Print this page
Sunday, 06 May 2018 22:08

ਸੁਹਿਰਦ ਇਨਸਾਨ: ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਸਦਾ ਬਹਾਰ, ਟਹਿਕਦੇ, ਮਹਿਕਦੇ, ਸੁਹਿਰਦ ਇਨਸਾਨ ਕਿਰਪਾਲ ਸਿੰਘ ਪੰਨੂੰ ਨਾਲ ਮੁੱਢਲੇ ਮਿਲਾਪ ਦੀ ਰੌਚਕ ਕਹਾਣੀ ਹੈ। 1996 ਵਿੱਚ ਜਦੋਂ ਮੈ ਪਹਿਲੀ ਵਾਰ ਕੈਨੇਡਾ ਗਿਆ ਤਾਂ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਮੇਰੇ ਅੰਦਰ ਓਪਰੇਪਣ ਦੀ ਕਸਕ ਸਮਾਈ ਹੋਈ ਸੀ। ਕਿਸੇ ਨਾਲ ਮੇਲ ਜੋਲ ਕਰਨ, ਸਬੰਧ ਜੋੜਨ ਤੇ ਸਾਂਝ ਸਥਾਪਤ ਕਰਨ ਦੀ ਮੇਰੇ ਅੰਦਰ ਭੁੱਖ ਸੀ। ਇਸ ਵਿਚਾਰ ਨਾਲ ਮੈ ਆਪਣੀ ਇੱਕ ਕਹਾਣੀ, ਇੱਥੋਂ ਦੀ ਪ੍ਰਸਿੱਧ ਅਖਬਾਰ ‘ਅਜੀਤ’ ਵਿੱਚ ਛਪਣੀ ਦਿੱਤੀ। ਕਹਾਣੀ ਛਪ ਗਈ ਤੇ ਨਾਲ਼ ਹੀ ਮੇਲ ਜੋਲ ਦੇ ਬੰਦ ਦੁਆਰ ਖੁੱਲ੍ਹ ਗਏ। ਬੰਦ ਦੁਆਰ ਕੀ ਖੁੱਲ੍ਹੇ ਇੱਕ ਨਵਾਂ ਤੇ ਅਨੋਖਾ ਸੰਸਾਰ ਵਸ ਗਿਆ। ਕਹਾਣੀ ਦੇ ਸਬੰਧ ਵਿੱਚ ਇੱਕ ਦਿਨ ਮੈਨੂੰ ਫੋਨ ਆਇਆ। ਇਹ ਸਹਿਜ, ਠਰੰਮੇ ਤੇ ਸੰਗੀਤਕ ਅਵਾਜ਼ ਕਿਰਪਾਲ ਸਿੰਘ ਪੰਨੂੰ ਦੀ ਸੀ। ਮੇਰੇ ਬਾਰੇ ਤਰਦੀ-ਤਰਦੀ ਜਾਣਕਾਰੀ ਲਈ ਤੇ ਕਹਾਣੀ ਦੀ ਰੱਜ ਕੇ ਪਰਸੰਸਾ ਕੀਤੀ। ਅਗਲੇ ਹਫਤੇ ਦੇ ‘ਅਜੀਤ’ ਵਿੱਚ ਉਸ ਨੇ ਮੇਰੇ ਬਾਰੇ ਤੇ ਮੇਰੀ ਲੇਖਣੀ ਬਾਰੇ ਜੋ ਲਿਖਿਆ ਤੇ ਛਾਪਿਆ ਉਸ ਨਾਲ ਮੇਰਾ ਰੋਮ-ਰੋਮ ਝੂੰਮ ਉਠਿਆ। ਉਦੋਂ ਇਹ ਵਾਟਰਲੂ ਰਹਿੰਦਾ ਸੀ, ਮੈ ਟੋਰਾਂਟੋ ਦੇ ਸ਼ਹਿਰ ਬਰੈੰਪਟਨ ਵਿਚ। ਉਦੋਂ ਤੋਂ ਅੱਜ ਤੱਕ ਪਿਆਰ ਤੇ ਅਪਣੱਤ ਦੀ ਇਹ ਲਗਰ ਹਰੀ ਭਰੀ ਤੁਰੀ ਆ ਰਹੀ ਹੈ।

