ਲੇਖ਼ਕ

Wednesday, 14 October 2009 18:04

53 - ਪਾਰਸ ਤੇ ਯੋਗੀ

Written by
Rate this item
(1 Vote)

ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਜਥੇ ਨੂੰ ਮੈਂ ਨਿੱਕਾ ਹੁੰਦਾ ਵੇਖਦਾ ਤੇ ਸੁਣਦਾ ਰਿਹਾ ਸਾਂ। ਉਹ ਸਾਡੇ ਪਿੰਡ ਪੋਹ ਸੁਦੀ ਸੱਤਵੀਂ ਦੇ ਨਗਰ ਕੀਰਤਨ ਉਤੇ ਆਉਂਦੇ। ਉਨ੍ਹਾਂ ਦੀ ਕਵੀਸ਼ਰੀ ਦੇ ਬੋਲ ਸਾਡੇ ਬਾਲ ਮਨਾਂ ਉਤੇ ਉਕਰੇ ਜਾਂਦੇ। ਬੜੀ ਉੱਚੀ ਆਵਾਜ਼ ਹੁੰਦੀ ਸੀ ਰਣਜੀਤ ਸਿੰਘ ਸਿੱਧਵਾਂ ਦੀ। ਉਹ ਕੰਨ `ਤੇ ਹੱਥ ਰੱਖ ਕੇ ਦੋਹਰਾ ਲਾਉਂਦਾ। ਫਿਰ ਪਾਰਸ ਤੇ ਚੰਦ ਸਿੰਘ ਜੰਡੀ `ਕੱਠੇ ਅਤੇ ਰਣਜੀਤ ਸਿੰਘ `ਕੱਲਾ ਵਾਰੀ ਵਾਰੀ ਬੰਦ ਸੁਣਾਉਂਦੇ। ਬਾਹਾਂ ਕੱਢ ਕੇ ਕਵੀਸ਼ਰੀ ਕਰਦੇ-ਲੱਗਜੇ ਸਭਾ `ਚ ਫੁੱਲਝੜੀ ਛੰਦਾਂ ਦੀ …। ਕਦੇ ਗਾਉਂਦੇ-ਭਰਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ `ਚ … ਤੇ ਕਦੇ-ਬਿਨ ਵਿੱਦਿਆ ਦੇ ਹੈ ਕਰਤੂਤਾਂ ਪਸ਼ੂਆਂ ਦੀਆਂ `ਨ੍ਹੇਰਾ ਢੋਣੇ ਭਾਰਤ ਵਰਸ਼ ਦੀਆਂ …।

ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਦਾ ਪਰਵਾਸੀ ਬਣਿਆ ਤਾਂ ਟੋਰਾਂਟੋ ਦੇ ਬਰੈਂਪਟਨ ਸ਼ਹਿਰ ਵਿੱਚ ਮੇਰਾ ਅੱਧੀ ਸਦੀ ਬਾਅਦ ਕਰਨੈਲ ਸਿੰਘ ਪਾਰਸ ਨਾਲ ਮੇਲ ਗੇਲ ਹੋਣ ਲੱਗਾ। ਅਸੀਂ ਦੋਂਹ ਚਹੁੰ ਹਫ਼ਤੀਂ ਸ਼ਾਮ ਨੂੰ ਮਿਲਦੇ। ਉਸ ਦੀਆਂ ਗੱਲਾਂ ਬੜੀਆਂ ਦਿਲਚਸਪ ਹੁੰਦੀਆਂ। ਕਮਾਲ ਦੀ ਯਾਦ ਸ਼ਕਤੀ ਸੀ ਉਸ ਦੀ। ਜੁਆਨੀ ਵੇਲੇ ਦੇ ਜੋੜੇ ਛੰਦ ਬੁੱਢੇਵਾਰੇ ਵੀ ਜ਼ੁਬਾਨੀ ਯਾਦ ਸਨ। ਲੋਰ ਵਿੱਚ ਆਇਆ ਉਹ ਮੈਨੂੰ ਮੇਰੇ ਪਿੰਡ ਦੀਆਂ ਗੁੱਝੀਆਂ ਗੱਲਾਂ ਦੱਸਣ ਲੱਗ ਪੈਂਦਾ। ਨਗਰ ਕੀਰਤਨ ਪਿੱਛੋਂ ਜੀਹਦੇ ਜੀਹਦੇ ਘਰ ਦਾਰੂ ਪੀਣ ਦੀਆਂ ਮਹਿਫ਼ਲਾਂ ਲਾਈਆਂ ਹੁੰਦੀਆਂ ਉਨ੍ਹਾਂ ਦੀ ਕਥਾ ਕਰਦਾ। ਫਿਰ ਉਨ੍ਹਾਂ ਦਾ ਹਾਲ ਚਾਲ ਪੁੱਛਦਾ। ਪੁੱਛਦਾ ਮੱਲ ਦਾ ਤੇ ਮਿੱਕਰ ਦਾ ਕੀ ਹਾਲ ਐ? ਨਾਲੇ ਸਰਪੰਚ ਲੱਖਾ ਸਿਓਂ ਦਾ। ਉਨ੍ਹਾਂ ਚੋਂ ਜਿਊਂਦੇ ਤਾਂ ਘੱਟ ਹੀ ਹੁੰਦੇ। ਜਦੋਂ ਮੈਂ ਉਨ੍ਹਾਂ ਦੇ ਮਰਨ ਬਾਰੇ ਦੱਸਦਾ ਤਾਂ ਉਹ ਅਫਸੋਸ ਕਰਦਾ ਕਹਿੰਦਾ, “ਬੰਦੇ ਬੜੇ ਰੌਣਕੀ ਸੀ। ਪੀਣ ਖਾਣ ਦੀ ਤੇ ਗੱਲਾਂ ਦੀ ਲੜੀ ਨੀ ਸੀ ਟੁੱਟਣ ਦਿੰਦੇ।” ਮੈਂ ਮਨ `ਚ ਕਹਿੰਦਾ, “ਕੋਈ ਨਾ ਬਾਪੂ, ਆਪਣਾ ਅਫਸੋਸ ਵੀ ਲੋਕ ਇਹੋ ਜਿਹੀਆਂ ਗੱਲਾਂ ਕਰ ਕੇ ਈ ਕਰਨਗੇ!”

