ਲੇਖ਼ਕ

Wednesday, 14 October 2009 16:59

37 - ਮੇਰਾ ਤੋਰਾ ਫੇਰਾ

Written by
Rate this item
(0 votes)

ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ ਲਾਗੇ ਲੋਹਗੜ੍ਹ ਤੋਂ ਤੁਰ ਕੇ ਪਿੰਡ ਆਇਆ ਸਾਂ ਤੇ ਆ ਕੇ ਮੱਝਾਂ ਮਗਰ ਗਿਆ ਸਾਂ। ਉੱਦਣ ਪੰਜਾਹ ਸੱਠ ਕਿਲੋਮੀਟਰ ਪੈਂਡਾ ਕੱਛਿਆ ਹੋਵੇਗਾ। ਦਸ ਬਾਰਾਂ ਕਿਲੋਮੀਟਰ ਤੁਰਨਾ ਤਾਂ ਮੇਰਾ ਨਿੱਤ ਦਾ ਵਾਹ ਰਿਹਾ ਹੈ। ਮੈਂ ਸਮਝਦਾ ਹਾਂ ਤੁਰਨਾ ਬੰਦੇ ਲਈ ਬਹੁਤ ਜ਼ਰੂਰੀ ਹੈ। ਤੁਰਨ ਨਾਲ ਸਿਹਤ ਕਾਇਮ ਰਹਿੰਦੀ ਹੈ, ਭੁੱਖ ਚੰਗੀ ਲੱਗਦੀ ਹੈ ਤੇ ਨੀਂਦ ਗੂੜ੍ਹੀ ਆਉਂਦੀ ਹੈ। ਨਰੋਈ ਸਿਹਤ ਨਾਲ ਸਭ ਕੁੱਝ ਚੰਗਾ ਲੱਗਦਾ ਹੈ ਤੇ ਉਮਰ ਦੇ ਸਾਲ ਵੀ ਵਧ ਜਾਂਦੇ ਹਨ।

ਇਕ ਦਿਨ ਮੈਂ ਟੋਰਾਂਟੋ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਪੜ੍ਹਿਆ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ਼ਤਿਹਾਰ ਪੜ੍ਹ ਕੇ ਮੈਂ ਆਪਣੇ ਤੁਰਨ ਫਿਰਨ ਬਾਰੇ ਸੋਚਣ ਲੱਗ ਪਿਆ। ਮੈਨੂੰ ਸਕੂਲ ਤੇ ਕਾਲਜ ਹੀ ਇਹੋ ਜਿਹੇ ਨਸੀਬ ਹੋਏ ਸਨ ਕਿ ਪੜ੍ਹਨ ਜਾਣ ਲਈ ਹਰ ਰੋਜ਼ ਘੱਟੋ ਘੱਟ ਦਸ ਕਿਲੋਮੀਟਰ ਤੁਰਨਾ ਪੈਂਦਾ ਸੀ। ਬਾਰ੍ਹਵੀਂ ਤਕ ਮੈਂ ਤੁਰ ਕੇ ਪੜ੍ਹਨ ਜਾਂਦਾ ਰਿਹਾ। ਸਾਈਕਲ ਮਿਲਿਆ ਤਾਂ ਉਹ ਵੀ ਦੱਬ ਕੇ ਚਲਾਇਆ। ਅਠਾਰਾਂ ਸਾਲ ਦੀ ਉਮਰ ਤੋਂ ਲੈ ਕੇ ਛਿਆਲੀ ਸਾਲ ਦੀ ਉਮਰ ਤਕ ਮੈਂ ਸਾਈਕਲ ਉਤੇ ਹੀ ਸਵਾਰ ਰਿਹਾ। ਅਠਾਈ ਸਾਲਾਂ ਵਿੱਚ ਇੱਕ ਲੱਖ ਕਿਲੋਮੀਟਰ ਤਾਂ ਸਾਈਕਲ ਚਲਾ ਈ ਦਿੱਤਾ ਹੋਊ!

ਇਕ ਦਿਨ ਫਾਜ਼ਿਲਕਾ ਲਾਗੇ ਕੋਠੇ ਤੋਂ ਚੱਲ ਕੇ ਚਕਰ ਸਾਈਕਲ ਉਤੇ ਹੀ ਪੁੱਜਾ ਸਾਂ। ਉੱਦਣ ਦੋ ਸੌ ਕਿਲੋਮੀਟਰ ਦੇ ਕਰੀਬ ਮੰਜ਼ਿਲ ਮਾਰੀ ਸੀ। ਜੇ ਮੈਂ ਦਿੱਲੀ ਤੋਂ ਚਕਰ ਤਕ ਸਾਈਕਲ ਚਲਾਇਆ ਹੁੰਦਾ ਤਾਂ ਹੋਰ ਵੀ ਸੁਆਦ ਆਉਂਦਾ ਤੇ ਇਹ ਗੱਲ ਹੁੱਬ ਕੇ ਦੱਸਦਾ। ਜੇਕਰ ਸਾਈਕਲ ਉਤੇ ਦੁਨੀਆ ਦਾ ਟੂਰ ਲੱਗ ਜਾਂਦਾ ਤਾਂ ਕਿਆ ਬਾਤ ਸੀ!

