You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰੀ ਤਕੀਏ ਦਾ ਪੀਰ - ਬਾਬਾ ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 09:40

ਕੰਪਿਊਟਰੀ ਤਕੀਏ ਦਾ ਪੀਰ - ਬਾਬਾ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

(ਨੋਟ: ਪੰਨੂੰ ਸਾਹਿਬ ਸ਼ੁਰੂ ’ਚ ਹੀ ਆਪਣੀ ਇੱਕ ਫੋਟੋ, ਜਿਸ ਵਿੱਚ  ਕੰਪਿਊਟਰ ਤੁਾਹਡੇ ਅੱਗੇ, ਪਿੱਛ ਜਾਂ ਸਾਹਮਣੇ ਪਏ ਹੋਣ ਲਾ ਦਿਓ ਤੇ ਫਿਰ ਫਾਈਨਲ ਕਰਕੇ ਰਿਕਾਰਡ ਲਈ ਮੈਨੂੰ ਭੇਜ ਦੇਣੀ। ਜੇ ਹੋਰ ਕੋਈ ਮਿਲੇ ਸਨਮਾਨਾਂ, ਮੋਮੈਂਟੋਆਂ ਦੀ ਫੋਟੋ ਹੋਵੇ ਉਹ ਵੀ ਲਾ ਦੇਣੀ। ਬਿਹਤਰ ਹੈ ਮਿਲੇ ਸਨਮਾਨਾਂ ਨੰ ਆਪਣੇ ਦੁਆਲੇ ਰੱਖਕੇ ਇੱਕ ਫੋਟੋ ਬਣਾਉਣੀ- ਬਾਕੀ ਮਿਲਣ ’ਤੇ।)

‘ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ’ ਵਰਗਾ ਸੱਚ ਹੋਰ ਵੀ ਪ੍ਰਚੰਡ ਹੋ ਸਾਹਮਣੇ ਆ ਖਲੋਤਾ ਜਦੋਂ ਕੰਪਿਊਟਰ ਨਾਲ ਛੇੜਖਾਨੀ ਸ਼ੁਰੂ ਕਰ ਬੈਠਾ। ਮੁਢਲੀਆਂ ਗੱਲਾਂ ਤਾਂ ਘਰੋਂ ਮੁੰਡਿਆਂ/ਪੋਤਿਆਂ ਤੋਂ ਸਿੱਖ ਲਈਆਂ। ਇਸ ਪਾਸੇ ਤੁਰਿਆ ਜਦੋਂ ਥੋੜ੍ਹਾ ਜਿਹਾ ਹੋਰ ਅੱਗੇ ਡੂੰਘੇ ਪਾਣੀਆਂ ਵੱਲ ਵਧਿਆ ਤਾਂ ਲੋੜ ਪੈ ਗਈ ਕਿਸੇ ਗੁਰੂ, ਮੁਰਸ਼ਦ, ਪੀਰ ਦੀ! ਲੋੜ ਸਿੱਧੀ ਅੱਖਾਂ ਵਿੱਚ ਬਿੱਟਰ ਬਿੱਟਰ ਝਾਕਣ ਲੱਗ ਪਈ!! ਕੰਪਿਊਟਰ ਸਕੂਲਾਂ ਦੀਆਂ ਫੀਸਾਂ ਊਂਅ ਹੀ ‘ਪਿਛਾਂਹ ਹਟ ਕੇ ਗੱਲ ਕਰ’ ਕਹਿ ਛਛਕਾਰ ਦਿੰਦੀਆਂ। ਬੁੱਢੇ ਤੋਤਿਆਂ ਨੂੰ ਊਂਅ ਵੀ ਪੜ੍ਹਾਉਣੋ ਹਰ ਕੋਈ ਜਕਦਾ ਹੈ। ਇਨ੍ਹਾਂ ਸੱਤਰ੍ਹਿਆਂ ਬ੍ਹੱਤਰਿਆਂ ਨਾਲ ਕਿਹੜਾ ਮੱਥਾ ਮਾਰੂ! ਸਾਰੀ ਉਮਰ ਤਾਂ ਸਿੱਖੇ ਨਈਂ ਹੁਣ ਤੁਰ ਪਏ ਨੇ ਟੈਕਨਾਲੋਜੀ ਸਿੱਖਣ! ਕਬਰ ’ਚ ਲੱਤਾਂ ਮੂੰਹ ਕੰਪਿਊਟਰ ਵੱਲ ਕਰੀ ਬੈਠੇ ਨੇ! ਪੈਨਸ਼ਨ ਬਿਨਾਂ ਸਾਧਨ ਵੀ ਕੋਈ ਨਈਂ ਸੀ। ਟਰਾਂਸਲੇਸ਼ਨ ਏਜੰਸੀਆਂ ਹਰ ਆਏ ਦਿਨ ਕੰਪਿਊਟਰ ਦੀ ਕਿਸੇ ਨਾ ਕਿਸੇ ਨਵੀਂ ਟਹਿਣੀ ’ਤੇ ਚੜ੍ਹਨ ਦਾ ਹੁਕਮ ਚਾੜ੍ਹੀ ਰੱਖਦੀਆਂ ਸਨ। ਉਨ੍ਹਾਂ ਦੇ ਕੰਪਿਊਟਰੀ ਪ੍ਰੋਗਰਾਮ ਨੂੰ ਵਰਤਣ ਬਿਨਾਂ ਜੌਬ ਦੀ ਭਵਜਲ ਤਰੀ ਨਹੀਂ ਸੀ ਜਾ ਸਕਦੀ। ਬਥੇਰੇ ਇਧਰ ਉਧਰ ਹੱਥ ਪੱਲੇ ਮਾਰੇ, ਖੰਭ ਫੜ ਫੜਾਏ ਪਰ ਪੇਸ਼ ਕੋਈ ਨਾ ਜਾਏ…!

2005 ਤੋਂ ਹੀ ਕੰਪਿਊਟਰ ਦੇ ਇੱਕ ਕਿਰਪਾਲੂ ਭਾਈ ਘਨੱਈਏ ਦੀਆਂ ਰੇਡੀਉ/ਅਖ਼ਬਾਰਾਂ ’ਚੋਂ ਗੱਲਾਂ ਸੁਣੀਆਂ/ਪੜ੍ਹੀਆਂ ਹੋਈਆਂ ਸਨ। ਇੱਕ ਦਮ ਲੰਬੇ ਹਨੇਰੇ ਟਨਲ ਦੇ ਅਗਲੇ ਸਿਰੇ ’ਤੇ ਇੱਕ ਲਾਟ ਟਿਮ-ਟਮਾਉਂਦੀ ਨਜ਼ਰੀਂ ਪਈ। ਇਧਰੋਂ ਉਧਰੋਂ ਪਤਾ ਕੀਤਾ…ਪੰਨੂੰ ਦਾ ਪਤਾ ਟਿਕਾਣਾ ਲੱਭਿਆ। ਅਤੇ ਜਾ ਦਰ ਖੜਕਾਇਆ।

ਕੁਦਰਤੀ ਉਦੋਂ ਉਹ ਮੇਰੀ ਪਹਿਲੀ ਰਿਹਾਇਸ਼ ਦੇ ਨੇੜੇ ਚਿੰਗੂਜ਼ੀ-ਬੇਵੇਅਰਡ ’ਤੇ ਰਹਿੰਦੇ ਸਨ। ਉਨ੍ਹਾਂ ਵੱਲੋਂ ਬੇਸਮੈਂਟ ਨੂੰ ਬਣਾਇਆ ਆਪਣਾ ਕੰਪਿਊਟਰੀ ਮਦਰੱਸਾ ਪਹਿਲੀ ਵਾਰੀ ਦੇਖਿਆ। ਕੰਪਿਊਟਰਾਂ ਦੀ ਪਾਲ਼ ਲੱਗੀ ਹੋਈ ਸੀ। ਉਨ੍ਹਾਂ ਦੇ ਗਲ਼ ਵਿੱਚ ਪੈਨ ਡਰਾਈਵਾਂ ਦੀ ਮਾਲ਼ਾ ਲਟਕ ਰਹੀ ਸੀ। ਜਿਸ ਤਰ੍ਹਾਂ ਕਿਸੇ ਤਕੀਏ ਦੇ ਮੁਰਸ਼ਦ, ਪੀਰ, ਸਾਈਂ ਦੇ ਗਲ਼ ਵਿੱਚ ਰੰਗ-ਬਰੰਗੇ ਮਣਕਿਆਂ ਦੀਆਂ ਤਸਬੀਆਂ ਲਟਕਦੀਆਂ ਹੁੰਦੀਆਂ ਸਨ। ਛੋਟੇ ਹੁੰਦਿਆਂ ਖਾਨਗਾਹਾਂ ’ਚ ਪੀਰ, ਸਾਈਂ ਵੇਖੇ ਹੋਏ ਸਨ। ਮੇਰੇ ਜ਼ਿਹਨ ਵਿੱਚ ਉਹ ਇੱਕ ਅਧੁਨਿਕ ਕੰਪਿਊਟਰ ਦੇ ਤਕੀਏ ਦਾ ਪੀਰ ਕਰਕੇ ਉੱਭਰ ਖਲੋਤਾ।

