ਲੇਖ਼ਕ

Wednesday, 14 October 2009 17:43

46 - ਪ੍ਰਿੰਸੀਪਲੀ ਕਰਦਿਆਂ

Written by
Rate this item
(1 Vote)

ਮੈਂ ਜਦੋਂ ਮੁਕੰਦਪੁਰ ਗਿਆ ਤਾਂ ਮਨ `ਚ ਕਈ ਤੌਖਲੇ ਸਨ। ਮੈਨੂੰ ਪੈਸੇ ਧੇਲੇ ਦਾ ਹਿਸਾਬ ਕਿਤਾਬ ਨਹੀਂ ਸੀ ਆਉਂਦਾ। ਮੈਂ ਇਸ ਨੂੰ ਬਾਣੀਆਂ ਦੇ ਕਰਨ ਵਾਲਾ ਮਹਾਜਨੀ ਕੰਮ ਸਮਝਦਾ ਸਾਂ। ਇਸੇ ਕਰਕੇ ਮੈਂ ਢੁੱਡੀਕੇ ਕਾਲਜ ਵਿੱਚ ਬਰਸਰ ਨਹੀਂ ਸਾਂ ਬਣਿਆ। ਪਰ ਪ੍ਰਿੰਸੀਪਲੀ ਕਰਦਿਆਂ ਤਾਂ ਨਿੱਤ ਹੀ ਬਿੱਲਾਂ ਨਾਲ ਵਾਹ ਪੈਣਾ ਸੀ। ਮੈਨੂੰ ਘਰ ਦਿਆਂ ਨੇ ਸਾਵਧਾਨ ਕੀਤਾ ਸੀ, “ਹੋਰ ਨਾ ਕਿਤੇ ਗ਼ਲਤ ਥਾਂ ਦਸਖ਼ਤ ਕਰ ਬੈਠੀਂ ਤੇ ਪਿੱਛੋਂ ਤਰੀਕਾਂ ਭੁਗਤਦਾ ਰਹੀਂ।”

ਮੈਨੂੰ ਬਜਟਾਂ, ਸੈਂਕਸ਼ਨਾਂ, ਕੁਟੇਸ਼ਨਾਂ, ਆਰਡਰਾਂ ਤੇ ਬਿੱਲਾਂ ਦਾ ਸਿਲਸਿਲਾ ਗੁੰਝਲਦਾਰ ਲੱਗਦਾ ਸੀ। ਮੈਂ ਇਸ ਕਜੀਏ `ਚ ਪੈਣ ਤੋਂ ਹਮੇਸ਼ਾਂ ਕੰਨੀ ਕਤਰਾਉਂਦਾ ਸੀ। ਪਰ ਅਮਰਦੀਪ ਕਾਲਜ ਵਿੱਚ ਮੇਰੇ ਨਸੀਬਾਂ ਨੂੰ ਨਸੀਬ ਚੰਦ ਗੁਰੂ ਨਾਂ ਦਾ ਤਜਰਬੇਕਾਰ ਸੁਪਰਡੰਟ ਮਿਲ ਗਿਆ ਜੋ ਪੁਰਾਣਾ ਫੌਜੀ ਤੇ ਅਕਾਊਂਟੈਂਸੀ ਵਿੱਚ ਬੜਾ ਮਾਹਿਰ ਸੀ। ਉਸ ਨੇ ਕਾਲਜ ਦੇ ਲੇਖੇ ਨੂੰ ਦਰੁਸਤ ਰੱਖਣ ਵਿੱਚ ਮੇਰੀ ਪੂਰੀ ਮਦਦ ਕੀਤੀ ਜਿਸ ਕਰਕੇ ਆਡਿਟ ਨੇ ਕਦੇ ਕੋਈ ਇਤਰਾਜ਼ ਨਾ ਉਠਾਇਆ। ਮੇਰੀ ਤਰੀਕਾਂ ਭੁਗਤਣ ਦੀ ਨੌਬਤ ਫਿਰ ਕਿਥੋਂ ਆਉਣੀ ਸੀ? ਮੈਂ ਇਹ ਕਹਿ ਕੇ ਤੁਰਿਆ ਸਾਂ ਕਿ ਪ੍ਰਿੰਸੀਪਲੀ `ਚੋਂ ਨਾ ਕੁੱਝ ਕਮਾ ਕੇ ਘਰੇ ਲਿਆਉਣੈ ਤੇ ਨਾ ਘਰੋਂ ਕੁੱਝ ਜਾਣ ਦੇਣੈ। ਘਰ ਦੇ ਮੈਨੂੰ ਕਮਾਉਣ ਵਾਲੇ ਨੂੰ ਤਾਂ ਜਾਣਦੇ ਹੀ ਸਨ। ਉਨ੍ਹਾਂ ਨੂੰ ਖਦਸ਼ਾ ਸੀ ਕਿ ਪ੍ਰਿੰਸੀਪਲੀ ਕਰਦਾ ਹੋਰ ਨਾ ਕਿਤੇ ਹਿੱਸੇ ਆਉਂਦੇ ਸਿਆੜ ਈ ਧਰਾ ਆਵੇ!

