You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ...

ਲੇਖ਼ਕ

Sunday, 06 May 2018 22:09

ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ...

Written by
Rate this item
(0 votes)

ਪੰਜਾਬੀ ਜਗਤ ਦੇ ਇੱਕ ਸੁੱਚੇ ਹੀਰੇ ਮੀਆਂ ਮੁਹੰਮਦ ਬਖ਼ਸ਼ ਹੋਰਾਂ ਸੱਚ ਹੀ ਤਾਂ ਆਖਿਆ ਸੀ ਪਈ:

ਮਰਦ ਮਿਲੇ, ਤਾਂ ਦਰਦ ਨ ਛੋੜੇ, ਔਗਣ ਦੇ ਗੁਣ ਕਰ ਦਾ

ਕਾਮਿਲ ਲੋਕ, ਮੁਹੰਮਦ ਬਖ਼ਸ਼ਾ, ਲਾਲ ਬਨਾਵਣ ਪੱਥਰ ਦਾ

 

ਜਿਸਰਾਂ ਪੰਜਾਬ ਦੀ ਧਰਤੀ ਬੜੀ ਹੀ ਭਾਗਾਂ ਭਰੀ ਜੂਹ ਏ ਇੰਜ ਹੀ ਪੰਜਾਬੀ ਵੀ ਬੜਾ ਹੀ ਨਿੱਘ ਦੇਣ ਵਾਲੀ ਬੋਲੀ ਏ। ਅਤੇ ਪੰਜਾਬ ਵਸੋਂ ਦੇ ਜੀਆਂ ਅੰਦਰ ਪਾਣੀ ਅਤੇ ਮਿੱਟੀ ਦੇ ਮੋਹ ਦੀ ਉਹ ਮਨਠਾਰ ਤਾਸੀਰ ਏ ਜੋ ਉਹ ਕੌੜੇ ਤੁੱਮਿਆਂ ਨੂੰ ਵੀ ਸ਼ਹਿਦ ਸਵਾਦੀ ਮੇਵੇ ਬਣਾ ਧਰਦੀ ਏ। ਕੁਝ ਜੂਹਾਂ ਈ ਇੰਜ ਦੀਆਂ ਹੁੰਦੀਆਂ ਨੇ ਜਿਹਨਾਂ ਦੀ ਮਿੱਟੀ ਨਾਲ ਖੇਡ ਮੱਲ੍ਹ ਕੇ ਅਤੇ ਉੱਥੂੰ ਦਾ ਜਲ ਛਕ ਕੇ ਗੱਭਰੂ ਹੋਣ ਵਾਲ਼ਿਆਂ ਅੰਦਰ ਵੇਲ਼ੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਵੀਆਂ ਪੈੜਾਂ ਅਤੇ ਪਿਰਤਾਂ ਪਾਣ ਦਾ ਚੋਖਾ ਸਤ ਹੁੰਦਾ ਏ। ਬਸ ਰੋਜ਼ ਦਾ ਧੜੀ-ਧੜੀ ਅੰਨ ਖਾ ਕੇ ਬਿਰਥੇ ਇਸ ਜਹਾਨੋਂ ਟੁਰ ਜਾਣ ਵਾਲਿਆਂ ਨੂੰ ਵੇਲਾ ਕਦੀ ਯਾਦ ਨਈਂ ਰੱਖਦਾ। ਅੱਜ ਮਰੇ ਕੱਲ ਦੂਜਾ ਦਿਨ ਵਾਲੀ ਗੱਲ ਵਾਂਗ ਅਜਿਹੇ ਬੰਦਿਆਂ ਦਾ ਵੇਲਾ ਖੋਜ ਖੁਰਾ ਮੁਕਾ ਦੇਂਦਾ ਏ। ਪਰ ਜੋ ਗੱਭਰੂ ਵੇਲੇ ਦੀ ਕੰਡ ਤੇ ਕਾਠੀ ਪਾ ਕੇ ਉਸ ਨੂੰ ਅਪਣੀ ਮਰਜ਼ੀ ਮੂਜਬ ਟੋਰਣ ਦਾ ਵੱਲ ਸਿੱਖ ਲੈਣ ਉਹਨਾਂ ਬਾਰੇ ਮੈਂ ਚੋਖਾ ਚਿਰ ਅਗਦੂੰ ਇੱਕ ਨਜ਼ਮ  ਲਿੱਖੀ ਸੀ:

