You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਸਾਂਦਲ ਬਾਰ : ਜਿਥੇ ਉਦੋਂ ਗੱਲ ਹੀ ਹੋਰ ਸੀ

ਲੇਖ਼ਕ

Tuesday, 06 October 2009 19:26

ਸਾਂਦਲ ਬਾਰ : ਜਿਥੇ ਉਦੋਂ ਗੱਲ ਹੀ ਹੋਰ ਸੀ

Written by
Rate this item
(0 votes)

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।

ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।

City of Textile Welcomes you.

ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’

‘ਬਾਰ’ ਦਾ ਵਾਰ-ਵਾਰ ਜ਼ਿਕਰ ਹੋਣ ਕਰਕੇ ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ…’’ ਲੋਕਾਂ ਨੇ ਮਜ਼ਾਕ ਵੀ ਬਣਾ ਧਰਿਆ ਸੀ। ਵਰਤਮਾਨ ਤੋਂ ਅਸੰਤੁਸ਼ਟ ਕੋਈ ਵੀ ਵਿਅਕਤੀ ਹੱਸ ਕੇ ਕਹਿ ਦਿੰਦਾ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ’’ ਜਾਂ ‘‘ਬਾਰ ਵਾਲੀਆਂ ਗੱਲਾਂ ਕਿੱਥੇ!’’

ਇਸ ਸ਼ਹਿਰ ਨੂੰ ਅੱਜ ਵੀ ਪਾਕਿਸਤਾਨ ਦਾ ਮਾਨਚੈਸਟਰ ਕਹਿ ਕੇ ਯਾਦ ਕੀਤਾ ਜਾਂਦਾ ਹੈ।

ਲਗਪਗ 1884-45 ਵਿਚ ਝੰਗ ਦਾ ਡਿਪਟੀ ਕਮਿਸ਼ਨਰ ਜਦੋਂ ਲਾਹੌਰ ਨੂੰ ਜਾਂਦਿਆਂ ਇਸ ਰਾਹੋਂ ਗੁਜ਼ਰਿਆ ਤੇ ਉਸ ਨੇ ‘ਪੱਕਾ ਮਾੜੀ’ ਸਥਾਨ ‘ਤੇ ਰਾਤ ਕੱਟੀ ਤਾਂ ਉਸ ਨੇ ਸੋਚ ਲਿਆ ਕਿ ਇਹ ਥਾਂ ਰੇਲਵੇ ਸਟੇਸ਼ਨ ਅਤੇ ਮੰਡੀ ਵਾਸਤੇ ਬਹੁਤ ਢੁਕਵੀਂ ਹੈ। ਉਸ ਨੇ ਆਪਣੀ ਇਹ ਸਕੀਮ ਪੰਜਾਬ ਦੇ ਗਵਰਨਰ ਅੱਗੇ ਪੇਸ਼ ਕੀਤੀ ਜੋ ਉਸੇ ਵੇਲੇ ਮਨਜ਼ੂਰ ਕਰ ਲਈ ਗਈ। ਸਰ ਗੰਗਾ ਰਾਮ ਨੂੰ ਹੁਕਮ ਹੋਇਆ ਕਿ ਉਹ ਤਜਵੀਜ਼ ਕੀਤੇ ਸ਼ਹਿਰ ਦਾ ਨਕਸ਼ਾ ਬਣਾਏ। ਉਸ ਨੇ ਯੂਨੀਅਨ ਜੈਕ ਝੰਡੇ ਮੁਤਾਬਕ ਇਸ ਸ਼ਹਿਰ ਦਾ ਨਕਸ਼ਾ ਤਿਆਰ ਕੀਤਾ।

1896 ਵਿਚ ਇਸ ਸ਼ਹਿਰ ਦੀ ਨੀਂਹ ਰੱਖੀ ਗਈ। ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਜੇਮਜ਼ ਲਾਇਲ  ਦੇ ਨਾਂ ਉਤੇ ਇਸ ਦਾ ਨਾਮ ਲਾਇਲਪੁਰ ਰੱਖਿਆ ਗਿਆ। ਡਿਪਟੀ ਕਮਿਸ਼ਨਰ ਦੀ ਵਰਤਮਾਨ ਰਿਹਾਇਸ਼ ਵਾਲੀ ਉਹ ਪਹਿਲੀ ਬਿਲਡਿੰਗ ਸੀ ਜੋ ਇਥੇ ਬਣਾਈ ਗਈ। ਪਹਿਲਾਂ ਕੇਵਲ ਤਿੰਨ ਬਾਜ਼ਾਰ ; ਕਚਹਿਰੀ ਬਾਜ਼ਾਰ, ਰੇਲ ਬਾਜ਼ਾਰ ਤੇ ਕਾਰਖ਼ਾਨਾ ਬਾਜ਼ਾਰ ਬਣੇ। ਇਸ ਤੋਂ ਪਿੱਛੋਂ ਪੰਜ ਹੋਰ ਬਾਜ਼ਾਰ ਬਣੇ। 1896 ਵਿਚ ਹੀ ਵਜ਼ੀਰਾਬਾਦ ਤੋਂ ਲਾਇਲਪੁਰ ਨੂੰ ਰੇਲਵੇ ਲਾਈਨ ਬਣਾਈ ਗਈ ਤੇ ਉਸੇ ਹੀ ਸਾਲ ਰੇਲਵੇ ਸਟੇਸ਼ਨ ਦੀ ਬਿਲਡਿੰਗ ਬਣੀ।

ਯੂਨੀਅਨ ਜੈਕ ਵਾਂਗ ਸ਼ਹਿਰ ਦੇ ਵਿਚਕਾਰ ਇਕ ਗੋਲ-ਚੱਕਰ ਹੈ ਤੇ ਉਸ ਚੱਕਰ ਵਿਚੋਂ ਹੀ ਬਾਹਰ ਨੂੰ ਨਿਕਲਦੇ ਹਨ ਅੱਠੇ ਬਾਜ਼ਾਰ। ਕਿਸੇ ਵੀ ਬਾਜ਼ਾਰ ਵਿਚ ਵੜ ਜਾਵੋ ਘੁੰਮ-ਫਿਰ ਕੇ ਵਿਚਕਾਰਲੇ ਗੋਲ-ਚੱਕਰ ‘ਤੇ ਪੁੱਜ ਜਾਵੋਗੇ। ਇਥੇ ਹੀ ਹੈ ਚੌਕ ਵਿਚ ਲਾਇਲਪੁਰ ਦਾ ਉੱਚਾ ਘੰਟਾਘਰ ਜੋ 1903 ਵਿਚ ਸ਼ੁਰੂ ਹੋ ਕੇ 1905 ਵਿਚ ਮੁਕੰਮਲ ਹੋਇਆ।

ਲਾਇਲਪੁਰ ਦਾ ਨਾਂ 1977 ਵਿਚ ਸਾਊਦੀ-ਅਰਬ ਦੇ ਬਾਦਸ਼ਾਹ ਸ਼ਾਹ ਫ਼ੈਸਲ ਦੇ ਨਾਂ ‘ਤੇ ਫ਼ੈਸਲਾਬਾਦ ਕਰ ਦਿੱਤਾ ਗਿਆ ਪਰ ਇਸ ਵਿਚ ਲਾਇਲਪੁਰ ਵਰਗੀ ਖ਼ੁਸ਼ਬੂ ਕਿਥੇ?

