You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਸੁਪਨਿਆਂ ਦੀ ਧਰਤੀ ‘ਤੇ

ਲੇਖ਼ਕ

Tuesday, 06 October 2009 18:10

ਸੁਪਨਿਆਂ ਦੀ ਧਰਤੀ ‘ਤੇ

Written by
Rate this item
(2 votes)

ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!

‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।

‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’

ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, ‘‘ਹੁਣ ਦੱਸ ਤੂੰ? ਸਾਨੂੰ ਲੰਘਣ ਨਹੀਂ ਸੈਂ ਦੇਂਦੀ, ਆਹ ਚਲੇ ਈਂ।’’

ਰੇਲਵੇ ਲਾਈਨ ਦੇ ਨਾਲ ਘਸਮੈਲੇ ਹੋ ਚੁੱਕੇ ਚਿੱਟੇ ਕੱਪੜਿਆਂ ਵਾਲਾ ਮੁਸਲਮਾਨ, ਹਰੀ ਝੰਡੀ ਹਿਲਾ ਰਿਹਾ ਸੀ। ਤੇੜ ਖੁੱਲ੍ਹ ਚਾਦਰਾ ਤੇ ਸਿਰ ‘ਤੇ ਢੱਠੀ ਜਿਹੀ ਪਗੜੀ, ਜਿਸ ਦਾ ਕੰਨ ਕੋਲ ਲੰਮਾ ਲੜ ਛੱਡਿਆ ਹੋਇਆ ਸੀ।

ਝੰਡੀ ਹਿਲਾਉਂਦਿਆਂ ਉਸ ਨੇ ਉੱਚੀ ਆਵਾਜ਼ ਵਿਚ ਆਖਿਆ, ‘‘ਸਰਦਾਰ ਜੀ, ਸਾ…ਸਰੀ ਅਕਾਲ…’’

ਇਹ ਆਵਾਜ਼ ਉਸ ਦੇ ਅੰਦਰੋਂ ਖ਼ੁਸ਼ਬੋ ਵਾਂਗ ਬਾਹਰ ਨੂੰ ਡੁੱਲ੍ਹੀ ਸੀ। ਆਪ ਮੁਹਾਰੀ। ਮੁਹੱਬਤ ਵਿਚ ਭਿੱਜੀ ਹੋਈ। ਉਹਦੀ ਸ਼ਕਲ ਵਿਚ ਧਰਤੀ ਵਿਚ ਦਫਨ ਹੋਈ ਮੁਹੱਬਤ ਜਿਵੇਂ ਕੱਪੜੇ ਝਾੜ ਕੇ ਸਾਡੇ ਇਸਤਕਬਾਲ ਲਈ ਉੱਠ ਖੜ੍ਹੋਤੀ ਸੀ। ਇਕ ਤਾਜ਼ਾ ਮਹਿਕੀ ਹੋਈ ਆਵਾਜ਼!

ਅਟਾਰੀ ਰੇਲਵੇ ਸਟੇਸ਼ਨ ਤੋਂ ਤੁਰੀ ਗੱਡੀ ਵਾਘਾ ਰੇਲਵੇ ਸਟੇਸ਼ਨ ‘ਤੇ ਆ ਰੁਕੀ। ਸਿਰਫ਼ ਏਨਾ ਪੈਂਡਾ ਜਿਵੇਂ ਜਲੰਧਰ ਕੈਂਟ ਤੋਂ ਤੁਰ ਕੇ ਜਲੰਧਰ ਰੇਲਵੇ ਸਟੇਸ਼ਨ ‘ਤੇ ਆ ਰੁਕੀ ਹੋਵੇ।

ਏਥੇ ਫਿਰ ਅਟਾਰੀ ਵਾਲੀ ਸਾਰੀ ਪ੍ਰਕਿਰਿਆ ਦੁਹਰਾਈ ਜਾਣੀ ਸੀ। ਇਮੀਗਰੇਸ਼ਨ ਤੇ ਕਸਟਮ ਦੀ ਚੈਕਿੰਗ।

‘‘ਸਾਮਾਨ ਤਾਂ ਥੱਲੇ ਉਤਾਰਨਾ ਪਊ’’

ਇਹ ਬੜਾ ਥਕਾਉਣ ਵਾਲਾ ਕੰਮ ਸੀ। ਲੋਕ ਆਪੋ ਆਪਣਾ ਸਾਮਾਨ ਲਾਹ ਕੇ ਟਰਾਲੀਆਂ ‘ਤੇ ਲੱਦ ਰਹੇ ਸਨ। ਮੈਂ ਤੇ ਜਗਤਾਰ ਨੇ ਸਾਮਾਨ ਲਾਹ ਕੇ ਟਰਾਲੀ ‘ਤੇ ਲੱਦ ਲਿਆ। ਇਹ ਟਰਾਲੀਆਂ ਭਾਰਤ ਦੀਆਂ ਟਰਾਲੀਆਂ ਵਰਗੀਆਂ ਨਹੀਂ ਸਨ, ਰਵਾਂ ਚਾਲ ਚੱਲਣ ਵਾਲੀਆਂ। ਭਾਰੀਆਂ ਸਨ…ਜਿਵੇਂ ਪਿੰਡ ਦੇ ਲੁਹਾਰ ਨੇ ਸਲਾਖਾਂ ‘ਤੇ ਪਹੀਏ ਜੋੜ ਕੇ ਬਣਾਈਆਂ ਹੋਣ।

ਕੁਝ ਮਿੱਤਰ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਸਨ ਕਿ ਸਾਮਾਨ ਨਾ ਲੁਹਾਇਆ ਜਾਵੇ।

‘‘ਇਹ ਕਿਵੇਂ ਹੋ ਸਕਦੈ, ਕਾਨੂੰਨੀ ਕਾਰਵਾਈ ਤਾਂ ਅਗਲੇ ਕਰਨਗੇ ਹੀ।’’

‘‘ਨਹੀਂ ਹੋ ਵੀ ਸਕਦੈ’’ ਜਗਤਾਰ ਨੇ ਕਿਹਾ ਤੇ ਫਿਰ ਮੈਨੂੰ ਸਾਮਾਨ ਕੋਲ ਖੜ੍ਹਾ ਰਹਿਣ ਲਈ ਕਹਿ ਕੇ ਉਹ ਅੱਗੋਂ ਸੂਚਨਾ ਲੈਣ ਗਿਆ। ਉਸ ਕੋਲ ਕਈ ਵਾਰ ਪਾਕਿਸਤਾਨ ਜਾਣ ਦਾ ਅਨੁਭਵ ਸੀ।