ਜਿਹੜਾ ਟੋਰਨ ਸਿੱਖ ਲੈਂਦਾ ਏ

ਵਕਤ ਦੇ ਅੱਥਰੇ ਘੋੜੇ ਨੂੰ

ਜਿਹੜਾ ਹੱਥ ਵਿੱਚ ਫ਼ੜ ਲੈਂਦਾ ਏ

ਘੁੱਟ ਕੇ ਵਾਗ ਹਵਾਵਾਂ ਦੀ

ਉਹਨੂੰ ਕਦੀ ਵੀ ਲੋੜ ਨਾ  ਰਹਿੰਦੀ

ਮੰਗੀਆਂ ਹੋਈਆਂ ਛਾਂਵਾਂ ਦੀ

ਅਜਿਹੀਆਂ ਕਰਤਾਂ ਤੇ ਕਦਰਾਂ ਦੇ ਵਾਰਸ ਭਾਵੇਂ ਕਦੇ ਸਦੀਆਂ ਮਗਰੋਂ ਹੀ ਜੰਮਦੇ ਨੇ ਪਰ ਉਹ ਲੋਕਾਂ ਦੇ ਦਿਲਾਂ ਉੱਤੇ ਸਦੀਆਂ ਤੀਕਰ ਮੁਹੱਬਤਾਂ ਦਾ ਛਾਪਾ ਲਾਈ ਰੱਖਦੇ ਨੇ। ਅਜਿਹਿਆਂ ਮਰਦਾਂ ਨੂੰ ਮੌਤ ਨੇ ਕੀ ਮਾਰਨਾ ਸਗੋਂ ਉਹ ਆਪੂੰ ਮੌਤ ਨੂੰ ਮਾਰ ਕੇ ਸਦਾ ਲਈ ਅਮਰ ਹੋ ਜਾਂਦੇ ਨੇ। ਆਖਦੇ ਨੇ ਬੰਦੇ ਨੂੰ ਉਹਦੀ ਕਰਤ ਕਰਤੂਤ ਜੀਊਂਦਿਆਂ ਰੱਖਦੀ ਏ ਅਤੇ ਸੁਲੱਖਣੀਆਂ ਕਰਤਾਂ ਦੇ ਵਾਰਸਾਂ ਵਿੱਚੋਂ ਇੱਕ ਨਾਂ ਕਿਰਪਾਲ ਸਿੰਘ ਪੰਨੂੰ ਦਾ ਵੀ ਏ। ਮੈਨੂੰ ਹੀਰ ਵਾਰਸ ਸ਼ਾਹ ਦੇ ਅਜ਼ੀਮ ਖੋਜਕਾਰ ਜ਼ਾਹਿਦ ਇਕਬਾਲ ਰਾਹੀਂ ਪੰਨੂੰ ਜੀ ਬਾਰੇ ਜਾਣਕਾਰੀ ਮਿਲੀ ਤਾਂ ਮੈਂ ਉਹਨਾਂ ਦਾ ਕੰਮ ਕਾਰ ਵੇਖ ਕੇ ਉਹਨਾਂ ਬਾਰੇ ਚਾਰ ਅੱਖਰ ਉਲੀਕਣ ਤੋਂ ਨਾ ਰਹਿ ਸਕਿਆ। ਉਂਜ ਤਾਂ ਇਸ ਪੰਨੂੰ ਟਾਬਰੀ ਦੇ ਇੱਕ ਸਪੁੱਤਰ ਨਾਰੋਵਾਲ ਦੇ ਵਸਨੀਕ ਬੈਰਿਸਟਰ ਅਨਵਾਰੁਲਹੱਕ ਪੰਨੂੰ ਨਾਲ ਮੇਰੀ ਪਿਛਲੇ 15 ਸਾਲਾਂ ਤੋਂ ਯਾਰੀ ਏ ਜੋ ਪਿੱਛੇ ਜਿਹੇ ਹਾਈ ਕੋਰਟ ਦਾ ਜਸਟਿਸ ਵੀ ਬਣ ਗਿਆ ਪਰ ਮੁੜ ਪੰਜ ਮਹੀਨਿਆਂ ਮਗਰੋਂ ਕਿਸੇ ਉਤਲੇ ਸਿਆਸੀ ਪੁਆੜੇ ਦਾ ਸ਼ਿਕਾਰ ਹੋ ਗਿਆ। ਮੈਨੂੰ ਚੰਗਾ ਯਾਦ ਏ ਪਈ ਅਸਾਂ ਵਰ੍ਹੇਵਾਰ ਹਾਸ਼ਮ ਸ਼ਾਹ ਕਾਨਫ੍ਰੰਸ ਕਰਵਾਣੀ ਸੀ ਜਿਹਦਾ ਮੈਂ ਸਦਰ ਹਾਂ ਅਤੇ ਅਨਵਾਰੁਲਹੱਕ ਪੰਨੂੰ ਪੈਟਰਨ ਏ। ਉਸ ਸਮੇ ਨਾਰੋਵਾਲ ਦੀ ਇੱਕ ਉਰਦੂ ਦੇ ਨਾਂ ਤੇ ਉਸਾਰੀ ਗਈ ਸੱਥ ਦੇ ਬੰਦਿਆਂ ’ਚੋਂ ਇੱਕ ਨੇ ਮੇਰੇ ਖ਼ਿਲਾਫ ਡੀ.ਸੀ. ਨਾਰੋਵਾਲ ਨੂੰ ਇੱਕ ਅਰਜ਼ੀ ਦਿੱਤੀ ਪਈ ਇਹ ਹਿੰਦੁਸਤਾਨੀ ਖ਼ੁਫੀਆ ਏਜੰਸੀ ਦਾ ਏਜੈਂਟ ਏ ਅਤੇ ਗਰੇਟਰ ਪੰਜਾਬ ਬਨਾਣ ਦਾ ਰੀਝਵਾਨ ਏ। ਇਸ ਦਰਖ਼ਾਸਤ ਪਾਰੋਂ ਅਸਲਾਮੀਆ ਕਾਲਜ ਦੇ ਪ੍ਰਿੰ: ਨੇ ਕਾਨਫ੍ਰੰਸ ਲਈ ਕਾਲਜ ਹਾਲ ਦੇਣ ਤੋਂ ਨਾਂਹ ਕਰ ਦਿੱਤੀ। ਆਉਣ ਵਾਲੇ ਘੱਟੋ ਘੱਟ 200 ਪ੍ਰਾਹੁਣਿਆਂ ਦੀ ਰੋਟੀ ਅੰਜਮਨ ਸ਼ੈਹਰੀਆਂ ਨਾਰੋਵਾਲ ਨੇ ਵਰਜੀ ਹੋਈ ਸੀ, ਉਹਨਾਂ ਵੀ ਰੋਟੀ ਤੋਂ ਨਾਂਹ ਕਰ ਦਿੱਤੀ। ਅਗਲੇ ਦਿਨ ਕਾਨਫ੍ਰੰਸ ਹੋਣੀ ਸੀ। ਮੈਨੂੰ ਡੀ.ਸੀ. ਨਾਰੋਵਾਲ ਨੇ ਪੁੱਛ ਪਰਤੀਤ ਲਈ ਸੱਦਿਆ। ਜਦੋਂ ਮੈਂ ਉਹਨੂੰ ਆਖਿਆ ਪਈ ਗਰੇਟਰ ਪੰਜਾਬ ਦਾ ਹਾਮੀ ਰਾਅ ਦਾ ਏਜੈਂਟ ਕਿਵੇਂ ਹੋ ਸਕਦਾ ਏ ਤਾਂ ਡੀ.ਸੀ. ਮੁਸਕਰਾ ਕੇ ਆਖਣ ਲੱਗਾ ਜਾਓ ਤੁਸੀਂ ਅਪਣਾ ਕੰਮ ਕਰੋ।

