You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਪੰਜਾਬੀ ਕੰਪਿਊਟਰ ਦਾ ਭਰ ਵਹਿੰਦਾ ਦਰਿਆ ਬਹੁਗੁਣੀਆਂ ਸ: ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 10:04

ਪੰਜਾਬੀ ਕੰਪਿਊਟਰ ਦਾ ਭਰ ਵਹਿੰਦਾ ਦਰਿਆ ਬਹੁਗੁਣੀਆਂ ਸ: ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਜਦੋਂ ਕੰਪਿਊਟਰ ਦੀ ਗੱਲ ਚਲਦੀ ਹੈ, ਖਾਸ ਕਰਕੇ ਪੰਜਾਬੀ ਕੰਪਿਊਟਰੀ-ਕਰਨ ਦੀ, ਤਾਂ ਹਰ ਪੰਜਾਬੀ ਮਹਿਫ਼ਲ, ਸਭਾ, ਸੁਸਾਇਟੀ, ਪੰਜਾਬੀ ਅਖ਼ਬਾਰੀ ਅਦਾਰੇ, ਪੰਜਾਬੀ ਰਸਾਲੇ, ਕਿਤਾਬੀ ਪਬਲਿਸ਼ਰਜ਼ ਅਤੇ ਸੰਪਾਦਕ, ਪ੍ਰੈੱਸ ਕਲੱਬ ਇਕੱਤਰਤਾਵਾਂ, ਯੂਨੀਵਰਸਟੀਆਂ ਦੇ ਕਿਹੜੇ ਕੰਪਿਊਟਰੀ ਵਿਭਾਗ ਹੋਣਗੇ, ਜਿਥੇ ਪੰਜਾਬੀ ਕੰਪਿਊਟਰੀ-ਕਰਨ ਲਈ ਕਿਸੇ ਨਾ ਕਿਸੇ ਰੂਪ ’ਚ ਸ: ਕਿਰਪਾਲ ਸਿੰਘ ਪੰਨੰ ਨਾਲ ਰਾਬਤਾ ਨਾ ਬਣਿਆਂ ਹੋਵੇ ਤੇ ਉਹ ਕਿਹੜੀ ਥਾਂ ਹੈ ਜਿੱਥੇ ਮਾਂ ਬੋਲੀ ਪੰਜਾਬੀ ਦਾ ਇਹ ਬਹਾਦਰ ਸਪੂਤ ਪੰਜਾਬੀ ਕੰਪਿਊਟਰੀ-ਕਰਨ ਲਈ ਜਾ ਕੇ ਨਾ ਖੜ੍ਹਾ ਹੋਵੇ। ਸ: ਕਿਰਪਾਲ ਸਿੰਘ ਪੰਨੰ ਨੰ ਕੋਈ ‘ਭਾਈ ਘਨੱਈਆ’ ਵਜੋਂ ਯਾਦ ਕਰਦਾ ਤੇ ਕੋਈ ਲਗਨ ਦੇਖ ‘ਧੰਨਾ ਭਗਤ’ ਅਤੇ ਕੋਈ ‘ਪੰਜਾਬੀ ਕੰਪਿਊਟਰ ਦੀ ਅੰਮਾ’ ਵੀ ਕਹਿ ਦਿੰਦਾ ਹੈ। ਅਨੇਕ ਨਾਵਾਂ ਨਾਲ ਜਾਣਿਆਂ  ਜਾਣ ਵਾਲੇ ਇਸ ਸਿਰੜੀ ਵਿਦਵਾਨ ਨੇ ਅਜੇ ਪੌਣੀ ਸਦੀ ਦੀ ਉਮਰ ਹੀ ਹੰਢਾਈ ਹੈ, ਜਿਸ ਨੰ ਸੀਨੀਅਰ ਕਹਿਣਾ ਸੱਚ ਤੋਂ ਪਾਸਾ ਵੱਟਣਾ ਲਗਦੈ, ਸੱਚੀ ਗੱਲ ਤਾਂ ਇਹ ਐ ਕਿ ਇਹ ਨੌਜਵਾਨਾਂ ਵਾਂਗ ਉਡੂੰ-ਉਡੰ ਕਰਦਾ ਹੈ ਤੇ ਇਸ ਨੰ ਅਕਲ ਵਢ-ਵਢ ਖਾਂਦੀ ਹੈ।

ਕੈਨੇਡਾ ’ਚ ਟੋਰਾਂਟੋ ਦੇ ਆਸ ਪਾਸ ਦੇ ਸ਼ਹਿਰਾਂ ’ਚ ਵਸਦੇ ਜੋ ਸੀਨੀਅਰ, ਪੰਜਾਬ ’ਚੋਂ ਅਧਿਆਪਕ, ਹੈਡਮਾਸਟਰ, ਪਿੰਰਸੀਪਲ ਜਾਂ ਹੋਰ ਉੱਚ ਅਹੁਦਿਆਂ ’ਤੇ ਕੰਮ ਕਰਦੇ ਆਏ ਹਨ, ਕਨੇਡਾ ਆ ਕੇ ਅਖਬਾਰਾਂ ਲਈ ਅਕਸਰ ਲਿਖਦੇ ਰਹਿੰਦੇ ਹਨ,  ਉਨ੍ਹਾਂ ’ਚੋਂ ਘੱਟ ਹੀ ਸੀਨੀਅਰ ਹੋਣਗੇ ਜਿੰਨ੍ਹਾ ਨੇ ਮਾਂ ਬੋਲੀ ਪੰਜਾਬੀ ’ਚ ਲਿਖਣ ਲਈ ਪੰਜਾਬੀ ਕੰਪਿਊਟਰ ਰਾਹੀਂ ਸ: ਕਿਰਪਾਲ ਸਿੰਘ ਪੰਨੰ ਦੇ ਯਤਨਾਂ ਨਾਲ ਲਿਖਣਾ ਨਾ ਸ਼ੁਰੂ ਕੀਤਾ ਹੋਵੇ।

ਕੈਨੇਡਾ ਰਹਿੰਦੇ ਆਮ ਪੰਜਾਬੀ ਬਜ਼ੁਰਗਾਂ ’ਚੋਂ ਬਹੁਤ ਸਾਰਿਆਂ ਨੇ ਕੰਪਿਊਟਰ ਰਾਹੀ ਕੈਨੇਡਾ ਅਤੇ ਭਾਰਤ ’ਚ ਛਪਦੇ ਪੰਜਾਬੀ ਅਖ਼ਬਾਰ ਪੜ੍ਹਨ ਦੀ ਮੁਹਾਰਤ ਪਰਾਪਤ ਕੀਤੀ ਹੈ। ਉਹ ਸ: ਕਿਰਪਾਲ ਸਿੰਘ ਪੰਨੰ ਦੇ ਪੰਜਾਬੀ ਕੰਪਿਊਟਰੀ-ਕਰਨ ਦੇ ਯਤਨਾਂ ਸਦਕਾ ਕੈਨੇਡੀਅਨ ਇਕੱਲਤਾ ਤੋਂ ਖਹਿੜਾ ਛੁਡਾ ਕੇ ਹੁਣ ਬੜੇ ਖੁਸ਼ ਹਨ।

ਪੰਜਾਬੀ ਕੈਨੇਡੀਅਨ ਬਹੁਤ ਸਾਰੇ ਲੇਖਕਾਂ ਨੇ ਵੀ ਸ: ਕਿਰਪਾਲ ਸਿੰਘ ਪੰਨੰ ਦੇ ਪੰਜਾਬੀ ਕੰਪਿਊਟਰ ਦੇ ਵਹਿੰਦੇ ਦਰਿਆ ’ਚੋਂ ਚੂਲੀ ਚਰਨਾਮਤ ਲੈ ਕੇ ਅਪਣੀਆਂ ਲਿਖਤਾਂ ਦਾ ਮੂੰਹ ਮੱਥਾ ਸੰਵਾਰਿਆ ਹੈ ਅਤੇ ਕੁਝ ਲੇਖਕਾਂ ਨੇ ਅਪਣੀਆਂ ਪੁਸਤਕਾਂ ਵੀ ਇਸ ਮੁਹਾਰਤ ਨਾਲ ਆਪ ਕੰਪੋਜ਼ ਕੀਤੀਆਂ ਤੇ ਕੁਝ ਦੀਆਂ ਪੰਨੰ ਸਾਹਿਬ ਵੱਲੋਂ ਐਡਿਟ ਵੀ ਕੀਤੀਆਂ ਗਈਆਂ ਹਨ।

ਲੁਧਿਆਣੇ ਦੇ ਪਿੰਡ ਕਟਾਹਰੀ ਵਿਚ ਸ: ਪ੍ਰੇਮ ਸਿਓਂ ਦਾ ਮੁੰਡਾ ਪਾਲ ਕੱਬਡੀ ’ਚ ਧੁੰਮਾਂ ਪਾਉਂਦਾ ਬੜਾ ਨਿੱਖਰਿਆ ਸੀ। ਮਾਂ ਰਤਨ ਕੌਰ ਉਸ ਦੀ ਚੜ੍ਹਦੀ ਜਵਾਨੀ ਦਾ ਸੁਹੱਪਣ ਤਿੱਖੀਆਂ ਨਜ਼ਰਾਂ ਤੋਂ ਬਚਾਉਂਦੀ। ਪਰ ਗੁੱਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੀ ਹਾਕੀ ਟੀਮ ’ਚ ਕਾਲਜ ਕਲਰ ਲੈ ਕੇ ਜਦ ਉਹ ਛੇਤੀ ਹੀ ਪੁਲੀਸ ’ਚ ਜਾ ਭਰਤੀ ਹੋਇਆ ਤਾਂ ‘ਫੜੀਂ ਨੀ ਮਾਂ ਦਹੀਂ ਵਾਲਾ ਟੱਕ, ਮੈਂ ਮੁੰਡਾ ਦੇਖ ਆਵਾਂ’ ਇਹ ਚਰਚਾ ਸਿਵਲ ’ਚ ਹੀ ਸੀ। ਪਰ ਨੀਮ ਫੌਜੀ ਦਲਾਂ ਦੀ ਸਖ਼ਤ ਜ਼ਿੰਦਗੀ ਦੀਆਂ ਮਰਯਾਦਾਵਾਂ ਪਾਰ ਕਰਦਿਆਂ ਪੰਜਾਬ ਦੇ ਸਿਆਣੇ ਗੋਤ ਗਰੇਵਾਲਾਂ ਦੀ ਧੀ ਮਿਸਜ਼ ਪਤਵੰਤ ਕੌਰ ਪੰਨੰ ਦੇ ਸਿਆਣਪ ਭਰੇ ਸਾਥ ਨੇ ਉਨ੍ਹਾ ਦੇ ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਤੋਂ ਹਲਕਾ ਫੁੱਲ ਰੱਖਦਿਆਂ ਅਪਣੇ ਬੱਚਿਆਂ ਦੀ ਦੇਖ ਭਾਲ਼ ’ਚ ਕੋਈ ਕਸਰ ਨਾ ਰਹਿਣ ਦਿੱਤੀ। ਨੀਮ ਫੌਜੀ ਦਲਾਂ ਦਾ ਇਹ ਮਿਹਨਤੀ ਅਫਸਰ 32 ਸਾਲ ਦੀ ਸਰਵਿਸ ਕਰ ਕੇ 1991 ’ਚ ਆਪਣੇ ਬੱਚਿਆਂ ਕੋਲ ਕੈਨੇਡਾ ਅੱਪੜ ਗਿਆ।

1994 ’ਚ  ਮੈਂ ਵੀ ਦੋ ਕੁ ਸਾਲ ਬੇਟੇ ਕੋਲ ਲੰਡਨ ਓਂਟੈਰੀਓ ਰਹਿ ਕੇ ਆਪਣੇ ਸਕੂਲ ਮੇਟ ਨਵਤੇਜ ਭਾਰਤੀ ਦੀ ਸੰਗਤ ਮਾਣਦਾ, ਟੋਰਾਂਟੋ ਆ ‘ਪੰਜਾਬੀ ਕਲਮਾਂ ਦਾ ਕਾਫਲਾ’ ਦੀਆਂ ਇਕੱਤਰਤਾਵਾਂ ’ਚ ਜਾਣ ਲੱਗਾ ਤਾਂ ਪਹਿਲੇ ਮਿਲੇ ਸਾਹਿਤਕਾਰ ਦੋਸਤਾਂ ’ਚ ਜਰਨੈਲ ਸਿੰਘ ਕਹਾਣੀਕਾਰ, ਇਕਬਾਲ ਰਾਮੂਵਾਲੀਆ, ਓਂਕਾਰਪ੍ਰੀਤ, ਅਮਰਜੀਤ ਸਾਥੀ, ਕੁਲਵਿੰਦਰ ਖਹਿਰਾ, ਕਹਾਣੀਕਾਰਾ ਬਲਬੀਰ ਕੌਰ ਸੰਘੇੜਾ, ਸੱਤਪਾਲ ਕੌਰ ਗਿੱਲ, ਮਿੰਨੀ ਗਰੇਵਾਲ, ਪਰਮਜੀਤ ਮੋਮੀ, ਰਛਪਾਲ ਕੌਰ ਗਿੱਲ, ਮੇਜਰ ਮਾਂਗਟ, ਕੁਲਜੀਤ ਮਾਨ, ਭੁਪਿੰਦਰ ਦੁਲੇ, ਅਮਰ ਅਕਬਰਪੁਰੀ ਤੇ ਅਜੋਕਾ ਪੱਤਰਕਾਰ ਪਰ ਉਦੋਂ ਦਾ ਸ਼ਾਇਰ ਬਲਤੇਜ਼ ਪੰਨੰ ਮਿਲੇ।

