You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰ ਦਾ ਧੰਨਾ ਜੱਟ: ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 22:12

ਕੰਪਿਊਟਰ ਦਾ ਧੰਨਾ ਜੱਟ: ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਪੰਨੂੰ ਨੇ ਮਾ੍ਹਅਰਕੇ ਮਾਰ ਐਸੇ,

ਚਾੜ੍ਹੇ ਪੰਜਾਬੀ ’ਤੇ ਸੋਨੇ ਦੇ ਵਰਕ ਮੀਆਂ।

ਦੋਹਾਂ ਲਿੱਪੀਆਂ ਦੀ ਪਵਾ ਕੇ ਗਲ਼ਵਕੜੀ,

ਦਿੱਤਾ ਮਿਟਾਅ ਹੈ ਲਿਪੀ ਦਾ ਫਰਕ ਮੀਆਂ।

ਭਾਵੇਂ ਠਰਕੀ ਦੀ ਅੱਖ ’ਚੋਂ ਲਿਖੇ ਕਾਲਮ,

ਰੱਖਿਆ ਅੱਖ ’ਚ ਰਤਾ ਨਾ ਠਰਕ ਮੀਆਂ।

ਰੰਦਾ ਫੌਟਾਂ ’ਤੇ ਫੇਰ ਇਕਸਾਰ ਕਰੀਆਂ,

ਹਰ ਗੱਲ ਕਰਦਾ ਨਾਲ ਹੈ ਤਰਕ ਮੀਆਂ।

ਪੌਣੀ ਸਦੀ ਦਾ ਕਰ ਲਿਆ ਸਫ਼ਰ ਪੂਰਾ,

ਬੜਬੋਲੇ ਬਾਬੇ ਦੇ ਵੱਲੋਂ ਵਧਾਈ ਹੋਵੇ।

ਸੇਵਾ ਪੰਜਾਬੀ ਦੀ ਇਵੇਂ ਹੀ ਰਹੇ ਕਰਦਾ,

ਸੱਚਾ ਪਾਤਸ਼ਾਹ ਹਰ ਥਾਂ ਸਹਾਈ ਹੋਵੇ।

 

-ਬਾਬਾ ਬੜਬੋਲਾ ਟੋਰਾਂਟੋ

---------------------------------------------------------------

ਕੰਪਿਊਟਰ ਦਾ ਧੰਨਾ ਜੱਟ: ਕਿਰਪਾਲ ਸਿੰਘ ਪੰਨੂੰ

ਪਰਮਜੀਤ ਸਿੰਘ ਸੰਧੂ

ਕਹਿੰਦੇ ਨੇ ਜਦ ਇਨਸਾਨ ਇਸ ਧਰਤੀ ਉੱਤੇ ਪੈਦਾ ਹੁੰਦਾ ਹੈ ਤਾਂ ਉਸ ਉੱਤੇ ਚਾਰ ਤਰ੍ਹਾਂ ਦਾ ਕਰਜ਼ ਚੜ੍ਹਿਆ ਹੋਇਆ ਹੁੰਦਾ ਹੈ ਜਿਸ ਨੂੰ ਉਸ ਨੇ ਆਪਣੇ ਜੀਵਨ ਕਾਲ ਦੌਰਾਨ ਉਤਾਰਨਾ ਹੁੰਦਾ ਹੈ। ਇਹ ਕਰਜ਼, ਆਪਣੀ ਮਾਂ, ਆਪਣੀ ਧਰਤੀ, ਆਪਣੀ ਬੋਲੀ ਅਤੇ ਆਪਣੇ ਵੰਸ਼ ਪ੍ਰਤੀ ਹੁੰਦਾ ਹੈ। ਇਸ ਧਰਤੀ ’ਤੇ ਬਹੁਗਿਣਤੀ ਅਜਿਹੇ ਬਦਕਿਸਮਤ ਇਨਸਾਨਾਂ ਦੀ ਹੈ ਜੋ ਇਨ੍ਹਾਂ ਚਾਰਾਂ ਨੂੰ ਉਤਾਰਨ ਦਾ ਕੋਈ ਯਤਨ ਨਹੀਂ ਕਰਦੇ ਅਤੇ ਕੁਝ ਯਤਨ ਕਰਨ ਦੇ ਬਾਵਜੂਦ ਵੀ ਨਾਕਾਮਯਾਬ ਹੁੰਦੇ ਹਨ। ਕੁਝ ਇੱਕ ਇਨ੍ਹਾਂ ਵਿੱਚੋਂ ਇੱਕ, ਦੋ ਜਾਂ ਫਿਰ ਤਿੰਨ ਕਰਜ਼ ਉਤਾਰਨ ਵਿੱਚ ਸਫਲਤਾ ਹਾਸਲ ਕਰ ਲੈਂਦੇ ਹਨ ਪਰ ਚੰਦ ਖੁਸ਼ਕਿਸਮਤ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਚਾਰੇ ਦੇ ਚਾਰੇ ਕਰਜ਼ਾਂ ਨੂੰ ਉਤਾਰਨ ਵਿੱਚ ਸਫਲਤਾ ਹਾਸਿਲ ਕਰ ਲੈਂਦੇ ਹਨ। ਜਿਸ ਇਨਸਾਨ ਦਾ ਅੱਜ ਮੈਂ ਜ਼ਿਕਰ ਕਰਨ ਜਾ ਰਿਹਾਂ ਉਸ ਨੇ ਚਾਰੇ ਕਰਜ਼ ਉਤਾਰਨ ਦਾ ਯਤਨ ਕੀਤਾ ਹੈ ਅਤੇ ਕਾਮਯਾਬੀ ਵੀ ਹਾਸਲ ਕੀਤੀ ਹੈ।