ਜਦੋਂ ਮੈਂ ਨਾਰੋਵਾਲ ਕਚਹਿਰੀ ਵਿੱਚ ਜਾ ਕੇ ਪੰਨੂੰ ਨੂੰ ਸਾਰੀ ਹੋਈ ਹਵਾਈ ਦੱਸੀ ਤਾਂ ਉਹਦੀਆਂ ਅੱਖੀਂ ਰੱਤੀਆਂ ਹੋ ਗਈਆਂ ਤੇ ਆਖਣ ਲੱਗਾ ਪੰਜਾਬੀ ਦਾ ਕੰਮ ਸਾਡੀ ਮਾਂ ਦਾ ਕੰਮ ਏ। ਅਸੀ ਭੋਏਂ ਵੇਚ ਕੇ ਲਾ ਦਿਆਂਗੇ ਪਰ ਕਾਨਫ੍ਰੰਸ ਜ਼ਰੂਰ ਹੋਵੇਗੀ। ਮੁੜ ਕਾਨਫ੍ਰੰਸ ਅੱਗੇ ਨਾਲ਼ੋਂ ਵੀ ਵੱਧ ਕੇ ਹੋਈ। ਕਿਰਪਾਲ ਸਿੰਘ ਪੰਨੂੰ ਬਾਰੇ ਲੇਖ ਲਿਖਣ ਦੀ ਚੰਗਿਆੜੀ ਖ਼ੌਰੇ ਹਿਰਦੇ ਅੰਦਰ ਅਨਵਾਰੁਲਹੱਕ ਪੰਨੂੰ ਦੀ ਸੱਚੀ ਮੁਹੱਬਤ ਪਾਰੋਂ ਵੀ ਚੋਖੀ ਭਖ਼ ਪਈ ਪਰ ਸੱਚੀ ਗੱਲ ਇਹ ਹੈ ਜੋ ਕਿਰਪਾਲ ਸਿੰਘ ਪੰਨੂੰ ਦੇ ਕੰਮ ਬਾਰੇ ਜਾਣ ਕੇ ਮੈਨੂੰ ਐਨੀ ਖ਼ੁਸ਼ੀ ਹੋਈ ਪਈ ਮੈਂ ਉਹਦੇ ਬਾਰੇ ਇਹ ਲੇਖ ਲਿਖਣੋ ਨ ਰਹਿ ਸਕਿਆ।

ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਨਾਂ ਭਾਵੇਂ ਪੰਜਾਬੀ ਜਗਤ ਅੰਦਰ ਚੰਨ ਵਾਂਗੂੰ ਚਮਕਦਾ ਏ ਅਤੇ ਚੋਖਾ ਜਾਣਿਆ ਪਛਾਣਿਆ ਨਾਂ ਏ ਪਰ ਮੇਰਾ ਉਹਨਾਂ ਨਾਲ ਮੇਲ ਅਤੇ ਸਾਹਿਬ ਸਲਾਮਤ ਕਦੀ ਨਈਂ ਹੋਈ ਪਰ ਜ਼ਾਹਿਦ ਇਕਬਾਲ ਕੋਲ਼ੋਂ ਉਸ ਬੰਦੇ ਦੇ ਮਨਠਾਰ ਸੁਭਾਅ, ਉੱਚੀ ਕਰਤ ਕਰਤੂਤ ਅਤੇ ਪਿਆਰ ਵਰਤਾਰੇ ਦੀਆਂ ਗੱਲਾਂ ਸੁਣ ਕੇ ਮੇਰੇ ਹੱਥ ਹਰਫਾਂ ਦੀਆਂ ਤਾਰਾਂ ਖੜਕਾਣ ਲੱਗ ਪਏ। ਜ਼ਾਹਿਦ ਇਕਬਾਲ ਦੇ ਕੰਮ ਅਤੇ ਨਿੱਘੇ ਸੁਭਾਅ ਨੇ ਮੇਰੇ ਦਿਲ ਵਿੱਚ ਉਹਦੀ ਐਨੀ ਥਾਂ ਬਣਾ ਲਈ ਹੋਈ ਏ ਪਈ ਮੈ ਉਹਦੀ ਹਰ ਆਖੀ ਪਰਵਾਨ ਕਰਨ ਨੂੰ ਅਪਣੀ ਇੱਜ਼ਤ ਸਮਝਦਾ ਹਾਂ।

ਕਿਰਪਾਲ ਸਿੰਘ ਪੰਨੂੰ ਬਾਰੇ ਇਹ ਜਾਣ ਕੇ ਮੈਨੂੰ ਚੋਖੀ ਹੈਰਾਨੀ ਵੀ ਹੋਈ ਪਈ ਉਹ ਅਪਣੇ ਪਿੰਡ ਦੇ ਮੇਲਿਆਂ ਠੇਲਿਆਂ ਵਿੱਚੋਂ ਕੌਡੀ-ਕੌਡੀ ਕਰਦਾ ਹੋਇਆ ਨਿਕਲਿਆ। ਉਹ ਪੁਲਸ ਅਤੇ ਬੀ.ਐਸ.ਐਫ. ਵਰਗੇ ਹੱਥ ਛੁੱਟ ਅਤੇ ਅੱਖੜ ਮਹਿਕਮਿਆਂ ਅੰਦਰ ਹਯਾਤੀ ਦੇ 32 ਵਰ੍ਹੇ ਨੌਕਰੀ ਕਰਨ ਮਗਰੋਂ ਪਾਸੇ ਦਾ ਸੋਨਾ ਕਿਵੇਂ ਬਣ ਨਿਕਲਿਆ। ਮੈ ਬਹੁਤਾ ਤਾਂ ਨਈਂ ਜਾਣਦਾ ਪਰ ਮੇਰੇ ਚਾਚੇ ਦਾ ਮੁੰਡਾ ਪੁਲਸ ਵਿੱਚ ਥਾਣੇਦਾਰ ਏ। ਉਹ ਹਰ ਗੱਲ ਦੇ ਮੁੱਢ ਵਿੱਚ ਵੀ ਗਾਲ਼ ਕਢਦਾ ਏ ਅਤੇ ਉਹਦੀ ਗੱਲ ਮੁਕਦੀ ਵੀ ਗਾਲ਼ ’ਤੇ ਵੇ। ਮੈਨੂੰ ਇਹ ਵੀ ਪੱਕ ਏ ਪਈ ਸਾਡੇ ਦੇਸਾਂ ਦੇ ਲੋਕਾਂ ਦੀਆਂ ਆਦਤਾਂ ਵਿੱਚ ਉੱਨੀ ਵੀਹ ਦਾ ਫਰਕ ਤਾਂ ਹੋ ਸਕਦਾ ਏ ਇਸ ਤੋਂ ਵੱਧ ਨਈਂ ਹੋ ਸਕਦਾ। ਪਰ ਪੰਨੂੰ ਜੀ ਬਾਰੇ ਜਾਣ ਕੇ ਐਨਾ ਚਾਅ ਚੜ੍ਹਿਆ ਪਈ ਇਹ ਬੰਦਾ ਉਜਾੜਾਂ ਵਿੱਚ ਹੱਦਾਂ ਤੇ ਲੱਗੀਆਂ ਵਾੜਾਂ ਨਾਲ ਅੜਾ-ਅੜਾ ਅਪਣੇ ਲੀੜੇ ਪੜਵਾਂਦਾ ਅਤੇ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਕੰਪੀਊਟਰ ਵਰਗੇ ਗੁੰਝਲਦਾਰ ਸਾਇੰਸੀ ਕੰਮ ਦਾ ਮਹਾਂ ਗਿਆਨੀ ਕਿਵੇਂ ਬਣ ਗਿਆ? ਕੰਪੀਊਟਰ ਬਾਰੇ ਉਹਦੇ ਕੰਮ ਕਾਰ ਬਾਰੇ ਜਾਣ ਕੇ ਮੈਨੂੰ ਇਹ ਪੱਕ ਹੋ ਗਿਆ ਏ ਪਈ ਉਹਦੇ ਮਨ ਅੰਦਰ ਉੱਦਮ ਅਤੇ ਸਿਆਣਫ ਦਾ ਠਾਠਾਂ ਮਾਰਦਾ ਹੋਇਆ ਸਮੁੰਦਰ ਗਿਆਨ ਵਿਗਿਆਨ ਦੀਆਂ ਪਰਤਾਂ ਖੋਲ੍ਹਦਾ ਲੱਗਾ ਜਾਂਦਾ ਏ। ਮੈਨੂੰ ਦੱਸਿਆ ਗਿਆ ਏ ਪਈ ਪੰਨੂੰ ਹੋਰਾਂ ਦੀ ਕੰਪਿਊਟਰ ਦੀ ਜਾਣਕਾਰੀ ਬਾਰੇ ਲਿੱਖੀ ਕਿਤਾਬ ‘ਆਓ ਕੰਪਿਊਟਰ ਸਿੱਖੀਏ’ ਨੇ ਜਗਤ ਭਰ ਵਿੱਚ ਪੰਜਾਬੀਆਂ ਨੂੰ ਘਰ ਬੈਠਿਆਂ ਕੰਪਿਊਟਰ ਸਿੱਖਣ ਦੇ ਯੋਗ ਬਣਾ ਦਿੱਤਾ ਏ।