ਨਾਲ ਹੀ ਬੀ. ਐੱਸ. ਐੱਫ ’ਚ ਡਿਪਟੀ ਕਮਾਂਡੈੰਟ, ਸੈਂਕਿੰਡ ਇਨ ਕਮਾਂਡ, ਨੀਮ ਫੌਜੀ ਦਲਾਂ ਦੇ ਅਹੁਦਿਆਂ ਦੇ ਸਖ਼ਤ ਡਿਊਟੀ ਨਿਭਾਉਣ ਵਾਲਾ ਸ: ਕਿਰਪਾਲ ਸਿੰਘ ਪੰਨੰ ‘...ਤੇ ਉਹ ਗਾਉਂਦੀ ਰਹੀ’, ਅਪਣੀ ਕਹਾਣੀ ਪੰਜਾਬੀ ਕਾਫਲੇ ’ਚ ਸੁਣਾ ਕੇ ਮਿਲਿਆ, ਕਲਾਮਈ ਕਹਾਣੀ ’ਚ ਕੋਮਲਤਾ ਦੀ ਝਲਕ, ਨੀਮ ਫੌਜੀ ਦਲਾਂ ਦੇ ਕਠੋਰ ਜੀਵਨ  ਤੋਂ ਦੂਰੀ, ਲੇਖਕ ਦੀ ਮਾਨਸਿਕਤਾ ਦੀ ਬਾਤ ਪਾ ਗਈ ਸੀ। ਪੰਜਾਬ ਦੇ ਕਾਲ਼ੇ ਦਿਨਾਂ ਦੀ ਝਾਕੀ ਵਾਲੀ ਮੇਰੀ ਕਹਾਣੀ ‘ਲੋਕ ਵਿਚਾਰੇ’ ’ਤੇ ਕਿਰਪਾਲ ਸਿੰਘ ਪੰਨੰ ਦਾ ਕੌਮੈਂਟ, ‘ਕਹਾਣੀ ਸਾਹ ਰੋਕ ਕੇ ਸੁਣਨੀ ਪਈ’ ਸਖ਼ਤ ਫੌਜੀ ਜੀਵਨ ’ਚ ਰਹਿੰਦਿਆਂ ਗੂਹੜੀ ਸਾਹਿਤਕ ਚੱਸ, ਆਮ ਸੁਣੇ ਸਣਾਏ ਫੌਜੀ ਜੀਵਨ ਦੇ ਅਨੁਭਵਾਂ ਤੋਂ ਪਾਸੇ ਸਾਹਿਤਕ ਸੂਝ ਦੀ ਡੁੰਘਾਈ ਦਾ ਨਿਰਣਾ ਸੀ ਜੋ ਬਾਅਦ ’ਚ ਕੈਨੇਡੀਅਨ ਪੰਜਾਬੀ ਦੇ ਅਖ਼ਬਾਰਾਂ ’ਚ ਕਦੇ ‘ਪੜ੍ਹਿਆ ਸੁਣਿਆ’, ਕਦੇ ਕਿਸੇ ਗਾਇਕ ਆਰਟਿਸਟ ਬਾਰੇ ਲਿਖੇ ਵਿਚਾਰ ਪੜ੍ਹਨ ਨੰ ਮਿਲਦੇ ਰਹਿੰਦੇ ਸਨ। ਖਾਸ ਕਰਕੇ ਨਵੇਂ ਸਾਹਿਤਕਾਰਾਂ ਨੰ ਪੰਨੂੰ ਦੀ ਹਲਾਸ਼ੇਰੀ ਦੇਣ ਵਾਲੀ ਵਿਲੱਖਣਤਾ ਸਦਕਾ ਇਨ੍ਹਾਂ ਦੇ ਸਹਿਤਕ ਚੇਲੇ-ਚੇਲੀਆਂ ਦੀ ਲੰਮੀ ਲਾਈਨ ਹੈ। ਇੰਨ੍ਹਾਂ ਦੇ ਅਪਣੇ ਤਿੰਨ ਬੇਟੇ ਅਤੇ ਇੱਕ ਗੋਦ ਲਈ ਪੁੱਤਰੀ ਹੈ, ਪਰ ਇਨ੍ਹਾਂ ਦੇ ਧਰਮ ਪੁੱਤਰ-ਪੁੱਤਰੀਆਂ ਅਤੇ ਪੋਤਰੇ-ਪੋਤਰੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।

ਅੱਜ ਵਿਗਿਆਨ ਦੀ ਅਨੂਠੀ ਕਾਢ ‘ਕੰਪਿਊਟਰ’ ਨੇ ਦੁਨੀਆਂ ਨੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ ਹੈ। ਕੰਪਿਊਟਰ ਬਾਰੇ ਸ: ਕਿਰਪਾਲ ਸਿੰਘ ਪੰਨੰ ਹੱਸ ਕੇ ਕਹਿੰਦੇ ਹਨ, ਦੋਸਤੋ ਕੰਪਿਊਟਰ ਬੱਸ ਇੱਕ ਰੋਟੀਆਂ ਨਹੀਂ ਪਕਾਉਂਦਾ, ਇਨਸਾਨ ਦੇ ਹੋਰ ਬਾਕੀ ਸਾਰੇ ਕੰਮ ਸਾਰ ਦਿੰਦਾ ਹੈ। ਸੰਸਾਰ ਦਾ ਇਹ ‘ਬਾਬਾ ਅਟੱਲ’ ਸ਼ਾਇਦ ਪੱਕੀ ਪਕਾਈ ਘੱਲ ਵਾਲ਼ੀ ਗੱਲ ਵੀ ਛੇਤੀ ਹੀ ਪੂਰੀ ਕਰਨ ਲੱਗ ਪਏਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਰਪਾਲ ਸਿੰਘ ਪੰਨੰ ਕਿਸੇ ਕੰਪਿਊਟਰ ਸਕੂਲ ਜਾਂ ਟਰੇਨਿੰਗ ਕਾਲਜ ’ਚ ਕੰਪਿਊਟਰ ਸਿੱਖਣ ਲਈ ਦਾਖਲ ਨਹੀਂ ਹੋਇਆ। ਉਹ ਅਪਣੇ ਕੰਪਿਊਟਰ ਮਾਹਰ ਸਪੁੱਤਰਾਂ ਤੋਂ ਮੁਢਲੀ ਜਾਣਕਾਰੀ ਲੈ ਕੇ ਅਪਣੀ ਕਰਤ ਵਿੱਦਿਆ ਰਾਹੀਂ ਹੀ ਕੰਪਿਊਟਰ ਦੀ ਦੁਨੀਆਂ ’ਚ ਡੂੰਘਾ ਉੱਤਰ ਗਿਆ ਹੈ। ਅਪਣੀ ਮਾਂ ਬੋਲੀ ਪੰਜਾਬੀ ਦੇ ਕੰਪਿਊਟਰੀ-ਕਰਨ ਲਈ ਕਮਰਕਸਾ ਕਰ ਕੇ ਦਰਿੜ੍ਹ ਖੜ੍ਹਾ ਹੈ।

‘ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ ਨਾ ਭਾਲ਼ੋ ਤੁਸੀਂ ਜੱਥੇਦਾਰੀਆਂ’ ਗੀਤਕਾਰ ਓਹੜਪੁਰੀ ਵਾਲ਼ੀ ਭਾਵਨਾ ਦੀ ਰੂਹ ਆਪਣੀ ਸੇਵਾਦਾਰੀ ਭਾਵਨਾ ਵਿੱਚ ਭਰ ਕੇ ਹਰ ਇੱਕ ਦੇ ਅੜੇ-ਥੁੜੇ ਕੰਮ ਆਉਣ ਦੀ ਤਾਂਘ ਨਾਲ ਅਪਣੇ ਹਸਮੁੱਖ ਬੋਲਾਂ ਦੀ ਮੱਲ੍ਹਮ-ਪੱਟੀ ਲੈ ਕੇ ਹਰ ਵਕਤ ਖੜ੍ਹਾ ਹੁੰਦਾ ਹੈ। ਕੋਈ ਸੱਜਣ-ਸੱਜਣੀ ਕਿਸੇ ਸਮੇਂ ਕੋਈ ਪੰਜਾਬੀ ਕੰਪਿਊਟਰੀ-ਕਰਨ ਦੀ ਅੜਾਉਣੀ ਬਾਰੇ ਫੋਨ ਕਰੇ ਤਾਂ ਅੱਗੋ ਅਵਾਜ਼ ਆਵੇਗੀ, ਅੱਗੇ ਗੱਲ ਕਰ? ਜੇ ਪੁੱਛੋ ਕਦੋਂ ਆਵਾਂ? ਤੂੰ ਕਦੋਂ ਆ ਸਕਦੈਂ? ਹੁਣੇ ਆ ਜਾ। ਕੋਈ ਰਾਤ ਦਿਨ ਦੀ ਗੱਲ ਨਹੀਂ, ਕੋਈ ਆਰਾਮ ਲਈ ਅਫਸਰੀ ਨਖ਼ਰੇ ਦਾ ਅੜਿੱਕਾ ਨਹੀਂ, ਸਿੱਧਾ ਸਟੇਟ ਫਾਰਵਰਡ ਉੱਤਰ ਮਿਲੇਗਾ। ਇਸ ਦੇ ਨਾਲ਼-ਨਾਲ਼ ਕਮਾਲ ਦੀ ਗੱਲ਼ ਇਹ ਹੈ ਕਿ ਸਰਦਾਰਨੀ ਪਤਵੰਤ ਕੌਰ ਪੰਨੰ ਦਾ ‘ਲੋਹ ਲੰਗਰ’ ਵੀ ਹਰ ਵੇਲੇ ਤਿਆਰ ਬਰ ਤਿਆਰ ਮਿਲਦੈ।

