You are here:ਮੁਖ ਪੰਨਾ»ਜੀਵਨੀਆਂ»ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ

ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ (55)

ਦੁਖ ਸੁਖ ਧੁਰੋਂ ਬੰਦੇ ਦੇ ਨਾਲ ਨੇ। ਕੋਈ ਨਹੀਂ ਹੋਵੇਗਾ ਜਿਸ ਨੂੰ ਇਨ੍ਹਾਂ ਦਾ ਅਨੁਭਵ ਨਾ ਹੋਵੇ। ਖ਼ੁਸ਼ੀ ਨਾ ਹੋਵੇ, ਗ਼ਮ ਨਾ ਹੋਵੇ। ਮਿਲਿਆ ਨਾ ਹੋਵੇ ਤੇ ਵਿਛੜਿਆ ਨਾ ਹੋਵੇ। ਮੇਲ ਵਿਛੋੜਿਆਂ ਦੀਆਂ ਕਹਾਣੀਆਂ ਨਾਲ ਸਾਹਿਤ ਦੇ ਖ਼ਜ਼ਾਨੇ ਭਰੇ ਪਏ ਨੇ। ਇਸ ਕਲਮਕਾਰ ਦੇ ਬਹੁਤ ਸਾਰੇ ਸੱਜਣ ਮਿੱਤਰ ਤੇ ਸਾਕ ਸੰਬੰਧੀ ਵਿਛੜ ਗਏ ਨੇ ਤੇ ਇੱਕ ਦਿਨ ਇਹਨੇ ਵੀ ਵਿਛੜ ਜਾਣਾ ਹੈ। ਮੈਂ ਤਾਂ ਵਿੱਛੜ ਜਾਵਾਂਗਾ ਪਰ ਮੇਰੀਆਂ ਲਿਖਤਾਂ ਫਿਰ ਵੀ ਹੋਣਗੀਆਂ ਜਿਨ੍ਹਾਂ ਵਿੱਚ ਦੀ ਮੈਂ ਆਪਣੀਆਂ ਬਾਤਾਂ ਪਾਉਂਦਾ ਰਹਾਂਗਾ। ਮੇਰੀ ਇਹ ਜੀਵਨ ਗਾਥਾ ਇਥੇ ਹੀ ਰਹਿ ਜਾਵੇਗੀ। ਲੇਖਕ ਇਸ ਗੱਲੋਂ ਚਿਰਜੀਵੀ ਹਨ। ਉਹ ਸਰੀਰਕ ਤੌਰ `ਤੇ ਭਾਵੇਂ ਅਲੋਪ ਹੋ ਜਾਂਦੇ ਹਨ ਪਰ ਆਪਣੀਆਂ ਕਿਤਾਬਾਂ ਰਾਹੀਂ ਪਾਠਕਾਂ ਦੇ ਹਮੇਸ਼ਾਂ ਹੀ ਰੂਬਰੂ ਹੋਏ ਰਹਿੰਦੇ ਹਨ।

ਵੱਸਦੇ ਰਸਦੇ ਜਹਾਨ ਨੂੰ ਹਾਸ਼ਮ ਸ਼ਾਹ ਨੇ ‘ਮੁਸਾਫ਼ਰਖਾਨਾ’ ਕਿਹਾ ਹੈ:

-ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੋਰ ਜ਼ਮਾਨਾ

ਹਰ ਦਿਨ ਚਾਲ ਨਹੀਂ ਅਲਬੇਲੀ, ਨਹੀਂ ਹਰ ਦਮ ਜ਼ੋਰ ਜਵਾਨਾ

ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿੱਤ ਨਿੱਤ ਰਾਗ ਸੁਹਾਨਾ

ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖਾਨਾ।

ਮੁਸਾਫ਼ਰਾਂ ਦੀ ਇਸ ਸਰਾਂ ਵਿੱਚ ਕੋਈ ਆ ਰਿਹੈ ਤੇ ਕੋਈ ਜਾ ਰਿਹੈ। ਸਰਾਂ ਵਸ ਰਹੀ ਹੈ। ਕਰਨੈਲ ਸਿੰਘ ਪਾਰਸ ਹੋਰਾਂ ਦਾ ਇੱਕ ਰਿਕਾਰਡ ਬੜਾ ਚੱਲਿਆ ਸੀ-ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ। ਉਹਦੀ ਇੱਕ ਹੋਰ ਕਵੀਸ਼ਰੀ ਬੜੀ ਮਸ਼ਹੂਰ ਹੈ-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਬਰੈਂਪਟਨ ਵਿੱਚ ਬੈਠਿਆਂ ਇੱਕ ਸ਼ਾਮ ਉਸ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰ ਉਨ੍ਹਾਂ ਦਾ ਜਥਾ ਬਠਿੰਡੇ ਦੇ ਰੇਲਵੇ ਸਟੇਸ਼ਨ `ਤੇ ਗੱਡੀ ਉਡੀਕ ਰਿਹਾ ਸੀ। ਗੱਡੀ ਆਈ ਤਾਂ ਕੁੱਝ ਸਵਾਰੀਆਂ ਉਤਰੀਆਂ ਤੇ ਕੁੱਝ ਚੜ੍ਹੀਆਂ। ਪਾਰਸ ਨੇ ਵੇਖਿਆ ਗੱਡੀ ਚੜ੍ਹਦਿਆਂ ਇੱਕ ਜਾਨੀ ਦੀ ਡੱਬ `ਚੋਂ ਬੋਤਲ ਡਿੱਗ ਪਈ ਤੇ ਮਕਾਣ ਚੱਲੀ ਮਾਈ ਦਾ ਘੱਗਰਾ ਡਿੱਗ ਪਿਆ। ਉਸ ਨੇ ਛੰਦ ਜੋੜਿਆ:

-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ …

ਘਰ ਨੂੰਹ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ,

ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ,

ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਮੰਗਣੇ ਮੁਕਲਾਵੇ,

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ …।

ਬਚਪਨ ਵਿੱਚ ਮੈਂ ਸਾਧੂ ਦਇਆ ਸਿੰਘ ਆਰਿਫ਼ ਦਾ ਕਿੱਸਾ ਜ਼ਿੰਦਗੀ ਬਿਲਾਸ ਬੜੇ ਸ਼ੌਕ ਨਾਲ ਪੜ੍ਹਿਆ ਕਰਦਾ ਸਾਂ। ਡੰਗਰ ਚਾਰਦੇ ਪਾਲੀ ਮੁੰਡੇ ਜਦੋਂ ਟਾਹਲੀਆਂ ਤੇ ਬੋਹੜਾਂ ਦੀ ਛਾਵੇਂ ਬਹਿੰਦੇ ਜਾਂ ਅਸੀਂ ਰਾਤਾਂ ਨੂੰ `ਕੱਠੇ ਪੜ੍ਹ ਰਹੇ ਹੁੰਦੇ ਤਾਂ ਕਿੱਸਿਆਂ ਦੇ ਬੈਂਤ, ਬੋਲੀਆਂ, ਕਬਿੱਤ ਤੇ ਕੋਰੜੇ ਛੰਦ ਸੁਣਾਉਣ ਲੱਗਦੇ। ਯਾਦ ਆਉਂਦੇ ਨੇ ਕੁੱਝ ਬੋਲ:

-ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ,

ਕੱਸੀ ਉਤੇ ਬੈਠ ਕੇ ਕਬਿੱਤ ਜੋੜਦਾ, ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ?

ਪਤਾ ਨਹੀਂ ਉਹ ਪਾਲੀ ਮੁੰਡੇ ਕਿਧਰ ਚਲੇ ਗਏ? ਤੇ ਮੇਰੇ ਨਾਲ ਪੜ੍ਹਨ ਵਾਲੇ ਜਮਾਤੀ ਵੀ ਨਹੀਂ ਰਹੇ। ਉਹ ਸਮੇਂ ਦੀ ਧੂੜ ਵਿੱਚ ਗੁਆਚ ਗਏ ਨੇ। ਮੇਰੇ ਨਾਲ ਮਾਲ ਚਾਰਨ ਵਾਲੇ ਪਾਲੀਆਂ ਦੀਆਂ ਹਾਕਾਂ ਦਾ ਜ਼ਮਾਨਾ ਲੱਦ ਗਿਆ ਹੈ। ਚਾਰ ਚੁਫੇਰੇ ਸੈੱਲ ਫੋਨਾਂ ਦੀਆਂ ਘੰਟੀਆਂ ਵੱਜਣ ਲੱਗ ਪਈਆਂ ਨੇ। ਵਕਤ ਬਹੁਤ ਬਦਲ ਗਿਆ ਹੈ। ਇਹਨੇ ਬਦਲਦੇ ਹੀ ਜਾਣਾ ਹੈ। ਜ਼ਿੰਦਗੀ ਬਿਲਾਸ ਦੀਆਂ ਕੁੱਝ ਭੁੱਲੀਆਂ ਵਿਸਰੀਆਂ ਸਤਰਾਂ ਯਾਦ ਆ ਰਹੀਆਂ ਨੇ:

-ਉੱਨੀ ਸਾਲ ਵਿੱਚ ਊਤ ਨਾ ਸੋਚਿਆ ਤੈਂ ਸਦਾ ਨਹੀਂ ਜੇ ਹੁਸਨ ਦੀ ਝੜੀ ਰਹਿਣੀ,

ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ,

ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ ਬੱਘੀ ਵਿੱਚ ਤਬੇਲੇ ਦੇ ਖੜ੍ਹੀ ਰਹਿਣੀ,

ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ।

ਇਹ ਸੱਚ ਹੈ ਕਿ ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਹੈ। ਪਰ ਇਹ ਵੀ ਸੱਚ ਹੈ ਕਿ ਜਦ ਤਕ ਡੋਰ ਹੈ ਤਦ ਤਕ ਗੁੱਡੀ ਚੜ੍ਹੀ ਰਹਿਣੀ ਹੈ। ਹੁਸਨ ਫਿਰ ਵੀ ਹੁਸਨ ਹੈ, ਬੇਸ਼ਕ ਇਹਨੇ ਸਦਾ ਨਹੀਂ ਰਹਿਣਾ। ਦੌਲਤ ਵਰਤਣ ਵਾਲੀ ਵਸਤੂ ਹੈ, ਵਰਤੀ ਗਈ ਤਾਂ ਵਰਤੀ ਗਈ, ਨਹੀਂ ਜ਼ਮੀਨ ਵਿੱਚ ਤਾਂ ਪਈ ਹੀ ਰਹਿਣੀ ਹੈ। ਬੱਘੀਆਂ ਸੈਰ ਲਈ ਹਨ, ਨਹੀਂ ਤਬੇਲੇ ਵਿੱਚ ਤਾਂ ਖੜ੍ਹੀਆਂ ਹੀ ਹਨ। ਦਇਆ ਸਿੰਘ, ਸਾਧੂ ਹੋ ਕੇ ਵੀ ਕਹਿ ਰਿਹੈ-ਹੁਣ ਨੂੰ ਮਾਣ ਲੈ, ਇਹ ਮੁੜ ਕੇ ਨਹੀਂ ਮਿਲਣਾ। ਬੜਾ ਵੱਡਾ ਸਬਕ ਹੈ ਇਹ। ਜਿਹੜੇ ਹੁਣ ਨੂੰ ਨਹੀਂ ਮਾਣਦੇ ਤੇ ਹੁਣ ਦੀ ਥਾਂ ਕਦੇ ਭੂਤ ਕਾਲ ਵਿੱਚ ਤੇ ਕਦੇ ਭਵਿੱਖ ਵਿੱਚ ਗੁਆਚੇ ਰਹਿੰਦੇ ਹਨ ਉਨ੍ਹਾਂ ਲਈ ਸੋਚਣ ਦੀ ਘੜੀ ਹੈ। ਬਥੇਰੇ ਹਨ ਜਿਹੜੇ ਜੀਵਨ `ਚ ਮਿਲ ਰਹੀਆਂ ਖੁਸ਼ੀਆਂ ਨੂੰ ਮਾਣਨ ਦੀ ਥਾਂ ਮੁਲਤਵੀ ਕਰਦੇ ਹੋਏ ਹੀ ਮਰ ਮੁੱਕ ਜਾਂਦੇ ਹਨ।

ਮਾਣਨ ਦਾ ਮਤਲਬ ਇਹ ਵੀ ਨਹੀਂ ਕਿ ਖਾਓ, ਪੀਓ ਤੇ ਐਸ਼ ਕਰੋ। ਸਤਰ ਧਿਆਨ ਮੰਗਦੀ ਹੈ-ਖਾ ਲੈ, ਖਰਚ ਲੈ, ਪੁੰਨ ਤੇ ਦਾਨ ਕਰ ਲੈ। ਹੋਰ ਵੀ ਸਪੱਸਟਤਾ ਨਾਲ ਕਿਹਾ ਜਾ ਸਕਦੈ, ਖਾਓ ਪੀਓ ਵੀ ਤੇ ਭਲੇ ਦੇ ਕੰਮ ਵੀ ਕਰੋ। ਘਾਲ ਖਾਏ ਕੁਛ ਹੱਥੋਂ ਦੇ ਦਾ ਉਪਦੇਸ਼ ਵੀ ਇਹੋ ਕਹਿੰਦੈ ਕਿ ਆਹਰੇ ਲੱਗੋ, ਹੁਣ ਨੂੰ ਮਾਣੋ ਤੇ ਵਾਧੂ ਨੂੰ ਲੋੜਵੰਦਾਂ ਵਿੱਚ ਵੰਡ ਲਓ। ਕਿਰਤ ਕਰੋ ਤੇ ਵੰਡ ਛਕੋ। ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ ਮੁਕਤੀ ਪ੍ਰਾਪਤ ਕਰੋ।

ਮਨੁੱਖ ਦੀ ਦੇਹ ਜ਼ਰੂਰ ਨਾਸ਼ਵਾਨ ਹੈ ਪਰ ਮਨੁੱਖ ਦਾ ਜੀਵਨ ਨਾਸ਼ਵਾਨ ਨਹੀਂ। ਮਨੁੱਖ ਦਾ ਜੀਵਨ ਵਿੱਚ ਵਿਸ਼ਵਾਸ ਬੱਝਿਆ ਰਹਿਣਾ ਚਾਹੀਦੈ। ਅਸਲ ਜੀਵਨ ਉਹੀ ਹੈ ਜਿਸ ਵਿੱਚ ਆਸ ਤੇ ਉਮੀਦ, ਉਤਸ਼ਾਹ ਤੇ ਉਮਾਹ ਕਾਇਮ ਰਹਿਣ ਅਤੇ ਚਾਵਾਂ ਤੇ ਖੇੜਿਆਂ ਨੂੰ ਸੋਕਾ ਨਾ ਆਵੇ। ਬੰਦਾ ਆਹਰੇ ਲੱਗਾ ਰਹੇ। ਸੰਘਰਸ਼ ਕਰਦਾ ਰਵ੍ਹੇ। ਉਹਦੇ ਰੁਝੇਵੇਂ ਨਾ ਮੁੱਕਣ। ਜੀਵਨ `ਚ ਭਰੋਸੇ ਨੂੰ ਪੱਕਿਆਂ ਕਰਨਾ, ਜੀਵਨ ਨੂੰ ਹੋਰ ਜਿਊਣਜੋਗ ਬਣਾਉਣਾ ਤੇ ਹਰ ਮੁਸ਼ਕਲ ਵਿੱਚ ਜਿਊਣ ਦਾ ਜੇਰਾ ਤੇ ਵੱਲ ਸਿਖਾਉਣਾ ਲੇਖਕਾਂ ਦੀ ਲਿਖਤ ਦਾ ਮੁੱਖ ਮਨੋਰਥ ਹੋਣਾ ਚਾਹੀਦੈ। ਦੁਖ-ਦਰਦ, ਬਿਰਹਾ-ਵਿਛੋੜੇ, ਮੁਸ਼ਕਲਾਂ-ਦੁਸ਼ਵਾਰੀਆਂ ਤੇ ਗ਼ਮੀਆਂ-ਉਦਾਸੀਆਂ ਭਲਾ ਕੀਹਦੇ ਜੀਵਨ ਵਿੱਚ ਨਹੀਂ ਆਉਂਦੀਆਂ? ਕਈ ਇਨ੍ਹਾਂ ਅੱਗੇ ਢੇਰੀਆਂ ਢਾਹ ਬਹਿੰਦੇ ਨੇ ਤੇ ਕਈ ਦਿਲ ਗੁਰਦੇ ਨਾਲ ਸਾਹਮਣਾ ਕਰਦੇ ਨੇ ਤੇ ਇਨ੍ਹਾਂ ਤੋਂ ਪਾਰ ਵੀ ਹੋ ਜਾਂਦੇ ਨੇ। ਨਾ ਦੁਖ ਸਦੀਵੀ ਹੁੰਦੇ ਨੇ ਤੇ ਨਾ ਸੁਖ ਸਦੀਵੀ ਰਹਿੰਦੇ ਨੇ। ਦੁਖ ਸੁਖ ਨੂੰ ਸਮ ਕਰ ਜਾਣਨ ਵਾਲੇ ਹੀ ਵਧੇਰੇ ਸੌਖੇ ਰਹਿੰਦੇ ਨੇ। ਹਮੇਸ਼ਾਂ ਰੋਣੇ ਰੋਈ ਜਾਂਦਿਆਂ ਦੀਆਂ ਉਮਰਾਂ ਸੌਖੀਆਂ ਨਹੀਂ ਲੰਘਦੀਆਂ। ਜਿਹੜੇ ਮੁਸ਼ਕਲਾਂ ਵਿੱਚ ਵੀ ਹੱਸ ਖੇਡ ਸਕਦੇ ਨੇ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਮਰਾਂ ਕਦੋਂ ਬੀਤ ਜਾਂਦੀਆਂ ਨੇ! ਉਨ੍ਹਾਂ ਨੂੰ ਤਾਂ ਬੁਢਾਪੇ ਦੀ ਚਿੰਤਾ ਵੀ ਨਹੀਂ ਸਤਾਉਂਦੀ।

ਜੇ ਮੈਂ ਆਪਣੇ ਵੱਲ ਵੇਖਾਂ ਤਾਂ ਉਮਰ ਭੱਜੀ ਜਾ ਰਹੀ ਹੈ ਪਰ ਕੰਮ ਵੀ ਅਜੇ ਬਹੁਤ ਪਏ ਨੇ। ਕਿਸੇ ਨੇ ਐਵੇਂ ਨਹੀਂ ਕਿਹਾ-ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ। ਕਵੀਸ਼ਰ ਕਰਨੈਲ ਸਿੰਘ ਪਾਰਸ ਇੱਕ ਦਿਨ ਕਹਿਣ ਲੱਗਾ, “ਜਦੋਂ ਮੌਤ ਆਏਗੀ ਤਾਂ ਮੈਂ ਉਹਦਾ ਮੁਸਕਰਾ ਕੇ ਸਵਾਗਤ ਕਰਾਂਗਾ। ਨਾਲ ਹੀ ਕਹਾਂਗਾ, ਮੈਨੂੰ ਰੇਡੀਓ ਤੋਂ ਆਉਂਦੀਆਂ ਖ਼ਬਰਾਂ ਸੁਣ ਲੈਣ ਦੇ, ਹੱਥ ਵਿਚਲਾ ਅਖ਼ਬਾਰ ਪੜ੍ਹ ਲੈਣ ਦੇ ਤੇ ਛੋਹੀ ਹੋਈ ਕਿਤਾਬ ਪੂਰੀ ਕਰ ਲੈਣ ਦੇ। ਫਿਰ ਲੈ ਜਾਈਂ ਜਿਥੇ ਲਿਜਾਣੈ, ਮੈਨੂੰ ਕੋਈ ਉਜਰ ਨਹੀਂ ਹੋਵੇਗਾ।”

ਮੈਨੂੰ ਕਿਸੇ ਨੇ ਸੁਆਲ ਪੁੱਛਿਆ ਸੀ, “ਬੁਢਾਪੇ ਬਾਰੇ ਕੀ ਸੋਚਦੇ ਓ?” ਮੇਰਾ ਜੁਆਬ ਸੀ, “ਬੁਢਾਪਾ ਮੌਤ ਵੱਲ ਵੱਲ ਵਧਦੀ ਅਵੱਸਥਾ ਦਾ ਨਾਂ ਹੈ। ਕਿਹਾ ਜਾਂਦੈ ਕਿ ਬੰਦਾ ਓਦੋਂ ਤਕ ਬੁੱਢਾ ਨਹੀਂ ਹੁੰਦਾ ਜਦੋਂ ਤਕ ਉਹ ਆਪਣੇ ਆਪ ਨੂੰ ਬੁੱਢਾ ਨਾ ਮੰਨਣ ਲੱਗ ਪਏ। ਮੈਂ ਆਪਣੇ ਆਪ ਨੂੰ ਅਜੇ ਬੁੱਢਾ ਨਹੀਂ ਮੰਨ ਰਿਹਾ ਤੇ ਆਹਰੇ ਲੱਗਾ ਹੋਇਆਂ। ਰਿਟਾਇਰ ਹੋਣ ਪਿੱਛੋਂ ਹਰ ਸਾਲ ਨਵੀਂ ਕਿਤਾਬ ਛਪਵਾ ਲੈਨਾਂ। ਖੇਡ ਮੇਲੇ ਵੇਖ ਰਿਹਾਂ ਤੇ ਨਿੱਕੇ ਮੋਟੇ ਕੰਮ ਕਰਦਾ ਅਖ਼ਬਾਰਾਂ ਰਸਾਲਿਆਂ ਨੂੰ ਆਰਟੀਕਲ ਭੇਜ ਰਿਹਾਂ। ਹੁਣ ਤਾਂ ‘ਖੇਡ ਸੰਸਾਰ’ ਨਾਂ ਦਾ ਸਚਿੱਤਰ ਮੈਗਜ਼ੀਨ ਵੀ ਸ਼ੁਰੂ ਕਰ ਲਿਐ ਜਿਸ ਦੇ ਪੰਜ ਅੰਕ ਨਿਕਲ ਚੁੱਕੇ ਨੇ। ਉਂਜ ਬੁਢਾਪੇ ਬਾਰੇ ਸੋਚਦਿਆਂ ਮੌਤ ਦਾ ਖਿਆਲ ਵੀ ਆ ਜਾਂਦੈ। ਮੈਂ ਏਨਾ ਬਹਾਦਰ ਨਹੀਂ ਕਿ ਮੌਤ ਤੋਂ ਨਾ ਡਰਾਂ। ਵੈਸੇ ਵੀ ਦੁਨੀਆ ਬੜੀ ਸੋਹਣੀ ਐਂ। ਸੱਚੀ ਗੱਲ ਤਾਂ ਇਹ ਐ ਕਿ ਦਿਲ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ। ਪਰ ਏਥੇ ਕੋਈ ਸਦਾ ਜੀਂਦਾ ਨਹੀਂ ਰਹਿ ਸਕਿਆ। ਇਹ ਕਾਇਆਂ ਇੱਕ ਦਿਨ ਫ਼ਨਾਂਹ ਹੋ ਜਾਣੀ ਐਂ। ਤਾਂ ਹੀ ਤਾਂ ਕਹੀਦੈ, ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਉੱਡ ਜਾਣਾ ਓਏ ਬੱਦਲਾ ਧੁੰਦ ਦਿਆ …।”

ਜਦੋਂ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੁੰਦਾ ਹਾਂ ਤਾਂ ਸਵੇਰੇ ਉੱਠ ਕੇ ਅਖ਼ਬਾਰ ਲੈਣ ਚਲਾ ਜਾਂਦਾ ਹਾਂ। ਸਾਡੇ ਘਰ ਦੇ ਨੇੜੇ ਹੀ ਇੱਕ ਨਿੱਕੀ ਝੀਲ ਹੈ ਤੇ ਇੱਕ ਵੱਡੀ ਝੀਲ। ਨਿੱਕੀ ਝੀਲ ਦਾ ਚੱਕਰ ਛੇ ਸੌ ਮੀਟਰ ਦਾ ਹੈ ਤੇ ਪ੍ਰੋਫੈਸਰ ਲੇਕ ਨਾਂ ਦੀ ਵੱਡੀ ਝੀਲ ਦਾ ਗੇੜਾ ਤਿੰਨ ਕਿਲੋਮੀਟਰ ਤੋਂ ਉਤੇ ਹੈ। ਮੈਂ ਤਿੰਨ ਚਾਰ ਕਿਲੋਮੀਟਰ ਤੁਰ ਲੈਂਦਾ ਹਾਂ। ਪਾਣੀ ਵਿੱਚ ਬੱਤਖਾਂ ਤੈਰ ਰਹੀਆਂ ਹੁੰਦੀਆਂ ਹਨ ਤੇ ਉਪਰ ਕੂੰਜਾਂ ਉਡ ਰਹੀਆਂ ਹੁੰਦੀਆਂ ਹਨ। ਹਰੇ ਘਾਹ ਤੇ ਲਾਂਭ ਚਾਂਭ ਦੀ ਬਨਸਪਤੀ ਵਿੱਚ ਪੰਛੀ ਚਹਿਕ ਰਹੇ ਹੁੰਦੇ ਹਨ। ਸਵੇਰ ਦਾ ਸੋਨਰੰਗਾ ਸੂਰਜ ਉਗਮ ਰਿਹਾ ਹੁੰਦੈ ਤੇ ਉਹਦੀਆਂ ਸੁਨਹਿਰੀ ਕਿਰਨਾਂ ਝੀਲ ਦੀਆਂ ਛੱਲਾਂ `ਚ ਤੈਰਨ ਲੱਗਦੀਆਂ ਹਨ। ਮੇਰੀ ਕਲਪਨਾ ਨੂੰ ਖੰਭ ਲੱਗ ਜਾਂਦੇ ਹਨ। ਮੈਂ ਨਵਾਂ ਕੁੱਝ ਲਿਖਣ ਬਾਰੇ ਚਿਤਵਣ ਲੱਗ ਪੈਂਦਾ ਹਾਂ। ਮੇਰੀ ਘੰਟੇ ਕੁ ਦੀ ਸੈਰ ਵੀ ਹੋ ਜਾਂਦੀ ਹੈ ਤੇ ਟੋਰਾਂਟੋ ਦੇ ਦੋ ਰੋਜ਼ਾਨਾ ਪੰਜਾਬੀ ਅਖ਼ਬਾਰ ਵੀ ਪੜ੍ਹੇ ਜਾਂਦੇ ਹਨ। ਮਾੜੀ ਮੋਟੀ ਕਸਰਤ ਵੀ ਕਰ ਲਈਦੀ ਹੈ।

ਦਿਨੇ ਮੈਂ ਵਧੇਰੇ ਕਰ ਕੇ ਕੰਪਿਊਟਰ ਨਾਲ ਜੁੜਿਆ ਰਹਿੰਦਾ ਹਾਂ ਤੇ ਲਾਇਬ੍ਰੇਰੀ ਵੱਲ ਜਾ ਆਈਦਾ ਹੈ। ਸ਼ਾਮ ਨੂੰ ਪੰਜਾਬੀ ਬਾਬਿਆਂ ਦੀ ਸੱਥ ਜੁੜਦੀ ਹੈ। ਪੜ੍ਹਨ ਲਿਖਣ ਤੇ ਖੇਡ ਮੇਲਿਆਂ ਤੋਂ ਵਿਹਲਾ ਹੋਵਾਂ ਤਾਂ ਮੈਂ ਸੱਥ ਦੀ ਹਾਜ਼ਰੀ ਜ਼ਰੂਰ ਭਰਦਾਂ। ਉਥੇ ਭਾਂਤ ਸੁਭਾਂਤੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ `ਚੋਂ ਮੈਨੂੰ ਲਿਖਣ ਦਾ ਮਸਾਲਾ ਵੀ ਮਿਲਦਾ ਰਹਿੰਦੈ। ਵਿਦੇਸ਼ਾਂ `ਚ ਗਿਆ ਹਰ ਬੰਦਾ ਆਪਣੇ ਆਪ `ਚ ਇੱਕ ਕਹਾਣੀ ਹੈ ਤੇ ਕਈ ਪਰਿਵਾਰ ਤਾਂ ਪੂਰੇ ਦੇ ਪੂਰੇ ਨਾਵਲ ਹਨ। ਵਿਦੇਸ਼ਾਂ ਵਿੱਚ ਪਹੁੰਚਣ, ਰਹਿਣ ਤੇ ਜੜ੍ਹਾਂ ਲਾਉਣ ਲਈ ਉਨ੍ਹਾਂ ਨੇ ਜੋ ਜੋ ਪਾਪੜ ਵੇਲੇ ਤੇ ਸੰਘਰਸ਼ ਕੀਤਾ ਉਹ ਕਿਸੇ ਲੰਮੀ ਕਹਾਣੀ ਜਾਂ ਨਾਵਲ ਦਾ ਵਿਸ਼ਾ ਹੋ ਸਕਦੇ ਹਨ। ਬਾਬਿਆਂ ਦੀ ਪਰ੍ਹੇ `ਚ ਬੈਠਾ ਮੈਂ ਮਹਿਸੂਸ ਕਰਦਾਂ ਜਿਵੇਂ ਪਿੰਡ ਦੀ ਸੱਥ `ਚ ਬੈਠਾ ਹੋਵਾਂ।

ਅਸੀਂ ਆਮ ਕਰ ਕੇ ਅਪਰੈਲ ਦੇ ਮਹੀਨੇ ਕੈਨੇਡਾ ਜਾਂਦੇ ਹਾਂ ਤੇ ਨਵੰਬਰ ਦਸੰਬਰ ਵਿੱਚ ਪੰਜਾਬ ਪਰਤ ਆਉਂਦੇ ਹਾਂ। ਜਦੋਂ ਮੈਂ ਚਕਰ ਹੋਵਾਂ ਤਾਂ ਮੇਰੀ ਸਵੇਰ ਦੀ ਸੈਰ ਕਦੇ ਮੱਲ੍ਹੇ ਤੇ ਕਦੇ ਲੋਪੋਂ ਦੀ ਸੜਕ ਉਤੇ ਹੁੰਦੀ ਹੈ। ਕਦੇ ਖੇਤਾਂ ਦੀਆਂ ਪਹੀਆਂ `ਤੇ ਵੀ ਤੁਰ ਪੈਨਾਂ ਤੇ ਤ੍ਰੇਲ ਧੋਤੀਆਂ ਕਣਕਾਂ ਦੇ ਹਰੇ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਵੇਖਦਾਂ। ਉਨ੍ਹਾਂ ਤੁਪਕਿਆਂ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਨੇ ਅਨੇਕਾਂ ਰੰਗ ਭਰੇ ਹੁੰਦੇ ਨੇ। ਰੰਗਾਂ ਨੂੰ ਨਿਹਾਰਦਿਆਂ ਕੁਦਰਤ ਦੇ ਬਲਿਹਾਰੇ ਜਾਈਦੈ। ਥੋੜ੍ਹੀ ਥੋੜ੍ਹੀ ਵਿੱਥ ਉਤੇ ਬੰਬੀਆਂ ਦੀਆਂ ਧਾਰਾਂ ਚੱਲ ਰਹੀਆਂ ਹੁੰਦੀਐਂ ਜਿਹੜੀਆਂ ਜੀਵਨ ਦਾ ਰਾਗ ਅਲਾਪਦੀਆਂ ਜਾਪਦੀਐਂ। ਕਦੇ ਇਨ੍ਹਾਂ ਹੀ ਖੇਤਾਂ ਵਿੱਚ ਮੈਂ ਡੰਗਰ ਚਾਰਦਾ ਰਿਹਾ ਸਾਂ, ਪੱਠੇ ਵੱਢਦਾ ਰਿਹਾ ਸਾਂ ਤੇ ਫਿਰ ਕਾਮਿਆਂ ਦੀ ਰੋਟੀ ਲੈ ਕੇ ਜਾਂਦਾ ਰਿਹਾ ਸਾਂ। ਇਨ੍ਹਾਂ ਖੇਤਾਂ ਵਿੱਚ ਹੀ ਮੇਰੇ ਬਾਪੂ ਤੇ ਬਾਬੇ ਹੋਰੀਂ ਜੋਤਰੇ ਲਾਉਂਦੇ ਪੂਰੇ ਹੋ ਗਏ ਤੇ ਮੈਂ ਵੀ ਵਕਤ ਆਏ ਤੋਂ ਤੁਰ ਜਾਣਾ ਹੈ।

ਮੈਂ ਆਪਣੀ ਪੁਸਤਕ ‘ਫੇਰੀ ਵਤਨਾਂ ਦੀ’ ਵਿੱਚ ਲਿਖਿਆ ਕਿ ਜਦੋਂ ਮੈਂ ਕੈਨੇਡਾ ਤੋਂ ਆਪਣੇ ਪਿੰਡ ਜਾ ਕੇ ਰਾਤ ਕੱਟਦਾ ਤਾਂ ਗੁਰਦਵਾਰੇ ਦਾ ਲਾਊਡ ਸਪੀਕਰ ਮੈਨੂੰ ਤੜਕੇ ਤਿੰਨ ਵਜੇ ਜਗਾ ਦਿੰਦਾ ਤੇ ਫਿਰ ਸੌਣ ਨਾ ਦਿੰਦਾ। ਲਾਊਡ ਸਪੀਕਰ ਦਾ ਭਜਾਇਆ ਮੈਂ ਕਈ ਕਈ ਦਿਨ ਪਿੰਡ ਨਹੀਂ ਸਾਂ ਵੜਦਾ। ਪਰ 2006 ਵਿੱਚ ਉੱਚੇ ਬੋਲ ਬੁਲਾਰੇ ਤੋਂ ਮੌਜ ਰਹੀ। ਇਹ ਸੁਧਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਲਿਆਂਦਾ ਸੀ। ਲਾਊਡ ਸਪੀਕਰ ਤੜਕੇ ਚਾਰ ਵਜੇ ਭਜਨ ਬੰਦਗੀ ਦਾ ਸੱਦਾ ਦੇਣ ਪਿਛੋਂ ਚੁੱਪ ਹੋ ਜਾਂਦਾ ਸੀ। ਮੈਂ ਜਾਗ ਕੇ ਪੜ੍ਹਨ ਲੱਗ ਪੈਂਦਾ ਸਾਂ। ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ `ਚ ਸੁਫ਼ਨੇ ਲਈ ਜਾਂਦਾ। ਕਿਸੇ ਦਿਨ ਮੈਂ ਪਹਿਲੀ ਬੱਸ ਮੁਕੰਦਪੁਰ ਨੂੰ ਜਾਣ ਲਈ ਤਿਆਰ ਹੋ ਬਹਿੰਦਾ। ਵਿਹੜੇ `ਚ ਨਿਕਲਦਾ ਤਾਂ ਬਾਹਰ ਚਿੜੀਆਂ ਚੂਕਦੀਆਂ ਸੁਣਦਾ। ਪਹੁਫੁਟਾਲੇ ਦੀ ਲੋਅ ਵਿੱਚ ਬੱਸ ਅੱਡੇ ਵੱਲ ਜਾਂਦਿਆਂ ਵਾਰਸ ਦੀਆਂ ਤੁਕਾਂ ਯਾਦ ਆ ਜਾਂਦੀਆਂ:

-ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੀ।

ਹੋਈ ਸੁਬਹਾ ਸਾਦਿਕ ਜਦੋਂ ਆਣ ਰੌਸ਼ਨ, ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।

ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।

ਘਰਬਾਰਨਾਂ ਚੱਕੀਆਂ ਝੋਤੀਆਂ ਨੀ, ਜਿਨ੍ਹਾਂ ਤਉਣਾ ਗੁੰਨ੍ਹ ਪਕਾਣੀਆਂ ਨੀ।

ਕਾਰੋਬਾਰ ਵਿੱਚ ਹੋਇਆ ਜਹਾਨ ਸਾਰਾ, ਚਰਖੇ ਕੱਤਦੀਆਂ ਉੱਠ ਸਵਾਣੀਆਂ ਨੀ …।

ਕਿਆ ਨਜ਼ਾਰਾ ਬੰਨ੍ਹਿਆ ਏ ਵਾਰਸ ਸ਼ਾਹ ਨੇ! ਪਰ ਪੰਜਾਬ ਦਾ ਮਾਹੌਲ ਹੁਣ ਬਹੁਤ ਬਦਲ ਗਿਆ ਹੈ। ਹੁਣ ਹਾਲੀਆਂ ਦੀਆਂ ਜੋਗਾਂ ਬੀਹੀਆਂ ਵਿੱਚ ਨਹੀਂ ਨਿਕਲਦੀਆਂ ਤੇ ਨਾ ਸਵਾਣੀਆਂ ਈ ਚਰਖੇ ਕੱਤਦੀਆਂ ਨੇ। ਜਦ ਮੈਂ ਬਾਹਰ ਨਿਕਲਦਾ ਤਾਂ ਸਿਆਲ ਦਾ ਸਵੇਰਾ ਹਾਲੇ ਉਂਘਲਾਅ ਰਿਹਾ ਹੁੰਦਾ। ਕਿਤੇ ਕਿਤੇ ਬਿਜਲੀ ਦੀਆਂ ਬੱਤੀਆਂ ਦਾ ਨਿਮ੍ਹਾ ਨਿਮ੍ਹਾ ਚਾਨਣ ਦਿਸਦਾ। ਬੱਸ ਅੱਡੇ ਵਿੱਚ ਪੰਜ ਸੱਤ ਸਵਾਰੀਆਂ ਲੋਈਆਂ ਤੇ ਕੰਬਲਾਂ ਦੀਆਂ ਬੁਕਲਾਂ ਮਾਰੀ ਖੜ੍ਹੀਆਂ ਹੁੰਦੀਆਂ। ਬੀਹੀਆਂ ਵਿੱਚ ਕੁੱਤੇ ਭੌਂਕਦੇ ਸੁਣਦੇ। ਮੈਂ ਮਨ ਵਿੱਚ ਆਪਣੇ ਪਿੰਡ ਦੇ ਸਵੇਰੇ ਦੀ ਬਰੈਂਪਟਨ ਦੇ ਸਵੇਰੇ ਨਾਲ ਤੁਲਨਾ ਕਰਦਾ ਜਿਥੇ ਕੋਈ ਕੁੱਤਾ ਤਾਂ ਨਾ ਭੌਂਕਦਾ ਪਰ ਸੜਕਾਂ ਦੀਆਂ ਸਾਰੀਆਂ ਲੇਨਾਂ ਕੰਮਾਂ ਕਾਰਾਂ `ਤੇ ਚੱਲੇ ਕਾਮਿਆਂ ਦੀਆਂ ਕਾਰਾਂ ਨਾਲ ਭਰੀਆਂ ਜਾਂਦੀਆਂ। ਤੇਜ਼ ਦੌੜਦੀਆਂ ਕਾਰਾਂ ਦਾ ਸ਼ੁਕਾਟ ਪਿਆ ਹੁੰਦਾ। ਦੁਨੀਆ ਭੱਜੀ ਜਾਂਦੀ ਦਿਸਦੀ ਜਿਵੇਂ ਕਿਤੇ ਅੱਗ ਲੱਗੀ ਹੋਵੇ! ਏਨੇ ਨੂੰ ਨਿਹਾਲ ਸਿੰਘ ਵਾਲੇ ਤੋਂ ਚੰਡੀਗੜ੍ਹ ਨੂੰ ਚੱਲੀ ਬੱਸ ਦਾ ਹਾਰਨ ਵੱਜਦਾ ਤੇ ਪਤਾ ਲੱਗ ਜਾਂਦਾ ਕਿ ਬੱਸ, ਅੱਡੇ ਉਤੇ ਪਹੁੰਚ ਰਹੀ ਹੈ। ਧੁੰਦ ਵਿੱਚ ਜਗਦੀਆਂ ਉਹਦੀਆਂ ਪੀਲੀਆਂ ਬੱਤੀਆਂ ਮਧਮ ਜਿਹੀਆਂ ਨਜ਼ਰੀ ਪੈਂਦੀਆਂ।

ਠਰਿਆ ਹੋਇਆ ਮੈਂ ਬੱਸ `ਚ ਬਹਿੰਦਾ ਤਾਂ ਨਿੱਘ ਆ ਜਾਂਦਾ। ਸਵੇਰਸਾਰ ਗੁਰਬਾਣੀ ਦੀ ਕੈਸਿਟ ਚੱਲ ਰਹੀ ਹੁੰਦੀ-ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਿਰ ਕਰੇ …। ਮੱਲ੍ਹਾ ਤੇ ਡੱਲਾ ਲੰਘਦਿਆਂ ਮੈਨੂੰ ਮੱਲ੍ਹੇ ਦਾ ਸਕੂਲ ਤੇ ਡੱਲੇ ਦੀ ਦੈੜ ਯਾਦ ਆਉਂਦੀ ਤੇ ਮੈਂ ਬਚਪਨ ਦੀਆਂ ਯਾਦਾਂ `ਚ ਖੋ ਜਾਂਦਾ। ਨਹਿਰ ਦਾ ਪੁਲ ਤੇ ਕੌਂਕੇ ਲੰਘ ਕੇ ਬੱਸ ਜਰਨੈਲੀ ਸੜਕ `ਤੇ ਚੜ੍ਹਦੀ ਤਾਂ ਵਾਰਾਂ ਦਾ ਗਾਇਣ ਸ਼ੁਰੂ ਹੋ ਜਾਂਦਾ-ਕਦੋਂ ਚੜ੍ਹੇਂਗਾ ਪੰਜਾਬ ਦਿਆ ਸੂਰਜਾ, ਦੁਨੀਆ `ਤੇ ਫੇਰ ਮੁੜ ਕੇ …। ਜੋਸ਼ੀਲੀਆਂ ਵਾਰਾਂ ਸੁਣਦਿਆਂ ਮਨ ਉਮਾਹ ਤੇ ਉਤਸ਼ਾਹ ਨਾਲ ਭਰ ਜਾਂਦਾ ਤੇ ਸਾਰੰਗੀ ਦੀਆਂ ਧੁਨਾਂ ਲੂੰਅ ਕੰਡਿਆਈ ਜਾਂਦੀਆਂ। ਅੰਦਰੋਂ ਆਵਾਜ਼ ਆਉਂਦੀ-ਨਹੀਂ ਰੀਸਾਂ ਦੇਸ ਪੰਜਾਬ ਦੀਆਂ!

ਪੰਜਾਬ ਦੀ ਫੇਰੀ ਸਮੇਂ ਮੈਂ ਆਮ ਕਰ ਕੇ ਮੁਕੰਦਪੁਰ ਰਹਿੰਦਾ ਹਾਂ। ਉਥੇ ਸਾਡੇ ਪੁੱਤਰ ਨੇ ਆਪਣਾ ਘਰ ਉਸਾਰ ਲਿਆ ਹੈ ਕਿਉਂਕਿ ਉਨ੍ਹਾਂ ਨੇ ਲੰਮਾ ਸਮਾਂ ਉਥੇ ਹੀ ਨੌਕਰੀ ਕਰਨੀ ਹੈ। ਮੁਕੰਦਪੁਰ ਮੇਰਾ ਜੀਅ ਵੀ ਵੱਧ ਲੱਗਦੈ। ਉਥੇ ਲਾਇਬ੍ਰੇਰੀ ਹੈ, ਜਿਮਨੇਜ਼ੀਅਮ ਹੈ, ਖੇਡ ਮੈਦਾਨ ਹਨ ਤੇ ਪੜ੍ਹੇ ਲਿਖੇ ਬੰਦਿਆਂ ਦੀ ਸੰਗਤ ਹੈ। ਸਰਪੰਚ ਸਾਧੂ ਸਿੰਘ, ਗੁਰਚਰਨ ਸਿੰਘ ਸ਼ੇਰਗਿੱਲ, ਡਾ.ਅਮਰਜੀਤ ਸਿੰਘ ਤੇ ਮਹਿੰਦਰ ਸਿੰਘ ਸ਼ੋਕਰ ਹੋਰਾਂ ਦਾ ਗੁਆਂਢ ਮੱਥਾ ਹੈ। ਆਏ ਗਿਆਂ ਨਾਲ ਮੇਲ ਮਿਲਾਪ ਹੁੰਦਾ ਰਹਿੰਦੈ। ਪ੍ਰੋਫੈਸਰਾਂ ਨਾਲ ਬਚਨ ਬਿਲਾਸ ਕਰਨ ਦਾ ਮੌਕਾ ਮਿਲ ਜਾਂਦੈ। ਉਥੇ ਮਹਿਫ਼ਲਾਂ ਲੱਗਦੀਆਂ ਤੇ ਗੋਸ਼ਟੀਆਂ ਹੁੰਦੀਆਂ ਹਨ। ਕਾਲਜ ਵਿੱਚ ਸਮਾਗਮ ਹੁੰਦੇ ਰਹਿੰਦੇ ਹਨ। ਕਬੱਡੀ ਦਾ ਕੁਮੈਂਟੇਟਰ ਮੱਖਣ ਸਿੰਘ ਮੈਨੂੰ ਖੇਡ ਮੇਲਿਆਂ `ਚ ਲਈ ਫਿਰਦੈ। ਉਹ ਮੈਨੂੰ ਉਸਤਾਦਾਂ ਵਰਗਾ ਆਦਰ ਮਾਣ ਦਿੰਦੈ।

ਉਥੇ ਸੈਰ ਕਰਨ ਲਈ ਖੁੱਲ੍ਹੀਆਂ ਸੜਕਾਂ ਹਨ ਤੇ ਖਰੀਦਾਰੀ ਲਈ ਖੁੱਲ੍ਹਾ ਬਜ਼ਾਰ ਹੈ। ਮੁਕੰਦਪੁਰ ਵਿੱਚ ਹੁਣ ਸ਼ਹਿਰਾਂ ਵਰਗੀਆਂ ਹੀ ਸਹੂਲਤਾਂ ਹਨ। ਮੈਂ ਸੜਕ ਪੈ ਕੇ ਸਾਧੂ ਸਿੰਘ ਪਬਲਿਕ ਸਕੂਲ ਕੋਲੋਂ ਨਹਿਰ ਚੜ੍ਹ ਜਾਨਾਂ ਤੇ ਵਗਦੇ ਪਾਣੀ ਦੇ ਨਾਲ ਤੁਰ ਪੈਨਾਂ। ਨਹਿਰ ਦੇ ਇੱਕ ਪਾਸੇ ਮਲ੍ਹਿਆਂ ਨੂੰ ਬੇਰ ਲੱਗੇ ਹੁੰਦੇ ਨੇ ਜੋ ਮੈਂ ਤੋੜ ਤੋੜ ਖਾਂਦਾ ਜਾਨਾਂ ਤੇ ਬਚਪਨ ਚੇਤੇ ਕਰਦਾ ਜਾਨਾਂ। ਕਦੇ ਕਦੇ ਮੇਰੀ ਸੈਰ ਹਕੀਮਪੁਰ ਤੇ ਜਗਤਪੁਰ ਦੇ ਵਿਚਕਾਰ ਬਣੇ ਸਟੇਡੀਅਮ ਤਕ ਹੋ ਜਾਂਦੀ ਹੈ ਜਿਥੇ ਆਏ ਸਾਲ ਪੁਰੇਵਾਲ ਖੇਡ ਮੇਲਾ ਭਰਦੈ। ਪੁਰੇਵਾਲਾਂ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਵੱਲ ਮੇਰੀ ਵਾਹਵਾ ਜਾਣੀ ਆਉਣੀ ਹੈ ਤੇ ਮੈਂ ਵੈਨਕੂਵਰ ਨੇੜੇ ਪਿੱਟਮੀਡੋਜ਼ ਦੇ ਪੁਰੇਵਾਲ ਫਾਰਮ ਹਾਊਸ ਵਿੱਚ ਵੀ ਜਾਂਦਾ ਰਹਿਨਾਂ। ਉਹ ਮੇਰੀ ਖੇਡ-ਲੇਖਣੀ ਦੇ ਕਦਰਦਾਨ ਹਨ ਤੇ ਹਰ ਖੇਡ ਮੇਲੇ `ਚ ਮੇਰੀਆਂ ਖੇਡ-ਪੁਸਤਕਾਂ ਵੰਡਦੇ ਹਨ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਮੇਰੀਆਂ ਪੁਸਤਕਾਂ ਵਧੇਰੇ ਕਰ ਕੇ ਖੇਡ ਮੇਲਿਆਂ ਵਿੱਚ ਲੱਗਦੀਆਂ ਹਨ।

ਪਿੰਡ `ਚ ਰਹਿੰਦੇ ਦਾ ਮੇਰਾ ਸੋਸ਼ਲ ਸਰਕਲ ਨਿੱਕਾ ਜਿਹਾ ਸੀ। ਤੁਰਦਿਆਂ ਫਿਰਦਿਆਂ ਇਹ ਕਾਫੀ ਵੱਡਾ ਹੋ ਗਿਆ ਹੈ। ਮੇਲ ਜੋਲ ਵਾਲੇ ਬੰਦਿਆਂ ਦੇ ਨਾਂ ਹੀ ਲਿਖਾਂ ਤਾਂ ਕਈ ਸਫ਼ੇ ਭਰ ਜਾਣਗੇ। ਇੱਕ ਸਮੂਹ ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਬੰਦਿਆਂ ਦਾ ਹੈ। ਇਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਦੂਜਾ ਲਿਖਾਰੀਆਂ ਤੇ ਕਲਾਕਾਰਾਂ ਦਾ ਹੈ। ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਹਨ, ਵੱਖ ਵੱਖ ਖੇਤਰਾਂ ਦੇ ਵਿਸ਼ੇਸ਼ ਵਿਅਕਤੀ ਹਨ ਅਤੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਹਨ। ਮੇਰੇ ਨਾਲ ਪੜ੍ਹਨ ਪੜ੍ਹਾਉਣ ਵਾਲੇ ਤੇ ਖੇਡਣ ਵਾਲੇ ਹਨ ਜਿਹੜੇ ਚੇਤੇ ਚੋਂ ਵਿਸਰਦੇ ਜਾ ਰਹੇ ਹਨ। ਕੀਹਦਾ ਜ਼ਿਕਰ ਕਰਾਂ ਤੇ ਕੀਹਦਾ ਨਾ ਕਰਾਂ?

 

ਅਮਰਦੀਪ ਕਾਲਜ ਦਾ ਪ੍ਰਿੰਸੀਪਲ ਹੋਣ ਕਰਕੇ ਦੇਸ਼ ਵਿਦੇਸ਼ ਦੇ ਸੌ ਤੋਂ ਵੱਧ ਜੀਵਨ ਮੈਂਬਰਾਂ ਨਾਲ ਮੇਰੀ ਜਾਣ ਪਛਾਣ ਹੈ। ਉਨ੍ਹਾਂ ਬਾਰੇ ਮੈਂ ਇੱਕ ਪੁਸਤਕ ਲਿਖੀ ਹੈ-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਦਾਨਵੀਰ। ਦੇਸ਼ ਵਿਦੇਸ਼ ਘੁੰਮਦਿਆਂ ਮੈਂ ਅਨੇਕਾਂ ਦੋਸਤਾਂ ਦੇ ਘਰਾਂ ਵਿੱਚ ਰਿਹਾ ਹਾਂ। ਅਨੇਕਾਂ ਸੱਜਣਾਂ ਦੀ ਪ੍ਰਾਹੁਣਚਾਰੀ ਮਾਣੀ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਸ਼ਹਿਰ ਹੋਵੇ ਜਿਥੇ ਮੈਨੂੰ ਆਪਣਾ ਕੋਈ ਵਿਦਿਆਰਥੀ ਨਾ ਮਿਲਿਆ ਹੋਵੇ। ਪਾਠਕਾਂ ਦੇ ਫੋਨ ਆਉਂਦੇ ਹਨ ਤੇ ਕਿਸੇ ਕਿਸੇ ਦੀ ਚਿੱਠੀ ਵੀ ਆ ਜਾਂਦੀ ਹੈ। ਬੜਾ ਪਿਆਰ ਕਰਦੇ ਹਨ ਪੰਜਾਬੀ ਪਿਆਰੇ। ਬੜਾ ਮਾਣ ਸਤਿਕਾਰ ਮਿਲਿਆ ਹੈ ਮੈਨੂੰ। ਮੈਂ ਸਾਰਿਆਂ ਦਾ ਰਿਣੀ ਹਾਂ ਤੇ ਉਨ੍ਹਾਂ ਦਾ ਦਿਲੀ ਧੰਨਵਾਦ ਕਰਦਾ ਹਾਂ। ਇਹ ਗਾਥਾ ਭਾਵੇਂ ਏਥੇ ਹੀ ਮੁਕਾ ਰਿਹਾਂ ਪਰ ਮੇਰੀ ਕਲਮ ਅਜੇ ਚਲਦੀ ਹੈ ਤੇ ਉਮੀਦ ਹੈ ਆਖ਼ਰੀ ਦਮ ਤਕ ਚਲਦੀ ਰਹੇਗੀ। (ਪ੍ਰਿੰ.ਸਰਵਣ ਸਿੰਘ ਦੀ ਜੀਵਨ ਗਾਥਾ ‘ਹਸੰਦਿਆਂ ਖੇਲੰਦਿਆਂ’ ਪੁਸਤਕ ਰੂਪ ਵਿੱਚ ਛਪ ਗਈ ਹੈ ਜਿਸ ਦੇ ਤਸਵੀਰਾਂ ਸਮੇਤ 308 ਪੰਨੇ ਹਨ। ਪੁਸਤਕ ਦੀ ਪ੍ਰਾਪਤੀ ਲਈ ਲੇਖਕ ਦੇ ਫੋਨ 905-799-1661 ਜਾਂ ਪ੍ਰਕਾਸ਼ਕ ਦੇ ਫੋਨ 01191-161-2413613, 2404928 `ਤੇ ਸੰਪਰਕ ਕੀਤਾ ਜਾ ਸਕਦਾ ਹੈ।)

ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ ਇੱਕ ਹਾਦਸਾ ਵੀ ਯਾਦ ਆ ਗਿਐ ਜੋ ਮੇਰਾ ਬੁਢਾਪਾ ਨਰਕ ਬਣਾ ਸਕਦਾ ਸੀ।

14 ਜਨਵਰੀ 2006 ਦੀ ਗੱਲ ਹੈ। ਮਾਘੀ ਦਾ ਨਿੱਘੀ ਧੁੱਪ ਵਾਲਾ ਦਿਨ ਸੀ। ਦੋ ਵਜੇ ਤਕ ਮੈਂ ਮੋਗੇ ਦੇ ਇੱਕ ਕਬੱਡੀ ਟੂਰਨਾਮੈਂਟ ਦੀ ਹਾਜ਼ਰੀ ਭਰੀ। ਕੁਮੈਂਟਰੀ ਕਰਦਾ ਮੈਂ ਕਿਸੇ ਰੇਡਰ ਦੀ ਘੁਲਾੜੀ `ਚ ਬਾਂਹ ਆਗੀ ਆਖਦਾ, ਕਿਸੇ ਦੀ ਕੁਕੜੂੰ ਘੜੂੰ ਬੁਲਾਉਂਦਾ, ਲੱਗ ਗਿਆ ਰੋਪੜੀ ਜਿੰਦਾ ਕਹਿੰਦਾ ਤੇ ਕਿਸੇ ਦਾ ਚੱਕਰਚੂੰਡਾ ਬਣਾਉਂਦਾ। ਜਿਹੜਾ ਧਾਵੀ ਢਾਹ ਲਿਆ ਜਾਂਦਾ ਉਹਦੇ `ਤੇ ਹਾਸੇ ਖੇੜਦਾ, “ਕਰ-ਤਾ ਗੱਡਾ ਡਹੀਏਂ। ਗੱਡ-ਤਾ ਅਰਲਾਕੋਟ …।”

ਉਦੋਂ ਕੀ ਪਤਾ ਸੀ ਪਈ ਦਿਨ ਛਿਪੇ ਪਿੰਡ ਦੇ ਸਰਕਾਰੀ ਸਾਨ੍ਹ ਨੇ ਮੇਰਾ ਈ ਗੱਡਾ ਡਹੀਏਂ ਕਰ ਦੇਣੈਂ? ਬਾਅਦ ਦੁਪਹਿਰ ਮੈਂ ਬੱਧਨੀ ਦੇ ਇੱਕ ਮੈਰਿਜ ਪੈਲਿਸ ਵਿੱਚ ਗਿਆ ਜਿਥੇ ਸਾਡੇ ਪਿੰਡੋਂ ਜੰਨ ਆਈ ਹੋਈ ਸੀ। ਸ਼ਾਮ ਨੂੰ ਪਿੰਡ ਪਹੁੰਚੇ ਤਾਂ ਦਿਨ ਅਜੇ ਖੜ੍ਹਾ ਸੀ। ਮੈਂ ਮਾਸਟਰ ਚਰਨ ਸਿੰਘ ਨੂੰ ਆਖਿਆ, “ਚੱਲ ਖੇਤ ਗੇੜਾ ਮਾਰ ਆਈਏ। ਵਿਆਹ ਦਾ ਖਾਧਾ ਪੀਤਾ ਹਜ਼ਮ ਕਰੀਏ।”

ਸੂਏ ਦੇ ਪੁਲ ਉਤੋਂ ਹੀ ਅਸੀਂ ਕਾਰ `ਚੋਂ ਉੱਤਰ ਗਏ ਤੇ ਸੈਰ ਕਰਨ ਲੱਗੇ। ਅੱਧਾ ਪੌਣਾ ਘੰਟਾ ਸੈਰ ਕਰ ਕੇ ਅਸੀਂ ਪਿੰਡ ਪਰਤੇ। ਤਦ ਤਕ ਦਿਨ ਛਿਪ ਗਿਆ ਸੀ ਤੇ ਮੂੰਹ `ਨ੍ਹੇਰਾ ਹੋ ਚੱਲਿਆ ਸੀ। ਬੱਸ ਅੱਡੇ ਕੋਲੋਂ ਚਰਨ ਆਪਣੇ ਘਰ ਨੂੰ ਮੁੜ ਗਿਆ ਤੇ ਮੈਂ ਸਿੱਧਾ ਆਪਣੇ ਘਰ ਨੂੰ ਤੁਰਿਆ ਗਿਆ। ਤਦੇ ਇੱਕ ਬੀਹੀ `ਚੋਂ ਢੱਟਾ ਭੱਜਦਾ ਆਇਆ ਤੇ ਮੇਰੇ ਸਹਿਜ ਭਾਅ ਤੁਰੇ ਜਾਂਦੇ ਦੇ ਪਿੱਛੋਂ ਆ ਢੁੱਡ ਮਾਰੀ। ਮੈਂ ਸਵਾਰੀਆਂ ਦੇ ਬਹਿਣ ਲਈ ਗੱਡੇ ਬੈਂਚ ਉਤੇ ਜਾ ਢੱਠਾ। ਉਥੇ ਕੋਈ ਕੁਮੈਂਟਰੀ ਕਰਨ ਵਾਲਾ ਨਹੀਂ ਸੀ। ਕਿਲਾ ਰਾਏਪੁਰ ਦਾ ਦਾਰਾ ਸਿੰਘ ਗਰੇਵਾਲ ਹੁੰਦਾ ਤਾਂ ਆਪਣੇ ਅੰਦਾਜ਼ `ਚ ਕਹਿੰਦਾ, “ਆਹ ਗੱਡ-ਤਾ ਪ੍ਰਿੰਸੀਪਲ ਆਲਾ ਵੀ ਅਰਲਾਕੋਟ! ਮਾਰਿਆ ਮੱਕੀ ਦੇ ਪੂਲੇ ਅੰਗੂੰ ਵਗਾਹ ਕੇ। ਬਣਾ-ਤਾ ਕਲਹਿਰੀ ਮੋਰ …।” ਉਹਨੇ ਦਰਸ਼ਕਾਂ ਦਾ ਚਿੱਤ ਪਰਚਾਈ ਜਾਣਾ ਸੀ ਮੇਰਾ ਭਾਵੇਂ ਕੂੰਡਾ ਹੋ ਜਾਂਦਾ। ਕਬੱਡੀ ਦੇ ਕੁਮੈਂਟੇਟਰ ਡਿੱਗੇ ਪਏ ਖਿਡਾਰੀਆਂ `ਤੇ ਇੰਜ ਈ ਖੇੜਦੇ ਨੇ!

ਭੂਸਰੇ ਸਾਨ੍ਹ ਤੋਂ ਬਚਣ ਲਈ ਮੈਂ ਤੇਜ਼ੀ ਨਾਲ ਬੈਂਚ ਦੇ ਦੂਜੇ ਪਾਸੇ ਹੋ ਗਿਆ ਤੇ ਹੋਰ ਢੁੱਡਾਂ ਖਾਣ ਤੋਂ ਬਚ ਗਿਆ। ਜਿਨ੍ਹਾਂ ਨੇ ਮੈਨੂੰ ਡਿਗਦਿਆਂ ਵੇਖਿਆ ਸੀ ਉਹ ਦੌੜਦੇ ਆਏ। ਕੁੱਝ ਢੱਟੇ ਮਗਰ ਪੈ ਗਏ ਤੇ ਕੁੱਝ ਮੇਰੇ ਉਦਾਲੇ ਹੋ ਗਏ। ਇੱਕ ਜਣਾ ਕਹੀ ਜਾਵੇ, “ਇਹ ਸਰਕਾਰੀ ਸਾਨ੍ਹ ਹਰ ਰੋਜ਼ ਈ ਕਿਸੇ ਨਾ ਕਿਸੇ ਨੂੰ ਢਾਹੁੰਦੈ। ਕੱਲ੍ਹ ਦਿਆਲਾ ਢਾਹ ਲਿਆ ਸੀ ਪਰਸੋਂ ਨਿਹਾਲਾ। ਲੈ ਅੱਜ ਚੰਗਾ ਭਲਾ ਪ੍ਰੋਫੈਸਰ ਈ ਸਿੱਟ ਲਿਆ। ਹੁਣ ਸਾਲਾ ਪਤਾ ਨੀ ਕਿਧਰ ਭੱਜ ਗਿਆ? ਜੇ ਇਹਨੂੰ ਜਾਨੋਂ ਮਾਰਦੇ ਆਂ ਤਾਂ ਊਂ ਅੰਦਰ ਹੁੰਨੇ ਆਂ।”

ਮੈਂ ਆਪਣੇ ਆਪ ਉਠ ਖੜ੍ਹਾ ਹੋਇਆ। ਸਰੀਰ ਨੂੰ ਛੰਡ ਕੇ ਵੇਖਿਆ ਤਾਂ ਖੱਬੇ ਹੱਥ ਤੋਂ ਬਿਨਾਂ ਹੋਰ ਕਿਧਰੇ ਕੋਈ ਖਾਸ ਜਰਬ ਨਹੀਂ ਸੀ ਆਈ ਲੱਗਦੀ। ਵੱਡਾ ਡਰ ਮੈਨੂੰ ਰੀੜ੍ਹ ਦੀ ਹੱਡੀ ਦਾ ਸੀ। ਕਈ ਸਾਲ ਪਹਿਲਾਂ ਮੇਰੇ ਲੱਕ ਨੂੰ ਬੈੱਲਟ ਲੱਗੀ ਰਹੀ ਸੀ। ਮੈਂ ਬਿਨਾਂ ਕਿਸੇ ਦੀ ਮਦਦ ਦੇ ਵਗ ਕੇ ਘਰ ਪਹੁੰਚਿਆ। ਹੱਥ ਉਤੇ ਫਰਿੱਜ ਦੀ ਬਰਫ ਰੱਖ ਲਈ। ਪਰਿਵਾਰ ਦੇ ਜੀਅ ਮੇਰੀ ਤੀਮਾਰਦਾਰੀ ਕਰਨ ਲੱਗੇ। ਪਰ ਮੈਂ ਠੀਕ ਠਾਕ ਸਾਂ। ਫਿਰ ਮੈਂ ਗੁਸਲਖਾਨੇ ਵਿੱਚ ਕਪੜੇ ਉਤਾਰ ਕੇ ਸ਼ੀਸ਼ੇ `ਚੋਂ ਆਪਣੇ ਜੁੱਸੇ ਨੂੰ ਨੀਝ ਨਾਲ ਵੇਖਿਆ। ਸਿਰਫ਼ ਹੱਥ ਉਤੇ ਰਗੜਾਂ ਸਨ ਤੇ ਪਿੱਠ ਵਿੱਚ ਦਰਦ ਸੀ। ਮੈਂ ਅੱਗੇ ਪਿੱਛੇ ਤੇ ਆਸੇ ਪਾਸੇ ਝੁਕ ਸਕਦਾ ਸਾਂ।

ਮੇਰੀ ਪੈਂਟ ਉਤੇ ਢੱਟੇ ਦੇ ਮੱਥੇ ਦੀ ਮਿੱਟੀ ਲੱਗੀ ਰਹਿ ਗਈ ਸੀ। ਉਹ ਕਿਤੇ ਗਿੱਲੀ ਮਿੱਟੀ `ਚ ਖੌਰੂ ਪਾਉਂਦਾ ਆਇਆ ਹੋਵੇਗਾ। ਮੈਂ ਕਿਹੜਾ ਉਹਨੂੰ ਵੇਖਿਆ ਸੀ? ਮਿੱਟੀ ਤੋਂ ਪਤਾ ਲੱਗਾ ਕਿ ਢੁੱਡ ਕਿਥੇ ਵੱਜੀ ਸੀ? ਇਹ ਰੀੜ੍ਹ ਦੀ ਹੱਡੀ ਤੋਂ ਕੁੱਝ ਹਿਠਾਂਹ ਸੀ, ਐਨ ਪਿੱਠ ਉਤੇ। ਢੁੱਡ ਥੋੜ੍ਹੀ ਜਿਹੀ ਉਪਰ ਵੱਜਦੀ ਤਾਂ ਰੀੜ੍ਹ ਦੀ ਹੱਡੀ ਦਾ ਜੜਾਕਾ ਪੈ ਸਕਦਾ ਸੀ। ਹੈਰਾਨੀ ਦੀ ਗੱਲ ਸੀ ਕਿ ਢੱਟੇ ਦੇ ਸਿੰਗ ਵੀ ਕਿਤੇ ਨਹੀਂ ਸਨ ਖੁੱਭੇ। ਸਾਰੇ ਰੱਬ ਦਾ ਸ਼ੁਕਰ ਮਨਾ ਰਹੇ ਸਨ ਜੀਹਨੇ ਮੈਨੂੰ ਹੱਥ ਦੇ ਕੇ ਬਚਾਇਆ ਸੀ। ਮੈਂ ਸੋਚਣ ਲੱਗਾ, “ਜੇ ਰੱਬ ਨੇ ਬਚਾਇਆ ਸੀ ਤਾਂ ਢੁੱਡ ਕੀਹਨੇ ਮਰਵਾਈ ਸੀ?”

