ਲੇਖ਼ਕ

Wednesday, 14 October 2009 17:49

48 - ਰਿਟਾਇਰ ਹੋਣ ਪਿੱਛੋਂ

Written by
Rate this item
(0 votes)

ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਬਹੁਤੇ ਬੰਦੇ ਆਰਾਮਪ੍ਰਸਤ ਹੋ ਜਾਂਦੇ ਹਨ। ਕਹਿੰਦੇ ਹਨ ਬਥੇਰਾ ਧੰਦ ਪਿੱਟ ਲਿਆ ਹੁਣ `ਰਾਮ ਨਾਲ ਘਰੇ ਬੈਠਾਂਗੇ। ਮੈਂ ਵੀ ਪਿੰਡ ਚਲਾ ਜਾਂਦਾ ਤਾਂ ਸੰਭਵ ਸੀ ਕਿ ਆਰਾਮ ਤਲਬੀ `ਚ ਪੈ ਜਾਂਦਾ ਤੇ ਟਿਕ ਕੇ ਬੈਠ ਜਾਂਦਾ। ਮਿਥਿਆ ਵੀ ਹੋਇਆ ਸੀ ਕਿ ਪਿੰਡ ਰਹਾਂਗੇ ਤੇ ਮੌਜ ਮੇਲਾ ਕਰਾਂਗੇ। ਪਰ ਸਾਡੇ ਛੋਟੇ ਪੁੱਤਰ ਗੁਰਵਿੰਦਰ ਦੇ ਕੈਨੇਡਾ ਚਲੇ ਜਾਣ ਨਾਲ ਸਾਨੂੰ ਵੀ ਕੈਨੇਡਾ ਜਾਣਾ ਪਿਆ। 1995 ਵਿੱਚ ਉਨ੍ਹਾਂ ਦੀ ਹਾਕੀ ਟੀਮ ਕੈਨੇਡਾ ਦੇ ਟੂਰ `ਤੇ ਗਈ ਤਾਂ ਉਸ ਨੂੰ ਕੈਨੇਡਾ ਬੜਾ ਪਸੰਦ ਆਇਆ। ਕੈਨੇਡਾ ਤੋਂ ਮੁੜ ਕੇ ਕਹਿਣ ਲੱਗਾ, “ਪਾਪਾ ਜੀ, ਤੁਸੀਂ ਆਪਣੇ ਸਫ਼ਰਨਾਮੇ ਤੇ ਗੱਲਾਂ ਬਾਤਾਂ `ਚ ਕਨੇਡਾ ਨੂੰ ਐਵੇਂ ਈ ਨਿੰਦੀ ਜਾਨੇ ਓਂ। ਕਨੇਡਾ ਤਾਂ ਮੁਲਕ ਈ ਬਹੁਤ ਸੋਹਣੈ। ਲੋਕ ਐਵੇਂ ਤਾਂ ਨੀ ਕਨੇਡਾ ਨੂੰ ਭੱਜੇ ਜਾਂਦੇ। ਆਖੋ ਤਾਂ ਮੈਂ ਵੀ ਕਨੇਡਾ ਚਲਾ ਜਾਵਾਂ?”

ਮੈਂ ਆਖਿਆ, “ਕਨੇਡਾ ਸੈਰ ਸਪਾਟੇ ਵਾਲਿਆਂ ਨੂੰ ਈ ਸੋਹਣਾ ਲੱਗਦੈ। ਜੇ ਓਥੇ ਕੰਮ ਕਰਨਾ ਪਵੇ ਫੇਰ ਕਨੇਡਾ ਸੋਹਣਾ ਲੱਗਣੋਂ ਹਟ ਜਾਂਦੈ। ਉਥੇ ਕਈਆਂ ਦੀ ਨੀਂਦ ਵੀ ਪੂਰੀ ਨੀ ਹੁੰਦੀ। ਤੇਰੇ ਕੋਲ ਬੈਂਕ ਦੀ ਚੰਗੀ ਭਲੀ ਨੌਕਰੀ ਐ। ਜਿੰਨਾ ਚਿਰ ਖੇਡ ਹੁੰਦੈ ਖੇਡ ਮੱਲ੍ਹ। ਤੂੰ ਇੰਡੀਆ ਦੀ ਟੀਮ `ਚ ਆ ਸਕਦੈਂ। ਵਰਲਡ ਕੱਪ ਤੇ ਓਲੰਪਿਕ ਖੇਡਾਂ `ਚ ਜਾ ਸਕਦੈਂ। ਕਨੇਡਾ `ਚ ਕੀ ਪਿਐ?” ਉਦੋਂ ਕੋਕਰੀ ਵਾਲੇ ਗਿੱਲ ਹਰਦੀਪ ਦਾ ਗੀਤ ਅਜੇ ਚੱਲਿਆ ਨਹੀਂ ਸੀ-ਜਾਹ ਮੁੜ ਜਾ ਅਜੇ ਵੀ ਪਿੱਛੇ ਮੁੜ ਜਾ, ਕਨੇਡਾ ਵਿੱਚ ਕੀ ਰੱਖਿਆ …? ਜਸਵੰਤ ਸਿੰਘ ਕੰਵਲ ਦੇ ਭਾਣਜੇ ਮਨਮੋਹਨ ਸਿੰਘ ਤੇ ਰਾਮੂਵਾਲੀਆਂ ਦੇ ਜੁਆਈ ਭਾਈ ਹਰਭਜਨ ਮਾਨ ਨੇ ਵੀ ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ ਤੇ ਮਿੱਟੀ ਵਾਜਾਂ ਮਾਰਦੀ ਫਿਲਮਾਂ ਨਹੀਂ ਸਨ ਬਣਾਈਆਂ। ਮੈਂ ਖੁਦ ਆਪਣੇ ਭਰਾ ਭਜਨ ਵੱਲੋਂ ਅਮਰੀਕਾ `ਚ ਪੱਕੇ ਤੌਰ `ਤੇ ਸੱਦਣ ਦੇ ਕਾਗਜ਼ ਨਹੀਂ ਸੀ ਭਰੇ ਜਦ ਕਿ ਬਾਕੀ ਸਾਰੇ ਭਰਾਵਾਂ ਨੇ ਭਰ ਦਿੱਤੇ ਸਨ। ਮੈਨੂੰ ਪਰਵਾਸ ਖਿੱਚ ਨਹੀਂ ਸੀ ਪਾਉਂਦਾ।

