Print this page
Wednesday, 14 October 2009 15:23

32 - ਦਿੱਲੀ ਦੀਆਂ ਏਸ਼ਿਆਈ ਖੇਡਾਂ

Written by
Rate this item
(2 votes)

1969 ਵਿੱਚ ਮੈਂ ਨਨਕਾਣਾ ਸਾਹਿਬ ਗਿਆ ਤਾਂ ਪਾਕਿਸਤਾਨ ਜਾਂਦਿਆਂ ਕੋਈ ਰੋਕ ਨਹੀਂ ਸੀ। ਪਰ 1982 ਵਿੱਚ ਪੰਜਾਬ ਤੋਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਵੇਖਣ ਜਾਣ ਤਕ ਬੜੇ ਅੜਿੱਕੇ ਸਨ। ਰਾਹ ਵਿੱਚ ਹਰਿਆਣਾ ਪੈਂਦਾ ਸੀ ਜਿਥੋਂ ਦੇ ਹਾਕਮਾਂ ਨੇ ਸਿੱਖਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਸਭਨਾਂ ਰਾਹਾਂ ਉਤੇ ਨਾਕੇਬੰਦੀ ਕੀਤੀ ਹੋਈ ਸੀ। ਅਕਾਲੀਆਂ ਦਾ ਐਲਾਨ ਸੀ ਕਿ ਉਹ ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ ਰੋਸ ਵਿਖਾਵੇ ਕਰਨਗੇ। ਉਧਰ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਹਿ ਰੱਖਿਆ ਸੀ ਕਿ ਮੈਂ ਹਰਿਆਣੇ ਵਿੱਚ ਕਿਸੇ ਪੱਗ ਦਾੜ੍ਹੀ ਵਾਲੇ ਨੂੰ ਲੰਘਣ ਹੀ ਨਹੀਂ ਦੇਵਾਂਗਾ।

ਮੈਂ ਚੰਡੀਗੜ੍ਹ ਦੇ ਟ੍ਰਿਬਿਊਨ ਦਫਤਰ ਤੋਂ ਏਸ਼ੀਆਡ ਕਵਰ ਕਰਨ ਲਈ ਆਪਣਾ ਐਕਰੀਡੇਸ਼ਨ ਕਾਰਡ ਲਿਆ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਰਜਿੰਦਰ ਸਿੰਘ ਨੇ ਮੈਨੂੰ ਵਿਦਾ ਕਰਦਿਆਂ ਕਿਹਾ, “ਬਚ ਕੇ ਜਾਣਾ, ਹੋਰ ਨਾ ਕਿਤੇ ਹਰਿਆਣੇ ਵਾਲੇ ਰਾਹ ਵਿੱਚ ਈ ਰੱਖ ਲੈਣ!”

ਦਿੱਲੀ ਜਾਣ ਲਈ ਜਿਸ ਬੱਸ ਵਿੱਚ ਮੈਂ ਬੈਠਾ ਉਹਦੇ `ਚ ਦੋ ਸਰਦਾਰ ਹੋਰ ਸਨ। ਅੱਗੇ ਹਰਿਆਣੇ ਦੀ ਹੱਦ ਆਈ ਤਾਂ ਚਾਲੀ ਪੰਜਾਹ ਸਿਪਾਹੀ ਪਹਿਰੇ `ਤੇ ਖੜ੍ਹੇ ਸਨ ਤੇ ਬਾਕੀ ਤੰਬੂਆਂ `ਚ ਪਏ ਸਨ। ਸੜਕ ਉਤੇ ਚਿੱਟੇ ਡਰੰਮਾਂ ਦੀ ਕਤਾਰ ਲਾ ਕੇ ਕੁੱਝ ਸਿਪਾਹੀ ਮੋਰਚੇ ਪੁੱਟੀ ਪੁਜ਼ੀਸ਼ਨਾਂ ਲਈ ਬੈਠੇ ਸਨ। ਮੈਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਸਰਹੱਦ ਨੇੜੇ ਰਹਿ ਕੇ ਵੇਖੀਆਂ ਸਨ। ਹਰਿਆਣੇ ਦੀ ਨਾਕਾਬੰਦੀ ਵੇਖ ਕੇ ਮੈਨੂੰ ਉਨ੍ਹਾਂ ਲੜਾਈਆਂ ਦੇ ਦ੍ਰਿਸ਼ ਚੇਤੇ ਆ ਗਏ।

ਏਨੇ ਨੂੰ ਇੱਕ ਸਿਪਾਹੀ ਬੱਸ ਦੀ ਛੱਤ `ਤੇ ਚੜ੍ਹ ਗਿਆ ਤੇ ਦੋ ਅੰਦਰ ਆ ਗਏ। ਉਨ੍ਹਾਂ ਨੇ ਵੱਖ ਵੱਖ ਸੀਟਾਂ `ਤੇ ਬੈਠੇ ਸਰਦਾਰਾਂ ਦੀ ਪੂਰੀ ਪੁੱਛ ਗਿੱਛ ਕੀਤੀ। ਮੈਨੂੰ ਖੇਡਾਂ ਕਵਰ ਕਰਨ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਮਿਲਿਆ ਸ਼ਨਾਖ਼ਤੀ ਕਾਰਡ ਵਿਖਾਉਣਾ ਪਿਆ। ਅੱਗੇ ਵਧੇ ਤਾਂ ਹਰੇਕ ਪੁਲ ਉਤੇ ਕੌਮਾਂਤਰੀ ਸਰਹੱਦ ਵਰਗਾ ਨਜ਼ਾਰਾ ਸੀ। ਕਦੇ ਕਦੇ ਸਾਨੂੰ ਬੱਸ ਤੋਂ ਉਤਾਰ ਲਿਆ ਜਾਂਦਾ ਤੇ ਤਸੱਲੀ ਕਰ ਕੇ ਬੱਸ ਉਤੇ ਚੜ੍ਹਨ ਦਿੱਤਾ ਜਾਂਦਾ। ਰੋਸ ਇਸ ਗੱਲ ਦਾ ਸੀ ਕਿ ਉਤਾਰਿਆ ਸਾਨੂੰ ਤਿੰਨਾਂ ਨੂੰ ਹੀ ਜਾਂਦਾ।

