You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਪਝੰਤਰ ਨਹੀਂ ਸਤਵੰਜਾ ਸਾਲਾ ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 10:01

ਪਝੰਤਰ ਨਹੀਂ ਸਤਵੰਜਾ ਸਾਲਾ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਮੇਰੇ ਸ਼ਹਿਰ ਵਿਚ ਨਹੀਂ ਰਹਿੰਦਾ ਅਤੇ ਨਾ ਹੀ ਮੇਰੇ ਸੂਬੇ ਵਿਚ ਰਹਿੰਦਾ ਹੈ। ਸਰੀ ਅਤੇ ਟੋਰਾਂਟੋ ਵਿਚਕਾਰ ਫਾਸਲਾ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਦਾ ਹੈ। ਇਸ ਕਰਕੇ ਮੈਨੂੰ ਕਦੇ ਵੀ ਉਸ ਨਾਲ ਲੰਮਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਿਆ। ਤਿੰਨ ਕੁ ਵਾਰੀ ਦੀਆਂ ਸੰਖੇਪ ਮਿਲਣੀਆਂ ਅਤੇ ਪੱਚੀ ਤੀਹ ਵਾਰੀ ਦੀ ਫੋਨ ’ਤੇ ਗੱਲਬਾਤ ਦੇ ਸੀਮਤ ਸੰਪਰਕ ਦੇ ਬਾਵਜੂਦ ਉਹ ਇਕ ਨਿੱਘਾ ਦੋਸਤ, ਪਿਉਆਂ ਵਾਂਗ ਮੱਤਾਂ ਦੇਣ ਵਾਲਾ ਵਡੇਰਾ, ਉਸਤਾਦ ਵਾਂਗ ਚੰਢ ਕੇ ਰੱਖਣ ਵਾਲਾ ਅਤੇ ਹਮੇਸ਼ਾਂ ਨੇਕ ਸਲਾਹ ਦੇਣ ਵਾਲਾ ਇਨਸਾਨ ਹੈ।

