ਲੇਖ਼ਕ

Wednesday, 14 October 2009 18:01

52 - ਮੇਰੇ ਰੈਣ ਬਸੇਰੇ

Written by
Rate this item
(0 votes)

ਬੰਦਾ ਜੀਵਨ ਦਾ ਤੀਜਾ ਹਿੱਸਾ ਸੌਂ ਕੇ ਹੀ ਗੁਜ਼ਾਰ ਦਿੰਦੈ। ਸੌਣ ਵਾਲੀਆਂ ਥਾਵਾਂ ਦਾ ਜ਼ਿਕਰ ਕਰਨਾ ਵੀ ਦਿਲਚਸਪੀ ਤੋਂ ਖਾਲੀ ਨਹੀਂ। ਮੈਨੂੰ ਆਪਣੇ ਰੈਣ ਬਸੇਰੇ ਅਕਸਰ ਚੇਤੇ ਆ ਜਾਂਦੇ ਹਨ। ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਮਾਂ ਦਾ ਦੁੱਧ ਕਿੰਨੀ ਦੇਰ ਚੁੰਘਿਆ ਤੇ ਉਹਦੀ ਕੁੱਛੜ ਕਿੰਨਾ ਚਿਰ ਰਿਹਾ ਪਰ ਇਹ ਯਾਦ ਹੈ ਕਿ ਸਾਡੇ ਕੱਚੇ ਘਰ ਦਾ ਵਿਹੜਾ ਬਹੁਤਾ ਖੁੱਲ੍ਹਾ ਨਹੀਂ ਸੀ। ਉਸ ਦੇ ਇੱਕ ਪਾਸੇ ਖੁਰਲੀਆਂ ਸਨ ਜਿਥੇ ਡੰਗਰ ਬੱਝਦੇ ਤੇ ਕੋਲ ਹੀ ਅਸੀਂ ਮੰਜੇ ਡਾਹ ਕੇ ਸੌਂ ਜਾਂਦੇ। ਪਸ਼ੂਆਂ ਦੇ ਗੋਹੇ ਪਿਸ਼ਾਬ ਦਾ ਮੁਸ਼ਕ ਮੈਨੂੰ ਨਹੀਂ ਲੱਗਦਾ ਬਚਪਨ `ਚ ਕਦੇ ਆਇਆ ਹੋਵੇ। ਸਿਆਲਾਂ ਵਿੱਚ ਜੇ ਡੰਗਰਾਂ ਵਾਲੇ ਕੋਠੇ `ਚ ਸੌਣਾ ਪਿਆ ਤਦ ਵੀ ਨਹੀਂ ਆਇਆ। ਹੁਣ ਭਾਵੇਂ ਆ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਡੰਗਰਾਂ ਕੋਲ ਨਹੀਂ ਸੁੱਤਾ।

ਇਹ ਮੁਸ਼ਕ ਵੀ ਕਮਾਲ ਦੀ ਸ਼ੈਅ ਹੈ ਜਿਹੜਾ ਹਰ ਵੇਲੇ ਕੋਲ ਰਹਿੰਦਿਆਂ ਨੂੰ ਆਉਂਦਾ ਨਹੀਂ ਪਰ ਦੂਰ ਦਿਆਂ ਨੂੰ ਨੇੜੇ ਨਹੀਂ ਖੜ੍ਹਨ ਦਿੰਦਾ। ਧੰਨ ਹਨ ਜਲੰਧਰ ਦੀ ਬੂਟਾ ਮੰਡੀ ਦੇ ਬਸ਼ਿੰਦੇ ਜੋ ਹਰ ਵੇਲੇ ਚਮੜੇ ਦੇ ਮੁਸ਼ਕ ਵਿੱਚ ਰਹਿੰਦੇ ਹਨ ਜਦ ਕਿ ਮੁਸਾਫ਼ਰਾਂ ਤੋਂ ਮੰਡੀ ਵਿੱਚ ਦੀ ਮਸਾਂ ਲੰਘ ਹੁੰਦੈ। ਮੈਂ ਜਦ ਵੀ ਬੂਟਾ ਮੰਡੀ ਵਿੱਚ ਦੀ ਲੰਘਦਾਂ ਤਾਂ ਨੱਕ `ਤੇ ਰੁਮਾਲ ਰੱਖ ਕੇ ਈ ਲੰਘ ਸਕਦਾਂ। ਪਰ ਪਸ਼ੂਆਂ ਕੋਲ ਕੱਟੀਆਂ ਰਾਤਾਂ ਮੈਨੂੰ ਕਦੇ ਮੁਸ਼ਕ ਮਾਰਨ ਵਾਲੀਆਂ ਨਹੀਂ ਲੱਗੀਆਂ।

ਜਦ ਮੈਂ ਆਪਣੇ ਬਚਪਨ `ਤੇ ਝਾਤ ਮਾਰਦਾਂ ਤਾਂ ਮੇਰੇ ਸੌਣ ਦੀਆਂ ਦੋ ਮਨਪਸੰਦ ਥਾਂਵਾਂ ਮੈਨੂੰ ਵਧੇਰੇ ਚੇਤੇ ਆਉਂਦੀਐਂ। ਇੱਕ ਸੀ ਕੋਠੇ ਉਪਰ ਪੈਣਾ ਤੇ ਦੂਜਾ ਬਾਹਰਲੇ ਘਰ ਹਵਾਹਾਰੇ ਸੌਣਾ। ਵੈਸੇ ਜੋ ਅਨੰਦ ਬਾਹਰ ਖੁੱਲ੍ਹੇ ਪਿੜਾਂ ਵਿੱਚ ਸੌਣ ਦਾ ਆਉਂਦਾ ਸੀ ਉਹ ਘਰਾਂ ਦੀਆਂ ਵਲਗਣਾਂ ਵਿੱਚ ਸੌਣ ਦਾ ਨਹੀਂ ਸੀ ਆਉਂਦਾ। ਪਰ ਖਲਵਾੜੇ ਬਹੁਤਾ ਸਮਾਂ ਨਹੀਂ ਸਨ ਰਹਿੰਦੇ। ਮਸਾਂ ਦਸ ਪੰਦਰਾਂ ਰਾਤਾਂ ਪਿੜਾਂ `ਚ ਸੌਣ ਦਾ ਮੌਕਾ ਮਿਲਦਾ ਸੀ। ਜਿੱਦਣ ਤੂੜੀ ਦਾਣੇ ਚੁੱਕੇ ਜਾਂਦੇ ਨਾਲ ਹੀ ਸੰਦ ਵਲੇਵਾਂ ਗੱਡੇ `ਤੇ ਰੱਖ ਕੇ ਘਰ ਲੈ ਆਂਦਾ ਜਾਂਦਾ। ਮੇਰੇ ਬਚਪਨ ਵੇਲੇ ਨਾ ਬੰਬੀਆਂ ਹੁੰਦੀਆਂ ਸਨ ਤੇ ਨਾ ਉਨ੍ਹਾਂ ਉਤੇ ਕੋਠੜੀਆਂ। ਹੁੰਦੀਆਂ ਤਾਂ ਮੈਂ ਰਾਤਾਂ ਨੂੰ ਉਥੇ ਹੀ ਸੌਂਦਾ। ਪਤਾ ਨਹੀਂ ਬਾਹਰ ਖੁੱਲ੍ਹੇ ਥਾਂ ਸੌਣਾ ਮੈਨੂੰ ਕਿਉਂ ਪਸੰਦ ਸੀ?