‘‘ਰੱਖ ਲੌ, ਰੱਖ ਲੌ ਸਾਮਾਨ ਅੰਦਰ, ਕੋਈ ਗੱਲ ਨਹੀਂ’’ ਦੂਰੋਂ ਹੀ ਕਿਸੇ ਨੇ ਲਲਕਾਰਾ ਮਾਰਿਆ।

‘‘ਮੈਂ ਆਖਿਆ ਨਹੀਂ ਸੀ’’ ਜਗਤਾਰ ਨੇ ਕਿਹਾ ਤੇ ਮੈਨੂੰ ਮੇਰਾ ਪਾਸਪੋਰਟ ਫੜਾਉਣ ਲਈ ਕਿਹਾ।

‘‘ਪਾਸਪੋਰਟ ਵੀ ਇਕੋ ਥਾਂ ਇਕੱਠੇ ਕਰਕੇ ਚੈੱਕ ਕਰਵਾ ਲੈਣ ਦੀ ਗੱਲ ਹੋ ਗਈ ਹੈ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਆਪਣੇ ਲਈ ਇਹ ਲੋਕ ਬੜੇ ਕੋਆਪਰੇਟਿਵ ਨੇ। ਪਰ ਮੁਸਲਮਾਨਾਂ ਨੂੰ ਸੂਈ ਦੇ ਨੱਕੇ ਵਿਚੋਂ ਲੰਘਾਉਣਗੇ।’’ ਜਗਤਾਰ ਨੇ ਮੇਰਾ ਪਾਸਪੋਰਟ ਲਿਆ ਤੇ ਅੱਗੇ ਨੂੰ ਤੁਰ ਗਿਆ।

ਮੈਂ ਫਿਰ ਸਾਮਾਨ ਗੱਡੀ ਵਿਚ ਟਿਕਾਇਆ। ਗੱਡੀ ਪਲੈਟਫਾਰਮ ਦੇ ਸੱਜੇ ਪਾਸਿਉਂ ਖੱਬੇ ਪਾਸੇ ਲੱਗਣ ਲਈ ਹਿੱਲੀ। ਮੈਂ ਬਾਰੀ ਵਿਚ ਖੜ੍ਹੋਤਾ ਬਾਹਰ ਦੇਖਣ ਲੱਗਾ। ਪਰਿਉਂ ਇਕ ਲਿੰਕ ਰੋਡ ‘ਤੇ ਇਕ ਨੌਜੁਆਨ ਆਪਣੀ ਸੁਆਣੀ ਨੂੰ ਸਾਈਕਲ ਪਿੱਛੇ ਬਿਠਾਈ ਅੱਗੇ ਪੈਂਦੇ ਰੇਲਵੇ ਫਾਟਕ ਵੱਲ ਵੱਧ ਰਿਹਾ ਸੀ। ਆਸੇ ਪਾਸੇ ਕਣਕਾਂ ਦੀ ਸੁਨਹਿਰੀ ਭਾਅ ਸੀ। ਨੇੜੇ ਪਰ੍ਹੇ ਵਾਘਾ ਪਿੰਡ ਸੀ, ਨਿੱਕਾ ਜਿਹਾ ਪਰ ਕਿੰਨਾ ਵੱਡਾ ਬਣ ਗਿਆ ਸੀ ਉਹਦਾ ਨਾਂ ਕਿ ਕਰੋੜਾਂ ਲੋਕਾਂ ‘ਚ ਕੰਧ ਬਣ ਕੇ ਖੜੋ ਗਿਆ ਸੀ। ਗੱਡੀ ਅੱਗੇ ਹੋ ਕੇ ਫਿਰ ਪਿੱਛੇ ਪਰਤੀ। ਪਲੇਟਫਾਰਮ ਦੇ ਦੂਜੇ ਪਾਸੇ ਵੱਲ। ਬਾਹਰ ਖੜ੍ਹੋਤੇ ਲੋਕ ਗੱਡੀ ਵੱਲ ਦੇਖ ਰਹੇ ਸਨ। ਸਾਡੇ ਬਹੁਤੇ ਲੋਕ ਪਲੇਟਫਾਰਮ ‘ਤੇ ਉਤਰ ਚੁੱਕੇ ਸਨ। ਮੇਰੇ ਵਰਗੇ ਕੁਝ ਹੀ ਸਨ ਜੋ ਬਾਰੀਆਂ ਦੇ ਡੰਡੇ ਫੜ ਕੇ ਬਾਹਰ ਦਾ ਦ੍ਰਿਸ਼ ਵੇਖ ਰਹੇ ਸਨ। ਦੂਰ ਤੱਕ ਕਣਕਾਂ, ਰਾਹਾਂ ‘ਚ ਉੱਡਦੀ ਧੂੜ…ਖੇਤਾਂ ‘ਚ ਫਿਰਦੇ ਵਿਰਲੇ ਟਾਵੇਂ ਬੰਦੇ।

ਗੱਡੀ ਦੂਜੇ ਪਾਸੇ ਆ ਖੜ੍ਹੋਤੀ। ਵਿਸਾਖੀ ‘ਤੇ ਜਾਣ ਵਾਲੇ ਜੱਥੇ ਤੋਂ ਪਛੜ ਗਏ ਕੁਝ ਸਿੰਘ ਸਾਡੇ ਵਾਲੇ ਡੱਬੇ ਵਿਚ ਬੈਠ ਕੇ ਹੀ ਲਾਹੌਰ ਜਾ ਰਹੇ ਸਨ। ਉਨ੍ਹਾਂ ਵਿਚੋਂ ਇਕ ਬੜੇ ਖਰ੍ਹਵੇ ਬੋਲਾਂ ਵਾਲਾ ਸੱਜਣ ਦੂਜੇ ਪਾਸੇ ਬਾਰੀ ਵਿਚ ਖੜੋਤਾ ਪਿੱਛੇ ਝਾਤੀ ਮਾਰ ਕੇ ਵੇਖਣ ਲੱਗਾ ਤੇ ਸਾਡੀ ਗੱਡੀ ਨਾਲ ਲੱਗੇ ਮਾਲ-ਡੱਬਿਆਂ ਨੂੰ ਵੇਖ ਕੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਗੜ੍ਹਕਿਆ,

‘‘ਭੈਣ ਦੇ ਖਸਮ, ਰੋਂਦੇ ਦੁਸ਼ਮਣੀਆਂ ਨੂੰ’’ ਉਹ ਦੋਹਾਂ ਮੁਲਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ।