ਅਸਲ ਵਿੱਚ ਮੇਰਾ ਜੁੱਸਾ ਭਖਿਆ ਹੋਇਆ ਸੀ ਤੇ ਮੈਂ ਰਵਾਂ ਰਵੀਂ ਅੱਗੇ ਨੂੰ ਵਗਿਆ ਜਾਂਦਾ ਸਾਂ। ਖੜ੍ਹਾ ਹੁੰਦਾ ਤਾਂ ਢੁੱਡ ਹੋਰ ਜ਼ੋਰ ਦੀ ਵੱਜਣੀ ਸੀ। ਮੇਰਾ ਬਚਾਅ ਕੁਦਰਤੀ ਹੋ ਗਿਆ ਸੀ ਜਿਸ ਵਿੱਚ ਰੱਬ ਦਾ ਕੋਈ ਦਖਲ ਨਹੀਂ ਸੀ। ਰਾਤ ਨੂੰ ਪਿਆ ਮੈਂ ਸੋਚੀ ਗਿਆ ਕਿ ਇਸ ਤਰ੍ਹਾਂ ਦੀ ਢੁੱਡ ਖਾ ਕੇ ਭਲਾ ਕਿੰਨਿਆਂ ਕੁ ਦਾ ਬਚਾਅ ਹੁੰਦਾ ਹੋਵੇਗਾ? ਮਨ `ਚ ਵਾਰ ਵਾਰ ਖਿਆਲ ਆਉਂਦਾ, ਜੇ ਮੇਰਾ ਚੂਲਾ ਟੁੱਟ ਜਾਂਦਾ? ਜੇ ਰੀੜ੍ਹ ਦੀ ਹੱਡੀ ਟੁੱਟ ਜਾਂਦੀ? ਜਿਹੜਾ ਦਸ ਵੀਹ ਸਾਲ ਜਿਊਣਾ ਸੀ ਕਿੰਨਾ ਔਖਾ ਹੁੰਦਾ? ਜਿਊਂਦਾ ਈ ਨਰਕ ਭੋਗਦਾ। ਮੈਂ ਕਹਿੰਦਾ, ਮੇਰੇ ਨਾਲੋਂ ਤਾਂ ਤਾਰੋ ਤੇ ਮਸਤ ਈ ਚੰਗੇ ਰਹੇ ਜਿਹੜੇ ਤੁਰਦੇ ਫਿਰਦੇ ਚਲਦੇ ਬਣੇ। ਨਾਲੇ ਇਹ ਕੈਨੇਡਾ ਤਾਂ ਹੈ ਨਹੀਂ ਸੀ ਬਈ ਵੱਜੀ ਸੱਟ ਦਾ ਮੁਆਵਜ਼ਾ ਮਿਲਦਾ ਤੇ ਮੁਫ਼ਤ ਇਲਾਜ ਹੁੰਦਾ। ਮੇਰਾ ਤਾਂ ਬੀਮਾ ਵੀ ਕੋਈ ਨਹੀਂ ਸੀ।

ਮੈਂ ਸੋਚੀ ਗਿਆ ਕਿ ਕੈਨੇਡਾ `ਚ ਤਾਂ ਕਈ ਬੰਦੇ ਜਾਣ ਬੁੱਝ ਕੇ ਈ ਝੂਠੀ ਮੂਠੀ ਦੀਆਂ ਸੱਟਾਂ ਮਰਵਾ ਬਹਿੰਦੇ ਨੇ ਬਈ ਵਿਹਲੇ ਬਹਿ ਕੇ ਵੈੱਲਫੇਅਰ ਲਵਾਂਗੇ। ਏਦੂੰ ਤਾਂ ਮੇਰੇ ਕੈਨੇਡਾ `ਚ ਈ ਸੱਟ ਵੱਜ ਜਾਂਦੀ। ਓਥੇ ਤਾਂ ਮੇਰੇ ਵਰਗੇ ਦੇ ਏਨੀ ਕੁ ਵੱਜੀ ਸੱਟ ਈ ਬਹੁਤ ਸੀ। ਸ਼ਾਇਦ ਮੈਂ ਵੀ ਕੈਨੇਡਾ ਦੇ ਕਈ ਵਿਹਲੜਾਂ ਵਾਂਗ ਥੋੜ੍ਹਾ ਬਹੁਤਾ ਪਖੰਡ ਕਰ ਲੈਂਦਾ ਤੇ ਛੇਤੀ ਕੀਤਿਆਂ ਉੱਠਦਾ ਈ ਨਾ। ਆਖੀ ਜਾਂਦਾ, “ਮੈਥੋਂ ਤਾਂ ਹਿੱਲਿਆ ਈ ਨੀ ਜਾਂਦਾ। ਰੀੜ੍ਹ ਦੀ ਹੱਡੀ ਭਾਰ ਈ ਨੀ ਝੱਲਦੀ।” ਤੇ ਐਵੇਂ ਈ ਬਹੁੜੀਆਂ ਪਾਈ ਜਾਂਦਾ। ਆਪੇ ਐਂਬੂਲੈਂਸ ਵਾਲੇ ਆ ਕੇ ਚੁੱਕਦੇ। ਆਪੇ ਵਕੀਲ ਕੇਸ ਲੜਦੇ।

ਫਿਰ ਮੈਨੂੰ ਖਿਆਲ ਆਇਆ ਕਿ ਕੈਨੇਡਾ `ਚ ਢੱਟੇ ਕਿਥੇ? ਓਥੇ ਤਾਂ ਅਗਲੇ ਕੱਤਿਆਂ ਨੂੰ ਵੀ ਸੰਗਲੀ ਪਾ ਕੇ ਰੱਖਦੇ ਆ। ਮਜਾਲ ਕੀ ਕੁੱਤਾ ਕਿਸੇ ਨੂੰ ਭੌਂਕ ਵੀ ਜਾਵੇ। ਵੱਢ ਬੈਠੇ ਤਾਂ ਅਗਲੇ ਸੂਅ ਕਰ ਦਿੰਦੇ ਆ। ਇਹੋ ਢੱਟਾ ਹੁੰਦਾ ਕਿਤੇ ਕੈਨੇਡਾ ਦੀ ਸਰਕਾਰ ਦਾ, ਕਲੇਮ ਕਰਨ ਦਾ ਸੁਆਦ ਆ ਜਾਂਦਾ ਤੇ ਵਾਰੇ ਨਿਆਰੇ ਹੋ ਜਾਂਦੇ। ਵਕੀਲਾਂ ਨੇ ਕਮਿਸ਼ਨ ਕਰ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਕੇਸ ਫੜਨਾ ਸੀ ਤੇ ਮੈਨੂੰ ਸਲਾਹ ਦੇਣੀ ਸੀ, ਬੱਸ ਪਿਆ ਈ ਰਹੀਂ, ਹਿੱਲੀਂ ਨਾ। ਜੇ ਹਿੱਲਣਾ ਈ ਪਿਆ ਤਾਂ `ਨ੍ਹੇਰੇ ਸਵੇਰੇ ਈ ਹਿੱਲੀਂ ਜੀਹਦਾ ਕਿਸੇ ਨੂੰ ਪਤਾ ਨਾ ਲੱਗੇ! ਕਹਿਣਾ ਸੀ, ਕੈਨੇਡਾ ਦੀ ਸਰਕਾਰ ਤੋਂ ਠੋਕ ਕੇ ਮੁਆਵਜ਼ਾ ਲਵਾਂਗੇ। ਪਰ ਮੈਨੂੰ ਤਾਂ ਮੇਰੇ ਆਪਣੇ ਪਿੰਡ ਦੇ ਸਰਕਾਰੀ ਢੱਟੇ ਨੇ ਢਾਹਿਆ ਸੀ। ਮੈਂ ਪੰਜਾਬ ਸਰਕਾਰ ਦਾ ਕੀ ਕਰਦਾ? ਮੇਰੀਆਂ ਇਹ ਸੋਚਾਂ ਉਦੋਂ ਮੁੱਕੀਆਂ ਜਦੋਂ ਮੈਨੂੰ ਨੀਂਦ ਆਈ।

ਬੰਤ ਸਿੱਧੂ, ਨਾਹਰ ਸਿੰਘ ਤੇ ਮਹਿੰਦਰ ਸੈਕਟਰੀ ਮੈਥੋਂ ਇੱਕ ਜਮਾਤ ਅੱਗੇ ਸਨ। ਉਨ੍ਹਾਂ ਨਾਲ ਮੇਰੀ ਗੂੜ੍ਹੀ ਦੋਸਤੀ ਸੀ। ਕਾਮਰੇਡ ਮਹਿੰਦਰ ਤਾਂ ਦਹਿਸ਼ਤੀ ਦੌਰ ਵਿੱਚ ਅਣਿਆਈ ਮੌਤੇ ਮਾਰਿਆ ਗਿਆ ਜਿਸ ਦਾ ਜ਼ਿਕਰ ਮੈਂ ‘ਮੌਤ ਦਾ ਪਹਿਰਾ’ ਵਾਲੇ ਕਾਂਡ ਵਿੱਚ ਕੀਤਾ ਹੈ। ਉੱਦਣ ਮੈਂ ਉਹਦੇ ਕੋਲ ਹੁੰਦਾ ਤਾਂ ਮੇਰਾ ਵੀ ਛੋਪ ਕੱਤਿਆ ਜਾਣਾ ਸੀ। ਬੰਤ ਦਹਿਸ਼ਤ ਦੇ ਦਿਨਾਂ `ਚ ਤਾਂ ਬਚ ਗਿਆ ਸੀ ਪਰ ਉਸ ਨੂੰ ਲੋੜੋਂ ਵੱਧ ਸ਼ਰਾਬ ਲੈ ਬੈਠੀ।

ਬੰਤ ਸਿੱਧੂ ਤੇ ਨਾਹਰ ਸਿੱਧੂ ਬੀ.ਏ.ਬੀ.ਟੀ.ਕਰ ਕੇ ਮਾਸਟਰ ਲੱਗ ਗਏ ਸਨ। ਪਿੱਛੋਂ ਉਨ੍ਹਾਂ ਦਾ ਅੰਨਜਲ ਉਨ੍ਹਾਂ ਨੂੰ ਕੈਨੇਡਾ ਤੇ ਇੰਗਲੈਂਡ ਲੈ ਗਿਆ ਸੀ। ਮੈਂ ਜਦੋਂ ਇੰਗਲੈਂਡ ਜਾਂਦਾ ਤਾਂ ਨਾਹਰ ਸਿੰਘ ਮੇਰਾ ਮੇਜ਼ਬਾਨ ਹੁੰਦਾ ਤੇ ਜਦੋਂ ਕੈਨੇਡਾ ਜਾਂਦਾ ਤਾਂ ਬੰਤ ਗੱਡੀ `ਤੇ ਚੜ੍ਹਾਈ ਫਿਰਦਾ। ਨਾਹਰ ਸਿੰਘ ਨੇ ਮੈਨੂੰ ਲੰਡਨ ਦੇ ਅਜਾਇਬ ਘਰ ਤੇ ਇੰਗਲੈਂਡ ਦੇ ਕਬੱਡੀ ਮੇਲੇ ਵਿਖਾਏ। ਉਸ ਨੇ ਆਪਣੇ ਭਾਣਜੇ ਦਲਜੀਤ ਸਿੰਘ ਜੌਹਲ ਤੇ ਕੁਲਦੀਪ ਸਿੰਘ ਜੌਹਲ ਨੂੰ ਅਮਰਦੀਪ ਮੈਮੋਰੀਅਲ ਕਾਲਜ ਦੇ ਜੀਵਨ ਮੈਂਬਰ ਬਣਵਾਇਆ ਜਿਨ੍ਹਾਂ ਨੇ ਕਾਲਜ ਨੂੰ ਦਸ ਹਜ਼ਾਰ ਪੌਂਡ ਦਾ ਦਾਨ ਦਿੱਤਾ। ਹੁਣ ਉਹ ਕੁੱਝ ਸਮੇਂ ਤੋਂ ਢਿੱਲਾ ਮੱਠਾ ਹੈ ਤੇ ਜਿਸ ਕਰਕੇ ਬਾਹਰ ਅੰਦਰ ਨਹੀਂ ਨਿਕਲਦਾ। ਉਹ ਪਿੰਡ ਚਕਰ ਦੇ ਟੂਰਨਾਮੈਂਟ ਦੀ ਖੁੱਲ੍ਹ ਕੇ ਮਦਦ ਕਰਦਾ ਰਿਹਾ।

ਬੰਤ ਵੈਨਕੂਵਰ ਲਾਗੇ ਐਬਟਸਫੋਰਡ ਆਪਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ ਜਿਥੇ ਦਿਲਜੀਤ ਕੌਰ ਤੋਂ ਲੈ ਕੇ ਜਗਜੀਤ ਚੂਹੜਚੱਕ ਤਕ ਫਿਲਮੀ ਕਲਾਕਾਰ ਤੇ ਸੰਤ ਸਿੰਘ ਸੇਖੋਂ, ਕੰਵਲ, ਪ੍ਰੀਤਮ ਸਿੱਧੂ ਤੇ ਨਿੰਦਰ ਘੁਗਿਆਣਵੀ ਵਰਗੇ ਲੇਖਕ ਗਾਹੇ ਬਗਾਹੇ ਠਹਿਰਦੇ ਰਹੇ। ਮੇਰਾ ਤਾਂ ਉਹ ਪੱਕਾ ਟਿਕਾਣਾ ਸੀ। ਬੰਤ ਨੇ ਕੈਨੇਡਾ ਵਿੱਚ ਮੇਰੀ ਪੁੱਜ ਕੇ ਮੇਜ਼ਬਾਨੀ ਕੀਤੀ। ਘੁਮਾਇਆ, ਫਿਰਾਇਆ ਤੇ ਬੜਾ ਕੁੱਝ ਵਿਖਾਇਆ। ਉਹ ਵੀ ਜਦੋਂ ਪੰਜਾਬ ਜਾਂਦਾ ਸੀ ਤਾਂ ਵਧੇਰੇ ਕਰ ਕੇ ਮੇਰੇ ਕੋਲ ਠਹਿਰਦਾ ਸੀ। ਉਸ ਨੇ ਆਪਣੇ ਪਿੰਡ ਚਕਰ ਦੇ ਸਕੂਲਾਂ ਦੀਆਂ ਇਮਾਰਤਾਂ ਲਈ ਆਪ ਵੀ ਤੇ ਹੋਰਨਾਂ ਤੋਂ ਵੀ ਲੱਖਾਂ ਰੁਪਿਆਂ ਦਾ ਯੋਗਦਾਨ ਪੁਆਇਆ। ਉਹ ਬੜਾ ਰੌਣਕੀ ਬੰਦਾ ਸੀ। ਜੀਹਦੇ ਘਰ ਜਾਂਦਾ ਸੀ ਹਾਸੇ ਖੇੜੇ ਦੀਆਂ ਬਹਾਰਾਂ ਲਿਆ ਦਿੰਦਾ ਸੀ। ਕਹਿੰਦਾ ਹੁੰਦਾ ਸੀ, ਬੰਦੇ ਨੂੰ ਅੱਧਾ ਸਿਆਣਾ ਤੇ ਅੱਧਾ ਕਮਲਾ ਹੋ ਕੇ ਜਿਊਣਾ ਚਾਹੀਦੈ। ਉਹ 2005 ਵਿੱਚ ਗੁਜ਼ਰ ਗਿਆ ਤੇ ਹੁਣ ਉਹਦੀਆਂ ਯਾਦਾਂ ਹੀ ਮੇਰੇ ਕੋਲ ਹਨ।

ਦਹਿਸ਼ਤੀ ਦਿਨਾਂ ਵਿੱਚ ਵੀ ਉਹ ਮੇਰੇ ਕੋਲ ਢੁੱਡੀਕੇ ਠਹਿਰਿਆ। ਉਸ ਨੇ ਕੁੱਝ ਜ਼ਮੀਨ ਵੇਚੀ ਸੀ ਤੇ ਉਸ ਕੋਲ ਰੁਪਿਆਂ ਦਾ ਭਰਿਆ ਝੋਲਾ ਸੀ। ਬੈਂਕ ਬੰਦ ਹੋ ਗਿਆ ਸੀ ਜਿਸ ਕਰਕੇ ਪੈਸੇ ਬੈਂਕ ਵਿੱਚ ਨਹੀਂ ਸਨ ਰੱਖੇ ਜਾ ਸਕੇ। ਇੱਕ ਦਿਨ ਪਹਿਲਾਂ ਚੂਹੜਚੱਕ ਤੋਂ ਰਾਤ ਨੂੰ ਕੁੱਝ ਟੱਬਰ ਅਗਵਾ ਕਰ ਲਏ ਗਏ ਸਨ। ਸਭ ਡਰੇ ਹੋਏ ਸਨ ਕਿ ਰਾਤ ਬਰਾਤੇ ਕੁੱਝ ਵੀ ਹੋ ਸਕਦਾ ਹੈ। ਉਹਨਾਂ ਦਿਨਾਂ `ਚ ਮੈਨੂੰ ਵੀ ਜਰਨੈਲ ਸਿੰਘ ਹਲਵਾਰਾ ਦੇ ਨਾਂ ਦੀ ਬਰੰਗ ਚਿੱਠੀ ਮਿਲੀ ਸੀ ਕਿ ਐਨੇ ਪੈਸੇ ਫਲਾਣੇ ਥਾਂ ਰੱਖ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ। ਮਹਿੰਦਰ ਕੋਲੋਂ ਰਿਵਾਲਵਰ ਲੈਣ ਆਏ ਅੱਤਵਾਦੀ ਉਸ ਨੂੰ ਮਾਰ ਗਏ ਸਨ। ਅਸੀਂ ਰਾਤ ਨੂੰ ਇਹੋ ਗੱਲਾਂ ਕਰਦੇ ਸੁੱਤੇ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਆਪਣੇ ਕੋਲ ਰੁਪਈਆਂ ਦਾ ਭਰਿਆ ਝੋਲਾ ਹੈ ਤਾਂ ਆਪਣੀ ਵੀ ਖ਼ੈਰ ਨਹੀਂ।

ਉਹੀ ਗੱਲ ਹੋਈ। ਅੱਧੀ ਰਾਤ ਦੇ ਕਰੀਬ ਇੱਕ ਟਰੱਕ ਬੀਹੀ ਵਿੱਚ ਆ ਕੇ ਰੁਕਿਆ। ਉਹਦੀਆਂ ਲਾਈਟਾਂ ਬੁਝ ਗਈਆਂ ਤੇ ਇੰਜਣ ਦੀ ਆਵਾਜ਼ ਬੰਦ ਹੋ ਗਈ। ਟਰੱਕ ਦੀ ਦੂਰੋਂ ਆਉਂਦੀ ਆਵਾਜ਼ ਨਾਲ ਹੀ ਸਾਡੀ ਨੀਂਦ ਟਲ ਗਈ ਸੀ। ਉਨ੍ਹੀਂ ਦਿਨੀਂ ਇੰਜ ਹੀ ਅੱਧੀ ਰਾਤ ਟਰੱਕ ਆਉਂਦੇ ਸਨ ਤੇ ਪੌੜੀ ਰਾਹੀਂ ਹਥਿਆਰਬੰਦ ਗ੍ਰੋਹ ਘਰਾਂ `ਚ ਉੱਤਰ ਕੇ ਘਰਾਂ ਦੇ ਜੀਆਂ ਨੂੰ ਅਗਵਾ ਕਰ ਲੈਂਦੇ ਸਨ। ਕਿਸੇ ਨੂੰ ਮਾਰ ਦਿੰਦੇ ਤੇ ਕਿਸੇ ਨੂੰ ਲੁੱਟ ਖੋਹ ਕੇ ਬਖ਼ਸ਼ ਦਿੰਦੇ। ਪੁਲਿਸ ਡਰਦੀ ਠਾਣਿਆਂ `ਚੋਂ ਨਹੀਂ ਸੀ ਨਿਕਲਦੀ। ਕੁੱਤੇ ਵੀ ਨਹੀਂ ਸਨ ਭੌਂਕਦੇ। ਉੱਦਣ ਵੀ ਟਰੱਕ ਆਏ ਤੋਂ ਕੁੱਤੇ ਨਹੀਂ ਸਨ ਭੌਂਕੇ। ਅਸੀਂ ਬੱਲਬ ਦੀ ਮੱਧਮ ਲੋਅ ਵਿੱਚ ਇੱਕ ਦੂਜੇ ਵੱਲ ਵੇਖਿਆ ਪਰ ਖੌਫ਼ ਨਾਲ ਚੁੱਪ ਕਰ ਕੇ ਪਏ ਰਹੇ। ਉਡੀਕ ਕਰਨ ਲੱਗੇ ਕਿ ਹੁਣ ਪੌੜੀ ਲਾਉਣਗੇ ਤੇ ਛੱਤ ਉਤੋਂ ਦੀ ਉਤਰਨਗੇ। ਰਜਿਸਟਰੀ ਵੇਲੇ ਲਏ ਪੈਸਿਆਂ ਦਾ ਜ਼ਰੂਰ ਪਤਾ ਲੱਗ ਗਿਆ ਹੋਵੇਗਾ। ਅਗਲਿਆਂ ਦੇ ਬੰਦੇ ਤਸੀਲਾਂ ਵਿੱਚ ਵੀ ਛੱਡੇ ਹੁੰਦੇ ਐ। ਹੁਣ ਕਿਵੇਂ ਬਚੀਏ?

ਬੰਤ ਜਕੋਤਕੇ ਵਿੱਚ ਕੈਨੇਡਾ ਤੋਂ ਆਇਆ ਸੀ। ਘਰ ਦੇ ਆਉਣ ਨਹੀਂ ਸਨ ਦਿੰਦੇ ਕਿ ਪੰਜਾਬ ਵਿੱਚ ਤਾਂ ਕੇਸਾਂ ਵਾਲਿਆਂ ਦੀ ਵੀ ਖ਼ੈਰ ਨਹੀਂ, ਉਹਦਾ ਤਾਂ ਸਿਰ ਵੀ ਮੁੰਨਿਆ ਹੋਇਆ ਸੀ। ਮੁੰਨੇ ਸਿਰ ਵਾਲੇ ਨੂੰ ਤਾਂ ਅਗਲੇ ਭਾਲਦੇ ਫਿਰਦੇ ਸਨ ਤੇ ਬੱਸਾਂ `ਚੋਂ ਲਾਹ ਕੇ ਮਾਰ ਦਿੰਦੇ ਸਨ। ਬੰਤ ਨੇ ਜ਼ਮੀਨ ਵੇਚਣੀ ਸੀ ਤੇ ਪੈਸੇ ਲੈ ਕੇ ਪੰਜਾਂ ਸੱਤਾਂ ਦਿਨਾਂ ਵਿੱਚ ਵਾਪਸ ਮੁੜ ਜਾਣਾ ਸੀ। ਬਾਹਰ ਨਿਕਲਣ ਵੇਲੇ ਬਚਾਅ ਲਈ ਉਹ ਸਿਰ ਦੁਆਲੇ ਕੇਸਰੀ ਪਰਨਾ ਵਲ੍ਹੇਟਣ ਲੱਗ ਪਿਆ ਸੀ। ਪਰ ਹੁਣ ਤਾਂ ਕੇਸਰੀ ਪਰਨਾ ਵੀ ਕਿਸੇ ਕੰਮ ਨਹੀਂ ਸੀ ਆਉਣਾ। ਅਗਲਿਆਂ ਨੇ ਕਹਿਣਾ ਸੀ ਪਖੰਡ ਕਰਦੈ। ਰਾਤੀਂ ਸੌਣ ਲੱਗੇ ਅਸੀਂ ਹੱਸਦੇ ਰਹੇ ਸਾਂ ਕਿ ਖਾੜਕੂਆਂ ਦੇ ਅੜਿੱਕੇ ਆ ਗਏ ਤਾਂ ਮੈਂ ਕੇਸ ਦਾੜ੍ਹੀ ਨਾਲ ਬਚ ਜਾਵਾਂਗਾ ਪਰ ਉਹ ਘੋਨੇ ਸਿਰ ਨਾਲ ਰਗੜਿਆ ਜਾਵੇਗਾ। ਉਦੋਂ ਕੀ ਪਤਾ ਸੀ ਕਿ ਹੋਰ ਦੋ ਘੰਟਿਆਂ ਤਕ ਇਹੋ ਕੁੱਝ ਹੋਣ ਵਾਲਾ ਸੀ। ਹੋਣੀ ਸਿਰ `ਤੇ ਆ ਪਹੁੰਚੀ ਸੀ।

ਬੰਤ ਜਦੋਂ ਰੰਗ `ਚ ਹੁੰਦਾ ਤਾਂ ਆਪਣੀ ਇੱਕ ਸਾਖੀ ਆਮ ਸੁਣਾਇਆ ਕਰਦਾ ਸੀ। ਕੈਨੇਡਾ ਤੋਂ ਆ ਕੇ ਇੱਕ ਵਾਰ ਉਹ ਬਾਘੇ ਪੁਰਾਣੇ ਦੇ ਬੱਸ ਅੱਡੇ `ਚ ਖੜ੍ਹਾ ਸੀ। ਮੋਟੇ ਤਾਜ਼ੇ ਜੁੱਸੇ ਤੇ ਵਾਹੇ ਸੁਆਰੇ ਪਟਿਆਂ ਨਾਲ ਉਹ ਰੱਜਿਆ ਪੁੱਜਿਆ ਸੇਠ ਲੱਗ ਰਿਹਾ ਸੀ। ਕੋਲ ਖੜ੍ਹੀ ਇੱਕ ਸਵਾਰੀ ਨੇ ਪੁੱਛ ਲਿਆ, “ਲਾਲਾ ਜੀ ਕਿਥੇ ਜਾਣੈ?” ਬੰਤ ਕਹਿਣ ਲੱਗਾ, “ਇਹ ਤਾਂ ਮੈਨੂੰ ਵੀ ਪਤਾ ਨੀ ਬਈ ਮੈਂ ਕਿਥੇ ਜਾਣੈ?” ਸਵਾਰੀ ਹੈਰਾਨ ਹੋਈ ਕਹਿਣ ਲੱਗੀ, “ਭਾਈ ਸਾਹਿਬ, ਬੱਸ ਅੱਡੇ `ਚ ਖੜ੍ਹੇ ਓਂ। ਇਹ ਕਿਵੇਂ ਹੋ ਸਕਦੈ ਕਿ ਪਤਾ ਨਾ ਹੋਵੇ ਬਈ ਕਿਥੇ ਜਾਣੈ?”

ਬੰਤ ਨੂੰ ਦੱਸਣਾ ਪਿਆ, “ਗੱਲ ਇਓਂ ਐਂ। ਜੇ ਕੋਟਕਪੂਰੇ ਤੋਂ ਬੱਸ ਆਗੀ ਤਾਂ ਮੈਂ ਉਹਦੇ `ਤੇ ਚੜ੍ਹ-ਜੂੰ ਤੇ ਰਾਤ ਮੋਗੇ ਜਾ ਕੱਟੂੰ। ਜੇ ਮੋਗੇ ਤੋਂ ਆਗੀ ਤਾਂ ਪੰਜਗਰਾਂਈਏਂ ਜਾ ਰਹੂੰ। ਜੇ ਖੁਦਾ ਨਾ ਖਾਸਤਾ ਨਿਹਾਲੇਆਲੇ ਜਾਣ ਨੂੰ ਆਗੀ ਤਾਂ ਆਪਣੇ ਸਹੁਰੀਂ ਨੰਗਲ ਜਾ ਰਾਤ ਕੱਟੂੰ। ਸਕੀਰੀਆਂ ਆਪਣੀਆਂ ਸਾਰੇ ਪਾਸੀਂ ਆ।” ਸਵਾਰੀ ਨੇ ਕਿਹਾ, “ਰਾਤ ਈ ਕੱਟਣੀ ਐਂ ਤਾਂ ਮੇਰੇ ਨਾਲ ਈ ਚਲਿਆ ਚੱਲ। ਨਾਲੇ ਖਾਵਾਂ ਪੀਵਾਂਗੇ ਨਾਲੇ ਗੱਲਾਂ ਕਰਾਂਗੇ।”

ਬੰਤ ਦਾ ਪਹਿਲਾਂ ਹੀ ਪਊਆ ਲਾਇਆ ਹੋਇਆ ਸੀ। ਉਹ ਕਹਿਣ ਲੱਗਾ, “ਗੱਲ ਤਾਂ ਤੇਰੀ ਠੀਕ ਐ। ਮੈਂ ਤੇਰੇ ਨਾਲ ਈ ਤੁਰ ਪੈਂਦਾ ਜੇ ਮੈਂ ਤੈਨੂੰ ਜਾਣਦਾ ਹੁੰਦਾ ਤੇ ਤੂੰ ਮੈਨੂੰ ਜਾਣਦਾ ਹੁੰਦਾ। ਹੁਣ ਤਾਂ ਆਪਾਂ ਦੋਹੇਂ ਈ ਘਾਟੇ `ਚ ਰਹਾਂਗੇ।” ਸਵਾਰੀ ਪੁੱਛਣ ਲੱਗੀ, “ਉਹ ਕਿਵੇਂ?” ਬੰਤ ਦੱਸਣ ਲੱਗਾ, “ਜੇ ਮੈਂ ਤੇਰੇ ਨਾਲ ਤੁਰ ਪਵਾਂ ਤਾਂ ਤੂੰ ਮੈਨੂੰ ਪਿਆਵੇਂਗਾ, ਖੁਆਵੇਂਗਾ ਤੇ ਸੁਆਵੇਂਗਾ। ਸੌਂ ਕੇ ਜਦੋਂ ਮੈਂ ਘੁਰਾੜੇ ਮਾਰਨ ਲੱਗਾ ਤਾਂ ਤੇਰੇ ਮਨ `ਚ ਆਊ ਬਈ ਸੇਠ ਦੇ ਝੋਲੇ ਵਿੱਚ ਪਤਾ ਨੀ ਕਿੰਨਾ ਕੁ ਮਾਲ ਹੋਊ? ਤੇਰੇ ਮਨ `ਚ ਲਾਲਚ ਆ-ਜੂ। ਸੁੱਤੇ ਪਏ ਬੰਦੇ ਨੂੰ ਮਾਰਨ ਦਾ ਕੀ ਐ? ਤੂੰ ਕੋਈ ਤਿੱਖੀ ਚੀਜ਼ ਚੱਕੇਂਗਾ ਤੇ ਢਿੱਡ `ਚ ਖੁਭੋ ਕੇ ਮੈਨੂੰ ਪਾਰ ਬੁਲਾਵੇਂਗਾ। ਝੋਲਾ ਫੋਲੇਂਗਾ ਤਾਂ ਵਿਚੋਂ ਨਿਕਲੂ ਪੌਣੀ ਬੋਤਲ ਤੇ ਇੱਕ ਕੁੜਤਾ ਪਜਾਮਾ। ਉਹ ਵੀ ਤੇਰੇ ਮੇਚ ਨੀ ਆਉਣੇ। ਹੁਣ ਮੇਰਾ ਭਾਰ ਕੁਇੰਟਲ ਤੋਂ ਉਤੇ ਐ। ਲਾਸ਼ ਕਹਿੰਦੇ ਹੋਰ ਵੀ ਭਾਰੀ ਹੋ ਜਾਂਦੀ ਐ। ਉਹ ਤੈਥੋਂ `ਕੱਲੇ ਤੋਂ ਬਿਲੇ ਨੀ ਲੱਗਣੀ। ਮੇਰੀ ਜਾਨ ਜਾਂਦੀ ਰਹੂ ਤੇ ਤੈਨੂੰ ਫਾਂਸੀ ਲੱਗੂ …।” ਤਦ ਤਕ ਮੋਗੇ ਨੂੰ ਜਾਣ ਵਾਲੀ ਬੱਸ ਆ ਗਈ। ਉਹ ਸਵਾਰੀ ਨੂੰ ਕਹਿਣ ਲੱਗਾ, “ਤੂੰ ਪੁੱਛਿਆ ਸੀ ਬਈ ਮੈਂ ਕਿਥੇ ਜਾਣਾ? ਲੈ ਹੁਣ ਮੈਂ ਦੱਸ ਦਿੰਨਾਂ ਬਈ ਮੈਂ ਮੋਗੇ ਚੱਲਿਐਂ।”

ਉੱਦਣ ਤਾਂ ਝੋਲੇ ਵਿੱਚ ਪੌਣੀ ਬੋਤਲ ਹੀ ਸੀ ਪਰ ਅੱਜ ਤਾਂ ਝੋਲਾ ਨੋਟਾਂ ਨਾਲ ਭਰਿਆ ਹੋਇਆ ਸੀ। ਹੱਸ ਹੱਸ ਗੱਲਾਂ ਕਰਨ ਵਾਲਿਆਂ ਦੇ ਸਾਡੇ ਸਾਹ ਸੂਤੇ ਗਏ ਸਨ। ਮੌਤ ਬੂਹੇ ਉਤੇ ਖੜ੍ਹੀ ਸੀ। ਤਦੇ ਟਰੱਕ ਫਿਰ ਸਟਾਰਟ ਹੋਇਆ, ਬੱਤੀਆਂ ਫਿਰ ਜਗੀਆਂ ਤੇ ਉਹ ਜਿਧਰੋਂ ਆਇਆ ਸੀ ਉਧਰ ਈ ਮੁੜ ਗਿਆ। ਜਿਵੇਂ ਜਰਨੈਲ ਸਿੰਘ ਹਲਵਾਰੇ ਦੀ ਚਿੱਠੀ ਨਕਲੀ ਨਿਕਲ ਜਾਣ ਕਰਕੇ ਮੇਰੀ ਜਾਨ ਵਿੱਚ ਜਾਨ ਆਈ ਸੀ ਉਵੇਂ ਅੱਧੀ ਰਾਤੀਂ ਟਰੱਕ ਮੁੜ ਜਾਣ ਉਤੇ ਬੰਤ ਦਾ ਹਾਸਾ ਫਿਰ ਪਰਤ ਆਇਆ ਸੀ। ਜਾਹ ਜਾਂਦੀ ਹੋਣੋ ਬਚ ਗਈ ਸੀ ਤੇ ਬੰਤ ਬਾਘੇ ਪੁਰਾਣੇ ਦੇ ਬੱਸ ਅੱਡੇ ਵਾਲੀ ਸਾਖੀ ਫਿਰ ਸੁਣਾਉਣ ਲੱਗ ਪਿਆ ਸੀ।

ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਜਥੇ ਨੂੰ ਮੈਂ ਨਿੱਕਾ ਹੁੰਦਾ ਵੇਖਦਾ ਤੇ ਸੁਣਦਾ ਰਿਹਾ ਸਾਂ। ਉਹ ਸਾਡੇ ਪਿੰਡ ਪੋਹ ਸੁਦੀ ਸੱਤਵੀਂ ਦੇ ਨਗਰ ਕੀਰਤਨ ਉਤੇ ਆਉਂਦੇ। ਉਨ੍ਹਾਂ ਦੀ ਕਵੀਸ਼ਰੀ ਦੇ ਬੋਲ ਸਾਡੇ ਬਾਲ ਮਨਾਂ ਉਤੇ ਉਕਰੇ ਜਾਂਦੇ। ਬੜੀ ਉੱਚੀ ਆਵਾਜ਼ ਹੁੰਦੀ ਸੀ ਰਣਜੀਤ ਸਿੰਘ ਸਿੱਧਵਾਂ ਦੀ। ਉਹ ਕੰਨ `ਤੇ ਹੱਥ ਰੱਖ ਕੇ ਦੋਹਰਾ ਲਾਉਂਦਾ। ਫਿਰ ਪਾਰਸ ਤੇ ਚੰਦ ਸਿੰਘ ਜੰਡੀ `ਕੱਠੇ ਅਤੇ ਰਣਜੀਤ ਸਿੰਘ `ਕੱਲਾ ਵਾਰੀ ਵਾਰੀ ਬੰਦ ਸੁਣਾਉਂਦੇ। ਬਾਹਾਂ ਕੱਢ ਕੇ ਕਵੀਸ਼ਰੀ ਕਰਦੇ-ਲੱਗਜੇ ਸਭਾ `ਚ ਫੁੱਲਝੜੀ ਛੰਦਾਂ ਦੀ …। ਕਦੇ ਗਾਉਂਦੇ-ਭਰਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ `ਚ … ਤੇ ਕਦੇ-ਬਿਨ ਵਿੱਦਿਆ ਦੇ ਹੈ ਕਰਤੂਤਾਂ ਪਸ਼ੂਆਂ ਦੀਆਂ `ਨ੍ਹੇਰਾ ਢੋਣੇ ਭਾਰਤ ਵਰਸ਼ ਦੀਆਂ …।

ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਦਾ ਪਰਵਾਸੀ ਬਣਿਆ ਤਾਂ ਟੋਰਾਂਟੋ ਦੇ ਬਰੈਂਪਟਨ ਸ਼ਹਿਰ ਵਿੱਚ ਮੇਰਾ ਅੱਧੀ ਸਦੀ ਬਾਅਦ ਕਰਨੈਲ ਸਿੰਘ ਪਾਰਸ ਨਾਲ ਮੇਲ ਗੇਲ ਹੋਣ ਲੱਗਾ। ਅਸੀਂ ਦੋਂਹ ਚਹੁੰ ਹਫ਼ਤੀਂ ਸ਼ਾਮ ਨੂੰ ਮਿਲਦੇ। ਉਸ ਦੀਆਂ ਗੱਲਾਂ ਬੜੀਆਂ ਦਿਲਚਸਪ ਹੁੰਦੀਆਂ। ਕਮਾਲ ਦੀ ਯਾਦ ਸ਼ਕਤੀ ਸੀ ਉਸ ਦੀ। ਜੁਆਨੀ ਵੇਲੇ ਦੇ ਜੋੜੇ ਛੰਦ ਬੁੱਢੇਵਾਰੇ ਵੀ ਜ਼ੁਬਾਨੀ ਯਾਦ ਸਨ। ਲੋਰ ਵਿੱਚ ਆਇਆ ਉਹ ਮੈਨੂੰ ਮੇਰੇ ਪਿੰਡ ਦੀਆਂ ਗੁੱਝੀਆਂ ਗੱਲਾਂ ਦੱਸਣ ਲੱਗ ਪੈਂਦਾ। ਨਗਰ ਕੀਰਤਨ ਪਿੱਛੋਂ ਜੀਹਦੇ ਜੀਹਦੇ ਘਰ ਦਾਰੂ ਪੀਣ ਦੀਆਂ ਮਹਿਫ਼ਲਾਂ ਲਾਈਆਂ ਹੁੰਦੀਆਂ ਉਨ੍ਹਾਂ ਦੀ ਕਥਾ ਕਰਦਾ। ਫਿਰ ਉਨ੍ਹਾਂ ਦਾ ਹਾਲ ਚਾਲ ਪੁੱਛਦਾ। ਪੁੱਛਦਾ ਮੱਲ ਦਾ ਤੇ ਮਿੱਕਰ ਦਾ ਕੀ ਹਾਲ ਐ? ਨਾਲੇ ਸਰਪੰਚ ਲੱਖਾ ਸਿਓਂ ਦਾ। ਉਨ੍ਹਾਂ ਚੋਂ ਜਿਊਂਦੇ ਤਾਂ ਘੱਟ ਹੀ ਹੁੰਦੇ। ਜਦੋਂ ਮੈਂ ਉਨ੍ਹਾਂ ਦੇ ਮਰਨ ਬਾਰੇ ਦੱਸਦਾ ਤਾਂ ਉਹ ਅਫਸੋਸ ਕਰਦਾ ਕਹਿੰਦਾ, “ਬੰਦੇ ਬੜੇ ਰੌਣਕੀ ਸੀ। ਪੀਣ ਖਾਣ ਦੀ ਤੇ ਗੱਲਾਂ ਦੀ ਲੜੀ ਨੀ ਸੀ ਟੁੱਟਣ ਦਿੰਦੇ।” ਮੈਂ ਮਨ `ਚ ਕਹਿੰਦਾ, “ਕੋਈ ਨਾ ਬਾਪੂ, ਆਪਣਾ ਅਫਸੋਸ ਵੀ ਲੋਕ ਇਹੋ ਜਿਹੀਆਂ ਗੱਲਾਂ ਕਰ ਕੇ ਈ ਕਰਨਗੇ!”

ਉਹਦੀਆਂ ਕੁੱਝ ਅਲੋਕਾਰ ਗੱਲਾਂ ਪਾਠਕਾਂ ਨਾਲ ਕਰਨ ਨੂੰ ਦਿਲ ਕਰ ਆਇਆ ਹੈ। ਉਸ ਨੇ ਸਾਰੀ ਉਮਰ ਰੱਜ ਕੇ ਦਾਰੂ ਪੀਤੀ ਤੇ ਦੱਬ ਕੇ ਕਵੀਸ਼ਰੀ ਕੀਤੀ। ਇੱਕ ਵਾਰ ਸੱਤ ਦਿਨ ਤਾਪ ਚੜ੍ਹਿਆ ਰਿਹਾ ਪਰ ਉਹ ਸ਼ਰਾਬ ਪੀ ਕੇ ਸੱਤੇ ਦਿਨ ਅਖਾੜਾ ਲਾਉਂਦਾ ਰਿਹਾ। ਇੱਕ ਵਾਰ ਉਹ ਰਾਮੂਵਾਲੇ ਤੋਂ ਦੌੜ ਕੇ ਹੀ ਮੁਕਤਸਰ ਚਲਾ ਗਿਆ ਸੀ। ਉਹ ਕਿਸੇ ਸਕੂਲ ਵਿੱਚ ਨਹੀਂ ਸੀ ਪੜ੍ਹਿਆ। ਇੱਕ ਸਾਧ ਤੋਂ ਗੁਰਮੁਖੀ ਦੇ ਅੱਖਰ ਸਿੱਖੇ ਅਤੇ ਅਨੇਕਾਂ ਕਿੱਸੇ ਤੇ ਪ੍ਰਸੰਗ ਲਿਖੇ। ਮੋਗੇ ਦੇ ਕਿਸ਼ਨ ਸਿੰਘ ਹਮੀਰ ਸਿੰਘ ਨੂੰ ਚਾਹ ਦੀ ਬਾਟੀ ਬਦਲੇ ਦਿੱਤਾ ਕਿੱਸਾ ‘ਦਹੂਦ ਬਾਦਸ਼ਾਹ’ ਪੌਣੇ ਦੋ ਲੱਖ ਤੋਂ ਉਤੇ ਵਿਕਿਆ। ਸਾਰੇ ਕਿੱਸੇ ਤੇ ਪ੍ਰਸੰਗ ਤਾਂ ਦਸ ਲੱਖ ਤੋਂ ਵੀ ਵੱਧ ਵਿਕੇ ਹੋਣਗੇ। ਉਨ੍ਹਾਂ ਦੇ ਰਿਕਾਰਡ ਵੀ ਲੱਖਾਂ ਦੀ ਗਿਣਤੀ ਵਿੱਚ ਵਿਕੇ।

ਪਾਰਸ ਨੇ ਮੱਦੋਕੇ ਦੇ ਗੁਰਦਵਾਰੇ `ਚੋਂ ਅੰਮ੍ਰਿਤ ਛਕਿਆ ਸੀ ਪਰ ਸਿੰਘਾਂ ਵਾਲਾ ਕਛਹਿਰਾ ਇੱਕ ਦਿਨ ਵੀ ਨਹੀਂ ਸੀ ਪਾਇਆ। ਇੱਕ ਵਾਰ ਬੁਰਜ ਕਲਾਰੇ ਦੇ ਗੁਰਦਵਾਰੇ ਦਿਵਾਨ ਲਾਉਣ ਗਿਆ ਤਾਂ ਰਾਤ ਨੂੰ ਉਹਦੀ ਚੋਰੀ ਫੜੀ ਗਈ। ਉਹ ਉਹਦੇ ਸਿਰ੍ਹਾਣੇ ਥੱਲੇ ਰੱਖੀ ‘ਪ੍ਰੀਤ ਲੜੀ’ ਸੀ। ਫਿਰ ਉਸ ਨੂੰ ਨਾਸਤਕ ਸਮਝ ਕੇ ਗੁਰਦਵਾਰੇ `ਚੋਂ ਕੱਢ ਦਿੱਤਾ ਗਿਆ।

>

ਜਦੋਂ ਉਹਦੀ ਸ਼ਰਾਬ ਮੂਲੋਂ ਵਧ ਗਈ ਤਾਂ ਮੋਗੇ ਦੇ ਇੱਕ ਹਕੀਮ ਨੇ ਪੰਜਾਹ ਕੁ ਸਾਲ ਦੀ ਉਮਰ `ਚ ਬਿਮਾਰ ਹੋਏ ਪਾਰਸ ਨੂੰ ਕਿਹਾ ਸੀ-ਜੇ ਬਚਣਾ ਤਾਂ ਸ਼ਰਾਬ ਪੀਣੀ ਛੱਡ ਦੇ। ਉਸ ਨੇ ਪੀਣੀ ਛੱਡ ਦਿੱਤੀ ਪਰ ਜਦੋਂ ਮਰਨ ਲੱਗਾ ਤਾਂ ਫਿਰ ਪੀ ਬੈਠਾ ਬਈ ਹੁਣ ਕਾਹਦਾ ਡਰ ਐ! ਮਰਨ ਦੀ ਥਾਂ ਉਹ ਨੱਬੇ ਸਾਲਾਂ ਨੂੰ ਤਾਂ ਟੱਪ ਹੀ ਗਿਐ ਤੇ ਕੋਈ ਪਤਾ ਨਹੀਂ ਹੋਰ ਕਿੰਨਾ ਚਿਰ ਪੀਵੇ ਤੇ ਜੀਵੇ!

ਉਸ ਦੇ ਸਿਆਸਤਦਾਨ ਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਨੇ ਪਾਰਸ ਦੇ 90ਵੇਂ ਜਨਮ ਦਿਨ `ਤੇ ਕਿਹਾ ਸੀ ਕਿ ਮੋਗੇ ਤੋਂ ਜਗਰਾਵਾਂ ਵਾਲੀ ਸੜਕ `ਤੇ ਓਨੇ ਡਰੰਮ ਲੁੱਕ ਦੇ ਨੀ ਪਏ ਹੋਣੇ ਜਿੰਨੇ ਡਰੰਮ ਸਾਡਾ ਬਾਪੂ ਸ਼ਰਾਬ ਦੇ ਪੀ ਗਿਆ ਹੋਵੇਗਾ! ਐਡੀਆਂ ਵੱਡੀਆਂ ਗੱਲਾਂ ਕਰਨੀਆਂ ਵੀ ਉਹਨੇ ਆਪਣੇ ਬਾਪੂ ਤੋਂ ਹੀ ਸਿੱਖੀਐਂ। ਕਵੀਸ਼ਰਾਂ ਦੀ ਗੱਲ ਸੁਣੀ ਹੀ ਤਦ ਜਾਂਦੀ ਹੈ ਜੇ ਉਹ ਵਧਾ ਚੜ੍ਹਾ ਕੇ ਸੁਣਾਉਣ।

ਕਰਨੈਲ ਸਿੰਘ ਪਾਰਸ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਹੀ ਟ੍ਰੇਲਰ ਵਿਖਾ ਦਿੱਤਾ ਸੀ ਕਿ ਕੈਨੇਡਾ ਆ ਕੇ ਮੈਂ ਮਣ ਪੱਕਾ ਤਾਂ ਪੀ ਗਿਆ ਹੋਊਂ ਸ਼ਹਿਦ ਤੇ ਕੁਇੰਟਲ ਖਾ ਗਿਆ ਹੋਊਂ ਸੌਗੀ! ਮੈਂ ਮਨ `ਚ ਕਿਹਾ ਸੀ, “ਹਈ ਸ਼ਾਬਾਸ਼ੇ! ਜੇ ਮਣ ਮਣ ਦੀਆਂ ਗੱਲਾਂ ਕਵੀਸ਼ਰ ਨਹੀਂ ਕਰਨਗੇ ਤਾਂ ਅਸੀਂ ਕਿਥੋਂ ਕਰਾਂਗੇ? ਕਵੀਸ਼ਰ ਤਾਂ ਮਾੜੇ ਮੋਟੇ ਨਹੀਂ ਮਾਣ, ਪਾਰਸ ਤਾਂ ਫਿਰ ਵੀ ਸਾਡਾ ਸ਼੍ਰੋਮਣੀ ਕਵੀਸ਼ਰ ਐ!” ਅਜੇ ਉਹਨੇ ਪੌਣੀ ਸਦੀ `ਚ ਪੀਤੀ ਦਾਰੂ ਦਾ ਹਿਸਾਬ ਦੱਸਣ ਲੱਗਣਾ ਸੀ ਪਰ ਮੈਂ ਗੱਲਾਂ ਦਾ ਰੁਖ ਹੋਰ ਪਾਸੇ ਮੋੜਦਿਆਂ ਪੁੱਛਿਆ ਸੀ, “ਥੋਡੇ ਜਥੇ ਨੂੰ ਕਿੰਨੇ ਪੈਸੇ ਮਿਲਦੇ ਸੀ `ਖਾੜਾ ਲਾਉਣ ਦੇ? ਵੰਡ ਵੰਡਾਈ ਕਿਵੇਂ ਕਰਦੇ ਸੀ?”

ਉਸ ਨੇ ਦੱਸਿਆ ਸੀ ਕਿ ਪਹਿਲਾਂ ਉਹਨਾਂ ਦੇ ਜਥੇ ਨੂੰ ਇੱਕ `ਖਾੜੇ ਦੇ ਸੱਠ ਰੁਪਏ ਮਿਲਦੇ ਸੀ। ਦਸ ਸਾਲ ਸੱਠ ਰੁਪਏ ਈ ਭਾਅ ਰਿਹਾ ਤੇ ਨਾਲ ਇੱਕ ਬੋਤਲ। ਸੱਠਾਂ `ਚੋਂ ਵੀਹ ਰੁਪਏ ਰਣਜੀਤ ਦੇ, ਸਾਢੇ ਸਤਾਰਾਂ ਚੰਦ ਦੇ ਤੇ ਸਾਢੇ ਬਾਈ ਉਸ ਦੇ ਹਿੱਸੇ ਆਉਂਦੇ ਸੀ। ਉਤਲੇ ਢਾਈ ਰੁਪਏ ਛੰਦ ਜੋੜਨ ਦਾ ਬੋਨਸ ਸੀ। ਉਹ ਕਿਹਾ ਕਰਦਾ ਸੀ, ਮੈਨੂੰ ਗਾਲ੍ਹ ਲੱਗੇ ਜੇ ਮੈਂ ਜੇਬ `ਚ ਪੈਸੇ ਹੁੰਦਿਆਂ ਕਿਸੇ ਹੋਰ ਨੂੰ ਸ਼ਰਾਬ `ਤੇ ਖਰਚਣ ਦੇਵਾਂ। ਆਮ ਜੱਟ ਦਸ ਦਿਨ `ਕੱਠੇ ਨੀ ਕੱਟ ਸਕਦੇ ਪਰ ਪਾਰਸ ਦੇ ਜਥੇ ਵਿੱਚ ਤਿੰਨ ਜੱਟਾਂ ਨੇ ਚਾਲੀ ਵਰ੍ਹੇ `ਕੱਠਿਆਂ ਕਵੀਸ਼ਰੀ ਕੀਤੀ। ਉਹ `ਕੱਠੇ ਖਾਂਦੇ ਪੀਂਦੇ ਰਹੇ ਪਰ ਕਦੇ ਕੋਈ ਝਗੜਾ ਝੇੜਾ ਨੀ ਕੀਤਾ। ਜੀਹਦੇ ਘਰ ਦਾ ਖਾਣਾ ਖਾਂਦੇ ਉਨ੍ਹਾਂ ਦੀ ਨੂੰਹ ਧੀ ਦਾ ਸਿਰ ਪਲੋਸਦਿਆਂ ਬਣਦਾ ਸਰਦਾ ਪਿਆਰ ਦੇ ਜਾਂਦੇ। ਫਿਰ ਉਹ ਘਰ ਉਨ੍ਹਾਂ ਦੇ ਆਉਣ ਜਾਣ ਦਾ ਪੜਾਅ ਬਣ ਜਾਂਦਾ।

ਪਾਰਸ ਮੈਨੂੰ ਦੱਸਦਾ ਕਿ ਹੁਣ ਮੈਂ ਬੰਧੇਜ `ਚ ਦਾਰੂ ਪੀਨਾਂ। ਡਾਕਟਰ ਨੇ ਸੱਤਰ ਐੱਮ.ਐੱਲ.ਬੰਨ੍ਹੀ ਐਂ ਪਰ ਮੈਂ ਪਝੰਤਰ ਪਾ ਲੈਨਾਂ। ਡਾਕਟਰ ਕਿਹੜਾ ਕੋਲ ਬੈਠਾ ਦੇਖਦਾ? ਇਹ ਢਾਈ ਔਂਸ ਬਣਦੀ ਐ। ਆਏ ਗਏ ਤੋਂ ਦਸ ਪੰਦਰਾਂ ਐੱਮ.ਐੱਲ.ਦਾ ਲਾਲਚ ਹੋਰ ਹੋ ਜਾਂਦੈ। ਉਹ ਮੈਨੂੰ ਫੋਨ ਕਰਦਾ ਕਿ ਕਈ ਦਿਨ ਹੋ ਗਏ ਮਿਲੇ ਨੂੰ। ਜਦੋਂ ਲੋਟ ਲੱਗੇ ਆ ਜੀਂ, ਪਰ ਆਈਂ ਆਥਣ ਨੂੰ। ਮੈਂ ਸੈਰ ਕਰਦਾ ਚਲਾ ਜਾਂਦਾ। ਜਦੋਂ ਸੱਤ ਵੱਜਦੇ ਤਾਂ ਉਹ ਮੇਜ਼ ਦਾ ਦਰਾਜ਼ ਖੋਲ੍ਹਦਾ, ਬੇਬੀ ਆਇਲ ਵਾਲੀ ਪਲਾਸਟਿਕ ਦੀ ਲੰਮੀ ਪਤਲੀ ਸ਼ੀਸ਼ੀ ਕੱਢਦਾ ਜੀਹਦੇ `ਚ ‘ਸ਼ਕਤੀ ਵਾਟਰ’ ਭਰਿਆ ਹੁੰਦਾ। ਫਿਰ ਸ਼ੀਸ਼ੀ ਦਾ ਲੱਕ ਘੁੱਟ ਕੇ ਔਂਸਾਂ ਤੇ ਮਿਲੀਲੀਟਰਾਂ ਦੇ ਲਾਲ ਨਿਸ਼ਾਨ ਵਾਲੇ ਮੱਗ `ਚ ਧਾਰਾਂ ਮਾਰਦਾ ਤੇ ਚਾਨਣ ਵੱਲ ਮੱਗ ਕਰ ਕੇ ਵੇਖਦਾ ਕਿ ਪਝੰਤਰ ਮਿਲੀਲੀਟਰ ਤੋਂ ਘੱਟ ਤਾਂ ਨਹੀਂ? ਫਿਰ ਇੱਕ ਧਾਰ ਹੋਰ ਮਾਰ ਕੇ ਕਹਿੰਦਾ, “ਚੱਲ ਇਹ ਬੋਨਸ ਸਹੀ। ਅੱਜ ਤੂੰ ਮਿਲਣ ਆ ਗਿਐਂ, ਅੱਜ ਨੱਬੇ ਮਿਲੀਲੀਟਰ ਹੀ ਸਹੀ।” ਪਰ ਹੁੰਦੀ ਉਹ ਸੌ ਮਿਲੀਲੀਟਰ ਸੀ। ਲਾਲ ਲਕੀਰ ਸਾਫ ਦਿਸਦੀ ਸੀ।

26 ਜੂਨ 2006 ਨੂੰ ਆਪਣਾ ਨੱਬੇਵਾਂ ਜਨਮ ਦਿਨ ਕੈਨੇਡਾ `ਚ ਮਨਾ ਕੇ ਉਹ ਮੌਜ ਨਾਲ ਮਰਨ ਲਈ ਰਾਮੂਵਾਲੇ ਚਲਾ ਗਿਆ। ਸਿਆਣੇ ਬਿਆਣੇ ਪਰਵਾਸੀ ਇਸ ਤਰ੍ਹਾਂ ਹੀ ਕਰਦੇ ਹਨ। ਮੈਨੂੰ ਵੀ ਮਰਨਾ ਨੇੜੇ ਦਿਸਿਆ ਤਾਂ ਸ਼ਾਇਦ ਮੈਂ ਵੀ ਏਵੇਂ ਈ ਕਰਾਂ। ਪਰਦੇਸਾਂ `ਚ ਮਰਨ ਦਾ ਉਹ ਸੁਖ ਕਿਥੇ ਜੋ ਜੰਮਣ ਵਾਲੇ ਦੇਸ਼ `ਚ ਮਿਲਦੈ! ਪਰਦੇਸਾਂ `ਚ ਮਰਨ ਵਾਲਿਆਂ ਦੇ ਤਾਂ ਮਗਰਲਿਆਂ ਨੂੰ ਵੀ ਦੋ ਦੋ ਮਰਨੇ ਕਰਨੇ ਪੈਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਵੀ ਮਰਨ ਹੋ ਜਾਂਦੈ। ਦੇਸ਼ `ਚ ਇਕੋ ਮਰਨੇ ਨਾਲ ਸਰ ਜਾਂਦਾ ਤੇ ਮਰਨਾ ਵੀ ਵਿਦੇਸ਼ਾਂ ਵਾਂਗ ਮਹਿੰਗਾ ਨਹੀਂ ਪੈਂਦਾ। ਨਾ ਦੇਹ ਦੀ ਸਾਂਭ ਸੰਭਾਲ ਤੇ ਨਾ ਕੋਈ ਢੋਆ ਢੁਆਈ!

ਪਿਛਲੇ ਸਿਆਲ ਮੈਂ ਤੇ ਕਬੱਡੀ ਦਾ ਕੁਮੈਂਟੇਟਰ ਮੱਖਣ ਸਿੰਘ ਬਿਮਾਰ ਪਏ ਪਾਰਸ ਦਾ ਹਾਲ ਚਾਲ ਪੁੱਛਣ ਰਾਮੂਵਾਲੇ ਗਏ। ਉਹ ਬੜੇ ਤਿਹੁ ਤਪਾਕ ਨਾਲ ਮਿਲਿਆ। ਹੱਥ ਵੀ ਚੁੰਮੇ ਤੇ ਮੱਥਾ ਵੀ ਚੁੰਮਿਆ। ਪਰ ਕੰਨਾਂ ਨੂੰ ਲਾਈ ਮਸ਼ੀਨ ਨਾਲ ਵੀ ਉਹਨੂੰ ਚੱਜ ਨਾਲ ਨਹੀਂ ਸੀ ਸੁਣਦਾ। ਫਿਰ ਉਹ ਸਾਨੂੰ ਖਾਂਦਿਆਂ ਪੀਂਦਿਆਂ ਨੂੰ ਵੇਖਦਾ ਰਿਹਾ। ਕਦੇ ਕਦੇ ਕਿਸੇ ਗੱਲ ਦਾ ਹੁੰਘਾਰਾ ਵੀ ਭਰ ਦਿੰਦਾ ਜਿਵੇਂ ਗੱਲ ਸੁਣ ਗਈ ਹੋਵੇ। ਅਸੀਂ ਵਿਦਾ ਹੋਣ ਲੱਗੇ ਤਾਂ ਉਸ ਨੇ ਹਉਕੇ ਵਰਗਾ ਲੰਮਾ ਸਾਹ ਲੈ ਕੇ ਕਿਹਾ, “ਸਰਵਣ ਸਿਆਂ, ਜ਼ਿੰਦਗੀ ਜਿਊਣ ਦਾ ਸੁਆਦ ਉਦੋਂ ਤਕ ਈ ਐ ਜਦੋਂ ਤੱਕ ਸੁਆਦ ਬਣੇ ਰਹਿਣ। ਜਦੋਂ ਸੁਆਦ ਈ ਮਰ ਜਾਣ ਫਿਰ ਕਾਹਦਾ ਜੀਣਾ?”

ਮੈਨੂੰ ਕਿਸੇ ਦਾਨਸ਼ਵਰ ਦਾ ਕਿਹਾ ਕਥਨ ਯਾਦ ਆਇਆ ਕਿ ਜੀਵਨ ਦਾ ਆਧਾਰ ਡੀਜ਼ਾਇਰ ਯਾਨੀ ਖ਼ਾਹਿਸ਼ ਹੈ। ਡੀਜ਼ਾਇਰ ਨੂੰ ਇੱਛਾਵਾਂ ਤੋਂ ਲੈ ਕੇ ਰੀਝਾਂ ਤੇ ਚਾਵਾਂ ਤਕ ਜਿੰਨੇ ਮਰਜ਼ੀ ਨਾਂ ਦਿੱਤੇ ਜਾ ਸਕਦੇ ਹਨ। ਪੂਰਬ ਵਾਲੇ ਇਛਾਵਾਂ ਨੂੰ ਮਾਰਨ ਤੇ ਸਵਰਗ ਸਿਧਾਰਨ ਉਤੇ ਜ਼ੋਰ ਦਿੰਦੇ ਆ ਰਹੇ ਹਨ ਜਦ ਕਿ ਪੱਛਮ ਵਾਲੇ ਇਛਾਵਾਂ ਦੀ ਪੂਰਤੀ ਲਈ ਜੋ ਨਹੀਂ ਸੋ ਕਰ ਰਹੇ ਹਨ। ਦੁਖੀ ਉਹ ਵੀ ਹਨ ਤੇ ਦੁਖੀ ਇਹ ਵੀ ਹਨ। ਸੁਖੀ ਉਹ ਹਨ ਜੋ ਇਛਾਵਾਂ ਨੂੰ ਜ਼ਾਬਤੇ `ਚ ਰੱਖਦੇ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਮੁਕਤੀ ਪ੍ਰਾਪਤ ਕਰਦੇ ਹਨ।

* * *

17 ਜੁਲਾਈ 2004 ਨੂੰ ਮੈਂ ਯੋਗੀ ਹਰਭਜਨ ਸਿੰਘ ਦੇ ਦਰਸ਼ਨ ਕੀਤੇ ਸਨ। ਉਹ ਪਲੰਘ ਉਤੇ ਪਿਆ ਸੀ। ਸਫੈਦ ਵਸਤਰਾਂ ਵਿੱਚ ਲਿਪਟਿਆ ਤੇ ਪੈਰਾਂ `ਤੇ ਪੱਟੀਆਂ ਬੱਝੀਆਂ ਹੋਈਆਂ। ਦਰਸ਼ਨ ਅਭਿਲਾਸ਼ੀਆਂ ਨੂੰ ਦੱਸਿਆ ਜਾਂਦਾ ਸੀ ਕਿ ਕੋਈ ਉਸ ਦੇ ਪੈਰ ਨਾ ਛੋਹੇ। ਉਸ ਨੂੰ ਕੋਈ ਨਾਮੁਰਾਦ ਰੋਗ ਸੀ ਜਿਸ ਦਾ ਲੰਮਾ ਇਲਾਜ ਚੱਲ ਰਿਹਾ ਸੀ। ਕਮਰਾ ਕਾਫੀ ਖੱਲ੍ਹਾ ਸੀ ਤੇ ਗੁੰਬਦਨੁਮਾ ਛੱਤ `ਚੋਂ ਨਿੱਘੀ ਰੌਸ਼ਨੀ ਪੈਂਦੀ ਸੀ। ਉਸ ਦੀਆਂ ਅੱਖਾਂ ਸਾਹਮਣੇ ਗੁਰੂ ਰਾਮਦਾਸ ਜੀ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਵੱਡਅਕਾਰੀ ਚਿੱਤਰ ਸਨ। ਗੁਰਬਾਣੀ ਦਾ ਪਾਠ ਤੇ ਕੀਰਤਨ ਧੀਮੀ ਸੁਰ `ਚ ਹੁੰਦਾ ਰਹਿੰਦਾ ਸੀ।

ਅਸੀਂ ‘ਖੇਡ ਸੰਸਾਰ’ ਮੈਗਜ਼ੀਨ ਲਈ ਮਾਇਕ ਸਹਾਇਤਾ `ਕੱਠੀ ਕਰਨ ਦੇ ਟੂਰ ਉਤੇ ਸਾਂ। ਮੇਰੇ ਨਾਲ ਸੰਤੋਖ ਸਿੰਘ ਮੰਡੇਰ ਤੇ ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਵੀ ਸੀ। ਬੇਕਰਜ਼ਫੀਲਡ ਵਾਲੇ ਨਾਜ਼ਰ ਸਿੰਘ ਕੂਨਰ ਨਾਲ ਅਸੀਂ ਵੀ ਯੋਗੀ ਦੇ ਮੁੰਡੇ ਦੇ ਵਿਆਹ `ਚ ਸ਼ਾਮਲ ਹੋਣ ਲਈ ਨਿਊ ਮੈਕਸੀਕੋ ਦੇ ਸ਼ਹਿਰ ਐਸਪੀਨੋਲਾ ਚਲੇ ਗਏ। ਕੂਨਰ ਨੇ ਯੋਗੀ ਦੇ ਕਮਰੇ `ਚ ਚਿੱਟ ਭੇਜੀ ਤਾਂ ਸਾਨੂੰ ਅੰਦਰ ਬੁਲਾ ਲਿਆ ਗਿਆ। ਅੰਦਰ ਗਏ ਤਾਂ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਤਰਲੋਚਣ ਸਿੰਘ, ਸੰਤ ਦਲਜੀਤ ਸਿੰਘ ਸ਼ਿਕਾਗੋ, ਪੰਜਾਬੀ ਯੂਨੀਵਰਸਿਟੀ ਵਾਲਾ ਪ੍ਰੋ.ਬਲਕਾਰ ਸਿੰਘ ਤੇ ਕੁੱਝ ਹੋਰ ਸੱਜਣ ਬੈਠੇ ਸਨ। ਅਸੀਂ ਫਤਿਹ ਬੁਲਾਈ ਤਾਂ ਯੋਗੀ ਨੇ ਸਾਨੂੰ ਸਿਆਣ ਲਿਆ। ਕੂਨਰ ਤਾਂ ਮਿਲਦਾ ਹੀ ਰਹਿੰਦਾ ਸੀ, ਮੈਂ ਦੂਜੀ ਵਾਰ ਮਿਲ ਰਿਹਾ ਸਾਂ ਤੇ ਸੰਤੋਖ ਮੰਡੇਰ ਨੇ ਕਈ ਵਾਰ ਉਸ ਦੇ ਫੋਟੋ ਖਿੱਚੇ ਸਨ। ਮੰਡੇਰ ਨੇ ਫਿਰ ਫੋਟੋ ਖਿੱਚਣ ਦੀ ਆਗਿਆ ਮੰਗੀ ਤਾਂ ਯੋਗੀ ਨੇ ਮੁਸਕਰਾਂਦਿਆਂ ਕਿਹਾ, “ਟੌਹੜਾ ਫੋਟੋ ਖਿਚਾ ਕੇ ਮਰ ਗਿਆ ਸੀ, ਵੇਖਿਓ ਕਿਤੇ ਮੇਰੇ ਨਾਲ ਵੀ ਓਹੀ ਨਾ ਹੋਵੇ?”

ਉਸ ਦੇ ਇਨ੍ਹਾਂ ਬੋਲਾਂ ਨਾਲ ਕਮਰੇ ਦਾ ਮਾਹੌਲ ਹਾਸੇ ਖੇੜੇ ਨਾਲ ਭਰ ਗਿਆ। ਯੋਗੀ ਵੀ ਖੁੱਲ੍ਹ ਕੇ ਹੱਸਿਆ ਜਿਸ ਨਾਲ ਉਸ ਦੀਆਂ ਅੱਖਾਂ ਚਮਕ ਉੱਠੀਆਂ। ਮੰਡੇਰ ਨੇ ਕੈਮਰਾ ਫੋਕਸ ਕਰ ਲਿਆ ਤੇ ਯੋਗੀ ਨੇ ਵੀ ਸਿਰ੍ਹਾਣੇ ਦੀ ਮਦਦ ਨਾਲ ਸਿਰ ਉੱਚਾ ਕੀਤਾ। ਸਾਡੇ ਕੋਲ ਆਪਣੇ ਮੈਗਜ਼ੀਨ ‘ਖੇਡ ਸੰਸਾਰ’ ਦੀ ਕਾਪੀ ਸੀ। ਮੈਂ ਮੈਗਜ਼ੀਨ ਯੋਗੀ ਜੀ ਨੂੰ ਭੇਂਟ ਕੀਤਾ ਤਾਂ ਉਸ ਨੇ ਪਿਆਰ ਨਾਲ ਸਿਰ ਪਲੋਸਦਿਆਂ ਅਸ਼ੀਰਵਾਦ ਦਿੱਤੀ ਕਿ ਇਹ ਵਧੇ ਫੁੱਲੇ। ਜੁਆਨੀ ਵਿੱਚ ਉਹ ਵੀ ਤਕੜਾ ਖਿਡਾਰੀ ਰਿਹਾ ਸੀ। ਉਸ ਨੇ ਕਿਹਾ ਕਿ ਖੇਡਾਂ ਦੇ ਇਸ ਮੈਗਜ਼ੀਨ ਰਾਹੀਂ ਚੰਗੀ ਸਿਹਤ ਦਾ ਸੁਨੇਹਾ ਦੇਣਾ।

ਅਸੀਂ ਅੱਧਾ ਕੁ ਘੰਟਾ ਉਥੇ ਬੈਠੇ। ਸਾਰਾ ਸਮਾਂ ਉਹ ਗੜ੍ਹਕੇ ਨਾਲ ਗੱਲਾਂ ਕਰਦਾ ਰਿਹਾ। ਉਸ ਦੀ ਆਵਾਜ਼ ਵਿੱਚ ਗੂੰਜ ਸੀ ਤੇ ਹਾਸੇ ਵਿੱਚ ਖੇੜਾ ਸੀ। ਲੱਗਦਾ ਈ ਨਹੀਂ ਸੀ ਕਿ ਬੰਦਾ ਬਿਮਾਰ ਹੈ। ਉਹਦੀਆਂ ਮੋਟੀਆਂ ਅੱਖਾਂ ਸੁਨੇਹੇ ਦਿੰਦੀਆਂ ਜਾਪਦੀਆਂ ਸਨ। ਲੰਮਾ ਸਫੈਦ ਦਾਹੜਾ ਛਾਤੀ ਉਤੇ ਪਸਰਿਆ ਹੋਇਆ ਸੀ। ਅਸੀਂ ਵਿਆਹ ਦੀਆਂ ਵਧਾਈਆਂ ਦੇ ਕੇ ਤੇ ਜਲਦ ਸਿਹਤਯਾਬੀ ਦੀ ਕਾਮਨਾ ਕਰ ਕੇ ਵਿਦਾ ਲਈ। ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਪਰਲੋਕ ਸਿਧਾਰ ਗਿਆ। ਕੁਦਰਤ ਦੇ ਲੇਖੇ ਵੀ ਲੱਖੀਂ ਹਨ। ਪਾਰਸ ਪਿਆਕੜ ਹੋਣ ਦੇ ਬਾਵਜੂਦ ਨੱਬੇ ਸਾਲਾਂ ਤੋਂ ਉਤੇ ਜਿਓਂ ਰਿਹੈ ਜਦ ਕਿ ਯੋਗੀ ਹਰਭਜਨ ਸਿੰਘ, ਯੋਗੀ ਹੋ ਕੇ ਵੀ ਪਝੰਤਰ ਸਾਲ ਹੀ ਜਿਓਂ ਸਕਿਆ! ਇਹੋ ਗੱਲ ਸਕਾਚ ਦੇ ਦੋ ਪੈੱਗ ਲਾਉਣ ਵਾਲੇ ਖੁਸ਼ਵੰਤ ਸਿੰਘ ਦੀ ਹੈ। ਉਹ ਮਰ ਗਿਆਂ ਦੀਆਂ ਗੱਲਾਂ ਤਾਂ ਕਰੀ ਜਾ ਰਿਹੈ ਪਰ ਆਪ ਮਰਦਾ ਮਰਦਾ ਵੀ ਨਹੀਂ ਮਰ ਰਿਹਾ। ਮੌਤ ਮੇਰੀ ਦਹਿਲੀਜ਼ `ਤੇ ਲਿਖ ਕੇ ਵੀ ਮੌਤ ਨੂੰ ਚੋਰ ਭੁਲਾਈ ਦੇਈ ਜਾ ਰਿਹੈ!

