You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਸਾਫਟਵੇਅਰ ਦੇ ਮਾਹਰ, ਵਧੀਆ ਲੇਖਕ ਤੇ ਖੁਦ-ਦਾਰ ਇਨਸਾਨ ਹਨ ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 22:07

ਸਾਫਟਵੇਅਰ ਦੇ ਮਾਹਰ, ਵਧੀਆ ਲੇਖਕ ਤੇ ਖੁਦ-ਦਾਰ ਇਨਸਾਨ ਹਨ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਸੁਣਿਆ ਤਾਂ ਉਨ੍ਹਾਂ ਬਾਰੇ ਬਹੁਤ ਸੀ, ਪਰ ਜਦੋਂ ਪਹਿਲੀ ਵਾਰੀ ਮੈਨੂੰ ਮਿਲਣ ਆਏ ਤਾਂ ਸ: ਕਿਰਪਾਲ ਸਿੰਘ ਪੰਨੂੰ ਬਾਰੇ ਜੋ ਕੁਝ ਮੈਂ ਆਪਣੇ ਮਨ ਵਿੱਚ ਚਿਤਰਿਆ ਹੋਇਆ ਸੀ, ਇਹ ਉਸ ਢਾਂਚੇ ਵਿੱਚ ਫਿੱਟ ਜਿਹੇ ਨਾ ਆਏ। ਮੈਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਬੜੀ ਵੱਡੀ ਸ਼ਖਸੀਅਤ ਹੈ, ਪਰ ਉਹ ਸਾਦਾ ਜਿਹੇ, ਜਾਂ ਆਪਣੇ ਮਨ ਦੀ ਗੱਲ ਕਹਾਂ ਤਾਂ ਅਸਲੋਂ ਸਿੱਧ ਪੱਧਰੇ ਜਿਹੇ, ਜਾਪਦੇ ਸਨ। ਗੱਲਾਂ ਕਰਨ ਵੇਲੇ ਕੋਈ ਪੜ੍ਹੇ-ਲਿਖਿਆਂ ਵਾਲੀ ਵਿਉਂਤਬੰਦੀ ਨਹੀਂ ਸੀ ਕਰ ਰਹੇ, ਸਗੋਂ ਜਿਵੇਂ ਪਿੰਡ ਦੀ ਸੱਥ ਵਿੱਚ ਬੈਠ ਕੇ ਜੋ ਮਨ ਵਿੱਚ ਆਵੇ, ਕਹਿ ਦੇਣ ਦਾ ਸੁਭਾਅ ਹੁੰਦਾ ਹੈ, ਐਨ ਓਸੇ ਤਰ੍ਹਾਂ ਕਰੀ ਜਾ ਰਹੇ ਸਨ। ਕਿਉਂਕਿ ਮੈਂ ਆਪ ਵੀ ਸਿੱਧ ਪੱਧਰੇ ਸੁਭਾਅ ਵਾਲਾ ਆਦਮੀ ਹਾਂ, ਬਾਹਲੇ ਨਾਪ-ਤੋਲ ਕੇ ਗੱਲ ਕਰਨ ਵਾਲਿਆਂ ਨਾਲ ਸੁਖਾਵਾਂ ਮਹਿਸੂਸ ਨਹੀਂ ਕਰ ਸਕਦਾ, ਇਸ ਕਰ ਕੇ ਉਨ੍ਹਾਂ ਨਾਲ ਛੇਤੀ ਹੀ ਰਚ-ਮਿਚ ਗਿਆ ਤੇ ਅਗਲੀ ਵਾਰੀ ਸਿੱਧੇ ਘਰ ਆਉਣ ਲਈ ਬੇਨਤੀ ਕਰ ਦਿੱਤੀ। ਜਦੋਂ ਦੂਜੀ ਵਾਰੀ ਉਹ ਘਰ ਆਏ, ਓਦੋਂ ਵੀ ਨਾ ਤਾਂ ਪਹਿਲੀ ਵਾਰੀ ਕਿਸੇ ਦੇ ਘਰ ਆਉਣ ਦਾ ਕੋਈ ਸੰਕੋਚ, ਨਾ ਕਿਸੇ ਗੱਲ ਵਿੱਚ ਕੋਈ ਰਸਮੀ ਕਿਸਮ ਦੀ ‘ਥੈਂਕ ਯੂ-ਥੈਂਕ ਯੂ’ ਕਰਨ ਦੀ ਆਦਤ, ਵਰਨਾ ਵਲੈਤੀਏ ਮਿੱਤਰਾਂ ਦਾ ਪੱਛਮੀ ਸੱਭਿਅਤਾ ਵਾਲਾ ਇਹ ਰਵਾਇਤੀਪੁਣਾ ਮੈਨੂੰ ਚਿੜਾ ਦੇਂਦਾ ਹੈ। ਕੁਝ ਸਮੇਂ ਬਾਅਦ ਜਦੋਂ ਮੈਂ ਉਨ੍ਹਾਂ ਦੀ ਧਰਮ-ਪਤਨੀ ਬੀਬੀ ਪਤਵੰਤ ਕੌਰ ਪੰਨੂੰ ਨੰ ਮਿਲਿਆ, ਓਦੋਂ ਹੋਰ ਵੀ ਜ਼ਿਆਦਾ ਆਨੰਦ ਆਇਆ ਤੇ ਜੋ ਨਿੱਘ ਦੋਵਾਂ ਕੋਲੋਂ ਮਹਿਸੂਸ ਕੀਤਾ, ਉਸ ਨੰ ਦੱਸ ਸਕਣਾ ਮੇਰੇ ਲਈ ਔਖਾ ਹੈ।

ਇਹ ਗੱਲ ਮੈਨੂੰ ਪਤਾ ਲੱਗ ਚੁੱਕੀ ਸੀ ਕਿ ਉਹ ਕੰਪਿਊਟਰ ਦੇ ਸਾਫਟਵੇਅਰ ਦੇ ਮਾਮਲੇ ਵਿੱਚ ਕਾਫੀ ਗੁਣੀ ਗਿਆਨੀ ਹਨ, ਪਰ ਜਦੋਂ ਉਹ ਮੇਰੇ ਘਰ ਕੰਪਿਊਟਰ ਅੱਗੇ ਬੈਠੇ, ਬਿਨਾਂ ਮੇਰੇ ਕਹੇ ਤੋਂ ਕਈ ਕੁਝ ਉਹਦੇ ਵਿੱਚ ਲੋਢ ਕਰੀ ਗਏ ਤੇ ਨਾਲ ਦੀ ਨਾਲ ਕਈ ਗੱਲਾਂ ਮੇਰੇ ਸਿਰ ਵਿੱਚ ਲੋਢ ਕਰ ਛੱਡੀਆਂ। ਮੈਂ ਕੰਪਿਊਟਰ ਬਾਰੇ ਬਹੁਤਾ ਸ਼ਾਇਦ ਹੁਣ ਵੀ ਨਹੀਂ ਜਾਣਦਾ, ਪਰ ਓਦੋਂ ਤਾਂ ਅਸਲੋਂ ਕੱਚ-ਘਰੜ ਸੀ। ਮੇਰਾ ਕੱਚ-ਘਰੜਪੁਣਾ ਤਾਂ ਇਸ ਹੱਦ ਤੱਕ ਸੀ ਕਿ ਮੇਰੇ ਇੱਕ ਸਾਂਝ ਵਾਲੇ ਨੇ ਕੰਪਿਊਟਰ ਲੈਣਾ ਸੀ ਤੇ ਮੈਂ ਉਸ ਨੰ ਨਵਾਂ ਲੈਣ ਤੋਂ ਰੋਕ ਕੇ ਕਿਸੇ ਤੋਂ ਚੱਲਦਾ ਲੈਣ ਵਾਸਤੇ ਇਸ ਲਈ ਕਹਿ ਦਿੱਤਾ ਕਿ ਸਾਡੇ ਪਿੰਡਾਂ ਵਿੱਚ ਕਹਿੰਦੇ ਹੁੰਦੇ ਸਨ ਕਿ ਟਰੈਕਟਰ ਵੀ ਲੈਣਾ ਹੋਵੇ ਤਾਂ ਚੱਲਦਾ ਲੈਣਾ ਹੀ ਠੀਕ ਹੁੰਦਾ ਹੈ, ਨੁਕਸ-ਨਕਸ ਦਾ ਪਤਾ ਲੱਗ ਜਾਂਦਾ ਹੈ। ਕਿਰਪਾਲ ਸਿੰਘ ਪੰਨੂੰ ਹੁਰੀਂ ਮੇਰੇ ਕੋਲ ਜਿੰਨੀ ਦੇਰ ਬੈਠੇ, ਓਨੀ ਦੇਰ ਵਿੱਚ ਮੇਰਾ ਏਨਾ ਸਾਰਾ ਕੰਮ ਨਾਲ ਦੀ ਨਾਲ ਕਰ ਗਏ ਕਿ ਜੇ ਉਹ ਕਿਸੇ ਹੋਰ ਤੋਂ ਕਰਾਉਣਾ ਹੁੰਦਾ ਤਾਂ ਪੈਸੇ ਵੀ ਚੋਖੇ ਲੱਗਣੇ ਸਨ ਤੇ ਫਿਰ ਕਰਨ ਵਾਲੇ ਨੇ ਵੀ ਸਿਰਫ ਕੰਮ ਕਰਨਾ ਸੀ, ਉਸ ਦਾ ਗੁਰ ਨਹੀਂ ਸੀ ਦੱਸਣਾ। ਓਧਰ ਤੋਂ ਵਿਹਲੇ ਹੋ ਕੇ ਮੈਂ ਤਾਂ ਇਹ ਸੋਚਾਂ ਕਿ ਚਾਹ ਠੰਢੀ ਨਾ ਹੋ ਜਾਵੇ ਤੇ ਉਹ ਇੱਕ ਪਿੱਛੋਂ ਦੂਜੀ ਕੰਮ ਦੀ ਗੱਲ ਛੋਹੀ ਜਾਣ। ਜਦੋਂ ਮੈਂ ਜ਼ਰਾ ਜ਼ਿਆਦਾ ਜ਼ੋਰ ਨਾਲ ਚਾਹ ਲਈ ਕਿਹਾ ਤਾਂ ਘੁੱਟ ਭਰ ਕੇ ਕਹਿਣ ਲੱਗੇ ਕਿ ‘ਚਾਹ ਤਾਂ ਆਪਾਂ ਸਾਰੇ ਰੋਜ਼ ਪੀਂਦੇ ਹਾਂ, ਆਹ ਜਿਹੜੀਆਂ ਕੰਮ ਦੀਆਂ ਗੱਲਾਂ ਹਨ, ਜੇ ਇਨ੍ਹਾਂ ਵਿੱਚੋਂ ਕੋਈ ਰਹਿ ਗਈ ਤਾਂ ਰਹਿ ਹੀ ਜਾਣੀ ਹੈ।’

