You are here:ਮੁਖ ਪੰਨਾ»ਕਹਾਣੀਆਂ
ਕਹਾਣੀਆਂ
ਕਹਾਣੀਆਂ

ਕਹਾਣੀਆਂ (5)

ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981)‎,‎ ਮਨੁੱਖ ਤੇ ਮਨੁੱਖ (1983)‎,‎ ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ ਹਲਕਿਆਂ ਵਿੱਚ ਭਰਪੂਰ ਹੁੰਗਾਰਾ ਪ੍ਰਾਪਤ ਕੀਤਾ। ਆਪਣੇ ਪੰਜਵੇਂ ਕਹਾਣੀ ਸੰਗ੍ਰਹਿ ਟਾਵਰਜ਼ (2005) ਦੀਆਂ ਤਿੰਨ ਕਹਾਣੀਆਂ “ਪਾਣੀ” ‎,‎ “ਗੁਆਚੇ ਲੋਕ” ਤੇ “ਸੜਕਾਂ” ਰਾਹੀਂ ਉਹ ਅੰਤਰਰਾਸ਼ਟਰੀ ਪੱਧਰ `ਤੇ ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਅਣਡਿੱਠ ਪ੍ਰਭਾਵੀ ਸਰੋਕਾਰਾਂ ਨੂੰ ਇੱਕ ਸਮੱਸਿਆਕਾਰ ਦੇ ਰੂਪ ਵਿੱਚ ਪ੍ਰਸਤੁਤ ਕਰਦਾ ਹੋਇਆ ਜਿੱਥੇ ਪਰਵਾਸੀ ਵਿਡੰਬਨਾ ਨੂੰ ਕਈ ਨਵੇਂ ਪਾਸਾਰ ਪ੍ਰਦਾਨ ਕਰਦਾ ਹੈ ਓਥੇ ਕਹਾਣੀਆਂ “ਟਾਵਰਜ਼” ਤੇ “ਬਰਫ਼ ਤੇ ਦਰਿਆ” ਰਾਹੀਂ ਸੰਸਾਰ ਪੱਧਰ `ਤੇ ਵਾਪਰ ਰਹੀਆਂ ਘਟਨਾਵਾਂ ਦੇ ਦੁਖਾਂਤ ਨੂੰ ਸਿਰਜਦਾ ਹੋਇਆ ਵਿਸ਼ਵ ਚੇਤਨਾ ਦਾ ਪ੍ਰਗਟਾਵਾ ਵੀ ਕਰਦਾ ਹੈ।

ਦੋ-ਭਿੰਨ ਸਭਿਆਚਾਰਾਂ ਦੇ ਆਪਸੀ ਮਿਲਨ-ਬਿੰਦੂ ਤੇ ਵਿਭਿੰਨ ਸਥਿਤੀਆਂ ਉਤਪੰਨ ਹੁੰਦੀਆਂ ਹਨ ਕਿਉਂਕਿ ਸਭਿਆਚਾਰੀਕਰਣ/ਸਭਿਆਚਾਰਕ ਸੰਪਰਕ ਦਾ ਇਹ ਅਮਲ ਬੇਹੱਦ ਜਟਿਲ ਤੇ ਗੁੰਝਲਦਾਰ ਵਰਤਾਰਾ ਹੈ। ਸਭਿਆਚਾਰੀਕਰਣ ਦੇ ਇਸ ਅਮਲ ਵਿੱਚ ਅਨੁਕੂਲੀਕਰਣ (ੳਦਅਪਟਅਟੋਿਨ) ‎,‎ ਵਿਲੀਨੀਕਰਣ (ੳਸਸਮਿਲਿਅਟੋਿਨ)‎,‎ ਤੇ ਸੰਸ਼ਲੇਸ਼ਣ (ਸੇਨਟਹਸਿਸਿ) ਜਿਹੀਆਂ ਸਭਿਆਚਾਰਕ ਪ੍ਰਕਿਰਿਆਵਾਂ ਵੀ ਉਜਾਗਰ ਹੁੰਦੀਆਂ ਹਨ‎,‎ ਭਾਵੇਂ ਕਿ ਵਿਵਹਾਰਕ ਪੱਧਰ `ਤੇ ਇਹ ਇੰਨੀਆਂ ਸਰਲ ਤੇ ਸਹਿਜ ਨਹੀਂ ਹੁੰਦੀਆਂ ਜਿੰਨੀਆਂ ਕਿ ਸਿਧਾਂਤਕ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਪਰਵਾਸੀ ਪੰਜਾਬੀ ਇਸ ਅਮਲ ਵਿੱਚ ਨਿਰੰਤਰ ਤਣਾਅ ਹੀ ਭੋਗਦੇ ਦਿਖਾਈ ਦਿੰਦੇ ਹਨ। ਉਹ ਪਰਵਰਤਿਤ ਮਾਹੌਲ‎,‎ ਪਰਿਸਥਿਤੀਆਂ ਅਨੁਕੂਲ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰੰਤੂ ਇਹ ਤਬਦੀਲੀ ਇਕਦਮ ਨਹੀਂ ਵਾਪਰ ਸਕਦੀ ਕਿਉਂਕਿ ਸਭਿਆਚਾਰਕ ਗੁਰੂਤਾ ਉਨ੍ਹਾਂ ਨੂੰ ਆਪਣੇ ਸਭਿਆਚਾਰਕ ਪਿਛੋਕੜ ਨਾਲ ਲਗਾਤਾਰ ਜੋੜੀ ਰੱਖਦੀ ਹੈ। ਫ਼ਲਸਰੂਪ ਇਹ ਪਰਵਾਸੀ ਮਨੁੱਖ ਆਪਣੀ ਸਭਿਆਚਾਰਕ ਹੋਂਦ ਨੂੰ ਬਚਾਈ ਰੱਖਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਇਸੇ ਹੀ ਸਥਿਤੀ ਦੀ ਭਾਗੀ ਕਹਾਣੀ “ਪਾਣੀ” ਦੀ ਮੁੱਖ ਪਾਤਰ ਸੁਖਜੀਤ ਕੌਰ ਬਣਦੀ ਦਿਖਾਈ ਗਈ ਹੈ। ਇਸ ਕਹਾਣੀ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸੱਸ ਸੁਖਜੀਤ ਕੌਰ ਦਾ ਟਕਰਾਉ ਪੱਛਮੀ ਸਭਿਆਚਾਰ ਨਾਲ ਸੰਬੰਧਿਤ ਨੂੰਹ ਸ਼ੈਰਨ ਨਾਲ ਪੈਦਾ ਹੁੰਦਾ ਹੈ। ਮੁੱਖ ਸਭਿਆਚਾਰ ਤੇ ਗੌਣ ਸਭਿਆਚਾਰ ਨਾਲ ਸੰਬੰਧਿਤ ਇਨ੍ਹਾਂ ਧੁਰਾਂ ਦੇ ਆਪਸੀ ਟਕਰਾਉ ਵਿੱਚੋਂ ਸਭਿਆਚਾਰਕ ਤਨਾਉ ਦੀ ਸਿਰਜਨਾ ਹੁੰਦੀ ਹੈ; ਜਿਸਦੀ ਸ਼ਿਕਾਰ ਸੁਖਜੀਤ ਕੌਰ ਕਹਾਣੀ ਵਿੱਚ ਕਈ ਵਾਰ ਹੁੰਦੀ ਦਿਖਾਈ ਦਿੰਦੀ ਹੈ। ਉਸ ਦੀ ਮਾਨਸਿਕਤਾ ਵਿਚਲਾ ਇਹ ਅੰਤਰ-ਵਿਰੋਧ ਉਨ੍ਹਾਂ ਦੀਆਂ ਵਿਭਿੰਨ ਭਾਸ਼ਾਵਾਂ‎,‎ ਰਹਿਣ-ਸਹਿਣ‎,‎ ਖਾਣ-ਪੀਣ ਆਦਿ ਦੀਆਂ ਆਦਤਾਂ ਦੇ ਸੰਦਰਭ ਵਿੱਚ ਉਭਰਦਾ ਹੈ। ਸ਼ੈਰਨ ਨੂੰ ਸੱਸ ਦੇ ਸਮਾਜਕ ਭਾਈਚਾਰੇ ਨਾਲ ਮੇਲ-ਜੋਲ ਰੱਖਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਇਸ ਨੂੰ ‘ਬੋਰੀਅਤ’ ਦਾ ਨਾਂ ਦਿੰਦੀ ਹੈ। ਇਸੇ ਤਰ੍ਹਾਂ ਸੁਖਜੀਤ ਨੂੰ ਘਰ ਵਿੱਚ ਪੰਜਾਬੀ ਦੀ ਅਣਹੋਂਦ ਆਪਣੇ ਬੇਪਛਾਣ ਹੋਣ ਨਾਲ ਜੁੜੀ ਪ੍ਰਤੀਤ ਹੁੰਦੀ ਹੈ। ਉਸ ਦੀ ਪੰਜਾਬੀ ਨੂੰਹ ਦੀ ਅਧੂਰੀ ਰਹਿ ਗਈ ਅਕਾਂਖਿਆ ਬਾਰ-ਬਾਰ ਉਸ ਦੇ ਸਨਮੁੱਖ ਖੜ੍ਹੀ ਹੁੰਦੀ ਹੈ। ਉਸ ਦੀ ਮਾਨਸਿਕਤਾ ਵਿਚਲੀ ਇਹ ਕਸ਼ਮਕਸ਼ ਹਰ ਵੇਲੇ ਅੰਗਰੇਜ਼ ਨੂੰਹ ਦੀ ਤੁਲਨਾ ਇੱਕ ਪੰਜਾਬੀ ਨੂੰਹ ਨਾਲ ਕਰਦੀ ਦਿਖਾਈ ਦਿੰਦੀ ਹੈ। ਉਹ ਤਸੱਵੁਰ ਕਰਦੀ ਹੈ:
“ਉਹ ਕਿਹੋ ਜਿਹੇ ਪਲ ਹੁੰਦੇ ਜੇ ਇਸ ਵਕਤ ਉਹ ਨੂੰਹ-ਸੱਸ ਰਲ ਕੇ ਸਰ੍ਹੋਂ‎,‎ ਪਾਲਕ ਤੇ ਬਰੌਕਲੀ ਨੂੰ ਛਿੱਲ-ਚੀਰ ਕੇ ਸਾਗ ਬਣਾ ਰਹੀਆਂ ਹੁੰਦੀਆਂ… ਤੇ ਨਾਲ ਦੀ ਨਾਲ ਬੀਤੇ ਹਫ਼ਤੇ ਦੀਆਂ ਜਮ੍ਹਾਂ ਹੋਈਆਂ ਗੱਲਾਂ ਵੀ ਸਾਂਝੀਆਂ ਕਰ ਰਹੀਆਂ ਹੁੰਦੀਆਂ। … ਪਰ ਕਿੱਥੇ… ਨਾ ਖਾਣ-ਪੀਣ ਦੀ ਸਾਂਝ ਤੇ ਨਾ ਬੋਲੀ ਦੀ।” 1
ਸੁਖਜੀਤ ਦਾ ਸਭਿਆਚਾਰਕ ਅਵਚੇਤਨ ਇਹ ਤਸਲੀਮ ਕਰਨ ਤੋਂ ਇਨਕਾਰੀ ਹੈ ਕਿ ਸ਼ੈਰਨ ਅੰਗਰੇਜ਼ ਹੋਣ ਕਾਰਨ ਇੱਕ ਵਧੀਆ ਨੂੰਹ ਸਾਬਿਤ ਹੋ ਸਕਦੀ ਹੈ। ਪੂੰਜੀਵਾਦੀ ਵਿਵਸਥਾ ਦੀ ਪ੍ਰਤਿਨਿਧ ਸ਼ੈਰਨ ਦੇ ਵਿਵਹਾਰ ਵਿੱਚੋਂ ਭਾਰਤੀ ਸਭਿਆਚਾਰ ਨਾਲ ਸੰਬੰਧਿਤ ਸੱਸ ਨੂੰ ਸੁਆਰਥ ਝਲਕਦਾ ਨਜ਼ਰ ਆਉਂਦਾ ਹੈ। ਓਪਨ ਸੁਸਾਇਟੀ ਦੀ ਉਪਜ ਸ਼ੈਰਨ ਸੁਖਜੀਤ ਦੇ ਪੰਜਾਬੀ‎,‎ ਆਗਿਆਕਾਰੀ‎,‎ ਪ੍ਰੇਮ-ਭਾਵ ਵਾਲੀ ਤੇ ਘਰੇਲੂ ਕੰਮਕਾਜ ਵਿੱਚ ਨਿਪੁੰਨ ਨੂੰਹ ਦੇ ਮਾਡਲ ਤੇ ਪੂਰੀ ਉਤਰਨ ਤੋਂ ਅਸਮਰੱਥ ਹੈ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਸੁਖਜੀਤ ਤੇ ਸ਼ੈਰਨ ਦੋਵੇਂ ਹੀ ਇਕ-ਦੂਸਰੇ ਦੀ ਮਾਨਸਿਕਤਾ ਨੂੰ ਸਮਝਣ ਤੋਂ ਬੇਮੁੱਖ ਹਨ।
ਪਰਿਵਾਰਕ ਇਕਾਈ ਵਿੱਚ ਵਾਪਰ ਰਹੀ ਇਸ ਅੰਦਰੂਨੀ ਟੁੱਟ-ਭੱਜ ਵਿੱਚ ਸੁਖਜੀਤ ਇਕੱਲੀ ਇੱਕ ਪਾਸੇ ਹੈ ਤੇ ਬਾਕੀ ਪਰਿਵਾਰਕ ਮੈਂਬਰ ਦੂਸਰੇ ਪਾਸੇ। ਸੁਖਜੀਤ ਦਾ ਪਤੀ ਬਲਦੇਵ ਆਪਣੀ ਨੂੰਹ ਪ੍ਰਤਿ ਕੋਈ ਗਿਲਾ ਪ੍ਰਗਟ ਕਰਦਾ ਦਿਖਾਈ ਨਹੀਂ ਦਿੰਦਾ। ਉਸ ਦੀ ਅਜਿਹੀ ਸੋਚ ਪਿੱਛੇ ਉਸਦਾ ਪਰਿਵਾਰਕ ਪਿਛੋਕੜ ਕਾਰਜਸ਼ੀਲ ਹੈ। ਲੰਬੇ ਸਮੇਂ ਤੋਂ ਕੈਨੇਡਾ ਵਿੱਚ ਵੱਸੇ ਉਸ ਦੇ ਮਾਤਾ-ਪਿਤਾ ਕੈਨੇਡੀਅਨ ਸਭਿਆਚਾਰ ਨੂੰ ਹੀ ਅਪਨਾਈ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਵੱਡੇ ਪੁੱਤਰ ਦੇ ਵੈਸਟ-ਇੰਡੀਅਨ ਕੁੜੀ ਨਾਲ ਵਿਆਹ ਤੇ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਵੀ ਅੱਗੇ ਪੱਛਮ ਦੀ ਵਿਅਕਤੀਗਤ ਆਜ਼ਾਦੀ ਦੇ ਧਾਰਨੀ ਹੋਣ ਕਾਰਨ ਇਹੀ ਇੱਛਾ ਕਰਦੇ ਹਨ ਕਿ ਬਲਦੇਵ ਤੇ ਸੁਖਜੀਤ ਅਲੱਗ ਘਰ ਵਿੱਚ ਰਹਿਣ। ਭਾਵੇਂ ਕਿ ਕਹਾਣੀਕਾਰ ਨੇ ਬਲਦੇਵ ਨੂੰ ਪੂਰੀ ਤਰ੍ਹਾਂ ਪੂੰਜੀਵਾਦੀ ਵਿਵਸਥਾ ਦਾ ਧਾਰਨੀ ਨਹੀਂ ਦਿਖਾਇਆ ਪਰੰਤੂ ਉਪਰੋਕਤ ਕਾਰਨ ਉਸ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸੇ ਤਰ੍ਹਾਂ ਸੁਖਜੀਤ ਦਾ ਪੁੱਤਰ ਰਾਜੂ ਕੈਨੇਡੀਅਨ ਧਰਤੀ ਦਾ ਹੀ ਜੰਮਪਲ ਹੋਣ ਕਾਰਨ ਸਥਾਨਕ ਵਿਵਸਥਾ ਦਾ ਹੀ ਇੱਕ ਹਿੱਸਾ ਨਜ਼ਰ ਆਉਂਦਾ ਹੈ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਹ ਸਹਿਪਾਠਨ ਅੰਗਰੇਜ਼ ਸ਼ੈਰਨ ਨਾਲ ਦੋਸਤੀ ਤੇ ਫਿਰ ਵਿਆਹ ਕਰਵਾ ਲੈਂਦਾ ਹੈ‎,‎ ਭਾਵੇਂ ਕਿ ਇਸ ਅੰਤਰ-ਨਸਲੀ ਵਿਆਹ ਸੰਬੰਧ ਨੂੰ ਸਵੀਕ੍ਰਿਤੀ ਦੇਣਾ ਪੰਜਾਬੀ ਮਾਨਸਿਕਤਾ ਲਈ ਕੋਈ ਆਸਾਨ ਕਾਰਜ ਨਹੀਂ ਹੈ ਪਰੰਤੂ ਇਸਦੇ ਬਾਵਜੂਦ ਆਪਣੇ ਪੰਜਾਬੀ ਨੂੰਹ ਦੇ ਸੁਪਨਿਆਂ ਨੂੰ ਤਿਲਾਂਜਲੀ ਦਿੰਦੇ ਹੋਏ ਮਾਂ-ਬਾਪ ਇਕਲੌਤੇ ਪੁੱਤਰ ਦੇ ਵਿਆਹ ਨੂੰ ਰਜ਼ਾਮੰਦੀ ਦੇ ਦਿੰਦੇ ਹਨ। ਇਸੇ ਸੰਦਰਭ ਵਿੱਚ ਕੈਨੇਡੀਅਨ ਪੰਜਾਬੀ ਸਮੁਦਾਇ ਦੇ ਕੁੱਝ ਲੋਕਾਂ ਦੇ ਪ੍ਰਤਿਕਰਮ ਨੂੰ ਵੀ ਲੇਖਕ ਨੇ ਪ੍ਰਸਤੁੱਤ ਕੀਤਾ ਹੈ ਜੋ ਇਨ੍ਹਾਂ ਵਿਆਹ-ਸੰਬੰਧਾਂ ਵਿਰੁੱਧ ਟਿੱਪਣੀਆਂ ਕਰਦੇ ਹਨ।
ਇਸ ਕਹਾਣੀ ਵਿੱਚ ਪੱਛਮੀ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਧਿਰਾਂ ਦੀ ਸੋਚ ਦੇ ਆਪਸੀ ਟਕਰਾਉ ਦਾ ਆਭਾਸ ਰਚਨਾ ਦੇ ਆਰੰਭ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਫ਼ਲਸਰੂਪ ਪਰਿਵਾਰਕ ਇਕਾਈ ਵਿੱਚ ਟੁੱਟ-ਭੱਜ‎,‎ ਤਨਾਉ ਦੀ ਸਿਰਜਨਾ ਹੁੰਦੀ ਹੈ। ਰਾਜੂ ਤੇ ਉਸ ਦੀ ਪਤਨੀ ਸ਼ੈਰਨ ਚਾਹੁੰਦੇ ਹਨ ਕਿ ਘਰ ਵਿੱਚ ਸਵਿਮਿੰਗ-ਪੂਲ ਬਣਵਾਇਆ ਜਾਵੇ ਤਾਂ ਜੋ ਪੱਛਮੀ ਜੀਵਨ-ਜਾਚ ਅਨੁਸਾਰ ਜ਼ਿੰਦਗੀ ਦਾ ਭਰਪੂਰ ਮਜ਼ਾ ਲਿਆ ਜਾ ਸਕੇ। ਸਵਿਮਿੰਗ-ਪੂਲ ਦੀ ਇਹ ਯੋਜਨਾ ਜਦੋਂ ਸੁਖਜੀਤ ਦੇ ਅੱਗੇ ਪੇਸ਼ ਕੀਤੀ ਜਾਂਦੀ ਹੈ ਤਾਂ ਉਹ ਚਿਤੰਤ ਅਵਸਥਾ ਵਿੱਚ ਪ੍ਰਸ਼ਨ ਉਠਾਉਂਦੀ ਹੈ ਕਿ ਘਰ ਤੇ ਕਾਰਾਂ ਦੀਆਂ ਕਿਸ਼ਤਾਂ ਦੇ ਨਾਲ ਸੱਠ ਹਜ਼ਾਰ ਪੌਂਡ ਹੋਰ ਦੀ ਕਿਸ਼ਤ ਉਤਾਰਨ ਲਈ ਪੈਸੇ ਦਾ ਪ੍ਰਬੰਧ ਕਿਵੇਂ ਹੋਵੇਗਾ? ਪੁੱਤਰ ਦੁਆਰਾ ਦਿੱਤਾ ਗਿਆ ਪ੍ਰਸ਼ਨ ਦਾ ਉੱਤਰ ਸੁਖਜੀਤ ਲਈ ਗਹਿਰਾ ਤਨਾਉ ਤੇ ਸੰਕਟ ਉਤਪੰਨ ਕਰਦਾ ਹੈ। ਉਸ ਨੂੰ ਦੇਸ਼ ਵਿਚਲੀ ਜਿਹੜੀ ਜ਼ਮੀਨ ਆਪਣੇ ਮਾਂ-ਬਾਪ ਦੀ ਹੋਂਦ ਤੇ ਆਪਣੀ ਸ਼ਨਾਖਤ ਨਾਲ ਜੁੜੀ ਪ੍ਰਤੀਤ ਹੁੰਦੀ ਹੈ‎,‎ ਨੂੰਹ- ਪੁੱਤ ਲਈ ਕੇਵਲ ਉਹ ਅਜਿਹਾ ਜ਼ਮੀਨ ਦਾ ਟੁਕੜਾ ਹੈ ਜਿਸਨੂੰ ਵੇਚ ਕੇ ਸਵਿਮਿੰਗ-ਪੂਲ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪੁੱਤਰ ਦੁਆਰਾ ਜ਼ਮੀਨ “ਸੈੱਲ” ਕਰ ਦੇਣ ਦੇ ਮਸ਼ਵਰੇ ਉਪਰੰਤ ਸੁਖਜੀਤ ਦੀ ਮਾਨਸਿਕਤਾ ਨੂੰ ਲੇਖਕ ਨੇ ਬਾਖ਼ੂਬੀ ਚਿਤਰਿਆ ਹੈ:
“ਸੈੱਲ ਸ਼ਬਦ ਸੁਖਜੀਤ ਕੌਰ ਦੇ ਸਿਰ `ਤੇ ਬੰਬ ਵਾਂਗ ਫਟਿਆ…। ਉਸ ਨੂੰ ਇੰਜ ਲੱਗਾ ਜਿਵੇਂ ਉਸਦਾ ਪੁੱਤ ਉਸ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਮਿੱਟੀ ਨੂੰ ਖ਼ੁਰਚ ਕੇ ਕਿਸੇ ਗਾਰਬੇਜ ਦੇ ਟੋਏ ਵਿੱਚ ਸੁੱਟਣੀ ਚਾਹ ਰਿਹਾ ਹੋਵੇ… ਪਲਾਂ ਵਿੱਚ ਹੀ ਉਸ ਦੀਆਂ ਨਸਾਂ `ਚ ਟੈਨਸ਼ਨ ਆ ਵੜੀ … ਇਨ੍ਹਾਂ ਨੂੰ ਤਾਂ ਬੱਸ ਆਪਣੇ ਮਤਲਬ ਹੀ ਦੀਂਹਦੇ ਆ… ਅਗਲੇ ਦੀ ਭਾਵੇਂ ਹੋਂਦ ਹੀ ਜਾਂਦੀ ਲੱਗੇ।”
ਪੰਜਾਬੀ ਜੀਵਨ ਵਿੱਚ ਜ਼ਮੀਨ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਉਸ ਦੀਆਂ ਜੜ੍ਹਾਂ‎,‎ ਵਜੂਦ‎,‎ ਪਹਿਚਾਣ ਤੇ ਰੁਤਬੇ ਨੂੰ ਸਥਾਪਤ ਕਰਨ ਵਾਲਾ ਮਹੱਤਵਪੂਰਨ ਬਿੰਦੂ ਹੈ। ਸੁਖਜੀਤ ਲਈ ਇਸਨੂੰ ਵੇਚਣਾ ਨਾ ਕੇਵਲ ਜੜ੍ਹਹੀਣ ਹੋਣ ਦਾ ਅਹਿਸਾਸ ਭੋਗਣਾ ਹੈ ਬਲਕਿ ਮਾਂ-ਬਾਪ‎,‎ ਚਾਚੇ ਦੀ ਪਹਿਚਾਣ/ਰੁਤਬੇ ਨੂੰ ਖ਼ਤਮ ਕਰਕੇ ਉਸ ਭੂਤਕਾਲ ਤੋਂ ਮਹਿਰੂਮ ਹੋਣਾ ਵੀ ਹੈ ਜਿਸਦਾ ਨਿਰੰਤਰ ਸਿਮਰਨ ਉਸ ਦੇ ਵਜੂਦ ਦਾ ਇੱਕ ਵਿਸ਼ੇਸ਼ ਅੰਗ ਬਣ ਚੁੱਕਾ ਹੈ। ਅਜਿਹੀ ਪ੍ਰਸਤੁਤੀ ਰਾਹੀਂ ਹੀ ਪੰਜਾਬੀ ਡਾਇਸਪੋਰਾ ਦੀ ਪੇਸ਼ਕਾਰੀ ਵਿੱਚ ਇਹ ਕਹਾਣੀ ਇੱਕ ਮਿਸਾਲ ਕਾਇਮ ਕਰਦੀ ਦਿਖਾਈ ਦਿੰਦੀ ਹੈ।
ਇਸ ਕਹਾਣੀ ਰਾਹੀਂ ਲੇਖਕ ਨੇ ਉਸ ਵਰਤਾਰੇ ਨੂੰ ਵੀ ਪੇਸ਼ ਕੀਤਾ ਹੈ ਜਿਸਦੇ ਅੰਤਰਗਤ ਪਰਵਾਸੀਆਂ ਤੋਂ ਤਾਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਥਾਨਕ ਸੁੱਖ ਸਭਿਆਚਾਰ ਨੂੰ ਪੂਰੀ ਤਰ੍ਹਾਂ ਅਪਨਾ ਲੈਣ ਪਰੰਤੂ ਮੁੱਖ ਸਭਿਆਚਾਰ ਖ਼ੁਦ ਗੌਣ ਸਭਿਆਚਾਰ ਤੋਂ ਪੂਰੀ ਤਰ੍ਹਾਂ ਨਿਰਲੇਪ ਰਹਿਣਾ ਚਾਹੁੰਦਾ ਹੈ। ਸੁਖਜੀਤ ਕੌਰ ਨੂੰ ਸ਼ਿਕਾਇਤ ਹੈ ਕਿ ਇਹ ਪ੍ਰਕਿਰਿਆ ਇੱਕ ਪਾਸੜ ਕਿਉਂ? ਮੁੱਖ ਸਭਿਆਚਾਰ ਨਾਲ ਸੰਬੰਧਿਤ ਉਸ ਦੀ ਨੂੰਹ ਸ਼ੈਰਨ ਪੰਜਾਬੀ ਪਰਿਵਾਰ ਵਿੱਚ ਰਹਿੰਦੀ ਹੋਈ ਵੀ ਉਨ੍ਹਾਂ ਦੇ ਸਭਿਆਚਾਰ ਵਿੱਚ ਕੋਈ ਦਿਲਚਸਪੀ ਕਿਉਂ ਨਹੀਂ ਲੈਂਦੀ? ਇਸ ਸੰਬੰਧੀ ਉਹ ਕਹਿੰਦੀ ਹੈ:
“ਤੁਸੀਂ ਗੋਰੇ ਲੋਕ ਸਾਨੂੰ ਇੰਮੀਗਰਾਂਟਾਂ ਨੂੰ ਤਾਂ ਇਹ ਕਹਿੰਦੇ ਆਂ ਪਈ ਅਸੀਂ ਤੁਹਾਡੀ ਕਲਚਰ `ਚ ਭਿੱਜਦੇ ਨਹੀਂ ਪਰ ਤੁਸੀਂ ਸਾਡੀਆਂ ਕਲਚਰਾਂ `ਚ ਕਿੰਨੀ ਕੁ ਦਿਲਚਸਪੀ ਲੈਂਨੇ ਆਂ… ਤੈਨੂੰ ਮੈਂ ਪੰਜਾਬੀ ਦੇ ਲਫ਼ਜ਼ ਸਿਖਾ-ਸਿਖਾ ਥੱਕ ਗਈ ਪਰ ਤੂੰ… ਸੱਤਾਂ ਸਾਲਾਂ `ਚ ਸਿਰਫ਼ ਚਾਲੀ ਪੰਜਾਹ ਲਫ਼ਜ਼‎,‎ ਉਹ ਵੀ ਜਿਹੜੇ ਤੇਰੇ ਕੰਮ ਦੇ ਆ।”
ਇਸ ਕਹਾਣੀ ਵਿੱਚ ਪਹਿਲੇ ਪੜਾਅ ਦੇ ਪਰਵਾਸੀ ਪੰਜਾਬੀਆਂ ਦੁਆਰਾ ਆਰਥਿਕ ਖੁਸ਼ਹਾਲੀ ਹਿੱਤ ਧਾਰਨ ਕੀਤੇ ਗਏ ਪਰਵਾਸ ਨੂੰ ਸੁਖਜੀਤ ਦੇ ਪਿਤਾ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਹੈ। ਉਹ ਪਹਿਲੇ ਪੜਾਅ ਦੇ ਉਸ ਪਰਵਾਸ ਨੂੰ ਪ੍ਰਤਿਬਿੰਬਤ ਕਰਦਾ ਹੈ ਜਿਸ ਅਧੀਨ ਕਮਾਈ ਕਰਕੇ ਵਤਨ ਵਾਪਿਸ ਪਰਤ ਜਾਣਾ ਹੈ। ਇਨ੍ਹਾਂ ਦੀ ਦੇਸ਼ ਵਿੱਚ ਉਡੀਕ ਕਰ ਰਹੇ ਪਰਿਵਾਰਕ ਮੈਂਬਰਾਂ ਦੀ ਮਾਨਸਿਕਤਾ ਨੂੰ ਸੁਖਜੀਤ ਤੇ ਉਸ ਦੀ ਮਾਂ ਰਾਹੀਂ ਪੇਸ਼ ਕੀਤਾ ਗਿਆ ਹੈ।
ਪਾਣੀ ਇਸ ਕਹਾਣੀ ਦਾ ਕੇਂਦਰੀ ਚਿਹਨ ਜਾਂ ਮੈਟਾਫ਼ਰ ਹੈ। ਜਿਸ ਤਰ੍ਹਾਂ ਵਿਭਿੰਨ ਸਥਾਨਾਂ ਦਾ ਪਾਣੀ ਨਦੀ‎,‎ ਨਾਲੇ‎,‎ ਦਰਿਆ‎,‎ ਸਮੁੰਦਰ‎,‎ ਝੀਲਾਂ ਆਦਿ ਸ੍ਰੋਤਾਂ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ ਇਸੇ ਤਰ੍ਹਾਂ ਵਿਭਿੰਨ‎,‎ ਧਰਤੀਆਂ‎,‎ ਦੇਸ਼ਾਂ‎,‎ ਸਥਾਨਾਂ ਦੇ ਇਨਸਾਨ ਵੀ ਪਰਵਾਸ ਧਾਰਨ ਕਰਕੇ ਇਕੱਠੇ ਹੋ ਜਾਂਦੇ ਹਨ। ਸੁਖਜੀਤ ਕੌਰ ਦਾ ਜੀਵਨ ਵੀ ਇਸਦੀ ਇੱਕ ਉਦਾਹਰਣ ਹੈ। ਉਹ ਜੰਮਪਲ ਪੰਜਾਬ ਦੀ ਹੈ ਪਰੰਤੂ ਵਿਆਹ ਉਪਰੰਤ ਸੱਤ ਸੁਮੰਦਰ ਪਾਰ ਕੈਨੇਡਾ ਦੀ ਧਰਤੀ ਦਾ ਅੰਗ ਬਣ ਜਾਂਦੀ ਹੈ। ਇਸ ਤੋਂ ਇਲਾਵਾ ਪਾਣੀ ਮੈਟਾਫ਼ਰ ਹੈ ਰਿਸ਼ਤਿਆਂ ਵਿਚਲੇ ਆਪਸੀ ਮੋਹ-ਪਿਆਰ‎,‎ ਅਪਣੱਤ ਦਾ। ਇਸੇ ਕਾਰਨ ਸੁਖਜੀਤ ਸ਼ੈਰਨ ਨੂੰ ਕਹਿੰਦੀ ਹੈ:
“ਸਾਡੇ ਇੱਥੇ ਸਮੁੰਦਰ ਝੀਲਾਂ ਭਾਵੇਂ ਨਹੀਂ ਹਨ ਪਰ ਧਰਤੀ ਹੇਠ ਬੜਾ ਪਾਣੀ ਏ… ਤੇ ਇਵੇਂ ਵੀ…਼ ਸਮਝ ਲੈ ਪਈ ਸਾਡੇ ਪੰਜਾਬੀਆਂ ਦੀਆਂ ਰੂਹਾਂ ਅੰਦਰ ਵੀ ਬੜਾ ਪਾਣੀ ਏ।” 4
ਇਸਦੇ ਵਿਪਰੀਤ ਕੈਨੇਡੀਅਨ ਲੋਕਾਂ ਦੀਆਂ ਰੂਹਾਂ ਵਿੱਚ ਉਸ ਨੂੰ ਪਾਣੀ ਦੀ ਜਗ੍ਹਾ ਖੁਸ਼ਕੀ ਹੀ ਨਜ਼ਰ ਆਉਂਦੀ ਹੈ। ਇਹ ਕਹਾਣੀ ਜਿਥੇ ਪਾਣੀ ਦੇ ਮੈਟਾਫ਼ਰ ਨੂੰ ਲੈ ਆਰੰਭ ਹੁੰਦੀ ਹੈ ਭਾਵ ਸਵਿਮਿੰਗ ਪੂਲ ਦੀ ਹੋਂਦ ਵੀ ਪਾਣੀ ਨਾਲ ਹੀ ਸੰਭਵ ਹੈ; ਤੇ ਇਹ ਸਵਿਮਿੰਗ ਪੂਲ ਇਸ ਬਿਰਤਾਂਤ ਵਿੱਚ ਪਰਿਵਾਰਕ ਰਿਸ਼ਤਿਆਂ ਵਿਚਲੀ ਟੁੱਟ-ਭੱਜ ਤੇ ਤਨਾਉ ਨੂੰ ਉਤਪੰਨ ਹੁੰਦਾ ਦਰਸਾਉਂਦਾ ਹੈ ਉਥੇ ਕਹਾਣੀ ਦੇ ਅੰਤ ਵਿੱਚ ਵੀ ਸੁਖਜੀਤ ਦੇ ਚਚੇਰੇ ਭਰਾ ਭੁੱਪੀ ਦਾ ਇਹ ਕਹਿਣਾ‎,‎” ਪੰਜਾਬ ਦੀ ਜ਼ਮੀਨ ਥੱਲਿਓਂ ਪਾਣੀ ਮੁੱਕ ਗਿਆ ਹੈ।” 5 ਪੰਜਾਬ ਵਿੱਚ ਵੀ ਰਿਸ਼ਤਿਆਂ ਦੀ ਖੁਰ ਰਹੀ ਪਹਿਚਾਣ ਨੂੰ ਪਾਣੀ ਦੇ ਮੈਟਾਫ਼ਰ ਰਾਹੀਂ ਦੀ ਪ੍ਰਸਤੁਤ ਕਰਦਾ ਹੇ। ਜਿਹੜਾ ਚਾਚਾ ਸਾਰੀ ਉਮਰ ਭਰਾ ਤੇ ਭਤੀਜੀ ਲਈ ਵਫ਼ਾਦਾਰ ਰਹਿੰਦਾ ਹੈ ਉਸ ਦੇ ਪੁੱਤਰ ਦੁਆਰਾ ਆਪਣਿਆਂ ਬੰਦਿਆ ਨੂੰ ਕੈਨੇਡਾ ਭੇਜਣ ਦੇ ਚੱਕਰ ਤੇ ਜ਼ਮੀਨ ਜਾਇਦਾਦ ਹੱੜਪਣ ਦੀ ਲਾਲਸਾ ਵੱਲ ਵੀ ਕਹਾਣੀ ਅੰਤ ਵਿੱਚ ਸੰਕੇਤ ਕਰ ਗਈ ਹੈ।
ਪਰਵਾਸੀ ਪੰਜਾਬੀ ਮਨੁੱਖ ਜਦੋਂ ਆਪਣੀ ਮੂਲ ਪਹਿਚਾਣ ਦੀ ਸਥਾਪਤੀ ਦੇ ਅਮਲ ਵਿੱਚ ਕਾਰਜਸ਼ੀਲ ਹੁੰਦਾ ਹੈ ਤਾਂ ਇਕੋ ਸਮੇਂ ਪਾਰ-ਸਭਿਆਚਾਰਕ ਤੇ ਅੰਤਰ-ਸਭਿਆਚਾਰਕ ਸਥਿਤੀਆਂ ਵਿੱਚੋਂ ਗੁਜ਼ਰਦਾ ਹੈ। ਕੈਨੇਡੀਅਨ ਪੰਜਾਬੀ ਕਹਾਣੀ ਦੇ ਸੰਦਰਭ ਵਿੱਚ ਇਹ ਅੰਤਰ-ਸਭਿਆਚਾਰਕ ਸਥਿਤੀ ਹੋਰ ਵੀ ਵਧੇਰੇ ਚੁਣੌਤੀ ਭਰਪੂਰ ਸਰੂਪ ਅਖ਼ਤਿਆਰ ਕਰ ਲੈਂਦੀ ਹੈ। ਕਿਉਂਕਿ ਇਥੇ ਇੱਕ ਪਾਸੇ ਬਸਤੀਵਾਦੀ‎,‎ ਸਾਮਰਾਜੀ ਪਿਛੋਕੜ ਵਾਲਾ ਅਤਿਵਿਕਸਿਤ ਉਦਯੋਗੀ -ਪੂੰਜੀਵਾਦੀ ਸਮਾਜ-ਪ੍ਰਬੰਧ ਵਾਲਾ ਦੇਸ਼ ਹੈ ਅਤੇ ਦੂਸਰੇ ਪਾਸੇ ਅਤੀਤ ਵਿੱਚ ਬਸਤੀਵਾਦੀ ਨਿਜ਼ਾਮ ਦੀ ਹੋਣੀ ਨੂੰ ਭੋਗ ਚੁੱਕਾ‎,‎ ਅਰਧ-ਸਾਮੰਤੀ ਤੇ ਵਿਕਸਿਤ ਪੂੰਜੀਵਾਦੀ ਸਰੂਪ ਵਾਲਾ ਸਮਾਜ-ਪ੍ਰਬੰਧ ਹੈ। ਇਨ੍ਹਾਂ ਪਰਿਸਥਿਤੀਆਂ ਵਿੱਚੋਂ ਗੁਜ਼ਰਦਾ ਪਰਵਾਸੀ ਪੰਜਾਬੀ ਮਨੁੱਖ ਜਿਥੇ ਇੱਕ ਪਾਸੇ ਮੁੱਖ ਸਭਿਆਚਾਰ ਵਿੱਚ ਆਪਣੀ ਵਿਲੱਖਣ ਪਹਿਚਾਣ ਦੀ ਸਥਾਪਤੀ ਲਈ ਕਾਰਜਸ਼ੀਲ ਹੈ ਉਥੇ ਦੂਸਰੇ ਪਾਸੇ ਆਪਣੇ ਹੀ ਸਭਿਆਚਾਰਕ ਦਾਇਰੇ‎,‎ ਪਰਿਵਾਰਕ ਇਕਾਈ ਨਾਲ ਸੰਬੰਧਿਤ ਮਸਲਿਆਂ ਦੇ ਸਨਮੁੱਖ ਹੈ। ਅਜਿਹੀ ਹੀ ਸਥਿਤੀ ਦਰਪੇਸ਼ ਹੈ ਕਹਾਣੀ “ਗੁਆਚੇ ਲੋਕ” ਦੇ ਪਾਤਰਾਂ ਅੱਗੇ। ਪੱਛਮ ਦੀ ਪੂੰਜੀਵਾਦੀ ਵਿਵਸਥਾ ਨੇ ਕਿਸ ਕਦਰ ਪਰਿਵਾਰਕ ਇਕਾਈ‎,‎ ਮਨੁੱਖੀ ਰਿਸ਼ਤਿਆਂ `ਤੇ ਨਾਂਹ-ਪੱਖੀ ਪ੍ਰਭਾਵ ਪਾਇਆ; ਦੇ ਸਮੱਸਿਆਕਾਰ ਨੂੰ ਇਹ ਕਹਾਣੀ ਆਪਣਾ ਵਸਤੂ ਬਣਾਉਂਦੀ ਹੈ। ਵਸਤਾਂ ਦੇ ਉਤਪਾਦਨ ਵਿੱਚ ਮਨੁੱਖ ਵੀ ਇੱਕ ਵਸਤ ਵਿੱਚ ਤਬਦੀਲ ਹੋਇਆ ਨਜ਼ਰ ਆਉਂਦਾ ਹੈ। ਲੇਖਕ ਨੇ ਇਸ ਕਹਾਣੀ ਵਿੱਚ ਸ਼ਮਸ਼ੇਰ ਸਿੰਘ ਦੀ ਪਰਿਵਾਰਕ ਜ਼ਿੰਦਗੀ ਦੇ ਹਵਾਲੇ ਨਾਲ ਕੈਨੇਡੀਅਨ ਜ਼ਿੰਦਗੀ ਦੀਆਂ ਰਾਜਸੀ‎,‎ ਧਾਰਮਿਕ‎,‎ ਆਰਥਿਕ ਅਤੇ ਸਭਿਆਚਾਰਕ ਕੜੀਆਂ ਵਿਕਸਿਤ ਪੂੰਜੀਵਾਦੀ ਵਿਵਸਥਾ ਦੀਆਂ ਮੂਲ ਅਲਾਮਤਾਂ ਦੇ ਰੂਪ ਵਿੱਚ ਪ੍ਰਸਤੁਤ ਕੀਤੀਆਂ ਹਨ। ਇਸ ਸਥਿਤੀ ਦੇ ਅੰਤਰਗਤ ਹੀ ਪਾਤਰ ਸ਼ਮਸ਼ੇਰ ਸਿੰਘ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਖ਼ਤਮ ਹੋ ਰਹੀ ਪਹਿਚਾਣ ਦੀ ਤ੍ਰਾਸਦੀ ਨੂੰ ਬਾਖ਼ੂਬੀ ਉਜਾਗਰ ਕੀਤਾ ਗਿਆ ਹੈ।
ਕਹਾਣੀ ਦਾ ਪਾਤਰ ਸ਼ਮਸ਼ੇਰ ਸਿੰਘ ਸਮਾਜ-ਵਿਗਿਆਨੀਆਂ ਦੁਆਰਾ ਦਿੱਤੇ ਗਏ ‘ਫੁਸਹ-ਫੁਲਲ’ 6 ਸਿਧਾਂਤ ਦੇ ਅੰਤਰਗਤ ਦੇਸ਼ ਵਿੱਚ ਦੋਸਤ ਦੇ ਸੁਆਰਥੀ ਚਰਿੱਤਰ ਤੋਂ ਉਦਾਸੀਨ ਹੋ ਕੇ‎,‎ ਔਲਾਦ ਦੇ ਭਵਿੱਖ ਦੀ ਉਸਾਰੀ ਹਿੱਤ ਆਰਥਿਕ ਤੌਰ `ਤੇ ਸਮ੍ਰਿਧ ਹੋਣ ਖਾਤਿਰ ਰਿਫ਼ਿਊਜੀ ਕੇਸ ਅਧੀਨ ਪਰਵਾਸ ਧਾਰਨ ਕਰਦਾ ਹੈ। ਉਸਦਾ ਪਰਵਾਸ ਦੂਸਰੇ ਪੜਾਅ ਨਾਲ ਸੰਬੰਧਿਤ ਹੈ ਜਿਸ ਵਿੱਚ ਦੇਸ਼ ਵਾਪਿਸ ਪਰਤਣ ਦੀ ਕੋਈ ਵੀ ਇੱਛਾ ਕਹਾਣੀ ਵਿੱਚੋਂ ਪ੍ਰਗਟ ਨਹੀਂ ਹੁੰਦੀ ਸਗੋਂ ਪਰਿਵਾਰ ਨੂੰ ਵੀ ਕੈਨੇਡਾ ਬੁਲਾ ਲਿਆ ਜਾਂਦਾ ਹੈ। ਪਰਿਵਾਰ ਦੀ ਆਮਦ ਉਪਰੰਤ ਘਟਨਾਕ੍ਰਮ ਸੁਖਦ ਤੇ ਖੁਸ਼ੀ ਭਰਪੂਰ ਹੈ। ਬਿਗਾਨੇ ਦੇਸ਼ ਵਿੱਚ ਹੌਲੀ-ਹੌਲੀ ਤਰੱਕੀ ਕਰ ਰਿਹਾ ਪਰਿਵਾਰ ਇਕ-ਦੂਸਰੇ ਦੇ ਸਾਥ ਵਿੱਚ ਖੁਸ਼ ਹੈ। ਉਨ੍ਹਾਂ ਦੀ ਇਸ ਖੁਸ਼ੀ ਦਾ ਪ੍ਰਗਟਾਵਾ ਲੇਖਕ ਨੇ ਨਵੇਂ ਘਰ ਦੀ ਹੋ ਰਹੀ ਪਾਰਟੀ ਵਿੱਚ ਦਰਸਾਇਆ ਹੈ:
“ਜਦੋਂ ਉਨ੍ਹਾਂ ਛੇਆਂ ਜਣਿਆਂ ਨੇ ਇੱਕ ਦੂਜੇ ਦੇ ਹੱਥ ਫੜ ਕੇ‎,‎ ਥਿਰਕਦੇ ਪੈਰਾਂ ਨਾਲ ਗੋਲ-ਦਾਇਰਾ ਬੰਨ੍ਹਿਆ ਤਾਂ ਸ਼ਮਸ਼ੇਰ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਦੀਆਂ ਜੁੜੀਆਂ ਬਾਹਾਂ ਘਰ ਦੇ ਅੰਦਰ ਹੀ ਨਹੀਂ‎,‎ ਬਾਹਰ ਤੱਕ ਫ਼ੈਲ ਗਈਆਂ ਹੋਣ‎,‎ ਘਰ ਦੇ ਚਾਰ-ਚੁਫ਼ੇਰੇ‎,‎ ਕਿਸੇ ਕਿਲੇ ਦੀ ਸੁਰੱਖਿਅਤ ਕੰਧ ਵਾਂਗ।” 7
“ਗੁਆਚੇ ਲੋਕ” ਕਹਾਣੀ ਦਾ ਚਿਹਨ-ਪ੍ਰਬੰਧ ਪੰਜਾਬੀ ਡਾਇਸਪੋਰਾ ਦੀ ਰੂਪ-ਵਿਧੀ ਨੂੰ ਪਹਿਚਾਨਣ ਅਤੇ ਬਿਰਤਾਂਤਣ ਦਾ ਯਤਨ ਕਰਦਾ ਹੈ। ਸ਼ਮਸ਼ੇਰ ਸਿੰਘ ਦੇ ਦੋਵੇਂ ਪੁੱਤਰ ਸੁਰਿੰਦਰ ਅਤੇ ਮਨਜਿੰਦਰ ਮੂਲ ਰੂਪ ਵਿੱਚ ਸਭਿਆਚਾਰਕ ਬਣਤਰ ਦੀ ਮੂਲ ਇਕਾਈ ਸਾਕਾਚਾਰੀ ਦੇ ਵਾਹਕ ਹਨ ਜਿਨ੍ਹਾਂ ਰਾਹੀਂ ਭਾਈਚਾਰਕ ਸਮੂਹ ਦੀ ਸਥਾਪਤੀ ਹੋਣੀ ਹੈ। ਪੰਜਾਬੀ ਸੁਭਾਅ ਸਾਕਾਚਾਰੀ ਦੇ ਵਿਸਤਾਰ ਰਾਹੀਂ ਭਾਈਚਾਰਕ ਵਿਸਤਾਰ ਦੀ ਪਰਿਕਲਪਨਾ ਕਰਦਾ ਹੈ ਇਸ ਲਈ ਪੰਜਾਬੀ ਮਾਨਸਿਕਤਾ ਦੀ ਡਾਇਸਪੋਰਿਕ ਚੇਤਨਾ ਦੀ ਇਹ ਸਫ਼ਲ ਪ੍ਰਸਤੁਤੀ ਹੈ। ਇਸੇ ਦੇ ਅੰਤਰਗਤ ਹੀ ਸ਼ਮਸ਼ੇਰ ਸਿੰਘ ਦਾ ਸਭਿਆਚਾਰਕ ਅਵਚੇਤਨ ਇਸ ਗੱਲ ਤੇ ਬਜ਼ਿਦ ਹੈ ਕਿ ਸਾਰੇ ਪਰਿਵਾਰ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਪਰੰਤੂ ਸਥਿਤੀ ਦੀ ਵਿਡੰਬਨਾ ਇਹ ਹੈ ਕਿ ਪੂੰਜੀਵਾਦੀ ਵਿਵਸਥਾ ਦੇ ਪ੍ਰਭਾਵ ਅਧੀਨ ਉਸ ਦੀ ਇਸ ਖਾਹਿਸ਼ ਦੇ ਵਿਪਰੀਤ ਪਰਿਵਾਰ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਸ਼ਮਸ਼ੇਰ ਸਿੰਘ ਦੇ ਛੋਟੇ ਨੂੰਹ-ਪੁੱਤ ਸੰਦੀਪ ਤੇ ਮਨਜਿੰਦਰ ਪੱਛਮੀ ਚਮਕ-ਦਮਕ ਤੇ ਪੂੰਜੀ ਦੀ ਦੌੜ ਵਿੱਚ ਇੰਨੇ ਗੁਆਚ ਜਾਂਦੇ ਹਨ ਕਿ ਹਫ਼ਤੇ ਦੇ ਅਖ਼ੀਰ ਤੇ ਵੀ ਉਹ ਪਰਿਵਾਰ ਨਾਲ ਸਮਾਂ ਬਤੀਤ ਕਰਨ ਦੀ ਥਾਂ ਬੈਂਕ ਵਾਲਿਆਂ ਨਾਲ ਮੀਟਿੰਗ‎,‎ ਕਲਚਰਲ-ਸ਼ੋਅ‎,‎ ਮੀਡੀਏ ਨਾਲ ਮੇਲ-ਮਿਲਾਪ ਤੇ ਬਿਜ਼ਨਿਸ-ਪਾਰਟੀਆ ਵਿੱਚ ਵਿਅਸਤ ਰਹਿੰਦੇ ਹਨ। ਪੂੰਜੀ ਇਕੱਤਰੀਕਰਣ ਦੀ ਦੌੜ ਵਿੱਚ ਉਹ ਆਪਣੇ ਹੀ ਸਮੁਦਾਇ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਪ੍ਰਕਿਰਿਆ ਵਿੱਚ ਪਹਿਲਾਂ ਉਹ ਪਰਿਵਾਰ ਤੋਂ ਅਲੱਗ ਹੁੰਦੇ ਹਨ ਤੇ ਉਪਰੰਤ ਉਨ੍ਹਾਂ ਦੀ ਗ੍ਰਹਿਸਥੀ ਵੀ ਖੰਡਿਤ ਹੋ ਜਾਂਦੀ ਹੈ।
ਕੈਨੇਡੀਅਨ ਪੰਜਾਬੀ ਸਮੁਦਾਇ ਵਿੱਚ ਗੁਰਦੁਆਰਿਆਂ ਦੇ ਵਪਾਰੀਕਰਨ‎,‎ ਜਾਤ-ਪਾਤ‎,‎ ਚੌਧਰਪੁਣੇ‎,‎ ਹੇਰਾਫ਼ੇਰੀ‎,‎ ਧਰਮ ਦੇ ਨਾਂ ਤੇ ਦੂਸ਼ਿਤ ਰਾਜਨੀਤੀ ਆਦਿ ਨੇ ਇਨ੍ਹਾਂ ਧਾਰਮਿਕ ਸੰਸਥਾਵਾਂ ਦੇ ਉਦਾਰਵਾਦੀ‎,‎ ਧਰਮ-ਨਿਰਪੱਖ ਤੇ ਰਾਸ਼ਟਰਵਾਦੀ ਅਕਸ ਨੂੰ ਠੇਸ ਪਹੁੰਚਾਈ ਹੈ। ਅਜਿਹੀਆਂ ਸਥਿਤੀਆਂ ਉਤਪੰਨ ਕਰਨ ਵਿੱਚ ਧਾਰਮਿਕ ਸੰਸਥਾਵਾਂ ਦੇ ਦੋਹਰੇ ਮਿਆਰਾਂ ਵਾਲੇ ਪ੍ਰਬੰਧਕ ਕਿਵੇਂ ਮੁੱਖ ਭੂਮਿਕਾ ਨਿਭਾਉਂਦੇ ਹਨ ਦੀ ਨਿਸ਼ਾਨਦੇਹੀ ਗੁਰਦੁਆਰਾ ਪ੍ਰਧਣਾਨ ਸੁੱਚਾ ਸਿੰਘ ਢੀਂਡਸਾ ਦੇ ਪਾਤਰ ਰਾਹੀਂ ਹੋ ਜਾਂਦੀ ਹੈ। ਉਹ ਗੁਰਦੁਆਰੇ ਦੇ ਫੰਡਾਂ `ਚ ਘਪਲੇਬਾਜ਼ੀ ਕਰਾਕੇ ਵੱਡੀ ਰਕਮ ਸੁਰਿੰਦਰ ਨਾਲ ਸਾਂਝ ਵਾਲੇ ਬਿਜ਼ਨਿਸ ਵਿੱਚ ਲਾਉਂਦਾ ਹੈ। ਸੁਰਿੰਦਰ ਦੀ ਇਸ ਬਿਜ਼ਨਿਸ ਵਿੱਚ ਭਾਈਵਾਲੀ‎,‎ ਪ੍ਰਧਾਨ ਤੋਂ ਪ੍ਰਭਾਵਿਤ ਹੋਣ ਤੇ ਪ੍ਰਧਾਨ ਦੁਆਰਾ ਉਨ੍ਹਾਂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ‎,‎ ਪਿਤਾ-ਪੁੱਤਰ ਵਿਚਕਾਰ ਡੂੰਘੀ ਵਿੱਥ ਦੇ ਕਾਰਨ ਬਣਦੇ ਹਨ। ਫ਼ਲਸਰੂਪ ਪਰਿਵਾਰ ਇੱਕ ਹੋਰ ਵਾਰ ਟੁੱਟਦਾ ਹੈ ਤੇ ਸ਼ਮੇਸ਼ਰ ਸਿੰਘ ਪਤਨੀ ਸਮੇਤ ਇਸ ਪੁੱਤਰ ਤੋਂ ਵੀ ਅਲੱਗ ਇੱਕ ਬੇਸਮੈਂਟ ਕਿਰਾਏ ਤੇ ਲੈ ਕੇ ਰਹਿਣ ਲੱਗਦਾ ਹੈ। ਉਸ ਦੀ ਪਤਨੀ ਜਸਬੀਰ ਕੌਰ ਲਗਾਤਾਰ ਪੁੱਤਾਂ ਤੇ ਪਤੀ ਨਾਲ ਜੁੜੀ ਲਗਭਗ ਹਰ ਸੰਭਵ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰੰਤੂ ਪਤਨੀ ਦੁਆਰਾ ਔਲਾਦ ਦਾ ਪੱਖ ਲੈਣ‎,‎ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੰਡਾਉਣ ਤੇ ਸ਼ਮਸ਼ੇਰ ਸਿੰਘ ਪ੍ਰਤਿ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਉਹ ਅੰਗਰੇਜ਼ ਔਰਤ ਜੁਲੀ ਕਾਰਟਰ ਨਾਲ ਸੰਬੰਧ ਸਥਾਪਿਤ ਕਰ ਲੈਂਦਾ ਹੈ। ਉਸਦਾ ਅਜਿਹਾ ਵਿਵਹਾਰ ਉਸ ਨੂੰ ਪਤਨੀ ਸਮੇਤ ਪੂਰੇ ਪਰਿਵਾਰ ਦੀਆ ਨਜ਼ਰਾਂ ਵਿੱਚ ਦੋਸ਼ੀ ਬਣਾ ਦਿੰਦਾ ਹੈ। ਇਸ ਸਾਰੇ ਮਾਨਸਿਕ ਸੰਤਾਪ ਨੂੰ ਭੋਗਦਿਆਂ ਉਹ ਲਿਵਰ ਖਰਾਬ ਹੋ ਜਾਣ ਕਾਰਨ ਸਰੀਰਕ ਤੌਰ `ਤੇ ਵੀ ਰੋਗੀ ਬਣ ਜਾਂਦਾ ਹੈ।
ਅੰਤਰ-ਸਭਿਆਚਾਰਕ ਸੰਬੰਧਾਂ ਦੇ ਅੰਤਰਗਤ ਸ਼ਮਸ਼ੇਰ ਸਿੰਘ‎,‎ ਜੇਮਜ਼ ਤੇ ਜੁਲੀ ਦੀ ਆਪਸੀ ਸਾਂਝ ਨੂੰ ਦੇਖਿਆ ਜਾ ਸਕਦਾ ਹੈ। ਜੇਮਸ਼ ਨੂੰ ਲੇਖਕ ਨੇ ਇੱਕ ਰੋਲ ਮਾਡਲ ਵਜੋਂ ਚਿਤਰਿਆ ਹੈ। ਅਜਿਹਾ ਇਨਸਾਨ ਜੋ ਕੇਵਲ ਤੇ ਕੇਵਲ ਦੂਸਰਿਆਂ ਦੀ ਭਲਾਈ ਹਿੱਤ ਹੀ ਸੋਚਦਾ ਹੈ। ਇੱਕ ਪਾਸੇ ਉਹ ਆਪਣੇ ਕ੍ਰਾਂਤੀਕਾਰੀ ਸੁਭਾਅ ਕਾਰਨ ਦੋਹਰੀ ਨੀਤੀ ਵਾਲੇ ਲੀਡਰਾਂ ਤੇ ਮੈਨਜਮੈਂਟ ਨੂੰ ਅੱਖਰਦਾ ਹੈ ਤਾਂ ਦੂਸਰੇ ਪਾਸੇ ਸਾਥੀ ਕਾਮਿਆਂ ਦੀ ਪਸੰਦ ਬਣਦਾ ਹੋਇਆ ‘ਰੰਗਮੰਚੀ ਸੰਸਥਾ’ ਤੇ ‘ਚਿਲਡਰਨ ਕੇਅਰ ਸੈਂਟਰ’ ਆਦਿ ਰਾਹੀਂ ਲੋਕ ਭਲਾਈ ਦੇ ਕੰਮਾਂ ਨਾਲ ਜੁੜਿਆ ਹੋਇਆ ਹੈ। ਮਰਨ ਉਪਰੰਤ ਵੀ ਉਹ ਆਪਣਾ ਲਿਵਰ ਸ਼ਮਸ਼ੇਰ ਸਿੰਘ ਨੂੰ ਦਾਨ ਕਰ ਜਾਂਦਾ ਹੈ। ਸ਼ਮਸ਼ੇਰ ਸਿੰਘ ਨਾਲ ਵਿਚਾਰ-ਵਟਾਂਦਰੇ ਵਿੱਚੋਂ ਹੀ ਕਹਾਣੀ ਦਾ ਮੂਲ ਸਰੋਕਾਰ ਵੀ ਉਜਾਗਰ ਹੁੰਦਾ ਹੈ। ਅਜੋਕੇ ਮਨੁੱਖ ਦੀ ਗੁਆਚ ਚੁੱਕੀ ਸ਼ਨਾਖਤ ਬਾਰੇ ਉਹ ਕਹਿੰਦਾ ਹੈ‎,‎” ਸੋਚੇ ਤਾਂ ਜੇ ਉਹ ਆਪਣੇ ਆਪ `ਚ ਹੋਵੇ‎,‎ ਉਹ ਤਾਂ ਗੁਆਚ ਚੁੱਕੈ…ਆਪਣੇ ਕੇਂਦਰੀ ਧੁਰੇ ਨਾਲੋਂ ਟੁੱਟ ਚੁੱਕੈ।” 8
ਸਥਿਤੀ ਦੀ ਵਿਡੰਬਨਾ ਇਹ ਹੈ ਕਿ ਗੁਆਚੇ ਹੋਏ ਇਨ੍ਹਾਂ ਲੋਕਾਂ ਵਿੱਚ ਸ਼ਾਮਿਲ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਜੀਅ ਉਸ ਨੂੰ ਮਨਜਿੰਦਰ ਦੇ ਘਰ ਕੇਵਲ ਇਸ ਲਈ ਲੈ ਕੇ ਜਾਣਾ ਚਾਹੁੰਦੇ ਹਨ ਕਿਉਂਕਿ ਐਮ਼ ਪੀ਼ ਦੀ ਚੋਣ ਲੜ ਰਹੇ ਇਸ ਪਾਤਰ ਦਾ ਅਕਸ ਪਰਿਵਾਰਕ-ਮੁੱਲਾਂ ਦੇ ਮੁੱਦਈ‎,‎ ਮਾਪਿਆਂ ਦੀ ਸਾਂਭ-ਸੰਭਾਲ ਕਰ ਰਹੇ ਪੁੱਤਰ ਦੇ ਤੌਰ ਤੇ ਉਘਾੜਿਆ ਜਾ ਸਕੇ। ਉਸ ਦੀ ਬਿਮਾਰੀ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਦਿਖਾਈ ਦਿੰਦੀ। ਇਸੇ ਦੇ ਸਮਵਿੱਥ ਅਜਿਹੀਆਂ ਸੰਸਥਾਵਾਂ ਵੀ ਕਾਰਜਸ਼ੀਲ ਹਨ ਜੋ ਬਿਨਾਂ ਕਿਸੇ ਜਾਣ-ਪਹਿਚਾਣ‎,‎ ਸਾਂਝ‎,‎ ਰਿਸ਼ਤੇ ਦੇ ਲੋਕਾਂ ਦੀ ਮਦਦ ਕਰਦੀਆਂ ਹਨ। ਅਜਿਹੀ ਹੀ ਇੱਕ ਲਿਵਰ ਕੇਅਰ ਸੰਸਥਾ ਦੇ ਉਪਰਾਲੇ ਕਾਰਨ ਉਸ ਨੂੰ ਨਵਾਂ ਜੀਵਨ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਲੇਖਕ ਸ਼ਮਸ਼ੇਰ ਸਿੰਘ ਰਾਹੀਂ ਪੂੰਜੀਵਾਦੀ ਵਿਵਸਥਾ ਵਿੱਚ ਰਿਸ਼ਤਿਆਂ ਦੀ ਖੁਰ ਰਹੀ ਪਹਿਚਾਣ ਤੇ ਚਿੰਤਾ ਵਿਅਕਤ ਕਰਦਾ ਹੈ ਜਿਸ ਵਿੱਚ ਘਰ ਤੇ ਪਰਿਵਾਰ ਦੋਹਾਂ ਤੋਂ ਮਹਿਰੂਮ ਹੋ ਕੇ ਜਿਉਣਾ ਵਿਅਕਤੀ ਵੀ ਹੋਣੀ ਹੋ ਨਿਬੜਦਾ ਹੈ। ਇਸਦੇ ਨਾਲ ਹੀ ਕੈਨੇਡੀਅਨ ਪੰਜਾਬੀ ਸਮੁਦਾਇ ਵਿੱਚ ਬਜ਼ੁਰਗ ਪੀੜ੍ਹੀ ਦੀ ਹੋ ਰਹੀ ਅਵਹੇਲਨਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਪਰਵਾਸੀ ਪੰਜਾਬੀਆਂ ਦੁਆਰਾ ਆਪਣੀ ਸਮੁਦਾਇ ਤੇ ਮੁੱਖ ਸਮਾਜ ਵਿੱਚ ਸਥਾਪਤੀ ਦਾ ਜ਼ਰੀਆ ਕੇਵਲ ਪੂੰਜੀ ਇਕਤਰੀਕਰਣ ਨੂੰ ਹੀ ਸਮਝਣ ਦੀ ਭੁੱਲ ਨੂੰ ਉਜਾਗਰ ਕੀਤਾ ਗਿਆ ਹੈ। ਇਸ ਮਨੋਰਥ ਦੀ ਪੂਰਤੀ ਹਿੱਤ ਉਹ ਦੰਭ ਰਚਦੇ‎,‎ ਹਥਕੰਡੇ ਵਾਰਤਦੇ‎,‎ ਅਖੌਤੀ ਸੇਵਾ ਦਾ ਨਾਅਰਾ ਲਾਉਂਦੇ‎,‎ ਦੂਸ਼ਿਤ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕਰਦੇ ਦਿਖਾਈ ਦਿੰਦੇ ਹਨ।
ਸਮਾਜ-ਵਿਗਿਆਨ ਦੀ ਦ੍ਰਿਸ਼ਟੀ ਤੋਂ ਦੇਖਿਆਂ ਕੈਨੇਡਾ ਵਿੱਚ ਪਹਿੜੇ ਪੜਾਅ ਦੇ ਪਰਵਾਸੀ ਪੰਜਾਬੀ ਜਿਥੇ ‘ਅਪਾਰਥੀਡ’ ਦੇ ਮਾਡਲ ਨੂੰ ਗ੍ਰਹਿਣ ਕਰਦੇ ਹੋਏ ਪੱਛਮੀ ਸਭਿਆਚਾਰ ਦੀ ਮੁੱਖਧਾਰਾ ਨਾਲੋਂ ਤਕਰੀਬਨ ਅਲਹਿਦਾ ਹੋਣ ਲਈ ਮਜਬੂਰ ਸਨ ਉਥੇ ਅਜੋਕੇ ਸਮੇਂ ਵਿੱਚ ਮੁੱਖਧਾਰਾ ਦੇ ਲੋਕਾਂ ਨਾਲ ਵਿਵਹਾਰਕ ਤੇ ਸਮਾਜਿਕ ਸਾਂਝ ਸਥਾਪਿਤ ਕਰਦੇ ਦਿਖਾਈ ਦਿੰਦੇ ਹਨ। ਇਸਦੀ ਮਿਸਾਲ “ਸੜਕਾਂ” ਕਹਾਣੀ ਦੇ ਪਰਵਾਸੀ ਪੰਜਾਬੀ ਪਾਤਰ ਅਜੀਤ ਤੇ ਮੁੱਖਧਾਰਾ ਨਾਲ ਸੰਬੰਧਿਤ ਪਾਤਰ ਜੈਕ ਦੇ ਆਪਸੀ ਸੰਬੰਧਾਂ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹ ਦੋਵੇਂ ਪਾਤਰ ‘ਹੁੰਦਲ ਐਂਡ ਹੈਰੀਸਨ ਟਰਕਿੰਗ ਕੰਪਨੀ’ ਦੇ ਨਾਂ ਹੇਠ ਇਕੱਠੇ ਕਾਰੋਬਾਰ ਕਰਦੇ‎,‎ ਆਪਸੀ ਸਾਂਝ ਨਿਭਾਉਂਦੇ ਹੋਏ ਹਰੇਕ ਸੰਘਰਸ਼ ਤੇ ਚੁਣੌਤੀ ਦਾ ਵੀ ਇਕੱਠੇ ਸਾਹਮਣਾ ਕਰਦੇ ਹਨ। ਉਹ ਇਕ-ਦੂਸਰੇ ਦੇ ਸਭਿਆਚਾਰ ਦੀ ਇੱਜ਼ਤ ਕਰਦੇ‎,‎ ਉਸ ਨੂੰ ਸਮਝਣ ਦੀ ਜਗਿਆਸਾ ਰੱਖਦੇ ਅਤੇ ਸੰਕਟਮਈ ਸਥਿਤੀਆਂ ਸਮੇਂ ਇਕ-ਦੂਸਰੇ ਨੂੰ ਸਹਾਰਾ ਦਿੰਦੇ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਸਾਰੇ ਵਰਤਾਰੇ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੀ ਸਾਂਝ ਤੇ ਸ਼ਮੂਲੀਅਤ ਵੀ ਮਹੱਤਵਪੂਰਨ ਹੈ। ਇਸੇ ਸੰਦਰਭ ਵਿੱਚ ਹੀ ਸਿੱਖ ਧਰਮ `ਚ ਸੇਵਾ ਤੇ ਈਸਾਈ ਧਰਮ `ਚ ਚੈਰਿਟੀ ਦੇ ਸਿਧਾਂਤਾਂ ਵਿੱਚ ਉਨ੍ਹਾਂ ਨੂੰ ਸੁਮੇਲਤਾ ਨਜ਼ਰ ਆਉਂਦੀ ਹੈ। ਜਿਥੇ ਗੁਰਬਾਣੀ ਵਿੱਚ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਸੰਕਲਪ ਹੈ ਉਥੇ ਈਸਾਈ ਮਤ ਵਿੱਚ ‘ਲਵ ਇਜ਼ ਗੌਡ’ ਦੇ ਸੰਕਲਪ ਨੂੰ ਸਾਹਮਣੇ ਰੱਖਦੇ ਹਨ। ਇਸੇ ਤਰ੍ਹਾਂ ‘ਵੰਡ ਛਕੋ’ ਦੇ ਸਮਵਿੱਥ ਹੀ ਫੂਡ-ਬੈਂਕਾਂ ਦੇ ਮਨੋਰਥ ਨੂੰ ਪ੍ਰਗਟਾਉਂਦੇ ਹਨ।
ਅਜੀਤ ਸਿੰਘ ਦੇ ਪਰਵਾਸ ਧਾਰਨ ਕਰਨ ਦੀ ਪਿੱਠਭੂਮੀ ਵਿੱਚ ਸਕੇ ਭਰਾ ਤੇ ਮਾਪਿਆਂ ਦੇ ਸੁਆਰਥ ਤੇ ਜ਼ਿਆਦਤੀ ਭਰੇ ਵਿਵਹਾਰ ਨੂੰ ਕਾਰਨ ਵਜੋਂ ਦੇਖਿਆ ਜਾ ਸਕਦਾ ਹੈ। ਕੈਨੇਡਾ ਪਹੁੰਚਣ ਉਪਰੰਤ ਤੇ ਫਿਰ ਪਰਿਵਾਰ ਨੂੰ ਵੀ ਸਥਾਪਿਤ ਕਰਨ ਦੇ ਆਹਰ ਵਿੱਚ ਉਸਦਾ ਪੁੱਤ-ਨੂੰਹ (ਲੱਖੀ ਤੇ ਮੀਨੂ) ਪੱਛਮੀ ਜੀਵਨ-ਸ਼ੈਲੀ ਨੂੰ ਅਪਣਾਉਂਦੇ‎,‎ ਨਿੱਜੀ ਹਿੱਤਾਂ ਦੇ ਟਕਰਾਉ ਕਾਰਨ ਪਰਿਵਾਰ ਤੋਂ ਬਣਦਾ ਹਿੱਸਾ ਲੈ ਕੇ ਅਲਹਿਦਾ ਹੋ ਜਾਂਦੇ ਹਨ। ਪਰਵਾਸੀ ਪੰਜਾਬੀ ਮਾਪਿਆਂ ਨੂੰ ਦਰਪੇਸ਼ ਨਵੀਂ ਪੀੜ੍ਹੀ ਦੇ ਸੰਕਟ ਦੀ ਇਹ ਇੱਕ ਮਿਸਾਲ ਹੈ। ਅਮਰੀਕਨ ਡਰੀਮ ਦੀ ਪੂਰਤੀ ਵਿੱਚ ਉਸਦਾ ਸਾਥ ਛੋਟਾ ਪੁੱਤਰ ਕਰਨ ਦਿੰਦਾ ਹੈ। ਇਸ ਨਾਲ ਕਾਰੋਬਾਰ ਵਿੱਚ ਲਗਾਤਾਰ ਵਾਧਾ ਹੁੰਦਾ ਹੇ। ਪਰੰਤੂ ਤ੍ਰਾਸਦਿਕ ਸਥਿਤੀ ਉਸ ਸਮੇਂ ਉਤਪੰਨ ਹੁੰਦੀ ਹੈ ਜਦੋਂ ਕਰਨ ਇੱਕ ਸੜਕ ਹਾਦਸੇ ਵਿੱਚ ਬਾਕੀ ਸਾਥੀਆਂ ਨੂੰ ਬਹਾਦਰੀ ਦਾ ਪ੍ਰਗਟਾਵਾ ਕਰਦਾ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦਾ ਹੈ ਪਰ ਖ਼ੁਦ ਇਸਦੀ ਚਪੇਟ ਵਿੱਚ ਆ ਜਾਂਦਾ ਹੈ। ਕਰਨ ਦੀ ਇਸ ਬਹਾਦਰੀ ਬਦਲੇ ਮਰਨ ਉਪਰੰਤ ਉਸ ਨੂੰ ਕੈਨੇਡਾ ਸਰਕਾਰ ਮੈਡਲ ਆਫ਼ ਬਰੇਵਰੀ ਨਾਲ ਸਨਮਾਨਿਤ ਕਰਦੀ ਹੈ ਜੋ ਕਿ ਕੈਨੇਡੀਅਨ ਪੰਜਾਬੀ ਸਮੁਦਾਇ ਲਈ ਮਾਣ ਵਾਲੀ ਗੱਲ ਹੋ ਨਿਬੜਦੀ ਹੈ। ਇਸ ਸਮੇਂ ਵੀ ਜੈਕ ਉਨ੍ਹਾਂ ਦੀਆਂ ਭਾਵਨਾਵਾਂ ਵਿੱਚ ਸ਼ਾਮਿਲ ਹੁੰਦਾ ਕਹਿੰਦਾ ਹੈ:
“ਆਪਾਂ ਨੂੰ ਮਾਣ ਹੈ ਕਿ ਆਪਣਾ ਕਰਨ ਅੱਜ ਕਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ `ਚ ਚਲਾ ਗਿਐ।” 9
ਇਸ ਕਹਾਣੀ ਰਾਹੀਂ ਲੇਖਕ ਟਰਕਿੰਗ ਦੇ ਕਾਰੋਬਾਰ ਵਿੱਚ ਸ਼ਾਮਿਲ ਪਰਵਾਸੀ ਪੰਜਾਬੀਆਂ ਦੀਆਂ ਘਾਟਾਂ‎,‎ ਪ੍ਰਾਪਤੀਆ‎,‎ ਸੰਘਰਸ਼ ਤੇ ਚੁਣੌਤੀਆਂ ਦਾ ਬਾਖ਼ੂਬੀ ਚਿਤਰਨ ਕਰਦਾ ਹੈ। ‘ਸੜਕਾਂ’ ਮੈਟਾਫ਼ਰ ਦੇ ਤੌਰ ਤੇ ਪ੍ਰਯੋਗ ਹੋਇਆ ਹੈ ਜੋ ਪੂੰਜੀਵਾਦੀ ਦੀ ਵਿਵਸਥਾ ਵਿੱਚ ਇਕ-ਦੂਸਰੇ ਤੋਂ ਅੱਗੇ ਲੰਘਣ ਦੀ ਨਿਰੰਤਰ ਲੱਗੀ ਦੌੜ ਨੂੰ ਦਰਸਾਉਂਦਾ ਹੈ ਤੇ ਇਹ ਦੌੜ ਹੀ ਅਜੋਕੇ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣਕੇ ਰਹਿ ਗਈ ਹੈ।
“ਜਰਨੈਲ ਸਿੰਘ ਦੇ ਸਰੋਕਾਰਾਂ ਦਾ ਘੇਰਾ ਪਰਵਾਸੀ ਪੰਜਾਬੀਆਂ ਦੇ ਸਮਾਚਾਰਾਂ ਤੇ ਸਮੱਸਿਆਵਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਮਾਨਵਵਾਦੀ ਦ੍ਰਿਸ਼ਟੀ ਅਤੇ ਸ਼ੁੱਭ-ਭਾਵੀ ਚਿੰਤਕ ਜਰਨੈਲ ਸਿੰਘ ਨੂੰ ਕੈਨੇਡੀਅਨ ਸਮਾਜ ਅਤੇ ਉਸ ਤੋਂ ਵੀ ਅਗਾਂਹ ਸੰਸਾਰ ਦੇ ਮਸਲਿਆਂ ਨਾਲ ਜੋੜਦੇ ਹਨ ਜਿਸਦੀ ਮਿਸਾਲ “ਟਾਵਰਜ਼” ਅਤੇ “ਬਰਫ਼ ਦੇ ਦਰਿਆ” ਨਾਉਂ ਦੀਆਂ ਕਹਾਣੀਆਂ ਹਨ … ਉਹ ਮਹਿਜ਼ ਪਰਵਾਸੀ ਨਹੀਂ ਸਗੋਂ ਵਿਸ਼ਵ ਚੇਤਨਾ ਵਾਲੇ ਲੇਖਕ ਵਜੋਂ ਉੱਭਰਦਾ ਹੈ।” 10 ਪਰਵਾਸੀ ਪੰਜਾਬੀ ਗਲਪ ਸਾਹਿਤ ਵਿੱਚ ਪਹਿਲੀ ਵਾਰ 11 ਸਤੰਬਰ 2001 ਨੂੰ ਵਾਪਰੀ ਵਰਲਡ ਟਰੇਡ ਸੈਂਟਰ ਦੀ ਤਬਾਹੀ ਅਤੇ ਅਮਰੀਕਾ ਦੁਆਰਾ ਇਰਾਕ ਉੱਤੇ ਹਮਲੇ ਨੂੰ ਜਰਨੈਲ ਸਿੰਘ “ਟਾਵਰਜ਼” ਕਹਾਣੀ ਦਾ ਵਸਤੂ ਬਣਾਉਂਦਾ ਹੈ। ਲੇਖਕ ਇਨ੍ਹਾਂ ਘਟਨਾਵਾਂ ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਵਿਭਿੰਨ ਰਾਜਨੀਤਕ‎,‎ ਧਾਰਮਿਕ‎,‎ ਆਰਥਿਕ ਨੀਤੀਆਂ ਤੋਂ ਪਰਦਾ ਉਠਾਉਂਦਾ ਹੋਇਆ ਆਮ ਨਾਗਰਿਕ ਤੇ ਇਨ੍ਹਾਂ ਦੇ ਪਏ ਮਾਰੂ ਪ੍ਰਭਾਵ ਨੂੰ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਦਾ ਹੋਇਆ ਵਿਸ਼ਵ-ਸ਼ਾਂਤੀ ਦਾ ਸੁਨੇਹਾ ਦਿੰਦਾ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਕਹਾਣੀ ਦੇ ਪਾਤਰ ਵਿਲੀਅਮ ਤੇ ਉਸ ਦੀ ਪਤਨੀ ਐਂਜਲਾ ਘੋਰ ਨਿਰਾਸ਼ਾ ਤੇ ਚਿੰਤਾ ਦੀ ਅਵਸਥਾ ਵਿੱਚੋਂ ਗੁਜ਼ਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਧੀ ਸਟੇਸੀ ਹਮਲੇ ਦਾ ਸ਼ਿਕਾਰ ਹੋਈ ਬਿਲਡਿੰਗ ਵਿੱਚ ਹੀ ਮਾਰੀ ਜਾਂਦੀ ਹੈ। ਉਨ੍ਹਾਂ ਦਾ ਪੁੱਤਰ ਡੈਨਿਸ ਜੋ ਕਹਾਣੀ ਦੇ ਆਰੰਭ ਵਿੱਚ ਇਰਾਕ ਵਿਰੁੱਧ ਅਮਰੀਕਨ ਜੰਗ ਦਾ ਫ਼ੌਜੀ ਹੈ ਲਾਪਤਾ ਦਿਖਾਈ ਦਿੰਦਾ ਹੈ ਅਤੇ ਅੰਤ ਇਸ ਜੰਗ ਵਿੱਚ ਹੀ ਉਸ ਦੀ ਮੌਤ ਦੀ ਸੂਚਨਾ ਵੀ ਪ੍ਰਾਪਤ ਹੋ ਜਾਂਦੀ ਹੈ। ਇਸ ਅਮਰੀਕੀ ਦੰਪੱਤੀ ਦੁਆਰਾ ਔਲਾਦ ਵਿਹੂਣੇ ਹੋ ਜਾਣ ਦੀ ਅਤਿ ਦੁਖਦਾਈ ਮਾਨਸਿਕ ਦਸ਼ਾ ਨੂੰ ਲੇਖਕ ਨੇ ਬਾਖ਼ੂਬੀ ਚਿਤਰਿਤ ਕੀਤਾ ਹੈ। ਕਹਾਣੀ ਵਿੱਚ ਹਰ ਸਮੇਂ ਉਹ ਔਲਾਦ ਦੇ ਜੀਵਨ ਵੇਰਵਿਆਂ ਦਾ ਸਿਮਰਨ ਕਰਦੇ ਤੇ ਵਾਸਤਵਿਕਤਾ ਦੇ ਸਨਮੁੱਖ ਹੁੰਦੇੋ ਹੋਏ ਸੰਤਾਪ ਭੋਗਦੇ ਦਿਖਾਈ ਦਿੰਦੇ ਹਨ। ਲੇਖਕ ਦਰਸਾਉਂਦਾ ਹੈ ਕਿ ਨਾਗਰਿਕ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਅਜਿਹੀਆਂ ਮੰਦਭਾਗੀਆਂ ਸਥਿਤੀਆਂ ਦਾ ਸਾਹਮਣਾ ਆਮ ਇਨਸਾਨਾਂ ਨੂੰ ਹੀ ਕਰਨਾ ਪੈਂਦਾ ਹੈ। ਇੱਕ ਪਾਸੇ ਤਾਂ ਜਾਰਜ ਬੁਸ਼ ਤੇ ਟੋਨੀ ਬਲੇਅਰ ਇਰਾਕ-ਜੰਗ ਦੀ ਜਿੱਤ ਦੇ ਜਸ਼ਨ ਮਨਾ ਰਹੇ ਹਨ ਤੇ ਦੂਸਰੇ ਪਾਸੇ ਇਸ ਜੰਗ ਦੇ ਸ਼ਿਕਾਰ ਨਿਰਦੋਸ਼ ਅਮਰੀਕੀ ਤੇ ਇਰਾਕੀ ਲੋਕ ਆਪਣੀ ਹੋਣੀ ਤੇ ਹੰਝੂ ਵਹਾ ਰਹੇ ਹਨ। ਇਨ੍ਹਾਂ ਤ੍ਰਾਸਦਿਕ ਸਥਿਤੀਆਂ ਦੀ ਪੇਸ਼ਕਾਰੀ ਅਬਦੁੱਲ ਦੇ ਭਰਾ ਤੇ ਉਸ ਦੇ ਪਰਿਵਾਰ ਦੀ ਮੌਤ‎,‎ ਡੈਨਿਸ ਦੀ ਮੌਤ‎,‎ ਅਪਾਹਜ ਹੋ ਗਿਆ ਅਲੀ ਤੇ ਉਸ ਦੇ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਅਤੇ ਹਜ਼ਾਰਾਂ ਉਹ ਬੇਗੁਨਾਹ ਲੋਕ ਜੋ ਟਾਵਰਾਂ ਤੇ ਇਰਾਕ ਵਿੱਚ ਜੰਗ ਦੇ ਸ਼ਿਕਾਰ ਬਣ ਗਏ ਦੇ ਰੂਪ ਵਿੱਚ ਕੀਤੀ ਗਈ ਹੈ। ਇੱਥੇ ਇੱਕ ਪਾਸੇ ਤਾਂ ਟਾਵਰਾਂ ਤੇ ਹਮਲਾ ਅਤਿਵਾਦੀਆਂ ਦਾ ਅਤਿ ਘਿਨਾਉਣਾ ਕਾਰਾ ਦਿਖਾਈ ਦਿੰਦਾ ਹੈ ਓਥੇ ਦੂਸਰੇ ਪਾਸੇ ਅਮਰੀਕਾ ਦੁਆਰਾ ਦੂਸਰੇ ਮੁਲਕਾਂ ਦੀਆਂ ਅੰਦਰੂਨੀ ਤੇ ਬਾਹਰੀ ਲੜਾਈਆਂ ਵਿੱਚ ਨਿਭਾਈ ਜਾਣ ਵਾਲੀ ਗ਼ਲਤ ਭੂਮਿਕਾ ਵੀ ਸਪੱਸ਼ਟ ਹੁੰਦੀ ਹੈ। ਇਸ ਕਹਾਣੀ ਦੇ ਮਾਧਿਅਮ ਰਾਹੀਂ ਲੇਖਕ ਉਸ ਧਾਰਮਿਕ ਕੱਟੜਤਾ ਦੀ ਵਿਰੋਧਤਾ ਕਰਦਾ ਹੈ ਜੋ ਹਿੰਸਕ ਤੇ ਦਹਿਸ਼ਤੀ ਕਾਰਵਾਈਆਂ ਨੂੰ ਜਨਮ ਦਿੰਦੀ ਹੈ। ਧਰਮ ਦੇ ਅਖੌਤੀ ਰੱਖਿਅਕਾਂ ਦੀ ਵਿਚਾਰਧਾਰਾ `ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਾ ਉਹ ਲਿਖਦਾ ਹੈ:
“ਰੱਖਿਅਕਾਂ ਦਾ ਅਹੂਤੀ ਸਿਧਾਂਤ ਇਹ ਸੀ ਕਿ ਜੇਕਰ ਬੰਦਾ ਆਪਣੇ ਦੀਨ ਅਤੇ ਨਸਲ ਦੀ ਖ਼ਾਤਰ ਬਰੂਦ ਨਾਲ ਜਾਨ ਉੜਾਵੇ ਜਾਂ ਖ਼ੁਦ ਬਰੂਦ ਬਣੇ ਜਾਂ ਸਵੈ ਸਮੇਤ ਹੋਰਨਾਂ ਨੂੰ ਬਰੂਦ ਬਣਾਵੇ ਤਾਂ ਉਹ ਬਹਿਸ਼ਤੀਂ ਜਾ ਪਹੁੰਚਦੈ…਼ ਆਪਣੇ ਲਈ ਸਦੀਵੀ ਚਾਨਣ ਤੇ ਦੂਜਿਆਂ ਲਈ ਕਦੀ ਨ ਮੁੱਕਣ ਵਾਲੀਆਂ ਘੁੱਪ ਹਨੇਰੀਆਂ ਰਾਤਾਂ।” 11
ਜਰਨੈਲ ਸਿੰਘ ਅਮਰੀਕਾ ਦੀਆਂ ਦੋਹਰੀਆਂ ਨੀਤੀਆਂ ਤੋਂ ਵੀ ਪਰਦਾ ਉਠਾਉਂਦਾ ਹੈ ਕਿ ਇੱਕ ਪਾਸੇ ਤਾਂ ਅਮਰੀਕਾ ਅਤਿਵਾਦ ਵਿਰੋਧੀ ਹੋਣ ਦਾ ਦੰਭ ਰਚ ਰਿਹਾ ਹੈ ਤੇ ਦੂਸਰੇ ਪਾਸੇ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਨੂੰ ਆਪਣਾ ਭਾਈਵਾਲ ਵੀ ਬਣਾਉਂਦਾ ਹੈ। ਇਰਾਕ ਜੰਗ ਦੁਆਰਾ ਅਮਰੀਕਾ ਦੀ ਉਸਦੇ ਤੇਲ-ਭੰਡਾਰ ਤੇ ਕਾਬਜ਼ ਹੋਣ ਦੀ ਨੀਤੀ ਦਾ ਖੁਲਾਸਾ ਵੀ ਕਹਾਣੀ ਦਾ ਪਾਤਰ ਅਬਦੁਲ ਹਮੇਦੀ ਕਰਦਾ ਹੈ। ਉਸ ਅਨੁਸਾਰ ਬੇਸ਼ਕ ਅਮਰੀਕਾ ਲੋੜਵੰਦ ਮੁਲਕਾਂ ਦੀ ਮਦਦ ਕਰਦਾ ਹੈ ਪਰੰਤੂ ਉਸਨੂੰ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਰਾਕ ਵਿੱਚ ਅਮਰੀਕੀ ਨੀਤੀਆਂ ਤੇ ਉਹ ਤਿੱਖਾ ਵਿਅੰਗ ਕਰਦਾ ਕਹਿੰਦਾ ਹੈ:
“ਸਦਾਮ ਦੀ ਹਕੂਮਤ ਖ਼ਤਮ ਕਰਨ ਤੋਂ ਬਾਅਦ ਉੱਥੋਂ ਦੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਅਮਰੀਕਾ ਦੀ ਸੀ। ਇਹਦੀਆਂ ਫੌਜਾਂ ਤੇਲ ਦੇ ਖੂਹਾਂ ਦੀ ਰਾਖੀ ਤੇ ਤਾਂ ਡਟ ਗਈਆਂ ਪਰ ਸਾਡੀ ਸਭਿਅਤਾ ਦਾ ਖਜ਼ਾਨਾ‎,‎ ਸਾਡਾ ਅਜਾਇਬ ਘਰ ਸ਼ਰੇਆਮ ਲੁਟਾ ਦਿੱਤਾ … ਓਥੇ ਦੋ ਲੱਖ ਦੇ ਕਰੀਬ ਵਡਮੁੱਲੀਆਂ ਵਸਤਾਂ ਸਨ।” 12
ਲੇਖਕ ਕੈਨੇਡਾ ਦੀ ਇਸ ਜੰਗ ਤੋਂ ਦੂਰ ਰਹਿਣ ਦੀ ਨੀਤੀ ਬਾਰੇ ਜਾਣਕਾਰੀ ਦਿੰਦਾ‎,‎ ਅਮਰੀਕੀ ਸੂਹੀਆ ਏਜੰਸੀਆਂ ਦੀ ਕਾਰਗੁਜ਼ਾਰੀ `ਤੇ ਵਿਅੰਗ ਕਰਦਾ ਹੈ ਅਤੇ ਐਰਿਕ ਜਿਹੇ ਪਾਤਰਾਂ ਦੀ ਵਪਾਰਕ ਸੋਚ‎,‎ ਨਿਜੀ ਸੁਆਰਥ ਨੂੰ ਵੀ ਪ੍ਰਗਟਾਉਂਦਾ ਹੈ ਜੋ ਨਸਲਵਾਦੀਆਂ ਵੱਲੋਂ ਹੋਏ ਹਮਲਿਆਂ ਕਾਰਨ ਉਸ ਸਮੁਦਾਇ ਦੇ ਲੋਕਾਂ ਦੁਆਰਾ ਖਰੀਦੀਆਂ ਜਾ ਰਹੀਆਂ ਗੰਨਾਂ ਦੀ ਵਿਕਰੀ ਤੋਂ ਬਹੁਤ ਖੁਸ਼ ਹਨ। ਉਸ ਨੂੰ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਕੋਈ ਦੁੱਖ ਨਹੀਂ ਹੈ।
ਅਮਰੀਕਾ ਅਤੇ ਪਰਵਾਸੀਆਂ ਦੇ ਆਪਸੀ ਸੰਬੰਧਾਂ ਬਾਰੇ ਪ੍ਰਵਰਨ ਦੀ ਸਿਰਜਨਾ ਕਰਦਾ ਲੇਖਕ ਦਰਸਾਉਂਦਾ ਹੈ ਕਿ ਬੇਸ਼ੱਕ ਸਥਾਨਕ ਸਮਾਜ ਦੇ ਵਿਕਾਸ ਵਿੱਚ ਪਰਵਾਸੀ ਜ਼ਿਕਰਯੋਗ ਭੂਮਿਕਾ ਅਦਾ ਕਰ ਰਹੇ ਹਨ ਪਰੰਤੂ ਫਿਰ ਵੀ ਇਨ੍ਹਾਂ ਨੂੰ ਸ਼ੱਕ ਦੀ ਦ੍ਰਿਸ਼ਟੀ ਤੋਂ ਹੀ ਦੇਖਿਆ ਜਾਂਦਾ ਹੈ। ਅਜਿਹੀ ਹੀ ਸੋਚ ਦਾ ਪ੍ਰਦਰਸ਼ਨ ਕਰਦਾ ਇੱਕ ਪਾਤਰ 11 ਸਤੰਬਰ ਦੀ ਘਟਨਾ ਲਈ ਸਮੁੱਚੇ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਪ੍ਰਤੀਤ ਹੁੰਦਾ ਹੈ:
“ਇਮੀਗਰਾਂਟ ਸਾਡੇ ਨਾਲ ਕੰਮ ਕਰਦੇ ਨੇ‎,‎ ਪਾਰਟੀਆਂ `ਚ ਸਾਡੇ ਨਾਲ ਖਾਂਦੇ ਪੀਂਦੇ ਨੇ‎,‎ ਕੁੱਝ ਸਾਡੇ ਦੋਸਤ ਵੀ ਹੈਨ ਪਰ ਸਾਨੂੰ ਉਨ੍ਹਾਂ ਬਾਰੇ ਕੁੱਝ ਨਹੀਂ ਪਤਾ ਕਿ ਉਹ ਖ਼ੈਰਖ਼ਾਹ ਅਮਰੀਕਾ ਦੇ ਹਨ ਜਾਂ ਕਿਸੇ ਹੋਰ ਦੇਸ਼ ਦੇ… ਅਗਲਿਆਂ ਨੇ ਸਾਡੇ ਹੀ ਦੇਸ਼ `ਚ ਟਰੇਨਿੰਗਾਂ ਲਈਆਂ‎,‎ ਸਾਡੇ ਹੀ ਜਹਾਜ਼ਾਂ `ਤੇ ਬੰਦਿਆਂ ਨੂੰ ਬੰਬ ਬਣਾਇਐ… ਮੈਂ ਸਮਝਦਾਂ ਏਥੋਂ ਦੀ ਆਜ਼ਾਦੀ ਨੂੰ ਐਬਿਊਜ਼ ਕੀਤਾ ਗਿਆ।” 13
ਇਸ ਟਿੱਪਣੀ `ਤੇ ਕਿੰਤੂ-ਪਰੰਤੂ ਕਰਦਾ ਭਾਰਤੀ ਮੂਲ ਦਾ ਪਾਤਰ ਬਲਜਿੰਦਰ ਦਰਸਾਉਂਦਾ ਹੈ ਕਿ ਅਮਰੀਕਾ ਦੇ ਵਿਕਾਸ ਵਿੱਚ ਇਨ੍ਹਾਂ ਹੀ ਪਰਵਾਸੀਆਂ ਦੁਆਰਾ ਵਿਭਿੰਨ ਸਮੱਸਿਆਵਾਂ ਦੇ ਬਾਵਜੂਦ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦਾ ਹੈ:
“ਐਬਿਊਜ਼ ਕਰਨ ਵਾਲੇ ਹੈਗੇ ਨੇ ਪਰ ਬਹੁਤ ਥੋੜ੍ਹੇ‎,‎ ਐਵੇਂ ਨਾਂ-ਮਾਤਰ/ਆਮ ਇਮੀਗਰਾਂਟਸ ਅਮਰੀਕਾ ਲਈ ਸੁਹਿਰਦ ਨੇ। ਭਾਵੇਂ ਉਨ੍ਹਾਂ ਨੂੰ ਨਸਲਵਾਦ ਅਤੇ ਹੋਰ ਦੁਰਵਿਵਹਾਰਾਂ ਦਾ ਸ਼ਿਕਾਰ ਹੋਣਾ ਪੈਂਦੈ ਫਿਰ ਵੀ ਉਹ ਅਮਰੀਕਾ ਦੇ ਵਿਕਾਸ `ਚ ਭਰਵਾਂ ਯੋਗਦਾਨ ਪਾ ਰਹੇ ਹਨ… ਇਸਦੇ ਹਰ ਦੁੱਖ ਦੀ ਪੀੜ ਮਹਿਸੂਸ ਕਰਦੇ ਹਨ।” 14
ਇਸ ਕਹਾਣੀ ਦੇ ਅੰਤ ਵਿੱਚ ਲੇਖਕ ਜ਼ਿੰਦਗੀ ਦੀ ਨਿਰੰਤਰਤਾ ਵੱਲ ਸੰਕੇਤ ਕਰਦਾ ਹੋਇਆ‎,‎ ਆਸ਼ਾਵਾਦੀ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦਾ‎,‎ ਵਿਸ਼ਵ-ਸ਼ਾਂਤੀ‎,‎ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।
“ਬਰਫ਼ ਤੇ ਦਰਿਆ” ਕਹਾਣੀ ਰਾਹੀਂ ਲੇਖਕ ‘ਪ੍ਰਦੂਸ਼ਣ ਰੋਕੋ ਸੰਸਥਾ’ ਦੇ ਰੂਪ ਵਿੱਚ ਵਿਕਾਸ ਦੀ ਆੜ ਹੇਠ ਉਤਰ-ਵਾਸੀਆਂ ਦੀ ਧਰਤੀ‎,‎ ਬਰਫ਼‎,‎ ਹਵਾ‎,‎ ਜਲਧਾਰਾ ਤੇ ਇਥੋਂ ਤਕ ਕਿ ਉਨ੍ਹਾਂ ਦੇ ਸਭਿਆਚਾਰ ਨੂੰ ਵੀ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਦੀ ਵਿਰੋਧਤਾ ਕਰਦਾ ਹੈ। ਇਸ ਪ੍ਰੋਜੈਕਟ ਸੰਬੰਧੀ ਜਿੱਥੇ ਇੱਕ ਧਿਰ ਦੀ ਧਾਰਨਾ ਹੈ ਕਿ ਇਸ ਨਾਲ ਇਲਾਕੇ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ‎,‎ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਪ੍ਰਾਪਤ ਹੋਣਗੇ ਉਥੇ ਦੂਸਰੀ ਧਿਰ ਜੋ ਇਸ ਪ੍ਰੋਜੈਕਟ ਦੀ ਵਿਰੋਧਤਾ ਕਰਦੀ ਹੈ ਦੀ ਧਾਰਨਾ ਹੈ ਕਿ ਸਰਦੀਆਂ ਵਾਸਤੇ ਬਰਫ਼ ਦੀਆਂ ਤੇ ਗਰਮੀਆਂ ਵਾਸਤੇ ਪਾਣੀ ਦੀਆਂ ਖੇਡਾਂ ਦੇ ਮਨੋਰੰਜਨ ਕੰਪਲੈਕਸ ਦੀ ਉਸਾਰੀ ਦੇ ਪਿਛੋਕੜ ਵਿੱਚ ਆਰਥਿਕ ਸੁਆਰਥ ਕਾਰਜਸ਼ੀਲ ਹਨ। ਇਨ੍ਹਾਂ ਸੰਬੰਧੀ ਇਸ ਐਕਸ਼ਨ ਕਮੇਟੀ ਦੀ ਸੈਕਰੇਟਰੀ ਟਰੇਸੀ ਪਰਦਾ ਉਠਾਉਂਦੀ ਕਹਿੰਦੀ ਹੈ:
“…ਇੰਪੀਰੀਅਲ ਇੰਟਰਪ੍ਰਾਈਜ਼ ਕੰਪਨੀ ਦਾ ਅਸਲ ਮੰਤਵ ਬਿਜ਼ਨਿਸ ਏ‎,‎ ਬਿਜ਼ਨਿਸ ਵੀ ਸ਼ੁਹਦਾ ਜਿਹਾ। ਖੇਡਾਂ ਦੀ ਓਟ ਵਿਚ‎,‎ ਕੰਪਨੀ ਅਮੀਰ ਲੋਕਾਂ ਦੇ ਹੌਲੀਡੇਇੰਗ ਵਾਸਤੇ ਅਯਾਸ਼ੀ ਦੇ ਅੱਡੇ ਬਣਾ ਕੇ ਡਾਲਰ ਕੁੱਟਣੇ ਚਾਹੁੰਦੀ ਏ। ਇਹੋ ਜਿਹਾ ਬਿਜ਼ਨਿਸ ਜੇ ਪ੍ਰਦੂਸ਼ਣ ਨਹੀਂ ਖਿਲਾਰੇਗਾ ਤਾਂ ਹੋਰ ਕੀ ਕਰੇਗਾ…।” 15
ਪੱਛਮੀ ਸਮਾਜ ਵਿੱਚ ਪਰਿਵਾਰਾਂ ਦੇ ਟੁੱਟਣ ਦੀ ਦਰ ਲਗਾਤਾਰ ਵਧਦੀ ਰਹੀ ਹੈ। ਕੇਵਲ ਕੈਨੇਡਾ ਦੀ ਉਦਾਹਰਣ ਹੀ ਦੇਖਣੀ ਹੋਵੇ ਤਾਂ ਤਲਾਕਾਂ ਦੀ ਗਿਣਤੀ ਜੋ 1968 ਈ਼ ਵਿੱਚ 11000‎,‎ ਸੀ 1990 ਈ਼ ਵਿੱਚ 78‎,‎ 000 ਤੱਕ ਵਧ ਗਈ। 16 ਪੱਛਮੀ ਸਮਾਜ ਵਿੱਚ ਮਾਂ-ਬਾਪ ਦੀ ਖੰਡਿਤ ਗ੍ਰਹਿਸਥੀ ਦਾ ਦੁਖਾਂਤ ਔਲਾਦ ਨੂੰ ਕਿਵੇਂ ਭੋਗਣਾ ਪੈਂਦਾ ਹੈ ਦੀ ਮਿਸਾਲ ਕਹਾਣੀ ਦੇ ਪਾਤਰਾਂ ਸੋਫ਼ੀਆਂ ਤੇ ਸ਼ੌਨ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਨੌਂ ਸਾਲ ਦੀ ਸੋਫ਼ੀਆ ਦੀ ਮਾਂ ਉਸ ਦੇ ਪਿਤਾ ਨੂੰ ਛੱਡ ਕੇ ਆਪਣੇ ਨਾਲ ਕੰਮ ਕਰਦੇ ਡਾਰਲ ਨਾਲ ਵਿਆਹ ਕਰਵਾ ਲੈਂਦੀ ਹੈ। ਆਪਣੇ ਪਿਤਾ ਦੀ ਯਾਦ‎,‎ ਮਤਰਏ ਪਿਤਾ ਤੇ ਭੈਣ-ਭਰਾਵਾਂ ਦੁਆਰਾ ਉਸ ਪ੍ਰਤਿ ਪਿਆਰ ਵਿਹੂਣਾ ਵਿਵਹਾਰ ਉਸ ਦੀ ਸ਼ਖਸੀਅਤ ਵਿੱਚ ਹਮੇਸ਼ਾ ਲਈ ਇੱਕ ਖਲਾਅ ਪੈਦਾ ਕਰ ਜਾਂਦਾ ਹੈ। ਇਸਦੇ ਵਿਪਰੀਤ ਸੱਤ ਸਾਲਾਂ ਦੇ ਸ਼ੌਨ ਦਾ ਪਿਤਾ ਕਿਸੇ ਖ਼ੂਬਸੂਰਤ ਔਰਤ ਨਾਲ ਘਰ ਛੱਡ ਕੇ ਚਲਾ ਜਾਂਦਾ ਹੈ। ਉਸ ਦੀ ਪਰਵਰਿਸ਼ ਦਾਦੀ ਤੇ ਮਾਂ ਕਰਦੀਆਂ ਹਨ। ਉੱਚੇ ਵਿਚਾਰਾਂ ਦੀ ਧਾਰਨੀ‎,‎ ਪ੍ਰਕਿਰਤੀ ਨਾਲ ਮੋਹ ਰੱਖਣ ਵਾਲੀ ਅਧਿਆਪਕ ਮਾਂ ਦੀ ਐਕਸੀਡੈਂਟ ਵਿੱਚ ਮੌਤ ਉਪਰੰਤ ਉਹ ਮਾਂ-ਪਿਆਰ ਤੋਂ ਵੀ ਮਹਿਰੂਮ ਹੋ ਜਾਂਦਾ ਹੈ। ਕਹਾਣੀ ਦੇ ਇਹ ਦੋਵੇਂ ਪਾਤਰ ਸੋਫ਼ੀਆਂ ਤੇ ਸ਼ੌਨ ਸਕੂਲ ਸਮੇਂ ਤੋਂ ਹੀ ਇਕ-ਦੂਸਰੇ ਦੇ ਕਰੀਬ ਆ ਜਾਂਦੇ ਹਨ ਪਰੰਤੂ ਆਪਣੇ-ਆਪਣੇ ਪਿਛੋਕੜ ਦੇ ਖਾਲੀਪਨ ਨੂੰ ਚੁੱਕੀ ਫ਼ਿਰਦੇ ਇਨ੍ਹਾਂ ਪਾਤਰਾਂ ਵਿੱਚੋਂ ਸੋਫ਼ੀਆ ਸ਼ੌਨ ਦੇ ਸੱਚੇ ਪਿਆਰ ਨੂੰ ਠੁਕਰਾ ਕੇ ਪੈਸਾ ਤੇ ਪਿਆਰ ਦੋਨਾਂ ਦੀ ਪ੍ਰਾਪਤੀ ਹਿੱਤ ਡੀਨ ਨਾਲ ਪਿਆਰ ਗੰਢ ਲੈਂਦੀ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਸੋਫ਼ੀਆ ਦੇ ਸ਼ੌਨ ਦੋਵੇਂ ਹੀ ਆਪਣੇ ਪਿਆਰ ਵਿੱਚ ਅਸਫ਼ਲ ਰਹਿੰਦੇ ਹਨ। ਫਿਰ ਪਾਤਰ ਪੱਛਮੀ ਸਮਾਜ ਦੀ ਨੌਜੁਆਨ ਪੀੜ੍ਹੀ ਦੀ ਪ੍ਰਤਿਨਿਧਤਾ ਕਰਦੇ ਦਿਖਾਈ ਦਿੰਦੇ ਹਨ ਜੋ ਮਾਪਿਆਂ ਦੀ ਅਲਹਿਦਗੀ ਵਿੱਚ ਉਨ੍ਹਾਂ ਦੇ ਪਿਆਰ ਤੋਂ ਮਹਿਰੂਮ‎,‎ ਰਿਸ਼ਤਿਆਂ ਦੀ ਪਰਪੱਕਤਾ ਤੋਂ ਅਣਜਾਣ ਰਹਿੰਦੇ‎,‎ ਕਠੋਰ ਜੀਵਨ-ਸਥਿਤੀਆਂ ਤੇ ਆਪਣੀ ਹੋਂਦ ਨਾਲ ਜੁੜੇ ਸੁਆਲਾਂ ਨੂੰ ਹੱਲ ਕਰਨ ਤੋਂ ਅਸਮਰੱਥ ਰਹਿੰਦੇ ਅਖ਼ੀਰ ਨਸ਼ਿਆਂ ਦਾ ਸਹਾਰਾ ਲੈਂਦੇ ਹਨ।
ਪੱਛਮੀ ਸਮਾਜ ਵਿੱਚ ਅਣਵਿਆਹੀਆਂ ਮਾਵਾਂ ਦੀ ਗਿਣਤੀ ਵਿੱਚ ਵੱਡੇ ਪੱਧਰ `ਤੇ ਵਾਧਾ ਹੋ ਰਿਹਾ ਹੈ। ਇਕੱਲੇ ਵਾਸ਼ਿੰਗਟਨ ਵਿੱਚ 1997 ਦੇ ਅੰਕੜਿਆਂ ਅਨੁਸਾਰ ਵਿਆਹੀਆਂ ਦੀ ਨਿਸਬਤ ਜ਼ਿਆਦਾ ਬੱਚੇ ਅਣਵਿਆਹੀਆਂ ਮਾਵਾਂ ਦੁਆਰਾ ਜਨਮੇ ਗਏ। 17 ਇਸ ਸੰਦਰਭ ਵਿੱਚ ਪੱਛਮੀ ਸਮਾਜ ਵਿੱਚ ਔਰਤ ਨੂੰ ਪ੍ਰਾਪਤ ਹੱਕਾਂ ਦੀ ਤਰਜਮਾਨੀ ਇਨ੍ਹਾਂ ਸਿੰਗਲ-ਮਦਰਜ਼ ਨੂੰ ਉਪਲਬਧ ਸਰਕਾਰੀ ਸਹੂਲਤਾਂ ਤੋਂ ਸਹਿਜੇ ਹੀ ਹੋ ਜਾਂਦੀ ਹੈ। ਇਸ ਰਾਹੀਂ ਉਹ ਜ਼ਿੰਦਗੀ ਤੋਂ ਹਾਰਨ ਜਾਂ ਸਮਾਜ ਤੋਂ ਕਿਨਾਰਾ ਕਰਨ ਦੀ ਥਾਂ ਸਰਕਾਰੀ ਸਹਾਇਤਾ ਤੇ ਸਹੂਲਤਾਂ ਦਾ ਲਾਭ ਉਠਾਉਂਦੀਆਂ ਜ਼ਿੰਦਗੀ ਨੂੰ ਨਵੀਂ ਤਰੱਕੀ ਵੱਲ ਲੈ ਜਾਂਦੀਆਂ ਹਨ। ਭਾਵੇਂ ਕਿ ਇਸ ਜੁੜੇ ਕੁੱਝ ਨਾਂਹ-ਪੱਖੀ ਪਹਿਲੂਆਂ ਵੱਲ ਵੀ ਕਹਾਣੀ ਸੰਕੇਤ ਕਰਦੀ ਹੈ। ਪੱਛਮੀ ਔਰਤ ਦੇ ਹੱਕਾਂ ਦੀ ਰਾਖੀ ਸਥਾਨਕ ਕਾਨੂੰਨ ਵਿਵਸਥਾ ਵੀ ਕਰਦੀ ਹੈ। ਇਸਦੀ ਬਦੌਲਤ ਹੀ ਸੋਫ਼ੀਆ ਡੀਨ ਜਿਹੇ ਧੋਖੇਬਾਜ਼ ਪ੍ਰੇਮੀ ਤੋਂ ਆਪਣੇ ਤੇ ਆਪਣੀ ਧੀ ਦੇ ਹੱਕਾਂ ਦੀ ਪ੍ਰਾਪਤੀ ਲਈ ਅਦਾਲਤ ਜਾਣ ਲਈ ਤਤਪਰ ਹੈ। ਇਸ ਕਹਾਣੀ ਦਾ ਸਿਰਲੇਖ ਬਰਫ਼ ਤੇ ਦਰਿਆ ਦੋਨੋਂ ਪਾਤਰਾਂ ਸੋਫ਼ੀਆਂ ਤੇ ਸ਼ੌਨ ਦੇ ਵਿਅਕਤੀਤਵ ਦੀ ਪ੍ਰਤੀਕਾਤਮਕ ਰੂਪ ਵਿੱਚ ਤਰਜਮਾਨੀ ਕਰਦਾ ਹੈ। ਜਿਥੇ ਸੰਕਟਮਈ ਸਥਿਤੀਆਂ ਦਾ ਸਾਹਮਣਾ ਕਰਦੀ ਸੋਫ਼ੀਆ ਨੂੰ ਆਪਣੀ ਹੋਂਦ ੳਸ ਬਰਫ਼ ਵਰਗੀ ਪ੍ਰਤੀਤ ਹੁੰਦੀ ਹੈ ਜਿਸ ਨੇ ਇਧਰ-ਉਧਰ ਹਵਾ ਦੇ ਥਪੇੜੇ ਖਾਂਦੀ ਨੇ ਆਪਣਾ ਵਜੂਦ ਗੁਆ ਲੈਣਾ ਹੈ ਉਥੇ ਆਪਣੇ ਹੱਕਾਂ ਦੀ ਰਾਖੀ ਤੇ ਹੋਈ ਜ਼ਿਆਦਤੀ ਦਾ ਬਦਲਾ ਲੈਣ ਲਈ ਉਹ ਬਰਫ਼ ਦਾ ਤੂਫ਼ਾਨ ਬਣ ਜਾਣਾ ਚਾਹੁੰਦੀ ਹੈ। ਸ਼ੌਨ ਦਰਿਆ ਵਾਂਗ ਨਿਰੰਤਰ ਵਗਦੇ ਰਹਿਣ ਦਾ ਪ੍ਰਤੀਕ ਹੈ ਅਤੇ ਬਰਫ਼ ਦਾ ਪਾਣੀ ਵਿੱਚ ਤਬਦੀਲ ਹੋ ਕੇ ਦਰਿਆ ਦਾ ਹਿੱਸਾ ਬਣਨਾ ਅਖ਼ੀਰ ਦੋਵਾਂ ਦੇ ਆਪਸੀ ਸੰਬੰਧਾਂ ਦੀ ਘਨਿਸ਼ਠਤਾ ਤੇ ਪਰਪੱਕਤਾ ਨੂੰ ਦਰਸਾਉਂਦਾ ਹੈ।
ਇਸ ਤਰ੍ਹਾਂ ਇਹ ਕਹਾਣੀਆਂ ਪੰਜਾਬੀ ਡਾਇਸਪੋਰਾ ਦੀ ਰੂਪ-ਵਿਧੀ ਅਤੇ ਸੁਭਾਅ ਨੂੰ ਪਹਿਚਾਨਣ ਦਾ ਸਫ਼ਲ ਯਤਨ ਕਰਦੀਆਂ ਹਨ। ਕਹਾਣੀਕਾਰ ਦੀ ਵਿਸ਼ੇਸ਼ਤਾ ਇਸ ਤੱਥ `ਚ ਸਹਿਜੇ ਦੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ ਕਿ ਇਨ੍ਹਾਂ ਕਹਾਣੀਆਂ ਦਾ ਵਸਤੂ ਕੇਵਲ ਪਰਵਾਸੀ ਪੰਜਾਬੀ ਸਮੁਦਾਇ ਨੂੰ ਦਰਪੇਸ਼ ਸਮੱਸਿਆਵਾਂ ਤਕ ਸੀਮਤ ਨਾ ਰਹਿ ਕੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਨ ਵੱਲ ਰੁਚਿਤ ਹੈ। ਇਸ ਵਿੱਚੋਂ ਹੀ ਲੇਖਕ ਦੀ ਵਿਸ਼ਵ-ਚੇਤਨਾ ਉਭਰਦੀ ਹੈ ਤੇ ਇਹ ਕਹਾਣੀ-ਸੰਗ੍ਰਹਿ ਪਰਵਾਸੀ ਪੰਜਾਬੀ ਗਲਪ ਸਾਹਿਤ ਦੀ ਨਿਸ਼ਚੇ ਹੀ ਇੱਕ ਪ੍ਰਾਪਤੀ ਹੋ ਨਿਬੜਦਾ ਹੈ।
ਹਵਾਲੇ ਤੇ ਟਿੱਪਣੀਆਂ
1਼ ਜਰਨੈਲ ਸਿੰਘ‎,‎ ਟਾਵਰਜ਼‎,‎ ਚੇਤਨਾ ਪ੍ਰਕਾਸ਼ਨ‎,‎ ਲੁਧਿਆਣਾ‎,‎ 2005‎,‎ ਪੰਨਾ - 38਼
2਼ ਉਹੀ‎,‎ ਪੰਨਾ - 36਼
3਼ ਉਹੀ‎,‎ ਪੰਨਾ - 38਼
4਼ ਉਹੀ‎,‎ ਪੰਨਾ - 50਼
5਼ ਉਹੀ‎,‎ ਪੰਨਾ - 56਼
6਼ ਅਕਾਲ ਅੰਮ੍ਰਿਤ ਕੌਰ‎,‎ ਪੰਜਾਬੀ ਗਲਪ: ਪਰਵਾਸੀ ਸਭਿਆਚਾਰ‎,‎ ਗੁਰੂ ਨਾਨਕ ਦੇਵ ਯੂਨੀਵਰਸਿਟੀ‎,‎ 2006‎,‎ ਪੰਨਾ - 81
7਼ ਜਰਨੈਲ ਸਿੰਘ‎,‎ ਟਾਵਰਜ਼‎,‎ ਪੰਨਾ - 62਼
8਼ ਉਹੀ‎,‎ ਪੰਨਾ - 65਼
9਼ ਉਹੀ‎,‎ ਪੰਨਾ - 134਼
10਼ ਰਘਬੀਰ ਸਿੰਘ ਸਿਰਜਣਾ‎,‎” ਸਰਵਰਕ ਤੇ ਅੰਕਿਤ ਸ਼ਬਦ” (ਲੇਖਕ ਜਰਨੈਲ ਸਿੰਘ)‎,‎ ਟਾਵਰਜ਼।
11. ਜਰਨੈਲ ਸਿੰਘ‎,‎ ਟਾਵਰਜ਼‎,‎ ਪੰਨਾ - 24
12 ਉਹੀ‎,‎ ਪੰਨਾ - 32
13. ਉਹੀ‎,‎ ਪੰਨਾ - 27
14. ਉਹੀ‎,‎ ਪੰਨਾ - 27
15. ਉਹੀ‎,‎ ਪੰਨਾ - 98
16।ਭਹਅਗਅਟ ੰਨਿਗਹ‎,‎ ਛਅਨਅਦਅਿਨ ੋੰਚਇਟੇ ਅਨਦ ਛੁਲਟੁਰੲ‎,‎ ੜਕਿਅਸ ਫੁਬਲਸਿਹਨਿਗ ੍ਹੋੁਸੲ ਫਵਟ। ਼ਟਦ।‎,‎ ਂੲੱ ਧੲਲਹ‎,‎ਿ 1997‎,‎ ਫ। - 100।
17।ਓਰਕਿ ਘਰੋਨਸੲਟਹ‎,‎"ਠਹੲ ਾਂਅਮਲਿਅਿਲ ੀਨਸਟਟਿੁਟੋਿਨ : ਠਹੲ ੳਲਇਨਅਟੲਦ ਼ਅਬੋੁਰ ਪਰੋਦੁਚਨਿਗ ੳਪਪੲਨਦਅਗੲ"‎,‎ ੳਮੲਰਚਿਅਨ ੋੰਚਇਟੇ : ੳ ਚਰਟਿਚਿਅਲ ੳਨਅਲੇਸਸਿ‎,‎ ੲਦਟਿੲਦ ਬੇ ਼ਅਰਰੇ ਠ। ੍ਰਏਨੋਲਦਸ‎,‎ ਝਅਮੲਸ ੰ। ੍ਹੲਨਸਲਨਿ‎,‎ ਧਅਵਦਿ ੰਚਕਏ ਛੋਮਪਅਨੇ ੀਨਚ।‎,‎ ਂੲੱ ੈੋਰਕ‎,‎ ੰਅਰਚਹ 1974‎,‎ ਫ - 272।