ਪ੍ਰਿੰਸੀਪਲੀ ਕਰਨ ਵੇਲੇ ਦੀਆਂ ਕੁੱਝ ਗੱਲਾਂ ਦਾ ਜ਼ਿਕਰ ਕਰਨਾ ਦਿਲਚਸਪ ਹੋਵੇਗਾ। ਪਹਿਲਾਂ ਮੈਂ ਇਕੱਲਾ ਹੀ ਕਾਲਜ ਦੀ ਇੱਕ ਨੁਕਰੇ ਬਣੀ ਕੋਠੀ ਵਿੱਚ ਰਹਿਣ ਲੱਗਾ ਸਾਂ। ਕੋਈ ਨੌਕਰ ਚਾਕਰ ਨਹੀਂ ਸੀ ਰੱਖਿਆ। ਫਜ਼ੂਲ ਖਰਚੀ ਤੋਂ ਜੁ ਬਚਣਾ ਸੀ। ਮੈਨੂੰ ਖੁਦ ਰੋਟੀ ਪਕਾ ਲੈਣ ਦਾ ਤਜਰਬਾ ਸੀ। ਦਿੱਲੀ ਵਿੱਚ ਜਦੋਂ ਮੈਂ ਗਿਆਨ ਸਿੰਘ ਸੰਧੂ ਨਾਲ ਕੁੱਝ ਸਮਾਂ ਪੰਜਾਬੀ ਬਾਗ ਵਿੱਚ ਰਿਹਾ ਸਾਂ ਤਾਂ ਅਸੀਂ ਆਪਣਾ ਰੋਟੀ ਟੁੱਕ ਆਪ ਹੀ ਕਰ ਲੈਂਦੇ ਸਾਂ। ਪ੍ਰੋ.ਗਿਆਨ ਸੰਧੂ ਦਾਲ ਸਬਜ਼ੀ ਬਣਾ ਲੈਂਦਾ ਸੀ ਤੇ ਮੈਂ ਆਟਾ ਗੁੰਨ੍ਹ ਕੇ ਫੁਲਕੇ ਲਾਹ ਲੈਂਦਾ ਸਾਂ। ਪਹਿਲਾਂ ਤਾਂ ਫੁਲਕੇ ਵਿੰਗ ਤੜਿੰਗੇ ਹੀ ਬਣਦੇ ਸਨ ਫਿਰ ਗੋਲ ਵੀ ਬਣਨ ਲੱਗ ਪਏ ਤੇ ਫੁੱਲ ਵੀ ਜਾਂਦੇ ਸਨ। ਬੰਦਾ ਸਭ ਕੁੱਝ ਕਰ ਸਕਦੈ ਪਰ ਕਰਦਾ ਉਹੀ ਕੁੱਝ ਹੈ ਜੋ ਉਸ ਨੂੰ ਕਰਨਾ ਪਵੇ। ਬੰਦੇ ਜੇ ਹੋਰ ਸਾਰੇ ਕੰਮ ਕਰਨ ਦੇ ਯੋਗ ਹੋ ਸਕਦੇ ਹਨ ਤਾਂ ਰੋਟੀ ਪਕਾਉਣ ਦੇ ਯੋਗ ਕਿਉਂ ਨਹੀਂ ਹੋ ਸਕਦੇ? ਮੈਨੂੰ ਆਪਣੀ ਰੋਟੀ ਆਪ ਪਕਾ ਲੈਣ ਜਾਂ ਗਰਮ ਕਰ ਲੈਣ ਦੀ ਤਾਂ ਕੋਈ ਔਖ ਨਹੀਂ ਸੀ ਪਰ ਆਏ ਗਏ ਵੇਲੇ ਅਜੀਬ ਲੱਗਦਾ ਸੀ ਕਿ ਚੰਗਾ ਪ੍ਰਿੰਸੀਪਲ ਐ ਜਿਹੜਾ ਰੋਟੀਆਂ ਵੀ ਆਪ ਹੀ ਲਾਹੁੰਦੈ!

ਫਿਰ ਮੈਂ ਕਾਲਜ ਵਿੱਚ ਸੇਵਾਦਾਰਨੀ ਬਣੀ ਇੱਕ ਮਾਈ ਤੋਂ ਰੋਟੀ ਲੁਹਾਉਣ ਲੱਗ ਪਿਆ। ਉਸ ਨੂੰ ਚਾਬੀ ਫੜਾ ਕੇ ਕੋਠੀ ਭੇਜ ਦਿੰਦਾ। ਉਹ ਦਾਲ ਸਬਜ਼ੀ ਨਾਲ ਮੱਕੀ ਦੀਆਂ ਅੱਠ ਦਸ ਰੋਟੀਆਂ ਲਾਹ ਦਿੰਦੀ। ਉਹੀ ਰੋਟੀਆਂ ਮੈਂ ਗਰਮ ਕਰ ਕੇ ਦੁਪਹਿਰੇ ਤੇ ਰਾਤ ਨੂੰ ਖਾ ਲੈਂਦਾ ਤੇ ਦਹੀਂ `ਚ ਸਵੇਰੇ ਚੂਰ ਵੀ ਕੇ ਖਾਂਦਾ ਜੋ ਬੜੀਆਂ ਸੁਆਦ ਲੱਗਦੀਆਂ। ਕਾਲੇ ਲੂਣ ਤੇ ਕਾਲੀਆਂ ਮਿਰਚਾਂ ਵਾਲੀ ਸ਼ੀਸ਼ੀ ਕੋਲ ਹੀ ਪਈ ਹੁੰਦੀ ਸੀ। ਨਾਲ ਲੱਸੀ ਪੀ ਲੈਂਦਾ। ਇਹ ਮੇਰੇ ਬਚਪਨ ਦਾ ਬਰੇਕ ਫਾਸਟ ਸੀ ਜੋ ਬਚਪਨ ਦੀ ਯਾਦ ਦੁਆਉਂਦਾ। ਸਾਗ ਮੈਂ ਪਿੰਡੋਂ ਲੈ ਆਉਂਦਾ ਸੀ ਜਿਸ ਨੂੰ ਤੜਕਾ ਲਾ ਕੇ ਖਾਂਦਾ। `ਕੱਲੇ ਬੰਦੇ ਦੀ ਰੋਟੀ ਦਾ ਕਿੰਨਾ ਕੁ ਕੰਮ ਹੁੰਦੈ? ਨਾਲੇ ਡਾ.ਜੌਹਲ ਦੀ ਰੀਸ ਨਾਲ ਮੈਂ ਵੀ ਇਕੋ ਕੌਲੀ `ਚੋਂ ਰੋਟੀ ਖਾਣ ਲੱਗ ਪਿਆ ਸਾਂ।