ਯੋਗੀ ਭਜਨ ਦਾ ਜਨਮ 28 ਅਗੱਸਤ 1929 ਨੂੰ ਜ਼ਿਲ੍ਹਾ ਗੁਜਰਾਂਵਾਲੇ ਵਿੱਚ ਹੋਇਆ ਸੀ। ਬਚਪਨ ਵਿੱਚ ਆਮ ਮੁੰਡਿਆਂ ਵਾਂਗ ਸ਼ਰਾਰਤਾਂ ਕੀਤੀਆਂ। ਗੁਜਰਾਂਵਾਲੇ, ਡਲਹੌਜ਼ੀ ਤੇ ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ। ਹਾਕੀ ਫੁਟਬਾਲ ਖੇਡਣ ਤੇ ਬੀ.ਏ.ਕਰਨ ਪਿੱਛੋਂ ਦਿੱਲੀ ਕਸਟਮ ਵਿਭਾਗ ਵਿੱਚ ਨੌਕਰੀ ਕਰ ਲਈ। ਬੀਬੀ ਇੰਦਰਜੀਤ ਕੌਰ ਨਾਲ ਵਿਆਹ ਕਰਾਇਆ ਤੇ ਤਿੰਨ ਬੱਚਿਆਂ ਦਾ ਬਾਪ ਬਣਿਆ। 1969 ਵਿੱਚ ਕਸਟਮ ਦੀ ਨਾਵੇਂ ਵਾਲੀ ਨੌਕਰੀ ਨੂੰ ਲੱਤ ਮਾਰ ਕੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਜਾ ਪੁੱਜਾ ਤੇ ਫਿਰ ਕੈਲੇਫੋਰਨੀਆ ਚਲਾ ਗਿਆ। ਉਹ ਛੋਟੇ ਹੁੰਦਿਆਂ ਹੀ ਕੁੰਡਲਿਨੀ ਯੋਗਾ ਦਾ ਮਾਹਿਰ ਬਣ ਗਿਆ ਸੀ। ਪਹਿਲਾਂ ਉਸ ਨੇ ਕੈਨੇਡਾ ਤੇ ਪਿੱਛੋਂ ਅਮਰੀਕਾ ਵਿੱਚ ਯੋਗਾ ਦੀਆਂ ਕਲਾਸਾਂ ਲਾਈਆਂ, ਲੈਕਚਰ ਕੀਤੇ ਤੇ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗਾ।

ਉਸ ਨੇ `ਕੱਲਿਆਂ ਏਨਾ ਕੰਮ ਕੀਤਾ ਜਿੰਨਾ ਸਿੱਖਾਂ ਦੀ ਕਿਸੇ ਸੰਸਥਾ ਨੇ ਵੀ ਨਹੀਂ ਕੀਤਾ। ਧਰਤੀ ਦੇ ਦੂਜੇ ਪਾਸੇ ਉਸ ਨੇ ਸਿੱਖ ਧਰਮ ਦਾ ਅਜਿਹਾ ਬੂਟਾ ਲਾਇਆ ਜੋ ਵਧ ਫੁੱਲ ਰਿਹੈ। ਹਜ਼ਾਰਾਂ ਗੋਰੇ ਗੋਰੀਆਂ ਸਿੱਖ ਧਰਮ ਦੇ ਪੈਰੋਕਾਰ ਬਣ ਚੁੱਕੇ ਹਨ। ਕਾਲੀ ਨਸਲ ਦੇ ਲੋਕ ਵੀ ਸਿੱਖ ਧਰਮ ਗ੍ਰਹਿਣ ਕਰਨ ਲੱਗ ਪਏ ਹਨ। ਇਹ ਯੋਗੀ ਹਰਭਜਨ ਸਿੰਘ ਦਾ ਕ੍ਰਿਸ਼ਮਾ ਹੈ ਕਿ ਅਮਰੀਕਾ ਦੀ ਰਿਆਸਤ ਨਿਊ ਮੈਕਸੀਕੋ ਦਾ ਸ਼ਹਿਰ ਐਸਪੀਨੋਲਾ ਸਿੱਖਾਂ ਦਾ ਦੂਜਾ ਅੰਮ੍ਰਿਤਸਰ ਬਣਦਾ ਜਾ ਰਿਹੈ। ਅਸੀਂ ਉਸ ਸ਼ਹਿਰ ਦੇ ਗੇੜੇ ਕੱਢਦਿਆਂ ਮਹਿਸੂਸ ਕੀਤਾ ਜਿਵੇਂ ਪੰਜਾਬ ਦੇ ਹੀ ਕਿਸੇ ਧਰਮ ਸਥਾਨ ਦੀ ਯਾਤਰਾ ਕਰ ਰਹੇ ਹੋਈਏ। ਉਥੋਂ ਦੀ ਸਥਾਨਕ ਭਾਸ਼ਾ ਸਪੈਨਿਸ਼ ਹੈ। ਗੋਰੇ ਦਾੜ੍ਹੀਆਂ ਰੱਖੀ ਤੇ ਪੱਗਾਂ ਬੰਨ੍ਹੀ ਫਿਰਦੇ ਅਤੇ ਗੋਰੀਆਂ ਪੰਜਾਬੀ ਪੁਸ਼ਾਕਾਂ ਪਾਈ ਚੁੰਨੀਆਂ ਲਈ ਫਿਰਦੀਆਂ ਹਨ। ਉਹ ਇੱਕ ਦੂਜੇ ਨੂੰ ਮਿਲਣ ਸਮੇਂ ਫਤਿਹ ਬੁਲਾਉਂਦੇ ਹਨ ਅਤੇ ਕਾਰਾਂ ਵਿੱਚ ਗੁਰਬਾਣੀ ਦੇ ਸ਼ਬਦ ਤੇ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਹਨ।

ਉਥੇ ਗੁਰੂ ਰਾਮਦਾਸ ਭਵਨ ਬਣਿਆ ਹੋਇਆ ਹੈ ਜਿਸ ਦੇ ਦਰਵਾਜ਼ੇ ਉਤੇ ਲਿਖਿਆ ਹੈ-ਸਿੱਖ ਧਰਮਾ ਆਫ਼ ਨਿਊ ਮੈਕਸੀਕੋ। ਅੱਗੇ ਲਿਖਿਆ ਹੈ-ਵੈਲਕਮ ਟੂ ਦਾ ਐਂਡ ਆਫ਼ ਅਰਥ। ਉਥੇ ਸਿੰਘਾਂ ਦੀ ਤੋਪ ਪਈ ਹੈ, ਖੰਡੇ ਵਾਲਾ ਨਿਸ਼ਾਨ ਸਾਹਿਬ ਝੂਲ ਰਿਹੈ ਤੇ ਨਾਲ ਹੀ ਅਮਰੀਕਾ ਦਾ ਝੰਡਾ ਲਹਿਰਾ ਰਿਹੈ। ਅਕਾਲ ਸਕਿਉਰਿਟੀ ਦੇ ਦਫਤਰ ਹਨ ਜਿਸ ਦੇ ਸਕਿਉਰਿਟੀ ਗਾਰਡਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਪੰਜਾਬ ਦੀਆਂ ਟਾਹਲੀਆਂ ਤੇ ਨਿੰਮਾਂ ਵਰਗੇ ਰੁੱਖ ਹਨ ਜਿਨ੍ਹਾਂ ਵਿੱਚ ਮੋਰ ਪੈਲਾਂ ਪਾਉਂਦੇ ਹਨ। ਯੋਗੀ ਵੱਲੋਂ ਚਲਾਈਆਂ ਕਾਰਪੋਰੇਸ਼ਨਾਂ ਤੇ ਕੰਪਨੀਆਂ ਹਨ ਜਿਨ੍ਹਾਂ ਦਾ ਅਰਬਾਂ ਰੁਪਏ ਦਾ ਕਾਰੋਬਾਰ ਹੈ। ਉਸ ਨੇ ਸਿੱਖੀ ਦਾ ਦਾਇਰਾ ਵਧਾਇਆ ਜੋ ਸਮੇਂ ਦੀ ਲੋੜ ਸੀ। ਸਮੇਂ ਦੀ ਮੰਗ ਹੈ ਕਿ ਸਿੱਖ ਧਰਮ ਨੂੰ ਯੋਗੀ ਹਰਭਜਨ ਸਿੰਘ ਵਾਲੀ ਸਿੱਖੀ ਦੀ ਮਾਡਰਨ ਛੋਹ ਦਿੱਤੀ ਜਾਵੇ।

1995 ਵਿੱਚ ਜਦੋਂ ਮੈਂ ਯੋਗੀ ਨੂੰ ਪਹਿਲੀ ਵਾਰ ਲਾਸ ਏਂਜਲਸ ਵਿੱਚ ਮਿਲਿਆ ਸਾਂ ਤਾਂ ਉਸ ਨੇ ਬੜੀਆਂ ਖੁੱਲ੍ਹੀਆਂ ਗੱਲਾਂ ਕੀਤੀਆਂ ਸਨ। ਉਸ ਦੀਆਂ ਗੱਲਾਂ ਵਿੱਚ ਮੜਕ ਵੀ ਸੀ ਤੇ ਰੜਕ ਵੀ ਸੀ। ਉਸ ਨੇ ਦੀਨ ਦੀਆਂ ਗੱਲਾਂ ਕਰਨ ਦੇ ਨਾਲ ਦੁਨੀਆਦਾਰੀ ਦੇ ਫੱਕੜ ਵੀ ਤੋਲੇ। ਉਸ ਨੇ ਦੱਸਿਆ ਸੀ ਕਿ ਦਿੱਲੀ `ਚ ਕਸਟਮ ਦੀ ਚੋਰੀ ਫੜਨ ਲਈ ਉਸ ਨੇ ਇੱਕ ਦੱਲਾ ਗੰਢਿਆ ਹੋਇਆ ਸੀ। ਉਹ ਉਸ ਨੂੰ ਅਧੀਆ ਖਰੀਦਣ ਲਈ ਵੀਹ ਰੁਪਏ ਦਿੰਦਾ ਸੀ ਤੇ ਅਧੀਏ ਪਿੱਛੇ ਉਹ ਚੋਰਾਂ ਨੂੰ ਫੜਾ ਦਿਆ ਕਰਦਾ ਸੀ। ਉਸ ਨੇ ਕਿਹਾ ਕਿ ਉਹ ਦੁਨੀਆਦਾਰੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ। ਮੈਨੂੰ ਉਸ ਦੀਆਂ ਗੱਲਾਂ ਬੜੀਆਂ ਦਿਲਚਸਪ ਲੱਗੀਆਂ ਸਨ ਜਿਹੜੀਆਂ ਅੱਜ ਵੀ ਯਾਦ ਆ ਰਹੀਆਂ ਹਨ। ਉਹ ਔਰਤ ਨੂੰ ਗਰਭਵਤੀ ਜਾਂ ਹਾਮਲਾ ਕਹਿਣ ਦੀ ਥਾਂ ਗੱਭਣ ਕਹਿ ਰਿਹਾ ਸੀ।

ਗੁਰੂਘਰ ਵਿੱਚ ਉਸ ਨੇ ਨਫ਼ੀਸ ਅੰਗਰੇਜ਼ੀ ਵਿੱਚ ਭਾਸ਼ਨ ਦਿੱਤਾ ਸੀ ਪਰ ਅੰਦਰ ਬੈਠਕ ਵਿੱਚ ਉਹ ਪੂਰੇ ਪੰਜਾਬੀ ਰੰਗ ਵਿੱਚ ਸੀ। ਉਹ ਗੱਲਾਂ ਕਰਦਿਆਂ ਠੁੱਲ੍ਹੀਆਂ ਗਾਲ੍ਹਾਂ ਦਾ ਪਲੇਥਣ ਵੀ ਲਾਈ ਜਾਂਦਾ ਸੀ। ਇੱਕ ਗੋਰੀ ਸਿੰਘਣੀ ਉਸ ਨੂੰ ਖਾਣਾ ਖੁਆ ਰਹੀ ਸੀ ਤੇ ਸਫੈਦ ਦਾੜ੍ਹੀ `ਤੇ ਡੁਲ੍ਹਦੇ ਦਾਲ ਦਹੀਂ ਦੇ ਤੁਪਕੇ ਨੈਪਕਿਨ ਨਾਲ ਸਾਫ ਕਰ ਰਹੀ ਸੀ। ਅਸੀਂ ਭੁੰਜੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਪਰ ਉਹ ਸਿੰਘਾਸਣ ਵਾਲੀ ਕੁਰਸੀ `ਤੇ ਬੈਠਾ ਛਕ ਰਿਹਾ ਸੀ।

ਬੰਦਾ ਜੀਵਨ ਦਾ ਤੀਜਾ ਹਿੱਸਾ ਸੌਂ ਕੇ ਹੀ ਗੁਜ਼ਾਰ ਦਿੰਦੈ। ਸੌਣ ਵਾਲੀਆਂ ਥਾਵਾਂ ਦਾ ਜ਼ਿਕਰ ਕਰਨਾ ਵੀ ਦਿਲਚਸਪੀ ਤੋਂ ਖਾਲੀ ਨਹੀਂ। ਮੈਨੂੰ ਆਪਣੇ ਰੈਣ ਬਸੇਰੇ ਅਕਸਰ ਚੇਤੇ ਆ ਜਾਂਦੇ ਹਨ। ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਮਾਂ ਦਾ ਦੁੱਧ ਕਿੰਨੀ ਦੇਰ ਚੁੰਘਿਆ ਤੇ ਉਹਦੀ ਕੁੱਛੜ ਕਿੰਨਾ ਚਿਰ ਰਿਹਾ ਪਰ ਇਹ ਯਾਦ ਹੈ ਕਿ ਸਾਡੇ ਕੱਚੇ ਘਰ ਦਾ ਵਿਹੜਾ ਬਹੁਤਾ ਖੁੱਲ੍ਹਾ ਨਹੀਂ ਸੀ। ਉਸ ਦੇ ਇੱਕ ਪਾਸੇ ਖੁਰਲੀਆਂ ਸਨ ਜਿਥੇ ਡੰਗਰ ਬੱਝਦੇ ਤੇ ਕੋਲ ਹੀ ਅਸੀਂ ਮੰਜੇ ਡਾਹ ਕੇ ਸੌਂ ਜਾਂਦੇ। ਪਸ਼ੂਆਂ ਦੇ ਗੋਹੇ ਪਿਸ਼ਾਬ ਦਾ ਮੁਸ਼ਕ ਮੈਨੂੰ ਨਹੀਂ ਲੱਗਦਾ ਬਚਪਨ `ਚ ਕਦੇ ਆਇਆ ਹੋਵੇ। ਸਿਆਲਾਂ ਵਿੱਚ ਜੇ ਡੰਗਰਾਂ ਵਾਲੇ ਕੋਠੇ `ਚ ਸੌਣਾ ਪਿਆ ਤਦ ਵੀ ਨਹੀਂ ਆਇਆ। ਹੁਣ ਭਾਵੇਂ ਆ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਡੰਗਰਾਂ ਕੋਲ ਨਹੀਂ ਸੁੱਤਾ।

ਇਹ ਮੁਸ਼ਕ ਵੀ ਕਮਾਲ ਦੀ ਸ਼ੈਅ ਹੈ ਜਿਹੜਾ ਹਰ ਵੇਲੇ ਕੋਲ ਰਹਿੰਦਿਆਂ ਨੂੰ ਆਉਂਦਾ ਨਹੀਂ ਪਰ ਦੂਰ ਦਿਆਂ ਨੂੰ ਨੇੜੇ ਨਹੀਂ ਖੜ੍ਹਨ ਦਿੰਦਾ। ਧੰਨ ਹਨ ਜਲੰਧਰ ਦੀ ਬੂਟਾ ਮੰਡੀ ਦੇ ਬਸ਼ਿੰਦੇ ਜੋ ਹਰ ਵੇਲੇ ਚਮੜੇ ਦੇ ਮੁਸ਼ਕ ਵਿੱਚ ਰਹਿੰਦੇ ਹਨ ਜਦ ਕਿ ਮੁਸਾਫ਼ਰਾਂ ਤੋਂ ਮੰਡੀ ਵਿੱਚ ਦੀ ਮਸਾਂ ਲੰਘ ਹੁੰਦੈ। ਮੈਂ ਜਦ ਵੀ ਬੂਟਾ ਮੰਡੀ ਵਿੱਚ ਦੀ ਲੰਘਦਾਂ ਤਾਂ ਨੱਕ `ਤੇ ਰੁਮਾਲ ਰੱਖ ਕੇ ਈ ਲੰਘ ਸਕਦਾਂ। ਪਰ ਪਸ਼ੂਆਂ ਕੋਲ ਕੱਟੀਆਂ ਰਾਤਾਂ ਮੈਨੂੰ ਕਦੇ ਮੁਸ਼ਕ ਮਾਰਨ ਵਾਲੀਆਂ ਨਹੀਂ ਲੱਗੀਆਂ।

ਜਦ ਮੈਂ ਆਪਣੇ ਬਚਪਨ `ਤੇ ਝਾਤ ਮਾਰਦਾਂ ਤਾਂ ਮੇਰੇ ਸੌਣ ਦੀਆਂ ਦੋ ਮਨਪਸੰਦ ਥਾਂਵਾਂ ਮੈਨੂੰ ਵਧੇਰੇ ਚੇਤੇ ਆਉਂਦੀਐਂ। ਇੱਕ ਸੀ ਕੋਠੇ ਉਪਰ ਪੈਣਾ ਤੇ ਦੂਜਾ ਬਾਹਰਲੇ ਘਰ ਹਵਾਹਾਰੇ ਸੌਣਾ। ਵੈਸੇ ਜੋ ਅਨੰਦ ਬਾਹਰ ਖੁੱਲ੍ਹੇ ਪਿੜਾਂ ਵਿੱਚ ਸੌਣ ਦਾ ਆਉਂਦਾ ਸੀ ਉਹ ਘਰਾਂ ਦੀਆਂ ਵਲਗਣਾਂ ਵਿੱਚ ਸੌਣ ਦਾ ਨਹੀਂ ਸੀ ਆਉਂਦਾ। ਪਰ ਖਲਵਾੜੇ ਬਹੁਤਾ ਸਮਾਂ ਨਹੀਂ ਸਨ ਰਹਿੰਦੇ। ਮਸਾਂ ਦਸ ਪੰਦਰਾਂ ਰਾਤਾਂ ਪਿੜਾਂ `ਚ ਸੌਣ ਦਾ ਮੌਕਾ ਮਿਲਦਾ ਸੀ। ਜਿੱਦਣ ਤੂੜੀ ਦਾਣੇ ਚੁੱਕੇ ਜਾਂਦੇ ਨਾਲ ਹੀ ਸੰਦ ਵਲੇਵਾਂ ਗੱਡੇ `ਤੇ ਰੱਖ ਕੇ ਘਰ ਲੈ ਆਂਦਾ ਜਾਂਦਾ। ਮੇਰੇ ਬਚਪਨ ਵੇਲੇ ਨਾ ਬੰਬੀਆਂ ਹੁੰਦੀਆਂ ਸਨ ਤੇ ਨਾ ਉਨ੍ਹਾਂ ਉਤੇ ਕੋਠੜੀਆਂ। ਹੁੰਦੀਆਂ ਤਾਂ ਮੈਂ ਰਾਤਾਂ ਨੂੰ ਉਥੇ ਹੀ ਸੌਂਦਾ। ਪਤਾ ਨਹੀਂ ਬਾਹਰ ਖੁੱਲ੍ਹੇ ਥਾਂ ਸੌਣਾ ਮੈਨੂੰ ਕਿਉਂ ਪਸੰਦ ਸੀ?

ਖੇਤਾਂ `ਚ ਸੌਣਾ ਤੇ ਚੰਨ ਚਾਨਣੀ `ਚ ਤੁਰਨਾ ਮੇਰੇ ਖ਼ਾਸ ਸ਼ੌਕ ਸਨ। ਉਦੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਆਮ ਹੁੰਦੀਆਂ ਸਨ। ਸਿਵਿਆਂ, ਮੜ੍ਹੀਆਂ, ਪੱਕੀਆਂ ਥਾਵਾਂ, ਹਾੜ ਬੋਲਣ ਤੇ ਤੁਰਦੀ ਅੱਗ ਦੀਆਂ ਕਥਾ ਕਹਾਣੀਆਂ ਸੁਣਨ ਵਿੱਚ ਆਉਂਦੀਆਂ ਸਨ ਪਰ ਉਨ੍ਹਾਂ ਦਾ ਡਰ ਮੇਰੇ ਮਨ `ਚੋਂ ਨਿਕਲ ਚੁੱਕਾ ਸੀ। ਕਿਹਾ ਜਾਂਦਾ ਸੀ ਕਿ ਸਾਡੇ ਘਰ ਦੇ ਨੇੜੇ ਨਹਿਰਿਆਂ ਦੀ ਨਿੰਮ `ਤੇ ਭੂਤਾਂ ਰਹਿੰਦੀਐਂ ਜੋ ਮੈਨੂੰ ਕਦੇ ਵਿਖਾਈ ਨਹੀਂ ਦਿੱਤੀਆਂ। ਮੈਂ ਉਹਦੇ ਉਤੇ ਚੜ੍ਹ ਕੇ ਵੀ ਵੇਖ ਲਿਆ ਸੀ। ਮੈਨੂੰ ਵੱਡੇ ਛੋਟਿਆਂ ਦੀ ਥਾਂ ਹਾਣੀਆਂ ਦਾ ਸਾਥ ਚੰਗਾ ਲੱਗਦਾ ਜਾਂ ਇਕੱਲ ਵਧੇਰੇ ਭਾਉਂਦੀ। ਹੁਣ ਵੀ ਇਕੱਲ ਮੈਨੂੰ ਵਧੇਰੇ ਸੁਖਾਵੀਂ ਲੱਗਦੀ ਹੈ।

ਇਕੱਲ `ਚ ਕਲਪਣਾ ਤੁਹਾਡੇ ਨਾਲ ਹੁੰਦੀ ਹੈ ਤੇ ਜਿਥੇ ਚਾਹੋ ਲਈ ਫਿਰਦੀ ਹੈ। ਪਰਬਤਾਂ ਦੀਆਂ ਚੋਟੀਆਂ, ਹੁਸੀਨ ਵਾਦੀਆਂ, ਸੁਹਾਵਣੀਆਂ ਸੈਰਗਾਹਾਂ, ਸਾਗਰਾਂ ਦੇ ਤੱਟ, ਦਰਿਆਵਾਂ ਦੇ ਪੱਤਣ, ਅਰਸ਼ਾਂ ਦੀਆਂ ਪਰੀਆਂ, ਸਤਰੰਗੀਆਂ ਪੀਂਘਾਂ ਤੇ ਅੰਬਰ ਦੀਆਂ ਸੈਰਾਂ ਸਭ ਪੈਰਾਂ ਥੱਲੇ ਹੁੰਦੀਐਂ। ਜਦੋਂ ਕੋਈ ਵੀ ਕੋਲ ਨਹੀਂ ਹੁੰਦਾ ਤਾਂ ਕਲਪਣਾ ਕਰਕੇ ਸਭ ਕੁੱਝ ਕੋਲ ਹੁੰਦੈ। ਇਹ ਵੱਖਰੀ ਗੱਲ ਹੈ ਕਿ ਕਈ ਬੰਦੇ ਕਲਪਣਾ `ਚ ਵੀ ਕਲਪਦੇ ਹੀ ਰਹਿੰਦੇ ਨੇ ਤੇ ਕਈ ਢੋਲੇ ਦੀਆਂ ਲਾਉਂਦੇ ਉਮਰਾਂ ਮਾਣ ਜਾਂਦੇ ਨੇ। ਅੱਧੀਆਂ ਖੁਸ਼ੀਆਂ ਬੰਦੇ ਦੇ ਆਪਣੇ ਹੱਥ ਵੱਸ ਹੁੰਦੀਆਂ ਜਦ ਕਿ ਅੱਧੀਆਂ ਲਈ ਹੀ ਸਾਧਨ ਚਾਹੀਦੇ ਹਨ। ਕਈ ਅੱਧੇ ਖਾਲੀ ਗਲਾਸ ਨੂੰ ਵੇਖ ਕੇ ਝੂਰਦੇ ਰਹਿੰਦੇ ਨੇ ਤੇ ਕਈ ਅੱਧੇ ਭਰੇ ਨੂੰ ਵੇਖ ਕੇ ਭੰਗੜੇ ਪਾਉਣੋ ਨਹੀਂ ਹਟਦੇ। ਕਈ ਬੰਦੇ ਧੁੱਪੇ ਬੈਠੇ ਹੋਏ ਵੀ ਨਹੀਂ ਤਪਦੇ ਪਰ ਕਈ ਛਾਵੇਂ ਬੈਠੇ ਹੀ ਭੁੱਜੀ ਜਾਂਦੇ ਨੇ। ਹਰ ਵੇਲੇ ਸ਼ਿਕਵੇ ਸ਼ਿਕਾਇਤਾਂ `ਚ ਗ੍ਰੱਸੇ ਬੰਦੇ ਨਾ ਆਪ ਸੁਖੀ ਵਸਦੇ ਨੇ ਤੇ ਨਾ ਕਿਸੇ ਹੋਰ ਨੂੰ ਸੁਖੀ ਵਸਣ ਦਿੰਦੇ ਨੇ। ਉਹ ਹੋਰਨਾਂ ਦੇ ਦੁੱਖ ਜਾਂ ਕਸ਼ਟ ਹਰਨ ਦੀ ਥਾਂ ਆਪਣੇ ਹੀ ਦੁੱਖਾਂ ਦਰਦਾਂ ਦਾ ਰੋਣਾ ਰੋਈ ਜਾਂਦੇ ਹਨ।

ਉਨ੍ਹਾਂ ਕਾਮਿਆਂ ਦੀ ਖੁਸ਼ੀ ਦਾ ਅੰਦਾਜ਼ਾ ਲਾਓ ਜਿਹੜੇ ਸਾਰੀ ਦਿਹਾੜੀ ਕਹੀ ਵਾਹ ਕੇ ਰੇਤੇ ਦੀਆਂ ਢੇਰੀਆਂ `ਤੇ ਲਿਟੀ ਜਾਂਦੇ ਸਨ। ਕਿਸੇ ਰਾਹੀ ਨੇ ਪੁੱਛ ਲਿਆ, “ਤੁਹਾਨੂੰ ਚੰਗੇ ਭਲਿਆਂ ਨੂੰ ਕੀ ਹੋਇਐ?” ਇੱਕ ਜਣੇ ਨੇ ਲਿਟੀ ਜਾਂਦਿਆਂ ਕਿਹਾ, “ਸਾਡੇ ਨਾਲ ਦਾ ਬੋਤਲ ਲੈਣ ਗਿਐ!”

ਜਦੋਂ ਮੈਂ ਪ੍ਰਿੰਸੀਪਲ ਸਾਂ ਤਾਂ ਸ਼ਾਮ ਨੂੰ ਕਾਲਜ ਦਾ ਫੁਟਬਾਲ ਗਰਾਊਂਡ ਵੇਖਣ ਨਿਕਲਿਆ। ਇੱਕ ਬੁੱਢਾ ਬਿਨਾਂ ਪੁੱਛੇ ਘਾਹ ਖੋਤੀ ਜਾਂਦਾ ਸੀ। ਉਸ ਨੇ ਕਾਹਲੀ ਨਾਲ ਘਾਹ `ਕੱਠਾ ਕੀਤਾ ਤੇ ਪੱਲੀ `ਚ ਬੰਨ੍ਹ ਲਿਆ। ਉਸ ਨੂੰ ਲੱਗਾ ਕਿ ਮੈਂ ਬਿਨਾਂ ਪੁੱਛੇ ਘਾਹ ਖੋਤਣ ਲਈ ਉਸ ਨੂੰ ਝਾੜ ਪਾਵਾਂਗਾ ਤੇ ਘਾਹ ਨਹੀਂ ਲਿਜਾਣ ਦੇਵਾਂਗਾ। ਕਰਨਾ ਵੀ ਇਹੋ ਸੀ ਪਰ ਹੱਡੀਆਂ ਦਾ ਪਿੰਜਰ ਬਣੇ ਉਸ ਬਿਰਧ `ਤੇ ਤਰਸ ਖਾਂਦਿਆਂ ਮੈਂ ਕਿਹਾ, “ਭਾਈਆ ਪੰਡ ਚੁੱਕਣੀ ਏ ਤਾਂ ਚੁਕਾਵਾਂ?” ਉਹਦੀਆਂ ਡਰੀਆਂ ਅੱਖਾਂ ਵਿੱਚ ਲਿਸ਼ਕ ਆ ਗਈ ਤੇ ਉਹਨੇ ਸਿਰ ਉਤੇ ਪੰਡ ਟਿਕਵਾ ਲਈ। ਉਹ ਅੱਗੇ ਤੁਰ ਪਿਆ ਤੇ ਮੈਂ ਉਹਦੇ ਪਿੱਛੇ। ਉਹਦਾ ਜੁੱਸਾ ਹੱਡੀਆਂ ਦੀ ਮੁੱਠ ਸੀ, ਲੱਤਾਂ ਕਾਨਿਆਂ ਵਰਗੀਆਂ ਸਨ ਤੇ ਪੈਰੀਂ ਟੁੱਟੇ ਛਿੱਤਰ ਠਿਪ ਠਿਪ ਵੱਜ ਰਹੇ ਸਨ। ਉਹ ਗੁਣਗੁਣਾਉਣ ਲੱਗਾ, “ਆਹ ਤਾਂ ਮੌਜ ਬਣ-ਗੀ, ਆਹ ਤਾਂ ਮੌਜ ਬਣ-ਗੀ …।” ਮੈਂ ਹੈਰਾਨ ਸਾਂ ਜੇ ਉਹ ਮੌਜ ਵਿੱਚ ਸੀ ਤਾਂ ਕਸ਼ਟ ਵਿੱਚ ਕੌਣ ਸੀ?

ਜਦ ਮੈਂ ਪਠੀਰ ਉਮਰ ਦਾ ਸਾਂ ਤਾਂ ਗਰਮੀਆਂ ਦੀਆਂ ਰਾਤਾਂ `ਚ ਆਪਣੀ ਮੰਜੀ ਕੋਠੇ `ਤੇ ਚੜ੍ਹਾ ਲੈਂਦਾ ਤੇ ਤਾਰਿਆਂ ਦੀ ਝਿਲਮਿਲ ਹੇਠਾਂ ਸੌਂਦਾ। ਚੰਦ ਕਦੇ ਗੋਲ ਹੁੰਦਾ, ਕਦੇ ਤਿਰਛਾ ਤੇ ਕਦੇ ਕੁੱਬਾ ਹੋ ਜਾਂਦਾ। ਰਾਜੇ ਦੀ ਮੰਜੀ ਘੁੰਮਦੀ ਰਹਿੰਦੀ ਪਰ ਧਰੂ ਤਾਰਾ ਇਕੋ ਥਾਂ ਗੱਡਿਆ ਰਹਿੰਦਾ। ਖਿੱਤੀਆਂ ਚੜ੍ਹਦੀਆਂ ਤੇ ਤਾਰੇ ਦਿਸ਼ਾ ਬਦਲੀ ਜਾਂਦੇ। ਕੋਠੇ `ਤੇ ਖੁੱਲ੍ਹੇ ਅੰਬਰ ਹੇਠ ਪਿਆਂ ਕਈ ਤਾਰਿਆਂ ਦੀ ਸਿਆਣ ਹੋ ਗਈ ਸੀ। ਹੇਠਾਂ ਵਿਹੜੇ ਨਾਲੋਂ ਉਪਰ ਕੋਠੇ ਉਤੇ ਰਾਤਾਂ ਠੰਢੀਆਂ ਲੱਗਦੀਆਂ। ਜਿੱਦਣ ਪੁਰੇ ਦੀ ਠੰਢੀ `ਵਾ ਵਗਦੀ ਉੱਦਣ ਨੀਂਦ ਹੋਰ ਵੀ ਗੂੜ੍ਹੀ ਆਉਂਦੀ ਤੇ ਤੜਕੇ ਕੁੱਕੜਾਂ ਦੀਆਂ ਬਾਂਗਾਂ ਵੀ ਨਾ ਜਗਾ ਸਕਦੀਆਂ। ਮਾੜੀ ਗੱਲ ਉੱਦਣ ਹੁੰਦੀ ਜਿੱਦਣ ਰਾਤ ਨੂੰ ਮੀਂਹ ਆ ਜਾਂਦਾ। ਫਿਰ ਕੱਚੀ ਨੀਂਦ ਜਾਗਣਾ ਪੈਂਦਾ ਤੇ ਹੇਠਾਂ ਆ ਕੇ ਨੀਂਦ ਨਾ ਆਉਂਦੀ।

ਕੁਝ ਵਡੇਰਾ ਹੋਇਆ ਤਾਂ ਮੈਂ ਮੰਜਾ ਤੇ ਦਰੀ-ਖੇਸ ਲੈ ਕੇ ਬਾਹਰਲੇ ਘਰ ਚਲਾ ਜਾਂਦਾ। ਉਥੇ ਪਸ਼ੂ ਤੇ ਗੁਆਂਢੀ ਮੁੰਡੇ ਹੀ ਹੁੰਦੇ। ਅਸੀਂ ਬਾਤਾਂ ਪਾਉਂਦੇ, ਲਤੀਫ਼ੇ ਸੁਣਾਉਂਦੇ, ਹੱਸਦੇ ਖੇਡਦੇ ਤੇ ਚੰਨ ਚਾਨਣੀ ਵਿੱਚ ਚਿੱਠੇ ਪੜ੍ਹਦੇ। ਸਾਡੇ ਕੋਲ ਜਾਨੀ ਚੋਰ, ਦਹੂਦ ਬਾਦਸ਼ਾਹ, ਭੂਮੀਆ ਚੋਰ, ਗੋਲ ਖੂੰਡਾ, ਸੁੱਚਾ ਸੂਰਮਾ ਤੇ ਜੜ੍ਹ ਪੱਟ ਬਚਨੀ ਦੇ ਚਿੱਠੇ ਹੁੰਦੇ। ਪੂਰਨ ਭਗਤ ਹੁੰਦਾ, ਕੌਲਾਂ ਹੁੰਦੀ, ਬੇਗੋ ਨਾਰ ਤੇ ਹੀਰ ਹੁੰਦੀ। ਕੋਲ ਹੀ ਰੂੜੀਆਂ ਹੁੰਦੀਆਂ ਜਿਥੇ ਕੁੱਤੇ ਭੌਂਕ ਰਹੇ ਹੁੰਦੇ। ਪੰਡਤਾਂ ਦੇ ਚੁਬਾਰੇ `ਚੋਂ ਇਕਾਦਸ਼ੀ ਦੇ ਸੰਖ ਦੀ ਆਵਾਜ਼ ਆਉਂਦੀ। ਚੌਕੀਦਾਰ ਦਾ ਪੀਪਾ ਖੜਕਦਾ ਤੇ ਉੱਚਾ ਹੋਕਾ ਸੁਣਦਾ। ਗੁਰਦਵਾਰੇ ਦਾ ਨਗਾਰਾ ਵੱਜਦਾ।

ਮੁੰਡੇ ਖੁੰਡੇ ਲੁੱਚੇ ਲਤੀਫ਼ੇ ਇੱਕ ਦੂਜੇ ਨਾਲ ਸਾਂਝੇ ਕਰਦੇ। ਮੈਨੂੰ ਅਜਿਹੇ ਕਈ ਲਤੀਫ਼ੇ ਯਾਦ ਹੋ ਗਏ ਸਨ ਜੋ ਮੈਂ ਕਈ ਵਰ੍ਹੇ ਮਿੱਤਰ ਮੰਡਲੀ ਵਿੱਚ ਸੁਣਾਉਂਦਾ ਰਿਹਾ। ਯਾਦ ਤਾਂ ਹੁਣ ਵੀ ਹਨ ਪਰ ਬੱਗੀ ਦਾੜ੍ਹੀ ਨਾਲ ਸੁਣਾਉਣੇ ਚੰਗੇ ਨਹੀਂ ਲੱਗਦੇ। ਗਿੱਦੜਾਂ ਨੂੰ ਜੰਗਲ `ਚੋਂ ਭੱਜੇ ਜਾਂਦਿਆਂ ਵੇਖ ਕੇ ਕਿਸੇ ਨੇ ਪੁੱਛਿਆ ਸੀ, “ਭੱਜੇ ਕਿਉਂ ਜਾਂਦੇ ਓ? ਮਗਰ ਪੁਲਸ ਤਾਂ ਨੀ ਪੈਗੀ?” ਗਿੱਦੜਾਂ ਦਾ ਜਵਾਬ ਸੀ, “ਪਈ ਹੋਈ ਆ। ਸਾਡੇ ਨਾਲ ਤਾਂ ਜੱਗੋਂ ਬਾਹਰੀ ਹੋਈ। ਹੱਥਣੀ ਨੂੰ ਟਿੱਚਰ ਬਾਂਦਰ ਨੇ ਕੀਤੀ ਪਰ ਲਾ-ਤੀ ਗਿੱਦੜ ਸਿਰ। ਭੱਜੀਏ ਨਾ ਤਾਂ ਹੋਰ ਕੀ ਕਰੀਏ?” ਚੁੰਘੀ ਬੱਕਰੀ ਬਣਾਤਾ ਡਾਕਾ ਮਾੜੀ ਕੀਤੀ ਪੰਡਤਾਂ ਨੇ ਵਾਲੀ ਗੱਲ ਸੀ। ਕਾਮ ਕਲੋਲਾਂ ਲਿਖਣ `ਚ ਮੈਨੂੰ ਬਹੁਤ ਝਿਜਕ ਹੈ। ਮੈਂ ਹੈਰਾਨ ਹਾਂ ਕਿ ਖੁਸ਼ਵੰਤ ਸਿੰਘ ਤੇ ਬਲਵੰਤ ਗਾਰਗੀ ਵਰਗੇ ਵੱਡੇ ਲੇਖਕ ਬਜ਼ੁਰਗ ਹੋ ਕੇ ਵੀ ਸਿਰੇ ਦੀਆਂ ਸੈਕਸੀ ਗੱਲਾਂ ਕਿਵੇਂ ਲਿਖਦੇ ਰਹੇ?

ਚੜ੍ਹਦੇ ਸਿਆਲ ਜਦੋਂ ਛੱਲੀਆਂ ਡੁੰਗੀਆਂ ਜਾਂਦੀਆਂ ਤਾਂ ਛੱਲੀਆਂ `ਤੇ ਸੌਣ ਦਾ ਵੀ ਅਨੋਖਾ ਅਨੰਦ ਸੀ। ਛੱਲੀਆਂ ਇੱਕ ਦੂਜੇ ਵੱਲ ਸੁੱਟ ਕੇ ਸ਼ਰਾਰਤਾਂ ਕੀਤੀਆਂ ਜਾ ਸਕਦੀਆਂ ਸਨ। ਨਰਮੇ ਉੱਤੇ ਸੌਣ ਦਾ ਆਪਣਾ ਨਿੱਘ ਸੀ। ਪਿੜਾਂ ਵਿੱਚ ਬੋਹਲ ਉਤੇ ਦੋੜਾ ਵਿਛਾ ਕੇ ਸੁੱਤਾ ਜਾ ਸਕਦਾ ਸੀ। ਕੋਲ ਪਾਣੀ ਦਾ ਘੜਾ ਹੁੰਦਾ ਸੀ ਜਿਸ ਦੇ ਮੂੰਹ ਉਤੇ ਬਾਟੀ ਰੱਖੀ ਹੁੰਦੀ ਸੀ। ਪਾਣੀ ਪੀ ਕੇ ਬਾਟੀ ਮਿੱਟੀ ਨਾਲ ਮਾਂਜ ਕੇ ਸੁੱਚੀ ਕਰ ਲਈਦੀ ਸੀ। ਫਲ੍ਹੇ ਚਲਦੇ ਤਾਂ ਫਲ੍ਹਿਆਂ ਮਗਰ ਤੁਰਨਾ ਪੈਂਦਾ ਸੀ। ਜਦੋਂ ਕੋਈ ਬਲਦ ਗੋਹਾ ਕਰਦਾ ਤਾਂ ਉਸ ਨੂੰ ਸੈਅ ਕਰਨਾ ਕਹਿੰਦੇ ਤੇ ਗੋਹਾ ਪੈਰੀ ਦਾ ਨਾੜ ਚੁੱਕ ਕੇ ਹੱਥਾਂ ਉਤੇ ਲੈਣਾ ਪੈਂਦਾ ਤਾਂ ਜੋ ਦਾਣਿਆਂ ਵਿੱਚ ਨਾ ਰਲੇ। ਨਵੀਂ ਪੀੜ੍ਹੀ ਲਈ ਇਹ ਸਭ ਬੀਤ ਗਏ ਦੀਆਂ ਬਾਤਾਂ ਹਨ। ਪਰ ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿੱਚ ਅਜੇ ਵੀ ਸੱਜਰੀਆਂ ਹਨ।

ਮੈਨੂੰ ਯਾਦ ਹੈ ਜਦੋਂ ਮੈਂ ਮੱਲ੍ਹੇ ਤੋਂ ਹਟ ਕੇ ਫਾਜ਼ਿਲਕਾ ਪੜ੍ਹਨ ਲੱਗਣਾ ਸੀ ਤਾਂ ਰਾਤ ਨੂੰ ਬਾਹਰ ਪਿੜ ਵਿੱਚ ਸੁੱਤਾ ਸਾਂ। ਉਥੋਂ ਮੈਨੂੰ ਬਾਬੇ ਨੇ ਜਗਾਇਆ ਸੀ ਤੇ ਘਰੋਂ ਦਹੀਂ ਖੁਆ ਕੇ ਜਗਰਾਓਂ ਤੋਂ ਰੇਲ ਗੱਡੀ ਚੜ੍ਹਾਇਆ ਸੀ। ਮੈਨੂੰ ਇਹ ਵੀ ਯਾਦ ਹੈ ਕਿ ਭੂਆ ਦੇ ਪਿੰਡ ਕੋਠੇ ਮੈਂ ਨਿਵੇਕਲਾ ਵਿਹੜੇ `ਚ ਸੌਂਦਾ ਜਾਂ ਕੋਠੇ `ਤੇ ਮੰਜੀ ਚਾੜ੍ਹ ਲੈਂਦਾ। ਫੁੱਫੜ ਲਾਂਭੇ ਗਿਆ ਹੁੰਦਾ ਤਾਂ ਗਿਆਰਾਂ ਗੋਲੀ ਦੀ ਬੰਦੂਕ ਮੇਰੇ ਕੋਲ ਹੁੰਦੀ। ਮੈਂ ਬਾਰਡਰ ਦੇ ਪਿੰਡਾਂ `ਚ ਵੱਜਦੇ ਸਪੀਕਰਾਂ ਦੇ ਤਵੇ ਸੁਣਦਾ ਸੌਂ ਜਾਂਦਾ। ਉਦੋਂ ਸਭ ਤੋਂ ਵਧੀਆ ਮਨੋਰੰਜਨ ਸਪੀਕਰਾਂ ਤੋਂ ਵਜਦੇ ਤਵੇ ਸਨ। ਰਾਏ ਸਿੱਖ ਸਪੀਕਰ ਵਾਲੇ ਨੂੰ ਇੱਕ ਰੁਪਏ ਦਾ ਇਨਾਮ ਦੇ ਕੇ ਆਪਣਾ ਨਾਂ ਬੁਲਵਾਉਂਦੇ ਸਨ ਤੇ ਮਨਮਰਜ਼ੀ ਦਾ ਤਵਾ ਲੁਆਉਂਦੇ ਸਨ।

ਫੁੱਫੜ ਹੋਰਾਂ ਦੇ ਘਰ ਬਰਾਂਡੇ ਨਾਲ ਇੱਕ ਕੱਚੀ ਬੈਠਕ ਸੀ ਜਿਸ ਦੇ ਡਾਟਦਾਰ ਬੂਹੇ ਖੁੱਲ੍ਹਬਹਾਰੇ ਸਨ ਤੇ ਕੋਈ ਤਖਤਾ ਨਹੀਂ ਸੀ ਲੱਗਾ ਹੋਇਆ। ਮੈਂ ਜਿੰਨਾ ਚਿਰ ਫਾਜ਼ਿਲਕਾ ਪੜ੍ਹਿਆ ਉਹ ਬੈਠਕ ਮੇਰਾ ਪੜ੍ਹਨ ਕਮਰਾ ਬਣੀ ਰਹੀ। ਹੁਣ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਕਿਉਂਕਿ ਸਾਰਾ ਘਰ ਪੱਕਾ ਬਣ ਗਿਐ। ਆਏ ਗਏ ਨੂੰ ਉਸ ਬੈਠਕ ਵਿੱਚ ਹੀ ਚਾਹ ਪਾਣੀ ਪਿਆਇਆ ਜਾਂਦਾ ਸੀ। ਕੋਈ ਪ੍ਰਾਹੁਣਾ ਆਉਂਦਾ ਤਾਂ ਮੇਰੇ ਕੋਲ ਬੈਠਕ ਵਿੱਚ ਸੌਂਦਾ ਤੇ ਮੈਂ ਉਹਤੋਂ ਬਾਤਾਂ ਸੁਣਦਾ।

ਬਚਪਨ ਦੇ ਤੇਰਾਂ ਸਾਲ ਮੈਂ ਚਕਰ ਰਿਹਾ ਤੇ ਚੜ੍ਹਦੀ ਜੁਆਨੀ ਦੇ ਸੱਤ ਸਾਲ ਕੋਠੇ। ਫਿਰ ਇੱਕ ਸਾਲ ਮੁਕਤਸਰ ਹੋਸਟਲ ਵਿੱਚ ਕੱਟਿਆ ਜਿਥੋਂ ਦੀ ਡਿੱਗੀ ਦੇ ਨਹਿਰੀ ਪਾਣੀ ਨੇ ਮੇਰੀ ਭੁੱਖ ਬਹੁਤ ਵਧਾ ਦਿੱਤੀ ਸੀ। ਅਸੀਂ ਹੋਸਟਲ ਵਿੱਚ ਇਕੋ ਵੇਲੇ ਦਸ ਦਸ ਫੁਲਕੇ ਲੇੜ੍ਹ ਜਾਂਦੇ ਸਾਂ। ਦੁੱਧ ਦੇ ਕੰਗਣੀ ਵਾਲੇ ਗਲਾਸ ਪੀ ਕੇ ਅਜਿਹੀ ਗੂੜ੍ਹੀ ਨੀਂਦ ਸੌਂਦੇ ਕਿ ਇੱਕ ਵਾਰ ਚੋਰੀ ਵੀ ਕਰਾ ਬੈਠੇ। ਗ਼ਲਤੀ ਸਾਥੋਂ ਹੀ ਹੋਈ ਸੀ। ਪਸ਼ੂਆਂ ਦੀ ਮੰਡੀ `ਚ ਚਾਹ ਦੀ ਦੁਕਾਨ `ਤੇ ਮੱਝਾਂ ਦੇ ਵਪਾਰੀ ਬੈਠੇ ਸਨ। ਉਨ੍ਹਾਂ ਨੇ ਨਸ਼ੇ ਦੀਆਂ ਫੀਮ ਛੁਡਾਊ ਗੋਲੀਆਂ ਛਕੀਆਂ ਹੋਈਆਂ ਸਨ ਜਿਨ੍ਹਾਂ ਤੋਂ ਸਾਡਾ ਇੱਕ ਬੇਲੀ ਵੀ ਗੋਲੀਆਂ ਖਾ ਬੈਠਾ। ਫਿਰ ਉਹ ਐਵੇਂ ਹੀ ਫੈਂਟਰ ਮਾਰਨ ਲੱਗਾ ਕਿ ਅਸੀਂ ਵੀ ਹੋਸਟਲ ਵਾਸਤੇ ਮੱਝਾਂ ਖਰੀਦਣੀਆਂ। ਸ਼ਹਿ ਲਾਈ ਬੈਠੇ ਚੋਰਾਂ ਨੇ ਸਮਝ ਲਿਆ ਕਿ ਮੁੰਡਿਆਂ ਕੋਲ ਮੱਝਾਂ ਖਰੀਦਣ ਜੋਗੇ ਪੈਸੇ ਹੋਣਗੇ ਤੇ ਉਨ੍ਹਾਂ ਨੇ ਰਾਤ ਨੂੰ ਪਿਛਲੀ ਬਾਰੀ ਆ ਭੰਨੀ। ਪਰ ਪਤਾ ਲੱਗ ਜਾਣ `ਤੇ ਉਹ ਉਡੰਤਰ ਹੋ ਗਏ ਤੇ ਚੋਰੀ ਕੀਤੇ ਕਪੜੇ ਰਾਹ ਵਿੱਚ ਹੀ ਸੁੱਟ ਗਏ।

ਜਦ ਮੈਂ ਦਿੱਲੀ ਪੜ੍ਹਨ ਲੱਗਾ ਤਾਂ ਦੇਵ ਨਗਰ ਦੇ ਸਰਕਾਰੀ ਕੁਆਟਰਾਂ ਵਿੱਚ ਬਣੇ ਇੱਕ ਕਲੱਬ ਦਾ ਹਾਤਾ ਮੇਰਾ ਰੈਣ ਬਸੇਰਾ ਬਣਿਆ। ਉਥੇ ਮੈਂ ਸਾਢੇ ਚਾਰ ਸਾਲ ਰਿਹਾ। ਟੀਨ ਦੀਆਂ ਚਾਦਰਾਂ ਦੀ ਢਾਲੂ ਛੱਤ ਵਾਲਾ ਇੱਕ ਖੁੱਲ੍ਹਾ ਕਮਰਾ ਸੀ ਜਿਸ ਵਿੱਚ ਪੰਜ ਛੇ ਮੰਜੇ ਡਹਿ ਸਕਦੇ ਸਨ। ਕਨਾਲ ਕੁ ਦੇ ਪਲਾਟ ਵਿੱਚ ਬੈਡਮਿੰਟਨ ਦਾ ਪੱਕਾ ਕੋਰਟ, ਵੇਟ ਟ੍ਰੇਨਿੰਗ ਲਈ ਪੱਕੀ ਥੜ੍ਹੀ, ਕੁਕੜੀਆਂ ਦਾ ਖੁੱਡਾ, ਹੈਂਡ ਪੰਪ, ਪਿੱਪਲ, ਤੂਤ ਤੇ ਇੱਕ ਖੂੰਜੇ ਝੁੱਗੀ ਸੀ ਜਿਸ ਵਿੱਚ ਪਹਿਰਾ ਦੇਣ ਵਾਲੇ ਗੋਰਖੇ ਰਹਿੰਦੇ ਸਨ। ਉਨ੍ਹਾਂ `ਚੋਂ ਇੱਕ ਜਣਾ ਵਿਆਹਿਆ ਹੋਇਆ ਸੀ ਜਿਸ ਦੀ ਘਰ ਵਾਲੀ ਮੈਨੂੰ ਨਲਕੇ `ਤੇ ਨ੍ਹਾਉਂਦੇ ਨੂੰ ਚੋਰ ਅੱਖੀਂ ਵੇਖਦੀ। ਇੱਕ ਰਾਤ ਉਹਨੇ ਹੱਦ ਈ ਕਰ ਦਿੱਤੀ। ਜਦੋਂ ਗੋਰਖੇ ਪਹਿਰਾ ਦੇਣ ਗਏ ਤਾਂ ਉਹ ਮੇਰੇ ਮੰਜੇ ਉਤੇ ਆ ਬੈਠੀ। ਇਹ ਮੈਨੂੰ ਹੀ ਪਤਾ ਹੈ ਕਿ ਮੈਂ ਉਹਨੂੰ ਕਿਵੇਂ ਉਠਾਇਆ ਅਤੇ ਉਹਨੂੰ ਤੇ ਆਪਣੇ ਆਪ ਨੂੰ ਕਿਵੇਂ ਬਚਾਇਆ?

ਕਲੱਬ ਦੇ ਉਸ ਹਾਤੇ ਵਿੱਚ ਇਕੋ ਘਾਟ ਸੀ ਕਿ ਨਾ ਟਾਇਲਟ ਸੀ ਨਾ ਗੁਸਲਖਾਨਾ। ਮੈਂ ਨਲਕੇ `ਤੇ ਖੁੱਲ੍ਹਾ ਨ੍ਹਾਉਂਦਾ ਤੇ ਸਾਈਕਲ ਉਤੇ ਚੜ੍ਹ ਕੇ ਬਾਹਰ ਜੰਗਲ ਪਾਣੀ ਜਾਂਦਾ। ਪਬਲਿਕ ਪਖਾਨਿਆਂ ਦੀ ਲਾਈਨ `ਚ ਮੈਂ ਨਹੀਂ ਸਾਂ ਲੱਗਦਾ। ਅੱਗੇ ਪਿੱਛੇ ਯੂਨੀਵਰਸਿਟੀ ਦੇ ਵਾਸ਼ ਰੂਮ ਵਰਤ ਲੈਂਦਾ। ਹੁਣ ਤਾਂ ਮੈਂ ਪੈਰਾਂ ਭਾਰ ਬਹਿਣ ਵਾਲੀ ਸੀਟ ਦੀ ਥਾਂ ਕੁਰਸੀ ਵਾਲੀ ਸੀਟ ਉਤੇ ਹੀ ਬੈਠਦਾ ਹਾਂ ਪਰ ਉਦੋਂ ਉਹਦੇ `ਤੇ ਬਹਿਣਾ ਹੋਰੂੰ ਲੱਗਿਆ ਸੀ। ਪਹਿਲੀ ਵਾਰ ਤਾਂ ਮੈਨੂੰ ਪਤਾ ਈ ਨਾ ਲੱਗੇ ਕਿ ਬੈਠਾਂ ਕਿਵੇਂ? ਚੀਨੀ ਦੀ ਗੋਡੇ ਜਿੱਡੀ ਕੁਰਸੀ ਉਤੇ ਵੀ ਪੈਰਾਂ ਭਾਰ ਹੀ ਬੈਠਾ। ਨਿਰੀ ਤਿਲ੍ਹਕਣਬਾਜ਼ੀ ਸੀ। ਉਂਜ ਹੀ ਉੱਠ ਖੜ੍ਹੇ ਹੋਣ ਬਿਨਾਂ ਕੋਈ ਚਾਰਾ ਨਹੀਂ ਸੀ ਤੇ ਬਾਹਰ ਖੇਤਾਂ ਵਿੱਚ ਜਾ ਕੇ ਹੀ ਮੇਰਾ ਕੰਮ ਸਰਿਆ ਸੀ। ਉਦੋਂ ਦਿੱਲੀ ਸੀ ਵੀ ਛੋਟੀ। ਦਸ ਪੰਦਰਾਂ ਮਿੰਟ ਸਾਈਕਲ ਚਲਾ ਕੇ ਖੇਤ ਆ ਜਾਂਦੇ ਜਿਥੇ ਖੁੱਲ੍ਹਬਹਾਰ ਹੁੰਦੀ।

ਜਦੋਂ ਮੈਂ ਦਿੱਲੀ ਛੱਡ ਕੇ ਢੁੱਡੀਕੇ ਲੈਕਚਰਾਰ ਲੱਗਾ ਤਾਂ ਮੇਰੇ ਰੈਣ ਬਸੇਰੇ ਇੱਕ ਸਾਲ ਜਗਰਾਓਂ ਤੇ ਦੋ ਸਾਲ ਮੁੱਲਾਂਪੁਰ ਰਹੇ। ਜਗਰਾਓਂ ਅਸੀਂ ਰੇਲਵੇ ਰੋਡ `ਤੇ ਰਹੇ ਤੇ ਮੁੱਲਾਂਪੁਰ ਜਰਨੈਲੀ ਸੜਕ ਦੇ ਕੰਢੇ। ਹੁਣ ਵੀ ਜਦੋਂ ਮੈਂ ਜਰਨੈਲੀ ਸੜਕ ਤੋਂ ਲੰਘਾਂ ਤਾਂ ਉਸ ਜਗ੍ਹਾ ਵੱਲ ਹਸਰਤ ਨਾਲ ਵੇਖਦਾਂ ਜਿਥੇ ਜੁਆਨੀ ਦੀਆਂ ਰਾਤਾਂ ਮਾਣੀਆਂ ਤੇ ਸਾਡੇ ਵੱਡੇ ਪੁੱਤਰ ਦਾ ਜਨਮ ਹੋਇਆ। ਜਦੋਂ ਉਹ ਰੋਂਦਾ ਤਾਂ ਮੈਂ ਉਸ ਨੂੰ ਵੱਡੀ ਸੜਕ `ਤੇ ਵਗਦਾ ਟ੍ਰੈਫਿਕ ਵਿਖਾਉਂਦਾ ਤੇ ਰੋਂਦੇ ਨੂੰ ਵਰਾਉਂਦਾ।

1972 ਤੋਂ 92 ਤਕ ਅਸੀਂ ਢੁੱਡੀਕੇ ਰਹੇ। ਅਠਾਰਾਂ ਸਾਲ ਕੈਨੇਡਾ ਵਾਲੀ ਸੋਧਾਂ ਕੇ ਘਰ ਤੇ ਦੋ ਸਾਲ ਅਮਰੀਕਾ ਵਾਲੇ ਜਗਜੀਤ ਸਿੰਘ ਰਾਣੇ ਹੋਰਾਂ ਦੇ ਘਰ। ਪਹਿਲਾ ਘਰ ਡੂਢ ਕਨਾਲ ਦਾ ਸੀ ਤੇ ਦੂਜਾ ਦੋ ਕਨਾਲ ਦਾ। ਛੱਤ ਦਾ ਕੋਈ ਅੰਤ ਨਹੀਂ ਸੀ ਭਾਵੇਂ ਕਿੰਨੇ ਵੀ ਮਹਿਮਾਨ ਆ ਜਾਣ। ਮੈਂ ਭਾਵੇਂ ਗਰੀਬ ਕਿਸਾਨ ਦੇ ਘਰ ਜੰਮਿਆ ਸਾਂ ਪਰ ਮੈਨੂੰ ਰੈਣ ਬਸੇਰੇ ਬਹੁਤ ਖੁੱਲ੍ਹੇ ਮਿਲੇ। ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਕਿ ਮੇਰੀ ਸੋਚ ਵੀ ਖੁੱਲ੍ਹੀ ਰਹੀ। ਮੇਰੇ ਖਾਣ ਪੀਣ, ਪਹਿਨਣ, ਰਹਿਣ ਸਹਿਣ ਤੇ ਇਥੋਂ ਤਕ ਕਿ ਵਿਚਾਰਾਂ ਵਿੱਚ ਕਦੇ ਤੰਗਦਿਲੀ ਜਾਂ ਕੱਟੜਤਾ ਨਹੀਂ ਆਈ। ਮੇਰਾ ਵਤੀਰਾ ਹਮੇਸ਼ਾਂ ਲਚਕਦਾਰ ਰਿਹਾ। ਇਹੋ ਕਾਰਨ ਹੈ ਕਿ ਮੇਰਾ ਕਿਸੇ ਨਾਲ ਕਦੇ ਕਰੜਾ ਟਕਰਾਓ ਨਹੀਂ ਹੋਇਆ। ਜ਼ਿੰਦਾਬਾਦ ਮੁਰਦਾਬਾਦ ਦੇ ਮਾਹੌਲ ਵਿੱਚ ਵੀ ਮੇਰੇ ਖ਼ਿਲਾਫ਼ ਮੁਰਦਾਬਾਦ ਦੇ ਨਾਹਰੇ ਨਹੀਂ ਲੱਗੇ। ਵੈਸੇ ਉਹ ਪ੍ਰਿੰਸੀਪਲ, ਪ੍ਰਿੰਸੀਪਲ ਹੀ ਨਹੀਂ ਸਮਝਿਆ ਜਾਂਦਾ ਜੀਹਦੀ ਲੈਕਚਰਾਰ, ਵਿਦਿਆਰਥੀ ਜਾਂ ਦਰਜਾ ਚਾਰ ਕਰਮਚਾਰੀ ਮੁਰਦਾਬਾਦ ਨਾ ਕਰਨ!

ਜਨਵਰੀ 93 ਤੋਂ ਅਸੀਂ ਆਪਣੇ ਪਿੰਡ ਚਕਰ ਆ ਗਏ। ਤਦ ਤਕ ਸਾਡਾ ਪੱਕਾ ਘਰ ਬਣ ਗਿਆ ਸੀ। ਭਰਾਵਾਂ ਦੇ ਚੁੱਲ੍ਹੇ ਹੀ ਅੱਡ ਹੋਏ ਜਦ ਕਿ ਖੇਤ ਅਜੇ ਵੀ ਸਾਂਝੇ ਹਨ। ਸਾਡਾ `ਕੱਠ ਨਿਭਣ `ਤੇ ਕਈ ਸ਼ਰੀਕ ਹੈਰਾਨ ਵੀ ਹਨ। ਮੈਂ 96 ਤਕ ਚਕਰੋਂ ਢੁੱਡੀਕੇ ਪੜ੍ਹਾਉਣ ਜਾਂਦਾ ਰਿਹਾ ਜਿਸ ਦੌਰਾਨ ਵੱਡਾ ਪੁੱਤਰ ਜਗਵਿੰਦਰ ਦੌਧਰ ਵਿਆਹਿਆ ਗਿਆ। ਉਹਦਾ ਵਿਆਹ ਵੀ ਉਨੀ ਹੀ ਸਾਦਗੀ ਨਾਲ ਕੀਤਾ ਜਿੰਨੀ ਨਾਲ ਆਪਣਾ ਕਰਵਾਇਆ ਸੀ। ਜਾਣ ਸਾਰ ਅਨੰਦ ਕਾਰਜ ਹੋਏ, ਫਿਰ ਚਾਹ ਪਾਣੀ ਤੇ ਦਿਨ ਢਲੇ ਪਿੰਡ ਪਰਤ ਕੇ ਭਾਈਚਾਰੇ ਨੂੰ ਦਾਅਵਤ ਦੇ ਦਿੱਤੀ। ਨਾ ਮੈਂ ਆਪ ਛਾਪਾਂ ਛੱਲਿਆਂ ਦਾ ਸ਼ੁਕੀਨ ਆਂ ਤੇ ਨਾ ਜਗਵਿੰਦਰ ਨੇ ਕਦੇ ਸੋਨੇ ਦੀ ਛਾਪ ਪਾਈ ਹੈ।

1996 ਵਿੱਚ ਜਦੋਂ ਮੈਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਬਣਿਆ ਤਾਂ ਮੇਰੀ ਰਹਾਇਸ਼ ਦੁਆਬੇ ਦੇ ਪਿੰਡ ਮੁਕੰਦਪੁਰ ਦੀ ਹੋ ਗਈ। ਉਥੇ ਹੀ ਜਗਵਿੰਦਰ ਤੇ ਉਹਦੀ ਪਤਨੀ ਪਰਮਜੀਤ ਲੈਕਚਰਰ ਲੱਗ ਗਏ ਜਿਨ੍ਹਾਂ ਨੇ ਹੁਣ ਘਰ ਵੀ ਪਾ ਲਿਐ। 2001 ਤੋਂ ਸਾਡਾ ਆਉਣ ਜਾਣ ਕੈਨੇਡਾ ਦਾ ਵੀ ਹੈ ਜਿਥੇ ਛੋਟਾ ਪੁੱਤਰ ਗੁਰਵਿੰਦਰ ਰਹਿੰਦੈ। ਹੁਣ ਗਰਮੀਆਂ ਕੈਨੇਡਾ `ਚ ਕੱਟੀ ਦੀਆਂ ਹਨ ਤੇ ਸਿਆਲ ਪੰਜਾਬ ਵਿੱਚ ਲੰਘਦੈ।

ਕਈ ਸਾਲ ਹੋਏ ਅੰਮ੍ਰਿਤਸਰ ਵਿੱਚ ਇੱਕ ਸਾਹਿਤਕ ਗੋਸ਼ਟੀ ਹੋਈ। ਉਦੋਂ ਤਕ ਮੇਰੀਆਂ ਪੰਜ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ ਤੇ ਮੈਂ ਖੇਡ ਲੇਖਕ ਵੱਜਣ ਲੱਗ ਪਿਆ ਸਾਂ। ਮੇਰੀ ਰੀਸ ਨਾਲ ਕੁੱਝ ਹੋਰ ਕਲਮਾਂ ਵੀ ਖੇਡਾਂ ਬਾਰੇ ਲਿਖਣ ਲੱਗ ਪਈਆਂ ਸਨ। ਗੋਸ਼ਟੀ ਵਿੱਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ। ਉਹਦੇ ਜਵਾਬ ਵਿੱਚ ਇੱਕ ਆਲੋਚਕ ਨੇ ਕਿਹਾ, “ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਨਾ ਹੀ ਇਨ੍ਹਾਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਿਹਾ ਜਾ ਸਕਦੈ। ਉਹ ਪੱਤਰਕਾਰ ਹੋ ਸਕਦੇ ਹਨ ਪਰ ਸਾਹਿਤਕਾਰ ਨਹੀਂ।” ਮੇਰੀ ਵਾਰੀ ਆਈ ਤਾਂ ਮੈਨੂੰ ਕਹਿਣਾ ਪਿਆ, “ਅਸੀਂ ਕਦੋਂ ਕਹਿਨੇ ਆਂ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਹੋ? ਤੁਸੀਂ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਨਾ ਸਮਝੋ। ਚਲੋ ਸਿਹਤਕਾਰ ਈ ਸਮਝ ਲਓ! ਸਾਡੇ `ਚ ਸਪਰਿੰਟਾਂ ਲਾਉਣ ਵਾਲੇ ਵੀ ਹਨ ਤੇ ਮੈਰਾਥਨ ਲਾਉਣ ਵਾਲੇ ਵੀ ਹਨ। ਅਸੀਂ ਆਪਣੇ ਘੋੜੇ ਭਜਾਈ ਜਾਣੇ ਨੇ। ਸਾਡੇ `ਚ ਦਮ ਹੋਇਆ ਤਾਂ ਅਸੀਂ ਆਪਣੀ ਮਾਂ ਬੋਲੀ ਵਿੱਚ ਖੇਡ-ਰਚਨਾਵਾਂ ਦੀ ਇੱਕ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।”

ਮੇਰੇ ਵੇਖਦੇ ਵੇਖਦੇ ਖੇਡਾਂ ਤੇ ਖਿਡਾਰੀਆਂ ਬਾਰੇ ਪੰਜਾਬੀ `ਚ ਸੌ ਕੁ ਕਿਤਾਬਾਂ ਤਾਂ ਛਪ ਹੀ ਚੁੱਕੀਆਂ ਹਨ ਤੇ ਸੌ ਕੁ ਹੋਰ ਆਉਂਦੇ ਦਸਾਂ ਪੰਦਰਾਂ ਸਾਲਾਂ `ਚ ਛਪ ਜਾਣਗੀਆਂ। ਜਦੋਂ ਮੈਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਪੰਜਾਬੀ ਵਿੱਚ ਸਿਰਫ ਇਕੋ ਖੇਡ ਪੁਸਤਕ ਛਪੀ ਸੀ। ਉਹ ਬਲਬੀਰ ਸਿੰਘ ਕੰਵਲ ਦੀ ‘ਭਾਰਤ ਦੇ ਪਹਿਲਵਾਨ’ ਸੀ। ਬਾਅਦ ਵਿੱਚ ਢਾਈ ਨਾਲ ਢਾਈ ਜੁੜਦੀ ਗਈ ਤੇ ਪੰਜਾਬੀ ਵਿੱਚ ਵੀ ਹੋਰਨਾਂ ਭਾਸ਼ਾਵਾਂ ਵਾਂਗ ਖੇਡ ਪੁਸਤਕਾਂ ਦਾ ਵਾਧਾ ਹੁੰਦਾ ਗਿਆ।

ਹੁਣ ਖਿਡਾਰੀਆਂ ਦੇ ਰੇਖਾ ਚਿੱਤਰ, ਜੀਵਨੀਆਂ ਤੇ ਸਵੈ ਜੀਵਨੀਆਂ ਪੜ੍ਹਨ ਨੂੰ ਮਿਲਦੀਆਂ ਹਨ। ਏਸ਼ਿਆਈ, ਕਾਮਨਵੈੱਲਥ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਮਿਲਦਾ ਹੈ। ਪੰਜਾਬ ਦੀਆਂ ਸੌ ਕੁ ਦੇਸੀ ਖੇਡਾਂ ਤੇ ਪੱਛਮ ਦੀਆਂ ਦਰਜਨਾਂ ਖੇਡਾਂ ਦੀ ਜਾਣਕਾਰੀ ਮਿਲਦੀ ਹੈ। ਸੈਂਕੜੇ ਟੂਰਨਾਮੈਂਟ, ਖੇਡ ਮੇਲੇ ਤੇ ਵਿਸ਼ਵ ਕੱਪਾਂ ਦਾ ਲੇਖਾ ਜੋਖਾ ਮਿਲਦਾ ਹੈ। ਖੇਡ ਜਗਤ ਦੀਆਂ ਬਾਤਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਖੇਡ ਮਸਲਿਆਂ ਦੀ ਚਰਚਾ ਚਲਦੀ ਹੈ ਅਤੇ ਖਿਡਾਰੀਆਂ ਦੇ ਜੀਵਨ ਬਾਰੇ ਅਫ਼ਸਾਨੇ ਤੇ ਨਾਵਲ ਲਿਖੇ ਜਾ ਰਹੇ ਹਨ। ਮੱਲਾਂ ਤੇ ਕੌਡਿਆਲਾਂ ਦੀ ਸ਼ਾਇਰੀ ਹੋ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਇਸ ਨੂੰ ਖੇਡ ਸਾਹਿਤ ਸਮਝੇ ਜਾਂ ਨਾ ਸਮਝੇ। ਉਂਜ ਇਹ ਸਾਰਾ ਕੁੱਝ ਸਾਡੇ ਜੀਵਨ ਦਾ ਹੀ ਸ਼ੀਸ਼ਾ ਹੈ। ਪਹਿਲਵਾਨ ਦਾਰਾ ਸਿੰਘ ਦੀ ਆਤਮ ਕਥਾ, ਮਿਲਖਾ ਸਿੰਘ ਦੀ ‘ਫਲਾਈਂਗ ਸਿੱਖ’ ਤੇ ਵਰਿਆਮ ਸਿੰਘ ਸੰਧੂ ਦੀ ਲਿਖੀ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਮੈਨੂੰ ਤਾਂ ਮੌਲਿਕ ਸਾਹਿਤਕ ਰਚਨਾਵਾਂ ਹੀ ਲੱਗਦੀਆਂ ਹਨ।

1966 ਵਿੱਚ ਜਦੋਂ ਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕਣੇ ਸ਼ੁਰੂ ਕੀਤੇ ਸਨ ਤਾਂ ਮੇਰਾ ਕੋਈ ਨਿਸ਼ਾਨਾ ਨਹੀਂ ਸੀ ਕਿ ਲੰਮਾ ਸਮਾਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਾ ਰਹਾਂਗਾ। ਵਿਚੋਂ ਮੈਂ ਰੁਕ ਵੀ ਗਿਆ ਸਾਂ। ਪਰ ਹਾਲਾਤ ਅਜਿਹੇ ਬਣਦੇ ਗਏ ਕਿ ਜਿਵੇਂ ਜਿਵੇਂ ਮੈਂ ਲਿਖੀ ਗਿਆ ਅਖ਼ਬਾਰਾਂ ਰਸਾਲਿਆਂ ਵਾਲੇ ਛਾਪੀ ਗਏ। ਜਾਂ ਇਓਂ ਕਹਿ ਲਓ ਕਿ ਉਹ ਲਿਖਵਾਈ ਗਏ ਤੇ ਉਸੇ ਨੂੰ ਸੋਧ ਕੇ ਕਿਤਾਬਾਂ ਛਪਦੀਆਂ ਗਈਆਂ। ਮੈਰਾਥਨ ਦੌੜ ਬਤਾਲੀ ਕਿਲੋਮੀਟਰ ਤੋਂ ਕੁੱਝ ਵੱਧ ਹੁੰਦੀ ਹੈ। ਮੇਰੀ ਕਲਮ ਨੂੰ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਬਤਾਲੀ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਰਾਥਨ ਦੌੜਾਕ ਵਾਂਗ ਮੇਰੀ ਕਲਮ ਵੀ ਕਦੇ ਹੌਲੀ ਤੇ ਕਦੇ ਤੇਜ਼ ਦੌੜਦੀ ਰਹੀ ਹੈ। ਕਦੇ ਦਮ ਲੈਣ ਰੁਕ ਵੀ ਜਾਂਦੀ ਰਹੀ ਹੈ।

ਮੇਰੀ ਹਾਲਤ ਕਿਊਬਾ ਦੇ ਮਖੌਲੀਏ ਦੌੜਾਕ ਫੇਲਿਕਸ ਕਰਨਾਜਲ ਵਰਗੀ ਹੀ ਸਮਝ ਲਓ। ਉਹ 1904 ਵਿੱਚ ਸੇਂਟ ਲੂਈਸ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਕਿਤੇ ਕਹਿ ਬੈਠਾ ਬਈ ਮੈਰਾਥਨ ਦੌੜ ਦਾ ਕੀ ਐ, ਇਹ ਤਾਂ ਮੈਂ ਵੀ ਲਾ ਸਕਦਾਂ। ਦੋਸਤਾਂ ਨੇ ਹੱਲਾਸ਼ਰੀ ਦੇ ਦਿੱਤੀ। ਉਸ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਏਧਰ ਓਧਰ ਦੌੜਨ ਲੱਗ ਪਿਆ। ਓਲੰਪਿਕ ਖੇਡਾਂ ਦਾ ਸਮਾਂ ਆਇਆ ਤਾਂ ਉਹਦੇ ਕੋਲ ਸੇਂਟ ਲੂਈਸ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਉਸ ਨੇ ਹਵਾਨਾ `ਦੇ ਚੌਂਕਾਂ `ਚ ਦੌੜਨ ਦੇ ਮਜਮੇ ਲਾਏ ਤੇ ਪੈਸੇ `ਕੱਠੇ ਕੀਤੇ। ਜਦੋਂ ਉਹ ਸੇਂਟ ਲੂਈਸ ਪਹੁੰਚਿਆ ਤਾਂ ਮੈਰਾਥਨ ਦੌੜ ਸ਼ੁਰੂ ਹੋਣ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਲਕੀਰ ਉਤੇ ਜਾ ਖੜ੍ਹਾ ਹੋਇਆ। ਮੁਕਾਬਲੇ ਵਿੱਚ ਦੁਨੀਆ ਦੇ ਮੰਨੇ ਪ੍ਰਮੰਨੇ ਦੌੜਾਕ ਖੜ੍ਹੇ ਸਨ। ਉਹ ਜੋਕਰ ਲੱਗਦਾ ਸੀ ਤੇ ਉਸ ਦਾ ਹੁਲੀਆ ਵੇਖ ਕੇ ਈ ਕਈਆਂ ਦਾ ਹਾਸਾ ਨਿਕਲੀ ਜਾਂਦਾ ਸੀ।

ਅਮਰੀਕਾ ਦੇ ਇੱਕ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉਤੇ ਖੜ੍ਹੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ ਪਾਸਿਓਂ ਕੱਟ ਕੇ ਕੰਮ ਚਲਾਊ ਬੁਨੈਣ ਬਣਾ ਦਿੱਤੀ। ਇੰਜ ਹੀ ਪਤਲੂਣ ਵੀ ਗੋਡਿਆਂ ਉਤੋਂ ਕੱਟ ਦਿੱਤੀ ਤੇ ਉਹ ਡੰਗ ਸਾਰੂ ਨਿੱਕਰ ਬਣ ਗਈ। ਦੌੜਦਿਆਂ ਉਹ ਰਾਹ ਵਿੱਚ ਸੇਬ ਤੇ ਆੜੂ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਟਿੱਚਰ ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ ਸੈਂਤੀ ਦੌੜਾਕਾਂ ਵਿੱਚ ਚੌਥੇ ਥਾਂ ਆਇਆ। ਜੇ ਕਿਧਰੇ ਉਹ ਪੂਰੀ ਤਿਆਰੀ ਨਾਲ ਮੈਰਾਥਨ ਦੌੜਦਾ ਤਾਂ ਸੰਭਵ ਸੀ ਓਲੰਪਿਕ ਚੈਂਪੀਅਨ ਬਣ ਜਾਂਦਾ। ਮੈਂ ਵੀ ਨਿਸ਼ਾਨਾ ਮਿਥ ਕੇ ਖੇਡ ਰਚਨਾ ਕਰਨ ਲੱਗਦਾ ਤਾਂ ਸੰਭਵ ਸੀ ਚੈਂਪੀਅਨ ਖੇਡ ਲੇਖਕ ਬਣਦਾ। ਹੁਣ ਤਾਂ ਫੇਲਿਕਸ ਵਾਂਗ ਗੱਲਾਂ ਕਰਨ ਕਰਾਉਣ ਜੋਗਾ ਹੀ ਹਾਂ।

ਉਂਜ ਜਿੰਨਾ ਕੁ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਸਕਿਆਂ ਉਹਦਾ ਫਲ ਮੈਨੂੰ ਉਸ ਤੋਂ ਕਿਤੇ ਵੱਧ ਮਿਲਿਆ ਹੈ। ਇਹ ਅਣਛੋਹਿਆ ਵਿਸ਼ਾ ਸੀ। ਕਹਾਣੀਆਂ ਲਿਖੀ ਜਾਂਦਾ ਰਹਿੰਦਾ ਤਾਂ ਹੋਰਨਾਂ ਕਹਾਣੀਕਾਰਾਂ ਵਾਂਗ ਘਾਟੇ `ਚ ਹੀ ਰਹਿੰਦਾ ਤੇ ਰੋਣੇ ਵਾਧੂ ਦੇ ਰੋਈ ਜਾਂਦਾ। ਆਖੀ ਜਾਂਦਾ ਪਈ ਵੇਖੋ ਮੈਂ ਮਾਂ ਬੋਲੀ ਦੀ ਤੇ ਸਾਹਿਤ ਦੀ ਕਿੰਨੀ ਸੇਵਾ ਕੀਤੀ ਐ ਪਰ ਮੈਨੂੰ ਕੋਈ ਪੁੱਛਦਾ ਈ ਨਹੀਂ। ਆਹ ਕਵੀਆਂ ਨੂੰ ਮੁੜ ਮੁੜ ਪੁੱਛੀ ਜਾਂਦੇ ਨੇ। ਹੋਰਨਾਂ ਕਹਾਣੀਕਾਰਾਂ ਨੂੰ ਇਨਾਮ ਮਿਲੀ ਜਾਂਦੇ ਨੇ, ਕੀ ਪਤਾ ਮੇਰੀ ਵਾਰੀ ਓਦੋਂ ਆਵੇ ਜਦੋਂ ਮੈਂ ਮਰ ਖਪ ਗਿਆ? ਮੈਂ ਇਹ ਥੋੜ੍ਹੋ ਸੋਚਣਾ ਸੀ ਪਈ ਜੇ ਸੌ ਕਹਾਣੀਕਾਰ ਹੋਣਗੇ ਤਾਂ ਵਾਰੀ ਵੀ ਸੌ ਸਾਲਾਂ ਪਿੱਛੋਂ ਈ ਆਊ!

