ਲੇਖ਼ਕ

Wednesday, 09 May 2018 09:56

ਕਿਰਪਾਲ ਪੰਨੂੰ ਚੋਰ ਹੈ

Written by
Rate this item
(0 votes)

ਜੰਗ ਦਾ ਮੈਦਾਨ ਮਘਦਾ ਹੈ। ਗਤਕੇ ਦੇ ਪਿੜ ਵਿੱਚ ਭੂਤਰੇ ਹੋਏ ਨਿਹੰਗ ਵਾਂਗ ਪਿੜੀਆਂ ਪਾਉਂਦੀ ਮੌਤ ਜੰਗ ਦਾ ਮੈਦਾਨ ਮੱਲਦੀ ਹੈ। ਮੌਤ ਸਾਹਮਣੇ ਹੁੰਦੀ ਹੈ। ਫੌਜੀ ਅੱਗੇ ਵਧਦਾ ਹੈ। ਬੰਬ ਧਰਤੀ ਪੁੱਟਦੇ ਨੇ। ਗੋਲ਼ੀਆਂ ਛਾਤੀਆਂ ਵਿੰਨ੍ਹਦੀਆਂ ਨੇ। ਫੌਜੀ ਅੱਗੇ ਵਧਦਾ ਹੈ। ਪਤਾ ਨਹੀਂ ਮੌਤ ਦਾ ਡਰ ਹੁੰਦਾ ਹੈ, ਪਿੱਛੇ ਖਲੋਤੇ ਕਾਨੂੰਨ ਦੇ ਫੰਦੇ ਦਾ, ਜਾਂ ਦਿਮਾਗ਼ਾਂ ’ਚ ਭਰ ਦਿੱਤੀ ਗਈ ਦੇਸ਼ ਭਗਤੀ ਦਾ ਨਸ਼ਾ... ਕਿ ਫੌਜੀ ਅੱਗੇ ਵਧਦਾ ਹੈ।

ਫੌਜੀ ਅਨੁਸਾਸ਼ਨ ਵਿੱਚ ਢਲ਼ ਜਾਂਦਾ ਹੈ। ਫੌਜੀ ਨੇਮ ਦਾ ਪੱਕਾ ਹੋ ਜਾਂਦਾ ਹੈ। ਫੌਜੀ ਲਕੀਰ ਦਾ ਫ਼ਕੀਰ ਹੋ ਜਾਂਦਾ ਹੈ। ਅਫ਼ੀਮ ਦਾ ਮਾਵਾ ਛਕ ਪਿੰਡਾਂ ਦੀਆਂ ਸੱਥਾਂ ’ਚ ਬਹਿ ਚੜਗਿੱਲੀਆਂ ਮਾਰਨ ਵਾਲ਼ੇ ਲੋਕ ਵਿਅੰਗ ਕੱਸਦੇ ਹਨ: “ਜਦੋਂ ਸਰਕਾਰ ਫੌਜੀ ਨੂੰ ਛੁੱਟੀ ਦਿੰਦੀ ਹੈ ਤਾਂ ਉਸ ਕੋਲ਼ੋਂ ਉਸ ਦੀ ਬੰਦੂਕ ਅਤੇ ਅਕਲ ਦੋਵੇਂ ਖੋਹ ਲੈਂਦੀ ਹੈ।” ਫੌਜੀ ਦਾ ਅਨੁਸਾਸ਼ਨ ਲੋਕਾਂ ਦੀਆਂ ਨਜ਼ਰਾਂ ਵਿੱਚ ਪਾਗਲਪਨ ਬਣ ਜਾਂਦਾ ਹੈ।

ਫੌਜੀ ਜੰਗ ਦੇ ਮੈਦਾਨ ਵਿੱਚ ਨਹੀਂ ਹਾਰਦਾ...ਬੱਸ ਆਪਣੇ ਪਿੰਡ ਦੀ ਸੱਥ ਵਿੱਚ ਹਾਰਦਾ ਹੈ ਜਿੱਥੇ ਉਸ ਦਾ ਅਨੁਸਾਸ਼ਨ ਮਹਿਜ਼ ਮਜ਼ਾਕ ਬਣ ਕੇ ਰਹਿ ਜਾਂਦਾ ਹੈ, ਜਿੱਥੇ ਪਿੰਡ ਦੀ ਨੁਹਾਰ ਬਦਲਨ ਦਾ ਸੁਪਨਾ ਵੇਖਦਾ ਵੇਖਦਾ ਉਹ ਨਿਰਾਸ਼ ਹੋ ਕੇ ਆਪਣੀ ਨੁਹਾਰ ਹੀ ਬਦਲ ਲੈਂਦਾ ਹੈ। ਪਰ ਕੁਝ ਫੌਜੀ ਹੁੰਦੇ ਹਨ ਕਿ ਆਪਣੇ ਅਨੁਸ਼ਾਸ਼ਨ ਨੂੰ ਆਪਣਾ ਇਸ਼ਟ ਬਣਾ ਲੈਂਦੇ ਹਨ ਤੇ ਆਪਣੇ ਹੱਠ ’ਤੇ ਕਾਇਮ ਰਹਿ ਆਪਣੇ ਦੁਆਲ਼ੇ ਦਾ ਦ੍ਰਿਸ਼ਟੀਕੋਣ ਹੀ ਬਦਲ ਜਾਂਦੇ ਹਨ। ਕਿਰਪਾਲ ਪੰਨੂੰ ਸ਼ਾਇਦ ਉਨ੍ਹਾਂ ਫੌਜੀਆਂ ਵਿੱਚੋਂ ਇੱਕ ਹੈ।