‘‘ਇਕ ਦੂਜੇ ਬਿਨਾਂ ਤਾਂ ਅਜੇ ਵੀ ਨਹੀਂ ਸਰਦਾ। ਮਾਲ ਗੱਡੀਆਂ ਵਿਚ ਮਾਲ ਜਾਂਦਾ ਪਿਐ। ਮਾਲ ਜਾਂਦੈ ਪਰ ਸਾਨੂੰ ਜਾਣ ਨਹੀਂ ਦਿੰਦੇ, ਵੱਡੇ ਦੁਸ਼ਮਣ ਵੇਖ ਲਾ।’’ ਉਹ ਖਰ੍ਹਵਾ ਹਾਸਾ ਹੱਸਣ ਲੱਗਾ। ਉਸ ਦਾ ਗੜ੍ਹਕਾ ਤੇ ਆਪਣੀ ਹੀ ਤਰ੍ਹਾਂ ਦਾ ਤਰਕ ਤੇ ਤਲਖ਼ੀ ਵੇਖ ਕੇ ਮੈਂ ਵੀ ਮਨ ਹੀ ਮਨ ਹੱਸਿਆ।

ਮੈਂ ਵੀ ਪਲੇਟਫਾਰਮ ‘ਤੇ ਉੱਤਰ ਆਇਆ। ਇਹ ਸੀ ਪਾਕਿਸਤਾਨੀ ਦੀ ਸਰ-ਜ਼ਮੀਂ, ਜਿਸ ‘ਤੇ ਪੈਰ ਰੱਖਣ ਦੀ ਦੇਰੀਨਾ ਹਸਰਤ ਅੱਜ ਪੂਰੀ ਹੋਈ ਸੀ। ਆਗੂਆਂ ਦਾ ਇਕ ਗਰੁੱਪ ਵੱਡੀ ਤੇ ਲੰਮੀ ਚੌੜੀ ਬਿਲਡਿੰਗ ਅੰਦਰ ਪਾਸਪੋਰਟ ਲੈ ਕੇ ਗਿਆ ਹੋਇਆ ਸੀ। ਸਾਡੇ ਵਿਚੋਂ ਜਗਤਾਰ ਤੇ ਗੁਰਚਰਨ ਵੀ ਅੰਦਰ ਸਨ। ਸ਼ੀਸ਼ਿਆਂ ਵਾਲੇ ਦਰਵਾਜ਼ਿਆਂ ਦੀ ਝੀਤ ‘ਚੋਂ ਪੁੱਛਿਆ ਤਾਂ ਗੁਰਚਰਨ ਕਹਿੰਦਾ, ‘‘ਕੰਮ ਹੋ ਰਿਹੈ। ਫ਼ਿਕਰ ਨਾ ਕਰੋ।’’

ਮੁਸਲਮਾਨ ਸਵਾਰੀਆਂ ਅੰਦਰ ਲੰਮੀਆਂ ਕਤਾਰਾਂ ਵਿਚ ਖੜ੍ਹੋਤੀਆਂ ਸਨ। ਸਾਡੇ ਲਈ ਵੱਖਰੇ ਕਾਉਂਟਰਾਂ ਉੱਤੇ ਕੰਮ ਨਿਪਟਾਇਆ ਜਾ ਰਿਹਾ ਸੀ। ਅੰਦਰ ਵਾਂਗ ਹੀ ਬਾਹਰ ਪਲੇਟਫਾਰਮ ‘ਤੇ ਫਿਰ ਰਹੇ ਕਰਮਚਾਰੀਆਂ ਦਾ ਰਵੱਈਆ ਵੀ ਬੜਾ ਦੋਸਤਾਨਾ ਸੀ। ਯਾਰ ਦੋਸਤ ਵੱਖ-ਵੱਖ ਗਰੁੱਪਾਂ ‘ਚ ਖੜੋਤੇ ਮਨ ਤੇ ਜਜ਼ਬਾਤ ਇਕ ਦੂਜੇ ਨਾਲ ਸਾਂਝੇ ਕਰ ਰਹੇ ਸਨ। ਸਭ ਰੋਮਾਂਚਿਤ ਸਨ। ਖ਼ੁਸ਼ੀ ਤੇ ਉਤਸ਼ਾਹ ਨਾਲ ਭਰੇ ਹੋਏ। ਇਕ ਪ੍ਰੋਫੈਸਰ ਆਪਣੇ ਦੁਆਲੇ ਖਲੋਤੇ ਚਾਰ ਪੰਜ ਜਣਿਆਂ ਨੂੰ ਕਹਿ ਰਿਹਾ ਸੀ, ‘‘ਲੋਕ ਤਾਂ ਦੋਹਾਂ ਮੁਲਕਾਂ ਨੇ ਬੇਪਨਾਹ ਪਿਆਰ ਕਰਦੇ ਨੇ ਇਕ ਦੂਜੇ ਨੂੰ। ਦੁਸ਼ਮਣੀਆਂ ਤਾਂ ਸਰਕਾਰਾਂ ਦੀਆਂ ਨੇ, ਲੋਕਾਂ ਦੀਆਂ ਤਾਂ ਨਹੀਂ, ਸਾਡੀਆਂ ਤਾਂ ਨਹੀਂ। ਅਸੀਂ ਤਾਂ ਨਹੀਂ ਚਾਹੁੰਦੇ…ਹੁੰਦੇ…ਲੋਕ ਤਾਂ ਨਹੀਂ ਚਾਹੁੰਦੇ ਹੁੰਦੇ, ਜੰਗਾਂ ਲੱਗ ਜਾਂਦੀਆਂ ਨੇ…ਸਮਝੌਤੇ ਹੋ ਜਾਂਦੇ ਨੇ। ਹੋਰ ਤਾਂ ਹੋਰ ਮਾਤ-ਭੂਮੀਆਂ ਬਦਲ ਜਾਂਦੀਆਂ ਨੇ, ਤੇ ਆਪਣੀ ਜਨਮ ਭੂਮੀ ਹੀ ਦੁਸ਼ਮਣ ਦਾ ਦੇਸ਼ ਬਣ ਜਾਂਦੀ ਹੈ ; ਮੇਰੇ ਵਡੇਰੇ ਲਾਹੌਰ ਵੱਸਦੇ ਸਨ, ਉਨ੍ਹਾਂ ਦੀ ਜਨਮ ਭੋਂ ਸੀ ਇਹ, ਪਰ ਹੁਣ ਇਕ ਵਿਸ਼ੇਸ਼ ਨਜ਼ਰੀਏ ਤੋਂ ਇਹ ਜਨਮ ਭੋਇੰ, ਦੁਸ਼ਮਣ ਭੋਇੰ ਬਣਾ ਦਿੱਤੀ ਗਈ। ਕੀ ਜਨਮ ਭੂਮੀ ਦੁਸ਼ਮਣ-ਭੂਮੀ ਬਣ ਸਕਦੀ ਹੈ!’’