Tuesday, 27 October 2009 17:26

ਘੁੰਮਣਘੇਰ

Written by

ਹਰਪ੍ਰੀਤ ਸੇਖਾ ਦੀ ਥੋੜ੍ਹਾ ਚਿਰ ਪਹਿਲੋਂ ਰੀਲੀਜ਼ ਹੋਈ ਪੁਸਤਕ ‘ਬੀ ਜੀ ਮੁਸਕਰਾ ਪਏ’ ਵਿੱਚੋਂ ਇਹ ਖ਼ੁਬਸੂਰਤ ਕਹਾਣੀ ਗਲੋਬਲ ਪੰਜਾਬੀ ਦੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ:

 

ਖਾਲੀ ਘਰ ਡਿੰਪਲ ਨੂੰ ਭਾਂਅ-ਭਾਂਅ ਕਰਦਾ ਲੱਗਾ। ਬੱਚਿਆਂ ਦੇ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਸਦੇ ਮਾਸੜ ਜਗਜੀਤ ਨੇ ਉਸ ਦੀ ਮਾਸੀ ਮਨਜੀਤ ਤੋਂ ਵੀ ਕੰਮ `ਤੇ ਦੋ ਦਿਨਾਂ ਦੀ ਛੁੱਟੀ ਕਰਵਾ ਕੇ ਕੱਲ੍ਹ ਬੱਚਿਆਂ ਦੇ ਨਾਲ ਆਪਣੇ ਮਾਂ-ਪਿਓ ਕੋਲ ਵਿਕਟੋਰੀਆ ਭੇਜ ਦਿੱਤਾ ਸੀ। ਡਿੰਪਲ ਨੇ ਵੀਕਐਂਡ `ਤੇ ਆਪਣੇ ਮਾਸੜ ਜੀ ਦੇ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਉਣਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਸ ਬਹਾਨੇ ਡਿੰਪਲ ਵੀ ਵਿਕਟੋਰੀਆ `ਚ ਵੈਕਸ ਮਿਊਜ਼ੀਅਮ ਵੇਖ ਲਵੇਗੀ। ਪੰਜ ਮਹੀਨੇ ਹੋ ਚੱਲੇ ਸਨ ਉਸ ਨੂੰ ਸਰੀ ਆਇਆਂ ਪਰ ਹਾਲੇ ਤੱਕ ਉਸ ਨੇ ਇੱਥੋਂ ਦਾ ਕੁੱਝ ਵੀ ਨਹੀਂ ਸੀ ਵੇਖਿਆ ਸਵਾਏ ਉਸ ਕਾਲਜ ਦੇ ਜਿੱਥੇ ਉਹ ਬਿਜ਼ਨਿਸ ਐਡਮਨਿਸਟਰੇਸ਼ਨ ਦਾ ਕੋਰਸ ਕਰਦੀ ਸੀ ਅਤੇ ਉਸ ਲਾਂਡਰੀ ਦੇ ਜਿੱਥੇ ਉਹ ਵੀਕਐਂਡ `ਤੇ ਕੰਮ ਕਰਦੀ ਸੀ।

