Print this page
Wednesday, 14 October 2009 16:41

33 - ਪਿੰਡ ਦੀ ਸੱਥ `ਚੋਂ

Written by
Rate this item
(0 votes)

1983-84 ਦੀ ਗੱਲ ਹੈ। ਉਹਨੀਂ ਦਿਨੀਂ ਮੈਂ ‘ਸਚਿੱਤਰ ਕੌਮੀ ਏਕਤਾ’ ਲਈ ‘ਖੇਡ ਮੈਦਾਨ `ਚੋਂ’ ਕਾਲਮ ਲਿਖਦਾ ਸਾਂ। ਗੁਰਦੇਵ ਸਿੰਘ ਮਾਨ ‘ਮੌਜੀ ਠਾਕਰ’ ਦੇ ਨਾਂ ਥੱਲੇ ‘ਕੁੰਡਾ ਖੋਲ੍ਹ ਬਸੰਤਰੀਏ’ ਲਿਖਦਾ ਸੀ। ਉਹਦੇ ਵਿੱਚ ਹਾਸਾ-ਖੇਡਾ ਸੀ। ਜਿਸ ਲੇਖਕ ਦੀਆਂ ਲਿਖਤਾਂ `ਚ ਹਾਸਾ-ਖੇਡਾ ਹੋਵੇ ਪਾਠਕ ਦਿਲਚਸਪੀ ਨਾਲ ਪੜ੍ਹਦੇ ਹਨ। ਜਦੋਂ ਮਾਨ ਪੱਕੇ ਤੌਰ `ਤੇ ਕੈਨੇਡਾ ਚਲਾ ਗਿਆ ਤਾਂ ਉਹਦਾ ਕਾਲਮ ਬੰਦ ਹੋ ਗਿਆ। ਕੌਮੀ ਏਕਤਾ ਦੇ ਐਡੀਟਰ ਰਾਜਿੰਦਰ ਸਿੰਘ ਨੂੰ ਪਤਾ ਸੀ ਕਿ ਮੈਂ ਪਿੰਡ ਦਾ ਜੰਮਪਲ ਹਾਂ ਤੇ ਉਦੋਂ ਰਹਿੰਦਾ ਵੀ ਪਿੰਡ ਢੁੱਡੀਕੇ ਵਿੱਚ ਹੀ ਸਾਂ। ਉਸ ਨੇ ਮੈਨੂੰ ਪ੍ਰੇਰਿਆ, “ਤੁਸੀਂ ਪਿੰਡ ਦੇ ਅਮਲੀਆਂ ਬਾਰੇ ਲਿਖੋ। ਸੁਣਿਐਂ ਉਨ੍ਹਾਂ ਦੀਆਂ ਗੱਲਾਂ ਬਾਤਾਂ ਦਿਲਚਸਪ ਹੁੰਦੀਐਂ।”

ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਕਹਾਣੀਆਂ ਲਿਖਣੀਆਂ ਛੱਡ ਚੁੱਕਾ ਸਾਂ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਕਲਮ ਕਿਸੇ ਹੋਰ ਪਾਸੇ ਵੀ ਅਜ਼ਮਾਵਾਂ। ਮੌਜੀ ਠਾਕਰ ਦਾ ਆਪਣਾ ਰੰਗ ਸੀ। ਮੈਂ ਆਪਣੇ ਰੰਗ ਵਿੱਚ ‘ਪਿੰਡ ਦੀ ਸੱਥ `ਚੋਂ’ ਕਾਲਮ ਲਿਖਣਾ ਸ਼ੁਰੂ ਕਰ ਲਿਆ ਜੋ ਜਨਵਰੀ 1984 ਤੋਂ ‘ਪਹਿਰੇਦਾਰ’ ਦੇ ਨਾਂ ਹੇਠ ਕੌਮੀ ਏਕਤਾ ਵਿੱਚ ਛਪਣ ਲੱਗਾ। ਪਹਿਰੇਦਾਰ ਦਾ ਨਾਂ ਮੈਨੂੰ ਇਸ ਲਈ ਵਰਤਣਾ ਪਿਆ ਕਿਉਂਕਿ ਮੇਰੇ ਆਪਣੇ ਨਾਂ ਹੇਠ ਉਸੇ ਹੀ ਰਸਾਲੇ ਵਿੱਚ ਇੱਕ ਹੋਰ ਕਾਲਮ ਛਪਦਾ ਸੀ। ਪਹਿਰੇਦਾਰ ਨੇ ਮੇਰੇ ਨਾਂ ਦੀ ਦੋਹਰ ਵੀ ਬਚਾ ਲਈ ਤੇ ਪਾਠਕਾਂ ਨੂੰ ਜਗਾਉਂਦੇ ਰਹਿਣ ਲਈ ਪਹਿਰਾ ਵੀ ਦੁਆ ਦਿੱਤਾ। ਮੈਂ ਇੱਕ ਪਾਤਰ ਜਾਗਰ ਅਮਲੀ ਲਿਆ, ਦੂਜਾ ਘਤਿੱਤੀ ਤੇ ਤੀਜਾ ਜੁਗਤੀ। ਜਾਗਰ ਗੱਲ ਤੋਰਦਾ ਸੀ, ਘਤਿੱਤੀ ਮਸਲਾ ਖੜ੍ਹਾ ਕਰਦਾ ਸੀ ਤੇ ਜੁਗਤੀ ਮਸਲਾ ਹੱਲ ਕਰਨ ਦੀ ਜੁਗਤ ਦੱਸਦਾ ਸੀ।