ਸਮਾਂ ਪਾ ਕੇ ਅਸੀਂ ਇੱਕ ਦੂਜੇ ਦੇ ਨੇੜੇ ਤੋਂ ਨੇੜੇ ਆਉਂਦੇ ਗਏ, ਵਾਹਵਾ ਨੇੜੇ, ਅਤੇ ਰਿਸ਼ਤੇਦਾਰਾਂ ਵਰਗੀ ਸਾਂਝ ਵੀ ਬਣ ਗਈ। ਮੇਰਾ ਦਾਮਾਦ ਉਨ੍ਹਾਂ ਦਾ ਪੁੱਤਰਾਂ ਵਰਗਾ ਸ਼ਾਗਿਰਦ ਨਿਕਲਿਆ। ਉਸ ਕੋਲੋਂ ਵੀ ਮੈਨੂੰ ਕਿਰਪਾਲ ਸਿੰਘ ਪੰਨੂੰ ਹੁਰਾਂ ਦੀ ਸ਼ਖਸੀਅਤ ਦੇ ਕਈ ਪੱਖ ਪਤਾ ਲੱਗੇ। ਇਹ ਵੀ ਪਤਾ ਲੱਗਾ ਕਿ ਉਹ ਆਪਣੇ ਪੱਲਿਓਂ ਖਰਚ ਕਰ ਕੇ ਵੀ ਕਈ ਮਿੱਤਰਾਂ ਦਾ ਡੰਗ ਸਾਰ ਦੇਂਦੇ ਹਨ ਤੇ ਫਿਰ ਕਦੀ ਕਿਸੇ ਨੰ ਇਹ ਗੱਲ ਜਤਾਉਂਦੇ ਵੀ ਨਹੀਂ।

ਕਿਰਪਾਲ ਸਿੰਘ ਪੰਨੂੰ ਹੁਰੀਂ ਲੇਖਕ ਵੀ ਬਹੁਤ ਸੁਲਝੇ ਹੋਏ ਹਨ। ਭਾਰਤ ਦੀ ਪਾਰਲੀਮੈਂਟ ਵਿੱਚ ਇਹ ਗੱਲ ਚਿਰਾਂ ਤੱਕ ਕਹੀ ਜਾਂਦੀ ਰਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਜਦੋਂ ਬੋਲਦਾ ਹੈ ਤਾਂ ਉਸ ਦੇ ਭਾਸ਼ਣ ਵਿੱਚ ਵਿਆਕਰਣ ਦੇ ਪੱਖ ਤੋਂ ਕੌਮਾ ਜਾਂ ਬਿੰਦੀ ਦਾ ਨੁਕਸ ਕੱਢਣਾ ਔਖਾ ਹੁੰਦਾ ਹੈ। ਹੁਣ ਅਡਵਾਨੀ ਬੁੱਢਾ ਹੋ ਗਿਆ ਹੈ, ਉਸ ਦੇ ਨੁਕਸ ਸੌ ਗਿਣਾਏ ਜਾ ਸਕਦੇ ਹਨ, ਪਰ ਜਿਹੜੇ ਲੇਖ ਕਿਰਪਾਲ ਸਿੰਘ ਪੰਨੂੰ ਹੁਰਾਂ ਦੇ ਵੱਖ-ਵੱਖ ਥਾਂਈਂ ਮੈਂ ਪੜ੍ਹੇ ਹਨ, ਉਨ੍ਹਾਂ ਨੰ ਪੜ੍ਹਨ ਵੇਲੇ ਹਰ ਵਾਰ ਮੇਰੇ ਅੰਦਰਲਾ ਅਖਬਾਰ ਦੀ ਸੰਪਾਦਕੀ ਜ਼ਿਮੇਵਾਰੀ ਨਿਭਾਉਣ ਵਾਲਾ ਬੰਦਾ ਇਹੋ ਸੋਚੀ ਜਾਂਦਾ ਰਿਹਾ ਕਿ ਜੇ ਇਸ ਲੇਖ ਨੰ ਕਿਸੇ ਪਾਸੇ ਤੋਂ ਕੁਤਰ ਕੇ ਛੋਟਾ ਕਰਨ ਦੀ ਲੋੜ ਪੈ ਜਾਵੇ, ਕੁਝ ਕੱਟਿਆ ਨਹੀਂ ਜਾਣਾ। ਇਹ ਗੁਣ ਥੋੜ੍ਹੇ ਜਿਹੇ ਬੰਦਿਆਂ ਵਿੱਚ ਹੁੰਦਾ ਹੈ ਕਿ ਉਹ ਆਪਣੀ ਗੱਲ ਵੀ ਕਹੀ ਜਾਣ, ਰਵਾਨਗੀ ਵੀ ਏਦਾਂ ਦੀ ਹੋਵੇ ਕਿ ਪਾਠਕ ਨੰ ਗੁੱਟੋਂ ਫੜ ਕੇ ਨਾਲ ਤੋਰੀ ਲਿਜਾਣ ਅਤੇ ਲਫਜ਼ ਵੀ ਏਨੇ ਗੁੰਦਵੇਂ ਵਰਤਣ ਕਿ ਕੋਈ ਇਹ ਕਹਿਣ ਦੀ ਹਿੰਮਤ ਨਾ ਕਰ ਸਕੇ ਕਿ ਐਵੇਂ ਭਰਤੀ ਹੀ ਭਰੀ ਪਈ ਹੈ। ਇਹ ਵੀ ਗੱਲ ਉਨ੍ਹਾਂ ਦੀ ਖਾਸ ਵੇਖੀ ਹੈ ਕਿ ਜਿਸ ਦਾ ਕੋਈ ਨੁਕਸ ਦਿੱਸ ਪਵੇ, ਐਵੇਂ ਦਿਲ-ਰੱਖਣੀਆਂ ਗੱਲਾਂ ਨਹੀਂ ਕਰਦੇ, ਲਿਖ ਰਹੇ ਹੋਣ ਜਾਂ ਆਪਸੀ ਗੱਲਬਾਤ ਚੱਲਦੀ ਹੋਵੇ, ਸਿੱਧੀ ‘ਪੰਜਾਬੀ’ ਵਿੱਚ ਕਹਿ ਦੇਣਗੇ ਕਿ ਆਹ ਗੱਲ ਤੇਰੀ ਗਲਤ ਹੈ, ਮੈਂ ਇਸ ਨਾਲ ਸਹਿਮਤ ਨਹੀਂ ਹੋ ਸਕਦਾ। ਇਹ ਗੱਲ ਉਹੋ ਕਹਿ ਸਕਦਾ ਹੈ, ਜਿਹੜਾ ਆਪ ਵੀ ਅੱਗੋਂ ਕਹੀ ਗੱਲ ਸਹਿਣ ਦੀ ਸ਼ਕਤੀ ਰੱਖਦਾ ਹੋਵੇ।

ਸਾਡੀ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਜਦੋਂ ਕਦੇ ਗੁਣੀ ਬੰਦਿਆਂ ਨੂੰ ਠਿੱਬੀ ਲਾਉਣ ਦਾ ਮੌਕਾ ਮਿਲ ਜਾਵੇ ਤਾਂ ਅਸੀਂ ਉਸ ਮੌਕੇ ਆਪਣਾ-ਪਰਾਇਆ ਵੀ ਕਦੇ ਨਹੀਂ ਬਖਸ਼ਦੇ। ਇਹੋ ਕੁਝ ਕਿਰਪਾਲ ਸਿੰਘ ਪੰਨੂੰ ਹੁਰਾਂ ਨਾਲ ਹੋਇਆ ਹੈ। ਉਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਇੱਕ ਸਾਫਟਵੇਅਰ ਤਿਆਰ ਕੀਤਾ, ਜਿਹੜਾ ਗੁਰਮੁਖੀ ਦੇ ਇੱਕ ਫੌਂਟ ਨੰ ਦੂਜੇ ਵਿੱਚ ਪਲਟਣ ਦੇ ਕੰਮ ਵਿੱਚ ਸਹਾਈ ਹੋ ਸਕਦਾ ਸੀ। ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਦੇ ਇੱਕ ਤਨਖਾਹਦਾਰ ਕਾਰਿੰਦੇ ਨੰ ਦੇ ਬੈਠੇ। ਚੰਗਾ ਇਹ ਹੋਇਆ ਕਿ ਉਸ ਨੰ ਸੀ ਡੀ ਜਾਂ ਫਲਾਪੀ ਵਗੈਰਾ ਦੇਣ ਦੀ ਥਾਂ ਇੰਟਰਨੈੱਟ ਦਾ ਈ-ਮੇਲ ਵਾਲਾ ਵਸੀਲਾ ਵਰਤਿਆ ਸੀ। ਜਿਵੇਂ ਆਮ ਹੁੰਦਾ ਹੈ, ਯੂਨੀਵਰਸਿਟੀਆਂ ਵਿੱਚ ਬੈਠੇ ਆਪਣੇ ਆਪ ਨੰ ਵਿਦਵਾਨ ਸਾਬਤ ਕਰਨ ਦੇ ਸ਼ੌਕੀਨ, ਕਿਰਦਾਰ ਵੱਲੋਂ ਜਿਹੜੇ ਨਿਰੇ ਲਿਲੀਪੁਟ ਦੀ ਨਗਰੀ ਦੇ ਨਾਗਰਿਕ ਹੁੰਦੇ ਹਨ, ਜਿਹੜੇ ਹੋਰਨਾਂ ਦੀਆਂ ਕਿਰਤਾਂ ਚੋਰੀ ਕਰ ਕੇ ਆਪਣਾ ਨਾਂਅ ਲਿਖ ਲੈਂਦੇ ਹਨ। ਪੰਨੂੰ ਜੀ ਦੇ ਸਾਫਟਵੇਅਰ ਨੰ ਵੀ ਉਸ ਬੰਦੇ ਨੇ ਆਪਣੇ ਨਾਂਅ ਨਾਲ ਜੋੜ ਕੇ ਦੁਨੀਆ ਭਰ ਵਿੱਚ ਵੇਚਿਆ ਤੇ ਜੇਬਾਂ ਭਰ ਲਈਆਂ। ਜਦੋਂ ਉਸ ਨੇ ਇੱਕ ਸੈਮੀਨਾਰ ਵਿੱਚ ਇਸ ਦੀ ਪੇਸ਼ਕਾਰੀ ਕਰਨੀ ਸੀ, ਪੰਨੂੰ ਹੁਰੀਂ ਬਿਨਾਂ ਕਿਸੇ ਨੰ ਦੱਸਿਆਂ ਯੂਨੀਵਰਸਿਟੀ ਵਿੱਚ ਆਣ ਪੁੱਜੇ। ਘਾਬਰ ਗਏ ਉਸ ਬੰਦੇ ਨੇ ਇੱਕਦਮ ‘ਪੇਟ ਵਿੱਚ ਗੜਬੜ’ ਦਾ ਬਹਾਨਾ ਲਾ ਕੇ ਆਪਣੇ ਸਹਾਇਕ ਨੰ ਆਪਣਾ ਪੇਪਰ ਫੜਾਇਆ ਤੇ ਆਪ ਪਿਛਲੇ ਦਰਵਾਜ਼ਿਓਂ ਖਿਸਕ ਗਿਆ। ਸਹਾਇਕ ਵੱਲੋਂ ਪੇਪਰ ਪੜ੍ਹੇ ਜਾਣ ਮਗਰੋਂ ਪੰਨੂੰ ਹੁਰਾਂ ਨੇ ਜਦੋਂ ਇਸ ਦੀ ਹਕੀਕਤ ਦਾ ਖੁਲਾਸਾ ਕੀਤਾ ਤਾਂ ਉਹ ਸਹਾਇਕ ਇਹ ਕਹਿ ਕੇ ਚੁੱਪ ਹੋ ਗਿਆ ਕਿ ਮੈਂ ਤਾਂ ਪੇਪਰ ਪੜ੍ਹਨ ਵਾਲਾ ਹਾਂ, ਮੈਨੂੰ ਇਸ ਦਾ ਕੁਝ ਪਤਾ ਨਹੀਂ, ਲਿਖਣ ਵਾਲਾ ਜਾਣੇ ਤੇ ਤੁਸੀਂ ਜਾਣਦੇ ਰਹੋ। ਕਮਾਲ ਦੀ ਗੱਲ ਹੈ ਕਿ ਪੰਜਾਬੀ ਬੋਲੀ ਦੀ ਸੇਵਾ ਲਈ ਬਣੀ ਹੋਈ ਉਸ ਯੂਨੀਵਰਸਿਟੀ ਵਿੱਚ ਪੰਜਾਬੀ ਬੋਲੀ ਦੇ ਇੱਕ ਏਡੇ ਵੱਡੇ ਸੇਵਾਦਾਰ ਨਾਲ ਏਡਾ ਵੱਡਾ ਧੱਕਾ ਹੋ ਗਿਆ, ਅਖਬਾਰਾਂ ਵਿੱਚ ਤਾਂ ਰੌਲਾ ਵੀ ਬਥੇਰਾ ਪੈਂਦਾ ਰਿਹਾ, ਪਰ ਯੂਨੀਵਰਸਿਟੀ ਵਿੱਚ ਬੋਰੀਆਂ ਭਰ ਕੇ ਤਨਖਾਹਾਂ ਲੈਣ ਵਾਲੇ ਅਧਿਕਾਰੀਆਂ ਨੂੰ ਕੋਈ ਫਰਕ ਹੀ ਨਹੀਂ ਪਿਆ।

ਜਦੋਂ ਇਹ ਮਾਮਲਾ ਅੱਗੇ ਵਧਿਆ, ਇੱਕ ਪੜਾਅ ਉੱਤੇ ਕਿਰਪਾਲ ਸਿੰਘ ਪੰਨੂੰ ਹੁਰਾਂ ਨੰ ਉਸ ਯੂਨੀਵਰਸਿਟੀ ਦੇ ਇੱਕ ਵਾਈਸ ਚਾਂਸਲਰ ਤੋਂ ਮੈਂ ਵੀ ਵਕਤ ਲੈ ਕੇ ਦਿੱਤਾ। ਵਾਈਸ ਚਾਂਸਲਰ ਨੇ ਕਿਹਾ ਕਿ ਦੂਜਾ ਬੰਦਾ ਆਪਣਾ ਪੱਖ ਠੀਕ ਆਖਦਾ ਹੈ। ਮੈਂ ਦੱਸਿਆ ਕਿ ਇਸ ਮਾਮਲੇ ਵਿੱਚ ਸਾਈਬਰ ਕਰਾਈਮ ਬਰਾਂਚ ਤੋਂ ਪੜਤਾਲ ਕਰਵਾ ਲਵੋ, ਸਾਰਾ ਕੁਝ ਨਿੱਖਰ ਕੇ ਸਾਹਮਣੇ ਆ ਜਾਵੇਗਾ, ਤੇ ਜੇ ਕਿਰਪਾਲ ਸਿੰਘ ਪੰਨੂੰ ਹੁਰੀਂ ਦੋਸ਼ੀ ਨਿਕਲੇ ਤਾਂ ਇਨ੍ਹਾਂ ਦੇ ਖਿਲਾਫ ਗਵਾਹ ਮੈਂ ਬਣਾਂਗਾ। ਇਸ ਦੇ ਬਾਅਦ ਏਨਾ ਤਾਂ ਹੋਇਆ ਕਿ ਪੰਨੂੰ ਹੁਰਾਂ ਨੰ ਆਪਣੀ ਗੱਲ ਦੱਸ ਸਕਣ ਦਾ ਮੁਨਾਸਬ ਮੌਕਾ ਦੇ ਦਿੱਤਾ ਗਿਆ, ਪਰ ਗੱਡੀ ਜਿਹੜੇ ਚਿੱਕੜ ਵਿੱਚ ਪਹਿਲਾਂ ਫਸੀ ਖੜੋਤੀ ਸੀ, ਓਥੇ ਹੀ ਫਸੀ ਰਹੀ।

