You are here:ਮੁਖ ਪੰਨਾ»ਸਫ਼ਰਨਾਮਾ
ਸਫ਼ਰਨਾਮਾ

ਪਾਕਿਸਤਾਨ ਜਾਣ ਦੀ ਰੀਝ ਤਾਂ ਚਿਰੋਕੀ ਸੀ ਪਰ ਸਬੱਬ ਬਣ ਸਕਿਆ ਅਪ੍ਰੈਲ 2008 ਵਿਚ। ਪੰਜਾਬੀ ਖੋਜਗੜ੍ਹ, ਕਸੂਰ ਵਿਖੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਹੋਰਾਂ ਬਾਬਾ ਫਰੀਦ ਇੰਟਰਨੈਸ਼ਨਲ ਸੰਮੇਲਨ ਕਰਵਾਇਆ ਤਾਂ ਉਸ ਵਿੱਚ ਪੇਪਰ ਪੜ੍ਹਨ ਲਈ ਮੈਨੂੰ ਵੀ ਸੱਦਾ ਮਿਲਿਆ। ਕਹਾਣੀਕਾਰ ਤਲਵਿੰਦਰ ਸਿੰਘ ਦੇ ਉ-ੱਦਮ ਨਾਲ ਅੱਠ ਕੁ ਪੰਜਾਬੀ ਲੇਖਕਾਂ ਦਾ ਦਲ 17 ਅਪ੍ਰੈਲ ਤੋਂ 24 ਅਪ੍ਰੈਲ ਤੱਕ ਪਾਕਿਸਤਾਨ ਦੀ ਫੇਰੀ ਲਈ ਗਿਆ। ਹਫ਼ਤੇ ਕੁ ਦੇ ਸਮੇਂ ਵਿਚੋਂ ਦੋ ਦਿਨ 3 ਆਉਣ-ਜਾਣ ਦੇ ਪੰਜਾਹ-ਸੱਠ ਕਿਲੋਮੀਟਰ ਦੇ ਸਫ਼ਰ ਵਿੱਚ ਹੀ ਨਿਖੁੱਟ ਗਏ ਅਤੇ ਬਾਕੀ ਦੇ ਦਿਨਾਂ ਵਿੱਚ ਲਾਹੌਰ ਦੇ ਆਲੇ-ਦੁਆਲੇ ਪੰਛੀ-ਝਾਤ ਮਾਰੀ। ਖੈਰ ਇਸ ਨੂੰ ਪਾਕਿਸਤਾਨ ਵੇਖਣਾ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਭਰੀ ਦੇਗ ਵਿਚੋਂ ਚੌਲਾਂ ਦਾ ਇੱਕ ਦਾਣਾ ਟੋਹ ਕੇ ਵੇਖਣ ਵਾਲੀ ਗੱਲ ਹੀ ਸੀ। ਫਿਰ ਵੀ ਪਹਿਲੀ ਪਹਿਲੀ ਨਜ਼ਰ ਦਾ ਆਪਣਾ ਹੀ ਜਾਦੂ ਹੁੰਦਾ ਹੈ। ਅੱਖ ਦੇ ਪਲਕਾਰੇ ਰਾਹੀਂ ਵੇਖੇ ਪਾਕਿਸਤਾਨ ਦਾ ਵੀ ਇੰਨਾ ਕੁੱਝ ਅੰਦਰ ਵਸ ਗਿਆ ਕਿ ਉਹ ਡਾਢੇ ਸੰਕੋਚ ਨਾਲ ਸਾਂਝਾ ਕਰਦਿਆਂ ਵੀ ਕਈ ਸਫ਼ੇ ਭਰ ਗਏ। ਕੀ ਇਹ ਸਭ ਕੁੱਝ ਸੱਚਮੁੱਚ ਦੱਸਣ ਵਾਲਾ ਸੀ? ਇਸ ਗੱਲ ਦਾ ਸਹੀ ਉ-ੱਤਰ ਤਾਂ ਤੁਸੀਂ ਹੀ ਦੇ ਸਕਦੇ ਹੋ ਪਰ ਐਨਾ ਕੁ ਅੰਤਰਾ ਮੈਂ ਵੀ ਦੇ ਸਕਦਾ ਹਾਂ ਕਿ ਜੋ ਕੁੱਝ ਮੈਂ ਲਿਖਿਆ ਹੈ ਉਹ ਮੈਂ ਹੀ ਦੱਸ ਸਕਦਾ ਸੀ ਕਿਉਂਕਿ ਮੇਰੀਆਂ ਅੱਖਾਂ ਨਾਲ ਤਾਂ ਸਿਰਫ ਮੈਂ ਹੀ ਵੇਖ ਸਕਦਾ ਹਾਂ। ਤੁਹਾਡੇ ਹੁੰਘਾਰੇ ਦਾ ਚਾਹਵਾਨ ਹਾਂ।

 

ਬਲਦੇਵ ਸਿੰਘ ਧਾਲੀਵਾਲ

 

ਦਰਸ਼ਨ ਹੋ ਗਏ ਮਹਿੰਗੇ

ਪਾਕਿਸਤਾਨ ਜਾਣ ਲਈ ਇਹ ਮੇਰਾ ਚੌਥਾ ਹੰਭਲਾ ਸੀ। ਮਾਰਚ ਦੇ ਅਖੀਰਲੇ ਹਫ਼ਤੇ ਕਿਸੇ ਅਦਾਲਤੀ ਝਮੇਲੇ ਦੇ ਸਿਲਸਿਲੇ ਵਿੱਚ ਦਿੱਲੀ ਸਾਂ। ਸਾਰਾ ਦਿਨ ਧੂੜ-ਧੂੰਆਂ ਫੱਕਣ ਅਤੇ ਕਾਲੇ ਕੋਟਾਂ ਵਾਲਿਆਂ ਨਾਲ ਮਗਜ਼-ਪੱਚੀ ਕਰਨ ਪਿੱਛੋਂ ਘੁਸਮਸੇ ਜਿਹੇ ਵਿੱਚ ਕੁਲਵੀਰ ਗੋਜਰਾ ਦੇ ਘਰ ਅੱਪੜਿਆ। ਨਹਾ-ਧੋ ਕੇ ਮਾੜੀ ਜਿਹੀ ਸੁਰਤ ਆਈ। ਉਦੋਂ ਤੱਕ ਕੁਲਵੀਰ ਨੇ ਪੀਣ-ਖਾਣ ਲਈ ਮੇਜ਼ ਸਜਾ ਲਿਆ। ਜਾਮ ਟਕਰਾ ਕੇ ਅਜੇ ਪਹਿਲੀ ਚੁਸਕੀ ਹੀ ਲਈ ਸੀ ਕਿ ਦਿਲ ਵਾਲੇ ਪਾਸੇ ਛਾਤੀ ਉਤੇ ਝਰਨਾਹਟ ਜਿਹੀ ਹੋਈ। ਵਾਈਬਰੇਸ਼ਨ ਤੇ ਲਾ ਕੇ ਜੇਭ `ਚ ਪਾਏ ਮੋਬਾਇਲ ਉਤੇ ਕੋਈ ਕਾਲ ਸੀ।

ੋਹਾਂ ਮੇਰੀ ਜਾਨ, ਦਰਦੇ-ਜਿਗਰ, ਕੀ ਹਾਲ-ਚਾਲ ਨੇ? ੌ ਕਹਾਣੀਕਾਰ ਤਲਵਿੰਦਰ ਮੋਹ-ਭਰੇ ਅੰਦਾਜ਼ ਵਿੱਚ ਗੁਟ੍ਹਕ ਰਿਹਾ ਸੀ। ਦੁਆ-ਸਲਾਮ ਕਰਨ ਪਿੱਛੋਂ ਉਸਨੇ ਪਾਕਿਸਤਾਨ ਜਾਣ ਦਾ ਸੱਦਾ ਦਿੱਤਾ, “ਏਤਰਾਂ ਕਰ ਮੇਰਾ ਵੀਰ, ਆਪਣਾ ਪਾਸਪੋਰਟ ਨੰਬਰ ਬੋਲ, ਕੱਲ੍ਹ ਨੂੰ ਪਾਸਪੋਰਟ, ਚਾਰ ਫੋਟੋਆਂ ਤੇ ਪੰਜ ਸੌ ਦਾ ਪੱਤਾ ਵੀ ਘਲਾ ਛੱਡ, ਚੱਲ ਤੈਨੂੰ ਦਰਸ਼ਨ-ਦੀਦਾਰ ਕਰਾਈਏ ਪਾਕਿਸਤਾਨੀ ਹੀਰਾਂ ਦੇ, ਐਵੇਂ ਉਲ੍ਹਾਮੇ ਦਿੰਨਾ ਰਹਿਨੈਂ।। ।। । ਓ।। ।। ਕੇ।। ।। ।। ।। । ੌ ਉਹ ਨਸ਼ੇ `ਚ ਜਾਪਦਾ ਸੀ। ਇਹ ਨਸ਼ਾ ਪਾਕਿਸਤਾਨ ਜਾਣ ਦਾ ਸੀ ਜਾਂ ਅੰਗੂਰ ਦੀ ਬੇਟੀ ਦਾ, ਪਰ ਕੋਈ ਸੀ ਜ਼ਰੂਰ।

ਇਸ ਮਹੱਬਤੀ ਸੱਦੇ ਨਾਲ ਮੇਰਾ ਦਿਲ ਉਵੇਂ ਨਾ ਬੁੜਕਿਆ ਜਿਵੇਂ ਕੁੱਦਣਾ ਚਾਹੀਦਾ ਸੀ। ਖੁਸ਼ੀ ਦੀ ਕੋਈ ਲਹਿਰ ਮੇਰੀਆਂ ਨਾੜਾਂ ਵਿੱਚ ਬਿਜਲੀ ਬਣ ਕੇ ਨਾ ਕੌਂਧੀ। ਸ਼ਾਇਦ ਇਹ ਮੇਰੇ ਵਾਰ ਵਾਰ ਖੱਟੇ ਹੋਏ ਮਨ ਦੀ ਨਿਰਾਸ਼ਾ ਸੀ। ੋਕਿਤੇ ਐਤਕੀਂ ਵੀ।। । ੋ, ਕੋਈ ਗੁੱਝਾ ਜਿਹਾ ਡਰ ਮੇਰੇ ਮਨ ਨੂੰ ਡੁਲਾ ਰਿਹਾ ਸੀ।

ਪਹਿਲੀ ਵਾਰ 2001 ਵਿੱਚ ਫ਼ਖ਼ਰ ਜ਼ਮਾਨ ਹੋਰਾਂ ਵੱਲੋਂ ਕਰਵਾਈ ਗਈ ਆਲਮੀ ਪੰਜਾਬੀ ਕਾਨਫਰੰਸ ਦੇ ਬਹਾਨੇ ਨਾਲ ਪਾਕਿਸਤਾਨ ਜਾਣ ਦਾ ਸਬੱਬ ਬਣਿਆ ਸੀ। ਉਦੋਂ ਤੱਕ ਮੈਂ ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਘੁੰਮ-ਫਿਰ ਚੁੱਕਿਆ ਸਾਂ ਪਰ ਪਾਕਿਸਤਾਨ ਜਾਣ ਦਾ ਕੋਈ ਵੱਖਰਾ ਜਿਹਾ ਚਾਅ ਸੀ। ਆਪਣੀ ਪੂਰੀ ਗੰਢੜੀ-ਪੋਟਲੀ ਬੰਨ੍ਹ ਕੇ ਵਾਘਾ ਬਾਰਡਰ ਉ-ੱਤੇ ਪਹੁੰਚਿਆ। ਉਥੇ ਹੀ ਸਾਰਿਆ ਨੂੰ ਵੀਜ਼ਾ ਲੱਗੇ ਵਾਲੇ ਪਾਸਪੋਰਟ ਮਿਲਣੇ ਸਨ। ਉਥੇ ਜਾ ਕੇ ਪਤਾ ਲੱਗਿਆ ਕਿ ਮੇਰੇ ਵਰਗੇ ਕਿੰਨਿਆਂ ਦੇ ਹੀ ਪਾਸਪੋਰਟ ਤਾਂ ਪਾਕਿਸਤਾਨੀ ਅੰਬੈਸੀ ਵਿੱਚ ਪੇਸ਼ ਹੀ ਨਹੀਂ ਕੀਤੇ ਗਏ ਸਨ। ਸੰਤੋਖ ਸਿੰਘ ਮੰਡੇਰ ਵਰਗੇ ਘੜੰਮ ਚੌਧਰੀਆਂ ਨੇ ਆਖਰੀ ਵਕਤ ਸਾਡੇ ਨਾਂ ਕੱਟ ਕੇ ਆਪਣੇ ਚਹੇਤਿਆਂ ਦੇ ਪਰਿਵਾਰਾਂ ਦੇ ਪਰਿਵਾਰ ਸ਼ਾਮਿਲ ਕਰ ਲਏ ਸਨ। ਅਨੂਪ ਵਿਰਕ, ਦਰਸ਼ਨ ਬੁੱਟਰ, ਸੁਰਜੀਤ ਜੱਜ, ਸਰੋਜ ਚਮਨ, ਬਲਦੇਵ ਸਿੰਘ ਸੜਕਨਾਮਾ ਵਰਗੇ ਅਸੀਂ ਕਿੰਨੇ ਸਾਰੇ ਹੀ ਨਿਰਾਸ਼ ਹੋਏ ਕੁੱਤੇ ਭਕਾਉਂਦੇ ਬੇਰੰਗ ਮੁੜਨ ਲਈ ਬੇਬੱਸ ਸਾਂ।

ਆਪਣਾ ਵੀਜ਼ਾ ਲੱਗੇ ਵਾਲਾ ਪਾਸਪੋਰਟ ਫੜ੍ਹਨ ਤੋਂ ਬਾਅਦ ਵਰਿਆਮ ਸਿੰਘ ਸੰਧੂ ਨੇ ਮਸ਼ਕਰੀ ਵਾਲੇ ਅੰਦਾਜ਼ ਵਿੱਚ ਹਮਦਰਦੀ ਜਿਤਾਈ ਸੀ, “ਏਹ ਤੇ ਬੜੀ ਮਾੜੀ ਕੀਤੀ ਏ ਬਈ ਫਿਰ ਪ੍ਰਬੰਧਕਾਂ ਨੇ ਤਾਡ੍ਹੇ ਨਾਲ, ।। । ਖ਼ੈਰ ਸਾਡੇ ਐਸ ਬਦਮਾਸ਼ ਦੇ ਮਾਮਲੇ ਵਿੱਚ ਤੇ ਉਂਜ ਇੱਕ ਗੱਲੋਂ ਚੰਗਾ ਈ ਹੋਇਆ ਏ, ਵੀਜ਼ਾ ਲੱਗ ਜਾਂਦਾ ਤੇ ਏਸ ਨਖਾਫਣੇ ਨੇ ਇੱਕ ਹੋਰ ਸਫ਼ਰਨਾਮਾ ਤਲ ਸੁੱਟਣਾ ਸੂ। ੌ ਮੇਰੇ ਵੰਨੀ ਵੇਖ ਕੇ ਉਹ ਹਾਸਾ ਬਖੇਰਦਾ ਕਵੀ ਜਗਤਾਰ ਨਾਲ ਅਟਾਰੀ ਸਟੇਸ਼ਨ ਵੱਲ ਨੂੰ ਤੁਰ ਪਿਆ ਸੀ ਅਤੇ ਅਸੀਂ ਖਸਿਆਣੀ ਹਾਸੀ ਹਸਦੇ ਵਾਪਸ ਪਰਤ ਪਏ ਸਾਂ। ਰਾਹ ਵਿੱਚ ਅਟਾਰੀ ਸਟੇਸ਼ਨ ਦਾ ਬੋਰਡ ਪੜ੍ਹਦਿਆਂ ਅੱਖਾਂ ਵਿੱਚ ਕੁੱਝ ਮਿਰਚਾਂ ਵਰਗਾ ਲੜਿਆ ਸੀ।

ਅਗਲੀ ਵਾਰੀ 2004 ਵਿੱਚ ਫਿਰ ਤਲਵਿੰਦਰ ਨੇ ਸਾਡੇ ਲਈ ਹੰਭਲਾ ਮਾਰਿਆ ਸੀ। ਸਾਡੇ ਖ਼ੁਆਰ ਹੋਇਆ ਦੇ ਨਾਂ ਉਸ ਨੇ ਉਚੇਚੇ ਤਰੱਦਦ ਨਾਲ ਸੂਚੀ ਵਿੱਚ ਪਾਏ ਸਨ। ਅਸੀਂ ਵੀ ਇੱਕ ਵਾਰ ਫਿਰ ਰਹਿੰਦਾ-ਖੂੰਹਦਾ ਜੋਸ਼ ਇਕੱਠਾ ਕਰਕੇ ਤਸਵੀਰਾਂ ਅਤੇ ਅੱਠ ਸੌ ਰੁਪੱਈਆ ਤਲਵਿੰਦਰ ਦੇ ਹਵਾਲੇ ਕਰਕੇ ਫਿਰ ਆਸਾਂ ਦੇ ਦੀਪ ਬਾਲ ਕੇ ਬੈਠ ਗਏ ਸਾਂ। ਇਸ ਵਾਰ ਅੰਬੈਸੀ ਵਾਲਿਆਂ ਨੇ ਫੂਕ ਮਾਰ ਕੇ ਦੀਵਾ ਗੁੱਲ ਕਰ ਦਿੱਤਾ ਸੀ। ਤਿੰਨ ਸੌ ਰੁਪਏ ਤੇ ਪਾਸਪੋਰਟ ਕੁੱਝ ਦਿਨਾਂ ਪਿਛੋਂ ਅਨੂਪ ਵਿਰਕ ਖਿਝਦਾ-ਖਪਦਾ ਫੜ੍ਹ ਲਿਆਇਆ ਸੀ।

“ਫਿਰ ਥੁੱਕ ਲੁਆ ਬੈਠੇ ਆਂ ਪੰਜ ਸੌ ਦੇ ਪੱਤੇ ਨੂੰ, ਤੇ ਉਤੋਂ ਬਿਜ਼ਤੀ ਮੁਫ਼ਤ ਦੀ, ਢੇਕੇ ਪਾਕਿਸਤਾਨ ਦੇ ਨਾ ਹੋਣ ਤਾਂ, ੌ ਵਿਰਕ ਨੇ ਭੜਾਸ ਕੱਢੀ, “ਜਿਨ੍ਹਾਂ ਦੀਆਂ ਉਧਰ ਜੜ੍ਹਾਂ ਨੇ, ਸਕੇ-ਸੋਧਰੇ ਨੇ, ਦੱਲੇ ਲੋਕ ਉਨ੍ਹਾਂ ਨੂੰ ਨੇੜੇ ਨੀ ਢੁੱਕਣ ਦੇਂਦੇ, ਤੇ ਹੋਰ ਸੌ ਡੀਂਘਰ-ਮੀਂਘਰ ਵਹੀਰਾਂ ਘੱਤੀ ਜਾਣ ਡਹੀ ਜੇ ਆਏ ਦਿਨ, ਆਏ ਦਿਨ ਨੲ੍ਹੀ ਤਾਂ।। । ਅੱਗੇ ਤੋਂ।। । ਹੋਵੇ ਜੇਹੜਾ ਟ੍ਰਾਈ ਵੀ ਕਰੇ। ੌ ਉਹ ਆਹਰਨ ਵਾਂਗ ਤਪਿਆ ਖੜ੍ਹਾ ਸੀ।

ਪਰ ਮੈਂ ੋਟ੍ਰਾਈ’ ਨਾ ਛੱਡ ਸਕਿਆ। ਮੇਰੇ ਕੋਲ ਯੂ। ਜੀ। ਸੀ। ਦਾ ਰਿਸਰਚ ਅਵਾਰਡ ਸੀ। ਉਸ ਦੇ ਹਵਾਲੇ ਨਾਲ ਮੈਂ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਲਾਇਬਰੇਰੀ `ਚੋਂ ਕੁੱਝ ਖੋਜ-ਸਮੱਗਰੀ ਵੇਖਣ ਦਾ ਬਹਾਨਾ ਬਣਾ ਲਿਆ। ਅੰਬੈਸੀ ਗਿਆ ਤਾਂ ਉਨ੍ਹਾਂ ਐਨੀ ਲੰਮੀ ਪ੍ਰਕਿਰਿਆ ਦੱਸ ਦਿੱਤੀ ਕਿ ਕਾਗਜ਼ੀ ਕਾਰਵਾਈ ਤੋਂ ਤ੍ਰਹਿ ਕੇ ਜਾਣ ਦਾ ਖ਼ਿਆਲ ਤਿਆਗਣਾ ਹੀ ਫਾਇਦੇਮੰਦ ਲੱਗਿਆ। ਕਿਸਮਤਵਾਦੀਆਂ ਦੀ ਨਜ਼ਰ ਨਾਲ ਸਾਰੀ ਸਥਿਤੀ ਨੂੰ ਵੇਖਦਿਆਂ ਤੇ ਆਪਣੇ ਆਪ ਨੂੰ ਸਮਝਾਉਂਦਿਆਂ ਕਿਹਾ, ੋਮਿੱਤਰਾ ਤੇਰੀ ਕਿਸਮਤ `ਚ ਪਾਕਿਸਤਾਨ ਦੇ ਦਰਸ਼ਨ ਨਈਂ। ੋ

“ਆ ਲਾਹੌਰ ਵਿਖਾ ਲਿਆਈਏ ਸਾਹਿਤਕਾਰਾ? ੌ ਕਦੇ ਯੂਨੀਵਰਸਿਟੀ ਵਿਚੋਂ ਕੋਈ ਦੋਸਤ ਪਾਕਿਸਤਾਨ ਜਾਣ ਲਗਦਾ ਤਾਂ ਸੁਲ੍ਹਾ ਮਾਰਦਾ। ਇਹ ਸੁਣ ਕੇ ਮੇਰੇ ਨਸੂਰੇ ਜ਼ਖ਼ਮ ਫਿਰ ਉਚੜ ਜਾਂਦੇ। ਪਰ ਹੁਣ ਹਿੰਮਤ ਬਾਕੀ ਨਹੀਂ ਸੀ ਹੋਰ ੋਟ੍ਰਾਈ’ ਕਰਨ ਦੀ। ਪਾਕਿਸਤਾਨ ਦਾ ਗੇੜਾ ਮਾਰ ਆਏ ਦੋਸਤ ੋਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ’ ਤੜਕਾ ਲਾ ਲਾ ਕੇ ਸੁਣਾਉਂਦੇ, ਸੁਣ ਕੇ ਮਨ ਅਵਾਜ਼ਾਰ ਹੋ ਜਾਂਦਾ। ੋਲੋਕ ਪਤਾ ਨੲ੍ਹੀਂ ਕਿਵੇਂ ਟੋਲਿਆਂ ਦੇ ਟੋਲੇ ਤੁਰੇ ਆਉਂਦੇ ਨੇ। ’ ਯੂਨੀਵਰਸਿਟੀ ਦੇ ਸਮਾਗਮਾਂ ਵਿੱਚ ਪਾਕਿਸਤਾਨ ਤੋਂ ਆਏ ਵੱਡੇ ਗਰੁੱਪਾਂ ਨੂੰ ਵੇਖ ਕੇ ਖ਼ਿਆਲ ਆਉਂਦਾ।

ਇਕ ਵਾਰ ਸਾਡੇ ਤਤਕਾਲੀ ਰਜਿਸਟਰਾਰ ਪਰਮ ਬਖਸ਼ੀਸ ਸਿੰਘ ਦਾ ਫੋਨ ਆਇਆ। ਉਸ ਨੇ ਮੈਨੂੰ ਪਾਕਿਸਤਾਨ ਦੀ ਸਰਦੀ-ਪੁਜਦੀ ਲੇਖਿਕਾ ਬੁਸ਼ਰਾ ਐਜਾਜ਼ ਦੀਆਂ ਕਹਾਣੀਆਂ ਉਤੇ ਵਿਸਥਾਰ ਪੂਰਵਕ ਖੋਜ-ਪੱਤਰ ਲਿਖਣ ਦੀ ਸਿਫਾਰਿਸ਼ ਕੀਤੀ। ਮੇਰੇ ਅੰਦਰਲੀ ਆਸ ਫਿਰ ਟਿਮਟਿਮਾਈ। ਪਰ ਕੁੱਝ ਚਿਰ ਸੋਚਣ ਤੋਂ ਬਾਅਦ ਇਹ ਰਾਹ ਮੈਨੂੰ ਮੁਆਫ਼ਕ ਆਉਂਦਾ ਨਾ ਲੱਗਿਆ। ਮੇਰਾ ਅੰਦਰਲਾ ਪਾਕਿਸਤਾਨ ਜਾਣ ਖਾਤਰ ਵਗਾਰ ਕਰਨ ਲਈ ਤਿਆਰ ਨਾ ਹੋ ਸਕਿਆ।

ਇਸ ਤਰ੍ਹਾਂ ਤਾਂ ਇੱਕ ਵਾਰੀ ਕਹਾਣੀਕਾਰ ਅਜੀਤ ਕੌਰ ਦੇ ਸੱਦੇ ਉਤੇ ਅਲੀਗੜ੍ਹ ਵਿੱਚ ਹੋਈ ਸਾਰਕ ਦੇਸ਼ਾਂ ਦੇ ਗਲਪ ਲੇਖਕਾਂ ਦੀ ਕਾਨਫਰੰਸ ਦੌਰਾਨ ਵੀ ਪਾਕਿਸਤਾਨ ਜਾਣ ਦੀ ਨੀਂਹ ਟਿਕਦੀ ਨਜ਼ਰ ਆਈ। ਉਥੇ ਤਿੰਨ ਕੁ ਦਿਨ ਪਾਕਿਸਤਾਨ ਦੇ ਥੰਮ੍ਹ ਲੇਖਕਾਂ-ਇੰਤਜ਼ਾਰ ਹੁਸੈਨ, ਇਕਰਮਉਲਾ, ਮਿਰਜ਼ਾ ਬੇਗ, ਕਿਸ਼ਵਰ ਨਾਹੀਦ (ਉਰਦੂ) ਸਈਅਦ ਅਖ਼ਤਰ ਹੁਸੈਨ ਅਖ਼ਤਰ, ਆਸ਼ਿਕ ਰਹੀਲ, ਮੁਹੰਮਦ ਸਾਦਿਕ ਪਰਵੇਜ਼ (ਪੰਜਾਬੀ) ਨਾਲ ਵਾਹਵਾ ਭਾਈਵਾਲੀ ਬਣ ਗਈ। ਸਾਰਕ ਦੇਸ਼ਾਂ ਦੇ ਲੇਖਕਾਂ ਦੀ ਅਗਲੀ ਕਾਨਫਰੰਸ ਪਾਕਿਸਤਾਨ ਵਿਖੇ ਹੋਣ ਦੀ ਗੱਲ ਵੀ ਚੱਲੀ। ਨਿਰਾਸਤਾ ਨਾਲ ਯੱਖ ਹੋਏ ਮਨ ਦੀ ਬਰਫ਼ ਫੇਰ ਪਿਘਲਣ ਲੱਗੀ। ਲੋਚਾ ਨੂੰ ਫੇਰ ਬੂਰ ਪੈਣ ਲੱਗਿਆ। ਪਰ ਕਈ ਸਾਲ ਲੰਘਣ ਪਿੱਛੋਂ ਵੀ ਢੋਅ ਨਾ ਢੁੱਕ ਸਕਿਆ।

ੋਬਲਦੇਵ ਕੀ ਏ ਪਾਕਿਸਤਾਨ `ਚ? ਨੰਗ-ਭੁੱਖ, ਜ਼ਹਾਲਤ ਤੇ ਦਹਿਸ਼ਤਗਰਦੀ।। । , ਏਹ ਵੇਖਣ ਜਾਣੈਂ ਉਥੇ? ੌ ਕਈ ਵਾਰ ਪਾਕਿਸਤਾਨ ਦੀ ਗੱਲ ਛਿੜਦੀ ਤਾਂ ਮੇਰੀ ਪ੍ਰਬਲ ਇੱਛਾ ਵੇਖ ਕੇ ਦੋਸਤ ਸੁਖਪਾਲ ਥਿੰਦ ਖਿਝ ਭਰੀ ਤਨਜ਼ ਨਾਲ ਆਖਦਾ, “ਚਲੋ ਅਮਰੀਕਾ, ਕੈਨੇਡਾ ਤੇ ਭਲਾ ਹੋਇਆ, ਪਰ ਪਾਕਿਸਤਾਨ।। । ? ਯਾਰ ਮੇਰੇ ਤਾਂ ਗੱਲ ਹਜ਼ਮ ਨ੍ਹੀਂ ਹੁੰਦੀ ਏਹ। ਮੇਰੇ ਅੰਦਰ ਤੇ ਕਦੇ ਉਥੇ ਜਾਣ ਦਾ ਖ਼ਿਆਲ ਵੀ ਨ੍ਹੀਂ ਆਇਆ ਹੋਣਾ। ੌ

ਮੇਰੇ ਅੰਦਰਲਾ ਖ਼ਿਆਲ ਇਹ ਸੁਣ ਕੇ ਵੀ ਨਾ ਮਰਦਾ, ਸਗੋਂ ਹੋਰ ਤਿੱਖਾ ਹੋ ਜਾਂਦਾ। ਮੈਂ ਜਾਣ ਲਈ ਕੋਈ ਨਾ ਕੋਈ ਗੰਢ-ਸੁੱਭ ਕਰਦਾ ਹੀ ਰਹਿੰਦਾ।

ਦਿੱਲੀ ਤੋਂ ਮੁੜ ਕੇ ਮੈਂ ਅਧ-ਮਨਾ ਜਿਹਾ ਹੋ ਕੇ ਫਿਰ ਕਾਗਜ਼ੀ ਕਾਰਵਾਈ ਕਰਨ ਲੱਗਿਆ। ੋਸ਼ਾਇਦ ਐਂਤਕੀਂ।। । ? ’ ਮੈਂ ਆਸ ਦੇ ਦੀਵੇ ਦੀ ਬੱਤੀ ਉ-ੱਚੀ ਕੀਤੀ। ਉਤਸ਼ਾਹ ਦਾ ਚਾਨਣ ਕੁੱਝ ਵਧਿਆ। ਮੈਂ ਐਨ। ਓ। ਸੀ। ਦਾ ਪਤਾ ਕਰਨ ਅਮਲਾ ਸ਼ਾਖ਼ਾ ਗਿਆ।

“ਡਾ। ਸਾਹਿਬ ਪਾਕਿਸਤਾਨ ਜਾਣਾ ਵੀ ਐ ਕਿ ਸਿਰਫ ਐਨ। ਓ। ਸੀ। ਲੈ ਕੇ ਈ ਰੱਖਣੈ ਐਂਤਕੀ ਵੀ। ੌ ਕਲਰਕ ਮੈਡਮ ਨੇ ਮੇਰੀ ਸੇਵਾ-ਪੱਤਰੀ ਫਰੋਲਦਿਆਂ ਮਜ਼ਾਕ ਕੀਤਾ। ਉਸ ਨੇ ਫਾਈਲ ਤੇ ਝਾਤ ਮਾਰ ਕੇ ਦੱਸਿਆ ਕਿ ਪਹਿਲਾਂ ਤਿੰਨ ਵਾਰੀ ਐਨ। ਓ। ਸੀ। ਦਿੱਤੇ ਜਾ ਚੁੱਕੇ ਹਨ।

“ਅਮਰੀਕਾ ਤੇ ਤੁਸੀਂ ਝੱਟ ਜਾ ਆਉਂਦੇ ਓ, ਪਰ ਪਾਕਿਸਤਾਨ।। ।। ੌ ਮੇਰੀ ਨਮੋਸ਼ੀ ਭਰੀ ਚੁੱਪ ਵੇਖ ਕੇ ਉਸ ਨੇ ਗੱਲ ਵਿਚਾਲੇ ਛੱਡ ਦਿੱਤੀ।

“ਸ਼ਾਇਦ ਐਂਤਕੀ।। ।। ੌ ਮੇਰਾ ਦਿਲ ਰੱਖਣ ਲਈ ਕਲਰਕ ਮੈਡਮ ਨੇ ਧਰਵਾਸ ਦੇਣਾ ਚਾਹਿਆ।

“।। । ਐਂਤਕੀਂ ਨ੍ਹੀਂ ਰੁਕਣ ਲੱਗੇ ਭਰਾ ਅਹੀਂ, ਭਾਵੇਂ ਮੁਸ਼ੱਰਫ ਪਿਆ ਰੋਕੇ, ।। । ਹਾ।। । ਹਾ।। । ਹਾ, ਵੀਜ਼ੇ ਲੱਗ ਗਏ ਨੇ ਮੇਰੀ ਜਾਨ, ਸਤਾਰਾਂ ਨੂੰ ਸਵੇਰੇ ਦਸ ਵਜੇ ਅਟਾਰੀ ਸਟੇਸ਼ਨ ਪਹੁੰਚਣੈ, ਵੇਖ ਲਓ ਤਾਡ੍ਹੇ ਵੀਰ ਨੇ ਸਭ ਉਲਾਂਭੇ ਲਾਹ ਛੱਡੇ ਨੇ ਸਿਰੋਂ।। । ਹਾ।। । ਹਾ।। । ਹਾ। ੌ ਤਲਵਿੰਦਰ ਨੇ ਦਿੱਲੀ ਤੋਂ ਹੀ ਖ਼ਬਰ ਦਿੱਤੀ। ਮੇਰਾ ਮਨ ਕੀਤਾ ਕਲਰਕ ਮੈਡਮ ਨੂੰ ਪੂਰੀ ਠੋਕ-ਵਜਾ ਕੇ ਇਹ ਖ਼ਬਰ ਦਿਆਂ ਪਰ ਹੌਸਲਾ ਨਾ ਪਿਆ ਅਤੇ ਅਮਲਾ ਸ਼ਾਖਾ ਤੋਂ ਬਾਹਰ ਨਿਕਲ ਆਇਆ।

ੋਨਾ ਜਾਣੀਏਂ ਆਖਰੀ ਵਕਤ ਕੋਈ ਨਵਾਂ ਟੈਂਟਾ ਪੈ-ਜੇ, ਇਨ੍ਹਾਂ ਕੁੱਤੇ ਮੁਲਕਾਂ ਦਾ ਕੀ ਐ, ਹਰ ਵਕਤ ਤਾਂ ਇੱਕ ਦੂਜੇ ਨੂੰ ਦੰਦੀਆਂ ਵਿਖਾ ਵਿਖਾ ਕੇ ਗੁਰਾਉਂਦੇ ਰਹਿੰਦੇ ਐ। ੋ ਮੇਰੀਆਂ ਸੋਚਾਂ ਵਿੱਚ ਅਜੇ ਵੀ ਸ਼ੱਕ ਦਾ ਨਾਗ ਫ਼ਨ ਚੱਕੀ ਖੜ੍ਹਾ ਸੀ।

ਘਰੋਂ ਤੁਰਨ ਤੱਕ ਮੇਰਾ ਵਹਿਮੀ ਮਨ ਕੋਈ ਮਾੜੀ ਖ਼ਬਰ ਉਡੀਕਦਾ ਰਿਹਾ। ਤਿਆਰੀ ਵੀ ਬੇਦਿਲੀ ਨਾਲ ਹੀ ਕੀਤੀ। ਇੱਕ ਮਨ ਕੀਤਾ ਪਿਛਲੀ ਵਾਰੀ ਵਾਂਗੂੰ ਪਤਨੀ ਦੇ ਪੈਰ ਦਾ ਮੇਚਾ ਕਾਗਜ ਉਤੇ ਉਤਾਰ ਕੇ ਨਾਲ ਲੈ ਲਵਾਂ। ਉਸ ਨੂੰ ਚਿਰੋਕੀ ਕਸੂਰੀ ਜੁੱਤੀ ਦੀ ਰੀਝ ਹੈ। ਦੂਜੇ ਮਨ ਨੇ ਮਨ੍ਹਾ ਕਰ ਦਿੱਤਾ ਕਿ ਕਿਤੇ ਫਿਰ ਅਟਾਰੀ ਸਟੇਸ਼ਨ ਤੋਂ ਖੋਟੇ ਸਿੱਕੇ ਵਾਂਗੂੰ ਨਾ ਮੁੜਨਾ ਪੈ ਜਾਵੇ। ਬੇਟੇ ਨੂੰ ਵੀ ਪਠਾਣੀ ਸੂਟ ਲਿਆ ਦੇ ਦੇਣ ਦੀ ਗੱਲ ਅੰਦਰ ਹੀ ਰੱਖੀ। “ਪਾਪਾ ਮੇਰੇ ਲਈ ਪਾਕਿਸਤਾਨ ਦੀ ਕਰੰਸੀ ਜ਼ਰੂਰ ਲੈ ਆਇਓ। ੌ ਭਾਂਤ-ਭਾਂਤ ਦੀ ਕਰੰਸੀ ਇਕੱਠੀ ਕਰਨ ਦੇ ਸ਼ੌਕੀਨ ਛੋਟੇ ਬੇਟੇ ਨੇ ਕਿਹਾ ਤਾਂ ਮੈਂ ਕੋਈ ਜਵਾਬ ਦੇਣ ਦੀ ਥਾਂ ਮੁਸਕਰਾ ਕੇ ਉਸ ਵੱਲ ਵੇਖਿਆ।

ਕਿਸੇ ਅਜੀਬ ਜਿਹੇ ਡਰ ਅਤੇ ਤਾਂਘ ਦੀ ਕਸ਼ਮਕਸ਼ ਵਿਚੋਂ ਲੰਘਦਾ ਮੈਂ ਇੱਕ ਦਿਨ ਪਹਿਲਾਂ ਹੀ ਤਲਵਿੰਦਰ ਕੋਲ ਅੰਮ੍ਰਿਤਸਰ ਜਾ ਪਹੁੰਚਿਆ। ਪੰਜ-ਸੱਤ ਵਾਰੀ ਪਾਕਿਸਤਾਨ ਜਾ ਚੁੱਕਾ ਹੋਣ ਕਰਕੇ ਉਹ ਬੜੇ ਸਹਿਜ ਨਾਲ ਸਾਰੇ ਕੰਮ ਭੁਗਤਾਉਂਦਾ ਇਓਂ ਫਿਰਦਾ ਸੀ ਜਿਵੇਂ ਪਾਕਿਸਤਾਨ ਦੀ ਥਾਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੀ ਗੇੜੀ ਲਾਉਣ ਜਾਣਾ ਹੋਵੇ। ਉਸ ਨੇ ਪਾਸਪੋਰਟ ਮੇਰੇ ਹਵਾਲੇ ਕੀਤਾ ਤਾਂ ਮੈਂ ਕਾਹਲੀ ਨਾਲ ਪੰਨੇ ਪਲਟਦਿਆਂ ਵੀਜ਼ੇ ਲੱਗੇ ਵਾਲਾ ਪੰਨਾ ਵੇਖਿਆ। ਹੁਣ ਸੱਚ ਨੂੰ ਅੱਖੀਂ ਵੇਖ ਕੇ ਮਨ ਕੁੱਝ ਧੀਰ ਧਰਨ ਲੱਗ ਪਿਆ। ਪਾਕਿਸਤਾਨ ਦੇ ਮਹਿੰਗੇ ਦਰਸ਼ਨਾਂ ਦੀ ਰੀਝ ਨੂੰ ਆਖਿਰ ਫਲ ਪੈ ਹੀ ਗਿਆ ਸੀ।

 

ਮੇਰਾ ਪਾਕਿਸਤਾਨ

ੋਪਾਕਿਸਤਾਨ ਜਾਣ ਲਈ ਮੈਂ ਇਸ ਕਦਰ ਤਰਲੋ-ਮੱਛੀ ਕਿਉਂ ਹਾਂ? ਕੀ ਰਿਸ਼ਤਾ ਹੈ ਮੇਰਾ ਪਾਕਿਸਤਾਨ ਨਾਲ? ੋ ਪਲੰਘ ਦੀ ਢੋਅ ਉਤੇ ਅਧ-ਲੇਟੀ ਹਾਲਤ ਵਿੱਚ ਬੈਠਾ, ਬੈ-ੱਡ-ਟੀ ਦੀਆਂ ਚੁਸਕੀਆਂ ਲੈਂਦਾ ਮੈਂ ਸੋਚ ਰਿਹਾ ਸਾਂ। ਤਲਵਿੰਦਰ ਦੇ ਘਰ ਦੀ ਛੱਤ ਉਤੇ ਬਣੇ ਕਮਰੇ ਦੀ ਇਕਾਂਤ ਨਾਲ ਮੈਂ ਆਪਣੇ ਅੰਦਰ ਉਤਰਿਆ ਹੋਇਆ ਸਾਂ।

ੋਹਾਂ ਬਈ ਸਿਰਨਾਵੀਆਂ ਲਾਈਂ ਬੈਠੇ ਡੇਰੇ ਪਹਿਲਾਂ ਈ।” ਧੁੱਸ ਦੇ ਕੇ ਕਮਰੇ ਅੰਦਰ ਆ ਵੜੇ ਬਲਦੇਵ ਸਿੰਘ ਸੜਕਨਾਮਾ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ। ਉਹ ਮੋਗਿਉਂ ਚੱਲ ਕੇ ਸਵੱਖਤੇ ਹੀ ਅੰਮ੍ਰਿਤਸਰ ਪਹੁੰਚ ਗਿਆ ਸੀ। ਫਿਰ ਉਪਰੋਥਲੀ ਹਰਿਭਜਨ ਹੁੰਦਲ, ਪ੍ਰੇਮ ਪ੍ਰਕਾਸ਼, ਜਿੰਦਰ ਵੀ ਠਾਹ ਠਾਹ ਆਣ ਲੱਥੇ। ਸਤੀਸ਼ ਵਰਮਾ ਚਾਰ ਵਾਲੀ ਬੱਸ ਫੜ੍ਹ ਕੇ ਪਟਿਆਲੇ ਤੋਂ ਅੰਮ੍ਰਿਤਸਰ ਅੱਡੇ ਉਤੇ ਪਹੁੰਚਣ ਦੀ ਸੂਚਨਾ ਦੇ ਰਿਹਾ ਸੀ। ਮੈਨੂੰ ਆਪਣਾ ਹਾਲ ਮਾੜਾ ਟੱਟੂ ਸੰਦੇਹਾਂ ਦੀ ਸਵਾਰੀ ਵਾਲਾ ਜਾਪਿਆ। ਰਾਤ ਸ਼ਤੀਸ ਵਰਮਾ ਨੇ ਫੋਨ ਤੇ ਤਲਵਿੰਦਰ ਨੂੰ ਠੀਕ ਹੀ ਕਿਹਾ ਸੀ ਕਿ ੋਬਲਦੇਵ ਪਸੰਜਰ ਐ ਤੇ ਮੈਂ ਸੁਪਰ-ਫਾਸਟ।”

ਅਸੀਂ ਦੋ ਕਾਰਾਂ ਵਿੱਚ ਪਹਿਲਾਂ ਦੇਵ ਦਰਦ ਦੇ ਘਰ ਗਏ। ਦੇਵ ਦੇ ਪੁਰਾਣੀਆਂ ਵਰਾਸਤੀ ਚੀਜਾਂ-ਵਸਤਾਂ (ਐਂਟੀਕ) ਨਾਲ ਭਰੇ ਘਰ ਨੂੰ ਵੇਖ ਕੇ ਜਾਪਿਆ ਜਿਵੇਂ ਅਸੀਂ ਛੜੱਪਾ ਮਾਰ ਕੇ ਪੁਰਾਣੇ ਸਾਂਝੇ ਪੰਜਾਬ ਵਿੱਚ ਪਹੁੰਚ ਗਏ ਹੋਈਏ। ਕਿੱਲੋ ਕਿੱਲੋ ਲੱਸੀ ਪੈ ਜਾਣ ਵਾਲੇ ਪਿੱਤਲ ਦੇ ਕੰਗਨੀਦਾਰ ਗਿਲਾਸ, ਛੰਨੇ, ਕੌਲ, ਸੁਰਮੇਦਾਨੀਆਂ, ਹੁੱਕੇ, ਲਾਲਟੈਨਾ, ਬੁੱਧ-ਸ਼ਿਵ ਦੀਆਂ ਵੰਨ ਸੁਵੰਨੀਆਂ ਮੂਰਤੀਆਂ, ਹੜੱਪਾ-ਮਹਿੰਜੋਦਾੜੋ ਅਤੇ ਟੈਕਸਲਾ ਦੀ ਖੁਦਾਈ `ਚੋਂ ਨਿਕਲੇ ਬਲਦਾਂ, ਦੇਵੀ-ਦੇਵਤਿਆਂ ਦੇ ਬੁੱਤ ਅਤੇ ਹੋਰ ਅਨੇਕਾਂ ਦੁਰਲਭ ਨਮੂਨੇ। ਪਾਕਿਸਤਾਨ ਵੀ ਸ਼ਾਇਦ ਮੈਂ ਸਾਂਝੇ ਪੰਜਾਬ ਦੇ ਗੁਆਚੇ ਨਕਸ਼ ਵੇਖਣ ਹੀ ਜਾਣਾ ਚਾਹੁੰਦਾ ਸਾਂ। ’ ਸੋਚਦਿਆਂ ਮੈਂ ਕੁੱਝ ਕੁ ਨਕਸ਼ਾਂ ਨੂੰ ਵੀਡਿਓ-ਫਿਲਮ ਰਾਹੀਂ ਸਾਂਭਣ ਦਾ ਯਤਨ ਕਰ ਰਿਹਾ ਸਾਂ।

ੋਭਾ ਜੀ ਭਾਵੇਂ ਸ਼ੌਂਕ ਦਾ ਕੋਈ ਮੁੱਲ ਨੲ੍ਹੀਂ ਹੁੰਦਾ ਪਰ ਏਸ ਜਨੂੰਨ ਨੂੰ ਪੂਰਾ ਕਰਨਾ ਕਿੰਨਾ ਔਖਾ ਜੇ, ਬੱਸ ਪੁੱਛੋ ਕੁਸ਼ ਨਾ, ’ ਮੇਰੇ ਪਿੱਛੇ ਆ ਖੜ੍ਹਾ ਦੇਵ ਦਰਦ ਮੇਰੇ ਬਿਨ ਬੋਲੇ ਪ੍ਰਸ਼ਨ ਦਾ ਉਤਰ ਦੇਣ ਲੱਗ ਗਿਆ, “ਬੱਸ ਬਾਬਿਓ ਮੇਹਰ ਐ ਬਾਬੇ ਦੀ ਕਿ ਫੂਹੀ ਫੂਹੀ ਤਲਾਅ ਭਰਨ ਡਿਹਾ ਜੇ।”

ੋਬਾਬਿਓ ਆਹ ਵੇਖੋ ਬਰਾਸ ਦਾ ਨਟਰਾਜ, ਏਹ।। ।।” ਉਸ ਦਾ ਮਨ ਕਰਦਾ ਸੀ ਕਿ ਆਪਣੀਆਂ ਘਾਲਨਾਵਾਂ ਦੀ ਕਹਾਣੀ ਦਾ ਇੱਕ ਇੱਕ ਵੇਰਵਾ ਬਿਆਨ ਕਰੇ ਪਰ ਗਰੁੱਪ ਦੇ ਲੀਡਰ ਤਲਵਿੰਦਰ ਨੇ ਗੱਲ ਨੂੰ ਵਿਚਾਲਿਉਂ ਕੱਟ ਕੇ ਚੇਤਾਵਨੀ ਦਿੱਤੀ, ੋਭਾ-ਜੀ ਚੱਲੀਏ ਹੁਣ, ਵਕਤ ਸਿਰ ਹੀ ਇੰਟਰ ਕਰੀਏ ਅਟਾਰੀ ਸਟੇਸ਼ਨ `ਚ, ਨੲ੍ਹੀ ਤੇ।। ।।” ਉਸ ਵੱਲੋਂ ਲਾਈਆਂ ਡਾਟਸ ਸਾਰਿਆਂ ਦੇ ਸਿਰ ਤੇ ਪੱਥਰ ਬਣ ਕੇ ਡਿੱਗੀਆਂ ਅਤੇ ਅਸੀਂ ਕਿਸੇ ਅਦਿੱਖ ਖਤਰੇ ਤੋਂ ਤ੍ਰਹਿ ਕੇ ਕਾਹਲੀ ਨਾਲ ਨਿਕਲੇ।

ਦੇਵ ਦਰਦ ਅਤੇ ਤਲਵਿੰਦਰ ਦੇ ਬੇਟਿਆ ਨੇ ਕਾਰਾਂ ਦੀ ਕਮਾਨ ਸੰਭਾਲ ਲਈ। ਸ਼ਹਿਰ ਦੇ ਭੀੜ-ਭੜੱਕੇ `ਚੋਂ ਨਿਕਲ ਕੇ ਛੇਤੀ ਹੀ ਅਟਾਰੀ ਵੱਲ ਨੂੰ ਜਾਂਦੀ ਸੜਕ ਤੇ ਜਾ ਚੜ੍ਹੇ। ਨਵੀਂ ਬਣੀ ਖੁੱਲ੍ਹੀ-ਡੁੱਲ੍ਹੀ ਸੜਕ ਦਾ ਸ਼ਾਹ ਕਾਲਾ ਰੰਗ, ਆਲੇ-ਦੁਆਲੇ ਦੇ ਸੁਨਹਿਰੀ ਕਣਕ ਦੇ ਖੇਤਾਂ ਵਿੱਚ ਹੋਰ ਵੀ ਉ-ੱਘੜ ਰਿਹਾ ਸੀ। ਸਵੇਰ ਦੀ ਠੰਡੀ ਤਿੱਖੀ ਧੁੱਪ ਨਾਲ ਲਿਸ਼ਕਦੀਆਂ ਹੁਲਾਰੇ ਖਾਂਦੀਆਂ ਪੱਕੀਆਂ ਕਣਕਾਂ ਜਿਵੇਂ ਸਾਨੂੰ ਹੱਥ ਹਿਲਾ ਹਿਲਾ ਵਿਦਾ ਕਰ ਰਹੀਆਂ ਸਨ। ਖਾੜਕੂ ਦੌਰ ਤੋਂ ਬਾਅਦ ਇਹ ਉਜੜਿਆ-ਪੁਜੜਿਆ ਇਲਾਕਾ ਫਿਰ ਪੈਰਾ-ਸਿਰ ਹੋ ਗਿਆ ਜਾਪਿਆ।

ਕਾਰ ਵਿਚਲੀ ਚੁੱਪ ਨੂੰ ਤੋੜਨ ਲਈ ਮੁੰਡੇ ਨੇ ਗਾਣਾ ਚਲਾ ਦਿੱਤਾ। ਕੋਈ ਬਹੁਤ ਹੀ ਸੁਰੀਲੀ ਜਿਹੀ ਆਵਾਜ਼ ਗੂੰਜੀ, ੋਤੇਰਾ ਮੇਰਾ ਕੀ ਰਿਸ਼ਤਾ ਵੇ ਮੈਨੂੰ ਪੁਛਦੀਆਂ ਨਾਲ ਦੀਆਂ। `

ਸਵੇਰ ਵਾਲਾ ਪ੍ਰਸ਼ਨ ਮੌਕਾ ਵੇਖ ਕੇ ਫਿਰ ਸਿਰ ਚੁੱਕ ਖੜੋਤਾ। ਮੈਂ ਆਪਣੇ ਅੰਦਰ ਉਤਰ ਗਿਆ। ਗੀਤ ਸੁਣਦੇ ਕੰਨ ਜਿਵੇਂ ਕੁੱਝ ਨਹੀਂ ਸੁਣ ਰਹੇ ਸਨ, ਬਾਹਰ ਵੇਖਦੀਆਂ ਅੱਖਾਂ ਜਿਵੇਂ ਕੁੱਝ ਨਹੀਂ ਵੇਖ ਰਹੀਆਂ ਸਨ।

ਪਾਕਿਸਤਾਨ ਨਾਲ ਮੇਰਾ ਉਹੋ ਜਿਹਾ ਤਾਂ ਕੋਈ ਵੀ ਰਿਸ਼ਤਾ ਨਹੀਂ ਸੀ। ਮੇਰੇ ਪੁਰਖਿਆਂ ਦੀਆਂ ਜੜ੍ਹਾਂ ਵੀ ਪਾਕਿਸਤਾਨ ਦੀ ਧਰਤੀ ਵਿੱਚ ਨਹੀਂ ਸਨ। ਮੇਰੇ ਪੁਰਖੇ ਤਾਂ ਮਾਲਵੇ ਦੀ ਧਰਤੀ ਦੇ ਜੱਦੀ ਵਸਨੀਕ ਸਨ। ਮੈਂ ਕੋਈ ਅਜਿਹਾ ਨੇਮੀ-ਧਰਮੀ ਸਿੱਖ ਸ਼ਰਧਾਲੂ ਵੀ ਨਹੀਂ ਸਾਂ ਜਿਹੜਾ ਵਿੱਛੜ ਗਏ ਸਿੱਖ-ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਸਹਿਕ ਰਿਹਾ ਹੋਵਾਂ। ਮੇਰੇ ਤਾਂ ਚਿਰੋਕਾ ਨਾਸਤਿਕਤਾ ਦਾ ਟੀਕਾ ਲੱਗ ਚੁੱਕਿਆ ਸੀ। ਪਾਕਿਸਤਾਨ ਵਿੱਚ ਮੇਰਾ ਕੋਈ ਅਜਿਹਾ ਮਿੱਤਰ-ਪਿਆਰਾ ਵੀ ਨਹੀਂ ਸੀ ਜਿਸ ਨਾਲ ਮੈਂ ਕਦੇ ਦਿਲ ਦੀਆਂ ਬਾਤਾਂ ਪਾਈਆਂ ਹੋਣ। ਫਿਰ ਵੀ ਕੋਈ ਰਿਸ਼ਤਾ ਤਾਂ ਹੋਵੇਗਾ ਹੀ ਮੇਰਾ ਪਾਕਿਸਤਾਨ ਨਾਲ ਜਿਹੜਾ ਮੈਨੂੰ ਇਉਂ ਖਿੱਚੀ ਜਾ ਰਿਹਾ ਸੀ।

ਉਸ ਰਿਸ਼ਤੇ ਨੂੰ ਭਾਲਦਿਆਂ ਮੈਂ ਆਪਣੇ ਪਿਤਾ-ਪੁਰਖੀ ਘਰ ਵੱਲ ਝਾਤ ਪਾਈ। ਬੇਬੇ ਕਦੇ ਕਦੇ ਆਪਣੇ ਬਚਪਨ ਦੀਆਂ ਸਹੇਲੀਆਂ ਹਮੀਦਾਂ ਤੇ ਜੂਬੇਦਾ ਨੂੰ ਚੇਤੇ ਕਰ ਲੈਂਦੀ ਹੈ। ਉਨ੍ਹਾਂ ਨਾਲ ਚੜ੍ਹਦੀ ਉਮਰ ਵਿੱਚ ਉਹ ਮਲ੍ਹਿਆਂ ਦੇ ਬੇਰ, ਵਣਾਂ ਦੀਆਂ ਪੀਲ੍ਹਾਂ ਅਤੇ ਕਰੀਰਾਂ ਤੋਂ ਪੇਂਝੂ ਤੋੜਨ ਜਾਂਦੀ ਹੁੰਦੀ ਸੀ। ਉਨ੍ਹਾਂ ਨਾਲ ਤ੍ਰਿੰਞਣ ਵਿੱਚ ਉਸਨੇ ਰਲ ਕੋ ਸ਼ੋਪ ਪਾਏ ਸਨ। ਬਾਪੂ ਵੀ ਕਈ ਵਾਰੀ ਆਪਣੇ ਨਾਲ ਰਹੇ ਮੁਸਲਮਾਨ ਸੀਰੀਆਂ-ਸਾਂਝੀਆਂ ਫਜ਼ਲਦੀਨ ਅਤੇ ਅਹਿਮਦ ਹੋਰਾਂ ਦੀਆਂ ਗੱਲਾਂ ਕਰਦਾ ਹੁੰਦਾ ਸੀ। ਅਸਲ ਵਿੱਚ ਉਹ ਮੁਸਲਮਾਨ ਸਾਂਝੀਦਾਰਾਂ ਨੂੰ ਉਨ੍ਹਾਂ ਪਨਾਹਗੀਰਾਂ ਦੀ ਤੁਲਨਾ ਵਿੱਚ ਯਾਦ ਕਰਦਾ ਜਿਹੜੇ ਵੰਡ ਪਿੱਛੋਂ ਸਾਡੇ ਨਾਲ ਦੇ ਪਿੰਡਾਂ ਵਿੱਚ ਆ ਵਸੇ ਸਨ ਅਤੇ ਆਪਣੇ ਅਵੈੜੇ ਸੁਭਾਅ ਕਰਕੇ ਜੱਦੀ ਲੋਕਾਂ ਨੂੰ ਰਾਸ ਨਹੀਂ ਆ ਰਹੇ ਸਨ।

ੋਆਹ ਮੁਸਲਮਾਨਾਂ ਦੇ ਵੱਟੇ ਲਏ ਪਨਾਹਗੀਰਾਂ ਤੋਂ ਤਾਂ ਸਾਡੇ ਫਜ਼ਲਦੀਨ ਹੋਰੀਂ ਲੱਖ ਦਰਜੇ ਚੰਗੇ ਹੁੰਦੇ ਸੀ। ਏਹ ਜਦੋਂ ਨਵੇਂ ਨਵੇਂ ਆਏ ਤਾਂ ਖੇਤ ਨਾ ਕਿਸੇ ਦਾ ਹਲ ਛੱਡਣਾ ਨਾ ਪੰਜਾਲੀ, ਪਤੰਦਰ ਆਣ੍ਹ ਵਾਂਗੂੰ ਸਾਰਾ ਕੁਸ਼ ਚਟਮ ਕਰੀ ਜਾਂਦੇ ਸੀ ਜੱਦੀ ਲੋਕਾਂ ਦਾ, ਡੱਕੇ ਦਾ ਇਤਬਾਰ ਨੀ ਸੀ ਏਨ੍ਹਾਂ ਦਾ।” ਉਹ ਅਕਸਰ ਆਖਦਾ।

ਮੈਂ ਆਪਣੇ ਪਿੰਡ ਵਿੱਚ ਮੁਸਲਮਾਨਾਂ ਦੇ ਬਚੇ-ਖੁਚੇ ਦੋ ਹੀ ਨਮੂਨੇ ਵੇਖੇ ਸਨ। ਵੰਡ ਵੇਲੇ ਇਧਰ ਰਹਿ ਗਈ ਤਾਈ ਕਾਲਣ (ਮੋਹਰਾਂ) ਅਤੇ ਦਾਰੀ ਮਾਛੀ ਦਾ ਪਰਿਵਾਰ। ਮੋਹਰਾਂ ਇੱਕ ਰੱਜੇ-ਪੁੱਜੇ ਜੱਟ ਪਰਿਵਾਰ `ਚ ਵਸੀ ਦਾਨੀ ਔਰਤ ਸੀ ਜੋ ਨਿਪੁੰਨ ਦਾਈ ਬਣ ਕੇ ਮਰਨ ਤੱਕ ਸਾਰੇ ਪਿੰਡ ਲਈ ਕਸ਼ਟ-ਨਿਵਾਰਕ ਬਣੀ ਰਹੀ। ਦਾਰੀ ਮਾਛੀ ਵੰਡ ਵੇਲੇ ਆਪਣੇ ਇਧਰਲੇ ਮਿੱਤਰਾਂ-ਬੇਲੀਆਂ ਦਾ ਵਿਛੋੜਾ ਨਾ ਝਲਦਿਆਂ ਮੁੜ ਆਇਆ ਸੀ। ਉਸ ਨੇ ਸਾਰੀ ਉਮਰ ਲਾਗੀਪੁਣਾ ਕਰਦਿਆਂ ਬੜਾ ਸਬਰ-ਸੰਤੋਖ ਵਾਲਾ ਜੀਵਣ ਜੀਵਿਆ। ਉਸਦੇ ਮੂੰਹੋਂ ਕਦੇ ਪਛਤਾਵੇ ਭਰੇ ਅਜਿਹੇ ਸ਼ਬਦ ਨਹੀਂ ਨਿਕਲਦੇ ਸੁਣੇ ਕਿ ਪਾਕਿਸਤਾਨ ਨਾ ਜਾ ਕੇ ਉਸ ਨੇ ਕੋਈ ਬੱਜਰ ਗਲਤੀ ਕਰ ਲਈ ਸੀ। ਇਹ ਲੋਕ ਵੀ ਪਿੰਡ ਵਾਲਿਆਂ ਨੂੰ ਕਦੇ ਸਿਲਤ ਬਣ ਕੇ ਚੁਭਦੇ ਨਹੀਂ ਵੇਖੇ ਸਨ।

ਸ਼ਾਇਦ ਅਜਿਹੀ ਸਾਂਝਦਾਰੀ ਸਦਕਾ ਹੀ ਅਬਾਦੀ ਦੇ ਵਟਾਂਦਰੇ ਵੇਲੇ ਮੇਰੇ ਪਿੰਡ ਵੱਢਾ-ਟੁੱਕੀ ਦੀ ਕੋਈ ਮਾੜੀ ਘਟਨਾ ਨਹੀਂ ਸੀ ਵਾਪਰੀ।

ਇਉਂ ਬਚਪਨ ਵਿੱਚ ਮਾਪਿਆਂ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਪਾਕਿਸਤਾਨ ਦੇ ਮੁਸਲਮਾਨ ਪੰਜਾਬੀਆਂ ਦਾ ਜੋ ਅਕਸ ਬਣਿਆ ਸੀ ਉਹ ਕੋਈ ਡਰਾਉਣਾ ਨਹੀਂ, ਸਗੋਂ ਮਿਲਾਪੜੇ ਲੋਕਾਂ ਵਾਲਾ ਸੀ। ਪਾਕਿਸਤਾਨ ਰੇਡੀਓ ਸੁਣਦਿਆਂ ਇਹ ਅਹਿਸਾਸ ਹੋਰ ਵੀ ਦਿਲਕਸ਼ ਹੋ ਗਿਆ। ਨੂਰ ਜਹਾਂ, ਅਪਸ਼ਾਂ, ਆਲਮ ਲੁਹਾਰ, ਗੁਲਾਮ ਅਲੀ, ਫਰੀਦਾ ਖਾਨੁਮ, ਮਹਿੰਦੀ ਹਸਨ, ਨੁਸਰਤ ਫਤਹਿ ਅਲੀ ਖਾਨ ਆਦਿ ਮੈਨੂੰ ਆਪਣੇ ਲੋਕ ਹੀ ਲਗਦੇ।

ਧਰਮ ਦੀ ਨਾ ਸਹੀ, ਜਾਤ ਦੀ ਨਾ ਸਹੀ, ਵਸੇਬੇ ਦੀ ਨਾ ਸਹੀ, ਰੋਟੀ-ਬੇਟੀ ਦੀ ਨਾ ਸਹੀ, ਫਿਰ ਵੀ ਸਾਂਝੀ ਰਹਿਤਲ ਦੀ ਕੋਈ ਸਾਂਝ ਸੀ ਜਿਸ ਕਰਕੇ ਪਾਕਿਸਤਾਨੀ ਪੰਜਾਬੀ ਦੂਜੇ ਮੁਲਕ ਦੇ ਹੁੰਦੇ ਹੋਏ ਵੀ ਮੈਨੂੰ ਆਪਣੇ ਵਰਗੇ ਲਗਦੇ ਸਨ।

1965 ਦੀ ਭਾਰਤ-ਪਾਕਿ ਜੰਗ ਵੇਲੇ ਮੈਂ ਅਜੇ ਜਿਆਦਾ ਨਿਆਣਾ ਸਾਂ। ਫਿਰ 1971 ਵਿੱਚ ਦੋਹਾਂ ਮੁਲਕਾਂ ਵਿੱਚ ਜੰਗ ਛਿੜੀ ਤਾਂ ਮੇਰੇ ਪਿੰਡ ਦੇ ਨੇੜੇ ਵੀ ਇੱਕ ਵਾਰੀ ਖੇਤਾਂ ਵਿੱਚ ਪੰਜ-ਛੇ ਬੰਬ ਡਿੱਗੇ। ਉਨ੍ਹਾਂ ਦਿਨਾਂ ਵਿੱਚ ਪਾਕਿਸਤਾਨੀ ਰੇਡੀਓ ਦੀ ਸੁਰ ਵੀ ਬਦਲੀ ਅਤੇ ਮੇਰੇ ਮਨ ਦੀ ਤਾਸੀਰ ਵੀ। ਪਾਕਿਸਤਾਨ ਕੁੱਝ ਸਮਾਂ ਦੁਸ਼ਮਣ ਦੇਸ਼ ਲਗਦਾ ਰਿਹਾ। ਫਿਰ ਹੌਲੀ ਹੌਲੀ ਸਮਝ ਆਈ ਕਿ ਅਸਲ ਵਿੱਚ ਪਾਕਿਸਤਾਨ ਤਾਂ ਕਈ ਹਨ। ਦੁਸ਼ਮਣੀ ਦੀਆਂ ਗੱਲਾਂ ਕਰਨ ਵਾਲਾ ਪਾਕਿਸਤਾਨ ਸਿਆਸੀ ਲੋਕਾਂ ਦਾ ਪਾਕਿਸਤਾਨ ਸੀ। ਮੇਰਾ ਪਾਕਿਸਤਾਨ ਤਾਂ ਫਜ਼ਲਦੀਨ ਅਤੇ ਅਹਿਮਦ ਹੋਰਾਂ ਵਾਲਾ ਪਾਕਿਸਤਾਨ ਹੈ ਜਾਂ ਨੂਰ ਜਹਾਂ ਤੇ ਅਪਸ਼ਾਂ ਵਾਲਾ ਪਾਕਿਸਤਾਨ। ਇਹ ਸੋਚਦਿਆਂ ਹੀ ਮੇਰੇ ਕੰਨਾਂ ਵਿੱਚ ਅਪਸ਼ਾਂ ਦੇ ਬੋਲ ਰਸ ਬਣ ਕੇ ਘੁਲੇ, ੋਜਦੋਂ ਹੌਲੀ ਜੇਹੀ ਲੈਨਾ ਮੇਰਾ ਨਾਂ।। । ਮੈਂ ਥਾਂ ਮਰ ਜਾਨੀਆਂ ਵੇ, ਮੈਂ ਥਾਂ ਮਰ ਜਾਨੀਆਂ।। । ਮੈਨੂੰ ਜਾਪਿਆ ਜਿਵੇਂ ਪਾਕਿਸਤਾਨ ਮੈਨੂੰ ਮਿਲਨ ਲਈ ਮੁਹੱਬਤੀ ਬੋਲਾਂ ਨਾਲ ਬੁਲਾ ਰਿਹਾ ਸੀ। `

ਫਿਰ ਆਪਣੇ ਅਜਿਹੇ ਪਾਕਿਸਤਾਨ ਨੂੰ ਵੇਖਣ ਲਈ ਮਨ ਕਿਉਂ ਨਾ ਤੜਪਦਾ?

ਅਟਾਰੀ ਸਟੇਸ਼ਨ ਉਤੇ ਪਹੁੰਚਣ ਤੱਕ ਮੈਂ ਆਪਣੇ ਅੰਦਰ ਉ-ੱਬਲ ਰਹੇ ਪ੍ਰਸ਼ਨ ਦਾ ਮਿੱਠਾ ਅਤੇ ਸੁਰੀਲਾ ਜਿਹਾ ਉ-ੱਤਰ ਲੱਭ ਲਿਆ ਸੀ।

 

ਤੀਲੀ ਵਾਲੀ ਖਾਲ ਟੱਪ ਗਈ

ਪੀਲੇ ਖਾਲਸਾਈ ਰੰਗੇ ਬੋਰਡ ਉਤੇ ਕਾਲੇ ਮੋਟੇ ਅੱਖਰਾਂ ਵਿੱਚ ਲਿਖਿਆ ਸ਼ਬਦ ਅਟਾਰੀ ਅੱਖਾਂ ਨੂੰ ਠੰਡੇ ਫੇਹੇ ਵਾਂਗ ਜਾਪਿਆ। ਅਸੀਂ ਐਨ ਵਕਤ ਸਿਰ ਪਹੁੰਚ ਗਏ ਸਾਂ। ਅੰਦਰ ਖੁਸ਼ੀ ਦੀ ਲਹਿਰ ਜਿਹੀ ਉ-ੱਠੀ ਪਰ ਅਗਲੇ ਪਲ ਡਰ ਦਾ ਹੌਲ ਜਿਹਾ ਪਿਆ। ਮੈਂ ਅਕਾਰਨ ਹੀ ਜੇਭ `ਚੋਂ ਪਾਸਪੋਰਟ ਕੱਢ ਕੇ ਵੀਜ਼ੇ ਵਾਲਾ ਪੰਨਾ ਵੇਖਿਆ। ਵੀਜ਼ੇ ਦੀ ਮੋਹਰ ਲਾ ਕੇ ਫਿਰ ਉਸ ਨੂੰ ਟੇਢੀ ਲਕੀਰ ਨਾਲ ਕੱਟਿਆ ਹੋਇਆ ਸੀ। ਕਾਹਲੀ ਨਾਲ ਅਗਲੇ ਵਰਕੇ ਉਥੱਲੇ। ਵੀਜ਼ੇ ਦੀ ਦਰੁਸਤ ਮੋਹਰ ਵਾਕਿਆ ਹੀ ਲੱਗੀ ਹੋਈ ਸੀ। ਅੰਬੈਸੀ ਵਾਲਿਆਂ ਆਪ ਹੀ ਕਿਸੇ ਤਕਨੀਕੀ ਵਜ੍ਹ਼ਾ ਕਰ ਕੇ ਪਹਿਲੀ ਮੋਹਰ ਉਤੇ ਲੀਕ ਮਾਰੀ ਸੀ। ਪਤਾ ਨਹੀਂ ਕਿਉਂ ਅੰਦਰ ਵਹਿਮ ਦੇ ਵਾਵਰੋਲੇ ਉ-ੱਠ ਰਹੇ ਸਨ ਜਿਵੇਂ ਕਿਸੇ ਗੈਬੀ ਸ਼ਕਤੀ ਨੇ ਵੀਜ਼ੇ ਵਾਲਾ ਪੰਨਾ ਖਿਸਕਾ ਕੇ ਲੈ ਜਾਣਾ ਹੈ। ਖੈਰ ਵਹਿਮ ਐਵੇਂ ਨਹੀਂ ਸੀ। ਜੋਰਾਵਰ ਇਉਂ ਹੀ ਕੰਮਜ਼ੋਰਾਂ ਅੰਦਰ ਮਾਨਸਿਕ ਗੰਢਾਂ ਦੇ ਬੀਜ ਬੀਜਦੇ ਹਨ ਜੋ ਪੱਕ ਕੇ ਉਮਰ ਭਰ ਪੋਹਲੀ ਦੇ ਕੰਡਿਆਂ ਵਾਂਗ ਚੁਭਦੇ ਰਹਿੰਦੇ ਹਨ। ਮੈਂ ਵੀ ਤਾਂ ਹੁਣ ਤੱਕ ਤਿੰਨ ਵਾਰੀ ਡੰਗ ਖਾ ਚੁੱਕਿਆ ਸਾਂ। ਜ਼ੋਰਾਵਰ ੋਹਟ ਪਿੱਛੇ ਫੇਰ ਮਿਲਾਂਗੇ’ ਕਹਿ ਕੇ ਝਕਾਨੀ ਦੇ ਗਏ ਸਨ। ਮੂਧੇ-ਮੂੰਹ ਡਿੱਗਿਆ ਬੰਦਾ ਅੱਗੇ ਨੂੰ ਵਹਿਮੀ ਨਾ ਬਣੇ ਤਾਂ ਕੀ ਕਰੇ?

ਰੇਲ ਦੀ ਪਟੜੀ ਉਤੇ ਬਣੇ ਪੁਲ ਦੀਆਂ ਪੌੜੀਆਂ ਚੜ੍ਹ ਕੇ ਦੂਜੇ ਪਾਸੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ `ਚ ਦਾਖਲ ਹੋਏ। ਦੋ ਸਿਪਾਹੀ ਮੁੱਢ `ਚ ਹੀ ਰੜੇ ਮੈਦਾਨ ਮੇਜ਼-ਕੁਰਸੀ ਰੱਖ ਕੇ ਆਪਣਾ ਦਫਤਰ ਲਾਈ ਬੈਠੇ ਸਨ। ਉਹ ਪਾਸਪੋਰਟਾਂ ਦੇ ਨੰਬਰ ਨੋਟ ਕਰਕੇ ਯਾਤਰੂਆਂ ਨੂੰ ਲੰਘਾ ਰਹੇ ਸਨ। ਕੋਈ ਭੀੜ ਨਹੀਂ ਸੀ। ਵਿਸਾਖੀ ਵਾਲਾ ਜਥਾ ਚਾਰ ਦਿਨ ਪਹਿਲਾਂ ਲੰਘ ਚੁੱਕਿਆ ਸੀ। ਅਸੀਂ ਢਾਈ ਟੋਟਰੂ ਸਾਂ। ਅਸੀਂ ਪਾਸਪੋਰਟ ਇਕੱਠੇ ਕਰ ਕੇ ਮੇਜ਼ ਉਤੇ ਰੱਖ ਦਿੱਤੇ। ਸਿਪਾਹੀ ਕੁਰੱਖਤ ਜਿਹਾ ਝਾਕਿਆ, ਜਿਵੇਂ ਕਿਹਾ ਹੋਵੇ, ੌਇਕ ਇੱਕ ਕਰ ਕੇ ਨੲ੍ਹੀ ਫੜਾ ਸਕਦੇ?” ਅਸੀਂ ਘੁਰਕੀ ਤੋਂ ਡਰਦਿਆਂ ਆਪਣੇ ਆਪਣੇ ਪਾਸਪੋਰਟ ਹੱਥਾਂ `ਚ ਫੜ੍ਹ ਕੇ ਰਤਾ ਪਿਛਾਂਹ ਹਟ ਕੇ ਖੜ੍ਹ ਗਏ। ਆਖਰ ਉਹ ਮੌਕੇ ਦਾ ਅਫਸਰ ਸੀ। ਨਾਲੇ ਅਸੀਂ ਤਾਂ ਇਹ ਮੰਨ ਹੀ ਬੈਠੇ ਸਾਂ ਕਿ ਇਥੇ ਸਭ ਆਟੇ ਦੇ ਸ਼ੀਂਹ ਹੋਣਗੇ, ਹਲੀਮੀ ਵਿੱਚ ਹੀ ਭਲਾਈ ਸੀ। ਅਜੇ ਤਾਂ ਇਹੋ ਜਿਹੀਆਂ ਪੰਜਾਹ ਅੜਚਣਾਂ ਵਿਚੋਂ ਲੰਘਣਾ ਸੀ।

ਇਹ ਕੰਮ ਭੁਗਤਾ ਕੇ ਰਵਾਂ-ਰਵੀਂ ਅੱਗੇ ਤੁਰ ਪਏ। ਸਤੀਸ਼ ਵਰਮਾ ਇੱਕ ਦਮ ਝਟਕੇ ਨਾਲ ਰੁਕਿਆ ਜਿਵੇਂ ਅੱਗੇ ਫਿਰ ਕੋਈ ਲਛਮਣ-ਰੇਖਾ ਆ ਗਈ ਹੋਵੇ। ਉਹ ਇੱਕ ਟੱਕ ਮੁੱਖ ਕਸਟਮ ਅਧਿਕਾਰੀ ਦੀ ਨਾਂ ਵਾਲੀ ਤਖ਼ਤੀ ਵੱਲ ਵੇਖਣ ਲੱਗਾ। ਮੱਥੇ ਤੇ ਹੱਥ ਰੱਖ ਕੇ ਦਿਮਾਗ ਦੇ ਡੈਸਕਟਾਪ ਉਤੇ ਕਰਸਰ ਘੁੰਮਾਇਆ ਅਤੇ ਫਿਰ ਚੁਟਕੀ ਮਾਰ ਕੇ ਡਬਲ-ਕਲਿੱਕ ਕਰ ਦਿੱਤਾ। ਉਹ ਚਿੱਕ ਚੁੱਕ ਕੇ ਦਫ਼ਤਰ `ਚ ਵੜ ਗਿਆ, ਨਾਲ ਹੀ ਸਾਨੂੰ ਸਾਰਿਆਂ ਨੂੰ ਅੰਦਰ ਆਉਣ ਲਈ ਆਵਾਜ਼ ਪਈ। ਅੰਦਰ ਉਸ ਦਾ ਝਟਾ-ਪੱਟ ਨਵੇਂ ਰਿਸ਼ਤੇ ਗੰਢਣ ਵਾਲਾ ਹੁਨਰ ਚੱਲ ਰਿਹਾ ਸੀ।

“ਏਹ ਬਹੁਤ ਸੂਖ਼ਮ ਤੇ ਕਾਵਿਕ ਸੰਵੇਦਨਾਵਾਂ ਵਾਲੇ ਮੇਰੇ ਬੜੇ ਅਜੀਜ਼ ਦੋਸਤ ਨੇ, ਬਹੁਤ ਹੀ ਮਿਲਾਪੜੇ ਤੇ ਹੱਦ ਦਰਜੇ ਦੇ ਸੁਹਿਰਦ ਅਫ਼ਸਰ।” ਉਸ ਨੇ ਆਪਣੀ ਦਿਲਕਸ਼ ਸ਼ੈਲੀ ਵਿੱਚ ਅਫ਼ਸਰ ਦੀ ਸਾਡੇ ਨਾਲ ਜਾਣ-ਪਛਾਣ ਕਰਾਈ।

“ਨੲ੍ਹੀਂ ਨੲ੍ਹੀਂ ਜੀ ਮੈਂ ਕੋਈ ਅਦੀਬ, ਕਾਵਿਕ ਨੲ੍ਹੀਂ, ਹਾਂ ਅਦੀਬਾਂ ਦਾ ਸਤਿਕਾਰ ਜ਼ਰੂਰ ਕਰਦਾ ਹਾਂ।” ਅਫ਼ਸਰ ਨੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ।

“ਲਓ ਜੀ ਏਹ ਗੱਲ ਤਾਂ ਉਸ ਤੋਂ ਵੀ ਵੱਡੀ ਐ, ਕਲਾ ਤੇ ਕਲਾਕਾਰਾਂ ਦਾ ਕਦਰ-ਸਨਾਸ਼ ਹੋਣਾ, ਤੁਸੀਂ ਤਾਂ ਜੀ।। ।।” ਸਤੀਸ਼ ਵਰਮਾ ਨੇ ਗੱਲ ਥੱਲੇ ਡਿੱਗਣ ਤੋਂ ਪਹਿਲਾਂ ਹੀ ਫੇਰ ਬੋਚ ਲਈ।

“ਬੱਸ ਜੀ ਬੱਸ।। ।। ।। । ਕੋਈ ਅਦਬ ਦੀ ਗੱਲ ਸੁਣਾਓ ਜੀ ਹੁਣ।” ਪ੍ਰਸੰਸਾ ਤੋਂ ਘਬਰਾ ਕੇ ਸ਼ਰਮਾਉਂਦਿਆਂ ਉਸ ਨੇ ਗੱਲ ਦਾ ਰੁਖ ਬਦਲਣਾ ਚਾਹਿਆ।

ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀਆ ਨਜ਼ਰਾਂ ਕਮਰੇ `ਚ ਐਧਰ-ਓਧਰ ਜਾਇਜ਼ਾ ਲੈਣ ਤੋਂ ਬਾਅਦ ਉਸ ਕੋਨੇ ਵਿੱਚ ਆ ਕੇ ਰੁਕ ਜਾਂਦੀਆਂ ਜਿੱਥੇ ਮਿੰਨੀ ਮੰਦਰ ਬਣਿਆ ਹੋਇਆ ਸੀ। ਦੇਵੀ-ਦੇਵਤਿਆਂ ਦੇ ਬੁੱਤਾਂ ਅੱਗੇ ਧੁਖ ਰਹੀ ਧੂਫ਼ ਨਾਲ ਸਾਰਾ ਕਮਰਾ ਮਹਿਕ ਰਿਹਾ ਸੀ। ਅਫ਼ਸਰ ਕੋਈ ਧਰਮੀ-ਕਰਮੀ ਵਿਅਕਤੀ ਜਾਪਦਾ ਸੀ।

“ਤੁਹਾਡੀ ਚਾਹ ਵੀ ਇਸ ਮਾਹੌਲ `ਚ ਪ੍ਰਸਾਦਿ ਵਾਂਗੂੰ ਜਾਪ ਰਹੀ ਐ ਜੀ, ਵਾਹ!” ਸਤੀਸ਼ ਵਰਮਾ ਨੇ ਮਾਹੌਲ ਅਨੁਸਾਰ ਗੱਲ ਕੀਤੀ।

ਦਫ਼ਤਰੋਂ ਬਾਹਰ ਨਿਕਲਣ ਤੱਕ ੋਪ੍ਰਸਾਦਿ’ ਦਾ ਅਸਰ ਸ਼ੁਰੂ ਹੋ ਗਿਆ ਸੀ। ਅਸੀਂ ਜਿਵੇਂ ਕਾਗਾਂ ਤੋਂ ਹੰਸ ਬਣ ਗਏ ਸਾਂ। ਅਫ਼ਸਰ ਦੀ ਮੇਹਰ ਨਾਲ ਹੇਠਲੇ ਕਰਮਚਾਰੀ ਸਾਡੇ ਕੰਮ ਹੱਥੋ-ਹੱਥੀ ਭੱਜ-ਭੱਜ ਨਿਪਟਾ ਰਹੇ ਸਨ। ਉਨ੍ਹਾਂ ਇਮੀਗਰੇਸ਼ਨ ਅਤੇ ਕਸਟਮ ਦੀ ਕਲੀਅਰਿੰਗ ਦੀਆਂ ਮੋਹਰਾਂ ਲੱਗੇ ਪਾਸਪੋਰਟ ਸਾਡੇ ਬੈਠੇ-ਬਿਠਾਇਆਂ ਦੇ ਹੱਥ ਲਿਆ ਫੜਾਏ। ਅਸੀਂ ਜਾਲੀ-ਕੰਧ ਦੇ ਬੂਹੇ `ਚੋਂ ਪਾਰ ਹੋ ਕੇ ਸਮਝੌਤਾ ਐਕਸਪ੍ਰੈਸ ਦੀ ਉਡੀਕ ਲਈ ਆ ਬੈਠੇ।

“ਬਈ ਸੁਆਦ ਆ ਗਿਆ ਅੱਜ ਤਾਂ, ਅਜਿਹੇ ਟੂਰ ਵੇਲੇ ਨਾਲ ਇੱਕ ਡਰਾਮੇਬਾਜ ਬੰਦਾ ਜ਼ਰੂਰ ਚਾਹੀਦੈ।” ਪ੍ਰੇਮ ਪ੍ਰਕਾਸ਼ ਨੇ ਮੁਸ਼ਕੜੀਏ ਹਸਦਿਆਂ ਕਿਹਾ।

“ਵੇਖੋ ਭਲੇ ਦਾ ਜਹਾਨ, ਸਗੋਂ ਡਰਾਮੇਬਾਜ ਦਸਦੇ ਐ।” ਸਤੀਸ਼ ਵਰਮਾ ਨੇ ਰਸਮੀ ਹਸਦਿਆਂ ਕਿਹਾ ਪਰ ਜਾਪਿਆ, ਉਸਨੂੰ ਪ੍ਰੇਮ ਪ੍ਰਕਾਸ਼ ਦਾ ਲਹਿਜ਼ਾ ਕਾਫ਼ੀ ਨਾਖੁਸ਼ਗਵਾਰ ਜਾਪਿਆ ਸੀ।

“ਸੌਹਰਾ ਸਨਕੀ ਬੁੜ੍ਹਾ।” ਸਤੀਸ਼ ਵਰਮਾ ਨੇ ਮੇਰੇ ਕੰਨ ਕੋਲ ਫੁਸਫਸਾਕੇ ਆਪਣੀ ਭਾਫ਼ ਕੱਢੀ।

ਪ੍ਰੇਮ ਪ੍ਰਕਾਸ਼ ਦੀ ਆਰ-ਨੁਮਾ ਟਿੱਪਣੀ ਨਾਲ ਮੁਰਝਾਏ ਸਤੀਸ਼ ਵਰਮਾ ਦੀ ਟਹਿਕ ਮੋੜਨ ਖਾਤਰ ਅਸੀਂ ਉਸ ਨੂੰ ਆਪਣੇ ਨਿੱਕੇ ਜਿਹੇ ਜਥੇ ਦਾ ਜਥੇਦਾਰ ਥਾਪ ਦਿੱਤਾ। ਇਹ ਅਹੁਦਾ ਸੰਭਾਲਦਿਆਂ ਹੀ ਉਹ ਆਪਣਾ ਗੁੱਸਾ ਥੁਕਦਿਆਂ ਤੁਰੰਤ ਹਰਕਤ ਵਿੱਚ ਆ ਕੇ ਜਥੇ ਦੀ ਖ਼ਿਦਮਤ ਕਰਨ ਲੱਗਾ। ਉਸ ਨੇ ਪੈਸਿਆਂ ਦਾ ਸਾਂਝਾ ਪੂਲ ਬਣਾ ਕੇ ਖੁਆਉਣ-ਪਿਆਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸਾਰਾ ਜਥਾ ਹੀ ਟਹਿਕਣ ਲਾ ਦਿੱਤਾ।

ਭਾਰਤ ਵਿਚੋਂ ਗੱਡੀ ਰਾਹੀਂ ਪਹੁੰਚੇ ਵਧੇਰੇ ਮੁਸਲਮਾਨ ਯਾਤਰੂ ਚਟਾਈਆਂ-ਚਾਦਰਾਂ ਵਿਛਾ ਕੇ ਫਰਸ਼ ਉਤੇ ਬੌਂਦਲੇ ਜਿਹੇ ਪਏ ਸਨ। ਪਤਾ ਨਹੀਂ ਕਦੋਂ ਦੇ ਘਰੋਂ ਚੱਲੇ ਅਤੇ ਕਿੰਨੇ ਕੁ ਔਖੇ ਇੰਮੀਗਰੇਸ਼ਨ ਦੀ ਸੂਈ ਦੇ ਨੱਕੇ ਵਿਚੋਂ ਨਿਕਲੇ ਹੋਣਗੇ। ਅਧ-ਫੁੜਕੇ ਬ੍ਰੈਲਰਾਂ ਵਾਂਗ ਉਹ ਉਂਘਲਾਉਂਦੇ ਜਿਹੇ ਬੈਠੇ ਜਾਂ ਪਏ ਸਨ। ਮੱਖੀਆਂ ਦੇ ਝੁੰਡਾਂ ਦੇ ਝੁੰਡ ਵੀ ਉਨ੍ਹਾ ਨੂੰ ਹਿਲਾ ਸਕਣ ਦੇ ਕਾਬਲ ਨਹੀਂ ਸਨ। ਉਨ੍ਹਾਂ ਦਾ ਗੁਰਬਤੀ ਮਾਹੌਲ ਸਾਡੀ ਟਹਿਕ ਨੂੰ ਵੀ ਮੱਧਮ ਕਰ ਗਿਆ ਸੀ।

ਉਸ ਮਾਹੌਲ ਤੋਂ ਰਤਾ ਕੁ ਵਿੱਥ ਤੇ ਹੁੰਦਿਆਂ ਅਸੀਂ ਆਪਣੀ ਮਹਿਫ਼ਲ ਜਮਾਂ ਲਈ। ਕਿਤਾਬਾਂ ਵਾਲੇ ਡੱਬਿਆਂ ਨੂੰ ਜੋੜ ਕੇ ਬਜੁਰਗ ਹਰਿਭਜਨ ਹੁੰਦਲ ਦੇ ਬੈਠਣ ਲਈ ੋਤਖਤਪੋਸ਼ੋ ਬਣਾ ਦਿੱਤਾ। ਅਸੀਂ ਫਰਸ਼ ਤੇ ਬੈਠਣ ਦੀ ਥਾਂ ਕੋਲ ਉਂਜ ਹੀ ਖੜੋਤੇ ਰਹੇ, ਭਾਵੇਂ ਪਤਾ ਸੀ ਅਜੇ ਦੋ ਤਿੰਨ ਘੰਟੇ ਇਉਂ ਹੀ ਇਕ-ਟੰਗ ਤੇ ਖੜ੍ਹ ਕੇ ਤਪੱਸਿਆ ਕਰਨੀ ਪੈਣੀ ਹੈ।

“ਉਂਜ ਅਖੇ ਏਹ ਸਾਡਾ ਅੰਤਰਰਾਸ਼ਟਰੀ ਸਟੇਸ਼ਨ ਐਂ, ਤੇ ਪ੍ਰਬੰਧ ਇਉਂ ਟੈਂਪਰੇਰੀ ਜਿਹੇ ਕਰ ਛੱਡੇ ਨੇ ਜਿਤਰਾਂ ਪਾਕਿਸਤਾਨ ਹੋਰ ਵਰ੍ਹੇ-ਖੰਡ ਨੂੰ ਮੁੜ ਭਾਰਤ `ਚ ਆ ਰਲਨਾ ਹੋਵੇ, ਤੇ ਇੰਮੀਗਰੇਸ਼ਨ ਦੀ ਲੋੜ ਹੀ ਨਾ ਰਵ੍ਹੇ।” ਹਰਿਭਜਨ ਹੁੰਦਲ ਨੇ ਸਟੇਸ਼ਨ ਦੀ ਖਸਤਾ ਹਾਲਤ ਦਾ ਵਿਸ਼ਾ ਛੋਹ ਲਿਆ। ਉਸ ਦਾ ਹਰਖ਼ ਜਾਇਜ਼ ਸੀ, ਡੱਬਿਆਂ ਨੂੰ ਬੰਨ੍ਹੀ ਸਖ਼ਤ ਰੱਸੀ ਦੀ ਗੰਢ ਉਤੇ ਬੈਠਾ ਉਹ ਵਾਰ ਵਾਰ ਪਾਸੇ ਮਾਰ ਰਿਹਾ ਸੀ।

“ਇਉਂ ਈ ਤੇ ਪਿੰਡ ਦੇ ਭਾਗ ਡਿਊਢੀਓ ਦਿਸਦੇ ਹੁੰਦੇ ਐਂ। ੌ, ਬਲਦੇਵ ਸਿੰਘ ਨੇ ਵਿਸ਼ੇ ਨੂੰ ਆਪਣੀ ਕਿੱਕ ਲਾ ਕੇ ਹੋਰ ਉਛਾਲ ਦਿੱਤਾ।

“ਸਾਡਾ ਆਹ ਭਾਹ ਬੜੇ ਅਮਰੀਕਾ-ਸ਼ਮਰੀਕਾ ਦੇ ਚੱਕਰ ਲਾਉਂਦਾ ਰਹਿੰਦਾ ਏ, ਏਹਨੂੰ ਪਤਾ ਹੋਵੇਗਾ ਅੰਤਰ-ਰਾਸ਼ਟਰੀ ਮਿਆਰਾਂ ਵਾਲੇ ਸਟੇਸ਼ਨਾ ਦਾ, ਹਾਂ ਜ਼ਰਾ ਦੱਸ ਖਾਂ ਮੇਰੀ ਜਾਨ? ੌ ਤਲਵਿੰਦਰ ਨੇ ਬਾਲ ਮੇਰੇ ਵੱਲ ਸਿੱਟ ਦਿੱਤੀ।

“ਉਥੇ ਤਾਂ ਹਰ ਕੰਮ ਸਲੀਕੇ ਨਾਲ ਈ ਹੁੰਦੈ; ਪਾਸਪੋਰਟ ਤੇ ਟਿਕਟ ਵਿਖਾ ਕੇ ਏ। ਸੀ। ਹਾਲ `ਚ ਇੰਟਰ ਕਰ ਜਾਓ। ਆਪਣੇ ਅਟੈਚੀ-ਬੈਗ ਸਕੈਨਰ ਅੱਗਿਓਂ ਲੰਘਾਓ, ਵੇਟ ਕਰਾ ਕੇ ਬੈਲਟ ਤੇ ਚੜ੍ਹਾ ਦਿਓ। ਆਪ ਇੰਮੀਗਰੇਸ਼ਨ ਦੀ ਮੋਹਰ ਲੁਆ ਕੇ ਠੰਡੇ ਹਾਲ ਕਮਰੇ `ਚ ਬੈਠ ਕੇ ਖਾਓ-ਪਿਓ ਨਾਲੇ ਫਲਾਈਟ ਦੀ ਉਡੀਕ ਕਰੋ। ਤੇ ਹੋਰ ਕੀ। ੌ ਮੇਰੀ ਥਾਂ ਸ਼ਤੀਸ਼ ਵਰਮਾ ਨੇ ਪੂਰੀ ਤਫ਼ਸੀਲ ਦੱਸ ਦਿੱਤੀ।

“ਚਲੋ ਅਮਰੀਕਾ-ਅਮਰੂਕਾ ਤਾਂ ਖਸਮਾਂ ਨੂੰ ਖਾ ਗਿਆ, ਆਪਣੇ ਦੇਸ਼ ਦੀ ਇੱਜ਼ਤ ਬਚਾੳਣ ਜੋਗਾ ਪ੍ਰਬੰਧ ਤਾਂ ਹੋਣਾ ਹੀ ਚਾਹੀਦੈ, ਆਹ ਵੇਖੋ ਖਾਂ ਵਿਚਾਰੇ ਲੋਕ ਕਿਵੇਂ ਪਏ ਆ ਲਵਾਰਸ ਸਮਾਨ ਵਾਂਗੂੰ। ੌ ਮੈਂ ਅਜੇ ਵੀ ਯਾਤਰੂਆਂ ਦੀ ਤਰਸਯੋਗ ਹਾਲਤ ਦੇ ਪ੍ਰਭਾਵ `ਚੋਂ ਬਾਹਰ ਨਹੀਂ ਨਿਕਲ ਸਕਿਆ ਸਾਂ।

“ਫਿਰ, ਫਿਰ।। । ਫਿਰ ਨੁਕਸ ਕਿੱਥੇ ਐ? ੌ ਜਿੰਦਰ ਨੇ ਹਕਲਾਉਂਦਿਆਂ ਜਿਹਿਆਂ ਆਪਦਾ ਅੰਗੂਠੇ-ਵਿਹੂਣਾ ਹੱਥ ਮੱਥੇ ਤੇ ਮਾਰ ਕੇ ਕਿਹਾ।

“ਮਿਸ ਮੈਨੈਜਮੈਂਟ ਐ, ਹੋਰ ਕੀ ਭਾਰਤ ਦੀ ਪੈਸਿਆਂ ਖੁਣੋਂ ਢੂਈ ਪਾਟੀ ਐ। ਜਾਂ ਭਾਈ ਸਾਨੂੰ ਆਂਹਦੇ ਹੋਣਗੇ ਭੱਜ-ਭੱਜ ਜਾਨੇ ਐਂ ਦੁਸ਼ਮਣ ਮੁਲਕ ਵੰਨੀ, ਲੈ ਲਓ ਸੁਆਦ ਫਿਰ। ੌ ਬਲਦੇਵ ਸਿੰਘ ਨੇ ਚੁਟਕੀ ਮਾਰਦਿਆਂ ਲਘੁੱਤਮ ਕੱਢ ਦਿੱਤਾ।

“ਏਹ ਆਮ ਲੋਕ ਭਲੇ ਲਗਦੇ ਐ ਥੋਨੂੰ? ਵੇਖੋ ਇੱਕ ਇਕ ਨੇ ਖੱਚਰ ਰੇੜ੍ਹੇ ਜਿੰਨਾ ਸਮਾਨ ਚੱਕਿਆ ਹੋਇਐ। ਕਿੰਨੇ ਤਾਂ ਵਿੱਚ ਵਪਾਰੀ ਹੋਣਗੇ। ਵੇਖੀਆਂ ਨ੍ਹੀਂ ਤੁਸੀਂ ਉਨ੍ਹਾਂ ਦੀਆਂ ਪਾਨ ਦੇ ਪੱਤਿਆਂ ਦੀਆਂ ਪੰਡਾਂ? ਬੰਦੇ ਨੂੰ ਖੁਦ ਵੀ ਸਫ਼ਰ ਦੀ ਕੁੱਝ ਸੈਂਸ ਹੋਣੀ ਚਾਹੀਦੀ ਐ, ਮੇਰੇ ਮੋਢੇ ਤੇ ਆਹ ਨਿੱਕਾ ਜਿਹਾ ਬੈਗ ਐ, ਮੈਨੂੰ ਹਫ਼ਤੇ ਲਈ ਵਾਧੂ ਐ, ਯੂਰਪ ਦੇ ਲੋਕ ਏਨੇ ਕੁ ਸਮਾਨ ਨਾਲ ਛੇ ਮਹੀਨੇ ਦਾ ਟੂਰ ਲਾ ਆਉਂਦੇ ਆ। ਆਹ ਧਾਲੀਵਾਲ ਈ ਵੇਖ ਲਓ ਦੋ ਨਗ ਲਈ ਫਿਰਦੈ, ਦੱਸੋ ਹੁਣ ਸਰਕਾਰ ਏਹਦੇ ਵਰਗਿਆਂ ਪੜ੍ਹੇ-ਲਿਖੇ ਮੁਰਖਾਂ ਦਾ ਕੀ ਕਰੇ? ਇਉਂ ਹੀ ਚਲਦਾ ਹੁੰਦੈ ਸਭ। ੌ ਪ੍ਰੇਮ ਪ੍ਰਕਾਸ਼ ਨੇ ਆਪਣੇ ਅੰਦਾਜ਼ ਵਿੱਚ ਮਹੌਲ ਨੂੰ ਹਸਾਵਾਂ ਬਣਾ ਦਿੱਤਾ।

ਗੱਲਾਂ ਗੱਲਾਂ ਵਿੱਚ ਵਕਤ ਛੇਤੀ ਲੰਘ ਗਿਆ ਪਰ ਥੱਕ ਕੇ ਲੱਤਾਂ ਸਧਵਾਈਆਂ ਬਣ ਗਈਆਂ। ਸਮਝੌਤਾ ਐਕਸਪ੍ਰੈਸ ਆ ਕੇ ਲੱਗੀ ਤਾਂ ਕਮਿਸ਼ਨਰ ਸਾਹਿਬ ਦੇ ਆਦੇਸ਼ ਅਨੁਸਾਰ ਗੱਡੀ ਦੇ ਇੰਚਾਰਜ ਐਸ। ਐਸ ਰਹਿਮਾਨ ਅਤੇ ਐਮ। ਇੰਦਰੀਸ ਫਿਰ ਸਾਡੀ ਸੇਵਾ ਵਿੱਚ ਆ ਹਾਜ਼ਰ ਹੋਏ। ਉਨ੍ਹਾਂ ਆਓ-ਭਗਤ ਕਰਦਿਆਂ ਸਾਨੂੰ ਸਪੈਸ਼ਲ ਕੈਬਨ ਵਿੱਚ ਬਿਠਾ ਦਿੱਤਾ।

ਗੱਡੀ ਤੁਰੀ। ਪਹਿਲੀ ਵਾਰੀ ਜਾ ਰਿਹਾ ਹੋਣ ਕਰਕੇ ਮੇਰੀ ਆਲੇ-ਦੁਆਲੇ ਨੂੰ ਵੇਖਣ ਦੀ ਰੀਝ ਭੜਕੀ ਹੋਈ ਸੀ। ਉਵੇਂ ਪੱਕੀ ਕਣਕ ਵਾਲੇ ਸੁਨਹਿਰੀ ਖੇਤ, ਦੂਰ ਦਿਸਦੀ ਕੰਡਿਆਲੀ ਤਾਰ, ਕਣਕ ਕੱਢਣ ਦੇ ਕੰਮ `ਚ ਰੁਝੇ ਲੋਕ, ਸਭ ਕੁੱਝ ਆਮ ਵਰਗਾ ਸੀ। ਗੱਡੀ ਨਾਲ ਚੱਲ ਰਹੇ ਘੋੜ ਸਵਾਰ ਜ਼ਰੂਰ ਅਹਿਸਾਸ ਕਰਾ ਰਹੇ ਸਨ ਕਿ ਸਭ ਕੁੱਝ ਬਦਲ ਗਿਆ ਹੈ, ਆਪਣੀ ਨਜ਼ਰ ਬਦਲੋ।

ਸਮਝੌਤਾ ਐਕਸਪ੍ਰੈਸ ਨੇ ਅਟਾਰੀਓ ਵਾਘਾ ਬਾਰਡਰ ਤੱਕ ਦੋ-ਢਾਈ ਕਿਲੋਮੀਟਰ ਦਾ ਸਫ਼ਰ ਕੀੜੀ ਦੀ ਤੋਰ ਤੁਰਦਿਆਂ-ਰੁਕਦਿਆਂ ਮੁਕਾਇਆ। ਸਭ ਤੋਂ ਪਹਿਲਾਂ ਪੁਲਸ ਦੀ ਵਰਦੀ ਨੇ ਦੱਸਿਆ ਕਿ ਅਸੀਂ ਹੁਣ ਬਿਗਾਨੇ ਮੁਲਕ ਵਿੱਚ ਹਾਂ। ਖਾਕੀ ਪੈਂਟਾਂ, ਕਾਲੀਆਂ ਕਮੀਜ਼ਾਂ ਅਤੇ ਸੱਜੇ ਕੰਨ ਵੱਲੋਂ ਬੈਠਵੀਆਂ ਟੋਪੀਆਂ ਵਾਲੇ ਪਾਕਿਸਤਾਨੀ ਸਿਪਾਹੀਆਂ ਦੀਆਂ ਤਾੜਵੀਆਂ ਨਜ਼ਰਾਂ ਤਫ਼ਤੀਸ਼ ਕਰਨ ਲੱਗੀਆਂ। ਉਂਜ ਅਸਮਾਨੀ ਰੰਗ ਦੀ ਸਲਵਾਰ-ਕਮੀਜ਼ ਅਤੇ ਦੁਪੱਟੇ ਵਾਲੀਆਂ ਸਪੈਹਣਾਂ ਪੁਲਿਸ ਵਾਲੀਆਂ ਘੱਟ ਨਰਸਾਂ ਵਧੇਰੇ ਜਾਪੀਆਂ।

ਅਸੀਂ ਇਮੀਗਰੇਸ਼ਨ ਲਈ ਵਾਗਾ ਬਾਰਡਰ ਤੇ ਬਣੇਂ ਵੱਡੇ ਖੂਬਸੂਰਤ ਹਾਲ ਵਿੱਚ ਦਾਖਲ ਹੋਏ। ਏ। ਸੀ। ਦੀ ਠੰਡੀ ਹਵਾ ਦੇ ਬੁੱਲੇ ਨੇ ਸਾਡਾ ਸਵਾਗਤ ਕੀਤਾ। ਇੱਕ ਕਰਮਚਾਰੀ ਸਾਨੂੰ ਵੀ। ਆਈ। ਪੀ। ਲੋਕਾਂ ਵਾਲਾ ਮਾਣ ਦਿੰਦਿਆਂ ਇੱਕ ਕਮਰੇ `ਚ ਬਿਠਾ ਕੇ ਸਾਡੇ ਲਈ ਚਾਹ-ਬਿਸਕੁਟ ਲੈ ਆਇਆ ਅਤੇ ਦੂਜਾ ਪਾਸਪੋਰਟ ਫੜ੍ਹ ਕੇ ਮੋਹਰਾਂ ਲਵਾਉਣ ਲਈ ਲੈ ਗਿਆ।

“ਤਲਵਿੰਦਰ ਏਹ ਹਾਲ ਐ ਅੰਤਰਰਾਸ਼ਟਰੀ ਮਿਆਰਾਂ ਵਾਲਾ, ਹੈ ਕਿ ਨਹੀਂ? ੌ ਚਾਹ ਦੀ ਚੁਸਕੀ ਲੈਂਦਿਆਂ ਮੈਂ ਆਪਣਾ ਪ੍ਰਭਾਵ ਸਾਂਝਾ ਕੀਤਾ।

“ਪਾਕਿਸਤਾਨ ਨੇ ਏਸ ਗੱਲੋਂ ਤੇ ਭਾਰਤ ਨੂੰ ਪਿੱਠ-ਭਾਰ ਸੁੱਟ ਦਿੱਤਾ ਈ ਫਿਰ। ੌ ਤਲਵਿੰਦਰ ਨੇ ਹਰਖ ਨਾਲ ਤੁਲਨਾ ਕੀਤੀ।

“ਅਖੇ ਲੌਂਗ ਵਾਲੀ ਨੇ ਭਨਾ-ਲੇ ਗੋਡੇ ਤੇ ਤੀਲੀ ਵਾਲੀ ਖਾਲ ਟੱਪ-ਗੀ, ਏਹ ਤਾਂ ਹੁਣ ਜੱਗ ਜ਼ਾਹਰ ਐ, ਦੱਸੋ ਕੀ ਕਰੀਏ। ੌ ਮੇਰੇ ਅੰਦਰਲੇ ਭਾਰਤੀਪੁਣੇ ਨੂੰ ਵੀ ਸੱਟ ਵੱਜੀ।

ਬਾਹਰ ਜਾਣ ਸਮੇਂ ਸਮਾਨ ਚੈ-ੱਕ ਕਰਾਉਣ ਲਈ ਪੈਰ ਅਟਕਣ ਲੱਗੇ ਤਾਂ ਕਸਟਮ ਅਧਿਕਾਰੀ ਨੇ ਬੜੀ ਆਜਜ਼ੀ ਨਾਲ ਕਿਹਾ, “ਜਾਓ ਜਾਓ ਸਰਦਾਰ ਜੀ ਕਿਉਂ ਹਮਸਾਇਆ ਸਿਰ ਭਾਰ ਚੜ੍ਹਾਉਣ ਲੱਗੇ ਜੇ, ਲੰਘ ਜਾਓ ਖੈਰ ਮੇਹਰ ਨਾਲ। ੌ

ਇਸ ਨਾਲ ਪਾਕਿਸਤਾਨ ਪੁਲਸ ਦੇ ਚਿਹਰੇ ਕੁੱਝ ਮੁਹੱਬਤੀ ਜਾਪਣ ਲੱਗ ਪਏ। ਸੂਹੀਆ ਪੁਲਸ ਵਾਲੇ ਸਾਡਾ ਹਾਲ-ਚਾਲ ਪੁੱਛਣ ਦੇ ਬਹਾਨੇ ਆਪਣੀ ਤਫ਼ਤੀਸ਼ੀ ਰਿਪੋਰਟ ਵੀ ਲੈ ਜਾਂਦੇ। ਗੱਡੀ ਚੱਲਣ ਲੱਗੀ ਤਾਂ ਇੱਕ ਸਿਪਾਹੀ ਪੱਕੇ ਤੌਰ ਤੇ ਹੀ ਸਾਡੇ ਕੈਬਨ ਵਿੱਚ ਆ ਬੈਠਾ ਪਰ ਉਹ ਵੀ ਭਰਾਤਰੀ ਭਾਵ ਨਾਲ ਹੀ ਗੱਲਾਂ ਕਰਦਾ ਰਿਹਾ। ਸਾਡੇ ਨਾਲ ਇਹ ਨਰਮ ਵਤੀਰਾ ਕਮਿਸ਼ਨਰ ਦੀ ਸਿਫ਼ਾਰਸ਼ ਕਰਕੇ ਸੀ ਜਾਂ ਭਾਰਤ-ਪਾਕਿ ਦੇ ਸਬੰਧਾਂ ਵਿੱਚ ਕੁੱਝ ਸੁਧਾਰ ਹੋਣ ਕਰਕੇ? ਕੀ ਇਹ ਸਾਡੀ ਪੰਜਾਬੀਆਂ ਵਾਲੀ ਸਾਂਝ ਕਾਰਣ ਸੀ? ਕੁੱਝ ਵੀ ਹੋਵੇ ਇੱਕ ਵਾਰੀ ਤਾਂ ਤੀਲੀ ਵਾਲੀ ਦੇ ਹੁਸਨ ਦੇ ਸਦਕੇ ਜਾਣ ਨੂੰ ਮਨ ਕਰਦਾ ਸੀ।

 

ਤੇ ਹੱਥ ਹਿਲਦੇ ਰਹੇ

ਸੌ ਰਸਮੀ ਕਾਰਵਾਈਆਂ ਪਿੱਛੋਂ ਗੱਡੀ ਵਾਘਿਓਂ ਚੱਲੀ। ਸੂਰਜ ਦੇ ਛਿਪਾ ਦਾ ਵੇਲਾ ਹੋ ਗਿਆ ਸੀ। ਫਸਲਾਂ, ਰੁੱਖ, ਕੱਸੀਆਂ, ਨਹਿਰਾਂ ਤਾਂ ਭਾਵੇਂ ਉਵੇਂ ਹੀ ਸਨ ਸਾਡੇ ਭਾਰਤੀ ਪੰਜਾਬ ਵਰਗੀਆਂ ਪਰ ਪਿੰਡਾਂ ਦੀ ਦਿੱਖ ਦਾ ਕਾਫੀ ਫਰਕ ਸੀ। ਇਉਂ ਲਗਦਾ ਸੀ ਜਿਵੇਂ ਵੀਹ ਕੁ ਵਰ੍ਹੇ ਪਹਿਲਾਂ ਦੇ ਪੂਰਬੀ ਪੰਜਾਬ ਵਿਚੋਂ ਲੰਘ ਰਹੇ ਹੋਈਏ। ਸਾਡੇ ਜਿਵੇਂ ਕਿ ਜੀ। ਟੀ। ਰੋਡ ਜਾਂ ਰੇਲਵੇ ਲਾਈਨ ਦੇ ਅਸੀਂ-ਪਾਸੀਂ ਵੱਡੇ ਵੱਡੇ ਮੈਰਿਜ਼ ਪੈਲੇਸ, ਪਬਲਿਕ ਸਕੂਲ, ਆਲੀਸ਼ਾਨ ਪੈਟਰੋਲ ਪੰਪ ਅਤੇ ਕੋਠੀਆਂ ਨਜ਼ਰ ਆਉਂਦੀਆਂ ਹਨ ਉਵੇਂ ਇਥੇ ਨਹੀਂ ਸੀ। ਇਹ ਪਿੰਡ ਅਜੇ ਪੂਰੀ ਤਰ੍ਹਾਂ ਆਧੁਨਿਕਤਾ ਦੇ ਰਾਹ ਪਏ ਨਹੀਂ ਸਨ ਜਾਪਦੇ। ਜ਼ਮਾਨੇ ਦੇ ਨਵੇਂ ਰੰਗਾਂ-ਢੰਗਾਂ ਦੀ ਦੱਸ ਪਾਉਣ ਵਾਲੇ ਇਸ਼ਤਿਹਾਰੀ ਬੋਰਡ ਵੀ ਨਹੀਂ ਚਮਕਦੇ ਸਨ। ਕੰਧਾਂ ਉਤੇ ਲਿਖੇ ਇਸ਼ਤਿਹਾਰ ਰੋਮਨ-ਗੁਰਮੁਖੀ ਦੀ ਥਾਂ ਸ਼ਾਹਮੁਖੀ ਵਿੱਚ ਸਨ।

ਸਾਡੇ ਵਿਚੋਂ ਬਹੁਤੇ ਆਲੇ-ਦੁਆਲੇ ਨੂੰ ਸੈਲਾਨੀਆਂ ਵਾਂਗ ਹੀ ਨਿਹਾਰ ਰਹੇ ਸਨ। ਹੇਰਵੇ ਦੇ ਹਾਉਕੇ ਕੋਈ ਨਹੀਂ ਸੀ ਭਰ ਰਿਹਾ। ਨਾ ਹੀ ਕੋਈ ਮਿੱਟੀ ਦੀ ਮੁੱਠ ਭਰ ਕੇ ਮੱਥੇ ਨਾਲ ਲਾਉਣ ਲਈ ਉਤਾਵਲਾ ਸੀ। ਹਰਿਭਜਨ ਸਿੰਘ ਹੁੰਦਲ ਦੀ ਜਨਮ-ਭੂਮੀ ਪਾਕਿਸਤਾਨ ਦੀ ਧਰਤੀ ਹੋਣ ਕਰਕੇ ਉਸ ਦੇ ਅੰਦਰ ਕੁੱਝ ਭਾਵੁਕ ਤਰੰਗਾਂ ਜ਼ਰੂਰ ਉ-ੱਠ ਰਹੀਆਂ ਹੋਣਗੀਆਂ। ਇਸੇ ਕਰ ਕੇ ਸੱਤਰ-ਬਹੱਤਰ ਸਾਲ ਦੀ ਉਮਰ ਵਿੱਚ ਵੀ ਉਹ ਔਖਾ-ਸੌਖਾ ਸਾਡੇ ਨਾਲ ਆ ਗਿਆ ਸੀ।

ਮਨ ਦੇ ਡੂੰਘੇ ਪਾਣੀਆਂ ਵਿੱਚ ਜੇ ਕੋਈ ਹਲਚਲ ਸੀ ਤਾਂ ਉਹ ਪੰਜਾਬੀਆਂ ਦੀ ਬਦਕਿਸਮਤੀ ਬਾਰੇ ਸੋਚ ਕੇ ਹੋ ਰਹੀ ਸੀ। ਧਰਮ, ਲਿਪੀ, ਰਾਸ਼ਟਰੀਅਤਾ ਵਰਗੇ ਅਨੇਕਾਂ ਖਾਨਿਆਂ ਵਿੱਚ ਵੰਡੀ ਪੰਜਾਬੀ ਲੋਕਾਈ ਵਰਗੀ ਬਦਕਿਸਮਤ ਕੌਮ ਦੁਨੀਆਂ ਵਿੱਚ ਕੋਈ ਹੋਰ ਸ਼ਾਇਦ ਹੀ ਹੋਵੇ। ਦਸ-ਗਿਆਰਾਂ ਕਰੋੜ ਲੋਕਾਂ ਦੀ ਸਾਂਝੀ ਸ਼ਕਤੀ ਨੂੰ ਜੇ ਇਉਂ ਖਾਨਿਆਂ ਵਿੱਚ ਨਾ ਵੰਡਿਆ ਹੁੰਦਾ ਤਾਂ ਇਨ੍ਹਾਂ ਦਾ ਜਲੌਅ ਵੇਖਿਆ ਹੀ ਬਣਨਾ ਸੀ। ਭਾਵੇਂ ਦੋ ਦੇਸ਼ਾਂ ਵਿੱਚ ਹੀ ਰਹਿੰਦੇ ਹੁੰਦੇ ਪਰ ਬੋਲੀ ਦੀ ਸਾਂਝ ਹੋਰਨਾਂ ਸਭ ਸਾਂਝਾਂ ਤੋਂ ਵੱਡੀ ਹੁੰਦੀ। ਇੱਕ ਦੂਜੇ ਤੋਂ ਫਿਰ ਇੰਨਾਂ ਓਪਰਾਪਣ ਮਹਿਸੂਸ ਨਾ ਹੁੰਦਾ। ਸ਼ਾਇਦ ਪਾਕਿਸਤਾਨ ਦੇ ਆਮ ਪੰਜਾਬੀ ਵੀ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਹੋਣਗੇ। ਜੇ ਅਜਿਹਾ ਨਾ ਹੁੰਦਾ ਤਾਂ ਉਹ ਸਮਝੌਤਾ ਐਕਸਪ੍ਰੈਸ ਨੂੰ ਐਨੀ ਬਿਹਬਲਤਾ ਨਾਲ ਨਾ ਵੇਖ ਰਹੇ ਹੁੰਦੇ। ਉਨ੍ਹਾਂ ਦੇ ਸਾਡੇ ਲਈ ਆਪਮੁਹਾਰੇ ਹਿਲਦੇ ਹੱਥ ਮੈਨੂੰ ਤਾਂ ਇਹੀ ਸੁਨੇਹਾ ਦਿੰਦੇ ਲਗਦੇ ਸਨ।

ਛੋਟੇ ਬੱਚਿਆਂ ਨੇ ਮਾਵਾਂ ਕੋਲੋਂ ਸੁਣ ਰੱਖਿਆ ਹੋਵੇਗਾ ਕਿ ਇਸ ਗੱਡੀ ਰਾਹੀਂ ਭਾਰਤੋਂ ਹਮਸਾਏ ਆਉਂਦੇ ਹਨ। ਉਸ ਅਸਰ ਕਰਕੇ ਹੀ ਗੱਡੀ ਦੇ ਨੇੜੇ ਆਉਂਦਿਆਂ ਹੀ ਬੱਚੇ ਜ਼ੋਰ-ਜ਼ੋਰ ਦੀ ਬਾਹਾਂ ਲਹਿਰਾ ਕੇ ਖੁਸ਼ਆਮਦੀਦ ਕਹਿਣ ਲਗਦੇ। ਉਨ੍ਹਾਂ ਦੇ ਚਿਹਰਿਆਂ ਉ-ੱਤੇ ਮੁਸਕੁਰਾਹਟ ਖੇਡਣ ਲਗਦੀ। ਤਖ਼ਤਪੋਸ਼ਾਂ ਉਤੇ ਬੈਠੇ ਤਾਸ਼ ਖੇਡਦੇ ਬਾਬੇ ਕੁੱਝ ਮਿੰਟਾਂ ਲਈ ਬਾਜੀ ਰੋਕ ਲੈਂਦੇ ਅਤੇ ਲੁਛਦੀਆਂ ਨਿਗਾਹਾਂ ਨਾਲ ਗੱਡੀ ਵੱਲ ਇੱਕ ਟੱਕ ਤੱਕਣ ਲਗਦੇ। ਕਿਤੇ ਕਿਤੇ ਨੂੰਹਾਂ-ਧੀਆਂ ਘਰ ਦੇ ਦਰਵਾਜ਼ੇ ਦੀਆਂ ਝੀਥਾਂ ਵਿਚੋਂ ਚੋਰੀ ਅੱਖ ਗੱਡੀ ਵੱਲ ਵੇਖਦੀਆਂ ਨਜ਼ਰ ਆਉਂਦੀਆਂ। ਕਿਸੇ ਦੀ ਗੋਦੀ ਬਹੁਤ ਛੋਟਾ ਬਾਲ-ਨਿਆਣਾ ਚੁੱਕਿਆ ਹੁੰਦਾ ਤਾਂ ਉਹ ਆਪ ਉਸ ਦੀ ਬਾਂਹ ਫੜ੍ਹ ਕੇ ਲਹਿਰਾਉਣ ਲਗਦੀ। ਵਾਘੇ ਤੋਂ ਲੈ ਕੇ ਲਾਹੌਰ ਤੱਕ ਮੁਹੱਬਤੀ ਪੈਗਾਮ ਦਿੰਦੇ ਹੱਥ ਨਿਰੰਤਰ ਹਿਲਦੇ ਰਹੇ। ਇਹ ਸੈਂਕੜੇ ਹੱਥ ਮੈਨੂੰ ਮੁਹੱਬਤਸਤਾਨ ਦੇ ਕੌਮੀ ਝੰਡੇ ਜਾਪੇ। ਇਨ੍ਹ਼ਾਂ ਦੀ ਵੱਖਰੀ ਹਸਤੀ ਨੂੰ ਉਭਾਰਨ ਵਾਲੀ ਨਾ ਤਾਂ ਕੋਈ ਅਸ਼ੋਕ ਚੱਕਰ ਦੇ ਦੁਆਲੇ ਬਣੀ ਸ਼ੇਰ-ਮੁੱਖ ਤ੍ਰਿਮੂਰਤੀ ਸੀ ਅਤੇ ਨਾ ਹੀ ਕੋਈ ਚੰਨ-ਤਾਰਾ। ਇਨ੍ਹਾਂ ਲੋਕਾਂ ਦਾ ਨਿਸ਼ਾਨ-ਚਿੰਨ੍ਹ ਤਾਂ ਅੰਬਰ ਵਰਗੀ ਵਿਸ਼ਾਲਤਾ ਸੀ ਜਿਸ ਵਿੱਚ ਹੋਰ ਸਾਰੇ ਚਿੰਨ੍ਹ ਸਮਾਂ ਜਾਂਦੇ ਹਨ।

ਮੇਰੇ ਅੰਦਰੋਂ ਇਹ ਖਿਆਲ ਲੰਘਿਆ ਕਿ ਇਹ ਲੋਕ ਸਮਝੌਤਾ ਐਕਸਪ੍ਰੈਸ ਨੂੰ ਕਿਵੇਂ ਉਡੀਕਦੇ ਹੋਣਗੇ। ਗੱਡੀ ਦਾ ਕਿਹੜਾ ਨਿਸਚਤ ਵਕਤ ਸੀ ਲੰਘਣ ਦਾ। ਘੰਟਾ-ਦੋ ਘੰਟੇ ਦਾ ਅਗੇਤ-ਪਿਛੇਤ ਹੋ ਜਾਣਾ ਆਮ ਗੱਲ ਸੀ। ਗੱਡੀ ਦੇ ਲੰਘਣ ਦਾ ਵਿਸ਼ਾ ਉਨ੍ਹਾਂ ਦੀ ਗੱਲ-ਬਾਤ ਵਿੱਚ ਸੁਭਾਵਕ ਹੀ ਛਿੜ ਪੈਂਦਾ ਹੋਵੇਗਾ। ਕੋਈ ਐਧਰ-ਓਧਰ ਹੋ ਗਿਆ ਘਰ ਆ ਕੇ ਪੁੱਛਦਾ ਹੋਵੇਗਾ, “ਗੱਡੀ ਲੰਘ ਗਈ ਕਿ ਅਜੇ ਲੰਘਣੀ ਐਂ? ੌ

ਇਹ ਗੱਡੀ ਉਨ੍ਹਾਂ ਅੰਦਰ ਕਿੰਨੀਆਂ ਸੁੱਤੀਆਂ ਕਹਾਣੀਆਂ ਨੂੰ ਜਗਾ ਜਾਂਦੀ ਹੋਵੇਗੀ। ਕਈਆਂ ਦੇ ਮਨਾਂ ਵਿੱਚ ਰੌਲਿਆਂ ਵੇਲੇ ਦੀ ਵੱਢ-ਟੁਕ ਦਾ ਸ਼ਿਕਾਰ ਹੋਏ ਲੋਕਾਂ ਨਾਲ ਭਰੀ ਗੱਡੀ ਦੇ ਦ੍ਰਿਸ਼ ਤਾਜੇ ਹੋ ਜਾਂਦੇ ਹੋਣਗੇ। ਕਈਆਂ ਲਈ ਗੱਡੀ ਭਾਰਤ ਵਿੱਚ ਰਹਿ ਗਏ ਆਪਣੇ ਸਕੇ-ਸੋਧਰਿਆਂ ਦੀ ਯਾਦ ਨੂੰ ਹੁਲਾਰ ਜਾਂਦੀ ਹੋਵੇਗੀ। ਸਮਝੌਤਾ ਐਕਸਪ੍ਰੈਸ ਨੂੰ ਵੇਖ ਕੇ ਨਿਰੰਤਰ ਹਿਲਦੇ ਹੱਥ ਕਿੰਨੀਆਂ ਕਹਾਣੀਆਂ ਕਹਿ ਰਹੇ ਸਨ।

ਸਾਡੇ ਕੈਬਨ ਵਿੱਚ ਬੈਠਾ ਪਾਕਿਸਤਾਨੀ ਸਿਪਾਹੀ ਬਸ਼ੀਰ ਖੁਦ ਇੱਕ ਵੰਡੇ ਹੋਏ ਪਰਿਵਾਰ ਦਾ ਜੀਅ ਸੀ। ਉਸ ਦਾ ਅੱਧਾ ਪਰਿਵਾਰ ਭਾਰਤੀ ਕਸ਼ਮੀਰ ਅਤੇ ਅੱਧਾ ਪਾਕਿਸਤਾਨੀ ਕਸ਼ਮੀਰ ਵਿੱਚ ਸੀ। ਸਾਰੇ ਰਾਹ ਉਹ ਆਪਣੇ ਉਜਾੜੇ ਦੀ ਦਾਸਤਾਨ ਸੁਣਾਉਂਦਾ ਆਇਆ ਸੀ। ਭਾਵੇਂ ਅਕਸਰ ਪਾਕਿਸਤਾਨ ਆਉਂਦੇ ਰਹਿੰਦੇ ਤਲਵਿੰਦਰ ਵਰਗੇ ਸਾਥੀਆਂ ਕੋਲੋਂ ਸਾਨੂੰ ਇਹ ਸਿੱਖ-ਮੱਤ ਮਿਲ ਚੁੱਕੀ ਸੀ ਕਿ ਅਸੀਂ ਭਾਵੁਕ ਹੋ ਕੇ ਇਨ੍ਹਾਂ ਤਫ਼ਤੀਸ਼ੀ ਲੋਕਾਂ ਨਾਲ ਬਹੁਤਾ ਨਹੀਂ ਖੁੱਲ੍ਹਣਾ ਪਰ ਫਿਰ ਵੀ ਕਦੇ ਕਦੇ ਬਸ਼ੀਰ ਦੀ ਗੱਲ ਦਾ ਹੁੰਘਾਰਾ ਭਰਦੇ ਹੋਏ ਉਸ ਦੇ ਦਰਦ ਵਿੱਚ ਭਿੱਜ ਜਾਂਦੇ ਰਹੇ ਸਾਂ।

ਗੱਡੀ ਲਾਹੌਰ ਸ਼ਹਿਰ ਦੀ ਹਦੂਦ ਵਿੱਚ ਦਾਖ਼ਲ ਹੋਈ। ਸਤੀਸ਼ ਵਰਮਾ ਨੂੰ ਅਚਾਨਕ ਕੁੱਝ ਵੱਖਰਾ ਯਾਦ ਆ ਗਿਆ।

“ਹੈਪੀ ਬਰਥ ਡੇ ਟੂ ਯੂ, ਬਲਦੇਵ।। । ਹੈਪੀ।। ।। ੌ ਉਸ ਨੇ ਬੱਚਿਆਂ ਵਾਂਗ ਹੇਕ ਲਾ ਕੇ ਗਾਉਂਦਿਆਂ ਕਿਹਾ, “ਲਓ ਜੀ ਧਾਲੀਵਾਲ ਦਾ ਵੀ ਜਨਮ ਹੋ ਗਿਆ, ਵੇਖ ਲਿਆ ਲਾਹੌਰ ਏਹਨੇ ਵੀ। ੌ ਉਸ ਨੇ ਉਚੀ-ਉਚੀ ਸਾਰੇ ਕੈਬਨ ਵਿੱਚ ਐਲਾਨ ਕਰ ਦਿੱਤਾ। ਬਾਕੀ ਸਾਰੇ ਸਾਥੀ ਪਹਿਲਾਂ ਹੀ ੋਜਨਮ’ ਲੈ ਚੁੱਕੇ ਸਨ। ਸੱਚਮੁਚ ਕੁੱਝ ਗੱਲਾਂ ਕਿਵੇਂ ਸੰਸਕਾਰ ਅਤੇ ਮਿੱਥਾਂ ਬਣ ਕੇ ਬੰਦੇ ਦੇ ਅੰਦਰ ਘਰ ਕਰ ਜਾਂਦੀਆਂ ਹਨ। ਮੇਰੇ ਅੰਦਰ ਵੀ ਕੁੱਝ ਅਜਿਹਾ ਅਹਿਸਾਸ ਹੀ ਪੈਦਾ ਹੋ ਰਿਹਾ ਸੀ ਜਿਵੇਂ ਸੱਚੀ ਕੁੱਝ ਨਵਾਂ ਤੇ ਵੱਖਰਾ ਵਾਪਰਿਆ ਹੋਵੇ।

“ਔਹ ਵੇਖ ਬਲਦੇਵ ਲੋਕ ਤੈਨੂੰ ਜਨਮ-ਦਿਨ ਦੀਆਂ ਮੁਬਾਰਕਾਂ ਦੇ ਰਹੇ ਐ। ੌ ਸਤੀਸ਼ ਵਰਮਾ ਨੇ ਬਾਹਰ ਲੋਕਾਂ ਦੇ ਹਿਲਦੇ ਹੱਥਾਂ ਵੱਲ ਇਸ਼ਾਰਾ ਕਰਕੇ ਹਸਦਿਆਂ ਕਿਹਾ।

“ਕਿਉਂ ਮੇਰੀ ਜਾਨ, ਆਪਣੇ ਜੰਮਣ ਦੇ ਜਸ਼ਨ ਵਿੱਚ ਖੁਦ ਹੀ ਸ਼ਾਮਿਲ ਹੋ ਕੇ ਵੇਖਣਾ, ਹੈ ਨਾ ਨਵਾਂ ਅਨੁਭਵ? ੌ ਤਲਵਿੰਦਰ ਅੰਦਰਲਾ ਫ਼ਲਸਫ਼ੀ ਲੇਖਕ ਜਾਗ ਪਿਆ।

ਮੇਰੇ ਲਾਹੌਰੀ ਜਨਮ ਦੇ ਬਹਾਨੇ ਵਾਹਣਾ ਰੌਣਕ ਲੱਗੀ ਰਹੀ ਅਤੇ ਅਸੀਂ ਹਸਦਿਆਂ ਹਸਦਿਆਂ ਪੰਧ ਮੁਕਾ ਕੇ ਮੰਜ਼ਿਲ ਉਤੇ ਪਹੁੰਚ ਗਏ।

 

 

ਸਾਝਾਂ ਦੀ ਗੁਲਕੰਦ

ਸਰਸਰੀ ਨਜ਼ਰੇ ਵੇਖਿਆਂ ਤਾਂ ਲਾਹੌਰ ਦਾ ਰੇਲਵੇ ਸਟੇਸ਼ਨ ਅੰਬਾਲੇ ਜਾਂ ਦਿੱਲੀ ਦੇ ਸਟੇਸ਼ਨਾਂ ਜਿਹਾ ਹੀ ਸੀ, ਪਰ ਨਹੀਂ ਉਨ੍ਹਾਂ ਵਰਗਾ ਕਿੱਥੇ ਸੀ ਇਹ? ਇਹ ਤਾਂ ਐਸ ਵੇਲੇ ਮੈਨੂੰ ਖਾਸ-ਮ-ਖਾਸ ਜਾਪਿਆ। ਚੀਜਾਂ ਨੂੰ ਸਿਰਫ ਅੱਖਾਂ ਹੀ ਤਾਂ ਨਹੀਂ ਵੇਖਦੀਆਂ, ਮਨ-ਮਸਤਕ ਵੀ ਤਾਂ ਵੇਖਦਾ ਹੈ। ਜਦੋਂ ਸਮਝੌਤਾ ਐਕਸਪ੍ਰੈਸ ਸਟੇਸ਼ਨ ਉਤੇ ਆ ਕੇ ਰੁਕਦੀ ਹੈ ਤਾਂ ਇਹ ਰੇਲਵੇ ਸਟੇਸ਼ਨ ਕੋਈ ਅਲੋਕਾਰੀ ਥਾਂ ਬਣ ਜਾਂਦੀ ਹੈ।

“ਆਓ ਸਰਦਾਰ ਜੀ, ਜੀਓ ਆਇਆਂ ਨੂੰ, ਅੱਲਾਂ ਦੀਆਂ ਖੈਰਾਂ-ਮੇਹਰਾਂ ਹੋਂਦੀਆਂ ਰਹਿਣ।” ਕੁਲੀ ਦੇ ਰਸਭਿੰਨੇ ਬੋਲਾਂ ਨੇ ਅਹਿਸਾਸ ਕਰਾਇਆ ਕਿ ਅਸੀਂ ਸਚਮੁੱਚ ਖਾਸ ਮਾਹੌਲ `ਚ ਹਾਂ। ਕਹਿੰਦੇ ਹਨ ਕਿ ਲਾਗੀਆਂ ਨੇ ਤਾਂ ਲਾਗ ਲੈਣਾ ਹੁੰਦੈ, ਉਨ੍ਹਾਂ ਨੂੰ ਵਹੁਟੀ ਦੀ ਸ਼ਕਲ-ਸੂਰਤ ਨਾਲ ਭਲਾ ਕੀ ਲੱਗੇ? ਕੁਲੀ ਨੇ ਸਵਾਰੀ ਦੇ ਮਜ਼ਹਬ ਤੋਂ ਕੀ ਅੰਬ ਲੈਣੇ ਸਨ? ਕੀ ਸਰਦਾਰ ਜਾਂ ਹਿੰਦੂ ਸਵਾਰੀ ਨੇ ਮੁਸਲਮਾਨ ਸਵਾਰੀ ਨਾਲੋਂ ਵੱਧ-ਘੱਟ ਪੈਸੇ ਦੇ ਦੇਣੇ ਸਨ? ਨਹੀਂ, ਕਈ ਮੌਕੇ ਹੀ ਅਜਿਹੇ ਹੁੰਦੇ ਹਨ ਕਿ ਲਾਗੀਆਂ ਨੂੰ ਲਾਗ ਵਿੱਸਰ ਜਾਂਦੇ ਹਨ ਅਤੇ ਉਹ ਕਸਬ ਤੋਂ ਰਤਾ ਉਤਾਹ ਉ-ੱਠ ਕੇ ਇਨਸਾਨੀ ਰਿਸ਼ਤਿਆਂ ਦੀ ਮਹਿਕ ਵਿੱਚ ਗੜੂੰਦ ਹੋ ਜਾਂਦੇ ਹਨ। ਸਾਨੂੰ ਖੁਸ਼ਆਮਦੀਦ ਕਹਿ ਰਿਹਾ ਕੁਲੀ ਮੈਨੂੰ ਕੋਈ ਅਜਿਹਾ ਅਨੋਖਾ ਜਿਓੜਾ ਹੀ ਜਾਪਿਆ। ਅਸੀਂ ਵੀ ਸਾਂਝ ਦੇ ਇਸ ਕੱਚ ਜਿਹੇ ਰਿਸ਼ਤੇ ਨੂੰ ਆਂਚ ਨਾ ਆਉਣ ਦਿੱਤੀ ਅਤੇ ਬਿਨਾ ਭਾਅ ਮੁਕਾਏ ਸਮਾਨ ਉਸਦੇ ਰੇੜ੍ਹੇ ਉਤੇ ਰੱਖਵਾ ਦਿੱਤਾ। ਅਜਿਹੇ ਮੌਕੇ ਸੌ-ਪੰਜਾਹ ਵੱਧ-ਘੱਟ ਹੋਣ ਨਾਲ ਕੀ ਫਰਕ ਪੈਣਾ ਸੀ?