ਇਕ ਕੌਲੀ ਵਾਲੀ ਗੱਲ ਵੀ ਸੁਣ ਲਓ। ਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਦੀ ਮਾਤਾ ਕਰਮ ਕੌਰ ਨੇ ਡਾ.ਜੌਹਲ ਨੂੰ ਤੇ ਮੈਨੂੰ ਇੱਕ ਦਿਨ ਆਪਣੇ ਘਰ ਖਾਣੇ `ਤੇ ਸੱਦਿਆ। ਮਾਤਾ ਨੇ ਦੋ ਥਾਲੀਆਂ ਵਿੱਚ ਤਿੰਨ ਤਿੰਨ ਕੌਲੀਆਂ ਦਾਲ ਸਬਜ਼ੀ ਦੀਆਂ ਰੱਖ ਕੇ ਰੋਟੀ ਪਰੋਸੀ। ਡਾ.ਜੌਹਲ ਨੇ ਰੋਟੀ ਖਾਣ ਤੋਂ ਪਹਿਲਾਂ ਮੈਨੂੰ ਕਿਹਾ ਕਿ ਮੈਂ ਤਿੰਨਾਂ ਕੌਲੀਆਂ `ਚੋਂ ਇੱਕ ਇਕ ਬੁਰਕੀ ਲਾ ਕੇ ਦੱਸਾਂ ਕਿ ਕਿਹੜੀ `ਚ ਸਭ ਤੋਂ ਵੱਧ ਸੁਆਦ ਦਾਲ ਸਬਜ਼ੀ ਐ? ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੈਂ ਇਕੋ ਕੌਲੀ `ਚੋਂ ਦਾਲ ਜਾਂ ਸਬਜ਼ੀ ਲਾ ਕੇ ਖਾਨਾਂ। ਜੇ ਇੱਕ ਖਾ ਕੇ ਉਤੋਂ ਦੀ ਦੂਜੀ ਖਾ ਲਵਾਂ ਤਾਂ ਪਹਿਲੀ ਦਾ ਸੁਆਦ ਵੀ ਮਾਰਿਆ ਜਾਂਦੈ। ਮੈਂ ਮਨ `ਚ ਕਿਹਾ, ਜੇ ਡਾ.ਜੌਹਲ ਦੀ ਰੀਸ ਸਾਰੇ ਕਰ ਲੈਣ ਤਾਂ ਰਸੋਈ ਦੇ ਅੱਧੇ ਕੰਮ ਮੁੱਕ ਜਾਣ ਤੇ ਭਾਡਿਆਂ ਦਾ ਖਿਲਾਰਾ ਵੀ ਖ਼ਤਮ ਹੋ ਜਾਵੇ।

ਜਦੋਂ ਜੌਹਲ ਸਾਹਿਬ ਨੇ ਕਾਲਜ ਆਉਣਾ ਹੁੰਦਾ ਸੀ ਤਾਂ ਮੈਂ ਮੁਕੰਦਪੁਰ ਦੇ ਹਲਵਾਈ ਤੋਂ ਤਾਜ਼ੀ ਕਲਾਕੰਦ ਮੰਗਵਾ ਰੱਖਦਾ ਸੀ। ਕਲਾਕੰਦ ਉਨ੍ਹਾਂ ਦੇ ਬੜੀ ਪਸੰਦ ਸੀ ਤੇ ਦਿਲ ਦੇ ਮਰੀਜ਼ ਹੋ ਕੇ ਵੀ ਵਾਹਵਾ ਖਾ ਜਾਂਦੇ ਸਨ। ਡਰਾਈ ਫਰੂਟ `ਚੋਂ ਸੌਗੀ ਦੀ ਮੁੱਠ ਭਰਦੇ ਸਨ ਜਿਸ ਕਰਕੇ ਉਹ ਛੇਤੀ ਮੁੱਕ ਜਾਂਦੀ ਸੀ। ਲੱਗਦਾ ਸੀ ਸ਼ੱਕਰ ਘਿਓ ਦੀ ਕਸਰ ਉਹ ਕਲਾਕੰਦ ਤੇ ਸੌਗੀ ਖਾ ਕੇ ਕੱਢਦੇ ਸੀ। ਚਾਹ ਉਹ ਦੁੱਧ ਤੋਂ ਬਿਨਾਂ ਪਸੰਦ ਕਰਦੇ ਸੀ ਪਰ ਬਾਹਰ ਜਿਹੋ ਜਿਹੀ ਮਿਲਦੀ ਸੀ ਪੀ ਲੈਂਦੇ ਸੀ। ਮੁਕੰਦਪੁਰ ਦੇ ਪਾਣੀ ਨੂੰ ਉਹ ਖ਼ਾਸ ਤੌਰ `ਤੇ ਸਲਾਹੁੰਦੇ। ਉਹ ਆਪਣੇ ਨਾਲ ਆਏ ਸੱਜਣਾਂ ਨੂੰ ਕਹਿੰਦੇ, “ਮੁਕੰਦਪੁਰ ਦਾ ਪਾਣੀ ਵੀ ਵਧੀਆ ਤੇ ਕਲਾਕੰਦ ਵੀ ਵਧੀਆ।” ਮੈਂ ਆਖਦਾ, “ਜੌਹਲ ਸਾਹਿਬ ਦੇ ਸਹੁਰਿਆਂ ਦੇ ਜੁ ਹੋਏ!” ਉਹ ਖਾਣ ਪੀਣ `ਚ ਕੋਈ ਉਚੇਚ ਨਹੀਂ ਸਨ ਕਰਾਉਂਦੇ। ਉਨ੍ਹਾਂ ਵਰਗੀ ਸਾਦਗੀ ਮੈਂ ਬੜੇ ਘੱਟ ਬੰਦਿਆਂ ਵਿੱਚ ਵੇਖੀ ਹੈ। ਬਿਸਕੁਟ ਚਾਹ `ਚ ਡੁਬੋ ਕੇ ਉਹ ਆਪ ਵੀ ਖਾ ਲੈਂਦੇ ਤੇ ਜਕਣ ਵਾਲਿਆਂ ਨੂੰ ਕਹਿੰਦੇ-ਡੁਬੋ ਲਓ, ਵੇਖਦੇ ਕੀ ਓਂ?

