Print this page
Wednesday, 14 October 2009 17:51

49 - ਵੇਖਿਆ ਸ਼ਹਿਰ ਲਾਹੌਰ

Written by
Rate this item
(0 votes)

ਬਜ਼ੁਰਗ ਕਹਿੰਦੇ ਸਨ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਈ ਨਹੀਂ। ਆਖ਼ਰ ਮੇਰਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਹੀ ਗਿਆ। ਅਪਰੈਲ 2001 ਵਿੱਚ ਲਾਹੌਰ `ਚ ਆਲਮੀ ਪੰਜਾਬੀ ਕਾਨਫਰੰਸ ਸੀ ਜਿਥੇ ਮੈਂ ਡੈਲੀਗੇਟ ਬਣ ਕੇ ਗਿਆ। ਮੈਂ ਬੇਸ਼ੱਕ 1969 ਵਿੱਚ ਪਾਕਿਸਤਾਨ ਜਾ ਆਇਆ ਸਾਂ ਪਰ ਉਦੋਂ ਲਾਹੌਰ ਨਹੀਂ ਸਾਂ ਵੇਖ ਸਕਿਆ। ਗੱਡੀ ਚੀਕਾਂ ਮਾਰਦੀ ਲਾਹੌਰ ਵਿੱਚ ਦੀ ਲੰਘ ਗਈ ਸੀ ਤੇ ਨਨਕਾਣਾ ਸਾਹਿਬ ਤੋਂ ਵਾਪਸ ਮੁੜ ਆਈ ਸੀ। ਰਾਤ ਦੇ ਹਨ੍ਹੇਰੇ ਵਿੱਚ ਲਾਹੌਰ ਦੀਆਂ ਜਗਦੀਆਂ ਬੱਤੀਆਂ ਹੀ ਦਿਸੀਆਂ ਸਨ। ਲਾਹੌਰ ਬਾਰੇ ਬੜਾ ਕੁੱਝ ਸੁਣਿਆ ਹੋਇਆ ਸੀ:

-ਉੱਚੇ ਬੁਰਜ ਲਾਹੌਰ ਦੇ ਹੇਠ ਵਗੇ ਦਰਿਆ

ਮੈਂ ਮੱਛਲੀ ਦਰਿਆ ਦੀ, ਕਿਤੇ ਬਗਲਾ ਬਣ ਕੇ ਆ।

-ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ …।

-ਸੱਕ ਮਲਦੀਆਂ ਰਾਵੀ ਦੇ ਪੱਤਣਾਂ ਨੂੰ, ਅੱਗ ਲਾਣ ਲਹੌਰਨਾਂ ਚੱਲੀਆਂ ਨੇ …।

ਉਦੋਂ ਜਦੋਂ ਜੁਆਨੀ ਦੇ ਰਾਂਗਲੇ ਦਿਨ ਸਨ, ਨਾ ਬੁਰਜ ਵੇਖੇ ਗਏ ਸਨ, ਨਾ ਬੂਹੇ ਬਾਰੀਆਂ ਤੇ ਨਾ ਹੀ ਲਾਹੌਰਨਾਂ। ਰੇਲਵੇ ਸਟੇਸ਼ਨਾਂ ਉਤੇ ਹਥਿਆਰਬੰਦ ਸਿਪਾਹੀ ਖੜ੍ਹੇ ਸਨ। ਰੇਲ ਗੱਡੀ ਰਾਤ ਦੇ ਹਨ੍ਹੇਰੇ `ਚ ਲੰਘੀ ਸੀ ਤੇ ਲਾਹੌਰ ਬਿਨਾਂ ਰੁਕੇ ਕਸੂਰ ਪਰਤ ਆਈ ਸੀ।

ਸਾਡੇ ਵੀਜ਼ਾ ਲੱਗੇ ਪਾਸਪੋਰਟ ਵਾਹਗਾ ਬਾਰਡਰ `ਤੇ ਹੀ ਪੁੱਜਣੇ ਸਨ। ਉਥੇ ਲੇਖਕ ਤੇ ਕਵੀ `ਕੱਠੇ ਹੋਣ ਲੱਗ ਪਏ ਪਰ ਦਿੱਲੀ ਤੋਂ ਅਜੇ ਪਾਸਪੋਰਟ ਨਹੀਂ ਸਨ ਅੱਪੜੇ। ਇਹ ਵੀ ਪਤਾ ਨਹੀਂ ਸੀ ਕਿ ਕਿਸ ਦਾ ਵੀਜ਼ਾ ਲੱਗਾ ਹੈ ਤੇ ਕਿਸ ਦਾ ਨਹੀਂ? ਮੇਰੇ ਨਾਲ ਮੇਰਾ ਗਰਾਈਂ ਸ਼ਿੰਗਾਰਾ ਸਿੰਘ ਵੀ ਸੀ। ਯਾਰ ਬੇਲੀ ਚਾਹ ਪਾਣੀ ਪੀ ਰਹੇ ਸਨ। ਅਸੀਂ ਗੁਰਭਜਨ ਗਿੱਲ ਤੇ ਅਨੂਪ ਵਿਰਕ ਹੋਰਾਂ ਦੀ ਢਾਣੀ ਵਿੱਚ ਜਾ ਬੈਠੇ। ਮੋਗੇ ਵਾਲਾ ਬਲਦੇਵ ਸਿੰਘ, ਨਾਟਕਕਾਰ ਅਜਮੇਰ ਔਲਖ, ਜੋਗਿੰਦਰ ਸਿੰਘ ਕੈਰੋਂ, ਦਲਬੀਰ ਚੇਤਨ ਤੇ ਕੁੱਝ ਹੋਰ ਲੇਖਕ ਆਪਸ ਵਿੱਚ ਹਾਸਾ ਮਜ਼ਾਕ ਕਰ ਰਹੇ ਸਨ। ਗੁਰਭਜਨ ਗਿੱਲ ਆਪਣੇ ਭਾਰੇ ਜੁੱਸੇ ਨਾਲ ਸਾਰਿਆਂ `ਤੇ ਛਾਇਆ ਹੋਇਆ ਸੀ। ਉਹਦੇ ਨਹਿਲੇ `ਤੇ ਦਹਿਲਾ ਅਨੂਪ ਵਿਰਕ ਹੀ ਮਾਰ ਰਿਹਾ ਸੀ।