ਪਰ ਨਵੀਂ ਪੀੜ੍ਹੀ `ਚ ਹਵਾ ਈ ਅਜਿਹੀ ਫਿਰ ਗਈ ਸੀ ਤੇ ਫਿਰੀ ਹੋਈ ਹੈ ਕਿ ਚੰਗੇ ਭਲੇ ਸੈੱਟ ਹੋਏ ਧੀਆਂ ਪੁੱਤਾਂ `ਤੇ ਵੀ ਵਿਦੇਸ਼ਾਂ `ਚ ਜਾਣ ਦਾ ਭੂਤ ਸਵਾਰ ਹੈ। ਲੱਖ ਕਹੋ ਕਿ ਜਿੰਨਾ ਕੰਮ ਵਿਦੇਸ਼ਾਂ `ਚ ਜਾ ਕੇ ਕਰਦੇ ਓ, ਓਨਾ ਪੰਜਾਬ `ਚ ਕਰਨ ਲੱਗ ਪਓ ਤਾਂ ਪੰਜਾਬ ਵੀ ਇੰਗਲੈਂਡ, ਕੈਨੇਡਾ ਤੇ ਅਮਰੀਕਾ ਤੋਂ ਘੱਟ ਨਹੀਂ ਰਹਿਣਾ। ਪਰ ਪਤਾ ਨਹੀਂ ਕਿਉਂ ਨਵੀਂ ਪੀੜ੍ਹੀ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਦੇਸ਼ ਵਿੱਚ ਵਿਹਲੀਆਂ ਖਾਣ ਵਾਲੇ ਸਰਦੇ ਪੁੱਜਦੇ, ਨੌਕਰੀ ਪੇਸ਼ਾ, ਅਫਸਰ ਤੇ ਕਈ ਲੈਕਚਰਾਰ ਵੀ ਹਨ ਜਿਹੜੇ ਬਾਹਰ ਭੱਜਣ ਨੂੰ ਤਰਲੋਮੱਛੀ ਹੋ ਰਹੇ ਹਨ।

ਮੈਂ ਖੁਦ ਲੈਕਚਰਾਰ ਰਿਹਾ ਹੋਣ ਕਰਕੇ ਕਹਿ ਸਕਦਾਂ ਕਿ ਪ੍ਰੋਫੈਸਰੀ ਵਰਗੀ ਸੌਖੀ, ਦਿਲਚਸਪ ਤੇ ਇਜ਼ਤ ਮਾਣ ਵਾਲੀ ਨੌਕਰੀ ਦੁਨੀਆ ਉਤੇ ਕਿਤੇ ਨਹੀਂ। ਫਿਰ ਵੀ ਪੰਜਾਬ ਦੇ ਅਨੇਕਾਂ ਲੈਕਚਰਾਰ ਵਿਦੇਸ਼ ਜਾਣ ਦੇ ਕਾਗਜ਼ ਭਰੀ ਬੈਠੇ ਹਨ। ਹਾਲਾਂ ਕਿ ਪਤਾ ਹੈ ਪਈ ਉਥੇ ਉਨ੍ਹਾਂ ਵਰਗੇ ਪਹਿਲਾਂ ਹੀ ਪਹੁੰਚੇ ਬਥੇਰੇ ਪੜ੍ਹੇ ਲਿਖੇ ਹਨ ਜਿਹੜੇ ਟੈਕਸੀਆਂ ਤੇ ਟਰੱਕ ਈ ਚਲਾਉਂਦੇ ਹਨ। ਜਿਨ੍ਹਾਂ ਤੋਂ ਟਰੱਕ ਡਰਾਈਵਿੰਗ ਦੇ ਟੈੱਸਟ ਪਾਸ ਨਹੀਂ ਹੁੰਦੇ ਉਹ ਦਿਹਾੜੀ ਦੱਪਾ ਕਰਦੇ ਖੇਤਾਂ `ਚ ਬੇਰੀ ਤੋੜਦੇ ਤੇ ਦਫਤਰਾਂ `ਚ ‘ਕਲੀਨਿੰਗ’ ਤੇ ਹੋਰ ਨਿੱਕੇ ਮੋਟੇ ਕੰਮ ਕਰਦੇ ਹਨ। ਦੇਸ਼ `ਚ ਅਫਸਰੀ ਕਰਨ ਵਾਲੇ ਕੈਨੇਡਾ `ਚ ‘ਸਕਿਉਰਿਟੀ ਅਫਸਰ’ ਦੇ ਨਾਂ `ਤੇ ਰਾਤਾਂ ਦਾ ਚੌਕੀਦਾਰਾ ਕਰਨ ਡਹੇ ਹਨ। ਪੰਜਾਬ `ਚ ਇਹੋ ਕੰਮ ਕਰਨਾ ਪਵੇ ਤਾਂ ਬਹਾਨਾ ਹੈ ਕਿ ਲੋਕ ਕੀ ਕਹਿਣਗੇ? ਲੋਕ ਜੇ ਪਰਵਾਸੀਆਂ ਨੂੰ ਕੁੱਝ ਨਹੀਂ ਕਹਿੰਦੇ ਤਾਂ ਦੇਸ਼ `ਚ ਕੰਮ ਕਰਦਿਆਂ ਨੂੰ ਕਿਉਂ ਕੁੱਝ ਕਹਿਣਗੇ? ਕਹਿ ਦਿਓ ਕਿ ਅਸੀਂ ਦੇਸ਼ `ਚ ਈ ਕੈਨੇਡੀਅਨ ਬਣ ਗਏ ਆਂ!

