You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਅਸਮਾਨੋਂ ਉਤਰੇ ਲੋਕਾਂ ਵਰਗੇ ਅਜਨਬੀ

ਲੇਖ਼ਕ

Tuesday, 06 October 2009 19:28

ਅਸਮਾਨੋਂ ਉਤਰੇ ਲੋਕਾਂ ਵਰਗੇ ਅਜਨਬੀ

Written by
Rate this item
(1 Vote)

ਪ੍ਰੇਮ ਸਿੰਘ ਦੇ ਖ਼ਾਲਸਾ ਸਕੂਲ ਦੇ ਐਨ ਸਾਹਮਣਾ ਇਲਾਕਾ ਉਹੋ ਹੀ ਸੀ ਜਿੱਥੇ ਪ੍ਰੇਮ ਸਿੰਘ ਦਾ ਘਰ ਹੁੰਦਾ ਸੀ। ਮਾਡਲ ਟਾਊਨ ਨਾਂ ਦਾ ਘੁੱਗ ਵੱਸਦਾ ਇਹ ਇਲਾਕਾ ਭਾਵੇਂ ਕਿੰਨਾ ਫੈਲ ਗਿਆ ਸੀ, ਕਿੰਨਾ ਵਧੇਰੇ ਗਹਿ-ਗੱਚ ਵੱਸ ਗਿਆ ਸੀ ਪਰ ਪ੍ਰੇਮ ਸਿੰਘ ਨੂੰ ਵਿਸ਼ਵਾਸ ਸੀ ਕਿ ਸਕੂਲੋਂ ਨਿਕਲਦਿਆਂ ਹੀ ਥੋੜ੍ਹੀ ਵਿੱਥ ਉਤੇ ਬਣਿਆ ਆਪਣਾ ਮਕਾਨ ਉਹ ਪਲ-ਛਿਣ ਵਿਚ ਲੱਭ ਲਵੇਗਾ। ਉਹ ਸਾਡੇ ਅੱਗੇ ਅੱਗੇ ਕਾਹਲੀ ਕਾਹਲੀ ਤੁਰਿਆ ਜਾ ਰਿਹਾ ਸੀ। ਕਿਸੇ ਸਥਾਨਕ ਵਾਸੀ ਨੂੰ ਆਪਣੇ ਘਰ ਦਾ ਅਤਾ-ਪਤਾ ਪੁੱਛਣ ਦੀ ਉਸ ਨੂੰ ਕੋਈ ਲੋੜ ਨਹੀਂ ਸੀ।

‘‘ਐਥੇ ਖਾਲੀ ਜਗ੍ਹਾ ਹੁੰਦੀ ਸੀ। ਮਿਉਂਸਪਲ ਕਮੇਟੀ ਦੇ ਕੁਆਟਰ ਹੁੰਦੇ ਸਨ। ਦੋ ਹੀ ਤਾਂ ਘਰ ਬਣੇ ਸਨ ਉਦੋਂ। ਇਕ ਸਾਡਾ ਘਰ ਸੀ ਤੇ ਇਕ ਸਾਡੇ ਪਿਛਵਾੜੇ ਕਿਸੇ ਹੋਰ ਦਾ। ਸਾਡੇ ਘਰ ਦੇ ਦੋਹੀਂ ਪਾਸੀਂ ਸੜਕ ਲੱਗਦੀ ਸੀ। ਘਰ ਦੇ ਮੱਥੇ ‘ਤੇ ‘ਪ੍ਰੇਮ ਕਾਟੇਜ’ ਲਿਖਿਆ ਹੋਇਆ ਸੀ…’’

ਉਹ ਵੱਖੀਆਂ ਨਾਲ ਵੱਖੀਆਂ ਜੋੜੀ ਖਲੋਤੇ ਸੰਘਣੇ ਮਕਾਨਾਂ ਵਿਚ ‘ਪ੍ਰੇਮ-ਕਾਟੇਜ’ ਨੂੰ ਤਲਾਸ਼ਦਾ ਤੁਰਿਆ ਜਾ ਰਿਹਾ ਸੀ। ਲੋਕਾਂ ਦੀ ਇਕ ਭੀੜ ਸਾਡੇ ਨਾਲ ਨਾਲ ਹੋ ਤੁਰੀ। ਸਰਦਾਰ ਵਲੋਂ ਆਪਣਾ ਪੁਰਾਣਾ ਘਰ ਲੱਭਣਾ ਉਨ੍ਹਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਿਆ ਸੀ। ਲਾਹੌਰ ਅਤੇ ਨਨਕਾਣੇ ਦੇ ਲੋਕ ਤਾਂ ਜਥਿਆਂ ਨਾਲ ਆਏ ਸਿੱਖਾਂ ਨੂੰ ਅਕਸਰ ਵੇਖਦੇ ਰਹਿੰਦੇ ਹਨ ਪਰ ਲਾਇਲਪੁਰੀਆਂ ਲਈ ਸਿੱਖਾਂ ਨੂੰ ਵੇਖਣਾ ਵੀ ਵਿਲੱਖਣ ਅਨੁਭਵ ਸੀ।

ਪਰ ਗੱਲ ਤਾਂ ਸ਼ੇਖ਼ੂਪੁਰੇ ਵਾਲੀ ਹੋ ਚੱਲੀ ਸੀ। ਪ੍ਰੇਮ ਸਿੰਘ ਦੇ ਮਨ ਵਿਚ ਵੱਸਿਆ ਉਹਦੇ ਘਰ ਅਤੇ ਆਲੇ-ਦੁਆਲੇ ਦਾ ਨਕਸ਼ਾ ਖ਼ਲਤ-ਮਲਤ ਹੋ ਗਿਆ ਸੀ। ‘ਗੱਡੀ ਦਾ ਗੇਅਰ’ ਅੜ ਗਿਆ ਸੀ। ਇਸ ਲਈ ਹੁਣ ਸਥਾਨਕ ਲੋਕਾਂ ਦੀ ਮਦਦ ਦੀ ਲੋੜ ਸੀ। ਨੌਜਵਾਨਾਂ, ਅੱਧਖੜਾਂ ਤੇ ਬਜ਼ੁਰਗਾਂ ਦੀ ਭੀੜ ਉਸ ਦੀ ਮਦਦ ਲਈ ਉਲਰ ਆਈ ਸੀ। ਸਕੂਲ ਪੜ੍ਹਦੇ ਬੱਚੇ ਬੱਚੀਆਂ ਸਾਨੂੰ ਕਿਸੇ ਅਸਮਾਨੋਂ ਉਤਰੇ ਲੋਕਾਂ ਵਾਂਗ ਵੇਖ ਰਹੇ ਸਨ।

‘‘ਇਹ ਕੀ ਲੱਭਦੇ ਫਿਰਦੇ ਨੇ’’ ਘਰੋਂ ਨਿਕਲ ਕੇ ਹੁਣੇ ਹੀ ਬਾਹਰ ਆਏ ਇਕ ਮੁੰਡੇ ਨੇ ਆਪਣੇ ਕਿਸੇ ਸਾਥੀ ਨੂੰ ਪੁੱਛਿਆ ਜੋ ਭੀੜ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ।

‘‘ਤੇਰਾ ਘਰ ਲੱਭਦੇ ਨੇ’’ ਦੂਜੇ ਨੇ ਸ਼ਰਾਰਤ ਨਾਲ ਆਖਿਆ ਤੇ ਦੋਵੇਂ ਹੱਥ ਵਿਚ ਹੱਥ ਪਾ ਕੇ ਭੀੜ ਦੇ ਨਾਲ ਹੋ ਤੁਰੇ। ਸਾਹਮਣੇ ਦਰਵਾਜ਼ੇ ਵਿਚ ਖੜੋਤੀ ਇਕ ਅੱਧਖੜ ਔਰਤ ਨੇ ਪੁੱਛਿਆ, ‘‘ਵੇ ਕੀ ਗੱਲ ਏ?’’

