You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰੀ ਮੰਡਲਾਂ ਦਾ ਖੋਜਕਾਰ ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 21:31

ਕੰਪਿਊਟਰੀ ਮੰਡਲਾਂ ਦਾ ਖੋਜਕਾਰ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਦਾ ਨਾਂ ਲੈਂਦਿਆਂ ਹੀ ਦਿਮਾਗ ਵਿੱਚ ਕੰਪਿਊਟਰ ਉੱਘੜ ਪੈਂਦਾ ਹੈ। ਕੰਪਿਊਟਰ ਕਿਰਪਾਲ ਸਿੰਘ ਪੰਨੂੰ ਦਾ ਪ੍ਰਾਪਤੀ-ਚਿੰਨ੍ਹ ਹੈ, ਉੱਚਤਮ ਪ੍ਰਾਪਤੀ ਚਿੰਨ੍ਹ।

ਬਹੁਪੱਖੀ ਸਖਸ਼ੀਅਤ ਹੋਣ ਦੇ ਨਾਤੇ ਉਹ ਇੱਕ ਕਹਾਣੀਕਾਰ, ਆਲੋਚਕੀ ਨਜ਼ਰ ਵਾਲ਼ਾ ਪਾਠਕ, ਕੈਨੇਡਾ ਦੀਆਂ ਸੱਭਿਆਚਾਰਕ ਸਰਗਰਮੀਆਂ ਦਾ ਸਮੀਖਿਆਕਾਰ ਅਤੇ ਲੋਕ-ਸੰਪਰਕੀ ਸੁਭਾਅ ਵਾਲ਼ਾ ਸੁਹਿਰਦ ਇਨਸਾਨ ਹੈ। ਪਰ ਜਿਨ੍ਹਾਂ ਕਾਰਜਾਂ ਨੇ ਉਸ ਦੀ ਪਛਾਣ ਗੂੜ੍ਹੀ ਕੀਤੀ ਅਤੇ ਉਸ ਨੂੰ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ ਅਤੇ ਬਦੇਸ਼ਾਂ ’ਚ ਵਸਦੇ ਪੰਜਾਬ ’ਚ ਪ੍ਰਸਿੱਧੀ ਦੁਆਈ, ਉਹ ਹਨ ਉਸ ਦੇ ਪੰਜਾਬੀ ਫੌਂਟਾਂ ਦੀ ਪਰੋਡਕਸ਼ਨ ਤੇ ਕਨਵਰਸ਼ਨ ਸਬੰਧੀ ਕੀਤੇ ਖੋਜ-ਕਾਰਜ।

ਵਿਗਿਆਨਕ ਜੀਵਨ-ਦ੍ਰਿਸ਼ਟੀ ਵਾਲ਼ੇ ਸੁਹਿਰਦ, ਸਿਰੜੀ ਤੇ ਸੂਝਵਾਨ ਕਿਰਪਾਲ ਸਿੰਘ ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ 1992 ਜਾਂ ਸ਼ਾਇਦ 1993 ’ਚ ਹੋਈ। ਮੈ, ਓਂਕਾਰਪ੍ਰੀਤ ਸਿੰਘ, ਮੇਜਰ ਮਾਂਗਟ, ਕੁਲਵਿੰਦਰ ਖਹਿਰਾ ਤੇ ਬਲਤੇਜ ਪੰਨੂੰ ਨੇ ਮੋਢੀ ਮੈਂਬਰਾਂ ਵੱਜੋਂ ਗਰੇਟਰ ਟਰਾਂਟੋ ਵਿਖੇ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਨਾਂ ਦੀ ਸਾਹਿਤਕ ਸੰਸਥਾ ਬਣਾਈ ਸੀ। ਕਿਰਪਾਲ ਪੰਨੂੰ ਸ਼ੁਰੂ ਤੋਂ ਹੀ ਇਸ ਸੰਸਥਾ ਨਾਲ਼ ਜੁੜ ਗਿਆ ਸੀ।