ਡਿੰਪਲ ਨੇ ਪਿਛਲੀ ਰਾਤ ਆਪਣੀ ਮਸੇਰੀ ਭੈਣ ਸਿਮਰਤ ਦੇ ਬਿਨਾਂ ਮਸਾਂ ਕੱਟੀ ਸੀ ਉੱਸਲ-ਵੱਟੇ ਲੈਂਦਿਆਂ। ਉਹ ਡਿੰਪਲ ਦੇ ਨਾਲ ਸੌਂਦੀ ਸੀ। ਮਨਜੀਤ ਬਥੇਰਾ ਕਹਿੰਦੀ ਕਿ ਹੁਣ ਉਹ ਅੱਠਾਂ ਸਾਲਾਂ ਦੀ ਹੈ ਆਪਣੇ ਬੈੱਡ `ਤੇ ਸੌ ਜਾਇਆ ਕਰੇ। ਪਰ ਜਦ ਵੀ ਡਿੰਪਲ ਆਪਣੀ ਮੈਟਰੈੱਸ ਸਿਮਰਤ ਦੇ ਬੈੱਡ ਕੋਲ ਵਿਛਾਉਂਦੀ ਸਿਮਰਤ ਧੱਕ ਕੇ ਮੈਟਰੈੱਸ ਆਪਣੇ ਬੈੱਡ ਦੇ ਹੇਠ ਕਰ ਦਿੰਦੀ ਅਤੇ ਡਿੰਪਲ ਨੂੰ ਆਪਣੇ ਨਾਲ ਪਾ ਲੈਂਦੀ। ਮਨਜੀਤ ਕੁੜ੍ਹਦੀ‎,‎ “ਪਤਾ ਨ੍ਹੀਂ ਕਦੋਂ ਅੱਡ ਪੈਣ ਲੱਗੂ ਗੀ ਐਡੀ ਬੋਡਲ ਕੱਟੀ ਹੋਈ ਵੀ ਐ।” ਫੇਰ ਉਹ ਡਿੰਪਲ ਨੂੰ ਕਹਿੰਦੀ‎,‎ “ਤੂੰ ਤਾਂ ਨੀ ਜਵਾਕੜੀ ਵੀਹਾਂ ਸਾਲਾਂ ਦੀ ਹੋਈ ਵੀ ਐਂ‎,‎ ਆਖ ਦਿਆ ਕਰ ਬਈ ਮੈਂ ਨੀ ਪੈਣਾ ਤੇਰੇ ਨਾਲ।”  ਡਿੰਪਲ ਚੁੱਪ ਰਹਿੰਦੀ ਪਰ ਜਗਜੀਤ ਆਖਦਾ‎,‎ “ਕਿਓਂ ਏਵੈਂ ਮਗਰ ਪੈ ਜਾਨੀ ਐਂ ਬੱਚੀਆਂ ਦੇ?”
ਜਗਜੀਤ ਦਾ ਖਿਆਲ ਆਉਂਦੇ ਹੀ ਡਿੰਪਲ ਨੇ ਘੜੀ ਵੱਲ ਵੇਖਿਆ‎,‎ ਉਹ ਨੌਂ ਵਜਾ ਰਹੀ ਸੀ। ‘ਢਾਈ-ਤਿੰਨ ਘੰਟੇ ਪਏ ਆ ਡੈਡੀ ਦੇ ਆਉਣ `ਚ‎,‎ ਹਾਏ! ਕਦੇ-ਕਦੇ ਮਾਸੜ ਜੀ ਨੂੰ ‘ਡੈਡੀ’ ਹੀ ਮੂੰਹੋਂ ਨਿਕਲ ਜਾਂਦੈ। … ਹੁਣ ਤਾਂ ਇਹੀ ਡੈਡੀ ਐ। ਮੈਂ ‘ਡੈਡੀ’ ਹੀ ਆਖ ਦਿਆਂ ਕਰਨੈਂ। ਕਿੰਨੇ ਚੰਗੇ ਆ ਡੈਡੀ। ਕਿੰਨਾ ਪਿਆਰ ਕਰਦੇ ਆ। ਜਵਾਂ ਨੀ ਉੱਚਾ ਬੋਲਦੇ‎,‎ ਨਾ ਹੀ ਮਾਸੀ ਜੀ ਨੂੰ ਬੋਲਣ ਦਿੰਦੇ ਐ। ਮਾਸੀ ਜੀ ਕੁਛ ਜ਼ਿਆਦਾ ਈ ਸਖਤਾਈ ਵਰਤਦੇ ਆ‎,‎’ ਮਾਸੀ ਦਾ ਖਿਆਲ ਆਉਂਦਿਆਂ ਹੀ ਡਿੰਪਲ ਨੂੰ ਉਹ ਦਿਨ ਯਾਦ ਆ ਗਿਆ ਜਿਸ ਦਿਨ ਉਸ ਨੇ ਕਾਲਜ ਜਾਣ ਲੱਗੀ ਨੇ ਸਕਰਟ ਪਾ ਲਈ ਸੀ।
“ਕੁੜੇ ਇਹ ਕੀ ਪਾਈ ਫਿਰਦੀ ਐਂ।”  ਮਾਸੀ ਨੇ ਕੌੜ ਕੇ ਪੁੱਛਿਆ। ਉਸ ਨੇ ਮਾਸੀ ਵੱਲ ਵੇਖਿਆ ਪਰ ਮੂੰਹੋਂ ਕੁੱਝ ਨਾ ਬੋਲੀ।
“ਕਿੱਥੋਂ ਲਏ ਆ ਐਹੋ ਜੇ ਕੱਪੜੇ।”  ਮਾਸੀ ਨੇ ਫਿਰ ਪੁੱਛਿਆ।
“ਇੰਡੀਆ ਤੋਂ ਲਿਆਈ ਸੀ‎,‎ ਓਥੇ ਵੀ ਪਾ ਲੈਂਦੀ ਹੁੰਦੀ ਸੀ‎,‎” ਉਸ ਨੇ ਸਹਿਮੀ ਜਿਹੀ ਆਵਾਜ਼ `ਚ ਜਵਾਬ ਦਿੱਤਾ।
“ਏਦੂੰ ਮੁੜਕੇ ਨਾ ਪਾਈਂ‎,‎ ਤੇਰੇ ਵੱਲ ਵੇਖ ਸਿਮਰਤ ਵੀ ਮੰਗਣ ਲੱਗੂ ਗੀ ਐਹੋ ਜੇ। ਮੈਨੂੰ ਨੀ ਚੰਗਾ ਲੱਗਦਾ ਬਈ ਲੱਤਾਂ ਨੰਗੀਆਂ ਕਰੀ ਫਿਰੋ‎,‎” ਕੌੜ-ਕੌੜ ਝਾਕਦੀ ਮਾਸੀ ਤੁਰ ਗਈ। ਉਸ ਤੁਰ ਗਈ ਮਾਸੀ ਦੀ ਪਿੱਠ ਵੱਲ ਵੇਖਦੀ ਨੇ ਅੱਖਾਂ ਭਰ ਲਈਆਂ। ਫਿਰ ਉਸ ਹਾਉਕਾ ਲਿਆ ਅਤੇ ਆਪਣੇ ਕਮਰੇ ਵਿੱਚ ਜਾ ਕੇ ਜੀਨ ਨਾਲ ਪੂਰੀਆਂ ਬਾਹਾਂ ਵਾਲੀ ਸ਼ਰਟ ਪਾ ਲਈ।
‘ਮਾਸੀ ਐਨੀ ਸਖਤ ਕਿਓਂ ਐ? ਐਨਾ ਤਾਂ ਮੰਮੀ ਹੋਰੀਂ ਵੀ ਨਹੀਂ ਸੀ ਟੋਕਦੇ। ਜਿੱਦਣ ਦਾ ਰਾਣੇ ਨੇ ਘਰ ਫੋਨ ਕੀਤੈ ਉਸ ਦਿਨ ਦੀ ਤਾਂ ਜ਼ਿਆਦਾ ਹੀ ਸਖਤਾਈ ਵਰਤਦੀ ਐ। ਕਿਵੇਂ ਸਮਝਾਵਾਂ ਮਾਸੀ ਨੂੰ ਕਿ ਰਾਣੇ ਤੇ ਮੇਰੇ `ਚ ਐਸਾ–ਵੈਸਾ ਹੈ ਨੀ ਕੁਛ। ਤੇ ਰਾਣੇ ਨੂੰ ਕੀ ਲੋੜ ਪੈ ਗਈ ਸੀ ਘਰ ਫੋਨ ਕਰਨ ਦੀ? ਬੇਸ਼ਰਮ ਜਿਹਾ। ਅਗਲੇ ਦਿਨ ਮੇਰੇ ਤੋਂ ਝਾੜ ਖਾ ਕੇ ਵੀ ਮੂਹਰੋਂ ਹੀਂ-ਹੀਂ ਕਰਦਾ ਰਿਹਾ ਸੀ। ਕਿੰਨਾਂ ਭੋਲਾ ਜਿਹਾ ਮੂੰਹ ਬਣਾ ਕੇ ਗੱਲ ਕਰੂ‎,‎ ਮੱਲੋ-ਮੋਲੀ ਹਾਸਾ ਆ ਜਾਂਦੈ’ ਸੋਚਦੀ ਡਿੰਪਲ ਦੇ ਦਿਮਾਗ ਵਿੱਚ ਰਾਣੇ ਦਾ ਚੇਹਰਾ ਆ ਗਿਆ। ਉਸ ਦੇ ਬੋਲ ਡਿੰਪਲ ਨੂੰ ਜਿਓਂ ਦੀ ਤਿਓਂ ਚੇਤੇ ਸਨ। ਉਸ ਕਿਹਾ ਸੀ‎,‎ “ਹਫ਼ਤਾ ਉਡੀਕਦਿਆਂ ਮਸਾਂ ਵੀਕਐਂਡ ਆਉਂਦੈ ਬਈ ਦੋ ਦਿਨ ਕੰਮ `ਤੇ ਆਉਂਣਗੀਆਂ ਸਰਕਾਰਾਂ ਤੇ ਟੋਇਆਂ ਦੇ ਦਰਸ਼ਨ ਕਰਦਿਆਂ ਸਾਡੀਆਂ ਵਧੀਆ ਦਿਹਾੜੀਆਂ ਨਿਕਲਣਗੀਆਂ। ਤੇ ਤੁਸੀਂ ਜਦੋਂ ਕੰਮ `ਤੇ ਨਾ ਆਏ ਤਾਂ ਸਿੰਘ ਫਿਕਰਮੰਦ ਹੋ ਗਏ ਬਈ ਟੋਇਆਂ ਆਲੀਆਂ ਸਰਕਾਰਾਂ ਕਿਤੇ ਬੀਮਾਰ-ਠਮਾਰ ਨਾ ਹੋ ਗਈਆਂ ਹੋਣ। ਅਸੀਂ ਤਾਂ ਹਾਲ ਪੁੱਛਣ ਲਈ ਫੋਨ ਮਾਰਿਆ ਸੀ ਤੇ ਸਰਕਾਰਾਂ ਸਾਡਾ ਕੋਰਟ-ਮਾਰਸ਼ਲ ਕਰਨ ਨੂੰ ਫਿਰਦੀਐਂ।” ਯਾਦ ਕਰਕੇ ਮੁਸਕਰਾਉਂਦੀ ਡਿੰਪਲ ਦਾ ਹੱਥ ਆਪਣੀ ਖੱਬੀ ਗੱਲ `ਤੇ ਚਲਾ ਗਿਆ ਜਿਸ ਦਾ ਡੂੰਘ ਸੱਜੀ ਨਾਲੋਂ ਡੂੰਘੇਰਾ ਸੀ। ‘ਲੱਗਦੈ ਫਲੱਰਟ ਕਰਦੈ? …ਨਹੀਂ ਨਹੀਂ‎,‎ ਬੱਸ ਹਾਸੇ-ਮਜ਼ਾਕ ਵਾਲੈ …’
ਇਨ੍ਹਾਂ ਸੋਚਾਂ `ਚ ਗਲਤਾਨ ਡਿੰਪਲ ਨੂੰ ਲੱਗਾ ਜਿਵੇਂ ਗੈਰਾਜ ਦਾ ਡੋਰ ਖੁੱਲ੍ਹਿਆ ਹੋਵੇ। ਉਸ ਘੜੀ ਵੱਲ ਵੇਖਿਆ। ਹਾਲੇ ਸਾਢੇ ਨੌਂ ਹੋਏ ਸਨ। ‘ਕੀ ਗੱਲ ਹੋ ਗਈ ਅੱਜ ਮਾਸੜ ਜੀ ਸਦੇਹਾਂ ਆ ਗਏ? ਮਾਸੜ ਜੀ ਦਾ ਕਿਹੜਾ ਜੀਅ ਲੱਗਦੈ ਸਿਮਰਤ ਹੁਰਾਂ ਬਗੈਰ’ ਸੋਚਦੀ ਡਿੰਪਲ ਨੂੰ ਪਿਛਲੀ ਰਾਤ ਚੇਤੇ ਆ ਗਈ ਜਦ ਜਗਜੀਤ ਨੂੰ ਦੋ ਵਾਰ ਉਸ ਵਾਸ਼ਰੂਮ ਗਏ ਸੁਣਿਆ ਸੀ। ਜਦ ਉਹ ਕੰਮ ਤੋਂ ਵਾਪਸ ਆਇਆ ਸੀ ਉਦੋਂ ਹੀ ਡਿੰਪਲ ਦੀ ਅੱਖ ਖੁੱਲ੍ਹ ਗਈ ਸੀ। ਪਹਿਲਾਂ ਉਹ ਆਮ ਵਾਂਗ ਸਿੱਧਾ ਉਸ ਕਮਰੇ ਵਿੱਚ ਹੀ ਆਇਆ ਸੀ ਜਿੱਥੇ ਉਹ ਪਈ ਸੀ। ਡਿੰਪਲ ਨੇ ਸੋਚਿਆ ਕਿ ਅੱਜ ਸਿਮਰਤ ਹੈ ਨਹੀਂ‎,‎ ਇਸ ਕਰਕੇ ਸ਼ਾਇਦ ਅੱਜ ਉਹ ਇਸ ਕਮਰੇ ਵਿੱਚ ਨਾ ਆਵੇ। ਅੱਗੇ ਸੁੱਤੀ ਪਈ ਸਿਮਰਤ ਦਾ ਮੱਥਾ ਚੁੰਮ ਕੇ ਉਹ ਉਸ ਦਾ ਮੱਥਾ ਵੀ ਚੁੰਮਦਾ ਸੀ। ਉਸ ਦੇ ਕਮਰੇ ਅੰਦਰ ਆਏ ਦੀ ਪੈੜ-ਚਾਲ ਡਿੰਪਲ ਨੇ ਸੁਣ ਲਈ ਸੀ। ਡਿੰਪਲ ਨੇ ਦੋ ਕੁ ਮਿੰਟ ਉਡੀਕ ਕੇ ਜਦ ਅੱਖਾਂ ਖੋਹਲਦਿਆਂ ਕਿਹਾ‎,‎ “ਡੈਡੀ‎,‎ ਤੁਸੀਂ ਆ ਗੇ।” ਤਾਂ ਉਸ ਉੱਪਰ ਝੁਕਿਆ ਜਗਜੀਤ ਇੱਕ ਦਮ ਸਿੱਧਾ ਖੜ੍ਹਦਾ ਬੋਲਿਆ‎,‎ “ਸਿਮਰਤ ਬਿਨ੍ਹਾਂ ਤਾਂ ਘਰ ਖਾਲ੍ਹੀ-ਖਾਲ੍ਹੀ ਲੱਗਦੈ।”
‘ਕਿੰਨਾਂ ਕਰਦੇ ਆ ਮਾਸੜ ਜੀ ਬੱਚਿਆਂ ਦਾ! ਉੱਠ ਕੇ ਵੇਖਾਂ ਤਾਂ ਸਹੀ ਕਿ ਸੱਚੀਓਂ ਮਾਸੜ ਜੀ ਐ। ਕਿਤੇ ਕੋਈ ਹੋਰ ਈ ਨਾ ਆ ਵੜਿਆ ਹੋਵੇ‎,‎’ ਸੋਚਦੀ ਡਿੰਪਲ ਡਰਦੀ-ਡਰਦੀ ਜਿਹੀ ਉੱਠੀ। ਪੌੜੀਆਂ ਚੜ੍ਹਦੇ ਜਗਜੀਤ ਨੂੰ ਵੇਖ ਡਿੰਪਲ ਦੇ ਸਾਹ `ਚ ਸਾਹ ਆਇਆ।
“ਕੀ ਗੱਲ ਹੋ ਗੀ ਮਾਸੜ ਜੀ ਤੁਸੀਂ ਅੱਜ ਆ ਵੀ ਗਏ।” ਡਿੰਪਲ ਨੇ ਪੁੱਛਿਆ।
“ਮੇਰਾ ਚਿੱਤ ਜਿਆ ਨੀ ਸੀ ਠੀਕ‎,‎ ਸਿਰ ਦੁੱਖਦਾ ਸੀ‎,‎” ਜਗਜੀਤ ਨੇ ਆਪਣੀ ਲੰਚ-ਕਿੱਟ ਉਸ ਨੂੰ ਫੜਾਉਂਦਿਆਂ ਕਿਹਾ। ਡਿੰਪਲ ਨੇ ਫਿਕਰਮੰਦ ਆਵਾਜ਼ `ਚ ਪੁੱਛਿਆ‎,‎ “ਕੋਈ ਦਵਾਈ ਵਗੈਰਾ ਲਈ ਐ?”
“ਦਵਾਈ ਵੀ ਲਈ ਐ। ਜੇ ਤੇਰੀ ਮਾਸੀ ਘਰ ਹੁੰਦੀ ਤਾਂ ਉਹ ਸਿਰ ਘੁੱਟ ਦਿੰਦੀ‎,‎” ਆਖਦਾ ਜਗਜੀਤ ਸੋਫੇ ਉੱਪਰ ਬੈਠ ਗਿਆ।
“ਲਿਆਓ‎,‎ ਮੈਂ ਘੁੱਟ ਦਿੰਨੀ ਆਂ‎,‎” ਆਖ ਡਿੰਪਲ ਸੋਫੇ ਦੇ ਪਿੱਛੇ ਖੜ੍ਹ ਉਸ ਦੀਆਂ ਪੁੜ-ਪੁੜੀਆਂ ਕੋਲੋਂ ਦਬਾਉਣ ਲੱਗੀ। ਡਿੰਪਲ ਨੂੰ ਸ਼ਰਾਬ ਦੀ ਹਵਾੜ ਜਿਹੀ ਆਈ। ਉਸ ਸੋਚਿਆ ਸ਼ਾਇਦ ਚਿੱਤ ਠੀਕ ਨਾ ਹੋਣ ਕਰਕੇ ਕੰਮ ਤੋਂ ਆਉਂਦੇ ਹੋਏ ਪੀ ਆਏ ਹੋਣ।
“ਡਿੰਪਲ ਕਿੰਨੀ ਚੰਗੀ ਐਂ ਤੂੰ‎,‎ ਮਿੰਟਾਂ `ਚ ਮੇਰਾ ਸਿਰ ਦਰਦ ਦੂਰ ਕਰ ਦਿੱਤਾ। ਤੇਰੀ ਮਾਸੀ ਤੈਨੂੰ ਐਵੇਂ ਝਿੜਕਦੀ ਰਹਿੰਦੀ ਐ। ਤੇਰੀ ਮਰਜੀ ਦੇ ਕੱਪੜੇ ਨਹੀਂ ਪਾਉਣ ਦਿੰਦੀ। ਤੈਨੂੰ ਮੈਂ ਲੈ ਕੇ ਚੱਲੂੰ ਸਟੋਰਾਂ ਨੂੰ ਕਿਸੇ ਦਿਨ‎,‎ ਜਿਹੋ-ਜਿਹੇ ਮਰਜ਼ੀ ਹੋਈ ਖਰੀਦ ਲਵੀਂ। ਓਪਰਾ ਨਾ ਮੰਨਿਆ ਕਰ। ਮਾਸੀ ਨੂੰ ਭੌਂਕਦੀ ਰਹਿਣ ਦਿਆ ਕਰ। ਓਹਦੀ ਤਾਂ ਆਦਤ ਐ। ਮੈਨੂੰ ਦੱਸਿਆ ਕਰ ਜਿਹੜਾ ਕੁੱਝ ਚਾਹੀਦਾ ਹੁੰਦੈ”‎,‎ ਜਗਜੀਤ ਨੂੰ ਇਸ ਤਰ੍ਹਾਂ ਗੱਲਾਂ ਕਰਦਾ ਸੁਣ ਡਿੰਪਲ ਦੇ ਬੁੱਲ੍ਹਾਂ `ਤੇ ਮੁਸਕਾਣ ਆ ਗਈ। ਉਸ ਨੂੰ ਆਪਣੇ ਡੈਡੀ ਦੀ ਯਾਦ ਆ ਗਈ ਜਿਹੜੇ ਕਈ ਵਾਰ ਸ਼ਰਾਬੀ ਹੋ ਕੇ ਇਸੇ ਤਰ੍ਹਾਂ ਗੱਲਾਂ ਕਰਦੇ ਹੁੰਦੇ ਸਨ। ਡਿੰਪਲ ਦਾ ਜੀਅ ਕੀਤਾ ਕਿ ਉਹ ਮਾਸੜ ਜੀ ਨਾਲ ਵੀ ਉਵੇਂ ਹੀ ਸ਼ਰਾਰਤਾਂ ਕਰੇ ਜਿਵੇਂ ਉਹ ਸ਼ਰਾਬੀ ਹੋਏ ਆਪਣੇ ਡੈਡੀ ਨਾਲ ਕਰਦੀ ਸੀ। ਪਰ ਉਸ ਦਾ ਹੌਂਸਲਾ ਨਾ ਪਿਆ।
ਜਗਜੀਤ ਨੇ ਸਿਰ ਘੁੱਟ ਰਹੀ ਡਿੰਪਲ ਦੀ ਬਾਂਹ ਫੜ ਆਪਣੇ ਨਾਲ ਸੋਫੇ ਉੱਪਰ ਬੈਠਾ ਲਿਆ ਅਤੇ ਉਸ ਨੂੰ ਆਪਣੇ ਨਾਲ ਘੁੱਟਦਿਆਂ ਬੋਲਿਆ‎,‎ “ਡਿੰਪਲ ਤੈਨੂੰ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਦੱਸ?”
ਡਿੰਪਲ ਨੂੰ ਜਗਜੀਤ ਦਾ ਬੇਮੁਹਾਰਾ ਹੋਇਆ ਹੱਥ ਠੀਕ ਨਾ ਲੱਗਾ ਅਤੇ ਉਹ ਉੱਠਣ ਦੀ ਕੋਸ਼ਿਸ਼ ਕਰਦੀ ਬੋਲੀ‎,‎ “ਲਿਆਓ ਮਾਸੜ ਜੀ ਮੈਂ ਤੁਹਾਡੇ ਵਾਸਤੇ ਖਾਣਾ ਗਰਮ ਕਰ ਦਿਆਂ।”
ਜਗਜੀਤ ਨੇ ਉੱਠਦੀ ਡਿੰਪਲ ਨੂੰ ਲੱਕ ਤੋਂ ਫੜ ਕੇ ਵਾਪਸ ਬੈਠਾਉਂਦਿਆਂ ਕਿਹਾ‎,‎ “ਖਾਣੇ ਦੀ ਮੈਨੂੰ ਕੋਈ ਜ਼ਰੂਰਤ ਨਹੀਂ‎,‎ ਬੱਸ ਤੂੰ ਮੇਰੇ ਕੋਲ ਬੈਠ ਜਾ।” ਉਹ ਡਿੰਪਲ ਨੂੰ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਆਪਣੇ ਹੱਥ ਨਾਲ ਜਗਜੀਤ ਦਾ ਮੂੰਹ ਪਰ੍ਹਾਂ ਨੂੰ ਧੱਕਦੀ ਡਿੰਪਲ ਰੁਆਂਸੀ ਆਵਾਜ਼ ਵਿੱਚ ਬੋਲੀ‎,‎ “ਹੋਸ਼ ਕਰੋ ਮਾਸੜ ਜੀ।”
“ਕਿਸੇ ਨੂੰ ਨੀ ਪਤਾ ਲੱਗਦਾ‎,‎ ਬੱਸ ਐਂ ਕਦੇ ਕਦੇ‎,‎ … ਰਾਣੀ ਬਣਾ ਕੇ ਰੱਖੂੰ‎,‎” ਆਖਦਾ ਜਗਜੀਤ ਡਿੰਪਲ ਉੱਪਰ ਝੁਕਿਆ। ਡਿੰਪਲ ਨੇ ਉਸ ਦੇ ਲੱਤ ਮਾਰੀ ਅਤੇ ਉੱਠ ਕੇ ਬਾਹਰ ਵੱਲ ਭੱਜਣ ਲੱਗੀ ਪਰ ਜਗਜੀਤ ਨੇ ਉਸ ਨੂੰ ਦੋ ਕਦਮ ਵੀ ਨਾ ਪੁੱਟਣ ਦਿੱਤੇ।
“ਭੱਜ ਕੇ ਕਿੱਧਰ ਜਾਏਂਗੀ? ਹੈ ਕੋਈ ਟਿਕਾਣਾ? ਤੈਨੂੰ ਕਿਹੈ ਬਈ ਰਾਜ ਕਰੇਂਗੀ‎,‎” ਆਖ ਜਗਜੀਤ ਨੇ ਡਿੰਪਲ ਨੂੰ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਡਿੰਪਲ ਦੀ ਲੱਤ ਉਸ ਦੇ ਅਜੇਹੇ ਥਾਂ ਵੱਜੀ ਕਿ ਉਹ ਪੀੜ ਨਾਲ ਇੱਕਠਾ ਹੋ ਕੇ ਥਾਏਂ ਬੈਠ ਗਿਆ। ਡਿੰਪਲ ਵਾਹੋ-ਧਾਹੀ ਪੌੜੀਆਂ ਉੱਤਰ ਕੇ ਘਰੋਂ ਬਾਹਰ ਹੋ ਗਈ। ਸੜਕ ਉੱਪਰ ਭੱਜਦੀ ਉਹ ਮੁੜ-ਮੁੜ ਪਿੱਛੇ ਵੱਲ ਵੇਖਦੀ ਠੇਡਾ ਖਾ ਕੇ ਡਿੱਗ ਪਈ। ‘ਭੱਜ ਕਿੱਧਰ ਭੱਜਦੀ ਐਂ?’ ਜਗਜੀਤ ਦਾ ਬੋਲ ਉਸ ਦੇ ਦਿਮਾਗ ਵਿੱਚ ਗੂੰਜਿਆ। ਉਹ ਤੇਜ਼ੀ ਨਾਲ ਉੱਠੀ‎,‎ ਪਿੱਛੇ ਵੱਲ ਵੇਖਿਆ‎,‎ ਉਸ ਨੂੰ ਜਗਜੀਤ ਨਾ ਦਿਸਿਆ ਪਰ ਉਹ ਤੇਜ਼-ਤੇਜ਼ ਤੁਰਦੀ ਰਹੀ। ਕਦੇ ਭੱਜ ਪੈਂਦੀ। ‘ਹਾਏ ਨੀ ਮਾਂ ਕਿੱਧਰ ਜਾਵਾਂ?’ ਸੋਚਦੀ ਨੇ ਉਸ ਹਉਕਾ ਲਿਆ ਅਤੇ ਆਸੇ-ਪਾਸੇ ਵੇਖਦੀ ਨੇ ਪਛਾਨਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਹੜੀ ਸੜਕ ਉੱਪਰ ਜਾ ਰਹੀ ਹੈ। ਸੁੰਨਮ-ਸੁੰਨੀ ਸੜਕ ਉਸ ਨੂੰ ਓਪਰੀ ਜਿਹੀ ਲੱਗੀ। ਜਦੋਂ ਉਸ ਦੀ ਨਜ਼ਰ ਸਾਹਮਣੇ ਚੌਰਸਤੇ ਵਿੱਚ ਲੱਗੇ ਮੈਕਸ ਅਤੇ ਲਾਂਡਰੋਮੈਟ ਦੇ ਸਾਈਨ `ਤੇ ਪਈ ਤਾਂ ਉਸ ਨੂੰ ਤਸੱਲੀ ਜਿਹੀ ਹੋਈ ਕਿ ‘ਇਹ ਤਾਂ ਉਸ ਦਾ ਜਾਣਿਆ-ਪਹਿਚਾਣਿਆ ਰਾਹ ਹੈ। ਇਸੇ ਰਸਤੇ ਤਾਂ ਉਹ ਵੀਕਐਂਡ `ਤੇ ਕੰਮ ਕਰਨ ਆਉਂਦੀ ਹੈ।’ ਮੈਕਸ ਦਾ ਸਾਈਨ ਵੇਖ ਉਸ ਦੇ ਖਿਆਲ ਵਿੱਚ ਰਾਣਾ ਆ ਗਿਆ। ‘ਉਹ ਇੱਥੇ ਹੀ ਹੋਵੇਗਾ‎,‎ ਵੀਕਡੇਜ਼ ਵਿੱਚ ਉਹ ਰਾਤ ਦੀ ਸ਼ਿਫਟ ਕਰਦਾ ਹੈ’ ਸੋਚ ਕੇ ਉਸ ਦੇ ਕਦਮ ਹੋਰ ਤੇਜ਼ ਹੋ ਗਏ।
ਮੈਕਸ ਸਟੋਰ ਵਿੱਚ ਵੜਦਿਆਂ ਉਸ ਇੱਕ ਵਾਰ ਫਿਰ ਪਿੱਛੇ ਮੁੜ ਕੇ ਵੇਖਿਆ‎,‎ ਉਸ ਨੂੰ ਲੱਗਾ ਜਿਵੇਂ ਆ ਰਹੀ ਕਾਰ ਜਗਜੀਤ ਦੀ ਹੋਵੇ। ਸਟੋਰ ਵਿੱਚ ਦਾਖਿਲ ਹੋ ਉਹ ਸਿੱਧੀ ਰਾਣੇ ਦੇ ਗਲ ਜਾ ਚਿੰਬੜੀ ਜਿਸ ਕੋਲੋਂ ਉਹ ਇੱਕ ਵਿੱਥ `ਤੇ ਰਹਿ ਕੇ ਗੱਲ ਕਰਦੀ ਸੀ। ਭੁੱਬੀਂ ਰੋਂਦੀ ਨੂੰ ਇਹ ਵੀ ਖਿਆਲ ਨਾ ਰਿਹਾ ਕਿ ਉਹ ਇੱਕ ਸਟੋਰ ਵਿੱਚ ਖੜ੍ਹੀ ਹੈ ਜਿਹੜਾ ਉਸ ਸਮੇਂ ਭਾਵੇਂ ਖਾਲੀ ਸੀ ਪਰ ਉੱਥੇ ਕਿਸੇ ਵੀ ਪਲ ਕੋਈ ਗਾਹਕ ਆ ਸਕਦਾ ਸੀ। ਇਸ ਦਾ ਖਿਆਲ ਰਾਣੇ ਨੂੰ ਆਇਆ ਅਤੇ ਉਹ ਡਿੰਪਲ ਨੂੰ ਪਿਛਲੇ ਕਮਰੇ ਵਿੱਚ ਲੈ ਗਿਆ।
ਬਾਹਰ ਆਪਣੀ ਕਾਰ ਵਿੱਚ ਬੈਠੇ ਜਗਜੀਤ ਨੇ ਮੈਕਸ ਸਟੋਰ ਦੀਆਂ ਪਾਰਦਰਸ਼ੀ ਕੰਧਾਂ ਵਿੱਚੋਂ ਜਦ ਇਹ ਦ੍ਰਿਸ਼ ਵੇਖਿਆ‎,‎ ਉਸ ਅੰਦਰ ਧੂਹ ਜਿਹੀ ਪਈ। ਉਸ ਦਾ ਜੀਅ ਕੀਤਾ ਕਿ ਸਟੋਰ ਅੰਦਰ ਜਾ ਕੇ ਉਹ ਦੋ ਘਸੁੰਨ ਉਸ ਮੁੰਡੇ ਦੇ ਮਾਰੇ ਅਤੇ ਬਾਹੋਂ ਫੜ ਕੇ ਡਿੰਪਲ ਨੂੰ ਕਾਰ ਵਿੱਚ ਸੁੱਟ ਲਵੇ। ਪਰ ਥੋੜ੍ਹੀ ਦੇਰ ਪਹਿਲਾਂ ਜਾਗੇ ਪੁਲੀਸ ਦੇ ਡਰ ਨੇ ਉਸ ਨੂੰ ਰੋਕ ਲਿਆ। ਇਸੇ ਡਰ ਕਰਕੇ ਹੀ ਤਾਂ ਉਹ ਡਿੰਪਲ ਦੇ ਪਿੱਛੇ ਆਇਆ ਸੀ। ਨਹੀਂ ਤਾਂ ਲੱਤ ਵੱਜਣ ਦੀ ਪੀੜ ਤੋਂ ਥੋੜ੍ਹੀ ਰਾਹਤ ਮਿਲਣ ਨਾਲ ਉਸ ਸੋਚਿਆ ਸੀ ਕਿ ‘ਆਪੇ ਮੁੜ ਆਵੇਗੀ‎,‎ ਹੋਰ ਓਹਦਾ ਹੈ ਵੀ ਕੌਣ ਇੱਥੇ ਜਿਸ ਕੋਲ ਚਲੀ ਜਾਵੇਗੀ।’ ਪਰ ਝੱਟ ਪਿੱਛੋਂ ਹੀ ਖਿਆਲ ਆਇਆ ਕਿ ‘ਜੇ ਕਿਸੇ ਨੇ ਡਿੰਪਲ ਨੂੰ ਐਸ ਵੇਲੇ ਇਸ ਹਾਲਤ `ਚ ਭੱਜੀ ਜਾਂਦੀ ਵੇਖ ਕੇ ਪੁਲੀਸ ਨੂੰ ਫੋਨ ਕਰ ਦਿੱਤਾ ਜਾਂ ਕਿਸੇ ਲੰਘਦੇ-ਵੜਦੇ ਪੁਲੀਸ ਵਾਲੇ ਦੀ ਉਸ ਉੱਪਰ ਨਿਗ੍ਹਾ ਪੈ ਗਈ‎,‎ ਤਾਂ?’ ਸਕਿੰਟਾਂ ਵਿੱਚ ਹੀ ਪੁਲੀਸ‎,‎ ਉਸ ਦੇ ਸਾਹਮਣੇ ਖੜ੍ਹੀ ਉਸ ਦੀ ਘਰਵਾਲੀ ਤੇ ਸਿਮਰਤ ਦੇ ਖਿਆਲ ਨੇ ਉਸ ਉੱਪਰ ਸਵਾਰ ਕਾਮ ਦੇ ਭੂਤ ਨੂੰ ਕੁਚਲ ਕੇ ਰੱਖ ਦਿੱਤਾ।
‘ਇਹ ਕੀ ਪੰਗਾ ਪਾ ਲਿਐ? ਬੈਠੇ-ਬੈਠੇ ਬਦਨਾਮੀ ਨੂੰ ਹਾਕ ਮਾਰ ਲਈ?’
‘ਪਤਾ ਈ ਨੀ ਲੱਗਾ ਕਿ ਕੀ ਕਰੀ ਜਾਨਾਂ‎,‎ ਜਦ ਵੀ ਸਾਲੀ ਦਾ ਖਿਆਲ ਆਉਂਦੈ ਤਾਂ ਜੀਅ ਮਚਲਣ ਲੱਗ ਜਾਂਦੈ।’
‘ਆਪਣੇ `ਤੇ ਕਾਬੂ ਰੱਖਣਾ ਸੀ ਜਿਵੇਂ ਰਾਤ ਜ਼ਾਬਤਾ ਰੱਖਿਆ ਸੀ।’
‘ਰਾਤ ਤਾਂ ਓਹਦੇ ਮੂੰਹੋਂ ‘ਡੈਡੀ’ ਸੁਣ ਕੇ ਸਰੀਰ ਝੂਠਾ ਪੈ ਗਿਆ ਸੀ।’
‘ਅੱਜ ਹਿੰਮਤ ਕਰਨ ਲਈ ਸ਼ਰਾਬ ਪੀਣ ਆਲੀ ਗਲਤੀ ਕਰ ਬੈਠਾ।’
‘ਉੱਠ ਹੁਣ‎,‎ ਮਿੰਨਤ-ਤਰਲਾ ਕਰਕੇ ਮੋੜ ਲਿਆ।’
‘ਪਰ ਉਹ ਗਈ ਕਿੱਧਰ ਹੋਈ?’ ਇਨ੍ਹਾਂ ਸੋਚਾਂ `ਚ ਪ੍ਰੇਸ਼ਾਨ ਹੋਇਆ ਉਹ ਡਿੰਪਲ ਨੂੰ ਮੋੜ ਲਿਆਉਣ ਲਈ ਉੱਠ ਖੜ੍ਹੋਤਾ। ‘ਹੋ ਸਕਦੈ ਕਿ ਉਸ ਮੁੰਡੇ ਕੋਲ ਗਈ ਹੋਵੇ ਜੀਹਦਾ ਮਨਜੀਤ ਕਹਿੰਦੀ ਸੀ ਕਿ ਫੋਨ ਆਉਂਦੈ‎,‎’ ਸੋਚ ਉਸ ਆਪਣੀ ਕਾਰ ਮੈਕਸ ਸਟੋਰ ਵੱਲ ਮੋੜ ਲਈ।
ਮੁੰਡੇ ਨਾਲ ਸਟੋਰ ਦੇ ਪਿਛਲੇ ਕਮਰੇ ਵੱਲ ਜਾਂਦੀ ਡਿੰਪਲ ਵੱਲ ਵੇਖ ਉਸ ਨੇ ਪਛਤਾਵੇ `ਚ ਸਿਰ ਮਾਰਿਆ‎,‎ ‘ਜੇ ਕਿਤੇ ਪੰਜ-ਸੱਤ ਮਿੰਟ ਪਹਿਲਾਂ ਤੁਰ ਪੈਂਦਾ ਤਾਂ ਉਹਨੂੰ ਸਟੋਰ `ਚ ਵੜਨ ਤੋਂ ਪਹਿਲਾਂ ਮੋੜ ਲੈਣਾ ਸੀ।’
‘ਪਰ ਹਾਲੇ ਤਾਂ ਹੁਣੇ ਹੀ ਅੰਦਰ ਗਈ ਐ‎,‎ ਮੁੰਡੇ ਨੂੰ ਵੀ ਕੁਛ ਨਹੀਂ ਦੱਸਿਆ ਹੋਣਾ‎,‎ ਅੰਦਰ ਜਾਣਾ ਚਾਹੀਦੈ। …ਪਰ ਜੇ ਉਹ ਮੁੰਡੇ ਦੇ ਸਾਹਮਣੇ ਹੀ ਬੋਲ ਪਈ‎,‎ ਫੇਰ ਕੀ ਰਹੂ? … ਕਿਓਂ ਨਾ ਫੋਨ ਕਰਾਂ? ਹਾਂ‎,‎ ਇਹ ਠੀਕ ਐ‎,‎’ ਸੋਚ ਕੇ ਉਸ ਨੇ ਆਪਣੇ ਸੈੱਲ ਫੋਨ ਤੋਂ ਸਟੋਰ ਦਾ ਨੰਬਰ ਮਿਲਾਇਆ।
“ਆਹ ਡਿੰਪਲ ਨੂੰ ਫੋਨ ਫੜਾਈਂ‎,‎” ਫੋਨ ਮਿਲਣ ਸਾਰ ਹੀ ਜਗਜੀਤ ਨੇ ਕਿਹਾ।
“ਤੁਸੀਂ ਕੌਣ?”
“ਮੈਂ ਕੋਈ ਹੋਵਾਂ‎,‎ ਤੂੰ ਫੋਨ ਫੜਾ ਓਹਨੂੰ‎,‎” ਜਗਜੀਤ ਨੇ ਝੁੰਜਲਾਈ ਆਵਾਜ਼ `ਚ ਕਿਹਾ।
ਜਦ ਡਿੰਪਲ ਨੇ ‘ਹੈਲੋ’ ਕਿਹਾ ਜਗਜੀਤ ਨੇ ਆਪਣੀ ਆਵਾਜ਼ ਨੂੰ ਨਰਮ ਕਰਦਿਆਂ ਕਿਹਾ‎,‎ “ਡਿੰਪਲ ਮੈਨੂੰ ਪਤਾ ਈ ਨੀ ਲੱਗਾ ਕਿ ਮੈਂ ਕੀ ਕਰ… ਪਰ ਡਿੰਪਲ ਨੇ ਪੂਰਾ ਵਾਕ ਸੁਣਨ ਤੋਂ ਪਹਿਲਾਂ ਹੀ ਫੋਨ ਕੱਟ ਦਿੱਤਾ। ਉਸ ਦਾ ਰੋਣ ਹੀ ਨਹੀਂ ਸੀ ਬੰਦ ਹੋ ਰਿਹਾ। ਜਗਜੀਤ ਨੇ ਦੋ ਵਾਰ ਫਿਰ ਫੋਨ ਕੀਤਾ ਪਰ ਡਿੰਪਲ ਨੇ ਗੱਲ ਨਾ ਕੀਤੀ। ਪਰ ਰਾਣੇ ਨੇ ਤਾੜਨਾ ਭਰੇ ਲਹਿਜ਼ੇ `ਚ ਕਿਹਾ‎,‎ “ਜੇ ਉਹ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਵਾਰ ਵਾਰ ਪ੍ਰੇਸ਼ਾਨ ਨਾ ਕਰ।”
ਜਗਜੀਤ ਨੇ ਗਾਲ੍ਹ ਕੱਢੀ ਜਿਹੜੀ ਕਾਰ ਦੇ ਸ਼ੀਸ਼ਆਂ ਨਾਲ ਟਕਰਾ ਕੇ ਦਮ ਤੋੜ ਗਈ। ‘ਹੁਣ ਕੀ ਕੀਤਾ ਜਾਵੇ?’ ਸੋਚਦੇ ਨੇ ਉਸ ਕਾਰ ਘਰ ਵੱਲ ਮੋੜ ਲਈ। ਘਰ ਪਹੁੰਚਦੇ ਤੱਕ ਉਸ ਦੇ ਦਿਮਾਗ ਵਿੱਚ ਇੱਕ ਸਕੀਮ ਤਿਆਰ ਹੋ ਗਈ ਸੀ। ਉਸ ਨੇ ਆਪਣੀ ਪਤਨੀ ਮਨਜੀਤ ਨੂੰ ਵਿਕਟੋਰੀਆ ਫੋਨ ਮਿਲਾ ਕੇ ਕਿਹਾ‎,‎ “ਭਾਣਾ ਵਰਤ ਗਿਐ‎,‎ ਜਿਹੜੀ ਗੱਲੋਂ ਤੂੰ ਡਰਦੀ ਹੁੰਦੀ ਸੀ‎,‎ ਓਹੀ ਹੋਈ।”
“ਕੀ ਹੋ ਗਿਐ।” ਮਨਜੀਤ ਨੇ ਘਬਰਾਈ ਆਵਾਜ਼ `ਚ ਪੁੱਛਿਆ।
“ਹੋਣਾ ਕੀ ਸੀ ਮੇਰਾ ਚਿੱਤ ਨੀ ਸੀ ਠੀਕ ਏਸ ਕਰਕੇ ਮੈਂ ਕੰਮ ਤੋਂ ਪਹਿਲਾਂ ਘਰ ਆ ਗਿਆ। ਡਿੰਪਲ ਇੱਕ ਮੁੰਡੇ ਨੂੰ ਚਿੰਬੜੀ ਬੈਠੀ ਸੀ। ਮੈਂ ਗਰਮੀ `ਚ ਮੁੰਡੇ ਦੇ ਮਾਰਨ ਅਹੁਲਿਆ ਤਾਂ ਮੂਹਰੇ ਹੋ ਗਈ। ਮੈਂ ਗੁੱਸੇ `ਚ ਆਖ ਬੈਠਾ ਬਈ ਨਿਕਲ ਜਾ ਘਰੋਂ। ਉਹ ਜਿਵੇਂ ਪਹਿਲਾਂ ਈ ਤਿਆਰ ਸੀ। ਓਹਨਾਂ ਕੱਪੜਿਆਂ `ਚ ਈ ਤੁਰਗੀ।”
“ਹਾਏ‎,‎ ਹਾਏ‎,‎ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ। ਕੁੜੀ ਦੇ ਚਾਲੇ ਨੀ ਸੀ ਠੀਕ ਲੱਗਦੇ ਜਿਹੜਾ ਬਣ-ਠਣ ਕੇ ਘਰੋਂ ਨਿਕਲਦੀ ਸੀ।”
“ਤੂੰ ਐਂ ਕਰ ਸਵੇਰੇ ਪਹਿਲੀ ਫੈਰੀ ਲੈ ਕੇ ਵਾਪਸ ਆ ਜਾ। ਮਿੰਨਤ-ਤਰਲਾ ਕਰਕੇ ਮੋੜ ਲਿਆਵਾਂਗੇ। ਨਹੀਂ ਤਾਂ ਆਪਣੀ ਹੀ ਬਦਨਾਮੀ ਹੋਊ ਜਦੋਂ ਉਹ ਬਿਗਾਨੇ ਮੁੰਡੇ ਨਾਲ ਤੁਰੀ–ਫਿਰੂ। ਓਹਦੇ ਮਾਂ-ਪਿਓ ਵੱਲੋਂ ਅੱਡ ਉਲਾਂਭਾ ਆਊ।”
“ਮਿੰਨਤ ਕਿਓਂ ਕਰਨੀ ਐਂ। ਮੈਂ ਨੀ ਘਰੇ ਰੱਖਦੀ ਐਹੋ ਜੀ ਨੂੰ ਹੁਣ। ਮੇਰੀ ਨੂੰ ਵੀ ਏਹੋ ਕੁੱਝ ਸਿਖਾਊ। ਕੱਲ੍ਹ ਨੂੰ ਹੀ ਜਹਾਜ਼ੇ ਚੜਾਉਨੀ ਐਂ ਓਹਨੂੰ।”
“ਤੂੰ ਬਹੁਤਾ ਫਿਕਰ ਨਾ ਕਰੀਂ‎,‎ ਠੀਕ ਹੋ ਜੂ ਸਭ ਕੁਝ‎,‎” ਆਖ ਜਗਜੀਤ ਨੇ ਫੋਨ ਰੱਖ ਦਿੱਤਾ। ਮਨਜੀਤ ਦੇ ਬੋਲਾਂ ਵਿੱਚ ਕੁੜੱਤਣ ਸੁਣ ਕੇ ਉਸ ਨੇ ਤਸੱਲੀ ਮਹਿਸੂਸ ਕਰਦਿਆਂ ਸ਼ਰਾਬ ਦਾ ਗਲਾਸ ਭਰ ਲਿਆ।
‘ਇਹ ਕੀ ਕੀਤਾ ਕਮਜਾਤ ਨੇ? ਭੋਰਾ ਵੀ ਨੀ ਸੋਚਿਆ ਕਿ ਕੀ ਕਰਨ ਲੱਗੀ ਐ। ਐਡੀ ਜ਼ਿੰਮੇਵਾਰੀ ਲੈ ਕੇ ਸੱਦੀ ਐ। ਇਹਦਾ ਪਿਓ ਕੰਜਰ ਨਿੱਤ ਭੈਣ ਨੂੰ ਮੇਹਣੇ ਮਾਰਦਾ ਸੀ ਕਿ ਤੇਰੇ ਰਿਸ਼ਤੇਦਾਰ ਕਨੇਡੇ ਐ‎,‎ ਸਾਡਾ ਨੀ ਸੋਚਦੇ। ਜੇ ਬਾਹਰ ਭੇਜਣ ਦਾ ਐਡਾ ਈ ਸ਼ੌਂਕ ਸੀ ਤਾਂ ਕੁੱਝ ਸਮਝਾ-ਬੁਝਾ ਕੇ ਭੇਜਦਾ। ਕੱਲ੍ਹ ਨੂੰ ਕਹੂਗਾ ਥੋਡੇ ਭਰੋਸੇ ਛੱਡੀ ਸੀ ਤੁਸੀਂ ਖਿਆਲ ਨੀ ਰੱਖਿਆ। ਕੀ ਪਤਾ ਕੰਜਰੀ ਕੀ ਕਹੂਗੀ ਬਈ ਕਿਓਂ ਘਰੋਂ ਭੱਜੀ ਸੀ। ਓਹਦੇ ਪਿਓ ਕੰਜਰ ਨਾਲ ਈ ਕਰਦੀਂ ਆਂ ਗੱਲ’ ਸੋਚ ਕੇ ਭਰੀ-ਪੀਤੀ ਮਨਜੀਤ ਨੇ ਡਿੰਪਲ ਦੇ ਮਾਂ-ਪਿਓ ਨੂੰ ਇੰਡੀਆ ਫੋਨ ਕਰ ਦਿੱਤਾ ਕਿ ਡਿੰਪਲ ਘਰੋਂ ਭੱਜ ਗਈ।
ਘਰੋਂ ਭੱਜੀ ਡਿੰਪਲ ਮੈਕਸ ਕਨਵੀਨੀਐਂਸ ਸਟੋਰ ਦੇ ਪਿਛਲੇ ਕਮਰੇ `ਚ ਬੈਠੀ ਜ਼ਾਰੋ-ਜ਼ਾਰ ਰੋ ਰਹੀ ਸੀ। ਜਿਹੜਾ ਕੁੱਝ ਹੋਇਆ ਸੀ ਉਸ ਦਾ ਡਿੰਪਲ ਨੂੰ ਸੱਚ ਨਹੀਂ ਸੀ ਆ ਰਿਹਾ। ‘ਓਹਨੇ ਮੇਰੇ ਨਾਲ ਇਸ ਤਰ੍ਹਾਂ ਕਿਓਂ ਕੀਤਾ‎,‎ …ਮੈਂ ਤਾਂ ਓਹਨੂੰ ਪਿਓ ਸਮਝਦੀ ਸੀ। …  ਕੀ ਕਰਾਂ ਮੈਂ? …  ਕਿੱਥੇ ਜਾਵਾਂ?’ ਕਦੇ ਉਹ ਸੋਚਦੀ ਕਿ ਇੰਡੀਆ ਫੋਨ ਕਰਕੇ ਮੰਮੀ-ਡੈਡੀ ਨੂੰ ਦੱਸੇ। ਫੇਰ ਸੋਚਦੀ‎,‎ ‘ਉਹ ਉੱਥੇ ਬੈਠੇ ਕੀ ਕਰ ਲੈਣਗੇ? ਵਾਧੂ ਦਾ ਫਿਕਰ ਕਰਨਗੇ। … ਹੋਰ ਫਿਰ ਮੈਂ ਕੀ ਕਰਾਂ?’ ਸੋਚ ਕੇ ਉਸ ਦੀ ਭੁੱਬ ਨਿਕਲ ਜਾਂਦੀ। ਰਾਣਾ ਗਾਹਕ ਭੁਗਤਾ ਕੇ ਗੇੜਾ ਮਾਰ ਜਾਂਦਾ ਅਤੇ ਪੁੱਛਦਾ‎,‎ “ਕੀ ਹੋਇਐ? ਕੋਈ ਗੱਲ ਵੀ ਦੱਸ।” ਡਿੰਪਲ “ਕੁਝ ਨਹੀਂ” ਆਖ ਕੇ ਸਿਰ ਮਾਰਦੀ ਅਤੇ ਉਸ ਦਾ ਰੋਣ ਉੱਚਾ ਹੋ ਜਾਂਦਾ।
“ਘੱਟੋ-ਘੱਟ ਪਤਾ ਤਾਂ ਲੱਗੇ ਕਿ ਹੋਇਆ ਕੀ ਐ।” ਰਾਣੇ ਨੇ ਜ਼ੋਰ ਦੇ ਕੇ ਪੁੱਛਿਆ।
“ਮਾਸੜ ਨੇ…” ਤੋਂ ਬਾਅਦ ਡਿੰਪਲ ਤੋਂ ਕੁੱਝ ਨਾ ਬੋਲਿਆ ਗਿਆ।
“ਹੈ ਕੰਜਰ! ਤੈਨੂੰ ਹੱਥ ਪਾ ਲਿਆ।” ਰਾਣੇ ਨੇ ਆਪ ਹੀ ਅੰਦਾਜ਼ਾ ਲਾਉਂਦਿਆਂ ਪੁੱਛਿਆ।
ਡਿੰਪਲ ਦੀ ਭੁੱਬ ਨਿਕਲ ਗਈ।”ਤੈਨੂੰ ਕੋਈ ਨੁਕਸਾਨ ਤਾਂ ਨਹੀਂ ਪੁਚਾਇਆ।” ਰਾਣੇ ਨੇ ਪੁੱਛਿਆ।
ਡਿੰਪਲ ਨੇ ਨੀਵੀਂ ਚੁੱਕ ਕੇ ਹੰਝੂ ਭਰੀਆਂ ਅੱਖਾਂ ਨਾਲ ਰਾਣੇ ਵੱਲ ਵੇਖਿਆ ਅਤੇ ‘ਨਹੀਂ’ ਵਿੱਚ ਸਿਰ ਮਾਰਿਆ। ਰਾਣਾ ਉਸ ਨੂੰ ਧੀਰਜ ਬਨਾਉਂਦਾ ਆਖਣ ਲੱਗਾ‎,‎ “ਕੁਝ ਨਹੀਂ ਵਿਗੜਿਆ‎,‎ ਸਭ ਕੁੱਝ ਠੀਕ ਹੋ ਜੂ‎,‎ ਫਿਕਰ ਨਾ ਕਰ‎,‎ ਜਿੰਨੀ ਹੋ ਸਕਿਆ ਤੇਰੀ ਮੱਦਦ ਕਰੂੰ।”
ਡਿੰਪਲ ਦੀ ਬਾਕੀ ਰਾਤ ਰੋਂਦਿਆਂ‎,‎ ਸਿਸਕਦਿਆਂ‎,‎ ਹਾਉਕੇ ਲੈਂਦਿਆਂ ਨਿਕਲ ਗਈ। ਸਵੇਰੇ ਛੇ ਵਜੇ ਆਪਣੇ ਕੰਮ ਦੀ ਸ਼ਿਫਟ ਮੁਕਾ ਕੇ ਰਾਣੇ ਨੇ ਕਿਹਾ‎,‎ “ਆ ਚੱਲੀਏ।”
“ਕਿੱਥੇ।” ਡਿੰਪਲ ਨੇ ਹੈਰਾਨੀ ਜਿਹੀ ਨਾਲ ਪੁੱਛਿਆ।
“ਮੇਰੀ ਬੇਸਮੈਂਟ `ਚ। ਹੋਰ ਕਿੱਥੇ?”
“ਪਰ…‎,‎” ਕੁੱਝ ਆਖਦੀ-ਆਖਦੀ ਡਿੰਪਲ ਚੁੱਪ ਕਰ ਗਈ। ਉਸ ਨੂੰ ਇਸ ਤਰ੍ਹਾਂ ਜੱਕੋ-ਤੱਕੀ ਜਿਹੀ `ਚ ਪਈ ਵੇਖ ਰਾਣਾ ਬੋਲਿਆ‎,‎ “ਜੇ ਕੋਈ ਹੋਰ ਥਾਂ ਜਿੱਥੇ ਤੂੰ ਜਾਣਾਂ ਚਾਹੁੰਨੀ ਐਂ ਤਾਂ ਮੈਂ ਉੱਥੇ ਛੱਡ ਆਉਨੈ?”
“ਨਹੀਂ‎,‎ ਹੋਰ ਤਾਂ ਕਿਤੇ ਨੀ‎,‎” ਆਖਦੀ ਡਿੰਪਲ ਉੱਠ ਖੜੋਤੀ ਅਤੇ ਹੌਲੀ-ਹੌਲੀ ਤੁਰਦੀ ਇੱਧਰ-ਉੱਧਰ ਵੇਖਦੀ ਉਹ ਕਾਰ ਦੀ ਪਿਛਲੀ ਸੀਟ `ਤੇ ਬੈਠ ਗਈ। ਬੇਸਮੈਂਟ `ਚ ਪਹੁੰਚ ਜਦ ਰਾਣਾ ਅੰਦਰੋਂ ਕੁੰਡੀ ਲਾਉਣ ਲੱਗਾ ਤਾਂ ਡਿੰਪਲ ਝੱਟ ਬੋਲੀ‎,‎ “ਲੌਕ ਨੂੰ ਕੀ ਐ।” ਉਸ ਦੇ ਚੇਹਰੇ `ਤੇ ਘਬਰਾਹਟ ਵੇਖ ਰਾਣਾ ਬੋਲਿਆ‎,‎ “ਮੈਂ ਤੇਰਾ ਦੋਸਤ ਬਣਨਾ ਚਾਹੁੰਨੈ‎,‎ ਦੁਸ਼ਮਣ ਨਹੀਂ। ਮੈਥੋਂ ਨਾ ਡਰ।”
“ਨਹੀਂ-ਨਹੀਂ ਮੈਂ ਤਾਂ ਓਦਾਂ ਹੀ ਕਿਹਾ ਸੀ‎,‎” ਆਖਦੀ ਡਿੰਪਲ ਇੱਧਰ-ਉੱਧਰ ਵੇਖਣ ਲੱਗੀ।
“ਬੈਠ ਕੇ ਆਪਣੇ ਮੰਮੀ-ਡੈਡੀ ਨੂੰ ਫੋਨ ਕਰਕੇ ਦੱਸ ਸਾਰਾ ਕੁੱਝ ਕਿ ਤੂੰ ਕਿੱਥੇ ਹੈਂ। ਉਨ੍ਹਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਹੈ ਕਿ ਤੇਰੇ ਨਾਲ ਕੀ ਬੀਤਆ ਹੈ।” ਰਾਣੇ ਨੇ ਉਸ ਨੂੰ ਫੋਨ ਫੜਾਉਂਦੇ ਹੋਏ ਆਖਿਆ। ਜੱਕਾਂ-ਤੱਕਾਂ `ਚ ਜਦ ਡਿੰਪਲ ਨੇ ਫੋਨ ਮਿਲਾਇਆ ਤਾਂ ਉਸ ਦੀ ਮੰਮੀ ਨੇ ਕਿਹਾ‎,‎ “ਕਿੱਥੇ ਐਂ ਕੁੜੇ ਤੂੰ? ਅਸੀਂ ਤਾਂ ਸਾਰਾ ਟੱਬਰ ਸੁੱਕਣੇ ਪਏ ਵੇ ਆਂ ਜਦੋਂ ਦਾ ਤੇਰੀ ਮਾਸੀ ਦਾ ਫੋਨ ਆਇਐ। ਕੀਹਦੇ ਨਾਲ ਐਂ ਤੂੰ? ਤੇਰੀ ਮਾਸੀ ਤਾਂ ਹੋਰ ਈ ਗੱਲਾਂ ਕਰਦੀ ਐ।”
ਡਿੰਪਲ ਦਾ ਗੱਚ ਭਰ ਆਇਆ ਅਤੇ ਉਸ ਕੋਲੋਂ ਕੁੱਝ ਨਾ ਬੋਲਿਆ ਗਿਆ। ਉਸ ਫੋਨ ਕੱਟ ਦਿੱਤਾ। ਆਪਣਾ ਚਿੱਤ ਕਰੜਾ ਕਰਕੇ ਉਸ ਫੇਰ ਫੋਨ ਕਰਕੇ ਆਪਣੀ ਮੰਮੀ ਨੂੰ ਹੋਈ ਬੀਤੀ ਸੁਣਾ ਦਿੱਤੀ।
“ਸਾਨੂੰ ਕਿਹੜਾ ਤੇਰੀ ਮਾਸੀ ਦੀਆਂ ਗੱਲਾਂ ਦਾ ਸੱਚ ਆਉਂਦਾ ਸੀ। ਅਸੀਂ ਵੀ ਕਹੀਏ ਬਈ ਭੱਜਣਾ ਤਾਂ ਇੱਕ ਪਾਸੇ ਸਾਡੀ ਡਿੰਪਲ ਤਾਂ ਕਿਸੇ ਵੱਲ ਅੱਖ ਪੁੱਟ ਕੇ ਨੀ ਵੇਖਦੀ।” ਫੇਰ ਉਸ ਰਤਾ ਰੁਕ ਕੇ ਪੁੱਛਿਆ‎,‎ “ਤੇਰੇ ਸਰੀਰ ਨੂੰ ਤਾਂ ਕੋਈ ਜ਼ਰਬ ਨੀਂ ਪਹੁੰਚੀ?”
ਡਿੰਪਲ ਦੀ ‘ਨਹੀਂ’ ਸੁਣ ਕੇ ਉਸ ਕਿਹਾ‎,‎ “ਸ਼ੁਕਰ ਐ‎,‎ ਸ਼ੁਕਰ ਐ।” ਸੁਣ ਕੇ ਡਿੰਪਲ ਅੰਦਰ ਇੱਕ ਚੀਸ ਜਿਹੀ ਉੱਠੀ। ਉਸ ਸੋਚਿਆ‎,‎ ‘ਜਿਹੜੀ ਹੁਣ ਜ਼ਰਬ ਪਹੁੰਚੀ ਐ ਉਹ ਥੋੜ੍ਹੀ ਐ?’
“ਲੱਤ ਨਾਲ ਕੀ ਬਣਿਐ ਹੋਣਾ ਕੰਜਰ ਦਾ ਕੁਛ ਹੋਰ ਹੈ ਨੀ ਸੀ ਮਾਰਨ ਨੂੰ? ਚੀਰ ਕੇ ਰੱਖ ਦਿੰਦੀ‎,‎” ਇਹ ਆਵਾਜ਼ ਉਸ ਦੇ ਡੈਡੀ ਦੀ ਸੀ। ਫਿਰ ਉਹ ਥੋੜ੍ਹੀ ਦੇਰ ਚੁੱਪ ਰਹਿ ਕੇ ਬੋਲੇ‎,‎ “ਤੂੰ ਚੰਗਾ ਕੀਤਾ ਭੱਜ ਆਈ ਉੱਥੋਂ‎,‎ ਓਸ ਕੰਜਰ ਨਾਲ ਵੀ ਮੈਂ ਕਰਦੈਂ ਗੱਲ। ਤੂੰ ਫਿਕਰ ਨਾ ਕਰ ਮੈਂ ਕਿਸੇ ਏਜੰਟ ਨਾਲ ਸਲਾਹ ਕਰਕੇ ਕਰੂੰ ਕੋਈ ਇੰਤਜ਼ਾਮ।” ਆਪਣੇ ਡੈਡੀ ਤੋਂ ਦਿਲਾਸਾ ਲੈ ਡਿੰਪਲ ਨੇ ਇੱਕ ਲੰਮਾ ਸਾਹ ਲਿਆ ਅਤੇ ਸੋਫੇ ਉੱਪਰ ਬੈਠ ਗਈ। ਕੁੱਝ ਦੇਰ ਬਾਅਦ ਜਦ ਬੇਸਮੈਂਟ ਦਾ ਦਰਵਾਜ਼ਾ ਖੜਕਿਆ ਤਾਂ ਰਾਣੇ ਨੇ ਆਪਣੇ ਕਮਰੇ ਵਿੱਚੋਂ ਆ ਕੇ ਦਰਵਾਜ਼ਾ ਖੋਹਲਿਆ।”ਡਿੰਪਲ”‎,‎ ਆਪਣੀ ਮਾਸੀ ਦੀ ਆਵਾਜ਼ ਸੁਣ ਸੋਫੇ ਉੱਪਰੋਂ ਉੱਠ ਡਿੰਪਲ ਦਰਵਾਜ਼ੇ `ਚ ਖੜ੍ਹੇ ਰਾਣੇ ਨਾਲ ਜਾ ਖੜੋਤੀ। ਮਨਜੀਤ ਨੇ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਵੇਖਦੇ ਕਿਹਾ‎,‎ “ਕਲੱਛਣੀਏਂ ਭੋਰਾ ਸ਼ਰਮ ਨਹੀਂ ਆਈ ਖੇਹ ਖਾਣ ਲੱਗੀ ਨੂੰ। ਆਵਦੇ ਪਿਓ ਵਰਗੇ ਮਾਸੜ `ਤੇ ਤੋਹਮਤ ਲਾਉਂਦਿਆਂ ਤੇਰੇ ਅੰਦਰ ਭੋਰਾ ਵੀ ਰਹਿਮ ਨੀ ਆਇਆ? … ਜਿਹੜੀ ਖੇਹ ਖਿੰਡਾਉਣੀ ਸੀ ਖਿੰਡਾ ਦਿੱਤੀ ਹੁਣ ਤਿਆਰ ਹੋ ਜਾ ਜਾਣ ਲਈ। ਘਰੇ ਰੱਖਣਾ ਤਾਂ ਇੱਕ ਪਾਸੇ ਕਨੇਡੇ `ਚ ਵੀ ਨੀ ਰਹਿਣ ਦਿੰਦੀ ਤੈਨੂੰ।”
“ਮਾਸੀ ਜੀ ਗੱਲ ਤਾਂ ਸੁਣੋ ਮੇਰੀ‎,‎” ਡਿੰਪਲ ਨੇ ਕਿਹਾ।
“ਗੱਲ ਸੁਣਨ ਦੀ ਹਾਲੇ ਕਸਰ ਰਹਿ ਗਈ? ‎,‎” ਮਨਜੀਤ ਨੇ ਡਿੰਪਲ ਦੇ ਖਿੱਲਰੇ ਕੇਸਾਂ ਵੱਲ ਇਸ਼ਾਰਾ ਕੀਤਾ ਅਤੇ ਫਿਰ ਨਾਈਟ ਗਾਊਨ `ਚ ਖੜ੍ਹੇ ਰਾਣੇ ਵੱਲ ਹੱਥ ਕਰਕੇ ਬੜੇ ਘਿਰਣਾਮਈ ਅੰਦਾਜ਼ `ਚ ਵੇਖਿਆ।
“ਜੇ ਤੁਸੀਂ ਮਾਸੜ ਦੀਆਂ ਗੱਲਾਂ ਦਾ ਈ ਇਤਬਾਰ ਕਰਨੈ ਤਾਂ ਆਖੋ ਓਹਨੂੰ ਗੁਰਦੁਆਰੇ ਜਾ ਕੇ ਖਾਵੇ ਸੌਂਹ ਦੋਹਾਂ ਬੱਚਿਆਂ ਦੀ‎,‎” ਡਿੰਪਲ ਨੇ ਰੁਆਂਸੀ ਆਵਾਜ਼ `ਚ ਕਿਹਾ।
“ਹਾਏ‎,‎ ਹਾਏ ਕੰਜਰੀਏ ਜਵਾਕ ਤਾਂ ਤੇਰੇ ਸਾਹਾਂ `ਚ ਸਾਹ ਲੈਂਦੇ ਆ‎,‎ ਤੂੰ ਓਨ੍ਹਾਂ ਨੂੰ ਵੀ ਨੀ ਬਖ਼ਸ਼ਦੀ‎,‎” ਮਨਜੀਤ ਉਸ ਨੂੰ ਝਈ ਲੈ ਕੇ ਪਈ।
“ਤੂੰ ਇਹਦੀ ਗੱਲ ਤਾਂ ਸੁਣ ਲੈ ਆਵਦੀਆਂ ਈ ਮਾਰੀ ਜਾਨੀ ਐਂ‎,‎” ਰਾਣੇ ਨੇ ਖਰ੍ਹਵੀ ਆਵਾਜ਼ `ਚ ਕਿਹਾ।
“ਤੂੰ ਆਵਦਾ ਕੰਮ ਕਰ‎,‎ ਤੇਰਾ ਕੋਈ ਕੰਮ ਨਹੀਂ ਵਿੱਚ ਟੰਗ ਅੜਾਉਣ ਦਾ‎,‎” ਮਨਜੀਤ ਨੇ ਰਾਣੇ ਨੂੰ ਅੱਖਾਂ ਵਿਖਾਈਆਂ।
“ਟੰਗ ਅੜਾਉਣ ਨੂੰ ਮੈਂ ਕੀ … ‎,‎” ਆਖਦਾ ਰਾਣਾ ਚੁੱਪ ਕਰ ਗਿਆ। ਉਸ ਦੀਆਂ ਮੁੱਠੀਆਂ ਮਿਚ ਗਈਆਂ।
“ਕਮਜਾਤ ਨੇ ਕੱਖੋਂ ਹੌਲੇ ਕਰਕੇ ਰੱਖਤਾ। ਹੁਣ ਐਹੋ ਜਿਆਂ ਤੋਂ ਅੱਖਾਂ ਕਢਵਾਉਂਦੀ ਐ। ਨਾਲੇ ਵੇਖਲਾਂ ਗੇ ਤੈਨੂੰ ਵੀ ਵੱਡੇ ਨੂੰ‎,‎” ਆਖਦੀ ਮਨਜੀਤ ਵਾਪਸ ਚਲੀ ਗਈ।
“ਵੇਖ ਲੀਂ ਜਿਹੜਾ ਵੇਖਣੈ‎,‎” ਆਖਦੇ ਰਾਣੇ ਨੇ ਦਰਵਾਜ਼ਾ ਬੰਦ ਕਰ ਦਿੱਤਾ।
ਮਾਸੀ ਦੇ ਤੁਰ ਜਾਣ ਪਿੱਛੋਂ ਡਿੰਪਲ ਸਿਸਕਣ ਲੱਗੀ‎,‎ ‘ਮਾਸੀ ਕਿਤੇ ਮੇਰੀਆਂ ਰੋ-ਰੋ ਸੁੱਜੀਆਂ ਅੱਖਾਂ ਵੱਲ ਵੀ ਵੇਖਦੀ। ਮੈਂ ਤਾਂ ਸੋਚਦੀ ਸੀ ਬਈ ਮਾਸੀ ਆ ਕੇ ਸੰਭਾਲ ਲਵੇਗੀ ਮੈਨੂੰ‎,‎ ਪਰ ਤੂੰ ਤਾਂ ਜਮਾਂ ਈ ਧੱਕਾ ਦੇ ਗਈ ਐਂ’ ਉਹ ਉਦੋਂ ਤੱਕ ਸਿਸਕਦੀ ਰਹੀ ਜਦ ਤੱਕ ਉਸ ਦੀੇ ਮੰਮੀ ਦਾ ਫੋਨ ਨਾ ਆ ਗਿਆ। ਉਸ ਪੁੱਛਿਆ‎,‎ “ਜਿਹੜੇ ਮੁੰਡੇ ਕੋਲ ਐਂ ਤੂੰ ਉਹ ਘਰ-ਪ੍ਰੀਵਾਰ ਵਾਲੈ?”
“ਨਹੀਂ‎,‎ ਇਕੱਲਾ ਰਹਿੰਦੈ‎,‎ ਰਫਿਊਜੀ ਐ” ।
ਥੋੜ੍ਹੀ ਦੇਰ ਚੁੱਪ ਰਹਿ ਕੇ ਉਸ ਦੀ ਮੰਮੀ ਨੇ ਕਿਹਾ‎,‎ “ਤੂੰ ਕਿਤੇ ਹੋਰ ਚਲੀ ਜਾਣਾ ਸੀ?”
“ਤੁਸੀਂ ਹੀ ਦੱਸੋ ਕਿੱਥੇ ਜਾਵਾਂ?”
ਉਸ ਦੀ ਮੰਮੀ ਚੁੱਪ ਕਰ ਗਈ। ਡਿੰਪਲ ਨੇ ਫਿਰ ਕਿਹਾ‎,‎ “ਤੁਹਾਨੂੰ ਮੇਰੇ `ਤੇ ਇਤਬਾਰ ਨਹੀਂ?”
“ਤੇਰੇ `ਤੇ ਇਤਬਾਰ ਕੀਤਾ ਕੀ ਕਰ ਲਊ। ਲੋਕਾਂ ਦੀ ਜ਼ੁਬਾਨ ਨਹੀਂ ਫੜੀ ਜਾਂਦੀ ਹੁੰਦੀ। ਹਾਲੇ ਤਾਂ ਤੇਰੀ ਮਾਸੀ ਈ ਗੱਲਾਂ ਬਣਾਉਣੋ ਨੀਂ ਹਟਦੀ। ਤੂੰ ਕਿਸੇ ਕੁੜੀ-ਕੱਤਰੀ ਨਾਲ ਭਾਲ ਕਰ ਕਮਰੇ ਦੀ। ਨਾਲੇ ਕਿਸੇ ਕੋਲ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਬਈ ਕੀ ਹੋਇਐ‎,‎ ਆਖ ਦੇਈਂ ਬਈ ਮਾਸੜ ਆਵਦੇ ਲੰਗੜੇ ਭਤੀਜੇ ਦਾ ਰਿਸ਼ਤਾ ਲੈਣ ਨੂੰ ਕਹਿੰਦਾ ਸੀ‎,‎ ਜਦੋਂ ਨਹੀਂ ਮੰਨੇ ਤਾਂ ਘਰੋਂ ਕੱਢਤਾ। ਸੰਭਲ-ਸੰਭਲ ਤੁਰਨਾ ਪਊ ਕੁੜੀਏ‎,‎” ਮੰਮੀ ਨੇ ਕਿਹਾ।
ਫਿਰ ਉਸ ਦੇ ਡੈਡੀ ਉਸਨੂੰ ਹੌਂਸਲਾ ਦਿੰਦੇ ਆਖਣ ਲੱਗੇ‎,‎ “ਵਾਪਸ ਮੁੜਨ ਬਾਰੇ ਸੋਚਣਾ ਵੀ ਨਹੀਂ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨਗੇ। …ਬੇਟੇ‎,‎ ਇਹ ਤਾਂ ਇੱਕ ਲੜਾਈ ਹੈ‎,‎ ਜਿਹੜੀ ਤੈਨੂੰ ਘਰ ਦੇ ਬਾਕੀ ਜੀਆਂ ਖਾਤਰ ਹੌਸਲੇ ਨਾਲ ਲੜਨੀ ਪੈਣੀ ਹੈ… ।” ਉਨ੍ਹਾਂ ਹੋਰ ਵੀ ਸਮਝਾਉਤੀਆਂ ਦਿੱਤੀਆ। ਡਿੰਪਲ ਖਾਲੀ-ਖਾਲੀ ਨਜ਼ਰਾਂ ਨਾਲ ਕੰਧ ਨੂੰ ਘੂਰਦੀ ਸੋਚਣ ਲੱਗੀ ਕਿ ਉਹ ਕਿਵੇਂ ਲੜੇਗੀ ਇਹ ਲੜਾਈ?
“ਇਓਂ ਬੈਠਣ ਨਾਲ ਕੁੱਝ ਨਹੀਂ ਬਣਨਾ ਕੁੜੀਏ। ਜੇ ਘਰਦੇ ਕੋਈ ਹੋਰ ਟਿਕਾਣਾ ਲੱਭਣ ਲਈ ਕਹਿੰਦੇ ਆ ਤਾਂ ਤਿਆਰ ਹੋ ਕੇ ਕਾਲਜ ਜਾ ਕੇ ਪੁੱਛ‎,‎ ਕਈ ਵਾਰੀ ਕਿਸੇ ਕੁੜੀ ਨੂੰ ਰੂਮ-ਮੇਟ ਚਾਹੀਦੀ ਹੁੰਦੀ ਐ‎,‎” ਰਾਣੇ ਨੇ ਕਹਿੰਦਆਂ ਉਸ ਨੂੰ ਵਾਸ਼ਰੂਮ ਦਾ ਰਾਹ ਵਿਖਾਇਆ।
“ਕੀ ਬਣੂਗਾ ਮੇਰਾ? ਮੈਂ ਤਾਂ ਕਿਸੇ ਹੋਰ ਨੂੰ ਜਾਣਦੀ ਵੀ ਨਹੀਂ ਇੱਥੇ‎,‎” ਆਖਦੀ ਡਿੰਪਲ ਨੇ ਹਾਉਕਾ ਲਿਆ।
“ਜਾਣਦੀ ਕਿਓਂ ਨਹੀਂ? ਮੈਂ ਹੈਗਾ ਆਂ ਇੱਥੇ। ਜਦੋਂ ਕਦੇ ਵੀ ਲੋੜ ਹੋਈ ਮੈਂ ਕਿਤੇ ਨੀ ਭੱਜਿਆ। ਹੁਣ ਉੱਠ ਕੇ ਤਿਆਰ ਹੋ‎,‎” ਰਾਣੇ ਨੇ ਕਿਹਾ।
ਡਿੰਪਲ ਤਿਆਰ ਹੋ ਕੇ ਰਾਣੇ ਦੇ ਨਾਲ ਕਾਲਜ ਵੱਲ ਚੱਲ ਪਈ। ਕਾਰ ਵਿੱਚ ਬੈਠੀ ਡਿੰਪਲ ਨੂੰ ਆਪਣੀ ਜਮਾਤਣ ਪੈਟੀ ਦਾ ਖਿਆਲ ਆਇਆ‎,‎ ‘ਕਿੰਨਾਂ ਨੇੜੇ ਹੋ ਹੋ ਬਹਿੰਦੀ ਹੁੰਦੀ ਐ‎,‎ ਰਹਿੰਦੀ ਵੀ ਇਕੱਲੀ ਐ‎,‎ ਹੋ ਸਕਦੈ ਆਪਣੇ ਨਾਲ ਰੱਖ ਹੀ ਲਵੇ? ਪਰ ਕੀ ਪਤਾ ਹੁੰਦੈ ਇਨ੍ਹਾਂ ਗੋਰੀਆਂ ਦਾ?’ ਉਹ ਸੋਚ ਕੇ ਮੁਰਝਾ ਜਿਹਾ ਗਈ। ਫਿਰ ਉਸ ਨੇ ਸੋਚਿਆ‎,‎ ‘ਨਹੀਂ‎,‎ ਪੈਟੀ ਨੀ ਐਹੋ ਜੀ‎,‎ ਉਹ ਤਾਂ ਦੂਜੀ ਪੱਲਵੀ ਲੱਗਦੀ ਹੁੰਦੀ ਐ ਕਦੇ-ਕਦੇ‎,‎’ ਸੋਚਦੀ ਡਿੰਪਲ ਨੁੰ ਉਹ ਦਿਨ ਯਾਦ ਅਇਆ ਜਿਸ ਦਿਨ ਪੈਟੀ ਨੇ ਪੱਲਵੀ ਵਾਂਗ ਹੀ ਉਸ ਦੀ ਗੱਲ੍ਹ ਵਿੱਚ ਪੈਂਦੇ ਟੋਏ ਨੂੰ ਛੇੜਦਿਆਂ ਕਿਹਾ ਸੀ‎,‎ “ਤੂੰ ਬਹੁਤ ਸੋਹਣੀ ਐਂ!” ਉਸ ਦਿਨ ਡਿੰਪਲ ਦਾ ਜੀਅ ਕੀਤਾ ਸੀ ਕਿ ਉਹ ਆਪਣੀ ਹੋਸਟਲ ਵੇਲੇ ਦੀ ਰੂਮ-ਮੇਟ ਪੱਲਵੀ ਵਾਂਗ ਪੈਟੀ ਨੂੰ ਵੀ ਉਸ ਦੀ ਨੱਕ ਦੀ ਕਰੂੰਬਲ ਮਰੋੜਦੇ ਹੋਏ ਕਹੇ‎,‎ `ਚੱਲ-ਚੱਲ ਫਲੱਰਟ ਨਾ ਕਰ’ ਪਰ ਉਹ ਜਕ ਗਈ ਸੀ। ਪੈਟੀ ਨੂੰ ਪੱਲਵੀ ਨਾਲ ਮੇਲਦਿਆਂ ਉਸ ਨੂੰ ਆਸ ਜਿਹੀ ਬੱਝੀ ਕਿ ਪੈਟੀ ਉਸ ਨੂੰ ਆਪਣੇ ਨਾਲ ਰੱਖ ਲਵੇਗੀ।
ਕਾਲਜ ਪਹੁੰਚ ਡਿੰਪਲ ਨੇ ਪੈਟੀ ਨੂੰ ਪਾਸੇ ਲਿਜਾ ਕੇ ਕੰਬਦੀ ਆਵਾਜ਼ `ਚ ਆਪਣੇ ਰਹਿਣ ਲਈ ਥਾਂ ਬਾਰੇ ਪੁੱਛਿਆ। ਪੈਟੀ ਨੇ ਡਿੰਪਲ ਦੀਆਂ ਰੋ-ਰੋ ਕੇ ਸੁੱਜੀਆਂ ਅੱਖਾਂ ਵੱਲ ਵੇਖਿਆ‎,‎ ਫਿਰ ਉਸ ਦੇ ਫਰਕਦੇ ਬੁੱਲ੍ਹਾਂ ਵੱਲ ਜਿਹਨਾ ਨੂੰ ਡਿੰਪਲ ਰੋਣਾ ਰੋਕਣ ਲਈ ਘੁੱਟਣ ਦੀ ਕੋਸ਼ਿਸ਼ ਕਰ ਰਹੀ ਸੀ। ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟਦਿਆਂ ਕਿਹਾ‎,‎ “ਮੈਨੂੰ ਤਾਂ ਸਗੋਂ ਤੇਰੇ ਵਰਗੀ ਰੂਮ-ਮੇਟ ਚਾਹੀਦੀ ਹੈ।”
“ਪਰ ਮੇਰੇ ਕੋਲ ਐਸ ਵੇਲੇ ਕੋਈ ਸਮਾਨ ਨਹੀਂ ਹੈ‎,‎” ਡਿੰਪਲ ਨੇ ਮਰੀ ਜਿਹੀ ਆਵਾਜ਼ `ਚ ਕਿਹਾ।
“ਫ਼ਿਕਰ ਨਾ ਕਰ‎,‎ ਮੈਨੂੰ ਖੁਸ਼ੀ ਹੈ ਕਿ ਤੂੰ ਮੈਨੂੰ ਆਪਣੀ ਸਹਾਇਤਾ ਲਈ ਚੁਣਿਆ‎,‎” ਆਖਦੀ ਪੈਟੀ ਨੇ ਡਿੰਪਲ ਦੇ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ। ਡਿੰਪਲ ਨੇ ਧੰਨਵਾਦੀ ਤੱਕਣੀ ਨਾਲ ਪੈਟੀ ਵੱਲ ਵੇਖਿਆ ਅਤੇ ਕਾਰ ਵਿੱਚ ਬੈਠੇ ਰਾਣੇ ਨੂੰ ਦੱਸਣ ਤੁਰ ਪਈ। ਰਾਣੇ ਨੇ ਦੋ ਸੌ ਡਾਲਰ ਅਤੇ ਫੋਨ ਕਾਰਡ ਫੜਾਉਂਦਿਆਂ ਕਿਹਾ‎,‎ “ਆਹ ਫੜ‎,‎ ਤੈਨੂੰ ਲੋੜ ਪਵੇਗੀ।” ਡਿੰਪਲ ਨੂੰ ਝਿਜਕਦੀ ਵੇਖ ਉਸ ਕਿਹਾ‎,‎ “ਜਦੋਂ ਤੇਰੇ ਕੋਲ ਹੋਏ ਮੋੜ ਦੇਵੀਂ। ਪਰ ਖੁਸ਼ ਰਿਹਾ ਕਰ। ਟੋਇਆਂ ਵਾਲੀਆਂ ਸਰਕਾਰਾਂ ਟੋਇਆਂ ਨਾਲ ਹੀ ਸੋਹਣੀਆਂ ਲੱਗਦੀਐ। ਡਿੰਪਲ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਗੱਲ੍ਹ ਵਿੱਚ ਪਏ ਟੋਏ ਵੇਖ ਰਾਣਾ ਬੋਲਿਆ‎,‎ “ਜਿਉਂਦੀ ਰਹਿ ਕੁੜੀਏ! ਕੱਲ੍ਹ ਨੂੰ ਕੰਮ `ਤੇ ਤਾਂ ਆਏਂਗੀ ਹੀ?”
ਜਦ ਡਿੰਪਲ ਦੂਜੇ ਦਿਨ ਸ਼ਨਿੱਚਰਵਾਰ ਕੰਮ `ਤੇ ਮੈਕਸ ਕਨਵੀਨੀਐਂਸ ਸਟੋਰ ਦੇ ਨਾਲ ਲੱਗਵੇਂ ਲਾਂਡਰੋਮੇਟ ਪਹੁੰਚੀ ਤਾਂ ਮਾਲਕਣ ਦਾ ਜਵਾਬ ਸੁਣ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਲਕਣ ਨੇ ਕਿਹਾ‎,‎ “ਸੌਰੀ‎,‎ ਅਸੀਂ ਤੇਰੀ ਹੋਰ ਹੈਲਪ ਨਹੀਂ ਕਰ ਸਕਦੇ। ਇਲੀਗਲ ਤੌਰ `ਤੇ ਕੰਮ ਦੇਣ ਕਰਕੇ ਸਾਡੀ ਸ਼ਿਕਾਇਤ ਹੋ ਸਕਦੀ ਐ।”
ਸੁੰਨ ਹੋਈ ਖੜੋਤੀ ਡਿੰਪਲ ਸੋਚਣ ਲੱਗੀ‎,‎ ‘ਇਹ ਕਿਹੜੇ ਜਨਮਾਂ ਦੇ ਬਦਲੇ ਲੈ ਰਹੀ ਐਂ ਮਾਸੀ?’ ਭਰੀ-ਪੀਤੀ ਉਹ ਵਿਚਕਾਰਲੇ ਦਰਵਾਜ਼ੇ ਰਾਹੀਂ ਮੈਕਸ ਸਟੋਰ `ਚ ਕੰਮ ਕਰਦੇ ਰਾਣੇ ਕੋਲ ਜਾ ਖੜ੍ਹੀ।
“ਕੋਈ ਨਾ ਆਪਾਂ ਕਿਤੇ ਹੋਰ ਕੰਮ ਲੱਭ ਲਵਾਂਗੇ‎,‎” ਰਾਣੇ ਨੇ ਉਸ ਨੂੰ ਭਰੋਸਾ ਦਵਾਇਆ।
ਪਰ ਮਾਸੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਇਹ ਭਰੋਸਾ ਬੇਅਰਥਾ ਲੱਗਾ। ਜਦ ਆਪਣਾ ਸਮਾਨ ਲੈਣ ਲਈ ਉਸ ਨੇ ਆਪਣੀ ਮਾਸੀ ਦੇ ਘਰ ਫੋਨ ਕੀਤਾ‎,‎ ਉਸ ਦੀ ਮਾਸੀ ਬੋਲੀ‎,‎ “ਸਾਡੀ ਮਿੱਟੀ ਨਾ ਪਲੀਤ ਕਰਦੀ ਫਿਰ। ਭਲੀ ਮਾਣਸ ਬਣ ਕੇ ਵਾਪਸ ਮੁੜ ਜਾ‎,‎ ਟਿਕਟ ਤੇਰੀ ਮੈਂ ਲੈ ਦਿੰਨੀ ਆਂ।”
“ਵਾਪਸ ਤਾਂ ਨੀ ਹੁਣ ਮੈਂ ਮੁੜਦੀ।”
“ਵੇਹਨੀਂ ਆਂ ਤੈਨੂੰ ਫਿਰ ਕਿਵੇਂ ਨੀ ਮੁੜਦੀ। ਅਗਾਂਹ ਦੀ ਫੀਸ ਅਸੀਂ ਨੀ ਤੇਰੀ ਭਰਦੇ। ਕੰਮ ਕਿਤੇ ਤੂੰ ਨੀ ਕਰ ਸਕਦੀ। ਜੇ ਕਰੇਂਗੀ‎,‎ ਮੈਂ ਸ਼ਿਕਾਇਤ ਕਰੂੰ। ਹੁਣ ਤਾਂ ਟਿਕਟ ਮੈਂ ਕਟਾਉਣੀ ਐਂ‎,‎ ਫੇਰ ਜਬਕਦੀ ਫਿਰੀਂ।”
“ਮੈਨੂੰ ਨੀ ਚਾਹੀਦੀ ਥੋਡੀ ਟਿਕਟ‎,‎” ਡਿੰਪਲ ਨੇ ਜਵਾਬ ਦਿੱਤਾ।
“ਨਹੀਂ ਚਾਹੀਦੀ ਤਾਂ ਭੌਂਕਦੀ ਫਿਰ‎,‎ ਹੈਨੀ ਤੇਰਾ ਕੋਈ ਸਮਾਨ ਐਥੇ‎,‎” ਆਖ ਕੇ ਮਨਜੀਤ ਨੇ ਫੋਨ ਕੱਟ ਦਿੱਤਾ।
ਕੁਝ ਦੇਰ ਡਿੰਪਲ ਅੰਦਰੇ-ਅੰਦਰ ਆਪਣੀ ਮਾਸੀ ਪ੍ਰਤੀ ਜ਼ਹਿਰ ਘੋਲਦੀ ਰਹੀ। ਫਿਰ ਇਹ ਜ਼ਹਿਰ ਹੰਝੂਆਂ ਰਾਹੀਂ ਵਹਿ ਤੁਰੀ। ਮਨਜੀਤ ਦਾ ਦਿੱਤਾ ਡਰਾਵਾ ਕਿ ‘ਅਗਲੇ ਸਾਲ ਦੀ ਫੀਸ ਅਸੀਂ ਨੀ ਭਰਦੇ’ ਉਸ ਦੇ ਦਿਮਾਗ ਵਿੱਚ ਘੁੰਮਣ ਲੱਗਾ। ਡਿੰਪਲ ਨੇ ਫੀਸ ਬਾਰੇ ਆਪਣੇ ਮੰਮੀ-ਡੈਡੀ ਨੂੰ ਗੱਲਾਂ ਕਰਦੇ ਸੁਣਿਆ ਸੀ। ਉਸ ਦੇ ਡੈਡੀ ਨੇ ਕਿਹਾ ਸੀ‎,‎ “ਪਹਿਲੇ ਸਾਲ ਦੀ ਫੀਸ ਆਪਾਂ ਮੋਗੇ ਵਾਲਾ ਪਲਾਟ ਵੇਚ ਕੇ ਭਰ ਦੇਵਾਂਗੇ। ਦੂਜੇ ਸਾਲ ਦੀ ਫੀਸ ਜਗਜੀਤ ਸਿਓਂ ਕਹਿੰਦਾ ਸੀ ਮੈਂ ਆਪੇ ਭਰ ਦੇਓੂਂ‎,‎ ਜਦੋਂ ਆਪਾਂ ਉੱਥੇ ਚਲੇ ਗਏ ਉਸ ਦੇ ਪੈਸੈ ਮੋੜ ਦਿਆਂਗੇ।” ਯਾਦ ਕਰਕੇ ਡਿੰਪਲ ਦੀ ਚਿੰਤਾ ਹੋਰ ਵਧ ਗਈ।
‘ਕਾਲਜ ਦੇ ਅਗਲੇ ਸਾਲ ਦੀ ਫੀਸ ਕਿੱਥੋਂ ਭਰੂੰ? ਜੇ ਡੈਡੀ ਔਖੇ-ਸੌਖੇ ਫੀਸ ਭਰ ਵੀ ਦੇਣਗੇ ਤਾਂ ਖਰਚਾ ਕਿੱਥੋਂ ਤੋਰੂੰ। ਬੇਸਮੈਂਟ ਦਾ ਰੈਂਟ ਤੇ ਹੋਰ ਖਰਚੇ ਕਿਵੇਂ ਚੱਲਣਗੇ? ਲੀਗਲੀ ਕੰਮ ਕਿਤੇ ਮੈਂ ਨੀ ਕਰ ਸਕਦੀ। ਕੀ ਬਣੂੰਗਾ? ਪੈਟੀ ਤੇ ਰਾਣਾ ਕਿੰਨੀ ਕੁ ਹੈਲਪ ਕਰ ਦੇਣਗੇ?’ ਸੋਚਦੀ ਉਹ ਹੁਬਕੋ-ਹੁਬਕੀ ਰੋ ਪਈ। ਪੈਟੀ ਨੇ ਉਸ ਨੂੰ ਆਪਣੀ ਬਾਹਾਂ `ਚ ਲੈ ਲਿਆ। ਡਿੰਪਲ ਨੇ ਹੋਈ-ਬੀਤੀ ਪੈਟੀ ਨੂੰ ਦੱਸ ਦਿੱਤੀ।
“ਤੂੰ ਪੁਲੀਸ ਨੂੰ ਸ਼ਿਕਾਇਤ ਕਿਓਂ ਨੀ ਕਰਦੀ।” ਪੈਟੀ ਨੇ ਕਿਹਾ।
“ਨਹੀਂ‎,‎ ਮੇਰੇ ਮਾਂ-ਬਾਪ ਨਹੀਂ ਚਾਹੁੰਦੇ ਕਿ ਮੈਂ ਇਸ ਤਰ੍ਹਾਂ ਕਰਾਂ‎,‎” ਡਿੰਪਲ ਨੇ ਜਵਾਬ ਦਿੱਤਾ।
“ਇਸ ਤਰ੍ਹਾਂ ਤਾਂ ਉਸ ਸੂਰ ਨੂੰ ਹੋਰ ਸ਼ਹਿ ਮਿਲੇਗੀ। ਉਹ ਕਿਸੇ ਹੋਰ ਨਾਲ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੇਗਾ‎,‎” ਪੈਟੀ ਦਾ ਜਿਵੇਂ ਆਪਣਾ ਕੋਈ ਜ਼ਖ਼ਮ ਉੱਚੜ ਗਿਆ ਹੋਵੇ।
“ਮੈਨੂੰ ਇਸ ਨਾਲੋਂ ਆਪਣੇ ਭਵਿੱਖ ਦੀ ਜ਼ਿਆਦਾ ਚਿੰਤਾ ਹੈ‎,‎” ਸੁਣ ਕੇ ਪੈਟੀ ਚੁੱਪ ਕਰ ਗਈ। ਫਿਰ ਬੋਲੀ‎,‎ “ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਤੂੰ ਫ਼ਿਕਰ ਨਾ ਕਰ।”
ਡਿੰਪਲ ਨੂੰ ਲੱਗਿਆ ਸੀ ਜਿਵੇਂ ਉਸ ਦੀ ਸਮੱਸਿਆ ਦਾ ਹੱਲ ਉਸ ਦੀ ਕਲਾਸ-ਮੇਟ ਕਿੰਮਬਰਲੀ ਨੇ ਕੱਢ ਦੇਣਾ ਸੀ। ਕਾਲਜ ਵਿੱਚ ਉਸ ਨੂੰ ਕਿੰਮਬਰਲੀ ਨੇ ਕਿਹਾ ਸੀ‎,‎ “ਤੂੰ ਘਬਰਾ ਨਾ‎,‎ ਤੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ। ਤੂੰ ਖੁਦ ਆਪਣੀ ਦੇਖ-ਭਾਲ ਕਰ ਸਕਦੀ ਹੈਂ। ਮੈਂ ਕਲਾਸ ਤੋਂ ਬਾਅਦ ਤੈਨੂੰ ਦੱਸੂੰਗੀ ਕਿ ਕਿਵੇਂ ਕਮਾਈ ਕਰਨੀ ਹੈ।”
“ਪਰ ਮੈਂ ਤਾਂ ਸਟੂਡੈਂਟ ਵੀਜ਼ੇ `ਤੇ ਆਈ ਹੋਈ ਹਾਂ। ਆਪਣਾ ਕਾਲਜ ਪ੍ਰਾਈਵੇਟ ਹੈ ਇਸ ਕਰਕੇ ਮੈਂ ਕਿਤੇ ਕੰਮ ਨਹੀਂ ਕਰ ਸਕਦੀ‎,‎” ਡਿੰਪਲ ਨੇ ਮਾਯੂਸੀ ਨਾਲ ਕਿਹਾ।
“ਤੂੰ ਫਿਕਰ ਨਾ ਕਰ। ਮੈਂ ਆਪੇ ਪ੍ਰਬੰਧ ਕਰ ਲਵਾਂਗੀ। ਤੂੰ ਸਾਰਾ ਕੁੱਝ ਮੇਰੇ ਉੱਪਰ ਛੱਡ ਦੇ‎,‎” ਆਖ ਕਿੰਮਬਰਲੀ ਨੇ ਉਸ ਦਾ ਮੋਢਾ ਥਪਥਪਾਇਆ।
ਡਿੰਪਲ ਲਈ ਕਲਾਸ ਜਿਵੇਂ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ। ਕਲਾਸ ਖਤਮ ਹੁੰਦੇ ਸਾਰ ਹੀ ਉਹ ਕਿੰਮਬਰਲੀ ਕੋਲ ਗਈ‎,‎ “ਮੇਰੀ ਬੱਸ ਦਾ ਟਾਈਮ ਹੋਣ ਵਾਲਾ ਹੈ। ਤੂੰ ਕ੍ਰਿਪਾ ਕਰਕੇ ਆਪਣੀ ਸਲਾਹ ਦੱਸੇਂਗੀ?”
“ਫਿਕਰ ਨਾ ਕਰ। ਮੈਂ ਤੈਨੂੰ ਛੱਡ ਦੇਵਾਂਗੀ। ਮੈਂ ਆਰਾਮ ਨਾਲ ਦੱਸਾਂਗੀ। ਜੇ ਚਾਹੇਂ ਤਾਂ ਮੇਰੇ ਨਾਲ ਚੱਲ ਮੇਰੀ ਅਪਾਰਟਮੈਂਟ `ਚ‎,‎” ਆਖਦਿਆਂ ਕਿੰਮਬਰਲੀ ਨੇ ਆਪਣੀਆਂ ਅੱਖਾਂ ਡਿੰਪਲ ਦੇ ਚੇਹਰੇ ਉੱਪਰ ਗੱਡ ਦਿੱਤੀਆਂ।
“ਨਹੀਂ‎,‎ ਧੰਨਵਾਦ ਮੈਂ ਪੈਟੀ ਨਾਲ ਹੀ ਠੀਕ ਹਾਂ‎,‎” ਡਿੰਪਲ ਨੇ ਧੰਨਵਾਦੀ ਨਜ਼ਰਾਂ ਨਾਲ ਪੈਟੀ ਵੱਲ ਵੇਖ ਕੇ ਕਿਹਾ।
“ਤੇਰੀ ਮਰਜ਼ੀ‎,‎” ਆਖ ਕਿੰਮਬਰਲੀ ਉਨ੍ਹਾਂ ਨੂੰ ਆਪਣੀ ਕਾਰ ਵੱਲ ਲੈ ਤੁਰੀ।
ਪੈਟੀ ਦੀ ਬੇਸਮੈਂਟ ਵਿੱਚ ਪਹੁੰਚ ਕਿੰਮਬਰਲੀ ਨੇ ਆਸੇ-ਪਾਸੇ ਕੰਧਾਂ ਵੱਲ ਨਿਗ੍ਹਾ ਘੁਮਾ ਕੇ ਕਿਹਾ‎,‎ “ਤੂੰ ਇਸ ਤੋਂ ਕਿਤੇ ਵਧੀਆ ਅਪਾਰਟਮੈਂਟ ਰੈਂਟ ਕਰ ਸਕੇਂਗੀ।” ਡਿੰਪਲ ਨੇ ਉਸ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਕਿੰਮਬਰਲੀ ਕੋਈ ਜਾਦੂਗਰ ਹੋਵੇ।
“ਮੈਂ ਹਫਤੇ ਵਿੱਚ ਦੋ ਦਿਨ ਕੰਮ ਕਰਦੀ ਹਾਂ। ਕੋਈ ਸਟੂਡੈਂਟ ਲੋਨ ਨਹੀਂ ਲਿਆ। ਆਪਣੀ ਅਪਾਰਟਮੈਂਟ ਹੈ। ਤੈਨੂੰ ਵੀ ਇਹ ਸਾਰਾ ਕੁੱਝ ਮਿਲ ਸਕਦਾ ਹੈ‎,‎” ਆਖਦੀ ਕਿੰਮਬਰਲੀ ਰਹੱਸਮਈ ਨਜ਼ਰਾਂ ਨਾਲ ਡਿੰਪਲ ਵੱਲ ਵੇਖਣ ਲੱਗੀ। ਫਿਰ ਬੋਲੀ‎,‎ “ਜਿੰਨੀ ਦੇਰ ਮੈਂ ਇਹ ਕੋਰਸ ਮੁਕਾ ਕੇ ਕੋਈ ਜੌਬ ਨਹੀਂ ਲੱਭ ਲੈਂਦੀ ਓਨੀ ਦੇਰ ਇਹ ਕੰਮ ਕਰਾਂਗੀ।”
“ਪਰ ਇਹ ਕੰਮ ਹੈ ਕੀ।” ਡਿੰਪਲ ਨੇ ਹੈਰਾਨੀ ਨਾਲ ਪੁੱਛਿਆ।
“ਮਸਾਜ-ਪਾਰਲਰ `ਚ ਕੰਮ ਕਰੇਂਗੀ? ਕੋਈ ਖਤਰਾ ਨਹੀਂ ਹੈ‎,‎ ਕੋਈ ਡਰ ਨਹੀਂ‎,‎ ਤੂੰ ਤਾਂ ਮੇਰੇ ਨਾਲੋਂ ਵੀ ਵੱਧ ਕਮਾ ਲਿਆ ਕਰੇਂਗੀ‎,‎ ਤੇਰੇ ਵਰਗੀਆਂ ਭੂਰੀ ਚਮੜੀ ਦੀਆਂ ਕੁੜੀਆਂ ਇਸ ਕਿੱਤੇ ਵਿੱਚ ਬਹੁਤ ਥੋੜ੍ਹੀਆਂ ਹਨ‎,‎” ਆਖਦੀ ਕਿੰਮਬਰਲੀ ਨੇ ਡਿੰਪਲ ਦੇ ਚੇਹਰੇ ਵੱਲ ਵੇਖਿਆ।
ਡਿੰਪਲ ਉਸ ਵੱਲ ਡੌਰ-ਭੌਰੀਆਂ ਅੱਖਾਂ ਨਾਲ ਵੇਖਦੀ ਰਹੀ। ਪਰ ਪੈਟੀ ਬੇਸਮੈਂਟ ਦੇ ਬਾਹਰ ਵਾਲੇ ਦਰਵਾਜ਼ੇ ਨੂੰ ਖੋਹਲ ਕੇ ਬੋਲੀ‎,‎ “ਏਹਨੂੰ ਸੋਚਣ ਦਾ ਮੌਕਾ ਦੇ‎,‎ ਤੈਨੂੰ ਇਹ ਛੇਤੀ ਹੀ ਦੱਸ ਦੇਵੇਗੀ।” ਪੈਟੀ ਦਾ ਇਸ਼ਾਰਾ ਸਮਝਦਿਆਂ ਕਿੰਮਬਰਲੀ ਉੱਠ ਕੇ ਬਾਹਰ ਨਿਕਲਦੀ ਬੋਲੀ‎,‎ “ਯਕੀਨਣ‎,‎ ਮੈਂ ਇਸ ਦੇ ਜਵਾਬ ਦੀ ਉਡੀਕ ਕਰਾਂਗੀ।”
ਕਿੰਮਬਰਲੀ ਦੇ ਪਿੱਛੇ ਬੇਸਮੈਂਟ ਦਾ ਦਰਵਾਜ਼ਾ ਠਾਹ ਦੇਣੇ ਮਾਰਦਿਆਂ ਪੈਟੀ ਨੇ ਭਰਵੀਂ ਗਾਲ੍ਹ ਕੱਢੀ ਅਤੇ ਡਿੰਪਲ ਦੇ ਕੋਲ ਆ ਕੇ ਬੈਠ ਗਈ।
“ਇਹ ਮਸਾਜ-ਪਾਰਲਰ `ਚ ਕੀ ਕੰਮ ਹੁੰਦਾ ਹੈ।” ਡਿੰਪਲ ਨੇ ਪੁੱਛਿਆ।
“ਵੇਸਵਾਗਿਰੀ ਦਾ ਨਵਾਂ ਤਰੀਕਾ ਹੈ ਇਹ।”
ਡਿੰਪਲ ਉਸ ਵੱਲ ਬਿੱਟ-ਬਿੱਟ ਵੇਖਦੀ ਰਹੀ ਫਿਰ ਪੈਟੀ ਦੇ ਗਲ ਲੱਗ ਕੇ ਰੋ ਪਈ। ਪੈਟੀ ਉਸ ਦੇ ਵਾਲ ਸਹਿਲਾਉਂਦੀ ਉਸ ਨੂੰ ਦਿਲਾਸਾ ਦਿੰਦੀ ਰਹੀ। ਪਰ ਡਿੰਪਲ ਦਾ ਰੋਣ ਠੱਲ੍ਹਣ `ਚ ਨਹੀਂ ਸੀ ਆ ਰਿਹਾ। ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ।
ਮੱਲੋ-ਜ਼ੋਰੀ ਡਿੰਪਲ ਨੂੰ ਖਾਣਾ ਖਵਾ ਕੇ ਪੈਟੀ ਨੇ ਉਸ ਨੂੰ ਸਾਰਾ ਕੁੱਝ ਭੁੱਲ ਕੇ ਸੌਣ ਦੀ ਤਾਕੀਦ ਕੀਤੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਪਰ ਡਿੰਪਲ ਦੀਆਂ ਅੱਖਾਂ ਵਿੱਚੋਂ ਤਾਂ ਨੀਂਦ ਜਿਵੇਂ ਉੱਡ-ਪੁੱਡ ਹੀ ਗਈ ਸੀ। ਕਦੇ ਉਸ ਦੇ ਦਿਮਾਗ ਵਿੱਚ ਕਿੰਮਬਰਲੀ ਦਾ ਕਿਹਾ ਕਿ‎,‎ ‘ਮਸਾਜ਼ ਪਾਰਲਰ `ਚ ਕੰਮ ਕਰੇਂਗੀ?’ ਆਉਂਦਾ ਕਦੇ ਜਗਜੀਤ ਦਾ ਕਿਹਾ ਕਿ ‘ਰਾਣੀ ਬਣਾ ਕੇ ਰੱਖੂੰ’ ਆਉਂਦਾ। ‘ਕੁੱਤੇ ਨੇ ਕੰਜਰੀ ਸਮਝ ਲਿਆ ਮੈਨੂੰ’ ਸੋਚ ਕੇ ਉਸ ਦਾ ਅੰਦਰ ਪੀੜ ਨਾਲ ਵਲੂੰਧਰਿਆ ਗਿਆ। ਉਸ ਦਾ ਜੀਅ ਕੀਤਾ ਕਿ ਉੱਚੀ ਆਵਾਜ਼ ਵਿੱਚ ਕਹੇ ਕਿ `ਚੁੱਕ ਲੈ ਰੱਬਾ ਜੇ ਕਿਤੇ ਹੈਗੇਂ ਤਾਂ’ । ਉਸ ਨੇ ਆਪਣੇ ਬੁੱਲ੍ਹਾਂ ਨੂੰ ਘੁੱਟ ਲਿਆ। ਉਸ ਦਾ ਇਹ ਉਬਾਲ ਪਰਲ-ਪਰਲ ਕਰਕੇ ਅੱਖਾਂ ਰਾਹੀਂ ਵਹਿ ਤੁਰਿਆ। ਫਿਰ ਉਸ ਦੇ ਡੈਡੀ ਦੇ ਬੋਲ ਚੇਤੇ `ਚ ਗੂੰਜਣ ਲੱਗੇ‎,‎ ‘ਬੇਟੇ ਤੇਰੇ ਨਾਲ ਤੇਰੇ ਛੋਟੇ ਭੈਣ-ਭਰਾ ਦਾ ਵੀ ਭਵਿੱਖ ਬੱਝਾ ਹੋਇਐ’ ‎,‎ ‘ਬੇਟੇ ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ’ ।’ ‘ਬੇਟੇ… ‘ਕੀ ਕਰਾਂ ਮੈਂ ਡੈਡੀ?’ ਉਸ ਦਾ ਲੇਰ ਮਾਰਨ ਨੂੰ ਚਿੱਤ ਉੱਛਲਿਆ। ਉਹ ਉੱਠ ਕੇ ਆਪਣੀ ਮੰਮੀ ਨੂੰ ਫੋਨ ਮਿਲਾਉਣ ਲੱਗੀ। ਫੋਨ ਮਿਲਦੇ ਹੀ ਉਸ ਲੇਰ ਮਾਰਨ ਵਾਂਗ “ਮੰਅਮਾਂਅ” ਕਿਹਾ।
“ਕੀ ਗੱਲ ਐ ਬੱਚੇ।” ਉਸ ਦੀ ਮੰਮੀ ਨੇ ਘਬਰਾਈ ਆਵਾਜ਼ `ਚ ਪੁੱਛਿਆ।  
“ਮੰਅਮਾਂ‎,‎ ਮੇਰਾ- ਜੀਅ--ਨੀ ਲੱਗਦਾ‎,‎ ਮੈਨੂੰ—ਆਪਣੇ ਕੋਲ ਸੱਦਲੈ‎,‎” ਆਖਦੀ ਡਿੰਪਲ ਦਾ ਕੜ ਪਾਟ ਗਿਆ।
“ਬੱਸ ਮੇਰੀ ਧੀ‎,‎ ਮੇਰਾ ਕਿਹੜਾ ਤੈਨੂੰ ਆਪਣੇ ਕੋਲੋਂ ਵੱਖ ਰੱਖਣ ਨੂੰ ਜੀਅ ਕਰਦੈ‎,‎” ਆਖਦੀ ਉਸ ਦੀ ਮੰਮੀ ਦੀ ਆਵਾਜ਼ ਭਰੜਾਅ ਗਈ। ਥੋੜੀ ਦੇਰ ਰੁੱਕ ਕੇ ਉਹ ਫਿਰ ਬੋਲੀ‎,‎ “ਹੌਂਸਲਾ ਕਰ ਮੇਰੀ ਧੀ।”
“ਮੰਅਮਾਂ …ਮਾਸੜ ਨੇ… ਮੇਰੇ ਨਾਲ …ਇਓਂ ਕਿਓਂ ਕੀਤਾ ਮੰਮਾ‎,‎ “
“ਡਰਾਉਣਾ ਸੁਪਨਾ ਸਮਝ ਕੇ ਭੁੱਲ ਜਾ‎,‎ ਮੇਰੇ ਬੱਚੇ”
“ਕਿਵੇਂ ਭ਼ੁੱਲਾਂ ਮੰਅਮਾਂ।” ਆਖ ਰਹੀ ਡਿੰਪਲ ਦੇ ਮੋਢੇ ਉੱਪਰ ਪੈਟੀ ਨੇ ਆਪਣਾ ਹੱਥ ਆ ਰੱਖਿਆ।
“ਆਪਣਾ ਕੁੱਝ ਨਹੀਂ ਵਿਗੜਿਆ। ਤੈਨੂੰ ਤਾਂ ਸਗੋਂ ਮਾਣ ਹੋਣਾ ਚਾਹੀਦੈ‎,‎ ਤੂੰ ਸਹੀ ਸਲਾਮਤ ਓਹਦੇ ਚੁੰਗਲ `ਚੋਂ ਬਚ ਕੇ ਆ ਗੀ। ਓਹਨੇ ਤਾਂ ਅੱਧ ਵਿਚਾਲੇ ਡੋਬਾ ਦੇਣ ਦੀ ਕਸਰ ਨੀ ਛੱਡੀ ਹੁਣ ਓਹਨੂੰ ਸਿਰੇ ਲੱਗ ਕੇ ਵਿਖਾਵਾਂਗੇ। ਤੂੰ ਬੱਸ ਹੌਂਸਲੇ ਤੋਂ ਕੰਮ ਲੈ। ਤੇਰੇ ਡੈਡੀ ਭੱਜ-ਨੱਸ ਕਰੀ ਜਾਂਦੇ ਆ। ਕੋਈ ਹੱਲ ਲੱਭਣਗੇ ਹੀ‎,‎ ਬੱਸ ਤੂੰ ਤਕੜੀ ਹੋ। ਜੇ ਤੂੰ ਹੀ ਢੇਰੀ ਢਾਅ ਲਈ ਫਿਰ ਕਿਵੇਂ ਪੂਰੀਆਂ ਪੈਣਗੀਆਂ। ਚੁੱਪ ਮੇਰੀ ਧੀ… … ਤੂੰ ਆਵਦੇ ਚਿੱਤ `ਚ ਧਾਰ ਲੈ ਬਈ ਹੁਣ ਪੱਕੇ ਹੋ ਕੇ ਦਖਾਉਣੈ ਕਨੇਡੇ `ਚ‎,‎ … …  -” ਉਸ ਦੀ ਮੰਮੀ ਕਾਫੀ ਦੇਰ ਉਸ ਨੂੰ ਹੌਸਲਾ ਦਿੰਦੀ ਰਹੀ।
“ਕੋਸ਼ਿਸ਼ ਕਰੂੰਗੀ ਮੰਮਾਂ‎,‎” ਆਖ ਕੇ ਡਿੰਪਲ ਨੇ ਫੋਨ ਬੰਦ ਕਰ ਦਿੱਤਾ ਅਤੇ ਪੈਟੀ ਦੀਆਂ ਬਾਹਾਂ `ਚ ਸਮਾਅ ਗਈ। ਪੈਟੀ ਉਸ ਨੂੰ ਦਿਲਾਸਾ ਦੇ ਕੇ ਸਵਾਉਣ ਲੱਗੀ।

