ਲੇਖ਼ਕ

Saturday, 10 October 2009 17:30

01 - ਮੇਰੀ ਜੀਵਨ ਗਾਥਾ

Written by
Rate this item
(3 votes)
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ

ਇਸ ਪੁਸਤਕ ਵਿੱਚ ਜਿਥੇ ਮੈਂ ਆਪਣੇ ਆਪ ਨੂੰ ਬਚਪਨ ਤੋਂ ਵਡੇਰੀ ਉਮਰ ਤਕ ਪਹੁੰਚਦੇ ਵਿਖਾਇਆ ਹੈ ਉਥੇ 1940 ਤੋਂ 2008 ਤਕ ਦੇ ਸਮੇਂ ਦੀਆਂ ਝਲਕਾਂ ਵੀ ਵਿਖਾਈਆਂ ਹਨ। ਜਦੋਂ ਮੇਰਾ ਜਨਮ ਹੋਇਆ ਉਦੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਹਿੰਦੋਸਤਾਨ ਦੇ ਲੋਕ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ। ਫਿਰ ਆਜ਼ਾਦੀ ਮਿਲੀ, ਪਾਕਿਸਤਾਨ ਬਣਿਆ ਤੇ ਮੁਲਕ ਵੰਡਿਆ ਗਿਆ। ਪੰਜਾਬ ਨੂੰ ਦੁਫਾੜ ਹੋਣਾ ਪਿਆ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਈ। ਲੱਖਾਂ ਲੋਕ ਅਨਿਆਈ ਮੌਤੇ ਮਾਰੇ ਗਏ। ਮੈਂ ਉਦੋਂ ਸੱਤ ਸਾਲ ਦਾ ਬੱਚਾ ਸਾਂ। ਉਸ ਸਮੇਂ ਦੇ ਦ੍ਰਿਸ਼ ਮੈਨੂੰ ਅੱਜ ਵੀ ਵਿਖਾਈ ਦਿੰਦੇ ਹਨ ਜੋ ਮੇਰੀ ਜੀਵਨ ਗਾਥਾ ਦਾ ਭਾਗ ਬਣੇ ਹਨ। ਮੁਸਲਮਾਨਾਂ ਦੇ ਗੁਆਂਢੀ ਮੁੰਡੇ ਜੋ ਮੇਰੇ ਬਚਪਨ ਦੇ ਆੜੀ ਸਨ ਤੇ ਜਿਨ੍ਹਾਂ ਨਾਲ ਮੈਂ ਆਲੀਆਂ ਭੋਲੀਆਂ ਗੱਲਾਂ ਕਰਦਾ ਰਿਹਾ, ਪਤਾ ਨਹੀਂ ਕਿਥੇ ਹੋਣ? ਜੀਂਦੇ ਹੋਣ ਜਾਂ ਮਰ ਗਏ ਹੋਣ? ਪਰ ਉਨ੍ਹਾਂ ਦੀਆਂ ਯਾਦਾਂ ਮੇਰੇ ਨਾਲ ਨੇ ਤੇ ਮੈਂ ਉਨ੍ਹਾਂ ਦਾ ਜ਼ਿਕਰ ਕੀਤੇ ਬਿਨਾਂ ਨਹੀਂ ਰਹਿ ਸਕਿਆ।

