ਲੇਖ਼ਕ

Tuesday, 13 October 2009 19:01

22 - ਮੇਰਾ ਖੇਡ ਲੇਖਕ ਬਣਨਾ

Written by
Rate this item
(0 votes)

ਮਈ 1966 ਦੀ ਗੱਲ ਹੈ। ਕਾਲਜ ਵਿੱਚ ਛੁੱਟੀਆਂ ਸਨ। ਦਿੱਲੀ ਤੋਂ ਛੁੱਟੀਆਂ ਕੱਟਣ ਮੈਂ ਪਿੰਡ ਆਇਆ ਹੋਇਆ ਸਾਂ। ਉਨ੍ਹਾਂ ਦਿਨਾਂ `ਚ ਫਲ੍ਹੇ ਚਲਦੇ ਸਨ, ਧੜਾਂ ਉਡਦੀਆਂ ਤੇ ਤੂੜੀ ਦਾਣੇ ਢੋਏ ਜਾਂਦੇ ਸਨ। ਪਿੰਡਾਂ `ਚ ਬੰਦਾ ਬੁੜ੍ਹੀ ਤਾਂ ਕੀ, ਕੋਈ ਬੱਚਾ ਵੀ ਵਿਹਲਾ ਨਹੀਂ ਸੀ ਹੁੰਦਾ। ਸਕੂਲਾਂ ਵਿੱਚ ਵਾਢੀ ਦੀਆਂ ਛੁੱਟੀਆਂ ਹੁੰਦੀਆਂ ਸਨ। ਪਾੜ੍ਹੇ ਪਿੜਾਂ `ਚ ਕੰਮ ਕਰਵਾਉਂਦੇ ਸਨ। ਮੈਨੂੰ ਆਉਂਦੇ ਨੂੰ ਪਿੜ ਵਿੱਚ ਜੋੜ ਲਿਆ ਗਿਆ। ਵਿਹਲੀਆਂ ਖਾ ਕੇ ਜੁ ਆਇਆ ਸਾਂ। ਤਪਦੀ ਧੁੱਪ, ਵਗਦੀ ਲੂਅ ਤੇ ਲੜਦੀ ਕੰਡ `ਚ ਮੈਨੂੰ ਦਿੱਲੀ ਦੀਆਂ ਏਅਰ ਕੰਡੀਸ਼ੰਡ ਲਾਇਬ੍ਰੇਰੀਆਂ ਯਾਦ ਆਉਂਦੀਆਂ। ਜਦੋਂ ਮੈਂ ਧੁੱਪੇ ਪਏ ਘੜੇ `ਚੋਂ ਤੱਤੀ ਹੋਈ ਪਈ ਬਾਟੀ ਨਾਲ ਪਾਣੀ ਪੀਂਦਾ ਤਾਂ ਉਹ ਬੱਕਲੀਆਂ ਵਰਗਾ ਹੋਇਆ ਹੁੰਦਾ। ਪਰ ਪੀਤੇ ਬਿਨਾਂ ਸਰਦਾ ਵੀ ਨਹੀਂ ਸੀ। ਮੇਰੇ ਭਰਾ ਛੇੜਦੇ, “ਕਿਤੇ ਦਿੱਲੀ ਦਾ ਕੋਕਾ ਕੋਲਾ ਤਾਂ ਨੀ ਯਾਦ ਆਉਂਦਾ? ਆਖੇਂ ਤਾਂ ਮਲਾਈ ਕੀ ਬਰਫ ਆਲੇ ਨੂੰ ਸੱਦੀਏ?”

ਸ਼ਹਿਰੋਂ ਪੜ੍ਹ ਕੇ ਆਏ ਇੱਕ ਪਾੜ੍ਹੇ ਦਾ ਨਾਂ ਈ ਕੋਕਾ ਕੋਲਾ ਪੈ ਗਿਆ ਸੀ। ਮੈਂ ਸ਼ੁਕਰ ਕਰਦਾ ਕਿ ਮੈਨੂੰ ਕੋਕਾ ਕੋਲਾ ਨਹੀਂ ਸੀ ਕਹਿਣ ਲੱਗੇ। ਉਨ੍ਹੀਂ ਦਿਨੀ ਕੋਕਾ ਕੋਲਾ ਨਵਾਂ ਨਵਾਂ ਆਇਆ ਸੀ ਜਿਸ ਦੀ ਬੋਤਲ ਪੱਚੀ ਪੈਸੇ ਦੀ ਆਉਂਦੀ ਸੀ। ਬੋਤਲ ਦਾ ਲੱਕ ਪਤਲਾ ਸੀ ਤੇ ਛਾਤੀ ਭਾਰੀ ਸੀ। ਏਹੋ ਭਾਅ ਗੋਲੀ ਵਾਲੇ ਬੱਤੇ ਦਾ ਸੀ ਜਿਸ ਨੂੰ ਕੋਕਾ ਕੋਲਾ ਲਾਂਭੇ ਧੱਕ ਰਿਹਾ ਸੀ। ਪਿੜਾਂ `ਚ ਮੈਂ ਹਫ਼ਤਾ ਕੁ ਹੀ ਕੱਟਿਆ ਹੋਵੇਗਾ ਕਿ ਟ੍ਰਿਬਿਊਨ `ਚੋਂ ਮੈਨੂੰ ਇੱਕ ਚੰਗੀ ਖ਼ਬਰ ਪੜ੍ਹਨ ਨੂੰ ਮਿਲ ਗਈ। ਖ਼ਬਰ ਸੀ ਕਿ ਕਿੰਗਸਟਨ ਦੀਆਂ ਕਾਮਨਵੈੱਲਥ ਖੇਡਾਂ ਲਈ ਭਾਰਤੀ ਅਥਲੀਟਾਂ ਦਾ ਕੋਚਿੰਗ ਕੈਂਪ ਐੱਨ.ਆਈ.ਐੱਸ.ਪਟਿਆਲਾ ਵਿੱਚ ਲੱਗਾ ਹੈ। ਮੈਨੂੰ ਬਹਾਨਾ ਮਿਲ ਗਿਆ। ਮੈਂ ਘਰਦਿਆਂ ਨੂੰ ਕਿਹਾ, “ਮੈਨੂੰ ਹੁਣ ਪਟਿਆਲੇ ਜਾਣਾ ਪਊ। ਓਥੇ ਮੈਨੂੰ ਖਿਡਾਰੀਆਂ ਨੇ ਸੱਦਿਐ।” ਇਹਦੇ `ਚ ਅੱਧਾ ਸੱਚ ਸੀ ਤੇ ਅੱਧਾ ਝੂਠ। ਸੱਦਿਆ ਮੈਨੂੰ ਕਿਸੇ ਨੇ ਨਹੀਂ ਸੀ ਪਰ ਚੋਟੀ ਦੇ ਅਥਲੀਟਾਂ ਨਾਲ ਇੰਟਰਵਿਊ ਕਰਨ ਦਾ ਇਹ ਸੁਨਹਿਰੀ ਮੌਕਾ ਸੀ।