ਕਿਰਪਾਲ ਪੰਨੂੰ ਨੇ ਆਪਣੀ ਸਾਰੀ ਜਵਾਨੀ ਦੇਸ਼ ਦੀ ਸਰਹੱਦ ’ਤੇ ਪਹਿਰਾ ਦਿੰਦਿਆਂ ਲੰਘਾਈ ਹੈ। ਜ਼ਿੰਦਗੀ ਦੇ ਖੂਬਸੂਰਤ ਸਾਲ ਤਨ ’ਤੇ ਫੌਜੀ ਵਰਦੀ ਅਤੇ ਮੋਢੇ ’ਤੇ ਬੰਦੂਕ ਟੰਗੀ ਲੰਘਾਏ ਹਨ। ਪਤਾ ਨਹੀਂ ਕਿੰਨੀ ਕੁ ਵਾਰੀ ਜਾਣੇ-ਅਣਜਾਣੇ ਪਿੜੀਆਂ ਪਾਉਂਦੀ ਮੌਤ ਨਾਲ਼ ਮੈਦਾਨ ਸਾਂਝਾ ਕੀਤਾ ਹੋਵੇਗਾ। ਸੁਣਿਆ ਹੈ ਕਿ ਫੌਜੀ ਬੜੇ ਇਮਾਨਦਾਰ ਹੁੰਦੇ ਹਨ ਪਰ ਮੈਨੂੰ ਸ਼ੱਕ ਹੈ। ਮੈਨੂੰ ਸ਼ੱਕ ਹੈ ਕਿਉਂਕਿ ਮੈਂ ਸੁਣਿਆ ਹੈ ਕਿ “ਲੋਕ ਰੱਬ ਵਰਗੇ ਹੁੰਦੇ ਨੇ”। ਜੇ ਲੋਕ ਰੱਬ ਵਰਗੇ ਹੁੰਦੇ ਨੇ ਤਾਂ ਫਿਰ ਉਹ “ਰੱਬ ਵਰਗੇ ਲੋਕ” ਝੂਠ ਕਿਵੇਂ ਬੋਲ ਸਕਦੇ ਨੇ ਜੋ ਕਹਿੰਦੇ ਨੇ ਸਰਕਾਰ ਫੌਜੀ ਤੋਂ ਬੰਦੂਕ ਅਤੇ ਅਕਲ ਦੋਵੇਂ ਖੋਹ ਲੈਂਦੀ ਹੈ? ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਕਿਰਪਾਲ ਪੰਨੂੰ ਚੋਰ ਹੈ। ਸਰਕਾਰ ਨੂੰ ਬੇਵਕੂਫ ਬਣਾ ਕੇ ਇਹ ਆਪਣੀ ਬੰਦੂਕ ਅਤੇ ਅਕਲ ਦੋਵੇਂ ਹੀ ਚੋਰੀ ਕਰ ਲਿਆਇਆ ਹੈ। ਸਗੋਂ ਮੈਨੂੰ ਤਾਂ ਹੋਰ ਵੀ ਸ਼ੱਕ ਹੈ...ਲੱਗਦਾ ਹੈ ਕਿ ਕਿਰਪਾਲ ਪੰਨੂੰ ਭਰਤੀ ਹੋਣ ਲੱਗਿਆਂ ਹੀ ਆਪਣੀ ਅਕਲ ਨਜਾਇਜ਼ ਸ਼ਰਾਬ ਦੀ ਬੋਤਲ ਵਾਂਗ ਕਿਸੇ ਤੂੜੀ ਦੇ ਕੁੱਪ ਵਿੱਚ ਦੱਬ ਗਿਆ ਸੀ। ਵਰਨਾ ਇਹ ਕਿਵੇਂ ਹੋ ਸਕਦਾ ਕਿ ਬੰਦਾ ਏਨੀ ਲੰਮੀ ਫੌਜੀ ਨੌਕਰੀ ਕਰੇ ਤੇ ਦਿਮਾਗ ਨਵਾਂ-ਨਕੋਰ ਹੀ ਪਿਆ ਹੋਵੇ? ਖੈਰ! ਜੋ ਵੀ ਹੋਇਆ ਕਿਰਪਾਲ ਪੰਨੂੰ ਨੇ ਸਰਕਾਰ ਕੋਲ਼ੋਂ ਆਪਣਾ ਦਿਮਾਗ ਬਚਾਇਆ ਹੈ ਤੇ ਆਪਣੀ ਬੰਦੂਕ ਦੇ ਤੀਰ ਬਣਾ ਲਏ ਹਨ ਜਿਨ੍ਹਾਂ ਦੀ ਵਰਤੋਂ ਦੇ ਸਬੂਤ ...। ਫਿਲਹਾਲ ਮੈਂ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਕਿਰਪਾਲ ਪੰਨੂੰ ਚੋਰ ਹੈ।