‘‘ਤੇਰਾ ਘਰ ਲੱਭਦੇ ਨੇ’’ ਉਨ੍ਹਾਂ ਮੁੰਡਿਆਂ ਉਸ ਨਾਲ ਵੀ ਸ਼ਰਾਰਤ ਕੀਤੀ।

ਪ੍ਰੇਮ ਸਿੰਘ ਸ਼ੇਖ਼ੂਪੁਰੇ ਵਾਂਗ ਹੀ ਕਦੀ ਇਸ ਗਲੀ ਤੇ ਕਦੀ ਉਸ ਗਲੀ ਵਿਚ ਮਕਾਨ ਲੱਭਣ ਦੇ ਚੱਕਰ ਵਿਚ ਫਸ ਗਿਆ ਸੀ। ਦੱਸਣ ਵਾਲੇ ਉਹਦੀਆਂ ਨਿਸ਼ਾਨੀਆਂ ਮੁਤਾਬਕ ਮਕਾਨ ਦੀ ਨਿਸ਼ਾਨਦੇਹੀ ਕਰਦੇ ਉਹ ਆਖਦਾ, ‘‘ਮੈਂ ਤਾਂ ਆਪਣੇ ਮਕਾਨ ਦਾ ਦਰਵਾਜ਼ਾ ਪਛਾਣ ਸਕਦਾਂ, ਔਹ ਖ਼ਾਲਸਾ ਸਕੂਲ, ਮੇਰੇ ਘਰੋਂ, ਮੈਂ ਸਿੱਧਾ ਨਿਕਲ ਕੇ ਸਕੂਲ ਜਾਂਦਾ ਸਾਂ।’’

‘‘ਚਲੋ ਇਕ ਵਾਰ ਸਕੂਲ ਕੋਲ ਚੱਲੀਏ। ਉਥੋਂ ਫੇਰ ਵਾਪਸ ਆਉਂਦੇ ਹਾਂ। ਹਿਸਾਬ ਲਾਉਂਦੇ ਆਂ‥’’ ਉਹ ਅਗਵਾਈ ਕਰ ਰਹੇ ਸਥਾਨਕ ਲੋਕਾਂ ਨੂੰ ਕਹਿ ਰਿਹਾ ਸੀ। ਮੈਂ ਉਨ੍ਹਾਂ ਨਾਲੋਂ ਨਿਖੜ ਕੇ ਪਿੱਛੇ ਰਹਿ  ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਲੱਗਾ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਪੁੱਛਾਂ ਦੇ ਉਤਰ ਦਿੰਦਾ। ਉਨ੍ਹਾਂ ਦੀਆਂ ਗੱਲਾਂ ਸੁਣਦਾ। ਉਨ੍ਹਾਂ ਵਿਚ ਕੋਈ ਜਲੰਧਰ ਦਾ ਸੀ। ਕੋਈ ਨਕੋਦਰ ਦਾ। ਕੋਈ ਘਰਿਆਲੇ ਦਾ ਤੇ ਕੋਈ ਅੰਬਰਸਰ ਦਾ।

‘‘ਮੇਰਾ ਪਿਉ ਤਾਂ ਅੱਜ ਤਕ ਰੋਂਦਾ ਕਿ ਮੈਨੂੰ ਮੇਰਾ ਜਲੰਧਰ ਵਿਖਾਓ। ਸਾਡਾ ਘਰ ਪੱਕੇ ਬਾਗ਼ ਕੋਲ ਹੁੰਦਾ ਸੀ।’’

‘‘ਆਲੀ ਮੁਹੱਲਾ ਸੀ ਜਲੰਧਰ ਵਿਚ। ਉਸ ਨੂੰ ਅੱਜ ਵੀ ਆਲੀ ਮੁਹੱਲਾ ਈ ਕਹਿੰਦੇ ਨੇ? ਕਦੀ ਗਏ ਜੇ ਆਲੀ ਮੁਹੱਲੇ? ਕਿਹੋ ਜਿਹਾ ਲਗਦਾ ਹੈ ਸਾਡਾ ਆਲੀ ਮੁਹੱਲਾ!’’

‘‘ਸਰਦਾਰ ਜੀ! ਸਾਨੂੰ ਵੀ ਓਧਰ ਆ ਲੈਣ ਦਿਆ ਕਰੋ ਆਪਣੇ ਪੰਜਾਬ ‘ਚ। ਸਾਡੀ ਤਾਂ ਜਾਨ ਤੜਫਦੀ ਹੈ।’’

ਕੋਈ ਆਪਣੇ ਸ਼ਹਿਰ, ਕੋਈ ਮੁਹੱਲੇ ਤੇ ਕੋਈ ਘਰ ਦਾ ਪਤਾ ਦੱਸ ਕੇ ਤੇ ਕੋਈ ਕਿਸੇ ਪੁਰਾਣੇ ਬੇਲੀ ਦਾ ਜ਼ਿਕਰ ਕਰਕੇ ਪੁੱਛਦਾ, ‘‘ਸਰਦਾਰ ਜੀ! ਸਾਨੂੰ ਜਾ ਕੇ ਖ਼ਬਰ ਦਿਓ ਕਿ ਸਾਡੇ ਵਤਨ ਦਾ ਕੀ ਹਾਲ ਏ? ਮੇਰਾ ਪਤਾ ਲਿਖ ਲੌ…’’

ਮੈਂ ਇਕ ਦਾ ਪਤਾ ਲਿਖਿਆ, ਫਿਰ ਦੂਜੇ ਦਾ‥। ਤੇ ਇੰਜ ਕਈ ਪਤੇ ਲਿਖੇ ਗਏ। ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਸਾਂ ਕਰਨਾ ਚਾਹੁੰਦਾ। ਪਤਾ ਲਿਖਾਉਂਦਿਆਂ ਉਨ੍ਹਾਂ ਦੇ ਕਲੇਜੇ ਨੂੰ ਠੰਢ ਪੈ ਰਹੀ ਸੀ। ਉਨ੍ਹਾਂ ਦੀਆਂ ਅੱਖਾਂ ਲਿਸ਼ਕ ਉਠਦੀਆਂ।

ਮੈਂ ਆਪਸੀ ਪਿਆਰ ਅਤੇ ਸਦ-ਭਾਵਨਾ ਨਾਲ ਭਰੇ ਲੋਕਾਂ ਦੀ ਭੀੜ ਵਿਚ ਖਲੋਤਾ ਸਾਂ।

ਜੇ.ਸੀ. ਜੈਕਬ ਨਾਂ ਦਾ ਆਦਮੀ ਦੱਸ ਰਿਹਾ ਸੀ ਕਿ ਕਿਵੇਂ ਰੌਲਿਆਂ ਵਿਚ ਉਨ੍ਹਾਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਿਆ। ਉਹਦੇ ਬਾਬੇ ਨੇ ਉਸ ਨੂੰ ਸਿਰ ‘ਤੇ ਚੁੱਕਿਆ ਤੇ ਅਦਬ ਨਾਲ ਘਰ ਲੈ ਗਿਆ। ਕਈ ਸਾਲ ਉਨ੍ਹਾਂ ਨੇ ਸਤਿਕਾਰ ਨਾਲ ਉਸ ਨੂੰ ਸਾਂਭ ਛੱਡਿਆ ਤੇ ਫਿਰ ਮੌਕਾ ਮਿਲਣ ‘ਤੇ ਉਂਜ ਹੀ ਅਦਬ ਨਾਲ ਸਿਰ ਉਤੇ ਚੁੱਕ ਕੇ ਜਥੇ ਨਾਲ ਆਏ ਸਿੰਘਾਂ ਕੋਲ ਜਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ।

‘‘ਅਸੀਂ ਛੋਟੇ ਛੋਟੇ ਹੁੰਦੇ ਸਾਂ। ਬਾਬੇ ਵਾਂਗ ਸਿਰ ‘ਤੇ ਕੱਪੜਾ ਰੱਖ ਕੇ ਗੁਰੂ ਬਾਬੇ ਕੋਲੋਂ ਦੁਆ ਮੰਗਿਆ ਕਰਨੀ।’’