ਮੈਂ ਤੇ ਵਰਿਆਮ ਸਿੰਘ ਸੰਧੂ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ ਰਹੇ ਹਾਂ ਤੇ ਲੇਖਕ ਵੀ ਆਂ। ਸਾਡੇ ਪੁੱਤਰ ਵੀ ਪੜ੍ਹੇ ਲਿਖੇ ਨੇ ਪਰ ਟੋਰਾਂਟੋ `ਚ ਚਲਾਉਂਦੇ ਉਹ ਵੀ ਟਰੱਕ ਈ ਨੇ। ਡਾ.ਨਾਹਰ ਸਿੰਘ ਦਾ ਮੁੰਡਾ ਵੀ ਇਹੋ ਕੁੱਝ ਕਰਦੈ। ਜਥੇਦਾਰ ਤੋਤਾ ਸਿੰਘ ਦੇ ਭਤੀਜੇ ਵੀ ਟਰੱਕ ਈ ਚਲਾਉਂਦੇ ਨੇ। ਬਲਵੰਤ ਸਿੰਘ ਰਾਮੂਵਾਲੀਏ ਦਾ ਮੁੰਡਾ ਗਊਆਂ ਪਾਲਦੈ। ਉਨ੍ਹਾਂ ਦਾ ਭਾਣਜਾ ਪੀਜ਼ੇ ਬਣਾਉਂਦੈ। ਆਪਣਾ ਪੰਜਾਬ ਹੋਵੇ ਗੀਤ ਲਿਖਣ ਵਾਲਾ ਮੱਖਣ ਬਰਾੜ ਟੈਂਟ ਲਾ ਕੇ ਲੋਕਾਂ ਦੇ ਦਿਨ ਸੁਦ ਭੁਗਤਾਉਂਦੈ। ਹਜ਼ਾਰਾਂ ਏਕੜ ਦੇ ਮਾਲਕ ਦੀਦਾਰ ਸਿੰਘ ਬੈਂਸ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਸਾਂ ਤਾਂ ਉਹਦੀ ਗੁਰਗਾਬੀ ਗਾਰੇ ਨਾਲ ਲਿਬੜੀ ਹੋਈ ਸੀ ਤੇ ਉਹ ਨੱਕੇ ਮੋੜ ਰਿਹਾ ਸੀ। ਵਿਦੇਸ਼ਾਂ `ਚ ਹਰ ਇੱਕ ਨੂੰ ਕੰਮ ਕਰਨਾ ਪੈਂਦੈ ਤੇ ਜਿਹੜਾ ਵੀ ਮਿਲੇ ਉਹੀ ਕਰਨਾ ਪੈਂਦੈ। ਲਾ ਕੂੜਾ ਕਰਕਟ ਸੁੱਟਣ ਤੋਂ ਲੈ ਕੇ ਰੰਗ ਰੋਗਨ ਕਰਨ ਤੇ ਘਰਾਂ ਦੇ ਫਰਸ਼ ਲਾਉਣ ਤਕ। ਪੰਜਾਬ ਦੇ ਖੇਤਾਂ ਵਿੱਚ ਡੱਕਾ ਦੂਹਰਾ ਨਾ ਕਰਨ ਵਾਲੇ ਕੈਨੇਡਾ ਦੇ ਖੇਤਾਂ `ਚ ਠਰੂੰ ਠਰੂੰ ਕਰਦੇ ਵੀ ਓਵਰ ਟਾਈਮ ਲਾਉਣ ਤਕ ਜਾਂਦੇ ਹਨ।

ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਵਰਗੇ ਗੀਤ ਲਿਖਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਦਾ ਮੁੰਡਾ ਡਾਕਟਰ ਹੈ। ਉਹਦਾ ਉਹਨੂੰ ਪਤਾ ਹੋਵੇਗਾ ਕਿ ਅਮਰੀਕਾ ਵਿੱਚ ਡਾਕਟਰ ਲੱਗ ਚੁੱਕੈ ਜਾਂ ਹੋਰ ਕੋਰਸ ਕਰਨੇ ਬਾਕੀ ਹਨ? ਟੋਰਾਂਟੋ ਤੇ ਵੈਨਕੂਵਰ `ਚ ਬਥੇਰੇ ਰੇਡੀਓ ਹੋਸਟ ਤੇ ਅਖ਼ਬਾਰਾਂ ਦੇ ਐਡੀਟਰ ਹਨ ਜਿਹੜੇ ਜਦੋਂ ਦਾਅ ਲੱਗੇ ਟੈਕਸੀ ਦਾ ਗੇੜਾ ਵੀ ਲਾ ਆਉਂਦੇ ਹਨ। ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਕੁਸ਼ਤੀ ਕੋਚ ਹੈ। ਉਹ ਸਿਆਟਲ ਦੇ ਸਕੂਲਾਂ `ਚ ਕੋਚਿੰਗ ਵੀ ਦਿੰਦਾ ਹੈ ਤੇ ਟੈਕਸੀ ਵੀ ਵਾਹੁੰਦਾ ਹੈ। ਸਾਡੇ ਮੂਹਰੇ ਗਰਮ ਚਾਹ ਰੱਖ ਕੇ ਆਖੇਗਾ, ਚਾਹ ਪੀਂਦਿਆਂ ਨੂੰ ਨਿੱਕਾ ਜਿਹਾ ਗੇੜਾ ਈ ਲਾ ਆਵਾਂ!

ਮੇਰਾ ਭਰਾ ਭਜਨ ਤੇ ਪਰਿਵਾਰ ਦੇ ਹੋਰ ਜੀਅ ਸਟੋਰ ਦੇ ਸੌਦੇ ਪੱਤੇ `ਚ ਬੀਅਰ ਬੱਤਿਆਂ ਨਾਲ ਸਿਗਰਟਾਂ ਵੀ ਵੇਚਦੇ ਹਨ। ਮੈਨੂੰ ਨਿੱਕੇ ਹੁੰਦਿਆਂ ਰੈੱਡ ਲੈਂਪ ਦੀ ਖਾਲੀ ਡੱਬੀ ਨੂੰ ਹੀ ਹੱਥ ਲਾਉਣ ਬਦਲੇ ਬਾਬੇ ਨੇ ਕੁੱਟ ਧਰਿਆ ਸੀ। ਬਾਬਾ ਜੀਂਦਾ ਹੁੰਦਾ ਤਾਂ ਪੋਤਿਆਂ ਨੂੰ ਸਿਗਰਟਾਂ ਵੇਚਦੇ ਵੇਖ ਕੇ ਹੀ ਮਰਨਹਾਕਾ ਹੋ ਜਾਂਦਾ! ਭਜਨ ਦੇ ਗੁਆਂਢ ਰਹਿੰਦਾ ਇਨਕਲਾਬੀ ਕਵੀ ਪਾਸ਼ ਪਟਰੋਲ ਪੰਪ `ਤੇ ਤੇਲ ਪਾਇਆ ਕਰਦਾ ਸੀ। ਮਰਨ ਤੋਂ ਦੋ ਕੁ ਮਹੀਨੇ ਪਹਿਲਾਂ ਉਹ ਮੈਨੂੰ ਢੁੱਡੀਕੇ ਮਿਲਣ ਆਇਆ ਸੀ। ਉੱਦਣ ਉਹਦੇ ਨੀਲੀ ਪੱਗ ਬੰਨ੍ਹੀ ਹੋਈ ਸੀ। ਮੈਂ ਉਹਨੂੰ ਮਸਾਂ ਸਿਆਣਿਆਂ ਸੀ। ਵਿਦੇਸ਼ਾਂ ਵਿੱਚ ਵੀ ਮਨਭਾਉਂਦੀਆਂ ਨੌਕਰੀਆਂ ਹਰੇਕ ਨੂੰ ਨਹੀਂ ਮਿਲਦੀਆਂ। ਇਨ੍ਹਾਂ ਦਾ ਤੋੜਾ ਹਰੇਕ ਥਾਂ ਈ ਹੁੰਦੈ।