ਅਨੂਪ ਵਿਰਕ ਦੇ ਉਤੋਂ ਦੀ ਹੋਣ ਲਈ ਗੁਰਭਜਨ ਨੇ ਵਿਰਕਾਂ `ਤੇ ਤਵਾ ਲਾ ਦਿੱਤਾ ਅਖੇ ਵਿਰਕਾਂ ਦਾ ਇੱਕ ਬਜ਼ੁਰਗ ਆਪਣੀ ਧੀ ਦੇ ਘਰ ਮਿਲਣ ਗਿਆ। ਕੁੜਮਾਂ ਨੇ ਘਰ ਦੀ ਕੱਢੀ ਦਾਰੂ ਪਿਆਈ ਤੇ ਘਰ ਦਾ ਪਾਲਿਆ ਕੁੱਕੜ ਖੁਆਇਆ। ਖਾ ਪੀ ਕੇ ਸੁੱਤਾ ਤਾਂ ਇੱਕ ਮੱਝ ਕਿੱਲਾ ਠਕੋਰਨ ਲੱਗ ਪਈ ਜਿਸ ਨਾਲ ਬਜ਼ੁਰਗ ਨੂੰ ਜਾਗ ਆ ਗਈ। ਮੱਝ ਚੰਗੀ ਸੀ ਤੇ ਚੋਰੀ ਕਰਨ ਵਾਲੀ ਸੀ ਪਰ ਧੀ ਦੇ ਘਰੋਂ ਚੋਰੀ ਕਰਨੀ ਚੰਗੀ ਨਹੀਂ ਸੀ ਲੱਗਦੀ। ਮੱਝ ਮੁੜ ਮੁੜ ਕਿੱਲਾ ਠਕੋਰਦੀ ਪਈ ਸੀ। ਬਾਪੂ ਨੂੰ ਨੀਂਦਰ ਨਹੀਂ ਸੀ ਆ ਰਹੀ। ਅਖ਼ੀਰ ਬਾਪੂ ਅੰਦਰਲਾ ਵਿਰਕ ਉਤੋਂ ਦੀ ਹੋ ਗਿਆ ਤੇ ਮੱਝ ਖੋਲ੍ਹ ਕੇ ਲੈ ਤੁਰਿਆ। ਤੜਕਸਾਰ ਧੀ ਉਠੀ ਤੇ ਬਾਲਟੀ ਲੈ ਕੇ ਮੱਝ ਦੀ ਧਾਰ ਕੱਢਣ ਗਈ। ਸਿਆਣੀ ਹੁੰਦੀ ਤਾਂ ਬਾਪੂ ਦਾ ਮੰਜਾ ਵੇਖ ਲੈਂਦੀ ਪਰ ਉਹਨੇ ਘਰ ਦੇ ਬੰਦੇ ਜਗਾ ਲਏ ਤੇ ਵਾਹਰ ਮਗਰੇ ਲੱਗ ਤੁਰੀ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਜਾ ਢਾਹਿਆ ਬਾਪੂ ਰਾਹ `ਚ!

ਅਨੂਪ ਰੋਕਣ ਲੱਗਾ ਸੀ ਪਰ ਗੁਰਭਜਨ ਨੇ ਗੱਲ ਸਿਰੇ ਲਾ ਦਿੱਤੀ। ਢੀਚਕ ਮਾਰਦਾ ਬਾਪੂ ਆਪਣੇ ਪਿੰਡ ਪੁੱਜਾ ਤਾਂ ਸਕੇ ਸੋਧਰੇ ਹਾਲ ਚਾਲ ਪੁੱਛਣ ਆਏ। ਪੁੱਛਣ ਲੱਗੇ ਪਈ ਓਧਰ ਮਾਲ ਡੰਗਰ ਦੀ ਦੱਸ। ਆਪਾਂ ਕੁੱਝ ਖੜ ਸਕਦੇ ਆਂ ਕਿ ਨਹੀਂ? ਬਾਪੂ ਨੇ ਆਪਣੀ ਈ ਹੱਡਬੀਤੀ ਸੁਣਾ ਦਿੱਤੀ। ਅਖੇ ਕੁੜਮਾਂ ਦੀ ਮੱਝ ਡਾਢੀ ਸੋਹਣੀ ਸੀ। ਮੈਥੋਂ ਰਹਿ ਨਾ ਹੋਇਆ ਤੇ ਮੈਂ ਖੋਲ੍ਹ ਤੁਰਿਆ। ਮਗਰੇ ਵਾਹਰ ਆ ਪਈ। ਫਿਰ ਧਾਨੂੰ ਪਤਾ ਈ ਐ ਪਈ ਕਿਵੇਂ ਪੈਂਦੀਆਂ? ਆਪਾਂ ਵੀ ਕੂਏ ਨੀ ਮਤਾਂ ਭੇਤ ਖੁੱਲ੍ਹ ਜੇ। ਤਦੇ ਇੱਕ ਮੁੰਡੇ ਨੇ ਮੂੰਹ `ਨ੍ਹੇਰੇ `ਚ ਮੈਨੂੰ ਪਛਾਣ ਲਿਆ ਤੇ ਆਖਣ ਲੱਗਾ, ਹਟੋ ਓਏ, ਇਹ ਤੇ ਆਪਣਾ ਮਾਸੜ ਈ! ਲਓ ਜੀ ਲੱਗ ਪਏ ਸਾਰੇ ਮਾਫ਼ੀਆਂ ਮੰਗਣ ਤੇ ਸ਼ਰਮ ਦੇ ਮਾਰੇ ਪਾਣੀ ਪਾਣੀ ਹੋਈ ਜਾਣ! ! ਮੈਂ ਮਾਫ਼ ਨਾ ਕਰਦਾ ਤਾਂ ਹੋਰ ਕੀ ਕਰਦਾ?

