You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਨਦੀਓਂ ਪਾਰ ਰਾਂਝਣ ਦਾ ਠਾਣਾ

ਲੇਖ਼ਕ

Tuesday, 06 October 2009 17:49

ਨਦੀਓਂ ਪਾਰ ਰਾਂਝਣ ਦਾ ਠਾਣਾ

Written by
Rate this item
(0 votes)

‘‘ਵਰਿਆਮ!…ਤਿਆਰ ਰਹੀਂ…ਆਪਾਂ ਲਾਹੌਰ ਵੀ ਚੱਲਣੈ। ਫ਼ਖ਼ਰ ਜ਼ਮਾਂ ਕੋਸ਼ਿਸ਼ ਕਰ ਰਿਹੈ ਲਾਹੌਰ ਵਿਚ ਆਲਮੀ ਪੰਜਾਬੀ ਕਾਨਫ਼ਰੰਸ ਕਰਾਉਣ ਵਾਸਤੇ…।’’

ਸੁਤਿੰਦਰ ਸਿੰਘ ਨੂਰ ਦੇ ਲਫ਼ਜ਼ ਸੁਣਦਿਆਂ  ਮੇਰੇ ਅੰਦਰ ਰੌਸ਼ਨੀਆਂ ਕਹਿਕਸ਼ਾਂ ਵਿਚ ਗੁੰਦੇ ਤਾਰਿਆਂ ਵਾਂਗ ਲਿਸ਼ਕੀਆਂ। ਨਾੜਾਂ ‘ਚ ਲਹੂ ਦੀ ਗਤੀ ਬੁੜ੍ਹਕਦੀ ਹੋਈ ਹੱਸ ਪਈ।

‘‘ਵੇਖਿਓ ! ਹੁਣ ਭੁਲ ਨਾ ਜਾਇਓ! ਜਦੋਂ ਵੀ ਕਾਨਫ਼ਰੰਸ ਹੋਈ, ਜ਼ਰੂਰ ਲੈ ਕੇ ਜਾਣਾ। ਮੇਰੀ ਬੜੀ ਡੂੰਘੀ ਹਸਰਤ ਹੈ ਲਾਹੌਰ ਜਾਣ ਦੀ।’’ ਮੈਂ ਬੱਚਿਆਂ ਵਾਲੇ ਉਤਸ਼ਾਹ ਨਾਲ ਆਖਿਆ।

ਮੈਂ ਉਸ ਬਾਲ ਵਾਂਗ ਸਾਂ ਜੋ ਕਿਸੇ ਮੇਲੇ ‘ਤੇ ਜਾਣ ਲਈ ਘਰ ਵਾਲਿਆਂ ਤੋਂ ਪੇਸ਼ਗੀ ਮਨਜ਼ੂਰੀ ਲੈਣੀ ਚਾਹੁੰਦਾ ਹੋਵੇ। ਹਾਲਾਂਕਿ ਇਹ ਸੱਦਾ ਹੋਣ ਵਾਲੀ ਲਾਹੌਰ ਕਾਨਫ਼ਰੰਸ ਉੱਤੇ ਜਾਣ ਵਾਲੇ ਭਾਰਤੀ ਡੈਲੀਗੇਸ਼ਨ ਦੇ ਬਣਨ ਵਾਲੇ ਮੁਖੀ ਵਲੋਂ ਸੀ। ਪਰ ਮੇਰੇ ਅੰਦਰਲੇ ਬਾਲ ਨੂੰ ਡਰ ਜਿਹਾ ਵੀ ਪੈ ਗਿਆ ਕਿ ਕਿਤੇ ਮੇਲੇ ਵਾਲੇ ਦਿਨ ਮੈਨੂੰ ਨਾਲ ਲਿਜਾਣਾ ਭੁੱਲ ਨਾ ਜਾਣ।

‘‘ਨਹੀਂ, ਤੂੰ ਜ਼ਰੂਰ ਜਾਏਂਗਾ। ਅਜੇ ਫ਼ਖ਼ਰ ਦੀ ਪਾਕਿਸਤਾਨ ਸਰਕਾਰ ਨਾਲ ਗੱਲ ਚੱਲਦੀ ਪਈ ਹੈ। ਝੰਡੀ ਮਿਲਣ ‘ਤੇ ਇਕ ਦੋ ਮਹੀਨਿਆਂ ਵਿਚ ਵੈਨਿਊ ਤੇ ਕਾਨਫ਼ਰੰਸ ਦੀਆਂ ਤਰੀਕਾਂ ਤੈਅ ਹੋ ਜਾਣਗੀਆਂ।’’

