾਨੀਅਤ ਦਾ ਇਹ ਇਕਬਾਲ ਨਾਲ ਵੀ ਮੇਰੀ ਸਿੱਧੀ ਪਹਿਲੀ ਮਿਲਣੀ ਸੀ ਇਕਬਾਲ ਦਾ ਘਰ ਪੰਜਾਬ ਦੇ ਕਲਾਕਾਰਾਂ ਦਾ ਵੱਡਾ ਕੇਂਦਰ ਹੈ ਪੰਜਾਬ ਦੇ ਇਸੇ ਰਾਜਦੂਤ ਘਰ ਵਿੱਚ ਮੇਰੀ ਪਹਿਲੀ ਮੁਲਾਕਾਤ ਕਿਰਪਾਲ ਸਿੰਘ ਪੰਨੂੰ ਹੁਰਾਂ ਨਾਲ ਹੋਈ ਉਹ ਇੱਕ ਸੋਫ਼ੇ ਵਿੱਚ ਧਸੇ ਬੈਠੇ ਆਪਣੇ ਲੈਪ-ਟਾਪਤੇ ਕੰਮ ਕਰ ਰਹੇ ਸਨ ਅਤੇ ਉਸ ਵੇਲ਼ੇ ਇਕਬਾਲ ਮਾਹਲ ਦੀ ਕਿਤਾਬਸੁਰਾਂ ਦੇ ਸੁਦਾਗਰਦਾ ਸ਼ਾਹਮੁਖੀ ਲਿਪੀਆਂਤਰ ਕਰ ਰਹੇ ਸਨ

ਉਨ੍ਹਾਂ ਦਿਨਾਂ ਵਿੱਚ ਉਹ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦੇ ਪਲਟਾਵੇਤੇ ਅੱਗੇ ਹੋਰ ਕੰਮ ਕਰ ਰਹੇ ਸਨ ਉਹ ਦੋਹਾਂ ਲਿੱਪੀਆਂ ਵਿਚਲੀ ਅਣਪਛਾਤੀ ਕੰਧ ਵਿੱਚੋਂ ਪੱਕਾ ਰਾਹ ਬਣਾਣਾ ਚਾਹੁੰਦੇ ਸਨ ਉਹ ਰਾਹ ਜਿਹਦੇ ਨਾਲ ਦੂਰੀ ਅਤੇ ਵਿਛੋੜੇ ਨੂੰ ਘੱਟ ਕੀਤਾ ਜਾ ਸਕੇ ਉਨ੍ਹਾਂ ਆਪਣੀ ਐਨਕ ਦੇ ਸ਼ੀਸ਼ਿਆਂ ਪਿੱਛੋਂ ਮੈਨੂੰ ਬੂਹੇਚੋਂ ਲੰਘਦਿਆਂ ਵੇਖਿਆ ਅਤੇ ਲੈਪ-ਟਾਪ ਇੱਕ ਪਾਸੇ ਰਖਦਿਆਂ ਹੋਇਆਂ ਉੱਠ ਖਲੋਤੇ ਮੁਢਲੀ ਅਲੈਕ ਸਲੈਕ ਮਗਰੋਂ ਵਿਚਾਰ ਵਟਾਂਦਰਾ ਸ਼ੁਰੂ ਹੋਇਆ

ਕਿਰਪਾਲ ਸਿੰਘ ਹੁਰਾਂ ਮੈਨੂੰ ਆਪਣੇ ਕੰਮ ਬਾਬਤ ਜਾਣਕਾਰੀ ਦੇਣੀ ਛੋਹੀ ਉਨ੍ਹਾਂ ਲੈਪ-ਟਾਪ ਦੀ ਸਕਰੀਨਤੇ ਗੁਰਮੁਖੀ ਵਿੱਚ ਮੇਰਾ ਨਾਮ ਲਿਖਿਆਇਕਬਾਲ ਕੈਸਰਲਿਖ ਕੇ ਇੱਕੋ ਕੀਅ ਦੇ ਨਾਲ ਉਹਨੂੰ ਸ਼ਾਹਮੁਖੀ ਲਿੱਪੀ ਵਿੱਚ ਵਟਾ ਦਿੱਤਾ ਇਸ ਕੰਮਤੇ ਉਨ੍ਹਾਂ ਕਿੰਨੇ ਵਰ੍ਹੇ ਲਾਏ ਖ਼ਵਰੇ ਬਾਰ੍ਹਾਂ ਵਰ੍ਹੇ ਅਤੇ ਕਿਧਰੋਂ ਹੇਕ ਉੱਠੀ