ਮੈਂ ਵੇਖ ਲਿਆ ਸੀ ਕਿ ਪੰਜਾਬੀ ਦੇ ਕਵੀ ਤੇ ਕਹਾਣੀਕਾਰ ਏਨੇ ਨੇ ਕਿ ਜੰਮਦੇ ਵੱਧ ਨੇ ਤੇ ਮਰਦੇ ਘੱਟ ਨੇ! ਜਿਹੜੇ ਵੱਧ ਜੰਮਣ ਉਨ੍ਹਾਂ ਦੀ ਕਦਰ ਕੁਦਰਤੀ ਘਟ ਜਾਂਦੀ ਹੈ। ਇਸੇ ਕਰਕੇ ਮੈਂ ਕਵਿਤਾ ਤਾਂ ਲਿਖੀ ਹੀ ਨਹੀਂ ਤੇ ਕਹਾਣੀਆਂ ਲਿਖਣ ਤੋਂ ਵੀ ਛੇਤੀ ਹੀ ਪਾਸਾ ਵੱਟ ਲਿਆ ਸੀ। ਉਹਨਾਂ ਦੀ ਥਾਂ ਮੈਂ ਦੋ ਕੁ ਸੌ ਖਿਡਾਰੀਆਂ ਦੇ ਰੇਖਾ ਚਿੱਤਰ ਉਲੀਕੇ ਨੇ। ਸੌ ਤੋਂ ਵੱਧ ਦੇਸੀ ਵਿਦੇਸ਼ੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ। ਸੌ ਕੁ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ ਕੀਤੇ ਹਨ। ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਖੇਡਾਂ ਦੇ ਅਨੇਕਾਂ ਪੱਖਾਂ ਦੀ ਚਰਚਾ ਛੇੜੀ ਹੈ। ਵਿਚੇ ਖੇਡ ਮੇਲੇ ਵੇਖਣ ਲਈ ਕੀਤੇ ਦੇਸ ਪਰਦੇਸ ਦੇ ਸਫ਼ਰਾਂ ਦਾ ਹਾਲ ਹੈ ਤੇ ਦੂਰ ਨੇੜੇ ਵੇਖੀਆਂ ਥਾਵਾਂ ਦਾ ਵਰਣਨ ਹੈ। ਵਿਚੇ ਹਾਸਾ ਖੇਡਾ ਤੇ ਵਿਅੰਗ ਹੈ। ਅਮਰੀਕਾ ਤੇ ਕੈਨੇਡਾ ਦਾ ਸਫ਼ਰਨਾਮਾ ਲਿਖਣ ਦੇ ਨਾਲ ਫੇਰੀ ਵਤਨਾਂ ਦੀ ਵੀ ਲਿਖੀ ਹੈ। ਦੋ ਪੁਸਤਕਾਂ ਦੇ ਅਨੁਵਾਦ ਕੀਤੇ ਹਨ।

 

ਅਜੇ ਕਿਹੜਾ ਬੱਸ ਹੈ? ਜਿੰਨੇ ਕੁ ਸਾਲ ਹੋਰ ਜੀਵਾਂਗਾ ਓਨੀਆਂ ਕਿਤਾਬਾਂ ਤਾਂ ਲਿਖ ਹੀ ਦੇਵਾਂਗਾ। ਕੀ ਪਤਾ ਮੁੜ ਕੇ ਕਹਾਣੀਆਂ ਲਿਖਣ ਦਾ ਸ਼ੌਕ ਜਾਗ ਪਵੇ ਤੇ ਇਹ ਵੀ ਪਤਾ ਨਹੀਂ ਕੋਈ ਨਾਵਲ ਈ ਛੇੜ ਬੈਠਾਂ। ਜੀਹਦੇ ਕੋਲ ਸ਼ਬਦਾਵਲੀ ਹੋਵੇ, ਵਾਕ ਬਣਤਰ ਦੀ ਕਲਾ ਹੋਵੇ, ਵਾਰਤਕ `ਚ ਰਸ ਹੋਵੇ ਤੇ ਪਾਠਕਾਂ ਦਾ ਧਿਆਨ ਖਿੱਚਣਾ ਆਉਂਦਾ ਹੋਵੇ ਉਹ ਕੁੱਝ ਵੀ ਲਿਖੇ ਪੜ੍ਹ ਹੀ ਲਿਆ ਜਾਂਦੈ। ਨਾਵਲ ਲਿਖਣ ਲੱਗ ਪਿਆ ਤਾਂ ਉਹਦੀਆਂ ਕਿਸ਼ਤਾਂ ਵੀ ਚੱਲੀ ਜਾਣਗੀਆਂ। ਫਿਰ ਤਾਂ ਹੋ ਸਕਦੈ ਉਹ ਅੰਮ੍ਰਿਤਸਰ ਦੀ ਗੋਸ਼ਟੀ ਵਾਲਾ ਆਲੋਚਕ ਵੀ ਹਮ੍ਹਾਤੜਾਂ ਨੂੰ ਸਾਹਿਤਕਾਰ ਮੰਨਣ ਲੱਗ ਪਵੇ!

ਪਾਠਕ ਜਾਣਨਾ ਚਾਹੁਣਗੇ ਕਿ ਮੈਂ ਲਿਖਦਾ ਕਿਵੇਂ ਹਾਂ? ਲੇਖਕਾਂ ਨੂੰ ਆਪਣੇ ਲਿਖਣ ਦੇ ਤਜਰਬੇ ਹੋਰਨਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ। ਕਈ ਲੇਖਕ ਕਾਹਲੀ ਕਾਹਲੀ ਲਿਖਦੇ ਹਨ ਤੇ ਲਿਖੇ ਨੂੰ ਦੁਬਾਰਾ ਨਹੀਂ ਸੋਧਦੇ। ਉਹ ਪਹਿਲੀ ਵਾਰ ਲਿਖੇ ਨੂੰ ਇਲਹਾਮ ਸਮਝਦੇ ਹਨ। ਕਹਿੰਦੇ ਹਨ ਕਿ ਕਵੀ ਪੂਰਨ ਸਿੰਘ ਨੇ ਕਿਤਾਬਾਂ ਦੀ ਦੁਕਾਨ `ਚ ਬੈਠਿਆਂ ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਪੜ੍ਹਿਆ ਤੇ ਆਪਣਾ ਪੂਰਨ ਤੇ ਲੂਣਾ ਦਾ ਕਾਵਿ ਪਰਸੰਗ ਲਿਖ ਕੇ ਸੁੱਤਾ। ਬੂਟਾ ਸਿੰਘ ਸ਼ਾਦ ਦਾ ਕਹਿਣਾ ਹੈ ਕਿ ਮੈਂ ਹਫ਼ਤੇ `ਚ ਈ ਨਾਵਲ ਲਿਖ ਦਿੰਨਾਂ। ਹੋ ਸਕਦੈ ਕੋਈ ਉਹਦੇ ਨਾਲੋਂ ਵੀ ਤੇਜ਼ਤਰਾਰ ਹੋਵੇ ਤੇ ਇਕੋ ਦਿਨ `ਚ ਨਾਵਲ ਲਿਖ ਮਾਰਦਾ ਹੋਵੇ!

ਬਲਵੰਤ ਗਾਰਗੀ ਨੇ ਆਪਣਾ ਪ੍ਰਸਿੱਧ ਇਕਾਂਗੀ ‘ਪੱਤਣ ਦੀ ਬੇੜੀ’ ਕਾਫੀ ਹਾਊਸ `ਚ ਕਿਸੇ ਨੂੰ ਉਡੀਕਦਿਆਂ ਲਿਖਿਆ ਸੀ। ਨਾਨਕ ਸਿੰਘ ਹੋਰੀਂ ਡਲਹੌਜ਼ੀ ਜਾ ਕੇ ਨਵਾਂ ਨਾਵਲ ਲਿਖ ਲਿਆਉਂਦੇ ਸਨ। ਰਾਮ ਸਰੂਪ ਅਣਖੀ ਸੁਣਿਐਂ ਕਾਫੀ ਰਫ਼ਤਾਰ ਨਾਲ ਲਿਖਦੈ। ਬਲਦੇਵ ਸਿੰਘ ਦੀ ਹੱਥਲਿਖਤ ਸੋਹਣੀ ਹੈ ਜਦ ਕਿ ਗੁਰਦਿਆਲ ਸਿੰਘ ਦੀ ਵਿੰਗ ਤੜਿੰਗੀ ਹੈ। ਅੰਮ੍ਰਿਤਾ ਪ੍ਰੀਤਮ ਦੀ ਲਿਖਾਈ ਉਹਦੇ ਮੁਖੜੇ ਵਾਂਗ ਹੀ ਸੁੰਦਰ ਸੀ। ਗਾਰਗੀ ਖੁੱਲ੍ਹਾ ਲਿਖਦਾ ਸੀ ਤੇ ਕੰਵਲ ਸੰਘਣਾ ਲਿਖਦੈ। ਮਜਾਲ ਕੀ ਕਾਗਜ਼ ਦੀ ਕੋਈ ਥਾਂ ਖਾਲੀ ਰਹਿ ਜਾਵੇ। ਉਹਦੀ ਹੱਥਲਿਖਤ ਦਾ ਇੱਕ ਸਫ਼ਾ ਕਿਤਾਬ ਦਾ ਡੇਢ ਸਫ਼ਾ ਬਣ ਜਾਂਦੈ। ਕੋਈ ਸਵੇਰ ਵੇਲੇ ਲਿਖਦੈ, ਕੋਈ ਸ਼ਾਮ ਵੇਲੇ ਤੇ ਕਿਸੇ ਦਾ ਕੋਈ ਖ਼ਾਸ ਵੇਲਾ ਨਹੀਂ ਹੁੰਦਾ।

ਮੈਂ ਉਨ੍ਹਾਂ `ਚੋਂ ਹਾਂ ਜਿਨ੍ਹਾਂ ਦਾ ਕੋਈ ਖ਼ਾਸ ਲਿਖਣ ਵੇਲਾ ਨਹੀਂ। ਜਦੋਂ ਸਮਾਂ ਮਿਲਿਆ ਜਾਂ ਲਿਖਣ ਦੀ ਲੋੜ ਸਮਝੀ ਉਦੋਂ ਹੀ ਲਿਖਣ ਬੈਠ ਜਾਈਦੈ। ਪਰ ਲਿਖਦਾ ਮੈਂ ਬਹੁਤ ਹੌਲੀ ਹਾਂ ਅਤੇ ਮੁੱਢਲਾ ਵਾਕ ਤੇ ਪੈਰਾ ਤਾਂ ਲਿਖਦਾ ਵੀ ਦੁਬਾਰਾ ਤਿਬਾਰਾ ਹਾਂ। ਮੇਰੀ ਇਹ ਆਦਤ ਪੱਕ ਚੁੱਕੀ ਹੈ ਕਿ ਮੈਂ ਪਹਿਲਾ ਫਿਕਰਾ ਲਿਖ ਕੇ ਕੱਟ ਦਿੰਦਾ ਹਾਂ ਤੇ ਕਾਗਜ਼ ਵੀ ਬਦਲ ਦਿੰਦਾ ਹਾਂ। ਇਹ ਇੰਜ ਹੀ ਹੈ ਜਿਵੇਂ ਕੋਈ ਦੌੜਾਕ ਪਹਿਲਾਂ ਗ਼ਲਤ ਸਟਾਰਟ ਲਵੇ ਤੇ ਦੁਬਾਰਾ ਸਪਾਈਕਸ ਕਸ ਕੇ ਦੂਜੀ ਵਾਰ ਸਹੀ ਸਟਾਰਟ ਲਵੇ। ਸ਼ਾਇਦ ਇਹ ਮੇਰਾ ਵਹਿਮ ਹੈ ਕਿ ਮੈਥੋਂ ਪਹਿਲਾ ਫਿਕਰਾ ਖਿੱਚਪਾਊ ਨਹੀਂ ਲਿਖ ਹੋਇਆ। ਜਦੋਂ ਮੈਂ ਕਾਗਜ਼ ਉਤੇ ਕਲਮ ਨਾਲ ਲਿਖਦਾ ਸੀ ਤਾਂ ਪਹਿਲਾ ਫਿਕਰਾ ਕੱਟ ਕੇ ਕਾਗਜ਼ ਇਸ ਲਈ ਰੱਦ ਕਰ ਦਿੰਦਾ ਸੀ ਕਿ ਕੱਟ ਵੱਢ ਨਾ ਦਿਸੇ। ਹੁਣ ਕੰਪਿਊਟਰ `ਤੇ ਉਂਜ ਈ ਮਿਟ ਜਾਂਦੈ ਤੇ ਕੱਟ ਵੱਢ ਦਾ ਪਤਾ ਨਹੀਂ ਲੱਗਦਾ।

ਇਕ ਮਿਸਾਲ ਹੈ। ਜਦੋਂ ਮੈਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਰੇਖਾ ਚਿੱਤਰ ਲਿਖਣ ਲੱਗਾ ਤਾਂ ਸੋਚਣ ਲੱਗਾ ਕਿ ਪਹਿਲਾ ਫਿਕਰਾ ਉਹਦੇ ਮੁੱਕੇ ਵਰਗਾ ਹੀ ਹੋਵੇ। ਪਰ ਮੈਂ ਜਿਹੜਾ ਵੀ ਫਿਕਰਾ ਘੜਦਾ ਉਹ ਮੈਨੂੰ ਕਮਜ਼ੋਰ ਲੱਗੀ ਜਾਂਦਾ ਤੇ ਮੈਂ ਮੁੜ ਮੁੜ ਕੱਟੀ ਜਾਂਦਾ। ਬੜਾ ਪਰੇਸ਼ਾਨ ਹੋਇਆ ਮੈਂ। ਮੁਹੰਮਦ ਅਲੀ ਦੀ ਮਹਾਨਤਾ ਮੇਰੀ ਲਿਖਤ ਦੀ ਪਕੜ ਵਿੱਚ ਨਹੀਂ ਸੀ ਆ ਰਹੀ। ਹਾਰ ਕੇ ਅੱਧੇ ਘੰਟੇ ਦੀ ਮਗਜ਼ਮਾਰੀ ਮਗਰੋਂ ਇਹੋ ਫਿਕਰਾ ਜਚਿਆ-ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ। ਇਸ ਫਿਕਰੇ ਵਿੱਚ ਲੈਅ ਸੀ, ਅਲੰਕਾਰ ਸਨ ਤੇ ਲੱਲੇ ਅੱਖਰ ਵਾਲੇ ਲਫ਼ਜ਼ਾਂ ਦੀ ਧੁਨੀ ਸੀ। ਲਫ਼ਜ਼ਾਂ ਦਾ ਘੁਲਣਾ ਮੁੱਕਿਆਂ ਦੇ ਘੋਲ ਵਾਂਗ ਸੀ। ਜੇ ਮੁਹੰਮਦ ਅਲੀ ਮੁੱਕਿਆਂ ਨਾਲ ਘੁਲਦੈ ਤਾਂ ਉਹਦੇ ਬਾਰੇ ਲਿਖਣ ਵਾਲੇ ਨੂੰ ਵੀ ਲਫ਼ਜ਼ਾਂ ਨਾਲ ਘੁਲਣਾ ਚਾਹੀਦੈ। ਛੋਟਾ ਜਿਹਾ ਵਾਕ ਮੀਢੀ ਵਾਂਗ ਗੁੰਦਿਆ ਗਿਆ ਸੀ।

ਪਹਿਲੇ ਪੈਰੇ ਨੂੰ ਖਿੱਚਪਾਊ ਬਣਾਉਣ ਤੇ ਪਾਠਕ ਨੂੰ ਚਕਾਚੌਂਧ ਕਰਨ ਲਈ ਮੈਂ ਲਿਖਿਆ-ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ ਤੇ ਇਥੋਂ ਤਕ ਕਿ ਤਿੰਨ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਓਲੰਪਿਕ ਚੈਂਪੀਅਨ ਬਣਿਆ, ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦੇ ਵਿਸ਼ਵ ਖ਼ਿਤਾਬ ਜਿੱਤੇ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆ। ਚੁਤਾਲੀ ਸਾਲਾਂ ਦੀ ਉਮਰ ਵਿੱਚ ਉਸ ਨੇ ਅਠਾਈ ਸਾਲਾਂ ਦੀ ਕੁਆਰੀ ਯੁਲੰਡਾ ਨਾਲ ਵਿਆਹ ਕਰਵਾਇਆ ਤੇ ਹੁਣ ਕਈ ਸਾਲਾਂ ਤੋਂ ਪਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ। ਤੁਸੀਂ ਖੁਦ ਸੋਚੋ ਕਿ ਇਹੋ ਜਿਹੇ ਫਿਕਰੇ ਭਲਾ ਮੈਂ ਕਾਹਲੀ ਵਿੱਚ ਕਿਵੇਂ ਲਿਖ ਸਕਦਾ ਸੀ? ਮੈਂ ਅਕਸਰ ਕਹਿਨਾਂ ਕਿ ਚੰਗੀ ਵਾਰਤਕ ਲਿਖਣੀ ਕਵਿਤਾ ਲਿਖਣ ਦੇ ਤੁੱਲ ਹੈ। ਇਹ ਏਨੀ ਰਵਾਂ ਹੋਵੇ ਕਿ ਪਾਠਕ ਨੂੰ ਜਾਪੇ ਜਿਵੇਂ ਪੌਣ ਰੁਮਕ ਰਹੀ ਹੋਵੇ।

ਲਿਖਣ ਵਾਲਿਆਂ ਨੂੰ ਪਤਾ ਹੈ ਕਿ ਗੁੰਝਲਦਾਰ ਫਿਕਰੇ ਲਿਖਣ `ਚ ਮਿਹਨਤ ਨਹੀਂ ਕਰਨੀ ਪੈਂਦੀ। ਉਨ੍ਹਾਂ ਨੂੰ ਸਮਝਣ ਲਈ ਪਾਠਕਾਂ ਨੂੰ ਜ਼ਰੂਰ ਮੱਥਾ ਮਾਰਨਾ ਪੈਂਦੈ। ਜਿਸ ਲੇਖਕ ਨੂੰ ਪਾਠਕਾਂ ਦਾ ਫਿਕਰ ਹੈ ਉਹ ਪਾਠਕਾਂ ਦੀ ਸਹੂਲਤ ਲਈ ਆਪਣੀ ਵਾਰਤਕ ਨੂੰ ਸਰਲ ਤੇ ਸੁਖੈਣ ਬਣਾਏਗਾ। ਇਹ ਵੀ ਉਹ ਤਦ ਹੀ ਕਰ ਸਕੇਗਾ ਜੇ ਉਹਦੇ ਕੋਲ ਕਹਿਣ ਵਾਲੀ ਗੱਲ ਸਪੱਸ਼ਟ ਹੋਵੇਗੀ। ਅਸਪੱਸ਼ਟ ਵਿਚਾਰ ਲੰਮੇ ਤੇ ਗੁੰਝਲਦਾਰ ਵਾਕਾਂ ਤੇ ਪੈਰਿਆਂ ਨੂੰ ਜਨਮ ਦਿੰਦੇ ਹਨ। ਕਈਆਂ ਨੂੰ ਵਹਿਮ ਹੈ ਕਿ ਉਹ ਔਖੇ ਭਾਰੇ ਸ਼ਬਦਾਂ ਤੇ ਗੁੰਝਲਦਾਰ ਫਿਕਰਿਆਂ ਨਾਲ ਆਪਣੀ ਵਿਦਵਤਾ ਦਾ ਪ੍ਰਭਾਵ ਪਾ ਸਕਦੇ ਹਨ। ਵਿਦਵਤਾ ਸਪੱਸ਼ਟ ਤੇ ਸਰਲ ਹੋਣ ਵਿੱਚ ਹੈ। ਔਖੇ ਸ਼ਬਦਾਂ ਦੀ ਵਰਤੋਂ ਤੇ ਸਮਝ ਨਾ ਆਉਣ ਵਾਲੇ ਫਿਕਰਿਆਂ ਦੀਆਂ ਗੁੰਝਲਾਂ ਵਿੱਚ ਕੋਈ ਵਿਦਵਤਾ ਨਹੀਂ।

ਖੇਡਾਂ ਤੇ ਖਿਡਾਰੀਆਂ ਦੇ ਮੁਕਾਬਲਿਆਂ ਅਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਦਿਆਂ ਮੈਨੂੰ ਕਦੇ ਪੰਜਾਬੀ ਦੇ ਢੁੱਕਵੇਂ ਸ਼ਬਦਾਂ ਦਾ ਤੋੜਾ ਮਹਿਸੂਸ ਨਹੀਂ ਹੋਇਆ। ਦੂਜੀਆਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਲੈਣੇ ਚਾਹੀਦੇ ਹਨ ਜਦੋਂ ਆਪਣੇ ਨਾ ਹੋਣ। ਨਵੀਆਂ ਕਾਢਾਂ ਤੇ ਵਸਤਾਂ ਆਪਣੇ ਨਾਂ ਦੇ ਸ਼ਬਦ ਆਪਣੇ ਨਾਲ ਹੀ ਲੈ ਆਉਂਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਉਂਜ ਹੀ ਸਵੀਕਾਰ ਲੈਣਾ ਚਾਹੀਦੈ। ਕੰਪਿਊਟਰ, ਈ-ਮੇਲ, ਇੰਟਰਨੈੱਟ ਤੇ ਟੀਵੀ ਆਦਿ ਲਈ ਨਵੇਂ ਲਫ਼ਜ਼ ਘੜਨ ਦੀ ਲੋੜ ਨਹੀਂ।

ਹੋ ਸਕਦੈ ਕੁੱਝ ਪਾਠਕ ਇਹ ਵੀ ਜਾਣਨਾ ਚਾਹੁਣ ਕਿ ਮੈਂ ਅੱਜ ਕੱਲ੍ਹ ਕਰਦਾ ਕੀ ਹਾਂ? ਮੇਰੇ ਦਿਨ ਕਿਵੇਂ ਲੰਘਦੇ ਹਨ? ਇਹ ਗੱਲ ਤਾਂ ਮੈਂ ਦੱਸ ਹੀ ਚੁੱਕਾਂ ਕਿ ਰਿਟਾਇਰ ਹੋਣ ਪਿੱਛੋਂ ਮੈਂ ਤੇ ਮੇਰੀ ਪਤਨੀ ਕੈਨੇਡਾ ਦੇ ਪੱਕੇ ਪਰਵਾਸੀ ਬਣ ਚੁੱਕੇ ਹਾਂ। ਸਤੰਬਰ 2001 ਵਿੱਚ ਸਾਨੂੰ ਕੈਨੇਡਾ ਦੀ ਇੰਮੀਗ੍ਰੇਸ਼ਨ ਮਿਲ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਮੈਂ ਗਰਮੀਆਂ ਦੇ ਸੱਤ ਅੱਠ ਮਹੀਨੇ ਕੈਨੇਡਾ ਵਿੱਚ ਕੱਟ ਰਿਹਾਂ ਤੇ ਸਰਦੀਆਂ ਦੇ ਚਾਰ ਪੰਜ ਮਹੀਨੇ ਪੰਜਾਬ ਵਿੱਚ ਬਿਤਾ ਰਿਹਾਂ। ਦਸੰਬਰ ਵਿੱਚ ਜਦੋਂ ਟੋਰਾਂਟੋ `ਚ ਬਰਫ਼ਾਂ ਪੈਣ ਲੱਗਦੀਆਂ ਹਨ ਤਾਂ ਮੈਂ ਸਾਇਬੇਰੀਆ ਦੀਆਂ ਕੂੰਜਾਂ ਵਾਂਗ ਪੰਜਾਬ ਨੂੰ ਉਡਾਰੀ ਮਾਰ ਲੈਨਾਂ। ਮਈ ਦੀਆਂ ਲੂਆਂ ਵਗਣ ਤੋਂ ਪਹਿਲਾਂ ਪਹਿਲਾਂ ਕੈਨੇਡਾ ਪਰਤ ਆਉਨਾਂ। ਅੱਠ ਸਾਲਾਂ ਤੋਂ ਇਹੋ ਚਾਲਾ ਹੈ ਤੇ ਲੱਗਦੈ ਇਸ ਤਰ੍ਹਾਂ ਹੀ ਉਮਰ ਬੀਤ ਜਾਵੇਗੀ।

ਹੁਣ ਮੈਂ ਉਣੱਤਰਵੇਂ ਸਾਲ `ਚ ਹਾਂ। ਤਿੰਨ ਚਾਰ ਕਿਲੋਮੀਟਰ ਸਵੇਰੇ ਤੇ ਏਨਾ ਕੁ ਸ਼ਾਮ ਨੂੰ ਤੁਰਨਾ ਮੇਰੀ ਰੋਜ਼ਾਨਾ ਸੈਰ ਹੈ। ਲਾਂਭੇ ਗਿਆ ਹੋਵਾਂ ਤਾਂ ਸੈਰ ਰਹਿ ਵੀ ਜਾਂਦੀ ਹੈ ਤੇ ਲਾਂਭੇ ਮੈਨੂੰ ਜਾਣਾ ਹੀ ਪੈਂਦੈ। ਮੇਰੇ ਤੋਰੇ ਫੇਰੇ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ 2008 ਵਿੱਚ ਮੈਂ ਦੇਸ਼ ਵਿਦੇਸ਼ ਦੇ ਤੀਹ ਤੋਂ ਵੱਧ ਖੇਡ ਮੇਲੇ ਆਪਣੀ ਅੱਖੀ ਵੇਖੇ ਹਨ। ਘੱਟੋਘੱਟ ਲੱਖ ਮੀਲ ਦਾ ਸਫ਼ਰ ਕੀਤਾ ਹੈ। ਕਈ ਇਸ ਨੂੰ ਬੁੱਢੇ ਬੰਦੇ ਦੇ ਫੈਂਟਰ ਸਮਝ ਸਕਦੇ ਹਨ ਇਸ ਲਈ ਖੇਡ ਮੇਲੇ ਗਿਣਾ ਵੀ ਦੇਣੇ ਚਾਹੀਦੇ ਹਨ।

ਦਸੰਬਰ ਤੋਂ ਮਾਰਚ ਤੱਕ ਮੈਂ ਲੁਧਿਆਣੇ, ਜਲੰਧਰ, ਮੋਗੇ, ਜਗਰਾਓਂ, ਮੁੱਲਾਂਪੁਰ, ਬਾਘੇ ਪੁਰਾਣੇ, ਘੋਲੀਏ, ਹਠੂਰ, ਫਿਲੌਰ, ਢੁੱਡੀਕੇ, ਬੀਲ੍ਹੇ, ਚਕਰ, ਮੁਠੱਡੇ, ਗੁਮਟਾਲੇ, ਗੜ੍ਹਸ਼ੰਕਰ, ਕੁਲਥਮ, ਬੰਗੇ, ਕਿਲਾ ਰਾਇਪੁਰ, ਹਕੀਮਪੁਰ ਤੇ ਕੁੱਝ ਹੋਰ ਪਿੰਡਾਂ ਵਿੱਚ ਖੇਡ ਮੇਲੇ ਵੇਖਣ ਗਿਆ। ਜਿਥੇ ਜਾ ਨਹੀਂ ਹੋਇਆ ਉਥੇ ਅਗਲੇ ਸਾਲ ਜਾਵਾਂਗਾ। ਮਈ ਦੇ ਮਹੀਨੇ ਤੋਂ ਪੱਛਮੀ ਮੁਲਕਾਂ ਦੇ ਪੰਜਾਬੀ ਖੇਡ ਮੇਲਿਆਂ ਦਾ ਦੌਰ ਚੱਲ ਪਿਆ। ਦੋ ਵਾਰ ਮੈਂ ਨਿਊਯਾਰਕ ਗਿਆ, ਦੋ ਵਾਰ ਸਿਆਟਲ ਤੇ ਚਾਰ ਵਾਰ ਵੈਨਕੂਵਰ। ਇੱਕ ਇਕ ਵਾਰ ਐਡਮਿੰਟਨ, ਕੈਲਗਰੀ, ਮਾਂਟਰੀਅਲ, ਸ਼ਿਕਾਗੋ ਤੇ ਓਹਾਈਓ ਸਟੇਟ ਵਿੱਚ ਸਿਨਸਿਨੈਟੀ ਗਿਆ। ਇੰਗਲੈਂਡ ਵਾਲਿਆਂ ਦਾ ਸੱਦਾ ਮੈਥੋਂ ਪਰਵਾਨ ਨਹੀਂ ਹੋ ਸਕਿਆ ਤੇ ਨਾ ਹੀ ਮੈਂ ਇਟਲੀ ਤੇ ਨਾਰਵੇ ਜਾ ਸਕਿਆ। ਇਓਂ ਚਹੁੰ ਪੰਜਾਂ ਮਹੀਨਿਆਂ ਵਿੱਚ ਮੈਂ ਪੱਚੀ ਤੀਹ ਵਾਰ ਹਵਾਈ ਜਹਾਜ਼ਾਂ `ਤੇ ਚੜ੍ਹਿਆ। ਮੇਰੀਆਂ ਲਿਖਤਾਂ ਵਿੱਚ ਕਈ ਖੇਡ ਮੇਲਿਆਂ ਦਾ ਜ਼ਿਕਰ ਹੋ ਚੁੱਕੈ ਤੇ ਕਈਆ ਦਾ ਹੋਣਾ ਹੈ। ਮੈਂ ਜਾਂ ਤਾਂ ਖੇਡ ਮੇਲਿਆਂ ਦੀ ਹਾਜ਼ਰੀ ਭਰ ਰਿਹਾ ਹੁੰਨਾਂ ਤੇ ਜਾਂ ਕੁੱਝ ਨਾ ਕੁੱਝ ਪੜ੍ਹ ਲਿਖ ਰਿਹਾ ਹੁੰਨਾਂ। ਬੱਸ ਇਸ ਤਰ੍ਹਾਂ ਹੀ ਦਿਨ ਲੰਘੀ ਜਾਂਦੇ ਨੇ। ਅਜੇ ਮੈਂ ਕਾਇਮ ਹਾਂ ਤੇ ਮੇਰੀ ਕਲਮ ਦੀ ਮੈਰਾਥਨ ਜਾਰੀ ਹੈ।

ਪਿੰਡ ਵਿੱਚ ਮੇਰੀ ਪਹਿਲੀ ਪਛਾਣ ਬਾਬਾ ਪਾਲਾ ਸਿਓਂ ਦੇ ਪੋਤੇ ਵਜੋਂ ਸੀ। ਜੇ ਮੈਂ ਕੋਈ ਮਾਅਰਕਾ ਮਾਰਦਾ ਤਾਂ ਉਹ ਪਾਲਾ ਸਿਓਂ ਦੇ ਪੋਤੇ ਦਾ ਵੱਜਦਾ। ਮੇਰੇ ਨਾਂ ਨੂੰ ਕੋਈ ਨਹੀਂ ਸੀ ਜਾਣਦਾ। ਮੈਂ ਵੀ ਆਪਣਾ ਨਾਂ ਦੱਸਣ ਦੀ ਥਾਂ ਪਾਲਾ ਸਿਓਂ ਦਾ ਪੋਤਾ ਦੱਸਦਾ। ਸਾਡੇ ਬਾਬੇ ਹੋਰੀਂ ਤਿੰਨ ਭਰਾ ਸਨ। ਵੱਡਾ ਪੋਲ੍ਹਾ ਸਿੰਘ, ਵਿਚਕਾਰਲਾ ਰਤਨ ਸਿੰਘ ਤੇ ਛੋਟਾ ਪਾਲਾ ਸਿੰਘ। ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਹੋਰੀਂ ਚਾਰ ਭਾਈ ਸਨ। ਉਨ੍ਹਾਂ ਦੇ ਬਾਪ ਭਗਵਾਨ ਸਿੰਘ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਭਰਾ ਸਨ ਤੇ ਕਿੰਨਿਆਂ ਦੇ ਔਲਾਦ ਹੋਈ? ਭਗਵਾਨ ਸਿੰਘ ਦੇ ਪਿਤਾ ਸੁੰਦਰ ਸਿੰਘ ਦਾ ਵੀ ਪਤਾ ਨਹੀਂ ਕਿ ਉਨ੍ਹਾਂ ਦੇ ਬਾਪ ਦਾ ਕਿੱਡਾ ਪਰਿਵਾਰ ਸੀ? ਮੈਂ ਹਾਲੇ ਇਹ ਵੀ ਪਤਾ ਨਹੀਂ ਲਾ ਸਕਿਆ ਕਿ ਸਾਡਾ ਕਿਹੜਾ ਵਡੇਰਾ ਮਾਝੇ ਦੀ ਸਰਹਾਲੀ ਤੋਂ ਉਠ ਕੇ ਮਾਲਵੇ ਦੇ ਪਿੰਡ ਚਕਰ ਆਇਆ ਸੀ ਤੇ ਕਦੋਂ ਆਇਆ ਸੀ?

ਇਹ ਤੱਥ ਖੋਜ ਦਾ ਮੁਥਾਜ ਹੈ ਕਿ ਸਾਡੇ ਵੱਡਵਡੇਰੇ ਹਿੰਦੂਆਂ ਤੋਂ ਸਿੱਖ ਕਦੋਂ ਬਣੇ? ਇਤਿਹਾਸ ਤਾਂ ਇਹੋ ਦੱਸਦਾ ਹੈ ਕਿ ਸਾਡੇ ਵੱਡਵਡੇਰੇ ਹਿੰਦੂ ਜਾਟ ਸਨ ਜੋ ਮੁਸਲਮਾਨ ਬਣਨੋਂ ਬਚ ਗਏ ਤੇ ਸਿੱਖ ਸਜ ਗਏ। ਸਾਡੇ ਗੋਤ ਦੇ ਸੰਧੂ ਜੱਟ ਹਿੰਦੂ ਵੀ ਹਨ, ਮੁਸਲਮਾਨ ਵੀ ਹਨ ਤੇ ਸਿੱਖ ਵੀ ਹਨ। ਏਧਰ ਸ਼ਹੀਦ ਭਗਤ ਸਿੰਘ ਸੰਧੂ ਸੀ, ਓਧਰ ਕਿੱਸਾਕਾਰ ਕਾਦਰਯਾਰ ਸੰਧੂ, ਭਾਈ ਬਾਲਾ ਸੰਧੂ ਤੇ ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਵੀ ਸੰਧੂ ਸੀ। ਬਾਕੀ ਗੋਤਾਂ ਦਾ ਵੀ ਇਹੋ ਹਾਲ ਹੈ। ਅੱਜ ਜਿਹੜੇ ਲੋਕ ਹਿੰਦੂ, ਮੁਸਲਮਾਨ ਜਾਂ ਸਿੱਖਾਂ ਦੇ ਨਾਂ `ਤੇ ਲੜੀ ਮਰੀ ਜਾਂਦੇ ਹਨ ਉਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਵਡਵਡੇਰੇ ਇਕੋ ਪਿਓ ਦੇ ਪੁੱਤ ਸਨ!

ਬਾਬਾ ਪਾਲਾ ਸਿੰਘ ਦਾ ਮੈਨੂੰ ਪੜ੍ਹਾਉਣ ਲਿਖਾਉਣ `ਚ ਸਭ ਤੋਂ ਵੱਧ ਰੋਲ ਸੀ। ਉਹ ਬੇਸ਼ਕ ਸਿੱਧੇ ਸਾਦੇ ਕਿਸਾਨ ਸਨ ਪਰ ਦੂਰਦਰਸ਼ੀ ਸਨ। ਵਿੱਦਿਆ ਦੇ ਮਹੱਤਵ ਨੂੰ ਖ਼ੂਬ ਸਮਝਦੇ ਸਨ। ਕਿਹਾ ਕਰਦੇ ਸਨ ਕਿ ਵਿੱਦਿਆ ਬੰਦੇ ਦਾ ਸਭ ਵਧੀਆ ਗਹਿਣਾ ਹੈ। ਜੀਹਦੇ ਕੋਲ ਇਲਮ ਹੈ ਉਹਦੇ ਕੋਲ ਸਾਰਾ ਕੁਛ ਹੈ ਤੇ ਉਹ ਕਦੇ ਭੁੱਖਾ ਨਹੀਂ ਮਰ ਸਕਦਾ। ਉਨ੍ਹਾਂ ਨੇ ਸਾਡੇ ਪਿਤਾ ਨੂੰ ਪੜ੍ਹਾਉਣ ਦੀ ਪੂਰੀ ਵਾਹ ਲਾਈ ਸੀ ਪਰ ਬਾਪੂ ਅੱਠਵੀਂ `ਚੋਂ ਫੇਲ੍ਹ ਹੋ ਕੇ ਪੜ੍ਹਾਈ ਅੱਧ ਵਿਚਕਾਰੇ ਛੱਡ ਗਿਆ ਸੀ। ਬਾਬੇ ਦੀਆਂ ਪੁੱਤਰ ਨੂੰ ਪੜ੍ਹਾਉਣ ਦੀਆਂ ਰੀਝਾਂ ਵਿਚੇ ਰਹਿ ਗਈਆਂ ਸਨ ਜੋ ਕਿਸੇ ਹੱਦ ਤਕ ਪੋਤੇ ਨੂੰ ਪੜ੍ਹਾ ਕੇ ਪੂਰੀਆਂ ਕੀਤੀਆਂ ਗਈਆਂ। ਉਹ ਕਿਰਤੀ ਕਿਸਾਨ ਹੋਣ ਦੇ ਨਾਲ ਨਿਸ਼ਕਾਮ ਸੇਵਾ ਵਾਲੇ ਗੁਰੂ ਦੇ ਸਿੱਖ ਦੀ ਅਜਿਹੀ ਜ਼ਿੰਦਗੀ ਜੀਵੇ ਕਿ ਆਪਣਾ ਨਾਮ ਪਿੱਛੇ ਛੱਡ ਗਏ। ਅੱਜ ਵੀ ਪਿੰਡ ਦੇ ਲੋਕ ਉਨ੍ਹਾਂ ਦਾ ਨਾਂ ਭਲੇ ਪੁਰਸ਼ ਵਜੋਂ ਲੈਂਦੇ ਹਨ।

ਸਾਡਾ ਵੱਡਾ ਬਾਬਾ ਪੋਲ੍ਹਾ ਸਿੰਘ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਕੈਨੇਡਾ ਚਲਾ ਗਿਆ ਸੀ। ਮੈਂ ਉਸ ਦੇ ਫੋਟੋ ਹੀ ਵੇਖੇ ਹਨ। ਉਹ ਬੜਾ ਬਣਦਾ ਫੱਬਦਾ ਜੁਆਨ ਸੀ ਤੇ ਮੁੱਢਲੇ ਪੰਜਾਬੀ ਕੈਨੇਡੀਅਨਾਂ ਵਿਚੋਂ ਸੀ। ਕੁੱਝ ਸਾਲਾਂ ਬਾਅਦ ਉਹ ਪਿੰਡ ਮੁੜਿਆ ਤਾਂ ਉਸ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਮ੍ਰਿਤੂ ਹੋ ਗਈ। ਮੈਂ ਅਕਸਰ ਸੋਚਦਾਂ ਜੇ ਬਾਬਾ ਪੋਲ੍ਹਾ ਸਿੰਘ ਤੀਹਵਿਆਂ ਵਿੱਚ ਨਾ ਗੁਜ਼ਰਦਾ ਤਾਂ ਸਾਡੇ ਤਿੰਨਾਂ ਹੀ ਬਾਬਿਆਂ ਦਾ ਲਾਣਾ ਕਦੋਂ ਦਾ ਕੈਨੇਡੀਅਨ ਬਣਿਆ ਹੁੰਦਾ। ਸੰਭਵ ਸੀ ਮੇਰਾ ਜਨਮ ਕੈਨੇਡਾ `ਚ ਹੁੰਦਾ ਤੇ ਮੇਰੀ ਜੀਵਨ ਗਾਥਾ ਹੋਰ ਹੁੰਦੀ। ਅਚਾਨਕ ਵਾਪਰੀਆਂ ਘਟਨਾਵਾਂ ਪਰਿਵਾਰਾਂ ਦੇ ਭਵਿੱਖ ਦਾ ਕਾਂਟਾ ਬਦਲ ਦਿੰਦੀਆਂ ਹਨ। ਮੈਂ ਤਾਂ ਵੈਸੇ ਹੀ ਕਾਂਟੇ ਬਦਲਦਾ ਰਿਹਾਂ ਹਾਂ।

ਮੇਰੇ ਜਨਮ ਵੇਲੇ ਘਰ ਦੀ ਆਰਥਿਕ ਹਾਲਤ ਨਿਸਬਤਨ ਪਤਲੀ ਸੀ। ਹੋ ਸਕਦੈ ਆਰਥਿਕ ਪੱਖੋਂ ਅਮੀਰ ਘਰ `ਚ ਜੰਮ ਕੇ ਮੈਂ ਵਿਗੜ ਜਾਂਦਾ ਤੇ ਪੜ੍ਹਦਾ ਹੀ ਨਾ। ਭਰੀ ਹੋਈ ਜੇਬ ਨਾਲ ਫੈਲਸੂਫ਼ੀਆਂ `ਚ ਪੈ ਜਾਂਦਾ ਅਤੇ ਆਪਣੀ ਤੇ ਮਾਪਿਆਂ ਦੀ ਬਦਨਾਮੀ ਵਾਧੂ ਦੀ ਕਰਾਉਂਦਾ। ਪੈਸੇ ਧੇਲੇ ਦੀ ਅਮੀਰੀ ਨਾਲ ਜ਼ਰੂਰੀ ਨਹੀਂ ਕਿ ਸਾਰਾ ਕੁੱਝ ਠੀਕ ਠਾਕ ਹੋ ਜਾਂਦਾ ਹੋਵੇ। ਮਾਇਆ ਨਾਲ ਕਈ ਖਰਾਬੀਆਂ ਵੀ ਪੈਦਾ ਹੋ ਜਾਂਦੀਆਂ ਹਨ। ਕਹਿੰਦੇ ਹਨ ਕਿ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦੈ ਪਰ ਉਹ ਚੰਗੇ ਬੰਦੇ ਨਹੀਂ ਹੁੰਦੇ। ਬੜੇ ਬੜੇ ਧਨਵਾਨ ਲੋਕਾਂ ਦੀਆਂ ਖਰਾਬੀਆਂ ਦੇ ਕਿੱਸੇ ਹਰ ਰੋਜ਼ ਪੜ੍ਹੀ ਸੁਣੀ ਦੇ ਹਨ। ਪੈਸਾ ਵੀ ਬੰਦੇ ਦੀ ਖੁਰਾਕ ਵਾਂਗ ਓਨਾ ਕੁ ਹੀ ਚਾਹੀਦੈ ਜਿੰਨੇ ਦੀ ਲੋੜ ਹੋਵੇ। ਵਾਧੂ ਪੈਸਾ ਵਾਧੂ ਖੁਰਾਕ ਵਾਂਗ ਬਦਹਜ਼ਮੀ ਪੈਦਾ ਕਰਦੈ।

ਜਿੰਨੀਆਂ ਕੁ ਸਮੱਸਿਆਵਾਂ ਲੋੜ ਤੋਂ ਘੱਟ ਧਨ ਮਿਲਣ ਦੀਆਂ ਹਨ ਲੋੜ ਤੋਂ ਵੱਧ ਧਨ ਮਿਲਣ ਦੀਆਂ ਉਸ ਤੋਂ ਵੀ ਵੱਧ ਹਨ। ਪਰ ਸਮਝਦਾ ਕੋਈ ਕੋਈ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ-ਜਿਹੜੇ ਲੋਕ ਇਹ ਸੋਚਦੇ ਹਨ ਕਿ ਧਨ ਸਭ ਕੁੱਝ ਕਰ ਸਕਦਾ ਹੈ ਉਹਨਾਂ `ਤੇ ਸ਼ੱਕ ਕੀਤਾ ਜਾ ਸਕਦਾ ਹੈ ਕਿ ਉਹ ਸਭ ਕੁੱਝ ਧਨ ਲਈ ਹੀ ਕਰਨਗੇ ਤੇ ਬਹੁਤ ਕੁੱਝ ਬੁਰਾ ਵੀ ਕਰਨਗੇ। ਸ਼ਾਹ ਹੁਸੈਨ ਨੇ ਤਾਂ ਸਿਰੇ ਦੀ ਗੱਲ ਕੀਤੀ ਹੈ-ਜਿਸ ਧਨ ਦਾ ਤੂੰ ਗਰਬ ਕਰੇਨੈਂ ਸੋ ਨਾਲਿ ਨਾ ਚਲਸਨ ਦੰਮਾਂ, ਲੱਖਾਂ ਅਤੇ ਕਰੋੜਾਂ ਵਾਲੇ ਸੇ ਪਉਸਣ ਵੱਸ ਜੰਮਾਂ।

ਬਚਪਨ `ਚ ਹੰਢਾਈ ਤੰਗੀ ਨੇ ਮੈਨੂੰ ਸੰਜਮ ਨਾਲ ਜਿਉਣਾ ਸਿਖਾਇਆ ਜੀਹਦੇ ਨਾਲ ਮੈਂ ਹੁਣ ਤਕ ਸੁਖੀ ਹਾਂ। ਮੈਂ ਥੋੜ੍ਹੀਆਂ ਸੁਖ ਸਹੂਲਤਾਂ ਨਾਲ ਵੀ ਸੌਖਾ ਰਹਿ ਸਕਦਾ ਹਾਂ। ਬਹੁਤ ਲੋਕ ਹਨ ਜਿਹੜੇ ਬਹੁਤ ਸਾਰੀਆਂ ਸਹੂਲਤਾਂ ਨਾਲ ਵੀ ਸੌਖੇ ਨਹੀਂ ਰਹਿੰਦੇ। ਹੁੰਦੇ ਸੁੰਦੇ ‘ਮਰ ਗਏ, ਮਰ ਗਏ’ ਕਰਦੇ ਰਹਿੰਦੇ ਹਨ। ਉਹ ਲੋੜ ਤੋਂ ਵੱਧ ਤੇ ਵੱਡੇ ਮਕਾਨ ਬਣਾਈ/ਖਰੀਦੀ ਜਾਣਗੇ। ਜਿਨ੍ਹਾਂ ਨੂੰ ਲੋੜ ਹੈ ਉਨ੍ਹਾਂ ਨੂੰ ਝੁੱਗੀ ਝੋਂਪੜੀ ਵੀ ਨਹੀਂ ਜੁੜਦੀ। ਕਈਆਂ ਤੋਂ ਪਹਿਲੇ ਕਪੜੇ ਪਾ ਨਹੀਂ ਹੁੰਦੇ ਪਰ ਨਵੇਂ ਖਰੀਦ ਕੇ ਢੇਰ ਲਾਈ ਜਾਣਗੇ। ਲੋੜ ਜੋਗਾ ਭੋਜਨ ਖਾਧਾ ਨਹੀਂ ਜਾਂਦਾ, ਪਲੇਟਾਂ ਹੋਰ ਡੱਕ ਲੈਣਗੇ ਤੇ ਫਿਰ ਜੂਠਾ ਛੱਡਣਗੇ। ਪਹਿਲੀ ਸਵਾਰੀ ਚੰਗੀ ਭਲੀ ਹੁੰਦੀ ਹੈ ਪਰ ਵਾਧੂ ਵਿਖਾਵੇ ਲਈ ਨਵੀਂ ਕਾਰ ਜਾਂ ਕੋਈ ਹੋਰ ਸਵਾਰੀ ਲਿਆ ਖੜ੍ਹਾਉਣਗੇ। ਇਸ ਨੂੰ ਅਮੀਰੀ ਨਹੀਂ ਕਿਹਾ ਜਾ ਸਕਦਾ ਸਗੋਂ ਅੰਦਰਲੀ ਗ਼ਰੀਬੀ ਦਾ ਹੀ ਵਿਖਾਵਾ ਹੁੰਦੈ। ਬਹੁਤੇ ਬੰਦੇ ਵਿਖਾਵੇ ਦੀ ਬਿਮਾਰੀ ਦਾ ਬੁਰੀ ਤਰ੍ਹਾਂ ਸ਼ਿਕਾਰ ਹਨ। ਬੰਦਾ ਵਿਖਾਵੇ ਦੀ ਅਮੀਰੀ ਨਾਲੋਂ ਅੰਦਰਲੀ ਅਮੀਰੀ ਨਾਲ ਭਰਪੂਰ ਹੋਵੇ ਤਾਂ ਵਧੇਰੇ ਸੁਖੀ ਰਹਿ ਸਕਦੈ।

ਬਾਬਾ ਪਾਲਾ ਸਿੰਘ ਦਾ ਜਨਮ ਉਨੀਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਹੋਇਆ ਸੀ। ਜਦੋਂ ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮੀਏਂ ਵਜੋਂ ਤਾਮਰ ਪੱਤਰ ਮਿਲਣਾ ਸੀ ਤਾਂ ਮੈਂ ਫਾਰਮ ਉਤੇ ਅੰਦਾਜ਼ੇ ਨਾਲ ਹੀ ਉਨ੍ਹਾਂ ਦੀ ਜਨਮ ਤਾਰੀਖ 15 ਅਗੱਸਤ 1890 ਭਰ ਦਿੱਤੀ ਸੀ। ਹੋ ਸਕਦੈ ਉਮਰ ਦੋ ਚਾਰ ਸਾਲ ਵੱਧ ਭਰੀ ਗਈ ਹੋਵੇ। ਬਾਬੇ ਵੇਲੇ ਸਾਡੇ ਪਿੰਡ `ਚ ਸਕੂਲ ਨਹੀਂ ਸੀ ਬਣਿਆ ਜਿਸ ਕਰਕੇ ਉਨ੍ਹਾਂ ਨੇ ਗੁਰਮੁਖੀ ਦੇ ਅੱਖਰ ਗੁਰਦਵਾਰੇ ਦੇ ਭਾਈ ਜੀ ਤੋਂ ਸਿੱਖੇ ਸਨ। ਸਕੂਲ/ਕਾਲਜ ਵਿੱਚ ਪੜ੍ਹਦਿਆਂ ਮੈਨੂੰ ਬਾਬੇ ਦੀਆਂ ਲਿਖੀਆਂ ਚਿੱਠੀਆਂ ਮਿਲਦੀਆਂ ਸਨ ਜਿਨ੍ਹਾਂ ਦੀ ਲਿਖਾਈ ਪੁਰਾਣੀਆਂ ਪੋਥੀਆਂ ਦੀ ਲਿਖਤ ਵਰਗੀ ਹੁੰਦੀ ਸੀ। ਸ਼ਬਦ ਜੋੜਾਂ ਦੀਆਂ ਗ਼ਲਤੀਆਂ ਨਹੀਂ ਸਨ ਹੁੰਦੀਆਂ ਜਿਵੇਂ ਕਿ ਅੱਜ ਕੱਲ੍ਹ ਦੇ ਵਿਦਿਆਰਥੀ ਕਰਦੇ ਹਨ। ਬਾਬੇ ਨੇ ਬਚਪਨ ਵਿੱਚ ਹੀ ਗੁਰਬਾਣੀ ਦਾ ਪਾਠ ਕਰਨਾ ਸਿੱਖ ਲਿਆ ਸੀ ਤੇ ਉਹ ਪਾਠੀ ਬਣ ਗਏ ਸਨ।

ਬਾਬੇ ਦੇ ਪਾਠੀ ਹੋਣ ਕਾਰਨ ਸਾਡੇ ਘਰ ਵਿੱਚ ਗੁਟਕੇ ਤੇ ਪੋਥੀਆਂ ਪਈਆਂ ਹੁੰਦੀਆਂ ਸਨ। ਮੇਰੀਆਂ ਪਹਿਲੀਆਂ ਪਾਠ ਪੁਸਤਕਾਂ ਗੁਟਕੇ ਤੇ ਪੋਥੀਆਂ ਹੀ ਸਨ। ਜਦੋਂ ਸਾਡਾ ਬਾਪ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ ਤਾਂ ਕਾਮਰੇਡਾਂ ਦੇ ਪੜ੍ਹਨ ਵਾਲੇ ਕਿਤਾਬਚੇ ਤੇ ਰਸਾਲੇ ਸਾਡੇ ਘਰ ਆਉਣੇ ਸ਼ੁਰੂ ਹੋ ਗਏ। ਸਾਡੇ ਪਿਤਾ ਦਾ ਪਹਿਲਾ ਨਾਂ ਹਰਦਿਆਲ ਸਿੰਘ ਸੀ ਪਰ ਬਾਅਦ ਵਿੱਚ ਬਾਬੂ ਸਿੰਘ ਹੋ ਗਿਆ। ਕਹਿੰਦੇ ਹਨ ਕਿ ਜਦੋਂ ਉਹ ਲਾਹੌਰੋਂ ਡਰਾਈਵਰੀ ਸਿੱਖ ਕੇ ਮੁੜੇ ਤਾਂ ਬਾਬੂਆਂ ਵਰਗੇ ਲੱਗਦੇ ਸਨ ਜਿਸ ਕਰਕੇ ਉਹਦਾ ਨਾਂ ਹੀ ਬਾਬੂ ਪੱਕ ਗਿਆ। ਸਾਡੇ ਘਰ ਬਾਪੂ ਦਾ ਜੋ ਪਾਸਪੋਰਟ ਪਿਆ ਹੈ ਉਹਦੇ ਵਿੱਚ ਉਨ੍ਹਾਂ ਦਾ ਨਾਂ ਹਰਦਿਆਲ ਸਿੰਘ ਹੈ ਪਰ ਕਾਗਜ਼ਾਂ ਵਿੱਚ ਸਾਡੀ ਵਲਦੀਅਤ ਬਾਬੂ ਸਿੰਘ ਹੀ ਹੈ। ਹੋ ਸਕਦੈ ਕਮਿਊਨਿਸਟ ਬਣਨ ਕਰਕੇ ਨਾਮ ਬਦਲਣਾ ਪਿਆ ਹੋਵੇ।

ਬਾਬਾ ਪਾਲਾ ਸਿੰਘ ਤਕੜੇ ਜੁੱਸੇ ਦੇ ਮਾਲਕ ਸਨ। ਕੱਦ ਪੰਜ ਫੁੱਟ ਦਸ ਇੰਚ ਸੀ। ਉਹ ਤੁਰਦੇ ਬਹੁਤ ਤੇਜ਼ ਸਨ ਤੇ ਕਿਰਸਾਣੇ ਕੰਮ ਨੂੰ ਬੜੇ ਤਕੜੇ ਸਨ। ਦਿਹਾੜੀ ਵਿੱਚ ਪੌਣੀ ਘੁਮਾਂ ਕਣਕ ਵੱਢ ਦਿੰਦੇ ਸਨ। ਜਿਥੇ ਜਾਂਦੇ ਤੁਰ ਕੇ ਜਾਂਦੇ ਭਾਵੇਂ ਪੰਜਾਹ ਕੋਹ ਦੂਰ ਬਠਿੰਡੇ ਜਾਣਾ ਪਵੇ। ਤੜਕੇ ਤਿੰਨ ਵਜੇ ਉਠ ਕੇ ਉਹ ਮੈਨੂੰ ਵੀਹ ਕਿਲੋਮੀਟਰ ਦੂਰ ਜਗਰਾਓਂ ਤੋਂ ਰੇਲ ਗੱਡੀ ਚੜ੍ਹਾਉਣ ਜਾਂਦੇ, ਸੌਦਾ ਸੂਤ ਲੈ ਕੇ ਵਾਪਸ ਮੁੜਦੇ ਤੇ ਫਿਰ ਸਾਰਾ ਦਿਨ ਖੇਤਾਂ `ਚ ਕੰਮ ਕਰਦੇ। ਪੈਰੀਂ ਧੌੜੀ ਦੀ ਜੁੱਤੀ ਪਾਈ ਹੁੰਦੀ ਸੀ ਜੋ ਤੁਰਦਿਆਂ ਉਹ ਲਾਹ ਵੀ ਲੈਂਦੇ ਤਾਂ ਕਿ ਛੇਤੀ ਘਸ ਨਾ ਜਾਵੇ। ਉਨ੍ਹਾਂ ਨੇ ਸਾਰੀ ਉਮਰ ਨਾ ਸ਼ਰਾਬ ਪੀਤੀ, ਨਾ ਮੀਟ ਖਾਧਾ ਤੇ ਨਾ ਆਂਡਾ। ਸਾਡਾ ਬਾਪੂ ਵੀ ਅਰਧ ਸੋਫੀ ਸੀ। ਸਾਡੀ ਪੰਜਾਂ ਹੀ ਭਰਾਵਾਂ ਦੀ ਉਹ ਗੱਲ ਹੈ ਕਿ ਮਿਲ ਜਾਵੇ ਤਾਂ ਹਾਂ ਹੈ ਨਹੀਂ ਤਾਂ ਨਾਂਹ। ਵੱਡੇ ਭਾਈ ਨੇ ਕੁੱਝ ਸਮੇਂ ਲਈ ਗਾਤਰਾ ਪਾ ਲਿਆ ਸੀ ਪਰ ਉਹ ਗਾਤਰੇ ਵਾਲੀ ਰਹਿਤ ਮਰਿਆਦਾ ਕਾਇਮ ਨਾ ਰੱਖ ਸਕਿਆ।

ਜਦੋਂ ਜੈਤੋ ਦਾ ਮੋਰਚਾ ਲੱਗਾ ਤਾਂ ਸਾਡਾ ਬਾਬਾ ਤੀਹ ਕੁ ਸਾਲਾਂ ਦਾ ਸੀ। ਉਸ ਦਾ ਵਿਆਹ ਚੰਦ ਕੌਰ ਨਾਲ ਹੋ ਚੁੱਕਾ ਸੀ ਤੇ ਸਾਡਾ ਬਾਪ ਸਾਡੀ ਅੰਮਾ ਦੀ ਗੋਦ ਵਿੱਚ ਸੀ। ਸਾਡੇ ਪਿੰਡ ਪ੍ਰਚਾਰਕ ਆਏ ਤੇ ਉਨ੍ਹਾਂ ਸਿੰਘਾਂ ਦੇ ਨਾਂ ਮੰਗਣ ਲੱਗੇ ਜਿਹੜੇ ਜੈਤੋ ਦੇ ਮੋਰਚੇ ਵਾਸਤੇ ਸ਼ਹੀਦੀ ਜਥੇ `ਚ ਸ਼ਾਮਲ ਹੋਣਾ ਚਾਹੁੰਦੇ ਸਨ। ਸ਼ਹੀਦੀ ਜਥੇ ਅੰਮ੍ਰਿਤਸਰ ਤੋਂ ਚਲਦੇ ਸਨ ਤੇ ਪਿੰਡਾਂ ਵਿੱਚ ਪੜਾਅ ਕਰਦੇ ਜੈਤੋ ਜਾ ਕੇ ਗ੍ਰਿਫਤਾਰੀਆਂ ਦਿੰਦੇ ਸਨ। ਜਥਿਆਂ ਨੂੰ ਸ਼ਹੀਦੀ ਜਥੇ ਇਸ ਲਈ ਕਹਿੰਦੇ ਸਨ ਪਹਿਲੇ ਜਥੇ ਉਤੇ ਗੋਲੀ ਚੱਲ ਚੁੱਕੀ ਸੀ ਤੇ ਕਈ ਸਿੰਘ ਸ਼ਹੀਦ ਹੋ ਚੁੱਕੇ ਸਨ। ਅੰਗਰੇਜ਼ ਸਰਕਾਰ ਨੇ ਦਹਿਸ਼ਤ ਪਾ ਰੱਖੀ ਸੀ ਕਿ ਜਿਹੜਾ ਸਿੰਘ ਜਥੇ ਵਿੱਚ ਸ਼ਾਮਲ ਹੋਵੇਗਾ ਉਹ ਗੋਲੀ ਨਾਲ ਮਾਰਿਆ ਜਾ ਸਕਦੈ। ਬਾਬਾ ਪਾਲਾ ਸਿੰਘ ਤੇ ਪਿੰਡ ਦੇ ਪੰਜ ਛੇ ਸਿੰਘਾਂ ਨੇ ਆਪਣੇ ਨਾਂ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਲਈ ਲਿਖਾ ਦਿੱਤੇ ਸਨ।

ਜਿੱਦਣ ਜਥੇ ਵਿੱਚ ਜਾਣ ਦਾ ਦਿਨ ਆਇਆ ਤਾਂ ਨਾਂ ਲਿਖਾਉਣ ਵਾਲੇ ਸਿੰਘ ਸੂਏ ਦੇ ਪੁਲ ਉਤੇ `ਕੱਠੇ ਹੋਏ। ਉਥੇ ਉਹ ਜਕੋਤਕੀ ਵਿੱਚ ਪੈ ਗਏ। ਕੁੱਝ ਕਹਿਣ ਚੱਲੀਏ ਤੇ ਕੁੱਝ ਪੈਰ ਮੱਲਣ ਲੱਗ ਪਏ। ਇੱਕ ਜਣਾ ਘਰ ਨੂੰ ਮੁੜਿਆ ਤਾਂ ਬਾਬਾ ਪਾਲਾ ਸਿੰਘ ਨੇ ਕਿਹਾ, “ਮੈਂ ਤਾਂ ਬਚਨ ਕਰ ਕੇ ਹੁਣ ਪਿੱਛੇ ਨਹੀਂ ਮੁੜਨਾ। ਜੀਹਨੇ ਆਉਣਾ ਮੇਰੇ ਨਾਲ ਆ ਜੇ, ਜੀਹਨੇ ਪਿੱਛੇ ਮੁੜਨਾ ਪਿੱਛੇ ਮੁੜ ਜੇ।” ਉਹ ਅਰਦਾਸ ਕਰ ਕੇ ਅੱਗੇ ਤੁਰ ਪਏ। ਚਾਰ ਸਿੰਘ ਉਹਨਾਂ ਮਗਰ ਲੱਗ ਤੁਰੇ। ਪੰਜ ਸੌ ਸਿੰਘਾਂ ਦੇ ਜਥੇ ਉਤੇ ਗੋਲੀ ਤਾਂ ਨਾ ਚੱਲੀ ਪਰ ਲਾਠੀ ਚਾਰਜ ਹੋ ਗਿਆ ਜਿਸ ਵਿੱਚ ਸਾਡੇ ਬਾਬੇ ਦੀ ਇੱਕ ਬਾਂਹ ਭੱਜ ਗਈ ਜੋ ਵਿੰਗੀ ਬੱਝੀ ਤੇ ਅਖ਼ੀਰ ਤਕ ਸਿੱਧੀ ਨਾ ਹੋਈ। ਗ੍ਰਿਫਤਾਰ ਕੀਤੇ ਜਥੇ ਨੂੰ ਨਾਭੇ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਸੱਤ ਮਹੀਨੇ ਬਾਬੇ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ। ਜੇਲ੍ਹ ਵਿਚੋਂ ਉਨ੍ਹਾਂ ਨੇ ਸੁਨੇਹਾ ਭੇਜ ਦਿੱਤਾ ਸੀ ਕਿ ਕੋਈ ਸਾਡੀ ਮੁਲਾਕਾਤ ਨੂੰ ਨਾ ਆਵੇ ਜਦ ਕਿ ਅੰਮਾ ਚਾਹੁੰਦੀ ਸੀ ਕਿ ਉਹ ਆਪਣੇ ਸਿਰ ਦਾ ਸਾਂਈਂ ਵੇਖ ਆਵੇ ਤੇ ਪੁੱਤਰ ਦਾ ਮੂੰਹ ਵਿਖਾ ਲਿਆਵੇ।

ਕਈ ਵਾਰ ਮੈਂ ਸੋਚਦਾਂ ਕਿ ਸਾਧਾਰਨ ਲੋਕ ਹੀ ਹੁੰਦੇ ਹਨ ਜਿਨ੍ਹਾਂ ਅੰਦਰ ਕੁਰਬਾਨੀ ਤੇ ਸੰਘਰਸ਼ ਦਾ ਜ਼ਜ਼ਬਾ ਠਾਠਾਂ ਮਾਰ ਰਿਹਾ ਹੁੰਦੈ ਜਦ ਕਿ ਰੱਜੇ ਪੁੱਜੇ ਤੇ ਤੇਜ਼ਤਰਾਰ ਬੰਦੇ ਅਜਿਹੇ ਮੌਕੇ ਟਾਲਮਟੋਲ ਕਰ ਜਾਂਦੇ ਹਨ। ਪੰਜਾਬ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ ਆਮ ਕਰ ਕੇ ਸਰਦੇ ਪੁੱਜਦੇ ਆਗੂ ਬਚਦੇ ਰਹੇ ਨੇ ਤੇ ਸਾਧਾਰਨ ਵਰਕਰ ਸਿਰ ਧੜ ਦੀਆਂ ਲਾਉਂਦੇ ਰਹੇ ਨੇ।

ਜੇਲ੍ਹ ਤੋਂ ਰਿਹਾਅ ਹੋ ਕੇ ਬਾਬਾ ਪਾਲਾ ਸਿੰਘ ਨੇ ਮੁੜ ਖੇਤੀਬਾੜੀ ਤੇ ਕਬੀਲਦਾਰੀ ਆ ਸੰਭਾਲੀ। ਉਨ੍ਹਾਂ ਨੂੰ ਪਾਠ ਕਰਨ ਦੀ ਜੋ ਲਗਨ ਬਚਪਨ ਵਿੱਚ ਲੱਗੀ ਸੀ ਜੇਲ੍ਹ ਵਿੱਚ ਹੋਰ ਪਰਪੱਕ ਹੋ ਗਈ ਅਤੇ ਉਹ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠੀ ਬਣ ਗਏ। ਮੈਂ ਆਪਣੀ ਅਠੱਤੀ ਸਾਲ ਦੀ ਉਮਰ ਤਕ ਆਪਣੇ ਬਾਬੇ ਦੀ ਸੰਗਤ ਮਾਣੀ ਹੈ ਤੇ ਵੇਖਿਆ ਹੈ ਕਿ ਉਹ ਆਪਣਾ ਕਿਰਸਾਣਾ ਕੰਮ ਰੀਝ ਨਾਲ ਕਰਦਿਆਂ ਵਿਚੋਂ ਵਿਹਲ ਕੱਢ ਕੇ ਅਖੰਡ ਪਾਠ ਦੀ ਰੌਲ ਲਾਉਂਦੇ ਰਹੇ ਸਨ। ਉਹ ਹਮੇਸ਼ਾਂ ਘਰੋਂ ਖਾਣਾ ਖਾ ਕੇ ਜਾਂਦੇ ਸਨ ਤੇ ਪਾਠ ਕਰਾਉਣ ਵਾਲੇ ਘਰ ਦੀ ਰੋਟੀ ਖਾਣ ਤੋਂ ਗੁਰੇਜ਼ ਕਰਦੇ ਸਨ। ਬਾਬੇ ਦਾ ਕਹਿਣਾ ਸੀ ਕਿ ਪਾਠ ਦਾ ਕੋਈ ਇਵਜ਼ਾਨਾ ਨਹੀਂ ਲੈਣਾ ਚਾਹੀਦਾ ਤੇ ਪੁੰਨ ਅਰਥੀ ਪਾਠ ਕਰਨਾ ਚਾਹੀਦੈ। ਸਾਡੇ ਬਾਬੇ ਨੇ ਪਿੰਡ `ਚ ਚਾਲੀ ਸਾਲ ਅਖੰਡ ਪਾਠਾਂ ਦੀਆਂ ਰੌਲਾਂ ਲਾਈਆਂ ਪਰ ਕਿਸੇ ਤੋਂ ਕੋਈ ਕਪੜਾ ਲੀੜਾ, ਖਾਧ ਸਮੱਗਰੀ ਜਾਂ ਪੈਸਾ ਵਸੂਲ ਨਹੀਂ ਸੀ ਕੀਤਾ। ਸ਼ਾਇਦ ਇਸੇ ਲਈ ਪਿੰਡ ਦੇ ਪੁਰਾਣੇ ਬੰਦੇ ਕਹਿੰਦੇ ਹਨ ਕਿ ਸਾਡਾ ਪਰਿਵਾਰ ਬਾਬਾ ਪਾਲਾ ਸਿਓਂ ਦੀ ਕੀਤੀ ਨਿਸ਼ਕਾਮ ਸੇਵਾ ਦੀ ਖੱਟੀ ਖਾ ਰਿਹੈ।

ਸਾਡੇ ਬਾਬੇ ਨੇ ਲੰਮੀ ਭਰਪੂਰ ਜ਼ਿੰਦਗੀ ਬਤੀਤ ਕੀਤੀ। ਮੈਂ ਉਹਨਾਂ ਨੂੰ ਕਦੇ ਤੈਸ਼ ਜਾਂ ਕ੍ਰੋਧ ਵਿੱਚ ਆਏ ਨਹੀਂ ਵੇਖਿਆ। ਕਦੇ ਸਾਬਣ ਨਾਲ ਨ੍ਹਾਉਂਦੇ ਵੀ ਨਹੀਂ ਵੇਖਿਆ ਹਾਲਾਂ ਕਿ ਅਸੀਂ ਸਾਰੇ ਹੀ ਸਾਬਣ ਵਰਤਣ ਲੱਗ ਪਏ ਸਾਂ। ਕੇਸੀ ਇਸ਼ਨਾਨ ਉਹ ਲੱਸੀ ਜਾਂ ਦਹੀਂ ਨਾਲ ਕਰਦੇ ਤੇ ਸਰ੍ਹੋਂ ਦਾ ਤੇਲ ਲਾ ਲੈਂਦੇ। ਸਿਆਲ ਵਿੱਚ ਮੇਥਿਆਂ ਦੀ ਪੰਜੀਰੀ ਖਾਂਦੇ ਤੇ ਹਮੇਸ਼ਾਂ ਤੌੜੀ ਦਾ ਕੜ੍ਹਿਆ ਦੁੱਧ ਪੀਂਦੇ। ਚੋਰੀ ਕਰਨ, ਝੂਠ ਬੋਲਣ ਤੇ ਬਚਨ ਤੋਂ ਫਿਰਨ ਨੂੰ ਬੁਰਾ ਸਮਝਦੇ। ਉਹ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਿੱਚ ਵੀ ਸੇਵਾ ਕਰਦੇ ਰਹੇ। ਮੈਂ ਅਨੇਕਾਂ ਵਾਰ ਉਨ੍ਹਾਂ ਨਾਲ ਧਾਰਮਿਕ ਸਮਾਗਮਾਂ `ਤੇ ਗਿਆ ਤੇ ਉਹ ਮੈਨੂੰ ਬਚਪਨ ਤੋਂ ਹੀ ਸਟੇਜਾਂ ਉਤੇ ਚੜ੍ਹਾਉਂਦੇ ਰਹੇ। ਮੈਂ ਜਦੋਂ ਛੁੱਟੀਆਂ `ਚ ਪਿੰਡ ਆਉਂਦਾ ਤਾਂ ਖੇਤ ਰੋਟੀ ਲੈ ਕੇ ਜਾਂਦਾ ਜਿਥੇ ਉਹ ਸੱਤਰ ਸਾਲ ਤੋਂ ਵੱਡੀ ਉਮਰ ਦੇ ਹੋ ਕੇ ਵੀ ਖੇਤੀ ਦਾ ਕੰਮ ਕਰ ਰਹੇ ਹੁੰਦੇ। ਉਹ ਨਿਤਨੇਮ ਦੇ ਅਭਿਆਸੀ ਸਨ ਤੇ ਹਰ ਇੱਕ ਨੂੰ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ। ਇਥੋਂ ਤਕ ਕਿ ਮੈਨੂੰ ਵੀ ਸਰਵਣ ਸਿਆਂ ਕਹਿੰਦੇ।

ਸਾਡੀ ਅੰਮਾ ਚੰਦ ਕੌਰ ਸਰਬੱਤ ਦਾ ਭਲਾ ਮੰਗਣ ਵਾਲੀ ਮਾਈ ਸੀ ਜਿਸ ਦਾ ਆਖਰੀ ਸਾਹਾਂ ਤਕ ਕੋਈ ਵੀ ਦੰਦ ਨਹੀਂ ਸੀ ਹਿੱਲਿਆ। ਉਹ ਛੋਲਿਆਂ ਦੇ ਦਾਣੇ ਪਤਾਸਿਆਂ ਵਾਂਗ ਚੱਬਦੀ ਤੇ ਕਿੱਕਰ ਦੀ ਦਾਤਣ ਕਰਦੀ। ਸ਼ਾਇਦ ਉਹਦਾ ਹੀ ਵਿਰਸਾ ਹੋਵੇ ਕਿ ਮੇਰੇ ਦੰਦ ਅਜੇ ਤਕ ਕਾਇਮ ਹਨ। ਆਖ਼ਰੀ ਉਮਰੇ ਸਾਡੀ ਦਾਦੀ ਖਸਖਸ ਦੀ ਚੂੰਢੀ ਲੈਣ ਲੱਗ ਪਈ ਸੀ। ਮੈਂ ਜਦੋਂ ਵੀ ਪਿੰਡ ਆਉਂਦਾ ਤਾਂ ਉਹਦੇ ਲਈ ਅੱਖਾਂ ਦੀ ਦਵਾਈ ਤੇ ਖਸਖਸ ਜ਼ਰੂਰ ਲੈ ਕੇ ਆਉਂਦਾ। ਉਹ ਅੱਸੀ ਸਾਲ ਦੇ ਕਰੀਬ ਜੀਵੀ ਤੇ 1975 ਵਿੱਚ ਪਰਲੋਕ ਸਿਧਾਰੀ।

ਬਾਬਾ ਪਾਲਾ ਸਿੰਘ ਦੇ ਚਾਰ ਧੀਆਂ ਸਨ ਤੇ ਇੱਕ ਪੁੱਤਰ। ਅੱਗੋਂ ਅਸੀਂ ਪੰਜ ਭਰਾ ਹਾਂ ਤੇ ਤਿੰਨ ਭੈਣਾਂ। ਸਭ ਤੋਂ ਵੱਡਾ ਸ਼ੇਰ ਸਿੰਘ ਹੈ ਜੋ ਦਿਆਲਪੁਰਾ ਭਾਈਕਾ ਵਾਲੀ ਜ਼ਮੀਨ ਉਤੇ ਆਪਣੇ ਦੋਹਾਂ ਪੁੱਤਰਾਂ ਨਾਲ ਖੇਤੀ ਕਰਦੈ। ਉਥੇ ਅਸੀਂ ਸਸਤੇ ਭਾਵਾਂ ਵਿੱਚ ਚੰਗੀ ਜ਼ਮੀਨ ਖਰੀਦ ਲਈ ਸੀ। ਉਹ ਅਮਰੀਕਨ ਬਣ ਗਿਆ ਸੀ ਪਰ ਅਮਰੀਕਾ ਵਿੱਚ ਜੀਅ ਨਹੀਂ ਲਾਇਆ। ਦੂਜੇ ਥਾਂ ਮੈਂ ਹਾਂ ਤੇ ਆਪਣੇ ਦੋਹਾਂ ਪੁੱਤਰਾਂ ਬਾਰੇ ਦੱਸ ਹੀ ਚੁੱਕਾਂ। ਤੀਜਾ ਭਰਾ ਦਰਸ਼ਨ ਸਿੰਘ ਵੀ ਅਮਰੀਕਨ ਬਣਿਆ ਹੋਇਐ ਪਰ ਪਿੰਡ ਵਿੱਚ ਖੇਤੀਬਾੜੀ ਸੰਭਾਲਦੈ ਤੇ ਉਸ ਦਾ ਲੜਕਾ ਡਾ.ਬਲਵੰਤ ਸਿੰਘ ਸੰਧੂ ਦਾਖੇ ਕਾਲਜ ਵਿੱਚ ਲੈਕਚਰਾਰ ਹੈ। ਉਸ ਨੇ ਕੁੱਝ ਕਿਤਾਬਾਂ ਵੀ ਲਿਖੀਆਂ ਹਨ। ਭਜਨ ਸਿੰਘ ਐੱਮ.ਏ ਕਰਨ ਪਿੱਛੋਂ ਅਮਰੀਕਾ `ਚ ਵਿਆਹਿਆ ਗਿਆ ਸੀ ਤੇ 1984 ਤੋਂ ਅਮਰੀਕਨ ਹੈ। ਉਸ ਦੇ ਇੱਕ ਪੁੱੱਤਰ ਹੈ ਤੇ ਇੱਕ ਧੀ। ਸਭ ਤੋਂ ਛੋਟਾ ਅਰਜਨ ਸਿੰਘ ਤੇ ਉਸ ਦੇ ਦੋਵੇਂ ਪੁੱਤਰ ਵੀ ਮਿਰਕਣੀਏਂ ਹਨ।

