Print this page
Friday, 09 October 2009 17:22

ਸ਼ੀਸ਼ੇ ਤੇ ਚਿਹਰੇ

Written by
Rate this item
(5 votes)

ਮਸ਼ਹੂਰ ਅੰਗਰੇਜ਼ੀ ਕਵੀ ਜੌਹਨ ਕੀਟਸ 28 ਸਾਲਾਂ ਦੀ ਉਮਰ ਵਿੱਚ ਹੀ ਜਹਾਨ ਤੋਂ ਤੁਰ ਗਿਆ ਸੀ। ਉਸ ਦੀ ਮੌਤ ਤੇ ਉਸ ਦੇ ਸਮਕਾਲੀ ਕਵੀ ਸ਼ੈਲੇ ਨੇ ਮਰਸੀਆ ਲਿਖਿਆ। ਉਸਦੀਆਂ ਪਹਿਲੀਆਂ ਦੋ ਸਤਰਾਂ ਹਨ: 

ਕਿਸ ਨੇ ਹੱਤਿਆ ਕੀਤੀ ਜੌਹਨ ਕੀਟਸ ਦੀ?

ਮੈਂ ਕੀਤੀ, ਇੱਕ ਤ੍ਰੈਮਾਸਿਕ ਪੱਤ੍ਰਿਕਾ ਬੋਲੀ

ਸ਼ੈਲੇ  ਦਾ ਕਹਿਣਾ ਸੀ ਕਿ ਕੀਟਸ ਕਿਸੇ ਬੀਮਾਰੀ ਨਾਲ ਨਹੀਂ ਮਰਿਆ, ਉਸ ਨੂੰ ਇੱਕ ਤੈਮਾਸਿਕ ਪੱਤ੍ਰਿਕਾ ਨੇ ਮਾਰਿਆ ਹੈ। ਇਸ ਪੱਤ੍ਰਿਕਾ ਦਾ ਨਾਂ ‘ਕੁਆਰਟਰਲੀ ਰਿਵਿਊ’ ਸੀ। ਇਸ ਵਿੱਚ ਅਕਸਰ ਕੀਟਸ ਦੇ ਖ਼ਿਲਾਫ਼ ਲਿਖਿਆ ਜਾਂਦਾ। ਜਦੋਂ ਕੀਟਸ ਦੀ ਲੰਮੀ ਕਵਿਤਾ ਐਨਡੀਮਾਇਨ ਪ੍ਰਕਾਸ਼ਿਤ ਹੋਈ ਤਾਂ ਇਸ ਪੱਤ੍ਰਿਕਾ ਵਿੱਚ ਉਸ ਬਾਰੇ ਬਹੁਤ ਨਿਰਾਦਰ ਤੇ ਨਫ਼ਰਤ ਭਰਿਆ ਲੇਖ ਛਪਿਆ। ਸ਼ੈਲੇ ਦਾ ਕਹਿਣਾ ਹੈ ਕਿ ਇਸ ਲੇਖ ਨੇ ਕੀਟਸ ਦੇ ਦਿਲ ਨੂੰ ਬਹੁਤ ਡੂੰਘੇ ਘਾਉ ਦਿੱਤੇ। ਇਹ ਘਾਉ ਹੀ ਅੰਤ ਉਸ ਦੀ ਮੌਤ ਦਾ ਕਾਰਨ ਬਣੇ। 