ਲਾਇਲਪੁਰ ਦੇ ਉਤਰ-ਪੱਛਮ ਵੱਲ 25 ਮੀਲ ਦੀ ਦੂਰੀ ‘ਤੇ ਦਰਿਆ ਚਨਾਬ ਵਗਦਾ ਹੈ ਅਤੇ ਪੂਰਬ ਵੱਲ 27 ਮੀਲਾਂ ਦੀ ਦੂਰੀ ‘ਤੇ ਰਾਵੀ ਲੰਘਦੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਲਾਇਲਪੁਰ ਵਿਚ ਸਥਾਪਤ ਐਗਰੀਕਲਰਚਰ ਕਾਲਜ ਹੁਣ ਇਕ ਬਹੁਤ ਵੱਡੀ ਐਗਰੀਕਲਚਰ ਯੂਨੀਵਰਸਿਟੀ ਵਿਚ ਤਬਦੀਲ ਹੋ ਚੁੱਕਾ ਹੈ। ਇਥੇ ਇਕ ਮੈਡੀਕਲ ਕਾਲਜ ਤੇ ਤੇਰਾਂ ਡਿਗਰੀ ਕਾਲਜ ਹਨ। 1901 ਵਿਚ ਇਸ ਸ਼ਹਿਰ ਦੀ ਆਬਾਦੀ 5001 ਸੀ ਜੋ ਹੁਣ ਦੋ ਲੱਖ ਤੋਂ ਉਪਰ ਹੋ ਚੁੱਕੀ ਹੈ। ਪਚਵੰਜਾ ਵਰਗ ਮੀਲ ਵਿਚ ਫੈਲਿਆ ਇਹ ਸ਼ਹਿਰ ਲੱਖਾਂ ਪੰਜਾਬੀਆਂ ਵਾਂਗ ਪ੍ਰੇਮ ਸਿੰਘ ਦੀ ਰੂਹ ਵਿਚ ਰਚਿਆ ਹੋਇਆ ਸੀ।

ਰਾਇ ਅਜ਼ੀਜ਼ ਉਲਾ ਨੇ ਪ੍ਰੇਮ ਸਿੰਘ ਦੇ ਕਹਿਣ ‘ਤੇ ਕਾਰ ਰੋਕੀ। ਪ੍ਰੇਮ ਸਿੰਘ ਨੇ ਰਾਹ ਪੁੱਛਿਆ ਪਰ ਬੇਪ੍ਰਵਾਹੀ ਨਾਲ ਮੁੰਡੇ ਨੇ ਸਿਰ ਹਿਲਾ ਦਿੱਤਾ ਜਿਵੇਂ ਉਹ ਜਾਣ-ਬੁਝ ਕੇ ਰਾਹ ਦੱਸਣੋਂ ਇਨਕਾਰੀ ਹੋਵੇ।

‘‘ਪਹਿਲਾਂ ਸੰਧੂ ਸਾਹਿਬ ਨੂੰ ਇਨ੍ਹਾਂ ਦਾ ਕਾਲਜ ਦਿਖਾਈਏ ਫਿਰ ਵਿਹਲੇ ਹੋ ਕੇ ਘਰ ਲੱਭਦੇ ਹਾਂ।’’

ਅਸਲ ਵਿਚ ਪ੍ਰੇਮ ਸਿੰਘ ਆਪਣਾ ਘਰ ਲੱਭਣ ਲਈ ਵੱਧ ਤੋਂ ਵੱਧ ਸਮਾਂ ਬਚਾ ਕੇ ਰੱਖਣਾ ਚਾਹੁੰਦਾ ਸੀ। ਖ਼ਾਲਸਾ ਕਾਲਜ ਲਾਇਲਪੁਰ ਉਸ ਦਾ ਆਪਣਾ ਕਾਲਜ ਵੀ ਸੀ। ਉਹ ਵੀ ਇਥੇ ਹੀ ਪੜ੍ਹਦਾ ਰਿਹਾ ਸੀ। ਬਾਅਦ ਦੁਪਹਿਰ ਚਾਰ-ਸਾਢੇ ਚਾਰ ਵਜੇ ਦਾ ਸਮਾਂ ਸੀ ਜਦੋਂ ਸਾਡੀ ਕਾਰ ਕਾਲਜ ਦਾ ਗੇਟ ਲੰਘ ਕੇ ਖੁੱਲ੍ਹੇ ਸਿਹਨ ਵਿਚ ਜਾ ਖੜ੍ਹੋਤੀ। ਸਾਡੇ ਵੱਲ ਸਕੂਲ ਦਾ ਸੇਵਾਦਾਰ ਆਇਆ। ਅਸੀਂ ਪ੍ਰਿੰਸੀਪਲ ਬਾਰੇ ਪੁੱਛਿਆ। ਥੋੜ੍ਹੀ ਦੇਰ ਪਹਿਲਾਂ ਸਾਰਾ ਸਟਾਫ ਘਰੋ-ਘਰੀ ਜਾ ਚੁੱਕਾ ਸੀ। ਤਿੰਨ ਚਾਰ ਸੇਵਾਦਾਰ ਹੀ ਉਥੇ ਦਿਖਾਈ ਦੇ ਰਹੇ ਸਨ। ਇਕ ਸੇਵਾਦਾਰ ਨੇੜੇ ਹੀ ਰਹਿੰਦੇ ਪ੍ਰਿੰਸੀਪਲ ਨੂੰ ਬੁਲਾਉਣ ਤੁਰ ਪਿਆ।

ਨਸਵਾਰੀ ਰੰਗ ਦੀ ਲਗਪਗ ਸੌ ਸਾਲ ਪਹਿਲਾਂ ਉਸਰੀ ਇਮਾਰਤ ਅਜੇ ਵੀ ਪੁਰਾਣੀਆਂ ਖ਼ੁਰਾਕਾਂ ਖਾਣ ਵਾਲੇ ਬਜ਼ੁਰਗਾਂ ਵਾਂਗ ਪੂਰੀ ਸ਼ਾਨੋ-ਸ਼ੌਕਤ ਨਾਲ ਖੜੋਤੀ ਸੀ। ਪ੍ਰਿੰਸੀਪਲ ਦੇ ਦਫ਼ਤਰ ਦੇ ਨਜ਼ਦੀਕ ਹੀ ਬਰਾਂਡੇ ਦੇ ਨਾਲ ਇਕ ਕਮਰੇ ਉਪਰ ਪੰਜਾਬੀ ਵਿਚ ਲਿਖੀ ਘਸਮੈਲੀ ਸਿਲ਼ ਦੱਸ ਰਹੀ ਸੀ ਕਿ ਪਹਿਲਾਂ ਇਹ ਕਾਲਜ ਅਸਲ ਵਿਚ ਸਕੂਲ ਵਜੋਂ ਹੀ ਸ਼ੁਰੂ ਹੋਇਆ ਸੀ। ਅਸਲ ਇਬਾਰਤ ਇੰਜ ਸੀ:

ਸ੍ਰੀ ਵਾਹਿਗੁਰੂ ਜੀ ਕੀ ਫਤਹਿ

ਧਰਤ ਸੁਹਾਵੜੀ ਮੰਗ ਸੁਵੰਨੜੀ ਦੇਹ।

ਵਿਰਲੈ ਕੋਈ ਪਾਈਐ ਨਾਲ ਪਿਆਰੇ ਨੇਹ।

ਖਾਲਸਾ ਹਾਈ ਸਕੂਲ ਲਾਇਲਪੁਰ ਦੀ

ਇਹ ਭੂਮ ਰੰਗਾਵਲੀ

ਸਰਦਾਰ ਜਵੰਦ ਸਿੰਘ ਜੀ ਵਾਸੀ

ਚੱਕ ਨੰ: 213 ਨੇ ਆਪਣੇ ਧੰਨ ਭਾਗ ਜਾਣ ਕੇ

ਖੇਤ ਪਛਾਣਹਿ ਬੀਜਹਿ ਦਾਨ

ਗੁਰ-ਵਾਕ ਅਨੁਸਾਰ

ਪੰਥ ਗੁਰੂ ਦੀ ਸੇਵਾ ਵਿਚ ਸਮਰਪਣ ਕੀਤੀ।

ਸਿਲ਼ ਦੇ ਉਪਰ ਦੋਹੀਂ ਪਾਸੀਂ ਗੋਲਾਈ ਵਿਚ ਪਈਆਂ ਦੋ ਕਿਰਪਾਨਾਂ ਵਿਚ ਸਿੱਧੇ ਖੜੋਤੇ ਖੰਡੇ ਦੇ ਆਕਾਰ ਉਕਰੇ ਹੋਏ ਸਨ। ਹੇਠਾਂ ਅੰਗਰੇਜ਼ੀ ਵਿਚ ਇਹੋ ਇਬਾਰਤ ਸੀ :

This piece of  land for

The Khalsa High School Lyallpur is the gift of S. Jawand Singh of Chak No. 213.