ਖੇਤਾਂ `ਚ ਸੌਣਾ ਤੇ ਚੰਨ ਚਾਨਣੀ `ਚ ਤੁਰਨਾ ਮੇਰੇ ਖ਼ਾਸ ਸ਼ੌਕ ਸਨ। ਉਦੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਆਮ ਹੁੰਦੀਆਂ ਸਨ। ਸਿਵਿਆਂ, ਮੜ੍ਹੀਆਂ, ਪੱਕੀਆਂ ਥਾਵਾਂ, ਹਾੜ ਬੋਲਣ ਤੇ ਤੁਰਦੀ ਅੱਗ ਦੀਆਂ ਕਥਾ ਕਹਾਣੀਆਂ ਸੁਣਨ ਵਿੱਚ ਆਉਂਦੀਆਂ ਸਨ ਪਰ ਉਨ੍ਹਾਂ ਦਾ ਡਰ ਮੇਰੇ ਮਨ `ਚੋਂ ਨਿਕਲ ਚੁੱਕਾ ਸੀ। ਕਿਹਾ ਜਾਂਦਾ ਸੀ ਕਿ ਸਾਡੇ ਘਰ ਦੇ ਨੇੜੇ ਨਹਿਰਿਆਂ ਦੀ ਨਿੰਮ `ਤੇ ਭੂਤਾਂ ਰਹਿੰਦੀਐਂ ਜੋ ਮੈਨੂੰ ਕਦੇ ਵਿਖਾਈ ਨਹੀਂ ਦਿੱਤੀਆਂ। ਮੈਂ ਉਹਦੇ ਉਤੇ ਚੜ੍ਹ ਕੇ ਵੀ ਵੇਖ ਲਿਆ ਸੀ। ਮੈਨੂੰ ਵੱਡੇ ਛੋਟਿਆਂ ਦੀ ਥਾਂ ਹਾਣੀਆਂ ਦਾ ਸਾਥ ਚੰਗਾ ਲੱਗਦਾ ਜਾਂ ਇਕੱਲ ਵਧੇਰੇ ਭਾਉਂਦੀ। ਹੁਣ ਵੀ ਇਕੱਲ ਮੈਨੂੰ ਵਧੇਰੇ ਸੁਖਾਵੀਂ ਲੱਗਦੀ ਹੈ।

ਇਕੱਲ `ਚ ਕਲਪਣਾ ਤੁਹਾਡੇ ਨਾਲ ਹੁੰਦੀ ਹੈ ਤੇ ਜਿਥੇ ਚਾਹੋ ਲਈ ਫਿਰਦੀ ਹੈ। ਪਰਬਤਾਂ ਦੀਆਂ ਚੋਟੀਆਂ, ਹੁਸੀਨ ਵਾਦੀਆਂ, ਸੁਹਾਵਣੀਆਂ ਸੈਰਗਾਹਾਂ, ਸਾਗਰਾਂ ਦੇ ਤੱਟ, ਦਰਿਆਵਾਂ ਦੇ ਪੱਤਣ, ਅਰਸ਼ਾਂ ਦੀਆਂ ਪਰੀਆਂ, ਸਤਰੰਗੀਆਂ ਪੀਂਘਾਂ ਤੇ ਅੰਬਰ ਦੀਆਂ ਸੈਰਾਂ ਸਭ ਪੈਰਾਂ ਥੱਲੇ ਹੁੰਦੀਐਂ। ਜਦੋਂ ਕੋਈ ਵੀ ਕੋਲ ਨਹੀਂ ਹੁੰਦਾ ਤਾਂ ਕਲਪਣਾ ਕਰਕੇ ਸਭ ਕੁੱਝ ਕੋਲ ਹੁੰਦੈ। ਇਹ ਵੱਖਰੀ ਗੱਲ ਹੈ ਕਿ ਕਈ ਬੰਦੇ ਕਲਪਣਾ `ਚ ਵੀ ਕਲਪਦੇ ਹੀ ਰਹਿੰਦੇ ਨੇ ਤੇ ਕਈ ਢੋਲੇ ਦੀਆਂ ਲਾਉਂਦੇ ਉਮਰਾਂ ਮਾਣ ਜਾਂਦੇ ਨੇ। ਅੱਧੀਆਂ ਖੁਸ਼ੀਆਂ ਬੰਦੇ ਦੇ ਆਪਣੇ ਹੱਥ ਵੱਸ ਹੁੰਦੀਆਂ ਜਦ ਕਿ ਅੱਧੀਆਂ ਲਈ ਹੀ ਸਾਧਨ ਚਾਹੀਦੇ ਹਨ। ਕਈ ਅੱਧੇ ਖਾਲੀ ਗਲਾਸ ਨੂੰ ਵੇਖ ਕੇ ਝੂਰਦੇ ਰਹਿੰਦੇ ਨੇ ਤੇ ਕਈ ਅੱਧੇ ਭਰੇ ਨੂੰ ਵੇਖ ਕੇ ਭੰਗੜੇ ਪਾਉਣੋ ਨਹੀਂ ਹਟਦੇ। ਕਈ ਬੰਦੇ ਧੁੱਪੇ ਬੈਠੇ ਹੋਏ ਵੀ ਨਹੀਂ ਤਪਦੇ ਪਰ ਕਈ ਛਾਵੇਂ ਬੈਠੇ ਹੀ ਭੁੱਜੀ ਜਾਂਦੇ ਨੇ। ਹਰ ਵੇਲੇ ਸ਼ਿਕਵੇ ਸ਼ਿਕਾਇਤਾਂ `ਚ ਗ੍ਰੱਸੇ ਬੰਦੇ ਨਾ ਆਪ ਸੁਖੀ ਵਸਦੇ ਨੇ ਤੇ ਨਾ ਕਿਸੇ ਹੋਰ ਨੂੰ ਸੁਖੀ ਵਸਣ ਦਿੰਦੇ ਨੇ। ਉਹ ਹੋਰਨਾਂ ਦੇ ਦੁੱਖ ਜਾਂ ਕਸ਼ਟ ਹਰਨ ਦੀ ਥਾਂ ਆਪਣੇ ਹੀ ਦੁੱਖਾਂ ਦਰਦਾਂ ਦਾ ਰੋਣਾ ਰੋਈ ਜਾਂਦੇ ਹਨ।