ਸੰਸਾਰ ਦੀ ਭੀੜ ਵਿੱਚ ਕਿਰਪਾਲ ਸਿੰਘ ਪੰਨੂੰ ਇੱਕ ਵੱਖਰੇ ਤੇ ਵਿਸੇਸ਼ ਸਥਾਨ ’ਤੇ ਖੜ੍ਹਾ ਦਿਖਾਈ ਦਿੰਦਾ ਹੈ। ਹੋਰਾਂ ਨਾਲੋਂ ਉਸ ਦੀ ਹੋਂਦ ਸਭ ਤੋਂ ਵੱਖਰੀ ਤੇ ਨਿਵੇਕਲੀ ਹੈ। ਜਾਪਦੈ ਉਹ ਮੇਰੇ ’ਕੱਲੇ ਦਾ ਹੀ ਨਹੀਂ; ਪਿਆਰ ਤੇ ਸਦਭਾਵਨਾ ਨਾਲ਼ ਛਲਕਦਾ ਉਸ ਦਾ ਹਿਰਦਾ ਸਰਬੱਤ ਨੂੰ ਸਮਰਪਤ ਹੈ। ਪਿਆਰ ਤੇ ਅਪਣੱਤ ਦੀ ਸੁੱਚੀ ਭਾਵਨਾ ਉਸ ਦੇ ਸਾਹਾਂ ’ਚ ਸਮਾਈ ਹੋਈ ਹੈ। ਉਹ ਉਨ੍ਹਾਂ ਵਿਰਲੇ ਬੰਦਿਆਂ ਵਿਚੋਂ ਇੱਕ ਹੈ; ਜਿਨ੍ਹਾਂ ਦੇ ਹਿਰਦੇ ਨਿਰਛਲ ਹਨ ਤੇ ਵਿਚਾਰਾਂ ਵਿੱਚ ਭਿੰਨੀ ਮਹਿਕ ਹੁੰਦੀ ਹੈ; ਜਿਨ੍ਹਾਂ ਦੇ ਵਿਹਾਰ ਤੇ ਕਿਰਦਾਰ ਸਿਦਕ ਤੇ ਸਚਾਈ ਨਾਲ ਭਰੇ ਹੁੰਦੇ ਹਨ ਅਤੇ ਜੋ ਆਪਣੇ ਮਿੱਤਰਾਂ ਦੀ ਹਰ ਸਮੱਸਿਆ ਤੇ ਸੰਕਟ ਉਨ੍ਹਾਂ ਦੇ ਆਪਣੇ ਤਨ ਦੀ ਪੀੜ ਬਣ ਜਾਂਦੀ ਹੈ ਅਤੇ ਉਸ ਦੀ ਨਵਿਰਤੀ ਲਈ ਆਪਣਾ ਆਪਾ ਨਿਛਾਵਰ ਕਰਨ ਤਕ ਜਾਂਦੇ ਹਨ। ਅਜਿਹੇ ਬੰਦਿਆਂ ਦੀ ਸੰਗਤ ਵਿੱਚ ਬੰਦਗੀ ਵਰਗਾ ਅਹਿਸਾਸ ਹੁੰਦਾ ਹੈ। ਅਹਿਜੇ ਬੰਦੇ ਇੱਕ ਹੋ ਕੇ ਵੀ ਇੱਕ ਸੰਸਥਾ ਵਰਗੇ ਹੁੰਦੇ ਹਨ। ਕਿਰਪਾਲ ਸਿੰਘ ਪੰਨੂੰ ਅਜਿਹਾ ਸਦ-ਗੁਣੀ ਵਿਅਕਤੀ ਹੈ।