ਸਵੇਰ ਦੇ ਚੱਲਿਆਂ ਨੂੰ ਸ਼ਾਮ ਦਾ ਗਾੜ੍ਹਾ ਘੁਸਮੁਸਾ ਹੋ ਗਿਆ ਸੀ ਪਰ ਥੱਕਣ ਵਾਲੀ ਕੋਈ ਗੱਲ ਨਹੀਂ ਸੀ ਮਹਿਸੂਸ ਹੋ ਰਹੀ। ਚਾਈਂ ਚਾਈਂ ਅਸੀਂ ਰੇੜ੍ਹੇ ਵਾਲੇ ਦੇ ਪਿੱਛੇ ਵਗੇ ਜਾ ਰਹੇ ਸਾਂ। ਆਲੇ-ਦੁਆਲੇ ਮਿਲਾਪੀਆਂ ਦੀਆਂ ਗਲਵੱਕੜੀਆਂ ਅਤੇ ਮੁਹੱਬਤੀ ਬੋਲਾਂ ਨਾਲ ਅਜ਼ਬ ਨਜ਼ਾਰਾ ਬਣਿਆ ਹੋਇਆ ਸੀ। ਸਮਝੌਤਾ ਐਕਸਪ੍ਰੈਸ ਵਿਚੋਂ ਉਤਰਨ ਵਾਲੇ ਹਰੇਕ ਸ਼ਖ਼ਸ ਨੂੰ ਕੋਈ ਉਸਦਾ ਆਪਣਾ ਲੈਣ ਆਇਆ ਹੋਇਆ ਸੀ। ਮੇਜ਼ਬਾਨ ਆਪਣੇ ਪ੍ਰਾਹੁਣਿਆਂ ਦੇ ਮੱਥੇ ਚੁੰਮ ਰਹੇ ਸਨ, ਸਦਕੇ ਜਾ ਰਹੇ ਸਨ, ਖੁਦਾਵੰਦ ਦੇ ਸ਼ੁਕਰਗੁਜ਼ਾਰ ਹੋ ਰਹੇ ਸਨ ਜਿਸ ਨੇ ਵਿਛੜਿਆਂ ਨੂੰ ਮੇਲ ਦਿੱਤਾ ਸੀ, ਦਿੱਲੀ ਤੇ ਲਾਹੌਰ ਨੂੰ ਨੇੜੇ ਕਰ ਦਿੱਤਾ ਸੀ।

“ਆਓ ਪਿਆਰਿਓ ਖੁਸ਼ਆਮਦੀਦ, ਮਾਸ਼ਾ ਅੱਲਾ! ਮਸੀਂ ਕਿਤੇ ਮਿੱਤਰਾਂ ਦੇ ਮੁੱਖ ਨਜ਼ਰੀ ਪਏ ਨੇ, ਮਸੀਂ ਰਹਿਮਤ ਹੋਈ ਏ, ਵੈ-ੱਲਕਮ, ਜੀਓ ਆਇਆਂ ਨੂੰ ਹਮਸਾਇਓ। ੌ ਇਕਬਾਲ ਕੈਸਰ ਨੇ ਅੱਗੇ ਵਧ ਕੇ ਸਾਡਾ ਉਚੇਚ ਨਾਲ ਸੁਆਗਤ ਕੀਤਾ। ਉਸ ਦੇ ਪਿੱਛੇ ਕਰਾਮਤ ਅਲੀ ਮੁਗਲ ਵਰਗੇ ਦੋ ਤਿੰਨ ਨੌਜਵਾਨ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਾਲ ਭਰੀਆਂ ਬਾਹਾਂ ਨਾਲ ਸਾਡੇ ਨੇੜੇ ਹੋਏ। ਸਾਰਿਆਂ ਨੇ ਚਾਅ ਨਾਲ ਉਮਲ ਉਮਲ ਕੇ ਸਾਡੇ ਗਲੀਂ ਹਾਰ ਪਾਏ। ਕੈਮਰਿਆਂ ਦੇ ਫਲੈਸ਼ਾਂ ਨਾਲ ਸਟੇਸ਼ਨ ਦੀਆਂ ਰੌਸ਼ਨੀਆਂ ਹੋਰ ਖਿੜ ਪਈਆਂ। ਚੁਫੇਰੇ ਗੁਲਾਬ ਦੀ ਮਹਿਕ ਪਸਰ ਗਈ। ਭਿੱਜੇ ਹਾਰਾਂ ਨਾਲ ਛਾਤੀ ਉਤੇ ਠੰਡਕ ਜਿਹੀ ਮਹਿਸੂਸ ਹੋਈ।

“ਐਨੇ ਸੱਜਰੇ ਗੁਲਾਬ! ਕਮਾਲ ਐ ਬਈ! ! ੌ ਆਪਮੁਹਾਰੇ ਮੇਰੇ ਮੂੰਹੋਂ ਨਿਕਲਿਆ।

“ਸਾਡੇ ਪ੍ਰਾਹੁਣੇ ਕਿਤੇ ਘੱਟ ਸੱਜਰੇ ਨੇ? ਬੇਸ਼ਕੀਮਤੀ ਮਹਿਮਾਨਾਂ ਦੇ ਗਲ ਮੁਰਝਾਏ ਗੁਲਾਬ ਕਿੰਜ ਸੋਂਹਦੇ ਭਲਾ? ੌ ਇਕਬਾਲ ਕੈਸਰ ਦੇ ਬੋਲਾਂ ਨੇ ਮੁਹੱਬਤ ਦਾ ਇੱਕ ਹੋਰ ਵਾਰਨਾਂ ਸਾਡੇ ਸਿਰੋਂ ਵਾਰਿਆ।

ਸਾਂਝ ਦੀ ਇਸ ਖੁਸ਼ਬੂਦਾਰ ਮਿਠਾਸ ਨੂੰ ਮਾਣਦਿਆਂ ਮੈਨੂੰ ਬਚਪਨ `ਚ ਖਾਧੀ ਗੁਲਕੰਦ ਦਾ ਸੁਆਦ ਚੇਤੇ ਆਇਆ। ਘਰ ਵਿੱਚ ਜਦੋਂ ਕੋਈ ਬਿਮਾਰ ਪਿਆ, ਕਮਜ਼ੋਰੀ ਮਹਿਸੂਸ ਕਰ ਰਿਹਾ ਹੁੰਦਾ ਤਾਂ ਵੈਦ ਬਾਬਾ ਰਾਮ ਲਾਲ ਗੁਲਕੰਦ ਚਟਾਉਣ ਲਈ ਆਖਦਾ। ਮੇਰੇ ਵਰਗਿਆਂ ਨੂੰ ਇੰਦਰ ਦੀ ਹੱਟੀ ਤੋਂ ਚੁਆਨੀ ਦੀ ਗੁਲਕੰਦ ਲਿਆਉਣ ਲਈ ਘੱਲਿਆ ਜਾਂਦਾ। ਸ਼ਹਿਦ ਵਿੱਚ ਭਿੱਜੀਆਂ ਗੁਲਾਬ ਦੀਆਂ ਪੱਤੀਆਂ ਦਾ ਰੰਗ-ਰੂਪ ਅਤੇ ਸੁਆਦ ਮਨ ਨੂੰ ਬੇਈਮਾਨ ਕਰ ਦਿੰਦਾ, ਰਾਹ ਵਿੱਚ ਦੋ-ਚਾਰ ਚੁਟਕੀਆਂ ਮੱਲੋਜ਼ੋਰੀ ਖਾਧੀਆਂ ਜਾਂਦੀਆਂ। ਵਾਰ ਵਾਰ ਬੁੱਲ੍ਹਾਂ ਉਤੇ ਜੀਭ ਫੇਰ ਕੇ ਰਸੇ ਦਾ ਨਾਮੋ-ਨਿਸ਼ਾਨ ਮਿਟਾਉਣਾ ਪੈਂਦਾ ਮਤੇ ਛਿੱਤਰਾਂ ਨੂੰ ਥਾਂ ਬਣ ਜਾਵੇ। ਕਿਤੇ ਦੋ-ਚਾਰ ਆਨੇ ਹੱਥ ਲੱਗ ਜਾਂਦੇ, ਪੈਰ ਇੰਦਰ ਦੀ ਹੱਟੀ ਵੱਲ ਭੱਜ ਤੁਰਦੇ। ਤੂੰਬਾ ਤੁੰਬਾ ਗੁਲਕੰਦ ਖਾਂਦਿਆਂ ਇਹ ਡਰ ਸਤਾਉਂਦਾ ਰਹਿੰਦਾ ਕਿ ਕਿਤੇ ਛੇਤੀ ਨਾ ਮੁੱਕ ਜਾਵੇ।

ਕੋਈ ਗੁੱਝਾ ਜਿਹਾ ਡਰ ਤਾਂ ਹੁਣ ਵੀ ਲੱਗ ਰਿਹਾ ਸੀ। ਸਾਝਾਂ ਦੀ ਗੁਲਕੰਦ ਦਾ ਰਸ ਮਾਣਦੀ ਖਲਕਤ ਭਲਾ ਹਾਕਮਾਂ ਤੋਂ ਕਿੱਥੇ ਜਰੀ ਜਾਂਦੀ ਹੈ? ਪਤਾ ਨਹੀਂ ਕਦੋਂ ਉਹ ਕਾਂ ਵਾਗੂੰ ਝਪੁੱਟ ਮਾਰ ਕੇ ਗੁਲਕੰਦ ਵਾਲੀ ਪੱਤਲ ਖੋਹ ਲੈਣ ਅਤੇ ਉ-ੱਚੀ ਮੰਮਟੀ ਉਤੇ ਬੈਠ ਕੇ ਆਪ ਹੜੱਪਣ ਲੱਗ ਜਾਣ। ਪੁਲਸ ਦੇ ਤਿੰਨ ਸਿਪਾਹੀ ਸਾਨੂੰ ਵੇਖਦੇ ਵੇਖਦੇ ਕੋਲੋਂ ਦੀ ਲੰਘੇ।

ਕੁਲੀ ਦੇ ਪਿੱਛੇ ਪਿੱਛੇ ਤੁਰਦੇ ਅਸੀਂ ਸਟੇਸ਼ਨੋਂ ਬਾਹਰ ਖੁੱਲ੍ਹੀ-ਡੁੱਲ੍ਹੀ ਥਾਂ ਉਤੇ ਆ ਖੜ੍ਹੇ ਹੋਏ। ਟਾਂਗਿਆਂ, ਆਟੋਆਂ, ਟੈਕਸੀਆਂ ਵਾਲੇ ਸਾਡੇ ਆਲੇ-ਦੁਆਲੇ ਚੱਕਰ ਕੱਟਣ ਲੱਗੇ।

“ਲੋੜ ਨ੍ਹੀਂ ਭਾ-ਜੀ ਆਪਣੀ ਗੱਡੀ ਹੈਗੀ ਜੇ। ੌ ਪ੍ਰਬੰਧਕ ਮਿੱਠੇ-ਪਿਆਰੇ ਢੰਗ ਨਾਲ ਉਨ੍ਹਾਂ ਨੂੰ ਮੋੜਦੇ। ਫਿਰ ਵੀ ਦੁਆ-ਸਲਾਮ ਦੇ ਬਹਾਨੇ ਕੋਈ ਰਿਕਸ਼ੇ ਵਾਲਾ ਜਾਂ ਭਿਖਾਰੀ ਲਛਮਣ-ਰੇਖਾ ਲੰਘ ਹੀ ਆਉਂਦਾ। ਮੈਂ ਪਹਿਲੀ ਵਾਰੀ ਆਉਣ ਕਰਕੇ ਉਨ੍ਹਾਂ ਵੱਲੋਂ ਬੇਧਿਆਨ ਲਾਹੌਰ ਸਟੇਸ਼ਨ ਦੀ ਮੂਰਤ ਅਤੇ ਲਾਹੌਰ ਸ਼ਹਿਰ ਦੀ ਬਾਹਰਲੀ ਝਲਕ ਨੂੰ ਅਪਣੇ ਮਨ-ਮਸਤਕ ਅਤੇ ਕੈਮਰੇ ਅੰਦਰ ਸਾਂਭਣ ਜੁਟਿਆ ਹੋਇਆ ਸੀ।

“ਬੁੱਢੀ ਮਾਈ ਨੂੰ ਦੇ ਛੱਡ ਵੇ ਕੁਝ, ਜਿਓਣ ਜੋਗਿਆ ਸਰਦਾਰਾ। ੌ ਇੱਕ ਮੰਗਤੀ ਨੇ ਮੇਰੇ ਅੱਗੇ ਹੱਥ ਪਸਾਰੇ। ਉਸ ਦੇ ਬੋਲਾਂ ਵਿੱਚ ਅਪਣੱਤ ਅਤੇ ਬੇਬਸੀ ਦੇ ਨਾਲ ਨਾਲ ਮੈਨੂੰ ਇੱਕ ਉਲਾਂਭਾ ਜਿਹਾ ਸੁਣਾਈ ਦਿੱਤਾ ਜਿਵੇਂ ਕਹਿ ਰਹੀ ਹੋਵੇ, “ਵੇ ਅਮੀਰ ਜਾਦਿਓ ਮੈਂ ਧਾਡੀਆਂ ਫੋਕੀਆਂ ਸ਼ਾਨਾਂ ਤੇ ਸਾਂਝਾਂ ਨੂੰ ਰਗੜ ਕੇ ਕੀ ਫੋੜੇ ਤੇ ਲਾਉਣਾ ਏ, ਮੈਨੂੰ ਤਾਂ ਆਹੀ ਰੁਪੱਈਏ-ਧੇਲੀ ਦੀ ਗਰਜ ਏ। ੌ

“ਅੱਲਾ-ਤਾਅਲਾ ਤੈਨੂੰ ਹੋਰ ਨੇਹਮਤਾਂ ਬਖਸ਼ੇ ਪੁੱਤਰਾ।। ।। ੌ ਉਸ ਨੇ ਦੁਆ ਮੰਗਦੇ ਅੰਦਾਜ਼ ਵਾਲੇ ਹੱਥਾਂ ਨੂੰ ਮੇਰੇ ਹੋਰ ਨੇੜੇ ਕੀਤਾ। ਪਸੀਜ਼ ਕੇ ਮੇਰਾ ਹੱਥ ਬਟੂਆ ਕੱਢਣ ਲਈ ਪੈਂਟ ਦੀ ਪਿਛਲੀ ਜੇਭ ਵੱਲ ਗਿਆ। ਮੇਰੇ ਬਟੂਆ ਕੱਢਣ ਤੋਂ ਪਹਿਲਾਂ ਹੀ ਇੱਕ ਰਿਕਸ਼ੇ ਵਾਲਾ ਨੌਜਵਾਨ ਛਾਲ ਮਾਰ ਕੇ ਸਾਡੇ ਵਿਚਕਾਰ ਆ ਖੜੋਤਾ।

“ਓਏ ਜਾ ਮਾਈ ਪਰ੍ਹੇ ਕੀ ਕੁਫ਼ਰ ਖਿਡਾਉਣ ਡਹੀ ਏਂ, ਰਤੀ ਲੱਜ ਨੀਂ ਪਈ ਆਉਂਦੀ ਏਹਨੂੰ ਬਿੱਜ ਕਿਸੇ ਥਾਂ ਦੀ ਨੂੰ, ਬਿਜਤੀ ਕਰਾਏਂਗੀ ਪੂਰੇ ਮੁਲਕ ਦੀ, ਮਰਨ ਜੋਗੀ ਨਾ ਹੋਏ ਤੇ।। ।। ੌ ਉਸ ਨੇ ਮਾਈ ਦਾ ਅੱਗਾ ਵਲਦਿਆਂ ਉਸਨੂੰ ਪਿਛਾਂਹ ਧੱਕਿਆ।

“ਸਰਦਾਰ ਜੀ ਜ਼ਰੂਰਤ ਨੲ੍ਹੀਂ ਏਸ ਨਖਾਫ਼ਣੀ ਨੂੰ ਕੁੱਝ ਦੇਣ ਦੀ, ਨਿਰੀ ਬਿਲੱਜ ਏ ਬੁਢੜੀ, ਅਕਲ ਸ਼ਹੂਰ ਕੋ-ਨੀ ਏਹਨੂੰ। ਤੁਸੀਂ ਹੋਰ ਸੁਣਾਓ ਕਿੱਦਾਂ ਲੱਗਿਆ ਸਾਡਾ ਲਾਹੌਰ? ੌ ਉਸ ਨੇ ਮੂਵੀ ਕੈਮਰੇ ਵਾਂਗੂੰ ਮੇਰੇ ਤੋਂ ਨਿਗਾਹਾਂ ਤੋਰਦਿਆਂ ਰੋਸ਼ਨੀਆਂ `ਚ ਨਹਾਏ ਜਗਮਗ ਕਰਦੇ ਪੂਰੇ ਲਾਹੌਰ ਉਤੋਂ ਦੀ ਨਜ਼ਰ ਫੇਰੀ। ਉਹ ਜਿਵੇਂ ਆਪਣੀਆਂ ਅੱਖਾਂ ਨਾਲ ਮੈਨੂੰ ਲਾਹੌਰ ਦੀ ਸ਼ਾਨ ਵਿਖਾ ਰਿਹਾ ਸੀ। ਉਂਜ ਭਾਵੇਂ ਉਸ ਨੂੰ ਆਪਣੇ ਮੁਲਕ ਨਾਲ ਸੌ ਗਿਲੇ-ਸ਼ਿਕਵੇ ਹੋਣ ਪਰ ਬਿਗਾਨੇ ਮੁਲਕ ਵਾਲਿਆਂ ਦੇ ਸਾਹਮਣੇ ਉਹ ਉਸਨੂੰ ਹੌਲਾ ਨਹੀਂ ਪੈਣ ਦੇਣਾ ਚਾਹੁੰਦਾ ਸੀ। ਮੈਨੂੰ ਉਹ ਕੁੱਝ ਖਾਸ ਜਿਹਾ ਲੱਗਿਆ। ਮੈਂ ਰਤਾਂ ਕੁ ਵਧੇਰੇ ਰੁਚੀ ਲੈਂਦਿਆਂ ਉਸਦਾ ਨਾਂ ਪੁੱਛਿਆ। “ਅਫਜ਼ਲ ਏ ਸਰਦਾਰ ਜੀ, ਪੂਰੀਆਂ ਦਸ ਜਮਾਤਾਂ ਪਾਸ ਆਂ ਜੀ ਅੱਲਾ ਦੇ ਫਜ਼ਲ ਨਾਲ। ੌ ਉਸ ਨੇ ਜੋਸ਼ ਨਾਲ ਬਣਦੇ ਉ-ੱਤਰ ਤੋਂ ਕੁੱਝ ਵੱਧ ਹੀ ਦੱਸਿਆ।

“ਫਿਰ ਇਹ ਰਿਕਸ਼ਾ।। । ? ੌ ਮੈਂ ਸੰਕੋਚ ਜਿਹੇ ਨਾਲ ਪੁੱਛਿਆ।

“ਹੋਰ ਨੌਕਰੀਆਂ ਕਿੱਥੇ ਧਰੀਆਂ ਪਈਆਂ ਨੇ ਸਰਦਾਰ ਜੀ, ਖੈਰ ਛੱਡੋ ਜੀ।। । ਭਲਾ ਓਧਰ ਧਾਡ੍ਹੇ ਵੱਲ ਕੀ ਸੂਰਤ-ਏ-ਹਾਲ ਏ? ੌ ਉਸ ਨੇ ਇਉਂ ਹਰਬੜੀ ਜਿਹੀ `ਚ ਕਿਹਾ ਜਿਵੇਂ ਅਣਜਾਣੇ ਵਿੱਚ ਹੀ ਉਸਤੋਂ ਆਪਣੇ ਮੁਲਕ ਦੀ ਬੇਇਜ਼ਤੀ ਹੋ ਗਈ ਹੋਵੇ।

“ਅਫ਼ਜ਼ਲ ਭਾਈ ਓਧਰ ਵੀ ਇਹੋ ਹਾਲ ਐ, ਸਰਕਾਰ ਦੇ ੋਫਜ਼ਲੋ ਨਾਲ। ੌ ਮੈਂ ਉਸ ਦੀ ਬੋਲੀ ਬੋਲਦਿਆਂ ਮਿੰਨ੍ਹਾਂ ਜਿਹਾ ਮੁਸਕਰਾ ਕੇ ਉਸਨੂੰ ਯਕੀਨ ਦੁਆਇਆ ਕਿ ਇਸ ਪੱਖੋਂ ਆਪਣੀ ਹੋਰ ਵੀ ਗੂੜ੍ਹੀ ਸਾਂਝ ਹੈ।

“ਹਲਾ! ਮੈਂ ਤੇ ਸੋਚਿਆ ਪਈ ਸਾਡੇ ਈ ਕੋਈ ਮਾਰ ਵਗੀ ਏ। ੌ ਉਹ ਅਜੀਬ ਜਿਹੇ ਉਤਸ਼ਾਹ ਵਿੱਚ ਬੋਲਿਆ। ਉਹ ਮੇਰੇ ਰਤਾ ਕੁ ਹੋਰ ਨੇੜੇ ਹੋ ਗਿਆ ਜਿਵੇਂ ਕੋਈ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹੋਵੇ ਪਰ ਸਾਨੂੰ ਲੈਣ ਲਈ ਗੱਡੀ ਆ ਗਈ ਸੀ। ਮੈਂ ਤੁਰਨ ਲਈ ਕਦਮ ਪੱਟਿਆ ਤਾਂ ਅਫਜ਼ਲ ਨੇ ਸੁਲਾਹ ਮਾਰੀ, “ਕੀ ਖਿਦਮਤ ਕਰਾਂ ਸਰਦਾਰ ਸਾਹਿਬ? ਕੋਈ ਲੱਸੀ-ਪਾਣੀ ਪੀਂਦੇ ਜਾਓ, ਦਾਰੂ-ਸਿੱਕੇ ਵੱਲੋਂ ਤੇ ਏਥੇ ਕਰਫੂ-ਆਡਰ ਲੱਗਿਆ ਹੋਇਆ ਜੇ। ੌ ਉਸ ਨੇ ਹੱਸ ਕੇ ਅਪਣੱਤ ਨਾਲ ਕਿਹਾ ਜਿਵੇਂ ਮੈਨੂੰ ਚਿਰਾਂ ਦਾ ਜਾਣਦਾ ਹੋਵੇ।

“ਜਿਉਂਦਾ ਵਸਦਾ ਰਹਿ ਅਫ਼ਜ਼ਲ। ੌ ਕਹਿੰਦਿਆਂ ਮੈਂ ਗੱਡੀ ਵੱਲ ਤੁਰ ਪਿਆ। ਮੇਜ਼ਬਾਨ ਮੁੰਡਿਆਂ ਨੇ ਸਾਰਿਆਂ ਦਾ ਸਮਾਨ ਗੱਡੀ ਵਿੱਚ ਟਿਕਾ ਦਿੱਤਾ ਸੀ।

ਪਤਾ ਨਹੀਂ ਕਿਉਂ ਮੈਂ ਉਚੇਚ ਨਾਲ ਗੱਡੀ ਦੀ ਉਸ ਬੰਨੇ ਵਾਲੀ ਸੀਟ ਉਤੇ ਬੈਠਾ ਜਿਧਰ ਅਫਜ਼ਲ ਰਿਕਸ਼ਾ ਲਈ ਖੜ੍ਹਾ ਸੀ। ਮੈਂ ਪਰਦਾ ਰਤਾ ਕੁ ਪਰ੍ਹੇ ਕੀਤਾ। ਉਹ ਆਪਣੇ ਰਿਕਸ਼ੇ ਦੀ ਬਰੇਕ ਨਾਲ ਖੇਡਦਿਆਂ ਗਹਿਰੀ ਹਸਰਤ ਨਾਲ ਇੱਕ ਟੱਕ ਗੱਡੀ ਵੱਲ ਵੇਖੀ ਜਾ ਰਿਹਾ ਸੀ।

 

 

ਫੂਡ ਸਟਰੀਟ

ਸਟੇਸ਼ਨੋਂ ਸਿੱਧੇ ਗਵਾਲ ਮੰਡੀ ਦੀ ਮਸ਼ਹੂਰ ਫੂਡ ਸਟਰੀਟ ਵਿੱਚ ਪਹੁੰਚੇ ਕਿਉਂਕਿ ਖਾਓ-ਪੀਓ ਦਾ ਵੇਲਾ ਹੋ ਗਿਆ ਹੋਇਆ ਸੀ। ਪੀਓ ਦਾ ਤਾਂ ਇਥੇ ਨਹੀਂ ਕਹਿਣਾ ਚਾਹੀਦਾ ਕਿਉਂਕਿ ਸ਼ਰਾਬ ਉਤੇ ਪਾਬੰਦੀ ਹੋਣ ਕਰਕੇ ਜ਼ਿਆਦਾਤਰ ਮੱਧਵਰਗੀ ਲੋਕ ਭਲੇਮਾਣਸਾਂ ਵਾਂਗ ਵੇਲੇ ਸਿਰ ਹੀ ਖਾਣੇ ਦੀ ਮੇਜ ਉਤੇ ਆ ਬੈਠਦੇ ਹਨ। ਭਾਰਤੀ ਪੰਜਾਬ ਹੁੰਦਾ ਤਾਂ ਹੁਣ ਨੂੰ ਕਿਸੇ ਨਾ ਕਿਸੇ ਮਨਚਲੇ ਨੇ ਇਹ ਕਹਿ ਕੇ ਛਿੰਜੜੀ ਛੇੜ ਦੇਣੀ ਸੀ, ੋਪਹਿਲਾਂ ਰੋਟੀ ਖਾਣ ਜੋਗੇ ਤਾਂ ਹੋ ਲੀਏ। ੋ ਪਰ ਇਥੋਂ ਦੇ ਮਾਹੌਲ ਮੁਤਾਬਕ ਸਭ ਨੇ ਦੜ ਵੱਟ ਕੇ ਮੁਹੱਬਤ ਦੇ ਜ਼ਾਮ ਨਾਲ ਹੀ ਕੰਮ ਚਲਾਉਣਾ ਬੇਹਤਰ ਸਮਝਿਆ।

ਤੁਰਨ ਵੇਲੇ ਇਕ-ਦੋ ਬੋਤਲਾਂ ਨਾਲ ੋਖੜਨ’ ਦੀ ਗੱਲ ਮਲਵੀਂ ਜਿਹੀ ਜੀਭ ਨਾਲ ਕੀਤੀ ਵੀ ਗਈ ਸੀ ਪਰ ਇਸ ਸੁਝਾਅ ਵੱਲ ਕਿਸੇ ਨੇ ਕੰਨ ਨਾ ਕੀਤਾ। “ਏਹ ਨਾ ਹੋਵੇ ਪਈ ਬੋਤਲਾਂ ਵਾਘਾ ਬਾਰਡਰ ਤੇ ਰਹਿ ਜਾਣ ਤੇ ਆਪਾਂ ਸਰਬਜੀਤ ਦੀ ਲਾਗਲੀ ਕੋਠੀ ਵਿੱਚ ਫਾਥੇ ਹੋਈਏ। ੌ ਕਹਿ ਕੇ ਤਲਵਿੰਦਰ ਨੇ ਪੀਣ-ਖਾਣ ਵਾਲਿਆਂ ਦੀ ਇੱਛਾ ਦੀ ਜੰਮਣ ਤੋਂ ਪਹਿਲਾਂ ਹੀ ਸੰਘੀ ਘੁੱਟ ਦਿੱਤੀ ਸੀ।

ਸਟੇਸ਼ਨ ਤੋਂ ਆਉਂਦਿਆਂ ਕੁੱਝ ਜਗਮਗਾਉਂਦੇ ਬਜ਼ਾਰਾਂ ਵਿਚੋਂ ਲੰਘੇ ਸਾਂ। ਹੋਰ ਦੁਨੀਆਂ-ਭਰ ਦੀਆਂ ਵਸਤਾਂ ਦੇ ਸ਼ੋਅ-ਰੂਮ ਇੱਕ ਦੂਜੇ ਤੋਂ ਵਧਕੇ ਸਨ ਪਰ ਠੇਕਾ ਕਿਧਰੇ ਨਜ਼ਰ ਨਹੀਂ ਸੀ ਆਇਆ। ਨਾ ਹੀ ਭਾਰਤ ਵਾਂਗੂੰ ਉਹ ਦਿਓ-ਕੱਦ ਇਸ਼ਤਿਹਾਰੀ ਬੋਰਡ ਦਿਸੇ ਸਨ ਜਿਨ੍ਹਾਂ ਉਤੇ ਕੋਈ ਅਪਸਰਾਂ ਜ਼ਾਮ ਪੇਸ਼ ਕਰਦਿਆਂ ਖੁਦ ਪੈ-ੱਗ ਵਾਂਗ ਛਲਕਦੀ ਦਿਖਾਈ ਦਿੰਦੀ ਹੋਵੇ।

ਪਾਬੰਦੀ ਕਾਰਨ ਪਾਕਿਸਤਾਨੀ ਮੱਧਵਰਗ ਵਿੱਚ ਪੈਦਾ ਹੋਈ ਦਾਰੂ ਦੀ ਸਿੱਕ ਨੂੰ ਪੇਸ਼ ਕਰਦਾ ਇੱਕ ਲਤੀਫਾ ਇਕਬਾਲ ਕੈਸਰ ਨੇ ਆਉਂਦਿਆਂ ਗੱਡੀ ਵਿੱਚ ਸਾਂਝਾ ਕੀਤਾ ਸੀ, ਅਖੇ ਦੋ ਮੁਸਲਮਾਨ ਕਵੀਆਂ ਨੇ ਕਿਤੋਂ ਅਧੀਏ ਦਾ ਜੁਗਾੜ ਕਰ ਲਿਆ। ਸਾਇਕਲ ਤੇ ਜਾ ਰਹੇ ਸਨ ਕਿ ਆਟੋ ਸਾਈਡ ਮਾਰ ਗਿਆ। ਸੜਕ ਤੇ ਡਿੱਗੇ ਤਾਂ ਡੱਬ `ਚ ਅਧੀਆ ਟੁੰਗ ਕੇ ਬੈਠੇ ਦੋਸਤ ਨੂੰ ਧੁੰਨੀਓਂ ਹੇਠਾਂ ਕੁੱਝ ਗਿੱਲਾ ਗਿੱਲਾ ਮਹਿਸੂਸ ਹੋਇਆ। ਹੜਬੜੀ ਵਿੱਚ ਉਸਦੇ ਮੂੰਹੋਂ ਨਿਕਲਿਆ, “ਖੁਦਾਇਆ ਖੂਨ ਈ ਹੋਵੇ। ੌ

ਫੂਡ ਸਟਰੀਟ ਦੇ ਦਾਖਲੇ ਵਾਲੇ ਸਿਰੇ ਤੇ ਹੀ ਫਰਖੰਦਾ ਲੋਧੀ, ਪਰਵੀਨ ਮਲਿਕ, ਜਵੇਦ ਰਾਣਾ, ਨਸਰੀਨ ਅੰਜੁਮ ਭੱਟੀ ਹੋਰਾਂ ਗੁਲਾਬ ਦੇ ਸੱਜਰੇ ਫੁੱਲਾਂ ਦੇ ਹਾਰ ਪਾ ਕੇ ਸਾਡਾ ਨਿੱਘਾ ਸੁਆਗਤ ਕੀਤਾ। ਉਹੋ ਜਿਹਾ ਬੋਲ ਕੇ ਪਿਆਰ ਜਤਾਉਣ ਵਾਲਾ ਲਹਿਜ਼ਾ ਮੈਂ ਪੂਰਬੀ ਪੰਜਾਬ ਵਿੱਚ ਕਿਤੇ ਨਹੀਂ ਵੇਖਿਆ-ਸੁਣਿਆਂ। ਉਹ ਜੱਫੀ ਪਾ ਕੇ ਮਿਲਦਿਆਂ ਨਾਲ ਨਾਲ ਉ-ੱਚੀ ਆਵਾਜ਼ ਵਿੱਚ ਬੋਲਦੇ:

-           “ਓਏ ਸੋਹਣਿਆਂ ਸਰਦਾਰਾ ਸਾਸਰੀ ਅਕਾਲ, ਭਲਾਂ ਸੁਖਾਂ ਲੱਧਿਆ ਇਉਂ ਵਿੱਥੀ ਜਿਹੀ ਪਾ ਕੇ ਕਿਉਂ ਖਲਾ ਏਂ? ਰਤਾ ਕੋਲ ਹੋ ਨਾ, ਗਲੇ ਲੱਗ, ਰਤਾ ਠੰਡ ਪਵੇ ਕਲੇਜੜੇ ਨੂੰ। ੌ

-           “ਹਲੇ ਦੂਰ ਨਾ ਹੋ ਪ੍ਰਾਹੁਣਿਆਂ, ਓਏ ਸਿਕਦੀਆਂ ਅੱਖਾਂ ਨੂੰ ਰੱਜ ਤਾਂ ਆ ਲੈਣ ਦੇ, ਰੂਹ ਤਾਂ ਭਰ ਲੈਣ ਦੇ, ਦੀਦਾਰ ਦੀ ਭੁੱਖ-ਤ੍ਰੇਹ ਨਾਲ ਮਰ ਲੱਥੀ ਏ ਵਿਚਾਰੀ। ੌ

-           ਇੰਜ ਈ ਛੇਤੀ ਛੇਤੀ ਮਿਲਿਆ ਕਰੋ ਓਏ ਜੀਅ ਦੇ ਬੇਲੀਓ, ਬਿਨ ਤੱਕਿਆਂ ਤੇ ਇਮਾਨ ਨਾਲ ਜੀਣਾ ਮੁਹਾਲ ਹੋ ਜਾਂਦਾ ਏ, ਆਉਣ ਵਿੱਚ ਡਾਢਾ ਵਕਤ ਲਾ ਦਿੰਦੇ ਓ। ੌ

ਪੂਰਬੀ ਪੰਜਾਬ ਵਿੱਚ ਤਾਂ ਇਸ ਮੁਹੱਬਤੀ ਸ਼ੈਲੀ ਨੂੰ ਫਿਊਡਲ ਮੁਹਾਵਰਾ ਕਹਿ ਕੇ ਕਦੋਂ ਦੀ ਅਲਵਿਦਾ ਕਹੀ ਜਾ ਚੁੱਕੀ ਹੈ। ੋਹੈਲੋ`, ੋਓ ਕੇ’ ੋਫਾਈਨ`, ੋਯਾਹਅ’ ਵਰਗੇ ਸ਼ਬਦ ਘੁਸਪੈਠ ਕਰ ਕੇ ਸਾਡੇ ਆਮ ਬੋਲ-ਚਾਲ ਵਿੱਚ ਆ ਵੜੇ ਹਨ। ਸੰਚਾਰ ਤਾਂ ਭਾਵੇਂ ਇਹ ਵੀ ਕਰਦੇ ਹਨ ਪਰ ਖਲੂਸ ਦੀ ਚਾਸ਼ਣੀ `ਚ ਲਿਪਟੇ ਨਹੀਂ ਜਾਪਦੇ। ਇਸ ਲਈ ਮੈਨੂੰ ਉਹ ਅਲੰਕਾਰਕ ਅਤੇ ਰਸਮੀ ਸ਼ਬਦਾਂ ਵਾਲੀ ਬੋਲ-ਚਾਲ ਬੜੀ ਅਲੋਕਾਰੀ ਲੱਗੀ। ਜਵਾਬ ਵਿੱਚ ਮੈਂ ਇੱਕ ਸ਼ਬਦ ਵੀ ਨਾ ਬੋਲ ਸਕਿਆ, ਬੱਸ ਖਸਿਆਣਾ ਜਿਹਾ ਹੱਸ ਕੇ ਕੰਮ ਚਲਾਉਂਦਾ ਰਿਹਾ।

“ਲਾਈਟ ਬੀਅਰ ਜਿੰਨਾ ਨਸ਼ਾ ਤਾਂ ਇਨ੍ਹਾਂ ਪੱਟੂਆਂ ਦੇ ਵਿਸ਼ੇਸ਼ਣ ਸੁਣ ਸੁਣ ਹੋ ਜਾਂਦਾ ਵੇ, ਕਿ ਨਈਂ? ੌ ਤਲਵਿੰਦਰ ਨੇ ਮੇਰੇ ਕੰਨ ਕੋਲ ਮੂੰਹ ਕਰ ਕੇ ਸਰਗੋਸ਼ੀ ਛੱਡੀ।

ਮੁਹੱਬਤ ਦੀ ਖ਼ੁਮਾਰੀ ਵਿੱਚ ਅਸੀਂ ਇੱਕ ਉਸ ਫੂਡ-ਸ਼ਾਪ ਅੱਗੇ ਜਾ ਬੈਠੇ ਜੋ ਸਾਡੇ ਲਈ ਰਾਖਵੀਂ ਰੱਖੀ ਹੋਈ ਸੀ। ਬਾਕੀਆਂ ਵਾਂਗ ਇਸ ਫੂਡ-ਸ਼ਾਪ ਦਾ ਸਟਾਈਲ ਵੀ ਉਹੀ ਸੀ। ਸਾਫ਼-ਸੁਥਰੀ ਸ਼ਾਪ ਦੇ ਅਗਲੇ ਸਿਰੇ ਦੇ ਇੱਕ ਪਾਸੇ ਤੰਦੂਰ ਤਪ ਰਿਹਾ ਸੀ ਅਤੇ ਦੂਜੇ ਪਾਸੇ ਦਾਲਾਂ ਦੇ ਦੇਗਚੇ ਪਏ ਸਨ। ਬੂਹੇ ਨਾਲ ਟੰਗੀਆਂ ਕੁੰਡੀਆਂ ਉਤੇ ਮਸਾਲਾ-ਲੱਗੇ ਮੁਰਗੇ-ਮੱਛੀਆਂ ਲਟਕ ਰਹੇ ਸਨ। ਸ਼ਾਇਦ ਸਾਡੇ ਸੰਸਕਾਰਾਂ ਦਾ ਸਤਿਕਾਰ ਕਰਦਿਆਂ ਗਾਂ-ਮਾਸ ਨੂੰ ਲਟਕਾ ਕੇ ਪ੍ਰਦਰਸ਼ਿਤ ਨਹੀਂ ਸੀ ਕੀਤਾ ਗਿਆ। ਦੁਕਾਨ ਦੇ ਸਾਹਮਣੇ ਸੜਕ ਦੇ ਅੱਧ ਤੱਕ ਮੇਜ ਲਾ ਕੇ ਯੂ ਆਕਾਰ ਦਾ ਢਾਂਚਾ ਬਣਾਇਆ ਗਿਆ ਸੀ। ਮੇਜ ਦੁਆਲੇ ਦੋਵੇਂ ਪਾਸੇ ਕੁਰਸੀਆਂ ਲੱਗੀਆਂ ਹੋਈਆਂ ਸਨ।

ਦੂਰ ਤੱਕ ਇਸੇ ਤਰ੍ਹਾਂ ਦੁਕਾਨਾਂ ਅਤੇ ਉਨ੍ਹਾਂ ਅੱਗੇ ਸਮਾਨ ਨਾਲ ਭਰੇ ਮੇਜ ਸਨ। ਇਉਂ ਲਗਦਾ ਸੀ ਜਿਵੇਂ ਕਿਸੇ ਖੱਬੀ ਖਾਨ ਚੌਧਰੀ ਦੀ ਜੰਨ ਵਿੱਚ ਆਏ ਲੋਕ ਵੰਨ-ਸੁਵੰਨੇ ਪਕਵਾਨਾਂ ਦਾ ਲੁਤਫ਼ ਲੈ ਰਹੇ ਹੋਣ।

ਗਲੀ ਦੇ ਦੋਵੇਂ ਪਾਸੀਂ ਬਣੀਆਂ ਪੁਰਾਣੀਆਂ ਦੁਮੰਜ਼ਲੀਆਂ ਹਵੇਲੀਆਂ ਨੂੰ ਛੋਟੇ-ਛੋਟੇ ਰੰਗ-ਬਿਰੰਗੇ ਫੋਕਸੀ ਬਲਬਾਂ ਨਾਲ ਰੁਸ਼ਨਾਇਆ ਹੋਇਆ ਸੀ। ਬੂਹੇ-ਬਾਰੀਆਂ ਅੱਗੇ ਚਿੱਕਾਂ ਅਤੇ ਪਰਦੇ ਉਚੇਚ ਨਾਲ ਤਾਣੇ ਹੋਏ ਸਨ। ਹਵੇਲੀਆਂ ਦੇ ਮੱਥੇ ਉਤੇ ਲਿਖੇ ਹਿੰਦੂ ਨਾਂ ਦਸਦੇ ਸਨ ਕਿ ਸੰਤਾਲੀ ਤੋਂ ਪਹਿਲਾਂ ਉਹ ਲੋਕ ਇਥੇ ਵਸਦੇ ਰਹੇ ਹੋਣਗੇ। ਭਾਵੇਂ ਪਾਕਿਸਤਾਨ ਵਿਚੋਂ ਉਨ੍ਹਾਂ ਦਾ ਸੀਰ ਮੁੱਕ ਗਿਆ ਸੀ ਪਰ ਕੁੱਝ ਨਿਸ਼ਾਨ ਉਨ੍ਹਾਂ ਦੀ ਯਾਦ ਨੂੰ ਅਜੇ ਵੀ ਤਾਜ਼ਾ ਰੱਖ ਰਹੇ ਸਨ।

ਉਂਜ ਤਾਂ ਫੂਡ ਸਟਰੀਟ ਵਿੱਚ ਛੱਤੀ ਹੀ ਨਹੀਂ ਨੌ ਸੌ ਛੱਤੀ ਕਿਸਮ ਦੇ ਪਦਾਰਥ ਹੋਣਗੇ ਪਰ ਪਾਕਿਸਤਾਨੀ ਪੰਜਾਬੀਆਂ ਦੇ ਸੁਹਜ-ਸੁਆਦ ਮੁਤਾਬਕ ਗੋਸ਼ਤ ਦਾ ਬੋਲਬਾਲਾ ਸੀ। ਸਤੀਸ਼ ਵਰਮਾ ਅਤੇ ਦੇਵ ਦਰਦ ਵਰਗੇ ਵੈਸ਼ਨੂੰ ਬੰਦਿਆਂ ਨੂੰ ਆਪਣਾ ਧਰਮ ਭ੍ਰਿਸ਼ਟ ਹੁੰਦਾ ਪ੍ਰਤੱਖ ਨਜ਼ਰ ਆ ਰਿਹਾ ਸੀ।

“ਜੇ ਮੈਂ ਕਿਤੇ ਪਾਕਿਸਤਾਨ ਦਾ ਸਫ਼ਰਨਾਮਾ ਲਿਖਿਆ ਤਾਂ ਉਹਦਾ ਨਾਂ ਰੱਖੂੰਗਾ ਇੰਨ ਸਰਚ ਔਫ ਯੈਲੋ ਦਾਲ ਯਾਨੀ ਮੂੰਗੀ-ਮਸਰੀ ਦੀ ਭਾਲ ਵਿਚ। ੌ ਇੱਕ ਗੋਸ਼ਾ ਪਕੜਦਿਆਂ ਸਤੀਸ਼ ਵਰਮਾ ਨੇ ਮਨ ਦੀ ਕਹੀ।

“ਐਧਰ ਵੀ ਗੋਸ਼ਤ ਔਧਰ ਵੀ ਗੋਸ਼ਤ ਚਾਰੇ ਪਾਸੇ ਗੋਸ਼ਤ ਹੀ ਗੋਸ਼ਤ। ੌ ਸ਼ਤੀਸ਼ ਵਰਮਾ ਨੇ ਖੁਫ਼ੀਆ ਜਿਹੇ ਢੰਗ ਨਾਲ ਹਸਦਿਆਂ ਪਹਿਲਾਂ ਪਰ੍ਹੇ ਬੈਠੇ ਬੰਦੇ ਦੀ ਗੋਗੜ ਵੱਲ ਇਸ਼ਾਰਾ ਕੀਤਾ ਅਤੇ ਫਿਰ ਸਲਾਖਾਂ ਉਤੇ ਟੰਗੇ ਪਏ ਮੁਰਗਿਆਂ ਵੱਲ। ਨਾਲ ਨਾਲ ੋਗੋਸ਼ਤ’ ਨਾਂ ਦੀ ਕਵਿਤਾ ਘੜਨ ਲਈ ਤੁਕਬੰਦੀ ਕਰਨ ਲੱਗਿਆ।

“ਵਰਮਾ ਜੀ ਅਸਲ ਵਿੱਚ ਫੂਡ ਸਟਰੀਟ ਤਾਂ ਮੇਰੇ ਵਰਗਿਆਂ ਲਈ ਐ ਜੇਹੜੇ ਸਮੂਹ ਖਾਧ-ਪਦਾਰਥਾਂ ਨੂੰ ਕਿਸੇ ਧਰਮ-ਨਿਰਪੱਖ ਰਾਜੇ ਵਾਂਗੂੰ ਇਕੋ ਅੱਖ ਨਾਲ ਵੇਖਦੇ ਐ, ਵਾਹ! ਕਿਆ ਲਪਟਾਂ ਆ ਰਹੀਐਂ। ੌ ਮੈਂ ਮਚਲਦਿਆਂ ਬੁੱਲ੍ਹਾਂ ਉਤੇ ਜੀਭ ਫੇਰੀ ਜਿਵੇਂ ਲਜੀਜ਼ ਖਾਣੇ ਵੇਖ ਕੇ ਮੂੰਹ `ਚ ਪਾਣੀ ਆ ਰਿਹਾ ਹੋਵੇ।

“ਗੋਸ਼ਤ ਆਖੇ ਮੈਂ ਗੋਸ਼ਤ ਖਾਣਾ ਤੇ ਗੋਸ਼ਤ।। ।। ੌ ਸਤੀਸ਼ ਵਰਮਾ ਅੰਦਰਲਾ ਕਵੀ ਚਾਂਭਲ ਕੇ ਹੋਰ ਧੁਰਲੀਆਂ ਮਾਰਨ ਲੱਗਿਆ।

ਪਲਾਂ-ਛਿਣਾ ਵਿੱਚ ਹੀ ਮੇਜ਼ ਭਾਂਤ-ਸੁਭਾਂਤੇ ਖਾਣਿਆਂ ਨਾਲ ਭਰ ਗਿਆ। ਕੀ ਖਾਵਾਂ ਕੀ ਛੱਡਾਂ ਵਾਲੀ ਗੱਲ ਬਣ ਗਈ। ਤਵਾ-ਮੱਛੀ ਕੰਡਿਆਂ ਵਾਲੀ ਅਤੇ ਸਿੰਗਲ ਪੀਸ ਹੋਣ ਕਰਕੇ ਖਾਣੀ ਵਾਹਵਾ ਔਖੀ ਸੀ। ਡਰ ਲਗਦਾ ਸੀ ਕਿ ਕਿਤੇ ਕੰਡਾ ਸੰਘ ਵਿੱਚ ਫਸ ਗਿਆ ਤਾਂ ਡਾਕਟਰਾਂ ਕੋਲ ਭੱਜੇ ਫਿਰਾਂਗੇ। ਪਰ ਸੁਆਦ ਛੱਡਣ ਵੀ ਨਹੀਂ ਦਿੰਦਾ ਸੀ।

“ਭਾ-ਜੀ ਖਾਣ-ਪੀਣ ਵੱਲਂੋ ਤੇ ਭਲਾ ਮੈਂ ਵਰਮਾ ਜੀ ਦੀ ਪਾਰਟੀ ਦਾ ਬੰਦਾ ਵਾਂ, ਪਰ ਸਾਡੇ ਅੱਲੇ ਭਾਊ ਆਂਹਦੇ ਹੁੰਦੇ ਨੇ ਪਈ ਮੱਛੀ ਤੇ ਜਨਾਨੀ ਕੰਡੇ ਵਾਲੀ ਲੁਤਫ਼ ਦੇਂਦੀ ਏ, ਕਮਾਲ ਏ ਬਾਬਿਓ ਮੱਛੀ। ੌ ਕੋਲ ਬੈਠੇ ਦੇਵ ਦਰਦ ਨੇ ਮੱਛੀ ਦਾ ਫ਼ਲਸਫ਼ਾ ਪੇਸ਼ ਕੀਤਾ।

“ਐਥੇ ਤਾਂ ਸੌਹਰੀ ਦਾਲ ਵੀ ਇਉਂ ਲਗਦੀ ਐ ਜਿਵੇਂ ਉਤੇ ਮੀਟ ਦੀ ਤਰੀ ਦੀ ਕੜਛੀ ਪਾਈ ਹੋਵੇ। ੌ ਸਤੀਸ਼ ਵਰਮਾ ਨੇ ਭਰਵੇਂ ਤੜਕੇ ਵਾਲੀ ਦਾਲ ਕੌਲੀ `ਚ ਪਾਉਂਦਿਆਂ ਫੇਰ ਵਹਿਮ ਕੀਤਾ।

“ਲਗਦੀ ਕੀਐ ਜੀ, ਏਹ ਤਾਂ ਪੱਕ ਈ ਐ। ੌ ਮੈਂ ਛੇੜਖਾਨੀ ਕੀਤੀ।

“ਓਏ ਜਾ ਪਰ੍ਹੇ ਬਦਮਾਸ਼ ਕਿਸੇ ਥਾਂ ਦਾ, ਮਸਾਂ ਮੇਰੇ ਕੰਮ ਦੀ ਇੱਕ ਚੀਜ਼ ਲੱਭੀ ਐ, ਏਹਤੋਂ ਉਹ ਵੀ ਨੀ ਜਰੀ ਜਾਂਦੀ। ੌ ਸ਼ਤੀਸ਼ ਵਰਮਾ ਦੀ ੋਸਰਚ’ ਪੂਰੀ ਹੋ ਗਈ।

ਖਾਣ-ਪੀਣ ਦੀਆਂ ਵਸਤਾਂ ਦੀ ਵੰਨਗੀ ਵੇਖ ਕੇ ਮੈਨੂੰ ਲੱਗਿਆ ਕਿ ਇਹ ਏਸ਼ੀਆਈ ਕਿਸਮ ਦੇ ਮਾਡਲ-ਢਾਬੇ ਸਨ। ਇਨ੍ਹਾਂ ਵਿੱਚ ਪਰੰਪਰਾ ਅਤੇ ਆਧੁਨਿਕਤਾ ਬਾਂਹ `ਚ ਬਾਂਹ ਪਾਈ ਤੁਰਦੀਆਂ ਨਜ਼ਰ ਆਈਆਂ। ਇੱਕ ਪਾਸੇ ਕੋਕ, ਸਪਰਾਈਟ, ਬਿਸਲੇਰੀ ਦੀਆਂ ਬੋਤਲਾਂ ਹਿੱਕ ਤਾਣੀ ਖੜ੍ਹੀਆਂ ਸਨ ਤਾਂ ਦੂਜੇ ਪਾਸੇ ਲੱਸੀ, ਹਲਵਾ, ਪੂਰੀਆਂ, ਪਰੌਂਠੇ, ਨਾਨ ਵੀ ਕਿਸੇ ਦੀ ਨੂੰਹ-ਧੀਆਂ ਨਾਲੋਂ ਘੱਟ ਅਖਵਾਉਂਣ ਵਾਲੇ ਨਹੀਂ ਸਨ। ਜੇ ਕੋਈ ਸਬਜੀ ਪੱਛਮੀ ਸੀ ਤਾਂ ਤੜਕਾ ਦੇਸੀ। ਜੇ ਫਰੂਟ ਬਾਹਰਲਾ ਸੀ ਤਾਂ ਨਾਲ ਲਿਪਟੀ ਕਰੀਮ-ਮਖਣੀ ਆਪਣੀ। ਇਥੇ ਵਿਸ਼ਵੀਕਰਨ ਅਤੇ ਫਿਊਡਲਵਾਦ ਜੌੜੇ ਭਰਾਵਾਂ ਵਾਂਗ ਇੱਕ ਦੂਜੇ ਦੇ ਹਮਸ਼ਕਲ ਬਣ ਕੇ ਭੁਲਾਂਦਰਾ ਪਾਉਂਦੇ ਜਾਪਦੇ ਸਨ। ਸ਼ਾਇਦ ਇਸੇ ਨੂੰ ਗਲੋਕਲ ਆਖਦੇ ਹਨ।

“ਸੌਹਰੀ ਆਈਸ-ਕ੍ਰੀਮ ਵਿਚੋਂ ਵੀ ਮਾੜਾ ਮਾੜਾ ਚਰਬੀ ਦਾ ਸੁਆਦ ਜਿਹਾ ਆ ਰਿਹੈ। ੌ ਸਵੀਟ-ਡਿਸ਼ ਵਜੋਂ ਆਏ ਕੁਲਫੇ ਦਾ ਚਮਚਾ ਭਰਦਿਆਂ ਮੈਂ ਸਤੀਸ਼ ਵਰਮੇ ਨਾਲ ਫੇਰ ਦਿਲ-ਲਗੀ ਕੀਤੀ।

“ਓਏ ਚੁੱਪ ਕਰ, ਮੇਰੇ ਕੰਮ ਦੀ ਚੀਜ਼ ਵੇਖ ਕੇ ਕਿਵੇਂ ਗਸ਼ੀਆਂ ਪੈਂਦੀਐਂ ਏਹਨੂੰ। ੌ ਉਸਨੇ ਠੰਡੇ-ਮਿੱਠੇ ਕੁਲਫੇ ਦਾ ਚਟਖਾਰਾ ਲਾਇਆ।

ਖਾਣ-ਪੀਣ ਦੇ ਨਾਲ ਨਾਲ ਆਪਣੇ ਨੇੜਲਿਆਂ ਨਾਲ ਚੁੰਝ-ਚਰਚਾ ਵੀ ਭਖੀ ਹੋਈ ਸੀ। ਪ੍ਰੇਮ ਪ੍ਰਕਾਸ਼ ਅਤੇ ਜਿੰਦਰ ਹੋਰਾਂ ਕੋਲ ਪਰਵੀਨ ਮਲਿਕ ਬੈਠੀ ਸੀ। ਤਲਵਿੰਦਰ ਤੇ ਹਰਭਜਨ ਹੁੰਦਲ ਹੋਰੀਂ ਜਾਵੇਦ ਰਾਣਾ ਨਾਲ ਰੁੱਝੇ ਹੋਏ ਸਨ। ਬਲਦੇਵ ਸਿੰਘ ਸੜਕਨਾਮਾ, ਨਸਰੀਨ ਅੰਜੁਮ ਭੱਟੀ ਨਾਲ ਗੁਫ਼ਤਗੂ ਕਰ ਰਿਹਾ ਸੀ। ਮੈਂ, ਵਰਮਾ ਅਤੇ ਦਰਦ ਸਾਹਮਣੇ ਬੈਠੀ ਉਰਦੂ-ਪੰਜਾਬੀ ਦੀ ਵੱਡੀ ਅਫ਼ਸਾਨਾ-ਨਿਗਾਰ ਫਰਖੰਦਾ ਲੋਧੀ ਦਾ ਸਾਥ ਮਾਣ ਰਹੇ ਸਾਂ।

“ਅਸੀਂ ਲੋਕ ਤਾਂ ਉਰਦੂ ਵੱਲੋਂ ਹੋ ਕੇ ਮਸੀਂ ਤ੍ਰਹਿੰਦੇ ਤ੍ਰਹਿੰਦੇ ਪੰਜਾਬੀ ਮਾਂ ਬੋਲੀ ਵੱਲੇ ਆਏ ਸਾਂ, ਹੁਣ ਲਗਦਾ ਏ ਠੀਕ ਕੀਤਾ, ਤੁਸਾਂ ਲੋਕਾਂ ਦੀਆਂ ਮੁਹੱਬਤਾਂ ਨੇ ਮਾਸ਼ਾ ਅੱਲਾ ਕਦੇ ਮਹਿਸੂਸ ਈ ਨੀਂ ਹੋਣ ਦਿੱਤਾ ਪਈ ਅਸਾਂ ਕੋਈ ਘਾਟੇਵੰਦਾ ਸੌਦਾ ਕਰ ਛੋੜਿਆ ਏ। ੌ ਫਰਖੰਦਾ ਲੋਧੀ ਦੇ ਅੰਦਰ ਦੱਬਿਆ ਪੰਜਾਬੀਅਤ ਦਾ ਮੋਹ ਕੜ੍ਹ ਪਾੜ ਕੇ ਬੋਲ ਉ-ੱਠਿਆ। ਪੰਜਾਬੀ ਵਾਲਿਆਂ ਨੇ ਹਰ ਕੰਮ ਵਿੱਚ ਉਸਨੂੰ ਵੱਡਿਆਂ ਵਾਲਾ ਅਦਬ ਦੇ ਕੇ ਖੁਸ਼ ਰੱਖਿਆ ਸੀ। ਪ੍ਰਾਹੁਣਿਆਂ ਦੀ ਟਹਿਲ-ਸੇਵਾ ਵਿੱਚ ਉਰੀ ਵਾਂਗੂੰ ਘੁਕਦਾ ਫਿਰਦਾ ਇਕਬਾਲ ਕੈਸਰ ਦੋ-ਤਿੰਨ ਵਾਰ ਉਚੇਚ ਨਾਲ ਫਰਖੰਦਾ ਲੋਧੀ ਨੂੰ ੋਹੋਰ ਸੇਵਾ’ ਲਈ ਪੁੱਛ ਕੇ ਗਿਆ ਸੀ। ਇਸ ਉਚੇਚ ਨੇ ਫਰਖੰਦਾ ਲੋਧੀ ਨੂੰ ਮਾਣ ਨਾਲ ਭਰ ਦਿੱਤਾ ਸੀ। ਉਸ ਬਜ਼ੁਰਗ ਚਿਹਰੇ ਤੋਂ ਝਲਕਦਾ ਰੱਜ ਸਾਡੇ ਸਾਰਿਆਂ ਦੀ ਰੂਹ ਦਾ ਰੱਜ ਬਣ ਗਿਆ।

ਜਿਵੇਂ ਜਿਵੇਂ ਰਾਤ ਵਧ ਰਹੀ ਸੀ ਉਵੇਂ ਉਵੇਂ ਫੂਡ ਸਟਰੀਟ ਦੀ ਰੌਣਕ ਵਧ ਰਹੀ ਸੀ। ਦਸਦੇ ਸਨ ਕਿ ਉਂਜ ਤਾਂ ਇਥੇ ਸਵੇਰ ਦੇ ਚਾਰ ਵਜੇ ਤੱਕ ਚਹਿਲ-ਪਹਿਲ ਰਹਿੰਦੀ ਹੈ ਪਰ ਹੁਣ ਬਾਰਾਂ-ਇਕ ਵਜੇ ਤਾਂ ਮਹਿਫ਼ਲ ਸਿਖਰ ਉਤੇ ਪਹੁੰਚ ਗਈ ਸੀ। ਖਾਸ ਤੌਰ ਤੇ ਸਾਡੇ ਵਾਲੀ ਫੂਡ-ਸ਼ਾਪ ਉਤੇ ਭਰਪੂਰ ਗਹਿਮਾ-ਗਹਿਮੀ ਸੀ। ਸਾਡੇ ਕਾਰਨ ਮੀਡੀਏ ਦੇ ਲੋਕ ਹੁੰਮ-ਹੁੰਮਾ ਕੇ ਪਹੁੰਚੇ ਸਨ। ਪਾਕਿਸਤਾਨੀ ਸਿੱਖਾਂ ਦੇ ਦੋ-ਤਿੰਨ ਪਰਿਵਾਰ ਵਿਸ਼ੇਸ਼ ਤੌਰ ਤੇ ਆਏ ਸਨ। ਨੌਜਵਾਨ ਕਲਿਆਣ ਸਿੰਘ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨ ਵਾਲੇ ਪਰਿਵਾਰ ਵਿਚੋਂ ਸੀ। ਗੁਰਮੀਤ ਸਿੰਘ ਲਾਇਲਪੁਰੀ ਟੀ। ਵੀ। ਦੇ ਇੱਕ ਪੰਜਾਬੀ ਚੈਨਲ ਦਾ ਨੁਮਾਇੰਦਾ ਸੀ।

ਮੀਡੀਏ ਵਾਲੇ ਘੜਿਆ-ਘੜਾਇਆ ਪ੍ਰਸ਼ਨ ਪੁੱਛਦੇ ਕਿ ਅਸੀਂ ਲਾਹੌਰ ਆ ਕੇ ਕਿਵੇਂ ਮਹਿਸੂਸ ਕਰ ਰਹੇ ਹਾਂ ਅਤੇ ਅਸੀਂ ਰਟਿਆ-ਰਟਾਇਆ ਉ-ੱਤਰ ਦਿੰਦੇ ਕਿ ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਮੁਹੱਬਤਾਂ ਵਧਾਉਣ ਦਾ ਪੈਗਾਮ ਲੈ ਕੇ ਆਏ ਹਾਂ। ਦੋਵੇਂ ਧਿਰਾਂ ਹੀ ਚਾਹੁੰਦੀਆਂ ਸਾਂ ਕਿ ਇਸ ਮੇਲ-ਮਿਲਾਪ ਦੇ ਮੌਕੇ ਕੋਈ ਤਿੱਖੀ ਚੁਭਵੀਂ ਗੱਲ ਨਾ ਕੀਤੀ ਜਾਵੇ। ਇਸ ਲਈ ਆਪਣੀ ਗੱਲ-ਬਾਤ ਦੌਰਾਨ ਸਰਬਜੀਤ ਦੀ ਰਿਹਾਈ ਜਾਂ ਫਾਂਸੀ ਦਾ ਮੁੱਦਾ ਅਸੀਂ ਠੱਪ ਹੀ ਰੱਖਿਆ। ਪਹਿਲਾਂ ਹੀ ਵਿੱਥਾਂ ਘੱਟ ਨਹੀਂ ਸਨ। ਇਹ ਵਿੱਥਾਂ ਕਰਕੇ ਹੀ ਸੀ ਕਿ ਹੌਲੀ ਹੌਲੀ ਅਸੀਂ ਇੱਕ ਦੂਜੇ ਦੀ ਵਾਕਫ਼ੀ ਤੋਂ ਮਹਿਰੁਮ ਹੋਣ ਲੱਗ ਪਏ ਹਾਂ। ਮਸਲਨ ਸਾਨੂੰ ਮੁਸਲਿਮ ਨਾਂ ਅਤੇ ਉਰਦੂ-ਫ਼ਾਰਸੀ ਦੀ ਗੂੜ੍ਹ ਰੰਗਣ ਵਾਲੀ ਪੰਜਾਬੀ ਬੋਲ-ਚਾਲ ਓਪਰੇ ਲਗਦੇ ਸਨ।

ਉਨ੍ਹਾਂ ਦੇ ਮਨ-ਮਸਤਕ ਵਿੱਚ ਸਾਡੇ ਹਿੰਦੂ-ਸਿੱਖ ਨਾਵਾਂ ਦਾ ਇੱਕ ਦੂਜੇ ਵਿੱਚ ਰਲਗਡ ਹੋ ਜਾਣਾ ਆਮ ਗੱਲ ਸੀ। ਪੱਗ ਵਾਲਿਆਂ ਨੂੰ ਤਾਂ ਫਿਰ ਵੀ ਉਹ ਸਰਦਾਰ ਜੀ ਕਹਿ ਕੇ ਕੰਮ ਚਲਾ ਲੈਂਦੇ ਸਨ ਪਰ ਪ੍ਰੇਮ ਪ੍ਰਕਾਸ਼ ਨੂੰ ਵਰਮਾ ਸਾਹਿਬ ਬਣਾ ਦੇਣਾ ਕੋਈ ਵੱਡੀ ਗੱਲ ਨਹੀਂ ਸੀ। ਇੱਕ ਪੱਤਰਕਾਰ ਨੇ ਇਉਂ ਹੀ ਸਾਡੇ ਨਾਂ ਰਲਗਡ ਕਰ ਲਏ ਸਨ। ਇਹ ਜਾਨਣ ਲਈ ਕਿ ਕੋਈ ਨਾਂ ਰਹਿ ਤਾਂ ਨਹੀਂ ਗਿਆ ਉਸ ਨੇ ਆਪਣੀ ਡਾਇਰੀ ਉਤੇ ਲਿਖੇ ਸਾਡੇ ਨਾਂ ਪੜ੍ਹਨੇ ਸ਼ੁਰੂ ਕਰ ਦਿੱਤੇ, ਦਲਵੇਂਦਰ, ਜਿੰਗਰ, ਬਲਦੇਸ਼, ਸਤੇਸ਼ ਵਿਰਮਾ, ਪਰਮ ਪ੍ਰਕਾਸ਼, ਹਰਭਜਨ ਸਿੰਘ ਹੰਡਲ, ਡੇਵ ਦਾਰਦ। ਸੁਣ ਕੇ ਹੱਸਣ ਦੀ ਥਾਂ ਮੇਰੇ ਅੰਦਰੋਂ ਹਾਉਕਾ ਨਿਕਲਿਆ। ਮੈਂ ਸਹਿਜ-ਮਤੇ ਉਸ ਨੂੰ ਠੀਕ ਨਾਂ ਲਿਖਵਾਏ। ਮੈਨੂੰ ਲੱਗਿਆ ਹਰਭਜਨ ਸਿੰਘ ਨੂੰ ਸ਼ੁੱਧ ਲਿਖ ਸਕਣ ਦਾ ਕਾਰਨ ਵੀ ਇਹ ਹੋਵੇਗਾ ਕਿ ਇਹ ਨਾਂ ਉਸ ਕ੍ਰਿਕਟ ਖਿਡਾਰੀ ਦਾ ਹੈ ਜਿਹੜਾ ਦੋਹਾਂ ਪੰਜਾਬਾਂ ਵਿੱਚ ਹੀ ਚਰਚਿਤ ਹੈ। ਉਸਦਾ ਨਾਂ ਹਰ ਰੋਜ਼ ਅਖ਼ਬਾਰਾਂ ਵਿੱਚ ਛਪਦਾ ਰਹਿੰਦਾ ਹੋਵੇਗਾ।

“ਪਿਛਲੀ ਫੇਰੀ ਮੌਕੇ ਮੇਂ ਤੇ ਰਾਜਿੰਦਰ ਪਾਲ, ਪ੍ਰਸਿੱਧ ਸ਼ਾਇਰ ਮੁਨੀਰ ਨਿਆਜ਼ੀ ਦੇ ਭੁਲੇਖੇ ਇੱਕ ਆਮ ਜਿਹੇ ਬੁੜ੍ਹੇ ਨਾਲ ਹੀ ਤਸਵੀਰਾਂ ਖਿਚਾ ਕੇ ਨਿਹਾਲ ਹੁੰਦੇ ਰਹੇ। ਬਾਅਦ `ਚ ਪਤਾ ਲੱਗਿਆ ਕਿ ਮੁਨੀਰ ਨਿਆਜ਼ੀ ਤਾਂ ਕਾਨਫਰੰਸ ਵਿੱਚ ਆਇਆ ਹੀ ਨਈਂ ਸੀ। ੌ ਮੇਰੇ ਪਿੱਛੇ ਆ ਖੜ੍ਹੇ ਸਤੀਸ਼ ਵਰਮਾ ਨੇ ਵਿੱਥਾਂ ਦੇ ਪ੍ਰਸੰਗ ਵਿੱਚ ਟੋਟਕਾ ਸੁਣਾਇਆ ਤਾਂ ਸਾਰੇ ਖੁੱਲ੍ਹ ਕੇ ਹੱਸੇ।

ਰਾਤ ਅੱਧੋਂ ਲੰਘ ਗਈ ਸੀ ਪਰ ਅਜੇ ਵੀ ਕਿਸੇ ਨੂੰ ਘਰ ਜਾਣ ਦੀ ਕਾਹਲੀ ਨਹੀਂ ਸੀ। ਖਾ ਖਾ ਕੇ ਐਨਾ ਰੱਜ ਗਏ ਸਾਂ ਕਿ ਚੂਰਨ ਜੋਗੀ ਥਾਂ ਵੀ ਨਹੀਂ ਬਚੀ ਸੀ। ਹੁਣ ਤਾਂ ਜੇ ਸੌਂਫ ਦੇ ਚਾਰ ਦਾਣੇ ਵੀ ਖਾ ਲੈਂਦਾ ਤਾਂ ਅਗਲੇ ਸਾਹ ਜ਼ਰੂਰ ਨੱਕ ਵਿਚੋਂ ਫੁਰਕੜਾ ਵੱਜ ਜਾਣਾ ਸੀ। ਬਲਦੇਵ ਸਿੰਘ ਸੜਕਨਾਮਾ ਨੇ ਟਰੱਕ ਵਾਲਿਆਂ ਦੇ ਲਹਿਜ਼ੇ ਵਿੱਚ ਟਿੱਪਣੀ ਕੀਤੀ, “ਅੱਜ ਤਾਂ ਪਤੰਦਰਾਂ ਨੇ ਖੁਆ ਖੁਆ ਕੇ ਭੂੰਗ ਕੱਢ ਤੇ। ੌ

ਫੂਡ-ਸਟਰੀਟ ਦੀ ਮਹਿੰਮਾ ਬਥੇਰੀ ਸੁਣੀ ਸੀ। ਆਪਣੀ ਅੱਖੀਂ ਵੇਖ ਕੇ ਇਸਦਾ ਜਲਵਾ ਉਸ ਤੋਂ ਚਾਰ ਰੱਤੀਆਂ ਉਤੇ ਹੀ ਲੱਗਿਆ। ਖਾਣ-ਪੀਣ ਦੇ ਸ਼ੌਕੀਨ ਲਾਹੌਰੀਆਂ ਦੇ ਸੁਹਜ-ਸੁਆਦ ਵੇਖਣੇ ਹੋਣ ਤਾਂ ਇਸ ਤੋਂ ਵਧੀਆ ਹੋਰ ਕੋਈ ਥਾਂ ਨਹੀਂ। ਵੱਡੇ ਵੱਡੇ ਅਫ਼ਸਰ ਅਤੇ ਚੌਧਰੀ ਲੋਕ ਵੀ ਫਾਈਵ ਸਟਾਰ ਹੋਟਲਾਂ ਦੀ ਥਾਂ ਮਹਿਮਾਨਾਂ ਨੂੰ ਲੈ ਕੇ ਇਥੇ ਆਉਣਾ ਪਸੰਦ ਕਰਦੇ ਹਨ। ਤਾਰਿਆਂ ਭਰੀ ਅਸਮਾਨੀ ਕਨਾਤ ਹੇਠ ਬੈਠ ਕੇ ਖੁੱਲ੍ਹੇ-ਡੁੱਲ੍ਹੇ ਢੰਗ ਨਾਲ ਖਾਣ-ਪੀਣ ਦਾ ਆਪਣਾ ਹੀ ਸੁਆਦ ਹੈ। ਮੈਂ ਆਪਣੀ ਦੇਸ਼ਾਂ-ਵਿਦੇਸ਼ਾਂ ਦੀ ਘੁਮੱਕੜੀ ਸਮੇਂ ਬੜੇ ਚੜ੍ਹਦੇ ਤੋਂ ਚੜ੍ਹਦੇ ਹੋਟਲ, ਫੂਡ-ਜੁਆਇੰਟ ਵੇਖੇ ਹੋਣ ਦੀ ਸ਼ੇਖੀ ਮਾਰ ਸਕਦਾ ਹਾਂ, ਪਰ ਸੱਚੀ ਗੱਲ ਇਹ ਹੈ ਕਿ ਫੂਡ ਸਟਰੀਟ ਦਾ ਆਪਣਾ ਵੱਖਰਾ ਹੀ ਰੰਗ ਅਤੇ ਸੁਆਦ ਹੈ।

ਜਿਵੇਂ ਪੁਰਾਣੀਆਂ ਭਾਰਤੀ ਫ਼ਿਲਮਾਂ ਦਾ ਅੰਤ ਸਾਰੇ ਪਰਿਵਾਰ ਦੇ ਇਕੱਠੇ ਹੋਣ ਨਾਲ ਹੁੰਦਾ ਸੀ ਉਵੇਂ ਅਸੀ ਵੀ ਅੰਤ ਤੇ ਇੱਕ ਯਾਦਗਾਰੀ ਗਰੁੱਪ ਫੋਟੋ ਖਿਚਵਾਈ। ਸਤਾਰਾਂ ਅਪ੍ਰੈਲ ਦੇ ਫੂਡ ਸਟਰੀਟ `ਚ ਵੜੇ ਅਸੀਂ ਅਠਾਰਾਂ ਨੂੰ ਨਿਕਲੇ। ਉਸ ਵਿਲੱਖਣ ਜਗ੍ਹਾ ਦਾ ਅਕਸ ਸਦਾ ਸਦਾ ਲਈ ਸਾਡੇ ਅੰਦਰ ਵੜ ਕੇ ਬੈਠ ਗਿਆ।

 

ਚੇਲਿਆਂ ਵਾਲੀ ਹਾਊਸ

ਆਪਣੇ ਟਿਕਾਣੇ ਤੱਕ ਅੱਪੜਦਿਆਂ ਪਹਿਰ ਦਾ ਤੜਕਾ ਹੋਣ ਵਾਲਾ ਹੋ ਗਿਆ। ਗੱਡੀ ਇੱਕ ਵੱਡੀ ਕੋਠੀ ਅੱਗੇ ਰੁਕੀ। ਦਰਵਾਜ਼ੇ ਉਤੇ ਲਾਈਟਾਂ ਪਈਆਂ। ਦੋਵਾਂ ਥਮਲਿਆਂ ਉਤੇ ਲਿਖਿਆ ਹੋਇਆ ਸੀ: ਚੇਲਿਆਂ ਵਾਲੀ ਹਾਊਸ। ਹੇਠਾਂ ਕਰਕੇ 77 ਪੀਕੋ ਰੋਡ, ਲਾਹੌਰ ਦਾ ਸਿਰਨਾਵਾਂ ਸੀ। ਦਰਵਾਜ਼ਾ ਖੁੱਲ੍ਹਿਆ। ਇੱਕ ਨਾਜ਼ੁਕ ਮਿਜਾਜ਼ ਵਾਲਾ ਦਰਮਿਆਨੇ ਕੱਦ ਦਾ ਵਿਅਕਤੀ ਜਾਗੀਰਦਾਰਾਨਾ ਮੜਕ ਨਾਲ ਕਦਮ ਚੁਕਦਾ ਗੱਡੀ ਵੱਲ ਆਉਂਦਾ ਦਿਸਿਆ। ਸਭ ਨੂੰ ਸਾਂਝੀ ਖੁਸ਼ਆਮਦੀਦ ਕਹਿੰਦਿਆਂ ਉਹ ਸਾਰਿਆਂ ਨੂੰ ਪੋਲੀ ਜਿਹੀ ਜੱਫੀ ਪਾ ਕੇ ਮਿਲਿਆ। ਇਹ ਚੌਧਰੀ ਬਿਲਾਲ ਅਹਿਮਦ ਸੀ। ਲਾਹੌਰ ਦੇ ਸਰਕਾਰੀ ਕਾਲਜ ਵਿੱਚ ਇਕਨੌਮਿਕਸ ਦਾ ਲੈਕਚਰਾਰ ਸੀ। ਉਸਨੇ ਕੋਠੀ ਦੀ ਉਤਲੀ ਪੂਰੀ ਮੰਜ਼ਿਲ ਸਾਡੇ ਹਵਾਲੇ ਕਰ ਦਿੱਤੀ। ਇਹ ਹਿੱਸਾ ਬੈਚੂਲਰ ਬਿਲਾਲ ਅਹਿਮਦ ਦੀ ਆਪਣੀ ਰਿਹਾਇਸ਼ ਸੀ। ਉਸਦਾ ਵੱਡਾ ਭਰਾ ਆਪਣੇ ਪਰਿਵਾਰ ਨਾਲ ਥੱਲੜੀ ਮੰਜ਼ਿਲ ਉਤੇ ਰਹਿੰਦਾ ਸੀ।

ਇਕ ਗੱਲੋਂ ਹੈਰਾਨੀ ਹੋਈ। ਬਿਲਾਲ ਬੱਸ ਨਗ ਦਾ ਨਗ ਹੀ ਹੇਠਲੀ ਮੰਜ਼ਿਲ ਵਿੱਚ ਗਿਆ ਸੀ। ਉਸ ਦਾ ਸਾਰਾ ਸਮਾਨ ਲੈਪਟਾਪ, ਫੋਨ, ਕਿਤਾਬਾਂ, ਕੱਪੜੇ, ਪਰਫਿਊਮ, ਸ਼ੈਂਪੂ, ਡਾਇਰੀਆਂ ਸਭ ਕੁੱਝ ਉਵੇਂ ਦਾ ਜਿਵੇਂ ਹੀ ਪਿਆ ਸੀ। ਜਾਂ ਤਾਂ ਉਹ ਖੁਦ ਬਹੁਤ ਵੱਡੇ ਦਿਲ-ਗੁਰਦੇ ਵਾਲਾ ਬੰਦਾ ਸੀ ਜਾਂ ਸਾਡੇ ਉਤੇ ਹੀ ਉਸ ਨੂੰ ਵੱਡਾ ਭਰੋਸਾ ਸੀ। ਇਸ ਲਈ ਅਸੀਂ ਵੀ ਮੁੱਢ ਤੋਂ ਹੀ ਸੁਚੇਤ ਹੋ ਗਏ ਕਿ ਅਜਿਹੇ ਮੇਜ਼ਬਾਨ ਦੇ ਵਿਸ਼ਵਾਸ ਨੂੰ ਵਾਹ ਲਗਦੀ ਠੇਸ ਨਹੀਂ ਲੱਗਣ ਦੇਣੀ।

ਥੱਕ ਕੇ ਚੂਰ ਹੋਏ ਪਏ ਸਾਂ। ਪੈਂਦਿਆਂ ਹੀ ਘੂਕ ਸੌਂ ਗਏ। ਅਜੇ ਇੱਕ ਝਪਕੀ ਹੀ ਲੱਗੀ ਸੀ ਕਿ ਕੰਨਾਂ ਕੋਲ ਭੀਂ ਭੀਂ ਹੋਣ ਲੱਗੀ। ਬਿਜਲੀ ਬੰਦ ਹੋਣ ਨਾਲ ਮੱਛਰ ਸਰਗਰਮ ਹੋ ਗਿਆ। ਸਾਰੇ ਉਸਲਵੱਟੇ ਲੈਣ ਲੱਗੇ। ਘੰਟਾ ਭਰ ਇਹੋ ਹਾਲ ਰਿਹਾ। ਕੋਈ ਇਨਵਰਟਰ ਵੀ ਨਾ ਚੱਲਿਆ। ਬਾਅਦ `ਚ ਪਤਾ ਚੱਲਿਆ ਕਿ ਪਾਕਿਸਤਾਨ ਵਿੱਚ ਭਾਰੀ ਲੋਡ੍ਹ ਸ਼ੈਡਿੰਗ (ਬਿਜਲੀ ਦੀ ਕਟੌਤੀ) ਚੱਲ ਰਹੀ ਸੀ। ਇਹ ਅਚਾਨਕ ਹੀ ਵਾਪਰਿਆ ਸੀ। ਨਹੀਂ ਤਾਂ ਪਹਿਲਾਂ ਬਿਜਲੀ ਇੰਨੀ ਵਾਫ਼ਰ ਸੀ ਕਿ ਇਨਵਰਟਰ ਕਦੇ ਕਿਸੇ ਦੇ ਖ਼ਿਆਲ ਵਿੱਚ ਵੀ ਨਹੀਂ ਆਇਆ ਸੀ। ਜੇ ਚੌਧਰੀਆਂ ਦੇ ਘਰ ਇਨਵਰਟਰ ਨਹੀਂ ਤਾਂ ਫਿਰ ਹੋਰ ਕਿਸ ਦੇ ਹੋਣਾ ਸੀ?

ਬਿਜਲੀ ਆਈ ਤੋਂ ਦੁਬਾਰਾ ਝਪਕੀ ਲਾਈ। ਦਿਮਾਗ ਦਾ ਅਲਾਰਮ ਫਿਰ ਵੀ ਸਾਡੇ ਕੁ ਛੇ ਵਜੇ ਖੜਕ ਪਿਆ। ਆਜ਼ਾਨ ਦੀਆਂ ਆਵਾਜ਼ਾਂ ਹਰ ਪਾਸਿਉਂ ਹੋਕਰਿਆਂ ਵਾਂਗੂੰ ਸੁਣ ਰਹੀਆਂ ਸਨ ਜਿਵੇਂ ਸਾਡੇ ਸਵੇਰੇ ਗੁਰਦੁਆਰਿਆਂ-ਮੰਦਰਾਂ ਵਿਚਲਾ ਭੇਡ-ਰੰਭਾ ਕੰਨ ਪਈ ਨਹੀਂ ਸੁਣਨ ਦਿੰਦਾ। ਇਸ ਪੱਖੋਂ ਸਾਡੇ ਦੋਵੇਂ ਮੁਲਕ ਕਿਵੇਂ ਸਕਿਆਂ ਭਰਾਵਾਂ ਵਾਂਗ ਇੱਕ ਦੂਜੇ ਦੀ ਸੁਰ `ਚ ਸੁਰ ਰਲਾ ਰਹੇ ਸਨ।

ਸਾਰੇ ਹੀ ਉ-ੱਠ ਕੇ ਉਬਾਸੀਆਂ ਲੈ ਰਹੇ ਸਾਂ, ਅੰਗੜਾਈਆਂ ਭੰਨ ਰਹੇ ਸਾਂ। ਚਾਹ ਦੀ ਤੋਟ ਲੱਗੀ ਪਈ ਸੀ। ਕਿੱਥੋਂ ਮਿਲਦੀ ਚਾਹ? ਘਰ ਦੇ ਤਾਂ ਅਜੇ ਨੌਕਰ ਵੀ ਘੂਕ ਸੁੱਤੇ ਪਏ ਸਨ। ਬਾਅਦ ਵਿੱਚ ਮਾਲੂਮ ਹੋਇਆ ਕਿ ਰਾਤ ਦੇ ਇਕ-ਦੋ ਵਜੇ ਤੱਕ ਜਾਗਣਾ ਅਤੇ ਸਵੇਰੇ ਦਸ-ਗਿਆਰਾਂ ਵਜੇ ਤੱਕ ਸੌਣਾਂ ਸਰਦੇ-ਪੁਜਦੇ ਲਾਹੌਰੀਆਂ ਦਾ ਆਮ ਵਿਹਾਰ ਹੈ। ਹਾਰ ਕੇ ਬਿਨਾਂ ਚਾਹ ਤੋਂ ਹੀ ਸਰੀਰ ਧੱਕੇ ਨਾਲ ਸਟਾਰਟ ਕੀਤਾ ਅਤੇ ਨਹਾ-ਧੋ ਕੇ ਟੈਟ-ਫੈਟ ਹੋ ਕੇ ਬੈਠ ਗਏ। ਚਾਹ ਦੀ ਵਾਈ-ਧਾਈ ਅਜੇ ਵੀ ਨਹੀਂ ਸੀ ਦਿਸਦੀ। ਚਾਹ ਕੀ ਹੁਣ ਤਾਂ ਪਰੌਂਠਿਆਂ ਦੀ ਤਲਬ ਵੀ ਜਾਗ ਉ-ੱਠੀ ਸੀ। ਧੁੱਪ ਵਾਹਵਾ ਚਮਕ ਪਈ ਸੀ। ਅੰਤ ਸਰਬਸੰਮਤੀ ਨਾਲ ੋਕਮਾਂਡਰ’ ਸਤੀਸ਼ ਕੁਮਾਰ ਵਰਮਾ ਨੂੰ ਪ੍ਰਬੰਧ ਦੀ ਕਮਾਨ ਸੰਭਾਲ ਦਿੱਤੀ। ਉਸ ਦਾ ਲਿਹਾਜਾਂ ਗੰਢਣ ਦਾ ਹੁਨਰ ਤਾਂ ਅਸੀਂ ਪਹਿਲਾਂ ਹੀ ਅਜ਼ਮਾ ਚੁੱਕੇ ਸਾਂ। ਪੌੜੀਆਂ ਉਤਰ ਕੇ ਕਮਾਂਡਰ ਫਰੰਟ ਉਤੇ ਜਾ ਡਟਿਆ। ਵੀਹ ਕੁ ਮਿੰਟਾਂ ਪਿੱਛੋਂ ਟਰੇਅ ਵਿੱਚ ਕੇਤਲੀ, ਕੱਪ, ਚੀਨੀ ਅਤੇ ਦੋ-ਤਿੰਨ ਵੰਨਗੀਆਂ ਦੇ ਬਿਸਕੁਟ ਰੱਖ ਇੱਕ ਨੌਜਵਾਨ ਆ ਹਾਜ਼ਰ ਹੋਇਆ।

“ਮੰਨ ਗਏ ਬਈ ਡਰਾਮੇਬਾਜ ਦੇ ਹੁਨਰ ਨੂੰ,” ਪ੍ਰੇਮ ਪ੍ਰਕਾਸ਼ ਨੇ ਫਿਰ ਪਿਆਰ ਨਾਲ ਆਰ ਲਾਈ ਪਰ ਸਤੀਸ਼ ਵਰਮਾ ਨੇ ਗੌਲਿਆ ਨਾ।

“ਇਨ੍ਹਾਂ ਨੂੰ ਮਿਲੋ ਜੀ, ਏਹ ਨੇ ਪੁੰਨੂੰ ਦੇ ਛੋਟੇ ਭਾਈ ਸਾਹਿਬ।” ਸਤੀਸ਼ ਵਰਮਾ ਨੇ ਚਾਹ ਵਾਲੇ ਨੌਜਵਾਨ ਨਾਲ ਜਾਣ-ਪਛਾਣ ਕਰਾਈ। ਨੌਜਵਾਨ ਭੁਚੱਕਾ ਜਿਹਾ ਹੋ ਕੇ ਉਸ ਦੇ ਮੂੰਹ ਵੱਲ ਵੇਖਣ ਲੱਗਾ, ਜਿਵੇਂ ਕਹਿ ਰਿਹਾ ਹੋਵੇ, “ਕਿਹੜਾ ਪਿਓ ਵਾਲਾ ਪੁੰਨੂੰ? ਕੀਹਦਾ ਭਰਾ? ਕੀ ਅਟੱਲ-ਪਟੱਲ ਬਕੀ ਜਾਂਦੇ ਓ ਬਿਨਾਂ ਜਾਣੇ-ਪਛਾਣੇ?”