ਉਦੋਂ ਸਾਡੇ ਪਿੰਡਾਂ ਦਾ ਜਨਜੀਵਨ ਅੱਜ ਵਰਗਾ ਨਹੀਂ ਸੀ। ਨਾ ਗੁਸਲਖਾਨੇ ਸਨ, ਨਾ ਪਖਾਨੇ ਤੇ ਨਾ ਬਿਜਲੀ ਸੀ। ਪਾਣੀ ਖੂਹਾਂ ਤੇ ਖੂਹੀਆਂ ਦਾ ਵਰਤੀ ਦਾ ਸੀ। ਖੇਡਣ ਮੱਲ੍ਹਣ ਲਈ ਨਿਆਈਂ ਦੇ ਖੇਤ ਤੇ ਖੁੱਲ੍ਹੀਆਂ ਰੌੜਾਂ ਸਨ। ਮਸ਼ੀਨਰੀ ਅਜੇ ਨਹੀਂ ਸੀ ਆਈ ਜਿਸ ਕਰਕੇ ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ। ਕਿਸਾਨਾਂ ਦਾ ਗੱਡਾ ਹੀ ਢੋਆ ਢੁਆਈ ਦਾ ਸਾਧਨ ਸੀ। ਸਾਕ ਸਕੀਰੀਆਂ `ਚ ਜਾਣ ਲਈ ਟੌਅ੍ਹਰੀ ਸਵਾਰੀ ਬੋਤੇ ਦੀ ਸੀ ਜਿਸ ਦਾ ਅਨੰਦ ਮੈਂ ਵੀ ਮਾਣਿਆ ਤੇ ਉਹਦਾ ਜ਼ਿਕਰ ਆਪਣੀ ਜੀਵਨ ਗਾਥਾ ਵਿੱਚ ਹੁੱਬ ਕੇ ਕੀਤਾ।

ਪਾਠਕ ਇਸ ਪੁਸਤਕ ਦੇ ਪੰਨੇ ਪਰਤਣਗੇ ਤਾਂ ਉਹ ਮੇਰੇ ਬਾਰੇ ਜਾਣਨ ਦੇ ਨਾਲ ਮੇਰੇ ਜੀਵਨ ਕਾਲ ਦੇ ਨਜ਼ਾਰੇ ਵੀ ਤੱਕਣਗੇ। ਪਾਠਕਾਂ ਨੂੰ ਪਤਾ ਲੱਗੇਗਾ ਕਿ ਸਾਡੇ ਵੇਲੇ ਦੇ ਪ੍ਰਾਇਮਰੀ ਸਕੂਲਾਂ, ਹਾਈ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਕਿਹੋ ਜਿਹੀ ਸੀ? ਖੇਡਾਂ ਕਿਹੋ ਜਿਹੀਆਂ ਸਨ ਤੇ ਕਿਹੋ ਜਿਹੇ ਸਨ ਰੰਗ ਤਮਾਸ਼ੇ? ਕਿਵੇਂ ਹੁੰਦੇ ਸਨ ਸਾਡੇ ਵੇਲੇ ਦੇ ਵਿਆਹ ਮੰਗਣੇ? ਸਾਧਾਰਨ ਘਰਾਂ ਦੇ ਬੱਚੇ ਕਿਵੇਂ ਪੜ੍ਹਦੇ ਤੇ ਕਿਹੋ ਜਿਹੀਆਂ ਇੱਲਤਾਂ ਕਰਦੇ ਸਨ?

