Print this page
Tuesday, 13 October 2009 19:14

25 - ਮੇਰਾ ਮੰਗਣਾ ਤੇ ਵਿਆਹ

Written by
Rate this item
(0 votes)

ਸਾਡੇ ਵੇਲੇ ਪ੍ਰੇਮ ਵਿਆਹ ਬੜੇ ਘੱਟ ਹੁੰਦੇ ਸਨ। ਮੇਰਾ ਤਾਂ ਖ਼ੈਰ ਵਿਆਹ ਕਰਾਉਣ ਜੋਗਾ ਪ੍ਰੇਮ ਕਿਸੇ ਨਾਲ ਹੋਇਆ ਹੀ ਨਹੀਂ ਸੀ। ਕਾਲਜਾਂ ਵਿੱਚ ਤੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਈ ਕੁੜੀਆਂ ਪਿਆਰੀਆਂ ਲੱਗੀਆਂ ਪਰ ਰੱਬ ਜਾਣੇ ਮੈਂ ਕਿਸੇ ਨੂੰ ਪਿਆਰਾ ਲੱਗਿਆ ਹੋਵਾਂ ਜਾਂ ਨਾ। ਕੀ ਪਤਾ ਕਿਸੇ ਕੁੜੀ ਨੇ ਮੈਨੂੰ ਉਵੇਂ ਦਿਲੋਂ ਚਾਹਿਆ ਹੋਵੇ ਜਾਂ ਨਾ ਜਿਵੇਂ ਮੈਂ ਇੱਕ ਕੁੜੀ ਨੂੰ ਰਾਹ ਭੰਨ ਕੇ ਵੇਖਣ ਲੱਗ ਪਿਆ ਸਾਂ। ਇਥੋਂ ਤਕ ਕਿ ਉਹਦੇ ਦਰਸ਼ਨ ਕਰਨ ਉਹਦੇ ਮਗਰ ਗੁਰਦਵਾਰੇ ਵੀ ਜਾਣ ਲੱਗ ਪਿਆ ਸਾਂ।

ਪਿਆਰੀ ਲੱਗਦੀ ਕੁੜੀ ਨੂੰ ਵੇਖਣ ਵਾਸਤੇ ਗੁਰੂਘਰ ਜਾਣਾ ਸੀ ਤਾਂ ਪਾਪ, ਪਰ ਦਿਲ ਦਾ ਕੀ ਕਰਦਾ ਜਿਹੜਾ ਫਿਰ ਵੀ ਉਧਰ ਨੂੰ ਲੈ ਤੁਰਦਾ। ਉਹ ਮੱਥਾ ਟੇਕਦੀ ਹੋਰ ਵੀ ਪਿਆਰੀ ਲੱਗਦੀ। ਭੁੱਲ ਜਾਂਦਾ ਕਿ ਪਾਠ ਚੱਲ ਰਿਹੈ ਤੇ ਕੀਰਤਨ ਹੋ ਰਿਹੈ। ਕਦੇ ਕਦੇ ਸਾਡੀਆਂ ਨਜ਼ਰਾਂ ਵੀ ਮਿਲ ਜਾਂਦੀਆਂ ਤੇ ਅਕਹਿ ਅਨੰਦ ਆਉਂਦਾ। ਅਨੰਦ ਆਉਣ ਦੇ ਬਾਵਜੂਦ ਅਸੀਂ ਇੱਕ ਦੂਜੇ ਵੱਲ ਟਿਕਟਿਕੀ ਲਗਾ ਕੇ ਨਾ ਵੇਖ ਸਕਦੇ। ਸ਼ਾਇਦ ਸੰਗਤ ਦੀ ਸੰਗ ਮਾਰਦੀ ਹੋਵੇ! ਮੈਨੂੰ ਪੱਕਾ ਪਤਾ ਨਹੀਂ ਕਿ ਉਹ ਕੁੜੀ ਵੀ ਮੈਨੂੰ ਪਿਆਰ ਕਰਦੀ ਸੀ ਜਾਂ ਨਹੀਂ। ਉਂਜ ਨਜ਼ਰਾਂ ਵਿਚੋਂ ਮੋਹ ਜਿਹਾ ਜ਼ਰੂਰ ਝਲਕਦਾ ਸੀ। ਉਦੋਂ ਜੇ ਕੋਈ ਵਿਚੋਲਾ ਉਹਦੇ ਨਾਲ ਵਿਆਹ ਕਰਾਉਣ ਦੀ ਬਿਧ ਬਣਾ ਦਿੰਦਾ ਤਾਂ ਮੈਂ ਉਹਦੇ ਬਲਿਹਾਰੇ ਜਾਂਦਾ ਤੇ ਉਹਦਾ ਪਾਣੀ ਭਰਦਾ ਨਾ ਥੱਕਦਾ। ਹੁਣ ਤਾਂ ਮੈਨੂੰ ਇਹ ਵੀ ਪਤਾ ਨਹੀਂ ਕਿ ਉਹ ਕੁੜੀ ਕਿਥੇ ਵਿਆਹੀ ਗਈ ਹੋਵੇਗੀ ਤੇ ਜੀਂਦੀ ਹੋਵੇਗੀ ਜਾਂ ਮਰ ਗਈ ਹੋਵੇਗੀ? ਬੱਸ ਇਸ ਤਰ੍ਹਾਂ ਦਾ ਸੀ ਸਾਡਾ ਉਨ੍ਹਾਂ ਦਿਨਾਂ ਦਾ ਪ੍ਰੇਮ ਪਿਆਰ!