“ਓਅ ਬਈ ਏਹ ਨਾਸਿਰ ਬਲੋਚ ਜੀ ਨੇ, ਫਿਰ ਸੱਸੀ ਦੇ ਦਿਉਰ ਹੀ ਲੱਗੇ ਨਾ ਏਹ।” ਸਤੀਸ਼ ਵਰਮਾ ਨੇ ਰੱਹਸ ਤੋਂ ਪਰਦਾ ਹਟਾਉਂਦਿਆਂ ਨਵੀਂ ਨਵੀਂ ਹਾਸਿਲ ਕੀਤੀ ਵਾਕਫ਼ੀ ਦੇ ਹਵਾਲੇ ਨਾਲ ਖੁਲਾਸਾ ਕੀਤਾ ਤਾਂ ਅਸੀਂ, ਸਣੇ ਨਾਸਰ, ਖਿੜ-ਖਿੜਾ ਕੇ ਹੱਸੇ। ਇੰਨੇ ਨਾਲ ਹੀ ਨਾਸਿਰ ਸਾਡੇ ਨਾਲ ਘੁਲ-ਮਿਲ ਗਿਆ। ਹੁਣ ਉਹ ਸਾਡੀ ਸੇਵਾ ਲਈ ਖਿੜੇ ਮਨ ਨਾਲ ਤਿਆਰ ਸੀ। ਸਤੀਸ਼ ਵਰਮਾ ਦੇ ਹੁਨਰ ਦੀ ਸਭ ਨੇ ਦਾਦ ਦਿੱਤੀ। ਵਾਹਵਾ ਟੂਰ ਵਾਲਾ ਮਾਹੌਲ ਬਣ ਗਿਆ ਸੀ। ਚੰਗਾ ਮਜ਼ਾ ਆ ਰਿਹਾ ਸੀ।

ਨਾਸਿਰ ਤੋਂ ਬਿਨਾਂ ਘਰ ਦੇ ਕਿਸੇ ਹੋਰ ਜੀਅ ਨਾਲ ਮਿਲਨ ਦਾ ਮੌਕਾ ਨਾ ਮਿਲਿਆ। ਸਵੇਰੇ ਅਸੀਂ ਚਾਹ ਪੀ ਕੇ ਨਿਕਲ ਜਾਂਦੇ ਅਤੇ ਰਾਤ ਨੂੰ ਖਾ-ਪੀ ਕੇ ਦੇਰੀ ਨਾਲ ਪਰਤਦੇ। ਪ੍ਰੋ। ਬਿਲਾਲ ਹੋਰਾਂ ਦੇ ਡਰਾਇੰਗ ਰੂਮ ਵਿੱਚ ਵੀ ਪਹਿਲੀ ਵਾਰੀ ਉਸ ਦਿਨ ਹੀ ਗਏ ਜਿਸ ਦਿਨ, ਰਾਤ ਦਾ ਖਾਣਾ ਉਨ੍ਹਾਂ ਦੇ ਘਰ ਸੀ। ਉਸ ਦਿਨ ਵੀ ਸਾਡੇ ਨਾਲ ਇਕੱਲੇ ਪ੍ਰੋ। ਬਿਲਾਲ ਹੋਰੀਂ ਹੀ ਸ਼ਾਮਿਲ ਹੋ ਸਕੇ।

ਸ਼ਾਹੀ ਠਾਠ ਵਾਲੇ ਡਰਾਇੰਗ ਰੂਮ, ਜਿਸ ਵਿੱਚ ਇੱਕ ਮੇਜ਼ ਦੇ ਭਾਰੀ-ਭਰਕਮ ਸ਼ੀਸ਼ੇ ਨੂੰ ਮਾਡਲ-ਹਾਥੀਆਂ ਨੇ ਆਪਣੀਆਂ ਸੁੰਢਾਂ ਉਤੇ ਓਟਿਆ ਹੋਇਆ ਸੀ, ਉਤੇ ਅੱਠ-ਦਸ ਸੋਹਣੇ ਡਿਜ਼ਾਇਨ ਵਾਲੇ ਗਿਲਾਸ ਰੱਖੇ ਹੋਏ ਸਨ। ਸੋ ਧੂੰਆਂ ਕਿਧਰੇ ਅੱਗ ਹੋਣ ਦਾ ਸੰਕੇਤ ਦੇ ਰਿਹਾ ਸੀ। ਉਸ ਨੇ ਪ੍ਰੀਮੀਅਰ ਵੋਦਕਾ ਦੀ ਬੋਤਲ ਕੱਢ ਕੇ ਮੇਜ਼ ਉਤੇ ਸਜ਼ਾ ਦਿੱਤੀ। ਵੇਖ ਕੇ ਇਉਂ ਜਾਪਿਆ ਜਿਵੇਂ ਅੱਜ ਹੀ ਕਿਧਰੇ ਸਾਗਰ ਮੰਥਨ ਦੀ ਘਟਨਾ ਵਾਪਰੀ ਹੋਵੇ ਅਤੇ ਪ੍ਰੋ। ਬਿਲਾਲ ਮਲਕੜੇ ਜਿਹੇ ਅੰਮ੍ਰਿਤ ਦੀ ਇਹ ਬੋਤਲ ਲੈ ਕੇ ਟਿੱਬ੍ਹ ਆਇਆ ਹੋਵੇ। ਅਸੀਂ ਹੁਣ ਤੱਕ ਜਾਣ ਗਏ ਸਾਂ ਕਿ ਪਾਕਿਸਤਾਨ ਵਿੱਚ ਇਹ ਸੇਵਾ ਬੜੀ ਮਹਿੰਗੀ ਅਤੇ ਦੁਰਲੱਭ ਹੁੰਦੀ ਹੈ। ਅੰਗੂਰ ਦੀ ਬੇਟੀ ਦਾ ਸੰਗ-ਸਾਥ ਮੁਸ਼ਕਲ ਨਾਲ ਮਿਲਿਆ ਹੋਣ ਕਰਕੇ ਪ੍ਰੇਮ ਪ੍ਰਕਾਸ਼, ਜਿੰਦਰ, ਹਰਭਜਨ ਹੁੰਦਲ ਵਰਗੇ ਪ੍ਰਹੇਜ਼ਗਾਰਾਂ ਨੇ ਵੀ ਛਿੱਟ ਛਿੱਟ ਲਾ ਕੇ ਥਕੇਵਾਂ ਦੂਰ ਕਰ ਲਿਆ। ਜਿਵੇਂ ਸਕੂਲ ਵਿੱਚ ਸੁਚੱਜੀ-ਕੁਚੱਜੀ ਦੀ ਲੋਕ-ਕਥਾ ਪੜ੍ਹਦੇ ਹੁੰਦੇ ਸਾਂ ਜਿਸ ਵਿੱਚ ਸੁਚੱਜੀ ਇੱਕ ਗੜਵੀ ਪਾਣੀ ਨਾਲ ਪੂਰਨ ਇਸ਼ਨਾਨ ਕਰਕੇ ਬਾਜੀ ਜਿੱਤ ਗਈ ਸੀ, ਉਵੇਂ ਅਸੀਂ ਪੂਰੇ ਸੁਚੱਜ ਨਾਲ ਸੋਮਰਸੀ ਬੋਤਲ ਵਰਤੀ ਪਰ ਫਿਰ ਵੀ ਵਿਚਾਰੀ ਇਕਲੌਤੀ ਬੋਤਲ ਧੁਰ ਤੱਕ ਨਾਲ ਨਾ ਨਿਭ ਸਕੀ। ਜਿਹੜੇ ਕੁੱਝ ਵੱਧ ਪਿਆਕੜ ਅਧਕੱਚੇ ਰਹਿ ਗਏ ਸਨ, ਉਨ੍ਹਾਂ ਨੂੰ ਜਰੂਰ ਪੂਰਬੀ ਪੰਜਾਬ ਵਿੱਚ ਭਰ ਵਗਦਾ ਦਾਰੂ ਦਾ ਦਰਿਆ ਯਾਦ ਆਇਆ ਹੋਵੇਗਾ। ਇਸੇ ਲਈ ਨਾ ਚਾਹੁੰਦਿਆਂ ਵੀ ਸ਼ਰਾਬ ਉ-ੱਤੇ ਸਰਕਾਰੀ ਪਾਬੰਦੀ ਲਾਉਣ ਬਾਰੇ ਚੁੰਝ-ਚਰਚਾ ਛਿੜ ਪਈ।

“ਦੇਖੋ ਜੀ ਚੀਜ ਆਮ ਮਿਲਦੀ ਹੋਵੇ ਤਾਂ ਜਿਆਦਾਤਰ ਲੋਕ ਬਿਨਾਂ ਮਤਲਬ ਵੀ ਵਰਤੋਂ ਕਰਨ ਲੱਗ ਜਾਂਦੇ ਐ, ਇਸ ਗੱਲੋਂ ਤਾਂ ਪਾਬੰਦੀ ਠੀਕ ਐ।” ਪੱਕੇ ਪ੍ਰਹੇਜ਼ਗਾਰ ਸਤੀਸ਼ ਵਰਮਾ ਨੇ ਆਪਣੀ ਰਾਏ ਦਿੱਤੀ।

“ਪਰ ਸਰਕਾਰੀ ਪਾਬੰਦੀ ਦਾ ਮਤਲਬ ਨਿਕਲਦਾ ਐ ਵਿਅਕਤੀਗਤ ਆਜ਼ਾਦੀ ਦਾ ਘਾਣ ਕਰਨਾ। ਇਹ ਤਾਂ ਕੋਈ ਸਹੀ ਤਰੀਕਾ ਨੲ੍ਹੀਂ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ, ਜਿੰਨੀ ਕਿਸੇ ਚੀਜ ਤੇ ਪਾਬੰਦੀ ਹੋਏਗੀ ਉਸ ਪ੍ਰਤੀ ਉ-ੱਨੀ ਖਿੱਚ ਵਧੇਗੀ। ਆਪਣੇ ਖੁੱਲ੍ਹ ਐ ਪਰ ਮੈ ਫੇਰ ਵੀ ਆਮ ਨਹੀਂ ਪੀਂਦਾ, ਅਸਲ ਵਿੱਚ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੁੰਦੀ ਐ, ਪਾਬੰਦੀ ਦੇ ਮੈਂ ਖਿਲਾਫ਼ ਆਂ।” ਪ੍ਰੇਮ ਪ੍ਰਕਾਸ਼ ਨੇ ਸ਼ਖ਼ਸੀ ਆਜ਼ਾਦੀ ਦੀ ਹਮਾਇਤ ਕੀਤੀ।

“ਮੈਨੂੰ ਤੇ ਇਤਰਾਂ ਜਾਪਦੈ ਪਈ ਸਰਕਾਰਾਂ ਲੋਕ-ਭਲਾਈ ਦਾ ਢੌਂਗ ਕਰਦੀਆਂ ਹੁੰਦੀਐਂ। ਪਾਬੰਦੀ ਜਾਂ ਲੋੜੋਂ ਵੱਧ ਖੁੱਲ੍ਹ ਉਨ੍ਹਾਂ ਦੀ ਪਾਲੈਟਿਕਸ ਅਤੇ ਵਪਾਰੀ ਤਬਕੇ ਦੇ ਹਿਤਾਂ ਮੁਤਾਬਕ ਹੀ ਹੁੰਦੀ ਐ। ਉਂਜ ਮਾਡਰਨ ਏਜ਼ ਵਿੱਚ ਕੋਈ ਤੁਕ ਨੲ੍ਹੀ ਬਣਦੀ ਪਾਬੰਦੀਆਂ ਦੀ। ਨਾਲੇ।। । ਓ।। । ਆਹ।। ।” ਤੋਟ-ਮਾਰਕੀ ਦੱਬਵੀਂ ਉਬਾਸੀ ਨੇ ਤਲਵਿੰਦਰ ਦੀ ਗੱਲ ਵਿਚਾਲਿਓ’ ਮੁਕਾ ਦਿੱਤੀ।

ਉਂਜ ਵੀ ਇਸ ਬਹਿਸ ਨੂੰ ਲੰਮੀ ਖਿੱਚਣ ਵਿੱਚ ਕਿਸੇ ਦੀ ਵੀ ਬਹੁਤੀ ਰੁਚੀ ਨਹੀਂ ਸੀ। ਫੇਰ ਵੀ ਮੈਦਾਨ ਖਾਲੀ ਵੇਖ ਕੇ ਪਾਕਿਸਤਾਨੀ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਦੀ ਸਰਗਰਮ ਕਾਰਕੁੰਨ ਦੀਪ ਨੇ ਆਜ਼ਾਦੀ ਅਤੇ ਬੰਧਨ ਦੇ ਪ੍ਰਸੰਗ ਵਿੱਚ ਹੀ ਪੰਜਾਬੀ ਬੰਦੇ ਦੀ ਗੱਲ ਛੇੜ ਲਈ।

“ਮੈਨੂੰ ਤੇ ਮੁਆਸ਼ਰੇ ਦੀ ਗੱਲ ਲੋਕਾਂ ਦੇ ਅਮਲ ਵਿਚੋਂ ਵਧੇਰੇ ਸਮਝ ਲਗਦੀ ਏ। ਏਥੇ ਲਹਿੰਦੇ ਪੰਜਾਬ ਵਿੱਚ ਲਿਬਰਲ ਕਹਾਉਂਦੇ ਬੰਦਿਆਂ ਅੰਦਰ ਵੀ ਮੌਲਵੀ ਬੈਠਾ ਮਿਲਦਾ ਏ, ਪੰਜਾਬੀ ਬੰਦੇ ਦਾ ਓਵਰ-ਆਲ ਵੀ ਫਿਊਡਲ ਮਾਈਂਡ-ਸੈ-ੱਟ ਹੈ ਵੇ, ਸੱਚੀ ਗੱਲ ਕਹਾਂ ਤੇ ਇਹ ਅਜੇ ਪਾਬੰਦੀਆਂ ਦੇ ਹਾਮੀ ਨੇ, ਖੁੱਲ੍ਹਾਂ ਦੇ ਨੲ੍ਹੀਂ, ਮਸਲਨ ਤੁਸੀਂ ਚਾਹੇ ਔਰਤ ਦੀ ਆਜ਼ਾਦੀ ਦਾ ਮਸਾਇਲ ਲੈ ਲਵੋ ਅਤੇ ਚਾਹੇ ਆਪਣੀ ਪੰਜਾਬੀ ਬੋਲੀ ਦੇ ਇਜ਼ਾਫ਼ੇ ਦਾ, ਚਾਹੇ ਲਿੱਪੀ ਦਾ, ਹਰ ਗੱਲੇ ਧਾਨੂੰ ਤੁਅੱਸਬੀ ਫੰਡਾਮੈਂਟਲਿਜਮ ਨਜ਼ਰ ਆਏਗਾ, ਪਾਲੇਟਿਕਸ ਹੋਏਗੀ, ਹਿਊਮਨ ਰਾਈਟਸ ਦੀ ਰਸਪੈਕਟ ਨਹੀਂ ਮਿਲੇਗੀ ਕਿਧਰੇ।” ਕਾਫੀ ਦੇਰ ਤੋਂ ਚੁੱਪ-ਚਾਪ ਸੁਣ ਰਹੀ ਦੀਪ ਆਪਣੇ ਸੰਘਰਸ਼ਮਈ ਰੂਪ ਵਿੱਚ ਆ ਗਈ ਅਤੇ ਉਸ ਦੀ ਆਵਾਜ਼ ਵਿੱਚ ਚੰਡੀ-ਰੋਹ ਭਰਨ ਲੱਗਾ।

ਪ੍ਰਬੰਧਕ ਇਕਬਾਲ ਕੈਸਰ ਨੇ ਵਕਤ ਦੀ ਨਜ਼ਾਕਤ ਦੇ ਹਵਾਲੇ ਨਾਲ ਕਿਵੇਂ ਨਾ ਕਿਵੇਂ ਗੱਲ ਮੁਕਾਈ ਅਤੇ ਕਾਹਲੀ ਨਾਲ ਸਭਾ ਦੀ ਸਮਾਪਤੀ ਕੀਤੀ।

ਮਹਿਫ਼ਲ ਇੱਕ ਝਟਕੇ ਨਾਲ ਮੁੱਕ ਜਾਣ ਕਰਕੇ ਮੇਰੇ ਅੰਦਰ ਫਸੀ ਇੱਕ ਹੋਰ ਘੁੰਢੀ ਫਸੀ ਹੀ ਰਹਿ ਗਈ ਸੀ। ਪ੍ਰੋ। ਬਿਲਾਲ ਹੋਰਾਂ ਦੇ ਘਰ ਦਾ ਨਾਂ ਚੇਲਿਆਂ ਵਾਲੀ ਕਿਉਂ ਸੀ? ਕੀ ਇਸ ਦਾ ਸੰਬੰਧ ਸਿੰਘਾਂ ਤੇ ਫਰੰਗੀਆਂ ਦੀ ਚੇਲਿਆਂ ਵਾਲੀ ਲੜਾਈ ਨਾਲ ਸੀ? ਪਾਕਿਸਤਾਨ ਵਿੱਚ ਅਨੇਕਾਂ ਨਾਵਾਂ, ਥਾਵਾਂ ਆਪਣੇ ਅੰਦਰ ਸਾਡੇ ਵਿਰਸੇ ਦੇ ਇਤਿਹਾਸਕ ਅਤੇ ਸਭਿਆਚਾਰਕ ਚਿੰਨ੍ਹ ਸਾਂਭੀ ਬੈਠੀਆਂ ਹਨ। ਇੱਕ ਮੁਸਲਿਮ ਚੌਧਰੀ ਪਰਿਵਾਰ ਦੇ ਘਰ ਦਾ ਨਾਂ ਚੇਲਿਆਂ ਵਾਲੀ ਹੋਣਾ ਮੈਨੂੰ ਕਈ ਗੁੱਝੀਆਂ ਰਮਜ਼ਾਂ ਵਾਲਾ ਜਾਪਿਆ ਪਰ ਇਹ ਭੇਤ ਜਾਣ ਸਕਣ ਦਾ ਕੰਮ ਕਿਸੇ ਹੋਰ ਮੌਕੇ ਲਈ ਮੁਲਤਵੀ ਕਰਨਾ ਪਿਆ।

 

ਕਹਾਣੀ ਦੋਹਾਂ ਪੰਜਾਬਾਂ ਦੀ

ਕੁਝ ਕੁੱਝ ਚਾਅ ਸੀ ਤੇ ਬਹੁਤਾ ਡਰ। ਚਾਅ ਤਾਂ ਨਵਾਂ ਮੌਕਾ ਹੱਥ ਲੱਗਣ ਦਾ ਸੀ। ਬੰਦੇ ਕੋਲ ਗੱਲ ਜਿੰਨੀ ਮਰਜ਼ੀ ਵਧੀਆ ਹੋਵੇ ਪਰ ਜੇ ਦੱਸਣ ਲਈ ਢੁੱਕਵਾਂ ਮੰਚ ਹੀ ਨਾ ਮਿਲੇ ਤਾਂ ਗੁੜ ਗੋਬਰ ਹੋ ਜਾਂਦਾ ਹੈ। ਮੇਰੇ ਲਈ ਦੋਹਾਂ ਪੰਜਾਬਾਂ ਦੇ ਸਾਹਿਤਕ ਖੇਤਰ `ਚ ਭੱਲ ਬਨਾਉਣ ਦਾ ਸੁਨਿਹਿਰੀ ਮੌਕਾ ਸੀ, ਪਰ ਤਲਵਿੰਦਰ ਦੀਆਂ ਗੱਲਾਂ ਸੁਣਨ ਤੋਂ ਬਾਅਦ ਡਰ ਲੱਗਣ ਲੱਗ ਪਿਆ ਸੀ, ਜਿਵੇਂ ਇਮਤਿਹਾਨ ਵਿੱਚ ਬੈਠਣਾ ਹੋਵੇ। ਇਮਤਿਹਾਨ ਹੀ ਤਾਂ ਸੀ, ਦੋਹਾਂ ਪੰਜਾਬਾਂ ਦੀ ਕਹਾਣੀ ਵਰਗੇ ਵਿਸ਼ਾਲ ਵਿਸ਼ੇ ਬਾਰੇ ਪੂਰੇ ਅਧਿਕਾਰ ਨਾਲ ਬੋਲਣ ਦੀ ਜ਼ੁਅਰਤ ਕਰਨੀ ਕਿਹੜੀ ਅਗਨੀ-ਪ੍ਰੀਖਿਆ ਤੋਂ ਘੱਟ ਸੀ। ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਇੱਕ ਦਿਨ ਤਲਵਿੰਦਰ ਮੇਰਾ ਕੱਚ-ਪੱਕ ਵੇਖਣ ਲਈ ਠੁਣਕਾ ਰਿਹਾ ਸੀ, “ਭਰਾ ਤਿਆਰੀ-ਤੂਰੀ ਕਰ ਛੱਡ ਆਪਣੀ, ਐਤਕੀ ਵਿਖਾਂਵਾਂਗੇ ਉਨ੍ਹਾਂ ਨੂੰ ਕਿ ਕਹਾਣੀ-ਆਲੋਚਨਾ ਅਸਲ ਵਿੱਚ ਕੀ ਸ਼ੈਅ ਹੁੰਦੀ ਜੇ। ਮੈਂ ਕਹਿ ਛੱਡਿਆ ਸੂ ਪਈ ਐਤਕੀ ਧਾਡ੍ਹੇ ਗਾੜੀ ਇੱਕ ਤੋਪ ਚਲਾਉਣੀ ਜੇ, ਫਿਰ ਕਰਿਓ ਗੱਲ। ਠੀਕ ਏ ਨਾ ਮੇਰੀ ਜਾਨ?” ਉਸ ਨੇ ਮੇਰੀ ਹਾਂ ਮੰਗੀ। ਮੈਂ ਭਲਾ ਅੱਗੋਂ ਕੀ ਕਹਿੰਦਾ? ਇੰਨੇ ਵੱਡੇ ਮਾਣ ਰੱਖਣ ਜੋਗਾ ਕਿੱਥੇ ਸਾਂ ਮੈਂ। ਕੋਈ ਭਲਵਾਨ ਆਪਣੇ ਰੰਗਲੇ ਜਾਂਘੀਏ, ਡੌਲਿਆਂ-ਪੱਟਾਂ ਦੀਆਂ ਮੱਛੀਆਂ, ਧੋਬੀ ਪਟੜੇ ਦੀਆਂ ਜੁਗਤਾਂ ਬਾਰੇ ਫੋਕੀਆਂ ਫੜ੍ਹਾਂ ਮਾਰੀ ਜਾਵੇ ਪਰ ਬਿਗਾਨੇ ਪੁੱਤ ਨਾਲ ਹੱਥ ਜੁੜਦਿਆਂ ਹੀ ਪੈਂਦੀ ਸੱਟੇ ਧਰਤੀ ਉਤੇ ਮੂੰਹ-ਭਾਰ ਚੌਫਾਲ ਜਾ ਡਿੱਗੇ, ਫਿਰ ਕੀ ਰਹਿੰਦੀ ਹੈ? ਫਿਰ ਅਖਾੜੇ ਵਿੱਚ ਜਾਂਦਿਆਂ ਡਰ ਤਾਂ ਲੱਗਣਾ ਹੀ ਸੀ।

ਵਰਲਡ ਪੰਜਾਬੀ ਯੂਨੀਅਨ, ਲਾਹੌਰ ਨਾਂ ਦੀ ਸੰਸਥਾ ਵੱਲੋਂ ਭੁਲੇਖਾ ਅਖ਼ਬਾਰ ਦੇ ਦਫਤਰ ਵਿੱਚ ਦੋਹਾਂ ਪੰਜਾਬਾਂ ਦੀ ਕਹਾਣੀ ਬਾਰੇ ਸਮਾਗਮ ਰੱਖਿਆ ਗਿਆ ਸੀ। ਕਹਾਣੀ ਸਬੰਧੀ ਲਿਖਣ-ਪੜ੍ਹਨ ਵਾਲੇ ਅਦੀਬਾਂ ਦਾ ਭਰਵਾਂ ਇਕੱਠ ਜੁੜ ਗਿਆ। ਫਰਖੰਦਾ ਲੋਧੀ, ਹੁਸੈਨ ਸ਼ਾਦ, ਮੁਹੰਮਦ ਜ਼ੁਬੈਰ, ਜਮੀਲ ਅਹਿਮਦ ਪਾਲ, ਪਰਵੀਨ ਮਲਿਕ, ਇਕਬਾਲ ਕੈਸਰ, ਆਸ਼ਿਕ ਰਹੀਲ, ਪ੍ਰੇਮ ਪ੍ਰਕਾਸ਼ ਵਰਗੇ ਮੁਹਤਬਰ ਅਫ਼ਸਾਨਾ-ਨਿਗਰ ਵੀ ਸਮਾਗਮ ਵਿੱਚ ਸ਼ਾਮਿਲ ਸਨ ਅਤੇ ਕਰਾਮਤ ਅਲੀ ਮੁਗਲ ਵਰਗੇ ਨਵੇਂ ਚਿਹਰੇ ਵੀ ਉਤਸੁਕਤਾ ਨਾਲ ਭਰੇ ਬੈਠੇ ਸਨ।

ੋਭੁਲੇਖਾ’ ਦੇ ਸੰਪਾਦਕ ਮੁਦੱਸਰ ਇਕਬਾਲ ਬੱਟ ਨੇ ਆਪਣੀ ਜਾਨਦਾਰ ਆਵਾਜ਼ ਅਤੇ ਠੇਠ ਲਾਹੌਰੀ ਲਹਿਜ਼ੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਮੇਰੇ ਅੰਦਰ ਅਹਿਸਾਸੇ-ਕਮਤਰੀ ਵਰਗਾ ਕੁੱਝ ਪੈਦਾ ਹੋਇਆ। ਇਸ ਬੱਟ-ਲਹਿਜ਼ੇ ਦੇ ਆਦੀ ਸਰੋਤੇ ਮੇਰੀ ਅਕਾਦਮਿਕ ਜਿਹੀ ਗੱਲਬਾਤ ਦਾ ਕੀ ਹੁੰਘਾਰਾ ਭਰਨਗੇ? ਮੈਂ ਚੋਰੀ ਅੱਖ ਤਲਵਿੰਦਰ ਵੱਲ ਵੇਖਿਆ ਜਿਹੜਾ ਮੇਰੇ ਝੂਠੇ ਆਸਰੇ ਐਵੇਂ ਚੌੜਾ ਹੋਇਆ ਬੈਠਾ ਸੀ।

ਮਹਿਮਾਨਾਂ ਨੂੰ ਖੁਸ਼ਆਮਦੀਦ ਕਹਿਣ ਤੋਂ ਪਿੱਛੋਂ ਬੱਟ ਹੋਰਾਂ ਪ੍ਰੋ। ਜਮੀਲ ਹੋਰਾਂ ਨੂੰ ਪਾਕਿਸਤਾਨੀ ਪੰਜਾਬੀ ਕਹਾਣੀ ਬਾਰੇ “ਮਕਾਲਾੌ ਪੜ੍ਹਨ ਦੀ ਦਾਅਵਤ ਦਿੱਤੀ। ਉਸਨੇ ਬੜੇ ਤਹੱਮਲ ਅਤੇ ਇਸ ਦ੍ਰਿੜ ਇਰਾਦੇ ਨਾਲ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, “ਪਾਕਿਸਤਾਨੀ ਪੰਜਾਬੀ ਕਹਾਣੀ ਦਾ ਇਤਿਹਾਸ ਸ਼ਰਮ ਦਾ ਇਤਿਹਾਸ ਹੈ। ਪਹਿਲਾਂ ਤਾਂ ਇਥੇ 1960 ਤੱਕ ਉਂਜ ਹੀ ਕਹਾਣੀਕਾਰਾਂ ਵਿੱਚ ਚੁੱਪ ਪਸਰੀ ਰਹੀ ਅਤੇ ਗਿਣਤੀ ਦੀਆਂ ਕਹਾਣੀਆਂ ਹੀ ਲਿਖੀਆਂ ਗਈਆਂ। ਸੱਠ `ਚ ਪਹਿਲਾਂ ਸੰਗ੍ਰਹਿ ਛਪ ਕੇ ਬਾਹਰ ਆਇਆ। ਹੁਣ ਤੱਕ ਭਾਵੇਂ ਕੋਈ ਪੱਕੀ ਗਿਣਤੀ ਤੇ ਨਹੀਂ ਪਰ ਮਸਾਂ ਦੋ-ਢਾਈ ਸੌ ਦੇ ਕਰੀਬ ਸੰਗ੍ਰਹਿ ਛਪੇ ਹੋਣਗੇ। ਹੁਣ ਵੀ ਸਾਲ ਵਿੱਚ ਪੰਜ-ਛੇ, ਕਈ ਵਾਰ ਮਸਾਂ ਦੋ-ਤ੍ਰੈ ਹੀ ਸੰਗ੍ਰਹਿ ਛਪਦੇ ਹਨ ਤੇ ਕਹਾਣੀ ਦੇ ਮਿਆਰ ਦੀ ਭਲਾ ਕੀ ਗੱਲ ਕਰੀਏ? ਬਹੁਤ ਹੀ ਹਲਕੇ ਪੱਧਰ ਦੀਆਂ ਆਮ ਜਿਹੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ। ਬਹੁਤਿਆਂ ਨੂੰ ਤੇ ਇਹ ਤਮੀਜ਼ ਵੀ ਨਹੀਂ ਕਿ ਇਸ ਵਿਸ਼ੇ ਤੇ ਕਹਾਣੀ ਬਣ ਵੀ ਸਕਦੀ ਏ ਜਾਂ ਨਹੀਂ। ਬੱਸ ਡੰਗ-ਟਪਾਈ ਏ।” ਪ੍ਰੋ। ਜਮੀਲ ਦੇ ਅਜਿਹੇ ਵਿਚਾਰਾਂ ਨੇ ਸਰੋਤਿਆਂ ਨੂੰ ਨਿਰਾਸ਼ਾ ਦੀ ਡੂੰਘੀ ਖੱਡ ਵਿੱਚ ਧਕੇਲ ਦਿੱਤਾ। ਇੱਕ ਅਜੀਬ ਜਿਹੀ ਅਣਹੋਏਪਣ ਦੀ ਪਰਤ ਪਾਕਿਸਤਾਨੀ ਕਹਾਣੀਕਾਰਾਂ ਦੇ ਚਿਹਰਿਆਂ ਉਤੇ ਚੜ੍ਹ ਗਈ।

ਆਪਮੁਹਾਰੇ ਹੀ ਪੇਪਰ ਉਤੇ ਟਿੱਪਣੀ ਕਰਦਿਆਂ ਪਰਵੀਨ ਮਲਿਕ ਨੇ ਪ੍ਰੋ। ਜਮੀਲ ਦੀ ਗੱਲ ਉਤੇ ਪੱਕੀ ਮੋਹਰ ਲਾਉਂਦਿਆਂ ਕਹਿ ਦਿੱਤਾ, “ਪਾਕਿਸਤਾਨੀ ਪੰਜਾਬੀ ਕਹਾਣੀਕਾਰ ਕਹਾਣੀ ਲਿਖਣ ਉਤੇ ਕੋਈ ਖਾਸ ਮੁਸ਼ੱਕਤ ਨਹੀ ਕਰਦਾ। ਬੱਸ ਜੋ ਫੁਰਨਾ ਰਾਹ ਜਾਂਦਿਆਂ ਫੁਰਿਆਂ ਉਹ ਕਾਗਜ਼ ਦੀ ਹਿੱਕ ਉਤੇ ਝਰੀਟ ਦਿੱਤਾ। ਉਸ ਨੂੰ ਲਗਦਾ ਹੈ, ਕਹਾਣੀ ਲਿਖਣ ਦਾ ਕੋਈ ਫਾਇਦਾ ਨਹੀਂ। ਜੇ ਸੱਚ ਕਹਾਂ, ਸਾਨੂੰ ਕਹਾਣੀਕਾਰਾਂ ਨੂੰ ਅਜੇ ਇਹ ਵੀ ਨਹੀਂ ਪਤਾ ਅਸੀਂ ਕੀ ਲਿਖੀਏ? , ਅਸੀਂ ਆਪਣੀ ਜ਼ਾਤ ਬਾਰੇ ਹੀ ਨਹੀਂ ਜਾਣਦੇ ਕਿ ਅਸੀਂ ਹਾਂ ਕੌਣ? ਐਸੀ ਹਾਲਤ ਵਿੱਚ ਜੋ ਕਹਾਣੀ ਲਿਖੀ ਜਾ ਰਹੀ ਏ, ਉਸ ਵਿੱਚ ਮਿਕਦਾਰ ਹੈ, ਮਿਆਰ ਕੋਈ ਨਹੀਂ ਲੱਭਦਾ।” ਇਹ ਸੁਣ ਕੇ ਨਿਰਾਸ਼ਾ ਦੀ ਪਰਤ ਹੋਰ ਮੋਟੀ ਹੋ ਗਈ।

ਹੁਣ ਮੇਰੀ ਵਾਰੀ ਸੀ। ਬੱਟ ਹੋਰਾਂ ਮੈਨੂੰ ਬੋਲਣ ਲਈ ਕਿਹਾ ਪਰ ਮੇਰੇ ਤੋਂ ਪਹਿਲਾਂ ਤਲਵਿੰਦਰ ਬੋਲ ਪਿਆ। ਸ਼ਾਇਦ ਉਹ ਮੇਰੀ ਠੁੱਕ ਬੰਨ੍ਹਣੀ ਚਾਹੁੰਦਾ ਸੀ।

“ਡਾ। ਬਲਦੇਵ ਸਿੰਘ ਧਾਲੀਵਾਲ ਸਾਡਾ ਉਹ ਯੁਵਾ ਕਹਾਣੀ ਆਲੋਚਕ ਹੈ ਜਿਸਨੇ ਦੋਹਾਂ ਪੰਜਾਬਾਂ ਦੀ ਕੋਈ ਕਹਾਣੀ ਪੜ੍ਹਨੋ ਬਾਕੀ ਨਹੀਂ ਛੱਡੀ। ਇਸਨੇ ਆਪਣੀ ਆਲੋਚਨਾ ਦੀ ਕਿਤਾਬ ੋਪੰਜਾਬੀ ਕਹਾਣੀ ਦਾ ਇਤਿਹਾਸੋ ਵਿੱਚ ਸਮੁੱਚੇ ਪੰਜਾਬੀ ਕਹਾਣੀਕਾਰਾਂ ਦੇ ਪ੍ਰਮਾਣਿਕ ਵੇਰਵੇ ਪੇਸ਼ ਕੀਤੇ ਨੇ। ਹੋਰ ਵੀ ਪੰਜ-ਛੇ ਪੁਸਤਕਾਂ ਵਿਸ਼ੇਸ਼ ਤੌਰ ਤੇ ਪੰਜਾਬੀ ਕਹਾਣੀ ਬਾਰੇ ਲਿਖੀਆਂ ਨੇ। ਇਸ ਤੋਂ ਇਲਾਵਾ।। । ਹੋਰ ਕੀ ਕਹਾਂ, ਧਾਡੇ ਸਾਮ੍ਹਣੇ ਵੇ ਹੁਣ।” ਮੁਸਕਰਾਉਂਦਿਆਂ ਤਲਵਿੰਦਰ ਸਿੰਘ ਨੇ ਮੇਰਾ ਹੋਰ ਪੜੁੱਲ ਬੰਨ੍ਹ ਦਿੱਤਾ ਜਿਸ ਨਾਲ ਮੇਰੀ ਚੁਣੌਤੀ ਹੋਰ ਵੱਡੀ ਹੋ ਗਈ। ੋਕਿਤੇ ਊਈਂ ਸਲ੍ਹਾਭੇ ਪਟਾਕੇ ਵਾਂਗੂੰ ਠੁੱਸ ਨਾ ਹੋ ਜਾਵਾਂ। ’ ਡਰ ਦੀ ਸੀਤ-ਕੰਬਣੀ ਫਿਰ ਮੇਰੀ ਰੀੜ੍ਹ ਦੀ ਹੱਡੀ ਵਿਚੋਂ ਲੰਘੀ। ਹੌਸਲਾ ਇਕੱਠਾ ਕਰ ਕੇ ਬੋਲਣਾ ਸ਼ੁਰੂ ਕੀਤਾ:

“ਅਦੀਬ ਦੋਸਤੋਂ ਪਹਿਲੀ ਗੱਲ ਤਾਂ ਏਹ ਕਿ ਮੈਂ ਪ੍ਰੋ। ਜਮੀਲ ਹੋਰਾਂ ਵਾਂਗ ਪਾਕਿਸਤਾਨੀ ਪੰਜਾਬੀ ਕਹਾਣੀ ਤੋਂ ਨਿਰਾਸ਼ ਨਹੀਂ ਹਾਂ। ਗਿਣਤੀ ਪੱਖੋਂ ਵੇਖੀਏ ਤਾਂ ਮੈਂ ਆਪਣੀ ਹੀ ਪੁਸਤਕ ੋਪੰਜਾਬੀ ਕਹਾਣੀ ਦਾ ਇਤਿਹਾਸ’ ਵਿੱਚ ਚਾਲੀ ਦੇ ਕਰੀਬ ਪਾਕਿਸਤਾਨੀ ਕਹਾਣੀਕਾਰਾਂ ਦੇ ਯੋਗਦਾਨ ਦਾ ਭਰਵਾਂ ਜਿਕਰ ਕੀਤਾ ਹੈ। ਜਦੋਂ ਖੁਦ ਤੁਸੀਂ ਪਾਕਿਸਤਾਨੀ ਪੰਜਾਬੀ ਕਹਾਣੀ ਦੀ ਗੱਲ ਕਰਦੇ ਹੋ ਤਾਂ ਪਤਾ ਨਹੀਂ ਕਿਉਂ ਕੁੱਝ ਵਧੀਆ ਕਹਾਣੀਕਾਰਾਂ ਨੂੰ ਬਾਹਰ ਰੱਖ ਦਿੰਦੇ ਹੋ, ਜਿਵੇਂ ਅੱਜ ਵੀ ਇਲਿਆਸ ਘੁੰਮਣ, ਅਫਜ਼ਲ ਤੌਸੀਫ, ਆਗਾ ਅਲੀ ਮੁਦੱਸਰ, ਮਕਸੂਦ ਸਾਕਿਬ ਵਰਗੇ ਚੰਗੇ ਕਹਾਣੀਕਾਰਾਂ ਦਾ ਜਿਕਰ ਨਹੀਂ ਕੀਤਾ ਗਿਆ। ਇਹ ਸਾਰੇ ਚੰਗੀ ਕਹਾਣੀ ਲਿਖ ਰਹੇ ਹਨ ਜੋ ਕਿਸੇ ਵੀ ਤਰ੍ਹਾਂ ਮੁੱਖ- ਧਾਰਾ ਦੀ ਪੰਜਾਬੀ ਕਹਾਣੀ ਤੋਂ ਪਿੱਛੇ ਨਹੀਂ। ਪਾਕਿਸਤਾਨੀ ਪੰਜਾਬੀ ਕਹਾਣੀ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਸਾਡੇ ਤੱਕ ਇਹ ਪਾਕਿਸਤਾਨੀ ਪੰਜਾਬ ਦੀ ਰਹਿਤਲ ਦੇ ਹਾਲ-ਹਵਾਲ ਪਹੁੰਚਦੇ ਕਰ ਰਹੀ ਐ। ਇਹ ਕੰਮ ਤੁਸੀਂ ਹੀ ਕਰ ਸਕਦੇ ਸੀ, ਤੁਸੀਂ ਕਰ ਵੀ ਰਹੇ ਹੋ, ਇਸਨੂੰ ਘਟਾ ਕੇ ਨਾ ਵੇਖੋ। ਪਾਕਿਸਤਾਨੀ ਪੰਜਾਬੀ ਸਭਿਆਚਾਰ ਦੀਆਂ ਬਰੀਕੀਆਂ ਨੂੰ ਤੁਹਾਡੇ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ। ਮਸਲਨ ਪਾਕਿਸਤਾਨੀ ਪੰਜਾਬੀ ਬੰਦੇ ਦੀ ਤਿੜਕੀ (ਫਰੈਕਚਰਡ) ਹੋਂਦ ਦੀ ਠੀਕ ਪਛਾਣ ਦਾ ਮਸਲਾ ਤੁਸੀਂ ਛੋਹਿਆ ਹੈ। ਉਹ ਬੰਦਾ ਕਿੰਨਾ ਕੁ ਪੰਜਾਬੀ ਹੈ, ਕਿੰਨਾ ਕੁ ਰਾਸ਼ਟਰਵਾਦੀ ਅਤੇ ਕਿੰਨਾ ਕੁ ਮੁਸਲਮਾਨ ਹੈ? ਕੀ ਇਨ੍ਹਾਂ ਸਾਰੀਆਂ ਹੋਂਦਾਂ ਦਾ ਆਪਸ ਵਿੱਚ ਕੋਈ ਵਿਰੋਧ ਹੈ? ਜਾਂ ਕੀ ਇਹ ਹੋਂਦਾਂ ਇਕੋ ਸਮੇਂ ਨਾਲ ਨਾਲ ਚੱਲ ਸਕਦੀਆਂ ਹਨ? ਇੱਕ ਤੋਂ ਵੱਧ ਪਛਾਣਾਂ ਵਾਲੇ ਪਾਕਿਸਤਾਨੀ ਪੰਜਾਬੀ ਬੰਦੇ ਨੂੰ ਫੜ੍ਹ ਸਕਣ ਲਈ ਤੁਹਾਡੀ ਕਹਾਣੀ ਬਾਖੂਬੀ ਯਤਨ ਕਰ ਰਹੀ ਹੈ। ਮਿਸਾਲ ਵਜੋਂ ਅਫਜ਼ਲ ਤੌਸੀਫ ਦੀ ਕਹਾਣੀ ੋਗੁੰਝਲ ਗੁੰਝਲ ਹੋਈਆਂ ਸਾਡੀ ਆਸ ਦੀਆਂ ਤੰਦਾਂ’ ਵੇਖੀ ਜਾ ਸਕਦੀ ਹੈ। ਮਕਸੂਦ ਸਾਕਿਬ, ਜ਼ੂਬੈਰ ਅਤੇ ਮੂਲੋਂ ਨਵੇਂ ਕਹਾਣੀਕਾਰ ਖਾਲਿਦ ਧਾਲੀਵਾਲ, ਕਰਾਮਤ ਅਲੀ ਮੁਗਲ ਪਾਕਿਸਤਾਨੀ ਪੰਜਾਬ ਦੀ ਰਹਿਤਲ ਦੇ ਅਜੋਕੇ ਮੂਲ ਤਣਾਵਾਂ ਨੂੰ ਠੀਕ ਪਰਿਪੇਖ ਵਿੱਚ ਪਛਾਣ ਰਹੇ ਹਨ। ਹਾਂ ਜੇ ਕੋਈ ਘਾਟ ਹੈ ਤਾਂ ਉਹ ਤਕਨੀਕ ਪੱਖੋਂ ਕਹੀ ਜਾ ਸਕਦੀ ਹੈ। ਚੜ੍ਹਦੇ ਪੰਜਾਬ ਦੀ ਕਹਾਣੀ ਨਾਲ ਤੁਲਨਾ ਕਰ ਕੇ ਵੇਖੀਏ ਤਾਂ ਉਥੇ ਬਹੁ-ਪਰਤੀ ਜਟਿਲ ਕਹਾਣੀ ਲਿਖੀ ਜਾ ਰਹੀ ਹੈ। ਕਹਾਣੀਕਾਰ ਮੁੱਖ ਘਟਨਾ ਦੇ ਪੂਰਕ ਵਜੋਂ ਅੱਗੇ ਹੋਰ ਸਬ-ਪਲਾਟਸ ਦੀ ਵਰਤੋਂ ਕਰਦਾ ਹੈ। ਸਾਰੀਆਂ ਤੰਦਾਂ ਨੂੰ ਲੋੜੀਂਦੇ ਗਲਪੀ-ਤਰਕ ਨਾਲ ਜੋੜਦਾ-ਬੀੜਦਾ ਹੈ। ਏਧਰ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਕਾਹਲ ਨਾਲ ਗੱਲ ਮੁਕਾਉਂਦਾ ਅਤੇ ਅੰਤ ਉਤੇ ਵਿਸਫੋਟ ਕਰਨ ਵਿੱਚ ਵਧੇਰੇ ਰੁਚੀ ਲੈਂਦਾ ਹੈ। ਜਦ ਕਿ ਕਹਾਣੀਕਾਰ ਦਾ ਅਸਲੀ ਹੁਨਰ ਇਹ ਮੰਗ ਕਰਦਾ ਹੈ ਕਿ ਉਸਨੇ ਵਿਖਾਲਾ ਤਾਂ ਕਾਹਲੀ ਨਾਲ ਅੰਤ ਉਤੇ ਪੁੱਜਣ ਦਾ ਕਰਨਾ ਹੁੰਦਾ ਹੈ ਪਰ ਅਸਲ ਵਿੱਚ ਪਾਠਕ ਨੂੰ ਅੰਤ ਉਤੇ ਪਹੁੰਚਣ ਤੋਂ ਪਹਿਲਾਂ ਵੱਧ ਤੋਂ ਵੱਧ ਸਮਾਂ ਰੋਕ ਕੇ ਰੱਖਣਾ ਹੁੰਦਾ ਹੈ। ਇਹੀ ਮੂਲ ਜੁਗਤ ਜਾਂ ਤਕਨੀਕ ਹੈ ਬਿਰਤਾਂਤ ਨੂੰ ਬਹੁ-ਪਰਤੀ ਬਨਾਉਣ ਦੀ। ਕਹਾਣੀ ਮੁੱਢ ਜਾਂ ਅੰਤ ਵਿੱਚ ਨਹੀਂ, ਹਰੇਕ ਸ਼ਬਦ ਵਿੱਚ ਹੋਣੀ ਚਾਹੀਦੀ ਹੈ। ਤੁਹਾਡੇ ਉਰਦੂ ਵਿੱਚ ਇੰਤਜ਼ਾਰ ਹੁਸੈਨ, ਅਹਿਮਦ ਨਦੀਮ ਕਾਸਮੀ ਦੀਆਂ ਕਹਾਣੀਆਂ ਅਜਿਹੀਆਂ ਹੀ ਹਨ। ਤੁਹਾਨੂੰ ਉਨ੍ਹਾਂ ਨਾਲ ਅਦਬੀ ਸਾਂਝ ਵਧਾਉਣ ਦੀ ਜ਼ਰੂਰਤ ਹੈ। ਪੂਰਬੀ ਪੰਜਾਬ ਦੇ ਕਹਾਣੀਕਾਰ, ਬੇਦੀ, ਮੰਟੋ, ਚੁਗਤਾਈ, ਅੱਬਾਸ ਵਰਗੇ ਊਰਦੂ ਕਹਾਣੀਕਾਰਾਂ ਨੂੰ ਆਪਣੇ ਤੋਂ ਦੂਰ ਨਹੀਂ ਮੰਨਦੇ। ਇਨ੍ਹਾਂ ਗੱਲਾਂ ਤੋਂ ਰਤਾ ਕੁ ਸੁਚੇਤ ਹੋਵੋ, ਪਾਕਿਸਤਾਨੀ ਪੰਜਾਬੀ ਕਹਾਣੀ ਦਾ ਮੁਸਤੱਕਬਿਲ ਮੈਨੂੰ ਰੌਸ਼ਨ ਲਗਦਾ ਹੈ ਤਾਂ ਹੀ।। ।। ੌ

ਪੂਰੇ ਵਜ਼ਦ ਵਿੱਚ ਆ ਕੇ ਬੋਲਦੇ ਨੂੰ ਮੈਨੂੰ ਵੱਧ ਸਮਾਂ ਲੈ ਜਾਣ ਦਾ ਧਿਆਨ ਹੀ ਨਾ ਰਿਹਾ। ਚਰਚਿਤ ਸ਼ਾਇਰ ਅਫਜ਼ਲ ਸਾਹਿਰ ਨੇ ਮੈਨੂੰ ਟੋਕ ਕੇ ਇਹ ਅਹਿਸਾਸ ਕਰਾਇਆ। ਸਰੋਤਿਆਂ ਦੀਆਂ ਭਰਪੂਰ ਤਾੜੀਆਂ ਨੇ ਮੇਰਾ ਹੌਸਲਾ ਵਧਾਇਆ। ਤਲਵਿੰਦਰ ਵੱਲ ਵੇਖਦਿਆਂ ਮੇਰੇ ਅੰਦਰੋਂ ਹਾਸ਼ਮ ਬੋਲਿਆ, ੋਹਾਸ਼ਮ ਕਹੋ ਲੱਖ ਲਂੱਖ ਸ਼ੁਕਰਾਨਾ ਇਸ਼ਕ ਵੱਲੋਂ ਰਹਿ ਆਈ। `

ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰੇਮ ਪ੍ਰਕਾਸ਼ ਨੇ ਕਿਹਾ, ੌ ਤੁਹਾਨੂੰ ਪੰਜਾਬੀ ਵਾਲਿਆਂ ਨੂੰ ਉਰਦੂ ਵਾਲਿਆਂ ਤੋਂ ਵੱਖਰੀ ਝੁੱਗੀ ਪਾਉਣ ਦੀ ਲੋੜ ਨਹੀਂ। ਬਲਕਿ ਉਨ੍ਹਾਂ ਵਿੱਚ ਮਿਕਸ ਹੋ ਕੇ, ਉਨ੍ਹਾਂ ਤੋਂ ਤਕਨੀਕ ਦੇ ਗੁਰ ਸਿੱਖ ਕੇ, ਫਿਰ ਉਨ੍ਹਾਂ ਨੂੰ ਚੁਣੌਤੀ ਦੇਣ ਦੀ ਲੋੜ ਹੈ। ਕਹਾਣੀ ਦਾ ਖੇਤਰ ਅਜਿਹਾ ਹੈ ਕਿ ਇਹ ਇਕੱਲੇ ਇਕੱਲੇ ਲੜਨ ਦਾ ਮੈਦਾਨ ਹੈ। ਸਮੂਹਿਕ ਸੰਘਰਸ਼ ਵਰਗੀ ਗੱਲ ਕਹਾਣੀ ਲਿਖਣ `ਚ ਨਹੀਂ ਚਲਦੀ। ਮੁਨਸ਼ੀ ਪ੍ਰੇਮ ਚੰਦ ਦੀ ਮਿਸਾਲ ਲਵੋ, ਉਹ ਨਾਮਣਾ ਉਰਦੂ `ਚ ਲਿਖ ਕੇ ਖਟਦਾ ਸੀ ਪਰ ਰਾਇਲਟੀ ਜਿਆਦਾ ਹਿੰਦੀ ਵਿਚੋਂ ਲੈਂਦਾ ਸੀ। ਪਾਕਿਸਤਾਨੀ ਪੰਜਾਬੀ ਕਹਾਣੀਕਾਰ ਲਈ ਮੈਦਾਨ ਸਾਫ਼ ਹੈ, ਬੱਸ ਲੰਗੋਟ ਕੱਸਣ ਦੀ ਲੋੜ ਹੈ ਹੁਣ। ਲੇਖਕ ਲਈ ਸਭ ਤੋਂ ਵੱਡੀ ਅਤੇ ਅਹਿਮ ਚੀਜ ਹੁੰਦੀ ਹੈ ਆਜ਼ਾਦੀ, ਹਾਕਮਾਂ ਤੋਂ ਇਹ ਹੱਕ ਲੈਣਾ ਹੀ ਵੱਡੀ ਚੁਣੌਤੀ ਹੈ। ਇਹ ਤੁਹਾਨੂੰ ਕਿਸੇ ਹੋਰ ਨੇ ਲੈ ਕੇ ਨਹੀਂ ਦੇਣੀ, ਇਹ ਕੁੱਝ ਕੀਤਾ ਕਰਾਇਆ ਕਦੇ ਨਹੀਂ ਮਿਲਦਾ। ਆਪਣਾ ਮੂਲ ਪਛਾਣੋ ਭਾਈ। ਹੋਰ ਬਹੁਤਾ ਕੀ ਕਹਿਣਾ ਹੈ।। ।।” ਪ੍ਰੇਮ ਪ੍ਰਕਾਸ਼ ਦੀਆਂ ਗੱਲਾਂ ਨੇ ਜਿਵੇਂ ਮੁਰਦੇ ਵਿੱਚ ਜਾਨ ਪਾ ਦਿੱਤੀ ਹੋਵੇ, ਸਰੋਤਿਆਂ ਦੇ ਚਿਹਰਿਆਂ ਉਤੇ ਅਜਿਹੀ ਆਭਾ ਨਜ਼ਰ ਆਈ ਜਿਵੇਂ ਉਨ੍ਹਾਂ ਇਸੇ ਪਲ ਤੋਂ ਹੀ ਗੁਲਾਮੀ ਦੀ ਛੱਟ ਲਾਹ ਕੇ ਪਰ੍ਹੇ ਵਗਾਹ ਮਾਰੀ ਹੋਵੇ।

ਦੋਹਾਂ ਪੰਜਾਬਾਂ ਦੀ ਕਹਾਣੀ ਚਰਚਾ ਵਿੱਚ ਸਭ ਐਸੇ ਖੁੱਭੇ ਕਿ ਦੁਪਹਿਰ ਦੇ ਖਾਣੇ ਲਈ ਸ਼ਾਮ ਦੇ ਚਾਰ ਵੱਜ ਗਏ। ਮੁਸ਼ਕਲ ਨਾਲ ਅੱਧਾ ਘੰਟਾ ਰੋਟੀ ਲਈ ਮਿਲਿਆ, ਫਿਰ ਚਰਚਾ ਦਾ ਅਗਲਾ ਹਿੱਸਾ ਮਕਸੂਦ ਸਾਕਿਬ ਹੋਰਾਂ ਦੇ ਦਫ਼ਤਰ ਵਿੱਚ ਸ਼ੁਰੂ ਹੋ ਗਿਆ। ਰਹਿੰਦਾ ਗੁੱਭ-ਗਲ੍ਹਾਟ ਉਥੇ ਨਿਕਲਿਆ। ਸਵੇਰ ਤੋਂ ਸ਼ਾਮ ਤੱਕ ਦੋਹਾਂ ਪੰਜਾਬਾਂ ਦੀ ਕਹਾਣੀ ਦਾ ਸਾਗਰ ਇਉਂ ਰਿੜਕਿਆ ਜਾਂਦਾ ਰਿਹਾ ਕਿ ਇਹ ਇੱਕ ਇਤਿਹਾਸਕ ਯਾਦ ਬਣ ਗਈ।

 

 

ਤੂੰ ਲੀਕੋਂ ਕਿਹੜੇ ਪਾਸੇ ਦਾ?

ਐਸ ਪਾਸੇ ਜਾਵਾਂ ਕਿ ਮੈਂ ਔਸ ਪਾਸੇ ਜਾਵਾਂ? ਵਾਲੀ ਹਾਲਤ ਬਣੀ ਪਈ ਸੀ। ਅਠਾਰਾਂ ਅਪ੍ਰੈਲ ਸ਼ਾਮ ਨੂੰ ਸਬੱਬੀ ਨਜ਼ਮ ਹੁਸੈਨ ਸੱਯਦ ਦੇ ਘਰ ਜੁਮੇਂ ਨੂੰ ਜੁੜਨ ਵਾਲੀ ਅਦੁੱਤੀ ਮਜ਼ਲਿਸ ਦਾ ਦਿਨ ਵੀ ਸੀ ਅਤੇ ਸਾਡੇ ਛਪੇ ਪ੍ਰੋਗਰਾਮ ਅਨੁਸਾਰ ਪਿਲਾਕ ਸਮੇਂ ਸਿਰ ਅੱਪੜਨਾ ਵੀ ਨਿਸਚਤ ਸੀ। ਮਜ਼ਲਿਸ ਛੱਡੀ ਨਹੀਂ ਸੀ ਜਾਣੀ ਚਾਹੀਦੀ ਅਤੇ ਪਿਲਾਕ ਨਾਲ ਕੀਤੇ ਕੌਲ ਵੱਲੋਂ ਝੂਠੇ ਪੈਣ ਵਾਲੀ ਗੱਲ ਵੀ ਵਾਰਾ ਨਹੀਂ ਸੀ ਖਾਂਦੀ।

ਲਾਹੌਰ ਫੇਰੀਆਂ ਮਾਰ ਚੁੱਕੇ ਅਦੀਬਾਂ ਤੋਂ ਮਜ਼ਲਿਸ ਦੀ ਮਹਿਮਾ ਬਾਰੇ ਪਹਿਲਾਂ ਹੀ ਬੜਾ ਕੁੱਝ ਸੁਣ ਚੁੱਕੇ ਸਾਂ। ਮੀਂਹ ਜਾਵੇ ਹਨੇਰੀ ਆਵੇ, ਪਿਛਲੇ ਕਰੀਬ ਚਾਲੀ ਕੁ ਸਾਲਾਂ ਤੋਂ ਮਜ਼ਲਿਸ ਮਿਥੇ ਵਕਤ ਉਤੇ ਮਹੀਨੇ ਪਿਛੋਂ ਜੁੜਦੀ ਆ ਰਹੀ ਸੀ। ਸਾਡੇ ਲਈ ਇਹ ਸਪੈਸ਼ਲ ਤਾਂ ਰੱਖੀ ਨਹੀਂ ਸੀ ਜਾ ਸਕਦੀ। ਇਹ ਕਿਹੜਾ ਕਿਸੇ ਭਾੜੇ ਦੇ ਗਾਇਕ ਦਾ ਅਖਾੜਾ ਸੀ। ਇਹ ਤਾਂ ਕਲਾਸਕੀ ਪੰਜਾਬੀ ਸਾਹਿਤ ਦੇ ਉਨ੍ਹਾਂ ਸੱਚੇ-ਸੁੱਚੇ ਆਸ਼ਕਾਂ ਦੀ ਸਭਾ ਸੀ ਜਿਹੜੇ ਅਦਬੀ ਇਸ਼ਕ ਵਿੱਚ ਸਭਨਾਂ ਸਰਹੱਦਾਂ ਅਤੇ ਲੀਕਾਂ ਤੋਂ ਪਾਰ ਲੰਘ ਜਾਂਦੇ ਸਨ। ਮਜ਼ਲਿਸ ਦੇ ਸ਼ਾਤ ਮਾਹੌਲ ਵਿੱਚ ਉਹ ਦੀਵਾਨੇ ਕਿਸੇ ਸੂਫ਼ੀ, ਸੰਤ ਜਾਂ ਗੁਰੂ ਦੇ ਕਲਾਮ ਬਾਰੇ ਵਿਚਾਰ-ਚਰਚਾ ਕਰਦੇ ਸਨ। ਉਹ ਕਲਾਮ ਪਹਿਲਾਂ ਹੀ ਦੁਵਰਕੀ ਉਤੇ ਛਾਪ ਕੇ ਮਜ਼ਲਿਸ ਦੀ ਸੰਗਤ ਤੱਕ ਪੁਜਦਾ ਕੀਤਾ ਜਾਂਦਾ ਸੀ। ਫਿਰ ਕੋਈ ਰਾਗ ਦੀ ਸੂਝ ਵਾਲਾ ਗਾਇਕ ਉਸ ਕਲਾਮ ਨੂੰ ਗਾ ਕੇ ਮਜ਼ਲਿਸ ਦਾ ਆਗਾਜ਼ ਕਰਦਾ ਸੀ। ਸੰਗਤ ਦੇ ਲੋਕ ਵਾਰੋ ਵਾਰੀ ਉਸ ਕਲਾਮ ਨੂੰ ਪੜ੍ਹਦੇ-ਸੁਣਦੇ ਸਨ। ਨਜ਼ਮ ਹੁਸੈਨ ਸੱਯਦ ਹੋਰੀਂ ਨਾਲੋ ਨਾਲ ਉਸ ਰਚਨਾ ਦੇ ਸਾਹਿਤਕ, ਸਭਿਆਚਾਰਕ ਸੰਦਰਭਾਂ ਦੀਆਂ ਗੰਢਾਂ ਨੂੰ ਖੋਲ੍ਹਣ ਦਾ ਕੰਮ ਕਰਦੇ ਸਨ। ਇਹ ਸੰਗਤ ਸਤਿਨਾਮ-ਵਾਹਿਗੁਰੂ ਦੀ ਤੋਤਾ-ਰੱਟ ਲਾ ਕੇ ਮੁਕਤੀ ਦੇ ਦੁਆਰ ਲਭਦੀ ਸੰਗਤ ਨਾਲੋਂ ਮੂਲੋਂ ਵੱਖਰੇ ਲਹਿਜ਼ੇ ਵਾਲੀ ਸੀ।

ਇਸ ਮਜ਼ਲਿਸ ਦੀ ਚਰਚਾ ਇਸ ਕਰਕੇ ਵੀ ਸੀ ਕਿ ਇਥੇ ਸਾਂਝੇ ਪੰਜਾਬੀ ਵਿਰਸੇ ਨੂੰ ਮਜ਼ਬੂਰੀ ਦੀਆਂ ਲੀਕਾਂ ਤੋਂ ਉਪਰ ਉ-ੱਠ ਕੇ ਗਾਇਆ, ਸਮਝਿਆ ਜਾਂਦਾ ਸੀ। ਨਹੀਂ ਤਾਂ ਪਾਕਿਸਤਾਨ ਵਿੱਚ ਪੰਜਾਬੀ ਅਦਬ ਦੀ ਹਾਲਤ ਇਹ ਹੈ ਕਿ ਉਹ ਹਿੰਦੂ-ਸਿੱਖ ਕਲਮਕਾਰਾਂ ਨੂੰ ਹਰੇਕ ਚੋਣ ਸਮੇਂ ਚਿਮਟੇ ਨਾਲ ਚੁੱਕ ਕੇ ਬਾਹਰ ਰੱਖ ਦਿੰਦੇ ਹਨ। ਉਥੇ ਗਾਇਕੀ ਲਈ ਅਤੇ ਸਿਲੇਬਸਾਂ ਵਿੱਚ ਲਾਉਣ ਲਈ ਮੁਸਲਮਾਨ ਪੰਜਾਬੀ ਅਦੀਬਾਂ ਨੂੰ ਹੀ ਚੁਣਿਆਂ ਜਾਂਦਾ ਹੈ। ਇਸ ਤਰ੍ਹਾਂ ਦੇ ਤੁਅੱਸਬੀ ਮਾਹੌਲ ਵਿੱਚ ਮਜ਼ਲਿਸ ਦਾ ਹੋਕਾ ਬਹੁਤ ਮਾਅਨੇਖੇਜ਼ ਹੋ ਜਾਂਦਾ ਹੈ। ਅਸੀਂ ਸ਼ੁਕਰ ਕਰ ਰਹੇ ਸਾਂ ਕਿ ਅੱਜ ਰੱਬ-ਸਬੱਬੀਂ ਮਜ਼ਲਿਸ ਜੁੜਨ ਦੇ ਦਿਨ ਦਾ ਮੌਕਾ-ਮੇਲ ਢੁਕ ਗਿਆ ਸੀ।

“ਆਪ ਵਕਤ ਪਰ ਹੀ ਪਹੁੰਚ ਜਾਏਂਗੇ ਨਾ? ਹਮ ਨੇ ਪੂਰੇ ਇੰਤਜ਼ਾਮਾਤ ਕਰ ਲੀਏ ਹੈਂ, ਸ਼ਿੱਦਤ ਸੇ ਵੇਟ ਕਰ ਰਹੇ ਹੈਂ ਆਪ ਕੀ।” ਪਿਲਾਕ ਦੀ ਡਾਇਰੈਕਟਰ ਸਾਇਸਤਾ ਨੁਜ਼ਹਤ ਫੋਨ ਰਾਹੀਂ ਸਾਨੂੰ ਵਾਰ ਵਾਰ ਤਾਕੀਦ ਕਰ ਰਹੀ ਸੀ। ਉਸ ਦੇ ਅਜਿਹੇ ਮਾਣ ਦਾ ਇਹਤਿਰਾਮ ਕਰਨਾ ਬਣਦਾ ਸੀ। ਪੰਜਾਬ ਇੰਸਟੀਚਿਊਟ ਆਫ ਲੈਂਗੂਏਜ, ਆਰਟ ਐਂਡ ਕਲਚਰ (ਪਿਲਾਕ) ਵਾਲਿਆਂ ਦਾ ਉਂਜ ਵੀ ਸਾਡੇ ਉਤੇ ਇੱਕ ਵਿਸ਼ੇਸ਼ ਅਹਿਸਾਨ ਸੀ। ਪਹਿਲੇ ਦਿਨ ਤੋਂ ਹੀ ਉਨ੍ਹਾਂ
ਏ। ਸੀ ਜਪਾਨੀ ਕੋਸਟਰ ਗੱਡੀ, ਸਣੇ ਡਰਾਇਵਰ ਜਾਵੇਦ ਹੋਰਾਂ ਦੇ, ਸਾਡੇ ਹਵਾਲੇ ਕੀਤੀ ਹੋਈ ਸੀ। ਲਾਹੌਰ ਦੇ ਚੱਪੇ ਚੱਪੇ ਤੋਂ ਵਾਕਫ਼ ਜਾਵੇਦ ਡਰਾਇਵਰ ਦੇ ਨਾਲ ਨਾਲ ਗਾਈਡ ਦਾ ਫਰਜ਼ ਵੀ ਨਿਭਾਅ ਰਿਹਾ ਸੀ ਅਤੇ ਲੋੜ ਪੈਣ ਤੇ ਫੋਟੋਗ੍ਰਾਫਰ ਦਾ ਕੰਮ ਵੀ ਸਾਰ ਦਿੰਦਾ ਸੀ। ਅਮੀਰ ਸਰਕਾਰੀ ਸੰਸਥਾ ਪਿਲਾਕ ਦੀ ਖੂਬਸੂਰਤ ਅਤੇ ਜ਼ਹੀਨ ਡਾਇਰੈਕਟਰ ਨੇ ਸਾਡੀ ਰੇਡੀਓ ਰਿਕਾਰਡਿੰਗ, ਖਾਣੇ ਦੀ ਦਾਅਵਤ, ਗਾਇਕੀ ਦੀ ਮਹਿਫਲ ਅਤੇ ਲਾਹੌਰ ਤੋਂ ਬਾਹਰ ਦੇ ਸੈਰ-ਸਪਾਟੇ ਦਾ ਜ਼ਿੰਮਾਂ ਵੀ ਆਪਣੇ ਸਿਰ ਲਿਆ ਹੋਇਆ ਸੀ। ਵੀ। ਆਈ। ਪੀ। ਲੋਕਾਂ ਵਾਲਾ ਮਾਣ-ਸਤਿਕਾਰ ਭਲਾ ਸਾਡੇ ਵਰਗੇ ਆਮ ਬੰਦਿਆਂ ਨੂੰ ਕੌਣ ਦਿੰਦਾ ਹੈ? ਅਸੀਂ ਨੁਜ਼ਹਤ ਹੋਰਾਂ ਦੀ ਗੱਲ ਨੂੰ ਤਵੱਜੋ ਦੇਣ ਤੋਂ ਕੁਤਾਹੀ ਕਿਵੇਂ ਕਰਦੇ?

ਮਕਸੂਦ ਸਾਕਿਬ ਹੋਰਾਂ ਦੇ ਪ੍ਰਕਾਸ਼ਨ ਹਾਊਸ ਵਿੱਚ ਕਹਾਣੀ ਬਾਰੇ ਚਰਚਾ ਖਤਮ ਕਰਨ ਪਿੱਛੋਂ ਅਸੀਂ ਦੁਬਿਧਾ ਦੇ ਮੱਕੜਜਾਲ ਵਿੱਚ ਫਸੇ ਖੜ੍ਹੇ ਸਾਂ। ਜਿਵੇਂ ਕਹਿੰਦੇ ਹਨ ਦੁਬਿਧਾ ਦਾ ਦਾਰੂ ਹੈ ਕਰਮ ਅਤੇ ਅਸੀਂ ਇਹੋ ਰਾਹ ਚੁਣਿਆਂ ਕਰਮ ਕਰਨ ਵਾਲਾ।

“ਗੱਡੀ ਤੋਰ ਜਾਵੇਦ।” ਕਹਿਕੇ ਅਸੀਂ ਤੁਰ ਪਏ। ਤੁਰਦਿਆਂ ਆਪੇ ਹੀ ਫੈਸਲਾ ਹੋ ਗਿਆ ਕਿ ਇੱਕ ਝਲਕ ਨਜ਼ਮ ਹੋਰਾਂ ਦੀ ਮਜ਼ਲਿਸ ਦੀ ਵੇਖਾਂਗੇ ਅਤੇ ਫਿਰ ਥੋੜ੍ਹੀ ਦੇਰੀ ਨਾਲ ਪਿਲਾਕ ਚਲੇ ਜਾਵਾਂਗੇ।

ਕਿਸੇ ਮੁਕੱਦਸ ਜਗ੍ਹਾ ਵਿੱਚ ਜਾਣ ਵਾਂਗ ਅਸੀਂ ਕਮਰੇ ਦੇ ਬਾਹਰ ਹੀ ਜੁੱਤੀਆਂ ਉਤਾਰੀਆਂ ਅਤੇ ਅੰਦਰ ਦਾਖ਼ਿਲ ਹੋਏ। ਟਾਵੇਂ ਟਾਵੇਂ ਲੋਕ ਪਹੁੰਚੇ ਹੋਏ ਸਨ ਅਤੇ ਬੜੇ ਇਤਮੀਨਾਨ ਨਾਲ ਗਲੀਚੇ ਉਤੇ ਬੈਠੇ ਸਨ। ਪੁਰਾਣੀ ਤਰਜ਼ ਦੀਆਂ ਹਵੇਲੀਆਂ ਵਾਂਗੂੰ ਉਚੀ ਛੱਤ ਵਾਲਾ ਦਰਮਿਆਨੇ ਆਕਾਰ ਦਾ ਕਮਰਾ ਸੀ। ਲੰਮੀ ਡੋਰ ਨਾਲ ਲਟਕਦੇ ਦੋ ਸ਼ੇਡ-ਲੈਂਪ ਹਲਕੀ ਜਿਹੀ ਰੌਸ਼ਨੀ ਫਰਸ਼ ਵੱਲ ਸਿੱਟ ਰਹੇ ਸਨ, ਜਿਵੇਂ ਕੈਲੰਡਰਾਂ ਵਿੱਚ ਕਿਸੇ ਸੰਤ-ਵਲੀ ਦੇ ਹੱਥੋਂ ਕਿਰਪਾ ਦੀਆਂ ਤੇਜੱਸਵੀ ਕਿਰਨਾਂ ਨਿਕਲਦੀਆਂ ਵਿਖਾਈਆਂ ਹੁੰਦੀਆਂ ਹਨ। ਕਮਰੇ ਨੂੰ ਘਰ ਦੇ ਦੂਜੇ ਹਿੱਸੇ ਨਾਲੋਂ ਨਿਖੇੜਨ ਲਈ ਤਾਣੇ ਮਹੀਨ ਪਰਦੇ ਦੀ ਓਟ ਵਿੱਚ ਤਿੰਨ ਚਾਰ ਲੜਕੀਆਂ ਅਤੇ ਔਰਤਾਂ ਨੀਵੇਂ ਜਿਹੇ ਤਖ਼ਤਪੋਸ਼ ਉ-ੱਤੇ ਬੈਠੀਆਂ ਆਪਣੀ ਦੁਨੀਆਂ ਵਿੱਚ ਮਸਤ ਸਨ। ਸਾਡੇ ਪਾਸੇ ਬੈਠੀ ਸੰਗਤ ਵਿੱਚ ਪਰਵੀਨ ਮਲਿਕ ਅਤੇ ਨਸਰੀਨ ਅੰਜੁਮ ਭੱਟੀ ਤੋਂ ਇਲਾਵਾ ਦੋ ਮੇਮਾਂ ਵੀ ਸ਼ਾਮਿਲ ਸਨ। ਗੁਲਾਬ ਜਲ ਦੀ ਭਿੰਨੀ ਭਿੰਨੀ ਖੁਸ਼ਬੂ ਨਾਲ ਰਹੱਸਮਈ ਮਾਹੌਲ ਹੋਰ ਤਲਿੱਸਮੀ ਜਾਪਣ ਲੱਗਾ।

ਸਾਡੀ ਖਾਤਿਰ ਨਜ਼ਮ ਹੁਸੈਨ ਸੱਯਦ ਹੋਰਾਂ ਨੇ ਵਕਤ ਤੋਂ ਪਹਿਲਾਂ ਹੀ ਕਮਰੇ `ਚ ਪ੍ਰਵੇਸ਼ ਕੀਤਾ। ਦੋਨੇ ਹੱਥ ਜੋੜੀ ਪੋਲੇ ਪੋਲੇ ਕਦਮ ਚੁਕਦਾ ਉਹ ਕਮਰੇ ਦੀ ਇੱਕ ਨੁੱਕਰ ਵਿੱਚ ਆਪਣੇ ਤਕੀਏ ਕੋਲ ਆ ਖੜ੍ਹਾ ਹੋਇਆ। ਸਾਨੂੰ ਅਦਬ ਦੇਣ ਲਈ ਉਹ ਹਰੇਕ ਡੈਲੀਗੇਟ ਨੂੰ ਗਲਵਕੜੀ ਪਾ ਕੇ ਮਿਲਿਆ। ਅਪਣੱਤ ਨਾਲ ਅਸੀਂ ਉਸ ਦੇ ਦੁਆਲੇ ਨੇੜੇ ਢੁਕ ਕੇ ਬੈਠ ਗਏ। ਜਾਣ-ਪਛਾਣ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਛਿੜੀਆਂ। ਪ੍ਰੋ। ਪ੍ਰੀਤਮ ਸਿੰਘ ਦੀ ਸਿਹਤ ਕਿਵੇਂ ਹੈ? ਕਹਾਣੀਕਾਰ ਪ੍ਰ੍ਰੇਮ ਪ੍ਰਕਾਸ਼ ਅੱਜ-ਕੱਲ੍ਹ ਨਵਾਂ ਕੀ ਲਿਖ ਰਿਹਾ ਹੈ? ਬਲਦੇਵ ਸਿੰਘ ਸੜਕਨਾਮਾ ਦਾ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਅਧਾਰਿਤ ਨਾਵਲ ੋਸਤਿਲੁਜ ਵਹਿੰਦਾ ਰਿਹਾ’ ਨੂੰ ਪਾਠਕਾਂ ਦਾ ਹੁੰਗਾਰਾ ਕਿੰਨਾ ਕੁ ਮਿਲਿਆ? ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦਾ ਚੌਦਾਂ ਜ਼ਿਲਦਾਂ ਵਿੱਚ ਲਿਖਵਾਇਆ ਪੰਜਾਬੀ ਸਾਹਿਤ ਦਾ ਇਤਿਹਾਸ ਕਿੰਨਾ ਕੁ ਪਾਏਦਾਰ ਹੈ? ਚੜ੍ਹਦੇ ਪੰਜਾਬ ਦੇ ਤਾਲੇ-ਬਿਲਮਾਂ ਦੀ ਨਵੀਂ ਪੀੜ੍ਹੀ ਮੱਧਕਾਲੀ ਕਲਾਸਕੀ ਸਾਹਿਤ ਵਿੱਚ ਕਿੰਨੀ ਕੀ ਦਿਲਚਸਪੀ ਲੈ ਰਹੀ ਹੈ? ਅੱਜ ਸਾਰਾ ਦਿਨ ਦੋਹਾਂ ਪੰਜਾਬਾਂ ਦੀ ਕਹਾਣੀ ਬਾਰੇ ਕਿਹੜੀਆਂ ਗੱਲਾਂ ਨਿੱਤਰ ਕੇ ਸਾਹਮਣੇ ਆਈਆਂ? ਅਤੇ ਹੋਰ ਕਈ ਕੁਝ। ਇਸ ਨਾਲ ਪਤਾ ਲੱਗਿਆ ਕਿ ਨਜ਼ਮ ਹੁਸੈਨ ਸੱਯਦ ਦੀਆਂ ਅਦਬੀ ਦਿਲਚਸਪੀਆਂ ਦਾ ਦਾਇਰਾ ਕਿੰਨਾ ਵਸੀਹ ਹੈ।

ਉਸ ਫਕੀਰੀ ਅੰਦਾਜ਼ ਵਾਲੇ ਭਲੇ ਪੁਰਸ਼ ਵਿੱਚ ਨਾ ਤਾਂ ਵਿਦਵਤਾ ਦਾ ਕੋਈ ਤਕੁੱਬਰ ਹੈ ਅਤੇ ਨਾ ਹੀ ਨਾਚੀਜ ਕਹਾਉਣ ਦਾ ਪ੍ਰਪੰਚ। ਉਹ ਤਾਂ ਆਪਣੇ ਕਰਮ ਨਾਲ ਇਕਸਾਰ ਅਤੇ ਜ਼ਿੰਦਗੀ ਦੀਆਂ ਇਲਾਹੀ ਬਰਕਤਾਂ ਨਾਲ ਰੂਹ ਤੱਕ ਰੱਜਿਆ ਜੀਅ ਜਾਪਦਾ ਹੈ। ਅਨੁਸ਼ਾਸਨੀ ਬੇਪਰਵਾਹੀ ਉਸ ਦੇ ਹਰੇਕ ਕਾਰਜ ਵਿਚੋਂ ਝਲਕਦੀ ਹੈ। ਦੁਨੀਆਂ ਤੋਂ ਅਟੰਕ ਕਿਸੇ ਖ਼ਾਨਗਾਹੀ ਸੂਫ਼ੀ ਦੀ ਥਾਂ ਉਹ ਆਧੁਨਿਕਤਾ ਦੀ ਜ਼ਮੀਨ ਉਤੇ ਖੜੋ ਕੇ ਆਪਣੇ ਵਿਰਸੇ ਦੇ ਖਜ਼ਾਨੇ ਨੂੰ ਖੋਜਣ ਵਾਲਾ ਜਿਓੜਾ ਹੈ। ਉਸ ਦੀਆਂ ੋਸੇਧਾਂ ਤੇ ਸਾਰਾਂ’ ਉਸ ਦੇ ਖ਼ੂਨ ਵਿਚੋਂ ਕਸ਼ੀਦ ਕੇ ਨਿਕਲਦੀਆਂ ਹਨ। ਉਸ ਦੇ ਕ੍ਰਿਸ਼ਨ-ਰੰਗੇ ਮੁੱਖ ਉਤੋਂ ਲਗਨ ਅਤੇ ਅਭਿਆਸ ਦੀ ਆਭਾ ਸਾਫ਼ ਝਲਕਦੀ ਹੈ।

ਅਸੀਂ ਆਪਣੀ ਕਾਹਲ ਦਾ ਜ਼ਿਕਰ ਕੀਤਾ ਤਾਂ ਨਜ਼ਮ ਹੋਰਾਂ ਸਾਨੂੰ ਸ਼ਰਬਤ ਪੀਣ ਤੱਕ ਮਜ਼ਲਿਸ ਦੀ ਝਲਕ ਵੇਖ ਜਾਣ ਲਈ ਮੁਹੱਬਤੀ ਇਸਰਾਰ ਕੀਤਾ। ਹਾਰਮੋਨੀਅਮ ਕੋਲ ਆ ਬੈਠੇ ਗੁਲਾਮ ਮੁਹੰਮਦ ਚਾਂਦ ਨੂੰ ਸੁਰ ਛੇੜਨ ਲਈ ਇਸ਼ਾਰਾ ਹੋਇਆ। ਉਸ ਨੇ ਅਲਾਪ ਲੈ ਕੇ ਨਾਨਕ-ਬਾਣੀ ਵਿਚੋਂ ਬੋਲ ਉਚਾਰੇ: ਮੋਤੀ ਤਾਂ ਮੰਦਰ ਊਸਰਹਿ।। ।।

ਫਿਰ ਬੁਲ੍ਹੇ ਸ਼ਾਹ ਦਾ ਕਲਾਮ ੋਕੀ ਜਾਣਾ ਮੈਂ ਕੌਣ’ ਗਾਇਆ। ਸੰਗਤ ਉਤੇ ਜਿਵੇਂ ਕੋਈ ਜਾਦੂ ਧੂੜਿਆ ਗਿਆ। ਵਜ਼ਦ ਵਿੱਚ ਸਿਰ ਝੂੰਮਣ ਲੱਗੇ। ਕਮਰਾ ਸੁਰਾਂ, ਭਾਵਾਂ ਅਤੇ ਰਮਜ਼ਾਂ ਨਾਲ ਭਰ ਗਿਆ ਪ੍ਰਤੀਤ ਹੋਇਆ।

ਅਜਿਹੇ ਅਦਬੀ ਮਾਹੌਲ ਵਿਚੋਂ ਉ-ੱਠ ਕੇ ਜਾਣਾ ਤਾਂ ਗੁਨਾਹ ਵਰਗੀ ਗੱਲ ਸੀ, ਜਿਵੇਂ ਕੋਈ ਟਿਕੀ ਰਾਤ ਵਿੱਚ ਦਰਖਤ ਨੂੰ ਝੰਜੋੜ ਕੇ ਅਧ-ਸੁੱਤੀਆਂ ਚਿੜੀਆਂ ਨੂੰ ਉਡਾ ਦੇਵੇ। ਆਪਣੀ ਕਾਹਲ ਹੁਣ ਚੁਭ ਰਹੀ ਸੀ। ਅਖੇ, ਸੱਤ ਦਿਨ ਤੇ ਅੱਠ ਮੇਲੇ, ਨੀ ਘਰ ਜਾਵਾਂ ਕਿਹੜੇ ਵੇਲੇ। ਕਾਹਲ ਨੇ ਜਿਵੇਂ ਸਾਡਾ ਚੈਨ ਅਤੇ ਸਹਿਜ ਝਮੁੱਟ ਮਾਰ ਕੇ ਖੋਹ ਲਿਆ ਹੈ। ਵਰਤਮਾਨ ਦੀ ਘੜੀ ਮਾਨਣ ਦੀ ਥਾਂ ਕਿਧਰੇ ਅਗਾਂਹ ਭੱਜੇ ਜਾ ਰਹੇ ਹਾਂ। ਇਕਬਾਲ ਕੈਸਰ ਨੇ ਕਾਹਲੀ ਨਾਲ ਜੇਭ ਵਿਚੋਂ ਮੋਬਾਇਲ ਕੱਢਿਆ ਅਤੇ ਨੰਬਰ ਵੇਖ ਕੇ ਮੁਆਫੀਨੁਮਾ ਚੇਹਰਾ ਬਣਾਉਂਦਿਆਂ ਕਾਲ ਸੁਣਨ ਲਈ ਦਰਵਾਜ਼ੇ ਵੱਲ ਅਹੁਲਿਆ। ਜ਼ਰੂਰ ਇਹ ਕਾਲ ਨੁਜ਼ਹਤ ਹੋਰਾਂ ਦੀ ਹੀ ਹੋਵੇਗੀ। ਅਸੀਂ ਸਾਰਿਆਂ ਠੀਕ ਅੰਦਾਜ਼ਾ ਲਾਇਆ।

ਨਜ਼ਮ ਹੋਰਾਂ ਤੋਂ ਖਿਮਾ ਲੈ ਕੇ ਅਸੀਂ ਵੀ ਬਾਹਰ ਨਿਕਲੇ। ਜਾਵੇਦ ਪਹਿਲਾਂ ਹੀ ਬੈਟਨ ਫੜ੍ਹ ਕੇ ਦੌੜਨ ਵਾਲਿਆਂ ਵਾਂਗੂੰ ਗੱਡੀ ਸਟਾਰਟ ਕਰੀ ਖੜ੍ਹਾ ਸੀ। ਸਹਿਜ ਦੀ ਦਹਿਲੀਜ਼ ਟੱਪ ਕੇ ਅਸੀਂ ਕਾਹਲੀ ਦੇ ਖੰਭਾਂ ਉਤੇ ਜਾ ਬੈਠੇ। ਅੱਗੋਂ ਪਿਲਾਕ ਵਾਲੇ ਸਚਮੁੱਚ ਹੀ ਅੱਡੀਆਂ ਚੁੱਕ ਕੇ ਉਡੀਕ ਰਹੇ ਸਨ। ਅਸੀਂ ਤਪਦੇ ਪੈਰੀਂ ਉਨ੍ਹਾਂ ਦੇ ਲੋਕ ਵਿਰਸੇ ਨੂੰ ਪੇਸ਼ ਕਰਦੇ ਮਿਊਜ਼ੀਅਮ ਦਾ ਭਲਵਾਨੀ ਗੇੜਾ ਕੱਢਿਆ ਅਤੇ ਵਾਹੋਦਾਹੀ ਐਫ। ਐਮ। ਰੇਡੀਓ ਦੇ ਸਟੂਡੀਓ ਵੱਲ ਨੂੰ ਭੱਜੇ।

“ਸਾਮੀਨ, ਗੁੱਸੇ `ਚ ਆ ਕੇ ਅਸਾਂ ਨੂੰ ਛੱਡ ਨਈਂਓ ਜਾਣਾ, ਖੁਦਾ-ਕਸਮ ਪ੍ਰਾਹੁਣੇ ਬਰੂਹਾਂ ਤੇ ਆ ਖਲੇ ਨੇ, ਲਓ ਜੀ ਉਹ ਤਾਂ ਮੇਰੇ ਲਾਗੇ ਆ ਬੈਠੇ ਨੇ, ਆਪਣਿਆਂ ਦੀ ਖੁਸ਼ਬੂ ਨਾਲ ਸਟੂਡੀਓ ਭਰ ਗਿਆ ਏ, ਮੁਹੱਬਤੀ ਜੀਆਂ ਦੇ ਬੋਲ ਸੁਣੋਗੇ ਤਾਂ ਉਹ ਖੁਸ਼ਬੂ ਤੁਸਾਂ ਤੱਕ ਵੀ ਅੱਪੜ ਪਏਗੀ। ਆਓ ਜੀ ਫਿਰ ਸੁਣੀਏਂ ਮਹਿਮਾਨਾਂ ਦੀਆਂ ਗੱਲਾਂ-ਬਾਤਾਂ।। ।।” ਪ੍ਰੋਗਰਾਮ ਦੇ ਸੰਚਾਲਕ ਅਲੀ ਅਰਸ਼ਦ ਮੀਰ ਨੇ ਸਰੋਤਿਆਂ ਨੂੰ ਵਰਚਾਇਆ। ਲਗਦਾ ਸੀ ਉਹ ਚਿਰੋਕਾ ਭਾਰਤੀ ਪੰਜਾਬ ਤੋਂ ਆਏ ਮਹਿਮਾਨਾਂ ਨੂੰ ਮਿਲਾਉਣ ਦਾ ਵਾਅਦਾ ਕਰ ਚੁੱਕਿਆ ਸੀ। ਸਾਡੇ ਵਕਤ ਸਿਰ ਨਾ ਪਹੁੰਚ ਸਕਣ ਕਰਕੇ ਉਸ ਨੂੰ ਸੌ ਗੱਪ-ਝੂਠ ਮਾਰਨੇ ਪਏ ਸਨ। ਹੁਣ ਉਹ ਤਸੱਲੀ ਨਾਲ ਬੋਲ ਰਿਹਾ ਸੀ। ਮੀਰ ਕਾਹਦਾ ਉਹ ਤਾਂ ਆਪਣੇ ਫ਼ਨ ਦਾ ਪੀਰ ਸੀ। ਸਾਡੀਆਂ ਕਹਾਣੀਆਂ ਦੀ ਗੱਲ ਕਰਦਾ ਕਰਦਾ ਉਹ ਅਲਫ਼ ਲੈਲਾ ਦੀ ਸ਼ਹਰਯਾਦ ਦੀਆਂ ਕਥਾਵਾਂ ਵੱਲ ਨਿਕਲ ਤੁਰਦਾ। ਕਿਧਰੇ ਯੂਨਾਨੀ ਸਾਹਿਤ ਵੱਲ ਗੇੜੀ ਮਾਰ ਆਉਂਦਾ। ਵਿੱਚ ਵਿਚ ਸਾਇਸਤਾ ਨੁਜ਼ਹਤ ਕੋਈ ਪਿਆਰੀ ਜਿਹੀ ਟਿੱਪਣੀ ਕਰ ਦਿੰਦੀ। ਉਸ ਦੇ ਮੂੰਹੋਂ ਸ਼ਬਦ ਸਚਮੁੱਚ ਮੋਤੀਆਂ ਵਾਂਗ ਕਿਰਦੇ ਸਨ। ਉਸ ਦੀ ਪੰਜਾਬੀ ਜ਼ੁਬਾਨ ਵਿੱਚ ਉਰਦੂ ਵਾਲੀ ਰੰਗਤ ਅਤੇ ਨਫ਼ਾਸਤ ਸੀ, ਨਾਲ ਹੀ ਕੰਪੀਅਰਿੰਗ ਦਾ ਹੁਨਰ ਵੀ। ਇਸ ਪੱਖੋਂ ਪਾਕਿਸਤਾਨੀ ਕੰਪੀਅਰਰ ਸਾਰੇ ਹੀ ਚੜ੍ਹਦੇ ਤੋਂ ਚੜ੍ਹਦੇ ਹਨ। ਮੇਰੀ ਇਹ ਧਾਰਨਾ ਬਾਅਦ ਵਿੱਚ ਬੀ। ਬੀ। ਸੀ। ਦੇ ਸਥਾਨਕ ਚੈਨਲ `ਚ ਅਫ਼ਜ਼ਲ ਸਾਹਿਰ ਨਾਲ ਗੱਲਬਾਤ ਕਰਦਿਆ ਅਤੇ ਟੀ। ਵੀ। ਦੇ ਆਪਣਾ ਚੈਨਲ ਲਈ ਇੰਟਰਵਿਊ ਦੌਰਾਨ ਐਂਕਰ ਨਾਇਲਾ ਨੂੰ ਸੁਣਦਿਆਂ ਹੋਰ ਵੀ ਪੱਕੀ ਹੋ ਗਈ। ਸਟੂਡੀਓ ਵਿੱਚ ਮੇਰੇ ਨਾਲ ਬੈਠਾ ਸਤੀਸ਼ ਵਰਮਾ ਵੀ ਚੜ੍ਹਦੇ ਪੰਜਾਬ ਵਿੱਚ ਸੰਚਾਲਨ ਦੇ ਖੇਤਰ ਦਾ ਖੱਬੀਖਾਨ ਕਹਾਉਂਦਾ ਹੈ ਪਰ ਉਸ ਦਾ ਬੋਲ-ਚਾਲ ਦਾ ਲਹਿਜ਼ਾ ਗੱਲਬਾਤੀ ਅਤੇ ਧੜਕਦੀ-ਮਚਲਦੀ ਜ਼ਿੰਦਗੀ ਨਾਲ ਲਬਰੇਜ਼ ਹੋਣ ਦੀ ਥਾਂ ਅਕਾਦਮਿਕ ਕਿਸਮ ਦਾ ਵਧੇਰੇ ਹੁੰਦਾ ਹੈ।

ਸਾਡੇ ਦੂਜੇ ਪੂਰ ਦੀ ਰਿਕਾਰਡਿੰਗ ਸ਼ੁਰੂ ਹੋਈ। ਪਹਿਲੇ ਪੂਰ `ਚ ਭੁਗਤ ਚੁੱਕੇ ਮੈਂ ਅਤੇ ਬਲਦੇਵ ਸਿੰਘ ਸੜਕਨਾਮਾ ਤਫ਼ਰੀਹ ਲਈ ਬਾਹਰ ਨਿਕਲਣ ਲੱਗੇ ਤਾਂ ਇਕੱਠੇ ਹੀ ਕਈ ਫਾਇਰ ਸੁਣੇ। ਅਸੀਂ ਠਠੰਬਰ ਕੇ ਥਾਏ ਜਾਮ ਹੋ ਗਏ। ੋਸਰਕਾਰੀ ਅਦਾਰਾ ਹੈ ਕਿਤੇ ਕੋਈ।। ।। ’ ਕੁੱਝ ਮਾੜਾ ਵਾਪਰੇ ਹੋਣ ਦੇ ਅਨੁਮਾਨ ਵਿੱਚ ਸ਼ੱਕ ਦੇ ਘੋੜੇ ਦੌੜਾਉਂਦੇ ਅਸੀਂ ਇੱਕ ਦੂਜੇ ਵੱਲ ਝਾਕੇ।

“ਡਰੋ ਮਤ ਸਰਦਾਰ ਜੀ, ਕੋਈ ਬੰਬ-ਵੰਬ ਨਹੀਂ ਚਲੇ, ਯੇਹ ਤੋ ਇਧਰ ਬਗਲ ਵਾਲੀ ਸੈਲੀਬਰੇਸ਼ਨ ਗਰਾਉਂਡ ਮੇਂ ਪਟਾਕੇ ਬਜ ਰਹੇ ਹੈਂ; ਚਲੋ ਦਿਖਾਊਂ ਆਪ ਕੋ ਭੀ। ੌ ਇੱਕ ਹਿਜਾਬ ਪਹਿਨੀ ਖੜ੍ਹੀ ਖ਼ੂਬਸੂਰਤ ਮੁਟਿਆਰ ਨੇ ਸਾਡਾ ਦਿਲ ਧਰਾਉਂਦਿਆ ਉਪਰ ਛੱਤ ਤੇ ਜਾਣ ਦਾ ਇਸ਼ਾਰਾ ਕੀਤਾ ਅਤੇ ਅੱਗੇ ਹੋ ਕੇ ਆਪ ਵੀ ਪੌੜੀਆਂ ਚੜ੍ਹਨ ਲੱਗੀ। ਉ-ੱਚੇ ਚੜ੍ਹ ਕੇ ਵੇਖਿਆ ਤਾਂ ਸਚਮੁੱਚ ਪਰ੍ਹੇ ਆਤਸ਼ਬਾਜ਼ੀ ਹੋ ਰਹੀ ਸੀ। ਸਾਡਾ ਸਾਹ `ਚ ਸਾਹ ਆਇਆ।

“ਤੁਸੀਂ ਵੀ ਐਥੇ।। । ? ੌ ਡਰ ਤੋਂ ਮੁਕਤ ਹੋ ਕੇ ਬਲਦੇਵ ਸਿੰਘ ਸੜਕਨਾਮਾ ਨੇ ਬੀਬੀ ਨਾਲ ਸਾਂਝ ਪਾਉਣ ਲਈ ਪਹਿਲਾ ਕਦਮ ਚੁੱਕਿਆ। ਹਿਜਾਬ `ਚੋਂ ਝਾਕਦੇ ਹਿਰਨੋਟੜੇ ਨੈਣਾਂ ਨੇ ਸ਼ਾਇਦ ਉਸ ਅੰਦਰਲੇ ਮਜਾਜ਼ੀ ਅਨਾਰ ਨੂੰ ਪਲੀਤਾ ਲਾ ਦਿੱਤਾ ਸੀ। ਹਲਚਲ ਤਾਂ ਮੇਰੇ ਅੰਦਰ ਵੀ ਘੱਟ ਨਹੀਂ ਸੀ ਹੋਈ ਪਰ ਉਸਦਾ ਹਿਜਾਬ ਡਰ ਦਾ ਤੰਬੂ ਬਣ ਕੇ ਮੇਰੀ ਸੋਚ ਉਤੇ ਤਣ ਗਿਆ ਸੀ। ਉਹ ਮੁਟਿਆਰ ਇੰਨੀ ਤੁਅੱਸਬੀ ਨਹੀਂ ਸੀ ਜਿੰਨੀ ਅਸੀਂ ਹਿਜਾਬ ਵੇਖ ਕੇ ਸਮਝੀ ਸੀ। ਛੇਤੀ ਹੀ ਉਹ ਉਰਦੂ ਤੋਂ ਠੇਠ ਪੰਜਾਬੀ ਵੱਲ ਆ ਗਈ। ਜਦੋਂ ਉਸਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐਮ। ਏ। ਅਤੇ ਪਿਲਾਕ ਵਿੱਚ ਭਾਸ਼ਾ ਅਫ਼ਸਰ ਹੈ ਤਾਂ ਮੈਨੂੰ ਜਾਪਿਆ ਅਸੀਂ ਐਵੇਂ ਹੀ ਉਸਨੂੰ ਲੀਕੋਂ ਦੂਜੇ ਪਾਸੇ ਦੀ ਮੱਧਯੁਗੀ ਔਰਤ ਸਮਝ ਬੈਠੇ ਸਾਂ, ਉਹ ਤਾਂ ਨਵੇਂ ਯੁੱਗ ਦੇ ਹਾਣ ਦੀ ਮੁਟਿਆਰ ਸੀ। ਵਾਕਫੀ ਸੱਚਮੁੱਚ ਲੀਕਾਂ ਟੱਪਣ ਲਈ ਕਿੰਨੀ ਸਹਾਈ ਹੁੰਦੀ ਹੈ।

“ਕਿਉਂ ਵੇਖੇ ਫਿਰ ਹੁਸਨ ਦੇ ਬੰਬ ਚਲਦੇ? ਹੋ-ਗੀ ਨਾ ਵੱਡੇ ਡਾਕਦਾਰ ਦੀ ਘੁੱਗੀ ਘੈਂ। ੌ ਮੁਟਿਆਰ ਦੇ ਪਰ੍ਹੇ ਤੁਰ ਜਾਣ ਪਿਛੋਂ ਸੜਕਨਾਮਾ ਨੇ ਮੇਰੇ ਵੱਲ ਰਮਜ਼ੀ ਤੱਕਣੀ ਸਿੱਟ੍ਹੀ।

ਇੰਨੇ ਨੂੰ ਡੈਲੀਗੇਟਾਂ ਦਾ ਦੂਜਾ ਪੂਰ ਵੀ ਰਿਕਾਰਡਿੰਗ ਕਰਾ ਕੇ ਉਪਰ ਛੱਤ `ਤੇ ਆ ਗਿਆ। ਇਥੇ ਹੀ ਪਿਲਾਕ ਵਾਲਿਆਂ ਵੱਲੋਂ ਰਾਤ ਦੇ ਖਾਣੇ ਅਤੇ ਸੰਗੀਤ ਦੀ ਮਹਿਫਲ ਦਾ ਪ੍ਰਬੰਧ ਸੀ।

ਛੱਤ ਦੇ ਇੱਕ ਪਾਸੇ ਖੁੱਲ੍ਹਾ-ਡੁੱਲ੍ਹਾ ਹਾਲ ਸੀ ਜਿਹੜਾ ਛੱਤ ਵਾਲੇ ਪਾਸਿਓਂ ਬਿਨ-ਕੰਧੋਂ ਹੋਣ ਕਰਕੇ ਵਰਾਂਡੇ ਦੀ ਤਰ੍ਹਾਂ ਸੀ। ਇਥੇ ਸਾਈਂ ਮੁਹੰਮਦ ਅਲੀ ਗਾਉਣ ਦਾ ਬਿਸਮਿਲਾ ਕਰਨ ਲਈ ਸਾਡੀ ਹੀ ਉਡੀਕ ਵਿੱਚ ਸੀ। ਅਸੀਂ ਮੁਜ਼ਰਾ ਵੇਖਣ ਵਾਲਿਆਂ ਵਾਂਗ ਚਿੱਟੇ ਤਕੀਆਂ ਨਾਲ ਢਾਸਣਾ ਲਾ ਕੇ ਗਲੀਚੇ ਉਤੇ ਸਜ ਗਏ। ਸਾਈਂ ਨੇ ਆਪਣਾ ਦੋਤਾਰਾ ਸੁਰ ਕੀਤਾ। ਗਾਇਕੀ ਵਜੋਂ ਤਾਂ ਹੋਵੇਗਾ ਹੀ ਉਹ ਤਾਂ ਨਾਂ ਅਤੇ ਸ਼ਕਲ ਤੋਂ ਵੀ ਲੋਕ-ਗਾਇਕ ਜਾਪਦਾ ਸੀ। ਲਾਹੌਰ ਦੀ ਇਲੀਟ ਲੀਕ ਤੋਂ ਮੂਲੋਂ ਹੀ ਦੂਜੇ ਪਾਸੇ ਖੜ੍ਹ਼ਾ ਦਿਸਦਾ ਸੀ ਸਾਈਂ। ਖੁੱਲ੍ਹੀ-ਡੁੱਲ੍ਹੀ ਕਾਲੀ ਕਮੀਜ਼-ਸਲਵਾਰ, ਸਿਰ ਉਤੇ ਗੋਲ ਵੱਟਦਾਰ ਪੱਗ, ਲੰਮੇ ਵਾਲਾਂ ਦੀਆਂ ਬਾਵਰੀਆਂ ਪਿੱਛੇ ਧੌਣ ਤੇ ਸਿੱਟੀਆਂ ਹੋਈਆਂ। ਗਲ ਵਿੱਚ ਵੰਨ-ਸੰਵੁਨੇ ਰੰਗਦਾਰ ਮਣਕਿਆਂ ਵਾਲੀਆਂ ਮਾਲਾਵਾਂ ਅਤੇ ਪਿੰਨੀਆਂ ਦੇ ਹੇਠਲੇ ਹਿੱਸੇ ਉਤੇ ਬੰਨ੍ਹੇ ਘੁੰਗਰੂਆਂ ਦੇ ਭਾਰੀ ਗੁੱਛੇ। ਉਸ ਦੇ ਦੋਤਾਰੇ ਨੂੰ ਵੀ ਵੱਡੀ ਹਰੀ ਝਾਲਰ ਲੱਗੀ ਹੋਈ ਸੀ ਜਿਸਦਾ ਹੇਠਲਾ ਗੋਟੇਦਾਰ ਕਿਨਾਰਾ ਡੂੰਘੇ ਸੋਤੇ ਲਿਸ਼ਕਦੀ ਬਿਜਲੀ ਵਾਂਗ ਝਲਕਾਰੇ ਮਾਰਦਾ ਸੀ। ਖੁਦਾ ਦੀ ਬੰਦਗੀ ਦਾ ਅਲਾਪ ਲੈਣ ਤੋਂ ਬਾਅਦ ਉਸਨੇ ਬੁਲ੍ਹੇ ਸ਼ਾਹ ਦੀ ਕਾਫੀ ਦੇ ਬੋਲ ਉਚਾਰੇ: ਕੀ ਜਾਣਾ ਮੈਂ ਕੌਣ।। ।। ਅੰਤਰਾ ਬੋਲ ਕੇ ਉਹ ਨਚਦਾ ਇੱਕ ਸਿਰੇ ਤੋਂ ਦੂਜੇ ਵੱਲ ਜਾਣ ਲੱਗਿਆ। ਅੱਡੀਆਂ ਦੀ ਧਮਕਾਰ ਅਤੇ ਘੁੰਗਰੂਆਂ ਦੀ ਛਣਕਾਰ ਧਰਤੀ ਨੂੰ ਕੰਬਣੀਆਂ ਛੇੜਨ ਲੱਗੀ। ਮਸਾਲਚੀਆਂ ਵਾਂਗ ਇੱਕ ਮੁੰਡਾ ਭੱਜ ਭੱਜ ਸਾਈਂ ਦੇ ਮੂੰਹ ਅੱਗੇ ਮਾਈਕ ਰੱਖਣ ਦਾ ਯਤਨ ਕਰਨ ਲੱਗਾ, ਪਰ ਉਸ ਦੇ ਬਰਾਬਰ ਮਿੱਕਣਾ ਔਖਾ ਸੀ। ਸਾਈਂ ਨੇ ਮਾਈਕ ਹਟਾ ਦਿੱਤਾ। ਹੁਣ ਉਹ ਆਪਣੇ ਪੂਰੇ ਲੋਕ-ਰੰਗ ਵਿੱਚ ਸੀ। ਇਹ ਉਸਦਾ ਸਹੀ ਆਪਣਾ ਪਾਸਾ ਸੀ। ਵਜ਼ਦ ਵਿੱਚ ਆਇਆ ਕਈ ਵਾਰ ਸਾਈਂ ਏਧਰ-ਉਧਰ ਵੀ ਨਿਕਲ ਜਾਂਦਾ:

ਇਸ਼ਕ ਆਖਦਾ ਝੁੱਗੇ ਨੂੰ ਕੀ ਕਰਨਾ,

ਏਹਨੂੰ ਬਾਲ ਕੇ ਸੇਕਣਾ ਚਾਹੀਦਾ ਏ।

“ਐਸੇ ਰਲਾਅ ਨੲ੍ਹੀਂ ਕਰਨਾ ਸਾਂਈ ਜੀ, ਖਾਲਸ ਸੂਫ਼ੀ ਕਲਾਮ ਹੀ ਰੱਖਣਾ ਏਂ। ੌ ਸਾਇਸਤਾ ਨੁਜ਼ਹਤ ਟੋਕ ਕੇ ਉਸ ਨੂੰ ਫਿਰ ਅਸਲੀ ਟ੍ਰੈਕ ਉਤੇ ਲਿਆੳਂਦੀ। ਉਹ ਝੱਟ ਮੰਨ ਵੀ ਲੈਂਦਾ ਕਿਉਂਕਿ ਇਸ ਤਰ੍ਹਾਂ ਦੀ ਲੋਕ-ਗਾਇਕੀ ਤਾਂ ਪਾਕਿਸਤਾਨ ਵਿੱਚ ਵੀ ਹੁਣ ਸਰਕਾਰੀ ਅਦਾਰਿਆਂ ਦੀ ਹੀ ਮੁਥਾਜ ਸੀ।

ਮਿਕਸਿੰਗ ਦੇ ਇਸ ਯੁੱਗ ਵਿੱਚ ਮੰਡੀ ਦੀਆਂ ਕਦਰਾਂ-ਕੀਮਤਾਂ ਵੱਲ ਪਿੱਠ ਕਰਕੇ ਲੀਕ ਦੇ ਦੂਜੇ ਪਾਸੇ ਖੜ੍ਹੇ ਰਹਿਣਾ ਹੈ ਤਾਂ ਬਹੁਤ ਔਖਾ, ਆਪਣੇ ਝੁੱਗੇ ਨੂੰ ਬਾਲ ਕੇ ਸੇਕਣ ਵਾਲੀ ਗੱਲ ਹੀ ਸੀ, ਪਰ ਇਸ਼ਕ ਵਿੱਚ ਵਿਰਲੇ ਲੋਕ ਇਹ ਵੀ ਕਰ ਵੇਖਦੇ ਹਨ। ਨਜ਼ਮ ਹੁਸੈਨ ਸੱਯਦ ਵਾਂਗ ਸਾਈ ਵੀ ਤਾਂ ਇਹੋ ਕਰ ਰਿਹਾ ਸੀ। ਇਹ ਵੇਖ ਕੇ ਮਨ ਨੂੰ ਤਸੱਲੀ ਹੋਈ ਕਿ ਚਲੋ ਵਿਚਲੇ ਹੀ ਸਹੀ ਪਰ ਕੁੱਝ ਤਾਂ ਸਨ ਜਿਹੜੇ ਲੀਕੋਂ ਸਾਡੇ ਵਾਲੇ ਪਾਸੇ ਅਜੇ ਵੀ ਸਾਬਤ ਕਦਮੀਂ ਖੜ੍ਹੇ ਸਨ।

 

 

ਪੰਜਾਬੀ ਖੋਜਗੜ੍ਹ: ਇੱਕ ਹੁਸੀਨ ਸੁਪਨਾ

ਪੇਟ-ਪੂਜਾ ਤਾਂ ਪਸ਼ੁ ਅਤੇ ਜਾਨਵਰ ਵੀ ਕਰਦੇ ਹਨ। ਕੁਦਰਤੀ ਆਵੇਸ਼ (ਇੰਸਟਿੰਕਟ) ਅਧੀਨ ਸੰਤਾਨ ਪੈਦਾ ਕਰਕੇ ਨਸਲ ਵੀ ਅੱਗੇ ਵਧਾਉਂਦੇ ਹਨ। ਉਂਜ ਤਾਂ ਮਨੁੱਖ ਵੀ ਇਹੋ ਕੁੱਝ ਕਰਦਾ ਹੈ ਪਰ ਸਿਰਫ ਕੁਦਰਤੀ ਆਵੇਸ਼ ਕਰਕੇ ਨਹੀਂ ਸਗੋਂ ਸੁਪਨਿਆਂ ਦੀ ਪੂਰਤੀ ਖਾਤਰ ਵੀ। ਇਹੀ ਗੱਲ ਮਨੁੱਖ ਨੂੰ ਪ੍ਰਾਣੀ ਜਗਤ ਦੀ ਸਰਦਾਰੀ ਵੱਲ ਲੈ ਗਈ ਹੈ। ਇਹ ਖ਼ਿਆਲ ਮੇਰੇ ਮਨ ਵਿੱਚ ਪੰਜਾਬੀ ਖੋਜਗੜ੍ਹ ਉ-ੱਤੇ ਪਹਿਲੀ ਝਾਤ ਪਾਉਂਦਿਆਂ ਆਏ।

ਲਾਹੌਰ ਤੋਂ ਕਸੂਰ ਵੱਲ ਜਾਂਦਿਆਂ ਫਿਰੋਜ਼ਪੁਰ ਰੋਡ ਤੇ ਰਾਹ ਵਿੱਚ ਇੱਕ ਪਿੰਡ ਲਲਿਆਣੀ ਆਉਂਦਾ ਹੈ। ਉਸ ਦੀ ਹੱਦ ਵਿੱਚ ਪੈਂਦਾ ਹੈ ਪੰਜਾਬੀ ਖੋਜਗੜ੍ਹ। ਇੱਕ ਭਰ ਵਗਦੀ ਨਹਿਰ ਦੇ ਕਿਨਾਰੇ ਸ਼ਾਂਤ ਜਿਹੀ ਥਾਂ, ਆਲੇ-ਦੁਆਲੇ ਜਰਖੇਜ਼ ਭੋਏਂ ਵਿੱਚ ਹੁਲਾਰੇ ਲੈਂਦੀਆਂ ਭਰਪੂਰ ਫਸਲਾਂ ਅਤੇ ਵਿਚਾਲੇ ਸੱਤ-ਅੱਠ ਕਿੱਲੇ ਜ਼ਮੀਨ ਵਿੱਚ ਖੜ੍ਹੀ ਇੱਕ ਆਮ ਜਿਹੀ, ਪਰ ਖਾਸ ਇਮਾਰਤ, ਜਿਵੇਂ ਕੋਈ ਜੋਗੀ ਇਕਾਂਤ ਵਿੱਚ ਤਪੱਸਿਆ ਲਈ ਆਣ ਬੈਠਾ ਹੋਵੇ, ਇਹ ਇਮਾਰਤ ਤਪੱਸਿਆ ਲਈ ਹੀ ਤਾਂ ਹੈ। ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਖੋਜੀ ਕਰਿਆ ਕਰਨਗੇ ਇਥੇ ਬੈਠ ਕੇ ਤਪੱਸਿਆ। ਇਮਾਰਤ ਦੇ ਵਿਚਕਾਰ ਇੱਕ ਉਚੀ ਛੱਤ ਵਾਲਾ ਹਾਲ ਕਮਰਾ ਜਿਸ ਵਿੱਚ ਕੁੱਝ ਹੋਰ ਕਮਰੇ ਖੁਲ੍ਹਦੇ ਹਨ। ਸੁਪਨਾ ਇਹ ਹੈ ਕਿ ਇੱਕ ਕਮਰੇ ਵਿੱਚ ਲਾਇਬਰੇਰੀ ਹੋਵੇਗੀ, ਦੂਜੇ ਵਿੱਚ ਕੰਪਿਊਟਰ ਲੈਬ, ਤੀਜੇ ਵਿੱਚ ਪੜ੍ਹਨ ਹਿਤ ਮੇਜ-ਕੁਰਸੀਆਂ, ਚੌਥੇ ਵਿੱਚ ਅਰਾਮ ਕਰਨ ਲਈ ਬਿਸਤਰੇ ਅਤੇ ਨੇੜੇ ਹੀ ਇੱਕ ਰਸੋਈ। ਵਿਚਕਾਰਲੇ ਹਾਲ ਵਿੱਚ ਲੱਗੇ ਸੋਫਿਆਂ ਉਤੇ ਬੈਠ ਕੇ ਸਾਹਿਤਕਾਰ ਅਤੇ ਵਿਦਵਾਨ ਲੋਕ ਵਿਚਾਰ-ਚਰਚਾ ਕਰਿਆ ਕਰਨਗੇ। ਦੁਨੀਆਂਦਾਰੀ ਦੇ ਝੰਜਟਾਂ ਤੋਂ ਮੁਕਤ ਹੋ ਕੇ ਉਹ ਇਥੇ ਇਕਾਂਤ ਵਿੱਚ ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਦੀਆਂ ਬਾਤਾਂ ਪਾਇਆ ਕਰਨਗੇ। ਆਪਣੇ ਮਜ਼ਹਬਾਂ ਅਤੇ ਲਿੱਪੀਆਂ ਦੇ ਬਖੇੜਿਆਂ ਤੋਂ ਉਪਰ ਉਠ ਕੇ ਸਾਂਝੀ ਪੰਜਾਬੀ ਰਹਿਤਲ ਦੇ ਸਮੁੰਦਰ ਨੂੰ ਰਿੜਕਿਆ ਕਰਨਗੇ। ਇਮਾਰਤ ਦੇ ਪਿਛਵਾੜੇ ਇੱਕ ਨਿਵੇਕਲੀ ਕਿਸਮ ਦੀ ਬਗੀਚੀ ਹੋਵੇਗੀ ਜਿਸ ਵਿੱਚ ਉਹ ਸਾਰੇ ਰੁੱਖ-ਬੂਟੇ ਹੋਣਗੇ ਜਿਨ੍ਹਾਂ ਦਾ ਜ਼ਿਕਰ ਮੱਧਕਾਲੀ ਕਲਾਸਿਕ ਪੰਜਾਬੀ ਸਾਹਿਤ ਵਿੱਚ ਮਿਲਦਾ ਹੈ। ਇਹ ਹੁਸੀਨ ਸੁਪਨਾ ਲਿਆ ਹੈ ਇਕਬਾਲ ਕੈਸਰ ਨੇ ਜਿਹੜਾ ਪੰਜਾਬੀ ਖੋਜਗੜ੍ਹ ਦਾ ਡਾਇਰੈਕਟਰ ਵੀ ਹੈ। ਕੈਸਰ ਦਾ ਇਹ ਸੁਪਨਾ ਸਾਡੇ ਆਧੁਨਿਕ ਕਾਲ ਦੇ ਵੱਡੇ ਸੁਪਨਸਾਜ ਗੁਰਬਖਸ਼ ਸਿੰਘ ਪ੍ਰੀਤਲੜੀ ਵਰਗਾ ਹੀ ਹੈ ਜਿਸਨੇ ਪ੍ਰੀਤ ਨਗਰ ਵਸਾ ਕੇ ਦਮ ਲਿਆ ਸੀ।

ਕਈ ਲੋਕ ਮੁੰਗੇਰੀ ਲਾਲ ਵਾਂਗ ਹੁਸੀਨ ਸੁਪਨੇ ਕੇਵਲ ਲੈਂਦੇ ਹਨ ਪਰ ਉਨ੍ਹਾਂ ਦੇ ਪੱਲੇ ਉਦਮ ਨਹੀਂ ਹੁੰਦਾ, ਜਿਵੇਂ ਕਹਿੰਦੇ ਹਨ ਕਿ ਯੇਹ ਔਰ ਬਾਤ ਹੈ ਕਿ ਤਾਮੀਰ ਨਾ ਹੋ ਵਰਨਾ ਹਰ ਜ਼ਿਹਨ ਮੇਂ ਕੁਸ਼ ਤਾਜ ਮਹਿਲ ਹੋਤੇ ਹੈਂ। ਉਦਮੀਆਂ ਅਤੇ ਜਨੂੰਨੀਆਂ ਦੇ ਸੁਪਨੇ ਤਾਜ ਮਹਿਲ ਬਣ ਕੇ ਸਾਕਾਰ ਹੋ ਉਠਦੇ ਹਨ।

ਉਂਜ ਪੰਜਾਬੀ ਖੋਜਗੜ੍ਹ ਦਾ ਸੁਪਨਾ ਵੀ ਅਜੇ ਪੂਰੀ ਤਰ੍ਹਾਂ ਤਾਮੀਰ ਹੋਣਾ ਹੈ। ਅਜੇ ਲਿੰਕ ਰੋਡ ਬਣਨੀ ਹੈ, ਬਿਜਲੀ ਦਾ ਪੱਕਾ ਇੰਤਜ਼ਾਮ ਕਰਨਾ ਹੈ। ਸਾਜੋ-ਸਮਾਨ ਆਉਣਾ ਹੈ। ਆਸ ਇਸ ਕਰਕੇ ਬਝਦੀ ਹੈ ਕਿਉਂਕਿ ਖੋਜਗੜ੍ਹ ਟਰੱਸਟ ਦੇ ਮੈਂਬਰ ਹੰਭਲਾ ਮਾਰਨ ਜੁਟੇ ਹੋਏ ਹਨ। ਉਨ੍ਹਾਂ ਦੇ ਮੁਢਲੇ ਕਦਮਾਂ ਦੀ ਠੁੰਮ-ਠੁੰਮ ਹੀ ਧੀਰ ਬੰਨ੍ਹਾਉਣ ਵਾਲੀ ਹੈ। ਉਨ੍ਹਾਂ ਦੇ ਚਾਵਾਂ, ਇਛਾਵਾਂ ਅਤੇ ਪ੍ਰੇਰਨਾਵਾਂ ਨੂੰ ਇੱਕ ਚੁਟਕੀ ਭਰ ਕੰਮ ਰਾਹੀਂ ਮਾਪਣਾ ਹੋਵੇ ਤਾਂ ਪੰਜਾਬੀ ਖੋਜਗੜ੍ਹ ਦੀ ਇਮਾਰਤ ਦੇ ਮੁੱਖ ਦਰਵਾਜ਼ੇ ਅਤੇ ਬੂਹੇ-ਬਾਰੀਆਂ ਉਤੇ ਝਾਤ ਪਾ ਲੈਣੀ ਹੀ ਕਾਫੀ ਹੈ। ਇਹ ਸਾਰਾ ਕੁੱਝ ਪੰਜਾਬੀ ਕਹਾਣੀ ਦੇ ਉਚ-ਦੁਮਾਲੜੇ ਕਥਾਕਾਰ ਕੁਲਵੰਤ ਸਿੰਘ ਵਿਰਕ ਦੇ ਘਰੋਂ ਲਿਆ ਕੇ ਲਾਇਆ ਗਿਆ ਹੈ। ਸੰਤਾਲੀ ਤੋਂ ਬਾਅਦ ਵਿਰਕ ਪਰਿਵਾਰ ਦੀ ਹਵੇਲੀ ਦੇ ਨਵੇਂ ਮਾਲਕਾਂ ਨੇ ਉਸਨੂੰ ਆਪਣੇ ਅਨੁਸਾਰ ਵਿਉਂਤਣਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਅਜਿਹਾ ਵੀ ਆਇਆ ਕਿ ਵਿਰਕ ਦੇ ਘਰ ਦੇ ਬੂਹੇ-ਬਾਰੀਆਂ ਤੱਕ ਪੱਟੇ ਜਾਣ ਲੱਗੇ। ਖੋਜਗੜ੍ਹ ਦੇ ਸੁਪਨਸਾਜਾਂ ਨੂੰ ਭਿਣਕ ਪਈ ਤਾਂ ਉਹ ਆਪਣੀ ਅਦਬੀ ਵਿਰਾਸਤ ਨੂੰ ਸੰਭਾਲ ਕੇ ਲੈ ਆਏ। ਹੁਣ ਇਹ ਬੂਹੇ-ਬਾਰੀਆਂ ਸਾਨੂੰ ਰਹਿੰਦੀ ਹਯਾਤੀ ਤੱਕ ਵਿਰਕ ਦੀ ਨਿਸ਼ਾਨੀ ਬਣ ਕੇ ਦਿਸਦੇ ਰਹਿਣਗੇ।

ਇਕਬਾਲ ਕੈਸਰ ਨੂੰ ਸੁਪਨਾ ਲੈਣ ਅਤੇ ਨੇਪਰੇ ਚਾੜ੍ਹਨ ਲਈ ਕਿੰਨੀ ਕੁ ਅੱਗ ਫੱਕਣੀ ਪਈ ਹੈ ਇਸ ਦਾ ਕੋਈ ਪਾਰਾਵਾਰ ਨਹੀਂ। ਸਾਲ 2002 ਵਿੱਚ ਮੈਂ ਪਹਿਲੀ ਵਾਰ ਉਸਨੂੰ ਲੰਡਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮਿਲਿਆ ਸਾਂ। ਉਸ ਸਮੇਂ ਤੱਕ ਉਸਦੀ ਪ੍ਰਸਿੱਧ ਇਤਿਹਾਸਕ ਪੁਸਤਕ ੋਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ (1998) ਛਪ ਚੁੱਕੀ ਸੀ। ਕੁੱਝ ਮੁਹਤਬਰ ਮੁਸਲਮਾਨ ਅਦੀਬਾਂ ਦੀ ਇਕਬਾਲ ਕੈਸਰ ਪ੍ਰਤੀ ਨਫ਼ਰਤ ਅਤੇ ਸਾੜਾ ਕਿਨਾਰੇ ਤੋੜ ਕੇ ਵਹਿ ਰਿਹਾ ਸੀ। ਗੁੱਸੇ ਵਿੱਚ ਉਹ ਉਸ ਲਈ ਭਾਰਤ ਦਾ ਜਾਸੂਸ ਅਤੇ ਅੱਤਵਾਦੀ ਸਿੱਖਾਂ ਦਾ ਏਜੰਟ ਵਰਗੇ ਲੂਹ ਦੇਣ ਵਾਲੇ ਵਿਸ਼ੇਸ਼ਣ ਵਰਤਣੋਂ ਵੀ ਗੁਰੇਜ ਨਹੀਂ ਸਨ ਕਰਦੇ। ਪਰ ਦੂਜੇ ਪਾਸੇ ਪਰਵਾਸੀ ਸਿੱਖਾਂ ਨੇ ਉਸ ਨੂੰ ਅੱਖਾਂ ਤੇ ਬੈਠਾਇਆ ਹੋਇਆ ਸੀ। ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀਆਂ ਦੁਰਲੱਭ ਤਸਵੀਰਾਂ ਅਤੇ ਦਸਤਾਵੇਜ਼ੀ ਇਬਾਰਤ ਵਾਲੀ ਪੁਸਤਕ ਹੱਥੋਂ-ਹੱਥ ਵਿਕ ਰਹੀ ਸੀ। ਜਿਸ ਗੁਰਦੁਆਰੇ ਵਿੱਚ ਵੀ ਇਕਬਾਲ ਕੈਸਰ ਦਾ ਸਨਮਾਨ ਹੁੰਦਾ ਉਥੇ ਪੌਂਡਾਂ-ਡਾਲਰਾਂ ਦਾ ਮੀਂਹ ਵਰ੍ਹ ਪੈਂਦਾ। ਪਰ ਨਾਲ ਹੀ ਦੋਖੀਆਂ ਦੇ ਅਗਣ-ਬਾਣਾਂ ਦੀ ਬੁਛਾੜ ਹੋਰ ਤਿੱਖੀ ਹੋ ਜਾਂਦੀ ਕਿ ਉਹ ਗੁਰੂ ਘਰਾਂ ਨੂੰ ਸੰਨ੍ਹ ਲਾਈ ਬੈਠਾ ਹੈ।

ਉਸਤੋਂ ਬਾਅਦ ਮੈਂ ਇਕਬਾਲ ਕੈਸਰ ਨੂੰ ਹੁਣ ਅਪ੍ਰੈਲ 2008 ਵਿੱਚ ਮਿਲਿਆ। ਉਸ ਦੀ ਜੀਵਨ-ਸ਼ੈਲੀ ਅਤੇ ਪਰਿਵਾਰ ਦੀ ਰਹਿਣੀ-ਬਹਿਣੀ ਤੋਂ ਮੈਨੂੰ ਉਹ ਸਾਧਾਰਨ ਮੱਧਵਰਗੀ ਬੰਦਾ ਹੀ ਜਾਪਿਆ। ਬਿਦੇਸ਼ੀ ਪੌਂਡਾਂ-ਡਾਲਰਾਂ ਦੀ ਚਮਕ ਉਸਦੇ ਪਰਿਵਾਰ ਦੇ ਚਿਹਰੇ ਦਾ ਨੂਰ ਬਣੀ ਨਜ਼ਰ ਨਹੀਂ ਆਈ। ਹਾਂ ਪੰਜਾਬੀ ਖੋਜਗੜ੍ਹ ਦੀ ਬੁਨਿਆਦ ਵਿੱਚ ਬਿਦੇਸ਼ੀ ਮਾਇਆ ਦਾ ਯੋਗਦਾਨ ਜ਼ਰੂਰ ਪ੍ਰਤੱਖ ਦਿਸਦਾ ਹੈ। ਸਾੜਾਵਾਦੀਆਂ ਦੇ ਮੂੰਹ ਅਜੇ ਵੀ ਬੰਦ ਨਹੀਂ ਹੋਏ। ਉਨ੍ਹਾਂ ਨੂੰ ਉਹ ਖੋਜਗੜ੍ਹ ਟਰੱਸਟ ਦੀ ਓਟ ਵਿੱਚ ਨਿੱਜੀ ਜਾਇਦਾਤ ਬਣਾ ਰਿਹਾ ਨਜ਼ਰ ਆਉਂਦਾ ਹੈ। ਪਰ ਇਕਬਾਲ ਕੈਸਰ ਹੁਣ ਅਜਿਹੀਆਂ ਤੋਹਮਤਾਂ ਨੂੰ ਪਾਸੇ ਨਾਲ ਮਲ ਕੇ ਪਰ੍ਹੇ ਸਿੱਟ ਦਿੰਦਾ ਹੈ। ਫਿਰ ਵੀ ਇਹ ਸਾਰਾ ਕੁੱਝ ਬੰਦੇ ਨੂੰ ਅੰਦਰੋਂ ਤਾਂ ਤੋੜਦਾ ਹੀ ਹੈ। ਇੱਕ ਦਿਨ ਨਨਕਾਣਾ ਸਾਹਿਬ ਨੂੰ ਜਾਂਦਿਆਂ ਤਲਵਿੰਦਰ ਦੀ ਹਾਸੇ ਹਾਸੇ ਵਿੱਚ ਇਕਬਾਲ ਕੈਸਰ ਬਾਰੇ ਕੀਤੀ ਟਿੱਪਣੀ ਆਪਣੇ ਅੰਦਰ ਕਈ ਕੁੱਝ ਛਪੋਈ ਬੈਠੀ ਨਜ਼ਰ ਆਈ। ਤਲਵਿੰਦਰ ਨੇ ਕੈਸਰ ਦੇ ਅੱਧੇ ਸਿਰ ਤੱਕ ਪਹੁੰਚੇ ਗੰਜ, ਪਕਰੋਟ ਚਿਹਰੇ ਅਤੇ ਸੁੰਨੀਆਂ ਅੱਖਾਂ ਵੱਲ ਵੇਖਦਿਆਂ ਕਿਹਾ ਸੀ, “ਕੈਸਰ ਸਾਹਿਬ, ਉਮਰੋਂ ਤੇ ਸਾਡੇ ਹਾਣੀ ਨੇ ਪਰ ਭਾ ਦਾ ਮੀਟਰ ਕੁੱਝ ਜਿਆਦਾ ਚੱਲ ਗਿਆ ਹੋਇਆ ਏ। ੌ

ਇਕਬਾਲ ਕੈਸਰ ਨੂੰ “ਜੋਬਨੌ ਚਲੇ ਜਾਣ ਦਾ ਡਰ ਸ਼ਾਇਦ ਇਸ ਕਰਕੇ ਨਹੀਂ ਕਿਉਂਕਿ ਉਸਨੂੰ ਖੋਜਗੜ੍ਹ ਦੇ ਰੂਪ ਵਿੱਚ ਸੁਪਨੇ ਵਾਲਾ “ਸ਼ਹੁੌ ਮਿਲ ਗਿਆ ਹੈ। ਇਸ ਦਾ ਐਲਾਨ ਉਸਨੇ ਢੋਲ ਵਜਾ ਕੇ 19 ਅਪ੍ਰੈਲ ਨੂੰ ਖੋਜਗੜ੍ਹ ਵਿਖੇ ਕਰਵਾਈ ਗਈ ਪਹਿਲੀ ਬਾਬਾ ਫਰੀਦ ਕਾਨਫਰੰਸ ਵਿੱਚ ਕੀਤਾ। ਇੰਨੀ ਕੁ ਗੱਲ ਉਹ ਜਾਣਦਾ ਹੈ ਕਿ ਗੱਲਾਂ ਦੀ ਥਾਂ ਕੰਮ ਬੋਲੇ ਤਾਂ ਆਵਾਜ਼ ਦੂਰ ਤੱਕ ਪਹੁੰਚਦੀ ਹੈ।

ਕੰਮ ਸੱਚੀਮੁੱਚੀਂ ਬੋਲਿਆ। ਨਹਿਰ ਤੋਂ ਥੋੜ੍ਹਾਂ ਹਟਵਾਂ ਇੱਕ ਵਿਸ਼ਾਲ ਛਤਰੀਨੁਮਾਂ ਤੰਬੂ ਖੋਜਗੜ੍ਹ ਦੇ ਵਿਹੜੇ ਵਿੱਚ ਲੱਗਿਆ ਹੋਇਆ ਸੀ। ਉਚੀ ਬਣਾਈ ਖੁੱਲ੍ਹੀ-ਡੁੱਲ੍ਹੀ ਸਟੇਜ ਉਤੇ ਦਸ ਕੁ ਸ਼ਾਹੀ ਕੁਰਸੀਆਂ ਡੱਠੀਆਂ ਹੋਈਆਂ ਸਨ। ਸ਼ਾਨਦਾਰ ਕਾਲੀਨ ਉਤੇ ਢਾਈ ਤਿੰਨ ਸੌ ਕੁਰਸੀਆਂ ਲਾ ਕੇ ਸਰੋਤਿਆਂ/ਦਰਸ਼ਕਾਂ ਦੇ ਬੈਠਣ ਲਈ ਸੋਹਣਾ ਇੰਤਜ਼ਾਮ ਕੀਤਾ ਹੋਇਆ ਸੀ। ਇਹ ਸਭ ਕੁੱਝ ਵੇਖ ਕੇ ਮੇਰੇ ਅੰਦਰੋਂ ਧੁੜਕੂ ਬੋਲਦਾ, “ਲਾਹੌਰ ਤੋਂ ਚਾਲੀ ਕਿਲੋਮੀਟਰ ਦੂਰ ਇਥੇ ਖੇਤਾਂ ਵਿੱਚ ਐਨੇ ਅਦੀਬ ਲੋਕ ਕਿੱਥੋਂ ਆਉਣਗੇ? ੌ ਦਿਨ ਦੇ ਬਾਰਾਂ ਵਜੇ ਤੱਕ ਖਾਲੀ ਪੰਡਾਲ ਭਾਂ-ਭਾਂ ਕਰਦਾ ਦਿਸਦਾ ਰਿਹਾ। ਪਰ ਖੋਜਗੜ ਦੇ ਟਰੱਸਟੀ ਇਸ ਗੱਲੋਂ ਬੇਧਿਆਨ ਬੜੇ ਭਰੋਸੇ ਨਾਲ ਕੰਮੀ ਰੁੱਝੇ ਹੋਏ ਸਨ। ਫਿਰ ਹੌਲੀ ਹੌਲੀ ਫਰਖੰਦਾ ਲੋਧੀ ਅਤੇ ਸ਼ਾਹਬਾਜ ਮਲਿਕ ਵਰਗੇ ਨਾਮਵਰ ਅਦੀਬ ਪਹੁੰਚਣੇ ਸ਼ੁਰੂ ਹੋਏ ਅਤੇ ਦੋ ਵਜੇ ਤੱਕ ਪੂਰਾ ਪੰਡਾਲ ਭਰ ਗਿਆ। ਜੇ ਪਹੁੰਚਣ ਵਾਲਿਆਂ ਵਿੱਚ ਸਾਬਕਾ ਐਮ। ਐਲ। ਏ। ਚੌਧਰੀ ਮਨਜੂਰ ਅਹਿਮਦ, ਪੰਜਾਬ ਦੀ ਨਵੀਂ ਬਣੀ ਐਸੰਬਲੀ ਦਾ ਕਿਰਤ ਮੰਤਰੀ ਅਸ਼ਰਫ਼ ਸੋਹਣਾ ਅਤੇ ਸਭਿਆਚਾਰਕ ਮਾਮਲਿਆਂ ਦਾ ਮੰਤਰੀ ਖਾਜਾ ਸਾਦ ਰਫੀਕ ਸ਼ਾਮਿਲ ਸਨ ਤਾਂ ਨਾਲ ਹੀ ਨੇੜਲੇ ਪਿੰਡਾਂ ਦੇ ਉਹ ਲੋਕ ਵੀ ਸਨ ਜਿਨ੍ਹਾਂ ਨੇ ਅੰਤ ਸਹੀ ਮਾਅਨਿਆਂ ਵਿੱਚ ਪੰਜਾਬੀ ਦੀ ਤਰੱਕੀ ਦਾ ਜ਼ਿੰਮਾ ਓਟਣਾ ਹੈ।

ਇਕਬਾਲ ਕੇਸਰ ਦਾ ਸੁਪਨਾ ਠੀਕ ਢੰਗੂਰ ਮਾਰ ਗਿਆ ਸੀ, ਧਰਤੀ ਦੀ ਹਿੱਕ ਪਾੜ ਕੇ ਬਾਹਰ ਨਿਕਲਣ ਸਮੇਂ ਕਰੁੱਤੀ ਬਾਰਸ਼ ਨਾਲ ਕਰੰਡ ਹੋਣੋਂ ਬਚ ਗਿਆ ਸੀ, ਜੇਠ-ਹਾੜ ਦੀਆਂ ਸਾੜਵੀਆਂ ਧੁੱਪਾਂ ਵਿੱਚ ਲੂਸ ਕੇ ਵੀ ਪੂਰੀ ਤਰ੍ਹਾਂ ਝੁਲਸਣੋਂ ਬਚ ਗਿਆ ਸੀ ਅਤੇ ਹੁਣ ਸਭ ਦੀਆਂ ਅੱਖਾਂ ਸਾਹਵੇਂ ਨਰਮੇ ਦੀ ਭਰਪੂਰ ਫਸਲ ਵਾਂਗ ਆਪਣੇ ਚੌੜੇ ਪੱਤਿਆਂ ਨਾਲ ਧੁੱਪ ਰੋਕ ਕੇ ਧਰਤੀ ਮਾਂ ਦਾ ਕਲੇਜਾ ਠਾਰ ਰਿਹਾ ਸੀ। ਸਾਰੇ ਮੁਕਤ-ਕੰਠ ਨਾਲ ਇਕਬਾਲ ਕੈਸਰ ਦੇ ਸੁਪਨੇ ਦੀ ਲੰਮੀ ਹਯਾਤੀ ਲਈ ਦੁਆਵਾਂ ਕਰ ਰਹੇ ਸਨ।

ਸ਼ਾਮ ਦੇ ਪੰਜ ਵਜੇ ਤੱਕ ਬਾਬਾ ਫਰੀਦ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ। ਆਮ ਲੋਕਾਂ ਨੇ ਬੋਲਣ ਵਾਲਿਆਂ ਨੂੰ ਰੱਜ ਕੇ ਦਾਦ ਦਿੱਤੀ। ਅੰਤ ਬਾਬੇ ਨਾਨਕ ਬਾਰੇ ਅਗਲੀ ਕਾਨਫਰੰਸ ਕਰਵਾਏ ਜਾਣ ਦੇ ਐਲਾਨ ਨਾਲ ਕਾਨਫਰੰਸ ਤਾੜੀਆਂ ਅਤੇ ਜੈਕਾਰਿਆਂ ਨਾਲ ਸੰਪੂਰਨ ਹੋਈ।

ਸੁਪਨੇ ਦੇ ਜ਼ਸ਼ਨ ਲਈ ਪਤਾ ਨਹੀਂ ਕੌਣ ਢੋਲੀ ਲੈ ਆਇਆ ਸੀ। ਮੇਰੇ ਵਰਗੇ ਜਿਨ੍ਹਾਂ ਨੂੰ ਭੰਗੜੇ ਦਾ ਸਟੈੱਪ ਵੀ ਨਹੀਂ ਲੈਣਾ ਆਉਂਦਾ ਸੀ, ਨੇ ਬਿਨ-ਪੀਤਿਆਂ ਭੰਗੜਾ ਪਾਇਆ। ਫੇਰ ਉਹੀ ਸਥਿਤੀ ਬਣ ਗਈ, ਅਖੇ ਪਾਓ ਬੋਲੀਆਂ ਕਰੋ ਚਿੱਤ ਰਾਜੀ ਸੜਦਿਆਂ ਨੂੰ ਸੜ ਲੈਣ ਦਿਓ। ਸੁਪਨੇ ਦੀ ਇਹ ਧਮਕਾਰ ਪਤਾ ਨਹੀਂ ਕਿੱਥੋਂ ਤੱਕ ਪਹੁੰਚੀ ਹੋਵੇਗੀ ਅਤੇ ਲਾਹੌਰ `ਚ ਬੈਠੇ ਕਿੰਨੇ ਸਾੜਾਵਾਦੀ ਅਦੀਬ ਸੜ ਕੇ ਕੋਇਲੇ ਹੋ ਰਹੇ ਹੋਣਗੇ ਪਰ ਸੁਪਨਸਾਜ ਇਹੋ ਜਿਹੀਆਂ ਗੱਲਾਂ ਦੀ ਭਲਾ ਕਦੋਂ ਪਰਵਾਹ ਕਰਦੇ ਹੁੰਦੇ ਹਨ?