ਜੇ ਮੁਰੀਦਾਂ ਨੂੰ ਨੇੜੇ ਹੀ ਪੀਰ ਦਾ ਤਕੀਆ ਮਿਲ ਜਾਵੇ ਫਿਰ ਤਾਂ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ। ਜਦੋਂ ਵੀ ਕੋਈ ਔਕੜ ਪੇਸ਼ ਆਉਂਦੀ ਜਾ ਦਰ ਖੜਕਾਉਂਦਾ। ਉਸ ਨੇ ਕਦੀ ਮੱਥੇ ਵੱਟ ਨਈਂ ਸੀ ਪਾਇਆ। ਹਾਲਾਂਕਿ ਇੰਨੇ ਗੁਣਾਂ ਵਾਲੇ ਬੰਦਿਆਂ ਵਿੱਚ ਆਕੜ, ਹਊਮੈ ਤੇ ਪੈਸਾ ਕਮਾਉਣ ਦੀ ਲਾਲਸਾ ਫੁੱਟਣ ਲੱਗ ਪੈਂਦੀ ਹੈ। ਪਹਿਲੀ ਸੇਵਾ ਲੈਣ ਪਿੱਛੋਂ ਸਾਧਾਰਨ ਹੀ ਸੇਵਾ ਬਾਰੇ ਪੁੱਛ ਬੈਠਾ। ਬੋਲੇ: “ਬੱਸ ਗੁਰੂ ਸਿੱਖ ਲੈ ਜਿੰਨਾ ਵੀ ਸਿੱਖ ਸਕਦੈਂ। ਮੈਂ ਤਾਂ ਸਦਾਵਰਤ ਲਾਇਆ ਹੋਇਐ।” ਘਰ ਨੂੰ ਆਉਂਦਾ ਸੋਚ ਰਿਹਾ ਸੀ: ਇਹ ਤਾਂ ਬਈ 21ਵੀਂ ਸਦੀ ਦੇ ਟੈਕਨਾਲੋਜੀ ਯੁੱਗ ਵਿੱਚ ਸੁਲਤਾਨਪੁਰ ਲੋਧੀ ਵਾਲੇ ਬਾਬੇ ਵਾਂਗ ‘ਤੇਰਾਂ’ ’ਤੇ ਪਹੁੰਚ ਕੇ ਤੇਰਾ, ਤੇਰਾ ਈ ਉੱਚਰੀ ਜਾ ਰਿਹਾ ਹੈ’। ਸੱਚੋਂ ਹੀ ਉਹਦਾ ਸਕੂਲ ਪੀਰ ਬਾਬੇ ਦਾ ਤਕੀਆ ਹੈ। ਪੰਨੂੰ ਉਸ ਦਾ ਪੀਰ। ਜਿਸ ਨੂੰ ਕੋਈ ਲਾਲਚ ਨਹੀਂ ਤੇ ਜਿਸ ਨੇ ਆਪਣੀ ਮਿਹਨਤ ਨਾਲ ਪ੍ਰੋਗਰਾਮ ਤਿਆਰ ਕੀਤੇ ਹਨ ਅਤੇ ਉਨ੍ਹਾਂ ਦਾ ਲੰਗਰ ਲਾ ਰੱਖਿਐ। ਉਸ ਦੇ ਦੁਆਰ ’ਤੇ ਹਰ ਰੋਜ਼ ਕੰਪਿਊਟਰ ਵਿੱਚ ਆ ਰਹੇ ਨਵੇਂ ਪ੍ਰੋਗਰਾਮਾਂ ਬਾਰੇ ਸਿੱਖਣ ਲਈ ਮੇਰਾ ਸਿੱਜਦਾ ਅਕਸਰ ਹੁੰਦਾ ਰਹਿੰਦਾ। ਇਸ ਤੋਂ ਬਿਨਾਂ ਕੋਈ ਰਾਹ ਵੀ ਨਹੀਂ ਸੀ।

 

ਉਸ ਦਾ ਦਰ ਐਸਾ ਮੱਲਿਆ ਹੈ ਕਿ ਹੁਣ ਛੱਡਣ ਨੂੰ ਚਿੱਤ ਈ ਨਈਂ ਕਰਦਾ। ‘ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਸੌ-ਸੌ ਪੈਂਦੇ ਜੁੱਤੇ’ ਪਰ ਉਹਨੇ ਜੁੱਤੇ ਤਾਂ ਕੀ ਮਾਰਨੇ ਨੇ, ਸਗੋਂ ਸਵਾਗਤ ਕਰਦਾ ਹੈ। ਉਸ ਨੂੰ ਪੁੱਛਣ ਦੀ ਇਹ ਕਾਹਲ ਜ਼ਰੂਰ ਹੁੰਦੀ ਹੈ, “ਦੱਸ ਬਈ ਅੱਜ ਕੀ ਔਕੜ/ਕੰਮ ਲੈ ਕੇ ਆਇਐਂ?” ਉਹ ਹਰ ਸਮੇਂ ਕਿਸੇ ਨਾ ਕਿਸੇ ਕਾਰਜ ’ਚ ਰੁਝਿਆ ਰਹਿੰਦਾ ਹੈ’। ਇੱਕ ਦਿਨ ਉਸ ਦੇ ਨੇੜੇ ਸ਼ਾਹਮੁਖੀ ਲਿੱਪੀ ’ਚ  ਹੀਰ ਵਾਰਸ ਸ਼ਾਹ ਦੀ ਇੱਕ ਵੱਡ ਆਕਾਰੀ, ਕੋਈ ਅੱਠ ਸੌ ਪੰਨਿਆਂ ਦੀ ਕਿਤਾਬ ਖੁੱਲ੍ਹੀ ਵੇਖੀ। ਉਸ ਵਿੱਚ ਕੋਈ ਕੰਮ ਕਰ ਰਹੇ ਸੀ। ਪੁੱਛਣ ’ਤੇ ਪਤਾ ਲੱਗਾ ਕਿ ਉਹ ਜ਼ਾਹਿਦ ਇਕਬਾਲ (ਗੁੱਜ਼ਰਾਂਵਾਲ਼ਾ-ਪਾਕਿਸਤਾਨ) ਵੱਲੋਂ ‘ਹੀਰ ਵਾਰਸ ਸ਼ਾਹ’ ਵਿੱਚ ਮਿਲਾਵਟੀ ਸ਼ਿਅਰਾਂ ਦਾ ਖੋਜ-ਗਰੰਥ ਹੈ। ਜਿਸ ਨੂੰ ਹੂ-ਬ-ਹੂ ਗੁਰਮੁਖੀ ਰੂਪ ਦੇਣਾ ਹੈ। ਚਾਰ ਮਹੀਨਿਆਂ ਤੋਂ ਇਸੇ ਨਾਲ਼ ਯੁੱਧ ਚੱਲ ਰਿਹਾ ਹੈ ਤੇ ਹੁਣ ਜਾ ਕੇ ਕਾਬੂ ਵਿੱਚ ਆਈ ਹੈ।

ਪੰਨੂੰ ਦੀ ਕਿਤਾਬ ਦਾ ਨਾਂ ਹੀ ‘ਆਓ ਕੰਪਿਊਟਰ ਸਿੱਖੀਏ’ ਰੱਖਿਆ ਹੋਇਆ ਹੈ। ਇਉਂ ਲੱਗਦੈ ਜਿਵੇਂ ਉਹ ਸੱਦਾ ਦਿੰਦਾ ਫਿਰਦੈ, ਕੋਈ ਹੋਕਾ ਦਿੰਦਾ ਫਿਰਦੈ ‘ਭਾਂਡੇ ਕਲ਼ੀ ਕਰਾ ਲਓ’। ਪਰ ਮੈਨੂੰ ਤਾਂ ਇਉਂ ਲੱਗਦੈ ਜਿਵੇਂ ਕਹਿ ਰਿਹਾ ਹੋਵੇ ਕੰਪਿਊਟਰ ਸਿੱਖ ਲਓ ਲੋਕੋ, ਕੰਪਿਊਟਰ, ਜੀਵਨ ਸਾਰਥਕ ਬਣਾ ਲਓ ਲੋਕੋ! ਉਸ ਕੋਲੋਂ ਕੰਪਿਊਟਰ ਸਿੱਖਣ ਵਾਲ਼ੇ, ਬੈਗ ਪਾਈਪਰ ਆਫ ਕਮਾਉਂ ਦੇ ਮਗਰ ਲੱਗੇ ਬੱਚਿਆਂ ਦੀ ਭੀੜ ਵਾਂਗ ਹਰ ਉਮਰ ਦੇ ਵਿਅਕਤੀ ਹਨ। ਉਨ੍ਹਾਂ ਦੇ ਵਿਦਿਆਰਥੀਆਂ ਦੀ ਲੜੀ ਬੜੀ ਲੰਬੀ ਹੈ। ਸਾਡੇ ਵਰਗੇ ਬਾਬਿਆਂ ਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਸੁਦਾਗਰ ਸਿੰਘ ਬਰਾੜ, ਜਰਨੈਲ ਸਿੰਘ ਗਰਚਾ…ਆਦਿ ਵਰਗੇ ਨਾਮਵਰ ਲੇਖਕ ਵੀ ਕੰਪਿਊਟਰ ਸਿੱਖ ਕੇ ਅੱਜ ਦੇ ਯੁੱਗ ਦੇ ਹਾਣੀ ਹੋ ਆਪਣੀ ਰਚਨਾਵਾਂ ਰਚਣ ਵਿੱਚ ਹੋਰ ਵੀ ਜ਼ਿਆਦਾ ਨਿਪੁੰਨ ਹੋ ਗਏ ਹਨ।

ਪਹਿਲਾਂ ਕਲਮ ਨਾਲ ਲਿਖਣਾ ਤਾਂ ਹੱਥ ਲਿਖਤ ਨੂੰ ਅੱਗੇ ਛਾਪਣ ਵਾਲੇ ਕਈ ਨਖ਼ਰੇ ਕਰਦੇ। ਹੁਣ ਉਨ੍ਹਾਂ ਵੱਲੋਂ ਤਿਆਰ ਬਰ ਤਿਆਰ ਖ਼ਬਰਾਂ, ਤਬਸਰੇ ਤੇ ਲੇਖ ਭੇਜੇ ਗਏ ਠਾਹ ਅਖਬਾਰਾਂ ’ਚ ਲੱਗਦੇ ਹਨ ਤੇ ਹੱਸ ਕੇ ਲੱਗਦੇ ਹਨ। ਮੇਰੇ ਵਰਗੇ ਹੈਮਰ ਥਰੋਅਰ ਤੇ ਕਲਾਸਾਂ ਵਿੱਚ ਭਾਸ਼ਨ ਦੇਣ ਵਾਲੇ ਨੂੰ ਕੰਪਿਊਟਰ ਵਰਤਣ ਦੇ ਯੋਗ ਬਣਾ ਦਿੱਤਾ ਹੈ। ਇਸ ਵਡੇਰੀ ਉਮਰੇ ਮੈਂ ਸ਼ਾਇਦ ਆਪਣੇ ਬਜ਼ੁਰਗ ਵੀਰਾਂ ਦੀਆਂ ਕਲੱਬਾਂ ਤੇ ਉਨ੍ਹਾਂ ਦੇ ਪੈਨਸ਼ਨ ਮਾਮਲੇ ਵਿੱਚ ਉਤਨਾ ਸਹਾਈ ਨਾ ਹੋ ਸਕਦਾ ਜਿੰਨਾ ਯੋਗ ਮੈਨੂੰ ਇਸ ਕੰਪਿਊਟਰ ਨੇ ਬਣਾ ਦਿੱਤਾ। ਹੁਣ ਤਾਂ ਕਿਤਾਬਾਂ ਲਿਖ ਕੇ ਕੰਪੋਜ਼ ਕਰ ਕੇ, ਫੋਟੋਆਂ ਵਗੈਰਾ ਸੱਟ ਕਰ ਕੇ ਬੱਸ ਛਾਪੇਖਾਨੇ ਵਾਲਾ ਹੀ ਕੰਮ ਪੇਸ਼ਾਵਰਾਂ ਕੋਲੋਂ ਕਰਾਉਣਾ ਪੈਂਦਾ। ਸਭ ਕੁਝ ਬਦੌਲਤ ਬਾਬੇ ਕਿਰਪਾਲ ਪੰਨੂੰ ਦੇ ਜਿਹੜਾ ਹਰ ਵਕਤ ਹਾਜ਼ਰ ਨਾਜ਼ਰ ਰਹਿੰਦਾ ਹੈ, ਭਾਵੇਂ ਸਮਰਾਲੇ ਹੀ ਬੈਠਾ ਹੋਵੇ।

ਪਹਿਲਾਂ ‘ਆਓ ਕੰਪਿਊਟਰ ਸਿੱਖੀਏ’ ਦੇ ਲੜੀਵਾਰ ਲੇਖ ਅਖਬਾਰਾਂ ਵਿੱਚ ਦਿੰਦਾ ਰਿਹਾ। ਕੰਪਿਊਟਰ ਦੀ ਟੈਕਨਾਲੋਜੀ ਨੂੰ ਜਿਸ ਬਰੀਕਬੀਨੀ, ਸਰਲਤਾ ਤੇ ਪੰਜਾਬੀ ਦੀ ਸਾਦੀ ਸ਼ਬਦਾਵਲੀ ’ਚ ਲਿਖਿਆ ਕਿ ਹਿਜੇ ਕਰਕੇ ਪੰਜਾਬੀ ਪੜ੍ਹਨ ਵਾਲੇ ਮੇਰੇ ਵੀਰ ਵੀ ਕੰਪਿਊਟਰ ਦੇ ਕੀਅ ਬੋਰਡ ’ਤੇ ਉਂਗਲਾਂ ਨਚਾਉਣ ਲੱਗ ਪਏ।

ਲੇਖ/ਕਿਤਾਬ ਦੇ ਹੈਡਿੰਗ ਦੀ ਸਿਰਜਣਾ ਤੋਂ ਉਹ ਮਾਹਰ ਭਾਸ਼ਾ ਵਿਗਿਆਨੀ ਲੱਗਦਾ ਹੈ। ਸਾਰੀ ਉਮਰ ਬੀ.ਐੱਸ.ਐੱਫ. ਵਿੱਚ ਕਾਰਬਾਈਨ ਵਰਤਦਾ ਪਿਛਲੀ ਉਮਰੇ ਭਾਸ਼ਾ ਤੇ ਕੰਪਿਊਟਰ ਨਾਲ ਕਲੋਲਾਂ ਕਰਨ ਲੱਗ ਪਿਆ ਹੈ। ਕੰਪਿਊਟਰ ਲਈ ਅੰਗਰੇਜ਼ੀ ਤੋਂ ਬਣਾਏ ਪੰਜਾਬੀ ਸ਼ਬਦ ਉਸ ਦੀ ਡੂੰਘੀ ਸੂਝ ਦੇ ਪ੍ਰਤੀਕ ਹਨ। ਅਖਬਾਰਾਂ ਵਿੱਚ ਲੜੀਵਾਰ ਛਪਣ ਨਾਲ ਉਸ ਦੀ ਤਸੱਲੀ ਨਾ ਹੋਈ। ਉਨ੍ਹਾਂ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਦਿੱਤਾ। ਜਿਸ ਦਾ ਤਿੰਨਾਂ ਸਾਲਾਂ ਵਿੱਚ ਤੀਸਰਾ ਅਡੀਸ਼ਨ ਵੀ ਛਪ ਚੁੱਕਾ ਹੈ। ਕੰਪਿਊਟਰ ਦੇ ਤਕੀਏ ’ਚੋਂ ਸਿੱਖਣ ਦੀਆਂ ਚਰਨਾਮਤੀਆਂ ਲੈਣ ਆਉਂਦੇ ਮੁਰੀਦਾਂ ਨੂੰ ਕਿਤਾਬ ਪ੍ਰਸ਼ਾਦ ਵਾਂਗ ਵੰਡਦਾ ਅਕਹਿ ਖੁਸ਼ੀ ਮਹਿਸੂਸ ਕਰਦਾ ਹੈ। ਕਿਤਾਬ ਤਾਂ ਮੈਨੂੰ ਵੀ ਮਿਲੀ ਹੋਈ ਸੀ ਪਰ ਫਿਰ ਵੀ ਮੈਨੂੰ ਉਸ ਦੀਆਂ ਅਪਣੱਤ ਭਰੀਆਂ ਝਿੜਕਾਂ ‘ਉਏ ਗੁਰੂ ਸਮਝਦਾ ਕਿਉਂ ਨਈਂ…ਤੈਨੂੰ ਦੱਸਿਆ ਸੀ ਪਹਿਲਾਂ ਵੀ…’। ਮੇਰਾ ਜਵਾਬ ਹੁੰਦੈ, “ਪੀਰ ਜੀ ਤੁਸੀਂ ਸੰਥਿਆ ਈ ਏਨੀ ਦੇ ਦਿੰਦੇ ਹੋ ਜਿਨੀ ਮੇਰਾ ਦਿਮਾਗ ਪਚਾ ਨਈਂ ਸਕਦਾ…ਮੈਂ ਹੌਲੀ ਸਿੱਖਣ ਵਾਲਾ ਬੰਦਾ…”। “ਅੱਛਾ ਲੈ ਫਿਰ ਮੁੜ ਸਮਝ…” ਤੇ ਉਹ ਦੱਸੀ ਤੁਰਿਆ ਜਾਂਦਾ ਹੈ। ਵਿੱਚ ਵਿੱਚ ਕਹਿ ਵੀ ਦਿੰਦਾ ਹੈ ਕਿ ਇਹ ਸਭ ਕੁਝ ਮੇਰੀ ਕਿਤਾਬ ’ਚ ਦਿੱਤਾ ਹੋਇਆ ਹੈ। “ਲਓ! ਪੰਨੂੰ ਸਾਹਿਬ ਹੁਣ ਪੜ੍ਹਾਂਗਾ…ਤੇ ਅਭਿਆਸ ਵੀ ਕਰਾਂਗਾ…”। ਪਰ ਜਿਹੜਾ ਉਸ ਕੋਲ ਬੈਠ ਕੇ ਮਜ਼ਾ ਆਉਂਦਾ ਹੈ ਉਹ ਤਾਂ ਇਉਂ ਲੱਗਦਾ ਹੈ ਜਿਵੇਂ ਵਗਦੇ ਖੂਹ ਦੀਆਂ ਟਿੰਡਾਂ ’ਚੋਂ ਡਿੱਗਦਾ ਪਾਣੀ ਪੀਵੀਦਾ ਸੀ। ਘੜੇ ਦਾ ਪਾਣੀ ਪੀਣਾ ਕਿੱਥੇ ਤੇ ਵਗਦੇ ਖੂਹ ਦਾ ਕਿੱਥੇ। ਕੋਈ ਰੀਸ ਨਈਂ ਉਸ ਦੀ। ਆਨੰਦ ਆ ਜਾਂਦਾ ਹੈ।