ਹੁਣ ਜਦੋਂ ਕਿਸੇ ਦੇ ਅਨੰਦ ਕਾਰਜ ਜਾਂ ਵਿਆਹ ਦੀ ਪਾਰਟੀ ਮੌਕੇ ਕੁੱਝ ਸ਼ਬਦ ਕਹਿਣ ਦਾ ਮੌਕਾ ਮਿਲਦੈ ਤਾਂ ਮੈਂ ਹਾਸੇ ਖੇੜੇ ਦੇ ਰਉਂ ਵਿੱਚ ਅਕਸਰ ਕਹਿੰਦਾ ਹਾਂ, “ਮੇਰੇ ਵਰਗਿਆਂ ਨੂੰ ਅੱਧੀ ਕੁ ਸਦੀ ਠਹਿਰ ਕੇ ਜੰਮਣਾ ਚਾਹੀਦਾ ਸੀ। ਫਿਰ ਅਸੀਂ ਵੀ ਕਾਲਜਾਂ ਵਿੱਚ ਪੜ੍ਹਦੀਆਂ ਕੁੜੀਆਂ ਨਾਲ ਨਿਝੱਕ ਪ੍ਰੇਮ-ਪਿਆਰ ਕਰ ਸਕਦੇ ਤੇ ਪ੍ਰੇਮ-ਵਿਆਹ ਬਾਰੇ ਸਲਾਹਾਂ ਕਰ ਲੈਂਦੇ। ਨਾਲੇ ਮੋਬਾਈਲ `ਤੇ ਗੱਲਾਂ ਕਰਦੇ ਨਾਲੇ ਮੈਰਿਜ ਪੈਲਸਾਂ `ਚ ਵਿਆਹ ਕਰਾਉਂਦੇ। ਸਾਡੇ ਵੀ ਫੋਟੂ ਲਹਿੰਦੇ ਤੇ ਵੀਡੀਓ ਫਿਲਮਾਂ ਬਣਦੀਆਂ। ਅਸੀਂ ਵੀ ਇੱਕ ਦੂਜੇ ਦਾ ਹੱਥ ਫੜ ਕੇ ਤੇ ਮੋਢੇ `ਤੇ ਹੱਥ ਰੱਖ ਕੇ ਨੱਚਣ ਦਾ ਗੇੜਾ ਦਿੰਦੇ। ਪਰ ਏਨੀ ਖੁੱਲ੍ਹ ਸਾਡੇ ਕਰਮਾਂ `ਚ ਨਹੀਂ ਸੀ। ਫਿਰ ਵੀ ਅਸੀਂ ਉਨ੍ਹਾਂ ਨਾਲੋਂ ਤਾਂ ਅਡਵਾਂਸ ਹੀ ਰਹੇ ਜਿਨ੍ਹਾਂ ਨੂੰ ਵਿਆਹ ਕਰਾ ਕੇ ਵੀ ਮੁਕਲਾਵੇ ਤਕ ਪਤਨੀ ਦਾ ਮੂੰਹ ਵੇਖਣਾ ਨਸੀਬ ਨਹੀਂ ਸੀ ਹੁੰਦਾ!”

ਮੈਂ ਉਦੋਂ ਸਕੂਲ `ਚ ਪੜ੍ਹਦਾ ਸਾਂ ਜਦੋਂ ਮਾਘੀ ਕਾ ਕਰਤਾਰਾ ਇੱਕ ਬੰਦੇ ਨੂੰ ਸਾਡੇ ਘਰ ਲਿਆਇਆ ਸੀ। ਉਹ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਉਹਦੀ ਲੜਕੀ ਦੇ ਰਿਸ਼ਤੇ ਲਈ ਵਿਖਾਉਣਾ ਚਾਹੁੰਦਾ ਸੀ। ਅਸੀਂ ਚੁੱਲ੍ਹੇ ਮੂਹਰੇ ਬੈਠੇ ਸਾਂ ਤੇ ਬੇਬੇ ਵੱਡਿਆਂ ਤੋਂ ਅੱਧਾ ਕੁ ਘੁੰਡ ਕੱਢੀ ਰੋਟੀਆਂ ਲਾਹ ਰਹੀ ਸੀ। ਰਸਮੀ ਗੱਲਾਂ ਬਾਤਾਂ ਤੋਂ ਬਾਅਦ ਕਰਤਾਰੇ ਦੇ ਸਕੀਰੀਦਾਰ ਨੇ ਮੇਰੇ ਵੱਡੇ ਭਰਾ ਨੂੰ ਉੱਠਣ ਲਈ ਕਿਹਾ। ਉਹਦਾ ਪੱਕਾ ਰੰਗ ਵੇਖ ਕੇ ਉਹਨੇ ਸਿਰ ਫੇਰ ਦਿੱਤਾ। ਘਰ ਦੇ ਸਮਝ ਗਏ ਕਿ ਵੱਡਾ ਮੁੰਡਾ ਉਹਦੇ ਪਸੰਦ ਨਹੀਂ। ਫਿਰ ਮੈਨੂੰ ਉੱਠਣ ਲਈ ਕਿਹਾ ਗਿਆ। ਮੈਂ ਤਾਂ ਸੀਗਾ ਹੀ ਮਧਰਾ। ਬੇਬੇ ਨੇ ਮੇਰੇ ਪੈਰਾਂ ਹੇਠ ਪਾਥੀਆਂ ਕਰ ਦਿੱਤੀਆਂ ਤੇ ਮੈਂ ਪਾਥੀਆਂ `ਤੇ ਖੜ੍ਹ ਕੇ ਝਲਿਆਨੀ ਦੇ ਉਤੋਂ ਦੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਬਾਹਰੋਂ ਆਇਆ ਬੰਦਾ ਕਹਿਣ ਲੱਗਾ, “ਮੁੰਡਾ ਹੈ ਤਾਂ ਸਿਆਣਾ ਪਰ ਹੈਗਾ ਛੋਟਾ।” ਤਾਏ ਕਰਤਾਰੇ ਨੇ ਫਾਲ ਲਾਈ, “ਇਹ ਪੜ੍ਹਾਈ ਦਾ ਦੱਬਿਆ ਹੋਇਐ। ਹੁਸ਼ਿਆਰ ਬਹੁਤ ਐ। ਹੋਰ ਦੋ ਸਾਲਾਂ ਨੂੰ ਕੱਦ ਵੀ ਬਥੇਰਾ ਕਰ-ਜੂ।” ਪਰ ਉਸ ਦੀ ਲਾਈ ਫਾਲ ਕਾਰਗਰ ਸਾਬਤ ਨਾ ਹੋਈ। ਮੈਂ ਪਾਥੀਆਂ `ਤੇ ਖੜ੍ਹ ਕੇ ਵੀ ਮਧਰੇ ਦਾ ਮਧਰਾ ਰਹਿ ਗਿਆ ਸਾਂ।

ਬਾਹਰੋਂ ਆਏ ਬੰਦੇ ਨੇ ਦੱਸਿਆ ਕਿ ਉਸ ਦੀ ‘ਲਟਕੀ’ ਵੱਡੀ ਹੈ ਤੇ ਮੁੰਡੇ ਛੋਟੇ ਹਨ। ਉਹ ਆਪਣੀ ਧੀ ਲਈ ਵਰ ਦੀ ਚੋਣ ਇੱਕ ਸਿਆਣੇ ਬਾਪ ਵਾਂਗ ਕਰ ਰਿਹਾ ਸੀ। ਜੇ ਉਹ ਰਿਸ਼ਤਾ ਹੋ ਵੀ ਜਾਂਦਾ ਤਾਂ ਅਣਜੋੜ ਹੀ ਹੁੰਦਾ। ਵਿਆਹ ਤਾਂ ਬਣਦੇ ਸਰਦੇ ਜੋੜ ਵਾਲਾ ਨਿਭਾਉਣਾ ਵੀ ਸੌਖਾ ਨਹੀਂ ਹੁੰਦਾ। ਅਣਜੋੜ ਤਾਂ ਅਸਲੋਂ ਨਰਕ ਬਣ ਜਾਂਦਾ।

