ਲੇਖ਼ਕ

Wednesday, 14 October 2009 17:58

51 - ਮੇਰੀ ਖੇਡ ਲੇਖਣੀ ਦੀ ਮੈਰਾਥਨ

Written by
Rate this item
(0 votes)

ਕਈ ਸਾਲ ਹੋਏ ਅੰਮ੍ਰਿਤਸਰ ਵਿੱਚ ਇੱਕ ਸਾਹਿਤਕ ਗੋਸ਼ਟੀ ਹੋਈ। ਉਦੋਂ ਤਕ ਮੇਰੀਆਂ ਪੰਜ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ ਤੇ ਮੈਂ ਖੇਡ ਲੇਖਕ ਵੱਜਣ ਲੱਗ ਪਿਆ ਸਾਂ। ਮੇਰੀ ਰੀਸ ਨਾਲ ਕੁੱਝ ਹੋਰ ਕਲਮਾਂ ਵੀ ਖੇਡਾਂ ਬਾਰੇ ਲਿਖਣ ਲੱਗ ਪਈਆਂ ਸਨ। ਗੋਸ਼ਟੀ ਵਿੱਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ। ਉਹਦੇ ਜਵਾਬ ਵਿੱਚ ਇੱਕ ਆਲੋਚਕ ਨੇ ਕਿਹਾ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ ਜਾ ਸਕਦੈ। ਉਹ ਪੱਤਰਕਾਰ ਹੋ ਸਕਦੇ ਹਨ ਪਰ ਸਾਹਿਤਕਾਰ ਨਹੀਂ।” ਮੇਰੀ ਵਾਰੀ ਆਈ ਤਾਂ ਮੈਨੂੰ ਕਹਿਣਾ ਪਿਆ, “ਅਸੀਂ ਕਦੋਂ ਕਹਿਨੇ ਆਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਹੋ? ਤੁਸੀਂ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਨਾ ਸਮਝੋ। ਚਲੋ ਸਿਹਤਕਾਰ ਈ ਸਮਝ ਲਓ! ਸਾਡੇ `ਚ ਸਪਰਿੰਟਾਂ ਲਾਉਣ ਵਾਲੇ ਵੀ ਹਨ ਤੇ ਮੈਰਾਥਨ ਲਾਉਣ ਵਾਲੇ ਵੀ ਹਨ। ਅਸੀਂ ਆਪਣੇ ਘੋੜੇ ਭਜਾਈ ਜਾਣੇ ਨੇ। ਸਾਡੇ `ਚ ਦਮ ਹੋਇਆ ਤਾਂ ਅਸੀਂ ਆਪਣੀ ਮਾਂ ਬੋਲੀ ਵਿੱਚ ਖੇਡ-ਰਚਨਾਵਾਂ ਦੀ ਇੱਕ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।”

ਮੇਰੇ ਵੇਖਦੇ ਵੇਖਦੇ ਖੇਡਾਂ ਤੇ ਖਿਡਾਰੀਆਂ ਬਾਰੇ ਪੰਜਾਬੀ `ਚ ਸੌ ਕੁ ਕਿਤਾਬਾਂ ਤਾਂ ਛਪ ਹੀ ਚੁੱਕੀਆਂ ਹਨ ਤੇ ਸੌ ਕੁ ਹੋਰ ਆਉਂਦੇ ਦਸਾਂ ਪੰਦਰਾਂ ਸਾਲਾਂ `ਚ ਛਪ ਜਾਣਗੀਆਂ। ਜਦੋਂ ਮੈਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਪੰਜਾਬੀ ਵਿੱਚ ਸਿਰਫ ਇਕੋ ਖੇਡ ਪੁਸਤਕ ਛਪੀ ਸੀ। ਉਹ ਬਲਬੀਰ ਸਿੰਘ ਕੰਵਲ ਦੀ ‘ਭਾਰਤ ਦੇ ਪਹਿਲਵਾਨ’ ਸੀ। ਬਾਅਦ ਵਿੱਚ ਢਾਈ ਨਾਲ ਢਾਈ ਜੁੜਦੀ ਗਈ ਤੇ ਪੰਜਾਬੀ ਵਿੱਚ ਵੀ ਹੋਰਨਾਂ ਭਾਸ਼ਾਵਾਂ ਵਾਂਗ ਖੇਡ ਪੁਸਤਕਾਂ ਦਾ ਵਾਧਾ ਹੁੰਦਾ ਗਿਆ।

ਹੁਣ ਖਿਡਾਰੀਆਂ ਦੇ ਰੇਖਾ ਚਿੱਤਰ, ਜੀਵਨੀਆਂ ਤੇ ਸਵੈ ਜੀਵਨੀਆਂ ਪੜ੍ਹਨ ਨੂੰ ਮਿਲਦੀਆਂ ਹਨ। ਏਸ਼ਿਆਈ, ਕਾਮਨਵੈੱਲਥ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਮਿਲਦਾ ਹੈ। ਪੰਜਾਬ ਦੀਆਂ ਸੌ ਕੁ ਦੇਸੀ ਖੇਡਾਂ ਤੇ ਪੱਛਮ ਦੀਆਂ ਦਰਜਨਾਂ ਖੇਡਾਂ ਦੀ ਜਾਣਕਾਰੀ ਮਿਲਦੀ ਹੈ। ਸੈਂਕੜੇ ਟੂਰਨਾਮੈਂਟ, ਖੇਡ ਮੇਲੇ ਤੇ ਵਿਸ਼ਵ ਕੱਪਾਂ ਦਾ ਲੇਖਾ ਜੋਖਾ ਮਿਲਦਾ ਹੈ। ਖੇਡ ਜਗਤ ਦੀਆਂ ਬਾਤਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਖੇਡ ਮਸਲਿਆਂ ਦੀ ਚਰਚਾ ਚਲਦੀ ਹੈ ਅਤੇ ਖਿਡਾਰੀਆਂ ਦੇ ਜੀਵਨ ਬਾਰੇ ਅਫ਼ਸਾਨੇ ਤੇ ਨਾਵਲ ਲਿਖੇ ਜਾ ਰਹੇ ਹਨ। ਮੱਲਾਂ ਤੇ ਕੌਡਿਆਲਾਂ ਦੀ ਸ਼ਾਇਰੀ ਹੋ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਇਸ ਨੂੰ ਖੇਡ ਸਾਹਿਤ ਸਮਝੇ ਜਾਂ ਨਾ ਸਮਝੇ। ਉਂਜ ਇਹ ਸਾਰਾ ਕੁੱਝ ਸਾਡੇ ਜੀਵਨ ਦਾ ਹੀ ਸ਼ੀਸ਼ਾ ਹੈ। ਪਹਿਲਵਾਨ ਦਾਰਾ ਸਿੰਘ ਦੀ ਆਤਮ ਕਥਾ, ਮਿਲਖਾ ਸਿੰਘ ਦੀ ‘ਫਲਾਈਂਗ ਸਿੱਖ’ ਤੇ ਵਰਿਆਮ ਸਿੰਘ ਸੰਧੂ ਦੀ ਲਿਖੀ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਮੈਨੂੰ ਤਾਂ ਮੌਲਿਕ ਸਾਹਿਤਕ ਰਚਨਾਵਾਂ ਹੀ ਲੱਗਦੀਆਂ ਹਨ।

