You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕਿਰਪਾਲ ਸਿੰਘ ਪੰਨੂ-ਇਕ ਪ੍ਰੋਫ਼ਾਈਲ

ਲੇਖ਼ਕ

Wednesday, 09 May 2018 09:49

ਕਿਰਪਾਲ ਸਿੰਘ ਪੰਨੂ-ਇਕ ਪ੍ਰੋਫ਼ਾਈਲ

Written by
Rate this item
(0 votes)

ਅੱਧੀ ਸਦੀ ਤੋਂ ਵੱਧ ਪਹਿਲਾਂ ਸਾਡੇ ਨਾਮਧਰੀਕ ਸਿਆਣੇ, ਸੁਘੜ ਸਿਆਸੀ ਤੇ ਨਾਮਧਾਰਮਕ ਆਗੂਆਂ ਨੇ ਪੰਜਾਬੀਆਂ ਵਿੱਚ ਇੱਕ ਸਮੁੰਦਰ ਜੇਡਾ ਪਾੜਾ ਪਾਇਆ ਸੀ। ਆਉਣ ਵਾਲੀਆਂ ਪੁਸ਼ਤਾਂ ਨੂੰ ਨਿਰਦਈ ਵੰਡ ਦੇ ਨਤੀਜਿਆਂ ਦੇ ਰਹਿਮ ਉਤੇ ਛੱਡ ਕੇ ਉਹ ਆਪ ਤਾਂ ਪਤਾ ਨਹੀਂ ਕਿਧਰ ਚਲੇ ਗਏ ਪਰ ਉਸ ਪਾੜੇ ਦੀ ਪੀੜ ਦੀਆਂ ਚੀਸਾਂ ਦੁਫ਼ਾੜੇ ਪੰਜਾਬੀਆਂ ਦੇ ਦਿਲਾਂ ਤੇ ਦਿਮਾਗ਼ਾਂ ਵਿੱਚੋਂ ਅੱਜ ਵੀ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਸਿਆਣੇ, ਮੁਦੱਬਰ ਤੇ ਪੂਜਨੀਕਾਂ ਦੇ ਪੂਰਨਿਆਂ ਨੇ ਘੱਗ ਵਸਦੀ ਵਸੋਂ ਵਿੱਚ ਕਈ ਹੋਰ ਪਾੜ ਪਾਏ ਸਨ ਪਰ ਸਭ ਤੋਂ ਸੰਗੀਨ ਤੇ ਕਠੋਰ ਪਾੜਾ ਪੰਜਾਬੀਆਂ ਦੀ ਭਾਸ਼ਾ ਜਾਂ ਜ਼ੁਬਾਨ ਵਿੱਚ ਪਿਆ।

ਨਤੀਜੇ ਵਜੋਂ, ਦੁਸ਼ਵਾਰੀ ਇਹ ਆਈ ਕਿ ਸਰਹੱਦ ਦੇ ਪਰਲੇ ਪਾਰ ਜੋ ਕੁਝ ਲਿਖਿਆ/ਪੜ੍ਹਿਆ ਜਾਂਦਾ ਹੈ ਉਹ ਇਸ ਪਾਰ ਲਿਖਿਆ/ਪੜ੍ਹਿਆ/ਸਮਝਿਆ ਨਹੀਂ ਸੀ ਜਾ ਸਕਦਾ; ਅਤੇ ਜੋ ਇਸ ਪਾਰ ਲਿਖਿਆ ਜਾਂਦਾ ਹੈ ਉਹ ਉਧਰ ਨਹੀਂ ਸੀ ਲਿਖਿਆ/ਪੜ੍ਹਿਆ/ਸਮਝਿਆ ਜਾ ਸਕਦਾ।

ਕੁਝ ਸਾਲ ਪਹਿਲਾਂ, ਮੈਂ ਕਿਰਪਾਲ ਸਿੰਘ ਪੰਨੂੰ ਦੀ ਕੁਰਸੀ ਦੇ ਨਾਲ ਸੱਜੇ ਪਾਸੇ ਉਸ ਦੇ ਸਿਸਟਮ-ਮਾਨੀਟਰ ਉੱਤੇ ਅੱਖਾਂ ਟਿਕਾਈ ਬੈਠਾ ਸਾਂ ਜਿੱਥੇ ਮੈਂ ਇੱਕ ਅਨੋਖਾ ਕਰਤਬ ਵੇਖਿਆ। ਉਸ ਚਾਰਦਵਾਰੀ, ਜਿਸ ਨੂੰ ਕਲਾਸੀਕੀ ਸ਼ਬਦਾਵਲੀ ਵਿੱਚ ਭੋਰਾ ਕਹਿਣਾ ਸੱਚ ਤੋਂ ਬਹੁਤਾ ਦੂਰ ਨਹੀਂ, ਵਾਲਾ ਕਮਰਾ ਭਾਵੇਂ ਆਧੁਨਿਕ ਸਾਜ਼ੋ-ਸਮਾਨ ਨਾਲ ਸਜਿਆ ਹੋਇਆ ਦਿਸਦਾ ਸੀ ਪਰ ਜੋ ਨਹੀਂ ਸੀ ਦਿਸਦਾ ਉਹ ਸੀ ਪਰੰਪਰਕ ਲਟਬੌਰੀਆ, ਜਟਾ-ਜੂਟ ਸਾਧ-ਸਾਧਨਾਂ ਵਾਲਾ ਯੋਗੀ। ਅਜੋਕੇ ਪੰਜਾਬੀ ਵਰਤ-ਵਿਹਾਰ, ਲੈਣ-ਦੇਣ, ਲੱਕ ਤੋੜਵੀਂ ਭੱਜ-ਦੌੜ, ਖਿੱਚ-ਧੂਹ ਦੇ ਮਾਹੌਲ ਤੋਂ ਕੋਹਾਂ ਦੂਰ ਉਹ ਇੱਕ ਬੌਰੇ ਸਾਧ ਵਾਂਗ ਆਪਣੇ ਪ੍ਰੌਜੈਕਟ ਦੀ ਲਗਨ ਵਿੱਚ ਲੀਨ ਇੱਕ ਸੁਰ-ਮਨ-ਤਨ, ਇਕਹਿਰੀ ਬਿਰਤੀ ਦੀ ਤਸਵੀਰ ਬਣਿਆ ਬੈਠਾ ਦਿਸਦਾ ਹੈ। ਉਹ ਵਰਡ-ਪਰੋਸੈੱਸਿੰਗ ਅਤੇ ਮੈਕਰੋਜ਼ ਸਿਰਜਣਾ ਦੇ ਅਣਦਿਸਦੇ ਸੰਸਾਰ ਵਿੱਚ ਮੁਕੰਮਲ ਤੌਰ ਤੇ ਗੁਆਚਾ ਹੋਇਆ ਪ੍ਰਤੀਤ ਹੁੰਦਾ ਹੈ।

ਜੇਕਰ ਡੂੰਘੀ ਨੀਝ ਨਾਲ ਵੇਖਿਆ ਜਾਵੇ ਤਾਂ ਉਸ ਸਾਧ ਨੂੰ ਪੰਨੂੰ ਦੇ ਰੂਪ ਵਿੱਚੋਂ ਵੇਖਣਾ ਮੁਸ਼ਕਲ ਨਹੀਂ। ਉਹ ਅਜੋਕੇ ਸਮੇਂ ਦੇ ਸਾਧ ਵਾਂਗ ਉਸ ਭੋਰੇ ਵਿੱਚ, ਆਪ-ਸਹੇੜੀ ਕੈਦ ਨੂੰ ਗਲ਼ ਲਾਈਂ, ਜੀਵਨ ਦਾ ਬਹੁਤਾ ਸਮਾਂ ਅਤੇ ਊਰਜਾ ਇਸੇ ਹੀ ਚਾਰਦਿਵਾਰੀ ਵਿੱਚ ਸ਼ਰਫ਼ ਕਰਦਾ ਹੈ। ਇਸ ਘਾਲ ਦੇ ਨਤੀਜੇ ਵਜੋਂ ਉਸ ਨੇ ਮੈਕਰੋਜ਼ ਦਾ ਇੱਕ ਤਰ੍ਹਾਂ ਦਾ ਅਜਿਹਾ ਜਿੰਨ ਸਿਰਜਿਆ ਹੈ ਜੋ ਪੰਜਾਬੀ ਲਿਖਤ ਨੂੰ ਸਾਡੀਆਂ ਅੱਖਾਂ ਸਾਮ੍ਹਣੇ ਅੱਖ ਦੇ ਫ਼ੋਰੇ ਵਿੱਚ ਇੱਕ ਫ਼ੌਂਟ ਤੋਂ ਦੂਜੇ ਫ਼ੌਂਟ ਵਿੱਚ ਬਦਲਨ ਦਾ ਮੁਅੱਜਜ਼ਾ ਕਰ ਵਿਖਾਉਂਦਾ ਹੈ।