ਕੰਪੀਊਟਰ ਦੇ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ (Font convert ion) ਦਾ ਕੰਮ ਚੋਖਾ ਈ ਔਖਾ ਏ ਜਿਹਦਾ ਮੁੱਢ ਬੰਨ੍ਹ ਕੇ ਕਿਰਪਾਲ ਸਿੰਘ ਪੰਨੂੰ ਹੋਰਾਂ ਪੰਜਾਬੀਆਂ ’ਤੇ ਚੋਖਾ ਕਰਜ਼ ਚਾੜ੍ਹਿਆ ਏ। ਮੈਂ ਸਮਝਦਾ ਹਾਂ ਪਈ ਇਸ ਕੰਮ ਦੀ ਸਫਲਤਾ ਵਿੱਚ ਸ਼ਾਹਮੁਖੀ ਲਿੱਪੀ ਅੜਾਉਣੀ ਬਣੇਗੀ। ਉਹ ਇਸ ਲਈ ਪਈ ਉਹਦੀ ਉਸਾਰੀ ਗੁਰਮੁਖੀ ਵਾਂਗਰ ਇੱਕ ਹਰਫ ਇੱਕ ਆਵਾਜ਼ ਦੀ ਬੁਨਿਆਦ ਤੇ ਨਈਂ ਕੀਤੀ ਗਈ ਸਗੋਂ ਸ਼ਾਹਮੁਖੀ ਵਿੱਚ ਕਈਆਂ ਅਵਾਜ਼ਾਂ ਲਈ ਇੱਕੋ ਅੱਖਰ ਵਰਤਿਆ ਜਾਂਦਾ ਏ ਜਿਵੇਂ ਮੇਲ, ਮੀਲ ਅਤੇ ਮੈਲ ਜਾਂ ਮੈਂ ਤੇ ਮੇਂ ਇੱਕੋ ਜਿਅ੍ਹਾ ਲਿਖਿਆ ਜਾਂਦਾ ਹੈ। ਬੱਚੀਆਂ ਤੇ ਬੱਚਿਆਂ ਨੂੰ ਕੰਪਿਊਟਰ ਵੀ ਨਖੇੜ ਕੇ ਨਈਂ ਲਿਖ ਸਕਦਾ। ਇਹ ਪੁਵਾੜਾ ਮੁਕਾਣ ਲਈ ਸਾਡੇ ਇੱਕ ਦੋਸਤ ਸਈਦ ਕਰੀਮ ਨੇ ਨਵੀਂ ਕਰੀਮੀ ਲਿੱਪੀ ਬਣਾਈ ਹੈ ਜੋ ਗੁਰਮੁਖੀ ਵਾਂਗ (Phonetic) ਹੈ। ਉਹਦਾ (Software) ਵੀ ਤਿਆਰ ਹੈ ਪਰ ਮੌਜੂਦਾ (Non phonetic) ਲਿੱਪੀ ਨਾਲ ਪਿਆਰ ਕਰਨ ਵਾਲੇ ਲਿਖਾਰੀ ਅਪਣੀ ਚੌਧਰ ਮੁੱਕਣ ਦੇ ਡਰ ਤੋਂ ਉਸ ਲਿੱਪੀ ਦੀ ਵਿਰੋਧਤਾ ਵਿੱਚ ਜੁਟੇ ਹੋਏ ਨੇ।