ਮੈਂ ਵੀਹ ਸਾਲ ਆਪਣੇ ਪਿੰਡ ਚਕਰ ਤੇ ਵੀਹ ਸਾਲ ਢੁੱਡੀਕੇ ਰਿਹਾ ਹਾਂ। ਸੱਤ ਸਾਲ ਬਾਰਡਰ ਦੇ ਛੋਟੇ ਜਿਹੇ ਪਿੰਡ ਕੋਠੇ ਵਿੱਚ ਗੁਜ਼ਾਰੇ ਹਨ। ਉਸ ਪਿੰਡ ਵਿੱਚ ਰਾਏ ਸਿੱਖ ਵਧੇਰੇ ਸਨ। ਇੱਕ ਸਾਲ ਮੁਕਤਸਰ ਤੇ ਪੰਜ ਸਾਲ ਦਿੱਲੀ ਰਿਹਾ ਹਾਂ। ਪੰਜ ਛੇ ਸਾਲ ਦੁਆਬੇ ਦੇ ਪਿੰਡ ਮੁਕੰਦਪੁਰ `ਚ ਰਹਿ ਕੇ ਹੁਣ ਸੱਤ ਅੱਠ ਸਾਲਾਂ ਤੋਂ ਜ਼ਿਆਦਾ ਸਮਾਂ ਕੈਨੇਡਾ ਵਿੱਚ ਗੁਜ਼ਾਰ ਰਿਹਾਂ। ਸਾਲ `ਚ ਦੋ ਕੁ ਮਹੀਨੇ ਮੇਰੇ ਤੋਰੇ ਫੇਰੇ ਵਿੱਚ ਲੰਘ ਜਾਂਦੇ ਹਨ। ਇਉਂ ਮੈਂ ਛੋਟੇ ਤੇ ਵੱਡੇ ਪਿੰਡਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਵੱਡੇ ਸ਼ਹਿਰਾਂ ਦਾ ਵਸਨੀਕ ਰਿਹਾ ਹਾਂ। ਕਾਫੀ ਦੁਨੀਆ ਘੁੰਮ ਲਈ ਹੈ। ਹਰ ਥਾਂ ਦਾ ਆਪਣਾ ਅਸਰ ਪੈਂਦੈ। ਚਕਰ ਤੇ ਢੁੱਡੀਕੇ ਦਾ ਅਸਰ ਮੇਰੇ `ਤੇ ਕੁੱਝ ਵਧੇਰੇ ਹੀ ਹੈ। ਇਹ ਪਿੰਡ ਮਾਲਵੇ ਦੇ ਗੜ੍ਹ ਹਨ। ‘ਪਿੰਡ ਦੀ ਸੱਥ `ਚੋਂ’ ਕਾਲਮ ਦਾ ਪਹਿਲਾ ਆਰਟੀਕਲ ਮੈਂ ‘ਫਿਲਮ ਨਹੀਂ ਟੇਲਰ’ ਦੇ ਸਿਰਲੇਖ ਹੇਠ ਇਨ੍ਹਾਂ ਪਿੰਡਾਂ ਨੂੰ ਮੁੱਖ ਰੱਖ ਕੇ ਹੀ ਲਿਖਿਆ ਸੀ। ਪੁੱਛ ਗਿੱਛ ਮੈਂ ਢੁੱਡੀਕੇ `ਚੋਂ ਕੀਤੀ ਪਰ ਪਿੰਡ ਦਾ ਨਾਂ ਪਾਉਣ ਦੀ ਥਾਂ ਲਿਖਿਆ ਸੀ:

-ਪੰਜਾਬ ਦੇ ਬਾਰਾਂ ਹਜ਼ਾਰ ਪਿੰਡਾਂ `ਚੋਂ ਇਹ ਇੱਕ ਨਮੂਨੇ ਦਾ ਪਿੰਡ ਹੈ। ਇਸ ਪਿੰਡ `ਚ ਹਰ ਰੋਜ਼ ਸੌ ਅਖ਼ਬਾਰ ਪੜ੍ਹੇ ਜਾਂਦੇ ਹਨ ਤੇ ਸੌ ਬੋਤਲਾਂ ਹੀ ਸ਼ਰਾਬ ਦੀਆਂ ਪੀਤੀਆਂ ਜਾਂਦੀਆਂ ਹਨ। ਸ਼ਰਾਬ `ਚ ਪੱਚੀ ਬੋਤਲਾਂ ਠੇਕੇ ਦੀਆਂ ਹੁੰਦੀਆਂ ਹਨ ਤੇ ਤਿੰਨ ਪੀਪੇ ਦੇਸੀ ਦਾਰੂ ਦੇ। ਇੰਜ ਹੀ ਪੱਚੀ ਅਖ਼ਬਾਰ ਅੰਗਰੇਜ਼ੀ ਦੇ ਹੁੰਦੇ ਹਨ ਤੇ ਬਾਕੀ ਪੰਜਾਬੀ ਦੇ। ਪੰਜਾਹ ਸਾਲ ਪਹਿਲਾਂ ਪਿੰਡ ਦੀ ਪੜ੍ਹਨ ਸਮੱਗਰੀ ਕਿੱਸੇ ਤੇ ਗੁਟਕੇ ਹੁੰਦੀ ਸੀ। ਗੁਟਕੇ ਤਾਂ ਹਾਲਾਂ ਵੀ ਕਾਇਮ ਹਨ ਪਰ ਕਿੱਸੇ ਭਾਲਿਆਂ ਵੀ ਨਹੀਂ ਲੱਭਦੇ।

-ਇਥੇ ਦੋ ਗੁਰਦੁਆਰੇ ਹਨ, ਦੋ ਡਾਕਟਰ ਤੇ ਦੋ ਹੀ ਝਟਕਈ ਹਨ। ਝਟਕਈ ਹਰ ਰੋਜ਼ ਦੋ ਬੱਕਰੇ ਵੱਢਦੇ ਹਨ, ਡਾਕਟਰ ਦੋ ਸੌ ਟੀਕੇ ਠੋਕਦੇ ਹਨ ਤੇ ਗੁਰਦੁਆਰਿਆਂ ਦੇ ਭਾਈ ਜੀ ਵੀ ਸਾਲ `ਚ ਦੋ ਸੌ ਪਾਠਾਂ ਨੂੰ ਪੁੱਜ ਜਾਂਦੇ ਹਨ। ਡਾਕਟਰਾਂ ਦੇ ਟੀਕਿਆਂ ਨਾਲ ਬੰਦੇ ਬਚਦੇ ਹਨ ਤੇ ਜਿਹੜੇ ਮਰ ਜਾਣ ਭਾਈਆਂ ਦੀ ਅਰਦਾਸ ਨਾਲ ਉਨ੍ਹਾਂ ਦੇ ਭੋਗ ਪੈਂਦੇ ਹਨ। ਆਮਦਨ ਡਾਕਟਰਾਂ ਨੂੰ ਵੀ ਬਥੇਰੀ ਹੈ ਤੇ ਘੱਟ ਗੁਰਦੁਆਰਿਆਂ ਨੂੰ ਵੀ ਨਹੀਂ।