ਇਹ ਫਰਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਦੀ ਗੱਲ ਹੈ। ਮੈਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਲੈਣ ਦੇ ਸਿਲਸਿਲੇ ਵਿਚ ਦਿੱਲੀ ਵਿਚ ਸਾਂ ਅਤੇ ਇਸ ਵੇਲੇ ਡਾ. ਨੂਰ ਦਿੱਲੀ  ਦੂਰਦਰਸ਼ਨ ‘ਤੇ ਮੇਰੀ ਇੰਟਰਵਿਊ ਕਰਨ ਲਈ ਮੈਨੂੰ ਆਪਣੀ ਕਾਰ ਵਿਚ ਬਿਠਾ ਕੇ ਲਿਜਾ ਰਿਹਾ ਸੀ। ਲਾਹੌਰ ਜਾਣ ਦਾ ਸੱਦਾ ਮੈਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਤੋਂ ਵੀ ਵੱਧ ਖ਼ੁਸ਼ੀ ਦੇਣ ਵਾਲਾ ਲੱਗਾ।

‘‘ਕਾਨਫ਼ਰੰਸ ਜਦੋਂ ਮਰਜ਼ੀ ਹੋਵੇ, ਮੈਨੂੰ ਲੈ ਕੇ ਜਾਣਾ ਨਾ ਭੁੱਲਣਾ।’’ ਮੈਂ ਅਜੇ ਵੀ ਬੱਚਿਆਂ ਵਾਲੇ ਉਤਸ਼ਾਹ ਵਿਚ ਸਾਂ ਅਤੇ ਆਪਣੇ ਆਪ ‘ਤੇ ਹੈਰਾਨ ਵੀ। ਮੈਂ ਕੁਝ ਲੋੜੋਂ ਵੱਧ ਖ਼ੁਦਦਾਰ ਹਾਂ। ਇਹ ਖ਼ੁਦਦਾਰੀ ਸ਼ਾਇਦ ਕਈ ਵਾਰ ਹਉਮੈ ਬਣ ਕੇ ਵੀ ਬੋਲ ਪੈਂਦੀ ਹੈ। ਉਂਜ ਮੇਰੀ ਖ਼ੁਦਦਾਰੀ ਮੇਰੇ ਤੋਂ ਹਮੇਸ਼ਾ ਮੰਗ ਕਰਦੀ ਹੈ ਕਿ ਕਦੀ ਕੁਝ ਮੰਗ ਕੇ ਨਹੀਂ ਲੈਣਾ! ਅਜੇ ਪਤਾ ਨਹੀਂ ਕਦੋਂ ਨਿਸਚਿਤ ਹੋਣੀ ਸੀ ਇਹ ਕਾਨਫ਼ਰੰਸ। ਇਸ ‘ਤੇ ਜਾਣ ਲਈ ਵੀ ਮੈਨੂੰ ਖ਼ੁਦ ਡਾ. ਨੂਰ ਵਲੋਂ ਕਿਹਾ ਗਿਆ ਸੀ। ਪਰ ਮੈਂ ਅਜੇ ਵੀ ਬੱਚਾ ਬਣ ਕੇ ਉਸ ਦਾ ਝੱਗਾ ਖਿੱਚੀ ਜਾ ਰਿਹਾ ਸਾਂ ਤੇ ਜ਼ਿਦ ਕਰ ਰਿਹਾ ਹਾਂ, ‘‘ਮੈਂ ਜਾਣੈ, ਮੈਨੂੰ ਲੈ ਕੇ ਜਾਇਓ, ਮੈਂ ਵੀ ਜਾਣੈ।’’

