Print this page
Wednesday, 09 May 2018 10:00

ਮਾਂ ਬੋਲੀ ਦਾ ਸੇਵਕ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਰਾੜਾ ਸਹਿਬ ਲਾਗੇ ਪਿੰਡ ਕਟਾਹਰੀ ਵਿਖੇ ਇੱਕ ਸਧਾਰਨ ਜਿਮੀਂਦਾਰਾ ਘਰ ਵਿੱਚ ਜਨਮਿਆ। ਸਾਡੀ ਜਾਣ ਪਛਾਣ ਇਸ ਤਰ੍ਹਾਂ ਹੋਈ ਜਿਵੇਂ ਦੋ ਮੁਸਾਫ਼ਿਰ, ਸਫ਼ਰ ਕਰਦੇ ਹੋਏ ਉਮਰ ਭਰ ਲਈ ਹਮਸਫ਼ਰ ਬਣ ਜਾਣ।

ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਹੈ। ਮੁੱਢ ਤੋਂ ਹੀ ਪੜ੍ਹਾਈ ਵੱਲ ਰੁਚੀ ਰੱਖਣ ਲੱਗ ਪਿਆ। ਗੁਰੂ ਨਾਨਕ ਖਾਲਸਾ ਹਾਈ ਸਕੂਲ ਕਰਮਸਰ-ਰਾੜਾ ਸਾਹਿਬ ਦੀ ਹਾਕੀ ਟੀਮ ਦਾ ਵਧੀਆ ਖਿਡਾਰੀ ਬਣਿਆਂ। ਪਤਾ ਨਹੀਂ ਕਿੱਥੋਂ ਖਿਆਲ ਆਇਆ, ਪਹਿਲਾਂ ਪੁਲਿਸ ਤੇ ਫਿਰ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ। ਸਰਹੱਦਾਂ ’ਤੇ ਤੰਬੂਆਂ ਵਿੱਚ ਦੀਵਿਆਂ ਦੀ ਲੋਅ ਵਿੱਚ ਪੜ੍ਹਾਈ ਚਾਲੂ ਰੱਖੀ। ਬੀ. ਏ. ਪਾਸ ਕਰ ਗਿਆ। ਸਿਪਾਹੀ ਤੋਂ ਅੱਗੇ ਪੜ੍ਹਾਈ ਅਤੇ ਹਾਕੀ ਦੇ ਜ਼ੋਰ ਨਾਲ਼ ਤਰੱਕੀ ਮਿਲ਼ਦੀ ਰਹੀ। ਭਰਤੀ ਹੋਣ ਤੋਂ ਕੁੱਝ ਸਾਲਾਂ ਪਿਛੋਂ ਚਿੱਠੀ ਆਈ-ਅਸਿਸਟੈੰਟ ਕਮਾਂਡੈੰਟ ਦਾ ਰੈੰਕ ਮਿਲ਼ ਗਿਆ। ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਸੀ।

ਕੁੱਝ ਚਿਰ ਪਿੱਛੋਂ ਫਿਰ ਚਿੱਠੀ ਆਈ ਪੰਜਾਬ ਸਰਹੱਦ ਤੋਂ ਬੰਗਾਲ ਦੀ ਸਰਹੱਦ ’ਤੇ ਬਦਲੀ ਹੋ ਗਈ। ਕਾਰਨ ਬੜਾ ਅਜੀਬ ਸੀ।

ਉੱਥੇ ਪੌਣ ਪਾਣੀ ਬਹੁਤ ਮਾੜਾ ਸੀ। ਸਿਹਤ ਖਰਾਬ ਰਹਿਣ ਲੱਗ ਪਈ। ਗੁੱਸਾ ਆਇਆ। ਏਡੀ ਵੱਡੀ ਪੁਜੀਸ਼ਨ ਨੂੰ ਠੋਕਰ ਮਾਰ ਕੇ ਘਰ ਆਣ ਵਸੇ। ਬੱਚਿਆਂ ਨੂੰ ਉੱਚ ਵਿੱਦਿਆ ਤੱਕ ਪੜ੍ਹਾਇਆ। ਇਸ ਵੇਲ਼ੇ ਸਾਰਾ ਪਰਿਵਾਰ ਟੋਰਾਂਟੋ ਵਸਿਆ ਹੋਇਆ ਹੈ।

ਕਵਿਤਾ ਲਿਖਣ ਦਾ ਸਕੂਲ ਵਿੱਚੋਂ ਹੀ ਸ਼ੌਕ ਹੋ ਗਿਆ। ਜਦੋਂ ਵੀ ਚਿੱਠੀ ਆਉਣੀ ਘੱਟੋ ਘੱਟ 5-6 ਪੰਨਿਆਂ ਦੀ ਹੋਣੀ। ਸਾਰੀ ਹੀ ਬਹੁਤ ਉੱਚ ਪੱਧਰ ਦੀ ਕਵਿਤਾ ਹੁੰਦੀ। ਕਵਿਤਾ ਲਿਖਣ ਦਾ ਬਹੁਤ ਸ਼ੌਕ ਰੱਖਿਆ ਪਰ ਸਿਵਾਏ ਕੁੱਝ ਇੱਕ ਰਸਾਲਿਆਂ ਵਿਚ ਛਪਣ ਦੇ ਕੋਈ ਸੰਗ੍ਰਹਿ ਨਾ ਛਪਾਇਆ।

ਅੱਜ ਕੱਲ੍ਹ ਪੰਜਾਬੀ ਸੈਮੀਨਾਰਾਂ ਵਿੱਚ ਬਹੁਤ ਭਾਗ ਲੈਂਦਾ ਹੈ। ਕੈਨੇਡਾ ਵਿੱਚ ਵੀ ਅਤੇ ਪੰਜਾਬ ਵਿੱਚ ਵੀ। ਫਾਰਮੈਲਿਟੀ ਦੇ ਬਹੁਤ ਵਿਰੁੱਧ ਹੈ। ਜਦੋਂ ਮੇਰੇ ਕੋਲ਼ ਆਉਣਾ, ਸਾਰੇ ਪਰਿਵਾਰ ਨੂੰ ਕੋਲ਼ ਬਿਠਾ ਕੇ ਬੜੀਆਂ ਪਿਆਰੀਆਂ-ਪਿਆਰੀਆਂ ਗੱਲਾਂ ਵਿੱਚ ਘੰਟਾ ਜਾਂ ਡੇਢ ਘੰਟਾ ਬਿਤਾਉਣਾ ਅਤੇ ਜਾਣ ਵੇਲ਼ੇ ਸਿਰਫ ਚਾਹ ਦਾ ਕੱਪ ਪੀ ਹੱਥ ਮਿਲਾਉਣਾ। ਫਿਰ ਚੱਲੋ-ਚੱਲ। ਬੱਚਿਆਂ ਨੂੰ ਸ਼ਗਨ ਨਾ ਕਿਸੇ ਨੂੰ ਦਿੱਤਾ ਹੋਵੇਗਾ ਅਤੇ ਨਾ ਹੀ ਕਿਸੇ ਤੋਂ ਲਿਆ ਹੋਵੇਗਾ। ਵਿਖਾਵੇ ਦੀ ਪ੍ਰਾਹੁਣਚਾਰੀ ਦੇ ਪੂਰਾ ਵਿਰੁੱਧ।

ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲ਼ਿਆ ਅਤੇ ਪੜ੍ਹਾਇਆ ਜਿਵੇਂ ਬੱਚੇ, ਬੱਚੇ ਘੱਟ ਹੋਣ ਤੇ ਦੋਸਤ ਵੱਧ ਹੋਣ। ਏਸੇ ਲਈ ਤਿੰਨੇ ਪੁੱਤਰ ਕੈਨੇਡਾ ਵਿੱਚ ਪੂਰੀ ਸਫਲਤਾ ਨਾਲ਼ ਵਧੀਆ ਨੌਕਰੀਆਂ ਕਰ ਰਹੇ ਹਨ। ਆਪ ਪੰਨੂੰ ਮਾਂ ਬੋਲੀ ਪੰਜਾਬੀ ਦੀ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰੀ ਜਾ ਰਿਹਾ ਹੈ।

Read 2579 times Last modified on Thursday, 10 May 2018 01:04
ਗੁਰਮੇਲ ਸਿੰਘ ਮਾਂਗਟ