ਦਿੱਲੀ ਜਾ ਕੇ ਮੈਂ ‘ਸਚਿੱਤਰ ਕੌਮੀ ਏਕਤਾ’ ਦੇ ਐਡੀਟਰ ਰਾਜਿੰਦਰ ਸਿੰਘ ਭਾਟੀਆ ਨੂੰ ਮਿਲਿਆ। ਮੈਂ ਉਸ ਦੇ ਪਰਚੇ ਲਈ ‘ਖੇਡ ਮੈਦਾਨ `ਚੋਂ’ ਕਾਲਮ ਲਿਖਦਾ ਸਾਂ। ਉਸ ਨੇ ਮੈਨੂੰ ਅੰਦਰਲੀ ਗੱਲ ਦੱਸੀ। ਦੱਸਿਆ ਕਿ ਇੰਦਰਾ ਗਾਂਧੀ ਦਾ ਅਕਾਲੀਆਂ ਨਾਲ ਸਮਝੌਤਾ ਹੋ ਚੱਲਿਆ ਸੀ ਜਿਸ ਵਿੱਚ ਸਵਰਨ ਸਿੰਘ ਤੇ ਹਰਕਿਸ਼ਨ ਸਿੰਘ ਸੁਰਜੀਤ ਦਾ ਰੋਲ ਸੀ। ਮੰਗਾਂ ਮੰਨ ਲੈਣ ਕਰਕੇ ਅਕਾਲੀਆਂ ਨੇ ਕੋਈ ਰੋਸ ਵਿਖਾਵਾ ਨਹੀਂ ਸੀ ਕਰਨਾ। ਪਰ ਇਸ ਸਮਝੌਤੇ `ਤੇ ਸਹੀ ਪੈਣ ਤੋਂ ਪਹਿਲਾਂ ਹੀ ਇਸ ਦੀ ਭਿਣਕ ਭਜਨ ਲਾਲ ਨੂੰ ਪੈ ਗਈ ਤੇ ਉਸ ਨੇ ਇੰਦਰਾ ਗਾਂਧੀ ਨੂੰ ਯਕੀਨ ਬੰਨ੍ਹਵਾ ਦਿੱਤਾ ਕਿ ਅਕਾਲੀਆਂ ਤੋਂ ਡਰਨ ਦੀ ਲੋੜ ਨਹੀਂ। ਮੈਂ ਉਨ੍ਹਾਂ ਨੂੰ ਦਿੱਲੀ ਪਹੁੰਚਣ ਹੀ ਨਹੀਂ ਦੇਵਾਂਗਾ। ਸਮਝੌਤੇ ਨੂੰ ਤਾਰਪੀਡੋ ਕਰਨ ਦਾ ਫਿਰ ਜੋ ਨਤੀਜਾ ਨਿਕਲਿਆ ਉਹ ਸਭ ਦੇ ਸਾਹਮਣੇ ਹੈ।

ਦਿੱਲੀ ਦੇ ਜਵਾਹਰ ਲਾਲ ਸਟੇਡੀਅਮ ਤੇ ਹੋਰ ਖੇਡ ਭਵਨਾਂ ਦੁਆਲੇ ਸੁਰੱਖਿਆ ਦੇ ਕਰੜੇ ਪ੍ਰਬੰਧ ਸਨ। ਅਕਾਲੀ ਦਲ ਦੇ ਤੇਜ਼ਤਰਾਰ ਬੁਲਾਰੇ ਬਲਵੰਤ ਸਿੰਘ ਰਾਮੂਵਾਲੀਏ ਨੇ ਫਿਰ ਵੀ ਰੋਸ ਪੱਤਰ ਅਖਬਾਰਾਂ ਵਿੱਚ ਪਾ ਕੇ ਦੇਸ਼ ਵਿਦੇਸ਼ ਦੇ ਪੱਤਰਕਾਰਾਂ ਤਕ ਪੁਚਾ ਦਿੱਤੇ ਸਨ। ਪ੍ਰਕਾਸ਼ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਬੀਬੀ ਨਿਰਲੇਪ ਕੌਰ ਤੇ ਕੁੱਝ ਹੋਰ ਅਕਾਲੀ ਮੈਨੂੰ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਮਿਲ ਪਏ। ਉਨ੍ਹਾਂ ਤੋਂ ਪਤਾ ਲੱਗਾ ਕਿ ਉਹ ਲੁਕ ਛਿਪ ਕੇ ਤੇ ਭੇਸ ਵਟਾ ਕੇ ਦਿੱਲੀ ਪਹੁੰਚੇ ਸਨ। ਪਰ ਉਹ ਕੋਈ ਖ਼ਾਸ ਰੋਸ ਵਿਖਾਵਾ ਨਹੀਂ ਕਰ ਸਕੇ।

ਨੌਵੀਆਂ ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ ਤਾਂ ਸਟੇਡੀਅਮ ਦੇ ਉਪਰ ਹੈਲੀਕਾਪਟਰ ਗੇੜੇ ਲਾ ਰਹੇ ਸਨ। ਉਤੋਂ ਨਿਗ੍ਹਾ ਰੱਖੀ ਜਾ ਰਹੀ ਸੀ ਕਿ ਕਿਸੇ ਪਾਸੇ ਕੋਈ ਗੜਬੜ ਨਾ ਹੋਵੇ। ਲਾਊਡ ਸਪੀਕਰਾਂ ਤੋਂ ਆਵਾਜ਼ਾਂ ਆ ਰਹੀਆਂ ਸਨ ਕਿ ਕੋਈ ਦਰਸ਼ਕ ਆਪਣੇ ਨਾਲ ਖਾਣੇ ਦਾ ਡੱਬਾ, ਕੈਮਰਾ, ਦੂਰਬੀਨ, ਟਰਾਂਜੀਸਟਰ, ਟੇਪ ਰਿਕਾਰਡਰ ਜਾਂ ਕੋਈ ਪੈਕਟ ਅੰਦਰ ਨਾ ਲਿਜਾਵੇ। ਔਰਤਾਂ ਨੂੰ ਹੈਂਡ ਪਰਸ ਲਿਜਾਣ ਦੀ ਵੀ ਮਨਾਹੀ ਸੀ।