ਉਸ ਦੇ ਹੱਥ ਹੁਣ ਵੀ ‘ਦੁਆ’ ਲਈ ਅਸਮਾਨ ਵੱਲ ਉਠੇ ਤੇ ਅੱਖਾਂ ਸ਼ਰਧਾ ਵਿਚ ਮੁੰਦੀਆਂ ਗਈਆਂ।

ਮੈਨੂੰ ਇਕ ਹੋਰ ਬਾਬੇ ਦੀ ਕਹਾਣੀ ਯਾਦ ਆਈ। ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਸਭ ਤੋਂ ਵੱਡੇ ਲੜਕੇ ਨੇ ਇਹ ਸੱਚੀ ਕਹਾਣੀ ਕਈ ਸਾਲ ਪਹਿਲਾਂ ਸੁਣਾਈ ਸੀ।

ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਝ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖ਼ੁਸ਼ੀਆਂ ਸਨ, ਗੱਪਾਂ ਸਨ, ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।

‘‘ਸਾਈਂ ਤਾਂ ਰਹਿ ਗਿਆ ਫਿਰ!’’ ਵਿਧਾਤਾ ਸਿੰਘ ਤੀਰ ਨੇ ਇਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।

‘‘ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ ਨਾ ਲੱਗਾ ਹੋਵੇ।’’ ਬਲੱਗਣ ਦਾ ਜਵਾਬ ਸੀ।

ਫਿਰ ਉਸ ਨੇ ਆਪ ਹੀ ਆਖਿਆ, ‘‘ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗ ਤਾਂ ਜਾਂਦਾ ਹੀ ਹੈ…।’’

ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ। ਮੁਹੱਬਤ ਦਾ ਤੁਣਕਾ ਕਦੀ ਇਧਰਲੇ ਤੇ ਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਏਧਰ-ਓਧਰ ਖਿੱਚ ਲਿਆਂਦਾ ਸੀ। ਹੁਣ ਵੀ ਸਾਂਝੇ ਮਿੱਤਰ, ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ।

ਇਸ ਵੇੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ। ਬਲੱਗਣ ਦੀਆਂ ਬੱਚੀਆਂ ਦੌੜੀਆਂ ਆਈਆਂ।

‘‘ਲੋਟੇ ਵਾਲਾ ਚਾਚਾ ਆ ਗਿਆ! ਲੋਟੇ ਵਾਲਾ ਚਾਚਾ ਆ ਗਿਆ!’’

ਉਨ੍ਹਾਂ ਦੇ ਬੋਲਾਂ ਵਿਚ ਖ਼ੁਸ਼ੀ ਤੇ ਸੂਚਨਾ ਇੱਕਠੀ ਸੀ।

ਸਾਈਂ ਹਯਾਤ ਪਸਰੂਰੀ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ, ਜਦ ਕਦੀ ਉਹ ਅੰਮ੍ਰਿਤਸਰ ਬਲੱਗਣ ਕੋਲ ਠਹਿਰਦਾ, ਉਹ ਨਾਲ ਲਿਆਂਦੇ ਲੋਟੇ ਨਾਲ ਬਾਕਾਇਦਾ ਵੁਜ਼ੂ ਕਰਦਾ, ਨਮਾਜ਼ ਪੜ੍ਹਦਾ। ਬੱਚਿਆਂ ਨੇ ਉਸ ਦਾ ਨਾਮ ਲੋਟੇ ਵਾਲਾ ਚਾਚਾ ਧਰ ਦਿੱਤਾ ਸੀ।

‘‘ਉਹਨੂੰ ਆਖੋ ਉਪਰ ਆਵੇ ਮਰੇ ਮਿਆਨੀ ‘ਚ। ਹੇਠਾਂ ਕੀ ਪਿਆ ਕਰਦਾ ਏ’’ ਕਿਸੇ ਨੇ ਮੋਹ ਵਿਚ ਭਿੱਜ ਕੇ ਆਖਿਆ।

‘‘ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਐ। ਅੰਦਰ ਨਹੀਂ ਆਉਂਦਾ। ਕਹਿੰਦਾ, ‘ਭਾਪੇ ਨੂੰ ਆਖੋ ਸੁੱਚੇ ਭਾਂਡੇ ‘ਚ ਪਾਣੀ ਲੈ ਕੇ ਆਵੇ’…।’’

ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ।

ਬਲੱਗਣ ਦੇ ਨਾਲ ਦੋ ਚਾਰ ਹੋਰ ਦੋਸਤ ਵੀ ਖੜ੍ਹੇ ਹੋ ਗਏ। ਉਹ ਰਹੱਸ ਜਾਨਣਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ।

ਸਾਈਂ ਦਰਵਾਜ਼ੇ ਵਿਚ ਖਲੋਤਾ ਸੀ। ਦੁਸ਼ਾਲੇ ਵਿਚ ਕੋਈ ਚੀਜ਼ ਲਪੇਟ ਕੇ ਸਿਰ ‘ਤੇ ਰੱਖੀ ਹੋਈ ਸੀ। ਪੈਰਾਂ ਤੋਂ ਨੰਗਾ ਸੀ। ਉਹਦੇ ਕਹਿਣ ‘ਤੇ ਗੜਵੀ ‘ਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰੌਂਕਦੇ ਉਸ ਦਾ ‘ਗ੍ਰਹਿ ਪ੍ਰਵੇਸ਼’ ਕਰਵਾਇਆ।

ਅਸਲ ਵਿਚ ਉਸ ਦੇ ਸਿਰ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ। ਤੇ ਜਦੋਂ ਉਹ ਯਾਰਾਂ ਦੀ ਭੀੜ ਵਿਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ‘ਬੀੜ’ ਦੀ ਕਹਾਣੀ ਇੰਜ ਛੋਹ ਲਈ।

‘‘ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰਹ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗਰੀਬ ਤੇ ਫ਼ਕੀਰ ਸ਼ਾਇਰ। ਮੇਰੀ ਏਨੀ ਪਾਇਆ ਕਿੱਥੇ ਕਿ ਕੀਮਤੀ ਤੋਹਫ਼ੇ ਖ਼ਰੀਦ ਸਕਾਂ। ਤਾਂ ਹੀ ਖ਼ੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ ਦਸ ਬਾਰਾਂ ਕੋਹ ਦੀ ਵਾਟ ‘ਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸਾਂਭੀ ਪਈ ਹੈ। ਮੈਂ ਉਨ੍ਹਾਂ ਕੋਲ ਗਿਆ ਤੇ ਗਲ ਵਿਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਓ ਤਾਂ ਉਹ ਲੈ ਲਓ ਤੇ ਜਾਨ ਮੰਗਦੇ ਓ ਤਾਂ ਉਹ ਲੈ ਲਓ… ਪਰ ਇਹ ਬੀੜ ਮੈਨੂੰ ਬਖ਼ਸ਼ ਦਿਓ। ਉਹ ਮਿਹਰਬਾਨ ਲੋਕ, ਜਿਨ੍ਹਾਂ ਨੇ ਹੁਣ ਤਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਂਭ ਕੇ ਰੱਖਿਆ ਹੋਇਆ ਸੀ, ਮੈਨੂੰ ਕਹਿਣ ਲੱਗੇ, ‘‘ਸਾਈਂ ਸਾਹਿਬ! ਅਸੀਂ ਹੁਣ ਤਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਹੈ ਪਰ ਮਤੇ ਕੋਈ ਖੁਨਾਮੀ ਹੋ ਜਾਵੇ, ਕੋਈ ਕੋਤਾਹੀ ਹੋ ਜਾਵੇ, ਇਸ ਲਈ ਇਸ ਨੂੰ ਆਦਰ ਨਾਲ ਤੁਸੀਂ ਉਨ੍ਹਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ…।’’