-ਇਹ ਪਿੰਡ ਹੁਣ ਕੁੱਕੜਾਂ ਦੀਆਂ ਬਾਂਗਾਂ ਤੇ ਪੰਛੀਆਂ ਦੀ ਚਹਿਚਹਾਟ ਨਹੀਂ ਜਾਗਦਾ। ਹੋਰਨਾਂ ਪਿੰਡਾਂ ਵਾਂਗ ਇਹਨੂੰ ਵੀ ਗੁਰਦੁਆਰਿਆਂ ਦੇ ਲਾਊਡ ਸਪੀਕਰ ਹੀ ਜਗਾਉਂਦੇ ਹਨ। ਗੁਰਦੁਆਰੇ ਦਾ ਭਾਈ ਤੜਕਸਾਰ ਰੱਬ ਦਾ ਨਾਂ ਲੈ ਕੇ ਆਖਦਾ ਹੈ, “ਉਠੋ ਭਾਈ, ਅੰ੍ਰਿਮਤ ਵੇਲਾ ਹੋ ਗਿਆ। ਘੜੀ ਉਤੇ ਚਾਰ ਵੱਜੇ ਹਨ। ਸਾਵਧਾਨ ਹੋਵੋ। ਇਸ਼ਨਾਨ ਪਾਣੀ ਕਰੋ ਤੇ ਪ੍ਰਮਾਤਮਾਂ ਦਾ ਨਾਂ ਲਓ।”

-ਦਿਨ ਭਰ ਦੀ ਕਰੜੀ ਮੁਸ਼ੱਕਤ ਮਗਰੋਂ ਘੂਕ ਸੁੱਤੇ ਕਾਮਿਆਂ ਨੂੰ ਤੜਕਸਾਰ ਦੀਆਂ ਆਵਾਜ਼ਾਂ ਆਰਾਂ ਵਾਂਗ ਚੁੱਭਦੀਆਂ ਹਨ ਤੇ ਉਹ ਮਨ `ਚ ਭਾਈ ਜੀ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ। ਓਧਰ ਲਾਊਡ ਸਪੀਕਰ ਤੋਂ ਢੋਲਕੀ ਛੈਣਿਆਂ ਦੀ ਖੜਕਾਰ ਉੱਚੀ ਹੁੰਦੀ ਹੈ ਤੇ ਏਧਰ ਕੱਚੀ ਨੀਂਦੇ ਜਾਗੇ ਕਾਮੇ ਬੁੜਬੁੜ ਕਰਦੇ ਹਨ, “ਅੱਧੀ ਰਾਤ ਤਕ ਮੱਛਰ ਨੀ ਟਿਕਣ ਦਿੰਦਾ ਤੇ ਤੜਕੇ ਈ ਇਹ ਸਿਰੀ ਰਾਗ ਲਾ ਬਹਿੰਦੇ ਆ। ਰੱਬ ਦਾ ਨਾਂ ਭਲਾ ਹੌਲੀ ਨੀ ਲਿਆ ਜਾਂਦਾ?”

-ਕੁਝ ਸਾਲਾਂ ਤੋਂ ਨਸ਼ੇ ਵਾਲੀਆਂ ਗੋਲੀਆਂ ਖਾਣ ਤੇ ਦਵਾਈਆਂ ਪੀਣ ਦਾ ਤੋਰਾ ਤੁਰ ਪਿਆ ਹੈ। ਅਜਿਹੇ ਕੰਮਾਂ ਵਿੱਚ ਅੱਠਵੀਂ ਫੇਲ੍ਹ ‘ਡਾਕਟਰਾਂ’ ਦੀ ਪੂਰੀ ਮਿਲਵਰਤਣ ਹੈ। ਨਸ਼ੇ ਵਾਲੀਆਂ ਗੋਲੀਆਂ ਖਾਣ ਪਿੱਛੋਂ ਅੱਖਾਂ ਮਿਚਣ ਲੱਗ ਪੈਂਦੀਆਂ ਹਨ। ਅਮਲੀ ਸੜਕ ਉਤੇ ਬਲਦ-ਮੂਤਣੀਆਂ ਬਣਾਉਂਦਾ ਤੁਰਦਾ ਹੈ। ਉਸ ਵੇਲੇ ਟਰੱਕ ਵੀ ਉਹਦੇ ਵਾਸਤੇ ਰਸਤਾ ਛੱਡ ਕੇ ਲੰਘਦੇ ਹਨ ਬਈ ਅਮਲੀ ਕਿਤੇ ਐਕਸੀਡੈਂਟ ਨਾ ਕਰ ਦੇਵੇ। ਟਰੱਕ ਦਾ ਨੁਕਸਾਨ ਨਾ ਹੋਜੇ! ਨਸ਼ਾ ਉਤੋਂ ਦੀ ਹੋ ਜਾਵੇ ਤਾਂ ਗੋਲੀਆਂ ਦਾ ਡੱਕਿਆ ਅਮਲੀ ਮੂੰਹ ਭਾਰ ਡਿੱਗਦਾ ਹੈ ਤੇ ਡਿੱਗਿਆ ਪਿਆ ਈ ਨਸ਼ਾ ਖੇੜਦਾ ਰਹਿੰਦਾ ਹੈ। ਜਿਹੜੇ ਅਮਲੀ ਗੋਲੀਆਂ ਖਾਣ ਦੀ ਥਾਂ ਸ਼ੀਸ਼ੀ `ਚੋਂ ਦੁਆਈ ਪੀਂਦੇ ਹਨ ਉਹਨਾਂ ਦੀਆਂ ਅੱਖਾਂ ਮਿੱਚਦੀਆਂ ਨਹੀਂ ਸਗੋਂ ਹੋਰ ਟੱਡੀਦੀਆਂ ਹਨ। ਨਸ਼ੇ ਦੀ ਚੜ੍ਹਾਈ ਵਿੱਚ ਮੂੰਹ ਭਾਰ ਡਿੱਗਣ ਦੀ ਥਾਂ ਉਹ ਅੱਖਾਂ ਟੱਡੀ ਬੈਕ ਗੇਅਰ ਮਾਰਦੇ ਹਨ ਤੇ ਧੌਣ ਪਰਨੇ ਡਿੱਗਦੇ ਹਨ। ਭੇਤੀ ਬੰਦੇ ਡਿੱਗੇ ਪਏ ਅਮਲੀ ਦੀ ‘ਪੁਜ਼ੀਸ਼ਨ’ ਵੇਖ ਈ ਦੱਸ ਦਿੰਦੇ ਹਨ ਕਿ ਮਾਈ ਦੇ ਲਾਲ ਨੇ ਗੋਲੀਆਂ ਖਾਧੀਆਂ ਸਨ ਜਾਂ ਸ਼ੀਸ਼ੀ `ਚੋਂ ਦੁਆਈ ਪੀਤੀ ਸੀ!