ਮੈਂ ਆਪਣੇ ਤੁਰਨ ਦਾ ਇੱਕ ਨਵੇਕਲਾ ਤਜਰਬਾ ਵੀ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਨਾਂ। ਕਈ ਇਹੋ ਜਿਹੀਆਂ ਗੱਲਾਂ ਦੱਸਣੋ ਸੰਕੋਚ ਕਰਦੇ ਹਨ ਪਰ ਮੈਂ ਦੱਸ ਈ ਦਿੰਨਾਂ। ਪੜ੍ਹ ਕੇ ਸ਼ਾਇਦ ਕਿਸੇ ਦਾ ਭਲਾ ਹੀ ਹੋਵੇ। ਮੇਰੇ ਚਾਰ ਭਰਾ ਹਨ। ਵਿਚਕਾਰਲੇ ਦੋ ਭਰਾ ਕੁਇੰਟਲ ਦੇ ਕਰੀਬ ਹਨ ਅਤੇ ਵੱਡਾ ਤੇ ਛੋਟਾ ਕੁਇੰਟਲ ਤੋਂ ਉਤੇ ਹਨ। ਉਹ ਸਮਝਦੇ ਹਨ ਕਿ ਸਾਨੂੰ ਵਿਰਾਸਤ ਹੀ ਭਾਰੇ ਹੋਣ ਦੀ ਮਿਲੀ ਹੈ। ਪਰ ਮੈਂ ਵੱਡੇ ਭਰਾ ਵੱਲ ਵੇਖ ਕੇ ਸੁਚੇਤ ਸਾਂ ਕਿਤੇ ਮੈਂ ਵੀ ਕੁਇੰਟਲ ਤੋਂ ਟੱਪ ਨਾ ਜਾਵਾਂ। ਮੈਂ ਤਾਂ ਕਾਲਜ ਦੇ ਵਿਦਿਆਰਥੀਆਂ ਸਾਂਹਵੇਂ ਵੀ ਵਿਚਰਨਾ ਸੀ। ਮੋਟਾ ਹੋ ਜਾਂਦਾ ਤਾਂ ਮੁੰਡਿਆਂ ਨੇ ਮੇਰਾ ਨਾਂ ਮੋਟਾ ਪ੍ਰੋਫੈਸਰ ਰੱਖ ਲੈਣਾ ਸੀ। ਡੀ.ਐੱਮ.ਕਾਲਜ ਮੋਗੇ ਦਾ ਇੱਕ ਪ੍ਰੋਫੈਸਰ ਪੜ੍ਹਾਉਂਦਾ ਹੋਇਆ ਪੌੜ ਮਾਰਦਾ ਰਹਿੰਦਾ ਸੀ ਜਿਸ ਕਰਕੇ ਮੁੰਡਿਆਂ ਨੇ ਉਹਦਾ ਨਾਂ ‘ਘੋੜਾ’ ਰੱਖ ਲਿਆ ਸੀ।

1968 ਵਿੱਚ ਮੇਰੇ ਵਿਆਹ ਮੌਕੇ ਮੇਰਾ ਵਜ਼ਨ 68 ਕਿਲੋਗਰਾਮ ਸੀ। ਦੋ ਢਾਈ ਸਾਲਾਂ ਵਿੱਚ ਹੀ ਮੈਂ ਅੱਸੀ ਕਿਲੋਗਰਾਮ ਦਾ ਹੋ ਗਿਆ। ਫਿਰ ਮੈਂ ਭਾਰ ਵਧਣ ਦਾ ਫਿਕਰ ਕਰਨ ਲੱਗਾ। ਕਸਰਤ ਤਾਂ ਕਰਦਾ ਰਿਹਾ ਪਰ ਖੁਰਾਕ ਨਾ ਘਟਾਈ। ਤੁਰਨ ਫਿਰਨ ਦੇ ਨਾਲ ਮਹੀਨੇ ਵਿੱਚ ਸੌ ਕੁ ਮੀਲ ਦੌੜਨ ਦੀ ਵੀ ਔਸਤ ਪਾ ਜਾਂਦਾ। ਪਰ ਭਾਰ ਫਿਰ ਵੀ ਨਾ ਘਟਿਆ। ਕਈ ਸਾਲ ਮੈਂ ਅੱਸੀ ਕਿੱਲੋ ਦੇ ਆਲੇ ਦੁਆਲੇ ਤੁਲਦਾ ਰਿਹਾ।