ਉਹਨੀਂ ਦਿਨੀਂ ਬਲਵੰਤ ਗਾਰਗੀ ਦੀਆਂ ਪੁਸਤਕਾਂ ‘ਨਿੰਮ ਦੇ ਪੱਤੇ’ ਤੇ ‘ਸੁਰਮੇ ਵਾਲੀ ਅੱਖ’ ਚਰਚਾ ਵਿੱਚ ਸਨ। ਉਨ੍ਹਾਂ ਵਿੱਚ ਲੇਖਕਾਂ ਦੇ ਰੇਖਾ ਚਿੱਤਰ ਛਪੇ ਸਨ। ਰੇਖਾ ਚਿੱਤਰਾਂ ਵਿੱਚ ਨਖਰਾ, ਨੋਕ ਝੋਕ ਤੇ ਲੇਖਕਾਂ ਦੀਆਂ ਗੁੱਝੀਆਂ ਗੱਲਾਂ ਸਨ। ਕਈਆਂ ਦਾ ਦੋਗਲਾਪਣ ਨੰਗਾ ਕੀਤਾ ਗਿਆ ਸੀ। ਗਾਰਗੀ ਨੇ ਆਪਣੇ ਆਪ ਨੂੰ ਵੀ ਨਹੀਂ ਸੀ ਬਖਸ਼ਿਆ। ਲਿਖਿਆ ਸੀ ਕਿ ਉਹ ਝੂਠੇ ਵਾਇਦੇ ਕਰਦਾ ਹੈ। ਜੇ ਉਹਦੇ ਢਿੱਡ `ਚ ਅੱਖਰ ਨਾ ਪੈਂਦੇ ਤਾਂ ਉਹ ਵੀ ਬਠਿੰਡੇ ਦੀ ਸੱਟਾ ਮੰਡੀ ਵਿੱਚ ਲਾਲਾ ਬਲਵੰਤ ਰਾਏ ਐਂਡ ਸਨਜ਼ ਦਾ ਬੋਰਡ ਲਾਈ ਬੈਠਾ ਹੁੰਦਾ। ਉਹਦੀ ਵਾਰਤਕ ਸ਼ੈਲੀ `ਚ ਲੌਂਗ ਦੇ ਲਿਸ਼ਕਾਰੇ ਜਿਹੀ ਲਿਸ਼ਕ ਸੀ ਜਿਸ ਨੇ ਕਈਆਂ ਦੇ ਹਲ ਛੁਡਾ ਦਿੱਤੇ। ਉਹਦੇ ਲਿਖੇ ਰੇਖਾ ਚਿੱਤਰ ਬੜੇ ਚਰਚਿਤ ਹੋਏ।

ਮੈਂ ਉਹਦੇ ਰੇਖਾ ਚਿੱਤਰ ਪੜ੍ਹ ਕੇ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕਣ ਦਾ ਮਨ ਬਣਾ ਰਿਹਾ ਸਾਂ। ਪਟਿਆਲੇ `ਚ ਚੈਂਪੀਅਨ ਖਿਡਾਰੀਆਂ ਨੂੰ ਮਿਲਣ ਗਿਲਣ ਦਾ ਕੁਦਰਤੀ ਢੋਅ ਮੇਲ ਬਣ ਗਿਆ ਸੀ। ਮੈਂ ਪਿੜ `ਚੋਂ ਚਿੜੀ ਪੂੰਝਾ ਛੁਡਾ ਕੇ ਪਟਿਆਲੇ ਚਲਾ ਗਿਆ। ਰਾਤ ਮੈਂ ਬੱਸ ਅੱਡੇ ਕੋਲ ਬਣੇ ਕਾਰਨਰ ਹੋਟਲ ਵਿੱਚ ਕੱਟੀ। ਸਵੇਰੇ ਰਿਕਸ਼ਾ ਲੈ ਕੇ ਐੱਨ.ਆਈ.ਐੱਸ.ਪੁੱਜਾ। ਅਥਲੈਟਿਕਸ ਦਾ ਕੋਚ ਜੋਗਿੰਦਰ ਸਿੰਘ ਸੈਣੀ ਮੇਰਾ ਦਿੱਲੀ ਦਾ ਹੀ ਵਾਕਫ਼ ਸੀ। ਉਸੇ ਨੇ ਮੈਨੂੰ ਦਿੱਲੀ ਵਿੱਚ ਗੋਲਾ ਸੁੱਟਣ ਦੀ ਕੋਚਿੰਗ ਦਿੱਤੀ ਸੀ। ਉਸ ਨੂੰ ਮੈਂ ਆਪਣਾ ਪਟਿਆਲੇ ਆਉਣ ਦਾ ਮੰਤਵ ਦੱਸਿਆ ਤਾਂ ਉਸ ਨੇ ਕਿਹਾ ਕਿ ਆਪਣੇ ਇੰਟਰਵਿਊ ਦੇ ਸਵਾਲਨਾਮੇ ਦੀਆਂ ਕੁੱਝ ਕਾਪੀਆਂ ਤਿਆਰ ਕਰ ਲਵਾਂ ਜਿਹੜੀਆਂ ਉਹ ਕੋਚਿੰਗ ਲੈ ਰਹੇ ਅਥਲੀਟਾਂ ਤੋਂ ਭਰਵਾ ਦੇਵੇਗਾ। ਇਹ ਵੀ ਕਿਹਾ ਕਿ ਪਹਿਲਾਂ ਡਾਇਰੈਕਟਰ ਚੋਪੜਾ ਸਾਹਿਬ ਤੋਂ ਅਥਲੀਟਾਂ ਨੂੰ ਇੰਟਰਵਿਊ ਕਰਨ ਦੀ ਆਗਿਆ ਲੈਣੀ ਪਵੇਗੀ।