-ਪਿੰਡ ਦੇ ਖੇਤਾਂ ਵਿੱਚ ਬਿਜਲੀ ਦੀਆਂ ਮੋਟਰਾਂ ਤਾਂ ਸੌ ਦੇ ਕਰੀਬ ਲੱਗੀਆਂ ਹੋਈਆਂ ਹਨ ਪਰ ਬਿਜਲੀ ਉਨ੍ਹਾਂ `ਚ ਲੰਗੇ ਡੰਗ ਈ ਆਉਂਦੀ ਹੈ। ਇਹੋ ਕਾਰਨ ਹੈ ਕਿ ਝੋਨਾ ਪਾਲਣ ਲਈ ਹਰੇਕ ਬਿਜਲੀ ਦੀ ਮੋਟਰ ਨਾਲ ਕਿਸਾਨਾਂ ਨੂੰ ਡੀਜ਼ਲ ਇੰਜਣ ਰੱਖਣਾ ਪੈਂਦਾ ਹੈ। ਟਿਊਵੈੱਲਾਂ ਦਾ ਪਾਣੀ ਥੱਲੇ ਈ ਥੱਲੇ ਤੁਰਿਆ ਜਾਂਦਾ ਹੈ ਤੇ ਪਾਣੀ ਚੁੱਕਣ ਵਾਲੇ ਪੱਖੇ ਹਰੇਕ ਸਾਲ ਹੋਰ ਹਿਠਾਂਹ ਕਰਨੇ ਪੈਂਦੇ ਹਨ। ਇਹੋ ਚਾਲਾ ਰਿਹਾ ਤਾਂ ਹੋਰ ਕੁੱਝ ਸਾਲਾਂ ਤਕ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਦੀ ਰਾਮਸੱਤ ਹੋ ਜਾਵੇਗੀ।

-ਪਿੰਡ `ਚ ਪੰਜਾਹ ਦੇ ਕਰੀਬ ਮਾਸਟਰ ਤੇ ਮੁਲਾਜ਼ਮ ਹਨ। ਡਰਾਈਵਰ ਵੀ ਹਨ ਤੇ ਕੰਡੱਕਟਰ ਵੀ ਹਨ ਜੋ ਆਥਣ ਦੀ ਬੱਸ ‘ਡੱਕੇ’ ਈ ਆਉਂਦੇ ਹਨ। ਉਨ੍ਹਾਂ ਨੇ ਰਾਹ ਵਿਚਲੇ ਠੇਕੇ ਹੀ ਬੱਸ ਅੱਡੇ ਬਣਾ ਧਰੇ ਹਨ। ਜਿੱਦਣ ਤਨਖਾਹ ਮਿਲੀ ਹੋਵੇ ਉੱਦਣ ਠੇਕੇ ਦਾ ਹਾਤਾ ਮਾਸਟਰਾਂ ਨਾਲ ਭਰ ਜਾਂਦਾ ਹੈ ਤੇ ਉਹ ਮਾੜੀ ਸ਼ਰਾਬ ਬਦਲੇ ਠੇਕੇਦਾਰ ਨੂੰ ਸਲੋਕ ਸੁਣਾਉਂਦੇ ਹਨ। ਫਿਰ ਸਰਕਾਰ ਨੂੰ ਗਾਲ੍ਹਾਂ ਕੱਢਦੇ ਹਨ ਕਿ ਉਹ ਸ਼ਰਾਬ ਤਾਂ ਮਹਿੰਗੀ ਕਰੀ ਜਾਂਦੀ ਹੈ ਪਰ ਤਨਖਾਹ ਓਨੀ ਨਹੀਂ ਵਧਾਉਂਦੀ।

-ਤੰਗੀ ਕਾਰਨ ਨਿੱਤ ਪੰਜਾਹ ਮਣ ਦੁੱਧ ਪਿੰਡੋਂ ਸ਼ਹਿਰ ਜਾਂਦਾ ਹੈ ਤੇ ਦੁੱਧ ਵੇਚਣ ਵਾਲੇ ਘਰ ਪਾਣੀ ਪੀ ਕੇ ਡੰਗ ਸਾਰਦੇ ਹਨ। ਕਈ ਦੁੱਧ ਦਾ ਡੋਲਣਾ ਡੇਅਰੀ ਲਿਜਾਂਦੇ ਹਨ ਤੇ ਠੇਕੇ ਤੋਂ ਅਧੀਆ ਡੱਬ `ਚ ਟੁੰਗ ਲਿਆਉਂਦੇ ਹਨ। ਬਚੀ ਹੋਈ ਭਾਨ ਦੀਆਂ ਪਕੌੜੀਆਂ ਲੈ ਲੈਂਦੇ ਹਨ। ਸਭ ਤੋਂ ਔਖਾ ਛੋਟਾ ਕਿਸਾਨ ਹੈ। ਉਸ ਤੋਂ ਘੱਟ ਔਖੇ ਸਾਂਝੀ ਤੇ ਦਿਹਾੜੀਏ ਹਨ। ਸਭ ਤੋਂ ਸੌਖਾ ਡੇਰੇ ਦਾ ਸਾਧ ਹੈ। ਸਭ ਤੋਂ ਹੌਲੇ ਵਜ਼ਨ ਦੇ ਬੰਦੇ ਅਮਲੀ ਹਨ ਤੇ ਸਭ ਤੋਂ ਭਾਰੇ ਗੁਰਦੁਆਰਿਆਂ ਦੇ ਗਰੰਥੀ। ਸਭ ਤੋਂ ਬਹੁਤੇ ਨਿਆਣੇ ਵਿਹੜੇ ਵਾਲਿਆਂ ਦੇ ਹਨ ਜਿਨ੍ਹਾਂ ਦੀ ਸਿਆਣ ਈ ਨਹੀਂ ਆਉਂਦੀ ਬਈ ਕਿਹੜਾ ਕੌਣ ਐਂ? ਸਾਰੇ ਇਕੋ ਜਿਹੇ ਹੀ ਲੱਗਦੇ ਹਨ। ਸਿਆਣ ਤਾਂ ਤਦ ਆਵੇ ਜੇ ਦੋਂਹ ਚਹੁੰ ਸਾਲਾਂ ਦੀ ਵਿੱਥ ਹੋਵੇ! ਪਰਿਵਾਰ ਨਿਯੋਜਨ ਵਾਲੇ ਆਪਣਾ ਜ਼ੋਰ ਲਾਈ ਜਾਦੇ ਹਨ ਤੇ ਜੰਮਣ ਵਾਲੇ ਆਪਣਾ। ਸ਼ਰੀਂਹ ਦੇ ਪਹਿਲੇ ਪੱਤੇ ਸੁੱਕਣ ਨਹੀਂ ਦਿੰਦੇ ਕਿ ਉਤੋਂ ਦੀ ਹੋਰ ਬੰਨ੍ਹਾ ਦਿੰਦੇ ਹਨ।