ਸਟੇਡੀਅਮ ਦੀਆਂ ਬਾਹੀਆਂ ਉਤੇ ਏਸ਼ਿਆਈ ਮੁਲਕਾਂ ਦੇ ਰੰਗ ਬਰੰਗੇ ਝੰਡੇ ਲਹਿਰਾ ਰਹੇ ਸਨ। ਪ੍ਰੈੱਸ ਬਾਕਸ ਵਿੱਚ ਮੇਰੇ ਆਲੇ ਦੁਆਲੇ ਪੂਰਬੀ ਏਸ਼ੀਆ ਦੀਆਂ ਗੋਰੀਆਂ-ਪੀਲੀਆਂ ਨਸਲਾਂ ਦੇ ਫੀਨੇ ਨੱਕਾਂ ਤੇ ਟੋਪੀਦਾਰ ਅੱਖਾਂ ਵਾਲੇ ਪੱਤਰਪ੍ਰੇਰਕ ਬੈਠੇ ਸਨ। ਉੱਦਣ ਅਸਮਾਨ ਵਿੱਚ ਵੀ ਚਿੱਤਕਬਰੀਆਂ ਬੱਦਲੀਆਂ ਉਮਡ ਆਈਆਂ ਸਨ ਜਿਵੇਂ ਉਨ੍ਹਾਂ ਨੇ ਵੀ ਉਦਘਾਟਨੀ ਸਮਾਰੋਹ ਵੇਖਣਾ ਹੋਵੇ। ਵਿਸ਼ਾਲ ਸਕੋਰ ਬੋਰਡ ਉਤੇ ‘ਫ੍ਰੈਂਡਸ਼ਿਪ ਫ੍ਰੈਟਰਨਿਟੀ ਫਾਰ ਐਵਰ’ ਦੇ ਅੱਖਰ ਵਾਰ ਵਾਰ ਜਗਦੇ। ਸਕੋਰ ਬੋਰਡ ਉਤੇ ਹੀ ਖੇਡਾਂ ਦਾ ਸ਼ੁਭ ਪ੍ਰਤੀਕ ਹਾਥੀ ਦਾ ਬੱਚਾ ‘ਅੱਪੂ’ ਸਭ ਨੂੰ ਜੀ ਆਇਆਂ ਕਹਿ ਰਿਹਾ ਸੀ। ਛੋਟੇ ਸਕੋਰ ਬੋਰਡ ਉਤੇ ਨਹਿਰੂ ਦਾ ਕਥਨ ‘ਖੇਡ ਨੂੰ ਖੇਡ ਭਾਵਨਾ ਨਾਲ ਖੇਡੋ’ ਲਿਸ਼ਕ ਰਿਹਾ ਸੀ।

ਫਿਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਬੱਘੀ ਆਪਣੇ ਲਾਓ ਲਸ਼ਕਰ ਨਾਲ ਸਟੇਡੀਅਮ ਵਿੱਚ ਆਈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਵਿਸ਼ੇਸ਼ ਵਿਅਕਤੀਆਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਏਸ਼ਿਆਈ ਖੇਡ ਫੈਡਰੇਸ਼ਨ ਦੇ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੇ ਗੁਲਾਬੀ ਪੱਗ ਬੰਨ੍ਹੀ ਹੋਈ ਸੀ ਤੇ ਉਹ ਖੇਡਾਂ ਦਾ ਲਾੜਾ ਜਾਪ ਰਿਹਾ ਸੀ। ਖੇਡਾਂ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਖੇਡ ਮੰਤਰੀ ਬੂਟਾ ਸਿੰਘ ਭੂਰੀ ਅਚਕਨ ਤੇ ਨਸਵਾਰੀ ਪੱਗ ਨਾਲ ਵਿਚੋਲਾ ਬਣਿਆ ਫਿਰਦਾ ਸੀ। ਉੱਚਾ ਲੰਮਾ ਤੇ ਸੋਹਣਾ ਸੁਣੱਖਾ ਤਰਲੋਚਨ ਸਿੰਘ ਖੇਡਾਂ ਦਾ ਪੀ.ਆਰ.ਓ.ਸੀ ਅਤੇ ਜਰਨੈਲ ਨਰਿੰਦਰ ਸਿੰਘ ਡਾਇਰੈਕਟਰ ਸੀ। ਹਰਿਆਣੇ ਵਿੱਚ ਪੱਗਾਂ ਵਾਲੇ ਰੋਕੇ ਜਾ ਰਹੇ ਸਨ ਪਰ ਖੇਡਾਂ ਦੇ ਪ੍ਰਬੰਧ `ਚ ਪੱਗਾਂ ਵਾਲਿਆਂ ਦੀ ਸਰਦਾਰੀ ਸੀ।

ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ ਤਾਂ ਦੇਵਨਾਗਰੀ ਅੱਖਰ ਕ੍ਰਮ ਅਨੁਸਾਰ ਅਫਗ਼ਾਨ ਖਿਡਾਰੀਆਂ ਦੀ ਟੋਲੀ ਸਭ ਤੋਂ ਪਹਿਲਾਂ ਆਈ। ਉਨ੍ਹਾਂ ਦੇ ਪਿੱਛੇ ਇਰਾਕ ਤੇ ਇਰਾਨ ਦੇ ਦਲਾਂ ਨੇ ਆਉਣਾ ਸੀ ਪਰ ਇਰਾਨੀਆਂ ਨੇ ਕਹਿ ਰੱਖਿਆ ਸੀ ਕਿ ਉਹ ਆਪਣੇ ਦੁਸ਼ਮਣ ਦੇਸ਼ ਇਰਾਕ ਦੇ ਨਾ ਪਿੱਛੇ ਲੱਗਣਗੇ ਤੇ ਨਾ ਅੱਗੇ। ਉਨ੍ਹਾਂ ਨੇ ਇਹ ਵੀ ਆਖਿਆ ਸੀ ਕਿ ਟੀਮ ਦੇ ਨਾਂ ਦੀ ਤਖ਼ਤੀ ਚੁੱਕ ਕੇ ਉਨ੍ਹਾਂ ਮੂਹਰੇ ਕੋਈ ਔਰਤ ਨਾ ਤੁਰੇ। ਪ੍ਰਬੰਧਕਾਂ ਨੂੰ ਇਰਾਕ ਤੇ ਇਰਾਨ ਦੇ ਵਿਚਕਾਰ ਇੰਡੋਨੇਸ਼ੀਆ ਦੀ ਟੋਲੀ ਪਾਉਣੀ ਪਈ ਤੇ ਇਰਾਨ ਨਾਂ ਦੀ ਫੱਟੀ ਇੱਕ ਮਰਦ ਨੇ ਚੁੱਕੀ।