ਮਿਸਾਲ ਵਜੋਂ, ਉਸ ਨੇ ਪੰਜਾਬੀ ਦੀ ਗੁਰਮੁਖੀ ਅੱਖਰਾਂ ਵਿੱਚ ਇੱਕ ਫ਼ਾਈਲ ਖੋਲ੍ਹੀ ਤੇ ਫ਼ਿਰ ਉਸ ਨੇ ਫ਼ਂਟ ਬਦਲੀ ਕਰਨ ਵਾਲੇ ਜਿੰਨ (ਮੈਕਰੋ) ਨੂੰ ਮਾਊਸ ਦੀ ਇੱਕ ਕਲਿੱਕ ਨਾਲ ਹੁਕਮ ਦਿੱਤਾ ਕਿ ਇਸ ਨੂੰ ਸ਼ਾਹਮੁਖੀ ਵਿੱਚ ਬਦਲ ਦੇਵੇ। ਮੈਕਰੋ ਦੇ ਅਣਦ੍ਰਿਸ਼ਟ ਜਿੰਨ ਨੇ ਬੇਜ਼਼ੁਬਾਨ ਭਾਸ਼ਾ ਵਿੱਚ ਜ਼ਰੂਰ ਕਿਹਾ ਹੋਣੈਤੁਹਾਡਾ ਹੁਕਮ ਸਿਰ ਮੱਥੇਤੇ ਮੇਰੀਆਂ ਅੱਖਾਂ ਮੂਹਰੇ ਕਈ ਤਰ੍ਹਾਂ ਦੇ ਬੇਸ਼ਕਲ ਚਿੰਨ੍ਹ-ਚੱਕਰ ਤੇ ਨਾ ਸਮਝ ਆਉਣ ਵਾਲੇ ਅੱਖਰ, ਉਨ੍ਹਾਂ ਦੇ ਪਿੰਜਰ, ਉਨ੍ਹਾਂ ਦੀਆਂ ਟੁੱਟੀਆਂ ਭੱਜੀਆਂ ਲੱਤਾਂ-ਬਾਹਾਂ ਅਤੇ ਦੂਜੇ ਅੰਗ ਸਕਰੀਨ ਉਤੇ ਉਘੜ-ਦੁਘੜ, ਛਾਲਾਂ ਮਾਰਦੇ ਦਿਸੇ। ਕੁਝ ਹੀ ਸਕਿੰਟਾਂ ਵਿੱਚ ਝੱਖੜ ਵਿੱਚ ਬੇਤੁਕ ਤੇ ਬੇਰੁਖ਼ ਉਡੇ ਫਿਰਦੇ ਬੇਅਰਥ ਚਿੰਨ੍ਹਾਂ ਦੇ ਘਮਸਾਨ ਵਿੱਚੋਂ ਅਰਥ ਉਘੜਣੇ ਸੁ਼ਰੂ ਹੋ ਗਏ। ਹੁਣ ਮੇਰੇ ਸਾਮ੍ਹਣੇ ਸ਼ਾਹਮੁਖੀ ਵਿੱਚ ਇੱਕ ਸਪੱਸ਼ਟ ਟੈਕਸਟ ਸੀ ਜਿਸ ਨੂੰ ਮੈਂ ਉਸੇ ਹੀ ਸਹਿਜ ਤੇ ਸਪੀਡ ਨਾਲ ਪੜ੍ਹ ਸਕਦਾ ਸਾਂ ਜਿਸ ਨਾਲ ਮੂਲ ਗੁਰਮੁਖੀ ਟੈਕਸਟ ਨੂੰ। ਵੱਧ ਹੈਰਾਨੀ ਵਾਲੀ ਗੱਲ ਇਹ ਕਿ ਇਸ ਫ਼ੌਂਟ ਬਦਲੀ ਦੀ ਪ੍ਰਕਿਰਿਆ ਵਿੱਚ ਸਮਤੋਲ਼ ਲਿੱਪੀ ਖੱਬਿਉਂ ਸੱਜੇ ਵੱਲ ਲਿਖੀ ਜਾਂਦੀ ਹੈ, ਜਦ ਕਿ ਸ਼ਾਹਮੁਖੀ ਸੱਜਿਉਂ ਖੱਬੇ ਨੂੰ ਲਿਖੀ ਜਾਂਦੀ ਹੈ। ਇਨ੍ਹਾਂ ਮੂਲੋਂ ਮੁਤਜ਼ਾਦ ਲਿੱਪੀਆਂ ਨੂੰ ਇੱਕੋ ਮੈਕਰੋ ਵੱਸ ਕਰਨ ਦਾ ਮਹੱਤਵ ਹੋਰ ਵੀ ਵੱਧ ਹੁਨਰ ਤੇ ਯੋਗਤਾ ਦੀ ਮੰਗ ਕਰਦਾ ਹੈ, ਜੋ ਕਿਰਪਾਲ ਸਿੰਘ ਪੰਨੂੰ ਦੀ ਸਿਆਣਪ, ਸਿਰੜ ਤੇ ਸਾਧਨਾ ਦੀ ਭਰਵੀਂ ਗਵਾਹੀ ਭਰਦਾ ਹੈ।

ਬਾਈਬਲ ਦੀ ਇੱਕ ਪ੍ਰਸਿੱਧ ਮਿੱਥ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਮੂਸਾ, ਯਹੂਦੀਆਂ ਦਾ ਪੈਗ਼ੰਬਰ ਅਤੇ ਉਨ੍ਹਾਂ ਦਾ ਧਾਰਮਿਕ ਕਨੂੰਨਦਾਤਾ, ਪੈਰੋਕਾਰਾਂ ਦੀ ਵਹੀਰ ਨੂੰ ਮਿਸਰ ਤੋਂ ਖਲ਼ਾਸੀ ਦਵਾਉਣ ਲਈ ਹਿਜਰਤ ਦੇ ਰਾਹ ਟੁਰਿਆ ਤਾਂ ਵੈਰੀ ਮਿਸਰੀ ਫ਼ੌਜਾਂ ਨੇ ਉਸ ਵਹੀਰ ਦਾ ਪਿੱਛਾ ਕੀਤਾ। ਪੁਰਾਣੀ ਟੈਸਟਾਮੈਂਟ ਦੀ ਕਥਿਤ ਘਟਣਾ ਅਨੁਸਾਰ ਰੈੱਡ-ਸੀ(ਲਾਲ ਸਮੁੰਦਰ) ਨੂੰ ਪਾਰ ਕਰਨ ਦੀ ਹੇਮ-ਆਕਾਰੀ ਚਣੌਤੀ ਸਾਮਹਣੇ ਖਲੋਤੀ ਪਰ ਮੂਸਾ ਨੇ ਬਾਹਵਾਂ ਆਕਾਸ਼ ਵੱਲ ਚੱਕ ਕੇ ਦੁਆ ਕੀਤੀ ਤੇ ਇੱਕ ਕੌਤਕ ਵਰਤਿਆ; ਸਮੁੰਦਰ ਦੇ ਅਥਾਹ ਤੇ ਅਮੋੜ ਪਾਣੀ ਦਾ ਪਸਾਰ ਵਿੱਚੋਂ ਫਟ ਕੇ ਅਲੋਪ ਹੋ ਗਿਆ ਤੇ ਸਮੁੰਦਰ ਵਿੱਚੋਂ ਸੁਕਾ ਹੋ ਗਿਆ। ਇੰਜ ਮੂਸਾ ਦੇ ਯਹੂਦੀ ਪੈਰੋਕਾਰ ਸਮੁੰਦਰ ਪਾਰ ਹੋ ਗਏ ਪਰ ਜਦ ਮਿਸਰ ਦੀਆਂ ਫ਼ੌਜਾਂ ਸਮੁੰਦਰ ਵਿੱਚ ਦਾਖ਼ਲ ਹੋਈਆਂ ਤਾਂ ਪਾਣੀ ਪਹਿਲਾਂ ਵਾਂਗ ਉੱਪਰ ਉੱਠ ਖਲੋਤਾ ਤੇ ਮਿਸਰੀ ਫੌਜਾਂ ਨੂੰ ਆਪਣੀ ਲਪੇਟ ਵਿੱਚ ਰੋੜ੍ਹ ਕੇ ਲੈ ਲਿਆ। ਇਸ ਤਰ੍ਹਾਂ ਮੂਸਾ ਦੇ ਮੁਅਜਜ਼ੇ ਸਦਕਾ ਸਮੁੰਦਰ ਦਾ ਪਾੜ ਮਿਟ ਗਿਆ ਤੇ ਯਹੂਦੀ ਪੈਰੋਕਾਰਾਂ ਦੀ ਵਹੀਰ ਭਵਸਾਗਰ ਪਾਰ ਕਰ ਗਈ।