-ਜਦੋਂ ਦੀਆਂ ਲਿੰਕ ਸੜਕਾਂ ਬਣੀਆਂ ਹਨ, ਸੌ ਸੌ ਸਵਾਰੀ ਇੱਕ ਇਕ ਬੱਸ ਉਤੇ ਚੜ੍ਹਦੀ ਹੈ। ਕਹਿੰਦੇ ਨੇ ਬੱਸਾਂ ਫਿਰ ਵੀ ਘਾਟੇ `ਚ ਚਲਦੀਆਂ ਹਨ। ਡੋਡੇ ਪੀ ਕੇ ਸੱਥ `ਚ ਆਇਆ ਜਾਗਰ ਅਮਲੀ ਇੱਕ ਦਿਨ ਨਸ਼ਾ ਖਿੜੇ ਤੋਂ ਕਹਿਣ ਲੱਗਾ, “ਆਹ ਰੋਡਵੇਜ਼ ਦੀਆਂ ਬੱਸਾਂ ਨੂੰ ਹੇਠਾਂ ਤੋਂ `ਤਾਂਹ ਤਕ ਵੀਹ ਜਣੇ ਖਾਣ ਆਲੇ ਆ। ਇਹ ਤਾਂ ਪਹੀਏ ਲੱਗੇ ਕਰਕੇ ਮਾੜੀ ਮੋਟੀ ਰੁੜ੍ਹੀ ਫਿਰਦੀ ਆ ਨਹੀਂ ਤਾਂ ਕਦੋਂ ਦੀ ਖਾਧੀ ਪੀਤੀ ਜਾਂਦੀ!”

ਆਰਟੀਕਲ ਦੇ ਅਖ਼ੀਰ `ਚ ਮੈਂ ਲਿਖਿਆ ਸੀ-ਇਹ ਟੇਲਰ ਹੈ, ਫਿਲਮ ਫੇਰ ਸਹੀ। ਫਿਰ ਮੈਂ ਫਿਲਮ ਦੀਆਂ ਰੀਲ੍ਹਾਂ ਵਿਖਾਉਣ ਲੱਗਾ। ਪੇਂਡੂ ਵਰਤਾਰੇ ਦੀਆਂ ਕਈ ਪਰਤਾਂ ਸਨ। ਕਿਧਰੇ ਗਾਉਣ ਵਾਲੀ ਦਾ ਸ਼ਰ੍ਹੇਆਮ ਲੱਗਿਆ `ਖਾੜਾ ਸੀ ਤੇ ਕਿਧਰੇ ਮੁਖ਼ਬਰ ਦੀ ਗੁੱਝੀ ਮੁਖ਼ਬਰੀ ਸੀ। ਕਿਧਰੇ ਬਾਬੇ ਰੋਡੂ ਦੇ ਡੇਰੇ ਖੁੱਲ੍ਹਾ ਵਰਤਦਾ ਸ਼ਰਾਬ ਦਾ ਲੰਗਰ ਸੀ ਤੇ ਕਿਧਰੇ ਮੰਡ `ਚ ਝੱਲਾਂ ਉਹਲੇ ਕਸ਼ੀਦ ਕੀਤੀ ਜਾਂਦੀ ਰੂੜੀ ਮਾਰਕਾ ਦਾ ਛੇਵਾਂ ਦਰਿਆ ਸੀ। ਵਿਚੇ ਫੀਮ ਦੀਆਂ ਗੱਲਾਂ ਸਨ, ਵਿਚੇ ਡੋਡਿਆਂ ਦੀਆਂ ਤੇ ਵਿਚੇ ਅਖੰਡ ਪਾਠਾਂ ਦੀਆਂ। ਕਿਤੇ ਮੰਡੀ ਦੀ ਲੁੱਟ ਸੀ, ਕਿਤੇ ਪੁਲਿਸ ਦੀ ਤੇ ਕਿਤੇ ਚੋਰਾਂ ਦੇ ਯਾਰ ਸਨ। ਜੱਟਾਂ ਦੀ ਔਖੀ ਜੂੰਨ ਦੀਆਂ ਬਹੁੜੀਆਂ ਤੇ ਭੰਡਾਂ ਦਾ ਹਾਸਾ ਤਮਾਸ਼ਾ ਸੀ। ਭਾਨੀਮਾਰਾਂ ਦੀ ਕਰਤੂਤ ਤੋਂ ਲੈ ਕੇ ਕਲਜੁਗੀ ਅਦਾਲਤਾਂ ਦੇ ਕਲਜੁਗੀ ਫੈਸਲੇ ਸਨ। ਵਿਚੇ ਜ਼ਰਦੇ ਦਾ ਹਮਲਾ ਸੀ, ਵਿਚੇ ਨਸ਼ੇ ਦੀਆਂ ਗੋਲੀਆਂ ਤੇ ਵਿਚੇ ਕੰਬਾਈਨਾਂ ਦੀ ਵਾਢੀ ਸੀ। ਹਾੜ੍ਹੀ ਸੌਣੀ ਖੇਤਾਂ ਦੇ ਕਾਮਿਆਂ `ਚ ਮਣਾਂ ਮੂੰਹ ਫੀਮ ਲੱਗ ਜਾਣ ਦਾ ਵੇਰਵਾ ਸੀ। ਕਿਧਰੇ ਤੰਗੀ ਦੀਆਂ ਗੱਲਾਂ ਸਨ ਤੇ ਕਿਧਰੇ ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ ਸੀ। ਜਾਗਰ ਅਮਲੀ ਆਪਣੀਆਂ ਛੱਡੀ ਜਾਂਦਾ ਸੀ ਤੇ ਗਿਆਨਾ ਜੁਗਤੀ ਆਪਣੀਆਂ। ਪੜ੍ਹੇ ਲਿਖੇ ਬੰਦੇ ਧੂਣੀ ਦੁਆਲੇ ਵੱਖ ਧੁਖਦੇ ਸਨ। ਕਿਹਰੇ ਕੈਨੇਡੀਅਨ ਦਾ ਆਪਣਾ ਦੁੱਖ ਸੀ ਤੇ ਮਹਿੰਗੇ ਕਾਰੀਗਰ ਦਾ ਆਪਣਾ। ਪਿੰਡ ਦੀ ਸੱਥ `ਚ ਅਮਲੀਆਂ ਤੇ ਖਾੜਕੂਆਂ ਦੀਆਂ ਭਾਂਤ ਸੁਭਾਂਤੀਆਂ ਗੱਲਾਂ ਹੁੰਦੀਆਂ ਸਨ।