ਜਨਰਲ ਚੋਪੜਾ ਸਾਹਿਬ ਦੇ ਦਫਤਰ ਵਿੱਚ ਜਾ ਕੇ ਮੈਂ ਆਪਣੀ ਜਾਣ ਪਛਾਣ ਦਿੱਲੀ ਦੇ ਇੱਕ ਲੈਕਚਰਾਰ ਵਜੋਂ ਕਰਵਾਈ ਤੇ ਦੱਸਿਆ ਕਿ ਮੈਂ ਅਥਲੀਟਾਂ ਦੇ ਇੰਟਰਵਿਊ ਕਰ ਕੇ ਉਨ੍ਹਾਂ ਬਾਰੇ ਆਰਟੀਕਲ ਲਿਖਣੇ ਚਾਹੁੰਦਾ ਹਾਂ। ਮੈਨੂੰ ਇੰਟਰਵਿਊ ਕਰਨ ਦੀ ਆਗਿਆ ਦਿੱਤੀ ਜਾਵੇ। ਸੰਸਥਾ ਦੇ ਡਾਇਰੈਕਟਰ ਨੇ ਪੁੱਛਿਆ, “ਕੀ ਤੁਹਾਡੇ ਪਾਸ ਕਾਲਜ ਦੇ ਪ੍ਰਿੰਸੀਪਲ ਜਾਂ ਦਿੱਲੀ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਕੋਈ ਅਥਾਰਟੀ ਲੈਟਰ ਹੈ?” ਮੇਰੇ ਨਹੀਂ ਕਹਿਣ `ਤੇ ਉਸ ਨੇ ਕਿਹਾ, “ਅਸੀਂ ਤੁਹਾਨੂੰ ਅਥਲੀਟਾਂ ਨਾਲ ਇੰਟਰਵਿਊ ਕਰਨ ਦੀ ਆਗਿਆ ਨਹੀਂ ਦੇ ਸਕਦੇ। ਉਂਜ ਵੀ ਅਸੀਂ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਕੋਚਿੰਗ ਦਾ ਸਮਾਂ ਖਰਾਬ ਕਰੇ।” ਏਨਾ ਕਹਿ ਕੇ ਉਹ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਜਨਰਲ ਸਾਹਿਬ ਦੇ ਗੋਡੇ ਵਿੱਚ ਨੁਕਸ ਸੀ ਤੇ ਉਹ ਲੰਗ ਮਾਰਦਾ ਚਲਾ ਗਿਆ। ਮੈਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ ਜਿਹੜਾ ਬਿਨਾਂ ਕਿਸੇ ਅਥਾਰਟੀ ਲੈਟਰ ਦੇ ਕੌਮੀ ਖੇਡ ਸੰਸਥਾ ਵਿੱਚ ਆ ਗਿਆ ਸਾਂ।

ਕੈਂਪ ਵਿੱਚ ਮੇਰੇ ਕੁੱਝ ਜਾਣੂੰ ਅਥਲੀਟ ਵੀ ਸਨ ਜਿਵੇਂ ਅਜਮੇਰ ਸਿੰਘ, ਲਾਭ ਸਿੰਘ, ਜਰਨੈਲ ਸਿੰਘ ਤੇ ਬਲਦੇਵ ਸਿੰਘ ਪੱਤੋ ਵਾਲਾ। ਕਦੇ ਮੇਰਾ ਜੀਅ ਕਰੇ ਕਿ ਅਥਲੀਟਾਂ ਨੂੰ ਚੋਰੀ ਛਿਪੇ ਈ ਮਿਲ ਗਿਲ ਕੇ ਮਸਾਲਾ `ਕੱਠਾ ਕਰਦਾ ਰਹਾਂ ਤੇ ਕਦੇ ਕਰੇ ਵਾਪਸ ਮੁੜ ਜਾਵਾਂ। ਮੇਰਾ ਪਟਿਆਲੇ `ਚ ਟਿਕਾਣਾ ਵੀ ਕੋਈ ਨਹੀਂ ਸੀ। ਅਥਲੀਟ ਵੀ ਆਪਣੇ ਕੋਲ ਨਹੀਂ ਸਨ ਰੱਖ ਸਕਦੇ। ਇੱਕ ਰਾਤ ਹੋਰ ਕਾਰਨਰ ਹੋਟਲ ਵਿੱਚ ਕੱਟੀ ਜਿਥੇ ਗਰਮੀ ਵੀ ਸੀ ਤੇ ਮੱਛਰ ਵੀ ਲੜਦਾ ਸੀ। ਇਓਂ ਸਮਝ ਲਓ ਕਿ ਦਸ ਰੁਪਏ ਕਿਰਾਇਆ ਮੱਛਰ ਲੜਾਉਣ ਦਾ ਈ ਦੇਣਾ ਪਿਆ। ਅਗਲੇ ਦਿਨ ਮੈਂ ਫੇਰ ਕੌਮੀ ਖੇਡ ਸੰਸਥਾ ਵੱਲ ਚਲਾ ਗਿਆ ਤੇ ਚੌਕੀਦਾਰ ਨੂੰ ਚੋਰ ਭੁਲਾਈ ਦੇ ਕੇ ਅਥਲੀਟਾਂ ਨੂੰ ਜਾ ਮਿਲਿਆ। ਉਹਨਾਂ ਨੂੰ ਮੈਂ ਆਪਣੇ ਦਿਲ ਸੀ ਗੱਲ ਦੱਸੀ ਤਾਂ ਉਹ ਕਹਿੰਦੇ, “ਜੋ ਮਰਜ਼ੀ ਆ ਪੁੱਛ। ਅਸੀਂ ਤੇਰੇ ਏਥੇ ਹੋਣ ਦਾ ਪਤਾ ਈ ਨ੍ਹੀ ਲੱਗਣ ਦਿੰਦੇ।” ਮੈਂ ਲੁਕ ਛਿਪ ਕੇ ਉਨ੍ਹਾਂ ਕੋਲ ਦੁਪਹਿਰਾ ਕੱਟਿਆ ਤੇ ਕੁੱਝ ਗੱਲਾਂ ਬਾਤਾਂ ਨੋਟ ਕੀਤੀਆਂ। ਸ਼ਾਮ ਨੂੰ ਟਰੈਕ ਦੀਆਂ ਪੌੜੀਆਂ `ਤੇ ਬਹਿ ਕੇ ਉਨ੍ਹਾਂ ਨੂੰ ਵਾਰਮ ਅੱਪ ਹੁੰਦਿਆਂ ਤੇ ਪ੍ਰੈਕਟਿਸ ਕਰਦਿਆਂ ਵੇਖਿਆ। ਮੈਨੂੰ ਲੱਗਾ ਕਿ ਕੁੱਝ ਦਿਨ ਇਸ ਤਰ੍ਹਾਂ ਕਰਨ ਨਾਲ ਈ ਮੇਰਾ ਮਤਲਬ ਹੱਲ ਹੋ ਜਾਵੇਗਾ ਤੇ ਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕ ਸਕਾਂਗਾ।