ਮੈਂ ਇਹ ਨਹੀਂ ਕਹਿੰਦਾ ਕਿ ਪੰਨੂੰ ਦਾ ਮੁਅਜਜ਼ਾ ਮੂਸਾ ਦੇ ਕੌਤਕ ਦੇ ਬਰਾਬਰ ਦਾ ਹੈ ਪਰ ਅਸਲੀਅਤ ਇਹ ਹੈ ਕਿ 60 ਸਾਲਾਂ ਤੋਂ ਗੁੰਗੇ ਅੱਖਰਾਂ ਨੂੰ ਅਰਥ ਦੇਣ ਤੇ ਬੋਲਣ ਦੇ ਸਮਰੱਥ ਬਣਾਉਣ ਦਾ ਮੁਅਜਜ਼ਾ ਸਾਡੇ ਅੱਜ ਦੇ ਮੂਸਾ-ਪੰਨੂੰ ਨੇ ਕਰ ਵਿਖਾਇਆ ਹੈ। ਇਸ ਘਾਲ ਦੇ ਸਹੀ ਅਰਥਾਂ ਦਾ ਅੰਦਾਜ਼ਾ ਹਰ ਕੋਈ ਨਹੀਂ ਲਾ ਸਕਦਾ ਕਿਉਂਕਿ ਸਾਧਾਰਨ ਮਨੁੱਖ ਰੋਜ਼ੀ ਰੋਟੀ ਦੇ ਗੇੜ ਵਿੱਚ ਗੁਆਚਾ ਇਸ ਕਾਢ ਦੇ ਪੂਰਨ ਪਰਣਾਮ ਤੋਂ ਕੋਰਾ ਰਹੇਗਾ। ਇਸ ਘਾਲ ਰਾਹੀਂ ਸਮੇਂ ਤੇ ਸਥਾਨ ਦੀ ਇਸ ਖਲ਼ੀਜ ਉਪਰ ਇੱਕ ਭਰੋਸੇਯੋਗ ਪੁਲ ਬਣਾਉਣ ਦਾ ਕੰਮ ਪੰਨੂੰ ਨੇ ਕਰ ਵਿਖਾਇਆ ਹੈ। ਇਸ ਉਦਮ ਦੀ ਮਹੱਤਤਾ ਪੰਜਾਬੀ ਫੌਂਟ-ਜਗਤ ਵਿੱਚ ਮੂਸਾ ਦੇ ਮੁਅਜਜ਼ੇ ਵਾਂਗ ਇੱਕ ਮਿਥਿਕ ਤੇ ਵਰਨਣਯੋਗ ਘਟਨਾ ਮੰਨੀ ਜਾਂਦੀ ਰਹੇਗੀ ਜਦੋਂ ਤੀਕ ਕੰਪਿਊਟਰ ਸੰਸਾਰ ਵਿੱਚ ਵੱਧ ਕੌਤਕੀ ਕਾਰਾ ਨਹੀਂ ਵਰਤਦਾ।

ਇਹ ਕਾਰਜ ਕਿਰਪਾਲ ਸਿੰਘ ਪੰਨੂੰ ਨੇ ਜਾਦੂ ਦੀ ਸੋਟੀ ਰਾਹੀਂ ਨਹੀਂ ਸਗੋਂ ਕੰਪਿਊਟਰ ਦੇ ਭੇਦਭਰੇ ਕੋਡਾਂ ਦੇ ਜਾਦੂ ਸਹਾਰੇ ਦਿਨ ਰਾਤ ਇੱਕ ਕਰ ਕੇ ਕਰ ਵਿਖਾਇਆ ਹੈ। ਉਸ ਨੇ ਭਾਰਤ ਤੇ ਪਾਕਿਸਤਾਨ ਦੀ ਬਾਰਡਰ ਦੇ ਦੋਹਾਂ ਪਾਸੇ ਦੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਜਿਵੇਂ ਇੱਕ ਵਾਰੀ ਫਿਰ ਗਲਵਕੜੀ ਪੁਆ ਦਿੱਤੀ ਹੈ। ਉਨ੍ਹਾਂ ਦੇ 60 ਸਾਲਾਂ ਦੇ ਅਧੂਰੇ ਸੁਫ਼ਨਿਆਂ ਨੂੰ ਸਾਕਾਰਤਾ ਦੇ ਵਸਤਰ ਪਵਾ ਦਿੱਤੇ ਹਨ। ਹੁਣ ਇੱਕ ਵਾਰੀ ਫ਼ਿਰ ਉਹ ਇੱਕ ਦੂਜੇ ਦੇ ਹਾਵ-ਭਾਵ, ਜਜ਼ਬਿਆਂ, ਦੁੱਖਾਂ ਸੁੱਖਾਂ ਦੀ ਵਾਰਤਾ ਦੀ ਸਾਂਝ ਦੇ ਭਾਈਵਾਲ ਹੋ ਸਕਣਗੇ। ਇਸ ਮਿਹਨਤ ਅਤੇ ਇਸ ਦੇ ਸਿੱਟੇ ਦੇ ਫ਼ਲ਼ਸਰੂਪ ਨੇੜਤਾ ਦਾ ਜੋ ਨਿੱਘ ਅਸੀਂ ਹੁਣ ਮਾਣ ਸਕਾਂਗੇ ਤੇ ਜੋ ਲਾਭ ਆਉਂਦੇ ਸਮੇਂ ਵਿੱਚ ਪੰਜਾਬੀ ਲੈ ਸਕਣਗੇ ਉਹ ਸੱਚੀ ਮੱਚੀ ਸਾਡੇ ਨੇਤਰਾਂ ਦਾ ਵਿਸਤਾਰ ਬਣ ਨਿੱਬੜੇਗਾ; ਇਸ ਸਾਰੀ ਘਾਲ ਦਾ ਸਿਹਰਾ ਪੰਨੂੰ ਦੇ ਗੰਭੀਰ ਪਰ ਉਤਸੁਕ ਸ਼ਖ਼ਸੀਅਤ ਦੀ ਸ਼ੋਭਾ ਬਣਦਾ ਹੈ।

ਕਿਰਪਾਲ ਸਿੰਘ ਪੰਨੂੰ ਇੱਕ ਅਜੀਬ ਵਿਅਕਤੀ ਹੈ ਜੋ ਆਪਣੇ ਅੰਦਰ ਇੱਕ ਰਹੱਸ ਭਰਪੂਰ ਅਲੌਕਿਕ ਸੰਸਾਰ ਲਕੋਈ ਬੈਠਾ ਰਹਿੰਦਾ ਹੈ। ਇਹ ਹੀ ਕਾਰਨ ਹੈ ਕਈਆਂ ਨੂੰ ਇਸ ਦੇ ਕਦ-ਬੁਤ ਬਾਰੇ ਭੁਲੇਖਾ ਵੀ ਪੈ ਸਕਦਾ ਹੈ। ਕਿਸੇ ਵੇਲੇ ਮੈਂ ਵੀ ਉਨ੍ਹਾਂ ਵਿੱਚੋਂ ਇੱਕ ਸਾਂ। ਉਸ ਦੇ ਸ਼ਬਦ ਉਸ ਦੇ ਅੰਦਰ ਦੇ ਲਖਾਇਕ ਨਹੀਂ ਬਣ ਸਕੇ; ਉਹ ਸਦਾ ਹੀ ਅੰਦਰ ਦੇ ਸਹੀ ਪੰਨੂੰ ਨੂੰ ਅਭਿਵਿਅਕਤ ਕਰਨ ਵਿੱਚ ਊਣੇ ਰਹੇ ਹਨ। ਇਹ ਹੀ ਕਾਰਨ ਹੈ ਕਿ ਸਾਡੇ ਆਲੇ ਦੁਆਲੇ ਵਿੱਚ ਉਹ ਬਹੁਤ ਘੱਟ ਸਮਝਿਆ ਗਿਆ ਮਨੁੱਖ ਹੈ।