ਸਭ ਤੋਂ ਚੁਸਤ ਵਰਦੀ ਚੀਨਿਆਂ ਤੇ ਜਪਾਨੀਆਂ ਦੀ ਸੀ ਤੇ ਉਨ੍ਹਾਂ ਦੇ ਦਲ ਵੀ ਕਾਫੀ ਵੱਡੇ ਸਨ। ਚੀਨੇ ਕਰੀਮ ਰੰਗੇ ਸੂਟਾਂ ਤੇ ਲਾਜਵਰੀ ਟੋਪੀਆਂ ਨਾਲ ਚੀਨੇ ਕਬੂਤਰ ਲੱਗ ਰਹੇ ਸਨ। ਜਪਾਨੀਆਂ ਦੇ ਸੂਹੇ ਸੂਟ ਅੱਗਾਂ ਬਾਲਦੇ ਜਾਂਦੇ ਸਨ। ਜਪਾਨਣਾਂ ਬੀਰ ਵਹੁਟੀਆਂ ਬਣੀਆ ਹੋਈਆਂ ਸਨ। ਸਾਡੇ ਕੋਲੋਂ ਹੀ ਫਲਾਈਂਗ ਸਿੱਖ ਮਿਲਖਾ ਸਿੰਘ ਉਠਿਆ। ਉਸ ਨੇ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨਾ ਸੀ। ਮਾਰਚ ਪਾਸਟ ਤੋਂ ਪਿੱਛੋਂ ਗਿਆਨੀ ਜ਼ੈਲ ਸਿੰਘ ਨੇ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਤੋਪਾਂ ਨੇ ਗਰਜ ਕੇ ਸਲਾਮੀ ਦਿੱਤੀ ਅਤੇ ਦੋ ਹਜ਼ਾਰ ਕਬੂਤਰ ਤੇ ਪੰਜ ਹਜ਼ਾਰ ਗ਼ੁਬਾਰੇ ਆਕਾਸ਼ ਵਿੱਚ ਛੱਡੇ ਗਏ। ਤਦੇ ‘ਮੁੜ੍ਹਕੇ ਦਾ ਮੋਤੀ’ ਗੁਰਬਚਨ ਸਿੰਘ ਰੰਧਾਵਾ ਮਿਸ਼ਾਲ ਫੜੀ ਸਟੇਡੀਅਮ ਵਿੱਚ ਦਾਖਲ ਹੋਇਆ। ਉਹ ਮਿਸ਼ਾਲ ਫਿਰ ਗੁਰਬਚਨ ਸਿੰਘ ਤੋਂ ਮਿਲਖਾ ਸਿੰਘ ਤੇ ਕਮਲਜੀਤ ਸੰਧੂ ਨੇ ਫੜ ਲਈ। ਦੋਹਾਂ ਨੇ ਟਰੈਕ ਦਾ ਪੌਣਾ ਕੁ ਚੱਕਰ ਲਾਇਆ ਤੇ ਮਿਸ਼ਾਲ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਤੇ ਡਿਆਨਾ ਸਾਈਮਜ਼ ਨੂੰ ਸੌਂਪ ਦਿੱਤੀ। ਉਹ ਦੋਵੇਂ `ਕੱਠੇ ਪੌੜੀਆਂ ਚੜ੍ਹੇ। ਜਦੋਂ ਉਨ੍ਹਾਂ ਨੇ ਖੇਡਾਂ ਦੀ ਸੰਤਰੀ ਜੋਤ ਜਗਾਈ ਤਾਂ ਤਾੜੀਆਂ ਨਾਲ ਸਾਰਾ ਸਟੇਡੀਅਮ ਗੂੰਜ ਉਠਿਆ।

ਮੈਂ ਚੀਨਿਆਂ ਨੂੰ ਨਿਕੱਦੇ ਜਿਹੇ ਹੀ ਸਮਝਦਾ ਸਾਂ ਤੇ ਹੈਰਾਨ ਸਾਂ ਕਿ ਕੱਦਾਵਰ ਖਿਡਾਰਨਾਂ ਦੀ ਖੇਡ ਵਾਲੀਵਾਲ ਵਿੱਚ ਚੀਨਣਾਂ ਵਿਸ਼ਵ ਚੈਂਪੀਅਨ ਕਿਵੇਂ ਬਣੀਆਂ! ਉਨ੍ਹਾਂ ਵਿਸ਼ਵ ਜੇਤੂ ਖਿਡਾਰਨਾਂ ਨੂੰ ਜਦੋਂ ਇੰਦਰਾਪ੍ਰਸਥ ਇਨਡੋਰ ਸਟੇਡੀਅਮ ਵਿੱਚ ਖੇਡਦਿਆਂ ਵੇਖਿਆ ਤਾਂ ਸਾਰੀ ਹੈਰਾਨੀ ਦੂਰ ਹੋ ਗਈ। ਉਨ੍ਹਾਂ `ਚ ਛੇ ਫੁੱਟ ਤੋਂ ਘੱਟ ਕੋਈ ਹੈ ਈ ਨਹੀਂ ਸੀ। ਉਹ ਲੰਮੀਆਂ ਲੰਝੀਆਂ ਮੁਟਿਆਰਾਂ ਕਿਸੇ ਹੋਰ ਧਰਤੀ ਦੀਆਂ ਜਾਈਆਂ ਜਾਪਦੀਆਂ ਸਨ। ਜਿੱਦਣ ਚੀਨਣਾਂ ਤੇ ਜਪਾਨਣਾਂ ਵਿਚਾਲੇ ਮੈਚ ਹੋਇਆ ਉੱਦਣ ਅਦੁੱਤੀ ਨਜ਼ਾਰੇ ਵੇਖਣ ਵਿੱਚ ਆਏ। ਦਰਸ਼ਕਾਂ ਵਿੱਚ ਫਾਈਨਲ ਮੈਚ ਵੇਖਣ ਦੀ ਏਨੀ ਖਿੱਚ ਸੀ ਕਿ ਗਾਜਰ ਰੰਗੀਆਂ ਬਾਰਾਂ ਹਜ਼ਾਰ ਕੁਰਸੀਆਂ `ਚੋਂ ਕੋਈ ਵੀ ਖਾਲੀ ਨਹੀਂ ਸੀ।