ਕੰਪਿਊਟਰ ਦੀ ਰਗ-ਰਗ ਤੋਂ ਜਾਣੂੰ ਹੋਣ ਦੇ ਇਸ ਸਮੁੰਦਰ ਵਰਗੇ ਡੂੰਘੇ ਕੰਮ ਅੰਦਰ ਇਸ ਹੱਦ ਤੀਕਰ ਉਤਰ ਕੇ ਪਾਤਾਲ ਵਿੱਚੋਂ ਆਸ ਦੇ ਮੋਤੀਆਂ ਦੀ ਝੋਲੀ ਭਰ ਲੈ ਆਉਣਾ ਕਿਰਪਾਲ ਸਿੰਘ ਪੰਨੂੰ ਵਰਗੇ ਤਾਰੂਆਂ ਦਾ ਕੰਮ ਹੀ ਹੋ ਸਕਦਾ ਏ। ਮੁੜ ਕੰਪਿਊਟਰ ਦੀਆਂ ਬਾਰੀਕੀਆਂ ਅੰਦਰੋਂ ਅਪਣੀ ਮਨਮਰਜ਼ੀ ਦੇ ਪੰਜਾਬੀ ਪਰੋਗਰਾਮ ਬਣਾ ਕੇ ਹਿੰਦੁਸਤਾਨ ਵਰਗੇ ਵੱਡੇ ਸਾਰੇ ਦੇਸ ਅਤੇ ਪੂਰੇ ਜੱਗ ਅੰਦਰ ਅਪਣਾ ਆਪ ਮਨਵਾਣਾ ਹਾਰੀ ਸਾਰੀ ਦਾ ਕੰਮ ਨਈਂ ਹੋ ਸਕਦਾ। ਇਹਦੇ ਪਿੱਛੇ ਪੰਨੂੰ ਹੋਰਾਂ ਦੀ ਦਿਨ ਰਾਤ ਦੀ ਮੇਹਨਤ ਅਤੇ ਇੱਕ ਲੰਮਾ ਤਜਰਬਾ ਵਾਜਾਂ ਮਾਰ-ਮਾਰ ਲੋਕਾਂ ਨੂੰ ਪੰਨੂੰ ਹੋਰਾਂ ਵੱਲ ਸੱਦ ਮਾਰਦਾ ਏ। ਇਸ ਪਾਰੋਂ ਉਹਨਾਂ ਨੂੰ ਪੂਰੇ ਜੱਗ ਅੰਦਰੋਂ ਮਾਨ ਸਨਮਾਨ ਪਰਾਪਤ ਹੋਏ ਨੇ ਖ਼ਾਸ ਕਰ ਕੇ ਚੜ੍ਹਦੇ ਪੰਜਾਬ ਦੀ ਮੋਹਲਰੀ, ਪੰਜਾਬੀ ਸੱਥ ਲਾਂਬੜਾ, ਵੱਲੋਂ ਤਕਨੀਕੀ ਖੋਜ ਲਈ ਸ. ਲਹਿਣਾ ਸਿੰਘ ਮਜੀਠੀਆ ਐਵਾਰਡ 2002 ਵਿੱਚ, ਅਤੇ ਹਰਿਆਣਾ ਸਾਹਿਤ ਅਕੈਡਮੀ ਪੰਚਕੂਲਾ ਵੱਲੋਂ 2006 ਵਿੱਚ, ਅਜੀਤ ਵੀਕਲੀ ਟੋਰਾਂਟੋ ਵੱਲੋਂ ਕੰਪਿਊਟਰ ਚੇਤਨਾ ਐਵਾਰਡ 2009 ਵਿੱਚ ਦੱਸਣ ਜੋਗ ਨੇ।

ਹੋਰ ਤੇ ਹੋਰ ਉਹ ਵੱਖ-ਵੱਖ ਯੂਨੀਵਰਸਿਟੀਆਂ ਅੰਦਰ ਕੰਪਿਊਟਰ ਦੇ ਕੰਮ ਅਤੇ ਫੌਂਟਾਂ ਅੰਦਰ ਪਏ ਪਵਾੜਿਆਂ ਨੂੰ ਵੀ ਸੇਧ ਅਤੇ ਸੋਧ ਦੇ ਰਹੇ ਨੇ।