ਕਿਰਪਾਲ ਸਿੰਘ ਪੰਨੂੰ ਬਹੁਤ ਸਿਰੜੀ ਤੇ ਮਿਹਨਤੀ ਹੈ। ਵਡੇਰੀ ਉਮਰ ਅਰਾਮ ਕਰਨ ਤੇ ਸੁਖ ਭੋਗਣ ਦੀ ਹੁੰਦੀ ਹੈ, ਸੁਭਾਅ ਵਿੱਚ ਸਿਥਲਤਾ ਆ ਜਾਂਦੀ ਹੈ। ਪਰ ਇਸ ਨੇ ਇਸ ਉਮਰ ਨੂੰ ਵੀ ਇੱਕ ਆਦਰਸ਼ ਦੇ ਲੇਖੇ ਲਾ ਰੱਖਿਆ ਹੈ। ਉਹ ਕੰਪਿਊਟਰ ਦਾ ਮਤਵਾਲਾ ਹੈ। ਕੰਪਿਊਟਰ ਦੀਆਂ ਬਰੀਕ ਤੇ ਸੂਖਮ ਤੰਦਾਂ ਨੂੰ ਜਾਨਣ, ਸਮਝਣ ਦੀ ਜੋ ਮਿਹਨਤ ਇਸ ਵਿਅਕਤੀ ਨੇ ਕੀਤੀ ਹੈ ਅਤੇ ਨਵੀਆਂ ਤੋਂ ਨਵੀਆਂ ਕਾਢਾਂ ਕੱਢੀਆਂ ਹਨ; ਉਸ ਨਾਲ਼ ਕੰਪਿਊਟਰ ਦੀ ਦੁਨੀਆਂ ਵਿੱਚ ਇੱਕ ਵੱਖਰੇ ਤੇ ਵਿਸ਼ੇਸ਼ ਇਤਹਾਸ ਦੀ ਸਿਰਜਣਾ ਹੁੰਦੀ ਦਿਖਾਈ ਦਿੰਦੀ ਹੈ।

ਕਿਰਪਾਲ ਸਿੰਘ ਪੰਨੂੰ ਬਹੁਤ ਰੌਚਕ ਤੇ ਮਿਲਾਪੜਾ ਬੰਦਾ ਹੈ। ਉਸ ਨੂੰ ਕਦੇ ਅੱਕਿਆ-ਥੱਕਿਆ ਨਹੀਂ ਦੇਖਿਆ। ਜਦੋਂ ਦੇਖੋ, ਸਦਾ ਸੱਜਰਾ, ਸਦਾ ਜਵਾਨ। ‘ਸਾਜਨ ਮੇਰਾ ਨੀਤ ਨਵਾਂ।’ ਉਸ ਦੀ ਮਿੱਤਰਤਾ ਤੇ ਮਿਲਾਪ ਵਿੱਚ ਸੁਆਦ, ਸਿਖਿਆ ਤੇ ਪ੍ਰੇਰਨਾ ਭਰੀ ਹੁੰਦੀ ਹੈ। ਆਪਣੇ ਪਿਆਰਿਆਂ ਨੂੰ ਕਿਸੇ ਨਾ ਕਿਸੇ ਆਹਰੇ ਲਾਉਣ ਅਤੇ ਕੰਮ ਵਿੱਚ ਖੁਭੇ ਰਹਿਣ ਦੀ ਉਸ ਦੀ ਪ੍ਰੇਰਨਾ ਤੋਂ ਕੋਈ ਅਣਭਿੱਜ ਨਹੀਂ ਰਹਿ ਸਕਦਾ। ਬਥੇਰੇ ਹਨ; ਜੋ ਇਸ ਦੀ ਪ੍ਰੇਰਨਾ ਦੀ ਬਦੌਲਤ ਲੇਖਕ ਬਣੇ ਹਨ ਅਤੇ ਕਹਾਣੀਕਾਰ, ਨਿਬੰਧਕਾਰ ਜਾਂ ਕਵੀ ਵਜੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਪਰ ਕੰਪਿਊਟਰ ਕਲਾ ਵਿੱਚ ਉਹ ਸਭ ਦਾ ਉਸਤਾਦ ਹੈ। ਪੰਜਾਹ ਸਾਲ ਦੀ ਉਮਰ ਤੋਂ ਵਡੇਰੀਆਂ ਉਮਰਾਂ ਵਾਲੇ, ਟੋਰਾਂਟੋ ਵਾਸੀ ਬਾਬੇ ਤੇ ਮਾਈਆਂ ਬੀਬੀਆਂ, ਸਾਰੇ ਦੇ ਸਾਰੇ ਉਸ ਦੇ ਚੇਲੇ ਬਾਲਕੇ ਹਨ। ਉਹ ਬਾਕਾਇਦਾ ਕਲਾਸਾਂ ਲਾਉਂਦਾ ਹੈ, ਸਭ ਨੂੰ ਖੁੱਲ੍ਹਾ ਸੱਦਾ ਦਿੰਦਾ ਹੈ, ਕੋਲ਼ੋਂ ਕੰਪਿਊਟਰ ਦਿੰਦਾ ਤੇ ਬੜੀ ਮਿਹਨਤ ਨਾਲ ਸਭ ਨੂੰ ਕੰਪਿਊਟਰ ਦੀ ਟ੍ਰੇਨਿੰਗ ਦਿੰਦਾ ਹੈ। ਫਿਰ ਬਗੈਰ ਕਿਸੇ ਲੋਭ ਲਾਲਚ ਤੇ ਬਗੈਰ ਕਿਸੇ ਗਰਜ਼ ਤੋਂ, ਸਭ ਸੇਵਾ ਮੁਫ਼ਤ ਕਰਦਾ ਹੈ।

ਉਹ ਭਾਸ਼ਾ ਵਿਗਿਆਨੀ, ਸਿਹਤ ਵਿਗਿਆਨੀ ਤੇ ਸੁਹਜਵਾਦੀ ਸੋਚ ਦਾ ਮਾਲਕ ਹੈ। ਪਹਿਨਿਆਂ ਪੱਚਰਿਆ ਉਹ ਗੱਭਰੂਆਂ ਦੀ ਢਾਣੀ ਵਿੱਚ ਸਭ ਤੋਂ ਅਨੋਖਾ ਤੇ ਨਿਆਰਾ ਦਿਖਾਈ ਦੇਵੇਗਾ। ਦਲੀਲ ਦਾ ਧਨੀ, ਹਾਸ ਵਿਲਾਸ ਤੇ ਵਿਅੰਗ ਦੇ ਅਣੀਆਲੇ ਤੀਰ ਮਾਰਨ ਦੀ ਕਲਾ ਦਾ ਮਾਹਰ ਹੈ।

ਕਿਸੇ ਵੀ ਮਸ਼ੀਨਰੀ ਲਈ ਮੇਰੇ ਅੰਦਰ ਸੁਭਾਵਕ ਹੀ ਝਿਜਕ ਰਹੀ ਹੈ। ਕੰਪਿਊਟਰ ਬਾਰੇ ਜਾਨਣਾ ਬਹੁਤ ਔਖੀ ਘਾਟੀ ਸੀ। ਇੱਕ ਲੰਮਾ ਸਮਾ ਮੈਂ ਇਸ ਤੋਂ ਦੂਰ-ਦੂਰ ਹੀ ਰਿਹਾ। ਪੜ੍ਹਨ ਲਿਖਣ ਦੀ ਮੁੱਢੋਂ ਚੇਟਕ ਸੀ। ਲਿਖਣ ਸਮੱਗਰੀ ਹੁੰਦੀ, ਮਾਹੌਲ ਬਣਦਾ, ਤਦ ਜਾ ਕੇ ਕੋਈ ਗੱਲ ਔੜਦੀ ਸੀ। ਜ਼ਿੰਦਗੀ ਦਾ ਲੰਮਾ ਸਮਾ ਇੰਜ ਕਰਦਿਆਂ ਬੀਤਿਆ ਸੀ। ਆਦਤ ਬਣੀ ਹੋਈ ਸੀ। ਇਸ ਢਲ਼ੀ ਉਮਰ ਵਿੱਚ ਹੁਣ ਕੰਪਿਊਟਰ ’ਤੇ ਕੌਣ ਟੱਕਰਾਂ ਮਾਰੇ?