‘ਕਾਫ਼ਲੇ’ ਦੀ ਇੱਕ ਮਾਸਿਕ ਇਕੱਤਰਤਾ ਵਿੱਚ ਮੈਂ ਆਪਣੀ ਕਹਾਣੀ ‘ਪਛਾਣ’ ਪੜ੍ਹੀ। ਕਹਾਣੀ ਬਾਰੇ ਕਿਰਪਾਲ ਦੇ ਵਿਚਾਰ ਸੁਣਦਿਆਂ ਹੀ ਮੈਂ ਸਮਝ ਗਿਆ ਕਿ ਇਸ ਸੱਜਣ ਨੂੰ ਅਜੋਕੀ ਜਟਿੱਲ ਕਹਾਣੀ ਬਾਰੇ ਚੋਖਾ ਗਿਆਨ ਹੈ। ਫਿਰ ਮੈਂ ਆਪਣੀ ਹਰ ਕਹਾਣੀ ਉਸ ਨੂੰ ਜ਼ਰੂਰ ਪੜ੍ਹਾਉਂਦਾ। ਉਹ ਆਪਣੀ ਰਾਏ ਵਿਸਥਾਰ ’ਚ ਦੱਸਦਾ। ਉਸ ਦਾ ਜਿਹੜਾ ਵਿਚਾਰ ਮੈਨੂੰ ਟੁੰਬਦਾ, ਉਸ ਅਨੁਸਾਰ ਮੈਂ ਕਹਾਣੀ ਵਿੱਚ ਲੋੜੀਂਦੀ ਸੋਧ ਵੀ ਕਰ ਲੈਂਦਾ।

ਮੈਂ ਭਾਰਤ ਤੋਂ ਸੱਤ ਅੱਠ ਸਾਹਿਤਕ ਪਰਚੇ ਲੁਆਏ ਹੋਏ ਸਨ। ਉਨ੍ਹਾਂ ਪਰਚਿਆਂ ਵਿੱਚ ਛਪਦੀਆਂ ਦੂਜੇ ਕਥਾਕਾਰਾਂ ਦੀਆਂ ਕਹਾਣੀਆਂ ਬਾਰੇ ਵੀ ਅਸੀਂ ਵਿਚਾਰ-ਵਟਾਂਦਰਾ ਕਰਦੇ ਰਹਿੰਦੇ। ਇਸ ਸਾਹਿਤਕ ਅਮਲ ਵਿੱਚੀਂ ਗੁਜ਼ਰਦਿਆਂ ਅਸੀਂ ਗੂੜ੍ਹੇ ਦੋਸਤ ਬਣ ਗਏ।

ਕਿਰਪਾਲ ਦੀ ਸਾਹਿਤ ਨੂੰ ਵਾਚਣ-ਘੋਖਣ ਦੀ ਰੁਚੀ ਵਧਦੀ ਗਈ। ਉਨ੍ਹੀਂ ਦਿਨੀਂ ਗਲਪਕਾਰ ਬਲਬੀਰ ਕੌਰ ਸੰਘੇੜਾ ਨੇ ਟਰਾਂਟੋ ਤੋਂ ‘ਆਰ ਪਾਰ’ ਨਾਂ ਦਾ ਮਾਸਿਕ ਪਰਚਾ ਸ਼ੁਰੂ ਕੀਤਾ। ਕਿਰਪਾਲ ਉਸ ਪਰਚੇ ਦੀ ਹਰ ਰਚਨਾ ਦੀ ਪੁਣ-ਛਾਣ ਕਰਦਾ। ਉਸ ਦੀ ਇਹ ਪੁਣ-ਛਾਣ ਪਰਚੇ ਦੇ ਕਾਲਮ ‘ਪੜ੍ਹਿਆ ਲਿਖਿਆ’ ਵਿੱਚ ਛੇ-ਸੱਤ ਸਾਲ ਲਗਾਤਾਰ ਛਪਦੀ ਰਹੀ।

ਜਦੋਂ ‘ਆਰ ਪਾਰ’ ਕਿਸੇ ਕਾਰਨ ਬੰਦ ਹੋ ਗਿਆ ਤਾਂ ਕਿਰਪਾਲ ਨੇ ਗਰੇਟਰ ਟੋਰਾਂਟੋ ਦੇ ਹਫ਼ਤਾਵਾਰੀ ਪੰਜਾਬੀ ਟੀ.ਵੀ. ਪਰੋਗਰਾਮਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ। ਇਹ ਸਮੀਖਿਆ ‘ਪੰਜ ਪਾਣੀ’ ਅਖ਼ਬਾਰ ਦੇ ਕਾਲਮ ‘ਠਰਕੀ ਦੀ ਅੱਖ ਚੋਂ’ ਕਈ ਵਰ੍ਹੇ ਛਪਦੀ ਰਹੀ।

