Print this page
Tuesday, 13 October 2009 19:23

27 - ਨਨਕਾਣਾ ਸਾਹਿਬ ਦੀ ਯਾਤਰਾ

Written by
Rate this item
(0 votes)

ਬਚਪਨ ਵਿੱਚ ਰਿਕਾਰਡ ਸੁਣਿਆ ਕਰਦੇ ਸਾਂ-ਨਨਕਾਣੇ ਵੱਲ ਨੂੰ ਜਾਂਦਿਆਂ ਰਾਹੀਆ ਵੇ, ਮੇਰੇ ਪ੍ਰੀਤਮ ਨੂੰ ਸੰਦੇਸ਼ਾ ਲੈਂਦਾ ਜਾ …। ਮਨ ਵਿਆਕੁਲ ਹੋ ਜਾਂਦਾ ਸੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ। ਉੱਡ ਕੇ ਜਾਣ ਨੂੰ ਜੀਅ ਕਰਦਾ ਸੀ। ਆਖ਼ਰ ਬਿਧ ਬਣ ਹੀ ਗਈ।

ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸ਼ੁਭ ਅਵਸਰ `ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਤੋਂ ਨਨਕਾਣਾ ਸਾਹਿਬ ਜਾਣ ਲਈ ਅਰਜ਼ੀਆਂ ਮੰਗੀਆਂ। ਮੈਂ ਮੋਗੇ ਦੇ ਸਿੰਘ ਸਭਾ ਗੁਰਦੁਆਰੇ `ਚੋਂ ਫਾਰਮ ਲੈ ਕੇ ਅਰਜ਼ੀ ਭਰ ਆਇਆ। ਪ੍ਰਕਾਸ਼ ਦਿਵਸ ਦੀ ਪੰਜਵੀਂ ਸ਼ਤਾਬਦੀ ਹੋਣ ਕਾਰਨ ਪਾਕਿਸਤਾਨ ਸਰਕਾਰ ਨੇ ਹਜ਼ਾਰਾਂ ਯਾਤਰੀਆਂ ਨੂੰ ਨਨਕਾਣਾ ਸਾਹਿਬ ਆਉਣ ਦੀ ਆਗਿਆ ਦੇ ਦਿੱਤੀ ਸੀ। ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਦਫ਼ਤਰ ਤੋਂ ਮੈਂ ਵੀਜ਼ਾ ਲੱਗਾ ਪਾਸਪੋਰਟ ਲੈ ਆਇਆ ਤੇ ਪ੍ਰਿੰਸੀਪਲ ਤੋਂ ਇੱਕ ਹਫ਼ਤਾ ਪਾਕਿਸਤਾਨ ਜਾਣ ਦੀ ਛੁੱਟੀ ਮਨਜ਼ੂਰ ਕਰਵਾ ਲਈ।

ਤਦ ਤਕ ਕਹਾਣੀਕਾਰ ਸੁਜਾਨ ਸਿੰਘ ਢੁੱਡੀਕੇ ਦੇ ਕਾਲਜ ਵਿੱਚ ਪ੍ਰਿੰਸੀਪਲ ਆ ਲੱਗੇ ਸਨ। ਪਹਿਲਾਂ ਉਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਪੰਜਾਬੀ ਦੇ ਲੈਕਚਰਰ ਸਨ ਜਿਥੇ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਸੀ। ਦੂਰ ਬੈਠਿਆਂ ਨੂੰ ਲੱਗਦਾ ਸੀ ਕਿ ਦੋਵੇਂ ਮਾਰਕਸਵਾਦੀ ਲੇਖਕ ਘਿਓ-ਖਿਚੜੀ ਹੋਣਗੇ ਪਰ ਦੋਹਾਂ ਦੇ ਸੁਭਾਅ ਆਪਸ ਵਿੱਚ ਮੇਲ ਨਹੀਂ ਸਨ ਖਾਂਦੇ। ਉਹ ਆਪਸ ਵਿੱਚ ਬਹੁਤੇ ਭਿੱਜ ਨਹੀਂ ਸਨ ਸਕੇ।

ਜਦੋਂ ਸੁਜਾਨ ਸਿੰਘ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਤਾਂ ਇੱਕ ਨੌਜੁਆਨ ਬੀਰਦਵਿੰਦਰ ਸਿੰਘ ਉਨ੍ਹਾਂ ਨੂੰ ਮਿਲਣ ਢੁੱਡੀਕੇ ਆਇਆ। ਉਹਨੀਂ ਦਿਨੀਂ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨੇਤਾ ਸੀ ਤੇ ਮੈਂ ਫੈਡਰੇਸ਼ਨ ਤੋਂ ਪਾਸਾ ਵੱਟ ਗਿਆ ਸਾਂ। ਏਧਰ ਬਲਵੰਤ ਸਿੰਘ ਰਾਮੂਵਾਲੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣ ਕੇ ‘ਸਿੱਖਾਂ ਦੀ ਧੌਣ ਉਤੇ ਤਲਵਾਰ’ ਨਾਂ ਦਾ ਕਿਤਾਬਚਾ ਲਿਖੀ ਫਿਰਦਾ ਸੀ। ਫੈਡਰੇਸ਼ਨ ਵਾਲੇ ਮੌਕਾ ਵੇਖ ਕੇ ਮੁੱਢ ਤੋਂ ਹੀ ਸਿਆਸੀ ਪਾਰਟੀਆਂ ਬਦਲਦੇ ਰਹੇ ਨੇ। ਮੈਂ ਵੀ ਸਿਆਸਤ ਵਿੱਚ ਪੈ ਜਾਂਦਾ ਤਾਂ ਕੋਈ ਪਤਾ ਨਹੀਂ ਅਕਾਲੀ ਹੁੰਦਾ, ਕਾਂਗਰਸੀ ਹੁੰਦਾ ਜਾਂ ਕਾਮਰੇਡਾਂ ਨਾਲ ਰਲ ਗਿਆ ਹੁੰਦਾ। ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਉਸ ਨਾਲ ਵਿਆਹਿਆ ਗਿਐ! ਪ੍ਰਿੰਸੀਪਲ ਸੁਜਾਨ ਸਿੰਘ ਨੂੰ ਮਿਲਣ ਆਇਆ ਨੌਜੁਆਨ ਈ ਵੇਖ ਲਓ ਕਿੰਨੇ ਪਾਸੇ ਪਲਟ ਚੁੱਕੈ? ਇਹ ਤਾਂ ਆਮ ਲੋਕ ਈ ਨੇ ਜਿਹੜੇ ਪਾਰਟੀਆਂ ਨਾਲ ਬੱਝੇ ਰਹਿੰਦੇ ਨੇ ਜਦ ਕਿ ਵੱਡੇ ਵੱਡੇ ਨੇਤਾ ਮੌਕਾ ਵੇਖ ਕੇ ਛਾਲ ਮਾਰ ਜਾਂਦੇ ਨੇ।

ਮੈਨੂੰ ਗੁਰਚਰਨ ਸਿੰਘ ਨਿਹਾਲ ਸਿੰਘ ਵਾਲੇ ਦੀ ਕਹੀ ਗੱਲ ਯਾਦ ਆ ਰਹੀ ਹੈ। ਉਹ ਅਕਾਲੀ ਦਲ ਵਿੱਚ ਵੀ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਵਾਂਗ ਕਾਂਗਰਸ ਵਿੱਚ ਵੀ। ਸਵਰਨ ਸਿੰਘ, ਬੂਟਾ ਸਿੰਘ, ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਬਥੇਰੇ ਨੇਤਾ ਹਨ ਜੋ ਪਾਰਟੀਆਂ ਬਦਲਦੇ ਰਹੇ ਹਨ। ਨਿਹਾਲੇ ਵਾਲੀਆ ਕਿਹਾ ਕਰਦਾ ਸੀ, “ਓਸੇ ਬੱਸ `ਤੇ ਚੜ੍ਹੋ ਜਿਹੜੀ ਚੰਡੀਗੜ੍ਹ ਪੁਚਾ ਦੇਵੇ। ਉਹ ਮੂਰਖ ਬੰਦੇ ਹੁੰਦੇ ਆ ਜਿਹੜੇ ਖਰਾਬ ਹੋਈ ਬੱਸ `ਚ ਬੈਠੇ ਰਹਿੰਦੇ ਆ। ਜਿਹੜੀ ਬੱਸ ਚੰਡੀਗੜ੍ਹ ਨਾ ਪੁਚਾਵੇ ਉਹ ਬਦਲ ਲੈਣ `ਚ ਈ ਸਿਆਣਪ ਐ।” ਲਾ ਲਛਮਣ ਸਿੰਘ ਗਿੱਲ ਤੇ ਬੇਅੰਤ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਬਲਵੰਤ ਸਿੰਘ ਰਾਮੂਵਾਲੀਆ ਤਕ ਦਰਜਨਾਂ ਸਿਆਸਤਦਾਨ ਹਨ ਜਿਹੜੇ ਵਿਗੜੀਆਂ ਬੱਸਾਂ ਤੋਂ ਉਤਰਦੇ ਤੇ ਚੱਲਦੀਆਂ ਬੱਸਾਂ `ਚ ਚੜ੍ਹਦੇ ਰਹੇ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਬਦਲੀਆਂ ਬੱਸਾਂ ਪਹਿਲੀਆਂ ਨਾਲੋਂ ਵੀ ਵੱਧ ਵਿਗੜੀਆਂ ਨਿਕਲੀਆਂ!

ਪ੍ਰਿੰਸੀਪਲ ਸੁਜਾਨ ਸਿੰਘ ਨੇ ਮੈਨੂੰ ਨਨਕਾਣਾ ਸਾਹਿਬ ਜਾਣ ਲੱਗੇ ਨੂੰ ਆਪਣੇ ਵੱਲੋਂ ਵੀ ਬਾਬੇ ਨਾਨਕ ਦੇ ਜਨਮ ਸਥਾਨ ਨੂੰ ਸਿਜਦਾ ਕਰਨ ਦੀ ਤਾਕੀਦ ਕੀਤੀ। ਹਰਜੀਤ ਨੇ ਮੈਨੂੰ ਪੰਜੀਰੀ ਦਾ ਡੱਬਾ ਭਰ ਕੇ ਦੇ ਦਿੱਤਾ ਤੇ ਮੈਂ ਅਜੀਤਵਾਲ ਤੋਂ ਰੇਲ ਗੱਡੀ ਚੜ੍ਹ ਗਿਆ। ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੋਂ ਹੁਸੈਨੀ ਵਾਲੇ ਬਾਰਡਰ ਤਕ ਟਾਂਗੇ ਚੱਲ ਰਹੇ ਸਨ। ਟਾਂਗੇ `ਚ ਬੈਠਿਆਂ ਮੇਰੀ ਹੀ ਉਮਰ ਦੇ ਦੋ ਭਾਊ ਮੇਰੇ ਸਿਆਣੂੰ ਹੋ ਗਏ ਤੇ ਰਾਹ ਜਾਂਦਿਆਂ ਵਾਲੀ ਦੋਸਤੀ ਹੋ ਗਈ। ਅਸੀਂ ਮਨ ਬਣਾ ਲਿਆ ਕਿ ਪਾਕਿਸਤਾਨ ਵਿੱਚ `ਕੱਠੇ ਹੀ ਰਹਾਂਗੇ। ਉਨ੍ਹਾਂ `ਚੋਂ ਇੱਕ ਬੈਂਕ ਵਿੱਚ ਲੱਗਾ ਹੋਇਆ ਸੀ ਤੇ ਦੂਜਾ ਜੰਗਲਾਤ ਦੇ ਮਹਿਕਮੇ ਦਾ ਇੰਸਪੈਕਟਰ ਸੀ। ਬੈਂਕ ਵਾਲਾ ਭਾਊ ਤਾਂ ਇਕਹਿਰਾ ਜਿਹਾ ਹੀ ਸੀ ਪਰ ਮਹਿਕਮੇ ਜੰਗਤਾਲ ਵਾਲੇ ਦਾ ਢਿੱਡ ਵਾਹਵਾ ਸੀ ਜਿਸ ਤੋਂ ਉਹ ਖਾਂਦਾ ਪੀਂਦਾ ਲੱਗਦਾ ਸੀ। ਉਹ ਤਕੜਾ ਗਾਲੜੀ ਸੀ ਤੇ ਮਾਂ ਯਾ ਦੀਆਂ ਮਝੈਲੀ ਗਾਲ੍ਹਾਂ ਦਾ ਪਲੇਥਣ ਵੀ ਲਾਈ ਜਾਂਦਾ ਸੀ। ਮਲਵਈ ਮਸ਼ਕਰੀਆਂ ਕਰਨ `ਚ ਮੈਂ ਵੀ ਘੱਟ ਨਹੀਂ ਸਾਂ। ਇਓਂ ਸਮਝ ਲਓ ਕਿ ਲੰਡੇ ਤੇ ਮੀਣੇ ਰਾਹ `ਚ ਈ ਟੱਕਰ ਪਏ!