ਮੈਂ ਪੰਜਾਬ ਦਾ ਪੇਂਡੂ ਜਨਜੀਵਨ ਝੀਤਾਂ ਵਿੱਚ ਦੀ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਝੀਤਾਂ `ਚੋਂ ਸਭ ਕੁੱਝ ਤਾਂ ਨਹੀਂ ਦਿਸਦਾ ਪਰ ਜੋ ਦਿਸ ਪੈਂਦੈ ਉਹਦਾ ਆਪਣਾ ‘ਨਜ਼ਾਰਾ’ ਹੁੰਦੈ। ਮੇਲਿਆਂ ਵਿੱਚ ਜਿੰਦਾ ਡਾਨਸ ਦੇ ਪੰਡਾਲਾਂ ਦੀਆਂ ਵਿਰਲਾਂ ਵਿਚੋਂ ਨੱਚਣ ਵਾਲੀਆਂ ਦੀਆਂ ਲੱਤਾਂ ਤੇ ਗੁੱਤਾਂ ਦੇ ਝਾਕੇ ਲੈਂਦੇ ਦਰਸ਼ਕ ਐਵੇਂ ਤਾਂ ਨਹੀਂ ਪੁਲਸੀਆਂ ਤੋਂ ਡੰਡੇ ਖਾਂਦੇ ਫਿਰਦੇ। ਅਸੀਂ ਖ਼ੁਦ ਬੀ.ਐੱਡ.`ਚ ਪੜ੍ਹਦਿਆਂ ਮੁਕਤਸਰ ਦੇ ਮੇਲੇ `ਚ ਖਾਧੇ ਸਨ। ਇਹ ਵੱਖਰੀ ਗੱਲ ਹੈ ਕਿ ਮਗਰੋਂ ਕਹਿੰਦੇ ਰਹੇ, “ਲੈ ਹੁਣ ਇਮਤਿਹਾਨਾਂ ਤਕ ਨੀ ਡੋਲਦੇ!”

‘ਜੱਟ ਦੀ ਜੂੰਨ’ ਵਾਲੇ ਲੇਖ `ਚ ਮੈਂ ਇੱਕ ਡਾਇਰੀ ਦਾ ਜ਼ਿਕਰ ਕੀਤਾ ਸੀ। ਉਹਦੇ `ਚ ਜੱਟ ਦੇ ਖਰਚੇ ਲਿਖੇ ਹੋਏ ਸਨ। ਖੇਤਾਂ ਵਿੱਚ ਖਾਦ, ਨਦੀਨ ਨਾਸ਼ਕ ਦਵਾਈ, ਡੰਗਰਾਂ ਦੇ ਮੂੰਹ-ਖੁਰ ਦਾ ਇਲਾਜ, ਪਿੰਡ ਦੀ ਢਾਲ, ਖੁਸਰਿਆਂ ਦਾ ਲਾਗ ਤੇ ਸਰਕਾਰੀ ‘ਸਹੂਲਤਾਂ’ ਲੈਣ ਲਈ ਵੱਢੀ ਦੇਣ ਦੇ ਖਰਚੇ ਤਾਂ ਹੋਣੇ ਹੀ ਹੋਏ। ਦਿਹਾੜੀਆਂ ਨੂੰ ਫਸੇ ਫਸਾਏ ਫੀਮ ਵੀ ਖੁਆਉਣੀ ਹੋਈ ਤੇ ਸਰਕਾਰ ਦਾ ਮਾਮਲਾ ਵੀ ਤਾਰਨਾ ਹੋਇਆ। ਮਹਾਰਾਜ ਨੂੰ ਮੱਥਾ ਟੇਕਣ ਤੇ ਗਾਉਣ ਵਾਲੀ ਤੋਂ ਨੋਟ ਵਾਰਨ ਦੀ ਗੱਲ ਵੀ ਸਮਝ ਆਈ। ਪਰ ‘ਢੱਟੇ ਦੀ ਚੜ੍ਹਾਈ ਪੰਦਰਾਂ ਰੁਪਏ’ ਦਾ ਖਰਚਾ ਸਮਝ ਨਾ ਆਇਆ। ਉਹਨਾਂ ਦਿਨਾਂ `ਚ ਪੰਦਰਾਂ ਰੁਪਏ ਅੱਜ ਦੇ ਡੂਢ ਸੌ ਵਰਗੇ ਸਨ।

‘ਢੱਟੇ ਦੀ ਚੜ੍ਹਾਈ’ ਵਾਲੇ ਅੱਖਰ ਉਠਾਲ ਕੇ ਪਹਿਲਾਂ ਤਾਂ ਮੈਨੂੰ ਜੱਟ ਦੀ ਸਾਦਾ ਬਿਆਨੀ ਉਤੇ ਹਾਸਾ ਆਇਆ। ਫਿਰ ਮੈਂ ਸੋਚਿਆ ਕਿ ਇਹ ਕੋਈ ਦੋਗਲੀ ਨਸਲ ਦਾ ਢੱਟਾ ਹੋਵੇਗਾ, ਜ਼ਰਾਇਤੀ ਯੂਨੀਵਰਸਿਟੀ ਦਾ। ਓਥੋਂ ਦੇ ਦੋਗਲੇ ਢੱਟੇ ਮੈਂ ਵੀ ਵੇਖੇ ਹੋਏ ਸਨ ਪਰ ਇਹ ਤਾਂ ਰੇਟ ਈ ਬਹੁਤ ਜ਼ਿਆਦਾ ਸੀ। ਮੈਂ ਪੁੱਛਿਆ, “ਬਾਈ ਜੀ, ਕਿਹੜੇ ਢੱਟੇ ਤੋਂ ਗਊ ਹਰੀ ਕਰਾਈ ਸੀ?” ਉਹਨੇ ਕਿਹਾ, “ਕਿਸੇ ਤੋਂ ਵੀ ਨੀ। ਆਪਣੇ ਕੋਲ ਤਾਂ ਗਾਂ ਈ ਕੋਈ ਨੀ ਤੇ ਹਰੀ ਕਿਥੋਂ ਕਰਾਉਣੀ ਸੀ?” “ਫੇਰ ਆਹ ਢੱਟੇ ਦੀ ਚੜ੍ਹਾਈ ਵਾਲਾ ਖਰਚਾ ਕਾਹਦਾ ਹੋਇਆ?” ਮੈਂ ਹੈਰਾਨ ਹੋ ਕੇ ਪੁੱਛਿਆ ਸੀ।