ਜਦੋਂ ਕਿਰਪਾਲ ਪੰਨੂੰ ਨੂੰ ਆਪਣੇ ਘਰ ਦੇ ਕੰਪਿਊਟਰ ਦਾ ਬਟਨ ਦਬਾ ਕੇ ਵੇਖਣ ਦਾ ਪਹਿਲਾ ਮੌਕਾ ਮਿਲ਼ਿਆ ਹੋਵੇਗਾ ਉਦੋਂ ਤੱਕ ਉਹ ਆਪਣੀ ਉਮਰ ਦੀ ਅੱਧੀ ਸਦੀ ਦਾ ਸਫ਼ਰ ਤੈਅ ਕਰ ਚੁੱਕਾ ਹੋਵੇਗਾ। ਮੈਂ ਇਹ ਜਾਣਦਾ ਹਾਂ ਕਿ ਕਿਰਪਾਲ ਪੰਨੂੰ ਇੰਡੀਆ ਤੋਂ ਕੋਈ ਕੰਪਿਊਟਰ ਸਾਇੰਸ ਦੀ ਡਿਗਰੀ ਜਾਂ ਡਿਪਲੋਮਾ ਕਰਕੇ ਨਹੀਂ ਸੀ ਆਇਆ। ਅੱਧੀ ਸਦੀ ਤੋਂ ਟੱਪਿਆ ਹੋਇਆ ਬੰਦਾ ਕੰਪਿਊਟਰ ਸਿੱਖਦਾ ਹੈ। ਕੰਪਿਊਟਰ ਦੀਆਂ ਬਾਰੀਕੀਆਂ ਨੂੰ ਸਮਝਦਾ ਹੈ। ਕੰਪਿਊਟਰ ਨਾਲ਼ ਉਹ ‘ਪੰਗੇ’ ਲੈਂਦਾ ਹੈ ਜਿਸ ਦੀ ਉਮੀਦ ਪੱਛਮੀਂ ਸੱਭਿਅਤਾ ਵਿੱਚ 70ਵਿਆਂ ਅਤੇ ਸਾਡੇ ਦੇਸ਼ ਵਿੱਚ 80ਵਿਆਂ ਤੋਂ ਬਾਅਦ ਵਿੱਚ ਪੈਦਾ ਹੋਏ ਬੱਚੇ ਤੋਂ ਤਾਂ ਕੀਤੀ ਜਾ ਸਕਦੀ ਹੈ ਅੱਧੀ ਸਦੀ ਤੱਕ ਬੰਦੂਕ ਦਾ ਘੋੜਾ ਪਲੋਸਦੇ ਰਹੇ ਬੰਦੇ ਕੋਲ਼ੋਂ ਨਹੀਂ।

ਜੇ ਗੱਲ ਕੰਪਿਊਟਰ ਸਿੱਖਣ ਤੱਕ ਵੀ ਸੀਮਤ ਰਹਿੰਦੀ ਤਾਂ ਕਿਹਾ ਜਾ ਸਕਦਾ ਸੀ ਕਿ ਜਿਹੜਾ ਬੰਦਾ ਬਿਨਾਂ ‘ਸੀਅ’ ਕੀਤਿਆਂ ਬੰਦੇ ਮਾਰ ਸਕਦਾ, ਕੀ ਉਹ ਨਕਲ ਨਹੀਂ ਮਾਰ ਸਕਦਾ...ਹੋ ਸਕਦਾ ਹੈ ਕਿ ਕਿਰਪਾਲ ਪੰਨੂੰ ਨੇ ਨਕਲ-ਨੁਕਲ ਮਾਰ ਕੇ ਕੰਪਿਊਟਰ ਸਿੱਖ ਲਿਆ ਹੋਵੇ। ਪਰ ਗੱਲ ਏਥੋਂ ਤੱਕ ਸੀਮਤ ਨਹੀਂ! ਕਿਰਪਾਲ ਪੰਨੂੰ ਨੇ ਡਾ. ਕੁਲਬੀਰ ਸਿੰਘ ਥਿੰਦ ਦੀ ਮਦਦ ਨਾਲ਼ ਪੰਜਾਬੀ ਦੇ ਫੌਂਟ ਤਿਆਰ ਕਰਨ ਅਤੇ ਫੌਂਟਾਂ ਦੀ ਅਦਲਾ ਬਦਲੀ ਕਰਨ ਲਈ ਮੈਕਰੋ ਤਿਆਰ ਕਰਨ ਤੋਂ ਇਲਾਵਾ ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀ ਦੇ ਆਪਸੀ ਤਬਾਦਲੇ ਦਾ ਪ੍ਰੋਗਰਾਮ ਵੀ ਤਕਰੀਬਨ ਤਿਆਰ ਕਰ ਲਿਆ ਹੈ, ‘ਤਕਰੀਬਨ’ ਤੋਂ ਮੇਰਾ ਭਾਵ ਅਜੇ ਇਸ ਨੂੰ ਆਖਰੀ ਛੋਹਾਂ ਦੀ ਲੋੜ ਹੈ।

