ਲੇਖ਼ਕ

Wednesday, 14 October 2009 17:33

44 - ਮੇਰਾ ਪ੍ਰਿੰਸੀਪਲ ਬਣਨਾ

Written by
Rate this item
(1 Vote)

ਜਿਵੇਂ ਮੈਂ ਪਟਿਆਲੇ ਨੂੰ ਚੱਲਿਆ ਮੁਕਤਸਰ ਉਤਰ ਗਿਆ ਸਾਂ ਤੇ ਅੰਮ੍ਰਿਤਸਰ ਦੀ ਬੱਸ ਲੰਘ ਜਾਣ ਕਾਰਨ ਦਿੱਲੀ ਚਲਾ ਗਿਆ ਸਾਂ ਉਵੇਂ ਢੁੱਡੀਕੇ ਕਾਲਜ ਦੀ ਥਾਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਜਾ ਬਣਿਆ। ਜਦੋਂ ਢੁੱਡੀਕੇ `ਚ ਕਾਲਜ ਖੁੱਲ੍ਹਣਾ ਸੀ ਤਾਂ ਪ੍ਰੋ.ਪ੍ਰੀਤਮ ਸਿੰਘ ਨੇ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਸੀ ਕਿ ਪਿੰਡਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿੱਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਕੰਵਲ ਨੇ ਮੈਨੂੰ ਦਿੱਲੀ ਦੀ ਪੋਸਟ ਤੋਂ ਪੱਟ ਕੇ ਢੁੱਡੀਕੇ ਲਿਆਂਦਾ ਸੀ। ਉਦੋਂ ਖੁੱਲ੍ਹ ਕੇ ਤਾਂ ਗੱਲ ਨਹੀਂ ਸੀ ਹੋਈ ਕਿ ਸਮਾਂ ਪਾ ਕੇ ਮੈਨੂੰ ਢੁੱਡੀਕੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਜਾਵੇਗਾ ਪਰ ਅੰਦਰਖਾਤੇ ਜ਼ਰੂਰ ਸੀ ਕਿ ਜਦੋਂ ਮੇਰਾ ਤਜਰਬਾ ਪ੍ਰਿੰਸੀਪਲ ਬਣਨ ਜੋਗਾ ਹੋ ਗਿਆ ਤਾਂ ਮੈਨੂੰ ਪਹਿਲ ਦਿੱਤੀ ਜਾਵੇਗੀ।

ਮੈਂ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਦਾ ਪ੍ਰਿੰਸੀਪਲ ਬਣ ਵੀ ਜਾਂਦਾ ਜੇਕਰ ਉਸ ਕਾਲਜ ਨੂੰ ਪੰਜਾਬ ਸਰਕਾਰ ਆਪਣੇ ਅਧਿਕਾਰ ਵਿੱਚ ਨਾ ਲੈਂਦੀ। ਦੋ ਸਾਲ ਮੈਂ ਦਿੱਲੀ ਵਿੱਚ ਪੜ੍ਹਾਇਆ ਸੀ ਤੇ ਅੱਠ ਸਾਲ ਢੁੱਡੀਕੇ ਪੜ੍ਹਾ ਕੇ ਮੇਰਾ ਤਜਰਬਾ ਦਸ ਸਾਲ ਦਾ ਹੋ ਜਾਣਾ ਸੀ ਜੋ ਪ੍ਰਿੰਸੀਪਲ ਲੱਗਣ ਲਈ ਘੱਟੋਘੱਟ ਯੋਗਤਾ ਸੀ। ਜਦੋਂ ਮੇਰਾ ਤਜਰਬਾ ਦਸ ਸਾਲ ਦਾ ਹੋਣ ਲੱਗਾ ਤਾਂ 1975 ਵਿੱਚ ਢੁੱਡੀਕੇ ਦਾ ਕਾਲਜ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ। ਸਾਡੇ ਸਟਾਫ ਨੂੰ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਦੀ ਸੂਚੀ ਵਿੱਚ ਸਭ ਤੋਂ ਪਿੱਛੇ ਲਾ ਦਿੱਤਾ ਗਿਆ। ਸਾਨੂੰ ਪਿਛਲੇ ਤਜਰਬੇ ਦਾ ਲਾਭ ਨਾ ਮਿਲਿਆ ਤੇ ਸਾਡੀ ਸੀਨੀਆਰਟੀ ਬਹੁਤ ਪਿੱਛੇ ਚਲੀ ਗਈ। ਇੰਜ ਢੁੱਡੀਕੇ ਕਾਲਜ ਦੇ ਕਿਸੇ ਵੀ ਲੈਕਚਰਾਰ ਦੀ ਕੋਈ ਸੰਭਾਵਨਾ ਨਾ ਰਹੀ ਕਿ ਉਹ ਸਰਕਾਰੀ ਕਾਲਜ ਦਾ ਪ੍ਰਿੰਸੀਪਲ ਬਣ ਸਕਦਾ।

ਕਾਲਜ ਦੇ ਸਰਕਾਰੀ ਬਣ ਜਾਣ ਨਾਲ ਵਧੇਰੇ ਲੈਕਚਰਾਰ ਬਦਲੀਆਂ ਕਰਵਾ ਕੇ ਸ਼ਹਿਰੀ ਕਾਲਜਾਂ ਵਿੱਚ ਚਲੇ ਗਏ ਤੇ ਅਸੀਂ ਨੇੜੇ ਦੇ ਪਿੰਡਾਂ ਵਾਲੇ ਹੀ ਪੇਂਡੂ ਕਾਲਜ ਜੋਗੇ ਰਹਿ ਗਏ। ਪੋਸਟਾਂ ਖਾਲੀ ਰਹਿਣ ਕਾਰਨ ਪੇਂਡੂ ਸਰਕਾਰੀ ਕਾਲਜ ਪੰਜਾਬ ਰੋਡਵੇਜ਼ ਦੀ ਪੁਰਾਣੀ ਬੱਸ ਵਰਗਾ ਬਣਦਾ ਗਿਆ ਜਿਸ ਬਾਰੇ ਕਿਸੇ ਅਮਲੀ ਨੇ ਕਿਹਾ ਸੀ-ਇਹ ਤਾਂ ਪਹੀਏ ਲੱਗੇ ਕਰਕੇ ਮਾੜੀ ਮੋਟੀ ਰਿੜ੍ਹੀ ਫਿਰਦੀ ਐ ਨਹੀਂ ਤਾਂ ਕਦੋਂ ਦੀ ਖਾਧੀ ਪੀਤੀ ਜਾਂਦੀ! ਮੈਂ ਢੁੱਡੀਕੇ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਤਾਂ ਆਮ ਹੀ ਬਣਦਾ ਰਿਹਾ ਪਰ ਪੂਰਾ ਪ੍ਰਿੰਸੀਪਲ ਬਣਨਾ ਵਿਚੇ ਰਹਿ ਗਿਆ।