ਇਹ ਸਕੂਲ 1908 ਵਿਚ ਬਣਿਆ ਸੀ। ਬਾਅਦ ਵਿਚ ਇਹ ਖ਼ਾਲਸਾ ਕਾਲਜ ਲਾਇਲਪੁਰ ਵਿਚ ਤਬਦੀਲ ਹੋ ਗਿਆ। ਇਥੇ ਹੀ ਪ੍ਰਿਥਵੀ ਰਾਜ ਕਪੂਰ ਵਰਗੇ ਹੋਰ ਪ੍ਰਸਿੱਧ ਲੋਕਾਂ ਨੇ ਵਿਦਿਆ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਬੰਧਕਾਂ ਨੇ ਜਲੰਧਰ ਵਿਚ ਜਾ ਕੇ ਇਸ ਕਾਲਜ ਨੂੰ ਦੁਬਾਰਾ ਸਥਾਪਤ ਕਰ ਲਿਆ ਪਰ ਲਾਇਲਪੁਰ ਦਾ ਨਾਂ ਉਨ੍ਹਾਂ ਨਾਲ ਹੀ ਜੋੜੀ ਰੱਖਿਆ। ਕੁਝ ਸਾਲ ਪਹਿਲਾਂ ਤਕ ਜਿਉਂਦਾ ਬਾਬਾ ਬੰਤਾ ਸਿੰਘ ਪਹਿਲਾਂ ਇਸੇ ਕਾਲਜ ਵਿਚ ਸੇਵਾਦਾਰ ਹੁੰਦਾ ਸੀ। ਉਹ ਜਦੋਂ ਵੀ ਗੱਲ ਕਰਦਾ ਲਾਇਲਪੁਰ ਵਾਲੇ ਕਾਲਜ ਦੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਵੱਲ ਬਦੋ-ਬਦੀ ਆਪਣੀ ਗੱਲ ਦਾ ਮੋੜਾ ਪਾ ਲੈਂਦਾ।

ਅੱਜ-ਕੱਲ੍ਹ ਇਸ ਕਾਲਜ ਦਾ ਨਾਂ ਗੌਰਮਿੰਟ ਮਿਉਂਸਪਲ ਡਿਗਰੀ ਕਾਲਜ ਲਾਇਲਪੁਰ ਹੈ। ਪ੍ਰਿੰਸੀਪਲ ਨੂੰ ਬੁਲਾਉਣ ਗਿਆ ਸੇਵਾਦਾਰ ਆ ਗਿਆ ਸੀ। ਲਾਜਵਰ ਲੱਗੇ ਚਿੱਟੇ ਸਲਵਾਰ-ਕਮੀਜ਼ ਵਿਚ ਸਾਦਾ ਦਿੱਖ ਵਾਲਾ ਚੁੱਪ ਜਿਹਾ ਦਿਸਣ ਵਾਲਾ ਬੰਦਾ ਸੀ ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ। ਉਹ ਪਰ੍ਹਿਓਂ ਹੌਲੀ-ਹੌਲੀ ਤੁਰਦਾ ਸਾਡੇ ਕੋਲ ਆਇਆ ਤੇ ਹੱਥ ਮਿਲਾ ਕੇ ‘ਸਲਾਮ’ ਆਖੀ। ਅਸੀਂ ਬਰਾਂਡਾ ਲੰਘ ਕੇ ਦਫ਼ਤਰ ਵਿਚ ਜਾ ਬੈਠੇ। ਕਿਸੇ ਸਮੇਂ ਇਹੋ ਹੀ ਦਫ਼ਤਰ ਹਾਈ ਸਕੂਲ ਦਾ ਦਫ਼ਤਰ ਹੁੰਦਾ ਸੀ। ਪ੍ਰਿੰਸੀਪਲ ਆਪਣੀ ਕੁਰਸੀ ‘ਤੇ ਬੈਠਾ ਅਤੇ ਅਸੀਂ ਮੇਜ਼ ਤੋਂ ਉਰਲੇ ਪਾਸੇ ਉਹ ਦੇ ਸਾਹਮਣੇ ਬੈਠ ਗਏ। ਪੈਂਦੀ ਸੱਟੇ ਮੇਰੀ ਨਜ਼ਰ ਪ੍ਰਿੰਸੀਪਲ ਦੇ ਸਿਰ ਪਿੱਛੇ ਕੰਧ ਉਤੇ ਲੱਗੀ ਛੋਟੀ ਜਿਹੀ ਤਖ਼ਤੀ ਉਤੇ ਪਈ।

Great people talk about ideas

Average people talk about things

Small people talk about others

(ਮਹਾਨ ਲੋਕ ਵਿਚਾਰਾਂ ਬਾਰੇ ਗੱਲਾਂ ਕਰਦੇ ਹਨ। ਔਸਤ ਦਰਜੇ ਦੇ ਲੋਕ ਚੀਜ਼ਾਂ-ਵਸਤਾਂ ਬਾਰੇ ਗੱਲਾਂ ਕਰਦੇ ਹਨ। ਛੋਟੇ ਲੋਕ ਦੂਜਿਆਂ ਬਾਰੇ ਗੱਲਾਂ ਕਰਦੇ ਹਨ)

‘‘ਮੈਂ ਵੀ ਤੁਹਾਡਾ ਸਟਾਫ਼ ਮੈਂਬਰ ਹਾਂ’’ ਮੈਂ ਪ੍ਰਿੰਸੀਪਲ ਨੂੰ ਦੱਸਿਆ ਤਾਂ ਉਹ ਹੈਰਾਨ ਹੋਇਆ।

ਅਸੀਂ ਦੱਸਿਆ ਕਿ ਇਸ ਦਾ ਜੁੜਵਾਂ ਭਰਾ, ਦੂਜਾ ਕਾਲਜ ਅੱਜ-ਕੱਲ੍ਹ ਜਲੰਧਰ ਵਿਚ ਚੱਲ ਰਿਹਾ ਹੈ, ‘ਲਾਇਲਪੁਰ ਖ਼ਾਲਸਾ ਕਾਲਜ ਜਲੰਧਰ’। ਉਥੋਂ ਦਾ ਅਧਿਆਪਕ ਹੋਣ ਨਾਤੇ ਮੈਂ ਉਸ ਦੇ ‘ਸਟਾਫ ਦਾ ਮੈਂਬਰ’ ਹੀ ਹਾਂ।