1986 ਵਿੱਚ ਸਕੂਟਰ ਲਿਆ ਤਾਂ ਸਾਈਕਲ ਛੁੱਟ ਗਿਆ ਤੇ ਭਾਰ ਹੋਰ ਵਧਣ ਲੱਗ ਪਿਆ। ਭਾਰ ਤੋਲਣ ਵਾਲੀ ਮਸ਼ੀਨ ਦੀ ਸੂਈ ਪੰਜਾਸੀ ਕਿੱਲੋ ਦੀ ਲਕੀਰ ਟੱਪਣ ਲੱਗੀ। ਵਧੇਰੇ ਖਾਣ ਪੀਣ ਦੀ ਬਾਣ ਮੈਨੂੰ ਬਚਪਨ ਤੋਂ ਪਈ ਹੋਈ ਸੀ ਤੇ ਉਹ ਮੈਥੋਂ ਛੱਡੀ ਨਹੀਂ ਸੀ ਜਾਂਦੀ। ਅਸੀਂ ਉਦੋਂ ਢੁੱਡੀਕੇ ਰਹਿੰਦੇ ਸਾਂ। ਪਿੰਡੋਂ ਦੇਸੀ ਘਿਉ ਲੈ ਆਈਦਾ ਸੀ ਤੇ ਗੁਆਂਢੋਂ ਮੱਝਾਂ ਦਾ ਦੁੱਧ ਮਿਲ ਜਾਂਦਾ ਸੀ। ਦਾਲ ਸਬਜ਼ੀ `ਚ ਘਿਉ ਪਾਏ ਬਿਨਾਂ ਰੋਟੀ ਸੁਆਦ ਨਹੀਂ ਸੀ ਲੱਗਦੀ। ਭਾਰ ਵਧਦਾ ਨਾ ਤਾਂ ਹੋਰ ਕੀ ਕਰਦਾ?

ਉਹਨੀਂ ਦਿਨੀਂ ਮੈਂ ‘ਸੀਕਰਟ ਆਫ਼ ਸਲਿੰਮਿੰਗ’ ਨਾਂ ਦੀ ਕਿਤਾਬ ਪੜ੍ਹੀ ਜਿਸ ਦਾ ਤੱਤਸਾਰ ਸੀ ਕਿ ਖੁਰਾਕ ਤੀਜਾ ਹਿੱਸਾ ਘਟਾ ਦਿਓ ਤੇ ਕਸਰਤ ਡੇਢੀ ਕਰ ਲਓ। ਜੇ ਤਿੰਨ ਹਜ਼ਾਰ ਕਲੋਰੀਆਂ ਲੈਂਦੇ ਓ ਤਾਂ ਦੋ ਹਜ਼ਾਰ ਕਰ ਲਓ ਤੇ ਜੇ ਦੋ ਹਜ਼ਾਰ ਕਲੋਰੀਆਂ ਬਾਲਦੇ ਓ ਤਾਂ ਤਿੰਨ ਬਾਲਣ ਲੱਗ ਪਓ। ਜਦੋਂ ਭਾਰ ਮਿਥੇ ਟੀਚੇ `ਤੇ ਆ-ਜੇ ਤਾਂ ਓਨੀਆਂ ਕਲੋਰੀਆਂ ਈ ਲਓ ਜਿੰਨੀਆਂ ਬਾਲ ਸਕੋ। ਮੈਨੂੰ ਨੁਸਖ਼ਾ ਲੱਭ ਗਿਆ ਕਿ ਭਾਰ ਵਧੇਰੇ ਖਾਣ ਪੀਣ ਨਾਲ ਹੀ ਵਧਦਾ ਤੇ ਹੁਣ ਘਟੂ ਵੀ ਖੁਰਾਕ ਘਟਾ ਕੇ ਤੇ ਤੋਰਾ ਫੇਰਾ ਵਧਾ ਕੇ।

ਮੈਂ ਬੈਠ ਕੇ ਜਾਂ ਲੇਟ ਕੇ ਪੜ੍ਹਨ ਦੀ ਥਾਂ ਵਿਹੜੇ `ਚ ਤੁਰ ਫਿਰ ਕੇ ਪੜ੍ਹਨ ਲੱਗਾ ਤੇ ਕਾਲਜ ਵੀ ਤੁਰ ਕੇ ਜਾਣ ਲੱਗ ਪਿਆ। ਜਮਾਤ ਨੂੰ ਪੜ੍ਹਾਉਣ ਵੇਲੇ ਵੀ ਟਹਿਲਦਾ ਰਹਿੰਦਾ। ਕਾਲਜ ਦੀ ਕੰਟੀਨ ਤੋਂ ਰੋਜ਼ਾਨਾ ਤਿੰਨ ਚਾਰ ਕੱਪ ਚਾਹ ਦੇ ਪੀਂਦਾ ਸਾਂ ਉਹ ਇੱਕ ਦੋ ਕੀਤੇ। ਪਰ ਭਾਰ ਫਿਰ ਵੀ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ। ਉਹਨੀਂ ਦਿਨੀਂ ਹੀ ਮੇਰੀ ਡਿਊਟੀ ਸਾਇੰਸ ਕਾਲਜ ਜਗਰਾਓਂ ਦੇ ਪ੍ਰੀਖਿਆ ਕੇਂਦਰ ਵਿੱਚ ਲੱਗ ਗਈ। ਪਹਿਲਾਂ ਮੈ ਸਾਈਕਲ `ਤੇ ਜਾਣ ਆਉਣ ਬਾਰੇ ਸੋਚਿਆ ਪਰ ਪਿੱਛੋਂ ਲੰਮੀ ਤੋਰ ਦਾ ਫੁਰਨਾ ਫੁਰ ਪਿਆ। ਮੈਂ ਮਿਥ ਲਿਆ ਕਿ ਜਾਂਦਾ ਹੋਇਆ ਬੱਸ `ਤੇ ਜਾਇਆ ਕਰਾਂਗਾ ਤੇ ਮੁੜਦਾ ਹੋਇਆ ਤੁਰ ਕੇ ਆਇਆ ਕਰਾਂਗਾ। ਮੈਂ ਆਪਣੀਆਂ ਸਾਰੀਆਂ ਡਿਊਟੀਆਂ ਸ਼ਾਮ ਦੇ ਸੈਸ਼ਨ ਦੀਆਂ ਲੁਆ ਲਈਆਂ। ਇੱਕ ਮਹੀਨਾ ਇਮਤਿਹਾਨ ਚੱਲਣੇ ਸਨ ਤੇ ਮੈਨੂੰ ਵੀਹ ਪੱਚੀ ਵਾਰ ਲੰਮੀ ਤੋਰ ਤੁਰਨ ਦਾ ਮੌਕਾ ਮਿਲ ਜਾਣਾ ਸੀ। ਇਹ ਮੇਰੇ ਭਾਰ ਘਟਾਉਣ ਦਾ ਵੀ ਇਮਤਿਹਾਨ ਹੋਣਾ ਸੀ।