ਉਹਦੀਆਂ ਕੁੱਝ ਅਲੋਕਾਰ ਗੱਲਾਂ ਪਾਠਕਾਂ ਨਾਲ ਕਰਨ ਨੂੰ ਦਿਲ ਕਰ ਆਇਆ ਹੈ। ਉਸ ਨੇ ਸਾਰੀ ਉਮਰ ਰੱਜ ਕੇ ਦਾਰੂ ਪੀਤੀ ਤੇ ਦੱਬ ਕੇ ਕਵੀਸ਼ਰੀ ਕੀਤੀ। ਇੱਕ ਵਾਰ ਸੱਤ ਦਿਨ ਤਾਪ ਚੜ੍ਹਿਆ ਰਿਹਾ ਪਰ ਉਹ ਸ਼ਰਾਬ ਪੀ ਕੇ ਸੱਤੇ ਦਿਨ ਅਖਾੜਾ ਲਾਉਂਦਾ ਰਿਹਾ। ਇੱਕ ਵਾਰ ਉਹ ਰਾਮੂਵਾਲੇ ਤੋਂ ਦੌੜ ਕੇ ਹੀ ਮੁਕਤਸਰ ਚਲਾ ਗਿਆ ਸੀ। ਉਹ ਕਿਸੇ ਸਕੂਲ ਵਿੱਚ ਨਹੀਂ ਸੀ ਪੜ੍ਹਿਆ। ਇੱਕ ਸਾਧ ਤੋਂ ਗੁਰਮੁਖੀ ਦੇ ਅੱਖਰ ਸਿੱਖੇ ਅਤੇ ਅਨੇਕਾਂ ਕਿੱਸੇ ਤੇ ਪ੍ਰਸੰਗ ਲਿਖੇ। ਮੋਗੇ ਦੇ ਕਿਸ਼ਨ ਸਿੰਘ ਹਮੀਰ ਸਿੰਘ ਨੂੰ ਚਾਹ ਦੀ ਬਾਟੀ ਬਦਲੇ ਦਿੱਤਾ ਕਿੱਸਾ ‘ਦਹੂਦ ਬਾਦਸ਼ਾਹ’ ਪੌਣੇ ਦੋ ਲੱਖ ਤੋਂ ਉਤੇ ਵਿਕਿਆ। ਸਾਰੇ ਕਿੱਸੇ ਤੇ ਪ੍ਰਸੰਗ ਤਾਂ ਦਸ ਲੱਖ ਤੋਂ ਵੀ ਵੱਧ ਵਿਕੇ ਹੋਣਗੇ। ਉਨ੍ਹਾਂ ਦੇ ਰਿਕਾਰਡ ਵੀ ਲੱਖਾਂ ਦੀ ਗਿਣਤੀ ਵਿੱਚ ਵਿਕੇ।

ਪਾਰਸ ਨੇ ਮੱਦੋਕੇ ਦੇ ਗੁਰਦਵਾਰੇ `ਚੋਂ ਅੰਮ੍ਰਿਤ ਛਕਿਆ ਸੀ ਪਰ ਸਿੰਘਾਂ ਵਾਲਾ ਕਛਹਿਰਾ ਇੱਕ ਦਿਨ ਵੀ ਨਹੀਂ ਸੀ ਪਾਇਆ। ਇੱਕ ਵਾਰ ਬੁਰਜ ਕਲਾਰੇ ਦੇ ਗੁਰਦਵਾਰੇ ਦਿਵਾਨ ਲਾਉਣ ਗਿਆ ਤਾਂ ਰਾਤ ਨੂੰ ਉਹਦੀ ਚੋਰੀ ਫੜੀ ਗਈ। ਉਹ ਉਹਦੇ ਸਿਰ੍ਹਾਣੇ ਥੱਲੇ ਰੱਖੀ ‘ਪ੍ਰੀਤ ਲੜੀ’ ਸੀ। ਫਿਰ ਉਸ ਨੂੰ ਨਾਸਤਕ ਸਮਝ ਕੇ ਗੁਰਦਵਾਰੇ `ਚੋਂ ਕੱਢ ਦਿੱਤਾ ਗਿਆ।

>

ਜਦੋਂ ਉਹਦੀ ਸ਼ਰਾਬ ਮੂਲੋਂ ਵਧ ਗਈ ਤਾਂ ਮੋਗੇ ਦੇ ਇੱਕ ਹਕੀਮ ਨੇ ਪੰਜਾਹ ਕੁ ਸਾਲ ਦੀ ਉਮਰ `ਚ ਬਿਮਾਰ ਹੋਏ ਪਾਰਸ ਨੂੰ ਕਿਹਾ ਸੀ-ਜੇ ਬਚਣਾ ਤਾਂ ਸ਼ਰਾਬ ਪੀਣੀ ਛੱਡ ਦੇ। ਉਸ ਨੇ ਪੀਣੀ ਛੱਡ ਦਿੱਤੀ ਪਰ ਜਦੋਂ ਮਰਨ ਲੱਗਾ ਤਾਂ ਫਿਰ ਪੀ ਬੈਠਾ ਬਈ ਹੁਣ ਕਾਹਦਾ ਡਰ ਐ! ਮਰਨ ਦੀ ਥਾਂ ਉਹ ਨੱਬੇ ਸਾਲਾਂ ਨੂੰ ਤਾਂ ਟੱਪ ਹੀ ਗਿਐ ਤੇ ਕੋਈ ਪਤਾ ਨਹੀਂ ਹੋਰ ਕਿੰਨਾ ਚਿਰ ਪੀਵੇ ਤੇ ਜੀਵੇ!

ਉਸ ਦੇ ਸਿਆਸਤਦਾਨ ਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਨੇ ਪਾਰਸ ਦੇ 90ਵੇਂ ਜਨਮ ਦਿਨ `ਤੇ ਕਿਹਾ ਸੀ ਕਿ ਮੋਗੇ ਤੋਂ ਜਗਰਾਵਾਂ ਵਾਲੀ ਸੜਕ `ਤੇ ਓਨੇ ਡਰੰਮ ਲੁੱਕ ਦੇ ਨੀ ਪਏ ਹੋਣੇ ਜਿੰਨੇ ਡਰੰਮ ਸਾਡਾ ਬਾਪੂ ਸ਼ਰਾਬ ਦੇ ਪੀ ਗਿਆ ਹੋਵੇਗਾ! ਐਡੀਆਂ ਵੱਡੀਆਂ ਗੱਲਾਂ ਕਰਨੀਆਂ ਵੀ ਉਹਨੇ ਆਪਣੇ ਬਾਪੂ ਤੋਂ ਹੀ ਸਿੱਖੀਐਂ। ਕਵੀਸ਼ਰਾਂ ਦੀ ਗੱਲ ਸੁਣੀ ਹੀ ਤਦ ਜਾਂਦੀ ਹੈ ਜੇ ਉਹ ਵਧਾ ਚੜ੍ਹਾ ਕੇ ਸੁਣਾਉਣ।

ਕਰਨੈਲ ਸਿੰਘ ਪਾਰਸ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਹੀ ਟ੍ਰੇਲਰ ਵਿਖਾ ਦਿੱਤਾ ਸੀ ਕਿ ਕੈਨੇਡਾ ਆ ਕੇ ਮੈਂ ਮਣ ਪੱਕਾ ਤਾਂ ਪੀ ਗਿਆ ਹੋਊਂ ਸ਼ਹਿਦ ਤੇ ਕੁਇੰਟਲ ਖਾ ਗਿਆ ਹੋਊਂ ਸੌਗੀ! ਮੈਂ ਮਨ `ਚ ਕਿਹਾ ਸੀ, “ਹਈ ਸ਼ਾਬਾਸ਼ੇ! ਜੇ ਮਣ ਮਣ ਦੀਆਂ ਗੱਲਾਂ ਕਵੀਸ਼ਰ ਨਹੀਂ ਕਰਨਗੇ ਤਾਂ ਅਸੀਂ ਕਿਥੋਂ ਕਰਾਂਗੇ? ਕਵੀਸ਼ਰ ਤਾਂ ਮਾੜੇ ਮੋਟੇ ਨਹੀਂ ਮਾਣ, ਪਾਰਸ ਤਾਂ ਫਿਰ ਵੀ ਸਾਡਾ ਸ਼੍ਰੋਮਣੀ ਕਵੀਸ਼ਰ ਐ!” ਅਜੇ ਉਹਨੇ ਪੌਣੀ ਸਦੀ `ਚ ਪੀਤੀ ਦਾਰੂ ਦਾ ਹਿਸਾਬ ਦੱਸਣ ਲੱਗਣਾ ਸੀ ਪਰ ਮੈਂ ਗੱਲਾਂ ਦਾ ਰੁਖ ਹੋਰ ਪਾਸੇ ਮੋੜਦਿਆਂ ਪੁੱਛਿਆ ਸੀ, “ਥੋਡੇ ਜਥੇ ਨੂੰ ਕਿੰਨੇ ਪੈਸੇ ਮਿਲਦੇ ਸੀ `ਖਾੜਾ ਲਾਉਣ ਦੇ? ਵੰਡ ਵੰਡਾਈ ਕਿਵੇਂ ਕਰਦੇ ਸੀ?”

ਉਸ ਨੇ ਦੱਸਿਆ ਸੀ ਕਿ ਪਹਿਲਾਂ ਉਹਨਾਂ ਦੇ ਜਥੇ ਨੂੰ ਇੱਕ `ਖਾੜੇ ਦੇ ਸੱਠ ਰੁਪਏ ਮਿਲਦੇ ਸੀ। ਦਸ ਸਾਲ ਸੱਠ ਰੁਪਏ ਈ ਭਾਅ ਰਿਹਾ ਤੇ ਨਾਲ ਇੱਕ ਬੋਤਲ। ਸੱਠਾਂ `ਚੋਂ ਵੀਹ ਰੁਪਏ ਰਣਜੀਤ ਦੇ, ਸਾਢੇ ਸਤਾਰਾਂ ਚੰਦ ਦੇ ਤੇ ਸਾਢੇ ਬਾਈ ਉਸ ਦੇ ਹਿੱਸੇ ਆਉਂਦੇ ਸੀ। ਉਤਲੇ ਢਾਈ ਰੁਪਏ ਛੰਦ ਜੋੜਨ ਦਾ ਬੋਨਸ ਸੀ। ਉਹ ਕਿਹਾ ਕਰਦਾ ਸੀ, ਮੈਨੂੰ ਗਾਲ੍ਹ ਲੱਗੇ ਜੇ ਮੈਂ ਜੇਬ `ਚ ਪੈਸੇ ਹੁੰਦਿਆਂ ਕਿਸੇ ਹੋਰ ਨੂੰ ਸ਼ਰਾਬ `ਤੇ ਖਰਚਣ ਦੇਵਾਂ। ਆਮ ਜੱਟ ਦਸ ਦਿਨ `ਕੱਠੇ ਨੀ ਕੱਟ ਸਕਦੇ ਪਰ ਪਾਰਸ ਦੇ ਜਥੇ ਵਿੱਚ ਤਿੰਨ ਜੱਟਾਂ ਨੇ ਚਾਲੀ ਵਰ੍ਹੇ `ਕੱਠਿਆਂ ਕਵੀਸ਼ਰੀ ਕੀਤੀ। ਉਹ `ਕੱਠੇ ਖਾਂਦੇ ਪੀਂਦੇ ਰਹੇ ਪਰ ਕਦੇ ਕੋਈ ਝਗੜਾ ਝੇੜਾ ਨੀ ਕੀਤਾ। ਜੀਹਦੇ ਘਰ ਦਾ ਖਾਣਾ ਖਾਂਦੇ ਉਨ੍ਹਾਂ ਦੀ ਨੂੰਹ ਧੀ ਦਾ ਸਿਰ ਪਲੋਸਦਿਆਂ ਬਣਦਾ ਸਰਦਾ ਪਿਆਰ ਦੇ ਜਾਂਦੇ। ਫਿਰ ਉਹ ਘਰ ਉਨ੍ਹਾਂ ਦੇ ਆਉਣ ਜਾਣ ਦਾ ਪੜਾਅ ਬਣ ਜਾਂਦਾ।