1983 ਵਿੱਚ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਰੱਖਣ ਲਈ ਐਡ ਛਪੀ ਤਾਂ ਮੈਂ ਵੀ ਅਰਜ਼ੀ ਦੇ ਦਿੱਤੀ। ਉਹ ਕਾਲਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਉਸ ਕਾਲਜ ਦਾ ਪ੍ਰਿੰਸੀਪਲ ਬਣਨ ਲਈ ਮੇਰੇ `ਚ ਇੱਕ ਕਮੀ ਵੀ ਸੀ। ਮੈਂ ਆਪਣੀ ਦਾੜ੍ਹੀ ਮਾੜੀ ਮੋਟੀ ਠੱਪ ਲੈਂਦਾ ਸਾਂ ਜੋ ਮੈਂ ਅਰਜ਼ੀ ਦੇਣ ਸਾਰ ਹੀ ਠੱਪਣੀ ਬੰਦ ਕਰ ਦਿੱਤੀ। ਏਨੀ ਕੁ ਸਿਆਣਪ ਤਾਂ ਵਰਤਣੀ ਹੀ ਪੈਣੀ ਸੀ ਨਹੀਂ ਤਾਂ ਜਥੇਦਾਰਾਂ ਨੇ ਪਤਿਤ ਸਮਝ ਕੇ ਹੀ ਜਵਾਬ ਦੇ ਦੇਣਾ ਸੀ। ਉਂਜ ਮੈਂ ਦਾੜ੍ਹੀ ਸੁਆਰਦਾ ਇਸ ਤਰ੍ਹਾਂ ਸਾਂ ਕਿ ਸਰਸਰੀ ਵੇਖਣ ਵਾਲਿਆਂ ਨੂੰ ਘੱਟ ਹੀ ਪਤਾ ਲੱਗਣ ਦਿੰਦਾ ਸਾਂ। ਮੇਰੇ ਵਰਗੇ ਹੋਰ ਵੀ ਬਥੇਰੇ ਹਨ ਜਿਹੜੇ ਬੇਢੱਬੇ ਵਾਲ ਖਿੱਚ ਤਰਾਸ਼ ਕੇ ਸਾਬਤ ਸਰੂਪ ਦਿਸਦੇ ਰਹਿੰਦੇ ਹਨ। ਉਹ ਹੈਨ ਵੀ ਬੜੇ ਵੱਡੇ ਅਹੁਦਿਆਂ ਉਤੇ। ਮੇਰੀ ਦਾੜ੍ਹੀ `ਚ ਉਦੋਂ ਦੋ ਚਾਰ ਧੌਲੇ ਹੀ ਆਏ ਸਨ। ਮੈਂ ਉਹ ਵੀ ਨਾ ਪੁੱਟੇ ਹਾਲਾਂਕਿ ਉਸ ਉਮਰ ਵਿੱਚ ਪੁੱਟਣੇ ਬਣਦੇ ਸਨ। ਉਦੋਂ ਬਤਾਲੀ ਤਰਤਾਲੀ ਸਾਲਾਂ ਦੀ ਉਮਰ ਸੀ ਮੇਰੀ। ਕੜਾ ਮੈਂ ਪਾ ਲੈਂਦਾ ਸਾਂ ਤੇ ਲਿਖਣ ਵੇਲੇ ਲਾਹ ਵੀ ਲੈਂਦਾ ਸਾਂ। ਐਵੇਂ ਮੇਜ਼ `ਤੇ ਖੜਕਦਾ ਜੁ ਰਹਿੰਦਾ ਸੀ। ਉੱਦਣ ਤੋਂ ਮੈਂ ਉਹ ਵੀ ਪੱਕੇ ਤੌਰ `ਤੇ ਪਾਈ ਰੱਖਿਆ। ਆਖਿਆ ਅੜਿੱਕਾ ਬਣਦਾ ਤਾਂ ਬਣੀ ਜਾਵੇ ਪਰ ਇਹ ਸਿੱਖ ਹੋਣ ਦੀ ਪੱਕੀ ਨਿਸ਼ਾਨੀ ਹੈ। ਅਗਲਿਆਂ ਦੀ ਨਜ਼ਰ ਸਿੱਧੀ ਬਾਂਹ `ਤੇ ਪੈਣੀ ਐਂ।