ਮੈਂ ਪਰੌਂਠੇ ਖਾਣੇ ਬੰਦ ਕਰ ਦਿੱਤੇ ਤੇ ਦੁੱਧ ਵੀ ਮਲਾਈ ਲਾਹਿਆ ਪੀਣ ਲੱਗ ਪਿਆ। ਦਾਲ ਸਬਜ਼ੀ `ਚ ਮੱਖਣ ਘਿਉ ਪਾਉਣਾ ਛੱਡ ਦਿੱਤਾ। ਚਾਹ ਰਤਾ ਫਿੱਕੀ ਕਰ ਲਈ ਤੇ ਲੂਣ ਮਿੱਠੇ ਤੋਂ ਪ੍ਰਹੇਜ਼ ਕਰ ਲਿਆ। ਦੁੱਧ ਦੀ ਗੜਬੀ ਸਿਰ੍ਹਾਣਿਓਂ ਚੁਕਾ ਦਿੱਤੀ। ਰੋਟੀਆਂ ਚਹੁੰ ਪੰਜਾਂ ਤੋਂ ਦੋ ਤਿੰਨਾਂ `ਤੇ ਆ ਗਿਆ ਪਰ ਆਇਆ ਬੜੇ ਸਿਰੜ ਨਾਲ। ਹਰ ਵੇਲੇ ਲੱਗੀ ਜਾਂਦਾ ਜਿਵੇਂ ਭੁੱਖ ਲੱਗੀ ਹੋਵੇ। ਚਾਰਟ ਤੋਂ ਪਤਾ ਲੱਗ ਜਾਂਦਾ ਸੀ ਕਿ ਕਿੰਨੀਆਂ ਕਲੋਰੀਆਂ ਪੇਟ `ਚ ਪਾਈਆਂ ਨੇ ਤੇ ਕਿੰਨੀਆਂ ਕਸਰਤ ਕਰ ਕੇ ਬਾਲੀਆਂ ਨੇ? ਜਗਰਾਓਂ ਤੋਂ ਢੁੱਡੀਕੇ ਤਕ ਤੁਰਨ ਦੀ ਵਾਹਵਾ ਕਸਰਤ ਹੋਣੀ ਸੀ। ਮੈਂ ਹਿਸਾਬ ਲਾਇਆ ਕਿ ਡੇਢ ਹਜ਼ਾਰ ਕਲੋਰੀਆਂ ਤਾਂ ਮੈਂ ਰਾਹ `ਚ ਈ ਬਾਲ ਦਿਆ ਕਰਾਂਗਾ।