ਪਾਰਸ ਮੈਨੂੰ ਦੱਸਦਾ ਕਿ ਹੁਣ ਮੈਂ ਬੰਧੇਜ `ਚ ਦਾਰੂ ਪੀਨਾਂ। ਡਾਕਟਰ ਨੇ ਸੱਤਰ ਐੱਮ.ਐੱਲ.ਬੰਨ੍ਹੀ ਐਂ ਪਰ ਮੈਂ ਪਝੰਤਰ ਪਾ ਲੈਨਾਂ। ਡਾਕਟਰ ਕਿਹੜਾ ਕੋਲ ਬੈਠਾ ਦੇਖਦਾ? ਇਹ ਢਾਈ ਔਂਸ ਬਣਦੀ ਐ। ਆਏ ਗਏ ਤੋਂ ਦਸ ਪੰਦਰਾਂ ਐੱਮ.ਐੱਲ.ਦਾ ਲਾਲਚ ਹੋਰ ਹੋ ਜਾਂਦੈ। ਉਹ ਮੈਨੂੰ ਫੋਨ ਕਰਦਾ ਕਿ ਕਈ ਦਿਨ ਹੋ ਗਏ ਮਿਲੇ ਨੂੰ। ਜਦੋਂ ਲੋਟ ਲੱਗੇ ਆ ਜੀਂ, ਪਰ ਆਈਂ ਆਥਣ ਨੂੰ। ਮੈਂ ਸੈਰ ਕਰਦਾ ਚਲਾ ਜਾਂਦਾ। ਜਦੋਂ ਸੱਤ ਵੱਜਦੇ ਤਾਂ ਉਹ ਮੇਜ਼ ਦਾ ਦਰਾਜ਼ ਖੋਲ੍ਹਦਾ, ਬੇਬੀ ਆਇਲ ਵਾਲੀ ਪਲਾਸਟਿਕ ਦੀ ਲੰਮੀ ਪਤਲੀ ਸ਼ੀਸ਼ੀ ਕੱਢਦਾ ਜੀਹਦੇ `ਚ ‘ਸ਼ਕਤੀ ਵਾਟਰ’ ਭਰਿਆ ਹੁੰਦਾ। ਫਿਰ ਸ਼ੀਸ਼ੀ ਦਾ ਲੱਕ ਘੁੱਟ ਕੇ ਔਂਸਾਂ ਤੇ ਮਿਲੀਲੀਟਰਾਂ ਦੇ ਲਾਲ ਨਿਸ਼ਾਨ ਵਾਲੇ ਮੱਗ `ਚ ਧਾਰਾਂ ਮਾਰਦਾ ਤੇ ਚਾਨਣ ਵੱਲ ਮੱਗ ਕਰ ਕੇ ਵੇਖਦਾ ਕਿ ਪਝੰਤਰ ਮਿਲੀਲੀਟਰ ਤੋਂ ਘੱਟ ਤਾਂ ਨਹੀਂ? ਫਿਰ ਇੱਕ ਧਾਰ ਹੋਰ ਮਾਰ ਕੇ ਕਹਿੰਦਾ, “ਚੱਲ ਇਹ ਬੋਨਸ ਸਹੀ। ਅੱਜ ਤੂੰ ਮਿਲਣ ਆ ਗਿਐਂ, ਅੱਜ ਨੱਬੇ ਮਿਲੀਲੀਟਰ ਹੀ ਸਹੀ।” ਪਰ ਹੁੰਦੀ ਉਹ ਸੌ ਮਿਲੀਲੀਟਰ ਸੀ। ਲਾਲ ਲਕੀਰ ਸਾਫ ਦਿਸਦੀ ਸੀ।

26 ਜੂਨ 2006 ਨੂੰ ਆਪਣਾ ਨੱਬੇਵਾਂ ਜਨਮ ਦਿਨ ਕੈਨੇਡਾ `ਚ ਮਨਾ ਕੇ ਉਹ ਮੌਜ ਨਾਲ ਮਰਨ ਲਈ ਰਾਮੂਵਾਲੇ ਚਲਾ ਗਿਆ। ਸਿਆਣੇ ਬਿਆਣੇ ਪਰਵਾਸੀ ਇਸ ਤਰ੍ਹਾਂ ਹੀ ਕਰਦੇ ਹਨ। ਮੈਨੂੰ ਵੀ ਮਰਨਾ ਨੇੜੇ ਦਿਸਿਆ ਤਾਂ ਸ਼ਾਇਦ ਮੈਂ ਵੀ ਏਵੇਂ ਈ ਕਰਾਂ। ਪਰਦੇਸਾਂ `ਚ ਮਰਨ ਦਾ ਉਹ ਸੁਖ ਕਿਥੇ ਜੋ ਜੰਮਣ ਵਾਲੇ ਦੇਸ਼ `ਚ ਮਿਲਦੈ! ਪਰਦੇਸਾਂ `ਚ ਮਰਨ ਵਾਲਿਆਂ ਦੇ ਤਾਂ ਮਗਰਲਿਆਂ ਨੂੰ ਵੀ ਦੋ ਦੋ ਮਰਨੇ ਕਰਨੇ ਪੈਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਵੀ ਮਰਨ ਹੋ ਜਾਂਦੈ। ਦੇਸ਼ `ਚ ਇਕੋ ਮਰਨੇ ਨਾਲ ਸਰ ਜਾਂਦਾ ਤੇ ਮਰਨਾ ਵੀ ਵਿਦੇਸ਼ਾਂ ਵਾਂਗ ਮਹਿੰਗਾ ਨਹੀਂ ਪੈਂਦਾ। ਨਾ ਦੇਹ ਦੀ ਸਾਂਭ ਸੰਭਾਲ ਤੇ ਨਾ ਕੋਈ ਢੋਆ ਢੁਆਈ!

ਪਿਛਲੇ ਸਿਆਲ ਮੈਂ ਤੇ ਕਬੱਡੀ ਦਾ ਕੁਮੈਂਟੇਟਰ ਮੱਖਣ ਸਿੰਘ ਬਿਮਾਰ ਪਏ ਪਾਰਸ ਦਾ ਹਾਲ ਚਾਲ ਪੁੱਛਣ ਰਾਮੂਵਾਲੇ ਗਏ। ਉਹ ਬੜੇ ਤਿਹੁ ਤਪਾਕ ਨਾਲ ਮਿਲਿਆ। ਹੱਥ ਵੀ ਚੁੰਮੇ ਤੇ ਮੱਥਾ ਵੀ ਚੁੰਮਿਆ। ਪਰ ਕੰਨਾਂ ਨੂੰ ਲਾਈ ਮਸ਼ੀਨ ਨਾਲ ਵੀ ਉਹਨੂੰ ਚੱਜ ਨਾਲ ਨਹੀਂ ਸੀ ਸੁਣਦਾ। ਫਿਰ ਉਹ ਸਾਨੂੰ ਖਾਂਦਿਆਂ ਪੀਂਦਿਆਂ ਨੂੰ ਵੇਖਦਾ ਰਿਹਾ। ਕਦੇ ਕਦੇ ਕਿਸੇ ਗੱਲ ਦਾ ਹੁੰਘਾਰਾ ਵੀ ਭਰ ਦਿੰਦਾ ਜਿਵੇਂ ਗੱਲ ਸੁਣ ਗਈ ਹੋਵੇ। ਅਸੀਂ ਵਿਦਾ ਹੋਣ ਲੱਗੇ ਤਾਂ ਉਸ ਨੇ ਹਉਕੇ ਵਰਗਾ ਲੰਮਾ ਸਾਹ ਲੈ ਕੇ ਕਿਹਾ, “ਸਰਵਣ ਸਿਆਂ, ਜ਼ਿੰਦਗੀ ਜਿਊਣ ਦਾ ਸੁਆਦ ਉਦੋਂ ਤਕ ਈ ਐ ਜਦੋਂ ਤੱਕ ਸੁਆਦ ਬਣੇ ਰਹਿਣ। ਜਦੋਂ ਸੁਆਦ ਈ ਮਰ ਜਾਣ ਫਿਰ ਕਾਹਦਾ ਜੀਣਾ?”