ਆਸੇ ਪਾਸੇ ਖੜ੍ਹੋਤੇ ਲੋਕ ਸਿਰ ਹਿਲਾ ਰਹੇ ਸਨ ਤੇ ਉਹ ਖੜ੍ਹੋਤਾ ਸਵਾਲ ਪੁੱਛ ਰਿਹਾ ਸੀ ਜਿਸ ਦਾ ਜੁਆਬ ਨਾ ਉਸ ਕੋਲ ਆਪ ਸੀ ਤੇ ਨਾ ਕਿਸੇ ਹੋਰ ਕੋਲ।

‘‘ਲੋਕ ਤਾਂ ਦਿਲਾਂ ਨਾਲ ਜੀਊਣ ਵਾਲੇ ਹੁੰਦੇ ਨੇ, ਪਰ ਦਿਮਾਗ਼ ਵਾਲੇ ਇਨ੍ਹਾਂ ਦੀ ਚੱਲਣ ਨਹੀਂ ਦਿੰਦੇ।’’ ਉਸ ਨੇ ਤੋੜਾ ਝਾੜਿਆ।

ਅੰਦਰੋਂ ਆਇਆ ਕੋਈ ਜਣਾ ਕਲੀਅਰ ਹੋ ਗਏ ਪਾਸਪੋਰਟ ਤੇ ਉਸ ਨਾਲ ਜੁੜਵੇਂ ਕਾਗਜ਼-ਪੱਤਰ ਵੰਡ ਰਿਹਾ ਸੀ। ਮੇਰੇ ਕਾਗਜ਼ ਤਾਂ ਮਿਲ ਗਏ ਸਨ ਪਰ ਪਾਸਪੋਰਟ ਨਹੀਂ ਸੀ। ਮੈਂ ਦਰਵਾਜ਼ੇ ਦੀ ਝੀਤ ਵਿਚੋਂ ਗੁਰਚਰਨ ਨੂੰ ਕਿਹਾ ਉਹ ਕਹਿੰਦਾ, ‘‘ਮੈਂ ਲੈ ਲਿਐ ਪਾਸਪੋਰਟ।’’

ਥੋੜ੍ਹੀ ਦੇਰ ਪਿੱਛੋਂ ਪਾਸਪੋਰਟ ਵੀ ਮਿਲ ਗਿਆ। ਪਰ ਅਜੇ ਗੱਡੀ ਤੁਰਨ ਵਿਚ ਬੜੀ ਦੇਰ ਸੀ। ਮੁਸਲਿਮ ਸਵਾਰੀਆਂ ਨੂੰ ਕਲੀਅਰ ਹੋਣ ਵਿਚ ਬਹੁਤ ਜ਼ਿਆਦਾ ਸਮਾਂ ਲੋੜੀਂਦਾ ਸੀ। ਦੁਪਹਿਰ ਢਲ ਚੁੱਕੀ ਸੀ। ਅੰਦਰ ਖਾਣ ਨੂੰ ਕੁਝ ਮੰਗਦਾ ਪਿਆ ਸੀ। ਗੁਰਚਰਨ ਫਿਰ ਹਾਜ਼ਰ ਸੀ। ਮੇਰੇ ਸਾਰੇ ਮਿੱਤਰਾਂ ਨੂੰ ਪਲੇਟਫਾਰਮ ‘ਤੇ ਬਣੀ ਦੁਕਾਨ ਅੰਦਰ ਲੈ ਵੜਿਆ—ਬਰਗਰ ਤੇ ਠੰਢੇ ਅਤੇ ਲੋੜਵੰਦਾਂ ਨੂੰ ਚਾਹ। ਅੰਦਰ ਨੂੰ ਆਸਰਾ ਦੇ ਕੇ ਅਸੀਂ ਫਿਰ ਵੱਖ-ਵੱਖ ਟੋਲੀਆਂ ਵਿਚ ਖਿੰਡ ਗਏ। ਰੋਮਾਂਚਿਤ ਹੋਏ ਹਰੇਕ ਜਣੇ ਕੋਲ ਕਰਨ ਵਾਲੀਆਂ ਢੇਰ ਗੱਲਾਂ ਸਨ। ਬਹੁਤ ਸਾਰਿਆਂ ਦੀ ਇਸ ਪਾਸੇ ਜਨਮ-ਭੂਮੀ ਸੀ, ਬਚਪਨ ਨਾਲ ਜੁੜੀਆਂ ਹੋਈਆਂ ਸੁਨਹਿਰੀ ਯਾਦਾਂ ਸਨ। ਇਹ ਯਾਦਾਂ ਉਨ੍ਹਾਂ ਨੂੰ ਏਧਰ ਖਿੱਚ ਲਿਆਈਆਂ ਸਨ। ਸੰਤੋਖ ਸਿੰਘ ਧੀਰ ਦੀ ਪਤਨੀ ਗੁਜ਼ਰੀ ਨੂੰ ਕੁਝ ਦਿਨ ਹੀ ਹੋਏ ਸਨ। ਅਜੇ ਕੱਲ੍ਹ ਉਸ ਦਾ ਭੋਗ ਸੀ ਤੇ ਅੱਜ ਧੀਰ ਜਥੇ ਵਿਚ ਸ਼ਾਮਲ ਸੀ। ਉਹ ਆਪਣੀ ਰਾਵਲਪਿੰਡੀ ਦੇਖਣੀ ਲੋਚਦਾ ਸੀ, ਪਤਨੀ ਦਾ ਗ਼ਮ ਸੀਨੇ ਲਾ ਕੇ ਵੀ ਉਹ ਆਪਣੀ ਧਰਤੀ ਉੱਤੇ ਸਾਹ ਲੈਣ ਦੀ ਖ਼ੁਸ਼ੀ ਹਾਸਲ ਕਰਨਾ ਲੋਚਦਾ ਸੀ। ਕਿੰਨੀ ਮਿਕਨਾਤੀਸੀ ਖਿੱਚ ਸੀ ਪੁਰਾਣੀਆਂ ਯਾਦਾਂ ਦੀ, ਇਤਿਹਾਸ ਦੀ, ਧਰਤੀ ਦੀ।