 

ਕਸੂਰ ਦੀ ਜ਼ਿਆਰਤ

ਜਿਵੇਂ ਗਿਣਵੇਂ ਦਿਨਾਂ ਲਈ ਪੇਕੀਂ ਆਈ ਧੀ-ਧਿਆਣੀ ਕਾਹਲੀ ਨਾਲ ਆਂਢ-ਗੁਆਂਢ ਅਤੇ ਤਾਇਆਂ-ਚਾਚਿਆਂ ਦੇ ਘਰੀਂ ਹਾਜ਼ਰੀ ਲੁਆਉਂਦੀ ਫਿਰਦੀ ਹੋਵੇ, ਸਾਡਾ ਹਾਲ ਵੀ ਕੁੱਝ ਇਹੋ ਜਿਹਾ ਹੀ ਸੀ। ਚਾਹੁਦੇ ਸਾਂ ਪੰਜ-ਛੇ ਦਿਨਾਂ ਵਿੱਚ ਸਾਰੇ ਪਾਕਿਸਤਾਨ ਦੀ ਝਾਤ ਪਾ ਲਈਏ। ਸਾਡੀ ਚਾਹਤ ਨੂੰ ਕੁੱਝ ਬੰਨ੍ਹ ਤਾਂ ਵੀਜ਼ੇ ਦੀਆਂ ਪਾਬੰਦੀਆਂ ਨੇ ਮਾਰ ਦਿੱਤਾ ਸੀ ਅਤੇ ਕੁੱਝ ਸਮੇਂ ਦੀ ਘਾਟ ਨੇ। ਫਿਰ ਵੀ ਅਸੀਂ ਵਕਤ ਦਾ ਵੱਧ ਤੋਂ ਵੱਧ ਸਦਉਪਯੋਗ ਕਰ ਰਹੇ ਸਾਂ। ਪ੍ਰਬੰਧਕ ਵੀ ਸਾਡੀ ਮਨਸ਼ਾ ਪੂਰੀ ਕਰਨ ਲਈ ਸਿਰਤੋੜ ਕੋਸ਼ਿਸ਼ ਵਿੱਚ ਸਨ। ਇਸ ਲਈ ਬਾਬਾ ਫਰੀਦ ਕਾਨਫਰੰਸ ਤੋਂ ਦੇਰੀ ਨਾਲ ਵਿਹਲੇ ਹੋਣ ਦੇ ਬਾਵਜੂਦ ਅਸੀਂ ਕਸੂਰ ਗੇੜਾ ਮਾਰਨ ਦਾ ਮਨ ਬਣਾ ਲਿਆ। ਅੱਧ ਤੋਂ ਅੱਗੇ ਤੱਕ ਲਲਿਆਣੀ ਤਾਂ ਪਹੁੰਚੇ ਹੀ ਹੋਏ ਸਾਂ, ਦਸ-ਪੰਦਰਾਂ ਕਿਲੋਮੀਟਰ ਦਾ ਪੰਧ ਹੋਰ ਸੀ।

ਮਨ ਵਿੱਚ ਕਸੂਰ ਦਾ ਨਾਂ ਆਉਂਦਿਆਂ ਸਭ ਤੋਂ ਪਹਿਲਾਂ ਸੁਰਿੰਦਰ ਕੌਰ ਦਾ ਗੀਤ ੋਜੁੱਤੀ ਕਸੂਰੀ, ਪੈਰੀਂ ਨਾ ਪੂਰੀ, ਹੈ ਰੱਬਾ ਵੇ ਸਾਨੂੰ ਤੁਰਨਾ ਪਿਆ।। ।। ੋ ਕੰਨਾ `ਚ ਵੱਜਣ ਲਗਦਾ ਹੈ। ਕਿੰਨੀਆਂ ਨਿੱਕੀਆਂ ਨਿੱਕੀਆਂ ਰੀਝਾਂ ਅਤੇ ਸੁਪਨੇ ਸਨ ਭਲੇ ਵੇਲਿਆਂ ਦੀ ਪੇਂਡੂ ਪੰਜਾਬੀ ਮੁਟਿਆਰ ਦੇ। ਸਭ ਕੁੱਝ ਬਦਲ ਗਿਆ ਸੀ ਹੁਣ ਤਾਂ। ਅਸੀਂ ਤਪਦੇ ਰਾਹਾਂ ਦੀ ਥਾਂ ਏ। ਸੀ। ਗੱਡੀ ਵਿੱਚ ਬੈਠੇ ਨਵੀਂ ਨਵੀਂ ਬਣੀਂ ਖੁੱਲ੍ਹੀ ਸੜਕ ਉ-ੱਤੇ ਸੌ ਦੀ ਰਫ਼ਤਾਰ ਉਤੇ ਜਾ ਰਹੇ ਸਾਂ। ਆਲੇ-ਦੁਆਲੇ ਰੇਤੇ ਭਰੇ ਰਾਹਾਂ ਅਤੇ ਬਰਾਨੀ ਜ਼ਮੀਨਾਂ ਦੀ ਥਾਂ ਰੇਜ਼ ਜ਼ਮੀਨ ਵਿੱਚ ਕਣਕ ਦੀ ਪੱਕੀ ਸੁਨਹਿਰੀ ਫਸਲ ਲਹਿਰਾ ਰਹੀ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਕਿ ਵੇਲੇ ਦੀ ਸਥਾਪਤੀ ਦੇ ਵਿਰੋਧੀ ਬਾਗੀ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਜ਼ਿਆਰਤ ਲਈ ਅਸੀਂ ਸਰਕਾਰੀ ਗੱਡੀ ਵਿੱਚ ਜਾ ਰਹੇ ਸਾਂ। ਸਮੇਂ ਦਾ ਫੇਰ ਕਿਵੇਂ ਸਭ ਕੁਸ਼ ਉਲਟਾ-ਪੁਲਟਾ ਕਰ ਦਿੰਦਾ ਹੈ।

ਕਸੂਰ ਦੀਆਂ ਬਰੂਹਾਂ ਉਤੇ ਪਹੁੰਚਣ ਤੱਕ ਸੂਰਜ ਆਪਣੀਆਂ ਲਾਲੀਆਂ ਬਖੇਰਨ ਪਿੱਛੋਂ ਸ਼ਹਿਰ ਦੀਆਂ ਇਮਾਰਤਾਂ ਦੀ ਓਟ ਵਿੱਚ ਛੁਪ ਗਿਆ ਸੀ। ਸ਼ਹਿਰ ਦੇ ਗਰਦੋ-ਗੁਬਾਰ ਅਤੇ ਪਲੋ-ਪਲ ਲਹਿੰਦੇ ਆ ਰਹੇ ਘੁਸਮੁਸੇ ਨੇ ਰਹਿੰਦੀ-ਖੁੰਹਦੀ ਰੋਸ਼ਨੀ ਨੂੰ ਵੀ ਚੂਸ ਲਿਆ ਸੀ। ਗੱਡੀ ਹੁਣ ਭੀੜ ਭਰੇ ਭੀੜੇ ਬਾਜ਼ਾਰ ਵਿਚੋਂ ਲੰਘ ਰਹੀ ਸੀ। ਕੁੱਝ ਖਰੀਦੋ-ਫਰੋਖ਼ਤ ਦੇ ਸ਼ੌਕੀਨਾਂ, ਦੇਵ ਦਰਦ ਵਰਗਿਆਂ ਦਾ ਮਨ ਗੱਡੀਓਂ ਉ-ੱਤਰ ਕੇ ਬਾਜ਼ਾਰ `ਚ ਮਟਰਗਸ਼ਤੀ ਕਰਨ ਲਈ ਲਲਚਾਇਆ ਪਰ ਮਨ ਨੂੰ ਨਕੇਲ ਮਾਰਨੀ ਪਈ, ਕਿਉਂਕਿ ਇਥੋਂ ਦਾ ਵੀਜ਼ਾ ਨਹੀਂ ਸੀ ਅਤੇ ਬਹੁਤਾ ਖੁੱਲ੍ਹਾ ਤੋਰਾ-ਫੇਰਾ ਜਾਨ ਦਾ ਖਓ ਬਣ ਜਾਣ ਦਾ ਖ਼ਤਰਾ ਸੀ। ਬਾਜ਼ਾਰ ਦੇ ਐਨ ਅਗਲੇ ਸਿਰੇ ਤੇ ਵੱਸੋਂ ਵਾਲੇ ਖੇਤਰ `ਚ ਜਾ ਕੇ ਗੱਡੀ ਰੁਕੀ। ਇਥੇ ਨਾਲ ਹੀ ਬਾਬਾ ਬੁੱਲ੍ਹੇ ਸ਼ਾਹ ਦਾ ਮਕਬਰਾ ਸੀ।

ਇਕ ਵੱਡੇ ਦਰਵਾਜ਼ੇ ਵਿਚੋਂ ਲੰਘ ਕੇ ਦਰਗਾਹ ਦੇ ਖੁੱਲ੍ਹੇ ਵਿਹੜੇ ਵਿੱਚ ਗਏ। ਸਾਹਮਣੇ ਇੱਕ ਕੋਨੇ ਵਿੱਚ ਹਰੇ-ਚਿੱਟੇ ਰੰਗ ਵਾਲੀ ਮੁਸਲਿਮ-ਸ਼ੈਲੀ ਦੀ ਦਰਮਿਆਨੀ ਜਿਹੀ ਇਮਾਰਤ ਸੀ ਜਿਸ ਵਿੱਚ ਬੁੱਲ੍ਹੇ ਸ਼ਾਹ ਦੀ ਕਬਰ ਸੀ। ਸਾਡੀ ਵੱਖਰੀ ਸ਼ਨਾਖਤ ਨੂੰ ਭਾਂਪਦਿਆਂ ਹੀ ਮੰਗਤਿਆਂ ਦੀਆਂ ਹੇੜਾਂ ਹਰਕਤ ਵਿੱਚ ਆ ਗਈਆਂ। ਜ਼ਿਆਰਤੀਆਂ ਦੀ ਗਿਣਤੀ ਟਾਵੀਂ-ਟਾਵੀਂ ਹੋਣ ਕਰਕੇ ਉਹ ਰੱਬ ਆਸਰੇ ਟਿਕੇ ਬੈਠੇ ਸਨ। ਇਸ ਲਈ ਮੰਦੇ ਦੇ ਵਕਤ ਵਿੱਚ ਅਸੀਂ ਤਾਂ ਜਿਵੇਂ ਉਨ੍ਹਾਂ ਨੂੰ ਰੱਬ ਦੀਆਂ ਦਿੱਤੀਆਂ ਗਾਜਰਾਂ ਵਾਂਗ ਦਿਸੇ ਸਾਂ। ਪ੍ਰਬੰਧਕਾਂ ਦੇ ਮਨ੍ਹਾਂ ਕਰਨ ਦੇ ਬਾਵਯੂਦ ਭਿਖਾਰੀਆਂ ਨੇ ਖਹਿੜਾ ਨਾ ਛੱਡਿਆ ਅਤੇ ਸਾਨੂੰ ਕੁੱਝ ਨਾ ਕੁੱਝ ਹੱਥ ਝਾੜਨਾ ਹੀ ਪਿਆ।

ਇਮਾਰਤ ਦੇ ਅੰਦਰ ਹਰੀ ਚਾਦਰ ਨਾਲ ਢਕੀ ਬੁੱਲ੍ਹੇ ਸ਼ਾਹ ਦੀ ਕਬਰ ਉਤੇ ਗੁਲਾਬ ਦੇ ਤਾਜੇ ਫੁੱਲਾਂ ਦੀਆਂ ਪੱਤੀਆਂ ਦਾ ਅੰਬਾਰ ਸੀ। ਇੱਕ ਪਾਸੇ ਕੁੱਝ ਹਾਰ ਵੀ ਪਏ ਸਨ। ਦਰਗਾਹ ਵਿਚਲੇ ਖ਼ਿਦਮਤਗਾਰ ਨੇ ਸਾਨੂੰ ਸਤਿਕਾਰ ਦਿੰਦਿਆਂ ਪ੍ਰਸਾਦਿ ਵਜੋਂ ਇਕ-ਦੋ ਹਾਰ ਸਾਡੇ ਗਲਾਂ ਵਿੱਚ ਵੀ ਪਾ ਦਿੱਤੇ। ਦਰਗਾਹ ਵਿੱਚ ਔਰਤ ਦੇ ਦਾਖ਼ਲੇ ਉਤੇ ਪਾਬੰਦੀ ਹੋਣ ਕਰਕੇ ਸਾਡੇ ਨਾਲ ਗਈ ਮਲਕੀਤ ਬਸਰਾ ਨੂੰ ਪਹਿਲਾਂ ਬਾਹਰ ਹੀ ਰੋਕ ਲਿਆ ਸੀ ਪਰ ਫਿਰ ਜ਼ਿਆਰਤ ਦੀ ਇਜਾਜ਼ਤ ਮਿਲ ਗਈ। ਸਾਡੇ ਮੁਸਲਮਾਨ ਪ੍ਰਬੰਧਕਾਂ ਨੇ ਆਪਣੇ ਤਰਕ ਨਾਲ ਇਹ ਗੱਲ ਜਚਾ ਦਿੱਤੀ ਸੀ ਕਿ ਔਰਤ ਦੇ ਦਾਖਲੇ ਦੀ ਮਨਾਹੀ ਨਾਲ ਇਸਲਾਮ ਦਾ ਅਕਸ ਰੂੜ੍ਹੀਵਾਦੀ ਧਰਮ ਵਾਲਾ ਬਣ ਜਾਵੇਗਾ। ਸੋ ਸਾਡੇ ਸਾਹਮਣੇ ਆਪਣੇ ਧਰਮ ਨੂੰ ਉਚਾ ਰੱਖਣ ਖਾਤਰ ਉਨ੍ਹਾਂ ਨੂੰ ਥੋੜ੍ਹੀ ਢਿੱਲ ਦੇਣੀ ਪਈ ਸੀ।

ਵਕਤ ਦਾ ਕੈਸਾ ਸਿਤਮ ਸੀ ਕਿ ਬਾਗੀ ਅਤੇ ਬੇਬਾਕ ਬੁੱਲ੍ਹੇ ਸ਼ਾਹ ਦੀ ਦਰਗਾਹ ਵਿੱਚ ਹੁਣ ਕੋਈ ਸੱਤਾ ਵਿਰੁੱਧ ਸੰਘਰਸ਼ ਲਈ ਪ੍ਰੇਰਣਾ ਲੈਣ ਨਹੀਂ ਸੀ ਆਉਂਦਾ ਸਗੋਂ ਲੋਕ ਨਿਗੂਣੀਆਂ ਦੁਨਿਆਵੀ ਮੁਰਾਦਾਂ ਦੀ ਪੂਰਤੀ ਲਈ ਆਉਂਦੇ ਸਨ। ਮਕਬਰੇ ਦੀ ਦਹਿਲੀਜ਼ ਦੇ ਬਾਹਰ ਬੈਠਾ ਗਾਇਕ ਜੋ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ, ਵੀ ਕਿਸੇ ਸੂਫ਼ੀ ਰੰਗ ਵਿੱਚ ਰੰਗਿਆ ਨਹੀਂ ਸੀ ਜਾਪਦਾ, ਉਦਰ-ਪੂਰਤੀ ਲਈ ਤਰਲੇ ਲੈ ਰਿਹਾ ਗਰੀਬ ਲੋਕ ਸੀ। ਸਾਡੇ ਉਸ ਦੇ ਕੋਲ ਪਹੁੰਚਣ ਤੇ ੳਸ ਨੇ ਆਪਣੀ ਭਰੜਾਵੀਂ ਆਵਾਜ਼ ਵਿੱਚ ਉਚਾ ਅਲਾਪ ਲਿਆ ਅਤੇ ਮੌਕੇ ਮੁਤਾਬਿਕ ਕਾਫੀ ਦੇ ਬੋਲ ਉਚਾਰੇ: ਘੜਿਆਲੀ ਦਿਓ ਨਿਕਾਲ ਨੀ, ਅੱਜ ਪੀ ਘਰ ਅਇਆ ਲਾਲ ਨੀ।। ।। ਅਤੇ ਫਿਰ ਵਜ਼ਦ ਵਿੱਚ ਆਉਣ ਦਾ ਪ੍ਰਪੰਚ ਕੀਤਾ। ਆਪਣੇ ਅਸਲੇ ਤੋਂ ਡਿੱਗੀ ਹਰੇਕ ਸ਼ੈਅ ਇਸੇ ਰੰਗ ਦੀ ਜਾਂ ਕਹੀਏ ਬੇਰੰਗ ਹੀ ਹੁੰਦੀ ਹੈ। ਉਸ ਦੀ ਕਾਫੀ ਨਾਲ ਸਾਨੂੰ ਵੀ ਝੂਠਾ-ਮੂਠਾ ਹਾਲ ਪੈ ਗਿਆ। ਅਸੀਂ ਸਾਰੇ ਇੱਕ ਦਾਇਰੇ ਵਿੱਚ ਨੱਚਣ ਲੱਗੇ। ਮਲਕੀਤ ਬਸਰਾ ਪਿੜ ਦੇ ਵਿਚਾਲੇ ਆ ਕੇ ਹੁਲਾਰੇ ਲੈਣ ਲੱਗੀ। ਦਰਗਾਹ ਦੇ ਖ਼ਿਦਮਤਗਾਰ ਵੀ ਅਚੰਭਿਤ ਹੋ ਕੇ ਇਹ ਨਜ਼ਾਰਾ ਵੇਖਣ ਬਾਹਰ ਆ ਖੜੋਤੇ। ਨੱਚਦਿਆਂ ਨਚਦਿਆਂ ਉਹ ਲਤੀਫ਼ਾ ਮੇਰੇ ਜ਼ਿਹਨ ਵਿੱਚ ਆਇਆ ਕਿ ਘੁੱਟ ਪੀਤੀ ਹੋਵੇ ਤਾਂ ਪੰਜਾਬੀ ਜਨਰੇਟਰ ਦੀ ਆਵਾਜ਼ ਉਤੇ ਵੀ ਨੱਚ ਲੈਂਦੇ ਹਨ, ਪਰ ਅੱਜ ਤਾਂ ਸੋਫੀ ਹੀ ਨਹੀਂ ਮਾਣ ਸਨ।

ਉਥੋਂ ਨਿਕਲ ਕੇ ਨਾਲ ਹੀ ਇੱਕ ਫਲੂਦੇ ਦੀ ਪ੍ਰਸਿੱਧ ਦੁਕਾਨ ਵਿੱਚ ਚਲੇ ਗਏ। ਕਸੂਰੀ ਜੁੱਤੀ ਅਤੇ ਮੇਥੀ ਤਾਂ ਸੁਣੀ ਸੀ ਪਰ ਕਸੂਰੀ ਫਲੂਦਾ ਤਾਂ ਮੈਂ ਅੱਜ ਹੀ ਵੇਖਿਆ ਸੀ। ਖਾਧਾ ਤਾਂ ਇਹ ਮਸ਼ਹੂਰੀ ਠੀਕ ਹੀ ਨਿਕਲੀ। ਦੁਕਾਨ ਵਿੱਚ ਇੱਕ ਪਾਸੇ ਮਿੱਟੀ ਦੇ ਗੜਵੀ-ਨੁਮਾਂ ਡੂੰਨਿਆਂ ਦੀ ਢੇਰੀ ਵੀ ਦਸਦੀ ਸੀ ਕਿ ਇਹ ਫਲੂਦਾ ਦੂਰ ਦੂਰ ਤੱਕ ਜਾਂਦਾ ਹੋਵੇਗਾ। ਪੰਜਾਬ ਦੇ ਹਰੇਕ ਸ਼ਹਿਰ ਵਿੱਚ ਹੀ ਅਜਿਹੀ ਕੋਈ ਨਾ ਕੋਈ ਅਨੋਖੀ ਅਤੇ ਵਿਸ਼ੇਸ਼ ਚੀਜ਼ ਜ਼ਰੂਰ ਹੁੰਦੀ ਹੈ। ਪ੍ਰਬੰਧਕਾਂ ਦੀ ਬੇਬਸੀ ਅਤੇ ਵਕਤ ਦੀ ਘਾਟ ਕਾਰਨ ਸਾਡੀ ਕਸੂਰੀ ਜੁੱਤੀਆਂ ਖਰੀਦਣ ਦੀ ਰੀਝ ਵਿਚੇ ਹੀ ਰਹਿ ਗਈ। ਇਕੱਲਾ ਦੇਵ ਦਰਦ ਝਕਾਨੀ ਦੇ ਕੇ ਬਾਜ਼ਾਰ ਵੱਲ ਨਿਕਲ ਗਿਆ। ਉਸ ਨੇ ਆਪਣੇ ਦੋਸਤਾਂ ਨਾਲ ਪਹਿਲਾਂ ਹੀ ਅੱਟੀ-ਸੱਟੀ ਲਾ ਰੱਖੀ ਸੀ।

“ਖੈਰ ਤੁਹੀਂ ਬੈਠੋ ਜੀ, ਓਹਦੀ ਛੱਡੋ, ਓਹਨੂੰ ਤਾਂ ਕੋਈ ਖ਼ਤਰਾ ਨੲ੍ਹੀਓਂ ਹੋਣ ਲੱਗਿਆ, ਓਹਦਾ ਤੇ ਮੁਹਾਂਦਰਾ ਈ ਤੁਰਕ-ਸਟਾਈਲ ਐ। ੌ ਇਕਬਾਲ ਕੈਸਰ ਨੇ ਹਸਦਿਆਂ ਸਾਨੂੰ ਪੱਗਾਂ ਕਰਕੇ ਨਿਵੇਕਲੀ ਪਛਾਣ ਵਾਲਿਆਂ ਨੂੰ ਛੇਤੀ ਗੱਡੀ ਵਿੱਚ ਬੈਠਣ ਦੀ ਗੁਜਾਰਿਸ਼ ਕੀਤੀ।

ਵੈਸੇ ਇਕਬਾਲ ਕੈਸਰ ਦੀ ਹਾਸੇ `ਚ ਕਹੀ ਗੱਲ ਸੱਚ ਹੀ ਨਿਕਲੀ, ਲੋਕ ਸਾਨੂੰ ਬੱਸ `ਚ ਬੈਠਿਆਂ ਨੂੰ ਇਉਂ ਉਲਰ ਉਲਰ ਵੇਖਣ ਲੱਗੇ ਜਿਵੇਂ ਅਸੀ ਬਹੁਤ ਹੀ ਅਨੋਖੇ ਜੀਵ ਹੋਈਏ। ਆਟੋ ਅਤੇ ਰਿਕਸ਼ਿਆਂ ਵਾਲੇ ਖੁਦ ਬਰੇਕ ਲਾ ਕੇ ਖੜ੍ਹੇ ਹੋ ਜਾਂਦੇ। ਇਸ ਨਾਲ ਟ੍ਰੈਫਿਕ ਜਾਮ ਹੋ ਗਿਆ।

“ਓਏ ਭਰਾਵੋ ਪੱਗਾਂ ਵਾਲਿਓ, ਸ਼ੀਸ਼ਿਆਂ ਕੋਲ ਹੋ ਕੇ ਛੇਤੀ ਛੇਤੀ ਦਰਸ਼ਨ-ਦੀਦਾਰ ਦੇਵੋ, ਟ੍ਰੈਫਿਕ ਖੁੱਲ੍ਹੇ। ੌ ਸ਼ਤੀਸ਼ ਵਰਮਾ ਨੇ ਹਸਦਿਆਂ ਮਸ਼ਕਰੀ ਕੀਤੀ।

“ਇਕਬਾਲ ਜੀ ਤੁਸੀਂ ਇਥੇ ਸਰਦਾਰ ਵਿਖਾਉਣ ਦੀ ਦੁਕਾਨ ਖੋਲ੍ਹ ਲਓ, ਚੰਗੀ ਮੋਟੀ ਕਮਾਈ ਹੋਇਆ ਕਰੂ। ਨਾਲੇ ਸੋਨੂੰ ਪੰਜਾਬੀ ਖੋਜਗੜ ਦੇ ਵਿਕਾਸ ਲਈ ਫੰਡ ਇਕੱਠਾ ਕਰਨ ਲਈ ਕੋਈ ਹੋਰ ਬੰਨ੍ਹ-ਸੁੱਭ ਕਰਨ ਦੀ ਲੋੜ ਨ੍ਹੀਂ ਪੈਣੀਂ। ੌ ਬਲਦੇਵ ਸਿੰਘ ਸੜਕਨਾਮਾ ਨੇ ਠੱਠਾ ਕੀਤਾ।

ਗੱਡੀ ਦੇ ਵਿੱਚ ਸਾਡੇ ਹਾਸੇ-ਠੱਠੇ ਨਾਲ ਅਤੇ ਬਾਹਰ ਸਰਦਾਰ ਵੇਖਣ ਦੀ ਹੈਰਾਨੀ ਭਰੀ ਖੁਸ਼ੀ ਨਾਲ ਮਾਹੌਲ ਵਾਹਵਾ ਰੌਣਕੀਲਾ ਬਣ ਗਿਆ।

ਡਰਾਈਵਰ ਜਾਵੇਦ ਨੇ ਬੜੀ ਮੁਸ਼ਕਲ ਨਾਲ ਗੱਡੀ ਭੀੜ `ਚੋਂ ਕੱਢੀ। ਮੇਰੇ ਨਾਲ ਬੈਠੇ ਬਲਦੇਵ ਸਿੰਘ ਸੜਕਨਾਮਾ ਨੇ ਕਸੂਰੀ ਮੇਥੀ ਦੇ ਪੈਕਟਾਂ ਵਾਲਾ ਇੱਕ ਵੱਡਾ ਲਿਫਾਫ਼ਾ ਵਿਖਾ ਕੇ ਦੱਸਿਆ ਕਿ ਕੋਈ ਅਜਨਬੀ ਇਹ ਸਾਰੇ ਸਰਦਾਰਾਂ ਲਈ ਪਿਆਰ ਦਾ ਤੋਹਫ਼ਾ ਦੇ ਗਿਆ ਸੀ। ਮੈਨੂੰ ਲੱਗਿਆ ਕਸੂਰ ਦੀ ਜ਼ਿਆਰਤ ਦਾ ਅਸਲੀ ਪ੍ਰਸਾਦਿ ਇਹ ਮੁਹੱਬਤ ਹੀ ਸੀ।

 

ਤੇਰਾ ਨਨਕਾਣਾ

ਬਾਬਾ ਫਰੀਦ ਕਾਨਫਰੰਸ ਤੋਂ ਫਾਰਗ ਹੋ ਕੇ ਅਗਲੇ ਦਿਨ ਜਿਹੜਾ ਸਥਾਨ ਵੇਖਣ ਜਾਣ ਦਾ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਉਹ ਨਿਰਸੰਦੇਹ ਨਨਕਾਣਾ ਸਾਹਿਬ ਹੀ ਹੋ ਸਕਦਾ ਸੀ। ਕਮਾਲ ਦੀ ਗੱਲ ਤਾਂ ਇਹ ਕਿ ਸਾਡੇ ਕਹਿਣ ਤੋਂ ਪਹਿਲਾਂ ਹੀ ਇਕਬਾਲ ਕੈਸਰ ਹੋਰਾਂ ਨੇ ਵੀਹ ਅਪ੍ਰੈਲ ਨੂੰ ਉਥੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਸ਼ਾਇਦ ਉਨ੍ਹਾਂ ਮੁਸਲਮਾਨ ਦੋਸਤਾਂ ਨੂੰ ਵੀ ਲਗਦਾ ਹੋਵੇਗਾ ਕਿ ਪੂਰਬੀ ਪੰਜਾਬ ਤੋਂ ਮਸਾਂ ਮਸਾਂ ਆਇਆ ਬੰਦਾ ਬਾਬਾ ਨਾਨਕ ਦੇ ਜਨਮ ਅਸਥਾਨ ਦੀ ਛੋਹ ਪ੍ਰਾਪਤ ਕੀਤੇ ਬਿਨਾਂ ਵਾਪਸ ਮੁੜ ਜਾਵੇ ਤਾਂ ਮੇਜ਼ਬਾਨ ਵਾਸਤੇ ਵੀ ਇਹ ਕੁਫ਼ਰ ਦੀ ਗੱਲ ਹੋਵੇਗੀ। ਸਾਡੇ ਚਾਰ ਸਾਥੀਆਂ-ਸਤੀਸ਼ ਵਰਮਾ, ਤਲਵਿੰਦਰ, ਹਰਭਜਨ ਹੁੰਦਲ ਅਤੇ ਜਿੰਦਰ-ਦੀ ਇੱਕੀ ਅਪ੍ਰੈਲ ਨੂੰ ਵਾਪਸੀ ਵੀ ਤਾਂ ਸੀ।

ਸਾਰੇ ਸਵੇਰੇ ਅੱਚਵੀ ਜਿਹੀ ਵਿੱਚ ਛੇਤੀ ਛੇਤੀ ਤਿਆਰ ਹੋ ਕੇ ਬੈਠ ਗਏ। ਖੈਰ ਇਕਬਾਲ ਕੈਸਰ ਤਾਂ ਖੁਦ ਹੀ ਬੇਚੈਨ ਰੂਹ ਹੈ ਅਤੇ ਸਾਡੇ ਨਾਲੋਂ ਵੀ ਕਾਹਲਾ ਪੈਂਦਿਆਂ ਪਹਿਲਾਂ ਹੀ ਗੱਡੀ ਲੈ ਕੇ ਆ ਨਿਕਲਿਆ। ਉਸ ਨੇ ਬਰੇਕਫਾਸਟ ਵਾਲਾ ਵਕਤ ਬਚਾਉਣ ਲਈ ਨਨਕਾਣਾ ਸਾਹਿਬ ਜਾ ਕੇ ਲੰਗਰ ਛਕਣ ਦਾ ਸੁਝਾਅ ਦਿੱਤਾ। ਇਸ ਬਚੇ ਵਕਤ ਨਾਲ ਵਪਸੀ ਤੇ ਅਸੀਂ ਗੁਰਦੁਆਰਾ ਸੱਚਾ ਸੌਦਾ ਅਤੇ ਵਾਰਸ ਦਾ ਮਕਬਰਾ ਵੀ ਵੇਖ ਸਕਦੇ ਸਾਂ।

ਨਨਕਾਣੇ ਦੇ ਰਾਹ ਪੈਂਦਿਆਂ ਮੇਰੇ ਅੰਦਰ ਜੋ ਭਾਵਨਾਵਾਂ ਦਾ ਉਛਾਲਾ ਆਇਆ ਉਸ ਦਾ ਅਹਿਸਾਸ ਮੈਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਸਿੱਖੀ ਦੇ ਅੰਨ੍ਹੇ ਸ਼ਰਧਾਲੂਆਂ ਵਾਲੀ ਚਾਹਤ ਤਾਂ ਕਦੇ ਮੇਰੇ ਅੰਦਰ ਰੀਣ-ਮਾਤਰ ਵੀ ਪੈਦਾ ਨਹੀਂ ਸੀ ਹੋਈ। ਬੱਸ ਸਰਸਰੀ ਜਿਹੀ ਇੱਛਾ ਸੀ, ਆਮ ਸੈਲਾਨੀਆਂ ਵਰਗੀ ਕਿ ਨਵੀਆਂ ਥਾਵਾਂ ਅਤੇ ਵਸਤਾਂ ਦੇਖੀਆਂ ਜਾਣ। ਅਜਿਹੀ ਇੱਛਾ ਨਾਲ ਮੈਂ 1997 ਵਿੱਚ ਜਥੇ ਨਾਲ ਪਾਕਿਸਤਾਨ ਜਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਦਫ਼ਤਰ ਵਿੱਚ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਵਾਇਆ ਸੀ ਪਰ ਵੀਜ਼ਾ ਲੱਗਣ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਸੀ ਕਿਉਂਕਿ ਮਿਲਵਾਕੀ ਵਾਲੀ ਕਾਨਫਰੰਸ ਦੇ ਬਹਾਨੇ ਅਮਰੀਕਾ ਜਾਣ ਦਾ ਸਬੱਬ ਬਣ ਗਿਆ ਸੀ। ਅਮਰੀਕਾ ਜਾਣ ਦਾ ਚਾਅ ਉਸ ਸਮੇਂ ਨਨਕਾਣਾ ਵੇਖਣ ਦੀ ਰੀਝ ਉਤੇ ਭਾਰੂ ਹੋ ਗਿਆ ਸੀ।

ਕਿਸੇ ਚੀਜ਼ ਦਾ ਘੱਟ ਗਿਆਨ ਵੀ ਉਸ ਪ੍ਰਤੀ ਲਗਾਅ ਨੂੰ ਮੱਧਮ ਕਰ ਦਿੰਦਾ ਹੈ। ਮੇਰੇ ਨਾਲ ਵੀ ਇਹੀ ਵਾਪਰਿਆ ਸੀ। ਮੈਂ ਪੈਦਾ ਤਾਂ ਭਾਵੇਂ ਜੱਟ-ਸਿੱਖ ਕਿਸਾਨ ਪਰਿਵਾਰ ਵਿੱਚ ਹੋਇਆ ਸਾਂ ਪਰ ਸਿੱਖੀ ਨਾਲ ਨੇੜਲਾ ਰਿਸ਼ਤਾ ਜੁੜਨ ਦਾ ਸਬੱਬ ਨਹੀਂ ਸੀ ਬਣ ਸਕਿਆ। ਉਸ ਸਮੇਂ ਮਾਲਵੇ ਦੇ ਬਹੁਤੇ ਲੋਕਾਂ ਦੀ ਇਹੀ ਸਥਿਤੀ ਸੀ। ਮੇਰੇ ਬਚਪਨ ਸਮੇਂ ਤਾਂ ਮੇਰੇ ਪਿੰਡ ਵਿੱਚ ਕੋਈ ਗੁਰਦੁਆਰਾ ਹੀ ਨਹੀਂ ਸੀ। ਇਕ-ਅੱਧ ਵਾਰ ਮੈਂ ਮੁਕਤਸਰ ਦੇ ਗੁਰਦੁਆਰੇ ਵਿੱਚ ਭਵਾਂ ਗਿਆ ਹੋਵਾਂ। ਆਮ ਕਿਸਾਨਾਂ ਵਾਂਗ ਘਰ ਵਿੱਚ ਮੜ੍ਹੀ-ਮਸਾਣੀ ਦੀ ਪੂਜਾ ਵਾਲਾ ਮਾਹੌਲ ਹੀ ਸੀ। ਕਿਸੇ ਵਿਆਹ-ਸ਼ਾਦੀ ਸਮੇਂ ਘਰ ਵਿੱਚ ਸਾਧਾਰਨ ਪਾਠ ਰਖਾਇਆ ਜਾਂਦਾ ਪਰ ਉਹ ਵਕਤੀ ਜਿਹੀ ਗੱਲ ਹੁੰਦੀ। ਮੈਨੂੰ ਨਹੀਂ ਯਾਦ ਕਿ ਮੈਂ ਬਚਪਨ ਵਿੱਚ ਕਦੇ ਜਨਮ ਸਾਖੀਆਂ ਵੀ ਸੁਣੀਆਂ ਹੋਣ। ਉਸ ਵੇਲੇ ਤਾਂ ਸਾਡੇ ਮੁਰਦਿਆਂ ਦੇ ਫੁੱਲ ਪਾਉਣ ਵੀ ਹਰਦੁਆਰ ਹੀ ਜਾਂਦੇ ਸਨ।

ਪੜ੍ਹਨੇ ਪੈ ਕੇ ਸਿੱਖੀ ਨਾਲ ਉਨਾ ਕੁ ਨਾਤਾ ਬਣਿਆਂ ਜਿੰਨੀ ਕੁ ਰਚਨਾ ਸਿਲੇਬਸਾਂ ਵਿੱਚ ਸੀ ਜਾਂ ਅਧਿਆਪਕਾਂ ਦੀ ਸੂਰਤ ਵਿਚੋਂ ਦਿਸਦੀ ਸੀ। ਉਸ ਦੇ ਅਸਰ ਨਾਲ ਮੈਂ ਨੌਵੀਂ ਵਿੱਚ ਕੇਸ ਰੱਖੇ ਸਨ। ਚੰਡੀਗੜ੍ਹ ਐ-ੱਮ। ਏ। ਪੰਜਾਬੀ ਕਰਦਿਆਂ ਵਧੇਰੇ ਸਬੰਧ ਕੌਮਨਿਸਟ ਵਿਚਾਰਾਂ ਵਾਲੇ ਅਧਿਆਪਕਾਂ ਨਾਲ ਜੁੜਨ ਕਰਕੇ ਸਿੱਖੀ ਦੀ ਤੰਦ ਫਿਰ ਹੱਥੋਂ ਛੁੱਟ ਗਈ।

ਜਿਨ੍ਹਾਂ ਦਿਨਾਂ ਵਿੱਚ ਖਾੜਕੂ ਲਹਿਰ ਸਿਖਰ ਉਤੇ ਸੀ ਉਨ੍ਹਾਂ ਦਿਨਾਂ ਵਿੱਚ ੋਬਾਬਿਆਂ’ ਦੇ ਪ੍ਰਕੋਪ ਤੋਂ ਡਰਦੇ ਗਾਇਕ ਇਕ-ਅੱਧ ਕੈਸੇਟ ਧਾਰਮਕੀ ਵੀ ਜ਼ਰੂਰ ਕਢਦੇ। ਅਮਰ ਸਿੰਘ ਚਮਕੀਲਾ ਦੀ ਇੱਕ ਅਜਿਹੀ ਕੈਸੇਟ ਵਿੱਚ ਗਾਣਾ ਸੀ: ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ। ਚਮਕੀਲਾ ੋਖੋਹੋ ਸ਼ਬਦ ਨੂੰ ਕੁੱਝ ਇਸ ਤਰ੍ਹਾਂ ਬੋਲਦਾ ਕਿ ਕੋਈ ਬਹੁਤ ਅਮੁੱਲੀ ਵਸਤ ਝਪੱਟ ਮਾਰ ਕੇ ਖੋਹੇ ਜਾਣ ਦਾ ਅਹਿਸਾਸ ਜਾਗਦਾ। ਇਹ ਸੁਣਦਿਆਂ ਮੈਨੂੰ ਵੀ ਆਪਣੇ ਅੰਦਰ ਰੱਕੜ ਹੋਈ ਸਿੱਖੀ ਦੀ ਜ਼ਮੀਨ ਵਿੱਚ ਰਤਾ ਕੁ ਪਾਣੀ ਸਿੰਮਦਾ ਮਹਿਸੂਸ ਹੁੰਦਾ। ਅੱਜ ਉਹ ਪਾਣੀ ਮੈਨੂੰ ਨਿਰਮਲ ਧਾਰਾ ਬਣ ਕੇ ਕਲਕਲ ਵਹਿੰਦਾ ਪ੍ਰਤੀਤ ਹੋ ਰਿਹਾ ਸੀ।

“ਭਾਈ ਜਾਨ, ਐਹ ਵੇ ਸਾਡਾ ਮੋਟਰ ਵੇਅ। ੌ ਕੋਸਟਰ ਦੇ ਇੰਜਣ ਲਾਗਲੀ ਸੀਟ ਉਤੇ ਬੈਠੇ ਇਕਬਾਲ ਕੈਸਰ ਦੀ ਦੱਸ ਨੇ ਮੇਰਾ ਧਿਆਨ ਤੋੜਿਆ। ਸੜਕ ਉਤੇ ਚੜ੍ਹਦਿਆਂ ਹੀ ਇਉਂ ਜਾਪਿਆ ਜਿਵੇਂ ਅਮਰੀਕਾ ਦੇ ਕਿਸੇ ਹਾਈਵੇ ਉਤੇ ਜਾ ਰਹੇ ਹੋਈਏ। ਉਸੇ ਤਰ੍ਹਾਂ ਵੱਡੇ ਵੱਡੇ ਹਰੇ ਰੰਗ ਦੇ ਸਾਈਨ ਬੋਰਡ ਸਨ। ਬੋਰਡ ਨੇ ਦੱਸ ਪਾਈ: ਸੇਖੂਪੂਰਾ 40, ਇਸਲਾਮਾਬਾਦ 367, ਪਿਸ਼ਾਵਰ 600 ਕਿਲੋਮੀਟਰ। ਜਾਵੇਦ ਨੇ ਟੋਲ ਟੈਕਸ ਤੋਂ ਇੱਕ ਸੌ ਪੰਜਾਹ ਰੁਪਏ ਦੀ ਪਰਚੀ ਕਟਵਾਈ ਅਤੇ ਕੋਸਟਰ 120 ਕਿਲੋਮੀਟਰ ਦੀ ਰਫ਼ਤਾਰ ਉਤੇ ਛੱਡ ਦਿੱਤੀ। ਪਰ ਇਹ ਲੁਤਫ਼ ਐਵੇਂ ਕੁੱਝ ਮਿੰਟਾਂ ਦਾ ਹੀ ਸੀ। ਪ੍ਰਬੰਧਕਾਂ ਨੇ ਸਾਨੂੰ ਮੋਟਰ-ਵੇਅ ਵਿਖਾਉਣ ਵਾਸਤੇ ਵਲ ਭੰਨ ਲਿਆ ਸੀ। ਹੁਣ ਫਿਰ ਅਸੀਂ ਨਨਕਾਣਾ ਸਾਹਿਬ ਨੂੰ ਜਾਂਦੀ ਸੜਕ ਪੈ ਗਏ ਸਾਂ। ਉਂਜ ਇਹ ਸੜਕ ਵੀ ਵਧੀਆਂ ਅਤੇ ਚੌੜੀ ਬਣੀ ਹੋਈ ਸੀ। ਦੋਹਾਂ ਪੰਜਾਬਾਂ ਦੇ ਉਸ ਵੇਲੇ ਦੇ ਮੁੱਖ ਮੰਤਰੀਆਂ-ਕੈਪਟਨ ਅਮਰਿੰਦਰ ਸਿੰਘ ਅਤੇ ਚੌਧਰੀ ਪ੍ਰਵੇਜ਼ ਇਲਾਹੀ- ਦੇ ਵਾਅਦਿਆਂ ਨੂੰ ਬੂਰ ਪੈ ਗਿਆ ਲਗਦਾ ਸੀ।            “ਔਹ ਦੂਰ ਦਿਸਹੱਦੇ ਤੱਕ ਸਾਰੀ ਜ਼ਮੀਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਬੋਲਦੀ ਏ। ੌ ਇਕਬਾਲ ਕੈਸਰ ਨੇ ਲੰਮੀ ਬਾਂਹ ਕਰਕੇ 18000 ਏਕੜ ਜ਼ਮੀਨ ਦਾ ਵੇਰਵਾ ਦਿੱਤਾ।

“ਫਿਰ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਸਾਡੇ ਬਾਬੇ ਦੀ ਆਮਦਨ ਈ ਵਾਧੂ ਏ, ਤੁਹੀਂ ਮੁਸਲਮਾਨ ਐਵੇਂ ਖਰਚ ਬਾਰੇ ਸੋਚ ਕੇ ਪਿੱਟਣ ਬਹਿ ਜਾਂਦੇ ਓ। ੌ ਤਲਵਿੰਦਰ ਨੇ ਟਕੋਰ ਲਾਈ।

“ਭਾਈ ਜਾਨ ਏਹ ਗੱਲ ਏਨੀ ਸਰਲ ਵੀ ਕੋ-ਨੀ, ਜ਼ਮੀਨ ਤੇ ਪੂਰੀ ਦੀ ਪੂਰੀ ਵਕਫ਼-ਬੋਰਡ ਦੀ ਮਲਕੀਅਤ ਏ, ਤੇ ਉਹ ਅੱਗੋਂ ਸਰਕਾਰਾਂ ਦੇ ਮੂੰਹ ਵੱਲੇ ਵੇਖਦੇ ਨੇ, ਧਾਨੂੰ ਕੇਹੜਾ ਕੁਸ਼ ਭੁੱਲਿਆ ਏ। ੌ ਇਕਬਾਲ ਕੈਸਰ ਨੇ ਹਕੀਕਤ ਬਿਆਨ ਕੀਤੀ।

“ਸਾਡੀ ਸਰਕਾਰ ਤੇ ਇਕਬਾਲ ਸਿੰਘ ਕੈਸਰ ਹੈ ਵੇ, ਅਸੀਂ ਤਾਂ ਓਹਦੇ ਮੂੰਹ ਵੱਲੇ ਵੇਹਨੇ ਆਂ, ਮੇਰੀ ਜਾਨ। ੌ ਤਲਵਿੰਦਰ ਨੇ ਹਸਦਿਆਂ ਇਕਬਾਲ ਕੈਸਰ ਨੂੰ ਵਡਿਆਇਆ।

“ਕੈਸਰ ਦੀ ਗੱਲ ਵੀ ਠੀਕ ਏ ਭਾਈ, ਸਰਕਾਰਾਂ ਦੀ ਨਜ਼ਰ ਸਵੱਲੀ ਚਾਹੀਦੀ ਏ। ਓਹਦੇ ਨਾਲ ਬੜਾ ਫ਼ਰਕ ਪੈਂਦਾ ਏ। ਆਹ ਵੇਖੋ ਸੜਕ ਕਿੰਨੀ ਆਹਲਾ ਬਣਾਈ ਏ। ਜਦੋਂ ਪਿਛਲੀ ਵਾਰੀ ਨਨਕਾਣਾ ਸਾਹਿਬ ਆਏ ਸਾਂ ਤਾਂ ਬੜੇ ਡੂੰਘੇ ਉ-ੱਖਲ ਪਏ ਹੋਏ ਸੂ, ਮੇਰੇ ਵਰਗੇ ਬੁੱਢਿਆਂ ਦੀਆਂ ਤਾਂ ਵੱਖੀਆਂ ਹਿੱਲ ਗਈਆਂ। ੌ ਹਰਭਜਨ ਹੁੰਦਲ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ।

“ਹੁੰਦਲ ਸਾਹਿਬ ਅਜੇ ਤੇ ਨਨਕਾਣਾ ਸਾਹਿਬ ਦੇ ਨੇੜੇ ਤੱਕਿਓ, ਪੂਰੇ ਏਰੀਏ ਦੀ ਕਾਇਆ ਪਲਟ ਦਿੱਤੀ ਏ। ੌ ਇਕਬਾਲ ਕੈਸਰ ਨੇ ਹੁੱਬ ਕੇ ਦੱਸਿਆ।

“ਮੇਰੀ ਜਾਨ ਏਹ ਸਭ ਤਾਡ੍ਹੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਫਲ ਹੈ ਵੇ, ਸੱਚ ਪੁੱਛੋ ਤਾਂ ਨਣਕਾਣਾ ਸਾਹਿਬ ਹੁਣ ਸਾਡੇ ਨਾਲੋਂ ਤਾਡ੍ਹੇ ਵਰਗੇ ਸੇਵਕਾਂ ਦਾ ਵਧੇਰੇ ਐ, ਮੇਰੇ ਪਿਆਰੇ ਇਕਬਾਲ ਸਿੰਘ ਕੇਸਰ ਜੀਓ। ੌ ਤਲਵਿੰਦਰ ਨੇ ਸਿਰੋਪੇ ਵਰਗੇ ਬੋਲਾਂ ਨਾਲ ਗੁਰੂ ਘਰ ਦੇ ਸ਼ਰਧਾਲੂ ਕੈਸਰ ਨੂੰ ਨਿਵਾਜ਼ਿਆ। ਇਕਬਾਲ ਕੈਸਰ ਨੇ ਨਿਮਰਤਾ-ਵੱਸ ਹੱਥ ਜੋੜ ਕੇ ਕਿਸੇ ਉਸ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਜਿਸਨੇ ਉਸ ਤੋਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ ਖੋਜ ਦਾ ਕਾਰਜ ਸੰਪੂਰਨ ਕਰਵਾ ਦਿੱਤਾ ਸੀ ਅਤੇ ਸਿੱਖਾਂ ਦਾ ਹਰਦਿਲ ਆਜੀਜ਼ ਬਣਾਇਆ ਸੀ।

ਨਨਕਾਣਾ ਸਾਹਿਬ ਵਿੱਚ ਵੜਦਿਆਂ ਹੀ ਚਾਰੇ ਪਾਸੇ ਹੋਈ ਤਰੱਕੀ ਨਾਲ ਸਰਕਾਰ ਦੀ ੋਸਵੱਲੀ ਨਜ਼ਰੋ ਉਭਰ ਕੇ ਨਜ਼ਰ ਆਈ। ਵੇਖ ਕੇ ਮਨ ਖੁਸ਼ੀ ਨਾਲ ਭਰ ਗਿਆ।

ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਦੀ ਡਿਉੜ੍ਹੀ ਅੰਦਰ ਕਦਮ ਰੱਖਦਿਆਂ ਹੀ ਰੂਹ ਨਸ਼ਿਆ ਗਈ। ਗੂੜ੍ਹੇ ਰੰਗਾਂ ਵਾਲੇ ਫੁੱਲਾਂ ਦੀ ਟਹਿਕ ਨੇ ਸਾਡਾ ਸਵਾਗਤ ਕੀਤਾ। ਫੁੱਲਾਂ ਦੀ ਕਿਆਰੀ ਤੋਂ ਅੱਗੇ ਇੱਕ ਵਿਸ਼ਾਲ ਤੇ ਹਰਾ-ਭਰਾ ਲਾਅਨ ਸੀ ਅਤੇ ਉਸ ਦੇ ਉਤੋਂ ਦੀ ਦਿਸਦੀ ਸੀ ਗੁਰਦੁਆਰਾ ਸਾਹਿਬ ਦੀ ਪੱਕੇ ਪੀਲੇ ਰੰਗ ਵਾਲੀ ਮੁੱਖ ਇਤਿਹਾਸਕ ਇਮਾਰਤ।

“ਧਾਲੀਵਾਲ ਆਹ ਫੋਟੋ ਖਿੱਚੀਂ ਜ਼ਰਾ, ਸਾਕਾ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋਏ ਸਾਡੇ ਬਜ਼ੁਰਗ ਹਜ਼ਾਰਾ ਸਿੰਘ ਦਾ ਨਾਂ ਵੀ ਹੈਗਾ ਜੇ ਸੂਚੀ ਵਿਚ। ੌ ਹਰਿਭਜਨ ਹੁੰਦਲ ਸੰਗਮਰਮਰ ਤੇ ਉਕਰੇ ਇੱਕ ਵਿਸ਼ੇਸ਼ ਨਾਂ ਉਤੇ ਉਂਗਲ ਰੱਖੀ ਖੜ੍ਹਾ ਸੀ। ਵਡੇਰਿਆਂ ਦੀ ਕੁਰਬਾਨੀ ਨੇ ਉਸ ਦੇ ਚਿਹਰੇ ਉ-ੱਤੇ ਗੌਰਵ ਖੇਡਣ ਲਾ ਦਿੱਤਾ ਸੀ। ਫੋਟੋ ਲੈਂਦਿਆਂ ਮੇਰੇ ਅੰਦਰ ਕਸਕ ਪਈ। ਮੇਰੇ ਹਿੱਸੇ ਵੱਡ-ਵੱਡੇਰਿਆਂ ਦਾ ਕੋਈ ਅਜਿਹਾ ਗੌਰਵ ਵੀ ਨਹੀਂ ਸੀ ਆਇਆ। ਜੇ ਅਜਿਹਾ ਹੁੰਦਾ ਤਾਂ ਮੈਂ ਅੱਜ ਸਿਰਫ ਸੈਲਾਨੀ ਸਿੱਖ ਨਹੀਂ ਸੀ ਹੋਣਾ।

“ਮੇਰੀ ਜਾਨ ਆਹ ਜੇ ਦੁਰਲੱਭ ਸ਼ੈਅ, ਆਹ ਨੇੜੇ ਹੋ ਕੇ ਵੇਖ ਜ਼ਰਾ। ੌ, ਤਲਵਿੰਦਰ ਨੇ ਮੇਰਾ ਧਿਆਨ ਇਤਿਹਾਸਕ ਖੂਹੀ ਵੱਲ ਦਿਵਾਉਂਦਿਆਂ ਕਿਹਾ, “ਜਦੋਂ ਮਾਤਾ ਤ੍ਰਿਪਤਾ ਜਾਂ ਬੇਬੇ ਨਾਨਕੀ ਏਥੋਂ ਪਾਣੀ ਭਰਦੀ ਹੋਵੇਗੀ ਤਾਂ ਬਾਲ ਨਾਨਕ ਐਥੇ ਹੀ ਕਿਤੇ ਆਲੇ-ਦੁਆਲੇ ਖੇਡਦਾ ਫਿਰਦਾ ਹੋਵੇਗਾ, ਵਾਹ! ੌ

ਕੁਝ ਨਾ ਕੁੱਝ ਸਾਰਿਆਂ ਨੂੰ ਹੀ ਪ੍ਰਭਾਵਿਤ ਕਰ ਰਿਹਾ ਸੀ। ਸਤੀਸ਼ ਵਰਮਾ ਆਪਣੇ ਘਰੇ ਫੋਨ ਕਰਕੇ ਫਿੱਸ ਪਿਆ ਸੀ।

“ਬਲਦੇਵ ਜਦੋਂ ਮੈ ਘਰੇ ਫੋਨ ਕਰਕੇ ਮਿਸਜ਼ ਨੂੰ ਦੱਸਿਆ ਕਿ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਹਾਂ ਤਾਂ ਉਸ ਨੂੰ ਯਕੀਨ ਹੀ ਨਾ ਆਵੇ, ਕਹਿੰਦੀ ਤੁਸੀਂ ਕਿਸਮਤ ਵਾਲੇ ਹੋ ਅਤੇ ਵੈਰਾਗ ਵਿੱਚ ਹੁਬਕੀ ਹੁਬਕੀ ਰੋਣ ਲੱਗ ਪਈ। ਭਾਈ ਆਖਿਰ ਬੇਦੀਆਂ ਦੀ ਅੰਸ਼ ਵਿਚੋਂ ਐਂ, ਬੰਦੇ ਦੀਆਂ ਤੰਦਾਂ ਕਿਵੇਂ ਜੁੜੀਆਂ ਹੁੰਦੀਆਂ ਨੇ ਆਪਣੇ ਅਸਲੇ ਨਾਲ। ੌ ਦਸਦਿਆਂ ਸਤੀਸ਼ ਵਰਮਾ ਖੁਦ ਭਾਵੁਕ ਹੋ ਗਿਆ ਸੀ। ਉਸਦੇ ਕੋਇਆ ਵਿੱਚ ਪਾਣੀ ਸਿੰਮ ਆਇਆ। ਉਸ ਨੇ ਅੰਗੂਠੇ ਅਤੇ ਨਾਲ ਦੀ ਉਂਗਲ ਨੂੰ ਕੋਇਆਂ ਨਾਲ ਛੁਹਾ ਕੇ ਕੋਸੇ ਅੱਥਰੂਆਂ ਨੂੰ ਸਾਂਭਿਆ ਅਤੇ ਫਿਰ ਤਿਲਕ ਵਾਂਗ ਮੱਥੇ ਉ-ੱਤੇ ਲਾ ਲਿਆ। ਇਸ ਅਕੱਥ ਜਜ਼ਬੇ ਨੂੰ ਉਸ ਨੇ ਸਦਾ ਸਦਾ ਲਈ ਮਨ-ਮਸਤਕ ਵਿੱਚ ਸਾਂਭ ਲਿਆ ਸੀ।

ਗੁਰਦੁਆਰੇ ਦੇ ਮੁੱਖ ਅਸਥਾਨ ਤੇ ਵੀ ਅੱਜ ਭੀੜ ਨਹੀਂ ਸੀ। ਵਿਸਾਖੀ ਵਾਲਾ ਜਥਾ ਵਾਪਸ ਭਾਰਤ ਪਹੁੰਚ ਚੁੱਕਾ ਸੀ। ਅਸੀਂ ਬੜੇ ਸਹਿਜ ਨਾਲ ਇਸ ਪਵਿੱਤਰ ਸਥਾਨ ਨੂੰ ਵੇਖ ਸਕਦੇ ਸਾਂ। ਇੰਨੇ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕਰਨ ਵਾਲੇ ਪਾਕਿਸਤਾਨੀ ਸਿੱਖ ਪਰਿਵਾਰ ਵਿਚੋਂ ਨੌਜਵਾਨ ਕਲਿਆਣ ਸਿੰਘ ਵੀ ਪਹੁੰਚ ਗਿਆ। ਗਰੰਥੀ ਸਿੰਘ ਨਾਲ ਰਲ ਕੇ ਉਸ ਨੇ ਸਾਨੂੰ ਸਾਰਿਆਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ। ਨਾਲ ਹੀ ਪੈਕਟ-ਬੰਦ ਪਰਸਾਦਿ ਅਤੇ ਯਾਦ-ਨਿਸ਼ਾਨੀ ਵਜੋਂ ਇੱਕ ਇਕ ਰੁਮਾਲਾ ਭੇਟ ਕੀਤਾ।

ਕੰਧਾਂ ਉਤੇ ਲੱਗੇ ਗੋਲੀਆਂ ਦੇ ਨਿਸ਼ਾਨ 20 ਜਨਵਰੀ 1921 ਵਾਲੇ ਸਾਕੇ ਦੀ ਗਾਥਾ ਬਿਆਨ ਕਰ ਰਹੇ ਸਨ। ਉਹ ਇਤਿਹਾਸਕ ਦ੍ਰਿਸ਼ ਅੱਖਾਂ ਅੱਗੇ ਘੁੰਮਿਆਂ ਜਦੋਂ ਭਾਈ ਲਛਮਣ ਸਿੰਘ ਦਾ ਜਥਾ ਕੀਰਤਨ ਕਰਦਾ ਇਸ ਸਥਾਨ ਉਤੇ ਪਹੁੰਚਿਆ ਹੋਵੇਗਾ ਅਤੇ ਮਹੰਤ ਨਰੈਣ ਦਾਸ ਦੇ ਪਾਲਤੂ ਗੁੰਡਿਆਂ ਨੇ ਜਥੇ ਉ-ੱਤੇ ਗੋਲੀਆਂ ਦਾਗੀਆਂ ਹੋਣਗੀਆਂ। ਇਸ ਸਾਕੇ ਵਿੱਚ 89 ਸਿੰਘ ਸ਼ਹੀਦ ਹੋਏ ਸਨ।

ਮੁੱਖ ਇਮਾਰਤ ਦੇ ਨਾਲ ਹੀ ਉਹ ਜੰਡ ਦਾ ਦਰਖ਼ਤ ਹੈ ਜਿਥੇ ਮਹੰਤ ਨਰੈਣ ਦਾਸ ਨੇ ਭਾਈ ਲਛਮਣ ਸਿੰਘ ਨੂੰ ਬੰਨ੍ਹ ਕੇ ਸੜਵਾਇਆ ਅਤੇ ਸ਼ਹੀਦ ਕੀਤਾ ਸੀ। ਇਥੇ ਇੱਕ ਚਹੁੰ ਪਾਸਿਆਂ ਤੋਂ ਖੁੱਲ੍ਹੇ ਗੁੰਬਦੀ-ਕਮਰੇ ਵਿੱਚ ਸੋਨੇ ਦੀ ਪਾਲਕੀ ਪਈ ਸੀ। ਇਹ ਓਹੀ ਪਾਲਕੀ ਸੀ ਜਿਸ ਦੀ ਚਰਚਾ ਪਿਛਲੇ ਸਮੇਂ ਅਖ਼ਬਾਰਾਂ ਵਿੱਚ ਛਿੜੀ ਸੀ। ਸਿੱਖੀ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਇਸ ਪਾਲਕੀ ਨੂੰ ਇਤਿਹਾਸਕ ਪਾਲਕੀ ਦੀ ਥਾਂ ਰੱਖ ਕੇ ਦੋਹਾਂ ਜਹਾਨਾਂ ਦਾ ੋਜੱਸ’ ਖੱਟਣਾ ਚਾਹੁੰਦੇ ਸਨ ਪਰ ਸੰਗਤਾਂ ਦੇ ਰੋਹ ਅੱਗੇ ਉਨ੍ਹਾਂ ਦੀ ਪੇਸ਼ ਨਹੀਂ ਗਈ ਸੀ। ਹੁਣ ਉਹ ਸੋਨੇ ਦੀ ਸ਼ਾਹੀ ਪਾਲਕੀ ਲਾਵਾਰਸਾਂ ਵਾਂਗ ਇੱਕ ਪਾਸੇ ਰੱਖੀ ਹੋਈ ਸੀ। ਇਸ ਪੱਖੋਂ ਸਿੱਖ ਸੰਗਤ ਇੱਕੀ ਦੀ ਇਕੱਤੀ ਪਾਉਣੀ ਜਾਣਦੀ ਹੈ। ਬਲਿਊ ਸਟਾਰ ਅਪਰੇਸ਼ਨ ਸਮੇਂ ਤਬਾਹ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਜਦੋਂ ਸਰਕਾਰ ਨੇ ਬਣਾ ਦਿੱਤਾ ਸੀ ਤਾਂ ਸਿੱਖ ਸੰਗਤ ਨੇ ਉਸਨੂੰ ਪਰਵਾਨ ਨਹੀਂ ਸੀ ਕੀਤਾ ਅਤੇ ਢਾਹ ਕੇ ਖੁਦ ਕਾਰ-ਸੇਵਾ ਕਰਵਾਈ ਸੀ।

ਜੀਅ ਤਾਂ ਕਰਦਾ ਸੀ ਇੱਕ ਇਕ ਇਤਿਹਾਸਕ ਨਿਸ਼ਾਨੀ ਨੂੰ ਘੰਟਿਆਂ ਬੱਧੀ ਵੇਖੀਏ ਪਰ ਵਕਤ ਭੱਜਿਆ ਜਾ ਰਿਹਾ ਸੀ। ਲੰਗਰ ਛਕਿਆ ਅਤੇ ਫਿਰ ਗੁਰਦੁਆਰਾ ਕਿਆਰਾ ਸਾਹਿਬ, ਤੰਬੂ ਸਾਹਿਬ, ਪੱਟੀ ਸਾਹਿਬ, ਬਾਲ ਲੀਲ੍ਹਾ, ਮਾਲ ਸਾਹਿਬ ਦੀ ਸੰਖੇਪ ਜਿਹੀ ਯਾਤਰਾ ਕੀਤੀ। ਇਥੇ ਤੁਰਦਿਆਂ-ਫਿਰਦਿਆਂ ਜਾਪਦਾ ਹੀ ਨਹੀਂ ਸੀ ਕਿ ਅਸੀਂ ਪਾਕਿਸਤਾਨ ਵਿੱਚ ਹਾਂ। ਬਾਬੇ ਨਾਨਕ ਦੀ ਯਾਦ ਇਥੇ ਚੱਪੇ ਚੱਪੇ ਉ-ੱਕਰੀ ਦਿਸਦੀ ਸੀ। ਨਾਨਕ ਦੀ ਨਾਮ-ਲੇਵਾ ਦਿੱਲੀ ਅਤੇ ਯੂ। ਕੇ। ਦੀ ਸੰਗਤ ਨੇ ਦੋ ਬਹੁ-ਮੰਜ਼ਲੀਆਂ ਆਲੀਸ਼ਾਨ ਸਰਾਵਾਂ ਉਸਾਰ ਦਿੱਤੀਆਂ ਹਨ। ਬਾਬੇ ਨਾਨਕ ਦੇ ਨਾਂ ਉਤੇ ਹੀ ਇੱਕ ਵੱਡਾ ਪਬਲਿਕ ਸਕੂਲ ਚੱਲ ਰਿਹਾ ਹੈ।

ਨਨਕਾਣਾ ਸਾਹਿਬ ਦੀ ਯਾਤਰਾ ਕਰਦਿਆਂ ਮੈਨੂੰ ਵਾਰ ਵਾਰ ਸ਼ਿੱਦਤ ਨਾਲ ਇਹ ਅਹਿਸਾਸ ਹੋਇਆ ਕਿ ਕੋਈ ਵੀ ਬੰਦਾ ਆਪਣੇ ਇਤਿਹਾਸ ਤੋਂ ਮੁਕਤ ਹੋ ਕੇ ਨਹੀਂ ਜਿਉਂ ਸਕਦਾ। ਪਾਕਿਸਤਾਨੀ ਘੱਟ ਗਿਣਤੀ ਸਿੱਖਾਂ ਦੀ ਅਸਲ ਸ਼ਕਤੀ ਇਸੇ ਵਿੱਚ ਹੈ ਕਿ ਮੁੱਖ ਧਾਰਾ ਦੇ ਸਮਾਨੰਤਰ ਉਨ੍ਹਾਂ ਨੇ ਆਪਣੇ ਇਤਿਹਾਸਕ ਸਥਾਨਾਂ ਨੂੰ ਕਾਇਮ ਰੱਖਿਆ ਹੋਇਆ ਹੈ।

 

ਸੱਚਾ ਸੌਦਾ

ਅੱਜ ਦਾ ਦਿਨ ਸਾਡਾ ੋਸੱਚਾ ਸੌਦਾੋ ਕਰਨ ਦਾ ਸੀ। ਇੱਕ ਸਿੱਖ ਪੰਜਾਬੀ ਲਈ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੱਧ ਹੋਰ ਸੱਚਾ ਸੌਦਾ ਕੀ ਹੋ ਸਕਦਾ ਹੈ? ਕਿੰਨੇ ਵਰ੍ਹਿਆਂ ਤੋਂ ਇਹ ਅਰਦਾਸ ਕਰ ਰਹੇ ਸਾਂ: ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦਾ ਧਿਆਨ ਧਰ ਕੇ।। ।। ਅਰਦਾਸ ਪੂਰੀ ਹੋਣ ਕਰਕੇ ਕੋਈ ਅਕਹਿ ਖੁਸ਼ੀ ਸਭਨਾਂ ਚਿਹਰਿਆਂ ਤੋਂ ਝਲਕ ਰਹੀ ਸੀ।

“ਲਓ ਸਿੰਘ ਜੀ ਮੇਰੇ ਸਿਰੋਂ ਤੇ ਸਮਝੋ ਲੱਖਾਂ ਮਣ ਭਾਰ ਲਹਿ ਗਿਆ ਏ, ਧਾਡ੍ਹੀ ਯਾਤਰਾ ਸਫਲ ਹੋਈ। ੌ ਨਨਕਾਣਾ ਸਾਹਿਬ ਤੋਂ ਮੁੜਨ ਲੱਗਿਆਂ ਇਕਬਾਲ ਕੈਸਰ ਨੇ ਬਾਬੇ ਦੀ ਧਰਤੀ ਨੂੰ ਫਿਰ ਸਲਾਮ ਕੀਤੀ।

“ਏਹ ਤੇ ਬਾਬਾ ਆਪੇ ਈ ਢੋਅ ਢੁਕਾਉਂਦਾ ਏ, ਮੈ ਤੇ ਫਰੀਦ ਕਾਨਫਰੰਸ ਲਈ ਸਿਰਫ ਲਲਿਆਣੀ ਦਾ ਵੀਜ਼ਾ ਮੰਗਿਆ ਸੂ, ਏ ਤੇ ਵੀਜ਼ਾ ਅਫ਼ਸਰ ਨੇ ਬਦੋਬਦੀ ਪਿਲਗ੍ਰਿਮ ਵੀਜ਼ਾ ਦੇ ਦਿੱਤਾ, ਕਹਿੰਦਾ ਨਾਲੇ ਪੁਲਸ ਵੇਰੀਫਿਕੇਸ਼ਨ ਦੇ ਝੰਜਟਾਂ ਤੋਂ ਬਚੋਗੇ ਨਾਲੇ ਆਪਣੇ ਬਾਬਿਆਂ ਦੀ ਜ਼ਿਆਰਤ ਸੌਖੀ ਕਰ ਆਵੋਗੇ। ਨਹੀਂ ਤੇ ਬਾਬੇ ਦੇ ਦਰਸ਼ਨ ਵੀ ਚੋਰੀ-ਯਾਰੀ ਵਾਂਗ ਲੁਕ-ਛਿਪ ਕੇ ਕਰਨੇ ਪੈਣੇ ਸੂ। ੌ ਤਲਵਿੰਦਰ ਦੇ ਸ਼ੁਕਰਾਨੇ ਵਿੱਚ ਭਿੱਜੇ ਬੋਲ ਸੁਣੇ।

“ਲਓ ਜੀ ਸੱਚੀ ਗੱਲ ਤਾਂ ਏਹ ਵੇ ਕਿ ਏਸ ਰੂਟ `ਤੇ ਥਾਂ ਥਾਂ ਪੰਜਾਬ ਦੀ ਅਦਬੀ ਵਿਰਾਸਤ ਦਾ ਇਤਿਹਾਸ ਖਿੱਲਰਿਆ ਪਿਆ ਏ, ਹੁਣ ਵੇਖਨੇ ਆਂ ਬਾਬੇ ਦੀ ਕਿਰਪਾ ਨਾਲ ਕੀ ਕੁੱਝ ਵੇਖ ਹੁੰਦਾ ਏ। ੌ ਇਕਬਾਲ ਕੈਸਰ ਨੇ ਬੱਸ `ਚ ਲੱਗੇ ਟਾਈਮ-ਪੀਸ ਦੀਆਂ ਇੱਕ ਵਜਾ ਰਹੀਆਂ ਸੂਈਆਂ ਵੱਲ ਇਸ਼ਾਰਾ ਕਰਦਿਆਂ ਕਿਹਾ।

ਇਹ ਅਹਿਸਾਸ ਤਾਂ ਸਾਨੂੰ ਆਉਂਦੇ ਵਕਤ ਹੀ ਹੋ ਗਿਆ ਸੀ ਕਿ ਅੇਨੇ ਕੁੱਝ ਦੀ ਤਾਂ ਇੱਕ ਝਾਤ ਵੀ ਨਹੀਂ ਪਾਈ ਜਾ ਸਕਦੀ। ਹਰ ਪੰਜ-ਸੱਤ ਮੀਲਾਂ ਬਾਅਦ ਇਕਬਾਲ ਕੈਸਰ ਦੀ ਉਂਗਲ ਕਿਸੇ ਪਾਸੇ ਨੂੰ ਸੇਧੀ ਹੋਈ ਵਾਕਫੀ ਦੇਣ ਲਗਦੀ ਸੀ, “ਏਹ ਟਿੱਲਾ ਜੋਗੀਆਂ ਏ ਜੀ, ਐਧਰ ਕਿਲਾ ਰੋਹਤਾਸ ਵੇ, ਮਾਤਾ ਸਾਹਿਬ ਜੀ ਦਾ ਜਨਮ ਸਥਾਨ, ਲਓ ਜੀ ਹੁਣ ਅਸੀਂ ਫਿਰੋਜ਼ ਵੱਟਵਾਂ ਲੰਘ ਚੱਲ ਜੇ, ਔਹ ਮਕਬਰਾ ਦਿਸਦਾ ਏ ਮੌਲਵੀ ਅਬਦੁਲ ਸੱਤਾਰ ਹੋਰਾਂ ਦਾ ਜਿਨ੍ਹਾਂ ਯੂਸਫ਼ ਜੁਲੈਖਾਂ ਦਾ ਕਿੱਸਾ ਲਿਖਿਆ ਸੂ, ਨਾਲੇ ਇਕਰਾਰਨਾਮਾ ਮੁਹੰਮਦੀ। ਹੁਣ ਆਪਾਂ ਕੁਲਵੰਤ ਵਿਰਕ ਹੋਰਾਂ ਦੇ ਪਿੰਡ ਲਾਗਿਓਂ ਲੰਘਨੇ ਪਏ ਆਂ, ਔਹ ਮਾਨਾ ਵਾਲਾ ਪਿੰਡ ਵੇ ਜਿੱਥੋਂ ਦੀ ਲੜਕੀ ਨਾਲ ਭਗਤ ਸਿੰਘ ਦੀ ਮੰਗਨੀ ਹੋਣੀ ਤਹਿ ਹੋਈ ਸੂ, ਐਸ ਬੰਨੇ ਗੁਰਦੁਆਰਾ ਸੱਚਾ ਸੌਦਾ ਹੈ ਵੇ, ਅੱਗੇ ਲੰਘ ਕੇ ਜਹਾਂਗੀਰ ਦੀ ਹਿਰਨ ਮਿਨਾਰ ਆਉਂਦੀ ਏ ਜਿਹੜੀ ਓਹਨੇ ਆਪਣੇ ਹਿਰਨ ਦੀ ਯਾਦ ਵਿੱਚ ਤਾਮੀਲ ਕਰਵਾਈ ਸੂ, ਅਗਲੇ ਬੰਨੇ ਸੇਖੂਪੁਰਾ ਵਿੱਚ ਉਹ ਕਿਲਾ ਹੈ ਵੇ ਜਿਥੇ ਮਹਾਂਰਾਣੀ ਜਿੰਦਾਂ ਕੈਦ ਕੀਤੀ ਸੂ, ਏਥੋਂ ਹੀ ਓਹਨੂੰ ਕੱਢ ਕੇ ਰੰਗੂਨ ਭੇਜਿਆ ਗਿਆ ਸੂ, ਲਾਗੇ ਹੀ ਮੀਆਂ ਵਾਰਿਸ ਸ਼ਾਹ ਦਾ ਮਕਬਰਾ ਏ, ਤੇ ਅੱਗੇ।। ।। ੌ ਇਕਬਾਲ ਹੋਰਾਂ ਦੀ ਫਰਹਿਸ਼ਤ ਬੜੀ ਲੰਮੀ-ਚੌੜੀ ਸੀ ਪਰ ਵਕਤ ਦਾ ਪੰਨਾ ਹਰ ਪਲ ਸੁੰਗੜਦਾ ਜਾਂਦਾ ਸੀ, ਮਨਮਰਜ਼ੀ ਨਾਲ ਕਿਵੇਂ ਹਰਫ਼ ਉਲੀਕਦੇ? ਫਿਰ ਕੁੱਝ ਕੁ ਵਧੇਰੇ ਅਹਿਮ ਥਾਵਾਂ ਦੀ ਚੋਣ ਕਰ ਲਈ।

“ਲਓ ਬਈ ਗੁਰੂ ਦੇ ਸਿੰਘੋ ਆ ਗਿਆ ਜੇ ਗੁਰਦੁਆਰਾ ਸੱਚਾ ਸੌਦਾ ਸਾਹਿਬ। ੌ ਇਕਬਾਲ ਕੈਸਰ ਨੇ ਐਲਾਨ ਕਰਨ ਵਾਂਗ ਦੱਸਿਆ।

“ਮੇਰੀ ਜਾਨ ਅੱਜ ਤੇ ਸਭ ਤੋਂ ਗੁੜ੍ਹੇ ਸਿੰਘ ਤੁਹੀਂ ਜਾਪਦੇ ਜੇ, ਸਾਡੀ ਸਿੱਖੀ ਤੇ ਅੱਜ ਤੁਹਾਂ ਸਾਹਵੇਂ ਅਸਲੋਂ ਫਿੱਕੀ ਪੈਣ ਡਹੀ ਏ। ੌ ਤਲਵਿੰਦਰ ਨੇ ਇਕਬਾਲ ਕੈਸਰ ਦੇ ਸਿਰ ਤੇ ਬੰਨ੍ਹੇੇ ਸਿਰੋਪਾਓ ਦੇ ਕੇਸਰੀ ਪਟਕੇ ਵੱਲ ਇਸ਼ਾਰਾ ਕਰਦਿਆਂ ਟਾਂਚ ਮਾਰੀ। ਉਸ ਦੇ ਸ਼ਾਮ-ਰੰਗੇ ਸ਼ੇਵ ਕੀਤੇ ਚਿਹਰੇ ਉਤੇ ਗੂੜ੍ਹੇ ਕੇਸਰੀ ਰੰਗ ਦਾ ਪਟਕਾ ਪੂਰੀ ਦੱਖ ਦੇ ਰਿਹਾ ਸੀ। ਪਾਕਿਸਤਾਨੀ ਗੁਰਦੁਆਰਿਆਂ ਬਾਰੇ ਇਕਬਾਲ ਕੈਸਰ ਦੀ ਖੋਜ ਸਾਹਮਣੇ ਵੀ ਅਸੀਂ ਤਾਂ ਨਾਚੀਜ਼ ਸਾਂ। ਇਹ ਦੁਰਲੱਭ ਇਤਿਹਾਸ ਉਸ ਦੇ ਪੋਟਿਆਂ ਉਤੇ ਸੀ। ਇਸ ਬਦਲੇ ਕੱਟੜ ਪਾਕਿਸਤਾਨੀ ਉਸ ਨੂੰ ਇਕਬਾਲ ਸਿੰਘ ਕੈਸਰ ਕਹਿ ਕੇ ਜਿੱਚ ਕਰਦੇ ਸਨ ਪਰ ਬਕੌਲ ਉਸਦੇ ਇਸ ਖੋਜ ਨਾਲ ਉਸਨੇ ਤਾਂ ਸੁਤੇ-ਸਿੱਧ ਹੀ “ਸੱਚਾ ਸੌਦਾੌ ਕਰ ਲਿਆ ਸੀ।

“ਹੁੰਦਲ ਸਾਹਿਬ ਵੰਡ ਤੋਂ ਕਰੀਬ ਚਾਲੀ ਸਾਲ ਪਿੱਛੋਂ ਤੱਕ ਏਹ ਗੁਰਦੁਆਰਾ ਸਾਹਿਬ ਬੰਦ ਪਿਆ ਰਿਹਾ, ਫਿਰ ਸਾਰਿਆਂ ਰਲ-ਮਿਲ ਕੇ ਇਸਨੂੰ ਖੁਲ੍ਹਵਾਇਆ ਤੇ ਪ੍ਰਕਾਸ਼ ਹੋਣ ਲੱਗਿਆ। ਹੁਣ ਤੇ ਮਾਸ਼ਾ ਅੱਲਾ ਦਰਸ਼ਨ ਕਰਕੇ ਭੁੱਖ ਲੈਂਹਦੀ ਏ, ਵੇਖੋ ਜ਼ਰਾ ਕਿੰਨੀ ਸ਼ਾਨਦਾਰ ਉਸਾਰੀ ਹੋਈ ਏ। ੌ ਇਕਬਾਲ ਕੈਸਰ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੇ ਖੁੱਲ੍ਹੇ-ਡੁੱਲ੍ਹੇ ਬਾਗ-ਬਗੀਚੇ ਅਤੇ ਉਚਾ ਕਰਕੇ ਬਣਾਈ ਮੁੱਖ ਇਤਿਹਾਸਕ ਇਮਾਰਤ ਉਤੇ ਨਿਗਾਹ ਘੁੰਮਾਈ।

ਆਪਣੇ ਬਾਹਰੀ ਰੂਪ-ਰੰਗ ਵਜੋਂ ਇਸ ਦੇ ਨਕਸ਼ ਨਨਕਾਣਾ ਸਾਹਿਬ ਨਾਲ ਮਿਲਦੇ ਸਨ। ਇਸ ਦੀ ਪਰੰਪਰਕ ਦਿੱਖ ਕਾਇਮ ਸੀ। ਕਾਰ-ਸੇਵਾ ਕਰਾਉਂਦਿਆਂ ਇਸ ਦੇ ਇਤਿਹਾਸਕ ਨਕਸ਼ਾਂ ਨੂੰ ਆਂਚ ਨਹੀਂ ਸੀ ਆਉਣ ਦਿੱਤੀ ਗਈ। ਜਗਿਆਸੂ ਅੰਦਰ ਜੋ ਭਾਵਨਾ ਇਤਿਹਾਸਕ ਮੁਹਾਂਦਰੇ ਨਾਲ ਜਾਗਦੀ ਹੈ ਉਹ ਸਿਰਫ ਚਮਕਦਾ ਸੰਗਮਰਮਰ ਨਹੀਂ ਜਗਾ ਸਕਦਾ।

ਆਪਣੇ ਅਮੀਰ ਵਿਰਸੇ ਦੇ ਸਾਰੇ ਚਿੰਨ੍ਹਾਂ ਨੂੰ ਦਿਲ ਦੀ ਕੋਠੜੀ ਅਤੇ ਕੈਮਰੇ ਵਿੱਚ ਸਾਂਭ ਕੇ ਨਾਲ ਲੈ ਜਾਣ ਦੀ ਰੀਝ ਸੀ ਪਰ ਥੋੜ੍ਹਾ ਵਿਘਣ ਪੈ ਗਿਆ। ਮੇਰਾ ਕੈਮਰਾ ੋਮੈਮਰੀ ਫੁੱਲ’ ਦਾ ਸੰਕੇਤ ਦੇ ਰਿਹਾ ਸੀ, ਤਲਵਿੰਦਰ ਦੇ ਕੈਮਰੇ ਵਿੱਚ ਕੋਈ ੋਇਰਰੋ ਆ ਗਈ ਸੀ। ਹੁਣ ਹਰਭਜਨ ਹੁੰਦਲ ਦੇ ਕੈਮਰੇ ਉਤੇ ਸਾਰਿਆਂ ਦੀ ਟੇਕ ਸੀ। ਉਸ ਵਣ ਜਿਸਦੀ ਛਾਂ ਹੇਠ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਬਾਬੇ ਨਾਨਕ ਨੇ ਸੱਚਾ ਸੌਦਾ ਕਰਨ ਦੀ ਗੱਲ ਕਹੀ ਸੀ, ਦੇ ਸਾਹਮਣੇ ਖੜ੍ਹ ਕੇ ਫੋਟੋ ਖਿੱਚਣ ਲੱਗੇ।

“ਹੋਅ ਤੇਰਾ।। ।। । ੌ ਮੈਂ ਪਰੇਸ਼ਾਨੀ ਵਿੱਚ ਮੱਥਾ ਸੁਕੇੜਿਆ। ਹੁੰਦਲ ਹੋਰਾਂ ਵਾਲਾ ਕੈਮਰਾ ਵੀ ਜਵਾਬ ਦੇ ਗਿਆ ਸੀ। ਉਸ ਦੇ ਲੈਨਜ਼ ਅੱਗੋਂ ਪਰਦਾ ਹੀ ਪਰ੍ਹੇ ਨਹੀਂ ਸੀ ਹੁੰਦਾ।

“ਫ਼ਿਕਰ ਨਾ ਕਰੋ ਸਰਦਾਰ ਜੀ, ਬਾਬੇ ਦੀ ਜਗ੍ਹਾ ਤੇ ਆ ਕੇ ਏਹ ਰੁਕਣਾ ਨੲ੍ਹੀਂ, ਆਪੇ ਚੱਲ ਪੈਸੀ। ੌ ਵਣ ਹੋਠੋਂ ਝਾੜੂ ਚੁੱਕਣ ਆਏ ਸਫਾਈ ਸੇਵਕ ਨੇ ਪੂਰੇ ਨਿਸਚੇ ਨਾਲ ਆਖਿਆ, ਜਿਵੇਂ ਹੁਣੇ ਕੋਈ ਕਰਾਮਾਤ ਵਾਪਰ ਜਾਣੀ ਹੋਵੇ। ਉਸ ਦੇ ਬੋਲਾਂ ਵਿੱਚ ਕੁੱਝ ਖਾਸ ਨਿਸਚਾ ਜਾਪਿਆ। ਕੈਮਰੇ ਦੀ ਥਾਂ ਅਸੀਂ ਉਸ ਬੰਦੇ ਵਿੱਚ ਰੁਚੀ ਲੈਣ ਲੱਗੇ ਜਿਹੜਾ ਸਿੱਖ ਤਾਂ ਹੈ ਨਹੀਂ ਸੀ, ਕੋਈ ਦਿਹਾੜੀਦਾਰ ਮੁਸਲਮਾਨ ਲਗਦਾ ਸੀ।

“ਸਰਦਾਰ ਸਾਹੇਬ ਦਾਸ ਨੂੰ ਮਨਤਾਜ ਮਸੀਹ ਆਖਦੇ ਨੇ, ਲਾਹੌਰ ਦੇ ਇੱਕ ਹਕੂਮਤੀ ਅਦਾਰੇ ਵਿੱਚ ਸਫ਼ਾਈ ਕਰਨ ਦੀ ਮੁਲਾਜ਼ਮਤ ਕਰ ਕੇ ਬੱਚੇ ਪਾਲਨਾ ਵਾਂ। ਮੈਂ ਬਹੁਤਾ ਸਿਹਤਯਾਬ ਨੲ੍ਹੀਂ ਹੋਂਦਾ ਸੂ, ਹਿਕ ਰਾਤੀਂ ਮੈਨੂੰ ਸੁਪਨਾ ਆਇਆ ਜਿਤਰਾਂ ਬਾਬੇ ਹੋਰੀਂ ਕਹਿ ਰਹੇ ਹੋਵਣ, ਗੁਰੂ ਘਰ ਦੀ ਸੇਵਾ ਕਰਿਆ ਕਰ ਸਭ ਕੁੱਝ ਠੀਕ ਹੋ ਜਾਸੀ, ਬਸ ਜੀ ਅੱਲਾ ਖੈਰ ਕਰੇ, ਮੇਹਰ ਕਰ ਛੱਡੀ ਸਾਂਈ ਨੇ, ਅਗਲੇ ਰੋਜ਼ ਦਫ਼ਤਰੋਂ ਛੁੱਟੀ ਆਹੀ ਤੇ ਮੈਂ ਏਥੇ ਆ ਸੇਵਾ ਕਰਨ ਦੀ ਅਰਜ਼ ਚਾ ਕੀਤੀ। ਪੀਰਾਂ ਦੀ ਸਵੱਲੀ ਨਜ਼ਰ ਸਦਕੇ ਮਨਜ਼ੂਰ ਹੋ ਗਈ, ਹਰ ਇਤਵਾਰ ਏਥੇ ਹਾਜ਼ਰੀ ਪੌਂਦਾ ਵਾਂ, ਬੜੀ ਰਹਿਮਤ ਏ ਨਾਨਕ ਪੀਰ ਦੀ। ੌ ਉਸ ਨੇ ਦੁਆ ਮੰਗਣ ਦੀ ਮੁਦਰਾ ਵਿੱਚ ਵਣ ਅੱਗੇ ਹੱਥ ਫੈਲਾਏ ਅਤੇ ਆਮੀਨ ਕਹਿੰਦਿਆਂ ਚਿਹਰੇ ਉਤੇ ਫੇਰ ਲਏ।

“ਲਓ ਕਮਾਲ ਹੋ ਗਈ ਐ, ਚੱਲ ਪਿਆ ਕੈਮਰਾ, ਖੜ੍ਹੋ ਤੁਸੀਂ ਖਿੱਚਾਂ ਫੋਟੋ। ੌ ਮੈਂ ਤਲਵਿੰਦਰ, ਸਤੀਸ਼ ਵਰਮਾ ਅਤੇ ਮਸੀਹ ਨੂੰ ਕਿਹਾ। ਉਹ ਮੇਰੇ ਤੋਂ ਕਿਤੇ ਗਲਤੀ ਨਾਲ ਲੌਕ ਹੋ ਗਿਆ ਸੀ। ਹੁਣ ਸਾਰੇ ਬਟਨਾਂ ਨਾਲ ਛੇੜ-ਛਾੜ ਕਰਦਿਆਂ ਲੌਕ ਵੀ ੋਆਨੋ ਹੋ ਗਿਆ ਸੀ।

“ਸਰਦਾਰ ਜੀ ਏਥੇ ਏਤਰਾਂ ਈ ਸਾਰੇ ਕੰਮ ਰਾਸ ਹੋ ਜਾਂਦੇ ਨੇ, ਖੁਦ-ਬਖੁਦ, ਬਾਬੇ ਹੋਰਾਂ ਧਾਨੂੰ ਨਿਰਾਸੇ ਨੲ੍ਹੀਂ ਜਾਣ ਦੇਣਾ ਸੂ, ਉਹ ਦੋ ਜਹਾਨ ਦਾ ਵਾਲੀ ਸਭ ਰੋਗਾਂ ਦੀ ਦੁਆ ਏ। ੌ ਮਸੀਹ ਦੇ ਚਿਹਰੇ ਉਤੇ ਫੈਲੀ ਸੰਤੁਸ਼ਟੀ ਦੀ ਆਭਾ ਉਸਦੇ ਲਾਖੇ ਚਿਹਰੇ ਨੂੰ ਰੁਸ਼ਨਾ ਗਈ। ਗੁਰੂ ਘਰ ਵਿੱਚ ਉਸ ਦਾ ਨਿਸਚਾ ਹੋਰ ਪੱਕਾ ਹੋ ਗਿਆ।

“ਆਓ ਸਰਦਾਰ ਜੀ ਚਾਹ ਦਾ ਲੰਗਰ ਛਕ ਲਓ। ੌ ਗੁਰੂ ਘਰ ਦਾ ਮੁੱਖ ਗਰੰਥੀ ਸਾਨੂੰ ਹਾਲ ਵੱਲ ਸੱਦ ਰਿਹਾ ਸੀ। ਉਸਦੇ ਮੁੱਖ ਤੇ ਰਤਾ ਕੁ ਉਦਾਸੀ ਨਜ਼ਰ ਆਈ। ਸਾਡੇ ਸਾਹਮਣੇ ਬੈਠਾ ਉਹ ਬੜੀ ਸਿੱਕ ਜਿਹੀ ਨਾਲ ਸਾਡੇ ਚਿਹਰਿਆਂ ਨੂੰ ਨਿਹਾਰ ਰਿਹਾ ਸੀ। ਕੁੱਝ ਕਹਿਣਾ ਚਾਹੁੰਦਾ ਸੀ ਉਹ।

“ਸਰਦਾਰ ਸਾਹਿਬ, ਤੁਸੀਂ ਆਏ ਸਾਡੇ ਧੰਨਭਾਗ, ਗੁਰੂ ਘਰ ਤੇ ਸੰਗਤ ਨਾਲ ਈ ਸੋਭਦੇ ਨੇ ਜੀ। ਗੁਰੂ ਸਾਹਿਬ ਨੇ ਏਸ ਜਗ੍ਹਾ ਸੇਵਾ ਨੂੰ ਸਰਵੋਤਮ ਕਿਹਾ ਸੀ। ਤੁਸੀਂ ਤਾਂ ਸਾਰੇ ਗੁਣੀ-ਗਿਆਨੀ ਲੋਕ ਹੋ, ਸਾਰਾ ਇਤਿਹਾਸ ਜਾਣਦੇ ਹੋ। ਸੇਵਾ ਲਈ ਵੀ ਤਾਂ ਸੰਗਤ ਚਾਹੀਦੀ ਏ ਨਾ। ਜਦੋਂ ਗੁਰਪੁਰਬ ਹੁੰਦੇ ਨੇ ਚੋਖੀ ਸੰਗਤ ਜੁੜਦੀ ਹੈ, ਸੇਵਾ ਦਾ ਮੌਕਾ ਬਣਦੈ, ਅੰਦਰ ਖੇੜਾ ਆਉਂਦੈ। ਅੱਗੇ-ਪਿੱਛੇ ਤੇ ਬੱਸ ਤਨਖਾਹਦਾਰਾਂ ਵਾਂਗ ਫਰਜ਼ ਨਿਭਾਉਣ ਵਾਲੀ ਗੱਲ ਹੁੰਦੀ ਏ, ਰੂਹ ਨਹੀਂ ਖਿੜਦੀ। ਐਹ ਪਿਛਲੇ ਦਿਨੀਂ ਵਿਸਾਖੀ ਵਾਲੇ ਜਥੇ ਨਾਲ ਵਾਹਵਾ ਰੌਣਕਾਂ ਲੱਗੀਆਂ, ਕੀਰਤਨ ਹੋਏ, ਭੋਗ ਪਾਏ ਗਏ, ਅਤੁੱਟ ਲੰਗਰ ਵਰਤਿਆ। ਅਖੇ ਸੇਵਕ ਕੋ ਸੇਵਾ ਬਨ ਆਈ। ਜਥਾ ਚਲਾ ਗਿਆ ਤੇ ਰੌਣਕ ਵੀ ਜਿਵੇਂ ਨਾਲ ਹੀ ਲੈ ਗਿਆ। ਸ਼ੁਕਰ ਏ ਮਾਲਕ ਦਾ ਅੱਜ ਤੁਸਾਂ ਨੂੰ ਭੇਜਿਆ ਏ। ਪਾਕਿਸਤਾਨ ਵਿੱਚ ਇੱਕ ਏਹੋ ਮੁਸ਼ਕਲ ਏ ਪਈ ਹੋਰ ਸਭੇ ਕੁੱਝ ਏ ਪਰ ਸੰਗਤ ਨੲ੍ਹੀ ਮਿਲਦੀ। ਅੱਜ ਧਾਡ੍ਹੇ ਨਾਲ ਬਚਨ-ਬਿਲਾਸ ਕਰਦਿਆਂ ਕੁੱਝ ਤਸੱਲੀ ਮਿਲੀ ਏ। ਇਉਂ ਈ ਆਉਂਦੇ ਰਹੋ, ਜੀਓ ਆਇਆਂ ਨੂੰ। ੌ ਗ੍ਰੰਥੀ ਸਿੰਘ ਜਿਵੇਂ ਗੱਲਾਂ ਕਰ ਕੇ ਹੌਲਾ ਹੋ ਗਿਆ। ਉਸ ਦੀ ਪੀੜ ਸੱਚੀ ਸੀ। ਬੰਦਾ ਸਿਰਫ ਆਪਣੇ ਢਿੱਡ-ਪੇਟ ਲਈ ਹੀ ਤਾਂ ਨਹੀਂ ਸੋਚਦਾ, ਉਸ ਦੇ ਅੰਦਰ ਦੂਜਿਆਂ ਦੀ ਸੇਵਾ ਕਰਨ ਦਾ ਜਜ਼ਬਾ ਵੀ ਜ਼ਰੂਰ ਹੁੰਦਾ ਹੋਵੇਗਾ। ਬਾਬੇ ਨੇ ਇਸੇ ਜਜ਼ਬੇ ਨੂੰ ਪਛਾਣਨ ਲਈ ਹੀ ਤਾਂ ਸੱਚੇ ਸੌਦੇ ਦਾ ਸੰਦੇਸ਼ ਦਿੱਤਾ ਸੀ। ਸ਼ਾਇਦ ਏਹ ਵੀ ਕਰਮਾਤ ਵਰਗਾ ਕੁੱਝ ਹੀ ਸੀ ਕਿ ਗ੍ਰੰਥੀ ਸਿੰਘ ਨੂੰ ਸੇਵਾ ਦੇ ਜਜ਼ਬੇ ਦੀ ਸੋਝੀ ਹੋਈ ਸੀ, ਨਹੀਂ ਤਾਂ ਅੱਜ ਕੱਲ੍ਹ।। ।। ।। ।

ਅਸੀਂ ਬਾਹਰ ਵੱਲ ਤੁਰੇ ਤਾਂ ਸਭ ਦੇ ਚਿਹਰਿਆਂ ਉਤੇ ਕਿਸੇ ਰੁਹਾਨੀ ਰੱਜ ਦੀ ਆਭਾ ਚਮਕ ਰਹੀ ਸੀ।

 

ਇਸ਼ਕ ਦੇ ਮਖਾਣੇ

ਇਸ਼ਕ ਦੀਆਂ ਰਮਜ਼ਾਂ ਸਮਝਣ ਵਾਲੇ ਹਾਸ਼ਮ ਸ਼ਾਹ ਨੇ ਕਦੇ ਲਿਖਿਆ ਸੀ:

ਇਕੋ ਬੂਟਾ ਇਕੋ ਪੱਤਾ ਇਕੋ ਲੱਜ਼ਤ ਨਿਸ਼ਾਨੀ

ਓਸੇ ਬੂਟਿਉਂ ਫੁੱਲ ਮਜਾਜ਼ੀ ਤੇ ਮੇਵਾ ਇਸ਼ਕ ਹਕਾਨੀ

ਕੋਈ ਮਜਾਜ਼ੀ ਇਸ਼ਕ ਦੀ ਬਾਤ ਪਾਉਂਦਿਆਂ ਪਾਉਂਦਿਆਂ ਸਰੋਤੇ ਨੂੰ ਉਂਗਲ ਫੜ੍ਹ ਕੇ ਇਸ਼ਕ ਹਕੀਕੀ ਦੇ ਗਗਨ ਮੰਡਲਾਂ ਵਿੱਚ ਲੈ ਜਾਵੇ ਤਾਂ ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਹੁੰਦਾ। ਕਿਸੇ ਗਲਪ-ਰਚਨਾ ਦੇ ਪਾਤਰਾਂ ਨੂੰ ਅਸਲੀ ਸਮਝ ਕੇ ਖੋਜੀ ਜੰਗਲਾਂ-ਬੇਲਿਆਂ ਵਿੱਚ ਉਨ੍ਹਾਂ ਦੀ ਪੈੜ ਦੱਬਦੇ ਫਿਰਨ ਅਤੇ ਆਮ ਲੋਕ ਉਨ੍ਹਾਂ ਨੂੰ ਦੇਵੀ-ਦੇਵਤਿਆਂ ਵਾਂਗ ਪੂਜਣ ਲੱਗ ਪੈਣ ਤਾਂ ਗਲਪਕਾਰ ਵਾਸਤੇ ਇਹ ਗੱਲ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦੀ। ਇਹੋ ਜਿਹੀਆਂ ਕਰਾਮਾਤਾਂ ਅਤੇ ਕ੍ਰਿਸ਼ਮਿਆਂ ਨੂੰ ਸਰ-ਅੰਜ਼ਾਮ ਦੇਣ ਵਾਲੇ ਕਿੱਸਾਕਾਰ ਦਾ ਨਾਂ ਮੀਆਂ ਸੱਯਦ ਵਾਰਿਸ ਸ਼ਾਹ ਹੈ। ਵਾਰਿਸ ਦੇ ਸ਼ਹਿਰ ਸ਼ੇਖੂਪੁਰੇ ਵੜਦਿਆਂ ਮਨ ਵਿੱਚ ਖਿਆਲਾਂ ਦੀ ਅਜਿਹੀ ਰੀਲ੍ਹ ਹੀ ਚੱਲ ਰਹੀ ਸੀ।

ਇਕ ਵਿਸ਼ਾਲ ਆਂਗਣ ਵਿੱਚ ਬਣੇ ਵਾਰਿਸ ਸ਼ਾਹ ਦੇ ਮਕਬਰੇ ਵੱਲ ਜਾਂਦਿਆਂ ਮਹਿਸੂਸ ਹੋਇਆ ਕਿ ਮਨ ਵਿੱਚ ਉਸਦੀ ਮਹਿਮਾ ਦਾ ਪਰਚਮ ਹੋਰ ਉ-ੱਚਾ ਹੋ ਕੇ ਲਹਿਰਾਉਣ ਲੱਗ ਪਿਆ ਹੈ।

ਇਕ ਵੱਡੇ ਦਰਵਾਜ਼ੇ ਵਿਚੋਂ ਲੰਘ ਕੇ ਸਾਹਮਣੇ ਫੁੱਲਾਂ-ਬੂਟਿਆਂ ਵਾਲਾ ਖੁੱਲ੍ਹਾ ਵਿਹੜਾ ਨਜ਼ਰੀਂ ਪਿਆ। ਵਿਹੜੇ ਦੇ ਵਿਚਕਾਰ ਮੁਸਲਿਮ ਸ਼ੈਲੀ ਵਾਲੀ ਇਮਾਰਤ ਜਚ ਰਹੀ ਸੀ। ਪਰ ਇਸਦਾ ਰੰਗ ਹਰਾ-ਚਿੱਟਾ ਨਹੀਂ, ਜਿਵੇਂ ਕਿ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦਾ ਹੁੰਦਾ ਹੈ, ਬਲਕਿ ਗੁਲਾਬੀ ਅਤੇ ਸਲੇਟੀ ਸੀ। ਪਤਾ ਨਹੀਂ ਇਹ ਸੁਭਾਵਕ ਹੀ ਹੋ ਗਿਆ ਸੀ ਜਾਂ ਕਿਸੇ ਨੇ ਸੋਚ-ਸਮਝ ਕੇ ਆਸ਼ਕਾਨਾ ਰੰਗ ਚੁਣਿਆਂ ਸੀ। ਵਾਰਿਸ ਸ਼ਾਹ ਵਰਗੇ ਜ਼ਿੰਦਗੀ ਦੇ ਆਸ਼ਕ ਦੇ ਮਕਬਰੇ ਲਈ ਇਹੋ ਰੰਗ ਜਚਦਾ ਸੀ। ਮਕਬਰੇ ਦੇ ਬਾਹਰਲੇ ਦਰਵਾਜ਼ੇ ਕੋਲ ਇੱਕ ਅਸਮਾਨੀ ਰੰਗੇ ਕਮੀਜ਼-ਸਲਵਾਰ ਅਤੇ ਸਿਰ ਉਤੇ ਚਿੱਟੀ ਜਾਲੀਦਾਰ ਟੋਪੀ ਵਾਲਾ ਇੱਕ ਸਲੀਕੇਦਾਰ ਬੰਦਾ ਮਿਲਿਆ। ਇਹ ਕੋਈ ਮਕਬਰੇ ਦੀ ਸਾਂਭ-ਸੰਭਾਲ ਵਾਲਾ ਜ਼ਿੰਮੇਵਾਰ ਬੰਦਾ ਜਾਪਦਾ ਸੀ। ਉਹ ਆਪਮੁਹਾਰੇ ਸਾਡਾ ਗਾਈਡ ਬਣ ਕੇ ਅੱਗੇ ਤੁਰਦਾ ਦੱਸਣ ਲੱਗਾ, ੌਬਿਸਮਿੱਲਾ ਅਰ ਰਹਿਮਾਨੋ ਰਹੀਮ, ਮੀਆਂ ਵਾਰਿਸ ਦੀਆਂ ਰੂਹਾਨੀ ਉਡਾਰੀਆਂ ਦਾ ਬਿਆਨ ਕਿੰਜ ਹੋ ਸਕਦਾ ਏ ਜੀ, ਉਨ੍ਹਾਂ ਉਤੇ ਅੱਲਾ-ਤਾਅਲਾ ਦੀ ਏਨੀ ਰਹਿਮਤ ਸੂ ਕਿ ਜ਼ੁਬਾਨ ਤੋਂ ਨਿਕਲੇ ਸੁਖ਼ਨ ਫ਼ਰਨਾਸ ਲੋਕਾਈ ਲਈ ਫ਼ਰਮਾਨ ਬਣ ਜਾਂਦੇ।” ਉਸ ਨੇ ਵਾਰਿਸ ਦੇ ਪੀਰ-ਫ਼ਕੀਰੀ ਰੂਪ ਉਤੇ ਕੁਠ ਵਧੇਰੇ ਹੀ ਬਲ ਦੇ ਕੇ ਦੱਸਿਆ।

ਬੱਚਿਆਂ ਦਾ ਇੱਕ ਟੋਲਾ ਸਾਡੇ ਦੁਆਲੇ ਮਖ਼ਿਆਲ ਵਾਂਗ ਜੁੜ ਗਿਆ। ਉਹ ਇੱਕ ਦੂਜੇ ਤੋਂ ਅੱਗੇ ਹੋ ਹੋ ਸਾਡੇ ਚਿਹਰਿਆਂ ਵੱਲ ਤਕਦੇ। ਕੋਈ ਅਚੰਭੇ ਵਰਗੇ ਭਾਵ ਉਨ੍ਹਾਂ ਦੀਆਂ ਅੱਖਾਂ `ਚ ਤੈਰਦੇ ਪ੍ਰਤੱਖ ਦਿਸਦੇ, ਸ਼ਾਇਦ ਪਾਕਿਸਤਾਨ ਦੇ ਨਵੇਂ ਪੋਚ ਲਈ ਅਸੀਂ ਸੱਚਮੁੱਚ ਕੋਈ ਅਜੂਬਾ ਸਾਂ। ਸਾਡਾ ਗਾਈਡ ਬਣਿਆਂ ਵਿਅਕਤੀ ਮੁਸ਼ਕਲ ਨਾਲ ਉਨ੍ਹਾਂ ਨੂੰ ਪਿੱਛੇ ਹਟਾਉਂਦਾ। ਮੇਲਾ ਵੇਖਦੀਏ ਮੁਟਿਆਰੇ ਮੇਲਾ ਤੈਨੂੰ ਵੇਖਦਾ ਵਾਲੀ ਗੱਲ ਹੋਈ ਪਈ ਸੀ।

ਮੁੱਖ ਇਮਾਰਤ ਵਿਚਕਾਰ ਬਰੋਬਰਾਬਰ ਤਿੰਨ ਕਬਰਾਂ ਸਨ: ਵਿਚਾਲੇ ਵਾਰਿਸ ਸ਼ਾਹ ਦੀ ਅਤੇ ਆਲੇ-ਦੁਆਲੇ ਉਸਦੇ ਵਾਲਿਦ ਸਈਅਦ ਗੁਲਸ਼ੇਰ ਖਾਂ ਅਤੇ ਭਰਾ ਕਾਸਿਮ ਸ਼ਾਹ ਦੀਆਂ। ਗੁਲਾਬ ਦੀਆਂ ਤਾਜ਼ਾ ਪੱਤੀਆਂ ਦੇ ਵਿਛਾਉਣੇ ਹੇਠ ਉਨ੍ਹਾਂ ਤਿੰਨਾਂ ਨੇਕ ਰੂਹਾਂ ਦਾ ਵਾਸਾ ਸੀ। ਅੰਦਰ ਬੜਾ ਪਾਕੀਜ਼ਗੀ ਵਾਲਾ ਰੂਹਾਨੀ ਮਾਹੌਲ ਸੀ। ਵਾਰਿਸ ਸ਼ਾਹ ਨਾਲ ਭਾਵੇਂ ਸਾਡਾ ਰਿਸ਼ਤਾ ਤਾਂ ਅਦਬੀ ਕਿਸਮ ਦਾ ਸੀ ਪਰ ਉਨ੍ਹਾਂ ਦਾ ਮਾਣ ਰੱਖਣ ਲਈ ਅਸੀਂ ਵੀ ਧਾਰਮਿਕ ਸ਼ਰਧਾਲੂਆਂ ਵਾਂਗ ਹੀ ਆਪਣੀ ਅਕੀਦਤ ਪੇਸ਼ ਕਰਦੇ ਰਹੇ।

ਮੁੱਖ ਕਮਰੇ ਦੇ ਬਾਹਰਵਾਰ ਇੱਕ ਝਲਕ ਰੁਮਾਨੀ ਰੰਗ ਦੀ ਵੀ ਨਜ਼ਰ ਆਈ। ਇਉਂ ਜਾਪਿਆ ਜਿਵੇਂ ਹੱਡ-ਮਾਸ ਦੀ ਹੀਰ ਆਪਣੇ ਸਿਰਜਣਹਾਰ ਨੂੰ ਸਿਜਦਾ ਕਰਨ ਲਈ ਕਬਰ ਵਿਚੋਂ ਨਿਕਲ ਆਈ ਹੋਵੇ। ਉਸ ਦੇ ਕੁੱਛੜ ਨਿਆਣਾ ਚੁੱਕਿਆ ਹੋਇਆ ਸੀ ਅਤੇ ਉਸਦਾ ਸਾਧਾਰਨ ਜਿਹੀ ਦਿੱਖ ਵਾਲਾ ਪਤੀ ਉਸਦੇ ਕੋਲ ਖੜ੍ਹਾ ਸੀ। ੋਹੀਰ’ ਨੂੰ ਦਿਲਚਸਪੀ ਨਾਲ ਸਾਡੇ ਵੱਲ ਤੱਕਦਿਆਂ ਵੇਖ ਕੇ ਸਾਡਾ ਵੀ ਹੌਸਲਾ ਕੁੱਝ ਵਧ ਗਿਆ। ਕਿਸੇ ਬਹਾਨੇ ਉਸਦੀ ਫੋਟੋ ਖਿੱਚਣ ਲਈ ਮੈਂ ਅਤੇ ਤਲਵਿੰਦਰ ਤਰਲੇ ਲੈਣ ਲੱਗੇ। ਬੰਧਸ਼ਾਂ ਵਾਲੇ ਮਾਹੌਲ ਬਾਰੇ ਸੋਚ ਕੇ ਤ੍ਰਾਹ ਵੀ ਨਿਕਲਦਾ ਸੀ। ਅੰਤ ਤਲਵਿੰਦਰ ਨੇ ਤਰਕੀਬ ਕੱਢ ਲਈ ਉਹ ੋਅੰਕਲ’ ਬਣ ਕੇ ਬੱਚੇ ਨੂੰ ਲਾਡ ਲਡਾਉਣ ਲੱਗਾ। ੌਓਏ ਸਾਡੇ ਨੰਨ੍ਹੇ-ਮੁੰਨ੍ਹੇ ਵਾਰਿਸ, ਡਰ ਗਿਆ ਏ ਸਰਦਾਰ ਅੰਕਲਾਂ ਦੀਆਂ ਪੱਗਾਂ ਵੇਖ ਕੇ? ਨਾ ਪੁੱਤਰ ਨਾ, ਡਰ ਨਾ, ਅਸੀਂ ਤਾਂ ਮੁਹੱਬਤਾਂ ਵੰਡਣ ਵਾਲੇ ਅਦੀਬ ਲੋਕ ਆਂ, ਮੈਂ ਨਾ ਤੇਰੀ ਇੱਕ ਪਾਰੀ-ਪਾਰੀ ਤਸਵੀਰ ਖਿੱਚ ਕੇ ਨਾਲ ਖੜਨੀ ਐਂ, ਲੈ ਹੱਸ ਕੇ ਵਿਖਾ ਜ਼ਰਾ, ਹਈ ਸ਼ਾਵਾਸ਼ੇ, ਗੁੱਡ ਬੁਆਏ।” ਉਸ ਨੇ ਲੇਲੇ-ਪੇਪੇ ਕਰਦਿਆਂ ਨਾਲ ਹੀ ਕਲਿੱਕ ਕਰਕੇ ਮਾਂ-ਪੁੱਤ ਦੀ ਫੋਟੋ ਖਿੱਚ ਲਈ।

ਆਲੇ-ਦੁਆਲੇ ਖੜ੍ਹੇ ਖਿੜ-ਖਿੜ ਹਸਦੇ ਬੱਚਿਆਂ ਨਾਲ ੋਹੀਰ’ ਵੀ ਸੰਗਦਿਆਂ ਸੰਗਦਿਆਂ ਮੁਸਕਰਾ ਪਈ। ਕੁਨੱਖੀ ਜਿਹੀ ਪਤੀ ਵੱਲ ਝਾਕੀ ਅਤੇ ਫਿਰ ਚੁੰਨੀ ਸੰਵਾਰਦਿਆਂ ਮੇਰੇ ਕੈਮਰੇ ਵੱਲ ਵੇਖਿਆ ਜਿਵੇਂ ਕਹਿ ਰਹੀ ਹੋਵੇ “ਖਿੱਚ ਲੈ ਵੇ ਤੂੰ ਵੀ ਐਵੇਂ ਮਨ-ਮਸੋਸ ਰਹੂ ਤੈਨੂੰ, ਕੁੱਤਾ ਕਪਾਹ `ਚੋਂ ਲੰਘਜੂ ਤਾਂ ਕੇਹੜਾ ਰਜ਼ਾਈਆਂ ਭਰ-ਲੂ।” ਵਧੀਆਂ ਮੌਕਾ ਸੀ। ਮੈਂ ਵੀ ਹੜਬੜੀ ਵਿੱਚ ਦੋ ਕੁ ਵਾਰ ਕਲਿੱਕ ਕਰ ਲਈ। ਲੋਕ-ਲਾਜ ਵਜੋਂ ਅਸੀਂ ਉਨ੍ਹਾਂ ਤਿੰਨਾਂ ਜੀਆਂ ਨੂੰ ਇਕੱਠਿਆਂ ਖੜ੍ਹਾ ਕਰਕੇ ਪਰਿਵਾਰਕ ਫੋਟੋ ਖਿੱਚਣੀ ਚਾਹੀ। ਉਹ ਖੜ੍ਹ ਤਾਂ ਗਈ ਪਰ ਖਿੜੀ ਨਹੀਂ ਜਿਵੇਂ ਪਤੀ ਦੀ ਥਾਂ ਕੋਈ ਭੈਂਗਾ-ਕਾਣਾ ਸੈਦਾ ਖੇੜਾ ਨਾਲ ਆ ਖੜ੍ਹਾ ਹੋਵੇ।

“ਭਾ ਮੇਰਿਆ ਜੇ ਹੀਰ ਦਾ ਰਾਂਝੇ ਨਾਲ ਨਿਕਾਹ ਹੋ ਜਾਂਦਾ ਤਾਂ ਏਹੀ ਹਾਲ ਹੋਣਾ ਸੂ ਵਿਚਾਰੀ ਦਾ, ਇੱਕ ਨਿਆਣਾ ਢਾਕ ਤੇ ਦੂਜਾ ਪੇਟ `ਚ।” ਰਤਾ ਕੁ ਪਰ੍ਹੇ ਜਾ ਕੇ ਤਲਵਿੰਦਰ ਨੇ ਹੌਲੀ ਦੇਣੇ ਸ਼ੁਰਲੀ ਛੱਡੀ।

“ਵਾਹ ਜੀ ਵਾਹ, ਅੱਜ ਵੇਖ ਲਿਆ ਹੀਰ-ਰਾਂਝੇ ਦਾ ਆਧੁਨਿਕ ਰੂਪਾਂਤਰਣ।” ਸਤੀਸ਼ ਵਰਮਾ ਵੀ ਸਾਡੀ ਘੁਸਰ-ਮੁਸਰ ਵਿੱਚ ਆ ਰਲਿਆ।

“ਪੁੱਤਰ ਮੈਨੂੰ ਵੀ ਲੈ ਚੱਲੋ ਆਪਣੇ ਵਤਨ।” ਅਚਾਨਕ ਬੱਚਿਆਂ ਦੀ ਟੋਲੀ ਤੋਂ ਅਗਾਂਹ ਵਧ ਕੇ ਇੱਕ ਰਹੇ-ਖਹੇ ਜਿਹੇ ਬਜੁਰਗ ਨੇ ਲੇਲੜੀ ਕਢਦਿਆਂ ਵਾਸਤਾ ਪਾਇਆ

“ਲਗਦੈ ਬਾਪੂ ਹੋਰਾਂ ਦੀ ਵੀ ਸੰਤਾਲੀ `ਚ ਕੋਈ ਹੀਰ ਓਧਰ ਰਹਿ ਗਈ ਹੋਣੀ ਐਂ।” ਸਤੀਸ਼ ਵਰਮਾ ਨੇ ਅੱਖਾਂ ਮਟਕਾਉਂਦਿਆਂ ਗੋਲ ਮਸ਼ਕਰੀ ਕੀਤੀ ਤਾਂ ਬਾਬਾ ਕੰਨ-ਪਟੀਆਂ ਤੱਕ ਕੰਜ-ਕੁਆਰੀਆਂ ਵਾਂਗ ਸ਼ਰਮਾ ਗਿਆ।

“ਓਹ ਤਾਂ ਈ ਬਾਬਾ ਸੁੱਕ ਕੇ ਤਵੀਤ ਹੋ ਗਿਆ ਜਾਪਦੈ।” ਤਲਵਿੰਦਰ ਨੇ ਵੀ ਮਸ਼ਗੂਲਾ ਛੱਡਿਆ।

“ਠੀਕ ਬੁੱਝੀ ਏ ਭਾਈ ਜਾਨ, ਰੂਹ ਤੇ ਜਣੇ ਦੀ ਤਕੜੀ ਸੂ, ਰਤਾ ਸਾਂਭ ਖੁਣੋਂ ਮਾਰ ਖਾ ਗਿਐ।” ਬਾਬੇ ਦੇ ਜਾਣੂੰ ਇੱਕ ਚੋਬਰ ਮੁੰਡੇ ਨੇ ਮੁਸ਼ਕੜੀਏਂ ਹਸਦਿਆਂ ਟਾਂਚ ਮਾਰੀ।

ਇਸ਼ਕ-ਮੁਸ਼ਕ ਦੀਆਂ ਗੱਲਾਂ ਸੁਣਦੇ ਬੱਚੇ ਮੱਕੀ ਦੀਆਂ ਖਿੱਲਾਂ ਵਾਂਗੂੰ ਖਿੜਦੇ ਰਹੇ। ਚੰਗਾ ਰੁਮਾਨੀ ਮਾਹੌਲ ਬਣ ਗਿਆ ਸੀ।

“ਓਏ ਬਈ ਸੋਡੇ `ਚੋਂ ਕਿਸੇ ਦਾ ਨਾਂ ਵਾਰਿਸ ਹੈ?” ਨਾਟਕਕਾਰ ਸਤੀਸ਼ ਵਰਮਾ ਦੀ ਨਵੀਂ ਦਿਲਚਸਪੀ ਜਾਗ ਪਈ।

“ਮੇਰਾ ਏ।” ਇੱਕ ਚੁਲਬੁਲਾ ਜਿਹਾ ਮੁੰਡਾ ਬਾਂਹ ਲਹਿਰਾ ਕੇ ਬੋਲਿਆ।

“ਤੇਰੀ ਤਾਂ ਸ਼ਕਲੋ-ਸੂਰਤ ਈ ਦਸਦੀ ਐ ਕਿ ਤੂੰ ਨਵੀਂ ਹੀਰ ਲਿਖੇਂਗਾ ਪੱਟੂਆ, ਆ ਮੇਰੇ ਭਵਿੱਖ ਦੇ ਵਾਰਿਸ ਤੈਨੂੰ ਪਿਆਰ ਦਿਆਂ।”

“ਸੋਡੇ `ਚੋਂ ਕਿਸੇ ਨੇ ਪਾਕਿਸਤਾਨ `ਚ ਕੁੜੀ ਦਾ ਨਾਂ ਹੀਰ ਸੁਣਿਐਂ?” ਸਤੀਸ਼ ਵਰਮਾ ਨੇ ਕਲਾਸ ਲਾ ਲਈ।

“ਨਾ ਜੀ “ਚਾਂਭਲੇ ਬੱਚੇ ਇਕੱਠੇ ਹੀ ਹੇਕ ਲਾ ਕੇ ਕੂਕੇ।

“ਕੈਦੋਂ?”