ਚਲੋ ਜੇ ਗੱਲ ਏਥੋਂ ਤੱਕ ਵੀ ਸੀਮਤ ਰਹਿੰਦੀ ਤਾਂ ਬੰਦਾ ਕਹਿ ਸਕਦਾ ਸੀ ਪਈ ਉਹ ਕੀ ਪੰਜਾਬੀ ਦੀ ਕਹਾਵਤ ਆ ਪਈ “ਵਿਹਲੀ ਜੱਟੀ ਉੰਨ ਵੇਲੇ ਜਾਂ ਵਿਹਲੀ ਰੰਨ ਪਰਾਹੁਣਿਆਂ ਜੋਗੀ” ਚਲੋ ਪੰਨੂੰ ਨੇ “ਪਰਾਹੁਣੇ” ਨਹੀਂ ਸਾਂਭੇ ਤਾਂ ਕੰਪਿਊਟਰ ਸਾਂਭ ਲਿਆ ਪਰ ਇਹ ਤੇ ਕੀ ਕਹਿੰਦੇ ਆ ਪਈ “ਇੱਕ ਮੱਝ ਲਿੱਬੜੀ ਤੇ ਦੂਸਰੀਆਂ ਨੂੰ ਲਬੇੜਨ ਤੁਰ ਪਈ...” ਇਹਨਾਂ ਤੇ ਪਤਾ ਨਹੀਂ ਕਿੰਨਿਆਂ ਕਲਮ ਦਿਆਂ ਧਨੀਆਂ ਕੋਲ਼ੋਂ ਕਲਮਾਂ ਖੋਹ ਕੇ ਉਨ੍ਹਾਂ ਦੇ ਹੱਥ ‘ਚੂਹੇ’ ਫੜਾ  ਦਿੱਤੇ। ਲੋਕਾਂ ਦੇ ਘਰੀਂ ਲੜਾਈਆਂ ਪਾ ਦਿੱਤੀਆਂ। ਦਾਦੇ-ਦਾਦੀਆਂ ਕਹਿੰਦੇ ਆ ਕੰਪਿਊਟਰ ਸਾਨੂੰ ਚਾਹੀਦਾ ਤੇ ਪੋਤੇ-ਪੋਤੀਆਂ ਕਹਿੰਦੇ ਆ ਕੰਪਿਊਟਰ ਸਾਡਾ। ਹੋਰ ਤਾਂ ਹੋਰ ਇਹਨੇ ਤੇ ਕਈ ਜੋੜੀਆਂ ਵਿੱਚ ਵੀ ‘ਭੰਗਣਾ’ ਪਾ ਕੇ ਰੱਖ ਦਿੱਤੀ। ਹੁਣ ਨਾਂ ਕੀ ਲੈਣਾ, ਮੈਂ ਇੱਕ ‘ਅੰਕਲ’ ਨੂੰ ਫੋਨ ਕੀਤਾ ਤਾਂ ਅੱਗੋਂ ‘ਆਂਟੀ’ ਜੀ ਨੇ ਚੁੱਕ ਲਿਆ। ‘ਆਂਟੀ ਜੀ ਅੰਕਲ ਹੈਗੇ ਆ?’, ਮੇਰੀ ਜ਼ਬਾਨ ’ਤੇ ਚੜ੍ਹੇ ਸ਼ਿਸ਼ਟਾਚਾਰ ਦੇ ਮੁਲੰਹਮੇਂ ਨੇ ਫੋਨ ਵਿੱਚ ਆਪਣੀ ਮਿਠਾਸ ਖੋਰੀ। ‘ਪੰਨੂੰ ਨੂੰ ਪਤਾ ਹੋਊ’ ਅੱਗੋਂ ਆਂਟੀ ਜੀ ਇਵੇਂ ਬੋਲੇ ਜਿਵੇਂ ਹੁਣੇ ਹੀ ਰੋਟੀ ਖਾਂਦੇ ਖਾਂਦੇ ਹਰੀ ਮਿਰਚ ਨੂੰ ਦੰਦੀ ਵੱਢ ਕੇ ਹਟੇ ਹੋਣ। ‘ਆਂਟੀ ਜੀ ਵਿਆਹ ਅੰਕਲ ਦਾ ਤੁਹਾਡੇ ਨਾਲ਼ ਹੋਇਆ ਤੇ ਪਤਾ ਪੰਨੂੰ ਨੂੰ ਹੋਵੇ, ਗੱਲ ਬਣਦੀ ਨਹੀਂ’, ਮੈਂ ਡਰਿਆ ਜਿਹਾ ਹਾਸਾ ਹੱਸਿਆ। ‘ਮੇਰੇ ਨਾਲ਼ ਕਾਹਦਾ ਹੁਣ ਤੇ ਪੰਨੂੰ ਨਾਲ਼ ਹੋਇਆ ਹੋਊ ਜਾਂ ਆਹ ਅੱਗ ਲਾਉਣੇ ਕੰਪੂਟਰ ਨਾਲ਼, ਜਦੋਂ ਵੇਖੋਂ ਜਾਂ ਇਹ ਪੰਨੂੰ ਕੋਲ਼ ਤੇ ਜਾਂ ਪੰਨੂੰ ਇਨ੍ਹਾਂ ਕੋਲ਼... ਜੇ ਕਿਤੇ ਘਰੇ ਵੀ ਹੋਣ ਤਾਂ ਨਿਆਣਿਆਂ ਅੰਗੂੰ ਕੰਪੂਟਰ ’ਤੇ ਉਂਗਲ਼ੀਆਂ ਮਾਰਨ ਲੱਗੇ ਰਹਿੰਦੇ ਆ ਬਸ...।”

ਹੁਣ ਤੁਸੀਂ ਮੈਨੂੰ ਦੱਸੋ ਪਈ ਇੱਕ ਬੰਦਾ ਜਿਸ ਨੇ ਅੱਧੀ ਸਦੀ ਹੰਢਾਉਣ ਤੱਕ ਕੰਪਿਉਟਰ ਦਾ ਬਟਨ ਦਬਾ ਕੇ ਨਾ ਵੇਖਿਆ ਹੋਵੇ ਤੇ ਜਿਨ੍ਹੇ ਆਪਣੀ ਜਵਾਨੀ ‘ਲੈਫਟ-ਰੈਟ’ ਕਰਨ ਵਿੱਚ ਹੀ ਲੰਘਾ ਦਿੱਤੀ ਹੋਵੇ ਤੇ ਫਿਰ ਵੀ ਏਨਾ ਕੁਝ ਕਰ ਜਾਵੇ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਬੰਦਾ ਸਰਕਾਰ ਕੋਲ਼ੋਂ ਆਪਣਾ ਦਿਮਾਗ ਚੁਰਾ ਕੇ ਨਹੀਂ ਲੈ ਆਇਆ?