ਪੰਨੂੰ ਨਾਲ ਮੇਰਾ ਸੰਪਰਕ ਮੇਰੀ ਨਿੱਜੀ ਲੋੜ ਵਿੱਚੋਂ ਨਿਕਲਿਆ ਸੀ। ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਅਨੁਵਾਦ ਦੇ ਆਪਣੇ ਕੰਮ ਵਿਚ ‘ਮੈਕ’ ਕੰਪਿਊਟਰ ਉੱਤੇ ਕੰਮ ਕਰਦਾ ਸਾਂ। ਕੰਮ ਦੇਣ ਵਾਲਿਆਂ ਨੇ ਅਚਾਨਕ ‘ਪੀ ਸੀ’ ’ਤੇ ਕੰਮ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ। ਉਸ ਵੇਲੇ ‘ਮੈਕ’ ਅਤੇ ‘ਪੀ ਸੀ’ ਵਿਚ ਪੰਜਾਬੀ ਦੇ ਫੌਂਟ ਵੱਖਰੇ ਸਨ। ਮਸੀਂ ਇਕ ਕੀਅ ਬੋਰਡ ਨੂੰ ਹੀ ਚੱਜ ਨਾਲ ਵਰਤਣਾ ਸ਼ੁਰੂ ਕੀਤਾ ਸੀ ਕਿ ਉੱਤੋਂ ਬਿਲਕੁਲ ਹੀ ਵੱਖਰੀਆਂ ਕੀਆਂ ਨੂੰ ਕਿਵੇਂ ਦਿਮਾਗ ਵਿਚ ਪਾਉਂਦਾ? ਕਿਸੇ ਨੇ ਦੱਸ ਪਾਈ ਕਿ ਪੰਨੂੰ ਹੋਰੀਂ ਇਸ ਵਿਚ ਮਦਦ ਕਰ ਸਕਦੇ ਹਨ। ਰਾਬਤਾ ਕਰਨ ’ਤੇ ਜਿਹੜੀ ਕਮਾਲ ਉਸ ਨੇ ਕਰ ਦਿਖਾਈ (‘ਮੈਕ’ ਦੇ ਸਾਡੇ ਪੰਜਾਬੀ ਦੇ ਫੌਂਟ ‘ਬਾਬਾ ਫਰੀਦ’ ਨੂੰ ‘ਪੀ ਸੀ’ ਲਈ ਚੱਲਦਾ ਕਰ ਦਿੱਤਾ) ਉਹ ਉਸ ਵੇਲੇ ਆਪਣੇ ਆਪ ਵਿਚ ਇਕ ਵਿਲੱਖਣ ਗੱਲ ਸੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਿਨਾਂ ਵਿਚ ਹੀ ‘ਸਮਤੋਲ’ ਫੌਂਟ ਪੰਨੂੰ ਦੀ ਮਦਦ ਨਾਲ ਹੀ ‘ਮੈਕ’ ਅਤੇ ‘ਪੀ ਸੀ’ ਦੇ ਸਿਸਟਮ ਲਈ ਤਿਆਰ ਹੋ ਚੁੱਕਾ ਸੀ। ਜਿਹੜੀ ਮਿਹਨਤ ਉਸ ਨੇ ਮੇਰੇ ਫੌਂਟ ਨੂੰ ‘ਪੀ ਸੀ’ ਵਿਚ ਤਬਦੀਲ ਕਰਨ ਲਈ ਕੀਤੀ, ਉਹ ਸਿਰ ਨੂੰ ਚਕਰਾਉਣ ਵਾਲੀ ਸੀ। ਕੰਪਿਊਟਰਾਂ ਨਾਲ ਮੱਥਾ ਮਾਰਨਾ ਜਣੇ ਖਣੇ ਦਾ ਕੰਮ ਨਹੀਂ ਪਰ ਉਸ ਨੇ ਆਪ ਸਭ ਕੁਝ ਪੜ੍ਹ ਕੇ, ਖੋਜ ਕਰ ਕੇ ਫੌਂਟਾਂ ਬਾਰੇ ਇਕ ਨਵਾਂ ਰਾਹ ਖੋਲ੍ਹ ਦਿੱਤਾ ਸੀ। ਭਾਵੇਂ ਕਿ ਹੁਣ ਬਹੁਤ ਸਾਰੇ ਲੋਕ ਇਹ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਵਿਚ ਹਨ ਪਰ ਪੰਜਾਬੀ ਫੌਂਟਾਂ ਨਾਲ ਸੰਬੰਧਿਤ ਬਹੁਤ ਸਾਰੇ ਕੰਮਾਂ ਦਾ ਆਗਾਜ਼ ਉਸ ਨੇ ਹੀ ਕੀਤਾ ਹੈ। ਇਸ ਤਰ੍ਹਾਂ ਹੀ ਪੰਜਾਬੀ ਨੂੰ ਸ਼ਾਹਮੁਖੀ ਵਿਚ ਤਬਦੀਲ ਕਰਨ ਦਾ ਸਿਸਟਮ ਵੀ ਉਸ ਨੇ ਬਹੁਤ ਸਮਾਂ ਪਹਿਲਾਂ ਤਿਆਰ ਕਰ ਲਿਆ ਸੀ। ਪੰਜਾਬੀ ਦੇ ਫੌਂਟਾਂ ਨੂੰ ਯੂਨੀਕੋਡ ਵਿਚ ਤਬਦੀਲ ਕਰਨ ਦਾ ਸਿਸਟਮ ਵੀ ਉਸ ਕੋਲ ਬਹੁਤ ਕਮਾਲ ਦਾ ਹੈ। ਇਕ ਕਲਿੱਕ ਨਾਲ ਹੀ ਅੱਖਰ ਪੁਤਲੀ-ਨਾਚ ਕਰਦੇ-ਕਰਦੇ ਯੂਨੀਕੋਡ ਵਿਚ ਤਬਦੀਲ ਹੋ ਜਾਂਦੇ ਹਨ। ਕੰਪਿਊਟਰ ਦੇ ਮਾਮਲੇ ਵਿਚ ਉਸ ਨੇ ਹੋਰ ਕੰਮ ਵੀ ਕੀਤੇ ਹੋਣਗੇ ਪਰ ਮੈਨੂੰ ਸਿਰਫ ਉਨ੍ਹਾਂ ਚੀਜ਼ਾਂ ਦਾ ਹੀ ਗਿਆਨ ਹੈ ਜਿਹੜੀਆਂ ਨਾਲ ਮੇਰਾ ਵਾਹ ਪਿਆ ਹੈ।

ਇਨ੍ਹਾਂ ਚੀਜ਼ਾਂ ਦੇ ਸਬੰਧ ਵਿਚ ਹੀ ਆਪਣੀ ਲੋੜ ਪੂਰੀ ਕਰਨ ਲਈ ਮੈਂ ਜਦ ਵੀ ਉਸ ਨੂੰ ਫੋਨ ਕੀਤਾ ਹੈ ਤਾਂ ਬਹੁਤ ਡਰਦੇ-ਡਰਦੇ ਨੇ ਕੀਤਾ ਹੈ। ਇਸ ਕਰਕੇ ਨਹੀਂ ਕਿ ਉਸ ਨੂੰ ਕੋਈ ਵਗਾਰ ਪਵੇਗੀ ਜਾਂ ਉਹ ਕੋਈ ਬੁਰਾ ਮਨਾਏਗਾ। ਇਸ ਕਰਕੇ ਕਿ ਉਸ ਦੇ ਸੱਚੇ-ਸੁੱਚੇ ਅਤੇ ਠਾਹ ਕਰਦੇ ਸ਼ਬਦਾਂ ਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਵਾਧੂ ਗੱਲ ਕੀਤੀ ਨਹੀਂ ਕਿ ਝੰਡ ਕਰਾਈ ਨਹੀਂ। “ਸਾਸਰੀ ਕਾਲ ਪੰਨੂੰ ਸਾਹਿਬ।” ਸਾਸਰੀ ਕਾਲ ਦਾ ਜਵਾਬ ਮਿਲਣ ਦੀ ਥਾਂ ਅੱਗੋਂ ਸੁਆਲ ਹੁੰਦੈ, “ਹਾਂ ਦੱਸ ਬਈ?” “ਆਹ ਜੀ ਯੂਨੀਕੋਡ ਵਾਲਾ ਸਿਸਟਮ ਮੁੜ ਕੇ ਚਲਾਉਣਾ ਸੀ।” “ਅੱਛਾ, ਮੈਂ ਆਪਣਾ ਕੰਪਿਊਟਰ ਖੋਲ੍ਹਦਾਂ, ਤੈਨੂੰ ਮੁੜ ਕੇ ਫੋਨ ਕਰਦਾਂ ਪੰਜਾਂ ਮਿੰਟਾਂ ਵਿਚ”।