ਇੰਡੀਆ ਤੋਂ ਬਾਰਡਰ ਸਕਿਉਰਿਟੀ ਫੋਰਸ ਦੀ ਨੌਕਰੀ ਕਰ ਕੇ ਆਏ ਕਿਰਪਾਲ ਪੰਨੂੰ ਨੇ ਟੋਰਾਂਟੋ ਦੇ ਇੰਟਨੈਸ਼ਨਲ ਏਅਰਪੋਰਟ ’ਤੇ ਸਕਿਉਰਟੀ ਅਫਸਰ ਦੀ ਜੌਬ ਸ਼ੁਰੂ ਕਰ ਰੱਖੀ ਸੀ। ਘਰ ਵਿੱਚ ਕੰਪਿਊਟਰੀ ਮਾਹੌਲ ਸੀ। ਉਸ ਦੇ ਵੱਡੇ ਬੇਟੇ ਨਰਵੰਤ ਪਾਲ ਸਿੰਘ ਪੰਨੂੰ ਦੀ ਜੌਬ ਕੰਪਿਊਟਰ ਨਾਲ਼ ਸਬੰਧਿਤ ਸੀ। ਛੋਟਾ ਵਾਟਰਲੂ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਰਿਹਾ ਸੀ। (ਵਿਚਕਾਰਲਾ ਬੇਟਾ ਉਦੋਂ ਅਜੇ ਇੰਡੀਆ ’ਚ ਸੀ) ਪੁੱਤਰਾਂ ਦੀਆਂ ਕੀਅ-ਬੋਰਡ ’ਤੇ ਨੱਚਦੀਆਂ ਉਂਗਲ਼ਾਂ ਅਤੇ ਨਾਲ਼ ਦੀ ਨਾਲ਼ ਮੌਨੀਟਰ ’ਤੇ ਰੂਪਮਾਨ ਹੁੰਦੇ ਨਿੱਖਰਵੇਂ ਅੱਖਰ-ਆਕਾਰ ਵੇਖਦਿਆਂ ਕਿਰਪਾਲ ਅੰਦਰ ਵੀ ਕੰਪਿਊਟਰ ਸਿੱਖਣ ਦਾ ਸ਼ੌਕ ਉਗਮ ਪਿਆ। ਬੱਚਿਆਂ ਨੇ ਵੀ ਉਸ ਨੂੰ ਉਤਸ਼ਾਹਤ ਕੀਤਾ ਅਤੇ ਕੰਪਿਊਟਰ ਮੂਹਰੇ ਬੈਠ ਉਸ ਨੇ ਕੀਅ-ਬੋਰਡ ’ਤੇ ਉਂਗਲ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬੀ ਫੌਂਟ ਲੋਡ ਕਰ ਕੇ ਉਹ ਟਾਈਪਿੰਗ, ਸੇਵ, ਫਾਈਲ, ਫੋਲਡਰ ਆਦਿ ਵਰਗੇ ਮੁਢਲੇ ਫੀਚਰਾਂ-ਫੰਕਸ਼ਨਾਂ ਤੋਂ ਅਗਾਂਹ ਵਧਣ ਲੱਗਾ।

1996 ’ਚ ਜੌਬ ਤੋਂ ਮੁਕਤ ਹੋ ਕੇ ਉਸ ਨੇ ਸਾਰ-ਸਾਰਾ ਦਿਨ ਕੰਪਿਊਟਰ ’ਤੇ ਬਹਿਣਾ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਸ਼ਹਿਰ ਸੇਨ ਮੈਟੀਓ (ਕੈਲੇਫੋਰਨੀਆ) ’ਚ ਵਸਦੇ ਪੰਜਾਬੀ ਫੌਂਟਾਂ ਦੇ ਨਿਰਮਾਤਾ ਕੁਲਬੀਰ ਸਿੰਘ ਥਿੰਦ ਦੀਆਂ ਫੌਂਟਾਂ ਵਿੱਚ ਕਿਰਪਾਲ ਨੂੰ ਕੁੱਝ ਸੁਧਾਰਾਂ ਦੀ ਲੋੜ ਜਾਪੀ। ਕੁੱਝ ਅੱਖਰ ਤੇ ਲਗਾਂ-ਮਾਤਰ ਕੀਅ ਬੋਰਡ ਦੀਆਂ ਆਧਾਰੀ ਕੀਆਂ ਤੋਂ ਬਹੁਤ ਦੂਰ ਪੈਂਦੇ ਸਨ ਜਿਸ ਕਾਰਨ ਟਾਈਪ ਕਰਦਿਆਂ ਖਾਸ ਕਰ ਕੇ ਖੱਬਾ ਹੱਥ ਬਹੁਤ ਛੇਤੀ ਥੱਕ ਜਾਂਦਾ ਸੀ। ਡਿਕਸ਼ਨਰੀ ਦੀਆਂ 26+26 = 52 ਕੀਆਂ ਤੋਂ ਬਾਹਰਲੀਆਂ ਕੀਆਂ ਕਸਟਮ ਸ਼ਬਦਜੋੜ ਚੈੱਕ ਵਿੱਚ ਵੀ ਬਖੇੜਾ ਖੜ੍ਹਾ ਕਰਦੀਆਂ ਸਨ।

ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਟੋਰਾਂਟੋ ਦੀਆਂ ਸਥਾਨਕ ਅਖ਼ਬਾਰਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਬਦਜੋੜ-ਕੋਸ਼ ’ਤੇ ਆਧਾਰਿਤ ਇੱਕ ਅਹਿਮ ਸਰਵੇਖਣ ਕਰ ਕੇ ਵੱਧ ਅਤੇ ਘੱਟ ਵਰਤੇ ਜਾਣ ਵਾਲ਼ੇ ਅੱਖਰਾਂ ਦੀ ਨਿਸ਼ਾਨਦੇਹੀ ਕੀਤੀ। ਇਸ ਨਿਸ਼ਾਨਦੇਹੀ ਦੇ ਆਧਾਰ ਉੱਤੇ ਉਸ ਨੇ ਡਾ: ਕੁਲਬੀਰ ਸਿੰਘ ਥਿੰਦ ਨੂੰ ਸਿਫਾਰਿਸ਼ ਕੀਤੀ ਕਿ ਘੱਟ ਵਰਤੇ ਜਾਣ ਵਾਲ਼ੇ ਅੱਖਰਾਂ ਦੀਆਂ ਕੀਆਂ ਨੂੰ ਔਖੇ ਥਾਵਾਂ ’ਤੇ ਅਤੇ ਵਧੇਰੇ ਵਰਤੇ ਜਾਣ ਵਾਲ਼ੇ ਅੱਖਰਾਂ ਦੀਆਂ ਸੌਖੇ ਥਾਵਾਂ ’ਤੇ ਲਾਈਆਂ ਜਾਣ। ਫਿਰ ਪੈਰ ਬਿੰਦੀ ਵਾਲ਼ੇ ਛੇ ਅੱਖਰਾਂ ਦੀਆਂ ਛੇ ਵੱਖ-ਵੱਖ ਬਿੰਦੀ ਅੱਖਰਾਂ ਦੀ ਥਾਂ ਇੱਕ ਹੀ ਬਿੰਦੀ ਦੀ ਕਾਢ ਕੱਢੀ ਜੋ ੳ ਤੋ ਲੈ ਕੇ ੜ ਤੱਕ ਹਰ ਅੱਖਰ ਦੇ ਪੈਰ ’ਚ ਪੈ ਜਾਂਦੀ ਹੈ। ਇਸ ਦੀ ਸ਼ਾਹਮੁਖੀ ਕਨਵਰਸ਼ਨ ਵਿੱਚ ਬਹੁਤ ਲੋੜ ਪੈਂਦੀ ਹੈ।

ਸੋਚਿਆ ਜਾਵੇ ਤਾਂ ਕੀਅ ਬੋਰਡ ਦੀ ਰੀ-ਸੈੱਟਿੰਗ, ਅੱਖਰਾਂ ਤੇ ਲਗਾਂ-ਮਾਤਰਾਂ ਸਬੰਧੀ ਕਿਰਪਾਲ ਸਿੰਘ ਪੰਨੂੰ ਦੀਆਂ ਇਹ ਕਾਢਾਂ ਅਤੇ ਤਬਦੀਲੀਆਂ, ਪੰਜਾਬੀ ਭਾਸ਼ਾ ਦੇ ਕੰਪਿਊਟਰੀ ਸਿਸਟਮ ਵਿੱਚ ਇੱਕ ਇਨਕਲਾਬੀ ਪਰਿਵਰਤਨ ਸਨ। ਇਸ ਪਰਿਵਰਤਨ ਦੇ ਆਧਾਰ ’ਤੇ ਡਾ: ਥਿੰਦ ਨੇ ‘ਸਮਤੋਲ’ ਫੌਂਟ ਤਿਆਰ ਕੀਤੀ ਜੋ 1998 ਵਿੱਚ ‘ਪੰਜਾਬੀ ਕਲਮਾਂ ਦੇ ਕਾਫ਼ਲੇ’ ਦੀ ਕਾਨਫਰੰਸ ਵਿੱਚ ਰੀਲੀਜ਼ ਕੀਤੀ ਗਈ। ਵੱਖਰੀ ਪੈਰ ਬਿੰਦੀ ਨੂੰ ਯੂਨੀਕੋਡ ਫੌਂਟਾਂ ਵਿੱਚ ਵੀ ਪਰਵਾਨ ਅਤੇ ਸ਼ਾਮਿਲ ਕਰ ਲਿਆ ਗਿਆ।