ਹਰੇ ਰੰਗ ਦੇ ਕੋਰਟ ਉੱਤੇ ਪਹਿਲਾਂ ਚੀਨ ਦੀਆਂ ਖਿਡਾਰਨਾਂ ਉੱਤਰੀਆਂ ਤੇ ਪਿੱਛੋਂ ਜਪਾਨ ਦੀਆਂ। ਜਦੋਂ ਉਨ੍ਹਾਂ ਨੇ ਟਰੈਕ ਸੂਟ ਉਤਾਰੇ ਤਾਂ ਉਨ੍ਹਾਂ ਦੀਆਂ ਲੱਤਾਂ ਏਨੀਆਂ ਗੋਰੀਆਂ ਨਿਕਲੀਆਂ ਜਿਵੇਂ ਕੇਲੇ ਦੀਆਂ ਛੱਲੀਆਂ ਤੋਂ ਛਿਲੜਾਂ ਲਾਹ ਧਰੀਆਂ ਹੋਣ। ਚੀਨਣਾਂ ਦੇ ਨੀਲੀਆਂ ਝੱਗੀਆਂ ਤੇ ਕਾਲੀਆਂ ਨਿੱਕਰਾਂ ਪਾਈਆਂ ਹੋਈਆਂ ਸਨ ਅਤੇ ਜਪਾਨਣਾਂ ਦੇ ਦੁੱਧ ਚਿੱਟੀਆਂ ਪੁਸ਼ਾਕਾਂ। ਇੱਕ ਪਾਸੇ ਵੀਹ ਕੁ ਚੀਨੇ ਤਾਰਿਆਂ ਵਾਲੇ ਲਾਲ ਝੰਡੇ ਲਈ ਬੈਠੇ ਸਨ। ਜਦੋਂ ਉਨ੍ਹਾਂ ਦੀ ਟੀਮ ਨੰਬਰ ਲੈਂਦੀ ਤਾਂ ਇੱਕ ਚੀਨਾ ਉੱਠ ਕੇ ਆਪਣੀ ਭਾਸ਼ਾ ਵਿੱਚ ਕੁੱਝ ਪੁਕਾਰਦਾ ਜਿਸ ਨੂੰ ਬਾਕੀ ਸਾਥੀ ਵਾਰ ਵਾਰ ਦੁਹਰਾਉਂਦੇ। ਦੂਜੇ ਬੰਨੇ ਜਪਾਨੀਆਂ ਦੀ ਵੀ ਇੱਕ ਟੋਲੀ ਬੈਠੀ ਸੀ। ਜਦੋਂ ਉਨ੍ਹਾਂ ਦੀ ਟੀਮ ਚੰਗੀ ਖੇਡ ਵਿਖਾਉਂਦੀ ਤਾਂ ਦਸ ਬਾਰਾਂ ਸਾਲ ਦੀ ਜਪਾਨੀ ਕੁੜੀ ਪੱਖੀਆਂ ਦਾ ਜੋੜਾ ਲੈ ਕੇ ਖੜ੍ਹੀ ਹੋ ਜਾਂਦੀ। ਫਿਰ ਉਹ ਪੱਖੀਆਂ ਹਿਲਾ ਕੇ ਦਰਸ਼ਕਾਂ ਤੋਂ ਤਾਲਬੱਧ ਗਿੱਧਾ ਪਵਾਉਣ ਲੱਗਦੀ। ਆਖ਼ਰ ਉਹ ਮੈਚ ਚੀਨਣਾਂ ਨੇ ਜਿੱਤ ਲਿਆ ਤੇ ਉਹ ਏਨੀਆਂ ਖ਼ੁਸ਼ ਹੋਈਆਂ ਕਿ ਹਾਸਿਆਂ ਨਾਲ ਖੁਸ਼ੀ ਦੇ ਹੰਝੂ ਵੀ ਛਲਕਣ ਲੱਗੇ।

ਜਿੱਦਣ ਮਰਦਾਂ ਦੀ ਹਾਕੀ ਦਾ ਫਾਈਨਲ ਮੈਚ ਹੋਇਆ ਸਾਰੀ ਦਿੱਲੀ ਥਾਏਂ ਰੁਕ ਗਈ ਸੀ। ਲੋਕ ਟੀਵੀ ਮੂਹਰੇ ਬੈਠੇ ਸਨ ਜਾਂ ਰੇਡੀਓ ਟਰਾਂਜੀਸਟਰਾਂ ਦੇ ਸਿਰ੍ਹਾਣੇ। ਮੈਚ ਦੇ ਨਤੀਜੇ ਬਾਰੇ ਲੱਖਾਂ ਦੀਆਂ ਸ਼ਰਤਾਂ ਲੱਗ ਚੁੱਕੀਆਂ ਸਨ। ਪੰਜ ਪੰਜ ਰੁਪਏ ਦੀ ਟਿਕਟ ਬਲੈਕ `ਚ ਦੋ ਦੋ ਸੌ ਰੁਪਏ ਨੂੰ ਵਿਕੀ ਸੀ। ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਨੈਸ਼ਨਲ ਸਟੇਡੀਅਮ ਕੰਢਿਆਂ ਤਕ ਭਰ ਗਿਆ ਸੀ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਉਪ ਰਾਸ਼ਟਰਪਤੀ ਮੁਹੰਮਦ ਹਦਾਇਤਉੱਲਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਪੀਕਰ ਬਲਰਾਮ ਜਾਖੜ ਸਮੇਤ ਅਨੇਕਾਂ ਮੰਤਰੀ ਤੇ ਹੋਰ ਅਧਿਕਾਰੀ ਸਟੇਡੀਅਮ ਵਿੱਚ ਸੁਭਾਏਮਾਨ ਸਨ। ਭਜਨ ਲਾਲ ਆਪਣਾ ਬੱਗਾ ਸਿਰ ਮੁੜ ਮੁੜ ਇੰਦਰਾ ਗਾਂਧੀ ਵੱਲ ਘੁਮਾ ਰਿਹਾ ਸੀ ਤੇ ਅਹੁਲ ਰਿਹਾ ਸੀ ਕਿ ਕਿਵੇਂ ਨਾ ਕਿਵੇਂ ਇੰਦਰਾ ਗਾਂਧੀ ਨੂੰ ਦੱਸ ਸਕੇ ਪਈ ਵੇਖ ਲਓ ਕੋਈ ਨੀਲੀ ਪੱਗ ਵਾਲਾ ਦਿਸਦੈ!