ਮਸਲਾ ਹੁਣ ਰੈਣ ਬਸੇਰੇ ਦਾ ਸੀ। ਕਿਸੇ ਨੇ ਦੱਸ ਪਾਈ, “ਨਾਲ ਹੀ ਮਹਿੰਦਰਾ ਕਾਲਜ ਦਾ ਹੋਸਟਲ ਖਾਲੀ ਪਿਐ। ਵਾਰਡਨ ਵਿਚੇ ਰਹਿੰਦੈ। ਉਸ ਨੂੰ ਪੁੱਛ ਕੇ ਦੇਖ ਲੈ ਜੇ ਕਮਰਾ ਦੇ ਦੇਵੇ।” ਮੈਂ ਦਿਨ ਛਿਪਦੇ ਨਾਲ ਵਾਰਡਨ ਪ੍ਰੋ.ਗੁਰਚਰਨ ਸਿੰਘ ਕੋਲ ਚਲਾ ਗਿਆ। ਉਹ ਬੜੇ ਚੰਗੇ ਰੌਂਅ ਵਿੱਚ ਸੀ। ਉਸ ਨੂੰ ਸਾਰੀ ਗੱਲ ਬਾਤ ਦੱਸੀ ਤਾਂ ਉਸ ਨੇ ਚੌਕੀਦਾਰ ਨੂੰ ਕਹਿ ਕੇ ਮੇਰੇ ਲਈ ਗੈੱਸਟ ਰੂਮ ਖੁੱਲ੍ਹਵਾ ਦਿੱਤਾ। ਉਸ ਦਾ ਕਿਰਾਇਆ ਉਨ੍ਹੀਂ ਦਿਨੀਂ ਇੱਕ ਰਾਤ ਦਾ ਇੱਕ ਰੁਪਿਆ ਸੀ। ਮੈਂ ਉਥੇ ਵੀਹ ਰੁਪਿਆਂ `ਚ ਵੀਹ ਰਾਤਾਂ ਰਿਹਾ ਤੇ ਅਥਲੀਟਾਂ ਦੀਆਂ ਗੱਲਾਂ ਬਾਤਾਂ ਨੋਟ ਕਰਦਿਆਂ ਡਾਇਰੀ ਭਰ ਲਈ। ਮੇਰੇ ਉਹ ਵੀਹ ਦਿਨ ਤੀਆਂ ਵਰਗੇ ਲੰਘੇ। ਉਹਨਾਂ ਦਿਨਾਂ ਦੀਆਂ ਯਾਦਾਂ ਅਭੁੱਲ ਹਨ। ਭਲਾ ਹੋਵੇ ਪ੍ਰੋ.ਗੁਰਚਰਨ ਸਿੰਘ ਹੋਰਾਂ ਦਾ ਜੋ ਬਾਅਦ ਵਿੱਚ ਬਰਜਿੰਦਰਾ ਕਾਲਜ ਫਰੀਦਕੋਟ ਦੇ ਪ੍ਰਿੰਸੀਪਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਬਣ ਕੇ ਰਿਟਾਇਰ ਹੋਏ।

ਮੈਂ ਸਵੇਰੇ ਆਰਾਮ ਨਾਲ ਉਠਦਾ, ਨ੍ਹਾ ਧੋ ਕੇ ਸ਼ਹਿਰ ਦੇ ਇੱਕ ਢਾਬੇ ਤੋਂ ਖਾਣਾ ਖਾਂਦਾ ਤੇ ਦਸ ਗਿਆਰਾਂ ਵਜੇ ਮੋਤੀ ਮਹੱਲ ਦੇ ਠੰਢੇ ਕਮਰਿਆਂ ਵਿੱਚ ਅਥਲੀਟਾਂ ਕੋਲ ਜਾ ਬਹਿੰਦਾ। ਉਦੋਂ ਤਕ ਉਹ ਪ੍ਰੈਕਟਿਸ ਕਰ ਕੇ, ਬ੍ਰੇਕ ਫਾਸਟ ਲੈ ਕੇ ਤੇ ਨ੍ਹਾ ਧੋ ਕੇ ਵਿਹਲੇ ਹੁੰਦੇ। ਮੈਂ ਉਨ੍ਹਾਂ ਦੇ ਹਾਸੇ ਮਖੌਲ ਦੀਆਂ ਗੱਲਾਂ ਨੋਟ ਕਰਦਾ ਤੇ ਨਿੱਜੀ ਸੁਆਲ ਪੁੱਛਦਾ। ਉਨ੍ਹਾਂ ਦੇ ਕਮਰਿਆਂ ਵਿੱਚ ਕਿੱਲੀਆਂ ਉਤੇ ਰੰਗਦਾਰ ਧਾਰੀਆਂ ਵਾਲੇ ਟਰੈਕ ਸੂਟ ਲਟਕ ਰਹੇ ਹੁੰਦੇ ਤੇ ਟਰੰਕਾਂ ਉਤੇ ਬੰਨ੍ਹੀਆਂ ਹੋਈਆਂ ਪੱਗਾਂ ਟਿਕਾਈਆਂ ਹੁੰਦੀਆਂ। ਉਨ੍ਹਾਂ ਦੇ ਗਿੱਲੇ ਕਪੜੇ ਬਾਹਰ ਤਣੀਆਂ `ਤੇ ਸੁੱਕ ਰਹੇ ਹੁੰਦੇ। ਉਹ ਕਦੇ ਮੈਨੂੰ ਰੂਹ ਅਫਜ਼ਾ ਪਿਆਉਂਦੇ, ਕਦੇ ਪਿੰਨੀਆਂ ਤੇ ਸੌਗੀ ਬਦਾਮ ਖਾਣ ਨੂੰ ਦਿੰਦੇ। ਬੱਸ ਇਕੋ ਘਾਟ ਸੀ ਕਿ ਉਹ ਮੈਨੂੰ ਰੋਟੀ ਖੁਆਉਣ ਮੈੱਸ ਵਿੱਚ ਨਹੀਂ ਸਨ ਲਿਜਾ ਸਕਦੇ। ਮੈਂ ਵੀ ਲੁਕ ਛਿਪ ਕੇ ਮਿਲਣ ਦੀ ਆਪਣੀ ਚੋਰੀ ਨਸ਼ਰ ਨਹੀਂ ਸੀ ਹੋਣ ਦੇਣੀ ਚਾਹੁੰਦਾ।

