You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰ ਦਾ ਧਨੰਤਰ ਵੈਦ: ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 21:59

ਕੰਪਿਊਟਰ ਦਾ ਧਨੰਤਰ ਵੈਦ: ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਥਿਤ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ, ‘ਬਚਿੱਤਰ ਨਾਟਕ’ ਵਿੱਚ ਇੱਕ ਕਥਾ ਆਉਂਦੀ ਹੈ ਕਿ ‘ਰੱਬ’ ਨੇ ਸੰਸਾਰ ਨੂੰ ਜਦੋਂ ਭਾਂਤ-ਭਾਂਤ ਦੇ ਫ਼ਲਾਂ, ਸਬਜ਼ੀਆਂ ਤੇ ਹੋਰ ਖਾਣਹਾਰੇ ਪਦਾਰਥਾਂ ਨਾਲ਼ ਭਰਪੂਰ ਕਰ ਦਿੱਤਾ ਤਾਂ ਲੋਕ ਆਰਥਿਕ ਤੌਰ ’ਤੇ ਮਾਲਾਮਾਲ ਹੋ ਗਏ: ਲੋਕਾਈ ਦੀਆਂ ਸਰੀਰਕ/ਮਾਨਸਿਕ ਪ੍ਰੇਸ਼ਾਨੀਆਂ-ਤਕਲੀਫ਼ਾਂ ਅਲੋਪ ਹੋ ਗਈਆਂ। ਲੇਕਿਨ ਕਿਸਮ-ਕਿਸਮ ਦੇ ਭੋਜਨਾਂ ਦੀ ਬਹੁਤਾਤ ਕਾਰਨ, ਅਨੇਕਾਂ ਪਰਕਾਰ ਦੇ ਭੋਜਨਾਂ ਨੂੰ ਦੇਖ ਕੇ ਲੋਕ, ਆਹਿਸਤਾ-ਆਹਿਸਤਾ, ‘ਜੀਣ ਲਈ ਖਾਣ’ ਦੀ ਬਜਾਏ, ‘ਖਾਣ ਲਈ ਜੀਣ’ ਦੇ ਫ਼ਲਸਫ਼ੇ ਵਿੱਚ ਖੁੱਭ ਕੇ, ਹਰ ਚੰਗੇ-ਮੰਦੇ ਖਾਜੇ ਵੱਲੀਂ ਜੀਭਾਂ ਲਮਕਾਉਣ ਲੱਗੇ ਜਿਸ ਨਾਲ਼ ਅਣਗਿਣਤ ਰੋਗ ਉਨ੍ਹਾਂ ਦੀਆਂ ਦੇਹਾਂ ’ਚ ਗੇੜੇ ਮਾਰਨ ਲੱਗੇ। ਕਈ ਰੋਗਾਂ ਨੇ ਤਾਂ ਲੋਕਾਂ ਦੇ ਸਰੀਰਾਂ ਵਿੱਚ ਪੱਕੀਆਂ ਛੌਣੀਆਂ ਹੀ ਉਸਾਰ ਲਈਆਂ। ਰੋਗਾਂ ਦੀ ਸਤਾਈ ਹੋਈ ਲੋਕਾਈ ਨੇ ‘ਰੱਬ’ ਨੂੰ, ਲੋਕਾਂ ਨੂੰ ਰੋਗਾਂ ਤੋਂ ਨਿਜਾਤ ਦੁਆਉਣ ਲਈ, ਕੋਈ ਇੰਤਜ਼ਾਮ ਕਰਨ ਦੀਆਂ ਅਰਜ਼ੋਈਆਂ ਕੀਤੀਆਂ, ਤਾਂ ‘ਰੱਬ’ ਨੇ ਵਿਸ਼ਨੂੰ ਨੂੰ ਹੁਕਮ ਕੀਤਾ ਕਿ ਉਹ ‘ਧਨੰਤਰ ਵੈਦ’ ਦਾ ਰੂਪ ਧਾਰ ਕੇ ਧਰਤੀ ’ਤੇ ਉੱਤਰੇ ਤੇ ਲੋਕਾਈ ਨੂੰ ਰੋਗਾਂ ਤੋਂ ਛੁਟਕਾਰਾ ਦੁਆਵੇ। ਕਹਿੰਦੇ ਨੇ ਕਿ ਦੇਵਤਿਆਂ ਨੇ ਇਕੱਠੇ ਹੋ ਕੇ ਸਮੁੰਦਰ ਨੂੰ ਰਿੜਕਿਆ ਤਾਂ ਉਸ ਵਿੱਚੋਂ ਧਨੰਤਰ ਵੈਦ ਨਿੱਤਰ ਆਇਆ ਜਿਸ ਨੇ ‘ਅਯੁਰਵੈਦਿਕ’ ਨਾਮ ਦਾ ਚਕਿਸਤਾ ਸਿਸਟਮ ਚਾਲੂ ਕੀਤਾ ਤੇ ਸਾਰੀ ਲੋਕਾਈ ਨੂੰ ਰੋਗ-ਰਹਿਤ ਕਰ ਦਿੱਤਾ!