ਤਦ ਤਕ ਪਾਸਪੋਰਟ ਵੀ ਅੱਪੜ ਗਏ। ਪਾਸਪੋਰਟ ਲੈ ਕੇ ਅਸੀਂ ਅਟਾਰੀ ਰੇਲਵੇ ਸਟੇਸ਼ਨ `ਤੇ ਗਏ। ਉਥੇ ਕਸਟਮ ਤੇ ਇਮੀਗਰੇਸ਼ਨ ਦੀ ਕਾਰਵਾਈ ਹੋ ਰਹੀ ਸੀ। ‘ਸਮਝੌਤਾ ਐਕਸਪ੍ਰੈੱਸ’ ਦਾ ਇੰਜਣ ਧੂੰਆਂ ਛੱਡ ਰਿਹਾ ਸੀ। ਪਾਕਿਸਤਾਨੀ ਮੁਸਾਫ਼ਿਰ ਗੱਠੜੀਆਂ ਲੈ ਕੇ ਚੜ੍ਹ ਰਹੇ ਸਨ ਤੇ ਸੰਤੋਖ ਮੰਡੇਰ ਕਾਨਫਰੰਸ ਵਿੱਚ ਦੇਣ ਵਾਲੀਆਂ ਪਲੇਕਾਂ ਤੇ ਕੰਬਲ ਗੱਡੀ ਵਿੱਚ ਰੱਖ ਰਿਹਾ ਸੀ। ਫਿਰ ਗਾਰਡ ਨੇ ਹਰੀ ਝੰਡੀ ਵਿਖਾਈ, ਇੰਜਣ ਨੇ ਲੰਮੀ ਸੀਟੀ ਮਾਰੀ ਤੇ ਗੱਡੀ ਲਾਹੌਰ ਨੂੰ ਠਿੱਲ੍ਹ ਪਈ। ਗੱਡੀ ਦੇ ਨਾਲ ਨਾਲ ਬੀ.ਐੱਸ.ਐੱਫ.ਦੇ ਘੋੜਸਵਾਰ ਵੀ ਚੱਲ ਪਏ। ਉਹ ਨਜ਼ਰ ਰੱਖ ਰਹੇ ਸਨ ਕਿ ਮੁਸਾਫ਼ਿਰ ਕੋਈ ਵਰਜਿਤ ਚੀਜ਼ ਵਸਤ ਚਲਦੀ ਗੱਡੀ `ਚੋਂ ਬਾਹਰ ਨਾ ਸੁੱਟ ਦੇਣ। ਫਿਰ ਬਾਰਡਰ ਦੀਆਂ ਤਾਰਾਂ ਵਾਲਾ ਫਾਟਕ ਖੋਲ੍ਹਿਆ ਗਿਆ ਤੇ ਗੱਡੀ ਨੋ ਮੈਨਜ਼ ਲੈਂਡ ਦੇ ਖੇਤਰ ਵਿੱਚ ਦਾਖਲ ਹੋ ਗਈ। ਅੱਗੇ ਸਰਹੱਦ ਦੀ ਘਾਹ ਵਾਲੀ ਵੱਟ ਸੀ ਜਿਵੇਂ ਆਮ ਖੇਤਾਂ ਦੀ ਵੱਟ ਹੁੰਦੀ ਹੈ। ਇਹੋ ਸੀ ਸਾਂਝੇ ਪੰਜਾਬ ਦਾ ਸੀਨਾ ਚੀਰਨ ਵਾਲੀ ਲਕੀਰ ਜੀਹਦੇ ਆਰ ਪਾਰ ਜਾਣਾ ਮਨ੍ਹਾਂ ਸੀ।

ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਰੇਲਵੇ ਦਾ ਮੁਲਾਜ਼ਮ ਹਰੀ ਝੰਡੀ ਹਿਲਾ ਰਿਹਾ ਸੀ। ਆਲੇ ਦੁਆਲੇ ਸੁਨਹਿਰੀ ਕਣਕਾਂ ਸਨ ਜਿਨ੍ਹਾਂ ਦੀਆਂ ਬੱਲੀਆਂ ਝੂੰਮ ਰਹੀਆਂ ਸਨ। ਗੱਡੀ ਦੁਬਾਰਾ ਕਸਟਮ ਤੇ ਇਮੀਗਰੇਸ਼ਨ ਲਈ ਵਾਹਗੇ ਦੇ ਰੇਲਵੇ ਸਟੇਸ਼ਨ ਉਤੇ ਰੁਕੀ। ਸਾਰੇ ਮੁਸਾਫ਼ਰਾਂ ਨੂੰ ਗੱਡੀ `ਚੋਂ ਉਤਾਰ ਲਿਆ ਗਿਆ ਤੇ ਗੱਡੀ ਖਾਲੀ ਕਰ ਕੇ ਪਲੇਟਫਾਰਮ ਦੇ ਦੂਜੇ ਪਾਸਿਓਂ ਬਿਠਾਇਆ ਗਿਆ। ਅਟਾਰੀ ਤੇ ਵਾਹਗੇ ਵਿੱਚ ਹੀ ਅੱਧੀ ਦਿਹਾੜੀ ਗੁਜ਼ਰ ਗਈ ਸੀ।

ਮਸਾਂ ਕਿਤੇ ਗੱਡੀ ਲਾਹੌਰ ਨੂੰ ਤੁਰੀ। ਆਸ ਪਾਸ ਦੇ ਪਿੰਡ ਅੱਧੇ ਕੱਚੇ ਤੇ ਅੱਧੇ ਪੱਕੇ ਸਨ। ਦਿਨ ਛਿਪਦੇ ਨਾਲ ਗੱਡੀ ਲਾਹੌਰ ਅੱਪੜੀ। ਸਟੇਸ਼ਨ `ਤੇ ਕੁੱਝ ਸੱਜਣ ਹਾਰ ਲਈ ਖੜ੍ਹੇ ਸਨ। ਅਸੀਂ ਡਾ.ਹਰਚਰਨ ਸਿੰਘ, ਸੰਤੋਖ ਸਿੰਘ ਧੀਰ, ਡਾ.ਹਰਨਾਮ ਸਿੰਘ ਸ਼ਾਨ, ਦਲੀਪ ਕੌਰ ਟਿਵਾਣਾ ਤੇ ਹੁਕਮ ਸਿੰਘ ਭੱਟੀ ਹੋਰਾਂ ਨੂੰ ਅੱਗੇ ਕੀਤਾ। ਕੁੱਝ ਕੁ ਫੋਟੋ ਲਾਹੁਣ ਉਪਰੰਤ ਬੱਸਾਂ ਉਤੇ ਬਿਠਾ ਕੇ ਸਾਨੂੰ ਦੋ ਹੋਟਲਾਂ ਵਿੱਚ ਪੁਚਾ ਦਿੱਤਾ ਗਿਆ। ਅਸੀਂ ਹੋਟਲ ਸ਼ਾਹਤਾਜ ਦੀ ਚੌਥੀ ਮੰਜ਼ਲ `ਤੇ ਜਾ ਸੁੱਤੇ।