ਸਾਡੇ ਕਾਲਜ ਆਉਣ ਦਾ ਮਕਸਦ ਜਾਣ ਕੇ ਉਹ ਸ਼ਾਂਤ ਵੀ ਹੋਇਆ ਤੇ ਖ਼ੁਸ਼ ਵੀ। ਪਹਿਲਾਂ ਸਾਡੀ ਅਚਨਚੇਤ ਆਮਦ ਵੇਖ ਕੇ ਉਹਦੇ ਚਿਹਰੇ ‘ਤੇ ਉਤਸੁਕਤਾ ਭਰਿਆ ਤਣਾਓ ਸੀ। ਉਹ ਦੱਸਣ ਲੱਗਾ ਕਿ ਦੇਸ਼ ਦੀ ਵੰਡ ਸਮੇਂ ਇਥੇ ਬੜਾ ਵੱਡਾ ਮੁਹਾਜਰ ਕੈਂਪ ਬਣ ਗਿਆ ਸੀ। ਕਈ ਚਿਰ ਤਾਂ ਪੜ੍ਹਾਈ ਹੀ ਸ਼ੁਰੂ ਨਾ ਹੋ ਸਕੀ। ਫਿਰ 1958 ਵਿਚ ਕਾਰਪੋਰੇਸ਼ਨ ਨੇ ਇਹਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈ ਲਿਆ। ਅੱਜ-ਕੱਲ੍ਹ ਇਥੇ ਬੀ.ਏ. ਬੀ.ਐੱਸ.ਸੀ. ਦੀਆਂ ਕਲਾਸਾਂ ਵਿਚ ਲਗਪਗ ਦੋ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਮੈਂ ਜਲੰਧਰ ਵਾਲੇ ਕਾਲਜ ਦੀ, ਨਵੇਂ ਕੋਰਸਾਂ ਤੇ ਕੰਪਿਊਟਰ ਕਲਾਸਾਂ ਸਦਕਾ ਪੰਜਾਬ ਦੇ ਪਹਿਲੇ ਕਾਲਜ ਵਜੋਂ, ਚੜ੍ਹਤ ਦਾ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਲਾਇਲਪੁਰ ਵਾਲੇ ਇਸ ਕਾਲਜ ਵਿਚ ਵੀ ਕੰਪਿਊਟਰ ਕਲਾਸਾਂ ਚੱਲਦੀਆਂ ਹਨ ਤੇ ਇਸ ਵੇਲੇ ਕਾਲਜ ਕੋਲ 70 ਕੰਪਿਊਟਰ ਹਨ।

ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ ਹੌਲੀ-ਹੌਲੀ ਸਾਡੇ ਨਾਲ ਖੁੱਲ੍ਹ ਰਿਹਾ ਸੀ। ਬਿਸਕੁਟਾਂ ਨਾਲ ਚਾਹ ਪੀਂਦਿਆਂ ਅਸੀਂ ਉਸ ਦੀ ਕਹਾਣੀ ਸੁਣ ਰਹੇ ਸਾਂ। ਕਰਤਾਰਪੁਰ ਨੇੜਲਾ ਪਿੰਡ ਦਿਆਲਪੁਰ ਉਸਦਾ ਤੇ ਉਹਦੇ ਵਡੇਰਿਆਂ ਦਾ ਪਿੰਡ ਸੀ। ਉਹ ਆਪਣੇ ਪਿੰਡ ਦਿਆਲਪੁਰ ਵਿਚ ਉਸ ਸਮੇਂ ਹਿੰਦੂਆਂ-ਸਿੱਖਾਂ ਦੀ ਪ੍ਰਤੀਸ਼ਤ ਦੱਸਣ ਲੱਗਾ ਤਾਂ ਪ੍ਰੇਮ ਸਿੰਘ ਆਪਣੇ ਸ਼ਹਿਰ ਲਾਇਲਪੁਰ ਦੀ ਇਹੋ ਪ੍ਰਤੀਸ਼ਤ ਦੱਸਣ ਲੱਗਾ। ਦੋਵੇਂ ਆਪੋ-ਆਪਣੇ ਮੁਢਲੇ ਦਿਨਾਂ ਵਿਚ ਗੁਆਚੇ ਹੋਏ ਸਨ। ਰਾਇ ਅਜ਼ੀਜ਼ ਉੱਲਾ ਨੇ ਹੌਲੀ ਜਿਹੀ ਮੈਨੂੰ ਕਿਹਾ, ‘‘ਇਥੇ ਹਰ ਇਕ ਨੂੰ ਆਪੋ-ਆਪਣੀ ਪਈ ਹੈ।’’

ਪਰ ਪ੍ਰਿੰਸੀਪਲ ਕੋਲ ਤਾਂ ਆਪਣੇ ਪਿੰਡ ਦੀਆਂ ਯਾਦਾਂ ਹੀ ਸਨ ਤੇ ਪ੍ਰੇਮ ਸਿੰਘ ਆਪਣੇ ਸ਼ਹਿਰ ਦੇ ਵਿਚ ਫਿਰ ਰਿਹਾ ਸੀ। ਉਤੇਜਤ ਅਤੇ ਉਤਸ਼ਾਹੀ। ਉਸ ਨੂੰ ਲੱਗਦਾ ਸੀ ਕਿ ਪ੍ਰਿੰਸੀਪਲ ਨਾਲ ਲੋੜ ਜੋਗੀਆਂ ਗੱਲਾਂ ਹੋ ਗਈਆਂ ਹਨ ਇਸ ਲਈ ਸਾਨੂੰ ਛੇਤੀ ਤੁਰ ਪੈਣਾ ਚਾਹੀਦਾ ਹੈ।

ਅਸੀਂ ਪ੍ਰੇਮ ਸਿੰਘ ਦੇ ‘ਬਾਲ ਹੱਠ’ ਨੂੰ ਜਾਣ ਚੁੱਕੇ ਸਾਂ ਤੇ ਸਾਨੂੰ ਇਹ ‘ਹੱਠ’ ਹੁਣ ਚੰਗਾ ਵੀ ਲੱਗਣ ਲੱਗ ਪਿਆ ਸੀ। ਆਪਣੀ ਧਰਤੀ ਨਾਲ ਇਸ ਮਾਸੂਮ ਮੋਹ ਨੇ ਉਸ ਅੰਦਰਲਾ ਬਾਲ ਜਗਾ ਦਿੱਤਾ ਸੀ। ਪ੍ਰੇਮ ਸਿੰਘ ਦੇ ਕਾਹਲੀ-ਕਾਹਲੀ ਕਰਦਿਆਂ ਵੀ ਮੈਂ ਪ੍ਰਿੰਸੀਪਲ ਨੂੰ ਕਿਹਾ ਕਿ ਆਪਣੀ ਖ਼ੈਰ-ਸੁਖ ਦੱਸਦਿਆਂ ਜੁੜਵੇਂ ਭਰਾ ਜਲੰਧਰ ਵਾਲੇ ਕਾਲਜ ਦੇ ਪ੍ਰਿੰਸੀਪਲ ਦੇ ਨਾਂ ਦੋ ਮੁਹੱਬਤ ਦੇ ਅੱਖਰ ਹੀ ਲਿਖ ਦੇਵੇ। ਉਸ ਨੇ ਬੜੀ ਫਰਾਖ਼ ਦਿਲੀ ਨਾਲ ਬੜੇ ਚੰਗੇ ਸ਼ਬਦਾਂ ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਨੂੰ ਮੁਹੱਬਤਨਾਮਾ ਲਿਖਦਿਆਂ ਕਾਲਜ ਦੇ ਤਰੱਕੀ ਕਰਦੇ ਰਹਿਣ ਦੀ ਦੁਆ ਕੀਤੀ।

ਕਾਲਜ ਦੀ ਨਿਸ਼ਾਨੀ ਵਜੋਂ ਅਸੀਂ ਕੁਝ ਤਸਵੀਰਾਂ ਵੀ ਖਿੱਚੀਆਂ। ਸਾਡੇ ਕਹਿਣ ‘ਤੇ ਪ੍ਰਿੰਸੀਪਲ ਨੇ ਪਾਕਿਸਤਾਨ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ਸਮੇਂ ਸੰਪਾਦਤ ਕੀਤਾ ਕਾਲਜ ਦਾ ਮੈਗਜ਼ੀਨ ‘ਮਿਨਰਵਾ’ ਵੀ ਸਾਨੂੰ ਦਿੱਤਾ ਤੇ ਅਸੀਂ ਉਸ ਦਾ ਧੰਨਵਾਦ ਕਰਕੇ ਛੁੱਟੀ ਲਈ।

ਹੁਣ ਅਸੀਂ ਪੂਰੀ ਤਰ੍ਹਾਂ ਪ੍ਰੇਮ ਸਿੰਘ ਨੂੰ ਸਮਰਪਤ ਸਾਂ।

‘‘ਤੁਸੀਂ ਗੱਡੀ ਸਟੇਸ਼ਨ ਨੂੰ ਲੈ ਚੱਲੋ।’’

ਰਾਇ ਅਜ਼ੀਜ਼ ਉਲਾ ਸ਼ਾਹਿਰ ਦਾ ਜਾਣੂ ਸੀ। ਸਟੇਸ਼ਨ ਆਇਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰੋਕੋ! ਰੋਕੋ!’’