1966 ਵਿੱਚ ਜਦੋਂ ਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕਣੇ ਸ਼ੁਰੂ ਕੀਤੇ ਸਨ ਤਾਂ ਮੇਰਾ ਕੋਈ ਨਿਸ਼ਾਨਾ ਨਹੀਂ ਸੀ ਕਿ ਲੰਮਾ ਸਮਾਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਾ ਰਹਾਂਗਾ। ਵਿਚੋਂ ਮੈਂ ਰੁਕ ਵੀ ਗਿਆ ਸਾਂ। ਪਰ ਹਾਲਾਤ ਅਜਿਹੇ ਬਣਦੇ ਗਏ ਕਿ ਜਿਵੇਂ ਜਿਵੇਂ ਮੈਂ ਲਿਖੀ ਗਿਆ ਅਖ਼ਬਾਰਾਂ ਰਸਾਲਿਆਂ ਵਾਲੇ ਛਾਪੀ ਗਏ। ਜਾਂ ਇਓਂ ਕਹਿ ਲਓ ਕਿ ਉਹ ਲਿਖਵਾਈ ਗਏ ਤੇ ਉਸੇ ਨੂੰ ਸੋਧ ਕੇ ਕਿਤਾਬਾਂ ਛਪਦੀਆਂ ਗਈਆਂ। ਮੈਰਾਥਨ ਦੌੜ ਬਤਾਲੀ ਕਿਲੋਮੀਟਰ ਤੋਂ ਕੁੱਝ ਵੱਧ ਹੁੰਦੀ ਹੈ। ਮੇਰੀ ਕਲਮ ਨੂੰ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਬਤਾਲੀ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਰਾਥਨ ਦੌੜਾਕ ਵਾਂਗ ਮੇਰੀ ਕਲਮ ਵੀ ਕਦੇ ਹੌਲੀ ਤੇ ਕਦੇ ਤੇਜ਼ ਦੌੜਦੀ ਰਹੀ ਹੈ। ਕਦੇ ਦਮ ਲੈਣ ਰੁਕ ਵੀ ਜਾਂਦੀ ਰਹੀ ਹੈ।

ਮੇਰੀ ਹਾਲਤ ਕਿਊਬਾ ਦੇ ਮਖੌਲੀਏ ਦੌੜਾਕ ਫੇਲਿਕਸ ਕਰਨਾਜਲ ਵਰਗੀ ਹੀ ਸਮਝ ਲਓ। ਉਹ 1904 ਵਿੱਚ ਸੇਂਟ ਲੂਈਸ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਕਿਤੇ ਕਹਿ ਬੈਠਾ ਬਈ ਮੈਰਾਥਨ ਦੌੜ ਦਾ ਕੀ ਐ, ਇਹ ਤਾਂ ਮੈਂ ਵੀ ਲਾ ਸਕਦਾਂ। ਦੋਸਤਾਂ ਨੇ ਹੱਲਾਸ਼ਰੀ ਦੇ ਦਿੱਤੀ। ਉਸ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਏਧਰ ਓਧਰ ਦੌੜਨ ਲੱਗ ਪਿਆ। ਓਲੰਪਿਕ ਖੇਡਾਂ ਦਾ ਸਮਾਂ ਆਇਆ ਤਾਂ ਉਹਦੇ ਕੋਲ ਸੇਂਟ ਲੂਈਸ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਉਸ ਨੇ ਹਵਾਨਾ `ਦੇ ਚੌਂਕਾਂ `ਚ ਦੌੜਨ ਦੇ ਮਜਮੇ ਲਾਏ ਤੇ ਪੈਸੇ `ਕੱਠੇ ਕੀਤੇ। ਜਦੋਂ ਉਹ ਸੇਂਟ ਲੂਈਸ ਪਹੁੰਚਿਆ ਤਾਂ ਮੈਰਾਥਨ ਦੌੜ ਸ਼ੁਰੂ ਹੋਣ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਲਕੀਰ ਉਤੇ ਜਾ ਖੜ੍ਹਾ ਹੋਇਆ। ਮੁਕਾਬਲੇ ਵਿੱਚ ਦੁਨੀਆ ਦੇ ਮੰਨੇ ਪ੍ਰਮੰਨੇ ਦੌੜਾਕ ਖੜ੍ਹੇ ਸਨ। ਉਹ ਜੋਕਰ ਲੱਗਦਾ ਸੀ ਤੇ ਉਸ ਦਾ ਹੁਲੀਆ ਵੇਖ ਕੇ ਈ ਕਈਆਂ ਦਾ ਹਾਸਾ ਨਿਕਲੀ ਜਾਂਦਾ ਸੀ।