ਹੁਣ ਆਉਂਦੇ ਹਾਂ ਬੰਦੂਕ ਦੇ ਤੀਰ ਬਣਾਉਣ ਵੱਲ। ਕਹਿੰਦੇ ਆ ਜਦੋਂ ਬੰਦੇ ਨੂੰ ਕੋਈ ਆਦਤ ਪੈ ਜਾਵੇ ਤਾਂ ਉਸ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਹੁੰਦਾ। ਪਰ ਜੇ ਆਦਤ ਫੌਜੀ ਬੰਦੇ ਦੀ ਹੋਵੇ ਤਾਂ ਫਿਰ ਤਾਂ ਰੱਬ ਵੀ ਆਪਣੀ ਮਰਜ਼ੀ ਨਹੀਂ ਪੁਗਾ ਸਕਦਾ (ਇਹ ਮੈਂ ਤਾਂ ਕਹਿ ਰਿਹਾਂ ਕਿਉਂਕਿ ਕਹਿੰਦੇ ਆ ਰੱਬ ਦਾਰਾ ਸਿੰਘ ਨਾਲ਼ੋਂ ਵੀ ਤਕੜਾ ਆ)। ਇਹ ਤਾਂ ਮੈਂ ਸਾਬਤ ਕਰ ਚੁੱਕਾਂ ਕਿ ਕਿਰਪਾਲ ਪੰਨੂੰ ਸਰਕਾਰ ਕੋਲ਼ੋਂ ਆਪਣਾ ਦਿਮਾਗ ਚੋਰੀ ਕਰ ਲਿਆਇਆ ਸੀ। ਦਿਮਾਗ ਕੋਲ਼ ਹੋਣ ਕਰਕੇ ਉਸ ਨੂੰ ਪਤਾ ਸੀ ਕਿ ਜਦੋਂ ਚੋਰੀ ਕੀਤੀ ਹੋਈ ਸਰਕਾਰੀ ਬੰਦੂਕ ਮੋਢੇ ’ਤੇ ਪਾ ਕੇ ਘੁੰਮਿਆ ਤਾਂ ਅਗਲੇ ਦਿਨ ਹੀ ਪੰਗਾ ਪੈ ਜਾਣਾ। ਉਸ ਨੇ ਆਪਣੀ ਬੰਦੂਕ ਦੇ ਤੀਰ ਬਣਾ ਲਏ ਤੇ  ਇਨ੍ਹਾਂ ਤੀਰਾਂ ਦੀ ਵਰਤੋਂ ਵੀ ਉਹ ਉਨ੍ਹਾਂ ਰੱਬ ਦੇ ਸਤਾਏ ਹੋਏ ਬੰਦਿਆਂ ’ਤੇ ਕਰਦਾ ਜਿਹੜੇ ਪਹਿਲਾਂ ਹੀ ਮਰਿਆਂ ਨਾਲ਼ੋਂ ਭੈੜੇ ਹੋਏ ਫਿਰਦੇ ਆ। ਤੁਸੀਂ ਵੇਖੋ ਨਾ ਆਪਣੇ ਇਕੱਲੇ ਉਨਟਾਰੀਓ ਵਿੱਚ ਹੀ ਕਿੰਨੇ ਆਪਣੇ ਪੰਜਾਬੀ ਇੰਡੀਆ ਤੋਂ ਡਿਗਰੀਆਂ ਕਰਕੇ, ਵੱਡੇ ਵੱਡੇ ਅਹੁਦੇ ਛੱਡ ਕੇ ਵਧੀਆ ਭਵਿੱਖ ਦੀ ਆਸ ਨਾਲ਼ ਪਵਾਇੰਟ ਸਿਸਟਮ ’ਤੇ ਏਥੇ ਆਏ ਸੀ। ਵੀਜ਼ੇ ਦੇਣ ਲੱਗਿਆਂ ਤੇ ਸਰਕਾਰ ਨੇ ਚੁੱਪ ਸਾਧ ਰੱਖੀ ਤੇ ਵਿਖਾ ਕੇ ‘ਸੁਰਗਾਂ’ ਦੇ ਸੁਪਨੇ ਪਹੁੰਚਾ ’ਤੇ ਕਨੇਡਾ। ਹੁਣ ਉਨ੍ਹਾਂ ਨੂੰ ਕਹਿੰਦੇ ਆ ਪਈ ਜੇ ਤੇ ਜਾਣਾ ਆਪਣੇ ਫ਼ੀਲਡ ਵਿੱਚ ਤੇ ਬੰਦੇ ਬਣ ਕੇ ਫਿਰ ਕਿਤਾਬਾਂ ਖੋਲ੍ਹੋ ਤੇ ਲਾਉ ਸਾਲ-ਸਾਲ ਦੋ-ਦੋ ਸਾਲ ਕਾਲਜਾਂ ਯੂਨੀਵਰਿਸਟੀਆਂ ਵਿੱਚ... ਤੇ ਜੇ ਨਹੀਂ ਜਾਣਾ ਤੇ ਫਿਰ ਚੁੱਕੋ ਟੈਕਸੀਆਂ ਟਰੱਕ ਤੇ ਹੂੰਝੋ ਸੜਕਾਂ ਤੋਂ ਡਾਲੇ, ਪੜ੍ਹੀ ਲਿਖੀ ਲੇਬਰ ਵੀ ਤੇ ਚਾਹੀਦੀ ਆ ਕਨੇਡਾ ਨੂੰ।