ਮੈਂ ਫਾਜ਼ਿਲਕਾ ਕਾਲਜ `ਚ ਪੜ੍ਹਦਾ ਸਾਂ ਕਿ ਸਾਡਾ ਗੋਨੇਆਣੇ ਵਾਲਾ ਫੁੱਫੜ ਧੰਨਾ ਸਿੰਘ ਮੁਕਤਸਰ ਕਾਲਜ ਵਿੱਚ ਪੜ੍ਹਦੀ ਇੱਕ ਲੜਕੀ ਦੇ ਮਾਮੇ ਨੂੰ, ਮੈਨੂੰ ਵਿਖਾਉਣ ਲੈ ਆਇਆ। ਲੜਕੀ ਦਾ ਕੋਈ ਭਰਾ ਨਾ ਹੋਣ ਕਾਰਨ ਉਸ ਨੂੰ ਚੋਖੀ ਜ਼ਮੀਨ ਆਉਂਦੀ ਸੀ। ਕੋਠੇ ਵਾਲੇ ਫੁੱਫੜ ਹੀਰਾ ਸਿੰਘ ਨੇ ਬੋਤਲ ਵੀ ਮੰਗਵਾ ਲਈ ਤੇ ਕੁੱਕੜ ਵੀ ਬਣਵਾ ਲਿਆ। ਮੈਂ ਗੋਲਾ ਸੁੱਟ ਕੇ ਵਿਖਾਇਆ ਪਰ ਫਿਰ ਵੀ ਮੈਂ ਉਹਦੇ ਪਸੰਦ ਨਾ ਆਇਆ। ਉਹ ਆਖਣ ਲੱਗਾ, “ਕੁੜੀ ਉਮਰ ਦੀ ਵੱਡੀ ਐ ਤੇ ਮੁੰਡਾ ਅਜੇ ਛੋਟੈ।” ਉਹ ਸੱਚਾ ਸੀ ਕਿਉਂਕਿ ਬਾਰ੍ਹਵੀਂ ਤਕ ਮੇਰਾ ਕੱਦ ਸਵਾ ਕੁ ਪੰਜ ਫੁੱਟ ਹੀ ਸੀ।

ਦੋ ਵਾਰ ਰੱਦ ਹੋ ਜਾਣ ਕਾਰਨ ਫਿਰ ਮੈਂ ਕਿਸੇ ਨੂੰ ਵੇਖਣ ਵਿਖਾਉਣ ਦਾ ਮੌਕਾ ਈ ਨਾ ਦਿੱਤਾ ਤੇ ਕੁੱਝ ਬਣ ਕੇ ਵਿਖਾਉਣ ਲਈ ਪੜ੍ਹਦਾ ਤੇ ਖੇਡਦਾ ਰਿਹਾ। ਸਮੇਂ ਨਾਲ ਮੇਰਾ ਕੱਦ ਵੀ ਛੇ ਫੁੱਟ ਦੇ ਨੇੜ ਹੋ ਗਿਆ। ਅਥਲੀਟ ਹੋਣ ਕਾਰਨ ਮੇਰਾ ਜੁੱਸਾ ਛਾਂਟਵਾਂ ਤੇ ਸਡੌਲ ਸੀ ਤੇ ਸਰੀਰਕ ਵਜ਼ਨ ਵੀ ਪੌਣੇ ਦੋ ਮਣ ਹੋ ਗਿਆ ਸੀ। ਮੈਂ ਤਿੰਨ ਕਾਲਜਾਂ ਵਿੱਚ ਪੜ੍ਹਿਆ ਤੇ ਤਿੰਨਾਂ ਦਾ ਬੈੱਸਟ ਅਥਲੀਟ ਬਣਿਆ। ਮੇਰੀ ਬੋਲ ਬਾਣੀ ਵੀ ਸੁਧਰ ਗਈ ਤੇ ਦਿੱਲੀ ਦੇ ਭਾਪਿਆਂ `ਚ ਰਹਿ ਕੇ ਰੰਗ ਰੂਪ ਵੀ ਨਿੱਖਰ ਗਿਆ। ਮੇਰੇ ਅੰਦਰ ਸਵੈ ਭਰੋਸਾ ਜਿਹਾ ਬਣ ਗਿਆ ਕਿ ਹੁਣ ਕੋਈ ਵੇਖੇਗਾ ਤਾਂ ਜੁਆਬ ਦੇਣ ਤੋਂ ਪਹਿਲਾਂ ਵੀਹ ਵਾਰ ਸੋਚੇਗਾ। ਤੇ ਹੋਇਆ ਵੀ ਇਹੋ ਕੁਝ।

ਐੱਮ.ਏ.ਕਰ ਕੇ ਮੈਂ ਪਿੰਡ ਆਇਆ ਤਾਂ ਰਾਏਕੋਟ ਵੱਲ ਦਾ ਇੱਕ ਜ਼ੈਲਦਾਰ ਮੀਨੀਆਂ ਦੇ ਬੰਦੇ ਨਾਲ ਮੈਨੂੰ ਵੇਖਣ ਆਇਆ। ਗੱਲਾਂ ਗੱਲਾਂ ਵਿੱਚ ਉਹਨੇ ਮੈਨੂੰ ਪਸੰਦ ਕਰ ਲਿਆ। ਉਸ ਦੀ ਲੜਕੀ ਬੀ.ਏ.ਪਾਸ ਸੀ। ਉਹ ਕਹਿਣ ਲੱਗਾ, “ਕਾਕਾ ਜੀ, ਤੁਸੀਂ ਮੀਨੀਆਂ ਵਾਲੇ ਵਿਚੋਲੇ ਨਾਲ ਸਾਡੇ ਘਰ ਆ ਜਾਣਾ। ਤੁਸੀਂ ਲੜਕੀ ਨੂੰ ਦੇਖ ਲੈਣਾ ਤੇ ਲੜਕੀ ਤੁਹਾਨੂੰ ਦੇਖ ਲਵੇਗੀ।” ਮੇਰੀ ਝਿਜਕ ਦੇ ਬਾਵਜੂਦ ਉਸ ਨੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਵੇਖਣ ਵਿਖਾਉਣ ਵਿੱਚ ਕੁੱਝ ਵੀ ਗ਼ਲਤ ਨਹੀਂ। ਇਹ ਵੀ ਕਿਹਾ ਕਿ ਮੈਂ ਆਪਣੀ ਲੜਕੀ ਨੂੰ ਮੁੰਡਾ ਵਿਖਾਏ ਬਿਨਾਂ ਉਸ ਦਾ ਰਿਸ਼ਤਾ ਕਰਨਾ ਠੀਕ ਨਹੀਂ ਸਮਝਦਾ। ਉਹਦੀ ਗੱਲ `ਚ ਵਜ਼ਨ ਸੀ।