ਸਰਵਣ ਸਿੰਘ ਆਪਣਾ ਇਕ ਪੁਰਾਣਾ ਅਨੁਭਵ ਸਾਂਝਾ ਕਰ ਰਿਹਾ ਸੀ ਮੇਰੇ ਨਾਲ। ਬਹੁਤ ਸਾਲ ਪਹਿਲਾਂ ਸੰਨ ਉਨਾਹਠ ਵਿਚ ਉਹ ਪਾਕਿਸਤਾਨ ਆਇਆ ਸੀ। ਪਾਕਿਸਤਾਨ ਬਣੇ ਨੂੰ ਉਦੋਂ ਅਜੇ ਬਹੁਤੇ ਸਾਲ ਨਹੀਂ ਸਨ ਹੋਏ। ਰਾਹ-ਰਸਤਿਆਂ ਤੇ ਜ਼ਮੀਨਾਂ ਵਿਚ ਕੋਈ ਵੱਡੀਆਂ ਤਬਦੀਲੀਆਂ ਨਹੀਂ ਸਨ ਵਾਪਰੀਆਂ। ਪਾਕਿਸਤਾਨ ਬਣਨ ਸਮੇਂ ਬਾਰਾਂ ਤੇਰਾਂ ਸਾਲਾਂ ਦਾ ਇਕ ਬਾਲ ਹੁਣ ਚਵੀ ਪੰਝੀ ਵਰ੍ਹਿਆਂ ਦਾ ਜੁਆਨ ਹੋ ਕੇ ਆਪਣੀ ਪੁਰਾਣੀ ਧਰਤੀ ‘ਤੇ ਆਇਆ ਸੀ। ਉਸ ਨੇ ਕਿਸੇ ਪਕੌੜੇ ਤਲਦੇ ਮੁਸਲਮਾਨ ਨੂੰ ਆਪਣੇ ਪਿੰਡ ਦਾ ਰਾਹ ਪੁੱਛਿਆ। ਉਸ ਬੰਦੇ ਨੇ ਆਪਣੀ ਵਲੋਂ ਬੜੇ ਉਚੇਚ ਨਾਲ ਰਾਹ ਸਮਝਾਇਆ। ਉਹ ਨੌਜਵਾਨ ਆਪਣੇ ਪਿੰਡ ਜਾਣ ਲਈ ਉਤਾਵਲਾ ਸੀ। ਜਦੋਂ ਪਕੌੜਿਆਂ ਵਾਲਾ ਰਾਹ ਦੱਸ ਹਟਿਆ ਤਾਂ ਜਥੇ ਵਿਚ ਗਿਆ ਇਕ ਵਡੇਰੀ ਉਮਰ ਦਾ ਆਦਮੀ, ਜੋ ਸਾਰੀ ਗੱਲਬਾਤ ਸੁਣ ਰਿਹਾ ਸੀ, ਉਸ ਨੌਜਵਾਨ ਨੂੰ ਸਮਝਾਉਣ ਲੱਗਾ, ‘‘ਜਿਹੜਾ ਰਾਹ ਇਹ ਦੱਸਦੈ ਇਸ ਰਸਤਿਉਂ ਤਾਂ ਤੇਰਾ ਪਿੰਡ ਤੈਨੂੰ ਪੰਜ ਛੇ ਕੋਹ ਪੈ ਜੂ। ਤੂੰ ਐਂ ਕਰ ਐਥੋਂ ਐਂ ਨੂੰ ਹੋ…। ਐਥੋਂ ਅੱਗੋਂ ਇਕ ਡੰਡੀ ਨਿਕਲੂ। ਡੰਡੀਏ ਡੰਡੀ ਜਾਵੀਂ। ਥੋੜ੍ਹਾ ਅੱਗੇ ਜਾ ਕੇ ਡੰਡੀ ਪਹੇ ਵਿਚ ਜਾ ਵੜੂ। ਪਹੇ-ਪਹੇ ਅੱਗੇ ਮੀਲ ਕੁ ਉਤੇ ਹੋਊ ਤੇਰਾ ਪਿੰਡ।’’

ਕਿਸੇ ਹੋਰ ਆਦਮੀ ਨੇ ਉਸ ਨੂੰ ਪੁੱਛਿਆ, ‘‘ਤੂੰ ਤਾਂ ਜਥੇ ਨਾਲ ਆਇਐਂ। ਤੈਨੂੰ ਕਿਵੇਂ ਠੀਕ ਰਾਹ ਦਾ ਪਤਾ। ਪਕੌੜਿਆਂ ਵਾਲਾ ਏਥੋਂ ਦਾ ਵਸਨੀਕ। ਇਹਨੇ ਗਲਤ ਰਾਹ ਕਿਉਂ ਦੱਸਣਾ ਹੋਇਆ।’’

ਉਹ ਹੁੱਬ ਕੇ ਬੋਲਿਆ, ‘‘ਭਾਈ ਸਾਹਿਬ ਇਹ ਮੇਰਾ ਆਪਣਾ ਇਲਾਕਾ ਐ, ਇਹ ਮੇਰੀ ਮਿੱਟੀ ਹੈ, ਤੇ ਇਹਦੇ ਉੱਤੇ ਮੇਰੇ ਪੈਰਾਂ ਦੇ ਨਿਸ਼ਾਨ ਨੇ…। ਇਹਦਾ ਨਕਸ਼ਾ ਤਾਂ ਮੇਰੇ ਦਿਲ ‘ਤੇ ਵਗਿਆ ਪਿਐ। ਮੇਰੇ ਪਿੰਡ ਤੇ ਇਲਾਕੇ ਦਾ। ਉਹਦੇ ਰਾਹਵਾਂ ਦਾ। ਪਹਿਆਂ ਤੇ ਡੰਡੀਆਂ ਦਾ। ਐਥੇ!’’ ਉਹਨੇ ਦਿਲ ‘ਤੇ ਹੱਥ ਰੱਖਦਿਆਂ ਕਿਹਾ, ‘‘ਇਹ ਪਕੌੜੇ ਤਲਣ ਵਾਲਾ ਪਤਾ ਨਹੀਂ ਕਿਥੋਂ ਆ ਕੇ ਏਥੇ ਬੈਠਾ ਹੋਣੈ!…ਇਹਨੇ ਤਾਂ ਰਾਹਾਂ ਬਾਰੇ ਸੁਣਿਆ ਹੀ ਹੋਊ ਤੇ ਮੈਂ ਤਾਂ ਇਹਨਾਂ ਪੈਰਾਂ ਨਾਲ ਇਨ੍ਹਾਂ ਰਾਹਾਂ ਨੂੰ ਗਾਹਿਆ ਹੋਇਆ ਹੈ।’’