ਉਹਨੇ ਘਰੋੜ ਕੇ ਦੱਸਿਆ ਸੀ, “ਇਹ ਢੱਟਾ ਆਪਣੀ ਪੈਲੀ ਦਾ ਉਜਾੜਾ ਕਰਦਾ ਸੀ। ਅਸੀਂ ਦਸ ਬਾਰਾਂ ਘਰ ਤਾਂ ਬਾਹਲੇ ਈ ਔਖੇ ਸੀ। ਸਹੁਰੇ ਨੂੰ ਬਥੇਰਾ ਭਜਾਇਆ ਪਰ ਇਹ ਅਜਿਹਾ ਗਿੱਝਿਆ ਕਿ ਮੁੜ ਮੁੜ ਕੇ ਖੇਤਾਂ `ਚ ਆ ਜਾਂਦਾ। ਹਾਰ ਕੇ ਇੱਕ ਟਰੱਕ `ਚ ਚੜ੍ਹਾਇਆ ਤੇ ਡਰਾਈਵਰ ਨੂੰ ਆਖਿਆ ਬਈ ਸੌ ਮੀਲ ਦੂਰ ਜਾ ਕੇ ਲਾਹੀਂ। ਰੁਪਈਆ ਤਾਂ ਡੂਢ ਸੌ ਲੱਗ ਗਿਆ ਪਰ ਮੁੜ ਕੇ ਉਹ ਢੱਟਾ ਨੀ ਦੇਖਿਆ। ਹਿੱਸੇ ਬਹਿੰਦੇ ਸਾਨੂੰ ਪੰਦਰਾਂ ਪੰਦਰਾਂ ਰੁਪਏ ਆਏ। ਤਾਂ ਹੀ ਤਾਂ ਲਿਖਿਐ ਬਈ ਢੱਟੇ ਦੀ ਚੜ੍ਹਾਈ ਪੰਦਰਾਂ ਰੁਪਏ।”

ਅੱਗੇ ਜਾ ਕੇ ਮੈਂ ਲਿਖਿਆ ਸੀ-ਤਿੱਖੇ ਸਿਆਸਤਦਾਨ ਕਹਿੰਦੇ ਹਨ ਕਿ ਪੰਜਾਬ ਦੇ ਕਿਸਾਨ ਕਣਕ, ਝੋਨੇ ਤੇ ਨਰਮੇ ਦੇ ਕਰੋੜਾਂ ਅਰਬਾਂ ਰੁਪਏ ਵੱਟਦੇ ਹਨ। ਪਰ ਉਹ ਇਹ ਨਹੀਂ ਦੱਸਦੇ ਕਿ ਪੰਜਾਬ ਦੇ ਕਿਸਾਨ ਉਹੀ ਕਰੋੜਾਂ ਅਰਬਾਂ ਰੁਪਏ ਤੇਲ, ਖਾਦ, ਬਿਜਲੀ, ਮਸ਼ੀਨਰੀ, ਕੀੜੇਮਾਰ ਤੇ ਨਦੀਨ ਨਾਸ਼ਕ ਦਵਾਈਆਂ ਖਰੀਦਦਿਆਂ ਖਰਚਦੇ ਹਨ। ਉਹ ਅਰਬਾਂ ਰੁਪਏ ਆਉਂਦੇ ਜਾਂਦੇ ਹੀ ਵੇਖਦੇ ਹਨ ਤੇ ਵਿਚੋਂ ਉਨ੍ਹਾਂ ਦੀ ਹਾਲਤ ਉਸ ਮਰਾਸੀ ਵਰਗੀ ਹੈ ਜੀਹਨੇ ਤੀਹਾਂ ਰੁਪਈਆਂ ਦੀ ਟੈਰ ਲਈ ਸੀ। ਉਹ ਹਜ਼ਾਰ ਦਾ ਵਛੇਰਾ ਲੈਣ ਲਈ ਆਪਣੀ ਟੈਰ ਨੂੰ ਇਲਾਕੇ ਦੇ ਸਭ ਤੋਂ ਵਧੀਆ ਘੋੜੇ ਨਾਲ ਮਿਲਾਉਣ ਲੈ ਗਿਆ। ਘੋੜੇ ਨਾਲ ਮਿਲਾ ਕੇ ਤੁਰਨ ਲੱਗਾ ਤਾਂ ਘੋੜੇ ਦੇ ਮਾਲਕ ਨੇ ਤੀਹ ਰੁਪਏ ਮੰਗੇ। ਮਰਾਸੀ ਨੇ ਕਿਹਾ, “ਮੋਤੀਆਂ ਆਲਿਆ, ਪੱਲੇ ਤਾਂ ਧੇਲਾ ਨੀ। ਇਹ ਟੈਰ ਤੀਹਾਂ ਦੀ ਲਈ ਸੀ। ਜੇ ਪੈਸੇ ਲਏ ਬਿਨਾਂ ਤੇਰਾ ਉੱਕਾ ਨੀ ਸਰਦਾ ਤਾਂ ਏਹੋ ਟੈਰ ਕਿੱਲੇ ਬੰਨ੍ਹ ਲੈ।”

ਘੋੜੇ ਦੇ ਮਾਲਕ ਨੇ ਟੈਰ ਆਪਣੇ ਕਿੱਲੇ ਬੰਨ੍ਹ ਲਈ। ਮਰਾਸੀ ਨਿੰਮੋਝੂਣਾ ਹੋ ਕੇ ਤੁਰਨ ਲੱਗਾ ਤਾਂ ਮਾਲਕ ਨੇ ਪੁੱਛਿਆ, “ਤੀਹਾਂ ਦੀ ਤੇਰੀ ਟੈਰ ਸੀ। ਹਰੀ ਕਰਾ ਕੇ ਤੀਹਾਂ `ਚ ਈ ਤੂੰ ਦੇ ਚੱਲਿਐਂ। ਤੈਨੂੰ ਵਿਚੋਂ ਕੀ ਬਚਿਆ?”