ਬਾਰ੍ਹੀਂ ਬਰਸੀਂ ਖੱਟਣ ਗਿਆ ਤੇ ਖੱਟ ਕੇ ਲਿਆਂਦਾਇਸ਼ਕਉਹ ਇਸ਼ਕ ਜਿਹਦੇ ਨਾਲ ਉਹ ਦੋਹਾਂ ਪੰਜਾਬਾਂ ਦੇ ਸਾਹਿਤ ਵਿਚਾਲੇ ਬੱਝੀ ਕੰਡਿਆਲੀ ਤਾਰ ਨੂੰ ਇੱਕੋ ਛੜੱਪੇ ਨਾਲ ਟੱਪ ਜਾਣਾ ਚਾਹੁੰਦੇ ਸਨ ਜਿਵੇਂ ਉਹ ਕਹਿ ਰਹੇ ਹੋਵਣ ਅੱਜ ਦੇ ਯੁਗ ਵਿੱਚ ਜਦੋਂ ਦੁਨੀਆ ਇੱਕ ਪਿੰਡ ਦਾ ਰੂਪ ਧਾਰ ਚੁੱਕੀ ਹੈ, ਅੱਜ ਵੀ ਜੇ ਅਸੀਂ ਪੰਜਾਬੀ ਵੰਡੇ ਰਹੀਏ ਤਾਂ ਕੀ ਫ਼ੈਦਾ ਸਾਨੂੰ ਅੱਜ ਦੇ ਯੁਗ ਵਿੱਚ ਜਨਮ ਲੈਣ ਦਾ ਉਨ੍ਹਾਂ ਦੱਸਿਆ ਕਿ ਮੈਂ ਰਾੜਾ ਸਾਹਿਬ (ਲੁਧਿਆਣਾ) ਵਾਲ਼ੇ ਬਾਬਾ ਬਲਜਿੰਦਰ ਸਿੰਘ ਜੀ ਦੇ ਕੀਤੇ ਮਹਾਨਕੋਸ਼ ਦੇ ਮਹਾਨ ਕੰਮ ਅੰਦਰ ਪਰਸ਼ੀਅਨ ਦੇ ਕੰਮ ਨੂੰ ਗੁਰਮੁਖੀ ਵਿੱਚ ਕੰਪਿਊਟਰਤੇ ਟਾਈਪ ਕਰ ਰਿਹਾ ਹਾਂ, ਜੋ ਫਿਰ ਇਸ ਪਰੋਗਰਾਮ ਰਾਹੀਂ ਪਰਸ਼ੀਅਨ ਸਕਰਿਪਟ ਵਿੱਚ ਬਦਲ ਜਾਏਗਾ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਜੋ ਕੰਮ 1930 ਤੋਂ 32 ਤੱਕ ਕੀਤਾ, ਉਹਨੂੰ ਹੁਣ ਸਾਰਾ ਪੰਜਾਬ ਪੜ੍ਹ ਸਕੇਗਾ ਉਹਦੇ ਤੋਂ ਲਾਹਾ ਲੈ ਸਕੇਗਾ ਹੁਣ ਇਹ ਨਹੀਂ ਹੋਏਗਾ ਕਿ ਇੱਕ ਪੰਜਾਬੀ ਗੁਰਮੁਖੀ ਜਾਂ ਸ਼ਾਹਮੁਖੀ ਨਹੀਂ ਜਾਣਦਾ ਤੇ ਉਹ ਆਪਣੇ ਵਿਰਸੇ, ਆਪਣੇ ਪੰਜਾਬ ਦੇ ਕੀਤੇ ਕੰਮ ਤੋਂ ਵਾਂਝਾ ਰਹੇ