ਪ੍ਰੈੱਸ ਬਾਕਸ ਵਿੱਚ ਮੇਰੀ ਸੀਟ ਕੁਮੈਂਟੇਟਰ ਜਸਦੇਵ ਸਿੰਘ ਦੇ ਪਿੱਛੇ ਸੀ। ਉਹ ਪਾਣੀ ਦਾ ਗਲਾਸ ਮੰਗ ਰਿਹਾ ਸੀ ਪਰ ਪਾਣੀ ਕਿਤੋਂ ਮਿਲ ਨਹੀਂ ਸੀ ਰਿਹਾ। ਤਦੇ ਬੂਟਾ ਸਿੰਘ ਹੋਰੀਂ ਤਿਰੰਗੀਆਂ ਝੰਡੀਆਂ ਨਾਲ ਭਰੇ ਟੋਕਰਿਆਂ ਸਮੇਤ ਸਟੇਡੀਅਮ ਵਿੱਚ ਪਧਾਰੇ। ਮਿੰਟਾਂ ਸਕਿੰਟਾਂ ਵਿੱਚ ਝੰਡੀਆਂ ਦਰਸ਼ਕਾਂ ਵਿੱਚ ਵੰਡ ਦਿੱਤੀਆਂ ਗਈਆਂ। ਜਦੋਂ ਭਾਰਤੀ ਖਿਡਾਰੀ ਗੇਂਦ ਲੈ ਕੇ ਅੱਗੇ ਵਧਦੇ ਤਾਂ ਝੰਡੀਆਂ ਉੱਚੀਆਂ ਹੋ ਜਾਂਦੀਆਂ ਤੇ ਸ਼ੋਰ ਦੀਆਂ ਲਹਿਰਾਂ ਆਕਾਸ਼ੀਂ ਜਾ ਚੜ੍ਹਦੀਆਂ। ਚੌਥੇ ਮਿੰਟ `ਚ ਭਾਰਤ ਦੇ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਸਟੇਡੀਅਮ ਤਿਰੰਗੇ ਰੰਗ ਵਿੱਚ ਰੰਗਿਆ ਗਿਆ। ਜਦੋਂ ਸਤ੍ਹਾਰਵੇਂ ਮਿੰਟ `ਚ ਪਾਕਿਸਤਾਨ ਦੇ ਕਲੀਮਉੱਲਾ ਨੇ ਗੋਲ ਲਾਹਿਆ ਤੇ ਉਨ੍ਹੀਵੇਂ ਮਿੰਟ `ਚ ਹੋਰ ਗੋਲ ਚੜ੍ਹਾਇਆ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਝੰਡੀਆਂ ਝੱਗਿਆਂ ਹੇਠ ਲੁਕੋ ਲਈਆਂ ਗਈਆਂ। ਜਸਦੇਵ ਸਿੰਘ ਨੇ ਧੌਣ ਪਿੱਛੇ ਭੰਵਾ ਕੇ ਆਖਿਆ, “ਮੈਂ ਸਰਦਾਰ ਬੂਟਾ ਸਿੰਘ ਨੂੰ ਕਿਹਾ ਸੀ ਕਿ ਆਪਾਂ ਹੋਸਟ ਆਂ ਤੇ ਆਪਾਂ ਨੂੰ ਝੰਡੀਆਂ ਵੰਡਣਾ ਸ਼ੋਭਾ ਨਹੀਂ ਦਿੰਦਾ।”

ਪਾਕਿਸਤਾਨ ਦੀ ਟੀਮ ਨੇ ਉਪਰੋਥਲੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਹੀ ਘਰ ਏਨੀ ਨਮੋਸ਼ੀ ਵਾਲੀ ਹਾਰ ਦਿੱਤੀ ਕਿ ਭਾਰਤੀ ਖਿਡਾਰੀ ਡਰਾਉਣੇ ਸੁਫ਼ਨੇ ਵਾਂਗ ਭੁਲਾ ਨਹੀਂ ਸਕਣਗੇ। ਜਿੱਤ ਹਾਰ ਦਾ ਏਨਾ ਫਰਕ ਹੁੰਦਾ ਹੈ ਕਿ ਭਾਰਤੀ ਖਿਡਾਰੀ ਉੱਦਣ ਚੋਰਾਂ ਵਾਂਗ ਸਟੇਡੀਅਮ `ਚੋਂ ਅਲੋਪ ਹੋਏ ਜਦ ਕਿ ਪਾਕਿਸਤਾਨੀ ਦਿਨ ਛਿਪਣ ਤਕ ਮੈਦਾਨ `ਚ ਮੇਲ੍ਹਦੇ ਫਿਰੇ। ਉਸ ਦਿਨ ਦਾ ਡਿਸਪੈਚ ਮੈਂ ਭਰੇ ਮਨ ਨਾਲ ਲਿਖਿਆ। ਜਦ ਮੈਂ ਲਿਖ ਰਿਹਾ ਸਾਂ ਤਾਂ ਭਾਰਤੀ ਟੀਮ `ਚੋਂ ਬਾਹਰ ਕੱਢਿਆ ਫੁੱਲ ਬੈਕ ਸੁਰਜੀਤ ਸਿੰਘ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਮੈਂ ਹਾਕੀ ਵਾਲਿਆਂ ਦਾ ਹੀਜ ਪਿਆਜ ਰਾਜੀਵ ਗਾਂਧੀ ਦੇ ਧਿਆਨ `ਚ ਲਿਆ ਰਿਹਾਂ।”

ਜਿੱਦਣ ਭਾਰਤ ਤੇ ਚੀਨ ਦੀਆਂ ਫੁੱਟਬਾਲ ਟੀਮਾਂ ਵਿਚਕਾਰ ਮੈਚ ਹੋਇਆ ਉੱਦਣ ਅੰਬੇਦਕਰ ਸਟੇਡੀਅਮ ਪੂਰਾ ਭਰਿਆ ਹੋਇਆ ਸੀ। ਸਾਡੇ ਪਿੱਛੇ ਕੁੱਝ ਸਿੱਖ ਡਰਾਈਵਰ ਬੈਠੇ ਸਨ। ਜਦੋਂ ਰੈਫਰੀ ਨੇ ਭਾਰਤੀ ਟੀਮ ਸਿਰ ਗੋਲ ਹੋਣ ਦੀ ਵਿਸਲ ਮਾਰੀ ਤਾਂ ਪਿੱਛੋਂ ਆਵਾਜ਼ ਆਈ, “ਓਏ ਰੈਫਰੀਆ, ਬੰਦਾ ਬਣ ਜਾ ਨਹੀਂ ਤਾਂ ਗੱਡੀ ਹੇਠ ਦੇ ਦਿਆਂਗੇ।” ਜਦੋਂ ਰੈਫਰੀ ਨੇ ਭਾਰਤੀ ਟੀਮ ਵੱਲੋਂ ਗੋਲ ਕਰਨ ਦੀ ਸੀਟੀ ਮਾਰੀ ਤਾਂ ਉਸੇ ਡਰਾਈਵਰ ਨੇ ਕਿਹਾ, “ਵਾਹ ਓਏ ਰੈਫਰੀਆ, ਜਿਊਂਦਾ ਰਹਿ!”