ਏਨੀ ਆਖ ਕੇ ਸਾਈਂ ਨੇ ਪਰਨੇ ਨਾਲ ਮੂੰਹ ਪੂੰਝਿਆ ਤੇ ਗੱਲ ਜਾਰੀ ਰੱਖੀ।

‘‘ਮੈਂ ਉਸ ਪਿੰਡ ਤੋਂ ਨੰਗੇ ਪੈਰੀਂ ਗੁਰੂ ਬਾਬੇ ਦੀ ਬੀੜ ਸਿਰ ‘ਤੇ ਰੱਖ ਕੇ ਪਿੰਡ ਪੁੱਜਾ…ਤੇ ਹੁਣ ਨੰਗੇ ਪੈਰੀਂ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ… ਇਹ ਕੀਮਤੀ ਤੋਹਫ਼ਾ ਮੈਂ ਜਾਨ ਤੋਂ ਪਿਆਰਾ ਸਮਝ ਕੇ ਆਪਣੇ ਨੂੰਹ-ਪੁੱਤ ਲਈ ਲੈ ਕੇ ਆਇਆਂ।… ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖ਼ਸ਼ਣਹਾਰ ਹੈ…’’ ਉਸ ਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾਈਆਂ। ਤੇ ਮੋਢੇ ‘ਤੇ ਲਟਕਾਏ ਬੁਚਕੇ ਵਿਚੋਂ ਲੋਟਾ ਕੱਢ ਕੇ ਕਹਿਣ ਲੱਗਾ, ‘‘ਠਹਿਰੋ! ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ… ਫਿਰ ਮਹਿਫਿਲ ਜਮਾਉਂਦੇ ਆਂ… ਤੇ ਹਾਂ ਸੱਚ, ਕਰਤਾਰ! ਸਵੇਰੇ ਜੰਝੇ ਚੜ੍ਹਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪੁਆ ਲਵੀਂ! ਵੀਰ ਮੇਰਿਆ।’’

…‥’’ਕਿੱਥੋਂ ਆਏ ਹੋ ਵੀਰਾ?’’ ਸਾਡੀਆਂ ਗੱਲਾਂ ਸੁਣ ਰਹੀ ਇਕ ਚਾਲੀ ਪੰਤਾਲੀ ਸਾਲ ਦੀ ਚੰਗੀ ਦਿੱਖ ਵਾਲੀ ਬੀਬੀ ਨੇ ਪੁੱਛਿਆ ਤਾਂ ਇਕ ਸ਼ਰਾਰਤੀ ਮੁੰਡਾ ਕਹਿੰਦਾ, ‘‘ਕੀ ਗੱਲ ਤੂੰ ਰੋਟੀ ਵਰਜਣੀ ਏਂ?’’

‘‘ਵੇ ਕੀ ਗੱਲ! ਰੋਟੀ ਇਨ੍ਹਾਂ ਤੋਂ ਚੰਗੀ ਏ। ਮੈਂ ਤਾਂ ਹੁਣੇ ਰਿਸ਼ਤੇਦਾਰੀ ਕੱਢ ਲੈਣੀ ਏ ਇਨ੍ਹਾਂ ਨਾਲ। ਇਹ ਵੀ ਪੰਜਾਬ ਦੇ, ਮੈਂ ਵੀ ਪੰਜਾਬ ਦੀ। ਮੇਰੇ ਤਾਂ ਆਪਣੇ ਨਾਨਕੇ ਸੰਧੂ ਨੇ ਤੇ ਭਾਅ ਵਰਿਆਮ ਵੀ ਸੰਧੂ ਏ। ਰਿਸ਼ਤੇਦਾਰੀ ਤਾਂ ਬਣ ਗਈ ਨਾ ਆਪੇ ਈ।’’

‘‘ਹਾਂ ਭਾਈ ਰਿਸ਼ਤੇਦਾਰੀ ਤਾਂ ਬਣ ਗਈ’’, ਕਿਸੇ ਬਜ਼ੁਰਗ ਨੇ ਗੰਭੀਰਤਾ ਨਾਲ ਕਿਹਾ।

‘‘ਸਾਡੀ ਰਿਸ਼ਤੇਦਾਰੀ ਤਾਂ ਮੌਸੀਕੀ ਦੀ ਵੀ ਹੈ।’’

ਇਕ ਪਲ ਤਾਂ ਇਸ ਦੂਜੀ ਰਿਸ਼ਤੇਦਾਰੀ ਬਾਰੇ ਸੁਣ ਕੇ ਮੈਂ ਹੈਰਾਨ ਹੋਇਆ ਪਰ ਛੇਤੀ ਹੀ ਗੱਲ ਸਾਫ਼ ਹੋ ਗਈ।

‘‘ਮੇਰਾ ਭਤੀਜਾ ਨੁਸਰਤ ਫਤਹਿ ਅਲੀ ਨਾਲ ਬੰਸਰੀ ਵਜਾਉਂਦਾ ਰਿਹਾ। ਤੁਸੀਂ ਪੀ.ਟੀ.ਵੀ. ਤੋਂ ‘ਮੇਰੀ ਪਸੰਦ’ ‘ਚ ਉਸ ਨੂੰ ਵੇਖਿਆ ਹੋਊ। ਆਬਿਦ ਹੁਸੈਨ। ਖਾਂ ਸਾਹਿਬ ਨੱਥੂ ਖਾਂ ਸਾਹਿਬ ਲੁਧਿਆਣੇ ਵਾਲੇ ਸਾਡੇ ਵੱਡੇ ਸਨ।‥ ਮੌਸੀਕਾਰ ਤੇ ਮੌਸੀਕੀ ਤਾਂ ਜੋੜਦੀ ਹੈ…।  ਬੰਦਿਆਂ ਨੂੰ … ਇਸ ਤੋਂ ਵੱਡਾ ਰਿਸ਼ਤੇਦਾਰ ਕੌਣ ਹੁੰਦਾ ਹੈ। ਲਤਾ ਮੰਗੇਸ਼ਕਰ ਸਾਨੂੰ ਮਲਕਾ-ਏ-ਤਰੰਨਮ ਨੂਰ ਜਹਾਂ ਤੋਂ ਕੋਈ ਘੱਟ ਪਿਆਰੀ ਨਹੀਂ। ਮੁਕੇਸ਼ ਤੇ ਰਫ਼ੀ ਸਾਹਿਬ ਨੂੰ ਕੌਣ ਨਹੀਂ ਆਪਣਾ ਸਮਝਦਾ।’’

ਅਖ਼ਤਰ ਬੀਬੀ ਸਾਡੇ ਨਾਲ ਨਾਲ ਤੁਰ ਪਈ। ਸਾਨੂੰ ਵੇਖਣ ਲਈ ਆਪਣੇ ਮਕਾਨ ਦੇ ਦਰਵਾਜ਼ੇ ਵਿਚ ਇਕ ਖ਼ੂਬਸੂਰਤ ਔਰਤ ਖੜੋਤੀ ਸੀ।

‘‘ਭਾ ਵਰਿਆਮ! ਇਹ ਬੰਸਰੀ ਵਾਲੇ ਮੁੰਡੇ ਦੀ ਮਾਂ ਏਂ। ਮੇਰੀ ਭਰਜਾਈ।’’

ਮੈਂ ਉਸ ਦੇ ਮੁੰਡੇ ਦੇ ਚੰਗਾ ਬੰਸਰੀ ਵਾਦਕ ਹੋਣ ਦੀ ਉਸ ਨੂੰ ਮੁਬਾਰਕ ਦਿੱਤੀ ਤਾਂ ਉਸ ਨੇ ਮੁਸਕਰਾ ਕੇ ਮੇਰੀ ਮੁਬਾਰਕ ਕਬੂਲ ਕੀਤੀ।

‘‘ਖ਼ੈਰ ਮੁਬਾਰਕ!’’