ਮੈਂ ਲਿਖਿਆ ਹੈ ਕਿ ਮੈਂ ਵੀ ਕਈ ਇੱਲਤਾਂ ਕੀਤੀਆਂ। ਹੁਣ ਮੈਂ ਬੱਗੀ ਦਾੜ੍ਹੀ ਤੇ ਬਜ਼ੁਰਗੀ ਨਾਲ ਗਿਆਨੀ ਧਿਆਨੀ ਲੱਗਦਾਂ ਪਰ ਜਦੋਂ ਸੋਲ੍ਹਾਂ ਸਾਲਾਂ ਦਾ ਸਾਂ ਤਾਂ ਦੋ ਗੁੱਤਾਂ ਕਰ ਕੇ, ਸੁਰਖੀ ਬਿੰਦੀ ਲਾ ਕੇ ਸਟੇਜ ਉਤੇ ਜਿੰਦਾ ਡਾਨਸ ਵੀ ਕੀਤਾ ਸੀ। ਖੁਦ ਜਿੰਦਾ ਡਾਨਸ ਕੀਤਾ ਸੀ ਪਰ ਮੁਕਤਸਰ ਦੇ ਮੇਲੇ ਵਿੱਚ ਪੰਡਾਲ ਦੀਆਂ ਵਿਰਲਾਂ `ਚ ਸਿਰ ਫਸਾ ਕੇ ਜਿੰਦਾ ਡਾਨਸ ਵੇਖਦਿਆਂ ਸਿਪਾਹੀਆਂ ਤੋਂ ਪੁੜਿਆਂ `ਤੇ ਡੰਡੇ ਵੀ ਖਾਧੇ ਸਨ। ਕਾਹਲੀ ਨਾਲ ਸਿਰ ਬਾਹਰ ਕੱਢਦਿਆਂ ਕਈਆਂ ਦੀਆਂ ਪੱਗਾਂ ਲੱਥ ਗਈਆਂ ਸਨ ਪਰ ਮੇਰੀ ਪੱਗ ਤੇ ਇਜ਼ਤ ਬਚ ਗਈ ਸੀ! ਦਿੱਲੀ ਪੜ੍ਹਦਿਆਂ ਟੀਟੀ ਦੇ ਢਿੱਡ ਨੂੰ ਉਂਗਲ ਲਾ ਕੇ ਦਸ ਰੁਪਏ ਦੇਈਦੇ ਸਨ ਤੇ ਦਿੱਲੀਓਂ ਰੇਲ ਗੱਡੀ ਦਾ ਸਲੀਪਰ ਮੱਲ ਕੇ ਕੋਟਕਪੂਰੇ ਆ ਉਤਰੀ ਦਾ ਸੀ। ਮੇਰੀ ਇਸ ਪੁਸਤਕ ਵਿੱਚ ਕਈ ਥਾਈਂ ਕੁਤਕੁਤਾੜੀਆਂ ਵੀ ਹਨ।

ਮੈਂ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਚਕਰ `ਚ ਜੰਮਿਆ। ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿੱਚ ਪੜ੍ਹਿਆ। ਦਿੱਲੀ, ਢੁੱਡੀਕੇ ਤੇ ਮੁਕੰਦਪੁਰ ਵਿੱਚ ਪ੍ਰੋਫੈਸਰ ਤੇ ਪ੍ਰਿੰਸੀਪਲ ਰਿਹਾ। ਦੇਸ਼ ਵਿਦੇਸ਼ ਦੇ ਅਨੇਕਾਂ ਸ਼ਹਿਰ ਤੇ ਇਲਾਕੇ ਘੁੰਮੇ। ਟੋਰਾਂਟੋ ਦੇ ਸੀ.ਐੱਨ.ਟਾਵਰ `ਤੇ ਚੜ੍ਹਿਆ, ਲੰਡਨ ਦੀ ਚੰਡੋਲ ਝੂਟੀ ਤੇ ਡਿਜ਼ਨੀਲੈਂਡ ਦੀਆਂ ਢਾਣੀਆਂ ਦੇ ਝੂਟੇ ਲਏ। ਸੈਂਕੜੇ ਖਿਡਾਰੀਆਂ ਤੇ ਲਿਖਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ। ਦੋ ਲੱਖ ਕਿਲੋਮੀਟਰ ਪੈਰੀਂ ਤੁਰਿਆ, ਹਜ਼ਾਰਾਂ ਕਿਲੋਮੀਟਰ ਸਾਈਕਲ ਚਲਾਇਆ ਤੇ ਲੱਖਾਂ ਮੀਲ ਹਵਾਈ ਜਹਾਜ਼ਾਂ ਦਾ ਸਫ਼ਰ ਕੀਤਾ। ਇਹਦਾ ਸੰਖੇਪਸਾਰ ਇਸ ਪੁਸਤਕ ਦੇ ਪੰਨਿਆਂ ਉਤੇ ਅੰਕਤ ਹੈ।