ਇੰਟਰਵਿਊ ਵਾਲੇ ਦਿਨ ਅੱਠ ਦਸ ਉਮੀਦਵਾਰ ਮੋਗੇ ਪੁੱਜੇ। ਦੋਂਹ ਦੇ ਤਾਂ ਗਾਤਰੇ ਵੀ ਪਾਏ ਹੋਏ ਸਨ। ਉਂਜ ਕੀ ਪਤਾ ਵਿਚੋਂ ਉਹ ਵੀ ਮੇਰੇ ਵਰਗੇ ਈ ਹੋਣ? ਗਾਤਰੇ ਕੁੱਝ ਦਿਨ ਪਹਿਲਾਂ ਵਿਖਾਵੇ ਲਈ ਹੀ ਪਾਏ ਹੋਣ! ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਇਆ ਇੱਕ ਸਿੰਘ ਆਪਣੇ ਆਪ ਨੂੰ ਸੰਤ ਭਿੰਡਰਾਂਵਾਲੇ ਦਾ ਬੰਦਾ ਦੱਸ ਰਿਹਾ ਸੀ। ਮੈਂ ਸੋਚਣ ਲੱਗਾ ਜਿਥੇ ਭਿੰਡਰਾਂਵਾਲੇ ਦੇ ਬੰਦੇ ਪਹੁੰਚ ਜਾਣ ਉਥੇ ਹੋਰ ਕਿਸੇ ਦਾ ਕੀ ਬਣਨੈਂ? ਫਿਰ ਵੀ ਇੰਟਰਵਿਊ ਤਾਂ ਹੋਣੀ ਹੀ ਸੀ। ਇੰਟਰਵਿਊ ਬੋਰਡ ਵਿੱਚ ਗਿਆਨੀ ਲਾਲ ਸਿੰਘ, ਡਾ.ਗੁਰਬਚਨ ਸਿੰਘ ਤਾਲਿਬ, ਮੁਬਾਰਕ ਸਿੰਘ, ਡਾ.ਮਨਮੋਹਨ ਸਿੰਘ, ਪ੍ਰਿੰ.ਬਲਜੀਤ ਸਿੰਘ ਗਰੇਵਾਲ ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਬੈਠੇ ਸਨ। ਉਨ੍ਹਾਂ ਨੇ ਤਿੰਨ ਉਮੀਦਵਾਰਾਂ ਦੀ ਚੋਣ ਕੀਤੀ। ਪਹਿਲੇ ਨੰਬਰ `ਤੇ ਡਾ.ਗੁਰਦੇਵ ਸਿੰਘ ਦਿਓਲ ਨੂੰ ਰੱਖਿਆ, ਦੂਜੇ `ਤੇ ਮੈਨੂੰ ਤੇ ਤੀਜੇ ਉਤੇ ਡਾ.ਧਾਲੀਵਾਲ ਨੂੰ।

ਡਾ.ਗੁਰਦੇਵ ਸਿੰਘ ਪਹਿਲਾਂ ਹੀ ਕਿਸੇ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਸੀ। ਉਸ ਨੇ ਕਮੇਟੀ ਦੀਆਂ ਸ਼ਰਤਾਂ ਉਤੇ ਪ੍ਰਿੰਸੀਪਲ ਲੱਗਣ ਤੋਂ ਇਨਕਾਰ ਕਰ ਦਿੱਤਾ। ਫਿਰ ਮੈਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਕਿ ਇੱਕ ਮਹੀਨੇ ਵਿੱਚ ਪ੍ਰਿੰਸੀਪਲ ਦੀ ਪਦਵੀ ਸੰਭਾਲ ਲਵਾਂ। ਮੈਂ ਚਾਹੁੰਦਾ ਸਾਂ ਕਿ ਸਰਕਾਰੀ ਨੌਕਰੀ `ਚੋਂ ਡੈਪੂਟੇਸ਼ਨ ਉਤੇ ਪ੍ਰਾਈਵੇਟ ਨੌਕਰੀ ਵਿੱਚ ਜਾਵਾਂ ਜਿਸ ਦੀ ਮੈਨੂੰ ਮਹਿਕਮੇ ਨੇ ਆਗਿਆ ਨਾ ਦਿੱਤੀ। ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਹੀ ਮੈਂ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਬਣ ਸਕਦਾ ਸਾਂ ਜਿਹੜਾ ਕਿ ਬੜਾ ਰਿਸਕੀ ਕਦਮ ਸੀ। ਕੀ ਪਤਾ ਸ਼੍ਰੋਮਣੀ ਕਮੇਟੀ ਵਾਲੇ ਮੇਰੇ ਖਾਣ ਪੀਣ ਤੇ ਸਾਬਤ ਸਰੂਪ ਨਾ ਰਹਿਣ ਵਾਲੇ ਪਿਛੋਕੜ ਨੂੰ ਲੈ ਕੇ ਕਦੋਂ ਮੈਨੂੰ ਨੌਕਰੀ `ਚੋਂ ਕੱਢ ਦੇਣ? ਪ੍ਰਿੰਸੀਪਲਾਂ ਦੇ ਪ੍ਰੋਫੈਸਰਾਂ ਨਾਲ ਪੇਚੇ ਪੈਂਦੇ ਹੀ ਰਹਿੰਦੇ ਹਨ। ਕੋਈ ਬੁਰੀ `ਤੇ ਆਇਆ ਪ੍ਰੋਫੈਸਰ ਕਮੇਟੀ ਨੂੰ ਕਹਿ ਸਕਦਾ ਸੀ-ਇਹਦੀਆਂ ਲਿਖਤਾਂ ਪੜ੍ਹ ਲਓ। ਖਾਣ ਪੀਣ ਬਾਰੇ ਸਾਫ ਲਿਖਿਐ। ਇਹ ਕਿਧਰਲਾ ਗੁਰੂ ਦਾ ਸਿੱਖ ਐ!