ਇਕ ਵਾਰ ਉਨ੍ਹਾਂ ਦਾ ਗੋਡਾ ਦੁਖਣ ਲੱਗ ਪਿਆ ਤੇ ਮੇਰਾ ਲੱਕ ਨਾ ਸਿੱਧਾ ਹੋਵੇ। ਜੁਆਨੀ `ਚ ਡੰਡ ਬੈਠਕਾਂ ਕੱਢਣ ਵਾਲਿਆਂ ਦਾ ਸਰਿਆ ਪਿਆ ਸੀ। ਉਧਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕਾਲਜ ਵਿੱਚ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਆਉਣਾ ਸੀ। ਟੌਹੜਾ ਘੋੜੇ ਵਾਂਗ ਤੁਰ ਰਿਹਾ ਸੀ ਜਦ ਕਿ ਅਸੀਂ ਢੀਚਕ ਮਾਰ ਰਹੇ ਸਾਂ। ਸਮਾਗਮ ਮੁੱਕਾ ਤਾਂ ਡਾ.ਜੌਹਲ ਨੇ ਹਕੀਮਪੁਰ ਦੇ ਬਿੱਲੂ ਬਾਜ਼ੀਗਰ ਨੂੰ ਬੁਲਵਾਇਆ ਜਿਸ ਨੇ ਮਾਲਸ਼ ਕਰ ਕੇ ਗੋਡਾ ਤਾਂ ਚਲਦਾ ਕਰ ਦਿੱਤਾ ਪਰ ਮੇਰਾ ਲੱਕ ਫਿਰ ਵੀ ਸਿੱਧਾ ਨਾ ਹੋ ਸਕਿਆ। ਜੌਹਲ ਸਾਹਿਬ ਦਾ ਗੋਡਾ ਮੰਨੇ ਦੰਨੇ ਡਾਕਟਰਾਂ ਤੋਂ ਠੀਕ ਨਹੀਂ ਸੀ ਹੁੰਦਾ ਪਰ ਹਕੀਮਪੁਰ ਦਾ ਬਾਜ਼ੀਗਰ ਠੀਕ ਕਰ ਦਿੰਦਾ ਸੀ। ਉਹ ਜਦੋਂ ਮੁਕੰਦਪੁਰ ਆਉਂਦੇ ਤਾਂ ਅਕਸਰ ਬਿੱਲੂ ਬਾਜ਼ੀਗਰ ਤੋਂ ਗੋਡੇ ਦੀ ਮਾਲਸ਼ ਕਰਵਾ ਕੇ ਜਾਂਦੇ। ਉਨ੍ਹਾਂ ਦੇ ਤਜਰਬੇ ਅਨੁਸਾਰ ਗਿੱਟੇ ਗੋਡਿਆਂ ਦੇ ਇਲਾਜ ਲਈ ਡਾਕਟਰਾਂ ਨਾਲੋਂ ਬਾਜ਼ੀਗਰਾਂ ਦਾ ਦੇਸੀ ਢੰਗ ਬਿਹਤਰ ਸੀ। ਇਹ ਗੱਲ ਉਨ੍ਹਾਂ ਨੇ ਹੋਰ ਵੀ ਕਈਆਂ ਨੂੰ ਦੱਸ ਛੱਡੀ ਸੀ।

ਇਕ ਦਿਨ ਮੈਂ ਕੀ ਵੇਖਦਾਂ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਹਰਚਰਨ ਸਿੰਘ ਬਰਾੜ ਦੀ ਪਤਨੀ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਕਾਲਜ ਦੇ ਦਫਤਰ ਵਿੱਚ ਆ ਪਧਾਰੀ। ਮੈਂ ਉਸ ਨੂੰ ਬਹੁਤ ਸਾਲ ਪਹਿਲਾਂ ਮੁਕਤਸਰ ਵੇਖਿਆ ਹੋਇਆ ਸੀ। ਉਦੋਂ ਉਹ ਜੁਆਨ ਸੀ। ਹੁਣ ਭਾਰੇ ਜੁੱਸੇ ਕਾਰਨ ਮੈਂ ਮਸਾਂ ਪਛਾਣ ਸਕਿਆ। ਉਹਦੇ ਨਾਲ ਇੱਕ ਬਾਡੀ ਗਾਰਡ ਤੇ ਇੱਕ ਨੌਕਰਾਣੀ ਸੀ। ਉਹ ਆਖਣ ਲੱਗੀ, “ਮੈਨੂੰ ਡਾ.ਜੌਹਲ ਨੇ ਦੱਸਿਐ ਕਿ ਇਥੇ ਕੋਈ ਬਾਜ਼ੀਗਰ ਐ ਜਿਹੜਾ ਹੱਡੀਆਂ ਦਾ ਸਿਆਣਾ ਐਂ। ਮੇਰੀ ਰੀੜ੍ਹ ਦੀ ਹੱਡੀ `ਚ ਪ੍ਰਾਬਲਮ ਐ। ਮੈਂ ਉਸ ਨੂੰ ਮਿਲਣੈ।” ਨਾਲੇ ਪੁੱਛਣ ਲੱਗੀ, “ਡਾ.ਜੌਹਲ ਨਹੀਂ ਆਏ?”

 