ਉਸ ਦੀਆਂ ਮੋਟੀਆਂ ਅੱਖਾਂ ਦੇ ਚੀਰ ਖ਼ੁਸ਼ੀ ਭਰੀ ਮੁਸਕਰਾਹਟ ਨਾਲ ਖਿੱਚੇ ਗਏ।

‘‘ਲੱਭ ਗਿਆ! ਲੱਭ ਗਿਆ! ਸਰਦਾਰ ਜੀ ਦਾ ਘਰ ਲੱਭ ਗਿਆ।’’ ਇਕ ਮੁੰਡੇ ਨੇ ਖ਼ਜ਼ਾਨਾ ਲੱਭਣ ਵਰਗੀ ਖ਼ੁਸ਼ੀ ਨਾਲ ਸਾਨੂੰ ਦੱਸਿਆ।

ਜਿਨ੍ਹਾਂ ਘਰਾਂ ਕੋਲੋਂ ਅਸੀਂ ਦਸ ਵਾਰ ਲੰਘ ਚੁੱਕੇ ਸਾਂ, ਉਨ੍ਹਾਂ ਵਿਚੋਂ ਇਕ ਦੇ ਦਰਵਾਜ਼ੇ ਅੱਗੇ ਪ੍ਰੇਮ ਸਿੰਘ ਖਲੋਤਾ ਸੀ।

‘‘ਇਹ ਸਾਡੇ ਘਰ ਦੇ ਪਿਛਵਾੜੇ ਵਾਲੀ ਸੜਕ ਦਾ ਛੋਟਾ ਦਰਵਾਜ਼ਾ ਹੈ। ਮੈਂ ਇਹਦੀ ਲੱਕੜ ਪਛਾਣ ਲਈ ਹੈ।’’ ਉਹ ਦਰਵਾਜ਼ੇ ਨੂੰ ਹੱਥ ਲਾ ਲਾ ਕੇ ਮਹਿਸੂਸ ਕਰ ਰਿਹਾ ਸੀ ਜਿਵੇਂ ਦਰਵਾਜ਼ਾ ਵੀ ਉਸ ਵਾਂਗ ਸਾਹ ਲੈ ਰਿਹਾ ਹੋਵੇ। ਜਿਉਂਦਾ ਜਾਗਦਾ…ਲਹੂ ਮਾਸ ਦਾ ਇਨਸਾਨ।

ਇਹ ਮਕਾਨ, ਜੋ ਉਨ੍ਹਾਂ ਸਮਿਆਂ ਵਿਚ ਆਧੁਨਿਕ ਤਰਜ਼ ਦੀ ਬਣੀ ਹੋਈ ਕੋਠੀ ਸੀ, ਹੁਣ ਤਿੰਨਾਂ ਹਿੱਸਿਆਂ ਵਿਚ ਤਕਸੀਮ ਹੋ ਚੁੱਕਾ ਸੀ। ਤਿੰਨਾਂ ਭਰਾਵਾਂ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਇਸ ਵਿਚ ਬਹੁਤ ਸਾਰੀ ਰੱਦੋ-ਬਦਲ ਕਰ ਦਿੱਤੀ ਹੋਈ ਸੀ। ਘਰ ਦੇ ਪਿਛਵਾੜੇ ਵਾਲੇ ਇਸ ਦਰਵਾਜ਼ੇ ਦੇ ਅੰਦਰਵਾਰ ਬਣਿਆ ਕਮਰਾ ਢਹਿ ਗਿਆ ਸੀ ਜਾਂ ਢਾਹ ਦਿੱਤਾ ਗਿਆ ਸੀ ਤੇ ਅਜੇ ਇਸ ਦੀ ਥਾਂ ਨਵਾਂ ਕਮਰਾ ਇਸ ਕਰਕੇ ਉਸਰ ਨਹੀਂ ਸੀ ਸਕਿਆ ਕਿਉਂਕਿ ਵਿਚਕਾਰਲੀ ਸਾਂਝੀ ਕੰਧ ਦਾ ਝਗੜਾ ਖੜ੍ਹਾ ਹੋ ਗਿਆ ਸੀ। ਪਰਿਵਾਰ ਦਾ ਇਹ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਸੀ। ਭਰਾਵਾਂ ਦਾ ਆਪਸ ਵਿਚ ਬੋਲਚਾਲ ਬੰਦ ਸੀ।

ਘਰ ਦਾ ਸਾਹਮਣਾ ਪਾਸਾ, ਜਿੱਥੇ ਮੁੱਖ ਦਰਵਾਜ਼ੇ ਵਿਚ ਵੜਦਿਆਂ ਖੁੱਲ੍ਹਾ ਬਰਾਂਡਾ ਹੁੰਦਾ ਸੀ, ਉਸ ਨੂੰ ਕਮਰਿਆਂ ਵਿਚ ਤਬਦੀਲ ਕਰਕੇ ਬਾਹਰ ਸੜਕ ਤਕ ਲੈ ਆਂਦਾ ਸੀ ਤੇ ਉਥੇ ‘ਕਰਿਆਨਾ ਸਟੋਰ’ ਖੁੱਲ੍ਹ ਗਿਆ ਸੀ। ਘਰ ਦੇ ਹੀ ਇਕ ਬਜ਼ੁਰਗ ਨੂੰ ਜਦੋਂ ਇਹ ਨਿਸ਼ਾਨੀਆਂ ਪ੍ਰੇਮ ਸਿੰਘ ਨੇ ਦੱਸੀਆਂ ਤਾਂ ਉਸ ਨੇ ਹੀ ਕਿਹਾ, ‘‘ਉਹ ਨਕਸ਼ੇ ਤਾਂ ਬਦਲ ਗਏ, ਪਰ ਵੇਖ ਕੇ ਪਛਾਣ ਲਵੋ… ਘਰ ਉਹੋ ਹੀ ਹੈ…।’’

‘‘ਦਰਵਾਜ਼ਾ ਤਾਂ ਖੋਲ੍ਹ ਦਿਓ,’’ ਪ੍ਰੇਮ ਸਿੰਘ ਨੇ ਤਰਲਾ ਲਿਆ।

ਪ੍ਰੇਮ ਸਿੰਘ ਦੇ ਨਾਲ ਹੀ ਭੀੜ ਵੀ ਅੰਦਰ ਦਾਖ਼ਲ ਹੋ ਗਈ। ਢੱਠੇ ਹੋਏ ਥਾਂ ਨੂੰ ਪ੍ਰੇਮ ਸਿੰਘ ਹਸਰਤ ਨਾਲ ਵੇਖ ਕੇ ਪੁਰਾਣੇ ਸਮਿਆਂ ਨੂੰ ਚਿਤਵਦਾ ਰਿਹਾ।

‘‘ਇਹੋ ਹੀ ਹੈ ਮੇਰਾ ਘਰ,’’ ਉਸ ਨੇ ਕੰਧਾਂ ਪਛਾਣਦਿਆਂ ਕਿਹਾ। ਉਸ ਨੇ ਘਰ ਦੇ ਇਸ ਹਿੱਸੇ ‘ਚੋਂ ਦੂਜੇ ਸਾਹਮਣੇ ਹਿੱਸੇ ਵਿਚ ਪ੍ਰਵੇਸ਼ ਕਰਨਾ ਚਾਹਿਆ ਤਾਂ ਪਤਾ ਲੱਗਾ ਵੰਡ-ਵੰਡਾਈ ਹੋਣ ਪਿੱਛੋਂ ਪਿਛਲੇ ਅੱਧ ਵਿਚ ਕੰਧ ਵੱਜ ਗਈ ਹੈ। ਘਰ ਦੇ ਅਗਲੇ ਹਿੱਸੇ ਵਿਚ ਦਾਖ਼ਲ ਹੋਣ ਲਈ ਉਤੋਂ ਦੀ ਵਲ਼ ਕੇ ਆਉਣਾ ਪੈਣਾ ਸੀ।

‘‘ਇਥੇ ਵੀ ਹਿੰਦੁਸਤਾਨ-ਪਾਕਿਸਤਾਨ ਬਣਿਆ ਫਿਰਦੈ…’’ ਮੈਂ ਹੱਸ ਕੇ ਆਖਿਆ ਤਾਂ ਘਰ ਦੀ ਇਕ ਔਰਤ ਮੈਨੂੰ ਕਹਿਣ ਲੱਗੀ,

‘‘ਇਨ੍ਹਾਂ ਨੂੰ ਪੁੱਛ ਕੇ ਦੱਸੋ! ਘਰ ਦੀ ਕੰਧ ਸਾਂਝੀ ਸੀ ਕਿ ਨਹੀਂ।’’