ਅਮਰੀਕਾ ਦੇ ਇੱਕ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉਤੇ ਖੜ੍ਹੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ ਪਾਸਿਓਂ ਕੱਟ ਕੇ ਕੰਮ ਚਲਾਊ ਬੁਨੈਣ ਬਣਾ ਦਿੱਤੀ। ਇੰਜ ਹੀ ਪਤਲੂਣ ਵੀ ਗੋਡਿਆਂ ਉਤੋਂ ਕੱਟ ਦਿੱਤੀ ਤੇ ਉਹ ਡੰਗ ਸਾਰੂ ਨਿੱਕਰ ਬਣ ਗਈ। ਦੌੜਦਿਆਂ ਉਹ ਰਾਹ ਵਿੱਚ ਸੇਬ ਤੇ ਆੜੂ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਟਿੱਚਰ ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ ਸੈਂਤੀ ਦੌੜਾਕਾਂ ਵਿੱਚ ਚੌਥੇ ਥਾਂ ਆਇਆ। ਜੇ ਕਿਧਰੇ ਉਹ ਪੂਰੀ ਤਿਆਰੀ ਨਾਲ ਮੈਰਾਥਨ ਦੌੜਦਾ ਤਾਂ ਸੰਭਵ ਸੀ ਓਲੰਪਿਕ ਚੈਂਪੀਅਨ ਬਣ ਜਾਂਦਾ। ਮੈਂ ਵੀ ਨਿਸ਼ਾਨਾ ਮਿਥ ਕੇ ਖੇਡ ਰਚਨਾ ਕਰਨ ਲੱਗਦਾ ਤਾਂ ਸੰਭਵ ਸੀ ਚੈਂਪੀਅਨ ਖੇਡ ਲੇਖਕ ਬਣਦਾ। ਹੁਣ ਤਾਂ ਫੇਲਿਕਸ ਵਾਂਗ ਗੱਲਾਂ ਕਰਨ ਕਰਾਉਣ ਜੋਗਾ ਹੀ ਹਾਂ।

ਉਂਜ ਜਿੰਨਾ ਕੁ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਸਕਿਆਂ ਉਹਦਾ ਫਲ ਮੈਨੂੰ ਉਸ ਤੋਂ ਕਿਤੇ ਵੱਧ ਮਿਲਿਆ ਹੈ। ਇਹ ਅਣਛੋਹਿਆ ਵਿਸ਼ਾ ਸੀ। ਕਹਾਣੀਆਂ ਲਿਖੀ ਜਾਂਦਾ ਰਹਿੰਦਾ ਤਾਂ ਹੋਰਨਾਂ ਕਹਾਣੀਕਾਰਾਂ ਵਾਂਗ ਘਾਟੇ `ਚ ਹੀ ਰਹਿੰਦਾ ਤੇ ਰੋਣੇ ਵਾਧੂ ਦੇ ਰੋਈ ਜਾਂਦਾ। ਆਖੀ ਜਾਂਦਾ ਪਈ ਵੇਖੋ ਮੈਂ ਮਾਂ ਬੋਲੀ ਦੀ ਤੇ ਸਾਹਿਤ ਦੀ ਕਿੰਨੀ ਸੇਵਾ ਕੀਤੀ ਐ ਪਰ ਮੈਨੂੰ ਕੋਈ ਪੁੱਛਦਾ ਈ ਨਹੀਂ। ਆਹ ਕਵੀਆਂ ਨੂੰ ਮੁੜ ਮੁੜ ਪੁੱਛੀ ਜਾਂਦੇ ਨੇ। ਹੋਰਨਾਂ ਕਹਾਣੀਕਾਰਾਂ ਨੂੰ ਇਨਾਮ ਮਿਲੀ ਜਾਂਦੇ ਨੇ, ਕੀ ਪਤਾ ਮੇਰੀ ਵਾਰੀ ਓਦੋਂ ਆਵੇ ਜਦੋਂ ਮੈਂ ਮਰ ਖਪ ਗਿਆ? ਮੈਂ ਇਹ ਥੋੜ੍ਹੋ ਸੋਚਣਾ ਸੀ ਪਈ ਜੇ ਸੌ ਕਹਾਣੀਕਾਰ ਹੋਣਗੇ ਤਾਂ ਵਾਰੀ ਵੀ ਸੌ ਸਾਲਾਂ ਪਿੱਛੋਂ ਈ ਆਊ!

ਮੈਂ ਵੇਖ ਲਿਆ ਸੀ ਕਿ ਪੰਜਾਬੀ ਦੇ ਕਵੀ ਤੇ ਕਹਾਣੀਕਾਰ ਏਨੇ ਨੇ ਕਿ ਜੰਮਦੇ ਵੱਧ ਨੇ ਤੇ ਮਰਦੇ ਘੱਟ ਨੇ! ਜਿਹੜੇ ਵੱਧ ਜੰਮਣ ਉਨ੍ਹਾਂ ਦੀ ਕਦਰ ਕੁਦਰਤੀ ਘਟ ਜਾਂਦੀ ਹੈ। ਇਸੇ ਕਰਕੇ ਮੈਂ ਕਵਿਤਾ ਤਾਂ ਲਿਖੀ ਹੀ ਨਹੀਂ ਤੇ ਕਹਾਣੀਆਂ ਲਿਖਣ ਤੋਂ ਵੀ ਛੇਤੀ ਹੀ ਪਾਸਾ ਵੱਟ ਲਿਆ ਸੀ। ਉਹਨਾਂ ਦੀ ਥਾਂ ਮੈਂ ਦੋ ਕੁ ਸੌ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕੇ ਨੇ। ਸੌ ਤੋਂ ਵੱਧ ਦੇਸੀ ਵਿਦੇਸ਼ੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ। ਸੌ ਕੁ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ ਕੀਤੇ ਹਨ। ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਖੇਡਾਂ ਦੇ ਅਨੇਕਾਂ ਪੱਖਾਂ ਦੀ ਚਰਚਾ ਛੇੜੀ ਹੈ। ਵਿਚੇ ਖੇਡ ਮੇਲੇ ਵੇਖਣ ਲਈ ਕੀਤੇ ਦੇਸ ਪਰਦੇਸ ਦੇ ਸਫ਼ਰਾਂ ਦਾ ਹਾਲ ਹੈ ਤੇ ਦੂਰ ਨੇੜੇ ਵੇਖੀਆਂ ਥਾਵਾਂ ਦਾ ਵਰਣਨ ਹੈ। ਵਿਚੇ ਹਾਸਾ ਖੇਡਾ ਤੇ ਵਿਅੰਗ ਹੈ। ਅਮਰੀਕਾ ਤੇ ਕੈਨੇਡਾ ਦਾ ਸਫ਼ਰਨਾਮਾ ਲਿਖਣ ਦੇ ਨਾਲ ਫੇਰੀ ਵਤਨਾਂ ਦੀ ਵੀ ਲਿਖੀ ਹੈ। ਦੋ ਪੁਸਤਕਾਂ ਦੇ ਅਨੁਵਾਦ ਕੀਤੇ ਹਨ।

 

ਅਜੇ ਕਿਹੜਾ ਬੱਸ ਹੈ? ਜਿੰਨੇ ਕੁ ਸਾਲ ਹੋਰ ਜੀਵਾਂਗਾ ਓਨੀਆਂ ਕਿਤਾਬਾਂ ਤਾਂ ਲਿਖ ਹੀ ਦੇਵਾਂਗਾ। ਕੀ ਪਤਾ ਮੁੜ ਕੇ ਕਹਾਣੀਆਂ ਲਿਖਣ ਦਾ ਸ਼ੌਕ ਜਾਗ ਪਵੇ ਤੇ ਇਹ ਵੀ ਪਤਾ ਨਹੀਂ ਕੋਈ ਨਾਵਲ ਈ ਛੇੜ ਬੈਠਾਂ। ਜੀਹਦੇ ਕੋਲ ਸ਼ਬਦਾਵਲੀ ਹੋਵੇ, ਵਾਕ ਬਣਤਰ ਦੀ ਕਲਾ ਹੋਵੇ, ਵਾਰਤਕ `ਚ ਰਸ ਹੋਵੇ ਤੇ ਪਾਠਕਾਂ ਦਾ ਧਿਆਨ ਖਿੱਚਣਾ ਆਉਂਦਾ ਹੋਵੇ ਉਹ ਕੁੱਝ ਵੀ ਲਿਖੇ ਪੜ੍ਹ ਹੀ ਲਿਆ ਜਾਂਦੈ। ਨਾਵਲ ਲਿਖਣ ਲੱਗ ਪਿਆ ਤਾਂ ਉਹਦੀਆਂ ਕਿਸ਼ਤਾਂ ਵੀ ਚੱਲੀ ਜਾਣਗੀਆਂ। ਫਿਰ ਤਾਂ ਹੋ ਸਕਦੈ ਉਹ ਅੰਮ੍ਰਿਤਸਰ ਦੀ ਗੋਸ਼ਟੀ ਵਾਲਾ ਆਲੋਚਕ ਵੀ ਹਮ੍ਹਾਤੜਾਂ ਨੂੰ ਸਾਹਿਤਕਾਰ ਮੰਨਣ ਲੱਗ ਪਵੇ!

ਪਾਠਕ ਜਾਣਨਾ ਚਾਹੁਣਗੇ ਕਿ ਮੈਂ ਲਿਖਦਾ ਕਿਵੇਂ ਹਾਂ? ਲੇਖਕਾਂ ਨੂੰ ਆਪਣੇ ਲਿਖਣ ਦੇ ਤਜਰਬੇ ਹੋਰਨਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ। ਕਈ ਲੇਖਕ ਕਾਹਲੀ ਕਾਹਲੀ ਲਿਖਦੇ ਹਨ ਤੇ ਲਿਖੇ ਨੂੰ ਦੁਬਾਰਾ ਨਹੀਂ ਸੋਧਦੇ। ਉਹ ਪਹਿਲੀ ਵਾਰ ਲਿਖੇ ਨੂੰ ਇਲਹਾਮ ਸਮਝਦੇ ਹਨ। ਕਹਿੰਦੇ ਹਨ ਕਿ ਕਵੀ ਪੂਰਨ ਸਿੰਘ ਨੇ ਕਿਤਾਬਾਂ ਦੀ ਦੁਕਾਨ `ਚ ਬੈਠਿਆਂ ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਪੜ੍ਹਿਆ ਤੇ ਆਪਣਾ ਪੂਰਨ ਤੇ ਲੂਣਾ ਦਾ ਕਾਵਿ ਪਰਸੰਗ ਲਿਖ ਕੇ ਸੁੱਤਾ। ਬੂਟਾ ਸਿੰਘ ਸ਼ਾਦ ਦਾ ਕਹਿਣਾ ਹੈ ਕਿ ਮੈਂ ਹਫ਼ਤੇ `ਚ ਈ ਨਾਵਲ ਲਿਖ ਦਿੰਨਾਂ। ਹੋ ਸਕਦੈ ਕੋਈ ਉਹਦੇ ਨਾਲੋਂ ਵੀ ਤੇਜ਼ਤਰਾਰ ਹੋਵੇ ਤੇ ਇਕੋ ਦਿਨ `ਚ ਨਾਵਲ ਲਿਖ ਮਾਰਦਾ ਹੋਵੇ!