ਉਹ ਉਤੇਜਿਤ ਹੋਇਆ ਕਾਰ ਤੋਂ ਉਤਰ ਖਲੋਤਾ।

‘‘ਹਾਇ! ਹਾਇ!‥ ਲਾਲ ਦਰਵਾਜ਼ਾ ਹੁੰਦਾ ਸੀ ਸਟੇਸ਼ਨ ਦਾ…’’ ਉਹਨੂੰ ਜਿਵੇਂ ਮਿਕਨਾਤੀਸ ਨੇ ਖਿੱਚ ਲਿਆ। ਸਾਡੇ ਤੋਂ ਬੇਪ੍ਰਵਾਹ ਉਹ ਸਟੇਸ਼ਨ ਦੇ ਮੁੱਖ ਦਰਵਾਜ਼ੇ ਵੱਲ ਵਧਿਆ।

‘‘ਅੰਦਰ ਆਉਣਾ ਜੇ ਤਾਂ ਆ ਜਾਓ… ਨਹੀਂ ਆਉਣਾ ਤਾਂ ਨਾ ਆਓ। ਮੈਨੂੰ ਹੋ ਆਉਣ ਦਿਓ… ਦੋ ਮਿੰਟ…’’

ਮੁੱਖ ਰਾਹ ਦੀਆਂ ਪੌੜੀਆਂ ‘ਤੇ ਝੁਕ ਕੇ ਉਸ ਨੇ ਆਪਣੇ ਪੋਟੇ ਛੁਹਾਏ ਤੇ ਫਿਰ ਮੱਥੇ ਨੂੰ ਹੱਥ ਲਾਇਆ। ਉਸ ਦੀ ਉਤੇਜਨਾ ਤੇ ਵਿਹਾਰ ਵਿਚਲੀ ਵਿਆਕੁਲਤਾ ਨੇ ਸਾਨੂੰ ਵੀ ਤਰਲ ਕਰ ਦਿੱਤਾ ਸੀ। ਉਹ ਅੱਗੇ-ਅੱਗੇ ਤੇ ਅਸੀਂ ਪਿੱਛੇ ਪਲੇਟ-ਫਾਰਮ ‘ਤੇ ਜਾ ਚੜ੍ਹੇ। ਟੀ.ਟੀ., ਕੁੱਲੀ ਤੇ ਸਵਾਰੀਆਂ ਸਾਡੇ ਵੱਲ ਵੇਖ ਰਹੀਆਂ ਸਨ। ਪੇ੍ਰਮ ਸਿੰਘ ਸਭ ਕਾਸੇ ਤੋਂ ਬੇਨਿਆਜ਼ ਪਲੇਟਫ਼ਾਰਮ ‘ਤੇ ਖਲੋਤੀ ਰੇਲ ਗੱਡੀ ਦੇ ਨਾਲ-ਨਾਲ ਤੁਰਨ ਲੱਗਾ। ਇੰਜ ਲੱਗਦਾ ਸੀ ਜਿਵੇਂ ਉਹਦਾ ਕੋਈ ਆਪਣਾ ਗੁਆਚ ਗਿਆ ਹੋਵੇ ਤੇ ਉਹ ਕਾਹਲੇ ਕਦਮੀਂ ਉਸ ਨੂੰ ਲੱਭ ਰਿਹਾ ਹੋਵੇ। ਉਹ ਇਕ ਬਾਰੀ ਵਿਚੋਂ ਅੰਦਰ ਵੜ ਕੇ ਵਾਪਸ ਉਤਰਿਆ ਜਿਵੇਂ ਹੁਣੇ ਕਿਸੇ ਨੂੰ ਵੇਖ ਕੇ ਜਾਂ ਸੀਟ ‘ਤੇ ਬਿਠਾ ਕੇ ਬਾਹਰ ਨਿਕਲਿਆ ਹੋਵੇ। ਫਿਰ ਡੱਬੇ ਤੋਂ ਬਾਹਰ ਆ ਕੇ ਇਕ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖਣ ਲੱਗਾ ਜਿਵੇਂ ਕਿਸੇ ਨਾਲ ਗੱਲਾਂ ਕਰਨ ਲੱਗਾ ਹੋਵੇ। ਉਸ ਨੇ ਰਾਇ ਸਾਹਿਬ ਨੂੰ ਕੈਮਰਾ ਫੜਾਉਂਦਿਆਂ ਕਿਹਾ, ‘‘ਇੰਜ ਹੀ ਮੇਰੀ ਇਕ ਤਸਵੀਰ ਖਿੱਚੋ। ਖਿੜਕੀ ਤੋਂ ਅੰਦਰ ਝਾਕਦਿਆਂ ਦੀ…’’

‘‘ਤੇ ਆਪਣੀ ਕਿਸੇ ਓਸ ਨਾਲ ਗੱਲਾਂ ਕਰਦਿਆਂ ਦੀ… ਜਿਸ ਨੂੰ ਪੰਜਾਹ-ਪਚਵੰਜਾ ਸਾਲ ਪਹਿਲਾਂ ਕਦੇ ਇੰਜ ਹੀ ਵਿਦਾ ਕੀਤਾ ਹੋਵੇਗਾ।’’

ਮੈਂ ਰਾਇ ਸਾਹਿਬ ਨੂੰ ਆਖਿਆ ਉਹ ਹੱਸ ਕੇ ਕਹਿਣ ਲੱਗਾ, ‘‘ਸਰਦਾਰ ਜੀ ਨੂੰ ਪੁਰਾਣੀਆਂ ਅਲਵਿਦਾਈਆਂ ਯਾਦ ਆ ਰਹੀਆਂ ਨੇ…’’

ਪ੍ਰੇਮ ਸਿੰਘ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖ ਰਿਹਾ ਸੀ। ਅੰਦਰੇ ਹੀ ਅੰਦਰ ਗੱਲਾਂ ਕਰਕੇ ਪਤਾ ਨਹੀਂ ਕਿਸ ਨੂੰ ਤੇ ਕਿਹੜੇ ਵੇਲੇ ਨੂੰ ਯਾਦ ਕਰ ਰਿਹਾ ਸੀ। ਮੈਨੂੰ ਅੱਜ-ਕੱਲ੍ਹ ਚੱਲਦਾ ਇਕ ਗੀਤ ਯਾਦ ਆਇਆ ਜਿਸ ਵਿਚ ਦਿੱਲੀ ਦੇ ਹਵਾਈ ਅੱਡੇ ਉਤੇ ਆਪਸੀ ਵਿਛੋੜੇ ਦਾ ਦ੍ਰਿਸ਼ ਬਿਆਨ ਕੀਤਾ ਗਿਆ ਹੈ:

ਤੁਸੀਂ ਜਾਣ ਲੱਗੇ ਰੋਏ

ਅਸੀਂ ਆਉਣ ਲੱਗੇ ਰੋਏ

ਖਿੜਕੀ ਤੋਂ ਹੱਥ ਛੱਡ ਕੇ ਸਾਡੇ ਵੱਲ ਆਉਂਦਾ ਪ੍ਰੇਮ ਸਿੰਘ ਮੈਨੂੰ ਇੰਜ ਹੀ ਕਿਸੇ ਆਪਣੇ ਪਿਆਰੇ ਤੋਂ ਵਿਛੜ ਕੇ ਆਉਂਦਾ ਲੱਗਾ। ਸੱਚਮੁਚ ਉਹਦੀਆਂ ਐਨਕਾਂ ਪਿੱਛੇ ਲੁਕੀਆਂ ਅੱਖਾਂ ਵਿਚੋਂ ਲੱਖ ਲੁਕਾ ਰੱਖਣ ਦੇ ਬਾਵਜੂਦ ਪਾਣੀ ਲਿਸ਼ਕ ਆਇਆ ਸੀ।