ਸਵੇਰੇ ਜਾਗ ਆਈ ਤਾਂ ਕੁੱਕੜ ਬਾਂਗਾਂ ਦੇ ਰਹੇ ਸਨ। ਸ਼ਿੰਗਾਰਾ ਸਿੰਘ ਕਹਿਣ ਲੱਗਾ, “ਲੈ ਆਹ ਤਾਂ ਲਾਹੌਰ ਦੇ ਕੁੱਕੜ ਵੀ ਆਪਣੇ ਪਿੰਡ ਅੰਗੂੰ ਈਂ ਬਾਂਗਾਂ ਦਿੰਦੇ ਆ।” ਮੈਂ ਕਿਹਾ, “ਹੋਰ ਫਾਰਸੀ `ਚ ਬਾਂਗਾਂ ਦੇਣ? ਬਾਂਗਾਂ ਤਾਂ ਲੰਡਨ ਦੇ ਕੁੱਕੜਾਂ ਦੀਆਂ ਵੀ ਇਹੋ ਜਿਹੀਆਂ ਈ ਹੁੰਦੀਆਂ ਨੇ। ਇਹ ਤਾਂ ਫੇਰ ਵੀ ਆਪਣੇ ਗੁਆਂਢੀ ਨੇ।” ਬਾਰੀ ਵਿੱਚ ਦੀ ਲਾਹੌਰ ਦਾ ਝਾਕਾ ਲਿਆ ਤਾਂ ਦੂਰ ਤਕ ਉੱਚੇ ਨੀਵੇਂ ਮਕਾਨ ਨਜ਼ਰੀਂ ਪਏ। ਕਈਆਂ ਘਰਾਂ ਦੇ ਚੁੱਲ੍ਹਿਆਂ `ਚੋਂ ਧੂੰਆਂ ਉਠ ਰਿਹਾ ਸੀ। ਆਕਾਸ਼ ਵਿੱਚ ਬੱਦਲ ਸਨ ਤੇ ਰਾਤੀਂ ਹੋਈ ਕਿਣਮਿਣ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ ਸੀ। ਅਸੀਂ ਕਾਨਫਰੰਸ ਵੱਲੀਂ ਤੁਰੇ ਤਾਂ ਸਲਵਾਰਾਂ ਕਮੀਜ਼ਾਂ ਪਾਈ ਲਾਹੌਰੀਏ ਮਿਲਦੇ ਗਏ ਜਿਨ੍ਹਾਂ ਨਾਲ ਸਤਿ ਸ੍ਰੀ ਅਕਾਲ ਤੇ ਸਲਾਮ ਹੁੰਦੀ ਗਈ। ਹੋਟਲ ਫਲੈਟੀਜ਼ ਦੇ ਹਾਲ `ਚ ਡੈਲੀਗੇਟ `ਕੱਠੇ ਹੋ ਰਹੇ ਸਨ।

ਹਾਲ ਅੰਦਰ ਗੁਰੂ ਨਾਨਕ, ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਸੁਲਤਾਨ ਬਾਹੂ, ਗ਼ੁਲਾਮ ਫਰੀਦ, ਦੁੱਲਾ ਭੱਟੀ, ਅਹਿਮਦ ਖਾਂ ਖਰਲ ਤੇ ਸ਼ਹੀਦ ਭਗਤ ਸਿੰਘ ਦੇ ਚਿੱਤਰ ਕੰਧਾਂ ਉਤੇ ਲੱਗੇ ਹੋਏ ਸਨ। ਹਰੇ ਚਿੱਟੇ ਰੰਗ ਦੇ ਇੱਕ ਬੈਨਰ ਉਤੇ ਲਿਖਿਆ ਹੋਇਆ ਸੀ-ਚੜ੍ਹਦੇ ਲਹਿੰਦੇ ਇੱਕ ਨੁਹਾਰ, ਇਕੋ ਸਭਿਤਾ ਇਕੋ ਬੋਲੀ ਅਸੀਂ ਕਦੀਮੀ ਯਾਰ। ਹਿੰਦ ਪਾਕਿ ਖਰੀ ਨਿਆਮਤ, ਯਾਰੀ ਦੋਸਤੀ ਰਹੇ ਸਲਾਮਤ। ਇੱਕ ਬੈਨਰ ਉਤੇ ਲਿਖਿਆ ਹੋਇਆ ਸੀ-ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਆਉਣ ਵਾਲੇ ਪ੍ਰਾਹੁਣਿਆਂ ਨੂੰ ਜੀ ਆਇਆਂ।

ਕਾਨਫਰੰਸ ਦੇ ਉਦਘਾਟਨ ਸਮੇਂ ਹਾਲ ਨੱਕੋ ਨੱਕ ਭਰ ਚੁੱਕਾ ਸੀ। ਮਾਈਕ ਪਾਕਿਸਤਾਨ ਟੀ.ਵੀ.ਦੇ ਪ੍ਰਸਿੱਧ ਬੁਲਾਰੇ ਸ਼ੁਜ਼ੁਆਤ ਹਾਸ਼ਮੀ ਦੇ ਹੱਥ ਸੀ। ਉਸ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੇਖਕਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ:

-ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਫਿਰ ਉਸ ਨੇ ਕਾਨਫਰੰਸ ਦੇ ਮੇਜ਼ਬਾਨ ਜਨਾਬ ਫ਼ਖ਼ਰ ਜ਼ਮਾਂ ਨੂੰ ਜੀ ਆਇਆਂ ਕਹਿਣ ਲਈ ਸੱਦਾ ਦਿੱਤਾ। ਪਹਿਲਵਾਨੀ ਦਿੱਖ ਵਾਲਾ ਫ਼ਖ਼ਰ ਜ਼ਮਾਂ ਦਿਲ ਦੀਆਂ ਗਹਿਰਾਈਆਂ `ਚੋਂ ਬੋਲਿਆ, “ਅੱਜ ਘਰ ਵਿੱਚ ਖਿੜੀ ਕਪਾਹ ਕੁੜੇ, ਤੂੰ ਝਬ ਝਬ ਚਰਖਾ ਡਾਹ ਕੁੜੇ। ਆਪਾਂ ਮੁਹੱਬਤਾਂ ਦੀਆਂ ਤੰਦਾਂ ਪਾਉਣੀਆਂ ਨੇ ਤੇ ਦੋਹਾਂ ਪੰਜਾਬਾਂ ਦੀ ਸਾਂਝ ਪੱਕਿਆਂ ਕਰਨੀ ਏਂ। ਆਪਾਂ ਬਰੂਦ ਦੀ ਬੋਅ ਮੁਕਾ ਕੇ ਮੁਹੱਬਤਾਂ ਦੀ ਖੁਸ਼ਬੋ ਫੈਲਾਉਣੀ ਏਂ। ਮਿਲ ਬਹਿਣ ਤੇ ਸਾਂਝਾਂ ਵਧਾਉਣ ਦੀਆਂ ਗੱਲਾਂ ਕਰਨੀਆਂ ਨੇ। ਸਾਡੇ ਧੰਨਭਾਗ ਨੇ ਜੁ ਤੁਸੀਂ ਸਾਡੇ ਸੱਦੇ `ਤੇ ਸਾਡੇ ਵੱਲ ਆਏ ਜੇ। ਜਿੰਨੇ ਕਦਮ ਆਏ ਜੇ ਸਾਡੇ ਸਿਰ ਮੱਥੇ। ਜੀ ਆਇਆਂ ਨੂੰ, ਖੁਸ਼ ਆਮਦੀਦ!”