ਇੰਜ ਬਾਲਾਂ ਵਾਂਗ ਰੋਮਾਂਚਿਤ ਹੋ ਜਾਣ ਪਿੱਛੇ ਨਿੱਜੀ ਤੇ ਪੂਰਾ ਸਮਾਜਕ, ਰਾਜਨੀਤਕ ਇਤਿਹਾਸ ਕਾਰਜਸ਼ੀਲ ਸੀ। ਸੰਤਾਲੀ ਦੀ ਵੰਡ ਨੇ ਸਾਡੇ ਮੁਲਕ ਦੀ ਹਿੱਕ ‘ਤੇ ਆਰਾ ਰੱਖ ਕੇ ਇਸ ਨੂੰ ਦੋ ਭਾਗਾਂ ਵਿਚ ਕੱਟ ਦਿੱਤਾ ਸੀ। ਕਸੂਰ ਕਿਸ ਦਾ ਸੀ! ਕਿਸੇ ਮੁਸਲਿਮ ਲੀਗ ਦਾ ਜਾਂ ਕਾਂਗਰਸ ਦਾ! ਕਿਸੇ ਨਹਿਰੂ, ਪਟੇਲ ਦਾ ਜਾਂ ਮੁਹੰਮਦ ਅਲੀ ਜਿੱਨਾਹ ਦਾ! ਇਤਿਹਾਸਕਾਰ ਫ਼ੈਸਲਾ ਕਰਦੇ ਰਹੇ ਨੇ, ਕਰਦੇ ਰਹਿਣਗੇ। ਪਰ ਸਿੱਟੇ ਵਜੋਂ ਪੰਜਾਬ ਜ਼ਿਬਾਹ ਹੋ ਗਿਆ। ਤਬਾਹ ਹੋ ਗਿਆ। ਹਮਸਾਇਆ ਮਾਂ-ਪਿਓ ਜਾਇਆਂ ਦੇ ਖ਼ੂਨ ਨਾਲ ਦੋਹੀਂ ਪਾਸੀਂ ਹੱਥ ਰੰਗੇ ਗਏ ਤੇ ਇਹ ਹੱਥ ਆਪਣੇ ਮੂੰਹ ਉੱਤੇ ਮਲਦਿਆਂ ਖ਼ੂਨੀ ਦੈਂਤ-ਮੁੱਖ ਪੰਜਾਬ ਨੇ ਆਪ ਆਪਣੀਆਂ ਧੀਆਂ-ਭੈਣਾਂ ਤੇ ਮਾਵਾਂ ਦੀ ਅਸਮਤ ਲੁੱਟੀ। ਪੰਜਾਬ ਦੇ ਦਰਿਆਵਾਂ ਕੋਲ ਸ਼ਰਮਿੰਦੇ ਹੋਣ ਲਈ ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ ਲਿਆਉਣ ਜੋਗਾ ਪਾਣੀ ਨਾ ਰਿਹਾ। ਜਦੋਂ ਬੰਦਿਆਂ ਦਾ ਖ਼ੂਨ ਸਫ਼ੈਦ ਹੋ ਜਾਵੇ ਤਾਂ ਦਰਿਆਵਾਂ ਵਿਚ ਪਾਣੀ ਨਹੀਂ ਖ਼ੂਨ ਵਗਦਾ ਹੈ ਤੇ ਬੇਬਸ ਹੋਇਆ ਆਦਮੀ ਅੱਖਾਂ ‘ਚੋਂ ਖ਼ੂਨ ਦੇ ਹੰਝੂ ਵਹਾਉਂਦਾ ਹੈ। ਮਨ ਤੇ ਰੂਹ ਉੱਤੇ ਚੀਸਾਂ, ਚੀਕਾਂ ਦਾ ਡੂੰਘਾ ਦਰਦ ਲੈ ਕੇ ਸਦੀਆਂ ਤੋਂ ਆਪਣੀ ਜਨਮ ਭੋਂ ਨਾਲੋਂ ਆਪਣੇ ਆਪ ਨੂੰ ਕਾਹਲੀ ਕਾਹਲੀ ਰਾਤੋ-ਰਾਤ ਕੱਟ ਕੇ, ਖੱਗ ਕੇ ਦੂਜੀ ਧਰਤੀ ‘ਤੇ ਜੜ੍ਹਾਂ ਲਾਉਣ ਲਈ ਕਾਫ਼ਲਿਆਂ ਦੇ ਰੂਪ ਵਿਚ ਤੁਰੇ ਜਾਂਦੇ ਲੋਕਾਂ ਦੀਆਂ ਅੱਖਾਂ ਵਿਚੋਂ ਅੱਧ ਵਿਚਾਲੇ ਕੱਟੀਆਂ ਜੜ੍ਹਾਂ ਦਾ ਪਾਣੀ ਸਿੰਮ-ਸਿੰਮ ਕੇ ਜਿਸਮ ਅਤੇ ਰੂਹ ਨੂੰ ਗਿੱਲਾ ਕਰੀ ਜਾ ਰਿਹਾ ਸੀ। ਇਹ ਜੜ੍ਹਾਂ ਰਿਸਦੀਆਂ ਸਿੰਮਦੀਆਂ ਰਹੀਆਂ, ਨਾਸੂਰ ਬਣ ਕੇ, ਕਿਉਂਕਿ ਇਨ੍ਹਾਂ ਦਾ ਅੱਧ ਤਾਂ ‘ਆਪਣੀ’ ਪਰ ‘ਪਰਾਈ’ ਹੋ ਗਈ ਮਿੱਟੀ ਵਿਚ ਦੱਬਿਆ ਰਹਿ ਗਿਆ ਸੀ।