ਉਥੇ ਵੀਹ ਕੁ ਅਥਲੀਟ ਸਨ ਜਿਨ੍ਹਾਂ ਦਾ ਮੋਹਰੀ ਗੁਰਬਚਨ ਸਿੰਘ ਰੰਧਾਵਾ ਸੀ। ਉਸ ਦੇ ਮੰਜੇ ਉਤੇ ਰੰਗੀਨ ਬੂਟੀਆਂ ਵਾਲੀ ਚਾਦਰ ਵਿਛੀ ਹੁੰਦੀ ਸੀ। ਉਹ ਪੂਰਾ ਸ਼ੁਕੀਨ ਸੀ ਤੇ ਦਰਸ਼ਨੀ ਜੁਆਨ ਸੀ। ਮੈਂ ਉਸ ਨੂੰ ਖਾਲਸਾ ਕਾਲਜ ਦਿੱਲੀ ਦੇ ਗੇੜੇ ਮਾਰਦਿਆਂ ਵੇਖਿਆ ਹੋਇਆ ਸੀ। ਕੁੜੀਆਂ ਉਸ ਨੂੰ ਬਾਰੀਆਂ `ਚੋਂ ਵੇਖਦੀਆਂ। ਉਹ ਇੱਕ ਮੈਡਮ ਨੂੰ ਮਿਲਣ ਆਉਂਦਾ ਕੁੜੀਆਂ ਕੱਤਰੀਆਂ ਦੇ ਝਾਕੇ ਵੀ ਲੈ ਲੈਂਦਾ। ਇੱਕ ਦਿਨ ਮੈਂ ਪੁੱਛ ਬੈਠਾ, “ਭਾਅ ਜੀ, ਆਹ ਤੁਹਾਡੇ ਚਿਹਰੇ ਦਾ ਤਿਲ ਕੱਲ੍ਹ ਕਾਲਾ ਜਿਹਾ ਦਿੱਸਦਾ ਸੀ ਪਰ ਅੱਜ ਰੰਗ ਬਦਲਿਆ ਹੋਇਐ। ਇਹਦਾ ਕਾਰਨ?” ਉਸ ਦਾ ਉੱਤਰ ਸੀ, “ਕਾਰਨ ਇਹ ਆ ਪਈ ਜਿੱਦਣ ਪਰਵੀਨ ਕੁਮਾਰ ਵਰਗਾ ਮੱਥੇ ਲੱਗ ਜਾਵੇ ਤਾਂ ਕਾਲਾ ਹੋ ਜਾਂਦੈ ਤੇ ਜਿੱਦਣ ਕੋਈ ਸੋਹਣੀ ਕੁੜੀ ਮੱਥੇ ਲੱਗੇ ਤਾਂ ਰੰਗ ਚਿੱਟਾ ਹੋ ਜਾਂਦੈ!”

ਪਰਵੀਨ ਕੁਮਾਰ ਲੱਠਾ ਬੰਦਾ ਸੀ। ਬਾਅਦ ਵਿੱਚ ਉਹ ਮਹਾਂਭਾਰਤ ਸੀਰੀਅਲ ਦਾ ਭੀਮ ਬਣਿਆ। ਇੱਕ ਦਿਨ ਉਸ ਨੇ ਕਿਤੋਂ ਰੂਹ ਅਫਜ਼ੇ ਦੀ ਬੋਤਲ ਖਿਸਕਾ ਲਈ ਤੇ ਘੜੇ `ਚ ਉਲਟਾਅ ਕੇ `ਕੱਲੇ ਨੇ ਈ ਘੜਾ ਬੰਨੇ ਲਾ ਦਿੱਤਾ। ਮੈਨੂੰ ਯਕੀਨ ਨਾ ਆਵੇ। ਕਹਿਣ ਲੱਗਾ, “ਨਹੀਂ ਯਕੀਨ ਤਾਂ ਘੜੇ ਦਾ ਚੱਪਣ ਚੱਕ ਕੇ ਦੇਖ ਲੈ।” ਚੱਪਣ ਚੱਕਿਆ ਤਾਂ ਉਹਦਾ ਥੱਲਾ ਸੱਚਮੁੱਚ ਈ ਨੰਗਾ ਸੀ। ਸ਼ਾਮੀ ਕੋਚ ਨੂੰ ਕਹਿਣ ਲੱਗਾ, “ਸਰ, ਮੇਰਾ ਢਿੱਡ ਦੁਖਦੈ। ਆਖੋ ਤਾਂ ਅੱਜ ਰੈੱਸਟ ਕਰ ਲਵਾਂ।” ਕੋਚ ਨੇ ਛੁੱਟੀ ਦੇ ਦਿੱਤੀ। ਉਸ ਨੇ ਕਮਰੇ ਦੀ ਕੁੰਡੀ ਲਾਈ ਤੇ ਟਰਾਂਜੀਸਟਰ ਤੇ ਗਾਣੇ ਉਤੇ ਨੱਚਣ ਲੱਗਾ। ਨਚਾਰਾਂ ਵਾਂਗ ਹੱਥ ਕੰਨਾਂ ਕੋਲ ਦੀ ਘੁਮਾਈ ਜਾਵੇ। ਮੈਂ ਬਾਰੀ ਦੀਆਂ ਵਿਰਲਾਂ `ਚੋਂ ਅੰਦਰ ਝਾਕਿਆ ਤਾਂ ਉਹਦਾ ਲੱਕ ਹਿਲਦਾ ਦਿਸਿਆ। ਲੱਕ ਹਿਲਦਾ ਅਏਂ ਲੱਗਾ ਜਿਵੇਂ ਬੋਰੀ ਹਿਲਦੀ ਹੋਵੇ। ਪਰਵੀਨ ਨੇ ਇੰਟਰਵਿਊ ਸਮੇਂ ਆਪਣਾ ਕੱਦ ਛੇ ਫੁੱਟ ਸੱਤ ਇੰਚ ਲਿਖਾਇਆ ਸੀ ਤੇ ਭਾਰ ਸਵਾ ਕੁਇੰਟਲ ਦੱਸਿਆ ਸੀ। ਮੈਂ ਉਹਦਾ ਕੱਦ ਕਾਠ ਨੋਟ ਕਰਨ ਦੇ ਨਾਲ ਬੋਰੀ ਵਾਂਗ ਹਿਲਦਾ ਲੱਕ ਵੀ ਨੋਟ ਕਰ ਲਿਆ ਜੋ ਉਸ ਦੇ ਰੇਖਾ ਚਿੱਤਰ ‘ਧਰਤੀਧੱਕ’ ਨੂੰ ਦਿਲਚਸਪ ਬਣਾਉਣ ਦੇ ਕੰਮ ਆਇਆ।