ਇਕਬਾਲ ਰਾਮੂਵਾਲੀਏ ਵਰਗੇ ਕਹਿੰਦੇ ਕਹਾਉਂਦੇ ਕਵੀ ਜਿਹੜੇ ਪੰਜਾਬ ਦੇ ਵਧੀਆ ਕਾਲਜਾਂ `ਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਉਹ ਦਿਹਾੜੀਆਂ ਕਰਨ, ਨਿਆਣੇ ਖਿਡਾਉਣ, ਟੈਕਸੀਆਂ ਚਲਾਉਣ ਤੇ ਕਈ ਕਈ ਕੋਰਸ ਕਰਨ ਪਿੱਛੋਂ ਮਸਾਂ ਪ੍ਰਾਇਮਰੀ ਟੀਚਰ ਬਣੇ ਹਨ। ਉਹ ਵੀ ਮਹਿੰਗੇ ਭਾਅ ਦੀ ਪੜ੍ਹਾਈ ਕਰ ਕੇ ਤੇ ਕਈ ਕਈ ਸਾਲ ਗੁਆ ਕੇ। ਸੁਧਾਰ ਦੇ ਪ੍ਰਿੰਸੀਪਲ ਬਲਕਾਰ ਸਿੰਘ ਬਾਜਵੇ ਨੇ ਕੈਨੇਡਾ ਵਿੱਚ ਨੌਕਰੀ ਲਈ ਮਾਰੀਆਂ ਟੱਕਰਾਂ ਦੇ ਰੰਗ ਆਪਣੀ ਪੁਸਤਕ ‘ਰੰਗ ਕੈਨੇਡਾ ਦੇ’ ਵਿੱਚ ਵਿਖਾ ਦਿੱਤੇ ਹਨ!

ਵਾੲ੍ਹੀਟ ਕਾਲਰ ਜੌਬਾਂ ਕਿਸੇ ਵੀ ਮੁਲਕ ਵਿੱਚ ਖੁੱਲ੍ਹੀਆਂ ਡੁੱਲ੍ਹੀਆਂ ਨਹੀਂ ਹੁੰਦੀਆਂ। ਜਿਹੜੇ ਕਹਿੰਦੇ ਹਨ ਕਿ ਦੇਸ਼ ਵਿੱਚ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਉਨ੍ਹਾਂ ਨੂੰ ਵੱਡਾ ਭੁਲੇਖਾ ਹੈ ਕਿ ਵਿਦੇਸ਼ਾਂ ਵਿੱਚ ਸਰਕਾਰੀ ਨੌਕਰੀਆਂ ਆਮ ਹਨ। ਵਿਦੇਸ਼ਾਂ ਵਿੱਚ ਵੀ ਥੋੜ੍ਹੀ ਬਹੁਤੀ ਬੇਰੁਜ਼ਗਾਰੀ ਬਣੀ ਹੀ ਰਹਿੰਦੀ ਹੈ। ਵੀਹ ਵੀਹ ਸਾਲਾਂ ਦੀ ਨੌਕਰੀ ਪਲਾਂ ਵਿੱਚ ਖੁੱਸ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਵਧੇਰੇ ਕਰ ਕੇ ਉਹੀ ਕੰਮ ਹਨ ਜੋ ਬਾਹਰੋਂ ਆਏ ਕਾਮੇ ਪੰਜਾਬ ਵਿੱਚ ਆ ਕੇ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਦੇਸ਼ ਵਿੱਚ ਨੌਕਰਾਣੀ ਦੀ ਤਨਖਾਹ ਰੁਪਿਆਂ ਵਿੱਚ ਹੈ ਤੇ ਵਿਦੇਸ਼ਾਂ ਵਿੱਚ ਨੈਨੀ ਦੀ ਪੇਅ ਪੌਂਡਾਂ ਤੇ ਡਾਲਰਾਂ ਵਿੱਚ ਹੈ। ਉਂਜ ਨੈਨੀ ਤੇ ਨੌਕਰਾਣੀ ਵਿੱਚ ਕੋਈ ਅੰਤਰ ਨਹੀਂ। ਜਿਸ ਕੰਮ ਨੂੰ ਦੇਸ਼ ਵਿੱਚ ਹੱਥ ਲਾਉਣਾ ਹੱਤਕ ਮੰਨਿਆਂ ਜਾਂਦੈ ਵਿਦੇਸ਼ਾਂ ਵਿੱਚ ਉਹ ਸ਼ਾਨ ਨਾਲ ਕੀਤਾ ਜਾਂਦੈ।