ਮੈਂ ਆਪਣੇ ਬਾਬੇ ਤੇ ਬਾਪੂ ਦੀ ਸਹਿਮਤੀ ਲੈ ਕੇ ਮੀਨੀਆਂ ਵਾਲੇ ਸੱਜਣ ਨਾਲ ਜ਼ੈਲਦਾਰ ਦੇ ਘਰ ਚਲਾ ਗਿਆ। ਉਸ ਦੀ ਲੜਕੀ ਕੁੱਝ ਵਧੇਰੇ ਹੀ ਸਮੱਧਰ ਸੀ ਜਿਸ ਕਰਕੇ ਉਸ ਨੇ ਕੁਰਸੀ `ਤੇ ਬੈਠਿਆਂ ਹੀ ਸਤਿ ਸ੍ਰੀ ਅਕਾਲ ਬੁਲਾਈ। ਮੈਂ ਅੰਦਾਜ਼ਾ ਲਾ ਲਿਆ ਕਿ ਉਸ ਦਾ ਕੱਦ ਪੰਜ ਕੁ ਫੁੱਟ ਹੋਵੇਗਾ। ਇਹ ਮੇਰੇ ਲਈ ਅਣਜੋੜ ਸੀ। ਮੁੜਦਿਆਂ ਮੀਨੀਆਂ ਵਾਲਾ ਸੱਜਣ ਕਹਿੰਦਾ ਆਇਆ ਕਿ ਮਧਰੇ ਕੱਦ ਦੀਆਂ ਤੀਵੀਆਂ ਪਤੀਆਂ ਦੀ ਬਹੁਤੀ ਸੇਵਾ ਕਰਦੀਆਂ ਹਨ। ਉਹ ਵਿਚੋਲੇ ਦਾ ਵਧੀਆ ਰੋਲ ਨਿਭਾਅ ਰਿਹਾ ਸੀ ਪਰ ਉਹਦੀਆਂ ਦਲੀਲਾਂ ਮੈਨੂੰ ਕਾਇਲ ਨਾ ਕਰ ਸਕੀਆਂ। ਮੈਂ ਇਹੋ ਕਹਿ ਕੇ ਗੱਲ ਮੁਕਾਈ, “ਸਾਡਾ ਕੋਚ ਕਹਿੰਦਾ ਸੀ ਕਿ ਕੱਦਾਵਰ ਬੱਚੇ ਜੰਮਣ ਲਈ ਕੱਦਾਵਰ ਪਤਨੀ ਨਾਲ ਵਿਆਹ ਕਰਾਇਓ।”

ਪਹਿਲਾਂ ਮੈਂ ਰੱਦ ਹੋ ਜਾਂਦਾ ਸਾਂ, ਹੁਣ ਮੈਥੋਂ ਰੱਦ ਕਰਨ ਦੀ ਗੁਸਤਾਖ਼ੀ ਹੋ ਗਈ ਸੀ। ਜਾਂ ਇਉਂ ਕਹਿ ਲਓ ਕਿ ਸੰਜੋਗ ਕਿਤੇ ਹੋਰ ਲਿਖੇ ਸਨ। ਉਨ੍ਹਾਂ ਸੰਜੋਗਾਂ ਦੀ ਗੱਲ ਵੀ ਸੁਣ ਲਓ।

1965 ਦਾ ਸਾਲ ਚੜ੍ਹਨ ਵਾਲਾ ਸੀ। ਸਰਦੀਆਂ ਦੀਆਂ ਛੁੱਟੀਆਂ ਸਨ। ਪ੍ਰਾਇਮਰੀ ਟੀਚਰ ਲੱਗਾ ਮੇਰਾ ਜਮਾਤੀ ਚਰਨ ਸਿੰਘ ਛੁੱਟੀਆਂ ਕੱਟਣ ਪਿੰਡ ਆਇਆ ਹੋਇਆ ਸੀ। ਮੈਂ ਵੀ ਦਿੱਲੀ ਤੋਂ ਪਿੰਡ ਗਿਆ ਹੋਇਆ ਸਾਂ ਤੇ ਧੁੱਪੇ ਮੰਜਾ ਡਾਹੀ ਪੜ੍ਹ ਰਿਹਾ ਸਾਂ। ਉਹ ਮੇਰੇ ਕੋਲ ਆਇਆ ਤੇ ਅਸੀਂ ਗੱਲਾਂ ਕਰਨ ਲੱਗੇ। ਉਹ ਕਹਿਣ ਲੱਗਾ, “ਮੈਂ ਮਲੋਟ ਕੋਲ ਪਿੰਡ ਬੋਦੀ ਵਾਲੇ ਪੜ੍ਹਾਉਨਾਂ। ਉਥੇ ਕੌਂਕਿਆਂ ਦਾ ਮਾਸਟਰ ਗੁਰਦਿਆਲ ਸਿੰਘ ਵੀ ਐ ਤੇ ਅਸੀਂ `ਕੱਠੇ ਈ ਰਹਿਨੇ ਆਂ। ਉਹ ਚੌਕੀਮਾਨ ਵਿਆਹਿਆ ਹੋਇਐ। ਉਹਦੀ ਸਾਲੀ ਸਿੱਧਵੀਂ ਬੀ.ਐੱਡ.ਕਰਦੀ ਐ। ਉਹਦੇ ਵਾਸਤੇ ਉਹ ਕੋਈ ਐੱਮ.ਏ.ਪੜ੍ਹਿਆ ਮੁੰਡਾ ਭਾਲਦੇ ਐ। ਮੈਂ ਤੇਰੀ ਦੱਸ ਪਾਈ ਆ। ਜੇ ਆਖੇਂ ਤਾਂ ਆਪਾਂ ਕਿਸੇ ਬਹਾਨੇ ਕੁੜੀ ਦੇਖ ਸਕਦੇ ਆਂ।”