ਡਿੰਪਲ ਦੇ ਸੌਂਦਿਆਂ ਹੀ ਪੈਟੀ ਆਪਣੇ ਕਮਰੇ ਵਿੱਚ ਜਾ ਪਈ। ਸੁੱਤੀ ਪਈ ਡਿੰਪਲ ਨੂੰ ਲੱਗਾ ਜਿਵੇਂ ‘ਉਹ ਇੱਕ ਹਨੇਰੇ ਵਿੱਚ ਗੁਆਚ ਗਈ ਹੋਵੇ। ਹੱਥ … ਪੈਰ ਮਾਰਦੀ ਨੂੰ ਇੱਕ ਕਿਰਨ ਦਿਸੀ ਅਤੇ ਉਹ ਉਸ ਕਿਰਨ ਵੱਲ ਵਧਣ ਲੱਗੀ। ਪਰ ਇਹ ਤਾਂ ਕਿੰਮਬਰਲੀ ਸੀ। ਫੇਰ ਉਸ ਨੂੰ ਜਗਜੀਤ ਕਿਸੇ ਹਿੰਦੀ ਫਿਲਮਾਂ ਦੇ ਖਲਨਾਇਕ ਵਾਂਗ ਹੱਸਦਾ ਲੱਗਾ। ਉਹ ਡਰ ਨਾਲ ਸੁੰਗੜਨ ਲੱਗੀ। ਹੱਸਦੇ … ਹੱਸਦੇ ਜਗਜੀਤ ਨੇ ਨਾਗ ਦਾ ਰੂਪ ਧਾਰ ਲਿਆ ਅਤੇ ਉਸ ਵੱਲ ਵਧਣ ਲੱਗਾ।’ ਉਹ ਝਟਕੇ ਨਾਲ ਉੱਠੀ ਅਤੇ ਬੱਤੀ ਜਗਾ ਕੇ ਇੱਧਰ … ਉੱਧਰ ਵੇਖਣ ਲੱਗੀ। ਆਸੇ … ਪਾਸੇ ਕੁੱਝ ਵੀ ਨਹੀਂ ਸੀ ਪਰ ਉਸ ਨੂੰ ਲੱਗਾ ਜਿਵੇਂ ਨਾਗ ਸ਼ਹਿ ਲਾ ਕੇ ਬੈਠਾ ਹੋਵੇ ਅਤੇ ਉਸ ਦੇ ਪੈਣ ਸਾਰ ਹੀ ਉਸ ਦੀ ਹਿੱਕ ਉੱਪਰ ਆ ਚੜ੍ਹੇਗਾ। ਡਰਦੀ … ਕੰਬਦੀ ਉਹ ਪੈਟੀ ਦੇ ਨਾਲ ਜਾ ਪਈ।

“ਕੀ ਹੋਇਆ ਹੈ ਮਿੱਠੋ?” ਪੈਟੀ ਨੇ ਪਾਸਾ ਪਰਤਦੇ ਪੁੱਛਿਆ।

“ਡਰ ਲੱਗਦਾ ਹੈ,” ਆਖ ਡਿੰਪਲ ਪੈਟੀ ਦੇ ਨਾਲ ਚੁੰਬੜ ਗਈ। ਪੈਟੀ ਨੇ ਉਸ ਦੇ ਕੇਸਾਂ `ਚ ਉਂਗਲਾਂ ਫੇਰਦੇ ਪੁੱਛਿਆ, “ਕੋਈ ਡਰਾਉਣਾ ਸੁਪਨਾ ਵੇਖਿਆ ਸੀ?”

“ਹਾਂ, ਮੈਨੂੰ ਅੰਕਲ (ਮਾਸੜ) ਦਿਸਿਆ।”

“ਇਹ ਡਰਾਉਣੇ ਸੁਪਨੇ ਬਹੁਤ ਚਿਰ ਪਿੱਛਾ ਨਹੀਂ ਛੱਡਦੇ ਹੁੰਦੇ, ਪਰ ਤੂੰ ਚਿੰਤਾ ਨਾ ਕਰ। ਇੱਥੇ ਨਹੀਂ ਆ ਸਕਦਾ ਉਹ ਹਰਾਮਜ਼ਾਦਾ, ਇਹ ਸਾਰੇ ਮਰਦ ਹਰਾਮ਼ਜਾਦੇ ਹੁੰਦੇ ਆ, ਮੈਂ ਨਫ਼ਰਤ ਕਰਦੀ ਹਾਂ ਇਨ੍ਹਾਂ ਨੂੰ।” ਪਰ ਡਿੰਪਲ ਨੂੰ ਕੁੱਝ ਨਹੀਂ ਸੀ ਸੁਣ ਰਿਹਾ। ਉਹ ਜਿਵੇਂ ਪੈਟੀ ਦੇ ਅੰਦਰ ਵੜ ਜਾਣਾ ਚਾਹੁੰਦੀ ਹੋਵੇ। ਪੈਟੀ ਦਾ ਉਸ ਦੇ ਕੇਸਾਂ ਵਿੱਚ ਫਿਰ ਰਿਹਾ ਹੱਥ ਉਸ ਨੂੰ ਆਪਣੀ ਮਾਂ ਦਾ ਹੱਥ ਲੱਗਾ। ਪੈਟੀ ਉਦੋਂ ਤੱਕ ਉਸ ਨੂੰ ਸਹਿਲਾਉਂਦੀ ਰਹੀ ਜਦ ਤੱਕ ਡਿੰਪਲ ਸੌਂ ਨਾ ਗਈ।

ਸਵੇਰੇ ਉੱਠ ਪੈਟੀ ਨੇ ਕੌਫੀ ਦਾ ਕੱਪ ਫੜਾਉਂਦਿਆਂ ਡਿੰਪਲ ਨੂੰ ਕਿਹਾ, “ਮੇਰੀ ਇੱਕ ਵੱਡੀ ਭੈਣ ਸੀ। ਕ੍ਰਿਸਟਲ ਸੀ ਉਹਦਾ ਨਾਂ। ਉਸ ਨੂੰ ਨਵੀਆਂ … ਨਵੀਆਂ ਚੀਜ਼ਾਂ ਲੈਣ ਦਾ ਸ਼ੌਕ ਸੀ। ਬਹੁਤ ਚੰਚਲ ਸੀ। ਤੇ ਮੇਰੇ ਮਤਰੇਏ ਪਿਓ ਨੇ ਉਸ ਦੀ ਇਸ ਚੰਚਲਤਾ ਦਾ ਲਾਹਾ ਲਿਆ। ਉਹ ਕ੍ਰਿਸਟਲ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ ਅਤੇ ਬਦਲੇ ਵਿੱਚ ਉਸ ਦੇ ਜਵਾਨ ਹੋ ਰਹੇ ਸਰੀਰ ਨੂੰ ਭੋਗਦਾ। ਫੇਰ ਕ੍ਰਿਸਟਲ ਹੋਰ ਮਰਦਾਂ ਨਾਲ ਵੀ ਇਸੇ ਤਰ੍ਹਾਂ ਕਰਨ ਲੱਗੀ। ਡਰੱਗ ਲੈਣ ਲੱਗ ਗਈ। ਤੇ ਅਖੀਰ ਸੜਕਾਂ ਉੱਪਰ ਵੇਸਵਾਗਿਰੀ ਕਰਨ ਲੱਗੀ।” ਪੈਟੀ ਨੇ ਹਾਉਕਾ ਲਿਆ ਅਤੇ ਬੋਲੀ, “ਤੇ ਜਦ ਕ੍ਰਿਸਟਲ ਘਰੋਂ ਨਿਕਲ ਗਈ ਤਾਂ ਮੇਰਾ ਮਤਰੇਆ ਪਿਓ ਮੇਰੇ ਉੱਪਰ ਡੋਰੇ ਸੁੱਟਣ ਲੱਗਾ ਪਰ ਮੈਂ ਉਸ ਦੇ ਚੁੰਗਲ ਵਿੱਚ ਨਾ ਫਸੀ। ਇੱਕ ਦਿਨ ਉਸ ਗੰਦੇ ਸੂਰ ਨੇ ਮੇਰੇ ਨਾਲ ਬਲਾਤਕਾਰ ਕਰ ਦਿੱਤਾ। ਮੈਨੂੰ ਹੁਣ ਤੱਕ ਉਸ ਦੇ ਡਰਾਉਣੇ ਸੁਪਨੇ ਆਉਂਦੇ ਆ”।

ਡਿੰਪਲ ਪ੍ਰਸ਼ਨ … ਸੂਚਕ ਨਿਗ੍ਹਾ ਨਾਲ ਪੈਟੀ ਵੱਲ ਵੇਖਣ ਲੱਗੀ।

ਪੈਟੀ ਨੇ ਫਿਰ ਕਿਹਾ, “ਹੁਣ ਮੈਂ ਸੋਚਦੀ ਹਾਂ ਕਿ ਜੇ ਮੈਂ ਵੀ ਲਾਲਚ ਵਿੱਚ ਆ ਕੇ ਆਪਣੀ ਭੈਣ ਦੇ ਰਾਹ ਤੁਰ ਪੈਂਦੀ ਤਾਂ ਮੇਰਾ ਵੀ ਅੰਤ ਉਸ ਵਾਂਗ ਹੀ ਹੋਣਾ ਸੀ।” ਉਹ ਥੋੜ੍ਹਾ ਰੁਕ ਕੇ ਫਿਰ ਬੋਲੀ, “ਮੈਨੂੰ ਗਲਤ ਨਾ ਸਮਝੀਂ, ਤੇਰੇ ਹਾਲਾਤ ਹੀ ਅਜੇਹੇ ਹਨ ਕਿ ਹੋ ਸਕਦਾ ਹੈ ਕਿ ਤੈਨੂੰ ਕਿੰਮਬਰਲੀ ਦੀ ਸਲਾਹ ਠੀਕ ਲੱਗੇ। ਪਰ ਤੂੰ ਸੋਚ ਸਮਝ ਕੇ ਉਸ ਨੂੰ ਜਵਾਬ ਦੇਵੀਂ।”

ਪੈਟੀ  ਵੱਲ ਬਿੱਟ … ਬਿੱਟ ਵੇਖਦੀ ਡਿੰਪਲ ਨੇ ਇੱਕ ਦਮ ਉੱਠ ਕੇ “ਧੰਨਵਾਦ, ਪੈਟੀ” ਆਖਦਿਆਂ ਉਸ ਦੇ ਗਲ ਬਾਂਹਾਂ ਪਾ ਕੇ ਉਸ ਨੂੰ ਆਪਣੇ ਨਾਲ ਘੁੱਟ ਲਿਆ।

“ਮੇਰੀ ਚੰਗੀ ਕੁੜੀ,” ਆਖਦਿਆਂ ਪੈਟੀ ਨੇ ਉਸ ਦੀ ਪਿੱਠ ਥਾਪੜੀ ਅਤੇ ਬੋਲੀ, “ਇੱਕ ਗੱਲ ਹੋਰ, ਤੈਨੂੰ ਇਸ ਸਦਮੇ `ਚੋਂ ਨਿਕਲਣ ਲਈ ਆਪਣੀ ਸਹਾਇਤਾ ਆਪ ਕਰਨੀ ਪਵੇਗੀ। ਜਿੰਨੀ ਛੇਤੀ ਸਾਰਾ ਕੁੱਝ ਭੁਲਾਏਂਗੀ, ਉਨ੍ਹਾ ਹੀ ਤੇਰੇ ਲਈ ਚੰਗਾ ਹੋਵੇਗਾ।”

“ਮੈਨੂੰ ਜਦ ਵੀ ਉਹ ਸਮਾਂ ਯਾਦ ਆਉਂਦਾ ਹੈ ਮੈਨੂੰ ਆਪਣਾ … ਆਪ ਬੇਇੱਜਤ ਹੋਇਆ ਮਹਿਸੂਸ ਹੁੰਦਾ ਹੈ। ਉਸ ਬੇਇੱਜ਼ਤੀ ਦੀ ਪੀੜ ਮੇਰੇ ਲਈ ਅਸਹਿ ਹੁੰਦੀ ਹੈ,” ਡਿੰਪਲ ਨੇ ਉਸ ਦੇ ਮੋਢੇ ਲੱਗੀ ਨੇ ਹੀ ਕਿਹਾ।

“ਜਦ ਵੀ ਤੈਨੂੰ ਯਾਦ ਆਉਣ ਲੱਗੇ, ਤੂੰ ਆਪਣੇ … ਆਪ ਨੂੰ ਕਿਸੇ ਹੋਰ ਕੰਮ ਵਿੱਚ ਰੁਝਾ ਲਿਆ ਕਰ ਜਾਂ ਆਪਣੀ ਪੀੜ ਮੇਰੇ ਨਾਲ ਸਾਂਝੀ ਕਰ ਲਿਆ ਕਰ,” ਆਖਦੀ ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ।

ਫੋਨ ਦੀ ਘੰਟੀ ਨੇ ਉਨ੍ਹਾਂ ਨੂੰ ਅਲੱਗ ਕੀਤਾ। ਡਿੰਪਲ ਦੇ ਡੈਡੀ ਦਾ ਫੋਨ ਸੀ। ਉਸ ਨੇ ਡਿੰਪਲ ਨੂੰ ਕੋਈ ਫਿਕਰ ਨਾ ਕਰਨ ਦੀ ਤਾਕੀਦ ਕੀਤੀ ਅਤੇ ਇਮੀਗਰੇਸ਼ਨ ਕਾਊਂਸਲਰ ਦਾ ਫੋਨ ਪਤਾ ਲਿਖਵਾਉਂਦਿਆਂ ਹੌਸਲਾ ਦਿੱਤਾ ਕਿ ਉਸ ਨਾਲ ਗੱਲ ਹੋ ਗਈ ਹੈ। ਜਿਵੇਂ ਉਹ ਸਲਾਹ ਦੇਵੇ ਕਰ ਲਵੇ।

ਪੈਟੀ  ਨੂੰ ਨਾਲ ਲੈ ਕੇ ਜਦ ਡਿੰਪਲ  ਇੰਮੀਗਰੇਸ਼ਨ ਕਾਊਂਸਲਰ ਕੋਲ  ਗਈ ਤਾਂ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਕਾਊਂਸਲਰ ਨੇ ਕਿਹਾ, “ਬੀਬਾ ਪੜ੍ਹਾਈ ਜਾਰੀ ਰੱਖਣੀ ਤਾਂ ਤੇਰੇ ਲਈ ਮੁਸ਼ਕਲ ਐ ਕਿਉਂ ਕਿ ਅਗਲੇ ਸਾਲ ਦੀ ਫੀਸ ਦਸ ਹਜ਼ਾਰ ਡਾਲਰ ਹੈ। ਖੈਰ ਓਹਦੇ `ਚ ਤਾਂ ਹਾਲੇ ਪੰਜ … ਛੇ ਮਹੀਨੇ ਪਏ ਆ। ਨਾਲੇ ਪੜ੍ਹਾਈ ਤਾਂ ਸਾਰੀ ਉਮਰ ਪਈ ਐ ਜਦੋਂ ਮਰਜ਼ੀ ਸ਼ੁਰੂ ਕਰ ਲਵੀਂ। ਮੁੱਖ ਮਸਲਾ ਤੇਰਾ ਐਥੇ ਪੱਕੇ ਹੋਣ ਦਾ ਹੈ। ਤੇਰੇ ਰਿਸ਼ਤੇਦਾਰ ਕਹਿੰਦੇ ਆ ਪਈ ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਲੀਗਲ ਕੰਮ ਕਰਦੀ ਐਂ ਤਾਂ ਓਹਨਾਂ ਸ਼ਿਕਾਇਤ ਕਰ ਦੇਣੀ ਆ ਇਸ ਕਰਕੇ ਤੇਰੇ ਰਹਿਣ … ਸਹਿਣ ਦਾ ਖਰਚਾ ਵੀ ਇੰਡੀਆ ਤੋਂ ਮੰਗਵਾਉਣਾ ਪਊ ਪਰ ਜਿਵੇਂ ਤੇਰੇ ਫਾਦਰ ਦੱਸਦੇ ਸੀ ਕਿ ਤੁਹਾਡੇ ਲਈ ਇਹ ਅਫੋਰਡ ਕਰਨਾ ਮੁਸ਼ਕਲ ਹੈ। ਸੋ ਤੁਹਾਡੇ ਕੋਲ ਔਪਸ਼ਨ ਹੈ ਕਿ ਵਿਆਹ ਦੇ ਬੇਸ `ਤੇ ਇੰਮੀਗਰੇਸ਼ਨ ਲੈ ਲਈ ਜਾਵੇ। ਓਸ ਵਾਸਤੇ ਮੈਂ ਕੋਸ਼ਿਸ ਕਰੂੰਗਾ। ਓਨੀ ਦੇਰ ਤੁਸੀਂ ਕੋਈ ਐਸਾ ਕੰਮ ਲੱਭੋ ਜਿਹੜਾ ਘਰ ਬੈਠੇ ਕਿਸੇ ਹੋਰ ਦੇ ਨਾਂ ਹੇਠ ਕਰ ਸਕੋ ਪਰ ਸਾਵਧਾਨੀ ਨਾਲ।”

ਕਾਊਂਸਲਰ ਕੋਲੋਂ ਵਾਪਸ ਮੁੜਦੀ ਡਿੰਪਲ ਦੇ ਦਿਮਾਗ ਵਿੱਚ ਆਇਆ ਕਿ ਉਹ ਰਾਣੇ ਨੂੰ ਦੱਸੇ ਕਿ ਜੇ ਉਸ ਦਾ ਕਿਸੇ ਨਾਲ ਇੱਥੇ ਵਿਆਹ ਹੋ ਜਾਵੇ ਤਾਂ ਉਹ ਪੱਕੀ ਹੋ ਸਕਦੀ ਹੈ। ਪਲ ਦੀ ਪਲ ਉਸ ਨੂੰ ਲੱਗਾ ਕਿ ਰਾਣਾ ਕਹੇਗਾ, ‘ਅਸੀਂ ਹਾਜ਼ਰ ਆਂ ਸਾਡੀ ਟੋਇਆਂ ਵਾਲੀ ਸਰਕਾਰ’ ਪਰ ਦੂਸਰੇ ਹੀ ਪਲ ਉਸ ਨੂੰ ਰਾਣੇ ਦਾ ਕਿਹਾ ਯਾਦ ਆ ਗਿਆ। ਉਸ ਨੇ ਕਿਹਾ ਸੀ, “ਸਾਨੂੰ ਤਾਂ ਤੇਰੇ ਵਰਗੀ ਕੁੜੀ ਦੀ ਬੱਸ ਦੋਸਤੀ ਚਾਹੀਦੀ ਐ। ਵਿਆਹ ਤਾਂ ਪੱਕੇ ਹੋਣ ਲਈ ਪਤਾ ਨੀਂ ਕਿਹੋ ਜੀ ਨਾਲ ਕਰਵਾਉਣਾ ਪਵੇ।” ‘ਮੈਨੂੰ ਵੀ ਪਤਾ ਨੀ ਕਿਹੋ ਜੇ ਦੇ ਲੜ ਲੱਗਣਾ ਪਊ ਪੱਕੀ ਹੋਣ ਲਈ’ ਸੋਚ ਕੇ ਉਹ ਉਦਾਸ ਹੋ ਗਈ। ਪਰ ਪੈਟੀ ਨੇ ਉਸ ਦੀ ਕੰਮ ਵਾਲੀ ਸਮੱਸਿਆ ਦਾ ਹੱਲ ਲੱਭ ਕੇ ਉਸ ਦੀ ਉਦਾਸੀ ਦੂਰ ਕਰ ਦਿੱਤੀ। ਪੈਟੀ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਨਾਂ `ਤੇ ਉਸ ਨੂੰ ਕੋਟੀਆਂ ਲਿਆ ਦਿਆ ਕਰੇਗੀ। ਇਸ ਨਾਲ ਕਮਾਈ ਤਾਂ ਬਹੁਤੀ ਨਹੀਂ ਸੀ ਹੋਣੀ ਪਰ ਰੋਟੀ … ਪਾਣੀ ਦਾ ਖਰਚ ਨਿਕਲ ਜਾਇਆ ਕਰਨਾ ਸੀ।

ਘਰ  ਆ ਕੇ ਡਿੰਪਲ ਨੇ ਪੈਟੀ ਦਾ ਮਨ … ਭਾਉਂਦਾ ਖਾਣਾ ਬਟਰ ਚਿਕਨ ਬਣਾਇਆ। ਖਾਣਾ ਖਾ ਕੇ ਟੀ. ਵੀ. ਵੇਖਦਿਆਂ ਡਿੰਪਲ ਨੁੰ ਲੱਗਾ ਜਿਵੇਂ ਪੈਟੀ ਇੱਕ ਟੱਕ ਉਸੇ ਵੱਲ ਹੀ ਵੇਖ ਰਹੀ ਹੋਵੇ। ਜਦ ਡਿੰਪਲ ਨੇ ਆਪਣਾ ਸ਼ੱਕ ਨਿਵਰਤ ਕਰਨ ਲਈ ਉੱਧਰ ਵੇਖਿਆ ਪੈਟੀ ਨੇ ਉਸ ਦਾ ਚੇਹਰਾ ਆਪਣੇ ਹੱਥਾਂ `ਚ ਫੜ ਗੱਲ੍ਹਾਂ `ਚ ਪੈਂਦੇ ਟੋਏ ਵਾਲੀ ਥਾਂ ਤੋਂ ਚੁੰਮ ਲਿਆ। “ਪਰ੍ਹੇ ਮਰ ਲੁੱਚੀਏ,” ਡਿੰਪਲ ਨੇ ਪੰਜਾਬੀ `ਚ ਕਿਹਾ ਅਤੇ ਹੱਸ ਪਈ। ਉਸ ਨੂੰ ਲੱਗਾ ਜਿਵੇਂ ਪੈਟੀ ਦੀ ਥਾਂ ਪੱਲਵੀ ਹੋਵੇ। ਉਹ ਵੀ ਕਦੇ … ਕਦੇ ਮਸਤੀ `ਚ ਆਈ ਇਸ ਤਰ੍ਹਾਂ ਕਰ ਜਾਂਦੀ ਸੀ।

“ਕੀ ਕਿਹਾ ਹੈ?” ਪੈਟੀ ਨੇ ਹੈਰਾਨੀ ਜਿਹੀ `ਚ ਪੁੱਛਿਆ।

“ਕੁਝ ਨਹੀਂ।”

“ਦੱਸ … ਦੱਸ,” ਆਖਦੀ ਪੈਟੀ ਉਸ ਦੇ ਕੁਤਕਤਾਰੀਆਂ ਕੱਢਣ ਲੱਗੀ। ਉਹ ਇਸ ਤਰ੍ਹਾਂ ਕਰਦੀ ਡਿੰਪਲ ਨੂੰ ਪੱਲਵੀ ਹੀ ਲੱਗੀ। ਫਿਰ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਪੱਲਵੀ ਨਾਲ ਅਣਕਹੀਆਂ ਹੱਦਾਂ ਪੈਟੀ ਨਾਲ ਪਾਰ ਕਰ ਗਈ। ਜਦ ਉਸ ਨੂੰ ਸੁਰਤ ਆਈ ਪੈਟੀ ਦੀ ‘ਆਈ ਲਵ ਯੂ’, ‘ਆਈ ਲਵ ਯੂ’ ਕਰਦੀ ਆਵਾਜ਼ ਡਿੰਪਲ ਦੇ ਕੰਨਾਂ ਵਿੱਚ ਸਾਂ … ਸਾਂ ਕਰਨ ਲੱਗੀ। ਪੈਟੀ ਦੀਆਂ ਬਾਹਾਂ ਵਿੱਚ ਹੀ ਸੁੱਤੀ ਡਿੰਪਲ ਦੀ ਜਦ ਸਵੇਰੇ ਜਾਗ ਖੁੱਲ੍ਹੀ ਉਸ ਦਾ ਉੱਠਣ ਲਈ ਦਿਲ ਨਾ ਕੀਤਾ। ‘ਇਹ ਕੀ ਕਰ ਬੈਠੀ ਮੈਂ?’ ਸੋਚਦੀ ਡਿੰਪਲ ਉੱਪਰ ਗੁਨਾਹ ਦੀ ਭਾਵਨਾ ਭਾਰੂ ਹੋਣ ਲੱਗੀ।

“ਉੱਠ, ਕੰਮ ਲੈਣ ਨਹੀਂ ਜਾਣਾ?” ਪੈਟੀ ਦੀ ਆਵਾਜ਼ ਸੁਣ ਉਹ ਇੱਕ ਦਮ ਬਿਸਤਰੇ ਵਿੱਚੋਂ ਨਿਕਲੀ। `ਚੱਲ ਜਿਹੜਾ ਕੁੱਝ ਹੋਣਾ ਸੀ ਹੋ ਗਿਆ। ਅਗਾਂਹ ਨੂੰ ਨਹੀਂ ਹੋਣ ਦਿੰਦੀ’ ਸੋਚਦੀ ਡਿੰਪਲ ਤਿਆਰ ਹੋਣ ਲੱਗੀ।

ਪੈਟੀ  ਨੂੰ ਕਾਲਜ ਤੋਰ ਡਿੰਪਲ ਦਰਵਾਜ਼ਾ ਬੰਦ ਕਰਕੇ ਕੋਟੀ ਬੁਣਨ ਬੈਠ ਗਈ। ਕੁੱਝ ਦੇਰ ਬਾਅਦ ਭੁੱਖ ਨਾਲ ਉਸ ਅੰਦਰ ਖੋਹ ਜਿਹੀ ਪਈ। ‘ਜੇ ਮੰਮੀ ਇੱਥੇ ਹੁੰਦੀ ਤਾਂ ਬੈਠੀ ਨੂੰ ਉਸ ਨੇ ਖਾਣ ਲਈ ਕੁੱਝ ਫੜਾ ਦੇਣਾ ਸੀ’ ਉਸ ਨੇ ਸੋਚਿਆ। ‘ਮੰਮੀ ਦੇ ਸਿਰ ਮੌਜਾਂ ਕਰਦੀ ਸੀ, ਰਜਾਈ `ਚ ਬੈਠੀ ਨੂੰ ਚਾਹ ਫੜਾ ਜਾਂਦੀ ਸੀ’ ਸੋਚ ਕੇ ਉਸ ਹਾਉਕਾ ਲਿਆ। ਉਸ ਦੇ ਚਿੱਤ `ਚ ਆਈ ਕਿ ਉੱਡ ਕੇ ਇੰਡੀਆ ਪਹੁੰਚ ਜਾਵੇ। ਬੇਸਮੈਂਟ ਉਸ ਨੂੰ ਜੇਲ੍ਹ ਵਾਂਗ ਲੱਗੀ। ਉਸ ਦਾ ਚਿੱਤ ਕਾਹਲਾ ਪੈਣ ਲੱਗਾ। ਉਸ ਨੇ ਆਪਣੀ ਨਿਗ੍ਹਾ ਸਿਲਾਈਆਂ ਤੋਂ ਹਟਾ ਲਈ। ਡੈਡੀ ਦਾ ਕਿਹਾ ਕਿ ‘ਮੁੜਨ ਬਾਰੇ ਸੋਚਣਾ ਵੀ ਨਹੀਂ’ ਸੋਚ ਕੇ ਉਸ ਨੂੰ ਆਪਣੇ ਡੈਡੀ ਉੱਪਰ ਖਿੱਝ ਆਉਣ ਲੱਗੀ। ‘ਜੇ ਇੱਥੇ ਆ ਕੇ ਵੇਖਣ ਕਿ ਕਿਵੇਂ ਅੰਦਰ ਤੜੀ ਬੈਠੀ ਹਾਂ, ਫੇਰ ਪਤਾ ਲੱਗੇ। … ਮੈਂ ਵੀ ਐਵੇਂ ਬੀਬੀ ਧੀ ਬਣ ਕੇ ਹਰ ਗੱਲ ਸਿਰ ਮੱਥੇ ਮੰਨ ਲੈਨੀ ਆਂ। ਹੁਣ ਜਦੋਂ ਫੋਨ ਆਇਆ ਮੈਂ ਆਖ ਦੇਣੈ ਬਈ ਮੈਥੋਂ ਨੀਂ ਜੇਲ੍ਹ ਕੱਟੀ ਜਾਂਦੀ। … ਪਰ ਮੈਥੋਂ ਕਿੱਥੇ ਆਖ ਹੋਣੈ?’ ਉਸ ਨੂੰ ਆਪਣੇ … ਆਪ `ਤੇ ਖਿੱਝ ਆਉਣ ਲੱਗੀ। ਫਿਰ ਉਸ ਨੇ ਸੋਚਿਆ, ‘ਡੈਡੀ ਹੋਰਾਂ ਵਿਚਾਰਿਆਂ ਦਾ ਵੀ ਕੀ ਕਸੂਰ। ਐਨਾ ਖਰਚ ਕਰਕੇ ਭੇਜਿਐ ਐਥੇ। ਉਨ੍ਹਾਂ ਨੂੰ ਕਿਹੜਾ ਪਤਾ ਸੀ ਬਈ ਮੇਰੇ ਨਾਲ ਇਸ ਤਰ੍ਹਾਂ ਹੋਣੀ ਐ? ਇਹ ਤਾਂ ਕੰਜਰ ਮਾਸੜ … । ਮਾਸੜ ਦਾ ਖਿਆਲ ਆਉਂਦੇ ਹੀ ਉਸ ਦੀ ਪਕੜ ਸਿਲਾਈਆਂ ਉੱਪਰ ਕਸੀ ਗਈ। ਉਸ ਦਾ ਸਾਹ ਤੇਜ ਹੋ ਗਿਆ। “ਜਿਵੇਂ ਤੂੰ ਮੇਰੇ ਨਾਲ ਕੀਤੀ ਐ, ਕੀੜੇ ਪੈਣ ਐਹੋ ਜੇ ਦੇ,” ਉਹ ਬੁੜਬੜਾਈ। ਜਗਜੀਤ ਨੂੰ ਕੀੜਿਆਂ ਨਾਲ ਤੜਫਦਾ ਚਿਤਵ ਕੇ ਡਿੰਪਲ ਦੇ ਬੁੱਲ੍ਹਾਂ ਉੱਪਰ ਮੁਸਕਾਨ ਆ ਗਈ। ‘ਇਹ ਮੈਂ ਕੀ ਐਵੇਂ ਵਾਧੂ … ਘਾਟੂ ਸੋਚਣ ਲੱਗ ਪਈ,’ ਸੋਚ ਕੇ ਡਿੰਪਲ ਨੇ ਸਿਲਾਈਆਂ ਪਾਸੇ ਰੱਖ ਦਿੱਤੀਆਂ। ਉਸ ਦਾ ਜੀਅ ਕੀਤਾ ਕਿ ਉੱਠ ਕੇ ਬਾਹਰ ਤੁਰ … ਫਿਰ ਆਵੇ। ‘ਜੇ ਕੋਈ ਬਾਹਰ ਮਾਸੜ ਵਰਗਾ ਹੋਇਆ’ ਸੋਚ ਕੇ ਉਹ ਬਾਹਰ ਜਾਣੋਂ ਡਰ ਗਈ। ਆਪਣੇ … ਆਪ ਨੂੰ ਸੋਚਾਂ ਤੋਂ ਬਚਾਉਣ ਲਈ ਉਹ ਬੇਸਮੈਂਟ ਦੀ ਸਫਾਈ ਕਰਨ ਲੱਗੀ। ਫਿਰ ਆਪਣੇ ਅਤੇ ਪੈਟੀ ਦੇ ਕੱਪੜੇ ਧੋਣ ਲੱਗੀ। ਪੈਟੀ ਦੇ ਕੱਪੜੇ ਮਲਦਿਆਂ ਉਸ ਨੂੰ ਪੈਟੀ ਦੇ ਖਿਆਲ ਨੇ ਹੁਲਾਰਾ ਜਿਹਾ ਦਿੱਤਾ। ‘ਕਿੰਨੀ ਚੰਗੀ ਐ ਪੈਟੀ, … ਉਹਦੇ ਬਿਨਾਂ ਘਰ ਸੁੰਨਾ … ਸੁੰਨਾ ਜਿਹਾ ਲੱਗਦੈ, … ਹਾਲੇ ਤਾਂ ਓਹਦੇ ਆਉਣ `ਚ ਦੋ … ਤਿੰਨ ਘੰਟੇ ਪਏ ਆ, … ਅੱਜ ਓਹਦੀ ਪਸੰਦ ਦਾ ਕਿਹੜਾ ਖਾਣਾ ਬਣਾਵਾਂ?’ ਅਤੇ ਉਹ ਪੈਟੀ ਦੇ ਖਾਣੇ ਦੀ ਪਸੰਦ ਬਾਰੇ ਸੋਚਣ ਲੱਗੀ। ਖਾਣਾ ਤਿਆਰ ਕਰ ਕੇ ਉਹ ਪੈਟੀ ਦੀ ਉਡੀਕ ਕਰਨ ਲੱਗੀ। ਇਸ ਤਰ੍ਹਾਂ ਪੈਟੀ ਦੀ ਉਡੀਕ ਕਰਨਾ ਉਸ ਨੂੰ ਚੰਗਾ … ਚੰਗਾ ਲੱਗਾ।

ਜਦ  ਪੈਟੀ ਘਰ ਪਹੁੰਚੀ ਡਿੰਪਲ ਨੇ ਉੱਠ  ਕੇ ਉਸ ਨੂੰ ਜੱਫ਼ੀ ਪਾ ਲਈ ਜਿਵੇਂ ਬਹੁਤ ਚਿਰਾਂ ਦੀ ਵਿਛੜੀ ਮਿਲੀ ਹੋਵੇ। “ਮੈਨੂੰ ਸਾਰਾ ਦਿਨ ਤੇਰੀ ਯਾਦ ਸਤਾਉਂਦੀ ਰਹੀ,” ਪੈਟੀ ਨੇ ਕਿਹਾ।

“ਮੈਨੂੰ ਵੀ,” ਆਖ ਡਿੰਪਲ ਨੇ ਜੱਫ਼ੀ ਹੋਰ ਪੀਡੀ ਕਰ ਲਈ। ਫਿਰ ਉਸ ਤੋਂ ਅਲੱਗ ਹੁੰਦੀ ਬੋਲੀ, “ਤੂੰ ਪਹਿਲਾਂ ਨਹਾ ਲੈ। ਮੈਂ ਤੇਰੇ ਮਨ … ਭਾਉਂਦੇ ਡੋਸੇ ਤਿਆਰ ਕੀਤੇ ਹਨ।”

“ਓ, ਸੱਚੀਂ? ਤੂੰ ਕਿੰਨੀ ਚੰਗੀ ਹੈਂ! ਮੈਂ ਤੈਨੂੰ ਪਿਆਰ ਕਰਦੀ ਹਾਂ।”

“ਚੰਗਾ ਚੰਗਾ ਛੇਤੀ ਕਰ, ਮੈਂ ਖਾਣਾ ਗਰਮ ਕਰਦੀ ਹਾਂ,” ਆਖ ਕੇ ਡਿੰਪਲ ਸਟੋਵ ਦੇ ਕੋਲ ਜਾ ਖੜ੍ਹੀ। ਉਸ ਨੂੰ ਆਪਣੇ ਅੰਦਰ ਤਰੰਗਾਂ ਜਿਹੀਆਂ ਉੱਠਦੀਆਂ ਮਹਿਸੂਸ ਹੋਈਆਂ। ‘ਇਹ ਕੀ ਹੋਣ ਲੱਗ ਪਿਐ ਮੇਰੇ ਅੰਦਰ? … ਨਹੀਂ ਨਹੀਂ, ਮੈਨੂੰ ਆਪਣੇ … ਆਪ `ਤੇ ਕਾਬੂ ਰੱਖਣਾ ਚਾਹੀਦੈ,’ ਸੋਚ ਕੇ ਉਹ ਖਾਣੇ ਤੋਂ ਬਾਅਦ ਕੋਟੀ ਬੁਣਨ ਲੱਗ ਪਈ। ਫਿਰ ਸੋਫੇ ਉੱਪਰ ਹੀ ਸੌਣ ਲਈ ਟੇਡੀ ਹੋ ਗਈ। ਅੱਖਾਂ ਮੀਚਦਿਆਂ ਹੀ ਪੈਟੀ ਦਾ ਚੇਹਰਾ ਉਸ ਦੇ ਸਾਹਮਣੇ ਸੀ। ਉਸ ਦੀ ਪਿਆਰ ਭਰੀ ਤੱਕਣੀ ਡਿੰਪਲ ਨੂੰ ਬੁਲਾਵਾ ਦਿੰਦੀ ਲੱਗੀ। ਉਸ ਦਾ ਜੀਅ ਕੀਤਾ ਕਿ ਜਾ ਕੇ ਪੈਟੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਵੇ। ਬਾਹਾਂ ਦੀ ਕਲਿੰਗੜੀ ਪਾਉਂਦਿਆਂ ਡਿੰਪਲ ਨੇ ਆਪਣੇ ਆਪ ਨੂੰ ਰੋਕ ਲਿਆ ਅਤੇ ਪਾਸਾ ਪਰਤ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਪੈਟੀ ਦੀ ਸ਼ਕਲ ਵਾਰ … ਵਾਰ ਉਸ ਦੇ ਸਾਹਮਣੇ ਆ ਜਾਂਦੀ। ਕੁੱਝ ਦੇਰ ਉਸੱਲ … ਵੱਟੇ ਲੈਣ ਤੋਂ ਬਾਅਦ ਉਹ ਉੱਠ ਕੇ ਪੈਟੀ ਨਾਲ ਜਾ ਪਈ।

ਇਸ  ਤਰ੍ਹਾਂ ਕਈ ਵਾਰ ਹੁੰਦਾ ਕਿ ਉਸ ਤੋਂ ਰਿਹਾ ਨਾ ਜਾਂਦਾ ਤੇ ਉਹ ਪੈਟੀ ਨਾਲ ਉਸ ਦੇ ਬਿਸਤਰੇ `ਚ ਜਾ ਪੈਂਦੀ ਜਾਂ ਪੈਟੀ ਉਸ ਨੂੰ ਖਿੱਚ ਲਿਜਾਂਦੀ। ਪਿੱਛੋਂ ਡਿੰਪਲ ਆਪਣੇ ਆਪ ਨੂੰ ਕੋਸਦੀ ‘ਇਹ ਕਿਹੜੇ ਰਾਹੀਂ ਮੈਂ ਤੁਰ ਪਈ?’ ਅਤੇ ਅਗਾਂਹ ਤੋਂ ਪੈਟੀ ਨਾਲ ਇੱਕ ਵਿੱਥ ਰੱਖਣ ਦਾ ਮਨ ਬਣਾਉਂਦੀ। ਕਦੇ … ਕਦੇ ਉਸ ਨੂੰ ਪੈਟੀ ਦੀਆਂ ਗੱਲਾਂ ਬਾਰੇ ਸੋਚ ਡਰ ਲੱਗਣ ਲੱਗਦਾ। ਪੈਟੀ ਨੇ ਇੱਕ ਦਿਨ ਆਪਣੇ ਕੱਪੜੇ (ਜਿਹੜੇ ਡਿੰਪਲ ਨੇ ਧੋ … ਸਵਾਰ ਕੇ ਰੱਖੇ ਸਨ) ਵੇਖਦਿਆਂ ਕਿਹਾ ਸੀ, “ਡਿੰਪਲ ਤੂੰ ਕਿੰਨੀ ਚੰਗੀ ਹੈਂ, ਮੇਰੀ ਕਿੰਨੀ ਦੇਖ … ਭਾਲ ਕਰਦੀ ਹੈਂ!”