1999 ਵਿੱਚ ਛਪੇ ਮੇਰੇ ਕਥਾ-ਸੰਗ੍ਰਹਿ ‘ਦੋ ਟਾਪੂ’ ਦੀ ਟਾਈਪ-ਸੈਟਿੰਗ ਕਿਰਪਾਲ ਨੇ ‘ਸਮਤੋਲ’ ਫੌਂਟ ’ਚ ਹੀ ਕੀਤੀ। ਕਿਤਾਬ ਦੀ ਪਰੂਫ-ਰੀਡਿੰਗ ਕਰਦਿਆਂ ਮੈਂ ਕਹਾਣੀਆਂ ਨੂੰ ਇੰਪਰੂਵ ਵੀ ਕਰਦਾ ਰਿਹਾ। ਕੰਪਿਊਟਰ ’ਤੇ ਬੈਠਾ ਕਿਰਪਾਲ ਰੀਝ ਨਾਲ਼ ਸੋਧਾਂ ਕਰਦਾ ਰਿਹਾ। ਸਾਰੀਆਂ ਕਹਾਣੀਆਂ ਉਸ ਨੇ ਪਹਿਲਾਂ ਹੀ ਬਾਰੀਕੀ ਨਾਲ਼ ਪੜ੍ਹੀਆਂ ਹੋਈਆਂ ਸਨ। ਹੁਣ ਸੋਧਾਂ ਕਰਦਿਆਂ ਜਿਵੇਂ ਉਸ ਨੂੰ ਯਾਦ ਹੋ ਗਈਆਂ। ਇੱਕ ਦਿਨ ਉਸ ਦੇ ਮੂੰਹੋਂ ਸਹਿਜ-ਸੁਭਾਅ ਨਿਕਲ਼ ਗਿਆ, “ਜਰਨੈਲ! ਕਹਾਣੀਆਂ ਬਹੁਤ ਵਧੀਆ ਬਣ ਗਈਆਂ ਨੇ। ਤੇਰੀ ਕਿਤਾਬ ਸਿਲੇਬਸਾਂ ’ਚ ਜਾਏਗੀ।” ‘ਦੋ ਟਾਪੂ’ ਦੀ ਭਰਪੂਰ ਚਰਚਾ ਹੋਈ ਤੇ ਅੱਜ ਤੱਕ ਹੋ ਰਹੀ ਹੈ। ਕਿਰਪਾਲ ਦੀ ਭਵਿੱਖ ਬਾਣੀ ਵੀ ਸਹੀ ਹੋਈ। ‘ਦੋ ਟਾਪੂ’ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਾਅਦ ਅੱਜ-ਕੱਲ੍ਹ ਪੰਜਾਬ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਐੱਮ.ਏ ਦੇ ਸਿਲੇਬਸਾਂ ’ਚ ਪੜ੍ਹਾਈ ਜਾ ਰਹੀ ਹੈ।

ਕਿਰਪਾਲ ਦੀ ਕੰਪਿਊਟਰੀ ਲਗਨ ਇਸ਼ਕ ਦੀ ਹੱਦ ਤੱਕ ਵੀ ਗਈ। ਉਸ ਨੇ ਖੋਜ ਕਰ ਕੇ ਅਜਿਹਾ ਪਰੋਗਰਾਮ ਤਿਆਰ ਕੀਤਾ, ਜਿਸ ਨਾਲ਼ ਪੰਜਾਬੀ ਦੀਆਂ ਵੱਖ-ਵੱਖ ਫੌਂਟਾਂ ਨੂੰ ਇੱਕ-ਦੂਜੀ ਵਿੱਚ ਤਬਦੀਲ ਕੀਤਾ ਜਾ ਸਕਦਾ ਏ।