ਸਾਡੀ ਮਾਤਾ ਕਰਤਾਰ ਕੌਰ 1993 ਵਿੱਚ ਸੁਰਗਵਾਸ ਹੋ ਗਈ ਸੀ। ਪਿਤਾ 1996 ਵਿੱਚ ਪਰਲੋਕ ਸਿਧਾਰੇ। ਬਾਬਾ ਪਾਲਾ ਸਿੰਘ ਜੋ ਸੁਤੰਤਰਤਾ ਸੰਗਰਾਮੀਏ ਸਨ ਸੁਤੰਤਰਤਾ ਦਿਵਸ ਉਤੇ ਹੀ 15 ਅਗੱਸਤ 1978 ਨੂੰ ਗੁਰਪੁਰੀ ਬਿਰਾਜੇ ਤੇ ਉੱਜਲ ਮੁੱਖੜੇ ਨਾਲ ਗੁਰੂ ਦੇ ਸਨਮੁਖ ਹੋਏ।

ਬਜ਼ੁਰਗ ਕਹਿੰਦੇ ਸਨ ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਈ ਨਹੀਂ। ਆਖ਼ਰ ਮੇਰਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਹੀ ਗਿਆ। ਅਪਰੈਲ 2001 ਵਿੱਚ ਲਾਹੌਰ `ਚ ਆਲਮੀ ਪੰਜਾਬੀ ਕਾਨਫਰੰਸ ਸੀ ਜਿਥੇ ਮੈਂ ਡੈਲੀਗੇਟ ਬਣ ਕੇ ਗਿਆ। ਮੈਂ ਬੇਸ਼ੱਕ 1969 ਵਿੱਚ ਪਾਕਿਸਤਾਨ ਜਾ ਆਇਆ ਸਾਂ ਪਰ ਉਦੋਂ ਲਾਹੌਰ ਨਹੀਂ ਸਾਂ ਵੇਖ ਸਕਿਆ। ਗੱਡੀ ਚੀਕਾਂ ਮਾਰਦੀ ਲਾਹੌਰ ਵਿੱਚ ਦੀ ਲੰਘ ਗਈ ਸੀ ਤੇ ਨਨਕਾਣਾ ਸਾਹਿਬ ਤੋਂ ਵਾਪਸ ਮੁੜ ਆਈ ਸੀ। ਰਾਤ ਦੇ ਹਨ੍ਹੇਰੇ ਵਿੱਚ ਲਾਹੌਰ ਦੀਆਂ ਜਗਦੀਆਂ ਬੱਤੀਆਂ ਹੀ ਦਿਸੀਆਂ ਸਨ। ਲਾਹੌਰ ਬਾਰੇ ਬੜਾ ਕੁੱਝ ਸੁਣਿਆ ਹੋਇਆ ਸੀ:

-ਉੱਚੇ ਬੁਰਜ ਲਾਹੌਰ ਦੇ ਹੇਠ ਵਗੇ ਦਰਿਆ

ਮੈਂ ਮੱਛਲੀ ਦਰਿਆ ਦੀ, ਕਿਤੇ ਬਗਲਾ ਬਣ ਕੇ ਆ।

-ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ …।

-ਸੱਕ ਮਲਦੀਆਂ ਰਾਵੀ ਦੇ ਪੱਤਣਾਂ ਨੂੰ, ਅੱਗ ਲਾਣ ਲਹੌਰਨਾਂ ਚੱਲੀਆਂ ਨੇ …।

ਉਦੋਂ ਜਦੋਂ ਜੁਆਨੀ ਦੇ ਰਾਂਗਲੇ ਦਿਨ ਸਨ, ਨਾ ਬੁਰਜ ਵੇਖੇ ਗਏ ਸਨ, ਨਾ ਬੂਹੇ ਬਾਰੀਆਂ ਤੇ ਨਾ ਹੀ ਲਾਹੌਰਨਾਂ। ਰੇਲਵੇ ਸਟੇਸ਼ਨਾਂ ਉਤੇ ਹਥਿਆਰਬੰਦ ਸਿਪਾਹੀ ਖੜ੍ਹੇ ਸਨ। ਰੇਲ ਗੱਡੀ ਰਾਤ ਦੇ ਹਨ੍ਹੇਰੇ `ਚ ਲੰਘੀ ਸੀ ਤੇ ਲਾਹੌਰ ਬਿਨਾਂ ਰੁਕੇ ਕਸੂਰ ਪਰਤ ਆਈ ਸੀ।

ਸਾਡੇ ਵੀਜ਼ਾ ਲੱਗੇ ਪਾਸਪੋਰਟ ਵਾਹਗਾ ਬਾਰਡਰ `ਤੇ ਹੀ ਪੁੱਜਣੇ ਸਨ। ਉਥੇ ਲੇਖਕ ਤੇ ਕਵੀ `ਕੱਠੇ ਹੋਣ ਲੱਗ ਪਏ ਪਰ ਦਿੱਲੀ ਤੋਂ ਅਜੇ ਪਾਸਪੋਰਟ ਨਹੀਂ ਸਨ ਅੱਪੜੇ। ਇਹ ਵੀ ਪਤਾ ਨਹੀਂ ਸੀ ਕਿ ਕਿਸ ਦਾ ਵੀਜ਼ਾ ਲੱਗਾ ਹੈ ਤੇ ਕਿਸ ਦਾ ਨਹੀਂ? ਮੇਰੇ ਨਾਲ ਮੇਰਾ ਗਰਾਈਂ ਸ਼ਿੰਗਾਰਾ ਸਿੰਘ ਵੀ ਸੀ। ਯਾਰ ਬੇਲੀ ਚਾਹ ਪਾਣੀ ਪੀ ਰਹੇ ਸਨ। ਅਸੀਂ ਗੁਰਭਜਨ ਗਿੱਲ ਤੇ ਅਨੂਪ ਵਿਰਕ ਹੋਰਾਂ ਦੀ ਢਾਣੀ ਵਿੱਚ ਜਾ ਬੈਠੇ। ਮੋਗੇ ਵਾਲਾ ਬਲਦੇਵ ਸਿੰਘ, ਨਾਟਕਕਾਰ ਅਜਮੇਰ ਔਲਖ, ਜੋਗਿੰਦਰ ਸਿੰਘ ਕੈਰੋਂ, ਦਲਬੀਰ ਚੇਤਨ ਤੇ ਕੁੱਝ ਹੋਰ ਲੇਖਕ ਆਪਸ ਵਿੱਚ ਹਾਸਾ ਮਜ਼ਾਕ ਕਰ ਰਹੇ ਸਨ। ਗੁਰਭਜਨ ਗਿੱਲ ਆਪਣੇ ਭਾਰੇ ਜੁੱਸੇ ਨਾਲ ਸਾਰਿਆਂ `ਤੇ ਛਾਇਆ ਹੋਇਆ ਸੀ। ਉਹਦੇ ਨਹਿਲੇ `ਤੇ ਦਹਿਲਾ ਅਨੂਪ ਵਿਰਕ ਹੀ ਮਾਰ ਰਿਹਾ ਸੀ।

ਅਨੂਪ ਵਿਰਕ ਦੇ ਉਤੋਂ ਦੀ ਹੋਣ ਲਈ ਗੁਰਭਜਨ ਨੇ ਵਿਰਕਾਂ `ਤੇ ਤਵਾ ਲਾ ਦਿੱਤਾ ਅਖੇ ਵਿਰਕਾਂ ਦਾ ਇੱਕ ਬਜ਼ੁਰਗ ਆਪਣੀ ਧੀ ਦੇ ਘਰ ਮਿਲਣ ਗਿਆ। ਕੁੜਮਾਂ ਨੇ ਘਰ ਦੀ ਕੱਢੀ ਦਾਰੂ ਪਿਆਈ ਤੇ ਘਰ ਦਾ ਪਾਲਿਆ ਕੁੱਕੜ ਖੁਆਇਆ। ਖਾ ਪੀ ਕੇ ਸੁੱਤਾ ਤਾਂ ਇੱਕ ਮੱਝ ਕਿੱਲਾ ਠਕੋਰਨ ਲੱਗ ਪਈ ਜਿਸ ਨਾਲ ਬਜ਼ੁਰਗ ਨੂੰ ਜਾਗ ਆ ਗਈ। ਮੱਝ ਚੰਗੀ ਸੀ ਤੇ ਚੋਰੀ ਕਰਨ ਵਾਲੀ ਸੀ ਪਰ ਧੀ ਦੇ ਘਰੋਂ ਚੋਰੀ ਕਰਨੀ ਚੰਗੀ ਨਹੀਂ ਸੀ ਲੱਗਦੀ। ਮੱਝ ਮੁੜ ਮੁੜ ਕਿੱਲਾ ਠਕੋਰਦੀ ਪਈ ਸੀ। ਬਾਪੂ ਨੂੰ ਨੀਂਦਰ ਨਹੀਂ ਸੀ ਆ ਰਹੀ। ਅਖ਼ੀਰ ਬਾਪੂ ਅੰਦਰਲਾ ਵਿਰਕ ਉਤੋਂ ਦੀ ਹੋ ਗਿਆ ਤੇ ਮੱਝ ਖੋਲ੍ਹ ਕੇ ਲੈ ਤੁਰਿਆ। ਤੜਕਸਾਰ ਧੀ ਉਠੀ ਤੇ ਬਾਲਟੀ ਲੈ ਕੇ ਮੱਝ ਦੀ ਧਾਰ ਕੱਢਣ ਗਈ। ਸਿਆਣੀ ਹੁੰਦੀ ਤਾਂ ਬਾਪੂ ਦਾ ਮੰਜਾ ਵੇਖ ਲੈਂਦੀ ਪਰ ਉਹਨੇ ਘਰ ਦੇ ਬੰਦੇ ਜਗਾ ਲਏ ਤੇ ਵਾਹਰ ਮਗਰੇ ਲੱਗ ਤੁਰੀ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਜਾ ਢਾਹਿਆ ਬਾਪੂ ਰਾਹ `ਚ!

ਅਨੂਪ ਰੋਕਣ ਲੱਗਾ ਸੀ ਪਰ ਗੁਰਭਜਨ ਨੇ ਗੱਲ ਸਿਰੇ ਲਾ ਦਿੱਤੀ। ਢੀਚਕ ਮਾਰਦਾ ਬਾਪੂ ਆਪਣੇ ਪਿੰਡ ਪੁੱਜਾ ਤਾਂ ਸਕੇ ਸੋਧਰੇ ਹਾਲ ਚਾਲ ਪੁੱਛਣ ਆਏ। ਪੁੱਛਣ ਲੱਗੇ ਪਈ ਓਧਰ ਮਾਲ ਡੰਗਰ ਦੀ ਦੱਸ। ਆਪਾਂ ਕੁੱਝ ਖੜ ਸਕਦੇ ਆਂ ਕਿ ਨਹੀਂ? ਬਾਪੂ ਨੇ ਆਪਣੀ ਈ ਹੱਡਬੀਤੀ ਸੁਣਾ ਦਿੱਤੀ। ਅਖੇ ਕੁੜਮਾਂ ਦੀ ਮੱਝ ਡਾਢੀ ਸੋਹਣੀ ਸੀ। ਮੈਥੋਂ ਰਹਿ ਨਾ ਹੋਇਆ ਤੇ ਮੈਂ ਖੋਲ੍ਹ ਤੁਰਿਆ। ਮਗਰੇ ਵਾਹਰ ਆ ਪਈ। ਫਿਰ ਧਾਨੂੰ ਪਤਾ ਈ ਐ ਪਈ ਕਿਵੇਂ ਪੈਂਦੀਆਂ? ਆਪਾਂ ਵੀ ਕੂਏ ਨੀ ਮਤਾਂ ਭੇਤ ਖੁੱਲ੍ਹ ਜੇ। ਤਦੇ ਇੱਕ ਮੁੰਡੇ ਨੇ ਮੂੰਹ `ਨ੍ਹੇਰੇ `ਚ ਮੈਨੂੰ ਪਛਾਣ ਲਿਆ ਤੇ ਆਖਣ ਲੱਗਾ, ਹਟੋ ਓਏ, ਇਹ ਤੇ ਆਪਣਾ ਮਾਸੜ ਈ! ਲਓ ਜੀ ਲੱਗ ਪਏ ਸਾਰੇ ਮਾਫ਼ੀਆਂ ਮੰਗਣ ਤੇ ਸ਼ਰਮ ਦੇ ਮਾਰੇ ਪਾਣੀ ਪਾਣੀ ਹੋਈ ਜਾਣ! ! ਮੈਂ ਮਾਫ਼ ਨਾ ਕਰਦਾ ਤਾਂ ਹੋਰ ਕੀ ਕਰਦਾ?

ਤਦ ਤਕ ਪਾਸਪੋਰਟ ਵੀ ਅੱਪੜ ਗਏ। ਪਾਸਪੋਰਟ ਲੈ ਕੇ ਅਸੀਂ ਅਟਾਰੀ ਰੇਲਵੇ ਸਟੇਸ਼ਨ `ਤੇ ਗਏ। ਉਥੇ ਕਸਟਮ ਤੇ ਇਮੀਗਰੇਸ਼ਨ ਦੀ ਕਾਰਵਾਈ ਹੋ ਰਹੀ ਸੀ। ‘ਸਮਝੌਤਾ ਐਕਸਪ੍ਰੈੱਸ’ ਦਾ ਇੰਜਣ ਧੂੰਆਂ ਛੱਡ ਰਿਹਾ ਸੀ। ਪਾਕਿਸਤਾਨੀ ਮੁਸਾਫ਼ਿਰ ਗੱਠੜੀਆਂ ਲੈ ਕੇ ਚੜ੍ਹ ਰਹੇ ਸਨ ਤੇ ਸੰਤੋਖ ਮੰਡੇਰ ਕਾਨਫਰੰਸ ਵਿੱਚ ਦੇਣ ਵਾਲੀਆਂ ਪਲੇਕਾਂ ਤੇ ਕੰਬਲ ਗੱਡੀ ਵਿੱਚ ਰੱਖ ਰਿਹਾ ਸੀ। ਫਿਰ ਗਾਰਡ ਨੇ ਹਰੀ ਝੰਡੀ ਵਿਖਾਈ, ਇੰਜਣ ਨੇ ਲੰਮੀ ਸੀਟੀ ਮਾਰੀ ਤੇ ਗੱਡੀ ਲਾਹੌਰ ਨੂੰ ਠਿੱਲ੍ਹ ਪਈ। ਗੱਡੀ ਦੇ ਨਾਲ ਨਾਲ ਬੀ.ਐੱਸ.ਐੱਫ.ਦੇ ਘੋੜਸਵਾਰ ਵੀ ਚੱਲ ਪਏ। ਉਹ ਨਜ਼ਰ ਰੱਖ ਰਹੇ ਸਨ ਕਿ ਮੁਸਾਫ਼ਿਰ ਕੋਈ ਵਰਜਿਤ ਚੀਜ਼ ਵਸਤ ਚਲਦੀ ਗੱਡੀ `ਚੋਂ ਬਾਹਰ ਨਾ ਸੁੱਟ ਦੇਣ। ਫਿਰ ਬਾਰਡਰ ਦੀਆਂ ਤਾਰਾਂ ਵਾਲਾ ਫਾਟਕ ਖੋਲ੍ਹਿਆ ਗਿਆ ਤੇ ਗੱਡੀ ਨੋ ਮੈਨਜ਼ ਲੈਂਡ ਦੇ ਖੇਤਰ ਵਿੱਚ ਦਾਖਲ ਹੋ ਗਈ। ਅੱਗੇ ਸਰਹੱਦ ਦੀ ਘਾਹ ਵਾਲੀ ਵੱਟ ਸੀ ਜਿਵੇਂ ਆਮ ਖੇਤਾਂ ਦੀ ਵੱਟ ਹੁੰਦੀ ਹੈ। ਇਹੋ ਸੀ ਸਾਂਝੇ ਪੰਜਾਬ ਦਾ ਸੀਨਾ ਚੀਰਨ ਵਾਲੀ ਲਕੀਰ ਜੀਹਦੇ ਆਰ ਪਾਰ ਜਾਣਾ ਮਨ੍ਹਾਂ ਸੀ।

ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਰੇਲਵੇ ਦਾ ਮੁਲਾਜ਼ਮ ਹਰੀ ਝੰਡੀ ਹਿਲਾ ਰਿਹਾ ਸੀ। ਆਲੇ ਦੁਆਲੇ ਸੁਨਹਿਰੀ ਕਣਕਾਂ ਸਨ ਜਿਨ੍ਹਾਂ ਦੀਆਂ ਬੱਲੀਆਂ ਝੂੰਮ ਰਹੀਆਂ ਸਨ। ਗੱਡੀ ਦੁਬਾਰਾ ਕਸਟਮ ਤੇ ਇਮੀਗਰੇਸ਼ਨ ਲਈ ਵਾਹਗੇ ਦੇ ਰੇਲਵੇ ਸਟੇਸ਼ਨ ਉਤੇ ਰੁਕੀ। ਸਾਰੇ ਮੁਸਾਫ਼ਰਾਂ ਨੂੰ ਗੱਡੀ `ਚੋਂ ਉਤਾਰ ਲਿਆ ਗਿਆ ਤੇ ਗੱਡੀ ਖਾਲੀ ਕਰ ਕੇ ਪਲੇਟਫਾਰਮ ਦੇ ਦੂਜੇ ਪਾਸਿਓਂ ਬਿਠਾਇਆ ਗਿਆ। ਅਟਾਰੀ ਤੇ ਵਾਹਗੇ ਵਿੱਚ ਹੀ ਅੱਧੀ ਦਿਹਾੜੀ ਗੁਜ਼ਰ ਗਈ ਸੀ।

ਮਸਾਂ ਕਿਤੇ ਗੱਡੀ ਲਾਹੌਰ ਨੂੰ ਤੁਰੀ। ਆਸ ਪਾਸ ਦੇ ਪਿੰਡ ਅੱਧੇ ਕੱਚੇ ਤੇ ਅੱਧੇ ਪੱਕੇ ਸਨ। ਦਿਨ ਛਿਪਦੇ ਨਾਲ ਗੱਡੀ ਲਾਹੌਰ ਅੱਪੜੀ। ਸਟੇਸ਼ਨ `ਤੇ ਕੁੱਝ ਸੱਜਣ ਹਾਰ ਲਈ ਖੜ੍ਹੇ ਸਨ। ਅਸੀਂ ਡਾ.ਹਰਚਰਨ ਸਿੰਘ, ਸੰਤੋਖ ਸਿੰਘ ਧੀਰ, ਡਾ.ਹਰਨਾਮ ਸਿੰਘ ਸ਼ਾਨ, ਦਲੀਪ ਕੌਰ ਟਿਵਾਣਾ ਤੇ ਹੁਕਮ ਸਿੰਘ ਭੱਟੀ ਹੋਰਾਂ ਨੂੰ ਅੱਗੇ ਕੀਤਾ। ਕੁੱਝ ਕੁ ਫੋਟੋ ਲਾਹੁਣ ਉਪਰੰਤ ਬੱਸਾਂ ਉਤੇ ਬਿਠਾ ਕੇ ਸਾਨੂੰ ਦੋ ਹੋਟਲਾਂ ਵਿੱਚ ਪੁਚਾ ਦਿੱਤਾ ਗਿਆ। ਅਸੀਂ ਹੋਟਲ ਸ਼ਾਹਤਾਜ ਦੀ ਚੌਥੀ ਮੰਜ਼ਲ `ਤੇ ਜਾ ਸੁੱਤੇ।

ਸਵੇਰੇ ਜਾਗ ਆਈ ਤਾਂ ਕੁੱਕੜ ਬਾਂਗਾਂ ਦੇ ਰਹੇ ਸਨ। ਸ਼ਿੰਗਾਰਾ ਸਿੰਘ ਕਹਿਣ ਲੱਗਾ, “ਲੈ ਆਹ ਤਾਂ ਲਾਹੌਰ ਦੇ ਕੁੱਕੜ ਵੀ ਆਪਣੇ ਪਿੰਡ ਅੰਗੂੰ ਈਂ ਬਾਂਗਾਂ ਦਿੰਦੇ ਆ।” ਮੈਂ ਕਿਹਾ, “ਹੋਰ ਫਾਰਸੀ `ਚ ਬਾਂਗਾਂ ਦੇਣ? ਬਾਂਗਾਂ ਤਾਂ ਲੰਡਨ ਦੇ ਕੁੱਕੜਾਂ ਦੀਆਂ ਵੀ ਇਹੋ ਜਿਹੀਆਂ ਈ ਹੁੰਦੀਆਂ ਨੇ। ਇਹ ਤਾਂ ਫੇਰ ਵੀ ਆਪਣੇ ਗੁਆਂਢੀ ਨੇ।” ਬਾਰੀ ਵਿੱਚ ਦੀ ਲਾਹੌਰ ਦਾ ਝਾਕਾ ਲਿਆ ਤਾਂ ਦੂਰ ਤਕ ਉੱਚੇ ਨੀਵੇਂ ਮਕਾਨ ਨਜ਼ਰੀਂ ਪਏ। ਕਈਆਂ ਘਰਾਂ ਦੇ ਚੁੱਲ੍ਹਿਆਂ `ਚੋਂ ਧੂੰਆਂ ਉਠ ਰਿਹਾ ਸੀ। ਆਕਾਸ਼ ਵਿੱਚ ਬੱਦਲ ਸਨ ਤੇ ਰਾਤੀਂ ਹੋਈ ਕਿਣਮਿਣ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ ਸੀ। ਅਸੀਂ ਕਾਨਫਰੰਸ ਵੱਲੀਂ ਤੁਰੇ ਤਾਂ ਸਲਵਾਰਾਂ ਕਮੀਜ਼ਾਂ ਪਾਈ ਲਾਹੌਰੀਏ ਮਿਲਦੇ ਗਏ ਜਿਨ੍ਹਾਂ ਨਾਲ ਸਤਿ ਸ੍ਰੀ ਅਕਾਲ ਤੇ ਸਲਾਮ ਹੁੰਦੀ ਗਈ। ਹੋਟਲ ਫਲੈਟੀਜ਼ ਦੇ ਹਾਲ `ਚ ਡੈਲੀਗੇਟ `ਕੱਠੇ ਹੋ ਰਹੇ ਸਨ।

ਹਾਲ ਅੰਦਰ ਗੁਰੂ ਨਾਨਕ, ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਸੁਲਤਾਨ ਬਾਹੂ, ਗ਼ੁਲਾਮ ਫਰੀਦ, ਦੁੱਲਾ ਭੱਟੀ, ਅਹਿਮਦ ਖਾਂ ਖਰਲ ਤੇ ਸ਼ਹੀਦ ਭਗਤ ਸਿੰਘ ਦੇ ਚਿੱਤਰ ਕੰਧਾਂ ਉਤੇ ਲੱਗੇ ਹੋਏ ਸਨ। ਹਰੇ ਚਿੱਟੇ ਰੰਗ ਦੇ ਇੱਕ ਬੈਨਰ ਉਤੇ ਲਿਖਿਆ ਹੋਇਆ ਸੀ-ਚੜ੍ਹਦੇ ਲਹਿੰਦੇ ਇੱਕ ਨੁਹਾਰ, ਇਕੋ ਸਭਿਤਾ ਇਕੋ ਬੋਲੀ ਅਸੀਂ ਕਦੀਮੀ ਯਾਰ। ਹਿੰਦ ਪਾਕਿ ਖਰੀ ਨਿਆਮਤ, ਯਾਰੀ ਦੋਸਤੀ ਰਹੇ ਸਲਾਮਤ। ਇੱਕ ਬੈਨਰ ਉਤੇ ਲਿਖਿਆ ਹੋਇਆ ਸੀ-ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਆਉਣ ਵਾਲੇ ਪ੍ਰਾਹੁਣਿਆਂ ਨੂੰ ਜੀ ਆਇਆਂ।

ਕਾਨਫਰੰਸ ਦੇ ਉਦਘਾਟਨ ਸਮੇਂ ਹਾਲ ਨੱਕੋ ਨੱਕ ਭਰ ਚੁੱਕਾ ਸੀ। ਮਾਈਕ ਪਾਕਿਸਤਾਨ ਟੀ.ਵੀ.ਦੇ ਪ੍ਰਸਿੱਧ ਬੁਲਾਰੇ ਸ਼ੁਜ਼ੁਆਤ ਹਾਸ਼ਮੀ ਦੇ ਹੱਥ ਸੀ। ਉਸ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੇਖਕਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ:

-ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਫਿਰ ਉਸ ਨੇ ਕਾਨਫਰੰਸ ਦੇ ਮੇਜ਼ਬਾਨ ਜਨਾਬ ਫ਼ਖ਼ਰ ਜ਼ਮਾਂ ਨੂੰ ਜੀ ਆਇਆਂ ਕਹਿਣ ਲਈ ਸੱਦਾ ਦਿੱਤਾ। ਪਹਿਲਵਾਨੀ ਦਿੱਖ ਵਾਲਾ ਫ਼ਖ਼ਰ ਜ਼ਮਾਂ ਦਿਲ ਦੀਆਂ ਗਹਿਰਾਈਆਂ `ਚੋਂ ਬੋਲਿਆ, “ਅੱਜ ਘਰ ਵਿੱਚ ਖਿੜੀ ਕਪਾਹ ਕੁੜੇ, ਤੂੰ ਝਬ ਝਬ ਚਰਖਾ ਡਾਹ ਕੁੜੇ। ਆਪਾਂ ਮੁਹੱਬਤਾਂ ਦੀਆਂ ਤੰਦਾਂ ਪਾਉਣੀਆਂ ਨੇ ਤੇ ਦੋਹਾਂ ਪੰਜਾਬਾਂ ਦੀ ਸਾਂਝ ਪੱਕਿਆਂ ਕਰਨੀ ਏਂ। ਆਪਾਂ ਬਰੂਦ ਦੀ ਬੋਅ ਮੁਕਾ ਕੇ ਮੁਹੱਬਤਾਂ ਦੀ ਖੁਸ਼ਬੋ ਫੈਲਾਉਣੀ ਏਂ। ਮਿਲ ਬਹਿਣ ਤੇ ਸਾਂਝਾਂ ਵਧਾਉਣ ਦੀਆਂ ਗੱਲਾਂ ਕਰਨੀਆਂ ਨੇ। ਸਾਡੇ ਧੰਨਭਾਗ ਨੇ ਜੁ ਤੁਸੀਂ ਸਾਡੇ ਸੱਦੇ `ਤੇ ਸਾਡੇ ਵੱਲ ਆਏ ਜੇ। ਜਿੰਨੇ ਕਦਮ ਆਏ ਜੇ ਸਾਡੇ ਸਿਰ ਮੱਥੇ। ਜੀ ਆਇਆਂ ਨੂੰ, ਖੁਸ਼ ਆਮਦੀਦ!”

ਫਿਰ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਮਲਿਕ ਮੇਅਰਾਜ਼ ਖ਼ਾਲਿਦ ਬੜੀ ਪਿਆਰੀ ਪੰਜਾਬੀ ਵਿੱਚ ਬੋਲਿਆ, “ਦੋਹਾਂ ਪੰਜਾਬਾਂ `ਚੋਂ ਬੜੇ ਸੱਚੇ ਸੱਚੇ ਇਨਸਾਨ ਏਥੇ ਆਏ ਨੇ ਤੇ ਮੈਂ ਜ਼ਿੰਦਗੀ `ਚ ਏਨਾ ਸੋਹਣਾ ਤੇ ਸੁੱਚਾ `ਕੱਠ ਨਹੀਂ ਵੇਖਿਆ। ਇਹ ਜਿਹੜਾ ਏਧਰ ‘ਜਹੰਨਮ’ ਏ ਤੇ ਓਧਰ ‘ਨਰਕ’ ਏ ਆਪਾਂ ਰਲ ਮਿਲ ਕੇ ਦੂਰ ਕਰਨੈਂ …।” ਉਥੇ ਬੁੱਢਾ ਹੋ ਗਿਆ ਸ਼ਾਇਰ ਅਹਿਮਦ ਰਾਹੀ ਵੀ ਬੋਲਿਆ, ਡਾ.ਹਰਚਰਨ ਸਿੰਘ ਵੀ ਤੇ ਡਾ.ਸਤਿੰਦਰ ਸਿੰਘ ਨੂਰ ਵੀ। ਨੂਰ ਨੂੰ ਮੌਕੇ ਦੀ ਗੱਲ ਕਰਨੀ ਆਉਂਦੀ ਹੈ। ਕਹਿਣ ਲੱਗਾ, “ਆਪਾਂ ਸ਼ਾਇਰੀ ਦੇ ਪੁੱਤਰ ਹਾਂ। ਸ਼ਾਇਰੀ ਵਿੱਚ ਸੂਫ਼ੀ ਮੱਤ ਡੌਮੀਨੇਟ ਕਰਦੈ। ਸੂਫ਼ੀ ਸਾਨੂੰ ਜੋੜਦੇ ਹਨ, ਤੋੜਨ ਵਾਲੀ ਤਾਂ ਸਿਆਸਤ ਹੈ …।”

ਕਾਨਫਰੰਸ ਚਾਰ ਦਿਨ ਚੱਲਣੀ ਸੀ ਤੇ ਉਸ ਦੇ ਸੱਤ ਸੈਸ਼ਨ ਸਨ। ਅਸੀਂ ਸੈਸ਼ਨਾਂ ਦੀ ਹਾਜ਼ਰੀ ਵੀ ਭਰਦੇ ਤੇ ਲਾਹੌਰ ਦੇ ਗੇੜੇ ਵੀ ਕੱਢਦੇ। ਪਾਕਿਸਤਾਨ ਵਿੱਚ ਸ਼ਰਾਬਬੰਦੀ ਹੈ ਪਰ ਹੋਟਲ ਫਲੈਟੀਜ਼ ਦੀ ਇੱਕ ਨੁਕਰੇ ਵਿਦੇਸ਼ੀਆਂ ਲਈ ਠੇਕਾ ਸੀ ਜਿਥੇ ਜੋਗਿੰਦਰ ਕੈਰੋਂ ਹੋਰੀਂ ਲਾਹੌਰ ਦਾ ਅੰਬਰਸਰ ਬਣਾ ਬਹਿੰਦੇ। ਰਾਤ ਨੂੰ ਹੋਏ ਕਵੀ ਦਰਬਾਰ `ਚ ਕੈਰੋਂ ਗੁਰਭਜਨ ਦੀ ਕਵਿਤਾ ਉਤੇ ਈ ਖੇੜ ਬੈਠਾ ਪਰ ਅਸੀਂ ਵਿੱਚ ਪੈ ਕੇ ਮੌਕਾ ਸੰਭਾਲ ਲਿਆ। ਇਹ ਸਹੁਰੀ ਸ਼ੈਅ ਈ ਐਸੀ ਹੈ ਕਿ ਚੜ੍ਹ ਜਾਵੇ ਤਾਂ ਖੇੜੇ ਬਿਨਾਂ ਨਹੀਂ ਲੱਥਦੀ। ਸ਼ੁਕਰ ਦੀ ਗੱਲ ਸੀ ਕਿ ਲਾਹੌਰੀਏ ਅਦੀਬਾਂ ਨੂੰ ਅੰਬਰਸਰੀਏ ਆਲਮਾਂ ਦੀਆਂ ਗਾਲ੍ਹਾਂ ਨਾ ਸੁਣੀਆਂ।

ਇਕ ਸੈਸ਼ਨ ਵਿੱਚ ਇਲੀਆਸ ਘੁੰਮਣ ਨੇ ਪਰਚਾ ਪੜ੍ਹਨ ਲਈ ਮੇਰਾ ਨਾਂ ਵੀ ਬੋਲ ਦਿੱਤਾ। ਮੈਂ ਪਰਚੇ ਦਾ ਸਾਰ ਪੇਸ਼ ਕਰਦਿਆਂ ਕਿਹਾ ਕਿ ਵੱਖੋ ਵੱਖ ਦੇਸ਼ਾਂ ਵਿੱਚ ਖਿਲਰੇ ਪੰਜਾਬੀਆਂ ਨੂੰ ‘ਪੰਜਾਬੀ ਓਲੰਪਿਕਸ’ ਰਾਹੀਂ ਮੇਲ ਜੋਲ ਦਾ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕਦੈ। ਕੁੱਝ ਮੁਲਕ ਅਜਿਹੇ ਹਨ ਜਿਥੇ ਪੰਜਾਬੀਆਂ ਦੀਆਂ ਤਕੜੀਆਂ ਟੀਮਾਂ ਤਿਆਰ ਹੋ ਸਕਦੀਆਂ ਹਨ। ਵਿਅਕਤੀਗਤ ਖੇਡਾਂ ਵਿੱਚ ਭਾਗ ਲੈਣ ਵਾਲੇ ਤਾਂ ਬਹੁਤ ਸਾਰੇ ਮੁਲਕਾਂ ਦੇ ਪੰਜਾਬੀ ਖਿਡਾਰੀ ਹੋਣਗੇ। ਪੰਜਾਬੀ ਓਲੰਪਿਕਸ ਨਾਲ ਪੰਜਾਬੀਅਤ ਦੇ ਜਜ਼ਬੇ ਨੂੰ ਸਾਣ ਚਾੜਿਆ ਜਾ ਸਕਦੈ ਤੇ ਫਿਰਕਿਆਂ ਦੀ ਸੌੜੀ ਵਲਗਣ `ਚੋਂ ਨਿਕਲਿਆ ਜਾ ਸਕਦੈ। ਸ਼ੁਰੂਆਤ ਕੁਸ਼ਤੀ, ਕਬੱਡੀ, ਹਾਕੀ, ਰੱਸਾਕਸ਼ੀ, ਭਾਰ ਚੁੱਕਣ ਤੇ ਅਥਲੈਟਿਕਸ ਦੇ ਕੁੱਝ ਈਵੈਂਟਸ ਨਾਲ ਕੀਤੀ ਜਾ ਸਕਦੀ ਹੈ।”

ਮੇਰੇ ਸੁਝਾਅ ਦਾ ਅਗਲੇ ਦਿਨ ਪਾਕਿਸਤਾਨ ਦੇ ਅਖ਼ਬਾਰਾਂ ਵਿੱਚ ਵੀ ਜ਼ਿਕਰ ਹੋਇਆ। ਪੰਜਾਬੀ ਓਲੰਪਿਕਸ ਤਾਂ ਸ਼ੁਰੂ ਨਹੀਂ ਹੋ ਸਕੀ ਪਰ 2004 ਵਿੱਚ ਪਟਿਆਲੇ ਤੋਂ ਇੰਡੋ-ਪਾਕਿ ਪੰਜਾਬ ਖੇਡਾਂ ਜ਼ਰੂਰ ਸ਼ੁਰੂ ਹੋ ਗਈਆਂ ਹਨ। ਲਗਦਾ ਹੈ ਉਹ ਦਿਨ ਦੂਰ ਨਹੀਂ ਜਦੋਂ ਸੱਚੀ ਮੁੱਚੀ ਦੀ ਪੰਜਾਬੀ ਓਲੰਪਿਕਸ ਵੀ ਸ਼ੁਰੂ ਹੋ ਜਾਵੇਗੀ। ਨਾਂ ਉਹਦਾ ਭਾਵੇਂ ‘ਪੰਜਾਬੀ ਖੇਡ ਮੇਲਾ’ ਹੀ ਕਿਉਂ ਨਾ ਹੋਵੇ।

ਇਕ ਦਿਨ ਲਾਹੌਰ ਦੀਆਂ ਇਤਿਹਾਸਕ ਥਾਵਾਂ ਵੇਖੀਆਂ। ਪਹਿਲਾਂ ਗੁਰਦਵਾਰਾ ਡੇਰਾ ਸਾਹਿਬ ਗਏ। ਫਿਰ ਸ਼ਾਹੀ ਕਿਲਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਬਾਦਸ਼ਾਹੀ ਤਖ਼ਤ, ਅਜਾਇਬ ਘਰ ਤੇ ਉਹ ਦਰਵਾਜ਼ਾ ਵੇਖਿਆ ਜਿਥੋਂ ਛੱਜਾ ਡੇਗ ਕੇ ਕੰਵਰ ਨੌਨਿਹਾਲ ਸਿੰਘ ਨੂੰ ਮਾਰਿਆ ਗਿਆ ਸੀ। ਕਿਲੇ ਦੀ ਉਹ ਕੰਧ ਵੇਖੀ ਜਿਥੋਂ ਬਿਧੀ ਚੰਦ ਨੇ ਘੋੜਿਆਂ ਨੂੰ ਰਾਵੀ ਵਿੱਚ ਛਾਲ ਮਰਵਾਈ ਸੀ। ਉਥੋਂ ਹੀ ਅਲਾਮਾ ਇਕਬਾਲ ਦੀ ਯਾਦਗਾਰ ਤੇ ਸ਼ਾਹੀ ਮਸਜਿਦ ਦੇ ਮਿਨਾਰ ਵੇਖੇ। ਮਸੀਤਾਂ `ਚੋਂ ਅਜਾਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਏਧਰ ਗੁਰਦੁਆਰਿਆਂ `ਚੋਂ ਪਾਠ ਕਰਨ ਦੀਆਂ ਆਉਂਦੀਆਂ ਹਨ। ਲਾਊਡ ਸਪੀਕਰ ਦੋਹੀਂ ਪਾਸੀਂ ਲੱਗੇ ਸਨ।

ਫਿਰ ਅਸੀਂ ਭੀੜੀਆਂ ਗਲੀਆਂ ਲੰਘਦੇ ਹੋਏ ਮਾਧੋ ਲਾਲ ਹੁਸੈਨ ਦੇ ਮਕਬਰੇ ਦੇ ਦਰਸ਼ਨ ਕੀਤੇ। ਉਹਦੇ ਕੋਲ ਹੀ ਉਸਤਾਦ ਦਾਮਨ ਦੀ ਕਬਰ ਸੀ। ਸ਼ਾਹ ਹੁਸੈਨ ਦਾ ਮਾਧੋ ਲਾਲ ਨਾਲ ਏਨਾ ਗੂੜ੍ਹਾ ਪ੍ਰੇਮ ਸੀ ਕਿ ਉਸ ਨੂੰ ਮਾਧੋ ਲਾਲ ਹੁਸੈਨ ਕਿਹਾ ਜਾਂਦਾ ਸੀ। ਸਿਰਫ਼ ਸ਼ਾਹ ਹੁਸੈਨ ਕਹਿਣ ਨਾਲ ਸਾਨੂੰ ਮਕਬਰੇ ਦਾ ਰਾਹ ਨਹੀਂ ਸੀ ਲੱਭਾ। ਮਕਬਰੇ ਦੇ ਸਾਈਂ ਕੋਲੋਂ ਦੁਆਵਾਂ ਲੈ ਕੇ ਸ਼ਾਲੀਮਾਰ ਬਾਗ਼ ਗਏ ਤੇ ਬਾਗ਼ ਦੀ ਖ਼ੂਬਸੂਰਤੀ ਨਿਹਾਰਨ ਪਿੱਛੋਂ ਨੂਰ ਜਹਾਂ ਦਾ ਮਕਬਰਾ ਵੇਖਣ ਚੱਲ ਪਏ। ਰਾਵੀ ਅਸਲੋਂ ਸੁੱਕੀ ਪਈ ਸੀ ਜਿਸ ਦੀ ਰੇਤ ਉਤੇ ਮੁੰਡੇ ਖੇਡਾਂ ਖੇਡ ਰਹੇ ਸਨ। ਰੇਲਵੇ ਲਾਈਨ ਦੇ ਇੱਕ ਪਾਸੇ ਜਹਾਂਗੀਰ ਦਾ ਤੇ ਦੂਜੇ ਪਾਸੇ ਨੂਰ ਜਹਾਂ ਦਾ ਮਕਬਰਾ ਸੀ। ਪਹਿਰਾ ਦੇ ਰਹੇ ਸਿਪਾਹੀ ਨੇ ਸੁਰੰਗ ਦਾ ਢੱਕਣ ਚੁੱਕ ਕੇ ਸਾਨੂੰ ਹੇਠਾਂ ਉਤਾਰ ਦਿੱਤਾ। ਅਸੀਂ ਉਹ ਵਰਜਿਤ ਥਾਂ ਵੀ ਵੇਖ ਲਈ ਜਿਥੇ ਸੁਰੰਗਾਂ ਥਾਣੀ ਚਾਨਣ ਦੀਆਂ ਸ਼ੁਆਵਾਂ ਨੂਰ ਜਹਾਂ ਦੀ ਕਬਰ `ਤੇ ਪੈਂਦੀਆਂ ਸਨ।

ਇਕ ਸ਼ਾਮ ਰਾਏ ਅਜ਼ੀਜ਼ਉੱਲਾ ਖਾਂ ਸਾਨੂੰ ਆਪਣੇ ਘਰ ਦੇ ਜੀਆਂ ਨੂੰ ਮਿਲਾਉਣ ਲੈ ਗਏ। ਹਜ਼ਾਰ ਕੁ ਸਾਲ ਪਹਿਲਾਂ ਰਾਏ ਸਾਹਿਬ ਦੇ ਵੱਡਵਡੇਰੇ ਰਾਜਪੂਤ ਮੋਕਲ ਚੰਦ ਨੇ ਸਾਡੇ ਪਿੰਡ ਚਕਰ ਦੀ ਮੋਹੜੀ ਗੱਡੀ ਸੀ। ਉਹਦੀ ਪੰਜਵੀਂ ਪੀੜ੍ਹੀ ਦੇ ਤੁਲਸੀ ਦਾਸ ਨੇ ਇਸਲਾਮ ਧਾਰਨ ਕੀਤਾ ਤੇ ਉਹਦਾ ਨਾਂ ਚਕਰ ਤੋਂ ਸ਼ੇਖ਼ ਚੱਕੂ ਰੱਖਿਆ ਗਿਆ। ਉਸੇ ਦੀਆਂ ਅਗਲੀਆਂ ਪੀੜ੍ਹੀਆਂ `ਚ ਰਾਏ `ਕੱਲ੍ਹਾ ਹੋਇਆ ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਠਾਹਰ ਦਿੱਤੀ ਤੇ ਗੁਰੂ ਜੀ ਨੇ ਉਸ ਨੂੰ ਗੰਗਾ ਸਾਗਰ, ਰੇਹਲ ਤੇ ਤਲਵਾਰ ਦੀ ਬਖਸ਼ਿਸ਼ ਕੀਤੀ। ਗੰਗਾ ਸਾਗਰ ਹੁਣ ਵੀ ਰਾਏ ਸਾਹਿਬ ਪਾਸ ਸੁਰੱਖਿਅਤ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਨ।

ਰਾਏ ਸਾਹਿਬ ਦੀ ਬਿਰਧ ਭੂਆ ਰਾਏਕੋਟ ਤੇ ਆਲੇ ਦੁਆਲੇ ਦੇ ਪਿੰਡਾਂ ਦਾ ਹਾਲ ਚਾਲ ਪੁੱਛਣ ਲੱਗੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਹੁਣ ਵੀ ਉਹ ਰਾਏਕੋਟ ਤੁਰੀ ਫਿਰਦੀ ਹੋਵੇ। ਰਾਤ ਦੇ ਖਾਣੇ ਲਈ ਉਹ ਸਾਨੂੰ ਗਵਾਲ ਮੰਡੀ ਦੀ ਫੂਡ ਸਟਰੀਟ ਉਤੇ ਲੈ ਗਏ ਜਿਥੇ ਪੂਰੀ ਚਹਿਲ ਪਹਿਲ ਸੀ। ਵਰਿਆਮ ਸਿੰਘ ਸੰਧੂ ਤੇ ਕੁੱਝ ਹੋਰ ਅਦੀਬ ਵੀ ਨਾਲ ਸਨ। ਬਲਬਾਂ ਦਾ ਮੂੰਹ ਉਪਰ ਨੂੰ ਹੋਣ ਕਰਕੇ ਨਿੰਮ੍ਹਾਂ ਦੂਧੀਆ ਚਾਨਣ ਹੇਠਾਂ ਡੁੱਲ੍ਹ ਰਿਹਾ ਸੀ ਜਿਸ ਨਾਲ ਫੂਡ ਸਟਰੀਟ ਦੀਆਂ ਦੁਕਾਨਾਂ ਪੁੰਨਿਆਂ ਦੀ ਚਾਨਣੀ `ਚ ਨ੍ਹਾਤੀਆਂ ਲੱਗਦੀਆਂ ਸਨ। ਭਾਂਤ ਸੁਭਾਂਤੇ ਖਾਣਿਆਂ ਦੀਆਂ ਮਹਿਕਾਂ ਉਠ ਰਹੀਆਂ ਸਨ। ਉਨ੍ਹਾਂ ਦਾ ਜ਼ਾਇਕਾ ਲਾਜਵਾਬ ਸੀ ਜੋ ਕਦੇ ਨਹੀਂ ਭੁੱਲੇਗਾ।

ਕਾਨਫਰੰਸ ਪਿੱਛੋਂ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ। ਗੁਰਦਵਾਰਾ ਜਨਮ ਸਥਾਨ ਵਿਖੇ ਆਲੀਸ਼ਾਨ ਸਰਾਂ ਬਣ ਗਈ ਸੀ ਤੇ ਲੰਗਰ ਦੀ ਨਵੀਂ ਇਮਾਰਤ ਉਸਰ ਗਈ ਸੀ। ਮੁੜਦਿਆਂ ਵਾਰਸ ਸ਼ਾਹ ਦੇ ਪਿੰਡ ਜੰਡਿਆਲੇ ਸ਼ੇਰ ਖਾਂ ਉਸ ਦੀ ਕਬਰ ਨੂੰ ਸਿਜਦਾ ਕੀਤਾ। ਉਥੇ ਉਸ ਦੇ ਕਈ ਰਿਸ਼ਤੇਦਾਰਾਂ ਦੀਆਂ ਕਬਰਾਂ ਸਨ ਤੇ ਵਾਰਸ ਸ਼ਾਹ ਮੈਮੋਰੀਅਲ ਉਸਾਰਿਆ ਹੋਇਆ ਸੀ। ਉਥੇ ਹਰ ਸਾਲ ਮੇਲਾ ਭਰਦਾ ਹੈ ਤੇ ਹੀਰ ਗਾਉਣ ਦੇ ਮੁਕਾਬਲੇ ਹੁੰਦੇ ਹਨ। ਉਥੋਂ ਦੇ ਨਲਕੇ ਤੋਂ ਪਾਣੀ ਇਸ ਲਈ ਪੀਤਾ ਪਈ ਕਹਿ ਸਕੀਏ ਕਿ ਅਸੀਂ ਵੀ ਵਾਰਸ ਦੇ ਪਿੰਡ ਦਾ ਪਾਣੀ ਪੀਤਾ ਹੋਇਐ!

12 ਅਪਰੈਲ ਦੇ ਗਏ ਅਸੀਂ 19 ਅਪਰੈਲ ਨੂੰ ਮੁੜੇ। ਲਾਹੌਰ ਦੇ ਰੇਲਵੇ ਸਟੇਸ਼ਨ `ਤੇ ਵਿਦਾ ਕਰਨ ਵਾਲਿਆਂ `ਚ ਰਾਏ ਅਜ਼ੀਜ਼ਉੱਲਾ ਖਾਂ ਖੁਦ ਹਾਜ਼ਰ ਸੀ ਤੇ ਇਲੀਆਸ ਘੁੰਮਣ ਬਗਲਗ਼ੀਰ ਹੁੰਦਾ ਭੁੱਲਾਂ ਚੁੱਕਾਂ ਦੀਆਂ ਮਾਫ਼ੀਆਂ ਮੰਗ ਰਿਹਾ ਸੀ। ਅਸੀਂ ਲਾਹੌਰੀਆਂ ਵੱਲੋਂ ਮਿਲੇ ਪਿਆਰ ਤੇ ਸਨੇਹ ਦਾ ਸ਼ੁਕਰਾਨਾ ਕਰ ਰਹੇ ਸਾਂ ਤੇ ਆਪਣੇ ਆਪ ਨੂੰ ਵਡਭਾਗੇ ਸਮਝ ਰਹੇ ਸਾਂ।

ਲਾਹੌਰੋਂ ਮੁੜਨ ਨੂੰ ਦਿਲ ਤਾਂ ਨਹੀਂ ਸੀ ਕਰਦਾ ਪਰ ਮੁੜਨਾ ਹੀ ਪੈਣਾ ਸੀ। ਗਾਰਡ ਨੇ ਝੰਡੀ ਹਿਲਾਈ, ਇੰਜਣ ਨੇ ਚੀਕ ਮਾਰੀ ਤੇ ਗੱਡੀ ਅਟਾਰੀ ਨੂੰ ਚੱਲ ਪਈ। ਅਲਵਿਦਾਈ ਵਿੱਚ ਦੂਰ ਤਕ ਹੱਥ ਹਿਲਦੇ ਗਏ। ਮੈਂ ਸੋਚਣ ਲੱਗਾ ਦੇਸ਼ ਦੀ ਵੰਡ ਨਾ ਹੁੰਦੀ ਤਾਂ ਕੀ ਪਤਾ ਮੈਂ ਮੋਗੇ ਤੋਂ ਦਿੱਲੀ ਜਾਣ ਦੀ ਥਾਂ ਲਾਹੌਰ ਨੂੰ ਹੀ ਗੱਡੀ ਚੜ੍ਹ ਜਾਂਦਾ। ਲਾਹੌਰ ਦਿੱਲੀ ਤੋਂ ਕਿਤੇ ਨੇੜੇ ਸੀ ਪਰ ਸਮੇਂ ਦਾ ਗੇੜ ਹੈ ਕਿ ਲਾਹੌਰ ਆਪਣਾ ਹੁੰਦਾ ਹੋਇਆ ਵੀ ਦੂਰ ਹੋ ਗਿਆ ਸੀ। ਬਹੁਤ ਦੂਰ। ਕੁੱਝ ਇਹੋ ਜਿਹੇ ਖਿਆਲਾਂ ਵਿੱਚ ਖੋਇਆ ਹੋਇਆ ਸਾਂ ਕਿ ਗੱਡੀ ਵਾਹਗੇ ਤੇ ਫਿਰ ਅਟਾਰੀ ਆ ਲੱਗੀ। ਬੰਦੇ ਉਹੀ ਸਨ, ਬੋਲੀ ਉਹੀ ਤੇ ਬਨਸਪਤੀ ਵੀ ਓਹੀ। ਸਭ ਕੁੱਝ ਉਹੋ ਜਿਹਾ ਸੀ। ਰਹਿਤਲ ਸਾਂਝੀ ਸੀ ਪਰ ਦੇਸ਼ ਅੱਡ ਸੀ। ਪੰਜਾਬ ਚੀਰਿਆ ਗਿਆ ਸੀ! ਪੰਜਾਬੀਆਂ ਦਾ ਵਤਨ ਚੀਰਿਆ ਗਿਆ ਸੀ! !

ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਬਹੁਤੇ ਬੰਦੇ ਆਰਾਮਪ੍ਰਸਤ ਹੋ ਜਾਂਦੇ ਹਨ। ਕਹਿੰਦੇ ਹਨ ਬਥੇਰਾ ਧੰਦ ਪਿੱਟ ਲਿਆ ਹੁਣ `ਰਾਮ ਨਾਲ ਘਰੇ ਬੈਠਾਂਗੇ। ਮੈਂ ਵੀ ਪਿੰਡ ਚਲਾ ਜਾਂਦਾ ਤਾਂ ਸੰਭਵ ਸੀ ਕਿ ਆਰਾਮ ਤਲਬੀ `ਚ ਪੈ ਜਾਂਦਾ ਤੇ ਟਿਕ ਕੇ ਬੈਠ ਜਾਂਦਾ। ਮਿਥਿਆ ਵੀ ਹੋਇਆ ਸੀ ਕਿ ਪਿੰਡ ਰਹਾਂਗੇ ਤੇ ਮੌਜ ਮੇਲਾ ਕਰਾਂਗੇ। ਪਰ ਸਾਡੇ ਛੋਟੇ ਪੁੱਤਰ ਗੁਰਵਿੰਦਰ ਦੇ ਕੈਨੇਡਾ ਚਲੇ ਜਾਣ ਨਾਲ ਸਾਨੂੰ ਵੀ ਕੈਨੇਡਾ ਜਾਣਾ ਪਿਆ। 1995 ਵਿੱਚ ਉਨ੍ਹਾਂ ਦੀ ਹਾਕੀ ਟੀਮ ਕੈਨੇਡਾ ਦੇ ਟੂਰ `ਤੇ ਗਈ ਤਾਂ ਉਸ ਨੂੰ ਕੈਨੇਡਾ ਬੜਾ ਪਸੰਦ ਆਇਆ। ਕੈਨੇਡਾ ਤੋਂ ਮੁੜ ਕੇ ਕਹਿਣ ਲੱਗਾ, “ਪਾਪਾ ਜੀ, ਤੁਸੀਂ ਆਪਣੇ ਸਫ਼ਰਨਾਮੇ ਤੇ ਗੱਲਾਂ ਬਾਤਾਂ `ਚ ਕਨੇਡਾ ਨੂੰ ਐਵੇਂ ਈ ਨਿੰਦੀ ਜਾਨੇ ਓਂ। ਕਨੇਡਾ ਤਾਂ ਮੁਲਕ ਈ ਬਹੁਤ ਸੋਹਣੈ। ਲੋਕ ਐਵੇਂ ਤਾਂ ਨੀ ਕਨੇਡਾ ਨੂੰ ਭੱਜੇ ਜਾਂਦੇ। ਆਖੋ ਤਾਂ ਮੈਂ ਵੀ ਕਨੇਡਾ ਚਲਾ ਜਾਵਾਂ?”

ਮੈਂ ਆਖਿਆ, “ਕਨੇਡਾ ਸੈਰ ਸਪਾਟੇ ਵਾਲਿਆਂ ਨੂੰ ਈ ਸੋਹਣਾ ਲੱਗਦੈ। ਜੇ ਓਥੇ ਕੰਮ ਕਰਨਾ ਪਵੇ ਫੇਰ ਕਨੇਡਾ ਸੋਹਣਾ ਲੱਗਣੋਂ ਹਟ ਜਾਂਦੈ। ਉਥੇ ਕਈਆਂ ਦੀ ਨੀਂਦ ਵੀ ਪੂਰੀ ਨੀ ਹੁੰਦੀ। ਤੇਰੇ ਕੋਲ ਬੈਂਕ ਦੀ ਚੰਗੀ ਭਲੀ ਨੌਕਰੀ ਐ। ਜਿੰਨਾ ਚਿਰ ਖੇਡ ਹੁੰਦੈ ਖੇਡ ਮੱਲ੍ਹ। ਤੂੰ ਇੰਡੀਆ ਦੀ ਟੀਮ `ਚ ਆ ਸਕਦੈਂ। ਵਰਲਡ ਕੱਪ ਤੇ ਓਲੰਪਿਕ ਖੇਡਾਂ `ਚ ਜਾ ਸਕਦੈਂ। ਕਨੇਡਾ `ਚ ਕੀ ਪਿਐ?” ਉਦੋਂ ਕੋਕਰੀ ਵਾਲੇ ਗਿੱਲ ਹਰਦੀਪ ਦਾ ਗੀਤ ਅਜੇ ਚੱਲਿਆ ਨਹੀਂ ਸੀ-ਜਾਹ ਮੁੜ ਜਾ ਅਜੇ ਵੀ ਪਿੱਛੇ ਮੁੜ ਜਾ, ਕਨੇਡਾ ਵਿੱਚ ਕੀ ਰੱਖਿਆ …? ਜਸਵੰਤ ਸਿੰਘ ਕੰਵਲ ਦੇ ਭਾਣਜੇ ਮਨਮੋਹਨ ਸਿੰਘ ਤੇ ਰਾਮੂਵਾਲੀਆਂ ਦੇ ਜੁਆਈ ਭਾਈ ਹਰਭਜਨ ਮਾਨ ਨੇ ਵੀ ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ ਤੇ ਮਿੱਟੀ ਵਾਜਾਂ ਮਾਰਦੀ ਫਿਲਮਾਂ ਨਹੀਂ ਸਨ ਬਣਾਈਆਂ। ਮੈਂ ਖੁਦ ਆਪਣੇ ਭਰਾ ਭਜਨ ਵੱਲੋਂ ਅਮਰੀਕਾ `ਚ ਪੱਕੇ ਤੌਰ `ਤੇ ਸੱਦਣ ਦੇ ਕਾਗਜ਼ ਨਹੀਂ ਸੀ ਭਰੇ ਜਦ ਕਿ ਬਾਕੀ ਸਾਰੇ ਭਰਾਵਾਂ ਨੇ ਭਰ ਦਿੱਤੇ ਸਨ। ਮੈਨੂੰ ਪਰਵਾਸ ਖਿੱਚ ਨਹੀਂ ਸੀ ਪਾਉਂਦਾ।

ਪਰ ਨਵੀਂ ਪੀੜ੍ਹੀ `ਚ ਹਵਾ ਈ ਅਜਿਹੀ ਫਿਰ ਗਈ ਸੀ ਤੇ ਫਿਰੀ ਹੋਈ ਹੈ ਕਿ ਚੰਗੇ ਭਲੇ ਸੈੱਟ ਹੋਏ ਧੀਆਂ ਪੁੱਤਾਂ `ਤੇ ਵੀ ਵਿਦੇਸ਼ਾਂ `ਚ ਜਾਣ ਦਾ ਭੂਤ ਸਵਾਰ ਹੈ। ਲੱਖ ਕਹੋ ਕਿ ਜਿੰਨਾ ਕੰਮ ਵਿਦੇਸ਼ਾਂ `ਚ ਜਾ ਕੇ ਕਰਦੇ ਓ, ਓਨਾ ਪੰਜਾਬ `ਚ ਕਰਨ ਲੱਗ ਪਓ ਤਾਂ ਪੰਜਾਬ ਵੀ ਇੰਗਲੈਂਡ, ਕੈਨੇਡਾ ਤੇ ਅਮਰੀਕਾ ਤੋਂ ਘੱਟ ਨਹੀਂ ਰਹਿਣਾ। ਪਰ ਪਤਾ ਨਹੀਂ ਕਿਉਂ ਨਵੀਂ ਪੀੜ੍ਹੀ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਦੇਸ਼ ਵਿੱਚ ਵਿਹਲੀਆਂ ਖਾਣ ਵਾਲੇ ਸਰਦੇ ਪੁੱਜਦੇ, ਨੌਕਰੀ ਪੇਸ਼ਾ, ਅਫਸਰ ਤੇ ਕਈ ਲੈਕਚਰਾਰ ਵੀ ਹਨ ਜਿਹੜੇ ਬਾਹਰ ਭੱਜਣ ਨੂੰ ਤਰਲੋਮੱਛੀ ਹੋ ਰਹੇ ਹਨ।

ਮੈਂ ਖੁਦ ਲੈਕਚਰਾਰ ਰਿਹਾ ਹੋਣ ਕਰਕੇ ਕਹਿ ਸਕਦਾਂ ਕਿ ਪ੍ਰੋਫੈਸਰੀ ਵਰਗੀ ਸੌਖੀ, ਦਿਲਚਸਪ ਤੇ ਇਜ਼ਤ ਮਾਣ ਵਾਲੀ ਨੌਕਰੀ ਦੁਨੀਆ ਉਤੇ ਕਿਤੇ ਨਹੀਂ। ਫਿਰ ਵੀ ਪੰਜਾਬ ਦੇ ਅਨੇਕਾਂ ਲੈਕਚਰਾਰ ਵਿਦੇਸ਼ ਜਾਣ ਦੇ ਕਾਗਜ਼ ਭਰੀ ਬੈਠੇ ਹਨ। ਹਾਲਾਂ ਕਿ ਪਤਾ ਹੈ ਪਈ ਉਥੇ ਉਨ੍ਹਾਂ ਵਰਗੇ ਪਹਿਲਾਂ ਹੀ ਪਹੁੰਚੇ ਬਥੇਰੇ ਪੜ੍ਹੇ ਲਿਖੇ ਹਨ ਜਿਹੜੇ ਟੈਕਸੀਆਂ ਤੇ ਟਰੱਕ ਈ ਚਲਾਉਂਦੇ ਹਨ। ਜਿਨ੍ਹਾਂ ਤੋਂ ਟਰੱਕ ਡਰਾਈਵਿੰਗ ਦੇ ਟੈੱਸਟ ਪਾਸ ਨਹੀਂ ਹੁੰਦੇ ਉਹ ਦਿਹਾੜੀ ਦੱਪਾ ਕਰਦੇ ਖੇਤਾਂ `ਚ ਬੇਰੀ ਤੋੜਦੇ ਤੇ ਦਫਤਰਾਂ `ਚ ‘ਕਲੀਨਿੰਗ’ ਤੇ ਹੋਰ ਨਿੱਕੇ ਮੋਟੇ ਕੰਮ ਕਰਦੇ ਹਨ। ਦੇਸ਼ `ਚ ਅਫਸਰੀ ਕਰਨ ਵਾਲੇ ਕੈਨੇਡਾ `ਚ ‘ਸਕਿਉਰਿਟੀ ਅਫਸਰ’ ਦੇ ਨਾਂ `ਤੇ ਰਾਤਾਂ ਦਾ ਚੌਕੀਦਾਰਾ ਕਰਨ ਡਹੇ ਹਨ। ਪੰਜਾਬ `ਚ ਇਹੋ ਕੰਮ ਕਰਨਾ ਪਵੇ ਤਾਂ ਬਹਾਨਾ ਹੈ ਕਿ ਲੋਕ ਕੀ ਕਹਿਣਗੇ? ਲੋਕ ਜੇ ਪਰਵਾਸੀਆਂ ਨੂੰ ਕੁੱਝ ਨਹੀਂ ਕਹਿੰਦੇ ਤਾਂ ਦੇਸ਼ `ਚ ਕੰਮ ਕਰਦਿਆਂ ਨੂੰ ਕਿਉਂ ਕੁੱਝ ਕਹਿਣਗੇ? ਕਹਿ ਦਿਓ ਕਿ ਅਸੀਂ ਦੇਸ਼ `ਚ ਈ ਕੈਨੇਡੀਅਨ ਬਣ ਗਏ ਆਂ!

ਮੈਂ ਤੇ ਵਰਿਆਮ ਸਿੰਘ ਸੰਧੂ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ ਰਹੇ ਹਾਂ ਤੇ ਲੇਖਕ ਵੀ ਆਂ। ਸਾਡੇ ਪੁੱਤਰ ਵੀ ਪੜ੍ਹੇ ਲਿਖੇ ਨੇ ਪਰ ਟੋਰਾਂਟੋ `ਚ ਚਲਾਉਂਦੇ ਉਹ ਵੀ ਟਰੱਕ ਈ ਨੇ। ਡਾ.ਨਾਹਰ ਸਿੰਘ ਦਾ ਮੁੰਡਾ ਵੀ ਇਹੋ ਕੁੱਝ ਕਰਦੈ। ਜਥੇਦਾਰ ਤੋਤਾ ਸਿੰਘ ਦੇ ਭਤੀਜੇ ਵੀ ਟਰੱਕ ਈ ਚਲਾਉਂਦੇ ਨੇ। ਬਲਵੰਤ ਸਿੰਘ ਰਾਮੂਵਾਲੀਏ ਦਾ ਮੁੰਡਾ ਗਊਆਂ ਪਾਲਦੈ। ਉਨ੍ਹਾਂ ਦਾ ਭਾਣਜਾ ਪੀਜ਼ੇ ਬਣਾਉਂਦੈ। ਆਪਣਾ ਪੰਜਾਬ ਹੋਵੇ ਗੀਤ ਲਿਖਣ ਵਾਲਾ ਮੱਖਣ ਬਰਾੜ ਟੈਂਟ ਲਾ ਕੇ ਲੋਕਾਂ ਦੇ ਦਿਨ ਸੁਦ ਭੁਗਤਾਉਂਦੈ। ਹਜ਼ਾਰਾਂ ਏਕੜ ਦੇ ਮਾਲਕ ਦੀਦਾਰ ਸਿੰਘ ਬੈਂਸ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਸਾਂ ਤਾਂ ਉਹਦੀ ਗੁਰਗਾਬੀ ਗਾਰੇ ਨਾਲ ਲਿਬੜੀ ਹੋਈ ਸੀ ਤੇ ਉਹ ਨੱਕੇ ਮੋੜ ਰਿਹਾ ਸੀ। ਵਿਦੇਸ਼ਾਂ `ਚ ਹਰ ਇੱਕ ਨੂੰ ਕੰਮ ਕਰਨਾ ਪੈਂਦੈ ਤੇ ਜਿਹੜਾ ਵੀ ਮਿਲੇ ਉਹੀ ਕਰਨਾ ਪੈਂਦੈ। ਲਾ ਕੂੜਾ ਕਰਕਟ ਸੁੱਟਣ ਤੋਂ ਲੈ ਕੇ ਰੰਗ ਰੋਗਨ ਕਰਨ ਤੇ ਘਰਾਂ ਦੇ ਫਰਸ਼ ਲਾਉਣ ਤਕ। ਪੰਜਾਬ ਦੇ ਖੇਤਾਂ ਵਿੱਚ ਡੱਕਾ ਦੂਹਰਾ ਨਾ ਕਰਨ ਵਾਲੇ ਕੈਨੇਡਾ ਦੇ ਖੇਤਾਂ `ਚ ਠਰੂੰ ਠਰੂੰ ਕਰਦੇ ਵੀ ਓਵਰ ਟਾਈਮ ਲਾਉਣ ਤਕ ਜਾਂਦੇ ਹਨ।

ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਵਰਗੇ ਗੀਤ ਲਿਖਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਦਾ ਮੁੰਡਾ ਡਾਕਟਰ ਹੈ। ਉਹਦਾ ਉਹਨੂੰ ਪਤਾ ਹੋਵੇਗਾ ਕਿ ਅਮਰੀਕਾ ਵਿੱਚ ਡਾਕਟਰ ਲੱਗ ਚੁੱਕੈ ਜਾਂ ਹੋਰ ਕੋਰਸ ਕਰਨੇ ਬਾਕੀ ਹਨ? ਟੋਰਾਂਟੋ ਤੇ ਵੈਨਕੂਵਰ `ਚ ਬਥੇਰੇ ਰੇਡੀਓ ਹੋਸਟ ਤੇ ਅਖ਼ਬਾਰਾਂ ਦੇ ਐਡੀਟਰ ਹਨ ਜਿਹੜੇ ਜਦੋਂ ਦਾਅ ਲੱਗੇ ਟੈਕਸੀ ਦਾ ਗੇੜਾ ਵੀ ਲਾ ਆਉਂਦੇ ਹਨ। ਪਹਿਲਵਾਨ ਕਰਤਾਰ ਸਿੰਘ ਦਾ ਭਰਾ ਗੁਰਚਰਨ ਸਿੰਘ ਢਿੱਲੋਂ ਕੁਸ਼ਤੀ ਕੋਚ ਹੈ। ਉਹ ਸਿਆਟਲ ਦੇ ਸਕੂਲਾਂ `ਚ ਕੋਚਿੰਗ ਵੀ ਦਿੰਦਾ ਹੈ ਤੇ ਟੈਕਸੀ ਵੀ ਵਾਹੁੰਦਾ ਹੈ। ਸਾਡੇ ਮੂਹਰੇ ਗਰਮ ਚਾਹ ਰੱਖ ਕੇ ਆਖੇਗਾ, ਚਾਹ ਪੀਂਦਿਆਂ ਨੂੰ ਨਿੱਕਾ ਜਿਹਾ ਗੇੜਾ ਈ ਲਾ ਆਵਾਂ!

ਮੇਰਾ ਭਰਾ ਭਜਨ ਤੇ ਪਰਿਵਾਰ ਦੇ ਹੋਰ ਜੀਅ ਸਟੋਰ ਦੇ ਸੌਦੇ ਪੱਤੇ `ਚ ਬੀਅਰ ਬੱਤਿਆਂ ਨਾਲ ਸਿਗਰਟਾਂ ਵੀ ਵੇਚਦੇ ਹਨ। ਮੈਨੂੰ ਨਿੱਕੇ ਹੁੰਦਿਆਂ ਰੈੱਡ ਲੈਂਪ ਦੀ ਖਾਲੀ ਡੱਬੀ ਨੂੰ ਹੀ ਹੱਥ ਲਾਉਣ ਬਦਲੇ ਬਾਬੇ ਨੇ ਕੁੱਟ ਧਰਿਆ ਸੀ। ਬਾਬਾ ਜੀਂਦਾ ਹੁੰਦਾ ਤਾਂ ਪੋਤਿਆਂ ਨੂੰ ਸਿਗਰਟਾਂ ਵੇਚਦੇ ਵੇਖ ਕੇ ਹੀ ਮਰਨਹਾਕਾ ਹੋ ਜਾਂਦਾ! ਭਜਨ ਦੇ ਗੁਆਂਢ ਰਹਿੰਦਾ ਇਨਕਲਾਬੀ ਕਵੀ ਪਾਸ਼ ਪਟਰੋਲ ਪੰਪ `ਤੇ ਤੇਲ ਪਾਇਆ ਕਰਦਾ ਸੀ। ਮਰਨ ਤੋਂ ਦੋ ਕੁ ਮਹੀਨੇ ਪਹਿਲਾਂ ਉਹ ਮੈਨੂੰ ਢੁੱਡੀਕੇ ਮਿਲਣ ਆਇਆ ਸੀ। ਉੱਦਣ ਉਹਦੇ ਨੀਲੀ ਪੱਗ ਬੰਨ੍ਹੀ ਹੋਈ ਸੀ। ਮੈਂ ਉਹਨੂੰ ਮਸਾਂ ਸਿਆਣਿਆਂ ਸੀ। ਵਿਦੇਸ਼ਾਂ ਵਿੱਚ ਵੀ ਮਨਭਾਉਂਦੀਆਂ ਨੌਕਰੀਆਂ ਹਰੇਕ ਨੂੰ ਨਹੀਂ ਮਿਲਦੀਆਂ। ਇਨ੍ਹਾਂ ਦਾ ਤੋੜਾ ਹਰੇਕ ਥਾਂ ਈ ਹੁੰਦੈ।

ਇਕਬਾਲ ਰਾਮੂਵਾਲੀਏ ਵਰਗੇ ਕਹਿੰਦੇ ਕਹਾਉਂਦੇ ਕਵੀ ਜਿਹੜੇ ਪੰਜਾਬ ਦੇ ਵਧੀਆ ਕਾਲਜਾਂ `ਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਉਹ ਦਿਹਾੜੀਆਂ ਕਰਨ, ਨਿਆਣੇ ਖਿਡਾਉਣ, ਟੈਕਸੀਆਂ ਚਲਾਉਣ ਤੇ ਕਈ ਕਈ ਕੋਰਸ ਕਰਨ ਪਿੱਛੋਂ ਮਸਾਂ ਪ੍ਰਾਇਮਰੀ ਟੀਚਰ ਬਣੇ ਹਨ। ਉਹ ਵੀ ਮਹਿੰਗੇ ਭਾਅ ਦੀ ਪੜ੍ਹਾਈ ਕਰ ਕੇ ਤੇ ਕਈ ਕਈ ਸਾਲ ਗੁਆ ਕੇ। ਸੁਧਾਰ ਦੇ ਪ੍ਰਿੰਸੀਪਲ ਬਲਕਾਰ ਸਿੰਘ ਬਾਜਵੇ ਨੇ ਕੈਨੇਡਾ ਵਿੱਚ ਨੌਕਰੀ ਲਈ ਮਾਰੀਆਂ ਟੱਕਰਾਂ ਦੇ ਰੰਗ ਆਪਣੀ ਪੁਸਤਕ ‘ਰੰਗ ਕੈਨੇਡਾ ਦੇ’ ਵਿੱਚ ਵਿਖਾ ਦਿੱਤੇ ਹਨ!