ਮੈ ਉਸ ਦੇ ਸ਼ਬਦਾਂ ਦਾ ਸ਼ੈਦਾਈ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਉਸ ਦੀ ਸ਼ਕਤੀ ਉਸ ਦੇ ਵਿਅਕਤਿਤਵ ਦੀ ਕਿਸੇ ਹੋਰ ਨੁੱਕਰੇ ਮੌਜੂਦ ਹੈ।

ਉਸ ਅੰਦਰ ਬੇ-ਇੰਤਹਾ ਸਿਰੜ ਹੈ। ਉਸ ਨੂੰ ਕਹੋ ਕਿ 500 ਸਫ਼ੇ ਦੋ ਦਿਨ ਵਿੱਚ ਕੰਪਿਊਟਰ ਉਤੇ ਚਾੜ੍ਹ ਕੇ ਆਰਾਮ ਕਰਨਾ ਹੈ ਤਾਂ ਇਹ ਕਠਨ ਕਾਰਜ ਉਸ ਦੇ ਸਿਰੜ ਦੀ ਚਣੌਤੀ ਬਣ ਖਲੋਂਦਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਹਮੇਸ਼ਾ ਅਜਿਹੀਆਂ ਵੱਡ-ਆਕਾਰੀ ਚਣੌਤੀਆਂ ਦਾ ਹਾਣੀ ਸਾਬਤ ਹੋਇਆ ਹੈ। ਇਹ ਦ੍ਰਿਸ਼ ਆਪਣੇ ਆਪ ਵਿੱਚ ਕੋਈ ਘੱਟ ਗੌਰਵ ਵਾਲਾ ਨਹੀਂ ਕਿ ਜਿੱਤੇ ਹੋਏ ਭਲਵਾਨ ਵਾਂਗ ਉਹ ਚਣੌਤੀ ਨੂੰ ਚਿੱਤ ਕਰੀ ਬੈਠਾ ਦਿੱਸਦਾ ਹੈ, ਜੇ ਮੇਰੇ ਵੱਲੋਂ ਚਿਤਰੀ ਤਸਵੀਰ ਅਸਲੀਅਤ ਦਾ ਸਹੀ ਸਾਥ ਦਿੰਦੀ ਹੈ ਤਾਂ ਮੈਂ ਨਿਸ਼ਚੇ ਨਾਲ ਕਹਿ ਸਕਦਾਂ ਕਿ ਉਹ ਚਣੌਤੀਆਂ ਦਾ ਹਾਣੀ ਨਹੀਂ ਸਗੋਂ ਉਨ੍ਹਾਂ ਉਪਰ ਕਾਠੀ ਪਾ ਕੇ ਸ਼ਾਹਸਵਾਰ ਬਣ ਕੇ ਨਿੱਤਰਿਆ ਹੈ।

ਇਹ ਸੀ ਇੱਕ ਮੁਅਜਜ਼ਾ ਜੋ ਕਿਰਪਾਲ ਸਿੰਘ ਪੰਨੂੰ ਦੀ ਕਈ ਸਾਲਾਂ ਦੀ ਲਗਾਤਾਰ ਸਾਧਨਾ ਦੀ ਹੱਦ ਛਂਹਦੀ ਲਗਨ ਦੀ ਕੁਠਾਲੀ ਵਿੱਚੋਂ ਜੰਮਿਆ ਹੈ ਅਤੇ ਜਿਸ ਨੇ, ਜਿਵੇਂ ਮੈਂ ਮੁੱਢ ਵਿੱਚ ਇਸ਼ਾਰਾ ਕੀਤਾ ਹੈ, ਵੱਖ ਵੱਖ ਲਿੱਪੀਆਂ ਦੀ ਵਰਤੋਂ ਕਰਨ ਵਾਲੇ ਦੋ ਪੰਜਾਬੀਆਂ ਵਿਚਕਾਰ ਵਗਦੇ ਸਾਗਰ ਆਕਾਰੀ ਪਾੜੇ ਨੂੰ ਮੇਟ ਕੇ ਰੱਖ ਦਿੱਤਾ ਹੈ। ਵਿਸ਼ੇਸ਼ ਕਰ ਕੇ, ਦੋ ਪੰਜਾਬਾਂ ਦਰਮਿਆਨ ਖਲੋਤੇ ਲਿੱਪੀ ਦੇ ਪਹਾੜ ਨੂੰ ਇੱਕੋ ਸਟਰੋਕ (ਝਟਕੇ) ਨਾਲ ਪੱਧਰਾ ਕਰ ਦਿੱਤਾ ਹੈ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਯਤਨ ਨਾਲ ਦੋ ਪੰਜਾਬੀ ਭਾਈਚਾਰਿਆਂ ਨੂੰ (ਜੋ ਦੇਸ਼ ਦੀ ਵੰਡ ਪਿੱਛੋਂ ਇੱਕ ਦੂਜੇ ਦੀ ਬੋਲੀ ਤਾਂ ਸਮਝਦੇ ਸਨ ਪਰ ਇੱਕ ਦੂਜੇ ਦੀ ਲਿਖਤ ਪੜ੍ਹਨ ਤੋਂ ਅਸਮਰੱਥ ਸਨ) ਇੱਕ ਦੂਜੇ ਦੀ ਕਥਾ-ਵਾਰਤਾ ਪੜ੍ਹਨ ਦੇ ਸਮਰੱਥ ਬਣਾ ਦਿੱਤਾ ਹੈ। ਇਹ ਮੈਕਰੋ ਪੰਜਾਬੀ ਲੇਖਕਾਂ ਤੇ ਪਾਠਕਾਂ ਅਤੇ ਖ਼ਾਸ ਕਰ ਕੇ ਵਰਡ ਪਰੌਸੈੱਸਰ ਵਿੱਚ ਗੁਰਮੁਖੀ ਅੱਖਰਾਂ ਤੇ ਸ਼ਾਹਮੁਖੀ ਅੱਖਰਾਂ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਅਨੂਠਾ ਤੁਹਫ਼ਾ ਸਾਬਤ ਹੋਇਆ ਹੈ। ਟੈਕਨੌਲੋਜੀ ਦੇ 30 ਸਾਲਾਂ ਦੇ ਸੰਖੇਪ ਪਰ ਨਿੱਤ ਆਉਂਦੀਆਂ ਤਬਦੀਲੀਆਂ ਤੇ ਕਾਢਾਂ ਦੇ ਇਤਿਹਾਸ ਦੇ ਸੰਦਰਭ ਵਿੱਚ ਇਸ ਦੇ ਵਿਕਾਸ-ਪਥ ਬਾਰੇ ਭਵਿੱਖਬਾਣੀ ਕਰਨੀ ਅਸੰਭਵ ਹੈ ਕਿਉਂਕਿ ਜਿਹੜਾ ਕੰਪਿਊਟਰ 30 ਸਾਲ ਪਹਿਲਾਂ ਧਨਾਡਾਂ ਦੀ ਪਹੁੰਚ ਵਿੱਚ ਸੀ ਹੁਣ ਉਹ ਸਾਧਾਰਨ ਬੱਚਾ ਜੇਬ ਵਿੱਚ ਪਾਈ ਫ਼ਿਰਦਾ ਹੈ। ਵਿਕਾਸ ਦੀ ਇਸ ਇਕੱਥ ਤੇ ਬੇਇੰਤਹਾਅ ਤੇਜ਼ ਗਤੀ ਨੂੰ ਸਾਮ੍ਹਣੇ ਰੱਖਦਿਆਂ ਇਹ ਕਹਿਣਾ ਔਖਾ ਹੈ ਕਿ ਇਸ ਦਾ ਲਾਭ ਭਵਿੱਖ ਵਿੱਚ ਕਿੰਨੀਆਂ ਪੁਸ਼ਤਾਂ ਲੈਣਗੀਆਂ।