ਬਲਵੰਤ ਗਾਰਗੀ ਨੇ ਆਪਣਾ ਪ੍ਰਸਿੱਧ ਇਕਾਂਗੀ ‘ਪੱਤਣ ਦੀ ਬੇੜੀ’ ਕਾਫੀ ਹਾਊਸ `ਚ ਕਿਸੇ ਨੂੰ ਉਡੀਕਦਿਆਂ ਲਿਖਿਆ ਸੀ। ਨਾਨਕ ਸਿੰਘ ਹੋਰੀਂ ਡਲਹੌਜ਼ੀ ਜਾ ਕੇ ਨਵਾਂ ਨਾਵਲ ਲਿਖ ਲਿਆਉਂਦੇ ਸਨ। ਰਾਮ ਸਰੂਪ ਅਣਖੀ ਸੁਣਿਐਂ ਕਾਫੀ ਰਫ਼ਤਾਰ ਨਾਲ ਲਿਖਦੈ। ਬਲਦੇਵ ਸਿੰਘ ਦੀ ਹੱਥਲਿਖਤ ਸੋਹਣੀ ਹੈ ਜਦ ਕਿ ਗੁਰਦਿਆਲ ਸਿੰਘ ਦੀ ਵਿੰਗ ਤੜਿੰਗੀ ਹੈ। ਅੰਮ੍ਰਿਤਾ ਪ੍ਰੀਤਮ ਦੀ ਲਿਖਾਈ ਉਹਦੇ ਮੁਖੜੇ ਵਾਂਗ ਹੀ ਸੁੰਦਰ ਸੀ। ਗਾਰਗੀ ਖੁੱਲ੍ਹਾ ਲਿਖਦਾ ਸੀ ਤੇ ਕੰਵਲ ਸੰਘਣਾ ਲਿਖਦੈ। ਮਜਾਲ ਕੀ ਕਾਗਜ਼ ਦੀ ਕੋਈ ਥਾਂ ਖਾਲੀ ਰਹਿ ਜਾਵੇ। ਉਹਦੀ ਹੱਥਲਿਖਤ ਦਾ ਇੱਕ ਸਫ਼ਾ ਕਿਤਾਬ ਦਾ ਡੇਢ ਸਫ਼ਾ ਬਣ ਜਾਂਦੈ। ਕੋਈ ਸਵੇਰ ਵੇਲੇ ਲਿਖਦੈ, ਕੋਈ ਸ਼ਾਮ ਵੇਲੇ ਤੇ ਕਿਸੇ ਦਾ ਕੋਈ ਖ਼ਾਸ ਵੇਲਾ ਨਹੀਂ ਹੁੰਦਾ।

ਮੈਂ ਉਨ੍ਹਾਂ `ਚੋਂ ਹਾਂ ਜਿਨ੍ਹਾਂ ਦਾ ਕੋਈ ਖ਼ਾਸ ਲਿਖਣ ਵੇਲਾ ਨਹੀਂ। ਜਦੋਂ ਸਮਾਂ ਮਿਲਿਆ ਜਾਂ ਲਿਖਣ ਦੀ ਲੋੜ ਸਮਝੀ ਉਦੋਂ ਹੀ ਲਿਖਣ ਬੈਠ ਜਾਈਦੈ। ਪਰ ਲਿਖਦਾ ਮੈਂ ਬਹੁਤ ਹੌਲੀ ਹਾਂ ਅਤੇ ਮੁੱਢਲਾ ਵਾਕ ਤੇ ਪੈਰਾ ਤਾਂ ਲਿਖਦਾ ਵੀ ਦੁਬਾਰਾ ਤਿਬਾਰਾ ਹਾਂ। ਮੇਰੀ ਇਹ ਆਦਤ ਪੱਕ ਚੁੱਕੀ ਹੈ ਕਿ ਮੈਂ ਪਹਿਲਾ ਫਿਕਰਾ ਲਿਖ ਕੇ ਕੱਟ ਦਿੰਦਾ ਹਾਂ ਤੇ ਕਾਗਜ਼ ਵੀ ਬਦਲ ਦਿੰਦਾ ਹਾਂ। ਇਹ ਇੰਜ ਹੀ ਹੈ ਜਿਵੇਂ ਕੋਈ ਦੌੜਾਕ ਪਹਿਲਾਂ ਗ਼ਲਤ ਸਟਾਰਟ ਲਵੇ ਤੇ ਦੁਬਾਰਾ ਸਪਾਈਕਸ ਕਸ ਕੇ ਦੂਜੀ ਵਾਰ ਸਹੀ ਸਟਾਰਟ ਲਵੇ। ਸ਼ਾਇਦ ਇਹ ਮੇਰਾ ਵਹਿਮ ਹੈ ਕਿ ਮੈਥੋਂ ਪਹਿਲਾ ਫਿਕਰਾ ਖਿੱਚਪਾਊ ਨਹੀਂ ਲਿਖ ਹੋਇਆ। ਜਦੋਂ ਮੈਂ ਕਾਗਜ਼ ਉਤੇ ਕਲਮ ਨਾਲ ਲਿਖਦਾ ਸੀ ਤਾਂ ਪਹਿਲਾ ਫਿਕਰਾ ਕੱਟ ਕੇ ਕਾਗਜ਼ ਇਸ ਲਈ ਰੱਦ ਕਰ ਦਿੰਦਾ ਸੀ ਕਿ ਕੱਟ ਵੱਢ ਨਾ ਦਿਸੇ। ਹੁਣ ਕੰਪਿਊਟਰ `ਤੇ ਉਂਜ ਈ ਮਿਟ ਜਾਂਦੈ ਤੇ ਕੱਟ ਵੱਢ ਦਾ ਪਤਾ ਨਹੀਂ ਲੱਗਦਾ।