ਜੌਹਲ ਸਾਹਿਬ ਦਾ ਫੋਨ ਆ ਗਿਆ ਸੀ ਕਿ ਅੱਜ ਉਨ੍ਹਾਂ ਨੇ ਕਾਲਜ ਵਿੱਚ ਆਉਣਾ ਹੈ ਪਰ ਇਹ ਨਹੀਂ ਸੀ ਦੱਸਿਆ ਕਿ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਵੀ ਆਵੇਗੀ। ਮੈਂ ਇੱਕ ਸੇਵਾਦਾਰ ਨੂੰ ਭੇਜ ਕੇ ਬਿੱਲੂ ਨੂੰ ਬੁਲਾ ਲਿਆ ਜਿਸ ਨੂੰ ਹਕੀਮਪੁਰੀਏ ਬਿੱਲੀ ਹੀ ਕਹਿੰਦੇ ਸਨ। ਬਾਜ਼ੀਗਰ ਦੇ ਆਉਣ ਤਕ ਡਾ.ਜੌਹਲ ਵੀ ਆ ਗਏ। ਬਿੱਲੂ ਨੇ ਸਰ੍ਹੋਂ ਦਾ ਤੇਲ ਮੰਗਾ ਲਿਆ। ਦਫਤਰ ਦੇ ਨਾਲ ਲੱਗਵੇਂ ਕਮਰੇ ਵਿੱਚ ਉਦੋਂ ਬੈੱਡ ਨਹੀਂ ਸੀ ਲੱਗਾ ਹੁੰਦਾ। ਭੁੰਜੇ ਦਰੀ ਉਤੇ ਲੇਟਣਾ ਸਰਦਾਰਨੀ ਨੂੰ ਮੁਸ਼ਕਲ ਸੀ। ਮੈਂ ਸਲਾਹ ਦਿੱਤੀ ਕਿ ਕੋਠੀ ਚਲੇ ਚੱਲੋ, ਉਥੇ ਬੈੱਡ ਉਤੇ ਲੇਟ ਕੇ ਮਾਲਸ਼ ਕਰਵਾ ਲੈਣੀ। ਸਰਦਾਰਨੀ ਦਾ ਕੋਠੀ ਤਕ ਤੁਰ ਕੇ ਜਾਣਾ ਵੀ ਮੁਸ਼ਕਲ ਸੀ ਜਿਸ ਕਰਕੇ ਕਾਰ ਵਿੱਚ ਬਿਠਾ ਕੇ ਲਿਜਾਣਾ ਪਿਆ।

ਪਿੱਛੇ ਤੁਰੇ ਜਾਂਦੇ ਬਿੱਲੂ ਨੂੰ ਜਦੋਂ ਦੱਸਿਆ ਕਿ ਸਰਦਾਰਨੀ ਮੁੱਖ ਮੰਤਰੀ ਦੇ ਘਰ ਵਾਲੀ ਹੈ ਤਾਂ ਉਹ ਮਾਲਸ਼ ਕਰਨੋ ਡਰ ਗਿਆ। ਆਖਣ ਲੱਗਾ, ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ, ਰੀੜ੍ਹ ਦੀ ਨਹੀਂ। ਅਸਲ ਵਿੱਚ ਉਸ ਨੇ ਭਾਰੀ ਜੁੱਸਾ ਵੇਖ ਕੇ ਲੱਖਣ ਲਾ ਲਿਆ ਸੀ ਕਿ ਇਹ ਉਹਦੇ ਵੱਸ ਦਾ ਰੋਗ ਨਹੀਂ। ਉਹ ਨਾਂਹ ਵਿੱਚ ਸਿਰ ਮਾਰੀ ਜਾ ਰਿਹਾ ਸੀ। ਪਰ ਡਾ.ਜੌਹਲ ਦੇ ਜ਼ੋਰ ਦੇਣ ਉਤੇ ਕਿ ਏਨੀ ਦੂਰੋਂ ਆਏ ਐ, ਮਾਲਸ਼ ਈ ਕਰਨੀ ਐਂ, ਮਾੜੀ ਮੋਟੀ ਕਰ ਦੇਈਂ, ਤਾਂ ਉਹ ਜਕਦਾ ਜਿਹਾ ਤਿਆਰ ਹੋ ਗਿਆ। ਮੈਂ ਆਪਣੀ ਨੂੰਹ ਨੂੰ ਮਦਦ ਲਈ ਬੈੱਡ ਰੂਮ ਵਿੱਚ ਭੇਜ ਦਿੱਤਾ ਤੇ ਆਪ ਅਸੀਂ ਲਾਬੀ `ਚ ਬਹਿ ਕੇ ਨਤੀਜੇ ਦੀ ਉਡੀਕ ਕਰਨ ਲੱਗੇ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮਾਲਸ਼ ਕਰਾਉਣ ਪਿਛੋਂ ਮਿਸਜ਼ ਬਰਾੜ ਨੇ ਬਾਹਰ ਆ ਕੇ ਕਿਹਾ, “ਮੈਨੂੰ ਕਾਫੀ ਆਰਾਮ ਆ ਗਿਐ। ਹੁਣ ਮੈਂ ਤੁਰ ਸਕਦੀ ਆਂ!”

ਫਿਰ ਉਹ ਆਪਣੇ ਸਰਦਾਰ ਜੀ ਤੇ ਬਾਦਲ ਸਾਹਿਬ ਵਿਚਕਾਰ ਲੜੀ ਚੋਣ ਦੀਆਂ ਗੱਲਾਂ ਕਰਦੀ ਰਹੀ ਤੇ ਦੋਹਾਂ ਸਰਦਾਰਾਂ ਨੂੰ ਸਲਾਹੁੰਦੀ ਰਹੀ। ਅੱਧਾ ਪੌਣਾ ਘੰਟਾ ਉਸ ਨੇ ਘਰੇਲੂ ਗੱਲਾਂ ਕੀਤੀਆਂ। ਮੈਂ ਵੀ ਮੁਕਤਸਰ ਵਿੱਚ ਬਿਤਾਏ ਦਿਨਾਂ ਦਾ ਜ਼ਿਕਰ ਕੀਤਾ। ਚਾਹ ਪਾਣੀ ਪੀਣ ਉਪਰੰਤ ਉਹ ਪੁੱਛਣ ਲੱਗੀ ਕਿ ਹੁਣ ਮਾਲਸ਼ ਕਰਵਾਉਣ ਕਿੱਦਣ ਆਵਾਂ? ਜੌਹਲ ਸਾਹਿਬ ਨੇ ਕਿਹਾ, “ਬਿੱਲੂ ਈ ਚੰਡੀਗੜ੍ਹ ਪਹੁੰਚ ਜਾਵੇਗਾ।” ਸਰਦਾਰਨੀ ਬਰਾੜ ਕਿਹਾ ਕਿ ਮੇਰਾ ਡਰਾਈਵਰ ਇਹਨਾਂ ਨੂੰ ਆ ਕੇ ਲੈ ਜਿਆ ਕਰੇਗਾ ਤੇ ਛੱਡ ਜਾਇਆ ਕਰੇਗਾ।” ਡਾ.ਜੌਹਲ ਨੇ ਹੱਸਦਿਆਂ ਕਿਹਾ, “ਗੱਡੀ ਛੋਟੀ ਭੇਜਣੀ। ਵੱਡੀ ਬਾਜ਼ੀਗਰ ਦੀ ਬੀਹੀ `ਚ ਨਹੀਂ ਮੁੜਨੀ।”