ਕੱਟੀਆਂ ਜੜ੍ਹਾਂ ਦਾ ਡੂੰਘਾ ਦਰਦ ਸਦਾ ਹੀ ਮੇਰੇ ਜਿਸਮ ਨੂੰ ਥਰਥਰਾਉਂਦਾ ਰਿਹਾ ਤੇ ਰੂਹ ਵਿਚ ਝਰਨਾਹਟ ਫੇਰਦਾ ਮੇਰੀਆਂ ਅੱਖਾਂ ਵਿਚੋਂ ਸਿੰਮਦਾ ਰਿਹਾ। ਮੈਂ ਸੁਰਤ ਸੰਭਾਲੀ ਤਾਂ ਦੇਸ਼ ਦੀ ਵੰਡ ਤੇ ਉਹਦਾ ਦਰਦ ਮੇਰੇ ਨਾਲ-ਨਾਲ ਤੁਰਨ ਲੱਗਾ। ਜਿਉਂ-ਜਿਉਂ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਇਹ ਦਰਦ ਵੀ ਵੱਡਾ ਹੁੰਦਾ ਗਿਆ। ਬਚਪਨ ਦੇ ਸਾਲਾਂ ਵਿਚ ਹਰ ਪਾਸੇ ਇਸੇ ਦਰਦ ਦੀਆਂ ਗੱਲਾਂ ਸਨ। ਹੋਈ ਕਤਲੋਗਾਰਤ ਦੀਆਂ, ਅੰਨ੍ਹੀ ਵਹਿਸ਼ਤ ‘ਤੇ ਦਹਿਸ਼ਤ ਦੀਆਂ। ਛੱਡੇ ਹੋਏ ਘਰਾਂ ਦੇ ਉਦਰੇਵੇਂ ਦੀਆਂ। ਆਪਣੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ। ਲੋਕ ਨਵੇਂ ਥਾਵਾਂ ‘ਤੇ ਆਪਣੀਆਂ ਜੜ੍ਹਾਂ ਲਾ ਰਹੇ ਸਨ। ਦਰਦ ਨੂੰ ਡੂੰਘੀ ਕਬਰ ਖੋਦ ਕੇ ਉਸ ਵਿਚ ਦਫ਼ਨ ਵੀ ਕਰ ਰਹੇ ਸਨ। ਮੇਲਿਆਂ ਮੁਸਾਹਬਿਆਂ ਤੇ ਖ਼ੁਸ਼ੀਆਂ ਮਨਾਉਣ ਲਈ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ। ਪਰ ਫਿਰ ਵੀ ਡੂੰਘਾ ਦਬਿਆ ਹੋਇਆ ਦਰਦ ਅੱਖਾਂ ‘ਚੋਂ ਅੱਥਰੂ ਬਣ ਕੇ ਸਿੰਮ ਪੈਂਦਾ ਜਦੋਂ ਕੋਈ ਢਾਡੀ ਸਾਰੰਗੀ ਦਾ ਗ਼ਜ਼ ਤਾਰਾਂ ‘ਤੇ ਫੇਰਦਾ ਦਰਦ ਭਰੀ ਹੂਕ ਵਿਚ ਗਾਉਂਦਾ :

ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ।

ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ ਚਨਾਬ ਦੀ!

ਤੇ ਅੱਖਾਂ ਰਾਵੀ ਚਨਾਬ ਦੇ ਪਾਣੀ ਬਣ ਕੇ ਵਗ ਪੈਂਦੀਆਂ। ਮੈਂ ਅਕਸਰ ਹੀ ਕਿਸੇ ਕਵੀ-ਕਵੀਸ਼ਰ ਜਾਂ ਰਾਗੀ-ਢਾਡੀ ਨੂੰ ਉਸ ਮਾਸੂਮ ਬਾਲੜੀ ਦੀ ਦਰਦ-ਦਾਸਤਾਂ ਗਾਉਂਦਿਆਂ ਸੁਣਦਾ ਜਿਸ ਦੇ ਸਾਰੇ ਟੱਬਰ ਦਾ ਇਕ ਵੀ ਜੀਅ ਨਹੀਂ ਸੀ ਬਚਿਆ। ਜੋ ਆਪ ਪਤਾ ਨਹੀਂ ਕਿਵੇਂ ਬਚਾ-ਬਚਾ ਕੇ ਹਿੰਦੁਸਤਾਨ ਆ ਗਈ ਸੀ ਤੇ ਤੀਆਂ ਦੇ ਮੇਲੇ ‘ਤੇ ਇਕਲਵੰਜੇ ਬੈਠੀ ਦੂਜੀਆਂ ਕੁੜੀਆਂ ਨੂੰ ਗਿੱਧਾ ਪਾਉਂਦਿਆਂ ਨੱਚਦਿਆਂ ਟੱਪਦਿਆਂ ਵੇਖ ਉਸ ਦੀ ਇਸ ਉਦਾਸੀ ਨੂੰ ਵੇਖ ਕੇ ਸ਼ਾਇਰ ਉਸ ਕੋਲ ਜਾਂਦਾ ਤੇ ਉਹਦੇ ਦੁੱਖ ਦਾ ਕਾਰਨ ਪੁੱਛਦਾ ਤੇ ਉਹ ਕੁੜੀ ਆਪਣੀ ਦੁੱਖ ਦੀ ਕਹਾਣੀ ਦੱਸਦੀ ਕਿ ਉਹ ਇੱਕਲੀ ਯਤੀਮ ਸਾਰਾ ਟੱਬਰ ਗੁਆ ਚੁੱਕੀ ਕੁੜੀ ਕਿਵੇਂ ਹੱਸ ਸਕਦੀ ਹੈ। ਇਸ ਦਰਦ ਕਹਾਣੀ ਨੂੰ ਸੁਣ ਕੇ ਬੁੱਕ-ਬੁੱਕ ਅੱਥਰੂ ਕੇਰਦੇ ਲੋਕ ਗਾਉਣ ਵਾਲੇ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ। ਮੈਂ ਆਪਣੇ ਆਪ ਨੂੰ ਉਸ ਕੁੜੀ ਦੇ ਕੋਲ ਬੈਠਾ ਤੇ ਉਸ ਦੀ ਥਾਂ ਵੀ ਬੈਠਾ ਹੋਇਆ ਵੇਖਦਾ। ਗਾਉਣ ਵਾਲਾ ਗਾ ਰਿਹਾ ਹੁੰਦਾ :