ਦੋ ਕੁ ਮਿੰਟਾਂ ਵਿਚ ਹੀ ਫੋਨ ਆ ਜਾਵੇਗਾ। ਜਿਹੜੀਆਂ ਹਿਦਾਇਤਾਂ ਉਸ ਨੇ ਦੇਣੀਆਂ ਹਨ, ਉਨ੍ਹਾਂ ਦੀ ਪਾਲਣਾ ਫੌਜ ਦੇ ਅਨੁਸਾਸ਼ਨ ਵਾਂਗ ਕਰਨੀ ਬਹੁਤ ਜ਼ਰੂਰੀ ਹੈ। ਰਤਾ ਕੁ ਇਧਰ ਉਧਰ ਹੋਏ ਨਹੀਂ ਕਿ ਸ਼ਾਮਤ ਆਈ ਨਹੀਂ। “ਚੱਲ ਵਰਡ ਦੀ ਫਾਈਲ ਖੋਲ੍ਹ।” “ਅੱਛਾ, ਚਲ ਬਈ ਮੈਕਰੋਜ਼, ਮੈਕਰੋਜ਼, ਵਿਊ ਮੈਕਰੋਜ਼ ’ਤੇ।” “ਹਾਂ ਜੀ ਚਲਾ ਗਿਆ ਜੀ।” “ਚੱਲ ਔਰਗੇਨਾਈਜ਼ਰ ’ਤੇ।” ਇਸ ਸਮੇਂ ਜੇ ਪਲ ਭਰ ਲਈ ਵੀ ਤੁਸੀਂ ਪਛੜ ਗਏ ਜਾਂ ਅੱਗੇ ਲੰਘ ਗਏ ਤਾਂ ਬੰਬਾਰਡਮੈਂਟ ਹੋਈ ਕਿ ਹੋਈ। “ਤੂੰ ਯਾਰ ਅੱਗੇ ਹੀ ਭੱਜੀ ਜਾਨਾਂ, ਤੂੰ ਉਹ ਕਰ ਜੋ ਤੈਨੂੰ ਕਿਹਾ।” ਘਬਰਾਇਆ ਬੰਦਾ ਫਿਰ ਹੋਰ ਗਲਤ ਥਾਂ ’ਤੇ ਕਲਿੱਕ ਕਰੀ ਜਾਂਦਾ। ਜਦ ਪੰਨੂੰ ਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਉਖੜ ਗਿਆ ਤਾਂ ਫਿਰ ਉਸ ਦੀ ਆਵਾਜ਼ ਅਪਣੱਤ ਨਾਲ ਭਰ ਜਾਵੇਗੀ, “ਅੱਛਾ, ਅੱਛਾ ਮੈਨੂੰ ਲੱਗਦਾ ਤੇਰੇ ਪੋ੍ਰਗਰਾਮ ਵਿਚ ਇਹ ਨਹੀਂ।” ਕਈ ਵਾਰ ਤਾਂ ਲੱਗਦਾ ਹੈ ਕਿ ਉਹ ਸਿਰਫ ਤੁਹਾਨੂੰ ਮਾਫ਼ ਕਰਨ ਲਈ ਇਹ ਗੱਲ ਕਹਿ ਰਿਹਾ ਹੈ। ਤੁਹਾਡਾ ਕੰਮ ਚਲਾਉਣ ਨੂੰ ਭਾਵੇਂ ਉਸ ਨੂੰ ਸਾਰੀ ਦਿਹਾੜੀ ਲੱਗ ਜਾਵੇ ਉਸ ਨੇ ਕੰਮ ਚੱਲਦਾ ਕਰਕੇ ਹੀ ਹਟਣਾ ਹੈ। ਹੁਣ ਤਾਂ ਲੌਂਗ ਡਿਸਟੈਂਸ ਮੁਫ਼ਤ ਦੇ ਭਾਅ ਹੋ ਗਿਆ ਹੈ। ਉਹ ਆਪਣੇ ਵੱਲੋਂ ਉਦੋਂ ਵੀ ਫੋਨ ਕਰ ਕੇ ਘੰਟਾ-ਘੰਟਾ ਲਾ ਦਿੰਦਾ ਸੀ ਜਦੋਂ ਲੋਕੀਂ ਪੰਜ ਸੱਤ ਮਿੰਟਾਂ ਦੀ ਕਾਲ ਤੋਂ ਬਾਅਦ ਹੀ ਖਹਿੜਾ ਛੁਡਾਉਣ ਲੱਗ ਪੈਂਦੇ ਸਨ। ਕਦੀ-ਕਦੀ ਆਖੇਗਾ, “ਯਾਰ ਕਦੀ ਕੰਮ ਤੋਂ ਬਿਨਾਂ ਵੀ ਫੋਨ ਕਰ ਲਿਆ ਕਰ”। ਇਕ ਵਾਰ ਮੈਥੋਂ ਕਹਿ ਹੋ ਗਿਆ, “ਤੁਸੀਂ ਕਹਿਣਾ ‘ਕੰਮ ਦੱਸ’ ਫਿਰ ਮੈਂ ਕੀ ਕੰਮ ਦੱਸਾਂਗਾ?” ਇਸ ਗੱਲ ਦੇ ਜਵਾਬ ਵਿਚ ਵੀ ਉਸ ਨੇ ਕੁਝ ਨਾ ਕਿਹਾ, ਸਿਰਫ ਹਲਕੀ ਜਿਹੀ ਮੁਸਕਰਾਹਟ ਹੀ ਸੁਣਾਈ ਦਿੱਤੀ। ਜੇ ਕੰਮ ਛੇਤੀ ਨਿਬੜ ਜਾਵੇ ਤਾਂ ਪੁੱਛੇਗਾ ਕਿ ਅੱਜ ਕੱਲ੍ਹ ਸ਼ਰਾਬ ਕਿੰਨੀ ਕੁ ਪੀਨੈਂ। ਆਪਣਾ ਆਪ ਲੁਕਾਉਣ ਲਈ ਕਹਿ ਛੱਡਦਾਂ ਕਿ ਨਹੀਂ ਜੀ ਹੁਣ ਤਾਂ ਬੜੇ ਹੀ ਹਿਸਾਬ ਨਾਲ ਪੀਈਦੀ ਆ। ਸ਼ਾਇਦ ਉਸ ਨੂੰ ਇਸ ਗੱਲ ਦਾ ਕਦੇ ਵੀ ਯਕੀਨ ਨਹੀਂ ਆਇਆ। ਉਹ ਪਿਉ ਵਾਂਗ ਸਦਾ ਹੀ ਫਿਕਰਮੰਦ ਰਹਿੰਦਾ ਹੈ, “ਜੇ ਪਿਉ ਸਮਝਦਾਂ ਤਾਂ ਮੇਰੀ ਗੱਲ ’ਤੇ ਅਸਰ ਵੀ ਕਰਿਆ ਕਰ। ਅੱਛਾ ਤੇਰੀ ਘਰਵਾਲੀ ਨੂੰ ਕਹਾਂਗਾ ਤੇਰੇ ਕੰਨ ਖਿੱਚ ਕੇ ਰੱਖੇ”। ਸ਼ਰਾਬ ਪੀਣ ਦਾ ਜ਼ਬਤ ਮੈਂ ਉਸ ਦਾ ਦੇਖਿਆ ਹੈ। ਜੇ ਸਾਰੇ ਪੰਜਾਬੀ ਪੰਨੂੰ ਵਾਂਗ ਪੀਣ ਲੱਗ ਪੈਣ ਤਾਂ ਸ਼ਾਇਦ ਪੰਜਾਬੀਆਂ ਵਿਚ ਸ਼ਰਾਬ ਦੀ ਕੋਈ ਸਮੱਸਿਆ ਹੀ ਨਾ ਰਹੇ।