ਉਥੇ ਗੋਲੇ ਵਾਲਾ ਜੋਗਿੰਦਰ ਸਿੰਘ, ਹੈਮਰ ਵਾਲਾ ਨਿਰਮਲ ਸਿੰਘ, ਡਿਸਕਸ ਵਾਲੇ ਬਲਕਾਰ ਸਿੰਘ ਤੇ ਬਲਦੇਵ ਸਿੰਘ ਅਤੇ ਦੌੜਨ ਵਾਲੇ ਜਰਨੈਲ ਸਿੰਘ ਤੇ ਸਰਦਾਰੇ ਹੋਰੀਂ ਸਨ। ਅਜਮੇਰ ਸਿੰਘ ਤੇ ਲਾਭ ਸਿੰਘ ਇੱਕ ਕਮਰੇ ਵਿੱਚ ਰਹਿੰਦੇ ਸਨ। ਉਥੇ ਹਰਡਲਾਂ ਵਾਲਾ ਬਲਵੰਤ ਸਿੰਘ, ਛਾਲਾਂ ਵਾਲਾ ਮਹਿੰਦਰ ਸਿੰਘ ਗਿੱਲ, ਗੋਲੇ ਵਾਲਾ ਬਾਬਾ ਗੁਰਦੀਪ ਤੇ ਹੈਮਰ ਵਾਲੇ ਅਜਮੇਰ ਸਿੰਘ ਮਸਤ ਹੋਰਾਂ ਦੀਆਂ ਰੌਣਕਾਂ ਸਨ। ਕੁੱਝ ਕੁੜੀਆਂ ਵੀ ਸਨ ਜਿਨ੍ਹਾਂ ਦੀਆਂ ਟਰੈਕ ਸੂਟ ਲਾਹੁਣ ਪਿੱਛੋਂ ਨੰਗੀਆਂ ਹੋਈਆਂ ਲੱਤਾਂ ਉਹ ਨੀਵੀਂਆਂ ਪਾ ਕੇ ਵੇਖਦੇ ਤੇ ਫਿਰ ਸੁਆਦ ਲੈ ਕੇ ਗੱਲਾਂ ਕਰਦੇ। ਇੱਕ ਸ਼ਾਮ ਮੈਂ ਟਰੈਕ ਦੀਆਂ ਪੌੜੀਆਂ `ਤੇ ਬੈਠਾ ਅਥਲੀਟਾਂ ਦੇ ਐਕਸ਼ਨ ਨੋਟ ਕਰ ਰਿਹਾ ਸਾਂ। ਜੰਪਿੰਗ ਪਿੱਚ `ਚ ਕੁੜੀਆਂ ਦੀਆਂ ਛਾਲਾਂ ਲੱਗ ਰਹੀਆਂ ਸਨ। ਹਨ੍ਹੇਰਾ ਹੋਇਆ ਤਾਂ ਲਾਈਟ ਜਗਾ ਦਿੱਤੀ ਗਈ। ਬਾਲ ਬੱਚੇਦਾਰ ਬਲਕਾਰ ਸਿੰਘ ਉਹਲੇ ਹਨ੍ਹੇਰੇ ਵਿੱਚ ਬੈਠਾ ਸੀ। ਉਸ ਅਧਖੜ੍ਹ ਉਮਰ ਦੇ ਅਥਲੀਟ ਨੇ ਕੁੜੀਆਂ ਦੇ ਪੱਟ ਵੇਖੇ ਤੇ ਥੋੜ੍ਹਾ ਦੂਰ ਜਾ ਕੇ ਸੁਖਨ ਅਲਾਇਆ, “ਕੁੜੀਆਂ ਦੇ ਪੱਟ ਦੇਖ ਲੋ, ਲੈਟ ਜਗਾਤੀ ਮੁੰਡਿਓ!” ਉਥੇ ਮੁੰਡਾ ਕੋਈ ਨਹੀਂ ਸੀ। ਇਹ ਸੁਆਦੀ ਫਿਕਰਾ ਤਾਂ ਉਸ ਨੇ ਆਪਣੇ ਅੰਦਰ ਛੁਪੇ ਬੈਠੇ ਮੁੰਡੇ ਨੂੰ ਹੀ ਸੁਣਾਇਆ ਸੀ ਜੋ ਮੈਨੂੰ ਵੀ ਸੁਣ ਗਿਆ ਤੇ ਮੈਂ ਡਾਇਰੀ ਵਿੱਚ ਨੋਟ ਕਰ ਲਿਆ।