ਕੈਨੇਡਾ ਵਰਗੇ ਉਪਭੋਗਤਾਵਾਦੀ ਦੇਸ਼ ਵਿੱਚ, ਜਿੱਥੇ ਦਰੱਖ਼ਤ ’ਤੇ ਆਲ੍ਹਣਾ ਪਾਉਣ ਲਈ ਵੀ ਕਿਰਾਇਆ ਦੇਣਾ ਪੈਂਦਾ ਹੈ, ਬਿਨਾ ਕਿਸੇ ਲੋਭ-ਲਾਲਚ, ਪੰਜਾਬੀ ਬੋਲੀ ਨੂੰ ਕੰਪਿਊਟਰੀ ਲਿਬਾਸ ’ਚ ਸਜਾਉਣ ਦਾ ਸ਼ੌਕ, ਸੰਤ-ਗੀਰੀ ਜਾਂ ਜਨੂੰਨ ਤੋਂ ਬਗ਼ੈਰ ਸੰਭਵ ਨਹੀਂ। ਇਸ ਸੰਤ-ਗੀਰੀ ਦਾ ਨਾਂ ਹੀ ਕਿਰਪਾਲ ਸਿੰਘ ਪੰਨੂੰ ਹੈ। ਨਵੇਂ ਪੁਰਾਣੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਗਹੁ ਨਾਲ ਪੜ੍ਹਨਾ ਅਤੇ ਲੇਖਕ ਨੂੰ ਉਤਸ਼ਾਹੀ ਸਲਾਹ ਦੇਣੀ ਪੰਨੂੰ ਦੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਹੈ। ਰੀਟਾਇਰਮੈਂਟ ਦੀ ਉਮਰ ਤੀਕਰ ਕੰਪਿਊਟਰ ਤੋਂ ਉੱਕਾ ਹੀ ਅਣਭਿੱਜ ਹੁੰਦਿਆਂ ਹੋਇਆਂ, ਕੰਪਿਊਟਰ ਦੀ ਨਾੜ-ਨਾੜ ਤੀਕ ਪੁੱਜ ਜਾਣ ਦਾ ਕ੍ਰਿਸ਼ਮਾ ਵੀ ਉਸ ਦੇ ਹਿੱਸੇ ਹੀ ਆਇਆ ਹੈ। ਇਸੇ ਕਰਕੇ ਹੀ ‘ਪੰਜਾਬੀ ਸੱਥ ਲਾਂਬੜਾ’ ਵਾਲੇ ਉਸ ਨੂੰ ‘ਕੰਪਿਊਟਰ ਦਾ ਧੰਨਾ ਜੱਟ’ ਆਖਦੇ ਹਨ ਜਿਸ ਨੇ ਕਿਸੇ ਉਸਤਾਦ ਤੋਂ ਬਗ਼ੈਰ ਹੀ, ਸਿਰਫ਼ ਆਪਣੀ ਜੁਸਤਜੂ ਦੇ ਸਹਾਰੇ, ਕੰਪਿਊਟਰ ਨੂੰ ਪੰਜਾਬੀ ਬੋਲੀ ਦੇ ਬੇਲੇ ਵਿੱਚ ਮੱਝੀਆਂ ਨੂੰ ਮੋੜੇ ਲਾਉਣ ਲਾਇਆ ਹੋਇਆ ਹੈ।

ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ ਸ਼ਾਇਰ ਲੇਖਕ ਇਕਬਾਲ ਰਾਮੂਵਾਲੀਆ ਦੇ ਘਰ ਸੰਨ 1999 ਦੇ ਅਖ਼ੀਰ ’ਚ ਹੋਈ ਸੀ। ਇਹ ਮੁਲਾਕਾਤ ਦੋ ਤਿੰਨ ਮਿੰਟ ਤੋਂ ਘੱਟ ਹੀ ਸੀ ਤੇ ਪੰਜ ਸੱਤ ਮੋਟੀਆਂ-ਮੋਟੀਆਂ ਗੱਲਾਂ ਅਤੇ ਜਾਣ ਪਛਾਣ ਤਕ ਹੀ ਸੀਮਤ ਸੀ। ਬਾਕੀ ਦਾ ਸਮਾਂ ਤਾਂ ਇਕੱਤਰ ਹੋਏ ਸੱਜਣਾਂ ਮਿੱਤਰਾਂ ਦੀਆਂ ਗੱਲਾਂ ਸੁਣਨ ਵਿੱਚ ਲੰਘ ਲਿਆ। ਇਸ ਤਿੰਨ ਮਿੰਟ ਦੀ ਮੁਲਾਕਾਤ ਤੋਂ ਬਾਅਦ ਮੈਂ ਪੰਨੂੰ ਦੀ ਸਖ਼ਸ਼ੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਅਤੇ  ਪੰਨੂੰ ਨਾਲ ਅਜਿਹੀ ਸੁਰ ਮਿਲੀ ਜੋ ਅੱਜ ਤੱਕ ਖੰਡ ਮਿਸ਼ਰੀ ਬਣੀ ਹੋਈ ਹੈ। ਇਹ ਸੰਬੰਧ ਇੱਕ ਦਹਾਕਾ ਬੀਤ ਜਾਣ ਦੇ ਬਾਅਦ ਵੀ ਜਿਉਂ ਦੇ ਤਿਉਂ ਕਾਇਮ ਹਨ। ਪੰਨੂੰ ਨਾਲ ਦੂਸਰੀ ਮੁਲਾਕਾਤ ਬਲਰਾਜ ਦਿਓਲ ਦੇ ਘਰ ਹੋਈ ਜਦੋ ਪੰਨੂੰ ਖ਼ਬਰਨਾਮਾ ਅਖ਼ਬਾਰ ਲਈ ਵਰਤੇ ਜਾਂਦੇ ਫੌਂਟਾਂ ਦੇ ਕਨਵਰਟਰ ਪਾਉਣ ਲਈ ਖ਼ਾਸ ਤੌਰ ’ਤੇ ਬੁਲਾਇਆ ਗਿਆ ਸੀ। ਮੈਂ ਆਪਣਾ ਵੀਡੀਓ ਕੈਮਰਾ ਨਾਲ ਲੈ ਕੇ ਪਹੁੰਚ ਗਿਆ ਕਿ ਪੰਨੂੰ ਕੰਪਿਊਟਰ ਵਿੱਚ ਜੋ ਤਬਦੀਲੀ ਕਰੂਗਾ ਮੈਂ ਪਿੱਛੇ ਖੜ੍ਹ ਕੇ ਉਸ ਦੀ ਸਾਰੀ ਮੂਵੀ ਬਣਾ ਲਵਾਂਗਾ ਤਾਂ ਕਿ ਬਾਅਦ ਵਿੱਚ ਕੰਪਿਊਟਰ ਖਰਾਬ ਦੀ ਹੋਣ ਦੀ ਸੂਰਤ ਵਿੱਚ ਪੰਨੂੰ ਨੂੰ ਦੁਬਾਰਾ ਸੱਦਣਾ ਨਾ ਪਵੇ ਕਿਉਂਕਿ ਇਸ ਤਰ੍ਹਾਂ ਦਾ ਤਜਰਬਾ ਮੈਨੂੰ ਪਹਿਲਾਂ ਇੱਕ ਵਾਰ ਹੋ ਚੱਕਾ ਸੀ ਜਦੋਂ ਮੈਂ ਪੰਜਾਬੀ ਦੇ ਇੱਕ ਸੇਵਾਦਾਰ ਜੋ ਕਿ ਕੁਝ ਦਿਨਾਂ ਲਈ ਟੋਰਾਂਟੋ ਆਇਆ ਹੋਇਆ ਸੀ, ਤੋਂ ਕੰਪਿਊਟਰ ਦਾ ਇੱਕ ਛੋਟਾ ਜਿਹਾ ਕੰਮ ਨਕਦ ਪੈਸੇ ਦੇ ਕੇ ਕਰਵਾਇਆ ਅਤੇ ਜਦ ਦੂਸਰੇ ਦਿਨ ਪਰੋਗਰਾਮ ਕੰਮ ਕਰਨੋਂ ਹੱਟ ਗਿਆ ਤਾਂ ਉਸ ‘ਸੇਵਾਦਾਰ’ ਦਾ ਕਹਿਣਾ ਸੀ ਕਿ ਲਾਗੀਆਂ ਨੇ ਤਾਂ ਲਾਗ ਲੈਣਾ ਹੈ ਭਾਵੇਂ ਜਾਂਦੀ ਰੰਡੀ ਹੋ ਜਾਵੇ। ਉਸ ‘ਸੇਵਾਦਾਰ’ ਨੇ ਬੜਾ ਕੁਰਖ਼ਤਗੀ ਨਾਲ ਜਵਾਬ ਦਿੱਤਾ ਸੀ ਕਿ ਭਾਵੇਂ ਮੈਂ ਤੈਨੂੰ ਹੁਣ ਟੈਲੀਫੂਨ ’ਤੇ ਸਾਰੀਆਂ ਹਿਦਾਇਤਾਂ ਦੇਵਾਂਗਾ ਪਰ ਮੁਫ਼ਤ ਵਿੱਚ ਨਹੀਂ ਦੇਵਾਂਗਾ।

ਸੋ ਮੈਂ ਆਪਣੇ ਨਾਲ ਹੋਏ ਕੌੜੇ ਤਜਰਬੇ ਕਾਰਨ ਪੰਨੂੰ ’ਤੇ ਵੀ ਅਜਿਹਾ ਸ਼ੱਕ ਕਰ ਬੈਠਾ ਸੀ ਕਿ ਬਾਅਦ ਵਿੱਚ ਪੰਨੂੰ ਦੀਆਂ ਵੀ ਮਿੰਨਤਾਂ ਨਾ ਕਰਨੀਆਂ ਪੈਣ ਜੋ ਮੇਰੀ ਬਹੁਤ ਵੱਡੀ ਭੱਲ ਸੀ ਜੋ ਕਿ ਅਜੇ ਤੱਕ ਵੀ ਮੇਰਾ ਪਿੱਛਾ ਨਹੀਂ ਛੱਡਦੀ ਅਤੇ ਜਦ ਵੀ ਮੈਂ ਪੰਨੂੰ ਨੂੰ ਮਿਲਦਾ ਹਾਂ ਤਾਂ ‘ਵੀਡਿਓ’ ਵਾਲੀ ਗੱਲ ਮੇਰੇ ਸਾਹਮਣੇ ਆ ਖੜ੍ਹਦੀ ਹੈ ਅਤੇ ਮੈਂ ਆਪਣੇ ਆਪ ਨੂੰ ਬੜਾ ਹੀ ਸ਼ਰਮਿੰਦਾ ਮਹਿਸੂਸ ਕਰਦਾਂ ਹਾਂ। ਖ਼ੈਰ ਜਦੋਂ ਪੰਨੰ ਨੇ ਕੰਪਿਊਟਰ ਵਿੱਚ ਪਰੋਗਰਾਮ ਪਾਉਣੇ ਸ਼ੁਰੂ ਕੀਤੇ ਤਾਂ ਉਸ ਨੇ ਮੈਨੂੰ ਬਿਲਕੁਲ ਕੋਲ ਬਿਠਾ ਲਿਆ ਤੇ ਨਾਲ ਦੀ ਨਾਲ ਸਾਰਾ ਕੁਝ ਮੈਨੂੰ ਦੱਸੀ ਵੀ ਗਿਆ। ਮੈਂ ਕਿਹਾ ਮੈਂ ਨਾਲੋਂ ਨਾਲ ਲਿਖੀ ਜਾਂਦਾ ਹਾਂ ਤਾਂ ਪੰਨੂੰ ਨੇ ਫੌਜੀਆਂ ਵਾਲੀ ਰੋਹਬਦਾਰ ਆਵਾਜ਼ ਵਿੱਚ ਕਿਹਾ, “ਜਦੋਂ ਨਾ ਪਤਾ ਲੱਗੇ ਮੈਨੂੰ ਫੂਨ ਕਰ ਲੈਣਾ ਲਿਖਣ ਦੀ ਕੋਈ ਲੋੜ ਨਹੀਂ”। ਕਿਥੇ ਮੈਂ ਚੋਰੀ ਮੂਵੀ ਬਣਾਉਣ ਦੀ ਸੋਚ ਰਿਹਾ ਸੀ ਅਤੇ ਕਿੱਥੇ ਪੰਨੂੰ ਨੇ ਨੋਟ ਲਿਖਣ ਤੋਂ ਵੀ ਮਨ੍ਹਾਂ ਕਰ ਦਿੱਤਾ ਅਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਪੰਨੂੰ ਨੂੰ ਜਦ ਵੀ ਆਵਾਜ਼ ਮਾਰੀ ਹੈ ਭਾਵੇਂ ਉਹ ਈ-ਮੇਲ ਜ਼ਰੀਏ ਹੋਵੇ, ਭਾਵੇਂ ਟੈਲੀਫੂਨ ਜ਼ਰੀਏ ਜਾਂ ਫਿਰ ਮਿਲ ਕੇ ਆਵਾਜ਼ ਮਾਰੀ ਹੋਵੇ ਤਾਂ ਪੰਨੂੰ ਨੇ ਮੱਥੇ ਵੱਟ ਤਾਂ ਕੀ ਪਾਉਣਾ ਸੀ ਸਗੋਂ ਪਹਿਲਾਂ ਨਾਲੋਂ ਵੱਧ ਖੁਸ਼ੀ ਨਾਲ ਹੁੰਗਾਰਾ ਭਰਿਆ ਹੈ। ਉਹ ਵੀ ਬਿਨਾਂ ਕਿਸੇ ਡਾਲਰਾਂ ਦੇ ਲਾਲਚ ਦੇ। ‘ਸੱਦੀ ਹੋਈ ਮਿੱਤਰਾਂ ਦੀ, ਪੈਰ ਜੁੱਤੀ ਨਾ ਪਾਵਾਂ’ ਬੋਲੀ ’ਚੋਂ ਪੰਨੂੰ ਦੇ ਮਿਤਰਤਾ ਭਰਪੂਰ ਸੁਭਾਅ ਦੀ ਪੂਰੀ ਝਲਕ ਪੈਂਦੀ ਹੈ ਅਤੇ ਦੂਸਰੇ ਦੇ ਕੰਮ ਨੂੰ ਆਪਣਾ ਸਮਝ ਕੇ ਮੁਕੰਮਲ ਕਰਨ ਦੀ ਨਿਰਲੋਭ ਕਾਹਲ਼ ਵੀ ਉਸ ਦੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਹੈ।

ਪੰਨੂੰ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਜਿਸ ਨੇ ਪੰਜਾਬੀ ਨੂੰ ਕੰਪਿਊਟਰੀ ਰਾਹਾਂ ’ਤੇ ਤੋਰਨ ਲਈ ਜੋ ਕੰਮ ਕੀਤਾ ਹੈ ਉਹ ਸੰਸਥਾਵਾਂ ਤਾਂ ਕੀ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਆਧੁਨਿਕ ਤਕਨਾਲੋਜੀ ਯੁੱਗ ਵਿੱਚ, ਪੈਦਲ ਤੁਰ ਰਹੀ ਪੰਜਾਬੀ ਨੂੰ ਹਵਾਈ ਜਹਾਜ਼ ਦੇ ਟਿਕਟ ਦੇਣ ਵਰਗੇ ਮਾ੍ਹਅਰਕੇ ਲਈ ਪੰਨੂੰ ਨੇ ਜੋ ਘਾਲਣਾ ਘਾਲੀ ਹੈ, ਸੁਹਿਰਦ ਪੰਜਾਬੀ ਉਸ ਲਈ ਸਦਾ ਰਿਣੀ ਰਹਿਣਗੇ। ਪੰਜਾਬੀ ਫੌਂਟਾਂ ਦੇ ਵਲ਼-ਵਿੰਗਾਂ ਉੱਤੇ ਰੰਦਾ ਫ਼ੇਰਨ ਤੋਂ ਬਾਅਦ, ਉਸ ਨੇ ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਨੂੰ ਇਕ ਦੂਸਰੀ ਵਿੱਚ ਬਦਲਣ ਦਾ ਜਿਹੜਾ ਮਾ੍ਹਅਰਕਾ ਮਾਰਿਆ ਹੈ, ਇਸ ਨਾਲ ਉਸ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ। ਪੰਨੂੰ ਦੇ ਘੜੇ ਧਨੀ ਰਾਮ ਚਾਤ੍ਰਿਕ ਫੌਂਟ ਅੱਜ ਬਹੁਤ ਸਾਰੀਆਂ ਪੰਜਾਬੀ ਵੈੱਬ ਸਾਈਟਾਂ ਦਾ ਸ਼ਿੰਗਾਰ ਹਨ ਅਤੇ ਖ਼ਬਰਨਾਮਾ ਅ਼ਖਬਾਰ ਤਾਂ ਛਪਦਾ ਹੀ ਇਸੇ ਫੌਂਟ ਵਿੱਚ ਹੈ।