18 ਨਵੰਬਰ 1969 ਦਾ ਨਿੱਘਾ ਦਿਨ ਸੀ। ਹੁਸੈਨੀ ਵਾਲੇ ਬਾਰਡਰ ਉਤੇ ਯਾਤਰੂਆਂ ਦਾ ਮੇਲਾ ਲੱਗਾ ਹੋਇਆ ਸੀ। ਉਦੋਂ ਸਰਹੱਦ `ਤੇ ਤਾਰ ਨਹੀਂ ਸੀ ਲੱਗੀ ਹੋਈ। ਕੱਖ-ਕਾਣ ਤੇ ਕਾਹ ਦੇ ਬੂਝਿਆਂ ਨੇ ਸੁੰਨੇ ਪਏ ਖੇਤ ਮੱਲੇ ਹੋਏ ਸਨ। ਕਾਨਿਆਂ ਦੇ ਚਿੱਟੇ ਬੁੰਬਲ ਹਵਾ `ਚ ਝੂੰਮ ਰਹੇ ਸਨ ਜਿਨ੍ਹਾਂ ਉਤੇ ਜਨੌਰ ਉੱਡੇ ਫਿਰਦੇ ਸਨ। ਅਜੇ ਚਾਰ ਸਾਲ ਪਹਿਲਾਂ ਹੀ ਹਿੰਦ-ਪਾਕਿ ਜੰਗ ਹੋ ਕੇ ਹਟੀ ਸੀ ਜਿਸ ਨੂੰ ਮੈਂ ਬਹੁਤ ਨੇੜਿਓਂ ਵੇਖਿਆ ਸੀ। ਕਈ ਥਾਈਂ ਗੋਲਿਆਂ ਦੇ ਪਾਏ ਹੋਏ ਟੋਏ ਅਜੇ ਪੂਰੇ ਨਹੀਂ ਸਨ ਗਏ। ਪਰ ਦੋਹੀਂ ਪਾਸੀਂ ਪਿਆਰ ਫਿਰ ਉਮਡ ਆਇਆ ਸੀ। ਸੰਗਤਾਂ ਦੇ ਸਵਾਗਤ ਵਿੱਚ ਸਪੀਕਰ ਤੋਂ ਖੁਸ਼ ਆਮਦੀਦ ਦੇ ਪਿਆਰੇ ਬੋਲ ਬੋਲੇ ਜਾ ਰਹੇ ਸਨ ਤੇ ਰਿਕਾਰਡ ਵੱਜ ਰਹੇ ਸਨ-ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ …।

ਪੰਜਾਬੀਆਂ ਬਾਰੇ ਕੀ ਕਿਹਾ ਜਾਵੇ? ਪਿਆਰ ਕਰਦੇ ਕਰਦੇ ਮਰਨ ਮਾਰਨ ਤਕ ਚਲੇ ਜਾਂਦੇ ਹਨ ਤੇ ਮਰਦੇ ਮਾਰਦੇ ਪਿਆਰ ਕਰਨ ਲੱਗ ਪੈਂਦੇ ਹਨ। ਪੰਜਾਬ ਦੇ ਜੰਮਿਆਂ ਨੇ ਇਹ ਖੇਡ ਮੁੱਢ ਕਦੀਮ ਤੋਂ ਜਾਰੀ ਰੱਖੀ ਹੋਈ ਹੈ। ਲੰਮਾ ਸਮਾਂ ਅਮਨ ਅਮਾਨ ਪਤਾ ਨਹੀਂ ਇਨ੍ਹਾਂ ਨੂੰ ਕਿਉਂ ਨਹੀਂ ਪੋਂਹਦਾ?

ਨਨਕਾਣਾ ਸਾਹਿਬ ਦੀ ਯਾਤਰਾ ਕਰਨ ਚੱਲੇ ਕਾਫੀ ਸਾਰੇ ਯਾਤਰੀਆਂ ਕੋਲ ਏਨਾ ਸਮਾਨ ਸੀ ਜਿਵੇਂ ਪਾਕਿਸਤਾਨ `ਚ ਦੁਕਾਨ ਪਾਉਣੀ ਹੋਵੇ! ਉਨ੍ਹਾਂ ਦੇ ਬੈਗਾਂ ਤੇ ਅਟੈਚੀਆਂ ਵਿੱਚ ਸ਼ਾਲ, ਕੋਟੀਆਂ ਤੇ ਕੰਬਲ ਤੁੰਨੇ ਹੋਏ ਸਨ ਜਦ ਕਿ ਸਰਦੀ ਅਜੇ ਉੱਤਰੀ ਨਹੀਂ ਸੀ। ਕਈ ਸਮਾਨ ਨਾਲ ਲੱਦੇ ਇਓਂ ਲੱਗਦੇ ਸਨ ਜਿਵੇਂ ਆਫਰੇ ਝੋਟੇ `ਤੇ ਝੁੱਲ ਦਿੱਤਾ ਹੋਵੇ! ਸਰਹੱਦ ਦੇ ਉਰਲੇ ਪਾਸੇ ਬੀ.ਐੱਸ.ਐੱਫ.ਦੇ ਉੱਚੇ ਲੰਮੇ ਜੁਆਨ ਤੇ ਪਰਲੇ ਪਾਸੇ ਤੁਰ੍ਹਲਿਆਂ ਵਾਲੇ ਸਤਲੁਜ ਰੇਂਜਰਜ਼ ਖੜ੍ਹੇ ਸਨ। ਪਾਸਪੋਰਟਾਂ ਦੀ ਪੜਤਾਲ ਕਰਨ ਵਾਲੇ ਚਾਰ ਪੰਜ ਅਫਸਰ ਮੇਜ਼ ਲਾਈ ਕੁਰਸੀਆਂ `ਤੇ ਬੈਠੇ ਸਨ। ਲਾਈਨ `ਚ ਲੱਗਿਆਂ ਦੀ ਸਾਡੀ ਵਾਰੀ ਨੇੜੇ ਆਈ ਤਾਂ ਮੈਨੂੰ ਇਮੀਗਰੇਸ਼ਨ ਅਫਸਰਾਂ ਦੀ ਗੱਲ ਬਾਤ ਸੁਣਨ ਲੱਗ ਪਈ। ਦੂਜੇ ਦੇਸ਼ ਦੇ ਬੰਦੇ ਬਿਲਕੁਲ ਸਾਡੇ ਵਾਲੀ ਬੋਲੀ ਬੋਲ ਰਹੇ ਸਨ। ਇਹ ਗੱਲ ਸਾਡੇ ਲਈ ਹੈਰਾਨੀ ਵਾਲੀ ਸੀ।

ਮੈਂ ਉਨ੍ਹਾਂ ਦੇ ਲਹਿਜ਼ੇ ਤੋਂ ਅੰਦਾਜ਼ਾ ਲਾਇਆ ਕਿ ਤਿੰਨ ਮਝੈਲ ਸਨ ਤੇ ਇੱਕ ਮਲਵਈ ਸੀ। ਜਦੋਂ ਕਿਸੇ ਦੇ ਪਾਸਪੋਰਟ ਦਾ ਸਿਰਨਾਵਾਂ ਉਹ ਮਾਲਵੇ ਦਾ ਪੜ੍ਹਦੇ ਤਾਂ ਮਝੈਲ ਅਫਸਰ ਆਪਣੇ ਮਲਵਈ ਸਾਥੀ ਨੂੰ ਛੇੜਦੇ, “ਆਹ ਇੱਕ ‘ਥੋਡਾ’ ਹੋਰ ਆ ਗਿਆ ਈ!”

ਮੈਂ ਪੰਜਾਬੀ ਦਾ ਲੈਕਚਰਾਰ ਸਾਂ ਤੇ ਫਾਜ਼ਿਲਕਾ ਤੋਂ ਦਿੱਲੀ ਤਕ ਦਾ ਪਾਣੀ ਪੀਤਾ ਸੀ। ਪਿਛੋਕੜ ਮਾਝੇ ਦਾ ਸੀ ਜਿਸ ਕਰਕੇ ਉਨ੍ਹਾਂ ਦਾ ਵਿਅੰਗ ਸਮਝਦਾ ਸਾਂ। ਮੇਰੇ ਨਾਲ ਵੀ ਦੋ ਮਝੈਲ ਸਨ ਤੇ ਮੈਂ ਉਨ੍ਹਾਂ ਤੋਂ ਮੂਹਰੇ ਸਾਂ। ਮੇਰੇ ਪਾਸਪੋਰਟ ਦਾ ਸਿਰਨਾਵਾਂ ਪੜ੍ਹ ਕੇ ਉਨ੍ਹਾਂ ਨੇ ਫੇਰ ਮਲਵਈ ਸਾਥੀ ਨੂੰ ਛੇੜਿਆ, “ਲੈ ‘ਥੋਡਾ’ ਇੱਕ ਹੋਰ ਆ ਗਿਆ ਈ!” ਮੈਂ ਵੀ ਨਾਲ ਲੱਗਦਾ ਹੀ ਨਹਿਲੇ `ਤੇ ਦਹਿਲਾ ਧਰ ਦਿੱਤਾ, “ਕੋਈ ਨਾ ਭਾਅ, ਆਹ ‘ਧਾਡੇ’ ਵੀ ਪਿੱਛੇ ਆਉਣ ਡਹੇ ਆ!”

ਮੇਰੀ ਟਕੋਰ ਨਾਲ ਖੂੰਜੇ ਲੱਗਾ ਬੈਠਾ ਮਲਵਈ ਅਫਸਰ ਦੂਣਾ ਹੋ ਗਿਆ ਤੇ ਥਾਪੀ ਮਾਰ ਕੇ ਕਹਿਣ ਲੱਗਾ, “ਲਓ ਆ ਗਿਆ ਮੇਰਾ ਵੀ ਬਾਈ। ਹੁਣ ਕਰੋ ਗੱਲ। ਤੁਸੀਂ ਮੈਨੂੰ `ਕੱਲਾ ਈ ਸਮਝ ਰੱਖਿਆ ਸੀ?” ਨਾਲ ਹੀ ਮੈਨੂੰ ਕਹਿਣ ਲੱਗਾ, “ਆ ਬਾਈ ਸਿਆਂ, ਬਹਿ ਜਾ ਮੇਰੇ ਕੋਲ। ਲੈ ਹੁਣ ਨੀ ਆਪਾਂ ਕਿਸੇ ਤੋਂ ਲਈਦੇ।” ਇਹ ਦੂਜੀ ਹੈਰਾਨੀ ਸੀ। ਨਾ ਜਾਣ ਨਾ ਪਛਾਣ। ਪਰਾਏ ਮੁਲਕ ਦਾ ਅਫਸਰ ਬੋਲਾਂ ਦੀ ਸਾਂਝ ਨਾਲ ਹੀ ਅਪਣੱਤ ਜਿਤਾ ਕੇ ਆਪਣੇ ਕੋਲ ਬਿਠਾ ਰਿਹਾ ਸੀ। ਮਝੈਲ ਅਫਸਰ ਕੁੱਝ ਪਲਾਂ ਲਈ ਖੂੰਜੇ ਲੱਗ ਗਏ ਸਨ। ਫਿਰ ਇੱਕ ਦੋ ਦੇਸੀ ਮਜ਼ਾਕ ਹੋਏ ਤੇ ਗੱਲ ਹਾਸੇ ਪਈ ਰਹੀ। ਅਸੀਂ ਤੁਰਨ ਲੱਗੇ ਤਾਂ ਮਲਵਈ ਅਫਸਰ ਚਾਹ ਪਿਆਏ ਬਿਨਾਂ ਜਾਣ ਨਹੀਂ ਸੀ ਦੇ ਰਿਹਾ। ਅਜੀਬ ਰਿਸ਼ਤਾ ਜੁੜ ਗਿਆ ਸੀ।

ਸਰਹੱਦ ਲੰਘੇ ਤਾਂ ਕਸੂਰ ਲਈ ਬੱਸਾਂ ਲੱਗੀਆਂ ਖੜ੍ਹੀਆਂ ਸਨ। ਲੰਗਰ ਵਰਤ ਰਿਹਾ ਸੀ ਤੇ ਚਾਹਾਂ ਉੱਬਲ ਰਹੀਆਂ ਸਨ। ਸਲੂਣੇ ਪਕੌੜਿਆਂ ਦੀ ਕਰਾਰੀ ਵਾਸ਼ਨਾ ਹਵਾ `ਚ ਤਾਰੀ ਸੀ। ਲੱਗਦਾ ਸੀ ਜਿਵੇਂ ਕਸੂਰੀ ਮੇਥੀ ਪਾਈ ਹੋਵੇ। ਬੱਸਾਂ ਤੁਰਦੀਆਂ ਨੂੰ ਵੱਗਾਂ ਵੇਲਾ ਹੋ ਗਿਆ ਸੀ ਤੇ ਗੰਡਾ ਸਿੰਘ ਵਾਲੇ ਦੇ ਡੰਗਰ ਪਸ਼ੂ ਘਰਾਂ ਨੂੰ ਪਰਤ ਰਹੇ ਸਨ। ਦੂਰ ਦੂਰ ਤਕ ਝੋਨੇ ਦੇ ਵੱਢ ਵਿਖਾਈ ਦੇ ਰਹੇ ਸਨ। ਕੋਈ ਕੋਈ ਖੇਤ ਵਾਹਿਆ ਬੀਜਿਆ ਵੀ ਦਿਸ ਰਿਹਾ ਸੀ। ਕਣਕਾਂ ਉੱਗ ਰਹੀਆਂ ਤੇ ਤੋਰੀਆ ਨਿੱਸਰ ਰਿਹਾ ਸੀ। ਤੋਰੀਏ ਦੇ ਪੀਲੇ ਫੁੱਲ ਟਹਿਕ ਰਹੇ ਸਨ। ਪੰਛੀ ਆਪਣੇ ਆਲ੍ਹਣਿਆਂ ਵੱਲ ਉੱਡੇ ਜਾ ਰਹੇ ਸਨ। ਵਸਦੇ ਘਰਾਂ ਦੇ ਚੁੱਲ੍ਹੇ ਬਲ ਰਹੇ ਤੇ ਧੂੰਆਂ ਬਨੇਰਿਆਂ ਤੋਂ ਉੱਚਾ ਉੱਠ ਰਿਹਾ ਸੀ। ਮੈਂ ਮਹਿਸੂਸ ਕੀਤਾ ਕਿ ਇਹ ਤਾਂ ਨਾਂ ਦਾ ਹੀ ਦੂਜਾ ਮੁਲਕ ਸੀ ਜਦ ਕਿ ਸਾਰਾ ਕੁੱਝ ਸਾਡੇ ਆਪਣੇ ਪਿੰਡਾਂ ਵਰਗਾ ਹੀ ਸੀ।