ਉਨ੍ਹਾਂ ਕਾਮਿਆਂ ਦੀ ਖੁਸ਼ੀ ਦਾ ਅੰਦਾਜ਼ਾ ਲਾਓ ਜਿਹੜੇ ਸਾਰੀ ਦਿਹਾੜੀ ਕਹੀ ਵਾਹ ਕੇ ਰੇਤੇ ਦੀਆਂ ਢੇਰੀਆਂ `ਤੇ ਲਿਟੀ ਜਾਂਦੇ ਸਨ। ਕਿਸੇ ਰਾਹੀ ਨੇ ਪੁੱਛ ਲਿਆ, “ਤੁਹਾਨੂੰ ਚੰਗੇ ਭਲਿਆਂ ਨੂੰ ਕੀ ਹੋਇਐ?” ਇੱਕ ਜਣੇ ਨੇ ਲਿਟੀ ਜਾਂਦਿਆਂ ਕਿਹਾ, “ਸਾਡੇ ਨਾਲ ਦਾ ਬੋਤਲ ਲੈਣ ਗਿਐ!”

ਜਦੋਂ ਮੈਂ ਪ੍ਰਿੰਸੀਪਲ ਸਾਂ ਤਾਂ ਸ਼ਾਮ ਨੂੰ ਕਾਲਜ ਦਾ ਫੁਟਬਾਲ ਗਰਾਊਂਡ ਵੇਖਣ ਨਿਕਲਿਆ। ਇੱਕ ਬੁੱਢਾ ਬਿਨਾਂ ਪੁੱਛੇ ਘਾਹ ਖੋਤੀ ਜਾਂਦਾ ਸੀ। ਉਸ ਨੇ ਕਾਹਲੀ ਨਾਲ ਘਾਹ `ਕੱਠਾ ਕੀਤਾ ਤੇ ਪੱਲੀ `ਚ ਬੰਨ੍ਹ ਲਿਆ। ਉਸ ਨੂੰ ਲੱਗਾ ਕਿ ਮੈਂ ਬਿਨਾਂ ਪੁੱਛੇ ਘਾਹ ਖੋਤਣ ਲਈ ਉਸ ਨੂੰ ਝਾੜ ਪਾਵਾਂਗਾ ਤੇ ਘਾਹ ਨਹੀਂ ਲਿਜਾਣ ਦੇਵਾਂਗਾ। ਕਰਨਾ ਵੀ ਇਹੋ ਸੀ ਪਰ ਹੱਡੀਆਂ ਦਾ ਪਿੰਜਰ ਬਣੇ ਉਸ ਬਿਰਧ `ਤੇ ਤਰਸ ਖਾਂਦਿਆਂ ਮੈਂ ਕਿਹਾ, “ਭਾਈਆ ਪੰਡ ਚੁੱਕਣੀ ਏ ਤਾਂ ਚੁਕਾਵਾਂ?” ਉਹਦੀਆਂ ਡਰੀਆਂ ਅੱਖਾਂ ਵਿੱਚ ਲਿਸ਼ਕ ਆ ਗਈ ਤੇ ਉਹਨੇ ਸਿਰ ਉਤੇ ਪੰਡ ਟਿਕਵਾ ਲਈ। ਉਹ ਅੱਗੇ ਤੁਰ ਪਿਆ ਤੇ ਮੈਂ ਉਹਦੇ ਪਿੱਛੇ। ਉਹਦਾ ਜੁੱਸਾ ਹੱਡੀਆਂ ਦੀ ਮੁੱਠ ਸੀ, ਲੱਤਾਂ ਕਾਨਿਆਂ ਵਰਗੀਆਂ ਸਨ ਤੇ ਪੈਰੀਂ ਟੁੱਟੇ ਛਿੱਤਰ ਠਿਪ ਠਿਪ ਵੱਜ ਰਹੇ ਸਨ। ਉਹ ਗੁਣਗੁਣਾਉਣ ਲੱਗਾ, “ਆਹ ਤਾਂ ਮੌਜ ਬਣ-ਗੀ, ਆਹ ਤਾਂ ਮੌਜ ਬਣ-ਗੀ …।” ਮੈਂ ਹੈਰਾਨ ਸਾਂ ਜੇ ਉਹ ਮੌਜ ਵਿੱਚ ਸੀ ਤਾਂ ਕਸ਼ਟ ਵਿੱਚ ਕੌਣ ਸੀ?

ਜਦ ਮੈਂ ਪਠੀਰ ਉਮਰ ਦਾ ਸਾਂ ਤਾਂ ਗਰਮੀਆਂ ਦੀਆਂ ਰਾਤਾਂ `ਚ ਆਪਣੀ ਮੰਜੀ ਕੋਠੇ `ਤੇ ਚੜ੍ਹਾ ਲੈਂਦਾ ਤੇ ਤਾਰਿਆਂ ਦੀ ਝਿਲਮਿਲ ਹੇਠਾਂ ਸੌਂਦਾ। ਚੰਦ ਕਦੇ ਗੋਲ ਹੁੰਦਾ, ਕਦੇ ਤਿਰਛਾ ਤੇ ਕਦੇ ਕੁੱਬਾ ਹੋ ਜਾਂਦਾ। ਰਾਜੇ ਦੀ ਮੰਜੀ ਘੁੰਮਦੀ ਰਹਿੰਦੀ ਪਰ ਧਰੂ ਤਾਰਾ ਇਕੋ ਥਾਂ ਗੱਡਿਆ ਰਹਿੰਦਾ। ਖਿੱਤੀਆਂ ਚੜ੍ਹਦੀਆਂ ਤੇ ਤਾਰੇ ਦਿਸ਼ਾ ਬਦਲੀ ਜਾਂਦੇ। ਕੋਠੇ `ਤੇ ਖੁੱਲ੍ਹੇ ਅੰਬਰ ਹੇਠ ਪਿਆਂ ਕਈ ਤਾਰਿਆਂ ਦੀ ਸਿਆਣ ਹੋ ਗਈ ਸੀ। ਹੇਠਾਂ ਵਿਹੜੇ ਨਾਲੋਂ ਉਪਰ ਕੋਠੇ ਉਤੇ ਰਾਤਾਂ ਠੰਢੀਆਂ ਲੱਗਦੀਆਂ। ਜਿੱਦਣ ਪੁਰੇ ਦੀ ਠੰਢੀ `ਵਾ ਵਗਦੀ ਉੱਦਣ ਨੀਂਦ ਹੋਰ ਵੀ ਗੂੜ੍ਹੀ ਆਉਂਦੀ ਤੇ ਤੜਕੇ ਕੁੱਕੜਾਂ ਦੀਆਂ ਬਾਂਗਾਂ ਵੀ ਨਾ ਜਗਾ ਸਕਦੀਆਂ। ਮਾੜੀ ਗੱਲ ਉੱਦਣ ਹੁੰਦੀ ਜਿੱਦਣ ਰਾਤ ਨੂੰ ਮੀਂਹ ਆ ਜਾਂਦਾ। ਫਿਰ ਕੱਚੀ ਨੀਂਦ ਜਾਗਣਾ ਪੈਂਦਾ ਤੇ ਹੇਠਾਂ ਆ ਕੇ ਨੀਂਦ ਨਾ ਆਉਂਦੀ।