ਮੈਂ ਜਗਰਾਓਂ ਜਾਣ ਲਈ ਬੱਸ ਵਿੱਚ ਜਾਂਦਾ। ਪੰਜ ਵਜੇ ਇਮਤਿਹਾਨ ਮੁੱਕਦਾ ਤਾਂ ਸਾਇੰਸ ਕਾਲਜ ਦੀ ਚਾਰ ਫੁੱਟੀ ਕੰਧ ਟੱਪਦਾ ਤੇ ਚੂਹੜਚੱਕ ਵੱਲ ਨੂੰ ਜਾਂਦੇ ਸੂਏ ਜਾ ਚੜ੍ਹਦਾ। ਪੱਕੇ ਸੂਏ ਦੇ ਤੇਜ਼ ਵਗਦੇ ਪਾਣੀ ਨਾਲ ਮੈਂ ਵੀ ਵਗਿਆ ਜਾਂਦਾ ਤੇ ਨਾਲ ਈ ਤਰੀ ਜਾਂਦੇ ਪਾਣੀ `ਚ ਡਿੱਗੇ ਕੱਖ ਕਾਣ। ਸ਼ਾਮ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪਾਣੀ ਨਾਲ ਕਲੋਲਾਂ ਕਰਦੀਆਂ। ਮੇਰੀ ਕਲਪਨਾ ਨੂੰ ਖੰਭ ਲੱਗ ਜਾਂਦੇ। ਪਾਣੀ `ਚ ਚੁੰਝਾਂ ਡੁਬੋ ਕੇ ਖੰਭ ਫਟਕਾਉਂਦੀਆਂ ਚਿੜੀਆਂ ਗੁਟਾਰਾਂ ਮੇਰੀਆਂ ਨਜ਼ਰਾਂ ਦਾ ਸ਼ਿੰਗਾਰ ਬਣਦੀਆਂ। ਉਹਨਾਂ ਦੀ ਗੁਟਰਗੂੰ ਕਵੀਸ਼ਰੀ ਕਰਦੀ ਲੱਗਦੀ। ਝੂੰਮਦੇ ਹੋਏ ਕਾਹ ਦੇ ਬੂਝੇ ਤੇ ਰੁੱਖ ਮੇਰਾ ਸਵਾਗਤ ਕਰਦੇ ਲੱਗਦੇ। ਖੇਤਾਂ ਵਿੱਚ ਖਿਲਰੇ ਦਾਣੇ ਚੁਗ ਕੇ ਉਡੀਆਂ ਜਨੌਰਾਂ ਦੀਆਂ ਡਾਰਾਂ ਹੋਰ ਵੀ ਪਿਆਰੀਆਂ ਲੱਗਦੀਆਂ। ਸੂਏ ਦੀ ਪਟੜੀ `ਤੇ ਤੁਰਨ ਦਾ ਅਨੰਦ ਆਉਂਦਾ।

ਉਦੋਂ ਮੈਨੂੰ ਇਕੋ ਈ ਡਰ ਸੀ ਕਿ ਕੋਈ ਮੇਰਾ ਜਾਣੂੰ ਪਛਾਣੂੰ ਮੈਨੂੰ ਜਗਰਾਓਂ ਤੋਂ ਢੁੱਡੀਕੇ ਤਕ ਤੁਰਦਿਆਂ ਵੇਖ ਕੇ ਚੰਗੇ ਭਲੇ ਪ੍ਰੋਫੈਸਰ ਦਾ ਦਿਮਾਗ ਹਿੱਲ ਗਿਆ ਨਾ ਸਮਝ ਬਹੇ! ਉਦੋਂ ਤੁਰਨ ਦਾ ਤਾਂ ਜ਼ਮਾਨਾ ਈ ਨਹੀਂ ਸੀ ਰਿਹਾ। ਮਾਰਧਾੜ ਦਾ ਦੌਰ ਸੀ। ਨਾਲੇ ਸਾਧਨ ਹੁੰਦੇ ਸੁੰਦੇ ਕੌਣ ਤੁਰਦੈ? ਮੇਰੇ ਕੋਲ ਤਾਂ ਸਕੂਟਰ ਵੀ ਸੀ। ਸਕੂਟਰ ਦੇ ਹੁੰਦਿਆਂ ਸੋਲਾਂ ਸਤਾਰਾਂ ਕਿਲੋਮੀਟਰ ਤੁਰਨਾ ਵੇਖਣ ਵਾਲਿਆਂ ਦੇ ਸਮਝ `ਚ ਆਉਣ ਵਾਲੀ ਗੱਲ ਨਹੀਂ ਸੀ। ਅਗਲਿਆਂ ਨੇ ਕਹਿਣਾ ਸੀ, “ਬਹੁਤੇ ਪੜ੍ਹਿਆਂ ਲਿਖਿਆਂ ਦਾ ਡਮਾਕ ਇਓਂ ਈ ਤਾਂ ਹਿਲਦੈ!”

ਸੂਏ ਉਤੇ ਜਿਥੇ ਪੁਲ ਆਉਂਦਾ ਮੈਂ ਆਸੇ ਪਾਸੇ ਵੇਖ ਕੇ ਤੇਜ਼ੀ ਨਾਲ ਲੰਘਦਾ ਕਿ ਕੋਈ ਵੇਖ ਨਾ ਲਵੇ। ਇੱਕ ਪੁਲ ਡੱਲੇ ਨੂੰ ਜਾਂਦੀ ਸੜਕ ਦਾ ਸੀ ਤੇ ਤਿੰਨ ਪੁਲ ਕੌਂਕਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਸਨ। ਚੂਹੜਚੱਕ ਵਾਲੇ ਪੁਲ ਤੋਂ ਪਹਿਲਾਂ ਹੀ ਮੈਂ ਕੱਚੇ ਰਾਹ ਉੱਤਰ ਪੈਂਦਾ ਸੀ। ਢੁੱਡੀਕੇ ਨੇੜੇ ਜੇ ਕੋਈ ਪੁੱਛਦਾ, “ਕਿਥੋਂ ਆਇਐਂ?” ਤਾਂ ਆਖਿਆ ਜਾ ਸਕਦਾ ਸੀ, “ਐਥੋਂ ਚੂਹੜਚੱਕੋਂ।” ਦੋ ਤਿੰਨ ਕਿਲੋਮੀਟਰ ਤੁਰਨਾ ਅਗਲੇ ਦੇ ਸਮਝ ਆਉਣ ਵਾਲੀ ਗੱਲ ਸੀ। ਦਿਮਾਗ ਹਿੱਲਣ ਵਾਲੀ ਗੱਲ ਫਿਰ ਅਗਲੇ ਦੇ ਦਿਮਾਗ ਵਿੱਚ ਨਹੀਂ ਸੀ ਆਉਣੀ। ਹੁਣ ਮੈਂ ਸੋਚਦਾਂ ਇਹ ਗੱਲ ਭਲਾ ਮੇਰੇ ਦਿਮਾਗ `ਚ ਕਿਉਂ ਆਉਂਦੀ ਸੀ?