ਮੇਰਾ ਕਿਹੜਾ ਕਿਤੇ ਪ੍ਰੇਮ-ਪਿਆਰ ਚਲਦਾ ਸੀ? ਮੈਂ ਝੱਟ ਤਿਆਰ ਹੋ ਗਿਆ। ਅਸੀਂ ਜਗਰਾਓਂ ਜਾਣ ਦਾ ਬਹਾਨਾ ਬਣਾਇਆ ਤੇ ਚੌਕੀਮਾਨ ਨੂੰ ਚੱਲ ਪਏ। ਬੱਸ ਅੱਡੇ `ਤੇ ਉਤਰੇ, ਰੇਲਵੇ ਲਾਈਨ ਪਾਰ ਕੀਤੀ ਤੇ ਪਿੰਡ `ਚ ਵੜਨਸਾਰ ਚਰਨ ਨੇ ਇੱਕ ਬੰਦੇ ਨੂੰ ਪੁੱਛਿਆ, “ਏਥੇ ਫੌਜ `ਚੋਂ ਰਟੈਰ ਹੋ ਕੇ ਆਇਆ ਇੱਕ ਹੌਲਦਾਰ ਐ। ਨਾਂ ਸਾਨੂੰ ਭੁੱਲ ਗਿਐ। ਉਹਦੀ ਲੜਕੀ ਕੌਂਕੇ ਵਿਆਹੀ ਐ। ਉਹਦੇ ਘਰ ਵਾਲਾ ਗੁਰਦਿਆਲ ਸਿੰਘ ਸਾਡੇ ਨਾਲ ਪੜ੍ਹਾਉਂਦੈ। ਅਸੀਂ ਉਹਨੂੰ ਮਿਲਣ ਕੌਂਕੀਂ ਗਏ ਸੀ ਪਰ ਓਥੋਂ ਪਤਾ ਲੱਗਾ ਬਈ ਉਹ ਸਹੁਰੀਂ ਆਇਆ ਹੋਇਐ। ਉਹਦੇ ਤਕ ਜ਼ਰੂਰੀ ਕੰਮ ਐਂ। ਸਾਨੂੰ ਉਹਦੇ ਸਹੁਰਿਆਂ ਦਾ ਘਰ ਦੱਸੋ।” ਉਸ ਬੰਦੇ ਨੇ ਸਾਨੂੰ ਗੁਰਦੁਆਰੇ ਦੇ ਰਾਹ ਪਾ ਦਿੱਤਾ ਤੇ ਆਖਿਆ, “ਘਰ ਓਥੇ ਜਾ ਕੇ ਪੁੱਛ ਲਿਓ।”

ਮੈਂ ਚਰਨ ਨੂੰ ਖ਼ਬਰਦਾਰ ਕੀਤਾ ਕਿ ਲੜਕੀ ਲੁੜਕੀ ਦਾ ਵੇਰਵਾ ਨੀ ਪਾਈਦਾ। ਹੋਰ ਨਾ ਕਿਤੇ ਜੁੱਤੀਆਂ ਪੁਆ-ਦੀਂ। ਹੁਣ ਤੂੰ ਚੁੱਪ ਰਹੀਂ ਮੈਂ ਪੁੱਛੂੰ। ਗੁਰਦੁਆਰੇ ਕੋਲ ਕੁੱਝ ਬੰਦੇ ਖੁੰਢ ਉਤੇ ਬੈਠੇ ਸਨ। ਮੈਂ ਹੱਥ ਜੋੜ ਕੇ ਫਤਿਹ ਬੁਲਾਈ ਤੇ ਪੁੱਛਿਆ, “ਕੌਂਕਿਆਂ ਤੋਂ ਸਾਡੇ ਦੋਸਤ ਮਾਸਟਰ ਗੁਰਦਿਆਲ ਸਿੰਘ ਇਸ ਨਗਰ `ਚ ਵਿਆਹੇ ਐ। ਉਨ੍ਹਾਂ ਦੇ ਸਹੁਰਾ ਸਾਹਿਬ ਫੌਜ `ਚੋਂ ਰਿਟੈਰ ਨੇ ਤੇ ਏਥੇ ਗੁਰਦੁਆਰੇ ਕੋਲ ਘਰ ਦੱਸਦੇ ਨੇ …।” ਮੇਰੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਕਿ ਇੱਕ ਬੁੜ੍ਹੀ ਦੀ ਆਵਾਜ਼ ਆਈ, “ਵੇ ਭਾਈ ਤੁਸੀਂ ਮਲਕੀਤੋ ਕੇ ਜਾਣੈ?” ਚਰਨ ਨੂੰ ਗੁਰਦਿਆਲ ਦੀ ਪਤਨੀ ਦਾ ਨਾਂ ਪਤਾ ਸੀ। ਉਸ ਨੇ ਹਾਂ ਕਹੀ ਤੇ ਬੁੜ੍ਹੀ ਨੇ ਘਰ ਦੱਸ ਦਿੱਤਾ।

ਘਰ ਵਿੱਚ ਗੁਰਦਿਆਲ ਸਿੰਘ ਦੇ ਸੱਸ ਸਹੁਰਾ ਹੀ ਸਨ, ਹੋਰ ਕੋਈ ਨਹੀਂ ਦਿਸਿਆ। ਖੁਰਲੀ ਉਤੇ ਦੋ ਮੱਝਾਂ ਬੱਝੀਆਂ ਹੋਈਆਂ ਸਨ ਤੇ ਕੁਤਰੇ ਦੀ ਮਸ਼ੀਨ ਮੂਹਰੇ ਬਰਸੀਮ ਦੀ ਢੇਰੀ ਲੱਗੀ ਹੋਈ ਸੀ। ਹਾਰੇ `ਚੋਂ ਧੂੰਆਂ ਉਠ ਰਿਹਾ ਸੀ। ਪਰਛਾਵੇਂ ਢਲ ਰਹੇ ਸਨ। ਬਜ਼ੁਰਗ ਦਾ ਜੁੱਸਾ ਤਕੜਾ ਤੇ ਚਿਹਰਾ ਲਾਲੀ `ਚ ਦਗ ਰਿਹਾ ਸੀ ਜਦ ਕਿ ਮਾਈ ਦੇ ਮੱਥੇ `ਤੇ ਝੁਰੜੀਆਂ ਪੈ ਚੁੱਕੀਆਂ ਸਨ ਤੇ ਕੁੱਝ ਕੁੱਬੀ ਵੀ ਸੀ। ਪੜ੍ਹ ਲਿਖ ਕੇ ਮੈਂ ਏਨਾ ਕੁ ਆਦਰਸ਼ਵਾਦੀ ਹੋ ਗਿਆ ਸਾਂ ਕਿ ਆਪਣੇ ਵਰਗੇ ਸਾਧਾਰਨ ਘਰ `ਚ ਸਾਦਾ ਵਿਆਹ ਕਰਾਉਣ ਦੀ ਧਾਰੀ ਬੈਠਾ ਸਾਂ। ਅਸੀਂ ਗੁਰਦਿਆਲ ਸਿੰਘ ਨੂੰ ਮਿਲਣ ਦੀ ਗੱਲ ਤੋਰੀ ਤਾਂ ਬਜ਼ੁਰਗ ਨੇ ਦੱਸਿਆ ਕਿ ਉਹ ਤਾਂ ਮਿਲ ਕੇ ਕੱਲ੍ਹ ਦੇ ਕੌਂਕੀਂ ਚਲੇ ਗਏ ਨੇ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ। ਗੱਲਾਂ ਕਰਦਿਆਂ ਇਹ ਪਤਾ ਜ਼ਰੂਰ ਲੱਗ ਗਿਆ ਕਿ ਉਨ੍ਹਾਂ ਦੀ ਇੱਕ ਲੜਕੀ ਪੰਜ ਗ੍ਰੰਥੀ ਦੀ ਰੌਲ ਲਾਉਣ ਗਈ ਹੈ। ਅਸੀਂ ਆਪਸ ਵਿੱਚ ਅੱਖਾਂ ਮਿਲਾਈਆਂ ਕਿ ਓਹੀ ਗਈ ਹੋਊ। ਬੜੀ ਭਗਤਣੀ ਐਂ ਬਈ ਮਾਂ ਦੀ ਧੀ!