“ਤੂੰ ਕਿਹੜਾ ਮੇਰਾ ਘੱਟ ਖਿਆਲ ਰੱਖਦੀ ਹੈਂ। ਮੇਰੇ ਔਖੇ ਵੇਲੇ ਤੂੰ ਹੀ ਕੰਮ ਆਉਂਦੀ ਹੈਂ,” ਡਿੰਪਲ ਨੇ ਉਸ ਨੂੰ ਯਾਦ ਕਰਵਾਇਆ।

“ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੈਨੂੰ ਤੇਰੇ ਵਰਗੀ ਪਿਆਰੀ ਕੁੜੀ ਮਿਲੀ। ਨਹੀਂ ਤਾਂ ਮੈਂ ਮਰ ਹੀ ਚੱਲੀ ਸੀ ਜਦ ਮੇਰੀ ਪਹਿਲੀ ਪਾਰਟਨਰ ਨੇ ਮੈਨੂੰ ਧੋਖਾ ਦਿੱਤਾ,” ਆਖਦੀ ਪੈਟੀ ਨੇ ਮੂੰਹ ਕੁਸੈਲਾ ਜਿਹਾ ਕਰ ਲਿਆ।

“ਕੀ ਹੋਇਆ ਸੀ?” ਡਿੰਪਲ ਨੇ ਪੁੱਛਿਆ।

“ਉਹ ਧੋਖੇਬਾਜ਼ ਸੀ। ਮੇਰੀ ਵੀ ਪਾਰਟਨਰ ਸੀ ਤੇ ਬਾਹਰ ਵੀ ਸੌਂਦੀ ਫਿਰਦੀ ਸੀ। ਮੈਨੂੰ ਧੋਖੇਬਾਜ਼ ਲੋਕਾਂ ਨਾਲ ਨਫ਼ਰਤ ਹੈ। ਕਦੇ … ਕਦੇ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਮਤਰੇਏ ਪਿਓ ਦਾ ਹੀ ਦੂਜਾ ਰੂਪ ਸੀ ਜਿਹੜੀ ਸਾਲ ਭਰ ਮੇਰੇ ਨਾਲ ਬਲਾਤਕਰ ਕਰਦੀ ਰਹੀ,” ਆਖਦੀ ਪੈਟੀ ਦਾ ਸਾਹ ਤੇਜ਼ … ਤੇਜ਼ ਚੱਲਣ ਲੱਗਾ। ਡਿੰਪਲ ਨੇ ਆਪਣੇ ਮੋਢੇ ਨਾਲ ਲਾ ਉਸ ਨੂੰ ਸ਼ਾਂਤ ਕੀਤਾ ਪਰ ਉਸ ਦੇ ਆਪਣੇ ਅੰਦਰ ਇੱਕ ਡਰ ਜਿਹਾ ਪੈਦਾ ਹੋ ਗਿਆ।

ਇਹ  ਡਰ ਕੁੱਝ ਦਿਨ ਬਾਅਦ ਹੋਰ ਵੀ ਵਧ ਗਿਆ ਜਦ ਪੈਟੀ ਨੇ ਕਿਹਾ ਸੀ, “ਡਿੰਪਲ, ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ।” ਡਿੰਪਲ ਨੂੰ ਲੱਗਾ ਜਿਵੇਂ ਪੈਟੀ ਵੀ ਪੱਲਵੀ ਵਾਂਗ ਹੀ ਮਜ਼ਾਕ ਕਰ ਰਹੀ ਹੈ। ਉਹ ਵੀ ਆਖਦੀ ਹੁੰਦੀ ਸੀ, “ਜੇ ਮੈਂ ਮੁੰਡਾ ਹੁੰਦੀ ਤਾਂ ਤੇਰੇ ਨਾਲ ਹੀ ਵਿਆਹ ਕਰਵਾਉਂਦੀ।”

“ਮੇਰੇ ਘਰਦੇ ਕਿੱਥੋਂ ਮੰਨਦੇ ਪੰਡਤਾਂ ਦੇ ਮੁੰਡੇ ਨਾਲ ਵਿਆਹ ਕਰਨ ਨੂੰ,” ਡਿੰਪਲ ਲਾਚੜ ਕੇ ਜਵਾਬ ਦਿੰਦੀ।

“ਜੇ ਨਾ ਮੰਨਦੇ ਤਾਂ ਮੈਂ ਤੈਨੂੰ ਕੱਢ ਕੇ ਲੈ ਜਾਣਾ ਸੀ,” ਪੱਲਵੀ ਚੁਸਕੀ ਲੈਂਦੀ।

ਡਿੰਪਲ ਨੂੰ ਪੈਟੀ ਵੀ ਉਸੇ ਤਰਜ਼ `ਚ ਗੱਲ ਕਰਦੀ ਲੱਗੀ। ਉਸ ਨੇ ਹੱਸ ਕੇ ਜਵਾਬ ਦਿੱਤਾ, “ਮੇਰੇ ਮਾਪੇ ਤੇਰੇ ਨਾਲ ਕਿੱਥੋਂ ਵਿਆਹ ਕਰਨ ਦੇਣਗੇ?” ਉਸ ਨੇ ਸੋਚਿਆ ਕਿ ਪੈਟੀ ਵੀ ਪੱਲਵੀ ਵਾਂਗ ਹੀ ਕੋਈ ਜਵਾਬ ਦੇਵੇਗੀ ਪਰ ਪੈਟੀ ਨੇ ਕਿਹਾ, “ਇਹ ਤੇਰੀ ਜ਼ਿੰਦਗੀ ਹੈ। ਇਹਦੇ ਫੈਸਲੇ ਤੂੰ ਕਰਨੇ ਹਨ, ਤੇਰੇ ਮਾਪਿਆਂ ਨੇ ਨਹੀਂ।” ਸੁਣ ਕੇ ਡਿੰਪਲ ਡਰ ਨਾਲ ਹਿੱਲ ਗਈ। ਉਸ ਨੇ ਆਪਣੇ … ਆਪ ਨੂੰ ਸੰਭਾਲਦਿਆਂ ਕਿਹਾ, “ਆਪਾਂ ਸਿਰਫ਼ ਚੰਗੀਆਂ ਦੋਸਤ ਹਾਂ। ਇਸ ਤੋਂ ਜ਼ਿਆਦਾ ਕੁੱਝ ਨਹੀਂ।”

“ਜੇ ਆਪਾਂ ਹੋਰ ਕੁੱਝ ਨਹੀਂ ਤਾਂ ਮੇਰੇ ਨਾਲ ਕਿਓਂ ਸੌਂਦੀ ਹੈਂ?” ਸੁਣ ਕੇ ਡਿੰਪਲ ਨੂੰ ਕੋਈ ਜਵਾਬ ਨਾ ਅਹੁੜਿਆ। ਉਸ ਕਿਹਾ, “ਮੈਨੂੰ ਨੀ ਪਤਾ। ਮੈਂ ਕਦੇ ਸੋਚਿਆ ਨਹੀਂ।”

“ਤੂੰ ਕਿਸੇ ਹੋਰ ਨੂੰ ਪਿਆਰ ਕਰਦੀ ਐਂ?

“ਨਹੀਂ।”

“ਫੇਰ?” ਪੈਟੀ ਨੇ ਪ੍ਰਸ਼ਨ … ਪੂਰਵਕ ਡਿੰਪਲ ਵੱਲ ਵੇਖਿਆ। ਫੇਰ ਬੋਲੀ, “ਮੈਨੂੰ ਪੂਰਾ ਯਕੀਨ ਹੈ ਕਿ ਤੂੰ ਮੈਨੂੰ ਹੀ ਪਿਆਰ ਕਰਦੀ ਹੈਂ ਪਰ ਆਪਣੇ ਕਲਚਰ ਕਰਕੇ ਤੇਰੀ ਹਿੰਮਤ ਨਹੀਂ ਪੈਂਦੀ। ਪਰ ਮਿੱਠੋ ਇਹ ਤੇਰੀ ਜ਼ਿੰਦਗੀ ਹੈ। ਤੈਨੂੰ ਆਪਣੀ ਮਰਜ਼ੀ ਨਾਲ ਜਿਓਣੀ ਚਾਹੀਦੀ ਹੈ। ਮੈਂ ਤੇਰੀ ਉਡੀਕ ਕਰਾਂਗੀ,” ਪੈਟੀ ਨੇ ਕਿਹਾ।

ਪਰ  ਡਿੰਪਲ ਦੇ ਦਿਮਾਗ ਵਿੱਚ ਤਾਂ ਪੈਟੀ ਦਾ ਕਿਹਾ, ‘ਮੇਰੇ ਨਾਲ ਕਿਓਂ ਸੌਂਦੀ ਹੈਂ?’ ਘੁੰਮ ਰਿਹਾ ਸੀ। ਗੁੰਮ … ਸੁੰਮ ਹੋਈ ਉਹ ਸੋਚਣ ਲੱਗੀ। ਫਿਰ ਉਹ ਬੈਠੀ … ਬੈਠੀ ਇਕਦਮ ਬੋਲੀ, “ਮੈਨੂੰ ਚੰਗਾ ਲੱਗਦਾ ਹੈ।”

“ਕੀ ਚੰਗਾ ਲੱਗਦਾ ਹੈ?” ਪੈਟੀ ਨੇ ਹੈਰਾਨੀ ਨਾਲ ਪੁੱਛਿਆ।

“ਤੇਰੇ ਨਾਲ।”

“ਓ, ਵਿਆਹ ਕਿਓਂ ਨਹੀਂ ਕਰਵਾਉਂਦੀ ਫਿਰ?” ਪੈਟੀ ਨੇ ਸਵਾਲ ਕੀਤਾ।

“ਕੀ ਵਿਆਹ ਕਰਵਾਉਣਾ ਜ਼ਰੂਰੀ ਹੈ?” ਡਿੰਪਲ ਨੇ ਜਿਵੇਂ ਤਰਲਾ ਕੀਤਾ ਹੋਵੇ।

“ਸਰੀਰਕ ਸਬੰਧਾਂ ਵਾਲੇ ਰਿਸ਼ਤੇ ਦਾ ਕੋਈ ਨਾਂ ਤਾਂ ਹੋਣਾ ਚਾਹੀਦਾ ਹੈ ਜਿਹੜਾ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਲਈ ਯਾਦ ਕਰਵਾਉਂਦਾ ਰਹੇ,” ਪੈਟੀ ਦੀ ਇਸ ਗੱਲ ਦਾ ਡਿੰਪਲ ਨੇ ਕੋਈ ਜਵਾਬ ਨਾ ਦਿੱਤਾ। ਉਹ ਫਿਰ ਆਪਣੇ … ਆਪ `ਚ ਸਿਮਟ ਗਈ। ਪੈਟੀ ਆਪਣੇ ਕਮਰੇ ਵਿੱਚ ਚਲੀ ਗਈ।

ਡਿੰਪਲ ਦੇ ਦਿਮਾਗ ਵਿੱਚ ਸ਼ੋਰ ਮੱਚਣ ਲੱਗਾ। ਉਸ ਨੂੰ ਲੱਗਾ ਜਿਵੇਂ ਕੋਈ ਆਖ ਰਿਹਾ ਹੋਵੇ, ‘ਕੁੜੀਆਂ ਦੇ ਵੀ ਕਦੇ ਕੁੜੀਆਂ ਨਾਲ ਵਿਆਹ ਹੋਏ ਐ?’ ਫੇਰ ਉਸ ਨੂੰ ਲੱਗਾ ਜਿਵੇਂ ਬਹੁਤ ਸਾਰੀਆਂ ਆਵਾਜ਼ਾਂ ਉਸ ਕੋਲੋਂ ਪੁੱਛ ਰਹੀਆਂ ਹੋਣ, ‘ਪੈਟੀ ਤੇਰੀ ਕੀ ਲੱਗਦੀ ਹੈ?’ ਫੇਰ ਉਸ ਨੂੰ ਲੱਗਾ ਜਿਵੇਂ ਉਸ ਦੇ ਮੰਮੀ … ਡੈਡੀ ਅਤੇ ਛੋਟੇ ਭੈਣ … ਭਰਾ ਉਨ੍ਹਾਂ ਦਾ ਮਖੌਲ ਉਡਾ ਰਹੇ ਲੋਕਾਂ ਦੇ ਵਿਚਕਾਰ ਘਿਰੇ ਉਸ ਕੋਲੋਂ ਪੁੱਛ ਰਹੇ ਹੋਣ, ‘ਤੂੰ ਇਸ ਤਰ੍ਹਾਂ ਸਾਡੇ ਨਾਲ ਕਿਓਂ ਕੀਤਾ?’ ਡਿੰਪਲ ਉਨ੍ਹਾਂ ਨਾਲ ਅੱਖ ਨਾ ਮਿਲਾ ਸਕੀ। ਉਸ ਨੇ ਆਪਣਾ ਸਿਰ ਝਟਕਿਆ, ‘ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋਵੇਗਾ, ਇਹ ਮੈਂ ਕੀ ਕਰ ਬੈਠੀ?’ ਪਛਤਾਵੇ `ਚ ਸਿਰ ਮਾਰਦੀ ਉਹ ਬੁੜਬੜਾਈ, “ਬੱਸ ਹੋਰ ਨਹੀਂ। ਬੱਸ ਹੋਰ ਨਹੀਂ”।

‘ਜਿਹੜਾ ਕੁੱਝ ਹੋਣਾ ਸੀ ਹੋ ਗਿਆ, ਹੁਣ ਪੈਟੀ ਨੂੰ ਵੀ ਆਖ ਦੇਣੈ ਕਿ ਸਿਰਫ਼ ਸਹੇਲੀਆਂ ਬਣ ਕੇ ਰਹਿਣੈ। ਹੋਰ ਨੀ ਕੁਛ ਕਰਿਆ ਕਰਨਾ ਭਾਵੇਂ ਜਿੰਨਾਂ ਮਰਜ਼ੀ ਜੀਅ ਕਰੇ’ ਸੋਚਦੀ ਉਹ ਉੱਠ ਕੇ ਵਾਸ਼ਰੂਮ ਵਿੱਚ ਵੜ ਗਈ। ਸ਼ਾਵਰ ਥੱਲੇ ਖੜ੍ਹ ਉਹ ਆਪਣੇ ਪਿੰਡੇ ਨੂੰ ਪੱਫ ਨਾਲ ਰਗੜਨ ਲੱਗੀ। ਪਰ ਉਸ ਦੇ ਅੰਦਰ ਡਰ ਅਤੇ ਅਪਰਾਧ ਦਾ ਰਲਵਾਂ … ਮਿਲਵਾਂ ਜਿਹਾ ਕੁੱਝ ਸੀ ਜਿਹੜਾ ਉਸ ਦੇ ਪਿੰਡੇ ਨੂੰ ਰਗੜਿਆਂ ਵੀ ਉਸ ਦੇ ਸਰੀਰ ਨਾਲੋਂ ਲਹਿ ਕੇ ਪਾਣੀ ਦੇ ਵਹਾਅ ਵਿੱਚ ਨਹੀਂ ਸੀ ਰੁੜ੍ਹ ਰਿਹਾ।

ਇਸ  ਡਰ ਅਤੇ ਗੁਨਾਹ ਦੀ ਭਾਵਨਾ  ਕਾਰਣ ਹੀ, ਜਿਸ ਦਿਨ ਉਸ ਦਾ ਇੰਮੀਗਰੇਸ਼ਨ ਕਾਊਂਸਲਰ ਘਰ ਆਇਆ ਉਸ ਦਾ ਜੀਅ ਕਰੇ ਕਿ ਧਰਤੀ ਪਾਟ ਕੇ ਉਸ ਨੂੰ ਆਪਣੇ ਵਿੱਚ ਸਮਾਅ ਲਵੇ। ਕਾਊਂਸਲਰ ਨੇ ਕਿਹਾ, “ਮੈਂ ਕਈ ਥਾਈਂ ਟਰਾਈ ਕੀਤੀ ਆ ਬਈ ਕੋਈ ਰਿਸ਼ਤਾ ਮਿਲ ਜਾਵੇ ਪਰ ਬਹੁਤੇ ਮੁੰਡਿਆਂ ਦੇ ਪਹਿਲਾਂ ਹੀ ਰਿਸ਼ਤੇਦਾਰੀਆਂ `ਚ ਆਂਢੇ … ਸਾਂਢੇ ਲਾਏ ਹੁੰਦੇ ਆ। ਮੈਂ ਕੋਸ਼ਿਸ਼ ਕਰ ਰਿਹਾਂ ਕਿ ਕੋਈ ਕਾਗਜ਼ਾਂ `ਚ ਹੀ ਵਿਆਹ ਕਰਨਾ ਮੰਨ ਜਾਵੇ।” ਫਿਰ ਉਸ ਨੇ ਪੈਟੀ ਦੀ ਫੋਟੋ ਵੱਲ ਹੱਥ ਕਰਕੇ ਪੁੱਛਿਆ, “ਇਹ ਕੁੜੀ ਤੇਰੀ ਰੂਮ … ਮੇਟ ਈ ਐ ਜਾਂ ਫਰੈਂਡ ਵੀ ਹੈ?”

ਪਰ  ਡਿੰਪਲ ਨੂੰ ਲੱਗਾ ਜਿਵੇਂ ਉਸ ‘ਫਰੈਂਡ’ ਸ਼ਬਦ ਦੀ ਥਾਂ ‘ਕੁਝ ਹੋਰ ਵੀ’ ਕਿਹਾ ਹੋਵੇ। ਉਸ ਨੇ ਆਪਣੀਆਂ ਅੱਖਾਂ ਧਰਤੀ `ਤੇ ਗੱਡ ਲਈਆਂ ਜਿਵੇਂ ਉਸ ਤੋਂ ਵੇਹਲ ਭਾਲਦੀ ਹੋਵੇ।

“ਮੈਂ ਸੋਚਦਾ ਸੀ ਕਿ ਜੇ ਇਹ ਤੇਰੇ ਆਖੇ ਲੱਗ ਕੇ ਕਾਗਜ਼ਾਂ ਵਿੱਚ ਤੇਰੀ ਸੇਮ … ਸੈਕਸ ਪਾਰਟਨਰ ਬਣ ਕੇ ਅਪਲਾਈ ਕਰ ਦੇਵੇ ਤਾਂ ਤੈਨੂੰ ਇੰਮੀਗ੍ਰੇਸ਼ਨ ਮਿਲ ਜਾਵੇਗੀ,” ਆਖ ਕਾਊਂਸਲਰ ਨੇ ਡਿੰਪਲ ਦੇ ਚੇਹਰੇ ਵੱਲ ਵੇਖਿਆ। ਉਸ ਦਾ ਚੇਹਰਾ ਸ਼ਰਮ ਨਾਲ ਲਾਲ ਸੁਰਖ ਹੋ ਗਿਆ ਸੀ।

“ਤੂੰ ਪਤਾ ਕਰਕੇ ਵੇਖੀਂ ਇਸ ਕੁੜੀ ਨੂੰ। ਮੈਂ ਤੇਰੇ ਡੈਡੀ ਹੋਰਾਂ ਨਾਲ ਵੀ ਗੱਲ ਕੀਤੀ ਸੀ। ਉਹ ਕਹਿੰਦੇ ਆ ਕਿ ਜਿਵੇਂ ਮਰਜ਼ੀ ਕਰਾਂ ਕੁੜੀ ਪੱਕੀ ਹੋਣੀ ਚਾਹੀਦੀ ਐ,” ਆਖ ਕੇ ਕਾਊਂਸਲਰ ਚਲਾ ਗਿਆ। ਡਿੰਪਲ ਦੇ ਅੰਗ … ਪੈਰ ਜਿਵੇਂ ਝੂਠੇ ਪੈ ਗਏ ਹੋਣ। ਉਸ ਨੇ ਖੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਲੱਤਾਂ ਨੇ ਉਸ ਦਾ ਸਾਥ ਨਾ ਦਿੱਤਾ ਅਤੇ ਉਹ ਥਾਏਂ ਬੈਠ ਗਈ। ‘ਏਹਨੂੰ ਕਿਵੇਂ ਪਤਾ ਲੱਗ ਗਿਆ?’ ਸੋਚਦੀ ਉਹ ਗੁੰਮ … ਸੁੰਮ ਜਿਹੀ ਹੋ ਗਈ। ਹੌਲੀ … ਹੌਲੀ ਆਪਣੇ … ਆਪ `ਚ ਆਉਂਦੀ ਨੇ ਸੋਚਿਆ, ‘ਹੋ ਸਕਦੈ ਕਿ ਉਸ ਨੇ ਸਭੈਕੀ ਕਿਹਾ ਹੋਵੇ? ਮੈਨੂੰ ਪੱਕੀ ਕਰਵਾਉਣ ਲਈ’। ਇਸ ਵਿਚਾਰ ਨੇ ਉਸ ਨੂੰ ਤਸੱਲੀ ਦਿੱਤੀ। ‘ਪਰ ਜ਼ਰੂਰੀ ਤਾਂ ਨਹੀਂ ਕਿ ਪੈਟੀ ਨਾਲ ਹੀ ਪੇਪਰ ਭਰੇ ਜਾਣ। ਜੇ ਕਾਗਜੀ ਕਾਰਵਾਈ ਹੀ ਕਰਨੀ ਹੈ ਤਾਂ ਕਿਸੇ ਮੁੰਡੇ ਨਾਲ ਵੀ ਭਰੇ ਜਾ ਸਕਦੇ ਹਨ? … ਪਰ ਇਓਂ ਕੌਣ ਮੰਨਦਾ ਹੈ? ਕੀ ਪਤਾ ਅਗਲਾ ਮੂਹਰੋਂ ਕੀ ਸ਼ਰਤ ਰੱਖੇ?’ ਸੋਚਦਿਆਂ ਉਦਾਸੀ ਨੇ ਉਸ ਨੂੰ ਘੇਰ ਲਿਆ। ਇਹ ਉਦਾਸੀ ਹੋਰ ਵੀ ਗਹਿਰੀ ਹੋ ਗਈ ਜਦ ਸ਼ਾਮ ਵੇਲੇ ਉਸ ਦੀ ਮੰਮੀ ਦਾ ਫੋਨ ਆ ਗਿਆ। ਉਸ ਨੇ ਕਿਹਾ, “ਨਾਲ ਵਾਲੀ ਗੋਰੀ ਕੁੜੀ ਨੂੰ ਪੁੱਛ ਕੇ ਵੇਖ ਜੇ ਮੰਨ ਜਾਵੇ। ਕਾਗਜਾਂ `ਚ ਈ ਕਰਨੈ, ਕਿਸੇ ਨੂੰ ਕੋਈ ਸ਼ੱਕ–ਸ਼ੁਬਾ ਨੀ ਹੁੰਦਾ। ਸਾਨੂੰ ਤਾਂ ਸਾਰਾ ਦਿਨ ਤੇਰਾ ਈ ਫਿਕਰ ਖਾਂਦਾ ਰਹਿੰਦੈ ਬਈ ਕੰਮ ਕਿਸੇ ਪਾਸੇ ਲੱਗੇ।”

ਡਿੰਪਲ ਦੇ ਚਿੱਤ `ਚ ਆਈ ਕਿ ਆਖੇ, ‘ਗੋਰੀ ਤਾਂ ਸੱਚੀ … ਮੁੱਚੀਂ ਦਾ ਵਿਆਹ ਕਰਵਾਉਣਾ ਚਾਹੁੰਦੀ ਹੈ, ਤੂੰ ਦੱਸ ਹਾਂ ਕਰੇਂਗੀ?’ ਪਰ ਉਸ ਨੂੰ ਮਾਂ ਨਾਲ ਅਜੇਹੀ ਗੱਲ ਕਰਨ ਲਈ ਆਪਣੇ ਆਪ `ਤੇ ਗਿਲਾਨੀ ਜਿਹੀ ਹੋਈ ਅਤੇ ਉਸ “ਚੰਗਾ, ਪੁੱਛ ਲਊਂ,” ਆਖ ਫੋਨ ਰੱਖ ਦਿੱਤਾ।

ਫੋਨ ਰੱਖ ਉਹ ਸੋਚੀਂ ਪੈ ਗਈ, ‘ਜੇ ਮੈਂ ਛੇਤੀ … ਛੇਤੀ ਪੱਕੀ ਹੋ ਜਾਵਾਂ ਤਾਂ ਡੈਡੀ ਹੋਰੀਂ ਆਪੇ ਆ ਕੇ ਸੰਭਾਲ ਲੈਣ ਜ਼ਿੰਮੇਵਾਰੀਆਂ, ਮੈਂ ਪੜ੍ਹਾਂ ਆਵਦਾ। ਸਾਰਾ ਦਿਨ ਫਿਕਰਾਂ `ਚ ਪਈ ਰਹਿੰਦੀ ਆਂ। ਜੇ ਮੈਂ ਪੈਟੀ ਨਾਲ ਵਿਆਹ ਕੋਰਟ `ਚ ਜਾ ਕੇ ਸਿਰਫ ਰਜਿਸਟਰ ਹੀ ਕਰਵਾਉਣਾ ਹੈ। ਪੈਟੀ ਨੂੰ ਕਹੂੰਗੀ ਕਿ ਕਿਸੇ ਨੂੰ ਦੱਸੇ ਨਾ … ਹਾਏ … ਹਾਏ ਮੈਨੂੰ ਕੀ ਹੋਈ ਜਾਂਦੈ। ਮੈਂ ਕਿੰਨੀ ਗਿਰ ਗਈ ਹਾਂ।’ ਫਿਰ ਉਸ ਦੇ ਅੰਦਰ ਡੈਡੀ ਦੇ ਬੋਲ ਗੂੰਜੇ, `ਤੇਰੇ ਨਾਲ ਤੇਰੇ ਛੋਟੇ ਭੈਣ … ਭਰਾ ਦਾ ਵੀ ਭਵਿੱਖ ਬੱਝਿਆ ਹੋਇਐ।’ ਅਗਲੇ ਹੀ ਪਲ ਉਸ ਦੇ ਦਿਮਾਗ ਵਿੱਚ ਆਇਆ, ‘ਮੇਰਾ ਕੀ ਘਸ ਜਾਊ, ਜਦ ਮੰਮੀ … ਡੈਡੀ ਆ ਗਏ ਤੋੜ … ਵਿਛੋੜਾ ਕਰ ਲਊਂ।’ ਉਸ ਦੇ ਅੰਦਰ ਖੋਹ ਜਿਹੀ ਪਈ। ‘ਪੈਟੀ ਬਿਨ੍ਹਾਂ ਮੈਂ ਕਿਵੇਂ ਰਹਿ ਲਊਂ?’ ਸੋਚਦਿਆਂ ਉਸ ਨੇ ਹਾਉਕਾ ਲਿਆ। ਉਸ ਦੇ ਅੰਦਰ ਉਛਾਲ ਜਿਹਾ ਉੱਠਿਆ ਕਿ ਜਾ ਕੇ ਪੈਟੀ ਦੀਆਂ ਬਾਹਾਂ ਵਿੱਚ ਸਮਾਅ ਜਾਵੇ। ਅਗਲੇ ਹੀ ਪਲ ਉਸ ਦੇ ਕੰਨਾਂ ਵਿੱਚ ਸਾਂਅ … ਸਾਂਅ ਹੋਣ ਲੱਗੀ। ਉਸ ਨੂੰ ਲੱਗਾ ਜਿਵੇਂ ਬਹੁਤ ਸਾਰੀਆਂ ਆਵਾਜ਼ਾਂ ਉਸ ਕੋਲੋਂ ਪੈਟੀ ਨਾਲ ਉਸ ਦੇ ਰਿਸ਼ਤੇ ਬਾਰੇ ਪੁੱਛ ਰਹੀਆਂ ਹੋਣ। ਉਸ ਅੰਦਰ ਉੱਠਿਆ ਉਛਾਲ ਬੈਠ ਗਿਆ। ਉਸ ਨੇ ਦੰਦ ਕਿਰਚੇ। ਫੇਰ ਉਸ ਨੂੰ ਲੱਗਾ ਜਿਵੇਂ ਇੱਕ ਬਹੁਤ ਵੱਡੀ ਪਾਣੀ ਦੀ ਛੱਲ ਬਾਕੀ ਸਾਰਿਆਂ ਨੂੰ ਆਪਣੇ ਨਾਲ ਵਹਾਅ ਕੇ ਲੈ ਗਈ ਹੋਵੇ ਅਤੇ ਉਹ ਪੈਟੀ ਦੀਆਂ ਬਾਹਾਂ ਵਿੱਚ ਖੜ੍ਹੀ ਬਚ ਗਈ ਹੋਵੇ। ਇਹ ਸੋਚ ਆਉਂਦਿਆਂ ਹੀ ਉਸ ਦੇ ਬੁੱਲ੍ਹਾਂ ਉੱਪਰ ਮੁਸਕਾਨ ਫੈਲ ਗਈ।

ਡਿੰਪਲ ਨੇ ਆਪਣੇ ਸਿਰ ਨੂੰ ਝਟਕਿਆ। ‘ਇਹ ਮੈਂ ਕੀ ਊਲ … ਜਲੂਲ ਸੋਚੀ ਜਾਨੀ ਆਂ। ਜਿਹੜਾ ਕੁੱਝ ਹੋਊ ਵੇਖੀ ਜਾਊ। ਪਹਿਲਾਂ ਇੱਥੇ ਪੱਕੀ ਤਾਂ ਹੋਵਾਂ,’ ਸੋਚਦਿਆਂ ਉਸ ਸੌਣ ਲਈ ਅੱਖਾਂ ਮੀਚ ਲਈਆਂ। ਉਸ ਨੂੰ ਲੱਗਾ ਜਿਵੇਂ ਰੋਂਦੀ … ਵਿਲਕਦੀ ਪੈਟੀ ਉਸ ਨੂੰ ਆਖ ਰਹੀ ਹੋਵੇ, ‘ਤੂੰ ਮੈਨੂੰ ਧੋਖਾ ਕਿਓਂ ਦਿੱਤਾ? ਮੈਂ ਤਾਂ ਤੈਨੂੰ ਵਫਾਦਾਰ ਸਮਝ ਕੇ ਦਿਲ ਦਿੱਤਾ ਸੀ।’ ਡਿੰਪਲ ਨੇ ਝੱਟ ਅੱਖਾਂ ਖੋਹਲ ਦਿੱਤੀਆਂ। ਇਨ੍ਹਾਂ ਉਲਝਣਾਂ `ਚ ਡੁੱਬੀ ਹੀ ਉਹ ਸੌਂ ਗਈ। ਸੁਪਨੇ ਵਿੱਚ ਉਹ ਵੇਖਦੀ ਹੈ ਕਿ ਵੱਡੇ … ਵੱਡੇ ਨਹੁੰਆ ਵਾਲੇ ਹੱਥ ਪੈਟੀ ਵੱਲ ਵਧ ਰਹੇ ਹਨ, ਡਰਦੀ … ਕੰਬਦੀ … ਵਿਲਕਦੀ ਪੈਟੀ ਪਿੱਛੇ ਵੱਲ ਖਿਸਕ ਰਹੀ ਹੈ, ਹੱਥ ਹੋਰ ਅਗਾਂਹ ਵਧਣ ਲੱਗਦੇ ਹਨ ਫਿਰ ਪੈਟੀ ਦੀ ਸ਼ਕਲ ਉਸ ਦੀ ਆਪਣੀ ਸ਼ਕਲ ਵਿੱਚ ਤਬਦੀਲ ਹੋ ਜਾਂਦੀ ਹੈ। ਹੱਥ ਉਸ ਦੇ ਕੱਪੜਿਆਂ ਨੂੰ ਪਾੜਣ ਲਈ ਅਹੁਲਦੇ ਹਨ। ਉਹ ਉੱਠਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਕੋਲੋਂ ਉੱਠ ਨਹੀਂ ਹੁੰਦਾ। ਹੱਥ ਉਸ ਦੇ ਕੱਪੜਿਆਂ ਤੱਕ ਪਹੁੰਚ ਜਾਂਦੇ ਹਨ, ਉਹ ਚੀਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੀ ਚੀਕ ਨਹੀਂ ਨਿਕਲ ਰਹੀ। ਇਸੇ ਕਸ਼ਮਕਸ਼ `ਚ ਉਹ ਹੜਬੜਾ ਕੇ ਉੱਠ ਬੈਠੀ ਅਤੇ ਲੰਮੇ … ਲੰਮੇ ਸਾਹ ਲੈਣ ਲੱਗੀ।

“ਕੀ ਹੋਇਐ ਮਿੱਠੋ?” ਪੈਟੀ ਦੀ ਆਵਾਜ਼ ਆਈ। ਡਿੰਪਲ ਨੂੰ ਲੱਗਾ ਜਿਵੇਂ ਉਹ ਸੰਨ੍ਹ ਵਿੱਚ ਹੀ ਫੜੀ ਗਈ ਹੋਵੇ। ਉਸ ਮਰੀ ਜਿਹੀ ਆਵਾਜ਼ `ਚ ਕਿਹਾ, “ਕੁਝ ਨਹੀਂ, ਡਰਾਉਣਾ ਸੁਪਨਾ ਆਇਆ ਸੀ।”

“ਓਹ ਪਿਆਰੀ!” ਆਖਦੀ ਪੈਟੀ ਨੇ ਬੱਤੀ ਜਗਾਈ ਅਤੇ ਡਿੰਪਲ ਕੋਲ ਆ ਗਈ। ਡਿੰਪਲ ਉਸ ਨਾਲ ਅੱਖ ਨਾ ਮਿਲਾ ਸਕੀ ਅਤੇ ਉਸ ਦੀਆਂ ਬਾਹਾਂ ਵਿੱਚ ਹੁੱਬਕੀਂ … ਹੁੱਬਕੀਂ ਰੋਣ ਲੱਗੀ।

Tuesday, 27 October 2009 15:36

ਝੁਮਕੇ

Written by

ਅੱਜ ਸਕੂਨ ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿੱਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿੱਚ ਕਮਲ ਹੀ ਨਹੀਂ ਉੱਗਦੇ, ਚਿੱਕੜ ਵਿੱਚ ਕੀੜੇ ਮਕੌੜੇ ਵੀ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਸ਼ਨਾਖਤ ਕਰਦੇ, ਕਮਲ ਦੇ ਫੁੱਲ ਚੰਗੇ ਲਗਦੇ ਹਨ। ਇਨ੍ਹਾਂ ਕੀੜਿਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰਦੇ ਫੁੱਲ, ਕਮਲ ਦੇ ਫੁੱਲ ਨਹੀਂ ਸਦੀਂਦੇ। ਫੁੱਲਾਂ ਤੇ ਕੀੜਿਆਂ ਦੇ ਵਿਚਾਲੇ ਖੜੇ ਵਿਚਾਰੇ, ਪਰਖ ਕਰਦੇ ਰਹਿੰਦੇ ਹਨ ਜਿਵੇਂ ਉਹ ਕਿਸੇ ਖੇਡ ਦਾ ਮੈਚ ਵੇਖ ਰਹੇ ਹੋਣ। ਮੈਚ ਦਰਸ਼ਕ ਵੀ ਵੇਖਦਾ ਹੈ ਤੇ ਰੈਫ਼ਰੀ ਵੀ, ਫਰਕ ਤੇ ਸਿਰਫ ਜਿੰਮੇਵਾਰੀ ਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਮੈਚ ਵੇਖ ਰਿਹਾ ਰੈਫ਼ਰੀ ਕਿਤੇ ਤਾਂ ਆਪਣੇ ਅੰਦਰ ਦੇ ਦਰਸ਼ਕ ਦਾ ਕੋਈ ਛੋਟਾ ਜਿਹਾ ਬੋਲ ਤਾਂ ਸੁਣਦਾ ਹੀ ਹੋਵੇਗਾ। ਕਿਤੇ ਤਾਂ ਕੋਈ ਖਿਡਾਰੀ ਉਸਦੇ ਰੈਫਰੀਪੁਣੇ ਨੂੰ ਲਲਕਾਰਕੇ ਉਸਦੀ ਬਿਰਤੀ ਭੰਗ ਕਰਦਾ ਹੀ ਹੋਵੇਗਾ। ਅਕਸਰ ਰੈਫਰੀ ਵੀ ਤੇ ਕਦੇ ਖਿਡਾਰੀ ਹੀ ਹੁੰਦੇ ਹੋਣਗੇ। ਰੈਫਰੀ ਵੀ ਇਨਸਾਨ ਹਨ ਤੇ ਸਾਨੂੰ ਰੋਜ਼ ਜ਼ਿੰਦਗੀ ਵਿੱਚ ਰੈਫਰੀ ਮਿਲਦੇ ਹਨ। ਸਭ ਨੇ ਆਪੋ ਆਪਣੇ ਖੇਤ ਮੱਲੇ ਹੋਏ ਹਨ। ਅਸਲ ਵਿੱਚ ਇਹ ਦੁਨੀਆਂ ਹੀ ਸਾਰੀ ਰੈਫਰੀਆਂ ਨਾਲ ਭਰੀ ਹੋਈ ਹੈ। ਕੋਈ ਛੋਟਾ ਤੇ ਕੋਈ ਵੱਡਾ ਆਪੋ ਆਪਣੀਆ ਸੀਟੀਆਂ ਮਾਰਦੇ ਤੇ ਜ਼ਿੰਦਗੀ ਦੇ ਬੇਹਤਰ ਪਲਾਂ ਨੂੰ ਬੋਝਲ ਕਰਦੇ, ਆਪਣੀਆਂ ਮਨਮਾਨੀਆਂ ਬਿਨਸਦੇ, ਛਾਂਗਦੇ, ਛਾਂਟਦੇ, ਛੋਟੇ ਤੋਂ ਛੋਟਾ ਕਰਦੇ ਭੰਬਲਭੂਸੇ ਵਿੱਚ ਪਏ ਆਪਣੀ ਰੁਕਸਤੀ ਨੂੰ ਲਮਕਾਉਂਦੇ ਤੁਰੇ ਜਾਂਦੇ ਹਨ ਜਾਂ ਕਹਿ ਲਉ ਸਾਰੀ ਉਮਰ ਹੀ ਰੁਕਸਤੀ ਦੀ ਤਿਆਰੀ ਵਿੱਚ ਬਿਤਾ ਦਿੰਦੇ ਹਨ। ਆਖਰੀ ਸੀਟੀ ਮਾਰਨ ਦਾ ਮੌਕਾ ਤਾਂ ਕਿਸੇ ਕਿਸੇ ਨੂੰ ਹੀ ਮਿਲਦਾ ਹੈ।

‘ਆਪ ਆਏ ਬਹਾਰ ਆਈ।’

ਮੈਂ ਮੁਸਕਰਾਇਆ। “ਸਰ ਜੀ ਅਸੀਂ ਤੁਹਾਨੂੰ ਮਿਸ ਕਰਾਂਗੇ।”

“ਮੀ ਟੂ” ਮੈਂ ਮੁਸਕਰਾਕੇ ਹਲਕਾ ਹੋਇਆ। ਮੇਰੀ ਕਾਫ਼ੀ ਗਰਮ ਨਹੀਂ ਰਹਿ ਗਈ ਸੀ ਪਰ ਅਜੇ ਠੰਡੀ ਵੀ ਨਹੀਂ ਹੋਈ ਸੀ ਜਦ ਕਿ ਹੋ ਜਾਣੀ ਚਾਹੀਦੀ ਸੀ। ਮੈਨੂੰ ਲੱਗਾ ਇਹ ਕਾਫੀ ਦਾ ਕੋਸਾ ਕੱਪ ਤਾਂ ਮੇਰੇ ਅੱਗੇ ਦਹਾਕਿਆਂ ਤੋਂ ਪਿਆ ਹੈ। ਮੈਂ ਹਰ ਵਾਰ ਇਸਨੂੰ ਹੱਥ ਵਿੱਚ ਫੜਕੇ ਇਸਦੀ ਗਰਮਾਇਸ਼ ਮਹਿਸੂਸ ਕਰ ਲੈਂਦਾ ਹਾਂ। ਮੇਰੀ ਆਦਤ ਹੀ ਬਣ ਗਈ ਹੈ ਕਿ ਮੈਂ ਆਪਣਾ ਕਾਫੀ ਦਾ ਕੱਪ ਕਦੇ ਵੀ ਖਤਮ ਨਹੀਂ ਕਰਦਾ।

“ਸਰ ਜੀ ਪਿੱਤਲ ਦੇ ਗਲਾਸ ਵਿੱਚ ਗੁੜ ਦੀ ਚਾਹ ਹੋਵੇ, ਤੱਤੀ ਤੱਤੀ, ਰਜ਼ਾਈ ਦੀ ਬੁੱਕਲ ਹੋਵੇ ਤੇ ਬੰਦਾ ਸੜ ਸੜ ਕਰਦੇ ਬੁਲ੍ਹਾਂ ਨਾਲ ਆਖਰੀ ਘੁੱਟ ਤੱਕ ਪੀਵੇ ਦੀਪੇ ਵਾਂਗ, ਤਾਂ ਹੀ ਮਜ਼ਾ ਆਉਂਦਾ ਹੈ।” ਹਰੀ ਨੇ ਆਪਣੇ ਕਾਫ਼ੀ ਦੇ ਢੱਕਣ ਨੂੰ ਮਰੋੜਾ ਜਿਹਾ ਦੇਕੇ ਤੋੜਿਆ ਸੀ। ਉਸਦੀਆਂ ਅੱਖਾਂ ਵਿੱਚ ਜਨੂਨੀ ਤੀਬਰਤਾ ਸੀ। “ਮੈਨੂੰ ਲਗਦਾ ਤੁਸੀਂ ਵੀ ਮੋਰਨੀਆਂ ਵਾਲੇ ਪਿੱਤਲ ਦੇ ਗਲਾਸ ਵਿੱਚ ਹੀ ਪਸੰਦ ਕਰਦੇ ਹੋ ਤਾਂ ਹੀ ਤੇ ਆਪਣੀ ਕਾਫੀ ਨੂੰ ਕਦੇ ਖਤਮ ਨਹੀਂ ਕਰਦੇ।” ਹਰੀ ਨੇ ਇਹ ਗੱਲਾਂ ਉਦੋਂ ਕੀਤੀਆਂ ਸਨ ਜਦੋਂ ਉਸਨੇ ਆਪਣੇ ਸੱਜੇ ਪੈਰ ਨੂੰ ਕਲਾਕ ਵਾਈਜ਼ ਨਹੀਂ ਘੁੰਮਾਇਆ ਸੀ।

ਅਠਾਰਾਂ ਸਾਲ ਗੁਜ਼ਾਰੇ ਹਨ ਮੈਂ ਇੱਥੇ। ਅੱਜ ਲੰਚ ਅੱਧੇ ਘੰਟੇ ਦਾ ਨਾ ਹੋਕੇ ਘੰਟੇ ਦਾ ਸੀ। ਮੁਨੀਮਾਂ ਵਾਂਗ ਸੋਚਾਂ ਤਾਂ ਚਾਰ ਕੁ ਸੌ ਦਾ ਕਸਾਰਾ ਸੀ ਸਾਰਾ। ਚਵੀ ਘੰਟੇ ਸੱਤੇ ਦਿਨ ਚਲਣ ਵਾਲੀ ਪੰਜ ਨੰਬਰ ਮਸ਼ੀਨ ਅਜੇ ਵੀ ਪਹੀਏ ਬਣਾ ਬਣਾ ਪਟੇ ਤੇ ਸੁੱਟੀ ਜਾ ਰਹੀ ਸੀ। ਕਰਿਸਟਲ ਪਲਾਸਟਿਕ ਨੂੰ ਠੰਡਾ ਹੋਣ ਦਾ ਪਤਾ ਨਹੀਂ ਕਾਹਦਾ ਚਾਅ ਚੜਿਆ ਸੀ ਮੇਰੀ ਰਿਟਾਇਰਮੈਂਟ ਦਾ ਲਿਹਾਜ਼ ਵੀ ਨਹੀਂ ਕਰ ਰਹੀ ਸੀ। ਪਤਾ ਨਹੀਂ ਕਿਤਨੇ ਕੁ ਘੰਟੇ ਗੁਜ਼ਾਰੇ ਸਨ ਮੈਂ ਇਸ ਮਸ਼ੀਂਨ ਨਾਲ। ਮਣਾਂ ਮੂੰਹੀਂ ਤੇਲ ਦਿੱਤਾ ਹੋਣਾ ਮੈਂ ਇਸ ਮਸ਼ੀਨ ਨੂੰ ਪਰ ਇਹ ਕਿਹੜੀ ਕਿਸੇ ਨਾਲੋਂ ਘੱਟ ਹੈ। ਇਸਨੂੰ ਵੀ ਕੋਈ ਅਫਸੋਸ ਨਹੀਂ। ਹੋ ਸਕਦਾ ਹੈ, ਇਸਨੂੰ ਵੀ ਆਪਣਾ ਕੰਮ ਮੁੱਕਾਕੇ ਟੁੱਟਣ ਦੀ ਕਾਹਲੀ ਹੋਵੇ। ਕਿਤਨਾ ਕੁ ਚਿਰ ਕੋਈ ਚਲ ਸਕਦਾ ਹੈ। ਝੂਠੀਆਂ ਤਾਰੀਫ਼ਾਂ ਤੇ ਸੱਚੀ ਵਿਦਾਇਗੀ ਦੇ ਵਿਚਾਲੇ ਸਫ਼ਰ ਬਾਰੇ ਸੋਚਾਂ ਤਾਂ ਬੱਚੇ ਵੀ ਪੜ੍ਹ ਗਏ, ਘਰ ਵੀ ਬਣ ਗਿਆ ਤੇ ਸੱਜੀ ਖੱਬੀ ਕਬੀਲਦਾਰੀ ਵੀ ਨਜਿੱਠੀ ਗਈ ਤੇ ਬੀਵੀ ਅਜੇ ਵੀ ਚਿਚੜੀ ਵਾਂਗ ਮੇਰੇ ਨਾਲ ਹੀ ਲਮਕੀ ਫਿਰਦੀ ਹੈ। ਰਿਟਾਇਰਮੈਂਟ ਦੀ ਨਾ ਕੋਈ ਨੂਰੀ ਖੁਸ਼ੀ ਨਾ ਕੋਈ ਝੁਲਸਿਆ ਗਮ, ਬਸ ਫਰੀਜ਼ਡ ਟਰਕੀ ਵਾਂਗ ਮੇਰੇ ਹੱਥ ਵਿੱਚ ਕੁੱਝ ਫੜਿਆ ਹੋਇਆ ਸੀ ਪਰ ਜਿਸਮ ਦੇ ਅੰਦਰ ਦਿਲ ਨਾਮ ਦੇ ਭੁਲੇਖੇ ਨਾਲ ਰੂਹ ਵਾਲਾ ਪਾਸਾ ਇੱਕ ਸਕੂਨ ਨਾਲ ਜਰੂਰ ਰਜਿਆ ਹੋਇਆ ਸੀ। ਰੂਹ ਨੂੰ ਮਤਵਾਲੀ ਪਹਿਚਾਨ ਹੋ ਗਈ ਸੀ। ਦਿਲ ਤਾਂ ਕਬਜਾ ਭਾਲਦਾ ਹੈ ਤੇ ਕਬਜੇ ਕਦੇ ਵੀ ਸ਼ਰੀਫ਼ ਨਹੀਂ ਹੁੰਦੇ।

ਕਿਸੇ ਦੀ ਭਟਕਣ ਦੂਰ ਕਰਨ ਲਈ ਮੇਰੀਆਂ ਕੋਸ਼ਿਸਾਂ, ਕੁੱਝ ਕਰ ਸਕੀਆਂ ਜਾਂ ਨਹੀਂ ਪਰ ਮੇਰੀ ਆਪਣੀ ਖੁਰਚਣ ਨੇ ਮੇਰੀ ਆਪਣੀ ਭਟਕਣ ਤੇ ਬੂਰ ਜਰੂਰ ਲਿਆਂਦਾ ਹੈ। ਉਮਰਾਂ ਦੀਆਂ ਪੌੜੀਆਂ ਚੜਦਿਆਂ ਮੇਰੇ ਆਪਣੇ ਅੰਦਰਲੇ ਮੁੰਡੇ ਦੀਆਂ ਲਗਾਮਾਂ ਨੂੰ ਨਕੇਲ ਜਰੂਰ ਪਈ ਹੈ।

ਮੇਰੀ ਉਮਰ ਉਦੋਂ ਮਸੀਂ ਪੰਤਾਲੀ ਸਾਲ ਸੀ ਤੇ ਮੇਰੇ ਅੰਦਰਲੇ ਮੁੰਡੇ ਦੀ ਉਮਰ ਅਠਾਰਾਂ ਸਾਲ ਜਦੋਂ ਉਹ ਸਾਡੀ ਫੈਕਟਰੀ ਵਿੱਚ ਹਾਇਰ ਹੋਈ। ਇੱਕ ਹਫ਼ਤਾ ਪਹਿਲਾਂ ਕੰਟਰੋਲ ਤੋਂ ਬਾਹਰ ਹੋਏ ਆਰਡਰਾਂ ਨੂੰ ਸੰਭਾਲਣ ਲਈ ਬੋਰਡ ਦੀ ਮੀਟਿੰਗ ਵਿੱਚ ਮੈਨੂੰ ਹਦਾਇਤ ਹੋਈ, ਕੋਈ ਵੀ ਆਵੇ ਹਾਇਰ ਕਰ ਲਵੋ। ਵਰਕਰਾਂ ਨੂੰ ਕਹੋ ਆਪਣੇ ਦੋਸਤਾਂ ਨੂੰ ਦਸਣ। ਅੋਵਰ ਟਾਇਮ ਦੀ ਪਰਵਾਹ ਨਾ ਕਰੋ।

“ਮੇ ਆਈ ਕਮ ਇਨ?”

“ਯੈਸ ਯੈਸ” ਤੇ ਉਹ ਮੇਰੇ ਸਾਹਮਣੇ ਆਕੇ ਬੈਠ ਗਈ। ਮੈਂ ਉਸਨੂੰ ਬੈਠਣ ਲਈ ਨਹੀਂ ਕਿਹਾ ਸੀ ਫਿਰ ਵੀ ਉਹ ਬੈਠ ਗਈ। ਇੱਕ ਯਕੀਨ ਨਾਲ ਬੈਠੀ, ਉਹ ਮੇਰੇ ਹਾਵ ਭਾਵਾਂ ਦਾ ਕੋਈ ਚਿੱਤਰ ਬਨਾਉਣ ਲੱਗ ਪਈ। ਐਸਾ ਮੈਂ ਸੋਚਦਾ ਹਾਂ ਸ਼ਾਇਦ ਉਹ ਐਸਾ ਨਾ ਸੋਚ ਰਹੀ ਹੋਵੇ। ‘ਸੋਚਣ ਵਿੱਚ ਕੀ ਪਰਾਬਲਮ ਹੈ?’ ਇਹੀ ਕਿਹਾ ਸੀ ਕਿਸੇ ਵਕਤ ਹੀਰੀ ਨੇ।

“ਪਰਾਬਲਮ ਤੇ ਕੋਈ ਨਹੀਂ ਪਰ ਸੋਚਣ ਲਈ ਦਿਮਾਗ ਚਾਹੀਦਾ ਹੈ ਤੇ ਦਿਮਾਗ ਕੋਲ ਪਤਾ ਨਹੀਂ ਕੀ ਕੀ ਚਾਹੀਦਾ ਹੈ। ਤੇਰੇ ਕੋਲ ਦਿਮਾਗ ਤਾਂ ਹੈ ਪਰ ਦਿਮਾਗ ਕੋਲ ‘ਕੀ ਕੀ’ ਨਹੀਂ।”

“ਰਹਿਣ ਦਿਉ ਸਰਜੀ ਮੇਰੇ ਕੋਲ ਬਹੁਤ ਕੁੱਝ ਹੈ, ਮੈਨੂੰ ਦਿਮਾਗ ਦੀ ਲੋੜ ਹੀ ਨਹੀਂ।”

ਮੈਂ ਉਸਦੀ ਐਪਲੀਕੇਸ਼ਨ ਆਪਣੇ ਹੱਥ ਵਿੱਚ ਫੜ ਲਈ।

“ਟੂ ਦੀ ਪੰਵਾਂਇੰਟ ਜੁਆਬ ਦੇਣਾ ਹੈ, ਹਾਂ ਜਾਂ ਨਹੀਂ ਵਿਚ, ਸਮਝ ਗਈ?” ਮੈਂ ਅਫਸਰੀ ਦੇ ਆਹਲਾ ਅੰਦਾਜ਼ ਵਿੱਚ ਐਪਲੀਕੇਸ਼ਨ ਤੋਂ ਧਿਆਨ ਚੁੱਕਕੇ ਉਹਦੇ ਵੱਲ ਸਰਸਰੀ ਵੇਖਕੇ ਕਿਹਾ।

ਸਰਸਰੀ ਨਜ਼ਰ ਨਾਲ ਦੇਖਣ ਵਾਲੀ ਕੋਈ ਡੌਲ ਨਹੀਂ ਸੀ ਉਹ। ਕਾਸ਼ ਮੈਂ ਕਾਲੀਆਂ ਐਂਨਕਾਂ ਲਾਈਆਂ ਹੁੰਦੀਆਂ। ਨਜ਼ਰ ਦੀਆਂ ਐਨਕਾਂ ਨਾਲ ਕਿੱਥੇ ਤੁਸੀਂ ਸਾਰਾ ਕੁੱਝ ਦੇਖ ਸਕਦੇ ਹੋ? ਗੋਲ ਮਟੋਲ ਫੁੱਲ, ਤਿੱਖੇ ਤਰਾਸ਼ੇ ਬੂਟੇ, ਉੱਚੇ ਨੀਵੇਂ ਪਹਾੜ, ਪਹਾੜਾਂ ਵਿਚਲੀ ਸਿਲ੍ਹੀ ਸਿਲ੍ਹੀ ਡੰਡੀ, ਰੇਗਿਸਤਾਨ ਵਿੱਚ ਆਏ ਤੂਫਾਂਨ ਤੋਂ ਬਾਦ ਵਾਲੀ ਸ਼ਾਤੀ ਨਾਲ ਸੁਸਤਾਉਂਦੀ ਕੱਕੀ ਕੱਕੀ ਰੇਤ ਕਿਤੋਂ ਉੱਚੀ ਕਿਤੋਂ ਨੀਵੀਂ ਪਰ ਹਰ ਪਾਸਿਉਂ ਮੁਲਾਇਮ ਜਿਸਨੂੰ ਛੋਹਣ ਨੂੰ ਦਿਲ ਕਰਦਾ ਹੈ, ਸਰਦੀ ਰੁੱਤੇ ਪੈਂਦੀ ਸਭਤੋਂ ਪਹਿਲੀ ਸਨੋ ਜੋ ਕਿਤੇ ਖਹਿ ਕੇ ਕਦੇ ਅੜ ਜਾਂਦੀ ਹੈ ਜਾਂ ਅੜਣ ਦਾ ਬਹਾਨਾ ਕਰਦੀ ਹੈ, ਇਹਨਾਂ ਸਭਨੂੰ ਐਨਕਾਂ ਤੋਂ ਬਗੈਰ ਹੀ ਵੇਖਣਾ ਬਣਦਾ ਹੈ ਪਰ ਸੋਹਬਤ ਤੋਂ ਬਿਨ੍ਹਾਂ ਐਨਕਾਂ ਕਿੱਥੇ ਖਹਿੜਾ ਛਡਦੀਆਂ ਹਨ। ਮੈਂ ਪੌਣਾ ਕੁ ਹੀ ਦੇਖ ਸਕਿਆ, ਜਿਨ੍ਹੇ ਦੀ ਇਜਾਜ਼ਤ ਸੀ।

ਐਪਲੀਕੇਸ਼ਨ ਵੇਖਕੇ ਮੇਰਾ ਕੁੱਝ ਮਖੌਲ ਕਰਨ ਨੂੰ ਜੀਅ ਕੀਤਾ ਪਰ ਆਪਣੇ ਜੀਅ ਦਾ ਗਲਾ ਘੁੱਟ ਕੇ ਇਤਨਾ ਹੀ ਪੁੱਛਿਆ। “ਮਿਸਜ਼ ਗਿੱਲ, ਐਜੂਕੇਸ਼ਨ?”

“ਜੀ ਬੀ.ਏ।”

ਜੁਆਬ ਹਾਂ ਜਾਂ ਨਹੀਂ ਵਿੱਚ ਦਿਉ। ਮੈਂ ਡਿਗਰੀਆਂ ਨਹੀਂ ਪੁੱਛੀਆਂ।”

“ਜੀ ਯੈਸ।”

“ਸ਼ਿਫ਼ਟ ਵਰਕ ਕਰੋਗੇ?”

“ਜੀ ਹਾਂ।

“ਕਾਰ ਹੈ?”

“ਜੀ ਨਹੀਂ”

“ਯੂ ਆਰ ਹਾਇਰਡ। ਮਿਸਜ਼ ਹਰੀ ਗਿਲ।” ਮੈਂ ਐਪਲੀਕੇਸ਼ਨ ਤੇ ਨੋਟ ਲਿਖਕੇ ਪਰੇ ਰੱਖ ਦਿੱਤੀ।

“ਮੁਬਾਰਕ।” ਮੇਰੇ ਅੰਦਰਲੇ ਮੁੰਡੇ ਨੇ ਹੱਥ ਮਿਲਾਉਂਣ ਲਈ ਅੱਗੇ ਵਧਾਇਆ। ਹਰੀ ਨੇ ਝਕਦੇ ਝਕਦੇ ਮੇਰੇ ਨਾਲ ਹੱਥ ਮਿਲਾਇਆ। ਉਸ ਦਿਨ ਮੈਂ ਪੰਜ ਮੁੰਡੇ ਤੇ ਚਾਰ ਕੁੜੀਆਂ ਹਾਇਰ ਕੀਤੀਆਂ ਪਰ ਹੱਥ ਮੈਂ ਹੋਰ ਕਿਸੇ ਨਾਲ ਨਹੀਂ ਮਿਲਾਇਆ। ਸਾਰਿਆਂ ਨੂੰ ਸੇਫਟੀ ਸ਼ੂ ਲੈਕੇ ਆਉਣ ਦੀ ਤਾਕੀਦ ਕਰਕੇ ਉਹਨਾਂ ਦੀਆਂ ਸ਼ਿਫਟਾਂ ਅਲਾਟ ਕਰ ਦਿਤੀਆਂ।

ਅਗਲੇ ਦਿਨ ਮੈਂ ਕੰਮ ਤੇ ਪੰਦਰਾਂ ਮਿੰਟ ਪਹਿਲਾਂ ਪਹੁੰਚ ਗਿਆ। ਹਰੀ ਇੱਕ ਦਰਸ਼ਨੀ ਨੌਜਵਾਨ ਨਾਲ ਐਂਟਰੈਸ ਕੋਲ ਖੜੀ ਸੀ। ਇਹ ਫੈਸਲਾ ਕਰਨਾ ਔਖਾ ਸੀ ਕਿ ਦੋਵਾਂ ਵਿਚੋਂ ਜਿਆਦਾ ਸੋਹਣਾ ਕੌਣ ਹੈ। ਮੈਂਨੂੰ ਵੇਖਕੇ ਹੰਸ ਮੇਰੇ ਕੋਲ ਆ ਗਏ।

“ਇਹ ਮੇਰ ਹਸਬੈਂਡ ਹਨ ਪਰਮਿੰਦਰ ਤੇ ਪਰਮਿੰਦਰ ਇਹ ਹਨ ਸਾਡੇ ਫੋਰਮੈਨ ਗੋਪੀ ਜੀ।” ਹਰੀ ਨੇ ਹਲਕਾ ਜਿਹਾ ਮੁਸਕਰਾ ਕੇ ਚੇਹਰੇ ਦੇ ਖੇੜੇ ਨੂੰ ਸਿਵਾਇਆ ਕਰਦਿਆਂ ਕਿਹਾ। ਮੈਂ ਪਰਮਿੰਦਰ ਨਾਲ ਹੱਥ ਮਿਲਾਉਂਦਿਆਂ ਆਪਣੇ ਅੰਦਰਲੇ ਮੁੰਡੇ ਨੂੰ ਛੋਟਾ ਛੋਟਾ ਮਹਿਸੂਸ ਕੀਤਾ। ਮੇਰੀ ਕਰੜ ਬਰੜ ਫਰੈਂਚ ਕੱਟ ਦਾੜੀ ਵਿੱਚ ਮਾਮੂਲੀ ਜਿਹੀ ਖੁਰਕ ਹੋਈ ਜਿਸਨੂੰ ਮੈਂ ਨਜ਼ਰ ਅੰਦਾਜ਼ ਕਰਨਾ ਚਾਹਿਆ। ਬਹੁਤ ਕੋਸ਼ਿਸ਼ ਕਰਨ ਦੇ ਬਾਵਯੂਦ ਵੀ ਮੈਨੂੰ ਲੁਕਵੇਂ ਢੰਗ ਨਾਲ ਥੋੜੀ ਜਿਹੀ ਖੁਰਕ ਕਰਨੀ ਹੀ ਪਈ।

“ਜੀ ਹਰੀ ਦਾ ਖਿਆਲ ਰੱਖਿਉ। ਅਜੇ ਹੁਣੇ ਹੀ ਇੰਡੀਆ ਤੋਂ ਆਈ ਹੈ ਕਿਤੇ ਉਧਰ ਨਾ ਜਾਏ। ਮੈਂ ਤੇ ਕਹਿੰਦਾ ਸੀ ਕੰਮ ਨਾ ਕਰ, ਪੜਾਈ ਕਰ ਲੈ ਪਰ ਇਹਨੂੰ ਕਮਾਈ ਕਰਨ ਦਾ ਚਾਅ ਚੜਿਆ ਹੈ।”

“ਜੀ ਤੁਸੀਂ ਫਿਕਰ ਨਾ ਕਰੋ, ਮੇਰੀ ਛੋਟੀ ਭੈਣ ਵਾਂਗ ਹੈ। ਮੈਂ ਉਦਾਸ ਨਹੀਂ ਹੋਣ ਦਿੰਦਾ।” ਮੈਂ ਕੁਫ਼ਰ ਤੋਲਦਿਆਂ ਪਰਮਿੰਦਰ ਦੀਆਂ ਸਾਰੀਆਂ ਚਿੰਤਾਵਾਂ ਤੋਂ ਉਸਨੂੰ ਮੁਕਤ ਕਰ ਦਿੱਤਾ। ਹਰੀ ਦੀਆਂ ਅੱਖਾਂ ਵਿੱਚ ਵੀ ਨਿਸਚਿੰਤਤਾ ਆ ਗਈ। ਉਸਦੀਆਂ ਭਾਵਨਾਵਾਂ ਨਾਲ ਮੇਰੇ ਵਲ ਤਕਦੀਆਂ ਗੋਲ ਮਟੋਲ ਅੱਖਾਂ, ਮੈਨੂੰ ਹੋਰ ਵੀ ਸੈਕਸੀ ਲੱਗੀਆਂ।

“ਅੱਜ ਤੁਹਾਡੇ ਸਾਰਿਆਂ ਦੇ ਇਨ ਟਾਇਮ ਮੈਂ ਹੱਥ ਨਾਲ ਲਿਖਾਂਗਾ। ਆਊਟ ਟਾਇਮ ਲਈ ਤੁਸੀਂ ਦਿੱਤੇ ਕਾਰਡ ਆਪ ਸਵਾਈਪ ਕਰਨੇ ਹਨ ਤੇ ਕਲ ਤੋਂ ਇਨ ਤੇ ਆਊਟ ਟਾਇਮ ਤੁਸੀਂ ਆਪ ਕਰਨੇ ਹਨ।” ਮੈ ਸਾਰਿਆਂ ਨੂੰ ਸਵਾਈਪ ਕਾਰਡ ਫੜਾਉਂਦਿਆਂ ਕਿਹਾ। ਪਹਿਲੀ ਘੰਟੀ ਤੋਂ ਪਹਿਲਾਂ ਇਨ ਕਾਰਡ ਸਵਾਈਪ ਹੋਣਾ ਚਾਹੀਦਾ ਹੈ। ਸ਼ਿਫਟ ਖਤਮ ਹੋਣ ਵੇਲੇ ਪਹਿਲੀ ਬੈਲ ਹੋਣ ਤੇ ਹੀ ਵਰਕ ਪਲੇਸ ਤੋਂ ਹਿਲਣਾ ਹੈ। ਪਹਿਲੀ ਤੇ ਦੂਸਰੀ ਬੈਲ ਦਾ ਵਿਚਕਾਰਲਾ ਟਾਇਮ ਤੁਹਾਡੀ ਸਾਫ਼ ਸਫਾਈ ਦਾ ਹੈ। ਜਿੰਨਾ ਚਿਰ ਦੂਸਰਾ ਉਪਰੇਟਰ ਆ ਨਾ ਜਾਏ ਮਸ਼ੀਨ ਨੂੰ ਉਪਰੇਟ ਕਰਨਾ ਬੰਦਾ ਨਹੀਂ ਕਰਨਾ। ਖਾਸ ਕਰਕੇ ਕਰਿਸਟਲ ਪਲਾਸਟਕ ਤੇ ਠੰਡਾ ਹੋਣ ਨੂੰ ਵਕਤ ਹੀ ਨਹੀਂ ਲਾਉਂਦਾ। ਬਰੇਕ ਟਾਇਮ ਤੇ ਤੁਹਾਨੂੰ ਰਿਲੀਵਰ ਰਿਲੀਵ ਕਰੇਗਾ। ਬਰੇਕ ਟਾਇਮ ਕੋਈ ਪੱਕਾ ਨਹੀਂ ਹੈ। ਐਂਨੀ ਕੁਅਸਚਨ?” ਮੈਂ ਸਾਰਾ ਕੁੱਝ ਸਮਝਾ ਕੇ ਆਖਰੀ ਗੱਲ ਕਹੀ।

“ਹਾਂ ਤੇ ਕੋਸ਼ਿਸ ਕਰੋ, ਵਾਸ਼ਰੂਮ ਨਾ ਜਾਣਾ ਪਵੇ ਤੇ ਜੇ ਜਰੂਰਤ ਪੈ ਹੀ ਜਾਵੇ ਤਾਂ ਹੈਲਪ ਬਟਨ ਨਪੋ, ਕੋਈ ਨਾ ਕੋਈ ਤੁਹਾਡੀ ਸਹਾਇਤਾ ਲਈ ਆ ਜਾਇਗਾ।”

ਮੈਂ ਕਹਿ ਤੇ ਦਿਤਾ ਪਰ ਹੈਲਪ ਦੇ ਨਾਮ ਤੇ ਮੇਰੇ ਕੋਲ ਸਿਰਫ਼ ਦੋ ਹੀ ਕਾਮੇ ਸਨ। ਇੱਕ ਰੀਟਾ ਤੇ ਇੱਕ ਮਾਰੀਆ। ਮਾਰੀਆ ਤੇ ਭਰੋਸੇਮੰਦ ਸੀ, ਭੰਬੀਰੀ ਵਾਂਗ ਘੁੰਮਦੀ ਰਹਿੰਦੀ। ਬਰੇਕ ਟਾਇਮ ਤੋਂ ਪਹਿਲਾਂ ਹੀ ਪੂਰੀ ਤਿਆਰੀ ਕਰ ਲੈਂਦੀ ਪਰ ਰੀਟਾ ਪਲਾਂਟ ਮੈਨੇਜਰ ਨਾਲ ਕੁੱਝ ਜਿਆਦਾ ਹੀ ਘੁਲੀ ਮਿਲੀ ਸੀ। ਕਹਿਣ ਨੂੰ ਤੇ ਜ਼ਾਹਰਾ ਤੌਰ ਤੇ ਕੁੱਝ ਵੀ ਨਹੀਂ ਸੀ ਪਰ ਲੋਕੀਂ ਮੈਨੇਜਰ ਦੀ ਕਿਰਪਾ ਦ੍ਰਿਸ਼ਟੀ ਨੂੰ ਹੋਰ ਹੀ ਤੰਦ ਨਾਲ ਬੰਨਕੇ ਆਪਣੇ ਸੁਆਦ ਦਾ ਮੱਕੂ ਠੱਪਦੇ ਰਹਿੰਦੇ। ਪਰੋਗਰੈਸ ਚਾਰਟ ਬਨਾਉਣ ਲਈ ਜੇ ਸੱਜੇ ਹੱਥ ਵਿੱਚ ਪੈਂਨ ਹੁੰਦਾ ਤੇ ਖੱਬੇ ਹੱਥ ਵਿੱਚ ਲਿਪਸਟਿਕ ਘੁੱਟੀ ਰਖਦੀ। ਉਸਨੂੰ ਮਸ਼ੀਂਨ ਤੇ ਉਪਰੇਟਰ ਲਾਉਣਾ ਮੇਰੇ ਵੱਸ ਵਿੱਚ ਨਹੀਂ ਸੀ। ਪਤਾ ਨਹੀਂ ਸਵੇਰੇ ਸਵੇਰੇ ਉੱਠਕੇ ਇਤਨਾ ਮੇਕਅੱਪ ਕਿਸਤਰਾਂ ਕਰ ਲੈਂਦੀ? ਸਮਝ ਤੇ ਇਹ ਵੀ ਨਹੀਂ ਆਉਂਦੀ ਕਿ ਇਤਨਾ ਹਸੂੰ ਹਸੂੰ ਕਰਦੀ ਦਾ ਡਾਇਵੋਰਸ ਕਿਸਤਰਾਂ ਹੋ ਗਿਆ। ਆਪਣੇ ਹੋਏ ਤੇ ਬੀਤ ਰਹੇ ਡਾਇਵੋਰਸ ਦਾ ਉਸਨੂੰ ਭੋਰਾ ਵੀ ਅਫਸੋਸ ਨਹੀਂ ਸੀ। ਯਾਰਾਂ ਸਾਲ ਦੇ ਮੁੰਡੇ ਦਾ ਉਸਨੂੰ ਕੋਈ ਖਿਆਲ ਨਹੀਂ ਸੀ। ਪਤਾ ਨਹੀਂ ਚਾਰ ਸਾਲ ਵਿੱਚ ਉਸਦੀਆਂ ਅੱਖਾਂ ਇਤਨੀਆਂ ਛੋਟੀਆਂ ਕਿਵੇਂ ਹੋ ਗਈਆਂ? ਸ਼ਾਇਦ ਦੂਰ ਤੱਕ ਦੇਖਣ ਦੀ ਤਮੰਨਾ ਹੀ ਨਹੀਂ ਸੀ ਰਹੀ ਉਸਦੀ। ਬਰੇਕਾਂ ਦਿੰਦੀ ਇਸਤਰ੍ਹਾਂ ਵਿਹਾਰ ਕਰਦੀ ਜਿਵੇਂ ਉਨ੍ਹਾਂ ਤੇ ਅਹਿਸਾਨ ਕਰ ਰਹੀ ਹੋਵੇ। ਪਰ ਇੱਕ ਫਾਇਦਾ ਵੀ ਸੀ ਉਹਦਾ ਰਿਲੀਵ ਕੀਤਾ ਉਪਰੇਟਰ ਕਦੇ ਵੀ ਲੇਟ ਨਹੀਂ ਸੀ ਹੋ ਸਕਦਾ।

ਉਸ ਦਿਨ ਮੱਖਣ ਸਿੰਘ ਮਟੀਰਿਅਲ ਹੈਂਡਲਰ ਛੁਟੀ ਤੇ ਸੀ। ਫਰੈਂਕ ਮਕੈਨਿਕ ਮੱਖਣ ਸਿੰਘ ਦੀ ਜੌਬ ਕਰਨ ਲੱਗ ਪਿਆ ਤੇ ਮੈ ਫਰੈਂਕ ਦੀ ਜਗ੍ਹਾ ਮੋਲਡ ਚੇਂਜ ਕਰਨ ਵਿੱਚ ਰੁੱਝ ਗਿਆ। ਮਸ਼ੀਂਨ ਨੰਬਰ ਸੱਤ ਦਾ ਮੋਲਡ ਚੇਂਜ ਕਰਕੇ ਮੈਂ ਮਸ਼ੀਨ ਚਾਲੂ ਕਰ ਦਿੱਤੀ। ਸਤ ਸੌ ਪੀਸ ਪੂਰੇ ਕਰਨ ਤੋਂ ਬਾਦ ਮਸ਼ੀਨ ਨੰਬਰ ਪੰਜ ਦਾ ਮੋਲਡ ਵੀ ਚੇਂਜ ਕਰਨਾ ਸੀ ਜਿੱਥੇ ਹਰੀ ਕੰਮ ਕਰ ਰਹੀ ਸੀ। ਸਤ ਸੌ ਪੀਸ ਬਨਣ ਨੂੰ ਅਜੇ ਦੋ ਘੰਟੇ ਲਗਣੇ ਸਨ।