ਇਕ ਮਿਸਾਲ ਹੈ। ਜਦੋਂ ਮੈਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਰੇਖਾ ਚਿੱਤਰ ਲਿਖਣ ਲੱਗਾ ਤਾਂ ਸੋਚਣ ਲੱਗਾ ਕਿ ਪਹਿਲਾ ਫਿਕਰਾ ਉਹਦੇ ਮੁੱਕੇ ਵਰਗਾ ਹੀ ਹੋਵੇ। ਪਰ ਮੈਂ ਜਿਹੜਾ ਵੀ ਫਿਕਰਾ ਘੜਦਾ ਉਹ ਮੈਨੂੰ ਕਮਜ਼ੋਰ ਲੱਗੀ ਜਾਂਦਾ ਤੇ ਮੈਂ ਮੁੜ ਮੁੜ ਕੱਟੀ ਜਾਂਦਾ। ਬੜਾ ਪਰੇਸ਼ਾਨ ਹੋਇਆ ਮੈਂ। ਮੁਹੰਮਦ ਅਲੀ ਦੀ ਮਹਾਨਤਾ ਮੇਰੀ ਲਿਖਤ ਦੀ ਪਕੜ ਵਿੱਚ ਨਹੀਂ ਸੀ ਆ ਰਹੀ। ਹਾਰ ਕੇ ਅੱਧੇ ਘੰਟੇ ਦੀ ਮਗਜ਼ਮਾਰੀ ਮਗਰੋਂ ਇਹੋ ਫਿਕਰਾ ਜਚਿਆ-ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ। ਇਸ ਫਿਕਰੇ ਵਿੱਚ ਲੈਅ ਸੀ, ਅਲੰਕਾਰ ਸਨ ਤੇ ਲੱਲੇ ਅੱਖਰ ਵਾਲੇ ਲਫ਼ਜ਼ਾਂ ਦੀ ਧੁਨੀ ਸੀ। ਲਫ਼ਜ਼ਾਂ ਦਾ ਘੁਲਣਾ ਮੁੱਕਿਆਂ ਦੇ ਘੋਲ ਵਾਂਗ ਸੀ। ਜੇ ਮੁਹੰਮਦ ਅਲੀ ਮੁੱਕਿਆਂ ਨਾਲ ਘੁਲਦੈ ਤਾਂ ਉਹਦੇ ਬਾਰੇ ਲਿਖਣ ਵਾਲੇ ਨੂੰ ਵੀ ਲਫ਼ਜ਼ਾਂ ਨਾਲ ਘੁਲਣਾ ਚਾਹੀਦੈ। ਛੋਟਾ ਜਿਹਾ ਵਾਕ ਮੀਢੀ ਵਾਂਗ ਗੁੰਦਿਆ ਗਿਆ ਸੀ।

ਪਹਿਲੇ ਪੈਰੇ ਨੂੰ ਖਿੱਚਪਾਊ ਬਣਾਉਣ ਤੇ ਪਾਠਕ ਨੂੰ ਚਕਾਚੌਂਧ ਕਰਨ ਲਈ ਮੈਂ ਲਿਖਿਆ-ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਤਕ ਕਿ ਤਿੰਨ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਓਲੰਪਿਕ ਚੈਂਪੀਅਨ ਬਣਿਆ, ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦੇ ਵਿਸ਼ਵ ਖ਼ਿਤਾਬ ਜਿੱਤੇ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆ। ਚੁਤਾਲੀ ਸਾਲਾਂ ਦੀ ਉਮਰ ਵਿੱਚ ਉਸ ਨੇ ਅਠਾਈ ਸਾਲਾਂ ਦੀ ਕੁਆਰੀ ਯੁਲੰਡਾ ਨਾਲ ਵਿਆਹ ਕਰਵਾਇਆ ਤੇ ਹੁਣ ਕਈ ਸਾਲਾਂ ਤੋਂ ਪਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ। ਤੁਸੀਂ ਖੁਦ ਸੋਚੋ ਕਿ ਇਹੋ ਜਿਹੇ ਫਿਕਰੇ ਭਲਾ ਮੈਂ ਕਾਹਲੀ ਵਿੱਚ ਕਿਵੇਂ ਲਿਖ ਸਕਦਾ ਸੀ? ਮੈਂ ਅਕਸਰ ਕਹਿਨਾਂ ਕਿ ਚੰਗੀ ਵਾਰਤਕ ਲਿਖਣੀ ਕਵਿਤਾ ਲਿਖਣ ਦੇ ਤੁੱਲ ਹੈ। ਇਹ ਏਨੀ ਰਵਾਂ ਹੋਵੇ ਕਿ ਪਾਠਕ ਨੂੰ ਜਾਪੇ ਜਿਵੇਂ ਪੌਣ ਰੁਮਕ ਰਹੀ ਹੋਵੇ।

ਲਿਖਣ ਵਾਲਿਆਂ ਨੂੰ ਪਤਾ ਹੈ ਕਿ ਗੁੰਝਲਦਾਰ ਫਿਕਰੇ ਲਿਖਣ `ਚ ਮਿਹਨਤ ਨਹੀਂ ਕਰਨੀ ਪੈਂਦੀ। ਉਨ੍ਹਾਂ ਨੂੰ ਸਮਝਣ ਲਈ ਪਾਠਕਾਂ ਨੂੰ ਜ਼ਰੂਰ ਮੱਥਾ ਮਾਰਨਾ ਪੈਂਦੈ। ਜਿਸ ਲੇਖਕ ਨੂੰ ਪਾਠਕਾਂ ਦਾ ਫਿਕਰ ਹੈ ਉਹ ਪਾਠਕਾਂ ਦੀ ਸਹੂਲਤ ਲਈ ਆਪਣੀ ਵਾਰਤਕ ਨੂੰ ਸਰਲ ਤੇ ਸੁਖੈਣ ਬਣਾਏਗਾ। ਇਹ ਵੀ ਉਹ ਤਦ ਹੀ ਕਰ ਸਕੇਗਾ ਜੇ ਉਹਦੇ ਕੋਲ ਕਹਿਣ ਵਾਲੀ ਗੱਲ ਸਪੱਸ਼ਟ ਹੋਵੇਗੀ। ਅਸਪੱਸ਼ਟ ਵਿਚਾਰ ਲੰਮੇ ਤੇ ਗੁੰਝਲਦਾਰ ਵਾਕਾਂ ਤੇ ਪੈਰਿਆਂ ਨੂੰ ਜਨਮ ਦਿੰਦੇ ਹਨ। ਕਈਆਂ ਨੂੰ ਵਹਿਮ ਹੈ ਕਿ ਉਹ ਔਖੇ ਭਾਰੇ ਸ਼ਬਦਾਂ ਤੇ ਗੁੰਝਲਦਾਰ ਫਿਕਰਿਆਂ ਨਾਲ ਆਪਣੀ ਵਿਦਵਤਾ ਦਾ ਪ੍ਰਭਾਵ ਪਾ ਸਕਦੇ ਹਨ। ਵਿਦਵਤਾ ਸਪੱਸ਼ਟ ਤੇ ਸਰਲ ਹੋਣ ਵਿੱਚ ਹੈ। ਔਖੇ ਸ਼ਬਦਾਂ ਦੀ ਵਰਤੋਂ ਤੇ ਸਮਝ ਨਾ ਆਉਣ ਵਾਲੇ ਫਿਕਰਿਆਂ ਦੀਆਂ ਗੁੰਝਲਾਂ ਵਿੱਚ ਕੋਈ ਵਿਦਵਤਾ ਨਹੀਂ।