ਮਾਈ ਨੇ ਚਾਹ ਰੱਖ ਦਿੱਤੀ ਤੇ ਅਸੀਂ ਏਧਰ ਓਧਰ ਦੀਆਂ ਗੱਲਾਂ ਕਰਦੇ ਰਹੇ। ਚਾਹ ਅਸੀਂ ਹੌਲੀ ਹੌਲੀ ਪੀਤੀ ਬਈ ਕੀ ਪਤਾ ਉਹ ਰੌਲ ਲਾ ਕੇ ਆ ਹੀ ਜਾਵੇ ਤੇ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਆ ਬੁਲਾਵੇ। ਪਰ ਉਹ ਨਾ ਆਈ ਤੇ ਸਾਡਾ ਗੇੜਾ ਐਵੇਂ ਗਿਆ। ਉਂਜ ਮੈਨੂੰ ਗੱਲਾਂ ਗੱਲਾਂ ਵਿੱਚ ਮਾਈ ਤੇ ਬਜ਼ੁਰਗ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ। ਮਗਰੋਂ ਪਤਾ ਲੱਗਾ ਕਿ ਮਾਈ ਨੇ ਮਾਸਟਰ ਚਰਨ ਸਿੰਘ ਨਾਲ ਆਏ ਮੁੰਡੇ ਬਾਰੇ ਆਪਣੇ ਪਤੀ ਨੂੰ ਕਿਹਾ ਸੀ, “ਜੇ ਇਹ ਮੁੰਡਾ ਕਿਤੇ ਮੰਗਿਆ ਵਿਆਹਿਆ ਨਾ ਹੋਵੇ ਤਾਂ ਆਪਾਂ ਆਪਣੀ ਜੀਤੋ ਲਈ ਪੁੱਛ ਲਈਏ।”

ਜਨਵਰੀ ਦੇ ਪਹਿਲੇ ਹਫ਼ਤੇ ਸਿੱਧਵਾਂ ਦਾ ਕਾਲਜ ਖੁੱਲ੍ਹਾ ਤਾਂ ਮੈਂ ਛੁੱਟੀ ਹੋਣ ਵੇਲੇ ਸਿੱਧਵਾਂ ਦੇ ਟੋਟੇ ਉਤੇ ਜਾ ਖੜ੍ਹਾ ਹੋਇਆ। ਬੀ.ਐੱਡ.ਵਾਲੀਆਂ ਕੁੜੀਆਂ ਨੂੰ ਸਭ ਤੋਂ ਪਿੱਛੋਂ ਛੁੱਟੀ ਹੋਈ। ਮੈਂ ਮਾਨਾਂ ਨੂੰ ਜਾਂਦੀ ਡੰਡੀ `ਤੇ ਨਿਗ੍ਹਾ ਰੱਖੀ ਹੋਈ ਸੀ ਬਈ ਜਿਹੜੀ ਓਧਰ ਨੂੰ ਮੁੜੀ ਉਹ ਓਹੀ ਹੋਊ। ਮਾੜਾ ਮੋਟਾ ਮੁਹਾਂਦਰਾ ਮੈਨੂੰ ਦੱਸ ਦਿੱਤਾ ਗਿਆ ਸੀ। ਲੰਮੀ ਉਡੀਕ ਮਗਰੋਂ ਇੱਕ ਲੰਮੀ ਪਤਲੀ ਕੁੜੀ ਬਿਨਾਂ ਮੇਰੇ ਵੱਲ ਵੇਖੇ ਕੋਲ ਦੀ ਲੰਘ ਕੇ ਮਾਨਾਂ ਦੀ ਡੰਡੀ ਪਈ ਤਾਂ ਮੈਂ ਨੀਝ ਨਾਲ ਵੇਖਣ ਲੱਗਾ। ਉਹਦਾ ਰੰਗ ਗੋਰਾ ਸੀ, ਨੈਣ ਨਕਸ਼ ਤਿੱਖੇ ਸਨ ਤੇ ਤੋਰ ਮਸਤਾਨੀ ਸੀ। ਮੈਨੂੰ ਉਹ ਪਹਿਲੀ ਨਜ਼ਰੇ ਹੀ ਭਾਅ ਗਈ। ਮੈਂ ਚਰਨ ਨਾਲ ਗੱਲ ਕੀਤੀ, ਚਰਨ ਨੇ ਗੁਰਦਿਆਲ ਨਾਲ ਤੇ ਗੁਰਦਿਆਲ ਨੇ ਆਪਣੇ ਸਹੁਰਾ ਸਾਹਿਬ ਨਾਲ। ਦੋਹਾਂ ਧਿਰਾਂ ਦੀ ਤਸੱਲੀ ਹੋ ਜਾਣ ਪਿੱਛੋਂ ਚਰਨ ਦੀ ਵਿਚੋਲਗੀ ਨਾਲ ਅਕਤੂਬਰ 1965 ਵਿੱਚ ਮੇਰਾ ਮੰਗਣਾ ਹੋ ਗਿਆ। ਮੈਨੂੰ ਖੰਭਣੀ ਨਾਲ ਬੰਨ੍ਹੇ ਚਾਂਦੀ ਦੇ ਰੁਪਈਏ ਦਾ ਸ਼ਗਨ ਪਿਆ ਤੇ ਛੁਹਾਰਾ ਮੂੰਹ ਨੂੰ ਲਾਇਆ ਗਿਆ। ਇੱਕ ਇਕ ਰੁਪਿਆ ਸ਼ਰੀਕੇ ਭਾਈਚਾਰੇ ਨੇ ਦਿੱਤਾ।