ਕੁਝ ਵਡੇਰਾ ਹੋਇਆ ਤਾਂ ਮੈਂ ਮੰਜਾ ਤੇ ਦਰੀ-ਖੇਸ ਲੈ ਕੇ ਬਾਹਰਲੇ ਘਰ ਚਲਾ ਜਾਂਦਾ। ਉਥੇ ਪਸ਼ੂ ਤੇ ਗੁਆਂਢੀ ਮੁੰਡੇ ਹੀ ਹੁੰਦੇ। ਅਸੀਂ ਬਾਤਾਂ ਪਾਉਂਦੇ, ਲਤੀਫ਼ੇ ਸੁਣਾਉਂਦੇ, ਹੱਸਦੇ ਖੇਡਦੇ ਤੇ ਚੰਨ ਚਾਨਣੀ ਵਿੱਚ ਚਿੱਠੇ ਪੜ੍ਹਦੇ। ਸਾਡੇ ਕੋਲ ਜਾਨੀ ਚੋਰ, ਦਹੂਦ ਬਾਦਸ਼ਾਹ, ਭੂਮੀਆ ਚੋਰ, ਗੋਲ ਖੂੰਡਾ, ਸੁੱਚਾ ਸੂਰਮਾ ਤੇ ਜੜ੍ਹ ਪੱਟ ਬਚਨੀ ਦੇ ਚਿੱਠੇ ਹੁੰਦੇ। ਪੂਰਨ ਭਗਤ ਹੁੰਦਾ, ਕੌਲਾਂ ਹੁੰਦੀ, ਬੇਗੋ ਨਾਰ ਤੇ ਹੀਰ ਹੁੰਦੀ। ਕੋਲ ਹੀ ਰੂੜੀਆਂ ਹੁੰਦੀਆਂ ਜਿਥੇ ਕੁੱਤੇ ਭੌਂਕ ਰਹੇ ਹੁੰਦੇ। ਪੰਡਤਾਂ ਦੇ ਚੁਬਾਰੇ `ਚੋਂ ਇਕਾਦਸ਼ੀ ਦੇ ਸੰਖ ਦੀ ਆਵਾਜ਼ ਆਉਂਦੀ। ਚੌਕੀਦਾਰ ਦਾ ਪੀਪਾ ਖੜਕਦਾ ਤੇ ਉੱਚਾ ਹੋਕਾ ਸੁਣਦਾ। ਗੁਰਦਵਾਰੇ ਦਾ ਨਗਾਰਾ ਵੱਜਦਾ।

ਮੁੰਡੇ ਖੁੰਡੇ ਲੁੱਚੇ ਲਤੀਫ਼ੇ ਇੱਕ ਦੂਜੇ ਨਾਲ ਸਾਂਝੇ ਕਰਦੇ। ਮੈਨੂੰ ਅਜਿਹੇ ਕਈ ਲਤੀਫ਼ੇ ਯਾਦ ਹੋ ਗਏ ਸਨ ਜੋ ਮੈਂ ਕਈ ਵਰ੍ਹੇ ਮਿੱਤਰ ਮੰਡਲੀ ਵਿੱਚ ਸੁਣਾਉਂਦਾ ਰਿਹਾ। ਯਾਦ ਤਾਂ ਹੁਣ ਵੀ ਹਨ ਪਰ ਬੱਗੀ ਦਾੜ੍ਹੀ ਨਾਲ ਸੁਣਾਉਣੇ ਚੰਗੇ ਨਹੀਂ ਲੱਗਦੇ। ਗਿੱਦੜਾਂ ਨੂੰ ਜੰਗਲ `ਚੋਂ ਭੱਜੇ ਜਾਂਦਿਆਂ ਵੇਖ ਕੇ ਕਿਸੇ ਨੇ ਪੁੱਛਿਆ ਸੀ, “ਭੱਜੇ ਕਿਉਂ ਜਾਂਦੇ ਓ? ਮਗਰ ਪੁਲਸ ਤਾਂ ਨੀ ਪੈਗੀ?” ਗਿੱਦੜਾਂ ਦਾ ਜਵਾਬ ਸੀ, “ਪਈ ਹੋਈ ਆ। ਸਾਡੇ ਨਾਲ ਤਾਂ ਜੱਗੋਂ ਬਾਹਰੀ ਹੋਈ। ਹੱਥਣੀ ਨੂੰ ਟਿੱਚਰ ਬਾਂਦਰ ਨੇ ਕੀਤੀ ਪਰ ਲਾ-ਤੀ ਗਿੱਦੜ ਸਿਰ। ਭੱਜੀਏ ਨਾ ਤਾਂ ਹੋਰ ਕੀ ਕਰੀਏ?” ਚੁੰਘੀ ਬੱਕਰੀ ਬਣਾਤਾ ਡਾਕਾ ਮਾੜੀ ਕੀਤੀ ਪੰਡਤਾਂ ਨੇ ਵਾਲੀ ਗੱਲ ਸੀ। ਕਾਮ ਕਲੋਲਾਂ ਲਿਖਣ `ਚ ਮੈਨੂੰ ਬਹੁਤ ਝਿਜਕ ਹੈ। ਮੈਂ ਹੈਰਾਨ ਹਾਂ ਕਿ ਖੁਸ਼ਵੰਤ ਸਿੰਘ ਤੇ ਬਲਵੰਤ ਗਾਰਗੀ ਵਰਗੇ ਵੱਡੇ ਲੇਖਕ ਬਜ਼ੁਰਗ ਹੋ ਕੇ ਵੀ ਸਿਰੇ ਦੀਆਂ ਸੈਕਸੀ ਗੱਲਾਂ ਕਿਵੇਂ ਲਿਖਦੇ ਰਹੇ?