ਹੁਣ ਤੁਹਾਨੂੰ ਕੀ ਪਤਾ ਕਿੱਦਾਂ ਮਨ ਮਾਰ ਕੇ, ਕੈਨੇਡਾ ਨੂੰ ਤੇ ਕੈਨੇਡਾ ਦੀ ਸਰਕਾਰ ਨੂੰ ਪਾਣੀ ਪੀ ਪੀ ਕੋਸ ਕੇ ਟੈਕਸੀਆਂ-ਟਰੱਕਾਂ ਦੀਆਂ ਸੀਟਾਂ ’ਤੇ ਬੈਠੇ ਆ ਸਾਡੇ ਇਹ ਡਿਗਰੀਆਂ ਵਾਲ਼ੇ ਭਾਰਤੀ ਤੇ ਅਨਪੜ੍ਹ ਬਣ ਗਏ ਕਨੇਡੀਅਨ। ਇਹ ਕਿਰਪਾਲ ਪੰਨੂੰ ਉਨ੍ਹਾਂ ਸਤਾਏ ਬੰਦਿਆਂ ਨੂੰ ਤੀਰ ਮਾਰਦੇ ਆ। ਜਦੋਂ ਮੇਰੇ ਵਰਗਾ ਅਨਪੜ੍ਹ ਬੰਦਾ ਉੱਠ ਕੇ ਕਹਿ ਦਿੰਦਾ “ਓਏ ਜੇ ਏਥੇ ਕਿਰਪਾਲ ਪੰਨੂੰ ਵਰਗਾ ਫੌਜੀ ਬੰਦਾ ਏਨਾ ਕੁਛ ਕਰ ਸਕਦਾ ਤਾਂ ਤੁਹਾਨੂੰ ਕੀ ਗੋਲ਼ੀ ਵੱਜੀ ਆ?” ਤਾਂ ਦੱਸੋ ਫਿਰ ਪਈ ਉਨ੍ਹਾਂ ਸ਼ਰੀਫ ਰੂਹਾਂ ਦੇ ਵੱਜਣ ਵਾਲ਼ੇ ਇਹ ਤੀਰ ਕਿਰਪਾਲ ਪੰਨੂੰ ਦੇ ਨਹੀਂ ਤਾਂ ਹੋਰ ਫਿਰ ਕਿਸ ਦੇ ਆ ਭਲਾ? ਕਿਰਪਾਲ ਪੰਨੂੰ ਨਾ ਹੋਇਆ ਇਹ ਕੋਈ ਗੁਰਬਖਸ਼ ਮੱਲ੍ਹੀ ਹੋ ਗਿਆ ਜੀਹਦੇ ਮਗਰ ਲੱਗ ਕੇ ਸਾਰੇ ਲੋਕੀਂ ਚੋਣਾਂ ਲੜਨ ਤੁਰ ਪੈਣ!

ਏਥੇ ਮੈਨੂੰ ਹੁਣ ਇਹ ਸ਼ੱਕ ਵੀ ਪੈ ਗਿਆ ਪਈ ਕਿਰਪਾਲ ਪੰਨੂੰ ਹਾਲੇ ਵੀ ਸਰਕਾਰੀ ਬੰਦਾ। ਉਹ ਇਸ ਤਰ੍ਹਾਂ ਪਈ ਪਹਿਲਾਂ ਤੇ ਸਰਕਾਰ ਨੇ ਪਵਾਇੰਟ ਸਿਸਟਮ ’ਤੇ ਆਏ ਬੰਦਿਆਂ ਕੋਲ਼ੋਂ ਉਨ੍ਹਾਂ ਦਾ ਦੇਸ਼ ਖੋਹ ਕੇ, ਉਨ੍ਹਾਂ ਦੀਆਂ ਹੁਕਮਰਾਨਾ ਨੌਕਰੀਆਂ ਖੋਹ ਕੇ ਟੈਕਸੀਆਂ ਟਰੱਕ ਚਲਾਉਣ ਲਈ ਉਨ੍ਹਾਂ ਨੂੰ ਮਜਬੂਰ ਕਰਕੇ ਦੁਖੀ ਕੀਤਾ ਤੇ ਹੁਣ ਆਪਣੀ ਉਮਰ ਦਾ ਵਾਸਤਾ ਪਾ ਕੇ 35-35 40-40 ਸਾਲਾਂ ਦੇ ਬਜ਼ੁਰਗੀ ’ਚ ਪੈਰ ਰੱਖਦੇ ਇਨ੍ਹਾਂ ਸਤਾਏ ਹੋਏ ਲੋਕਾਂ ਕੋਲ਼ੋਂ ਕਿਰਪਾਲ ਪੰਨੂੰ ਇਹ ਦਲੀਲ ਖੋਹਣ ਦੀ ਵੀ ਕੋਸ਼ਿਸ਼ ਕਰ ਰਿਹਾ ਕਿ “ਇਸ ਉਮਰ ’ਚ ਆ ਕੇ ਹੁਣ ਅਸੀਂ ਪੜ੍ਹੀਏ?” ਮੇਰੇ ਕਹਿਣ ਦਾ ਭਾਵ ਮੇਰੇ ਦੁਖੀ ਭਰਾਵਾਂ ਨੂੰ ਸਤਾਉਣ ਦੀ ਜਿਹੜੀ ਕਸਰ ਸਰਕਾਰ ਕੋਲ਼ੋਂ ਬਾਕੀ ਰਹਿ ਜਾਂਦੀ ਆ ਉਹ ਕਿਰਪਾਲ ਪੰਨੂੰ ਪੂਰੀ ਕਰਕੇ ਸਰਕਾਰ ਦਾ ਸਾਥ ਦੇ ਦਿੰਦਾ।