ਦਿੱਲੀ ਮੈਨੂੰ ਕੰਵਲ ਨੇ ਛੁਡਾਈ ਸੀ ਤੇ ਢੁੱਡੀਕੇ ਕਾਲਜ ਸਰਕਾਰ ਨੇ ਸਾਂਭ ਲਿਆ ਸੀ। ਸਰਕਾਰੀ ਨੌਕਰੀ ਅਜੇ ਅੱਠ ਸਾਲ ਦੀ ਹੋਈ ਸੀ। ਛੱਡ ਦਿੰਦਾ ਤਾਂ ਉਹਦਾ ਵੀ ਕੁਛ ਨਹੀਂ ਸੀ ਮਿਲਣਾ। ਮੈਨੂੰ ਮੇਰੇ ਸਾਥੀਆਂ ਨੇ ਸਮਝਾਇਆ ਕਿ ਇਸ ਹਾਲਤ ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣਾ ਆਪਣੇ ਪੈਰੀਂ ਆਪ ਕੁਹਾੜਾ ਮਾਰਨੈਂ। ਉਨ੍ਹਾਂ ਨੂੰ ਆਪਣੀ ਮਹਿਫ਼ਲ ਦਾ ਇੱਕ ਬੰਦਾ ਖੁੱਸ ਜਾਣ ਦਾ ਝੋਰਾ ਸੀ। ਮੇਰੀ ਪਤਨੀ ਵੀ ਪੂਰਾ ਹੁੰਘਾਰਾ ਨਹੀਂ ਸੀ ਭਰ ਰਹੀ ਕਿ ਮੈਂ ਮੋਗੇ ਜਾਂਦਾ ਰਹਾਂ। ਉਹ ਢੁੱਡੀਕੇ ਦੇ ਸੀਨੀਅਰ ਸੈਕੰਡਰੀ ਸਕੂਲ `ਚ ਪੜ੍ਹਾਉਂਦੀ ਸੀ ਤੇ ਬੱਚੇ ਵੀ ਢੁੱਡੀਕੇ ਪੜ੍ਹੀ ਜਾਂਦੇ ਸਨ। ਇਹ ਸਮਝ ਲਓ ਕਿ ਢੁੱਡੀਕੇ ਕਿਤੇ ਵੱਧ ਮੌਜਾਂ ਸਨ। ਮੈਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਲਿਖ ਕੇ ਦੇ ਦਿੱਤਾ ਕਿ ਨਿੱਜੀ ਕਾਰਨਾਂ ਕਰਕੇ ਮੈਂ ਗੁਰੂ ਨਾਨਕ ਕਾਲਜ ਮੋਗੇ ਦੇ ਪ੍ਰਿੰਸੀਪਲ ਦੀ ਪਦਵੀ ਨਹੀਂ ਸੰਭਾਲ ਸਕਦਾ। ਡਾ.ਦਿਓਲ ਤੇ ਮੇਰੇ ਇਨਕਾਰ ਪਿੱਛੋਂ ਨਿਯੁਕਤੀ ਪੱਤਰ ਡਾ.ਧਾਲੀਵਾਲ ਨੂੰ ਦੇ ਦਿੱਤਾ ਗਿਆ ਜਿਸ ਨੂੰ ਦਹਿਸ਼ਤ ਦੇ ਦੌਰ `ਚ ਪੁਲਿਸ ਨੇ ਫੜ ਲਿਆ ਤੇ ਉਹ ਅਕਾਲ ਚਲਾਣਾ ਕਰ ਗਿਆ।

ਫਿਰ ਮੈਂ ਮਨ ਬਣਾਇਆ ਕਿ ਜਦੋਂ ਮੇਰੀ ਨੌਕਰੀ ਸਰਕਾਰੀ ਪੈਨਸ਼ਨ ਜੋਗੀ ਹੋ ਜਾਵੇਗੀ ਤਦ ਹੀ ਕਿਸੇ ਕਾਲਜ ਦੀ ਪ੍ਰਿੰਸੀਪਲੀ ਲਈ ਕੋਸ਼ਿਸ਼ ਕਰਾਂਗਾ। ਮੈਂ ਉਣੱਤੀ ਸਾਲ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਂਦਾ ਤੇ ਪ੍ਰਿੰਸੀਪਲਾਂ ਦੀ ਗ਼ੈਰਹਾਜ਼ਰੀ ਵਿੱਚ ਆਫੀਸ਼ੀਏਟਿੰਗ ਪ੍ਰਿੰਸੀਪਲ ਦੀ ਡਿਊਟੀ ਨਿਭਾਉਂਦਾ ਰਿਹਾ। ਇਹ ਡਿਊਟੀ ਮੈਨੂੰ ਵਾਰ ਵਾਰ ਨਿਭਾਉਣੀ ਪੈਂਦੀ ਕਿਉਂਕਿ ਢੁੱਡੀਕੇ ਕਾਲਜ ਵਿੱਚ ਵਧੇਰੇ ਕਰ ਕੇ ਰਿਟਾਇਰਮੈਂਟ ਦੇ ਨੇੜੇ ਢੁੱਕੇ, ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲ ਹੀ ਨਿਯੁਕਤ ਹੁੰਦੇ ਤੇ ਹਾਜ਼ਰੀ ਭਰ ਕੇ ਰਿਟਾਇਰ ਹੋਣ ਲਈ ਹੀ ਆਉਂਦੇ ਸਨ। ਪ੍ਰਿੰਸੀਪਲ ਦੇ ਦਫਤਰ ਵਿੱਚ ਬੋਰਡ ਉਤੇ ਅਜਿਹੇ ਕਈ ਪ੍ਰਿੰਸੀਪਲਾਂ ਦਾ ਨਾਂ ਦਰਜ ਹੈ ਜੋ ਇੱਕ ਮਹੀਨੇ ਤੋਂ ਛੇ ਮਹੀਨੇ ਤਕ ਹੀ ਪ੍ਰਿੰਸੀਪਲ ਰਹੇ ਤੇ ਇਹਦੇ ਵਿਚੋਂ ਵੀ ਉਹ ਹਫ਼ਤਾ ਦੋ ਹਫ਼ਤੇ ਹੀ ਕਾਲਜ ਵਿੱਚ ਆਏ।