ਚੜ੍ਹਦੇ ਸਿਆਲ ਜਦੋਂ ਛੱਲੀਆਂ ਡੁੰਗੀਆਂ ਜਾਂਦੀਆਂ ਤਾਂ ਛੱਲੀਆਂ `ਤੇ ਸੌਣ ਦਾ ਵੀ ਅਨੋਖਾ ਅਨੰਦ ਸੀ। ਛੱਲੀਆਂ ਇੱਕ ਦੂਜੇ ਵੱਲ ਸੁੱਟ ਕੇ ਸ਼ਰਾਰਤਾਂ ਕੀਤੀਆਂ ਜਾ ਸਕਦੀਆਂ ਸਨ। ਨਰਮੇ ਉੱਤੇ ਸੌਣ ਦਾ ਆਪਣਾ ਨਿੱਘ ਸੀ। ਪਿੜਾਂ ਵਿੱਚ ਬੋਹਲ ਉਤੇ ਦੋੜਾ ਵਿਛਾ ਕੇ ਸੁੱਤਾ ਜਾ ਸਕਦਾ ਸੀ। ਕੋਲ ਪਾਣੀ ਦਾ ਘੜਾ ਹੁੰਦਾ ਸੀ ਜਿਸ ਦੇ ਮੂੰਹ ਉਤੇ ਬਾਟੀ ਰੱਖੀ ਹੁੰਦੀ ਸੀ। ਪਾਣੀ ਪੀ ਕੇ ਬਾਟੀ ਮਿੱਟੀ ਨਾਲ ਮਾਂਜ ਕੇ ਸੁੱਚੀ ਕਰ ਲਈਦੀ ਸੀ। ਫਲ੍ਹੇ ਚਲਦੇ ਤਾਂ ਫਲ੍ਹਿਆਂ ਮਗਰ ਤੁਰਨਾ ਪੈਂਦਾ ਸੀ। ਜਦੋਂ ਕੋਈ ਬਲਦ ਗੋਹਾ ਕਰਦਾ ਤਾਂ ਉਸ ਨੂੰ ਸੈਅ ਕਰਨਾ ਕਹਿੰਦੇ ਤੇ ਗੋਹਾ ਪੈਰੀ ਦਾ ਨਾੜ ਚੁੱਕ ਕੇ ਹੱਥਾਂ ਉਤੇ ਲੈਣਾ ਪੈਂਦਾ ਤਾਂ ਜੋ ਦਾਣਿਆਂ ਵਿੱਚ ਨਾ ਰਲੇ। ਨਵੀਂ ਪੀੜ੍ਹੀ ਲਈ ਇਹ ਸਭ ਬੀਤ ਗਏ ਦੀਆਂ ਬਾਤਾਂ ਹਨ। ਪਰ ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿੱਚ ਅਜੇ ਵੀ ਸੱਜਰੀਆਂ ਹਨ।

ਮੈਨੂੰ ਯਾਦ ਹੈ ਜਦੋਂ ਮੈਂ ਮੱਲ੍ਹੇ ਤੋਂ ਹਟ ਕੇ ਫਾਜ਼ਿਲਕਾ ਪੜ੍ਹਨ ਲੱਗਣਾ ਸੀ ਤਾਂ ਰਾਤ ਨੂੰ ਬਾਹਰ ਪਿੜ ਵਿੱਚ ਸੁੱਤਾ ਸਾਂ। ਉਥੋਂ ਮੈਨੂੰ ਬਾਬੇ ਨੇ ਜਗਾਇਆ ਸੀ ਤੇ ਘਰੋਂ ਦਹੀਂ ਖੁਆ ਕੇ ਜਗਰਾਓਂ ਤੋਂ ਰੇਲ ਗੱਡੀ ਚੜ੍ਹਾਇਆ ਸੀ। ਮੈਨੂੰ ਇਹ ਵੀ ਯਾਦ ਹੈ ਕਿ ਭੂਆ ਦੇ ਪਿੰਡ ਕੋਠੇ ਮੈਂ ਨਿਵੇਕਲਾ ਵਿਹੜੇ `ਚ ਸੌਂਦਾ ਜਾਂ ਕੋਠੇ `ਤੇ ਮੰਜੀ ਚਾੜ੍ਹ ਲੈਂਦਾ। ਫੁੱਫੜ ਲਾਂਭੇ ਗਿਆ ਹੁੰਦਾ ਤਾਂ ਗਿਆਰਾਂ ਗੋਲੀ ਦੀ ਬੰਦੂਕ ਮੇਰੇ ਕੋਲ ਹੁੰਦੀ। ਮੈਂ ਬਾਰਡਰ ਦੇ ਪਿੰਡਾਂ `ਚ ਵੱਜਦੇ ਸਪੀਕਰਾਂ ਦੇ ਤਵੇ ਸੁਣਦਾ ਸੌਂ ਜਾਂਦਾ। ਉਦੋਂ ਸਭ ਤੋਂ ਵਧੀਆ ਮਨੋਰੰਜਨ ਸਪੀਕਰਾਂ ਤੋਂ ਵਜਦੇ ਤਵੇ ਸਨ। ਰਾਏ ਸਿੱਖ ਸਪੀਕਰ ਵਾਲੇ ਨੂੰ ਇੱਕ ਰੁਪਏ ਦਾ ਇਨਾਮ ਦੇ ਕੇ ਆਪਣਾ ਨਾਂ ਬੁਲਵਾਉਂਦੇ ਸਨ ਤੇ ਮਨਮਰਜ਼ੀ ਦਾ ਤਵਾ ਲੁਆਉਂਦੇ ਸਨ।

ਫੁੱਫੜ ਹੋਰਾਂ ਦੇ ਘਰ ਬਰਾਂਡੇ ਨਾਲ ਇੱਕ ਕੱਚੀ ਬੈਠਕ ਸੀ ਜਿਸ ਦੇ ਡਾਟਦਾਰ ਬੂਹੇ ਖੁੱਲ੍ਹਬਹਾਰੇ ਸਨ ਤੇ ਕੋਈ ਤਖਤਾ ਨਹੀਂ ਸੀ ਲੱਗਾ ਹੋਇਆ। ਮੈਂ ਜਿੰਨਾ ਚਿਰ ਫਾਜ਼ਿਲਕਾ ਪੜ੍ਹਿਆ ਉਹ ਬੈਠਕ ਮੇਰਾ ਪੜ੍ਹਨ ਕਮਰਾ ਬਣੀ ਰਹੀ। ਹੁਣ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਕਿਉਂਕਿ ਸਾਰਾ ਘਰ ਪੱਕਾ ਬਣ ਗਿਐ। ਆਏ ਗਏ ਨੂੰ ਉਸ ਬੈਠਕ ਵਿੱਚ ਹੀ ਚਾਹ ਪਾਣੀ ਪਿਆਇਆ ਜਾਂਦਾ ਸੀ। ਕੋਈ ਪ੍ਰਾਹੁਣਾ ਆਉਂਦਾ ਤਾਂ ਮੇਰੇ ਕੋਲ ਬੈਠਕ ਵਿੱਚ ਸੌਂਦਾ ਤੇ ਮੈਂ ਉਹਤੋਂ ਬਾਤਾਂ ਸੁਣਦਾ।