ਜਦੋਂ ਚਿੱਠੀਆਂ ਦਾ ਕੰਮ ਫੋਨ ਨੇ ਅਤੇ ਫੋਨ ਦਾ ਕੰਮ ਈ-ਮੇਲ ਨੇ ਸੰਭਾਲ ਲਿਆ ਤਾਂ ਪੰਜਾਬੀ ਅਖਬਾਰਾਂ ਲਈ ਗੁਰਮੁਖੀ ਫੌਂਟਾਂ ਦੇ ਵਖਰੇਵੇਂ ਦੀ ਨਵੀਂ ਵੱਡੀ ਸਮੱਸਿਆ, ਚੈਲੰਜ ਬਣ ਕੇ ਉੱਭਰੀ ਸੀ। ਫੌਂਟਾਂ ਦਾ ਤੁਅੱਲਕ ਕੰਪਿਊਟਰ ਨਾਲ ਹੈ। ਜੇ ਮੋਟੇ ਤੌਰ ’ਤੇ ਇਹ ਕਹਿ ਲਈਏ ਕਿ ਕੰਪਿਊਟਰ ਦੀ ਹਰ ਇੱਕ ਭਾਸ਼ਾ ਲਿੱਪੀ ਹੀ ਫੌਂਟ ਹੁੰਦੀ ਹੈ ਤਾਂ ਇਹ ਅਤਿਕਥਨੀ ਨਹੀਂ ਸਗੋਂ ਇੱਕ ਭਾਸ਼ਾ ਦੀਆਂ ਆਪਣੀ ਦਿੱਖ-ਨਿੱਖ ਦੇ ਵਖਰੇਵੇਂ ਕਾਰਨ ਕਈ-ਕਈ ਫੌਂਟਾਂ ਵੀ ਹਨ।

ਪੰਜਾਬੀ ਲਿਖਣ ਦੀਆਂ ਵੱਖ-ਵੱਖ ਫੌਂਟਾਂ ਹਨ, ਪੰਜਾਬੀ ਫੌਂਟਾਂ ਦਾ ਦੁਨੀਆਂ ਦੀਆਂ ਭਾਸ਼ਾਵਾਂ ਦੀ ਲੰਮੀ ਲਿਸਟ ਵਿੱਚ ਪ੍ਰਵੇਸ਼ ਕਰਨਾ, ਪੰਜਾਬੀ ਮਾਂ ਬੋਲੀ ਲਈ ਕੰਪਿਊਟਰੀ ਬੂਹਾ ਖੁੱਲ੍ਹਣ ਵਾਲੀ ਵੱਡੀ ਗੱਲ ਠੀਕ ਉਸੇ ਤਰ੍ਹਾਂ ਹੈ, ਜਿਵੇਂ ਰੋਮ ਸਾਗਰ ਕੰਢੇ ਕਦੇ ਵੱਖ-ਵੱਖ ਵਪਾਰੀਆਂ ਵੱਲੋਂ ਆਪਣੇ-ਆਪਣੇ ਸਮਾਨ ਉੱਤੇ ਅਪਣੀਆਂ ਵੱਖ-ਵੱਖ ਲਾਈਆਂ ਨਿਸ਼ਾਨੀਆਂ ਨੇ ਸੰਸਾਰਕ ਲਿੱਪੀਆਂ ਨੰ ਜਨਮ ਦਿੱਤਾ ਸੀ ਜੋ ਹੌਲ਼ੀ-ਹੌਲ਼ੀ ਅੱਖਰ ਲਿੱਪੀ ਦਾ ਰੂਪ ਧਾਰ ਗਈਆਂ। ਇਸ ਪੰਜ ਹਜ਼ਾਰ ਸਾਲ ਦੇ ਅਮਲ  ’ਚੋਂ 16-17 ਅੱਖਰ ਭਾਰਤੀ ਵਪਾਰੀ ਵੀ ਲੈ ਆਏ ਸਨ, ਇੰਨ੍ਹਾਂ ਤੋਂ ਹੀ ਅੱਗੇ ਸਾਡੇ ਰਿਖੀਆਂ ਮੁੰਨੀਆਂ ਨੇ ਅਪਣੀ ਲਗਨ ਨਾਲ ਭਾਰਤ ਨੰ ਲਿੱਪੀਆਂ ਦਾ ਵੀ ਭੰਡਾਰ ਬਣਾ ਲਿਆ ਹੈ।

ਫੌਂਟਾਂ ਦਾ ਤਕਨੀਕੀ ਕੰਮ ਬੜਾ ਹੀ ਗਿਣਤੀ ਮਿਣਤੀ ਵਾਲਾ ਹੈ। ਅੰਗ੍ਰੇਜ਼ੀ ਕੀਅ ਬੋਰਡ ਦੇ 26 ਅੱਖਰਾਂ ਨਾਲ ਸ਼ਿਫਟ ਦਬਣ ਨਾਲ ਕੀਆਂ ਦੀ ਗਿਣਤੀ ਦੁੱਗਣੀ ਭਾਵ 52 ਬਣ ਜਾਂਦੀ ਹੈ। ਪੰਜਾਬੀ ਦੇ 35 ਅੱਖਰ, 6 ਪੈਰ ਬਿੰਦੀ ਵਾਲੇ ਅੱਖਰ, 10ਲਾਵਾਂ +1ਅਧਕ ਸਮੇਤ ਗਿਣਤੀ 52 ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਪੰਜਾਬੀ ਫੌਂਟਾਂ ਤਿਆਰ ਹੋਈਆਂ, ਪਰ  ਜਿਵੇਂ ਹਰ ਇੱਕ ਪੰਜਾਬੀ ਫੌਂਟ ਦਾ ਨਾਂ ਵੱਖਰਾ-ਵੱਖਰਾ ਹੈ, ਤਿਵੇਂ ਇਨ੍ਹਾਂ ਦੀ ਲਿਖਣ ਦੀ ਤਰਤੀਬ ਵੀ ਆਪੋ-ਆਪਣੀ ਤੇ ਵੱਖੋ-ਵੱਖ ਹੈ, ਜਿਸ ਸਦਕਾ ਇੱਕ ਦੂਜੇ ਦੀ ਲੇਖਣੀ ਨੰ ਪੜ੍ਹਨਾ, ਸਮਝਣਾ  ਤੇ ਲਿਖਣਾ ਸਿੱਖਣਾ ਬੜਾ ਮੁਸ਼ਕਲ ਕੰਮ ਬਣਿਆ ਹੋਇਆ ਸੀ।