ਸਾਡਾ ਪੁੱਤਰ ਕੈਨੇਡਾ ਜਾਣ ਲਈ ਤਿਆਰ ਸੀ। ਕਹਿ ਰਿਹਾ ਸੀ ਕਿ ਉਹ ਹਰ ਤਰ੍ਹਾਂ ਦਾ ਕੰਮ ਕਰ ਸਕੇਗਾ। ਫੱਟੇ ਚੱਕਣੇ ਪਏ ਤਾਂ ਫੱਟੇ ਵੀ ਚੱਕੇਗਾ। ਉਹਦੇ ਕਰਮਾਂ ਨੂੰ ਪਿੰਡ ਮੱਦੋਕੇ ਦੇ ਮਾਸਟਰ ਜਗਤਾਰ ਸਿੰਘ ਕੈਨੇਡਾ ਤੋਂ ਆਪਣੀ ਲੜਕੀ ਲਈ ਵਰ ਲੱਭਣ ਆ ਗਏ। ਉਹ ਸਾਨੂੰ ਚਿਰਾਂ ਤੋਂ ਜਾਣਦੇ ਸਨ। ਬੱਚੇ ਵੀ ਨੇੜ ਤੇੜ ਪੜ੍ਹਦੇ ਰਹੇ ਸਨ। ਢੁੱਡੀਕੇ ਦਾ ਵੈਦ ਰੂਪ ਚੰਦ ਵਿਚੋਲਾ ਬਣ ਗਿਆ ਤੇ ਗੁਰਵਿੰਦਰ ਜਗਤਾਰ ਸਿੰਘ ਹੋਰਾਂ ਦੀ ਲੜਕੀ ਸੁਖਦੀਪ ਨਾਲ ਮੰਗਿਆ ਗਿਆ।

ਡੇਢ ਕੁ ਸਾਲ ਪਿੱਛੋਂ ਜਨਵਰੀ 1998 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਡਾ.ਜੌਹਲ, ਕੰਵਲ, ਜਥੇਦਾਰ ਤੋਤਾ ਸਿੰਘ ਤੇ ਸੰਤ ਵੀਰ ਸਿੰਘ ਹੋਰਾਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ ਤੇ ਅਗੱਸਤ ਵਿੱਚ ਗੁਰਵਿੰਦਰ ਕੈਨੇਡਾ ਚਲਾ ਗਿਆ। ਪੰਜਾਬ ਸਿੰਧ ਬੈਂਕ ਵਾਲਿਆਂ ਨੇ ਕੁੱਝ ਸਮਾਂ ਉਡੀਕਣ ਤੇ ਫਿਰ ਅਖ਼ਬਾਰਾਂ `ਚ ਨੋਟਿਸ ਦੇਣ ਪਿੱਛੋਂ ਉਸ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ। ਉਸ ਨੇ ਲੋੜੀਂਦੀ ਆਮਦਨ ਬਣਾ ਕੇ ਸਾਡੇ ਕਾਗਜ਼ ਭਰ ਦਿੱਤੇ। ਪੰਜਾਬ ਵਿੱਚ ਤਾਂ ਬੱਚਿਆਂ ਦੀ ਸਾਂਭ ਸੰਭਾਲ, ਰਸੋਈ ਤੇ ਘਰ ਦੀ ਸਾਫ ਸਫਾਈ ਲਈ ਨੌਕਰਾਣੀ ਵੀ ਰੱਖੀ ਜਾ ਸਕਦੀ ਸੀ ਪਰ ਵਿਦੇਸ਼ਾਂ ਵਿੱਚ ਅਜਿਹੀ ਸਹੂਲਤ ਨਹੀਂ ਸੀ। ਉਥੇ ਦੋਹਾਂ ਜੀਆਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਵੀ ਨਹੀਂ ਸੀ। ਵਿਦੇਸ਼ਾਂ ਵਿੱਚ ਗਏ ਜਿਸ ਜੋੜੇ ਦੇ ਮਾਂ ਬਾਪ ਕਾਇਮ ਹੋਣ ਉਹ ਬੱਚੇ ਪਾਲਣ ਤੇ ਘਰ ਸੰਭਾਲਣ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਸਹਿਯੋਗ ਦੇ ਸਕਦੇ ਹਨ। ਅਸੀਂ ਕਾਇਮ ਸਾਂ ਇਸ ਲਈ ਰਿਟਾਇਰ ਹੋ ਕੇ ਦੋਵੇਂ ਜੀਅ ਕੈਨੇਡਾ ਚਲੇ ਗਏ। ਗਏ ਤਾਂ ਵਿਜ਼ਟਰ ਸਾਂ ਪਰ ਪਾਈਲਟ ਪ੍ਰੋਜੈਕਟ ਪ੍ਰੋਗਰਾਮ ਅਧੀਨ ਸਤੰਬਰ 2001 ਵਿੱਚ ਸਾਨੂੰ ਕੈਨੇਡਾ ਦੀ ਪੱਕੀ ਰਹਾਇਸ਼ ਮਿਲ ਗਈ।

ਜੇ ਮੈਂ ਪਿੰਡ ਚਲਾ ਜਾਂਦਾ ਤਾਂ ਸ਼ਾਇਦ ਕੰਪਿਊਟਰ ਕਦੇ ਨਾ ਸਿੱਖਦਾ ਪਰ ਕੈਨੇਡਾ ਜਾਣ ਨਾਲ ਮੈਂ ਕੰਪਿਊਟਰ ਦੇ ਲੜ ਲੱਗ ਗਿਆ। ਲੜ ਲਾਇਆ ਕੰਪਿਊਟਰ ਦੇ ਮਾਹਿਰ ਕਿਰਪਾਲ ਸਿੰਘ ਪੰਨੂੰ ਨੇ ਜਿਸ ਨੂੰ ਕੰਪਿਊਟਰ ਦਾ ਭਾਈ ਘਨੱਈਆ ਕਿਹਾ ਜਾਂਦੈ। ਉਸ ਨੇ ਨਿਸ਼ਕਾਮ ਸੇਵਾ ਕਰਦਿਆਂ ਕਈਆਂ ਨੂੰ ਕੰਪਿਊਟਰ ਸਿਖਾਇਆ ਹੈ। ਇਕਬਾਲ ਰਾਮੂਵਾਲੀਏ ਨੇ ਵੀ ਮੈਨੂੰ ਕਿਹਾ ਕਿ ਲੇਖਕਾਂ ਨੂੰ ਤਾਂ ਕੰਪਿਊਟਰ ਸਿੱਖਣਾ ਬੇਹੱਦ ਜ਼ਰੂਰੀ ਹੈ। ਇਹਦੇ ਬਿਨਾਂ ਇਥੇ ਗੁਜ਼ਾਰਾ ਨਹੀਂ। ਪਰ ਮੈਂ ਸੋਚਦਾ ਸਾਂ ਕਿ ਬੁੱਢੇ ਤੋਤੇ ਵੀ ਕਦੇ ਪੜ੍ਹੇ ਨੇ? ਮੈਂ ਕੰਪਿਊਟਰ ਨੂੰ ਹੱਥ ਲਾਉਣੋ ਵੀ ਡਰਦਾ ਸਾਂ ਕਿ ਕੋਈ ਪੁਰਜ਼ਾ ਈ ਨਾ ਖਰਾਬ ਹੋਜੇ!