ਰੇਲਵੇ, ਪੁਲਿਸ ਤੇ ਹੋਰ ਮਹਿਕਮਿਆਂ ਦੇ ਅਥਲੀਟ ਮੋਤੀ ਮਹੱਲ ਦੇ ਠੰਢੇ ਕਮਰਿਆਂ ਵਿੱਚ ਠਹਿਰੇ ਹੋਏ ਸਨ ਪਰ ਫੌਜੀ ਅਥਲੀਟ ਮੀਲ ਕੁ ਦੂਰ ਫੌਜੀ ਬੈਰਕਾਂ ਵਿੱਚ ਠਹਿਰਾਏ ਗਏ ਸਨ। ਇੱਕ ਦਿਨ ਮੈਂ ਬੈਰਕਾਂ ਵਿੱਚ ਵੀ ਗਿਆ। ਉਥੇ ਜਾ ਕੇ ਵੇਖਿਆ ਕਿ ਉਹ ਭੁੰਜੇ ਤਰਪਾਲ ਵਿਛਾਈ ਤਾਸ਼ ਖੇਡ ਰਹੇ ਸਨ। ਏਸ਼ੀਆ ਦੇ ਚੈਂਪੀਅਨ ਬਲਕਾਰ ਸਿੰਘ ਨੇ ਫਿਫਟੀ ਲਾ ਕੇ ਕੇਸਰੀ ਪੱਗ ਬੱਧੀ ਤੇ ਖਾਕੀ ਪੈਂਟ ਪਾਈ ਹੋਈ ਸੀ। ਨੈਸ਼ਨਲ ਚੈਂਪੀਅਨ ਸਰਦਾਰਾ ਸਿੰਘ `ਕੱਲੀ ਕੱਛੀ ਪਾਈ ਪੈਰਾਂ ਭਾਰ ਬੈਠਾ ਸੀ ਜਿਵੇਂ ਸ਼ੱਕ `ਚ ਫੜ ਕੇ ਠਾਣੇ ਬਿਠਾਇਆ ਹੋਵੇ। ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚੋਂ ਦੋ ਮੈਡਲ ਜਿੱਤਣ ਵਾਲੇ ਅੰਮ੍ਰਿਤ ਪਾਲ ਦਾ ਬੋਦਾ ਝੁਕਿਆ ਹੋਇਆ ਸੀ ਜਿਵੇਂ ਉਹ ਵੀ ਬਾਜ਼ੀ ਵੇਖਦਾ ਹੋਵੇ। ਹਾਈ ਜੰਪਰ ਭੀਮ ਸਿੰਘ ਪੱਬਾਂ ਭਾਰ ਓਕੜੂ ਜਿਹਾ ਬੈਠਾ ਸੀ ਜਿਵੇਂ ਛਾਲ ਲਾਉਣ ਦੀ ਵਾਰੀ ਉਡੀਕ ਰਿਹਾ ਹੋਵੇ।

ਤਾਸ਼ ਖੇਡਦੀ ਢਾਣੀ ਨੂੰ ਬੁਲਾਉਣਾ ਮੈਂ ਮੁਨਾਸਿਬ ਨਾ ਸਮਝਿਆ ਤੇ ਚੁੱਪਚਾਪ ਢਾਣੀ ਦਾ ਅੰਗ ਬਣ ਕੇ ਬਾਜ਼ੀ ਵੇਖਣ ਲੱਗਾ। ਪੰਜੀ ਦਸੀ ਦੀ ਚਾਲ ਸੀ। ਚਲਦੀ ਖੇਡ `ਚ ਕਿਸੇ ਗੱਲੋਂ ਰੌਲਾ ਪੈ ਗਿਆ। ਬਲਕਾਰ ਸਿੰਘ ਨੰਗ ਧੜੰਗੇ ਸਰਦਾਰੇ ਨੂੰ ਕਹਿਣ ਲੱਗਾ, “ਤੂੰ ਓਏ ਮਾਊਆਂ ਜਿਆ, ਚੁਆਨੀ ਕੱਢ ਪਹਿਲਾਂ। ਭਲਾ ਕੱਛੀ ਜੀ ਪਾ ਕੇ ਸ਼ੁਕੀਨ ਬਣਿਆ ਫਿਰਦਾ ਹੋਵੇਂ। ਕੱਢ ਚੁਆਨੀ, ਨਹੀਂ ਤਾਂ ਲਾਹੁਨੇ ਆਂ ਤੇਰੀ ਕੱਛੀ।”

ਕੱਛੀ ਤਾਂ ਖ਼ੈਰ ਉਹਦੀ ਕੀਹਨੇ ਲਾਹੁਣੀ ਸੀ ਪਰ ਚੁਆਨੀ ਵੀ ਉਹਦੇ ਕੋਲ ਕੋਈ ਨਹੀਂ ਸੀ। ਉਹਨੇ ਅੰਮ੍ਰਿਤ ਪਾਲ ਦੀ ਦਸੀ ਚੁੱਕ ਕੇ ਬਲਕਾਰ ਸਿੰਘ ਨੂੰ ਦੇ ਦਿੱਤੀ। ਅੰਮ੍ਰਿਤ ਪਾਲ ਦੁਹਾਈਆਂ ਪਾਉਣ ਲੱਗਾ, “ਲੁੱਟੇ ਗਏ ਓਏ ਲੋਕੋ, ਦਿਨ ਦਿਹਾੜੇ ਲੁੱਟੇ ਗਏ।” ਉਹ ਕੋਈ ਜੂਆ ਨਹੀਂ ਸਨ ਖੇਡ ਰਹੇ ਬੱਸ ਮਾੜਾ ਮੋਟਾ ਸ਼ੁਗਲ ਕਰਦਿਆਂ ਟਾਈਮ ਪਾਸ ਕਰ ਰਹੇ ਸਨ। ਬਾਅਦ ਵਿੱਚ ਉਨ੍ਹਾਂ ਦੇ ਸ਼ਬਦ ਚਿੱਤਰ ਉਲੀਕਦਿਆਂ ਇਹੋ ਜਿਹਾ ਮਸਾਲਾ ਮੇਰੇ ਬੜਾ ਕੰਮ ਆਇਆ।