ਮੋਲਡ ਚੇਂਜ ਕਰਨ ਲਗਿਆਂ ਮੈਂ ਹਰੀ ਨੂੰ ਕਿਹਾ, “ਹੀਰੀ, ਆ ਜ਼ਰਾ ਲੌਂਗ ਨੋਜ਼ ਪਲਾਇਰ ਫੜਾਈਂ। ਇੱਕ ਫੀਮੇਲ ਪੀਸ ਮੋਲਡ ਵਿੱਚ ਫਸਿਆ ਪਿਆ ਹੈ। ਮੇਲ ਪੀਸ ਕਦੇ ਵੀ ਮੋਲਡ ਵਿੱਚ ਨਹੀਂ ਫਸਦੇ।” ਮੇਰੀ ਗੁੱਟਰਗੂੰ ਨੂੰ ਸੁਣਕੇ ਹਰੀ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਪਲਾਇਰ ਫੜਾ ਦਿੱਤਾ। ਮੈਨੂੰ ਪਤਾ ਸੀ ਹਰੀ ਨੂੰ ਹੀਰੀ ਦਾ ਨਾਮ ਦੇਣਾ ਕਿਸੇ ਮੈਸਜ਼ ਦਾ ਸੰਕੇਤ ਹੈ ਪਰ ਇਹ ਮੈਂ ਜਾਣ ਬੁੱਝ ਕੇ ਨਹੀਂ ਕਿਹਾ ਸੀ। ਪਤਾ ਨਹੀਂ ਕਿਸਤਰ੍ਹਾਂ ਕਹਿ ਹੋ ਗਿਆ। ਪਰ ਹਰੀ ਅਜੇ ਸ਼ਸ਼ੋਪੰਜ ਵਿੱਚ ਹੀ ਸੀ। ਉਹ ਕੀ ਸੋਚਦੀ ਸੀ ਜਾਂ ਸੋਚਦੀ ਵੀ ਸੀ ਜਾਂ ਨਹੀਂ। ਮੈਂ ਇਹ ਸੋਚਦਿਆਂ ਮੋਲਡ ਦੇ ਨੱਟ ਖੋਲ ਰਿਹਾ ਸੀ।

ਆਖਰੀ ਨਟ ਖੋਲਣ ਲਗਿਆਂ ਮੈਂ ਹੀਰੀ ਵਲ ਵੇਖਿਆ। ਹਰੀ ਮੇਰੇ ਵਲ ਵੇਖ ਰਹੀ ਸੀ। ਮੈਂ ਆਪਣੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲਾਹ ਲਈਆਂ। ਸ਼ਾਇਦ ਇਹ ਸੋਚਕੇ ਕਿ ਮੇਰੀਆਂ ਨੰਗੀਆਂ ਅੱਖਾਂ ਦੇ ਸੱਚ ਦੀ ਇੱਕ ਝਲਕ ਹਰੀ ਵੀ ਵੇਖ ਲਵੇ ਤੇ ਜੰਮੀ ਹੋਈ ਬਰਫ਼ ਦਾ ਇੱਕ ਤੁਪਕਾ ਅਛੋਪਲੇ ਜਿਹੇ ਉਸ ਫ਼ਰਸ਼ ਤੇ ਡਿਗ ਪਵੇ ਜਿਸ ਤੇ ਕੁੱਝ ਹੀ ਦੂਰੀ ਤੇ ਹੀਰੀ ਆਪਣੇ ਪੈਰਾਂ ਉੱਤੇ ਖਲੋਤੀ ਹੋਈ ਸੀ। ਹਰੀ ਦੇ ਪੈਰ ਭਾਰੇ ਸੇਫ਼ਟੀ ਸ਼ੂ ਵਿੱਚ ਕੈਦ ਸਨ। ਉਹ ਸ਼ੂ ਜੋ ਉਸਨੂੰ ਉਸਦੇ ਪਤੀ ਪਰਮੇਸ਼ਰ ਨੇ ਖਰੀਦਕੇ ਦਿੱਤੇ ਹੋਏ ਸਨ। ਸੇਫਟੀ ਸ਼ੂਜ਼ ਨੇ ਹਰੀ ਦਾ ਸਾਰਾ ਸਮਾਨ ਚੁੱਕਿਆ ਹੋਇਆ ਸੀ। ਉਸਦਾ ਸਾਰਾ ਸਮਾਨ ਸਲੀਕੇ ਨਾਲ ਸਜਿਆ ਹੋਇਆ ਸੀ। ਸਜਾਵਟ ਵਿੱਚ ਕੋਈ ਬਨਾਵਟ ਨਹੀਂ ਸੀ। ਹਰ ਚੀਜ਼ ਆਪਣੀ ਪੂਰੀ ਠੁੱਕ ਨਾਲ ਥਾਂ ਟਿਕਾਣੇ ਸੀ। ਠਾਠਾਂ ਮਾਰਦੇ ਜ਼ੋਬਨ ਦੇ ਸ਼ੋਰ ਵਿੱਚ ਜੇ ਕੋਈ ਗਇਬ ਵਸਤੂ ਸੀ ਤਾਂ ਉਹ ਸਨ ਉਸਦੇ ਨਿੱਕੇ ਨਿੱਕੇ ਸੁਪਨੇ। ਸੋਨੇ ਚਾਂਦੀ ਦੀ ਕੋਈ ਵੀ ਚੀਜ਼ ਉਸਦੇ ਹੱਥਾਂ ਕੰਨਾਂ ਵਿੱਚ ਨਹੀਂ ਸੀ। ਉਸਦੀਆਂ ਅੱਖਾਂ ਦੀ ਸੁਲਝਣ ਕਿਸੇ ਤਲਾਸ਼ ਵਿੱਚ ਦਿਸਦੀ ਸੀ। ਇੰਝ ਲਗਦਾ ਸੀ ਕਿ ਉਹ ਆਪਣੀ ਰੂਹ ਦੀ ਖੁਸ਼ਬੋ ਨੂੰ ਢੂੰਡਦੀ, ਆਪਣੇ ਹੀ ਸਿਰਜੇ ਸੰਸਾਰ ਦਾ ਨਿੱਘ ਮਾਨਣ ਤੋਂ ਵਾਂਝੀ ਇੱਕ ਪਲਾਸਟਿਕ ਡੌਲ ਵਾਂਗ ਤੁਰੀ ਫਿਰਦੀ ਹੈ।

ਹੋ ਸਕਦਾ ਹੈ ਇਹ ਮੇਰਾ ਵਹਿਮ ਹੀ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਹੀ ਇਹ ਚਾਹੁੰਦਾ ਹੋਵਾਂ ਕਿ ਐਸਾ ਹੀ ਹੋਵੇ। ਇਹ ਨਿੱਘ ਤਾਂ ਬਚਪਨ ਹੁੰਢਾਉਂਦਾ ਹੈ। ਇਹ ਨਿੱਘ ਤਾਂ ਹੌਲੀ ਹੌਲੀ ਗਰਮਾਉਂਦਾ ਹੈ। ਇਹ ਨਿਘ ਤਾਂ ਕੁੱਝ ਤਲਾਸ਼ਦਾ ਹੈ। ਇਸ ਤਲਾਸ਼ ਦੇ ਸਰੋਕਾਰ ਹੀ ਹਰੀ ਨੂੰ ਹੀਰੀ ਬਣਾਉਂਦੇ ਹਨ। ਮੇਰੀਆਂ ਬਾਰ ਬਾਰ ਤਿਲਕਦੀਆਂ ਅੱਖਾਂ ਨੇ ਹੀਰੀ ਦੀ ਵਿਹੂਣੀ ਨਜ਼ਰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਂ ਧੋਖਾ ਖਾ ਗਿਆ, ਸਾਰਾ ਕੁੱਝ ਭਾਰ ਰਹਿਤ ਨਹੀਂ ਹੁੰਦਾ ਤੇ ਮੈਂਨੂੰ ਪਤਾ ਹੀ ਨਹੀਂ ਲੱਗਾ ਕਦੋਂ ਦੋ ਸੌ ਕਿਲੋ ਦਾ ਮੋਲਡ ਆਪਣੀਆਂ ਰੋਕਾਂ ਟੋਕਾਂ ਤੋਂ ਖਿਸਕਕੇ ਮੇਰੇ ਪੈਰਾਂ ਤੇ ਡਿਗ ਪਿਆ। ਇੱਕ ਜੋਰਦਾਰ ਅਵਾਜ਼ ਨਾਲ ਮੇਰੀ ਚੀਕ ਵੀ ਰਲ ਗਈ। ਸੇਫ਼ਟੀ ਸ਼ੂ ਮਿਧਦਾ ਹੋਇਆ ਭਾਰਾ ਮੋਲਡ ਮੇਰੇ ਪੈਰ ਦੀਆਂ ਦੋ ਉਂਗਲਾਂ ਨੂੰ ਵੀ ਮਿਧ ਗਿਆ।

ਮੇਰੇ ਕੰਨਾਂ ਨੇ ਹਰੀ ਦੀ ਚੀਕ ਸੁਣੀ। ਇਹ ਚੀਕ ਕੋਈ ਓਪਰੀ ਨਹੀਂ ਸੀ, ਆਪਣੀ ਸੀ। ਉਸਦੀਆਂ ਮੋਟੀਆਂ ਗੋਲ ਮਟੋਲ ਅੱਖਾਂ ਵਿੱਚ ਇੱਕਦਮ ਤੈਰੇ ਅਥਰੂ ਵੇਖਕੇ ਮੇਰੇ ਅੰਦਰ ਇੱਕ ਭੰਨਤੋੜ ਹੋਈ। ਇਸ ਭੰਨਤੋੜ ਨੂੰ ਮੈਂ ਅਹਿਸਾਸ ਦਾ ਨਾਮ ਨਹੀਂ ਦੇ ਸਕਦਾ। ਤਰੇਲੀਉ ਤਰੇਲੀ ਹੋਇਆ ਪੀਲਾ ਭੂਕ ਚੇਹਰਾ, ਇੱਕਲੀ ਪੀੜ ਨਾਲ ਹੀ ਭਰਿਆ ਹੋਇਆ ਨਹੀਂ ਸੀ। ਖੂਨ ਨਾਲ ਲੱਥਪੱਥ ਮੇਰੇ ਬੂਟਾਂ ਦੇ ਤਸਮੇਂ ਹਰੀ ਖ੍ਹੋਲ ਰਹੀ ਸੀ। ਇੱਕ ਨਿੱਘ, ਨਿਰਵਿਘਨ ਮੇਰੀ ਰੂਹ ਨੂੰ ਛੋਹ ਰਿਹਾ ਸੀ। ਰੂਹ ਦੀ ਹੂਕ ਨੂੰ ਜਲਦੀ ਜਲਦੀ ਕੋਈ ਨਾਮ ਦਿੱਤਾ ਵੀ ਨਹੀਂ ਜਾ ਸਕਦਾ। ਇਹ ਤਾਂ ਇਨਸਾਨੀਅਤ ਦੀ ਇੱਕ ਗਲਵਕੜੀ ਸੀ। ਜਿਸ ਦਾ ਮੇਰੇ ਅੰਦਰਲੇ ਮੁੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹਰੀ ਨੇ ਭਜਕੇ ਪਾਣੀ ਦਾ ਗਲਾਸ ਲਿਆਂਦਾ। ਮੈਨਜਮੈਂਟ ਦੀ ਭੀੜ ਨੂੰ ਧੁਸ ਨਾਲ ਚੀਰਦੀ ਹਰੀ, ਇਸ ਕਾਇਨਾਤ ਦੀ ਮਾਲਕ ਲੱਗ ਰਹੀ ਸੀ।

ਫੈਕਟਰੀ ਤੇ ਇਸਦੇ ਸਿਸਟਮ ਨੂੰ ਨਿਗੂਣਾ ਸਮਝਦੇ ਹੋਏ ਉਸਨੇ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਗਾਇਆ। ਮੈਂ ਕਦੇ ਕਦੇ ਆਪਣੀ ਇੱਕਲਤਾ ਨਾਲ ਗੱਲਾਂ ਕਰਦਿਆਂ ਸੋਚਿਆ ਕਰਦਾ ਸੀ ਕਿ ਇਨਸਾਨ ਸਾਰੀ ਜ਼ਿੰਦਗੀ ਵਿਚਰਦਾ ਮਾਂ-ਬਾਪ, ਭੈਣ-ਭਰਾ, ਪਰਿਵਾਰ ਸਮਾਜ ਨਾਲ ਰਹਿੰਦਿਆਂ ਇੱਕ ਵੀ ਇਨਸਾਨ ਦੀ ਕਮਾਈ ਨਹੀਂ ਕਰਦਾ ਜਿਸ ਨਾਲ ਉਹ ਸਾਰੇ ਦੁਖ ਸੁਖ ਸਾਂਝੇ ਕਰ ਸਕੇ। ਅਪਣੇ ਸਾਰੇ ਪਾਪ-ਪੁੰਨ ਸਾਂਝੇ ਕਰ ਸਕੇ। ਕਿਸੇ ਨਾਲ ਕਿਸੇ ਗੱਲ ਦਾ ਲਕੋ ਤੇ ਕਿਸੇ ਨਾਲ ਕਿਸੇ ਹੋਰ ਗੱਲ ਦਾ ਲਕੋ। ਸ਼ਰਮਸ਼ਾਰ ਕਰਨ ਵਾਲੀਆਂ ਗੱਲਾਂ ਨੂੰ ਸਾਂਝਾ ਕਰਨ ਲਈ ਵੀ ਕੋਈ ਚਾਹੀਦਾ ਹੈ। ਕੋਈ ਮਿਲਣਾ ਚਾਹੀਦਾ ਹੈ। ਪਰ ਲਾਟਰੀ ਨਿਕਲਣ ਦਾ ਚਾਂਸ ਹੈ ਪਰ ਐਸਾ ਸੁਖਰਾਬ ਮਿਲਣ ਦਾ ਕੋਈ ਚਾਂਸ ਨਹੀਂ। ਸਾਰੀ ਜ਼ਿੰਦਗੀ ਵਿੱਚ ਐਸਾ ਨਿਰਛੱਲ ਇਨਸਾਨ ਤਾਂ ਉਹ ਹੀ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਕੋਈ ਨਾਤਾ ਨਾ ਹੋਵੇ, ਤੁਹਾਨੂੰ ਛੱਲਣ ਨਾਲ ਉਸਦਾ ਕੋਈ ਵੀ ਫਾਇਦਾ ਜੁੜਿਆ ਹੋਇਆ ਨਾ ਹੋਵੇ। ਇਹ ਵੀ ਤੇ ਇੱਕ ਸਤ-ਸੁਪਨਾ ਹੈ, ਤੇਰੇ ਦੁਧ ਦੇ ਗਲਾਸ ਵਿੱਚ ਮਖਣਾਂ ਮੈਂ ਰਲ ਜਾਵਾਂ ਖੰਡ ਬਣਕੇ। ਨਾਤੇ ਤਾਂ ਪਰਦਾ ਭਾਲਦੇ ਹਨ। ਉਹ ਤੁਹਾਡੀ ਮਾਂ ਨਾ ਹੋਵੇ ਪਤਨੀ ਤਾਂ ਬਿਲਕੁਲ ਨਾ ਹੋਵੇ ਇਥੋਂ ਤੱਕ ਕਿ ਤੁਹਾਡਾ ਦੋਸਤ ਵੀ ਨਾ ਹੋਵੇ। ਕਨਫ਼ੈਸ਼ਨ ਨੂੰ ਸਮਝਣ ਵਾਲਾ ਕੋਈ ਸਿਆਣਾ ਵੀ ਨਾ ਹੋਵੇ। ਇਥੋਂ ਤੱਕ ਕਿ ਬੰਦੇ ਦਾ ਬਣਾਇਆ ਰੱਬ ਵੀ ਨਾ ਹੋਵੇ। ਰੱਬ ਤਾਂ ਤੁਹਾਡੀ ਕਹੀ ਹੋਈ ਗੱਲ ਨੂੰ ਕਨਫ਼ੈਸ਼ਨ ਸਮਝਕੇ, ਕੋਈ ਰੂਪ ਦੇ ਦੇਵੇਗਾ। ਇੱਕੋ ਹੀ ਸਦਾਚਾਰੀ ਖਿੜਕੀ ਖੋਲੇਗਾ। ਆਪਣੇ ਪ੍ਰਛਾਂਵੇਂ ਵਿੱਚ ਲੈਕੇ ਤੁਹਾਡੀ ਧੁੱਪ ਖੋਹ ਲਵੇਗਾ। ਬੰਦੇ ਦਾ ਸਿਰਜਿਆ ਕੰਮਪਿਊਟਰੀ-ਰੱਬ, ਸੱਚ ਕਦੋਂ ਬੋਲਦਾ ਹੈ? ਰੱਬ ਤਾਂ ਇਨਸਾਨ ਦੇ ਪਿੱਛੇ ਹੀ ਪਿਆ ਰਹਿੰਦਾ ਹੈ। ਉਹ ਕਦੋਂ ਖੁਸ਼ਬੋਆਂ ਦੀ ਗੱਲ ਕਰਨ ਦਿੰਦਾ ਹੈ? ਪਰ ਰਬ ਵੀ ਕੀ ਕਰੇ, ਸਵੀਕਾਰੇ ਰਬ ਵਿੱਚ ਅਸੀਂ ਖੁਸ਼ਬੋ ਬੀਜਦੇ ਹੀ ਕਦੋਂ ਹਾਂ?

ਐਮਬੂਲੈਂਸ ਵਿੱਚ ਸਟਰੇਚਰ ਤੇ ਸੁਆਰ ਹੁੰਦਿਆਂ ਅਥਾਹ ਪੀੜ ਨੂੰ ਸਹਾਰਦਿਆਂ, ਹੀਰੀ ਦੀਆਂ ਅੱਖਾਂ ਵਿਚਲੀ ਨਮੀਂ ਨੇ ਇੱਕ ਵਖਰੇ ਅੰਦਾਜ਼ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ।

ਦੋ ਮਹੀਨੇ ਦੀਆਂ ਛੁਟੀਆਂ, ਬਸ ਮੌਜਾਂ ਹੀ ਮੌਜਾਂ। ਕੋਈ ਫ਼ਿਕਰ ਨਹੀਂ, ਕੋਈ ਪਰੋਡਕਸ਼ਨ, ਕੋਈ ਪਰੋਗਰੈਸ ਚਾਰਟ, ਕੋਈ ਸਵੇਰੇ ਉੱਠਣ ਦੀ ਕਾਹਲ ਨਹੀਂ ਬਸ ਥੋੜਾ ਜਿਹਾ ਲੰਗੜਾਉਣਾ ਤੇ ਔਖੇ ਜਿਹੇ ਹੋਕੇ ਬੈਠਣਾ ਤੇ ਲੇਟਣਾ। ਇਹ ਤੇ ਕੁੱਝ ਵੀ ਨਹੀਂ ਸੀ। ਬਸ ਥੋੜੀ ਜਿਹੀ ਤਕਲੀਫ਼ ਟਾਇਲਟ ਤੇ ਬੈਠਣ ਲਗਿਆਂ ਜ਼ਿਆਦਾ ਹੁੰਦੀ ਸੀ, ਫ਼ਿਰ ਵੀ ਮੈਂ ਖੁਸ਼ ਸੀ। ਫੈਕਟਰੀ ਵਾਲਿਆਂ ਇਹਨਾਂ ਦੋ ਮਹੀਨਿਆਂ ਵਿੱਚ ਮੇਰੀ ਜਗ੍ਹਾ ਰੀਟਾ ਨੂੰ ਦੇ ਦਿਤੀ। ਰੀਟਾ ਦੇ ਮੇਕਅੱਪ ਦਾ ਖਰਚਾ ਵਧ ਗਿਆ ਤੇ ਵਰਕਰ ਡਾਹਢੇ ਔਖੇ ਹੋ ਗਏ।

ਇੱਕ ਦਿਨ ਡੋਰ-ਬੈਲ ਹੋਈ। ਮੈਂ ਲੱਤਾਂ ਘੜੀਸ ਕੇ ਆਪਣੀਆਂ ਫੌੜੀਆਂ ਚੁੱਕੀਆਂ ਤੇ ਦਰਵਾਜ਼ਾ ਖੋਲਿਆ। ਹਰੀ ਤੇ ਪਰਮਿੰਦਰ ਬਾਹਰ ਖੜੇ ਸਨ।

“ਸਤਿ ਸ੍ਰੀ ਅਕਾਲ ਭਾਜ਼ੀ।” ਹਰੀ ਨੇ ਕਿਹਾ, ਤੇ ਪਰਮਿੰਦਰ ਨੇ ਮੇਰੇ ਨਾਲ ਹੱਥ ਮਿਲਾਇਆ। ਇਧਰ ਉਧਰ ਦੀਆਂ ਗੱਲਾਂ ਮਾਰਕੇ, ਹੀਰੀ ਰਸੋਈ ਵਿੱਚ ਚਾਹ ਬਨਾਉਣ ਚਲੇ ਗਈ। ਚਾਹ ਪੀਦਿੰਆਂ ਅਸੀਂ ਤਿੰਨਾ ਨੇ ਰੱਜ ਕੇ ਚੁਗਲੀ ਨਿੰਦਾ ਕੀਤੀ। ਖਾਸ ਤੌਰ ਤੇ ਰੀਟਾ ਦੀ ਤੇ ਤਹਿ ਹੀ ਲਾ ਦਿੱਤੀ। ਪਰਮਿੰਦਰ ਅੱਜਕਲ ਦੋ ਜੌਬਾਂ ਕਰ ਰਿਹਾ ਸੀ। ਸੱਤੇ ਦਿਨ ਕੰਮ ਕਰਦੇ ਪਰਮਿੰਦਰ ਦੇ ਆਪਣੇ ਮਨਸੂਬੇ ਸਨ ਤੇ ਇਨ੍ਹਾਂ ਮਨਸੂਬਿਆਂ ਵਿਚੋਂ ਹਰੀ ਗਾਇਬ ਸੀ। ਹਰੀ ਦੀਆਂ ਕੀਤੀਆਂ ਗੱਲਾਂ ਵਿੱਚ ਊਣਪੁਣੇ ਦੀ ਭਰਪੂਰਤਾ ਸੀ। ਮੈਨੂੰ ਮਹਿਸੂਸ ਹੋਇਆ ਜੋ ਮੈਂ ਸੋਚਦਾ ਸੀ ਉਹ ਮੇਰੇ ਚੇਤਿਆਂ ਦੀ ਨਿਰੀਪੂਰੀ ਗੱਪ ਨਹੀਂ ਸੀ ਉਹ ਕੋਈ ਮੇਰਾ ਨਿੱਜ ਵੀ ਨਹੀਂ ਸੀ। ਇਹ ਇੱਕ ਹੋਰ ਹੋਣੀ ਦੇ ਮੁਸਾਫਰ ਸਨ। ਹਰੀ, ਪਰਮਿੰਦਰ ਦੇ ਸੋਚੇ ਜਾ ਰਹੇ ਪੈਸੇ ਨਾਲ ਭੁਰਨ ਵਾਲੀ ਸ਼ੈਅ ਨਹੀਂ ਸੀ। ਉਹ ਇੱਕ ਦੂਜੇ ਦਾ ਹੁੰਗਾਰਾ ਭਰਦੇ ਹਸਦੇ ਵੀ ਸਨ। ਇੱਕ ਦੂਜੇ ਨਾਲ ਭਿੱਜੇ ਹੋਏ ਵੀ ਸਨ ਬਿਲਕੁਲ ਉਸਤਰਾਂ ਜਿਵੇਂ ਮਹਿੰਗੇ ਸੂਟ ਨਾਲ ਮਹਿੰਗੀ ਟਾਈ ਲਾਈ ਹੋਵੇ ਪਰ ਉਹ ਸੂਟ ਨਾਲ ਮੈਚ ਨਾ ਕਰਦੀ ਹੋਵੇ ਜਾਂ ਕਰਦੀ ਵੀ ਹੋਵੇ ਤਾਂ ਉਹ ਮੈਚ ਕਰਦੀ ਲੱਗੇ ਨਾ। ਹਲਵਾਈ ਦੇ ਦੁੱਧ ਦੇ ਕੜਾਹੇ ਵਾਂਗ। ਮੋਟੀ ਮਲਾਈ ਵੱਖਰੀ ਤੇ ਪਤਲਾ ਦੁੱਧ ਵਖਰਾ। ਬੜੀ ਹੀ ਸੌਖੀ ਤਰ੍ਹਾਂ ਬਿਨ੍ਹਾਂ ਦੁੱਧ ਨੂੰ ਤਕਲੀਫ਼ ਦਿਤਿਆਂ ਜਦੋਂ ਮਰਜ਼ੀ ਮਲਾਈ ਲਾ ਲਵੋ। ਮੈਂ ਵੀ ਉਨ੍ਹਾਂ ਦੇ ਮਹਿੰਗੇ ਕਪੜਿਆਂ ਤੋਂ ਪ੍ਰਭਾਵਿਤ ਨਹੀਂ ਸੀ, ਹਾਂ ਮਲਾਈ ਦੀ ਹੋਰ ਗੱਲ ਹੈ। ਗੋਲਗੱਪੇ ਵਿੱਚ ਪਾਈ ਕਾਂਜੀ ਜੇ ਗੋਲਗਪੇ ਨੂੰ ਤੋੜ ਵੀ ਦੇਵੇ ਤਾਂ ਵੀ ਉਸਦਾ ਸੁਆਦ ਨਹੀਂ ਗੁਆਚਦਾ ਪਰ ਇੱਥੇ ਤਾਂ ਕਾਂਜੀ ਵਧੀਆਂ ਬੋਤਲਾਂ ਵਿੱਚ ਪਾਈ ਹੋਈ ਸੀ। ਇਹ ਗੱਲਾਂ ਉਦੋਂ ਤੇ ਮੈਂਨੂੰ ਐਵੇਂ ਕੈਵੇਂ ਹੀ ਲਗੀਆਂ ਐਵੇਂ ਆਪਣੇ ਹੀ ਖਿਆਲਾਂ ਦਾ ਫਤੂਰ ਪਰ ਵਕਤ ਬੀਤਣ ਨਾਲ ਇਹ ਗੱਲ ਨਿਤਰ ਗਈ ਕਿ ਮੇਰੇ ਖਿਆਲਾਂ ਵਿੱਚ ਐਵੇਂ ਹੀ ਫਿਰੀ ਤਾਰ ਜਿਹੀ ਗਲਤ ਨਹੀਂ ਸੀ। ਪਰਮਿੰਦਰ ਹੱਦ ਦਰਜੇ ਦਾ ਵਸਤੂਵਾਦੀ ਸੀ।

ਘੰਟਾ ਕੁ ਬੈਠਕੇ ਉਹ ਮੇਰਾ ਫੋਨ ਨੰਬਰ ਲੈਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਸੋਫੇ ਦੀ ਗੱਦੀ ਦੇ ਥੱਲੇ ਪਈ ਮਧੋਲੀ, ਅੱਧਪੜੀ ਅਖਬਾਰੀ ਅਪਰਾਧ ਕਥਾ ਨੂੰ ਦੁਬਾਰਾ ਪੜਣ ਲੱਗ ਪਿਆ। ਸੁਨੀਤਾ ਆਪਣੇ ਨਿਆਣਿਆਂ ਨੂੰ ਛੱਡਕੇ ਆਪਣੇ ਪ੍ਰੇਮੀ ਨਾਲ ਦੌੜ ਚੁੱਕੀ ਸੀ। ਅੱਧੇ ਕੁ ਸਫ਼ੇ ਬਾਅਦ ਹੀ ਉਹ ਦੁਖੀ ਹੋਕੇ ਨਿਆਣੇ ਯਾਦ ਕਰਨ ਲੱਗ ਪਈ। ਅੰਤ ਵਿੱਚ ਉਹੋ ਕੁੱਝ ਹੋਇਆ ਜੋ ਮੈਂ ਸੋਚਿਆ ਸੀ। ਅਖਬਾਰ ਪਰ੍ਹੇ ਰੱਖਕੇ ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਐਸਾ ਕਿਉਂ ਸੋਚਿਆ ਸੀ ਜੋ ਕਹਾਣੀ ਦੇ ਅੰਤ ਵਿੱਚ ਹੋਇਆ ਹੈ। ਇਸ ਅੰਤ ਤੋਂ ਸੁਨੀਤਾ ਕਿਵੇਂ ਬਚ ਸਕਦੀ ਸੀ। ਸੁਨੀਤਾ ਹੀ ਕਿਉਂ ਮੈਂ ਇਸ ਅੰਤ ਤੋਂ ਵਖਰਾ ਕਿਉਂ ਕੁੱਝ ਹੋਰ ਤਸਵਰ ਨਹੀਂ ਕਰ ਸਕਦਾ ਸੀ? ਇਸ ਵਖਰੇ ਸੋਚਣ ਦੇ ਢੰਗ ਬਾਰੇ ਸੋਚਦਿਆਂ, ਇਹ ਹਰੀ ਦਾ ਚੇਹਰਾ ਕਿਉਂ ਧੁੰਧਲਾ ਧੁੰਦਲਾ ਮੇਰੇ ਜ਼ਹਿਨ ਵਿੱਚ ਚੱਕਰ ਕੱਟ ਰਿਹਾ ਹੈ?

ਅਗਲੇ ਦਿਨ ਲੰਘੇ ਵਾਹ ਢਿਝਕੂੰ ਢਿਝਕੂੰ ਕਰਦਿਆਂ, ਮੈਂ ਚਾਹ ਬਣਾਕੇ ਹਟਿਆ ਹੀ ਸੀ ਜਦੋਂ ਫੋਨ ਦੀ ਘੰਟੀ ਵੱਜੀ।

ਫੋਨ ਤੇ ਹਰੀ ਸੀ, “ਗੋਪੀ ਭਾਜ਼ੀ ਕੀ ਹਾਲ ਹੈ ਤੁਹਾਡਾ?” ਮੇਰੇ ਤੋਂ ਵੀਹ ਸਾਲ ਛੋਟੀ ਹਰੀ, ਮੈਨੂੰ ਆਪਣੇ ਹਾਣ ਦੀ ਜਾਪੀ।

“ਬਸ ਠੀਕ ਹੈ, ਤੇਰੇ ਫੋਨ ਆਏ ਤੋਂ ਇਹੋ ਸੋਚਦਾ ਹਾਂ ਕਿ ਕਾਸ਼ ਦਸ ਸਾਲ ਬਾਅਦ ਜੰਮਿਆ ਹੁੰਦਾ।”

“ਨਾ ਭਲਾ ਇਹ ਕੀ ਗੱਲ ਹੋਈ।” ਹਰੀ ਦਾ ਹਾਸਾ ਛਣਕਿਆ।

“ਜਾਂ ਫਿਰ ਤੂੰ ਦਸ ਸਾਲ ਪਹਿਲਾਂ ਜੰਮੀ ਹੁੰਦੀ।” ਮੈਂ ਪੂਰੇ ਵਿਸ਼ਵਾਸ਼ ਨਾਲ ਕਿਹਾ।

“ਕਿਉਂ ਇਸਤਰ੍ਹਾਂ ਕਿਉਂ ਹੁੰਦਾ?”

“ਫੇਰ ਤੈਨੂੰ ਭਾਜ਼ੀ ਨਾ ਕਹਿਣਾ ਪੈਂਦਾ।” ਉਹ ਬੋਲੀ ਤੇ ਕੁੱਝ ਨਹੀਂ ਪਰ ਹਸਣ ਲੱਗ ਪਈ। ਉਸਦੇ ਹਾਸੇ ਨੇ ਕੋਈ ਸੁਆਲ ਖੜਾ ਕਰ ਦਿੱਤਾ। ਉਸਦੇ ਹੱਸੇ ਸੁਆਲ ਦਾ, ਮੇਰੇ ਕੋਲ ਕੋਈ ਘੜਿਆ ਘੜਾਇਆ ਜੁਆਬ ਨਹੀਂ ਸੀ ਪਰ ਇੱਕ ਗੱਲ ਪੱਕੀ ਹੈ ਕਿ ਮੈਂ ਪਜ਼ੈਸਿਵਨੈਸ ਮਹਿਸੂਸਿਆ ਨਹੀਂ। ਇੱਕ ਤਲਾਸ਼ ਦੀ ਡਗਰ ਤੇ ਪਹਿਲਾ ਕਦਮ ਧਰਿਆ ਲਗਿਆ।

“ਭਾਜ਼ੀ ਸ਼ਬਦ ਵਿੱਚ ਇੱਕ ਵਲਗਣ ਹੈ। ਇੱਕ ਲਿਮਟ, ਬੱਸ ਇੱਕ ਹੱਦ ਤੱਕ ਤੇ ਉਸਤੋਂ ਬਾਅਦ ਤੁਹਾਡਾ ਧਰਮ ਖਤਰੇ ਵਿਚ। ਕੀ ਤੂੰ ਨਹੀਂ ਚਾਹੁੰਦੀ ਇਸ ਲਿਮਟ ਨੂੰ ਅਨਲਿਮਟਿਡ ਕਰ ਦਿੱਤਾ ਜਾਵੇ ਜਾਂ ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ?” ਹਰੀ ਫੋਨ ਤੇ ਫੇਰ ਹੱਸ ਪਈ।

“ਨਾ ਹਸਦੀ ਕਿਉਂ ਹੈਂ?” ਮੈਂ ਪੌੜੀ ਦੇ ਦੂਸਰੇ ਡੰਡੇ ਤੇ ਪੈਰ ਧਰਦਿਆਂ ਕਿਹਾ।

“ਮੈਂ ਆ ਰਹੀ ਹਾਂ ਤੁਹਾਡੇ ਕੋਲ। ਅੱਜ ਤੋਂ ਬਾਦ ਹਰ ਸ਼ਾਮ ਤੁਹਾਡੀ ਰੋਟੀ ਲੈਕੇ ਆਇਆ ਕਰਾਂਗੀ ਜਿਨ੍ਹਾਂ ਚਿਰ ਭਾਬੀ ਜੀ ਨਹੀਂ ਇੰਡੀਆ ਤੋਂ ਮੁੜਦੇ।”

“ਇਸ ਵਿੱਚ ਖੇਚਲ ਕਾਹਦੀ। ਦੋ ਰੋਟੀਆਂ ਥਪਣ ਵਿੱਚ ਕਾਹਦੀ ਤਕਲੀਫ਼। ਬਸ ਸਰ ਐਵੇਂ ਤੁਸੀਂ ਮਜ਼ਾਕ ਕਰਦੇ ਹੋ। ਇਸ ਕਰਕੇ ਹਸਦੀ ਹਾਂ।” ਕਾਫ਼ੀ ਟੇਬਲ ਤੇ ਖਾਣਾ ਲਗਾਕੇ ਉਹ ਸੋਫੇ ਤੇ ਬੈਠ ਗਈ। ਉਸਨੇ ਭਾਜ਼ੀ ਦੀ ਬਜਾਏ ਮੈਨੂੰ ਸਰ ਕਿਹਾ।

“ਮੈਂ ਮਜ਼ਾਕ ਨਹੀਂ ਕਰ ਰਿਹਾ। ਮਜ਼ਾਕ ਤਾਂ ਇਹ ਹੁੰਦਾ ਜੇ ਮੈਂ ਕਹਿੰਦਾ ਕਿ ਹੀਰੀ ਰੋਟੀ ਨਹੀਂ ਮੈਨੂੰ ਭੱਤਾ ਚਾਹੀਦਾ ਹੈ। ਮੈਂ ਤਾਂ ਜ਼ਿੰਦਗੀ ਨਾਲ ਗੱਲਾਂ ਕਰ ਰਿਹਾ ਹਾਂ।” ਹਰੀ ਚੁੱਪ ਹੋ ਗਈ, ਸਿਰਫ਼ ਕੁੱਝ ਹੋਰ ਸੁਣਨ ਲਈ।

“ਤੇਰੀ ਇਕਾਗਰਤਾ ਦਾ ਕੀ ਜੁਆਬ ਦਿਆਂ। ਬੱਸ ਤੇਰੀਆਂ ਅੱਖਾਂ ਵਿਚਲੀ ਉਦਾਸੀ ਵੇਖੀ ਹੈ। ਤੂੰ ਜ਼ਿੰਦਗੀ ਤੋਂ ਖੁਸ਼ ਨਹੀਂ ਹੈਂ। ਇਤਨੀ ਸੁਆਦ ਰੋਟੀ, ਇਤਨੀ ਸੋਹਣੀ ਕੁੜੀ ਤੇ ਇਤਨੀਆਂ ਵਿਰਾਨ ਅੱਖਾਂ! ਮੇਰੀ ਜ਼ਿੰਦਗੀ ਮੌਤ ਦੇ ਪਲ ਵਿੱਚ ਤੇਰੇ ਪਾਣੀ ਦੇ ਗਲਾਸ ਨੇ ਮੂੰਹੋਂ ਬੋਲਕੇ ਕਿਹਾ ਹੈ ਕਿ ਮੈਂ ਤੇਰਾ ਖੇੜਾ ਚਾਹਾਂ। ਬਸ ਇਤਨੀ ਕੁ ਹੀ ਗੱਲ ਹੈ, ਮੇਰੇ ਦੋਸਤ।”

“ਮੈਂ ਡਰਦੀ ਹਾਂ ਸਰ।” ਹਰੀ ਦੇ ਬੋਲ ਭਿੱਜੇ ਹੋਏ ਸਨ।

“ਭਾਜ਼ੀ ਨਾਲੋਂ ਸਰ ਚੰਗਾ ਪਰ ਜੇ ਤੂੰ ਚਾਹੇਂ ਤਾਂ ਸਰ ਕਹਿਣਾ ਵੀ ਛੱਡ ਸਕਦੀ ਹੈਂ। ਮੈਨੂੰ ਖੁਸ਼ੀ ਹੋਵੇਗੀ।”

“ਕੀ ਕਹਾਂ?” ਹਰੀ ਦੇ ਭਿੱਜੇ ਹੋਏ ਬੋਲ ਕੁੱਝ ਨਿਖਰ ਰਹੇ ਸਨ।

“ਮੈਂ ਨਹੀਂ ਕਹਿੰਦਾ ਮੈਨੂੰ ਡਾਰਲਿੰਗ ਕਹਿ ਪਰ ਕੋਈ ਹਰਜ਼ ਵੀ ਨਹੀਂ ਪਰ ਉਹ ਤੇ ਤੇਰਾ ਪਰਮਿੰਦਰ ਹੈ ਹੀ। ਬਸ ਵਿੱਚ ਵਿਚਾਲੇ ਕੁੱਝ ਕਹਿ ਲੈ।”

“ਤੁਸੀਂ ਹੀ ਦਸੋ, ਕੀ ਕਹਾਂ?” ਹਰੀ ਚਾਂਬਲੀ ਜਿਹੀ ਕਹਿ ਰਹੀ ਸੀ।

“ਮੈਨੂੰ ਨਹੀਂ ਪਤਾ। ਜੋ ਮਰਜ਼ੀ ਕਹਿ, ਪਰ ਨਾ ਭਾਜ਼ੀ ਨਾ ਸਰ। ਕੁੱਝ ਆਪਣਾ ਜਿਹਾ। ਪਰਾਏਪਨ ਤੋਂ ਬਗੈਰ। ਕੁੱਝ ਵੀ, ਕੋਈ ਵੀ ਨਾਮ, ਦੋਸਤ, ਮਿੱਤਰ, ਸਹੇਲੀ, ਦੁਸ਼ਮਣ, ਬਦਮਾਸ਼। ਬਸ ਮੈਂ ਤਾਂ ਚਾਹੁੰਨਾ ਮੇਰੇ ਪੈਰ ਦੀ ਪੀੜ ਨੂੰ ਮਹਿਸੂਸਣ ਵਾਲੀ ਮੈਨੂੰ ਪਜੈਸਿਵ ਨਾ ਸਮਝੇ। ਸਿਰਫ ਆਪਣਾ ਸਮਝੇ।”

“ਅੋਕੇ ਅੋਕੇ ਦੋਸਤ ਜੀ, ਮੈਂ ਕਲ ਨੂੰ ਦੁਪਿਹਰੇ ਫੋਨ ਕਰਕੇ ਦਸਾਂਗੀ ਕਿ ਕੀ ਕਿਹਾ ਜਾਵੇ ਤੁਹਾਨੂੰ।” ਹਰੀ ਨੇ ਭਾਂਡੇ ਢੀਂਡੇ ਸੰਭਾਲ ਕੇ ਥਾਂਉਂ ਥਾਂਈ ਟਿਕਾ ਦਿੱਤੇ ਤੇ ਚਲੇ ਗਈ।

ਹਰ ਸ਼ਾਮ ਖਾਣਾ ਲੈਕੇ ਆਉਂਦੀ ਹਰੀ ਜਿਵੇਂ ਇਸ ਛੋਟੇ ਜਿਹੇ ਲਿਵ-ਰੂਮ ਦਾ ਹਿੱਸਾ ਬਣ ਗਈ। ਲਾਂਡਰੀ ਕਰਦੀ ਵੈਕਿਊਮ ਕਰਦੀ ਮੇਰੇ ਆਸੇ-ਪਾਸੇ ਫਿਰਦੀ, ਨਿੱਕੀਆਂ ਨਿੱਕੀਆਂ ਗੱਲਾਂ ਕਰਦੀ, ਮੇਰੇ ਲਈ ਕਿਤਨੇ ਹੀ ਸੁਆਲ ਛੱਡ ਜਾਂਦੀ। ਉਸਦਾ ਹਰ ਸੁਆਲ ਮੇਰੇ ਲਈ ਇਮਤਿਹਾਨ ਹੁੰਦਾ। ਕਿਤੇ ਨਾ ਕਿਤੇ ਮੈਂ ਪਰੇਸ਼ਾਨ ਜ਼ਰੂਰ ਸੀ। ਕੋਈ ਤੇ ਗੱਲ ਸੀ ਜੋ ਸਾਡੇ ਵਿੱਚ ਵਿਚਾਲੇ ਸਾਂਝੀ ਨਹੀਂ ਸੀ। ਉਸਦਾ ਕੋਈ ਵੀ ਵਾਕ ਮੇਰੇ ਤੱਕ ਨਿਰਵਿਘਨ ਨਹੀਂ ਪਹੁੰਚਦਾ ਸੀ। ਉਸਦੀ ਕੋਈ ਵੀ ਗੱਲ, ਮੇਰੀ ਸੋਚ ਨੂੰ ਹੋਰ ਹੀ ਪਾਸੇ ਲੈ ਜਾਂਦੀ। ਕਿਸੇ ਵੀ ਗੱਲ ਦਾ ਸਿੱਧਾ ਪਾਸਾ ਮੇਰੇ ਲਈ ਮੁਸੀਬਤ ਬਣਦਾ ਜਾ ਰਿਹਾ ਸੀ। ਉਸਦੇ ਕਹੇ ਸ਼ਬਦਾਂ ਦੇ ਕੀ ਮਤਲਬ ਹਨ, ਉਨ੍ਹਾਂ ਅਰਥਾਂ ਦਾ ਮੈਂ ਕੀ ਜੁਆਬ ਦੇਣਾ ਹੈ? ਹੌਲੀ ਹੌਲੀ ਮੈਂ ਮਹਿਸੂਸ ਕਰਨ ਲੱਗ ਪਿਆ ਕਿ ਇਹ ਡਰ ਮੇਰਾ ਆਪਣਾ ਹੈ। ਮੇਰਾ ਹੀ ਨਿੱਜ, ਰੁਕਾਵਟ ਹੈ। ਮੈਂ ਹੋਰ ਵੀ ਸਤਰਕ ਹੋ ਗਿਆ। ਆਪਣੇ ਪਾਣੀਆਂ ਨੂੰ ਨਿਰਮਲ ਕਰਨ ਦੇ ਮੇਰੇ ਉਪਰਾਲੇ, ਧਰਤੀ ਦੇ ਹਾਣਦੇ ਹੋਣ ਲੱਗੇ। ਨਿੱਕੇ ਨਿੱਕੇ ਹਾਸੇ, ਛੋਟੇ ਛੋਟੇ ਲਤੀਫੇ ਸੁਣਨ ਸੁਨਾਉਣ ਤੋਂ ਬਾਅਦ ਹਰੀ ਨੂੰ ਮਹਿਸੂਸ ਹੋ ਗਿਆ ਕਿ ਮੈਂ ਹਾਰਮਲੈਸ ਜੀਵ ਹਾਂ। ਔਰਤ ਤੇ ਘੜਾ ਲੈਣ ਲਗਿਆਂ ਵੀ ਟਣਕਾਕੇ ਵੇਖਦੀ ਹੈ ਪਰ ਹਰੀ ਨੇ ਮੈਨੂੰ ਟਣਕਾਉਂਣ ਵਿੱਚ ਕੁੱਝ ਜ਼ਿਆਦਾ ਹੀ ਵਕਤ ਲੈ ਲਿਆ ਜਾਂ ਇਹ ਸਮਝ ਲਵੋ ਕਿ ਮੇਰੇ ਹੀ ਘੜੇ ਦਾ ਸੰਗੀਤ ਲੈਅ ਵਿੱਚ ਆਉਣ ਲਗਿਆਂ ਕੁੱਝ ਸਮਾਂ ਲੈ ਗਿਆ। ਗੱਲਾਂ ਸੁਣਦੀ, ਗਹਿਰ ਗੰਭੀਰ ਵੀ ਹੋ ਜਾਂਦੀ ਪਰ ਪਰਨਾਲਾ ਉੱਥੇ ਦਾ ਉੱਥੇ, ਇੱਕ ਗੁੱਠੇ ਜਿਹੇ। ਫਿਰ ਇੱਕ ਦਿਨ ਮੇਰੀ ਕਹੀ ਗੱਲ ਨੇ ਉਸਦਾ ਟਣਕਾਉਂਣਾ ਸਮਾਪਤ ਕਰ ਦਿੱਤਾ।

ਹਰੀ ਨੇ ਫੋਨ ਕਰਕੇ ਮੈਨੂੰ ਟਿਮ ਹਾਰਟਨ ਸਦਿਆ ਸੀ। ਕਹਿਣ ਲੱਗੀ, “ਗੋਪੀ ਜੀ ਹਮਨੇ ਪੰਜ ਨੰਬਰ ਮਸ਼ੀਨ ਤੇ ਕੰਮ ਨਹੀਂ ਕਰਨਾ ਮੈ ਨਹੀਂ ਹੋਰ ਸੀਮਾ ਨਾਲ ਕੰਮ ਕਰ ਸਕਦੀ। ਉਹ ਨਿਰੀਪੁਰੀ ਗੁਆਰ ਹੈ।” ਸੀਮਾ ਤੇ ਹਰੀ ਦੇ ਹਮੇਸ਼ਾਂ ਸਿੰਗ ਫ਼ਸੇ ਰਹਿੰਦੇ। ਕਦੇ ਕਦੇ ਗੱਲ ਵਧ ਵੀ ਜਾਂਦੀ।

ਮੈਂ ਕਿਹਾ, “ਪਤਾ ਹਰੀ ਤੁਹਾਡੇ ਦੋਵਾਂ ਦੀ ਲੜਾਈ ਵਿੱਚ ਕਸੂਰ ਕਿਸਦਾ ਹੈ?”

“ਕਿਸਦਾ?”

“ਤੇਰਾ, ਸੌ ਫੀ ਸਦੀ ਤੇਰਾ। ਤੂੰ ਉਸਨੂੰ ਬਦਲਨਾ ਚਾਹੁੰਦੀ ਹੈਂ। ਤੇਰੇ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਗੱਲ ਬੈਠੀ ਹੈ ਕਿ ਉਹ ਤੇਰੇ ਵਾਂਗ ਸੋਚੇ, ਤੇਰੀ ਸੋਚ ਵਾਂਗ ਵਿਹਾਰ ਕਰੇ। ਤੇਰੇ ਵਾਂਗ ਉੱਠੇ ਬੈਠੇ। ਤੂੰ ਇਹ ਕਿਉਂ ਨਹੀਂ ਸੋਚਦੀ ਕਿ ਇਹ ਤੇਰੇ ਵਸ ਵਿੱਚ ਨਹੀਂ ਤੇ ਤੇਰਾ ਇਹ ਕੰਮ ਵੀ ਨਹੀਂ। ਇਨਸਾਨ ਨੂੰ ਸਮੁੱਚ ਵਿੱਚ ਲੈਣਾ ਚਾਹੀਦਾ ਹੈ। ਜਸਟ ਇਨ ਟੋਟੈਲਿਟੀ। ਅੱਧ ਪਚੱਧਾ ਨਹੀਂ। ਉਹ ਆਪਣੀਆਂ ਆਦਤਾਂ ਨਾਲ ਆਪਣੇ ਟੱਬਰ ਨਾਲ ਜੀ ਰਹੀ ਹੈ, ਬੱਚੇ ਪਾਲ ਰਹੀ ਹੈ, ਸਮਾਜ ਵਿੱਚ ਵਿਚਰ ਰਹੀ ਹੈ ਤੇ ਵਿਚਰਨ ਦੇ। ਉਹਦੇ ਇਰਾਦੇ ਬਦਲਣ ਦੀ ਤੈਨੂੰ ਕੀ ਜਰੂਰਤ ਹੈ। ਤੂੰ ਉਹਦੀ ਗਾਈਡ ਬਣਨ ਦੀ ਕੋਸ਼ਿਸ਼ ਨਾ ਕਰ। ਜਿਸ ਦਿਨ ਤੇਰਾ ਗਾਈਡ ਬਣਨ ਦਾ ਇਰਾਦਾ ਬਦਲ ਗਿਆ ਤੁਹਾਡੀ ਲੜਾਈ ਖ਼ਤਮ ਹੋ ਜਾਇਗੀ, ਤੇਰਾ ਕੰਮ ਅਡਜਸਟ ਕਰਨਾ ਹੈ।”

ਉਹਦੋਂ ਹੀ ਫ਼ੋਨ ਦੀ ਘੰਟੀ ਵੱਜੀ। ਹਰੀ ਨੇ ਫੋਨ ਖੋਲ ਕੇ ਹੈਲੋ ਕਿਹਾ। “ਹਾਂ ਮੈਂ ਟਿਮ ਹਾਰਟਨ ਹਾਂ, ਕਾਫੀ ਪੀਣ ਗੋਪੀ ਭਾਜ਼ੀ ਨਾਲ। ਮੈਂ ਪਹੁੰਚ ਜਾਵਾਂਗੀ।” ਹਰੀ ਨੇ ਫੋਨ ਫੋਲਡ ਕਰਕੇ ਪਰਸ ਵਿੱਚ ਪਾ ਲਿਆ।

“ਕੀਹਦਾ ਫੋਨ ਸੀ?”

“ਪਰਮਿੰਦਰ ਦਾ।” ਇੱਕ ਵਾਰੀ ਤਾਂ ਮੈਂ ਥਿੜਕ ਗਿਆ, ਸੋਚਿਆ ਕੀ ਸੋਚਦਾ ਹੋਵੇਗਾ?

“ਹਾਂ ਤੇ ਤੁਸੀਂ ਜੋ ਕਿਹਾ ਉਹੋ ਠੀਕ ਹੈ। ਹੁਣ ਮੇਰੀ ਸਮਝ ਵਿੱਚ ਆ ਗਿਆ ਹੈ ਸਰ ਜੀ। ਸੀਮਾ ਨਾਲ ਮੈਂ ਹੁਣ ਨਹੀਂ ਲੜਦੀ ਸਰ ਜੀ।”

“ਬਸ ਇਤਨੀ ਹੀ ਗੱਲ ਹੈ।” ਮੈਂ ਆਪਣੀ ਗੱਲ ਦੀ ਤਾਮੀਰ ਨਪਵਾ ਕੇ ਖੁਸ਼ ਹੋਇਆ।

“ਪਰ ਕੀ ਤੁਸੀਂ ਵੀ ਕਦੇ ਮੈਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ?”

“ਹਰਗਿਜ਼ ਨਹੀਂ। ਮੈਂ ਸਮੁੱਚ ਵਿੱਚ ਵਿਸ਼ਵਾਸ਼ ਰੱਖਦਾ ਹਾਂ।”

“ਪਰ ਤੁਹਾਡੇ ਸਮੁੱਚੇ ਵਿਸ਼ਵਾਸ਼ ਦਾ ਪੁੱਠਾ ਪਾਸਾ ਵੀ ਤੇ ਹੋ ਸਕਦਾ ਹੈ।”

“ਗੱਲ ਸਿੱਧੇ ਜਾਂ ਪੁੱਠੇ ਦੀ ਨਹੀਂ। ਗੱਲ ਦੋਸਤੀ ਦੀ ਹੈ। ਹਰੀ ਦੀ ਦੋਸਤੀ ਦੀ।”

“ਤੇ ਜੇ ਹਰੀ ਤੇ ਦੋਸਤੀ ਦੋ ਗੱਲਾਂ ਹੋਣ?”

“ਫਿਰ ਵੀ ਨਹੀਂ।”

“ਸੋਚ ਲਵੋ।”

“ਹਰੀ ਇੱਕ ਗੱਲ ਦਸਾਂ, ਕਦੇ ਕਦੇ ਮੈਨੂੰ ਲਗਦਾ ਹੈ ਤੂੰ ਜਿਤਨੀ ਸੋਹਣੀ ਹੈਂ ਉਤਨੀ ਸਿਆਣੀ ਨਹੀਂ। ਪਰ ਮੈਂਨੂੰ ਸਿਆਣਪ ਨਾਲ ਕੋਈ ਸਰੋਕਾਰ ਨਹੀਂ। ਮੈਨੂੰ ਤੇ ਦੋਸਤੀ ਨਾਲ ਮਤਲਬ ਹੈ ਤੇ ਜਿਸਦਾ ਨਾਮ ਹਰੀ ਹੈ। ਦਰਅਸਲ ਦੋਸਤੀ ਵਿੱਚ ਸਿਆਣਪ ਹੋਣੀ ਹੀ ਨਹੀਂ ਚਾਹੀਦੀ।”

“ਕਦੇ ਸੋਹਣੀ ਕਦੇ ਮੋਹਣੀ, ਤੁਸੀਂ ਦੋਸਤੀ ਦੀ ਆੜ ਵਿੱਚ ਕਿਤੇ ਪਜੈਸਿਵ ਤੇ ਨਹੀਂ ਹੁੰਦੇ ਜਾ ਰਹੇ?”

“ਪਜੈਸਿਵ ਹੋਕੇ ਮੈਂਨੂੰ ਕੀ ਮਿਲੇਗਾ? ਵਧ ਤੋਂ ਵਧ ਇੱਕ ਪੱਪੀ ਜਾਂ ਦੋ ਜਾਂ ਤਿੰਨ। ਤਿੰਨ ਚੁੰਮੀਆਂ ਪਿੱਛੇ ਮੈਂ ਆਪਣਾ ਦੋਸਤ ਤੇ ਨਹੀਂ ਗੁਵਾਉਣ ਲੱਗਾ।”

“ਵਾਰੇ ਵਾਰੇ ਜਾਈਏ ਤੁਹਾਡੇ ਇਸ਼ਾਰਿਆਂ ਦੇ।”

“ਵਾਰੇ ਵਾਰੇ ਜਾਉ ਮੈਂ ਕਦੋਂ ਮਨ੍ਹਾਂ ਕਰਦਾ ਹਾਂ। ਬਹੁਤ ਗੁਣੀ ਗਿਆਨੀ, ਰੁੜੇ ਗੜੇ ਵੀ ਇਸ ਪਜੈਸਿਵਪੁਣੇ ਤੋਂ ਮੁਕਤ ਨਹੀਂ ਹਨ। ਕਹਿਣ ਨੂੰ ਤੇ ਜੋ ਮਰਜ਼ੀ ਕਹਿ ਲਵੋ ਪਰ ਨਬੇੜੇ ਤਾਂ ਜਾਚ ਨਾਲ ਹੀ ਹੁੰਦੇ ਹਨ। ਨੱਚਣ ਦਾ ਚੱਜ ਹੋਵੇ ਤਾਂ ਹੀ ਸੰਗੀਤ ਦੀ ਇਜ਼ਤ ਹੁੰਦੀ ਹੈ। ਇੱਕ ਕਰੈਕਟਰ ਦੀ ਗੱਲ ਤੈਨੂੰ ਸੁਣਾਉਂਦਾ ਹਾਂ।

ਉਹ ਭਲਾਮਾਣਸ ਔਰਤ ਦੀ ਇਜ਼ਤ ਹੀ ਨਹੀਂ ਕਰਦਾ ਬਲਕਿ ਔਰਤਾਂ ਤੇ ਹੋਣ ਵਾਲੇ ਇਨਵਿਜ਼ਿਬਲ ਜ਼ੁਲਮਾਂ ਦੀਆਂ ਕਹਾਣੀਆਂ ਵੀ ਪਾਉਂਦਾ ਹੈ। ਗਿਆਨਵਾਨ ਹੈ। ਔਰਤਜ਼ਾਤ ਦੀਆਂ ਨਾਇਕਾਵਾਂ ਦੀਆਂ ਕਿਤਨੀਆਂ ਹੀ ਉਦਾਹਰਣਾਂ ਹਨ ਜੋ ਪਤੀ ਦੇ ਸਾਏ ਵਿੱਚ ਰਹਿਕੇ ਨੱਢੀਆਂ ਹੀ ਰਹਿੰਦੀਆਂ ਹਨ ਵਡੀਆਂ ਨਹੀਂ ਹੁੰਦੀਆਂ। ਪਤੀ ਦੇ ਸਾਏ ਤੋਂ ਬਾਹਰ ਆਕੇ ਸੋਚ ਵੀ ਨਹੀਂ ਸਕਦੀਆਂ। ਆਪਣੇ ਮਰਦ ਦੀ ਇਜ਼ਤ ਕਰਦੀਆਂ ਕਰਦੀਆਂ ਆਪਣਾ ਵਖਰਾ ਸਰੂਪ ਹੀ ਗੁਆ ਬੈਠਦੀਆਂ ਹਨ। ਸਾਡੇ ਘਰ ਬੈਠਿਆਂ ਔਰਤਾਂ ਇੱਕਠੀਆਂ ਹੋਕੇ ਮਾਲ ਨੂੰ ਗਈਆਂ ਪਰ ਇੱਕ ਨਹੀਂ ਗਈ ਜੋ ਨਹੀਂ ਗਈ ਉਹ ਮੁੱਕਤ ਸੀ ਆਪਣੇ ਆਪ ਤੋਂ। ਆਪਣੇ ਨਾਮ ਤੋਂ ਅਨਜਾਣ ਉਹ ਸਿਰਫ਼ ਮਿਸਿਜ਼ ਸੀ। ਪਰਮੇਸ਼ਰ ਨੇ ਰੋਟੀ ਤੋਂ ਬਾਅਦ ਦੋ ਵਜ਼ੇ ਚਾਹ ਪੀਣੀ ਸੀ। ਕੋਈ ਦੁਵਾਈ ਦਵੂਈ ਖਾਣੀ ਸੀ। ਬੇਵਕੂਫ ਤੋਂ ਬੇਵਕੂਫ਼ ਬੰਦਾ ਵੀ ਚਾਹ ਬਨਾਉਂਣ ਵਰਗਾ ਨਖਿਧ ਕੰਮ ਕਰ ਸਕਦਾ ਹੈ। ਜੋ ਚਾਹ ਵੀ ਨਹੀਂ ਬਣਾ ਸਕਦਾ ਉਸਨੂੰ ਤੇ ਵਿਆਹ ਵੀ ਨਹੀਂ ਕਰਵਾਉਂਣਾ ਚਾਹੀਦਾ। ਪਰ ਉਹਨਾਂ ਦੇ ਪਿਆਰ ਦੀ ਇੰਤਹਾ ਸ਼ਾਹਜਹਾਨ-ਮੁਮਤਾਜ਼ ਦੇ ਇਸ਼ਕ ਨੂੰ ਮਾਤ ਪਾ ਰਹੀ ਸੀ।”

“ਸਰ ਜੀ, ਗੁਸਤਾਖੀ ਮੁਆਫ਼ ਤੁਹਾਡੀ ਗੱਲ ਟੋਕੀ ਇਹ ਪਿਆਰ ਤੇ ਇਸ਼ਕ ਵਿੱਚ ਫ਼ਰਕ ਕੀ ਹੁੰਦਾ ਹੈ?”

“ਜਦੋਂ ਪਿਆਰ ਨੂੰ ਬੁਖਾਰ ਚੜ੍ਹ ਜਾਏ। ਤਾਪਮਾਨ ਵਸੋਂ ਬਾਹਰ ਜੋ ਜਾਏ। ਨਜ਼ਰ ਕੰਮਜੋਰ ਹੋ ਜਾਏ ਤੇ ਉਹੋ ਕੁੱਝ ਦਿਸੇ ਜਿਸਨੂੰ ਦੇਖਣ ਲਈ ਦਿਲ ਕਰੇ।”

“ਇਹ ਕੀ ਗੱਲ ਹੋਈ ਭਲਾ, ਹਮਨੇ ਨਹੀਂ ਸਮਝੀ?”

“ਬੱਸ ਇਹੋ ਤੇ ਗੱਲ ਹੈ। ਸਭ ਕੁੱਝ ਜਾਣਦਿਆਂ ਬੁਝਦਿਆਂ ਵੀ ਸੱਚ ਨਹੀਂ ਬੋਲਦੇ। ਕਬਜ਼ੇ ਨੂੰ ਹੀ ਇਸ਼ਕ ਦਾ ਨਾਮ ਦੇਈ ਜਾਂਦੇ ਹਨ। ਬੁਲੇ ਨੇ ਵੀ ਇਸ਼ਕ ਕੀਤਾ ਸੀ। ਉਸਦਾ ਇਸ਼ਕ ਸਾਰੇ ਜਾਣਦੇ ਹਨ। ਕੌਣ ਲਾਟ ਦੀ ਅੱਖ ਵਿੱਚ ਅੱਖ ਪਾਵੇ। ਝੂਠ ਬੋਲੇ ਕਊਆ ਕਾਟੇ … ਪਰ ਇਹ ਝੂਠ ਬੋਲਦੇ ਕਦੋਂ ਹਨ? ਇਹਨਾਂ ਦੀ ਦਲੀਲ ਦੀ ਖਿੜਕੀ ਹੋਰ ਹੁੰਦੀ ਹੈ। ਇਹਨਾਂ ਕੋਲ ਹਜਾਰਾਂ ਖਿੜਕੀਆਂ ਹੁੰਦੀਆਂ ਹਨ। ਜਿਸ ਖਿੜਕੀ ਵਿਚੋਂ ਠੰਡੀ ਹਵਾ ਆਏ, ਉਹੋ ਸੱਚ।” ਝੂਠ ਬੋਲਣ ਦੀ ਲੋੜ ਤਾਂ ਸੱਚੇ ਆਦਮੀ ਨੂੰ ਹੁੰਦੀ ਹੈ। ਝੂਠ ਤਾਂ ਉਹ ਹੁੰਦਾ ਹੈ ਜਿਸਦਾ ਪਤਾ ਹੋਵੇ ਕਿ ਉਹ ਝੂਠ ਹੈ ਜਿਸਦਾ ਪਤਾ ਨਹੀਂ ਉਹ ਸਭ ਸੱਚ ਹੈ।”

“ਪਰ ਇਸ ਝੂਠ ਸੱਚ ਦਾ ਨਿਤਾਰਾ ਕਿਤੇ ਤਾਂ ਨਿੱਤਰਤਾ ਹੀ ਹੋਊ?” ਹੀਰੀ ਨੇ ਆਪਣੀ ਚੀਚੀ ਦੇ ਨੌਂਹ ਨੂੰ ਦੰਦਾਂ ਥੱਲੇ ਦਬਦਿਆਂ ਕਿਹਾ।

“ਇਸ ਕਰਕੇ ਤਾਂ ਮੈਂ ਤੈਨੂੰ ਕਹਿਨੈ ਮਿਲਦੀ ਰਿਹਾ ਕਰ।”

“ਚਲੋ ਛੱਡੋ ਪਰਾਂ, ਮੇਰੇ ਮਿਲਣ ਜਾਂ ਨਾ ਮਿਲਣ ਦੀ ਗੱਲ, ਤੁਸੀਂ ਸ਼ਾਹਜਹਾਨ ਬਾਰੇ ਕੁੱਝ ਕਹਿ ਰਹੇ ਸੀ।”

 

“ਹਾਂ ਤੇ ਮੈਂ ਕਿਹਾ ਸੀ ਕਿ ਸ਼ਾਹਜਹਾਨ ਨੂੰ ਚਾਹ ਬਨਾਉਂਣੀ ਨਹੀ ਆਉਂਦੀ ਸੀ।”

“ਨਹੀਂ ਨਹੀਂ ਗੋਪੀ ਜੀ, ਤੁਸੀਂ ਭੁਲਦੇ ਹੋ। ਤੁਸੀਂ ਕਿਹਾ ਸੀ ਕਿ ਸ਼ਾਹਜਹਾਨ ਨਖਿਧ ਸੀ। ਹਮਨੇ ਆਪ ਇਨ੍ਹਾਂ ਗੁਨਾਹਗਾਰ ਕੰਨਾਂ ਨਾਲ ਸੁਣਿਆ ਹੈ।”

“ਨਹੀਂ ਸ਼ਾਹਜਹਾਨ ਨਖਿਧ ਨਹੀਂ ਸੀ। ਜੇ ਉਹ ਇਤਨਾ ਹੀ ਨਿੰਕਮਾ ਹੁੰਦਾ ਤਾਂ ਬਾਦਸ਼ਾਹ ਕਿਵੇਂ ਬਣਦਾ। ਮੇਰਾ ਨਹੀਂ ਖਿਆਲ ਉਹਨੇ ਕਦੇ ਵੀ ਆਪਣੀ ਮੁਮਤਾਜ਼ ਨੂੰ ਹੁਕਮ ਕਰਕੇ ਕਿਹਾ ਹੋਵੇ, ਏਹ ਜੀ ਸੋਹਣਿਉ, ਮੈਨੂੰ ਦੋ ਵਜ਼ੇ ਚਾਹ ਚਾਹੀਦੀ ਹੈ। ਢਾਈ ਵਜ਼ੇ ਮੈਂ ਦਰਬਾਰ ਲਾਉਂਣਾ ਹੈ। ਇਹ ਤੇ ਮਕਬਰਾ ਹੀ ਐਸਾ ਬਣਾਉਂਦੇ ਹਨ ਜੋ ਸੋਹਣਾ ਲੱਗੇ। ਮਕਬਰਾ ਕਿਸਤਰ੍ਹਾਂ ਬਣਿਆ, ਉਸ ਮਕਬਰੇ ਵਿੱਚ ਮੁਮਤਾਜ਼ ਦੀਆਂ ਕਿਤਨੀਆਂ ਖਾਹਿਸ਼ਾਂ ਦਫ਼ਨ ਹਨ? ਇਸਦਾ ਹਿਸਾਬ ਉਹਨਾਂ ਕਿਸੇ ਨੂੰ ਨਹੀਂ ਦੇਣਾ, ਨਾ ਮੁਮਤਾਜ਼ ਨੂੰ ਤੇ ਨਾ ਪਰਜਾ ਨੂੰ। ਅਸਲ ਵਿੱਚ ਹਕੂਮਤ ਕਰਦਿਆਂ, ਇਹ ਹਿਸਾਬ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ।”

“ਇਹ ਸਰ ਜੀ, ਕਮਾਲ ਦੀ ਗੱਲ ਕੀਤੀ ਤੁਸੀਂ, ਦਿਲ ਕਰਦਾ ਹਮਰੀ ਉਮਰ ਤੁਹਾਡੇ ਜਿਤਨੀ ਹੋ ਜਾਏ।”

“ਫ਼ਿਰ ਕੀ ਹੋਊ?”

“ਇਹ ਤੇ ਜੀ ਬਾਬਿਓ ਪਤਾ ਨਹੀਂ ਪਰ ਸੋਚਣ ਵਿੱਚ ਕੀ ਪਰਾਬਲਮ ਹੈ।”

“ਇਹ ਹਰੀ, ਤੇਰਾ ਪਰਮਿੰਦਰ ਕਿਸਤਰ੍ਹਾਂ ਦਾ ਹੈ? ਸ਼ਾਹਜਹਾਨ ਵਰਗਾ ਜਾਂ ਥੋੜਾ ਘੱਟ-ਵਧ?”

“ਬਹੁਤ ਚੰਗਾ ਹੈ, ਦੋਸਤ ਹੈ, ਮੇਰੇ ਸਰੀਰ ਦਾ ਮਾਲਕ ਹੈ। ਮੇਰੇ ਤੇ ਯਕੀਨ ਕਰਦਾ ਹੈ। ਕਦੇ ਵੀ ਦੋ ਵਜ਼ੇ ਚਾਹ ਨਹੀਂ ਮੰਗਦਾ।”

ਰਾਤ ਦੇ ਦੋ ਵਜ਼ੇ ਵੀ ਨਹੀਂ?”