ਖੇਡਾਂ ਦੇ ਦਿਨ ਬੇਸ਼ਕ ਪੰਦਰਾਂ ਹੀ ਸਨ ਪਰ ਉਨ੍ਹਾਂ ਦੇ ਨਜ਼ਾਰੇ ਸਾਲਾਂ ਤਕ ਯਾਦ ਰਹਿਣ ਵਾਲੇ ਸਨ। ਏਸ਼ੀਆ ਦੇ ਜੋਬਨ, ਜ਼ੋਰ ਤੇ ਜੁਗਤ ਨੇ ਜੋ ਖੇਡ ਲੀਲ੍ਹਾ ਰਚੀ ਉਹਦਾ ਪੂਰਾ ਜਲੌਅ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਭਲਾ ਕੌਣ ਭੁੱਲੇਗਾ ਭਾਰਤ ਦੇ ਲੋਕ ਨਾਚਾਂ ਦੀਆਂ ਉਹ ਝਲਕਾਂ ਜੋ ਨਹਿਰੂ ਸਟੇਡੀਅਮ ਦੇ ਵਿਹੜੇ `ਚ ਅੱਖਾਂ ਨੇ ਵੇਖੀਆਂ। ਭੰਬੀਰੀ ਬਣੀਆਂ ਨੱਢੀਆਂ ਤੇ ਮਸਤੀ `ਚ ਝੂੰਮਦੇ ਚੋਬਰ। ਲਿਸ਼ਕਦੀਆਂ ਰੰਗ ਬਰੰਗੀਆਂ ਪੁਸ਼ਾਕਾਂ, ਸਾਜ਼ਾਂ ਦੀਆਂ ਮਧੁਰ ਧੁਨਾਂ, ਨਾਚੀਆਂ ਦੀਆਂ ਕੂਲੀਆਂ ਅਦਾਵਾਂ ਤੇ ਧੂਫਾਂ ਦੀਆਂ ਸੁਗੰਧੀਆਂ। ਅਜਿਹਾ ਰੰਗੀਨ ਸੁਫ਼ਨਾ ਜਿਸ ਵਿੱਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ। ਉਹ ਦ੍ਰਿਸ਼ ਵੀ ਯਾਦ ਰਹੇਗਾ ਜਦੋਂ ਭਾਰਤ ਦੀਆਂ ਹਾਕੀ ਖਿਡਾਰਨਾਂ ਸੋਨ-ਤਮਗ਼ਾ ਜਿੱਤੀਆਂ। ਉਨ੍ਹਾਂ ਨੇ ਹਾਸੇ ਛਣਕਾਉਂਦਿਆਂ ਸ਼ਿਵਾ ਜੀ ਸਟੇਡੀਅਮ ਦੀ ਇੱਕ ਜੇਤੂ ਗੇੜੀ ਲਾਈ ਸੀ ਤੇ ਨਾਲ ਭੰਗੜੇ ਦਾ ਢੋਲ ਵੱਜ ਉਠਿਆ ਸੀ। ਉਨ੍ਹਾਂ ਨੇ ਨਾਂਹ ਨਾਂਹ ਕਰਦੇ ਆਪਣੇ ਕੋਚ ਬਾਲਕ੍ਰਿਸ਼ਨ ਸਿੰਘ ਨੂੰ ਮੋਢਿਆਂ ਉਤੇ ਚੁੱਕ ਲਿਆ ਸੀ।

ਘੋੜਸਵਾਰੀ ਦੇ ਮਹਿਰਾਬੀ ਦੁਆਰ ਵਾਲੇ ਹਰਬਖ਼ਸ਼ ਸਟੇਡੀਅਮ ਵਿੱਚ ਇੰਦਰਾ ਗਾਂਧੀ ਸੂਹੇ ਫੁੱਲਾਂ ਵਾਲੀ ਸਾੜ੍ਹੀ ਪਹਿਨ ਕੇ ਆਈ ਸੀ ਤੇ ਉਹਦੀ ਪੋਤੀ ਪ੍ਰਿਯੰਕਾ ਦਾਦੀ ਦੁਆਲੇ ਮੇਲ੍ਹਦੀ ਫਿਰਦੀ ਸੀ। ਬਹਾਦਰ ਸਿੰਘ ਗੋਲੇ ਦਾ ਸੋਨ-ਤਮਗ਼ਾ ਜਿੱਤਿਆ ਤਾਂ ਉਹਦਾ ਜਲੌਅ ਵੇਖਣ ਵਾਲਾ ਸੀ। ਸਿਰ ਉਤੇ ਪਟਕਾ ਤੇ ਖੁੱਲ੍ਹੀ ਦਾੜ੍ਹੀ ਨਾਲ ਉਹ ਟਰੈਕ ਸੂਟ ਵਾਲਾ ਨਿਹੰਗ ਸਿੰਘ ਲੱਗ ਰਿਹਾ ਸੀ। ਤਾਲਕਟੋਰਾ ਤੈਰਨ ਤਲਾਅ ਵਿੱਚ ਭਾਰਤ ਤੇ ਸਿੰਗਾਪੁਰ ਦੀਆਂ ਟੀਮਾਂ `ਚ ਵਾਟਰ ਪੋਲੋ ਦੇ ਮੈਚ ਸਮੇਂ ਜਦੋਂ ਭਾਰਤੀ ਟੀਮ ਗੋਲ ਕਰਦੀ ਤਾਂ ਫਿਲਮੀ ਹੀਰੋ ਅਮਿਤਾਭ ਬੱਚਨ ਉੱਠ ਖੜ੍ਹਾ ਹੁੰਦਾ ਤੇ ਹੱਥਾਂ ਦਾ ਘੁੱਗੂ ਵਜਾਉਂਦਾ। ਉਹਦੀ ਪਤਨੀ ਜਯਾ ਭਾਦੁੜੀ ਮਿਨ੍ਹਾ ਮੁਸਕ੍ਰਾਉਂਦੀ। ਦਰਸ਼ਕਾਂ ਵਿੱਚ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਵੀ ਬੈਠਾ ਸੀ ਪਰ ਲੋਕ ਅਮਿਤਾਭ ਬੱਚਨ ਵੱਲ ਈ ਵੇਖਦੇ ਰਹੇ।