ਮੈਨੂੰ ਕਿਸੇ ਦਾਨਸ਼ਵਰ ਦਾ ਕਿਹਾ ਕਥਨ ਯਾਦ ਆਇਆ ਕਿ ਜੀਵਨ ਦਾ ਆਧਾਰ ਡੀਜ਼ਾਇਰ ਯਾਨੀ ਖ਼ਾਹਿਸ਼ ਹੈ। ਡੀਜ਼ਾਇਰ ਨੂੰ ਇੱਛਾਵਾਂ ਤੋਂ ਲੈ ਕੇ ਰੀਝਾਂ ਤੇ ਚਾਵਾਂ ਤਕ ਜਿੰਨੇ ਮਰਜ਼ੀ ਨਾਂ ਦਿੱਤੇ ਜਾ ਸਕਦੇ ਹਨ। ਪੂਰਬ ਵਾਲੇ ਇਛਾਵਾਂ ਨੂੰ ਮਾਰਨ ਤੇ ਸਵਰਗ ਸਿਧਾਰਨ ਉਤੇ ਜ਼ੋਰ ਦਿੰਦੇ ਆ ਰਹੇ ਹਨ ਜਦ ਕਿ ਪੱਛਮ ਵਾਲੇ ਇਛਾਵਾਂ ਦੀ ਪੂਰਤੀ ਲਈ ਜੋ ਨਹੀਂ ਸੋ ਕਰ ਰਹੇ ਹਨ। ਦੁਖੀ ਉਹ ਵੀ ਹਨ ਤੇ ਦੁਖੀ ਇਹ ਵੀ ਹਨ। ਸੁਖੀ ਉਹ ਹਨ ਜੋ ਇਛਾਵਾਂ ਨੂੰ ਜ਼ਾਬਤੇ `ਚ ਰੱਖਦੇ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਮੁਕਤੀ ਪ੍ਰਾਪਤ ਕਰਦੇ ਹਨ।

* * *

17 ਜੁਲਾਈ 2004 ਨੂੰ ਮੈਂ ਯੋਗੀ ਹਰਭਜਨ ਸਿੰਘ ਦੇ ਦਰਸ਼ਨ ਕੀਤੇ ਸਨ। ਉਹ ਪਲੰਘ ਉਤੇ ਪਿਆ ਸੀ। ਸਫੈਦ ਵਸਤਰਾਂ ਵਿੱਚ ਲਿਪਟਿਆ ਤੇ ਪੈਰਾਂ `ਤੇ ਪੱਟੀਆਂ ਬੱਝੀਆਂ ਹੋਈਆਂ। ਦਰਸ਼ਨ ਅਭਿਲਾਸ਼ੀਆਂ ਨੂੰ ਦੱਸਿਆ ਜਾਂਦਾ ਸੀ ਕਿ ਕੋਈ ਉਸ ਦੇ ਪੈਰ ਨਾ ਛੋਹੇ। ਉਸ ਨੂੰ ਕੋਈ ਨਾਮੁਰਾਦ ਰੋਗ ਸੀ ਜਿਸ ਦਾ ਲੰਮਾ ਇਲਾਜ ਚੱਲ ਰਿਹਾ ਸੀ। ਕਮਰਾ ਕਾਫੀ ਖੱਲ੍ਹਾ ਸੀ ਤੇ ਗੁੰਬਦਨੁਮਾ ਛੱਤ `ਚੋਂ ਨਿੱਘੀ ਰੌਸ਼ਨੀ ਪੈਂਦੀ ਸੀ। ਉਸ ਦੀਆਂ ਅੱਖਾਂ ਸਾਹਮਣੇ ਗੁਰੂ ਰਾਮਦਾਸ ਜੀ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਵੱਡਅਕਾਰੀ ਚਿੱਤਰ ਸਨ। ਗੁਰਬਾਣੀ ਦਾ ਪਾਠ ਤੇ ਕੀਰਤਨ ਧੀਮੀ ਸੁਰ `ਚ ਹੁੰਦਾ ਰਹਿੰਦਾ ਸੀ।

ਅਸੀਂ ‘ਖੇਡ ਸੰਸਾਰ’ ਮੈਗਜ਼ੀਨ ਲਈ ਮਾਇਕ ਸਹਾਇਤਾ `ਕੱਠੀ ਕਰਨ ਦੇ ਟੂਰ ਉਤੇ ਸਾਂ। ਮੇਰੇ ਨਾਲ ਸੰਤੋਖ ਸਿੰਘ ਮੰਡੇਰ ਤੇ ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਵੀ ਸੀ। ਬੇਕਰਜ਼ਫੀਲਡ ਵਾਲੇ ਨਾਜ਼ਰ ਸਿੰਘ ਕੂਨਰ ਨਾਲ ਅਸੀਂ ਵੀ ਯੋਗੀ ਦੇ ਮੁੰਡੇ ਦੇ ਵਿਆਹ `ਚ ਸ਼ਾਮਲ ਹੋਣ ਲਈ ਨਿਊ ਮੈਕਸੀਕੋ ਦੇ ਸ਼ਹਿਰ ਐਸਪੀਨੋਲਾ ਚਲੇ ਗਏ। ਕੂਨਰ ਨੇ ਯੋਗੀ ਦੇ ਕਮਰੇ `ਚ ਚਿੱਟ ਭੇਜੀ ਤਾਂ ਸਾਨੂੰ ਅੰਦਰ ਬੁਲਾ ਲਿਆ ਗਿਆ। ਅੰਦਰ ਗਏ ਤਾਂ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਤਰਲੋਚਣ ਸਿੰਘ, ਸੰਤ ਦਲਜੀਤ ਸਿੰਘ ਸ਼ਿਕਾਗੋ, ਪੰਜਾਬੀ ਯੂਨੀਵਰਸਿਟੀ ਵਾਲਾ ਪ੍ਰੋ.ਬਲਕਾਰ ਸਿੰਘ ਤੇ ਕੁੱਝ ਹੋਰ ਸੱਜਣ ਬੈਠੇ ਸਨ। ਅਸੀਂ ਫਤਿਹ ਬੁਲਾਈ ਤਾਂ ਯੋਗੀ ਨੇ ਸਾਨੂੰ ਸਿਆਣ ਲਿਆ। ਕੂਨਰ ਤਾਂ ਮਿਲਦਾ ਹੀ ਰਹਿੰਦਾ ਸੀ, ਮੈਂ ਦੂਜੀ ਵਾਰ ਮਿਲ ਰਿਹਾ ਸਾਂ ਤੇ ਸੰਤੋਖ ਮੰਡੇਰ ਨੇ ਕਈ ਵਾਰ ਉਸ ਦੇ ਫੋਟੋ ਖਿੱਚੇ ਸਨ। ਮੰਡੇਰ ਨੇ ਫਿਰ ਫੋਟੋ ਖਿੱਚਣ ਦੀ ਆਗਿਆ ਮੰਗੀ ਤਾਂ ਯੋਗੀ ਨੇ ਮੁਸਕਰਾਂਦਿਆਂ ਕਿਹਾ, “ਟੌਹੜਾ ਫੋਟੋ ਖਿਚਾ ਕੇ ਮਰ ਗਿਆ ਸੀ, ਵੇਖਿਓ ਕਿਤੇ ਮੇਰੇ ਨਾਲ ਵੀ ਓਹੀ ਨਾ ਹੋਵੇ?”