ਫਿਰ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਮਲਿਕ ਮੇਅਰਾਜ਼ ਖ਼ਾਲਿਦ ਬੜੀ ਪਿਆਰੀ ਪੰਜਾਬੀ ਵਿੱਚ ਬੋਲਿਆ, “ਦੋਹਾਂ ਪੰਜਾਬਾਂ `ਚੋਂ ਬੜੇ ਸੱਚੇ ਸੱਚੇ ਇਨਸਾਨ ਏਥੇ ਆਏ ਨੇ ਤੇ ਮੈਂ ਜ਼ਿੰਦਗੀ `ਚ ਏਨਾ ਸੋਹਣਾ ਤੇ ਸੁੱਚਾ `ਕੱਠ ਨਹੀਂ ਵੇਖਿਆ। ਇਹ ਜਿਹੜਾ ਏਧਰ ‘ਜਹੰਨਮ’ ਏ ਤੇ ਓਧਰ ‘ਨਰਕ’ ਏ ਆਪਾਂ ਰਲ ਮਿਲ ਕੇ ਦੂਰ ਕਰਨੈਂ …।” ਉਥੇ ਬੁੱਢਾ ਹੋ ਗਿਆ ਸ਼ਾਇਰ ਅਹਿਮਦ ਰਾਹੀ ਵੀ ਬੋਲਿਆ, ਡਾ.ਹਰਚਰਨ ਸਿੰਘ ਵੀ ਤੇ ਡਾ.ਸਤਿੰਦਰ ਸਿੰਘ ਨੂਰ ਵੀ। ਨੂਰ ਨੂੰ ਮੌਕੇ ਦੀ ਗੱਲ ਕਰਨੀ ਆਉਂਦੀ ਹੈ। ਕਹਿਣ ਲੱਗਾ, “ਆਪਾਂ ਸ਼ਾਇਰੀ ਦੇ ਪੁੱਤਰ ਹਾਂ। ਸ਼ਾਇਰੀ ਵਿੱਚ ਸੂਫ਼ੀ ਮੱਤ ਡੌਮੀਨੇਟ ਕਰਦੈ। ਸੂਫ਼ੀ ਸਾਨੂੰ ਜੋੜਦੇ ਹਨ, ਤੋੜਨ ਵਾਲੀ ਤਾਂ ਸਿਆਸਤ ਹੈ …।”

ਕਾਨਫਰੰਸ ਚਾਰ ਦਿਨ ਚੱਲਣੀ ਸੀ ਤੇ ਉਸ ਦੇ ਸੱਤ ਸੈਸ਼ਨ ਸਨ। ਅਸੀਂ ਸੈਸ਼ਨਾਂ ਦੀ ਹਾਜ਼ਰੀ ਵੀ ਭਰਦੇ ਤੇ ਲਾਹੌਰ ਦੇ ਗੇੜੇ ਵੀ ਕੱਢਦੇ। ਪਾਕਿਸਤਾਨ ਵਿੱਚ ਸ਼ਰਾਬਬੰਦੀ ਹੈ ਪਰ ਹੋਟਲ ਫਲੈਟੀਜ਼ ਦੀ ਇੱਕ ਨੁਕਰੇ ਵਿਦੇਸ਼ੀਆਂ ਲਈ ਠੇਕਾ ਸੀ ਜਿਥੇ ਜੋਗਿੰਦਰ ਕੈਰੋਂ ਹੋਰੀਂ ਲਾਹੌਰ ਦਾ ਅੰਬਰਸਰ ਬਣਾ ਬਹਿੰਦੇ। ਰਾਤ ਨੂੰ ਹੋਏ ਕਵੀ ਦਰਬਾਰ `ਚ ਕੈਰੋਂ ਗੁਰਭਜਨ ਦੀ ਕਵਿਤਾ ਉਤੇ ਈ ਖੇੜ ਬੈਠਾ ਪਰ ਅਸੀਂ ਵਿੱਚ ਪੈ ਕੇ ਮੌਕਾ ਸੰਭਾਲ ਲਿਆ। ਇਹ ਸਹੁਰੀ ਸ਼ੈਅ ਈ ਐਸੀ ਹੈ ਕਿ ਚੜ੍ਹ ਜਾਵੇ ਤਾਂ ਖੇੜੇ ਬਿਨਾਂ ਨਹੀਂ ਲੱਥਦੀ। ਸ਼ੁਕਰ ਦੀ ਗੱਲ ਸੀ ਕਿ ਲਾਹੌਰੀਏ ਅਦੀਬਾਂ ਨੂੰ ਅੰਬਰਸਰੀਏ ਆਲਮਾਂ ਦੀਆਂ ਗਾਲ੍ਹਾਂ ਨਾ ਸੁਣੀਆਂ।