ਅੱਧੇ ਕੁ ਘੰਟੇ ਵਿੱਚ ਅਸੀਂ ਕਸੂਰ ਪਹੁੰਚ ਗਏ। ਮੈਨੂੰ ਬੁੱਲ੍ਹੇ ਸ਼ਾਹ ਤੋਂ ਲੈ ਕੇ ਸੋਹਣ ਸਿੰਘ ਸੀਤਲ ਤਕ ਕਿੰਨੇ ਹੀ ਕਸੂਰੀਏ ਯਾਦ ਆਏ। ਸੀਤਲ ਏਥੇ ਈ ਕਿਤੇ ਹਲ ਵਾਹੁੰਦਾ ਢਾਡੀ ਬਣਿਆ ਸੀ। ਪਹਿਲਵਾਨ ਕਿੱਕਰ ਸਿੰਘ ਦਾ ਉਸਤਾਦ ਬੂਟਾ ਪਹਿਲਵਾਨ ਵੀ ਯਾਦ ਆਇਆ ਜੋ ਪਿਛੋਂ ਕਸੂਰ ਦਾ ਸੀ। ਜੁੱਤੀ ਕਸੂਰੀ, ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ … ਗਾਉਣ ਵਾਲੀ ਸੁਰਿੰਦਰ ਕੌਰ ਯਾਦ ਆਈ। ਮੈਂ ਦਿੱਲੀ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਦੇ ਘਰ ਜਾਂਦਾ ਤਾਂ ਉਸ ਦੀ ਪਤਨੀ ਸੁਰਿੰਦਰ ਕੌਰ ਦੀ ਬਣਾਈ ਚਾਹ ਪੀਣ ਨੂੰ ਮਿਲਦੀ। ਕਸੂਰ ਦੀ ਨਵੀਂ ਪੀੜ੍ਹੀ ਪੱਗ ਦਾੜ੍ਹੀਆਂ ਵਾਲੇ ਸਿੱਖ ਵੇਖ ਕੇ ਹੈਰਾਨ ਹੋ ਰਹੀ ਸੀ। ਜਦੋਂ ਅਸੀਂ ਉਨ੍ਹਾਂ ਨਾਲ ਪੰਜਾਬੀ ਵਿੱਚ ਗੱਲ ਬਾਤ ਕਰਦੇ ਤਾਂ ਉਹ ਹੈਰਾਨ ਹੋ ਕੇ ਆਂਹਦੇ, “ਇਹ `ਤੇ ਸਾਡੇ ਵਾਂਗ ਈ ਬੋਲਦੇ ਨੇ!” ਅੱਗੋਂ ਅਸੀਂ ਵੀ ਆਖਦੇ, “ਤੁਸੀਂ ਵੀ ਤੇ ਸਾਡੇ ਵਾਂਗ ਈ ਬੋਲਦੇ ਜੇ।”

ਕਸੂਰ ਦੇ ਰੇਲਵੇ ਸਟੇਸ਼ਨ ਤੋਂ ਨਨਕਾਣਾ ਸਾਹਿਬ ਲਈ ਤਿੰਨ ਸਪੈਸ਼ਲ ਗੱਡੀਆਂ ਚੱਲਣੀਆਂ ਸਨ। ਵਧੇਰੇ ਕਾਹਲੇ ਯਾਤਰੀ ਇੱਕ ਦੂਜੇ ਦੇ ਅੱਗੇ ਹੋ ਕੇ ਪਹਿਲੀ ਰੇਲ ਗੱਡੀ ਚੜ੍ਹ ਰਹੇ ਸਨ। ਬਾਰੀਆਂ ਮੂਹਰੇ ਧੱਕਾ ਪੈ ਰਿਹਾ ਸੀ। ਇੱਕ ਖੂੰਜੇ ਰੇੜ੍ਹੀ ਵਾਲੇ ਨੇ ਮੱਛੀ ਤਲਣੀ ਸ਼ੁਰੂ ਕਰ ਲਈ ਸੀ। ਮੱਛੀ ਦੀ ਮਹਿਕ ਆਉਣ ਦੀ ਦੇਰ ਸੀ ਕਿ ਮਹਿਕਮੇ ਜੰਗਲਾਤ ਵਾਲਾ ਬੇਲੀ ਸਾਨੂੰ ਖਿੱਚ ਕੇ ਓਧਰ ਲੈ ਗਿਆ। ਅਸੀਂ ਮੱਛੀ ਦੇ ਪਕੌੜਿਆਂ ਦਾ ਸੁਆਦ ਚੱਖ ਰਹੇ ਸਾਂ ਕਿ ਇੱਕ ਮੁਸਾਫ਼ਿਰ ਰੇੜ੍ਹੀ ਵਾਲੇ ਤੋਂ ਕਿਸੇ ਲਾਗਲੇ ਪਿੰਡ ਦਾ ਰਾਹ ਪੁੱਛਣ ਆ ਗਿਆ। ਰੇੜ੍ਹੀ ਵਾਲਾ ਯੂ.ਪੀ.ਦਾ ਮਹਾਜਰ ਹੋਣ ਕਾਰਨ ਉਰਦੂ ਰਲੀ ਪੰਜਾਬੀ `ਚ ਪਿੰਡ ਦਾ ਰਾਹ ਦੱਸਣ ਲੱਗਾ ਤਾਂ ਲਾਗੇ ਹੀ ਖੜ੍ਹਾ ਇੱਕ ਸਿੱਖ ਬਜ਼ੁਰਗ ਬੋਲਿਆ, “ਇਹ ਰਾਹ `ਤੇ ਬੜਾ ਲੰਮਾ ਈਂ। ਮੈਂ ਤੈਨੂੰ ਸਿੱਧਾ ਰਾਹ ਦੱਸਦਾਂ। ਯੂਪੀ ਦੇ ਏਸ ਭੱਈਏ ਨੂੰ ਏਹਨਾਂ ਪਿੰਡਾਂ ਦਾ ਕੀ ਪਤਾ? ਮੈਂ ਦੱਸਦਾਂ ਸਿੱਧਾ ਰਾਹ। ਐਥੋਂ ਰੇਲ ਦੀ ਪਟੜੀ ਪਿਆ ਜਾਵੀਂ। ਜਿਥੇ ਪਹਿਲਾ ਫਾਟਕ ਆਇਆ ਓਥੋਂ ਸੱਜੇ ਹੱਥ ਮੁੜ ਪਈਂ। ਥੋੜ੍ਹੀ ਦੂਰ ਸਾਹਮਣੇ ਦੀਵੇ ਜਗਦੇ ਹੋਣਗੇ। ਓਹੀ ਪਿੰਡ ਐ ਜਿਥੇ ਤੂੰ ਜਾਣੈ। ਉਂਜ `ਤੇ ਸਿੱਧੀ ਡੰਡੀ ਵੀ ਜਾਂਦੀ ਏ ਪਰ ਹਨ੍ਹੇਰੇ `ਚ ਸੱਪ ਸਲੂਟੀ ਦਾ ਡਰ ਏ। ਮੈਂ ਏਥੇ ਡੰਗਰ ਚਾਰਦਾ ਰਿਹਾਂ ਤੇ ਮੈਨੂੰ ਏਥੋਂ ਦੇ ਚੱਪੇ ਚੱਪੇ ਦਾ ਪਤੈ।”

ਕਮਾਲ ਸੀ। ਬਾਈ ਸਾਲਾਂ ਬਾਅਦ ਭਾਰਤ ਤੋਂ ਪਾਕਿਸਤਾਨ ਆਇਆ ਬਜ਼ੁਰਗ ਇਓਂ ਗੱਲਾਂ ਕਰ ਰਿਹਾ ਸੀ ਜਿਵੇਂ ਕਸੂਰ ਅਜੇ ਵੀ ਉਹਦਾ ਹੀ ਹੋਵੇ! ਬੜਾ ਹੰਮਾ ਸੀ ਉਸ ਨੂੰ ਆਪਣੇ ਕਸੂਰ ਦੇ ਇਲਾਕੇ ਦਾ। ਆਪਣੇ ਇਲਾਕੇ ਦੇ ਨਵੇਂ ਮਾਲਕਾਂ ਨੂੰ ਤਾਂ ਉਹ ਸਮਝਦਾ ਹੀ ਕੁੱਝ ਨਹੀਂ ਸੀ। ਰੇੜ੍ਹੀ ਵਾਲੇ ਕਸੂਰੀਏ ਨੂੰ ਅਜੇ ਵੀ ਉਹ ਯੂ.ਪੀ.ਦਾ ਭੱਈਆ ਕਹੀ ਜਾਂਦਾ ਸੀ। ਉਸ ਨੇ ਸਾਨੂੰ ਦੱਸਿਆ ਕਿ ਉਹ ਉਮਰ ਦੇ ਪਹਿਲੇ ਪੰਤਾਲੀ ਸਾਲ ਇਸੇ ਇਲਾਕੇ `ਚ ਰਿਹਾ ਸੀ। ਉਹਦਾ ਪਿੰਡ ਸਟੇਸ਼ਨ ਤੋਂ ਤਿੰਨ ਮੀਲ ਸੀ ਜਿਥੇ ਰੇਲ ਗੱਡੀ ਦੀ ਚੀਕ ਸੁਣ ਜਾਂਦੀ ਸੀ।

ਮਹਿਕਮੇ ਜੰਗਲਾਤ ਵਾਲਾ ਕਿਤੋਂ ਘੁੱਟ ਲਾਉਣ ਨੂੰ ਫਿਰਦਾ ਸੀ ਪਰ ਉਸ ਦੀ ਇਹ ਤਲਬ ਕਿਤੋਂ ਪੂਰੀ ਹੁੰਦੀ ਨਹੀਂ ਸੀ ਦਿਸਦੀ। ਉਹ ਕਈਆਂ ਤੋਂ ਪੁੱਛ ਬੈਠਾ ਸੀ ਪਰ ਕਸੂਰ `ਚ ਕੋਈ ਸ਼ਰਾਬ ਦਾ ਠੇਕਾ ਨਹੀਂ ਸੀ। ਉਹਨੂੰ ਪਛਤਾਵਾ ਸੀ ਕਿ ਉਹ ਫਿਰੋਜ਼ਪੁਰੋਂ ਈ ਸ਼ੀਸ਼ੀ ਕਿਉਂ ਨਹੀਂ ਸੀ ਫੜੀ ਆਇਆ? ਮਾਲ ਡੱਬ `ਚ ਹੁੰਦਾ ਤਾਂ ਕੋਈ ਫਿਕਰ ਈ ਨਹੀਂ ਸੀ। ਹਾਰ ਕੇ ਉਸ ਨੂੰ ਸਬਰ ਦਾ ਘੁੱਟ ਭਰਨਾ ਪਿਆ ਸੀ। ਤੀਜੀ ਗੱਡੀ ਤੁਰੀ ਤਾਂ ਅਸਮਾਨ ਵਿੱਚ ਚੰਦ ਚਮਕ ਰਿਹਾ ਸੀ ਤੇ ਭਿੰਨੀ ਰੈਣ ਦੇ ਤਾਰੇ ਟਿਮਟਿਮਾ ਰਹੇ ਸਨ। ਗੱਡੀ ਲੰਮੀਆਂ ਚੀਕਾਂ ਮਾਰਦੀ, ਛੱਕ ਛੱਕ ਕਰਦੀ, ਵਾਟਾਂ ਵੱਢਦੀ, ਸ਼ਰਧਾਲੂਆਂ ਨਾਲ ਭਰੀ, ਬਾਬੇ ਨਾਨਕ ਦੇ ਜਨਮ ਸਥਾਨ ਵੱਲ ਦੌੜੀ ਜਾ ਰਹੀ ਸੀ। ਖੇਤਾਂ ਬੰਨਿਆਂ `ਤੇ ਦੁੱਧ ਚਿੱਟੀ ਚਾਨਣੀ ਪਸਰੀ ਪਈ ਸੀ। ਕਿਸੇ ਨੇ ਬਾਰੀ ਖੋਲ੍ਹ ਕੇ ਕਿਹਾ, “ਆਹ `ਤੇ ਕਸੂਰੀ ਮੇਥੀ ਦੀ ਮਹਿਕ ਆ ਰਹੀ ਏ।” ਇਹ ਉਹਦਾ ਭਰਮ ਸੀ ਅੱਧ ਨਵੰਬਰ `ਚ ਮੇਥੀ ਦੀ ਮਹਿਕ ਕਿਥੇ!