ਪਰ ਇਸ ਮਹਾਨ ਮਨੁੱਖ ਨੇ ਖਹਿੜਾ ਨਹੀਂ ਛੱਡਿਆ। ਮੈ ਬਥੇਰੇ ਪੈਰ ਖਿੱਚੇ, ਬਹਾਨੇ ਲਾਏ ਪਰ ਕੰਪਿਊਟਰ ਵੱਲ ਇਸ ਨੇ ਮੈਨੂੰ ਧੱਕੇ ਨਾਲ਼ ਤੋਰ ਲਿਆ। ‘ਕੀ ਬੋਰਡ’ ਅਤੇ ‘ਮਾਊਸ’ ਦੀ ਵਰਤੋਂ ਕਰਨੀ ਦੱਸੀ। ਪਹਿਲਾਂ ਪਹਿਲ ਬਹੁਤ ਝਿਜਕ ਰਹੀ। ਕਦੇ ‘ਕੀ ਬੋਰਡ’ ਵੱਲ, ਕਦੇ ‘ਮਾਊਸ’ ਵੱਲ ਧਿਆਨ ਵੰਡਿਆ ਜਾਂਦਾ। ਗੱਲ ਉੱਖੜ ਜਾਂਦੀ ਪਰ ਪੰਨੂੰ ਜੀ ਦੀ ਚੁੰਬਕੀ ਸ਼ਖਸੀਅਤ ਨੇ, ਪਿਆਰ ਭਿੱਜੀ ਪ੍ਰੇਰਨਾ, ਯੋਗ ਰਾਹਨੁਮਾਈ ਤੇ ਕਰੜੀ ਨਿਗਰਾਨੀ ਨੇ ਮੈਨੂੰ ਭੱਜਣ ਨਹੀਂ ਦਿੱਤਾ, ਪਿੱਛੇ ਨਹੀਂ ਹਟਣ ਦਿੱਤਾ; ਤੋਰੀ ਰੱਖਿਆ। ਹੌਲ਼ੀ-ਹੌਲ਼ੀ ਸਾਰੀਆਂ ਝਿਜਕਾਂ-ਔਕੜਾਂ ਦੂਰ ਭਜਾ ਮਾਰੀਆਂ। ਮਨ-ਮਸਤਕ ਵਿੱਚ ਚੇਤਨਾ ਦੇ ਦੀਵੇ ਜਗਾ ਦਿੱਤੇ। ਹੁਣ ਕੰਪਿਊਟਰ ਦੇ ਤਾਬਿਆ ਬੈਠਣ ਸਾਰ ਜਿਵੇਂ ਤੀਸਰੀ ਅੱਖ ਖੁੱਲ੍ਹ ਜਾਂਦੀ ਹੈ ਤੇ ਲਿਖਣ ਲਈ ਹਲੂਣਾ ਦੇ ਜਾਂਦੀ ਹੈ। ਮੈ ’ਕੱਲਾ ਹੀ ਨਹੀਂ, ਮੇਰੇ ਵਾਂਗ ਹੋਰ ਬਹੁਤ ਸਾਰੇ ਪ੍ਰੌਢ ਤੇ ਪ੍ਰਸਿੱਧ ਲੇਖਕਾਂ-ਵਿਦਵਾਨਾਂ ਨੂੰ ਵੀ ਇਸ ਨੇ ਇਸੇ ਵਿਧੀ ਨਾਲ ਤੋਰਿਆ ਹੈ।