ਕਿਰਪਾਲ ਹੁਰੀਂ ਮੇਰਾ ਵਿਚਾਰ ਹੈ, ਉਨ੍ਹਾਂ ਪਹਿਲੇ ਬੰਦਿਆਂ ਵਿੱਚੋਂ ਹਨ, ਜਿਹਨਾਂ ਸਾਹਿਤ ਦੀ ਪੱਧਰਤੇ ਦੋਹਾਂ ਪੰਜਾਬਾਂ ਨੂੰ ਇੱਕ ਕਰਨ ਦਾ ਯਤਨ ਕੀਤਾ ਜਿਹਨੇ ਅੰਮ੍ਰਿਤਾ ਪ੍ਰੀਤਮ ਵਾਂਗੂੰ ਵਾਰਸ ਨੂੰ ਕਬਰਾਂ ਵਿੱਚੋਂ ਬੋਲਾਵਣ ਦੀ ਥਾਂ ਆਪਣੀ ਹੀਰ ਪੈਦਾ ਕਰ ਲਈ ਅਤੇ ਰਾਜਨੀਤਿਕ ਮੰਚ ਨੂੰ ਸਮੇ ਦਾ ਕੈਦੋ ਬਣਾ ਕੇ ਰੱਖ ਦਿੱਤਾ ਮੇਰੀ ਜਾਚੇ ਕਿਰਪਾਲ ਸਿੰਘ ਪੰਨੂੰ ਅਤੇ ਉਹਦੇ ਵਰਗੇ ਕਈ ਰਾਂਝੇ ਕੰਨ ਪੜਵਾ ਕੇ ਮੁੰਦਰਾਂ ਪਾਉਣ ਦੀ ਥਾਂ ਆਪਣੀ ਹੀਰ ਨੂੰ ਆਪਣੇ ਅੰਦਰੋਂ ਜੰਮ ਕੇ ਉਂਗਲ ਲਾਈ ਫਿਰਦੇ ਹਨ

ਪੰਜਾਬ ਦੀ ਧਰਤੀ ਸਦੀਆਂ ਤੋਂ ਦੁਖਾਂਤ ਹੰਢਾ ਰਹੀ ਹੈ ਉਹਨੂੰ ਲੋੜ ਹੈ ਕਿਰਪਾਲ ਸਿੰਘ ਪੰਨੂੰ ਵਰਗੇ ਰਾਂਝਿਆਂ ਦੀ ਜਿਹੜੇ ਉਹਦੇ ਪੱਛੋ ਪੱਛ ਹੋਏ ਸਰੀਰਤੇ ਫਾਹੇ ਰਖ ਸਕਣ ਫਾਹੇ ਗਿਆਨ ਦੇ, ਪਿਆਰ ਦੇ, ਪ੍ਰੀਤ ਦੇ ਅਤੇ ਮਨੁੱਖੀ ਸਾਂਝ ਦੇ ਕਿਰਪਾਲ ਸਿੰਘ ਪੰਨੂੰ ਨਾਲ ਪਹਿਲੀ ਮੁਲਾਕਾਤ ਤੋਂ ਮਗਰੋਂ ਵੀ ਕਈ ਵਾਰ ਫੋਨ ਉੱਤੇ ਗੱਲਬਾਤ ਹੋਈ ਪਰ ਉਹ ਇੱਕ ਦੋ ਜ਼ਰੂਰੀ ਗੱਲਾਂ ਮਗਰੋਂ ਸੰਪਰਕ ਤੋੜ ਦਿੰਦਾ ਹੈ ਕਿਉਂਜੋ ਉਹ ਆਪਣੇ ਕੰਮ ਵਿੱਚ ਕਿਸੇ ਵੀ ਪਰਕਾਰ ਦੇ ਵਿਘਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਹ ਆਪਣੇ ਇਸ਼ਕ ਅਤੇ ਆਸ਼ਕੀ ਤੋਂ ਚੋਖਾ ਦੂਰ ਨਹੀਂ ਰਹਿ ਸਕਦਾ ਉਹਦਾ ਕੰਮ ਹੀ ਉਹਦਾ ਜੀਵਨ ਹੈ