ਘਰ ਆ ਕੇ ਉਸ ਕਾਰਜ ਨੂੰ ਮੁੜ ਕਰਨ ਲੱਗਦਾ ਹਾਂ। ਅਧਵਾਟੇ ਜਿਹੇ ਫਿਰ ਰਾਹ ਭੁੱਲ ਜਾਂਦਾ ਹਾਂ। ਪਤਾ ਨਈਂ ਲੱਗਦਾ। ਖਾਨਾ ਖੁੱਲ੍ਹਦਾ ਨਹੀਂ। ਫੋਨ ਕਰਦਾ ਹਾਂ। ਫੋਨ ’ਤੇ ‘ਲੰਮੀ ਸੀਟੀ ਮਾਰ ਮਿੱਤਰਾ ਭੁੱਲ ਗਈ ਮੋੜ ’ਤੇ ਆ ਕੇ’ ਕਹਿਣੋ ਰਹਿ ਨਹੀਂ ਸਕਦਾ। ‘ਅੱਛਾ, ਅੱਛਾ ਦੱਸ…ਕਿੱਥੇ ਹੈਂ’, ‘ਇਸ ਥਾਂ ’ਤੇ…’, ‘ਅੱਛਾ ਇਸ ਡੱਬੀ ਨੂੰ ਪ੍ਰੈੱਸ ਕਰੀ ਰੱਖਣੈ, ਅਗਲਾ ਕਾਰਜ ਕਰਨ ਲਈ…’। ਅਤੇ ਬੱਸ ਕੰਮ ਚੱਲ ਪੈਂਦਾ ਹੈ। ਅੱਗੇ ਵੀ ਦੱਸੀ ਜਾਂਦਾ ਹੈ। ਬੱਸ ਜੀ ਰਹਿਣ ਦਿਓ…ਅੱਜ ਇੰਨਾ ਹੀ…ਅੱਗੋਂ ਫਿਰ ਸਹੀ ਲੋੜ ਪਈ ’ਤੇ। ਇਨ੍ਹਾਂ ਕੋਲੋਂ ਸਿੱਖਦਾ ਸਿੱਖਦਾ ਹੁਣ ਵਾਹਵਾ ਆਈਕੋਨਾਂ ਨੂੰ ਵੱਖ ਵੱਖ ਥਾਵਾਂ ’ਤੇ ਭਜਾ ਲੈਂਦਾ ਹਾਂ।

 

ਵਰਕਰਜ਼ ਕੰਪਨਸੇਸ਼ਨ ਬੋਰਡ ਵਾਲਿਆਂ ਦੀ ਇੱਕ ਜੌਬ ’ਚ ਹੇਠ ਦਿੱਤੀ ਇੱਕ ਅਜੀਬ ਜਿਹੀ ਸ਼ਕਲ

 

 

                 ‚                           ƒ                      „                         …

ਛਾਪਣੀ ਸੀ। ਜਵਾਕਾਂ ਵਾਂਗ ਬਾਰ ਦੀਆਂ ਸ਼ਕਲਾਂ ਨੂੰ ਘੜੀਸ ਘੜੀਸ ਬਣਾਉਣ ਲੱਗਾ, ਉਹ ਤਾਂ ਬਣੇ ਈ ਨਾ। ਬਥੇਰੀ ਕੋਸ਼ਿਸ਼ ਕੀਤੀ। ਹਾਰ ਕੇ ਸਵੇਰੇ 6 ਵਜੇ ਪਹਿਲਾਂ ਡਾਕੂਮੈਂਟ ਨੂੰ ਈਮੇਲ ਕਰ ਦਿੱਤਾ ਤੇ ਨਾਲ ਹੀ ਫੋਨ ਕਰ ਦਿੱਤਾ। ਕਹਿੰਦੇ ਦੱਸ: ‘ਆ ਜੀ ਆਹ ਇੱਕ ਸ਼ਕਲ ਵਾਲਾ ਡਾਕੂਮੈਂਟ ਤੁਹਾਨੂੰ ਭੇਜਿਐ। ਦੱਸੋ ਕਿਵੇਂ ਬਣਾਉਣੀ ਹੈ। ਆਪਣੀ ਚਾਰਾਜੋਈ ਦੀ ਗੱਲ ਵੀ ਸੁਣਾ ਦਿੱਤੀ। ਨਈਂ ਗੁਰੂ ਇਨੇ੍ਹ ਇਉਂ ਨਈਂ ਬਣਨਾ। ਇਹ ਵਿੰਗਡਿੰਗਜ ਨਾਲ ਬਣੂ। ਨਾਂ ਸੁਣ ਕੇ ਅਜੀਬ ਜਿਹਾ ਅਚੰਭਾ ਵੀ ਹੋਇਆ ਤੇ ਨਾਲ ਹੀ ਸਿੱਖਣ ਦੀ ਤੀਬਰ ਉਤਸਕਤਾ ਵੀ ਪੈਦਾ ਹੋਈ। ਕੰਪਿਊਟਰ ਖੋਲ੍ਹ ਤੇ ਸੁਣ: ਜਾਹ ਪਹਿਲਾਂ ਇਨਸਰਟ ’ਤੇ…ਕਲਿੱਕ ਸਿੰਬਲਜ਼…ਬਾਰ ਦੇ ਹੇਠਾਂ ਜਾਹ…ਡਬਲਯੂ ਕੋਲ ਜਾ ਕੇ ਵਿੰਗਡਿੰਗਜ਼ ਆ ਜਾਣਗੀਆਂ…ਕਲਿੱਕ ਕਰ…ਤੇ ਵੇਖ…ਆਪਣੀ ਲੋੜ ਦੀ ਸ਼ਕਲ…ਹਾਈਲਾਈਟ ਕਰ ’ਤੇ ਇਨਸਰਟ ਕਰ ਤੇ ਕਲਿੱਕ ਕਰ ਕੇ…ਪ੍ਰੋਗਰਾਮ ਬੰਦ ਕਰ…ਲਿਖਾਈ ਵਾਲੀਆਂ ਸ਼ਕਲਾਂ ਨੂੰ ਬਣਾਉਣ ਲਈ ਜਾਣੈ ਪੈਣਾ ਵਰਡ ਆਰਟ ਗੈਲਰੀ ’ਚ…ਠੀਕ ਹੈ ਉਹ ਮੈਂ ਕਰ ਲਵਾਂਗਾ…ਜਾਣਦਾ ਹਾਂ…ਥੈਂਕ ਯੂ। ਬੱਸ ਸਿੱਖ ਲਈ ਵਿੰਗਡਿੰਗਜ਼। ਓੜਕਾਂ ਦਾ ਫਖ਼ਰ ਮਹਿਸੂਸ ਹੋਇਆ ਆਪਣੇ ਪੀਰ ’ਤੇ ਅਤੇ ਆਪਣੇ ਵਧਦੇ ਹੁਨਰ ’ਤੇ ਵੀ! ਸਵੈਨਿਰਭਰਤਾ ਵੱਲ ਵੱਧਦਾ ਮਹਿਸੂਸ ਕਰਦਾ ਹਾਂ। ਪਰ ਨਵੀਂਆਂ ਤਕਨੀਕਾਂ ਦੇ ਸੰਦਰਭ ਵਿੱਚ ਇਹ ਤਾਂ ਕੇਵਲ ਆਦਰਸ਼ ਹੀ ਬਣ ਕੇ ਰਹਿ ਜਾਂਦਾ ਹੈ।

ਵਿੰਗਡਿੰਗਜ਼ ਵਾਲੀ ਰਾਤ ਵੀ ਇੱਕ ਦਿਨ ਬਣ ਗਈ। ਇਸ ਬਾਰੇ ਕੁਝ ਹੋਰ ਗੱਲਾਂ ਸਿੱਖਣੀਆਂ ਸਨ। ਫੋਨ ’ਤੇ ਕਹਿੰਦੇ ਆ ਜਾ। ਅੱਗੇ ਪ੍ਰਿੰਸੀਪਲ ਸਰਵਣ ਸਿੰਘ ਆਪਣੀ ਨਵੀਂ ਕਿਤਾਬ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਦੀ ਸੈਟਿੰਗ ਦਾ ਕੰਮ ਮੁਕਾ ਚੁੱਕੇ ਸੀ। ਕਿਤਾਬ ਵਿਚ ਰੰਗਦਾਰ ਤਸਵੀਰਾਂ ਬੀੜੀਆਂ ਗਈਆਂ ਸਨ। ਪੰਨੂੰ ਸਾਹਿਬ ਦੀ ਕਿਤਾਬ ਦੀਆਂ ਵੀ ਗੱਲਾਂ ਛਿੜੀਆਂ। ਆਪਣੇ ਸ਼ੰਕੇ ਨਿਬੇੜ, ਉਨ੍ਹਾਂ ਨਾਲ ਹੀ ਸ਼ਾਮ ਦੇ ਆਨੰਦ ਮਾਣਦਾ ਘਰ ਕੋਈ 8 ਵਜੇ ਪਹੁੰਚਿਆ। ਰਸਤੇ ਵਿੱਚ ‘ਖੱਬਲ਼ ਦੀ ਪੰਡ’ ਦੇ ਸਿਰਲੇਖ ਹੇਠ ਜੀਵਨ ਕਹਾਣੀ ਦੀ ਵੀ ਗੱਲ ਛਿੜੀ। ਸਰਵਣ ਸਿੰਘ ਵਰਗੇ ਲੇਖਕ ਕੋਲੋਂ ਸਿਰਲੇਖ ਦੀ ਸ਼ਲਾਘਾ ਨੇ ਮੈਨੂੰ ਸੱਤਵੇਂ ਅਸਮਾਨ ’ਚ ਉੱਡਣ ਲਾ ਦਿੱਤਾ। ਘਰ ਪਹੁੰਚ ਲੰਗਰ ਛਕ, ਕੱਪੜੇ ਬਦਲ ਨੀਂਦ ਦੇ ਹੁਲਾਰਿਆਂ ਦੀ ਗੋਦ ’ਚ ਪਹੁੰਚ ਗਿਆ। ਸੁਪਨੇ ਕਦੀ ਵਿੰਗਡਿੰਗਜ਼ ਦੇ ਆਈ ਗਏ, ਕਦੀ ਮੇਰੀਆਂ ਆਉਣ ਵਾਲੀਆਂ ਕਿਤਾਬਾਂ ‘ਕਨੇਡੀਅਨ ਬਾਬੇ’ ਤੇ ‘ਖੱਬਲ਼ ਦੀ ਪੰਡ’ ਦੀਆਂ ਬਾਤਾਂ ਦੇ।