ਮੈਨੂੰ ਟੋਰਾਂਟੋ ਦੇ ਲੇਖਕਾਂ ਦੀ ਸਭਾ ‘ਕਲਮਾਂ ਦੇ ਕਾਫ਼ਲੇ’ ਵਿੱਚ ਜਾਣ ਦਾ ਮੌਕਾ ਮਿਲਿਆ। ਉਥੇ ਕੁੱਝ ਲੇਖਕਾਂ ਤੇ ਅਖਬਾਰਾਂ ਦੇ ਪੱਤਰਕਾਰਾਂ ਨਾਲ ਸਿਆਣ ਹੋ ਗਈ। ਖੇਡ ਖੇਤਰ ਨਾਲ ਤਾਂ ਮੈਂ ਪਹਿਲਾਂ ਤੋਂ ਹੀ ਜੁੜਿਆ ਹੋਇਆ ਸਾਂ ਜਿਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਖੇਡ ਮੇਲਿਆਂ ਉਤੇ ਜਾਣ ਦੇ ਮੌਕੇ ਮਿਲਣ ਲੱਗੇ। ਮੈਂ ਕਬੱਡੀ ਮੈਚਾਂ ਦੀ ਕੁਮੈਂਟਰੀ ਕਰ ਦਿੰਦਾ। ਖੇਡ ਮੇਲੇ ਵੇਖ ਕੇ ਉਨ੍ਹਾਂ ਬਾਰੇ ਲਿਖਦਾ। ਕਲਮ ਨਾਲ ਲਿਖੇ ਨੂੰ ਕੈਨੇਡਾ ਦੇ ਅਖ਼ਬਾਰਾਂ ਵਾਲੇ ਪੰਜਾਬ ਵਿੱਚ ਫੈਕਸ ਕਰ ਕੇ ਟਾਈਪ ਕਰਵਾਉਂਦੇ ਤੇ ਈ ਮੇਲ ਪ੍ਰਾਪਤ ਕਰਦੇ। ਵਿਦੇਸ਼ਾਂ ਦੇ ਪੰਜਾਬੀ ਅਖ਼ਬਾਰ ਤੇ ਰਸਾਲੇ ਉਸੇ ਲੇਖਕ ਦੀ ਰਚਨਾ ਨੂੰ ਤਰਜੀਹ ਦਿੰਦੇ ਹਨ ਜਿਹੜੀ ਟਾਈਪ ਕੀਤੀ ਆਈ ਹੋਵੇ। ਮੇਰੀ ਲਿਖਤ ਟਾਈਪ ਨਾ ਹੋਣ ਕਾਰਨ ਕਈ ਵਾਰ ਛਪਣੋ ਰਹਿ ਜਾਂਦੀ ਜਾਂ ਪਛੜ ਕੇ ਛਪਦੀ ਜਿਸ ਕਰਕੇ ਮੈਂ ਵੀ ਮਹਿਸੂਸ ਕਰਨ ਲੱਗਾ ਕਿ ਕੰਪਿਊਟਰ ਉਤੇ ਟਾਈਪ ਕਰਨਾ ਸਿੱਖ ਹੀ ਲੈਣਾ ਚਾਹੀਦੈ।

ਇਕ ਸ਼ਾਮ ਮੇਰੀ ਪਤਨੀ ਦੇ ਮਾਮੇ ਦੇ ਪੁੱਤ ਅਮਰਜੀਤ ਸਿੰਘ ਨੇ ਸਾਨੂੰ ਆਪਣੇ ਘਰ ਸੱਦਿਆ। ਉਹ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਜੁਆਈ ਹੈ ਤੇ ਪਾਰਸ ਹੋਰੀਂ ਉਨ੍ਹਾਂ ਪਾਸ ਹੀ ਰਹਿੰਦੇ ਸਨ। ਉਥੇ ਰਾਮੂਵਾਲੀਏ ਭਰਾ, ਕਿਰਪਾਲ ਸਿੰਘ ਪੰਨੂੰ, ਪਰਮਜੀਤ ਸੰਧੂ, ਬਲਰਾਜ ਦਿਓਲ ਤੇ ਕੁੱਝ ਹੋਰ ਲਿਖਣ ਪੜ੍ਹਨ ਵਾਲਿਆਂ ਦੀ ਮਹਿਫ਼ਲ ਲੱਗ ਗਈ। ਗੱਲਾਂ ਚੱਲ ਪਈਆਂ ਕਿ ਕਿਰਪਾਲ ਸਿੰਘ ਪੰਨੂੰ ਨੇ ਅਜਿਹਾ ਕਨਵਰਟਰ ਤਿਆਰ ਕੀਤੈ ਜਿਸ ਨਾਲ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਤੇ ਸ਼ਾਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਬਦਲਿਆ ਜਾ ਸਕਦੈ। ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਸੀ। ਪੰਨੂੰ ਨੇ ਕਿਹਾ ਕਿ ਅਗਲੇ ਦਿਨ ਮੇਰੇ ਘਰ ਆ ਕੇ ਵੇਖ ਲੈਣਾ।