ਗੱਲ ਸੁਣ ਕੇ ਸਰਵਣ ਸਿੰਘ ਨੇ ਤੋੜਾ ਝਾੜਿਆ, ‘‘ਉਸ ਬੰਦੇ ਨੂੰ ਏਨਾ ਮਾਣ ਸੀ ਆਪਣੇ ਉੱਤੇ, ਆਪਣੀ ਧਰਤੀ ਉੱਤੇ, ਆਪਣੀ ਜਾਣਕਾਰੀ ਉੱਤੇ, ਮਿੱਟੀ ਦੇ ਮੋਹ ਉੱਤੇ। ਉਹ ਤਾਂ ਇਹ ਦਸਣਾ  ਚਾਹੁੰਦਾ ਸੀ ਕਿ ਮੈਂ ਤਾਂ ਅਜੇ ਵੀ ਸੁਪਨਿਆਂ ਵਿਚ ਇਸੇ ਧਰਤੀ ਉੱਤੇ ਫਿਰਦਾ ਰਹਿੰਦਾਂ…। ਮੇਰੇ ਨਾਲੋਂ ਚੰਗਾ ਹੋਰ ਕੌਣ ਇਥੋਂ ਦੇ ਰਾਹਾਂ ਬਾਰੇ ਦੱਸ ਸਕਦੈ।’’

ਸਰਵਣ ਸਿੰਘ ਦੀ ਕਹਾਣੀ ਵਿਚ ਹਜ਼ਾਰਾਂ ਲੋਕਾਂ ਦੀ ਪੀੜਤ ਮਾਨਸਿਕਤਾ ਬੋਲ ਰਹੀ ਸੀ। ਆਪਣੀ ਧਰਤੀ ਦਾ ਹੰਮਾ ਤੇ ਮਾਣ ਬੋਲ ਰਿਹਾ ਸੀ ਉਸ ਧਰਤੀ ਦਾ ਜੋ ਹੁਣ ਆਪਣੀ ਨਹੀਂ ਸੀ ਰਹੀ।

ਪਰ੍ਹੇ ਇਕ ਕਸਟਮ ਅਫ਼ਸਰ ਦੇ ਦੁਆਲੇ ਭੀੜ ਜੁੜੀ ਹੋਈ ਸੀ। ਚਿੱਟੀ ਵਰਦੀ ਵਿਚ ਮੋਢੇ ‘ਤੇ ਲੱਗੇ ਸਟਾਰਾਂ ਵਾਲਾ ਉਹ ਅਫ਼ਸਰ ਦਰਸ਼ਨੀ ਜੁਆਨ ਸੀ। ਭਾਰਤੀ ਦੋਸਤਾਂ ਵਲੋਂ ਉਸ ਅਫ਼ਸਰ ਦੇ ਮਧਿਅਮ ਰਾਹੀਂ ਬਾਰਡਰ ‘ਤੇ ਤਾਇਨਾਤ ਸਮੁੱਚੀ ਪਾਕਿਸਤਾਨੀ ਮਸ਼ੀਨਰੀ ਦਾ ਧੰਨਵਾਦ ਕੀਤਾ ਜਾ ਰਿਹਾ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਰੁਕਾਵਟ ਪਾਉਣ ਤੋਂ, ਨਿਯਮਾਂ ‘ਚ ਢਿੱਲ ਦੇ ਕੇ ਸਾਨੂੰ ਭੁਗਤਾ ਕੇ ਵਿਹਲਿਆਂ ਵੀ ਕਰ ਦਿੱਤਾ ਸੀ ਜਦੋਂ ਕਿ ਬਾਕੀ ਭੀੜ ਨੂੰ ਰੁਟੀਨ ਵਿਚੋਂ ਗੁਜ਼ਰਦਿਆਂ ਪਤਾ ਨਹੀਂ ਕਿੰਨਾ ਸਮਾਂ ਅਜੇ ਹੋਰ ਲੱਗ ਜਾਣਾ ਸੀ। ਗੱਲਾਂ ਚੱਲਦੀਆਂ-ਚੱਲਦੀਆਂ ਦੋਹਾਂ ਮੁਲਕਾਂ ਨੂੰ ਆਪਸੀ ਸਹਿਯੋਗ ਤੇ ਪਿਆਰ ਨਾਲ ਵੱਸਣ ਰੱਸਣ ਦੇ ਮੁੱਦੇ ‘ਤੇ ਆ ਪੁੱਜੀਆਂ। ਇਸ ਮਕਸਦ ਲਈ ਕੀਤੇ ਜਾਣ ਵਾਲੇ ਉਚੇਚੇ ਯਤਨਾਂ ਦਾ ਜ਼ਿਕਰ ਹੋਣ ਲੱਗਾ ; ਹੋਣ ਵਾਲੀ ਕਾਨਫ਼ਰੰਸ ਤੇ ਹਿੰਦੁਸਤਾਨ ਵਾਲੇ ਪਾਸੇ ਚੌਦਾਂ ਅਗਸਤ ਨੂੰ ਬਾਰਡਰ ਉੱਤੇ ਜਗਾਈਆਂ ਜਾਣ ਵਾਲੀਆਂ ਮੋਮਬਤੀਆਂ ਦਾ। ਇਸ ਹਵਾਲੇ ਨਾਲ ਹੀ ਸਤਿਨਾਮ ਸਿੰਘ ਮਾਣਕ ਨੇ ਉਸ ਨੂੰ ਆਖਿਆ, ‘‘ਅਸੀਂ ਤਾਂ ਉਧਰ ਯਤਨ ਕਰਦੇ ਪਏ ਹਾਂ, ਤੁਸੀਂ ਵੀ ਇਧਰੋਂ ਹੰਭਲਾ ਮਾਰੋ।’’

ਉਹ ਅਫ਼ਸਰ ਮਿੰਨ੍ਹਾ ਜਿਹਾ ਹੱਸਿਆ ਤੇ ਆਸੇ ਪਾਸੇ ਖੜ੍ਹੋਤੀ ਪਗੜੀਆਂ ਵਾਲੀ ਭੀੜ ਵੱਲ ਵੇਖ ਕੇ ਕਹਿਣ ਲੱਗਾ, ‘‘ਅਸੀਂ ਤਾਂ ਕਰ ਹੀ ਰਹੇ ਹਾਂ ਓਧਰ ; ਕਸ਼ਮੀਰ ਵੱਲ, ਏਨੇ ਸ਼ਹੀਦ ਕਰਵਾ ਰਹੇ ਹਾਂ, ਹੁਣ ਤੁਸੀਂ ਵੀ ਕੁਝ ਕਰੋ ਨਾ…ਜੇ ਮੇਲ-ਮਿਲਾਪ ਚਾਹੁੰਦੇ ਹੋ ਤਾਂ।’’