ਮਰਾਸੀ ਨੇ ਬੜੀ ਬੇਪਰਵਾਹੀ ਨਾਲ ਕਿਹਾ, “ਸਰਦਾਰਾ ਬਚਣਾ ਬਚਾਉਣਾ ਕੀ ਆ? ਤੇਰੇ ਬੱਚੇ ਜੀਂਦੇ ਰਹਿਣ। ਚਲ ਮੈਂ ਇਓਂ ਸਮਝ-ਲੂੰ ਬਈ ਤੀਹਾਂ `ਚ ਹਰੀ ਹੁੰਦੀ ਦੇਖ-ਲੀ!”

ਸੱਜਣਾਂ ਮਿੱਤਰਾਂ ਦੀ ਫ਼ਰਮਾਇਸ਼ ਉਤੇ ਮੈਂ 1984 ਤੋਂ 86 ਤਕ ਲਿਖੇ ਤੀਹ ਕੁ ਆਰਟੀਕਲ ਛਾਂਟੇ ਜਿਨ੍ਹਾਂ ਨੂੰ ਲਾਹੌਰ ਬੁੱਕ ਸ਼ਾਪ ਵਾਲੇ ਜੀਵਨ ਸਿੰਘ ਨੇ ‘ਪਿੰਡ ਦੀ ਸੱਥ `ਚੋਂ’ ਨਾਂ ਦੀ ਪੁਸਤਕ ਵਿੱਚ ਪ੍ਰਕਾਸ਼ਤ ਕੀਤਾ। ਉਸ ਕਿਤਾਬ ਦੀ ਹੁਣ ਕੋਈ ਕਾਪੀ ਮਾਰਕਿਟ ਵਿੱਚ ਨਹੀਂ ਮਿਲਦੀ। ਮੈਂ ਵੀ ਉਸ ਦੀ ਸੋਧ ਸੁਧਾਈ ਕਰਨੋਂ ਸੁਸਤੀ ਕਰਦਾ ਆ ਰਿਹਾਂ ਤੇ ਹੋਰ ਐਡੀਸ਼ਨ ਨਹੀਂ ਛਪਵਾ ਰਿਹਾ। ਉਸ ਵਿੱਚ ਅਮਲੀਆਂ ਦੀਆਂ ਗੱਲਾਂ ਦਾ ਕੋਈ ਅੰਤ ਨਹੀਂ ਸੀ। ਮੈਂ ‘ਸੱਥ ਵਿੱਚ ਡਰਾਮੇ’ ਨਾਂ ਦੇ ਲੇਖ `ਚ ਲਿਖਿਆ ਸੀ:

-ਜਾਗਰ ਅਮਲੀ ਹੋਰੀਂ ਕੰਡੇ `ਚ ਹੋਏ `ਕੱਠ `ਚ ਬੈਠੇ ਸਨ। ਉਨ੍ਹਾਂ ਨੇ ਡਬਲ ਮਾਵੇ ਛਕੇ ਹੋਏ ਸਨ। ਡਰਾਮੇ ਸ਼ੁਰੂ ਹੋਣ ਤੋਂ ਪਹਿਲਾਂ ਜਾਗਰ ਨੇ ਆਪਣਾ ਟ੍ਰੇਲਰ ਚਾੜ੍ਹ ਰੱਖਿਆ ਸੀ, “ਮੈਂ ਫੌਜੀ ਤੋਂ ਅਖ਼ਬਾਰ ਸੁਣ ਕੇ ਆਇਆਂ। ਉਹਦੇ `ਚ ਲਿਖਿਐ ਬਈ `ਮਰੀਕਾ ਆਲੇ ਐਹੋ ਜਿਆ ਬੰਬ ਬਣਾਈ ਜਾਂਦੇ ਆ ਜਿਹੜਾ ਕੁਲ ਖਲਕਤ ਦਾ ਨਾਸ਼ ਕਰ-ਦੂ। ਬੱਸ ਅਮਲੀ ਈ ਬਚਣਗੇ। ਊਂ ਤਾਂ ਚੰਗਾ ਈ ਹੋਊ, ਸੋਫੀਆਂ ਤੋਂ ਕਿਸੇ ਨੇ ਲੈਣਾ ਵੀ ਕੀ ਆ? ਉਹ ਤਾਂ ਹੁਣ ਵੀ ਮਰਿਆਂ ਅਰਗੇ ਈ ਆ।”

-ਕੋਲੋਂ ਇੱਕ ਸੋਫੀ ਗੱਲ ਕੱਟ ਕੇ ਬੋਲਿਆ, “ਜਾਗਰਾ ਕਿਉਂ ਫੱਕੜ ਤੋਲੀ ਜਾਨੈਂ? ਜਦੋਂ ਬੰਬ ਚੱਲਿਆ ਤਾਂ ਵਿਚੇ ਸੋਫੀ ਮਰਨਗੇ ਤੇ ਵਿਚੇ ਅਮਲੀ। ਭਲਾ ਇਉਂ ਵੀ ਕਦੇ ਹੋਇਆ ਬਈ ਬੰਬ ਚੱਲੇ ਤੋਂ ਅੱਧੇ ਮਰ ਜਾਣ ਤੇ ਅੱਧੇ ਬਚ ਜਾਣ?” ਜਾਗਰ ਪੱਬਾਂ ਭਾਰ ਹੁੰਦਿਆਂ ਆਖਣ ਲੱਗਾ, “ਹੁੰਦਾ ਕਿਉਂ ਨੀ? ਆਪਾਂ ਜਦੋਂ ਕਣਕ `ਤੇ ਸਪਰੇਅ ਕਰਦੇ ਆਂ ਤਾਂ ਨਦੀਨ ਮਰ ਜਾਂਦਾ ਤੇ ਕਣਕ ਬਚੀ ਰਹਿੰਦੀ ਆ। ਜਦੋਂ ਬੰਬ ਚੱਲਿਆ, ਸੋਫੀਆਂ ਨੇ ਗੁੱਲੀ ਡੰਡੇ ਅੰਗੂੰ ਸਿਰ ਸਿੱਟ ਜਾਣਾ। ਆਹ ਜਿਹੜੇ ਇਨਕਲਾਬ ਜਿੰਦਾਬਾਦ ਕਰੀ ਜਾਂਦੇ ਆ ਵਿਚੇ ਇਹ ਜਾਣਗੇ!”

Additional Info

  • Writings Type:: A single wirting
Read 3348 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