ਅਸਲ ਵਿੱਚ ਉਦੋਂ ਮੈਂ ਨਵਾਂ ਨਵਾਂ ਈ ਸਕੂਟਰ ਲਿਆ ਸੀ। ਉਹ ਚੜ੍ਹਨ ਲਈ ਲਿਆ ਸੀ ਨਾ ਕਿ ਦਿਖਾਵੇ ਲਈ। ਜੇ ਨਹੀਂ ਸੀ ਚੜ੍ਹਦਾ ਤਾਂ ਵੇਖਣ ਵਾਲੇ ਮਜ਼ਾਕ ਉਡਾ ਸਕਦੇ ਸਨ ਕਿ ਪਟਰੋਲ ਦਾ ਸਰਫਾ ਕਰਦੈ। ਤੁਰਨ ਦੀ ਨਵੀਂ ਨਵੀਂ ਸੰਗ ਸੀ ਜੋ ਲੁਕਦਿਆਂ ਛਿਪਦਿਆਂ ਹੌਲੀ ਹੌਲੀ ਖੁੱਲ੍ਹੀ। ਮੈਂ ਆਪਣੇ ਪੇਂਡੂਆਂ ਦੀਆਂ ਨਜ਼ਰਾਂ ਸਾਹਮਣੇ ਇਸ ਲਈ ਵੀ ਤੁਰਨੋਂ ਝਕਦਾ ਸਾਂ ਕਿ ਕੋਈ ਮੈਨੂੰ ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਨਾ ਸਮਝ ਲਵੇ? ਕਦੇ ਕਦੇ ਮੈਂ ਮਨ ਨਾਲ ਗੱਲਾਂ ਕਰਦਾ, “ਲੈ ਤੂੰ ਸੰਗ ਕਾਹਦੀ ਮੰਨਦੈਂ? ਆਪਾਂ ਯਾਰ ਆਪ ਦੇ ਪੈਰੀਂ ਤੁਰਦੇ ਆਂ। ਕੋਈ ਚੋਰੀ ਯਾਰੀ ਤਾਂ ਨੀ ਕਰਦੇ? ਆਪਾਂ ਤੁਰਾਂਗੇ, ਸ਼ੌਂਕ ਨਾਲ ਤੁਰਾਂਗੇ। ਦੇਖਦੇ ਆਂ ਆਪਾਂ ਨੂੰ ਕੌਣ ਰੋਕਦੈ?” ਪਰ ਰੋਕਣਾ ਕੀਹਨੇ ਸੀ?

ਪਹਿਲੇ ਦਿਨ ਮੈਂ ਪੌਣੇ ਤਿੰਨ ਘੰਟਿਆਂ `ਚ ਘਰ ਪੁੱਜਾ। ਫਿਰ ਤੋਰ ਹੋਰ ਤੇਜ਼ ਕਰ ਲਈ ਤੇ ਢਾਈ ਘੰਟਿਆਂ ਵਿੱਚ ਢੁੱਡੀਕੇ ਪਹੁੰਚਣ ਲੱਗ ਪਿਆ। ਸਾਇੰਸ ਕਾਲਜ ਤੋਂ ਸੜਕ ਰਾਹੀਂ ਵਾਟ ਵੀਹ ਕਿਲੋਮੀਟਰ ਬਣਦੀ ਸੀ ਪਰ ਸੂਏ ਪੈ ਕੇ ਸਿੱਧੀ ਇਹ ਸੋਲਾਂ ਕਿਲੋਮੀਟਰ ਈ ਸੀ। ਉਹਨੀਂ ਦਿਨੀਂ ਸਾਢੇ ਸੱਤ ਵਜੇ ਟੀ.ਵੀ.`ਤੇ ਖ਼ਬਰਾਂ ਆਉਂਦੀਆਂ ਸਨ। ਮੈਂ ਖ਼ਬਰਾਂ ਵੇਲੇ ਨੂੰ ਘਰ ਆ ਪਹੁੰਚਦਾ ਸੀ। ਮਹੀਨੇ ਮਗਰੋਂ ਭਾਰ ਤੋਲਿਆ ਤਾਂ ਮੈਂ ਮੁੜ ਕੇ ਅੱਸੀ ਕਿਲੋਗਰਾਮ `ਤੇ ਆ ਗਿਆ ਸਾਂ। ਫਿਰ ਮੈਂ ਇੱਕ ਆਰਟੀਕਲ ਲਿਖਿਆ-ਪੈਰੀਂ ਤੁਰਨ ਦਾ ਅਨੰਦ।