ਬਰੈਂਪਟਨ ਵਿੱਚ ਜਿਥੇ ਅਸੀਂ ਰਹਿੰਦੇ ਸਾਂ ਉਥੋਂ ਪੰਨੂੰ ਹੋਰਾਂ ਦਾ ਘਰ ਨੇੜੇ ਹੀ ਸੀ। ਤੁਰ ਕੇ ਦਸ ਪੰਦਰਾਂ ਮਿੰਟ ਦਾ ਰਾਹ ਸੀ ਜਿਸ ਕਰਕੇ ਕਿਸੇ ਨੂੰ ਖੇਚਲ ਦੇਣ ਦੀ ਵੀ ਲੋੜ ਨਹੀਂ ਸੀ। ਮੈਂ ਪੰਨੂੰ ਦੇ ਘਰ ਗਿਆ ਤਾਂ ਉਸ ਨੇ ਕਿਹਾ ਕਿ ਪੰਜਾਬੀ ਦੀ ਕੋਈ ਲਾਈਨ ਲਿਖਾਵਾਂ। ਮੈਂ ਬਾਬਾ ਫਰੀਦ ਦਾ ਸਲੋਕ ਗਲੀਏਂ ਚਿੱਕੜ ਦੂਰ ਘਰ … ਲਿਖਾ ਦਿੱਤਾ। ਇਹ ਮਈ ਜਾਂ ਜੂਨ 2001 ਦੀ ਗੱਲ ਹੈ। ਪੰਨੂੰ ਨੇ ਉਹ ਗੁਰਮੁਖੀ ਵਿੱਚ ਟਾਈਪ ਕਰ ਲਿਆ। ਫਿਰ ਉਸ ਨੇ ਕੰਪਿਊਟਰ ਦੀ ਇੱਕ ਕਲਾ ਦਬਾਈ। ਪਲ ਭਰ ਲਈ ਅੱਖਰਾਂ ਦੀਆਂ ਲਕੀਰਾਂ ਸਕਰੀਨ ਉਤੇ ਨੱਚੀਆਂ ਤੇ ਸ਼ਾਹਮੁਖੀ ਯਾਨੀ ਫਾਰਸੀ ਲਿੱਪੀ ਵਿੱਚ ਬਦਲ ਗਈਆਂ। ਫਿਰ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਕਰ ਲਈਆਂ ਗਈਆਂ। ਇੱਕ ਦੋ ਹੋਰ ਫਿਕਰਿਆਂ ਦੀ ਲਿੱਪੀ ਵੀ ਬਦਲੀ ਗਈ। ਮੈਂ ਕਿਹਾ, “ਇਹ ਤਾਂ ਤੁਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪੰਜਾਬੀ ਲਿਪੀਆਂ ਵਿੱਚ ਪੁਲ ਉਸਾਰ ਦਿੱਤੈ! ਇਹਦੇ ਨਾਲ ਤਾਂ ਇਕੋ ਲਿੱਪੀ ਜਾਨਣ ਵਾਲਾ ਵੀ ਦੂਜੀ ਲਿੱਪੀ ਪੜ੍ਹ ਸਕੇਗਾ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਲਿਖਿਆ ਜਾਂਦਾ ਪੰਜਾਬੀ ਸਾਹਿਤ ਜੋ ਇੱਕ ਦੂਜੇ ਪਾਸੇ ਪੜ੍ਹ ਨਹੀਂ ਹੁੰਦਾ ਉਹ ਇਸ ਕਾਢ ਨਾਲ ਪੜ੍ਹਿਆ ਜਾਵੇਗਾ। ਤੁਹਾਡੀ ਕਾਢ ਕਮਾਲ ਦੀ ਐ!” ਮੇਰੀ ਕੰਪਿਊਟਰ ਵਿੱਚ ਦਿਲਚਸਪੀ ਹੋਰ ਵਧ ਗਈ।

ਹੁਣ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਪਿਊਟਰ ਵਿਭਾਗ ਇਹ ਦਾਅਵਾ ਕਰੀ ਜਾਵੇ ਕਿ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਤੇ ਸ਼ਾਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਪਰਤਾਉਣ ਦਾ ਪ੍ਰੋਗਰਾਮ ਉਸੇ ਨੇ ਤਿਆਰ ਕੀਤਾ ਹੈ ਪਰ ਮੈਂ ਚਸ਼ਮਦੀਦ ਗਵਾਹ ਹਾਂ ਕਿ ਇਹ ਮੈਂ ਕਿਰਪਾਲ ਸਿੰਘ ਪੰਨੂੰ ਦਾ ਕੀਤਾ ਹੋਇਆ 2001 ਵਿੱਚ ਹੀ ਵੇਖ ਲਿਆ ਸੀ। ਉਸ ਨੇ ਇਸ ਦੀ ਜਾਣਕਾਰੀ ਡਾ.ਲਹਿਲ ਨੂੰ ਵੀ ਦਿੱਤੀ ਸੀ ਜੋ ਕੰਪਿਊਟਰ ਵਿਭਾਗ ਦਾ ਮੁਖੀ ਸੀ। ਇਹ ਅਕਾਦਮਿਕ ਤੇ ਬੌਧਿਕ ਬੇਈਮਾਨੀ ਹੋਵੇਗੀ ਜੇ ਮੌਲਿਕ ਕਾਢ ਕੱਢਣ ਵਾਲੇ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਮੈਂ ਚਾਹਾਂਗਾ ਕਿ ਕਿਰਪਾਲ ਸਿੰਘ ਪੰਨੂੰ ਖੁਦ ਇਸ ਬਾਰੇ ਤਫ਼ਸੀਲ ਨਾਲ ਲਿਖੇ। ਦੱਸੇ ਕਿ ਇਹ ਕਾਰਜ ਉਸ ਨੇ ਕਦੋਂ ਸਿਰੇ ਲਾਇਆ? ਡਾ.ਲਹਿਲ ਹੋਰੀਂ ਵੀ ਦੱਸਣ ਕਿ ਇਹ ਉਨ੍ਹਾਂ ਦੀ ਮੌਲਿਕ ਕਾਢ ਹੈ ਜਾਂ ਪੰਨੂੰ ਦੀ ਨਕਲ ਹੈ?