ਖੇਡਾਂ ਵਿੱਚ ਖ਼ੁਸ਼ੀ ਵੀ ਵੇਖੀ ਤੇ ਗ਼ਮੀ ਵੀ। ਜਿਹੜੇ ਜਿੱਤ ਜਾਂਦੇ ਉਨ੍ਹਾਂ ਦੀਆਂ ਕੋਈ ਰੀਸਾਂ ਸਨ? ਉਹ ਹਵਾ ਵਿੱਚ ਉਡੇ ਫਿਰਦੇ। ਤੇ ਜਿਹੜੇ ਹਾਰਦੇ ਕਿੰਨਾ ਚਿਰ ਈ ਡਿੱਗੇ ਢਹੇ ਝੂਰੀ ਜਾਂਦੇ। ਜੇਤੂਆਂ ਨੂੰ ਕੋਈ ਥਕੇਵਾਂ ਨਹੀਂ ਸੀ ਹੁੰਦਾ ਤੇ ਹਾਰ ਗਿਆਂ ਤੋਂ ਉਠਿਆ ਨਹੀਂ ਸੀ ਜਾਂਦਾ। ਹੰਝੂ ਹਾਰ ਵਿੱਚ ਵੀ ਵਹਿੰਦੇ ਵੇਖੇ ਤੇ ਜਿੱਤ ਵਿੱਚ ਵੀ। ਪਰ ਜਿੱਤ ਹਾਰ ਦੇ ਹੰਝੂਆਂ ਵਿੱਚ ਬੜਾ ਫਰਕ ਸੀ। ਕਿਥੇ ਚੀਨਣਾਂ ਦੇ ਜਿੱਤ ਦੀ ਖ਼ੁਸ਼ੀ `ਚ ਹਾਸਿਆਂ ਨਾਲ ਛਲਕਦੇ ਹੰਝੂ ਤੇ ਕਿਥੇ ਹਾਰ ਦੀ ਨਮੋਸ਼ੀ ਵਿੱਚ ਚੁੱਪ ਗੜੁੱਪ ਭਾਰਤੀ ਹਾਕੀ ਖਿਡਾਰੀਆਂ ਦੇ ਅਥਰੂ!

ਕਦ ਭੁੱਲਣਗੀਆਂ ਉਹ ਪਾਣੀ ਦੀਆਂ ਪਰੀਆਂ ਜਿਨ੍ਹਾਂ ਤਾਲਕਟੋਰਾ ਤੈਰਨ ਤਲਾਅ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀ। ਉਨ੍ਹਾਂ ਦੇ ਸੋਨਰੰਗੇ ਬਦਨ ਜਿਨ੍ਹਾਂ ਤੋਂ ਨਿਗਾਹਾਂ ਤਿਲ੍ਹਕ ਤਿਲ੍ਹਕ ਜਾਂਦੀਆਂ। ਤੇ ਉਹ ਰਬੜ ਦੀਆਂ ਆਦਮਕੱਦ ਗੁੱਡੀਆਂ ਜਿਨ੍ਹਾਂ ਨੇ ਜਿਮਨਾਸਟਿਕਸ ਦੇ ਕਰਤਬ ਵਿਖਾਉਂਦਿਆਂ ਹਜ਼ਾਰਾਂ ਦਿਲ ਲੁੱਟੇ। ਉਹ ਵਿਸਮਾਦੀ ਨਜ਼ਾਰੇ ਸਨ। ਚਾਰ ਇੰਚ ਚੌੜੇ ਬੀਮ ਉਤੇ ਚਾਰ ਚਾਰ ਛਾਲਾਂ ਲਾਉਣੀਆਂ ਤੇ ਫੇਰ ਵੀ ਥਾਏਂ ਟਿਕੇ ਰਹਿਣਾ!

ਵੱਖ ਵੱਖ ਖੇਡ ਭਵਨਾਂ ਦੀਆਂ ਰੌਣਕਾਂ, ਰੰਗ ਤੇ ਰੌਸ਼ਨੀਆਂ ਭਲਾ ਕੌਣ ਭੁੱਲੇਗਾ? ਪੰਦਰਾਂ ਦਿਨ ਰੰਗਾਂ ਦੇ ਹੜ੍ਹ ਆਏ ਰਹੇ ਤੇ ਰੌਸ਼ਨੀਆਂ ਦੇ ਮੀਂਹ। ਖੇਡਾਂ ਦੌਰਾਨ ਅਨੇਕਾਂ ਜਲਵੇ ਨਮੂਦਾਰ ਹੋਏ। ਉਥੇ ਘੋੜਿਆਂ ਨੇ ਨਾਚ ਨੱਚੇ ਤੇ ਕਬੂਤਰਾਂ ਦੀਆਂ ਡਾਰਾਂ ਅਕਾਸ਼ ਵਿੱਚ ਉੱਡੀਆਂ। ਉਥੇ ਅਨੇਕਾਂ ਸੂਰਤਾਂ ਸੁਫ਼ਨਿਆਂ ਵਿੱਚ ਗੁਆਚੀਆਂ ਰਹੀਆਂ। ਉਥੇ ‘ਮਿੱਤਰਤਾ ਤੇ ਭਰੱਪਣ ਸਦਾ ਲਈ’ ਦਾ ਨਾਹਰਾ ਵਾਰ ਵਾਰ ਬੁਲੰਦ ਹੋਇਆ।

ਇਹ ਤੇ ਅਜਿਹਾ ਹੋਰ ਬਹੁਤ ਕੁੱਝ ਲੰਮਾ ਸਮਾਂ ਚੇਤੇ ਰਹਿਣ ਵਾਲਾ ਸੀ। ਖ਼ੁਸ਼ੀ ਦੇ ਚੰਗੇ ਪਲਾਂ ਦਾ ਚੇਤੇ ਰਹਿਣਾ ਹੀ ਜ਼ਿੰਦਗੀ ਦੀ ਅਸਲੀ ਦੌਲਤ ਹੈ। ਖੇਡ ਮੇਲੇ ਇਨ੍ਹਾਂ ਦੌਲਤਾਂ ਵਿੱਚ ਵਾਧਾ ਕਰਦੇ ਹਨ। ਵਰ੍ਹੇ ਬੀਤ ਜਾਣ `ਤੇ ਵੀ ਦਿੱਲੀ ਦੀਆਂ ਏਸ਼ਿਆਈ ਖੇਡਾਂ ਮੇਰੇ ਚੇਤੇ `ਚ ਸੱਜਰੀਆਂ ਹਨ ਤੇ ਜਾਪਦੈ ਪਹਿਲੇ ਪਿਆਰ ਵਾਂਗ ਸਦਾ ਸੱਜਰੀਆਂ ਰਹਿਣਗੀਆਂ।

Additional Info

  • Writings Type:: A single wirting
Read 2908 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