ਪੰਨੂੰ ਕੋਲੋਂ ਪੜ੍ਹਦਿਆਂ ਪੰਡਤਾਂ ਦੇ ਮੁੰਡੇ ਦੇ ਖ਼ੀਰ ਖਾਣ ਵਾਂਗ ਦਿਮਾਗ ਆਫਰ ਜਾਂਦਾ ਹੈ। ਪਰ ਪੰਨੂੰ ਸਾਹਿਬ ਦੱਸਦੇ ਨਾ ਅੱਕਦੇ ਨੇ, ਨਾ ਥੱਕਦੇ ਨੇ। ਏਨੇ ’ਚ ਭੈਣ ਜੀ ਪਤਵੰਤ ਕੌਰ ਪੰਨੂੰ ਆ ਜਾਂਦੇ ਹਨ। ਲਓ ਚਾਹ ਪੀਓ ਵੀਰ ਜੀ, ਇਹ ਤਾਂ ਕਦੀ ਥੱਕਦੇ ਨਈਂ, ਤੁਸੀਂ ਜ਼ਰੂਰ ਥੱਕ ਗਏ ਹੋਵੋਂਗੇ।

ਆਪਣੇ ਪੇਸ਼ਾਵਰ ਕਾਰਜ ਕਰਦਿਆਂ ਮੇਰੇ ਸੱਜੇ ਖੱਬੇ ਦੋ ਕਿਤਾਬਾਂ ਖੁੱਲ੍ਹੀਆਂ ਹੁੰਦੀਆਂ ਹਨ, ‘ਡਿਕਸ਼ਨਰੀ’ ਤੇ ‘ਆਓ ਕੰਪਿਊਟਰ ਸਿੱਖੀਏ’। ਉਸ ਦੀ ਸਿਖਲਾਈ ਨੇ ਸੇਵਾਮੁਕਤ ਬਾਬਿਆਂ ਨੂੰ ਇੱਕ ਐਸੀ ਦੁਨੀਆ ਵਿੱਚ ਲਿਆ ਖੜ੍ਹਾ ਕੀਤਾ ਹੈ ਜਿੱਥੇ ਕਮਾਲ ਦੇ ਰੁਝੇਵੇਂ ਤੇ ਮਨੋਰੰਜਨ ਹਨ। ਅਖਬਾਰਾਂ ਤੇ ਕਿਤਾਬਾਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਹਨ। ਜਿਹੜੀ ਮਰਜ਼ੀ ਖੋਲੋ੍ਹ। ਬੰਦਾ ਮਲਟੀਨੈਸ਼ਨਲ ਕੰਪਨੀ ਦੇ ਇੱਕ ਵੱਡੇ ਗਿਆਨ ਦੇ ਮਾਲ਼ ਵਿੱਚ ਫਿਰਦਾ ਮਹਿਸੂਸ ਕਰਦਾ ਹੈ। ਕੰਪਿਊਟਰ ਦਾ ਇੰਨਾ ਚਸਕਾ ਪੈ ਗਿਆ ਹੈ ਕਿ ਰੋਜ਼ਾਨਾ ਜੀਵਨ ਦੇ ਛੋਟੇ ਮੋਟੇ ਕਾਰਜ ਕਾਹਲੀ ’ਚ ਮੁਕਾ, ਕੰਪਿਊਟਰ ਨਾਲ਼ ਕਲੋਲਾਂ ਕਰਨ ਆ ਲੱਗਦਾ ਹਾਂ। ਅੰਬਰ ’ਚ ਬੈਠ ਸਾਰੀ ਲੋਕਾਈ ਵੱਲ ਬਾਰੀ ਖੁੱਲ੍ਹ ਜਾਂਦੀ ਹੈ। ਦੁਨੀਆਂ ਦੀ ਤਾਜ਼ਾ ਤਰੀਨ ਜਾਣਕਾਰੀ ਮਿਲਦੀ ਰਹਿੰਦੀ ਹੈ। ਸਿਰਜਣਾ ਦਾ ਚੱਕਰ ਅਤੁੱਟ ਚੱਲਦਾ ਰਹਿੰਦਾ ਹੈ। ਲਿਖਤਾਂ ਤੇ ਹਵਾਲੇ ਸਲੀਕੇ ਨਾਲ ਸੰਭਾਲ ਲਈ ਦੇ ਹਨ। ਪਰ ਇਸ ਦਾ ਇੱਕ ਉਲਟ ਅਸਰ ਜ਼ਰੂਰ ਪੈਂਦਾ ਹੈ। ਸਿੰਘਣੀ ਨੂੰ ਜਦੋਂ ਬੱਚੇ ਜਾਂ ਹੋਰ ਭੈਣ ਭਾਈ ਮੇਰੇ ਬਾਰੇ ਪੁੱਛਦੇ ਨੇ ਤਾਂ ਕਹਿੰਦੇ ਹਨ: ‘ਉਹ ਤਾਂ ਜੀ ਹੁਣ ਕੰਪਿਊਟਰ ਦੇ ਨਾਲ ਹੀ ਪਰਨਾਏ ਜਾ ਚੁੱਕੇ ਹਨ…ਸਾਰਾ ਦਿਨ ਉਹਦੇ ਨਾਲ ਈ ਲੱਗੇ ਰਹਿੰਦੇ ਹਨ…’।

ਪੀਰ ਜੀ ਮਿੱਠੀਆਂ ਜਿਹੀਆਂ ਟਿੱਚਰਾਂ ਵੀ ਸਹਿਵਨ ਹੀ ਕਰ ਜਾਂਦੇ ਹਨ। ਇੱਕ ਦਿਨ ਅਸੀਂ ਬਾਹਰੋਂ ਆਏ। ਅੰਦਰੋਂ ਆਵਾਜ਼ ਆਈ ‘ਕੌਣ’। ਬੂਹਾ ਖੁੱਲ੍ਹਦਿਆਂ ਈ ਬੋਲੇ ‘ਸਤਿ ਸ੍ਰੀ ਅਕਾਲ ਜੀ…ਕੀ ਅੰਦਰ ਆ ਸਕਦੇ ਹਾਂ’। ਮਿਸਿਜ਼ ਪੰਨੂੰ ਤੇ ਮੈਂ ਹੱਸ ਪਏ। ਇੱਕ ਦਿਨ ਫੋਨ ਆ ਰਿਹਾ ਸੀ ਕਿ ਭੈਣ ਜੀ ਵੀ ਨਾਲ ਈ ਆਉਣ। ਕਹਿੰਦੇ ਬਈ ਉਹਦੇ ਨਾਲ ਤੂੰ ਆਪ ਈ ਸਿੱਧੀ ਗੱਲ ਕਰ ਲੈ। ਤੇਰੇ ਆਖੇ ਲੱਗ ਜਾਣਗੇ। ਅਸੀਂ ਗੱਲਾਂ ਬਾਤਾਂ ਕਰਦੇ ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਇੱਕ ਦੂਜੇ ਨੂੰ ਬੋਰ ਨਹੀਂ ਹੋਣ ਦਿੰਦੇ।

ਉਹ ਕੰਪਿਊਟਰ ਦੀਆਂ ਅਹੁਰਾਂ ਦਾ ਡਾਕਟਰ ਵੀ ਹੈ। ਇੱਕ ਦਿਨ ਘਾਬਰੇ ਹੋਏ ਇਕਬਾਲ ਰਾਮੂਵਾਲੀਏ ਦਾ ਫੋਨ ਆਇਆ, “ਪੰਨੂੰ ਸਾਹਿਬ ਪੱਟਿਆ ਗਿਆ, ਮੇਰੀਆਂ ਲਿਖਤਾਂ ਕਿਤੇ ਅਲੋਪ ਹੋ ਗਈਆਂ ਨੇ ਲੱਭਦੀਆਂ ਨਈਂ…ਪਤਾ ਕਿੱਥੇ ਛੌਂਆਂ ਮੌਂਆਂ ਹੋ ਗਈਆਂ ਨੇ…”। “ਤੈਂ ਇਹ ਆਪਣੇ ਮਿੱਤਰਾਂ-ਦੋਸਤਾਂ ਨੂੰ ਈਮੇਲ ਤਾਂ ਕੀਤੀਆਂ ਹੀ ਹੋਣਗੀਆਂ? ਘਬਰਾ ਨਾ ਸਭ ਓਥੋਂ ਮਿਲ਼ ਜਾਣਗੀਆਂ। ਜੋ ਮੈਨੂੰ ਭੇਜੀਆਂ ਸੀ ਸਭ ਮੇਰੇ ਕੋਲ਼ ਹਨ।” ਪੰਨੂੰ ਬਾਬੇ ਨੇ ਇਕਬਾਲ ਨੂੰ ਧੀਰ ਧਰਾਈ ਤੇ ਅੱਗੇ ਨੂੰ ਆਪਣੀਆਂ ਰਚਨਾਵਾਂ ਕੰਪਿਊਟਰ ਤੋਂ ਬਾਹਰ ਸੰਭਾਲ਼ ਕੇ ਰੱਖਣ ਦੀ ਸਿੱਖ-ਮੱਤ ਵੀ ਦਿੱਤੀ। ਕਹਿੰਦੇ ਨੇ ਕਿ ਇਕਬਾਲ ਦੀਆਂ ਸਾਰੀਆਂ ਕਥਾ-ਕਹਾਣੀਆਂ ਤੇ ਕਿਤਾਬਾਂ ਏਧਰੋਂ ਓਧਰੋਂ ਮੁੜ ਪਰਾਪਤ ਹੋ ਗਈਆਂ।