ਵਿਸ਼ਨੂੰ ਤੇ ਧਨੰਤਰ ਦੀ ਕਥਾ ਤਾਂ ਹੈ ਹੀ ਮਿਥਿਹਾਸਕ, ਲੇਕਿਨ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ, ਗਿਆਨ ਦੇ ਸਮੁੰਦਰਾਂ ਨੂੰ ਰਿੜਕ-ਰਿੜਕ ਕੇ, ਵਿਗਿਆਨ ਦੀਆਂ ਅਨੇਕਾਂ ਪ੍ਰਾਪਤੀਆਂ ਜ਼ਰੂਰ ਨਿਤਾਰੀਆਂ ਗਈਆਂ ਨੇ। ਸੰਸਾਰ ਦੇ ਹਰ ਖਿੱਤੇ ’ਚ, ਅੱਜ ਵਿਗਿਆਨ ਦੇ ਅਨੇਕਾਂ ਹੀ ‘ਰੱਬ’ ਉੱਗ ਖਲੋਤੇ ਨੇ, ਤੇ ਇਹਨਾਂ ‘ਰੱਬਾਂ’ ਦੁਆਰਾ ਰਿੜਕ ਕੇ ਕੱਢੀਆਂ ਗਈਆਂ ਵਿਗਿਆਨਕ ਕਾਢਾਂ ਨਾਲ਼ ਸੰਸਾਰ ਹਰ ਖੇਤਰ ਵਿੱਚ ਨਵਾਂ-ਨਕੋਰ ਹੋ ਗਿਆ ਹੈ। ਪ੍ਰੰਤੂ ਧਨੰਤਰ ਦੀ ਕਥਾ ’ਚ ਆਉਂਦੇ ਲੋਕਾਂ ਦੇ ਭੋਜਨਾਂ ’ਚ ਖਚਿਤ ਹੋਣ ਵਾਂਗ, ਅਜੋਕੇ ਸੰਸਾਰ ਦੇ ਲੋਕ ਵੀ ਵਿਗਿਆਨ ਦੀਆਂ ਕਾਢਾਂ ਨੂੰ ਭੋਗਣ ’ਚ ਖੁੱਭ ਗਏ ਨੇ ਤੇ ਕਾਢਾਂ ਦੇ ਗਾਹੇ-ਬਗਾਹੇ ਵਿਗੜ ਜਾਣ ਕਾਰਨ, ਉਹਨਾਂ ਕਾਢਾਂ ਨੂੰ ਵਰਤਣ ਵਾਲ਼ਿਆਂ ਨੂੰ ਵੀ ਮਾਨਸਿਕ ਤਣਾਓ ਵਰਗੀਆਂ ਅਨੇਕਾਂ ਬੀਮਾਰੀਆਂ ਨੇ ਆਪਣੀਆਂ ਨਹੁੰਦਰਾਂ ’ਚ ਜਕੜ ਲਿਆ ਹੈ। ਲੇਕਿਨ ਕਥਾ ’ਚ ਆਉਂਦੇ ਦੇਵਤਿਆਂ ਵਾਂਗ, ਵਿਗਿਆਨ ਦੇ ‘ਵਿਸ਼ਨੂੰ’ ਤੇ ‘ਦੇਵਤੇ’, ਹਰ ਰੋਜ਼ ਗਿਆਨ ਦੇ ਸਮੁੰਦਰਾਂ ਨੂੰ ਰਿੜਕਦੇ ਰਹਿੰਦੇ ਨੇ ਜਿਨ੍ਹਾਂ ’ਚੋਂ ਅਣਗਿਣਤ ‘ਧਨੰਤਰ’, ਵਿਗਿਆਨਕ ਕਾਢਾਂ ਨੂੰ (ਅਤੇ ਕਾਢਾਂ ਨੂੰ ਵਰਤਣ ਵਾਲ਼ਿਆਂ ਨੂੰ) ਪ੍ਰੇਸ਼ਾਨ ਕਰ ਰਹੀਆਂ ‘ਬੀਮਾਰੀਆਂ’ ਦੇ ਇਲਾਜਾਂ ਲਈ ਪੈਦਾ ਹੁੰਦੇ ਰਹਿੰਦੇ ਨੇ। ਅਜੇਹੇ ਧਨੰਤਰਾਂ ’ਚੋਂ ਹੀ ਇੱਕ ਧਨੰਤਰ ਹੈ ਕਿਰਪਾਲ ਸਿੰਘ ਪੰਨੂੰ!