ਵਾੲ੍ਹੀਟ ਕਾਲਰ ਜੌਬਾਂ ਕਿਸੇ ਵੀ ਮੁਲਕ ਵਿੱਚ ਖੁੱਲ੍ਹੀਆਂ ਡੁੱਲ੍ਹੀਆਂ ਨਹੀਂ ਹੁੰਦੀਆਂ। ਜਿਹੜੇ ਕਹਿੰਦੇ ਹਨ ਕਿ ਦੇਸ਼ ਵਿੱਚ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਉਨ੍ਹਾਂ ਨੂੰ ਵੱਡਾ ਭੁਲੇਖਾ ਹੈ ਕਿ ਵਿਦੇਸ਼ਾਂ ਵਿੱਚ ਸਰਕਾਰੀ ਨੌਕਰੀਆਂ ਆਮ ਹਨ। ਵਿਦੇਸ਼ਾਂ ਵਿੱਚ ਵੀ ਥੋੜ੍ਹੀ ਬਹੁਤੀ ਬੇਰੁਜ਼ਗਾਰੀ ਬਣੀ ਹੀ ਰਹਿੰਦੀ ਹੈ। ਵੀਹ ਵੀਹ ਸਾਲਾਂ ਦੀ ਨੌਕਰੀ ਪਲਾਂ ਵਿੱਚ ਖੁੱਸ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਵਧੇਰੇ ਕਰ ਕੇ ਉਹੀ ਕੰਮ ਹਨ ਜੋ ਬਾਹਰੋਂ ਆਏ ਕਾਮੇ ਪੰਜਾਬ ਵਿੱਚ ਆ ਕੇ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਦੇਸ਼ ਵਿੱਚ ਨੌਕਰਾਣੀ ਦੀ ਤਨਖਾਹ ਰੁਪਿਆਂ ਵਿੱਚ ਹੈ ਤੇ ਵਿਦੇਸ਼ਾਂ ਵਿੱਚ ਨੈਨੀ ਦੀ ਪੇਅ ਪੌਂਡਾਂ ਤੇ ਡਾਲਰਾਂ ਵਿੱਚ ਹੈ। ਉਂਜ ਨੈਨੀ ਤੇ ਨੌਕਰਾਣੀ ਵਿੱਚ ਕੋਈ ਅੰਤਰ ਨਹੀਂ। ਜਿਸ ਕੰਮ ਨੂੰ ਦੇਸ਼ ਵਿੱਚ ਹੱਥ ਲਾਉਣਾ ਹੱਤਕ ਮੰਨਿਆਂ ਜਾਂਦੈ ਵਿਦੇਸ਼ਾਂ ਵਿੱਚ ਉਹ ਸ਼ਾਨ ਨਾਲ ਕੀਤਾ ਜਾਂਦੈ।

ਸਾਡਾ ਪੁੱਤਰ ਕੈਨੇਡਾ ਜਾਣ ਲਈ ਤਿਆਰ ਸੀ। ਕਹਿ ਰਿਹਾ ਸੀ ਕਿ ਉਹ ਹਰ ਤਰ੍ਹਾਂ ਦਾ ਕੰਮ ਕਰ ਸਕੇਗਾ। ਫੱਟੇ ਚੱਕਣੇ ਪਏ ਤਾਂ ਫੱਟੇ ਵੀ ਚੱਕੇਗਾ। ਉਹਦੇ ਕਰਮਾਂ ਨੂੰ ਪਿੰਡ ਮੱਦੋਕੇ ਦੇ ਮਾਸਟਰ ਜਗਤਾਰ ਸਿੰਘ ਕੈਨੇਡਾ ਤੋਂ ਆਪਣੀ ਲੜਕੀ ਲਈ ਵਰ ਲੱਭਣ ਆ ਗਏ। ਉਹ ਸਾਨੂੰ ਚਿਰਾਂ ਤੋਂ ਜਾਣਦੇ ਸਨ। ਬੱਚੇ ਵੀ ਨੇੜ ਤੇੜ ਪੜ੍ਹਦੇ ਰਹੇ ਸਨ। ਢੁੱਡੀਕੇ ਦਾ ਵੈਦ ਰੂਪ ਚੰਦ ਵਿਚੋਲਾ ਬਣ ਗਿਆ ਤੇ ਗੁਰਵਿੰਦਰ ਜਗਤਾਰ ਸਿੰਘ ਹੋਰਾਂ ਦੀ ਲੜਕੀ ਸੁਖਦੀਪ ਨਾਲ ਮੰਗਿਆ ਗਿਆ।

ਡੇਢ ਕੁ ਸਾਲ ਪਿੱਛੋਂ ਜਨਵਰੀ 1998 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਡਾ.ਜੌਹਲ, ਕੰਵਲ, ਜਥੇਦਾਰ ਤੋਤਾ ਸਿੰਘ ਤੇ ਸੰਤ ਵੀਰ ਸਿੰਘ ਹੋਰਾਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ ਤੇ ਅਗੱਸਤ ਵਿੱਚ ਗੁਰਵਿੰਦਰ ਕੈਨੇਡਾ ਚਲਾ ਗਿਆ। ਪੰਜਾਬ ਸਿੰਧ ਬੈਂਕ ਵਾਲਿਆਂ ਨੇ ਕੁੱਝ ਸਮਾਂ ਉਡੀਕਣ ਤੇ ਫਿਰ ਅਖ਼ਬਾਰਾਂ `ਚ ਨੋਟਿਸ ਦੇਣ ਪਿੱਛੋਂ ਉਸ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ। ਉਸ ਨੇ ਲੋੜੀਂਦੀ ਆਮਦਨ ਬਣਾ ਕੇ ਸਾਡੇ ਕਾਗਜ਼ ਭਰ ਦਿੱਤੇ। ਪੰਜਾਬ ਵਿੱਚ ਤਾਂ ਬੱਚਿਆਂ ਦੀ ਸਾਂਭ ਸੰਭਾਲ, ਰਸੋਈ ਤੇ ਘਰ ਦੀ ਸਾਫ ਸਫਾਈ ਲਈ ਨੌਕਰਾਣੀ ਵੀ ਰੱਖੀ ਜਾ ਸਕਦੀ ਸੀ ਪਰ ਵਿਦੇਸ਼ਾਂ ਵਿੱਚ ਅਜਿਹੀ ਸਹੂਲਤ ਨਹੀਂ ਸੀ। ਉਥੇ ਦੋਹਾਂ ਜੀਆਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਵੀ ਨਹੀਂ ਸੀ। ਵਿਦੇਸ਼ਾਂ ਵਿੱਚ ਗਏ ਜਿਸ ਜੋੜੇ ਦੇ ਮਾਂ ਬਾਪ ਕਾਇਮ ਹੋਣ ਉਹ ਬੱਚੇ ਪਾਲਣ ਤੇ ਘਰ ਸੰਭਾਲਣ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਸਹਿਯੋਗ ਦੇ ਸਕਦੇ ਹਨ। ਅਸੀਂ ਕਾਇਮ ਸਾਂ ਇਸ ਲਈ ਰਿਟਾਇਰ ਹੋ ਕੇ ਦੋਵੇਂ ਜੀਅ ਕੈਨੇਡਾ ਚਲੇ ਗਏ। ਗਏ ਤਾਂ ਵਿਜ਼ਟਰ ਸਾਂ ਪਰ ਪਾਈਲਟ ਪ੍ਰੋਜੈਕਟ ਪ੍ਰੋਗਰਾਮ ਅਧੀਨ ਸਤੰਬਰ 2001 ਵਿੱਚ ਸਾਨੂੰ ਕੈਨੇਡਾ ਦੀ ਪੱਕੀ ਰਹਾਇਸ਼ ਮਿਲ ਗਈ।

ਜੇ ਮੈਂ ਪਿੰਡ ਚਲਾ ਜਾਂਦਾ ਤਾਂ ਸ਼ਾਇਦ ਕੰਪਿਊਟਰ ਕਦੇ ਨਾ ਸਿੱਖਦਾ ਪਰ ਕੈਨੇਡਾ ਜਾਣ ਨਾਲ ਮੈਂ ਕੰਪਿਊਟਰ ਦੇ ਲੜ ਲੱਗ ਗਿਆ। ਲੜ ਲਾਇਆ ਕੰਪਿਊਟਰ ਦੇ ਮਾਹਿਰ ਕਿਰਪਾਲ ਸਿੰਘ ਪੰਨੂੰ ਨੇ ਜਿਸ ਨੂੰ ਕੰਪਿਊਟਰ ਦਾ ਭਾਈ ਘਨੱਈਆ ਕਿਹਾ ਜਾਂਦੈ। ਉਸ ਨੇ ਨਿਸ਼ਕਾਮ ਸੇਵਾ ਕਰਦਿਆਂ ਕਈਆਂ ਨੂੰ ਕੰਪਿਊਟਰ ਸਿਖਾਇਆ ਹੈ। ਇਕਬਾਲ ਰਾਮੂਵਾਲੀਏ ਨੇ ਵੀ ਮੈਨੂੰ ਕਿਹਾ ਕਿ ਲੇਖਕਾਂ ਨੂੰ ਤਾਂ ਕੰਪਿਊਟਰ ਸਿੱਖਣਾ ਬੇਹੱਦ ਜ਼ਰੂਰੀ ਹੈ। ਇਹਦੇ ਬਿਨਾਂ ਇਥੇ ਗੁਜ਼ਾਰਾ ਨਹੀਂ। ਪਰ ਮੈਂ ਸੋਚਦਾ ਸਾਂ ਕਿ ਬੁੱਢੇ ਤੋਤੇ ਵੀ ਕਦੇ ਪੜ੍ਹੇ ਨੇ? ਮੈਂ ਕੰਪਿਊਟਰ ਨੂੰ ਹੱਥ ਲਾਉਣੋ ਵੀ ਡਰਦਾ ਸਾਂ ਕਿ ਕੋਈ ਪੁਰਜ਼ਾ ਈ ਨਾ ਖਰਾਬ ਹੋਜੇ!

ਮੈਨੂੰ ਟੋਰਾਂਟੋ ਦੇ ਲੇਖਕਾਂ ਦੀ ਸਭਾ ‘ਕਲਮਾਂ ਦੇ ਕਾਫ਼ਲੇ’ ਵਿੱਚ ਜਾਣ ਦਾ ਮੌਕਾ ਮਿਲਿਆ। ਉਥੇ ਕੁੱਝ ਲੇਖਕਾਂ ਤੇ ਅਖਬਾਰਾਂ ਦੇ ਪੱਤਰਕਾਰਾਂ ਨਾਲ ਸਿਆਣ ਹੋ ਗਈ। ਖੇਡ ਖੇਤਰ ਨਾਲ ਤਾਂ ਮੈਂ ਪਹਿਲਾਂ ਤੋਂ ਹੀ ਜੁੜਿਆ ਹੋਇਆ ਸਾਂ ਜਿਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਖੇਡ ਮੇਲਿਆਂ ਉਤੇ ਜਾਣ ਦੇ ਮੌਕੇ ਮਿਲਣ ਲੱਗੇ। ਮੈਂ ਕਬੱਡੀ ਮੈਚਾਂ ਦੀ ਕੁਮੈਂਟਰੀ ਕਰ ਦਿੰਦਾ। ਖੇਡ ਮੇਲੇ ਵੇਖ ਕੇ ਉਨ੍ਹਾਂ ਬਾਰੇ ਲਿਖਦਾ। ਕਲਮ ਨਾਲ ਲਿਖੇ ਨੂੰ ਕੈਨੇਡਾ ਦੇ ਅਖ਼ਬਾਰਾਂ ਵਾਲੇ ਪੰਜਾਬ ਵਿੱਚ ਫੈਕਸ ਕਰ ਕੇ ਟਾਈਪ ਕਰਵਾਉਂਦੇ ਤੇ ਈ ਮੇਲ ਪ੍ਰਾਪਤ ਕਰਦੇ। ਵਿਦੇਸ਼ਾਂ ਦੇ ਪੰਜਾਬੀ ਅਖ਼ਬਾਰ ਤੇ ਰਸਾਲੇ ਉਸੇ ਲੇਖਕ ਦੀ ਰਚਨਾ ਨੂੰ ਤਰਜੀਹ ਦਿੰਦੇ ਹਨ ਜਿਹੜੀ ਟਾਈਪ ਕੀਤੀ ਆਈ ਹੋਵੇ। ਮੇਰੀ ਲਿਖਤ ਟਾਈਪ ਨਾ ਹੋਣ ਕਾਰਨ ਕਈ ਵਾਰ ਛਪਣੋ ਰਹਿ ਜਾਂਦੀ ਜਾਂ ਪਛੜ ਕੇ ਛਪਦੀ ਜਿਸ ਕਰਕੇ ਮੈਂ ਵੀ ਮਹਿਸੂਸ ਕਰਨ ਲੱਗਾ ਕਿ ਕੰਪਿਊਟਰ ਉਤੇ ਟਾਈਪ ਕਰਨਾ ਸਿੱਖ ਹੀ ਲੈਣਾ ਚਾਹੀਦੈ।

ਇਕ ਸ਼ਾਮ ਮੇਰੀ ਪਤਨੀ ਦੇ ਮਾਮੇ ਦੇ ਪੁੱਤ ਅਮਰਜੀਤ ਸਿੰਘ ਨੇ ਸਾਨੂੰ ਆਪਣੇ ਘਰ ਸੱਦਿਆ। ਉਹ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਜੁਆਈ ਹੈ ਤੇ ਪਾਰਸ ਹੋਰੀਂ ਉਨ੍ਹਾਂ ਪਾਸ ਹੀ ਰਹਿੰਦੇ ਸਨ। ਉਥੇ ਰਾਮੂਵਾਲੀਏ ਭਰਾ, ਕਿਰਪਾਲ ਸਿੰਘ ਪੰਨੂੰ, ਪਰਮਜੀਤ ਸੰਧੂ, ਬਲਰਾਜ ਦਿਓਲ ਤੇ ਕੁੱਝ ਹੋਰ ਲਿਖਣ ਪੜ੍ਹਨ ਵਾਲਿਆਂ ਦੀ ਮਹਿਫ਼ਲ ਲੱਗ ਗਈ। ਗੱਲਾਂ ਚੱਲ ਪਈਆਂ ਕਿ ਕਿਰਪਾਲ ਸਿੰਘ ਪੰਨੂੰ ਨੇ ਅਜਿਹਾ ਕਨਵਰਟਰ ਤਿਆਰ ਕੀਤੈ ਜਿਸ ਨਾਲ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਤੇ ਸ਼ਾਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਬਦਲਿਆ ਜਾ ਸਕਦੈ। ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਸੀ। ਪੰਨੂੰ ਨੇ ਕਿਹਾ ਕਿ ਅਗਲੇ ਦਿਨ ਮੇਰੇ ਘਰ ਆ ਕੇ ਵੇਖ ਲੈਣਾ।

ਬਰੈਂਪਟਨ ਵਿੱਚ ਜਿਥੇ ਅਸੀਂ ਰਹਿੰਦੇ ਸਾਂ ਉਥੋਂ ਪੰਨੂੰ ਹੋਰਾਂ ਦਾ ਘਰ ਨੇੜੇ ਹੀ ਸੀ। ਤੁਰ ਕੇ ਦਸ ਪੰਦਰਾਂ ਮਿੰਟ ਦਾ ਰਾਹ ਸੀ ਜਿਸ ਕਰਕੇ ਕਿਸੇ ਨੂੰ ਖੇਚਲ ਦੇਣ ਦੀ ਵੀ ਲੋੜ ਨਹੀਂ ਸੀ। ਮੈਂ ਪੰਨੂੰ ਦੇ ਘਰ ਗਿਆ ਤਾਂ ਉਸ ਨੇ ਕਿਹਾ ਕਿ ਪੰਜਾਬੀ ਦੀ ਕੋਈ ਲਾਈਨ ਲਿਖਾਵਾਂ। ਮੈਂ ਬਾਬਾ ਫਰੀਦ ਦਾ ਸਲੋਕ ਗਲੀਏਂ ਚਿੱਕੜ ਦੂਰ ਘਰ … ਲਿਖਾ ਦਿੱਤਾ। ਇਹ ਮਈ ਜਾਂ ਜੂਨ 2001 ਦੀ ਗੱਲ ਹੈ। ਪੰਨੂੰ ਨੇ ਉਹ ਗੁਰਮੁਖੀ ਵਿੱਚ ਟਾਈਪ ਕਰ ਲਿਆ। ਫਿਰ ਉਸ ਨੇ ਕੰਪਿਊਟਰ ਦੀ ਇੱਕ ਕਲਾ ਦਬਾਈ। ਪਲ ਭਰ ਲਈ ਅੱਖਰਾਂ ਦੀਆਂ ਲਕੀਰਾਂ ਸਕਰੀਨ ਉਤੇ ਨੱਚੀਆਂ ਤੇ ਸ਼ਾਹਮੁਖੀ ਯਾਨੀ ਫਾਰਸੀ ਲਿੱਪੀ ਵਿੱਚ ਬਦਲ ਗਈਆਂ। ਫਿਰ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਕਰ ਲਈਆਂ ਗਈਆਂ। ਇੱਕ ਦੋ ਹੋਰ ਫਿਕਰਿਆਂ ਦੀ ਲਿੱਪੀ ਵੀ ਬਦਲੀ ਗਈ। ਮੈਂ ਕਿਹਾ, “ਇਹ ਤਾਂ ਤੁਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪੰਜਾਬੀ ਲਿਪੀਆਂ ਵਿੱਚ ਪੁਲ ਉਸਾਰ ਦਿੱਤੈ! ਇਹਦੇ ਨਾਲ ਤਾਂ ਇਕੋ ਲਿੱਪੀ ਜਾਨਣ ਵਾਲਾ ਵੀ ਦੂਜੀ ਲਿੱਪੀ ਪੜ੍ਹ ਸਕੇਗਾ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਲਿਖਿਆ ਜਾਂਦਾ ਪੰਜਾਬੀ ਸਾਹਿਤ ਜੋ ਇੱਕ ਦੂਜੇ ਪਾਸੇ ਪੜ੍ਹ ਨਹੀਂ ਹੁੰਦਾ ਉਹ ਇਸ ਕਾਢ ਨਾਲ ਪੜ੍ਹਿਆ ਜਾਵੇਗਾ। ਤੁਹਾਡੀ ਕਾਢ ਕਮਾਲ ਦੀ ਐ!” ਮੇਰੀ ਕੰਪਿਊਟਰ ਵਿੱਚ ਦਿਲਚਸਪੀ ਹੋਰ ਵਧ ਗਈ।

ਹੁਣ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਪਿਊਟਰ ਵਿਭਾਗ ਇਹ ਦਾਅਵਾ ਕਰੀ ਜਾਵੇ ਕਿ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਤੇ ਸ਼ਾਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਪਰਤਾਉਣ ਦਾ ਪ੍ਰੋਗਰਾਮ ਉਸੇ ਨੇ ਤਿਆਰ ਕੀਤਾ ਹੈ ਪਰ ਮੈਂ ਚਸ਼ਮਦੀਦ ਗਵਾਹ ਹਾਂ ਕਿ ਇਹ ਮੈਂ ਕਿਰਪਾਲ ਸਿੰਘ ਪੰਨੂੰ ਦਾ ਕੀਤਾ ਹੋਇਆ 2001 ਵਿੱਚ ਹੀ ਵੇਖ ਲਿਆ ਸੀ। ਉਸ ਨੇ ਇਸ ਦੀ ਜਾਣਕਾਰੀ ਡਾ.ਲਹਿਲ ਨੂੰ ਵੀ ਦਿੱਤੀ ਸੀ ਜੋ ਕੰਪਿਊਟਰ ਵਿਭਾਗ ਦਾ ਮੁਖੀ ਸੀ। ਇਹ ਅਕਾਦਮਿਕ ਤੇ ਬੌਧਿਕ ਬੇਈਮਾਨੀ ਹੋਵੇਗੀ ਜੇ ਮੌਲਿਕ ਕਾਢ ਕੱਢਣ ਵਾਲੇ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਮੈਂ ਚਾਹਾਂਗਾ ਕਿ ਕਿਰਪਾਲ ਸਿੰਘ ਪੰਨੂੰ ਖੁਦ ਇਸ ਬਾਰੇ ਤਫ਼ਸੀਲ ਨਾਲ ਲਿਖੇ। ਦੱਸੇ ਕਿ ਇਹ ਕਾਰਜ ਉਸ ਨੇ ਕਦੋਂ ਸਿਰੇ ਲਾਇਆ? ਡਾ.ਲਹਿਲ ਹੋਰੀਂ ਵੀ ਦੱਸਣ ਕਿ ਇਹ ਉਨ੍ਹਾਂ ਦੀ ਮੌਲਿਕ ਕਾਢ ਹੈ ਜਾਂ ਪੰਨੂੰ ਦੀ ਨਕਲ ਹੈ?

ਪੰਨੂੰ ਨੇ ਮੈਨੂੰ ਕੰਪਿਊਟਰ ਉਤੇ ਗੁਰਮੁਖੀ ਵਿੱਚ ਟਾਈਪ ਕਰਨਾ ਸਿਖਾ ਦਿੱਤਾ ਜੋ ਮੈਂ ਕੁੱਝ ਹੀ ਦਿਨਾਂ ਵਿੱਚ ਸਿੱਖ ਗਿਆ ਤੇ ਆਪਣੀ ਰਚਨਾ ਆਪ ਟਾਈਪ ਕਰਨ ਲੱਗ ਪਿਆ। ਲਿਖਦਾ ਤਾਂ ਮੈਂ ਕਲਮ ਨਾਲ ਵੀ ਹੌਲੀ ਹੌਲੀ ਸਾਂ ਪਰ ਟਾਈਪ ਹੋਰ ਵੀ ਹੌਲੀ ਕਰਨ ਲੱਗਾ। ਘੰਟੇ `ਚ ਮਸਾਂ ਚਾਰ ਕੁ ਸੌ ਲਫ਼ਜ਼ ਟਾਈਪ ਹੁੰਦੇ। ਕਿਉਂਕਿ ਮੇਰੇ ਕੋਲ ਖੁੱਲ੍ਹਾ ਸਮਾਂ ਸੀ ਇਸ ਲਈ ਹੌਲੀ ਹੌਲੀ ਟਾਈਪ ਕਰਦਿਆਂ ਵੀ ਮੇਰਾ ਡੰਗ ਸਰੀ ਗਿਆ। ਮੇਰੇ ਟਾਈਪ ਕੀਤੇ ਤੇ ਈਮੇਲ ਰਾਹੀਂ ਭੇਜੇ ਆਰਟੀਕਲ ਅਖ਼ਬਾਰਾਂ ਵਿੱਚ ਲਗਾਤਾਰ ਛਪਣ ਲੱਗੇ। ਮੈਨੂੰ ਵਿਹਲੇ ਨੂੰ ਆਹਰ ਮਿਲ ਗਿਆ ਜਿਸ ਨਾਲ ਮੈਨੂੰ ਪਤਾ ਹੀ ਨਾ ਲੱਗਦਾ ਕਦੋਂ ਦਿਨ ਲੰਘ ਜਾਂਦਾ। ਮੈਂ ਕਿਸੇ ਕੰਮ ਨਾਲ ਬੱਝਿਆ ਵੀ ਨਹੀਂ ਸਾਂ ਤੇ ਵਿਹਲਾ ਵੀ ਨਾ ਰਿਹਾ।

ਰਿਟਾਇਰ ਹੋਣ ਪਿੱਛੋਂ ਮੈਂ ਹਰ ਸਾਲ ਇੱਕ ਕਿਤਾਬ ਪ੍ਰਕਾਸ਼ਤ ਕਰਵਾ ਰਿਹਾਂ। ਕਿਸੇ ਸਾਲ ਦੋ ਵੀ ਹੋ ਜਾਂਦੀਆਂ ਹਨ। ਸੱਤ ਅੱਠ ਕਿਤਾਬਾਂ ਮੈਂ ਖੁਦ ਟਾਈਪ ਕੀਤੀਆਂ ਹਨ ਜਿਨ੍ਹਾਂ ਵਿੱਚ ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਫੇਰੀ ਵਤਨਾਂ ਦੀ, ਕਬੱਡੀ ਕਬੱਡੀ ਕਬੱਡੀ, ਖੇਡਾਂ ਦੀ ਦੁਨੀਆ ਤੇ ਮੇਰੀ ਜੀਵਨ ਗਾਥਾ ਦੀ ਹੱਥਲੀ ਪੁਸਤਕ ਸ਼ਾਮਲ ਹੈ।

ਮੈਂ ਆਪਣੇ ਸਮਕਾਲੀ ਲੇਖਕਾਂ ਨੂੰ ਵੀ ਕਹਾਂਗਾ ਕਿ ਉਹ ਕੰਪਿਊਟਰ ਉਤੇ ਟਾਈਪ ਕਰਨਾ ਜ਼ਰੂਰ ਸਿੱਖਣ। ਇਹ ਸਿੱਖਣਾ ਬਹੁਤ ਸੌਖਾ ਹੈ ਤੇ ਇਹਦੇ ਬਹੁਤ ਫਾਇਦੇ ਹਨ। ਮੈਂ ਜਿਹੜਾ ਇਕ੍ਹਾਟ ਸਾਲ ਦੀ ਉਮਰ ਤਕ ਟਾਈਪ ਕਰਨ ਤੋਂ ਟਲਦਾ ਰਿਹਾ ਜਾਂ ਇਓਂ ਕਹਿ ਲਓ ਕਿ ਲੋੜ ਨਹੀਂ ਸਮਝੀ, ਹੁਣ ਇਸ ਨੂੰ ਖੱਬੇ ਹੱਥ ਦਾ ਖੇਲ੍ਹ ਸਮਝਦਾਂ। ਹੁਣ ਤਾਂ ਇਹ ਲੇਖਕਾਂ ਦੀ ਲਾਜ਼ਮੀ ਲੋੜ ਹੈ। ਕੰਪਿਊਟਰ ਦਾ ਯੁੱਗ ਸ਼ੁਰੂ ਹੋ ਚੁੱਕੈ ਜਿਸ ਕਰਕੇ ਇਹਦੇ ਬਿਨਾਂ ਅਸੀਂ ਹੋਰਨਾਂ ਦੇ ਬਰਾਬਰ ਨਹੀਂ ਚੱਲ ਸਕਦੇ। ਰਿਟਾਇਰ ਹੋਣ ਪਿਛੋਂ ਇਹ ਕੰਪਿਊਟਰ ਹੀ ਹੈ ਜਿਹੜਾ ਮੈਥੋਂ ਪਹਿਲਾਂ ਨਾਲੋਂ ਵੀ ਵੱਧ ਲਿਖਵਾਈ ਜਾ ਰਿਹੈ। ਕਈ ਵਾਰ ਅਖ਼ਬਾਰ ਛਪਦੇ ਛਪਦੇ ਪਹੁੰਚੀ ਮੇਰੀ ਰਚਨਾ ਵੀ ਅਖ਼ਬਾਰ ਵਿੱਚ ਫਿੱਟ ਹੋ ਜਾਂਦੀ ਹੈ ਜਿਸ ਦੀ ਸੰਪਾਦਕਾਂ ਨੂੰ ਬੜੀ ਸੌਖ ਹੈ। ਮੈਨੂੰ ਮੇਰੇ ਮਿੱਤਰ ਅਕਸਰ ਕਹਿੰਦੇ ਹਨ ਕਿ ਮੈਂ ਰਿਟਾਇਰ ਨਹੀਂ ਹੋਇਆ ਸਗੋਂ ਰੀ-ਟਾਇਰ ਹੋਇਆ ਹਾਂ!

ਪੈਂਤੀ ਸਾਲ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਪਿੱਛੋਂ ਮੈਂ 2000 ਵਿੱਚ ਰਿਟਾਇਰ ਹੋਇਆ। ਪਤਾ ਹੀ ਨਹੀਂ ਲੱਗਾ ਏਨਾ ਸਮਾਂ ਕਿਵੇਂ ਲੰਘ ਗਿਆ? ਨੌਕਰੀ ਦੌਰਾਨ ਮੈਨੂੰ ਕਦੇ ਕੋਈ ਖ਼ਾਸ ਸੰਕਟ ਨਹੀਂ ਆਇਆ। ਹੱਸਦਿਆਂ ਖੇਡਦਿਆਂ ਸਮਾਂ ਬੀਤਿਆ। ਮਾੜੀ ਮੋਟੀ ਗੱਲ ਦਾ ਮੈਂ ਕਦੇ ਝੋਰਾ ਨਹੀਂ ਕੀਤਾ। ਆਖਿਆ ਕਿਹੜਾ ਆਖ਼ਰ ਆ ਚੱਲੀ ਐ? ਨਾ ਹੀ ਰਿਟਾਇਰਮੈਂਟ ਦੇ ਪਿੱਛੋਂ ਦਾ ਕੋਈ ਫਿਕਰ ਸਤਾਇਆ। ਪਤਾ ਸੀ ਕਿ ਆਪਾਂ ਤਾਂ ਢੋਲੇ ਦੀਆਂ ਈ ਲਾਉਣੀਆਂ ਨੇ!

ਮੈਂ ਦੋ ਸਾਲ ਦਿੱਲੀ ਦੇ ਕਾਲਜਾਂ ਵਿੱਚ ਲੈਕਚਰਾਰ ਰਿਹਾ, ਉਣੱਤੀ ਸਾਲ ਢੁੱਡੀਕੇ ਤੇ ਚਾਰ ਸਾਲ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਇਹਦੇ ਵਿੱਚ ਇੱਕੀ ਸਾਲ ਦੀ ਨੌਕਰੀ ਸਰਕਾਰੀ ਸੀ ਜਿਸ ਦੀ ਮੈਨੂੰ ਪੈਨਸ਼ਨ ਲੱਗ ਗਈ। ਸਰਕਾਰੀ ਨੌਕਰੀ `ਚ ਰਹਿ ਕੇ ਰਿਟਾਇਰ ਹੁੰਦਾ ਤਾਂ ਪੈਨਸ਼ਨ ਬੇਸ਼ਕ ਵਧ ਜਾਂਦੀ ਪਰ ਜੋ ਨਾਮਣਾ ਮੈਂ ਪ੍ਰਿੰਸੀਪਲ ਬਣ ਕੇ ਖੱਟ ਸਕਿਆ ਉਹ ਸਰਕਾਰੀ ਕਾਲਜ ਦੇ ਸੀਨੀਅਰ ਲੈਕਚਰਾਰ ਵਜੋਂ ਨਾ ਖੱਟ ਸਕਦਾ। ਸਰਕਾਰੀ ਨੌਕਰੀ ਕਰਦਿਆਂ ਮੈਂ ਅਠਵੰਜਾ ਸਾਲ ਦੀ ਉਮਰ ਵਿੱਚ ਰਿਟਾਇਰ ਹੋ ਜਾਣਾ ਸੀ ਜਦ ਕਿ ਪ੍ਰਾਈਵੇਟ ਕਾਲਜ ਦਾ ਪ੍ਰਿੰਸੀਪਲ ਬਣ ਕੇ ਸੱਠ ਸਾਲ ਦੀ ਉਮਰ ਮਗਰੋਂ ਰਿਟਾਇਰ ਹੋਇਆ। ਕਾਲਜ ਦੀ ਪ੍ਰਬੰਧਕ ਕਮੇਟੀ ਮੈਨੂੰ ਕੁੱਝ ਸਮਾਂ ਹੋਰ ਰੱਖਣਾ ਚਾਹੁੰਦੀ ਸੀ ਪਰ ਯੂਨੀਵਰਸਿਟੀ ਦੇ ਐਕਟ ਅਨੁਸਾਰ ਇਸ ਦੀ ਆਗਿਆ ਨਹੀਂ ਸੀ ਮਿਲ ਸਕਦੀ। ਫਿਰ ਵੀ ਮੈਂ ਜੁਲਾਈ ਦੀ ਥਾਂ ਅਕਤੂਬਰ 2000 ਵਿੱਚ ਰਿਟਾਇਰ ਹੋਇਆ।

ਜੇ ਧਰਮਰਾਜ ਨੇ ਮੇਰਾ ਵਹੀ ਖਾਤਾ ਫੋਲ ਲਿਆ ਤਾਂ ਸਰਕਾਰੀ ਨੌਕਰੀ ਦੀਆਂ ਵਿਹਲੀਆਂ ਖਾਣ ਕਰਕੇ ਮੈਨੂੰ ਨਰਕਾਂ `ਚ ਜਾਣਾ ਪਵੇਗਾ। ਪਰ ਪ੍ਰਾਈਵੇਟ ਨੌਕਰੀ ਦੀਆਂ ਕੰਮ ਕਰਕੇ ਖਾਣ ਨਾਲ ਹੋ ਸਕਦੈ ਸੁਰਗ ਨਸੀਬ ਹੋ ਜਾਵੇ। ਜੇ ਹਿਸਾਬ ਕਿਤਾਬ ਬਰਾਬਰ ਰਹਿ ਗਿਆ ਤੇ ਧਰਮ ਰਾਜ ਨੇ ਪੁੱਛ ਲਿਆ ਬਈ ਕਿਧਰ ਜਾਣੈ ਤਾਂ ਕਹਾਂਗਾ, “ਮਹਾਰਾਜ ਜੇ ਦਿਆਲ ਹੋਏ ਈ ਓ ਤਾਂ ਜਿਥੇ ਨਰਕ ਤੇ ਸੁਰਗ ਦਾ ਚੌਂਕ ਐ ਓਥੇ ਈ ਦਸ ਵੀਹ ਖੇਤ ਦੇ ਦਿਓ। ਰਲ ਮਿਲ ਕੇ ਕਾਲਜ ਖੋਲ੍ਹ ਲਵਾਂਗੇ। ਤੁਸੀਂ ਚੇਅਰਮੈਨ ਬਣ ਜਿਓ ਤੇ ਮੈਨੂੰ ਪ੍ਰਿੰਸੀਪਲ ਬਣਾ ਲਿਓ। ਮਾਤ ਲੋਕ ਦੇ ਜਿਹੜੇ ਪਰਮਾਨੈਂਟ ਪ੍ਰੋਫੈਸਰ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਫਰਲੋ ਮਾਰਦੇ ਆਏ ਹੋਣਗੇ ਉਨ੍ਹਾਂ ਨੂੰ ਨਰਕ `ਚ ਭੇਜਣ ਦੀ ਥਾਂ ਆਪਣੇ ਕਾਲਜ ਵਿੱਚ ਐਡਹਾਕ ਲੈਕਚਰਾਰ ਰੱਖਾਂਗੇ। ਮਜਾਲ ਕੀ ਫਰਲੋ ਮਾਰ ਜਾਣ! ਐਡਹਾਕ ਤੋਂ ਜਿੰਨਾ ਮਰਜ਼ੀ ਕੰਮ ਲੈ ਲਈਏ। ਉਹ ਨਰਕਾਂ ਦੇ ਨਿਆਣੇ ਵੀ ਪੜ੍ਹਾਈ ਜਾਣਗੇ ਤੇ ਸੁਰਗਾਂ ਦੇ ਵੀ। ਇਹਦੇ ਨਾਲ ਉਹਨਾਂ ਦਾ ਨਰਕ ਵੀ ਕੱਟਿਆ ਜਾਊ!”

ਅਸਲ ਵਿੱਚ ਮੈਨੂੰ ਪੈਂਤੀ ਸਾਲ ਕਾਲਜਾਂ `ਚ ਲਾ ਕੇ ਵੀ ਪੂਰਾ ਰੱਜ ਨਹੀਂ ਆਇਆ। ਜੀ ਕਰਦੈ ਅਗਲੇ ਜਨਮ ਵਿੱਚ ਫਿਰ ਪ੍ਰੋਫੈਸਰ ਤੇ ਪ੍ਰਿੰਸੀਪਲ ਬਣਾਂ ਤੇ ਜਿਹੜੀਆਂ ਕਮੀਆਂ ਪਹਿਲੇ ਜਨਮ `ਚ ਰਹਿ ਗਈਆਂ ਉਹ ਅਗਲੇ ਜਨਮ `ਚ ਪੂਰੀਆਂ ਕਰਾਂ। ਪ੍ਰਿੰਸੀਪਲ ਵੀ ਐਡਹਾਕ ਸਟਾਫ ਦਾ ਬਣਾਂ ਕਿਉਂਕਿ ਪਰਮਾਨੈਂਟ ਸਟਾਫ ਨਾਲ ਪੰਗਾ ਪੈ ਸਕਦੈ ਤੇ ਤੀਜਾ ਜਨਮ ਲੈਣਾ ਪੈ ਸਕਦੈ!

ਮੁਕੰਦਪੁਰ ਜਾਣ ਵੇਲੇ ਮਨ `ਚ ਇਹੋ ਸੀ ਕਿ ਚਾਰ ਸਾਲ ਡਟ ਕੇ ਕੰਮ ਕਰਾਂਗਾ। ਫਿਰ ਪਿੰਡ ਪਰਤ ਆਵਾਂਗਾ ਤੇ ਰਿਟਾਇਰਮੈਂਟ ਦੀ ਉਮਰ ਆਪਣੇ ਪਿੰਡ ਕੱਟਾਂਗਾ। ਸਵੇਰੇ ਸ਼ਾਮ ਖੇਤਾਂ `ਚ ਗੇੜਾ ਮਾਰ ਲਿਆ ਕਰਾਂਗਾ ਤੇ ਸੱਥ `ਚ ਅਮਲੀਆਂ ਦੀਆਂ ਦਿਲਚਸਪ ਗੱਲਾਂ ਨੋਟ ਕਰ ਲਿਆ ਕਰਾਂਗਾ। ਜਦੋਂ ਉਹ ਖਿੜੇ ਹੋਏ ਹੋਣ ਤਾਂ ਸਿਰੇ ਦੀਆਂ ਗੱਲਾਂ ਕਰਦੇ ਹਨ। ਉਦੋਂ ਉਨ੍ਹਾਂ ਨੂੰ ਕੰਧਾਂ ਵੀ ਭਰਜਾਈਆਂ ਦਿਸਣ ਲੱਗਦੀਆਂ ਹਨ। ਉਨ੍ਹਾਂ ਦੀਆਂ ਤੁਲਨਾਵਾਂ ਤੇ ਉਪਮਾਵਾਂ ਵਾਰਸ ਸ਼ਾਹ ਨੂੰ ਮਾਤ ਪਾਉਂਦੀਆਂ ਹਨ। ਸੋਚਦਾ ਸਾਂ ਪਿੰਡ ਵਿਹਲਾ ਹੋਵਾਂਗਾ ਜਿਸ ਕਰਕੇ ਵਧੇਰੇ ਪੜ੍ਹ ਲਿਖ ਸਕਾਂਗਾ। ਹਰ ਸਾਲ ਇੱਕ ਕਿਤਾਬ ਛਪਵਾ ਲਿਆ ਕਰਾਂਗਾ। ਜਿੰਨੇ ਸਾਲ ਜੀਵਾਂਗਾ ਉਨੀਆਂ ਕਿਤਾਬਾਂ ਲਿਖ ਦੇਵਾਂਗਾ। ਸਾਲ `ਚ ਇੱਕ ਅੱਧ ਵਾਰ ਯਾਰਾਂ ਦੋਸਤਾਂ ਨੂੰ ਪਿੰਡ ਸੱਦ ਕੇ ਨਵੀਂ ਛਪੀ ਕਿਤਾਬ ਉਤੇ ਗੋਸ਼ਟੀ ਕਰਵਾ ਲਿਆ ਕਰਾਂਗਾ ਤੇ ਆਂਢ ਗੁਆਂਢ ਦੇ ਮੁੰਡੇ ਪੀਣ ਖਾਣ ਦਾ ਜੁਗਾੜ ਕਰ ਦਿਆ ਕਰਨਗੇ।

ਪਿੰਡ ਵਿੱਚ ਭਰਾਵਾਂ ਦੇ ਨਾਲ ਮੈਂ ਨਵਾਂ ਮਕਾਨ ਬਣਾ ਲਿਆ ਸੀ। ਸਾਡਾ ਵੱਡਾ ਪੁੱਤਰ ਜਗਵਿੰਦਰ ਜਗਰਾਓਂ ਦੇ ਡੀ.ਏ.ਵੀ.ਕਾਲਜ ਵਿੱਚ ਪੜ੍ਹਾ ਰਿਹਾ ਸੀ ਤੇ ਛੋਟਾ ਪੁੱਤਰ ਗੁਰਵਿੰਦਰ ਪੰਜਾਬ ਐਂਡ ਸਿੰਧ ਬੈਂਕ ਦੀ ਹਾਕੀ ਟੀਮ ਦਾ ਖਿਡਾਰੀ ਸੀ। ਉਹਦੀ ਪੋਸਟਿੰਗ ਸਾਡੇ ਪਿੰਡ ਵਿੱਚ ਹੀ ਸੀ ਪਰ ਹਾਕੀ ਖੇਡਣ ਦੀ ਪ੍ਰੈਕਟਿਸ ਜਲੰਧਰ ਹੁੰਦੀ ਸੀ। ਟੀਮ ਨਾਲ ਉਹ ਕਦੇ ਦਿੱਲੀ, ਕਦੇ ਮੁੰਬਈ, ਕਦੇ ਚੇਨਈ ਤੇ ਕਦੇ ਕਿਸੇ ਹੋਰ ਸ਼ਹਿਰ ਤੁਰਿਆ ਰਹਿੰਦਾ ਸੀ। ਹਰਜੀਤ ਪਿੰਡੋਂ ਪੰਜ ਮੀਲ ਦੂਰ ਰਸੂਲਪੁਰ ਦੇ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ ਸੀ। ਜਗਵਿੰਦਰ ਦੀ ਪਤਨੀ ਪਰਮਜੀਤ ਮੋਗੇ ਦੇ ਗੁਰੂ ਨਾਨਕ ਕਾਲਜ ਵਿੱਚ ਪੜ੍ਹਾਉਂਦੀ ਸੀ। ਚਕਰ ਤੋਂ ਜਗਰਾਓਂ ਵੀ ਨੇੜੇ ਸੀ ਤੇ ਮੋਗਾ ਵੀ ਦੂਰ ਨਹੀਂ ਸੀ। ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ। ਮੈਂ ਜਿਧਰ ਨੂੰ ਜਾਂਦਾ ਸਾਂ ਕਾਂਟਾ ਬਦਲ ਜਾਂਦਾ ਸੀ। ਮੇਰੀਆਂ ਮਿਥੀਆਂ ਮੰਜ਼ਲਾਂ ਹਮੇਸ਼ਾਂ ਹੀ ਹੋਰ ਦੀਆਂ ਹੋਰ ਹੋ ਜਾਂਦੀਆਂ ਸਨ। ਰਿਟਾਇਰਮੈਂਟ ਪਿੱਛੋਂ ਮੇਰੀ ਪਿੰਡ ਰਹਿਣ ਦੀ ਮੰਜ਼ਲ ਵੀ ਬਦਲ ਗਈ।

ਹੋਇਆ ਇੰਜ ਕਿ 1997 ਵਿੱਚ ਅਮਰਦੀਪ ਕਾਲਜ ਵਿੱਚ ਪੰਜਾਬੀ ਦਾ ਲੈਕਚਰਾਰ ਰੱਖਣਾ ਸੀ। ਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਸਾਡਾ ਰਿਸ਼ਤਾ ਭਰਾਵਾਂ ਵਾਲਾ ਬਣ ਗਿਆ। ਉਹ ਮੈਥੋਂ ਵੀਹ ਦਿਨ ਵੱਡੇ ਨਿਕਲੇ ਜਿਸ ਕਰਕੇ ਮੈਂ ਉਨ੍ਹਾਂ ਨੂੰ ਭਾਅ ਜੀ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਸਲਾਹ ਨਾਲ ਜਗਵਿੰਦਰ ਨੂੰ ਜਗਰਾਓਂ ਦਾ ਕਾਲਜ ਛੁਡਾ ਕੇ ਅਮਰਦੀਪ ਕਾਲਜ ਵਿੱਚ ਲੈਕਚਰਾਰ ਭਰਤੀ ਕਰ ਲਿਆ। ਨਾਲ ਉਸ ਦੀ ਪਤਨੀ ਵੀ ਆ ਗਈ ਜੋ ਹੋਮ ਸਾਇੰਸ ਦੀ ਐੱਮ.ਐੱਸ ਸੀ; ਐੱਮ.ਐੱਡ.ਸੀ। ਕਾਲਜ ਵਿੱਚ ਹੋਮ ਸਾਇੰਸ ਸ਼ੁਰੂ ਕਰ ਲਈ ਤੇ ਪਰਮਜੀਤ ਵੀ ਕਾਲਜ ਵਿੱਚ ਪੜ੍ਹਾਉਣ ਲੱਗ ਪਈ। ਮੇਰੀ ਪਤਨੀ ਨੇ ਵੀ ਰਸੂਲਪੁਰ ਤੋਂ ਜਗਤਪੁਰ ਦੀ ਬਦਲੀ ਕਰਵਾ ਲਈ ਜਿਸ ਨਾਲ ਪ੍ਰਿੰਸੀਪਲ ਦੀ ਕੋਠੀ ਵਿੱਚ ਸਾਰਾ ਪਰਿਵਾਰ `ਕੱਠਾ ਹੋ ਗਿਆ। ਜਿਥੇ ਮੈਂ ਹਰ ਹਫ਼ਤੇ ਪਿੰਡ ਜਾਂਦਾ ਸਾਂ ਉਥੇ ਅਸੀਂ ਮਹੀਨਾ ਮਹੀਨਾ ਪਿੰਡ ਨਾ ਜਾਂਦੇ। ਸਾਰੇ ਪਰਿਵਾਰ ਦੀ ਇੱਕ ਥਾਂ ਨੌਕਰੀ ਸਾਨੂੰ ਵੀ ਤੇ ਕਾਲਜ ਨੂੰ ਵੀ ਰਾਸ ਆ ਗਈ ਸੀ। ਅਸੀਂ ਅੱਠੇ ਪਹਿਰ ਕਾਲਜ ਵਿੱਚ ਹਾਜ਼ਰ ਸਾਂ। ਕਾਲਜ ਵਿੱਚ ਪੱਤਾ ਵੀ ਹਿਲਦਾ ਤਾਂ ਮੈਨੂੰ ਪਤਾ ਲੱਗ ਜਾਂਦਾ।

ਪ੍ਰਿੰਸੀਪਲ ਦਾ ਕਾਲਜ ਵਿੱਚ ਰਹਿਣਾ ਜ਼ਰੂਰੀ ਹੁੰਦੈ ਪਰ ਪੰਜਾਬ ਦੇ ਕਈ ਕਾਲਜ ਹਨ ਜਿਥੇ ਪ੍ਰਿੰਸੀਪਲ ਕਈ ਕਈ ਦਿਨ ਕਾਲਜ ਵਿੱਚ ਨਹੀਂ ਵੜਦੇ। ਸਰਕਾਰੀ ਕਾਲਜ ਢੁੱਡੀਕੇ ਦਾ ਹਾਲ ਮੈਂ ਅੱਖੀਂ ਵੇਖ ਚੁੱਕਾ ਸਾਂ। ਪ੍ਰਿੰਸੀਪਲ ਜਾਂ ਕਿਸੇ ਵੀ ਮਹਿਕਮੇ ਦੇ ਮੁਖੀ ਦਾ ਆਪਣੀ ਸੀਟ ਤੋਂ ਗ਼ੈਰ ਹਾਜ਼ਰ ਹੋਣ ਦਾ ਮਤਲਬ ਬਾਕੀ ਦੇ ਸਟਾਫ਼ ਲਈ ਇਹੋ ਹੁੰਦੈ-ਸਾਡਾ ਮੀਆਂ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਮੁਖੀ ਦੀ ਗ਼ੈਰ ਹਾਜ਼ਰੀ ਬਾਕੀ ਦੇ ਸਟਾਫ਼ ਨੂੰ ਵੀ ਗ਼ੈਰ ਹਾਜ਼ਰ ਹੋਣ ਲਈ ਉਕਸਾਉਂਦੀ ਹੈ।

ਮੈਥੋਂ ਆਪ ਇਕੇਰਾਂ ਗ਼ਲਤੀ ਹੋ ਗਈ ਸੀ। ਮੈਂ ਬਿਨਾਂ ਕਿਸੇ ਨੂੰ ਦੱਸੇ ਚੰਡੀਗੜ੍ਹ ਚਲਾ ਗਿਆ ਸਾਂ। ਮੇਰੇ ਮਗਰੋਂ ਆਫੀਸ਼ੀਏਟ ਕਰਨ ਵਾਲਾ ਪ੍ਰੋ.ਗੁਰਜੰਟ ਸਿੰਘ ਵੀ ਲੁਧਿਆਣੇ ਨੂੰ ਬੱਸ ਚੜ੍ਹ ਗਿਆ। ਉਦੋਂ ਉਹਦੀ ਪਤਨੀ ਲੁਧਿਆਣੇ ਪੜ੍ਹਾਉਂਦੀ ਸੀ। ਬਾਅਦ ਦੁਪਹਿਰ ਜੌਹਲ ਸਾਹਿਬ ਕਾਲਜ ਵਿੱਚ ਆ ਗਏ। ਸਾਨੂੰ ਦੋਹਾਂ ਨੂੰ ਗ਼ੈਰ ਹਾਜ਼ਰ ਵੇਖ ਕੇ ਉਨ੍ਹਾਂ ਨੇ ਕਲੱਰਕ ਤੋਂ ਪੁੱਛਿਆ ਪਈ ਪ੍ਰਿੰਸੀਪਲ ਸਾਹਿਬ ਕਿਥੇ ਨੇ? ਕਿਸੇ ਨੂੰ ਕੁੱਝ ਦੱਸਿਆ ਹੁੰਦਾ ਤਾਂ ਦੱਸਦਾ। ਉਨ੍ਹਾਂ ਨੇ ਪੰਜਾਬੀ ਵਿੱਚ ਇੱਕ ਚਿੱਟ ਲਿਖ ਕੇ ਮੇਰੇ ਮੇਜ਼ ਉਤੇ ਸ਼ੀਸ਼ੇ ਹੇਠ ਰੱਖ ਦਿੱਤੀ। ਮੈਂ ਆ ਕੇ ਪੜ੍ਹੀ ਤਾਂ ਲਿਖਿਆ ਹੋਇਆ ਸੀ, “ਚੰਗਾ ਹੋਵੇ ਜੇ ਤੁਹਾਡੇ ਤੇ ਗੁਰਜੰਟ ਸਿੰਘ ਵਿਚੋਂ ਇੱਕ ਜਣਾ ਦਫਤਰ ਵਿੱਚ ਜ਼ਰੂਰ ਰਹੇ।” ਮੈਂ ਆਪਣੇ ਆਪ ਨੂੰ ਲਾਅ੍ਹਨਤ ਪਾਈ ਕਿ ਇਕੋ ਵਾਰ ਬਿਨਾਂ ਦੱਸੇ ਗਿਆ ਸਾਂ ਤੇ ਉਦੋਂ ਹੀ ਸੰਨ੍ਹ `ਚੋਂ ਫੜਿਆ ਗਿਆ। ਉਸ ਤੋਂ ਬਾਅਦ ਜੌਹਲ ਸਾਹਿਬ ਨੂੰ ਨਾ ਕਦੇ ਚਿੱਟ ਲਿਖਣੀ ਪਈ ਤੇ ਨਾ ਕਦੇ ਜ਼ੁਬਾਨੀ ਕਹਿਣਾ ਪਿਆ।

ਅਮਰਦੀਪ ਕਾਲਜ ਵਿੱਚ ਕੰਮ ਕਰਨ ਵਾਲੇ ਟੀਚਿੰਗ ਸਟਾਫ਼ ਲਈ ਦੋ ਸ਼ਰਤਾਂ ਲਾਜ਼ਮੀ ਸਨ। ਪਹਿਲੀ ਸੀ ਕਿ ਲੈਕਚਰਾਰ ਨੂੰ ਮੁਕੰਦਪੁਰ ਹੀ ਰਹਿਣਾ ਪਵੇਗਾ। ਉਹ ਛੁੱਟੀ ਵਾਲੇ ਦਿਨ ਹੀ ਲਾਂਭੇ ਜਾ ਸਕੇਗਾ। ਸ਼ਨੀਵਾਰ ਜਾ ਕੇ ਸੋਮਵਾਰ ਸਵੱਖਤੇ ਮੁੜੇਗਾ। ਦੂਜੀ ਸ਼ਰਤ ਸੀ ਕਿ ਕਿਸੇ ਵੀ ਵਿਸ਼ੇ ਦਾ ਕੋਈ ਲੈਕਚਰਾਰ ਪ੍ਰਾਈਵੇਟ ਟਿਊਸ਼ਨ ਨਹੀਂ ਕਰੇਗਾ। ਡਾ.ਜੌਹਲ ਨੂੰ ਪਤਾ ਸੀ ਕਿ ਇਨ੍ਹਾਂ ਸ਼ਰਤਾਂ ਬਿਨਾਂ ਪੇਂਡੂ ਕਾਲਜ ਨੇ ਨਹੀਂ ਚੱਲਣਾ। ਉਹ ਇੰਟਰਵਿਊ ਲੈਣ ਵੇਲੇ ਹੀ ਪੁੱਛ ਲੈਂਦੇ ਸਨ ਕਿ ਮੁਕੰਦਪੁਰ ਰਹਿ ਸਕਦੇ ਓ ਤਾਂ ਇੰਟਰਵਿਊ ਲੈ ਲੈਨੇ ਆਂ ਵਰਨਾ ਨਹੀਂ। ਜਿਹੜੇ ਉਮੀਦਵਾਰ ਉਪ੍ਰੋਕਤ ਦੋਹੇਂ ਸ਼ਰਤਾਂ ਮੰਨਦੇ ਸਨ ਉਨ੍ਹਾਂ ਨੂੰ ਹੀ ਅਮਰਦੀਪ ਕਾਲਜ ਵਿੱਚ ਰੱਖਿਆ ਜਾਂਦਾ ਸੀ। ਉਸ ਕਾਲਜ ਦੇ ਵਧਣ ਫੁੱਲਣ ਦਾ ਰਾਜ਼ ਵੀ ਇਹੋ ਸੀ ਕਿ ਸਟਾਫ ਦਿਨ ਰਾਤ ਹਰ ਵੇਲੇ ਹਾਜ਼ਰ ਸੀ। ਪ੍ਰਾਈਵੇਟ ਟਿਊਸ਼ਨ ਨਾ ਪੜ੍ਹਾਉਣ ਦੇਣ ਦਾ ਮਤਲਬ ਸੀ ਕਿ ਲੈਕਚਰਾਰ ਕਲਾਸਾਂ ਵਿੱਚ ਹੀ ਚੱਜ ਨਾਲ ਪੜ੍ਹਾਉਣ ਨਾ ਕਿ ਕਲਾਸਾਂ ਵਿਚੋਂ ਟਿਊਸ਼ਨਾਂ ਭਾਲਦੇ ਫਿਰਨ।

ਪਿੰਡਾਂ ਦੇ ਸਕੂਲਾਂ ਕਾਲਜਾਂ ਤੇ ਡਿਸਪੈਂਸਰੀਆਂ ਆਦਿ ਦਾ ਬੁਰਾ ਹਾਲ ਇਸੇ ਕਰਕੇ ਹੈ ਕਿ ਉਨ੍ਹਾਂ ਵਿੱਚ ਕੰਮ ਕਰਨ ਵਾਲਾ ਬਹੁਤਾ ਸਟਾਫ ਪਿੰਡਾਂ ਵਿੱਚ ਨਹੀਂ ਰਹਿੰਦਾ। ਵਧੇਰੇ ਕਰਮਚਾਰੀ ਸ਼ਹਿਰਾਂ ਵਿੱਚ ਰਹਿ ਕੇ ਪਿੰਡਾਂ `ਚ ਨੌਕਰੀ ਕਰਦੇ ਹਨ। ਉਹ ਪਿੰਡਾਂ ਵਿੱਚ ਕਦੇ ਜਾਂਦੇ ਹਨ ਕਦੇ ਨਹੀਂ ਜਾਂਦੇ ਜਿਸ ਕਰਕੇ ਅਦਾਰਿਆਂ ਦਾ ਬੁਰਾ ਹਾਲ ਹੋ ਜਾਂਦੈ। ਸਰਕਾਰ ਨੂੰ ਚਾਹੀਦੈ ਕਿ ਪਿੰਡਾਂ ਦੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਅਮਰਦੀਪ ਕਾਲਜ ਮੁਕੰਦਪੁਰ ਵਰਗਾ ਇਲਾਜ ਕਰੇ। ਨਾ ਸਟੇਸ਼ਨ ਛੱਡਣ ਦੇਵੇ ਤੇ ਨਾ ਸਰਕਾਰੀ ਤਨਖਾਹ ਲੈਂਦਿਆਂ ਪ੍ਰਾਈਵੇਟ ਟਿਊਸ਼ਨ ਜਾਂ ਪ੍ਰਾਈਵੇਟ ਪ੍ਰੈਕਟਿਸ ਕਰਨ ਦੇਵੇ। ਨਾਲ ਇਹ ਵੀ ਕਰੇ ਕਿ ਕਰਮਚਾਰੀਆਂ ਦੇ ਪੇਂਡੂ ਭੱਤੇ ਵਧਾਵੇ ਤੇ ਉਨ੍ਹਾਂ ਦੇ ਘਟਾਵੇ ਜਿਹੜੇ ਸ਼ਹਿਰਾਂ ਦੀਆਂ ਸਹੂਲਤਾਂ ਮਾਣ ਰਹੇ ਨੇ। ਪਰ ਹੁਣ ਉਲਟ ਗੱਲ ਕੀਤੀ ਜਾ ਰਹੀ ਹੈ। ਸ਼ਹਿਰਾਂ `ਚ ਕੰਮ ਕਰਨ ਵਾਲਿਆਂ ਦੇ ਭੱਤੇ ਵੱਧ ਹਨ ਤੇ ਪਿੰਡਾਂ `ਚ ਕੰਮ ਕਰਨ ਵਾਲਿਆਂ ਦੇ ਘੱਟ ਹਨ।

ਮੈਂ ਜਦੋਂ ਢੁੱਡੀਕੇ ਦੇ ਸਰਕਾਰੀ ਕਾਲਜ ਵਿੱਚ ਪੜ੍ਹਾਉਂਦਾ ਸਾਂ ਤਾਂ ਢੁੱਡੀਕੇ ਦੇ ਲੈਕਚਰਾਰ ਬਦਲੀ ਕਰਵਾ ਕੇ ਲੁਧਿਆਣੇ ਚਲੇ ਜਾਂਦੇ ਸਨ। ਉਥੇ ਰਹਾਇਸ਼ੀ ਅਲਾਊਂਸ ਦੁੱਗਣਾ ਤਿੱਗਣਾ ਮਿਲਦਾ ਸੀ। ਜੀਹਨੂੰ ਲੁਧਿਆਣੇ ਤੋਂ ਪੁੱਟ ਕੇ ਢੁੱਡੀਕੇ ਭੇਜਦੇ ਉਹ ਪਿੱਟੀ ਜਾਂਦਾ ਕਿ ਇੱਕ ਤਾਂ ਅਲਾਊਂਸ ਘਟ ਗਿਆ, ਦੂਜਾ ਲੁਧਿਆਣੇ ਤੋਂ ਢੁੱਡੀਕੇ ਆਉਣ ਜਾਣ ਦਾ ਕਿਰਾਇਆ ਲੱਗਣ ਲੱਗ ਪਿਆ ਤੇ ਤੀਜੀ ਅਮੀਰ ਸ਼ਹਿਰੀ ਮਾਪਿਆਂ ਦੇ ਬੱਚਿਆਂ ਦੀ ਟਿਊਸ਼ਨ ਖੁੱਸ ਗਈ। ਚੌਥਾ ਬੱਸਾਂ ਵਿੱਚ ਹੀ ਦਿਹਾੜੀ ਬੀਤਣ ਲੱਗ ਪਈ। ਉਹ ਘਾਟੇ ਵਾਧੇ ਦਾ ਹਿਸਾਬ ਕਿਤਾਬ ਲਾ ਕੇ ਓਨੀ ਕੁ ਵੱਢੀ ਦੇ ਦਿੰਦਾ ਤੇ ਫਿਰ ਲੁਧਿਆਣੇ ਚਲਾ ਜਾਂਦਾ। ਪੜ੍ਹਨਾ ਪੜ੍ਹਾਉਣਾ ਫਿਰ ਕੀਹਨੇ ਸੀ? ਹੋਰਨਾਂ ਪੇਂਡੂ ਸਰਕਾਰੀ ਕਾਲਜਾਂ ਦਾ ਵੀ ਇਹੋ ਹਾਲ ਸੀ ਤੇ ਹੁਣ ਵੀ ਹੈ।

ਇਹ ਗੱਲ ਇਥੇ ਹੀ ਛੱਡ ਕੇ ਪਹਿਲਾਂ ਆਪਣੀ ਮੁਕਾ ਲਵਾਂ। ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਦੋ ਪ੍ਰਿੰਸੀਪਲ ਦੋ ਸਾਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਮੈਨੂੰ ਤੇ ਮਸਤੂਆਣੇ ਕਾਲਜ ਦੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਨੂੰ ਮੈਂਬਰ ਨਾਮਜ਼ਦ ਕਰ ਦਿੱਤਾ। ਬੋਰਡ ਦੀਆਂ ਮੀਟਿੰਗਾਂ ਵਿੱਚ ਜਾਂਦਿਆਂ ਮੈਨੂੰ ਸਿਆਸਤਦਾਨਾਂ ਤੇ ਬਿਊਰੋਕਰੇਸੀ ਦੇ ਅਫਸਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਿਆਸਤਦਾਨਾਂ ਦੀਆਂ ਸਿਫਾਰਸ਼ਾਂ ਵੀ ਆ ਜਾਂਦੀਆਂ ਕਿ ਫਲਾਣਾ ਫੈਸਲਾ ਇੰਜ ਹੋਵੇ ਤਾਂ ਠੀਕ ਹੈ। ਜਦੋਂ ਮੈਨੂੰ ਬੋਰਡ ਦੇ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਜਨਮ ਤਾਰੀਖਾਂ ਤੇ ਨਾਂ ਦਰੁਸਤ ਕਰਨ ਵਾਲੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਤਾਂ ਕਈ ਗੁੱਝੀਆਂ ਗੱਲਾਂ ਦਾ ਪਤਾ ਲੱਗਾ। ਇੱਕ ਦੋਂਹ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ।

ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਆਇਆ ਕਿ ਕੁੱਝ ਕਲੱਰਕ ਵੱਢੀ ਲੈ ਕੇ ਵਿਦਿਆਰਥੀਆਂ ਦੀਆਂ ਜਨਮ ਤਾਰੀਖਾਂ ਤੇ ਨਾਂ ਬਦਲ ਦਿੰਦੇ ਹਨ। ਬਾਅਦ ਵਿੱਚ ਪੂਰੀ ਦੀ ਪੂਰੀ ਫਾਈਲ ਕਮੇਟੀ ਤੋਂ ਪਰਵਾਨ ਕਰਵਾ ਲੈਂਦੇ ਹਨ। ਪੁੱਛ ਪੜਤਾਲ ਪਿੱਛੋਂ ਅਸੀਂ ਇਸ ਸਿੱਟੇ `ਤੇ ਪਹੁੰਚੇ ਕਿ ਜਿਹੜਾ ਵਿਦਿਆਰਥੀ ਇਮਤਿਹਾਨ ਪਾਸ ਕਰਨ ਤੋਂ ਸਾਲ ਦੋ ਸਾਲ ਦੇ ਅਰਸੇ ਵਿੱਚ ਆਪਣੀ ਗ਼ਲਤ ਦਰਜ ਹੋਈ ਜਨਮ ਤਾਰੀਖ ਜਾਂ ਨਾਂ ਠੀਕ ਕਰਵਾਉਂਦਾ ਹੈ ਉਹ ਵਾਕਿਆ ਹੀ ਗ਼ਲਤ ਨੂੰ ਦਰੁਸਤ ਕਰਵਾ ਰਿਹਾ ਹੁੰਦਾ ਹੈ। ਪਰ ਜਿਹੜਾ ਪੰਜ ਸਾਲ ਤੋਂ ਵੀ ਵੱਧ ਸਮੇਂ ਬਾਅਦ ਠੀਕ ਕਰਨ ਲਈ ਅਰਜ਼ੀ ਦਿੰਦਾ ਹੈ ਉਹ ਅਸਲ ਵਿੱਚ ਠੀਕ ਨੂੰ ਗ਼ਲਤ ਕਰਵਾਉਂਦਾ ਹੈ। ਕਮੇਟੀ ਨੇ ਫੈਸਲਾ ਕੀਤਾ ਕਿ ਪੰਜ ਸਾਲ ਦਾ ਸਮਾਂ ਲੰਘ ਜਾਣ ਬਾਅਦ ਜਿਹੜੀ ਅਰਜ਼ੀ ਆਉਂਦੀ ਹੈ ਉਹ ਸਿੱਧੀ ਕਮੇਟੀ ਕੋਲ ਆਵੇ। ਲੋੜ ਪੈਣ `ਤੇ ਅਰਜ਼ੀ ਕਰਤਾ ਨੂੰ ਬੁਲਾਇਆ ਵੀ ਜਾ ਸਕਦੈ।

ਇੰਜ ਕਰਨ ਨਾਲ ਵੱਢੀ ਨੂੰ ਕਾਫੀ ਠੱਲ੍ਹ ਪੈ ਗਈ। ਜਿਹੜੇ ਸਮਝਦੇ ਸੀ ਕਿ ਵੱਢੀ ਨਾਲ ਸਾਰੇ ਕੰਮ ਹੋ ਜਾਂਦੇ ਹਨ ਉਨ੍ਹਾਂ ਦਾ ਇਹ ‘ਨਿੱਕਾ ਜਿਹਾ’ ਕੰਮ ਵੀ ਨਹੀਂ ਸੀ ਹੋ ਰਿਹਾ। ਗ਼ਲਤ ਦਰਜ ਹੋਈਆਂ ਜਨਮ ਤਾਰੀਖਾਂ ਤਾਂ ਠੀਕ ਹੋ ਰਹੀਆਂ ਸਨ ਪਰ ਠੀਕ ਲਿਖੀਆਂ ਗ਼ਲਤ ਹੋਣੋ ਹਟ ਗਈਆਂ। ਇੱਕ ਬੰਦਾ ਅਹਿਮ ਸਿਆਸੀ ਨੇਤਾ ਦੀ ਸਿਫਾਰਸ਼ ਨਾਲ ਮੁਕੰਦਪੁਰ ਆਇਆ। ਹੋਵੇਗਾ ਚਾਲੀ ਕੁ ਸਾਲਾਂ ਦਾ। ਉਹ ਬੜੇ ਹੰਮੇ ਨਾਲ ਕਹਿਣ ਲੱਗਾ ਕਿ ਮੈਂ ਗਰੈਜੂਏਟ ਆਂ। ਇੰਗਲੈਂਡ `ਚ ਕਈ ਸਾਲ ਲਾ ਕੇ ਆਇਆਂ। ਏਥੇ ਆ ਕੇ ਪਤਾ ਲੱਗਾ ਪਈ ਤਸੀਲਦਾਰੀ ਦਾ ਰੇਟ ਤੀਹ ਲੱਖ ਐ। ਮੇਰੀ `ਤਾਂਹ ਤਕ ਪਹੁੰਚ ਐ ਜਿਸ ਕਰਕੇ ਸੌਦਾ ਪੱਚੀ ਲੱਖ `ਚ ਹੋ ਗਿਐ। ਹੁਣ ਪ੍ਰਾਬਲਮ ਇਹ ਐ ਕਿ ਮੇਰੀ ਉਮਰ ਦੋ ਸਾਲ ਵੱਧ ਐ। ਉਹ ਦਸਵੀਂ ਦੇ ਸਰਟੀਫਿਕੇਟ `ਚ ਠੀਕ ਕਰਨੀ ਐਂ। ਮੈਂ ਆਪਣੇ ਸਕੂਲ ਦੇ ਰਜਿਸਟਰ `ਚ ਠੀਕ ਕਰਵਾ ਦਿੱਤੀ ਐ ਤੇ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਦਫਤਰ ਤੋਂ ਵੀ ਲਿਖਵਾ ਲਿਆਇਆਂ। ਬੱਸ ਤੁਸੀਂ ਓ ਘੁੱਗੀ ਮਾਰਨੀ ਐਂ। ਅਗਲੇ ਹਫ਼ਤੇ ਤੁਹਾਡੀ ਕਮੇਟੀ ਦੀ ਮੀਟਿੰਗ ਐ। ਜੋ ਸੇਵਾ ਕਹੋ ਹਾਜ਼ਰ ਆਂ।

ਕਮਾਲ ਦੀ ਤਰਜ਼ੇ ਬਿਆਨੀ ਸੀ। ਬੰਦਾ ਇੰਗਲੈਂਡੀਆਂ ਵਾਂਗ ਸਪੱਸ਼ਟ ਸੀ ਪਰ ਪੰਜਾਬ ਦੇ ਕਾਇਦੇ ਕਾਨੂੰਨ ਨੂੰ ਟਿੱਚ ਸਮਝਦਾ ਸੀ। ਸਮਝਦਾ ਸੀ ਕਿ ਪੰਜਾਬ ਦਾ ਕੀ ਐ, ਵੱਢੀ ਦੇ ਕੇ ਜੋ ਮਰਜ਼ੀ ਕਰ ਕਰਵਾ ਲਓ। ਮੈਂ ਉਹਦੇ ਕਾਗਜ਼ ਪੱਤਰ ਵੇਖੇ। ਉਸ ਨੇ ਪੰਦਰਾਂ ਸਾਲ ਤੇ ਕੁੱਝ ਮਹੀਨਿਆਂ ਦਾ ਹੋ ਕੇ ਦਸਵੀਂ ਪਾਸ ਕੀਤੀ ਸੀ ਜਿਸ ਕਰਕੇ ਉਸ ਦੀ ਜਨਮ ਤਾਰੀਖ ਬਿਲਕੁਲ ਠੀਕ ਲਿਖੀ ਹੋਈ ਸੀ। ਹੁਣ ਉਹ ਤੇਰਾਂ ਸਾਲਾਂ ਦਾ ਬਣ ਕੇ ਦਸਵੀਂ ਪਾਸ ਦਾ ਸਰਟੀਫਿਕੇਟ ਬਣਵਾਉਣਾ ਚਾਹੁੰਦਾ ਸੀ ਜੋ ਬਣ ਨਹੀਂ ਸੀ ਸਕਦਾ। ਮੈਂ ਉਸ ਨੂੰ ਸਾਫ ਕਹਿ ਦਿੱਤਾ ਕਿ ਅਸੀਂ ਗ਼ਲਤ ਜਨਮ ਤਾਰੀਖਾਂ ਠੀਕ ਕਰਨ ਵਾਸਤੇ ਲਾਏ ਆਂ ਨਾ ਕਿ ਠੀਕ ਨੂੰ ਗ਼ਲਤ ਕਰਨ ਵਾਸਤੇ। ਉਹ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ। ਕਹਿਣ ਲੱਗਾ, “ਫਿਰ ਇਲਾਜ ਦੱਸੋ।” ਮੈਂ ਆਖਿਆ, “ਜੀਹਨੂੰ ਪੱਚੀ ਲੱਖ ਦਿੱਤੇ ਐ ਵਾਪਸ ਲੈ ਲਓ ਤੇ ਜੀਹਦਾ ਤਸੀਲਦਾਰੀ `ਤੇ ਹੱਕ ਬਣਦੈ ਉਹਨੂੰ ਤਸੀਲਦਾਰ ਬਣਨ ਦਿਓ।” ਮੈਨੂੰ ਨਹੀਂ ਪਤਾ ਕਿ ਉਹ ਤਸੀਲਦਾਰ ਬਣ ਸਕਿਆ ਜਾਂ ਨਹੀਂ ਪਰ ਮੈਂ ਠੀਕ ਜਨਮ ਤਾਰੀਖ ਨੂੰ ਗ਼ਲਤ ਕਰਨ ਦਾ ਭਾਗੀ ਨਹੀਂ ਬਣਿਆ।

ਇਕ ਵਾਰ ਇੱਕ ਪੁਲਿਸ ਇੰਸਪੈਕਟਰ ਦੀ ਜਨਮ ਤਾਰੀਖ ਤੇ ਪਿਤਾ ਦੇ ਨਾਂ ਦਾ ਕੇਸ ਆ ਗਿਆ। ਉਹ ਆਪ ਤਾਂ ਦਸਵੀਂ ਵੀ ਪਾਸ ਨਹੀਂ ਸੀ ਪਰ ਆਪਣੇ ਸਿਰਨਾਵੀਏਂ ਦੇ ਸਰਟੀਫਿਕੇਟਾਂ ਉਤੇ ਭਰਤੀ ਹੋ ਕੇ ਤਰੱਕੀਆਂ ਕਰਦਾ ਇੰਸਪੈਕਟਰ ਬਣ ਗਿਆ ਸੀ। ਹੁਣ ਡੀ.ਐੱਸ.ਪੀ.ਬਣਨ ਨੂੰ ਫਿਰਦਾ ਸੀ ਪਰ ਜੀਹਦਾ ਹੱਕ ਮਾਰਿਆ ਜਾ ਰਿਹਾ ਸੀ ਉਹਨੇ ਪੋਲ ਖੋਲ੍ਹ ਦਿੱਤਾ ਸੀ। ਅਸੀ ਪੁੱਛ ਪੜਤਾਲ ਕੀਤੀ ਤਾਂ ਪਹਿਲਾਂ ਉਸ ਨੇ ਠਾਣੇਦਾਰਾਂ ਵਾਲੇ ਫੁੰਕਾਰੇ ਮਾਰੇ ਪਰ ਪਿੱਛੋਂ ਏ.ਸੀ.ਕਮਰੇ ਵਿੱਚ ਬੈਠੇ ਨੂੰ ਵੀ ਮੁੜ੍ਹਕਾ ਆ ਗਿਆ। ਅਸੀਂ ਸਿਰਫ਼ ਏਨਾ ਹੀ ਕਿਹਾ ਸੀ ਕਿ ਪੱਚੀ ਸਾਲਾਂ ਦੀ ਤਨਖਾਹ ਸਣੇ ਵਿਆਜ਼ ਵਾਪਸ ਕਰਨੀ ਪਵੇਗੀ ਤੇ ਜੇਲ੍ਹ ਦਾ ਪਤਾ ਨਹੀਂ ਕਿੰਨੀ ਹੋਵੇ?