ਇੱਕ ਦਿਨ ਮੇਰੀ ਪੈੱਨ ਡਰਾਈਵ ’ਤੇ ਦੋ ਕੁ ਸੌ ਪੰਨਿਆਂ ਦੀ ਕਿਤਾਬ ਗਾਇਬ ਹੋ ਗਈ। ਰਾਤ ਦੇ 9 ਕੁ ਦਾ ਵਕਤ ਸੀ। ਫਿਕਰ ਪੈ ਗਿਆ…ਲੈ ਬਈ ਮਾਰੇ ਗਏ। ਕਹਿੰਦੇ ਕਿਤੇ ਨਈਂ ਕੁਝ ਗੁਆਚਾ। ਕੰਪਿਊਟਰ ਇੱਕ ਵਾਰੀ ਬੰਦ ਕਰ। ਡਰਾਈਵ ਨੂੰ ਬਾਹਰ ਕੱਢ ਅਤੇ ਮੁੜ ਸ਼ੁਰੂ ਕਰ। ਲਓ ਜੀ ਸਭ ਠੀਕ ਹੋ ਗਿਆ। ਇਹੋ ਜਿਹੇ ਮਸੀਹੇ ਹਨ ਸਾਡੇ ਪੰਨੰ ਸਾਹਿਬ। ਭਾਈ ਘਨੱਈਏ ਵਾਂਗ ਕੰਪਿਊਟਰ ਗਿਆਨ ਦੀ ਮਸ਼ਕ ਲੱਕ ਨਾਲ ਬੰਨ੍ਹ ਤੇ ਮੱਲ੍ਹਮ ਪੱਟੀਆਂ ਦੇ ਟੋਟਕੇ ਜੇਬ ’ਚ ਪਾਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ।

ਇੱਕ ਦਿਨ ਮੈਂ ਪੁੱਛਿਆ, “ਪੰਨੂ ਸਾਹਿਬ, ਤੁਸੀਂ ਇਹ ਸਭ ਕੁਝ ਇੱਥੇ ਆ ਕੇ ਕਿਵੇ ਸਿੱਖਿਆ?”। “ਬੱਸ ਇਸ ਨਾਲ ਲੱਗੇ ਰਹੋ। ਇਸ ਨਾਲ ਜਿੰਨੀ ਛੇੜਖਾਨੀ ਕਰਦੇ ਰਹੋਂਗੇ, ਸਿੱਖਦੇ ਰਹੋਂਗੇ।” ਇਸ ਤਰ੍ਹਾਂ ਪੰਨੂੰ ਸਾਹਿਬ ਨੇ ਕੰਮ ਕਰਦਿਆਂ ਕਮਾਲ ਦੇ ਪ੍ਰੋਗਰਾਮ ਪੈਦਾ ਕੀਤੇ ਹਨ। ਇਹ ਪ੍ਰੋਗਰਾਮ ਲਿੱਪੀਆਂ ਦੇ ਵਟਾਂਦਰੇ ਲਈ ਕਮਾਲ ਦੀਆਂ ਜੁਗਤਾਂ ਹਨ। ਨਵੀਂਆਂ ਫੌਂਟਾਂ ਵੀ ਕੱਢੀਆਂ ਹਨ। ਇੱਕ ਫੌਂਟ ਨੂੰ ਦੂਜੀ ’ਚ ਬਦਲਣ ਲੱਗਿਆਂ ਜਦੋਂ ਅੱਖਰਾਂ ਵੱਲ ਵੇਖੀਦਾ ਹੈ ਤਾਂ ਉਹ ਨੱਚਣ ਲੱਗ ਪੈਂਦੇ ਹਨ। ਜਦੋਂ ਉਹ ਨਾਚ ਬੰਦ ਕਰ ਲੈਂਦੇ ਹਨ ਤਾਂ ਨਵੀਂ ਫੌਂਟ ’ਚ ਲਿਖਤ ਰੂਪਮਾਨ ਹੋ ਜਾਂਦੀ ਹੈ। ਫਿਰ ਉਸ ਨੂੰ ਇੱਕ ਸੋਧ ਪ੍ਰੋਗਰਾਮ ਲਾ ਕੇ, ਛੋਟੀ ਮੋਟੀ ਦਰੁਸਤੀ ਵੀ ਕਰਨ ਦਾ ਵੀ ਪ੍ਰੋਗਰਾਮ ਕੱਢ ਲਿਆ ਹੋਇਆ ਹੈ। ਸਭ ਤੋਂ ਮਾਅਰਕੇਖੇਜ਼ ਯੂਨੀਕੋਡ ਪ੍ਰੋਗਰਾਮ ਹਨ। ਇਸ ਨਾਲ ਅਸੀਂ ਪੰਜਾਬੀ ਫੌਂਟਾਂ ਵਾਲੀਆਂ ਲਿਖਤਾਂ ਨੰ ਇੰਟਰਨੈੱਟ ’ਤੇ ਪਾ ਕੇ ਦੁਨੀਆਂ ਨਾਲ ਸਾਂਝੀਆਂ ਕਰ ਸਕਦੇ ਹਾਂ। ਸ਼ਾਹਮੁਖੀ ਪੰਜਾਬੀ ਦਸਤਾਵੇਜ਼ਾਂ ਦਾ ਗੁਰਮੁਖੀ ਵਿੱਚ ਬਦਲਣਾ ਅਤੇ ਇਸ ਤਰ੍ਹਾਂ ਹੀ ਉਲਟ ਫੇਰ ਵਿੱਚ।

ਕਈ ਤਿੱਖੇ ਵਪਾਰੀ ਲੋਕ ਉਸ ਦੀ ਮਿਹਨਤ ਦੀ ਸਿਰਜਣਾ ਨੂੰ ਆਪਣੇ ਨਾਮ ਕਰੀ ਜਾ ਰਹੇ ਹਨ। ਮੈਂ ਕਿਹਾ ਪੰਨੂੰ ਸਾਹਿਬ ਇਹ ਕਾਰਾ ਕਰਨਾ ਤਾਂ ਬੌਧਿਕ ਬਦਦਿਆਨਤਦਾਰੀ ਹੈ। ਪਰ ਕੋਈ ਗੱਲ ਨਈਂ, ਜੇ ਤੁਸੀਂ ਕਿਸੇ ਉੱਚ ਪਾਏ ਦੀ ਸਿਰਜਣਾ ਕੀਤੀ ਹੈ ਤਾਂ ਹੀ ਚੋਰੀ ਹੋਈ ਹੈ। ਨੰਗਾਂ ਦੇ ਘਰੋਂ ਕਿਸੇ ਨੂੰ ਕੀ ਮਿਲਣਾ। ਤੁਹਾਡੇ ਪ੍ਰੋਗਰਾਮ ਲੇਖਕਾਂ ਤੇ ਬੁੱਧੀਜੀਵੀਆਂ ਦੇ ਸਹਾਇਕ ਹੋ ਜੀਵਨ ਨੂੰ ਚੜ੍ਹਦੀ ਕਲਾ ਵਿੱਚ ਰੱਖ ਰਹੇ ਹਨ। ਤੁਹਾਡੀ ਘਾਲ ਕੁਥਾਏਂ ਨਹੀਂ ਪੈਂਦੀ। ਮਹਿਸੂਸ ਕਰਦੇ ਹਾਂ ਕਿ ਬਿਨਾਂ ਕੰਪਿਊਟਰ ਦੇ ਸਾਥ ਦੇ ਕਨੇਡੀਅਨ ਜੀਵਨ ਸਾਡੇ ਵਰਗੇ ਸੀਨੀਅਰਜ਼ ’ਤੇ ਬੋਝ ਬਣ ਜਾਣਾ ਸੀ। ਗੱਡੀ ਚਲਾਈ ਨਈਂ ਜਾ ਸਕਦੀ। ਇੱਥੇ ਦੇ ਮੌਸਮ ਤੇ ਫਾਸਲਿਆਂ ਕਰਕੇ ਅੰਦਰ ਤੜੇ ਰਹਿਣਾ ਸੀ। ਹੁਣ ਇੱਕ ਦੂਜੇ ਨਾਲ ਤੇ ਪਿੱਛੇ ਇੰਡੀਆ ਬੈਠੇ ਸਨੇਹੀਆਂ ਨਾਲ ਰਾਬਤਾ ਕਾਇਮ ਰਹਿੰਦਾ ਹੈ। ਜੀਵਨ ਰੌਚਿਕ ਤੇ ਰਚਨਾਤਮਿਕ ਬਣ ਗਿਆ ਹੋਇਆ ਹੈ। ਸਲਾਮਤ ਰਹੇ ਕੰਪਿਊਟਰ ਅਤੇ ਕੰਪਿਊਟਰ ਤਕੀਏ ਦਾ ਪੀਰ ਬਾਬਾ ਕਿਰਪਾਲ ਪੰਨੂੰ! ਸੱਚ ਹੈ ਕਿ ਵਧ ਰਹੇ ਗਿਆਨ ਦਾ ਹੜ੍ਹ ਉੱਚੀਆਂ ਉੱਚੀਆਂ ਛੱਲਾਂ ਨਾਲ ਸਭ ਨੂੰ ਰੋੜ੍ਹੀ ਜਾ ਰਿਹਾ ਹੈ। ਜਿਸ ਨੂੰ ਪੰਨੂੰ ਦੇ ਤੁਲ਼ੇ ’ਤੇ ਬੈਠੇ ਤਰ ਸਕਾਂਗੇ। ਇਸ ਦਾ ਹਾਣੀ ਬਣੇ ਰਹਿਣਾ ਸਮੇਂ ਦੀ ਸਖ਼ਤ ਲੋੜ ਹੈ।