“ਨਾ ਜੀ”

“ਸੈਦਾ?”

“ਨਾ ਜੀ”

“ਏਹ ਹੈ ਸਾਡੇ ਸਮਾਜ ਦਾ ਨਜ਼ਰੀਆਂ ਹੀਰ ਦੇ ਕਿੱਸੇ ਪ੍ਰਤੀ। ੌ ਸਤੀਸ਼ ਵਰਮਾ ਨੇ ਸਿੱਟਾ ਕੱਢਿਆ। ਫਿਰ ਬੱਚਿਆ ਨਾਲ ਫੋਟੋ ਖਿਚਵਾਈ ਅਤੇ ਬਾਹਰ ਵੱਲ ਰੁਖ਼ਸਤ ਹੋਏ।

ਇਕ ਜਾਹਿਦ ਇਕਬਾਲ ਨਾਂ ਦਾ ਸੋਹਣਾ-ਸਨੁੱਖਾ ਨੌਜਵਾਨ ਸਾਨੂੰ ਹੀਰ ਦੀ ਗਾਇਕੀ ਦਾ ਲੋਕ-ਰੰਗ ਵਿਖਾਉਣਾ ਚਾਹੁੰਦਾ ਸੀ। ਯੂ। ਕੇ ਦਾ ਵਸਨੀਕ ਇਕਬਾਲ, ਵਾਰਿਸ ਅਤੇ ਉਸਦੇ ਕਿੱਸੇ ਬਾਰੇ ਮਿਲਦੀ ਸਰੋਤ-ਸਮੱਗਰੀ ਦਾ ਸੰਗ੍ਰਹਿ ਤਿਆਰ ਕਰ ਰਿਹਾ ਖੋਜੀ ਸੀ। ਉਹ ਸਾਨੂੰ ਇੱਕ ਕੰਟੀਨ-ਨੁਮਾ ਹਾਲ ਵੱਲ ਲੈ ਗਿਆ। ਉਥੇ ਉਸ ਨੇ ਲੋਕ-ਗਾਇਕ ਨਿਆਮਤ ਅਲੀ ਸਾਈਂ ਬੋਦਾ ਨੂੰ ਗਾਉਣ ਲਈ ਸੱਦਿਆ ਹੋਇਆ ਸੀ।

ਕਾਲੇ ਕੱਪੜੇ, ਲੰਮੀਆਂ ਬੇਪਰਵਾਹ ਬਾਵਰੀਆਂ, ਸ਼ੇਵ ਕੀਤੇ ਸਾਵਲੇ ਚਿਹਰੇ ੳਤੇ ਛੋਟੀਆ ਰੰਝੇਟੜੀਆਂ ਮੁੱਛਾਂ, ਵੰਝਲੀ ਵਰਗਾ ਛਾਟਵਾਂ ਸਰੀਰ, ਉਹ ਰਾਂਝੇ ਦੀ ਰੂਹ ਦਾ ਮੂਰਤ ਰੂਪ ਜਾਪਦਾ ਸੀ। ਉਸ ਕੱਛ `ਚੋਂ ਵੰਝਲੀ ਕੱਢ ਕੇ ਬੁੱਲ੍ਹਾਂ ਨਾਲ ਲਾਈ ਤਾਂ ਪਹਿਲੇ ਸਾਹ ਨਾਲ ਹੀ ਤੜਪਵੀਂ ਤਾਨ ਵਾਲਾ ਅਲਾਪ ਲਿਆ “ਹੀਰ ਆਖਦੀ ਜੋਗੀਆ ਝੂਠ ਬੋਲੇਂ।। ।।” ਸਾਈਂ ਨੇ ਪ੍ਰਚਲਿਤ ਬੋਲਾਂ ਨੂੰ ਆਪਣੇ ਵੱਖਰੇ ਲੋਕ ਅੰਦਾਜ਼-ਨਾਲ ਗਾਇਆ। ਸੁਰ ਉਚੀ ਚੱਕਦਿਆਂ ਜਦੋਂ ਉਹ ਨਾਲ ਨਾਲ ਕਲਾਸਕੀ ਰੰਗ ਦੀਆਂ ਮਰੋੜੀਆਂ ਮਾਰਦਾ ਤਾਂ ਉਸ ਦੀਆਂ ਰਗਾਂ ਤਾੜੇ ਦੀ ਤਾਰ ਵਾਂਗ ਕੱਸੀਆਂ ਜਾਂਦੀਆਂ, ਸਾਹ ਗੁਆਚ ਜਾਂਦੇ। “ਕਿਸੇ ਜੱਟ ਦੇ ਖੇਤ ਨੂੰ ਅੱਗ ਲੱਗੀ।। ।।” ਗਾਉਂਦਾ ਤਾਂ ਉਹ ਇਉਂ ਲੱਗਿਆ ਜਿਵੇਂ ਆਪਣੀ ਪੱਕੀ ਕਣਕ ਅੱਖਾਂ ਮੂਹਰੇ ਸੜਦੀ ਵੇਖ ਕੇ ਵਿਲਕ ਰਿਹਾ ਕੋਈ ਗਰੀਬ ਕਿਸਾਨ ਹੋਵੇ।

ਇਕਬਾਲ ਨੇ ਦੱਸਿਆ ਕਿ ਸਾਈਂ ਇਉਂ ਅੱਠ-ਨੌਂ ਘੰਟੇ ਲਗਤਾਰ ਗਾ ਲੈਂਦਾ ਹੈ। ਵਾਰਿਸ ਦੇ ਉਰਸ ਸਮੇਂ ਉਹ ਆਪਣੇ ਫ਼ਨ ਦੇ ਅਸਲੀ ਜੌਹਰ ਵਿਖਾਉਂਦਾ ਹੈ। ਪਾਕਿਸਤਾਨ ਵਿੱਚ ਸੂਫੀਆਂ ਅਤੇ ਕਿੱਸਾਕਾਰਾਂ ਦੀਆਂ ਦਰਗਾਹਾਂ ਕੋਲ ਇਸ ਤਰ੍ਹਾਂ ਦੇ ਲੋਕ-ਗਾਇਕ ਖੁੰਬਾਂ ਵਾਂਗੂੰ ਉ-ੱਗ ਆਉਂਦੇ ਹਨ। ਅਜੇ ਇਹ ਗਾਇਕ ਮੰਡੀ ਦੀ ਹਵਾ ਤੋਂ ਬਹੁਤ ਦੂਰ ਹਨ।

ਅਸੀਂ ਸਾਈਂ ਹੋਰਾਂ ਦਾ ਬਣਦਾ-ਤਣਦਾ ਮਾਣ ਕੀਤਾ ਅਤੇ ਵਿਦਾ ਹੋ ਕੇ ਗੱਡੀ ਵਿੱਚ ਆ ਬੈਠੇ। ਤੁਰਨ ਲੱਗੇ ਤਾਂ ਗਿਣਿਆਂ ਸਾਡਾ ਇੱਕ ਨਗ ਘੱਟ ਸੀ। ਲਗਦਾ ਸੀ ਸਾਡੇ ਸਿਪਾਹਸਲਾਰ ਤਲਵਿੰਦਰ ਨੂੰ ਕੋਈ ਹੋਰ ਹੀਰ ਟੱਕਰ ਗਈ ਸੀ। ਏਧਰ-ਓਧਰ ਵੇਖਿਆ ਤਾਂ ਉਹ ਦਰਵਾਜ਼ੇ ਦੇ ਬਾਹਰ ਦੁਕਾਨ ਵਿਚੋਂ ਖਰੀਦੋ-ਫਰੋਖ਼ਤ ਕਰ ਰਿਹਾ ਸੀ।

ਗੱਡੀ ਵਿੱਚ ਆ ਕੇ ਉਸਨੇ ਚਾਈਂ-ਚਾਈਂ ਸਭ ਨੂੰ ਹੀਰ ਵਾਰਿਸ ਦੀਆਂ ਦੋ ਦੋ ਸੀਡੀਆਂ, ਇੱਕ ਇਕ ਪੈਕਟ ਮਖਾਣਿਆਂ ਦਾ ਪਰਸਾਦਿ ਵਾਂਗ ਵੰਡਿਆ।

“ਤਲਵਿੰਦਰ ਆਹ ਪਰਸਾਦਿ ਤਾਂ ਬੜਾ ਰੁਮਾਂਟਿਕ ਲਗਦੈ ਬਈ, ਰੰਗ-ਬਿਰੰਗੇ ਮਖਾਣਿਆਂ ਵਾਲਾ।” ਮੈਂ ਪੈਕਟ ਉਤਾਂਹ ਚੁੱਕ ਕੇ ਮਖਾਣੇ ਛਣਕਾਏ।

“ਓਹ ਮੇਰੀ ਜਾਨ ਜਿਹੜਾ ਪਰਸਾਦਿ ਨਨਕਾਣਾ ਸਾਹਿਬ ਤੋਂ ਮਿਲਿਆ ਏ ਉਹ ਸਫੈਦ ਮਖਾਣਿਆਂ ਵਾਲਾ ਸੂ, ਰੂਹਾਨੀ ਪਰਸਾਦਿ। ਐਹ ਹੁਣ ਵਾਲੇ `ਚ ਨਾਲ ਇਸ਼ਕ ਮਜਾਜ਼ੀ ਦੇ ਮਖਾਣੇ ਮਿਕਸ ਕੀਤੇ ਹੋਏ ਨੇ। ਏਹਨੂੰ ਵੰਡਣ ਵੇਲੇ ਜ਼ਰਾ ਧਿਆਨ ਰੱਖਣਾ ਪੈਣਾ ਏ, ਮਤੇ ਬੁੱਢੇ ਵਾਰੇ ਕੋਈ ਹੀਰ ਪੈ ਜੇ ਮਗਰ, ਘਰ ਵਾਲੀ ਨੂੰ ਤਾਂ ਛੋਹਣ ਵੀ ਨਹੀਓਂ ਦੇਣਾ, ।। । ਲਓ ਮੇਰੇ ਵੀਰ ਗੱਲਾਂ ਤੇ ਹੋਰ ਵੀ ਨੇ ਪਰ ਬੱਸ ਚੱਲਣ ਦਾ ਸਮਾਂ ਹੋ ਗਿਆ ਵੇ, ਆਪਣੇ ਆਪਣੇ ਪੈਕਟ ਸੰਭਾਲ ਕੇ ਰੱਖ ਲਵੋ, ਫੇਰ ਨਾ ਕਹਿਣਾ ਮੇਰੇ ਇਸ਼ਕ ਦੇ ਮਖਾਣੇ ਚੋਰੀ ਹੋ ਗਏ ਨੇ, ਹਾ।। । ਹਾ।। । ਹਾ।” ਤਲਵਿੰਦਰ ਦੇ ਸਵਾਂਗ ਅਤੇ ਛਣਕਦੇ ਹਾਸੇ ਨੇ ਬੱਸ ਦੇ ਮਾਹੌਲ ਵਿੱਚ ਰੁਮਾਂਟਿਕਤਾ ਦੇ ਰੰਗੀਨੀ ਮਖਾਣਿਆਂ ਦਾ ਛਿੱਟਾ ਦੇ ਦਿੱਤਾ।

 

 

ਸਾਡੇ ਅੰਗ ਤਰੇੜਾਂ ਪਈਆਂ

ਯਾਰਾਂ ਦਾ ਮਾਣ ਰੱਖਣਾ ਔਖਾ ਹੋਇਆ ਪਿਆ ਸੀ। ਜਿਵੇਂ ਜਿਵੇਂ ਸਮਾਂ ਘਟਦਾ ਜਾਂਦਾ ਸੀ, ਸੱਦੇ ਵਧਦੇ ਜਾਂਦੇ ਸਨ। ਤਲਵਿੰਦਰ ਹੋਰਾਂ ਦੀ ਲਾਹੌਰ ਵਿੱਚ ਆਖਰੀ ਸ਼ਾਮ ਸੀ। ਉਨ੍ਹਾਂ ਦੇ ਚਹੇਤਿਆਂ ਦਾ ਕੱਸ ਹੋਰ ਜ਼ਿਆਦਾ ਪੈ ਗਿਆ ਸੀ। ਸਾਡੇ ਸਾਰਥੀ ਬਣੇ ਹੋਏ ਇਕਬਾਲ ਕੈਸਰ ਦੀ ਜਾਨ ਅੱਡ ਕੁੜਿੱਕੀ ਵਿੱਚ ਸੀ। ਕਿਸਨੂੰ ਹਾਂ ਕਹੇ ਅਤੇ ਕਿਸਨੂੰ ਨਾਂਹ? ਅਸੀਂ ਪ੍ਰੋਗਰਾਮ ਉਲੀਕਣ ਦਾ ਸਾਰਾ ਬੋਝ ਉਸਦੇ ਮੋਢਿਆਂ ਉਤੇ ਸਿੱਟ੍ਹ ਛੱਡਿਆ ਸੀ।

“ਲਓ ਜੀ ਗੱਡੀ `ਚ ਚੜ੍ਹੇ-ਚੜ੍ਹਾਏ ਲਾਹੌਰ ਦਾ ਗੇੜਾ ਮਾਰ ਲਵੋ, ਚਾਹ ਚੱਲ ਕੇ ਜ਼ੁਬੈਰ ਹੋਰਾਂ ਦੇ ਪੀਵਾਂਗੇ ਤੇ ਚੂਹ ਸਾਂਝ ਪਬਲੀਕੇਸ਼ਨ ਵਾਲਿਆਂ ਤੋਂ।” ਮੁਸ਼ਕੜੀਏਂ ਹਸਦਿਆਂ ਇਕਬਾਲ ਕੈਸਰ ਨੇ ਕਿਹਾ।

“ਠੀਕ ਏ ਭਰਾ, ਹੁਣ ਅੱਗੇ ਏਹ ਵੀ ਕਹਿ ਛੱਡ ਕੇ ਹੀਰਾ ਮੰਡੀ ਰਾਤੀਂ ਸੁਪਨਿਆਂ `ਚ ਵੇਖ ਛੱਡਿਓ।” ਤਲਵਿੰਦਰ ਨੇ ਨਹਿਲੇ ਤੇ ਦਹਿਲਾ ਛੱਡਿਆ।

“ਲਓ ਜੀ ਅਸੀਂ ਹੁਣ ਲੰਘ ਰਹੇ ਆਂ ਪੰਜਾਬ ਯੂਨੀਵਰਸਿਟੀ ਦੇ ਮੇਨ ਕੈਂਪਸ ਅੱਗੋਂ, ਬੜੇ ਲੰਮੇ-ਚੌੜੇ ਰਕਬੇ `ਚ ਹੈ ਵੇ ਕੈਂਪਸ।” ਇਕਬਾਲ ਕੈਸਰ ਨੇ ਇੱਕ ਪਾਸੇ ਇਸ਼ਾਰਾ ਕੀਤਾ। ਬੜਾ ਹਰਾ-ਭਰਾ ਇਲਾਕਾ ਸੀ। ਯੂਨੀਵਰਸਿਟੀ ਦੇ ਅੱਗੋਂ ਨਾਲ ਨਾਲ ਦੋ ਖੁੱਲ੍ਹੀਆਂ ਸੜਕਾਂ ਦੇ ਵਿਚਕਾਰ ਥੋੜ੍ਹੇ ਪਾਣੀ ਵਾਲੀ ਨਹਿਰ ਵਗਦੀ ਸੀ। ਇਥੋਂ ਅਸੀਂ ਇੱਕ ਦਿਨ ਪਹਿਲਾਂ ਰਾਤ ਨੂੰ ਲੰਘੇ ਸਾਂ ਤਾਂ ਨਹਿਰ ਵਿੱਚ ਲੱਗੇ ਫੁਹਾਰਿਆਂ ਹੇਠ ਰੰਗ-ਬਰੰਗੀਆਂ ਲਾਈਟਾਂ ਜਗਦੀਆਂ ਸਨ। ਬੜਾ ਖੂਬਸੂਰਤ ਦ੍ਰਿਸ਼ ਸੀ।

ਪਿਛਲੇ ਤਿੰਨ-ਚਾਰ ਦਿਨ ਤੋਂ ਵਲ-ਫੇਰ ਪਾ ਕੇ ਵਾਰ ਵਾਰ ਉਨ੍ਹਾਂ ਹੀ ਸੜਕਾਂ ਤੋਂ ਲੰਘ ਰਹੇ ਸਾਂ ਪਰ ਲਾਹੌਰ ਸ਼ਹਿਰ ਦੀ ਭੂਗੋਲਿਕ ਰੂਪ-ਰੇਖਾ ਮੇਰੇ ਤਾਂ ਬਿਲਕੁਲ ਹੀ ਪੱਲੇ ਨਹੀਂ ਸੀ ਪੈ ਰਹੀ। ਪਤਾ ਨਹੀਂ ਕਿੱਧਰ ਦੀ ਕਿੱਧਰ ਹਰਨਾਂ ਦੇ ਸਿੰਗੀ ਚੜ੍ਹੇ ਫਿਰਦੇ ਸਾਂ।

“ਏਹ ਕਲਮਾ ਚੌਂਕ ਏ,” ਇਸ ਵਾਰੀ ਇਕਬਾਲ ਕੈਸਰ ਦੀ ਥਾਂ ਤਲਵਿੰਦਰ ਬੋਲਿਆ। ਉਹ ਕਈ ਗੇੜੇ ਮਾਰਨ ਕਰਕੇ ਲਾਹੌਰ ਦੀਆਂ ਸੜਕਾਂ-ਗਲੀਆਂ ਦਾ ਵਾਹਵਾ ਜਾਣੂੰ ਹੋ ਗਿਆ ਸੀ। ਪਤਾ ਨਹੀਂ ਇਹ ਗਪੌੜ ਸੀ ਜਾਂ ਸੱਚ ਪਰ ਕਹਿੰਦੇ ਸਨ ਕਿ ਇਸ ਚੌਂਕ ਵਿੱਚ ਬਣੇ ਡਿਜ਼ਾਇਨ ਨੂੰ ਇੱਕ ਹਾਕਮ ਨੇ ਆਪਣੀ ਗਾਇਕ ਮਹਿਬੂਬਾ ਦੇ ਹੱਥ ਦੀ ਅਦਾ ਦੀ ਨਕਲ ਵਾਲਾ ਬਣਵਾਇਆ ਸੀ। ਉਂਜ ਧਿਆਨ ਨਾਲ ਵੇਖੀਏ ਤਾਂ ਲਗਦਾ ਵੀ ਇਉਂ ਸੀ ਜਿਵੇਂ ਗਾਇਕਾ ਨੇ ਆਪਣੀਆਂ ਪਤਲੀਆਂ ਨਾਜ਼ਕ ਉਂਗਲਾਂ ਨੂੰ ਮਰੋੜੀ ਦੇ ਕੇ ਹਵਾ `ਚ ਲਹਿਰਾਇਆ ਹੋਵੇ। ਵਿਚਕਾਰਲੀ ਵੱਡੀ ਉਂਗਲ ਦੀ ਅੱਕਾਸੀ ਵਜੋਂ ਡਿਜ਼ਾਇਨ ਦੀ ਇੱਕ ਨੋਕਦਾਰ ਪੱਤੀ ਉਤਾਂਹ ਵੱਲ ਨਿਕਲੀ ਹੋਈ ਸੀ।

“ਧਾਲੀਵਾਲ ਏਹ ਨੇ ਰਾਠ ਲੋਕਾਂ ਦੇ ਚੋਜ, ਅੱਜ-ਕੱਲ੍ਹ ਦੇ ੋਮੁਗਲੋ ਕੇਹੜਾ ਘੱਟ ਐ ਕਿਸੇ ਦੀ ਨੂੰਹ-ਧੀਅ ਨਾਲੋਂ।” ਮੇਰੇ ਨਾਲ ਬੈਠੇ ਬਲਦੇਵ ਸਿੰਘ ਸੜਕਨਾਮਾ ਨੇ ਰੁਮਾਨੀ ਹੁੰਦਿਆਂ ਕਿਹਾ।

“ਭਾਈ ਸਾਹਿਬ ਆਮ ਲੋਕ ਵੀ ਜਲੇਬੀ ਵਰਗੇ ਸਿੱਧੇ ਹੁੰਦੇ ਨੇ, ਅਮੀਰ ਲੋਕਾਂ ਨਾਲ ਏਹੋ ਜਿਹੀਆਂ ਮਿੱਥਾਂ ਜੋੜ ਕੇ ਫਿਰ ਆਪ ਸੁਆਦ ਲੈਂਦੇ ਨੇ।” ਪ੍ਰੇਮ ਪ੍ਰਕਾਸ਼ ਨੇ ਆਪਣੀ ਆਦਤ ਅਨੁਸਾਰ ਉਲਟੇ ਕੋਣ ਤੋਂ ਖੜ੍ਹ ਕੇ ਸਥਿਤੀ ਦੀ ਨਵੀਂ ਵਿਆਖਿਆ ਕੀਤੀ।

ਅਸੀਂ ਐਵੇਂ ਸ਼ੌਂਕੀਆ ਸੜਕਾਂ ਗਾਹੁੰਦੇ ਕਹਾਣੀਕਾਰ ਜ਼ੁਬੈਰ ਹੋਰਾਂ ਦੇ ਦਫ਼ਤਰ ਨੇੜੇ ਆ ਪਹੁੰਚੇ। ਸਾਹਮਣੇ ਇੱਕ ਛਲਣੀ ਹੋਈ ਪੰਜ-ਛੇ ਮੰਜ਼ਲੀ ਬਿਲਡਿੰਗ ਆਪਣੀ ਹੋਣੀ ਵੱਲ ਮੱਲੋਜ਼ੋਰੀ ਧਿਆਨ ਖਿਚਦੀ ਸੀ। ਸਾਰੇ ਪ੍ਰਸ਼ਨ ਉਗਲਦੀਆਂ ਨਜ਼ਰਾਂ ਨਾਲ ਇਕਬਾਲ ਕੈਸਰ ਵੱਲ ਝਾਕੇ।

“ਏਹ ਤੇ ਪਿਛੇ ਜਿਹੇ ਤੁਸੀਂ ਅਖਬਾਰਾਂ ਵਿੱਚ ਪੜ੍ਹਿਆ ਹੀ ਹੋਣੈ, ਚਾਲੀ ਪੰਜਾਹ ਬੰਦੇ ਬੰਬ ਬਲਾਸਟ ਵਿੱਚ ਮਾਰੇ ਗਏ ਸੂ। ੌ ਉਸ ਨੇ ਮੁਖ਼ਤਸਰ ਜਿਹੇ ਢੰਗ ਨਾਲ ਦੱਸਿਆ ਜਿਵੇਂ ਕਹਿ ਰਿਹਾ ਹੋਵੇ, “ਹੋਰ ਖੱਟੀ ਖੀਰ ਦਾ ਕੀ ਸਲਾਹੀਏ?” ਕਿਸੇ ਨੇ ਹੋਰ ਤਫ਼ਸੀਲ ਜਾਨਣ ਵਿੱਚ ਰੁਚੀ ਵੀ ਨਾ ਲਈ। ਇਹ ਤਾਂ ਸਾਡੇ ਦੋਵੇਂ ਦੇਸ਼ਾਂ ਵਿੱਚ ਨਿੱਤ ਦਾ ਵਰਤਾਰਾ ਹੈ। ਜਦੋਂ ਕਦੇ ਸਾਂਝ ਦੀ ਪੂਣੀ ਕੱਤੀ ਜਾਣ ਲਗਦੀ ਹੈ ਤਾਂ ਅਜਿਹੇ ਬੰਬ ਧਮਾਕੇ ਵਿਚਾਲਿਉਂ ਤੰਦ ਤੋੜ ਦਿੰਦੇ ਹਨ। ਤ੍ਰੇੜੇ ਅੰਗਾਂ ਨਾਲ ਫਿਰ ਰੇਜ਼ਾ ਰੇਜ਼ਾ ਕੋਸ਼ਿਸ਼ਾਂ ਸ਼ੁਰੂ ਹੁੰਦੀਆਂ ਹਨ। ਸਰਹੱਦਾਂ ਉ-ੱਤੇ ਪਿਆਰ ਦੀਆਂ ਮੋਮਬੱਤੀਆਂ ਬਾਲੀਆਂ ਜਾਂਦੀਆਂ ਹਨ। ਕਰੀਂ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਵਰਗੀਆਂ ਹੂਕਾਂ ਗੀਤਾਂ ਵਿਚੋਂ ਨਿਕਲਣ ਲਗਦੀਆ ਹਨ। ਟੁੱਟੇ ਤਾਣੇ-ਪੇਟੇ ਨੂੰ ਗੰਢਾਂ ਮਾਰ ਮਾਰ ਹਿਸਾਬ ਸਿਰ ਕੀਤਾ ਜਾਂਦਾ ਹੈ। ਫਿਰ ਇੱਕ ਬਲਾਸਟ ਪਲੀ ਪਲੀ ਜੋੜੇ ਕੁੱਪੇ ਨੂੰ ਰੁੜ੍ਹਾ ਜਾਂਦਾ ਹੈ। ਅਮਨ ਅਤੇ ਸਾਂਝ, ਚੀਥੜੇ ਚੀਥੜੇ ਹੋ ਕੇ ਲਹੂ-ਭਿੱਜੇ ਲਾਵਾਰਸ ਹੋਏ ਰੁਲਦੇ ਫਿਰਦੇ ਹਨ।

ਇਹ ਸੋਚਦਿਆਂ ਮਨ ਵਿਚੋਂ ਕਿਸੇ ਕਲਾਸਿਕ ਅੰਗਰੇਜ਼ੀ ਕਿਤਾਬ ਵਿੱਚ ਪੜ੍ਹੇ ਇਹ ਵਿਚਾਰ ਲੰਘੇ ਕਿ ਮਨੁੱਖ ਦੇਵਤਿਆਂ ਦੇ ਹੱਥਾਂ ਵਿੱਚ ਇਉਂ ਫਾਥੇ ਹੁੰਦੇ ਹਨ ਜਿਵੇਂ ਬਾਲਾਂ ਦੇ ਹੱਥਾਂ `ਚ ਤਿਤਲੀਆਂ, ਜਿੰਨਾ ਚਿਰ ਮਨ ਕਰੇ ਖੇਡਦੇ ਹਨ ਜਦ ਮਨ `ਚ ਆਵੇ ਮਸਲ ਸੁਟਦੇ ਹਨ। ਪਤਾ ਨਹੀਂ ਕਿਉਂ ਮਨ ਉਤੇ ਬੇਬਸੀ ਦੇ ਭਾਵ ਭਾਰੂ ਹੋ ਗਏ ਸਨ। ਇਹ ਖ਼ਿਆਲ ਪਤਾ ਨਹੀਂ ਕਿੱਥੇ ਗੁੰਮ ਗਏ ਸਨ ਕਿ ਇਹੀ ਲੋਕ ਜੇ ਆਪਣੀ ਆਈ ਤੇ ਆ ਜਾਣ ਤਾਂ ੋਦੇਵਤਿਆਂ’ ਦੇ ਸਿੰਘਾਸਣ ਵੀ ਤਾਂ ਮੂਧੇ ਮਾਰ ਦਿੰਦੇ ਹਨ।

ਆਸ-ਨਿਰਾਸ ਨਾਲ ਗੁੱਥਮ-ਗੁੱਥਾ ਹੁੰਦੇ ਨੂੰ ਮੈਨੂੰ ਸਾਹਮਣੇ ੋਕਿਤਾਬ ਤ੍ਰਿੰਜਣੋ ਦਾ ਬੋਰਡ ਨਜ਼ਰੀ ਪਿਆ। ਇਹੀ ਕਿਤਾਬਾਂ ਦੇ ਵਿਕਰੇਤਾ ਅਤੇ ਕਹਾਣੀਕਾਰ ਜ਼ੁਬੈਰ ਅਹਿਮਦ ਦਾ ਦੁਕਾਨ-ਨੁਮਾ-ਦਫ਼ਤਰ ਸੀ। ਬੋਰਡ ਦੇ ਹੇਠਾਂ ਪਤਾ ਲਿਖਿਆ ਹੋਇਆ ਸੀ, ਮੀਆਂ ਚੈਬਰਜ਼, ਟੈਂਪਲ ਰੋਡ, ਲਾਹੌਰ। ਆਪਣੇ ਅੰਦਰਲੇ ਭਾਵਾਂ ਵਾਂਗੂੰ ਮੀਆਂ ਅਤੇ ਟੈਂਪਲ ਸ਼ਬਦ ਵੀ ਮੈਨੂੰ ਗੁੱਥਮ-ਗੁੱਥਾ ਹੁੰਦੇ ਹੀ ਪ੍ਰਤੀਤ ਹੋਏ। ਇਧਰੋਂ ਧਿਆਨ ਹਟਾ ਕੇ ਮੈਂ ੋਕਿਤਾਬ ਤ੍ਰਿੰਜਣ’ ਨੂੰ ਨਿਹਾਰਨ ਲੱਗਾ। ਇਹ ਵਿਰਸੇ ਦਾ ਮੋਹ ਸੀ ਜਾਂ ਹੇਰਵਾ? ਆਧੁਨਿਕਤਾ ਵੱਲ ਪਿੱਠ ਕਰਨ ਦੀ ਕੋਸ਼ਿਸ਼ ਸੀ ਜਾਂ ਆਧੁਨਿਕਤਾ ਨੂੰ ਆਪਣੇ ਪੁਰਾਣੇ ਸਾਂਚੇ ਵਿੱਚ ਢਾਲਣ ਦਾ ਹੰਬਲਾ? ਕੁੱਝ ਵੀ ਹੋਵੇ ਉਸ ਪਿੱਛੋਂ ਮੈਨੂੰ ਦੁਕਾਨ ਦੇ ਰੈਕਾਂ `ਚ ਭਰੀਆਂ ਕਿਤਾਬਾਂ ਇਕੱਠੀਆਂ ਹੋ ਕੇ ਸੋਪ ਪਾਉਣ ਲੱਗੀਆਂ ਕੁੜੀਆਂ ਹੀ ਜਾਪਦੀਆਂ ਰਹੀਆਂ।

ਦੁਕਾਨ ਵਿੱਚ ਵਧੇਰੇ ਕਿਤਾਬਾਂ ਸ਼ਾਹਮੁਖੀ ਲਿੱਪੀ ਵਿੱਚ ਹੀ ਸਨ, ਬੱਸ ਆਟੇ `ਚ ਲੂਣ ਵਾਂਗ ਚੰਦ ਅੰਗਰੇਜ਼ੀ ਵਿਚ।

ਮੇਰੇ ਵਰਗੇ ਜਿਨ੍ਹਾਂ ਨੂੰ ਸ਼ਾਹਮੁਖੀ ਨਹੀਂ ਸੀ ਪੜ੍ਹਨੀ ਆਉਂਦੀ, ਉਹ ਭੁੱਲ-ਭੁਲੇਖੇ ਕਿਤਾਬ ਨੂੰ ਖੱਬੇ ਪਾਸਿਉਂ ਖੋਹਲਣਾ ਸ਼ੁਰੂ ਕਰਦੇ ਤੇ ਲਿੱਪੀ ਦੇ ਜਾਣੂੰਆਂ ਅੱਗੇ ਛਿੱਥੇ ਪੈਂਦੇ। ਫਿਰ ਵੀ ਸਾਡੇ ਵਿਚੋਂ ਹੁੰਦਲ ਅਤੇ ਪ੍ਰ੍ਰੇਮ ਪ੍ਰਕਾਸ਼ ਵਰਗੇ ਬਜੁਰਗ ਅਤੇ ਤਲਵਿੰਦਰ ਵਰਗੇ ਨੌਜਵਾਨ ਸ਼ਾਹਮੁਖੀ ਦੀਆਂ ਮਨ-ਪਸੰਦ ਕਿਤਾਬਾਂ ਪੜ੍ਹ ਪੜ੍ਹ ਛਾਂਟ ਰਹੇ ਸਨ।

“ਬਲਦੇਵ, ਜਾ ਕੇ ਆਪਾਂ ਦੋਵੇਂ ਭਾਈਆਂ ਨੇ ਇੱਕ ਕੰਮ ਜਰੂਰ ਕਰਨੈਂ, ਆਹ ਸ਼ਾਹਮੁਖੀ ਸਿੱਖਣ ਵਾਲਾ।” ਮੇਰੇ ਵਾਂਗੂੰ ਹੀ ਖੁਆਰ ਹੋਣ ਦਾ ਅਹਿਸਾਸ ਭੋਗ ਰਹੇ ਸਤੀਸ਼ ਵਰਮਾ ਨੇ ਆਪਣੀ ਬੇਬਸੀ ਅਤੇ ਪ੍ਰਣ ਮੇਰੇ ਨਾਲ ਸਾਂਝੇ ਕੀਤੇ।

“ਜੇ ਤ੍ਰੇੜਾਂ ਪੂਰਨੀਆਂ ਨੇ ਤਾਂ ਡਾ। ਸਾਹਿਬ ਏਨਾ ਕੁ ਤਾਂ ਕਰਨਾ ਹੀ ਪੈਣੈਂ ਫਿਰ।” ਮੇਰੇ ਅੰਦਰੋਂ ਵੀ ਪਲ ਕੁ ਲਈ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਕੁੱਦਿਆ।

“ਨੲ੍ਹੀਂ ਤਾਂ ਹੌਲੀ ਹੌਲੀ।। ।।” ਬੇਮਤਲਬ ਵਰਕੇ ਉਥੱਲਦੇ ਸ਼ਤੀਸ਼ ਵਰਮਾ ਤੋਂ ਪੰਜਾਬੀਆਂ ਦੇ ਕਾਲੇ ਭਵਿੱਖ ਦੀ ਪੇਸ਼ੀਨਗੋਈ ਕਰਦਾ ਵਾਕ ਪੂਰਾ ਨਾ ਹੋਇਆ। ਹੁਣ ਅਸੀਂ ਚੁੱਪ ਦੀ ਭਾਸ਼ਾ `ਚ ਗੱਲਾਂ ਕਰਨ ਲੱਗੇ। ਜ਼ੁਬੈਰ ਦੀ ਮੱਦਦ ਨਾਲ ਮੈਂ ਨਜ਼ਮ ਹੁਸੈਨ ਸੱਯਦ ਦੀ ਇੱਕ ਸ਼ਾਹਮੁਖੀ `ਚ ਲਿਖੀ ਆਲੋਚਨਾ ਦੀ ਕਿਤਾਬ ਖਰੀਦ ਲਈ ਅਤੇ ਨਿਸਚਾ ਕੀਤਾ ਕਿ ਇਸਨੂੰ ਲਿੱਪੀ ਸਿੱਖ ਕੇ ਖੁਦ ਹੀ ਪੜ੍ਹਾਂਗਾ।

ਜ਼ੁਬੈਰ ਨਾਲ ਗੱਲੀਂ ਰੁੱਝਿਆਂ ਨੂੰ ਵਕਤ ਦਾ ਪਤਾ ਹੀ ਨਾ ਲੱਗਿਆ। ਅੱਗੇ ਸਾਂਝ ਪਬਲੀਕੇਸ਼ਨ ਦੇ ਦਫ਼ਤਰ ਪਹੁੰਚਦਿਆਂ ਤੱਕ ਰਾਤ ਉਤਰ ਆਈ। ਭਾਰਤੀ ਮਾਹੌਲ ਦੇ ਗਿੱਝਿਆਂ ਨੂੰ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਵਾਹਵਾ ਲੇਟ ਹਾਂ ਅਤੇ ੋਚੂਹ’ ਦੇ ਸ਼ੌਕੀਨ ਸਾਡੀ ਉਡੀਕ ਵਿੱਚ ਵਲਾਵੇਂ ਲੈ ਰਹੇ ਹੋਣਗੇ। ਪਰ ਨਹੀਂ, ਮੁੱਖ ਮੇਜ਼ਬਾਨ ਅਮਜ਼ਦ ਅਜ਼ੀਮ ਹੋਰਾਂ ਦੇ ਚਿਹਰੇ ਤੇ ਕੋਈ ਐਸਾ ਤਣਾਅ ਨਜ਼ਰ ਨਾ ਆਇਆ। ਉਹ ਬੜੇ ਇਤਮੀਨਾਨ ਨਾਲ ਦਫ਼ਤਰ ਦੇ ਗਲੀਚੇ ਉਤੇ ਚਿੱਟੀ ਚਾਦਰ ਵਿਛਾ ਕੇ ਸਮ੍ਹਾਂ ਦੁਆਲੇ ਬੈਠੇ ਗੱਪਾਂ ਮਾਰ ਰਹੇ ਸਨ। ਵਿਚਕਾਰ ਇੱਕ ਟਰੇਅ ਵਿੱਚ ਪਏ ਗਿਲਾਸ ਧੀਰ ਬੰਨ੍ਹਾ ਰਹੇ ਸਨ। ਬਿਜਲੀ ਦੇ ਕੱਟ ਵਾਲਾ ਘੰਟਾ ਹੋਣ ਕਰਕੇ ਸਮ੍ਹਾਂ ਦੀ ਧੁੰਦਲੀ ਰੋਸ਼ਨੀ ਨਾਲ ਕੰਮ ਸਾਰਿਆ ਜਾ ਰਿਹਾ ਸੀ।

ਸਾਡੇ ਤੋਂ ਇਲਾਵਾ ਕਿਸੇ ਹੋਰ ਖਾਸ-ਮ-ਖਾਸ ਦੀ ਵੀ ਉਡੀਕ ਕੀਤੀ ਜਾ ਰਹੀ ਸੀ। ਫੋਨਾਂ ਉਤੇ ਹੁੰਦੀ ਗੱਲਬਾਤ ਤੋਂ ਅਨੁਮਾਨ ਹੋਇਆ ਕਿ ਦੋ ਮੰਤਰੀ ਸਹਿਬਾਨ ਪਹੁੰਚਣ ਵਾਲੇ ਸਨ। ਸਿਰਫ਼ ਦਾਰੂ-ਸਭਾ ਵਿੱਚ ਮੰਤਰੀ? ਸੋਚ ਕੇ ਕੁੱਝ ਅਨੋਖਾ ਜਿਹਾ ਜਾਪਿਆ। ਉਹ ਛੇਤੀ ਹੀ ਪਹੁੰਚ ਗਏ ਅਤੇ ਸਾਡੇ `ਚ ਆਮ ਬੰਦਿਆਂ ਵਾਂਗ ਘੁਲ-ਮਿਲ ਗਏ ਤਾਂ ਹੋਰ ਵੀ ਵਚਿੱਤਰ ਲੱਗਿਆ। ਸ਼ਾਇਦ ਅਜੇ ਨਵੀਂ ਨਵੀਂ ਬਣੀ ਸਰਕਾਰ ਕਰਕੇ ਉਨ੍ਹਾਂ ਨੂੰ ਵੀ। ਪੀ। ਆਈ। ਹੋਣ ਦੀ ਗੇਝ ਨਹੀਂ ਪਈ ਸੀ ਅਤੇ ਉਹ ਆਪਣੇ ਆਪ ਨੂੰ ਅਵਾਮ ਦਾ ਹਿੱਸਾ ਹੀ ਸਮਝਦੇ ਹੋਣਗੇ।

ਪਹਿਲੇ ਪੈ-ੱਗ ਨਾਲ ਦੋਹਾਂ ਪੰਜਾਬਾਂ ਦੀ ਸਾਂਝ, ਮਾਂ ਬੋਲੀ ਪੰਜਾਬੀ ਦੀ ਕਦਰ, ਵਿਰਸੇ ਦੀ ਸੰਭਾਲ, ਮੇਲ-ਮਿਲਾਪ ਵਧਾਉਣ ਦੀਆਂ ਗੱਲਾਂ ਇਓੁਂ ਚਲਦੀਆਂ ਰਹੀਆਂ ਜਿਵੇਂ ਇੱਕ ਦੂਜੇ ਦੀ ਤਾਕਤ ਜੋਹ ਰਹੀਆਂ ਟੀਮਾਂ ਸੰਭਲ ਸੰਭਲ ਕਿੱਕਾਂ ਮਾਰ ਰਹੀਆਂ ਹੋਣ। ਦੂਜੇ ਪੈ-ੱਗ ਪਿੱਛੋਂ ਪਤਾ ਹੀ ਨਹੀਂ ਚੱਲਿਆ, ਕਦੋਂ ਗੱਲ ਤਿਲ੍ਹਕ ਕੇ ਪੰਜਾਬੀ-ਸਰਾਇਕੀ ਦੀਆਂ ਤਰੇੜਾਂ ਦੇ ਚੀਲ੍ਹੇ ਵਿੱਚ ਜਾ ਫਸੀ। ਮੇਰਾ ਆਮ ਜਿਹਾ ਪ੍ਰਭਾਵ ਤਾਂ ਇਹੀ ਸੀ ਕਿ ਸਰਾਇਕੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ, ਜਿਵੇਂ ਸਾਡੇ ਮਲਵਈ, ਮਾਝੀ ਦੇ ਕੁੱਝ ਇਲਾਕਾਈ ਵਖਰੇਵੇਂ ਹਨ। ਕੁੱਝ ਧੁਨੀਆਂ, ਰੂਪਗ੍ਰਾਮਾਂ, ਸ਼ਬਦਾਂ, ਕ੍ਰਿਆਵਾਂ ਦਾ ਹੀ ਫਰਕ ਹੋਵੇਗਾ।

“ਜੇ ਇਉਂ ਪੰਜਾਬੀ ਦੀਆਂ ਉਪਭਾਸ਼ਾਵਾਂ ਆਪਣੀ ਆਪਣੀ ਖੁਦਮੁਖ਼ਤਾਰੀ ਲਈ ਬਜ਼ਿਦ ਹੋ ਗਈਆਂ ਤਾਂ ਕਿਵੇਂ ਬਚੇਗੀ ਕੇਂਦਰੀ ਪੰਜਾਬੀ ਫਿਰ?” ਵੋਦਕਾ ਦੇ ਅਸਰ ਦਾ ਹੁਲਾਰਾ ਮਹਿਸੂਸ ਕਰਦਿਆਂ ਮੈਂ ਆਪਣੇ ਵੱਲੋਂ ਪੰਜਾਬੀ ਦੀ ਖ਼ੈਰ ਮੰਗਣ ਦੇ ਭਾਵ ਨਾਲ ਕਿਹਾ। ਪਰ ਨਹੀਂ, ਮੈਂ ਪਾਕਿਸਤਾਨੀ ਪੰਜਾਬ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਸਾਂ। ਭਰਮ-ਭੁਲੇਖੇ ਹੀ ਮੇਰੇ ਤੋਂ ਹਨੇਰੇ ਵਿੱਚ ਸੱਪ ਦੀ ਪੂਛ ਉਤੇ ਪੈਰ ਰੱਖਿਆ ਗਿਆ ਸੀ। ਇੱਕ ਮੰਤਰੀ ਜੀ ਤੜਪ ਉਠੇ, ਭਾਵੇਂ ਉਨ੍ਹਾਂ ਨੇ ਪੂਰੇ ਜ਼ਾਬਤੇ ਵਿੱਚ ਰਹਿਣ ਦਾ ਯਤਨ ਕੀਤਾ।

“ਤੁਸੀਂ ਪ੍ਰਾਹੁਣੇ ਜੇ ਸਰਦਾਰ ਜੀ, ਬੁਰਾ ਨਾ ਮਨਾਉਣਾ, ਪਰ ਮੇਰੀ ਗੁਜ਼ਾਰਿਸ਼ ਹੈ ਵੇ ਕਿ ਇਸ ਮਸਾਇਲ ਨੂੰ ਨਾ ਈ ਛੇੜੀਏ ਤਾਂ ਬੇਹਤਰ ਰਵ੍ਹੇਗਾ। ਉਂਜ ਦੋ ਹਰਫ਼ਾਂ ਵਿੱਚ ਗੱਲ ਮੁਕਾਉਣੀ ਹੋਵੇ ਤਾਂ ਲੁਬ-ਏ-ਲੁਬਾਬ ਏਹ ਵੇ ਪਈ ਜੇ ਕਿਸੇ ਸਰਾਇਕੀ ਬੋਲਣ ਵਾਲੇ ਨੂੰ ਕੋਈ ਇੰਤਸ਼ਾਰ ਕਰੇ ਕਿ ਤੇਰੀ ਮਾਂ ਬੋਲੀ ਪੰਜਾਬੀ ਏ ਤੇ ਖ਼ਬਰੇ ਉਹ ਕਹਿਣ ਵਾਲੇ ਦਾ ਸਿਰ ਕਲਮ ਕਰ ਛੱਡੇ।” ਲੰਮੇ-ਝੰਮੇ ਅਤੇ ਮੋਕਲੇ ਹੱਡਾਂ-ਪੈਰਾਂ ਵਾਲੇ ਮੰਤਰੀ ਦੇ ਨਿਝੱਕ ਅਤੇ ਖੁਰਦਰੇ ਬੋਲਾਂ ਨੇ ਮੈਨੂੰ ਆਵਾਕ ਕਰ ਦਿੱਤਾ। ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਸਰਾਇਕੀ-ਪੰਜਾਬੀ ਦੀਆਂ ਤ੍ਰੇੜਾਂ ਦੀ ਮਰਜ਼ ਲਾਇਲਾਜ਼ ਹੱਦ ਤੱਕ ਪਹੁੰਚ ਚੁੱਕੀ ਜਾਂ ਪਹੁੰਚਾ ਦਿੱਤੀ ਗਈ ਹੈ।

“ਇਨ੍ਹਾਂ ਦੀ ਜਿੱਤ ਵਿੱਚ ਕੁੱਝ ਹੱਥ ਸਰਾਇਕੀ-ਪੱਤੇ ਦਾ ਵੀ ਹੈ ਵੇ ਸਰਦਾਰ ਜੀ।” ਮੇਰੇ ਨਾਲ ਬੈਠੇ ਨੌਜਵਾਨ ਨੇ ਮੰਤਰੀ ਵੱਲ ਇਸ਼ਾਰਾ ਕਰਦਿਆਂ ਮੇਰੇ ਕੰਨ `ਚ ਘੁਸਰ-ਮੁਸਰ ਕੀਤੀ। ਗੱਲ ਮੇਰੇ ਸਮਝ ਆ ਗਈ। ਭਾਰਤ ਦੀ ਰਾਜਨੀਤੀ ਵਾਂਗ ਹੀ ਮਾਮਲਾ ਰਾਜਸੀ ਪੱਤਿਆਂ ਦਾ ਵੀ ਸੀ।

“ਸਰ ਜਿਤਰਾਂ ਸਰਾਇਕੀ ਵਾਲੇ ਆਪਣੀ ਗੱਲ ਉਤੇ ਅੜੇ ਹੋਏ ਨੇ, ਓਤਰਾਂ ਅਹੀਂ ਪੰਜਾਬੀ ਵਾਲੇ ਆਪਣੀ ਬੋਲੀ ਦੀ ਤਰੱਕੀ ਲਈ ਕਿਉਂ ਨੀਂ ਕਰਦੇ ਕੁਝ? ਸਾਡੇ ਤਾਂ ਪੰਜਾਬੀ ਅਦੀਬਾਂ ਦੇ ਨਾਵਾਂ ਉਤੇ ਬਣੀਆਂ ਸੜਕਾਂ ਤੇ ਸਰਕਾਰੀ ਬੋਰਡ ਵੀ ਪੰਜਾਬੀ ਵਿੱਚ ਨੲ੍ਹੀਂ ਲਿਖੇ ਜਾਂਦੇ।” ਇਕਬਾਲ ਕੈਸਰ ਮੈਨੂੰ ਬਚਾਉਣ ਲਈ ਗੱਲ ਆਪਣੇ ਪਾਲ਼ੇ ਵਿੱਚ ਲੈ ਗਿਆ ਅਤੇ ਆਪਣੇ ਢੰਗ ਨਾਲ ਉਰਦੂ-ਹਮਾਇਤੀ ਮੰਤਰੀ ਨੂੰ ਵਲਨਾ ਚਾਹਿਆ।

“ਖ਼ੈਰ ਮਸ਼ਵਰਾ ਤੇ ਧਾਡ੍ਹਾ ਬੜਾ ਆਹਲਾ ਏ, ਹਕੂਮਤ ਏਸ ਵੱਲੇ ਤਵੱਜੋ ਵੀ ਮਾ-ਸ਼ਾਲਾ ਲਾਜ਼ਮੀ ਦਵੇਗੀ, ਪਰ ਤੁਸੀਂ ਅਦੀਬ ਲੋਗ ਖ਼ੁਦ ਵੀ ਕੋਈ ਹੀਲ-ਹੁਜਤ ਨੲ੍ਹੀ ਪਏ ਕਰਦੇ। ਐਹ ਕਾਨਫਰੰਸਾਂ ਕਰਾਉਂਦੇ ਓ, ਮਕਾਲੇ ਲਿਖਦੇ ਓ, ਪ੍ਰਾਹੁਣੇ ਸਾਂਭਦੇ ਓ, ਖਰਚ ਤੇ ਹੋਂਦਾ ਈ ਏ ਨਾ? ਅਦੀਬਾਂ ਦੇ ਨਾਂ ਵਾਲੀਆਂ ਚਾਰ ਸੜਕਾਂ ਤੇ ਚਾਰ ਯਾਦਗਾਰੀ ਬੋਰਡ ਲਿਖਵਾ ਕੇ ਪਹਿਲਕਦਮੀ ਕਰ ਛੱਡੋ, ਪਿੱਛੇ ਪਿੱਛੇ ਅਸੀਂ ਨਪੜ੍ਹ ਲੋਗ ਵੀ ਟੁਰ ਪਵਾਂਗੇ ਆਪਣੀ ਮਾਂ-ਬੋਲੀ ਖਾਤਰ, ਇਤਨਾ ਭਾਰੀ ਮਾਮਲਾ ਤੇ ਮੈਨੂੰ ਕੋਈ ਨਜ਼ਰ ਨੲ੍ਹੀ ਪਿਆ ਆਉਂਦਾ।” ਪਹਿਲੇ ਮੰਤਰੀ ਵਾਂਗ ਦੂਜੇ ਨੇ ਵੀ ਕਿੱਕ ਮਾਰ ਕੇ ਬਾਲ ਪੰਜਾਬੀ ਅਦੀਬਾਂ ਦੇ ਗੋਲ ਵੱਲ ਸਿੱਟ ਦਿੱਤੀ। ਇਨ੍ਹਾਂ ਤੇਲ ਨਾਲ ਗੜੁੱਚ ਪਿੰਡਿਆਂ ਵਾਲੇ ਪਹਿਲਵਾਨਾਂ ਦੇ ਸਰੀਰ ਉਤੇ ਪਕੜ ਪਾਉਣੀ ਐਨਾ ਸੌਖਾ ਕੰਮ ਕਿੱਥੇ ਸੀ? ਪੰਜਾਬੀ ਬੋਲੀ ਦੇ ਤ੍ਰੇੜੇ ਵਜੂਦ ਲਈ ਦਵਾ-ਦਾਰੂ ਕਰਨ ਦਾ ਮਾਮਲਾ ਪੇਚੀਦਾ ਸੀ।

“ਸਰ ਤੁਸੀਂ ਤੇ ਅਸੈਂਬਲੀ ਵਿੱਚ ਸਹੁੰ ਵੀ ਪੰਜਾਬੀ ਵਿੱਚ ਨੲ੍ਹੀਂ ਸੂ ਚੁੱਕੀ।” ਜ਼ੁਬੈਰ ਆਹਿਮਦ ਦੀ ਥਾਂ ਖਬਰੇ ਉਸ ਅੰਦਰ ਗਈ ਵੋਦਕਾ ਸਿਰ ਚੜ੍ਹ ਕੇ ਬੋਲੀ। ਉਹ ਸਿੰਗਾਂ ਤੋਂ ਨਾ ਅਟਕੇ ਸਾਨ੍ਹ ਨੂੰ ਪੂਛ ਤੋਂ ਫੜ੍ਹ ਕੇ ਰੋਕਣ ਦਾ ਅਜਾਈਂ ਯਤਨ ਕਰਨ ਲੱਗਾ। ਮੈਨੂੰ ਜਾਪਿਆ ਕਿ ਹੁਣ ਮੰਤਰੀ ਵੱਲੋਂ ਇੱਟ ਦਾ ਜਵਾਬ ਪੱਥਰ ਵਿੱਚ ਆਵੇਗਾ ਪਰ ਬਚਾਅ ਹੋ ਗਿਆ। ਮਹਿਫ਼ਲ ਦੇ ਸੰਚਾਲਕ ਡਾ। ਸਾਈਦ ਭੁੱਟਾ ਨੇ ਰੰਗ `ਚ ਭੰਗ ਪਾਉਣ ਵਾਲੀ ਗੁਫ਼ਤਗੂ ਨੂੰ ਗੰਡਾਸਾ-ਕੱਟ ਮਾਰ ਕੇ ਰੋਕ ਦਿੱਤਾ ਅਤੇ ਮਹਿਫ਼ਲ ਨੂੰ ਮੁਸ਼ਾਹਿਰੇ ਵੱਲ ਦਾ ਰੁਖ ਦੇ ਦਿੱਤਾ। ਉਸ ਨੇ ਪਾਕਿਸਤਾਨੀ ਸ਼ਾਇਰਾਂ ਦੀਆਂ ਚੰਦ ਸਤਰਾਂ ਬੋਲ ਕੇ ਮਾਹੌਲ ਬਨਾਉਣ ਦੀ ਕੋਸ਼ਿਸ਼ ਕੀਤੀ:

ਸਾਡੇ ਅੰਗ ਤਰੇੜਾਂ ਪਈਆਂ

।। ।। ।। ।। ।। ।। ।। ।। ।। ।। ।। ।। ।। ।। ।। ।। ।

ਗਏ ਸਮੇਂ ਨੂੰ ਸਾਂਭਣਾ ਪੈਂਦੈ, ਖੁਲ੍ਹਿਆਂ ਵਾਲਾਂ ਵਾਂਗੂੰ

।। ।। ।। ।। ।। ।। ।। ।। ।। ।। ।। ।। ।। ।। ।। ।। ।

ਨਾ ਅੜਿਆ ਤੂੰ ਮਿਲਿਆ ਨਾ ਕਰ

ਇਸ ਨਾਲ ਕਾਂਟਾ ਤਾਂ ਬਦਲ ਗਿਆ ਪਰ ਵੋਦਕਾਵਾਦੀ ਸਰੋਤੇ ਆਪਮੁਹਾਰੇ ਫਰਮਾਇਸ਼ਾਂ ਪਾਉਣ ਲੱਗੇ, “ਅਫਜ਼ਲ ਸਾਹਿਰ ਨੂੰ ਸੁਣੋਂ, ਨਈਂ ਪਹਿਲੇ ਪ੍ਰਾਹੁਣਿਆਂ ਨੂੰ ਵਕਤ ਦਿਓ, ਨੲ੍ਹੀਂ ਇਕਬਾਲ ਕੈਸਰ ਦੀ ਨਜ਼ਮ ੋਮੈਂ ਧਰਤੀ ਪੰਜਾਬ ਦੀੋ ਸੁਣਾਓ, ਨਈਂ ਚੌਧਰੀ।। । ਪ੍ਰੋ। ਸਾਹਿਬ।। । , ਅਜੀਮ ਜੀ।। ।।” ਚਾਰੇ ਪਾਸੇ ਆਪਾ-ਧਾਪੀ ਮੱਚ ਗਈ। ਰੌਲੇ-ਰੱਪੇ ਵਿੱਚ ਹੀ ਮੰਤਰੀ ਸਹਿਬਾਨ ਉ-ੱਠ ਕੇ ਚਲੇ ਗਏ। ਮਾਹੌਲ ਨੂੰ ਟਿਕਾਉਣ ਲਈ ਬਹੁਗਿਣਤੀ ਸਰੋਤਿਆਂ ਦੀ ਆਵਾਜ਼ ਦੀ ਕਦਰ ਕਰਦਿਆਂ ਇਕਬਾਲ ਕੈਸਰ ਸ਼ੁਰੂ ਹੋਇਆ:

ਨਾਨਕ ਦੁਨੀਆਂ ਕੂੜ ਹੈ

ਕਹਿ ਬੁੱਲ੍ਹਿਆ ਦੁਨੀਆਂ ਖੱਚ

ਨੀਵਾਂ ਹੋ ਕੇ ਵੇਖ ਹੁਸੈਨਾ

ਕੁਫ਼ਰ-ਕਰੋਧੋਂ ਬਚ

।। ।। ।। ।। ।। ।। ।। ।। ।। ।। ।। ।। ।।

ਉਸ ਨੇ ਆਪਣੇ ਅੰਦਰ ਡੱਕੇ ਗੁੱਸੇ ਨੂੰ ਜਿਵੇਂ ਕਾਵਿਕ ਅੰਦਾਜ਼ ਦੇ ਲਿਆ ਸੀ। ਸਰੋਤਿਆਂ ਨੇ ਵਾਹ ਵਾਹ ਕੀਤੀ। ਗੱਲ ਉਨ੍ਹਾਂ ਦੇ ਕਲੇਜੇ ਜਾ ਲੱਗੀ ਸੀ। ਤੱਤੇ ਘਾਅ ਕੈਸਰ ਨੇ ਆਪਣੀ ਕਿਤਾਬ ਵਿਚੋਂ ਨਜ਼ਮ ੋਮੈਂ ਧਰਤੀ ਪੰਜਾਬ ਦੀ’ ਪੜ੍ਹਨੀ ਸ਼ੁਰੂ ਕੀਤੀ: ਮੈਂ।। ।। ।। ।। ।। ।। ।। ।। ।। ।। ।। ।। ।।

“ਏਹ ਕੀ ਕੁੱਠੇ ਜਾਣ ਵਾਲੇ ਬੱਕਰੇ ਵਾਂਗੂੰ ਮੈਂ ਮੈਂ ਲਾਈ ਊ, ਚਵਲ ਜੇਹਾ ਬੰਦਾ ਹੈਗਾ ਵੇ ਏਹ, ਏਹਦੀਆ ਨਜ਼ਮਾਂ ਏਹਤੋਂ ਵੀ ਵੱਧ।। । , ਬੰਦ ਕਰੋ ਬਕਵਾਸ।। ।।” ਕਹਿੰਦਿਆਂ ਪ੍ਰੋ। ਭੁੱਟਾ ਨੇ ਕੈਸਰ ਹੱਥੋਂ ਕਿਤਾਬ ਝਪੁੱਟ ਕੇ ਪਰ੍ਹੇ ਕੰਧ ਨਾਲ ਦੇ ਮਾਰੀ। ਉਹ ਔਟ ਹੋ ਕੇ ਬੌੜ ਮਾਰਨ ਲੱਗ ਪਿਆ। ਇਕਬਾਲ ਕੈਸਰ ਅੱਗੋਂ ਹਸਦਾ ਰਿਹਾ ਜਿਵੇਂ ਇਹ ਕੋਈ ਖਾਸ ਗੱਲ ਨਾ ਹੋਵੇ ਜਾਂ ਸ਼ਾਇਦ ਸ਼ਰਾਬੀ ਕਰਕੇ ਨਹੀਂ ਸੀ ਗੌਲਿਆ। ਉਤੋਂ ਬਲਦੀ ਤੇ ਤਾਲ ਪਾਉਂਦਿਆਂ ਅਫਜ਼ਲ ਸਾਹਿਰ ਨੇ ਇਕਬਾਲ ਕੈਸਰ ਦੀ ਕਵਿਤਾ ੋਨਾ ਅੜਿਆ ਤੂੰ ਮਿਲਿਆ ਨਾ ਕਰ’ ਦੀ ਪੈਰੋਡੀ ਸੁਨਾਉਣੀ ਸ਼ੁਰੂ ਕਰ ਦਿੱਤੀ, “ਨਾ ਅੜਿਆ ਤੂੰ ਲਿਖਿਆ ਨਾ ਕਰ, ਔਖੇ ਹੋ ਕੇ ਸੁਣਨਾ ਪੈਂਦੈ, ਫਿਰ ਵੀ ਜਦ ਤੂੰ ਹਟਦਾ ਨਈਂ ਤਾਂ ਇੰਜ ਹਟਾਉਣਾ ਪੈਂਦੈ।। ।। ਨਾ ਅੜਿਆ।। ।। ੌ

ਕੀ ਇਹ ਲੋਕ ਸੱਚਮੁੱਚ ਹੀ ਹਾਸਾ-ਖੇਡਾ ਕਰ ਰਹੇ ਸਨ ਜਾਂ ਵੋਦਕਾ ਨਾਲ ਇਹਨਾਂ ਦੀਆਂ ਦੱਬੀਆਂ ਪਈਆਂ ਰੰਜਸ਼ਾਂ ਬਾਹਰ ਡੁੱਲ੍ਹਣ ਲੱਗੀਆਂ ਸਨ? ਕੁੱਝ ਸਮਝ ਨਹੀਂ ਸੀ ਆ ਰਿਹਾ। ਹੁਣ ਤਾਂ ਉ-ੱਠਣ ਵਿੱਚ ਹੀ ਭਲਾਈ ਸੀ। ੋਸ਼ਾਇਦ ਦਾਰੂ ਕਦੇ-ਕਦਾਈਂ ਪੀਣ ਕਰਕੇ ਜਿਆਦਾ ਅਸਰ ਕਰ ਗਈ ਹੋਵੇ। ’ ਸੋਚਦਿਆਂ ਮੈਂ ਮਨ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸਾਂ ਪਰ ਉਹ ਮੰਨਣ ਵਿੱਚ ਨਹੀਂ ਸੀ ਆ ਰਿਹਾ। ਅੰਦਰ ਕੁੱਝ ਤ੍ਰੇੜਿਆ ਗਿਆ ਸੀ।

 

 

ਲਾਹੌਰ ਦਾ ਬੇਸ਼ਕੀਮਤੀ ਅਜਾਇਬ-ਘਰ

ਅੱਜ ਉਸ ਦੀ ਸੱਧਰ ਪੂਰੀ ਹੋਣੀ ਸੀ। ਉਹ ਇਉਂ ਤਿਆਰੀ ਕਰ ਰਿਹਾ ਸੀ ਜਿਵੇਂ ਅਜਾਇਬ ਘਰ ਵੇਖਣ ਦੀ ਥਾਂ ਕਿਸੇ ਮੁਹਿੰਮ ਤੇ ਚੜ੍ਹਨਾ ਹੋਵੇ। ਦੇਵ ਦਰਦ ਦੀ ਐਂਟੀਕਵਾਦੀ ਦ੍ਰਿਸ਼ਟੀ ਮਿਊਜ਼ੀਅਮ ਦੀਆਂ ਚੀਜਾਂ-ਵਸਤਾਂ ਨੂੰ ਕਿਸੇ ਹੋਰ ਕੋਣ ਤੋਂ ਵੇਖਣਾ ਚਾਹੁੰਦੀ ਸੀ। ਮੈਂ ਅਤੇ ਪ੍ਰੇਮ ਪ੍ਰਕਾਸ਼ ਤਾਂ ਉਸ ਦੇ ਪਿੱਛੇ ਪਿੱਛੇ ਤੁਰਨ ਵਾਲੇ ਸਾਂ। ਬਲਦੇਵ ਸਿੰਘ ਸੜਕਨਾਮਾ ਆਪਣੇ ਨਵੇਂ ਲਿਖੇ ਜਾ ਰਹੇ ਨਾਵਲ ੋਦੁੱਲਾ ਭੱਟੀ’ ਦੀ ਸਮੱਗਰੀ ਭਾਲਣ ਲਈ ਸਵੇਰੇ ਸਵੇਰੇ ਹੀ ਨਸਰੀਨ ਅੰਜ਼ੁਮ ਭੱਟੀ ਹੋਰਾਂ ਨਾਲ ਪਿੰਡ ਭੱਟੀਆਂ ਵੱਲ ਨਿਕਲ ਗਿਆ ਸੀ। ਬਾਕੀ ਦੇ ਚਾਰ ਸਾਥੀ ਭਾਰਤ ਲਈ ਵਿਦਾ ਕਰ ਦਿੱਤੇ ਸਨ।

“ਬਾਬਿਓ ਗੱਲ ਏਤਰਾਂ ਈ ਕਿ ਵਕਤ ਬੜਾ ਕੀਮਤੀ ਏ, ਬੜਾ ਕੁੱਝ ਵੇਖਣ-ਵਾਚਣ ਵਾਲਾ ਹੈ ਜੇ ਤੇ ਸਮਾਂ ਬਹੁਤ ਥੋੜ੍ਹਾ ਪੈ ਜਾਣਾ ਈ, ਪਲੀਜ਼ ਤੁਸੀਂ ਤੁਰੰਤ ਪਹੁੰਚੋ ਤੇ ਸਾਰਾ ਸਾਜੋ-ਸਮਾਨ ਯਾਦ ਕਰਕੇ ਨਾਲ ਖੜਦੇ ਆਉਣਾ, ਹਾਂ ਆਓ ਮੇਰੇ ਵੀਰ ਛੇਤੀ ਤੋਂ ਛੇਤੀ। ੌ ਦੇਵ ਸਾਨੂੰ ਲੈਣ ਲਈ ਆਉਣ ਵਾਲੇ ਮਿੱਤਰਾਂ ਨੂੰ ਤਕੜਾਈ ਕਰ ਰਿਹਾ ਸੀ। ਉਸ ਦੇ ਯਾਰ ੋਹੁਕਮ ਮੇਰੇ ਆਕਾ’ ਕਹਿਣ ਵਾਂਗ ਅੱਖ ਦੇ ਫੋਰ ਵਿੱਚ ਆ ਪਹੁੰਚੇ, ਸਾਜੋ-ਸਮਾਨ ਨਾਲ ਪੂਰੇ ਲੈਸ।

ੋਇਹ ਮਿਊਜ਼ੀਅਮ ਵਿਖਾਉਣ ਵਾਲੇ ਐ ਕਿ ਕਿੱਡਨੈਪਰ? ੋ ਮੈਂ, ਕਾਰ `ਚੋਂ ਉਤਰੇ ਤਿੰਨ ਲਾਹੌਰੀ ਸਟਾਈਲ ਹੱਟੇ-ਕੱਟੇ ਨੌਜਵਾਨਾਂ ਵੱਲ ਵੇਖਦਿਆਂ ਦੇਵ ਦਰਦ ਨਾਲ ਸ਼ੁਗਲ ਕੀਤਾ।

“ਨੲ੍ਹੀਂ ਬਾਬਿਓ ਕੀ ਗੱਲਾਂ ਪਏ ਕਰਦੇ ਓ, ਏ ਆਪਣੇ ਬੜੀ ਰੂਹ ਵਾਲੇ ਯਾਰ ਹੈ ਨੇ, ਵੇਂਹਦੇ ਜਾਓ ਜਲਵੇ ਏਨ੍ਹਾਂ ਦੇ। ੌ ਦੇਵ ਨੇ ਹੱਸ ਕੇ ਦੱਸਿਆ।

“ਏਹ ਇਸਹਾਕ ਗਿੱਲ, ਏਹ ਅਰਸ਼ਦ ਸੰਧੂ, ਏਹ ਅਹਿਮਦ ਚੀਮਾ।। ।। ੌ ਦੇਵ ਦਰਦ ਨੇ ਜਾਣ-ਪਛਾਣ ਕਰਵਾਈ। ਉਨ੍ਹਾਂ ਦੇ ਜੁੱਸਿਆਂ ਵਾਂਗ ਹੀ ਉਨ੍ਹਾਂ ਦੇ ਨਾਂ ਧੜੱਲੇਦਾਰ ਸਨ। ਸੁਣ ਕੇ ਪੈਰਾਂ ਹੇਠੋਂ ਧਰਤੀ ਖਿਸਕਦੀ ਜਾਪਦੀ ਸੀ। ਅਸੀਂ ਫਸ-ਫਸਾ ਕੇ ਕਾਰ ਵਿੱਚ ਬੈਠ ਗਏ। ਸਾਡੀ ਤੰਗੀ ਨੂੰ ਭਾਂਪਦਿਆਂ ਕੁੱਝ ਦੂਰੀ ਤੇ ਚੀਮਾਂ ਤਾਂ ਉਤਰ ਗਿਆ ਤੇ ਅਸੀਂ ਪੰਜ ਮਿਊਜ਼ੀਅਮ ਵੱਲ ਚੱਲ ਪਏ।

“ਫੇਰ ਤਾਂ ਭਾ-ਜੀ ਹੋਰੀਂ ਸਾਡੇ ਜੱਟ ਭਾਈ ਹੋਏ। ੌ ਮੈਂ ਸਤੀਸ਼ ਵਰਮਾ ਦੀ ਰੀਸ ਕਰਦਿਆਂ ਲਿਹਾਜ਼ ਗੰਢਣ ਲਈ ਸਾਂਝ ਦੀ ਤੰਦ ਫੜ੍ਹਨੀ ਚਾਹੀ। ਮੇਰੇ ਨਾਲ ਬੈਠਾ ਪ੍ਰੇਮ ਪ੍ਰਕਾਸ਼ ਮੇਰੇ ਵੱਲ ਕੁਨੱਖਾ ਝਾਕਿਆ, ਜਿਵੇਂ ਕਿਹਾ ਹੋਵੇ, “ਓਏ ਮੂਰਖ ਜੱਟ-ਬੂਟ ਬੰਦੇ ਕੋਈ ਚੱਜ ਦੀ ਗੱਲ ਕਰ, ਨੲ੍ਹੀਂ ਮੂੰਹ ਬੰਦ ਰੱਖ। ੌ ਮੈਂ ਚੁੱਪ ਕਰ ਗਿਆ। ਸਤੀਸ਼ ਵਰਮਾ ਵਾਲਾ ਹੁਨਰ ਮੇਰੇ ਕੋਲ ਕਿੱਥੇ ਸੀ?

“ਬਾਬਿਓ ਏਹ ਜੇਹੜੇ ਪ੍ਰੇਮ ਪ੍ਰਕਾਸ਼ ਹੋਰੀਂ ਨੇ, ਬਹੁਤ ਵੱਡੇ ਅਦੀਬ ਨੇ ਪੰਜਾਬੀ ਜ਼ੁਬਾਨ ਦੇ, ਜਿਤਰਾਂ ਧਾਡ੍ਹੇ ਫੈਜ਼, ਕਾਸਮੀ, ਫ਼ਿਰਾਕ ਹੋਰੀਂ ਮੁਹਤਬਰ ਨਾਂ ਹੈ ਨੇ, ਧਾਨੂੰ ਕਿਸੇ ਦਿਨ ਰਸ਼ਕ ਹੋਵੇਗਾ ਕਿ ਤੁਹੀਂ ਏਨ੍ਹਾਂ ਨਾਲ ਇਕੋ ਕਾਰ `ਚ ਸਫ਼ਰ ਕੀਤਾ। ੌ ਮਾਹੌਲ ਸਾਵਾਂ ਕਰਨ ਲਈ ਦੇਵ ਦਰਦ ਨੇ ਚੁੱਪ ਤੋੜੀ ਅਤੇ ਗੱਲ ਦਾ ਵਿਸ਼ਾ ਬਦਲਿਆ।

“ਹਲਾ।। । ਅ।। । ਅ! ੌ ਮੁਹਰਲੀਆਂ ਸੀਟਾਂ ਤੇ ਬੈਠੇ ਅਰਸ਼ਦ ਅਤੇ ਇਸਹਾਕ ਨੇ ਅਚੰਭੇ ਵਿੱਚ ਹੇਕ ਲਾ ਕੇ ਕਿਹਾ, “ਮਾਸ਼ਾ ਅੱਲਾ ਕਿੰਨੇ ਕੁ ਡਰਾਮੇ ਬੜ੍ਹਕਾ ਛੱਡੇ ਹੋਣੇ ਨੇ ਭਲਾ ਅਦੀਬ ਸਾਹਿਬ ਨੇ? ੌ ਉਹ ਮਾਣ ਅਤੇ ਹੈਰਾਨੀ ਨਾਲ ਕਾਰ ਦੀ ਇੱਕ ਖੁੰਜ `ਚ ਦੁਬਕੇ ਬੈਠੇ ਮਲੂਕੜੇ ਪ੍ਰੇਮ ਪ੍ਰਕਾਸ਼ ਵੱਲ ਭਉਂ ਕੇ ਝਾਕੇ ਜਿਵੇਂ ਇਤਬਾਰ ਨਾ ਆਇਆ ਹੋਵੇ ਕਿ ੋਇਹ ਮੌਲਵੀ-ਨੁਮਾ ਮਰੀਅਲ ਜਿਹਾ ਬੰਦਾ ਕਿਵੇਂ ਲਿਖਦਾ ਹੋਵੇਗਾ ਡਰਾਮੇ-ਡਰੂਮੇ। ੋ ਸ਼ਾਇਦ ਅਦਬ ਦੇ ਖੇਤਰ ਨਾਲ ਵਾਬਾਸਤਾ ਨਾ ਹੋਣ ਕਾਰਨ ਅਤੇ ਪਾਕਿਸਤਾਨੀ ਪੰਜਾਬ ਵਿੱਚ ਕਮੇਡੀ ਸ਼ੋਆਂ ਦਾ ਬੋਲਬਾਲਾ ਹੋਣ ਕਰਕੇ ਉਨ੍ਹਾਂ ਲਈ ਆਦੀਬ ਹੋਣ ਦਾ ਮਤਲਬ ਡਰਾਮੇ ਲਿਖਣ ਵਾਲਾ ਹੀ ਸੀ।

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪ੍ਰੇਮ ਪ੍ਰਕਾਸ਼ ਗੁੱਝਾ ਗੁੱਝਾ ਖਚਰੀ ਹਾਸੀ ਹਸਦਾ ਰਿਹਾ। ਉਸ ਨੇ ਸਾਨੂੰ ਜੱਟਾਂ-ਬੁਟਾਂ ਨੂੰ ਅਦਰਕ ਦੇ ਸੁਆਦ ਦਾ ਭੇਦ ਦੱਸਣਾ ਮੁਨਾਸਬ ਨਾ ਸਮਝਿਆ ਕਿ ਡਰਾਮੇ-ਅਫ਼ਸਾਨੇ ਵਿੱਚ ਕੋਈ ਅੰਤਰ ਹੈ। ਪਰ ਇਸਹਾਕ ਹੋਰੀਂ ਹੋਰ ਵੀ ਚਾਅ ਵਿੱਚ ਹੋ ਗਏ। ਹੁਣ ਉਹ ਪ੍ਰੇਮ ਪ੍ਰਕਾਸ਼ ਦੇ ਸਾਰਥੀ ਸਨ। ਸ਼ੁਗਲ-ਪਾਣੀ ਕਰਦੇ ਅਸੀਂ ਮਿਊਜ਼ੀਅਮ ਪਹੁੰਚ ਗਏ।

ਸ਼ਾਹੀ ਢੰਗ ਦੀ ਵਿਸ਼ਾਲ ਇਮਾਰਤ ਦੀ ਪਹਿਲੀ ਝਲਕ ਨੇ ਹੀ ਮਿਊਜ਼ੀਅਮ ਦੇ ਵਿਸ਼ੇਸ਼ ਹੋਣ ਦਾ ਪ੍ਰਭਾਵ ਛੱਡਿਆ। ਪੱਛਮੀ ਮੁਲਕਾਂ ਦੀ ਤਰਜ਼ ਉਤੇ ਮਿਊਜ਼ੀਅਮ ਦੀ ਵੱਖੀ ਵਿੱਚ ਹੀ ਇੱਕ ਸਟੋਰ ਸੀ ਜਿਸ ਵਿੱਚ ਪਿਕਚਰ-ਕਾਰਡ, ਗਾਈਡ-ਪੁਸਤਕਾਂ, ਨਕਸ਼ੇ, ਮਾਡਲ-ਚਿੰਨ੍ਹ ਅਤੇ ਹੋਰ ਸਜਾਵਟੀ ਸਮਾਨ ਸੀ। ਬਹੁਤੀ ਲਿਖਤ-ਸਮੱਗਰੀ ਅੰਗਰੇਜ਼ੀ ਵਿੱਚ ਹੀ ਸੀ ਕਿਉਂਕਿ ਬਹੁਤੇ ਸੈਲਾਨੀ ਵਿਦੇਸ਼ੀ ਹੀ ਹੁੰਦੇ ਹੋਣਗੇ। ਅਸੀਂ ਓਪਰੀ ਜਿਹੀ ਝਾਤ ਪਾ ਕੇ ਟਿਕਟ-ਖਿੜਕੀ ਵੱਲ ਹੋਏ। ਦੇਵ ਦਰਦ ਕਾਹਲੀ ਨਾਲ ਅੱਗੇ ਹੋਣ ਲੱਗਿਆ ਤਾਂ ਇਸਹਾਕ ਨੇ ਭਾਰੇ ਹੱਥ ਨਾਲ, ਉਸਦਾ ਡੌਲਾ ਫੜ੍ਹ ਕੇ ਰੋਕਦਿਆਂ ਰੋਸ ਜਿਤਾਇਆ, “ਇਹ ਕੀ ਕਰਨ ਲੱਗੇ ਓ ਭਾ-ਜੀ, ਸ਼ੁਦਾਈ ਹੋ ਗਏ ਜੇ, ਇਤਰਾ ਨਾ ਸੋਚਿਓ ਅਗਾਂਹ ਨੂੰ ਵੀ ਕਦੇ। ੌ

ਪ੍ਰੇਮ ਪ੍ਰਕਾਸ਼ ਅਤੇ ਦੇਵ ਦਰਦ ਆਪਣੀਆਂ ਮੁਗਲਈ ਸ਼ਕਲਾਂ-ਸੂਰਤਾਂ ਕਰਕੇ ਇਸਹਾਕ ਹੋਰਾਂ ਦੇ ਕੋਟੇ ਵਿੱਚ ਹੀ ਪੈ ਗਏ। ਮੇਰੀ ਟਿਕਟ ਤੇ ਦਸਾਂ ਦੀ ਥਾਂ ਸੌ ਦਾ ਨੋਟ ਲੱਗਿਆ।

“ਆਹ ਤਾਂ ਜਜ਼ੀਆਂ ਲੱਗ ਗਿਆ ਜਾਪਦੈ ਮੇਰੀ ਪੱਗ ਤੇ। ੌ ਮੈਂ ਮੇਜ਼ਬਾਨ ਦਾ ਵੱਧ ਖਰਚ ਹੋਣ ਤੇ ਅਫਸੋਸ ਕੀਤਾ।

“ਕੀ ਗੱਲਾਂ ਕਰਦੇ ਪਏ ਓ ਸਰਦਾਰ ਜੀ? ਏਸ ਸ਼ਾਨ ਦੇ ਤੁਲ ਕੀ ਨੇ ਭਲਾ ਨੱਬੇ ਰੁਪਈਏ? ੌ ਇਸਹਾਕ ਨੇ ਮੇਰੀ ਪੱਗ ਵੱਲ ਹੱਥ ਕਰਕੇ ਮੇਰਾ ਮਾਣ ਰੱਖਣ ਲਈ ਆਖਿਆ।

ਅਸ਼ਰਫ ਨੇ ਕੈਮਰੇ ਅੰਦਰ ਲੈ ਜਾਣ ਲਈ ਟਿਕਟਾਂ ਕਟਾ ਲਈਆਂ। ਮੈਨੂੰ ਹੈਰਾਨੀ ਹੋਈ। ਹੋਣੀ ਹੀ ਸੀ, ਪਾਕਿਸਤਾਨ ਵਿੱਚ ਅਜਿਹੀ ਥਾਂ ਦੀਆਂ ਤਸਵੀਰਾਂ ਖਿੱਚਣ ਦੀ ਇਜਾਜ਼ਤ ਕੋਣ ਦਿੰਦਾ ਹੈ? ਅਸ਼ਰਫ ਦਾ ਹੁਨਰ ਅਤੇ ਉਸ ਦਾ ਵਿਸ਼ੇਸ਼ ਕੈਮਰਾ ਦੋਵੇਂ ਹੀ ਜਿਵੇਂ ਆਪਣਾ ਜੌਹਰ ਦਿਖਾਉਣ ਲਈ ਬੇਤਾਬ ਸਨ।

ਮਿਊਜ਼ੀਅਮ ਵਿੱਚ ਦਾਖਲ ਹੋਣ ਪਿਛੋਂ ਅਸੀਂ ਸੁਭਾਵਕ ਹੀ ਸਭ ਤੋਂ ਪਹਿਲਾਂ ਸਿੱਖ ਇਤਿਹਾਸ ਨਾਲ ਸਬੰਧਿਤ ਭਾਗ ਵਿੱਚ ਗਏ। ਸਿੱਖ ਸਰਦਾਰਾਂ, ਅਹਿਲਕਾਰਾਂ ਦੇ ਦੁਰਲੱਭ ਚਿੱਤਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਨਾਲ ਸਬੰਧਿਤ ਦਸਤਾਵੇਜ਼ ਅਤੇ ਸ਼ਸਤਰ ਸ਼ੀਸ਼ੇ ਦੇ ਬੰਦ ਬਕਸਿਆਂ ਵਿੱਚ ਸੰਭਾਲੇ ਹੋਏ ਸਨ। ਸੰਭਾਲ ਤਾਂ ਪੂਰੀ ਸੀ ਪਰ ਚੀਜ਼ਾਂ-ਵਸਤਾਂ ਨੂੰ ਪੇਸ਼ ਕਰਨ ਦਾ ਢੰਗ ਇਤਿਹਾਸਕ ਨਜ਼ਰੀਏ ਤੋਂ ਵਿਹੁਣਾ ਸੀ। ਵਿਅਕਤੀ-ਚਿੱਤਰਾਂ ਅਤੇ ਚੀਜ਼ਾਂ-ਵਸਤਾਂ ਦੇ ਨਾਂ ਤਾਂ ਲਿਖੇ ਸਨ ਪਰ ਕੋਈ ਇਤਿਹਾਸਕ ਵੇਰਵਾ ਦਰਸਾਉਂਦੀ ਪੱਟੀ ਨਹੀਂ ਸੀ ਲਾਈ। ਅਸੀਂ ਤਾਂ ਚਲੋ ਫਿਰ ਵੀ ਆਪਣੇ ਇਤਿਹਾਸ ਤੋਂ ਵਾਕਫ ਸਾਂ, ਕਿਸੇ ਗ਼ੈਰ-ਸਿੱਖ ਲਈ ਤਾਂ ਉਹ ਚੀਜ਼ਾ-ਵਸਤਾਂ ਇਉਂ ਮਹੱਤਵ ਤੋਂ ਕੋਰੀਆਂ ਜਾਪਣ ਲੱਗਣੀਆਂ ਸਨ। ਆਦਿ-ਗ੍ਰੰਥ ਦੀ ਹੱਥ-ਲਿਖਤ ਦਾ ਇੱਕ ਉਤਾਰਾ ਵੀ ਰੱਖਿਆ ਹੋਇਆ ਸੀ ਪਰ ਲੋੜੀਂਦਾ ਵੇਰਵਾ ਇਥੇ ਵੀ ਗਾਇਬ ਸੀ। ਗੁਰਮੁਖੀ ਲਿੱਪੀ ਦਾ ਹੋਰ ਕੋਈ ਨਮੂਨਾ ਪ੍ਰਾਪਤ ਨਹੀਂ ਸੀ।

“ਧਾਲੀਵਾਲ ਆਖਿਰ ਗੁਰੂਆਂ ਦੀਆਂ ਲਿਖਤਾਂ ਗੁਰੂ ਅਰਜਨ ਦੇਵ ਕੋਲ ਪਹੁੰਚੀਆਂ ਹੋਣਗੀਆਂ, ਭਾਈ ਗੁਰਦਾਸ ਨੇ ਵੀ ਆਪਣੇ ਹੱਥ ਨਾਲ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਹੋਵੇਗੀ। ਉਸ ਵਕਤ ਚਿੱਠੀਆਂ, ਸਾਹੇ ਵੀ ਲਿਖ ਕੇ ਭੇਜਦੇ ਹੋਣਗੇ। ਕਿੱਥੇ ਨੇ ਉਹ ਹੱਥ-ਲਿਖਤਾਂ? ਹੋਰ ਮਿਊਜ਼ੀਅਮ ਦਾ ਕੀ ਮਤਲਬ ਹੁੰਦੈ? ੌ ਪ੍ਰੇਮ ਪ੍ਰਕਾਸ਼ ਦੇ ਚੁਸਤ ਦਿਮਾਗ ਨੇ ਇੱਕ ਅਹਿਮ ਨੁਕਤਾ ਫੜ੍ਹ ਲਿਆ ਸੀ। ਉਸ ਦੀ ਖਿਝ ਮਾਅਨੇਖੇਜ਼ ਸੀ। ਸਾਡੇ ਏਸ਼ਿਆਈ ਲੋਕਾਂ ਦੇ ਇਤਿਹਾਸ ਪ੍ਰਤੀ ਨਜ਼ਰੀਏ ਵਿੱਚ ਹੀ ਸ਼ਾਇਦ ਕੋਈ ਨੁਕਸ ਹੈ। ਬੱਸ ਜੋ ਸੌਖਿਆਂ ਹੱਥ ਆਇਆ ਰੱਖ ਲਿਆ, ਤਰੱਦਦ ਕੋਈ ਨਹੀਂ।

“ਹੁਣ ਆਧੁਨਿਕ ਵਿਧੀ-ਵਿਧਾਨ ਨਾਲ ਇਤਿਹਾਸ ਸਾਂਭਣ ਵਿੱਚ ਮੱਦਦ ਮਿਲੂਗੀ ਸਾਨੂੰ। ੌ ਮੈਂ ਦੇਵ ਦਰਦ ਅਤੇ ਅਰਸ਼ਦ ਹੋਰਾਂ ਵੱਲ ਵੇਖਦਿਆਂ ਕਿਹਾ, ਉਹ ਚੀਜਾਂ-ਵਸਤਾਂ ਦੀਆਂ ਹਰ ਕੋਣ ਤੋਂ ਖੜ੍ਹ ਕੇ ਧੜਾ-ਧੜ ਤਸਵੀਰਾਂ ਖਿੱਚਣ ਵਿੱਚ ਰੁੱਝੇ ਹੋਏ ਸਨ।

ਮੈਨੂੰ ਅਜੇ ਵੀ ਜਾਪ ਰਿਹਾ ਸੀ ਕਿ ਉਨ੍ਹਾਂ ਨੂੰ ਪੁਲਸ ਕਰਮਚਾਰੀ ਜ਼ਰੂਰ ਟੋਕਣਗੇ ਪਰ ਅਜਿਹਾ ਨਹੀਂ ਵਾਪਰਿਆ। ਸਾਡੇ ਪਿੱਛੇ ਛੱਡਿਆ ਸੂਹੀਆ ਪੁਲਸ ਦਾ ਨੌਜਵਾਨ ਵੀ ਸਾਡੇ ਤੋਂ ਕਾਫੀ ਵਿੱਥ ਉਤੇ ਫਿਰਦਾ ਇਉਂ ਪ੍ਰਭਾਵ ਦਿੰਦਾ ਜਿਵੇਂ ਉਹ ਖੁਦ ਮਿਊਜ਼ੀਅਮ ਵੇਖ ਰਿਹਾ ਹੋਵੇ, ਪਰ ਅਸੀਂ ਆਪਣੀ ਸੂਹੀਆ ਲੇਖਕ- ਅੱਖ ਨਾਲ ੳਸ ਦੇ ਚਿਹਨ-ਚੱਕਰ ਤਾੜ ਲਏ ਸਨ। ਮੈਨੂੰ ਅਤੇ ਪ੍ਰੇਮ ਪ੍ਰਕਾਸ਼ ਨੂੰ ਇਸ ਭਾਗ ਵਿੱਚ ਦੁਰਲੱਭ ਵਸਤਾਂ ਦੀ ਕਮੀ ਖੜਕੀ ਸੀ ਪਰ ਦੇਵ ਦਰਦ ਦੀ ਐਂਟੀਕ-ਮੁਖੀ ਅੱਖ ਨੂੰ ਆਮ ਤੋਂ ਆਮ ਵਸਤ ਵੀ ਖਾਸ ਬਣ ਕੇ ਦਿਸ ਰਹੀ ਸੀ, ਅੱਖ, ਅੱਖ ਦਾ ਵੀ ਤਾਂ ਫਰਕ ਹੁੰਦਾ ਹੀ ਹੈ।

ਹਿੰਦੂ ਅਤੇ ਬੁੱਧ, ਜੈਨ ਮੱਤ ਵਾਲੇ ਭਾਗ ਵਿੱਚ ਮੂਰਤੀਆਂ ਦਾ ਚੋਖਾ ਸੰਗ੍ਰਹਿ ਸੀ। ਇਹ ਸਾਰੀਆਂ ਕਿਸੇ ਖੁਦਾਈ ਵਿਚੋਂ ਨਿਕਲੀਆਂ ਹੋਈਆਂ ਨਹੀਂ ਸਨ। ਬਹੁਤ ਸਾਰੀਆਂ ਪੁਰਾਤਨ ਵਸਤਾਂ ਦੀ ਨਕਲ ਜਾਪਦੀਆਂ ਬਾਜ਼ਾਰੂ ਕਿਸਮ ਦੀਆਂ ਵੀ ਸਨ।

“ਬਾਬਿਓ ਏਹ ਬਹੁਤ ਵੱਡਾ ਮਸਲਾ ਇਐ ਐਂਟੀਕ ਅਤੇ ਬਾਜ਼ਾਰੂ ਵਸਤਾਂ `ਚ ਭੇਦ ਸਮਝ ਸਕਣਾ। ਅਹੀਂ ਤੇ ਕਬਾੜੀਆਂ ਨਾਲ ਨਿੱਤ ਮਗਜ਼ ਖਪਾਈ ਕਰਦੇ ਰਹਿੰਦੇ ਵਾਂ, ਉਹ ਕੰਜਰ ਕਈ ਵਾਰ ਬਾਜ਼ਾਰੂ ਚੀਜਾਂ ਐਂਟੀਕ ਦੇ ਭਾਅ ਵੇਚਣ ਲਈ ਝਕਾਨੀ ਦਿੰਦੇ ਨੇ। ਅੱਜ-ਕੱਲ੍ਹ ਤੇ ਪੂਰਾ ਚੋਰ-ਬਾਜ਼ਾਰ ਹੈ ਵੇ ਐਂਟੀਕ ਦਾ, ਜਿਸ ਵਿੱਚ ਵਿਸ਼ੇਸ਼ ਰੰਗ-ਰੋਗਣ ਅਤੇ ਘਸਾਈ ਨਾਲ ਐਂਟੀਕ ਦੀਆਂ ਅਸਲ ਨਾਲੋਂ ਬੇਹਤਰ ਜਾਪਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਨੇ। ੌ ਦੇਵ ਦਰਦ ਆਪਣੀ ਵਿਸ਼ੇਸ਼ੱਗਾਂ ਵਾਲੀ ਸੂਝ ਨਾਲ ਸਾਨੂੰ ਸਮਝਾਉਣ ਲੱਗ ਪੈਂਦਾ। ਇਸਹਾਕ ਉਸਦੇ ਮੂੰਹੋਂ ਨਿਕਲਦੇ ਪ੍ਰਵਚਨਾਂ ਨੂੰ ਵਿਸਮਕ ਚਿੰਨ੍ਹ ਬਣ ਕੇ ਸੁਣਦਾ। ਪਰ ਐਂਟੀਕ ਦੀ ਪਰਖ ਸਾਡੇ ਲਈ ਤਾਂ ਅੰਨ੍ਹੀ ਮਹਿੰ ਅਤੇ ਖਿੱਪ ਧਾਮਣ ਵਾਲੀ ਗੱਲ ਸੀ। ਐਂਟੀਕ ਅਤੇ ਨਕਲ ਵਿੱਚ ਭੇਦ ਕਰ ਸਕਣਾ ਸਾਡੇ ਲਈ ਮੁਸ਼ਕਲ ਸੀ।

“ਇਨ੍ਹਾਂ ਦੀ ਆਹ ਗੱਲ ਮੈਨੂੰ ਸਹੀ ਮਾਅਨਿਆਂ ਵਿੱਚ ਅਜਾਇਬ-ਘਰ ਦੀ ਦ੍ਰਿਸ਼ਟੀ ਵਾਲੀ ਲੱਗੀ ਐ, ਐਨੇ ਬੁੱਤ ਰੱਖਣੇ। ਇਸਲਾਮ ਬੁੱਤ-ਪ੍ਰਸਤੀ ਦੇ ਖਿਲਾਫ਼ ਐ ਪਰ ਇਥੇ ਬੁੱਤ ਹੀ ਬੁੱਤ ਹਨ ਅਤੇ ਉਹ ਵੀ ਬੋਧੀ-ਜੈਨੀ ਲੋਕਾਂ ਦੇ, ਇਹ ਸੰਪਰਦਾਇਕਤਾ ਤੋਂ ਉਪਰ ਦੀ ਗੱਲ ਐ। ੌ ਪ੍ਰੇਮ ਪ੍ਰਕਾਸ਼ ਨੂੰ ਹਿੰਦੂ ਮਿਥਿਹਾਸ ਵਾਲਾ ਭਾਗ ਇਸ ਪੱਖੋਂ ਵਿਸ਼ੇਸ਼ ਹੁਲਾਰਾ ਦੇ ਰਿਹਾ ਸੀ।

“ਆਹ ਵੇਖੋ ਭਾ-ਜੀ ਗਜ਼ਬ ਦੀ ਸ਼ੈਅ, ਐਧਰ ਆਓ ਜ਼ਰਾ, ਵੇਖੋ ਬੁੱਧ ਦਾ ਕੰਕਾਲ। ੌ ਦੇਵ ਦਰਦ ਤਾਂਬੇ-ਕਾਂਸੀ ਦੇ ਬਣੇ ਬੁੱਤ ਅੱਗੇ ਖੜ੍ਹਾ ਵਾਹ ਵਾਹ ਕਹਿੰਦਿਆਂ ਇਉਂ ਸਿਰ ਹੁਲਾਰ ਰਿਹਾ ਸੀ ਜਿਵੇਂ ਕਿਸੇ ਗ਼ਜ਼ਲ ਦੇ ਸ਼ੇਅਰ ਦੀ ਦਾਦ ਦੇ ਰਿਹਾ ਹੋਵੇ।

“ਬਾਬਿਓ ਏਹ ਟੈਕਸਲਾ ਦੀ ਖੁਦਾਈ ਨਾਲ 1922 ਦੇ ਕਰੀਬ ਹੱਥ ਲੱਗਾ ਸੂ, ਬੇਸ਼ਕੀਮਤੀ ਏ। ੌ ਦੇਵ ਦਰਦ ਪੂਰੇ ਵਜ਼ਦ ਵਿੱਚ ਸੀ।

ਬੁੱਤ, ਚੌਕੜੀ ਮਾਰ ਕੇ ਸਮਾਧੀ ਵਿੱਚ ਲੀਨ ਬੁੱਧ ਦਾ ਸੀ। ਭੁੱਖ-ਤੇਹ ਦੀਆਂ ਸੀਮਾਵਾਂ ਤੋਂ ਪਾਰ ਜਾ ਚੁੱਕਿਆ ਬੁੱਧ। ਢਿੱਡ ਪਿਚਕ ਕੇ ਰੀੜ੍ਹ ਦੀ ਹੱਡੀ ਨਾਲ ਜਾ ਲੱਗਿਆ ਸੀ, ਲੱਤਾਂ-ਬਾਹਾਂ ਕਾਨੇ ਬਣ ਗਈਆਂ ਸਨ। ਅੱਖਾਂ ਦੇ ਡੇਲੇ ਕਿਧਰੇ ਅਲੋਪ ਹੋ ਗਏ ਸਨ ਅਤੇ ਅੱਖਾਂ ਦੇ ਟੋਏ-ਮਾਤਰ ਬਾਕੀ ਬਚੇ ਸਨ। ਆਖੰਡ ਧਿਆਨ ਦੀ ਅਦਭੁੱਤ ਅੱਕਾਸੀ ਸੀ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ।। ।। ਵਾਲੇ ਸ਼ਲੋਕ ਦੇ ਅਧਾਰ ਤੇ ਬਣਾਇਆ ਗਿਆ ਬਾਬਾ ਫਰੀਦ ਦਾ ਕਾਰੰਗ-ਨੁਮਾ ਸਰੀਰ ਤਾਂ ਮੈਂ ਚਿਤਰਾਂ ਵਿੱਚ ਕਈ ਵਾਰੀ ਵੇਖਿਆ ਸੀ ਪਰ ਬੁੱਧ ਦਾ ਇਹ ਕੰਕਾਲ ਤਾਂ ਉਸ ਤੋਂ ਕਿਤੇ ਅੱਗੇ ਕਲਾ ਦਾ ਸਿਖਰ ਕਿਹਾ ਜਾ ਸਕਦਾ ਸੀ।

“ਬਾਬਿਓ ਇੱਕ ਵੇਰਾਂ ਕਹਿੰਦੇ ਜਾਪਾਨ ਵਾਲਿਆਂ ਮੰਗ ਕੀਤੀ ਸੂ ਕਿ ਆਹ ਬੁੱਧ ਦਾ ਕੰਕਾਲ ਸਾਨੂੰ ਦੇ ਦਿਓ, ਧਾਨੂੰ ਪਤਾ ਈ ਏ ਪਈ ਉਹ ਬੁੱਧ ਪ੍ਰਤੀ ਕਿੰਨੇ ਟੱਚੀ ਲੋਕ ਨੇ, ਕਹਿੰਦੇ ਏਂਹਦੇ ਬਦਲੇ ਪਾਕਿਸਤਾਨ ਸਿਰ ਜਪਾਨ ਦਾ ਚੜ੍ਹਿਆ ਸਾਰਾ ਕਰਜ਼ ਮਾਫ਼ ਕਰ ਦਿੰਨੇ ਆਂ, ਅਗਲਿਆਂ ਏਹ ਸੌਦਾ ਫੇਰ ਵੀ ਮਨਜ਼ੂਰ ਨੲ੍ਹੀਂ ਜੇ ਕੀਤਾ। ਏਹ ਹੁੰਦੀ ਜੇ ਕੀਮਤ ਐਂਟੀਕ ਦੀ। ੌ ਦੇਵ ਦਰਦ ਦੀ ਲੋਕ-ਕਥਨ ਵਰਗੀ ਗੱਲ ਭਾਵੇਂ ਕੁੱਝ ਅਤਿਕਥਨੀ ਭਰੀ ਵੀ ਹੋਵੇ ਪਰ ਮਹੱਤਵ ਤੋਂ ਖਾਲੀ ਨਹੀਂ ਸੀ। ਹੁਣ ਐਂਟੀਕ ਦੇ ਬੇਸ਼ਕੀਮਤੀ ਹੋਣ ਦਾ ਅਹਿਸਾਸ ਸਾਨੂੰ ਵੀ ਸ਼ਿੱਦਤ ਨਾਲ ਹੋਣ ਲੱਗ ਪਿਆ।

ਮਹਿੰਜਦੜੋ ਅਤੇ ਟੈਕਸਲਾ ਵਾਲੇ ਭਾਗ ਵਿੱਚ ਜਾ ਕੇ ਦੇਵ ਦਰਦ ਜਿਵੇਂ ਗੁਆਚ ਹੀ ਗਿਆ। ਉਹ ਸ਼ੀਸ਼ੇ ਦੇ ਬੌਕਸਾਂ ਵਿੱਚ ਰੱਖੇ ਸਿੰਧ ਘਾਟੀ ਦੇ ਨਮੂਨਿਆਂ ਵੱਲ ਇਉਂ ਟਿਕਟਿਕੀ ਲਾ ਕੇ ਵੇਖੀ ਜਾਂਦਾ ਜਿਵੇਂ ਸੁਰੱਖਿਆ ਕਰਮਚਾਰੀ ਦੀ ਨਜ਼ਰ ਰਤਾ ਕੁ ਖੁੰਝੇ ਤਾਂ ਉਹ ਝਪੁੱਟ ਮਾਰ ਕੇ ਸਭ ਕੁੱਝ ਬੋਝੇ ਵਿੱਚ ਤੁੰਨ ਲਵੇ। ਇਹ ਖ਼ਜ਼ਾਨਾ ਉਸ ਦੇ ਘਰ ਵੀ ਬਥੇਰਾ ਪਿਆ ਸੀ ਪਰ ਇਸ ਦੇ ਤੁਲ ਪਾਸਕੂ ਹੀ ਸੀ। ਖੁਦਾਈ ਵਾਲੀ ਥਾਂ ਪਾਕਿਸਤਾਨ ਵਿੱਚ ਹੋਣ ਕਰਕੇ ਇਨ੍ਹਾਂ ਨੂੰ ਉਸ ਤਜੌਰੀ ਦੀ ਚਾਬੀ ਸਿੱਧੀ ਹੱਥ ਲੱਗ ਗਈ ਸੀ।

“ਮੇਰੀ ਤਾਂ ਬੱਸ ਹੋ ਗਈ ਭਾਈ, ਤੁਸੀਂ ਵੇਖੋ ਹੁਣ। ੌ ਕਹਿੰਦਿਆਂ ਪ੍ਰੇਮ ਪ੍ਰਕਾਸ਼ ਪਰ੍ਹੇ ਸਿਪਾਹੀ ਲਈ ਰੱਖੇ ਸਟੂਲ ਉਤੇ ਜਾ ਬੈਠਾ। ਸਿਪਾਹੀ ਨਾਲ ਗੱਲੀਂ ਰੁੱਝੇ ਪ੍ਰੇਮ ਪ੍ਰਕਾਸ਼ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਉਸ ਦੀ ਵਧੇਰੇ ਦਿਲਚਸਪੀ ਬੰਦੇ ਦੇ ਮਨ ਦੀ ਖੁਦਾਈ ਨਾਲ ਮਿਲਦੇ ਉਸ ਦੇ ਅੰਦਰਲੇ ਬੰਦਿਆਂ ਦੀ ਖੋਜ ਵਿੱਚ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਪ੍ਰੇਮ ਪ੍ਰਕਾਸ਼ ਉਸ ਸਿਪਾਹੀ ਦਾ ਬਾਬਰੀ ਮਸਜਿਦ ਢਾਏ ਜਾਣ ਵੇਲੇ ਦਾ ਪ੍ਰਤੀਕਰਮ ਜਾਨਣ ਦਾ ਯਤਨ ਕਰਦਾ ਰਿਹਾ ਸੀ।

ਕੂਈਨ ਵਿਕਟੋਰੀਆ (1819-1901) ਦੇ ਭਾਰੀ ਭਰਕਮ ਬੁੱਤ ਵਾਲੇ ਹਿੱਸੇ ਤੱਕ ਪਹੁੰਚਦਿਆਂ ਸਾਡੇ ਵੀ ਹੌਸਲੇ ਪਸਤ ਹੋਣ ਲੱਗੇ। ਇਹ ਬੁੱਤ ਲਾਹੌਰ ਦੇ ਇੱਕ ਚੌਂਕ ਵਿਚੋਂ ਲਿਆ ਕੇ 1974 ਵਿੱਚ ਮਿਊਜ਼ੀਅਮ ਵਿੱਚ ਰੱਖਿਆ ਗਿਆ ਸੀ। ਇੰਗਲੈਂਡ ਅਤੇ ਭਾਰਤ ਵਿੱਚ ਕੂਈਨ ਦੇ ਲੱਗੇ ਬੁੱਤ ਇਸੇ ਸ਼ੈਲੀ ਦੇ ਹਨ। ਮੈਨੂੰ ਲੱਗਿਆ ਜਿਵੇਂ ਆਪਣੀਆਂ ਬਸਤੀਆਂ ਦੇ ਗ਼ੁਲਾਮ ਬਣਾਏ ਲੋਕਾਂ ਦੇ ਦਿਲ ਦਹਿਲਾੳਣ ਲਈ ਇਹ ਭਾਰੀ ਭਰਕਮ ਬੁੱਤ ਸੋਚ-ਸਮਝ ਕੇ ਹੀ ਬਣਾਏ ਗਏ ਹੋਣਗੇ। ਘੁੰਣਤਰੀ ਨਾ ਹੋਣ ਤਾਂ ਫਿਰ ਅੰਗਰੇਜ਼ ਕੀ ਹੋਏ?

ਮਿਊਜ਼ੀਅਮ ਦਾ ਤਾਂ ਅਜੇ ਬਥੇਰਾ ਕੁੱਝ ਵੇਖਣ ਵਾਲਾ ਪਿਆ ਸੀ ਪਰ ਸਾਡੀਆਂ ਲੱਤਾਂ ਵਾਂਗ ਹੀ ਵੱਡੀ ਸਮਰੱਥਾ ਵਾਲਾ ਸਾਡਾ ਕੈਮਰਾ ਵੀ ਭਰ ਕੇ ਰੁਕ ਗਿਆ। ਭੁੱਖ ਨਾਲ ਆਂਦਰਾ ਵੀ ਵਿਲੂੰ ਵਿਲੂੰ ਕਰਨ ਲੱਗ ਪਈਆਂ ਸਨ।

“ਭਾ-ਜੀ ਚਲੋ ਕੁੱਝ ਖਾਈਏ-ਪੀਵੀਏ, ਵੇਖਾ-ਵਿਖਾਈ ਬਥੇਰੀ ਹੋ ਗਈ ਜੇ, ਅਜੇ ਵੀ ਕਸਰ ਏ ਤਾਂ ਕੱਲ੍ਹ ਇੱਕ ਝੁੱਟੀ ਫੇਰ ਲਾ ਛੱਡਾਂਗੇ। ੌ ਇਸਹਾਕ ਦੀ ਮਰਜ਼ੀ ਵੀ ਅੰਤ ਬੁੱਲ੍ਹਾਂ ਤੇ ਆ ਗਈ।

“ਨੲ੍ਹੀ ਭਾ-ਜੀ ਤਰਦੀ ਤਰਦੀ ਨਜ਼ਰ ਤਾਂ ਮਾਰ ਹੀ ਲਈਏ ਹੁਣ, ਫੇਰ ਖ਼ਬਰੇ।। ।। । ੌ ਕਹਿੰਦਿਆਂ ਦੇਵ ਕਾਹਲੀ ਨਾਲ ਪੌੜੀਆਂ ਚੜ੍ਹ ਗਿਆ। ਉਤਲੀ ਮੰਜ਼ਿਲ ਉਤੇ ਆਜ਼ਾਦ ਪਾਕਿਸਤਾਨ ਦੇ ਇਤਿਹਾਸ ਨੂੰ ਤਸਵੀਰਾਂ ਦੀ ਜ਼ਬਾਨੀ ਪੇਸ਼ ਕੀਤਾ ਗਿਆ ਸੀ। ਇਥੇ ਆਮ ਲੋਕਾਂ ਦੀ ਵੀ ਵਾਹਵਾ ਭੀੜ ਸੀ। ਲਗਦਾ ਸੀ ਸਿੰਧ ਘਾਟੀ ਅਤੇ ਟੈਕਸਲਾ `ਚੋਂ ਮਿਲੇ ਘੱਗੂ-ਘੋੜਿਆਂ ਦੀ ਥਾਂ ਉਨ੍ਹਾਂ ਦੀ ਰੁਚੀ ਹੱਡ-ਮਾਸ ਦੇ ਉਨ੍ਹਾਂ ਲੋਕਾਂ ਨੂੰ ਵੇਖਣ ਵਿੱਚ ਵਧੇਰੇ ਸੀ ਜਿਹੜੇ ਉਨ੍ਹਾਂ ਦੀ ਕਿਸਮਤ ਦੇ ਘਾੜੇ ਬਣੇ ਸਨ। ਮੈਂ ਧਿਆਨ ਨਾਲ ਤਸਵੀਰਾਂ ਵੇਖਦੇ ਲੋਕਾਂ ਨੂੰ ਵੇਖਣ ਲੱਗਾ ਕਿ ਉਨ੍ਹਾਂ ਦੀ ਨਜ਼ਰ ਕਿੱਥੇ ਜਿਆਦਾ ਠਹਿਰਦੀ ਸੀ। ਵੰਡ ਦੇ ਉਜਾੜੇ ਦੇ ਦ੍ਰਿਸ਼ ਉਨ੍ਹਾਂ ਨੂੰ ਵਧੇਰੇ ਟੁੰਬਦੇ ਸਨ ਜਾਂ ਆਜ਼ਾਦ ਪਾਕਿਸਤਾਨ ਦੀ ਵਾਗਡੋਰ ਸੰਭਾਲਦੇ ਰਾਜਸੀ ਲੋਕਾਂ ਦੇ ਚਿਹਰੇ? ਕੋਈ ਸਪੱਸ਼ਟ ਅੰਤਰ ਕਰਨਾ ਔਖਾ ਸੀ। ਲੋਕ ਤਾਂ ਲੋਕਾਂ ਵਾਂਗ ਹੀ ਰਲੇ-ਮਿਲੇ ਜਿਹੇ ਢੰਗ ਨਾਲ ਸਭ ਕੁੱਝ ਸਰਸਰੀ ਨਜ਼ਰਾਂ ਨਾਲ ਨਿਹਾਰਦੇ ਅੱਗੇ ਤੁਰੇ ਜਾਂਦੇ ਸਨ।

ਭੁੱਖੇ ਅਤੇ ਥੱਕੇ ਹੋਣ ਕਰਕੇ ਅਸੀਂ ਵੀ ਹੁਣ ਤਿੱਖੀ ਨੀਝ ਨੂੰ ਵਿਸਾਰ ਬੈਠੇ ਸਾਂ। ਬੱਸ ਚਲਦੇ ਚਲਦੇ ਪਾਕਿਸਤਾਨ ਦੇ ਕਬਾਇਲੀ ਅਤੇ ਪਹਾੜੀ ਲੋਕਾਂ ਦੇ ਜਨ-ਜੀਵਨ ਨੂੰ ਦਰਸਾਉਂਦੀਆਂ ਚੀਜ਼ਾਂ-ਵਸਤਾਂ ਵਾਲੇ ਭਾਗ ਵਿਚੋਂ ਦੀ ਲੰਘੇ।

“ਬਾਬਿਓ ਜਾਪਦਾ ਏ ਰੋਟੀ ਦੀ ਭੁੱਖ ਕਲਾ ਦੀ ਭੁੱਖ ਉਤੇ ਭਾਰੀ ਪੈ ਚੱਲੀ ਏ, ਚਲੋ ਫਿਰ ਦੋਸਤਾਂ ਨੂੰ ਕਾਹਨੂੰ ਤੰਗ ਕਰਨਾ ਏ। ੌ ਕਹਿੰਦਿਆਂ ਭਉਂ ਭਉਂ ਪਿਛਾਂਹ ਨੂੰ ਝਾਕਦਾ ਦੇਵ ਦਰਦ ਭਾਵੇਂ ਬਾਹਰ ਵੱਲ ਨੂੰ ਤੁਰ ਪਿਆ ਪਰ ਉਸਦੀ ਰੂਹ ਸ਼ਾਇਦ ਉਥੇ ਹੀ ਕਿਧਰੇ ਕਿਸੇ ਐਂਟੀਕ ਦੇ ਨਮੂਨੇ ਓਹਲੇ ਛੁਪ ਗਈ ਸੀ।

 

ਤਸਵੀਰ-ਏ-ਪਾਕਿਸਤਾਨ

ਸਾਂਝੇ ਪੰਜਾਬ ਵਿੱਚ ਲਾਹੌਰ ਨੂੰ ਸਭਿਆਚਾਰਕ ਰਾਜਧਾਨੀ ਦਾ ਰੁਤਬਾ ਮਿਲਿਆ ਹੋਇਆ ਸੀ। ਲਾਹੌਰ ਦੀ ਇਹ ਮਹਿਮਾ ਹੁਣ ਵੀ ਬਰਕਰਾਰ ਹੈ। ਨ੍ਰਿਤ, ਸੰਗੀਤ, ਫ਼ਿਲਮਾਂ, ਚਿਤਰਕਾਰੀ, ਅਦਬ, ਲੋਕ-ਵਿਰਸੇ ਦੀ ਸੰਭਾਲ ਵਾਲੇ ਅਜਾਇਬ ਘਰ ਲਾਹੌਰ ਦੀ ਧੜਕਦੀ ਸਭਿਆਚਾਰਕ ਹੋਂਦ ਦਾ ਪ੍ਰਮਾਣ ਹਨ। ਹੁਣ ਆਧੁਨਿਕਤਾ ਦੇ ਵਧਦੇ ਜਲੌਅ ਨਾਲ ਮਲਟੀਪਲੈਕਸ ਵੀ ਬਣਨ ਲੱਗੇ ਹਨ। ਪਿਲਾਕ ਅਤੇ ਅਲਹਮਰਾ, ਕਲਾ ਅਤੇ ਸਭਿਆਚਾਰ ਦੀ ਪ੍ਰਦਰਸ਼ਨੀ ਕਰਨ ਵਾਲੀਆਂ ਆਧੁਨਿਕ ਸ਼ੈਲੀ ਦੀਆਂ ਵੱਡੀਆਂ ਸਰਕਾਰੀ ਸੰਸਥਾਵਾਂ ਹਨ। ਨਮੂਨਾ ਵੇਖਣ ਲਈ ਅਸੀਂ ਅਲਹਮਰਾ `ਚ ਪਹੁੰਚੇ।

ਵਿਸ਼ਾਲ ਮਿਊਜ਼ੀਅਮ ਵੇਖ ਕੇ ਭਾਵੇਂ ਸਾਡੇ ਸਰੀਰਾਂ ਦੀ ਭਿਆਂ ਬੋਲ ਗਈ ਸੀ ਪਰ ਅਜੇ ਮਨ ਦਾ ਚਾਅ ਮੱਠਾ ਨਹੀਂ ਸੀ ਪਿਆ। ਅਲਹਮਰਾ ਦੀ ਕੰਟੀਨ ਵਿਚੋਂ ਖਾ-ਪੀ ਕੇ ਕੁੱਝ ਆਰਾਮ ਕੀਤਾ, ਸਰੀਰਾਂ ਨੇ ਫੇਰ ਸਫੁਰਤੀ ਫੜ੍ਹ ਲਈ। ਅਲਹਮਰਾ ਵਿੱਚ ਥੀਏਟਰ, ਆਰਟ ਗੈਲਰੀ, ਮਿਊਜ਼ੀਅਮ ਅਤੇ ਹੋਰ ਕਈ ਕੁੱਝ ਵੇਖਣ ਵਾਲਾ ਸੀ। ਅਰਸ਼ਦ ਦੇ ਕਹਿਣ ਤੇ ਥੀਏਟਰ ਦੀ ਝਾਤ ਪਾਈ। ਉਹ ਫ਼ਿਲਮਾਂ ਦਾ ਨਾਮੀ ਸੈ-ੱਟ-ਡਿਜ਼ਾਇਨਰ ਹੈ। ਇਸ ਲਈ ਉਹ ਸਾਨੂੰ ਸੈ-ੱਟ ਤਿਆਰ ਹੁੰਦਾ ਵਿਖਾਉਣਾ ਚਾਹੁੰਦਾ ਸੀ। ਅੰਦਰ ਗਏ, ਸ਼ਾਮ ਦੇ ਕੌਮੇਡੀ ਸ਼ੋਅ ਲਈ ਅਰਸ਼ਦ ਦੇ ਬੰਦੇ ਇੱਕ ਮਹਾਂ-ਆਕਾਰੀ ਸੈ-ੱਟ ਲਾ ਰਹੇ ਸਨ। ਪਾਕਿਸਤਾਨੀ ਪੰਜਾਬ ਵਿੱਚ ਕੌਮੇਡੀ ਸ਼ੋਅ ਚੰਗੀ ਕਮਾਈ ਕਰਾਉਂਦੇ ਹਨ।

ਆਰਟ ਗੈਲਰੀ ਵੇਖਣ ਤੋਂ ਬਿਨਾਂ ਅਸੀਂ ਹਰ ਪੱਖੋਂ ਬੇਵਕਤ ਸਾਂ। ਇਸ ਲਈ ਇਕੋ ਇੱਕ ਬਚੀ ਚੋਣ ਨੂੰ ਮਾਨਣ ਦਾ ਮਨ ਬਣਾਇਆ। ਆਰਟ ਗੈਲਰੀ ਵਿੱਚ ਅੱਜ ਦੇ ਦਿਨ ਖਾਸ ਗੱਲ ਇਹ ਸੀ ਕਿ ਪਾਕਿਸਤਾਨ ਦੇ ਨੌਜਵਾਨ ਵਰਗ ਦੀਆਂ ਕਲਾਕ੍ਰਿਤਾਂ ਦੀ ੋਫਰੈਸ਼ ਕਰੀਮ’ ਨਾਂ ਹੇਠ ਵਿਸ਼ਾਲ ਪ੍ਰਦਰਸ਼ਨੀ ਲੱਗੀ ਹੋਈ ਸੀ। ਕਲਾਤਮਕ ਡਿਜ਼ਾਇਨ ਵਾਲੀ ਦੋ ਮੰਜ਼ਲੀ ਇਮਾਰਤ ਵਿੱਚ ਬੜੇ ਸਲੀਕੇ ਨਾਲ ਚਿੱਤਰ, ਬੁੱਤ, ਮਾਡਲ ਅਤੇ ਕੁੰਭਕਾਰੀ ਤੇ ਗ੍ਰਾਫਿਕਸ ਦੀਆਂ ਸੈਕੜੇ ਵੰਨਗੀਆਂ ਪ੍ਰਦਰਸ਼ਿਤ ਕੀਤੀਆਂ ਹੋਈਆਂ ਸਨ। ਬੜਾ ਵਧੀਆ ਮੌਕਾ ਸੀ ਪਾਕਿਸਤਾਨ ਦੇ ਨੌਜਵਾਨ ਵਰਗ ਦੀਆਂ ਨਜ਼ਰਾਂ ਰਾਹੀਂ ਪਾਕਿਸਤਾਨ ਦੀ ਹਕੀਕਤ ਅਤੇ ਸੁਪਨਿਆਂ ਨੂੰ ਵੇਖਣ ਦਾ। ਕਲਾ ਦੇ ਇਨ੍ਹਾਂ ਰੂਪਾਂ ਦੀਆਂ ਬਰੀਕੀਆਂ ਸਮਝਣ ਵਾਲਾ ਤਾਂ ਸਾਡੇ ਵਿਚੋਂ ਕੋਈ ਵੀ ਨਹੀਂ ਸੀ, ਫਿਰ ਵੀ ਅਦਬੀ ਜਗਤ ਨਾਲ ਸਬੰਧਿਤ ਹੋਣ ਕਰਕੇ ਕੁੱਝ ਨਾਂ ਕੁੱਝ ਰਮਜ਼ਾਂ ਤਾਂ ਮਹਿਸੂਸ ਕਰ ਹੀ ਸਕਦੇ ਸਾਂ। ਕਲਾ ਦੇ ਇਹ ਰੂਪ ਭਾਵੇਂ ਕਿੰਨੇ ਵੀ ਅਮੂਰਤ ਅਤੇ ਐਬਸਰਡ ਸ਼ੈਲੀ ਵਾਲੇ ਕਿਉਂ ਨਾ ਹੋਣ, ਸਾਹਿਤ ਨਾਲੋਂ ਫਿਰ ਵੀ ਵਧੇਰੇ ਮੂਰਤ ਹੁੰਦੇ ਹਨ।

ਇਮਾਰਤ ਦੀ ਜ਼ਮੀਨੀ ਮੰਜ਼ਿਲ `ਚ ਫਿਰਦਿਆਂ ਬਰੋਸ਼ਰ ਉਤੇ ਝਾਤ ਪਾਈ। ਅਲਹਮਰਾ ਆਰਟ ਗੈਲਰੀ ਦੀ ਕਿਉਰੇਟਰ ਤਾਨੀਆ ਸੁਹੇਲ ਦੇ ਸ਼ਬਦਾਂ ਨੇ ਧਿਆਨ ਖਿੱਚਿਆ, “ਨਵੀਂ ਸੂਚਨਾ ਦੇ ਵਿਸਫੋਟ ਨਾਲ ਮਾਲਾਮਾਲ ਪਾਕਿਸਤਾਨ, ਖਾਸ ਕਰਕੇ ਸਾਡਾ ਨੌਜਵਾਨ ਵਰਗ, ਇੰਤਹਾਪਸੰਦੀ ਅਤੇ ਪੁਰਖ-ਪ੍ਰਧਾਨ ਕਦਰਾਂ-ਕੀਮਤਾਂ ਦੀ ਗੰਢੜੀ ਸਿਰੋਂ ਲਾਹ ਪਰ੍ਹੇ ਵਗਾਹ ਮਾਰਨ ਲਈ ਉਤਸੁਕ ਹੈ। ਉਹ ਬਹੁ-ਪੱਖੀ ਆਜ਼ਾਦੀ ਨਾਲ ਆਉਣ ਵਾਲੇ ਕੱਲ੍ਹ ਦੇ ਨਵੇਂ ਸੰਸਾਰ ਵਿੱਚ ਆਪਣੀ ਨਵੀਂ ਪਛਾਣ ਨਾਲ ਵਿਚਰਨ ਲਈ ਬਿਹਬਲ ਹੈ।”

ਤਾਨੀਆ ਦੇ ਇਨ੍ਹਾਂ ਸ਼ਬਦਾਂ ਨੇ ਨੁਮਾਇਸ਼ ਵੇਖਣ ਲਈ ਇੱਕ ਨਵੀਂ ਦ੍ਰਿਸ਼ਟੀ ਦੇ ਦਿੱਤੀ। ਪਰ ਮੈਂ ਤਾਂ ਅੱਜ ਕਿਸੇ ਹੋਰ ਦ੍ਰਿਸ਼ਟੀ ਤੋਂ ਵੀ ਨੁਮਾਇਸ਼ ਵੇਖਣੀ ਚਾਹੁੰਦਾ ਸਾਂ। ਮੈਂ ਚੁਪਕੇ ਜਿਹੇ ਪ੍ਰੇਮ ਪ੍ਰਕਾਸ਼ ਦੇ ਮਗਰ ਹੋ ਲਿਆ। ੋਭਲਾ ਸਾਡਾ ਇਹ ਧਨੰਤਰ ਕਥਾਕਾਰ ਚੀਜਾਂ ਨੂੰ ਕਿਵੇਂ ਵੇਖਦਾ ਹੈ? ’ ਇਸ ਜਗਿਆਸਾ ਨਾਲ ਮੈਂ ਜਾਨਣਾ ਚਾਹੁੰਦਾ ਸਾਂ ਕਿ ਉਸ ਦੀ ਨਜ਼ਰ ਕਿੱਥੇ ਅਟਕਦੀ ਹੈ ਅਤੇ ਕਿੱਥੋਂ ਤਿਲਕਦੀ ਹੈ? ਕੁੱਝ ਮਿੰਟਾਂ ਵਿੱਚ ਹੀ ਮੈਂ ਇਹ ਮਹਿਸੂਸ ਕਰ ਲਿਆ ਕਿ ਉਹ ਬੜਾ ਤਿੱਖਾ ਅਤੇ ਮੀਸਣਾ ਦਰਸ਼ਕ ਹੈ, ਕੁੱਝ ਵੀ ਸਿੱਧਾ ਸਮਝ ਨਹੀਂ ਆਉਣ ਦਿੰਦਾ। ਉਸ ਦੀ ਕਹਾਣੀ-ਕਲਾ ਦਾ ਵੀ ਇਹੀ ਰਹੱਸ ਹੈ। ਉਸ ਦੀਆਂ ਅੱਖਾਂ ਦਾ ਕੋਣ ਕਿਸੇ ਹੋਰ ਕਲਾ-ਕ੍ਰਿਤੀ ਤੇ ਫੋਕਸ ਹੁੰਦਾ ਪਰ ਅਸਲ ਵਿੱਚ ਉਹ ਵੇਖ ਕਿਧਰੇ ਹੋਰ ਰਿਹਾ ਹੁੰਦਾ। ਉਸ ਨੇ ਮੇਰੀਆਂ ਨਜ਼ਰਾਂ ਨੂੰ ਧੋਖਾ ਦੇਣ ਲਈ ਆਪਣੀਆਂ ਨਿਗਾਹਾਂ ਇੱਕ ਤਿਆਰ ਹੋ ਰਹੀ ਔਰਤ ਦਾ ਪਿੱਠ ਵਾਲਾ ਹਿੱਸਾ ਦਿਖਾਉਂਦੀ ਪੇਟਿੰਗ ਵੱਲ ਘੁੰਮਾਈਆਂ।

ਸ਼ਾਜੀਆ ਅਸਲਮ ਦੀ ਇਸ ਪੇਟਿੰਗ ਵਿੱਚ ਖੂਬਸੂਰਤ ਨਜ਼ਰ ਆ ਰਹੀ ਮੁਟਿਆਰ ਦੇ ਸਲੀਵਲੈ-ੱਸ ਬਲਾਊਜ਼ ਦੇ ਆਲੇ-ਦੁਆਲੇ ਜਿਸਮ ਦਾ ਨਗਨ ਹਿੱਸਾ ਧਿਆਨ ਖਿਚਦਾ ਸੀ। ਪਾਕਿਸਤਾਨੀ ਸਮਾਜ ਵਿੱਚ ਇੰਨਾ ਕੁ ਨੰਗੇਜ਼ ਵਿਖਾਉਣਾ ਵੀ ਵਰਜਿਤ ਹੀ ਹੈ।

“ਵਾਹ ਬਈ ਕਮਾਲ ਐ, ।” ਪ੍ਰੇਮ ਪ੍ਰਕਾਸ਼ ਨੇ ਖਿੜਦਿਆਂ ਕਿਹਾ, “ਕਿਆ ਸਾਦਗੀ ਐ ਪੇਂਡੂ ਮੁੰਡੇ ਦੀ”

ਮੈਂ ਹੈਰਾਨ ਹੋਏ ਨੇ ਢੀਠਾਂ ਹਾਰ ਪੁੱਛ ਹੀ ਲਿਆ, “ਕਿਹੜੀ ਪੇਂਟਿੰਗ ਦੀ ਗੱਲ ਕਰਦੇ ਓ ਜੀ?”