ਇਸ ਤਰ੍ਹਾਂ ਇਹ ਸਿੱਧ ਕਰਨ ਦੇ ਨਾਲ਼ ਨਾਲ਼ ਕਿ ਕਿਰਪਾਲ ਪੰਨੂੰ ਚੋਰ ਹੈ, ਮੈਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਕਿਰਪਾਲ ਪੰਨੂੰ ਕੈਨੇਡੀਅਨ ਸਰਕਾਰ ਨਾਲ਼ ਮਿਲ਼ ਕੇ ਐਵੇਂ ਖਾਹ-ਮ-ਖਾਹ ਉਨ੍ਹਾਂ 35-35 40-40 ਸਾਲਾਂ ਦੇ ਬਜ਼ੁਰਗਾਂ ਨੂੰ ਬੁੱਢੇ ਵਾਰੇ ਚੈਲੈਂਜ ਕਰ ਕੇ ਤਸੀਹੇ ਦੇ ਰਿਹਾ ਹੈ ਜਿਹੜੇ ਇਹ ਕਹਿ ਕੇ ਸੱਚੇ ਹੋ ਜਾਂਦੇ ਸੀ ਕਿ “ਇਹ ਉਮਰ ਕੋਈ ਪੜ੍ਹਨ ਦੀ ਆ ਹੁਣ?”

ਥੋੜ੍ਹੇ ਸਾਲ ਪਹਿਲਾਂ ਅਖ਼ਬਾਰਾਂ ਵਿੱਚ ਖ਼ਬਰ ਛਪੀ ਕਿ ਲਾਂਬੜਾ ਸੱਥ ਟਰਾਂਟੋ ਵਾਲ਼ੇ ਕਿਰਪਾਲ ਪੰਨੂੰ ਨੂੰ ‘ਧੰਨਾ ਜੱਟ’ ਅਵਾਰਡ ਨਾਲ਼ ਸਨਮਾਨ ਰਹੇ ਹਨ। ਓਦੋਂ ਮੈਂ ਅਜੇ ਏਨਾ ਸਿਆਣਾ ਨਹੀਂ ਸੀ ਹੋਇਆ, ਬੜਾ ਹੱਸਿਆ ਕਿ ਇਹ ਅਵਾਰਡ ਤਾਂ ਗੁਰਦਿਆਲ ਕੰਵਲ ਵਰਗੇ ਕਿਸੇ ਮਿਹਿਨਤੀ ਬੰਦੇ ਨੂੰ ਮਿਲਣਾ ਚਾਹੀਦਾ ਸੀ ਜਿਨ੍ਹੇ ਢਾਂਗਿਆਂ ਵਰਗੀਆਂ ਅੱਲਾਂ ਉਗਾ ਕੇ ਰਿਕਾਰਡ ਪੈਦਾ ਕੀਤਾ, ਕਿਰਪਾਲ ਪੰਨੂੰ ਨੇ ਕਿਹੜਾ ਦੁਨੀਆਂ ਦੀ ਭੁੱਖਮਰੀ ਦੂਰ ਕਰਨ ਲਈ ਨਵੀਂ ਫ਼ਸਲ ਤਿਆਰ ਕਰ ਲਈ ਜਿਹੜਾ ਉਹਨੂੰ ‘ਜੱਟ’ ਦਾ ਅਵਾਰਡ ਮਿਲਣ ਲੱਗਾ। ਪਰ ਅੱਜ ਸੋਚਦਾਂ ਪਈ ਵਾਕਿਆ ਹੀ ਉਹ ਅਵਾਰਡ ਕਿਰਪਾਲ ਪੰਨੂੰ ਨੂੰ ਹੀ ਮਿਲਣਾ ਚਾਹੀਦਾ ਸੀ ਕਿਉਂਕਿ ਉਹ ਹੀ ਅਸਲੀ ਸ਼ਬਦਾਂ ਵਿੱਚ ਅੱਜ ਦਾ ਧੰਨਾ ਜੱਟ ਹੈ: ਧੰਨੇ ਜੱਟ ਨੇ ਹਿੱਕ ਦੇ ਧੱਕੇ ਨਾਲ਼ ਰੱਬ ਵੱਸ ਕੀਤਾ ਸੀ ਤੇ ਕਿਰਪਾਲ ਪੰਨੂੰ ਨੇ ‘ਹੱਠ’ ਦੇ ਧੱਕੇ ਨਾਲ਼ ਕੰਪਿੂਟਰ ਨੂੰ ਵੱਸ ਕਰਨ ਦੇ ਨਾਲ਼ ਨਾਲ਼ ਪੰਜਾਬੀ ਜ਼ਬਾਨ ਦੀਆਂ ਦੋਹਾਂ ਲਿੱਪੀਆਂ ਵਿਚਲੇ ਪਾੜੇ ਨੂੰ ਘਟਾਉਣ ਦੀ ਅੰਤਰਰਾਸ਼ਟਰੀ ਪੱਧਰ ’ਤੇ ਕੋਸ਼ਿਸ਼ ਕੀਤੀ ਹੈ, ਇਹ ਵੱਖਰੀ ਗੱਲ ਹੈ ਕਿ ਇਸ ਕੋਸ਼ਿਸ਼ ਦੌਰਾਨ ਉਸ ਨੇ ਘਰੇਲੂ ਪੱਧਰ ’ਤੇ ਪਾੜੇ ਅਤੇ ਪੁਆੜੇ ਪਾਏ ਹਨ।