1947 ਪਿਛੋਂ ਪੈਦਾ ਹੋਈ ਪੰਜਾਬੀ ਪਨੀਰੀ ਨੰ ਕਿਰਪਾਲ ਸਿੰਘ ਪੰਨੂੰ ਦੇ ਇਸ ਯਤਨ ਨੇ ਇਸ ਕਾਬਲ ਬਣਾ ਦਿੱਤਾ ਹੈ ਕਿ ਉਨ੍ਹਾਂ ਚਿੰਨ੍ਹਾਂ, ਜੋ ਹੁਣ ਤਕ ਉਨ੍ਹਾਂ ਲਈ ਬੇਅਰਥ, ਵਿੰਗੀਆਂ-ਟੇਡੀਆਂ ਲਕੀਰਾਂ ਤੋਂ ਵੱਧ ਅਰਥ ਨਹੀਂ ਸਨ ਰਖਦੇ, ਵਿੱਚ ਸਾਰਥਕਤਾ ਦੇ ਅਰਥ ਭਰ ਦਿੱਤੇ ਹਨ। ਇੱਕ ਵਿਸੇ਼ਸ਼ ਅਰਥਾਂ ਵਾਲੇ ਵਿਸ਼ੇਸ਼ ਘੇਰੇ ਅੰਦਰ, ਜਿਵੇਂ ਨੇਤਰਹੀਣ ਪੰਜਾਬੀਆਂ ਨੂੰ ਨੇਤਰ ਬਖ਼ਸ਼ ਦਿੱਤੇ ਗਏ ਹੋਣ। ਇਹ ਪਰਉਪਕਾਰੀ ਕਰਤਵ ਬਹੁਤਿਆਂ ਲਈ ਬਹੁ-ਮੁੱਲੀ ਸੁਗਾਤ ਬਣ ਕੇ ਝੋਲ਼ੀ ਪਿਆ ਹੈ। ਇਹ ਸੁਗਾਤ ਅਜਿਹੀ ਨਹੀਂ ਜਿਸ ਨੂੰ ਅਸੀਂ ਦੋ ਘੰਟਿਆਂ ਜਾਂ ਦੋ ਦਿਨਾਂ ਜਾਂ ਦੋ ਮਹੀਨਿਆਂ ਵਿੱਚ ਵਰਤ ਕੇ ਫਿਰ ਭੁਲ-ਭੁਲਾ ਜਾਵਾਂਗੇ, ਸਗੋਂ ਇਸ ਦਾ ਲਾਭ ਦਹਾਕਿਆਂ ਤਾਈਂ ਪ੍ਰਾਪਤ ਹੁੰਦਾ ਰਹੇਗਾ।

ਕੀ ਇਹ ਕੋਈ ਘੱਟ ਮਹੱਤਵ ਵਾਲੀ ਗੱਲ ਹੈ! ਅਸੀਂ ਸਰਹੱਦ ਦੇ ਪਾੜੇ ਪਿੱਛੇ ਖੜ੍ਹੇ ਇੱਕੋ ਭਾਸ਼ਾ ਬੋਲਣ ਵਾਲੇ ਦੋ ਪੰਜਾਬੀ, ਜਦੋਂ ਇੱਕ ਦੂਜੇ ਦੀ ਲਿਖਤ ਨੂੰ ਪੜ੍ਹਨ ਲਗਦੇ ਸਾਂ ਤਾਂ ਲਿੱਪੀ ਦੀ ਲੋਹੇ ਦੀ ਕੰਧ ਸਾਡੇ ਵਿਚਕਾਰ ਖਲੋਂਦੀ ਸੀ। ਇਸ ਲੋਹੇ ਦੀ ਕੰਧ ਨੂੰ ਕੰਪਿਊਟਰ ਦੇ ਕੀਅ-ਬੋਰਡ ਦੀ ਇੱਕੋ ਕਲਿੱਕ ਨਾਲ ਢਾਹ-ਢੇਰੀ ਕਰ ਦੇਣ ਵਾਲਾ ਤੋਹਫ਼ਾ ਸਾਨੂੰ ਪੰਨੂ ਦੀ ਮਿਹਨਤ ਤੇ ਸਿਰੜ ਦਾ ਰਿਣੀ ਬਣਾ ਦਿੰਦਾ ਹੈ।