ਉਸ ਨੇ ਮੌਲਵੀ ਕੱਟ ਮੁੱਛਾਂ `ਚੋਂ ਖਚਰੀ ਹਾਸੀ ਹਸਦਿਆਂ ਪਰ੍ਹੇ ਇੱਕ ਕੋਨੇ ਵਿੱਚ ਬੇਪਰਵਾਹ ਜਿਹੇ ਬੈਠੇ ਮੁੰਡੇ ਦੇ ਚਿਤਰ ਵੱਲ ਇਸ਼ਾਰਾ ਕੀਤਾ, ਜਿਹੜਾ ਝਾੜੇ ਬੈਠਣ ਵਾਲਿਆਂ ਵਾਂਗ ਅਜੀਬ ਜਿਹਾ ਪੋਜ਼ ਬਣਾਈ ਪੈਰਾਂ ਭਾਰ ਬੈਠਾ ਸੀ। ਮੇਰੇ ਕੁੱਝ ਪਿੜ-ਪੱਲੇ ਨਾ ਪਿਆ ਅਤੇ ਛਿੱਥਾ ਜਿਹਾ ਪੈ ਕੇ ਮੈਂ ਆਪਣੀ ਦ੍ਰਿਸ਼ਟੀ ਨਾਲ ਹੀ ਨੁਮਾਇਸ਼ ਵੇਖਣ ਲੱਗਾ।

ਹਾਲ ਦੇ ਵਿਚਕਾਰ ਜਿਹੇ ਇਬਰਾਹਿਮ ਅਹਿਮਦ ਦਾ ਬਣਾਇਆ ਇੱਕ ਅਜੀਬੋ-ਗਰੀਬ ਮਾਡਲ ਰੱਖਿਆ ਹੋਇਆ ਸੀ। ਇੱਕ ਪੁਰਾਣੇ ਸਾਇਕਲ ਦੇ ਅਗਲਾ ਟੈਰ ਟਰੱਕ ਦਾ ਲਾਇਆ ਸੀ। ਹੈਂਡਲ ਦੀ ਥਾਂ ਕਾਰ ਦਾ ਸਟੇਰਿੰਗ ਸੀ। ਕਾਠੀ ਉਤੇ ਕਵਰ ਨਾ ਹੋਣ ਕਰਕੇ ਉਸਦੇ ਸਪਰਿੰਗ ਕਿਸੇ ਬੁੱਢੇ ਜਾਂ ਗਰੀਬ ਦੇ ਹੱਡੀਆਂ ਦੇ ਪਿੰਜਰ ਬਣੇ ਸ਼ਰੀਰ ਵਾਂਗ ਜਾਪਦੇ ਸਨ। ਸਾਈਕਲ ਦੀ ਚੈਨ ਅਤੇ ਪੈਡਲ ਗਾਇਬ ਸਨ। ਕਿਸੇ ਮਾਡਲ ਜਾਂ ਚਿਤਰ ਦੇ ਨਿਸਚਤ ਅਰਥ ਤਾਂ ਨਹੀਂ ਕੱਢੇ ਜਾ ਸਕਦੇ ਪਰ ਮੈਨੂੰ ਇਹ ਬੇਮੈਚ ਸੰਦਾਂ-ਸਾਧਨਾ ਨਾਲ ਆਧੁਨਿਕਤਾ ਦੇ ਰਾਹ ਪੈਣ ਦਾ ਸੁਪਨਾ ਲੈਂਦੇ ਪਾਕਿਸਤਾਨ ਦਾ ਅਕਸ ਜਾਪਿਆ।

ਪਾਕਿਸਤਾਨੀ ਪੰਜਾਬ ਦਾ ਪੇਂਡੂ ਤਬਕਾ ਅਜੇ ਵਧੇਰੇ ਕਰਕੇ ਫਿਊਡਲ ਸੰਸਕਾਰਾਂ ਦੀ ਛੱਟ ਹੇਠ ਮਿੱਧਿਆ ਹੋਇਆ ਹੈ। ਇਹ ਤਾਂ ਨਹੀ ਕਿ ਉਥੇ ਸੰਚਾਰ-ਸਾਧਨਾਂ ਅਤੇ ਆਧੁਨਿਕ ਸੋਚ ਨੇ ਮੂਲੋਂ ਪੈਰ ਹੀ ਨਹੀਂ ਪਾਇਆ ਪਰ ਨਵੇਂਪਣ ਦੇ ਨਕਸ਼ੋ-ਨਿਗਾਰ ਅਜੇ ਬਹੁਤੇ ਗੋਲਣਯੋਗ ਨਹੀਂ ਲਗਦੇ। ਮੈਨੂੰ ਇਸ ਪ੍ਰਸੰਗ ਵਿੱਚ ਆਪਣੇ ਮਿੱਤਰ ਕਵੀ ਸਾਬਰ ਅਲੀ ਸਾਬਰ ਦੀ ਗੱਲ ਯਾਦ ਆਈ। ਪਾਂਡੋ ਕੀ ਪਿੰਡ ਦਾ ਰਹਿਣ ਵਾਲਾ ਸਾਬਰ ਮੈਨੂੰ ਕਾਨਫਰੰਸ ਵਿੱਚ ਮਿਲਿਆ ਸੀ।

“ਸਾਬਰ ਪਾਕਿਸਤਾਨੀ ਪੰਜਾਬ ਦੇ ਪਿੰਡਾਂ ਦੀ ਕੀ ਹਾਲਤ ਐ? ੌ ਮੈਂ ਪੁੱਛਿਆ ਸੀ। ਸਿੱਧ ਪੱਧਰੀ ਜਿਹੀ ਦਿੱਖ ਵਾਲੇ ਸਾਬਰ ਨੇ ਸਰੋਂ ਦੇ ਤੇਲ ਨਾਲ ਚੋਪੜੇ ਵਾਲਾਂ `ਚ ਉਂਗਲਾਂ ਦੀ ਕੰਘੀ ਕਰਦਿਆਂ ਦੱਸਿਆ ਸੀ, “ਭਾ-ਜੀ ਏਹ ਤੇ ਨਹੀਂ ਕਿ ਲੋਕੀਂ ਰੋਟੀ-ਟੁੱਕਰ ਵੰਨਿਓ ਅਵਾਜ਼ਾਰ ਨੇ, ਗੋਸ਼ਤ ਵੀ ਮਿਲਦਾ ਏ ਉਂਜ ਤਾਂ ਅੱਲਾ ਦੇ ਫਜ਼ਲ ਨਾਲ, ਪਰ ਸ਼ਹਿਰੀ ਸੁੱਖ-ਸਹੂਲਤਾਂ ਤੋਂ ਵਾਂਝੇ ਨੇ, ਤਾਲੀਮ ਦਾ ਬੇੜਾ ਗਰਕ ਏ, ਮੁਲਾਣੇ ਲੋਕਾਂ ਅੱਤ ਚਾਈ ਹੋਈ ਏ, ਸਿਆਸੀ ਬੰਦੇ ਚੌਧਰੀ ਲੋਕ ਨੇ, ਅਵਾਮ ਦੀ ਕੋਈ ਸਾਰ ਨਈਂ ਜੇ ਲੈਂਦੇ।”

ਪ੍ਰਦਰਸ਼ਨੀ ਵਿੱਚ ਸ਼ਾਮਿਲ ਚਿਤਰ ਵਧੇਰੇ ਪੜ੍ਹੇ-ਲਿਖੇ ਸ਼ਹਿਰੀ ਮੱਧਵਰਗ `ਚੋਂ ਆਏ ਵਿਦਿਆਰਥੀਆਂ ਨੇ ਬਣਾਏ ਸਨ, ਇਸ ਲਈ ਪਾਕਿਸਤਾਨ ਦੇ ਪੇਂਡੂ ਜਨ-ਜੀਵਨ ਦੇ ਦ੍ਰਿਸ਼ ਉਨ੍ਹਾਂ ਦੀ ਨਜ਼ਰ ਹੇਠ ਘੱਟ ਹੀ ਆਏ ਸਨ। ਫਿਰ ਵੀ ਇੱਕਾ-ਦੁੱਕਾ ਚਿੱਤਰ ਕੁੱਝ ਰਮਜ਼ਾਂ ਦਿੰਦੇ ਸਨ। ਨਾਜ਼ੀਆ ਅਜ਼ਮਤ ਦੇ ਚਿੱਤਰ ਵਿੱਚ ਇੱਕ ਰੁੰਡ-ਮਰੁੰਡ ਰੁੱਖ ਦੇ ਹੇਠਾਂ ਡਿੱਗੇ ਪੱਤਿਆਂ ਉਤੇ ਇੱਕ ਔਰਤ ਚੌਂਕੜੀ ਮਾਰੀ ਬੈਠੀ ਦਿਸਦੀ ਸੀ। ਉਸ ਦੇ ਦੋਵੇਂ ਹੱਥ ਅੱਖਾਂ ਉਤੇ ਇੰਜ ਟਿਕੇ ਸਨ ਜਿਵੇਂ ਕੋਈ ਮੁਸਲਮਾਨ ਨਮਾਜ਼ ਤੋਂ ਬਾਅਦ ਆਮੀਨ ਕਹਿੰਦਿਆਂ ਚੇਹਰੇ ਉਤੋਂ ਦੀ ਹੱਥ ਫੇਰਦਾ ਹੈ। ਰੁੱਖ ਦੀਆਂ ਸ਼ਾਖਾਵਾਂ ਵਿੱਚ ਚੜ੍ਹਦਾ ਜਾਂ ਡੁਬਦਾ ਕੇਸਰੀ ਸੂਰਜ ਦਿਖਾਈ ਦਿੰਦਾ ਹੈ। ਔਰਤ ਆਪਣੇ ਲਿਬਾਸ ਤੋਂ ਸਾਧਾਰਨ ਪੇਂਡੂ ਤ੍ਰੀਮਤ ਜਾਪਦੀ ਹੈ ਅਤੇ ਸੂਰਜ ਵੱਲ ਉਸ ਦੀ ਪਿੱਠ ਹੈ।

ਨਵੀਦ ਹੁਸੈਨ ਦੀ ਪੇਂਟਿੰਗ ਵਿੱਚ ਇੱਕ ਜ਼ਾਲੀਦਾਰ ਮੁਸਲਿਮ ਸ਼ੈਲੀ ਦੀ ਟੋਪੀ ਵਿੱਚ ਸਿਰ ਦੀ ਥਾਂ ਖੂਨ ਦਾ ਲੋਥੜਾ ਹੈ। ਖੂਨ ਦੀਆਂ ਕੁੱਝ ਘਰਾਲਾਂ ਹੇਠਾਂ ਨੂੰ ਵੀ ਵਗ ਰਹੀਆਂ ਦਿਸਦੀਆਂ ਹਨ।

ਆਪਣੀ ਸਮਕਾਲੀ ਸਿਆਸੀ ਤਸਵੀਰ ਨੂੰ ਸਪੱਸ਼ਟ ਢੰਗ ਨਾਲ ਪੇਸ਼ ਕਰਦਾ ਕੋਈ ਇੱਕ ਵੀ ਚਿੱਤਰ ਨਜ਼ਰ ਨਹੀਂ ਆਇਆ। ਅਜਿਹਾ ਸ਼ਾਇਦ ਅਕਾਦਮਿਕ ਜਗਤ ਦੀਆਂ ਸੀਮਾਵਾਂ ਜਾਂ ਮਾਰਸ਼ਲੀ ਬੰਧੇਜਾਂ ਦੀਆਂ ਮਜ਼ਬੂਰੀਆਂ ਕਾਰਨ ਹੋਵੇਗਾ। ਹਫਸਾ ਤਾਰਿਕ ਦੇ ਤਾਰਾਂ ਰਾਹੀਂ ਬਣਾਏ ਮਾਡਲ ਵਿੱਚ ਇੰਨਾ ਕੁ ਇਸ਼ਾਰਾ ਜ਼ਰੂਰ ਸੀ ਕਿ ਇੱਕ ਤਾਰਾਂ ਦਾ ਬਣਿਆਂ ਵਿਅਕਤੀ ਵੇਟ-ਲਿਫਟਿੰਗ ਦਾ ਅਭਿਆਸ ਕਰ ਰਿਹਾ ਹੈ ਅਤੇ ਦੂਜਾ ਤਾਰਾਂ ਦਾ ਖੜਸੁਕ ਬੰਦਾ ਉਸ ਦੇ ਬਾਹਾਂ ਉਤੇ ਵੇਟ ਠੱਲ੍ਹਣ ਵਿੱਚ ਮੱਦਦ ਕਰ ਰਿਹਾ ਦਿਸਦਾ ਹੈ।

ਜਿਵੇਂ ਕਹਿੰਦੇ ਹਨ ਕਿ ਕਿਸੇ ਮੁਲਕ ਦੀ ਤਰੱਕੀ ਦਾ ਸਭ ਤੋਂ ਵੱਡਾ ਮਾਪਦੰਡ ਇਹ ਹੁੰਦਾ ਹੈ ਕਿ ਉਹ ਆਪਣੀ ਕਰੀਬ ਅੱਧੀ ਵੱਸੋਂ, ਭਾਵ ਔਰਤਾਂ, ਪ੍ਰਤੀ ਕੀ ਨਜ਼ਰੀਆ ਰੱਖਦਾ ਹੈ। ਇਸ ਪੱਖੋਂ ਵੇਖਿਆ ਸਨਾ ਅਰਜੁਮੰਦ ਦੀ ਪੇਂਟਿੰਗ ਬੜੀ ਮਾਅਨੇਖੇਜ਼ ਸੀ। ਇਸ ਵਿੱਚ ਇੱਕ ਮੁਟਿਆਰ ਫਾਹੇ ਦੀ ਤੰਦੀ ਨਾਲ ਲਟਕੀ ਹੋਈ ਦਿਸਦੀ ਹੈ। ਉਸ ਦੀ ਧੌਣ ਟੁੱਟ ਕੇ ਇੱਕ ਪਾਸੇ ਨੂੰ ਲੁੜਕ ਗਈ ਹੈ। ਚਿੱਤਰ ਦੀ ਜ਼ਮੀਨ ਅਮਰੀਕੀ ਝੰਡੇ ਦੀ ਬਣੀ ਹੋਈ ਹੈ। ਮੁਟਿਆਰ ਦੇ ਸਰੀਰ ਉਤੇ ਪਾਕਿਸਤਾਨੀ ਝੰਡੇ ਦੇ ਚੰਨ-ਤਾਰੇ ਵਾਲੇ ਚਿੰਨ੍ਹਾਂ ਦਾ ਸੰਕੇਤਕ ਲਿਬਾਸ ਹੈ। ਸਿਰ ਦੇ ਦੁਆਲੇ ਖਾਲੀ, ਬੇਰੰਗ ਤਾਰਿਆਂ ਦਾ ਦਾਇਰਾ ਹੈ। ਫਾਹੇ ਦੇ ਕਸਾ ਨਾਲ ਬਾਹਰ ਨਿਕਲ ਆਈਆਂ ਅੱਖਾਂ ਖਲਾਅ ਨੂੰ ਘੂਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਚਿੱਤਰ ਨਿਸਚੇ ਹੀ ਪਾਕਿਸਤਾਨੀ ਔਰਤ ਦੇ ਸੁਪਨਿਆਂ ਅਤੇ ਸੰਤਾਪਾਂ ਨੂੰ ਸਮਾਜੀ-ਸਿਆਸੀ ਸੰਦਰਭ ਵਿੱਚ ਉਭਾਰਨ ਦਾ ਉਪਰਾਲਾ ਬਣਦਾ ਹੈ।

ਆਪਣੀਆਂ ਅਨੇਕ ਦੁਸ਼ਵਾਰੀਆਂ ਦੇ ਬਾਵਜੂਦ ਮੱਧਵਰਗੀ ਪਾਕਿਸਤਾਨੀ ਔਰਤ ਵਿਦਿਆ ਦੀ ਰੌਸ਼ਨੀ ਸਦਕਾ ਫਿਊਡਲ ਕਦਰਾਂ-ਕੀਮਤਾਂ ਦੀ ਛੱਟ ਲਾਹ ਕੇ ਪਰੇ ਸਿਟ੍ਹਦੀ ਅਤੇ ਆਧੁਨਿਕ ਜੀਵਨ-ਜਾਚ ਵੱਲ ਭਰੋਸੇ ਨਾਲ ਕਦਮ ਪੁਟਦੀ ਦਿਸਦੀ ਹੈ। ਬਹੁਤ ਸਾਰੇ ਚਿੱਤਰ ਔਰਤ ਦੇ ਨਵੇਂ ਪੰਧ ਦੀ ਦਾਸਤਾਂ ਬਿਆਨ ਕਰਨ ਵਾਲੇ ਸਨ। ਨੌਰੀਨ ਨਵਾਬ ਦੇ ਚਿੱਤਰ ਵਿੱਚ ਇੱਕ ਅਧਖੜ੍ਹ ਉਮਰ ਦੀ ਔਰਤ ਦੇ ਪਿੱਛੇ ਮੋਢਿਆਂ ਉਤੇ ਤਿੰਨ ਮੁਟਿਆਰਾਂ ਉਲਰੀਆਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ, ਜਿਵੇਂ ਫੋਟੋ ਖਿਚਵਾਉਣ ਲਈ ਪੋਜ ਬਣਾਇਆ ਹੋਵੇ। ਚਾਰਾਂ ਦੇ ਚਿਹਰੇ ਉਥੇ ਕੋਈ ਜੇਤੂ ਮੁਸਕਾਨ ਖਿੜੀ ਹੋਈ ਹੈ, ਜਿਵੇਂ ਕਹਿ ਰਹੀਆਂ ਹੋਣ, “ਲਓ ਜਿੱਤ ਲਈ ਏ ਬਾਜੀ ਆਖਿਰ।” ਸੱਜੇ ਪਾਸੇ ਵਾਲੀ ਸਕੂਲੀ ਉਮਰ ਦੀ ਕੁੜੀ ਦੀ ਨੁਹਾਰ ਮੁੰਡਿਆਂ ਵਾਲੀ ਹੈ। ਉਸਦੇ ਵਾਲ ਕੱਟੇ ਹੋਏ, ਨਜ਼ਰ ਦੀ ਐਨਕ ਲੱਗੀ ਅਤੇ ਮੋਢੇ ਉਤੇ ਲਟਕਦਾ ਹਰੇ ਰੰਗ ਦਾ ਫੈਂਸੀ ਬੈਗ ਕਈ ਕੁੱਝ ਦਸਦੇ ਹਨ। ਉਸਦੇ ਹੱਥ ਵਿੱਚ ਟੀ-ਬੈਗ ਵਾਲੀ ਚਾਹ ਦਾ ਡਿਸਪੋਜਏਬਲ ਕੱਪ ਫੜ੍ਹਿਆ ਹੋਇਆ ਹੈ। ਗੂੜੇ ਹਰੇ-ਲਾਲ ਰੰਗਾਂ ਵਾਲੀ ਇਹ ਪੇਟਿੰਗ ਆਪਣੀ ਸਫਲਤਾ ਦਾ ਜ਼ਸ਼ਨ ਮਨਾਉਂਦੀ ਪਾਕਿਸਤਾਨੀ ਸ਼ਹਿਰੀ ਔਰਤ ਦਾ ਹੁਲਾਸ ਪੇਸ਼ ਕਰਦੀ ਹੈ।

ਪਰ ਸਫਲਤਾ ਵੱਲ ਜਾਂਦਾ ਇਹ ਰਾਹ ਫੁੱਲਾਂ ਦੀ ਕਿਆਰੀ ਵਿਚੋਂ ਹੋ ਕੇ ਨਹੀਂ ਜਾਂਦਾ। ਏਸ਼ਿਆਈ ਔਰਤਾਂ ਲਈ ਇਹ ਕੰਡਿਆਲੇ ਰਾਹਾਂ ਉਤੇ ਨੰਗੇ ਪੈਰਾਂ ਦਾ ਸਫ਼ਰ ਹੁੰਦਾ ਹੈ। ਆਪਣੀ ਮੰਜ਼ਿਲ ਬਾਰੇ ਆਪ ਫੈਸਲੇ ਲੈਣ ਦੀ ਸੂਰਤ ਵਿੱਚ ਜ਼ਿਹਨ ਦੁਆਲੇ ਕਿਵੇਂ ਡਰਾਉਣੇ ਮੰਜ਼ਰਾਂ ਦਾ ਭੈਅ ਉਗ ਪੈਂਦਾ ਹੈ, ਇਸ ਦਾ ਅਕਸ ਕੁਅਰਾਤ-ਉਲ-ਐਨ ਬਾਬਰ ਦੇ ਚਿਤਰ ਵਿੱਚ ਸਿਰਜਿਆ ਗਿਆ ਨਜ਼ਰ ਆਇਆ। ਇਸ ਵਿੱਚ ਇੱਕ ਡਰੀ ਹੋਈ ਮੁਟਿਆਰ ਦੇ ਤ੍ਰਹੇ ਚਿਹਰੇ ਦਾ ਦ੍ਰਿਸ਼ ਹੈ। ਉਸ ਦੇ ਸਿਰ ਦੇ ਦੁਆਲੇ ਦੁਸਾਂਗੀਆਂ ਜੀਭਾਂ ਕੱਢਦੇ ਸੱਪਾਂ, ਲਿਜਲਿਜ਼ੇ ਕਿਰਲਿਆਂ ਅਤੇ ਬਦਰੂਹਾਂ ਦਾ ਵਲਾਵਾਂ ਉਸ ਦੇ ਅੰਦਰਲੇ ਸੰਸਾਰ ਨੂੰ ਬਾਹਰ ਵਿਖਾਉਂਦਾ ਹੈ।

ਬਦਲ ਰਹੇ ਪਾਕਿਸਤਾਨ ਦਾ ਇਹੋ ਜਿਹਾ ਦ੍ਰਿਸ਼ ਮੈਨੂੰ ਦਰਜਨਾਂ ਕਿਤਾਬਾਂ ਵਿਚੋਂ ਵੀ ਨਹੀਂ ਸੀ ਦਿਸ ਸਕਣਾ ਜਿਹੋ ਜਿਹਾ ਮੈਂ ਕੁੱਝ ਘੰਟਿਆ ਵਿੱਚ ਵੇਖ ਲਿਆ ਸੀ।

 

ਸ਼ਾਹੀ ਇਤਿਹਾਸ ਦਾ ਚਸ਼ਮਦੀਦ ਵਗਾਹ

ਆਪਣੇ ਬਲਬੋਤੇ ਘੁੰਮਣ ਵਾਲਾ ਦੇਵ ਦਰਦ ਹੋਰਾਂ ਦਾ ਤਜ਼ਰਬਾ ਚੰਗਾ ਰਿਹਾ ਸੀ। ਸਹੀ ਮਾਅਨਿਆਂ ਵਿੱਚ ਸੈਲਾਨੀਆਂ ਵਾਲਾ ਸੁਆਦ ਤਾਂ ਇਉਂ ਹੀ ਆਉਂਦਾ ਹੈ। ਕਿਸੇ ਦੇ ਕੰਧਾੜੇ ਚੜ੍ਹ ਕੇ ਕੀਤੀ ਸੈਰ ਵਾਰ ਵਾਰ ਮੁਥਾਜ਼ੀ ਦਾ ਅਹਿਸਾਸ ਕਰਾਉ਼ਂਦੀ ਰਹਿੰਦੀ ਹੈ, ਬੰਦਾ ਖੁੱਲ੍ਹ ਕੇ ਵਿਚਰਨ ਤੋਂ ਸੰਕੋਚ ਹੀ ਕਰਦਾ ਹੈ। ਪਰ ਸਾਡੇ ਮੇਜ਼ਬਾਨਾਂ ਨੂੰ ਸਾਡਾ ਇਹ ਮਸ਼ਵਰਾ ਮੂਲੋਂ ਪਸੰਦ ਨਹੀਂ ਆਇਆ। ਘਰ ਗੱਡੀਆਂ ਅਤੇ ਡਰਾਇਵਰ ਹੋਣ ਅਤੇ ਪ੍ਰਾਹੁਣੇ ਆਟੋ-ਰਿਕਸ਼ਿਆਂ ਉਤੇ ਵੱਖੀਆਂ ਭੰਨਾਉਂਦੇ ਫਿਰਨ, ਗੱਲ ਤਾਂ ਮੇਜ਼ਬਾਨ ਦੀ ਹੇਠੀ ਵਾਲੀ ਹੀ ਸੀ। ਵਿਚ-ਵਿਚਾਲੇ ਦਾ ਫੈਸਲਾ ਇਹ ਹੋਇਆ ਕਿ ਨਸਰੀਨ ਅੰਜੁਮ ਭੱਟੀ ਸਾਨੂੰ ਕਾਰ ਤੇ ਸ਼ਾਹੀ ਕਿਲੇ ਵਿੱਚ ਲਾਹ ਆਵੇਗੀ ਅਤੇ ਸ਼ਾਮ ਨੂੰ ਲੈ ਆਵੇਗੀ। ਇਉਂ ਦਿਨੇਂ ਅਸੀਂ ਮਨ-ਮਰਜ਼ੀ ਨਾਲ ਘੁੰਮ ਸਕਦੇ ਸਾਂ।

“ਬਾਈ ਜੀ ਪੱਗਾਂ ਨੇ ਅੱਜ ਫੇਰ ਬਦੇਸ਼ੀਆਂ ਵਾਲੀ ਮਹਿੰਗੀ ਟਿਕਟ ਦਾ ਜਜ਼ੀਆ ਲੁਆ ਦੇਣੈਂ, ਆਪਾਂ ਵੀ ਟੋਪੀਆਂ ਨਾ ਧਰ ਲੀਏ ਸਿਰ ਤੇ? ੌ ਹਸਦਿਆਂ ਮੈਂ ਬਲਦੇਵ ਸਿੰਘ ਸੜਕਨਾਮਾ ਨਾਲ ਆਪਣਾ ਮਹਿੰਗੇ ਭਾਅ ਮਿਊਜ਼ੀਅਮ ਵੇਖਣ ਵਾਲਾ ਤਜ਼ਰਬਾ ਸਾਂਝਾ ਕੀਤਾ।

“ਕੌਣ ਲਏਗਾ ਧਾਡ੍ਹੇ ਤੋਂ ਵਾਧੂ ਪੈਸੇ? ੌ ਭੱਟੀ ਹੋਰਾਂ ਨੇ ਪੂਰੇ ਧੜੱਲੇ ਨਾਲ ਕਿਹਾ।

ਉਹੀ ਗੱਲ ਹੋਈ। ਸ਼ਾਹੀ ਕਿਲੇ ਦੇ ਮੁੱਖ ਦੁਆਰ `ਚ ਖੜ੍ਹੇ ਦਰਬਾਨ ਨੇ ਹੱਥ ਦੇ ਕੇ ਕਾਰ ਰੋਕੀ। ਮੂਹਰਲੀ ਸੀਟ ਉਤੇ ਬੈਠੀ ਨਸਰੀਨ ਅੰਜੁਮ ਭੱਟੀ ਨੇ ਕਾਰ ਦਾ ਸ਼ੀਸ਼ਾ ਨੀਵਾਂ ਕਰਕੇ ਕਿਹਾ, “ਅਲਾਪ ਦੇ ਮਹਿਮਾਨ ਨੇ। ੌ

ਦਰਬਾਨ ਨੇ ਸਲੂਟ ਮਾਰ ਕੇ ਸਾਨੂੰ ਲੰਘਾ ਦਿੱਤਾ। ਨਸਰੀਨ ਹੋਰੀਂ ਤਾਂ ਸਾਨੂੰ ਲਾਹ ਕੇ ਮੁੜ ਗਏ ਪਰ ਸਾਨੂੰ ਇੱਕ ਅਲਾਪ ਨਾਂ ਦੀ ਗਿੱਦੜ-ਸਿੰਗੀ ਦੇ ਗਏ। ਅਸੀਂ ਇਸ ਦੀ ਸਭ ਤੋਂ ਪਹਿਲੀ ਵਰਤੋਂ ਡਾਇਰੈਕਟਰ ਦੇ ਕਮਰੇ `ਚ ਜਾ ਕੇ ਕੀਤੀ। ਜਾਦੂ ਚੱਲ ਗਿਆ। ਉਸਨੇ ਠੰਡਾ ਵੀ ਪਿਲਾਇਆ ਅਤੇ ਸ਼ਾਹੀ ਕਿਲਾ ਵਿਖਾਉਣ ਲਈ ਇੱਕ ਆਹਲਾ ਦਰਜੇ ਦਾ ਗਾਈਡ ਵੀ ਦੇ ਦਿੱਤਾ। ਅੱਗੋਂ ਸਾਡੀ ਗਾਈਡ ਪੀਟਰ ਮਸੀਹ ਨਾਲ ਵੀ ਜਾਣ-ਪਛਾਣ ਨਿਕਲ ਆਈ। ਉਹ ਸਾਡੇ ਜਾਣੂੰ ਪੰਜਾਬੀ ਅਦੀਬ ਅਸਗਰ ਅੰਮ੍ਰਿਤਸਰੀ ਦਾ ਸ਼ਗਿਰਦ ਨਿਕਲਿਆ। ਵਾਹਵਾ ਜੋੜ ਜੁੜ ਗਏ।

“ਸਰਦਾਰ ਜੀ ਭਲਾ ਕਿੰਨਾ ਕੁ ਸਮਾਂ ਹੈ ਜੇ ਧਾਡ੍ਹੇ ਕੋਲ? ੌ ਪੀਟਰ ਨੇ ਸੈਰ ਲਈ ਰੂਪ-ਰੇਖਾ ਤਿਆਰ ਕਰਨ ਦੇ ਨਜ਼ਰੀਏ ਤੋਂ ਪੁੱਛਿਆ।

“ਹੈਗੇ ਨੇ ਛੇ-ਸੱਤ ਘੰਟੇ ਤਾਂ। ੌ ਅਸੀਂ ਆਪਣੇ ਵੱਲੋਂ ਰਤਾ ਖੁੱਲ੍ਹੇ ਵਕਤ ਦਾ ਵਿਖਾਵਾ ਕੀਤਾ।

“ਫੇਰ ਤਾਂ ਮੋਟੀ ਝਾਤ ਈ ਵੱਜ ਸਕਨੀ ਏਂ, ਖੁੱਲਾ-ਡੁੱਲਾ ਵਕਤ ਹੋਂਦਾ ਤਾਂ ਖਾਕਸਾਰ ਨੇ ਧਾਡ੍ਹੇ ਅੱਗੇ ਕਿਲੇ ਦੇ ਜ਼ਰੇ ਜ਼ਰੇ ਦੀ ਤਾਰੀਖ ਬਿਆਨ ਕਰ ਛੱਡਣੀ ਸੂ, ਤੁਸੀਂ ਅਦੀਬ ਤੇ ਖੋਜੀ ਲੋਕ ਜੇ, ਉਸ ਤੋਂ ਵੀ ਅਗਾਂਹ ਸਾਡੇ ਖਸੂਸੀ ਪ੍ਰਾਹੁਣੇ ਓ। ੌ ਪੀਟਰ ਪਹਿਲੀ ਨਜ਼ਰੇ ਹੀ ਮੁਹੱਬਤੀ, ਸਲੀਕੇਦਾਰ ਅਤੇ ਆਪਣੇ ਹੁਨਰ `ਚ ਨਿਪੁੰਨ ਜਾਪਿਆ। ਉਸ ਨੇ ਕਮਾਨ ਸੰਭਾਲਦਿਆਂ ਬਿਆਨ ਕਰਨਾ ਸ਼ੁਰੂ ਕੀਤਾ, “ਸਰਦਾਰ ਜੀ ਏਹ ਦੱਸਣ ਦੀ ਤੇ ਜ਼ਰੂਰਤ ਕੋ-ਨੀ ਕਿ ਸ਼ਾਹੀ ਕਿਲਾ ਇੱਕ ਬੰਨੇ ਜੰਗਜੂ ਪੰਜਾਬ ਦੀ ਤਾਰੀਖ਼ ਦਾ ਚਸ਼ਮਦੀਦ ਗਵਾਹ ਹੈ ਵੇ ਤੇ ਦੂਜੇ ਬੰਨੇ ਮੁਗਲ ਤੇ ਸਿੱਖ ਇਮਾਰਤ-ਕਲਾ ਦਾ ਬੋਜੋੜ ਨਮੂਨਾ ਆਖ ਸਕਦੇ ਵਾਂ। ਪਹਿਲਾਂ ਸ਼ੁਰੂਆਤੀ ਦੌਰ ਵਿੱਚ ਇਹ ਕੱਚਾ ਕਿਲਾ ਅਖਵਾਉਂਦਾ ਸੂ। ਅਲਬਰੂਨੀ ਦੀ ਲਿਖਤ ਦਸਦੀ ਏ ਪਈ 1021 ਈ। ਵਿੱਚ ਸੁਲਤਾਨ ਮਹਿਮੂਦ ਗਜ਼ਨਵੀ ਨੇ ਵੀ ਇਥੇ ਮੁਕਾਮ ਕੀਤਾ ਸੂ। ਇਥੇ ਸ਼ਹਾਬੂਦੀਨ ਗੋਰੀ ਦੇ ਹਮਲੇ ਵੀ ਹੋਏ। ਫਿਰ 1241 ਵਿੱਚ ਤਾਂ ਮੁਗਲਾਂ ਨੇ ਇਸਨੂੰ ਅਸਲੋਂ ਤਬਾਹ ਕਰ ਦਿੱਤਾ ਸੂ। ਅੱਗੇ 1267 ਵਿੱਚ ਸੁਲਤਾਨ ਬਲਬਨ ਨੇ ਇਸ ਕਿਲੇ ਨੂੰ ਨਵੇਂ ਸਿਰਿਉਂ ਬਣਵਾਇਆ। ਤੈਮੂਰ ਦੇ ਹਮਲਿਆਂ ਨਾਲ 1398 ਵਿੱਚ ਏਹ ਇੱਕ ਵੇਰਾਂ ਫਿਰ ਤਬਾਹ ਹੋ ਗਿਆ। 1441 ਵਿੱਚ ਸੁਲਤਾਨ ਮੁਬਾਰਕ ਸ਼ਾਹ ਨੇ ਫਿਰ ਬਣਵਾਇਆ। ਏਤਰਾਂ ਜੀ ਕਈ ਵੇਰ ਢਹਿੰਦਾ-ਉਸਰਦਾ ਰਿਹਾ ਏ ਇਹ ਕਿਲਾ। ੌ

ਅਸਲ ਵਿੱਚ ਤਾਂ ਇਸ ਕਿਲੇ ਨੂੰ 1566 ਸੰਨ ਵਿੱਚ ਮਹਾਨ ਮੁਗਲ ਬਾਦਸ਼ਾਹ ਅਕਬਰ ਨੇ ਪੱਕਾ ਅਤੇ ਵੱਡਾ ਕਰਵਾਇਆ। ਅੱਗੋਂ ਉਹਦੇ ਵਾਰਸਾਂ ਜਹਾਂਗੀਰ, ਸ਼ਾਹ ਜਹਾਨ, ਔਰੰਗਜ਼ੇਬ ਨੇ ਆਪਣੇ ਹਿਸਾਬ, ਆਪਣੀਆਂ ਜ਼ਰੂਰਤਾਂ ਮੁਤਾਬਕ, ਆਪਣੇ ਸੁਹਜ-ਸੁਆਦਾਂ ਮੁਤਾਬਕ ਇਸ ਵਿੱਚ ਕਈ ਨਵੇਂ ਵਾਧੇ ਕੀਤੇ।

“ਇਤਰਾਂ ਹੀ ਸਿੱਖ ਸ਼ਹਿਨਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ ਅਠ੍ਹਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਕਿਲੇ ਦੇ ਉਤਰੀ ਹਿੱਸੇ ਵੱਲੇ ਇੱਕ ਵਿਸ਼ੇਸ਼ ਡਿਫੈਂਸ ਵਾਲ ਤਾਮੀਰ ਕਰਵਾਈ। ਆਪਣੀ ਰਿਹਾਇਸ਼ ਵਾਲੇ ਹਿੱਸੇ ਨੂੰ ਓਨ੍ਹਾਂ ਕੁੱਝ ਹਿੰਦੂ ਇਮਾਰਤਕਾਰੀ ਦੀਆਂ ਚੀਜਾਂ ਵੀ ਦਿੱਤੀਆਂ। ਉਸ ਦੇ ਕਾਫੀ ਵੇਰਵੇ ਅਜੇ ਮੌਜੂਦ ਨੇ ਜੀ, ਤੁਸੀਂ ਆਪਣੇ ਅੱਖੀਂ ਵੇਖਣਾ। ਮੇਰੇ ਖ਼ਿਆਲ ਵਿੱਚ ਸਿੱਖ ਹੋਣ ਪਾਰੋਂ ਧਾਡ੍ਹੀ ਉਹ ਚੀਜਾਂ ਵੇਖਣ ਲਈ ਜਿਆਦਾ ਚਾਹਤ ਹੋਵੇਗੀ। ਜਿਤਰਾਂ ਆਪ ਜਾਣਦੇ ਈ ਓ ਸ਼ਹਿਨਸ਼ਾਹ ਰਣਜੀਤ ਸਿੰਘ ਦੇ ਵਫ਼ਾਤ ਪਾ ਜਾਣ ਪਿੱਛੋਂ ਬ੍ਰਿਟਿਸ਼ ਹਕੂਮਤ ਨੇ ਇਸ ਸ਼ਾਹੀ ਕਿਲੇ ਉਤੇ ਵੀ ਤਹਿਤ ਜਮਾ ਲਿਆ ਪਰ ਉਹਨਾਂ ਇਹਦੇ ਵਿੱਚ ਇਜ਼ਾਫਾ ਕੋਈ ਨੲ੍ਹੀਂ ਕੀਤਾ। ਸਾਲ 1927 ਤੋਂ ਏਹ ਸ਼ਾਹੀ ਕਿਲਾ ਸ਼ੋਅਬਾ-ਏ-ਆਰਕਿਆਲੋਜੀ ਦੇ ਹਵਾਲੇ ਰਿਹਾ ਏ। ਏਹ ਤਾਂ ਜੇ ਸ਼ਾਹੀ ਕਿਲੇ ਦੇ ਲੰਮੇ ਅਰਸੇ ਵਿੱਚ ਫੈਲੇ ਇਤਿਹਾਸ ਦੀ ਮੁਖ਼ਤਸਰ ਤਫ਼ਸੀਲ, ਅੱਗੇ ਜਾ ਕੇ ਸਭ ਕੁੱਝ ਦਾ ਨਜ਼ਾਰਾ ਤੁਸੀਂ ਆਪਣੀ ਅੱਖੀਂ ਤੱਕਣਾ ਜੀ। ੌ ਇਕੋ ਸਾਹੇ ਬੋਲਦੇ ਪੀਟਰ ਨੇ ਅਖੀਰ ਮੁਸਕਰਾਂਦਿਆਂ ਵੱਡਾ ਸਾਰਾ ਸਾਹ ਲਿਆ। ਇਉਂ ਲੱਗਿਆ ਜਿਵੇਂ ਕਿਸੇ ਨੇ ਕੜਿੱਚ ਦੇਣੇ ਬਟਨ ਦੱਬ ਕੇ ਟੇਪ ਰਿਕਾਰਡਰ ਬੰਦ ਕਰ ਦਿੱਤੀ ਹੋਵੇ। ਹਰ ਰੋਜ਼ ਸੈਲਾਨੀਆਂ ਮੂਹਰੇ ਇਹੀ ਕੈਸੇਟ ਚਲਾਉਂਦਿਆਂ ਸਾਰੀਆਂ ਤਰੀਕਾਂ-ਸੰਨਾਂ ਨੂੰ ਉਸਨੇ ਘੋਟਾ ਚਾੜ੍ਹ ਲਾ ਲਿਆ ਲਗਦਾ ਸੀ।

“ਏਹ ਵੇ ਜੀ, ਰੱਬ ਖ਼ੈਰ ਕਰੇ, ਧਾਡ੍ਹਾ ਸਿੱਖ ਮਿਊਜ਼ੀਅਮ, ਇਸ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਇਕੱਠੀਆਂ ਕੀਤੀਆਂ ਗਈ ਇਤਿਹਾਸਕ ਸ਼ੈਆਂ ਰੱਖੀਆਂ ਹੋਈਆਂ ਨੇ। ਅੱਗੇ ਇੱਕ ਮੁਗਲ ਮਿਊਜ਼ੀਅਮ ਵੀ ਹੈ ਵੇ ਪਰ ਮੁਰੰਮਤ ਦੀ ਵਜ੍ਹਾ ਕਰਕੇ ਉਹ ਇਨ੍ਹੀ ਦਿਨੀ ਬੰਦ ਜੇ, ਧਾਡ੍ਹੀ ਵਾਕਫ਼ੀ ਲਈ ਦੱਸ ਦਿਆਂ ਕਿ ਬਿਊਰੋ ਆਫ ਸਾਊਥ ਐਂਡ ਸੈਂਟਰਲ ਏਸ਼ੀਆ ਅਫੇਰਜ਼, ਅਮਰੀਕਾ ਨੇ ਕਲਚਰਲ ਪ੍ਰਜ਼ਰਵੇਸ਼ਨ ਤਹਿਤ ਇਸ ਸ਼ਾਹੀ ਕਿਲੇ ਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ ਹੋਇਆ ਜੇ। ੳ਼ੁਂਜ ਤੇ ਖੈਰ ਸਿੱਖ ਮਿਊਜ਼ੀਅਮ ਵੀ ਬੰਦ ਕੀਤਾ ਹੋਇਆ ਵਾ, ਪਰ ਡਾਇਰੈਕਟਰ ਸਾਹਿਬ ਨੇ ਧਾਡ੍ਹਾ ਇਹਤਰਾਮ ਕਰਦਿਆਂ ਧਾਨੂੰ ਇਹ ਸੀਲਾਂ ਤੋੜ ਕੇ ਵਿਖਾਉਣ ਲਈ ਆਖਿਆ ਹੋਇਆ ਏ। ੌ ਪੀਟਰ ਨੂੰ ਜ਼ਿੰਦਰੇ ਉਤੇ ਲੱਗੀ ਸੀਲ ਤੋੜਦਿਆਂ ਵੇਖ ਕੇ ਅਸੀਂ ਸ਼ੁਕਰਗੁਜਾਰੀ ਦੇ ਅਹਿਸਾਸ ਨਾਲ ਭਰ ਗਏ।

“ਮਾਜ਼ਰਤ ਚਾਹਨਾ ਵਾ ਜੀ, ਮੁਰੰਮਤ ਦੀ ਵਜ੍ਹਾ ਨਾਲ ਬੱਤੀ ਦਾ ਕੁਨੈਕਸ਼ਨ ਕੱਟਿਆ ਹੋਇਆ ਵੇ। ਫਿਰ ਵੀ ਮੇਰੇ ਖ਼ਿਆਲ ਮੂਜ਼ਬ ਦਰਵਾਜ਼ੇ `ਚੋਂ ਆਉਂਦੀ ਰੌਸ਼ਨੀ ਨਾਲ ਕੰਮ ਚੱਲ ਜਾਵੇਗਾ। ੌ ਕਹਿੰਦਿਆਂ ਉਹ ਸਿੱਖ-ਇਤਿਹਾਸ ਦੀਆਂ ਦੁਰਲੱਭ ਪੇਂਟਿੰਗਾਂ ਬਾਰੇ ਦੱਸਣ ਲੱਗਿਆ।

ਮੱਧਮ ਜਿਹੀ ਰੌਸ਼ਨੀ ਵਿੱਚ ਇਨ੍ਹਾਂ ਚਿੱਤਰਾਂ ਦੇ ਪੂਰੇ ਵੇਰਵੇ ਤਾਂ ਨਜ਼ਰ ਨਹੀਂ ਆ ਰਹੇ ਸਨ ਪਰ ਸਾਡੇ ਲਈ ਤਾਂ ਇਨ੍ਹਾਂ ਦੀ ਇੱਕ ਝਲਕ ਹੀ ਰੂਹ ਵਿੱਚ ਝੁਣਝੁਣੀ ਛੇੜਨ ਲਈ ਕਾਫੀ ਸੀ। ਸਾਹਮਣੇ ਤਖ਼ਤ ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਸੀ। ਵੱਡੇ ਕਲਾਸਕੀ ਫਰੇਮ ਵਿੱਚ ਜੜੇ ਇਸ ਚਿੱਤਰ ਵਿੱਚ ਮਹਾਰਾਜਾ ਲੰਮੀ ਚਿੱਟੀ ਦਾਹੜੀ ਅਤੇ ਤਾਅ ਦਿੱਤੀਆਂ ਮੁੱਛਾਂ ਨਾਲ ਆਪਣੇ ਪੂਰੇ ਜਾਹੋ-ਜਲਾਲ ਵਿੱਚ ਨਜ਼ਰ ਆਉਂਦਾ ਹੈ। ਇੱਕ ਹੋਰ ਚਿੱਤਰ ਵਿੱਚ ਘੋੜ-ਸਵਾਰ ਖਾਲਸਾ ਫੌਜ ਦੇ ਕਿਸੇ ਮੁਹਿੰਮ ਉਤੇ ਚੜ੍ਹਨ ਲਈ ਕਿਲੇ ਵਿਚੋਂ ਕੂਚ ਕਰਨ ਦਾ ਦ੍ਰਿਸ਼ ਸੀ। ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਜਿਵੇਂ ਬੇਲਿਉਂ ਨਿਕਲਦੇ ਸ਼ੇਰ ਮੀਆਂ ਵਾਲਾ ਭਾਵ ਅੰਦਰ ਸੁਤੇ-ਸਿੱਧ ਹੀ ਪੈਦਾ ਹੋ ਗਿਆ। ਮਹਾਰਾਜਾ ਦਲੀਪ ਸਿੰਘ ਦਾ ਸੁਨਹਿਰੀ ਬੁੱਤ ਅਦੁੱਤੀ ਮਹੱਤਤਾ ਵਾਲਾ ਜਾਪਿਆ। ਇਸੇ ਤਰ੍ਹਾਂ ਹੀ ਹਾਥੀ ਦੀ ਸਵਾਰੀ ਕਰ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਬਰੌਂਜ ਨਾਲ ਬਣਿਆ ਹੋਇਆ ਸੀ। ਮਹਾਰਾਜੇ ਦੇ ਸਿਰ ਤੇ ਝੂਲਦੇ ਛਤਰ ਨਾਲ ਅੰਦਰ ਇੱਕ ਅਜਿਹਾ ਅਹਿਸਾਸ ਭਰ ਗਿਆ ਕਿ ਸਿੱਖ ਮਿਊਜ਼ੀਅਮ ਨੂੰ ਵੇਖਦਿਆਂ ਆਪਣੇ ਪੁਰਖਿਆਂ ਦੀ ਹਕੂਮਤ ਵਾਰ ਵਾਰ ਚੇਤੇ ਆਉਂਦੀ ਰਹੀ।

“ਇੱਥੇ ਉਚੇ ਚੜ੍ਹ ਕੇ ਬਾਹਰ ਵੱਲੇ ਝਾਤ ਪਾਓ ਜ਼ਰਾ, ਧਾਨੂੰ ਕਿਲੇ ਤੋਂ ਪਾਰ ਸ਼ਹਿਰ ਦਾ ਮਹਾਂ-ਦ੍ਰਿਸ਼ ਨਜ਼ਰੀ ਪਏਗਾ। ਕਰੀਬ 55 ਏਕੜ ਰਕਬੇ ਵਿੱਚ ਕਿਲਾ ਫੈਲਿਆ ਹੋਇਆ ਜੇ, ਚੜ੍ਹਦੇ ਤੋਂ ਲਹਿੰਦੇ ਵਾਲੀ ਬਾਹੀ 427 ਮੀਟਰ ਏ ਤੇ ਦੂਸਰੀ ਬਾਹੀ 335 ਮੀਟਰ ਏ। ਜਿਸ ਤਰਫੋਂ ਅਸੀਂ ਆਏ ਆਂ ਯਾਨੀ ਮੁੱਖ ਦਰਵਾਜ਼ਾ ਲਹਿੰਦੇ-ਚੜ੍ਹਦੇ ਵਾਲੀ ਬਾਹੀ ਉਤੇ ਹੈ ਵੇ। ਉਂਜ ਤਿੰਨ ਗੇਟ ਹੋਰ ਵੀ ਨੇ, ਮਸਤੀ ਗੇਟ ਜੋ ਸ਼ਾਹੀ ਮਸਜਿਦ ਵੱਲ ਖੁੱਲ੍ਹਦਾ ਏ, ਆਲਮਗੀਰੀ ਗੇਟ ਲਹਿੰਦੇ ਵੱਲੇ ਹੈ ਵੇੇੇ, ਏਹ ਸ਼ਹਿਨਸ਼ਾਹ ਔਰੰਗਜ਼ੇਬ ਹੋਰਾਂ ਬਣਵਾਇਆ ਸੀ, ਸ਼ਾਹ ਬੁਰਜ ਗੇਟ ਸ਼ਹਿਨਸ਼ਾਹ ਸ਼ਾਹ ਜਹਾਨ ਹੋਰਾਂ ਖਸੂਸੀ ਮਹਿਮਾਨਾਂ ਦੇ ਵਾਸਤੇ ਰੱਖਿਆ ਹੋਇਆ ਸੂ। ੌ ਪੀਟਰ ਇਤਿਹਾਸ ਦੇ ਜਿਸ ਪੰਨੇ ਉਤੇ ਵੀ ਉਂਗਲ ਰਖਦਾ ਵੇਰਵਿਆਂ ਦੀ ਬੋਛਾੜ ਕਰ ਦਿੰਦਾ। “ਆਓ ਰਤਾ ਇਸ ਜਗ੍ਹਾ ਵੱਲ ਝਾਤ ਪਾਉਂਦੇ ਜਾਈਏ। ਏਹ ਕਿਲੇ ਦੇ ਵੱਡੇ ਹਿੱਸੇ ਨੂੰ ਘੇਰਦਾ ਹੋਇਆ ਤਹਿਖਾਨਾ ਹੈ ਵੇ ਜੇਹਨੂੰ ਅੱਜ ਕੱਲ੍ਹ ਬੇਸਮੈਂਟ ਆਖਨੇ ਆਂ, ਏਹ ਮਾਲ-ਗੁਦਾਮ ਦੇ ਕੰਮ ਆਉਂਦਾ ਸੂ, ਏਹ ਉਪਰ ਜੋ ਕਮਰਿਆਂ ਦੀ ਵੱਡੀ ਕਤਾਰ ਏ, ਇਸਦਾ ਨਾਂ ਖ਼ੁਆਬਗਾਹ ਏ, ਏਹ ਹਵਾਦਾਰ ਕਮਰੇ ਅਹਿਲਕਾਰਾਂ ਦੇ ਆਰਾਮ ਫਰਮਾਉਣ ਲਈ ਹੈ ਸਨ। ਜਿਤਰਾਂ ਧਾਨੂੰ ਪਤਾ ਏ ਪਈ ਉਸ ਵਕਤ ਠੰਡ ਦੇਵਣ ਲਈ ਕੋਈ ਕੂਲਰ, ਏ। ਸੀ। ਤੇ ਹੋਂਦੇ ਨੲ੍ਹੀ ਸੂ, ਏਹ ਇਮਾਰਤਕਾਰੀ ਦੇ ਹੁਨਰ ਦਾ ਕਮਾਲ ਏ ਪਈ ਕਮਰੇ ਗਰਮੀਆਂ ਵਿੱਚ ਠੰਡੇ ਤੇ ਸਿਆਲ ਵਿੱਚ ਨਿੱਘੇ ਰਹਿੰਦੇ ਸੂ। ੌ ਪੀਟਰ ਦੇ ਬਿਆਨ ਦੇ ਹੁਨਰ ਨੇ ਸਾਨੂੰ ਇਨ੍ਹਾਂ ਵੀਰਾਨ ਪਏ ਕਮਰਿਆਂ ਵਿੱਚ ਅਹਿਲਕਾਰਾਂ ਦੇ ਆਰਾਮ ਕਰਨ ਦਾ ਦ੍ਰਿਸ਼ ਨਜ਼ਰ ਆਉਣ ਲਾ ਦਿੱਤਾ।

“ਇਸ ਇਮਾਰਤ ਨੂੰ ਵੇਖੋ, ਇਸ ਦੀ ਖਾਸੀਅਤ ਲਾਲ ਪੱਥਰ ਦੇ ਇਸਤੇਮਾਲ ਵਿੱਚ ਏ, ਏਹ ਸ਼ਹਿਨਸ਼ਾਹ ਅਕਬਰ ਵੇਲੇ ਦਾ ਖਾਸ ਰਿਵਾਜ਼ ਸੂ। ਕੱਟ-ਬਰਿਕ ਵਰਕ ਉਸ ਵਕਤ ਦਾ ਖਾਸ-ਮ-ਖਾਸ ਹੁਨਰ ਆਖਿਆ ਜਾ ਸਕਦਾ ਏ। ਏਸ ਇਮਾਰਤ ਨੂੰ ਇੱਕ ਜੁਦਾ ਕੋਣ ਤੋਂ ਨਿਹਾਰੀਏ ਤਾਂ ਅਕਬਰ ਦੀ ਸੁਲਾਹਕੁੰਨ ਦੀ ਨੀਤੀ ਕਰਕੇ ਵਜ਼ੂਦ `ਚ ਆਏ ੋਦੀਨੇ-ਏ-ਇਲਾਹੀ’ ਦੇ ਕੁੱਝ ਨਕਸ਼ ਵੀ ਧਾਨੂੰ ਸੌਖਿਆਂ ਹੀ ਨਜ਼ਰੀ ਪੈ ਜਾਣਗੇ। ਔਹ ਵੇਖੋ ਵਰਾਂਡੇ ਅੱਗੇ ਵਾਧਰੇ ਦੀ ਸਪੋਰਟ ਲਈ ਜੋ ਡਿਜ਼ਾਇਨ ਬਣਾਏ ਗਏ ਨੇ ਉਨ੍ਹਾਂ ਵਿੱਚ ਹਿੰਦੂ ਇਮਾਰਤਕਾਰੀ ਦਾ ਹੁਨਰ ਸਾਫ ਝਲਕਦਾ ਏ। ੌ ਉਸ ਨੇ ਹੁੱਬ ਕੇ ਕਿਹਾ।

“ਅੱਗੇ ਜਾ ਕੇ ਸ਼ਹਿਨਸ਼ਾਹ ਜਹਾਂਗੀਰ ਦੇ ਵੇਲਿਆਂ ਵਿੱਚ ਛੱਜਿਆਂ ਉਤੇ ਸ਼ੇਰਾਂ-ਹਾਥੀਆਂ, ਮੋਰਾਂ ਦੇ ਚਿਤਰ ਉਲੀਕੇ ਜਾਣ ਲੱਗੇ। ਏਤਰਾਂ ਹੀ ਸ਼ਾਹ ਜਹਾਨ ਹੋਰਾਂ ਦੇ ਵਕਤ ਸਫ਼ੈਦ ਸੰਗਮਰਮਮਰ ਦਾ ਇਸਤੇਮਾਲ ਅਹਿਮ ਹੋ ਗਿਆ। ਮਾਰਬਲ ਉਤੇ ਮੁਸੱਵਰਾਨਾ ਖ਼ੱਤਾਤੀ ਦਾ ਰਿਵਾਜ਼ ਵਜੂਦ `ਚ ਆਇਆ। ਚਮਕਦਾਰ ਟਾਈਲਾਂ ਰਾਹੀਂ ਆਲ੍ਹਾ ਨਮੂਨੇ ਬਣਾਏ ਜਾਣੇ ਸ਼ੁਰੂ ਹੋਏ। ਗੱਲ ਸਾਫ ਏ ਕਿ ਇੱਕ ਤਾਂ ਹਰੇਕ ਬਾਦਸ਼ਾਹ ਦੀਆਂ ਆਪਣੀਆਂ ਆਦਤਾਂ, ਸ਼ੌਂਕ ਹੋਂਦੇ ਨੇ, ਦੂਜਾ ਸਮੇਂ ਦੇ ਫੇਰ ਨਾਲ ਨਵੀਆਂ ਸ਼ੈਆਂ ਤੇ ਹੁਨਰ ਵੀ ਇਜ਼ਾਦ ਹੋ ਜਾਂਦੇ ਨੇ। ਇਹ ਤੇ ਖੈਰ ਪੂਰੇ ਆਲਮ ਵਿੱਚ ਏਤਰਾਂ ਹੀ ਹੋਂਦਾ ਆਇਆ ਏ। ੌ ਪੀਟਰ ਕੋਲ ਸਿਰਫ ਜਾਣਕਾਰੀ ਹੀ ਨਹੀਂ ਚੀਜਾਂ-ਵਸਤਾਂ ਨੂੰ ਵੇਖਣ-ਵਾਚਣ ਵਾਲੀ ਵਿਸ਼ੇਸ਼ ਦ੍ਰਿਸ਼ਟੀ ਵੀ ਸੀ। ਇਤਿਹਾਸ ਦੀ ਸੂਝ ਅਤੇ ਇਮਾਰਤਕਾਰੀ ਦੀਆਂ ਬਰੀਕੀਆਂ ਦਾ ਗਿਆਨ ਉਸਨੇ ਉਚੇਚ ਨਾਲ ਆਪਣੇ ਕਸਬ ਦਾ ਅੰਗ ਬਣਾ ਲਿਆ ਸੀ। ਸੈਲਾਨੀਆਂ ਦੀ ਸ਼੍ਰੇਣੀ- ਵਿਸ਼ੇਸ਼ ਅਨੁਸਾਰ ਜਾਣਕਾਰੀ ਦੇਣ ਵਿੱਚ ਉਸ ਨੂੰ ਮੁਹਾਰਤ ਹਾਸਲ ਸੀ। ਸਾਨੂੰ ਪੜ੍ਹੇ-ਲਿਖੇ ਜਾਣ ਕੇ ਉਹ ਕੁੱਝ ਵੀ ਦਸਦਿਆਂ ਤਰਕ ਦਾ ਪੱਲਾ ਫੜ੍ਹੀ ਰਖਦਾ। ਸਾਡੇ ਚਿਹਰਿਆਂ ਉਤੇ ਉਭਰਨ ਵਾਲੇ ਪ੍ਰਸ਼ਨਾਂ ਨੂੰ ਉਹ ਵਕਤ ਸਿਰ ਭਾਂਪ ਲੈਂਦਾ ਅਤੇ ਪੁੱਛਣ ਤੋਂ ਪਹਿਲਾਂ ਹੀ ਉਤਰ ਦੇਣ ਵਿੱਚ ਜੁਟ ਜਾਂਦਾ। ਪੀਟਰ ਦੀ ਦ੍ਰਿਸ਼ਟੀ ਨਾਲ ਸ਼ਾਹੀ ਕਿਲਾ ਵੇਖਣ ਦਾ ਵੱਖਰਾ ਹੀ ਸੁਆਦ ਸੀ। ਅਸੀਂ ਸਕੂਲੀ ਬੱਚਿਆਂ ਵਾਂਗ ਉਸ ਦੇ ਆਗਿਆਕਾਰ ਸੈਲਾਨੀ ਬਣੇ ਹੋਏ ਸਾਂ। ਉਹ ਕੋਈ ਕਸਰ ਵੀ ਨਹੀਂ ਸੀ ਛੱਡ ਰਿਹਾ।

“ਏਹ ਵੇ ਜੀ ਦੀਵਾਨੇ-ਖਾਸ? ਏਹ ਸ਼ਾਹ ਜਹਾਨ ਨੇ ਅਹਿਲਕਾਰਾਂ ਦੀਆਂ ਖਾਸ ਮੀਟਿੰਗਾਂ ਲਈ ਬਣਵਾਇਆ ਸੀ। ਆਮ ਲੋਕਾਂ ਵਾਸਤੇ ਉਹ ਦੀਵਾਨ-ਆਮ ਵਿੱਚ ਦਰਬਾਰ ਲਾਉਂਦੇ ਸੂ। ਧਾਨੂੰ ਪਤਾ ਹੈ ਕਿ ਹਰ ਕੰਮ ਦਾ ਇੱਕ ਤਰੀਕਾਕਾਰ ਹੋਂਦਾ ਏ, ਸ਼ਾਹੀ ਲੋਕਾਂ ਦੇ ਤਾਂ ਨਹਾਵਣ ਤੱਕ ਦਾ ਖਾਸੋ-ਖਾਸ ਤਰੀਕਾ ਹੋਂਦਾ ਏ। ਏਧਰ ਵੇਖੋ ਏਹ ਵੇ ਹਮਾਮ-ਏ-ਸ਼ਾਹੀ, ਛੋਟੇ ਛੋਟੇ ਖਾਲ-ਪਾਈਪਾਂ ਰਾਹੀ ਠੰਡਾ, ਕੋਸਾ, ਗਰਮ ਪਾਣੀ ਛੱਡਿਆ ਜਾਂਦਾ ਸੂ ਮੌਸਮ ਤੇ ਆਦਤ ਮੁਤਾਬਕ। ਹਰਮ ਦੀਆਂ ਔਰਤਾਂ ਖਾਤਰ ਸ਼ਾਹ ਜਹਾਨ ਨੇ ਪੇਈਨ ਬਾਗ ਲੁਆਇਆ ਹੋਇਆ ਸੂ। ਇਥੇ ਸੱਚ ਵਿੱਚ ਮਹਿਕ ਵਾਲੇ ਫੁੱਲਾਂ ਦੇ ਬੂਟੇ ਹੋਂਦੇ ਸੂ। ਸ਼ਾਹੀ ਲੋਕ ਹੁਸਨ ਤੇ ਖੁਸ਼ਬੋ ਦੇ ਕਦਰਦਾਨ ਤਾਂ ਰੱਜ ਕੇ ਹੋਂਦੇ ਨੇ ਜੀ। ੌ ਪੀਟਰ ਨੇ ਆਪਣੀ ਗੱਲ ਨੂੰ ਰੁਮਾਂਸ ਦੀਆਂ ਹੱਦਾਂ ਤੋਂ ਅੱਗੇ ਨਾ ਵਧਣ ਦਿੱਤਾ ਪਰ ਉਸਦੇ ਚਿਹਰੇ ਉਤੇ ਆਈ ਮੁਸਕਣੀ ਨੇ ਉਸ ਦੇ ਅੰਦਰ ਦਾ ਭੇਤ ਬਿਆਨ ਕਰ ਦਿੱਤਾ। ਸਾਡੇ ਵਾਂਗ ਉਹ ਵੀ ਜਿਸਮ-ਕਲੋਲਾਂ `ਚ ਮਸਤ ਸ਼ਾਹੀ ਲੋਕਾਂ ਦੀ ਕਲਪਨਾ ਨਾਲ ਪਰਚਿਆ ਜਾਪਦਾ ਸੀ।

ਭੱਜੇ ਜਾਂਦੇ ਵਕਤ ਦੀ ਪੈੜ-ਚਾਪ ਦੇਖਣ ਲਈ ਸਾਡੇ ਵਿਚੋਂ ਕਿਸੇ ਦੀ ਘੜੀ ਵੱਲ ਨਿਗਾਹ ਚਲੀ ਜਾਂਦੀ ਜਾਂ ਢਲਦੇ ਸੂਰਜ ਵੱਲ ਤੱਕਿਆ ਜਾਂਦਾ ਤਾਂ ਪੀਟਰ ਦੀ ਸੁਤੇ-ਸਿੱਧ ਹੀ ਰਫ਼ਤਾਰ ਵਧ ਜਾਂਦੀ। ਉਸ ਦੇ ਕਦਮ ਤੇਜ ਹੋ ਜਾਂਦੇ, ਬੋਲਣ ਵਿੱਚ ਕਾਹਲ ਆ ਵੜਦੀ ਅਤੇ ਕਹਾਣੀਆਂ ਦੀ ਸਮਰੀ ਬਣਨ ਲਗਦੀ। ਉਸ ਨੇ ਸ਼ਾਹ ਜਹਾਨ ਵੱਲੋਂ 1645 `ਚ ਬਣਵਾਈ ਮੋਤੀ ਮਸਜਿਦ, ਸ਼ੀਸ਼ ਮਹਿਲ ਅਤੇ ਨੌ ਲੱਖੇ ਪੈਵੀਲੀਅਨ ਬਾਰੇ ਲੰਮੀਆਂ-ਚੌੜੀਆਂ ਕਹਾਣੀਆਂ ਨੂੰ ਪ੍ਰੈਸੀ ਬਣਾ ਕੇ ਦੱਸਿਆ, ਭਾਵੇਂ ਇਉਂ ਕਰਨਾ ਉਸ ਨੂੰ ਆਪਣੇ ਹੁਨਰ ਨਾਲ ਧੱਕਾ ਕਰਨਾ, ਆਪਣੀ ਕਲਾ ਦਾ ਗਲਾ ਘੁੱਟਣ ਵਾਂਗ ਜਾਪਦਾ ਰਿਹਾ।

“ਖੈਰ ਵਕਤ ਦੀ ਨਜ਼ਾਕਤ ਏ ਸਰਦਾਰ ਜੀ, ਚਲੋ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅੱਠ ਦਰੀ ਵੇਖਨੇ ਆਂ। ੌ ਲਗਦਾ ਸੀ ਵਕਤ ਦੀ ਘਾਟ ਨਾਲ ਸਾਡੇ ਨਾਲੋਂ ਵੱਧ ਪੀਟਰ ਦਾ ਮਜ਼ਾ ਕਿਰਕਿਰਾ ਹੋਇਆ ਸੀ।

“ਏਹ ਵੇ ਜੀ ਸਿੱਖ ਸ਼ਹਿਨਸ਼ਾਹ ਦੀ ਕੋਰਟ ਜਿਸਨੂੰ ਅੱਠ ਦਰੀ ਵੀ ਆਖਦੇ ਨੇ, ਧਾਨੂੰ ਤੇ ਮੇਰੇ ਨਾਲੋਂ ਵੱਧ ਵਾਕਫੀ ਹੋਣੀ ਏਂ, ਸਿੱਖ ਅਦੀਬ ਓ ਤੁਹੀਂ ਤੇ। ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਬਾਦਸ਼ਾਹ ਹੋਇਆ ਏ ਜਿਸ ਨੇ ਅਕਬਰ ਦੇ ਦੀਨ-ਇਲਾਹੀ ਦੀ ਤਰ੍ਹਾਂ ਹੀ ਮੁਖ਼ਤਲਿਫ਼ ਮਜ਼ਹਬਾਂ ਦੇ ਇਹਤਰਾਮ ਦੀ ਗੱਲ ਕੀਤੀ ਏ। ਔਹ ਵੇਖੋ ਪੂਰੀ ਦੀ ਪੂਰੀ ਦੀਵਾਰ ਹਿੰਦੂ ਦੇਵੀ-ਦੇਵਤਿਆਂ ਦੇ ਚਿੱਤਰਾਂ ਨਾਲ ਭਰੀ ਹੋਈ ਏ। ਹਿੰਦੂ-ਮੁਸਲਮਾਨ ਦੀ ਤੇ ਗੱਲ ਹੀ ਕੀ ਏ, ਉਸ ਦੇ ਦਰਬਾਰ ਵਿੱਚ ਤੇ ਅੰਗਰੇਜ਼ ਅਤੇ ਫਰਾਂਸੀਸੀ ਅਹਿਲਕਾਰ ਵੀ ਹੋਂਦੇ ਸੂ। ਉਸ ਦੀ ਏਸੇ ਸੈਕੂਲਰ ਨਜ਼ਰ ਨੂੰ ਸ਼ਾਹ ਮੁਹੰਮਦ ਨੇ ਕਿੱਸਾ ਲਿਖ ਕੇ ਤਸਲੀਮ ਕੀਤਾ ਏ ਤੇ ਆਪਣੀ ਅਕੀਦਤ ਵੀ ਪੇਸ਼ ਕੀਤੀ ਸੂ। ਇਸ ਅੱਠ ਦਰੀ ਵਿੱਚ ਦਰਬਾਰ ਸਜਾ ਕੇ ਉਹ ਸਭ ਮਜ਼ਹਬਾਂ ਦੀ ਰਿਆਇਆ ਨੂੰ ਇਨਸਾਫ਼ ਦਿਆ ਕਰਦੇ ਸੂ। ਇੱਕ ਵੇਰਾਂ ਆਖਦੇ ਨੇ ਫਰਿਆਦੀ ਨੇ ਆ ਕੇ।। ।। ੌ ਪੀਟਰ ਸ਼ਾਇਦ ਮਹਾਰਾਜੇ ਦੀ ਇਨਸਾਫ਼-ਪਸੰਦੀ ਦਾ ਕੋਈ ਕਿੱਸਾ ਸੁਣਾਉਣਾ ਚਾਹੁੰਦਾ ਸੀ ਪਰ ਸਾਡੀ ਹੱਦੋਂ ਵੱਧ ਕਾਹਲੀ ਭਾਂਪ ਕੇ ਉਸ ਨੇ ਥਾਂਏਂ ਕੱਟ ਮਾਰ ਦਿੱਤਾ ਅਤੇ ਸੈਰ ਨੂੰ ਅਤਿੰਮ ਛੋਹ ਦਿੰਦਿਆਂ ਕਿਹਾ, “ਲਓ ਜੀ ਏਧਰ ਆੳ ਆਖਰੀ ਝਾਤੀ ਮਾਰ ਕੇ ਫਿਰ ਵਾਪਸ ਚਲਨੇ ਆਂ, ਐਧਰ ਫਸੀਲ ਤੇ ਖੜ੍ਹ ਕੇ ਵੇਖੀਏ ਤਾਂ ਸਾਮ੍ਹਣੇ ਮੀਨਾਰੇ-ਏ-ਪਾਕਿਸਤਾਨ ਨਜ਼ਰ ਆਉ਼ਂਦੀ ਏ, ਅੱਜ-ਕੱਲ੍ਹ ਉਸ ਪਾਰਕ ਨੂੰ ਇਕਬਾਲ ਪਾਰਕ ਦਾ ਨਾਂ ਦਿੱਤਾ ਹੋਇਆ ਏ। ਔਹ ਮੁੱਖ ਦਰਵਾਜ਼ੇ ਦੀ ਤਰਫ ਡੇਰਾ ਸਾਹਿਬ ਗੁਰਦੁਆਰਾ ਏ, ਇਸੇ ਜਗ੍ਹਾ ਗੁਰੂ ਅਰਜਨ ਨੂੰ ਸ਼ਹੀਦ ਕੀਤਾ ਗਿਆ ਸੂ ਤੇ।। ।। ੌ ਕਹਿਕੇ ਪੀਟਰ ਚੁੱਪ ਕਰ ਗਿਆ ਜਿਵੇਂ ਇਸ ਕਾਂਡ ਦਾ ਬਿਰਤਾਂਤ ਉਹ ਹੋਰ ਲੰਮਾ ਕਰਕੇ ਨਹੀਂ ਸੁਣਾਉਣਾ ਚਾਹੁੰਦਾ ਸੀ। ਫਿਰ ਉਸ ਨੂੰ ਜਾਪਿਆ ਜਿਵੇਂ ਸੈਰ ਦਾ ਅੰਤ ਇਸ ਦ੍ਰਿਸ਼ ਨਾਲ ਨਹੀਂ ਸੀ ਹੋਣਾ ਚਾਹੀਦਾ। ਉਸ ਨੇ ਜਿਦ ਕਰਕੇ ਥੋੜ੍ਹੀ ਮੁਹਲਤ ਹੋਰ ਮੰਗੀ।

“ਸਰਦਾਰ ਜੀ ਸਮਝੋ ਸ਼ਾਹੀ ਕਿਲਾ ਵੇਖਣ ਦਾ ਕੰਮ ਤਾਂ ਅਸੀਂ ਕਰੀਬ ਨਿਬੇੜ ਲਿਆ ਏ, ਜਾਂਦੇ ਜਾਂਦੇ ਇੱਕ ਹੋਰ ਥਾਂ ਜ਼ਰੂਰ ਦਿਖਾਉਣੀ ਏ। ੌ ਕਹਿੰਦਿਆਂ ਉਹ ਕਿਲੇ ਦੀ ਉਸ ਬਾਹੀ ਵੱਲ ਤੁਰ ਪਿਆ ਜਿਧਰੋਂ ਕਦੇ ਰਾਵੀ ਕਿਲੇ ਨਾਲੋਂ ਖਹਿ ਕੇ ਲੰਘਦੀ ਸੀ।

“ਹੁਣ ਤੇ ਖੈਰ ਰਾਵੀ ਦੀ ਜਗ੍ਹਾ ਮੋਟਰਾਂ-ਕਾਰਾਂ ਵਗਣ ਡਹੀਆਂ ਨੇ, ਕਦੇ ਏਥੇ ਰਾਵੀ ਦੀਆਂ ਛੱਲਾਂ ਦਿਸੀਂਦੀਆਂ ਸੂ, ਸ਼ਾਹੀ ਦਰਬਾਰ ਨੂੰ ਚਕਮਾ ਦੇ ਕੇ ਕੱਢੇ ਘੋੜੇ ਨੂੰ ਭਾਈ ਬਿਧੀ ਚੰਦ ਨੇ ਇਸ ਜਗ੍ਹਾ ਤੋਂ ਰਾਵੀ ਵਿੱਚ ਛਾਲ ਮਰਵਾਈ ਸੂ, ਗੱਲ ਏਤਰਾਂ ਵਾਪਰੀ।। । , ਖੈਰ ਉਹ ਪੂਰੀ ਸਾਖੀ ਤੇ ਤੁਹੀਂ ਜਾਣਦੇ ਈ ਓ। ਇਸ ਜਗ੍ਹਾ ਖੜ੍ਹੇ ਸਨ ਪਹਿਰੇਦਾਰ ਪਰ ਉਹ।। ।। ੌ ਪੀਟਰ ਨੇ ਸੈਰ ਦਾ ਸੁਖਾਂਤਕ ਅੰਤ ਕੀਤਾ, “ਭਲਾ ਖਾਲਸੇ ਨੂੰ ਕੌਣ ਡੱਕ ਸਕਦਾ ਏ ਜੀ? ੌ ਉਹ ਸਾਡੇ ਨਾਲ ਹੀ ਮੁਸਕੁਰਾਇਆ।

“ਬੈਠੋ ਬੈਠੋ ਪੁੱਤਰੋ, ਮੌਜ ਕਰੋ। ਭਲਾ ਆਸ਼ਕਾਂ ਨੂੰ ਕੌਣ ਡੱਕ ਸਕਦਾ ਏ। ੌ ਸਾਨੂੰ ਵੇਖ ਕੇ ਖਿਸਕਦੇ ਪ੍ਰੇਮੀ ਜੋੜੇ ਨੂੰ ਦੇਵ ਦਰਦ ਨੇ ਪੀਟਰ ਦੇ ਸ਼ਬਦਾਂ ਵਿੱਚ ਹੱਲਾਸ਼ੇਰੀ ਦਿੰਦਿਆਂ ਕਿਹਾ। ਉਹ ਕੰਧ ਦੀ ਓਟ ਵਿੱਚ ਬੈਠੇ ਕਲੋਲਾਂ ਕਰ ਰਹੇ ਸਨ।

“ਮੁਹੱਬਤ ਕਰਦੇ ਓ ਤਾਂ ਵਿਆਹ ਵੀ ਜ਼ਰੂਰ ਕਰਾਓਗੇ, ਹੈ ਨਾ? ੌ ਦੇਵ ਦਰਦ ਹੋਰ ਅਗਾਂਹ ਵਧ ਗਿਆ। ਜੋੜੇ ਨੇ ਸ਼ਰਮਾਉਂਦਿਆ ਹਾਂ ਵਿੱਚ ਸਿਰ ਹਿਲਾਏ।

“ਗੁੱਡ।। । ਪੁੱਤਰੋਂ ਜਨੂੰਨੀ ਲੋਕ ਹੀ ਜ਼ਿੰਦਗੀ ਵਿੱਚ ਰੰਗ ਭਰਦੇ ਨੇ। ੌ ਉਸਨੇ ਸ਼ਾਬਾਸ਼ੇ ਦਿੱਤੀ ਅਤੇ ਸਾਨੂੰ ਸੁਣਾ ਕੇ ਕਿਹਾ, “ਬਾਬਿਓ ਰਾਜਾਸ਼ਾਹੀਆਂ ਭਾਵੇਂ ਲੱਦ ਗਈਆਂ ਨੇ, ਪਰ ਪਿਆਰ ਦੀ ਸਲਤਨਤ ਤਾਂ ਕਿਲੇ ਵਿੱਚ ਅਜੇ ਵੀ ਆਬਾਦ ਏ, ਵਾਹ। ੌ

“ਕਦੇ ਇਹ ਕਿਲਾ ਹਕੂਮਤਾਂ ਦੀ ਰੱਖਿਆ ਕਰਦਾ ਰਿਹਾ ਹੋਵੇਗਾ ਪਰ ਹੁਣ ਵਿਚਾਰੇ ਨੂੰ ਆਪਣੀ ਰੱਖਿਆ ਕਰਨੀ ਔਖੀ ਹੋਈ ਪਈ ਐ। ੌ ਬਲਦੇਵ ਸਿੰਘ ਸੜਕਨਾਮਾ ਨੇ ਕਿਲੇ ਦੀਆਂ ਭੁਰਦੀਆਂ ਇੱਟਾਂ ਦੇ ਗੇਰੂ ਦੀ ਚੁਟਕੀ ਭਰਦਿਆਂ ਕਿਲੇ ਦੀ ਖਸਤਾ ਹੁੰਦੀ ਹਾਲਤ ਤੇ ਹਾਓਕਾ ਭਰਿਆ।

“ਖੈਰ ਜੀ ਹੁਣ ਬਚਾਅ ਹੋ ਜਾਣਾ ਏ, ਅਮਰੀਕਾ ਨੇ ਸਾਂਭ-ਸੰਭਾਲ ਦਾ ਜ਼ਿੰਮਾ ਓਟ ਲਿਆ ਏ। ੌ ਪੀਟਰ ਨੇ ਆਸ ਦੀ ਕਿਰਨ ਵਿਖਾਈ।

ੋਕਿਆ ਮਜ਼ਾਕ ਹੈ, ਮੁਸਲਮਾਨਾਂ ਦੇ ਦੇਸ਼ ਇਰਾਕ ਨੂੰ ਨੇਸਤੋ-ਨਬੂਦ ਕਰਨ ਵਾਲੇ ਸਾਮਰਾਜੀ ਅਮਰੀਕਾ ਨੂੰ ਤੀਜੀ ਦੁਨੀਆਂ ਦੇ ਢਹਿੰਦੇ ਕਿਲਿਆਂ ਦੀ ਸਾਂਭ-ਸੰਭਾਲ ਦਾ ਕਿੰਨਾ ਫਿਕਰ ਹੈ। ੋ ਸੋਚਦਾ ਮੈ ਸਾਰਿਆਂ ਨਾਲ ਕਿਲੇ ਤੋਂ ਬਾਹਰ ਆ ਗਿਆ।

 

ਅਨਾਰਕਲੀ ਬਾਜ਼ਾਰ

ਸ਼ਾਪਿੰਗ ਦੇ ਜਨੂੰਨੀਆਂ ਲਈ ਅਨਾਰਕਲੀ ਬਾਜ਼ਾਰ ਤੋਂ ਵੱਧ ਖਿੱਚ ਵਾਲੀ ਥਾਂ ਲਾਹੌਰ ਵਿੱਚ ਹੋਰ ਕੋਈ ਨਹੀਂ। ਇਹ ਜਨੂੰਨ ਥੋੜ੍ਹਾ-ਬਹੁਤਾ ਤਾਂ ਹਰੇਕ ਜਨਾਨੀ ਵਿੱਚ ਹੀ ਹੁੰਦਾ ਹੈ ਪਰ ਲਗਦਾ ਹੈ ਅਨਾਰਕਲੀ ਤਾਂ ਜ਼ਰੂਰ ਹੀ ਖਰੀਦਾਰੀ ਦੀ ਦੀਵਾਨੀ ਹੋਵੇਗੀ। ਸ਼ਾਇਦ ਇਸੇ ਲਈ ਉਸਦੇ ਆਸ਼ਕ ਜਹਾਂਗੀਰ ਨੇ ਜਿੱਥੇ ਅਨਾਰਕਲੀ ਦੀ ਯਾਦਗਾਰ ਬਣਾਈ ਉਥੇ ਸ਼ੌਕੀਨੀ ਲਾਉਣ ਵਾਲਿਆਂ ਦੇ ਜਨੂੰਨ ਨੇ ਬਾਜ਼ਾਰ ਬਣਾ ਦਿੱਤਾ। ਖਰੀਦੋ-ਫਰੋਖ਼ਤ ਦੇ ਰਵਾਇਤੀ ਜ਼ਮਾਨੇ ਤੋਂ ਸ਼ੁਰੂ ਹੋਇਆ ਇਹ ਅਨਾਰਕਲੀ ਬਾਜ਼ਾਰ ਹੁਣ ਫੈਸ਼ਨ ਦੀ ਅੰਤਰਰਾਸ਼ਟਰੀ ਮੰਡੀ ਦੇ ਪੈਰਾਂ `ਚ ਪੈਰ ਮਾਰਦਾ ਹੈ। ਪਰ ਇਸ ਦੀ ਨਿਵੇਕਲੀ ਗੱਲ ਇਹੀ ਹੈ ਕਿ ਰਵਾਇਤ ਅਤੇ ਆਧੁਨਿਕਤਾ ਇਥੇ ਹੱਥ `ਚ ਹੱਥ ਪਾ ਕੇ ਤੁਰਦੀਆਂ ਨਜ਼ਰ ਆਉਂਦੀਆਂ ਹਨ। ਇੱਕ ਪਾਸੇ ਸੱਕ, ਦੰਦਾਸੇ, ਸੁਰਮੇ ਵਰਗੀਆਂ ਸ਼ੈਆਂ ਮਿਲਦੀਆਂ ਹਨ ਤਾਂ ਦੂਜੇ ਪਾਸੇ ਨਵੇਂ ਯੁਗ ਦੇ ਮਸਕਾਰੇ, ਫਾਊਂਡੇਸ਼ਨਾਂ, ਲੋਸ਼ਨ ਵੀ ਆਮ ਮਿਲ ਜਾਂਦੇ ਹਨ।

ਦੋਹਾਂ ਪੰਜਾਬਾਂ ਦੇ ਆਮ ਤਬਕੇ ਦੇ ਮਨਾਂ ਵਿੱਚ ਅਨਾਰਕਲੀ ਬਾਜ਼ਾਰ ਸਦੀਆਂ ਤੋਂ ਕੋਈ ਹੁਸੀਨ ਕਲਪਨਾਂ ਬਣ ਕੇ ਲਟਕਿਆ ਹੋਇਆ ਹੈ। ਮੈਨੂੰ ਆਪਣੇ ਬਚਪਨ ਦਾ ਉਹ ਦ੍ਰਿਸ਼ ਯਾਦ ਆਉਂਦਾ ਹੈ ਜਦੋਂ ਕਿਤੇ ਬੇਬੇ ਨਹਾ-ਧੋ ਕੇ ਧੋਤਾ-ਸੰਵਰਿਆ ਸੂਟ ਪਾ ਲੈਂਦੀ ਤਾਂ ਮੈਨੂੰ ਲਗਦਾ ਇਸਨੇ ਮੈਨੂੰ ਭੁਲਾਵਾ ਦੇ ਕੇ ਜ਼ਰੂਰ ਮੇਰੇ ਨਾਨਕੀ ਜਾਣਾ ਹੋਵੇਗਾ। ਮੈਂ ਤਰਲੇ ਲੈਂਦਾ ਪੁੱਛਣ ਦੀ ਜਿਦ ਕਰਦਾ, “ਬੇਬੇ ਕਿੱਥੇ ਜਾਣੈ? ੌ

“ਖੇਤ ਜਾਣੈਂ ਭੱਤਾ ਲੈ ਕੇ, ਹੋਰ ਜਾਣੈਂ ਮੈਂ ਅਨਾਰਕਲੀ ਬਾਜ਼ਾਰ। ੌ ਉਹ ਖਿਝ ਕੇ ਆਖਦੀ ਤਾਂ ਮੈਂ ਨਿਸਚਿੰਤ ਹੋ ਕੇ ਖੇਡ ਲੱਗ ਜਾਂਦਾ ਕਿਉਂਕਿ ਮੇਰੇ ਬਾਲ-ਮਨ ਨੂੰ ਪਤਾ ਸੀ ਕਿ ਅਨਾਰਕਲੀ ਬਾਜ਼ਾਰ ਤਾਂ ਐਵੇਂ ਕਿਸੇ ਝੂਠੀ-ਮੁਠੀ ਥਾਂ ਦਾ ਨਾਂ ਸੀ। ਖ਼ੈਰ ਬੇਬੇ ਤਾਂ ਸਾਰੀ ਉਮਰ ਤੱਕ ਵੀ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੀ ਪਰ ਅੱਜ ਮੇਰੀ ਅਨਾਰਕਲੀ ਬਾਜ਼ਾਰ ਵੇਖਣ ਦੀ ਸੱਧਰ ਜਰੂਰ ਪੂਰੀ ਹੋਣ ਵਾਲੀ ਸੀ। ਅੱਜ ਦਾ ਪੂਰਾ ਦਿਨ ਇਸ ਬਾਜ਼ਾਰ ਦੇ ਜਲਵੇ ਦੇਖਣ ਲਈ ਰਾਖਵਾਂ ਰੱਖਿਆ ਸੀ।

“ਬਾਬਿਓ ਦੋ-ਚਾਰ ਘੰਟਿਆਂ ਨਾਲ ਗੱਲ ਨੲ੍ਹੀਉਂ ਬਣਨੀ ਉਥੇ ਕੋਈ, ਪੂਰਾ ਦਿਨ ਵੀ ਮੇਰੀ ਜਾਚੇ ਤਾਂ ਘੱਟ ਪੈ ਜਾਣਾ ਏ ਖ਼ਬਰੇ। ੌ ਦੇਵ ਦਰਦ ਨੇ ਸਾਨੂੰ ਇੱਕ ਦਿਨ ਪਹਿਲਾਂ ਹੀ ਪੱਕਾ ਕਰ ਦਿੱਤਾ ਸੀ। ਅਸਲ ਵਿੱਚ ਸ਼ਾਪਿੰਗ ਦੇ ਜਨੂਨੀ ਦੇਵ ਦਰਦ ਨੂੰ ਆਪਣੇ ਝੱਲ ਦਾ ਪਤਾ ਸੀ। ਮੈਂ ਅਤੇ ਬਲਦੇਵ ਸਿੰਘ ਸੜਕਨਾਮਾ ਨੇ ਤਾਂ ਐਵੇਂ ਨਿਸ਼ਾਨੀ ਜਾਂ ਤੋਹਫ਼ੇ ਦੇਣ ਖਾਤਰ ਇੱਕ ਦੋ ਚੀਜਾਂ-ਵਸਤਾਂ ਖਰੀਦਣੀਆਂ ਸਨ। ਦੁਨੀਆਂ ਗਾਹੁਣ ਪਿੱਛੋਂ ਮੇਰਾ ਤਜ਼ਰਬਾ ਤਾਂ ਇਹੀ ਆਖਦਾ ਹੈ ਕਿ ਨਵੇਂ ਯੁੱਗ ਦੀ ਹਰੇਕ ਵਸਤ ਅੱਜ-ਕੱਲ੍ਹ ਹਰੇਕ ਥਾਂ ਹੀ ਮਿਲਦੀ ਹੈ, ਐਵੇਂ ਭਾਰ ਚੱਕਣ ਦਾ ਕੋਈ ਫਾਇਦਾ ਨਹੀਂ ਹੁੰਦਾ। ਹਾਂ ਕੁੱਝ ਇੱਕ ਰਵਾਇਤੀ ਚੀਜਾਂ ਜ਼ਰੂਰ ਕਿਸੇ ਖਾਸ ਥਾਂ ਹੀ ਮਿਲਦੀਆਂ ਹਨ, ਜਿਵੇਂ ਕਸੂਰੀ ਜੁੱਤੀ ਕਸੂਰ ਤੋਂ ਹੀ ਮਿਲਦੀ ਹੈ।

ਦੇਵ ਦਰਦ ਦੇ ਜ਼ੋਰ ਪਾਉਣ ਤੇ ਇਸਹਾਕ ਸਵੇਰੇ ਸਵੇਰੇ ਹੀ ਕਾਰ ਲੈ ਕੇ ਆ ਹਾਜ਼ਿਰ ਹੋਇਆ। ਵੈਸੇ ਲਾਹੌਰ ਵਿੱਚ ਸਵੇਰੇ ਦਾ ਮਤਲਬ ਵੀ ਗਿਆਰਾਂ-ਬਾਰਾਂ ਵਜੇ ਹੀ ਹੁੰਦਾ ਹੈ। ਇਸ ਤੋਂ ਪਹਿਲਾਂ ਤਾਂ ਬਾਜ਼ਾਰ ਵਿੱਚ ਵੀ ਦੁਕਾਨਾਂ ਸਾਫ਼ ਕਰਦੇ ਝਾੜੂਆਂ ਨਾਲ ਉਡਦੀ ਗਰਦ ਨਾਲ ਨਾਸਾਂ ਭਰਾਉਣ ਵਾਲੀ ਗੱਲ ਹੀ ਹੋਣੀ ਸੀ।

ਪਹਿਲੀ ਤੱਕਣੀ ਅਨਾਰਕਲੀ ਬਾਜ਼ਾਰ ਵੀ ਆਮ ਬਾਜ਼ਾਰਾਂ ਵਰਗਾ ਹੀ ਜਾਪਿਆ, ਇੱਕ ਵਾਹਵਾ ਵੱਡੇ ਏਰੀਏ ਵਿੱਚ ਜੁੜੱਤ ਜਿਹੀਆਂ ਦੁਕਾਨਾਂ ਹਨ। ਅਗਾਂਹ ਗਲੀ ਵਿਚੋਂ ਗਲੀ ਨਿਕਲੀ ਜਾਂਦੀ ਹੈ। ਇਨ੍ਹਾਂ ਭੀੜੀਆਂ ਗਲੀਆਂ ਵਿੱਚ ਕੋਈ ਸਾਇਕਲ-ਸਕੂਟਰ ਜਾਣ ਦੀ ਗੁੰਜਾਇਸ਼ ਨਹੀਂ। ਅਸਲ ਵਿੱਚ ਇਹ ਥਾਂ ਪੈਦਲ ਗਲੀਆਂ ਗਾਹੁਣ ਦੇ ਲਾਹੌਰੀ ਸ਼ੌਕੀਨਾਂ ਲਈ ਹੈ। ਚਾਰੇ ਪਾਸੇ ਲਿਸ਼ਲਿਸ਼ ਕਰਦੀਆਂ ਭਾਂਤ-ਸੁਭਾਂਤੇ ਮਾਲ ਨਾਲ ਭਰੀਆਂ ਦੁਕਾਨਾਂ ਅਤੇ ਲਲਚਾਈਆਂ ਨਜ਼ਰਾਂ ਵਾਲੇ ਲਿਸ਼ਕੇ-ਪੁਸ਼ਕੇ ਗਾਹਕ। ਬਹੁਤੀ ਗਿਣਤੀ ਔਰਤਾਂ ਦੀ ਹੁੰਦੀ ਹੈ ਅਤੇ ਵਧੇਰੇ ਦੁਕਾਨਾਂ ਵੀ ਉਨ੍ਹਾਂ ਦੇ ਕੰਮ ਦੇ ਸਮਾਨ ਵਾਲੀਆਂ ਹੀ ਹਨ।

ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਕਿਸੇ ਯਾਰ ਦੀ ਫਰਮਾਇਸ਼ ਪੂਰੀ ਕਰਨ ਲਈ ਅਫਟਰ-ਸ਼ੇਵ ਕਰੀਮ ਖਰੀਦੀ ਅਤੇ ਬੱਸ ਉਸ ਦੀ ੋਸ਼ਾਪਿੰਗ’ ਪੂਰੀ ਹੋ ਗਈ। ਮੈਂ ਪਤਨੀ ਲਈ ਦੋ ਬਾਜ਼ਾਰੂ ਲਾਹੌਰੀ ਜੁੱਤੀਆਂ, ਬੇਟੇ ਲਈ ਪਠਾਣੀ ਕੁੜਤਾ-ਸਲਵਾਰ ਅਤੇ ਲਾਹੌਰੀ ਕੁੜਤਾ (ਕਲੀਆਂ ਵਾਲਾ) ਖਰੀਦੇ ਅਤੇ ਮੈਂ ਵੀ ਫ਼ਾਰਗ ਹੋ ਗਿਆ। ਅਸੀਂ ਤਾਂ ਹੁਣ ਐਵੇਂ ਸ਼ੌਂਕ ਦੇ ਗੇੜੇ ਹੀ ਕੱਢਣੇ ਸਨ, ਲਾਹੌਰਨਾ ਦੇ ਦਰਸ਼ਨ-ਦੀਦਾਰ ਲਈ ਮਟਰਗਸ਼ਤੀ ਕਰਨੀ ਸੀ। ਦੇਵ ਦਰਦ ਨੇ ਖੁੱਲ੍ਹੇ ਦਿਲ ਨਾਲ ਕਾਰੰਸੀ ਵਟਾਈ ਅਤੇ ਹੁਣ ਵਾਵਰੋਲੇ ਵਾਂਗੂੰ ਬਾਜ਼ਾਰ `ਚ ਘੁੰਮਣ ਲੱਗਿਆ। ਜੁੱਤੀਆਂ ਵਾਲੀ ਦੁਕਾਨ ਉ-ੱਤੇ ਗਿਆ ਤਾਂ ਅਟਸਟੇ ਵਾਲੇ ਮੇਚੇ ਨਾਲ ਪੰਜ-ਛੇ ਜੁੱਤੀਆਂ ਪੈਕ ਕਰਵਾ ਲਈਆਂ। ਸੂਟਾਂ ਵਾਲੀ ਦੁਕਾਨ ਵਿੱਚ ਵੜਦਾ ਤਾਂ ਇੱਕ ਤੋਂ ਬਾਅਦ ਇੱਕ ਉਤੇ ਉਂਗਲ ਰੱਖੀ ਜਾਂਦਾ। ਇੱਕ ਜਰਨਲ ਸਟੋਰ ਤੋਂ ਪੰਜ-ਛੇ ਸ਼ੀਸ਼ੀਆਂ ਪ੍ਰਫਿਊਮ ਦੀਆਂ ਲੈ ਲਈਆਂ। ਇਸਹਾਕ ਵਾਰ ਵਾਰ ਸਮਝਾਉਂਦਾ ਰਿਹਾ ਕਿ ਇਥੇ ਰੇਟ ਦਾ ਅੱਧੋ-ਅੱਧ ਦਾ ਫਰਕ ਹੁੰਦਾ ਹੈ, ੋਬਾਰਗੈਨਿੰਗ’ ਕਰਨੀ ਪੈਂਦੀ ਹੈ, ਪਰ ਦੇਵ ਦਰਦ ਦਾ ਤਰਕ ਹੋਰ ਸੀ।

“ਬਾਬਿਓ ਪੈਸਿਆਂ ਦੀ ਛੱਡੋ ਤੁਸੀਂ, ਆਹ ਪਿਸ਼ੌਰੀ ਸਲੀਪਰ ਹੋਰ ਕਿੱਥੋਂ ਮਿਲਨੇ ਨੇ ਭਲਾ? ਬਾਟੇ ਦੀਆਂ ਦੁਕਾਨਾਂ ਤਾਂ ਅੰਮ੍ਰਿਤਸਰ ਵੀ ਹੈ ਨੇ ਪਰ ਉਨ੍ਹਾਂ ਕੋਲੇ ਆਹ ਵਰਾਇਟੀ ਕਿੱਥੇ? ਚਾਰ ਜੋੜੇ ਖੜ ਲੈਨੇ ਆਂ। ੌ ਬੇਕਾਬੂ ਹੁੰਦਿਆਂ ਦੇਵ ਨੇ ਬਾਟੇ ਵਾਲੀ ਦੁਕਾਨ ਤੋਂ ਵੱਖ ਵਂਖ ਵੰਨਗੀਆਂ ਦੇ ਬੂਟ-ਸੈਂਡਲ ਭਰਪੂਰ ਮਾਤਰਾ ਵਿੱਚ ਲੈਂਦਿਆਂ ਤਰਕ ਦਿੱਤਾ।

ਦੇਵ ਦਰਦ ਦੇ ਦੋਵਾਂ ਹੱਥਾਂ ਵਿੱਚ ਵੱਡੇ ਵੱਡੇ ਲਿਫਾਫਿਆਂ ਦਾ ਥੱਬਾ ਜੁੜ ਗਿਆ ਸੀ। ਜੇ ਉਸ ਦੇ ਨੱਕ ਤੇ ਮੱਖੀ ਆ ਬੈਠਦੀ ਤਾਂ ਖਬਰੇ ਉਹ ਵੀ ਸਿਰ ਝਟਕ ਕੇ ਉਠਾਉਣੀ ਪੈਣੀ ਸੀ। ਬਾਕੀ ਲਿਫਾਫ਼ੇ ਪਿੱਛੇ ਭੱਜੇ ਫਿਰਦੇ ਇਸਹਾਕ ਨੇ ਸੰਭਾਲੇ ਹੋਏ ਸਨ। ਕਿਸੇ ਨਵੀਂ ਦੁਕਾਨ ਵਿੱਚ ਵੜਦੇ ਤਾਂ ਇਹ ਫਿਕਰ ਪੈ ਜਾਂਦਾ ਕਿ ਕਿਤੇ ਹੋਰ ਨਵਾਂ ਖਰੀਦਦੇ, ਪਹਿਲਾਂ ਖਰੀਦਿਆ ਨਾ ਉਥੇ ਭੁੱਲ ਜਾਈਏ। ਦੇਵ ਮਸਾਂ ਹੀ ਹੱਥ ਵਿਹਲਾ ਕਰਕੇ ਪੈਂਟ ਦੀ ਜੇਭ ਵਿਚੋਂ ਇਘੜ-ਦੁਘੜ ਹੋਏ ਨੋਟਾਂ ਦੀ ਦੱਥੀ ਕਢਦਾ ਅਤੇ ਕਈ ਵਾਰ ਹੇਠਾਂ ਡੇਗ ਲੈਂਦਾ। ਪਾਕਿਸਤਾਨੀ ਕਾਰੰਸੀ ਹੱਥ ਨਾ ਲਗਦੀ ਤਾਂ ਹਰਬੜੀ ਵਿੱਚ ਭਾਰਤੀ ਹੀ ਚਲਾ ਦਿੰਦਾ। ਉਸ ਨੂੰ ਕਣਕ ਵੱਟੇ ਜੌਂ ਵਟਾਉਣਾ ਵੀ ਮਹਿੰਗਾ ਸੌਦਾ ਨਹੀਂ ਸੀ ਲੱਗ ਰਿਹਾ। ਉਸ ਨੂੰ ਦੁਪਹਿਰ ਦੇ ਖਾਣੇ ਲਈ ਪੁਛਦਾ ਇਸਹਾਕ ਵੀ ਹਾਰ ਕੇ ਚੁੱਪ ਹੋ ਗਿਆ ਸੀ। ਉਸਦੀ ਸ਼ਾਪਿੰਗ ਸਾਹਮਣੇ ਭੁੱਖ-ਤੇਹ ਕੋਈ ਅਰਥ ਨਹੀਂ ਸੀ ਰਖਦੀ। ਅਸੀਂ ਸਾਰਿਆਂ ਨੇ ਜ਼ੋਰ ਦੇ ਕੇ ਮਸਾਂ ਉਸਨੂੰ ਅਨਾਰਕਲੀ ਬਾਜ਼ਾਰ ਦੇ ਮਸ਼ਹੂਰ ਦਹੀਂ-ਭੱਲੇ ਖਾਣ ਅਤੇ ਕੇਨ-ਜੂਸ ਪੀਣ ਲਈ ਕੁੱਝ ਮਿੰਟ ਅਟਕਾਇਆ।

“ਤੂੰ ਤਾਂ ਸ਼ਾਪਿੰਗ ਦਾ ਜਨੂੰਨੀ ਐਂ ਯਾਰ, ਪਤਾ ਨੲ੍ਹੀਂ ਕਿੱਥੋਂ ਤੇਰੇ `ਚ ਤੀਵੀਆਂ ਆਲੀ ਰੂਹ ਆ ਗਈ, ਆਂਹਦੇ ਹੁੰਦੇ ਐ ਰੱਜੀ ਮਹਿੰ ਛੱਪੜ `ਚੋਂ ਤੇ ਸ਼ੌਕੀਨ ਤੀਵੀ ਬਾਜ਼ਾਰ `ਚੋਂ ਡੰਡਿਆਂ ਨਾਲ ਕੱਢਣੀਆਂ ਪੈਂਦੀਐਂ। ੌ ਸੜਕਨਾਮਾ ਨੇ ਟੋਟਾ ਲਾਇਆ ਪਰ ਦੇਵ ਨੇ ਉਸ ਦੀ ਗੱਲ ਇੱਕ ਕੰਨੋ ਸੁਣ ਕੇ ਦੂਜਿਓਂ ਕੱਢ ਦਿੱਤੀ। ਉਹ ਚੁੱਪ-ਚਾਪ ਜੂਸ ਦੇ ਵੱਡੇ ਘੁੱਟ ਭਰਦਿਆਂ ਲਲਚਾਈਆਂ ਨਜ਼ਰਾਂ ਨਾਲ ਸਾਹਮਣੇ ਜਨਰਲ ਸਟੋਰ ਵੱਲ ਝਾਕਦਾ ਰਿਹਾ।

“ਹੋਰ ਕੀ ਐਨੇ ਪੈਸੇ ਤਾਂ ਅਨਾਰਕਲੀ ਨੀ ਪਟਦੀ ਹੋਣੀ, ਨਾਲੇ ਜੇਭ ਜਹਾਂਗੀਰ ਦੀ ਹੁੰਦੀ ਹੋਣੀ ਐਂ। ੌ ਮੈਂ ਗੱਲ ਨਾ ਗੱਲ ਜੋੜੀ। ਪਰ ਦੇਵ ਸਾਡੇ ਵੱਲੋਂ ਅਜੇ ਵੀ ਬੇਧਿਆਨਾ ਸੀ। ਉਸ ਨੇ ਪੂਰਾ ਦਹੀਂ ਭੱਲਾ ਇਕੋ ਵਾਰੀ ਅੰਦਰ ਸੁੱਟਿਆ ਅਤੇ ਫੇਰ ਬਾਜ਼ਾਰ `ਚ ਗੁੰਮ ਗਿਆ।

ਮੈਂ ਤੇ ਬਲਦੇਵ ਸਿੰਘ ਸੜਕਨਾਮਾ ਨੇ ਅਫ਼ਜ਼ਲ ਸਾਹਿਰ ਨੂੰ ਐਫ਼। ਐਮ ਰੇਡੀਓ ਦੇ ਪ੍ਰੋਗਰਾਮ ੋਮੌਜ-ਮੇਲਾ’ ਲਈ ਵਕਤ ਦਿੱਤਾ ਹੋਇਆ ਸੀ। ਅਨਾਰਕਲੀ ਬਾਜ਼ਾਰ ਵੇਖਣ ਦਾ ਸਾਡਾ ਝੱਸ ਪੂਰਾ ਹੋ ਚੁੱਕਿਆ ਸੀ ਪਰ ਦੇਵ ਦਰਦ ਨੇ ਫੋਨ ਉਤੇ ਹੀ ਸਾਡੇ ਨਾਲ ਜਾਣੋਂ ਜਵਾਬ ਦੇ ਦਿੱਤਾ।

“ਬਾਬਿਓ ਮੈਂ ਤੇ ਹੈਰਾਨ ਆਂ! ਤੁਸੀਂ ਕਿਵੇਂ ਝੱਟ ਅਲਵਿਦਾ ਕਹਿ ਛੱਡੀ ਏ ਅਨਾਰਕਲੀ ਬਾਜ਼ਾਰ ਨੂੰ, ਮੇਰਾ ਤੇ ਏਹ ਸੋਚ ਕੇ ਈ ਜੀਅ ਘਟਦਾ ਏ, ਮੈਨੂੰ ਜਾਪਦਾ ਏ ਮੇਰੇ ਤੋਂ ਤਾਂ ਰਾਤ ਤੱਕ ਵੀ ਕੁੱਝ ਖਾਸ ਨੀ ਖਰੀਦ ਹੋਣਾ। ਵੇਖੋਂ ਖਾਂ ਕਿਵੇਂ ਦੁਕਾਨਾਂ ਭਰੀਆਂ ਪਈਆਂ ਨੇ ਲਿਸ਼-ਲਿਸ਼ ਕਰਦੇ ਸਮਾਨ ਦੀਆਂ, ਸਮਝ ਨੀਂ ਆਉਂਦੀ ਕੀ ਲਵਾਂ ਤੇ ਕੀ ਛੱਡਾਂ? ਹਾਏ! ਉਏ ਮੇਰਿਆ ਰੱਬਾ! ਕੈਸੀਆਂ ਕੈਸੀਆਂ ਸ਼ੈਆਂ ਬਣਾ ਛੱਡੀਆਂ ਨੇ ਤੂੰ। ੌ ਉਹ ਫੋਨ ਉਤੇ ਹਾਉਕੇ ਲੈ ਰਿਹਾ ਸੀ ਜਿਵੇਂ ਕੋਈ ਜਹਾਂਗੀਰ, ਅਨਾਰਕਲੀ ਤੋਂ ਵਿਛੜਨ ਲੱਗਾ ਹੋਵੇ। ਮੈਨੂੰ ਜਾਪਿਆ ਜ਼ਿੰਦਗੀ ਤਾਂ ਦੇਵ ਵਰਗੇ ਜਨੂੰਨੀ ਹੀ ਜਿਊਂਦੇ ਹਨ ਅਤੇ ਲੋਕ ਯਾਦ ਵੀ ਉਨ੍ਹਾਂ ਜਹਾਂਗੀਰਾਂ ਅਤੇ ਅਨਾਰਕਲੀਆਂ ਨੂੰ ਹੀ ਕਰਦੇ ਹਨ। ਸਾਡੇ ਵਰਗੇ ਮੱਧਮਾਰਗੀ ਤਾਂ ਜਮ੍ਹਾਂ-ਘਟਾਓ ਵਿੱਚ ਉਲਝੇ ਬੱਸ ਦਿਨ ਪੂਰੇ ਕਰ ਜਾਂਦੇ ਹਨ।

 

ਬਾਜ਼ਾਰ-ਏ-ਹੁਸਨ

ੋਵਾਹ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ। ’ ਲਾਹੌਰ ਦੀ ਹੀਰਾ ਮੰਡੀ ਦੇ ਖ਼ਿਆਲ ਆਉਂਦਿਆਂ ਨਾਲ ਹੀ ਇਹ ਅਖਾਣ ਮੇਰੇ ਚੇਤੇ ਵਿਚੋਂ ਲੰਘ ਜਾਂਦਾ। ਅੰਦਰ ਕੁੱਝ ਨਮੋਸ਼ੀ ਵਰਗਾ ਅਹਿਸਾਸ ਸਿਰੀ ਚੁਕਦਾ ਜਿਵੇਂ ਕਿਸੇ ਨੇ ਮੇਰੀ ਚਿੱਟੀ ਪੱਗ ਉ-ੱਤੇ ਕਾਲੀ ਸਿਆਹੀ ਦੀ ਦਵਾਤ ਉਲੱਦ ਦਿੱਤੀ ਹੋਵੇ। ੋਕਿਸਨੂੰ ਕਹਾਂ, ਕਿਵੇਂ ਕਹਾਂ? ਸੁਣ ਕੇ ਕੀ ਸੋਚੂਗਾ ਅਗਲਾ? ’ ਅੰਦਰ ਸੁਆਲਾਂ ਦਾ ਜਲਜ਼ਲਾ ਆ ਜਾਂਦਾ। ਕਿਸੇ ਨੇ ਇਹ ਗੱਲ ਕਿੱਥੇ ਮੰਨਣੀ ਸੀ ਕਿ ਮੈਂ ਤਾਂ ਸਿਰਫ਼ ਉਸ ਗਲੀ, ਜਿਸਨੂੰ ੋਬਾਜ਼ਾਰ-ਏ-ਹੁਸਨ’ ਆਖਦੇ ਸਨ, ਦੀ ਬਾਹਰੋਂ ਬਾਹਰੋਂ ਝਲਕ ਵੇਖਣੀ ਸੀ, ਬੱਸ ਸਿਰਫ ਜਲਵਾ ਹੀ ਤੱਕਣਾ ਸੀ ਇੱਕ ਨਜ਼ਰ, ਕੋਈ ਐਸੀ-ਵੈਸੀ ਭਾਵਨਾ ਨਹੀਂ ਸੀ ਮੇਰੀ। ਪਰ ਅੱਧੀ ਰਾਤ ਨੂੰ ਇੱਕ ਸਰਦਾਰ ਪੋਚਵੀਂ ਪੱਗ ਬੰਨ੍ਹੀ ਅਜਨਬੀਆਂ ਵਾਂਗ ਝਾਕਦਾ ੋਲੁੱਚ-ਪਹੁ’ ਲਈ ਮਸ਼ਹੂਰ ਗਲੀਆਂ-ਬਾਜ਼ਾਰਾਂ ਵਿੱਚ ਅਵਾਰਾ ਫਿਰਦਾ ਹੁੰਦਾ ਤਾਂ ਪੁਲਸ ਦੀ ਸ਼ੱਕੀ-ਨਜ਼ਰ ਤੋਂ ਕਿਵੇਂ ਬਚ ਜਾਂਦਾ? ੋਉਥੇ ਮੋਇਆਂ ਪੁੱਛਣਾ ਏ ਕਿ ਮੈਂ ਖੁਦ ਜਲਵਾ ਵੇਖਣ ਆਇਆ ਹਾਂ ਕਿ ਕੋਈ ਬੰਬ-ਬੁੰਬ ਚਲਾ ਕੇ ਵੈਰੀ ਮੁਸਲਮਾਨਾਂ ਨੂੰ ਜਲਵਾ ਵਿਖਾਉਣ? ’ ਇਹ ਸੋਚਦਿਆਂ ਮੈਨੂੰ ਕੋਟ ਲੱਖਪਤ ਜੇਲ੍ਹ ਦੀ ਕੋਠੜੀ `ਚ ਬੈਠਾ ਸਰਬਜੀਤ ਦਿੱਸਣ ਲੱਗ ਪੈਂਦਾ। ਕੰਗਰੋੜ ਵਿਚੋਂ ਸੀਤ ਦੀ ਲਹਿਰ ਗੁਜ਼ਰਦੀ ਪ੍ਰਤੀਤ ਹੁੰਦੀ।

ੋਛੱਡ ਪਰ੍ਹੇ ਮਨਾਂ ਲਾਲਚ ਐਵੇਂ ਹੋਰ ਜਾਹ-ਜਾਂਦੀ ਕਰਵਾ ਬੈਠੇਂਗਾ। ’ ਮੈਂ ਦਲੀਲੀਂ ਪਏ ਮਨ ਨੂੰ ਸਮਝਾਉਣ ਲਗਦਾ।

“ਚਲੋ ਅੱਜ ਰਾਤੀਂ ਧਾਲੀਵਾਲ ਨੂੰ ਖੜਦੇ ਆਂ ਨਾਲ, ਜਲਵਾ ਵਿਖਾਉਂਦੇ ਆਂ ਭਰਾ ਨੂੰ।” ਤਲਵਿੰਦਰ ਨੇ ਮੇਰੇ ਵੱਲ ਅੱਖ ਦਬਦਿਆਂ ਦੇਵ ਦਰਦ ਨਾਲ ਸਲਾਹ ਕੀਤੀ। ਉਹ ਸਾਡੇ ਟਿਕਾਣੇ ਤੋਂ ਵੱਖ ਮਿਸਜ਼ ਦੀਪ ਹੋਰਾਂ ਦੇ ਘਰ ਠਹਿਰੇ ਹੋਏ ਸਨ। ਪਤਾ ਲੱਗਿਆ ਸੀ ਕਿ ਰੋਜ਼ ਰਾਤ ਨੂੰ ਤਿੰਨ ਵਜੇ ਘਰ ਮੁੜਦੇ ਸਨ। ਮੈਨੂੰ ਸ਼ੱਕ ਸੀ ਜ਼ਰੂਰ ਇਹੋ ਜਿਹੇ ੋਜਲਵੇ’ ਵੇਖਣ ਹੀ ਜਾਂਦੇ ਹੋਣਗੇ। ਉਨ੍ਹਾਂ ਦੀ ਸੁਲ੍ਹਾ ਨਾਲ ਮੇਰੇ ਅੰਦਰ ਦਾ ਅਧ-ਸੁੱਤਾ ਨਾਗ ਫਿਰ ਛਜਲੀ ਚੁੱਕ ਖਲੋਤਾ।

ਰੈ-ੱਡ-ਲਾਈਟ ਏਰੀਏ ਦਾ ਜਨ-ਜੀਵਨ ਵੇਖਣ ਦੀ ਮੇਰੀ ਤਾਂਘ ਚਿਰੋਕੀ ਸੀ। ਅਮਰੀਕਾ, ਯੂਰਪ ਵਿੱਚ ਵੀ ਮੈਂ ਅਜਿਹੀਆਂ ਥਾਵਾਂ ਦੀ ਝਾਤ ਪਾਇਆ ਸਾਂ। ਲੰਡਨ ਵਿੱਚ ਤਾਂ ਮੈਂ ਜਪਾਨੀ ਗੀਸ਼ਾ ਨਾਲ ਗੱਲਾਂ-ਬਾਤਾਂ ਮਾਰਨ ਦਾ ਨਜ਼ਾਰਾ ਵੀ ਲੈ ਚੁੱਕਾ ਸਾਂ। ਮੈਨੂੰ ਯਾਦ ਹੈ, ਜਦੋਂ ਮੈਂ ਚੰਡੀਗੜ੍ਹ ਐਮ। ਏ ਕਰਨ ਗਿਆ ਸਾਂ ਤਾਂ ਇੱਕ ਵਾਰੀ ਟੂਰ ਤੇ ਗਿਆ ਮੈਂ ਆਗਰੇ ਦਾ ਰੈ-ੱਡ-ਲਾਈਟ ਏਰੀਆ ਵੇਖ ਆਇਆ ਸਾਂ। ਮੈਂ ਅਤੇ ਮੇਰਾ ਦੋਸਤ ਇਕਬਾਲ ਮੁਕਤਸਰੀ ਰਾਤ ਨੂੰ ਆਪਣੇ ਨਾਲ ਗਏ ਅਧਿਆਪਕਾਂ ਨੂੰ ਚਕਮਾ ਦੇ ਕੇ ਨਿਕਲ ਗਏ ਸਾਂ। ਬੜਾ ਅਦਭੁੱਤ ਤਜ਼ਰਬਾ ਸੀ। ਜਿਵੇਂ ਫਿਲਮਾਂ `ਚ ਵੇਖਦੇ ਸਾਂ ਉਵੇਂ ਹੀ ਚਕਲੇ ਵਿੱਚ ਪਾਨ ਚਬਦੀ ਮੌਸੀ ਦਰਬਾਰ ਲਾਈ ਬੈਠੀ ਸੀ। ਕੁੱਝ ਕਾਮੁਕ ਅਦਾਵਾਂ ਵਿਖਾਉਂਦੀਆਂ ਮੁਟਿਆਰਾਂ ਉਸ ਦੇ ਆਲੇ-ਦੁਆਲੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਗਲਾਂ `ਚ ਰੁਮਾਲ ਬੰਨ੍ਹੀ ਅਤੇ ਡੱਬਾਂ `ਚ ਚਾਕੂ ਟੁੰਗੀ ਫਿਰਦੇ ਦੱਲੇ ਘੂਰਦੀਆਂ ਅੱਖਾਂ ਨਾਲ ਹਰੇਕ ਆਉਣ ਵਾਲੇ ਨੂੰ ਜੋਂਹਦੇ ਜਾਪਦੇ ਸਨ। ਬਹੁਤ ਹੀ ਭੜਕੀਲਾ, ਭਰਮਾਉਣਾ, ਗਲਾਜ਼ਤੀ, ਬਾਜ਼ਾਰੂ ਅਤੇ ਸਿੱਲ੍ਹਾ-ਸਿੱਲ੍ਹਾ ਜਿਹਾ ਮਾਹੌਲ ਸੀ।

ਪੱਛਮੀ ਦੇਸ਼ਾਂ ਦੇ ਰੈ-ੱਡ-ਲਾਈਟ ਏਰੀਏ ਵਿੱਚ ਕੁੱਝ ਕੁਝ ਦਫ਼ਤਰੀ ਜਿਹਾ ਵਤੀਰਾ ਸੀ। ਇੱਕ ਸਾਫ਼-ਸੁਥਰੇ ਵੇਟਿੰਗ ਰੂਮ ਵਿੱਚ ਸੈਕਸ-ਵਰਕਰ ਦੀ ਸੈਕਟਰੀ ਗਾਹਕ ਨਾਲ ਗੱਲ-ਬਾਤ ਕਰਦੀ ਸ਼ਰਤਾਂ ਤਹਿ ਕਰਦੀ। ਗਾਹਕ ਦਾ ਸਭ ਕੁੱਝ ਕਾਗਜ਼ਾਂ ਵਿੱਚ ਨੋਟ ਕਰਦੀ। ਫਿਰ ਆਪਣੀਆਂ ਸ਼ਰਤਾਂ ਦਸਦੀ ਅਤੇ ਮਿਲਨੀ ਦਾ ਪੱਕਾ ਵਕਤ ਨਿਸਚਤ ਕਰਦਿਆਂ ਸਲਿੱਪ ਕੱਟ ਕੇ ਦਿੰਦੀ। ਇਉਂ ਜਾਪਦਾ ਜਿਵੇਂ ਰੈ-ੱਡ-ਲਾਈਟ ਏਰੀਏ ਦੀ ਥਾਂ ਕੋਟ ਡਰਾਈਕਲੀਨ ਕਰਨ ਲਈ ਫੜਾਉਣ ਆਏ ਹੋਈਏ।

ਲਾਹੌਰ ਦੀ ਹੀਰਾ ਮੰਡੀ ਦਾ ਅਕਸ ਮੇਰੇ ਮਨ ਵਿੱਚ ਕੁੱਝ ਵੱਖਰਾ ਸੀ। ਕੁੱਝ ਕੁਝ ਫਿਲਮ ੋਉਮਰਾਓ ਜਾਨੋ `ਚ ਵੇਖੇ ਮਾਹੌਲ ਵਾਲਾ ਅਕਸ ਜਿਥੇ ਮੁਜ਼ਰਾ ਚੱਲ ਰਿਹਾ ਹੋਵੇ ਅਤੇ ਅਮੀਰ ਨਵਾਬੀ ਸ਼ਾਨ ਨਾਲ ਬੈਠੇ ਵੇਖ ਰਹੇ ਹੋਣ। ਸਭ ਤੋਂ ਪਹਿਲਾਂ ਮੈਂ ਹੀਰਾ ਮੰਡੀ ਦਾ ਨਾਂ ਉਦੋਂ ਪੜ੍ਹਿਆ ਸੀ ਜਦੋਂ ਮੈਂ ਬੀ। ਏ ਦੌਰਾਨ ਪੰਜਾਬੀ ਆਨਰਜ਼ ਦੇ ਸਿਲੇਬਸ ਵਿੱਚ ਕੁਲਵੰਤ ਸਿੰਘ ਵਿਰਕ ਦੀ ਕਹਾਣੀ ੋਨਵੇਂ ਲੋਕ’ `ਚੋਂ ਇਹ ਵਾਕ ਪੜ੍ਹਿਆ ਸੀ: ਮੈਂ ਆਪਣੇ ਮਿੱਤਰ ਨੂੰ ਕਿਹਾ, “ਜਦੋਂ ਅਸੀਂ ਤੇਰੇ ਜਿੱਡੇ ਹੁੰਦੇ ਸਾਂ ਤਾਂ ਕਿਸੇ ਓਪਰੀ ਜ਼ਨਾਨੀ ਨਾਲ ਏਨੀਆਂ ਗੱਲਾਂ ਕਰਨ ਲਈ ਸਾਨੂੰ ਲਾਹੌਰ ਹੀਰਾ ਮੰਡੀ ਜਾਣਾ ਪੈਂਦਾ ਸੀ।”

ਇਸ ਤਲਿਸਮੀ ਵਾਕ ਦੇ ਅਸਰ ਹੇਠ ਮੈਂ ਕਈ ਦਿਨ ਹੀਰਾ ਮੰਡੀ ਦੇ ਨਕਸ਼ ਚਿਤਵਦਾ ਰਿਹਾ ਸਾਂ। ਮੰਟੋ ਦੀਆਂ ਕਹਾਣੀਆਂ ਪੜ੍ਹਦਿਆਂ ਉਹ ਨਕਸ਼ ਹੋਰ ਗੂੜ੍ਹੇ ਹੁੰਦੇ ਰਹੇ। ਫਿਰ ਬਹੁਤ ਲੰਮੇ ਸਮੇਂ ਬਾਅਦ ਫੌਜੀਆ ਸਈਦ ਦੀ ਕਿਤਾਬ ਆਈ ੋਹੀਰਾ ਮੰਡੀ ਲਾਹੌਰ ਦੀੋ। ਉਹ ਪੜ੍ਹਨ ਦੀ ਥਾਂ ਜਿਵੇਂ ਮੈਂ ਘੋਲ ਕੇ ਪੀ ਲਈ ਹੋਵੇ। ਇਹ ਲਿਖਤ ਸਹੀ ਮਾਅਨਿਆਂ ਵਿੱਚ ਉਨ੍ਹਾਂ ਲੋਕਾਂ ਦੇ ਅੰਦਰ ਦੀ ਤਸਵੀਰ ਵਿਖਾਉਣ ਵਾਲੀ ਹੈ। ਉਸ ਨੇ ਲਿਖਿਆ ਹੈ: “ਸ਼ਾਹੀ ਮੁਹੱਲਾ (ਹੀਰਾ ਮੰਡੀ ਲਾਹੌਰ) ਜਿਸਮਫ਼ਰੋਸ਼ੀ ਲਈ ਦੱਖਣੀ ਏਸ਼ੀਆ ਦੇ ਮਸ਼ਹੂਰ ਖੇਤਰਾਂ ਵਿੱਚ ਇੱਕ ਰਿਹਾ ਏ। ਜਿਸਮਫ਼ਰੋਸ਼ੀ ਨਾਲ ਸੰਗੀਤ ਅਤੇ ਨਾਚ ਪੇਸ਼ਕਾਰੀਆਂ ਨੂੰ ਜੋੜਨ ਦੀਆਂ ਪ੍ਰਾਚੀਨ ਜੜ੍ਹਾਂ ਦੱਖਣੀ ਏਸ਼ੀਆ ਨਾਲ ਜੁੜੀਆਂ ਹੋਈਆਂ ਨੇ। ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਪੇਸ਼ਕਾਰੀ ਕਲਾਕਾਰ ਪੈਦਾ ਕੀਤੇ ਨੇ। ਇਹ ਖੇਤਰ, ਪੱਛਮ ਦੇ ਲਾਲ ਬੱਤੀ ਖੇਤਰਾਂ ਤੋਂ ਐਨ ਵੱਖਰੇ, ਸਦੀਆਂ ਤੋਂ ਰਚਨਾਤਮਕਤਾ ਦਾ ਧੁਰਾ ਅਤੇ ਕਵੀਆਂ, ਗਾਇਕਾਂ, ਅਦਾਕਾਰਾਂ ਅਤੇ ਗੁਰੂਆਂ, ਕਲਾਸਕੀ ਸੰਗੀਤ ਦੇ ਸਜਿੰਦਿਆਂ ਅਤੇ ਲਿਖਾਰੀਆਂ ਲਈ ਮਾਹੌਲ ਤਿਆਰ ਕਰਦੇ ਰਹੇ ਨੇ। ਇਹ ਮੌਜੂਦਾ ਰੁਝਾਣ ਵਾਲੇ ਘਟੀਆ ਰੰਡੀਖਾਨਿਆਂ ਤੋਂ ਵੀ ਭਿੰਨ ਨੇ ਜਿਹੜੇ ਇਸ ਵੇਲੇ ਲਾਹੌਰ ਅਤੇ ਹੋਰ ਪਾਕਿਸਤਾਨੀ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਉ-ੱਭਰ ਰਹੇ ਹਨ। ਰਵਾਇਤੀ ਜਿਸਮਫ਼ਰੋਸ਼ੀ ਪ੍ਰਬੰਧ ਵਿਚ, ਵਿਸ਼ੇਸ਼ ਨਸਲੀ ਸਮੂਹ ਇਸ ਧੰਦੇ ਨੂੰ ਆਪਣੇ ਪਰਿਵਾਰਕ ਕਾਰੋਬਾਰ ਦੇ ਰੂਪ `ਚ ਕਰਦੇ ਨੇ ਜਿਵੇਂ ਕੰਜਰ। ਇਹ ਨਸਲੀ ਸਮੂਹ ਆਮ ਤੌਰ ਤੇ ਜਿਸਮਫ਼ਰੋਸੀ ਨਾਲ ਸਦੀਆਂ ਤੋਂ ਜੁੜਿਆ ਹੋਇਆ ਏ। ਮਿਰਾਸੀ ਇੱਕ ਹੋਰ ਨਸਲੀ ਸਮੂਹ ਏ ਜੋ ਸਿੱਧਾ ਜਿਸਮਫ਼ਰੋਸ਼ੀ ਦੇ ਧੰਦੇ ਵਿੱਚ ਨਹੀਂ ਪਰ ਇਹ ਕੰਜਰਾਂ ਲਈ ਸੰਗੀਤ ਮੁਹੱਈਆ ਕਰਦਾ ਏ ਜਦੋਂ ਉਹ ਆਪਣੇ ਗਾਹਕਾਂ ਦਾ ਮਨੋਰੰਜਨ ਕਰਦੇ ਨੇ। ਸਮੁੱਚੇ ਦੱਖਣੀ ਏਸ਼ੀਆਂ ਵਿੱਚ ਕਈ ਨਸਲੀ ਸਮੂਹ ਆਪਣੇ ਰਵਾਇਤੀ ਪਰਿਵਾਰਕ ਵਿਰਸੇ ਵਜੋਂ ਇਨ੍ਹਾਂ ਧੰਦਿਆਂ ਨੂੰ ਅਪਣਾਉਂਦੇ ਹਨ। ਪਾਕਿਸਤਾਨ ਵਿੱਚ ਕੰਜਰ ਅਤੇ ਮਿਰਾਸੀ ਵਿਸ਼ੇਸ਼ ਰੂਪ ਵਿੱਚ ਨੇ।”

ਫੌਜੀਆ ਸਈਦ ਦੀ ਗਲਪੀ ਵਾਰਤਕ ਦੀਆਂ ਪਾਤਰ ਲੈਲਾ, ਚੰਦਾ, ਸ਼ਾਲੋ, ਨਰਗਸ ਅਤੇ ਕਈ ਹੋਰ ਮੇਰੇ ਮਨ-ਮਸਤਕ ਵਿੱਚ ਅਟਕੀਆਂ ਹੋਈਆਂ ਸਨ। ਜਿੰਨ੍ਹਾਂ ਗਲੀਆਂ ਅਤੇ ਕੋਠਿਆਂ ਵਿੱਚ ਫੌਜੀਆ ਸਈਦ ਵਰ੍ਹਿਆਂ ਬੱਧੀ ਘੁੰਮਦੀ ਰਹੀ ਸੀ ਅਤੇ ਜਿੰਨ੍ਹਾਂ ਦੀ ਨਕਸ਼-ਨੁਹਾਰ ਉਸਨੇ ਐਨੇ ਸਜੀਵ ਦ੍ਰਿਸ਼ਾਂ ਰਾਹੀਂ ਸਾਕਾਰ ਕੀਤੀ ਸੀ, ਉਨ੍ਹਾਂ ਦ੍ਰਿਸ਼ਾਂ ਵਿਚੋਂ ਕੁੱਝ ਨਮੂਨੇ ਮਾਤਰ ਮੈਂ ਆਪਣੇ ਲਾਹੌਰ ਦੇ ਇਸ ਗੇੜੇ ਦੌਰਾਨ ਜ਼ਰੂਰ ਵੇਖਣੇ ਚਾਹੁੰਦਾ ਸਾਂ। ਪਰ ਕਿਵੇਂ ਵੇਖਦਾ?