ਰਾਏਵਿੰਡ ਤਕ ਕੋਲੇ ਵਾਲਾ ਇੰਜਣ ਗੱਡੀ ਖਿੱਚਦਾ ਗਿਆ ਤੇ ਅਗਾਂਹ ਗੱਡੀ ਬਿਜਲੀ ਦੀਆਂ ਤਾਰਾਂ ਉਤੇ ਹੋ ਗਈ। ਯਾਤਰੂਆਂ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਬਾਰੀ `ਚੋਂ ਬਾਹਰ ਨਾ ਮੂੰਹ ਸਿਰ ਕੱਢੇ। ਅਸੀਂ ਅੱਧੀ ਰਾਤ ਦੇ ਕਰੀਬ ਲਾਹੌਰ ਪੁੱਜੇ ਪਰ ਗੱਡੀ ਉਥੇ ਰੁਕੀ ਨਹੀਂ। ਸ਼ਹਿਰ ਦੀਆਂ ਬੱਤੀਆਂ ਜਗ ਰਹੀਆਂ ਸਨ ਪਰ ਲਾਹੌਰੀਏ ਸੁੱਤੇ ਪਏ ਸਨ। ਕਦੇ ਇਹ ਸ਼ਹਿਰ ਸਿੱਖਾਂ ਦੀ ਰਾਜਧਾਨੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਰਾਨ ਅਫ਼ਗਾਨਿਸਤਾਨ ਦੀ ਹੱਦ ਤੋਂ ਲੈ ਕੇ ਤਿੱਬਤ ਭੁਟਾਨ ਤਕ ਸੀ। ਜਮਰੌਦ ਤੋਂ ਜਮਨਾ ਤਕ ਦੇਸ ਪੰਜਾਬ ਸੀ। ਹਨ੍ਹੇਰੇ ਵਿੱਚ ਅਸੀਂ ਲਾਹੌਰ ਦਾ ਕੁੱਝ ਵੀ ਨਾ ਵੇਖ ਸਕੇ। ਰਾਵੀ ਦਰਿਆ ਵੀ ਨਹੀਂ ਦਿਸਿਆ ਸਿਰਫ ਪੁਲ ਪਾਰ ਕਰਨ ਦਾ ਖੜਕਾ ਹੀ ਸੁਣਿਆ।

ਬੜਾ ਕੁੱਝ ਪੜ੍ਹ ਸੁਣ ਰੱਖਿਆ ਸੀ ਰਾਵੀ ਬਾਰੇ। ਯਮਲੇ ਜੱਟ ਦਾ ਗੀਤ ਸਣਿਆ ਸੀ-ਰਾਵੀ ਦਿਆ ਪਾਣੀਆ, ਮਾਰ ਨਾ ਤੂੰ ਠੋਕ੍ਹਰਾਂ ਪੰਜਵੇਂ ਅਵਤਾਰ ਦੇ …। ਮੈਂ ਗੁਰਚਰਨ ਸਿੰਘ ‘ਰੂਸ’ ਦਾ ਨਾਵਲ ‘ਵਗਦੀ ਸੀ ਰਾਵੀ’ ਪੜ੍ਹਿਆ ਹੋਇਆ ਸੀ। ਬਿਧੀ ਚੰਦ ਨੇ ਕਿਲੇ `ਚੋਂ ਘੋੜਿਆਂ ਦੀ ਛਲਾਂਗ ਰਾਵੀ ਵਿੱਚ ਹੀ ਲੁਆਈ ਸੀ ਤੇ ਉਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ ਲਿਆਂਦਾ ਸੀ। ਲਾਹੌਰ ਦੇ ਸਟੇਸ਼ਨਾਂ ਉਤੇ ਪੁਲਿਸ ਦੇ ਪਹਿਰੇ ਲੱਗੇ ਹੋਏ ਸਨ ਮਤਾਂ ਕੋਈ ਚਲਦੀ ਗੱਡੀ `ਚੋਂ ਹੀ ਛਾਲ ਨਾ ਮਾਰ ਬਹੇ!

ਲਾਹੌਰ ਲੰਘੇ ਤਾਂ ਸ਼ੇਖੂਪੁਰਾ ਆ ਗਿਆ। ਮੈਂ ਸੋਚਣ ਲੱਗਾ, ਏਥੇ ਈ ਕਿਤੇ ਵਾਰਸ ਸ਼ਾਹ ਦਾ ਪਿੰਡ ਜੰਡਿਆਲਾ ਹੋਵੇਗਾ ਜਿਥੇ ਉਹ ਕਬਰਸਤਾਨ `ਚ ਸਦਾ ਦੀ ਨੀਂਦੇ ਸੁੱਤਾ ਪਿਆ ਹੋਵੇਗਾ। ਅੰਮ੍ਰਿਤਾ ਪ੍ਰੀਤਮ ਉਹਨੂੰ ਕਬਰਾਂ `ਚੋਂ ਬੁਲਾਉਣ ਲਈ `ਵਾਜਾਂ ਮਾਰਦੀ ਰਹੀ। ਹੁਣ ਤਾਂ ਉਹ ਵੀ ਸਦਾ ਦੀ ਨੀਂਦੇ ਸੌਂ ਚੁੱਕੀ ਹੈ। ਸ਼ੇਖੂਪੁਰਾ ਲੰਘੇ ਤਾਂ ਦੂਰੋਂ ਹੀ ਗੁਰਦਵਾਰਾ ਜਨਮ ਸਥਾਨ ਦੇ ਉੱਚੇ ਗੁੰਬਦਾਂ ਉਤੇ ਘੁੰਦੀਆਂ ਰੌਸ਼ਨੀਆਂ ਦਾ ਜਲੌਅ ਦਿਸਣ ਲੱਗਾ ਜਿਸ ਨੂੰ ਵੇਖਦਿਆਂ ਸ਼ਰਧਾਲੂ ਸਿਜਦੇ ਕਰਨ ਲੱਗੇ। ਨਨਕਾਣਾ ਸਾਹਿਬ ਦੇ ਸਟੇਸ਼ਨ ਉਤੇ ਰੌਸ਼ਨੀ ਦਾ ਵਿਸ਼ੇਸ਼ ਪ੍ਰਬੰਧ ਸੀ। ਬਾਹਰ ਨਿਕਲੇ ਤਾਂ ਸਾਹਮਣੇ ਹੀ ‘ਠੇਕਾ ਅਫੀਮ’ ਦਾ ਬੋਰਡ ਲੱਗਾ ਹੋਇਆ ਸੀ। ਯਾਤਰੂਆਂ ਦੀ ਸਹੂਲਤ ਲਈ ਗੁਰਮੁਖੀ ਅੱਖਰਾਂ ਵਿੱਚ ਵੀ ‘ਫੀਮ ਦਾ ਠੇਕਾ’ ਲਿਖਿਆ ਹੋਇਆ ਸੀ ਜਿਸ ਨੂੰ ਵੇਖ ਕੇ ਜਥੇ ਦੇ ਅਮਲੀਆਂ ਦੀ ਰੂਹ ਖਿੜ ਗਈ। ਕਈ ਤਾਂ ਉਦੋਂ ਹੀ ਤੋਲਾ ਤੋਲਾ ਲੈਣ ਨੂੰ ਕਾਹਲੇ ਸਨ ਪਰ ਉਦੋਂ ਠੇਕਾ ਬੰਦ ਸੀ। ਮਹਿਕਮੇ ਜੰਗਲਾਤ ਵਾਲੇ ਸਾਡੇ ਬੇਲੀ ਦੀਆਂ ਬੁਝੀਆਂ ਅੱਖਾਂ ਜਗ ਪਈਆਂ ਸਨ।

ਗੁਰਦੁਆਰੇ ਸਰਾਂ ਵਿੱਚ ਪੁੱਜੇ ਤਾਂ ਵੇਖਿਆ ਕਿ ਪਹਿਲਾਂ ਪਹੁੰਚੇ ਸੱਜਣ ਅੰਦਰੋਂ ਕੁੰਡੇ ਜਿੰਦੇ ਲਾਈ ਕਮਰੇ ਮੱਲੀ ਪਏ ਸਨ। ਪਹਿਲੀ ਰਾਤ ਬਾਹਰ ਤੰਬੂਆਂ ਵਿੱਚ ਹੀ ਕੱਟਣੀ ਪਈ। ਸਵੇਰੇ ਉਠ ਕੇ ਗੁਰਦਵਾਰਾ ਜਨਮ ਸਥਾਨ, ਬਾਲ ਲੀਲ੍ਹਾ, ਪੱਟੀ ਸਾਹਿਬ, ਮਾਲ ਸਾਹਿਬ, ਤੰਬੂ ਸਾਹਿਬ ਤੇ ਕਿਆਰਾ ਸਾਹਿਬ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਹ ਜੰਡ ਵੀ ਵੇਖਿਆ ਜਿਸ ਨਾਲ ਬੰਨ੍ਹ ਕੇ ਭਾਈ ਲਛਮਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ। ਕਈ ਯਾਤਰੀ ਸ਼ਾਲਾਂ, ਕੋਟੀਆਂ ਤੇ ਕੰਬਲ ਬਜ਼ਾਰ ਵਿੱਚ ਵੇਚਦੇ ਵੇਖੇ। ਉਥੇ ਪਤਾ ਲੱਗਾ ਕਿ ਬੈਗ ਤੇ ਅਟੈਚੀ ਉਹ ਏਹੀ ਕੁੱਝ ਕਰਨ ਲਈ ਭਰ ਕੇ ਲਿਆਏ ਸਨ।

ਮਹਿਕਮੇ ਜੰਗਲਾਤ ਵਾਲਾ ਭਾਊ ਇੱਕ ਦਿਨ ਹਕੀਮ ਕੋਲ ਚਲਾ ਗਿਆ। ਕਹਿੰਦਾ, ਢਿੱਡ ਦੁਖਦੈ। ਢਿੱਡ ਉਹਦਾ ਕਾਹਦਾ ਦੁਖਣਾ ਸੀ? ਢਿੱਡ ਤਾਂ ਸਗੋਂ ਮੇਰਾ ਦੁਖਦਾ ਸੀ ਜੀਹਦਾ ਪੰਜੀਰੀ ਵਾਲਾ ਡੱਬਾ ਉਹਨੇ ਥੱਲੇ ਲਾ ਦਿੱਤਾ ਸੀ। ਹਕੀਮ ਨੂੰ ਉਹਨੇ ਸੱਚੀ ਗੱਲ ਜਾ ਦੱਸੀ, “ਹਕੀਮ ਜੀ ਮੈਂ ਆਂ ਨਿੱਤ ਦਾ ਪਿਆਕੜ। ਦਾਰੂ ਏਥੇ ਮਿਲਦੀ ਨਹੀਂ ਤੇ ਮੈਨੂੰ ਨੀਂਦ ਨਹੀਂ ਆਉਂਦੀ। ਕੋਈ ਨਸ਼ੇ ਦੀ ਦੁਆਈ ਦਿਓ ਜੀਹਦੇ ਨਾਲ ਮੈਂ ਰੱਜ ਕੇ ਸੌਂ ਸਕਾਂ।” ਹਕੀਮ ਨੇ ਦਵਾਈ ਪਿਲਾਈ ਤਾਂ ਆਖਣ ਲੱਗਾ, “ਇਹਦਾ ਤੇ ਸੁਆਦ ਈ ਸੁੰਢ ਵਰਗੈ। ਯਾਦ ਰੱਖਾਂਗੇ ਹਕੀਮ ਜੀ ਧਾਨੂੰ ਵੀ।”

ਅਸੀਂ ਉਹਦਾ ਨਾਂ ਹੀ ਮਹਿਕਮਾ ਜੰਗਲਾਤ ਰੱਖ ਲਿਆ। ਉਹਦੀਆਂ ਗੱਲਾਂ ਦਿਲਚਸਪ ਸਨ ਜਿਸ ਕਰਕੇ ਪਤਾ ਹੀ ਨਾ ਲੱਗਾ ਕਦੋਂ ਹਫ਼ਤਾ ਲੰਘ ਗਿਆ। ਸਾਨੂੰ ਇਹ ਵੀ ਪਤਾ ਨਾ ਲੱਗਾ ਕਿ ਕਦੋਂ ਉਹ ਫੀਮ ਦੇ ਠੇਕੇ ਵੱਲ ਗੇੜਾ ਮਾਰ ਆਇਆ। ਉਹਦਾ ਉਦੋਂ ਹੀ ਪਤਾ ਲੱਗਾ ਜਦੋਂ ਉਹਨੇ ਆ ਕੇ ਦੱਸਿਆ, “ਪਾਕਿਸਤਾਨ ਦੀ ਫੀਮ ਕੰਚ ਵਰਗੀ ਆ। ਆਪਣੀ ਤਾਂ ਨਿਰਾ ਗੋਹਾ ਹੁੰਦੀ ਆ!”