ਹੁਣ ਗੱਲ ਆਉਂਦੀ ਹੈ ਇਸ ਤਸਵੀਰ ਦੇ ਦੂਜੇ ਪਾਸੇ ਦੀ ਭਾਵ ਬਾਬਾ ਫ਼ਰੀਦ ਜਾਂ ਸ਼ਾਹਮੁਖੀ ਵਿੱਚ ਰਚੀ ਲਿਖਤ ਨੂੰ ਸਮਤੋਲ਼ ਜਾਂ ਗੁਰਮੁਖੀ ਅੱਖਰਾਂ ਵਿੱਚ ਬਦਲਾਉਣ ਦੀ। ਕੀਅ-ਬੋਰਡ ਉਪਰ ਜਿਸ ਇੱਕੋ ਹੀ ਕਲਿੱਕ ਨੇ ਪਹਿਲਾ ਕ੍ਰਿਸ਼ਮਾ ਕਰ ਵਿਖਾਇਆ ਸੀ ਉਹੋ ਦੂਜੇ ਪਾਸੇ ਵੀ ਵੇਖਿਆ ਗਿਆ। ਜਿਵੇਂ ਪਹਿਲਾਂ ਇਸ਼ਾਰਾ ਕੀਤਾ ਗਿਆ ਹੈ ਕਿ ਸ਼ਾਹਮੁਖੀ ਲਿੱਪੀ ਵਿੱਚ ਰਚੀ ਲਿਖਤ ਸਮਤੋਲ/ਧਨੀਰਾਮ ਚਾਤ੍ਰਿਕ ਦਾ ਜਾਮਾ ਬਦਲ ਕੇ ਮੇਰੇ ਸਾਮ੍ਹਣੇ ਖੜ੍ਹੀ ਹੋਈ। ਇਸ ਵਿੱਚ ਕੁਝ ਕੁ ਗਲਿੱਚ (ਊਣਤਾਈਆਂ/ਉਕਾਈਆਂ) ਸਨ ਪਰ ਉਹ ਅਜਿਹੀਆਂ ਨਹੀਂ ਜੋ ਏਨੀਆਂ ਬੰਧਕਾਰੀ ਹੋਣ ਕਿ ਪੜ੍ਹਨ ਤੇ ਸਮਝਣ ਵਿੱਚ ਭਾਰੀ ਰੁਕਾਵਟ ਬਣਦੀਆਂ ਹੋਣ। ਸਾਨੂੰ ਕਦੇ ਨਹੀਂ ਭੁਲਣਾ ਚਾਹੀਦਾ ਕਿ ਭਾਸ਼ਾ ਦੇ ਉਚਾਰਨ ਦੀਆਂ ਸਾਰੀਆਂ ਸੁਰਾਂ ਅਤੇ ਇਸ ਨੂੰ ਲਿਖਤਬੰਦ ਜਾਂ ਅੰਕਤ ਕਰਨ ਵਾਲ਼ੇ ਅੱਖਰ ਚਿੰਨ੍ਹ ਕਦੇ ਵੀ ਸੰਪੂਰਨ ਨਹੀਂ ਹੋ ਸਕਦੇ, ਘੱਟੋ ਘੱਟ ਉਸ ਹੱਦ ਤੱਕ ਜਿਸ ਹੱਦ ਤਕ ਮਨੁੱਖੀ (vocal organ) ਗਲ਼ੇ ਦੀ ਆਵਾਜ਼ ਦੇ ਕਰੋੜਾਂ ਵਲ਼-ਪੇਚ ਤੇ ਉਤਰਾਅ-ਚੜ੍ਹਾ ਮੌਜੂਦ ਹੁੰਦੇ ਹਨ ਅਤੇ ਇਸ ਤੋਂ ਵੀ ਵੱਧ, ਉਚਾਰਨਾਂ ਅੰਦਰ ਸ਼ੇਡ ਅਤੇ ਉਪ-ਸ਼ੇਡ। ਜਿਵੇਂ ਮਨੁੱਖ ਦੇ ਅਣਗਿਣਤ ਰੂਪਾਂ ਨੂੰ ਉਤਾਰਨਾ ਅਸੰਭਵ ਹੁੰਦਾ ਹੈ ਓਵੇਂ ਹੀ ਇਸ ਵੋਕਲ ਆਰਗਨ ਦੀਆਂ ਟੋਨਾਂ, ਸੁਰਾਂ, ਧੁਨੀਆਂ ਨੂੰ ਸੰਪੂਰਨਤਾ ਦੀ ਹੱਦ ਤਕ ਅੰਕਤ ਕਰਨਾ ਅਸੰਭਵ ਕਾਰਜ ਹੈ। ਲਿੱਪੀ ਇੱਕ ਸਾਧਨ ਹੈ ਮਨੁੱਖੀ ਉਚਾਰਨ ਨੂੰ ਲਿਖਣ ਜਾਂ ਅੰਕਿਤ ਕਰਨ ਦਾ, ਪਰ 35, 45, 65 ਜਾਂ 100 ਜਾਂ ਹਜ਼ਾਰ ਚਿੰਨ੍ਹਾਂ ਰਾਹੀ ਮਨੁੱਖੀ ਆਵਾਜ਼ ਦੀਆਂ ਅਣਗਿਣਤ ਪਰਤਾਂ ਤੇ ਪਰਛਾਈਆਂ, ਉਤਰਾਵਾਂ ਚੜ੍ਹਾਵਾਂ ਨੂੰ ਅੰਕਤ ਕਰ ਦੇਣਾ ਮਨੁੱਖ ਦੀ ਸਿਰਜੀ ਲਿੱਪੀ ਦੇ ਵੱਸ ਦਾ ਕੰਮ ਨਹੀਂ (ਯਾਦ ਰਹੇ ਇਹ ਦਲੀਲ ਦੂਜੀਆਂ ਭਾਸ਼ਾਵਾਂ ਦੀਆਂ ਲਿੱਪੀਆਂ ਉਪਰ ਵੀ ਇਸੇ ਹੀ ਬਲ਼ ਨਾਲ ਲਾਗੂ ਹੁੰਦੀ ਹੈ) ਇਸ ਪਾਸੇ ਭਾਵ ਮਨੁੱਖੀ ਗਲ਼ੇ ਦੀ ਹਰ ਧੁਨੀ ਦੀ ਪੂਰਨਤਾ ਨੂੰ ਅੰਕਤ ਕਰਨ ਵੱਲੀਂ ਮਨੁੱਖ ਸਦਾ ਯਤਨਸ਼ੀਲ਼ ਰਿਹਾ ਹੈ ਤੇ ਰਹੇਗਾ ਵੀ। ਕਦੇ ਨਾ ਸਰ ਹੋਣ ਵਾਲੀ ਇਸ ਮੁਹਿੰਮ ਲਈ ਸੰਘਰਸ਼ ਦਾ ਸਿਲਸਿਲਾ ਚੱਲਦਾ ਰਹੇਗਾ। ਭਾਸ਼ਾ ਅਤੇ ਲਿੱਪੀ ਦੇ ਖੇਤਰਾਂ ਵਿੱਚ ਕੰਮ ਕਰਦੇ ਵਿਗਿਆਨੀ ਇਨ੍ਹਾਂ ਨੂੰ ਇੱਕ ਦੂਜੇ ਦੇ ਹਾਣੀ ਬਣਾਉਣ ਲਈ ਸਦਾ ਸੰਘਰਸ਼ ਕਰਦੇ ਰਹਿਣਗੇ। ਮੇਰਾ ਭਾਵ ਇਹ ਹੈ ਜੋ ਅਸੀਂ ਲਿਖਦੇ ਹਾਂ ਤੇ ਜੋ ਅਸੀਂ ਬੋਲਦੇ/ਪੜ੍ਹਦੇ ਹਾਂ ਉਨ੍ਹਾਂ ਵਿੱਚ ਸਦਾ ਇੱਕ ਅਣਲਿਖੀ ਲਕੀਰ ਦਾ ਅੰਸ਼ ਹਾਜ਼ਰ ਹੁੰਦਾ ਹੈ। ਜਿਵੇਂ ਬੋਲਾਂ ਰਾਹੀ ਮੈਂ ਜ਼ੋਰ ਦੇ ਕੇ ਸਮਝਾਅ ਸਕਾਂਗਾ ਕਿਸ਼ਰਮਾ ਸ਼ਰਮਾ ਕੇ ਚਲਾ ਗਿਆਪਰ ਪੜ੍ਹਨ ਲੱਗਿਆਂ ਮੇਰੇ ਅੰਦਰ ਉਹ ਸਮਝ ਸ਼ਰਮਾਂ ਨੂੰ ਦੂਜੇ ਨਾਲੋਂ ਵੱਖ ਤਰ੍ਹਾਂ ਬੋਲ ਕੇ ਪੜ੍ਹੇਗਾ। ਓਵੇਂ ਜਿਵੇਂ READ ਅਤੇ READ ਦੋ ਸ਼ਬਦ ਇੱਕੋ ਸ਼ਬਦ ਜੋੜ ਹੋਣ ਦੇ ਬਾਵਜੂਦ ਵੱਖ ਪ੍ਰਸੰਗ ਵਿੱਚ ਵੱਖ ਤਰ੍ਹਾਂ ਪੜ੍ਹੇ ਜਾਂਦੇ ਹਨ ਕੁਝ ਅਜਿਹਾ ਹੀ ਵਰਤਾਰਾ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਤਬਦੀਲੀ ਦੇ ਇੱਕ ਦੋ ਗਲਿੱਚਾਂ (ਊਣਤਾਈਆਂ) ਦਾ ਹੈ। ਕੁਝ ਇੱਕ ਚਿੰਨ੍ਹ ਹਨ ਜਿੰਨਾਂ ਵਿੱਚ ਓਪਰਾਪਨ ਹੈ ਪਰ ਮਨੁੱਖੀ ਦਿਮਾਗ਼ ਇਨ੍ਹਾਂ ਨਹਾਇਤ ਨਿੱਕੀਆਂ ਅੜਚਣਾਂ ਨੰ ਸਮਝਣ ਤੇ decipher ਕਰਨ ਵਿੱਚ ਮਾਹਰ ਹੈ। ਇੱਕ ਮਨੁੱਖ ਕਈ ਭਾਸ਼ਾਵਾ ਤੇ ਕਈ ਲਿੱਪੀਆਂ ਤੇ ਕਈ ਫੌਂਟਾਂ ਦੀ ਮਹਾਰਤ ਕਰਨ ਦੇ ਸਮਰੱਥ ਹੈ ਅਤੇ ਜੇ ਇੱਕ ਫ਼ੌਂਟ ਵਿੱਚ 4/5 ਨੁਕਤੇ ਯਾਦ ਰੱਖਣੇ ਹੋਣ ਤਾਂ ਇੱਕ ਮਨੁੱਖ ਲਈ ਭਾਰੀ ਮੁਸ਼ਕਲ ਨਹੀਂ। ਵਕਤ ਹਰ ਲੋੜ ਦਾ ਹੱਲ ਲੱਭ ਲੈਂਦਾ ਹੈ। ਜੇ ਕਰ ਪੰਨੂੰ ਹੁਰੀਂ ਜਾਂ ਜੁਟੇ ਹੋਰ ਮਾਹਰ ਇਸ ਪਾਸੇ ਲੱਗੇ ਰਹੇ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹ ਮਾੜੀ ਜਿਹੀ ਅੜਚਣ ਵੀ ਆਉਣ ਵਾਲੇ ਵਕਤ ਵਿੱਚ ਸੁਲਝ ਜਾਵੇਗੀ। ਪੰਨੂੰ ਹੁਰਾਂ ਨੇ ਵਿਸ਼ਵਾਸ ਦਵਾਇਆ ਹੈ (ਯਾਦ ਰਹੇ ਕਿ ਜਦ ਪੰਨੂੰ ਵਿਸ਼ਵਾਸ ਦਵਾਉਂਦਾ ਹੈ ਤਾਂ ਉਹ ਪੂਰਾ ਕਰਦਾ ਹੈ) ਕਿ ਇਸ ਨੂੰ ਹੱਲ ਕਰਨ ਲਈ ਸਮਾਂ ਲੱਗੇਗਾ ਪਰ ਬਹੁਤਾ ਸਮਾਂ ਨਹੀਂ।

ਅੱਜ ਤੋਂ ਕੋਈ 10 ਸਾਲ ਪਹਿਲਾਂ ਮੈਂ ਕਿਰਪਾਲ ਸਿੰਘ ਪੰਨੂੰ ਨੂੰ ਉਸ ਸਮੇਂ ਮਾਨਤਾ ਦੇਣ ਸਬੰਧੀ ਗੰਭੀਰ ਤੇ ਸੁਹਿਰਦ ਇਤਰਾਜ਼ ਪ੍ਰਗਟ ਕੀਤਾ ਸੀ ਕਿਉਂਕਿ ਉਸ ਸਮੇਂ ਮੇਰੀ ਜਾਚੇ ਉਹ ਕਾਰਵਾਈ ਜਾਂ ਕਦਮ ਸਮੇਂ ਤੋਂ ਬਹੁਤ ਅਗੇਤਰਾ ਸੀ ਪਰ ਹੁਣ ਕਿਰਪਾਲ ਸਿੰਘ ਪੰਨੂੰ ਦੀ ਅਣਥੱਕ ਮਿਹਨਤ ਅਤੇ ਸਿਰੜ ਨੂੰ ਵੇਖਦਿਆਂ ਮਾਨਤਾ ਦੇਣ ਵਿੱਚ ਮੈਨੂੰ ਇਤਰਾਜ਼ ਦੀ ਥਾਂ ਦਿਲੀ ਪ੍ਰਸੰਨਤਾ ਹੁੰਦੀ ਹੈ।