ਦਿੱਲੀ ਦੇ ਖ਼ਾਲਸਾ ਕਾਲਜ ਵਿੱਚ ਲੈਕਚਰਾਰ ਲੱਗਣ ਲਈ ਮੇਰੀ ਇੰਟਰਵਿਊ ਆ ਗਈ। ਇੱਕ ਦਿਨ ਪਹਿਲਾਂ ਸ.ਪ੍ਰੀਤਮ ਸਿੰਘ ਬੈਂਸ ਤੇ ਮੈਂ ਜਥੇਦਾਰ ਸੰਤੋਖ ਸਿੰਘ ਨੂੰ ਮਿਲਣ ਉਹਦੇ ਘਰ ਗਏ। ਉਸ ਨੇ ਫੋਨ ਉਤੇ ਪ੍ਰਿੰਸੀਪਲ ਬੱਲ ਨੂੰ ਮੇਰੀ ਜ਼ੋਰਦਾਰ ਸਿਫਾਰਿਸ਼ ਕਰਦਿਆਂ ਕਿਹਾ, “ਇਸ ਮੁੰਡੇ ਦੀ ਸਿੱਖੀ ਲਈ ਬਹੁਤ ਸੇਵਾ ਹੈ। ਇਹਨੂੰ ਪ੍ਰੋਫੈਸਰ ਵੀ ਰੱਖਣਾ ਤੇ ਮੈਂ ਫਲਾਣੇ ਮੈਂਬਰ ਦੀ ਕੁੜੀ ਦਾ ਰਿਸ਼ਤਾ ਵੀ ਕਰਾਉਣੈ।” ਪ੍ਰਿੰ.ਬੱਲ ਨੂੰ ਉਸ ਦੀ ਸਿੱਧਵਾਂ ਕਾਲਜ ਵਿੱਚ ਬੀ.ਐੱਡ.ਕਰਦੀ ਕੁੜੀ ਰਾਹੀਂ ਪਤਾ ਲੱਗ ਚੁੱਕਾ ਸੀ ਕਿ ਮੇਰਾ ਮੰਗਣਾ ਹੋ ਚੁੱਕੈ। ਉਸ ਨੇ ਜਥੇਦਾਰ ਨੂੰ ਕਿਹਾ, “ਉਹਦਾ ਤਾਂ ਮੰਗਣਾ ਹੋ ਚੁੱਕੈ, ਮੇਰੀ ਲੜਕੀ ਨੇ ਦੱਸਿਐ।” ਜਥੇਦਾਰ ਨੇ ਫੋਨ ਦੇ ਮੂੰਹ ਉਤੇ ਹੱਥ ਰੱਖ ਕੇ ਮੈਥੋਂ ਪੁੱਛਿਆ, “ਕਿਉਂ ਬਈ ਤੇਰਾ ਮੰਗਣਾ ਹੋ ਗਿਐ?” ਮੈਂ ਕਿਹਾ, “ਹਾਂ ਜੀ।” ਉਸ ਨੇ ਆਖਿਆ, “ਤੂੰ ਪਹਿਲਾਂ ਕਿਉਂ ਨੀ ਦੱਸਿਆ?” ਮੈਂ ਕਿਹਾ, “ਪਹਿਲਾਂ ਤੁਸੀਂ ਪੁੱਛਿਆ ਈ ਨੀ।”

ਮੈਨੂੰ ਲੱਗਾ ਮਾਨਾਂ ਵਾਲਾ ਮੰਗਣਾ ਮੇਰੀ ਚੋਣ ਨਹੀਂ ਹੋਣ ਦੇਵੇਗਾ। ਮੈਂ ਜਥੇਦਾਰ ਵੱਲ ਵੇਖਣ ਲੱਗਾ ਕਿ ਵੇਖੋ ਕੀ ਕਹਿੰਦੈ? ਉਸ ਨੇ ਖੁੱਲ੍ਹਦਿਲੀ ਵਿਖਾਉਂਦਿਆਂ ਫਿਰ ਵੀ ਮੇਰੀ ਸਿਫਾਰਿਸ਼ ਕਰ ਦਿੱਤੀ ਤੇ ਮੇਰੀ ਬਤੌਰ ਲੈਕਚਰਾਰ ਨਿਯੁਕਤੀ ਹੋ ਗਈ। ਲੈਕਚਰਾਰ ਬਣਿਆ ਤਾਂ ਪੰਜਾਬੀ ਸਭਾ ਦਿੱਲੀ ਦੇ ਮੋਢੀ ਗਿਆਨੀ ਕੁਲਦੀਪ ਸਿੰਘ ਨੇ ਮੈਨੂੰ ਆਪਣੇ ਇੱਕ ਦੋਸਤ ਦੀ ਪੀ ਐੱਚ.ਡੀ.ਕਰਦੀ ਕੁੜੀ ਦੇ ਰਿਸ਼ਤੇ ਦੀ ਪੇਸ਼ਕਸ਼ ਕੀਤੀ। ਜੱਟਾਂ ਦੀ ਉਹ ਕੁੜੀ ਸੋਹਣੀ ਸੀ, ਲੰਮੀ ਸੀ ਤੇ ਖ਼ੂਬ ਬਣਦੀ ਫੱਬਦੀ ਸੀ। ਕੋਈ ਵੀ ਉਹਦੇ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਸਕਦਾ ਸੀ। ਪਰ ਉਹ ਉਡੀਕ ਰਹੇ ਸਨ ਕਿ ਲੈਕਚਰਾਰ ਲੱਗੇ ਤੋਂ ਗੱਲ ਤੋਰਾਂਗੇ। ਉਹ ਰਿਸਕ ਲੈਣ ਤੋਂ ਜਕਦੇ ਰਹੇ ਜਦ ਕਿ ਚੌਕੀਮਾਨ ਵਾਲਿਆਂ ਨੇ ਰਿਸਕ ਲੈ ਲਿਆ ਸੀ।