ਪਰ ਮੀਡੀਏ ਵਾਲਿਆਂ ਦੀ ਸੁੰਘਣ ਸ਼ਕਤੀ ਦਾ ਵੀ ਕੋਈ ਮੁਕਾਬਲਾ ਨਹੀਂ? ਜਦ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਾਲੇ ਸ: ਕਿਰਪਾਲ ਸਿੰਘ ਪੰਨੰ ਉਦਾਲ਼ੇ ਗੇੜੇ ਕੱਢਣ ਲੱਗੇ ਤਾਂ ਸਾਡੇ ਵਰਗਿਆਂ ਨੰ ਵੀ ਪਤਾ ਲੱਗਾ ਕਿ ਉਹ ਤਾਂ ਮਾਂ ਬੋਲੀ ਪੰਜਾਬੀ ਦੇ ਕੰਪਿਊਟਰੀ-ਕਰਨ ’ਚ ਡੂੰਘਾ ਉੱਤਰ ਗਿਆ ਹੈ। ਸਾਡੇ ਦੇਖਦਿਆਂ ਦੇਖਦਿਆਂ ਹੀ ਉਸ ਉਦਾਲ਼ੇ ਰੌਣਕਾਂ ਜੁੜਨ ਲੱਗੀਆਂ ਸਨ।

ਕਿਰਪਾਲ ਸਿੰਘ ਪੰਨੰ ਅਪਣੀ ਅਣਥੱਕ ਲਗਨ ਅਤੇ ਮਿਹਨਤ ਨਾਲ ਪੰਜਾਬੀ ਕੰਪਿਊਟਰੀ-ਕਰਨ ਦੇ ਕੰਮ ’ਚ 1995 ’ਚ ਵੱਖੋ ਵੱਖ ਪੰਜਾਬੀ ਫੌਂਟਾਂ ਨੰ ਆਪਸੀ ਕਨਵਰਸ਼ਨ ਦੀ ਵਿਧੀ ਲੈ ਕੇ ਕੰਪਿਊਟਰ ਦੀ ਦੁਨੀਆ ’ਚ ਆਣ ਖੜ੍ਹਾ ਸੀ। ਡਾ: ਕੁਲਬੀਰ ਸਿੰਘ ਥਿੰਦ ਨਾਲ ਮਿਲ ਕੇ ਕਿਰਪਾਲ ਸਿੰਘ ਪੰਨੰ ਨੇ ‘ਸਮਤੋਲ ਫੌਂਟ ਅਤੇ ਉਸ ਦਾ ਨਵਾਂ ਕੀਅ ਬੋਰਡ ਲੇਅ-ਆਊਟ’ ਵੀ 1998 ਵਿਚ ਹੀ ਤਿਆਰ ਕਰ ਕੇ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਸੀ। ਇਸ ਸਮੇਂ ਆਦਿ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰ ਕੇ, ਪੰਜਾਬੀ ਯੂਨੀਵਰਸਿਟੀ ਵਾਲ਼ੇ ਹਰਕੀਰਤ ਸਿੰਘ ਦੇ ਨਾਂ ਨਾਲ਼ ਜਾਣੇ ਜਾਂਦੇ ਸ਼ਬਦ ਜੋੜ ਕੋਸ਼ ਦੇ ਅੱਖਰਾਂ ਸਮੇਤ ਲਗਾਂ ਮਾਤਰਾਂ ਦੀ ਗਿਣਤੀ ਕਰ ਕੇ ਅਤੇ ਅਜੋਕੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੰ ਘੋਖ ਕੇ ਅੱਖਰਾਂ, ਲਗਾਂ ਮਾਤਰਾਂ ਦਾ ਸਰਵੇਖਣ ਕਰ ਕੇ ‘ਸਮਤੋਲ ਕੀਅ ਬੋਰਡ’ ਡੀਜ਼ਾਈਨ ਕੀਤਾ ਤੇ ਉਸ ’ਚ ਹੋਰ ਸੁਧਾਰ ਕਰ ਕੇ ਜੋ ਇੰਟਰਨੈੱਟ ਦੇ ਫਿੱਟ ਬੈਠ ਜਾਵੇ, ਡੀਆਰਸੀਵੈੱਬ ਡਿਜ਼ਾਈਨ ਕੀਤੀ।

ਇਸ ਸਮੇਂ ਹੀ ਪੰਨੰ ਸਾਹਿਬ ਨੇ ਮੈਨੰ ਵੀ ਇੱਕ  ਨਵਾਂ ‘ਆਈ.ਬੀ.ਐੱਮ’ ਕੰਪਿਊਟਰ ਦਿਵਾ ਕੇ ਮੇਰੇ ਘਰ ਆ ਕੰਪਿਊਟਰ ਦੀ ਸਿਖਿਆ ਦੀ ਚੇਟਕ ਦਾ ਵਰਦਾਨ ਦਿੱਤਾ ਸੀ। ਮੈਂ ਅੰਗ੍ਰੇਜ਼ੀ ਕੀਅ ਬੋਰਡ ਤੋਂ ਸਿੱਧਾ ਸਮਤੋਲ-ਕੀਅ ਬੋਰਡ ਪੰਜਾਬੀ ਦੇ ਅੱਖਰ ਲਿਖਣ ਲੱਗਾ ਸਾਂ। ਅਪਣੇ ਲੰਮੇ ਅਭਿਆਸ ਨਾਲ ਹੀ ਮੈਂ ਅਪਣੀ ਲਿਖੀ ਇਤਿਹਾਸਕ ਪੁਸਤਕ  ‘ਢਾਈ ਸਦੀਆਂ ਦਾ ਹਾਣੀ ਪਿੰਡ, ਲੰਡੇ (ਹਰਿਗੋਬਿੰਦ)’  ਕੰਪਿਊਟਰ ’ਤੇ ਆਪ ਲਿਖਣ ’ਚ ਕਾਮਯਾਬ ਹੋ ਗਿਆ ਸਾਂ। ਭਾਵੇਂ ਕਿ ਭੁੱਲਾਂ, ਚੁੱਕਾਂ ਕਰਦਿਆਂ ਪੰਨੰ ਸਾਹਿਬ ਨੰ ਅਨੇਕ ਵਾਰ ਵਖ਼ਤ ਪਾਉਂਦਾ ਰਿਹਾ ਸਾਂ, ਤੇ ਜਿੰਨ੍ਹਾਂ ਕਦੇ ਮੱਥੇ ਵੱਟ ਨਾ ਪਾਇਆ। ਇਹ ਗੱਲ ਮੈਂ ਕਦੇ ਨਹੀਂ ਭੁੱਲਿਆ। ਇਸੇ ਤਰ੍ਹਾਂ ਮੇਰੇ ਵਾਂਗ ਹੀ ਸਿੱਖਿਆ ਪਰਾਪਤ ਕਰਨ ਵਾਲ਼ੇ ਹੋਰ ਅਨੇਕਾਂ ਹਨ।