ਪ੍ਰਿੰਸੀਪਲ ਬਣ ਕੇ ਤੇ ਪ੍ਰਿੰਸੀਪਲ ਦੇ ਰੁਤਬੇ ਨਾਲ ਹੋਰ ਵੀ ਕਈ ਕੁੱਝ ਬਣ ਕੇ ਮੈਨੂੰ ਕਾਫੀ ਕੁੱਝ ਵੇਖਣ ਤੇ ਜਾਣਨ ਦੇ ਮੌਕੇ ਮਿਲੇ। ਚਾਰ ਸਾਲ ਦੀ ਪ੍ਰਿੰਸੀਪਲੀ ਨਾਲ ਚਾਲੀ ਸਾਲ ਤੋਂ ਵੀ ਵੱਧ ਦਾ ਜੀਵਨ ਅਨੁਭਵ ਹੋ ਗਿਆ। ਮੇਰੀ ਰਿਟਾਇਰਮੈਂਟ ਉਤੇ ਇੱਕ ਸਮਾਗਮ ਕੀਤਾ ਗਿਆ ਜਿਸ ਨੂੰ ਡਾ.ਜੌਹਲ ਨੇ ਵਿਦਾਇਗੀ ਸਮਾਗਮ ਦੀ ਥਾਂ ਐਪਰੀਸੀਏਸ਼ਨ ਫੰਕਸ਼ਨ ਕਿਹਾ। ਜਸਵੰਤ ਸਿੰਘ ਕੰਵਲ ਜਿਸ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਲਿਆਂਦਾ ਸੀ ਤੇ ਪਿੱਛੋਂ ਮੁਕੰਦਪੁਰ ਭੇਜਿਆ ਸੀ ਉਹ ਵੀ ਮੇਰੀ ਰਿਟਾਇਰਮੈਂਟ ਸਮੇਂ ਹਾਜ਼ਰ ਸੀ। ਮੇਰੀ ਸਿਫ਼ਤ ਸਲਾਹ ਉਸ ਨੂੰ ਆਪਣੀ ਸਿਫ਼ਤ ਸਲਾਹ ਲੱਗ ਰਹੀ ਸੀ।

ਮੈਂ ਜਦੋਂ ਮੁਕੰਦਪੁਰ ਗਿਆ ਤਾਂ ਮਨ `ਚ ਕਈ ਤੌਖਲੇ ਸਨ। ਮੈਨੂੰ ਪੈਸੇ ਧੇਲੇ ਦਾ ਹਿਸਾਬ ਕਿਤਾਬ ਨਹੀਂ ਸੀ ਆਉਂਦਾ। ਮੈਂ ਇਸ ਨੂੰ ਬਾਣੀਆਂ ਦੇ ਕਰਨ ਵਾਲਾ ਮਹਾਜਨੀ ਕੰਮ ਸਮਝਦਾ ਸਾਂ। ਇਸੇ ਕਰਕੇ ਮੈਂ ਢੁੱਡੀਕੇ ਕਾਲਜ ਵਿੱਚ ਬਰਸਰ ਨਹੀਂ ਸਾਂ ਬਣਿਆ। ਪਰ ਪ੍ਰਿੰਸੀਪਲੀ ਕਰਦਿਆਂ ਤਾਂ ਨਿੱਤ ਹੀ ਬਿੱਲਾਂ ਨਾਲ ਵਾਹ ਪੈਣਾ ਸੀ। ਮੈਨੂੰ ਘਰ ਦਿਆਂ ਨੇ ਸਾਵਧਾਨ ਕੀਤਾ ਸੀ, “ਹੋਰ ਨਾ ਕਿਤੇ ਗ਼ਲਤ ਥਾਂ ਦਸਖ਼ਤ ਕਰ ਬੈਠੀਂ ਤੇ ਪਿੱਛੋਂ ਤਰੀਕਾਂ ਭੁਗਤਦਾ ਰਹੀਂ।”

ਮੈਨੂੰ ਬਜਟਾਂ, ਸੈਂਕਸ਼ਨਾਂ, ਕੁਟੇਸ਼ਨਾਂ, ਆਰਡਰਾਂ ਤੇ ਬਿੱਲਾਂ ਦਾ ਸਿਲਸਿਲਾ ਗੁੰਝਲਦਾਰ ਲੱਗਦਾ ਸੀ। ਮੈਂ ਇਸ ਕਜੀਏ `ਚ ਪੈਣ ਤੋਂ ਹਮੇਸ਼ਾਂ ਕੰਨੀ ਕਤਰਾਉਂਦਾ ਸੀ। ਪਰ ਅਮਰਦੀਪ ਕਾਲਜ ਵਿੱਚ ਮੇਰੇ ਨਸੀਬਾਂ ਨੂੰ ਨਸੀਬ ਚੰਦ ਗੁਰੂ ਨਾਂ ਦਾ ਤਜਰਬੇਕਾਰ ਸੁਪਰਡੰਟ ਮਿਲ ਗਿਆ ਜੋ ਪੁਰਾਣਾ ਫੌਜੀ ਤੇ ਅਕਾਊਂਟੈਂਸੀ ਵਿੱਚ ਬੜਾ ਮਾਹਿਰ ਸੀ। ਉਸ ਨੇ ਕਾਲਜ ਦੇ ਲੇਖੇ ਨੂੰ ਦਰੁਸਤ ਰੱਖਣ ਵਿੱਚ ਮੇਰੀ ਪੂਰੀ ਮਦਦ ਕੀਤੀ ਜਿਸ ਕਰਕੇ ਆਡਿਟ ਨੇ ਕਦੇ ਕੋਈ ਇਤਰਾਜ਼ ਨਾ ਉਠਾਇਆ। ਮੇਰੀ ਤਰੀਕਾਂ ਭੁਗਤਣ ਦੀ ਨੌਬਤ ਫਿਰ ਕਿਥੋਂ ਆਉਣੀ ਸੀ? ਮੈਂ ਇਹ ਕਹਿ ਕੇ ਤੁਰਿਆ ਸਾਂ ਕਿ ਪ੍ਰਿੰਸੀਪਲੀ `ਚੋਂ ਨਾ ਕੁੱਝ ਕਮਾ ਕੇ ਘਰੇ ਲਿਆਉਣੈ ਤੇ ਨਾ ਘਰੋਂ ਕੁੱਝ ਜਾਣ ਦੇਣੈ। ਘਰ ਦੇ ਮੈਨੂੰ ਕਮਾਉਣ ਵਾਲੇ ਨੂੰ ਤਾਂ ਜਾਣਦੇ ਹੀ ਸਨ। ਉਨ੍ਹਾਂ ਨੂੰ ਖਦਸ਼ਾ ਸੀ ਕਿ ਪ੍ਰਿੰਸੀਪਲੀ ਕਰਦਾ ਹੋਰ ਨਾ ਕਿਤੇ ਹਿੱਸੇ ਆਉਂਦੇ ਸਿਆੜ ਈ ਧਰਾ ਆਵੇ!

ਪ੍ਰਿੰਸੀਪਲੀ ਕਰਨ ਵੇਲੇ ਦੀਆਂ ਕੁੱਝ ਗੱਲਾਂ ਦਾ ਜ਼ਿਕਰ ਕਰਨਾ ਦਿਲਚਸਪ ਹੋਵੇਗਾ। ਪਹਿਲਾਂ ਮੈਂ ਇਕੱਲਾ ਹੀ ਕਾਲਜ ਦੀ ਇੱਕ ਨੁਕਰੇ ਬਣੀ ਕੋਠੀ ਵਿੱਚ ਰਹਿਣ ਲੱਗਾ ਸਾਂ। ਕੋਈ ਨੌਕਰ ਚਾਕਰ ਨਹੀਂ ਸੀ ਰੱਖਿਆ। ਫਜ਼ੂਲ ਖਰਚੀ ਤੋਂ ਜੁ ਬਚਣਾ ਸੀ। ਮੈਨੂੰ ਖੁਦ ਰੋਟੀ ਪਕਾ ਲੈਣ ਦਾ ਤਜਰਬਾ ਸੀ। ਦਿੱਲੀ ਵਿੱਚ ਜਦੋਂ ਮੈਂ ਗਿਆਨ ਸਿੰਘ ਸੰਧੂ ਨਾਲ ਕੁੱਝ ਸਮਾਂ ਪੰਜਾਬੀ ਬਾਗ ਵਿੱਚ ਰਿਹਾ ਸਾਂ ਤਾਂ ਅਸੀਂ ਆਪਣਾ ਰੋਟੀ ਟੁੱਕ ਆਪ ਹੀ ਕਰ ਲੈਂਦੇ ਸਾਂ। ਪ੍ਰੋ.ਗਿਆਨ ਸੰਧੂ ਦਾਲ ਸਬਜ਼ੀ ਬਣਾ ਲੈਂਦਾ ਸੀ ਤੇ ਮੈਂ ਆਟਾ ਗੁੰਨ੍ਹ ਕੇ ਫੁਲਕੇ ਲਾਹ ਲੈਂਦਾ ਸਾਂ। ਪਹਿਲਾਂ ਤਾਂ ਫੁਲਕੇ ਵਿੰਗ ਤੜਿੰਗੇ ਹੀ ਬਣਦੇ ਸਨ ਫਿਰ ਗੋਲ ਵੀ ਬਣਨ ਲੱਗ ਪਏ ਤੇ ਫੁੱਲ ਵੀ ਜਾਂਦੇ ਸਨ। ਬੰਦਾ ਸਭ ਕੁੱਝ ਕਰ ਸਕਦੈ ਪਰ ਕਰਦਾ ਉਹੀ ਕੁੱਝ ਹੈ ਜੋ ਉਸ ਨੂੰ ਕਰਨਾ ਪਵੇ। ਬੰਦੇ ਜੇ ਹੋਰ ਸਾਰੇ ਕੰਮ ਕਰਨ ਦੇ ਯੋਗ ਹੋ ਸਕਦੇ ਹਨ ਤਾਂ ਰੋਟੀ ਪਕਾਉਣ ਦੇ ਯੋਗ ਕਿਉਂ ਨਹੀਂ ਹੋ ਸਕਦੇ? ਮੈਨੂੰ ਆਪਣੀ ਰੋਟੀ ਆਪ ਪਕਾ ਲੈਣ ਜਾਂ ਗਰਮ ਕਰ ਲੈਣ ਦੀ ਤਾਂ ਕੋਈ ਔਖ ਨਹੀਂ ਸੀ ਪਰ ਆਏ ਗਏ ਵੇਲੇ ਅਜੀਬ ਲੱਗਦਾ ਸੀ ਕਿ ਚੰਗਾ ਪ੍ਰਿੰਸੀਪਲ ਐ ਜਿਹੜਾ ਰੋਟੀਆਂ ਵੀ ਆਪ ਹੀ ਲਾਹੁੰਦੈ!

ਫਿਰ ਮੈਂ ਕਾਲਜ ਵਿੱਚ ਸੇਵਾਦਾਰਨੀ ਬਣੀ ਇੱਕ ਮਾਈ ਤੋਂ ਰੋਟੀ ਲੁਹਾਉਣ ਲੱਗ ਪਿਆ। ਉਸ ਨੂੰ ਚਾਬੀ ਫੜਾ ਕੇ ਕੋਠੀ ਭੇਜ ਦਿੰਦਾ। ਉਹ ਦਾਲ ਸਬਜ਼ੀ ਨਾਲ ਮੱਕੀ ਦੀਆਂ ਅੱਠ ਦਸ ਰੋਟੀਆਂ ਲਾਹ ਦਿੰਦੀ। ਉਹੀ ਰੋਟੀਆਂ ਮੈਂ ਗਰਮ ਕਰ ਕੇ ਦੁਪਹਿਰੇ ਤੇ ਰਾਤ ਨੂੰ ਖਾ ਲੈਂਦਾ ਤੇ ਦਹੀਂ `ਚ ਸਵੇਰੇ ਚੂਰ ਵੀ ਕੇ ਖਾਂਦਾ ਜੋ ਬੜੀਆਂ ਸੁਆਦ ਲੱਗਦੀਆਂ। ਕਾਲੇ ਲੂਣ ਤੇ ਕਾਲੀਆਂ ਮਿਰਚਾਂ ਵਾਲੀ ਸ਼ੀਸ਼ੀ ਕੋਲ ਹੀ ਪਈ ਹੁੰਦੀ ਸੀ। ਨਾਲ ਲੱਸੀ ਪੀ ਲੈਂਦਾ। ਇਹ ਮੇਰੇ ਬਚਪਨ ਦਾ ਬਰੇਕ ਫਾਸਟ ਸੀ ਜੋ ਬਚਪਨ ਦੀ ਯਾਦ ਦੁਆਉਂਦਾ। ਸਾਗ ਮੈਂ ਪਿੰਡੋਂ ਲੈ ਆਉਂਦਾ ਸੀ ਜਿਸ ਨੂੰ ਤੜਕਾ ਲਾ ਕੇ ਖਾਂਦਾ। `ਕੱਲੇ ਬੰਦੇ ਦੀ ਰੋਟੀ ਦਾ ਕਿੰਨਾ ਕੁ ਕੰਮ ਹੁੰਦੈ? ਨਾਲੇ ਡਾ.ਜੌਹਲ ਦੀ ਰੀਸ ਨਾਲ ਮੈਂ ਵੀ ਇਕੋ ਕੌਲੀ `ਚੋਂ ਰੋਟੀ ਖਾਣ ਲੱਗ ਪਿਆ ਸਾਂ।

ਇਕ ਕੌਲੀ ਵਾਲੀ ਗੱਲ ਵੀ ਸੁਣ ਲਓ। ਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਦੀ ਮਾਤਾ ਕਰਮ ਕੌਰ ਨੇ ਡਾ.ਜੌਹਲ ਨੂੰ ਤੇ ਮੈਨੂੰ ਇੱਕ ਦਿਨ ਆਪਣੇ ਘਰ ਖਾਣੇ `ਤੇ ਸੱਦਿਆ। ਮਾਤਾ ਨੇ ਦੋ ਥਾਲੀਆਂ ਵਿੱਚ ਤਿੰਨ ਤਿੰਨ ਕੌਲੀਆਂ ਦਾਲ ਸਬਜ਼ੀ ਦੀਆਂ ਰੱਖ ਕੇ ਰੋਟੀ ਪਰੋਸੀ। ਡਾ.ਜੌਹਲ ਨੇ ਰੋਟੀ ਖਾਣ ਤੋਂ ਪਹਿਲਾਂ ਮੈਨੂੰ ਕਿਹਾ ਕਿ ਮੈਂ ਤਿੰਨਾਂ ਕੌਲੀਆਂ `ਚੋਂ ਇੱਕ ਇਕ ਬੁਰਕੀ ਲਾ ਕੇ ਦੱਸਾਂ ਕਿ ਕਿਹੜੀ `ਚ ਸਭ ਤੋਂ ਵੱਧ ਸੁਆਦ ਦਾਲ ਸਬਜ਼ੀ ਐ? ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੈਂ ਇਕੋ ਕੌਲੀ `ਚੋਂ ਦਾਲ ਜਾਂ ਸਬਜ਼ੀ ਲਾ ਕੇ ਖਾਨਾਂ। ਜੇ ਇੱਕ ਖਾ ਕੇ ਉਤੋਂ ਦੀ ਦੂਜੀ ਖਾ ਲਵਾਂ ਤਾਂ ਪਹਿਲੀ ਦਾ ਸੁਆਦ ਵੀ ਮਾਰਿਆ ਜਾਂਦੈ। ਮੈਂ ਮਨ `ਚ ਕਿਹਾ, ਜੇ ਡਾ.ਜੌਹਲ ਦੀ ਰੀਸ ਸਾਰੇ ਕਰ ਲੈਣ ਤਾਂ ਰਸੋਈ ਦੇ ਅੱਧੇ ਕੰਮ ਮੁੱਕ ਜਾਣ ਤੇ ਭਾਡਿਆਂ ਦਾ ਖਿਲਾਰਾ ਵੀ ਖ਼ਤਮ ਹੋ ਜਾਵੇ।

ਜਦੋਂ ਜੌਹਲ ਸਾਹਿਬ ਨੇ ਕਾਲਜ ਆਉਣਾ ਹੁੰਦਾ ਸੀ ਤਾਂ ਮੈਂ ਮੁਕੰਦਪੁਰ ਦੇ ਹਲਵਾਈ ਤੋਂ ਤਾਜ਼ੀ ਕਲਾਕੰਦ ਮੰਗਵਾ ਰੱਖਦਾ ਸੀ। ਕਲਾਕੰਦ ਉਨ੍ਹਾਂ ਦੇ ਬੜੀ ਪਸੰਦ ਸੀ ਤੇ ਦਿਲ ਦੇ ਮਰੀਜ਼ ਹੋ ਕੇ ਵੀ ਵਾਹਵਾ ਖਾ ਜਾਂਦੇ ਸਨ। ਡਰਾਈ ਫਰੂਟ `ਚੋਂ ਸੌਗੀ ਦੀ ਮੁੱਠ ਭਰਦੇ ਸਨ ਜਿਸ ਕਰਕੇ ਉਹ ਛੇਤੀ ਮੁੱਕ ਜਾਂਦੀ ਸੀ। ਲੱਗਦਾ ਸੀ ਸ਼ੱਕਰ ਘਿਓ ਦੀ ਕਸਰ ਉਹ ਕਲਾਕੰਦ ਤੇ ਸੌਗੀ ਖਾ ਕੇ ਕੱਢਦੇ ਸੀ। ਚਾਹ ਉਹ ਦੁੱਧ ਤੋਂ ਬਿਨਾਂ ਪਸੰਦ ਕਰਦੇ ਸੀ ਪਰ ਬਾਹਰ ਜਿਹੋ ਜਿਹੀ ਮਿਲਦੀ ਸੀ ਪੀ ਲੈਂਦੇ ਸੀ। ਮੁਕੰਦਪੁਰ ਦੇ ਪਾਣੀ ਨੂੰ ਉਹ ਖ਼ਾਸ ਤੌਰ `ਤੇ ਸਲਾਹੁੰਦੇ। ਉਹ ਆਪਣੇ ਨਾਲ ਆਏ ਸੱਜਣਾਂ ਨੂੰ ਕਹਿੰਦੇ, “ਮੁਕੰਦਪੁਰ ਦਾ ਪਾਣੀ ਵੀ ਵਧੀਆ ਤੇ ਕਲਾਕੰਦ ਵੀ ਵਧੀਆ।” ਮੈਂ ਆਖਦਾ, “ਜੌਹਲ ਸਾਹਿਬ ਦੇ ਸਹੁਰਿਆਂ ਦੇ ਜੁ ਹੋਏ!” ਉਹ ਖਾਣ ਪੀਣ `ਚ ਕੋਈ ਉਚੇਚ ਨਹੀਂ ਸਨ ਕਰਾਉਂਦੇ। ਉਨ੍ਹਾਂ ਵਰਗੀ ਸਾਦਗੀ ਮੈਂ ਬੜੇ ਘੱਟ ਬੰਦਿਆਂ ਵਿੱਚ ਵੇਖੀ ਹੈ। ਬਿਸਕੁਟ ਚਾਹ `ਚ ਡੁਬੋ ਕੇ ਉਹ ਆਪ ਵੀ ਖਾ ਲੈਂਦੇ ਤੇ ਜਕਣ ਵਾਲਿਆਂ ਨੂੰ ਕਹਿੰਦੇ-ਡੁਬੋ ਲਓ, ਵੇਖਦੇ ਕੀ ਓਂ?

ਇਕ ਵਾਰ ਉਨ੍ਹਾਂ ਦਾ ਗੋਡਾ ਦੁਖਣ ਲੱਗ ਪਿਆ ਤੇ ਮੇਰਾ ਲੱਕ ਨਾ ਸਿੱਧਾ ਹੋਵੇ। ਜੁਆਨੀ `ਚ ਡੰਡ ਬੈਠਕਾਂ ਕੱਢਣ ਵਾਲਿਆਂ ਦਾ ਸਰਿਆ ਪਿਆ ਸੀ। ਉਧਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕਾਲਜ ਵਿੱਚ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਆਉਣਾ ਸੀ। ਟੌਹੜਾ ਘੋੜੇ ਵਾਂਗ ਤੁਰ ਰਿਹਾ ਸੀ ਜਦ ਕਿ ਅਸੀਂ ਢੀਚਕ ਮਾਰ ਰਹੇ ਸਾਂ। ਸਮਾਗਮ ਮੁੱਕਾ ਤਾਂ ਡਾ.ਜੌਹਲ ਨੇ ਹਕੀਮਪੁਰ ਦੇ ਬਿੱਲੂ ਬਾਜ਼ੀਗਰ ਨੂੰ ਬੁਲਵਾਇਆ ਜਿਸ ਨੇ ਮਾਲਸ਼ ਕਰ ਕੇ ਗੋਡਾ ਤਾਂ ਚਲਦਾ ਕਰ ਦਿੱਤਾ ਪਰ ਮੇਰਾ ਲੱਕ ਫਿਰ ਵੀ ਸਿੱਧਾ ਨਾ ਹੋ ਸਕਿਆ। ਜੌਹਲ ਸਾਹਿਬ ਦਾ ਗੋਡਾ ਮੰਨੇ ਦੰਨੇ ਡਾਕਟਰਾਂ ਤੋਂ ਠੀਕ ਨਹੀਂ ਸੀ ਹੁੰਦਾ ਪਰ ਹਕੀਮਪੁਰ ਦਾ ਬਾਜ਼ੀਗਰ ਠੀਕ ਕਰ ਦਿੰਦਾ ਸੀ। ਉਹ ਜਦੋਂ ਮੁਕੰਦਪੁਰ ਆਉਂਦੇ ਤਾਂ ਅਕਸਰ ਬਿੱਲੂ ਬਾਜ਼ੀਗਰ ਤੋਂ ਗੋਡੇ ਦੀ ਮਾਲਸ਼ ਕਰਵਾ ਕੇ ਜਾਂਦੇ। ਉਨ੍ਹਾਂ ਦੇ ਤਜਰਬੇ ਅਨੁਸਾਰ ਗਿੱਟੇ ਗੋਡਿਆਂ ਦੇ ਇਲਾਜ ਲਈ ਡਾਕਟਰਾਂ ਨਾਲੋਂ ਬਾਜ਼ੀਗਰਾਂ ਦਾ ਦੇਸੀ ਢੰਗ ਬਿਹਤਰ ਸੀ। ਇਹ ਗੱਲ ਉਨ੍ਹਾਂ ਨੇ ਹੋਰ ਵੀ ਕਈਆਂ ਨੂੰ ਦੱਸ ਛੱਡੀ ਸੀ।

ਇਕ ਦਿਨ ਮੈਂ ਕੀ ਵੇਖਦਾਂ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਹਰਚਰਨ ਸਿੰਘ ਬਰਾੜ ਦੀ ਪਤਨੀ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਕਾਲਜ ਦੇ ਦਫਤਰ ਵਿੱਚ ਆ ਪਧਾਰੀ। ਮੈਂ ਉਸ ਨੂੰ ਬਹੁਤ ਸਾਲ ਪਹਿਲਾਂ ਮੁਕਤਸਰ ਵੇਖਿਆ ਹੋਇਆ ਸੀ। ਉਦੋਂ ਉਹ ਜੁਆਨ ਸੀ। ਹੁਣ ਭਾਰੇ ਜੁੱਸੇ ਕਾਰਨ ਮੈਂ ਮਸਾਂ ਪਛਾਣ ਸਕਿਆ। ਉਹਦੇ ਨਾਲ ਇੱਕ ਬਾਡੀ ਗਾਰਡ ਤੇ ਇੱਕ ਨੌਕਰਾਣੀ ਸੀ। ਉਹ ਆਖਣ ਲੱਗੀ, “ਮੈਨੂੰ ਡਾ.ਜੌਹਲ ਨੇ ਦੱਸਿਐ ਕਿ ਇਥੇ ਕੋਈ ਬਾਜ਼ੀਗਰ ਐ ਜਿਹੜਾ ਹੱਡੀਆਂ ਦਾ ਸਿਆਣਾ ਐਂ। ਮੇਰੀ ਰੀੜ੍ਹ ਦੀ ਹੱਡੀ `ਚ ਪ੍ਰਾਬਲਮ ਐ। ਮੈਂ ਉਸ ਨੂੰ ਮਿਲਣੈ।” ਨਾਲੇ ਪੁੱਛਣ ਲੱਗੀ, “ਡਾ.ਜੌਹਲ ਨਹੀਂ ਆਏ?”

 

ਜੌਹਲ ਸਾਹਿਬ ਦਾ ਫੋਨ ਆ ਗਿਆ ਸੀ ਕਿ ਅੱਜ ਉਨ੍ਹਾਂ ਨੇ ਕਾਲਜ ਵਿੱਚ ਆਉਣਾ ਹੈ ਪਰ ਇਹ ਨਹੀਂ ਸੀ ਦੱਸਿਆ ਕਿ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਵੀ ਆਵੇਗੀ। ਮੈਂ ਇੱਕ ਸੇਵਾਦਾਰ ਨੂੰ ਭੇਜ ਕੇ ਬਿੱਲੂ ਨੂੰ ਬੁਲਾ ਲਿਆ ਜਿਸ ਨੂੰ ਹਕੀਮਪੁਰੀਏ ਬਿੱਲੀ ਹੀ ਕਹਿੰਦੇ ਸਨ। ਬਾਜ਼ੀਗਰ ਦੇ ਆਉਣ ਤਕ ਡਾ.ਜੌਹਲ ਵੀ ਆ ਗਏ। ਬਿੱਲੂ ਨੇ ਸਰ੍ਹੋਂ ਦਾ ਤੇਲ ਮੰਗਾ ਲਿਆ। ਦਫਤਰ ਦੇ ਨਾਲ ਲੱਗਵੇਂ ਕਮਰੇ ਵਿੱਚ ਉਦੋਂ ਬੈੱਡ ਨਹੀਂ ਸੀ ਲੱਗਾ ਹੁੰਦਾ। ਭੁੰਜੇ ਦਰੀ ਉਤੇ ਲੇਟਣਾ ਸਰਦਾਰਨੀ ਨੂੰ ਮੁਸ਼ਕਲ ਸੀ। ਮੈਂ ਸਲਾਹ ਦਿੱਤੀ ਕਿ ਕੋਠੀ ਚਲੇ ਚੱਲੋ, ਉਥੇ ਬੈੱਡ ਉਤੇ ਲੇਟ ਕੇ ਮਾਲਸ਼ ਕਰਵਾ ਲੈਣੀ। ਸਰਦਾਰਨੀ ਦਾ ਕੋਠੀ ਤਕ ਤੁਰ ਕੇ ਜਾਣਾ ਵੀ ਮੁਸ਼ਕਲ ਸੀ ਜਿਸ ਕਰਕੇ ਕਾਰ ਵਿੱਚ ਬਿਠਾ ਕੇ ਲਿਜਾਣਾ ਪਿਆ।

ਪਿੱਛੇ ਤੁਰੇ ਜਾਂਦੇ ਬਿੱਲੂ ਨੂੰ ਜਦੋਂ ਦੱਸਿਆ ਕਿ ਸਰਦਾਰਨੀ ਮੁੱਖ ਮੰਤਰੀ ਦੇ ਘਰ ਵਾਲੀ ਹੈ ਤਾਂ ਉਹ ਮਾਲਸ਼ ਕਰਨੋ ਡਰ ਗਿਆ। ਆਖਣ ਲੱਗਾ, ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ, ਰੀੜ੍ਹ ਦੀ ਨਹੀਂ। ਅਸਲ ਵਿੱਚ ਉਸ ਨੇ ਭਾਰੀ ਜੁੱਸਾ ਵੇਖ ਕੇ ਲੱਖਣ ਲਾ ਲਿਆ ਸੀ ਕਿ ਇਹ ਉਹਦੇ ਵੱਸ ਦਾ ਰੋਗ ਨਹੀਂ। ਉਹ ਨਾਂਹ ਵਿੱਚ ਸਿਰ ਮਾਰੀ ਜਾ ਰਿਹਾ ਸੀ। ਪਰ ਡਾ.ਜੌਹਲ ਦੇ ਜ਼ੋਰ ਦੇਣ ਉਤੇ ਕਿ ਏਨੀ ਦੂਰੋਂ ਆਏ ਐ, ਮਾਲਸ਼ ਈ ਕਰਨੀ ਐਂ, ਮਾੜੀ ਮੋਟੀ ਕਰ ਦੇਈਂ, ਤਾਂ ਉਹ ਜਕਦਾ ਜਿਹਾ ਤਿਆਰ ਹੋ ਗਿਆ। ਮੈਂ ਆਪਣੀ ਨੂੰਹ ਨੂੰ ਮਦਦ ਲਈ ਬੈੱਡ ਰੂਮ ਵਿੱਚ ਭੇਜ ਦਿੱਤਾ ਤੇ ਆਪ ਅਸੀਂ ਲਾਬੀ `ਚ ਬਹਿ ਕੇ ਨਤੀਜੇ ਦੀ ਉਡੀਕ ਕਰਨ ਲੱਗੇ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮਾਲਸ਼ ਕਰਾਉਣ ਪਿਛੋਂ ਮਿਸਜ਼ ਬਰਾੜ ਨੇ ਬਾਹਰ ਆ ਕੇ ਕਿਹਾ, “ਮੈਨੂੰ ਕਾਫੀ ਆਰਾਮ ਆ ਗਿਐ। ਹੁਣ ਮੈਂ ਤੁਰ ਸਕਦੀ ਆਂ!”

ਫਿਰ ਉਹ ਆਪਣੇ ਸਰਦਾਰ ਜੀ ਤੇ ਬਾਦਲ ਸਾਹਿਬ ਵਿਚਕਾਰ ਲੜੀ ਚੋਣ ਦੀਆਂ ਗੱਲਾਂ ਕਰਦੀ ਰਹੀ ਤੇ ਦੋਹਾਂ ਸਰਦਾਰਾਂ ਨੂੰ ਸਲਾਹੁੰਦੀ ਰਹੀ। ਅੱਧਾ ਪੌਣਾ ਘੰਟਾ ਉਸ ਨੇ ਘਰੇਲੂ ਗੱਲਾਂ ਕੀਤੀਆਂ। ਮੈਂ ਵੀ ਮੁਕਤਸਰ ਵਿੱਚ ਬਿਤਾਏ ਦਿਨਾਂ ਦਾ ਜ਼ਿਕਰ ਕੀਤਾ। ਚਾਹ ਪਾਣੀ ਪੀਣ ਉਪਰੰਤ ਉਹ ਪੁੱਛਣ ਲੱਗੀ ਕਿ ਹੁਣ ਮਾਲਸ਼ ਕਰਵਾਉਣ ਕਿੱਦਣ ਆਵਾਂ? ਜੌਹਲ ਸਾਹਿਬ ਨੇ ਕਿਹਾ, “ਬਿੱਲੂ ਈ ਚੰਡੀਗੜ੍ਹ ਪਹੁੰਚ ਜਾਵੇਗਾ।” ਸਰਦਾਰਨੀ ਬਰਾੜ ਕਿਹਾ ਕਿ ਮੇਰਾ ਡਰਾਈਵਰ ਇਹਨਾਂ ਨੂੰ ਆ ਕੇ ਲੈ ਜਿਆ ਕਰੇਗਾ ਤੇ ਛੱਡ ਜਾਇਆ ਕਰੇਗਾ।” ਡਾ.ਜੌਹਲ ਨੇ ਹੱਸਦਿਆਂ ਕਿਹਾ, “ਗੱਡੀ ਛੋਟੀ ਭੇਜਣੀ। ਵੱਡੀ ਬਾਜ਼ੀਗਰ ਦੀ ਬੀਹੀ `ਚ ਨਹੀਂ ਮੁੜਨੀ।”

ਬਿੱਲੂ ਹਫ਼ਤੇ ਦੋ ਹਫ਼ਤੀਂ ਚੰਡੀਗੜ੍ਹ ਜਾਂਦਾ ਤੇ ਆ ਕੇ ਦੱਸਦਾ ਕਿ ਮੇਰੀ ਬੜੀ ਸੇਵਾ ਹੁੰਦੀ ਐ। ਉਹ ਬਰਾੜ ਸਾਹਿਬ ਨਾਲ ਹੋਈਆਂ ਗੱਲਾਂ ਸੁਣਾਉਂਦਾ ਤੇ ਪਿੰਡ `ਚ ਦੱਸਦਾ ਕਿ ਮੈਂ ਮੁੱਖ ਮੰਤਰੀ ਨੂੰ ਮਿਲ ਕੇ ਆਇਆਂ। ਸਰਦਾਰਨੀ ਗੁਰਬਿੰਦਰ ਕੌਰ ਦਾ ਤਾਂ ਪਤਾ ਨਹੀਂ ਪੂਰਾ ਇਲਾਜ ਹੋਇਆ ਜਾਂ ਨਹੀਂ ਪਰ ਬਿੱਲੂ ਬਾਜ਼ੀਗਰ ਦੀ ਮੁਕੰਦਪੁਰ ਦੇ ਠਾਣੇ ਵਿੱਚ ਏਨੀ ਚੱਲਣ ਲੱਗ ਪਈ ਕਿ ਆਪਣੇ ਮੁੰਡੇ ਨੂੰ ਬਾਹਰ ਭੇਜਣ ਲਈ ਏਜੰਟ ਕੋਲ ਫਸੇ ਪੈਸੇ ਪੂਰੇ ਦੇ ਪੂਰੇ ਕਢਾ ਗਿਆ।

ਇਕ ਦਿਨ ਹਾਈ ਕੋਰਟ ਦੇ ਇੱਕ ਜੱਜ ਦੀ ਪਤਨੀ ਮਿਸਿਜ਼ ਕੇ.ਆਤਮਾ ਰਾਮ ਮੁਕੰਦਪੁਰ ਆ ਵੱਜੀ। ਉਹ ਕਾਲਜਾਂ ਦੀ ਡੀ.ਪੀ.ਆਈ.ਰਹਿ ਚੁੱਕੀ ਸੀ ਤੇ ਮੈਂ ਉਸ ਨੂੰ ਪਛਾਣਦਾ ਸਾਂ। ਉਹਦਾ ਵੀ ਗੋਡਾ ਖੜ੍ਹ ਚੱਲਿਆ ਸੀ ਜੋ ਬਿੱਲੂ ਦੀ ਮਾਲਸ਼ ਨਾਲ ਫਿਰ ਰਵਾਂ ਹੋ ਗਿਆ। ਮਾਲਸ਼ ਕਰਵਾ ਕੇ ਉਹ ਬਿੱਲੂ ਨੂੰ ਪੁੱਛਣ ਲੱਗੀ, “ਮੈਂ ਗੱਡੀ ਖੁਦ ਚਲਾਵਾਂ ਜਾਂ ਡਰਾਈਵਰ ਚਲਾਵੇ?” ਬਿੱਲੂ ਦੀ ਥਾਂ ਮੈਂ ਹੀ ਕਿਹਾ, “ਮੈਡਮ ਚੰਗਾ ਰਹੇਗਾ ਜੇ ਹਾਲੇ ਤੁਹਾਡਾ ਡਰਾਈਵਰ ਹੀ ਚਲਾਵੇ। ਅਜੇ ਗੋਡੇ ਨੂੰ ਪੂਰਾ ਆਰਾਮ ਕਰਨ ਦਿਓ।”

ਮੈਨੂੰ ਦਿੱਲੀ ਤਕ ਤੋਂ ਫੋਨ ਆਉਣ ਲੱਗ ਪਏ ਕਿ ਤੁਹਾਡੇ ਕੋਲ ਹੱਡੀਆਂ ਦੇ ਇਲਾਜ ਦਾ ਮਾਹਿਰ ਹੈ। ਅਸੀਂ ਇਲਾਜ ਕਰਾਉਣਾ ਚਾਹੁੰਦੇ ਹਾਂ। ਕੀ ਮੁਕੰਦਪੁਰ ਵਿੱਚ ਕੋਈ ਚੰਗਾ ਹੋਟਲ ਹੈ ਜਿਥੇ ਰਿਹਾ ਜਾ ਸਕੇ? ਮੈਂ ਅੱਗੋਂ ਕੀ ਕਹਿੰਦਾ? ਮੇਰਾ ਲੱਕ ਤਾਂ ਬਿੱਲੂ ਨੇ ਮਰੋੜਾ ਦੇ ਕੇ ਹੋਰ ਵੀ ਦੁਖਣ ਲਾ ਦਿੱਤਾ ਸੀ ਜੋ ਲੁਧਿਆਣੇ ਦੇ ਇੱਕ ਮਾਲੀ ਦੀਆਂ ਮਾਲਸ਼ਾਂ ਨਾਲ ਮਸਾਂ ਠੀਕ ਹੋਇਆ ਸੀ। ਇਹੋ ਕਾਰਨ ਸੀ ਕਿ ਮੈਂ ਜੌਹਲ ਸਾਹਿਬ ਵਾਂਗ ਕਿਸੇ ਨੂੰ ਬਿੱਲੂ ਤੋਂ ਇਲਾਜ ਕਰਾਉਣ ਦੀ ਸਿਫਾਰਸ਼ ਨਹੀਂ ਸੀ ਕਰਦਾ। ਢੁੱਡੀਕੇ ਕਾਲਜ ਵਿੱਚ ਪੜ੍ਹੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਵੀ ਆਪਣਾ ਲੱਕ ਸਿੱਧਾ ਕਰਾਉਣ ਲਈ ਬਿੱਲੂ ਕੋਲ ਜਾਣ ਬਾਰੇ ਕਿਹਾ ਸੀ ਪਰ ਮੈਂ ਆਪਣੀ ਮਿਸਾਲ ਦੇ ਕੇ ਰੋਕ ਦਿੱਤਾ ਸੀ ਕਿ ਹੋਰ ਨਾ ਕਿਤੇ ਕੈਨੇਡਾ ਜਾਣੋ ਈ ਰਹਿਜੇ!

ਪ੍ਰਿੰਸੀਪਲੀ ਕਰਦਿਆਂ ਮੈਨੂੰ ਵਾਈਸ ਚਾਂਸਲਰਾਂ, ਮੰਤਰੀਆਂ ਤੇ ਹੋਰ ਵੱਡੇ ਬੰਦਿਆਂ ਨੂੰ ਮਿਲਣ ਦੇ ਮੌਕੇ ਮਿਲਦੇ ਰਹੇ। ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਕਾਲਜ ਵਿੱਚ ਆਏ ਤੇ ਕਹਿ ਗਏ ਕਿ ਇਸ ਕਾਲਜ ਨੂੰ ਪੇਂਡੂ ਯੂਨੀਵਰਸਿਟੀ ਦੇ ਤੌਰ `ਤੇ ਵਿਕਸਿਤ ਕੀਤਾ ਗਿਆ ਤਾਂ ਮੈਂ ਜ਼ਾਤੀ ਤੌਰ `ਤੇ ਇੱਕ ਕਰੋੜ ਰੁਪਿਆ ਦੇਵਾਂਗਾ। ਉਨ੍ਹਾਂ ਨੇ ਕਾਲਜ ਦੀ ਰੱਜ ਕੇ ਸਿਫਤ ਸਲਾਹ ਕੀਤੀ। ਬਾਅਦ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਲਜ ਵਿੱਚ ਪਧਾਰੇ। ਪ੍ਰਿੰਸੀਪਲ ਬਣਨ ਸਦਕਾ ਮੇਰੀ ਜਾਣ ਪਛਾਣ ਦਾ ਦਾਇਰਾ ਖੁੱਲ੍ਹਦਾ ਗਿਆ ਤੇ ਪਹੁੰਚ ਵਧਦੀ ਗਈ। ਪ੍ਰਿੰਸੀਪਲ ਹੋਣ ਕਰਕੇ ਹੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਸੈਨੇਟਰ ਬਣਿਆ ਤੇ ਕੁੱਝ ਸਮਾਂ ਸਿੰਡੀਕੇਟ ਦਾ ਮੈਂਬਰ ਰਿਹਾ। ਜਥੇਦਾਰ ਤੋਤਾ ਸਿੰਘ ਦੇ ਸਿੱਖਿਆ ਮੰਤਰੀ ਹੋਣ ਸਮੇਂ ਮੈਨੂੰ ਦੋ ਸਾਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਬਣਾ ਦਿੱਤਾ ਗਿਆ। ਕੁੱਝ ਮਿੱਤਰਾਂ ਨੇ ਕਿਹਾ ਕਿ ਮੈਂ ਸਕੂਲ ਬੋਰਡ ਦਾ ਚੇਅਰਮੈਨ ਜਾਂ ਵਾਈਸ ਚੇਅਰਮੈਨ ਬਣਨ ਦਾ ਜੁਗਾੜ ਕਰਾਂ ਜੋ ਮੈਨੂੰ ਕਰਨਾ ਨਹੀਂ ਸੀ ਆਉਂਦਾ ਤੇ ਨਾ ਹੀ ਮੈਂ ਕਰ ਸਕਿਆ। ਮੈਂ ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਸੁਤੰਤਰ ਤੌਰ `ਤੇ ਵਿਚਰਨਾ ਤੇ ਦੇਸ਼ ਵਿਦੇਸ਼ ਘੁੰਮਦਿਆਂ ਖੁੱਲ੍ਹ ਕੇ ਲਿਖਣਾ ਚਾਹੁੰਦਾ ਸਾਂ।

ਮੈਂ ਸਤੁੰਸ਼ਟ ਸਾਂ ਕਿ ਬਤੌਰ ਪ੍ਰਿੰਸੀਪਲ ਮੈਨੂੰ ਕਾਮਯਾਬ ਮੰਨਿਆ ਜਾ ਰਿਹੈ ਹਾਲਾਂ ਕਿ ਮੇਰੇ `ਚ ਕਈ ਕਮੀਆਂ ਸਨ। ਮੈਂ ਆਪਣੇ ਕੰਮ ਤੋਂ ਅਵੇਸਲੇ ਸਟਾਫ ਮੈਂਬਰਾਂ ਨੂੰ ਰੁੱਖਾ ਬੋਲ ਬਹਿੰਦਾ ਸਾਂ ਤੇ ਲਿਖਤ ਪੜ੍ਹਤ ਵਿੱਚ ਨਹੀਂ ਸੀ ਪੈਂਦਾ। ਉਨ੍ਹਾਂ `ਚ ਇੱਕ ਦੋ ਸਟਾਫ਼ ਮੈਂਬਰ ਅਜੇ ਵੀ ਮੇਰੇ ਨਾਲ ਨਾਰਾਜ਼ ਹਨ। ਮੈਂ ਕੁੱਝ ਇੱਲਤੀ ਵਿਦਿਆਰਥੀਆਂ ਨੂੰ ਬਾਹੋਂ ਫੜ ਕੇ ਝੰਜੋੜ ਦਿੱਤਾ ਸੀ। ਜੇ ਉਹ ਅੱਗੋਂ ਹੱਥ ਚੁੱਕ ਲੈਂਦੇ ਤਾਂ ਫਿਰ ਕੀ ਹੁੰਦਾ? ਮੈਂ ਕਈ ਵਾਰ ਜਜ਼ਬਾਤੀ ਹੋ ਕੇ ਤੈਸ਼ ਵਿੱਚ ਆਇਆ ਜੋ ਕਿਸੇ ਵੀ ਪ੍ਰਿੰਸੀਪਲ ਲਈ ਸ਼ੋਭਾ ਦੇਣ ਵਾਲੀ ਗੱਲ ਨਹੀਂ ਸੀ। ਮੈਂ ਕਾਮਯਾਬ ਪ੍ਰਿੰਸੀਪਲ ਜ਼ਰੂਰ ਬਣਿਆ ਪਰ ਇੱਕ ਆਦਰਸ਼ਕ ਪ੍ਰਿੰਸੀਪਲ ਨਹੀਂ ਬਣ ਸਕਿਆ। ਮੈਂ ਆਏ ਗਏ ਮਹਿਮਾਨਾਂ ਨਾਲ ਦਾਰੂ ਪੀ ਲੈਂਦਾ ਸਾਂ ਪਰ ਵਿਦਿਆਰਥੀਆਂ ਨੂੰ ਮੱਤਾਂ ਦਿੰਦਾ ਸਾਂ ਕਿ ਨਸ਼ਿਆਂ ਤੋਂ ਬਚੋ। ਮੈਨੂੰ ਚਾਹੀਦਾ ਸੀ ਕਿ ਮੌਲਵੀ ਦੇ ਗੁੜ ਛੱਡਣ ਵਾਂਗ ਪ੍ਰਿੰਸੀਪਲੀ ਦੌਰਾਨ ਦਾਰੂ ਨਾ ਪੀਂਦਾ।

ਪਰ ਜੇ ਉੱਕਾ ਈ ਨਾ ਪੀਂਦਾ ਤਾਂ ਬਰਮਿੰਘਮ ਵਿੱਚ ਉਹ ਠੁੱਕ ਨਾ ਬੱਝਦੀ ਜੋ ਕਾਲਜ ਦੇ ਜੀਵਨ ਮੈਂਬਰਾਂ ਦੀ ਪਾਰਟੀ ਵਿੱਚ ਬੱਝੀ। 1999 ਵਿੱਚ ਕਾਲਜ ਦੀ ਓਵਰਸੀਜ਼ ਕਮੇਟੀ ਵੱਲੋਂ ਬਰਮਿੰਘਮ ਵਿੱਚ ਫੰਡ ਰੇਜ਼ਿੰਗ ਡਿਨਰ ਸੀ। ਮੈਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਜਦੋਂ ਮੈਂ ਡਿਨਰ ਹਾਲ ਵਿੱਚ ਪੁੱਜਾ ਤਾਂ ਲਗਭਗ ਸਾਰੇ ਹੀ ਬੀਅਰ ਬੱਤਿਆਂ ਵਿੱਚ ਮਸਤ ਸਨ। ਇੱਕ ਦੋਂਹ ਨੇ ਮੈਨੂੰ ਸੁਲ੍ਹਾ ਮਾਰੀ ਪਰ ਮੈਂ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਮੈਂ ਕਾਲਜ ਬਾਰੇ ਭਾਸ਼ਣ ਜੁ ਦੇਣਾ ਸੀ। ਜਦ ਮੈ ਕਾਲਜ ਦੀ ਗੱਲ ਕਰ ਲਈ ਤਾਂ ਸਰੂਰ `ਚ ਆਏ ਸਰੋਤਿਆਂ ਨੂੰ ਕਿਹਾ, “ਮੈਂ ਦੇਖਣ ਨੂੰ ਈ ਗਿਆਨੀ ਜਿਹਾ ਲੱਗਦਾਂ, ਵਿਚੋਂ ਤੁਹਾਡੇ ਵਰਗਾ ਈ ਆਂ। ਕੁੱਝ ਸੱਜਣਾਂ ਨੇ ਆਉਂਦਿਆਂ ਗਲਾਸ ਪੇਸ਼ ਕੀਤਾ ਸੀ। ਗਲਾਸ ਦਾ ਟਾਈਮ ਤਾਂ ਹੁਣ ਲੰਘ ਗਿਆ। ਤੁਹਾਡੀ ਖੁਸ਼ੀ ਲਈ ਚਲੋ ਗਲਾਸੀ ਹੀ ਸਹੀ।” ਮਾਹੌਲ ਮੁਤਾਬਿਕ ਕਹੀ ਗੱਲ ਦਾ ਅਜਿਹਾ ਅਸਰ ਹੋਇਆ ਕਿ ਕਈ ਮੈਂਬਰ ਇਹੋ ਕਹੀ ਜਾਣ, “ਯਾਰ ਪ੍ਰਿੰਸੀਪਲ ਹੋਵੇ ਤਾਂ ਇਹੋ ਜਿਹਾ ਹੀ ਹੋਵੇ!”

ਮੈਂ ਇਹ ਵੀ ਕਹਿ ਦਿੱਤਾ, “ਕਾਲਜ ਵਿੱਚ ਮੈ ਦਾਰੂ ਵੜਨ ਨ੍ਹੀ ਦਿੰਦਾ। ਪਰ ਜਦੋਂ ਤੁਸੀਂ ਕਾਲਜ ਵੇਖਣ ਆਓਗੇ ਤਾਂ ਆਲੇ ਦੁਆਲੇ ਦੇ ਖੂਹਾਂ ਉਤੇ ਦੱਬੀ ਜ਼ਰੂਰ ਮਿਲੇਗੀ।” ਏਨੀ ਗੱਲ ਨਾਲ ਉਨ੍ਹਾਂ ਦਾ ਨਸ਼ਾ ਦੂਣ ਸਵਾਇਆ ਹੋ ਗਿਆ ਤੇ ਕਾਲਜ ਲਈ ਫੰਡ ਹੋਰ ਵੀ ਵਧ ਗਿਆ।

ਬਚਪਨ ਵਿੱਚ ਮੈਂ ਚਾਹ ਤੇ ਲੱਸੀ ਦੇ ਝਗੜੇ ਵਰਗਾ ਚਿੱਠਾ ਲਿਖਣ ਤੇ ਕਵੀਸ਼ਰ ਜਾਂ ਮਾਸਟਰ ਬਣਨ ਬਾਰੇ ਚਿਤਵਿਆ ਸੀ। ਪਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਪੁਰਸਕਾਰ ਨਾਲ ਮੈਨੂੰ ਸ਼੍ਰੋਮਣੀ ਲੇਖਕ ਤੇ ਡਾ.ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ। ਬੋਤੇ `ਤੇ ਬਹਿਣ ਵਾਲੇ ਬੱਚੇ ਨੂੰ ਹਵਾਈ ਜਹਾਜ਼ਾਂ ਦੇ ਝੂਟੇ ਤੇ ਦੇਸ਼ ਵਿਦੇਸ਼ ਘੁੰਮਣ ਦੇ ਮੌਕੇ ਦੇ ਦਿੱਤੇ। ਮੈਂ ਸਮਝਦਾ ਹਾਂ ਜਿਵੇਂ ਸਾਧਾਰਨ ਕਿਸਾਨ ਦੇ ਸਾਧਾਰਨ ਪੁੱਤਰ ਨੂੰ ਪ੍ਰਿੰਸੀਪਲ ਦੀ ਪਦਵੀ ਤਕ ਪਹੁੰਚਣ ਦੇ ਵਸੀਲੇ ਬਣੇ ਉਵੇਂ ਹਰ ਬਾਲਕ ਦੇ ਬਣ ਸਕਦੇ ਹਨ। ਬੱਸ ਹੀਲੇ ਕਰਨ ਦੀ ਲੋੜ ਹੈ। ਹੀਲਿਆਂ ਨਾਲ ਵਸੀਲੇ ਬਣ ਹੀ ਜਾਂਦੇ ਹਨ। ਹਰ ਬੱਚੇ ਵਿੱਚ ਏਨੀਆਂ ਸੰਭਾਵਨਾਵਾਂ ਹੁੰਦੀਆਂ ਹਨ ਕਿ ਉਹ ਕੁੱਝ ਵੀ ਕਰ ਸਕਦਾ ਹੈ ਤੇ ਕੁੱਝ ਵੀ ਬਣ ਸਕਦਾ ਹੈ। ਮੈਂ ਵੀ ਬਹੁਤ ਕੁੱਝ ਬਣ ਸਕਦਾ ਸੀ ਤੇ ਹੁਣ ਨਾਲੋਂ ਕਿਤੇ ਵੱਧ ਕਰ ਸਕਦਾ ਸੀ ਜੋ ਨਹੀਂ ਕਰ ਸਕਿਆ।

ਪਰ ਜੋ ਕਰ ਸਕਿਆ ਉਹਦੇ `ਚ ਮੇਰੀ ਪ੍ਰਿੰਸੀਪਲੀ ਦੇ ਚਾਰ ਸਾਲ ਜ਼ਿਕਰਯੋਗ ਹਨ। ਢੁੱਡੀਕੇ ਕਾਲਜ ਦੀ ਸਰਕਾਰੀ ਨੌਕਰੀ ਮੈਂ ਦੋ ਸਾਲ ਅਗਾਊਂ ਛੱਡ ਦਿੱਤੀ ਸੀ। ਤਿੰਨ ਮਹੀਨੇ ਦਾ ਨੋਟਿਸ ਦੇ ਕੇ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਸੀ। ਅਕਤੂਬਰ 1996 `ਚ ਮੈਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਸੰਭਾਲੀ ਤੇ ਅਕਤੂਬਰ 2000 ਵਿੱਚ ਛੱਡੀ। ਕਾਲਜ ਦਾ ਚਾਰਜ ਸੰਭਾਲਣ ਵੇਲੇ 328 ਵਿਦਿਆਰਥੀ ਸਨ ਜੋ ਛੱਡਣ ਵੇਲੇ 1135 ਹੋ ਚੁੱਕੇ ਸਨ। ਅਮਰਦੀਪ ਕਾਲਜ ਪੰਜਾਬ ਦਾ ਵਾਹਦ ਪੇਂਡੂ ਕਾਲਜ ਹੋਵੇਗਾ ਜਿਥੇ ਵਿਦਿਆਰਥੀਆਂ ਦੀ ਗਿਣਤੀ ਏਨੀ ਤੇਜ਼ੀ ਨਾਲ ਵਧੀ। ਦੋ ਸੌ ਪਿੰਡਾਂ ਦੇ ਵਿਦਿਆਰਥੀ ਇਸ ਵਿੱਚ ਪੜ੍ਹਨ ਲੱਗ ਪਏ ਹਾਲਾਂਕਿ ਇਹਦੇ ਆਲੇ ਦੁਆਲੇ ਪਹਿਲਾਂ ਹੀ ਕਈ ਕਾਲਜ ਮੌਜੂਦ ਸਨ।

ਇਕ ਪਾਸੇ ਬੰਗੇ ਤੇ ਨਵਾਂਸ਼ਹਿਰ ਦੇ ਕਾਲਜ ਸਨ, ਦੂਜੇ ਪਾਸੇ ਫਗਵਾੜੇ ਦੇ ਤੇ ਤੀਜੇ ਪਾਸੇ ਫਿਲੌਰ ਦਾ ਡੀ.ਏ.ਵੀ.ਕਾਲਜ ਸੀ। ਉਹ ਅਕਸਰ ਕਹਿੰਦੇ ਸਨ ਕਿ ਪਿੰਡ `ਚ ਕਾਲਜ ਕਿਥੇ ਚੱਲਣੈ? ਪਰ ਉਨ੍ਹਾਂ ਨੂੰ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਹੀ ਕਈ ਵਿਦਿਆਰਥੀ ਪੇਂਡੂ ਕਾਲਜ ਵਿੱਚ ਪੜ੍ਹਨ ਆ ਲੱਗੇ। ਵਿਦਿਆਰਥੀਆਂ ਨੂੰ ਪ੍ਰੇਰਨ ਪਿੱਛੇ ਸਮੁੱਚੇ ਸਟਾਫ਼ ਦੇ ਸੁਹਿਰਦ ਯਤਨ ਸਨ। ਮੈਂ ਤਾਂ ਸਟਾਫ਼ ਦੀ ਉਸ ਟੀਮ ਦਾ ਕੈਪਟਨ ਹੀ ਸਾਂ ਜਿਸ ਦੀ ਡਿਊਟੀ ਖਿਡਾਰੀਆਂ ਨੂੰ ਸਹੀ ਥਾਂ `ਤੇ ਖਿਡਾਉਣਾ ਸੀ। ਹਰ ਇੱਕ ਤੋਂ ਉਸ ਦੀ ਯੋਗਤਾ ਅਨੁਸਾਰ ਕੰਮ ਲੈਣਾ ਸੀ।

ਮੈਨੂੰ ਪ੍ਰਿੰਸੀਪਲੀ ਦਾ ਨਿਯੁਕਤੀ ਪੱਤਰ ਦੇਣ ਵੇਲੇ ਡਾ.ਜੌਹਲ ਨੇ ਤਿੰਨ ਗੱਲਾਂ ਕਹੀਆਂ ਸਨ। ਇੱਕ ਸੀ ਕਿ ਕਾਲਜ ਨਵਾਂ ਹੈ ਜਿਸ ਲਈ ਵੱਧ ਸਮਾਂ ਦੇਣਾ ਪਵੇਗਾ। ਦੂਜੀ ਸੀ ਫਜ਼ੂਲ ਖਰਚੀ ਨਹੀਂ ਹੋਣ ਦੇਣੀ ਤੇ ਤੀਜੀ ਸੀ ਜਾਣ ਬੁੱਝ ਕੇ ਗ਼ਲਤੀ ਨਹੀਂ ਕਰਨੀ। ਮੈਂ ਮਨ `ਚ ਆਖਿਆ ਕਿ ਮੈਂ ਤਾਂ ਮੁੱਢੋਂ ਹੀ ਸਰਫੇਹੱਥਾ ਹਾਂ ਇਸ ਲਈ ਫਜ਼ੂਲ ਖਰਚੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੋਣਾ। ਵੱਧ ਸਮਾਂ ਦੇਣ ਨਾਲ ਮੇਰਾ ਕੁੱਝ ਘਟ ਨਹੀਂ ਜਾਣਾ। ਮੈਂ ਕਿਹੜਾ ਸਾਈਡ ਬਿਜਨਸ ਕਰਨੈਂ? ਦਫਤਰ `ਚ ਈ ਬਹਿਣੈ, ਦੋ ਘੰਟੇ ਹੋਰ ਬਹਿ ਲਿਆ ਕਰਾਂਗਾ। ਮੇਰੇ ਦੋ ਘੰਟੇ ਵੱਧ ਬਹਿਣ ਨਾਲ ਜੇ ਸਟਾਫ਼ ਦੋ ਘੰਟੇ ਵਾਧੂ ਕੰਮ ਕਰ ਲਵੇਗਾ ਤਾਂ ਸੌ ਘੰਟਿਆਂ ਦਾ ਕੰਮ ਹੋਰ ਨਿਬੜ ਜਾਵੇਗਾ। ਇਸ ਦੇ ਉਲਟ ਮੇਰੀ ਇੱਕ ਘੰਟੇ ਦੀ ਫਰਲੋ ਸਟਾਫ਼ ਮੈਂਬਰਾਂ ਤੋਂ ਪੰਜਾਹ ਘੰਟਿਆਂ ਦੀ ਫਰਲੋ ਮਰਵਾ ਦੇਵੇਗੀ। ਗ਼ਲਤੀ ਮੈਂ ਜਾਣ ਬੁੱਝ ਕੇ ਨਹੀਂ ਕਰਾਂਗਾ ਪਰ ਜੇ ਕੰਮ ਕਰਦਿਆਂ ਹੋ ਗਈ ਤਾਂ ਸੱਚੇ ਦਿਲੋਂ ਬਖਸ਼ਾ ਲਵਾਂਗਾ।

ਜਿੱਦਣ ਮੈਂ ਕਾਲਜ ਦਾ ਚਾਰਜ ਸੰਭਾਲਿਆ ਤਾਂ ਜੌਹਲ ਸਾਹਿਬ ਨੇ ਆਪਣੀ ਜੇਬ `ਚੋਂ ਪੈੱਨ ਕੱਢ ਕੇ ਦੇ ਦਿੱਤਾ ਜੋ ਮੇਰੇ ਲਈ ਅਨਮੋਲ ਤੋਹਫ਼ਾ ਸੀ। ਉਂਜ ਵੀ ਉਹ ਪਾਰਕਰ ਪੈੱਨ ਸੀ। ਉਦੋਂ ਉਹ ਰਿਜ਼ਰਵ ਬੈਂਕ ਇੰਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਸਨ ਜਿਥੇ ਉਨ੍ਹਾਂ ਦੀਆਂ ਫਾਈਲਾਂ ਨਾਲ ਪਾਰਕਰ ਪੈੱਨ ਮਿਲ ਜਾਂਦੇ ਸਨ। ਉਹ ਚਾਰ ਪ੍ਰਧਾਨ ਮੰਤਰੀਆਂ ਦੇ ਆਰਥਿਕ ਸਲਾਹਕਾਰ ਰਹੇ ਸਨ। ਉਨ੍ਹਾਂ ਦਾ ਬੜਾ ਨਾਂ ਸੀ, ਹੁਣ ਵੀ ਹੈ ਤੇ ਅੱਗੋਂ ਵੀ ਰਹੇਗਾ। ਮੈਂ ਉਨ੍ਹਾਂ ਦੀ ਸਵੈਜੀਵਨੀ ‘ਰੰਗਾਂ ਦੀ ਗਾਗਰ’ ਪੜ੍ਹ ਕੇ ਉਨ੍ਹਾਂ ਦੀ ਸ਼ਖਸੀਅਤ ਤੋਂ ਵਾਕਫ਼ ਹੋ ਗਿਆ ਸਾਂ। ਉਹ ਬੜੇ ਵੱਡੇ ਬੰਦੇ ਸਨ ਪਰ ਲੱਗਦੇ ਆਮ ਜਿਹੇ ਸਨ। ਅਸੀਂ ਉਨ੍ਹਾਂ ਦੇ ਗੋਡੀਂ ਹੱਥ ਲਾ ਕੇ ਮਿਲਦੇ ਪਰ ਉਹ ਬੁੱਕਲ `ਚ ਲੈ ਕੇ ਪਿਆਰ ਦਿੰਦੇ। ਉਨ੍ਹਾਂ ਨੇ ਮੈਨੂੰ ਸੁਤੰਤਰ ਤੌਰ `ਤੇ ਪ੍ਰਿੰਸੀਪਲੀ ਕਰਨ ਦੀ ਖੁੱਲ੍ਹ ਦੇਈ ਰੱਖੀ। ਉਹ ਹਮੇਸ਼ਾਂ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਰਹੇ।

ਡਾ.ਜੌਹਲ ਦੋ ਚਾਰ ਹਫ਼ਤਿਆਂ ਬਾਅਦ ਕਾਲਜ ਆਉਂਦੇ ਤੇ ਖੁੱਲ੍ਹਾ ਵਕਤ ਦੇ ਕੇ ਜਾਂਦੇ। ਉਨ੍ਹਾਂ ਨਾਲ ਚੋਟੀ ਦੇ ਵਿਗਿਆਨੀ ਤੇ ਵਿਦਵਾਨ ਹੁੰਦੇ। ਤਿੰਨਾਂ ਚਹੁੰ ਸਾਲਾਂ `ਚ ਉਹ ਛੇ ਵਾਈਸ ਚਾਂਸਲਰ ਤੇ ਦਰਜਨ ਤੋਂ ਵੱਧ ਡੀਨ ਤੇ ਡਾਇਰੈਕਟਰ ਅਮਰਦੀਪ ਕਾਲਜ ਵਿੱਚ ਲਿਆਏ। ਵੱਖ ਵੱਖ ਖੇਤਰਾਂ ਦੇ ਵਿਦਵਾਨ ਵਿਦਿਆਰਥੀਆਂ ਨੂੰ ਮਿਲਾਉਂਦੇ ਜੋ ਉਨ੍ਹਾਂ ਨਾਲ ਸੁਆਲ ਜੁਆਬ ਕਰਦੇ। ਕਦੇ ਕਦੇ ਉਹ ਨਿੱਜੀ ਗੱਲਾਂ ਵੀ ਤੋਰ ਲੈਂਦੇ। ਕਹਿੰਦੇ-ਮੈਂ ਮਾੜਾ ਮੋਟਾ ਅਥਲੀਟ ਵੀ ਸਾਂ ਤੇ ਉਨੀ ਫੁੱਟ ਲੰਮੀ ਛਾਲ ਲਾ ਲੈਂਦਾ ਸਾਂ। ਚਰ੍ਹੀ ਦੀਆਂ ਤਿੰਨ ਚਾਰ ਭਰੀਆਂ ਟੋਕਾ ਗੇੜ ਕੇ ਕੁਤਰ ਦਿੰਦਾ ਸੀ। ਚਾਚੇ ਤਾਇਆਂ ਦੇ ਮੁੜ੍ਹਕੇ ਨਾਲ ਭਿੱਜੇ ਕਪੜੇ ਧੋ ਦਿੰਦਾ ਸੀ। ਉਹ ਪੁੱਛਦੇ-ਅਜੇ ਤੈਨੂੰ ਸਾਡੇ ਲੀੜਿਆਂ `ਚੋਂ ਮੁਸ਼ਕ ਆਉਣ ਲੱਗਾ ਕਿ ਨਹੀਂ?

ਕਸਰਤ ਕਰਨ ਦੀ ਗੱਲ ਚੱਲਦੀ ਤਾਂ ਕਹਿੰਦੇ-ਮੈਂ ਡੰਡ ਬੈਠਕਾਂ ਵੀ ਲਾਉਂਦਾ ਰਿਹਾਂ। ਮੈਂ ਦੁੱਧ ਘੇ ਬਹੁਤ ਖਾਧਾ ਪੀਤਾ ਤੇ ਖੇਤੀ ਦੇ ਕੰਮਾਂ ਵਿੱਚ ਵੀ ਹੱਥ ਵਟਾਇਆ। ਸ਼ੱਕਰ ਘਿਓ ਬਿਨਾਂ ਮੈਨੂੰ ਰੋਟੀ ਸੁਆਦ ਨਹੀਂ ਸੀ ਲੱਗਦੀ ਜਿਸ ਦਾ ਨਤੀਜਾ ਮਗਰੋਂ ਹਰਟ ਅਟੈਕ ਦੀ ਸਜ਼ਾ ਲੈ ਕੇ ਭੁਗਤਿਆ। ਆਪਣੇ ਹਰਟ ਅਟੈਕ ਬਾਰੇ ਉਹ ਦੱਸਦੇ ਕਿ ਇਓਂ ਲੱਗਾ ਜਿਵੇਂ ਮੈਂ ਡੂੰਘੀ ਨੀਂਦ ਸੌਣ ਲੱਗਾ ਹੋਵਾਂ। ਸ਼ੁਕਰ ਹੈ ਉਹ ਦਿਲ ਦੇ ਦੋ ਦੌਰਿਆਂ ਤੋਂ ਬਾਅਦ ਵੀ ਪੂਰੇ ਸਰਗਰਮ ਹੈ।

ਪਹਿਲੇ ਦਿਨ ਤੋਂ ਹੀ ਅਮਰਦੀਪ ਮੈਮੋਰੀਅਲ ਕਾਲਜ ਡਾ.ਜੌਹਲ ਦਾ ਕਾਲਜ ਵੱਜਣ ਲੱਗ ਪਿਆ ਸੀ। ਮੁਕੰਦਪੁਰ ਉਨ੍ਹਾਂ ਦੇ ਸਹੁਰੇ ਹਨ। ਕਾਲਜ ਖੋਲ੍ਹਣ ਵੇਲੇ ਮੁਕੰਦਪੁਰ ਦੇ ਮੋਹਤਬਰ ਸੱਜਣਾਂ ਨੇ ਬੜੇ ਹੰਮੇ ਨਾਲ ਕਾਲਜ ਦੀ ਵਾਗ ਡੋਰ ਉਨ੍ਹਾਂ ਨੂੰ ਸੌਂਪੀ ਸੀ। ਆਖਿਆ ਸੀ ਕਿ ਭਾਵੇਂ ਸਾਲ `ਚ ਦੋ ਚਾਰ ਦਿਨ ਹੀ ਆਇਆ ਕਰੋ ਪਰ ਕਾਲਜ ਦੀ ਪ੍ਰਬੰਧਕ ਕਮੇਟੀ ਨਾਲ ਤੁਹਾਡਾ ਨਾਂ ਜੁੜਿਆ ਹੋਣਾ ਚਾਹੀਦੈ। ਉਨ੍ਹਾਂ ਨੇ ਉਮਰ ਭਰ ਲਈ ਡਾ.ਜੌਹਲ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਥਾਪ ਲਿਆ ਸੀ। ਸਾਲ `ਚ ਦੋ ਚਾਰ ਦਿਨ ਆਉਣ ਦੀ ਥਾਂ ਉਹ ਕਾਲਜ ਦੇ ਹਮੇਸ਼ਾਂ ਅੰਗ ਸੰਗ ਰਹੇ ਤੇ ਖੁੱਲ੍ਹਾ ਸਮਾਂ ਦਿੰਦੇ ਰਹੇ। ਇਹ ਉਨ੍ਹਾਂ ਦੀ ਦੂਰਅੰਦੇਸ਼ੀ ਹੈ ਕਿ ਹੁਣ ਅਮਰਦੀਪ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੂਰਲ ਕੈਂਪਸ ਬਣਾ ਦਿੱਤਾ ਗਿਆ ਹੈ।

ਮੈਂ ਪ੍ਰਿੰਸੀਪਲ ਦੀ ਪਦਵੀ ਸੰਭਾਲਣ ਸਾਰ ਫਜ਼ੂਲ ਖਰਚੀ ਰੋਕਣ ਤੇ ਕੁੱਝ ਵਧੇਰੇ ਕੰਮ ਕਰਨ ਦੀ ਪਹਿਲ ਕਰਦਿਆਂ ਪੰਜਾਬੀ ਦੇ ਇੱਕ ਪਾਰਟ ਟਾਈਮ ਲੈਕਚਰਾਰ ਦੀ ਸੇਵਾਮੁਕਤੀ ਕਰ ਕੇ ਉਹਦੇ ਦੋ ਪੀਰੀਅਡ ਆਪ ਪੜ੍ਹਾਉਣ ਲੱਗ ਪਿਆ। ਇਓਂ ਮੇਰਾ ਪੜ੍ਹਾਉਣ ਦਾ ਭੁਸ ਵੀ ਪੂਰਾ ਹੋਈ ਗਿਆ ਤੇ ਕਮੇਟੀ ਦਾ ਕੁੱਝ ਖਰਚਾ ਵੀ ਬਚ ਗਿਆ। ਮੈਂ ਬੇਲੋੜੇ ਡੀ.ਏ.ਟੀ.ਏ.ਲੈਣ ਦੀ ਖੁੱਲ੍ਹ ਖੇਡ ਬੰਦ ਕਰ ਦਿੱਤੀ। ਨਾ ਆਪ ਲੈਂਦਾ ਤੇ ਨਾ ਕਿਸੇ ਹੋਰ ਨੂੰ ਦਿੰਦਾ। ਫਗਵਾੜੇ ਫਿਲੌਰ ਜਾਣ ਦਾ ਡੀ.ਏ.ਟੀ.ਏ.ਕਾਹਦਾ? ਲੁਧਿਆਣੇ ਤੇ ਜਲੰਧਰ ਦਾ ਵੀ ਨਾ ਦਿੰਦਾ ਕਿਉਂਕਿ ਉਂਜ ਵੀ ਤਾਂ ਕਿਸੇ ਨਾ ਕਿਸੇ ਨੇ ਜਾਣਾ ਹੀ ਹੁੰਦਾ ਸੀ। ਹਾਂ, ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣ ਦਾ ਕਿਰਾਇਆ ਮੰਨਿਆ ਜਾ ਸਕਦਾ ਸੀ।

ਪ੍ਰਿੰਸੀਪਲਾਂ ਨੂੰ ਸਮਾਗਮਾਂ ਦੇ ਬਥੇਰੇ ਸੱਦੇ ਆਉਂਦੇ ਹਨ। ਨਾ ਮੈਂ ਆਪ ਜਾਂਦਾ ਤੇ ਨਾ ਲੈਕਚਰਾਰਾਂ ਨੂੰ ਜਾਣ ਦਿੰਦਾ। ਕਾਲਜ ਦੇ ਆਪਣੇ ਕੰਮ ਹੀ ਨਹੀਂ ਸਨ ਮੁੱਕਦੇ। ਮੈਂ ਆਪਣੀ ਪ੍ਰਿੰਸੀਪਲੀ ਦੌਰਾਨ ਖੇਡ ਮੇਲਿਆਂ `ਤੇ ਜਾਣਾ ਤੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਵੀ ਬੰਦ ਕਰ ਦਿੱਤਾ। ਸੋਚਿਆ ਕਿ ਰਿਟਾਇਰ ਹੋ ਕੇ ਇਹੋ ਕੁੱਝ ਕਰਨੈਂ। ਕਈ ਪ੍ਰਿੰਸੀਪਲ ਰਿਟਾਇਰ ਹੋਣ ਪਿੱਛੋਂ ਦਾ ਜੁਗਾੜ ਪ੍ਰਿੰਸੀਪਲ ਹੁੰਦਿਆਂ ਹੀ ਕਰੀ ਜਾਂਦੇ ਰਹਿੰਦੇ ਹਨ। ਉਹ ਆਪਣੇ ਕਾਲਜ ਵਿੱਚ ਘੱਟ ਤੇ ਹੋਰਨਾਂ ਕਾਲਜਾਂ ਵਿੱਚ ਵੱਧ ਤੁਰੇ ਫਿਰਦੇ ਹਨ। ਕਿਤੇ ਫੀਤਾ ਕੱਟਦੇ ਤੇ ਕਿਤੇ ਪ੍ਰਧਾਨਗੀ ਕਰਦੇ ਲੈਕਚਰ ਝਾੜਦੇ ਹਨ।

ਇਕ ਦਿਨ ਇੱਕ ਫਾਈਲ ਵਿੱਚ ਮੈਂ ਕਾਲਜ ਦੀ ਐਡ ਦੇ ਬਿੱਲ ਵੇਖੇ। ਉਹ ਹਜ਼ਾਰਾਂ ਵਿੱਚ ਸਨ। ਮੈਂ ਐਡ ਬਿਲਕੁਲ ਬੰਦ ਕਰ ਦਿੱਤੀ। ਆਖਿਆ ਕਿ ਕੰਮ ਕਰੀਏ ਤਾਂ ਐਡ ਆਪਣੇ ਆਪ ਹੀ ਹੋਈ ਜਾਂਦੀ ਹੈ। ਮਸ਼ਹੂਰੀ ਉਨ੍ਹਾਂ ਦੀ ਲੋੜ ਹੈ ਜਿਹੜੇ ਮਸ਼ਹੂਰੀ ਜੋਗੇ ਨਹੀਂ ਹੁੰਦੇ ਤੇ ਐਡਾਂ ਦੇ ਕੇ ਮਸ਼ਹੂਰੀਆਂ ਕਰਾਉਂਦੇ ਨੇ। ਜਿਸ ਕਾਲਜ ਵਿੱਚ ਪੜ੍ਹਦੇ ਸੈਂਕੜੇ ਵਿਦਿਆਰਥੀ ਆਪਣੇ ਕਾਲਜ ਦੀ ਮਸ਼ਹੂਰੀ ਕਰਨ ਜੋਗੇ ਨਹੀਂ ਉਸ ਕਾਲਜ ਦੀ ਮਸ਼ਹੂਰੀ ਮੀਡੀਆ ਵੀ ਕੀ ਕਰੇਗਾ?