ਡਿੱਠਾ ਇਕ ਝੁਰਮਟ ਕੁੜੀਆਂ ਦਾ

ਜੋ ਤ੍ਰਿੰਞਣ ਅੰਦਰ ਗਾਉਂਦੀਆਂ ਸਨ

ਕਈਆਂ ਪਿੱਪਲੀ ਪੀਂਘਾਂ ਪਾਈਆਂ ਸਨ

ਰੱਜ ਰੱਜ ਕੇ ਪੀਂਘ ਚੜ੍ਹਾਉਂਦੀਆਂ ਸਨ

ਕਿਕਲੀ ਕਲੀਰੇ ਦੀ, ਪੱਗ ਮੇਰੇ ਵੀਰੇ ਦੀ

‘ਵੀਰੇ ਦੀ ਉਮਰਾ ਵੱਡੀ ਹੋ’

ਇਹ ਕਹਿ ਕੇ ਖ਼ੈਰ ਮਨਾਉਂਦੀਆਂ ਸਨ।

ਇਸ ਹੱਸਦੀ ਨੱਚਦੀ ਢਾਣੀ ਤੋਂ

ਬੈਠੀ ਇਕ ਪਰ੍ਹਾਂ ਨਿਆਣੀ ਸੀ

ਉਸ ਸੁਰਤ ਜ਼ਿਮੀਂ ਵਿਚ ਗੱਡੀ ਸੀ

ਤੇ ਬੈਠੀ ਨਿਮੋਝਾਣੀ ਸੀ

ਮੈਂ ਪੁੱਛਿਆ ਉਸ ਨੂੰ ਦਸ ਬੀਬੀ!

ਕਿਉਂ ਬੈਠੀ ਪਰ੍ਹਾਂ ਦੁਰੇਡੇ ਨੇ

ਸਭ ਕੁੜੀਆਂ ਸਾਂਵੇਂ ਖੇਡਦੀਆਂ

ਪਰ ਤੂੰ ਨਾ ਸਾਵੇਂ ਖੇਡੇ ਨੇ।

(ਉਹ ਬੋਲੀ) ‘ਵੇ ਵੀਰਾ ਸਾਵੇਂ ਨੇ ‘ਸਾਵਿਆਂ’ ਦੇ

ਮੈਨੂੰ ਰੱਬ ਨਾ ਸਾਵੀਂ ਛੱਡਿਆ ਹੈ

ਪਿਓ ਦਾਦਾ ਜਿਸ ਥਾਂ ਵਸਦਾ ਸੀ

ਉਸ ਘਰ ‘ਚੋਂ ਸਾਨੂੰ ਕੱਢਿਆ ਹੈ

ਇਹ ਕਿੱਕਲੀ ਆਖਣ ਵੀਰੇ ਦੀ

ਮੇਰੇ ਵੀਰੇ ਘੱਤ ਵਹੀਰ ਗਏ

ਮੇਰੀ ਮਾਂ ਵੀ ਪਿੱਛਾ ਦੇ ਗਈ ਏ

ਮੇਰੇ ਸੁਖ ਦੇ ਦਿਨ ਅਖ਼ੀਰ ਗਏ…

ਗਾਉਣ ਵਾਲਾ ਗਾ ਰਿਹਾ ਹੁੰਦਾ। ਸੁਣਨ ਵਾਲੇ ਰੋ ਰਹੇ ਹੁੰਦੇ। ਇਹ ਕਵਿਤਾ ਸੁਣ ਕੇ ਕਈ ਜ਼ਨਾਨੀਆਂ ਨੂੰ ਮੈਂ ਭੁੱਬੀਂ ਰੋਂਦਿਆਂ ਵੇਖਿਆ। ਕਵਿਤਾ ਚੱਲਦੀ ਜਾਂਦੀ…