ਬਚਪਨ ਦੇ ਤੇਰਾਂ ਸਾਲ ਮੈਂ ਚਕਰ ਰਿਹਾ ਤੇ ਚੜ੍ਹਦੀ ਜੁਆਨੀ ਦੇ ਸੱਤ ਸਾਲ ਕੋਠੇ। ਫਿਰ ਇੱਕ ਸਾਲ ਮੁਕਤਸਰ ਹੋਸਟਲ ਵਿੱਚ ਕੱਟਿਆ ਜਿਥੋਂ ਦੀ ਡਿੱਗੀ ਦੇ ਨਹਿਰੀ ਪਾਣੀ ਨੇ ਮੇਰੀ ਭੁੱਖ ਬਹੁਤ ਵਧਾ ਦਿੱਤੀ ਸੀ। ਅਸੀਂ ਹੋਸਟਲ ਵਿੱਚ ਇਕੋ ਵੇਲੇ ਦਸ ਦਸ ਫੁਲਕੇ ਲੇੜ੍ਹ ਜਾਂਦੇ ਸਾਂ। ਦੁੱਧ ਦੇ ਕੰਗਣੀ ਵਾਲੇ ਗਲਾਸ ਪੀ ਕੇ ਅਜਿਹੀ ਗੂੜ੍ਹੀ ਨੀਂਦ ਸੌਂਦੇ ਕਿ ਇੱਕ ਵਾਰ ਚੋਰੀ ਵੀ ਕਰਾ ਬੈਠੇ। ਗ਼ਲਤੀ ਸਾਥੋਂ ਹੀ ਹੋਈ ਸੀ। ਪਸ਼ੂਆਂ ਦੀ ਮੰਡੀ `ਚ ਚਾਹ ਦੀ ਦੁਕਾਨ `ਤੇ ਮੱਝਾਂ ਦੇ ਵਪਾਰੀ ਬੈਠੇ ਸਨ। ਉਨ੍ਹਾਂ ਨੇ ਨਸ਼ੇ ਦੀਆਂ ਫੀਮ ਛੁਡਾਊ ਗੋਲੀਆਂ ਛਕੀਆਂ ਹੋਈਆਂ ਸਨ ਜਿਨ੍ਹਾਂ ਤੋਂ ਸਾਡਾ ਇੱਕ ਬੇਲੀ ਵੀ ਗੋਲੀਆਂ ਖਾ ਬੈਠਾ। ਫਿਰ ਉਹ ਐਵੇਂ ਹੀ ਫੈਂਟਰ ਮਾਰਨ ਲੱਗਾ ਕਿ ਅਸੀਂ ਵੀ ਹੋਸਟਲ ਵਾਸਤੇ ਮੱਝਾਂ ਖਰੀਦਣੀਆਂ। ਸ਼ਹਿ ਲਾਈ ਬੈਠੇ ਚੋਰਾਂ ਨੇ ਸਮਝ ਲਿਆ ਕਿ ਮੁੰਡਿਆਂ ਕੋਲ ਮੱਝਾਂ ਖਰੀਦਣ ਜੋਗੇ ਪੈਸੇ ਹੋਣਗੇ ਤੇ ਉਨ੍ਹਾਂ ਨੇ ਰਾਤ ਨੂੰ ਪਿਛਲੀ ਬਾਰੀ ਆ ਭੰਨੀ। ਪਰ ਪਤਾ ਲੱਗ ਜਾਣ `ਤੇ ਉਹ ਉਡੰਤਰ ਹੋ ਗਏ ਤੇ ਚੋਰੀ ਕੀਤੇ ਕਪੜੇ ਰਾਹ ਵਿੱਚ ਹੀ ਸੁੱਟ ਗਏ।

ਜਦ ਮੈਂ ਦਿੱਲੀ ਪੜ੍ਹਨ ਲੱਗਾ ਤਾਂ ਦੇਵ ਨਗਰ ਦੇ ਸਰਕਾਰੀ ਕੁਆਟਰਾਂ ਵਿੱਚ ਬਣੇ ਇੱਕ ਕਲੱਬ ਦਾ ਹਾਤਾ ਮੇਰਾ ਰੈਣ ਬਸੇਰਾ ਬਣਿਆ। ਉਥੇ ਮੈਂ ਸਾਢੇ ਚਾਰ ਸਾਲ ਰਿਹਾ। ਟੀਨ ਦੀਆਂ ਚਾਦਰਾਂ ਦੀ ਢਾਲੂ ਛੱਤ ਵਾਲਾ ਇੱਕ ਖੁੱਲ੍ਹਾ ਕਮਰਾ ਸੀ ਜਿਸ ਵਿੱਚ ਪੰਜ ਛੇ ਮੰਜੇ ਡਹਿ ਸਕਦੇ ਸਨ। ਕਨਾਲ ਕੁ ਦੇ ਪਲਾਟ ਵਿੱਚ ਬੈਡਮਿੰਟਨ ਦਾ ਪੱਕਾ ਕੋਰਟ, ਵੇਟ ਟ੍ਰੇਨਿੰਗ ਲਈ ਪੱਕੀ ਥੜ੍ਹੀ, ਕੁਕੜੀਆਂ ਦਾ ਖੁੱਡਾ, ਹੈਂਡ ਪੰਪ, ਪਿੱਪਲ, ਤੂਤ ਤੇ ਇੱਕ ਖੂੰਜੇ ਝੁੱਗੀ ਸੀ ਜਿਸ ਵਿੱਚ ਪਹਿਰਾ ਦੇਣ ਵਾਲੇ ਗੋਰਖੇ ਰਹਿੰਦੇ ਸਨ। ਉਨ੍ਹਾਂ `ਚੋਂ ਇੱਕ ਜਣਾ ਵਿਆਹਿਆ ਹੋਇਆ ਸੀ ਜਿਸ ਦੀ ਘਰ ਵਾਲੀ ਮੈਨੂੰ ਨਲਕੇ `ਤੇ ਨ੍ਹਾਉਂਦੇ ਨੂੰ ਚੋਰ ਅੱਖੀਂ ਵੇਖਦੀ। ਇੱਕ ਰਾਤ ਉਹਨੇ ਹੱਦ ਈ ਕਰ ਦਿੱਤੀ। ਜਦੋਂ ਗੋਰਖੇ ਪਹਿਰਾ ਦੇਣ ਗਏ ਤਾਂ ਉਹ ਮੇਰੇ ਮੰਜੇ ਉਤੇ ਆ ਬੈਠੀ। ਇਹ ਮੈਨੂੰ ਹੀ ਪਤਾ ਹੈ ਕਿ ਮੈਂ ਉਹਨੂੰ ਕਿਵੇਂ ਉਠਾਇਆ ਅਤੇ ਉਹਨੂੰ ਤੇ ਆਪਣੇ ਆਪ ਨੂੰ ਕਿਵੇਂ ਬਚਾਇਆ?