ਅੱਗੋਂ ਬਾਬੇ ਵੀ ਉਸ ਦਾ ਮਾਣ ਸਨਮਾਣ ਕਰਨ ਬਿਨਾਂ ਰਹਿ ਨਹੀਂ ਸਕਦੇ। ਉਨ੍ਹਾਂ ਦੇ ਸ਼ਿਸ਼ਾਂ ਜੋਗਿੰਦਰ ਸਿੰਘ ਸਿੱਧੂ ਤੇ ਫੁੱਟਬਾਲ ਦੇ ਨੈਸ਼ਨਲ ਕੋਚ ਗੁਰਮੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਸਾਰੇ ਸਿਖਿਆਰਥੀ ਨੇ ਉਨ੍ਹਾਂ ਦੇ ਮਾਣ ’ਚ ਇੱਕ ਬਹੁਤ ਹੀ ਸ਼ਾਨਦਾਰ ਸਮਾਗਮ ਕੀਤਾ। ਇਸ ਸਮਾਗਮ ਦੀ ਖ਼ਬਰ ‘ਜੋਤ ਨਾਲ ਜੋਤ ਜਗੇ ਅਤੇ ਦੀਵਾ ਬਲ਼ੇ ਅੰਧੇਰਾ ਜਾਏ – ਬਾਬਿਆਂ ਵੱਲੋਂ ਪੰਨੂੰ ਦਾ ਸਨਮਾਨ ਸਮਾਗਮ’ ਸਿਰਲੇਖ ਹੇਠ ਜੀਟੀਏ ਦੀਆਂ ਸਾਰੀਆਂ ਪੰਜਾਬੀ ਅਖ਼ਬਾਰਾਂ ’ਚ ਲੱਗੀ। ਉਸ ਦਾ ਸੰਖੇਪ ਵੇਰਵਾ ਦੇਣਾ ਜ਼ਿਆਦਾ ਫੱਬੇਗਾ।

 

ਸ: ਕਿਰਪਾਲ ਸਿੰਘ ਪੰਨੂੰ ਵੱਲੋਂ ਸੀਨੀਅਰਜ਼ ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫ਼ਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ’ਤੇ, ਉਸ ਦੇ ਸਾਰੇ ਸਿਖਿਆਰਥੀਆਂ ਨੇ ਰਲ਼ਮਿਲ਼ ਕੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ‘ਨਿਯੂ ਇੰਡੀਆ ਕਰੀ ਰੈਸਟੋਰੈੰਟ’ ਬਰੈਂਪਟਨ ਵਿੱਚ ਸਨਮਾਣ ਪਾਰਟੀ ਦਿੱਤੀ| ਇਸ ਵਿੱਚ 60 ਤੋਂ ਵੱਧ ਸਿਖਿਆਰਥੀ ਅਤੇ ਪਤਵੰਤੇ ਸ਼ਾਮਲ ਹੋਏ…ਸਿਖਿਅਰਥੀਆਂ ਦੇ ਨਾਲ਼ ਇਸ ਭਾਵ ਪੂਰਨ ਇਕੱਠ ਵਿੱਚ ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਕੁਲਦੀਪ ਸਿੰਘ ਸਾਹੀ, ਹਰਬੰਸ ਸਿੰਘ ਬਾਂਸਲ, ਕੁਲਵੰਤ ਸਿੰਘ ਢਿੱਲੋਂ, ਬਲਬੀਰ ਕੌਰ ਢਿੱਲੋਂ, ਰਣਜੀਤ ਸਿੰਘ ਤੱਖ਼ਰ, ਕੁਲਵੰਤ ਕੌਰ ਟਿਵਾਣਾ ਤੇ ਪਤਵੰਤ ਕੌਰ ਪੰਨੂੰ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ|

ਪੂਰਨ ਸਿੰਘ ਪਾਂਧੀ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਇਸ ਸਨਮਾਨ ਪਾਰਟੀ ਵਿੱਚ ਗੁਰਮੀਤ ਸਿੰਘ ਸੰਧੂ, ਜੋਗਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਬਿਲਖੂ, ਕੁਲਦੀਪ ਸਿੰਘ ਸਾਹੀ, ਪ੍ਰਿੰ: ਬਲਕਾਰ ਸਿੰਘ ਬਾਜਵਾ, ਆਦਿ, ਬੁਲਾਰਿਆਂ ਨੇ ਸ: ਕਿਰਪਾਲ ਸਿੰਘ ਪੰਨੰ ਵਲੋਂ ਦਿੱਤੀ ਕੰਪਿਊਟਰ ਸਿੱਖਿਆ ਪ੍ਰਤੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ| ਅਤੇ ਉਨ੍ਹਾਂ ਨੰ ਮੋਮੈੰਟੋ ਦੇ ਕੇ ਸਨਮਾਨਤ ਕੀਤਾ| ਸ: ਮੇਵਾ ਸਿੰਘ ਟਿਵਾਣਾ ਜੋ ਪੰਨੂੰ ਸਾਹਿਬ ਨਾਲ ਇੱਕ ਉੱਤਮ ਸਹਾਇਕ ਵਜੋਂ ਕੰਪਿਊਟਰ ਟਰੇਨਿੰਗ ਦੇ ਰਹੇ ਹਨ, ਨੰ ਵੀ ਮੋਮੈੰਟੋ ਦੇ ਕੇ ਸਨਮਾਨਤ ਕੀਤਾ ਗਿਆ|

ਆਈਨੈੱਟ ਕੰਪਿਊਟਰ ਦੇ ਮਾਲਕ ਵਿਸ਼ਾਲ ਸ਼ਰਮਾ, ਜਿਨ੍ਹਾਂ ਨੇ 6985 ਡੇਵੈਡ ਡਰਾਈਵ ਤੇ ਕੰਪਿਊਟਰ ਟਰੇਨਿੰਗ ਲਈ ਫਰੀ ਰੂਮ, 13 ਕੰਪਿਊਟਰ ਅਤੇ ਹੋਰ ਕਈ ਸੇਵਾਵਾਂ ਮੁਹੱਈਆ ਕੀਤੀਆਂ ਹੋਈਆਂ ਹਨ, ਨੂੰ ਵੀ ਮੋਮੈੰਟੋ ਨਾਲ ਸਨਮਾਨਤ ਕੀਤਾ ਗਿਆ|

 

ਕਿਰਪਾਲ ਸਿੰਘ ਪੰਨੂੰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਕਹੇ ਸੁਣੇ ’ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ ਜਦੋਂ ਤੀਕਰ ਉਸਦਾ ਕੋਈ ਪਰਮਾਣ ਨਾ ਮਿਲ਼ ਜਾਵੇ। ਅਤੇ ਪ੍ਰਤੱਖ ਤੋਂ ਵੱਡਾ ਕੋਈ ਪਰਮਾਣ ਨਹੀਂ ਹੁੰਦਾ। ਪੰਨੂੰ ਨੇ ਹਾਸੇ ਦੇ ਅੰਦਾਜ਼ ਵਿੱਚ ਕਿਹਾ ਕਿ ਪੂਰਨ ਸਿੰਘ ਪਾਂਧੀ, ਜਿਸ ਨੇ ਚਮੁੱਖੀਆ ਅਤੇ ਪ੍ਰਿੰਸੀਪਲ ਬਾਜਵਾ, ਜਿਸ ਨੇ ਬਹੁਮੁੱਖੀਏ ਦੀਵੇ ਦੀ ਉਪਾਧੀ ਦੀ ਮੈਨੂੰ ਬਖਸ਼ਿਸ਼ ਕੀਤੀ ਹੈ, ਉਹ ਮੇਰੇ ਮਿੱਤਰ ਤੇ ਸਹਿਯੋਗੀ ਹਨ। ਇਸ ਉਪਾਧੀ ਦੀ ਬਖਸ਼ਿਸ਼ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਪਰ ਤੁਸੀਂ ਇਸ ’ਤੇ ਵਿਸ਼ਵਾਸ ਨਾ ਕਰਿਓ। ਅਸਲ ਵਿੱਚ ਮੇਰੇ ਸਬੰਧੀ ਵਿਸ਼ਵਾਸ ਕਰਨ ਵਾਲ਼ਾ ਮੇਰਾ ਉਹੋ ਹੀ ਵਿਹਾਰ ਹੈ ਜੋ ਤੁਹਾਡੇ ਸਬੰਧੀ ਪਿਛਲੇ ਦੋ ਮਹੀਨਿਆਂ ਵਿੱਚ ਰਿਹਾ ਹੈ।

ਪੰਨੂੰ ਨੇ ਅੱਗੇ ਚੱਲ ਕੇ ਕਿਹਾ ਕਿ ਸਿੱਖਿਆ ਦੇ ਸਮੇਂ ਦੌਰਾਨ ਸਿਖਾਇਕ ਅਤੇ ਸਿੱਖਿਅਕ ਦੋਵੇਂ ਹੀ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਦੇ ਹਨ। ਮੈਂ ਆਪਣੇ ਸਾਰੇ ਸਿੱਖਿਆਰਥੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਸਹਿਯੋਗ ਦੇ ਕੇ ਮੈਨੂੰ ਇਸ ਮਾਣ ਦੇ ਯੋਗ ਬਣਾਇਆ ਹੈ। ਅਸਲ ਵਿੱਚ ਇਸ ਸ਼਼ੁਭ ਕਾਰਜ ਪਿੱਛੇ ਵਿਸ਼ਾਲ ਸ਼ਰਮਾ ਦੀ ਸੋਚ ਕੰਮ ਕਰਦੀ ਹੈ ਜਿਸ ਨੇ ਕੇਵਲ ਇਹ ਸਿੱਖਿਆ ਦੇਣ ਸਬੰਧੀ ਸੋਚਿਆ ਹੀ ਨਹੀਂ ਸਗੋਂ ਇਸ ਲਈ ਸਾਰੇ ਲੋੜੀਂਦੇ ਪ੍ਰਬੰਧ ਵੀ ਕੀਤੇ ਹਨ।

ਪੰਨੂੰ ਨੇ ਡਾਕਟਰ ਮੇਵਾ ਸਿੰਘ ਟਿਵਾਣਾ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਵਲੰਟੀਅਰ ਵਜੋਂ ਇਸ ਸਿਖਲਾਈ-ਸੇਵਾ-ਯੱਗ ਵਿੱਚ ਤਨੋਂ ਮਨੋਂ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ। ਇਸ ਤੋਂ ਇਲਾਵਾ ਉਸ ਨੇ ਤਾਂ ਮੇਰੇ ਘਰ ਤੋਂ ਆਈ ਨੈੱਟ ਕੰਪਿਊਟਰਜ਼ ਤੱਕ ਆਣ ਜਾਣ ਲਈ ਰਾਈਡ ਦਾ ਵੀ ਪ੍ਰਬੰਧ ਕੀਤਾ। ਇਹੋ ਜਿਹੇ ਨਿਸ਼ਕਾਮ ਅਤੇ ਨਿਰਮਾਣ ਸੇਵਾਦਾਰ ਜੱਗ ਉੱਤੇ ਵਿਰਲੇ ਹੀ ਹੋਇਆ ਕਰਦੇ ਹਨ। ਜਿਨ੍ਹਾਂ ਨੂੰ ਇਨ੍ਹਾਂ ਦਾ ਸਹਿਯੋਗ ਅਤੇ ਸਾਥ ਪ੍ਰਾਪਤ ਹੋ ਜਾਵੇ ਉਨ੍ਹਾਂ ਦੀ ਇਸ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋ ਸਕਦੀ ਹੈ?