ਉਹ ਕਾਹਲੀ-ਕਾਹਲੀ ਸਾਡੇ ਅੱਗੇ ਤੁਰਦਾ ਸਟੇਸ਼ਨ ਤੋਂ ਬਾਹਰ ਆ ਗਿਆ। ਅਸੀਂ ਸਾਰੇ ਦਰਸ਼ਕ ਆਪਣੇ-ਆਪਣੇ ਤੌਰ ‘ਤੇ ਉਸ ਨੂੰ ਨਿਹਾਰ ਰਹੇ ਸਾਂ ਤੇ ਆਪਣੇ ਅਰਥ ਕੱਢ ਰਹੇ ਸਾਂ।

‘‘ਸਰਦਾਰ ਹੁਰਾਂ ਨੂੰ ਕਿਤੇ ਪੁਰਾਣੇ ਇਸ਼ਕ ਚੇਤੇ ਆ ਗਏ ਨੇ… ਸਤਿਨਾਮ ਮਾਣਕ ਨੇ ਹੌਲੀ ਜਿਹੀ ਹੱਸਦਿਆਂ ਆਖਿਆ ਪਰ ਪ੍ਰੇਮ ਸਿੰਘ ਨੂੰ ਸੁਣ ਗਿਆ। ਉਸ ਕਾਰ ਵਿਚ ਬਹਿੰਦਿਆਂ ਆਖਿਆ, ‘‘ਰਾਂਝਣ ਵੇ ਤੇਰਾ ਨਾਂ

ਭਾਈਆਂ ਲੀਤਾ

ਭਾਬੀਆਂ ਲੀਤਾ

ਜੇ ਅਸੀਂ ਨਾ ਲੈਂਦੇ ਹਾਂ ਰਾਂਝਣ ਦਾ

ਤਾਂ ਮੰਦਾ ਈ…’’

‘‘ਵਾਹ! ਵਾਹ!!’’ ਕਹਿੰਦਿਆਂ ਮੈਂ ਸ਼ਿਅਰ ਨੂੰ ਦੁਬਾਰਾ ਬੋਲਣ ਲਈ ਕਿਹਾ।

‘‘ਹੁਣ ਅੱਗੇ ਚੱਲੀਏ!… ਸ਼ਿਅਰ ਲਾਇਲਪੁਰੋਂ ਮੁੜਦਿਆਂ ਸੁਣਾਵਾਂਗੇ ਤੇ ਤੁਹਾਡੀਆਂ ਗੱਲਾਂ ਦਾ ਜੁਆਬ ਵੀ ਉਦੋਂ ਹੀ ਦਿਆਂਗਾ। ਹੁਣ ਮੈਨੂੰ ਆਪਣੇ ਆਪ ਨਾਲ ਗੱਲਾਂ ਕਰਨ ਦਿਓ…।’’

ਆਪਣੇ-ਆਪ ਨਾਲ ਗੱਲਾਂ ਕਰਦਾ ਹੋਇਆ ਉਹ ਸਾਨੂੰ ਵੀ ਦੱਸ ਰਿਹਾ ਸੀ, ‘‘ਏਥੇ ਆਉਂਦੇ ਹੁੰਦੇ ਸਾਂ। ਕਾਲਜ ਪੜ੍ਹਦਿਆਂ, ਰੈਸਟੋਰੈਂਟ ਵਿਚ ਮਿਲਕ-ਸ਼ੇਕ ਪੀਣਾ, ਆਮਲੇਟ ਖਾਣੇ, ਸੈਰਾਂ ਕਰਨੀਆਂ। ਇਕ ਘੰਟੇ ਦੇ ਸੱਤ ਆਨੇ ਦੇ ਕੇ ਟਾਂਗਾ ਕਿਰਾਏ ‘ਤੇ ਕਰਨਾ ਤੇ ਸ਼ਹਿਰ ਦੀ ਬਾਹਰਲੀ ਸੜਕ ‘ਤੇ ਫਿਰਨਾ। ਕੇਹੇ ਰਾਂਗਲੇ ਦਿਨ ਸਨ। ਨਹਿਰ ਵਿਚ ਨਹਾਉਣਾ… ਖ਼ੁਸ਼ੀਆਂ ਤੇ ਬੇਫ਼ਿਕਰੀ ਦਾ ਆਲਮ‥ ਕੇਸਰੀ ਦਰਵਾਜ਼ੇ ਤੋਂ ਬਾਹਰ ਲਾਹੌਰ ਨੂੰ ਬੱਸਾਂ ਚੱਲਦੀਆਂ ਸਨ। ਸਾਡੀ ਆੜ੍ਹਤ ਦੀ ਦੁਕਾਨ ਵੀ ਏਥੇ ਅੱਗੇ ਹੀ ਹੁੰਦੀ ਸੀ।’’

ਕਾਰ ਤੋਂ ਉਤਰ ਕੇ ਉਹ ਆਪਣੀ ਆੜ੍ਹਤ ਦੀ ਦੁਕਾਨ ਲੱਭਣ ਲੱਗਾ। ਦੁਕਾਨਾਂ ਅੱਗੇ ਰੇੜ੍ਹੇ, ਟਰਾਲੀਆਂ ਤੇ ਗੱਡੇ ਖੜ੍ਹੋਤੇ ਸਨ। ਪ੍ਰੇਮ ਸਿੰਘ ਕਦੀ ਇਸ ਦੁਕਾਨ ‘ਤੇ ਕਦੀ ਦੂਜੀ ‘ਤੇ। ਇੰਜ ਲੱਗਦਾ ਸੀ ਜਿਵੇਂ ਖਿਡੌਣਿਆਂ ਨਾਲ ਭਰੇ ਕਮਰੇ ਵਿਚ ਕੋਈ ਬੱਚਾ ਦਾਖ਼ਲ ਹੋ ਕੇ ਆਪਣੇ-ਮਨਪਸੰਦ ਦਾ ਖਿਡੌਣਾ ਲੱਭ ਰਿਹਾ ਹੋਵੇ ਪਰ ਉਸ ਨੂੰ ਲੱਭ ਨਾ ਰਿਹਾ ਹੋਵੇ। ਨਵੀਆਂ ਇਮਾਰਤਾਂ ਤੇ ਨਵੀਂ ਦਿਖ ਨੇ ਪੁਰਾਣੀ ਪਛਾਣ ਗੁੰਮ ਕਰ ਦਿੱਤੀ ਸੀ। ਪਰ ਪ੍ਰੇਮ ਸਿੰਘ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦਾ ਸੀ। ਉਸ ਦੇ ਕਦਮਾਂ ਦੀ ਤੇਜ਼ੀ ਦਾ ਸਾਥ ਦੇਣਾ ਸਾਡੇ ਵੱਸ ਵਿਚ ਨਹੀਂ ਸੀ ਰਿਹਾ। ਅਸੀਂ ਇਕ ਥਾਂ ਖਲ੍ਹੋ ਗਏ।

ਮੈਂ ਹੱਸ ਪਿਆ, ‘‘ਗੁਰੂਦਿੱਤਾ (ਪ੍ਰੇਮ ਸਿੰਘ) ‘ਅੱਲਾ ਦਿੱਤਿਆਂ’ ਤੋਂ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦੈ।’’

ਦੇਸੀ ਸਾਬਣ ਦਾ ਭਰਿਆ ਰੇੜ੍ਹਾ ਵੇਖ ਕੇ ਮਾਣਕ ਕਹਿਣ ਲੱਗਾ, ‘‘ਸਾਬਣ ਲੈ ਜਾ ਇਥੋਂ…।’’

‘‘ਜੇ ਮਨ ਦੀ ਮੈਲ ਧੋ ਦਵੇ ਤਾਂ ਲੈ ਜਾਈਏ ਪਰ ਉਹ ਕਿਥੇ!’’