ਉਸ ਦੇ ਇਨ੍ਹਾਂ ਬੋਲਾਂ ਨਾਲ ਕਮਰੇ ਦਾ ਮਾਹੌਲ ਹਾਸੇ ਖੇੜੇ ਨਾਲ ਭਰ ਗਿਆ। ਯੋਗੀ ਵੀ ਖੁੱਲ੍ਹ ਕੇ ਹੱਸਿਆ ਜਿਸ ਨਾਲ ਉਸ ਦੀਆਂ ਅੱਖਾਂ ਚਮਕ ਉੱਠੀਆਂ। ਮੰਡੇਰ ਨੇ ਕੈਮਰਾ ਫੋਕਸ ਕਰ ਲਿਆ ਤੇ ਯੋਗੀ ਨੇ ਵੀ ਸਿਰ੍ਹਾਣੇ ਦੀ ਮਦਦ ਨਾਲ ਸਿਰ ਉੱਚਾ ਕੀਤਾ। ਸਾਡੇ ਕੋਲ ਆਪਣੇ ਮੈਗਜ਼ੀਨ ‘ਖੇਡ ਸੰਸਾਰ’ ਦੀ ਕਾਪੀ ਸੀ। ਮੈਂ ਮੈਗਜ਼ੀਨ ਯੋਗੀ ਜੀ ਨੂੰ ਭੇਂਟ ਕੀਤਾ ਤਾਂ ਉਸ ਨੇ ਪਿਆਰ ਨਾਲ ਸਿਰ ਪਲੋਸਦਿਆਂ ਅਸ਼ੀਰਵਾਦ ਦਿੱਤੀ ਕਿ ਇਹ ਵਧੇ ਫੁੱਲੇ। ਜੁਆਨੀ ਵਿੱਚ ਉਹ ਵੀ ਤਕੜਾ ਖਿਡਾਰੀ ਰਿਹਾ ਸੀ। ਉਸ ਨੇ ਕਿਹਾ ਕਿ ਖੇਡਾਂ ਦੇ ਇਸ ਮੈਗਜ਼ੀਨ ਰਾਹੀਂ ਚੰਗੀ ਸਿਹਤ ਦਾ ਸੁਨੇਹਾ ਦੇਣਾ।

ਅਸੀਂ ਅੱਧਾ ਕੁ ਘੰਟਾ ਉਥੇ ਬੈਠੇ। ਸਾਰਾ ਸਮਾਂ ਉਹ ਗੜ੍ਹਕੇ ਨਾਲ ਗੱਲਾਂ ਕਰਦਾ ਰਿਹਾ। ਉਸ ਦੀ ਆਵਾਜ਼ ਵਿੱਚ ਗੂੰਜ ਸੀ ਤੇ ਹਾਸੇ ਵਿੱਚ ਖੇੜਾ ਸੀ। ਲੱਗਦਾ ਈ ਨਹੀਂ ਸੀ ਕਿ ਬੰਦਾ ਬਿਮਾਰ ਹੈ। ਉਹਦੀਆਂ ਮੋਟੀਆਂ ਅੱਖਾਂ ਸੁਨੇਹੇ ਦਿੰਦੀਆਂ ਜਾਪਦੀਆਂ ਸਨ। ਲੰਮਾ ਸਫੈਦ ਦਾਹੜਾ ਛਾਤੀ ਉਤੇ ਪਸਰਿਆ ਹੋਇਆ ਸੀ। ਅਸੀਂ ਵਿਆਹ ਦੀਆਂ ਵਧਾਈਆਂ ਦੇ ਕੇ ਤੇ ਜਲਦ ਸਿਹਤਯਾਬੀ ਦੀ ਕਾਮਨਾ ਕਰ ਕੇ ਵਿਦਾ ਲਈ। ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਪਰਲੋਕ ਸਿਧਾਰ ਗਿਆ। ਕੁਦਰਤ ਦੇ ਲੇਖੇ ਵੀ ਲੱਖੀਂ ਹਨ। ਪਾਰਸ ਪਿਆਕੜ ਹੋਣ ਦੇ ਬਾਵਜੂਦ ਨੱਬੇ ਸਾਲਾਂ ਤੋਂ ਉਤੇ ਜਿਓਂ ਰਿਹੈ ਜਦ ਕਿ ਯੋਗੀ ਹਰਭਜਨ ਸਿੰਘ, ਯੋਗੀ ਹੋ ਕੇ ਵੀ ਪਝੰਤਰ ਸਾਲ ਹੀ ਜਿਓਂ ਸਕਿਆ! ਇਹੋ ਗੱਲ ਸਕਾਚ ਦੇ ਦੋ ਪੈੱਗ ਲਾਉਣ ਵਾਲੇ ਖੁਸ਼ਵੰਤ ਸਿੰਘ ਦੀ ਹੈ। ਉਹ ਮਰ ਗਿਆਂ ਦੀਆਂ ਗੱਲਾਂ ਤਾਂ ਕਰੀ ਜਾ ਰਿਹੈ ਪਰ ਆਪ ਮਰਦਾ ਮਰਦਾ ਵੀ ਨਹੀਂ ਮਰ ਰਿਹਾ। ਮੌਤ ਮੇਰੀ ਦਹਿਲੀਜ਼ `ਤੇ ਲਿਖ ਕੇ ਵੀ ਮੌਤ ਨੂੰ ਚੋਰ ਭੁਲਾਈ ਦੇਈ ਜਾ ਰਿਹੈ!