ਉਹ ਘਰ ਦੇ ਅਸਲੀ ਵਾਰਸ ਤੋਂ ਕਾਨੂੰਨੀ ਨੁਕਤਾ ਪੁੱਛਣਾ ਚਾਹ ਰਹੀ ਸੀ।

ਉਪਰਲੀ ਮੰਜ਼ਿਲ ਤੋਂ ਇਕ ਜ਼ਨਾਨੀ ਨੇ ਮਜ਼ਾਕ ਕੀਤਾ। ‘‘ਕੀ ਲੱਭਦੇ ਫਿਰਦੇ ਓ, ਕਿਤੇ ਕੁਝ ਮਾਲ ਤਾਂ ਨਹੀਂ ਦੱਬਿਆ ਹੋਇਆ।’’

‘‘ਸਾਡੀਆਂ ਯਾਦਾਂ ਤੇ ਸਾਡੇ ਸੁਪਨੇ ਦੱਬੇ ਹੋਏ ਨੇ ਏਥੇ।’’

ਹਉਕਾ ਲੈ ਕੇ ਪ੍ਰੇਮ ਸਿੰਘ ਨੇ ਜੁਆਬ ਦਿੱਤਾ ਤੇ ਦਰਵਾਜ਼ੇ ਨੂੰ ਮੱਥਾ ਟੇਕ ਕੇ ਸਾਹਮਣੇ ਪਾਸੇ ਤੋਂ ਘਰ ਨੂੰ ਵੇਖਣ ਲਈ ਬਾਹਰ ਨਿਕਲ ਆਇਆ। ਬਾਜ਼ਾਰ ਦੇ ਉਤੋਂ ਦੀ ਵਲ ਕੇ ਜਦੋਂ ਮੇਨ ਗੇਟ ਅੱਗੇ ਪਹੁੰਚੇ ਤਾਂ ਪ੍ਰੇਮ ਸਿੰਘ ਨੇ ਕਿਹਾ, ‘‘ਹਾਂ ਉਹੋ ਹੈ… ਪਰ ਮੈਂ ਤਾਂ ਬਰਾਂਡਾ ਲੱਭਦਾ ਸਾਂ ਤੇ ਨਾਲ ਖੁੱਲ੍ਹਾ ਵਿਹੜਾ… ਉਹ ਤਾਂ ਸਭ ਛੱਤਿਆ ਗਿਆ ਹੈ।’’

ਉਹ ਕਾਹਲੀ-ਕਾਹਲੀ ਅੰਦਰ ਦਾਖ਼ਲ ਹੋਇਆ।

‘‘ਇਹੋ ਹੈ…। ਹਾਂ ਏਹੋ ਹੀ।’’ ਉਸ ਨੇ ਥੱਲਿਓਂ ਉਪਰ ਜਾਂਦੀਆਂ ਪੌੜੀਆਂ ਨੂੰ ਛੂਹ ਕੇ ਵੇਖਿਆ।

‘‘ਪੌੜੀਆ ਦੇ ਨਾਲ ਹੀ ਆਹ ਸੱਜੇ ਹੱਥ ਮੇਰਾ ਕਮਰਾ ਹੁੰਦਾ ਸੀ। ਹਾਂ, ਇਹੋ ਹੀ ਕਮਰਾ ਹੈ।’’

ਉਹ ਕਮਰੇ ਅੰਦਰ ਦਾਖ਼ਲ ਹੋ ਗਿਆ।

‘‘ਹਾਂ! ਹਾਂ ਏਹੋ ਹੀ… ਆਹ ਮੇਰੀ ਅਲਮਾਰੀ ਸੀ ਕਿਤਾਬਾਂ ਵਾਲੀ… ਇਹੋ ਹੀ… ਏਥੇ ਹੀ ਨਾਨਕ ਸਿੰਘ ਦੀਆਂ ਤੇ ਗੁਰਬਖ਼ਸ਼ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਸਨ… ਅੰਮ੍ਰਿਤਾ ਪ੍ਰੀਤਮ ਦੀਆਂ।’’

ਅਲਮਾਰੀ ਵਾਲੀ ਕੰਧ ਨਾਲ ਸੋਫ਼ਾ ਡੱਠਾ ਹੋਇਆ ਸੀ ਤੇ ਉਸ ਦੇ ਸਾਹਮਣੇ ਪਲੰਘ ਵਿਛਿਆ ਹੋਇਆ ਸੀ।

‘‘ਐਥੇ ਹੀ ਪਲੰਘ ਹੁੰਦਾ ਸੀ ਮੇਰਾ, ਇੰਜ ਹੀ। ਏਥੇ ਹੀ ਮੈਂ ਪੜ੍ਹਦਾ ਸਾਂ… ਏਥੇ ਹੀ ਸੌਦਾ ਸਾਂ… ਇੰਜ ਹੀ ਪਲੰਘ ਉਤੇ।

ਉਹ ਪਲੰਘ ਉਤੇ ਲੇਟ ਕੇ ਉਨ੍ਹਾਂ ਸਮਿਆਂ ਵਿਚ ਗਵਾਚਣਾ ਚਾਹੁੰਦਾ ਸੀ।

ਲੇਟ ਕੇ ਉਸ ਨੇ ਮੱਥੇ ‘ਤੇ ਬਾਂਹ ਰੱਖੀ। ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੀ ਧਾਹ ਨਿਕਲ ਗਈ ਤੇ ਉਹ ਫੁੱਟ ਫੁੱਟ ਕੇ ਬੱਚਿਆਂ ਵਾਂਗ ਰੋਣ ਲੱਗਾ। ਰੋਂਦਿਆਂ ਉਹਦਾ ਸਾਰਾ ਜਿਸਮ ਕੰਬ ਰਿਹਾ ਸੀ। ਇਕ ਅਜੀਬ ਦਰਦਮੰਦ ਨਜ਼ਾਰਾ… ਦਿਲ ਨੂੰ ਛੂਹ ਲੈਣ ਵਾਲਾ। ਉਸ ਨੂੰ ਚੁੱਪ ਕਰਾਉਣ ਜਾਂ ਕੁਝ ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਕੋਈ ਉਥੇ ਹਾਜ਼ਰ ਹੀ ਕਦੋਂ ਸੀ! ਸਭ ਆਪਣੇ ਅੰਦਰ ਡੁੱਬ ਚੁੱਕੇ ਸਨ। ਸਭ ਦੀਆਂ ਅੱਖਾਂ ਵਿਚ ਡੂੰਘਾ ਦਰਦ ਸੀ… ਇਕ ਪੀੜ ਭਰੀ ਖ਼ਾਮੋਸ਼ੀ। ਪ੍ਰੇਮ ਸਿੰਘ ਫਫਕ ਫਫਕ ਕੇ ਰੋ ਰਿਹਾ ਸੀ। ਅੱਥਰੂ ਰਾਵੀ ਚਨਾਬ ਦੇ ਟੁੱਟੇ ਹੋਏ ਬੰਨ੍ਹ ਵਾਂਗ ਸਭ ਨੂੰ ਰੋੜ੍ਹੀ ਲਿਜਾ ਰਹੇ ਸਨ।

ਸਮਾਂ ਰੁਕ ਗਿਆ ਸੀ। ਛੰਮ ਛੰਮ ਹੰਝੂ ਡਿੱਗ ਰਹੇ ਸਨ। ਮੂਸਲੇਧਾਰ ਵਰਖਾ ਹੋ ਰਹੀ ਸੀ। ਸਭ ਦਰਦ ਵਿਚ ਭਿੱਜ ਰਹੇ ਸਨ।