ਨਨਕਾਣੇ ਵਿੱਚ ਅਸੀਂ ਸੱਤ ਦਿਨ ਰਹੇ। 18 ਨਵੰਬਰ ਤੋਂ 25 ਨਵੰਬਰ ਤਕ। ਵੱਖ ਵੱਖ ਮੁਲਕਾਂ ਤੋਂ ਲਗਭਗ ਵੀਹ ਹਜ਼ਾਰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ। 1947 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਨਨਕਾਣੇ ਦਾ ਸ਼ਹਿਰ ਪੱਗਾਂ ਦਾੜ੍ਹੀਆਂ ਵਾਲੇ ਲੋਕਾਂ ਨਾਲ ਭਰਿਆ ਭਰਿਆ ਲੱਗ ਰਿਹਾ ਸੀ। ਇੱਕ ਸ਼ਾਮ ਅਸੀਂ ਨਨਕਾਣੇ ਦੇ ਮੇਲੇ ਵਿੱਚ ਗੇੜਾ ਕੱਢਿਆ। ਢੋਲ ਵੱਜ ਰਹੇ ਸਨ ਤੇ ਜਾਂਗਲੀ ਝੁੰਮਰ ਪਾ ਰਹੇ ਸਨ। ਇੱਕ ਹਲਵਾਈ ਦੀ ਦੁਕਾਨ ਉਤੇ ਦੋ ਪਹਿਲਵਾਨ ਬਿਠਾਏ ਹੋਏ ਸਨ। ਉਹ ਤੱਕੜੀ `ਚ ਮਠਿਆਈ ਪਾਉਂਦੇ ਤੇ ਤੋਲ ਤੋਂ ਜਿੰਨੀ ਵਧਦੀ ਪਲੜੇ `ਚੋਂ ਚੁੱਕ ਕੇ ਨਾਲ ਦੀ ਨਾਲ ਖਾਈ ਜਾਂਦੇ। ਇੱਕ ਦੁਕਾਨ `ਚ ਚਾਰ ਖੁਸਰੇ ਬੈਠੇ ਸਨ। ਸੁਰਖੀ ਬਿੰਦੀ ਤੇ ਪਾਊਡਰ ਕਰੀਮਾਂ ਨਾਲ ਸ਼ਿੰਗਾਰੇ ਹੋਏ। ਗੈਸ ਦੇ ਚਾਨਣ ਵਿੱਚ ਉਨ੍ਹਾਂ ਦੇ ਮੂੰਹ ਬਲਬਾਂ ਵਾਂਗ ਜਗ ਰਹੇ ਸਨ। ਉਹ ਮਸਾਲਾ ਲਾ ਕੇ ਪਾਨ ਪੱਤੇ ਦੇਈ ਜਾਂਦੇ ਤੇ ਲੱਕ ਲਿਚਕਾ ਕੇ ਅੱਖ ਮਟੱਕਾ ਕਰੀ ਜਾਂਦੇ। ਅਸੀਂ ਖੜ੍ਹ ਕੇ ਉਨ੍ਹਾਂ ਦੇ ਨਖਰੇ ਵੇਖਣ ਲੱਗੇ ਤਾਂ ਕਹਿੰਦੇ, “ਸਰਦਾਰ ਜੀ ਵੇਂਹਦੇ ਕੀ ਓ? ਸਾਨੂੰ ਵੀ ਆਪਣੇ ਨਾਲ ਇੰਡੀਆ ਲੈ ਚੱਲੋ।” ਮਹਿਕਮਾ ਜੰਗਲਾਤ ਤਾਂ ਤਿਆਰ ਸੀ ਪਰ ਅਸੀਂ ਕੋਈ ਲੜ ਨਾ ਫੜਾਇਆ।

ਗੁਰਦਵਾਰਾ ਜਨਮ ਸਥਾਨ ਦੇ ਬਾਹਰਲੇ ਦਰ ਮੂਹਰੇ ਮਿਲਣ ਗਿਲਣ ਵਾਲਿਆਂ ਦੇ ਦ੍ਰਿਸ਼ ਦਿਲ ਟੁੰਬਵੇਂ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚਿਰੀਂ ਵਿਛੁੰਨੇ ਪਿਆਰਿਆਂ ਦੀਆਂ ਜੱਫੀਆਂ ਦੇਰ ਤਕ ਪਈਆਂ ਰਹਿੰਦੀਆਂ ਤੇ ਉਨ੍ਹਾਂ ਦੀਆਂ ਦਾੜ੍ਹੀਆਂ ਹੰਝੂਆਂ ਨਾਲ ਭਰ ਜਾਂਦੀਆਂ। ਪੁਲਿਸ ਉਨ੍ਹਾਂ ਨੂੰ ਚੌਂਕ `ਚੋਂ ਲਾਂਭੇ ਕਰਦੀ ਤਾਂ ਉਹ ਕਹਿੰਦੇ, “ਮਸੀਂ ਮੁੱਦਤਾਂ ਬਾਅਦ ਮਿਲੇ ਆਂ। ਹੁਣ ਦੁਨੀਆ ਦੀ ਕੋਈ ਤਾਕਤ ਸਾਨੂੰ ਜੁਦਾ ਨਹੀਂ ਕਰ ਸਕਦੀ।” ਮੈਂ ਅਜਿਹੇ ਦ੍ਰਿਸ਼ ਵੇਖ ਕੇ ਹੈਰਾਨ ਹੁੰਦਾ ਕਿ ਬੰਦਾ ਵੀ ਕਿਆ ਸ਼ੈਅ ਹੈ! ਇਹ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤੇ ਗਏ ਸਨ ਅੰਦਰੋਂ ਇੱਕ ਦੂਜੇ ਦੇ ਕਿੰਨੇ ਮਿੱਤਰ ਪਿਆਰੇ ਸਨ?

ਉੱਦਣ ਨਨਕਾਣਾ ਸਾਹਿਬ ਦਾ ਜਲੌਅ ਵੇਖਣ ਵਾਲਾ ਸੀ ਜਿੱਦਣ ਗੁਰਦਵਾਰਾ ਜਨਮ ਸਥਾਨ ਤੋਂ ਨਗਰ ਕੀਰਤਨ ਆਰੰਭ ਹੋਇਆ। ਇਹ ਗੁਰਦਵਾਰਾ ਕਿਆਰਾ ਸਾਹਿਬ ਤਕ ਗਿਆ। ਗੁਰਦਵਾਰੇ ਤੋਂ ਰੇਲਵੇ ਸਟੇਸ਼ਨ ਤਕ ਸਿੱਧੀ ਸੜਕ ਜਾਂਦੀ ਹੈ। ਇਹੋ ਨਨਕਾਣਾ ਸਾਹਿਬ ਦਾ ਮੁੱਖ ਬਜ਼ਾਰ ਹੈ। ਸੜਕ ਤੇ ਦੁਕਾਨਾਂ ਨੂੰ ਰੰਗ ਬਰੰਗੀਆਂ ਝੰਡੀਆਂ ਨਾਲ ਸਜਾਇਆ ਹੋਇਆ ਸੀ ਜਿਸ ਨਾਲ ਸਾਰਾ ਬਜ਼ਾਰ ਲਿਸ਼ਕਿਆ ਪੁਸ਼ਕਿਆ ਪਿਆ ਸੀ।

ਨਗਰ ਕੀਰਤਨ ਤੋਂ ਪਹਿਲਾਂ ਲਾਗਲੇ ਸ਼ਹਿਰ ਜੜ੍ਹਾਂ ਵਾਲੇ ਦੇ ਕਾਲਜ ਤੋਂ ਆਏ ਕੁੱਝ ਲੈਕਚਰਾਰ ਮਿਲੇ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਵੀ ਕਾਲਜ ਦਾ ਲੈਕਚਰਾਰ ਹਾਂ ਤਾਂ ਸਾਡੀ ਸਿਆਣ ਗੂੜ੍ਹੀ ਹੋ ਗਈ। ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਾਲਜਾਂ ਦੀ ਪੜ੍ਹਾਈ ਬਾਰੇ ਇੱਕ ਦੂਜੇ ਨੂੰ ਪੁੱਛਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪੜ੍ਹਾਉਂਦੇ ਤਾਂ ਉਰਦੂ `ਚ ਹਾਂ ਪਰ ਸਮਝਾਉਨੇ ਪੰਜਾਬੀ ਵਿੱਚ ਆਂ। ਮੈਂ ਵੀ ਦੱਸ ਦਿੱਤਾ ਕਿ ਸਾਡੇ ਬਹੁਤ ਸਾਰੇ ਕਾਲਜਾਂ ਵਿੱਚ ਅੰਗਰੇਜ਼ੀ ਪੜ੍ਹਾਈ ਤਾਂ ਅੰਗਰੇਜ਼ੀ ਪੜ੍ਹ ਕੇ ਹੀ ਜਾਂਦੀ ਹੈ ਪਰ ਸਮਝਾਈ ਪੰਜਾਬੀ ਬੋਲ ਕੇ ਜਾਂਦੀ ਹੈ! ਗੱਲਾਂ ਗੱਲਾਂ ਵਿੱਚ ਅਸੀਂ ਸਹਿਮਤ ਹੋਏ ਕਿ ਸਮਝਣ ਸਮਝਾਉਣ ਲਈ ਮਾਂ ਬੋਲੀ ਹੀ ਸਭ ਤੋਂ ਸੌਖਾ ਸਾਧਨ ਹੈ।

ਜੜ੍ਹਾਂ ਵਾਲੇ ਦੇ ਸਟਾਫ਼ ਵਿੱਚ ਇੱਕ ਜਣਾ ਨਨਕਾਣਾ ਸਾਹਿਬ ਦੇ ਰਹਿਣ ਵਾਲਾ ਸੀ। ਉਸੇ ਨੇ ਆਪਣੇ ਸਾਥੀਆਂ ਨੂੰ ਮੇਲਾ ਤੇ ਨਗਰ ਕੀਰਤਨ ਵੇਖਣ ਲਈ ਸੱਦਿਆ ਸੀ। ਉਸ ਨੇ ਆਪਣੇ ਸਾਥੀਆਂ ਨਾਲ ਸਾਨੂੰ ਆਪਣੇ ਘਰ ਵੱਲ ਤੋਰ ਲਿਆ। ਰਸਤੇ ਵਿੱਚ ਗੋਸ਼ਤ ਦੀਆਂ ਦੁਕਾਨਾਂ ਵੇਖੀਆਂ ਜਿਥੇ ਹਲਾਲ ਹੋਏ ਵੱਡੇ ਜਾਨਵਰ ਲਟਕ ਰਹੇ ਸਨ। ਇੱਕ ਸ਼ਿਕੰਜੇ ਜਿਹੇ ਵਿੱਚ ਤਾਂ ਪੂਰਾ ਝੋਟਾ ਹੀ ਨਰੜਿਆ ਹੋਇਆ ਸੀ। ਏਡੇ ਵੱਡੇ ਜਾਨਵਰ ਮੈਂ ਝਟਕਈਆਂ ਦੀਆਂ ਦੁਕਾਨਾਂ ਵਿੱਚ ਪਹਿਲਾਂ ਨਹੀਂ ਸਨ ਵੇਖੇ।

ਕੁਝ ਮੋੜ ਮੁੜ ਕੇ ਅਸੀਂ ਘਰ ਅੰਦਰ ਗਏ ਤਾਂ ਲਾਂਗਰੀ ਖਾਣਾ ਤਿਆਰ ਕਰ ਰਿਹਾ ਸੀ। ਘਰ ਵਿੱਚ ਕੋਈ ਹੋਰ ਜੀਅ ਨਹੀਂ ਸੀ। ਸਾਰੇ ਜਣੇ ਇੱਕ ਮੇਜ਼ ਦੁਆਲੇ ਮੂੜ੍ਹਿਆਂ ਉਤੇ ਜਾ ਬੈਠੇ। ਬੁੱਢੇ ਲਾਂਗਰੀ ਨੇ ਇੱਕ ਪਰਾਂਤ ਗੋਸ਼ਤ ਵਾਲੇ ਪਲਾਓ ਦੀ ਵਿਚਾਲੇ ਲਿਆ ਰੱਖੀ ਤੇ ਨਾਲ ਹੀ ਵੱਡੀਆਂ ਵੱਡੀਆਂ ਰੋਟੀਆਂ ਵਾਲਾ ਛਾਬਾ ਰੱਖ ਗਿਆ। ਸਾਰੇ ਜਣੇ ਇਕੋ ਭਾਂਡੇ `ਚੋਂ ਖਾਣਾ ਖਾਣ ਲੱਗੇ। ਇਕੋ ਗਲਾਸ ਪਾਣੀ ਪੀਣ ਲਈ ਸੀ। ਅਸੀਂ ਥੋੜ੍ਹੀ ਝਿਜਕ ਪਿੱਛੋਂ ਠੂੰਗਾ ਠਾਂਗੀ ਕਰਨ ਲੱਗੇ। ਮਹਿਕਮੇ ਜੰਗਲਾਤ ਵਾਲਾ ਭਾਊ ਆਲਿਆਂ ਤੇ ਅਲਮਾਰੀਆਂ ਉਤੇ ਨਜ਼ਰਾਂ ਘੁੰਮਾ ਰਿਹਾ ਸੀ ਮਤਾਂ ਕਿਤੇ ਬੋਤਲ ਪਈ ਹੋਵੇ! ਦਾਰੂ ਬਿਨਾਂ ਦਾਅ੍ਹਵਤ ਉਹਨੂੰ ਫਿੱਕੀ ਲੱਗ ਰਹੀ ਸੀ। ਤਦੇ ਬੁੱਢੇ ਲਾਂਗਰੀ ਨੇ ਸਾਡੇ ਕੰਨ `ਚ ਕਿਹਾ ਕਿ ਇਹ ਗੋਸ਼ਤ ਤੁਹਾਡੇ ਖਾਣ ਵਾਲਾ ਨਹੀਂ। ਪਰ ਅਸੀਂ ਤਾਂ ਖਾ ਬੈਠੇ ਸਾਂ ਤੇ ਵਿਚੇ ਛੱਡਦੇ ਚੰਗੇ ਨਹੀਂ ਸਾਂ ਲੱਗਦੇ। ਉਹ ਹੈਰਾਨ ਸੀ ਕਿ ਜਿਸ ਝਟਕੇ ਤੇ ਹਲਾਲ ਪਿੱਛੇ ਮਰਨ ਮਾਰਨ ਹੋ ਜਾਂਦਾ ਸੀ ਇਹ ਨਵੇਂ ਸਰਦਾਰ ਕੁੱਝ ਸਮਝਦੇ ਹੀ ਨਹੀਂ ਸਨ!