ਯੋਗੀ ਭਜਨ ਦਾ ਜਨਮ 28 ਅਗੱਸਤ 1929 ਨੂੰ ਜ਼ਿਲ੍ਹਾ ਗੁਜਰਾਂਵਾਲੇ ਵਿੱਚ ਹੋਇਆ ਸੀ। ਬਚਪਨ ਵਿੱਚ ਆਮ ਮੁੰਡਿਆਂ ਵਾਂਗ ਸ਼ਰਾਰਤਾਂ ਕੀਤੀਆਂ। ਗੁਜਰਾਂਵਾਲੇ, ਡਲਹੌਜ਼ੀ ਤੇ ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ। ਹਾਕੀ ਫੁਟਬਾਲ ਖੇਡਣ ਤੇ ਬੀ.ਏ.ਕਰਨ ਪਿੱਛੋਂ ਦਿੱਲੀ ਕਸਟਮ ਵਿਭਾਗ ਵਿੱਚ ਨੌਕਰੀ ਕਰ ਲਈ। ਬੀਬੀ ਇੰਦਰਜੀਤ ਕੌਰ ਨਾਲ ਵਿਆਹ ਕਰਾਇਆ ਤੇ ਤਿੰਨ ਬੱਚਿਆਂ ਦਾ ਬਾਪ ਬਣਿਆ। 1969 ਵਿੱਚ ਕਸਟਮ ਦੀ ਨਾਵੇਂ ਵਾਲੀ ਨੌਕਰੀ ਨੂੰ ਲੱਤ ਮਾਰ ਕੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਜਾ ਪੁੱਜਾ ਤੇ ਫਿਰ ਕੈਲੇਫੋਰਨੀਆ ਚਲਾ ਗਿਆ। ਉਹ ਛੋਟੇ ਹੁੰਦਿਆਂ ਹੀ ਕੁੰਡਲਿਨੀ ਯੋਗਾ ਦਾ ਮਾਹਿਰ ਬਣ ਗਿਆ ਸੀ। ਪਹਿਲਾਂ ਉਸ ਨੇ ਕੈਨੇਡਾ ਤੇ ਪਿੱਛੋਂ ਅਮਰੀਕਾ ਵਿੱਚ ਯੋਗਾ ਦੀਆਂ ਕਲਾਸਾਂ ਲਾਈਆਂ, ਲੈਕਚਰ ਕੀਤੇ ਤੇ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗਾ।

ਉਸ ਨੇ `ਕੱਲਿਆਂ ਏਨਾ ਕੰਮ ਕੀਤਾ ਜਿੰਨਾ ਸਿੱਖਾਂ ਦੀ ਕਿਸੇ ਸੰਸਥਾ ਨੇ ਵੀ ਨਹੀਂ ਕੀਤਾ। ਧਰਤੀ ਦੇ ਦੂਜੇ ਪਾਸੇ ਉਸ ਨੇ ਸਿੱਖ ਧਰਮ ਦਾ ਅਜਿਹਾ ਬੂਟਾ ਲਾਇਆ ਜੋ ਵਧ ਫੁੱਲ ਰਿਹੈ। ਹਜ਼ਾਰਾਂ ਗੋਰੇ ਗੋਰੀਆਂ ਸਿੱਖ ਧਰਮ ਦੇ ਪੈਰੋਕਾਰ ਬਣ ਚੁੱਕੇ ਹਨ। ਕਾਲੀ ਨਸਲ ਦੇ ਲੋਕ ਵੀ ਸਿੱਖ ਧਰਮ ਗ੍ਰਹਿਣ ਕਰਨ ਲੱਗ ਪਏ ਹਨ। ਇਹ ਯੋਗੀ ਹਰਭਜਨ ਸਿੰਘ ਦਾ ਕ੍ਰਿਸ਼ਮਾ ਹੈ ਕਿ ਅਮਰੀਕਾ ਦੀ ਰਿਆਸਤ ਨਿਊ ਮੈਕਸੀਕੋ ਦਾ ਸ਼ਹਿਰ ਐਸਪੀਨੋਲਾ ਸਿੱਖਾਂ ਦਾ ਦੂਜਾ ਅੰਮ੍ਰਿਤਸਰ ਬਣਦਾ ਜਾ ਰਿਹੈ। ਅਸੀਂ ਉਸ ਸ਼ਹਿਰ ਦੇ ਗੇੜੇ ਕੱਢਦਿਆਂ ਮਹਿਸੂਸ ਕੀਤਾ ਜਿਵੇਂ ਪੰਜਾਬ ਦੇ ਹੀ ਕਿਸੇ ਧਰਮ ਸਥਾਨ ਦੀ ਯਾਤਰਾ ਕਰ ਰਹੇ ਹੋਈਏ। ਉਥੋਂ ਦੀ ਸਥਾਨਕ ਭਾਸ਼ਾ ਸਪੈਨਿਸ਼ ਹੈ। ਗੋਰੇ ਦਾੜ੍ਹੀਆਂ ਰੱਖੀ ਤੇ ਪੱਗਾਂ ਬੰਨ੍ਹੀ ਫਿਰਦੇ ਅਤੇ ਗੋਰੀਆਂ ਪੰਜਾਬੀ ਪੁਸ਼ਾਕਾਂ ਪਾਈ ਚੁੰਨੀਆਂ ਲਈ ਫਿਰਦੀਆਂ ਹਨ। ਉਹ ਇੱਕ ਦੂਜੇ ਨੂੰ ਮਿਲਣ ਸਮੇਂ ਫਤਿਹ ਬੁਲਾਉਂਦੇ ਹਨ ਅਤੇ ਕਾਰਾਂ ਵਿੱਚ ਗੁਰਬਾਣੀ ਦੇ ਸ਼ਬਦ ਤੇ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਹਨ।