ਕਲੱਬ ਦੇ ਉਸ ਹਾਤੇ ਵਿੱਚ ਇਕੋ ਘਾਟ ਸੀ ਕਿ ਨਾ ਟਾਇਲਟ ਸੀ ਨਾ ਗੁਸਲਖਾਨਾ। ਮੈਂ ਨਲਕੇ `ਤੇ ਖੁੱਲ੍ਹਾ ਨ੍ਹਾਉਂਦਾ ਤੇ ਸਾਈਕਲ ਉਤੇ ਚੜ੍ਹ ਕੇ ਬਾਹਰ ਜੰਗਲ ਪਾਣੀ ਜਾਂਦਾ। ਪਬਲਿਕ ਪਖਾਨਿਆਂ ਦੀ ਲਾਈਨ `ਚ ਮੈਂ ਨਹੀਂ ਸਾਂ ਲੱਗਦਾ। ਅੱਗੇ ਪਿੱਛੇ ਯੂਨੀਵਰਸਿਟੀ ਦੇ ਵਾਸ਼ ਰੂਮ ਵਰਤ ਲੈਂਦਾ। ਹੁਣ ਤਾਂ ਮੈਂ ਪੈਰਾਂ ਭਾਰ ਬਹਿਣ ਵਾਲੀ ਸੀਟ ਦੀ ਥਾਂ ਕੁਰਸੀ ਵਾਲੀ ਸੀਟ ਉਤੇ ਹੀ ਬੈਠਦਾ ਹਾਂ ਪਰ ਉਦੋਂ ਉਹਦੇ `ਤੇ ਬਹਿਣਾ ਹੋਰੂੰ ਲੱਗਿਆ ਸੀ। ਪਹਿਲੀ ਵਾਰ ਤਾਂ ਮੈਨੂੰ ਪਤਾ ਈ ਨਾ ਲੱਗੇ ਕਿ ਬੈਠਾਂ ਕਿਵੇਂ? ਚੀਨੀ ਦੀ ਗੋਡੇ ਜਿੱਡੀ ਕੁਰਸੀ ਉਤੇ ਵੀ ਪੈਰਾਂ ਭਾਰ ਹੀ ਬੈਠਾ। ਨਿਰੀ ਤਿਲ੍ਹਕਣਬਾਜ਼ੀ ਸੀ। ਉਂਜ ਹੀ ਉੱਠ ਖੜ੍ਹੇ ਹੋਣ ਬਿਨਾਂ ਕੋਈ ਚਾਰਾ ਨਹੀਂ ਸੀ ਤੇ ਬਾਹਰ ਖੇਤਾਂ ਵਿੱਚ ਜਾ ਕੇ ਹੀ ਮੇਰਾ ਕੰਮ ਸਰਿਆ ਸੀ। ਉਦੋਂ ਦਿੱਲੀ ਸੀ ਵੀ ਛੋਟੀ। ਦਸ ਪੰਦਰਾਂ ਮਿੰਟ ਸਾਈਕਲ ਚਲਾ ਕੇ ਖੇਤ ਆ ਜਾਂਦੇ ਜਿਥੇ ਖੁੱਲ੍ਹਬਹਾਰ ਹੁੰਦੀ।

ਜਦੋਂ ਮੈਂ ਦਿੱਲੀ ਛੱਡ ਕੇ ਢੁੱਡੀਕੇ ਲੈਕਚਰਾਰ ਲੱਗਾ ਤਾਂ ਮੇਰੇ ਰੈਣ ਬਸੇਰੇ ਇੱਕ ਸਾਲ ਜਗਰਾਓਂ ਤੇ ਦੋ ਸਾਲ ਮੁੱਲਾਂਪੁਰ ਰਹੇ। ਜਗਰਾਓਂ ਅਸੀਂ ਰੇਲਵੇ ਰੋਡ `ਤੇ ਰਹੇ ਤੇ ਮੁੱਲਾਂਪੁਰ ਜਰਨੈਲੀ ਸੜਕ ਦੇ ਕੰਢੇ। ਹੁਣ ਵੀ ਜਦੋਂ ਮੈਂ ਜਰਨੈਲੀ ਸੜਕ ਤੋਂ ਲੰਘਾਂ ਤਾਂ ਉਸ ਜਗ੍ਹਾ ਵੱਲ ਹਸਰਤ ਨਾਲ ਵੇਖਦਾਂ ਜਿਥੇ ਜੁਆਨੀ ਦੀਆਂ ਰਾਤਾਂ ਮਾਣੀਆਂ ਤੇ ਸਾਡੇ ਵੱਡੇ ਪੁੱਤਰ ਦਾ ਜਨਮ ਹੋਇਆ। ਜਦੋਂ ਉਹ ਰੋਂਦਾ ਤਾਂ ਮੈਂ ਉਸ ਨੂੰ ਵੱਡੀ ਸੜਕ `ਤੇ ਵਗਦਾ ਟ੍ਰੈਫਿਕ ਵਿਖਾਉਂਦਾ ਤੇ ਰੋਂਦੇ ਨੂੰ ਵਰਾਉਂਦਾ।