ਹੌਲੀ ਹੌਲੀ ਪ੍ਰੇਮ ਸਿੰਘ ਦੇ ਸਰੀਰ ਦੀ ਕੰਬਣੀ ਬੰਦ ਹੋਈ। ਹਿਚਕੀਆਂ ਰੁਕੀਆਂ ਤੇ ਉਸ ਨੇ ਆਪਣੇ ਜਿਸਮ ਨੂੰ ਢਿੱਲਾ ਅਤੇ ਨਿੱਸਲ ਹੋਣ ਦਿੱਤਾ। ਉਹ ਜਿਸਮ ਤੋਂ ਮੁੱਕ ਗਈ ਜਾਨ ਵਾਪਸ ਮੋੜਨ ਦੇ ਆਹਰ ਵਿਚ ਸੀ। ਪਲੰਘ ਲਾਗੋਂ ਸੋਫ਼ੇ ‘ਤੇ ਬੈਠੇ ਰਾਇ ਅਜ਼ੀਜ਼ ਉਲਾ ਨੇ ਪੋਲੇ ਜਿਹੇ ਪ੍ਰੇਮ ਸਿੰਘ ਦਾ ਮੋਢਾ ਘੁੱਟਿਆ।

ਮੇਰੇ ਨਜ਼ਦੀਕ ਖਲੋਤੀ ਅਖ਼ਤਰ ਬੀਬੀ ਨੇ ਭਿੱਜੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਆਪਣੇ ਇਕ ਹੱਥ ਦੀਆਂ ਉਂਗਲਾਂ ਦੂਜੇ ਹੱਥ ਦੀਆਂ ਉਂਗਲਾਂ ਵਿਚ ਫਸਾ ਕੇ ਬੜੀ ਹਸਰਤ ਨਾਲ ਫੁਸਫੁਸਾਉਂਦੀ ਆਵਾਜ਼ ਵਿਚ ਕਿਹਾ, ‘‘ਆਪਾਂ ਇਕ ਕਿਉਂ ਨਹੀਂ ਹੋ ਸਕਦੇ!’’

ਪ੍ਰੇਮ ਸਿਘ ਹੌਸਲਾ ਕਰਕੇ ਉਠਿਆ ਤੇ ਚੌਕੜੀ ਮਾਰ ਕੇ ਪਲੰਘ ‘ਤੇ ਬੈਠ ਗਿਆ। ਐਨਕ ਉਤਾਰ ਕੇ ਅੱਥਰੂਆਂ ਨਾਲ ਭਿੱਜਾ ਚਿਹਰਾ ਸਾਫ਼ ਕੀਤਾ ਤੇ ਫਿਰ ਤਰਲਾ ਲਿਆ। ‘‘ਮੈਨੂੰ ਮੇਰੇ ਆਪਣੇ ਨਲਕੇ ਦਾ ਪਾਣੀ ਤਾਂ ਪਿਆ ਦਿਓ।’’

ਭੀੜ ਵਿਚੋਂ ਇਕ ਜਣਾ ਪਾਣੀ ਦਾ ਗਲਾਸ ਭਰ ਲਿਆਇਆ। ਪ੍ਰੇਮ ਸਿੰਘ ਘੁੱਟ ਘੁੱਟ ਕਰਕੇ ਆਪਣੇ ਘਰ ਦਾ ਪਾਣੀ ਪੀ ਰਿਹਾ ਸੀ। ਉਹਦਾ ਮੁਰਝਇਆ ਅੰਦਰ ਤੁੜ੍ਹਕ ਰਿਹਾ ਸੀ।

ਘਰ ਦਾ ਸਭ ਤੋਂ ਵੱਡਾ ਬਜ਼ੁਰਗ ਪ੍ਰੇਮ ਸਿੰਘ ਨਾਲ ਪਲੰਘ ‘ਤੇ ਬੈਠ ਗਿਆ। ਇਸ ਘਰ ਉਤੇ ਕਬਜ਼ੇ ਤੋਂ ਲੈ ਕੇ ਉਸ ਦੀ ਵੰਡ ਵੰਡਾਈ ਤੇ ਭਰਾਵਾਂ ਅਤੇ ਉਨ੍ਹਾਂ ਦੀ ਔਲਾਦ ਦੇ ਆਪਸੀ ਅਦਾਲਤੀ ਝਗੜੇ ਤਕ ਦੀ ਕਹਾਣੀ ਸੁਣਾ ਰਿਹਾ ਸੀ। ਇਹ ਵੀ ਦੱਸ ਰਿਹਾ ਸੀ ਕਿ ਉਹ ਆਪ ਵੀ ਇਸ ਘਰ ਦੇ ਇਸ ਹਿੱਸੇ ਵਿਚ ਕਈ ਸਾਲਾਂ ਪਿੱਛੋਂ ਦਾਖ਼ਲ ਹੋਇਆ ਹੈ। ਤਿੰਨਾਂ ਖ਼ਾਨਦਾਨਾਂ ਦਾ ਇਕ-ਦੂਜੇ ਨਾਲ ਬੋਲ ਚਾਲ ਹੀ ਬੰਦ ਹੈ ਤਾਂ ਘਰ ਵਿਚ ਆਉਣਾ ਜਾਣਾ ਕਾਹਦਾ ਹੋਇਆ!

ਮੈਂ ਘਰਾਂ ਵਿਚ ਬਣੇ ਦੇਸ਼ ਤੇ ਉਨ੍ਹਾਂ ਦੀਆਂ ਹੱਦਾਂ ਬਾਰੇ ਸੋਚ ਰਿਹਾ ਸਾਂ। ਪ੍ਰੇਮ ਸਿੰਘ ਉਸ ਬਜ਼ੁਰਗ ਨੂੰ ਉਹਦੀ ਉਮਰ ਪੁੱਛ ਰਿਹਾ ਸੀ।

‘‘ਹੋਊ ਇਹੋ ਕੋਈ ਅੱਸੀ ਪਚਾਨਵੇਂ ਸਾਲ।’’

ਇਕ ਨੌਜਵਾਨ ਨੇ ਲਾਗੋਂ ਚੁਟਕੀ ਲਈ

‘‘ਬਾਬਾ ਉਮਰ ਦੱਸਦੈਂ ਕਿ ਟਰੱਕ ਦਾ ਨੰਬਰ।’’

ਇਕ ਹਾਸਾ ਛਣਕਿਆ। ਮਾਹੌਲ ਦਾ ਤਣਾਅ ਢਿੱਲਾ ਹੋਇਆ। ਪ੍ਰੇਮ ਸਿੰਘ ਕਦੀ ਅਲਮਾਰੀ ਕੋਲ, ਕਦੀ ਪਲੰਘ ਉਤੇ, ਕਦੀ ਸੋਫ਼ੇ ਕੋਲ ਯਾਦਗਾਰੀ ਫੋਟੋ ਖਿਚਵਾਉਣ ਲੱਗਾ। ਭੀੜ ਵੀ ਸਾਡੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੀ ਸੀ। ਕੈਮਰਾ ਮੇਰੇ ਹੱਥ ਵਿਚ ਸੀ। ਅਖ਼ਤਰ ਬੀਬੀ ਕਹਿਣ ਲੱਗੀ, ‘‘ਮੈਂ ਆਪਣੇ ਭਾ ਵਰਿਆਮ ਨਾਲ ਵੀ ਫੋਟੋ ਖਿਚਵਾਉਣੀ ਹੈ।’’

ਕੁਝ ਹੀ ਪਲਾਂ ਦੀ ਸਾਂਝ ਨੇ ਉਸ ਦੇ ਬੋਲਾਂ ਵਿਚ ਮੇਰੇ ਲਈ ਭਰਾਵਾਂ ਵਾਲੀ ਅਪਣੱਤ ਘੁਲ ਗਈ ਸੀ।

ਘਰ ਦੀ ਸੁਆਣੀ ਚਾਹ ਬਣਾ ਲਿਆਈ। ਸਾਰੇ ਚਾਹ ਪੀਣ ਲੱਗੇ। ਬਜ਼ੁਰਗ ਨੇ ਚਾਹ ਪੀਣ ਤੋਂ ਨਾਂਹ-ਨੁੱਕਰ ਕੀਤੀ ਤਾਂ ਕਿਸੇ ਨੇ ਕਿਹਾ, ‘‘ਕੁੜੱਤਣ ਥੁੱਕ ਤੇ ਚਾਹ ਪੀ…’’