ਬਿੱਲੂ ਹਫ਼ਤੇ ਦੋ ਹਫ਼ਤੀਂ ਚੰਡੀਗੜ੍ਹ ਜਾਂਦਾ ਤੇ ਆ ਕੇ ਦੱਸਦਾ ਕਿ ਮੇਰੀ ਬੜੀ ਸੇਵਾ ਹੁੰਦੀ ਐ। ਉਹ ਬਰਾੜ ਸਾਹਿਬ ਨਾਲ ਹੋਈਆਂ ਗੱਲਾਂ ਸੁਣਾਉਂਦਾ ਤੇ ਪਿੰਡ `ਚ ਦੱਸਦਾ ਕਿ ਮੈਂ ਮੁੱਖ ਮੰਤਰੀ ਨੂੰ ਮਿਲ ਕੇ ਆਇਆਂ। ਸਰਦਾਰਨੀ ਗੁਰਬਿੰਦਰ ਕੌਰ ਦਾ ਤਾਂ ਪਤਾ ਨਹੀਂ ਪੂਰਾ ਇਲਾਜ ਹੋਇਆ ਜਾਂ ਨਹੀਂ ਪਰ ਬਿੱਲੂ ਬਾਜ਼ੀਗਰ ਦੀ ਮੁਕੰਦਪੁਰ ਦੇ ਠਾਣੇ ਵਿੱਚ ਏਨੀ ਚੱਲਣ ਲੱਗ ਪਈ ਕਿ ਆਪਣੇ ਮੁੰਡੇ ਨੂੰ ਬਾਹਰ ਭੇਜਣ ਲਈ ਏਜੰਟ ਕੋਲ ਫਸੇ ਪੈਸੇ ਪੂਰੇ ਦੇ ਪੂਰੇ ਕਢਾ ਗਿਆ।

ਇਕ ਦਿਨ ਹਾਈ ਕੋਰਟ ਦੇ ਇੱਕ ਜੱਜ ਦੀ ਪਤਨੀ ਮਿਸਿਜ਼ ਕੇ.ਆਤਮਾ ਰਾਮ ਮੁਕੰਦਪੁਰ ਆ ਵੱਜੀ। ਉਹ ਕਾਲਜਾਂ ਦੀ ਡੀ.ਪੀ.ਆਈ.ਰਹਿ ਚੁੱਕੀ ਸੀ ਤੇ ਮੈਂ ਉਸ ਨੂੰ ਪਛਾਣਦਾ ਸਾਂ। ਉਹਦਾ ਵੀ ਗੋਡਾ ਖੜ੍ਹ ਚੱਲਿਆ ਸੀ ਜੋ ਬਿੱਲੂ ਦੀ ਮਾਲਸ਼ ਨਾਲ ਫਿਰ ਰਵਾਂ ਹੋ ਗਿਆ। ਮਾਲਸ਼ ਕਰਵਾ ਕੇ ਉਹ ਬਿੱਲੂ ਨੂੰ ਪੁੱਛਣ ਲੱਗੀ, “ਮੈਂ ਗੱਡੀ ਖੁਦ ਚਲਾਵਾਂ ਜਾਂ ਡਰਾਈਵਰ ਚਲਾਵੇ?” ਬਿੱਲੂ ਦੀ ਥਾਂ ਮੈਂ ਹੀ ਕਿਹਾ, “ਮੈਡਮ ਚੰਗਾ ਰਹੇਗਾ ਜੇ ਹਾਲੇ ਤੁਹਾਡਾ ਡਰਾਈਵਰ ਹੀ ਚਲਾਵੇ। ਅਜੇ ਗੋਡੇ ਨੂੰ ਪੂਰਾ ਆਰਾਮ ਕਰਨ ਦਿਓ।”

ਮੈਨੂੰ ਦਿੱਲੀ ਤਕ ਤੋਂ ਫੋਨ ਆਉਣ ਲੱਗ ਪਏ ਕਿ ਤੁਹਾਡੇ ਕੋਲ ਹੱਡੀਆਂ ਦੇ ਇਲਾਜ ਦਾ ਮਾਹਿਰ ਹੈ। ਅਸੀਂ ਇਲਾਜ ਕਰਾਉਣਾ ਚਾਹੁੰਦੇ ਹਾਂ। ਕੀ ਮੁਕੰਦਪੁਰ ਵਿੱਚ ਕੋਈ ਚੰਗਾ ਹੋਟਲ ਹੈ ਜਿਥੇ ਰਿਹਾ ਜਾ ਸਕੇ? ਮੈਂ ਅੱਗੋਂ ਕੀ ਕਹਿੰਦਾ? ਮੇਰਾ ਲੱਕ ਤਾਂ ਬਿੱਲੂ ਨੇ ਮਰੋੜਾ ਦੇ ਕੇ ਹੋਰ ਵੀ ਦੁਖਣ ਲਾ ਦਿੱਤਾ ਸੀ ਜੋ ਲੁਧਿਆਣੇ ਦੇ ਇੱਕ ਮਾਲੀ ਦੀਆਂ ਮਾਲਸ਼ਾਂ ਨਾਲ ਮਸਾਂ ਠੀਕ ਹੋਇਆ ਸੀ। ਇਹੋ ਕਾਰਨ ਸੀ ਕਿ ਮੈਂ ਜੌਹਲ ਸਾਹਿਬ ਵਾਂਗ ਕਿਸੇ ਨੂੰ ਬਿੱਲੂ ਤੋਂ ਇਲਾਜ ਕਰਾਉਣ ਦੀ ਸਿਫਾਰਸ਼ ਨਹੀਂ ਸੀ ਕਰਦਾ। ਢੁੱਡੀਕੇ ਕਾਲਜ ਵਿੱਚ ਪੜ੍ਹੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਵੀ ਆਪਣਾ ਲੱਕ ਸਿੱਧਾ ਕਰਾਉਣ ਲਈ ਬਿੱਲੂ ਕੋਲ ਜਾਣ ਬਾਰੇ ਕਿਹਾ ਸੀ ਪਰ ਮੈਂ ਆਪਣੀ ਮਿਸਾਲ ਦੇ ਕੇ ਰੋਕ ਦਿੱਤਾ ਸੀ ਕਿ ਹੋਰ ਨਾ ਕਿਤੇ ਕੈਨੇਡਾ ਜਾਣੋ ਈ ਰਹਿਜੇ!