ਪ੍ਰੇਮ ਸਿੰਘ ਵਾਪਸ ਪਰਤ ਆਇਆ। ਉਹ ਦੁਕਾਨ ਲੱਭ ਕੇ ਨਮਸਕਾਰ ਕਰ ਆਇਆ ਸੀ। ਹੁਣ ਸਾਡੀ ਕਾਰ ਪ੍ਰੇਮ ਸਿੰਘ ਦੇ ਦੱਸੇ ਰਸਤੇ ‘ਤੇ ਤੁਰੀ ਜਾ ਰਹੀ ਸੀ। ਉਸ ਦੀ ਰਨਿੰਗ ਕੁਮੈਂਟਰੀ ਵੀ ਜਾਰੀ ਸੀ।

‘‘ਇਹ ਕਾਰਖ਼ਾਨਾ ਬਾਜ਼ਾਰ ਐ…ਉਦੋਂ ਸਾਈਕਲ ਬੜੀ ਵੱਡੀ ਸਵਾਰੀ ਸੀ…ਅਸੀਂ ਬਾਜ਼ਾਰਾਂ ਵਿਚ ਸਾਈਕਲਾਂ ‘ਤੇ ਘੁੰਮਦੇ। ਐਥੇ ਝਟਕਈ ਦੀ ਦੁਕਾਨ ਹੁੰਦੀ ਸੀ। ਐਧਰ ਲੱਕੜ ਬਾਜ਼ਾਰ ਸੀ। ਐਥੇ ਲਸੂੜੀ ਸ਼ਾਹ ਦੀ ਮਸਜਿਦ ਹੁੰਦੀ ਸੀ। ਐਧਰ ਮੰਦਰ ਹੁੰਦਾ ਸੀ। ਆਹ ਨਹਿਰ…ਇਸ ਵਿਚ ਨਹਾਉਂਦੇ ਹੰੁਦੇ ਸਾਂ। ਖੱਬੇ ਹੱਥ ਸਿਨੇਮਾ ਸੀ। ਹਾਂ…ਇਹੋ ਹੀ। ਇਹ ਹੁਣ ਵੀ ਮਿਨਰਵਾ ਸਿਨੇਮਾ ਹੀ ਹੈ…।’’

ਪ੍ਰੇਮ ਸਿੰਘ ਖ਼ੁਸ਼ ਹੋ ਗਿਆ। ਏਨਾ ਕੁਝ ਬਦਲ ਗਿਆ ਸੀ ਪਰ ਮਿਨਰਵਾ ਸਿਨੇਮਾ ਦੀ ਬਿਲਡਿੰਗ ਤੇ ਉਹਦਾ ਸਾਹਮਣਾ ਅਹਾਤਾ ਉਂਜ ਹੀ ਸੀ।

‘‘ਗ਼ਨੀਮਤ ਹੈ ਕੁਝ ਤਾਂ ਬਚ ਗਿਆ।’’ ਰਾਇ ਅਜ਼ੀਜ਼ ਉਲਾ ਨੇ ਕਿਹਾ।

‘‘ਬੜੀਆਂ ਫ਼ਿਲਮਾਂ ਵੇਖੀਆਂ ਏਥੇ। ‘ਦੇਵਦਾਸ’ ਵੀ ਏਥੇ ਹੀ ਵੇਖੀ ਸੀ। ਕਦੀ ਕੋਈ ਫ਼ਿਲਮ ਛੱਡੀ ਹੀ ਨਹੀਂ। ਇਥੇ ਹੀ ਪਹਿਲੀ ਵਾਰ ਬੇਬੀ ਨੂਰਜਹਾਂ ਦਾ ਡਾਂਸ ਵੇਖਿਆ ਸੀ।’’

ਉਹ ਕਾਰ ਤੋਂ ਉਤਰ ਕੇ ਸਿਨੇਮਾ ਦੇ ਅਹਾਤੇ ਵਿਚ ਜਾ ਵੜਿਆ। ਟਿਕਟਾਂ ਵਾਲੀ ਬਾਰੀ ਨੂੰ ਝਾਤੀ ਮਾਰ ਆਇਆ। ‘‘ਸ਼ੋਅ ਸ਼ੁਰੂ ਹੋਣ ਤੋਂ ਪਿੱਛੋਂ ਅਸੀਂ ਢਾਈ ਆਨੇ ਵਾਲੀ ਟਿਕਟ ਪੰਜਾਂ-ਪੰਜਾਂ ਪੈਸਿਆਂ ਵਿਚ ਲੈ ਲੈਣੀ’’ ਉਹ ਉਨ੍ਹਾਂ ਸਮਿਆਂ ‘ਚ ਗੁਆਚਾ ਹੋਇਆ ਸੀ।

ਥੋੜ੍ਹੇ ਚਿਰ ਪਿਛੋਂ ਅਸੀਂ ਉਸ ਇਲਾਕੇ ਵਿਚ ਪੁੱਜ ਗਏ ਜਿਥੇ ਉਸ ਦਾ ਘਰ ਹੁੰਦਾ ਸੀ।

‘‘ਪਹਿਲਾਂ ਆਪਾਂ ਸਕੂਲੋਂ ਹੋ ਚੱਲੀਏ…।’’

ਮੈਂ ਅਨੁਮਾਨ ਲਾਇਆ ਕਿ ਪ੍ਰੇਮ ਸਿੰਘ ਕਦੀ ਸਟੇਸ਼ਨ, ਕਦੀ ਸਿਨੇਮਾ, ਕਦੀ ਆੜ੍ਹਤ ਤੇ ਕਦੀ ਸਕੂਲ ਨੂੰ ਵੇਖ ਕੇ ਆਪਣੇ ਮਨ ਨੂੰ ਹੌਲੀ ਹੌਲੀ ਕਰੜਾ ਕਰ ਰਿਹਾ ਸੀ ਤਾਂ ਕਿ ਉਹ ਆਪਣੇ ਘਰ ਨੂੰ ਵੇਖਣ ਸਮੇਂ ਆਪਣੇ ਆਪ ਨੂੰ ਸੰਤੁਲਿਤ ਰੱਖ ਸਕੇ। ਸਕੂਲ ਅੰਦਰ ਵੜੇ ਤਾਂ ਸਕੂਲ ਦਾ ਚੌਕੀਦਾਰ ਆਖੇ, ਮੈਂ ਸਕੂਲ ਨਹੀਂ ਵੇਖਣ ਦੇਣਾ। ਉਸ ਨੂੰ ਸਮਝਾਇਆ ਕਿ ਇਹ ਸਰਦਾਰ ਹੁਰੀਂ ਏਥੇ ਪੜ੍ਹਦੇ ਰਹੇ ਨੇ ਬਚਪਨ ਵਿਚ। ਬੱਸ ਇਕ ਵਾਰ ਝਾਤੀ ਮਾਰਨੀ ਹੈ।

ਪ੍ਰੇਮ ਸਿੰਘ ਨੇ ਉਸ ਨੂੰ ਆਪਣੀ ਜੱਫੀ ਵਿਚ ਲਿਆ, ‘‘ਯਾਰ! ਅਸੀਂ ਪਰਦੇਸੀਆਂ ਨੇ ਤੇਰੇ ਸਕੂਲ ਦਾ ਕੁਝ ਲਾਹ ਤਾਂ ਨਹੀਂ ਖੜਨਾ। ਕਦੀ ਇਹ ਸਾਡਾ ਵੀ ਸਕੂਲ ਹੁੰਦਾ ਸੀ…।’’