ਖੇਡਾਂ ਤੇ ਖਿਡਾਰੀਆਂ ਦੇ ਮੁਕਾਬਲਿਆਂ ਅਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਦਿਆਂ ਮੈਨੂੰ ਕਦੇ ਪੰਜਾਬੀ ਦੇ ਢੁੱਕਵੇਂ ਸ਼ਬਦਾਂ ਦਾ ਤੋੜਾ ਮਹਿਸੂਸ ਨਹੀਂ ਹੋਇਆ। ਦੂਜੀਆਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਲੈਣੇ ਚਾਹੀਦੇ ਹਨ ਜਦੋਂ ਆਪਣੇ ਨਾ ਹੋਣ। ਨਵੀਆਂ ਕਾਢਾਂ ਤੇ ਵਸਤਾਂ ਆਪਣੇ ਨਾਂ ਦੇ ਸ਼ਬਦ ਆਪਣੇ ਨਾਲ ਹੀ ਲੈ ਆਉਂਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਉਂਜ ਹੀ ਸਵੀਕਾਰ ਲੈਣਾ ਚਾਹੀਦੈ। ਕੰਪਿਊਟਰ, ਈ-ਮੇਲ, ਇੰਟਰਨੈੱਟ ਤੇ ਟੀਵੀ ਆਦਿ ਲਈ ਨਵੇਂ ਲਫ਼ਜ਼ ਘੜਨ ਦੀ ਲੋੜ ਨਹੀਂ।

ਹੋ ਸਕਦੈ ਕੁੱਝ ਪਾਠਕ ਇਹ ਵੀ ਜਾਣਨਾ ਚਾਹੁਣ ਕਿ ਮੈਂ ਅੱਜ ਕੱਲ੍ਹ ਕਰਦਾ ਕੀ ਹਾਂ? ਮੇਰੇ ਦਿਨ ਕਿਵੇਂ ਲੰਘਦੇ ਹਨ? ਇਹ ਗੱਲ ਤਾਂ ਮੈਂ ਦੱਸ ਹੀ ਚੁੱਕਾਂ ਕਿ ਰਿਟਾਇਰ ਹੋਣ ਪਿੱਛੋਂ ਮੈਂ ਤੇ ਮੇਰੀ ਪਤਨੀ ਕੈਨੇਡਾ ਦੇ ਪੱਕੇ ਪਰਵਾਸੀ ਬਣ ਚੁੱਕੇ ਹਾਂ। ਸਤੰਬਰ 2001 ਵਿੱਚ ਸਾਨੂੰ ਕੈਨੇਡਾ ਦੀ ਇੰਮੀਗ੍ਰੇਸ਼ਨ ਮਿਲ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਮੈਂ ਗਰਮੀਆਂ ਦੇ ਸੱਤ ਅੱਠ ਮਹੀਨੇ ਕੈਨੇਡਾ ਵਿੱਚ ਕੱਟ ਰਿਹਾਂ ਤੇ ਸਰਦੀਆਂ ਦੇ ਚਾਰ ਪੰਜ ਮਹੀਨੇ ਪੰਜਾਬ ਵਿੱਚ ਬਿਤਾ ਰਿਹਾਂ। ਦਸੰਬਰ ਵਿੱਚ ਜਦੋਂ ਟੋਰਾਂਟੋ `ਚ ਬਰਫ਼ਾਂ ਪੈਣ ਲੱਗਦੀਆਂ ਹਨ ਤਾਂ ਮੈਂ ਸਾਇਬੇਰੀਆ ਦੀਆਂ ਕੂੰਜਾਂ ਵਾਂਗ ਪੰਜਾਬ ਨੂੰ ਉਡਾਰੀ ਮਾਰ ਲੈਨਾਂ। ਮਈ ਦੀਆਂ ਲੂਆਂ ਵਗਣ ਤੋਂ ਪਹਿਲਾਂ ਪਹਿਲਾਂ ਕੈਨੇਡਾ ਪਰਤ ਆਉਨਾਂ। ਅੱਠ ਸਾਲਾਂ ਤੋਂ ਇਹੋ ਚਾਲਾ ਹੈ ਤੇ ਲੱਗਦੈ ਇਸ ਤਰ੍ਹਾਂ ਹੀ ਉਮਰ ਬੀਤ ਜਾਵੇਗੀ।

ਹੁਣ ਮੈਂ ਉਣੱਤਰਵੇਂ ਸਾਲ `ਚ ਹਾਂ। ਤਿੰਨ ਚਾਰ ਕਿਲੋਮੀਟਰ ਸਵੇਰੇ ਤੇ ਏਨਾ ਕੁ ਸ਼ਾਮ ਨੂੰ ਤੁਰਨਾ ਮੇਰੀ ਰੋਜ਼ਾਨਾ ਸੈਰ ਹੈ। ਲਾਂਭੇ ਗਿਆ ਹੋਵਾਂ ਤਾਂ ਸੈਰ ਰਹਿ ਵੀ ਜਾਂਦੀ ਹੈ ਤੇ ਲਾਂਭੇ ਮੈਨੂੰ ਜਾਣਾ ਹੀ ਪੈਂਦੈ। ਮੇਰੇ ਤੋਰੇ ਫੇਰੇ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ 2008 ਵਿੱਚ ਮੈਂ ਦੇਸ਼ ਵਿਦੇਸ਼ ਦੇ ਤੀਹ ਤੋਂ ਵੱਧ ਖੇਡ ਮੇਲੇ ਆਪਣੀ ਅੱਖੀ ਵੇਖੇ ਹਨ। ਘੱਟੋਘੱਟ ਲੱਖ ਮੀਲ ਦਾ ਸਫ਼ਰ ਕੀਤਾ ਹੈ। ਕਈ ਇਸ ਨੂੰ ਬੁੱਢੇ ਬੰਦੇ ਦੇ ਫੈਂਟਰ ਸਮਝ ਸਕਦੇ ਹਨ ਇਸ ਲਈ ਖੇਡ ਮੇਲੇ ਗਿਣਾ ਵੀ ਦੇਣੇ ਚਾਹੀਦੇ ਹਨ।

ਦਸੰਬਰ ਤੋਂ ਮਾਰਚ ਤੱਕ ਮੈਂ ਲੁਧਿਆਣੇ, ਜਲੰਧਰ, ਮੋਗੇ, ਜਗਰਾਓਂ, ਮੁੱਲਾਂਪੁਰ, ਬਾਘੇ ਪੁਰਾਣੇ, ਘੋਲੀਏ, ਹਠੂਰ, ਫਿਲੌਰ, ਢੁੱਡੀਕੇ, ਬੀਲ੍ਹੇ, ਚਕਰ, ਮੁਠੱਡੇ, ਗੁਮਟਾਲੇ, ਗੜ੍ਹਸ਼ੰਕਰ, ਕੁਲਥਮ, ਬੰਗੇ, ਕਿਲਾ ਰਾਇਪੁਰ, ਹਕੀਮਪੁਰ ਤੇ ਕੁੱਝ ਹੋਰ ਪਿੰਡਾਂ ਵਿੱਚ ਖੇਡ ਮੇਲੇ ਵੇਖਣ ਗਿਆ। ਜਿਥੇ ਜਾ ਨਹੀਂ ਹੋਇਆ ਉਥੇ ਅਗਲੇ ਸਾਲ ਜਾਵਾਂਗਾ। ਮਈ ਦੇ ਮਹੀਨੇ ਤੋਂ ਪੱਛਮੀ ਮੁਲਕਾਂ ਦੇ ਪੰਜਾਬੀ ਖੇਡ ਮੇਲਿਆਂ ਦਾ ਦੌਰ ਚੱਲ ਪਿਆ। ਦੋ ਵਾਰ ਮੈਂ ਨਿਊਯਾਰਕ ਗਿਆ, ਦੋ ਵਾਰ ਸਿਆਟਲ ਤੇ ਚਾਰ ਵਾਰ ਵੈਨਕੂਵਰ। ਇੱਕ ਇਕ ਵਾਰ ਐਡਮਿੰਟਨ, ਕੈਲਗਰੀ, ਮਾਂਟਰੀਅਲ, ਸ਼ਿਕਾਗੋ ਤੇ ਓਹਾਈਓ ਸਟੇਟ ਵਿੱਚ ਸਿਨਸਿਨੈਟੀ ਗਿਆ। ਇੰਗਲੈਂਡ ਵਾਲਿਆਂ ਦਾ ਸੱਦਾ ਮੈਥੋਂ ਪਰਵਾਨ ਨਹੀਂ ਹੋ ਸਕਿਆ ਤੇ ਨਾ ਹੀ ਮੈਂ ਇਟਲੀ ਤੇ ਨਾਰਵੇ ਜਾ ਸਕਿਆ। ਇਓਂ ਚਹੁੰ ਪੰਜਾਂ ਮਹੀਨਿਆਂ ਵਿੱਚ ਮੈਂ ਪੱਚੀ ਤੀਹ ਵਾਰ ਹਵਾਈ ਜਹਾਜ਼ਾਂ `ਤੇ ਚੜ੍ਹਿਆ। ਮੇਰੀਆਂ ਲਿਖਤਾਂ ਵਿੱਚ ਕਈ ਖੇਡ ਮੇਲਿਆਂ ਦਾ ਜ਼ਿਕਰ ਹੋ ਚੁੱਕੈ ਤੇ ਕਈਆ ਦਾ ਹੋਣਾ ਹੈ। ਮੈਂ ਜਾਂ ਤਾਂ ਖੇਡ ਮੇਲਿਆਂ ਦੀ ਹਾਜ਼ਰੀ ਭਰ ਰਿਹਾ ਹੁੰਨਾਂ ਤੇ ਜਾਂ ਕੁੱਝ ਨਾ ਕੁੱਝ ਪੜ੍ਹ ਲਿਖ ਰਿਹਾ ਹੁੰਨਾਂ। ਬੱਸ ਇਸ ਤਰ੍ਹਾਂ ਹੀ ਦਿਨ ਲੰਘੀ ਜਾਂਦੇ ਨੇ। ਅਜੇ ਮੈਂ ਕਾਇਮ ਹਾਂ ਤੇ ਮੇਰੀ ਕਲਮ ਦੀ ਮੈਰਾਥਨ ਜਾਰੀ ਹੈ।

Additional Info

  • Writings Type:: A single wirting
Read 1150 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।