ਮੇਰਾ ਪ੍ਰਭਾਵ ਆਮ ਕਰ ਕੇ ਸਾਊ ਬੰਦੇ ਦਾ ਹੈ। ਪਰ ਮੈਂ ਏਨਾ ਸਾਊ ਵੀ ਨਹੀਂ ਜਿੰਨਾ ਬਾਹਰੋਂ ਦਿਸਦਾ ਹਾਂ। ਇੱਕ ਪ੍ਰਿੰਸੀਪਲ ਨਾਲ ਤਾਂ ਮੇਰਾ ਪੰਗਾ ਵੀ ਪੈ ਗਿਆ ਸੀ। ਉਸ ਦਾ ਤਜਰਬਾ ਕੇਵਲ ਅੱਠ ਸਾਲ ਦਾ ਸੀ ਪਰ ਰਾਖਵੇਂ ਕੋਟੇ ਕਾਰਨ ਉਹ ਪ੍ਰਿੰਸੀਪਲ ਪ੍ਰਮੋਟ ਹੋ ਗਿਆ ਸੀ। ਤਜਰਬੇ, ਉਮਰ ਤੇ ਪੜ੍ਹਾਈ ਕਰਕੇ ਮੈਂ ਉਸ ਤੋਂ ਸੀਨੀਅਰ ਸਾਂ ਪਰ ਉਹ ‘ਬੌਸ’ ਬਣ ਕੇ ਵਿਖਾਉਂਦਾ ਸੀ। ਮੈਨੂੰ ਉਹ ‘ਊਈਂ’ ਸਮਝਦਾ ਸੀ। ਕਹਿੰਦਾ ਸੀ ਬੌਸ ਬੌਸ ਈ ਹੁੰਦੈ। ਉਹ ਢੁੱਡੀਕੇ ਘੱਟ ਆਉਂਦਾ ਸੀ ਤੇ ਜਲੰਧਰ ਵੱਧ ਰਹਿੰਦਾ ਸੀ। ਜਲੰਧਰ ਜਾਣ ਲੱਗਾ ਮੈਨੂੰ ਜ਼ਬਾਨੀ ਹੀ ਆਖ ਦਿੰਦਾ ਸੀ ਕਿ ਕਾਲਜ ਸੰਭਾਲਣਾ। ਇੱਕ ਦਿਨ ਮੈਂ ਕਹਿ ਦਿੱਤਾ ਕਿ ਲਿਖ ਕੇ ਦੇ ਜਾਇਆ ਕਰੋ ਤਾਂ ਕਿ ਮੈਂ ਤੁਹਾਡੀ ਗ਼ੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਕਾਲਜ ਸੰਭਾਲ ਸਕਾਂ। ਉਹ ਕਹਿਣ ਲੱਗਾ, “ਸਰਕਾਰੀ ਕਾਲਜਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।” ਮੈਂ ਕਿਹਾ, “ਸਰਕਾਰੀ ਕਾਲਜਾਂ ਵਿੱਚ ਇਸ ਤਰ੍ਹਾਂ ਹੀ ਹੁੰਦੈ। ਪ੍ਰਾਈਵੇਟ ਕਾਲਜਾਂ ਵਿੱਚ ਭਾਵੇਂ ਕੋਈ ਕਰੇ ਭਾਵੇਂ ਨਾ ਕਰੇ।” ਉਹਨੂੰ ਆਪਣੀ ਫਰਲੋ ਖ਼ਤਰੇ ਵਿੱਚ ਪੈਂਦੀ ਜਾਪੀ। ਲਿਖ ਕੇ ਦੇਣ ਨਾਲ ਤਾਂ ਉਹਦੀਆਂ ਛੁੱਟੀਆਂ ਬਹਿੰਦੇ ਮੁੱਕ ਜਾਣੀਆਂ ਸਨ।

ਕਾਲਜ ਦਾ ਦਰਦ ਰੱਖਣ ਵਾਲੇ ਟੀਚਿੰਗ ਸਟਾਫ ਨੂੰ ਇਸ ਗੱਲ ਦਾ ਵੀ ਗ਼ਿਲਾ ਸੀ ਕਿ ਉਹ ਫਰਲੋ ਮਾਰਨ ਦੇ ਨਾਲ ਕਾਲਜ ਦੇ ਸੇਵਾਦਾਰ ਵੀ ਜਲੰਧਰ ਆਪਣੀ ਕੋਠੀ ਦਾ ਕੰਮ ਕਰਾਉਣ ਲੈ ਜਾਂਦਾ ਸੀ। ਦੋ ਕੁ ਵਾਰ ਹੀ ਉਸ ਨੇ ਮੈਨੂੰ ਲਿਖ ਕੇ ਦਿੱਤਾ ਕਿ ਮੈਂ ਆਊਟ ਆਫ਼ ਸਟੇਸ਼ਨ ਚੱਲਿਆਂ ਤੇ ਮੈਂ ਉਹਦੀ ਥਾਂ ਆਫੀਸ਼ੀਏਟ ਕਰਾਂ। ਫਿਰ ਉਸ ਨੇ ਆਪਣੇ ਵਰਗਾ ਹੀ ਇੱਕ ਜੂਨੀਅਨ ਲੈਕਚਰਾਰ ਲੱਭ ਲਿਆ ਤੇ ਆਪਣੀ ਗ਼ੈਰ ਹਾਜ਼ਰੀ ਵਿੱਚ ਉਸ ਨੂੰ ਕੁਰਸੀ ਉਤੇ ਬਿਠਾਉਣ ਲੱਗ ਪਿਆ। ਗੱਲ ਵਧਦੀ ਵਧਦੀ ਵਧ ਗਈ। ਪ੍ਰਿੰਸੀਪਲ ਨੇ ਡੀ.ਪੀ.ਆਈ.ਕਾਲਜਾਂ ਨੂੰ ਲਿਖ ਕੇ ਭੇਜ ਦਿੱਤਾ ਕਿ ਸਰਵਣ ਸਿੰਘ, ਦਰਸ਼ਨ ਸਿੰਘ ਗਿੱਲ ਤੇ ਦਰਸ਼ਨ ਸਿੰਘ ਧਾਲੀਵਾਲ ਨੂੰ ਢੁੱਡੀਕੇ ਕਾਲਜ `ਚੋਂ ਤੁਰਤ ਬਦਲ ਦਿੱਤਾ ਜਾਵੇ ਕਿਉਂਕਿ ਇਹ ਮੇਰੀ ਐਡਮਿਨਿਸਟ੍ਰੇਸ਼ਨ ਵਿੱਚ ਅੜਿੱਕਾ ਡਾਹੁੰਦੇ ਹਨ। ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਕੋਲ ਇਹੋ ਵੱਡਾ ਹਥਿਆਰ ਹੁੰਦੈ ਕਿ ਉਹ ਆਪਣੇ ਕਾਲਜਾਂ `ਚੋਂ ਅਣਭਾਉਂਦੇ ਲੈਕਚਰਾਰਾਂ ਦੀਆਂ ਬਦਲੀਆਂ ਕਰਵਾ ਦੇਣ।

ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਵਫ਼ਦ ਡੀ.ਪੀ.ਆਈ.ਨੂੰ ਜਾ ਮਿਲਿਆ। ਉਸ ਸਮੇਂ ਪ੍ਰੋ.ਗੁਰਸੇਵਕ ਸਿੰਘ ਡੀ.ਪੀ.ਆਈ.ਸਨ ਜੋ ਖੇਡਾਂ ਨਾਲ ਜੁੜੇ ਤੇ ਹਾਕੀ ਦੀ ਖੇਡ ਦੇ ਇੰਟਰਨੈਸ਼ਨਲ ਅੰਪਾਇਰ ਸਨ। ਮੈਂ ਖੇਡ ਲੇਖਕ ਹੋਣ ਕਾਰਨ ਉਨ੍ਹਾਂ ਨਾਲ ਵਾਕਫ਼ੀ ਕੱਢੀ ਤੇ ਕਾਲਜ ਦੀ ਅਸਲੀ ਹਕੀਕਤ ਦੱਸੀ। ਉਨ੍ਹਾਂ ਨੇ ਜਾਇੰਟ ਡਾਇਰੈਕਟਰ ਪ੍ਰਸਾਸ਼ਨ ਨੂੰ ਪੁੱਛ ਪੜਤਾਲ ਕਰਨ ਲਈ ਢੁੱਡੀਕੇ ਕਾਲਜ ਭੇਜ ਦਿੱਤਾ। ਉਸ ਦੀ ਰਿਪੋਰਟ ਉਤੇ ਪਹਿਲਾਂ ਪ੍ਰਿੰਸੀਪਲ ਨੂੰ ਬਦਲਿਆ ਗਿਆ। ਫਿਰ ਦਰਸ਼ਨ ਗਿੱਲ ਤੇ ਦਰਸ਼ਨ ਧਾਲੀਵਾਲ ਨੂੰ ਬਦਲ ਕੇ ਸਾਡੀ ਤਿੱਖੜੀ ਖਿੰਡਾ ਦਿੱਤੀ। ਮੈਨੂੰ ਪ੍ਰੋ.ਗੁਰਸੇਵਕ ਸਿੰਘ ਨੇ ਕਿਹਾ, “ਤੂੰ ਖੇਡ ਲੇਖਕ ਐਂ। ਤੇਰੀ ਜਗ੍ਹਾ ਮਹਿੰਦਰਾ ਕਾਲਜ ਪਟਿਆਲੇ ਜਾਂ ਸਪੋਰਟਸ ਕਾਲਜ ਜਲੰਧਰ ਐ। ਦੱਸ ਕਿਥੇ ਜਾਣੈ?” ਮੈਂ ਆਖਿਆ, “ਪਿੰਡ ਦੀ ਥਾਂ ਸ਼ਹਿਰੀ ਸਟੇਸ਼ਨ ਦੇਣ ਲਈ ਤੁਹਾਡੀ ਮਿਹਰਬਾਨੀ। ਪਰ ਮੈਂ ਤਾਂ ਦਿੱਲੀ ਛੱਡ ਕੇ ਢੁੱਡੀਕੇ ਆਇਆਂ ਸਾਂ। ਢੁੱਡੀਕੇ ਈ ਟਿਕਿਆ ਰਹਿਣ ਦਿਓ ਤਾਂ ਵਧੇਰੇ ਧੰਨਵਾਦੀ ਹੋਵਾਂਗਾ। ਨਾਲੇ ਸਾਡਾ ਕਪਲ ਕੇਸ ਐ। ਮੇਰੀ ਪਤਨੀ ਵੀ ਸਰਕਾਰੀ ਨੌਕਰੀ ਵਿੱਚ ਢੁੱਡੀਕੇ ਈ ਪੜ੍ਹਾਉਂਦੀ ਐ।” ਤੇ ਉਨ੍ਹਾਂ ਨੇ ਮੇਰੀ ਬਦਲੀ ਕਰਨ ਦੀ ਥਾਂ ਮੈਨੂੰ ਢੁੱਡੀਕੇ ਈ ਟਿਕਿਆ ਰਹਿਣ ਦਿੱਤਾ।

ਜਦੋਂ ਢੁੱਡੀਕੇ ਕਾਲਜ ਸਥਾਨਕ ਕਮੇਟੀ ਦੇ ਪ੍ਰਬੰਧ ਵਿੱਚ ਸੀ ਤਾਂ ਬਹੁਤ ਵਧੀਆ ਚੱਲ ਰਿਹਾ ਸੀ। ਇਸ ਨੇ ਖੇਡਾਂ, ਪੜ੍ਹਾਈ ਤੇ ਸਭਿਆਚਾਰਕ ਸਰਗਰਮੀਆਂ ਵਿੱਚ ਚੰਗੀ ਭੱਲ ਖੱਟ ਲਈ ਸੀ। ਕਮੇਟੀ ਨੂੰ ਕਾਲਜ ਚਲਾਉਣ ਲਈ ਸਿਰਫ ਪੈਸੇ ਦੀ ਹੀ ਥੁੜ ਸੀ ਜਿਸ ਕਰਕੇ ਕਾਲਜ ਪੰਜਾਬ ਸਰਕਾਰ ਨੂੰ ਸੌਂਪਣਾ ਪਿਆ ਸੀ। ਉਦੋਂ ਪਚੰਨਵੇਂ ਫੀਸਦੀ ਸਰਕਾਰੀ ਗਰਾਂਟ ਨਹੀਂ ਸੀ ਮਿਲਣ ਲੱਗੀ। ਜੇ ਮਿਲਦੀ ਹੁੰਦੀ ਤਾਂ ਢੁੱਡੀਕੇ ਦਾ ਇਲਾਕਾ ਆਪਣੇ ਹੱਥੀਂ ਉਸਾਰਿਆ ਕਾਲਜ ਸ਼ਾਇਦ ਸਰਕਾਰ ਦੇ ਹਵਾਲੇ ਨਾ ਕਰਦਾ। ਮੈਂ ਵੀ ਫਿਰ ਢੁੱਡੀਕੇ ਕਾਲਜ ਤੋਂ ਹੀ ਰਿਟਾਇਰ ਹੁੰਦਾ ਤੇ ਮੇਰਾ ਅੰਨ ਜਲ ਦੁਆਬੇ ਦੇ ਪਿੰਡ ਮੁਕੰਦਪੁਰ ਦਾ ਨਾ ਬਣਦਾ।