ਉਹਨਾਂ ਨੇ ਕੰਪਿਊਟਰ ਅਤੇ ਉਸ ਲਈ ਲੋੜੀਦੀ ਜਾਣਕਾਰੀ ਦੇਣ ਲਈ ਜਿੱਥੇ ਜਣੇ ਖਣੇ ਨੂੰ ਸਿੱਖਿਆ ਦਿੱਤੀ ਉਥੇ ਕੁਰਕਸ਼ੇਤਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇੰਜਨੀਅਰਿੰਗ ਇੰਸਟੀਚਿਊਟ ਲੁਧਿਆਣਾ, ਸਟੇਟ ਕਾਲਿਜ ਆਫ ਐਜੂਕੇਸ਼ਨ ਪਟਿਆਲਾ ਵਰਗੀਆਂ ਥਾਵਾਂ ਤੇ ਕੰਪੀਊਟਰ ਬਾਰੇ ਲੈਕਚਰ ਦਿੱਤੇ ਜਾਂ ਪੇਪਰ ਪੜ੍ਹੇ। ਸਿਰਫ ਇਹ ਹੀ ਨਈਂ ਸਗੋਂ ਉਹਨਾਂ ਕਈ ਅਖ਼ਬਾਰਾਂ ਅੰਦਰ ਕੰਪੀਊਟਰ ਬਾਰੇ ਲੇਖ ਵੀ ਲਿੱਖੇ।

ਮੁਕਦੀ ਗੱਲ ਇਹ ਹੈ ਜੋ ਕਿਰਪਾਲ ਸਿੰਘ ਪੰਨੂੰ ਹੋਰਾਂ ਦੇ ਕੰਮ ਨੂੰ ਕੰਪੀਊਟਰ ਜਗਤ ਅੰਦਰ ਸਦੀਆਂ-ਬੱਧੀ ਯਾਦ ਰੱਖਿਆ ਜਾਵੇਗਾ। ਕੰਪੀਊਟਰ ਬਾਰੇ ਉਹਨਾਂ ਦੀਆਂ ਕੱਢੀਆਂ ਕਾਢਾਂ ਤੋਂ ਪੰਜਾਬੀ ਪਿਆਰੇ ਸਦਾ ਲਾਭ ਚੁਕਦੇ ਰਹਿਣਗੇ। ਕੰਪੀਊਟਰ ਦੇ ਪੰਜਾਬੀਔਣ ਦਾ ਇਤਿਹਾਸ ਜਦ ਵੀ ਲਿਖਿਆ ਜਾਵੇਗਾ, ਕਿਰਪਾਲ ਸਿੰਘ ਪੰਨੂੰ ਦੀਆਂ ਕਾਢਾਂ ਨੂੰ ਸਾਹਮਣੇ ਰੱਖਿਆ ਜਾਵੇਗਾ। ਮੈਂ ਜ਼ਾਹਿਦ ਇਕਬਾਲ ਦਾ ਵੀ ਦਿਲੋਂ ਸ਼ੁਕਰਗੁਜ਼ਾਰ ਆਂ ਜੋ ਉਹਨਾਂ ਮੈਨੂੰ ਐਡੇ ਮਹਾਨ ਮਨੁੱਖ ਬਾਰੇ ਲੇਖ ਲਿਖਣ ਲਈ ਪਰੇਰਿਆ। ਮੈਂ ਕਿਰਪਾਲ ਸਿੰਘ ਪੰਨੂੰ ਬਾਰੇ ਇਹੋ ਕਹਿ ਕੇ ਗੱਲ ਮੁਕਾਉਂਦਾ ਹਾਂ:

ਤੇਰੇ ਜਿਹੇ ਪੁੱਤ ਜੰਮਣ ਮਾਂਵਾਂ ਕਿਧਰੇ ਕਿਧਰੇ ਕੋਈ

 

(ਇਹਸਾਨ ਬਾਜਵਾ)

Ahsaan Bajwa,

Gakharwali, P. O Qila Kalar wala Distt. Sialkot, Pakistan

0092-345-6362362

jatbajwa2000@yahoo. com

Read 4209 times Last modified on Monday, 07 May 2018 13:54