ਪ੍ਰਿੰਸੀਪਲੀ ਕਰਦਿਆਂ ਮੈਨੂੰ ਵਾਈਸ ਚਾਂਸਲਰਾਂ, ਮੰਤਰੀਆਂ ਤੇ ਹੋਰ ਵੱਡੇ ਬੰਦਿਆਂ ਨੂੰ ਮਿਲਣ ਦੇ ਮੌਕੇ ਮਿਲਦੇ ਰਹੇ। ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਕਾਲਜ ਵਿੱਚ ਆਏ ਤੇ ਕਹਿ ਗਏ ਕਿ ਇਸ ਕਾਲਜ ਨੂੰ ਪੇਂਡੂ ਯੂਨੀਵਰਸਿਟੀ ਦੇ ਤੌਰ `ਤੇ ਵਿਕਸਿਤ ਕੀਤਾ ਗਿਆ ਤਾਂ ਮੈਂ ਜ਼ਾਤੀ ਤੌਰ `ਤੇ ਇੱਕ ਕਰੋੜ ਰੁਪਿਆ ਦੇਵਾਂਗਾ। ਉਨ੍ਹਾਂ ਨੇ ਕਾਲਜ ਦੀ ਰੱਜ ਕੇ ਸਿਫਤ ਸਲਾਹ ਕੀਤੀ। ਬਾਅਦ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਲਜ ਵਿੱਚ ਪਧਾਰੇ। ਪ੍ਰਿੰਸੀਪਲ ਬਣਨ ਸਦਕਾ ਮੇਰੀ ਜਾਣ ਪਛਾਣ ਦਾ ਦਾਇਰਾ ਖੁੱਲ੍ਹਦਾ ਗਿਆ ਤੇ ਪਹੁੰਚ ਵਧਦੀ ਗਈ। ਪ੍ਰਿੰਸੀਪਲ ਹੋਣ ਕਰਕੇ ਹੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਸੈਨੇਟਰ ਬਣਿਆ ਤੇ ਕੁੱਝ ਸਮਾਂ ਸਿੰਡੀਕੇਟ ਦਾ ਮੈਂਬਰ ਰਿਹਾ। ਜਥੇਦਾਰ ਤੋਤਾ ਸਿੰਘ ਦੇ ਸਿੱਖਿਆ ਮੰਤਰੀ ਹੋਣ ਸਮੇਂ ਮੈਨੂੰ ਦੋ ਸਾਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਬਣਾ ਦਿੱਤਾ ਗਿਆ। ਕੁੱਝ ਮਿੱਤਰਾਂ ਨੇ ਕਿਹਾ ਕਿ ਮੈਂ ਸਕੂਲ ਬੋਰਡ ਦਾ ਚੇਅਰਮੈਨ ਜਾਂ ਵਾਈਸ ਚੇਅਰਮੈਨ ਬਣਨ ਦਾ ਜੁਗਾੜ ਕਰਾਂ ਜੋ ਮੈਨੂੰ ਕਰਨਾ ਨਹੀਂ ਸੀ ਆਉਂਦਾ ਤੇ ਨਾ ਹੀ ਮੈਂ ਕਰ ਸਕਿਆ। ਮੈਂ ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਸੁਤੰਤਰ ਤੌਰ `ਤੇ ਵਿਚਰਨਾ ਤੇ ਦੇਸ਼ ਵਿਦੇਸ਼ ਘੁੰਮਦਿਆਂ ਖੁੱਲ੍ਹ ਕੇ ਲਿਖਣਾ ਚਾਹੁੰਦਾ ਸਾਂ।