ਲੇਖਕ ਬਲਬੀਰ ਮੋਮੀ ਉਸ ਨੂੰ ਅੱਜ ਦਾ ‘ਭਾਈ ਕਾਹਨ ਸਿੰਘ ਨਾਭਾ’ ਕਹਿੰਦਾ ਹੈ ਤੇ ਇਕਬਾਲ ਰਾਮੂਵਾਲੀਆ ‘ਕੰਪਿਊਟਰ ਦਾ ਅਮਲੀ’। ਖੇਡ ਲੇਖਕ ਪਿੰਰਸੀਪਲ ਸਰਵਣ ਸਿੰਘ ‘ਕੰਪਿਊਟਰ ਦਾ ਭਾਈ ਘਨੱਈਆ’ ਤੇ ਬਲਰਾਜ ਦਿਓਲ ‘ਆਲ ਇਨ ਵੰਨ’ ਅਤੇ ਮੈਂ ਤਾਂ ਉਸ ਨੂੰ ‘ਮਿਸਟਰ ਮਾਈਕਰੋ ਸਾਫਟ ਵਰਡ’ ਕਹਿ ਕੇ ਸਾਰ ਲੈਂਦਾ ਹਾਂ ਕਿਉਂਕਿ ਪੰਨੂੰ ‘ਮਾਈਕਰੋ ਸਾਫਟ ਵਰਡ’ ਦੀ ਰਗ-ਰਗ ਦਾ ਵਾਕਿਫ਼ ਹੈ। ‘ਵਰਡ’ ਵਿਚਲੀਆਂ ‘ਮੈਕਰੋਜ਼’ ਤਾਂ ਪੰਨੂੰ ਦੀਆਂ ਉਂਗਲਾਂ ਉੱਤੇ  ਕੱਥਕ ਨਾਚ ਨੱਚਦੀਆਂ ਸਾਹ ਨਹੀਂ ਲੈਂਦੀਆਂ। ਜਿੰਨਾ ਮੋਹ ਰਾਂਝੇ ਨੂੰ ਹੀਰ ਦੀਆਂ ਮੱਝੀਆਂ ਨਾਲ ਸੀ ਉਸ ਤੋਂ ਕਿਤੇ ਵੱਧ ਮੋਹ ਪੰਨੂੰ ਨੂੰ ‘ਵਰਡ’ ਦੀਆਂ ‘ਮੈਕਰੋਜ਼’ ਨਾਲ ਹੈ। ਅਸਲ ਵਿੱਚ ਮੈਕਰੋ ਵਿੱਚ ਕਿਸੇ ਵੀ ਕਮਾਂਡ ਨੂੰ ਰਿਕਾਰਡ ਕਰ ਕੇ ਬਾਅਦ ਵਿੱਚ ਲੋੜ ਪੈਣ ’ਤੇ ਚਲਾਇਆ ਜਾਂ ਵਰਤਿਆ ਜਾ ਸਕਦਾ ਹੈ। ਕੁਝ ਵੀ ਹੈ ਜਿੰਨਾ ਯੋਗਦਾਨ ਪੰਨੂੰ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਲਿੱਪੀ ਔਕੜ ਨੂੰ ਸੁਖਾਲਾ ਕਰਨ ਵਿੱਚ ਪਾਇਆ ਹੈ ਉਸ ਨਾਲ 1947 ਤੋਂ ਵਿਛੜੇ ਹਰਫ਼ਾਂ ਨੂੰ ਇੱਕ ਦੂਜੇ ਦੀ ਗਲ਼ਵਕੜੀ ’ਚ ਕਰ ਦਿੱਤਾ ਹੈ ਜਿਸ ਨਾਲ ਦੋਹਾਂ ਪੰਜਾਬਾਂ ਦਾ ਪਿਆਰ ਹੋਰ ਵੀ ਪਕੇਰਾ ਹੋਇਆ ਹੈ ਅਤੇ ਅਗਾਂਹ ਵੀ ਹੋਵੇਗਾ ਜਿਸ ਦੀਆਂ ਉਦਾਹਰਣਾਂ ਪ੍ਰਤੱਖ ਰੂਪ ਵਿੱਚ ਹੁਣ ਹੀ ਦਿਖਾਈ ਦੇਣ ਲੱਗ ਪਈਆਂ ਹਨ।

ਪੰਨੂੰ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਨੂੰ ਆਪਸ ਵਿੱਚ ਬਦਲਣ ਵਾਲਾ ਪਹਿਲਾ ਕੰਪਿਊਟਰ ਮਾਹਿਰ ਹੈ। ਪੰਨੂੰ ਤੋਂ ਬਾਅਦ ਬੇਸ਼ਕ ਕਈ ਹੋਰਾਂ ਨੇ ਇਹ ਕੰਮ ਕੀਤਾ ਹੈ ਪਰ ਇਹ ਚਣੌਤੀਆਂ ਭਰਿਆ ਰਾਹ ਦਿਖਾਉਣ ਵਾਲਾ ਪੰਨੂੰ ਹੀ ਹੈ। ‘ਗੁਰਮੁਖੀ’ ਫੌਂਟ ਨੂੰ ‘ਸ਼ਾਹਮੁਖੀ’ ਵਿੱਚ ਬਦਲਣ ਦਾ ਕੰਮ ਬਹੁਤ ਹੀ ਵੰਗਾਰ ਭਰਿਆ ਸੀ ਜੋ ਪੰਨੂੰ ਨੇ ਬੜੀ ਹੀ ਸਫਲਤਾ ਨਾਲ ਨੇਪਰੇ ਚਾੜ੍ਹਿਆ ਹੈ ਉਹ ਵੀ ਕਿਸੇ ਵੱਡੀ ਇਮਦਾਦ ਦੇ ਬਿਨਾਂ ਹੀ। ਪੰਨੂੰ ਦਸਦਾ ਹੈ ਕਿ ਪਹਿਲਾਂ ਇਸ ਦੀ ਸਫਲਤਾ ਬਾਰੇ ਉਸ ਨੰ ਆਪ ਵੀ ਕੋਈ ਬਹੁਤਾ ਭਰੋਸਾ ਨਹੀਂ ਸੀ ਪਰ ਜਿਵੇਂ-ਜਿਵੇਂ ਪੰਨੂੰ ਇਸ ਦੀਆ ਘੁੰਡੀਆਂ ਖੋਹਲਦਾ ਅਤੇ ਵਲ਼ ਕੱਢਦਾ ਗਿਆ ਤਾਂ ਉਸ ਨੂੰ ਆਪਣੀ ਕੀਤੀ ਮਿਹਨਤ ਉੱਤੇ ਭਰੋਸਾ ਹੋਣ ਲੱਗਾ। ਪੰਨੂੰ ਇਸ ਪ੍ਰੋਗਰਾਮ ਦਾ ਨਿਰਮਾਤਾ ਹੈ ਕਿਉਂਕਿ ਇਸ ਦੀ ਸਾਰੀ ਤਿਆਰੀ ਪੰਨੂੰ ਦੇ ਆਪਣੇ ਹੱਥੀਂ ਹੋਈ ਹੈ।