ਕਿਰਪਾਲ ਸਿੰਘ ਪੰਨੂੰ ਜਦੋਂ ਉਪ੍ਰੋਕਤ ਕਾਰਜਾਂ ਨੂੰ ਸਿਰੇ ਚਾੜ੍ਹ ਰਿਹਾ ਸੀ ਤਾਂ ਉਸ ਦੇ ਖੋਜੀ-ਮਨ ਦੇ ਆਕਾਸ਼ ’ਚ ਇੱਕ ਅਨੋਖਾ ਸੁਪਨਾ ਉਦੇ ਹੋ ਚੁੱਕਾ ਸੀ—ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦੀ ਕਨਵਰਸ਼ਨ ਦਾ ਸੁਪਨਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਿਰਪਾਲ ਨੂੰ ਲੰਮੀ ਸਾਧਨਾ ਕਰਨੀ ਪਈ। ਫਲਸਰੂਪ ਅੱਜ ਅਸੀਂ ਪੰਜਾਬੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਪੰਜਾਬੀ ਦਾ ਸਿੱਧਾ ਲਿਪੀਆਂਤਰ ਕਰ ਸਕਦੇ ਹਾਂ। ਹਫਤਿਆਂ-ਮਹੀਨਿਆਂ ’ਚ ਮੁੱਕਣ ਵਾਲ਼ੇ ਕੰਮ ਨੂੰ ਹੁਣ ਕੁੱਝ ਕੁ ਮਿੰਟਾਂ ਵਿੱਚ ਹੀ ਨਿਪਟਾਇਆ ਜਾ ਸਕਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ’ਚ ਰਚੇ ਸਾਹਿਤ ਦਾ ਆਦਾਨ-ਪਰਦਾਨ ਢੇਰ ਸੁਖਾਲਾ ਹੋ ਗਿਆ ਹੈ। ਇਹ ਕਠਿਨ ਕਨਵਰਸ਼ਨ ਕਾਰਜ ਕਿਰਪਾਲ ਪੰਨੂੰ ਦੀ ਕੰਪਿਊਟਰੀ ਗਿਆਨ ਦੇ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਕੁੱਝ ਵਿਦਵਾਨ ਸੱਜਣ ਇਹ ਦਾਅਵਾ ਕਰ ਰਹੇ ਹਨ ਕਿ ਇਹ ਕਾਰਜ ਪਹਿਲਾਂ ਉਨ੍ਹਾਂ ਨੇ ਕੀਤਾ ਪਰ ਹਕੀਕਤ ਇਹ ਹੈ ਕਿ ਕਿਰਪਾਲ ਸਿੰਘ ਪੰਨੂੰ ਇਸ ਦਾ ਪਹਿਲਾ ਖੋਜ-ਕਰਤਾ ਹੈ।

ਕਿਰਪਾਲ ਸਿੰਘ ਪੰਨੂੰ ਆਪਣੇ ਕਾਰਜਾਂ ਨੂੰ ਪ੍ਰਫੈਕਸ਼ਨ ਦੇ ਪੱਧਰ ਤੱਕ ਲਿਜਾਣ ਦਾ ਆਦੀ ਹੈ। ਸਮੇਂ ਦੀ ਪਰਖ ਨਾਲ਼ ‘ਸਮਤੋਲ’ ਫੌਂਟ ’ਚ ਉਸ ਨੂੰ ਦੋ ਕੁ ਘਾਟਾਂ ਰੜਕਣ ਲੱਗੀਆਂ। ਵੈੱਬ ਸਾਈਟ ’ਤੇ ਇਸ ਦੇ ਅੱਖਰ ਖਿੱਲਰ ਜਾਂਦੇ ਸਨ। ਟੋਰਾਂਟੋ ਨਿਵਾਸੀ ਲੇਖਕ ਪ੍ਰਿਤਪਾਲ ਸਿੰਘ ਬਿੰਦਰਾ ਦੇ ਇਹ ਬੋਲ, “ਪੰਨੂੰ ਸਾਹਿਬ! ਹੁਣ ਕੰਪਿਊਟਰ ਤੁਹਾਡੇ ਮੂਹਰੇ ਅੜ ਨਹੀਂ ਸਕਦਾ, ਇਹ ਮੋਰਚਾ ਵੀ ਤੁਸੀਂ ਹੀ ਫਤਿਹ ਕਰੋ।” ਕਿਰਪਾਲ ਸਾਹਵੇਂ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਗਏ। ਉਹ ਦੋਸ਼-ਰਹਿਤ ਫੌਂਟ ਦੇ ਅੱਖਰ ਉਸਾਰਨ ’ਚ ਜੁਟ ਗਿਆ ਤੇ ‘ਡੀਆਰਚਾਤਰਿਕ (ਧਨੀ ਰਾਮ ਚਾਤਰਿਕ)’ ਨਾਂ ਦੀ ਨਵੀਂ ਫੌਂਟ ਤਿਆਰ ਕਰ ਲਈ। ਇਹ ਕਿਰਪਾਲ ਦੀ ਨਿਰਮਾਣਤਾ ਦਾ ਸਬੂਤ ਹੈ ਕਿ ਇਸ ਫੌਂਟ ਦਾ ਹੋਣ ਦੇ ਬਵਜੂਦ ਵੀ ਉਸ ਨੇ ਇਹ ਫੌਂਟ ਆਪਣੇ ਨਾਂ ਕਰਨ ਦੀ ਬਜਾਇ ਡਾ: ਥਿੰਦ ਦੇ ਨਾਂ ਕੀਤੀ। ਅੱਜ ਭਾਰਤ, ਕੈਨੇਡਾ ਤੇ ਅਮਰੀਕਾ ਦੇ ਅਨੇਕਾਂ ਸਾਹਿਤਕਾਰ, ਅਖ਼ਬਾਰ ਅਤੇ ਵੈੱਬ ਸਾਈਟਾਂ ਵਾਲ਼ੇ ਇਸ ਫੌਂਟ ਨੂੰ ਉਮਾਹ ਨਾਲ਼ ਵਰਤ ਰਹੇ ਹਨ।