ਮੈਂ ਸਤੁੰਸ਼ਟ ਸਾਂ ਕਿ ਬਤੌਰ ਪ੍ਰਿੰਸੀਪਲ ਮੈਨੂੰ ਕਾਮਯਾਬ ਮੰਨਿਆ ਜਾ ਰਿਹੈ ਹਾਲਾਂ ਕਿ ਮੇਰੇ `ਚ ਕਈ ਕਮੀਆਂ ਸਨ। ਮੈਂ ਆਪਣੇ ਕੰਮ ਤੋਂ ਅਵੇਸਲੇ ਸਟਾਫ ਮੈਂਬਰਾਂ ਨੂੰ ਰੁੱਖਾ ਬੋਲ ਬਹਿੰਦਾ ਸਾਂ ਤੇ ਲਿਖਤ ਪੜ੍ਹਤ ਵਿੱਚ ਨਹੀਂ ਸੀ ਪੈਂਦਾ। ਉਨ੍ਹਾਂ `ਚ ਇੱਕ ਦੋ ਸਟਾਫ਼ ਮੈਂਬਰ ਅਜੇ ਵੀ ਮੇਰੇ ਨਾਲ ਨਾਰਾਜ਼ ਹਨ। ਮੈਂ ਕੁੱਝ ਇੱਲਤੀ ਵਿਦਿਆਰਥੀਆਂ ਨੂੰ ਬਾਹੋਂ ਫੜ ਕੇ ਝੰਜੋੜ ਦਿੱਤਾ ਸੀ। ਜੇ ਉਹ ਅੱਗੋਂ ਹੱਥ ਚੁੱਕ ਲੈਂਦੇ ਤਾਂ ਫਿਰ ਕੀ ਹੁੰਦਾ? ਮੈਂ ਕਈ ਵਾਰ ਜਜ਼ਬਾਤੀ ਹੋ ਕੇ ਤੈਸ਼ ਵਿੱਚ ਆਇਆ ਜੋ ਕਿਸੇ ਵੀ ਪ੍ਰਿੰਸੀਪਲ ਲਈ ਸ਼ੋਭਾ ਦੇਣ ਵਾਲੀ ਗੱਲ ਨਹੀਂ ਸੀ। ਮੈਂ ਕਾਮਯਾਬ ਪ੍ਰਿੰਸੀਪਲ ਜ਼ਰੂਰ ਬਣਿਆ ਪਰ ਇੱਕ ਆਦਰਸ਼ਕ ਪ੍ਰਿੰਸੀਪਲ ਨਹੀਂ ਬਣ ਸਕਿਆ। ਮੈਂ ਆਏ ਗਏ ਮਹਿਮਾਨਾਂ ਨਾਲ ਦਾਰੂ ਪੀ ਲੈਂਦਾ ਸਾਂ ਪਰ ਵਿਦਿਆਰਥੀਆਂ ਨੂੰ ਮੱਤਾਂ ਦਿੰਦਾ ਸਾਂ ਕਿ ਨਸ਼ਿਆਂ ਤੋਂ ਬਚੋ। ਮੈਨੂੰ ਚਾਹੀਦਾ ਸੀ ਕਿ ਮੌਲਵੀ ਦੇ ਗੁੜ ਛੱਡਣ ਵਾਂਗ ਪ੍ਰਿੰਸੀਪਲੀ ਦੌਰਾਨ ਦਾਰੂ ਨਾ ਪੀਂਦਾ।

ਪਰ ਜੇ ਉੱਕਾ ਈ ਨਾ ਪੀਂਦਾ ਤਾਂ ਬਰਮਿੰਘਮ ਵਿੱਚ ਉਹ ਠੁੱਕ ਨਾ ਬੱਝਦੀ ਜੋ ਕਾਲਜ ਦੇ ਜੀਵਨ ਮੈਂਬਰਾਂ ਦੀ ਪਾਰਟੀ ਵਿੱਚ ਬੱਝੀ। 1999 ਵਿੱਚ ਕਾਲਜ ਦੀ ਓਵਰਸੀਜ਼ ਕਮੇਟੀ ਵੱਲੋਂ ਬਰਮਿੰਘਮ ਵਿੱਚ ਫੰਡ ਰੇਜ਼ਿੰਗ ਡਿਨਰ ਸੀ। ਮੈਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਜਦੋਂ ਮੈਂ ਡਿਨਰ ਹਾਲ ਵਿੱਚ ਪੁੱਜਾ ਤਾਂ ਲਗਭਗ ਸਾਰੇ ਹੀ ਬੀਅਰ ਬੱਤਿਆਂ ਵਿੱਚ ਮਸਤ ਸਨ। ਇੱਕ ਦੋਂਹ ਨੇ ਮੈਨੂੰ ਸੁਲ੍ਹਾ ਮਾਰੀ ਪਰ ਮੈਂ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਮੈਂ ਕਾਲਜ ਬਾਰੇ ਭਾਸ਼ਣ ਜੁ ਦੇਣਾ ਸੀ। ਜਦ ਮੈ ਕਾਲਜ ਦੀ ਗੱਲ ਕਰ ਲਈ ਤਾਂ ਸਰੂਰ `ਚ ਆਏ ਸਰੋਤਿਆਂ ਨੂੰ ਕਿਹਾ, “ਮੈਂ ਦੇਖਣ ਨੂੰ ਈ ਗਿਆਨੀ ਜਿਹਾ ਲੱਗਦਾਂ, ਵਿਚੋਂ ਤੁਹਾਡੇ ਵਰਗਾ ਈ ਆਂ। ਕੁੱਝ ਸੱਜਣਾਂ ਨੇ ਆਉਂਦਿਆਂ ਗਲਾਸ ਪੇਸ਼ ਕੀਤਾ ਸੀ। ਗਲਾਸ ਦਾ ਟਾਈਮ ਤਾਂ ਹੁਣ ਲੰਘ ਗਿਆ। ਤੁਹਾਡੀ ਖੁਸ਼ੀ ਲਈ ਚਲੋ ਗਲਾਸੀ ਹੀ ਸਹੀ।” ਮਾਹੌਲ ਮੁਤਾਬਿਕ ਕਹੀ ਗੱਲ ਦਾ ਅਜਿਹਾ ਅਸਰ ਹੋਇਆ ਕਿ ਕਈ ਮੈਂਬਰ ਇਹੋ ਕਹੀ ਜਾਣ, “ਯਾਰ ਪ੍ਰਿੰਸੀਪਲ ਹੋਵੇ ਤਾਂ ਇਹੋ ਜਿਹਾ ਹੀ ਹੋਵੇ!”

ਮੈਂ ਇਹ ਵੀ ਕਹਿ ਦਿੱਤਾ, “ਕਾਲਜ ਵਿੱਚ ਮੈ ਦਾਰੂ ਵੜਨ ਨ੍ਹੀ ਦਿੰਦਾ। ਪਰ ਜਦੋਂ ਤੁਸੀਂ ਕਾਲਜ ਵੇਖਣ ਆਓਗੇ ਤਾਂ ਆਲੇ ਦੁਆਲੇ ਦੇ ਖੂਹਾਂ ਉਤੇ ਦੱਬੀ ਜ਼ਰੂਰ ਮਿਲੇਗੀ।” ਏਨੀ ਗੱਲ ਨਾਲ ਉਨ੍ਹਾਂ ਦਾ ਨਸ਼ਾ ਦੂਣ ਸਵਾਇਆ ਹੋ ਗਿਆ ਤੇ ਕਾਲਜ ਲਈ ਫੰਡ ਹੋਰ ਵੀ ਵਧ ਗਿਆ।

Additional Info

  • Writings Type:: A single wirting
Read 3037 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।