ਪੰਨੂੰ ਕੰਪਿਊਟਰ ਦਾ ਧਨੰਤਰ ਹੈ; ਜੇ ਆਮ ਲੋਕਾਂ ਲਈ ਨਹੀਂ, ਤਾਂ ਪੰਜਾਬੀ ਦੇ ਲੇਖਕਾਂ ਲਈ ਤਾਂ ਉਹ ਧਨੰਤਰਾਂ ਦਾ ਵੀ ਪਿਓ ਹੈ। ਪਹਿਲਾਂ ਤਾਂ ਉਸ ਨੇ, ਕੰਪਿਊਟਰ ਤੋਂ ਤ੍ਰਭਕਦੇ, ਕਲਮੀਂ-ਪੀੜ੍ਹੀ ਦੇ ਪਿੰਰਸੀਪਲ ਸਰਵਣ ਸਿੰਘ ਵਰਗੇ ਦਰਜਣਾਂ ਹੀ ਲੇਖਕਾਂ ਨੂੰ ਕੰਪਿਊਟਰਾਂ ਨਾਲ਼ ਸਾਂਝ ਕਰਨ ਲਈ ਪ੍ਰੇਰਿਆ ਤੇ ਫਿਰ ਕਲਮਾਂ ਦਾ ਤਿਆਗ ਕਰ ਕੇ ਆਪਣੀਆਂ ਰਚਨਾਵਾਂ ਕੰਪਿਊਟਰ ਉੱਪਰ ਉਤਾਰਨ ਦੇ ਰਸਤੇ ਤੋਰਿਆ। ਕਲਮੀਂ-ਪੀੜ੍ਹੀ ਦੇ ਲੇਖਕਾਂ ਨੇ ਕੰਪਿਊਟਰ ਨੂੰ ਜਗਾਉਣਾ ਤੇ ਲਿਖਣ ਵਾਲੀ ਫ਼ਾਇਲ ਖੋਲ੍ਹ ਕੇ, ਟਾਈਪ ਕਰਨਾ ਤਾਂ ਸਿੱਖ ਲਿਆ, ਲੇਕਿਨ ਜਦ ਵੀ ਕੋਈ  “ਰੋਗ” ਕੰਪਿਊਟਰ ’ਚ ਆਪਣੀਆਂ ਵਿੱਠਾਂ ਖਿਲਾਰ ਦੇਵੇ ਤਾਂ ਕੰਪਿਊਟਰ ਦੀਆਂ ਨਾੜਾਂ ਵਿੱਚ ‘ਗੱਤਲ਼ੇ’ ਜੰਮਣ ਲਗਦੇ ਨੇ, ਕੰਪਿਊਟਰ ਸਿਰ ਸੁੱਟ ਲੈਂਦਾ ਹੈ, ਇਸ ਦੀਆਂ ਅੰਤੜੀਆਂ ’ਚ ਗੜਬੜ ਹੋਣ ਲਗਦੀ ਹੈ, ਤੇ ਇਸ ਦੇ ਪ੍ਰੋਗਰਾਮ ਬੁਖ਼ਾਰ ਵਾਲ਼ੇ ਇਨਸਾਨ ਵਾਂਗ ਨਿੱਸਲ਼ ਹੋ ਜਾਂਦੇ ਨੇ ਤਾਂ ਪ੍ਰੇਸ਼ਾਨੀ ’ਚ ਕ੍ਰਿਝਦੇ, ਸਾਡੇ ਵਰਗੇ ‘ਅਣਜਾਣ’, ਕੰਪਿਊਟਰ  ਦੇ ਫੌ਼ਰੀ ‘ਦਵਾਦਾਰੂ’ ਲਈ ਸਭ ਤੋਂ ਪਹਿਲਾਂ ਪੰਨੂੰ ਦਾ ਫ਼ੋਨ ਘੁਮਾਉਂਦੇ ਨੇ। ਅੱਜ ਦੇ ਡਾਕਟਰਾਂ ਵਾਂਗ ਨਬਜ਼ ਨੂੰ ਟੋਹਣ ਤੋਂ ਪਹਿਲਾਂ ਮਰੀਜ਼ ਦੇ ਬਟੂਏ ਦਾ ਐਕਸ-ਰੇਅ ਕਰਨ ਦੀ ਥਾਂ, ਬੀਮਾਰਾਂ ਦੀ ਸੇਵਾ ਲਈ ਲੋਕਾਈ ਨੂੰ ਸਮਰਪਤ ਪੁਰਾਣੇ ਜ਼ਮਾਨੇ ਦੇ ਵੈਦਾਂ ਵਾਂਗ, ਕੰਪਿਊਟਰ ਦੀ ਬੀਮਾਰੀ ਸੁਣਦਿਆਂ ਹੀ, ਪੰਨੂੰ ਤੁਰਤ ਹਰਕਤ ਵਿੱਚ ਆ ਜਾਂਦਾ ਹੈ। ਕੰਪਿਊਟਰ ਨੂੰ ਲੱਗੀ ਕਿਸੇ ਬੀਮਾਰੀ ਦਾ ਜਦੋਂ ਕੋਈ ਉਸ ਤੋਂ ਇਲਾਜ ਪੁੱਛਦਾ ਹੈ, ਉਸ ਵਕਤ ਭਾਂਵੇਂ ਉਹ ਖਾਣਾ ਖਾ ਰਿਹਾ ਹੋਵੇ, ਸੁਸਤਾਅ ਰਿਹਾ ਹੋਵੇ ਜਾਂ ਕਿਸੇ ਹੋਰ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਹੋਵੇ, ਤਾਂ ਵੀ ਉਹ ਫ਼ੌਰਨ ਕੰਨ ਚੁੱਕ ਲੈਂਦਾ ਹੈ। ਉਹ ਝਟ-ਪਟ ਆਪਣੇ ਕੰਪਿਊਟਰ ਨੂੰ ਥਾਪੜਾ ਦੇਂਦਾ ਹੈ ਤੇ ਪੁੱਛਣ ਵਾਲ਼ੇ ਨੂੰ ਟੈਲੀਫ਼ੋਨ ’ਤੇ ਹੀ ਕਹਿੰਦਾ ਹੈ: ਲੈ ਬਈ ਜਗਾਅ ਆਪਣੇ ਕੰਪਿਊਟਰ ਨੂੰ ... ਓ ਕੇ, ਹੁਣ ਫ਼ਲਾਣੀ ਚੀਜ਼ ਨੂੰ ਓਪਨ ਕਰ... ਕਰ ਲੀ? ਅੱਛਾ, ਹੁਣ ਫਲਾਣੇ ਨੂੰ ਕਲਿੱਕ ਕਰ! ਅੱਗੇ ਆ ਜਾ ਹੁਣ... ਕੀ ਨਿੱਕਲ਼ ਆਇਆ? ਠੀਕ ਆ... ਏਹਦੇ ਚੋਂ ਫ਼ਲਾਣੀ ਚੀਜ਼ ਨੂੰ ਕਲਿੱਕ ਕਰਦੇ... ਇਓਂ ਕਰਦਾ-ਕਰਦਾ ਉਹ ਕੰਪਿਊਟਰ ਦੀ ਬੀਮਾਰੀ ਦੇ ਧੁਰ ਤੀਕ ਅੱਪੜ ਜਾਂਦਾ ਹੈ ਤੇ ਅਗਲੇ ਪਲਾਂ ’ਚ ਪੁੱਛਣ ਵਾਲ਼ੇ ਦੇ ਕੰਪਿਊਟਰ ਦੇ, ਹਰ ਕਿਸਮ ਦੇ ਗੰਠੀਏ, ਅੰਤੜੀ-ਰੋਗ, ਮਚਕੋੜ, ਤੇ ਵਾਈ ਨੂੰ ਨਿਚੋੜ ਦੇਂਦਾ ਹੈ।

ਫ਼ੋਨ ਉੱਤੇ ਬੀਮਾਰੀ ਦੀ ਪੁਣ-ਛਾਣ ਕਰਦਿਆਂ ਤੇ ਉਸ ਦਾ ਇਲਾਜ ਦਸਦਿਆਂ ਨਾ ਉਹ ਖਿਝਦਾ ਹੈ ਤੇ ਨਾ ਹੀ ਤੈਸ਼ ਵਿੱਚ ਆਉਂਦਾ ਹੈ। ਮੇਰੀ ਇਹ ਚੰਦਰੀ ਆਦਤ ਹੈ ਕਿ ਉਸ ਵੱਲੋਂ ਕਿਸੇ ‘ਔਹਰ’ ਨੂੰ ਦਰੁਸਤ ਕਰਨ ਲਈ ਦਿੱਤੀਆਂ ਹਦਾਇਤਾਂ ਨੂੰ ਮੈਂ ਅਕਸਰ ਹੀ ਭੁੱਲ ਜਾਂਦਾ ਹਾਂ, ਪਰ ਉਹੀ ਹਦਾਇਤਾਂ ਭਾਵੇਂ ਮੈਂ ਮਹੀਨੇ ’ਚ ਕਈ ਵਾਰ ਪੁੱਛ ਲਵਾਂ, ਉਸ ਦੇ ਮੱਥੇ ’ਚ ਕਸੇਵੇਂ ਦੀ ਲਕੀਰ ਕਦੇ ਨਹੀਂ ਉੱਭਰਦੀ।

ਕੰਪਿਊਟਰਾਂ ਦੀਆਂ ਬੀਮਾਰੀਆਂ ਤੇ ਉਨ੍ਹਾਂ ਦਾ ਇਲਾਜ ਲੱਭਣ ਦਾ ਉਸ ਨੂੰ ਏਨਾ ਸ਼ੌਕ ਹੈ ਕਿ ਬੀਮਾਰੀ ਦੀਆਂ ਅਲਾਮਤਾਂ ਸੁਣਦਿਆਂ ਹੀ ਉਹ ਆਪਣੇ ਮਨ ਵਿੱਚ ਡੂੰਘਾ ਉੱਤਰਨਾ ਸ਼ੁਰੂ ਕਰ ਦੇਂਦਾ ਹੈ। ਫਿਰ ਉਹ ਕੰਪਿਊਟਰ ਨੂੰ ਖੋਲ੍ਹਦਾ ਹੈ ਤੇ ਉਸ ਦੀਆਂ ਬਰੀਕ ਤੋਂ ਬਰੀਕ ਨਸਾਂ ’ਚ ਵੜ ਜਾਂਦਾ ਹੈ। ਕੰਪਿਊਟਰ ਦੇ ਪ੍ਰੋਗਰਾਮਾਂ ਦੀਆਂ ਨਬਜ਼ਾਂ ਟੋਂਹਦਾ-ਟੋਂਹਦਾ, ਉਨ੍ਹਾਂ ਦੇ ਇਲਾਜ ਲਈ ਉਹ ਆਪਣੇ ਮਨ ਦੀਆਂ ਬਰੀਕ ਪਰਤਾਂ ’ਚ ਚੁੰਝਾਂ ਮਾਰਨ ਲਗਦਾ ਹੈ।

ਅੱਜ ਦੇ ਮਾਇਆਵਾਦੀ ਸੰਸਾਰ ਵਿੱਚ ਕੰਪਿਊਟਰ ਦੀਆਂ ਮਾਮੂਲੀ ਜਿਹੀਆਂ ਪੇਚੀਦਗੀਆਂ ਲਈ ਦਾ ‘ਹਥੌਲ਼ਾ’ ਕਰਨ ਵਾਲ਼ੇ ਵੀ, ਜਿੱਥੇ ਤੁਹਾਡੇ ਬਟੂਏ ਨੂੰ ਬੇਅਰਾਮ ਕਰ ਜਾਂਦੇ ਨੇ, ਉਥੇ ਕਿਰਪਾਲ ਪੰਨੂੰ, ਦਾਦੇ-ਪੜਦਾਦਿਆਂ ਦੇ ਨੁਸਖ਼ੇ ਮੁਫ਼ਤ ਵੰਡਣ ਵਾਲ਼ਿਆਂ ਵਾਂਗ, ਕੰਪਿਊਟਰ ਦੀਆਂ ਔਹਰਾਂ ਦਾ ਇਲਾਜ ਮੁਫ਼ਤ ਹੀ ਕਰ ਦੇਂਦਾ ਹੈ। ਇਹੀ ਨਹੀਂ; ਜਿੱਥੇ ਪੰਜਾਬੀ ਦੇ ਨਾਮਵਰ ਸੇਵਕ, ਕੰਪਿਊਟਰ ਦੇ ਕਨਵਰਟਰ ਤੇ ਫ਼ਾਂਟ ਦੀ ਚੁੰਝ ਵੀ ਦਾਮ ਤੋਂ ਬਿਨਾਂ ਨਹੀਂ ਦਿਖਾਉਂਦੇ, ਪੰਨੂੰ ਆਪਣੀਆਂ ਲੱਭਤਾਂ ਤੇ ਕਾਢਾਂ ਪਹੁੰਚੇ ਹੋਏ ਕਿਸੇ ਫ਼ਕੀਰ ਵਾਂਗ ਮੁਫ਼ਤ ਹੀ ਖਿਲਾਰਦਾ ਫ਼ਿਰਦਾ ਹੈ।