ਚੌਕੀਦਾਰ ਨਾਲ ਬੈਠੇ ਦੋ-ਚਾਰ ਬੰਦੇ ਕਹਿਣ ਲੱਗੇ, ‘‘ਵੇਖਣ ਦੇ ਯਾਰ! ਵੇਖੋ ਜੀ‥ ਪੁਰਾਣੀ ਧਰਤੀ ਯਾਦ ਆ ਹੀ ਜਾਂਦੀ ਹੈ, ਬੰਦੇ ਨੂੰ। ਆਵੇ ਵੀ ਕਿਉਂ ਨਾ…।’’

ਚੌਕੀਦਾਰ ਢਿੱਲਾ ਪੈ ਗਿਆ।

‘‘ਐਥੇ ਮੇਰੀ ਛੇਵੀਂ ਦੀ ਕਲਾਸ ਹੁੰਦੀ ਸੀ। ਐਥੇ ਅੱਠਵੀਂ ਦੀ… ਮੈਂ ਐਥੇ ਬੈਂਚ ‘ਤੇ ਬੈਠਦਾ ਹੁੰਦਾ ਸਾਂ।’’ ਉਹ ਆਪਣੀ ਸੀਟ ਕੋਲ ਖਲੋਤਾ ਪੁਰਾਣੇ ਵੇਲਿਆਂ ਵਿਚ ਗੁਆਚ ਗਿਆ ਤੇ ਫਿਰ ਬੈਂਚ ਉਪਰ ਆਪਣੀ ਥਾਂ ‘ਤੇ ਬੈਠ ਗਿਆ।

ਉਹ ਸਕੂਲ ਵਿਚ ਫਿਰ ਰਿਹਾ ਇੰਜ ਲੱਗਦਾ ਸੀ ਜਿਵੇਂ ਸਾਰੇ ਸਕੂਲ ਨੂੰ ਇਕੋ ਵਾਰ ਅੱਖਾਂ ਵਿਚ ਭਰ ਲੈਣਾ ਚਾਹੁੰਦਾ ਹੋਵੇ।

‘‘ਅੱਖਾ ਭਰ ਆਉਣਗੀਆਂ ਪਰ ਸੂਕਲ ਤੇ ਉਹ ਸਮਾਂ ਅੱਖਾਂ ‘ਚ ਨਹੀਂ ਭਰਿਆ ਜਾ ਸਕਣਾ’’ ਮੈਂ ਰਾਇ ਸਾਹਿਬ ਨੂੰ ਕਿਹਾ। ਉਹ ਕਹਿਣ ਲੱਗਾ, ‘‘ਚੁੱਪ ਕਰੋ। ਉਹ ਰੋ ਰਹੇ ਲੱਗਦੇ ਨੇ…।’’

ਅਸੀਂ ਵੇਖਿਆ ਪ੍ਰੇਮ ਸਿੰਘ ਕੋਈ ਹੋਰ ਕਲਾਸ-ਰੂਮ ਵੇਖਣ ਦੇ ਬਹਾਨੇ ਕਮਰੇ ਵਿਚ ਜਾ ਵੜਿਆ ਸੀ ਤੇ ਸਾਡੀਆਂ ਅੱਖਾਂ ਤੋਂ ਉਹਲੇ ਹੋ ਕੇ ਰੋ ਰਿਹਾ ਸੀ।

ਅਸੀਂ ਰਾਇ ਸਾਹਿਬ ਨੂੰ ਅੰਦਰ ਭੇਜਿਆ। ਉਹ ਪ੍ਰੇਮ ਸਿੰਘ ਨੂੰ ਬਾਹਰ ਲੈ ਕੇ ਆਇਆ। ਹੁਣੇ ਹੀ ਮਲ ਕੇ ਪੂੰਝੀਆਂ ਅੱਖਾਂ ਦਾ ਲਾਲ ਰੰਗ ਦੱਸਦਾ ਸੀ ਕਿ ਕਿਵੇਂ ਉਹਦਾ ਦਿਲ ਪਿਘਲ ਕੇ ਅੱਖੀਆਂ ਵਿਚੋਂ ਵਹਿ ਆਇਆ ਸੀ।

ਕੰਧ ਉਤੇ ਪੰਜਾਬੀ ਵਿਚ ਇਕ ਸਿਲ਼ ‘ਤੇ ਲਿਖਿਆ ਹੋਇਆ ਸੀ :

‘ਚਨਾਬ ਦਰਿਆ ‘ਤੇ ਟੂਰ ਗਿਆ।

ਕਾਕਾ ਹਰਜਿੰਦਰ ਸਿੰਘ, ਕਾਕਾ ਜਗਜੀਤ ਸਿੰਘ ਤੇ ਕਾਕਾ ਧਰਮਜੀਤ ਸਿੰਘ ਦਰਿਆ ਵਿਚ ਰੁੜ੍ਹ ਗਏ।’

ਹੁਣੇ ਹੀ ਹੰਝੂਆਂ ਦੇ ਚਨਾਬ ਵਿਚ ਪ੍ਰੇਮ ਸਿੰਘ ਡੁੱਬ ਕੇ, ਰੁੜ੍ਹ ਕੇ ਹਟਿਆ ਸੀ।

ਸ਼ੁਰੂ ਵਿਚ ਚੌਕੀਦਾਰ ਨੇ ਸਾਨੂੰ ਸਕੂਲ ਦੇਖਣ ਦੇ ਨਾਲ-ਨਾਲ ਹੀ ਸਕੂਲ ਦੀ ਫੋਟੋ ਖਿੱਚਣੋਂ ਵੀ ਵਰਜ ਦਿੱਤਾ ਸੀ। ਉਸ ਦਾ ਐਵੇਂ ਮਨ ਦਾ ਭੈਅ ਹੋਵੇਗਾ ਕਿ ਕੋਈ ਉਸ ਨੂੰ ਪੁੱਛੇ ਨਾ ਕਿ ਉਹ ਨੇ ਸਰਦਾਰਾਂ ਨੂੰ ਸਕੂਲ ਵਿਚ ਵੜਨ ਤੇ ਫੋਟੋ ਖਿੱਚਣ ਦੀ ਆਗਿਆ ਕਿਉਂ ਦਿੱਤੀ ਸੀ। ਉਸ ਦੀ ਸਾਧਾਰਨ ਸੋਚ ਅਨੁਸਾਰ ਸ਼ਾਇਦ ਇਹ ਮਸਲਾ ਆਪਣੀ ਨੌਕਰੀ ਨਾਲ ਜੁੜਿਆ ਲੱਗਦਾ ਸੀ। ਪਰ ਜਦੋੋਂ ਅਸੀਂ ਤੁਰਨ ਲੱਗੇ ਤਾਂ ਉਸ ਨੇ ਪ੍ਰੇਮ ਸਿੰਘ ਦੇ ਨਾਲ ਖੜੋ ਕੇ ਆਪਣੀ ਫੋਟੋ ਵੀ ਲੁਹਾ ਲਈ। ਅੱਥਰੂਆਂ ਤੋਂ ਸੱਚਾ ਤੇ ਮਾਸੂਮ ਗਵਾਹ ਹੋਰ ਕੌਣ ਹੋ ਸਕਦਾ ਹੈ! ਡੁੱਲ੍ਹ-ਡੁੱਲ੍ਹ ਪੈਂਦੇ ਅੱਥਰੂਆਂ ਵਾਲਾ ਬੰਦਾ ਤੇ ਉਸ ਦੇ ਸਾਥੀ ਉਸ ਅਤੇ ਉਸ ਦੀ ਨੌਕਰੀ ਲਈ ਕਿਵੇਂ ਖ਼ਤਰਨਾਕ ਹੋ ਸਕਦੇ ਹਨ।

ਉਸ ਨੇ ਸ਼ਾਇਦ ਇਹ ਆਖ ਕੇ ਹੀ ਮਨ ਨੂੰ ਸਮਝਾ ਲਿਆ ਸੀ।

Read 1394 times