ਪੰਨੂੰ ਨੇ ਅਖੀਰ ਵਿੱਚ ਕਿਹਾ ਕਿ ਇਹ ਸੱਚ ਹੈ ਕਿ ਮਾਣਯੋਗ ਜੀਵਨ ਉਡਾਰੀਆਂ ਮਾਰਨ ਲਈ ਬੱਚੇ ਮਾਪਿਆਂ ਦੇ ਖੰਭ ਹੋਇਆ ਕਰਦੇ ਹਨ  ਤੇ ਇਹ ਵੀ ਸੱਚ ਹੈ ਕਿ ਸਿੱਖਿਆਰਥੀ ਸਿਖਾਇਕ ਦਾ ਨਾਂ ਰੋਸ਼ਨ ਕਰਿਆ ਕਰਦੇ ਹਨ। ਸੋ ਮੈਂ ਆਪਣੇ ਸਿਖਿਆਰਥੀਆਂ ਉੱਤੇ ਮਣ-ਮਣ ਮਾਣ ਮਹਿਸੂਸ ਕਰਦਾ ਹਾਂ ਕਿ ਅੱਜ ਮੇਰੀਆਂ ਬਾਹਵਾਂ ਕਿਤਨੀਆਂ ਸ਼ਕਤੀਸ਼ਾਲੀ ਅਤੇ ਲੰਬੀਆਂ ਹੋ ਗਈਆਂ ਹਨ।

ਇਸ ਪਿੱਛੋਂ ਸਿਖਿਆਰਥੀਆਂ ਨੂੰ ਸਰਟੀਫੀਕੇਟ ਅਰਪਣ ਕੀਤੇ ਗਏ ਅਤੇ ਫੋਟੋਗਰਾਫੀ ਦਾ ਦੌਰ ਚੱਲਦਾ ਰਿਹਾ। ਸਾਰਿਆਂ ਦੇ ਚਿਹਰਿਆਂ ਤੋਂ ਖੁਸ਼ੀਆਂ ਤੇ ਖੇੜਿਆਂ ਦਾ ਨੂਰ ਬਰਸਦਾ ਰਿਹਾ। ਜਿਸ ਨੂੰ ‘ਪਿਸਤੂ ਸਟੂਡੀਉ’ ਵਾਲ਼ੇ ਗੁਰਸ਼ਿੰਦਰ ਪਾਲ ਸਿੰਘ (ਬਿੱਲਾ) ਅਤੇ ਸਨੀ ਆਪਣਿਆਂ ਕੈਮਰਿਆਂ ਵਿੱਚ ਨਾਲ਼ੋਂ-ਨਾਲ਼ੋਂ ਹੀ ਸੰਭਾਲਦੇ ਰਹੇ ਤੇ ਸਮਾਂ-ਮੁਕਤ ਕਰਦੇ ਰਹੇ।

 

ਬਈ ਦੋਸਤੋ, ਨਈਂ ਜੇ ਰੀਸਾਂ ਕੰਪਿਊਟਰ ਦੇ ਤਕੀਏ ਦੇ ਪੀਰ ਦੀਆਂ! ਤੇਰਾ ਤਕੀਆ ਸਦਾ ਕਾਇਮ ਰਹੇ! ਤੇਰੀ ਉਮਰ ਦਰਾਜ਼ ਹੋਵੇ! ਤੇਰੀ ਕੰਪਿਊਟਰ ਸਿੱਖਿਆ ਦਾ ਪ੍ਰਵਾਹ ਨਿਰੰਤਰ ਚੱਲਦਾ ਰਹੇ ਅਤੇ ਅਸੀਂ ਉਸ ’ਚ ਚੁੱਭੀਆਂ ਲਾਉਂਦੇ ਰਹੀਏ, ਆਪਣੇ ਹੁਨਰਾਂ ਦੀ ਕਾਇਆ ਕਲਪ ਕਰਦੇ ਰਹੀਏ। ਸ਼ਾਲਾ ਤੂੰ ਸਦਾ ਸਲਾਮਤ ਰਹੇਂ, ਆਮੀਨ!!!

 

Read 4547 times Last modified on Thursday, 10 May 2018 00:53
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਜਨਮ ਸਥਾਨ: ਗੁੰਨਾਂ ਕਲਾਂ, ਤਹਿਸੀਲ ਤੇ ਜ਼ਿਲਾ ਸਿਆਲਕੋਟ, ਪਛਮੀ ਪਾਕਿਸਤਾਨ
ਜਨਮ ਮਿਤੀ: ਅਕਤੂਬਰ ਦਾ ਆਖਰੀ ਦਿਨ, 1935.
ਪ੍ਰਾਇਮਰੀ ਐਜੂਕੇਸ਼ਨ: ਨਾਨਕੇ ਪਿੰਡ ਨਿੰਦੋਕੇ ਮਿਸ਼ਰਾਂ, ਤਹਿਸੀਲ ਨਾਰੋਵਾਲ, ਸਿਆਲਕੋਟ
ਮੈਟਿਰਕ ਤੋਂ ਬੀ.ਏ. : ਰਣਧੀਰ ਸਕੂਲ/ਕਾਲਜ ਕਪੂਰਥਲਾ
ਪੋਸਟਗਰੈਜੂਏਸ਼ਨ: ਖਾਲਸਾ ਕਾਲਜ ਅੰਮ੍ਰਿਤਸਰ
ਕੁਆਲੀਫੀਕੇਸ਼ਨ: ਐੱਮ.ਏ., ਐੱਮ.ਐੱਡ.
ਸਰਵਿਸ: ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ – ਪਹਿਲਾਂ ਪ੍ਰੋਫੈਸਰ (13 ਸਾਲ) ਤੇ ਫਿਰ ਪ੍ਰਿੰਸੀਪਲ (21 ਸਾਲ)
ਯੂਨੀਵਰਸਟੀ ਪੁਜ਼ੀਸ਼ਨਾਂ: ਸੈਨੇਟਰ, ਸਿੰਡਕ ਤੇ ਡੀਨ ਐਜੂਕੇਸ਼ਨ ਫੈਕਲਟੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ
ਸਪੋਰਟਸ: ਰੋਲ ਆਫ ਆਨਰਜ਼ ਡੀ ਏ ਵੀ ਕਾਲਜ ਜਾਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ। ਯੂਨੀਵਰਸਟੀ ਚੈਂਪੀਅਨ ਇਨ ਹੈਮਰ ਥਰੋ 1957। ਮੈਂਬਰ ਆਫ ਦਾ ਯੂਨੀਵਰਸਟੀ ਐਥਲੈਟਿਕਸ ਟੀਮ 1957, 1958.
ਸ਼ੌਂਕ: ਲਿੱਖਣਾ ਪੜ੍ਹਨਾ ਤੇ ਖੇਡਾਂ - ਕਿਤਾਬਾਂ: ਸਿੱਖਿਆ ਸਭਿਆਚਾਰ-ਵਿਰਸਾ ਤੇ ਵਰਤਮਾਣ, ਮੇਰੇ ਰਾਹਾਂ ਦੇ ਰੁੱਖ, ਰੰਗ ਕਨੇਡਾ ਦੇ, ਸੁਧਾਰ ਦੇ ਹਾਕੀ ਖਿਡਾਰੀ (ਰੀਲੀਜ਼ਿੰਗ), ਅਤੇ ‘ਕਿੱਸੇ ਕਨੇਡੀਅਨ ਪੰਜਾਬੀ ਬਾਬਿਆਂ ਦੇ’  ਅਤੇ ‘ਖਬਲ਼ ਦੀ ਪੰਡ’(ਤਿਆਰੀ ਅਧੀਨ)
ਵਰਤਮਾਨ ਕਾਰਜ: ਸਰਟੀਫਾਈਡ ਟਰਾਂਸਲੇਟਰ – ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਤੇ ਮੀਡੀਆ ਡਾਇਰੈਕਟਰ ਉਲਡ ਏਜ ਬੈਨੀਫਿਟ ਫੋਰਮ, ਕਨੇਡਾ (ਰਜਿਸਟਰਡ)
ਪਤਾ: ਕਨੇਡਾ – 33 ਈਗਲਸਪਰਿੰਗਜ਼ ਕਰੈਜ਼ੰਟ, ਬਰੈਂਪਟਨ, ਉਨਟਾਰੀਓ, L6P 2V8, ਕਨੇਡਾ
ਫੋਨ ਨੰ:
(905) – 450 – 6468 ਐਂਡ 647 – 402 - 2170.