ਕਿਰਪਾਲ ਦੀ ਪੰਜਾਬ ਅਤੇ ਪੰਜਾਬੀਤੇ ਇਹ ਵੱਡੀ ਕਿਰਪਾਲਤਾ ਹੈ ਕਿ ਉਹ ਆਪਣੇ ਕੰਮ ਰਾਹੀਂ ਸਾਡੀਆਂ ਝੋਲੀਆਂ ਭਰਦਾ ਰਹੇ ਇਹ ਮੇਰਾ ਸੁਭਾਗ ਹੈ ਕਿ ਅੱਜ ਮੈਂ ਉਹਦੇ ਬਾਰੇ ਦੋ ਅੱਖਰ ਉਲੀਕਣ ਯੋਗ ਹੋਇਆ ਹਾਂ ਉਹਦੀ ਵਡਿਆਈ ਤਾਂ ਇਸ ਤੋਂ ਵਧੇਰੀ ਹੈ ਮੇਰੇ ਅੱਖਰ ਤਾਂ ਕਿਧਰੇ ਪਿੱਛੇ ਹਨ, ਅਧੂਰੇ ਜੇਹੇਪੂਰਾ-ਸੂਰਾ ਜੀਊਂਦਾ ਜਾਗਦਾ ਜੇ ਹੈ ਤਾਂ ਉਹ ਹੈ ਕਿਰਪਾਲ ਸਿੰਘ ਪੰਨੂੰ ਬਾਬੇ ਨਾਨਕ ਦੀ ਇਸ ਆਖੀ ਅਨੁਸਾਰਧਨ ਲਖਾਰੀ ਨਾਨਕਾ ਜਿਸ ਨਾਮ ਲਿਖਾਇਆ ਸੱਚਉਹ ਲਿਖਾਰੀ ਵੀ ਹੈ ਤੇ ਸੱਚਾ ਵੀ

ਉਹਦੀ ਸਚਾਈ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਹ ਜਿਹਨੂੰ ਸੱਚ ਸਮਝਦਾ ਹੈ ਉਹਦੇ ਨਾਲ ਇਸ਼ਕ ਕਰਦਾ ਹੈ ਮੈਂ ਉਹਦੇ ਨਾਲ ਇਸ ਵਾਸਤੇ ਪਿਆਰ ਕਰਦਾ ਹਾਂ ਕਿ ਉਹ ਧੰਨ ਹੈ, ਉਹ ਆਸ਼ਿਕ ਹੈ, ਉਹ ਸਾਦਕ ਹੈ ਮੇਰੀ ਦੁਆ ਹੈ ਰੱਬ ਉਹਨੂੰ ਅਤੇ ਉਹਦੇ ਇਸ਼ਕ ਨੂੰ ਸਦਾ ਸਲਾਮਤ ਰੱਖੇ ਉਹ ਇਸੇ ਤਰ੍ਹਾਂ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦੇ ਰਹਿਣ ਨਵੀਆਂ ਮੱਲਾਂ ਮਾਰਨ ਅਤੇ ਸੰਸਾਰ ਅੰਦਰ ਪੰਜਾਬ ਅਤੇ ਪੰਜਾਬੀ ਦਾ ਨਾਮ ਉੱਚਾ ਕਰਨ

 

ਇਕਬਾਲ ਕੈਸਰ

ਡਾਇਰੈਕਟਰ ਪੰਜਾਬੀ ਖੋਜ ਗੜ੍ਹ,

ਮੁਸਤਫ਼ਾਬਾਦ (ਲਲਿਆਣੀ) ਜ਼ਿਲ੍ਹਾ ਅਤੇ ਤਹਿਸੀਲ ਕਸੂਰ,

ਪੰਜਾਬ (ਪਾਕਿਸਤਾਨ)

Read 4308 times Last modified on Monday, 07 May 2018 13:50