“ਨਹੀਂ, ਰਾਤ ਦੇ ਦੋ ਵਜ਼ੇ ਵੀ ਨਹੀਂ।” ਹਰੀ ਨੇ ਬਹੁਤ ਹੀ ਗੰਭੀਰ ਹੋਕੇ ਕਿਹਾ। ਉਸਦੀ ਅਵਾਜ਼ ਵਿੱਚ ਕਹਿਰਾਂ ਦੀ ਉਦਾਸੀ ਸੀ। ਐਸੀ ਉਦਾਸੀ ਜੋ ਉਸਦੀਆਂ ਅੱਖਾਂ ਵਿੱਚ ਤਲਾਸ਼ ਬਣਕੇ ਸਾਰੇ ਸੰਸਾਰ ਦੀ ਖੋਜ਼ ਕਰ ਰਹੀ ਸੀ।

“ਫਿਰ ਤੇ ਮਾੜੀ ਗੱਲ ਹੈ।” ਮੈਂ ਆਪਣੇ ਸ਼ਬਦਾਂ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ। ਐਸੀ ਉਦਾਸੀ ਨੂੰ ਕੋਈ ਵੀ ਅਣਤੁਲਿਆ ਸ਼ਬਦ ਬੇਮੇਚ ਹੋ ਸਕਦਾ ਸੀ।

“ਮਾੜੀ ਵਰਗੀ ਮਾੜੀ, ਮੈਂ ਤੇ ਚਾਹੁੰਦੀ ਹਾਂ ਉਹ ਮੇਰੇ ਤੋਂ ਚਾਹ ਮੰਗੇ। ਰੋਟੀ ਮੰਗੇ, ਮੈਨੂੰ ਕਹੇ ਮੇਰੇ ਬੂਟ ਪਾਲਿਸ਼ ਕਰ। ਮੈਨੂੰ ਕਹੇ ਮੇਰੇ ਪੈਰਾਂ ਦੇ ਨੋਂਹ ਕੱਟ ਜਾਂ ਕਹੇ ਜਦੋਂ ਤੱਕ ਮੈਂ ਕਪੜੇ ਪਾਵਾਂ ਬਾਹਰ ਜਾਕੇ ਕਾਰ ਸਟਾਰਟ ਕਰ। ਕਾਰ ਦੀ ਸਨੋ ਸਾਫ਼ ਕਰਨ ਦੇ ਬਹਾਨੇ ਮੈਂ ਉਸਦਾ ਕਾਰ ਵਿੱਚ ਪਾਇਆ ਗੰਦ ਵੀ ਸਾਫ ਕਰਾਂ। ਸ਼ਾਮ ਨੂੰ ਆਕੇ, ਸਾਫ ਕਾਰ ਦੀ ਗਾਥਾ ਪਾਉਂਦਾ ਉਹ ਮੇਰਾ ਮੂੰਹ ਚੁੰਮੇ। ਅਗਲੇ ਦਿਨ ਮੈਨੂੰ ਫਿਰ ਉਸ ਚੁੰਮੀ ਦੀ ਇੰਤਜ਼ਾਰ ਹੋਵੇ। ਇਸ ਚੁੰਮੀ ਦੀ ਖਾਤਰ ਮੈਂ ਉਸਦਾ ਘਾਹ ਕੱਟਾਂ। ਮੈਂ ਭਲਾ ਆਪਣਾ ਸਮਝਕੇ ਘਾਹ ਕਿਉਂ ਕਟਾਂ? ਮੈਂ ਤਾਂ ਚਾਹੁੰਦੀ ਹਾਂ, ਮੈਂ ਤਾਂ ਚਾਹੁੰਦੀ ਹਾਂ ਜਦੋਂ ਉਹ ਸ਼ਰਾਬ ਪੀਵੇ ਮੇਰੇ ਕੋਲੋਂ ਆਈਸ ਮੰਗੇ। ਕਦੇ ਕਦੇ ਗੁੱਸੇ ਵਿੱਚ ਆਕੇ ਨਸ਼ੇ ਦੇ ਲੋਰ ਵਿੱਚ ਮੇਰੇ ਥੱਪੜ ਮਾਰੇ। ਫਿਰ ਸਵੇਰੇ ਉੱਠਕੇ ਮੇਰੇ ਕੋਲੋਂ ਮੁਆਫੀ ਮੰਗੇ।” ਹਰੀ ਗੱਲਾਂ ਕਰਦੀ ਕਰਦੀ ਭਾਵਕ ਹੋਕੇ ਰੋਣ ਲੱਗ ਪਈ।

ਮੇਰੀ ਸਮਝ ਵਿੱਚ ਕੁੱਝ ਨਹੀਂ ਆ ਰਿਹਾ ਸੀ। ਅਸੀਂ ਦੋਵੇਂ ਦੋਸਤ ਨਦੀ ਦੇ ਦੋ ਕਿਨਾਰਿਆਂ ਵਾਂਗ ਬੈਠੇ ਸਾਂ। ਮੈਂ ਆਪਣੀ ਹੀ ਗੱਲ ਨੂੰ ਉਲਟਾਉਂਣਾ ਨਹੀਂ ਚਾਹੁੰਦਾ ਸੀ। ਦੋਸਤ ਨੂੰ ਬਦਲਣ ਦੀ ਕੋਸ਼ਿਸ਼ ਨੈਤਿਕਤਾ ਨਹੀਂ ਸੀ। ਜਿਹਨਾਂ ਮਕਬਰਿਆਂ ਦੀਆਂ ਗੱਲਾਂ ਕਰਕੇ ਮੈਂ ਹਰੀ ਨੂੰ ਖੁਸ਼ ਕਰਨ ਦਾ ਭਰਮ ਪਾਲ ਰਿਹਾ ਸੀ ਹਰੀ ਤਾਂ ਉਹਨਾਂ ਹੀ ਮਕਬਰਿਆਂ ਵਿੱਚ ਦਫਨ ਹੋਣ ਵਿੱਚ ਆਪਣੀ ਖੁਸ਼ੀ ਭਾਲ ਰਹੀ ਸੀ। ਮਕਬਰੇ ਦੇ ਭੋਰੇ ਵਿੱਚ ਜਾਣ ਵਾਲੀਆਂ ਪੌੜੀਆਂ ਦੀ ਤਲਾਸ਼ ਕਰਦੀ ਕੁੜੀ ਦਾ ਭੂਤ, ਨੰਗ ਮਨੰਗਾ ਸੀ ਜਾਂ ਉਸਨੇ ਕਿਸੇ ਤਰਾਂ ਦਾ ਕੋਈ ਮਹਿੰਗਾ ਲਿਬਾਸ ਪਾਇਆ ਹੋਇਆ ਸੀ। ਮੈਂ ਉੱਠਣਾ ਹੀ ਬੇਹਤਰ ਜਾਣਿਆਂ।

ਘਰ ਆਕੇ ਮੈਂ ਡੂੰਘੀ ਸੋਚ ਵਿੱਚ ਪੈ ਗਿਆ। ਮੈਂ ਠੀਕ ਸੀ ਜਾਂ ਹਰੀ ਠੀਕ ਸੀ ਜਾਂ ਅਸੀਂ ਦੋਵੇਂ ਠੀਕ ਸਾਂ? ਮੈਂ ਹਰੀ ਦੇ ਵਿਚਾਰਾਂ ਨੂੰ ਫਿਰ ਘੋਖਣਾ ਸ਼ੁਰੂ ਕੀਤਾ। ਗੱਲਾਂ ਵਿੱਚ ਲਈਆਂ ਖੁਲਾਂ ਨੂੰ ਨਾਪਿਆ ਪਰ ਮੇਰੇ ਹੱਥ ਪੱਲੇ ਕੁੱਝ ਨਾ ਪਿਆ। ਹਰੀ ਦੀਆਂ ਪਰਤਾਂ ਵਿੱਚ ਪਈ ਜੁਆਲਾਮੁਖੀ ਵਿੱਚ ਕਿਹੜੀ ਅੱਗ ਸੀ। ਉਸ ਅੱਗ ਦਾ ਸੇਕ ਕਿਹੋ ਜਿਹਾ ਭੋਜ਼ਨ ਚਾਹੁੰਦਾ ਹੈ? ਕਿਤਨੇ ਹੀ ਸੁਆਲਾਂ ਨੇ ਮੈਨੂੰ ਘੇਰ ਲਿਆ।

ਇਹਨਾਂ ਸੁਆਲਾਂ ਵਿੱਚ ਘਿਰੇ, ਮੈਨੂੰ ਹਰੀ ਦੇ ਅੰਗ ਮਗਦੇ ਦਿਸਣ ਲੱਗੇ। ਮੈਨੂੰ ਪਤਾ ਹੀ ਨਹੀਂ ਚਲਿਆ ਕਦੋਂ ਮੇਰੇ ਖਿਆਲਾਂ ਵਿੱਚ ਹਰੀ ਦਾ ਸਰੀਰ ਅੰਗੜਾਈ ਲੈਣ ਲੱਗਾ। ਮੇਰੇ ਅੰਦਰ ਬੈਠਾ ਮੁੰਡਾ ਜਾਗ ਰਿਹਾ ਸੀ। ਉਸਦੀਆਂ ਮਾਰੀਆਂ ਕੂਹਣੀਆਂ ਮੈਨੂੰ ਸੁਣਾਈ ਦੇਣ ਲੱਗੀਆਂ। ‘ਹਰੀ ਨੂੰ ਮਰਦ ਚਾਹੀਦਾ ਹੈ ਕਮਲਿਆ, ਮੇਰੇ ਮੁੰਡੇ ਨੇ ਲਲਕਾਰਾ ਮਾਰਿਆ। ਮੌਕਾ ਨਾ ਗਵਾ। ਔਰਤ ਸਦਾ ਤੋਂ ਮਧੋਲ ਹੋਣਾ ਪਸੰਦ ਕਰਦੀ ਆਈ ਹੈ। ਇਹੋ ਹਰੀ ਦੀ ਬਿਮਾਰੀ ਹੈ। ਕਰਦੇ ਉਹਦਾ ਇਲਾਜ। ਹੋਰ ਹਰ ਮੌਕੇ ਭੱਜੀ ਕਾਹਤੋਂ ਆਉਂਦੀ ਹੈ?’ ਮੇਰੇ ਅੰਦਰਲੇ ਮੂਰਛਿਤ ਬਿੱਛੂ, ਡੰਗ ਮਾਰ ਮਾਰ ਮੈਨੂੰ ਬੇਹਾਲ ਕਰ ਰਹੇ ਸਨ।

‘ਨਹੀਂ ਇਹ ਠੀਕ ਨਹੀ ਮੇਰੇ ਆਪਣੇ ਵੀ ਕੁੱਝ ਵੇਗ ਹਨ ਕਿ ਨਹੀਂ। ਚਲ ਛੱਡ ਇਹਨਾਂ ਵੇਗਾਂ ਵੂਗਾਂ ਨੂੰ, ਟੋਹ ਕੇ ਤੇ ਵੇਖ।’ ਮੇਰਾ ਅ

Tuesday, 27 October 2009 15:13

ਤੂੰ ਹੀ ਬੋਲ

Written by

ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ ਮਾਂ ਅਤੇ ਚਾਹ ਬਨਾਉਣ ਲਈ ਸਟੋਵ ਕੋਲ ਖੜ੍ਹੀ ਆਪਣੀ ਪਤਨੀ ਮਨਦੀਪ ਵੱਲ ਵਾਰੀ-ਵਾਰੀ ਵੇਖ ਕੇ ਬੋਲਿਆ, “ਤੁਸੀਂ ਵੀ ਨਾ ਹਟਾਇਆ ਕਰੋ ਏਹਨਾਂ ਨੂੰ।” ਤਰਸੇਮ ਦੀ ਮਾਂ ਨੇ ਸਾਖੀਆਂ ਦੀ ਕਿਤਾਬ `ਚੋਂ ਧਿਆਨ ਹਟਾ ਕੇ ਤਰਸੇਮ ਵੱਲ ਵੇਖਿਆ ਅਤੇ ਫਿਰ ਆਪਣਾ ਧਿਆਨ ਕਿਤਾਬ ਵੱਲ ਕਰ ਲਿਆ। ਮਨਦੀਪ ਨੇ ਤਰਸੇਮ ਦੀ ਚੜ੍ਹੀ ਘੂਰੀ ਨੂੰ ਤੱਕ ਕੇ ਆਪਣਾ ਧਿਆਨ ਉਬਾਲੇ ਖਾ ਰਹੀ ਚਾਹ ਵੱਲ ਕਰ ਲਿਆ। ਆਪਣੀ ਲੰਚ-ਕਿੱਟ ਨੂੰ ਕਿਚਨ-ਕਾਊਂਟਰ `ਤੇ ਪਟਕਾ ਕੇ ਤਰਸੇਮ ਵਾਸ਼ਰੂਮ ਵਿੱਚ ਵੜ੍ਹ ਕੇ ਟਾਇਲਟ `ਤੇ ਬੈਠ ਗਿਆ।

ਜੇ ਉਸ ਦਾ ਮੂਡ ਇਸ ਤਰ੍ਹਾਂ ਦਾ ਨਾ ਹੁੰਦਾ ਤਾਂ ਉਸ ਨੇ ਕੰਮ ਤੋਂ ਮੁੜ ਕੇ ਬੱਚਿਆਂ ਵਿੱਚ ਬੈਠੀ ਆਪਣੀ ਮਾਂ ਦੇ ਗੋਡੀਂ ਹੱਥ ਲਾਉਣਾ ਸੀ ਫਿਰ ਗੁਰਨੀਤ ਦੇ ਸਿਰ `ਤੇ ਹੱਥ ਰੱਖਣ ਤੋਂ ਬਾਅਦ ਸੁਮੀਤ ਨੂੰ ਆਪਣੇ ਨਾਲ ਘੁੱਟਦਿਆਂ ਮਨਦੀਪ ਵੱਲ ਵੇਖਣਾ ਸੀ। ਛੇ ਕੁ ਮਹੀਨੇ ਪਹਿਲਾਂ ਤਰਸੇਮ ਨੇ ਇੱਕ ਰੇਡੀਓ ਪ੍ਰੋਗਰਾਮ `ਤੇ ਸੁਣਿਆ ਸੀ ਕਿ ਬੱਚਿਆਂ ਨੂੰ ਉਪਦੇਸ਼ ਦੇਣ ਨਾਲੋਂ ਉਨ੍ਹਾਂ ਨੂੰ ਰੋਲ-ਮਾਡਲ ਬਣ ਕੇ ਵਿਖਾਓ ਤਾਂ ਬੱਚਿਆਂ ਉੱਪਰ ਜਿਆਦਾ ਅਸਰ ਕਰਦਾ ਹੈ। ਉਦੋਂ ਤੋਂ ਤਰਸੇਮ ਆਪਣੀ ਮਾਂ ਦੇ ਗੋਡੀਂ ਹੱਥ ਲਾਉਣ ਲੱਗਿਆ ਸੀ। ਕੁੱਝ ਦਿਨਾਂ ਬਾਅਦ ਉਸ ਨੇ ਗੁਰਨੀਤ ਨੂੰ ਕਿਹਾ ਸੀ, “ਵੇਖਿਆ, ਜਦੋਂ ਮੈਂ ਬਾਹਰੋਂ ਆਉਣੈ ਆਪਣੀ ਮਾਂ ਦੇ ਪੈਰੀਂ ਹੱਥ ਲਾਉਣੈ, ਤੂੰ ਵੀ ਜਦੋਂ ਅਸੀਂ ਬਾਹਰੋਂ ਆਈਏ ‘ਸਾਸਰੀ `ਕਾਲ’ ਬੁਲਾਇਆ ਕਰ।” ਫਿਰ ਗੁਰਨੀਤ ਦੀ ਦੇਖਾ-ਦਾਖੀ ਸੁਮੀਤ ਵੀ ਬਾਹਰੋਂ ਆਇਆਂ ਤੋਂ ‘ਸਾਸਰੀ `ਕਾਲ’ ਬੁਲਾਉਣ ਲੱਗਾ ਸੀ।

ਪਰ ਜੇ ਤਰਸੇਮ ਦੇ ਦਿਮਾਗ ਵਿੱਚ ਕੋਈ ਖਲਬਲੀ ਮੱਚੀ ਹੁੰਦੀ ਤਾਂ ਉਹ ਟਾਇਲਟ ਸੀਟ `ਤੇ ਜਾ ਬੈਠਦਾ। ਉੱਥੇ ਬੈਠ ਕੇ ਉਹ ਸਮੱਸਿਆ ਨੂੰ ਰਿੜਕਦਾ।

ਟਾਇਲਟ ਸੀਟ `ਤੇ ਬੈਠੇ ਤਰਸੇਮ ਨੂੰ ਲੱਗਾ ਜਿਵੇਂ ਬੱਚਿਆਂ ਨੇ ਟੀ.ਵੀ.ਦੀ ਆਵਾਜ਼ ਉੱਚੀ ਕਰ ਦਿੱਤੀ ਹੋਵੇ। ਫਿਰ ਉਸ ਨੂੰ ਲੱਗਾ ਜਿਵੇਂ ਉਹ ਰੌਲਾ ਪਾ ਰਹੇ ਹੋਣ। ਉਸ ਦਾ ਜੀਅ ਕੀਤਾ ਕਿ ਉੱਠ ਕੇ ਦੋਹਾਂ ਦੇ ਇੱਕ-ਇੱਕ ਜੜ ਆਵੇ। ਉਸ ਨੇ ਕਚੀਚੀ ਵੱਟੀ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਆਵਾਂ ਬਾਹਰ? ਕਿਵੇਂ ਰੌਲਾ ਪਾਇਐ।”

“ਕਦੋਂ ਰੌਲਾ ਪਾਉਣੇ ਆਂ ਡੈਡੀ,” ਗੁਰਨੀਤ ਦੀ ਉੱਚੀ ਆਵਾਜ਼ ਆਈ।

“ਵੇਖ ਕਿਵੇਂ ਬੋਲਦੀ ਐ। ਦੱਸਾਂ ਪਤਾ ਕਿਵੇਂ ਵੱਡਿਆਂ ਨਾਲ ਗੱਲ ਕਰੀਦੀਐ,” ਤਰਸੇਮ ਕੜਕਵੀਂ ਆਵਾਜ਼ ਵਿੱਚ ਬੋਲਿਆ।

“ਕੋਈ ਰੌਲਾ-ਰੱਪਾ ਨੀ ਪਾਉਂਦੇ ਕਾਕਾ, ਆਪਸ `ਚ ਖੇਡਣ ਲੱਗੇ ਆ। ਜੇ ਆਹਨੈਂ ਤਾਂ ਬਾਹਰ ਲੈ ਜਾਨੀ ਆਂ। ਪਤਾ ਨੀ ਕੀ ਹੋ ਜਾਂਦੈ ਤੈਨੂੰ ਕਦੇ-ਕਦੇ,” ਮਾਂ ਦੀ ਆਵਾਜ਼ ਉਸ ਦੇ ਕੰਨੀ ਪਈ। ‘ਮਾਂ ਵਿਗਾੜੂ ਏਹਨੂੰ’ ਸੋਚ ਕੇ ਉਸ ਨੂੰ ਆਪਣੀ ਮਾਂ `ਤੇ ਕ੍ਰੋਧ ਆਇਆ। ਪਰ ਉਹ ਕੁੱਝ ਬੋਲਿਆ ਨਾ। ‘ਮੈਨੂੰ ਕਹਿੰਦੀ ਐ ਬਈ ਪਤਾ ਨੀ ਕੀ ਹੋ ਜਾਂਦੈ, ਓਹ ਬੋਲਦੀ ਨੀ ਦਿੱਸਦੀ ਬਈ ਕਿਵੇਂ ਹੀਂਜਰਦੀ ਐ। ਪਤਾ ਨੀ ਸਾਲਾ ਕੀ ਬਨਣੈ, ਹੁਣੇ ਈ ਅੱਖਾਂ ਵਿਖਾਉਂਦੀ ਐ, ਵੱਡੀ ਹੋ ਕੇ ਪਤਾ ਨੀ ਕੀ ਰੰਗ ਲਾਊ।’

ਤਰਸੇਮ ਦੀ ਨਿਗ੍ਹਾ ਸ਼ੀਸ਼ੇ ਵੱਲ ਗਈ। ਉਸ ਨੂੰ ਲੱਗਾ ਜਿਵੇਂ ਗੁਰਨੀਤ ਇੱਕ-ਦਮ ਵੱਡੀ ਹੋ ਗਈ ਹੋਵੇ। ਉਸ ਦੇ ਅੰਦਰ ਇੱਕ ਚੀਸ ਉੱਠੀ। ਫਿਰ ਤਰਸੇਮ ਨੂੰ ਲੱਗਾ ਜਿਵੇਂ ਗੁਰਨੀਤ ਕਿਸੇ ਗੋਰੇ ਮੁੰਡੇ ਦੇ ਹੱਥ ਵਿੱਚ ਹੱਥ ਪਾਈ ਕਿਤੇ ਜਾ ਰਹੀ ਹੋਵੇ। ਅਤੇ ਉਹ ਲੋਕਾਂ ਤੋਂ ਨਜ਼ਰਾਂ ਬਚਾ ਰਿਹਾ ਹੋਵੇ। ਇਹ ਸੋਚ ਕੇ ਤਰਸੇਮ ਡਰ ਨਾਲ ਕੰਬ ਗਿਆ। ਤਰਸੇਮ ਦੇ ਅੰਦਰੋਂ ਇੱਕ ਹਾਉਕਾ ਨਿਕਲਿਆ। ਉਸ ਨੇ ਸਿਰ ਝਟਕਿਆ ਅਤੇ ਆਪਣਾ ਧਿਆਨ ਸ਼ੀਸ਼ੇ ਤੋਂ ਹਟਾ ਲਿਆ। ਫਿਰ ਉਸ ਨੇ ਸੋਚਿਆ, ‘ਜੇ ਪਤਾ ਹੁੰਦਾ ਤਾਂ ਪਹਿਲਾਂ ਈ ਟੈਸਟ-ਟੁਸਟ ਕਰਵਾ ਲੈਂਦੇ। ਹੁਣ ਜਿੰਨਾਂ ਚਿਰ ਵੱਡੀ ਹੋ ਕੇ ਵਿਆਹੀ ਨੀ ਜਾਂਦੀ, ਸੂਲੀ ਟੰਗੇ ਰਹਾਂਗੇ।’ ਸੋਚਦੇ ਤਰਸੇਮ ਦੀ ਨਿਗ੍ਹਾ ਅਚਾਨਕ ਟਾਇਲਟ ਸਾਹਮਣੇ ਟੰਗੇ ਸ਼ੀਸ਼ੇ ਨਾਲ ਟਕਰਾਈ। ਸ਼ੀਸ਼ੇ `ਤੇ ਕ੍ਰੋਧ ਕੱਢਦਾ ਉਹ ਬੁੜਬੜਾਇਆ, “ਭੈਣ ਦਾ ਘੜੁੱਕ” ਅਤੇ ਉਸ ਨੇ ਆਪਣੀ ਨਿਗ੍ਹਾ ਸ਼ੀਸ਼ੇ ਤੋਂ ਪਾਸੇ ਕਰ ਲਈ। ਉਸ ਨੂੰ ਮਨਦੀਪ `ਤੇ ਖਿਝ ਆਈ। ‘ਸੇਹਲੀਆਂ ਪੁੱਟਣ ਬਹਿ ਜਾਂਦੀ ਸੀ ਸਾਹਮਣੇ। ਐਂ ਨੀ ਵੇਂਹਦੀ ਬਈ ਕੁੜੀ ਵੱਡੀ ਹੋ ਗਈ ਐ।’

ਇਹ ਸ਼ੀਸ਼ਾ ਤਰਸੇਮ ਨੇ ਆਪ ਹੀ ਇੱਥੇ ਟੰਗਿਆ ਸੀ। ਇੱਕ ਦਿਨ ਜਦ ਬੈੱਡਰੂਮ `ਚ ਬੈਠੀ ਮਨਦੀਪ ਆਪਣੇ ਭਰਵੱਟੇ ਸਵਾਰ ਰਹੀ ਸੀ ਤਾਂ ਤਰਸੇਮ ਖਿਝ ਕੇ ਬੋਲਿਆ ਸੀ, “ਆਹ ਹੀ ਕੁੱਝ ਸਿਖਾਏਂਗੀ ਜਵਾਕੜੀ ਨੂੰ। ਡੋਰ ਭੇੜ ਲਿਆ ਕਰ ਜਦੋਂ ਏਹੋ ਜਾ ਕੁਛ ਕਰਨਾ ਹੁੰਦੈ।”

“ਸੌਰੀ, ਮੈਂ ਡੋਰ ਬੰਦ ਕਰਨਾ ਭੁੱਲ ਗਈ। ਪਲੀਜ਼, ਲੌਕ ਕਰ ਜਾਇਓ ਬਾਹਰ ਨਿਕਲਣ ਲੱਗੇ,” ਮਨਦੀਪ ਬੋਲੀ। ਤਰਸੇਮ ਬੁੜ-ਬੁੜ ਕਰਦਾ ਦਰਵਾਜ਼ਾ ਬੰਦ ਕਰ ਕੇ ਕਮਰੇ `ਚੋਂ ਬਾਹਰ ਨਿਕਲ ਗਿਆ। ਅਗਲੇ ਦਿਨ ਉਸ ਨੇ ਟਾਇਲਟ ਸਾਹਮਣੇ ਸ਼ੀਸ਼ਾ ਟੰਗ ਕੇ ਨਰਮ ਆਵਾਜ਼ ਵਿੱਚ ਮਨਦੀਪ ਨੂੰ ਕਿਹਾ ਸੀ, “ਗੁਰਨੀਤ ਹੁਣ ਵੱਡੀ ਹੋ ਰਹੀ ਐ। ਆਪਾਂ ਨੂੰ ਖਿਆਲ ਰੱਖਣਾ ਪੈਣੈ। ਮੈਂ ਟਾਇਲਟ ਸਾਹਮਣੇ ਸ਼ੀਸ਼ਾ ਟੰਗ ਦਿੱਤੈ। ਟਾਇਲਟ ਬੈਠਣ ਦੇ ਬਹਾਨੇ ਬਣਾ ਲਿਆ ਕਰ ਆਵਦੇ ਆਈ-ਬਰੋ।” ਇਹ ਗੱਲ ਭਾਵੇਂ ਤਰਸੇਮ ਨੇ ਨੀਵੀਂ ਆਵਾਜ਼ ਵਿੱਚ ਮਨਦੀਪ ਨੂੰ ਆਖੀ ਸੀ ਪਰ ਪਰ੍ਹੇ ਬੈਠੀ ਉਸ ਦੀ ਮਾਂ ਦੇ ਕੰਨਾਂ ਤੱਕ ਵੀ ਅੱਪੜ ਗਈ ਸੀ। ਉਸ ਨੇ ਉੱਥੈ ਬੈਠੀ ਨੇ ਹੀ ਕਿਹਾ, “ਫੂਕ-ਫੂਕ ਪੈਰ ਧਰਨਾ ਪੈਣੈ ਭਾਈ। ਜਵਾਕਾਂ ਨੇ ਤਾਂ ਜਿਵੇਂ ਥੋਨੂੰ ਕਰਦਿਆਂ ਨੂੰ ਵੇਖਣੈ, ਉਵੇਂ ਹੀ ਕਰਨੈ। ਹੁਣ ਪੁਰਾਣੇ ਜਮਾਨੇ ਤਾਂ ਹੈ ਨੀ ਬਈ ਕੁੜੀਆਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ। ਸ਼ਰਮ-ਹਯਾ ਵਾਲਾ ਤਾਂ ਆਵਾ ਈ ਊਤਿਆ ਪਿਐ।”

ਮਾਂ ਦੀਆਂ ਇਹੋ-ਜਿਹੀਆਂ ਗੱਲਾਂ ਤਰਸੇਮ ਨੂੰ ਹੋਰ ਫ਼ਿਕਰਮੰਦ ਕਰ ਦਿੰਦੀਆਂ। ਉਸ ਦਿਨ ਤਾਂ ਉਹ ਜ਼ਿਆਦਾ ਹੀ ਫ਼ਿਕਰਮੰਦ ਹੋ ਗਿਆ ਸੀ, ਜਿਸ ਦਿਨ ਉਸ ਦੀ ਮਾਂ ਨੇ ਉਮਰ ਦੇ ਸੱਤਵੇਂ ਵਰ੍ਹੇ `ਚ ਗੁਜ਼ਰ ਰਹੀ ਗੁਰਨੀਤ ਨੂੰ ਟੋਕਦੇ ਹੋਏ ਕਿਹਾ ਸੀ, “ਕੁੜੇ ਹੁਣ ਤੂੰ ਜਵਾਕੜੀ ਨੀ ਰਹੀ। ਪੈਂਟ ਪਾਇਆ ਕਰ। ਕੁੜੀਆਂ ਲੱਤਾਂ ਨੀ ਨੰਗੀਆਂ ਰੱਖਦੀਆਂ ਹੁੰਦੀਆਂ।”

“ਆਈ ਡੌਂਟ ਵਾਂਟ ਟੂ, ਇਟਸ ਸੋ ਹਾਟ ਆਊਟ ਦੇਅਰ,” ਮੋਢੇ ਚੜ੍ਹਾ ਕੇ ਗੁਰਨੀਤ ਬੈਕਯਾਰਡ ਵਾਲੀਆਂ ਪੌੜ੍ਹੀਆਂ ਉੱਤਰ ਗਈ।

“ਬੋਲਦੀ ਵੇਖ ਕਿਵੇਂ ਐ। ਮੇਰੀਆਂ ਕਦੇ ਅੱਖ `ਚ ਪਾਈਆਂ ਨੀ ਸੀ ਰੜਕੀਆਂ। ਹੁਣੇ ਈ ਮਾਨ ਨੀ, ਵੱਡੀ ਹੋ ਕੇ ਪਤਾ ਨੀ ਕੀ ਚੰਦ ਚੜ੍ਹਾਊਗੀ---,” ਤਰਸੇਮ ਦੀ ਮਾਂ ਹੋਰ ਵੀ ਬੋਲਦੀ ਰਹੀ ਸੀ ਪਰ ਤਰਸੇਮ ਦੇ ਦਿਮਾਗ ਵਿੱਚ ਤਾਂ ‘ਵੱਡੀ ਹੋ ਕੇ ਪਤਾ ਨੀ ਕੀ ਚੰਦ ਚੜ੍ਹਾਊਗੀ’ ਅੜ ਗਿਆ ਸੀ। ਉਸੇ ਸ਼ਾਮ ਗਰੋਸਰੀ ਲੈ ਕੇ ਮੁੜੀ ਮਨਦੀਪ ਬੋਲੀ ਸੀ, “ਪਤਾ ਨੀ ਕੀ ਬਨਣੈ, ਬੇੜਾ ਗਰਕਣ `ਤੇ ਆਇਆ ਪਿਐ।” ਤਰਸੇਮ ਨੇ ਹੈਰਾਨੀ ਨਾਲ ਮਨਦੀਪ ਵੱਲ ਵੇਖਿਆ ਜਿਵੇਂ ਪੁੱਛ ਰਿਹਾ ਹੋਵੇ ਕਿ ਤੈਨੂੰ ਸਟੋਰ ਫਿਰਦੀ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਮੈਂ ਵੀ ‘ਪਤਾ ਨੀ ਕੀ ਬਨਣੈ?’ ਬਾਰੇ ਫਿਕਰਮੰਦ ਹਾਂ। ਮਨਦੀਪ ਬੋਲੀ, “ਆਹ ਆਪਣੇ ਸਾਹਮਣੇ ਜਿਹੜਾ ਬੱਸ ਸਟਾਪ ਐ ਨਾ ਓਥੇ ਬੈਠੇ ਆ ਬੁੱਲ੍ਹ ਜੋੜੀ, ਮਸਾਂ ਬਾਰਾਂ-ਤੇਰਾਂ ਸਾਲਾਂ ਦੇ ਹੋਣੇ ਆ। ਕੁੜੀ ਤਾਂ ਆਪਣਿਆਂ ਦੀ ਲੱਗਦੀ ਐ। ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਐ, ਮੁੰਡੇ ਨੇ ਕੁੜੀ ਦੇ ਬਲਾਉਜ਼ `ਚ ਹੱਥ ਪਾਇਆ ਵਿਐ। ਮੇਰਾ ਤਾਂ ਜਾਣੀ ਸਰੀਰ ਝੂਠਾ ਜਿਆ ਪੈ ਗਿਆ। ਨਿਆਣੇ ਜਿਹੜਾ ਕੁਛ ਦੇਖਣਗੇ ਓਹੀ ਕਰਨਗੇ।”

ਸੁਣ ਕੇ ਤਰਸੇਮ ਹੋਰ ਫਿਕਰਮੰਦ ਹੋ ਗਿਆ। ‘ਪਤਾ ਨੀ ਕੀ ਬਨਣੈ’ ਸੋਚਦਾ ਤਰਸੇਮ ਟਾਇਲਟ ਸੀਟ `ਤੇ ਜਾ ਬੈਠਾ। ਉਸ ਦੇ ਦਿਮਾਗ ਵਿੱਚ ਆਈ ਕਿ ਜੇ ਪਤਾ ਹੁੰਦਾ ਬਈ ਕੁੜੀਆਂ ਪਾਲਣੀਆਂ ਐਨੀਆਂ ਔਖੀਐਂ ਤਾਂ ਪਹਿਲਾਂ ਈ ਗਰਭ-ਟੈਸਟ ਕਰਵਾ ਲੈਂਦੇ,’ ਪਰ ਅਗਲੇ ਦਿਨ ਜਦ ਗੁਰਨੀਤ ਸਕੂਲ ਤੋਂ ਆਪਣਾ ਰਿਪੋਰਟ ਕਾਰਡ ਲੈ ਕੇ ਆਈ ਸੀ ਤਾਂ ਸਾਰੇ ਵਿਸ਼ਿਆਂ ਵਿੱਚ ‘ਐਕਸੀਡਡ’ ਵੱਲੀ ਡੱਬੀ ਵਿੱਚ ਨਿਸ਼ਾਨੀਆਂ ਲੱਗੀਆਂ ਵੇਖ ਤਰਸੇਮ ਨੂੰ ਆਪਣੀ ਸੋਚ `ਤੇ ਸ਼ਰਮਿੰਦਗੀ ਮਹਿਸੂਸ ਹੋਈ ਸੀ ਤੇ ਉਹ ਸ਼ੀਸ਼ੇ ਨਾਲ ਅੱਖ ਨਹੀਂ ਸੀ ਮਿਲਾ ਸਕਿਆ।

ਹੁਣ ਵੀ ਤਰਸੇਮ ਦੇ ਦਿਮਾਗ ਵਿੱਚ ਗਰਭ ਟੈਸਟ ਕਰਾਉਣ ਵਾਲੀ ਗੱਲ ਆਉਣ ਵੇਲੇ ਉਸ ਤੋਂ ਸ਼ੀਸ਼ੇ ਨਾਲ ਅੱਖ ਨਹੀਂ ਸੀ ਮਿਲਾਈ ਗਈ ਤੇ ਉਸ ਨੇ ਸ਼ੀਸ਼ੇ ਨੂੰ ‘ਭੈਣ ਦਾ ਘੜੁੱਕ’ ਆਖ ਕੇ ਅੱਖਾਂ ਫੇਰ ਲਈਆਂ। ‘ਕੀ ਕਰੇ ਬੰਦਾ ਕਿ ਐਹੋ-ਜਿਹਾ ਦਿਨ ਨਾ ਵੇਖਣਾ ਪਵੇ?’ ਤਰਸੇਮ ਨੇ ਸੋਚਿਆ। ਪਰ ਉਸ ਨੂੰ ਆਪਣੇ ਅੰਦਰੋਂ ਇਸ ਸਵਾਲ ਦਾ ਜਵਾਬ ਨਾ ਲੱਭਾ। ਉਸ ਨੂੰ ਪਹਿਲਾਂ ਨਾਲੋਂ ਹੌਲੀ ਆ ਰਹੀ ਬੱਚਿਆਂ ਦੀ ਆਵਾਜ਼ ਹੋਰ ਉੱਚੀ ਆਉਂਦੀ ਮਹਿਸੂਸ ਹੋਈ। ਉਸ ਨੂੰ ਤਲਖੀ ਮਹਿਸੂਸ ਹੋਈ। ਤਰਸੇਮ ਨੇ ਸੋਚਿਆ ਕਿ ਠੰਡੇ ਪਾਣੀ ਦਾ ਸ਼ਾਵਰ ਚਲਾ ਦੇਵੇ। ਸ਼ਾਵਰ ਦੀ ਆਵਾਜ਼ ਬਾਹਰਲੀਆਂ ਆਵਾਜ਼ਾਂ ਨੂੰ ਰੋਕ ਲੈਂਦੀ ਅਤੇ ਉਹ ਆਪਣੇ ਅੰਦਰਲੇ ਸ਼ੋਰ ਵਿੱਚ ਉਲਝ ਜਾਂਦਾ। ਪਰ ਤਰਸੇਮ ਨੂੰ ਪਾਣੀ ਵਾਲੇ ਮੀਟਰ ਦਾ ਝੱਟ ਖਿਆਲ ਆ ਗਿਆ। ‘ਭੈਣ ਦੇ ਘੜੁੱਕ ਨਵੇਂ ਥਾਂ ਦੇ ਸਾਲੇ ਸੌ ਹੋਰ ਜੱਬ।’ ਉਸ ਨੂੰ ਆਪਣਾ ਪੁਰਾਣਾ ਮਕਾਨ ਚੇਤੇ ਆਇਆ ਜਿੱਥੇ ਪਾਣੀ ਦਾ ਸਾਲ ਭਰ ਦਾ ਫਲੈਟ ਰੇਟ ਸੀ ਅਤੇ ਉਹ ਅਜੇਹੇ ਮੌਕਿਆਂ `ਤੇ ਠੰਡੇ ਪਾਣੀ ਦਾ ਸ਼ਾਵਰ ਚਲਾ ਲਿਆ ਕਰਦਾ ਸੀ।

‘ਪੁਰਾਣੀਆਂ ਆਦਤਾਂ ਛੱਡਣ `ਚ ਮੇਹਨਤ ਤਾਂ ਕਰਨੀ ਪੈਂਦੀ ਹੈ, ਦੁੱਖ ਵੀ ਹੁੰਦੈ ਪਹਿਲਾਂ-ਪਹਿਲਾਂ। ਪਰ ਜਦੋਂ ਛੁੱਟ ਜਾਂਦੀਐਂ ਤਾਂ ਸੁਖ ਵੀ ਮਿਲਦੈ।’ ਮਾਮੇ ਜੀਤ ਦੀ ਕਹੀ ਗੱਲ ਤਰਸੇਮ ਦੇ ਦਿਮਾਗ ਵਿੱਚੋਂ ਲੰਘੀ। ਪਰ ਅਗਲੇ ਹੀ ਪਲ ਉਸ ਨੇ ਸੋਚਿਆ, ‘ਮਾਮੇ ਨੂੰ ਹੁਣ ਆਉਂਦੀਐਂ ਗੱਲਾਂ, ਕੁੜੀਆਂ ਦੋਹੇਂ ਡਾਕਟਰ ਬਣਗੀਐਂ ਤੇ ਲੋਕਾਂ ਨੂੰ ਮੱਤਾਂ ਦੇਣ ਲੱਗ ਪਿਐ।’

ਤਰਸੇਮ ਨੂੰ ਜੀਤ ਮਾਮਾ ਅੱਜ ਦਿਨੇ ਵੀ ਯਾਦ ਆਇਆ ਸੀ, ਜਦ ਉਹ ਕੰਮ `ਤੇ ਖੜ੍ਹਾ ਸੀ। ਤਰਸੇਮ ਨੂੰ ਜੀਤ ਮਾਮਾ ਆਪਣੇ ਘਰ ਦੇ ਫੈਮਲੀ-ਰੂਮ ਵਿੱਚ ਸੋਫ਼ੈ `ਤੇ ਬੈਠਾ ਉਵੇਂ ਹੀ ਦਿਸਿਆ ਸੀ ਜਿਵੇਂ ਉਹ ਦੋ ਕੁ ਸਾਲ ਪਹਿਲਾਂ ਕਨੇਡਾ `ਚ ਨਵੇਂ ਆਏ ਆਪਣੀ ਭੂਆ ਦੇ ਧੀ-ਜਵਾਈ ਜਾਣੀ ਤਰਸੇਮ ਦੇ ਮਾਂ-ਪਿਓ ਨੂੰ ਮਿਲਣ ਵੈਨਕੂਵਰ ਆਇਆ ਬੈਠਾ ਸੀ। ਆਪ ਤਾਂ ਜੀਤ ਮਾਮਾ ਕੋਈ ਤੀਹ ਸਾਲਾਂ ਤੋਂ ਸਸਕਾਟੂਨ ਰਹਿੰਦਾ ਸੀ ਜਿੱਥੇ ਉਹ ਇੱਕ ਸਕੂਲ ਵਿੱਚ ਹਿਸਾਬ ਪੜ੍ਹਾਉਂਦਾ ਸੀ। ਗੱਲਾਂ-ਬਾਤਾਂ ਕਰਦਿਆਂ ਉਸ ਨੇ ਕਿਹਾ ਸੀ, “ਭੈਣੇ ਆਪਾਂ ਤਾਂ ਹੁਣ ਜਿੰਮੇਵਾਰੀਆਂ ਤੋਂ ਫਰੀ ਆਂ। ਬੱਚੀਆਂ ਦੋਹੇਂ ਡਾਕਟਰ ਬਣ ਗਈਐਂ। ਦੋਹਾਂ ਦੇ ਵਿਆਹ ਹੋ ਗਏ ਆ।”

“ਅੱਛਾ, ਆਹ ਤਾਂ ਭਾਈ ਬਹੁਤ ਚੰਗਾ ਹੋਇਆ ਜਾਣੀ ਦੋਹੇਂ ਕੁੜੀਆਂ ਈ ਡਾਕਟਰ ਬਣਾਤੀਆਂ। ਬਣਾਉਣਾ ਈ ਸੀ ਤੂੰ ਆਪ ਕਿਹੜਾ ਘੱਟ ਪੜ੍ਹਿਆ-ਲਿਖਿਆ ਸੀ। ਕੁੜੀਆਂ ਦੇ ਫਿਰ ਕਿੱਥੇ ਕੀਤੇ ਰਿਸ਼ਤੇ?” ਤਰਸੇਮ ਦੀ ਮਾਂ ਨੇ ਪੁੱਛਿਆ।

“ਆਪਾਂ ਕਿੱਥੇ ਕਰਨੇ ਸੀ ਰਿਸ਼ਤੇ। ਆਪਾਂ ਤਾਂ ਹਾਂ ਕਰਨ ਵਾਲੇ ਸੀ। ਉਨ੍ਹਾਂ ਦੀ ਆਪਣੀ ਲਾਈਫ਼ ਐ ਜਿੱਥੇ ਉਨ੍ਹਾਂ ਕਿਹਾ ਬਈ ਵਿਆਹ ਕਰਾਉਣੈ ਆਪਾਂ ਹਾਂ ਕਰ ਦਿੱਤੀ। ਮੁੰਡੇ ਵੀ ਦੋਹੇਂ ਡਾਕਟਰ ਈ ਐ। ਯੂਨੀਵਰਸਿਟੀ `ਚ ਦੋਹਾਂ ਦੇ ਨਾਲ ਈ ਪੜ੍ਹਦੇ ਸੀ।”

“ਊਂ ਤਾਂ ਆਪਣੇ ਈ ਹੋਣੇ ਆ?” ਤਰਸੇਮ ਦੀ ਮਾਂ ਨੇ ਹੈਰਾਨੀ ਜਿਹੀ `ਚ ਪੁੱਛਿਆ।

ਜੀਤ ਹੱਸਿਆ, ਫੇਰ ਬੋਲਿਆ, “ਸਾਰੀ ਦੁਨੀਆ ਈ ਆਪਣੀ ਐ। ਪਰ ਮੈਨੂੰ ਪਤੈ ਭੈਣ ਤੂੰ ਕੀ ਪੁੱਛਣਾ ਚਾਹੁੰਨੀ ਆਂ। ਨਾ ਤਾਂ ਉਹ ਜੱਟ ਐ ਤੇ ਨਾ ਹੀ ਸਿੱਖ-----

ਤਰਸੇਮ ਨੇ ਆਪਣੇ ਮਾਮੇ ਦੇ ਚੇਹਰੇ ਵੱਲ ਵੇਖਿਆ। ਮਾਮੇ ਦੇ ਚੇਹਰੇ ਦਾ ਜਲੌਅ ਵੇਖ ਕੇ ਤਰਸੇਮ ਨੂੰ ਹੈਰਾਨੀ ਜਿਹੀ ਹੋਈ।

ਜੀਤ ਨੇ ਗੱਲ ਪੂਰੀ ਕੀਤੀ, “ਵੱਡਾ ਗੋਰਾ ਐ ਤੇ ਛੋਟਾ ਚੀਨਾ।”

“ਤੈਨੂੰ ਕੋਈ ਉੱਜਰ ਨੀ ਹੋਇਆ?” ਤਰਸੇਮ ਦੀ ਮਾਂ ਨੇ ਹੈਰਾਨੀ ਨਾਲ ਅੱਖਾਂ ਸਕੋੜੀਆਂ।

“ਮੈਨੂੰ ਕੀ ਪ੍ਰੋਬਲਮ ਹੋਣੀ ਸੀ। ਮੁੰਡੇ ਦੋਹੇਂ ਨਾਈਸ ਐ। ਆਪਣੀਆਂ ਬੱਚੀਆ ਵੀ ਬਹੁਤ ਇੰਟੈਲੀਜੈਂਟ ਆ। ਸਾਡਾ ਫ਼ਰਜ਼ ਸੀ ਸੀ ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ। ਬਾਕੀ ਉਨ੍ਹਾ ਦੀ ਲਾਈਫ਼ ਐ,” ਜੀਤ ਨੇ ਕਿਹਾ।

“ਤੂੰ ਤਾਂ ਭਾਈ ਜਵਾਂ ਈ ਗੋਰਿਆਂ ਅਰਗਾ ਬਣ ਗਿਆ। ਤਕਲੀਫ਼ ਤਾਂ ਹੁੰਦੀ ਈ ਐ। ਲੋਕੀਂ ਕੀ ਕਹਿੰਦੇ ਹੋਣਗੇ?” ਤਰਸੇਮ ਦੀ ਮਾਂ ਨੇ ਕਿਹਾ।

ਜੀਤ ਹੱਸਿਆ, ਫੇਰ ਬੋਲਿਆ, “ਨਹੀਂ ਭੈਣ ਮੈਨੂੰ ਕੋਈ ਤਕਲੀਫ ਨਹੀਂ ਹੋਈ। ਅਸਲ `ਚ ਲੋਕ ਦੂਜਿਆਂ ਦੀ ਪ੍ਰਵਾਹ ਨਹੀਂ ਕਰਦੇ ਹੁੰਦੇ ਸਗੋਂ ਬੰਦੇ ਦੇ ਆਪਣੇ ਅੰਦਰ ਕੋਈ ਕੰਪਲੈਕਸ ਹੁੰਦੈ ਜਿਸ ਦੇ ਅਸਰ ਹੇਠ ਉਹ ਲੋਕਾਂ ਦੀ ਪ੍ਰਵਾਹ ਕਰਦਾ ਹੁੰਦੈ। ਜੇ ਬੰਦੇ ਅੰਦਰ ਕੋਈ ਗੰਢ ਨਾ ਹੋਵੇ ਤਾਂ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ। ਅਸੀਂ ਪੰਜਾਬੀਆਂ ਨੇ ਆਪਣੀ ਇੱਜ਼ਤ ਨੂੰ ਕੁੜੀਆਂ ਨਾਲ ਜੋੜਿਆ ਹੋਇਐ। ਵੇਖੋ ਗੋਰੇ ਕਦੇ ਪ੍ਰਵਾਹ ਨੀ ਕਰਦੇ ਕਿ ਓਹਨਾਂ ਦੀ ਧੀ-ਭੈਣ ਕੀਹਦੇ ਨਾਲ ਉੱਠਦੀ-ਬੈਠਦੀ ਐ। ਉਨ੍ਹਾਂ ਲਈ ਇਹ ਇੱਜਤ ਦਾ ਸਵਾਲ ਨੀ ਹੁੰਦਾ। ਸਾਡੇ ਬੱਚੀਆਂ ਦੀ ਕਿਸੇ ਨਾਲ ਮਾੜੀ-ਮੋਟੀ ਗੱਲ ਹੋ ਜੇ ਤਾਂ ਪਿਓ-ਦਾਦੇ ਦਾ ਚਾਰ ਬੰਦਿਆਂ `ਚ ਖੜ੍ਹਨਾ ਦੁੱਭਰ ਕਰ ਦਿੰਦੇ ਐ ਲੋਕੀ। ਇਹ ਕੋਈ ਵਧੀਆ ਗੱਲਾਂ ਨਹੀਂ ਸਾਡੇ ਲੋਕਾਂ ਦੀਆਂ। ਸਮੇਂ ਦੇ ਨਾਲ ਸਾਨੂੰ ਬਦਲਣਾ ਚਾਹੀਦੈ। ਇਹ ਜਿਹੜੀਆਂ ਸਾਡੇ ਅੰਦਰ ਗੰਢਾਂ ਬੱਝੀਆਂ ਹੋਈਐਂ ਇਨ੍ਹਾਂ ਨੂੰ ਖੋਰਨਾ ਪੈਂਣੈ।”

ਟਾਇਲਟ ਸੀਟ ਉੱਪਰ ਬੈਠੇ ਤਰਸੇਮ ਨੂੰ ਮਾਮੇ ਦੀ ਕਹੀ ਇਹ ਗੰਢ ਵਾਲੀ ਗੱਲ ਚੇਤੇ ਆਈ। ਉਸ ਸੋਚਿਆ, ‘ਉਂਝ ਮਾਮੇ ਦੀ ਗੱਲ ਤਾਂ ਠੀਕ ਲੱਗਦੀ ਐ। ਪਰ ਭੈਣ ਦੇ ਘੜੁੱਕ ਲੋਕੀ ਪਤਾ ਨੀ ਕਦੋਂ ਛੱਡਣਗੇ ਇਓਂ ਸੋਚਣਾ।’

‘ਤੂੰ ਛੱਡ ਦਿੱਤੈ ਇਸ ਤਰ੍ਹਾਂ ਸੋਚਣਾ?’ ਤਰਸੇਮ ਨੂੰ ਲੱਗਾ ਜਿਵੇਂ ਸ਼ੀਸ਼ੇ ਵਿਚਲੇ ਉਸ ਦੇ ਪ੍ਰਤੀਬਿੰਬ ਨੇ ਪੁੱਛਿਆ ਹੋਵੇ।

ਉਸ ਨੂੰ ਕੋਈ ਗੱਲ ਨਾ ਸੁੱਝੀ ਫਿਰ ਉਸ ਦੇ ਦਿਮਾਗ `ਚ ਆਈ ‘ਐਂ ਕਿਵੇਂ ਗੰਢਾਂ ਖੁਰ ਜਾਂਦੀਐਂ?’ ਉਸ ਨੇ ਆਪਣਾ ਧਿਆਨ ਸ਼ੀਸ਼ੇ ਵੱਲੋਂ ਪਾਸੇ ਕਰ ਲਿਆ।

ਇਹ ਸਵਾਲ ਤਰਸੇਮ ਦੇ ਦਿਮਾਗ ਵਿੱਚ ਮਾਮੇ ਜੀਤ ਦੀ ਗੱਲ ਸੁਣ ਕੇ ਉਦੋਂ ਹੀ ਉਪਜਿਆ ਸੀ ਪਰ ਉਸ ਨੇ ਮਾਮੇ ਨੂੰ ਪੁੱਛਿਆ ਨਹੀਂ ਸੀ ਸਗੋਂ ਉਸ ਨੇ ਕਿਹਾ ਸੀ, “ਮਾਮਾ ਜੀ ਇਹ ਔਖਾ ਕੰਮ ਐ। ਸਾਡੇ ਇੱਥੇ ਪਿੱਛੇ ਜਿਹੇ ਆਪਣੇ ਇੱਕ ਜੱਟਾਂ ਦੀ ਕੁੜੀ ਨੇ ਛੀਂਬਿਆਂ ਦੇ ਮੁੰਡੇ ਨਾਲ ਵਿਆਹ ਕਰਵਾਇਐ। ਲੋਕੀਂ ਵਿਆਹ ਤਾਂ ਉਹਨੂੰ ਆਖਦੇ ਈ ਨੀ ਸੀ ਕਹਿਣ ਛੀਂਬਿਆਂ ਦੇ ਮੁੰਡੇ ਨਾਲ ਨਿਕਲ ਗਈ।”

“ਐਹੋ-ਜਿਹੇ ਲੋਕਾਂ ਦੀਆਂ ਗੱਲਾਂ ਪਿੱਛੇ ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਕਰਨੀ ਕਿੱਥੋਂ ਦੀ ਸਿਆਣਪ ਹੈ?” ਜੀਤ ਮਾਮੇ ਨੇ ਕਿਹਾ।

“ਇਸ ਤਰ੍ਹਾਂ ਦੀਆਂ ਗੱਲਾਂ ਤਾਂ ਉਹ ਲੋਕ ਈ ਕਰਦੇ ਹੁੰਦੇ ਐ ਜਿਨ੍ਹਾਂ ਨੇ ਆਪਣੀਆਂ ਜਾਤ-ਬਰਾਦਰੀ `ਚ ਵਿਆਹ ਲਈਆਂ ਹੁੰਦੀਐਂ ਜਾਂ ਜਿਨ੍ਹਾਂ ਦੇ ਹੁੰਦੀਆਂ ਈ ਨਹੀਂ,” ਤਰਸੇਮ ਦੇ ਬਾਪੂ ਨੇ ਡੂੰਘੀ ਜਿਹੀ ਆਵਾਜ਼ `ਚ ਕਿਹਾ ਜਿਵੇਂ ਉਹ ਕਿਤੇ ਬਹੁਤ ਦੂਰੋਂ ਬੋਲ ਰਿਹਾ ਹੋਵੇ।

ਕੰਮ `ਤੇ ਖੜ੍ਹੇ ਤਰਸੇਮ ਨੂੰ ਬਾਪੂ ਦੀ ਕਹੀ ਇਹ ਗੱਲ ਯਾਦ ਆਉਂਦੇ ਹੀ ਉਸ ਦੇ ਦਿਮਾਗ ਵਿੱਚ ਪਿੰਡ ਵਾਲਾ ਤੇਜਾ ਨੰਬਰਦਾਰ ਘੁੰਮ ਗਿਆ ਸੀ। ਉਸ ਦਾ ਖਿਆਲ ਆਉਂਦੇ ਹੀ ਤਰਸੇਮ ਅੰਦਰ ਖਿਝ ਉੱਠੀ। ਉਸ ਦਾ ਮੂੰਹ ਕੌੜਾ-ਕੌੜਾ ਹੋ ਗਿਆ। “ਸਾਲਾ ਨੰਬਰਦਾਰੀ ਦਾ” ਬੁੜਬੜਾ ਕੇ ਉਸ ਨੇ ਥੁੱਕ ਅੰਦਰ ਲੰਘਾਇਆ। ਤੇਜਾ ਨੰਬਰਦਾਰ ਉਸ ਨੂੰ ਦੰਦ ਕੱਢਦਾ ਉਵੇਂ ਦਿਸਿਆ ਜਿਵੇਂ ਆਖ ਰਿਹਾ ਹੋਵੇ, ‘ਹੁਣ ਵੀ ਮੰਨੇ ਈ ਐਂ ਕੰਧ ਦਾ ਅੱਧ ਦੇਣਾ ਜੇ ਪਹਿਲਾਂ ਮੰਨ ਜਾਂਦੇ’ ਤਰਸੇਮ ਨੇ ਆਪਣਾ ਸਿਰ ਝਟਕਿਆ ਪਰ ਨੰਬਰਦਾਰ ਉਸ ਦੇ ਦਿਮਾਗ ਵਿੱਚੋਂ ਨਹੀਂ ਸੀ ਨਿਕਲ ਰਿਹਾ। ਉਸ ਦੀ ਆਖੀ ਗੱਲ ਤਰਸੇਮ ਦੇ ਅੰਦਰ ਠਾਹ-ਠਾਹ ਕਰ ਰਹੀ ਸੀ।

ਬਹੁਤ ਸਾਲ ਪਹਿਲਾਂ ਜਦੋਂ ਹਾਲੇ ਤਰਸੇਮ ਤੇਰ੍ਹਾਂ-ਚੌਦਾਂ ਸਾਲਾਂ ਦਾ ਸੀ। ਤੇਜੇ ਨੰਬਰਦਾਰ ਨਾਲ ਤਰਸੇਮ ਦੇ ਬਾਪੂ ਦਾ ਬਾਹਰਲੇ ਘਰ ਦੇ ਵਲਗਣ ਨੂੰ ਲੈ ਕੇ ਝਗੜਾ ਹੁੰਦਾ-ਹੁੰਦਾ ਟਲਿਆ ਸੀ। ਤੇਜਾ ਨੰਬਰਦਾਰ ਘਰ ਦੀ ਵਲਗਣ ਕਰਨ ਲਈ ਸਾਂਝੀ ਕੰਧ ਕਰਨੀ ਚਾਹੁੰਦਾ ਸੀ ਪਰ ਤਰਸੇਮ ਦਾ ਬਾਪੂ ਪਸ਼ੂਆਂ ਵਾਲੇ ਘਰ ਦੀ ਵਲਗਣ ਕਰਨ ਲਈ ਕੰਧ ਨੂੰ ਵਾਧੂ ਦਾ ਖਰਚ ਹੀ ਸਮਝਦਾ ਸੀ। ਤਰਸੇਮ ਦੇ ਬਾਪੂ ਦਾ ਇਨਕਾਰ ਸੁਣ ਕੇ ਨੰਬਰਦਾਰ ਦਾ ਵਿਚਲੇ ਬੰਦੇ ਹੱਥ ਸੁਨੇਹਾ ਆਇਆ ਸੀ। ਉਸ ਕਿਹਾ ਸੀ, “ਕੋਈ ਗੱਲ ਨੀ, ਨਾ ਮੰਨਣ ਕੰਧ ਕਰਨੀ। ਜਦੋਂ ਉਹਦੀਆਂ ਕੁੜੀਆਂ ਬਾਹਰਲੇ ਘਰ ਆਇਆ ਕਰਨਗੀਆਂ ਮੈਂ ਆਵਦੇ ਮੁੰਡਿਆਂ ਨੂੰ ਆਖ ਦਿਆ ਕਰਨੈ ਬਈ ਓਹਨਾ ਵੱਲ ਮੂੰਹ ਕਰਕੇ ਮੂਤੋ।” ਸੁਣ ਕੇ ਤਰਸੇਮ ਦਾ ਬਾਪੂ ਕੋਨੇ `ਚ ਪਈ ਗੰਡਾਸੀ ਵੱਲ ਅਹੁਲਿਆ ਸੀ ਪਰ ਤਰਸੇਮ ਦੀ ਮਾਂ ਅਤੇ ਵਿਚਲੇ ਬੰਦੇ ਨੇ ਉਸ ਨੂੰ ਫੜ ਲਿਆ ਸੀ ਅਤੇ ਫਿਰ, “ਚਗਲਾਂ ਨਾਲ ਪੰਗਾ ਲੈਣ `ਚ ਘਾਟਾ ਈ ਘਾਟਾ ਐ” ਅਤੇ ਹੋਰ ਗੱਲਾਂ ਕਰ ਕੇ ਉਸ ਨੂੰ ਠਾਰ ਵੀ ਲਿਆ ਸੀ। ਪਰ ਉਹ ਗੱਲ ਜਦੋਂ ਤਰਸੇਮ ਦੇ ਚੇਤਿਆਂ `ਚ ਆਉਂਦੀ ਤਾਂ ਉਸ ਦੇ ਅੰਦਰ ਹਲ-ਚਲ ਮਚਾ ਦਿੰਦੀ।

ਦਿਮਾਗ `ਚ ਹੁੰਦੀ ਉਸੇ ਹਲਚਲ ਨਾਲ ਤਰਸੇਮ ਹੱਥਾਂ ਨਾਲ ਮਸ਼ੀਨ ਨੂੰ ਫੀਡ ਦਿੰਦਾ ਰਿਹਾ। ‘ਕਿਤੇ ਹੋ ਗੀ ਹੋਵੇ ਸਾਲੇ ਦੇ ਪੋਤੀ-ਪਾਤੀ ਈ, ਭੈਣ ਦੇ ਘੜੁੱਕ ਦੀ ਦੇ ਮੂਹਰੇ ਨੰਗਾ ਹੋ ਕੇ ਨੱਚਾਂ’ ਸੋਚਦੇ ਤਰਸੇਮ ਨੇ ਮਸ਼ੀਨ ਵਿੱਚੋਂ ਤਿਆਰ ਹੋਇਆ ਪੀਸ ਬਾਹਰ ਕੱਢ ਕੇ ਬੈਚ ਉੱਪਰ ਪਟਕਾ ਕੇ ਰੱਖਿਆ ਅਤੇ ਨਵਾਂ ਪੀਸ ਮਸ਼ੀਨ ਦੀ ਵਾਈਸ ਵਿੱਚ ਕਸ ਦਿੱਤਾ। ਨਵਾਂ ਪੀਸ ਤਿਆਰ ਕਰਦੇ ਤਰਸੇਮ ਦੀਆਂ ਸੋਚਾਂ ਵਿੱਚ ਪੱਦਲਾਂ ਦਾ ਛਾਨਾ ਆ ਗਿਆ, ਜਿਹੜਾ ਤਰਸੇਮ ਕੇ ਪਿੰਡ ਵਾਲੇ ਘਰ ਦੇ ਮੂਹਰੇ ਪਏ ਖੁੰਢ `ਤੇ ਬੈਠਾ ਅੰਦਰਲੇ ਘਰੋਂ ਗਲੀ ਪਾਰ ਕਰਕੇ ਬਾਹਰਲੇ ਘਰ ਜਾਂਦੀ ਤਰਸੇਮ ਦੀ ਵੱਡੀ ਭੈਣ ਨੂੰ ਘੂਰਦਾ ਰਹਿੰਦਾ। ਅੱਠਵੀਂ `ਚ ਪੜ੍ਹਦੇ ਤਰਸੇਮ ਦੇ ਹਾਣੀ ਜਦੋਂ ਛਾਨੇ ਜਾਂ ਪੱਦਲ ਦਾ ਨਾਂ ਲੈਂਦੇ ਤਾਂ ਤਰਸੇਮ ਨੂੰ ਲੱਗਦਾ ਜਿਵੇਂ ਉਹ ਤਰਸੇਮ ਨੂੰ ਲਾ ਕੇ ਸੁਣਾ ਰਹੇ ਹੋਣ। ਓਹਨੀਂ ਦਿਨੀ ਤਰਸੇਮ ਘਰ ਦੇ ਬਾਹਰਲੇ ਦਰਵਾਜੇ ਦਾ ਭੋਰਾ ਵਿਸਾਹ ਨਾ ਕਰਦਾ। ਜਦੋਂ ਵੀ ਭੋਰਾ ਵਿਰਲ ਉਸ ਨੂੰ ਦਿਸਦੀ ਉਹ ਝੱਟ ਬੂਹਾ ਭੇੜ ਦਿੰਦਾ।

ਤਰਸੇਮ ਨੂੰ ਲੱਗਾ ਜਿਵੇਂ ਮਸ਼ੀਨ ਦੀ ਛਾਂ-ਛਾਂ ਦੀ ਆਵਾਜ਼ ਛਾਨਾ-ਛਾਨਾ ਆਖ ਰਹੀ ਹੋਵੇ। ਜੇ ਉਹ ਕਿਸੇ ਚੰਗੇ ਮੂਡ ਵਿੱਚ ਹੁੰਦਾ ਤਾਂ ਮਸ਼ੀਨ ਦੀ ਇਹੀ ਛਾਂ-ਛਾਂ ਦੀ ਆਵਾਜ਼ ਉਸ ਨੂੰ ਕਿਸੇ ਗੀਤ ਦੀ ਤਰਜ਼ ਲੱਗਣੀ ਸੀ ਅਤੇ ਉਸ ਨੇ ਨਾਲ ਨਾਲ ਗੁਣ-ਗੁਣਾਉਣਾ ਸੀ। ਇਸ ਤਰ੍ਹਾਂ ਗੁਣ-ਗਣਾਉਂਦਾ ਉਹ ਮਸੀਨ ਨੂੰ ਹੱਥ ਨਾਲ ਫੀਡ ਦਿੰਦਾ ਉਸ ਨਾਲ ਇੱਕ-ਮਿੱਕ ਹੋ ਜਾਂਦਾ ਅਤੇ ਉਸ ਨੂੰ ਸਮਾਂ ਬੀਤਣ ਦਾ ਖਿਆਲ ਹੀ ਨਾ ਰਹਿੰਦਾ। ਇਸ ਤਰ੍ਹਾਂ ਕਰਦੇ-ਕਰਦੇ ਉਸ ਨੂੰ ਮਸ਼ੀਨ ਦੀ ਆਟੋ-ਮੈਟਿਕ ਫੀਡ ਦੇ ਹੁੰਦੇ ਹੋਏ ਵੀ ਹੱਥ ਨਾਲ ਫੀਡ ਦੇਣ ਦੀ ਆਦਤ ਪੈ ਗਈ ਸੀ। ਪਰ ਅੱਜ ਉਸੇ ਆਵਾਜ਼ ਨੂੰ ਛਾਨਾ-ਛਾਨਾ ਮਹਿਸੂਸ ਕਰ ਕੇ ਤਰਸੇਮ ਦੇ ਅੰਦਰ ਅੱਗ ਜਿਹੀ ਮੱਚੀ ਅਤੇ ਉਸ ਤੋਂ ਝਟਕੇ ਨਾਲ ਮਸ਼ੀਨ ਨੂੰ ਫੀਡ ਦਿੱਤੀ ਗਈ। ਕੁਆਟਰ ਇੰਚ ਦੀ ਇੰਡਮਿੱਲ ਪੀਸ ਵਿੱਚ ਖੁੱਭ ਕੇ ਤੜੱਕ ਦੇ ਕੇ ਟੁੱਟ ਗਈ। ‘ਭੈਣ ਦਾ ਘੜੁੱਕ’ ਆਖ ਤਰਸੇਮ ਨੇ ਆਸੇ-ਪਾਸੇ ਵੇਖਿਆ ਕਿ ਕੋਈ ਵੇਖ ਤਾਂ ਨਹੀਂ ਰਿਹਾ। ਫਿਰ ਉਸ ਪੀਸ ਵੱਲ ਵੇਖਿਆ ਜਿਸ ਵਿੱਚ ਇੰਡਮਿੱਲ ਖੁੱਭਣ ਕਰਕੇ ਨਿਸ਼ਾਨ ਪੈ ਗਿਆ ਸੀ। ਉਸ ਨੇ ਪੀਸ ਨੂੰ ਮਸ਼ੀਨ ਵਿੱਚੋਂ ਕੱਢਿਆ ਅਤੇ ਉਸ ਵੱਲ ਵੇਖਦਾ ਰਿਹਾ। ਉਸ ਨੇ ਸੋਚਿਆ ਕਿ ਇਸ ਨੂੰ ਸਕਰੈਪ ਬਿੰਨ ਵਿੱਚ ਸੁੱਟ ਦੇਵੇ ਫਿਰ ਉਸ ਨੇ ਸੋਚਿਆ ਕਿ ਕੀ ਐ ਰੇਤੀ ਨਾਲ ਰਗੜ ਕੇ ਨਿਸ਼ਾਨ ਠੀਕ ਹੋ ਈ ਜਾਵੇ। ਪਰ ਨਿਸ਼ਾਨ ਡੂੰਘਾ ਸੀ ਉਸ ਨੂੰ ਲੱਗਾ ਕਿ ਇਹ ਨਿਸ਼ਾਨ ਇਸ ਤਰ੍ਹਾਂ ਮਿਟਣ ਵਾਲਾ ਨਹੀਂ ਫਿਰ ਵੀ ਉਸ ਨੇ ਇਹ ਪੀਸ ਸਕਰੈਪ ਬਿੰਨ ਵਿੱਚ ਨਹੀਂ ਸੁੱਟਿਆ। ਉਸ ਨੇ ਸੋਚਿਆ ਕਦੇ ਕਿਸੇ ਹੋਰ ਜੌਬ ਵਿੱਚ ਕੰਮ ਆ ਜਾਵੇਗਾ ਅਤੇ ਉਸ ਨੇ ਆਪਣੇ ਬੈਂਚ ਦੇ ਹੇਠਾਂ ਇੱਕ ਖੂੰਝੇ ਜਿਹੇ `ਚ ਪੀਸ ਸੁੱਟ ਦਿੱਤਾ ਜਿੱਥੇ ਇਸ ਤਰ੍ਹਾਂ ਖਰਾਬ ਹੋਏ ਕਈ ਪੀਸ ਸਾਲਾਂ ਤੋਂ ਬਿਨ ਛੂਹੇ ਪਏ ਸਨ। ਤਰਸੇਮ ਦੇ ਦਿਮਾਗ ਵਿੱਚ ਜੀਤ ਮਾਮੇ ਦੀ ਕਹੀ ਗੱਲ ਆਈ ਕਿ ਗੰਢਾਂ ਨੂੰ ਸਾਰੀ ਉਮਰ ਨਾਲ ਨਹੀਂ ਚੁੱਕੀ ਫਿਰੀਦਾ ਅੰਦਰਲੇ ਕੋਹੜ ਨੂੰ ਚੁੱਕ ਕੇ ਬਾਹਰ ਮਾਰੋ।’ ‘ਗੰਢਾਂ ਕਿਤੇ ਲੋਹੇ ਦਾ ਪੀਸ ਹੁੰਦੀਐਂ ਬਈ ਚੁੱਕ ਕੇ ਬਾਹਰ ਮਾਰੋ। ਭੈਣ ਦੇ ਮਾਮਿਆਂ ਦੇਣਾ,’ ਬੁੜ-ਬੜਾ ਕੇ ਤਰਸੇਮ ਨੇ ਨਵਾਂ ਪੀਸ ਮਸ਼ੀਨ ਵਿੱਚ ਫਿੱਟ ਕਰ ਦਿੱਤਾ ਅਤੇ ਮਸ਼ੀਨ ਨੂੰ ਆਟੋ-ਮੈਟਿਕ ਫੀਡ ਦੇ ਕੇ ਪਾਸੇ ਹੋ ਕੇ ਖੜ੍ਹ ਗਿਆ। ਛਾਨਾ ਫਿਰ ਉਸ ਦੀਆਂ ਸੋਚਾਂ ਵਿੱਚ ਆ ਗਿਆ। ਪਰ ਇਸ ਵਾਰ ਪਹਿਲਾਂ ਵਾਲਾ ਛਾਨਾ ਨਹੀਂ ਸਗੋਂ ਪਿਛਲੀ ਵਾਰ ਜਦ ਉਹ ਸਾਲ ਕੁ ਪਹਿਲਾਂ ਇੰਡੀਆ ਗਿਆ ਸੀ ਉਦੋਂ ਵਾਲਾ ਛਾਨਾ ਉਸ ਦੀਆਂ ਅੱਖਾਂ ਮੂਹਰੇ ਸੀ, ਜਿਹੜਾ ਉਸ ਨੂੰ ਗਲੀ ਵਿੱਚ ਤੁਰੇ ਜਾਂਦੇ ਨੂੰ ਬਾਹੋਂ ਫੜ੍ਹ ਕੇ ਆਪਣੇ ਘਰ ਲੈ ਗਿਆ ਸੀ ਅਤੇ ਫਿਰ ਚਾਹ ਫੜਾ ਕੇ ਗਈ ਆਪਣੀ ਧੀ ਵੱਲ ਇਸ਼ਾਰਾ ਕਰਦਾ ਬੋਲਿਆ ਸੀ, “ਤਰਸੇਮ ਸਿਆਂ, ਇਹ ਆਪਣੀ ਕੁੜੀ ਕਾਲਜ `ਚ ਪੜ੍ਹਦੀ ਐ। ਓਧਰ ਕਨੇਡੇ ਕੰਨੀਂ ਵੇਖਿਓ ਜੇ ਕੋਈ ਬਨ-ਸੁਬ ਹੁੰਦਾ ਹੋਇਆ ਤਾਂ ਖਿਆਲ ਰੱਖਿਓ।”