ਦੁਪਹਿਰ ਨੂੰ ਨਗਰ ਕੀਰਤਨ ਰਵਾਨਾ ਹੋਇਆ ਤਾਂ ਬੁਰਕਿਆਂ ਵਾਲੀਆਂ ਔਰਤਾਂ ਛੱਤਾਂ `ਤੇ ਚੜ੍ਹ ਕੇ ਸਿੰਘਾਂ ਦਾ ਜਲੌਅ ਵੇਖਣ ਲੱਗੀਆਂ। ਅੱਗੇ ਅੱਗੇ ਸਿੰਘਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਸਨ ਤੇ ਪਿੱਛੇ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਸਨ। ਸੰਗਤਾਂ ਦਾ ਠਾਠਾਂ ਮਾਰਦਾ `ਕੱਠ ਸੀ ਤੇ ਉਹ ਧੰਨ ਗੁਰੂ ਨਾਨਕ ਦਾ ਜਾਪ ਕਰਦੀਆਂ ਜਾ ਰਹੀਆਂ ਸਨ। ਸਾਡੀਆਂ ਬੀਬੀਆਂ ਨੂੰ ਨੰਗੇ ਮੂੰਹ ਜਾਂਦੀਆਂ ਨੂੰ ਵੇਖ ਕੇ ਇੱਕ ਪ੍ਰੋਫੈਸਰ ਤੋਂ ਕਹਿਣੋਂ ਨਾ ਰਿਹਾ ਗਿਆ, “ਤੁਹਾਡੀਆਂ ਤ੍ਰੀਮਤਾਂ ਵਧੇਰੇ ਆਜ਼ਾਦ, ਸਿਹਤਮੰਦ ਤੇ ਸੋਹਣੀਆਂ ਨੇ।” ਸਾਡਾ ਭਾਊ ਕਹਿਣ ਲੱਗਾ, “ਛੱਤਾਂ `ਤੇ ਖੜ੍ਹੀਆਂ ਧਾਡੀਆਂ ਬੇਗਮਾਂ ਵੀ ਤਾਂ ਬੈਟਰੀਆਂ ਵਾਂਗ ਜਗ ਰਹੀਆਂ ਨੇ। ਇਹਨਾਂ ਨੂੰ ਸਾਡੀਆਂ ਜ਼ਨਾਨੀਆਂ ਵਾਂਗ ਬਾਹਰਲੀ ਹਵਾ ਤਾਂ ਲੁਆਓ। ਬੁਰਕਿਆਂ `ਚੋਂ ਤਾਂ ਕੱਢੋ।” ਦੋ ਕੁ ਘੰਟਿਆਂ ਦੇ ਮੇਲ ਮਿਲਾਪ ਨਾਲ ਅਸੀਂ ਏਨੇ ਕੁ ਘੁਲ ਮਿਲ ਗਏ ਸਾਂ ਕਿ ਇੱਕ ਦੂਜੇ ਦਾ ਹਾਸਾ ਮਜ਼ਾਕ ਸਹਿਣ ਲੱਗ ਪਏ ਸਾਂ।

ਨਗਰ ਕੀਰਤਨ ਨਾਲ ਅਸੀਂ ਗੁਰਦਵਾਰਾ ਕਿਆਰਾ ਸਾਹਿਬ ਤਕ ਗਏ ਜਿਥੇ ਬਚਪਨ ਵਿੱਚ ਗੁਰੂ ਨਾਨਕ ਨੇ ਮੱਝਾਂ ਚਾਰੀਆਂ ਸਨ। ਸਾਖੀ ਪ੍ਰਚੱਲਤ ਹੈ ਕਿ ਧੁੱਪੇ ਸੁੱਤੇ ਪਏ ਬਾਲਕ ਨਾਨਕ ਦੇ ਮੁੱਖ `ਤੇ ਸੱਪ ਨੇ ਸਿਰੀ ਫੈਲਾਅ ਕੇ ਛਾਂ ਕੀਤੀ ਸੀ। ਨਾਨਕ ਦੀਆਂ ਮੱਝਾਂ ਨੇ ਰਾਏ ਬੁਲਾਰ ਦੀਆਂ ਫਸਲਾਂ ਉਜਾੜੀਆਂ ਨਹੀਂ ਸਨ ਸਗੋਂ ਉਹ ਹੋਰ ਹਰੀਆਂ ਭਰੀਆਂ ਹੋ ਗਈਆਂ ਸਨ। ਰਾਏ ਬੁਲਾਰ ਇਹ ਕ੍ਰਿਸ਼ਮਾ ਵੇਖ ਕੇ ਅਚੰਭਿਤ ਰਹਿ ਗਿਆ ਸੀ। ਬਾਲ ਲੀਲ੍ਹਾ ਵਾਲੀ ਜਗ੍ਹਾ ਬਾਲਕ ਨਾਨਕ ਤੇ ਉਹਦੇ ਸਾਥੀ ਬੱਚਿਆਂ ਵਾਲੀਆਂ ਖੇਡਾਂ ਖੇਡਦੇ ਰਹੇ ਸਨ ਤੇ ਪੱਟੀ ਸਾਹਿਬ ਵਾਲੀ ਜਗ੍ਹਾ ਉਤੇ ਪਾਂਧੇ ਨੂੰ ਪੱਟੀ ਪੜ੍ਹਾਈ ਸੀ। ਨਨਕਾਣੇ ਦੇ ਕਣ ਕਣ ਨੂੰ ਗੁਰੂ ਨਾਨਕ ਦੇ ਮੁਕੱਦਸ ਕਦਮਾਂ ਦੀ ਛੋਹ ਪ੍ਰਾਪਤ ਸੀ ਤੇ ਸ਼ਰਧਾਲੂ ਉਥੋਂ ਦੀ ਪਵਿੱਤਰ ਮਿੱਟੀ ਨੂੰ ਪੋਟਲੀਆਂ ਵਿੱਚ ਬੰਨ੍ਹ ਰਹੇ ਸਨ।

ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿੱਚ ਹਾਕੀ ਦੇ ਖਿਡਾਰੀ ਪ੍ਰਿਥੀਪਾਲ ਸਿੰਘ ਨੂੰ ਮਿਲ ਕੇ ਗਿਆ ਸਾਂ ਜਿਸ ਬਾਰੇ ਆਰਟੀਕਲ ਲਿਖਿਆ ਸੀ-ਗੁਰੂ ਨਾਨਕ ਦਾ ਗਰਾਂਈਂ। ਉਹ ਨਨਕਾਣੇ ਦਾ ਜੰਮਪਲ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਉਹਦੇ ਵੱਲੋਂ ਮੈਂ ਉਸ ਗਰਾਊਂਡ ਨੂੰ ਸਿਜਦਾ ਕਰ ਕੇ ਆਵਾਂ ਜਿਥੋਂ ਉਸ ਨੂੰ ਖੇਡਣ ਦੀ ਜਾਗ ਲੱਗੀ ਸੀ। ਪ੍ਰਿਥੀਪਾਲ ਦੇ ਪਿਤਾ ਜੀ ਨਨਕਾਣੇ ਦੇ ਗੁਰੂ ਨਾਨਕ ਸਕੂਲ ਵਿੱਚ ਅਧਿਆਪਕ ਸਨ ਤੇ ਖੇਡਾਂ ਦੇ ਇਨਚਾਰਜ ਸਨ।

ਇਕ ਸ਼ਾਮ ਸੜਕ ਕਿਨਾਰੇ ਕਾਲਾ ਚੋਲਾ ਪਹਿਨੀ ਇੱਕ ਸਾਈਂ ਸੂਫ਼ੀਆਨਾ ਕਲਾਮ ਗਾ ਰਿਹਾ ਸੀ। ਸਿਰੋਂ ਧੜੋਂ ਨੰਗਾ ਇੱਕ ਜਾਂਗਲੀ ਉਹਦੇ ਕਲਾਮ ਉਤੇ ਨੱਚੀ ਜਾ ਰਿਹਾ ਸੀ। ਕਦੇ ਕਦੇ ਉਹ ਯੋਗਾ ਕਰਨ ਵਾਲਿਆਂ ਵਾਂਗ ਢਿੱਡ ਹਿਲਾਉਂਦਾ। ਤਦੇ ਇੱਕ ਸਰਦਾਰ ਵੀ ਜੋ ਵਿਰਕ ਟੱਪੇ ਦਾ ਲੱਗਦਾ ਸੀ ਉਸ ਜਾਂਗਲੀ ਨਾਲ ਨੱਚਣ ਲੱਗਾ। ਨਾਲੇ ਨੱਚੀ ਜਾਵੇ ਨਾਲੇ ਰੁਪਏ ਵਾਰੀ ਜਾਵੇ। ਉਦੋਂ ਇੱਕ ਭਾਰਤੀ ਯਾਤਰੀ ਤੀਹ ਰੁਪਏ ਹੀ ਆਪਣੇ ਨਾਲ ਲਿਜਾ ਸਕਦਾ ਸੀ ਜਿਸ ਦੇ ਪਾਕਿਸਤਾਨ ਵਿੱਚ ਬੱਤੀ ਤੇਤੀ ਰੁਪਏ ਬਣਦੇ ਸਨ। ਉਹ ਵਜਦ ਵਿੱਚ ਮੇਲ੍ਹ ਰਿਹਾ ਸੀ ਤੇ ਬੱਧੇ ਰੁਧੇ ਰੁਪਈਆਂ ਦੇ ਮੁੱਕ ਜਾਣ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ। ਮਸਾਂ ਉਹਨੂੰ ‘ਆਪਣੀ ਭੋਇੰ’ ਉਤੇ ਨੱਚਣਾ ਨਸੀਬ ਹੋਇਆ ਸੀ ਤੇ ਉਹਦੀ ਯਾਤਰਾ ਸਫਲ ਹੋ ਗਈ ਸੀ।

ਅਸੀਂ ਸਵੇਰ ਵੇਲੇ ਗੁਰਦੁਆਰੇ ਜਾ ਕੇ ਮੱਥਾ ਟੇਕਦੇ, ਲੰਗਰ `ਚੋਂ ਪਰਸ਼ਾਦਾ ਛਕਦੇ ਤੇ ਗੁਰੂ ਘਰਾਂ ਦੀ ਪਰਿਕਰਮਾ ਕਰਦੇ ਹੋਏ ਬਾਜ਼ਾਰ ਵਿੱਚ ਘੁੰਮਣ ਲੱਗਦੇ। ਸਵੇਰ ਵੇਲੇ ਟਾਇਲਟਾਂ ਵੱਲ ਲਾਈਨ ਲਾਈ ਖੜ੍ਹੇ ਯਾਤਰੂਆਂ ਦੀ ਭੀੜ ਹੁੰਦੀ ਸੀ। ਇੱਕ ਦਿਨ ਅਏਂ ਲੱਗਾ ਜਿਵੇਂ ਗਿਆਨੀ ਕਰਤਾਰ ਸਿੰਘ ਵੀ ਲੋਟਾ ਲਈ ਖੜ੍ਹਾ ਹੋਵੇ। ਕੀ ਉਹ ਉਹੀ ਸੀ? ਮੈਂ ਉਸ ਨੂੰ ਇਕੋ ਵਾਰ ਹੁਸ਼ਿਆਰਪੁਰ ਵੇਖਿਆ ਸੀ। ਉਸ ਨੂੰ ਸਿੱਖਾਂ ਦਾ ਦਿਮਾਗ ਕਿਹਾ ਜਾਂਦਾ ਸੀ। ਉਸ ਨੇ ਪਾਕਿਸਤਾਨ ਬਣਨ ਵੇਲੇ ਸਿੱਖ ਹਿਤਾਂ ਦੀ ਰਾਖੀ ਲਈ ਹਾਲ ਪਾਹਰਿਆ ਕੀਤੀ ਸੀ। ਨਨਕਾਣਾ ਸਾਹਿਬ ਸਿੱਖਾਂ ਕੋਲ ਰੱਖਣਾ ਚਾਹਿਆ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਨਾਲ ਗੱਲ ਬਾਤ ਕਰਦਾ ਉਹਦੀ ਅੰਦਰ ਜਾਣ ਦੀ ਵਾਰੀ ਆ ਗਈ ਸੀ।

ਯਾਤਰਾ ਭਾਵੇਂ ਸੱਤ ਦਿਨਾਂ ਦੀ ਸੀ ਪਰ ਕਾਇਦੇ ਕਾਨੂੰਨ ਮੁਤਾਬਿਕ ਅਸੀਂ ਨਨਕਾਣਾ ਸਾਹਿਬ ਦੀ ਜੂਹ ਤੋਂ ਬਾਹਰ ਨਹੀਂ ਸਾਂ ਜਾ ਸਕਦੇ। ਇੱਕ ਦਿਨ ਅਸੀਂ ਰੇਲ ਦੀ ਲਾਈਨ ਪੈ ਕੇ ਲਾਗਲੇ ਪਿੰਡ ਵੇਖਣ ਚੱਲੇ ਸਾਂ ਪਰ ਪਹਿਰੇ `ਤੇ ਬੈਠੀ ਪੁਲਿਸ ਨੇ ਸਾਨੂੰ ਵਾਪਸ ਮੋੜ ਦਿੱਤਾ ਸੀ। ਬਹੁਤ ਸਾਰੇ ਯਾਤਰੂਆਂ ਦੀਆਂ ਆਪੋ ਆਪਣੇ ਪਿੰਡ ਵੇਖਣ ਦੀਆਂ ਰੀਝਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ ਸਨ। ਮਹਿਕਮੇ ਜੰਗਲਾਤ ਵਾਲਾ ਬੇਲੀ ਅਕਸਰ ਕਹਿੰਦਾ ਰਹਿੰਦਾ ਸੀ, “ਕਿਸੇ ਪਿੰਡ ਚੱਲੀਏ, ਓਥੋਂ ਦੇਸੀ ਦਾਰੂ ਜ਼ਰੂਰ ਮਿਲ-ਜੂ!” ਉਹਦੀ ਹਰ ਪੰਜਵੀਂ ਸੱਤਵੀਂ ਗੱਲ ਪੀਣ `ਤੇ ਜਾ ਮੁੱਕਦੀ ਸੀ। ਜਦੋਂ ਦਾਰੂ ਦੀ ਗੱਲ ਉਹ ਭੁੱਲ ਜਾਂਦਾ ਸੀ ਤਾਂ ਅਸੀਂ ਚੇਤਾ ਕਰਾ ਕੇ ਚਿੱਤ ਪਰਚਾ ਲੈਂਦੇ ਸਾਂ।