ਪਟਿਆਲੇ ਦੀ ਉਹ ਬੈਰਕ ਕਿਸੇ ਸਮੇਂ ਮਹਾਰਾਜੇ ਦੇ ਘੋੜਿਆਂ ਦਾ ਤਬੇਲਾ ਹੁੰਦੀ ਸੀ। ਮੈਨੂੰ ਲੱਗਾ ਜਿਵੇਂ ਅਜੇ ਵੀ ਉਹਦੇ `ਚੋਂ ਲਿੱਦ ਦੀ ਬੋਅ ਆ ਰਹੀ ਹੋਵੇ। ਉਹਦੀਆਂ ਤੰਗ ਬਾਰੀਆਂ `ਚੋਂ ਚਾਨਣ ਮਸੀਂ ਲੰਘ ਰਿਹਾ ਸੀ ਪਰ ਮੱਛਰ ਖੁੱਲ੍ਹਾ ਉਡਿਆ ਫਿਰਦਾ ਸੀ। ਮੱਖੀਆਂ ਜਿੱਡਾ ਮੱਛਰ ਜਦੋਂ ਕਿਸੇ ਦੇ ਲੜਦਾ ਤਾਂ ਉਹ ਫੌਜੀ ਗਾਲ੍ਹਾਂ ਸੁਣਦਾ-ਤੇਰੀ ਓ ਕੰਜਰ ਦੀ …। ਹੁਣ ਏਸ ਦੁਸ਼ਮਣ ਨੂੰ ਵੀ ਗੋਲੀ ਮਾਰਨੀ ਪਊ! ਪਰ ਉਹ ਗੋਲੀ ਦੀ ਥਾਂ ਡੰਗ ਉਤੇ ਧੱਫਾ ਮਾਰਦੇ ਤੇ ਅਗਲਾ ਪੱਤਾ ਸੁੱਟਦੇ।

ਰਾਤ ਨੂੰ ਮੈਂ ਦਿਨ ਭਰ ਦੀਆਂ ਗੱਲਾਂ ਆਪਣੀ ਡਾਇਰੀ ਉਤੇ ਨੋਟ ਕਰਦਾ। ਸੁੰਨੇ ਪਏ ਹੋਸਟਲ ਵਿੱਚ ਮੱਛਰ ਮੈਨੂੰ ਬਿੰਦੇ ਝੱਟੇ ਲੜਦਾ। ਪਿਆ ਪਿਆ ਮੈਂ ਖਿਡਾਰੀਆਂ ਬਾਰੇ ਲਿਖਣ ਵਾਲੇ ਫਿਕਰੇ ਤੇ ਰੇਖਾ ਚਿੱਤਰਾਂ ਦੇ ਸਿਰਲੇਖ ਸੋਚੀ ਜਾਂਦਾ। ਦਿੱਲੀ ਪਰਤ ਕੇ ਮੈਂ ਪਹਿਲਾ ਰੇਖਾ ਚਿੱਤਰ ਏਸ਼ੀਆ ਦੇ ਡੀਕੈਥਲੋਨ ਚੈਂਪੀਅਨ ਤੇ ਟੋਕੀਓ ਓਲੰਪਿਕਸ ਦੇ ਫਾਈਨਲਿਸਟ ਗੁਰਬਚਨ ਸਿੰਘ ਰੰਧਾਵੇ ਦਾ ਉਲੀਕਿਆ। ਉਹਦਾ ਸਿਰਲੇਖ ‘ਮੁੜ੍ਹਕੇ ਦਾ ਮੋਤੀ’ ਰੱਖਿਆ। ਉਹ ‘ਆਰਸੀ’ ਵਿੱਚ ਛਪਿਆ ਜਿਸ ਨੂੰ ਕਈਆਂ ਨੇ ਸਲਾਹਿਆ। ਭਾਪਾ ਪ੍ਰੀਤਮ ਸਿੰਘ ਨੇ ਕਿਹਾ ਕਿ ਇਹੋ ਜਿਹੇ ਰੇਖਾ ਚਿੱਤਰ ਹੋਰ ਵੀ ਲਿਖੋ। ਦੂਜਾ ਰੇਖਾ ਚਿੱਤਰ ਪਰਵੀਨ ਕੁਮਾਰ ਦਾ ਸੀ ਜੋ ਆਰਸੀ ਵਿੱਚ ‘ਧਰਤੀਧੱਕ’ ਦੇ ਨਾਂ ਹੇਠ ਮੂਹਰੇ ਕਰ ਕੇ ਛਾਪਿਆ ਗਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ। ਸਰਦਾਰਾ ਸਿੰਘ ਬਾਰੇ ‘ਅੱਗ ਦੀ ਨਾਲ’ ਅਜਮੇਰ ਸਿੰਘ ਬਾਰੇ ‘ਸ਼ਹਿਦ ਦਾ ਘੁੱਟ’ ਮਹਿੰਦਰ ਗਿੱਲ ਬਾਰੇ ‘ਅਲਸੀ ਦਾ ਫੁੱਲ’ ਜਰਨੈਲ ਬਾਰੇ ‘ਕਲਹਿਰੀ ਮੋਰ’ ਬਲਬੀਰ ਬਾਰੇ ‘ਪੌਣ ਦਾ ਹਾਣੀ’ ਪ੍ਰਿਥੀਪਾਲ ਬਾਰੇ ‘ਗੁਰੂ ਨਾਨਕ ਦਾ ਗਰਾਈਂ’ ਬਲਦੇਵ ਬਾਰੇ ‘ਪੱਤੋ ਵਾਲਾ’ ਤੇ ਜੋਗਿੰਦਰ ਬਾਰੇ ‘ਜੰਗਲੀ ਮੋਰ’ ਛਪੇ।

1966-67 ਵਿੱਚ ਮੇਰੇ ਦਰਜਨ ਤੋਂ ਵੱਧ ਰੇਖਾ ਚਿੱਤਰ ਆਰਸੀ ਵਿੱਚ ਪ੍ਰਕਾਸ਼ਿਤ ਹੋਏ। ਬਾਅਦ ਵਿੱਚ ਉਹ ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਵਿੱਚ ਸੰਭਾਲੇ ਗਏ ਜੋ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਤੇ ਮੈਂ ਖੇਡ ਲੇਖਕ ਬਣ ਗਿਆ।

Additional Info

  • Writings Type:: A single wirting
Read 2927 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।