ਉਸ ਦੇ ਲੁਕੇ ਹੋਏ ਅਰਥ ਸਾਫ਼ ਸਨ। ਉਹ ਕਸ਼ਮੀਰ ਵਿਚਲੀ ਪਾਕਿਸਤਾਨ ਦੀ ‘ਜਦੋ-ਜਹਿਦ’ ਨੂੰ ਚੜ੍ਹਦੇ ਪੰਜਾਬ ਵਿਚ ਸਿੱਖਾਂ ਦੀ ‘ਜਦੋ-ਜਹਿਦ’ ਨਾਲ ਜੋੜ ਕੇ ਇਸ ਨੂੰ ਸਾਂਝੀ ‘ਜਦੋ-ਜਹਿਦ’ ਬਨਾਉਣ ਵੱਲ ਇਸ਼ਾਰਾ ਕਰ ਰਿਹਾ ਸੀ। ਭਾਰਤੀ ਡੈਲੀਗੇਟਾਂ ਨੂੰ ਇਹ ਉਸ ਦੀ ਖ਼ਾਬ-ਖ਼ਿਆਲੀ ਲੱਗਦੀ ਸੀ। ਇਸ ਮੋੜ ‘ਤੇ ਪੁੱਜ ਚੁੱਕੀ ਗੱਲ ਨੂੰ ਅੱਗੋਂ ਵਧਾਉਣ ਦੀ ਕੋਈ ਤੁਕ ਨਾ ਸਮਝਦਿਆਂ ਜਗਤਾਰ ਨੇ ਗੱਲ ਨੂੰ ਹਲਕੇ ਰਉਂ ਵਿਚ ਲਿਆਉਣ ਲਈ ਆਖਿਆ, ‘‘ਜੇ ਮੇਲ-ਮਿਲਾਪ ਦੀ ਏਨੀ ਹੀ ਗੱਲ ਸੀ ਤਾਂ ਸਾਨੂੰ ਉਦੋਂ ਕੱਢਣਾ ਨਹੀਂ ਸੀ ਏਥੋਂ।’’

‘‘ਅਸੀਂ ਕੱਢਿਆ?’’ ਉਸ ਨੇ ਅੱਗੋਂ ਸੁਆਲ ਕੀਤਾ ਤੇ ਨਾਲ ਹੀ ਆਖਿਆ, ‘‘ਤੁਸੀਂ ਕਿਹੜੀ ਘੱਟ ਕੀਤੀ ਸੀ, ਤੁਸੀਂ ਨਹੀਂ ਕੱਢਿਆ ਉਧਰੋਂ।’’

ਮਾਲ ਗੱਡੀ ਦੇ ਡੱਬੇ ਵੇਖ ਕੇ ਦੋਹਾਂ ਮੁਲਕਾਂ ਨੂੰ ਗਾਲ੍ਹਾਂ ਕੱਢਣ ਵਾਲਾ ‘ਜਥੇ ਵਾਲਾ’ ਸਿੰਘ ਬੋਲਿਆ, ‘‘ਨਹੀਂ ਪਹਿਲੋਂ ਇਧਰੋਂ ਹੀ ਗੱਲ ਸ਼ੁਰੂ ਹੋਈ ਸੀ।’’

ਕਿਸੇ ਹੋਰ ਨੇ ਉਹਦਾ ਮੋਢਾ ਨੱਪਦਿਆਂ ਉਹਨੂੰ ਗੱਲ ਕਰਨੋਂ ਵਰਜਿਆਂ ਤੇ ਉੱਚੀ ਆਵਾਜ਼ ਵਿਚ ਬੋਲਿਆ, ‘‘ਕਿਸੇ ਇਕ ਧਿਰ ਨੂੰ ਦੋਸ਼ ਦੇਣਾ ਮੂਲੋਂ ਹੀ ਗ਼ਲਤ ਹੈ। ਦੋਹਵਾਂ ਧਿਰਾਂ ਦਾ ਹੀ ਕਸੂਰ ਸੀ ਉਦੋਂ।’’

ਸਾਰਿਆਂ ਨੇ ਇਸ ਦੀ ਹਾਮੀ ਭਰੀ।

ਹਲਕੇ,ਫੁਲਕੇ ਅੰਦਾਜ਼ ਵਿਚ ਜਗਤਾਰ ਫਿਰ ਕਸਟਮ ਅਫ਼ਸਰ ਨੂੰ ਮੁਖ਼ਾਤਬ ਹੋਇਆ, ‘‘ਉਦੋਂ ਤੁਸੀਂ ਸਾਨੂੰ ਕੁੱਟ-ਕੁੱਟ ਕੇ ਕੱਢ ਦਿੱਤਾ।’’

‘‘ਤੁਸੀਂ ਸਾਨੂੰ ਚੰਗੀ ਖੰਡ ਪਾਈ ਸੀ’’ ਕਸਟਮ ਅਫ਼ਸਰ ਦੀ ਜ਼ੁਬਾਨ ਵਿਚ ਨਾ ਚਾਹੁੰਦਿਆਂ ਵੀ ਬੇਮਾਮੂਲੀ ਕੁੜੱਤਣ ਭਰ ਗਈ ਸੀ। ਫਿਰ ਉਸ ਨੇ ਅਸਲ ਗੱਲ ਕੀਤੀ।

‘‘ਸਰਦਾਰ ਜੀ, ਹੁਣ ਲੀਕ ਪਿੱਟੀ ਜਾਣ ਦਾ ਕੋਈ ਫ਼ਾਇਦਾ ਨਹੀਂ, ਅੱਗੇ ਦੀ ਸੋਚੀਏ।’’