ਮੇਰੀ ਮੰਗੇਤਰ ਬੀ.ਐੱਡ ਕਰ ਕੇ ਸੈਂਟਰਲ ਸਕੂਲ ਹਲਵਾਰੇ ਅਧਿਆਪਕਾ ਲੱਗ ਗਈ। ਮੈਂ ਜਦ ਪਿੰਡ ਆਉਂਦਾ ਤਾਂ ਹਲਵਾਰੇ ਮਿਲ ਕੇ ਜਾਂਦਾ। ਸਾਡਾ ਚਿੱਠੀ ਪੱਤਰ ਵੀ ਚੱਲ ਪਿਆ। ਜਦ ਮੈਂ ਦਿੱਲੀ ਛੱਡ ਕੇ ਢੁੱਡੀਕੇ ਕਾਲਜ ਵਿੱਚ ਆ ਲੱਗਾ ਤਾਂ 4 ਜਨਵਰੀ 1968 ਨੂੰ ਸਾਡਾ ਵਿਆਹ ਧਰਿਆ ਗਿਆ। ਮੇਰੇ ਉਤੇ ਸਾਦੇ ਵਿਆਹ ਦਾ ਏਨਾ ਭੂਤ ਸਵਾਰ ਸੀ ਕਿ ਨਾ ਕੋਈ ਰਿਸ਼ਤੇਦਾਰ ਸੱਦਿਆ ਤੇ ਕੋਈ ਦੋਸਤ ਮਿੱਤਰ। ਮੇਰੇ ਮਨ ਵਿੱਚ ਇਹ ਵੀ ਸੀ ਕਿ ਮੈਂ ਆਪਣੀ ਪੜ੍ਹਾਈ ਉਤੇ ਹੀ ਘਰ ਦਿਆਂ ਦਾ ਖਾਸਾ ਖਰਚਾ ਕਰਵਾ ਚੁੱਕਾਂ ਤੇ ਹੁਣ ਵਿਆਹ `ਤੇ ਕੋਈ ਖਰਚ ਨੀ ਕਰਵਾਉਣਾ। ਮੈਂ ਆਪਣੇ ਸਹੁਰਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਕਿਸੇ ਦਾਜ ਦਹੇਜ `ਚ ਪਇਓ। ਮੇਰੇ ਸਹੁਰਾ ਸਾਹਿਬ ਦੇ ਤਿੰਨ ਲੜਕੀਆਂ ਸਨ। ਵੱਡੀ ਲੜਕੀ ਜੇ.ਬੀ.ਟੀ.ਸੀ ਜੋ ਜੇ.ਬੀ.ਟੀ.ਅਧਿਆਪਕ ਨਾਲ ਵਿਆਹੀ ਗਈ ਸੀ। ਉਸ ਤੋਂ ਛੋਟੀ ਹਰਜੀਤ ਬੀ.ਐੱਡ ਕਰ ਕੇ ਅਧਿਆਪਕਾ ਲੱਗ ਚੁੱਕੀ ਸੀ। ਸਭ ਤੋਂ ਛੋਟੀ ਕਾਲਜ ਵਿੱਚ ਪੜ੍ਹਦੀ ਸੀ। ਪੁੱਤਰ ਕੋਈ ਨਹੀਂ ਸੀ।

ਅਸੀਂ ਘਰਾਂ ਦੇ ਦਸ ਬਾਰਾਂ ਬੰਦੇ ਇੱਕ ਕਾਰ ਤੇ ਇੱਕ ਵੈਨ ਉਤੇ ਚੌਕੀਮਾਨ ਗਏ। ਮੇਰੇ ਨਾ ਕੋਈ ਸਿਹਰਾ ਬੱਧਾ ਸੀ ਤੇ ਨਾ ਕਲਗੀ ਲੱਗੀ ਸੀ। ਵਾਜਾ ਤਾਂ ਕੀਹਨੇ ਲਿਜਾਣਾ ਸੀ? ਘਰ ਕੋਈ ਕੜਾਹੀ ਨਹੀਂ ਸੀ ਚਾੜ੍ਹੀ ਗਈ ਤੇ ਨਾ ਮਠਿਆਈ ਲਿਆਂਦੀ ਗਈ ਸੀ। ਕਮੀਜ਼ ਮੈਂ ਪ੍ਰੋ.ਸਲ੍ਹੋਤਰੇ ਦੀ ਪਾਈ ਸੀ ਤੇ ਟਾਈ ਪ੍ਰੋ.ਜਸਮੇਲ ਸਿੰਘ ਦੀ ਬੰਨ੍ਹੀ ਸੀ। ਕੋਟ ਪੈਂਟ ਮੇਰੇ ਆਪਣੇ ਸੀ ਜੋ ਨਵੇਂ ਸੁਆਏ ਸੀ ਤੇ ਚਿੱਟੇ ਰੰਗ ਦੀ ਜੁੱਤੀ ਵੀ ਮੇਰੀ ਸੀ। ਕਹਿੰਦੇ ਸਨ ਕਿ ਸਹੁਰੀਂ ਗਿਆਂ ਦੀ ਜੁੱਤੀ ਚੁੱਕੀ ਜਾਂਦੀ ਹੈ ਇਸ ਲਈ ਉਹ ਵੀ ਸਸਤੀ ਲਈ ਸੀ। ਸਾਡੇ ਅਨੰਦ ਕਾਰਜ ਬੈਠੇ ਬਿਠਾਇਆਂ ਹੋਏ ਸਨ ਜੋ ਕਿ ਉਨ੍ਹਾਂ ਪਿੰਡਾਂ ਵਿੱਚ ਉਦੋਂ ਦਾ ਰਿਵਾਜ਼ ਸੀ। ਸਾਡੇ ਵਿਆਹ ਦਾ ਕੋਈ ਫੋਟੋ ਨਹੀਂ ਲੱਥਾ ਤੇ ਨਾ ਸਿਰ ਵਾਰਨਾ ਹੋਇਆ।

ਬੇਸ਼ੱਕ ਮੈਂ ਦਾਜ ਦਹੇਜ ਮਨ੍ਹਾਂ ਕੀਤਾ ਸੀ ਪਰ ਮੇਰੇ ਸਹੁਰਾ ਸਾਹਿਬ ਦੀ ਆਪਣੀ ਮਜਬੂਰੀ ਸੀ। ਉਨ੍ਹਾਂ ਨੇ ਜੋ ਕੁੱਝ ਆਪਣੀ ਵੱਡੀ ਧੀ ਨੂੰ ਦਿੱਤਾ ਸੀ ਉਹੀ ਕੁੱਝ ਆਪਣੀ ਦੂਜੀ ਧੀ ਨੂੰ ਵੀ ਦੇਣਾ ਸੀ। ਹਰਜੀਤ ਨੇ ਮੇਰੇ ਲਈ ਕਰੀਮ ਕੱਲਰ ਦਾ ਸਵੈਟਰ ਬੁਣਿਆ ਸੀ ਤੇ ਪਲੰਘ ਲਈ ਨਵਾਰ ਉਣਿਆ ਸੀ। ਉਹਦੀਆਂ ਹੱਥੀਂ ਕੱਢੀਆਂ ਚਾਦਰਾਂ ਤੇ ਬਣਾਏ ਹੋਏ ਬਿਸਤਰੇ ਸਨ। ਉਹ ਆਪਣੀ ਪੇਟੀ ਲੈ ਕੇ ਆਈ ਤੇ ਮੈਨੂੰ ਮੇਰੇ ਸਾਂਢੂ ਵਾਂਗ ਸਾਈਕਲ ਦਿੱਤਾ ਗਿਆ। ਸਾਈਕਲ ਤੇ ਪਲੰਘ ਦੀ ਤਾਂ ਹੁਣ ਕੋਈ ਨਿਸ਼ਾਨੀ ਨਹੀਂ ਰਹੀ ਪਰ ਪੇਟੀ, ਨਿੱਕਾ ਮੇਜ਼ ਤੇ ਦਾਜ ਵਿੱਚ ਮਿਲੀਆਂ ਦੋ ਕੁਰਸੀਆਂ ਅਜੇ ਵੀ ਸਾਡੇ ਘਰ ਦਾ ਸ਼ਿੰਗਾਰ ਹਨ।

Additional Info

  • Writings Type:: A single wirting
Read 3231 times Last modified on Tuesday, 13 October 2009 19:20
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