ਨਨਕਾਣੇ ਦੀਆਂ ਅਸੀਂ ਗਲੀਆਂ ਛਾਣ ਮਾਰੀਆਂ ਸਨ। ਵਿਚੇ ਸਿੰਧ ਦੇ ਸਹਿਜਧਾਰੀ ਸਿੱਖ ਤੁਰੇ ਫਿਰਦੇ ਸਨ ਤੇ ਵਿਚੇ ਅਫ਼ਗ਼ਾਨਿਸਤਾਨ ਦੇ ਪਠਾਣਾਂ ਵਰਗੇ ਸਿੱਖ ਸਨ। ਉਨ੍ਹਾਂ ਦੇ ਪੱਗੜ ਵੱਡੇ ਸਨ ਤੇ ਰੰਗ ਗੋਰੇ ਸਨ। ਵਿਚੇ ਪੱਛਮੀ ਮੁਲਕਾਂ ਦੇ ਸੂਟਿਡ ਬੂਟਿਡ ਸਿੱਖ ਸਨ। ਇੱਕ ਦਿਨ ਅਸੀਂ ਢਾਬੇ ਤੋਂ ਚਾਹ ਪੀ ਰਹੇ ਸਾਂ ਕਿ ਸਾਡੇ ਕੋਲ ਚੰਡੀਗੜ੍ਹ ਹਾਈ ਕੋਰਟ ਦਾ ਉਹੀ ਐਡਵੋਕੇਟ ਆ ਬੈਠਾ ਜੋ ਪਹਿਲਾਂ ਵੀ ਮਿਲਿਆ ਸੀ। ਉਸ ਨੇ ਦਾੜ੍ਹੀ ਦੀਆਂ ਮੁਸ਼ਕਾਂ ਕਸ ਕੇ ਕਾਲਾ ਕੋਟ ਪਾਇਆ ਹੋਇਆ ਸੀ ਜਿਵੇਂ ਓਥੇ ਵੀ ਕੋਰਟ ਜਾਣਾ ਹੋਵੇ। ਅਸੀਂ ਚਾਹ ਦੇ ਕੱਪ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਨੱਕ ਬੁੱਲ੍ਹ ਮਾਰ ਕੇ ਕੱਪ ਫੜਿਆ। ਫਿਰ ਚਾਹ ਦੇ ਨੁਕਸ ਕੱਢਣ ਲੱਗ ਪਿਆ ਤੇ ਕੱਪ ਨੂੰ ਨਿੰਦੀ ਜਾਵੇ। ਪਹਿਲਾਂ ਵੀ ਉਹ ਨੁਕਤਾਚੀਨੀ ਕਰਦਾ ਹੀ ਮਿਲਿਆ ਸੀ। ਨਾਂ ਤਾਂ ਉਹਦਾ ਕਾਫੀ ਲੰਮਾ ਸੀ ਪਰ ਅਸੀਂ ਉਹਦੇ ਸੁਭਾਅ ਮੁਤਾਬਿਕ ਉਸ ਦਾ ਨਾਂ ‘ਖੁਸ਼ਕੀ’ ਰੱਖ ਲਿਆ।

ਇਕ ਸ਼ਾਮ ਕਵੀ ਦਰਬਾਰ ਹੋਇਆ। ਸ਼ਾਇਰ ਹਮਦਮ, ਰਾਹੀ ਤੇ ਭੱਟੀ ਹੋਰਾਂ ਨੇ ਪੰਜਾਬੀ ਦੀਆਂ ਬੜੀਆਂ ਵਧੀਆ ਕਵਿਤਾਵਾਂ ਪੇਸ਼ ਕੀਤੀਆਂ। ਚੰਡੀਗੜ੍ਹ ਵਾਲਾ ਵਕੀਲ ਵੀ ਸਟੇਜ `ਤੇ ਜਾ ਚੜ੍ਹਿਆ ਤੇ ਫਾਰਸੀ ਦੇ ਸ਼ੇਅਰ ਬੋਲਣ ਲੱਗਾ। ਫਿਰ ਉਰਦੂ ਦਾ ਕੁਤਰਾ ਕਰਨ ਲੱਗ ਪਿਆ। ਪਿੱਛੋਂ ਹਮਦਮ ਸਾਨੂੰ ਪੁੱਛਣ ਲੱਗਾ, “ਇਹ ਕਾਲਾ ਕੁੱਕੜ ਕਿਥੋਂ ਲਿਆਂਦਾ ਜੇ?” ਅਸੀਂ ਕਿਹਾ, “ਤੁਸੀਂ ਕਾਲਾ ਕੁੱਕੜ ਕਹਿ ਲਓ ਪਰ ਅਸੀਂ ਤਾਂ ਇਹਦਾ ਨਾਂ ਖੁਸ਼ਕੀ ਰੱਖਿਆ ਹੋਇਐ।”

ਇਕ ਦਿਨ ਬਜ਼ਾਰ ਵਿੱਚ ਜਾ ਰਹੇ ਸਾਂ ਕਿ ਇੱਕ ਨੌਜੁਆਨ ਸਾਨੂੰ ਕਹਿਣ ਲੱਗਾ, “ਸਰਦਾਰ ਜੀ, ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣੀ ਏਂ।” ਅਸੀਂ ਫੋਟੋ ਸਟੂਡੀਓ ਵਿੱਚ ਚਲ ਗਏ। ਫੋਟੋ ਖਿੱਚੀ ਗਈ ਤਾਂ ਉਸ ਨੇ ਮੇਰੀ ਜੈਕਟ ਪਾ ਕੇ ਫੋਟੋ ਖਿਚਵਾਣੀ ਚਾਹੀ। ਉਹ ਸ਼ੁਕੀਨਾਂ ਵਾਲੀ ਜੈਕਟ ਮੈਂ ਦਿੱਲੀ ਅਜਮਲ ਖਾਂ ਰੋਡ ਤੋਂ ਖਰੀਦੀ ਸੀ। ਜਦ ਮੈਂ ਜੈਕਟ ਪਾ ਕੇ ਕਾਲਜ ਗਿਆ ਸਾਂ ਤਾਂ ਡਾ.ਗੁਰਭਗਤ ਸਿੰਘ ਨੇ ਵਿਅੰਗ ਨਾਲ ਉਸ ਨੂੰ ‘ਕੁੱਤੇ ਝੱਗੀ’ ਦਾ ਨਾਂ ਦੇ ਦਿੱਤਾ ਸੀ। ਉਦੋਂ ਉਹ ਵੀ ਖਾਲਸਾ ਕਾਲਜ ਦਿੱਲੀ `ਚ ਲੈਕਚਰਾਰ ਸੀ। ਉਹ ਜਦ ਤੁਰਦਾ ਸੀ ਤਾਂ ਲੱਗਦਾ ਸੀ ਜਿਵੇਂ ਗਡੀਰਾ ਰਿੜਿਆ ਜਾਂਦਾ ਹੋਵੇ ਪਰ ਜਦੋਂ ਲੈਕਚਰ ਕਰਦਾ ਸੀ ਤਾਂ ਕੋਈ ਪੈਗ਼ੰਬਰ ਪਰਵਚਨ ਕਰਦਾ ਜਾਪਦਾ ਸੀ। ਅਣਦਾੜ੍ਹੀਏ ਮੂੰਹ ਤੇ ਗੋਲ ਪੱਗ ਨਾਲ ਕਾਸ਼ੀ ਦਾ ਪਾਂਡਾ ਲੱਗਦਾ ਸੀ। ਮੇਰੀ ਡੱਬਖੜੱਬੀ ਝੱਗੀ ਨੂੰ ਉਹਨੇ ਸਹੀ ਨਾਂ ਦਿੱਤਾ ਸੀ।

ਪਾਕਿਸਤਾਨੀ ਨੌਜੁਆਨ ਦੀ ਰੀਝ ਪੂਰੀ ਕਰਦਿਆਂ ਮੈਂ ਆਪਣੀ ਝੱਗੀ ਲਾਹ ਕੇ ਉਸ ਨੂੰ ਪੁਆ ਦਿੱਤੀ ਤੇ ਨਾਲ ਹੀ ਕਹਿ ਦਿੱਤਾ, “ਇਹ ਸਾਡੇ ਵੱਲੋਂ ਤੈਨੂੰ ਪਿਆਰ ਨਿਸ਼ਾਨੀ ਏਂ। ਇਹਨੂੰ ਪਾਇਆ ਕਰੀਂ ਤੇ ਸਾਨੂੰ ਯਾਦ ਕਰ ਲਿਆ ਕਰੀਂ।” ਉਹ ਬਹੁਤ ਜਜ਼ਬਾਤੀ ਹੋ ਗਿਆ ਤੇ ਸਾਨੂੰ ਮੱਲੋਮੱਲੀ ਕਪੜਿਆਂ ਦੀ ਦੁਕਾਨ `ਤੇ ਲੈ ਗਿਆ। ਉਹ ਸਾਡੇ ਸਭ ਲਈ ਕਪੜੇ ਲੈ ਕੇ ਦੇਣਾ ਚਾਹੁੰਦਾ ਸੀ ਪਰ ਅਸੀਂ ਇਕੋ ਕਮੀਜ਼ ਸਵੀਕਾਰ ਕੀਤੀ। ਉਹ ਕਮੀਜ਼ ਮੈਂ ਕਈ ਸਾਲ ਪਾਈ ਤੇ ਮੈਨੂੰ ਨਹੀਂ ਪਤਾ ਕਿ ਮੇਰੀ ਅੱਧੋਰਾਣੀ ਜੈਕਟ ਉਹਦੇ ਕਿੰਨਾ ਚਿਰ ਹੰਢੀ ਹੋਵੇਗੀ?

25 ਨਵੰਬਰ ਨੂੰ ਅਸੀਂ ਵਾਪਸੀ ਲਈ ਚਾਲੇ ਪਾਏ। ਦਿਨ ਛਿਪੇ ਲਾਰੀਆਂ ਤੇ ਟਾਂਗੇ ਯਾਤਰੀਆਂ ਨੂੰ ਰੇਲਵੇ ਸਟੇਸ਼ਨ `ਤੇ ਲਿਜਾਣ ਲਈ ਚੱਲਣ ਲੱਗੇ। ਜਿਹੜੇ ਟਾਂਗੇ `ਚ ਅਸੀਂ ਬੈਠੇ ਪਤਾ ਨਹੀਂ ਕਿਥੋਂ ‘ਖੁਸ਼ਕੀ’ ਵੀ ਉਹਦੇ ਉਤੇ ਆ ਚੜ੍ਹਿਆ। ਇਹ ਸ਼ੁਕਰੀਆ ਅਦਾ ਕਰਨ ਦਾ ਸਮਾਂ ਸੀ ਪਰ ਉਹ ਟਾਂਗੇ ਦੀਆਂ ਫਿੱਸੀਆਂ ਗੱਦੀਆਂ ਨੂੰ ਨਿੰਦਣ ਲੱਗ ਪਿਆ। ਨਾਲੇ ਆਖੀ ਜਾਵੇ, “ਘੋੜੀ ਨੂੰ ਪਾਂ ਪਈ ਲੱਗਦੀ ਏ।” ਕੋਈ ਪੁੱਛੇ, “ਕਾਲਿਆ ਕੁੱਕੜਾ, ਤੂੰ ਏਹਦੇ `ਤੇ ਮੁਕਲਾਵਾ ਲੈਣ ਚੱਲਿਐਂ?” ਅਸੀਂ ਹੱਸਣ ਲੱਗੇ ਕਿ ਸੱਤ ਦਿਨ ਗੁਰਦੁਆਰੇ ਦੀ ਦੇਗ ਖਾ ਕੇ ਵੀ ਉਹਦੀ ਖੁਸ਼ਕੀ ਦੂਰ ਨਹੀਂ ਸੀ ਹੋਈ!