ਕਿਸੇ ਦੀ ਕਮਾਈ ਜਾਂ ਪ੍ਰਾਪਤੀ ਨੂੰ ਸਨਮਾਨ ਦੇਣ ਦੀ ਪਹਿਲੀ ਤੇ ਆਖਰ਼ੀ ਕਸਵੱਟੀ ਜਾਂ ਪਰਖ-ਪਛਾਣ ਇਹ ਹੁੰਦੀ ਹੈ ਕਿ ਉਸ ਵਿਅਕਤੀ ਨੇ ਆਪਣੇ ਸਬੰਧਤ ਖੇਤਰ ਵਿੱਚ ਅਜਿਹਾ ਯੋਗਦਾਨ ਪਾਇਆ ਹੋਵੇ ਜਿਸ ਦਾ ਲਾਭ ਸਮੁੱਚੇ ਤੌਰ ਤੇ ਭਾਈਚਾਰੇ ਦੇ ਵੱਡੇ ਭਾਗ ਨੂੰ ਲੰਮੇਂ ਸਮੇਂ ਲਈ ਪਹੁੰਚਦਾ ਹੋਵੇ, ਅਤੇ ਇਸ ਬਾਰੇ ਕੋਈ ਸੰਦੇਹ ਜਾਂ ਸ਼ੰਕਾ ਨਾ ਹੋਵੇ। ਮੈਨੂੰ ਇਕਬਾਲ ਕਰਨਾ ਪੈਂਦਾ ਹੈ ਕਿ ਪੰਨੂੰ ਹੁਣ ਇਸ ਮਾਨ-ਸਨਮਾਣ ਦੀ ਇਸ ਮੁੱਢਲੀ ਅਤੇ ਅਹਿਮ ਸ਼ਰਤ ਨੂੰ ਪੂਰਾ ਕਰਦਾ ਹੈ। ਹੁਣ ਉਸ ਦੀ ਘਾਲ ਦੇ ਫਲ਼ ਤੋਂ ਪੰਜਾਬੀ ਪਾਠਕ ਲੇਖਕ, ਬਿਨਾ ਸ਼ੱਕ ਦੇ, ਸੌਖ, ਸੁਆਦ ਤੇ ਸਹੂਲਤ ਹਾਸਲ ਕਰ ਰਹੇ ਹਨ।

ਮੇਰੀ ਇਸ ਬੁਨਿਆਦੀ ਦਿਸ਼ਾ ਬਦਲੀ ਪਿੱਛੇ ਕਿਰਪਾਲ ਸਿੰਘ ਪੰਨੂੰ ਦੀ ਲਗਾਤਾਰ ਅਤੇ ਸੁਹਿਰਦ ਪ੍ਰਾਪਤੀ ਦੀ ਹੋਂਦ ਹੈ। ਹੁਣ ਪੰਜਾਬੀ ਲੇਖਕਾਂ, ਪਾਠਕਾਂ ਤੇ ਪੰਜਾਬੀ ਦੇ ਹਤੈਸ਼ੀਆਂ (ਭਾਵੇਂ ਉਹ ਸਰਹੱਦ ਦੇ ਕਿਸੇ ਪਾਸੇ ਵੀ ਹੋਣ) ਲਈ ਪੰਨੂੰ ਦੀ ਕਿਰਤ ਤੇ ਕਮਾਈ ਤੋਂ ਮੁਨਕਰ ਹੋਣਾ ਅਸੰਭਵ ਹੈ। ਉਸ ਨੇ ਪਿਛਲੇ ਸਾਲਾਂ ਵਿੱਚ ਸਮਾਂ ਅਤੇ ਸ਼ਕਤੀ ਲਾ ਕੇ ਇੱਕ ਅਣਹੋਣੀ ਨੂੰ ਹੋਣੀ ਵਿੱਚ ਤਬਦੀਲ ਕਰ ਕੇ ਵਿਖਾ ਦਿੱਤਾ ਹੈ। ਜਦੋਂ ਬਾਕੀ ਦੇ ਪੰਜਾਬੀ ਆਪਣੇ ਨਿਤਾ-ਪ੍ਰਤੀ ਦੇ ਜੀਵਨ ਝੰਜਟਾਂ, ਝਮੇਲਿਆਂ ਰੁਝੇਵਿਆਂ ਤੇ ਆਰਾਮ ਪ੍ਰਸਤੀ ਵਿੱਚ ਉਮਰਾਂ ਬਤੀਤ ਕਰ ਰਹੇ ਸਨ, ਓਦੋਂ ਪੰਨੂੰ ਸਰਾਪੇ ਯੋਗੀ ਵਾਂਗ ਅਤੀ ਕਠੋਰ ਇਕਲਾਪੇ ਵਾਲੀ ਤਪੱਸਿਆ ਭੋਗਦਾ ਰਿਹਾ ਹੈ ਜਾਂ ਕਹੋ ਇਸ ਲਗਨ ਵਿੱਚ ਮਘਦਾ ਰਿਹਾ ਹੈ। 20ਵੀਂ ਸਦੀ ਦੇ ਇਸ ਯੋਗੀ ਦੀ ਸਾਧਨਾ ਦਾ ਸਿੱਟਾ ਹੁਣ ਸਾਡੇ ਸਾਹਮਣੇ ਅਜਿਹੇ ਮੈਕਰੋਜ਼ (Macros) ਦੇ ਰੂਪ ਵਿੱਚ ਆਇਆ ਹੈ ਜਿਨ੍ਹਾਂ ਦੇ ਅਤੀ ਲਾਭਦਾਇਕ ਹੋਣ ਬਾਰੇ ਕਿਸੇ ਨੂੰ ਕੋਈ ਸ਼ੱਕ-ਸ਼਼ੁਬ੍ਹਾ ਨਹੀਂ।

ਮਨੁੱਖ ਵਜੋਂ ਕਿਰਪਾਲ ਸਿੰਘ ਪੰਨੂੰ ਆਪਣੀਆਂ ਪ੍ਰਾਪਤੀਆਂ ਦਾ ਵਖਾਵਾ ਜਾਂ ਸਵੈ ਪ੍ਰਚਾਰ ਕਰਦਾ ਨਹੀਂ ਦਿਸਦਾ। ਉਹ ਸਾਧਾਰਨ ਰੂਪ ਵਿੱਚ ਆਪਣੀ ਮੱਠੀ ਚਾਲ ਵਿੱਚ ਆਪਣੇ ਅਨੂਠੇ ਮਾਰਗ ਦੇ ਅਦ੍ਰਿਸ਼ਟ ਦਿੱਸਹੱਦੇ ਵੱਲ ਵਧੀ ਜਾਂਦਾ ਹੈ। ਉਸ ਵਿੱਚ ਜਿਥੇ ਵਧੀਆ ਇਨਸਾਨ ਅਤੇ ਸਬਕ ਦੇਣ ਵਾਲਾ ਸਹਾਇਕ ਵਿਅਕਤੀ ਬੈਠਾ ਹੈ, ਓਥੇ ਉਸ ਨੇ ਆਪਣੇ ਗਿਆਨ ਨੂੰ ਸਾਡੇ ਪੁਰਾਣੇ ਹਕੀਮਾਂ ਵਾਂਗ ਡੱਬੀ ਵਿੱਚ ਗੁੱਝਾ ਭੇਦ ਬਣਾ ਕੇ ਨਹੀਂ ਰੱਖਿਆ ਸਗੋਂ ਉਸ ਨੂੰ ਵੰਡਿਆ ਹੈ। ਜਿਸ ਕਿਸੇ ਨੂੰ ਟਾਈਪ ਨਹੀਂ ਸੀ ਆਉਂਦੀ ਪੰਨੂੰ ਉਨ੍ਹਾਂ ਦੇ ਸਫਿਆਂ ਦੇ ਸਫ਼ੇ ਟਾਈਪ ਕਰ ਦਿੰਦਾ ਸੀ। ਕਿਸੇ ਨੂੰ ਕਿਸੇ ਮੈਕਰੋ ਜਾਂ ਕੰਪਿਊਟਰ ਸੰਬੰਧੀ ਹੋਰ ਪ੍ਰਸ਼ਨ ਦੀ ਸਮਝ ਨਹੀਂ ਪੈਂਦੀ ਤਾਂ ਉਹ ਅਤਿ ਦੇ ਸਹਿਜ ਤੇ ਠਰੰਮੇ ਨਾਲ ਅਗਲੇ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਆਪਣੀ 15 ਸਾਲਾਂ ਦੀ ਕਿਰਤ ਤੇ ਕਮਾਈ ਨੂੰ ਇੰਜ ਸਾਂਝਿਆਂ ਕਰਨ ਦਾ ਸਾਹਸ ਘੱਟ ਹੀ ਵਿਅਕਤੀਆਂ ਵਿੱਚ ਮਿਲਦਾ ਹੈ। ਹੋਰ ਤੇ ਹੋਰ, ਉਸ ਨੇ ਪਿਛਲੇ ਸਾਲ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਤੇ ਕੰਪਿਊਟਰ ਨਾਲ ਜੋੜਨ ਵਾਸਤੇ ਕੰਪਿਊਟਰ ਦੇ ਬੁਨਿਆਦੀ ਸਿਧਾਂਤਾਂ ਤੇ ਕਮਾਂਡਾਂ ਅਤੇ ਕਿਰਿਆਵਾਂ, ਸਮੱਸਿਆਵਾਂ ਬਾਰੇ ਸਿਖਿਆ ਦੇਣ ਲਈ ਕਈ ਮਹੀਨੇ ਮੁਫ਼ਤ ਕਲਾਸਾਂ ਲਾਈ ਰੱਖੀਆਂ ਹਨ ਜਿਸ ਤੋਂ ਕਈਆਂ ਨੇ ਲਾਭ ਲਿਆ ਹੈ। ਇੰਜ ਹੀ ਉਨ੍ਹਾਂ ਨੇ ਇਨ੍ਹਾਂ ਸਾਰੇ ਸਬਕਾਂ ਤੇ ਸੰਬੰਧਤ ਹਦਇਤਾਂ ਦਾ ਪ੍ਰਣਾਲੀਬੱਧ ਢੰਗ ਵਿੱਚ ਪੰਜਾਬੀ ਦੇ ਸਪਤਾਹਕ ਅਖ਼ਬਾਰ ਪਰਵਾਸੀ ਰਾਹੀਂ ਪਰਸਾਰ ਕੀਤਾ ਹੈ ਜੋ ਹਰ ਹਫ਼ਤੇ ਕਈ ਮਹੀਨੇ ਇਸ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦਾ ਰਿਹਾ ਹੈ। ਇਹ ਕਰਤੱਵ ਇੱਕ ਪਰਉਪਕਾਰੀ ਵਿਅਕਤੀ ਦੇ ਹੀ ਹੋ ਸਕਦੇ ਹਨ।