1994 ਵਿੱਚ ਸ.ਗੁਰਚਰਨ ਸਿੰਘ ਸ਼ੇਰਗਿੱਲ ਦੇ ਸਪੁੱਤਰ ਅਮਰਦੀਪ ਦੀ ਯਾਦ ਵਿੱਚ ਮੁਕੰਦਪੁਰ ਵਿਖੇ ਕਾਲਜ ਖੋਲ੍ਹਿਆ ਗਿਆ। ਪ੍ਰਸਿੱਧ ਅਰਥਸ਼ਾਸਤ੍ਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ.ਸਰਦਾਰਾ ਸਿੰਘ ਜੌਹਲ ਉਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਨ। ਅਕਾਦਮਿਕ ਹਲਕਿਆ ਵਿੱਚ ਉਸ ਕਾਲਜ ਨੂੰ ਡਾ.ਜੌਹਲ ਦਾ ਕਾਲਜ ਹੀ ਕਿਹਾ ਜਾਂਦਾ ਸੀ। ਉਸ ਦਾ ਪਹਿਲਾ ਪ੍ਰਿੰਸੀਪਲ ਡਾ.ਨਰਿੰਦਰ ਸਿੰਘ ਭੁੱਲਰ ਨੂੰ ਬਣਾਇਆ ਗਿਆ ਸੀ। ਡਾ.ਭੁੱਲਰ ਲਾਇਲਪੁਰ ਖਾਲਸਾ ਕਾਲਜ ਜਲੰਧਰ `ਚੋਂ ਛੁੱਟੀ ਲੈ ਕੇ ਮੁਕੰਦਪੁਰ ਆਇਆ ਸੀ। ਉਸ ਨੇ ਬੜੀ ਮਿਹਤਨ ਨਾਲ ਕਾਲਜ ਦਾ ਮੁੱਢ ਬੰਨ੍ਹਿਆ ਪਰ ਦੋ ਸਾਲਾਂ ਵਿੱਚ ਵਿਦਿਆਰਥੀ ਸਾਢੇ ਚਾਰ ਸੌ ਤੋਂ ਘਟ ਕੇ ਸਵਾ ਤਿੰਨ ਸੌ ਰਹਿ ਗਏ। ਉਸ ਦਾ ਦਿਲ ਟੁੱਟ ਗਿਆ। ਡਾ.ਭੁੱਲਰ ਨੂੰ ਉਂਜ ਵੀ ਦਿਲ ਦਾ ਰੋਗ ਸੀ। ਉਹ ਡਾ.ਜੌਹਲ ਹੋਰਾਂ ਨੂੰ ਦੱਸੇ ਬਿਨਾਂ ਹੀ ਵਾਪਸ ਲਾਇਲਪੁਰ ਖਾਲਸਾ ਕਾਲਜ ਪਰਤ ਗਿਆ ਤੇ ਨੌਕਰੀ ਦੌਰਾਨ ਹੀ ਕਾਲਵਸ ਹੋ ਗਿਆ।

ਮਈ 1996 ਵਿੱਚ ਅਮਰਦੀਪ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਰੱਖਣ ਲਈ ਇਸ਼ਤਿਹਾਰ ਅਖ਼ਬਾਰਾਂ `ਚ ਛਪਿਆ। ਮੈਂ ਉਹਨੀਂ ਦਿਨੀਂ ਆਰ.ਐੱਸ.ਡੀ.ਕਾਲਜ ਫਿਰੋਜ਼ਪੁਰ ਈਵੈਲੂਏਸ਼ਨ ਸੈਂਟਰ `ਚ ਬੈਠਾ ਇਮਤਿਹਾਨੀ ਪਰਚੇ ਵੇਖ ਰਿਹਾ ਸਾਂ। ਮੈਂ ਇਸ਼ਤਿਹਾਰ ਪੜ੍ਹਿਆ ਪਰ ਉਦੋਂ ਮੈਨੂੰ ਪਤਾ ਨਹੀਂ ਸੀ ਕਿ ਮੁਕੰਦਪੁਰ ਹੈ ਕਿਥੇ? ਪਤਾ ਕਰਕੇ ਮੈਂ ਇੱਕ ਦਿਨ ਕਾਲਜ ਵੇਖ ਆਇਆ ਤੇ ਕੰਵਲ ਸਾਹਿਬ ਨਾਲ ਸਲਾਹ ਕਰ ਕੇ ਅਰਜ਼ੀ ਭੇਜ ਦਿੱਤੀ। ਤਦ ਤੱਕ ਮੇਰੀ ਸਰਕਾਰੀ ਨੌਕਰੀ ਇੱਕੀ ਸਾਲ ਦੀ ਹੋ ਚੁੱਕੀ ਸੀ ਤੇ ਦੋ ਸਾਲ ਦੀ ਹੋਰ ਰਹਿੰਦੀ ਸੀ। ਅਗਾਊਂ ਰਿਟਾਇਰਮੈਂਟ ਲੈ ਕੇ ਵੀ ਮੈਂ ਪੈਨਸ਼ਨ ਲੈ ਸਕਦਾ ਸਾਂ। ਉਦੋਂ ਤਕ ਮੇਰੀ ਪਤਨੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਬਣ ਚੁੱਕੀ ਸੀ। ਸਾਡੇ ਦੋਵੇਂ ਪੁੱਤਰ ਪੜ੍ਹ ਕੇ ਨੌਕਰੀ ਜੋਗੇ ਹੋ ਗਏ ਸਨ ਤੇ ਅਸੀਂ ਆਪਣੇ ਪਿੰਡ ਚਕਰ ਰਹਿਣ ਲੱਗ ਪਏ ਸਾਂ। ਮੈਂ ਚਕਰੋਂ ਢੁੱਡੀਕੇ ਆਉਂਦਾ ਅਤੇ ਸਟਾਫ ਤੇ ਵਿਦਿਆਰਥੀਆਂ ਤੋਂ ਸੱਖਣੇ ਪਏ ਕਾਲਜ ਦਾ ਗੇੜਾ ਮਾਰ ਕੇ ਮੁੜ ਜਾਂਦਾ। ਸਰਕਾਰੀ ਨੌਕਰੀ ਦੀਆਂ ਵਿਹਲੀਆਂ ਖਾਣ ਦੇ ਮਾਨਸਿਕ ਭਾਰ ਨਾਲ ਕਈ ਵਾਰ ਮੇਰੀ ਨੀਂਦ ਉਚਾਟ ਹੋ ਜਾਂਦੀ।