ਕਿਰਪਾਲ ਸਿੰਘ ਪੰਨੂੰ ਸਿਰਫ ਸਾਫਟਵੇਅਰ ਦੇ ਮਾਹਰ ਹੀ ਨਹੀਂ, ਇੱਕ ਪੰਜਾਬੀ ਲੇਖਕ ਹੀ ਨਹੀਂ, ਨਿੱਜੀ ਜੀਵਨ ਵਿੱਚ ਇੱਕ ਖੁਦ-ਦਾਰ ਇਨਸਾਨ ਵੀ ਹਨ। ਉਨ੍ਹਾਂ ਦੀ ਇਸੇ ਖੁਦ-ਦਾਰੀ ਨੇ ਉਨ੍ਹਾਂ ਨੰ ਉਸ ਆਪੇ ਬਣੇ ਹੋਏ ਵਿਦਵਾਨ ਵਿਰੁੱਧ ਮੁਕੱਦਮੇਬਾਜ਼ੀ ਦੇ ਰਾਹੇ ਨਹੀਂ ਪੈਣ ਦਿੱਤਾ। ਪੁੱਛਣ ਉੱਤੇ ਇਹ ਆਖ ਛੱਡਿਆ ਕਿ ‘ਬੇਸ਼ਰਮ ਬੰਦੇ ਨੰ ਆਪੇ ਕਿਸੇ ਦਿਨ ਜ਼ਮੀਰ ਲਾਹਨਤਾਂ ਪਾਊਗੀ, ਇਹੋ ਜਿਹੇ ਚੱਕਰ ਵਿੱਚ ਪੈ ਕੇ ਮੈਂ ਕਚਹਿਰੀਆਂ ਦੇ ਬੈਂਚਾਂ ਉੱਤੇ ਜਾ ਕੇ ਬੈਠਾ ਤਾਂ ਲੋਕਾਂ ਨੰ ਜਾਪੇਗਾ ਕਿ ਕਿਰਪਾਲ ਸਿੰਘ ਪੰਨੂੰ ਹਰਜਾਨੇ ਦੇ ਚਾਰ ਛਿੱਲੜ ਲੈਣ ਨੰ ਭੱਜਾ ਫਿਰਦਾ ਹੈ। ਸਾਰੀ ਉਮਰ ਪੈਸੇ ਪਿੱਛੇ ਭੱਜਾ ਨਹੀਂ, ਹੁਣ ਵੀ ਇਹ ਗੱਲ ਆਖਣ ਦਾ ਮੌਕਾ ਕਿਸੇ ਨੰ ਕਾਹਨੂੰ ਦੇਣਾ ਹੈ।’

ਇਹੋ ਜਿਹੇ ਇਨਸਾਨ ਨਾਲ ਨੇੜ ਦਾ ਜਿੰਨਾ ਵੱਧ ਤੋਂ ਵੱਧ ਮਾਣ ਕੋਈ ਮਹਿਸੂਸ ਕਰ ਸਕਦਾ ਹੈ, ਓਨਾ ਕੁ ਮਾਣ ਕਰਨ ਦਾ ਹੱਕ ਮੇਰਾ ਵੀ ਹੈ। ਮੇਰੀ ਕਾਮਨਾ ਹੈ ਕਿ ਉਹ ਤੇ ਉਨ੍ਹਾਂ ਦੀ ਜੀਵਨ-ਸਾਥਣ ਇੱਕ ਲੰਮੀ ਤੇ ਸੁਖਾਵੀਂ ਜ਼ਿੰਦਗੀ ਜਿਊਣ। ਇਹ ਕਹਿਣ ਪਿੱਛੇ ਇੱਕ ਮੇਰੀ ਹੋਰ ਸਿੱਕ ਵੀ ਹੈ। ਪੰਨੂੰ ਹੁਰੀਂ ਬੁਢਾਪੇ ਦਾ ਅਸਰ ਕਬੂਲਣ ਵਾਲੇ ਨਹੀਂ ਹਨ, ਇਸ ਲਈ ਜਿੰਨਾ ਵੱਧ ਲੰਮਾ ਜਿਊਣਗੇ, ਪੰਜਾਬੀਅਤ ਦੀ ਹੋਰ ਵੱਧ ਤੋਂ ਵੱਧ ਸੇਵਾ ਕਰਦੇ ਰਹਿਣਗੇ।

Read 4210 times Last modified on Monday, 07 May 2018 13:53