ਵੇ ਇਨ੍ਹਾਂ ਖਸਮਾਂ ਖਾਣਿਆਂ ਲੀਡਰਾਂ ਨੇ

ਜਦੋਂ ਵੰਡ ਦੇਸ਼ ਦੀ ਪਾਈ ਸੀ

ਸਾਡੀ ਜਨਮਾਂਤਰ ਭੂਮੀ ਜੋ

ਉਹ ਹੱਥ ‘ਮੋਮਨਾਂ’ ਆਈ ਸੀ।

ਸਾਰੇ ਇਕ ਦਿਨ ਸਾਰੇ ‘ਕੱਠੇ ਹੋ

ਉਹ ਸਾਡੇ ਪਿੰਡ ‘ਤੇ ਟੁੱਟ ਪਏ

ਹੁਣ ਚਾਰਾ ਕੋਈ ਵੀ ਚੱਲਣਾ ਨਹੀਂ

ਸਾਡੇ ਵੀ ਅੱਗੋਂ ਜੁੱਟ ਪਏ

ਲੋਹੇ ‘ਤੇ ਲੋਹਾ ਵੱਜਿਆ ਜਾਂ

ਵੱਢੇ ਗਏ ਸਿਰ ਜਵਾਨਾਂ ਦੇ

ਹੋ ਗਈ ਤਬਾਹੀ ਨਗਰ ਦੀ

ਖੋਲੇ ਹੋ ਗਏ ਮਕਾਨਾਂ ਦੇ…

ਤੇ ਫਿਰ ਕਵੀ ਦੱਸਦਾ ਕਿਵੇਂ ਦੁਸ਼ਮਣ ਨੂੰ ਭਾਰੂ ਹੁੰਦਿਆਂ ਵੇਖ ਕੇ ਉਹਦੇ ਭਰਾ ਤੇ ਪਿਉ ਨੇ ਘਰ ਦੀਆਂ ਔਰਤਾਂ ਨੂੰ ਵੱਢਿਆ ਤਾਂ ਕਿ ਉਨ੍ਹਾਂ ਦੀ ਇੱਜ਼ਤ ਖ਼ਰਾਬ ਨਾ ਹੋਵੇ। ਕਿਵੇਂ! ਉਹ ਛੋਟੀ ਜਿਹੀ ਬੱਚੀ ਲੁਕ ਕੇ ਇਹ ਸਾਰਾ ਕੁਝ ਵੇਖਦੀ ਰਹੀ। ਕਿਵੇਂ ਉਸ ਦਾ ਭਰਾ ਉਸ ਦੀਆਂ ਅੱਖਾਂ ਸਾਹਮਣੇ ਵੱਢਿਆ ਗਿਆ। ਕਿਵੇਂ ਮਾਂ ਮਾਰੀ ਗਈ ਤੇ ਕਿਵੇਂ ਪਿਓ….।

ਉਸ ਪਲ ਉਹ ਮਾਸੂਮ ਬੱਚੀ ਸਾਰੇ ਸਰੋਤਿਆਂ ਦੀ ਆਪਣੀ ਬੱਚੀ ਬਣ ਜਾਂਦੀ ਤੇ ਉਸ ਦਾ ਇਹ ਦਰਦ ਵੀ ਉਨ੍ਹਾਂ ਸਾਰਿਆਂ ਦਾ ਆਪਣਾ। ਸੁਣਨ ਵਾਲਿਆਂ ਵਿਚ ਕੌਣ ਸੀ ਜਿਸ ਦੇ ਕਿਸੇ ਨਾ ਕਿਸੇ ਜੀਅ ਨਾਲ ਅਜਿਹਾ ਭਾਣਾ ਨਹੀਂ ਸੀ ਵਾਪਰਿਆ।

ਇਸੇ ਦਰਦ ਦਾ ਭਾਵ ਇਕ ਸਥਾਈ ਭਾਵ ਬਣ ਕੇ ਮੇਰੇ ਅਵਚੇਤਨ ਵਿਚ ਬਹੁਤ ਡੂੰਘਾ ਉਤਰ ਗਿਆ ਸੀ। ਪੱਛਮੀ ਪੰਜਾਬ ਦਾ ਪਾਕਿਸਤਾਨ ਬਣ ਗਿਆ ਇਲਾਕਾ ਤੇ ਉਸ ਦਾ ਵਿਛੋੜਾ ਮੇਰੇ ਨਾਲ-ਨਾਲ ਤੁਰਦੇ। ਉਸ ਖਿੱਤੇ ਅਤੇ ਉਥੋਂ ਦੇ ਲੋਕਾਂ ਬਾਰੇ ਪੁਰਾਣੀ ਜਾਂ ਨਵੀਂ, ਲਿਖਤੀ ਜਾਂ ਜ਼ੁਬਾਨੀ ਕੋਈ ਵੀ ਕਥਾ-ਕਹਾਣੀ ਮੈਨੂੰ ਤੁਰੰਤ ਆਪਣੇ ਵੱਲ ਖਿੱਚ ਕੇ ਜੋੜ ਲੈਂਦੀ। ਸਾਹਿਤ ਵਿਚ ਅਤੇ ਪਾਕਿਸਤਾਨੋਂ ਉਜੜ ਕੇ ਆਏ ਲੋਕਾਂ ਕੋਲ ਆਪਸੀ ਸਾਂਝ, ਮੁਹੱਬਤ ਤੇ ਫਿਰ ਹੈਵਾਨੀ ਦੁਸ਼ਮਣੀ ਵਿਚ ਵਟ ਜਾਣ ਦੀਆਂ ਅਨੇਕਾਂ ਕਹਾਣੀਆਂ ਸਨ। ਇਕ ਅਤ੍ਰਿਪਤ ਤਾਂਘ ਸੀ ਮੇਰੇ ਅੰਦਰ। ਮੈਂ ਆਪਣੇ ਸੁਪਨਿਆਂ ਦੀ ਧਰਤੀ ਉੱਤੇ ਤੁਰਨਾ ਚਾਹੁੰਦਾ ਸਾਂ। ਲਾਹੌਰ ਦੇ ਬਾਜ਼ਾਰਾਂ ਵਿਚ, ਅਨਾਰਕਲੀ ਵਿਚ…ਰਾਵੀ ਦੇ ਪੱਤਣ ‘ਤੇ। ਮੈਂ ਬਾਬੇ ਨਾਨਕ ਦੇ ਖੇਤਾਂ ਵਿਚ ਵਿਚਰਨਾ ਚਾਹੁੰਦਾ ਸਾਂ। ਬਾਬੇ ਬੁੱਲ੍ਹੇ, ਵਾਰਸ ਤੇ ਸ਼ਾਹ ਹੁਸੈਨ ਅੱਗੇ ਸਿਰ ਨਿਵਾਉਣਾ ਚਾਹੁੰਦਾ ਸਾਂ। ਮੈਂ ਚਾਚੇ ਨਜ਼ਾਮੁਦੀਨ ਕੋਲ ਬੈਠ ਕੇ ਉਸ ਦੀ ਜ਼ੁਬਾਨ ਦੀ ਪਾਕੀਜ਼ਗੀ ਦਾ ਲੁਤਫ਼ ਲੈਣਾ ਚਾਹੁੰਦਾ ਸਾਂ। ਨੂਰਜਹਾਂ, ਇਕਬਾਲ ਬਾਨੋ, ਫ਼ਰੀਦਾ ਖ਼ਾਨਮ, ਤਾਹਿਰਾ ਸਈਅਦ, ਗੁਲਾਮ ਅਲੀ, ਮਹਿਦੀ ਹਸਨ ਤੇ ਰੇਸ਼ਮਾ ਦੇ ਅੰਗ-ਸੰਗ ਵਿਚਰਨਾ ਚਾਹੁੰਦਾ ਸਾਂ। ਮੈਂ ਸ਼ਹਿਨਾਜ਼ ਤੇ ਹਸਨ ਸਰਦਾਰ ਨਾਲ ਹਾਕੀ ਖੇਡਣਾ ਚਾਹੁੰਦਾ ਸਾਂ। ਗਾਮੇ ਪਹਿਲਵਾਨ ਦੇ ਨਜ਼ਦੀਕ ਬੈਠ ਕੇ ਉਹਨੂੰ ਸ਼ਰਦਾਈ ਪੀਂਦਿਆਂ ਵੇਖਣਾ ਚਾਹੁੰਦਾ ਸਾਂ…ਮੈਂ ਕੀ-ਕੀ ਚਾਹੁੰਦਾ ਸਾਂ…!