ਮੇਰੀ ਜੀਵਨ ਕਹਾਣੀ ਵਿੱਚ ਕੁੱਝ ਵੀ ਸਨਸਨੀਖੇਜ਼ ਨਹੀਂ। ਨਾ ਇਸ਼ਕ ਮੁਸ਼ਕ, ਨਾ ਚੋਰੀ ਡਾਕਾ, ਨਾ ਸਾਜ਼ਿਸ਼, ਨਾ ਜਸੂਸੀ ਤੇ ਨਾ ਕੋਈ ਵੱਡਾ ਹਾਦਸਾ। ਮੇਰੇ ਨਾਲ ਜੱਗੋਂ ਤੇਰ੍ਹਵੀਂ ਵੀ ਨਹੀਂ ਹੋਈ ਤੇ ਨਾ ਮੈਂ ਕੋਈ ਮਾਅਰਕਾ ਮਾਰਿਆ। ਮੈਂ ਕਿਸੇ ਖੇਤਰ ਦਾ ਵਿਸ਼ੇਸ਼ ਵਿਅਕਤੀ ਵੀ ਨਹੀਂ। ਮੈਂ ਨਾ ਤਿੰਨਾਂ `ਚੋਂ ਹਾਂ, ਨਾ ਤੇਰਾਂ `ਚੋਂ। ਫਿਰ ਵੀ ਮੈਨੂੰ ਲੱਗਦੈ ਕਿ ਮੇਰੀ ਇਹ ਸਾਧਾਰਨ ਜੀਵਨ ਗਾਥਾ ਆਮ ਪਾਠਕਾਂ ਨੂੰ ਅਸਾਧਾਰਨ ਲੱਗ ਸਕਦੀ ਹੈ। ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸੰਭਵ ਹੈ ਉਹ ਚੰਗੇਰੇ ਜੀਵਨ ਲਈ ਪ੍ਰੇਰੇ ਜਾਣ ਤੇ ਰਚਨਾਤਮਿਕ ਆਹਰੇ ਲੱਗ ਜਾਣ। ਜਿੰਨਾ ਕੁ ਜੀਵਨ ਮਿਲਿਆ ਹੈ ਐਵੇਂ ਰਊਂ ਰਊਂ ਤੇ ਮਰੂੰ ਮਰੂੰ ਕਰਨ ਦੀ ਥਾਂ ਆਸ ਉਮੀਦ ਨਾਲ ਜੀਣ। ਮੁਸ਼ਕਲਾਂ ਦੇ ਬਾਵਜੂਦ ਉਤਸ਼ਾਹ ਨਾਲ ਭਰੇ ਰਹਿਣ। ਕਦੇ ਹਿੰਮਤ ਨਾ ਹਾਰਨ। ਜੇ ਖੁਸ਼ੀਆਂ ਢਲਦੇ ਪਰਛਾਵੇਂ ਹੁੰਦੀਆਂ ਹਨ ਤਾਂ ਗ਼ਮੀਆਂ ਵੀ ਸਦਾ ਨਹੀਂ ਰਹਿੰਦੀਆਂ। ਹਸੰਦਿਆਂ ਖੇਲੰਦਿਆਂ ਵੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਸ਼ੁਕਰਗੁਜ਼ਾਰ ਹਾਂ ਆਪਣੀ ਪਤਨੀ ਹਰਜੀਤ ਤੇ ਪਰਿਵਾਰ ਦੇ ਜੀਆਂ ਦਾ ਜਿਨ੍ਹਾਂ ਨੇ ਮੈਨੂੰ ਪੜ੍ਹਨ ਲਿਖਣ ਲਈ ਪਰਿਵਾਰਕ ਕਾਰਜਾਂ ਤੋਂ ਵਿਹਲ ਦਿੱਤੀ ਰੱਖੀ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਿੱਧੂ ਦਮਦਮੀ ਦਾ, ਜਿਸ ਨੇ ‘ਬਕੱਲਮਖੁਦ’ ਕਾਲਮ ਰਾਹੀਂ ਮੈਨੂੰ ਪਾਠਕਾਂ ਦੇ ਸਨਮੁਖ ਕੀਤਾ। ਤੇ ਧੰਨਵਾਦੀ ਹਾਂ ਪਾਠਕਾਂ ਦਾ ਜਿਨ੍ਹਾਂ ਦੇ ਸੁਝਾਵਾਂ ਨਾਲ ਇਹ ਪੁਸਤਕ ਵਜੂਦ ਵਿੱਚ ਆਈ।

Additional Info

  • Writings Type:: A book chapter
Read 4700 times Last modified on Tuesday, 13 October 2009 17:45
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।