ਉਸ ਵਿੱਚ ਲਿਖਿਆ ਕਿ ਸਾਡੇ ਬਹੁਤੇ ਬੰਦੇ, ਖ਼ਾਸ ਕਰ ਰੱਜੇ ਪੁੱਜੇ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਨਰੋਈ ਸਿਹਤ ਦੀਆਂ ਨਿਹਮਤਾਂ ਤੋਂ ਵਿਰਵੇ ਹੋ ਰਹੇ ਹਨ। ਸਿਆਣੇ ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਸੁਆਦ ਗਿਆ ਤੇ ਅੱਖਾਂ ਗਈਆਂ ਜਹਾਨ ਗਿਆ। ਕਹਿਣ ਵਾਲੀ ਇੱਕ ਗੱਲ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਸਮਝੋ ਜਿਊਣੋ ਗਿਆ। ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਸਰਦੇ ਬਰਦੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ। ਸੌ `ਚੋਂ ਨੱਬੇ ਬਿਮਾਰੀਆਂ ਪੈਰੀਂ ਤੁਰਨਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।

ਤੁਰਨਾ, ਸਹਿਜ, ਸੁਭਾਵਿਕ, ਸੌਖੀ ਤੇ ਸਭ ਤੋਂ ਸਰਲ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਕਸਰਤ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ? ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਇਨ੍ਹਾਂ ਅੰਗਾਂ ਨੂੰ ਉਹਨੂੰ ਕੋਈ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖੁਦ ਉਸ ਨੂੰ ਮੌਕਾ ਦੇਵੇ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ ਬਲਿਹਾਰੇ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ ਬਖ਼ਸ਼ਦੀ ਹੈ।

ਪੈਦਲ ਚੱਲਣ ਨਾਲ ਕੁਦਰਤੀ ਕਸਰਤ ਹੁੰਦੀ ਹੈ, ਖਾਧਾ ਪੀਤਾ ਹਜ਼ਮ ਹੁੰਦਾ ਹੈ, ਭੱਸ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਜੀਅ ਲਾ ਕੇ ਕੰਮ ਕਾਰ ਕਰਦਾ ਹੈ ਤੇ ਛੇਤੀ ਕੀਤਿਆਂ ਕੋਈ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਲੰਮੀਆਂ ਤੇ ਤੇਜ਼ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਵਾਟਾਂ ਦੀ ਸੈਰ ਨਾਲ ਆਈ ਨੀਂਦ ਕਿਤੇ ਸੁਖਦਾਈ ਹੁੰਦੀ ਹੈ।

ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤਾਂ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਮੂੰਹ ਸਿਰ ਰੰਗ ਦੇਣਗੇ ਪਰ ਬਦਨ ਦਾ ਸੁਹੱਪਣ ਤਦ ਹੀ ਨਿੱਖਰੇਗਾ ਜੇ ਜੁੱਸਾ ਛਾਂਟਵਾਂ ਤੇ ਸਡੌਲ ਹੋਇਆ। ਸਾਡੇ ਵੱਡਵਡੇਰੇ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ ਤੁਰ ਕੇ ਜਾਂਦੇ ਸਨ ਤੇ ਪੰਜਾਹ ਕੋਹ ਪੈਂਡਾ ਕੱਛ ਕੇ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨੀ ਸੀ ਆਉਂਦਾ। ਉਹ ਪਹੁਫੁਟਾਲੇ ਨਾਲ ਤੁਰਦੇ ਸਨ ਜਿਸ ਬਾਰੇ ਵਾਰਸ ਸ਼ਾਹ ਨੇ ਲਿਖਿਐ-ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੇ …। ਉਦੋਂ ਰੁੱਖਾਂ ਉਤੇ ਪੰਛੀ ਚਹਿਚਹਾਉਂਦੇ ਤੇ ਪੈਲੀਆਂ `ਚ ਤਿੱਤਰ ਸੁਭਾਨ ਤੇਰੀ ਕੁਦਰਤ ਦੇ ਗੀਤ ਗਾਉਂਦੇ ਸਨ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।

ਬੰਦੇ ਦੇ ਸਰੀਰ ਵਿੱਚ ਏਨੀ ਸਮਰੱਥਾ ਹੈ ਕਿ ਉਹ ਦੋ ਚਾਰ ਮੀਲ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਮੀਲ ਤੁਰਦਾ ਰਹਿ ਸਕਦਾ ਹੈ। ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਤ੍ਰਹਿੰਦੇ ਹਨ ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਕੁਦਰਤ ਨੇ ਦੂਜਿਆਂ ਵਾਂਗ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ ਛੇ ਵਾਰ ਜਿੱਤੇ। ਉਹ ਅਭਿਆਸ ਵਜੋਂ ਕੁਲ ਕਿੰਨੇ ਮੀਲ ਵਗਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾ ਸਕਿਆ। ਵੈਸੇ 315 ਮੀਲ ਲੰਮੀ ਵਾਕ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਸੀ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸੈਕੰਡ ਵਿੱਚ ਪੂਰੀ ਕੀਤੀ ਸੀ।