ਬਹੁਤ ਘੱਟ ਲੋਕਾਂ ਨੂੰ ਇਲਮ ਹੈ ਕਿ ਕਿਰਪਾਲ ਪੰਨੂੰ ਬੀ ਐਸ ਐਫ ਵਿੱਚ ਅਫ਼ਸਰ ਹੁੰਦਾ ਸੀ ਤੇ ਉਥੋਂ ਰੀਟਾਇਰ ਹੋ ਕੇ ਕੈਨਡਾ ਪੁੱਜਣ ਤੀਕਰ ਉਹ ਕੰਪਿਊਟਰ ਦਾ ਊੜਾ-ਐੜਾ ਵੀ ਨਹੀਂ ਸੀ ਜਾਣਦਾ। ਕੈਨਡਾ ਆ ਕੇ ਉਹ ਕੰਪਿਊਟਰ ਦਾ ਐਸਾ ਦੀਵਾਨਾ ਹੋਇਆ ਕਿ ਉਹ ਹੁਣ ਕੰਪਿਊਟਰ ਦਾ ਹੋ ਕੇ ਹੀ ਰਹਿ ਗਿਆ ਹੈ। ਪੰਜਾਬੀ ਦੇ ਫ਼ਾਂਟਾਂ ਨੂੰ ਸੁਧਾਰਨਾ, ਗੁਰਮੁਖੀ ਫ਼ਾਂਟਾਂ ਨੂੰ ਸ਼ਾਹਮੁਖੀ ਦੇ ਰੰਗ ਵਿੱਚ ਰੰਗਣਾ, ਪੰਜਾਬੀ ਦੀਆਂ ਕੰਪਿਊਟਰੀ ਡਿਕਸ਼ਨਰੀਆਂ ਉਸਾਰਨੀਆਂ ਅਤੇ ਪੰਜਾਬੀ ਜ਼ੁਬਾਨ ਨੂੰ ਕੰਪਿਊਟਰੀ ਯੁਗ ਦੀ ਨਵੀਨਤਮ ਭਾਸ਼ਾ ਬਣਾਉਣਾ ਉਸ ਦੀ ਸੁਰਤ ਵਿੱਚ ਤਰਦਾ ਰਹਿੰਦਾ ਹੈ। ਮੈਨੂੰ ਪੱਕਾ ਯਕੀਨ ਹੈ ਕਿ ਕੰਪਿਊਟਰ ਹੀ ਉਸ ਦੇ ਸੁਪਨਿਆਂ ’ਚ  ਵਾਰ-ਵਾਰ ਵਾਪਰਨ ਵਾਲ਼ਾ ਵਿਸ਼ਾ ਹੋਵੇਗਾ।

ਕੰਪਿਊਟਰ ਦੇ ਨਾਲ਼-ਨਾਲ਼ ਕਿਰਪਾਲ ਪੰਨੂੰ ਸਿਹਤਮੰਦ ਤੇ ਉਸਾਰੂ ਸਾਹਿਤ, ਗਾਇਕੀ ਤੇ ਮੀਡੀਆਕਾਰੀ ਦਾ ਵੀ ਪਾਰਖੂ ਅਤੇ ਪ੍ਰਸੰਸਕ ਹੈ। ਜਿੱਥੇ ਹੌਮੈ ਤੇ ਹੰਕਾਰ ’ਚ ਭੁੱਜੇ ਅੱਜ ਦੇ ਬਹੁਤੇ ਲੇਖਕ, ਖੂਬਸੂਰਤ ਸਾਹਿਤ ਉੱਪਰ ਵੀ ਆਪਣੇ ਸੜੇਵੇਂ ਦੀਆਂ ਲਕੀਰਾਂ ਫੇਰ ਦੇਂਦੇ ਨੇ, ਉਥੇ ਕਿਰਪਾਲ ਪੰਨੂੰ ਚੰਗੇ ਸਾਹਿਤ, ਚੰਗੇ ਭਾਸ਼ਨ, ਤੇ ਟੀ ਵੀ ਰੇਡੀਓ ਦੇ ਚੰਗੇ ਪ੍ਰਸਾਰਨ ਦੀ ਤਾਰੀਫ਼ ਕਰਨ ਲੱਗਿਆਂ ਕੰਜੂਸੀ ਨਹੀਂ ਕਰਦਾ। ਟਰਾਂਟੋ ’ਚ ਮਿਆਰੀ ਗਾਇਕੀ ਤੇ ਡਰਾਮੇ ਦੇ ਹਰ ਸ਼ੋਅ ਵਿੱਚ ਉਹ ਜੋਸ਼ੋ-ਖ਼ਰੋਸ਼ ਨਾਲ ਪਹੁੰਚਦਾ ਹੈ ਜਿੱਥੇ ਉਹ ਤਸਵੀਰਾਂ ਖਿੱਚਦਾ ਹੈ, ਤਸਵੀਰਾਂ ਇੰਟਰਨੈੱਟ ਰਾਹੀਂ ਤੁਹਾਨੂੰ ਭੇਜਦਾ ਹੈ ਤੇ ਸ਼ੋਅ ਦੀ ਤਫ਼ਸੀਲੀ ਰੀਪੋਟ ਅਖ਼ਬਾਰਾਂ ਦੇ ਹਵਾਲੇ ਕਰਦਾ ਹੈ। ਸਾਹਿਤ ਦੀ ਕੋਈ ਚੰਗੀ ਕਿਤਾਬ ਉਸ ਦੇ ਹੱਥ ਲੱਗ ਜਾਵੇ ਤਾਂ ਉਸ ਨੂੰ ਆਪ ਪੜ੍ਹਨ ਦੇ ਨਾਲ਼ ਨਾਲ਼ ਉਹ ਆਪਣੇ ਹਰ ਨਜ਼ਦੀਕੀ ਨੂੰ ਪੜ੍ਹਨ ਲਈ ਪ੍ਰੇਰਦਾ ਹੈ। ਇਹੀ ਕਾਰਨ ਹੈ ਕਿ ਕਲਮਾਂ ਦੇ ਕਾਫ਼ਲੇ ਦੀ ਹਰ ਮੀਟਿੰਗ ’ਚ ਉਹ ਹਰ ਹਾਲ ਹਾਜ਼ਰ ਹੁੰਦਾ ਹੈ।

ਸਮਾਜ-ਸੇਵਾ, ਪੰਨੂੰ ਦੀ ਜ਼ਿੰਦਗੀ ਦਾ ਇੱਕ ਅਹਿਮ ਪਹਿਲੂ ਹੈ। ਉਹ ਸੀਨੀਅਰਜ਼ ਨੂੰ ਮੁਫ਼ਤ ਕੰਪਿਊਟਰ ਸਿਖਾਉਣ ਲਈ ਕਲੱਬਾਂ ’ਚ ਕਲਾਸਾਂ ਲਗਾਉਂਦਾ ਹੈ ਤੇ ਡਾਕਟਰ ਗੁਰਮੀਤ ਸਿੰਘ ਮਿਨਹਾਸ ਨਾਲ਼ ਰਲ਼ ਕੇ, ਹਰ ਸਾਲ ਪੰਜਾਬ ਦੇ ਪਿੰਡਾਂ ਵਿੱਚ, ਐਕੂਪਰੈਸ਼ਰ ਦੇ ਕੈਂਪਾਂ ਰਾਹੀਂ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਹੈ।

ਕੰਪਿਊਟਰ ਦਾ ਇਹ ਧਨੰਤਰ ਪੰਜਾਬੀ ਬੋਲੀ ਦੀ ਵੱਡਮੁੱਲੀ ਸੇਵਾ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਨੂੰ ਪੰਜਾਬੀ ਭਾਸ਼ਾ ਨੂੰ ਨਵੇਂ ਯੁੱਗ ਦੀ ਹਾਣੀ ਬਣਾਉਣ ਦਾ ਝੱਲ ਚੜ੍ਹਿਆ ਹੋਇਆ ਹੈ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ, ਜਿਹੜਾ ਕੰਮ ਯੂਨੀਵਰਸਿਟੀਆਂ ਤੇ ਹੋਰ ਸਰਕਾਰੀ ਅਦਾਰੇ ਕਰੋੜਾਂ ਰੁਪਏ ਲਾ ਕੇ ਨਹੀਂ ਕਰ ਸਕੇ, ਉਹ ਕਿਰਪਾਲ ਪੰਨੂੰ ਨੇ ਸਿਰੜ, ਲਗਨ ਅਤੇ ਮਿਹਨਤ ਨਾਲ਼ ਕੱਲੇ-ਕਹਿਰਿਆਂ ਹੀ ਕਰ ਦਿੱਤਾ ਹੈ। ਪੰਜਾਬੀ ਦੀ ਉੱਨਤੀ ਦੇ ਦਮਗੱਜੇ ਮਾਰਨ ਵਾਲ਼ੀਆਂ ਯੂਨੀਵਰਸਿਟੀਆਂ ’ਚ ਅਗਰ ਮੇਰੀ ‘ਚਲਦੀ’ ਹੋਵੇ ਤਾਂ ਮੈਂ ਤੁਰਤ ਪੰਨੂੰ ਨੂੰ ਪੰਜਾਬੀ ਦੇ ਕੰਪਿਊਟਰ ਵਿਭਾਗ ਦਾ ਡਾਇਰੈਕਟਰ ਲਾ ਦੇਵਾਂ!

ਟਰਾਂਟੋ ਦੇ ਲੇਖਕ ਪੰਨੂੰ ਦੇ ਸਦਾ ਸ਼ੁਕਰਗੁਜ਼ਾਰ ਰਹਿਣਗੇ ਕਿਉਂਕਿ ਉਹਨਾਂ ਨੂੰ ਆਪਣੇ ਸ਼ਹਿਰ ’ਚ ਹੀ ਐਸਾ ਧਨੰਤਰ ਵੈਦ ਮਿਲਿਆ ਹੈ ਜਿਹੜਾ ਬੇਗ਼ਰਜ਼ ਹੋ ਕੇ ਉਹਨਾਂ ਦੀ ਹਰ ਕੰਪਿਊਟਰੀ ਔਹਰ ਨੂੰ ਉਹਨਾਂ ਦੇ ਘਰੀਂ ਜਾ ਕੇ ਦੂਰ ਕਰ ਦੇਂਦਾ ਹੈ। ਪੰਨੂੰ ਦੀ ਕੰਪਿਊਟਰ ਵੱਲ ਏਡੀ ਤਕੜੀ ਲਗਨ ਨੂੰ ਦੇਖਦਿਆਂ ਮੈਨੂੰ ਸਿੰਘ ਸਭਾ ਲਹਿਰ ਨੂੰ ਪਰਣਾਇਆ ਮੇਰਾ ਨਾਨਾ ਸੰਤਾ ਸਿੰਘ ਜਗਪਾਲ ਯਾਦ ਆ ਜਾਂਦਾ ਹੈ ਜਿਹੜਾ ਸਿੱਖੀ ਦੀ ਸੁਧਾਰਕ ਲਹਿਰ ਨੂੰ ਘਰ ਘਰ ਪਹੁੰਚਾਉਣ ਲਈ ਪੈਦਲ ਹੀ ਕਈ ਕਈ ਕੋਹ ਦਾ ਸਫ਼ਰ ਕਰ ਕੇ ਰਾਤੀਂ ਘਰ ਆ ਵੜਦਾ ਸੀ।

ਕਿਰਪਾਲ ਪੰਨੂੰ ਜ਼ਿੰਦਾਬਾਦ!

Read 4655 times Last modified on Sunday, 06 May 2018 22:20
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।