ਅੰਤ ਵਿੱਚ ਇੱਕ ਅਤੀ ਜ਼ਰੂਰੀ ਗੱਲ! ਪੰਜਾਬ ਵਿੱਚ ਅਤੇ ਬਾਹਰ ਵੀ ਥੋੜ੍ਹ-ਚਿਰੇ ਮਨੋਰੰਜਨ ਦੇ ਪ੍ਰੋਗਰਾਮਾਂ ਉਤੇ ਬੇਹੱਦ ਰਕਮਾਂ ਖ਼ਰਚ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜਿਹੇ ਕੰਮਾਂ ਜਿਨ੍ਹਾਂ ਦਾ ਲਾਭ ਜਾਂ ਪ੍ਰਭਾਵ ਕਈ ਪੁਸ਼ਤਾਂ ਤਾਈਂ ਰਹਿਣਾ ਹੁੰਦਾ ਹੈ, ਨੂੰ ਬਣਦੀ ਮਾਨਤਾ ਦੇਣ ਅਤੇ ਮਾਲੀ ਤੇ ਮਾਨਸਿਕ ਸਹਾਇਤਾ ਦੇਣ ਵਿੱਚ ਸਾਡਾ ਭਾਈਚਾਰਾ, ਸਾਡੇ ਸਮਰੱਥ ਅਦਾਰੇ, ਯੂਨਵਿਰਸਿਟੀਆਂ ਅਵੇਸਲੀਆ ਰਹੀਆਂ ਹਨ।

ਸਮਾਪਤ ਕਰਨ ਤੋਂ ਪਹਿਲਾਂ, ਕਿਰਪਾਲ ਸਿੰਘ ਪੰਨੂੰ ਵੱਲੋਂ ਪੀੜਤ ਦਿਲ ਨਾਲ ਦਿੱਤਾ ਇੱਕ ਸੁਝਾਅ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਹ ਹੈ ਕਿ ਪੰਜਾਬੀ ਫ਼ੌਂਟਾਂ ਲਈ ਵਰਤੇ ਜਾਂਦੇ ਕੀਅ-ਬੋਰਡ ਦੀ ਲੇ-ਆਊਟ ਦੇ ਮਿਆਰੀਕਰਨ (ਇਸ ਦੀ ਵਰਤੋਂ ਅੰਦਰ ਇੱਕਸਾਰਤਾ ਕਾਇਮ ਕਰਨ) ਬਾਰੇ ਸਮੂਹਕ ਤੌਰ ਤੇ ਮੁਹਿੰਮ ਵਿੱਢਣ ਦੀ ਲੋੜ ਦਾ। ਮੰਨਿਆ ਕਿ ਇਹ ਖੇਤਰ ਨਵਾਂ ਹੈ ਅਤੇ ਅਜੇ ਵਿਕਾਸ-ਪੀੜਾ ਦੇ ਪੜਾਅ ਵਿੱਚੋਂ ਲੰਘ ਰਿਹਾ ਹੈ। ਹੁਣ ਤੱਕ, ਇਸ ਖੇਤਰ ਵਿੱਚ, ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ, ਸਾਡੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸਮਰੱਥ ਸੰਸਥਾਵਾਂ ਜਿਵੇਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ, ਸਾਹਿਤ ਸਭਾਵਾਂ ਆਦਿ ਵੱਲੋਂ ਇਸ ਅਤੀ ਅਹਿਮ ਪੱਖ ਨੂੰ ਗੰਭੀਰਤਾ ਨਾਲ ਗੌਲਿਆ ਨਹੀਂ ਗਿਆ, ਜਿਸ ਕਰ ਕੇ ਪੰਜਾਬੀ ਫ਼ੌਂਟਾਂ ਦੀ ਵਰਤੋਂ ਕਰਨ ਵਾਲਿਆਂ ਲਈ ਇਸ ਖੇਤਰ ਪਸਰੀ ਅਰਾਜਕਤਾ ਦਾ ਰਾਜ ਜਾਰੀ ਹੈ ਜੋ ਫ਼ੌਂਟਾਂ ਦੇ ਵਰਤਣ ਵਾਲਿਆਂ ਲਈ ਵਾਸਤਵਿਕ ਕਸ਼ਟ ਦਾ ਕਾਰਨ ਬਣਿਆ ਆਉਂਦਾ ਹੈ। ਚੰਗਾ ਹੋਵੇ ਕਿ ਪੰਜਾਬੀ ਦੇ ਉਜਲ ਭਵਿੱਖ ਦੇ ਸੁਫ਼ਨੇ ਲੈਣ ਵਾਲੇ ਇਸ ਪਾਸੇ ਵੀ ਕੋਈ ਚੇਤੰਨ, ਬੱਝਵਾਂ, ਪ੍ਰਣਾਲੀਬੱਧ ਅਤੇ ਬੇਲਾਗ ਯਤਨ ਕਰਨ ਤਾਂ ਜੋ ਅੰਗ੍ਰੇਜ਼ੀ ਜਾਂ ਹਿੰਦੀ ਵਾਂਗ ਕੀਅ-ਬੋਰਡ ਦੇ ਇੱਕ ਅੱਖਰ ਲਈ ਇੱਕੋ ਕੀਅ ਨਿਰਧਾਰਤ ਹੋ ਜਾਵੇ ਤੇ ਪ੍ਰਚੱਲਤ ਉਲਝਣਾਂ ਨੂੰ ਅੰਤਮ ਤੌਰ ਤੇ ਬਾਏ-ਬਾਏ ਕਹਿ ਦਿੱਤਾ ਜਾਵੇ। ਇਸ ਤਰ੍ਹਾਂ ਪੰਜਾਬੀ ਨੂੰ ਵੀ ਵਿਕਸਤ ਭਾਸ਼ਾਵਾਂ ਲਈ ਵਰਤੇ ਜਾਂਦੇ ਕੀਅ-ਬੋਰਡ ਵਾਂਗ ਉਨ੍ਹਾਂ ਦੇ ਬਰਾਬਰ ਖੜੇ੍ਹ ਹੋਣ ਦਾ ਗੌਰਵ ਪ੍ਰਾਪਤ ਹੋ ਸਕੇਗਾ।

Read 4556 times Last modified on Thursday, 10 May 2018 00:55