ਜਦੋਂ ਪੰਨੂੰ ਨੇ ਲਿੱਪੀਆਂ ਦੇ ਤਬਾਦਲੇ ਦਾ ਇਹ ਪ੍ਰੋਗਰਾਮ ਸੰਨ 2001 ਦੇ ਅਖ਼ੀਰ ’ਤੇ ਪੂਰਨ ਰੂਪ ਵਿੱਚ ਤਿਆਰ ਕਰ ਲਿਆ ਤਾਂ ਮੈਂ ਪੰਨੂੰ ਹੁਰਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਇਸ ਪ੍ਰੋਗਰਾਮ ’ਤੇ ਬਹੁਤ ਮਿਹਨਤ ਕੀਤੀ ਹੈ। ਇਹ ਲਿਪੀਆਂ ਨੂੰ ਬਦਲਣ ਵਾਲਾ ਪਲੇਠਾ ਪ੍ਰੋਗਰਾਮ ਹੈ। ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਨਾਂ ਰਜਿਸਟਰਡ ਕਰਵਾ ਲਵੋ ਅਤੇ ਇਸ ਦਾ ਇੱਕ ਇੰਡੀਪੈਂਡਿੰਟ ਪ੍ਰੋਗਰਾਮ ਤਿਆਰ ਕਰਵਾ ਲਵੋ। ਪੰਨੂੰ ਦਾ ਜਵਾਬ ਸੀ ਕਿ ਮੈਂ ਤਾਂ ਆਪਣਾ ਕੰਮ ਕਰ ਦਿੱਤਾ ਹੈ ਅਤੇ ਅਜਿਹਾ ਪਰੋਗਰਾਮ ਤਿਆਰ ਕਰਨਾ ਮੇਰੇ ਵੱਸ ਦਾ ਰੋਗ ਨਹੀਂ ਕਿਉਂਕਿ ਇਸ ’ਤੇ ਖਰਚਾ ਕਾਫੀ ਆਵੇਗਾ ਜੋ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ। ਪੰਨੂੰ ਦਾ ਕਹਿਣਾ ਸੀ ਕਿ ਅਜਿਹੇ ਪ੍ਰਗਰਾਮ ਤਿਆਰ ਕਰਨੇ ਯੂਨੀਵਰਸਿਟੀਆਂ ਜਾਂ ਵੱਡੀਆਂ ਸੰਸਥਾਵਾਂ ਦਾ ਕੰਮ ਹੈ। ਮੈਂ ਆਪਣੇ ਤੌਰ ’ਤੇ ਕੁਝ ਸੰਸਥਾਵਾਂ ਨਾਲ ਗੱਲਬਾਤ ਕੀਤੀ ਪਰ ਕਿਸੇ ਵੀ ਸੰਸਥਾ ਨੇ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਕਿਉਂਕਿ ਉਨ੍ਹਾਂ ਮੁਤਾਬਿਕ ਇਸ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਸੀ।

ਪੰਨੂੰ ਦੀ ਪੰਜਾਬੀ ਬੋਲੀ ਪ੍ਰਤੀ ਘਾਲਣਾ ਅਤੇ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਲਿੱਪੀ ਵਿੱਚ ਬਦਲਣ ਦਾ ਪ੍ਰੋਗਰਾਮ ਤਿਆਰ ਕਰਨ ਸਦਕੇ ਅਸੀਂ ਆਪਣੀ ਸੰਸਥਾ ‘ਪੰਜਾਬੀ ਸੱਥ ਲਾਂਬੜਾ’ ਵੱਲੋਂ ਪੰਨੂੰ ਨੂੰ ਮਾਰਚ 2002 ਵਿੱਚ ਕੰਪਿਊਟਰੀ ਖੋਜ ਲਈ ‘ਭਾਈ ਲਹਿਣਾ ਸਿੰਘ ਮਜੀਠੀਆ ਅਵਾਰਡ’ ਨਾਲ ਸਨਮਾਨਿਤ ਕੀਤਾ ਪਰ ਪੰਨੂੰ ਲਾਂਬੜਾ ਵਿਖੇ ਪੰਜਾਬੀ ਸੱਥ ਦੇ ਸਮਾਗਮ ਵਿੱਚ ਸ਼ਾਮਿਲ ਨਾ ਹੋ ਸਕਿਆ। ਇਸ ਸੰਬੰਧ ਵਿੱਚ ਕੈਨੇਡਾ ਵਿੱਚ ਪੰਜਾਬੀ ਸੱਥ ਦੀ ਇਕਾਈ ‘ਕੈਨੇਡੀਅਨ ਪੰਜਾਬੀ ਸੱਥ’ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਨਮਾਨ ਸਮਾਗਮ 15 ਜੂਨ 2002 ਨੂੰ ਟੋਰਾਂਟੋ ਦੇ ਮਿਸੀਸਾਗਾ ਸ਼ਹਿਰ ਵਿੱਚ ਅਯੋਜਿਤ ਕੀਤਾ ਗਿਆ ਜਿਥੇ ਪੰਜਾਬੀ ਪਿਆਰਿਆਂ ਦੀ ਬੜੀ ਭਰਵੀਂ ਹਾਜ਼ਰੀ ਵਿੱਚ ਪੰਨੂੰ ਸਮੇਤ ਹੋਰਨਾਂ ਸ਼ਖਸੀਅਤਾਂ ਨੂੰ ਐਲਾਨੇ ਸਨਮਾਨ ਦਿੱਤੇ ਗਏ। ਪੰਜਾਬੀ ਸੱਥ ਲਾਂਬੜਾ ਦਾ ਅਵਾਰਡ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਪੰਨੂੰ ਨੂੰ ਭੇਂਟ ਕੀਤਾ। ਪੰਜਾਬੀ ਸੱਥ ਦੇ ਇਸ ਸਮਾਗਮ ਵਿੱਚ ਪੰਨੂੰ ਦੁਆਰਾ ਪੰਜਾਬੀ ਪ੍ਰਤੀ ਕੀਤੇ ਕੰਮਾਂ ਦੀ ਸਭ ਤੋਂ ਵੱਧ ਚਰਚਾ ਹੋਈ ਅਤੇ ਜਿਸ ਨਾਲ ਪੰਨੂੰ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ।