ਮੇਰੇ ਕਹਾਣੀ-ਸੰਗ੍ਰਹਿ ‘ਟਾਵਰਜ਼’ ਦੀ ਤਿਆਰੀ ਸਮੇਂ ਵੀ ਕਿਰਪਾਲ ਕੰਪਿਊਟਰ ’ਤੇ ਡਟਿਆ ਰਿਹਾ। ‘ਦੋ ਟਾਪੂ’ ਵਾਂਗ ਹੀ ‘ਟਾਵਰਜ਼’ ਦੀ ਵੀ ਢੇਰ ਚਰਚਾ ਹੋਈ। ਪਰਵਾਸੀ ਕਹਾਣੀਕਾਰ ਵਜੋਂ ਬਣੀ ਮੇਰੀ ਨਿਵੇਕਲੀ ਪਛਾਣ ‘ਟਾਵਰਜ਼’ ਨਾਲ਼ ਵਿਸ਼ਵ-ਚੇਤਨਾ ਵਾਲ਼ੇ ਕਹਾਣੀਕਾਰ ਤਕ ਪਹੁੰਚ ਗਈ। ਮੇਰੇ ਪਿਆਰੇ ਮਿੱਤਰ ਡਾ: ਕਰਮਜੀਤ ਸਿੰਘ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ‘ਟਾਵਰਜ਼’ ’ਤੇ ਇੱਕ ਸ਼ਾਨਦਾਰ ਸੈਮੀਨਾਰ ਕਰਵਾਇਆ। ਢਾਈ ਘੰਟੇ ਚੱਲੇ ਉਸ ਸੈਮੀਨਾਰ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਉਸ ਵੇਲ਼ੇ ਦਾ ਵਾਈਸ-ਚਾਂਸਲਰ ਮਿਸਟਰ ਹੁੱਡਾ ਵੀ ਸਾਰਾ ਸਮਾਂ ਹਾਜ਼ਰ ਰਿਹਾ। ਪ੍ਰਧਾਨਗੀ ਮੰਡਲ ਵਿੱਚ ਮੇਰੀਆਂ ਕਹਾਣੀਆਂ ਨੂੰ ਕੰਪਿਊਟਰ ’ਤੇ ਸਜਾਉਣ ਵਾਲ਼ਾ ਮੇਰਾ ਗੂੜ੍ਹਾ ਮਿੱਤਰ ਕਿਰਪਾਲ ਸਿੰਘ ਪੰਨੂੰ ਵੀ ਸ਼ਾਮਲ ਸੀ। ਉਸ ਨੂੰ ਪੰਜਾਬੀ ਭਾਸ਼ਾ ਲਈ ਕੀਤੀਆਂ ਕੰਪਿਊਟਰੀ ਸੇਵਾਵਾਂ ਲਈ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਵੱਲੋਂ ਸਨਮਾਨਿਤ ਕੀਤਾ ਗਿਆ। ਮੈਨੂੰ ਆਪਣੇ ਸਨਮਾਨ ਨਾਲ਼ੋਂ ਕਿਰਪਾਲ ਦੇ ਸਨਮਾਨ ਦੀ ਵੱਧ ਖੁਸ਼ੀ ਹੋਈ ਸੀ।

ਕਿਰਪਾਲ ਨੇ ਡਾ: ਹਰਕੀਰਤ ਸਿੰਘ ਵਾਲ਼ਾ ਸ਼ਬਦ ਜੋੜ ਕੋਸ਼ ਕੰਪਿਊਟਰ ’ਚ ਪਾ ਕੇ ਸਾਡੇ ਲਈ ਸਪੈੱਲ-ਚੈੱਕ ਦਾ ਬੰਦੋਬਸਤ ਵੀ ਕਰ ਦਿੱਤਾ ਹੈ।