ਪਰ ਰਸਤੇ ਵਿਚ ਵਾਘੇ ਦੀ ਲਹੂ-ਭਿੱਜੀ ਲੀਕ ਸੀ। ਮੇਰੇ ਰੂਪ ਵਿਚ ਪੰਜਾਬ ਦਾ ਅੱਧ-ਕੱਟਿਆ ਧੜ ਆਪਣੇ ਬਾਕੀ ਅੱਧੇ ਕੱਟੇ ਧੜ ਨਾਲ ਮਿਲ ਕੇ ਮੁਕੰਮਲ ਹੋਣ ਲਈ ਵਿਲਕ ਰਿਹਾ ਸੀ। ਦੋਹੀਂ ਪਾਸੀਂ ਇਹ ਕੱਟੇ ਧੜ ਮਿਲਾਪ ਲਈ ਤੜਪ ਰਹੇ ਸਨ ਪਰ ਵਿਚਕਾਰਲੀ ਲਹੂ ਭਿੱਜੀ ਲਕੀਰ ‘ਤੇ ਦਿਨ-ਬ-ਦਿਨ ਦੀਵਾਰ ਉਸਰਦੀ ਜਾ ਰਹੀ ਸੀ ਤੇ ਇਸ ‘ਤੇ ਹਰ ਸਾਲ ਹੋਰ ਉੱਚਾ ਵਾਰ ਦਿੱਤਾ ਜਾ ਰਿਹਾ ਸੀ। ਦੋਵੇਂ ਮੁਲਕ ਜ਼ੋਰੋ-ਜ਼ੋਰ ਰੱਦੇ ਉਸਾਰੀ ਜਾ ਰਹੇ ਸਨ। ਕਸ਼ਮੀਰ ਦੀਆਂ ਪਹਾੜੀਆਂ, ਪੈਂਹਠ ਤੇ ਇਕ੍ਹੱਤਰ ਦੀਆਂ ਜੰਗਾਂ ਵਿਚ ਲੱਗੇ ਲਾਸ਼ਾਂ ਦੇ ਢੇਰ ਕਾਰਗਿਲ ਦੀਆਂ ਚੋਟੀਆਂ ਬਣ ਕੇ ਦਰਮਿਆਨ ਖਲੋਤੇ ਸਨ।