ਮੈਂ ਸ਼ਿਦਤ ਨਾਲ ਸੋਚਦਾ ਕਿ ਮੈਨੂੰ ਕਿਸੇ ਕਾਲਜ ਦਾ ਪ੍ਰਿੰਸੀਪਲ ਬਣਨਾ ਚਾਹੀਦੈ ਤਾਂ ਕਿ ਰਿਟਾਇਰ ਹੋਣ ਤੋਂ ਪਹਿਲਾਂ ਕੁੱਝ ਚੰਗਾ ਕਰ ਸਕਾਂ ਤੇ ਸੌਖਾ ਮਰ ਸਕਾਂ। ਡਾ.ਜੌਹਲ ਕਿਸੇ ਅਜਿਹੇ ਪ੍ਰਿੰਸੀਪਲ ਦੀ ਭਾਲ ਵਿੱਚ ਸਨ ਜਿਹੜਾ ਪਿੰਡ ਵਿੱਚ ਟਿਕ ਸਕੇ ਤੇ ਪੇਂਡੂ ਮਾਨਸਿਕਤਾ ਨੂੰ ਸਮਝਦਾ ਹੋਵੇ। ਉਨ੍ਹਾਂ ਦਾ ਮੇਲ ਜਸਵੰਤ ਸਿੰਘ ਕੰਵਲ ਨਾਲ ਹੋ ਗਿਆ ਤੇ ਕੰਵਲ ਨੇ ਮੇਰੀ ਸਿਫ਼ਾਰਸ਼ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਜੌਹਲ ਸਾਹਿਬ ਉਸ ਤੋਂ ਪਹਿਲਾਂ ਮੇਰੇ ਬਾਰੇ ਕੁੱਝ ਜਾਣਦੇ ਸਨ ਜਾਂ ਨਹੀਂ ਪਰ ਕੰਵਲ ਨੂੰ ਉਨ੍ਹਾਂ ਨੇ ਕਹਿ ਦਿੱਤਾ ਕਿ ਸਾਨੂੰ ਇਹੋ ਜਿਹਾ ਬੰਦਾ ਈ ਚਾਹੀਦੈ। ਨਾਲ ਇਹ ਵੀ ਕਿਹਾ ਕਿ ਇੰਟਰਵਿਊ ਦੀ ਤਿਆਰੀ ਕਰ ਕੇ ਆਵੇ।

ਤਿਆਰੀ ਮੈਂ ਇਹੋ ਕੀਤੀ ਕਿ ਦੇਸੀ ਜੁੱਤੀ ਤੇ ਸਾਦੇ ਕਪੜੇ ਪਾ ਕੇ ਬੱਸ ਚੜ੍ਹਿਆ ਅਤੇ ਲੁਧਿਆਣੇ ਤੇ ਫਿਲੌਰ ਵਿੱਚ ਦੀ ਹੁੰਦਾ ਹੋਇਆ ਮੁਕੰਦਪੁਰ ਜਾ ਪੁੱਜਾ। ਪ੍ਰਿੰਸੀਪਲ ਦੇ ਰਹਿਣ ਲਈ ਬਣਾਈ ਕੋਠੀ ਵਿੱਚ ਇੰਟਰਵਿਊ ਹੋਇਆ। ਡਾ.ਜੌਹਲ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਡੀ.ਪੀ.ਆਈ.ਦੇ ਨੁਮਾਇੰਦੇ ਬੈਠੇ ਸਨ। ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਕੱਤਰ ਡਾ.ਅਮਰਜੀਤ ਸਿੰਘ ਵੀ ਹਾਜ਼ਰ ਸੀ। ਅਕਾਦਮਿਕ ਸੁਆਲਾਂ ਪਿੱਛੋਂ ਮੈਨੂੰ ਪੁੱਛਿਆ ਗਿਆ ਕਿ ਮੁਕੰਦਪੁਰ ਰਹਿ ਪਉਗੇ? ਮੈਂ ਆਖਿਆ, “ਮੈਨੂੰ ਮੁਕੰਦਪੁਰ ਤੇ ਢੁੱਡੀਕੇ `ਚ ਕੋਈ ਫਰਕ ਨਹੀਂ ਲੱਗਦਾ। ਜੇ ਓਥੇ ਰਹਿੰਦਾ ਰਿਹਾਂ ਤਾਂ ਏਥੇ ਕਿਓਂ ਨਹੀਂ ਰਹਿ ਸਕਦਾ?”

ਮੈਨੂੰ ਚਲਦੀ ਇੰਟਰਵਿਊ ਵਿੱਚ ਹੀ ਕਹਿ ਦਿੱਤਾ ਗਿਆ ਕਿ ਕਾਲਜ ਦਾ ਗੇੜਾ ਕੱਢ ਕੇ ਵੇਖ ਲਓ ਤੇ ਆਪਣਾ ਮਨ ਬਣਾ ਲਓ। ਮਨ ਮੇਰਾ ਪਹਿਲਾਂ ਹੀ ਬਣਿਆ ਹੋਇਆ ਸੀ। ਡਾ.ਅਮਰਜੀਤ ਸਿੰਘ ਨੇ ਕਾਲਜ ਦੇ ਉਸਰ ਰਹੇ ਕੈਂਪਸ ਵਿੱਚ ਮੇਰਾ ਚੱਕਰ ਲੁਆਇਆ ਤੇ ਸਾਡੇ ਮੁੜਦਿਆਂ ਨੂੰ ਬੋਰਡ ਨੇ ਮੇਰੀ ਚੋਣ ਦਾ ਫੈਸਲਾ ਕਰ ਲਿਆ ਸੀ। ਢੁੱਡੀਕੇ ਦੀ ਥਾਂ ਮੇਰੇ ਕਰਮਾਂ ਵਿੱਚ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਲਿਖੀ ਸੀ।

Additional Info

  • Writings Type:: A single wirting
Read 1184 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।