 ਜਦੋਂ ਇੱਕ ਹੋਰ ਪ੍ਰਸਿੱਧ ਸਮਕਾਲੀ ਕਵੀ ਲਾਰਡ ਬਾਇਰਨ ਨੇ ਸ਼ੈਲੀ ਦਾ ਲਿਖਿਆ ਮਰਸੀਆ ਪੜ੍ਹਿਆ ਤਾਂ ਉਹਨੇ ਸ਼ੈਲੀ ਨੂੰ ਤੇ ਆਪਣੇ ਹੋਰ ਦੋਸਤਾਂ ਨੂੰ ਲਿਖੇ ਖ਼ਤਾਂ ਵਿੱਚ ਲਿਖਿਆ: ਮੈਂ ਤਾਂ ਕਦੀ ਨਾ ਮਰਦਾ, ਇਹੋ ਜਿਹੀ ਨਿਗੂਣੀ ਗੱਲ ਨਾਲ। ਉਜ ਮੈਂ ਇਹ ਗੱਲ ਆਪਣੇ ਤਜਰਬੇ ਤੋਂ ਜਾਣਦਾਂ ਕਿ ਇਹੋ ਜਿਹੀਆਂ ਗੱਲਾਂ ਕਵੀਆਂ ਨੂੰ ਬਹੁਤ ਦੁੱਖ ਦਿੰਦੀਆਂ ਹਨ। ਜਦੋਂ ਮੇਰੀ ਕਿਤਾਬ Hours of Idleness ਛਪੀ ਤਾਂ ਉਸ ਬਾਰੇ ਕਿਸੇ ਨੇ ਇਸ ਤੋ ਵੀਂ ਜ਼ਿਆਦਾ ਜ਼ਹਿਰੀਲਾ ਲੇਖ ਲਿਖਿਆ ਸੀ। ਇੱਕ ਵਾਰ ਤਾਂ ਉਸ ਲੇਖ ਨੇ ਮੈਨੂੰ ਪਟਕਾਅ ਮਾਰਿਆ। ਪਰ ਮੈਂ ਫੇਰ ਉਠ ਪਿਆ ਸੀ। ਇਸ ਭੱਜ ਦੌੜ ਤੇ ਮੁਕਾਬਲੇਬਾਜ਼ੀ ਦੀ ਦੁਨੀਆ ਵਿੱਚ ਦਮ ਖ਼ਮ ਰੱਖਣਾ ਚਾਹੀਦਾ, ਖ਼ਾਸ ਕਰ ਸਾਹਿਤ ਦੀ ਦੁਨੀਆ ਵਿਚ। ਮੈਂ ਕੀਟਸ ਵਾਂਗ ਆਪਣੀ ਲਹੂ ਦੀ ਨਾੜੀ ਨਹੀਂ ਫਟਣ ਦਿੱਤੀ। ਮੈਂ ਆਪਣਾ ਲਹੂ ਨਹੀਂ ਡੁੱਲਣ ਦਿੱਤਾ ਮੈਂ ਤਾਂ ਰੈਡ ਵਾਈਨ ਦੀਆਂ ਤਿੰਨ ਬੋਤਲਾਂ ਪੀਤੀਆਂ। 

ਬਾਇਰਨ ਨੇ ਆਪਣੀ ਇੱਕ ਕਵਿਤਾ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ: 

ਹੈਰਾਨੀ ਦੀ ਗੱਲ ਹੈ

ਕਿ ਕੀਟਸ ਵਰਗੀ ਆਤਿਸ਼

ਕਿਸੇ ਦੇ ਚਾਰ ਲਫ਼ਜ਼ਾਂ ਨਾਲ ਆਪਣੇ ਆਪ ਨੂੰ ਬੁਝ ਜਾਣ ਦੇਵੇ। 

ਤੂੰ ਤਾਂ ਨਹੀ ਮਰੇਗਾ ਕਿਸੇ ਇਹੋ ਜਿਹੇ ਲੇਖ ਨਾਲ? 

ਮੈਨੂੰ ਮੇਰਾ ਦੋਸਤ ਸੁਰਜੀਤ ਮਾਨ ਨੇ ਪੁੱਛਦਾ ਹੈ। 

ਮੈ? ਮੈਂ ਂਜੇ ਮਰਨਾ ਹੁੰਦਾ ਹੁਣ ਤੱਕ ਕਈ ਵਾਰ ਮਰ ਜਾਂਦਾ। ਕਈ ਵਾਰ ਮਰਿਆ ਵੀ ਹਾਂ। ਮੈ ਼ਉਸ ਨੂੰ ਕਿਹਾ। ਮੇਰਾ ਇੱਕ ਸ਼ੇਅਰ ਹੈ: 

ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ

ਤੇਰੀ ਨਫ਼ਰਤ ਤਾਂ ਮੈਂ ਨਜ਼ਮ ਵੀ ਕਰ ਲਈ

ਤੂੰ ਜੋ ਬਖ਼ਸ਼ੇ ਸੀ ਉਹ ਜ਼ਖ਼ਮ ਫੁਲ ਬਣ ਗਏ

ਮੈਂ ਤੁਕਾਂ ਵਿੱਚ ਉਨ੍ਹਾਂ ਨੂੰ ਪਰੋ ਵੀ ਲਿਆ

ਮੈਂ ਆਪਣੇ ਮਨ ਦੇ ਸੰਤਾਪ ਨੂੰ ਊਰਜਾ ਵਿੱਚ ਬਦਲ ਲੈਦਾਂ ਜਿਵੇਂ ਅੱਗ ਅਤੇ ਭਾਫ਼ ਨੂੰ ਬਦਲੀਦਾ। ਮੈਂ ਆਪਣੀ ਕਵਿਤਾ ਨੂੰ ਵਧੀਆ ਸਾਬਤ ਕਰਨ ਦੀ ਕੋਸ਼ਸ਼ ਕਰਨ ਦੀ ਥਾਂ ਕੁੱਝ ਵਧੀਆ ਪੜ੍ਹਨ ਲੱਗਦਾ ਹਾਂ। 

ਕਵਿਤਾ ਦੇ ਕਾਜ਼ੀਆਂ, ਇਹੋ ਜਿਹੇਂ ਆਲੋਚਕਾਂ ਬਾਰੇ ਮੈ ਇਹ ਵੀ ਲਿਖਿਆ ਹੈ: 

ਕਿੰਨੀ ਨੇ ਔਕਾਤ ਦੇ ਮਾਲਕ, 

ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ

ਪਾਰਖੂਆਂ ਵੀ ਪਰਖੇ ਜਾਣਾ 

ਤੇਰੀ ਗ਼ਜ਼ਲ ਨੂੰ ਪਰਖਣ ਲੱਗਿਆਂ

ਉਜ ਸੱਚ ਦੱਸਾਂ ਇਹੋ ਜਿਹੇ ਵੇਲੇ ਮੇਰੇ ਅੰਦਰ ਵੀ ਪੂਰਾ ਇੱਕ ਨਾਟਕ ਚੱਲਦਾ ਹੈ। ਮੇਰਾ ਇੱਕ ਸ਼ੇਅਰ ਹੈ

ਮੰਚ - ਨਾਟਕ ਕਦੀ ਕਦੀ ਹੋਵੇ

ਮਨ ਚ ਨਾਟਕ ਹਮੇਸ਼ ਚੱਲਦਾ ਹੈ

ਜਦੋਂ ਕਿਸੇ ਦੇ ਮੂੰਹੋਂ ਆਪਣੇ ਖ਼ਿਲਾਫ਼ ਕੋਈ ਬੋਲ ਸੁਣਦਾ ਹਾਂ ਜਾਂ ਲਿਖਿਆ ਹੋਇਆ ਪੜ੍ਹਦਾ ਹਾਂ ਤੇ ਅੰਦਰੇ ਅੰਦਰ ਬੜਾ ਤੜਪਦਾ ਹਾਂ। ਵਿਸ ਘੋਲਦਾ ਹਾਂ, ਗੁੱਰਾਉਦਾ ਹਾਂ, ਘੁਰਕਦਾ ਹਾਂ, ਚਿੰਘਾੜਦਾ ਹਾਂ, ਹੂੰਗਦਾ ਹਾਂ, ਕੁਰਲਾਉਦਾ ਹਾਂ। ਯਾਨੀ ਕਈ ਜੂਨਾਂ ਪਲਟਦਾ ਹਾਂ। ਲਿਖਣ ਵਾਲੇ ਨਾਲ ਖ਼ਫ਼ਾ ਹੋ ਜਾਂਦਾ ਹਾਂ ਪਰ ਜਲਦੀ ਹੀ ਮੈਨੂੰ ਨਿਦਾ ਫ਼ਾਜ਼ਲੀ ਦਾ ਸ਼ੇਅਰ ਯਾਦ ਆ ਜਾਂਦਾ ਹੈ: 

ਅਪਨਾ ਚਿਹਰਾ ਨ ਬਦਲਾ ਗਯਾ

ਆਈਨੇ ਸੇ ਖ਼ਫ਼ਾ ਹੋ ਗਏ

ਸੋਚਦਾ ਹਾਂ: ਐ ਮਨਾ, ਤੇਰੇ ਖ਼ਿਲਾਫ਼ ਲਿਖਣ ਬੋਲਣ ਵਾਲਾ ਤਾਂ ਆਈਨਾ ਹੈ, ਉਸਨੇ ਤੈਨੂੰ ਤੇਰਾ ਬਦਸੂਰਤ ਚਿਹਰਾ ਦਿਖਾਇਆ ਤਾਂ ਤੂੰ ਸ਼ੀਸ਼ੇ ਨਾਲ ਗੁੱਸੇ ਹੋ ਗਿਆ। 