ਉਥੇ ਗੁਰੂ ਰਾਮਦਾਸ ਭਵਨ ਬਣਿਆ ਹੋਇਆ ਹੈ ਜਿਸ ਦੇ ਦਰਵਾਜ਼ੇ ਉਤੇ ਲਿਖਿਆ ਹੈ-ਸਿੱਖ ਧਰਮਾ ਆਫ਼ ਨਿਊ ਮੈਕਸੀਕੋ। ਅੱਗੇ ਲਿਖਿਆ ਹੈ-ਵੈਲਕਮ ਟੂ ਦਾ ਐਂਡ ਆਫ਼ ਅਰਥ। ਉਥੇ ਸਿੰਘਾਂ ਦੀ ਤੋਪ ਪਈ ਹੈ, ਖੰਡੇ ਵਾਲਾ ਨਿਸ਼ਾਨ ਸਾਹਿਬ ਝੂਲ ਰਿਹੈ ਤੇ ਨਾਲ ਹੀ ਅਮਰੀਕਾ ਦਾ ਝੰਡਾ ਲਹਿਰਾ ਰਿਹੈ। ਅਕਾਲ ਸਕਿਉਰਿਟੀ ਦੇ ਦਫਤਰ ਹਨ ਜਿਸ ਦੇ ਸਕਿਉਰਿਟੀ ਗਾਰਡਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਪੰਜਾਬ ਦੀਆਂ ਟਾਹਲੀਆਂ ਤੇ ਨਿੰਮਾਂ ਵਰਗੇ ਰੁੱਖ ਹਨ ਜਿਨ੍ਹਾਂ ਵਿੱਚ ਮੋਰ ਪੈਲਾਂ ਪਾਉਂਦੇ ਹਨ। ਯੋਗੀ ਵੱਲੋਂ ਚਲਾਈਆਂ ਕਾਰਪੋਰੇਸ਼ਨਾਂ ਤੇ ਕੰਪਨੀਆਂ ਹਨ ਜਿਨ੍ਹਾਂ ਦਾ ਅਰਬਾਂ ਰੁਪਏ ਦਾ ਕਾਰੋਬਾਰ ਹੈ। ਉਸ ਨੇ ਸਿੱਖੀ ਦਾ ਦਾਇਰਾ ਵਧਾਇਆ ਜੋ ਸਮੇਂ ਦੀ ਲੋੜ ਸੀ। ਸਮੇਂ ਦੀ ਮੰਗ ਹੈ ਕਿ ਸਿੱਖ ਧਰਮ ਨੂੰ ਯੋਗੀ ਹਰਭਜਨ ਸਿੰਘ ਵਾਲੀ ਸਿੱਖੀ ਦੀ ਮਾਡਰਨ ਛੋਹ ਦਿੱਤੀ ਜਾਵੇ।

1995 ਵਿੱਚ ਜਦੋਂ ਮੈਂ ਯੋਗੀ ਨੂੰ ਪਹਿਲੀ ਵਾਰ ਲਾਸ ਏਂਜਲਸ ਵਿੱਚ ਮਿਲਿਆ ਸਾਂ ਤਾਂ ਉਸ ਨੇ ਬੜੀਆਂ ਖੁੱਲ੍ਹੀਆਂ ਗੱਲਾਂ ਕੀਤੀਆਂ ਸਨ। ਉਸ ਦੀਆਂ ਗੱਲਾਂ ਵਿੱਚ ਮੜਕ ਵੀ ਸੀ ਤੇ ਰੜਕ ਵੀ ਸੀ। ਉਸ ਨੇ ਦੀਨ ਦੀਆਂ ਗੱਲਾਂ ਕਰਨ ਦੇ ਨਾਲ ਦੁਨੀਆਦਾਰੀ ਦੇ ਫੱਕੜ ਵੀ ਤੋਲੇ। ਉਸ ਨੇ ਦੱਸਿਆ ਸੀ ਕਿ ਦਿੱਲੀ `ਚ ਕਸਟਮ ਦੀ ਚੋਰੀ ਫੜਨ ਲਈ ਉਸ ਨੇ ਇੱਕ ਦੱਲਾ ਗੰਢਿਆ ਹੋਇਆ ਸੀ। ਉਹ ਉਸ ਨੂੰ ਅਧੀਆ ਖਰੀਦਣ ਲਈ ਵੀਹ ਰੁਪਏ ਦਿੰਦਾ ਸੀ ਤੇ ਅਧੀਏ ਪਿੱਛੇ ਉਹ ਚੋਰਾਂ ਨੂੰ ਫੜਾ ਦਿਆ ਕਰਦਾ ਸੀ। ਉਸ ਨੇ ਕਿਹਾ ਕਿ ਉਹ ਦੁਨੀਆਦਾਰੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ। ਮੈਨੂੰ ਉਸ ਦੀਆਂ ਗੱਲਾਂ ਬੜੀਆਂ ਦਿਲਚਸਪ ਲੱਗੀਆਂ ਸਨ ਜਿਹੜੀਆਂ ਅੱਜ ਵੀ ਯਾਦ ਆ ਰਹੀਆਂ ਹਨ। ਉਹ ਔਰਤ ਨੂੰ ਗਰਭਵਤੀ ਜਾਂ ਹਾਮਲਾ ਕਹਿਣ ਦੀ ਥਾਂ ਗੱਭਣ ਕਹਿ ਰਿਹਾ ਸੀ।

ਗੁਰੂਘਰ ਵਿੱਚ ਉਸ ਨੇ ਨਫ਼ੀਸ ਅੰਗਰੇਜ਼ੀ ਵਿੱਚ ਭਾਸ਼ਨ ਦਿੱਤਾ ਸੀ ਪਰ ਅੰਦਰ ਬੈਠਕ ਵਿੱਚ ਉਹ ਪੂਰੇ ਪੰਜਾਬੀ ਰੰਗ ਵਿੱਚ ਸੀ। ਉਹ ਗੱਲਾਂ ਕਰਦਿਆਂ ਠੁੱਲ੍ਹੀਆਂ ਗਾਲ੍ਹਾਂ ਦਾ ਪਲੇਥਣ ਵੀ ਲਾਈ ਜਾਂਦਾ ਸੀ। ਇੱਕ ਗੋਰੀ ਸਿੰਘਣੀ ਉਸ ਨੂੰ ਖਾਣਾ ਖੁਆ ਰਹੀ ਸੀ ਤੇ ਸਫੈਦ ਦਾੜ੍ਹੀ `ਤੇ ਡੁਲ੍ਹਦੇ ਦਾਲ ਦਹੀਂ ਦੇ ਤੁਪਕੇ ਨੈਪਕਿਨ ਨਾਲ ਸਾਫ ਕਰ ਰਹੀ ਸੀ। ਅਸੀਂ ਭੁੰਜੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਪਰ ਉਹ ਸਿੰਘਾਸਣ ਵਾਲੀ ਕੁਰਸੀ `ਤੇ ਬੈਠਾ ਛਕ ਰਿਹਾ ਸੀ।

Additional Info

  • Writings Type:: A single wirting
Read 3357 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।