ਪਰ ਮੇਰੇ ਅੰਦਰਲੀ ਤਾਂਘ ਹੋਰ ਤੋਂ ਹੋਰ ਪਰਬਲ ਹੁੰਦੀ ਜਾ ਰਹੀ ਸੀ। ਉਸ ਧਰਤੀ ਨੂੰ ਦੇਖਣ ਦੀ, ਉਸ ‘ਤੇ ਕਦਮ ਧਰਨ ਦੀ, ਉਸ ਨੂੰ ਨਤਮਸਤਕ ਹੋਣ ਦੀ…ਜਿਹੜੀ ਕਦੀ ਮੇਰੀ ਜਨਮ ਭੋਇੰ ਸੀ। ਜਿਥੇ ਸਦੀਆਂ ਤੋਂ ਮੇਰੇ ਵਡੇਰੇ ਵਾਸ ਕਰਦੇ ਆਏ ਸਨ। ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਲਾਹੌਰ ਜ਼ਿਲੇ ਵਿਚ ਸਰਹੱਦੋਂ ਪਾਰ ਸੀ। ਮੈਂ ਸਰਹੱਦ ‘ਤੇ ਖਲੋ ਕੇ ਉਸ ਨੂੰ ਵੇਖ ਸਕਦਾ ਸਾਂ ਪਰ ਉਥੇ ਜਾ ਨਹੀਂ ਸਾਂ ਸਕਦਾ। ਹੱਦੋਂ ਪਾਰ ਸਿਰਫ ਦੋ ਫਰਲਾਂਗ ਦੀ ਦੂਰੀ ‘ਤੇ।

ਮੈਂ ਕਈ ਵਾਰ ਵਾਘਾ ਬਾਰਡਰ ‘ਤੇ ਜਾਂਦਾ। ਨੋ ਮੈਨਜ਼ ਲੈਂਡ ਤੋਂ ਪਾਰ ਉੱਗੀਆਂ ਫ਼ਸਲਾਂ, ਰੁੱਖਾਂ ਬੂਟਿਆਂ ਨੂੰ ਤੇ ਸਾਹਮਣੀ ਸੜਕ ‘ਤੇ ਖਲੋਤੇ ਆਪਣੇ ਹੀ ਵਰਗੇ ਹੱਥ ਹਿਲਾਉਂਦੇ ਲੋਕਾਂ ਨੂੰ ਵੇਖਦਾ। ਸਾਰਾ ਕੁਝ ਹੀ ਕਿੰਨਾ ਆਪਣਾ ਸੀ। ਪਰ ਕਿੰਨਾ ਓਪਰਾ ਤੇ ਕਿੰਨਾ ਦੂਰ ਸੀ। ਮੈਨੂੰ ਲੱਗਦਾ ਮੈਂ ਜਿਵੇਂ ਸਾਲਾਂ ਤੋਂ ਬਿਮਾਰ ਇਕੋ ਵੱਖੀ ਪਰਨੇ ਲੇਟਿਆ-ਲੇਟਿਆ ਥੱਕ ਗਿਆ ਹਾਂ। ਮੈਂ ਨੋ-ਮੈਨਜ਼ ਲੈਂਡ ‘ਤੇ ਪਾਸਾਂ ਪਰਤ ਕੇ ਦੂਜੀ ਵੱਖੀ ਪਰਨੇ ਹੋਣਾ ਚਾਹੁੰਦਾ ਸਾਂ। ਪਰ ਉਥੇ ਲੱਗੀ ਵਾੜ ਮੈਨੂੰ ਪਾਸਾ ਨਹੀਂ ਪਰਤਣ ਦਿੰਦੀ। ਜੇ ਪਾਸਾ ਪਰਤਾਂਗਾ ਤਾਂ ਵਾੜ ਜਿਸਮ ਵਿਚ ਖੁੱਭ ਜਾਵੇਗੀ। ਪਰ ਮੈਂ ਕਰਾਂ ਵੀ ਕੀ? ਪਾਸਾ ਪਰਤ ਨਹੀਂ ਸਕਦਾ ਤੇ ਇਕੋ ਪਾਸੇ ਪਿਆਂ ਮੇਰੀ ਰੂਹ ‘ਤੇ ਜ਼ਖਮ ਹੋ ਗਏ ਹਨ…

ਕਾਨਫਰੰਸ ‘ਤੇ ਜਾਣ ਦਾ ਸੱਦਾ ਮੇਰੇ ਲਈ ਡਾਢੀ ਧਰਵਾਸ ਸੀ। ਮੇਰੇ ਸੁਫ਼ਨਿਆਂ ਦੀ ਧਰਤੀ ‘ਤੇ ਹਕੀਕੀ ਕਦਮ ਧਰਨ ਦਾ ਵਾਅਦਾ ਸੀ। ਮੇਰੀ ਚਿਰਾਂ ਪੁਰਾਣੀ ਤਾਂਘ ਦੇ ਤ੍ਰਿਪਤ ਹੋਣ ਦੀ ਅਗਾਊਂ ਸੂਚਨਾ ਸੀ। ਮੈਂ ਭਲਾ ਇਸ ਸੱਦੇ ਨੂੰ ਪ੍ਰਵਾਨ ਕਰਕੇ ਰੋਮਾਂਚਤ ਕਿਉਂ ਨਾ ਹੁੰਦਾ! ਮੇਰੇ ਅੰਦਰੋਂ ਬਾਬਾ ਸ਼ਾਹ ਹੁਸੈਨ ਬੋਲਿਆ :

ਨਦੀਓਂ ਪਾਰ ਰਾਂਝਣ ਦਾ ਠਾਣਾ!

ਕੀਤਾ ਕੌਲ ਜ਼ਰੂਰੀ ਜਾਣਾ

ਮਿੰਨਤਾਂ ਕਰਾਂ ਮਲਾਹ ਦੇ ਨਾਲ।

Read 1150 times