ਕੰਪਿਊਟਰ ਦੇ ਬਹੁਤ ਫਾਇਦੇ ਹਨ। ਕਾਗਜ਼ ਕਲਮ ਦੀ ਲੋੜ ਨਹੀਂ ਨਾ ਹੀ ਕਿਸੇ ਕੱਟ ਵੱਢ ਦੀ ਲੋੜ। ਕੋਈ ਅੱਖਰ, ਸ਼ਬਦ, ਵਾਕ ਜਾਂ ਪਹਿਰਾ ਬਦਲਨ, ਡਲੀਟ ਕਰਨ ਜਾਂ ਹੇਠਾਂ ਉੱਤੇ ਕਰਨ ਦਾ ਕਾਰਜ ਬਹੁਤ ਸੌਖਾ ਤੇ ਸੁਆਦਲਾ ਹੈ। ਸਾਰਾ ਰੀਕਾਰਡ ਸਾਹਮਣੇ ਹੁੰਦਾ ਹੈ। ਜਿੱਥੇ ਮਰਜ਼ੀ ਜਾਂ ਜਿੰਨੀ ਵਾਰ ਮਰਜ਼ੀ ਠੀਕ ਕਰ ਲਵੋ ਜਾਂ ਸੋਧ ਕੇ ਲਿਖ ਲਵੋ। ਸੁਖ ਹੀ ਸੁਖ ਹੈ।

ਪੰਨੂੰ ਸਾਹਿਬ ਦੀ ਕਿਰਪਾ ਨਾਲ਼ ਹੁਣ ਤੱਕ ਛਪੀਆਂ ਮੇਰੀਆਂ ਕਿਤਾਬਾਂ ਮੈ ਆਪ ਟਾਈਪ ਕੀਤੀਆਂ ਹਨ। ਯੂ ਐਸ ਬੀ ਜਾਂ ਸੀ ਡੀ ’ਤੇ ਚਾੜ੍ਹ ਕੇ ਇੰਡੀਆ ਤੋਂ ਛਪਵਾਉਂਦਾ ਰਿਹਾ ਹਾਂ। ਇੱਕ ਕਿਤਾਬ ਕੈਨੇਡਾ ਤੋਂ ਈ ਮੇਲ ਰਾਹੀਂ ਇੰਡੀਆ ਤੋਂ ਛਪਾਈ ਹੈ। ਪਹਿਲਾਂ ਵਾਂਗ ਕਿਸੇ ਤਰ੍ਹਾਂ ਦਾ ਕੋਈ ਖਰੜਾ ਜਾਂ ਕਾਗਜ਼ ਸੰਭਾਲਣ ਦੀ ਲੋੜ ਨਹੀਂ। ਇਸ ਮਿਹਰਬਾਨ ਨੇ ਨਵੇਂ ਤੇ ਸੌਖੇ ਮਾਰਗ ’ਤੇ ਮੈਨੂੰ ਪਾ ਦਿੱਤਾ ਹੈ।

ਕੰਪਿਊਟਰ ਵਿੱਚ ਦੁਨੀਆਂ ਭਰ ਦੇ ਗਿਆਨ, ਵਿਗਿਆਨ ਦੀ ਸਮੱਗਰੀ ਭਰੀ ਪਈ ਹੈ। ਹਰ ਪ੍ਰਕਾਰ ਦੀ ਜਾਣਕਾਰੀ ਤੇ ਮਨੋਰੰਜਨ ਦੀਆਂ ਪੰਡਾਂ ਦੀਆਂ ਪੰਡਾਂ ਭਰੀਆਂ ਪਈਆਂ ਹਨ। ਸਾਰਾ ਬ੍ਰਹਿਮੰਡ ਇਸ ਦੀ ਸਕਰੀਨ ’ਤੇ ਦੇਖਿਆ ਮਾਣਿਆਂ ਜਾ ਸਕਦਾ ਹੈ। ਇਹ ਵਰਗ, ਹਰ ਉਮਰ ਤੇ ਹਰ ਛੋਟੇ ਵੱਡੇ ਦੀ ਲੋੜ ਹੈ। ਬੁਢੇਪੇ ਦਾ ਬਹੁਤ ਸੁਚੇਤ ਤੇ ਇਮਾਨਦਾਰ ਸਾਥੀ ਹੈ। ਯਾਦ ਸ਼ਕਤੀ ਦੀ ਪੁਖਤਾ ਡੰਗੋਰੀ ਹੈ। ਸਾਰੀ ਜ਼ਿੰਦਗੀ ਦੇ ਸਾਰੇ ਵੇਰਵੇ ਇਸ ਨੂੰ ਸੌਂਪ ਦੇਵੋ ਤੇ ਸਦਾ ਲਈ ਬੇਫਿਕਰ ਹੋ ਜਾਵੋ। ਸੌ ਸਾਧਾਂ ਦੀ ਸੰਗਤ ਨਾਲ਼ੋਂ ਇੱਕ ਕੰਪਿਉਟਰ ਦੀ ਸੰਗਤ ਉੱਤਮ ਹੈ। ਇਸ ਤੋਂ ਕਦੇ ਜੀਅ ਅੱਕਦਾ ਥੱਕਦਾ ਨਹੀਂ। ਜੋ ਜੀਅ ਆਉਂਦਾ ਹੈ, ਦੇਖੋ ਤੇ ਮਾਣੋ, ਲਾਭ ਹੀ ਲਾਭ ਹਨ। ਇਸ ਯੁਗ ਵਿੱਚ ਕੰਪਿਉਟਰ ਮਨੁੱਖ ਦਾ ਸਭ ਤੋਂ ਪਿਆਰਾ ਤੇ ਇਮਾਨਦਾਰ ਸਾਥੀ ਹੈ। ਇਸ ਬਗੈਰ ਮਨੁੱਖ ਅਧੂਰਾ ਹੈ। ਮਨੁੱਖੀ ਮਨ ਵਿੱਚ ਤਾਂ ਖੋਟ ਹੋ ਸਕਦੀ ਹੈ ਪਰ ਕੰਪਿਊਟਰ ਦੇ ਤਨ ਵਿੱਚ ਕੋਈ ਖੋਟ ਜਾਂ ਬਨਾਵਟ ਨਹੀਂ। ਇਸ ਸਾਰੇ ਖਜ਼ਾਨੇ ਦੀ ਸੋਝੀ ਮੈਂ ਕਿਰਪਾਲ ਸਿੰਘ ਪੰਨੂੰ ਤੋਂ ਪਾਈ ਹੈ ਅਤੇ ਮੈਂ ਅਨੁਭਵ ਕਰਦਾ ਹਾਂ ਕਿ ਅੱਜ ਇਹ ਮੇਰੀ ਵੱਡੀ ਕਮਾਈ ਹੈ।

ਅਜਿਹੇ ਪਰਉਪਕਾਰੀ, ਸਦਾਚਾਰੀ ਤੇ ਸਦਾਬਹਾਰੀ ਵਿਅਕਤੀ ਧਰਤੀ ਦਾ ਸ਼ਿੰਗਾਰ ਅਤੇ ਸਮਾਜ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਾਲਾ! ਸਾਡਾ ਇਹ ਟਹਿਕਦਾ, ਮਹਿਕਦਾ, ਸਦਾਬਹਾਰ ਮਹਾਨ ਵਿਅਕਤੀ, ਕਿਰਪਾਲ ਸਿੰਘ ਪੰਨੂੰ ਪਰਸੰਨ, ਅਰੋਗ ਤੇ ਲੰਮੇਰੀ ਉਮਰ ਤੱਕ ਖੁਸ਼ੀਆਂ, ਖੇੜੇ ਮਾਣੇ ਤੇ ਕੰਪਿਊਟਰੀ ਕਲਾ ਦੀਆਂ ਇਸੇ ਤਰ੍ਹਾਂ ਦਾਤਾਂ ਵੰਡਦਾ ਰਹੇ!!

Read 4662 times Last modified on Monday, 07 May 2018 13:53
ਪੂਰਨ ਸਿੰਘ ਪਾਂਧੀ