ਅੰਤ ਸਬੱਬ ਬਣਨ ਤੇ ਆਇਆ ਤਾਂ ਬਿਨਾ ਕਿਸੇ ਹਿੰਗ-ਫਟਕੜੀ ਲੱਗਣ ਤੋਂ ਅੱਖ ਦੇ ਫੋਰ ਵਿੱਚ ਹੀ ਬਣ ਗਿਆ। ਗੱਲ ਇਉਂ ਵਾਪਰੀ, ਇੱਕ ਅਫ਼ਸਾਨਾਨਿਗਾਰ ਨਾਦਿਰ ਅਲੀ ਦੇ ਘਰ ਬੈਠੇ ਸ਼ਾਮ ਰੰਗੀਨ ਕਰ ਰਹੇ ਸਾਂ ਕਿ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਮੰਟੋ ਦੇ ਹਵਾਲੇ ਨਾਲ ਹੀਰਾ ਮੰਡੀ ਦਾ ਜ਼ਿਕਰ ਛੇੜ ਲਿਆ। ਮੇਰੇ ਅੰਦਰ ਬੁਝੀ ਪਈ ਚੰਗਿਆੜੀ ਨੂੰ ਫੇਰ ਹਵਾ ਮਿਲ ਗਈ। ਫਿਰ ਰਾਤ ਦੇ ਖਾਣੇ ਲਈ ਫ਼ਿਲਮ ਪ੍ਰੋਡਿਊਸਰ ਅਮਾਨ ਚੌਧਰੀ ਦੇ ਸੱਦੇ ਉਤੇ ਜਿਸ ਹੋਟਲ ਪਹੁੰਚੇ ਉਹ ਉਸੇ ਇਲਾਕੇ ਵੱਲ ਸੀ। ਉਥੋਂ ਅੱਧੀ ਰਾਤ ਨੂੰ ਵਿਹਲੇ ਹੋਏ ਤਾਂ ਕੁਦਰਤੀ ਹੀਰਾ ਮੰਡੀ ਦੀ ਗਹਿਮਾ-ਗਹਿਮੀ ਦਾ ਵਕਤ ਹੋ ਗਿਆ ਸੀ। ਵਾਪਸੀ ਤੇ ਅਸੀਂ ਸੰਗਦਿਆਂ-ਸੰਗਦਿਆਂ ਆਪਣੇ ਸਾਥੀ ਅਤੇ ਸਾਰਥੀ ਇਸਹਾਕ ਨੂੰ ਹੀਰਾ ਮੰਡੀ ਵੱਲੋਂ ਕਾਰ ਕੱਢ ਲੈਣ ਦੀ ਫਰਮਾਇਸ਼ ਕੀਤੀ।

“ਵਾਹ ਜੀ ਵਾਹ!” ਕਹਿਕੇ ਚੌੜੀਆਂ ਹੋ ਗਈਆਂ ਅੱਖਾਂ ਨਾਲ ਉਹ ਮੇਰੇ ਵੱਲ ਝਾਕਿਆ, ਪਰ ਉਸਨੇ ਅਖਾਣ ਦਾ ਅਗਲਾ ਹਿੱਸਾ ੋਪੜ੍ਹਨੀਆਂ ਪੋਥੀਆਂ।। । ’ ਨਾ ਬੋਲਿਆ।

“ਬੜੀ ਹੈਰਾਨੀ ਦੀ ਗੱਲ ਏ, ਮੈਨੂੰ ਤੇ ਪਤਾ ਈ ਕੋ-ਨੀ ਸੂ ਪਈ ਸਾਡੇ ਅਦੀਬ ਭਰਾ ਏਤਰਾਂ ਦੇ ਸ਼ੌਂਕ ਫਰਮਾ ਲੈਂਦੇ ਨੇ।   ਮੈਂ ਸੰਗ-ਸ਼ਰਮ ਪਾਰੋਂ ਧਾਨੂੰ ਸੁਲ੍ਹਾ ਈ ਨੀ ਮਾਰ ਸਕਿਆ। ਕਸਮ ਨਾਲ ਪਤਾ ਹੁੰਦਾ ਤੇ ਧਾਨੂੰ ਕਦੇ ਦਾ ਲੈਲਾ ਤੁਫ਼ਾਨੀ ਦੇ ਕੋਠੇ ਚਾ ਖੜਦਾ, ਮਾਈਂ ਕਹਿਰ ਏ ਨਿਰਾ, ਬੜੀ ਭੁੱਲ ਹੋਈ ਏ ਭਾ-ਜੀ, ਮਨ `ਚ ਹਿਰਖ ਰਹੇਗਾ ਹਮੇਸ਼ਾ।” ਉਹ ਪਛਤਾਵੇ ਵਿੱਚ ਸਿਰ ਮਾਰਨ ਲੱਗਿਆ।

“ਓਏ ਨੲ੍ਹੀਂ ਭਰਾ ਅਸੀਂ ਰਜ਼ਾਈਆਂ ਨੲ੍ਹੀਂ ਭਰਨੀਆਂ, ਬੱਸ ਖਿੜੀ ਕਪਾਹ ਵਿਚੋਂ ਲੰਘਣਾ ਏ, ਕਾਰ ਉਸ ਗਲੀ ਵਿਚੋਂ ਕੱਢ ਲੈ।” ਮੈਂ ਬਾਕੀਆਂ ਦੀ ਸਹਿਮਤੀ ਨਾਲ ਮਨਸ਼ਾ ਦੱਸੀ।

“ਬੱਸ? ਏਨੀ ਕੁ ਗੱਲ ਏ? , ਭਾ ਜੀ ਫਿਰ ਤੇ ਘਾਣੀ ਕੋ-ਨੀ ਕੇ, ਮਨ ਏ ਤਾਂ ਚਾਰ ਠੁਮਕੇ ਵੀ ਵੇਖ ਛੱਡਨੇ ਆਂ।” ਲਾਹੌਰ ਦੀ ਗਲੀ ਗਲੀ ਦੇ ਭੇਤੀ ਇਸਹਾਕ ਨੇ ਕਾਰ ਹੀਰਾ ਮੰਡੀ ਦੀ ਮੁੱਖ ਗਲੀ ਵਿੱਚ ਪਾ ਲਈ।

ਕੋਈ ਚਮਕ-ਦਮਕ ਨਹੀਂ ਸੀ। ਸ਼ਹਿਰ ਦੇ ਪੁਰਾਣੇ ਮੁਹੱਲਿਆਂ ਵਰਗੀ ਦਿੱਖ ਸੀ। ਬੇਮਤਲਬ ਜਿਹੀ ਭੀੜ ਏਧਰ-ਓਧਰ ਤੁਰੀ ਜਾ ਰਹੀ ਸੀ। ਥੋੜ੍ਹਾ ਅੱਗੇ ਗਏ ਤਾਂ ਹੀਰਾ ਮੰਡੀ ਦੀ ਕੁੱਝ ਕੁਝ ਝਲਕ ਨਜ਼ਰ ਆਉਣ ਲੱਗੀ। ਕਿਸੇ ਕਿਸੇ ਸੜਕ ਵੱਲ ਖੁਲ੍ਹਦੇ ਕਮਰੇ ਦੇ ਨਿੰਮੇ ਜਿਹੇ ਲਾਲ ਚਾਨਣ ਵਿੱਚ ਮਹੀਨ ਪਰਦਿਆਂ ਦੇ ਪਿੱਛੇ ਸੱਜੀਆਂ-ਸੰਵਰੀਆਂ ਕੁੜੀਆਂ ਬੈਠੀਆਂ ਦਿਸਦੀਆਂ। ਕਲਪਨਾ ਕੀਤੀ ਕਿ ਗਾਹਕ ਇਨ੍ਹਾਂ ਵਿਚੋਂ ਹੀ ਚੁਣ ਕੇ ਆਪਣੀ ਮਨ-ਪਸੰਦ ਜਗ੍ਹਾ ਚਲੇ ਜਾਂਦੇ ਹੋਣਗੇ। ਧੰਦੇ ਦੇ ਸਿਖਰ ਦਾ ਵਕਤ ਸੀ, ਅੰਦਰ ਪੂਰੀ ਗਹਿਮਾ-ਗਹਿਮੀ ਹੋਵੇਗੀ। ਪਰ ਅਸੀਂ ਕਾਰ ਦੇ ਸ਼ੀਸ਼ੇ ਚੜ੍ਹਾ ਕੇ ਗਲੀ ਵਿਚੋਂ ਲੰਘ ਰਹੇ ਅਲੋਕਾਰੀ ਦਰਸ਼ਕ ਇਸ ਤਰ੍ਹਾਂ ਉਨ੍ਹਾਂ ਅਸਲੀ ਰੰਗਾਂ ਨੂੰ ਵੇਖ ਨਹੀਂ ਸਾਂ ਸਕਦੇ, ਸਿਰਫ ਅਨੁਮਾਨ ਹੀ ਲਾ ਸਕਦੇ ਸਾਂ। ਕਿਤੇ ਕਿਤੇ ਕਾਰ ਦੇ ਬੰਦ ਸ਼ੀਸ਼ਿਆਂ ਵਿਚੋਂ ਵੀ ਘੁੰਗਰੂਆਂ ਦੀ ਛਣਕਾਰ ਅਤੇ ਤਬਲੇ ਦੀ ਥਾਪ ਦੀ ਆਵਾਜ਼ ਅੰਦਰ ਲੰਘ ਆਉਂਦੀ, ਜਿਵੇਂ ਸਾਡੇ ਮੱਚ ਮਰੇ ਵਾਲੇ ਸਰੀਰਾਂ ਨੂੰ ਕੁਤਕੁਤਾਣ ਆਈ ਹੋਵੇ।

ਵੱਡੀ ਗਲੀ ਵਿਚੋਂ ਨਿਕਲਦੀਆਂ ਛੋਟੀਆਂ ਗਲੀਆਂ ਦੇ ਮੋੜਾਂ ਤੇ ਢਾਕਾਂ ਉਤੇ ਹੱਥ ਰੱਖੀ ਖੜ੍ਹੇ ਦੱਲੇ ਵੀ ਆਮ ਵਿਖਾਈ ਦਿੰਦੇ। ਉਹ ਕਾਰ ਨੇੜੇ ਆਈ ਤੋਂ ਰਮਜ਼ੀ ਜਿਹੀਆਂ ਸੈਨਤਾਂ ਵੀ ਮਾਰਦੇ ਪਰ ਫਿਰ ਕਾਰ ਦੇ ਸ਼ੀਸ਼ੇ ਚੜ੍ਹੇ ਵੇਖ ਕੇ ਥੋੜ੍ਹੇ ਸ਼ੱਕੀ ਜਿਹੇ ਹੋ ਕੇ ਪਿਛਾਂਹ ਹਟ ਜਾਂਦੇ। ਪਤਾ ਨਹੀਂ ਇਥੇ ਕੈਸੇ ਕੈਸੇ ਲੋਕ ਆਉਂਦੇ ਹੋਣਗੇ, ਉਨ੍ਹਾਂ ਦਾ ਤਾਂ ਨਿੱਤ ਦਾ ਵਿਹਾਰ ਸੀ। ਸ਼ਾਇਦ ਉਨ੍ਹਾਂ ਨੇ ਸਾਨੂੰ ਖੁਫ਼ੀਏ ਸਮਝ ਲਿਆ ਹੋਵੇਗਾ ਜਾਂ ਸਾਡੇ ਤਿਲਾਂ ਵਿੱਚ ਤੇਲ ਨਾ ਹੋਣ ਦਾ ਅਨੁਮਾਨ ਵੀ ਲਾ ਲਿਆ ਹੋਵੇਗਾ, ਤਾਂ ਹੀ ਕਾਰ ਵੱਲ ਲਪਕ ਕੇ ਨਹੀਂ ਆਉਂਦੇ ਸਨ। ਉਹ ਕਿਹੜਾ ਅਣਜਾਣ ਸਨ ਕਿ ਕਾਰ ਨੂੰ ਬੰਕਰ ਬਣਾ ਕੇ ਲੰਘ ਰਹੇ ਬੇਜ਼ਾਇਕਾ ਲੋਕ ਕਿੱਥੋਂ ਉਨ੍ਹਾਂ ਕੰਮ ਦੇ ਗਾਹਕ ਹੋਣੇ ਸਨ?

ਕਿਤੇ ਕਿਤੇ ਦੁਕਾਨ ਦੇ ਮੱਥੇ ਉਤੇ ਵੱਡਾ ਇਸ਼ਤਿਹਾਰੀ ਬੋਰਡ ਲੱਗਿਆ ਵੀ ਦਿਸਦਾ, ਜਿਸ ਉਤੇ ਕੋਈ ਗੱਦਰ ਜਿਸਮ ਅਤੇ ਚੱਕਵੀਆਂ ਅਦਾਵਾਂ ਵਾਲੀ ਨਰਤਕੀ ਮੁਜ਼ਰੇ ਦੀ ਮੁਦਰਾ ਵਿੱਚ ਖੜ੍ਹੀ ਨਜ਼ਰ ਆੳ਼ੁਦੀ। ਪਿੱਛੇ ਸਾਜ਼ਿੰਦਿਆਂ ਦੀ ਢਾਣੀ ਬੈਠੀ ਹੁੰਦੀ।

“ਭਾ-ਜੀ ਇਹ ਮੁਜ਼ਰੇ-ਮਜ਼ਰੇ ਤਾਂ ਅੱਜ-ਕੱਲ੍ਹ ਹਾਥੀ ਦੇ ਬਾਹਰ ਦਿਸਦੇ ਦੰਦ ਈ ਨੇ ਸਮਝੋ,” ਇਸਹਾਕ ਨੇ ਹੋਰਡਿੰਗ ਵੇਖ ਕੇ ਤਬਸਰਾ ਕੀਤਾ, “ਪੁਰਾਣੇ ਵਕਤਾ `ਚ ਹੁੰਦੇ ਸੀ ਇਹ ਤਾਂ, ਅਹਿਲਕਾਰ ਲੋਕ ਵੇਖਦੇ ਸੂ, ਹੁਣ ਤੇ ਅਸਲੋਂ ਖੱਚ ਹੋ ਗਈ ਏ ਹੀਰਾ ਮੰਡੀ, ਖ਼ਾਨਦਾਨੀ ਕੰਜਰ ਹੁਣ ਵਿਰਲੇ-ਟਾਵੇਂ ਹੋਣਗੇ, ਬਹੁਤਾ ਤਾਂ ਚਾਲੂ ਮਾਲ ਭਰ ਗਿਆ ਏ ਮੰਡੀ `ਚ। ਧਾਨੂੰ ਮੈਂ ਦੱਸਾਂ ਸਾਡੇ ਕਾਮੇਡੀ ਸ਼ੋਆਂ ਦੀਆਂ ਕੁੜੀਆਂ ਇਥੋਂ ਈ ਸਪਲਾਈ ਹੁੰਦੀਆਂ ਨੇ। ਜਿਨ੍ਹਾਂ `ਚ ਅਸਲੋਂ ਕੋਈ ਹੁਨਰ ਨੲ੍ਹੀਂ ਹੋਂਦਾ ਉਹ, ਧਾਨੂੰ ਕਿਹੜਾ ਭੁੱਲ ਏ, ਇਥੇ ਈ ਏਡਜ਼ ਦੇ ਗੱਫੇ ਵੰਡਦੀਆਂ ਨੇ।” ਕਹਿਕੇ ਇਸਹਾਕ ਬੇਰੰਗ ਜਿਹੀ ਹਾਸੀ ਹੱਸਿਆ।

ਕੋਈ ਵਕਤ ਹੋਵੇਗਾ ਜਦੋਂ ਇਥੇ ਕਲਾਸਕੀ ਕਲਾਕਾਰ ਹੁੰਦੇ ਹੋਣਗੇ, ਟਿਕੀ ਰਾਤ ਦੀ ਖਾਮੋਸ਼ੀ ਨੂੰ ਸਾਰੰਗੀ ਨਾਲ ਲਏ ਅਲਾਪ, ਬੋਲ ਬਖਸ਼ਦੇ ਹੋਣਗੇ, ਰਾਈਸਜਾਦੀਆਂ ਇਥੇ ਤਹਿਜ਼ੀਬ ਦੇ ਗੁਰ ਸਿੱਖਣ ਆਉਂਦੀਆਂ ਹੋਣਗੀਆਂ। ਮੰਡੀ ਦੀ ਉਹ ਸ਼ਾਹੀ ਰਵਾਇਤ ਹੁਣ ਪੈਸੇ ਦੀ ਮੰਡੀ ਵਿੱਚ ਗੁੰਮ-ਗੁਆਚ ਗਈ ਸੀ। ਹੁਸਨ ਦਾ ਬਾਜ਼ਾਰ ਹੁਣ ਮਹਿਕ ਦੀ ਥਾਂ ਬਦਬੋ ਵਰਗਾ ਅਹਿਸਾਸ ਦੇ ਰਿਹਾ ਸੀ। ਧੰਦੇ ਨੇ ਹੁਨਰ ਦੀ ਗਿੱਚੀ ਦੱਬ ਲਈ ਸੀ।

ਕਿੰਨੀ ਤਾਂਘ ਸੀ ਹੀਰਾ ਮੰਡੀ ਦੀ ਇੱਕ ਝਲਕ ਵੇਖਣ ਦੀ, ਨਾ ਆਉਂਦਾ ਤਾਂ ਪਛਤਾਵਾ ਰਹਿਣਾ ਸੀ, ਹੁਣ ਆ ਕੇ ਜਾਪਦੈ ਉਸ ਤੋਂ ਵੀ ਵੱਡਾ ਪਛਤਾਵਾ ਪੱਲੇ ਪਾ ਲਿਆ ਸੀ।

 

ਕ੍ਰੇਜੀ ਕੀਆ ਰੇ

ਇਕ ਦਿਨ ਮੈਂ ਅਤੇ ਦੇਵ ਦਰਦ ਆਪਣੇ ਮੇਜ਼ਬਾਨ ਦੋਸਤਾਂ ਇਸਹਾਕ ਅਤੇ ਅਰਸ਼ਦ ਨਾਲ ਆਰਟ ਦੀ ਸਰਕਾਰੀ ਸੰਸਥਾ ਅਲਹਮਰਾ `ਚ ਨੁਮਾਇਸ਼ ਵੇਖ ਕੇ ਵਾਪਸ ਆ ਰਹੇ ਸਾਂ। ਮੇਜ਼ਬਾਨਾਂ ਨੇ ਆਪਸ ਵਿੱਚ ਘੁਸਰ-ਮੁਸਰ ਕੀਤੀ ਅਤੇ ਕਾਰ ਇੱਕ ਕੋਠੀ ਅੱਗੇ ਰੋਕ ਲਈ। ਕੈਨਾਲ ਪਾਰਕ, ਗੁਲਬਰਗ-II ਦਾ ਪਤਾ ਸੀ। ਇਹ ਇੱਕ ਘਰੇਲੂ ਜਿਹਾ ਫ਼ਿਲਮ ਸਟੂਡੀਓ ਸੀ ਜਿੱਥੇ ਅਮਾਨ ਚੌਧਰੀ ਨਾਂ ਦਾ ਨੌਜਵਾਨ ਸਿਟਕਮ ਮਾਫੀਆ ਦੇ ਬੈਨਰ ਹੇਠ ਟੈਲੀਫ਼ਿਲਮਾਂ ਬਣਵਾਉਂਦਾ ਸੀ। ਅਰਸ਼ਦ ਵੀ ਇਸੇ ਗਰੁੱਪ ਨਾਲ ਸੈ-ੱਟ-ਡਿਜ਼ਾਇਨਰ ਦਾ ਕੰਮ ਕਰਦਾ ਸੀ।

ਭਾਰਤੀ ਮਿਹਾਂ-ਆਕਾਰੀ ਫ਼ਲਮ ਸਟੂਡੀਓਜ਼ ਨੂੰ ਧਿਆਨ ਵਿੱਚ ਲਿਆਈਏ ਤਾਂ ਇਹ ਸਟੂਡੀਓ ਦਾ ਬੱਚਾ ਲੱਗਦਾ ਸੀ। ਇੱਕ ਦਰਮਿਆਨੇ ਅਕਾਰ ਦੀ ਕੋਠੀ ਵਿੱਚ ਕੰਮ ਸਾਰਿਆ ਜਾ ਰਿਹਾ ਸੀ। ਦੋ ਬੈ-ੱਡ-ਰੂਮਾਂ ਨੂੰ ਵੱਡੇ ਕਮਰੇ `ਚ ਬਦਲ ਕੇ ਸ਼ੂਟਿੰਗ-ਰੂਮ ਬਣਾਇਆ ਹੋਇਆ ਸੀ। ਉਥੇ ਡਾਇਨਿੰਗ ਟੇਬਲ ਦੁਆਲੇ ਬੈਠੇ ਕਲਾਕਾਰਾਂ ਨਾਲ ਕੋਈ ਸੀਨ ਵੀ ਫਿਲਮਾਇਆ ਜਾ ਰਿਹਾ ਸੀ। ਨਾਲ ਵਾਲਾ ਕਮਰਾ ਅਮਾਨ ਦਾ ਦਫ਼ਤਰ ਸੀ ਅਤੇ ਡਰਾਇੰਗ ਰੂਮ ਨੂੰ ਵੰਡ ਕੇ ਕਲਾਕਾਰਾਂ ਦਾ ਰੈਸਟ ਏਰੀਆ ਅਤੇ ਡਬਿੰਗ-ਰੂਮ ਬਣਾਇਆ ਹੋਇਆ ਸੀ।

ਅਮਾਨ ਚੌਧਰੀ ਨੇ ਸਾਡਾ ਨਿੱਘਾ ਸੁਆਗਤ ਕੀਤਾ। ਫ਼ਿਲਮਕਾਰ ਆਮ ਕਰਕੇ ਰੁਝੇਵੇਂ ਦੇ ਭੰਨੇ, ਉਨੀਂਦੇ ਮਾਰੇ ਅਤੇ ਕੰਮ ਦੇ ਯਾਰ ਹੁੰਦੇ ਹਨ। ਅੱਖਾਂ ਦੇ ਪਪੋਟੇ ਸੁੱਜੇ ਹੋਏ, ਹੇਠ ਕਾਲੇ ਘੇਰੇ, ਸ਼ੇਵ-ਵਿਹੂਣੇ ਚਿਹਰੇ, ਬੇਤਰਤੀਬੇ ਪਹਿਰਾਵੇ ਵਾਲੇ ਫ਼ਿਲਮ ਪ੍ਰੋਡਿਊਸਰ ਹੀ ਮੇਰੀ ਕਲਪਨਾ ਵਿੱਚ ਵੱਸੇ ਹੋਏ ਸਨ। ਪਰ ਅਮਾਨ ਇਸ ਦੇ ਬਿਲਕੁਲ ਉਲਟ ਸੀ। ਨੌਜਵਾਨ ਅਵਸਥਾ, ਗੋਰਾ ਰੰਗ, ਤਿੱਖੇ ਨੈਣ-ਨਕਸ਼ ਅਤੇ ਤਾਜ਼ਗੀ ਭਰਪੂਰ ਚਿਹਰਾ, ਉਹ ਪ੍ਰੋਡਿਊਸਰ ਦੀ ਥਾਂ ਹੀਰੋ ਲਗਦਾ ਸੀ। ਉਸ ਦੇ ਚਿਹਰੇ ਉਤੇ ਰੁਝੇਵੇਂ ਦਾ ਕੋਈ ਤਣਾਅ ਵੀ ਨਹੀਂ ਸੀ, ਉਹ ਸਹਿਜ ਢੰਗ ਨਾਲ ਆਪਣੇ ਵਿਦੇਸ਼ ਤੋਂ ਆਏ ਦੋਸਤ ਸਰਫਰਾਜ਼ ਅਵਾਨ ਨਾਲ ਗੱਲੀਂ ਰੁੱਝਿਆ ਹੋਇਆ ਸੀ।

“ਇਹ ਸਰਦਾਰ ਹੋਰੀਂ ਵੀ ਬੜੇ ਤਕੜੇ ਅਦੀਬ ਨੇ ਜੀ।” ਅਰਸ਼ਦ ਨੇ ਪ੍ਰਾਹੁਣਚਾਰੀ ਦੇ ਲਿਹਾਜ਼ ਨਾਲ ਆਪਣੇ ਵੱਲੋਂ ਮੇਰੀ ਭੱਲ ਬਨਾਉਣੀ ਚਾਹੀ।

“ਕਿੰਨੇ ਕੁ ਡਰਾਮੇ ਲਿਖ ਚੁੱਕੇ ਓ ਸਰਦਾਰ ਜੀ?” ਅਮਾਨ ਨੇ ਸੱਚਮੁੱਚ ਵਿਸ਼ੇਸ਼ ਰੁਚੀ ਲੈਂਦਿਆਂ ਪੁੱਛਿਆ।

“ਡਰਾਮੇ ਨੲ੍ਹੀਂ, ਅਫ਼ਸਾਨੇ ਲਿਖਦਾ ਆਂ ਜੀ ਮੈਂ ਤਾਂ, ਉਂਜ ਵੈਸੇ ਮੇਰੀਆਂ ਤਿੰਨ-ਚਾਰ ਕਹਾਣੀਆਂ ਤੇ ਡਰਾਮੇ ਅਤੇ ਟੈਲੀਫਿਲਮਾਂ ਬਣੀਆਂ ਨੇ।” ਮੈਂ ਵਲ-ਫੇਰ ਪਾ ਕੇ ਅਰਸ਼ਦ ਵੱਲੋਂ ਕੀਤੀ ਪਰਸੰਸਾ ਦੇ ਤੁੱਲ ਹੋਣ ਦੀ ਕੋਸ਼ਿਸ਼ ਕੀਤੀ।

“ਫੇਰ ਤੇ ਤੁਸੀਂ ਸਾਡੇ ਕੰਮ ਆਵਨ ਵਾਲੇ ਸਖ਼ਸ਼ ਓ, ਸਾਡੇ ਲਈ ਵੀ ਲਿਖਿਆ ਕਰੋ ਸਕ੍ਰਿਪਟਾਂ, ਸਰਦਾਰ ਜੀ।”

“ਤੁਸੀਂ ਬਣਾਉਂਦੇ ਓ ਪੰਜਾਬੀ ਫ਼ਿਲਮਾਂ?”

“ਨੲ੍ਹੀਂ ਅਜੇ ਤੇ ਉਰਦੂ ਵਿੱਚ ਈ ਬਨਾਉਣੇ ਆਂ। ਉਂਜ ਏਥੇ ਪੰਜਾਬੀ ਫ਼ਿਲਮਾਂ ਵਾਹਵਾ ਚਲਦੀਆਂ ਨੇ, ਖਾਸ ਕਰ ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਗਰੀਬ ਤਬਕਾ ਵੇਖਦਾ ਏ। ਲਾਹੌਰ ਵਰਗੇ ਸ਼ਹਿਰਾਂ ਦੀ ਰੱਜੀ-ਪੁੱਜੀ ਕਲਾਸ ਨਈਂ ਜਾਂਦੀ ਥੀਏਟਰਾਂ `ਚ। ਉਨ੍ਹਾਂ ਐਲ। ਸੀ। ਡੀ। ਟੈਕਨਾਲੋਜੀ ਦੇ ਹੋਮ ਥੀਏਟਰ ਘਰੀਂ ਲਾ ਰੱਖੇ ਨੇ। ਸੱਚੀ ਗੱਲ ਵੇ ਅਸੀਂ ਤਾਂ ਓਸੇ ਕਲੋਜ ਡੋਰ ਸੁਸਾਇਟੀ ਲਈ ਟੈਲੀਫਿਲਮਾਂ ਬਣਾਉਂਦੇ ਆਂ ਜੀ।”

“ਫਿਰ ਲਾਹੌਰ ਦੇ ਸਿਨਮਿਆਂ ਵਿੱਚ ਕੀ ਚਲਦਾ ਏ?” ਦੇਵ ਦਰਦ ਨੇ ਪੁੱਛਿਆ।

“ਫ਼ਿਲਮਾਂ ਤਾਂ ਘੱਟ ਈ ਚਲਦੀਆਂ ਨੇ ਜੀ, ਅਸਲ ਵਿੱਚ ਤੇ ਕੌਮੇਡੀ ਸ਼ੋ ਚਲਦੇ ਨੇ, ਬੱਸ ਹਾ-ਹਾ, ਹੀ-ਹੀ।। ।।” ਅਮਾਨ ਦੀ ਥਾਂ ਅਰਸ਼ਦ ਨੇ ਲਾਚੜ ਕੇ ਦੱਸਿਆ।

“ਸਾਡੇ ਏਥੇ ਤਾਂ ਫ਼ਿਲਮ ਇੰਡਸਟਰੀ ਨੂੰ ਕਈ ਬੰਨਿਉਂ ਮਾਰ ਪਈ ਹੋਈ ਏ, ਬੌਂਬੇ ਵਰਗੀ ਗੱਲ ਨੲ੍ਹੀਂ ਬਣ ਸਕੀ ਏਥੇ। ਬਾਲੀਵੁੱਡ ਦੀਆਂ ਫਿਲਮਾਂ ਤਾਂ ਬੜੇ ਵੱਡੇ ਬੱਜਟ ਦੀਆਂ ਹੁੰਦੀਆਂ ਨੇ, ਸਭ ਕੁੱਝ ਹੀ ਗਰੈਂਡ ਸਟਾਈਲ। ਉਨ੍ਹਾਂ ਦੀ ਏਧਰ ਵੀ ਬੜੀ ਪੁੱਛ ਏ। ਸਾਡੀ ਨਵੀਂ ਜਨਰੇਸ਼ਨ ਤਾਂ ਸਮਝੋ ਕ੍ਰੇਜੀ ਹੋਈ ਪਈ ਏ ਭਾਰਤੀ ਸਟੱਫ ਦੀ। ਮਸਲਨ ਚੋਪੜਾ ਜੀ ਦੀ ੋਵੀਰ ਜ਼ਾਰਾ’ ਨੇ ਏਥੇ ਬਹੁਤ ਕਰਾਊਡ ਖਿੱਚਿਆ। ਤੁਸੀਂ ਲਾਹੌਰ ਵਿੱਚ ਹੋਰਡਿੰਗ ਤੱਕੇ ਹੋਣਗੇ। ਅੱਜ-ਕੱਲ੍ਹ ਵੀ ਏਥੇ ਤਾਰੇ ਜਮੀਂ ਪਰ, ਰੇਸ, ਵੈ-ੱਲਕਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਨੇ। ਖੈਰ ਉਨ੍ਹਾਂ ਦੀ ਕੀ ਮੁਕਾਬਲਾ ਏ ਜੀ।”

“ਅਮਾਨ ਸਾਹਿਬ ਤੁਸੀਂ ਵੀ ਕੋਈ ਗ੍ਰੈਂਡ ਸਟਾਈਲ ਤਜ਼ਰਬਾ ਕਿਉਂ ਨੲ੍ਹੀ ਕਰਦੇ?”

“ਮਨ ਤੇ ਹੈ ਵੇ ਪਈ ਬੌਂਬੇ ਜਾ ਕੇ ਕੋਈ ਫ਼ਿਲਮ-ਸ਼ਿਲਮ ਕਰਾਂ ਜੇਹੜੀ ਦੋਵੇਂ ਬੰਨੇ ੋਖੁਦਾ ਕੇ ਲੀਏੋ ਜਾਂ ਰਾਮ ਚੰਦ ਪਾਕਿਸਤਾਨੀ ਵਾਂਗਰਾਂ ਪਾਸੇ ਹਿੱਟ ਹੋਵੇ, ਬੱਸ ਸਬੱਬ ਨਈਂ ਬਣਿਆ। ਅਜੇ ਤੇ ਜੀ ਸਾਡਾ ਏਹ ਮੁਖ਼ਤਸਰ ਦਾਰੋ-ਮਦਾਰ ਏ। ਇਸ ਨਿੱਕੇ ਜਿਹੇ ਸਟੂਡਿਓ ਵਿੱਚ ਦਿਹਾੜੀ ਦੀਆਂ ਇਕ-ਦੋ ਟੈਲੀਫ਼ਿਲਮਾਂ ਬਣਾ ਛੱਡੀਦੀਆਂ ਨੇ। ਸਾਡੀ ਫ਼ਿਲਮ ਤਾਂ ਡਾਇਨਿੰਗ ਟੇਬਲ ਜਾਂ ਸੋਫਿਆਂ ਤੇ ਬੈਠ ਕੇ ਗੱਲਾਂ ਕਰਦੇ ਦ੍ਰਿਸ਼ਾਂ ਨਾਲ ਈ ਮੁਕੰਮਲ ਹੋ ਜਾਂਦੀ ਏ। ਆਊਟ-ਡੋਰ ਦੀ ਜ਼ਰੂਰਤ ਪਵੇ ਤਾਂ ਔਹ ਸਾਹਮਣੇ ਲਾਅਨ ਵਿੱਚ ਪੂਰੀ ਕਰ ਲਈਦੀ ਏ।” ਅਮਾਨ ਨੇ ਸਾਹਮਣੇ ਮੇਜ ਉਤੇ ਰੱਖੇ ਹੱਥਾਂ ਦੀਆਂ ਮੁੱਠੀਆਂ ਇਉਂ ਬੰਦ ਕੀਤੀਆਂ ਜਿਵੇਂ ਕਿਹਾ ਹੋਵੇ ੋਬੱਸ ਸਾਡੀ ਤਾਂ ਬੰਦ ਮੁੱਠੀ ਹੀ ਲੱਖ ਦੀ ਏ ਜੀ। `

“ਜਿਤਰਾਂ ਅਮਾਨ ਹੋਰਾਂ ਕਿਹਾ ਏ, ਭਾਰਤੀ ਫ਼ਿਲਮਾਂ ਬੜੀਆਂ ਗ੍ਰੈਂਡ ਨੇ, ਮੈਨੂੰ ਜਾਪਦਾ ਏ ਟੈਕਨੀਕ ਦੇ ਹਵਾਲੇ ਨਾਲ ਤੇ ਏਹ ਗੱਲ ਹੰਡਰਡ ਪਰਸੈਂਟ ਦਰੁਸਤ ਏ, ਪਰ ਉਨ੍ਹਾਂ ਦਾ ਨਜ਼ਰੀਆ ਅਸਲੋਂ ਕਾਣ ਵਾਲਾ ਏ। ਇਸਲਾਮੀ ਕਲਚਰ ਨੂੰ ਬੜਾ ਵਿਗਾੜ ਕੇ ਵਿਖਾਉਂਦੇ ਨੇ, ਮੁਸਲਮਾਨ ਨੂੰ ਟੈਰੋਰਿਸਟ ਆਖਣ ਲਈ ਮੌਕਾ ਲਭਦੇ ਫਿਰਦੇ ਨੇ, ਹੋਰ ਤੇ ਹੋਰ ਉਹ ਤੇ ਸਲਾਮ ਵੀ ਯੂ। ਪੀ। ਸਟਾਈਲ ਦੀ ਕਰਾਉਂਦੇ ਨੇ, ਝੁਕ ਕੇ, ਮੱਥੇ ਨੂੰ ਹੱਥ ਲਾ ਕੇ, ਹਜ਼ੂਰੇ-ਆਲਾ ਸਟਾਈਲ। ਏਥੇ ਪਾਕਿਸਤਾਨ ਵਿੱਚ ਧਾਨੂੰ ਕੋਈ ਸ਼ਖ਼ਸ ਏਤਰਾਂ ਸਲਾਮ ਕਰਦਾ ਨਜ਼ਰ ਨਹੀਂ ਆਏਗਾ। ਮੁਸਲਮਾਨ ਦੀ ਤਾਂ ਛੱਡੋ, ਹਿੰਦੂ ਫ਼ਿਲਮਕਾਰ ਤਾਂ ਸਿੱਖ ਕਿਰਦਾਰ ਨੂੰ ਵੀ ਬੜਾ ਫਨੀ ਬਣਾ ਕੇ ਵਿਖਾਉ਼ਂਦੇ ਨੇ। ਪਾਕਿਸਤਾਨੀ ਫ਼ਿਲਮਾਂ ਵਿੱਚ ਸਰਦਾਰ ਨੂੰ ਵਫ਼ਾਦਾਰ ਤੇ ਸੁੱਚੀਆਂ ਕਦਰਾਂ ਦਾ ਮਾਲਕ ਵਿਖਾਇਆ ਜਾਂਦਾ ਏ। ਮੈਂ ਤੇ ਕਹਾਂਗਾ ਕਿ ਹਿੰਦੂ ਦੀ ਸੋਚ ਵਿੱਚ ਈ ਕਾਣ ਏ।” ਹੁਣ ਤੱਕ ਚੁੱਪ-ਚਾਪ ਸੁਣ ਰਿਹਾ ਸਰਫਰਾਜ਼ ਅਵਾਨ ਅਚਾਨਕ ਗਲੋਟੇ ਵਾਂਗ ਉਧੜਨਾ ਸ਼ੁਰੂ ਹੋ ਗਿਆ। ਉਸਦੇ ਚਿਹਰੇ ਉਤੇ ਹਰਖ ਦੀ ਪਰਤ ਗੂੜ੍ਹੀ ਹੋਈ ਨਜ਼ਰ ਆਉਣ ਲੱਗੀ। ਅਮਾਨ ਚੌਧਰੀ ਮੁਸਕਰਾਉਂਦਿਆਂ ਉਸ ਵੱਲ ਇਉਂ ਝਾਕਿਆ ਜਿਵੇਂ ਕਹਿ ਰਿਹਾ ਹੋਵੇ, ੋਪ੍ਰਾਹੁਣਿਆਂ ਦਾ ਲਿਹਾਜ਼ ਕਰੀਦਾ ਏ ਸਰਫਰਾਜ਼। ’ ਉਸ ਦੀ ਤੱਕਣੀ ਦੇ ਅਸਰ ਨਾਲ ਸਰਫਰਾਜ਼ ਸੱਚਮੁਓ ਹੀ ਸਹਿਜ ਹੋ ਗਿਆ।

“ਸਰਦਾਰ ਜੀ ਧਾਡੇ ਅੱਜ ਕੱਲ੍ਹ ਪੰਜਾਬੀ ਟੈਲੀਫ਼ਿਲਮਾਂ ਦੀ ਕਿੰਨੀ ਕੁ ਮਾਰਕੀਟ ਏ?” ਅਮਾਨ ਨੇ ਆਪਣੇ ਮਤਲਬ ਵੱਲ ਆਉਂਦਿਆਂ ਗੱਲ ਦਾ ਵਿਸ਼ਾ ਬਦਲਿਆ।

“ਪੰਜ ਕੁ ਸਾਲ ਪਹਿਲਾਂ ਮਾਲਵੇ ਦੇ ਇੱਕ ਗੁਰਚੇਤ ਚਿੱਤਰਕਾਰ ਨਾਂ ਦੇ ਬੰਦੇ ਨੇ ੋਸੰਦੂਕ ਵਿੱਚ ਬੰਦੂਕ’ ਟੈਲੀਫ਼ਿਲਮ ਬਨਾਉਣ ਦਾ ਤਜ਼ਰਬਾ ਕੀਤਾ ਸੀ, ਬੱਸ ਜਿਵੇਂ ਹਨੇਰੇ ਵਿੱਚ ਛੱਡਿਆਂ ਤੀਰ ਇਤਫਾਕਨ ਨਿਸ਼ਾਨੇ ਤੇ ਜਾ ਲੱਗਿਆ ਹੋਵੇ, ਲੋਕਾਂ ਐਨਾ ਚੰਗਾ ਹੁੰਗਾਰਾ ਦਿੱਤਾ ਕਿ ਫਿਰ ਟੈਲੀਫ਼ਿਲਮਾਂ ਦਾ ਹੜ੍ਹ ਆ ਗਿਆ। ਫੌਜੀ ਦੀ ਫੈਮਲੀ, ਬਿੱਲੂ ਬਲੈਕੀਆ, ਲਹੂ ਪੀਣੀ ਬਹੂ, ਰਾਂਝਾ ਕਹਿੰਦਾ ਟੈਨਸ਼ਨ ਨਹੀਂ ਲੈਣੀ ਵਰਗੀਆਂ ਦਰਜਨਾਂ ਫ਼ਿਲਮਾਂ ਚੰਗੀਆਂ ਚੱਲੀਆਂ। ਫਿਰ ਤਾਂ ਬਚਨ ਬੇਦਿਲ, ਜਰਨੈਲ ਘੁੰਮਾਣ, ਭੁਪਿੰਦਰ ਬਰਨਾਲਾ ਵਰਗੇ ਕਿੰਨੇ ਹੀ ਫਿਲਮਕਾਰ ਖੁੰਬਾਂ ਵਾਂਗੂ ਉਗ ਆਏ। ਅੱਜ-ਕੱਲ੍ਹ ਇਨ੍ਹਾਂ ਦੀ ਕਾਫੀ ਚੰਗੀ ਮਾਰਕੀਟ ਐ।” ਮੈਂ ਆਪਣੀ ਤਰਦੀ ਤਰਦੀ ਵਾਕਫ਼ੀ ਦੇ ਅਧਾਰ ਤੇ ਦੱਸਿਆ।

ਇੰਨੇ ਨੂੰ ਨਾਲ ਦੇ ਕਮਰੇ `ਚ ਚੱਲ ਰਹੀ ਸੂਟਿੰਗ `ਚੋਂ ਵਿਹਲਾ ਹੋ ਕੇ ਪਾਕਿਸਤਾਨੀ ਟੀ। ਵੀ। ਨਾਟਕਾਂ ਦਾ ਚਰਚਿਤ ਕਲਾਕਾਰ ਰੈਂਬੋਂ ਆ ਗਿਆ। ਉਸ ਨਾਲ ਉਸ ਦੌਰ ਦਾ ਖ਼ਿਆਲ ਆਇਆ ਜਦੋਂ ਪਾਕਿਸਤਾਨੀ ਡਰਾਮੇ ਦਾ ਦੋਹਾਂ ਪੰਜਾਬਾਂ ਵਿੱਚ ਹੀ ਬੜਾ ਕ੍ਰੇਜ ਹੁੰਦਾ ਸੀ। ਜਲੰਧਰ ਤੋਂ ਅੱਗੇ ਪਾਕਿਸਤਾਨੀ ਟੀ। ਵੀ। ਦੀ ਰੇਂਜ ਖਤਮ ਹੋਣ ਲਗਦੀ ਤਾਂ ਲੋਕ ਵਿਸ਼ੇਸ਼ ਤੋਂ ਵਿਸ਼ੇਸ਼ ਐਂਟੀਨੇ ਲੁਆ ਕੇ ਉਨ੍ਹਾਂ ਨਾਟਕਾਂ ਨੂੰ ਵੇਖਣ ਲਈ ਤਰਲੇ ਲੈਂਦੇ। ਹੁਣ ਤਾਂ ਕਮੇਡੀ ਸ਼ੋਆਂ ਨੇ ਉਨ੍ਹਾਂ ਡਰਾਮਿਆਂ ਨੂੰ ਵੀ ਦੱਬ ਲਿਆ ਸੀ ਅਤੇ ਰੈਂਬੋ ਵਰਗੇ ਕਲਾਕਾਰ ਸਰਕਾਰੀ ਟੀ। ਵੀ। ਦੀ ਥਾਂ ਖੁੱਲ੍ਹੀ ਮੰਡੀ ਵਿੱਚ ਆਉਣ ਲਈ ਮਜ਼ਬੂਰ ਹੋ ਗਏ ਸਨ।

“ਅਰਸ਼ਦ ਸਰਦਾਰ ਹੋਰਾਂ ਨੂੰ ਵਿਖਾਇਐ ਨਮੂਨਾ ਕੋਈ ਕਾਮੇਡੀ ਸ਼ੋਅ ਦਾ?” ਅਮਾਨ ਨੇ ਕੁੱਝ ਅਚਾਨਕ ਯਾਦ ਆ ਜਾਣ ਵਾਂਗ ਪੁੱਛਿਆ।

“ਅੱਜ ਈ ਵਿਖਾ ਦੇਂਦੇ ਆਂ ਸਰ ਜੀ ਵਾਹਵਾ ਚੇਤਾ ਦੁਆ ਛੱਡਿਆ ਏ।” ਅਰਸ਼ਦ ਨੇ ਉਤਸ਼ਾਹੀ ਹੋ ਕੇ ਕਿਹਾ ਅਤੇ ਉਸ ਵਕਤ ਹੀ ਇਸਹਾਕ ਨਾਲ ਪ੍ਰੋਗਰਾਮ ਬਨਾਉਣ ਲੱਗ ਪਿਆ।

ਅਸੀਂ ਅਮਾਨ ਹੋਰਾਂ ਦੀਆਂ ਮੰਗਵਾਈਆਂ ਵਿਸ਼ੇਸ਼ ਪੇਸਟਰੀਆਂ ਖਾ ਕੇ ਵਿਦਾ ਲੈਣ ਲਈ ਇਜਾਜ਼ਤ ਮੰਗੀ। ਉਸਨੇ ਸਾਨੂੰ ਤੋਹਫ਼ੇ ਵਜੋਂ ਆਪਣੀਆਂ ਫ਼ਿਲਮਾਂ-ਮਿਸਟਰ ਐਂਡ ਮਿਸਜ਼ ਮਨਿਸਟਰ, ਕਪਲਜ਼, ਚਿਲ ਹਾਊਸ, ਐਨੀ ਔਰ ਐਮਾ - ਦਿੱਤੀਆਂ। ਅਮਾਨ ਚੌਧਰੀ ਵਾਕਿਆ ਹੀ ਮੁਹੱਬਤੀ ਬੰਦਾ ਲੱਗਿਆ।

ਅਰਸ਼ਦ ਨੇ ਰਾਤ ਦੇ ਗਿਆਰਾਂ ਵਜੇ ਦੇ ਕਾਮੇਡੀ ਸ਼ੋਅ ੋਕ੍ਰੇਜੀ ਕੀਆ ਰੇ’ ਦੀਆਂ ਟਿਕਟਾ ਬੁੱਕ ਕਰਵਾ ਲਈਆਂ। ਅਸੀਂ ਆਪਣੇ ਟਿਕਾਣੇ ਤੋਂ ਬਲਦੇਵ ਸਿੰਘ ਸੜਕਨਾਮਾ ਨੂੰ ਵੀ ਨਾਲ ਲੈ ਲਿਆ।

ੋਅਲਫਲਾਹ’ ਨਾਂ ਦਾ ਮਸ਼ਹੂਰ ਥੀਏਟਰ ਨੱਕੋ-ਨੱਕ ਭਰਿਆ ਹੋਇਆ ਸੀ ਜਿਵੇਂ ਕਿਸੇ ਵੱਡੇ ਸ਼ੋਅ-ਮੈਨ ਦੀ ਫ਼ਿਲਮ ਦਾ ਪਹਿਲਾਂ ਸ਼ੋਅ ਹੋਵੇ। ਦਰਸ਼ਕ ਮਰਦ ਹੀ ਸਨ ਪਰ ਵਿਰਲੀਆਂ-ਟਾਂਵੀਆਂ ਔਰਤਾਂ ਵੀ ਸਨ। ਪਰਿਵਾਰਕ ਹੋਣ ਦੀ ਥਾਂ ਜਨਾਨੀਆਂ ਆਪਣੇ ਰੰਗ-ਢੰਗ ਤੋਂ ਮੌਜ-ਮੇਲੇ ਵਾਲੀਆਂ ਹੀ ਜਾਪਦੀਆਂ ਸਨ।

“ਭਾ-ਜੀ ਏਥੇ ਘਰੇਲੂ ਤ੍ਰੀਮਤਾਂ ਨੲ੍ਹੀਂ ਆਉਂਦੀਆਂ, ਰਖੇਲਾਂ ਹੀ ਲਿਆਉਂਦੇ ਨੇ ਲੋਕ ਸ਼ੁਗਲ-ਪਾਣੀ ਖਾਤਰ।” ਇਸਹਾਕ ਨੇ ਮੇਰੇ ਅਨੁਮਾਨ ਨੂੰ ਸੱਚ ਵਿੱਚ ਬਦਲ ਦਿੱਤਾ।

ਔਰਤਾਂ ਕੀ ਇਥੇ ਤਾਂ ਅਸੀਂ ਵੀ ਬੈਠੇ ਸ਼ਰਮ ਜਿਹੀ ਮਹਿਸੂਸ ਕਰ ਰਹੇ ਸਾਂ। ਮੈਂ ਦਿੱਲੀ ਸਪਰੂ ਹਾਊਸ ਦੇ ਕੁੱਝ ਉਹ ਨਾਟਕ ਵੀ ਵੇਖੇ ਹੋਏ ਸਨ ਜਿਨ੍ਹਾਂ ਵਿੱਚ ਦੋ-ਅਰਥੇ ਪੰਜਾਬੀ ਸ਼ਬਦਾਂ, ਕਾਮੁਕ ਆਦਾਵਾਂ ਅਤੇ ਨੰਗੇਜ਼ ਭਰਪੂਰ ਦ੍ਰਿਸ਼ਾਂ ਵਾਲੀਆਂ ਹਾਸੋਹੀਣੀਆਂ ਸਥਿਤੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੁੰਦਾ ਸੀ। ਇਹ ਕਾਮੇਡੀ ਸ਼ੋਅ ਤਾਂ ਉਸ ਤੋਂ ਵੀ ਚਾਰ ਰੱਤੀਆਂ ਵੱਧ ਹੋਣ ਦੇ ਚਰਚੇ ਸੁਣੇ ਸਨ। ਅਰਸ਼ਦ ਹੋਰਾਂ ਨੇ ਸਾਨੂੰ ਚੁੰਕਨੇ ਕਰਨ ਲਈ ਦੱਸਿਆ ਕਿ ਕਾਮੇਡੀ ਸ਼ੋਅ ਦੇ ਕਲਾਕਾਰ ਵਿੱਚ ਵਿਚ ਦਰਸ਼ਕਾਂ ਨਾਲ ਵੀ ਨੋਕ-ਝੋਕ ਕਰਨ ਲੱਗੇ ਜਾਂਦੇ ਹਨ, ਸਰਦਾਰਾਂ ਨੂੰ ਵੇਖ ਕੇ ਤਾਂ ਹੋਰ ਵੀ ਚਾਂਭਲ ਜਾਂਦੇ ਹਨ।

ਸ਼ੋਅ ਸ਼ੁਰੂ ਹੋਇਆ। ਇੱਕ ਮੇਮਾਂ ਵਰਗੀ ਗੋਰੀ-ਚਿੱਟੀ ਅਤੇ ਚੁਲਬਲੀ ਕੁੜੀ ਮੰਚ ਤੇ ਆਈ। ਦਰਸ਼ਕਾਂ ਨੇ ਤਾੜੀਆਂ ਦੀ ਗੁੰਜਾਰ, ਚੀਕਾਂ-ਸੀਟੀਆਂ ਅਤੇ ਰੁਮਾਂਟਿਕ ਜੁਮਲਿਆਂ ਨਾਲ ਉਸਦਾ ਸੁਆਗਤ ਕੀਤਾ। ਅੱਗੋਂ ਕੁੜੀ ਨੇ ਵੀ ਫਲਾਈਂਗ ਕਿੱਸ ਸੁੱਟ ਕੇ ਹੁੰਘਾਰਾ ਭਰਿਆ। ਉਸ ਦੇ ਮਗਰ ਇੱਕ ਮਰਦ ਕਲਾਕਾਰ ਸਟੇਜ਼ ਉਤੇ ਇਉਂ ਆਇਆ ਜਿਵੇਂ ਉਸ ਕੁੜੀ ਨੂੰ ਹੀ ਭਾਲਦਾ-ਟੋਲਦਾ ਫਿਰਦਾ ਹੋਵੇ। ਉਸ ਮਜ਼ਮੇਬਾਜ਼ ਦੀ ਨਜ਼ਰ ਕੁੜੀ ਤੋਂ ਵੀ ਪਹਿਲਾਂ ਸਾਹਮਣੇ ਬੈਠੇ ਅਸੀਂ ਪੱਗਾਂ ਵਾਲੇ ਚੜ੍ਹ ਗਏ।

“ਸਾਸਰੀ ਕਾਲ ਸਰਦਾਰੋ, ਜੀ ਆਇਆ ਨੂੰ,” ਉਸ ਨੇ ਅੱਖਾਂ ਉਤੇ ਚੱਪੇ ਦੀ ਛਤਰੀ ਤਾਣ ਕੇ ਮੁਸ਼ਕੜੀਏਂ ਹਸਦਿਆਂ ਕਿਹਾ, “ਦਿਲ ਨੂੰ ਰਤਾ ਹੱਥ ਪਾ ਕੇ ਬਹਿਣਾ, ਏਸ ਚੰਦਰੀ ਦਾ ਝਟਕਾ ਬੜਾ ਜ਼ਾਲਮ ਏ।” ਉਸ ਦੇ ਪਹਿਲੇ ਜੁਮਲੇ ਨਾਲ ਹੀ ਦਰਸ਼ਕਾਂ ਵਿੱਚ ਹਾਸੜ ਮੱਚ ਗਿਆ।

“ਤੂੰ ਐਧਰ ਮੇਰੇ ਵੱਲ ਤੱਕ ਨੀ ਮਾਂ ਦੀਏ ਚਾਮ ਚੜਿੱਕੇ, ਸਰਦਾਰਾਂ ਵੱਲੇ ਕੀ ਬਿਟਰ ਬਿਟਰ ਵੇਖਨੀ ਏਂ? ਓਧਰ ਲਾਟੂ ਪਏ ਜਗਦੇ ਨੇ?” ਉਸ ਨੇ ਤਪੇ-ਤਾਅ ਇੱਕ ਹੋਰ ਹਾਸ-ਬਾਣ ਛੱਡਿਆ। ਦਰਸ਼ਕ ਨਿਹਾਲ ਹੋ ਗਏ ਅਤੇ ਅਸੀਂ ਨਿਰਉਤਰ, ਸਾਡੇ ਤੋਂ ਕੋਈ ਮੋੜਾ ਨਾ ਸਰਿਆ। ਸਾਡੇ ਤੇ ਬਿਗਾਨੀ ਥਾਂ ਦਾ ਛੱਪਾ ਕੁੱਝ ਵਧੇਰੇ ਹੀ ਪੈ ਚੁੱਕਾ ਸੀ।

ਦਸ ਕੁ ਮਿੰਟਾਂ ਪਿੱਛੋਂ ਕਿਤੇ ਖਾਣ-ਪੀਣ ਦਾ ਹਵਾਲਾ ਆਇਆ ਤਾਂ ਕਲਾਕਾਰ ਨੂੰ ਫਿਰ ਟੋਟਕਾ ਸੁੱਝ ਗਿਆ। “ਖੁਦਾ ਕਸਮ, ਖਾਣ-ਪੀਣ ਦੇ ਸ਼ੁਕੀਨ ਸਾਡੇ ਸਰਦਾਰ ਭਾਈ ਵੀ ਬੜੇ ਹੁੰਦੇ ਨੇ, ਇਕੇਰਾਂ ਇੱਕ ਸਰਦਾਰ ਜੀ ਚੌਰਾਹੇ `ਚ ਖੜ੍ਹਾ ਚਾਂਗਰਾਂ ਪਿਆ ਮਾਰੇ, ਖਰੂਦ ਪਾਈ ਜਾਵੇ। ਕਿਸੇ ਆ ਕੇ ਪੁੱਛਿਆ, ਸਰਦਾਰ ਜੀ ਪੀਤੀ ਹੋਈ ਐ? ਕਹਿੰਦਾ ਨਹੀਂ ਅਜੇ ਤਾਂ ਨਾਲ ਵਾਲਾ ਸਾਹਮਣੇ ਠੇਕੇ ਤੇ ਲੈਣ ਗਿਆ ਹੋਇਆ ਏ।” ਦਰਸ਼ਕ ਫਿਰ ਚਾਂਭੜਾਂ ਪਾਉਂਦੇ ਹੱਸੇ।

ਇਹ ਕਾਮੇਡੀ ਸ਼ੋਅ ਦੋ-ਢਾਈ ਘੰਟੇ ਦਾ ਸੀ। ਇਹ ਕਿਸੇ ਇੱਕ ਵਿਸ਼ੇ ਉਤੇ ਬੱਝਵੀਂ, ਸਿਲਸਿਲੇਵਾਰ ਕਹਾਣੀ ਪੇਸ਼ ਕਰਨ ਵਾਲਾ ਨਹੀਂ ਸੀ। ਕਿਸੇ ਲੋਕ-ਪ੍ਰਵਾਨ ਹਲਕੇ-ਫੁਲਕੇ ਵਿਸ਼ੇ, ਜਿਵੇਂ ਵਰ ਦੀ ਭਾਲ, ਘਰੇਲੂ ਨੌਕਰਾਂ ਦੀਆਂ ਹਰਕਤਾਂ, ਪੁਲਸ ਦਾ ਰਵੱਈਆ ਆਦਿ ਨੂੰ ਵੀਹ-ਪੱਚੀ ਮਿੰਟਾਂ ਵਿੱਚ ਵਿਖਾਇਆ ਜਾਂਦਾ ਸੀ। ਉਸ ਭਾਗ ਦਾ ਅੰਤ ਕਿਸੇ ਚਿਉਂਦੇ-ਚਿਉਂਦੇ ਗੀਤ-ਡਾਂਸ ਨਾਲ ਹੁੰਦਾ। ਨਸੀਬੋ ਲਾਲ ਦੇ ਗੀਤ ਅਤੇ ਕੁੱਝ ਨਵੀਆਂ ਭਾਰਤੀ ਫਿਲਮਾਂ ਦੇ ਢੁੱਕਵੇਂ ਗਾਣੇ ਵਿਸ਼ੇਸ਼ ਤੌਰ ਤੇ ਇਸ ਮੰਤਵ ਲਈ ਵਰਤੇ ਜਾਂਦੇ ਹਨ। ਜਿਵੇਂ ਬਹੁਤੀਆਂ ਟੈਲੀਫਿਲਮਾਂ ਡਰਾਇੰਗ-ਰੂਮ ਵਿੱਚ ਹੀ ਮੁੱਕ ਜਾਂਦੀਆਂ ਹਨ, ਇਹੋ ਹਾਲ ਕਾਮੇਡੀ-ਇਕਾਂਗੀਆਂ ਦਾ ਸੀ। ਇਨ੍ਹਾਂ ਦੇ ਪਾਤਰ ਵੀ ਸਟਾਕ-ਕੋਟੇ ਵਾਲੇ ਹੀ ਹੁੰਦੇ ਹਨ, ਜਿਵੇਂ ਘਰ ਦਾ ਮਾਲਿਕ ਚੌਧਰੀ, ਠਾਕੁਰ ਜਾਂ ਜਾਗੀਰਦਾਰ, ਘਰ ਦੇ ਨੌਕਰ, ਨੌਜਵਾਨ ਨੂੰਹ ਜਾਂ ਧੀ, ਨਰਤਕੀ, ਖੁਸਰੇ ਆਦਿ। ਐਕਸ਼ਨ ਦੀ ਥਾਂ ਓਵਰ-ਐਕਟਿੰਗ, ਦੋ-ਅਰਥੇ ਸ਼ਬਦ ਅਤੇ ਭੜਕੀਲੀ ਚੁਹਲ-ਮੁਹਲ ਇਨ੍ਹਾਂ ਕਾਮੇਡੀ ਸ਼ੋਆਂ ਦੀ ਚੂਲ ਬਣਦੀ ਹੈ। ਇਹ ਨਹੀਂ ਕਿ ਇਨ੍ਹਾਂ ਵਿੱਚ ਪਾਕਿਸਤਾਨੀ ਸਮਾਜ ਦਾ ਯਥਾਰਥ ਪੇਸ਼ ਨਹੀਂ ਹੁੰਦਾ, ਪਰ ਉਹ ਬਹੁਤ ਪੇਤਲਾ ਹੁੰਦਾ ਹੈ ਅਤੇ ਫਾਰਸ ਦੀ ਵਿਧੀ ਨਾਲ ਵਿਖਾਇਆ ਜਾਂਦਾ ਹੈ। ਪਾਕਿਸਤਾਨੀ ਬੰਦੇ ਦੀ ਤੀਵੀਂ ਦੇ ਜਿਸਮ ਲਈ ਤਾਬੜਤੋੜ ਹਵਸ, ਵੱਡੇ ਲੋਕਾਂ ਦੀ ਹਿਪੋਕਰੇਸੀ, ਤੀਵੀਆ ਦੇ ਚਲਿੱਤਰ, ਨੌਕਰਾਂ ਦੀ ਬਦਨੀਤੀ, ਪੁਲਸ ਦਾ ਅਹਿਮਕਾਨਾ ਤੇ ਡੰਡਾ-ਮਾਰਕਾ ਰੂਪ ਪਾਕਿਸਤਾਨੀ ਸਮਾਜ ਦਾ ਯਥਾਰਥ ਤਾਂ ਹੈ ਪਰ ਸਿਰਫ਼ ਇਹੀ ਯਥਾਰਥ ਨਹੀਂ। ਆਮ ਪਾਕਿਸਤਾਨੀ ਦਰਸ਼ਕ ਦੀ ਅਜਿਹੀ ਮੰਗ ਵੀ ਕੋਈ ਨਹੀਂ ਕਿ ਕਠੋਰ ਵਾਸਤਵਿਕਤਾ ਨੂੰ ਯਥਾਰਥਕ ਸ਼ੈਲੀ ਨਾਲ ਵਿਖਾਇਆ ਜਾਵੇ, ਉਹ ਹਲਕੇ-ਫੁਲਕੇ ਅਤੇ ਸਸਤੇ ਮਨੋਰੰਜਨ ਨਾਲ ਹੀ ਬਾਗੋ-ਬਾਗ ਜਾਪਦਾ ਹੈ।

“ਅਰਸ਼ਦ ਤੂੰ ਕਿੰਨੇ ਕੁ ਕਾਮੇਡੀ ਸ਼ੋਅ ਵੇਖਦਾ ਹੁੰਨੈਂ?” ਮੈਂ ਹਾਫ਼-ਟਾਈਮ ਵਿੱਚ ਇੱਕ ਆਮ ਦਰਸ਼ਕ ਦਾ ਮਨ ਟੋਹਣ ਦੀ ਕੋਸ਼ਿਸ਼ ਕੀਤੀ।

“ਭਾ-ਜੀ ਜਦੋਂ ਦਾਅ ਲੱਗ-ਜੇ ਲਾ ਈ ਲਈਦੈ, ਬਹੁਤ ਸ਼ੋਅ ਵੇਖੇ ਨੇ, ਬਾਜੇ ਵਾਲੋਂ ਕੀ ਬਰਾਤ, ਯਾਰਾ ਢੋਲ ਵਜਾ ਕੇ, ਨਵਾਂ ਆਇਐਂ ਸੋਹਣਿਆ, ਮੌਕਾ ਮਿਲੇ ਕਦੀ ਕਦੀ, ਮਹਿਬੂਬ ਹਾਜ਼ਿਰ ਹੋ, ਡਬਲ ਸ਼ਾਹ, ਝੂਮ ਬਰਾਬਰ ਝੂਮ, ਫੀਕਾ ਇਨ ਅਮਰੀਕਾ, ਬਸੀਮ ਇਨ ਟ੍ਰਬਲ, ਜਨਮ ਜਨਮ ਕੀ ਮੈਲੀ ਚਾਦਰ, ਡਬਲ ਸਟੋਰੀ।। । ਤੇ ਹੋਰ ਵੀ ਕਈ ਹੁਣ ਯਾਦ ਨੲ੍ਹੀਂ ਆ ਰਹੇ।”

“ਕਾਮੇਡੀ ਸ਼ੋਆਂ ਦੇ ਕਿਹੜੇ ਕਲਾਕਾਰ ਲੋਕਾਂ `ਚ ਜਿਆਦਾ ਹਿੱਟ ਨੇ?”

“ਬੜੇ ਨੇ ਜੀ, ਠਾਕੁਰ, ਸੁਹੇਲ ਅਹਿਮਦ, ਤਾਰਿਕ ਤੈੜੀ, ਅਮਾਨਤ ਚੰਨ ਹੋਰਾਂ ਨੂੰ ਲੋਕ ਵਾਹਵਾ ਪਸੰਦ ਕਰਦੇ ਨੇ, ਜਨਾਨੀਆਂ `ਚੋਂ ਦੀਦਾਰ, ਨਰਗਸ, ਖੁਸ਼ਬੋ, ਲੈਲਾ ਵਰਗੀਆਂ ਨੇ ਡਾਹਢੀ ਧੁੰਮ ਮਚਾਈ ਹੋਈ ਏ, ਆਹ ਦੀਦਾਰ ਦਾ ਦੀਦਾਰ ਤਾਂ ਮਾਸ਼ਾ-ਅੱਲਾ ਤੁਸਾਂ ਕਰ ਹੀ ਲਿਆ ਏ ਜਿਹੜੀ ਨਸੀਬੋ ਲਾਲ ਵਾਲੇ ਗਾਣੇ ੋਸੋਹਣਿਆਂ ਚੰਨ ਗੁਜਰੀੋ ਤੇ ਡਾਂਸ ਕਰ ਰਹੀ ਸੂ। ੌ ਅਰਸ਼ਦ ਨੇ ਆਪਣੀ ਭਰਪੂਰ ਵਾਕਫ਼ੀ ਦਾ ਮੁਜਾਹਰਾ ਕੀਤਾ। ਉਸ ਨਾਲ ਮੈਨੂੰ ਅਨੁਮਾਨ ਹੋ ਗਿਆ ਕਿ ਆਮ ਲੋਕ ਕਿਸ ਤਰ੍ਹਾਂ ਕਾਮੇਡੀ ਸ਼ੋਆਂ ਨਾਲ ਜੁੜੇ ਹੋਏ ਸਨ।

ਹਾਫ਼-ਟਾਈਮ ਤੋਂ ਬਾਅਦ ਸ਼ੋਅ ਦੁਬਾਰਾ ਸ਼ੁਰੂ ਹੋਇਆ। ਦੀਦਾਰ ਇੱਕ ਵੇਰ ਫੇਰ ਉਸੇ ਗੀਤ ਦੀ ਤੇਜ਼ ਤਾਲ ਤੇ ਥਿਰਕਣ ਲੱਗੀ। ੋਦੁੱਧ ਮੱਖਣਾਂ ਦੀ ਪਲੀ ਸੋਹਣਿਆਂ, ਮੈਂ ਮਿਸ਼ਰੀ ਦੀ ਡਲੀ ਸੋਹਣਿਆਂ ਚੰਨ ਗੁਜਰੀ।। ।। ’ ਉਹ ਕੋਈ ਅੱਗ ਦਾ ਭੰਬੂਕਾ ਸੀ ਜਿਸ ਦੀਆਂ ਉਂਗਲਾਂ ਅੱਗ ਦੀਆਂ ਲਪਟਾਂ ਵਾਂਗ ਆਲੇ-ਦੁਆਲੇ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਲਈ ਲਪਕ ਰਹੀਆਂ ਸਨ। ਬਾਵਰਿਆਂ ਹਾਰ ਸਟੇਜ਼ ਤੇ ਗੇੜੇ ਕੱਢਦੀ ਉਹ ਜਿਵੇਂ ਆਪਣੇ ਅੰਗਾਂ ਨੂੰ ਤੋੜ ਤੋੜ ਸਿੱਟ ਰਹੀ ਸੀ, ਉਹ ਹੈਰਾਨ ਕਰਨ ਵਾਲਾ ਸੀ। ਵੱਡੇ ਦਾਇਰੇ ਵਿੱਚ ਘੁੰਮਦੀ ਘੁੰਮਦੀ ਉਹ ਇੱਕ ਦਮ ਛਾਲ ਮਾਰਦਿਆਂ, ਪੱਟ ਉਤੇ ਥਾਪੀ ਲਾ ਕੇ ਸਟੇਜ਼ ਦੇ ਵਿਚਾਲੇ ਆ ਖੜ੍ਹੀ। ਉਸਨੇ ਜਾਨ-ਸੂਤਵਾਂ ਹਾਓਕਾ ਭਰਦਿਆਂ ਬੁੱਲਾਂ ਉਤੇ ਜੀਭ ਫੇਰੀ ਜਿਵੇਂ ਮਿਸ਼ਰੀ ਦਾ ਚੂਸਾ ਲਿਆ ਹੋਵੇ। ਫਿਰ ਇਕਦਮ ਬਿਫਰੀ, ਛਾਤੀ ਹੁਲਾਰਦਿਆਂ, ਲੱਕ ਮਟਕਾਉਂਦਿਆਂ, ਭਾਰੀ ਪਿੱਛੇ ਨੂੰ ਗੁਲਾਈ ਵਿੱਚ ਘੁੰਮਾਉਦਿਆਂ ਉਹ ਫਿਰ ਮੇਲ੍ਹਣ ਲੱਗੀ। ਦਰਸ਼ਕਾਂ ਦੀਆਂ ਤਾੜੀਆਂ ਨੇ ਕੰਨ ਪਾੜਵਾਂ ਤੇਜ਼-ਤਰਾਰ ਸੰਗੀਤ ਵੀ ਮੱਧਮ ਪਾ ਦਿੱਤਾ।

ਸਮਾਜ ਦੀਆਂ ਬੰਧਸ਼ਾਂ ਦੇ ਮੱਦੇ-ਨਜ਼ਰ ਨਰਤਕੀ ਨੇ ਕੱਪੜੇ ਪੂਰੇ ਪਾਏ ਸਨ ਪਰ ਬੜੀ ਚੁਸਤੀ ਨਾਲ ਸਰੀਰ ਦੇ ਪ੍ਰਦਰਸ਼ਨਯੋਗ ਅੰਗਾਂ ਉਤੇ ਸਕਿੰਨ ਕਲਰ ਵਾਲਾ ਕੱਪੜਾ ਵਰਤ ਲਿਆ ਸੀ, ਜਿਸ ਨਾਲ ਪਰਦੇ ਦਾ ਪਰਦਾ, ਨੰਗੇਜ਼ ਦਾ ਨੰਗੇਜ਼ ਵਾਲੇ ਦੋਵੇਂ ਕੰਮ ਸੰਵਰ ਗਏ ਸਨ। ਰਹਿੰਦੀ-ਖੁੰਹਦੀ ਕਸਰ ਕਾਮੁਕ ਅਦਾਵਾਂ ਨਾਲ ਪੂਰੀ ਕਰ ਲਈ ਸੀ। ਮਰਦ ਕਲਾਕਾਰ ਸਾਥੀਆਂ ਨਾਲ ਡਾਂਸ ਕਰਦੇ ਸਮੇਂ ਵੀ ਔਰਤ-ਮਰਦ ਦੀ ਪ੍ਰਸਪਰ ਛੋਹ ਦੀ ਮਨਾਹੀ ਸੀ ਪਰ ਉਹ ਦੋਵੇਂ ਜੱਫੀਆਂ ਪਾਉਣ ਅਤੇ ਚੁੰਮਣ-ਚੱਟਣ ਦੇ ਸੁਆਂਗ ਰਾਹੀਂ ਇਹ ਘਾਟ ਪੂਰੀ ਕਰ ਲੈਂਦੇ ਸਨ। ਮੈਨੂੰ ਲੱਗਿਆ ਭਾਵੇਂ ਕਿੰਨੀਆਂ ਵੀ ਪਾਬੰਦੀਆਂ ਹੋਣ ਸ਼ੈਤਾਨ ਦੀ ਟੂਟੀ ਬੰਦਾ ਕੋਈ ਨਾ ਕੋਈ ਜੁਗਾੜ ਕਰਕੇ ਮਨ-ਆਈਆਂ ਕਰ ਹੀ ਲੈਂਦਾ ਹੈ।

ਮੇਰੀ ਸਮਝ ਮੁਤਾਬਕ ਜੇ ਪਾਕਿਸਤਾਨੀ ਪੰਜਾਬ ਵਿਚਲੀ ਰਾਠਵਾਦੀ, ਆਧੁਨਿਕ ਅਤੇ ਉਤਰ-ਆਧਨਿਕ ਸੋਚ ਦਾ ਗੰਢ-ਚਿਤਰਾਵਾ ਹੋਇਆ ਵੇਖਣਾ ਹੋਵੇ ਤਾ ਕਾਮੇਡੀ ਸ਼ੋਆਂ ਦਾ ਅਧਿਐਨ ਬਹੁਤ ਲਾਹੇਵੰਦ ਹੋ ਸਕਦਾ ਹੈ। ਮਸਲਨ ਸ਼ੋਅ ਦੀ ਇੱਕ ਝਾਕੀ ਵਿੱਚ ਇੱਕ ਡਕੈਤ ਆਪਣੇ ਰਾਠਵਾਦੀ ਲਹਿਜ਼ੇ ਵਿੱਚ ਕਿਸੇ ਘਰੋਂ ਇੱਕ ਕੁੜੀ ਨੂੰ ਉਧਾਲਣ ਵਾਸਤੇ ਆਉਂਦਾ ਹੈ। ਉਹ ਆਧੁਨਿਕ ਤਰਜ਼ੇ-ਜ਼ਿੰਦਗੀ ਅਨੁਸਾਰ ਉਸ ਮੁਟਿਆਰ ਨਾਲ ਆਪਣੇ ਸੁਪਨਿਆਂ ਦਾ ਘਰ ਵਸਾਉਣਾ ਚਾਹੁੰਦਾ ਹੈ। ਉਸ ਦੇ ਐਕਸ਼ਨ ਵੀ ਡਾਕੂਆਂ ਦੀ ਥਾਂ ਮੱਧਵਰਗੀ ਡਰਪੋਕ ਬੰਦੇ ਵਾਲੇ ਹਨ। ਉਸਦਾ ਤਕੀਆ ਕਲਾਮ ਹੈ ਘੀਸੀ ਕਰਕੇ। ਉਹ ਹਵਾ `ਚ ਬੰਦੂਕ ਲਹਿਰਾ ਕੇ, ਅੱਖਾਂ ਚੌੜੀਆਂ ਕਰਕੇ, ਮੁੱਛਾਂ ਨੂੰ ਤਾਅ ਦੇ ਕੇ ਲਲਕਾਰਦਾ ਹੈ, ੋਓਏ ਏਹਨੂੰ ਮੇਰੇ ਹਵਾਲੇ ਕਰ ਛੱਡੋ, ਨੲ੍ਹੀਂ ਤੇ ਅੱਗਾਂ ਲਾ ਦਿਆਂਗਾ ਓਏ, ਘੀਸੀ ਕਰਕੇ। ੌ ਕਈ ਵਾਰ ਤਾਂ ਉਹ ਸਟੇਜ਼ ਉਤੇ ਸੱਚਮੁੱਚ ਘੀਸੀ ਕਰਨ ਲੱਗਦਾ ਹੈ। ਇਉਂ ਪੇਸ਼ਕਾਰੀ ਦੀ ਪੂਰੀ ਵਿਧੀ ਉਤਰ-ਯਥਾਰਥਵਾਦੀ ਬਣ ਜਾਂਦੀ ਹੈ ਜਿਸ ਵਿੱਚ ਫਾਰਸ ਅਤੇ ਫੈਂਟਸੀ ਨੂੰ ਪ੍ਰਮੁੱਖਤਾ ਹਾਸਲ ਹੁੰਦੀ ਹੈ। ਦਰਸ਼ਕ ਇਹ ਸਭ ਕੁੱਝ ਵੇਖ ਕੇ ਹਸਦੇ ਰਹੇ ਅਤੇ ਮੇਰੇ ਅੰਦਰਲਾ ਆਲੋਚਕ ਨਾਲ ਨਾਲ ਕਾਮੇਡੀ ਸ਼ੋਅ ਦੀ ਵਿਧਾ ਦੀਆਂ ਗੁੰਝਲਾਂ ਖੋਲ੍ਹਣ ਦਾ ਯਤਨ ਕਰਦਾ ਰਿਹਾ।

ਸ਼ੋਅ ਖਤਮ ਹੋਇਆ। ਚਾਰ ਬਾਉਂਸਰ-ਟਾਈਪ ਹੱਟੇ-ਕੱਟੇ ਨੌਜਵਾਨ ਦਰਸ਼ਕਾਂ ਵੱਲ ਨੂੰ ਸਟੇਨ-ਗੰਨਾਂ ਤਾਣ ਕੇ ਖੜ੍ਹ ਗਏ। ਉਹ ਉਨ੍ਹਾਂ ਮਨਚਲਿਆਂ ਲਈ ਸਨ ਜਿਹੜੇ ਸ਼ੋਅ ਦੇ ਦੌਰਾਨ ਵੀ ਸਟੇਜ਼ ਉਤੇ ਨੋਟਾਂ ਦੀਆਂ ਦੱਥੀਆਂ ਸਿੱਟਦੇ ਰਹੇ ਸਨ ਅਤੇ ਆਪਣੀਆਂ ਕੁਰਸੀਆਂ ਅੱਗੇ ਖੜ੍ਹੇ ਹੋ ਕੇ ਨਰਤਕੀ ਦੇ ਨਾਲ ਨਾਲ ਭੰਗੜਾ ਪਾਉਣ ਲਗਦੇ ਸਨ। ਅੰਤ ਬਾਉਂਸਰਾਂ ਨੂੰ ਘੁਰਕੀ ਦੇ ਕੇ ਬਿਠਾਉਣੇ ਪੈਂਦੇ ਸਨ। ਇਹ ਚਾਂਭਲੇ ਤੇ ਕੁਲੱਛਣੇ ਦਰਸ਼ਕ ਇਸ ਤੋਂ ਘੱਟ ਕਿੱਥੇ ਵੱਸ `ਚ ਆਉਣ ਵਾਲੇ ਸਨ।

“ਸਰਦਾਰ ਜੀ ਬੈਠੇ ਰਹੋ ਤੁਸੀਂ ਹਾਲੇ। ੌ ਇੱਕ ਗਾਰਡ ਨੇ ਸਾਨੂੰ ਉ-ੱਠਣ ਲੱਗਿਆਂ ਨੂੰ ਅਪਣੱਤ ਨਾਲ ਕਿਹਾ। ਉਸ ਨੂੰ ਮਹਿਮਾਨਾਂ ਦੀ ਸੁਰੱਖਿਆ ਦਾ ਫ਼ਿਕਰ ਸੀ। ਉਸ ਦਾ ਇਹ ਨਿੱਘਾ ਰੂਪ ਬੜਾ ਚੰਗਾ ਲੱਗਿਆ। ਅਸੀਂ ਸਭ ਤੋਂ ਪਿੱਛੋਂ ਬਾਹਰ ਨਿਕਲੇ। ਉਸ ਸਮੇਂ ਤੱਕ ਕਲਾਕਾਰ ਵੀ ਬਾਹਰ ਨਿਕਲ ਕੇ ਇੱਕ ਪਾਸੇ ਖੜ੍ਹੀ ਆਪਣੀ ਵੱਡੀ ਗੱਡੀ ਵੱਲ ਆਉਣ ਲੱਗੇ। ਅਰਸ਼ਦ ਨੇ ਅਗਾਂਹ ਵਧ ਕੇ ਆਪਣੇ ਜਾਣੂੰ ਅਤੇ ਕਾਮੇਡੀ ਸ਼ੋਅ ਦੇ ਨਾਇਕ ਕਲਾਕਾਰ ਇਫ਼ਤਖਾਰ ਠਾਕੁਰ ਨਾਲ ਸਾਨੂੰ ਮਿਲਾਇਆ। ਉਸ ਨਾਲ ਫੋਟੋ ਖਿਚਵਾਉਣ ਲੱਗੇ ਤਾਂ ਆਲੇ-ਦੁਆਲੇ ਕ੍ਰੇਜੀ ਲੋਕਾਂ ਦਾ ਹਜੂਮ ਜੁੜ ਗਿਆ।

ਮੈਨੂੰ ਪਛਤਾਵਾ ਹੋਇਆ ਸੀ ਕਿ ਮੈਂ ਹੀਰਾ ਮੰਡੀ ਨੂੰ ਸਿਰਫ ਬਾਹਰੋਂ ਹੀ ਵੇਖ ਸਕਿਆ ਸਾਂ, ਅੰਦਰਲੇ ਦ੍ਰਿਸ਼ ਦੀ ਝਲਕ ਤੋਂ ਵਾਂਝਾ ਰਹਿ ਗਿਆ ਸਾਂ। ਹੁਣ ਉਹ ਪਛਤਾਵਾ ਨਹੀਂ ਸੀ, ਮੈਨੂੰ ਜਾਪਿਆ ਕਿ ਹੀਰਾ ਮੰਡੀ ਤਾਂ ਥੀਏਟਰ ਵਿੱਚ ਆ ਗਈ ਸੀ, ਅਸੀਂ ਤਾਂ ਐਵੇਂ ਹੀ ਉਸ ਨੂੰ ਕਿਧਰੇ ਹੋਰ ਭਾਲਦੇ ਫਿਰਦੇ ਰਹੇ ਸਾਂ।

 

ਅਸਲੀ ਲਾਹੌਰ ਵੇਖਦਿਆਂ

Àਬਾਬਿਓ ਐਹ ਕਾਰਾਂ–ਮੋਟਰਾਂ ਜੀਆਂ ਦਾ ਖਹਿੜਾ ਛੱਡੋ, ਗੋਲੀ ਮਾਰੋ ਪਰ੍ਹੇ ਆਰਾਮ–ਪਸੰਦੀ ਨੂੰ ਜੇ ਅਸਲੀ ਲਾਹੌਰ ਵੇਖਣਾ ਏ ਤਾਂ, ਕੀ ਏਹ ਮਾਈਂ ਅਹੀਂ ਇਲੀਟਾਂ ਵਾਲੀਆਂ ਸੈਰਾਂ ਕਰਨ ਡਹੇ ਆਂ? ਚਲੋ ਖਾਂ ਜਰਾ ਮੇਰੇ ਨਾਲ, ਮੈਂ ਵਿਖਾਉਣਾ ਇਆਂ ਧਾਨੂੰ ਇੱਕ ਹੋਰ ਲਾਹੌਰ। ਅਸਲੀ ਤੇ ਓਹੋ ਵੇਖਣ ਆਲਾ ਏ। Á ਖਿਝ ਦੇਵ ਦਰਦ ਦੇ ਮੱਥੇ ਤੇ ਉਕਰੀ ਨਜ਼ਰ ਆਈ। ਉਸਦਾ ਤਾਅਨਾ ਸੱਚਾ ਸੀ। ਪਾਕਿਸਤਾਨ ਆਏ ਅਸੀਂ ਅੱਠੇ ਜਣੇਂ ਜਪਾਨੀ ਏ। ਸੀ। ਕੋਸਟਰ ਨਾਂ ਦੀ ਗੱਡੀ ਵਿੱਚ ਚੜ੍ਹੇ ਵੱਡੇ ਘਰਾਂ ਅਤੇ ਸੰਸਥਾਵਾਂ ਦੀਆਂ ਦਾਅਵਤਾਂ ਵਿੱਚ ਉਲਝੇ ਪਏ ਸਾਂ। ਗਿਣਤੀ ਦੇ ਦਿਨ ਉ-ੱਡੇ ਜਾ ਰਹੇ ਸਨ ਅਤੇ ਅਸੀਂ ਅਜੇ ਸੈਰ ਵਾਲੀ ਸੇਰ `ਚੋਂ ਪੂਣੀ ਨਹੀਂ ਕੱਤੀ ਸੀ। ਹੁਣ ਤਲਵਿੰਦਰ, ਸਤੀਸ਼ ਵਰਮਾ, ਜਿੰਦਰ, ਹਰਭਜਨ ਹੁੰਦਲ ਹੋਰੀਂ ਚਾਰ ਜਣੇ ਵਾਪਸ ਭਾਰਤੀ ਪੰਜਾਬ ਪਰਤ ਗਏ ਸਨ। ਪ੍ਰੇਮ ਪ੍ਰਕਾਸ਼ ਆਪਣੇ ਮਿੱਤਰ ਕਹਾਣੀਕਾਰ ਨਾਦਰ ਅਲੀ ਦੇ ਘਰ ਜਾ ਟਿਕਿਆ ਸੀ। ਬਲਦੇਵ ਸਿੰਘ ਸੜਕਨਾਮਾ ਦੁੱਲੇ ਭੱਟੀ ਦਾ ਪਿੰਡ ਵੇਖ ਕੇ ਮੁੜ ਸਾਡੇ ਨਾਲ ਆ ਰਲਿਆ। ਕਹਿੰਦੇ ਨੇ ਤੀਜਾ ਰਲਿਆ ਤੇ ਕੰਮ ਗਲਿਆ, ਪਰ ਨਹੀਂ ਸਾਡਾ ਤਾਂ ਸਗੋਂ ਸੰਵਰ ਗਿਆ ਸੀ। ਟਰੱਕਾਂ ਦੇ ਧੰਦੇ `ਚ ਪੈ ਕੇ ਦਿੱਲੀ–ਦੱਖਣ ਗਾਹਿਆ ਹੋਣ ਕਰਕੇ ਉਹ ਆਪ ਸੈਰ–ਸਪਾਟੇ ਦਾ ਚਾਸੜੂ ਬੰਦਾ ਹੈ ਅਤੇ ਹਿੰਮਤੀ ਵੀ ਪੂਰਾ।

Àਓ ਧਾਲੀਵਾਲ ਆਪਣੇ ਵੰਨੀ ਭਾਊ ਗਾਲ੍ਹ ਨ੍ਹੀਂ ਕਢਦੇ ਹੁੰਦੇ ਅਖੇ ਤੈਨੂੰ।। ।। । ਥਾਣੀਂ ਲਾਹੌਰ ਦਿਸਦੈ, ਦੇਵ ਦਰਦ ਨੇ ਕਿਤੇ ਓਹੀ ਲਾਹੌਰ ਤਾਂ ਨ੍ਹੀਂ ਵਿਖਾਓਣਾਂ? ਚੱਲ ਭਾਈ ਅੱਜ ਓਸ ਪਾਸਿਉਂ ਅਸਲੀ ਲਾਹੌਰ ਵੀ ਵੇਖ ਲੈਨੇ ਆਂ। Á ਬਲਦੇਵ ਸਿੰਘ ਨੇ ਆਪਣੀ ਟ੍ਰਾਂਸਪੋਰਟਰਾਂ ਵਾਲੀ ਸ਼ੈਲੀ `ਚ ਟੋਣਾਂ ਲਾਇਆ।

Àਚੱਲੋ ਜੀ ਅੱਜ ਸਾਰੇ ਅਧਿਕਾਰ ਆਪਣੇ ਮੁੱਖ ਮੰਤਰੀ ਦੇਵ ਦਰਦ ਸਿਉਂ ੋਬਾਦਲ’ ਨੂੰ ਦਿੱਤੇ। Á ਮੈਂ ਇਕਮੱਤ ਹੋਣ ਦਾ ਐਲਾਨ ਕੀਤਾ ਤਾਂ ਦੇਵ ਦਰਦ ਦੇ ਮੱਥੇ ਉਤੇ ਖਿਝ ਦੀ ਥਾਂ ਮੁਸਕਾਨ ਖੇਡਣ ਲੱਗੀ।

Àਕਮਾਲ ਹੋ–ਗੀ ਏ ਬਾਬਿਓ ਅੱਜ ਤਾਂ ਵਾਹ! Á ਉਹ ਵਿਸਮਾਦੀ ਹੋ ਗਿਆ।

ਆਪਣੇ ਟਿਕਾਣੇ ਤੋਂ ਨਿਕਲ ਕੇ ਅਸੀਂ ਪੈਦਲ ਹੀ ਵੱਡੀ ਸੜਕ ਤੱਕ ਗਏ। ਦੇਵ ਦਰਦ ਨੇ ਹੱਥ ਕਰਕੇ ਆਟੋ ਰੋਕ ਲਿਆ। ਉਹ ਮੂਹਰੇ ਹੋ ਕੇ ਆਗੂ ਦੇ ਫਰਜ਼ ਨਿਭਾਉਣ ਲੱਗਾ।

Àਕਿਧਰ ਜਾਣੈਂ ਸਰਦਾਰ ਜੀ? Á ਆਟੋ ਵਾਲੇ ਨੇ ਮੋਨੇ ਦੇਵ ਦਰਦ ਨੂੰ ਵੀ ਸਾਡੇ ਖਾਤੇ ਪਾ ਦਿੱਤਾ ਜਿਵੇਂ ਚੜ੍ਹਦੇ ਪੰਜਾਬੋਂ ਆਇਆ ਬੰਦਾ ਸਰਦਾਰ ਤੋਂ ਬਿਨਾ ਹੋਰ ਕੁੱਝ ਹੋ ਹੀ ਨਹੀਂ ਸਕਦਾ ਸੀ।

Àਏਸ ਸਰਦਾਰ ਜੀ ਦੇ ਢਿੱਡ `ਚ ਪੱਗ ਐ। Á ਬਲਦੇਵ ਸਿੰਘ ਪੂਰੇ ਰੌਂ `ਚ ਸੀ।

Àਪੁਰਾਣੇ ਲਾਹੌਰ ਲੈ ਚੱਲ ਪੁੱਤਰ। Á ਦੇਵ ਦਰਦ ਨੇ ਅਟਸਟੇ ਨਾਲ ਮੰਜ਼ਿਲ ਦੱਸੀ।

Àਆਹਾ, ਅਖੇ ਘਗਰੇ ਦੀ ਮੌਜ ਬੜੀ ਸਿੱਧੀ ਵਾਅ।। ।। ।। ਨੂੰ ਆਵੇ। Á ਬਲਦੇਵ ਸਿੰਘ ਨੇ ਕਾਰਾਂ–ਗੱਡੀਆਂ ਦੀ ਥਾਂ ਆਟੋ ਦੀ ਹਵਾਹਾਰੀ ਸਵਾਰੀ ਦੀ ਚੋਣ ਦਾ ੋਜਸ਼ਨ’ ਮਨਾਉਂਦਿਆਂ ਹੇਕ ਲਾ ਕੇ ਕਿਹਾ, Àਓਏ ਪਤੰਦਰਾ ਹੌਲੀ ਚੱਲ ਕਿਉਂ ਧਰਨ ਪਾਉਣੈ। Á ਤੇਜ–ਸਪੀਡ ਆਟੋ ਪੁਰਾਣੇ ਲਾਹੌਰ ਨੂੰ ਜਾਂਦੀ ਸੜਕ `ਚ ਪਏ ਖੱਡੇ ਵਿਚੋਂ ਬੁੜਕਿਆ।

Àਲਓ ਸੋਡਾ ਤਾਂ ਬਣ ਗਿਆ ਸੜਕਨਾਮਾ, ਅੱਜ ਦੇਵ ਦਰਦ ਦੀ ਪ੍ਰੋਲਤਾਰੀਆਂ ਵਾਲੀ ਸੈਰ ਕਈ ਨਵੇਂ ਰੰਗ ਵਿਖਾਊ ਆਪਾਂ ਨੂੰ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। Á ਬਲਦੇਵ ਸਿੰਘ ਸੜਕਨਾਮਾ ਦੇ ਮੁਕਾਬਲੇ ਮੈਂ ਫੁਸਫੁਸੀ ਸ਼ੁਰਲੀ ਛੱਡੀ।

Àਕਿਉਂ ਪਰਵਾਹ ਕਰਦੇ ਓ ਭਾਅ ਜੀ, ਅਖੇ ਦਾਨਾ ਖਾਕ ਮੇਂ ਮਿਲ ਕਰ ਗੁਲੋ–ਗੁਲਜ਼ਾਰ ਹੋਤਾ ਹੈ, ਵੇਖਿਓ ਖਾਂ ਅੱਜ ਮਜ਼ਾ ਆਉਂਦਾ ਖ਼ਾਕਸਾਰ ਲੋਕਾਂ ਨੂੰ ਮਿਲ ਕੇ। Á ਦੇਵ ਦਰਦ ਆਪਣੀ ਕੁਲੰਬਸ ਵਾਲੀ ਖੋਜ ਉਤੇ ਬਾਗੋ–ਬਾਗ ਸੀ। ਆਟੋ ਦੇ ਹੁਝਕੇ ਅਤੇ ਵਾਹਵਾ ਉ-ੱਚਾ ਹੋ ਆਏ ਸੂਰਜ ਦੀ ਤਪਸ਼ ਉਸ ਦੇ ਚਾਅ ਵਿੱਚ ਵਿਘਨ ਪਾਉਣ ਦੇ ਸਮਰੱਥ ਨਹੀਂ ਸਨ।

ਆਟੋ ਵਾਲੇ ਨੇ ਸਾਨੂੰ ਦਿੱਲੀ ਦਰਵਾਜ਼ੇ ਕੱਲ ਉਤਾਰ ਕੇ ਸਾਹਮਣੇ ਬਾਂਹ ਲੰਮੀ ਕਰਕੇ ਦੱਸਿਆ, “ਏਧਰੋਂ ਅਗਾਂਹ ਨੂੰ ਲਗੇ ਜਾਓ ਸਰਦਾਰ ਜੀ, ਏਹ ਪੂਰਾ ਇਲਾਕਾ ਪੁਰਾਣਾ ਲਾਹੌਰ ਏ ਜੀ।” ਉਸ ਨੇ ਸੌ ਦਾ ਨੋਟ ਫੜ੍ਹਦਿਆਂ ਗੁੱਝਾ ਜਿਹਾ ਹਸਦਿਆਂ ਇਉਂ ਕਿਹਾ ਜਿਵੇਂ ਫੰਡਰ ਗਾਂ ਦਾ ਰੱਸਾ ਲਾਹ ਕੇ ਪਰ੍ਹੇ ਰੋਹੀ–ਬੀਆਬਾਨ ਵੱਲ ਹੱਕ ਦਿੱਤਾ ਹੋਵੇ।

Àਚਲੋ ਬਈ ਭਵ–ਸਾਗਰ ਤਰੀਏ ਤੇ ਅਸਲੀ ਲਾਹੌਰ ਵੇਖੀਏ। Á ਟਾਂਗੇ ਵਾਲੇ ਘੋੜਿਆਂ ਦੀ ਲਿੱਦ ਅਤੇ ਮੁਤਰਾਲ ਦੀ ਛਪੜੀ ਜਿਹੀ ਤੋਂ ਛੜੱਪਾ ਮਾਰ ਕੇ ਲੰਘਦਿਆਂ ਬਲਦੇਵ ਸਿੰਘ ਨੇ ਹਵ੍ਹਾੜ ਰੋਕਣ ਲਈ ਨੱਕ ਦੀ ਕੋਠੀ ਨੂੰ ਪਲੋਸਿਆ।

ਦਿੱਲੀ ਦਰਵਾਜ਼ੇ ਦੀਆਂ ਡਾਟਾਂ ਨਿਹਾਰਦਾ ਦੇਵ ਦਰਦ ਸਾਡੀ ਅਗਵਾਈ ਕਰਦਿਆਂ ਰਹਿਬਰਾਂ ਵਾਲੀ ਚਾਲ ਅੱਗੇ ਤੁਰ ਰਿਹਾ ਸੀ। ਮਨ ਆਈ ਪੁੱਗ ਜਾਣ ਨਾਲ ਉਸ ਦੇ ਚਿਹਰੇ ਉਤੇ ਕੋਈ ਖੇੜਾ ਉਭਰ ਆਇਆ ਸੀ। ਪੁਰਾਣੀਆਂ ਦੁਰਲੱਭ ਵਸਤਾਂ (ਐਂਟੀਕ) ਦੀਆਂ ਤਲਬਗਾਰ ਉਸਦੀਆਂ ਨਜ਼ਰਾਂ ਰਾਡਾਰ ਵਾਂਗੂੰ ਆਲੇ–ਦੁਆਲੇ ਘੁੰਮ ਰਹੀਆਂ ਸਨ। ਬਾਜ਼ਾਰ ਦੇ ਦੋਨੋਂ ਪਾਸੇ ਦੀਆਂ ਦੁਕਾਨਾਂ ਤੰਬਾਕੂ ਦੀਆਂ ਬੇੜਾਂ ਬੰਨ੍ਹ ਕੇ ਬਣਾਏ ਮੋਟੇ ਸੁੱਭੜਾਂ ਨਾਲ ਥੁੰਨੀਆਂ ਪਈਆਂ ਸਨ। ਵੇਚਣ ਵਾਲੇ ਦੁਕਾਨਦਾਰ ਵੀ ਰਵਾਇਤੀ ਕਿਸਮ ਦੇ ਪੱਗੜਧਾਰੀ ਮੁਸਲਮਾਨ ਸਨ। ਬਾਣੀਏਂ ਦੁਕਾਨਦਾਰਾਂ ਨੂੰ ਵੇਖਣ ਹਿਲੀਆਂ ਮੇਰੀਆਂ ਅੱਖਾਂ ਨੂੰ ਤਾਂ ਇਹ ਦੁਕਾਨਦਾਰ ਹੀ ਨਹੀਂ ਲਗਦੇ ਸਨ। ਇਉਂ ਲਗਦਾ ਸੀ ਜਿਵੇਂ ਕਿਰਪਾਲ ਸਿੰਘ ਦੇ ਸਿੱਖ–ਇਤਿਹਾਸ ਨੂੰ ਚਿਤਰਨ ਵਾਲੇ ਚਿੱਤਰਾਂ ਵਿਚੋਂ ਕੱਢ ਕੇ ਜਰਵਾਣੇ ਮੁਗਲ–ਸਿਪਾਹੀ ਇਥੇ ਲਿਆ ਬਿਠਾਏ ਸਨ। ਪਕਰੋਟ ਚਿਹਰੇ, ਬਾਜ ਅੱਖਾਂ, ਬੁੱਲ੍ਹਾਂ ਦੁਆਲਿਓਂ ਮੁੱਛਾਂ–ਦਾੜ੍ਹੀ ਸਫ਼ਾ–ਚੱਟ, ਖ਼ਤ ਕੱਢ ਕੇ ਤਿੱਖੀ ਕੀਤੀ ਚੱਪਾ ਕੁ ਦਾਹੜੀ, ਗਲ ਅਤੇ ਤੇੜ ਭਾਰੇ ਪਠਾਣੀ ਸੂਟ–ਸਲਵਾਰਾਂ। ਜੇ ਕਿਸੇ ਦਾ ਸਿਰ ਨੰਗਾ ਹੁੰਦਾ ਤਾਂ ਸਰੋਂ ਦੇ ਤੇਲ ਨਾਲ ਚੋਪੜੀਆਂ ਚਿਪਕੀਆਂ ਬੋਦੀਆਂ ਦੂਰ ਤੱਕ ਲਿਸ਼ਕਦੀਆਂ। ਕਿਸੇ ਕਿਸੇ ਦੇ ਸਿਰ ਤੇ ਜਾਲੀਦਾਰ ਚਿੱਟੀ ਟੋਪੀ ਵੀ ਟੋਟਣ ਦੀ ਟੀਸੀ ਨੂੰ ਢਕੀ ਬੈਠੀ ਦਿਸਦੀ।

ਤੰਬਾਕੂ ਦੀ ਤਿੱਖੀ ਬੋਅ ਨਾਲ ਨੱਕ ਵਿੱਚ ਜਲੂਣ ਜਿਹੀ ਛਿੜ ਪਈ। ਛਿੱਕ ਆਉਣ ਆਉਣ ਕਰਦੀ ਪਰ ਕਿਤੇ ਮਗਜ਼ ਵਿੱਚ ਹੀ ਫਸ ਗਈ ਲਗਦੀ। ਦੁਕਾਨਾਂ ਵਿੱਚ ਭਰਿਆ ਮਾਲ ਦੱਸਦਾ ਸੀ ਕਿ ਪਾਕਿਸਤਾਨ ਵਿੱਚ ਇਸਦੇ ਖਰੀਦਦਾਰ ਕਿੰਨੀ ਵੱਡੀ ਗਿਣਤੀ ਵਿੱਚ ਹੋਣਗੇ। ਆਉਣ ਸਮੇਂ ਸਮਝੌਤਾ ਐਕਸਪ੍ਰੈਸ ਵਿਚੋਂ ਵੀ ਵੇਖਿਆ ਸੀ, ਸ਼ਾਮ ਨੂੰ ਪਿੰਡਾਂ ਵਿੱਚ ਹੁੱਕੇ ਦੁਆਲੇ ਬਜੁਰਗਾਂ ਦੀਆਂ ਢਾਣੀਆਂ ਜੁੜੀਆਂ ਹੋਈਆਂ ਸਨ।

Àਦਸਮੇ ਗੁਰੂ ਦਾ ਘੋੜਾ ਤੰਬਾਕੂ ਦੇ ਖੇਤ `ਚ ਵੜਨੋ ਇਨਕਾਰੀ ਹੋ ਗਿਆ ਸੁਣਦੇ ਆਏ ਆਂ, ਪਰ ਪਤੰਦਰਾ ਤੂੰ ਤਾਂ ਅੱਜ ਤੰਬਾਕੂ ਦੇ ਗੁਦਾਮ `ਚ ਈ ਲੈ ਵੜਿਐਂ, ਹੁਣ ਏਹ ਨਾ ਆਖਦੀਂ ਗੁੜ–ਗੁੜ ਵੀ ਕਰ ਕੇ ਵੇਖ ਲੀਏ ਮਾੜੀ ਜੀ। Á ਨੱਕ ਦੀ ਕੂੰਬਲੀ ਮਸਲਦਾ ਬਲਦੇਵ ਸਿੰਘ ਰੰਗ `ਚ ਸੀ।

Àਆਓ ਸਰਦਾਰ ਜੀ ਲੱਸੀ ਪੀਂਦੇ ਜਾਓ। Á ਇੱਕ ਮੋਕਲੇ ਹੱਡਾਂ–ਪੈਰਾਂ ਵਾਲੇ ਦੁਕਾਨਦਾਰ ਨੇ ਆਵਾਜ਼ ਮਾਰੀ।

Àਓਏ ਭਰਾਵਾ ਸਾਡੀ ਤਾਂ ਅਗਲੀ ਪੀਤੀ ਬਾਹਰ ਆਉਣ ਨੂੰ ਫਿਰਦੀ ਐ। Á ਬਲਦੇਵ ਸਿੰਘ ਨੇ ਮੇਰੇ ਵੱਲ ਕੁਨੱਖਾ ਵੇਖਦਿਆਂ ਕਿਹਾ। ਪਰ ਦੇਵ ਦਰਦ ਦੇ ਪੈਰ ਤਾਂ ਪਹਿਲਾਂ ਹੀ ਦੁਕਾਨ ਵੱਲ ਮੁੜ ਪਏ ਸਨ।

Àਬਾਬਿਓ ਵੇਖੋ ਕਿਆ ਕੰਗਨੀ ਵਾਲਾ ਗਿਲਾਸ ਐ, ਵਾਹ! Á ਦੇਵ ਦਰਦ ਦਾ ਐਂਟੀਕਵਾਦੀ ਮਨ ਪਿੱਤਲ ਦੇ ਗਿਲਾਸ ਉਤੇ ਉਕਰੀਆਂ ਵੇਲ–ਬੂਟੀਆਂ ਵੇਖ ਕੇ ਰੀਝ ਗਿਆ।

Àਲੈ ਹੁਣ ਲੱਗੇ ਐ ਗਿਲਾਸ ਨੂੰ ਚਾਰ ਚੰਨ। Á ਗੋਡੇ ਜਿੱਡੇ ਲੱਸੀ–ਭਰੇ ਗਿਲਾਸ ਵਿੱਚ ਮੱਖਣ ਦਾ ਪੇੜਾ ਸਿੱਟਦੇ ਦੁਕਾਨਦਾਰ ਵੱਲ ਵੇਖਦਿਆਂ ਮੈਨੂੰ ਧੁਰਤੜੀ ਆਈ।

Àਆਹ ਜੇ ਅਸਲੀ ਲੱਸੀ ਤਾਂ, ਵਾਹ! ਸੁਆਦ ਆ ਗਿਆ ਬਾਬਿਓ। Á ਦੇਵ ਦਰਦ ਨੇ ਪ੍ਰਸੰਨ–ਚਿੱਤ ਹੋ ਕੇ ਪੈਸੇ ਦਿੰਦਿਆਂ ਵੱਡਾ ਡਕਾਰ ਮਾਰਿਆ। ਗਾਹਕ ਅਤੇ ਉਹ ਵੀ ਚੜ੍ਹਦੇ ਪੰਜਾਬੋਂ ਆਏ ਗਾਹਕ ਦੇ ਚਿਹਰੇ ਤੇ ਰੱਜ ਵੇਖ ਕੇ ਦੁਕਾਨਦਾਰ ਵੀ ਮਾਣ ਨਾਲ ਭਰ ਗਿਆ ਪਰ ਉਸ ਨੇ ਪੈਸੇ ਨਾ ਲੈਣ ਦੀ ਕੋਈ ਸੁਲਾਹ ਨਹੀਂ ਮਾਰੀ ਜਿਵੇਂ ਸੁਣਦੇ ਸਾਂ ਕਿ ਅਜਿਹਾ ਅਕਸਰ ਹੁੰਦਾ ਹੈ।

Àਮੰਦਰ ਵੇਖਣ ਚੱਲੇ ਓ ਸਰਦਾਰ ਜੀ? Á ਉਸ ਨੇ ਅਪਣੱਤ ਨਾਲ ਪੁੱਛਿਆ।

Àਇੱਥੇ ਕਿੱਥੇ ਵੇ ਮੰਦਰ? Á ਗੂੜ੍ਹ ਮੁਸਲਮਾਨੀ ਇਲਾਕੇ ਵਿੱਚ ਮੰਦਰ ਬਾਰੇ ਸੁਣ ਕੇ ਦੇਵ ਦੇ ਕੰਨ ਖੜ੍ਹੇ ਹੋ ਗਏ।

Àਔਹ ਵੇ ਲਾਗੇ ਈ। Á ਦੁਕਾਨਦਾਰ ਨੇ ਇੱਕ ਖਸਤਾ ਇਮਾਰਤ ਦੇ ਧੂੜ–ਭਰੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਨੱਕਾਸ਼ੀਦਾਰ ਬੂਹੇ ਤੋਂ ਤਾਂ ਉਹ ਕੋਈ ਪੁਰਾਣਾ ਰਿਆਸਤੀ ਘਰ ਹੀ ਲਗਦਾ ਸੀ। ਅਸੀਂ ਬੂਹਾ ਖੜਕਾਇਆ। ਅੰਦਰੋਂ ਕਿਸੇ ਨਾ ਗੌਲਿਆ। ਅਸੀਂ ਵੀ ਖਹਿੜੇ ਹੀ ਪੈ ਗਏ। ਵਾਹਵਾ ਚਿਰ ਪਿੱਛੋਂ ਇੱਕ ਮੈਲੇ–ਕੁਚੈਲੇ ਕੱਪੜਿਆਂ ਵਾਲੇ ਨੌਜਵਾਨ ਨੇ ਬੇਦਿਲੀ ਜਿਹੀ ਨਾਲ ਦਰਵਾਜ਼ਾ ਖੋਹਲਿਆ। ਪੱਗਾਂ ਵੇਖ ਕੇ ਕੁੱਝ ਪੁਛਣਾ ਮੁਨਾਸਿਬ ਨਾ ਸਮਝਦਿਆਂ ਸਾਨੂੰ ਅੰਦਰ ਲੰਘਾ ਲਿਆ। ਮੰਦਰ ਤਾਂ ਕਿਤੇ ਵੀ ਨਹੀਂ ਸੀ ਦਿਸਦਾ, ਗਰੀਬ–ਗੁਰਬੇ ਦੇ ਘਰ ਵਰਗਾ ਘਰ ਸੀ। ਉਸ ਨੇ ਇੱਕ ਕਮਰੇ ਦਾ ਜਿੰਦਾ ਖੋਹਲਿਆ। ਘੁਸਮੁਸੇ ਜਿਹੇ ਕਮਰੇ ਵਿਚਾਲੇ ਕਬਰ–ਨੁਮਾ ਥੜ੍ਹਾ ਸੀ ਜੋ ਗੋਟੇਦਾਰ ਹਰੀ ਚਾਦਰ ਨਾਲ ਢਕਿਆ ਹੋਇਆ ਸੀ। ਸਾਹਮਣੀ ਕੰਧ ਉਤੇ ੋਨਾਨਕ ਪੀਰ’ ਦੀ ਵੱਡੀ ਫਰੇਮ ਕੀਤੀ ਤਸਵੀਰ ਟੰਗੀ ਹੋਈ ਸੀ। ਪਤਾ ਲੱਗਿਆ ਇਹ ਮੰਦਰ ਨਹੀਂ ਸਗੋਂ ਗੁਰਦੁਆਰਾ ਸੀ ਜਿਹੜਾ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਸੀ ਪਰ ਉਸਦੇ ਇਤਿਹਾਸ ਬਾਰੇ ਨੌਜਵਾਨ ਨੂੰ ਕੋਈ ਇਲਮ ਨਹੀਂ ਸੀ। ਇਸ ਅਨੋਖੇ ਗੁਰੂਘਰ ਦਾ ਜ਼ਿਕਰ ਇਕਬਾਲ ਕੈਸਰ ਦੀ ਖੋਜ ਆਧਾਰਿਤ ਪੁਸਤਕ ੋਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿਤਰ ਅਸਥਾਨ’ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ 1570 ਈ। ਵਿੱਚ ਆਪਣੇ ਇੱਕ ਪ੍ਰੇਮੀ ਦੁਨੀ ਚੰਦ ਦੇ ਘਰ ਆਏ ਸਨ। ਇਹ ਚੁਹਟਾ ਮੁਫਤੀ ਬਾਕਰ ਇਲਾਕੇ ਵਿੱਚ ਹੈ।

ਜੇ ਦੁਕਾਨਦਾਰ ਨੂੰ ਮੰਦਰ ਤੇ ਗੁਰਦੁਆਰੇ ਵਿੱਚ ਫਰਕ ਕਰਨ ਦੀ ਲੋੜ ਨਹੀਂ ਸੀ ਪਈ ਤਾਂ ਇਸ ਮੁਸਲਮਾਨ ਲੜਕੇ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਭਲਾ ਕੀ ਦਿਲਚਸਪੀ ਹੋ ਸਕਦੀ ਸੀ?