ਪੰਨੂੰ ਨੇ ਮੈਨੂੰ ਕੰਪਿਊਟਰ ਉਤੇ ਗੁਰਮੁਖੀ ਵਿੱਚ ਟਾਈਪ ਕਰਨਾ ਸਿਖਾ ਦਿੱਤਾ ਜੋ ਮੈਂ ਕੁੱਝ ਹੀ ਦਿਨਾਂ ਵਿੱਚ ਸਿੱਖ ਗਿਆ ਤੇ ਆਪਣੀ ਰਚਨਾ ਆਪ ਟਾਈਪ ਕਰਨ ਲੱਗ ਪਿਆ। ਲਿਖਦਾ ਤਾਂ ਮੈਂ ਕਲਮ ਨਾਲ ਵੀ ਹੌਲੀ ਹੌਲੀ ਸਾਂ ਪਰ ਟਾਈਪ ਹੋਰ ਵੀ ਹੌਲੀ ਕਰਨ ਲੱਗਾ। ਘੰਟੇ `ਚ ਮਸਾਂ ਚਾਰ ਕੁ ਸੌ ਲਫ਼ਜ਼ ਟਾਈਪ ਹੁੰਦੇ। ਕਿਉਂਕਿ ਮੇਰੇ ਕੋਲ ਖੁੱਲ੍ਹਾ ਸਮਾਂ ਸੀ ਇਸ ਲਈ ਹੌਲੀ ਹੌਲੀ ਟਾਈਪ ਕਰਦਿਆਂ ਵੀ ਮੇਰਾ ਡੰਗ ਸਰੀ ਗਿਆ। ਮੇਰੇ ਟਾਈਪ ਕੀਤੇ ਤੇ ਈਮੇਲ ਰਾਹੀਂ ਭੇਜੇ ਆਰਟੀਕਲ ਅਖ਼ਬਾਰਾਂ ਵਿੱਚ ਲਗਾਤਾਰ ਛਪਣ ਲੱਗੇ। ਮੈਨੂੰ ਵਿਹਲੇ ਨੂੰ ਆਹਰ ਮਿਲ ਗਿਆ ਜਿਸ ਨਾਲ ਮੈਨੂੰ ਪਤਾ ਹੀ ਨਾ ਲੱਗਦਾ ਕਦੋਂ ਦਿਨ ਲੰਘ ਜਾਂਦਾ। ਮੈਂ ਕਿਸੇ ਕੰਮ ਨਾਲ ਬੱਝਿਆ ਵੀ ਨਹੀਂ ਸਾਂ ਤੇ ਵਿਹਲਾ ਵੀ ਨਾ ਰਿਹਾ।

ਰਿਟਾਇਰ ਹੋਣ ਪਿੱਛੋਂ ਮੈਂ ਹਰ ਸਾਲ ਇੱਕ ਕਿਤਾਬ ਪ੍ਰਕਾਸ਼ਤ ਕਰਵਾ ਰਿਹਾਂ। ਕਿਸੇ ਸਾਲ ਦੋ ਵੀ ਹੋ ਜਾਂਦੀਆਂ ਹਨ। ਸੱਤ ਅੱਠ ਕਿਤਾਬਾਂ ਮੈਂ ਖੁਦ ਟਾਈਪ ਕੀਤੀਆਂ ਹਨ ਜਿਨ੍ਹਾਂ ਵਿੱਚ ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਫੇਰੀ ਵਤਨਾਂ ਦੀ, ਕਬੱਡੀ ਕਬੱਡੀ ਕਬੱਡੀ, ਖੇਡਾਂ ਦੀ ਦੁਨੀਆ ਤੇ ਮੇਰੀ ਜੀਵਨ ਗਾਥਾ ਦੀ ਹੱਥਲੀ ਪੁਸਤਕ ਸ਼ਾਮਲ ਹੈ।

ਮੈਂ ਆਪਣੇ ਸਮਕਾਲੀ ਲੇਖਕਾਂ ਨੂੰ ਵੀ ਕਹਾਂਗਾ ਕਿ ਉਹ ਕੰਪਿਊਟਰ ਉਤੇ ਟਾਈਪ ਕਰਨਾ ਜ਼ਰੂਰ ਸਿੱਖਣ। ਇਹ ਸਿੱਖਣਾ ਬਹੁਤ ਸੌਖਾ ਹੈ ਤੇ ਇਹਦੇ ਬਹੁਤ ਫਾਇਦੇ ਹਨ। ਮੈਂ ਜਿਹੜਾ ਇਕ੍ਹਾਟ ਸਾਲ ਦੀ ਉਮਰ ਤਕ ਟਾਈਪ ਕਰਨ ਤੋਂ ਟਲਦਾ ਰਿਹਾ ਜਾਂ ਇਓਂ ਕਹਿ ਲਓ ਕਿ ਲੋੜ ਨਹੀਂ ਸਮਝੀ, ਹੁਣ ਇਸ ਨੂੰ ਖੱਬੇ ਹੱਥ ਦਾ ਖੇਲ੍ਹ ਸਮਝਦਾਂ। ਹੁਣ ਤਾਂ ਇਹ ਲੇਖਕਾਂ ਦੀ ਲਾਜ਼ਮੀ ਲੋੜ ਹੈ। ਕੰਪਿਊਟਰ ਦਾ ਯੁੱਗ ਸ਼ੁਰੂ ਹੋ ਚੁੱਕੈ ਜਿਸ ਕਰਕੇ ਇਹਦੇ ਬਿਨਾਂ ਅਸੀਂ ਹੋਰਨਾਂ ਦੇ ਬਰਾਬਰ ਨਹੀਂ ਚੱਲ ਸਕਦੇ। ਰਿਟਾਇਰ ਹੋਣ ਪਿਛੋਂ ਇਹ ਕੰਪਿਊਟਰ ਹੀ ਹੈ ਜਿਹੜਾ ਮੈਥੋਂ ਪਹਿਲਾਂ ਨਾਲੋਂ ਵੀ ਵੱਧ ਲਿਖਵਾਈ ਜਾ ਰਿਹੈ। ਕਈ ਵਾਰ ਅਖ਼ਬਾਰ ਛਪਦੇ ਛਪਦੇ ਪਹੁੰਚੀ ਮੇਰੀ ਰਚਨਾ ਵੀ ਅਖ਼ਬਾਰ ਵਿੱਚ ਫਿੱਟ ਹੋ ਜਾਂਦੀ ਹੈ ਜਿਸ ਦੀ ਸੰਪਾਦਕਾਂ ਨੂੰ ਬੜੀ ਸੌਖ ਹੈ। ਮੈਨੂੰ ਮੇਰੇ ਮਿੱਤਰ ਅਕਸਰ ਕਹਿੰਦੇ ਹਨ ਕਿ ਮੈਂ ਰਿਟਾਇਰ ਨਹੀਂ ਹੋਇਆ ਸਗੋਂ ਰੀ-ਟਾਇਰ ਹੋਇਆ ਹਾਂ!

Additional Info

  • Writings Type:: A single wirting
Read 1282 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।