ਇਕ ਸੈਸ਼ਨ ਵਿੱਚ ਇਲੀਆਸ ਘੁੰਮਣ ਨੇ ਪਰਚਾ ਪੜ੍ਹਨ ਲਈ ਮੇਰਾ ਨਾਂ ਵੀ ਬੋਲ ਦਿੱਤਾ। ਮੈਂ ਪਰਚੇ ਦਾ ਸਾਰ ਪੇਸ਼ ਕਰਦਿਆਂ ਕਿਹਾ ਕਿ ਵੱਖੋ ਵੱਖ ਦੇਸ਼ਾਂ ਵਿੱਚ ਖਿਲਰੇ ਪੰਜਾਬੀਆਂ ਨੂੰ ‘ਪੰਜਾਬੀ ਓਲੰਪਿਕਸ’ ਰਾਹੀਂ ਮੇਲ ਜੋਲ ਦਾ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕਦੈ। ਕੁੱਝ ਮੁਲਕ ਅਜਿਹੇ ਹਨ ਜਿਥੇ ਪੰਜਾਬੀਆਂ ਦੀਆਂ ਤਕੜੀਆਂ ਟੀਮਾਂ ਤਿਆਰ ਹੋ ਸਕਦੀਆਂ ਹਨ। ਵਿਅਕਤੀਗਤ ਖੇਡਾਂ ਵਿੱਚ ਭਾਗ ਲੈਣ ਵਾਲੇ ਤਾਂ ਬਹੁਤ ਸਾਰੇ ਮੁਲਕਾਂ ਦੇ ਪੰਜਾਬੀ ਖਿਡਾਰੀ ਹੋਣਗੇ। ਪੰਜਾਬੀ ਓਲੰਪਿਕਸ ਨਾਲ ਪੰਜਾਬੀਅਤ ਦੇ ਜਜ਼ਬੇ ਨੂੰ ਸਾਣ ਚਾੜਿਆ ਜਾ ਸਕਦੈ ਤੇ ਫਿਰਕਿਆਂ ਦੀ ਸੌੜੀ ਵਲਗਣ `ਚੋਂ ਨਿਕਲਿਆ ਜਾ ਸਕਦੈ। ਸ਼ੁਰੂਆਤ ਕੁਸ਼ਤੀ, ਕਬੱਡੀ, ਹਾਕੀ, ਰੱਸਾਕਸ਼ੀ, ਭਾਰ ਚੁੱਕਣ ਤੇ ਅਥਲੈਟਿਕਸ ਦੇ ਕੁੱਝ ਈਵੈਂਟਸ ਨਾਲ ਕੀਤੀ ਜਾ ਸਕਦੀ ਹੈ।”

ਮੇਰੇ ਸੁਝਾਅ ਦਾ ਅਗਲੇ ਦਿਨ ਪਾਕਿਸਤਾਨ ਦੇ ਅਖ਼ਬਾਰਾਂ ਵਿੱਚ ਵੀ ਜ਼ਿਕਰ ਹੋਇਆ। ਪੰਜਾਬੀ ਓਲੰਪਿਕਸ ਤਾਂ ਸ਼ੁਰੂ ਨਹੀਂ ਹੋ ਸਕੀ ਪਰ 2004 ਵਿੱਚ ਪਟਿਆਲੇ ਤੋਂ ਇੰਡੋ-ਪਾਕਿ ਪੰਜਾਬ ਖੇਡਾਂ ਜ਼ਰੂਰ ਸ਼ੁਰੂ ਹੋ ਗਈਆਂ ਹਨ। ਲਗਦਾ ਹੈ ਉਹ ਦਿਨ ਦੂਰ ਨਹੀਂ ਜਦੋਂ ਸੱਚੀ ਮੁੱਚੀ ਦੀ ਪੰਜਾਬੀ ਓਲੰਪਿਕਸ ਵੀ ਸ਼ੁਰੂ ਹੋ ਜਾਵੇਗੀ। ਨਾਂ ਉਹਦਾ ਭਾਵੇਂ ‘ਪੰਜਾਬੀ ਖੇਡ ਮੇਲਾ’ ਹੀ ਕਿਉਂ ਨਾ ਹੋਵੇ।

ਇਕ ਦਿਨ ਲਾਹੌਰ ਦੀਆਂ ਇਤਿਹਾਸਕ ਥਾਵਾਂ ਵੇਖੀਆਂ। ਪਹਿਲਾਂ ਗੁਰਦਵਾਰਾ ਡੇਰਾ ਸਾਹਿਬ ਗਏ। ਫਿਰ ਸ਼ਾਹੀ ਕਿਲਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਬਾਦਸ਼ਾਹੀ ਤਖ਼ਤ, ਅਜਾਇਬ ਘਰ ਤੇ ਉਹ ਦਰਵਾਜ਼ਾ ਵੇਖਿਆ ਜਿਥੋਂ ਛੱਜਾ ਡੇਗ ਕੇ ਕੰਵਰ ਨੌਨਿਹਾਲ ਸਿੰਘ ਨੂੰ ਮਾਰਿਆ ਗਿਆ ਸੀ। ਕਿਲੇ ਦੀ ਉਹ ਕੰਧ ਵੇਖੀ ਜਿਥੋਂ ਬਿਧੀ ਚੰਦ ਨੇ ਘੋੜਿਆਂ ਨੂੰ ਰਾਵੀ ਵਿੱਚ ਛਾਲ ਮਰਵਾਈ ਸੀ। ਉਥੋਂ ਹੀ ਅਲਾਮਾ ਇਕਬਾਲ ਦੀ ਯਾਦਗਾਰ ਤੇ ਸ਼ਾਹੀ ਮਸਜਿਦ ਦੇ ਮਿਨਾਰ ਵੇਖੇ। ਮਸੀਤਾਂ `ਚੋਂ ਅਜਾਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਏਧਰ ਗੁਰਦੁਆਰਿਆਂ `ਚੋਂ ਪਾਠ ਕਰਨ ਦੀਆਂ ਆਉਂਦੀਆਂ ਹਨ। ਲਾਊਡ ਸਪੀਕਰ ਦੋਹੀਂ ਪਾਸੀਂ ਲੱਗੇ ਸਨ।