1972 ਤੋਂ 92 ਤਕ ਅਸੀਂ ਢੁੱਡੀਕੇ ਰਹੇ। ਅਠਾਰਾਂ ਸਾਲ ਕੈਨੇਡਾ ਵਾਲੀ ਸੋਧਾਂ ਕੇ ਘਰ ਤੇ ਦੋ ਸਾਲ ਅਮਰੀਕਾ ਵਾਲੇ ਜਗਜੀਤ ਸਿੰਘ ਰਾਣੇ ਹੋਰਾਂ ਦੇ ਘਰ। ਪਹਿਲਾ ਘਰ ਡੂਢ ਕਨਾਲ ਦਾ ਸੀ ਤੇ ਦੂਜਾ ਦੋ ਕਨਾਲ ਦਾ। ਛੱਤ ਦਾ ਕੋਈ ਅੰਤ ਨਹੀਂ ਸੀ ਭਾਵੇਂ ਕਿੰਨੇ ਵੀ ਮਹਿਮਾਨ ਆ ਜਾਣ। ਮੈਂ ਭਾਵੇਂ ਗਰੀਬ ਕਿਸਾਨ ਦੇ ਘਰ ਜੰਮਿਆ ਸਾਂ ਪਰ ਮੈਨੂੰ ਰੈਣ ਬਸੇਰੇ ਬਹੁਤ ਖੁੱਲ੍ਹੇ ਮਿਲੇ। ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਕਿ ਮੇਰੀ ਸੋਚ ਵੀ ਖੁੱਲ੍ਹੀ ਰਹੀ। ਮੇਰੇ ਖਾਣ ਪੀਣ, ਪਹਿਨਣ, ਰਹਿਣ ਸਹਿਣ ਤੇ ਇਥੋਂ ਤਕ ਕਿ ਵਿਚਾਰਾਂ ਵਿੱਚ ਕਦੇ ਤੰਗਦਿਲੀ ਜਾਂ ਕੱਟੜਤਾ ਨਹੀਂ ਆਈ। ਮੇਰਾ ਵਤੀਰਾ ਹਮੇਸ਼ਾਂ ਲਚਕਦਾਰ ਰਿਹਾ। ਇਹੋ ਕਾਰਨ ਹੈ ਕਿ ਮੇਰਾ ਕਿਸੇ ਨਾਲ ਕਦੇ ਕਰੜਾ ਟਕਰਾਓ ਨਹੀਂ ਹੋਇਆ। ਜ਼ਿੰਦਾਬਾਦ ਮੁਰਦਾਬਾਦ ਦੇ ਮਾਹੌਲ ਵਿੱਚ ਵੀ ਮੇਰੇ ਖ਼ਿਲਾਫ਼ ਮੁਰਦਾਬਾਦ ਦੇ ਨਾਹਰੇ ਨਹੀਂ ਲੱਗੇ। ਵੈਸੇ ਉਹ ਪ੍ਰਿੰਸੀਪਲ, ਪ੍ਰਿੰਸੀਪਲ ਹੀ ਨਹੀਂ ਸਮਝਿਆ ਜਾਂਦਾ ਜੀਹਦੀ ਲੈਕਚਰਾਰ, ਵਿਦਿਆਰਥੀ ਜਾਂ ਦਰਜਾ ਚਾਰ ਕਰਮਚਾਰੀ ਮੁਰਦਾਬਾਦ ਨਾ ਕਰਨ!

ਜਨਵਰੀ 93 ਤੋਂ ਅਸੀਂ ਆਪਣੇ ਪਿੰਡ ਚਕਰ ਆ ਗਏ। ਤਦ ਤਕ ਸਾਡਾ ਪੱਕਾ ਘਰ ਬਣ ਗਿਆ ਸੀ। ਭਰਾਵਾਂ ਦੇ ਚੁੱਲ੍ਹੇ ਹੀ ਅੱਡ ਹੋਏ ਜਦ ਕਿ ਖੇਤ ਅਜੇ ਵੀ ਸਾਂਝੇ ਹਨ। ਸਾਡਾ `ਕੱਠ ਨਿਭਣ `ਤੇ ਕਈ ਸ਼ਰੀਕ ਹੈਰਾਨ ਵੀ ਹਨ। ਮੈਂ 96 ਤਕ ਚਕਰੋਂ ਢੁੱਡੀਕੇ ਪੜ੍ਹਾਉਣ ਜਾਂਦਾ ਰਿਹਾ ਜਿਸ ਦੌਰਾਨ ਵੱਡਾ ਪੁੱਤਰ ਜਗਵਿੰਦਰ ਦੌਧਰ ਵਿਆਹਿਆ ਗਿਆ। ਉਹਦਾ ਵਿਆਹ ਵੀ ਉਨੀ ਹੀ ਸਾਦਗੀ ਨਾਲ ਕੀਤਾ ਜਿੰਨੀ ਨਾਲ ਆਪਣਾ ਕਰਵਾਇਆ ਸੀ। ਜਾਣ ਸਾਰ ਅਨੰਦ ਕਾਰਜ ਹੋਏ, ਫਿਰ ਚਾਹ ਪਾਣੀ ਤੇ ਦਿਨ ਢਲੇ ਪਿੰਡ ਪਰਤ ਕੇ ਭਾਈਚਾਰੇ ਨੂੰ ਦਾਅਵਤ ਦੇ ਦਿੱਤੀ। ਨਾ ਮੈਂ ਆਪ ਛਾਪਾਂ ਛੱਲਿਆਂ ਦਾ ਸ਼ੁਕੀਨ ਆਂ ਤੇ ਨਾ ਜਗਵਿੰਦਰ ਨੇ ਕਦੇ ਸੋਨੇ ਦੀ ਛਾਪ ਪਾਈ ਹੈ।

1996 ਵਿੱਚ ਜਦੋਂ ਮੈਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਬਣਿਆ ਤਾਂ ਮੇਰੀ ਰਹਾਇਸ਼ ਦੁਆਬੇ ਦੇ ਪਿੰਡ ਮੁਕੰਦਪੁਰ ਦੀ ਹੋ ਗਈ। ਉਥੇ ਹੀ ਜਗਵਿੰਦਰ ਤੇ ਉਹਦੀ ਪਤਨੀ ਪਰਮਜੀਤ ਲੈਕਚਰਰ ਲੱਗ ਗਏ ਜਿਨ੍ਹਾਂ ਨੇ ਹੁਣ ਘਰ ਵੀ ਪਾ ਲਿਐ। 2001 ਤੋਂ ਸਾਡਾ ਆਉਣ ਜਾਣ ਕੈਨੇਡਾ ਦਾ ਵੀ ਹੈ ਜਿਥੇ ਛੋਟਾ ਪੁੱਤਰ ਗੁਰਵਿੰਦਰ ਰਹਿੰਦੈ। ਹੁਣ ਗਰਮੀਆਂ ਕੈਨੇਡਾ `ਚ ਕੱਟੀ ਦੀਆਂ ਹਨ ਤੇ ਸਿਆਲ ਪੰਜਾਬ ਵਿੱਚ ਲੰਘਦੈ।

Additional Info

  • Writings Type:: A single wirting
Read 1493 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।