ਕਿਰਪਾਲ ਆਪਣਾ ਕੰਪਿਊਟਰੀ ਗਿਆਨ ਲੋਕਾਂ ਵਿੱਚ ਮੁਫ਼ਤ ਵੰਡਦਾ ਹੈ। ਉਹ ਅਖਬਾਰਾਂ ਪਰਚਿਆਂ ਤੇ ਵੈੱਬ ਸਾਈਟਾਂ ਦੇ ਐਡੀਟਰਾਂ ਅਤੇ ਸਾਹਿਤਕਾਰਾਂ ਦੀ ਸਹਾਇਤਾ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ। 2008-9 ਤੇ 10 ਵਿੱਚ ਉਹ ਟੋਰਾਂਟੋ ਤੇ ਆਸ-ਪਾਸ ਦੇ ਸੀਨੀਅਰਜ਼ ਨੂੰ ਕੰਪਿਊਟਰ ਦੇ ਮੁਢਲੇ ਗੁਰ ਮੁਫ਼ਤ ਵਿੱਚ ਸਿਖਾਉਂਦਾ ਰਿਹਾ ਹੈ। ਉਹ ਸੈਂਕੜੇ ਲੋਕਾਂ ਨੂੰ ਕੰਪਿਊਟਰ ਸਿੱਖਿਆ ਪਰਦਾਨ ਕਰ ਚੁੱਕਾ ਹੈ।

ਕਮਾਲ ਦੀ ਗੱਲ ਇਹ ਹੈ ਕਿ ਕਿਰਪਾਲ ਕੰਪਿਊਟਰ ਪੜ੍ਹਨ ਲਈ ਕਿਸੇ ਕਾਲਜ ਜਾਂ ਯੂਨੀਵਰਸਿਟੀ ਨਹੀਂ ਗਿਆ। ਕੰਪਿਊਟਰ ਸਬੰਧੀ ਉਸ ਦਾ ਸਾਰਾ ਗਿਆਨ ਉਸ ਦੀ ਤੇਜ਼ ਬੁੱਧੀ, ਕਰੜੀ ਮਿਹਨਤ ਤੇ ਉਸ ਦੇ ਸਿਰੜੀ ਸੁਭਾਅ ਵਿੱਚੋਂ ਉਪਜਿਆ ਤੇ ਵਿਗਸਿਆ ਹੈ। ਉਸ ਦੇ ਕੀਤੇ ਹੋਏ ਕਾਰਜ ਯੂਨੀਵਰਸਿਟੀਆਂ ਦੇ ਖੋਜ-ਕਾਰਜਾਂ ਜਿੰਨੀ ਮਹੱਤਤਾ ਰੱਖਦੇ ਹਨ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਰਪਾਲ ਸਿੰਘ ਪੰਨੂੰ ਨੇ ਫੌਂਟਾਂ ਦੀ ਪ੍ਰੋਡਕਸ਼ਨ, ਕੀਅ-ਬੋਰਡ ਦੀ ਰੀ-ਸੈਟਿੰਗ, ਵੱਖ-ਵੱਖ ਫੌਂਟਾਂ ਦੀ ਕਨਵਰਸ਼ਨ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਦੀ ਕਨਵਰਸ਼ਨ ਦੇ ਖੋਜ ਤੇ ਸੋਧ ਕਾਰਜਾਂ ਰਾਹੀਂ ਜਿੱਥੇ ਪੰਜਾਬੀ ਭਾਸ਼ਾ ਦੇ ਕੰਪਿਊਟਰੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ, ਉੱਥੇ ਆਪਣੇ ਕੰਪਿਊਟਰ-ਗਿਆਨ ਨੂੰ ਲੋਕਾਂ ਵਿੱਚ ਮੁਫ਼ਤ ਵੰਡ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵੀ ਕੀਤੀ ਹੈ।

ਕਿਰਪਾਲ ਸਿੰਘ ਪੰਨੂੰ ਨੂੰ ਅਨੇਕਾਂ ਸੰਸਥਾਵਾਂ ਵੱਲੋਂ ਉਸ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਲਈ ਸਨਮਾਨਿਆਂ ਗਿਆ ਹੈ। ਪਰ ਉਹ ਕਿਤੇ ਵੱਡੇ ਸਨਮਾਨਾਂ ਦਾ ਹੱਕਦਾਰ ਹੈ। ਪਤਾ ਨਹੀਂ ਕਿਓਂ ਪੰਜਾਬ ਦੀ ਸਰਕਾਰ ਤੇ ਯੂਨੀਵਰਸਿਟੀਆਂ ਨੇ ਅਜੇ ਤੱਕ ਉਸ ਨੂੰ ਸਨਮਾਨਿਤ ਨਹੀਂ ਕੀਤਾ। ਖੈ਼ਰ, ਅਸੀਂ ਉਸ ਨੂੰ ਕੰਪਿਊਟਰ ਦੀ ਦੁਨੀਆਂ ਦਾ ਬੇਤਾਜ ਬਾਦਸ਼ਾਹ ਆਖ ਸਕਦੇ ਹਾਂ।

Read 4560 times Last modified on Monday, 07 May 2018 14:01