1996-97 ਦੇ ਨੇੜੇ ਤੇੜੇ ਸ: ਕਿਰਪਾਲ ਸਿੰਘ ਪੰਨੰ ਨੇ ਪੰਜਾਬੀ ਸ਼ਬਦ ਜੋੜ ਚੈੱਕ ਕਰਨ ਲਈ ਹਰਕੀਰਤ ਸਿੰਘ ਵਾਲਾ ਸ਼ਬਦਜੋੜ ਟਾਈਪ ਕਰ ਕੇ ਉਸ ਨੰ ਕੰਪਿਊਟਰ ਦੀ ਕਸਟਮ ਡਿਕਸ਼ਨਰੀ ਵਿਚ ਵੀ ਪਾਇਆ। ਵਰਤੋਂ ਪਿੱਛੋਂ ਪਤਾ ਚੱਲਿਆ ਕਿ ਇਸ ਕਾਰਜ ਲਈ ਕੋਈ ਵੀ ਪੰਜਾਬੀ ਫੌਂਟ ਸਮਰੱਥ ਨਹੀਂ ਹੈ। ਜਿਸ ਦੇ ਸਾਰੇ ਕਰੈਕਟਰ 52 ਕੀਆਂ ’ਤੇ ਹੀ ਹਨ। ਅਤੇ ਅੰਗ੍ਰੇ਼ਜ਼ੀ ਭਾਸ਼ਾ ਵਾਂਗ ਹੀ ਪੰਜਾਬੀ ’ਚ ਵੀ ਗਰਾਮਰ ਐਂਡ ਸਪੈਲਿੰਗ ਚੈੱਕ ਭਾਵ ਸ਼ਬਦ ਜੋੜ ਚੈੱਕ ਕਰਨ ਲਈ ਮਾਂ ਬੋਲੀ ਪੰਜਾਬੀ ਨੰ ਅੰਗ੍ਰੇਜ਼ੀ ਦੇ ਬਰਾਬਰ ਖੜ੍ਹੀ ਕਰਨ ਦਾ ਵਡਮੁੱਲਾ ਯਤਨ ਸੂਰੂ ਕੀਤਾ ਗਿਆ। ਪਰ ਕੰਪਿਊਟਰ ਦੇ ਕਸਟਮ ਸਪੈੱਲ ਚੈੱਕ ਵਿਚ ਗੁਰਮੁਖੀ ਦੇ ਸ਼ਬਦਜੋੜ ਚੈੱਕ ਕਰਨ ਲਈ ਅਤੇ ਕੰਪਿਊਟਰ ਵਿਚ ਹੋਰ ਅੰਦਰੂਨੀ ਬਣਤਰ ਦਾ ਪੂਰਾ-ਪੂਰਾ ਲਾਭ ਲੈਣ ਲਈ, ਗੁਰਮੁਖੀ ਫੌਂਟ ਦੇ ਸਾਰੇ ਕਰੈਕਟਰਾਂ ਦੀ ਡਿਕਸ਼ਨਰੀ ਦੀਆਂ ਏ ਤੋਂ ਜ਼ੈਡ ਤੱਕ ਕੀਆਂ ਉੱਤੇ ਹੋਣਾ ਜ਼ਰੂਰੀ ਹੈ। ਇਸ ਕਾਰਜ ਲਈ ਹੀ ਕਿਰਪਾਲ ਸਿੰਘ ਪੰਨੂੰ ਵੱਲੋਂ ਡੀਆਰਸੀਵੈਬ ਫੌਂਟ ਡਿਜ਼ਾਈਨ ਕੀਤੀ ਗਈ। ਜਿਸ ਵਿਚ ਇੱਕੋ ਪੈਰ ਬਿੰਦੀ ਦੀ ਕੀਅ ਨਾਲ ਸਾਰੇ ਹੀ ਅੱਖਰਾਂ ਦੇ ਪੈਰ ਬਿੰਦੀ ਪਾਈ ਜਾ ਸਕਦੀ ਹੈ। ਇਸ ਦੀ ਸ਼ਾਹਮੁਖੀ ਕਨਵਰਸ਼ਨ ਵਿਚ ਵੀ ਬਹੁਤ ਲੋੜ ਪੈਂਦੀ ਹੈ। ਜਿਸ ਨਾਲ ਪੰਜ ਕੀਆਂ ਦੀ ਬਚਤ ਹੁੰਦੀ ਹੈ।

ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੰਪਿਊਟਰ ਮਾਹਰ ਡਾ: ਪਰਮਜੀਤ ਸਿੰਘ ਰਾਹੀਂ ਪ੍ਰੋਗਰਾਮ ਤਿਆਰ ਕਰਵਾਉਣ ਦਾ ਯਤਨ ਕਰਵਾ ਕੇ ਪ੍ਰੋਗਰਾਮ ਟੈੱਸਟ ਵੀ ਹੋ ਗਿਆ ਸੀ। ਪਰ ਪੰਜਾਬੀ ਯੂਨੀਵਰਸਿਟੀ ਦੇ ਉਸ ਵੇਲ਼ੇ ਦੇ ਵੀ. ਸੀ. ਡਾ: ਜਸਬੀਰ ਸਿੰਘ ਆਹਲੂਵਾਲੀਆ ਤੋਂ ਰਲੀਜ਼ ਕਰਾਉਣ ਦੇ ਚੱਕਰਾਂ ਵਿੱਚ ਪਿਆ ਹੀ ਇਹ ਦਮ ਤੋੜ ਗਿਆ ਤੇ ਇਹ ਮਾਹਰ ਦਿੱਲੀ ਕਿਸੇ ਪਰਾਈਵੇਟ ਕੰਪਨੀ ਵਿੱਚ ਜਾ ਕੇ ਕੰਮ ਕਰ ਲੱਗ ਗਿਆ।

ਯੂਨੀਕੋਡ ਫੌਂਟਾਂ ਭਾਵ ਕਿ ਸੰਸਾਰ ਦੀ ਹਰ ਫੌਂਟ ਨੰ ਗਿਣਤੀ ਮਿਣਤੀ ’ਚ ਸਥਿੱਤ ਕਰ ਦੇਣਾ, ਅਜੇ 1998-99 ਤੱਕ ਚਾਲੂ ਨਹੀਂ ਸੀ ਹੋਇਆ ਪਰ ਪੰਨੂੰ ਨੇ ਉਸ ਉੱਤੇ ਵੀ ਉਦੋਂ ਹੀ ਕੰਮ ਕਰਨਾ ਆਰੰਭ ਕਰ ਦਿੱਤਾ ਸੀ। ਇਸ ਦੇ ਨਾਲ਼-ਨਾਲ਼ ਉਸ ਨੇ ਪੰਜਾਬੀ ਦੀ ਗੁਰਮੁਖੀ ਲਿੱਪੀ ਨੰ ਪੰਜਾਬੀ ਦੀ ਸ਼ਾਹਮੁਖੀ ਲਿੱਪੀ ’ਚ ਬਦਲ ਕੇ ਅਪਣੀ ਕਿਸਮ ਦਾ ਸੰਸਾਰ ’ਚ ਪਹਿਲਾ ਫੌਂਟ ਕਨਵਰਸ਼ਨ ਤਿਆਰ ਕਰ ਲਿਆ ਸੀ, ਇਸ ਕਾਰਜ ਲਈ ਸ਼ਾਹਮੁਖੀ ਦੀ ‘ਬਾਬਾ ਫਰੀਦ ਫੌਂਟ’ ਉਸਾਰੀ ਗਈ ਸੀ। ਹੁਣ ਤਾਂ ਇਹ ਕਾਰਜ ਯੂਨੀਕੋਡ ਫੌਂਟਾਂ ਦੇ ਆ ਜਾਣ ਨਾਲ ਹੋਰ ਵੀ ਅਸਾਨ ਹੋ ਗਿਆ ਹੈ।