ਕੰਪਿਊਟਰਾਂ ’ਤੇ ਪੰਜਾਬੀ ਦੇ ਪੈਰ ਲਵਾਉਣ ਤੋਂ ਬਿਨਾਂ ਉਹ ਲੇਖਕ ਵੀ ਬਹੁਤ ਵਧੀਆ ਹੈ। ਆਪਣੀ ਹਰ ਰਚਨਾ ਲਿਖ ਕੇ ਯਾਰਾਂ ਦੋਸਤਾਂ ਨੂੰ ਫੋਨ, ਈ-ਮੇਲਾਂ ਕਰ ਕੇ ਆਪਣੀ ਰਚਨਾ ਪੜ੍ਹਣ ਲਈ ਨਾ ਕਹਿਣ ਦੇ ਉਸ ਦੇ ਸੁਭਾਅ ਕਰਕੇ ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਕੁ ਲਿਖਦਾ ਹੈ। ਪਰ ਕਦੇ-ਕਦੇ ਜਦੋਂ ਵੀ ਉਸ ਦੀ ਕੋਈ ਰਚਨਾ ਪੜ੍ਹਣ ਨੂੰ ਮਿਲ ਜਾਂਦੀ ਹੈ ਤਾਂ ਉਹ ਪਾਠਕ ’ਤੇ ਆਪਣਾ ਅਸਰ ਛੱਡ ਜਾਂਦੀ ਹੈ। ਕਈ ਸਾਲ ਪਹਿਲਾਂ ਉਸ ਦਾ 1984 ਦੇ ਕਤਲੇਆਮ ਬਾਰੇ ਲਿਖਣਾ ਰੂਹ ਨੂੰ ਹਲੂਣ ਦੇਣ ਵਾਲਾ ਸੀ ਜਦੋਂ ਉਹ ਬੀ ਐੱਸ ਐੱਫ ਦੇ ਇਕ ਅਫਸਰ ਵਜੋਂ ਛੁੱਟੀ ’ਤੇ ਜਾਣ ਕਰਕੇ ਭਾਰਤ ਦੇ ਕਿਸੇ ਰੇਲਵੇ ਸਟੇਸ਼ਨ ’ਤੇ ਫਸ ਗਿਆ ਸੀ। ਇਸ ਤਰ੍ਹਾਂ ਹੀ ਦੋ ਕੁ ਸਾਲ ਪਹਿਲਾਂ ਉਸ ਨੇ ਭਾਰਤ ਦੀ ਆਪਣੀ ਫੇਰੀ ਸਮੇਂ ਪੰਜਾਬੀਆਂ ਦੇ ਹਵਾਈ ਸਫਰ ਦੀ ਦਾਸਤਾਨ ਜਿਸ ਅੰਦਾਜ਼ ਵਿਚ ਲਿਖੀ ਸੀ ਉਹ ਵੀ ਕਮਾਲ ਦੀ ਸੀ। ਜਹਾਜ਼ ਦੀ ਫਲਾਈਟ ਕੈਂਸਲ ਹੋਣ ਤੋਂ ਲੈ ਕੇ (ਜਿਸ ਵਿਚ ਉਸ ਨੇ ਸਸਤੀਆਂ ਟਿਕਟਾਂ ਖਰੀਦਣ ਲਈ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾਇਆ ਸੀ) ਦਿੱਲੀ ਦੇ ਹਵਾਈ ਅੱਡੇ ’ਤੇ ਜਹਾਜ਼ ਖੜ੍ਹਣ ਤੋਂ ਪਹਿਲਾਂ ਹੀ ਕੈਨੇਡਾ ਦੇ ਪੰਜਾਬੀਆਂ ਵੱਲੋਂ ਆਪਣੇ ਪੰਜਾਬੀ ਰੰਗ ਵਿਚ ਆ ਜਾਣ ਦਾ ਜਿਹੜਾ ਦ੍ਰਿਸ਼ ਉਸ ਨੇ ਬੰਨ੍ਹਿਆ ਸੀ ਉਹ ਭਾਰਤ ਜਾਣ ਵਾਲੇ ਹਰ ਕੈਨੇਡੀਅਨ ਨੇ ਦੇਖਿਆ ਹੋਇਆ ਹੈ। ਲਫਜ਼ਾਂ ਦਾ ਜਾਮਾ ਸ਼ਾਇਦ ਉਹ ਹੀ ਪਹਿਨਾ ਸਕਿਆ ਹੈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਮੈਂ ਉਸ ਨੂੰ ਬਹੁਤਾ ਨਹੀਂ ਪੜ੍ਹਿਆ ਪਰ ਜੋ ਪੜ੍ਹਿਆ ਹੈ ਉਹ ਉਸ ਦੀ ਸਾਦਗੀ ਅਤੇ ਸਿੱਧੀ ਗੱਲ ਕਹਿਣ ਦੇ ਅੰਦਾਜ਼ ਕਾਰਨ ਪਾਠਕਾਂ ਨੂੰ ਟੁੰਬ ਜਾਂਦਾ ਹੈ।

ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸ ਦੇ 75ਵੇਂ ਜਨਮ ’ਤੇ ਉਸ ਦੇ ਕੰਮ ਨੂੰ ਪਛਾਣਿਆ ਜਾ ਰਿਹਾ ਹੈ। ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਇਸ ਕੰਮ ਦਾ ਬੀੜਾ ਚੁੱਕਣਾ ਹੀ ਪੰਨੂੰ ਦੇ ਕੰਮ ਦੇ ਠੀਕ ਅਤੇ ਉੱਚ ਪਾਏ ਦੇ ਹੋਣ ਦੀ ਗਵਾਹੀ ਭਰਦਾ ਹੈ। ਮੇਰੀ ਦਿਲੀ ਇੱਛਾ ਹੈ ਕਿ ਬਾਪੂ ਵਰਗਾ ਮੇਰਾ ਦੋਸਤ ਪੰਨੂੰ ਪੰਜਾਬੀ ਲਈ ਅਜੇ ਹੋਰ ਬਹੁਤ ਕੁਝ ਕਰਦਾ ਜਾਵੇ। ਉਹ ਇਕ ਸਿਰੜੀ ਇਨਸਾਨ ਹੈ। ਭਵਿੱਖ ਵਿਚ ਉਸ ਵੱਲੋਂ ਬਹੁਤ ਕੁਝ ਕੀਤੇ ਜਾਣ ਦੀ ਮੈਨੂੰ ਆਸ ਹੈ। ਉਸ ਦੀ ਐਨਰਜੀ ਅਤੇ ਲਗਨ ਕਾਰਨ ਉਸ ਦੇ ਜਨਮ ਦੇ 75 ਦੇ ਅੰਕਾਂ ਨੂੰ ਪੁੱਠਾ ਕਰ ਕੇ 57 ਪੜ੍ਹਿਆ ਜਾਣਾ ਚਾਹੀਦਾ ਹੈ। ਉਹ ਅਜੇ ਪਝੰਤਰਾਂ ਦਾ ਨਹੀਂ ਹੋਇਆ।

 

ਗੁਰਮੇਲ ਰਾਏ

ਸਰੀ, ਬੀ ਸੀ

604-512-5672

This e-mail address is being protected from spambots. You need JavaScript enabled to view it

Read 4559 times Last modified on Thursday, 10 May 2018 01:04