ਪੰਨੂੰ ਦਾ ਸੁਭਾਅ ਮਿਲਾਪੜਾ ਹੈ ਪਰ ਉਸ ਦੇ ਸੁਭਾਅ ਵਿੱਚ ਫੌਜੀਆਂ ਵਾਲਾ ਰੋਹਬ ਵੀ ਹੈ ਅਤੇ ਗੱਲਬਾਤ ਦਾ ਅੰਦਾਜ਼ ਬੜਾ ਹੀ ਮੁਹੱਬਤੀ ਅਤੇ ਮੁਹਾਵਰੇ ਤੇ ਟੋਟਕਿਆਂ ਨਾਲ ਭਰਪੂਰ ਹੁੰਦਾ ਹੈ। ਪੰਨੂੰ ਦੇ ਲਿਖੇ ਰੇਖਾ ਚਿੱਤਰ ਬੜੀ ਹੀ ਨਿਵੇਕਲੀ ਸ਼ੈਲੀ ਵਿੱਚ ਲਿਖੇ ਹੋਏ ਹੁੰਦੇ ਹਨ। ਟੋਟਕਿਆਂ ਦੀ ਚਾਸ਼ਣੀ ’ਚ ਭਿਓਂ ਕੇ ਤਰਾਸ਼ੀਆਂ ਖ਼ਬਰਾਂ ਅਤੇ ਆਰਟੀਕਲ ਪੜ੍ਹਨ ਵਾਲੇ ਨੂੰ ਇਕ ਵੱਖਰਾ ਹੀ ਸਵਾਦ ਦਿੰਦੇ ਹਨ। ‘ਪੰਜ ਪਾਣੀ’ ਅਖ਼ਬਾਰ ਲਈ ਲਿਖਿਆ ਉਸ ਦਾ ‘ਠਰਕੀ ਦੀ ਅੱਖ ’ਚੋਂ’ ਕਾਲਮ ਬਹੁਤ ਹੀ ਚਰਚਿਤ ਹੋਇਆ ਸੀ। ਉਸ ਦੇ ਨਿੱਜੀ ਜੀਵਨ ਦੀ ਸਾਦਗੀ ਨੂੰ ਕਦੀ ਵੀ ਓਪਰੀ ਤੇ ਵਿਖਾਵੇ ਦੀ ਲਿਫਾਫੇਬਾਜ਼ੀ ਦੀ ਜ਼ਰੂਰਤ ਨਹੀਂ ਪੈਂਦੀ। ਸਾਦੇ ਪਹਿਰਾਵੇ ਅਤੇ ਸੰਜਮੀ ਅਹਾਰ ਤੋਂ ਪਰੇ ਹੋਰ ਸਭ ‘ਖੁਸ਼ੀ ਖੁਆਰ’ ਹੈ ਉਸ ਲਈ। ਸਾਹਿਤਕ ਲਾਹੇ ਲੈਣ ਲਈ ਧੜੇਬੰਦੀ ਦੀ ਓਟ ਤੇ ਜੁਗਤ ਜੁਗਾੜ ਦੀ ਆੜ ਹਾਸਲ ਕਰਨ ਵਾਸਤੇ ਉਹ ਕਦੀ ਵੀ ਆਪਣੇ ਧਿਆਨ ਦੀ ਸ਼ਾਨ ਗਵਾਉਂਦਾ ਨਜ਼ਰ ਨਹੀਂ ਆਉਂਦਾ। ਉਸ ਦੀ ਉਮਰ ਅਤੇ ਪੰਜਾਬੀ ਪ੍ਰਤੀ ਤਪੱਸਿਆ ਵੱਲ ਵੇਖਦਿਆਂ ਹਰਜਿੰਦਰ ਸੰਧੂ ਦਾ ਲਿਖਿਆ ਸ਼ੇਅਰ ਯਾਦ ਆ ਜਾਂਦਾ ਹੈ ਜਿਵੇਂ ਪੰਨੂੰ ਕਹਿ ਰਿਹਾ ਹੋਵੇ:

ਦੱਧ ਚੁੰਘ ਕੇ ਮਾਤ ਪੰਜਾਬੀ ਦਾ,

ਕੁਝ ਸ਼ਹਿਦ ਪੰਜਾਬੀ ਚੱਟ ਬੈਠਾ।

ਹੁਣ ਤਾਣ ਕੇ ਲੰਮਿਆਂ ਪੈ ਜਾਵਾਂ,

ਇਹ ਹਾਲੇ ਮੌਕਾ ਨਹੀਂ ਆਇਆ।

ਪੰਨੂੰ ਕਿਰਿਆਸ਼ੀਲ ਰਹਿਣ ਵਾਲਾ ਇਨਸਾਨ ਹੈ ਅਤੇ ਲੋੜ ਅਨੁਸਾਰ ਕੁਝ ਨਾ ਕੁਝ ਕਰਦੇ ਰਹਿਣਾ ਉਸ ਦੇ ਜੀਵਨ ਦਾ ਇਕ ਪਹਿਲੂ ਵੀ ਹੈ, ਲੋੜ ਵੀ ਹੈ ਅਤੇ ਸੁਭਾਅ ਵੀ ਹੈ। ਪੰਨੂੰ ’ਤੇ ਚੇਚਨੀਆਂ ਦੇ ਇਕ ਸ਼ਾਇਰ ਦੀਆਂ ਹੇਠ ਲਿਖੀਆਂ ਸਤਰਾਂ ਵੀ ਪੂਰੀਆਂ ਢੁਕਦੀਆਂ ਹਨ:

ਜ਼ਿੰਦਗੀ ਹੈ ਜੂਝਣਾ, ਜ਼ਿੰਦਗੀ ਹੈ ਲਿਸ਼ਕਣਾ,

ਅੰਬਰ ਤੋਂ ਟੁੱਟਾ ਹਰ ਸਿਤਾਰਾ ਕਹਿ ਗਿਆ।

ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ  ਅਤੇ ਪੰਜਾਬੀਪੁਣੇ ਨੂੰ ਪਰਣਾਏ ਹੋਏ ਕਿਰਪਾਲ ਸਿੰਘ ਪੰਨੂੰ ਬਾਰੇ ਉਨ੍ਹਾਂ ਦੇ 75 ਸਾਲ ਦੇ ਹੋ ਜਾਣ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਦੀ ਸੰਪਾਦਨਾ ਵਿਚ ਕਿਤਾਬ ਛਾਪਣ ਦਾ ਜੋ ਉਪਰਾਲਾ ਕੀਤਾ ਜਾ ਰਿਹੈ ਉਸ ਦੀ ਸਹਾਰਨਾ ਕਰਨੀ ਬਣਦੀ ਹੈ। ਇਸ ਵੱਡਮੁੱਲੇ ਕਾਰਜ ਵਾਸਤੇ ਮੈਂ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਸਾਡੀਆਂ ਦਿਲੀ ਇਛਾਵਾਂ ਹਨ ਕਿ ਕਿਰਪਾਲ ਸਿੰਘ ਪੰਨੂੰ ਲੰਮੇਰੀ ਉਮਰ ਜੀਵੇ ਅਤੇ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ। ਅਜੇ ਸਾਨੂੰ ਪੰਨੂੰ ਤੋਂ ਬਹੁਤ ਆਸਾਂ ਹਨ ਅਤੇ ਪੰਜਾਬੀ ਜ਼ੁਬਾਨ ਨੂੰ ਪੰਨੂੰ ਦੀ ਬਹੁਤ ਲੋੜ ਹੈ।

 

ਫੋਟੋ ਕੈਪਸ਼ਨ

15 ਜੂਨ 2002 ਨੂੰ ਕੈਨੇਡੀਅਨ ਪੰਜਾਬੀ ਸੱਥ (ਲਾਂਬੜਾ) ਵੱਲੋ ਕਿਰਪਾਲ ਸਿੰਘ ਪੰਨੂੰ ਦੇ ਸਨਮਾਨ ਦਾ ਦ੍ਰਿਸ਼:

ਤਸਵੀਰਾਂ ਵਿੱਚ: (1) ਕਿਰਪਾਲ ਸਿੰਘ ਪੰਨੂੰ ਨੂੰ ਪੰਜਾਬੀ ਸੱਥ ਦਾ ਸਨਮਾਨ ਦਿੰਦੇ ਹੋਏ ਪ੍ਰਿੰਸੀਪਲ ਸਰਵਣ ਸਿੰਘ ਅਤੇ ਪਿੱਛੇ ਮੰਚ ’ਤੇ ਬੈਠੇ ਹਨ ਪੰਜਾਬੀ ਸੱਥ ਦੇ ਮੈਂਬਰ ਜੁਗਰਾਜ ਸਿੰਘ, ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਅਤੇ ਨਾਟ ਕਰਮੀ ਸੁਰਜੀਤ ਢੀਂਡਸਾ।

(2)  ਸਨਮਾਨ ਸਮਾਗਮ ਵਿੱਚ ਕਿਰਪਾਲ ਸਿੰਘ ਪੰਨੂੰ ਆਪਣੇ ਵਿਚਾਰ ਪੇਸ਼ ਕਰਦੇ ਹੋਏ।

(3) ਮੰਚ ’ਤੇ ਬੈਠੀਆਂ ਸਖਸ਼ੀਅਤਾਂ ਵਿੱਚ ਸੱਜੇ ਤੋਂ ਖੱਬੇ ਨਜ਼ੀਰ ਕਹੂਟ, ਬੀਬੀ ਰਾਜ ਘੁੰਮਣ, ਜੁਗਰਾਜ ਸਿੰਘ, ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ, ਪ੍ਰਿੰਸੀਪਲ ਸਰਵਣ ਸਿੰਘ, ਬੇਬੇ ਰਛਪਾਲ ਕੌਰ, ਸੁਰਜੀਤ ਢੀਂਡਸਾ, ਅਮਰ ਅਕਬਰਪੁਰੀ ਅਤੇ ਕਿਰਪਾਲ ਸਿੰਘ ਪੰਨੂੰ।

Read 4613 times Last modified on Monday, 07 May 2018 13:54