ਪੰਜਾਬੀ ਦੀਆਂ ਆਸਕਾਈ ਫੌਂਟਾਂ ਨੰ ਯੂਨੀਕੋਡ ਫੌਂਟ ’ਚ ਅਤੇ ਯੂਨੀਕੋਡ ਫੌਂਟ ਤੋਂ ਆਸਕਾਈ ਫੌਂਟਾਂ ’ਚ ਅਦਲਾ ਬਦਲੀ ਦਾ ਪ੍ਰੋਗਰਾਮ ਕਿਰਪਾਲ ਸਿੰਘ ਪੰਨੰ ਨੇ ਸਭ ਤੋਂ ਪਹਿਲਾਂ ਤਿਆਰ ਕੀਤਾ।

2000 ’ਚ ਕਿਰਪਾਲ ਸਿੰਘ ਨੇ ਪਾਕਿਸਤਾਨ ਦੇ ਇਕਬਾਲ ਕੈਸਰ ਦੀ ਸਲਾਹ ਉੱਤੇ ਸ਼ਾਹਮੁਖੀ ਤੋਂ ਗੁਰਮੁਖੀ ਕਨਵਰਸ਼ਨ ਤਿਆਰ ਕੀਤਾ ਜੋ ਆਪਣੀ ਕਿਸਮ ਦਾ ਸੰਸਾਰ ਭਰ ’ਚ ਸਭ ਤੋਂ ਪਹਿਲਾ ਪ੍ਰੋਗਰਾਮ ਸੀ।  ਪੰਨੰ ਸਾਹਿਬ ਨੇ ਅਪਣੇ ਸਪੁੱਤਰ ਰਾਜਵੰਤ ਪਾਲ ਦੀ ਮੱਦਦ ਨਾਲ ਗੁਰਮੁਖੀ, ਦੇਵਨਾਗਰੀ (ਹਿੰਦੀ) ਤੇ ਪਰਸ਼ੀਅਨ (ਉਰਦੂ) ’ਚ ਯੂਨੀਕੋਡ ਫੌਂਟ ਟਾਈਪ ਕਰਨ ਲਈ ਭਗਤ ਸਿੰਘ ਕੀਅ ਬੋਰਡ ਲੇਅ ਆਊਟ ਵੀ ਤਿਆਰ ਕੀਤਾ।

2001 ’ਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਹਮੁਖੀ ’ਚ ਲਿੱਪੀਅੰਤਰ ਕਰ ਕੇ ਕਿਰਪਾਲ ਸਿੰਘ ਨੇ ਪੂਰਬੀ-ਪੱਛਮੀ ਦੋਹਾਂ ਪੰਜਾਬਾਂ ’ਚ ਗੁਰਬਾਣੀ ਦਾ ਇੱਕ ਨਵਾਂ ਪੁਲ਼ ਉਸਾਰਿਆ ਜੋ ਸ੍ਰੀ ਗਰੰਥ ਡਾਟ ਆਰਗ ’ਤੇ ਦੇਖਿਆ ਜਾ ਸਕਦਾ ਹੈ।

ਪਰ ਉਦੋਂ ਸਭ ਨੰ ਜਾਣ ਕੇ ਬੜੀ ਹੈਰਾਨੀ ਹੋਈ, ਜਦੋਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰੀ ਵਿਭਾਗ ਦੇ ਇੱਕ ਸੱਜਣ ਵੱਲੋਂ ਪੰਜਾਬੀ ਮਾਂ ਬੋਲੀ ਦੇ ਕੰਪਿਊਟਰੀ-ਕਰਨ ’ਚ ਅਚੰਭਤ ਕਰਨ ਵਾਲਾ ਕਨਵਰਸ਼ਨ ਦਾ ਕਰਤਵ ਦੇਖਣ ਵਿੱਚ ਆਇਆ ਸੀ।  ‘ਪੰਜਾਬੀ ਦੀ ਗੁਰਮੁਖੀ ਲਿੱਪੀ ਨੰ ਪੰਜਾਬੀ ਦੀ ਸ਼ਾਹਮੁਖੀ (ਉਰਦੂ) ਲਿੱਪੀ ’ਚ ਕਨਵਰਟ ਕਰਨ ਦੇ ਇਸ ਕਨਵਰਸ਼ਨ ਨੰ ਪੰਜਾਬੀ ਯੂਨੀਵਰਸਿਟੀ ਦੇ ਮਾਹਰ ਵੱਲੋਂ ਅਪਣੇ ਨਾਂ ਹੇਠ ਜ਼ਾਰੀ ਕਰ ਕੇ ਸ: ਕਿਰਪਾਲ ਸਿੰਘ ਪੰਨੂੰ ਦੀ ਵਰ੍ਹਿਆਂ ਦੀ ਮਿਹਨਤ ਹੱਥਿਆਉਣ ਦੀ ਗਲਤੀ ਕਰਨ ਦਾ ਯਤਨ ਕੀਤਾ ਤਾਂ ਅਸੀਂ ਸਭ ਦੋਸਤਾਂ ਨੇ ਇਸ ਬਾਰੇ ਪੰਨੰ ਸਾਹਿਬ ਤੋਂ ਪੁੱਛਣਾ ਚਾਹਿਆ ਤਾਂ ਦਰਵੇਸ਼ ਪੰਨੰ ਹੱਸ ਕੇ ਕਹਿੰਦਾ ਹੈ, ਚਲੋ! ਆਪਾਂ ਤਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਹੀ ਕਰਨੀ ਸੀ ਜਿਵੇਂ ਕਿਵੇਂ ਵੀ ਹੋਈ, ਪਰ ਹੋ ਗਈ। ਉਸ ਦੇ ਚਿਹਰੇ ’ਤੇ ਕੋਈ ਗ਼ਿਲਾ ਸ਼ਿਕਵਾ ਨਾ ਦੇਖ ਕੇ ਅਸੀਂ ਹੈਰਾਨ ਸਾਂ, ਪਰ ਉਹ ‘ਕਲਪ ਬ੍ਰਿਛ’ ਅਪਣੀ ਮੌਜ ’ਚ ਲਹਿਰਾ ਰਿਹਾ ਸੀ।