ਘਰ ਦੇ ਇਸ ਹਿੱਸੇ ਵਾਲਿਆਂ ਨਾਲ ਉਹਦੀ ਨਰਾਜ਼ਗੀ ਇਨ੍ਹਾਂ ਬੋਲਾਂ ਨਾਲ ਧੁਪ ਗਈ ਤੇ ਉਹ ਵੀ ਚਾਹ ਦੇ ਘੁੱਟ ਭਰਨ ਲੱਗਾ।

ਸੂਰਜ ਲਗਪਗ ਡੁੱਬ ਚੱਲਿਆ ਸੀ। ਏਥੇ ਹੁਣ ਕਿੰਨਾ ਕੁ ਚਿਰ ਬੈਠਾ ਜਾ ਸਕਦਾ ਸੀ। ਪਰਦੇਸੀਆਂ ਨੇ ਜਾਣਾ ਹੀ ਜਾਣਾ ਸੀ। ਪ੍ਰੇਮ ਸਿੰਘ, ਜਿਹੜਾ ਘਰ ਲੱਭਦਿਆਂ ਗਲੀਆਂ ਵਿਚ ਤੁਰਦਿਆਂ ਸਭ ਤੋਂ ਅੱਗੇ ਹੁੰਦਾ ਸੀ ਤੇ ਜਿਸ ਦੇ ਕਦਮਾਂ ਵਿਚ ਜਵਾਨਾਂ ਵਾਲੀ ਫੁਰਤੀ ਨਜ਼ਰ ਆਉਂਦੀ ਸੀ, ਉਹ ਦੋਹਾਂ ਬਾਹਵਾਂ ਦਾ ਜ਼ੋਰ ਲਾ ਕੇ ਹੀਅ ‘ਤੇ ਭਾਰ ਪਾ ਕੇ ਮਸਾਂ ਹੀ ਪਲੰਘ ਤੋਂ ਉਠਿਆ ਤੇ ਮਣ ਮਣ ਦੇ ਭਾਰੇ ਕਦਮਾਂ ਨਾਲ ਬਾਹਰ ਨੂੰ ਤੁਰਿਆ। ਦਰਵਾਜ਼ੇ ਵਿਚ ਖਲੋ ਕੇ ਕਮਰੇ ਨੂੰ ਇਕ ਵਾਰ ਫਿਰ ਆਪਣੀਆਂ ਅੱਖਾਂ ਵਿਚ ਭਰ ਲੈਣਾ ਚਾਹਿਆ।

ਉਹ ਹੌਲੀ ਹੌਲੀ ਘਰ ਤੋਂ ਵਿਛੜ ਰਿਹਾ ਸੀ। ਭਾਵੇਂ ਹੁਣੇ ਹੀ ਹਨੇਰਾ ਉਤਰਨ ਵਾਲਾ ਸੀ ਪਰ ਅਸੀਂ ਕੋਈ ਕਾਹਲੀ ਨਹੀਂ ਸਾਂ ਕਰਨਾ ਚਾਹੁੰਦੇ। ਮੈਂ ਬਾਹਰ ਆ ਕੇ ਖੜੋ ਗਿਆ। ਮੇਰੇ ਲਾਗੇ ਖੜੋਤਾ ਅੱਠ ਨੌਂ ਸਾਲ ਦਾ ਲੜਕਾ ਮੈਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ।

‘‘ਰਾਤ ਪੈ ਚੱਲੀ ਹੈ। ਅੱਜ ਤਾਂ ਰਾਤ ਹੁਣ ਤੇਰੇ ਘਰ ਹੀ ਕੱਟਾਂਗੇ… ਰਾਤ ਸਾਨੂੰ ਰੱਖ ਲਏਂਗਾ? ਰੋਟੀ ਰਾਟੀ ਖਵਾਏਂਗਾ ਨਾ!’’ ਮੈਂ ਉਸ ਨੂੰ ਛੇੜਿਆ।

ਉਹ ਮੇਰੇ ਇਸ ਸੁਆਲ ਨੂੰ ਗੰਭੀਰ ਸਮਝਦਿਆਂ ਛਾਬਲ ਗਿਆ ਤੇ ਭੋਲੇ-ਭਾਅ ਉਹਦੇ ਮੂੰਹੋਂ ਨਿਕਲ ਗਿਆ, ‘‘ਨਹੀਂ।’’

‘‘ਜਾਹ ਉਏ!’’

ਭੀੜ ਹੱਸ ਪਈ।

ਲਾਗੇ ਖੜੋਤੀ ਅੱਠ ਦਸ ਸਾਲ ਦੀ ਇਕ ਬੱਚੀ ਨੇ ਮੇਰਾ ਹੱਥ ਫੜ ਲਿਆ ਤੇ ਲਾਡ ਨਾਲ ਕਹਿਣ ਲੱਗੀ। ‘‘ਅੰਕਲ! ਤੁਸੀਂ ਬਹੁਤ ਚੰਗੇ ਓ…।’’

‘‘ਸੱਚ!’’ ਮੇਰਾ ਦਿਲ ਉਛਲਿਆ ਤੇ ਮੈਂ ਉਸ ਦੇ ਸਿਰ ਉਤੇ ਪਿਆਰ ਦਿੰਦਿਆਂ ਆਪਣੀ ਨੋਟ ਬੁੱਕ ਉਹਦੇ ਸਾਹਮਣੇ ਕਰ ਦਿੱਤੀ।

‘‘ਇਹ ਗੱਲ ਮੈਨੂੰ ਲਿਖ ਕੇ ਦੇਹ।’’

ਉਹ ਨੇ ਖ਼ੁਸ਼ਖ਼ਤ ਉਰਦੂ ਅੱਖਰਾਂ ਵਿਚ ਲਿਖ ਦਿੱਤਾ:

‘‘ਅੰਕਲ ਆਪ ਬਹੁਤ ਅੱਛੇ ਹੈਂ।’’

‘ਅੰਨਮ’

ਉਸ ਦੇ ਹੇਠਾਂ ਆਪਣੇ ਦਸਤਖ਼ਤ ਵੀ ਕਰ ਦਿੱਤੇ।

ਰਾਇ ਅਜ਼ੀਜ਼ ਉਲਾ ਨੇ ਕਾਰ ਲੈ ਆਂਦੀ। ਪ੍ਰੇਮ ਸਿੰਘ ਚਾਰ ਚੁਫ਼ੇਰੇ ਨੂੰ ਨਿਹਾਰਦਿਆਂ ਸਭ ਨੂੰ ਅਲਵਿਦਾ ਕਹਿ ਕੇ ਕਾਰ ਦੀ ਅਗਲੀ ਸੀਟ ਉਤੇ ਬੈਠ ਗਿਆ। ਅਨਵਰ ਤੇ ਸਤਨਾਮ ਮਾਣਕ ਵੀ ਕਾਰ ਵਿਚ ਬੈਠ ਗਏ। ਮੈਂ ਬਾਹਰ ਖੜੋਤੀ ਭੀੜ ਵੱਲ ਹੱਥ ਹਿਲਾ ਕੇ ਅਲਵਿਦਾ ਆਖੀ। ਰਾਤ ਰੱਖਣ ਤੋਂ ਨਾਂਹ ਕਰਨ ਵਾਲਾ ਲੜਕਾ ਦੌੜ ਕੇ ਮੇਰੇ ਕੋਲ ਆਇਆ ਤੇ ਬੜੇ ਉਤਸ਼ਾਹ ਨਾਲ ਜਾਨਦਾਰ ਆਵਾਜ਼ ਵਿਚ ਕਹਿਣ ਲੱਗਾ, ‘‘ਅੰਕਲ! ਕਦੀ ਵੀ ਫੇਰ ਵੀ ਆਇਓ।’’

ਮੈਂ ਉਸ ਦੀ ਗੱਲ੍ਹ ਪਿਆਰ ਨਾਲ ਥਪਥਪਾਈ ਤੇ ਅਸੀਂ ਕਾਰ ਵਿਚ ਬੈਠ ਗਏ।

Read 1412 times