ਫਿਰ ਅਸੀਂ ਭੀੜੀਆਂ ਗਲੀਆਂ ਲੰਘਦੇ ਹੋਏ ਮਾਧੋ ਲਾਲ ਹੁਸੈਨ ਦੇ ਮਕਬਰੇ ਦੇ ਦਰਸ਼ਨ ਕੀਤੇ। ਉਹਦੇ ਕੋਲ ਹੀ ਉਸਤਾਦ ਦਾਮਨ ਦੀ ਕਬਰ ਸੀ। ਸ਼ਾਹ ਹੁਸੈਨ ਦਾ ਮਾਧੋ ਲਾਲ ਨਾਲ ਏਨਾ ਗੂੜ੍ਹਾ ਪ੍ਰੇਮ ਸੀ ਕਿ ਉਸ ਨੂੰ ਮਾਧੋ ਲਾਲ ਹੁਸੈਨ ਕਿਹਾ ਜਾਂਦਾ ਸੀ। ਸਿਰਫ਼ ਸ਼ਾਹ ਹੁਸੈਨ ਕਹਿਣ ਨਾਲ ਸਾਨੂੰ ਮਕਬਰੇ ਦਾ ਰਾਹ ਨਹੀਂ ਸੀ ਲੱਭਾ। ਮਕਬਰੇ ਦੇ ਸਾਈਂ ਕੋਲੋਂ ਦੁਆਵਾਂ ਲੈ ਕੇ ਸ਼ਾਲੀਮਾਰ ਬਾਗ਼ ਗਏ ਤੇ ਬਾਗ਼ ਦੀ ਖ਼ੂਬਸੂਰਤੀ ਨਿਹਾਰਨ ਪਿੱਛੋਂ ਨੂਰ ਜਹਾਂ ਦਾ ਮਕਬਰਾ ਵੇਖਣ ਚੱਲ ਪਏ। ਰਾਵੀ ਅਸਲੋਂ ਸੁੱਕੀ ਪਈ ਸੀ ਜਿਸ ਦੀ ਰੇਤ ਉਤੇ ਮੁੰਡੇ ਖੇਡਾਂ ਖੇਡ ਰਹੇ ਸਨ। ਰੇਲਵੇ ਲਾਈਨ ਦੇ ਇੱਕ ਪਾਸੇ ਜਹਾਂਗੀਰ ਦਾ ਤੇ ਦੂਜੇ ਪਾਸੇ ਨੂਰ ਜਹਾਂ ਦਾ ਮਕਬਰਾ ਸੀ। ਪਹਿਰਾ ਦੇ ਰਹੇ ਸਿਪਾਹੀ ਨੇ ਸੁਰੰਗ ਦਾ ਢੱਕਣ ਚੁੱਕ ਕੇ ਸਾਨੂੰ ਹੇਠਾਂ ਉਤਾਰ ਦਿੱਤਾ। ਅਸੀਂ ਉਹ ਵਰਜਿਤ ਥਾਂ ਵੀ ਵੇਖ ਲਈ ਜਿਥੇ ਸੁਰੰਗਾਂ ਥਾਣੀ ਚਾਨਣ ਦੀਆਂ ਸ਼ੁਆਵਾਂ ਨੂਰ ਜਹਾਂ ਦੀ ਕਬਰ `ਤੇ ਪੈਂਦੀਆਂ ਸਨ।

ਇਕ ਸ਼ਾਮ ਰਾਏ ਅਜ਼ੀਜ਼ਉੱਲਾ ਖਾਂ ਸਾਨੂੰ ਆਪਣੇ ਘਰ ਦੇ ਜੀਆਂ ਨੂੰ ਮਿਲਾਉਣ ਲੈ ਗਏ। ਹਜ਼ਾਰ ਕੁ ਸਾਲ ਪਹਿਲਾਂ ਰਾਏ ਸਾਹਿਬ ਦੇ ਵੱਡਵਡੇਰੇ ਰਾਜਪੂਤ ਮੋਕਲ ਚੰਦ ਨੇ ਸਾਡੇ ਪਿੰਡ ਚਕਰ ਦੀ ਮੋਹੜੀ ਗੱਡੀ ਸੀ। ਉਹਦੀ ਪੰਜਵੀਂ ਪੀੜ੍ਹੀ ਦੇ ਤੁਲਸੀ ਦਾਸ ਨੇ ਇਸਲਾਮ ਧਾਰਨ ਕੀਤਾ ਤੇ ਉਹਦਾ ਨਾਂ ਚਕਰ ਤੋਂ ਸ਼ੇਖ਼ ਚੱਕੂ ਰੱਖਿਆ ਗਿਆ। ਉਸੇ ਦੀਆਂ ਅਗਲੀਆਂ ਪੀੜ੍ਹੀਆਂ `ਚ ਰਾਏ `ਕੱਲ੍ਹਾ ਹੋਇਆ ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਠਾਹਰ ਦਿੱਤੀ ਤੇ ਗੁਰੂ ਜੀ ਨੇ ਉਸ ਨੂੰ ਗੰਗਾ ਸਾਗਰ, ਰੇਹਲ ਤੇ ਤਲਵਾਰ ਦੀ ਬਖਸ਼ਿਸ਼ ਕੀਤੀ। ਗੰਗਾ ਸਾਗਰ ਹੁਣ ਵੀ ਰਾਏ ਸਾਹਿਬ ਪਾਸ ਸੁਰੱਖਿਅਤ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਨ।

ਰਾਏ ਸਾਹਿਬ ਦੀ ਬਿਰਧ ਭੂਆ ਰਾਏਕੋਟ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਹਾਲ ਚਾਲ ਪੁੱਛਣ ਲੱਗੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਹੁਣ ਵੀ ਉਹ ਰਾਏਕੋਟ ਤੁਰੀ ਫਿਰਦੀ ਹੋਵੇ। ਰਾਤ ਦੇ ਖਾਣੇ ਲਈ ਉਹ ਸਾਨੂੰ ਗਵਾਲ ਮੰਡੀ ਦੀ ਫੂਡ ਸਟਰੀਟ ਉਤੇ ਲੈ ਗਏ ਜਿਥੇ ਪੂਰੀ ਚਹਿਲ ਪਹਿਲ ਸੀ। ਵਰਿਆਮ ਸਿੰਘ ਸੰਧੂ ਤੇ ਕੁੱਝ ਹੋਰ ਅਦੀਬ ਵੀ ਨਾਲ ਸਨ। ਬਲਬਾਂ ਦਾ ਮੂੰਹ ਉਪਰ ਨੂੰ ਹੋਣ ਕਰਕੇ ਨਿੰਮ੍ਹਾਂ ਦੂਧੀਆ ਚਾਨਣ ਹੇਠਾਂ ਡੁੱਲ੍ਹ ਰਿਹਾ ਸੀ ਜਿਸ ਨਾਲ ਫੂਡ ਸਟਰੀਟ ਦੀਆਂ ਦੁਕਾਨਾਂ ਪੁੰਨਿਆਂ ਦੀ ਚਾਨਣੀ `ਚ ਨ੍ਹਾਤੀਆਂ ਲੱਗਦੀਆਂ ਸਨ। ਭਾਂਤ ਸੁਭਾਂਤੇ ਖਾਣਿਆਂ ਦੀਆਂ ਮਹਿਕਾਂ ਉਠ ਰਹੀਆਂ ਸਨ। ਉਨ੍ਹਾਂ ਦਾ ਜ਼ਾਇਕਾ ਲਾਜਵਾਬ ਸੀ ਜੋ ਕਦੇ ਨਹੀਂ ਭੁੱਲੇਗਾ।