ਰੇਲਵੇ ਸਟੇਸ਼ਨ `ਤੇ ਪੁਲਿਸ ਗਸ਼ਤ ਕਰ ਰਹੀ ਸੀ। ਵਡੇਰੀ ਉਮਰ ਦਾ ਇੱਕ ਠਾਣੇਦਾਰ ਸਾਡੇ ਕੋਲ ਆਇਆ ਤੇ ਅਦਬ ਅਦਾਬ ਤੋਂ ਬਾਅਦ ਆਪਣੇ ਪਿਛਲੇ ਪਿੰਡ ਦਾ ਹਾਲ ਚਾਲ ਪੁੱਛਣ ਲੱਗਾ। ਉਹ ਪਿੱਛੋਂ ਪ੍ਰਸਿੱਧ ਪਿੰਡ ਰੋਡੇ ਤੋਂ ਸੀ ਜਿਥੋਂ ਦੇ ਇੱਕ ਬਜ਼ੁਰਗ ਦੀ ਦਾੜ੍ਹੀ ਪੰਜ ਫੁੱਟ ਤੋਂ ਲੰਮੀ ਸੀ। ਮੈਂ ਰੋਡਿਆਂ ਦੇ ਟੂਰਨਾਮੈਂਟ ਵਿੱਚ ਉਸ ਦੇ ਦਰਸ਼ਨ ਕੀਤੇ ਸਨ। ਉਥੋਂ ਦਾ ਕਵੀਸ਼ਰ ਮੋਹਨ ਸਿੰਘ ਬੜਾ ਮਸ਼ਹੂਰ ਸੀ। ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੱਦੀ ਪਿੰਡ ਹੋਣ ਕਾਰਨ ਰੋਡੇ ਹੋਰ ਵੀ ਪ੍ਰਸਿੱਧ ਹੋ ਗਿਆ। ਮੈਂ ਮੁਸਲਮਾਨ ਠਾਣੇਦਾਰ ਨੂੰ ਦੱਸਿਆ ਕਿ ਰੋਡੇ ਕਾਲਜ ਬਣ ਗਿਆ ਹੈ ਤੇ ਪੌਲੀਟੈਕਨਿਕ ਖੁੱਲ੍ਹ ਗਿਆ ਹੈ। ਉਹ ਬੜਾ ਖੁਸ਼ ਹੋਇਆ ਤੇ ਆਖਣ ਲੱਗਾ, “ਫੇਰ ਤਾਂ ਸਾਡਾ ਪਿੰਡ ਵੀ ਬਹੁਤ ਤਰੱਕੀ ਕਰ ਗਿਆ ਹੈ। ਸਾਡੇ ਵੇਲੇ ਤਾਂ ਬਰਬਰ ਉਡਦੀ ਸੀ।” ਉਹ ਅਜੇ ਵੀ ਰੋਡਿਆਂ ਨੂੰ ਸਾਡਾ ਪਿੰਡ ਕਹਿ ਰਿਹਾ ਸੀ।

ਮੈਂ ਦੱਸਿਆ, “ਮੈਂ ਵੀ ਓਥੇ ਨੇੜੇ ਈ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਨਾਂ।” ਉਹ ਹੈਰਾਨ ਹੋਇਆ ਕਹਿਣ ਲੱਗਾ, “ਢੁੱਡੀਕੇ ਤਾਂ ਵੈੱਲੀਆਂ ਦਾ ਪਿੰਡ ਸੀ। ਓਥੇ ਕਾਲਜ ਕਿਵੇਂ ਖੁੱਲ੍ਹ ਗਿਆ?” ਫਿਰ ਉਹ ਦੌਧਰ ਦੇ ਅਰਜਨ ਵੈੱਲੀ ਦਾ ਜ਼ਿਕਰ ਕਰਨ ਲੱਗਾ ਤੇ ਪਹਿਲਵਾਨ ਗੁਰਬਖਸ਼ ਸਿੰਘ ਦਾ ਹਾਲ ਚਾਲ ਪੁੱਛਣ ਲੱਗਾ। ਮੈਨੂੰ ਲੱਗਾ ਕਿਤੇ ਬੋਲੀਆਂ ਵਿਚਲੀ ਧੰਨ ਕੁਰ ਬਾਰੇ ਨਾ ਪੁੱਛ ਲਵੇ ਪਰ ਉਹਦਾ ਉਹਨੇ ਨਾਂ ਨਾ ਲਿਆ। ਪੁਲਿਸ ਦੀ ਨੌਕਰੀ ਕਰਦਾ ਰਿਹਾ ਹੋਣ ਕਾਰਨ ਉਹ ਇਲਾਕੇ ਦੇ ਸਾਰੇ ਵੈੱਲੀਆਂ ਬਦਮਾਸ਼ਾਂ ਨੂੰ ਜਾਣਦਾ ਸੀ। ਮਹਿਕਮੇ ਜੰਗਲਾਤ ਵਾਲੇ ਭਾਊ ਨੇ ਪਾਕਿਸਤਾਨ `ਚ ਮਾਣੀ ਪ੍ਰਾਹੁਣਚਾਰੀ ਦਾ ਸ਼ੁਕਰੀਆ ਅਦਾ ਕੀਤਾ। ਪਰ ਉਹ ਦਿਲ ਦੀ ਗੱਲ ਕਰਨੋਂ ਫਿਰ ਵੀ ਨਾ ਰਹਿ ਸਕਿਆ ਤੇ ਮਝੈਲ ਲਹਿਜੇ `ਚ ਕਹਿਣ ਲੱਗਾ, “ਠਾਣੇਦਾਰ ਸਾਹਿਬ, ਧਾਡੇ ਏਥੇ ਫੀਮ ਖਰੀ ਮਿਲਦੀ ਜੇ, ਜਿਹੜੀ ਸਾਡੇ ਵੱਲ ਨਹੀਂ ਜੇ ਲੱਭਦੀ। ਪਰ ਧਾਡੇ ਦੇਸ਼ `ਚ ਦਾਰੂ ਦਾ ਕਾਲ ਪਿਆ ਹੋਇਆ ਜੇ। ਕਦੇ ਸਾਡੇ ਵੱਲ ਆਓ ਤਾਂ ਦਾਰੂ `ਚ ਨੁਹਾ ਕੇ ਤੋਰਾਂਗੇ।” ਸਾਡੇ ਬੇਲੀ ਨੇ ਧਾਰਮਿਕ ਯਾਤਰਾ ਕਰ ਕੇ ਵੀ ਦਾਰੂ ਨਹੀਂ ਸੀ ਭੁਲਾਈ। ਮੈਂ ਹੀ ਉਹਨੂੰ ਕਿਹਾ, “ਇਕ ਰਾਤ ਹੋਰ ਔਖੀ ਸੁਖਾਲੀ ਕੱਟ ਲੈ। ਜਾ ਕੇ ਨਹਾ ਲਈਂ ਮਹਿਕਮੇ ਜੰਗਲਾਤ `ਚ।

ਕਸੂਰ ਵਾਂਗ ਹੀ ਸਪੈਸ਼ਲ ਰੇਲ ਗੱਡੀਆਂ ਨਨਕਾਣਾ ਸਹਿਬ ਤੋਂ ਚੱਲੀਆਂ। ਰਾਤ ਦੇ ਸਫ਼ਰ ਵਿੱਚ ਬਾਹਰ ਤਾਂ ਕੁੱਝ ਦਿਸਣਾ ਨਹੀਂ ਸੀ ਇਸ ਲਈ ਅਸੀਂ ਕੰਬਲ ਤਾਣ ਕੇ ਸੌਂ ਗਏ। ਸਾਨੂੰ ਨਹੀਂ ਪਤਾ ਕਿ ਕਦੋਂ ਸ਼ੇਖੂਪੁਰਾ ਲੰਘੇ, ਕਦੋਂ ਰਾਵੀ ਦਾ ਪੁਲ, ਕਦੋਂ ਲਾਹੌਰ ਤੇ ਕਦੋਂ ਰਾਏਵਿੰਡ। ਰਾਵੀਓਂ ਪਾਰ ਬਾਰ ਦੇ ਚੱਕ ਤੇ ਉਰਾਰ ਮਾਝੇ ਦੇ ਮਸ਼ਹੂਰ ਪਿੰਡ ਗੂੜ੍ਹੀਆਂ ਨੀਂਦਾਂ ਵਿੱਚ ਸੁੱਤੇ ਪਏ ਸਨ। ਵੱਡੇ ਤੜਕੇ ਅਸੀਂ ਕਸੂਰ ਪੁੱਜੇ। ਬਾਹਰ ਨਿਕਲੇ ਤਾਂ ਠੰਢ ਵਿੱਚ ਝੁਣਝੁਣੀਆਂ ਛਿੜ ਪਈਆਂ। ਕਸੂਰ ਅਜੇ ਵੀ ਸੁੱਤਾ ਪਿਆ ਸੀ। ਬੁੱਲ੍ਹੇ ਸ਼ਾਹ ਦੇ ਕਹਿਣ ਅਨੁਸਾਰ ਬੰਦੇ ਸੁੱਤੇ ਪਏ ਸਨ ਪਰ ਕੁੱਤੇ ਜਾਗ ਰਹੇ ਸਨ। ਉਹ ਲੰਘਦੀਆਂ ਲਾਰੀਆਂ ਨੂੰ ਭੌਂਕ ਰਹੇ ਸਨ। ਕਸੂਰ ਵਿੱਚ ਦੀ ਜਾਂਦਿਆਂ ਤੇ ਆਉਂਦਿਆਂ ਅਸੀਂ ਆਪਣੇ ਮਹਾਨ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦੇ ਮਜਾਰ ਉਤੇ ਸਿਜਦਾ ਨਹੀਂ ਸਾਂ ਕਰ ਸਕੇ ਜਿਸ ਦਾ ਝੋਰਾ ਅੱਜ ਵੀ ਹੈ।

ਪਹੁਫੁਟਾਲੇ ਨਾਲ ਅਸੀਂ ਗੰਡਾ ਸਿੰਘ ਵਾਲੇ ਬਾਰਡਰ ਉਤੇ ਜਾ ਪਹੁੰਚੇ। ਸਥਿਤੀ ਦਾ ਵਿਅੰਗ ਵੇਖੋ ਕਿ ਮੁਸਲਮਾਨ ਦੇਸ਼ ਨੇ ਆਪਣੇ ਬਾਰਡਰ ਦਾ ਨਾਂ ਗੰਡਾ ਸਿੰਘ ਵਾਲਾ ਰੱਖਿਆ ਹੋਇਐ ਤੇ ਸਿੱਖ ਵਸੋਂ ਵਾਲੇ ਭਾਰਤ ਵੱਲ ਇਸ ਦਾ ਨਾਂ ਹੁਸੈਨੀ ਵਾਲਾ ਹੈ। ਉਸ ਵੇਲੇ ਸਰਹੱਦ ਸੁੰਨੀ ਪਈ ਸੀ ਤੇ ਸਤਲੁਜ ਦੇ ਕੰਢੇ ਦੀ ਠੰਢੀ ਹਵਾ ਕੰਬਣੀਆਂ ਛੇੜੀ ਜਾਂਦੀ ਸੀ। ਤਾਹੀਓਂ ਕਿਸੇ ਨੂੰ ਸੁੱਝ ਪਈ ਕਿ ਬੂਝਿਆਂ ਨੂੰ ਅੱਗ ਲਾ ਕੇ ਧੂਣੀਆਂ ਸੇਕੀਆਂ ਜਾਣ। ਕੱਖ ਕਾਣ `ਕੱਠਾ ਕਰ ਕੇ ਅੱਗ ਬਾਲੀ ਗਈ ਤੇ ਧੂਣੀਆਂ ਧੁਖਾਈਆਂ ਗਈਆਂ। ਸੰਗਤਾਂ ਧੂਣੀਆਂ ਦੁਆਲੇ ਜੁੜ ਗਈਆਂ। ਮਹਿਕਮੇ ਜੰਗਲਾਤ ਵਾਲੇ ਨੇ ਕੋਲੋਂ ਹੀ ਛੁਰਲ੍ਹੀ ਛੱਡ ਦਿੱਤੀ ਕਿ ਬਾਰਡਰ ਉਤੇ ਤਲਾਸ਼ੀ ਹੋਊ। ਜੀਹਦੇ ਕੋਲੋਂ ਫੀਮ ਫੜੀ ਗਈ ਉਹ ਅੰਦਰ ਹੋਊ।

ਇਸ ਗੱਲ ਨੇ ਬਠਿੰਡੇ ਵੱਲ ਦੇ ਇੱਕ ਅਮਲੀ ਨੂੰ ਵਖਤ ਪਾ ਦਿੱਤਾ। ਉਹਨੇ ਖੀਸੇ `ਚੋਂ ਡੱਬੀ ਕੱਢੀ। ਮੈਂ ਸੋਚਿਆ ਅੱਗ `ਚ ਸੁੱਟੇਗਾ। ਪਰ ਉਹ ਪ੍ਰਸ਼ਾਦ ਵਾਂਗ ਭੋਰਾ ਭੋਰਾ ਸਭ ਨੂੰ ਵਰਤਾਉਣ ਲੱਗਾ। ਮਹਿਕਮੇ ਜੰਗਲਾਤ ਨੇ ਤਾਂ ਮੋਟਾ ਮਾਵਾ ਲੈ ਲਿਆ ਪਰ ਅਸੀਂ ਇਨਕਾਰ ਕਰੀ ਗਏ। ਮਲਵਈ ਅਮਲੀ ਨੇ ਮੈਨੂੰ ਮੱਲੋਮੱਲੀ ਮਾਵਾ ਫੜਾਉਂਦਿਆਂ ਕਿਹਾ, “ਖਾ ਲੈ ਮੱਲਾ, ਖਾ ਲੈ। ਇਹ ਕਿਹੜਾ ਢਿੱਡ `ਚ ਬੋਲਦੀ ਐ?”

ਅਖ਼ੀਰ ਉਹ ਫੀਮ ਦਾ ਪ੍ਰਸ਼ਾਦ ਮੈਨੂੰ ਵੀ ਲੈਣਾ ਪਿਆ। ਸਾਡੇ ਸਾਥੀ ਦੀ ਛੱਡੀ ਛੁਰਲ੍ਹੀ ਦੇ ਕੁੱਝ ਨਾ ਕੁੱਝ ਚੰਗਿਆੜੇ ਤਾਂ ਸਾਡੇ ਉਤੇ ਵੀ ਡਿੱਗਣੇ ਸਨ।

Additional Info

  • Writings Type:: A single wirting
Read 3097 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