ਚੌਵੀ ਘੰਟਿਆਂ ਵਿੱਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਕਾਸਟਾਨੇਡਾ ਕਰਦਾ ਸੀ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆ ਦੇ ਹਿਊ ਨੈਲਸਨ ਦਾ ਸੀ। ਉਹ ਚੌਵੀ ਘੰਟਿਆਂ ਵਿੱਚ 142 ਮੀਲ 448 ਗਜ਼ ਵਗਿਆ। ਬਰਤਾਨੀਆ ਦੀ ਐੱਨ ਸਾਬੇਰ ਨੇ ਚੌਵੀ ਘੰਟਿਆਂ `ਚ 118.5 ਮੀਲ ਪੰਧ ਤੈਅ ਕੀਤਾ ਸੀ। ਫਰਾਂਸ ਦੇ ਵਗਣ ਵਾਲਿਆਂ ਦੀ ਇੱਕ ਕਲੱਬ ਵੱਲੋਂ 1 ਅਪ੍ਰੈਲ 1910 ਨੂੰ 62137 ਮੀਲ ਯਾਨੀ ਇੱਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪ੍ਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿੱਚ ਦੋ ਸੌ ਵਗਣ ਵਾਲਿਆਂ ਨੇ ਭਾਗ ਲਿਆ ਸੀ ਤੇ ਰੁਮਾਨੀਆ ਦਾ ਦਮਿਤਰੀ ਡੌਨ ਪ੍ਰਥਮ ਆਇਆ ਸੀ।

 

ਮਾਅ੍ਹਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਮ ਬੰਦਾ ਤਾਂ ਏਨਾ ਈ ਉੱਦਮ ਕਰ ਲਵੇ ਕਿ ਮੀਂਹ ਆਵੇ ਨ੍ਹੇਰੀ ਜਾਵੇ, ਪੰਜ ਚਾਰ ਕਿਲੋਮੀਟਰ ਤੁਰਨਾ ਹੀ ਹੈ। ਤੇ ਇਹ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ `ਚ ਧਾਰ ਲਵੇ ਕਿ ਕਾਰਾਂ, ਸਕੂਟਰਾਂ, ਰਿਕਸ਼ਿਆਂ ਅਤੇ ਟੈਂਪੂਆਂ `ਤੇ ਐਵੇਂ ਈ ਚੜ੍ਹੀ ਜਾਣਾ ਗੁਨਾਹ ਹੈ, ਖੱਜਲ ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ `ਚੋਂ ਕੱਢ ਦੇਈਏ ਕਿ ਲੋਕ ਕੀ ਕਹਿਣਗੇ? ਲੋਕਾਂ ਨੇ ਕੀ ਕਹਿਣਾ ਹੈ? ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ, ਚੋਰੀ ਯਾਰੀ ਨਹੀਂ ਤੇ ਨਾ ਹੀ ਕੋਈ ਠੱਗੀ ਠੋਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ? ਪੱਛਮੀ ਮੁਲਕਾਂ `ਚ ਗੋਰੀਆਂ ਪੱਟ ਕੱਢੀ ਭੱਜੀਆਂ ਫਿਰਦੀਆਂ ਨੇ। ਕੁਛ ਕਹਿਣਾ ਤਾਂ ਕੀ, ਕੋਈ ਕਿਸੇ ਨੂੰ ਵੇਖਦਾ ਵੀ ਨਹੀਂ।

ਜਿਹੜੇ ਲੋਕ ਟੋਲੀਆਂ ਬਣਾ ਕੇ ਤੁਰਨ ਦੇ ਟੂਰ ਲਗਾ ਸਕਦੇ ਹਨ, ਸਾਥੀ ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਕਲੋਲਾਂ ਕਰਦਿਆਂ ਵਾਟਾਂ ਨਬੇੜ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਏਥੇ ਹੀ ਹੈ। ਬੁੱਢੇ ਬੁੱਢੀਆਂ ਨੂੰ ਚਹਿਲ ਕਦਮੀ ਕਰਦਿਆਂ ਜੁਆਨੀ ਚੜ੍ਹ ਸਕਦੀ ਹੈ। ਸ਼ਾਂਤਮਈ ਵਾਤਾਵਰਣ `ਚ ਤੁਰਦਿਆਂ ਕਲਪਨਾ ਦੇ ਉਹ ਹੁਲ੍ਹਾਰੇ ਲਏ ਜਾ ਸਕਦੇ ਹਨ ਜੋ ਸਿਰਫ਼ ਕਵੀਆਂ ਦੀ ਅਮਾਨਤ ਸਮਝੇ ਜਾਂਦੇ ਹਨ। ਮੈਨੂੰ ਬਹੁਤ ਸਾਰੀਆਂ ਰਚਨਾਵਾਂ ਤੁਰਦਿਆਂ ਫਿਰਦਿਆਂ ਫੁਰੀਆਂ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਸਰੂਰ ਹੈ ਤੇ ਕਿਹੋ ਜਿਹਾ ਅਨੰਦ ਹੈ!

Additional Info

  • Writings Type:: A single wirting
Read 3003 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।