ਕਾਨਫਰੰਸ ਪਿੱਛੋਂ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ। ਗੁਰਦਵਾਰਾ ਜਨਮ ਸਥਾਨ ਵਿਖੇ ਆਲੀਸ਼ਾਨ ਸਰਾਂ ਬਣ ਗਈ ਸੀ ਤੇ ਲੰਗਰ ਦੀ ਨਵੀਂ ਇਮਾਰਤ ਉਸਰ ਗਈ ਸੀ। ਮੁੜਦਿਆਂ ਵਾਰਸ ਸ਼ਾਹ ਦੇ ਪਿੰਡ ਜੰਡਿਆਲੇ ਸ਼ੇਰ ਖਾਂ ਉਸ ਦੀ ਕਬਰ ਨੂੰ ਸਿਜਦਾ ਕੀਤਾ। ਉਥੇ ਉਸ ਦੇ ਕਈ ਰਿਸ਼ਤੇਦਾਰਾਂ ਦੀਆਂ ਕਬਰਾਂ ਸਨ ਤੇ ਵਾਰਸ ਸ਼ਾਹ ਮੈਮੋਰੀਅਲ ਉਸਾਰਿਆ ਹੋਇਆ ਸੀ। ਉਥੇ ਹਰ ਸਾਲ ਮੇਲਾ ਭਰਦਾ ਹੈ ਤੇ ਹੀਰ ਗਾਉਣ ਦੇ ਮੁਕਾਬਲੇ ਹੁੰਦੇ ਹਨ। ਉਥੋਂ ਦੇ ਨਲਕੇ ਤੋਂ ਪਾਣੀ ਇਸ ਲਈ ਪੀਤਾ ਪਈ ਕਹਿ ਸਕੀਏ ਕਿ ਅਸੀਂ ਵੀ ਵਾਰਸ ਦੇ ਪਿੰਡ ਦਾ ਪਾਣੀ ਪੀਤਾ ਹੋਇਐ!

12 ਅਪਰੈਲ ਦੇ ਗਏ ਅਸੀਂ 19 ਅਪਰੈਲ ਨੂੰ ਮੁੜੇ। ਲਾਹੌਰ ਦੇ ਰੇਲਵੇ ਸਟੇਸ਼ਨ `ਤੇ ਵਿਦਾ ਕਰਨ ਵਾਲਿਆਂ `ਚ ਰਾਏ ਅਜ਼ੀਜ਼ਉੱਲਾ ਖਾਂ ਖੁਦ ਹਾਜ਼ਰ ਸੀ ਤੇ ਇਲੀਆਸ ਘੁੰਮਣ ਬਗਲਗ਼ੀਰ ਹੁੰਦਾ ਭੁੱਲਾਂ ਚੁੱਕਾਂ ਦੀਆਂ ਮਾਫ਼ੀਆਂ ਮੰਗ ਰਿਹਾ ਸੀ। ਅਸੀਂ ਲਾਹੌਰੀਆਂ ਵੱਲੋਂ ਮਿਲੇ ਪਿਆਰ ਤੇ ਸਨੇਹ ਦਾ ਸ਼ੁਕਰਾਨਾ ਕਰ ਰਹੇ ਸਾਂ ਤੇ ਆਪਣੇ ਆਪ ਨੂੰ ਵਡਭਾਗੇ ਸਮਝ ਰਹੇ ਸਾਂ।

ਲਾਹੌਰੋਂ ਮੁੜਨ ਨੂੰ ਦਿਲ ਤਾਂ ਨਹੀਂ ਸੀ ਕਰਦਾ ਪਰ ਮੁੜਨਾ ਹੀ ਪੈਣਾ ਸੀ। ਗਾਰਡ ਨੇ ਝੰਡੀ ਹਿਲਾਈ, ਇੰਜਣ ਨੇ ਚੀਕ ਮਾਰੀ ਤੇ ਗੱਡੀ ਅਟਾਰੀ ਨੂੰ ਚੱਲ ਪਈ। ਅਲਵਿਦਾਈ ਵਿੱਚ ਦੂਰ ਤਕ ਹੱਥ ਹਿਲਦੇ ਗਏ। ਮੈਂ ਸੋਚਣ ਲੱਗਾ ਦੇਸ਼ ਦੀ ਵੰਡ ਨਾ ਹੁੰਦੀ ਤਾਂ ਕੀ ਪਤਾ ਮੈਂ ਮੋਗੇ ਤੋਂ ਦਿੱਲੀ ਜਾਣ ਦੀ ਥਾਂ ਲਾਹੌਰ ਨੂੰ ਹੀ ਗੱਡੀ ਚੜ੍ਹ ਜਾਂਦਾ। ਲਾਹੌਰ ਦਿੱਲੀ ਤੋਂ ਕਿਤੇ ਨੇੜੇ ਸੀ ਪਰ ਸਮੇਂ ਦਾ ਗੇੜ ਹੈ ਕਿ ਲਾਹੌਰ ਆਪਣਾ ਹੁੰਦਾ ਹੋਇਆ ਵੀ ਦੂਰ ਹੋ ਗਿਆ ਸੀ। ਬਹੁਤ ਦੂਰ। ਕੁੱਝ ਇਹੋ ਜਿਹੇ ਖਿਆਲਾਂ ਵਿੱਚ ਖੋਇਆ ਹੋਇਆ ਸਾਂ ਕਿ ਗੱਡੀ ਵਾਹਗੇ ਤੇ ਫਿਰ ਅਟਾਰੀ ਆ ਲੱਗੀ। ਬੰਦੇ ਉਹੀ ਸਨ, ਬੋਲੀ ਉਹੀ ਤੇ ਬਨਸਪਤੀ ਵੀ ਓਹੀ। ਸਭ ਕੁੱਝ ਉਹੋ ਜਿਹਾ ਸੀ। ਰਹਿਤਲ ਸਾਂਝੀ ਸੀ ਪਰ ਦੇਸ਼ ਅੱਡ ਸੀ। ਪੰਜਾਬ ਚੀਰਿਆ ਗਿਆ ਸੀ! ਪੰਜਾਬੀਆਂ ਦਾ ਵਤਨ ਚੀਰਿਆ ਗਿਆ ਸੀ! !

Additional Info

  • Writings Type:: A single wirting
Read 3669 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