“ਹਾਂ, ਕੁੜੀ ਤਾਂ ਥੋਡੀ ਸੱਚੀਂ ਕਨੇਡਾ ਜਾਣ ਵਾਲੀ ਐ,” ਤਰਸੇਮ ਨੇ ਕਿਹਾ ਸੀ। ਛਾਨੇ ਦੇ ਘਰੋਂ ਵਾਪਸ ਮੁੜਦੇ ਤਰਸੇਮ ਅੰਦਰ ਇੱਕ ਅਜੀਬ ਕਿਸਮ ਦਾ ਸਕੂਨ ਸੀ। ਫਿਰ ਉਸ ਨੇ ਕਈ ਵਾਰ ਆਪਣੀਆਂ ਸੋਚਾਂ ਵਿੱਚ ਛਾਨੇ ਦੀ ਧੀ ਨੂੰ ਨੈਨੀ ਦੇ ਤੌਰ `ਤੇ ਕਨੇਡਾ ਮੰਗਵਾ ਕੇ ਇੱਕ ਬੇਸਮੈਂਟ ਵਿੱਚ ਰਖੇਲ ਬਣਾ ਕੇ ਰੱਖਿਆ। ਛਾਨੇ ਦੀ ਧੀ ਨਾਲ ਰਾਸ-ਲੀਲ੍ਹਾ ਬਾਰੇ ਸੋਚ ਕੇ ਤਰਸੇਮ ਦੇ ਅੰਗਾਂ ਵਿੱਚ ਅਕੜਾ ਹੋਣ ਲੱਗਦਾ ਅਤੇ ਉਸ ਅੰਦਰ ਇੱਕ ਵੱਖਰੀ ਕਿਸਮ ਦਾ ਨਸ਼ਾ ਛਾ ਜਾਂਦਾ।

ਪਰ ਅੱਜ ਮਸ਼ੀਨ `ਤੇ ਖੜ੍ਹੇ ਤਰਸੇਮ ਦੇ ਖਿਆਲ ਜਦ ਛਾਨੇ ਤੋਂ ਹੁੰਦੇ ਹੋਏ ਉਸ ਦੀ ਧੀ ਤੱਕ ਪਹੁੰਚੇ ਤਾਂ ਉਸ ਦੇ ਅੰਗਾਂ ਵਿੱਚ ਕੋਈ ਹਰਕਤ ਨਾ ਹੋਈ ਅਤੇ ਅਗਲੇ ਹੀ ਪਲ ਉਸ ਨੂੰ ਆਪਣੀ ਧੀ ਗੁਰਨੀਤ ਦਾ ਚੇਹਰਾ ਦਿਸਿਆ। ਉਹ ਤਰਸੇਮ ਨੂੰ ਮੁਟਿਆਰ ਹੋ ਗਈ ਲੱਗੀ। ਤਰਸੇਮ ਨੇ ਆਪਣਾ ਸਿਰ ਝਟਕਿਆ ਅਤੇ ਪਾਣੀ ਦੀ ਬੋਤਲ ਵਿੱਚੋਂ ਘੁੱਟ ਭਰੀ। ‘ਪੁੱਠੀਆਂ-ਸਿੱਧੀਆਂ ਗੱਲਾਂ ਸੋਚ ਕੇ ਅੱਜ ਕੋਈ ਐਵੇਂ ਐਕਸੀਡੈਂਟ ਨਾ ਕਰਾਂ ਬੈਠਾਂ,’ ਇਹ ਖਿਆਲ ਆਉਂਦੇ ਹੀ ਤਰਸੇਮ ਨੇ ਮਸ਼ੀਨ ਬੰਦ ਕਰ ਦਿੱਤੀ ਅਤੇ ਲੰਮੇ-ਲੰਮੇ ਸਾਹ ਲਏ। ਫਿਰ ਉਸ ਨੇ ਸੋਚਿਆ ਕਿ ਲੀਡਹੈਂਡ ਹੋਣ ਦਾ ਲਾਹਾ ਲਏ ਅਤੇ ਉਸ ਨੇ ਨਵੇਂ ਆਏ ਮਟੀਰੀਅਲ ਅਤੇ ਟੂਲਾਂ ਦੀ ਸਾਂਭ-ਸੰਭਾਲ ਵਿੱਚ ਆਪਣੇ-ਆਪ ਨੂੰ ਉਲਝਾ ਲਿਆ। ਲੰਚ ਬਰੇਕ ਵੇਲੇ ਵੀ ਉਹ ਲੰਚ-ਰੂਮ ਵਿੱਚ ਨਾ ਗਿਆ। ਉਹ ਆਪਣੇ ਸਹਿ-ਕਾਮਿਆਂ ਤੋਂ ਬਚ ਰਿਹਾ ਸੀ ਕਿ ਰਾਤ ਵਾਲੀ ਖ਼ਬਰ ਦਾ ਜ਼ਿਕਰ ਨਾ ਛੇੜ ਲੈਣ। ਉਸ ਦੇ ਸਵੇਰੇ ਕੰਮ `ਤੇ ਪਹੁੰਚਣ ਤੋਂ ਝੱਟ ਬਾਅਦ ਹੀ ਬਰਾਇਨ ਨੇ ਇਹ ਜ਼ਿਕਰ ਛੇੜ ਦਿੱਤਾ ਸੀ। ਬਰਾਇਨ ਨੂੰ ਜਿਵੇਂ ਮਸਾਂ ਮੌਕਾ ਮਿਲਿਆ ਸੀ ਆਪਣੀਆਂ ਦਲੀਲਾਂ ਸੱਚ ਸਾਬਤ ਕਰਨ ਲਈ। ਤਰਸੇਮ ਅਤੇ ਬਰਾਇਨ ਬਹੁਤ ਵਾਰ ਅਰੈਂਜ਼ਡ-ਮੈਰਿਜ਼ `ਤੇ ਬਹਿਸ ਕਰ ਚੁੱਕੇ ਸਨ। ਬਰਾਇਨ ਦੀਆਂ ਅਰੇਂਜ਼ਡ-ਮੈਰਿਜ਼ ਦੇ ਖ਼ਿਲਾਫ਼ ਦਲੀਲਾਂ ਦੇ ਜਵਾਬ ਜਦ ਤਰਸੇਮ ਕੋਲੋਂ ਮੁੱਕ ਜਾਂਦੇ ਤਾਂ ਉਹ ਤੋੜਾ ਝਾੜਦਾ ਆਖਦਾ, “ਤਲਾਕ ਦੱਸ ਫਿਰ ਅਰੇਂਜ਼ਡ ਮੈਰਿਜ਼ ਵਾਲੇ ਸਾਡੇ ਲੋਕਾਂ ਦੇ ਜਿਆਦਾ ਹੁੰਦੇ ਹਨ ਜਾਂ ਤੁਹਾਡੇ ਪਿਆਰ ਵਿਆਹ ਵਾਲਿਆਂ ਦੇ?” ਤੇ ਅੱਜ ਜਦੋਂ ਬਰਾਇਨ ਨੇ ਤਰਸੇਮ ਦੇ ਕੰਮ `ਤੇ ਪਹੁੰਚਣ ਸਾਰ ਹੀ ਖ਼ਬਰ ਦੀ ਗੱਲ ਤੋਰ ਲਈ ਤਾਂ ਤਰਸੇਮ ਛੇਤੀ ਛੇਤੀ ਉਸ ਦੀਆਂ ਦੋ ਕੁ ਗੱਲਾਂ ਦੇ ਜਵਾਬ ਦੇ ਕੇ ਪਾਸਾ ਵੱਟ ਗਿਆ। ‘ਅੱਜ ਸਾਰਾ ਦਿਨ ਐਹੋ ਜੀਆਂ ਗੱਲਾਂ ਈ ਹੋਣਗੀਆਂ’ ਸੋਚ ਕੇ ਤਰਸੇਮ ਦੀਆਂ ਅੱਖਾਂ ਮੱਚਣ ਲੱਗੀਆਂ। ਉਸ ਦਾ ਜੀਅ ਕੀਤਾ ਕਿ ਘਰ ਵਾਪਿਸ ਚਲਾ ਜਾਵੇ ਪਰ ਅਗਲੇ ਹੀ ਪਲ ਉਸ ਨੇ ਇਹ ਖਿਆਲ ਝਟਕ ਦਿੱਤਾ, ‘ਕਰੀ ਜਾਣ ਗੱਲਾਂ, ਦਿਹਾੜੀ ਜ਼ਰੂਰ ਭੰਨਣੀ ਐ’ ਸੋਚ ਕੇ ਉਹ ਵਾਸ਼ਰੂਮ ਵਿੱਚ ਵੜ ਗਿਆ। ਉਸ ਨੇ ਆਪਣੀਆਂ ਅੱਖਾਂ ਉੱਪਰ ਠੰਡੇ ਪਾਣੀ ਦੇ ਛਿੱਟੇ ਮਾਰੇ ਅਤੇ ਮਸ਼ੀਨ-ਸ਼ਾਪ ਵਿੱਚ ਜਾ ਕੇ ਘੜੀ `ਤੇ ਅੱਠ ਵੱਜਣ ਤੋਂ ਚਾਰ ਮਿੰਟ ਪਹਿਲਾਂ ਹੀ ਏਅਰ-ਕੰਮਪਰੈਸ਼ਰ ਚਲਾ ਦਿੱਤਾ। ਜਿਸ ਦੇ ਚੱਲਣ ਦੇ ਖੜ੍ਹਕੇ ਦਾ ਮਤਲਬ ਸੀ ਕਿ ਗੱਲਾਂ ਦਾ ਸਮਾਂ ਸਮਾਪਤ। ਉਸ ਦੇ ਸਹਿ-ਕਾਮਿਆਂ ਨੇ ਉਸ ਵੱਲ ਘੂਰ ਕੇ ਵੇਖਿਆ ਪਰ ਉਸ ਨੇ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀ ਮਿਲਿੰਗ ਮਸ਼ੀਨ ਚਲਾ ਲਈ।

ਪਰ ਕੰਮ ਤੋਂ ਘਰ ਵਾਪਸ ਮੁੜਦੇ ਸਮੇਂ ਪੰਜਾਬੀ ਰੇਡੀਓ ਉੱਪਰ ਫਿਰ ਉਸੇ ਖ਼ਬਰ ਦੀ ਚਰਚਾ ਚੱਲ ਰਹੀ ਸੀ। ਰੇਡੀਓ ਹੋਸਟ ਬੋਲ ਰਿਹਾ ਸੀ, “-----ਇਹ ਬਹੁਤ ਮੰਦਭਾਗੀ ਗੱਲ ਐ ਕਿ ਅਸੀਂ ਕਨੇਡਾ ਵਰਗੇ ਖੁਲ੍ਹੇ-ਡੁਲ੍ਹੇ ਮੁਲਕ `ਚ ਰਹਿੰਦੇ ਹੋਏ ਵੀ ਆਪਣੀਆਂ ਸੰਕੀਰਨ ਸੋਚਾਂ ਤੋਂ ਖਹਿੜਾ ਨਹੀਂ ਛੁਡਾ ਸਕੇ। ਖੈਰ, ਨਿਕਸਟ ਕਾਲਰ ਪਲੀਜ਼---”

ਫਿਰ ਜਦੋਂ ਤਰਸੇਮ ਦੇ ਮਸੇਰ ਬਲਵੀਰ ਸਿੰਘ ਨੇ ਕਾਲ ਕੀਤੀ ਤਾਂ ਤਰਸੇਮ ਨੇ ਝੱਟ ਆਵਾਜ਼ ਪਹਿਚਾਣ ਲਈ। ਉਹ ਆਖ ਰਿਹਾ ਸੀ,

“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ”

“ਕੀ ਕਹਿਣਾ ਚਾਹੋਗੇ ਜੀ,” ਰੇਡੀਓ ਹੋਸਟ ਨੇ ਕਿਹਾ।

“ਗੱਲ ਵੀਰ ਜੀ ਏਦਾਂ ਬਈ ਸਾਨੂੰ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਇਸ ਤਰ੍ਹਾਂ ਕਰਨੀ ਚਾਹੀਦੀ ਐ ਕਿ ਐਹੋ-ਜਿਹਾ ਦਿਨ ਵੇਖਣਾ ਹੀ ਨਾ ਪਵੇ। ---

‘ਭੈਣ ਦਾ ਘੜੁੱਕ ਹੁਣ `ਕੇਰਾਂ ਈ ਜੱਥੇਦਾਰ ਬਣਿਆ ਫਿਰਦੈ,’ ਤਰਸੇਮ ਨੇ ਸੋਚਿਆ ਅਤੇ ਰੇਡੀਓ ਸੁਨਣ ਲੱਗਾ।

“—ਵੀਰ ਜੀ ਸਾਡੇ ਘਰ ਮਹਾਰਾਜ਼ ਦਾ ਪ੍ਰਕਾਸ਼ ਐ। ਜਦ ਲੋਕੀਂ ਪਾਰਟੀਆਂ `ਚ ਭਟਕ ਰਹੇ ਹੁੰਦੇ ਆ ਅਸੀਂ ਸਾਰਾ ਪ੍ਰੀਵਾਰ ਬੈਠ ਕੇ ਕੀਰਤਨ ਕਰਦੇ-ਸੁਣਦੇ ਆਂ। ਮੇਰੇ ਦੋਹਾਂ ਬੱਚਿਆਂ ਦਾ ਅਮ੍ਰਿਤ ਛਕਿਆ ਹੋਇਐ। ਜਦੋਂ ਅਮ੍ਰਿਤ ਛਕਾਉਂਦੇ ਆ ਨਾ ਜੀ, ਉਦੋਂ ਉਹ ਆਖ ਦਿੰਦੇ ਆ ਬਈ ਪਾਰਟੀਆਂ-ਸ਼ਾਰਟੀਆਂ `ਚ ਨੀ ਜਾਣਾ। ਤੇ ਐਥੋਂ ਦੇ ਬੱਚੇ ਐਨੇ ਈਮਾਨਦਾਰ ਐ ਬਈ ਜੇ ਉਨ੍ਹਾਂ ਦੇ ਅੰਦਰ ਇੱਕ ਵਾਰੀ ਗੱਲ ਵੜ ਗਈ ਕਿ ਇਸ ਤਰ੍ਹਾਂ ਨਹੀਂ ਕਰਨਾ ਤੇ ਉਹ ਉਸ ਰਸਤੇ ਨੀ ਪੈਂਦੇ। ਹੁਣ ਸਾਡੇ ਬੱਚਿਆਂ ਦੀ ਸੰਗਤ ਆਪਣੇ ਵਰਗੇ ਹੀ ਅਮ੍ਰਿਤਧਾਰੀ ਬੱਚਿਆਂ ਨਾਲ ਹੈ। ਜਦੋਂ ਉਹ ਵਿਆਹ ਕਰਵਾਉਣਗੇ ਤਾਂ ਫੇਰ ਵੀ ਆਪਣੇ ਵਰਗਿਆਂ ਨਾਲ ਹੀ ਕਰਵਾਉਣਗੇ। ਪਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਬਨਾਉਣ ਲਈ ਮਾਂ-ਪਿਓ ਨੂੰ ਰੋਲ ਮਾਡਲ ਬਨਣਾ ਪੈਂਦੈ। -----

‘ਵੱਡਾ ਰੋਲ-ਮਾਡਲ, ਆਵਦਾ ਨੀ ਪਤਾ ਜਦੋਂ ਅੱਧੀ-ਅੱਧੀ ਰਾਤੀਂ ਦਾਰੂ ਨਾਲ ਡੱਕਿਆ ਘਰ ਆਉਂਦਾ ਸੀ। ਹੁਣ ਲੋਕਾਂ ਨੂੰ ਉਪਦੇਸ਼ ਦੇਣ ਲੱਗੈ। ਅਖੇ ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।’

ਇਹੀ ਗੱਲ ਕਿਸੇ ਨੇ ਤਰਸੇਮ ਦੀ ਹਾਜ਼ਰੀ `ਚ ਨਵੇਂ-ਨਵੇਂ ਸਿੰਘ ਸਜੇ ਬਲਵੀਰ ਨੂੰ ਮਜ਼ਾਕ ਕਰਦਿਆਂ ਕਹੀ ਸੀ, “ਕਿਓਂ ਬਲਵੀਰ ਸਿਆਂ ਚੂਹੇ ਪੂਰੇ ਨੌਂ ਸੌ ਹੋ ਗੇ ਸੀ ਕਿ ਇੱਕ-ਅੱਧਾ ਘਟ ਵਧ ਗਿਆ ਸੀ?” ਸੁਣ ਕੇ ਤਰਸੇਮ ਮੁਸਕੜੀਏਂ ਹੱਸਿਆ ਸੀ ਪਰ ਬਲਵੀਰ ਦਾ ਜਵਾਬ ਸੁਣ ਕੇ ਉਸ ਨੂੰ ਲੱਗਾ ਸੀ ਜਿਵੇਂ ਬਲਵੀਰ ਨੇ ਉਸ ਨੂੰ ਸੁਣਾ ਕੇ ਕਿਹਾ ਸੀ, “ਅਸੀਂ ਨੌਂ ਸੌ ਖਾ ਕੇ ਹੱਜ ਨੂੰ ਤਾਂ ਤੁਰ ਪਏ ਆਂ ਪਰ ਕਈ ਬਿੱਲੀਆਂ ਹੁੰਦੀਐਂ, ਜਿਨ੍ਹਾਂ ਚੂਹੇ ਵੀ ਨੀ ਖਾਦੇ ਹੁੰਦੇ ਤੇ ਹੱਜ ਵੀ ਨੀ ਜਾਂਦੀਆਂ। ਜਿਹੋ-ਜਿਹੀਆਂ ਆਈਆਂ ਧਰਤੀ `ਤੇ ਜਿਹੋ-ਜਿਹੀਆਂ ਨਾ ਆਈਆਂ। ਟੈਮ ਹੁੰਦੈ ਹਰੇਕ ਕੰਮ ਦਾ ਭਾਈ ਸਾਹਬ। ਬੰਦੇ ਨੂੰ ਸਮੇਂ ਅਨੁਸਾਰ ਢਲ ਜਾਣਾ ਚਾਹੀਦੈ।”

ਇਹ ਯਾਦ ਕਰਕੇ ਤਰਸੇਮ ਅੰਦਰ ਕ੍ਰੋਧ ਉੱਠਿਆ ‘ਅੰਦਰੋਂ ਹੋਰ ਤੇ ਬਾਹਰੋਂ ਹੋਰ, ਵੇਖ ਕਿਵੇਂ ਪਖੰਡ ਕਰਦੇ ਆ’। ਸੋਚ ਕੇ ਤਰਸੇਮ ਰੇਡੀਓ ਸੁਨਣ ਲੱਗਾ। ਇਸੇ ਤਰ੍ਹਾਂ ਰੇਡੀਓ ਸੁਣਦਾ ਉਹ ਘਰ ਪਹੁੰਚ ਕੇ ਟਾਇਲਟ ਸੀਟ `ਤੇ ਜਾ ਬੈਠਾ ਸੀ।

ਟਾਇਲਟ ਸੀਟ `ਤੇ ਬੇਠੈ ਤਰਸੇਮ ਨੂੰ ਬਲਵੀਰ ਦੀ ਉਸ ਦਿਨ ਵਾਲੀ ਗੱਲ ਚੇਤੇ ਆਈ ਜਿਸ ਦਿਨ ਉਸ ਨੇ ਤਰਸੇਮ ਨੂੰ ਅ੍ਰਿੰਮਤ ਛਕਣ ਲਈ ਪ੍ਰੇਰਦੇ ਕਿਹਾ ਸੀ, “ਤਰਸੇਮ ਥੋਨੂੰ ਵੀ ਹੁਣ ਅਮ੍ਰਿਤ ਛਕ ਲੈਣਾ ਚਾਹੀਦੈ। ਇਨ੍ਹਾਂ ਬੱਚਿਆਂ ਨੂੰ ਹੁਣ ਜਿੱਧਰ ਮੋੜ ਲਓ ਓਧਰ ਏਨਾਂ ਲੱਗ ਜਾਣੈ। ਜੇ ਵੱਡੇ ਹੋਇਆਂ ਤੋਂ ਕਹੋਂਗੇ ਤਾਂ ਫੇਰ ਨੀ ਏਨ੍ਹਾਂ ਆਖੇ ਲੱਗਣਾ। ਨਾਲੇ ਤੈਨੂੰ ਤਾਂ ਕੋਈ ਔਖਿਆਈ ਈ ਨੀ। ਤੂੰ ਤਾਂ ਨਾ ਕੁੱਝ ਖਾਂਵੇ ਨਾ ਪੀਵੇਂ। ਬੱਸ ਕੇਸ ਈ ਰੱਖਣੇ ਆ।”

“ਬਾਈ ਜੀ ਜਿਹੜਾ ਕੁੱਝ ਮੈਂ ਹੈ ਈ ਨਹੀਂ ਉਹ ਹੋਣ ਦਾ ਭੁਲੇਖਾ ਕਿਓਂ ਪਾਵਾਂ ਲੋਕਾਂ ਨੂੰ। ਅੰਦਰੋਂ ਮੈਂ ਆਵਦੇ ਤੋਂ ਬਿਨ੍ਹਾਂ ਕਿਸੇ ਦਾ ਕੁਛ ਸੰਵਾਰਨ ਵਾਲਾ ਨਹੀਂ ਤੇ ਬਾਹਰੋਂ ਮੈਂ ਦਿਸਾਂ ਬਈ ਮੈਂ ਮਜ਼ਲੂਮਾਂ ਦਾ ਰਾਖਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਇਹ ਮੈਥੋਂ ਨੀ ਹੋਣਾ,” ਤਰਸੇਮ ਨੇ ਜਵਾਬ ਦਿੱਤਾ।

“ਤੂੰ ਸਿੰਘ ਤਾਂ ਸਜ ਗੁਰੂ ਮਾਹਾਰਾਜ ਆਪੇ ਕ੍ਰਿਪਾ ਕਰਨਗੇ,” ਬਲਵੀਰ ਨੇ ਕਿਹਾ।

ਤਰਸੇਮ ਦੇ ਚਿੱਤ `ਚ ਆਈ ਕਿ ਬਲਵੀਰ ਦੀਆਂ ਦੋ-ਤਿੰਨ ਮਿੰਟ ਪਹਿਲਾਂ ਕੀਤੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਹੇ ਕਿ ਤੇਰੇ `ਤੇ ਤਾਂ ਗੁਰੂ ਮਾਹਾਰਾਜ ਨੇ ਕ੍ਰਿਪਾ ਕੀਤੀ ਨਹੀਂ, ਸਿੰਘ ਸਜ ਕੇ ਤੇਰੇ ਅੰਦਰੋਂ ਤਾਂ ਕੁੱਝ ਬਦਲਿਆ ਨਹੀਂ। ਸਾਰੇ ਜਹਾਨ ਦੀਆਂ ਨਿੰਦਾ ਚੁਗਲੀਆਂ ਕਰਦਾ ਹਟਿਆ ਹੈਂ’ ਪਰ ਉਸ ਨੇ ਕਿਹਾ, “ਬਾਈ ਜੀ ਗੁੱਸਾ ਨਾ ਕਰਿਓ, ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ ਫੌਜ ਤਿਆਰ ਕਰਨ ਵਾਸਤੇ ਸਿੰਘ ਸਜਾਏ ਸੀ। ਥੋਨੂੰ ਸਾਲ ਹੋ ਗਿਆ ਸਿੰਘ ਸਜਿਆਂ ਨੂੰ ਤੁਸੀਂ ਕਦੇ ਕਿਸੇ ਮਾੜੇ ਬੰਦੇ ਦੀ ਰਾਖੀ ਲਈ ਹੋਏ ਐਂ ਖੜ੍ਹੇ।”

ਤਰਸੇਮ ਨੂੰ ਲੱਗਾ ਕਿ ਬਲਵੀਰ ਦਾ ਚੇਹਰਾ ਸਖਤ ਹੋ ਗਿਆ। ਬਲਵੀਰ ਨੇ ਆਮ ਨਾਲੋਂ ਉੱਚੀ ਆਵਾਜ਼ ਵਿੱਚ ਕਿਹਾ, “ਹੁਣ ਤੂੰ ਕਰਦੈਂ ਨਾਸਤਿਕਾਂ ਵਾਲੀਆਂ ਗੱਲਾਂ। ਅਸੀਂ ਕੀ ਲੈਣੇ ਤੂੰ ਸਿੰਘ ਸਜ ਜਾਂ ਨਾ। ਜਵਾਕਾਂ ਪਿੱਛੇ ਬਹੁਤ ਕੁੱਝ ਕਰਨਾ ਪੈਂਦੈ ਭਾਈ ਸਾਹਬ। ਜਦੋਂ ਉਲਾਦ ਹੱਥੋਂ ਨਿਕਲ ਗਈ ਫਿਰ ਤੂੰ ਪਛਤਾਉਣੈ ਕਿ ਬਾਈ ਠੀਕ ਈ ਕਹਿੰਦਾ ਸੀ।”

‘ਉਲਾਦ ਹੱਥੋਂ ਨਿਕਲਣ’ ਵਾਲੀ ਗੱਲ ਤਰਸੇਮ ਦੇ ਦਿਮਾਗ ਵਿੱਚ ਆਉਂਦੇ ਹੀ ਫਿਕਰਮੰਦੀ `ਚ ਉਸ ਨੇ ਸੋਚਿਆ, ‘ਪਤਾ ਨੀ ਕੀ ਬਨਣੈ? ਐਹੋ ਜਿਹਾ ਦਿਨ ਨਾ ਦਿਖਾਈਂ ਰੱਬਾ ਕਿਸੇ ਨੂੰ?’ ਸੋਚਕੇ ਉਸ ਦੇ ਹੱਥ ਆਪ ਮੁਹਾਰੇ ਹੀ ਉੱਪਰ ਵੱਲ ਉੱਠ ਗਏ।

ਉਲਾਦ ਬਾਰੇ, ਖਾਸ ਕਰ ਆਪਣੀ ਧੀ ਦੇ ਭਵਿੱਖ ਬਾਰੇ ਸੋਚ ਕੇ ਤਰਸੇਮ ਹਮੇਸ਼ਾ ਹੀ ਪ੍ਰੇਸ਼ਾਨ ਹੋ ਜਾਂਦਾ ਸੀ। ਜਿਸ ਦਿਨ ਬਲਵੀਰ ਨੇ ਇਹ ਗੱਲ ਕਹੀ ਸੀ ਉਸ ਰਾਤ ਵੀ ਉਹ ਬਿਸਤਰੇ `ਚ ਪਾਸੇ ਪਰਤਦਾ ਰਿਹਾ ਸੀ। ਕਾਫ਼ੀ ਰਾਤ ਗਏ ਉਸ ਦੀ ਪਤਨੀ ਮਨਦੀਪ ਬੋਲੀ ਸੀ, “ਇੱਕ ਗੱਲੋਂ ਬਲਵੀਰ ਵੀਰ ਜੀ ਦੀ ਗੱਲ ਤਾਂ ਠੀਕ ਸੀ।” ਸ਼ਾਇਦ ਉਹ ਵੀ ਅੱਖਾਂ ਮੀਚੀ ਇਹੀ ਸੋਚਦੀ ਰਹੀ ਸੀ।

“ਪਤਾ ਨੀ ਕੀ ਠੀਕ ਐ ਤੇ ਕੀ ਗਲਤ,” ਆਖ ਕੇ ਤਰਸੇਮ ਨੇ ਪਾਸਾ ਪਰਤ ਲਿਆ ਸੀ। ਜਦ ਤਰਸੇਮ ਨੇ ਹਫ਼ਤਾ ਕੁ ਦਾਹੜੀ ਸ਼ੇਵ ਨਾ ਕੀਤੀ ਤਾਂ ਮਨਦੀਪ ਨੇ ਮਜ਼ਾਕ ਜਿਹਾ ਕਰਦੀ ਨੇ ਕਿਹਾ ਸੀ, “ਲੱਗਦੈ ਵੀਰ ਜੀ ਦੀ ਗੱਲ ਦੇ ਅਸਰ ਨਾਲ ਸਿੰਘ ਸਜਣ ਦੀਆਂ ਤਿਆਰੀਆਂ ਹੋ ਰਹੀਐ?”

“ਮੈਂ ਤਾਂ ਸਜ ਜਾਊਂ, ਤੂੰ ਆਵਦਾ ਫ਼ਿਕਰ ਕਰ ਜਿਹੜੀ ਘੰਟਾ-ਘੰਟਾ ਸ਼ੀਸ਼ੇ ਮੂਹਰੇ ਖੜ੍ਹੀ ਰਹਿਨੀ ਐਂ,” ਤਰਸੇਮ ਨੇ ਉਸੇ ਲਹਿਜ਼ੇ `ਚ ਜਵਾਬ ਦਿੱਤਾ।

“ਮੇਰਾ ਫ਼ਿਕਰ ਨਾ ਕਰੋ, ਮੈਂ ਤਾਂ ਪਰਮਾਨੈਂਟ ਫੇਸ਼ੀਅਲ ਕਰਾ ਲੂੰਗੀ।”

ਮਨਦੀਪ ਦੀ ਇਹ ਗੱਲ ਚੇਤੇ ਕਰਕੇ ਤਰਸੇਮ ਨੇ ਆਪਣੀਆਂ ਗੱਲ੍ਹਾਂ ਉੱਪਰ ਹੱਥ ਫੇਰਿਆ। ‘ਮੈਂ ਕਿਹੜਾ ਦਾਹੜੀ ਕਿਤੋਂ ਲੈਣ ਜਾਣੀ ਐ, ਹਫ਼ਤੇ `ਚ ਵਧ ਜਾਣੀ ਐ।’ ਇਸ ਤਰ੍ਹਾਂ ਸੋਚਦੇ ਤਰਸੇਮ ਨੇ ਸ਼ੀਸ਼ੇ ਵੱਲ ਵੇਖਿਆ। ਉਸ ਨੁੰ ਲੱਗਾ ਜਿਵੇਂ ਸ਼ੀਸ਼ਾ ਪੁੱਛ ਰਿਹਾ ਹੋਵੇ, ‘ਬਾਹਰਲੀ ਦਿੱਖ ਤਾਂ ਜਦੋਂ ਮਰਜੀ ਬਦਲ ਲਓ, ਤੇਰੇ ਅੰਦਰਲਾ ਦੱਸ ਰਾਜ਼ੀ ਐ?’ ਤਰਸੇਮ ਨੇ ਆਪਣੀਆਂ ਅੱਖਾਂ ਸ਼ੀਸ਼ੇ ਤੋਂ ਹਟਾ ਲਈਆਂ।

ਜਦ ਪਿਛਲੀ ਵਾਰ ਤਰਸੇਮ ਨੇ ਦਾਹੜੀ ਵਧਾਈ ਸੀ ਤਾਂ ਇਸੇ ਸ਼ੀਸ਼ੇ ਵਿੱਚ ਵੇਖਦੇ ਉਸ ਨੂੰ ਆਪਣਾ-ਆਪ ਓਪਰਾ-ਓਪਰਾ ਲੱਗਾ ਸੀ। ਉਹ ਕਾਫ਼ੀ ਦੇਰ ਐਵੇਂ ਹੀ ਸ਼ੀਸ਼ੇ ਵੱਲ ਵੇਖਦਾ ਰਿਹਾ ਸੀ ਜਿਵੇਂ ਕਿਸੇ ਹੋਰ ਨੂੰ ਵੇਖ ਰਿਹਾ ਹੋਵੇ।

ਫਿਰ ਵਾਸ਼ਰੂਮ `ਚੋਂ ਬਾਹਰ ਨਿਕਲ ਕੇ ਉਸ ਨੇ ਮਨਦੀਪ ਨੂੰ ਕਿਹਾ ਸੀ, “ਦਾਹੜੀ ਨਾਲ ਜਾਣੀ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ, ਮੈਂ ਹਾਂ।”

ਸੁਣ ਕੇ ਮਨਦੀਪ ਹੱਸ ਪਈ। ਬੋਲੀ, “ਦਾਹੜੀ ਵਧਣ ਨਾਲ ਬੰਦਾ ਕੋਈ ਹੋਰ ਬਣ ਜਾਂਦੈ?” ਬੋਲਦੀ ਮਨਦੀਪ ਇੱਕ ਦਮ ਚੁੱਪ ਕਰ ਗਈ। ਉਸ ਨੂੰ ਲੱਗਾ ਜਿਵੇਂ ਉਹ ਕੁੱਝ ਗਲਤ ਆਖ ਗਈ ਸੀ। ਫਿਰ ਬੋਲੀ, “ਉਂਝ ਹੀ ਥੋਨੂੰ ਓਪਰਾ ਲੱਗਦਾ ਹੋਣੇ ਬਹੁਤ ਚਿਰ ਬਾਅਦ ਰੱਖੀ ਐ ਨਾ ਦਾਹੜੀ। ਸੱਚੀਂ ਬਹੁਤ ਸੋਹਣੀ ਲੱਗਦੀ ਐ।”

“ਹੁਣ ਤੈਨੂੰ ਸੋਹਣੀ ਲੱਗਣ ਲੱਗ ਪਈ ਪਹਿਲਾਂ ਜੇ ਦੋ ਦਿਨ ਸ਼ੇਵ ਨਾ ਹੋਣੀ ਤਾਂ ਤੇਰੇ ਵਾਲ ਚੁਭਣ ਲੱਗਦੇ ਸੀ।”

“ਟਾਈਮ-ਟਾਈਮ ਦੀ ਗੱਲ ਹੁੰਦੀ ਐ। ਉਦੋਂ ਹੱਸਣ-ਖੇਡਣ ਦੇ ਦਿਨ ਸੀ ਹੁਣ ਮਾਂ-ਪਿਓ ਵਾਲੀਆਂ ਜਿੰਮੇਵਾਰੀਆਂ ਦੇ ਦਿਨ ਆ ਗੇ।”

“ਓਹ ਤਾਂ ਠੀਕ ਐ ਪਰ ਮੈਂਨੂੰ ਲੱਗਦੈ ਜਿਵੇਂ ਮੈਂ ਕੋਈ ਐਕਟਿੰਗ ਜਿਹੀ ਕਰ ਰਿਹਾ ਹੋਵਾਂ।”

“ਐਕਟਿੰਗ ਆਲੀ ਕਿਹੜੀ ਗੱਲ ਐ ਇਹ ਦੇ `ਚ ਪਹਿਲਾਂ ਵੀ ਤਾਂ ਥੋਡੇ ਕੇਸ ਰੱਖੇ ਈ ਹੁੰਦੇ ਸੀ?”

“ਉਦੋਂ ਕਦੇ ਇਹੋ-ਜਿਹੀ ਗੱਲ ਦਿਮਾਗ `ਚ ਆਈ ਹੀ ਨੀ ਸੀ। ਦਾਹੜੀ-ਕੇਸ ਆਵਦਾ ਹਿੱਸਾ ਜਿਹਾ ਲੱਗਦੇ ਸੀ। ਜਿਵੇਂ ਨੱਕ ਐ, ਕੰਨ ਐ, ਪਰ ਹੁਣ ਜਦੋਂ ਦਿਮਾਗ `ਚ ਇਓਂ ਐ ਬਈ ਦਾਹੜੀ-ਕੇਸ ਸਿੱਖ ਸਜਣ ਲਈ ਵਧਾ ਰਿਹਾ ਹਾਂ ਤਾਂ ਹੋਰੂੰ-ਹੋਰੂੰ ਲੱਗਦੈ।”

“ਆਪੇ ਆਦਤ ਪੈ ਜੂ, ਐਵੇਂ ਨਾ ਹੁਣ ਸ਼ੇਵ ਕਰ ਦਿਓ,” ਮਨਦੀਪ ਨੇ ਤਾੜਣਾ ਕੀਤੀ ਅਤੇ ਤਰਸੇਮ ਦੇ ਡੋਲਦੇ ਚਿੱਤ ਨੂੰ ਪੱਕਾ ਕਰਨ ਲਈ ਬਲਵੀਰ ਸਿੰਘ ਦੇ ਘਰ ਸ਼ਾਮ ਨੂੰ ਹੋ ਰਹੇ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਸਾਰੇ ਪ੍ਰੀਵਾਰ ਨੂੰ ਤਿਆਰ ਕਰ ਲਿਆ।

ਤਰਸੇਮ ਨੂੰ ਬਲਵੀਰ ਸਿੰਘ ਦੇ ਘਰ ਕੀਰਤਨ ਕਰ ਰਹੇ ਛੋਟੇ-ਛੋਟੇ ਬੱਚੇ ਬਹੁਤ ਪਿਆਰੇ-ਪਿਆਰੇ ਲੱਗੇ। ਤਰਸੇਮ ਨੂੰ ਖੁਸ਼ੀ ਹੋਈ ਜਦੋਂ ਬਲਵੀਰ ਨੇ ਗੁਰਨੀਤ ਨੂੰ ਟੱਲੀਆਂ ਫੜਾ ਕੇ ਕੀਰਤਨ ਕਰ ਰਹੇ ਬੱਚਿਆਂ ਦੇ ਨਾਲ ਬੈਠਾ ਦਿੱਤਾ। ਗੁਰਨੀਤ ਨੂੰ ਟੱਲੀਆਂ ਵਜਾਉਂਦੀ ਵੇਖ ਤਰਸੇਮ ਦੀਆਂ ਉਂਗਲਾਂ ਆਪਣੇ ਗੋਢੇ ਉੱਪਰ ਤਬਲਾ ਵਜਾਉਣ ਵਾਂਗ ਥਿਰਕਣ ਲੱਗੀਆਂ। ਬੱਚਿਆਂ ਦੇ ਕੀਰਤਨ ਬਾਅਦ ਤਰਸੇਮ ਨੂੰ ਬਲਵੀਰ ਸਿੰਘ ਦੀ ਆਵਾਜ਼ ਸੁਣੀ। ਉਸ ਨੇ ਨੀਵੀਂ ਚੁੱਕ ਕੇ ਵੇਖਿਆ ਬਲਵੀਰ ਮਾਈਕ ਮੂਹਰੇ ਬੈਠਾ ਕਥਾ ਕਰ ਰਿਹਾ ਸੀ, “----- ਅਸੀਂ ਮਨ ਦੇ ਨਾ ਆਖੇ ਲੱਗੀਏ ਮਨ ਸਾਡੇ ਆਖੇ ਨਹੀਂ ਲੱਗਦਾ। ਸਾਧ ਸੰਗਤ ਜੀ, ਇਹ ਮਨ ਬਹੁਤ ਚੰਚਲ ਆ। ਇਸ ਨੂੰ ਆਪਣੇ ਵੱਸ `ਚ ਕਰਨ ਲਈ ਗੁਰੂ ਵੱਲੋਂ ਬਖ਼ਸ਼ੇ ਬਾਣੀ ਤੇ ਬਾਣੇ ਦਾ ਆਸਰਾ ਲਓ। ਗੁਰੂ ਪਿਆਰਿਓ, ਜਦ ਕਦੇ ਗਲਤ ਖਿਆਲ ਆਵੇ, ਮੇਰੇ ਗੁਰਾਂ ਦੀ ਬਾਣੀ ਵੱਲ ਧਿਆਨ ਕਰੋ। ਮਾੜੇ ਵਿਚਾਰ ਆਪਣੇ ਆਪ ਦੂਰ ਚਲੇ ਜਾਣਗੇ। ਐਨਾ ਅਸਰ ਹੈ ਮੇਰੇ ਪ੍ਰਮੇਸ਼ਰ ਦੀ ਬਾਣੀ ਵਿੱਚ। ਆਖੋ, ‘ਵਾਹਿਗੁਰੂ’ -----।”

ਪਰ ਤਰਸੇਮ ਨੇ ‘ਵਾਹਿਗੁਰੂ’ ਨਹੀਂ ਉਚਾਰਿਆ। ਉਸ ਦੇ ਅੰਦਰ ਬੇਚੈਨੀ ਪੈਦਾ ਹੋਈ। ਉਸ ਨੇ ਚੌਂਕੜੀ ਖੋਲ੍ਹ ਕੇ ਲੱਤਾਂ ਦੁਆਲੇ ਬਾਹਾਂ ਵਲ ਲਈਆਂ। ਮਿੰਟ ਕੁ ਇਸ ਤਰ੍ਹਾਂ ਬੈਠ ਕੇ ਉਸ ਨੇ ਮੁੜ ਚੌਂਕੜੀ ਮਾਰ ਕੇ ਅੱਖਾਂ ਮੀਚ ਲਈਆਂ। ਉਸ ਨੂੰ ਕੁੱਝ ਸਾਲ ਪਹਿਲਾਂ ਵਾਪਰੀ ਉਹ ਘਟਨਾ ਚੇਤੇ ਆ ਗਈ, ਜਦੋਂ ਬਲਵੀਰ ਨੇ ਆਪਣੇ ਨਾਲ ਕੰਮ ਕਰਦੀ ਕੁੜੀ ਨੂੰ ਫੜ ਲਿਆ ਸੀ ਅਤੇ ਤਰਸੇਮ ਨੇ ਵਿੱਚ ਪੈ ਕੇ ਗੱਲ ਨੂੰ ਮਸਾਂ ਆਈ-ਗਈ ਕੀਤਾ ਸੀ। ਜਿਓਂ-ਜਿਓਂ ਬਲਵੀਰ ਸਿੰਘ ਕਥਾ ਕਰਦਾ ਰਿਹਾ ਤਰਸੇਮ ਦੇ ਅੰਦਰਲੀ ਬੇਚੈਨੀ ਵਧਦੀ ਗਈ ਪਰ ਉਹ ਘੁੱਟ-ਵੱਟ ਕੇ ਬੈਠਾ ਰਿਹਾ।

ਘਰ ਪਹੁੰਚਕੇ ਸੌਣ ਤੋਂ ਪਹਿਲਾਂ ਦੰਦਾ `ਤੇ ਬੁਰਸ਼ ਕਰਦੇ ਸਮੇਂ ਉਸ ਨੇ ਸ਼ੀਸ਼ੇ ਵਿੱਚ ਵੇਖਿਆ ਅਤੇ ਆਪਣਾ ਹੱਥ ਘਰੋੜ ਕੇ ਆਪਣੀ ਦਾੜ੍ਹੀ ਉੱਤੇ ਫੇਰਿਆ। ਉਸ ਨੂੰ ਆਪਣਾ ਚੇਹਰਾ ਕਰੂਪ ਲੱਗਾ। ਉਸ ਦੇ ਚਿੱਤ `ਚ ਆਈ ਕਿ ਹੁਣੇ ਹੀ ਸ਼ੇਵ ਕਰ ਦੇਵੇ। ਪਰ ਉਸ ਕੀਤੀ ਨਹੀਂ ਅਤੇ ਬਿਸਤਰੇ ਵਿੱਚ ਵੜ ਕੇ ਉੱਸਲ-ਵੱਟੇ ਲੈਣ ਲੱਗਾ।

“ਵੇਖੋ ਬੱਚੇ ਕਿੰਨੇ ਸੋਹਣੇ ਲੱਗਦੇ ਸੀ ਕੀਰਤਨ ਕਰਦੇ ਨਾਲੇ ਲੰਗਰ ਵਰਤਾਉਂਦੇ। ਐਂ ਜਾਇਆ ਕਰਾਂਗੇ ਤਾਂ ਆਪਣੇ ਵੀ ਇਸ ਪਾਸੇ ਲੱਗਣਗੇ,” ਮਨਦੀਪ ਨੇ ਕਿਹਾ।

“ਤੂੰ ਲੈ ਜਿਆ ਕਰ, ਜੇ ਜਾਣਾ ਹੁੰਦੇ। ਓਥੇ ਉਹ ਭੈਣ ਦਾ ਘੜੁੱਕ ਤੇਰਾ ਕੁਛ ਲੱਗਦਾ ਵੱਡਾ ਕਥਾ-ਵਾਚਕ ਬਣਿਆ ਬੈਠਾ ਹੁੰਦੈ,” ਤਰਸੇਮ ਦੀ ਆਵਾਜ਼ ਵਿਚਲਾ ਕ੍ਰੋਧ ਮਹਿਸੂਸ ਕਰ ਕੇ ਮਨਦੀਪ ਨੇ ਹੈਰਾਨੀ ਜਿਹੀ `ਚ ਕਿਹਾ, “ਵਧੀਆ ਕਥਾ ਕੀਤੀ ਵੀਰ ਜੀ ਨੇ ਵੀ।”

“ਕੀਤੀ ਕਥਾ, ਹੁਣ ਵੱਡਾ ਗਿਆਨੀ ਬਣਿਆ ਬੈਠਾ। ਆਪਣਾ ਨੀ ਪਤਾ ਨਿੱਤ ਕਦੇ ਕਿਸੇ ਕੁੜੀ ਦੇ ਗਲਮੇ `ਚ ਹੱਥ ਪਾਈ ਬੈਠਾ ਹੁੰਦਾ ਸੀ, ਕਦੇ ਕਿਸੇ ਦੇ।”

“ਕੀ ਪਤੈ ਹੁਣ ਸੋਝੀ ਆ ਗੀ ਹੋਵੇ ਬਈ ਜਿਹੜੇ ਪੁੱਠੇ ਕੰਮ ਆਪ ਕਰਦਾ ਸੀ ਉਹ ਦੂਜੇ ਨਾ ਕਰਨ।”

“ਇਹੋ-ਜਿਆਂ ਨੂੰ ਨੀ ਆਉਂਦੀ ਹੁੰਦੀ ਸੋਝੀ। ਦੂਜਿਆਂ ਨੂੰ ਈ ਮੱਤਾਂ ਦੇਣੀਆਂ ਜਾਣਦੇ ਹੁੰਦੇ ਐ। ਤੇਰੇ ਖਿਆਲ `ਚ ਤਿੰਨ-ਚਾਰ ਮਹੀਨਿਆਂ ਬਾਅਦ ਜਦੋਂ ਉਹ `ਕੱਲਾ ਆਊਟ-ਔਫ਼ ਟਾਊਨ ਜਾਂਦੈ ਉਦੋਂ ਉਹ ਕਥਾ ਕਰਨ ਜਾਂਦੈ। ਮੈਥੋਂ ਹੋਰ ਸੁਣਦੀ ਐਂ-----”

“ਚੱਲ ਆਪਾਂ ਨੂੰ ਕੀ। ਜਿਹੜਾ ਕਰੂਗਾ ਓਹੀ ਭਰੂਗਾ। ਨਾਲੇ ਸਾਰੇ ਇੱਕੋ-ਜਿਹੇ ਤਾਂ ਨੀ ਹੁੰਦੇ। ਕੁੱਝ ਚੰਗੇ ਵੀ ਤਾਂ ਹੋਣਗੇ ਹੀ। ਜੇ ਇੱਥੇ ਥੋਡਾ ਚਿੱਤ ਨੀ ਮੰਨਦਾ ਤਾਂ ਆਪਾਂ ਕਿਸੇ ਹੋਰ ਗੁਰਦੁਆਰੇ ਚਲੇ ਚੱਲਿਆ ਕਰਾਂਗੇ,” ਆਖ ਕੇ ਮਨਦੀਪ ਨੇ ਤਰਸੇਮ ਨੂੰ ਸਾਵਾਂ ਕਰਨ ਲਈ ਉਸ ਦੇ ਵਾਲਾਂ ਵਿੱਚ ਉਂਗਲੀਆਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਤਰਸੇਮ ਨੂੰ ਵਾਰ-ਵਾਰ ਕਥਾ ਕਰ ਰਹੇ ਬਲਵੀਰ ਸਿੰਘ ਦਾ ਚੇਹਰਾ ਦਿਸਦਾ ਅਤੇ ਉਸ ਦਾ ਅੰਦਰ ਉੱਬਲਣ ਲੱਗਦਾ। ਸਵੇਰੇ ਉੱਠ ਕੇ ਤਰਸੇਮ ਨੇ ਸ਼ੇਵ ਕਰ ਕੇ ਤੋਲੀਏ ਨਾਲ ਮੂੰਹ ਪੂੰਝ ਕੇ ਸ਼ੀਸ਼ੇ ਵੱਲ ਵੇਖਿਆ, ਫਿਰ ਬੁੜਬੜਾਇਆ, “ਭੈਣ ਦਾ ਘੜੁੱਕ”। ਵਾਸ਼ਰੂਮ `ਚੋਂ ਬਾਹਰ ਆਏ ਨੂੰ ਵੇਖ ਕੇ ਮਨਦੀਪ ਬੋਲੀ, “ਏਹਦੇ `ਚ ਵੀਰ ਜੀ ਦਾ ਕੀ ਗਿਆ? ਆਪਾਂ ਆਪਣੇ ਬੱਚਿਆਂ ਪਿੱਛੇ ਕਰਨੈ, ਅਗਲਿਆਂ ਨੇ ਆਪਣਿਆਂ ਪਿੱਛੇ।”

“ਅਮ੍ਰਿਤਧਾਰੀ ਬੱਚੇ ਕਿਹੜਾ ਸਾਰੇ ਈ ਸਲੱਗ ਨਿਕਲਦੇ ਐ। ਸੁਣਿਆ ਨਹੀਂ ਸੀ, ਰਿਚਮੰਡ ਵਾਲਿਆਂ ਦਾ ਮੁੰਡਾ ਜਿਹੜਾ ਪੁਲਸ ਨੇ ਡਰੱਗਾਂ `ਚ ਫੜਿਐ ਉਹਦੇ ਵੀ ਗਾਤਰਾ ਪਾਇਐ ਈ ਸੀ,” ਤਰਸੇਮ ਨੇ ਖਿੱਝ ਜਿਹੀ ਨਾਲ ਕਿਹਾ।

“ਸਾਰੇ ਤਾਂ ਨੀ ਡਰੱਗਾਂ ਖਾਣ-ਵੇਚਣ ਲੱਗਦੇ। ਚੰਗੇ ਵੀ ਬਥੇਰੇ ਨਿਕਲਦੇ ਆ। ਦੇਖੇ ਨੀ ਰਾਤ ਕਿਵੇਂ ਜੀ-ਜੀ ਕਰ ਕੇ ਪ੍ਰਸ਼ਾਦੇ ਪੁੱਛਦੇ ਸੀ। ਬੱਚੇ ਇੱਕ-ਦੂਜੇ ਵੱਲ ਵੇਖ ਕੇ ਈ ਸਿਖਦੇ ਆ। ਵੱਡੀ ਗੱਲ ਤਾਂ ਏਨ੍ਹਾਂ ਦੇ ਦੋਸਤ ਵੀ ਆਪਣੇ ਈ ਬਣਦੇ ਆ। ਲੋਕੀ ਕੀ ਨੀ ਕਰਦੇ ਧੀਆਂ-ਪੁੱਤਾਂ ਪਿੱਛੇ। ਮੁੰਡਿਆਂ ਦਾ ਸਰ ਜਾਂਦੇ ਜਦੋਂ ਕਿਸੇ ਦੀ ਧੀ-ਭੈਣ ਦੀ ਗੱਲ ਸੁਣਦੇ ਐਂ ਤਾਂ ਥੋਨੂੰ ਈ ਪਹਿਲਾਂ ਫ਼ਿਕਰ ਲੱਗਦਾ ਹੁੰਦੈ,” ਆਖ ਕੇ ਮਨਦੀਪ ਭਾਂਡੇ ਸਾਫ਼ ਕਰਦੀ ਪਤੀਲੇ ਨੂੰ ਜੋਰ-ਜੋਰ ਨਾਲ ਖੁਰਚਣ ਲੱਗੀ।

ਟਾਇਲਟ ਸੀਟ `ਤੇ ਬੈਠੇ ਤਰਸੇਮ ਨੂੰ ਮਨਦੀਪ ਦੀ ਇਸ ਗੱਲ ਦਾ ਖਿਆਲ ਆਉਂਦੇ ਹੀ ਆਪਣੀ ਰਾਤ ਵਾਲੀ ਹਾਲਤ ਦਾ ਖਿਆਲ ਆਇਆ, ਜਦ ਉਸ ਨੇ ਟੀ.ਵੀ.`ਤੇ ਗਿਆਰਾਂ ਵਾਲੀਆਂ ਖ਼ਬਰਾਂ ਵਿੱਚ ਇਹ ਖਬ਼ਰ ਸੁਣ ਕੇ ਸਾਰੀ ਰਾਤ ਉੱਸਲਵੱਟੇ ਲੈਂਦਿਆਂ ਕੱਟੀ ਸੀ। ਜਦ ਵੀ ਅੱਖਾਂ ਮੀਚਦਾ ਉਸ ਨੂੰ ਖ਼ਬਰ ਵਾਲੇ ਪਿਓ-ਧੀ ਆਪਣੇ ਅਤੇ ਗੁਰਨੀਤ ਵਿੱਚ ਵਟਦੇ ਮਹਿਸੂਸ ਹੁੰਦੇ ਅਤੇ ਉਹ ਡਰ ਕੇ ਝੱਟ ਅੱਖਾਂ ਖੋਹਲ ਦਿੰਦਾ। ਅਜੇਹੀ ਰਾਤ ਤੋਂ ਬਾਅਦ ਜਦ ਸਵੇਰੇ ਉੱਠ ਕੇ ਤਰਸੇਮ ਕੰਮ `ਤੇ ਪਹੁੰਚਿਆਂ ਤਾਂ ਬਰਾਇਨ ਜਿਵੇਂ ਉਸ ਨੂੰ ਹੀ ਉਡੀਕ ਰਿਹਾ ਸੀ, ਉਸ ਨੇ ਤਰਸੇਮ ਨੂੰ ਕਿਹਾ ਸੀ, “ਟੈਰੀ, ਤੂੰ ਕੀ ਸੋਚਦਾ ਹੈਂ ਜਿਹੜਾ ਤੇਰੇ ਕੰਟਰੀਮੈਨ ਨੇ ਆਪਣੀ ਧੀ ਦਾ ਕਤਲ ਕੀਤਾ ਹੈ।”

“ਮੈਂ ਕੀ ਸੋਚਣਾ ਹੈ,” ਆਖ ਕੇ ਤਰਸੇਮ ਚੁੱਪ ਕਰ ਗਿਆ। ਉਹ ਗੱਲ ਨੂੰ ਅਗਾਂਹ ਨਹੀਂ ਸੀ ਤੋਰਨਾ ਚਾਹੁੰਦਾ। ਪਰ ਬਰਾਇਨ ਅੱਜ ਗੱਲ ਨੂੰ ਐਡੀ-ਛੇਤੀ ਮੁੱਕਣ ਨਹੀਂ ਸੀ ਦੇਣਾ ਚਾਹੁੰਦਾ, ਉਸ ਨੇ ਕਿਹਾ, “ਮੇਰੇ ਖਿਆਲ ਵਿੱਚ ਐਹੋ-ਜਿਹੇ ਪਿਓ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।”

ਤਰਸੇਮ ਦੇ ਦਿਮਾਗ ਵਿੱਚ ਖਿਝ ਉੱਠੀ। ਉਹ ਬੋਲਿਆ, “ਬਰਾਇਨ ਇਹ ਸਾਡਾ ਸਭਿੱਆਚਾਰਕ ਮਸਲਾ ਹੈ, ਤੂੰ ਨਹੀਂ ਸਮਝ ਸਕਦਾ।”

“ਇਹ ਕਿਹੋ-ਜਿਹਾ ਸਭਿੱਆਚਾਰ ਹੈ ਜਿਹੜਾ ਧੀਆਂ ਨੂੰ ਕਤਲ ਕਰਨ ਲਈ ਉਕਸਾਉਂਦਾ ਹੈ। ਬੱਚੇ ਨੂੰ ਪੜ੍ਹਾਓ-ਲਿਖਾਓ, ਚੰਗੀਆਂ ਕਦਰਾਂ-ਕੀਮਤਾਂ ਸਿਖਾਓ। ਜੀਵਨ–ਸਾਥੀ ਚੁਨਣ ਦਾ ਹੱਕ ਬੱਚੇ ਨੂੰ ਹੋਣਾ ਚਾਹੀਦਾ ਹੈ। ਉਸ ਨੇ ਹੀ ਸਾਰੀ ਉਮਰ ਆਪਣੇ ਸਾਥੀ ਨਾਲ ਗੁਜਾਰਨੀ ਹੁੰਦੀ ਹੈ। ਜੇ ਬੱਚਾ ਇਹ ਆਪਣਾ ਬੁਨਿਆਦੀ ਹੱਕ ਮੰਗਦਾ ਹੈ ਤਾਂ ਇਹ ਦਾ ਮਤਲਬ ਇਹ ਨਹੀਂ ਕਿ ਉਸ ਦਾ ਕਤਲ ਕਰ ਦਿਓ,” ਬਰਾਇਨ ਝੱਟ ਬੋਲਿਆ।

‘ਹੋਰ ਉਹ ਭੈਣ ਮਰਾਉਂਦਾ ਜੇ ਕਤਲ ਨਾ ਕਰਦਾ’ ਤਰਸੇਮ ਦੇ ਚਿੱਤ `ਚ ਆਈ ਪਰ ਉਸ ਨੇ ਕਿਹਾ, “ਕਿਹੜਾ ਪਿਓ ਆਪਣੀ ਧੀ ਨੂੰ ਕਤਲ ਕਰਨਾ ਚਾਹੁੰਦਾ ਹੁੰਦਾ ਹੈ।”

“ਫੇਰ?” ਬਰਾਇਨ ਨੇ ਪ੍ਰਸ਼ਨ ਸ਼ੂਚਕ ਨਜ਼ਰਾਂ ਨਾਲ ਤਰਸੇਮ ਵੱਲ ਵੇਖਿਆ।

“ਤੂੰ ਨਹੀਂ ਸਮਝੇਂਗਾ,” ਆਖ ਕੇ ਤਰਸੇਮ ਉਸ ਕੋਲੋਂ ਪਰ੍ਹਾਂ ਹੋ ਗਿਆ। ‘ਭੈਣ ਦੇ ਘੜੁੱਕ ਗੱਲ ਨੂੰ ਸਮਝੇ ਬਿਨ੍ਹਾ ਹੀ ਲੈਕਚਰ ਸ਼ੁਰੂ ਕਰ ਦਿੰਦੇ ਆ। ਕਿਹਾ ਬਈ ਥੋਡਾ ਆਵਦਾ ਕਲਚਰ ਐ, ਤੇ ਸਾਡਾ ਆਵਦਾ ਐ।

ਬਰਾਇਨ ਦੀਆਂ ਇਹ ਗੱਲਾਂ ਤਰਸੇਮ ਦੇ ਦਿਮਾਗ ਵਿੱਚ ਚੱਕਰ ਲਾਉਣ ਲੱਗੀਆਂ, ‘ਬੱਚਿਆਂ ਨੂੰ ਪੜਾਓ-ਲਿਖਾਓ, ਜਿਹੜਾ ਤੁਹਾਡਾ ਫ਼ਰਜ਼ ਹੈ। ਤਰਸੇਮ ਨੂੰ ਲੱਗਾ ਜਿਵੇਂ ਇਹ ਗੱਲਾਂ ਬਰਾਇਨ ਨਹੀਂ ਸਗੋਂ ਜੀਤ ਮਾਮਾ ਆਖ ਰਿਹਾ ਹੋਵੇ। ਪਰ ਅਗਲੇ ਹੀ ਪਲ ਉਸ ਦੇ ਦਿਮਾਗ ਵਿੱਚ ਰੇਡੀਓ ਦੇ ਕਿਸੇ ਕਾਲਰ ਦੀ ਗੱਲ ਗੂੰਝੀ, ਜਿਹੜੀ ਉਸ ਨੇ ਅੱਜ ਟਾਕ ਸ਼ੋਅ ਵਿੱਚ ਸੁਣੀ ਸੀ। ਟਾਕ ਸ਼ੋਅ ਵਿੱਚ ਕੋਈ ਬੋਲ ਰਿਹਾ ਸੀ, “----ਭਾਈ ਸਾਹਬ ਹੁਣ ਸਾਰੇ ਗੋਰਿਆਂ ਦੇ ਅਖਬਾਰ-ਰੇਡੀਓ ਓਸ ਬੰਦੇ ਨੂੰ ਮਾੜਾ ਕਹੀ ਜਾਂਦੇ ਆ। ਬਿਗਾਨੇ ਘਰ ਲੱਗੀ ਅੱਗ ਤਮਾਸ਼ਾ ਹੁੰਦੀ ਐ। ਬੰਦੇ ਨੇ ਚਾਰ ਭਾਈਬੰਦਾਂ `ਚ ਉੱਠਣਾ-ਬਹਿਣਾ ਵੀ ਹੁੰਦੈ। ਕਿਹੜਾ ਪੰਜਾਬੀ ਬੰਦੈ ਜਿਹੜਾ ਕਿਸੇ ਗੋਰੇ ਨੂੰ ਜਵਾਈ ਬਨਾਉਣ ਲਈ ਤਿਆਰ ਹੋਊ। ਜਦੋਂ ਗੰਦੀ `ਲਾਦ ਆਖੇ ਨਾ ਲੱਗੂ ਤਾਂ ਬੰਦਾ ਕੀ ਕਰੂ, ਹੈਂਜੀ---

“ਮੇਹਰਬਾਨੀ ਜੀ, ਇਹ ਤੁਹਾਡਾ ਖਿਆਲ ਐ। ਆਖੇ ਨਾ ਲੱਗਣ `ਤੇ ਉਲਾਦ ਨੂੰ ਕਤਲ ਕਰ ਦੇਈਦੈ?” ਕਾਲ ਨੂੰ ਵਿਚਾਲਿਓਂ ਕੱਟ ਕੇ ਰੇਡੀਓ ਹੋਸਟ ਨੇ ਕਿਹਾ ਸੀ। ਰੇਡੀਓ ਹੋਸਟ ਦੀ ਇਹ ਗੱਲ ਯਾਦ ਆਉਂਦਿਆਂ ਹੀ ਤਰਸੇਮ ਨੂੰ ਲੱਗਾ ਜਿਵੇਂ ਜੀਤ ਮਾਮਾ ਆਖ ਰਿਹਾ ਹੋਵੇ, ‘ਬੱਚਿਆਂ ਨੂੰ ਪੜ੍ਹਾਓ-ਲਿਖਾਓ, ਜਿਹੜਾ ਬੰਦੇ ਦਾ ਫ਼ਰਜ਼ ਐ। ਉਨ੍ਹਾਂ ਨੂੰ ਆਪਣੀ ਇੱਜ਼ਤ ਦਾ ਮਸਲਾ ਨਾ ਬਣਾਓ।’ ਪਰ ਅਗਲੇ ਹੀ ਪਲ ਕਾਲਰ ਦੀ ਆਵਾਜ਼ ਫਿਰ ਉਸ ਦੇ ਅੰਦਰ ਉੱਠੀ। ਤਰਸੇਮ ਨੇ ਸੋਚਿਆ, ‘ਬੰਦੇ ਨੇ ਸੁਸਾਇਟੀ ਵਿੱਚ ਉੱਠਣਾ-ਬੈਠਣਾ ਵੀ ਹੁੰਦੈ, ਜੇ ਚਾਰ ਬੰਦਿਆਂ `ਚ ਕੋਈ ਆਖ ਦੇਵੇ ਬਈ ਫਲਾਣੇ ਦੀ ਗੋਰੇ ਨਾਲ ਨਿਕਲ ਗਈ ਤਾਂ ਕੀ ਰਹਿੰਦੈ ਬੰਦੇ ਦਾ।’ ਫਿਰ ਤਰਸੇਮ ਨੂੰ ਲੱਗਾ ਜਿਵੇਂ ਮਾਮਾ ਆਖ ਰਿਹਾ ਹੋਵੇ, ‘ਮੇਰੇ ਕਿਹੜਾ ਗਾਤਰਾ ਪਾਇਆ ਸੀ ਦੋਹੇਂ ਕੁੜੀਆਂ ਵਧੀਆ ਪੜ੍ਹ-ਲਿਖ ਗਈਐ।’

‘ਡਾਕਟਰ ਬਣ ਗੀਐਂ ਤਾਂ ਐਡਾ ਕੀ ਕਰਤਾ, ਮਾਮਾ ਆਪਣੇ ਚਾਰ ਬੰਦਿਆਂ `ਚ ਤਾਂ ਨੀ ਖੜ੍ਹਦਾ ਹੋਣਾ,’ ਤਰਸੇਮ ਨੂੰ ਬਲਵੀਰ ਦੀੇ ਜੀਤ ਮਾਮੇ ਬਾਰੇ ਕਹੀ ਗੱਲ ਚੇਤੇ ਆਈ।

ਫਿਰ ਤਰਸੇਮ ਨੂੰ ਲੱਗਾ ਜਿਵੇਂ ਮਨਦੀਪ ਆਖ ਰਹੀ ਸੀ, ‘ਆਪਾਂ ਬੱਚਿਆਂ ਪਿੱਛੇ ਕਰਨੈ, ਲੋਕੀਂ ਕੀ ਨਹੀਂ ਕਰਦੇ ਧੀਆਂ –ਪੁੱਤਾਂ ਪਿੱਛੇ।’

‘ਕੀ ਕਰੇ ਬੰਦਾ?’ ਸੋਚਦੇ ਹੋਏ ਤਰਸੇਮ ਨੇ ਮਹਿਸੂਸ ਕੀਤਾ ਕਿ ਉਸ ਦਾ ਸਿਰ ਪਾਟ ਰਿਹਾ ਸੀ। ਉਸ ਨੇ ਬੇਵਸੀ ਨਾਲ ਸ਼ੀਸ਼ੇ ਵੱਲ ਵੇਖਿਆ ਪਰ ਸ਼ੀਸ਼ਾ ਉਸ ਨੂੰ ਖਾਲੀ-ਖਾਲੀ ਲੱਗਾ। “ਭੈਣ ਦੇ ਘੜੁੱਕਾ, ਤੂੰ ਹੀ ਬੋਲ ਕੁਝ?” ਤਰਸੇਮ ਬੁੜਬੜਾਇਆ।

 

Sunday, 06 September 2009 00:39

ਅੰਗ-ਸੰਗ

Written by

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ।

      ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ `ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ ਵਿੱਚ ਤਣੀ ਹੋਈ ਸੀ। ਉਹ ਜੋ ਜਾ ਚੁੱਕਾ ਸੀ, ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲ੍ਹਦਾ-ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫ਼ਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਬੁੱਲ੍ਹਾਂ ਨਾਲ, ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ-ਸੰਗ ਸੀ। ਇਸੇ ਘਰ ਵਿੱਚ ਸੀ। ਉੇਹਨਾਂ ਦੇ ਕੋਲ ਹੀ ਪਰ੍ਹੇ ਡੰਗਰਾਂ ਅੱਗੇ ਸੁੱਤਾ ਹੋਇਆ। ਸ਼ਰਾਬ ਵਿੱਚ ਗੁੱਟ।