2001 ’ਚ ਲਗਭਗ ਵੈਬ ਸਾਈਟਾਂ ’ਤੇ ਸਾਰੀਆਂ ਫੌਂਟਾਂ ਦੇ ਅੱਖਰ ਖਿਲਰ ਜਾਂਦੇ ਸਨ, ਜਦ ਸ: ਪ੍ਰਿਤਪਾਲ ਸਿੰਘ ਬਿੰਦਰਾ ਦੀ ਸਲਾਹ ’ਤੇ ਇਸ ਸਮੱਸਿਆ ਦਾ ਹੱਲ ਵੀ ਸ: ਕਿਰਪਾਲ ਸਿੰਘ ਪੰਨੰ ਵੱਲੋਂ ਖੋਜ ਕੇ ਟਰੀਟਮੈੰਟ ਦਿੱਤਾ ਗਿਆ। ਫਿਰ ਇਸੇ ਹੀ ਵਿਧੀ ਨਾਲ਼ ਹੋਰ ਫੌਂਟਾਂ ਦੇ ਨਿਰਮਤਾਵਾਂ ਨੇ ਆਪਣੀਆਂ ਫੌਂਟਾਂ ਵੈੱਬ ਸਾਈਟ ਦੇ ਹਾਣ ਦੀਆਂ ਬਣਾਈਆਂ। ਪੰਜਾਬੀ ਦੇ ਕੰਪਿਊਟਰੀ-ਕਰਨ ਸਬੰਧੀ ਅਖ਼ਬਾਰਾਂ, ਮੈਗਜ਼ੀਨਾਂ, ਵੈਬ ਸਾਈਟਾਂ ’ਤੇ ਅਨੇਕ ਵਾਰ ਸਮੇਂ-ਸਮੇਂ ਛਪਦਾ ਰਿਹਾ ਮਟੀਰੀਅਲ ਲਿਖਾਰੀ ਡਾਟ ਆਰਗ ਅਤੇ 5ਆਬੀ ਆਦਿ ਉੱਤੇ ਪੜ੍ਹਿਆ ਜਾ ਸਕਦਾ ਹੈ।

ਪਹਿਲਾਂ ਸ: ਕਿਰਪਾਲ ਸਿੰਘ ਪੰਨੰ ਦਾ ਘਰ ਹੀ ਪੰਜਾਬੀ ਕੰਪਿਊਟਰ ਦੀ ਟਰੇਨਿੰਗ ਕਾਰਜਸ਼ਾਲਾ ਰਹੀ ਸੀ,  2008 ਤੋਂ ਗਰਮੀ ਰੁੱਤੇ ਕੈਨੇਡੀਅਨ ਸੀਨੀਅਰਾਂ ਲਈ ਕੰਪਿਊਟਰ ਦਾ ਸਿਖਿਆ ਕੇਂਦਰ ਡਿਕਸੀ ਗੁਰੂ ਘਰ ਸਾਹਮਣੇ ਡੇਅਰੀ ਰੋਡ ਉੱਤੇ ਵਿਕਾਸ ਸ਼ਰਮਾ ਦੇ ਆਈ ਨੈੱਟ ਕੰਪਿਊਟਰ ਸਪੇਸ ਉੱਤੇ ਬਾਕਾਇਦਾ ਲਗਾਤਾਰ ਚਲ ਰਿਹਾ ਹੈ। ਜਿੱਥੇ ਪੰਜਾਬੀ ਕੰਪਿਊਟਰੀ-ਕਰਨ ਦੇ ਭਰ ਵਗਦੇ ਦਰਿਆ ਵਿੱਚ ਸੂਝ ਟੁੱਬੀਆਂ ਮਾਰਦੇ ਅਨੇਕ ਸੀਨੀਆਰ ਮੁਫਤ ਵਿੱਦਿਆ ਲੈ ਕੇ ਅਪਣਾ ਬੁਢਾਪਾ ਭੁੱਲ ਕੇ ਅਪਣੇ ਆਪ ਨੰ ਜਵਾਨ ਮਹਿਸੂਸ ਕਰਦੇ ਹਨ। ਪਹਿਲਾਂ ਵੀ ਲਿਖਿਆ ਹੈ ਕਿ ਕਿਰਪਾਲ ਸਿੰਘ ਪੰਨੰ ਦੇ ਇਸ ਸੱਚੇ ਸੁੱਚੇ ਕਰਤਵ ਨਾਲ ਮਾਲਵੇ ’ਚ ਸਿੱਖ ਤਖ਼ਤ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਵਚਨਾਂ ਦੀ ਸਦਾਕਤ ਦਾ ਅਮਲ, ‘ਬੁੱਢੇ ਤੋਤੇ ਪੜ੍ਹੇਂਗੇ ਮੇਰੇ’ ਦਾ ਵਿਕਾਸ ਸ਼ਰਮਾ ਦੇ ਆਈ ਨੈੱਟ ਕੰਪਿਊਟਰ ਸਪੇਸ ਮਿਸੀਸਾਗਾ ’ਚ ਅਮਲ ਹੁੰਦਾ ਦੇਖਿਆ ਜਾ ਸਕਦਾ ਹੈ।

2009 ’ਚ ਕਿਰਪਾਲ ਸਿੰਘ ਪੰਨੰ ਵੱਲੋਂ ਛਪਾਈ ਗਈ ਪੁਸਤਕ ‘ਆਓ ਕੰਪਿਊਟਰ ਸਿਖੀਏ’ ਦਾ ਪਹਿਲਾ ਐਡੀਸ਼ਨ ਖਤਮ ਹੋ ਜਾਣ ਉੱਤੇ ਉਸ ਦਾ 2010 ਦਾ ਨਵਾਂ ਅਡੀਸ਼ਨ ਵੀ ਛਪ ਚੁੱਕਾ ਹੈ। ਇਸ ਪੁਸਤਕ ਨੰ 23 ਭਾਗਾਂ ’ਚ ਵੰਡਿਆ ਗਿਆ ਹੈ ਜੋ 1. ਆਮ ਜਾਣਕਾਰੀ ਅਤੇ ਅਰੰਭ, 2. ਚਲਾਉਣਾ ਤੇ ਬੰਦ ਕਰਨਾ, 3. ਸੰਖੇਪ (ਸ਼ੌਰਟ ਕੱਟ) ਕੀਆਂ, 4. ਕੀ-ਬੋਰਡ, 5. ਟਾਈਪ ਕਰਨਾ, 6. ਮਾਊਸ, 7. ਟਾਈਪ ਕਰਨ ਦਾ ਅਭਿਆਸ, 8. ਫਾਈਲ ੳ, 9. ਫਾਈਲ ਅ, 10. ਐਡਿਟ-ਸੋਧਣਾ, 11. ਦਿੱਖ–ਵਿਊ, 12. ਪਾਉਣਾ –ਇਨਸਰਟ, 13. ਬਣਤਰ-ਫਾਰਮਿਟ, 14. ਸੰਦ-ਟੂਲਜ਼, 15. ਚਾਰਟ-ਟੇਬਲ, 16. ਯੂ ਐਸ ਬੀ., 17. ਫੌਂਟਾਂ ਦਾ ਅਦਾਨ ਪਰਦਾਨ, 18. ਮੈਕਰੋਜ਼, 19. ਟੈਂਪਲੇਟ-ਮਾਸਟਰ ਕਾਪੀ, 20. ਇੰਟਰਨੈੱਟ, 21. ਕੰਪਿਊਟਰ ਨੰ ਤਿੱਖਾ ਕਰਨਾ, 22. ਲੱਭਣਾ-ਸਰਚ, 23. ਸਹਾਇਤਾ ਹੈਲਪ ਹੈ। ਇਸ ਪੁਸਤਕ ਦੀ ਖਪਤ ਹੀ ਇਸ ਪੁਸਤਕ ਦੇ ਕੱਦ ਬੁੱਤ ਦੀ ਸਪੱਸ਼ਟ ਸਾਰਥਿਕਤਾ ਦਾ ਮੀਲ ਪੱਥਰ ਹੈ। ਪਤਾ ਲੱਗਿਆ ਹੈ ਕਿ ਹੁਣ ਇਸ ਦੀ ਤੀਸਰੀ ਐਡੀਸ਼ਨ ਵੀ ਮਾਰਕੀਟ ਵਿੱਚ ਆਉਣ ਵਾਲ਼ੀ ਹੈ।

Read 4509 times Last modified on Thursday, 10 May 2018 01:05