ਏਥੇ ਅੱਥਰਾ ਮਨ ਇੱਕ ਹੋਰ ਹੀ ਸੋਚ ਸੋਚਣ ਲੱਗ ਪਿਆ। ਗੁਰਬਖਸ਼ ਸਿੰਘ ਮੱਲ੍ਹੀ ਨੇ ਕੈਨੇਡੀਅਨ ਪੰਜਾਬੀਆਂ ਲਈ ਸਿਆਸਤ ਦਾ ਅਜਿਹਾ ਦਰਵਾਜ਼ਾ ਖੋਲ੍ਹਿਆ ਕਿ ਹੁਣ ਕਈ ਵਾਰ ਆਪਣੀਆਂ ਵੋਟਾਂ ਘੱਟ ਤੇ ਉਮੀਦਵਾਰ ਵੱਧ ਹੁੰਦੇ ਆ। ਜਿਹਨੂੰ ਵੇਖੋਂ ਉਹੀ ਵੋਟਾਂ ’ਚ ਖੜ੍ਹਾ ਹੁੰਦਾ। ਜੇ ਪੁੱਛੋ ਭਾਈ ਕੀ ਵੇਲਣੇ ’ਚ ਬਾਂਹ ਆਈ ਸੀ ਜੋ ਵੋਟਾਂ ’ਚ ਖੜ੍ਹ ਗਏ ਤਾਂ ਅੱਗੋਂ ਇੱਕੋ ਹੀ ਜਵਾਬ ਹੁੰਦਾ ਪਈ ‘ਘਰ ਆਲ਼ੀ ਕਹਿੰਦੀ ਸੀ ਜੇ ਮੱਲ੍ਹੀ ਜਿੱਤ ਸਕਦਾ ਤਾਂ ਤੂੰ ਕਿਓਂ ਨਹੀਂ ...?” ਹੁਣ ਘੁਸਰ-ਮੁਸਰ ਹੁੰਦੀ ਆ ਪਈ ਆਹ ਜਿਹੜੇ ਆਪਣੇ ਡਿਗਰੀਆਂ ਆਲ਼ੇ ਟਰੱਕਾਂ-ਟੈਕਸੀਆਂ ’ਚ ਵੜ ਕੇ ਹੀ ਠੰਡੇ ਜਿਹੇ ਹੋਈ ਜਾਂਦੇ ਆ ਉੇਨ੍ਹਾਂ ਦੇ ਘਰ ਆਲ਼ੀਆਂ ਵੀ ਕਹਿਣ ਲੱਗ ਪਈਆਂ ਪਈ ‘ਜੇ ਪੰਨੂੰ ਏਨੀ ਮਿਹਨਤ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਅੱਪਗ੍ਰੇਡਿੰਗ ਕਰਕੇ ਚੱਜ ਦੀ ਨੌਕਰੀ ਲੱਭ ਲੈਂਦੇ।’ ਏਸ ਸਮਾਨਤਾ ਨੂੰ ਧਿਆਨ ’ਚ ਰੱਖਦਿਆਂ ਮੇਰਾ ਜੀਅ ਕਰਦਾ ਪਈ ਲਾਂਬੜਾ ਸੱਥ ਵਰਗੀ ਕਿਸੇ ਸੰਸਥਾ ਨੂੰ ਕਹਾਂ ਪਈ ਜਿੱਥੇ ਅੱਗੇ ਏਨਾ ਅੱਕ ਚੱਬਿਆ ਓਥੇ ਹੁਣ ਕਿਰਪਾਲ ਪੰਨੂੰ ਨੂੰ ‘ਵਿੱਦਿਆ ਦਾ ਗੁਰਬਖਸ਼ ਮੱਲ੍ਹੀ’ ਅਵਾਰਡ ਨਾਲ਼ ਵੀ ਸਨਮਾਨ ਹੀ ਦਿਉ। ਹੋ ਸਕਦਾ ਇਸ ਸਨਮਾਨ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਹੀ ਕਿਸੇ ਵੀਰ ਭੈਣ ਦਾ ਡਿੱਗਿਆ ਹੱਠ ਸ਼ਰਮ ਖਾ ਕੇ ਹੌਸਲਾ ਕਰ ਬਹੇ ਤੇ ਉਹ ਫਾਈਲਾਂ ਹੇਠ ਦੱਬੀਆਂ ਜਾ ਰਹੀਆਂ ਆਪਣੀਆਂ ਡਿਗਰੀਆਂ ਨੂੰ ਕੱਢ ਕੇ ਇਹ ਕਹਿ ਉੱਠੇ, “ਮੈਂ ਕਿਰਪਾਲ ਪੰਨੂੰ ਨਾਲ਼ੋਂ ਤੇ ਵੱਧ...।”

Read 4323 times Last modified on Thursday, 10 May 2018 00:59