ਮੈਂ ਸਟਾਫ ਦੀ ਮੀਟਿੰਗ ਸੱਦ ਕੇ ਆਖਿਆ, “ਆਪਾਂ ਸਾਰੇ ਰਲ ਕੇ ਜ਼ੋਰ ਲਾਈਏ ਤੇ ਕਾਲਜ ਨੂੰ ਵਾਇਬਲ ਬਣਾਈਏ। ਘੱਟੋਘੱਟ ਪੰਜ ਸੱਤ ਸੌ ਵਿਦਿਆਰਥੀ ਤਾਂ ਹੋਣ। ਕਾਲਜ ਵਿੱਚ ਵਿਦਿਆਰਥੀ ਨਹੀਂ ਹੋਣਗੇ ਤਾਂ ਕਾਲਜ ਕਾਹਦੇ ਲਈ? ਭਰਵੀਆਂ ਜਮਾਤਾਂ ਤੇ ਪੜ੍ਹੇ ਜਾਣ ਵਾਲੇ ਮਜਮੂਨਾਂ ਨਾਲ ਹੀ ਕਾਲਜ ਚੱਲ ਸਕੇਗਾ। ਸਾਰੇ ਲੈਕਚਰਾਰ ਆਪੋ ਆਪਣੇ ਮਜ਼ਮੂਨਾਂ ਵਿੱਚ ਲੋੜੀਂਦੇ ਵਿਦਿਆਰਥੀ ਦਾਖਲ ਕਰਾਉਣ। ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਲੱਭਣ। ਮੈਂ ਸਾਇੰਸ ਤੇ ਕਮੱਰਸ ਦੀਆਂ ਜਮਾਤਾਂ ਵੱਡੀਆਂ ਕਰਨਾ ਚਾਹਾਂਗਾ। ਸਮੁੱਚਾ ਸਟਾਫ਼ ਹੀ ਵਿਦਿਆਰਥੀਆਂ ਨੂੰ ਸਾਇੰਸ ਤੇ ਕਮੱਰਸ ਪੜ੍ਹਨ ਲਈ ਪ੍ਰੇਰੇ। ਇਸ ਕਾਲਜ ਦੇ ਵਧਣ ਫੁੱਲਣ ਵਿੱਚ ਤੁਹਾਡੀਆਂ ਸਾਰੀ ਉਮਰ ਦੀਆਂ ਰੋਟੀਆਂ ਹਨ। ਮੇਰਾ ਕੀ ਹੈ? ਮੈਂ ਤਾਂ ਨੌਕਰੀ ਦੇ ਆਖ਼ਰੀ ਦੌਰ ਵਿੱਚ ਹਾਂ। ਕਾਲਜ ਫੇਲ੍ਹ ਹੋ ਗਿਆ ਤਾਂ ਮੇਰਾ ਕੁੱਝ ਜਾਣਾ ਨੀ ਤੇ ਤੁਹਾਡਾ ਕੁੱਝ ਰਹਿਣਾ ਨੀ। ਜਿਹੜੇ ਬੰਜਰਾਂ ਆਬਾਦ ਕਰ ਲੈਂਦੇ ਨੇ ਸਾਰੀ ਉਮਰ ਸੁਖ ਦੀ ਜ਼ਿੰਦਗੀ ਜੀਂਦੇ ਨੇ ਤੇ ਜਿਹੜੇ ਨਹੀਂ ਕਰਦੇ ਉਹ ਸਾਰੀ ਉਮਰ ਭੁੱਖੇ ਮਰਦੇ ਨੇ। ਨਵਾਂ ਕਾਲਜ ਬੰਜਰ ਵਾਂਗ ਹੀ ਹੁੰਦੈ ਜਿਸ ਨੂੰ ਆਬਾਦ ਕਰਨ ਲਈ ਵਧੇਰੇ ਮਿਹਨਤ ਦੀ ਲੋੜ ਹੈ।”

ਅਸੀਂ 1997 ਦੇ ਦਾਖਲਿਆਂ ਲਈ ਘੱਟੋਘੱਟ ਪੰਜ ਸੌ ਵਿਦਿਆਰਥੀਆਂ ਦਾ ਟੀਚਾ ਮਿਥਿਆ। ਮੈਂ ਖੁਦ ਸਟਾਫ਼ ਦੇ ਮੈਂਬਰਾਂ ਨੂੰ ਨਾਲ ਲੈ ਕੇ ਨੇੜੇ ਤੇੜੇ ਦੇ ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿੱਚ ਗਿਆ। ਅਸੀਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਲੇ ਤੇ ਕਾਲਜ ਵਿਖਾਉਣ ਲਈ ਕਾਲਜ ਦੀਆਂ ਬੱਸਾਂ ਭੇਜੀਆਂ। ਕਾਲਜ ਦੇ ਜਿਮਨੇਜ਼ੀਅਮ, ਖੇਡ ਮੈਦਾਨ, ਲਾਇਬ੍ਰੇਰੀ, ਲਬਾਰਟਰੀਆਂ, ਵਰਕਸ਼ਾਪਾਂ ਤੇ ਗੁਰਦਵਾਰੇ ਦੇ ਦਰਸ਼ਨ ਕਰਵਾਏ। ਭਾਸ਼ਨ ਦਿੱਤੇ ਕਿ ਇਥੇ ਤੁਸੀਂ ਘਰ ਦੀ ਰੋਟੀ ਖਾ ਕੇ, ਸਾਦੇ ਕਪੜਿਆਂ ਵਿੱਚ ਘੱਟ ਖਰਚੇ ਨਾਲ ਉਚੇਰੀ ਸਿੱਖਿਆ ਹਾਸਲ ਕਰ ਸਕਦੇ ਓ ਤੇ ਸ਼ਹਿਰੀ ਮਾਹੌਲ ਦੇ ਗੰਧਲੇਪਣ ਤੋਂ ਬਚ ਸਕਦੇ ਓ। ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੀਆਂ ਬਰੂਹਾਂ ਉਤੇ ਕਾਲਜ ਖੁੱਲ੍ਹ ਗਿਐ।

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਨਿਕਲੇ ਤਾਂ ਮੈਂ ਇਲਾਕੇ ਦੇ ਪਾਸ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਿੱਠੀਆਂ ਭੇਜੀਆਂ। ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਅਗਾਂਹ ਪੜ੍ਹਨ ਲਈ ਕਾਲਜ ਆਉਣ ਦਾ ਸੱਦਾ ਦਿੱਤਾ। ਹੁਸ਼ਿਆਰ ਵਿਦਿਆਰਥੀਆਂ, ਚੰਗੇ ਖਿਡਾਰੀਆਂ, ਕਲਾਕਾਰਾਂ ਤੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਕੁੱਝ ਸਹੂਲਤਾਂ ਦੇਣ ਦਾ ਐਲਾਨ ਕੀਤਾ। ਨਤੀਜਾ ਇਹ ਹੋਇਆ ਕਿ ਛੇ ਸੌ ਦੇ ਕਰੀਬ ਵਿਦਿਆਰਥੀ ਕਾਲਜ ਵਿੱਚ ਦਾਖਲ ਹੋ ਗਏ।

ਵਿਦਿਆਰਥੀਆਂ ਨੂੰ ਵੱਧ ਪੜ੍ਹਾ ਕੇ ਤੇ ਵੱਧ ਟੈੱਸਟ ਲੈ ਕੇ ਹੀ ਚੰਗੇ ਨਤੀਜੇ ਕੱਢੇ ਜਾ ਸਕਦੇ ਸਨ। ਸਟਾਫ ਨੇ ਇੰਜ ਹੀ ਕੀਤਾ ਜਿਸ ਨਾਲ ਵਧੀਆ ਨਤੀਜੇ ਨਿਕਲੇ ਤੇ ਕਾਲਜ ਦੀ ਸ਼ਾਖ ਬਣ ਗਈ। 1998 ਵਿੱਚ ਵਿਦਿਆਰਥੀਆਂ ਦੀ ਗਿਣਤੀ ਅੱਠ ਸੌ ਦੇ ਕਰੀਬ ਹੋ ਗਈ। ਪੜ੍ਹਾਈ ਦੇ ਨਾਲ ਨਾਲ ਕਾਲਜ ਦੀਆਂ ਕੁੱਝ ਟੀਮਾਂ ਨੇ ਅੰਤਰ ਕਾਲਜੀ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰ ਲਈਆਂ। ਬੀ ਡਿਵੀਜ਼ਨ ਦੇ ਕਾਲਜਾਂ ਵਿੱਚ ਪਹਿਲਾਂ ਕਬੱਡੀ ਦੀ ਟੀਮ ਯੂਨੀਵਰਸਿਟੀ ਚੈਂਪੀਅਨ ਬਣੀ, ਫਿਰ ਹਾਕੀ ਤੇ ਫੁਟਬਾਲ ਦੀਆਂ ਟੀਮਾਂ ਵੀ ਯੂਨੀਵਰਸਿਟੀ ਚੈਂਪੀਅਨ ਬਣ ਗਈਆਂ। ਅਮਰਦੀਪ ਕਾਲਜ ਖੇਡਾਂ ਵਿੱਚ ਬੀ ਡਿਵੀਜ਼ਨ ਕਾਲਜਾਂ ਦੀ ਓਵਰ ਆਲ ਜਨਰਲ ਚੈਂਪੀਅਨਸ਼ਿਪ ਜਿੱਤਣ ਲੱਗ ਪਿਆ। ਯੁਵਕ ਮੇਲਿਆਂ ਵਿੱਚ ਵੀ ਕਾਲਜ ਦੇ ਕਲਾਕਾਰਾਂ ਨੇ ਆਪਣੀ ਥਾਂ ਬਣਾ ਲਈ। ਸਾਰੀਆਂ ਪ੍ਰਾਪਤੀਆਂ ਨੇ ਰਲ ਕੇ ਏਨਾ ਅਸਰ ਕੀਤਾ ਕਿ 1999 ਵਿੱਚ ਵਿਦਿਆਰਥੀਆਂ ਦਾ ਦਾਖਲਾ ਇੱਕ ਹਜ਼ਾਰ ਤੇ 2000 ਵਿੱਚ 1135 ਹੋ ਗਿਆ। ਕਾਲਜ ਹੁਣ ਪੂਰਾ ਪੈਰਾਂ ਸਿਰ ਸੀ ਤੇ ਜਿਸ ਮਿਸ਼ਨ ਲਈ ਮੈਂ ਆਇਆ ਸਾਂ ਉਹ ਪੂਰਾ ਹੋ ਗਿਆ ਸੀ। ਇਸ ਸਮੇਂ ਦੌਰਾਨ ਕਈ ਕਿੱਤਾਕਾਰੀ ਮਜ਼ਮੂਨ ਸ਼ੁਰੂ ਹੋਏ ਤੇ ਪੋਸਟ ਗਰੈਜੂਏਟ ਡਿਗਰੀਆਂ ਦੀ ਪੜ੍ਹਾਈ ਨਾਲ ਕਾਲਜ ਪੋਸਟ ਗਰੇਜੂਏਟ ਬਣ ਗਿਆ।

ਮੈਂ ਇਹ ਵੀ ਸਮਝਦਾ ਹਾਂ ਕਿ `ਕੱਲਾ ਪ੍ਰਿੰਸੀਪਲ ਕਿਸੇ ਕਾਲਜ ਦਾ ਕੁੱਝ ਨਹੀਂ ਸੰਵਾਰ ਸਕਦਾ ਜੇਕਰ ਪ੍ਰਬੰਧਕ ਕਮੇਟੀ ਤੇ ਸਟਾਫ ਦਾ ਸਹਿਯੋਗ ਨਾ ਹੋਵੇ। ਨਾਲ ਇਹ ਵੀ ਹੈ ਕਿ ਉਹ ਸਹਿਯੋਗ ਲੈਣ ਵੀ ਜਾਣਦਾ ਹੋਵੇ। ਅਮਰਦੀਪ ਕਾਲਜ ਦੇ ਵੱਡੇ ਭਾਗ ਸਨ ਕਿ ਉਸ ਨੂੰ ਡਾ.ਜੌਹਲ ਹੋਰਾਂ ਦੀ ਸਰਪ੍ਰਸਤੀ ਤੇ ਸੈਕਟਰੀ ਦੇ ਰੂਪ ਵਿੱਚ ਡਾ.ਅਮਰਜੀਤ ਸਿੰਘ ਦੀ ਨਿਸ਼ਕਾਮ ਸੇਵਾ ਮਿਲੀ। ਜਦ ਮੈਂ ਪ੍ਰਿੰਸੀਪਲ ਬਣਿਆ ਤਾਂ ਕਾਲਜ ਦੀਆਂ ਇਮਾਰਤਾਂ ਅਧੂਰੀਆਂ ਸਨ। ਇੱਕ ਬੰਨੇ ਇਮਾਰਤਾਂ ਉਸਾਰਨ ਦਾ ਕੰਮ ਸੀ, ਦੂਜੇ ਬੰਨੇ ਹੋਰ ਕੋਰਸਾਂ ਤੇ ਜਮਾਤਾਂ ਦੀ ਐਫਿਲੀਏਸ਼ਨ ਲੈਣ ਦਾ ਚੱਕਰ ਸੀ ਤੇ ਤੀਜੇ ਪਾਸੇ ਕਾਲਜ ਨੂੰ ਵਾਇਬਲ ਬਣਾਉਣ ਦਾ ਕਾਰਜ ਸੀ। ਇਹਦੇ ਵਿੱਚ ਡਾ.ਅਮਰਜੀਤ ਸਿੰਘ ਦੀਆਂ ਸੇਵਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਕਾਲਜ ਦਾ ਉਸਰੱਈਆ ਕਿਹਾ ਜਾ ਸਕਦੈ।

ਅਮਰਦੀਪ ਸ.ਗੁਰਚਰਨ ਸਿੰਘ ਸ਼ੇਰਗਿੱਲ ਤੇ ਬੀਬੀ ਸੁਰਿੰਦਰ ਕੌਰ ਦਾ ਇਕਲੌਤਾ ਪੁੱਤਰ ਸੀ। ਜਦੋਂ ਉਹ ਸਕੂਲ ਦੀ ਪੜ੍ਹਾਈ ਮੁਕਾ ਕੇ ਲੰਡਨ ਸਕੂਲ ਆਫ ਇਕਨਾਮਿਕਸ ਦਾ ਵਿਦਿਆਰਥੀ ਬਣਿਆ ਤਾਂ ਦੋ ਮਹੀਨਿਆਂ ਬਾਅਦ ਹੀ ਮੈਨਾਜਾਈਟਿਸ ਨਾਂ ਦੀ ਨਾਮੁਰਾਦ ਬਿਮਾਰੀ ਨਾਲ ਉਸ ਦੀ ਮ੍ਰਿਤੂ ਹੋ ਗਈ। ਸ਼ੇਰਗਿੱਲ ਪਰਿਵਾਰ ਉਤੇ ਇਹ ਕਹਿਰ ਟੁੱਟ ਪੈਣ ਵਾਲਾ ਭਾਣਾ ਵਰਤ ਗਿਆ ਸੀ। ਪ੍ਰਮਾਤਮਾ ਨੇ ਭਾਣਾ ਮੰਨਣ ਦਾ ਬਲ ਬਖਸ਼ਿਆ ਤੇ ਉਨ੍ਹਾਂ ਨੇ ਅਮਰਦੀਪ ਦੀ ਯਾਦ ਵਿੱਚ ਆਪਣੇ ਜੱਦੀ ਪਿੰਡ `ਚ ਕਾਲਜ ਬਣਾਉਣ ਦਾ ਬੀੜਾ ਚੁੱਕ ਲਿਆ। ਸਰਪੰਚ ਸਾਧੂ ਸਿੰਘ ਤੇ ਉਨ੍ਹਾਂ ਦੇ ਵੱਡੇ ਭਾਈ ਸ.ਜਗਤ ਸਿੰਘ ਸ਼ੇਰਗਿੱਲ ਨੇ ਵੀਹ ਖੇਤ ਕਾਲਜ ਲਈ ਛੱਡ ਦਿਤੇ। ਇੰਗਲੈਂਡ ਤੇ ਕੈਨੇਡਾ `ਚ ਵੱਸਦੇ ਸੱਜਣਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਪੰਜ ਹਜ਼ਾਰ ਪੌਂਡ ਜਾਂ ਉਸ ਤੋਂ ਵੱਧ ਦਾਨ ਦੇਣ ਵਾਲੇ ਜੀਵਨ ਮੈਂਬਰਾਂ ਦੀ ਗਿਣਤੀ ਸੌ ਤੋਂ ਟੱਪ ਗਈ। ਉਨ੍ਹਾਂ ਬਾਰੇ ਇੱਕ ਕਿਤਾਬ ਲਿਖੀ ਗਈ ਹੈ-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਦਾਨਵੀਰ।

ਮੈਂ ਜਦੋਂ ਢੁੱਡੀਕੇ ਕਾਲਜ ਛੱਡ ਕੇ ਮੁਕੰਦਪੁਰ ਕਾਲਜ ਵਿੱਚ ਜਾਣਾ ਸੀ ਤਾਂ ਮੈਨੂੰ ਬੜੀ ਜਜ਼ਬਾਤੀ ਵਿਦਾਇਗੀ ਦਿੱਤੀ ਗਈ ਸੀ। ਇਹ ਮੇਰੇ ਜੀਵਨ ਦੀ ਅਭੁੱਲ ਯਾਦ ਹੈ। ਜਿਸ ਕਾਲਜ ਵਿੱਚ ਮੈਂ ਸਵਾ ਉਣੱਤੀ ਸਾਲ ਪੜ੍ਹਾਇਆ ਸੀ ਉਸ ਨੂੰ ਸਮੇਂ ਤੋਂ ਪਹਿਲਾਂ ਛੱਡ ਕੇ ਜਾ ਰਿਹਾ ਸਾਂ। ਢੁੱਡੀਕੇ ਪੜ੍ਹਾਉਂਦਿਆਂ ਮੇਰਾ ਵਿਆਹ ਹੋਇਆ ਸੀ, ਬੱਚੇ ਜੰਮੇ, ਪਲੇ ਤੇ ਪੜ੍ਹੇ ਸਨ ਤੇ ਉਡਾਰ ਹੋ ਕੇ ਸਰਵਿਸ ਕਰਨ ਲੱਗ ਪਏ ਸਨ। ਮੇਰੀ ਸਾਰੀ ਉਮਰ ਦਾ ਅੱਧਾ ਸਮਾਂ ਬੀਤ ਗਿਆ ਸੀ ਢੁੱਡੀਕੇ। ਬੜਾ ਗੂੜ੍ਹਾ ਰਿਸ਼ਤਾ ਸੀ ਢੁੱਡੀਕੇ ਨਾਲ। ਪਰ ਹੁਣ ਮੇਰਾ ਅਗਲਾ ਮੁਕਾਮ ਮਾਲਵੇ ਦੀ ਥਾਂ ਦੁਆਬੇ ਦਾ ਪਿੰਡ ਸੀ। ਪਤਾ ਨਹੀਂ ਸੀ ਮੈਂ ਉਸ ਪਿੰਡ ਨੂੰ ਭਾਵਾਂ ਜਾਂ ਨਾ ਭਾਵਾਂ। ਕੀ ਮੇਰਾ ਮਾਣ ਤਾਣ ਉਥੇ ਵੀ ਢੁੱਡੀਕੇ ਵਰਗਾ ਬਣਿਆ ਰਹੇਗਾ ਜਾਂ ਮੈਂ ਅਜਨਬੀ ਬਣ ਜਾਵਾਂਗਾ? ਢੁੱਡੀਕੇ ਮੈਂ ਜ਼ਿੰਦਾਬਾਦ ਹੀ ਸੁਣੀ ਸੀ। ਕਦੇ ਮੁਰਦਾਬਾਦ ਦਾ ਨਾਹਰਾ ਮੇਰੇ ਖ਼ਿਲਾਫ਼ ਨਹੀਂ ਸੀ ਲੱਗਾ। ਕਿਤੇ ਪ੍ਰਿੰਸੀਪਲ ਬਣ ਕੇ ਮੁਰਦਾਬਾਦ ਹੀ ਨਾ ਕਰਵਾਈ ਜਾਵਾਂ?

ਜਦੋਂ ਕਾਲਜ ਦੇ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਤੋਂ ਲੈ ਕੇ ਜਸਵੰਤ ਸਿੰਘ ਕੰਵਲ ਤਕ ਹਰ ਕੋਈ ਮੇਰੇ ਲਈ ਪਿਆਰ ਮੁਹੱਬਤ ਦੇ ਬੋਲ ਬੋਲ ਰਿਹਾ ਸੀ ਤਾਂ ਮੇਰੀਆਂ ਅੱਖਾਂ ਵਾਰ ਵਾਰ ਸਿੰਮ ਰਹੀਆਂ ਸਨ। ਮਨ ਭਰ ਭਰ ਆਉਂਦਾ ਸੀ। ਸਿਆਣੇ ਸੱਚ ਕਹਿੰਦੇ ਹਨ ਕਿ ਜਿਸ ਜਗ੍ਹਾ ਰਹੀਏ ਉਹ ਧਰਤੀ ਮੋਹ ਪਾ ਲੈਂਦੀ ਹੈ ਤੇ ਉਸ ਨੂੰ ਅਲਵਿਦਾ ਕਹਿਣ ਲੱਗਿਆਂ ਕਲੇਜੇ ਖੋਹ ਪੈਣ ਲੱਗਦੀ ਹੈ। ਮੈਂ ਛਲਕਦੀਆਂ ਅੱਖਾਂ ਤੇ ਭਰੇ ਮਨ ਨਾਲ ਹੀ ਅਲਵਿਦਾਈ ਦੇ ਕੁੱਝ ਬੋਲ ਸਾਂਝੇ ਕਰ ਸਕਿਆ ਸਾਂ। ਮੈਂ ਕਿਹਾ ਸੀ ਕਿ ਮੇਰਾ ਵਜੂਦ ਭਾਵੇਂ ਮੁਕੰਦਪੁਰ ਹੋਵੇਗਾ ਪਰ ਦਿਲ ਢੁੱਡੀਕੇ ਦੀਆਂ ਗਲੀਆਂ ਤੇ ਦਰਾਂ ਉਤੇ ਦਸਤਕ ਦਿੰਦਾ ਰਹੇਗਾ।

ਢੁੱਡੀਕੇ ਨਿਵਾਸੀਆਂ ਨੇ ਮੈਨੂੰ ਦਿਲਾਂ ਦਾ ਨਿੱਘ ਭਰ ਕੇ ਵਿਦਾ ਕੀਤਾ ਸੀ ਤੇ ਮੇਰੀ ਅਗਲੀ ਯਾਤਰਾ ਲਈ ਸ਼ੁਭ ਦੁਆਵਾਂ ਦਿੱਤੀਆਂ ਸਨ। ਉਨ੍ਹਾਂ ਸ਼ੁਭ ਦੁਆਵਾਂ ਸਦਕਾ ਹੀ ਮੇਰੀ ਅਗਲੀ ਯਾਤਰਾ ਸਫਲ ਹੋਈ ਤੇ ਮੈਂ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਸਹੀ ਨਿਭਾਉਣ ਦੇ ਯੋਗ ਹੋ ਸਕਿਆ।

ਜਿਵੇਂ ਮੈਂ ਪਟਿਆਲੇ ਨੂੰ ਚੱਲਿਆ ਮੁਕਤਸਰ ਉਤਰ ਗਿਆ ਸਾਂ ਤੇ ਅੰਮ੍ਰਿਤਸਰ ਦੀ ਬੱਸ ਲੰਘ ਜਾਣ ਕਾਰਨ ਦਿੱਲੀ ਚਲਾ ਗਿਆ ਸਾਂ ਉਵੇਂ ਢੁੱਡੀਕੇ ਕਾਲਜ ਦੀ ਥਾਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਜਾ ਬਣਿਆ। ਜਦੋਂ ਢੁੱਡੀਕੇ `ਚ ਕਾਲਜ ਖੁੱਲ੍ਹਣਾ ਸੀ ਤਾਂ ਪ੍ਰੋ.ਪ੍ਰੀਤਮ ਸਿੰਘ ਨੇ ਜਸਵੰਤ ਸਿੰਘ ਕੰਵਲ ਹੋਰਾਂ ਨੂੰ ਸਲਾਹ ਦਿੱਤੀ ਸੀ ਕਿ ਪਿੰਡਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿੱਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਕੰਵਲ ਨੇ ਮੈਨੂੰ ਦਿੱਲੀ ਦੀ ਪੋਸਟ ਤੋਂ ਪੱਟ ਕੇ ਢੁੱਡੀਕੇ ਲਿਆਂਦਾ ਸੀ। ਉਦੋਂ ਖੁੱਲ੍ਹ ਕੇ ਤਾਂ ਗੱਲ ਨਹੀਂ ਸੀ ਹੋਈ ਕਿ ਸਮਾਂ ਪਾ ਕੇ ਮੈਨੂੰ ਢੁੱਡੀਕੇ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਜਾਵੇਗਾ ਪਰ ਅੰਦਰਖਾਤੇ ਜ਼ਰੂਰ ਸੀ ਕਿ ਜਦੋਂ ਮੇਰਾ ਤਜਰਬਾ ਪ੍ਰਿੰਸੀਪਲ ਬਣਨ ਜੋਗਾ ਹੋ ਗਿਆ ਤਾਂ ਮੈਨੂੰ ਪਹਿਲ ਦਿੱਤੀ ਜਾਵੇਗੀ।

ਮੈਂ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਦਾ ਪ੍ਰਿੰਸੀਪਲ ਬਣ ਵੀ ਜਾਂਦਾ ਜੇਕਰ ਉਸ ਕਾਲਜ ਨੂੰ ਪੰਜਾਬ ਸਰਕਾਰ ਆਪਣੇ ਅਧਿਕਾਰ ਵਿੱਚ ਨਾ ਲੈਂਦੀ। ਦੋ ਸਾਲ ਮੈਂ ਦਿੱਲੀ ਵਿੱਚ ਪੜ੍ਹਾਇਆ ਸੀ ਤੇ ਅੱਠ ਸਾਲ ਢੁੱਡੀਕੇ ਪੜ੍ਹਾ ਕੇ ਮੇਰਾ ਤਜਰਬਾ ਦਸ ਸਾਲ ਦਾ ਹੋ ਜਾਣਾ ਸੀ ਜੋ ਪ੍ਰਿੰਸੀਪਲ ਲੱਗਣ ਲਈ ਘੱਟੋਘੱਟ ਯੋਗਤਾ ਸੀ। ਜਦੋਂ ਮੇਰਾ ਤਜਰਬਾ ਦਸ ਸਾਲ ਦਾ ਹੋਣ ਲੱਗਾ ਤਾਂ 1975 ਵਿੱਚ ਢੁੱਡੀਕੇ ਦਾ ਕਾਲਜ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ। ਸਾਡੇ ਸਟਾਫ ਨੂੰ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਦੀ ਸੂਚੀ ਵਿੱਚ ਸਭ ਤੋਂ ਪਿੱਛੇ ਲਾ ਦਿੱਤਾ ਗਿਆ। ਸਾਨੂੰ ਪਿਛਲੇ ਤਜਰਬੇ ਦਾ ਲਾਭ ਨਾ ਮਿਲਿਆ ਤੇ ਸਾਡੀ ਸੀਨੀਆਰਟੀ ਬਹੁਤ ਪਿੱਛੇ ਚਲੀ ਗਈ। ਇੰਜ ਢੁੱਡੀਕੇ ਕਾਲਜ ਦੇ ਕਿਸੇ ਵੀ ਲੈਕਚਰਾਰ ਦੀ ਕੋਈ ਸੰਭਾਵਨਾ ਨਾ ਰਹੀ ਕਿ ਉਹ ਸਰਕਾਰੀ ਕਾਲਜ ਦਾ ਪ੍ਰਿੰਸੀਪਲ ਬਣ ਸਕਦਾ।

ਕਾਲਜ ਦੇ ਸਰਕਾਰੀ ਬਣ ਜਾਣ ਨਾਲ ਵਧੇਰੇ ਲੈਕਚਰਾਰ ਬਦਲੀਆਂ ਕਰਵਾ ਕੇ ਸ਼ਹਿਰੀ ਕਾਲਜਾਂ ਵਿੱਚ ਚਲੇ ਗਏ ਤੇ ਅਸੀਂ ਨੇੜੇ ਦੇ ਪਿੰਡਾਂ ਵਾਲੇ ਹੀ ਪੇਂਡੂ ਕਾਲਜ ਜੋਗੇ ਰਹਿ ਗਏ। ਪੋਸਟਾਂ ਖਾਲੀ ਰਹਿਣ ਕਾਰਨ ਪੇਂਡੂ ਸਰਕਾਰੀ ਕਾਲਜ ਪੰਜਾਬ ਰੋਡਵੇਜ਼ ਦੀ ਪੁਰਾਣੀ ਬੱਸ ਵਰਗਾ ਬਣਦਾ ਗਿਆ ਜਿਸ ਬਾਰੇ ਕਿਸੇ ਅਮਲੀ ਨੇ ਕਿਹਾ ਸੀ-ਇਹ ਤਾਂ ਪਹੀਏ ਲੱਗੇ ਕਰਕੇ ਮਾੜੀ ਮੋਟੀ ਰਿੜ੍ਹੀ ਫਿਰਦੀ ਐ ਨਹੀਂ ਤਾਂ ਕਦੋਂ ਦੀ ਖਾਧੀ ਪੀਤੀ ਜਾਂਦੀ! ਮੈਂ ਢੁੱਡੀਕੇ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਤਾਂ ਆਮ ਹੀ ਬਣਦਾ ਰਿਹਾ ਪਰ ਪੂਰਾ ਪ੍ਰਿੰਸੀਪਲ ਬਣਨਾ ਵਿਚੇ ਰਹਿ ਗਿਆ।

1983 ਵਿੱਚ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਰੱਖਣ ਲਈ ਐਡ ਛਪੀ ਤਾਂ ਮੈਂ ਵੀ ਅਰਜ਼ੀ ਦੇ ਦਿੱਤੀ। ਉਹ ਕਾਲਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਉਸ ਕਾਲਜ ਦਾ ਪ੍ਰਿੰਸੀਪਲ ਬਣਨ ਲਈ ਮੇਰੇ `ਚ ਇੱਕ ਕਮੀ ਵੀ ਸੀ। ਮੈਂ ਆਪਣੀ ਦਾੜ੍ਹੀ ਮਾੜੀ ਮੋਟੀ ਠੱਪ ਲੈਂਦਾ ਸਾਂ ਜੋ ਮੈਂ ਅਰਜ਼ੀ ਦੇਣ ਸਾਰ ਹੀ ਠੱਪਣੀ ਬੰਦ ਕਰ ਦਿੱਤੀ। ਏਨੀ ਕੁ ਸਿਆਣਪ ਤਾਂ ਵਰਤਣੀ ਹੀ ਪੈਣੀ ਸੀ ਨਹੀਂ ਤਾਂ ਜਥੇਦਾਰਾਂ ਨੇ ਪਤਿਤ ਸਮਝ ਕੇ ਹੀ ਜਵਾਬ ਦੇ ਦੇਣਾ ਸੀ। ਉਂਜ ਮੈਂ ਦਾੜ੍ਹੀ ਸੁਆਰਦਾ ਇਸ ਤਰ੍ਹਾਂ ਸਾਂ ਕਿ ਸਰਸਰੀ ਵੇਖਣ ਵਾਲਿਆਂ ਨੂੰ ਘੱਟ ਹੀ ਪਤਾ ਲੱਗਣ ਦਿੰਦਾ ਸਾਂ। ਮੇਰੇ ਵਰਗੇ ਹੋਰ ਵੀ ਬਥੇਰੇ ਹਨ ਜਿਹੜੇ ਬੇਢੱਬੇ ਵਾਲ ਖਿੱਚ ਤਰਾਸ਼ ਕੇ ਸਾਬਤ ਸਰੂਪ ਦਿਸਦੇ ਰਹਿੰਦੇ ਹਨ। ਉਹ ਹੈਨ ਵੀ ਬੜੇ ਵੱਡੇ ਅਹੁਦਿਆਂ ਉਤੇ। ਮੇਰੀ ਦਾੜ੍ਹੀ `ਚ ਉਦੋਂ ਦੋ ਚਾਰ ਧੌਲੇ ਹੀ ਆਏ ਸਨ। ਮੈਂ ਉਹ ਵੀ ਨਾ ਪੁੱਟੇ ਹਾਲਾਂਕਿ ਉਸ ਉਮਰ ਵਿੱਚ ਪੁੱਟਣੇ ਬਣਦੇ ਸਨ। ਉਦੋਂ ਬਤਾਲੀ ਤਰਤਾਲੀ ਸਾਲਾਂ ਦੀ ਉਮਰ ਸੀ ਮੇਰੀ। ਕੜਾ ਮੈਂ ਪਾ ਲੈਂਦਾ ਸਾਂ ਤੇ ਲਿਖਣ ਵੇਲੇ ਲਾਹ ਵੀ ਲੈਂਦਾ ਸਾਂ। ਐਵੇਂ ਮੇਜ਼ `ਤੇ ਖੜਕਦਾ ਜੁ ਰਹਿੰਦਾ ਸੀ। ਉੱਦਣ ਤੋਂ ਮੈਂ ਉਹ ਵੀ ਪੱਕੇ ਤੌਰ `ਤੇ ਪਾਈ ਰੱਖਿਆ। ਆਖਿਆ ਅੜਿੱਕਾ ਬਣਦਾ ਤਾਂ ਬਣੀ ਜਾਵੇ ਪਰ ਇਹ ਸਿੱਖ ਹੋਣ ਦੀ ਪੱਕੀ ਨਿਸ਼ਾਨੀ ਹੈ। ਅਗਲਿਆਂ ਦੀ ਨਜ਼ਰ ਸਿੱਧੀ ਬਾਂਹ `ਤੇ ਪੈਣੀ ਐਂ।

ਇੰਟਰਵਿਊ ਵਾਲੇ ਦਿਨ ਅੱਠ ਦਸ ਉਮੀਦਵਾਰ ਮੋਗੇ ਪੁੱਜੇ। ਦੋਂਹ ਦੇ ਤਾਂ ਗਾਤਰੇ ਵੀ ਪਾਏ ਹੋਏ ਸਨ। ਉਂਜ ਕੀ ਪਤਾ ਵਿਚੋਂ ਉਹ ਵੀ ਮੇਰੇ ਵਰਗੇ ਈ ਹੋਣ? ਗਾਤਰੇ ਕੁੱਝ ਦਿਨ ਪਹਿਲਾਂ ਵਿਖਾਵੇ ਲਈ ਹੀ ਪਾਏ ਹੋਣ! ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਇਆ ਇੱਕ ਸਿੰਘ ਆਪਣੇ ਆਪ ਨੂੰ ਸੰਤ ਭਿੰਡਰਾਂਵਾਲੇ ਦਾ ਬੰਦਾ ਦੱਸ ਰਿਹਾ ਸੀ। ਮੈਂ ਸੋਚਣ ਲੱਗਾ ਜਿਥੇ ਭਿੰਡਰਾਂਵਾਲੇ ਦੇ ਬੰਦੇ ਪਹੁੰਚ ਜਾਣ ਉਥੇ ਹੋਰ ਕਿਸੇ ਦਾ ਕੀ ਬਣਨੈਂ? ਫਿਰ ਵੀ ਇੰਟਰਵਿਊ ਤਾਂ ਹੋਣੀ ਹੀ ਸੀ। ਇੰਟਰਵਿਊ ਬੋਰਡ ਵਿੱਚ ਗਿਆਨੀ ਲਾਲ ਸਿੰਘ, ਡਾ.ਗੁਰਬਚਨ ਸਿੰਘ ਤਾਲਿਬ, ਮੁਬਾਰਕ ਸਿੰਘ, ਡਾ.ਮਨਮੋਹਨ ਸਿੰਘ, ਪ੍ਰਿੰ.ਬਲਜੀਤ ਸਿੰਘ ਗਰੇਵਾਲ ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਬੈਠੇ ਸਨ। ਉਨ੍ਹਾਂ ਨੇ ਤਿੰਨ ਉਮੀਦਵਾਰਾਂ ਦੀ ਚੋਣ ਕੀਤੀ। ਪਹਿਲੇ ਨੰਬਰ `ਤੇ ਡਾ.ਗੁਰਦੇਵ ਸਿੰਘ ਦਿਓਲ ਨੂੰ ਰੱਖਿਆ, ਦੂਜੇ `ਤੇ ਮੈਨੂੰ ਤੇ ਤੀਜੇ ਉਤੇ ਡਾ.ਧਾਲੀਵਾਲ ਨੂੰ।

ਡਾ.ਗੁਰਦੇਵ ਸਿੰਘ ਪਹਿਲਾਂ ਹੀ ਕਿਸੇ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਸੀ। ਉਸ ਨੇ ਕਮੇਟੀ ਦੀਆਂ ਸ਼ਰਤਾਂ ਉਤੇ ਪ੍ਰਿੰਸੀਪਲ ਲੱਗਣ ਤੋਂ ਇਨਕਾਰ ਕਰ ਦਿੱਤਾ। ਫਿਰ ਮੈਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਕਿ ਇੱਕ ਮਹੀਨੇ ਵਿੱਚ ਪ੍ਰਿੰਸੀਪਲ ਦੀ ਪਦਵੀ ਸੰਭਾਲ ਲਵਾਂ। ਮੈਂ ਚਾਹੁੰਦਾ ਸਾਂ ਕਿ ਸਰਕਾਰੀ ਨੌਕਰੀ `ਚੋਂ ਡੈਪੂਟੇਸ਼ਨ ਉਤੇ ਪ੍ਰਾਈਵੇਟ ਨੌਕਰੀ ਵਿੱਚ ਜਾਵਾਂ ਜਿਸ ਦੀ ਮੈਨੂੰ ਮਹਿਕਮੇ ਨੇ ਆਗਿਆ ਨਾ ਦਿੱਤੀ। ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਹੀ ਮੈਂ ਗੁਰੂ ਨਾਨਕ ਕਾਲਜ ਮੋਗੇ ਦਾ ਪ੍ਰਿੰਸੀਪਲ ਬਣ ਸਕਦਾ ਸਾਂ ਜਿਹੜਾ ਕਿ ਬੜਾ ਰਿਸਕੀ ਕਦਮ ਸੀ। ਕੀ ਪਤਾ ਸ਼੍ਰੋਮਣੀ ਕਮੇਟੀ ਵਾਲੇ ਮੇਰੇ ਖਾਣ ਪੀਣ ਤੇ ਸਾਬਤ ਸਰੂਪ ਨਾ ਰਹਿਣ ਵਾਲੇ ਪਿਛੋਕੜ ਨੂੰ ਲੈ ਕੇ ਕਦੋਂ ਮੈਨੂੰ ਨੌਕਰੀ `ਚੋਂ ਕੱਢ ਦੇਣ? ਪ੍ਰਿੰਸੀਪਲਾਂ ਦੇ ਪ੍ਰੋਫੈਸਰਾਂ ਨਾਲ ਪੇਚੇ ਪੈਂਦੇ ਹੀ ਰਹਿੰਦੇ ਹਨ। ਕੋਈ ਬੁਰੀ `ਤੇ ਆਇਆ ਪ੍ਰੋਫੈਸਰ ਕਮੇਟੀ ਨੂੰ ਕਹਿ ਸਕਦਾ ਸੀ-ਇਹਦੀਆਂ ਲਿਖਤਾਂ ਪੜ੍ਹ ਲਓ। ਖਾਣ ਪੀਣ ਬਾਰੇ ਸਾਫ ਲਿਖਿਐ। ਇਹ ਕਿਧਰਲਾ ਗੁਰੂ ਦਾ ਸਿੱਖ ਐ!

ਦਿੱਲੀ ਮੈਨੂੰ ਕੰਵਲ ਨੇ ਛੁਡਾਈ ਸੀ ਤੇ ਢੁੱਡੀਕੇ ਕਾਲਜ ਸਰਕਾਰ ਨੇ ਸਾਂਭ ਲਿਆ ਸੀ। ਸਰਕਾਰੀ ਨੌਕਰੀ ਅਜੇ ਅੱਠ ਸਾਲ ਦੀ ਹੋਈ ਸੀ। ਛੱਡ ਦਿੰਦਾ ਤਾਂ ਉਹਦਾ ਵੀ ਕੁਛ ਨਹੀਂ ਸੀ ਮਿਲਣਾ। ਮੈਨੂੰ ਮੇਰੇ ਸਾਥੀਆਂ ਨੇ ਸਮਝਾਇਆ ਕਿ ਇਸ ਹਾਲਤ ਵਿੱਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣਾ ਆਪਣੇ ਪੈਰੀਂ ਆਪ ਕੁਹਾੜਾ ਮਾਰਨੈਂ। ਉਨ੍ਹਾਂ ਨੂੰ ਆਪਣੀ ਮਹਿਫ਼ਲ ਦਾ ਇੱਕ ਬੰਦਾ ਖੁੱਸ ਜਾਣ ਦਾ ਝੋਰਾ ਸੀ। ਮੇਰੀ ਪਤਨੀ ਵੀ ਪੂਰਾ ਹੁੰਘਾਰਾ ਨਹੀਂ ਸੀ ਭਰ ਰਹੀ ਕਿ ਮੈਂ ਮੋਗੇ ਜਾਂਦਾ ਰਹਾਂ। ਉਹ ਢੁੱਡੀਕੇ ਦੇ ਸੀਨੀਅਰ ਸੈਕੰਡਰੀ ਸਕੂਲ `ਚ ਪੜ੍ਹਾਉਂਦੀ ਸੀ ਤੇ ਬੱਚੇ ਵੀ ਢੁੱਡੀਕੇ ਪੜ੍ਹੀ ਜਾਂਦੇ ਸਨ। ਇਹ ਸਮਝ ਲਓ ਕਿ ਢੁੱਡੀਕੇ ਕਿਤੇ ਵੱਧ ਮੌਜਾਂ ਸਨ। ਮੈਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਲਿਖ ਕੇ ਦੇ ਦਿੱਤਾ ਕਿ ਨਿੱਜੀ ਕਾਰਨਾਂ ਕਰਕੇ ਮੈਂ ਗੁਰੂ ਨਾਨਕ ਕਾਲਜ ਮੋਗੇ ਦੇ ਪ੍ਰਿੰਸੀਪਲ ਦੀ ਪਦਵੀ ਨਹੀਂ ਸੰਭਾਲ ਸਕਦਾ। ਡਾ.ਦਿਓਲ ਤੇ ਮੇਰੇ ਇਨਕਾਰ ਪਿੱਛੋਂ ਨਿਯੁਕਤੀ ਪੱਤਰ ਡਾ.ਧਾਲੀਵਾਲ ਨੂੰ ਦੇ ਦਿੱਤਾ ਗਿਆ ਜਿਸ ਨੂੰ ਦਹਿਸ਼ਤ ਦੇ ਦੌਰ `ਚ ਪੁਲਿਸ ਨੇ ਫੜ ਲਿਆ ਤੇ ਉਹ ਅਕਾਲ ਚਲਾਣਾ ਕਰ ਗਿਆ।

ਫਿਰ ਮੈਂ ਮਨ ਬਣਾਇਆ ਕਿ ਜਦੋਂ ਮੇਰੀ ਨੌਕਰੀ ਸਰਕਾਰੀ ਪੈਨਸ਼ਨ ਜੋਗੀ ਹੋ ਜਾਵੇਗੀ ਤਦ ਹੀ ਕਿਸੇ ਕਾਲਜ ਦੀ ਪ੍ਰਿੰਸੀਪਲੀ ਲਈ ਕੋਸ਼ਿਸ਼ ਕਰਾਂਗਾ। ਮੈਂ ਉਣੱਤੀ ਸਾਲ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਂਦਾ ਤੇ ਪ੍ਰਿੰਸੀਪਲਾਂ ਦੀ ਗ਼ੈਰਹਾਜ਼ਰੀ ਵਿੱਚ ਆਫੀਸ਼ੀਏਟਿੰਗ ਪ੍ਰਿੰਸੀਪਲ ਦੀ ਡਿਊਟੀ ਨਿਭਾਉਂਦਾ ਰਿਹਾ। ਇਹ ਡਿਊਟੀ ਮੈਨੂੰ ਵਾਰ ਵਾਰ ਨਿਭਾਉਣੀ ਪੈਂਦੀ ਕਿਉਂਕਿ ਢੁੱਡੀਕੇ ਕਾਲਜ ਵਿੱਚ ਵਧੇਰੇ ਕਰ ਕੇ ਰਿਟਾਇਰਮੈਂਟ ਦੇ ਨੇੜੇ ਢੁੱਕੇ, ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲ ਹੀ ਨਿਯੁਕਤ ਹੁੰਦੇ ਤੇ ਹਾਜ਼ਰੀ ਭਰ ਕੇ ਰਿਟਾਇਰ ਹੋਣ ਲਈ ਹੀ ਆਉਂਦੇ ਸਨ। ਪ੍ਰਿੰਸੀਪਲ ਦੇ ਦਫਤਰ ਵਿੱਚ ਬੋਰਡ ਉਤੇ ਅਜਿਹੇ ਕਈ ਪ੍ਰਿੰਸੀਪਲਾਂ ਦਾ ਨਾਂ ਦਰਜ ਹੈ ਜੋ ਇੱਕ ਮਹੀਨੇ ਤੋਂ ਛੇ ਮਹੀਨੇ ਤਕ ਹੀ ਪ੍ਰਿੰਸੀਪਲ ਰਹੇ ਤੇ ਇਹਦੇ ਵਿਚੋਂ ਵੀ ਉਹ ਹਫ਼ਤਾ ਦੋ ਹਫ਼ਤੇ ਹੀ ਕਾਲਜ ਵਿੱਚ ਆਏ।

ਮੇਰਾ ਪ੍ਰਭਾਵ ਆਮ ਕਰ ਕੇ ਸਾਊ ਬੰਦੇ ਦਾ ਹੈ। ਪਰ ਮੈਂ ਏਨਾ ਸਾਊ ਵੀ ਨਹੀਂ ਜਿੰਨਾ ਬਾਹਰੋਂ ਦਿਸਦਾ ਹਾਂ। ਇੱਕ ਪ੍ਰਿੰਸੀਪਲ ਨਾਲ ਤਾਂ ਮੇਰਾ ਪੰਗਾ ਵੀ ਪੈ ਗਿਆ ਸੀ। ਉਸ ਦਾ ਤਜਰਬਾ ਕੇਵਲ ਅੱਠ ਸਾਲ ਦਾ ਸੀ ਪਰ ਰਾਖਵੇਂ ਕੋਟੇ ਕਾਰਨ ਉਹ ਪ੍ਰਿੰਸੀਪਲ ਪ੍ਰਮੋਟ ਹੋ ਗਿਆ ਸੀ। ਤਜਰਬੇ, ਉਮਰ ਤੇ ਪੜ੍ਹਾਈ ਕਰਕੇ ਮੈਂ ਉਸ ਤੋਂ ਸੀਨੀਅਰ ਸਾਂ ਪਰ ਉਹ ‘ਬੌਸ’ ਬਣ ਕੇ ਵਿਖਾਉਂਦਾ ਸੀ। ਮੈਨੂੰ ਉਹ ‘ਊਈਂ’ ਸਮਝਦਾ ਸੀ। ਕਹਿੰਦਾ ਸੀ ਬੌਸ ਬੌਸ ਈ ਹੁੰਦੈ। ਉਹ ਢੁੱਡੀਕੇ ਘੱਟ ਆਉਂਦਾ ਸੀ ਤੇ ਜਲੰਧਰ ਵੱਧ ਰਹਿੰਦਾ ਸੀ। ਜਲੰਧਰ ਜਾਣ ਲੱਗਾ ਮੈਨੂੰ ਜ਼ਬਾਨੀ ਹੀ ਆਖ ਦਿੰਦਾ ਸੀ ਕਿ ਕਾਲਜ ਸੰਭਾਲਣਾ। ਇੱਕ ਦਿਨ ਮੈਂ ਕਹਿ ਦਿੱਤਾ ਕਿ ਲਿਖ ਕੇ ਦੇ ਜਾਇਆ ਕਰੋ ਤਾਂ ਕਿ ਮੈਂ ਤੁਹਾਡੀ ਗ਼ੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਕਾਲਜ ਸੰਭਾਲ ਸਕਾਂ। ਉਹ ਕਹਿਣ ਲੱਗਾ, “ਸਰਕਾਰੀ ਕਾਲਜਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।” ਮੈਂ ਕਿਹਾ, “ਸਰਕਾਰੀ ਕਾਲਜਾਂ ਵਿੱਚ ਇਸ ਤਰ੍ਹਾਂ ਹੀ ਹੁੰਦੈ। ਪ੍ਰਾਈਵੇਟ ਕਾਲਜਾਂ ਵਿੱਚ ਭਾਵੇਂ ਕੋਈ ਕਰੇ ਭਾਵੇਂ ਨਾ ਕਰੇ।” ਉਹਨੂੰ ਆਪਣੀ ਫਰਲੋ ਖ਼ਤਰੇ ਵਿੱਚ ਪੈਂਦੀ ਜਾਪੀ। ਲਿਖ ਕੇ ਦੇਣ ਨਾਲ ਤਾਂ ਉਹਦੀਆਂ ਛੁੱਟੀਆਂ ਬਹਿੰਦੇ ਮੁੱਕ ਜਾਣੀਆਂ ਸਨ।

ਕਾਲਜ ਦਾ ਦਰਦ ਰੱਖਣ ਵਾਲੇ ਟੀਚਿੰਗ ਸਟਾਫ ਨੂੰ ਇਸ ਗੱਲ ਦਾ ਵੀ ਗ਼ਿਲਾ ਸੀ ਕਿ ਉਹ ਫਰਲੋ ਮਾਰਨ ਦੇ ਨਾਲ ਕਾਲਜ ਦੇ ਸੇਵਾਦਾਰ ਵੀ ਜਲੰਧਰ ਆਪਣੀ ਕੋਠੀ ਦਾ ਕੰਮ ਕਰਾਉਣ ਲੈ ਜਾਂਦਾ ਸੀ। ਦੋ ਕੁ ਵਾਰ ਹੀ ਉਸ ਨੇ ਮੈਨੂੰ ਲਿਖ ਕੇ ਦਿੱਤਾ ਕਿ ਮੈਂ ਆਊਟ ਆਫ਼ ਸਟੇਸ਼ਨ ਚੱਲਿਆਂ ਤੇ ਮੈਂ ਉਹਦੀ ਥਾਂ ਆਫੀਸ਼ੀਏਟ ਕਰਾਂ। ਫਿਰ ਉਸ ਨੇ ਆਪਣੇ ਵਰਗਾ ਹੀ ਇੱਕ ਜੂਨੀਅਨ ਲੈਕਚਰਾਰ ਲੱਭ ਲਿਆ ਤੇ ਆਪਣੀ ਗ਼ੈਰ ਹਾਜ਼ਰੀ ਵਿੱਚ ਉਸ ਨੂੰ ਕੁਰਸੀ ਉਤੇ ਬਿਠਾਉਣ ਲੱਗ ਪਿਆ। ਗੱਲ ਵਧਦੀ ਵਧਦੀ ਵਧ ਗਈ। ਪ੍ਰਿੰਸੀਪਲ ਨੇ ਡੀ.ਪੀ.ਆਈ.ਕਾਲਜਾਂ ਨੂੰ ਲਿਖ ਕੇ ਭੇਜ ਦਿੱਤਾ ਕਿ ਸਰਵਣ ਸਿੰਘ, ਦਰਸ਼ਨ ਸਿੰਘ ਗਿੱਲ ਤੇ ਦਰਸ਼ਨ ਸਿੰਘ ਧਾਲੀਵਾਲ ਨੂੰ ਢੁੱਡੀਕੇ ਕਾਲਜ `ਚੋਂ ਤੁਰਤ ਬਦਲ ਦਿੱਤਾ ਜਾਵੇ ਕਿਉਂਕਿ ਇਹ ਮੇਰੀ ਐਡਮਿਨਿਸਟ੍ਰੇਸ਼ਨ ਵਿੱਚ ਅੜਿੱਕਾ ਡਾਹੁੰਦੇ ਹਨ। ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਕੋਲ ਇਹੋ ਵੱਡਾ ਹਥਿਆਰ ਹੁੰਦੈ ਕਿ ਉਹ ਆਪਣੇ ਕਾਲਜਾਂ `ਚੋਂ ਅਣਭਾਉਂਦੇ ਲੈਕਚਰਾਰਾਂ ਦੀਆਂ ਬਦਲੀਆਂ ਕਰਵਾ ਦੇਣ।

ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਵਫ਼ਦ ਡੀ.ਪੀ.ਆਈ.ਨੂੰ ਜਾ ਮਿਲਿਆ। ਉਸ ਸਮੇਂ ਪ੍ਰੋ.ਗੁਰਸੇਵਕ ਸਿੰਘ ਡੀ.ਪੀ.ਆਈ.ਸਨ ਜੋ ਖੇਡਾਂ ਨਾਲ ਜੁੜੇ ਤੇ ਹਾਕੀ ਦੀ ਖੇਡ ਦੇ ਇੰਟਰਨੈਸ਼ਨਲ ਅੰਪਾਇਰ ਸਨ। ਮੈਂ ਖੇਡ ਲੇਖਕ ਹੋਣ ਕਾਰਨ ਉਨ੍ਹਾਂ ਨਾਲ ਵਾਕਫ਼ੀ ਕੱਢੀ ਤੇ ਕਾਲਜ ਦੀ ਅਸਲੀ ਹਕੀਕਤ ਦੱਸੀ। ਉਨ੍ਹਾਂ ਨੇ ਜਾਇੰਟ ਡਾਇਰੈਕਟਰ ਪ੍ਰਸਾਸ਼ਨ ਨੂੰ ਪੁੱਛ ਪੜਤਾਲ ਕਰਨ ਲਈ ਢੁੱਡੀਕੇ ਕਾਲਜ ਭੇਜ ਦਿੱਤਾ। ਉਸ ਦੀ ਰਿਪੋਰਟ ਉਤੇ ਪਹਿਲਾਂ ਪ੍ਰਿੰਸੀਪਲ ਨੂੰ ਬਦਲਿਆ ਗਿਆ। ਫਿਰ ਦਰਸ਼ਨ ਗਿੱਲ ਤੇ ਦਰਸ਼ਨ ਧਾਲੀਵਾਲ ਨੂੰ ਬਦਲ ਕੇ ਸਾਡੀ ਤਿੱਖੜੀ ਖਿੰਡਾ ਦਿੱਤੀ। ਮੈਨੂੰ ਪ੍ਰੋ.ਗੁਰਸੇਵਕ ਸਿੰਘ ਨੇ ਕਿਹਾ, “ਤੂੰ ਖੇਡ ਲੇਖਕ ਐਂ। ਤੇਰੀ ਜਗ੍ਹਾ ਮਹਿੰਦਰਾ ਕਾਲਜ ਪਟਿਆਲੇ ਜਾਂ ਸਪੋਰਟਸ ਕਾਲਜ ਜਲੰਧਰ ਐ। ਦੱਸ ਕਿਥੇ ਜਾਣੈ?” ਮੈਂ ਆਖਿਆ, “ਪਿੰਡ ਦੀ ਥਾਂ ਸ਼ਹਿਰੀ ਸਟੇਸ਼ਨ ਦੇਣ ਲਈ ਤੁਹਾਡੀ ਮਿਹਰਬਾਨੀ। ਪਰ ਮੈਂ ਤਾਂ ਦਿੱਲੀ ਛੱਡ ਕੇ ਢੁੱਡੀਕੇ ਆਇਆਂ ਸਾਂ। ਢੁੱਡੀਕੇ ਈ ਟਿਕਿਆ ਰਹਿਣ ਦਿਓ ਤਾਂ ਵਧੇਰੇ ਧੰਨਵਾਦੀ ਹੋਵਾਂਗਾ। ਨਾਲੇ ਸਾਡਾ ਕਪਲ ਕੇਸ ਐ। ਮੇਰੀ ਪਤਨੀ ਵੀ ਸਰਕਾਰੀ ਨੌਕਰੀ ਵਿੱਚ ਢੁੱਡੀਕੇ ਈ ਪੜ੍ਹਾਉਂਦੀ ਐ।” ਤੇ ਉਨ੍ਹਾਂ ਨੇ ਮੇਰੀ ਬਦਲੀ ਕਰਨ ਦੀ ਥਾਂ ਮੈਨੂੰ ਢੁੱਡੀਕੇ ਈ ਟਿਕਿਆ ਰਹਿਣ ਦਿੱਤਾ।

ਜਦੋਂ ਢੁੱਡੀਕੇ ਕਾਲਜ ਸਥਾਨਕ ਕਮੇਟੀ ਦੇ ਪ੍ਰਬੰਧ ਵਿੱਚ ਸੀ ਤਾਂ ਬਹੁਤ ਵਧੀਆ ਚੱਲ ਰਿਹਾ ਸੀ। ਇਸ ਨੇ ਖੇਡਾਂ, ਪੜ੍ਹਾਈ ਤੇ ਸਭਿਆਚਾਰਕ ਸਰਗਰਮੀਆਂ ਵਿੱਚ ਚੰਗੀ ਭੱਲ ਖੱਟ ਲਈ ਸੀ। ਕਮੇਟੀ ਨੂੰ ਕਾਲਜ ਚਲਾਉਣ ਲਈ ਸਿਰਫ ਪੈਸੇ ਦੀ ਹੀ ਥੁੜ ਸੀ ਜਿਸ ਕਰਕੇ ਕਾਲਜ ਪੰਜਾਬ ਸਰਕਾਰ ਨੂੰ ਸੌਂਪਣਾ ਪਿਆ ਸੀ। ਉਦੋਂ ਪਚੰਨਵੇਂ ਫੀਸਦੀ ਸਰਕਾਰੀ ਗਰਾਂਟ ਨਹੀਂ ਸੀ ਮਿਲਣ ਲੱਗੀ। ਜੇ ਮਿਲਦੀ ਹੁੰਦੀ ਤਾਂ ਢੁੱਡੀਕੇ ਦਾ ਇਲਾਕਾ ਆਪਣੇ ਹੱਥੀਂ ਉਸਾਰਿਆ ਕਾਲਜ ਸ਼ਾਇਦ ਸਰਕਾਰ ਦੇ ਹਵਾਲੇ ਨਾ ਕਰਦਾ। ਮੈਂ ਵੀ ਫਿਰ ਢੁੱਡੀਕੇ ਕਾਲਜ ਤੋਂ ਹੀ ਰਿਟਾਇਰ ਹੁੰਦਾ ਤੇ ਮੇਰਾ ਅੰਨ ਜਲ ਦੁਆਬੇ ਦੇ ਪਿੰਡ ਮੁਕੰਦਪੁਰ ਦਾ ਨਾ ਬਣਦਾ।

1994 ਵਿੱਚ ਸ.ਗੁਰਚਰਨ ਸਿੰਘ ਸ਼ੇਰਗਿੱਲ ਦੇ ਸਪੁੱਤਰ ਅਮਰਦੀਪ ਦੀ ਯਾਦ ਵਿੱਚ ਮੁਕੰਦਪੁਰ ਵਿਖੇ ਕਾਲਜ ਖੋਲ੍ਹਿਆ ਗਿਆ। ਪ੍ਰਸਿੱਧ ਅਰਥਸ਼ਾਸਤ੍ਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ.ਸਰਦਾਰਾ ਸਿੰਘ ਜੌਹਲ ਉਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਨ। ਅਕਾਦਮਿਕ ਹਲਕਿਆ ਵਿੱਚ ਉਸ ਕਾਲਜ ਨੂੰ ਡਾ.ਜੌਹਲ ਦਾ ਕਾਲਜ ਹੀ ਕਿਹਾ ਜਾਂਦਾ ਸੀ। ਉਸ ਦਾ ਪਹਿਲਾ ਪ੍ਰਿੰਸੀਪਲ ਡਾ.ਨਰਿੰਦਰ ਸਿੰਘ ਭੁੱਲਰ ਨੂੰ ਬਣਾਇਆ ਗਿਆ ਸੀ। ਡਾ.ਭੁੱਲਰ ਲਾਇਲਪੁਰ ਖਾਲਸਾ ਕਾਲਜ ਜਲੰਧਰ `ਚੋਂ ਛੁੱਟੀ ਲੈ ਕੇ ਮੁਕੰਦਪੁਰ ਆਇਆ ਸੀ। ਉਸ ਨੇ ਬੜੀ ਮਿਹਤਨ ਨਾਲ ਕਾਲਜ ਦਾ ਮੁੱਢ ਬੰਨ੍ਹਿਆ ਪਰ ਦੋ ਸਾਲਾਂ ਵਿੱਚ ਵਿਦਿਆਰਥੀ ਸਾਢੇ ਚਾਰ ਸੌ ਤੋਂ ਘਟ ਕੇ ਸਵਾ ਤਿੰਨ ਸੌ ਰਹਿ ਗਏ। ਉਸ ਦਾ ਦਿਲ ਟੁੱਟ ਗਿਆ। ਡਾ.ਭੁੱਲਰ ਨੂੰ ਉਂਜ ਵੀ ਦਿਲ ਦਾ ਰੋਗ ਸੀ। ਉਹ ਡਾ.ਜੌਹਲ ਹੋਰਾਂ ਨੂੰ ਦੱਸੇ ਬਿਨਾਂ ਹੀ ਵਾਪਸ ਲਾਇਲਪੁਰ ਖਾਲਸਾ ਕਾਲਜ ਪਰਤ ਗਿਆ ਤੇ ਨੌਕਰੀ ਦੌਰਾਨ ਹੀ ਕਾਲਵਸ ਹੋ ਗਿਆ।

ਮਈ 1996 ਵਿੱਚ ਅਮਰਦੀਪ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਰੱਖਣ ਲਈ ਇਸ਼ਤਿਹਾਰ ਅਖ਼ਬਾਰਾਂ `ਚ ਛਪਿਆ। ਮੈਂ ਉਹਨੀਂ ਦਿਨੀਂ ਆਰ.ਐੱਸ.ਡੀ.ਕਾਲਜ ਫਿਰੋਜ਼ਪੁਰ ਈਵੈਲੂਏਸ਼ਨ ਸੈਂਟਰ `ਚ ਬੈਠਾ ਇਮਤਿਹਾਨੀ ਪਰਚੇ ਵੇਖ ਰਿਹਾ ਸਾਂ। ਮੈਂ ਇਸ਼ਤਿਹਾਰ ਪੜ੍ਹਿਆ ਪਰ ਉਦੋਂ ਮੈਨੂੰ ਪਤਾ ਨਹੀਂ ਸੀ ਕਿ ਮੁਕੰਦਪੁਰ ਹੈ ਕਿਥੇ? ਪਤਾ ਕਰਕੇ ਮੈਂ ਇੱਕ ਦਿਨ ਕਾਲਜ ਵੇਖ ਆਇਆ ਤੇ ਕੰਵਲ ਸਾਹਿਬ ਨਾਲ ਸਲਾਹ ਕਰ ਕੇ ਅਰਜ਼ੀ ਭੇਜ ਦਿੱਤੀ। ਤਦ ਤੱਕ ਮੇਰੀ ਸਰਕਾਰੀ ਨੌਕਰੀ ਇੱਕੀ ਸਾਲ ਦੀ ਹੋ ਚੁੱਕੀ ਸੀ ਤੇ ਦੋ ਸਾਲ ਦੀ ਹੋਰ ਰਹਿੰਦੀ ਸੀ। ਅਗਾਊਂ ਰਿਟਾਇਰਮੈਂਟ ਲੈ ਕੇ ਵੀ ਮੈਂ ਪੈਨਸ਼ਨ ਲੈ ਸਕਦਾ ਸਾਂ। ਉਦੋਂ ਤਕ ਮੇਰੀ ਪਤਨੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਬਣ ਚੁੱਕੀ ਸੀ। ਸਾਡੇ ਦੋਵੇਂ ਪੁੱਤਰ ਪੜ੍ਹ ਕੇ ਨੌਕਰੀ ਜੋਗੇ ਹੋ ਗਏ ਸਨ ਤੇ ਅਸੀਂ ਆਪਣੇ ਪਿੰਡ ਚਕਰ ਰਹਿਣ ਲੱਗ ਪਏ ਸਾਂ। ਮੈਂ ਚਕਰੋਂ ਢੁੱਡੀਕੇ ਆਉਂਦਾ ਅਤੇ ਸਟਾਫ ਤੇ ਵਿਦਿਆਰਥੀਆਂ ਤੋਂ ਸੱਖਣੇ ਪਏ ਕਾਲਜ ਦਾ ਗੇੜਾ ਮਾਰ ਕੇ ਮੁੜ ਜਾਂਦਾ। ਸਰਕਾਰੀ ਨੌਕਰੀ ਦੀਆਂ ਵਿਹਲੀਆਂ ਖਾਣ ਦੇ ਮਾਨਸਿਕ ਭਾਰ ਨਾਲ ਕਈ ਵਾਰ ਮੇਰੀ ਨੀਂਦ ਉਚਾਟ ਹੋ ਜਾਂਦੀ।

ਮੈਂ ਸ਼ਿਦਤ ਨਾਲ ਸੋਚਦਾ ਕਿ ਮੈਨੂੰ ਕਿਸੇ ਕਾਲਜ ਦਾ ਪ੍ਰਿੰਸੀਪਲ ਬਣਨਾ ਚਾਹੀਦੈ ਤਾਂ ਕਿ ਰਿਟਾਇਰ ਹੋਣ ਤੋਂ ਪਹਿਲਾਂ ਕੁੱਝ ਚੰਗਾ ਕਰ ਸਕਾਂ ਤੇ ਸੌਖਾ ਮਰ ਸਕਾਂ। ਡਾ.ਜੌਹਲ ਕਿਸੇ ਅਜਿਹੇ ਪ੍ਰਿੰਸੀਪਲ ਦੀ ਭਾਲ ਵਿੱਚ ਸਨ ਜਿਹੜਾ ਪਿੰਡ ਵਿੱਚ ਟਿਕ ਸਕੇ ਤੇ ਪੇਂਡੂ ਮਾਨਸਿਕਤਾ ਨੂੰ ਸਮਝਦਾ ਹੋਵੇ। ਉਨ੍ਹਾਂ ਦਾ ਮੇਲ ਜਸਵੰਤ ਸਿੰਘ ਕੰਵਲ ਨਾਲ ਹੋ ਗਿਆ ਤੇ ਕੰਵਲ ਨੇ ਮੇਰੀ ਸਿਫ਼ਾਰਸ਼ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਜੌਹਲ ਸਾਹਿਬ ਉਸ ਤੋਂ ਪਹਿਲਾਂ ਮੇਰੇ ਬਾਰੇ ਕੁੱਝ ਜਾਣਦੇ ਸਨ ਜਾਂ ਨਹੀਂ ਪਰ ਕੰਵਲ ਨੂੰ ਉਨ੍ਹਾਂ ਨੇ ਕਹਿ ਦਿੱਤਾ ਕਿ ਸਾਨੂੰ ਇਹੋ ਜਿਹਾ ਬੰਦਾ ਈ ਚਾਹੀਦੈ। ਨਾਲ ਇਹ ਵੀ ਕਿਹਾ ਕਿ ਇੰਟਰਵਿਊ ਦੀ ਤਿਆਰੀ ਕਰ ਕੇ ਆਵੇ।

ਤਿਆਰੀ ਮੈਂ ਇਹੋ ਕੀਤੀ ਕਿ ਦੇਸੀ ਜੁੱਤੀ ਤੇ ਸਾਦੇ ਕਪੜੇ ਪਾ ਕੇ ਬੱਸ ਚੜ੍ਹਿਆ ਅਤੇ ਲੁਧਿਆਣੇ ਤੇ ਫਿਲੌਰ ਵਿੱਚ ਦੀ ਹੁੰਦਾ ਹੋਇਆ ਮੁਕੰਦਪੁਰ ਜਾ ਪੁੱਜਾ। ਪ੍ਰਿੰਸੀਪਲ ਦੇ ਰਹਿਣ ਲਈ ਬਣਾਈ ਕੋਠੀ ਵਿੱਚ ਇੰਟਰਵਿਊ ਹੋਇਆ। ਡਾ.ਜੌਹਲ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਡੀ.ਪੀ.ਆਈ.ਦੇ ਨੁਮਾਇੰਦੇ ਬੈਠੇ ਸਨ। ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਕੱਤਰ ਡਾ.ਅਮਰਜੀਤ ਸਿੰਘ ਵੀ ਹਾਜ਼ਰ ਸੀ। ਅਕਾਦਮਿਕ ਸੁਆਲਾਂ ਪਿੱਛੋਂ ਮੈਨੂੰ ਪੁੱਛਿਆ ਗਿਆ ਕਿ ਮੁਕੰਦਪੁਰ ਰਹਿ ਪਉਗੇ? ਮੈਂ ਆਖਿਆ, “ਮੈਨੂੰ ਮੁਕੰਦਪੁਰ ਤੇ ਢੁੱਡੀਕੇ `ਚ ਕੋਈ ਫਰਕ ਨਹੀਂ ਲੱਗਦਾ। ਜੇ ਓਥੇ ਰਹਿੰਦਾ ਰਿਹਾਂ ਤਾਂ ਏਥੇ ਕਿਓਂ ਨਹੀਂ ਰਹਿ ਸਕਦਾ?”

ਮੈਨੂੰ ਚਲਦੀ ਇੰਟਰਵਿਊ ਵਿੱਚ ਹੀ ਕਹਿ ਦਿੱਤਾ ਗਿਆ ਕਿ ਕਾਲਜ ਦਾ ਗੇੜਾ ਕੱਢ ਕੇ ਵੇਖ ਲਓ ਤੇ ਆਪਣਾ ਮਨ ਬਣਾ ਲਓ। ਮਨ ਮੇਰਾ ਪਹਿਲਾਂ ਹੀ ਬਣਿਆ ਹੋਇਆ ਸੀ। ਡਾ.ਅਮਰਜੀਤ ਸਿੰਘ ਨੇ ਕਾਲਜ ਦੇ ਉਸਰ ਰਹੇ ਕੈਂਪਸ ਵਿੱਚ ਮੇਰਾ ਚੱਕਰ ਲੁਆਇਆ ਤੇ ਸਾਡੇ ਮੁੜਦਿਆਂ ਨੂੰ ਬੋਰਡ ਨੇ ਮੇਰੀ ਚੋਣ ਦਾ ਫੈਸਲਾ ਕਰ ਲਿਆ ਸੀ। ਢੁੱਡੀਕੇ ਦੀ ਥਾਂ ਮੇਰੇ ਕਰਮਾਂ ਵਿੱਚ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਲਿਖੀ ਸੀ।