ਉਸ ਦੀ ਗੱਲ ਠੀਕ ਸੀ। ਜੋ ਹੋ ਗਿਆ, ਉਹ ਹੋ ਗਿਆ, ਕਿਸਦਾ ਕਸੂਰ ਸੀ? ਕਿੰਨਾ ਕਸੂਰ ਸੀ? ਇਹ ਇਤਿਹਾਸ ਦਾ ਹਿੱਸਾ ਹੋ ਗਿਆ। ਭਾਵੁਕਤਾ ਆਪਣੀ ਥਾਂ ਸੀ, ਪਰ ਹਕੀਕਤ ਇਹ ਸੀ ਕਿ ਦੋ ਵੱਖਰੇ ਮੁਲਕ ਸਨ। ਉਥੋਂ ਦੇ ਬਾਸ਼ਿੰਦਿਆਂ ਦੇ ਆਪੋ-ਆਪਣੇ। ਪਿਛਲੇ ਦਾਅਵਿਆਂ ਦੇ ਸਿਰ ‘ਤੇ ਕੋਈ ਲਾਹੌਰ, ਰਾਵਲਪਿੰਡੀ ਜਾਂ ਲਾਇਲਪੁਰ ਨੂੰ ਆਪਣਾ ਬਣਾ ਨਹੀਂ ਸੀ ਸਕਦਾ, ਆਪਣਾ ਆਖ ਤਾਂ ਸਕਦਾ ਸੀ। ਪਰ ਇਹ ਵੀ ਨਿਰੋਲ ਭਾਵਕੁਤਾ ਸੀ। ਹਕੀਕਤ ਨਹੀਂ ਸੀ। ਹਕੀਕਤ ਤਾਂ ਕੁਝ ਹੋਰ ਸੀ। ਪੁਰਾਣੀ ਭਾਵਕੁਤਾ ਪੁਰਾਣੀ ਮਲਕੀਅਤ ਤੇ ਅਪਣੱਤ ਨੂੰ ਮਨ ਵਿਚ ਰੱਖਦਿਆਂ ਵੀ ਹਕੀਕਤ ਤਸਲੀਮ ਕਰਨੀ ਪੈਣੀ ਸੀ। ਹਕੀਕਤ ਇਹ ਸੀ ਅਹਿਮਦ ਰਾਹੀ ਦੇ ਸ਼ਬਦਾਂ ਵਿਚ :

‘‘ਦੇਸ਼ਾਂ ਵਾਲਿਓ ਆਪਣੇ ਦੇਸ਼ ਅੰਦਰ

ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ।’’

ਇਸ ਧਰਤੀ ‘ਤੇ ਅਸੀਂ ਪਰਦੇਸੀ ਸਾਂ। ਪੁਰਾਣੀ ਲੀਕ ਪਿੱਟੀ ਜਾਣ ਦਾ ਫ਼ਾਇਦਾ ਨਹੀਂ ਸੀ। ਅੱਗੋਂ ਦੀ ਸੋਚਣੀ ਚਾਹੀਦੀ ਹੈ।

ਉਸ ਕਸਟਮ ਅਫ਼ਸਰ ਨੇ ਠੀਕ ਆਖਿਆ ਸੀ। ਪਰ ਅੱਗੋਂ ਬਾਰੇ ਉਸ ਦਾ ਰਵੱਈਆ ਛੇਤੀ ਹੀ ਪਰਗਟ ਹੋ ਗਿਆ, ਜਦੋਂ ਉਸ ਨੇ ਕਿਹਾ, ‘‘ਸਾਡੇ ਫ਼ੈਸਲਾਬਾਦ ਵਿਚ ਸਰਦਾਰ ਆਸਾ ਸੁੰਹ ਦੀ ਬੈਠਕ ਏਨੀ ਵੱਡੀ ਹੁੰਦੀ ਸੀ ਕਿ ਦੋ ਜੰਞਾਂ ਵਿਚ ਬਹਿ ਸਕਦੀਆਂ ਸਨ। ਬੈਠਕ ਨਾਲੋਂ ਸ਼ੁਰੂ ਹੋ ਕੇ ਉਹਦੀ ਇਕ ਟੱਕ ਪੰਝੀ ਮੁਰੱਬੇ ਜ਼ਮੀਨ ਸੀ। ਓਧਰ ਪਤਾ ਨਹੀਂ ਲਾਲਿਆਂ ਨੇ ਉਹਨੂੰ ਮਰਲਾ ਦਿੱਤੀ ਹੋਊ ਜਾਂ ਨਾ।’’

ਆਪਣੀ ਗੱਲ ਕਹਿ ਕੇ ਉਹ ਪਿੱਛੇ ਪਰਤ ਗਿਆ। ਉਹਦੇ ਰਾਹੀਂ ਪਾਕਿਸਤਾਨ ਸਰਕਾਰ ਦਾ ਹੀ ਨਜ਼ਰੀਆ ਪੇਸ਼ ਹੋ ਰਿਹਾ ਸੀ ਜਿਸ ਨੂੰ ਪ੍ਰਚਾਰ ਪ੍ਰਸਾਰ ਕੇ ਆਮ ਪਾਕਿਸਤਾਨੀ ਲੋਕਾਂ ਦੇ ਮਨਾਂ ਵਿਚ ਵੀ ਬਿਠਾ ਦਿੱਤਾ ਗਿਆ ਸੀ। ਇਸ ਪ੍ਰਚਾਰ ਅਨੁਸਾਰ ਭਾਰਤੀ ਪੰਜਾਬ ਵਿਚ ਸਿੱਖਾਂ ਉੱਤੇ ਹਿੰਦੂਆਂ ਵਲੋਂ ਬਹੁਤ ਜ਼ੁਲਮ ਢਾਏ ਜਾਂਦੇ ਹਨ। ਸਿੱਖਾਂ ਨੂੰ ਪੀੜਿਤ ਧਿਰ ਸਮਝ ਕੇ ਉਹ ਆਪਣੇ ਗਲ ਨਾਲ ਲਾ ਕੇ ਭਾਰਤ ਵਿਰੁੱਧ ਆਪਣੀ ਧਿਰ ਮਜ਼ਬੂਤ ਕਰਨਾ ਚਾਹੁੰਦੇ ਹਨ। ਜਦ ਕਿ ਹਕੀਕਤ ਇਸ ਤੋਂ ਕੋਹਾਂ ਦੂਰ ਸੀ। ਘਰ ਵਿਚ ਭਰਾਵਾਂ ਦੇ ਵੀ ਆਪਸੀ ਝਗੜੇ ਹੁੰਦੇ ਨੇ ਪਰ ਜਿਹੜਾ ਅੰਗੂਰ ਸਿੱਖਾਂ ਰਾਹੀਂ ਪਾਕਿਸਤਾਨ ਮੂੰਹ ਵਿਚ ਪਾਉਣਾ ਲੋਚਦਾ ਹੈ ਉਹ ਅੰਗੂਰ ਡਿੱਗਣ ਦੀ ਮੈਨੂੰ ਤਾਂ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਭਾਵੇਂ ਪਾਕਿਸਤਾਨ ਇਸ ਮਕਸਦ ਦੀ ਪੂਰਤੀ ਲਈ ਨਿਰੰਤਰ ਯਤਨ ਕਰਦਾ ਆ ਰਿਹਾ ਹੈ।

Read 3415 times