ਸ਼ੀਸ਼ੇ ਨਾਲ ਗੁੱਸੇ ਨਾ ਹੋ

ਹੋ ਸਕੇ ਤਾਂ ਅਪਣਾ ਚਿਹਰਾ ਬਦਲ। 

ਚਿਹਰੇ ਦੀ ਗਰਦ ਸਾਫ਼ ਕਰ। 

ਚਿਹਰੇ ਦੇ ਦਾਗ਼ ਧੋ

ਸ਼ੀਸ਼ੇ ਨਾਲ ਖ਼ਫ਼ਾ ਨਾ ਹੋ।। 

ਪਰ ਕੀ ਸ਼ੀਸ਼ਾ ਹਮੇਸ਼ਾ ਸੱਚ ਬੋਲਦਾ ਹੈ? 

ਹਾਂ ਰਾਹਤ ਇੰਦੌਰੀ ਸਾਹਿਬ ਤਾਂ ਏਹੀ ਆਖਦੇ ਹਨ: 

ਚਾਹੇ ਸੋਨੇ ਕੇ ਫ਼੍ਰੇਮ ਮੇਂ ਜੜ ਦੋ

ਆਈਨਾ ਝੂਠ ਬੋਲਤਾ ਹੀ ਨਹੀਂ

ਪਰ ਰਾਹਤ ਇੰਦੌਰੀ ਸਾਹਿਬ ਨੇ ਸ਼ਾਇਦ ਕਦੀ ਉਹ ਵਿਕ੍ਰਿਤ ਸ਼ੀਸ਼ੇ (distorted mirrors) ਨਹੀਂ ਦੇਖੇ ਜਿਹੜੇ ਤੁਹਾਡੀ ਸ਼ਕਲ ਤੁਹਾਨੂੰ ਅਜੀਬੋ ਗ਼ਰੀਬ ਬਣਾ ਕੇ ਦਿਖਾਉਦੇ ਨੇ। ਸੋ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ: 

ਹਰ ਵਾਰੀ ਮੈਲਾ ਜਾਣ ਕੇ ਤੂੰ

ਕਿਉਂ ਅਪਣਾ ਹੀ ਮੁਖ ਨੋਚ ਲਿਆ

ਸ਼ੀਸ਼ੇ ਵੀ ਮੈਲੇ ਹੁੰਦੇ ਨੇ

ਪਾਣੀ ਵੀ ਗੰਧਲੇ ਹੁੰਦੇ ਨੇ। 

ਤੇ ਇਹ ਵੀ: 

 

ਕਿਸੇ ਵੀ ਸ਼ੀਸ਼ੇ ਚ ਅਕਸ ਅਪਣਾ

ਗੰਧਲਦਾ ਤੱਕ ਨ ਉਦਾਸ ਹੋਵੀਂ

ਸਜਨ ਦੀ ਨਿਰਮਲ ਨਦਰ ਚ ਹਰਦਮ

ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ

 

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ

ਕਿ ਸ਼ੀਸ਼ਿਆਂ ਚ ਵਿਕਾਰ ਪਾਵੋ

ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ

ਸੋ ਖ਼ੁਦ ਚ ਪੂਰਾ ਯਕੀਨ ਰੱਖੀਂ।। 

 

ਮੈਂ ਇੱਕ ਵਾਰ ਫੇਰ ਕੀਟਸ ਦੀ ਮੌਤ ਬਾਰੇ ਕਹੀ ਬਾਇਰਨ ਦੀ ਗੱਲ ਦੁਹਰਾਉਣੀ ਚਾਹੁੰਦਾ ਹਾਂ: 

 

ਹੈਰਾਨੀ ਦੀ ਗੱਲ ਹੈ

ਕਿ ਕੀਟਸ ਵਰਗੀ ਆਤਿਸ਼

ਕਿਸੇ ਦੇ ਚਾਰ ਲਫ਼ਜ਼ਾਂ ਨਾਲ ਆਪਣੇ ਆਪ ਨੂੰ ਬੁਝ ਜਾਣ ਦੇਵੇ।।

 

Read 4444 times Last modified on Saturday, 10 October 2009 10:23
ਸੁਰਜੀਤ ਪਾਤਰ

(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ)
ਫ਼ੋਨ ਨੰਬਰ: 98145-04272