Àਮੇਰਾ ਵਾਲਿਦ ਏਹਦੀ ਸੰਭਾਲ ਕਰਦਾ ਏ ਜੀ। Á ਮੁੰਡੇ ਨੇ ਚਿੜੀ–ਪੂੰਝਾ ਛੁਡਾਉਣ ਦੇ ਲਹਿਜ਼ੇ ਵਿੱਚ ਕਿਹਾ। ਉਸਦਾ ਰਾਸ਼ਿਦ ਨਾਂ ਦਾ ਬਾਪ ਕਿਧਰੇ ਬਾਹਰ ਗਿਆ ਹੋਇਆ ਸੀ।

Àਤੁਹਾਡੇ ਕੋਲ ਪ੍ਰਕਾਸ਼ ਕਰਨ ਲਈ ਗੁਰੂ ਗਰੰਥ ਸਾਹਿਬ ਦੀ ਬੀੜ ਹੈ? Á ਮੇਰੇ ਤੋਂ ਨਾ ਚਾਹੁੰਦਿਆਂ ਵੀ ਇਹ ਮੂਰਖਾਨਾ ਸੁਆਲ ਪੁੱਛਿਆ ਗਿਆ। ਸ਼ਾਇਦ ਗੁਰਦੁਆਰੇ ਦੀ ਖਸਤਾ ਹਾਲਤ ਵੇਖ ਕੇ ਮੇਰੇ ਅੰਦਰੋਂ ਸੁੱਤਾ ਸਿੱਖ ਜਾਗ ਪਿਆ ਸੀ।

Àਨੲ੍ਹੀਂ ਜੀ ਆਹ ਕਾਪੀ ਪੜ੍ਹ ਕੇ ਵਾਲਿਦ ਹੋਰੀਂ ਗਾਉਂਦੇ ਐ ਕਦੇ ਕਦੇ.Á ਮੁੰਡੇ ਨੇ ਪਰ੍ਹੇ ਚੌਂਕੀ ਤੇ ਕੱਪੜੇ ਹੇਠੋਂ ਇੱਕ ਫਟੀ–ਪੁਰਾਣੀ ਬਿਨ ਜਿਲਦੀ ਕਾਪੀ ਕੱਢ ਕੇ ਵਿਖਾਈ।

Àਪੜ੍ਹ ਖਾਂ ਭਲਾ, ਕੀ ਲਿਖਿਆ ਏ ਏਂਹਦੇ ਵਿਚ? Á ਸਿਫ਼ਤੀ ਦਾ ਘਰ ਕਹੇ ਜਾਂਦੇ ਸ਼ਹਿਰ ਦੇ ਵਾਸੀ ਦੇਵ ਦਰਦ ਦੀ ਜਗਿਆਸਾ ਹੋਰ ਭੜਕ ਉ-ੱਠੀ ਕਿ ਸ਼ਾਇਦ ਕਾਪੀ ਵਿੱਚ ਗੁਰਬਾਣੀ ਲਿਖੀ ਹੋਵੇ। ਅਸੀਂ ਜੱਟ ਦੇ ਪੈਰ ਹੇਠ ਬਟੇਰਾ ਆਉਣ ਵਾਗੂੰ ਸੁਤੇ-ਸਿੱਧ ਇੱਕ ਦੁਰਲੱਭ ਖਜ਼ਾਨਾ ਖੋਜ ਲਿਆ ਜਾਪਦਾ ਸੀ।

ਮੁੰਡੇ ਨੇ ਅੱਖਰ ਜੋੜ–ਜੋੜ ਪੜ੍ਹਨਾ ਸ਼ੁਰੂ ਕੀਤਾ। ਕਾਪੀ ਵਿੱਚ ਯਸੂ ਮਸੀਹ ਦੀ ਮਹਿੰਮਾ ਵਿੱਚ ਲਿਖੇ ਸਾਦ–ਮੁਰਾਦੇ ਗੀਤ ਸਨ। ਪਤਾ ਲੱਗਿਆ ਰਾਸ਼ਿਦ ਤਾਂ ਮਸੀਹ ਸੀ।

Àਪਾਕਿਸਤਾਨੀ ਵਕਫ਼ ਬੋਰਡ ਵਾਲੇ ਸਾਂਭ–ਸੰਭਾਲ ਨੀ ਕਰਦੇ ਇਸ ਇਤਿਹਾਸਕ ਅਸਥਾਨ ਦੀ? Á ਪੁੱਛ ਕੇ ਮੈਂ ਜਿਵੇਂ ਮੁੰਡੇ ਦੀ ਦੁਖਦੀ ਰਗ ਛੇੜ ਬੈਠਾ।

Àਕੱਖ ਨੀਂ ਦਿੰਦੇ ਜੀ, ਕੋਈ ਨੀਂ ਸਿਆਣਦਾ ਪਿਆ ਅਸਾਂ ਨੂੰ, ਬੱਸ ਵੱਡਿਆਂ ਗੁਰਦੁਆਰਿਆਂ ਤੋਂ ਸੋਟ ਕਰੀ ਜਾਂਦੇ ਨੇ। Á ਹਰਖ ਵਿੱਚ ਸਿਰ ਝਟਕਦਿਆਂ ਨੌਜਵਾਨ ਦਾ ਚਿਹਰਾ ਤਮਤਮਾ ਉ¿ੱਠਿਆ, Àਤੁਹੀਂ ਕਰੋ ਕੁਸ਼। Á ਹਰਖ ਛੇਤੀ ਹੀ ਬੇਬਸੀ ਵਿੱਚ ਬਦਲ ਗਿਆ ਅਤੇ ਉਸ ਨੇ ਕਿਸੇ ਵੱਡੀ ਆਸ ਨਾਲ ਸਾਡੀਆਂ ਦਸਤਾਰਾਂ ਵੱਲ ਵੇਖਿਆ।

ਸਾਡੇ ਵਰਗੇ ਸਿੱਖ ਭਲਾ ਕੀ ਕਰਦੇ? ਉਂਜ ਵੀ ਕੱਖੋਂ ਹੌਲੇ ਪਰਦੇਸੀ ਬੰਦੇ ਦਾ ਕੀ ਉਜਰ ਹੁੰਦਾ ਹੈ? ਨਿਰਾਸ਼ਾ ਦੇ ਆਲਮ ਵਿੱਚ ਬਾਹਰ ਵੱਲ ਤੁਰਦਿਆਂ ਪਿੱਛੇ ਭਉਂ ਕੇ ਹਸਰਤ ਜਿਹੀ ਨਾਲ ਫਿਰ ਬਾਬੇ ਦੀ ਤਸਵੀਰ ਵੱਲ ਵੇਖਿਆ। ਕਿੰਨੀਆਂ ਮਜ਼ਬੂਤ ਪੈੜਾਂ ਸਨ ਬਾਬੇ ਦੀਆਂ, ਅਨੇਕਾਂ ਚੰਦਰੀਆਂ ਕਾਲੀਆਂ ਬੋਲੀਆਂ ਹਨੇਰੀਆਂ ਨਾਲ ਵੀ ਨਹੀਂ ਮਿਟੀਆਂ ਸਨ। ਪਰ ਬੱਸ ਨਿਸ਼ਾਨ ਹੀ ਬਚੇ ਸਨ, ਪੈੜਾਂ ਕਰਨ ਵਾਲੇ ਨਾਲ ਜੁੜਿਆ ਕਿੰਨਾ ਕੁੱਝ ਤਾਂ ਗੁਆਚ ਗਿਆ ਸੀ। ਆਖਰੀ ਚਿੰਨ੍ਹ ਵੀ ਆਪਣੀ ਹਿਫਾਜ਼ਤ ਲਈ ਪਰਿਵਾਰ ਦੇ ਵਸੇਬੇ ਦੀ ਗਰਜ਼ ਨਾਲ ਜੁੜੇ ਜਾਪਦੇ ਸਨ।

ਬਾਹਰ ਆ ਕੇ ਸ਼ਰਬਤ ਵਾਲੀ ਦੁਕਾਨ ਤੋਂ ਗਲੀ ਦਾ ਨਾਂ ਪੁੱਛਿਆ ਤਾਂ ਉਸਨੇ ਚੁਹਟਾ ਦੀ ਥਾਂ ਝੋਟਾ ਬਾਜ਼ਾਰ ਦੱਸਿਆ। ਸਾਹਮਣੇ ਗੁਰਦੁਆਰੇ ਬਾਰੇ ਉਸ ਨੂੰ ਕੋਈ ਵਾਕਫ਼ੀ ਨਹੀਂ ਸੀ। ਖੈਰ ਆਮ ਲੋਕ ਇਉਂ ਹੀ ਹੁੰਦੇ ਹਨ। ਸਾਨੂੰ ਪੜ੍ਹਿਆਂ–ਲਿਖਿਆਂ ਨੂੰ ਵੀ ਮੁਸਲਿਮ ਇਤਿਹਾਸ ਬਾਰੇ ਭਲਾ ਕਿੰਨੀ ਕੁ ਜਾਣਕਾਰੀ ਹੈ? ਆਪਣੇ ਅੰਦਰ ਝਾਤੀ ਮਾਰਦਿਆਂ ਸ਼ਰਮ ਦੀ ਜ਼ਿੱਲਤ ਹੀ ਹੱਥ ਲੱਗੀ।

Àਵਾਹ! ਕਿਆ ਸ਼ਰਬਤ ਐ ਬਾਬਿਓÁ ਦੇਵ ਦਰਦ ਨੇ ਰੰਗ–ਬਿਰੰਗੀਆਂ ਬੋਤਲਾਂ ਦੀ ਕਤਾਰ ਵੱਲ ਵੇਖਦਿਆਂ ਮੂੰਹ `ਚ ਭਰ ਆਇਆ ਪਾਣੀ ਸੰਘੋਂ ਲੰਘਾਇਆ। ਮੈਂ ਅਤੇ ਬਲਦੇਵ ਸਿੰਘ ਸੜਕਨਾਮਾ ਇਕੱਠੇ ਹੀ ਬੋਤਲਾਂ ਵੱਲ ਇਉਂ ਝਾਕੇ ਜਿਵੇਂ ਉਨ੍ਹਾਂ ਵਿੱਚ ਹੈਪੇਟਾਈਟਸ ਏ, ਬੀ, ਸੀ ਦੇ ਕਿਟਾਣੂੰ ਮੱਛੀਆਂ ਵਾਂਗ ਤਰਦੇ ਫਿਰਦੇ ਜ਼ਾਹਰਾ ਦਿਸ ਗਏ ਹੋਣ। ਸਾਡਾ ਵਹਿਮ ਸਾਡੇ ਸੁਆਦ ਉਤੇ ਭਾਰੂ ਹੋ ਗਿਆ ਅਤੇ ਸਾਨੂੰ ਸਬਰ ਦੇ ਸ਼ਰਬਤ ਨਾਲ ਹੀ ਕਲੇਜਾ ਠਾਰਨਾ ਪਿਆ।

Àਮਜ਼ਾ ਆ ਗਿਆ ਕੇ। Á ਕੱਚ ਦਾ ਵੱਡਾ ਗਿਲਾਸ ਡੀਕ ਲਾ ਕੇ ਪੀਣ ਪਿੱਛੋਂ ਡਕਾਰ ਲੈਂਦਿਆਂ ਦੇਵ ਦਰਦ ਨਿਹਾਲ ਹੋ ਕੇ ਬੋਲਿਆ। ਸੁਆਦ ਦਾ ਵਰਨਣ ਕਰਦਿਆਂ ਉਹ ਪੈਪਸੀ, ਕੋਕ, ਲਿਮਕਾ ਤੋਂ ਪਹਿਲਾਂ ਦੇ ਉਨ੍ਹਾਂ ਬੱਤਿਆਂ ਨੂੰ ਯਾਦ ਕਰਨ ਲੱਗਿਆ ਜਿਨ੍ਹਾਂ ਵਿੱਚ ਗੁਲਾਬ ਦਾ ਰਸ ਹੁੰਦਾ ਸੀ। ਸਾਨੂੰ ਵੀ ਉਹ ਦੇਸੀ ਬੱਤੇ ਪਾ ਕੇ ਬਣਾਏ ਜਾਂਦੇ ਦੁੱਧ–ਸੋਢੇ ਦੀ ਯਾਦ ਆ ਗਈ ਜਿਹੜਾ ਭਲੇ ਵੇਲਿਆਂ ਵਿੱਚ ਕਦੇ ਜਵਾਈ–ਭਾਈ ਆਏ ਤੋਂ ਨਸੀਬ ਹੁੰਦਾ ਸੀ। ਹੁਣ ਸਾਹਮਣੇ ਨਿਆਮਤ ਪਈ ਸੀ ਪਰ ਖ਼ੁਦ ਹੀ ਨਾ ਚੱਖਣ ਦੀ ਲਕੀਰ ਹਥੇਲੀ ਵਿੱਚ ਵਾਹ ਲਈ ਸੀ।

Àਸਰਦਾਰ ਜੀ ਤਾਡ੍ਹੇ ਕੰਮ ਦੀ ਸ਼ੈਅ ਔਧਰ ਵਾਲੇ ਬਾਜ਼ਾਰ ਵੱਲੇ ਵੀ ਹੈ ਜੇ। Á ਸ਼ਰਬਤ ਵਾਲੇ ਨੇ ਪੱਗਾਂ ਵੇਖ ਕੇ ਸਾਨੂੰ ਅੱਗੇ ਦੀ ਦੱਸ ਪਾ ਦਿੱਤੀ। ਉਸ ਦੀ ਉਂਗਲ ਦੀ ਸੇਧ ਵਿੱਚ ਦੇਵ ਦਰਦ ਫੇਰ ਵਾਹੋ–ਦਾਹੀ ਵਗ ਪਿਆ।

ਅੱਗੇ ਬਜਾਜੀ ਦੇ ਥੋਕ ਦਾ ਭੀੜਾ ਜਿਹਾ ਬਾਜ਼ਾਰ ਸੀ। ਸਿਰਫ ਪੈਦਲਾਂ ਦਾ ਲਾਂਘਾ ਸੀ। ਦੁਪਹਿਰਾ ਹੋਣ ਨੂੰ ਸੀ ਪਰ ਇਸ ਵਿੱਚ ਅਜੇ ਦੁਕਾਨਾਂ ਹੁਣੇ ਹੀ ਖੁੱਲ੍ਹੀਆਂ ਸਨ ਅਤੇ ਚੱਲ ਰਹੀ ਸਾਫ਼–ਸਫਾਈ ਨਾਲ ਗਰਦੋ–ਗ਼ੁਬਾਰ ਸੀ। ਅੰਦਰ–ਬਾਹਰ ਖੜ੍ਹੇ ਦੁਕਾਨਦਾਰ ਸਾਨੂੰ ਕੁੱਝ ਕੁਝ ਹੈਰਾਨੀ ਜਿਹੀ ਨਾਲ ਤਾਂ ਤੱਕਦੇ ਰਹੇ ਪਰ ਬੋਲਿਆ ਕੋਈ ਨਾ। ਮਨ ਲੋਚਦਾ ਸੀ ਕਿ ਉਹ ਕੋਈ ਦੁਆ–ਸਲਾਮ ਕਰਨ ਪਰ।। ।।

Àਬਚਿਓ ਸਰਦਾਰ ਜੀ, ਮਤੇ ਮੋਢਾ ਮਾਰ ਜਾਏ, ਬੜੀ ਔਂਤਰੀ ਹੁੰਦੀ ਏ ਏਹ ਨਸਲ। Á ਸਾਡੇ ਪਿੱਛੋਂ ਆਉਂਦੇ ਖੱਚਰਾਂ ਵਾਲੇ ਨੇ ਮਸ਼ਕਰੀ ਕੀਤੀ ਤੇ ਹਸਦਾ ਹਸਦਾ ਕੋਲੋਂ ਸਮਾਨ ਭਰੀਆਂ ਖੁਰਜੀਆਂ ਵਾਲੀਆਂ ਖੱਚਰਾਂ ਲੰਘਾ ਕੇ ਲੈ ਗਿਆ। ਅਸੀਂ ਅੱਗੋਂ ਕੋਈ ਮੋੜਾ ਨਾ ਦਿੱਤਾ। ਸੰਘਣੀ ਮੁਸਲਮਾਨੀ ਆਬਾਦੀ ਵਾਲੇ ਇਲਾਕੇ ਦਾ ਛੱਪਾ ਸਾਡੇ ਮਨਾਂ ਉਤੇ ਡਰ ਦੀ ਹੱਦ ਤੱਕ ਪੈ ਗਿਆ ਸੀ।

ਬਾਜ਼ਾਰ ਵਿੱਚ ਦੁਕਾਨਾਂ ਦੇ ਵਿੱਚ ਲੁਕਿਆ ਜਿਹਾ ਇੱਕ ਲੋਹੇ ਦਾ ਖਾਲਸਾਈ ਰੰਗ ਦਾ ਗੇਟ ਸੀ ਜਿਸ ਉਤੇ ਗੂੜ੍ਹੇ ਨੀਲੇ ਰੰਗ ਨਾਲ ਖੰਡੇ ਦੇ ਚਿੰਨ੍ਹ ਬਣੇ ਹੋਏ ਸਨ। ਅਸੀਂ ਆਪਣੇ ਘਰ ਵਾਂਗ ਨਿਝੱਕ ਅੰਦਰ ਲੰਘ ਗਏ। ਅੱਗੇ ਉ-ੱਚੇ ਥਾਂ ਇੱਕ ਆਲੀਸ਼ਾਨ ਗੁਰਦੁਆਰਾ ਸੀ। ੋਜਨਮ ਅਸਥਾਨ ਸ੍ਰੀ ਗੁਰੂ ਰਾਮ ਦਾਸ ਜੀ’ ਬਾਰੇ ਦਸਦੀ ਇਬਾਰਤ ਮੁੱਖ ਇਮਾਰਤ ਦੇ ਮੁੱਖ ਤੇ ਸ਼ੋਭ ਰਹੀ ਸੀ। ਨਾਲ ਦੀ ਇਮਾਰਤ ਵਿੱਚ ਕਾਰ ਸੇਵਾ ਚੱਲ ਰਹੀ ਸੀ। ਇਹ ਸਥਾਨ ਚੂਨਾ ਮੰਡੀ ਬਾਜ਼ਾਰ ਵਿੱਚ ਹੈ। ਮੁੱਖ ਸੇਵਾਦਾਰ ਸ੍ਰ। ਜਸਬੀਰ ਸਿੰਘ ਪੂਰੇ ਸਿੱਖੀ–ਜੋਸ਼ ਨਾਲ ਮਿਲਿਆ। ਚਾਹ ਦੇ ਲੰਗਰ ਲਈ ਉਹ ਸਾਨੂੰ ਹੇਠਾਂ ਤਹਿਖਾਨੇ ਵਿੱਚ ਲੈ ਗਿਆ।

Àਹੋਰ ਕੀ ਹਾਲ ਚਾਲ ਐ ਖਾਲਸਾ ਜੀ। Á ਗੱਲਬਾਤ ਸ਼ੁਰੂ ਕਰਨ ਦੇ ਲਹਿਜ਼ੇ ਵਿੱਚ ਦੇਵ ਦਰਦ ਨੇ ਪੁੱਛਿਆ।

Àਸਿੱਖ ਦਾ ਹਾਲ ਤਾਂ ਗੁਰੂਘਰ ਨਾਲ ਹੀ ਹੁੰਦੈ, ਅੱਜ ਕੱਲ੍ਹ ਸੇਵਾ ਨਿਰਵਿਘਣ ਚੱਲ ਰਹੀ ਏ ਗੁਰੂ ਦੀ ਕਿਰਪਾ ਨਾਲ ਤੇ ਸਮਝੋ ਸਾਡਾ ਹਾਲ ਵੀ ਠੀਕ ਏ। Á ਪਹਿਲੀ ਗੱਲ ਤੋਂ ਈ ਜਾਪਿਆ ਕਿ ਸੇਵਾਦਾਰ ਨੂੰ ਵਲਾ ਪਾ ਕੇ ਗੱਲ ਕਰਨ ਦੀ ਜਾਚ ਹੈ। ਜੇ ਸਿੱਖੀ ਦੇ ਲੜ ਨਾ ਲੱਗਿਆ ਹੁੰਦਾ ਤਾਂ ਜ਼ਰੂਰ ਸਾਡੇ ਵਰਗਾ ਪੰਜਾਬੀ ਦਾ ਟੁੱਟਿਆ-ਭੱਜਿਆ ਕਹਾਣੀਕਾਰ ਹੋਣਾ ਸੀ। ਇਸ ਲਈ ਉਸ ਨੇ ਸਹਿਜ ਹੀ ੋਸਾਖੀ’ ਅੱਗੇ ਤੋਰ ਲਈ, Àਏਸ ਗੁਰੂਘਰ `ਚ ਕਾਰ–ਸੇਵਾ ਦੀ ਵੀ ਬੜੀ ਲੰਮੀ ਕਹਾਣੀ ਏ, ਸਰਦਾਰ ਸੈਹਬ, ਪਹਿਲਾਂ ਤੇ ਦੋਵਾਂ ਦੇਸ਼ਾਂ ਵਿੱਚ ਉਂਜ ਇੱਟ–ਖੜੱਕਾ ਹੁੰਦਾ ਰਿਹੈ, ਪਿਛਲੇ ਮਹੀਨਿਆਂ ਤੋਂ ਰਤਾ ਠੰਡ–ਠੰਢੋਲਾ ਹੋਇਐ ਤਾਂ ਸਾਡਾ ਕੰਮ ਚੱਲਿਐ, ਆਹ ਜੇਹੜਾ ਸਾਰਾ ਮਾਰਬਲ ਲੱਗ ਰਿਹੈ, ਆਪਣੇ ਓਧਰੋਂ ਈ ਆਉਂਦਾ ਜੇ। ਡਿਊਟੀ ਫ੍ਰੀ ਲੰਘਦਾ ਏ ਏਧਰ ਬਾਡਰ ਤੋਂ, ਸਾਰਾ ਕੁੱਝ ਪਾਕਿਸਤਾਨੀ ਸਰਕਾਰ ਦੇ ਸਹਿਯੋਗ ਉਤੇ ਈ ਨਿਰਭਰ ਹੁੰਦਾ ਏ। Á

Àਆਹ ਆਲੇ–ਦੁਆਲੇ ਵਾਲਿਆਂ ਦਾ ਸਹਿਯੋਗ ਕਿੰਨਾ ਕੁ ਮਿਲਦੈ ਜੀ? Á ਬਲਦੇਵ ਸਿੰਘ ਨੇ ਪੁੱਛਿਆ ਤਾਂ ਜਸਬੀਰ ਸਿੰਘ ਗੁੱਝਾ ਜਿਹਾ ਹੱਸਿਆ ਜਿਵੇਂ ਪੁੱਛ ਰਿਹਾ ਹੋਵੇ, ੋਸਿੱਖਾਂ ਦੇ ਮੁਹੱਲੇ ਕੋਈ ਮਸੀਤ ਬਣਨ ਲੱਗ ਪਏ ਤਾਂ ਉਹ ਕਿਹੋ ਜਿਹਾ ਸਹਿਯੋਗ ਦੇਣਗੇ ਭਲਾ? ’ ਪਰ ਉਸ ਨੇ ਹੌਲੀ ਜਿਹੇ ਭੇਤ ਸਾਂਝਾ ਕੀਤਾ, Àਏਹ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਾਲਾ ਏਰੀਆ ਏ, ਔਖ ਤਾਂ ਬੜੀ ਮਨਦੇ ਨੇ ਪਰ ਅਜੇ ਕੂੰਦੇ ਕੋ–ਨੀ, ਖੈਰ ਉਂਜ ਤੇ ਅਸੀਂ ਮੌਕਾ ਈ ਨੀ ਦਿੰਦੇ ਕੂਣ ਦਾ, ਰਾਤ ਨੂੰ ਬਾਰਾਂ–ਇਕ ਵਜੇ ਬਾਜ਼ਾਰ ਬੰਦ ਹੁੰਦਾ ਏ ਤੇ ਸਾਡਾ ਕੰਮ ਸ਼ੁਰੂ, ਅਸੀਂ ਖੱਚਰਾਂ ਨਾਲ ਪੱਥਰ, ਇੱਟਾਂ, ਸੀਮਿੰਟ ਤੇ ਬੱਜਰੀ ਵਗੈਰਾ ਢੋਣ ਡਹਿ ਪੈਂਦੇ ਆਂ। ਸਵੇਰਾਂ ਨੂੰ ਦੁਕਾਨਾਂ ਖੁੱਲ੍ਹਣ ਤੱਕ ਗਲੀ ਦੀ ਸਾਫ਼–ਸਫ਼ਾਈ ਕਰਵਾ ਛਡਦੇ ਆਂ। ਬੱਸ ਬੋਚ ਬੋਚ ਚੱਲਣ ਵਾਲੀ ਗੱਲ ਏ ਭਾਈ ਸੈਹਬ। ਅਗਲਿਆਂ ਤੇ ਸੋਚਿਆ ਹੋਵੇਗਾ ਕਿ ਇੰਚ ਇੰਚ ਅੱਗੇ ਵਧਦੇ ਵਧਦੇ, ਅੰਤ ਨੂੰ ਸਾਰੀ ਜਗ੍ਹਾਂ ਹੜੱਪ ਲਵਾਂਗੇ, ਪਰ ਅਸੀਂ ਏਹ ਮਨਸੂਬਾ ਸਿਰੇ ਨੲ੍ਹੀਂ ਚੜ੍ਹਨ ਦਿੱਤਾ। Á ਆਪਣੀ ਦੰਦਾਂ ਵਿਚਾਲੇ ਜੀਭ ਵਾਂਗ ਰਹਿਣ ਦੀ ਕਲਾ ਉਤੇ ਖੁਸ਼ ਹੁੰਦਿਆਂ ਜਸਬੀਰ ਸਿੰਘ ਨੇ ਤਹਿਖਾਨੇ ਦੀ ਇੱਕ ਨੁੱਕਰ ਵੱਲ ਇਸ਼ਾਰਾ ਕੀਤਾ। ਇੱਕ ਦੁਕਾਨ ਦਾ ਪਿੱਛਾ ਖਾਸਾ ਅਗਾਂਹ ਵਧ ਕੇ ਗੁਰਦੁਆਰੇ ਦੀ ਥਾਂ ਮੱਲੀ ਬੈਠਾ ਸੀ।

Àਏਧਰ ਤਾਂ ਅਸੀਂ ਫਰਸ਼ ਵੱਲੋਂ ਲਿਜਾ ਕੇ ਕੰਧਾਂ `ਚ ਵੀ ਮੋਟੇ ਸਰੀਆਂ ਦਾ ਜਾਲ ਪਾਇਆ ਹੋਇਆ ਏ, ਏਹ ਤੇ ਜਾਣੋ ਬੰਕਰ ਹੀ ਬਣਾ ਛੱਡਿਆ ਏ, ਅਗਾਂਹ ਨੂੰ ਖ਼ਤਰਾ ਨਾ ਹੋਵੇ ਕੋਈ। Á ਜਸਬੀਰ ਸਿੰਘ ਨੇ ਦੂਰ–ਦ੍ਰਿਸ਼ਟੀ ਦੀ ਗੱਲ ਕੀਤੀ।

Àਮਰਦਾਨੇ ਤੇ ਮੀਆਂ ਮੀਰ ਹੋਰਾਂ ਦੀ ਤਾਸੀਰ ਵਾਲਾ ਕੋਈ ਵਿਰਲਾ ਤਾਂ ਹੋਵੇਗਾ ਈ ਏਥੇ ਵੀ। Á ਬਲਦੇਵ ਸਿੰਘ ਨੇ ਵਿਰਸੇ ਤੇ ਝਾਤ ਪਾਉਂਦਿਆਂ ਆਸ ਦੀ ਕਿਰਨ ਭਾਲਣੀ ਚਾਹੀ।

Àਖੈਰ ਇਉਂ ਹਰਿਆ ਬੂਟ ਤੇ ਹੁੰਦਾ ਈ ਏ, ਹਨੀਫ਼ ਨਾਂ ਦਾ ਮੁਸਲਮਾਨ ਏ ਇਕ, ਏਥੇ ਬਾਜ਼ਾਰ ਵਿੱਚ ਰੇਹੜੀ ਲਾਉਂਦਾ ਹੁੰਦਾ ਸੂ, ਨੇੜਲੀਆਂ ਦੁਕਾਨਾਂ ਵਾਲਿਆਂ ਉਸ ਵਿਚਾਰੇ ਗਰੀਬ ਨੂੰ ਘੁਰਕ ਛੱਡਿਆ, ਉਸ ਦੀ ਥਾਂ ਖੋਹ ਲਈ। ਫਿਰ ਅਸੀਂ ਐਧਰ ਗੁਰੂਘਰ ਅੱਗੇ ਰੇੜ੍ਹੀ ਲੁਆ ਦਿੱਤੀ, ਤੁਹਾਂ ਵੇਖਿਆ ਹੋਣਾ ਏਂ ਹਨੀਫ਼ ਖੜ੍ਹਾ, ਵਿਚਾਰਾ ਬਾਲ–ਬੱਚੇਦਾਰ ਏ। ਬੱਸ ਉਸ ਦਿਨ ਤੋਂ ਉਹ ਗੁਰੂ ਘਰ ਦਾ ਪੱਕਾ ਸੇਵਕ ਬਣ ਗਿਆ ਏ। Á ਜਸਬੀਰ ਸਿੰਘ ਨੇ ਤੋੜਾ ਝਾੜਿਆ ਤਾਂ ਅਸੀਂ ਚੱਲਣ ਲਈ ਉ-ੱਠ ਖੜ੍ਹੇ ਹੋਏ।

ੋਸਿੱਖੀ ਦੀ ਸੇਵਾ ਵੀ ਖੰਡੇ ਦੀ ਧਾਰ ਤੇ ਤੁਰਨ ਵਰਗਾ ਕੰਮ ਹੀ ਐ’ ਵਾਪਸੀ ਤੇ ਇਹ ਖ਼ਿਆਲ ਮੈਨੂੰ ਵਾਰ ਵਾਰ ਆਉਂਦਾ ਰਿਹਾ। ਸਿੱਖੀ ਦੇ ਜਗਤ ਵਿੱਚ ਮੈਂ ਤਾਂ ਕਦੇ ਇਉਂ ਝਾਤ ਹੀ ਨਹੀਂ ਪਾਈ ਸੀ। ਚੜ੍ਹਦੇ ਪੰਜਾਬ ਵਿੱਚ ਤਾਂ ਸਿੱਖੀ ਕਿਸੇ ਸਾਂਝੇ ਪਰਿਵਾਰ ਦੇ ਪੇਂਡੂ ਬੱਚੇ ਵਾਂਗ ਆਪਣੇ ਆਪ ਹੀ ਪਲੀ ਜਾਂਦੀ ਹੈ ਪਰ ਬਿਗਾਨੇ ਮੁਲਕ ਵਿੱਚ ਤਾਂ ਸਿੱਖੀ ਦੇ ਬੂਟੇ ਨੂੰ ਪੈਣ ਵਾਲੀਆਂ ਸੈਆਂ ਬਲਾਈਂ ਸਨ।

ਮੁੜਦਿਆਂ ਨੂੰ ਗਲੀ ਦੇ ਅੰਤ ਉਤੇ ਨਾਨਬਾਈ ਦੀ ਇੱਕ ਵੱਡੀ ਦੁਕਾਨ ਸੀ। ਧੜਾ ਧੜ ਨਾਨ ਪੱਕ ਰਹੇ ਸਨ। ਲਾਹੌਰ ਦੇ ਬਹੁਤੇ ਘਰਾਂ ਵਿੱਚ ਰੋਟੀ ਦੀ ਥਾਂ ਇਹ ਬਾਜ਼ਾਰੂ ਨਾਨ ਹੀ ਪ੍ਰਧਾਨ ਹਨ। ਖਾ ਤਾਂ ਪਿਛਲੇ ਕਈ ਦਿਨਾਂ ਦੇ ਰਹੇ ਸਾਂ ਪਰ ਇਉਂ ਕਲਾਕਾਰੀ ਨਾਲ ਬਣਦੇ ਅੱਜ ਪਹਿਲੀ ਵਾਰੀ ਵੇਖੇ ਸਨ। ਮੈਂ ਫੋਟੋ ਖਿਚਦਿਆਂ ਉਨ੍ਹਾਂ ਦੀ ਕਲਾ ਨੂੰ ਨੇੜਿਉਂ ਵੇਖਣ ਲਈ ਓਧਰ ਨੂੰ ਹੋਇਆ।

Àਦੇਵ ਹੁਣ ਏਥੇ ਨਾਨ ਖਾਣ ਨਾ ਬਹਿਜੀਂ, ਹਰ ਥਾਂ ਟੁੱਟ ਕੇ ਪੈ ਜਾਨੈ ਪਤੰਦਰਾ। Á ਬਲਦੇਵ ਸਿੰਘ ਨੇ ਆਰ ਲਾਈ।

Àਬਾਬਿਓ ਵਾਹ! ਕਿਆ ਕਲਾ ਹੈ। ਮੇਰੀ ਤੇ ਵੇਖ ਕੇ ਸੱਚੀਂ ਭੁੱਖ ਚਮਕ ਆਈ ਏ, ਲੈ ਲਈਏ ਦੋ ਚਾਰ? Á ਦੇਵ ਦਰਦ ਨਾਨ ਬਣਦੇ ਵੇਖਦਿਆਂ ਮੰਤਰ–ਮੁਗਧ ਹੋ ਕੇ ਬੋਲਿਆ।

Àਚਾਰਾਂ ਨੂੰ ਖਾਣ ਲਈ ਤਾਂ ਆਪਣੇ ਵਰਗੇ ਸੋਲਾਂ ਬੰਦੇ ਚਾਹੀਦੇ ਐ ਫਿਰ। Á ਮੈਂ ਆਪਣਾ ਪਿਛਲੇ ਦਿਨਾਂ ਦਾ ਤਜ਼ਰਬਾ ਸਾਂਝਾ ਕੀਤਾ। ਚੱਪਾ ਭਰ ਨਾਨ ਹੀ ਨਿਸ਼ਾ ਕਰਾ ਦਿੰਦਾ ਸੀ ਮੇਰੀ ਤਾਂ।

ਦੇਵ ਦਰਦ ਨੂੰ ਨਾਨ ਖਰੀਦਣੋਂ ਮਸਾਂ ਹੀ ਰੋਕਿਆ। ਹੁਣ ਧੁੱਪ ਪੂਰੀ ਤਿੱਖੀ ਹੋ ਗਈ ਸੀ। ਸੂਰਜ ਐਨ ਸਿਰ ਤੇ ਆ ਖੜ੍ਹਾ ਸੀ। ਉਤੋਂ ਭੀੜੇ ਬਾਜ਼ਾਰ ਦਾ ਬਦਬੋਦਾਰ ਹੁੰਮਸ। ਮਨ ਉਥੋਂ ਨਿਕਲਣ ਲਈ ਕਾਹਲਾ ਸੀ। ਪਰ ਨਿਕਲਦੇ ਕਿਵੇਂ? ਦੇਵ ਦਰਦ ਦੇ ਪੈਰ ਮਸਾਲਾ ਬਾਜ਼ਾਰ ਵੱਲ ਵਧ ਗਏ। ਦੋਵੇਂ ਪਾਸੇ ਦੀਆਂ ਦੁਕਾਨਾਂ ਵਿੱਚ ਭਾਂਤ–ਸੁਭਾਂਤੇ ਮਸਾਲਿਆਂ ਦੇ ਅੰਬਾਰ ਲੱਗੇ ਵੇਖੇ। ਦੁਕਾਨਦਾਰ ਸਾਨੂੰ ਗਾਹਕਾਂ ਦੀ ਥਾਂ ਤੋਰੇ–ਫੇਰੇ ਵਾਲਿਆਂ ਵਾਂਗ ਹੀ ਵੇਖ ਰਹੇ ਸਨ। ਇਨ੍ਹਾਂ ਲਈ ਸਰਦਾਰ ਵੇਖਣਾ ਕੋਈ ਅਚੰਭਾ ਨਹੀਂ ਜਾਪਦਾ ਸੀ। ਸ਼ਾਇਦ ਗੁਰੂ ਘਰਾਂ ਦੇ ਦਰਸ਼ਨ–ਦੀਦਾਰ ਦੇ ਬਹਾਨੇ ਜਥੇ ਨਾਲ ਆਉਣ ਵਾਲੇ ਪ੍ਰਚੂਨ ਮਾਲ ਦੇ ਵਪਾਰੀ ਇਥੋਂ ਮਸਾਲੇ ਖਰੀਦਣ ਆਮ ਆਉਂਦੇ ਹੋਣਗੇ।

ਅਸੀਂ ਲਾਹੌਰ ਦੀ ਨਿਸ਼ਾਨੀ ਵਜੋਂ ਪਾਈਆ ਪਾਈਆ ਕਾਹਵਾ ਖਰੀਦਿਆ ਤਾਂ ਦੁਕਾਨਦਾਰ ਸਾਡੇ ਵੱਲ ਇਉਂ ਝਾਕਿਆ ਜਿਵੇਂ ਕਹਿ ਰਿਹਾ ਹੋਵੇ, ੋਏਹਦੇ `ਚੋਂ ਕੀ ਕਮਾਉਂਗੇ ਭੋਲੇ ਪਾਤਸ਼ਾਹੋ? ’ ਚਿੱਟੇ ਰੰਗ ਦੇ ਮੋਟੇ ਮੋਟੇ ਸੱਲਰੇ ਸਨ, ਲਗਦਾ ਹੀ ਨਹੀਂ ਸੀ ਇਹ ਉਬਾਲ ਕੇ ਵੀ ਆਪਦਾ ਜਾਇਕਾ ਦੇਣਗੇ। ਦੁਕਾਨਦਾਰ ਨੇ ਕਾਹਵੇ ਦਾ ਸੁਆਦ ਵਧਾਉਣ ਲਈ ਕਈ ਹੋਰ ਮਸਾਲੇ ਵੀ ਪੇਸ਼ ਕੀਤੇ ਪਰ ਅਸੀਂ ਨਵਾਬਾਂ ਵਾਲੀ ਬਰੀਕੀ ਵਿੱਚ ਨਾ ਪਏ।

ਉਹ ਵੀ ਸਮਝ ਗਿਆ ਕਿ ਅਸੀਂ ੋਉਸ ਕਿਸਮ’ ਦੇ ਗਾਹਕ ਨਹੀਂ ਦਿੱਲੀ ਮਾਰਕੇ ਵਾਲੇ। ਪੁਰਾਣੇ ਲਾਹੌਰ ਵਿੱਚ ਬਾਜ਼ਾਰਾਂ ਦੀ ਤਾਂ ਅਟੁੱਟ ਲੜੀ ਸੀ। ਅਚਾਰ ਬਾਜ਼ਾਰ, ਵਾਣ ਬਾਜ਼ਾਰ, ਗੁੜ ਮੰਡੀ ਤੇ ਹੋਰ ਕਈ ਕੁਝ, ਪਰ ਸਾਡੀ ਬਾਂਅ ਬੋਲ ਗਈ ਸੀ। ਐਂਟੀਕ ਦਾ ਖੋਜੀ ਦੇਵ ਦਰਦ ਕੋਈ ਪੁਰਾਣੇ ਭਾਂਡਿਆਂ ਵਾਲੀ ਜਾਂ ਕਬਾੜੀ ਦੀ ਖਾਸ ਦੁਕਾਨ ਦੀ ਤਲਾਸ਼ ਵਿੱਚ ਸੀ ਪਰ ਅਸੀਂ ਉਸ ਦੀ ਪੇਸ਼ ਨਾ ਜਾਣ ਦਿੱਤੀ। ਹੁਣ ਮੌਜੂਦਾ ਹਾਲਾਤ ਦੇ ਮੱਦੇ–ਨਜ਼ਰ ਥੱਕੇ–ਟੁੱਟੇ ਦੋ ਬਲਦੇਵਾਂ ਦਾ ਏਕਾ ਹੋ ਗਿਆ। ਅਸੀਂ ਦੇਵ ਦਰਦ ਦਾ ਦਰਦੇ–ਏ–ਦਿਲ ਵਧਾਉਂਦਿਆਂ ਉਸਨੂੰ ਦਿੱਲੀ ਦਰਵਾਜੇ ਵੱਲ ਖਿੱਚ ਲਿਆਂਦਾ।

Àਹੁਣ ਨਈਂ ਜੇ ਧਾਡ੍ਹੀ ਮੰਨਣੀ ਮੈਂ ਕੋਈ, ਅੱਧ–ਵਿਚਾਲਿਉਂ ਮੋੜ ਖੜਿਆ ਜੇ। Á ਦੇਵ ਨਿੱਕੇ ਨਿਆਣਿਆਂ ਵਾਂਗ ਰੁੱਸ ਕੇ ਪਰ੍ਹੇ ਇੱਕ ਰੇੜ੍ਹੀ ਵਾਲੇ ਦੇ ਛਤਰ ਹੇਠ ਜਾ ਖੜ੍ਹਾ। ਉਸ ਦੇ ਪਿੱਛੇ ਅਸੀਂ ਵੀ ਮਨਾਉਣ ਲਈ ਗਏ।

Àਹਾਏ! ਮੈਂ ਮਰਜਾਂ ਕਾਂਜੀ <Á ਕਾਂਜੀ ਦੇ ਮੱਟ ਵੇਖ ਕੇ ਉਹ ਸਾਰਾ ਰੋਸਾ ਭੁੱਲ ਗਿਆ। ਉਸ ਨੇ ਮੱਟਾਂ ਦੇ ਮੂੰਹ ਕੋਲੇ ਨੱਕ ਕਰਕੇ ਕਾਂਜੀ ਦੀ ਮਹਿਕ ਦਾ ਸੁਆਦ ਲਿਆ। ਇਸ਼ਾਰਾ ਮਿਲਦਿਆਂ ਰੇਹੜੀ ਵਾਲੇ ਮੁੰਡੇ ਨੇ ਦੋ ਗਲਾਸ ਬਣਾ ਦਿੱਤੇ। ਅਸੀਂ ਨਮੂਨਾ ਵੇਖਣ ਖਾਤਰ ਡਰਦਿਆਂ ਡਰਦਿਆਂ ਇੱਕ ਇਕ ਘੁੱਟ ਭਰੀ। ਦੇਵ ਨੇ ਪੌਣੇ ਦੋ ਗਿਲਾਸ ਪੀ ਕੇ ਆਪਣੀਆਂ ਦਾਹੜੀ ਰਲੀਆਂ ਕਤਰੀਆਂ ਮੁੱਛਾਂ ਨੂੰ ਤਾਅ ਦਿੱਤਾ।

Àਕਮਾਲ ਐ ਬਾਬਿਓ, ਅਸਲੀ ਕਾਂਜੀ ਤਾਂ ਅੱਜ ਪੀਤੀ ਊ, ਵਾਹ! Á ਉਸ ਨੇ ਡਕਾਰ ਮਾਰਿਆ।

Àਅੱਜ ਤਾਂ ਸਾਰਾ ਅਸਲੀ ਲਾਹੌਰ ਢਿੱਡ `ਚ ਪਾ ਲਿਐ ਦੇਵ ਨੇ, ਉਦੋਂ ਪਤਾ ਲੱਗੂ ਜਦੋਂ ਖੁਫ਼ੀਆ ਪੁਲਿਸ ਨੇ ਡਾਕਟਰੀ ਮੁਆਇਨਾ ਕਰਾ ਕੇ ਤਫ਼ਤੀਸ਼ ਕੀਤੀ। Á ਬਲਦੇਵ ਸਿੰਘ ਨੇ ਹਸਦਿਆਂ ਇੱਕ ਹੋਰ ਟੋਣਾਂ ਲਾਇਆ।

Àਮਖਾਂ ਖੈਰ ਹੋਵੇ ਸੋਹਣੇ ਸਰਦਾਰਾਂ ਦੀ, ਸਲਾਮਾ–ਲੇਕਮ। Á ਇੱਕ ਕੱਟੀ ਲੱਤ ਵਾਲੇ ਬਜੁਰਗ ਦੀ ਦੂਰੋਂ ਹੀ ਚਲਾਵੀਂ ਸਿੱਟ੍ਹੀ ਸਲਾਮ ਨੇ ਸਾਡਾ ਧਿਆਨ ਖਿੱਚਿਆ। ਕੱਛ ਹੇਠ ਫੌਹੜੀ ਦੇ ਕੇ ਤੁਰਦਾ ਉਹ ਪਹਿਲੀ ਨਜ਼ਰੇ ਭਿਖਾਰੀ ਜਾਪਿਆ। ਨੇੜੇ ਆ ਕੇ ਉਸ ਨੇ ਆਪਣੀ ਪਛਾਣ Àਮੇਰਾ ਨਾਂ ਖਾਨ ਮੁਹੰਮਦ ਏ ਜੀÁ ਕਹਿ ਕੇ ਪੂਰੇ ਗੜ੍ਹਕੇ ਨਾਲ ਕਰਾਈ ਤਾਂ ਉਹ ਕੋਈ ਜਬ੍ਹੇ ਵਾਲਾ ਘੈਂਟ ਬੰਦਾ ਮਾਲੂਮ ਹੋਇਆ। ਸਾਡੇ ੋਗਰਾਂ’ ਪੁੱਛ ਕੇ ਉਸ ਨੇ ਫਿਰ ਆਪਣੇ ਬਾਰੇ ਹੁੱਬ ਕੇ ਦੱਸਿਆ, Àਸਰਦਾਰ ਜੀ ਅਹੀਂ ਵੀ ਸੁਲਤਾਨਪੁਰੀਏ ਆਂ ਪਿੱਛੋਂ, ਕਪੂਰਥਲੇ ਲਾਗੇ ਹੁੰਦਾ ਸੂ ਏਹ, ਵੰਡ ਵੇਲੇ ਏਧਰ ਸ਼ੇਖੂਪੁਰੇ ਵੱਲੇ ਆ ਬੈਠੇ ਵਾਂ। ਭੱਟੀ ਰਾਜਪੂਤ ਸਦੀਂਦੇ ਆਂ, ਓਧਰ ਧਾਡ੍ਹੇ ਵੱਡੇ ਸਰਦਾਰ ਲੋਕਾਂ ਨਾਲ ਲਿਹਾਜ਼ਦਾਰੀਆਂ ਹੁੰਦੀਆਂ ਸੂ ਸਾਡੀਆਂ, ਬੜਾ ਏਕਾ ਸੂ ਅੱਲਾ ਦੀ ਮੇਹਰ ਨਾਲ, ਰਲ ਕੇ ਸ਼ਿਕਾਰ ਖੇਡਦੇ ਸਾਂ, ਇੱਕ ਵੇਰਾਂ ਮੈਂ ਤੇਰਾਂ ਤਿੱਤਰ ਫੜ੍ਹ ਲਏ, ਵੱਡੇ ਸਰਦਾਰ ਹੋਰੀਂ ਆਖਣ ਲੱਗੇ ਤਿੰਨ ਕੁ ਸਾਨੂੰ ਦੇ–ਜਾ, ਮੈਂ ਹਾਸੇ–ਖੇਲੇ `ਚ ਸ਼ਰਤ ਲਾਉਣ ਨੂੰ ਆਖਿਆ ਪਈ ਭੱਜ ਕੇ ਫੜ੍ਹ ਲੈ, ਸਾਰੇ ਤਿੱਤਰ ਤੇਰੇ। ਕਿੱਥੋਂ ਫੜ੍ਹ ਸਕਨਾ ਸੂ, ਮੈਂ ਚੂੰਗੀਆਂ ਭਰਦਾ ਔਹ ਦੁਰਾਡੇ ਨਿਕਲ ਗਿਆ, ਬੜੀ ਜਾਨ ਹੁੰਦੀ ਸੂ ਉਦੋਂ ਏਨ੍ਹਾਂ ਜੰਘੀਆਂ `ਚ। Á ਉਸ ਨੇ ਵੱਢੀ ਲੱਤ ਦਾ ਟੁੰਡ ਪਲੋਸਦਿਆਂ ਕਿਹਾ, Àਫਿਰ ਰਜ਼ਾਮੰਦੀ ਨਾਲ ਅੱਧੇ ਫੜਾ ਆਇਆ ਸਰਦਾਰ ਹੋਰਾਂ ਨੂੰ, ਹਾ––– ਹਾ––– ਹਾ। Á ਹਸਦਿਆਂ ਉਸ ਨੇ ਫੌਹੜੀ ਉਤੇ ਭਾਰ ਉਗਾਸ ਕੇ ਥੱਕੀ ਲੱਤ ਨੂੰ ਆਰਾਮ ਦੁਆਇਆ। ਵਾਹਵਾ ਰੌਣਕੀ ਬੰਦਾ ਸੀ।

ਉਸਨੂੰ ਆਪਣੇ ਪਿੱਛੇ ਦਾ ਦਰੇਗ ਤਾਂ ਸੀ ਪਰ ਉਹ ਰੋਂਦੂ ਬੰਦਾ ਨਹੀਂ ਸੀ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ੋਖੱਬਲ’ ਦੀ ਪਾਤਰ ਵਾਂਗ ਹਰੇਕ ਥਾਂ ਜੜ੍ਹਾਂ ਲਾ ਸਕਣ ਵਾਲਾ ਸਿਰੜੀ ਬੰਦਾ ਸੀ ਖਾਨ ਮੁਹੰਮਦ। ਪੁਰਾਣੇ ਪੰਜਾਬ ਦੀ ਰੂਹ ਧੜਕਦੀ ਸੀ ਉਸ ਵਿਚ। ਸ਼ਹਿਰੀ ਪੰਜਾਬ ਤੋਂ ਵੀਹ ਕੁ ਵਰ੍ਹੇ ਪਿਛਾਂਹ ਖੜ੍ਹਾ ਸੀ ਉਹ।

Àਏਧਰ ਵੀ ਆਪਣਾ ਚੰਗਾ ਵਸੇਬ ਏ, ਅਠਾਰਾਂ ਕੁ ਕਿੱਲੇ ਪੈਲੀ ਅਲਾਟ ਹੋ ਗਈ ਸੂ, ਫਿਰ ਵੀ ਜਿਤਰਾਂ ਆਂਹਦੇ ਨੇ, ਪਰਦੇਸ ਗਿਆਂ ਨੂੰ ਮਿਲੇ ਭਾਵੇਂ ਪਾਤਸ਼ਾਹੀ ਪਰ ਦਿਲ ਵਤਨਾਂ ਨੂੰ ਚਾਹੁੰਦਾ ਏ। ਖੈਰ ਹੁਣ ਤੇ ਏਹ ਵੀ ਆਪਣਾ ਦੇਸ ਹੋ ਗਿਆ, ਉਦੋਂ ਤਾਂ ਪਰਦੇਸ ਈ ਦੀਂਹਦਾ ਸੂ ਏਹ। ਮੈਂ ਤੇ ਪਿੰਡ ਜਾਣ ਖਾਤਰ ਟਾਂਗੇ `ਚ ਚੜ੍ਹ ਬੈਠਾ ਸੂ, ਫਿਰ ਤੁਹੀਂ ਨਜ਼ਰੀਂ ਪੈ ਗਏ, ਮੈਂ ਆਖਿਆ ਭਰਾਵਾਂ ਨੂੰ ਮਿਲਦਾ ਜਾਵਾਂ। ਰੱਬ-ਸਬੱਬੀਂ ਮੇਲੇ ਹੁੰਦੇ ਨੇ।” ਉਹ ਅਪਣੱਤ ਦੀ ਮੂਰਤ ਬਣਿਆਂ ਖੜ੍ਹਾ ਸੀ।

Àਬਾਪੂ ਕਦੇ ਫੇਰ ਚੱਕਰ ਨ੍ਹੀਂ ਲੱਗਿਆ ਸੁਲਤਾਨਪੁਰ ਦਾ? Á ਦੇਵ ਦਰਦ ਨੇ ਉਸਨੂੰ ਕਿਸੇ ਪੁਰਾਣੀ ਦੁਰਲੱਭ ਵਸਤ ਵਾਂਗ ਨਿਹਾਰਦਿਆਂ ਬਜੁਰਗ ਨੂੰ ਪੁੱਛਿਆ।

Àਨੲ੍ਹੀਂ ਸਬੱਬ ਬਣਿਆਂ ਪੁੱਤਰਾ, ਐਵੇਂ ਝੂਠ ਆਖਾਂ, ਹੁਣ ਤੇ ਰਹਿੰਦੀ ਹਯਾਤੀ ਏਥੇ ਈ ਚੋਗ ਚੁਗਣੀਂ ਏ, ਜਿਤਰਾਂ ਆਖਦੇ ਨੇ:

ਮੋਰ ਕੂੰਜਾਂ ਨੂੰ ਦੇਣ ਤਾਹਨੇ ਦੇਸ ਬਗਾਨੇ ਤਿਆਰੀ

ਜਾਂ ਤੇ ਧਾਡ੍ਹਾ ਦੇਸ ਕੁਚੱਜਾ ਜਾਂ ਕਿਸੇ ਨਾ ਯਾਰੀ

ਅੱਗੋਂ ਕੂੰਜਾਂ ਆਂਹਦੀਆਂ ਨੇ:

ਨਾ ਈ ਸਾਡਾ ਦੇਸ ਕੁਚੱਜਾ ਨਾ ਕਿਸੇ ਨਾ ਯਾਰੀ

ਚੁਗ ਚੁਗਣ ਲਈ ਆਈਆਂ ਏਥੇ ਸਾਡੀ ਮੌਲਾ ਚੋਗ ਖਿਲਾਰੀ

ਆਪਣੇ ਮਨ ਦੀ ਗੱਲ ਕਾਵਿ–ਬੋਲਾਂ ਰਾਹੀਂ ਕਹਿ ਕੇ ਉਹ ਜਾਣ ਲਈ ਆਹੁਲਿਆ, Àਚੰਗਾ ਸਰਦਾਰ ਜੀ ਜੁਗ ਜੁਗ ਜੀਓ, ਵਸੇਬ ਤੇ ਹੁਣ ਆਪੋ–ਆਪਣਾ ਈ ਰਹਿਣਾ ਏਂ, ਬਸ ਮਿਲਦੇ–ਗਿਲਦੇ ਰਹੋ। Á ਕਹਿੰਦਿਆਂ ਉਹ ਤੁਰ ਪਿਆ। ਦੋ ਕੁ ਕਦਮ ਜਾ ਕੇ ਪਿੱਛਾ ਭਉਂ ਕੇ ਵੇਖਣ ਲੱਗਿਆ ਜਿਵੇਂ ਕੁੱਝ ਹੋਰ ਯਾਦ ਆ ਗਿਆ ਹੋਵੇ।

Àਹਾਂ ਸੱਚ, ਬੜੀ ਕੋਤਾਹੀ ਹੋ ਗਈ ਏ, ਪ੍ਰਾਹੁਣਿਆਂ ਨੂੰ ਸੱਦਾ ਦੇਣੋਂ ਤੇ ਉ-ੱਕ ਈ ਗਿਆ ਸੂ, ਬਢੇਪੇ ਨੇ ਮੱਤ ਮਾਰ ਛੱਡੀ ਊ। ਸਰਦਾਰ ਜੀ ਲਾਹੌਰ ਤੇ ਅੱਲਾ ਦੇ ਫ਼ਜ਼ਲ ਨਾਲ ਤੁਹਾਂ ਖ਼ੂਬ ਵੇਖ ਛੱਡਿਆ ਹੋਣੈਂ, ਹੁਣ ਕਦੇ ਓਧਰ ਸਾਡੇ ਵੀ ਫੇਰਾ ਪਾਓ, ਅਹੀਂ ਧਾਨੂੰ ਇੱਕ ਹੋਰ ਲਾਹੌਰ ਵਿਖਾਲਾਂਗੇ, ਧਾਡੇ ਲਈ ਮੈਂ ਪਹਿਲੇ ਤੋੜ ਦੀ ਸ਼ੀਸ਼ੀ ਕੱਢ ਕੇ ਰੱਖ ਛੱਡਣੀ ਏਂ, ਵੱਡੇ ਸਰਦਾਰਾਂ ਨਾ ਰਹਿ ਕੇ ਬਥੇਰੀ ਜਾਚ ਸਿੱਖ ਲਈ ਹੋਈ ਏ, ਮੌਕਾ ਦਿਓ ਖ਼ਿਦਮਤ ਦਾ, ਅਸਲੀ ਲਾਹੌਰ ਤਾਂ ਸਾਡੇ ਐਥੇ ਵੇ।। । ਐਥੇ।। । ਇਮਾਨ ਦੀ ਗੱਲ ਏ।। । ਐਥੇ ਈ ਏ ਅਸਲੀ ਲਾਹੌਰ।। ।। Á ਆਪ–ਮੁਹਾਰਾ ਬੋਲਦਿਆਂ ਸੱਜੇ ਹੱਥ ਨਾਲ ਆਪਣੀ ਛਾਤੀ ਦਾ ਖੱਬਾ ਪਾਸਾ ਜ਼ੋਰ ਨਾਲ ਥਾਪੜਦਾ ਉਹ ਸੜਕ ਲੰਘ ਗਿਆ। ਅਸੀਂ ਭੁਚੱਕੇ ਖੜ੍ਹੇ ਉਸ ਨੂੰ ਦੂਰ ਤੱਕ ਵੇਖਦੇ ਰਹੇ।

Àਬਾਬਿਓ ਕਮਾਲ ਐ, ਏਹ ਵੇ ਅਸਲੀ।। ।। ਵਾਹ! Á ਦੇਵ ਦਰਦ ਨੇ ਵਿਸਮਾਦੀ ਨਿਗਾਹਾਂ ਨਾਲ ਸਾਡੇ ਵੱਲ ਵੇਖਿਆ। ਅਸੀਂ ਮੂਕ ਸ਼ਬਦਾਂ ਨਾਲ ਉਸ ਦੀ ਹਾਂ `ਚ ਹਾਂ ਮਿਲਾਈ। ਜੇ ਅੱਜ ਨਾ ਆਉਂਦੇ ਤਾਂ ਸੱਚੀਂ ਲਾਹੌਰ ਆ ਕੇ ਵੀ ਅਸਲੀ ਲਾਹੌਰ ਵੇਖਣ ਤੋਂ ਖੁੰਝ ਜਾਣਾ ਸੀ।

 

ਦਹਿਕਦੇ ਜਜ਼ਬਿਆਂ ਦੀ ਲੋਅ

ਲਾਹੌਰ ਵਿੱਚ ਬਥੇਰਾ ਕੁੱਝ ਵੇਖਣ, ਜਾਨਣ ਅਤੇ ਹੈਰਾਣ ਕਰਨ ਵਾਲਾ ਹੈ, ਪਰ ਮੈਨੂੰ ਤਾਂ ਸਭ ਤੋਂ ਵੱਧ ਅਚੰਭਾ ਹੋਇਆ ਆਗਾ ਨਵੀਦ ਨੂੰ ਵੇਖ ਕੇ। ਕਈ ਵਾਰ ਆਪਣੀਆਂ ਅੱਖਾਂ ਨਾਲ ਵੇਖੇ ਸੱਚ ਤੇ ਵੀ ਯਕੀਨ ਨਹੀਂ ਆਉਂਦਾ। ਮੈਨੂੰ ਵੀ ਨਹੀਂ ਆਇਆ। ਇਹ ਮੰਜੇ ਨਾਲ ਮੰਜਾ ਹੋਇਆ ਬੰਦਾ ਅਤੇ ਉਸ ਦੀਆਂ ਇੰਨੀਆਂ ਅਦਭੁਤ ਪ੍ਰਾਪਤੀਆਂ। ਇਨਸਾਨ ਕਾਹਦਾ ਨਿਰਾ ਅਜੂਬਾ ਹੈ।

ਆਪਣੀ ਪਾਕਿਸਤਾਨ ਯਾਤਰਾ ਦੇ ਆਖਰੀ ਦੋ ਕੁ ਦਿਨ ਅਸੀਂ (ਦੇਵ ਦਰਦ ਅਤੇ ਬਲਦੇਵ ਸਿੰਘ ਸੜਕਨਾਮਾ) ਆਗਾ ਨਵੀਦ ਹੋਰਾਂ ਦੇ ਘਰ ਮੁਕਾਮ ਕੀਤਾ। ਉਹ ਟਕਸਾਲੀ ਛੜਾ ਹੈ ਪਰ ਪੂਰਾ ਘਰਬਾਰੀ। ਲਾਹੌਰ ਵਿੱਚ ਆਪਣਾ ਮਕਾਨ, ਵੱਡੀ ਅਰਾਮਦਾਇਕ ਕਾਰ, ਸਾਲਮ ਡਰਾਇਵਰ, ਘਰੇਲੂ ਕੰਮਾਂ ਲਈ ਅਟੈਡੈ-ੰਟ ਵੱਖਰਾ, ਕੰਪਿਊਟਰ ਲੈਬ ਲਈ ਹੋਰ ਮਾਹਰ ਨੌਜਵਾਨ ਸਹਾਇਕ, ਘਰ ਵਿੱਚ ਵਰਤੋਂ ਦੀ ਹਰੇਕ ਚੀਜ-ਵਸਤ ਮੌਜੂਦ, ਹੋਰ ਘਰਬਾਰੀ ਕੀ ਹੁੰਦਾ ਹੈ? ਇਹ ਸਾਰਾ ਕੁੱਝ ਵੇਖ ਕੇ ਜਦੋਂ ਦੂਜੀ ਅੱਖ ਬੰਦਾ ਆਗਾ ਨਵੀਦ ਨੂੰ ਤਕਦਾ ਹੈ ਤਾਂ ਹੈਰਾਣ-ਪਰੇਸ਼ਾਨ ਹੋਏ ਬਿਨਾਂ ਨਹੀਂ ਰਹਿ ਸਕਦਾ।

ਉਹ ਜੋ ਨੌਂ ਕਿਤਾਬਾਂ ਦਾ ਲੇਖਕ ਹੈ, ਫ਼ਿਲਮਕਾਰ, ਗੀਤਕਾਰ, ਪੱਤਰਕਾਰ, ਚਿੱਤਰਕਾਰ, ਭਾਸ਼ਣਕਾਰ ਅਤੇ ਹੋਰ ਪਤਾ ਨਹੀਂ ਕੀ ਕੀ।। । ਕਾਰ ਹੈ, ਸਭ ਤੋਂ ਵੱਧ ਸਿਆਸਤਕਾਰ ਹੈ। ਹੈਰਾਨੀ ਵਾਲੀ ਗੱਲ ਇਹ ਵੀ ਨਹੀਂ ਕਿ ਉਹ ਇਕੋ ਸਮੇਂ ਐਨਾ ਕੁੱਝ ਕਿਵੇਂ ਹੈ। ਦੁਨੀਆਂ ਵਿੱਚ ਕਈ ਹੋਰ ਇਸ ਤੋਂ ਵੀ ਵਧੇਰੀ ਸਮਰੱਥਾ ਵਾਲੇ ਸ਼ਖ਼ਸ ਹੋਣਗੇ। ਹੈਰਾਨੀ ਤਾਂ ਉਸ ਦੀ ਸਰੀਰਕ ਹਾਲਤ ਵੇਖ ਕੇ ਹੁੰਦੀ ਹੈ। ਪੁਲਸ ਤਸ਼ੱਦਦ ਨਾਲ ਉਸ ਦੀ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਜ਼ਰਬ ਖਾ ਗਈ ਸੀ, ਉਸਦਾ ਲੱਕੋਂ ਹੇਠਲਾ ਹਿੱਸਾ ਨਕਾਰਾ ਹੋ ਗਿਆ ਸੀ। ਉਸਨੂੰ ਬਾਥਰੂਮ ਵੀ ਅਟੈਂਡੈ-ੰਟ ਚੁੱਕ ਕੇ ਲਿਜਾਂਦਾ ਹੈ। ਆਪਣੀ ਬੈਠਕ ਵਿੱਚ ਬੈ-ੱਡ ਉਤੇ ਬੈਠੇ ਨੂੰ ਲੋੜ ਦੀਆਂ ਚੀਜਾਂ-ਵਸਤਾਂ ਮੁਹੱਈਆਂ ਕਰਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਦੇ ਅਪਾਹਜ ਬੰਦੇ ਦੂਜਿਆਂ ਦੇ ਆਸਰੇ ਦਿਨ ਕੱਟਦੇ, ਘਰ ਦੀ ਕਿਸੇ ਸੁੰਨੀ ਨੁੱਕਰ ਵਿੱਚ ਵਾਧੂ ਸਮਾਨ ਵਾਂਗੂੰ ਸਿੱਟੇ ਪਏ ਤਾਂ ਆਮ ਵੇਖੇ ਹਨ ਪਰ ਅੱਗ ਦੇ ਭਬੂੰਕੇ ਵਾਲੀ ੋਪੈਸ਼ਨਏਟੋ ਜ਼ਿੰਦਗੀ ਜਿਉਂਦੇ ਆਗਾ ਨਵੀਦ ਕੋਈ ਵਿਰਲੇ ਹੀ ਹੋਣਗੇ। ਆਗਾ ਨਵੀਦ ਕਿਸੇ ਭੰਨੇ-ਤੋੜੇ ਸਰੀਰ ਦਾ ਨਾਂ ਨਹੀਂ ਸਗੋਂ ਦਗ-ਦਗ ਮਘਦੀ ਅਲੋਕਾਰੀ ਸਪਿਰਟ ਦਾ ਨਾਂ ਹੈ।

ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਗੌਰਮਿੰਟ ਕਾਲਜ ਵਿੱਚ ਪੜ੍ਹਦਿਆਂ ਆਗਾ ਨਵੀਦ ਪੀਪਲਜ਼ ਸਟੂਡੈਂਟਸ ਫੈਡਰੇਸ਼ਨ ਵਿੱਚ ਸਰਗਰਮ ਹੋ ਗਿਆ ਸੀ। ਆਪਣੇ ਖੱਬੇ-ਪੱਖੀ ਵਿਚਾਰਾਂ ਅਤੇ ਧੜੱਲੇਦਾਰ ਮੁਦਾਖ਼ਲਤ ਕਾਰਨ ਉਹ ਬੁਨਿਆਦਪ੍ਰਸਤਾਂ ਦੀਆਂ ਅੱਖਾਂ ਦਾ ਕਣ ਬਣ ਗਿਆ। ਵਿਦਿਆਰਥੀਆਂ ਵਿੱਚ ਆਪਣੀ ਹਰਮਨ ਪਿਆਰਤਾ ਕਰਕੇ ਉਸਨੇ 1980 ਵਿੱਚ ਇਸਲਾਮੀ ਜਮੀਅਤ-ਏ-ਤਲਬਾ ਨਾਂ ਦੀ ਜਥੇਬੰਦੀ ਦੇ ਪ੍ਰਤੀਨਿਧ ਨੂੰ ਹਰਾ ਕੇ ਜਨਰਲ ਸੈਕਟਰੀ ਦਾ ਅਹੁਦਾ ਹਾਸਿਲ ਕੀਤਾ। ਮਾਰਸ਼ਲ ਲਾਅ ਵਾਲੇ ਪਾਕਿਸਤਾਨ ਵਿੱਚ ਜੋ ਖੱਬੇ-ਪੱਖੀ ਵਿਚਾਰਾਂ ਵਾਲੇ ਬੰਦੇ ਨਾਲ ਵਾਪਰ ਸਕਦੀ ਹੈ, ਉਹ ਬਾਅਦ ਵਿੱਚ ਆਗਾ ਨਵੀਦ ਨਾਲ ਵੀ ਵਾਪਰੀ। ਆਈ। ਐਸ। ਆਈ ਦੇ ਇਸ਼ਾਰੇ ਤੇ ਗ੍ਰਿਫ਼ਤਾਰੀ ਪਾ ਕੇ ਉਸਨੂੰ ਸ਼ਾਹੀ ਕਿਲੇ ਵਿੱਚ ੋਇੰਟੈਰੋਗੇਟ’ ਕੀਤਾ ਗਿਆ। ਉਹ ਜਦੋਂ ਬਾਹਰ ਆਇਆ ਤਾਂ ਮਨੋਂ ਭਾਵੇਂ ਹੋਰ ਤਕੜਾ ਸੀ ਪਰ ਸਰੀਰ ਪੱਖੋਂ ਅੱਧਾ-ਅਧੂਰਾ ਹੀ ਆਇਆ। ਆਪਣੇ ਦਿਲ-ਕੰਬਾਊ ਅਨੁਭਵਾਂ ਨੂੰ ਉਸਨੇ ਨਾਵਲ ੋਦੂਸਰਾ ਜਨਮ’ ਰਾਹੀਂ ਨਸ਼ਰ ਕੀਤਾ ਹੈ।

ਆਪਣੇ ਸਰੀਰ ਦੀ ਸੀਮਾਂ ਨੂੰ ਆਗਾ ਨਵੀਦ ਨੇ ਮਨ-ਮਸਤਕ ਦੀ ਸੀਮਾਂ ਨਹੀਂ ਬਣਨ ਦਿੱਤਾ। ਉਸਨੇ ਸੁਪਨੇ ਲੈਣੇ ਨਹੀਂ ਛੱਡੇ, ਖ਼ਿਆਲੀ ਪੁਲਾਓ ਵੀ ਨਹੀਂ ਪਕਾਏ, ਅਮਲੀ ਸਿਆਸਤ ਦਾ ਅੰਗ ਬਣ ਕੇ ਪਾਕਿਸਤਾਨ ਪੀਪਲਜ਼ ਪਾਰਟੀ ਵਿੱਚ ਸਰਗਰਮ ਹੋ ਗਿਆ। ਉਤਾਂਹ ਅਕਾਸ਼ ਵੱਲ ਵੇਖਦਾ ਉਹ ਨਿੱਤ ਨਵੇਂ ਕਦਮ ਪੁਟਦਾ ਰਿਹਾ ਅਤੇ 1994-96 ਦੌਰਾਨ ਟੈਲੀਕਾਮਨੀਕੇਸ਼ਨ ਮੰਤਰਾਲੇ ਵਿੱਚ ਮੀਡੀਆ ਕੰਸਲਟੈਂਟ ਨਿਯੁਕਤ ਹੋਇਆ। ਉਸਨੂੰ ਇੱਕ ਵਾਰ ਮੁਤਾਹਿਦਾ ਕੌਮੀ ਮੂਮੈਂਟ (ਅਲਤਾਫ਼ ਹੁਸੈਨ) ਨੇ ਪਾਰਟੀ ਦਾ ਟਿਕਟ ਵੀ ਦਿੱਤਾ। ਸਿਆਸੀ ਜ਼ਿੰਦਗੀ ਦੇ ਨਾਲ ਨਾਲ ਆਗਾ ਨਵੀਦ ਕਲਾ ਨਾਲ ਆਪਣੇ ਪਹਿਲੇ ਪਿਆਰ ਦੀ ਲੱਜ ਵੀ ਪਾਲਦਾ ਰਿਹਾ।

ਆਗਾ ਨਵੀਦ ਨਾਲ ਖੁੱਲ੍ਹ ਕੇ ਬੈਠਣ ਅਤੇ ਗੱਲਾਂ ਕਰਨ ਦੀ ਮੇਰੀ ਰੀਝ ਤਾਂ ਖ਼ੈਰ ਰੀਝ ਹੀ ਬਣ ਕੇ ਰਹਿ ਗਈ। ਸਵੇਰ ਦੇ ਘਰੋਂ ਨਿਕਲੇ ਅਸੀਂ ਰਾਤ ਨੂੰ ਦੋ-ਢਾਈ ਵਜੇ ਮੁੜਦੇ। ਫਿਰ ਵੀ ਸਵੇਰੇ ਬਰੇਕਫਾਸਟ ਕਰਦਿਆਂ ਅਤੇ ਰਾਤ ਨੂੰ ਸੌਣ ਲਈ ਜਾਣ ਤੋਂ ਪਹਿਲਾਂ ਆਗਾ ਨਵੀਦ ਦੀ ਬੈਠਕ ਵਿੱਚ ਕੁੱਝ ਸਮਾਂ ਜ਼ਰੂਰ ਗੁਜ਼ਾਰਦੇ। ਉਹ ਟੀ। ਵੀ। ਵੇਖਦਿਆਂ ਨਾਲ ਨਾਲ ਗੱਲਬਾਤ ਵੀ ਕਰਦਾ ਰਹਿੰਦਾ। ਬੈਠਕ ਦੀਆਂ ਚਿੱਤਰਾਂ ਨਾਲ ਭਰੀਆਂ ਕੰਧਾਂ ਵੱਲ ਗਹੁ ਨਾਲ ਤਕਦੇ ਨੂੰ ਮੈਨੂੰ ਵੇਖ ਕੇ ਇੱਕ ਦਿਨ ਆਗਾ ਨਵੀਦ ਖੁਦ ਹੀ ਦੱਸਣ ਲੱਗਣ ਪਿਆ।

“ਏਹ ਮੇਰੇ ਹਜ਼ਾਰ ਕੁ ਦੇ ਕਰੀਬ ਚਿੱਤਰਾਂ ਵਿਚੋਂ ਕੁੱਝ ਚੋਣਵੇਂ ਨੇ ਜੀ, ਆਪਣੇ ਕਮਰੇ ਵਿੱਚ ਮੈਂ ਇਨ੍ਹਾਂ ਦੀ ਪੱਕੀ ਨੁਮਾਇਸ਼ ਹੀ ਲਾ ਛੱਡੀ ਏ। ਮੇਰਾ ਖ਼ਿਆਲ ਐ ਤੁਸੀਂ ਔਹ ਸੱਜੀ ਬਾਹੀ ਵੱਲ ਲੱਗੇ ਚਿੱਤਰਾਂ ਨੂੰ ਵਧੇਰੇ ਗਹੁ ਨਾਲ ਤਕਦੇ ਪਏ ਸੋ। ਏਹ ਹੈ ਵੀ ਡਿਫਰੈਂਟ ਸਟਾਈਲ ਦੇ ਨੇ, ਇਸਲਾਮ ਵਿੱਚ ਅੱਲਾ ਦੇ ਨਾਂ ਲਈ ਜੋ ਨਾਈਨਟੀ ਨਾਈਨ ਐਡਜੈਕਟਿਵ ਇਸਤੇਮਾਲ ਕੀਤੇ ਜਾਂਦੇ ਨੇ, ਮੈਂ ਉਨ੍ਹਾਂ ਦੇ ਹਵਾਲੇ ਨਾਲ ਚਿੱਤਰ ਬਣਾਏ ਨੇ। ਇਹ ਅਸਲ ਵਿੱਚ ਮੁਸੱਵਰਾਨਾ ਖ਼ੱਤਾਤੀ ਸ਼ੈਲੀ ਯਾਨੀ ਕੈਲੀਓਗ੍ਰਾਫ਼ੀ ਸਟਾਈਲ ਵਾਲੇ ਨੇ।” ਉਸ ਨੇ ਹੁੱਬ ਕੇ ਦੱਸਿਆ। ਉਸ ਕੋਲ ਬਹੁਤ ਕੁੱਝ ਦੱਸਣ ਵਾਲਾ ਸੀ, ਬੱਸ ਸਰੋਤਿਆਂ ਕੋਲ ਸਮੇਂ ਦੀ ਘਾਟ ਸੀ। ਫਿਰ ਵੀ ਮੌਕਾ ਬਣਦਿਆਂ ਹੀ ਉਹ ਕੁੱਝ ਨਾ ਕੁੱਝ ਨਵਾਂ ਦੱਸਣ ਲਗਦਾ, “ਆਹ ਜ਼ਰਾ ਵੀਡੀਓਜ਼ ਵੇਖੋ,” ਉਸ ਨੇ ਰਿਮੋਟ ਨਾਲ ਡੀ। ਵੀ। ਡੀ। ਪਲੇਅਰ ਚਲਾਉਂਦਿਆਂ ਸਾਡਾ ਧਿਆਨ ਖਿੱਚਿਆ, “ਮੁਹੰਮਦ ਰਫ਼ੀ, ਲਤਾ ਜੀ, ਆਸ਼ਾ ਜੀ, ਨੂਰ ਜਹਾਂ ਵਰਗੇ ਕਲਾਕਾਰਾਂ ਦੇ ਕਲਾਸਕੀ ਗੀਤਾਂ ਨਾਲ ਮੈਂ ਵੀਡੀਓਜ਼ ਤਿਆਰ ਕਰਵਾਈਆਂ ਨੇ, ਕੁੱਝ ਨਵੇਂ ਕਲਾਕਾਰਾਂ ਤੇ ਵੀ ਕੰਮ ਚੱਲ ਰਿਹਾ ਜੇ, ਇਹ ਸਾਡੀ ਆਪਣੀ ਆਗਾ ਨਵੀਦ ਪ੍ਰੋਡਕਸ਼ਨਜ਼ ਵੱਲੋਂ ਸਭ ਕੁੱਝ ਕੀਤਾ ਗਿਆ ਜੇ।” ਉਸਨੇ ਆਪਣੀ ਇੱਕ ਹੋਰ ਪਰਤ ਖੋਲ੍ਹੀ। ਅਸੀਂ ਅਚੰਭਿਤ ਜਿਹੇ ਇੱਕ ਦੂਜੇ ਦੇ ਮੂੰਹਾਂ ਵੱਲ ਝਾਕੇ।

“ਆਹ ਸੁਣੋਂ ਜ਼ਰਾ ਨਮੂਨੇ ਮਾਤਰ, ਮੇਰੇ ਗੀਤਾਂ ਨੂੰ ਮੇਰੇ ਡਰਾਇਵਰ ਮੁੰਡੇ ਨੇ ਗਾਇਆਂ ਏ, ਬੜੀ ਮਿੱਠੀ ਆਵਾਜ਼ ਏ ਏਸ ਕੰਬਖ਼ਤ ਦੀ।” ਨਵੀਂ ਪਰਤ ਹੋਰ ਖੁੱਲ੍ਹ ਗਈ ਅਤੇ ਨਾਲ ਹੀ ਅਨੋਖੀ ਪਰਤ ਹੋਰ, “ਅੱਜ ਰਾਤ ਧਾਨੂੰ ਇੱਕ ਟੈਲੀਫ਼ਿਲਮ ੋਕਰਵਟੇਂ’ ਵਿਖਾਂਵਗਾ। ਕਲਾਕਾਰਾਂ ਤੋਂ ਇਲਾਵਾ ਏਸ ਦਾ ਸਾਰਾ ਕੁੱਝ ਮੈਂ ਖ਼ੁਦ ਕੀਤਾ ਜੇ, ਪਾਕਿਸਤਾਨ ਵਿੱਚ ਕਾਲ ਗਰਲਜ਼ ਦੇ ਧੰਦੇ ਬਾਰੇ ਹੈ ਵੇ, ਪਰ ਮੈਂ ਇਸ ਮਸਾਇਲ ਨੂੰ ਇੱਕ ਹੋਰ ਨਜ਼ਰੀਏ ਨਾਲ ਵੇਖਿਆ ਏ, ਬੰਦੇ ਦੀ ਇਡੈਂਟਿਟੀ ਦੇ ਹਵਾਲੇ ਨਾਲ ਸਾਰੀ ਗੱਲ ਬੁਣੀਂ ਏ, ਵੇਖਾਂਗੇ ਅੱਜ ਰਾਤ।”

ਰਾਤ ਨੂੰ ਆਪਣੇ ਵੱਲੋਂ ਕਾਹਲ ਨਾਲ ਮੁੜਦਿਆਂ ਵੀ ਇੱਕ ਵੱਜ ਗਿਆ। ਸਾਡੇ ਆਉਂਦਿਆ ਨੂੰ ਆਗਾ ਨਵੀਦ ਬੈਠਕ ਵਿੱਚ ਆਪਣੇ ਮਿੱਤਰ ਜੁਬੈਰ ਰਾਣਾ ਨਾਲ ਬੈਠਾ ਘੁੱਟ ਲਾਉਂਦਿਆਂ ਸਾਡਾ ਇੰਤਜ਼ਾਰ ਕਰ ਰਿਹਾ ਸੀ। ਗੁੱਸੇ ਅਤੇ ਖਿਝ ਦੀ ਕੋਈ ਤਿਉੜੀ ਉਸ ਦੇ ਮੱਥੇ ਉਤੇ ਨਜਰ ਨਾ ਆਈ। ਉਹ ਪੂਰੇ ਤਰਾਰੇ ਵਿੱਚ ਸੀ ਅਤੇ ਪੂਰੇ-ਸੂਰੇ ਮਰਦ ਲੋਕਾਂ ਵਾਂਗ ਜਬਹੇ ਨਾਲ ਗੁਫ਼ਤਗੂ ਕਰ ਰਿਹਾ ਸੀ, ।। । “ਅਵਾਮ ਨੂੰ ਹੁਣ ਹੋਰ ਬੇਵਕੂਫ ਨੲ੍ਹੀਂ ਬਣਾਇਆ ਜਾ ਸਕਦਾ, ਫੌਜੀ ਹਕੂਮਤ ਨੂੰ ਲਾਂਭੇ ਹੋਣਾ ਈ ਪੈਣਾ ਏਂ, ਡੈਮੋਕਰੇਸੀ ਤੋਂ ਬਿਨਾਂ ਪਾਕਿਸਤਾਨ ਦਾ ਕੋਈ ਮੁਸਤਕਬਿਲ ਨੲ੍ਹੀਂ ਹੋ ਸਕਦਾ। ਮੈਂ ਆਪਣੇ ਕਾਲਮ ਵਿੱਚ ਵਾਰ ਵਾਰ ਏਹ ਗੱਲ ਪਿਆ ਲਿਖਨਾ ਵਾਂ, ਹੁਣ ਮਾਕੂਲ ਵਕਤ ਹੈ ਵੇ, ਤਰੱਕੀਪਸੰਦ ਲੋਕਾਂ ਨੂੰ ਹੁਣ ਪੂਰੇ ਜ਼ੋਰ ਨਾਲ ਆਪਣੀ ਗੱਲ ਕਹਿਣੀ ਬਣਦੀ ਐ, ਨੲ੍ਹੀਂ ਤੇ ਉਹ ਲੋਕਾਂ ਦੇ ਮੁਦੱਈ ਅਖ਼ਵਾਉਣ ਦਾ ਹੱਕ ਗਵਾ ਬੈਠਣਗੇ।। ।।” ਉਸਦੇ ਦਹਿਕਦੇ ਰਾਜਸੀ ਜਜ਼ਬਿਆਂ ਦਾ ਜਲਵਾ ਆਗਾ ਨਵੀਦ ਦੇ ਬੋਲਾਂ ਵਿਚੋਂ ਨਮੂਦਾਰ ਹੋ ਰਿਹਾ ਸੀ। ਇਹ ਉਸ ਦਾ ਇੱਕ ਹੋਰ ਨਵਾਂ ਰੰਗ ਸੀ।

ਸਾਨੂੰ ਥੱਕੇ ਜਾਣ ਕੇ ਉਸ ਨੇ ਫ਼ਿਲਮ ਵੇਖਣ ਲਈ ਕੋਈ ਜਿਦ ਨਾ ਕੀਤੀ। ਪਰ ਇਹ ਨਹੀਂ ਕਿ ਉਹ ਭੁੱਲ ਗਿਆ ਸੀ। ਸਵੇਰੇ ਸਾਡੇ ਤਿਆਰ ਹੋਣ ਤੱਕ ਕੰਪਿਊਟਰ ਲੈਬ ਵਿੱਚ ਸ਼ੋਅ ਦਾ ਪ੍ਰਬੰਧ ਹੋ ਚੁੱਕਾ ਸੀ। ਨਵੀਦ ਹੋਰਾਂ ਨੂੰ ਬੈਲਟ ਲਾ ਕੇ ਇੱਕ ਵੱਡੀ ਆਰਾਮ ਕੁਰਸੀ ਉਤੇ ਬਿਠਾਇਆ ਹੋਇਆ ਸੀ।

ਫ਼ਿਲਮ ੋਕਰਵਟੇਂੋ ਸ਼ੁਰੂ ਹੋਈ। ਨੰਬਰਿੰਗ ਵਿੱਚ ਹਰ ਵਾਰੀ ਆਗਾ ਨਵੀਦ ਦਾ ਨਾਂ ਆਉਂਦਾ ਕਿਉਂਕਿ ਹੀਰੋ-ਹੀਰੋਇਨ ਤੋਂ ਇਲਾਵਾ ਸਾਰੀ ਕਾਰਕਰਦਗੀ ਉਸ ਸ਼ਖ਼ਸ ਦੀ ਹੀ ਸੀ। ਇੱਕ ਕਾਲ-ਗਰਲ ਗਾਹਕ ਦੀ ਤਲਾਸ਼ ਵਿੱਚ ਇੱਕ ਅਜਿਹੇ ਸ਼ਖ਼ਸ ਦੇ ਸੰਪਰਕ ਵਿੱਚ ਆਉਂਦੀ ਹੈ ਜਿਹੜਾ ਕੁੱਝ ਵੱਖਰੀ ਤਰ੍ਹਾਂ ਦਾ ਗਾਹਕ ਹੈ। ਉਸ ਨੂੰ ਜਿਸਮ ਦੀ ਕੋਈ ਭੁੱਖ ਨਹੀਂ। ਉਹ ਆਪਣੇ ਸੁਹਿਰਦ ਯਤਨਾਂ ਨਾਲ ਕੁੜੀ ਨੂੰ ਇੱਜ਼ਤਦਾਰ ਲੋਕਾਂ ਦੇ ਇੱਕ ਨਵੇਂ ਸੰਸਾਰ ਵੱਲ ਲੈ ਜਾਣ ਲਗਦਾ ਹੈ। ਉਹ ਉਸਨੂੰ ਗ੍ਰਹਿਣੀ ਦੇ ਰੂਪ ਵਿੱਚ ਢਾਲਦਾ ਹੈ। ਉਹ ਸਫਲ ਹੋ ਜਾਂਦਾ ਹੈ ਪਰ ਇਥੇ ਫ਼ਿਲਮ ਨੂੰ ਨਾਟਕੀ ਪਲਟਾ ਵਜਦਾ ਹੈ। ਕੁੜੀ ਆਪਣੀ ਇਸ ਨਵੀਂ ਪਛਾਣ ਨਾਲ ਸਗੋਂ ਬੇਚੈਨ ਹੋ ਜਾਂਦੀ ਹੈ ਅਤੇ ਮੁੜ ਕੇ ਪਹਿਲੀ ਪਛਾਣ ਵੱਲ ਜਾਣਾ ਲੋਚਦੀ ਹੈ।

ਵਾਕਿਆ ਹੀ ਇੱਕ ਨਵਾਂ ਨਜ਼ਰੀਆ ਸੀ। ਫ਼ਿਲਮ ਕਾਲ-ਗਰਲਜ਼ ਬਾਰੇ ਸੀ ਪਰ ਉਸ ਵਿੱਚ ਇੱਕ ਵੀ ਨੰਗੇਜ਼ ਵਾਲਾ ਜਾਂ ਕਾਮ-ਉਤੇਜਨਾ ਵਾਲਾ ਦ੍ਰਿਸ਼ ਨਹੀਂ ਸੀ। ਵਧੇਰੇ ਜ਼ੋਰ ਬੰਦੇ ਦੇ ਅਸਤਿੱਤਵੀ ਮਸਲਿਆਂ ਦੀ ਸਮਝ ਉਤੇ ਸੀ। ਆਗਾ ਨਵੀਦ ਦਾ ਨਜ਼ਰੀਆ ਕੱਟੜ ਖੱਬੇ-ਪੱਖੀਆਂ ਤੋਂ ਅਗਾਂਹ ਡੂੰਘੇ ਮਾਨਵੀ ਸਰੋਕਾਰਾਂ ਵਾਲਾ ਸੀ। ਇਸ ਲਈ ਉਸ ਨੇ ਕਾਲ-ਗਰਲਜ਼ ਦੇ ਧੰਦੇ ਨੂੰ ਕੇਵਲ ਆਰਥਿਕ-ਸਮਾਜਿਕ ਬੁਰਾਈ ਵਜੋਂ ਸੀਮਿਤ ਢੰਗ ਨਾਲ ਪੇਸ਼ ਨਹੀਂ ਸੀ ਕੀਤਾ।

ਆਗਾ ਨਵੀਦ ਦੇ ਇੱਕ ਤੋਂ ਬਾਅਦ ਇੱਕ ਰੰਗ ਸਾਹਮਣੇ ਆ ਰਹੇ ਸਨ। ਅਸੀਂ ਅਜੇ ਪਹਿਲੇ ਰੰਗ ਤੋਂ ਅਚੰਭਿਤ ਹੋ ਰਹੇ ਹੁੰਦੇ ਤੇ ਅਚਾਨਕ ਚੱਲੇ ਅਨਾਰ ਵਾਂਗ ਇੱਕ ਹੋਰ ਵਿਖਾਲੀ ਦੇ ਜਾਂਦਾ। ਜਦੋਂ ਆਗਾ ਨਵੀਦ ਨੇ ਦੱਸਿਆ ਕਿ ਉਹ ਡੈਨਮਾਰਕ ਦਾ ਸਿਟੀਜ਼ਨ ਹੈ ਅਤੇ ਉਥੋਂ ਦੀ ਕਲਚਰਲ ਮਨਿਸਟਰੀ ਵਿੱਚ ਬਤੌਰ ਪੇਂਟਰ ਕੰਮ ਕਰ ਚੁੱਕਿਆ ਹੈ ਤਾਂ ਸਾਡੀ ਹੈਰਾਨੀ ਸਾਰੀਆਂ ਹੱਦਾਂ ਪਾਰ ਕਰ ਗਈ। ਮਨ ਨੇ ਇਹ ਮੰਨ ਲਿਆ ਕਿ ਇਹ ਬੰਦਾ ੋਕੁਸ਼ੋ ਵੀ ਹੋ ਸਕਦਾ ਹੈ।

ਇਕ ਦਿਨ ਈ-ਮੇਲ ਚੈ-ੱਕ ਕਰਦਿਆਂ ਮੈਂ ਐਵੇਂ ਗੂਗਲ ਦੇ ਸਰਚ ਇੰਜਨ ਤੇ ਆਗਾ ਨਵੀਦ ਲਿਖ ਕੇ ੋਇੰਟਰ’ ਦੱਬ ਦਿੱਤਾ। ਇੱਕ ਜਗਰੀਤਾ ਨਾਂ ਦੇ ਬਲੌਗ ਵਿੱਚ ਆਗਾ ਨਵੀਦ ਦਾ ਇੱਕ ਅਸਲੋਂ ਅਛੋਹ ਪੱਖ ਨਜ਼ਰੀਂ ਪਿਆ। ਫਲੱਰਟ ਵਾਲੇ ਕਾਲਮ ਰਾਹੀਂ ਉਸਨੇ ਇੱਕ ਪਾਰਟ-ਟਾਈਮ ੋਪਾਰਟਨਰ’ ਦੀ ਮੰਗ ਕੀਤੀ ਹੋਈ ਸੀ। ਪੜ੍ਹ ਕੇ ਮੈਨੂੰ ਆਪਣੇ ਕੰਨਾਂ ਵਿੱਚ ਸਾਂ-ਸਾਂ ਦੀ ਆਵਾਜ਼ ਸੁਣਦੀ ਮਹਿਸੂਸ ਹੋਈ ਅਤੇ ਮੈਂ ਹੈਰਾਨ-ਦਰ-ਹੈਰਾਨ ਹੁੰਦਾ ਇਕੱਲਾ ਹੀ ਹਸਦਾ ਰਿਹਾ ਕਿ ਆਗਾ ਨਵੀਦ ਦੀ ਥਾਂ ਇਸ ਕੌਤਕੀ ਬੰਦੇ ਦਾ ਨਾਂ ਤਾਂ ੋਬੇਅੰਤ ਸਿੰਘ’ ਹੋਣਾ ਚਾਹੀਦਾ ਸੀ।

 

 

 

 

 

 

 

 

 

 

 

ਇੱਕ ਗੁਜਰੀ ਰਬੜ ਦਾ ਬਾਵਾ

ਅੱਜ ਵਾਪਸੀ ਦਾ ਦਿਨ ਸੀ। ਸਵੇਰੇ ਅੱਠ ਵਜੇ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈਸ ਨੇ ਚੱਲਣਾ ਸੀ। ਸਾਡਾ ਸੱਤ ਵਜੇ ਤੱਕ ਸਟੇਸ਼ਨ ਉਤੇ ਪਹੁੰਚਣਾ ਲਾਜ਼ਮੀ ਸੀ। ਕਿਤੇ ਗੱਡੀ ਫੜ੍ਹਨ ਤੋਂ ਪਛੜ ਹੀ ਨਾ ਜਾਈਏ, ਇਹ ਵਹਿਮ ਅਤੇ ਡਰ ਬੇਵਜ੍ਹਾ ਧੌਣ ਤੇ ਤਲਵਾਰ ਬਣ ਕੇ ਲਟਕ ਗਿਆ ਸੀ। ਜੇ ਚੌਵੀ ਤਰੀਕ ਵਾਲੀ ਗੱਡੀ ਖੁੰਝ ਗਈ ਤਾਂ ਅਗਲੀ ਨੇ ਸ਼ਾਇਦ ਸਤਾਈ ਨੂੰ ਜਾਣਾ ਸੀ, ਪਰ ਸਾਡਾ ਤਾਂ ਵੀਜ਼ਾ ਪੱਚੀ ਨੂੰ ਹੀ ਮੁੱਕ ਜਾਣਾ ਸੀ। ਬਿਦੇਸ਼ ਅਤੇ ਉਹ ਵੀ ਪਾਕਿਸਤਾਨ ਵਰਗੇ ਦੇਸ਼, ਵਿੱਚ ਬਿਨ ਵੀਜਿਉਂ ਰਹਿਣਾ ਕਿੰਨਾ ਵੱਡਾ ਜੁਰਮ ਬਣ ਜਾਣਾ ਸੀ, ਇਸ ਦੀ ਤਾਂ ਕਲਪਨਾ ਕਰਕੇ ਹੀ ਦਿਲ ਦਹਿਲ ਜਾਂਦਾ ਸੀ।

ਲਾਹੌਰ ਵਿੱਚ ਆਪਣੀ ਆਖਰੀ ਰਾਤ ਦੋਸਤਾਂ-ਮਿੱਤਰਾਂ ਨੂੰ ਮਿਲਦਿਆਂ-ਗਿਲਦਿਆਂ ਨੂੰ ਰਾਤ ਦੇ ਦੋ-ਢਾਈ ਵੱਜ ਗਏ। ਆਪਣੇ ਟਿਕਾਣੇ ਪਹੁੰਚ ਕੇ ਤਿੰਨ ਵਜੇ ਸਾਢੇ ਚਾਰ ਦਾ ਅਲਾਰਮ ਲਾ ਕੇ ਸੁੱਤੇ; ਪਰ ਬੇਚੈਨੀ ਨੇ ਵਿਚਾਰੇ ਅਲਾਰਮ ਨੂੰ ਵੱਜਣ ਦਾ ਮੌਕਾ ਹੀ ਨਾ ਦਿੱਤਾ, ਸਵਾ ਚਾਰ ਵਜੇ ਹੀ ਪਟੱਕ ਦੇਣੇ ਅੱਖ ਖੁੱਲ੍ਹ ਗਈ। ਉ-ੱਠਣ ਲੱਗੇ ਤਾਂ ਬਿਜਲੀ ਗੁੱਲ ਹੋ ਗਈ। ਜਾਪਿਆ ਵਹਿਮ ਸੱਚ ਹੋਣ ਲੱਗਾ ਸੀ। ਬਹਾਨੇ ਬਣਨੇ ਸ਼ੁਰੂ ਹੋ ਗਏ ਸਨ। ਆਪਣੇ ਪਿਛਲੇ ਦਿਨਾਂ ਦੇ ਤਜ਼ਰਬੇ ਕਰਕੇ ਸਮਝ ਗਏ ਕਿ ਘੰਟੇ ਦਾ ਕੱਟ ਹੋਵੇਗਾ। ਇੰਨਾ ਉਡੀਕਣ ਦਾ ਵਕਤ ਕਿੱਥੇ ਸੀ। ਬਲਦੇਵ ਸਿੰਘ ਸੜਕਨਾਮਾ ਪਹਿਲ ਕਰਦਿਆਂ ਆਪਣੇ ਟਰੱਕ ਡਰਾਇਵਰੀ ਦੇ ਔਖੇ ਦਿਨਾਂ ਨੂੰ ਯਾਦ ਕਰਕੇ ਮੋਢੇ ਉਤੇ ਸਾਫ਼ਾ ਸਿੱਟ ਕੇ ਹਨੇਰੇ `ਚ ਹੱਥ ਪੈਰ ਮਾਰਦਾ ਨਹਾਉਣ ਲਈ ਤੁਰ ਪਿਆ। ਉਸਦੀ ਹਿੰਮਤ ਤੋਂ ਪ੍ਰੇਰਣਾ ਲੈ ਕੇ ਮੈਂ ਅਤੇ ਦੇਵ ਦਰਦ ਵੀ ਮੈਦਾਨ ਵਿੱਚ ਕੁੱਦ ਪਏ। ਮੋਬਾਇਲ ਦੀ ਰੌਸ਼ਨੀ ਵਿੱਚ ਅਸੀਂ ਵੀ ਹੌਲੀ ਹੌਲੀ ਤਿਆਰ ਹੋਣ ਦਾ ਮੈਦਾਨ ਮਾਰ ਲਿਆ। ਇੰਨੇ ਨੂੰ ਕੰਮਬਖ਼ਤ ਬੱਤੀ ਵੀ ਆ ਗਈ।

“ਆ ਗਈ ਹੁਣ ਪਤਿਆਓਰੇ ਦੀਏ, ਇਹ ਵੀ ਛੋਟੀ ਸਾਲੀ ਵਾਂਗੂੰ ਅੱਜ ਝੇਡਾਂ ਕਰਦੀ ਐ।” ਸੜਕਨਾਮਾ ਨੇ ਹਸਦਿਆਂ ਕਿਹਾ। ਵਕਤ ਸਿਰ ਤਿਆਰ ਹੋ ਕੇ ਤੁਰਨ ਨਾਲ ਚਿਹਰਿਆਂ ਉਤੇ ਰਤਾ ਟਹਿਕ ਆਈ। ਅੱਗੋਂ ਆਗਾ ਨਵੀਦ ਹੋਰਾਂ ਦਾ ਡਰਾਇਵਰ ਤਿਆਰ-ਬਰ-ਤਿਆਰ ਖੜ੍ਹਾ ਸੀ। ਉਸਨੇ ਸਾਡਾ ਸਮਾਨ ਗੱਡੀ ਵਿੱਚ ਰਖਾਇਆ। ਬੱਸ ਹੁਣ ਨਵੀਦ ਸਾਹਿਬ ਨੂੰ ਫਤਹਿ ਬੁਲਾਉਣੀ ਸੀ ਅਤੇ ਜਾਂਦਿਆਂ ਰਾਹ ਵਿੱਚ ਨਸਰੀਨ ਅੰਜੁਮ ਭੱਟੀ ਦੇ ਘਰ ਨਾਸ਼ਤਾ ਕਰਨਾ ਸੀ।

“ਨਵੀਦ ਸਹਿਬ ਤਾਂ ਹੁਣੇ ਈ ਬਾਥਰੂਮ ਗਏ ਨੇ ਜੀ, ਅੱਧਾ ਕੁ ਘੰਟਾ ਲੱਗ ਜਾਵੇ ਸ਼ਾਇਦ।” ਬਾਥਰੂਮ ਅੱਗੇ ਖੜ੍ਹੇ ਅਟੈਂਡੈਂਟ ਮੁੰਡੇ ਦੀ ਗੱਲ ਨੇ ਸਾਡੇ ਪੈਰਾਂ ਥੱਲੇ ਅੱਗ ਮੱਚਣ ਲਾ ਦਿੱਤੀ। ਪੰਜ ਕੁ ਮਿੰਟ ਖੜ੍ਹੇ ਪੈਰ ਮਲਦੇ ਰਹੇ, ਅੰਤ ਡਰਾਇਵਰ ਨੂੰ ਚੱਲਣ ਲਈ ਕਿਹਾ।

“ਭਾ-ਜੀ ਕਿਉਂ ਬੇਵਜ੍ਹਾ ਬੇਚੈਨ ਹੋ ਰਹੇ ਓ, ਏਥੋਂ ਸਿਰਫ ਦਸ ਮਿੰਟ ਦਾ ਰਸਤਾ ਹੈ ਸਟੇਸ਼ਨ ਤੱਕ, ਅਜੇ ਸਾਢੇ ਛੇ ਹੋਏ ਨੇ ਮਸਾਂ।” ਭੱਟੀ ਹੋਰਾਂ ਸਾਨੂੰ ਹਰਬੜੀ ਵਿੱਚ ਨਾਸ਼ਤਾ ਅੰਦਰ ਸਿਟਦਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਾਣਦੇ ਸਾਂ ਕਿ ਬੇਚੈਨੀ ਬੇਵਜ੍ਹਾ ਹੈ ਪਰ ਕੋਈ ਉਖੜੇ ਮਨ ਨੂੰ ਕਿਵੇਂ ਸਮਝਾਵੇ।

ਅੱਧਾ ਅੱਧਾ ਕੱਪ ਚਾਹ ਸੁੜ੍ਹਾਕ ਕੇ ਸਟੇਸ਼ਨ ਵੱਲ ਚੱਲ ਪਏ। ਸਵੇਰੇ ਸਵੇਰੇ ਨਾ ਕੋਈ ਟ੍ਰੈਫਿਕ ਸੀ, ਨਾ ਕਾਰ ਪੈਂਚਰ ਹੋਈ, ਨਾ ਪੁਲਸ ਨੇ ਤਫ਼ਤੀਸ਼ ਲਈ ਰੋਕਿਆ, ਯਾਨੀ ਉਹ ਕੋਈ ਵੀ ਅੜਿੱਕਾ ਨਾ ਪਿਆ ਜਿਸ ਦੀ ਕਲਪਨਾ ਕਰਕੇ ਅਸੀਂ ਭੈਭੀਤ ਹੋ ਰਹੇ ਸਾਂ।

“ਐਨੇ ਲੇਟ ਹੋ ਗਏ ਤੁਸੀਂ? ਮੈਂ ਤਾਂ ਛੇ ਵਜੇ ਦਾ ਸਟੇਸ਼ਨ ਤੇ ਆਇਆ ਬੈਠੈਂ।” ਨਾਦਿਰ ਅਲੀ ਦੇ ਘਰੋਂ ਸੰਦੇਹਾਂ ਹੀ ਆ ਪਹੁੰਚਿਆ ਪ੍ਰੇਮ ਪ੍ਰਕਾਸ਼ ਬੇਚੈਨੀ ਵਿੱਚ ਸਾਨੂੰ ਵੀ ਮਾਤ ਪਾ ਗਿਆ।

ਨਸਰੀਨ ਹੋਰਾਂ ਨੇ ਸਾਡੇ ਵੱਲੋਂ ਆਗ ਨਵੀਦ ਤੋਂ ਮੁਆਫ਼ੀ ਮੰਗ ਕੇ ਸਾਨੂੰ ਬਿਨਾਂ ਮਿਲੇ ਤੁਰ ਆਉਣ ਦੇ ਗੁਨਾਹ ਤੋਂ ਵੀ ਮੁਕਤ ਕਰਵਾ ਦਿੱਤਾ। ਹੁਣ ਅਸੀਂ ਪੂਰੀ ਤਰ੍ਹਾਂ ਸ਼ਾਂਤ-ਚਿੱਤ ਸਾਂ।

ਅਸੀਂ ਨਸਰੀਨ ਅੰਜ਼ੁਮ ਭੱਟੀ ਨੂੰ ਅਲਵਿਦਾ ਕਹੀ ਤਾਂ ਮਨ ਭਰ ਆਇਆ। ਥੋੜ੍ਹੇ ਦਿਨਾਂ ਦੇ ਸਾਥ ਵਿੱਚ ਹੀ ਅਸੀਂ ਕਿੰਨਾ ਘੁਲ-ਮਿਲ ਗਏ ਸਾਂ। ਇੱਕ ਪਾਸੇ ਇਹੋ ਜਿਹੇ ਆਪਣਿਆਂ ਵਰਗੇ ਲੋਕ ਸਨ ਜਿਹੜੇ ਸਾਡੀਆਂ ਬੇਚੈਨੀਆਂ ਦੀਆਂ ਬਲਾਵਾਂ ਨੂੰ ਖੁਸ਼ੀ ਖੁਸ਼ੀ ਆਪਣੇ ਸਿਰ ਲੈ ਬੇਠੈ ਸਨ ਅਤੇ ਦੂਜੇ ਪਾਸੇ ਸਰਕਾਰਾਂ ਦੀ ਉਹ ਕਠੋਰਤਾ ਸੀ ਜਿਸਨੇ ਸਾਡਾ ਚੈਨ ਖੋਹ ਕੇ ਸਾਨੂੰ ਬੇਵਜ੍ਹਾ ਡਰ ਦਾ ਮਾਨਸਿਕ ਰੋਗ ਚਮੇੜ ਦਿੱਤਾ ਸੀ।

ਗੱਡੀ ਵਿੱਚ ਆ ਬੈਠਣ ਨਾਲ ਯਕੀਨ ਬੱਝਿਆ ਕਿ ਹੁਣ ਜ਼ਰੂਰ ਭਾਰਤ ਪਹੁੰਚ ਜਾਵਾਂਗੇ। ਹੁਣ ਸਹਿਜ ਨਾਲ ਬੈਠਿਆਂ ਨੂੰ ਆਲਾ-ਦੁਆਲਾ ਵੀ ਚੰਗਾ ਲੱਗਣ ਲੱਗ ਪਿਆ। ਸਾਡੇ ਸਾਹਮਣੇ ਵਾਲੀ ਸੀਟ ਉਤੇ ਬੈਠੀ ਖੂਬਸੂਰਤ ਮੁਟਿਆਰ ਨੇ ਰੋਟੀਆਂ ਵਾਲਾ ਪੋਣਾ ਖੋਹਲ ਲਿਆ। ਘਿਉ-ਗੁੰਨ੍ਹੇ ਨਰਮ ਪਰੌਠਿਆਂ ਉਤੇ ਛੋਲਿਆਂ ਦੀ ਦਾਲ ਨਾਲ ਭਰ ਕੇ ਬਣਾਏ ਕਰੇਲੇ ਰੱਖ ਕੇ ਉਸਨੇ ਆਪਣੇ ਨਾਲ ਬੈਠੇ ਪਤੀ, ਸਹੁਰੇ ਅਤੇ ਤਿੰਨ ਬੱਚਿਆਂ ਨੂੰ ਨਾਸ਼ਤਾ ਪਰੋਸਿਆ। ਸ਼ਾਇਦ ਸਾਡੇ ਵਾਂਗੂੰ ਸਵੇਰੇ ਤੁਰਨ ਵੇਲੇ ਉਨ੍ਹਾਂ ਦੇ ਮੂੰਹੀਂ ਵੀ ਬੁਰਕੀਆਂ ਫੁੱਲ ਗਈਆਂ ਹੋਣਗੀਆਂ ਅਤੇ ਰਿਸ਼ਤੇਦਾਰਾਂ ਨੇ ਖਾਣਾ ਨਾਲ ਲਿਜਾਣ ਲਈ ਬੰਨ੍ਹ ਦਿੱਤਾ ਹੋਵੇਗਾ। ਉਨ੍ਹਾਂ ਨੇ ਦੱਸਿਆ ਸੀ ਕਿ ਮੁਟਿਆਰ ਦੀ ਇੱਕ ਭੈਣ ਲਾਹੌਰ ਵਿਆਹੀ ਸੀ ਜਿਸ ਨੂੰ ਉਹ ਮਿਲ ਕੇ ਆਏ ਸਨ। ਆਪ ਉਹ ਹਰਿਆਣੇ `ਚ ਕਰਨਾਲ ਨੇੜਲੇ ਕਿਸੇ ਪਿੰਡ ਦੇ ਸਰਦੇ-ਪੁਜਦੇ ਮੁਸਲਮਾਨ ਜਿਮੀਂਦਾਰ ਸਨ।

“ਵੀਰ ਜੀ ਨਾਸ਼ਤਾ ਕਰੋਗੇ?” ਮੁਟਿਆਰ ਨੇ ਸਾਨੂੰ ਭਾਰਤੀ ਭਰਾ ਸਮਝ ਕੇ ਮਾਣ ਨਾਲ ਕਿਹਾ। ਉਸ ਦੀ ਅਪਣੱਤ ਵੇਖ ਕੇ ਮਹਿਸੂਸ ਹੋਇਆ ਜਿਵੇਂ ਕਹਿ ਰਹੀ ਹੋਵੇ, ੋਵੀਰੋ ਇਨ੍ਹਾਂ ਨਾਲ ਤਾਂ ਹੁਣ ਕਦੇ-ਕਦਾਈਂ ਦੇ ਮੇਲ-ਗੇਲ ਵਾਲੀ ਗੱਲ ਈ ਐ, ਦੁੱਖ-ਸੁਖ ਦੇ ਅਸਲੀ ਸਾਂਝੀ ਤਾਂ ਹੁਣ ਆਪਾਂ ਈ ਆਂ। ੋ

ਰੋਟੀ ਖਾ ਕੇ ਬੱਚੇ ਸਾਡੇ ਨਾਲ ਘੁਲਣ-ਮਿਲਣ ਲੱਗੇ। ਬਲਦੇਵ ਸਿੰਘ ਸੜਕਨਾਮਾ ਨਾਲ ਲਿਖਣ-ਲਿਖਾਈ ਦੀ ਖੇਡ ਖੇਡਣ ਲੱਗੇ। ਉਨ੍ਹਾਂ ਚਾਕ ਨਾਲ ਡੱਬੇ ਦੀ ਕੰਧ ਉਤੇ ਗੁਰਮੁਖੀ ਵਿੱਚ ਲਿਖ ਦਿੱਤਾ, ੋਚੱਕ ਦੇ ਫੱਟੇ`, ਫਿਰ ਇਹੀ ਦੇਵ ਨਾਗਰੀ, ਸ਼ਾਹਮੁਖੀ ਅਤੇ ਰੋਮਨ ਵਿੱਚ ਲਿਖ ਕੇ ਵਿਖਾਇਆ।

“ਲਓ ਮੈਨੂੰ ਵੀ ਸ਼ਾਹਮੁਖੀ `ਚ ਲਿਖਣ ਦਾ ਸਬਕ ਸਿਖਾਓ।” ਚੌੜ ਚੌੜ ਵਿੱਚ ਸੜਕਨਾਮਾ ਨੇ ਬੱਚਾ ਬਣਦਿਆਂ ਚਾਕ ਫੜ੍ਹਨ ਲਈ ਅੱਗੇ ਹੱਥ ਵਧਾਉਂਦਿਆਂ ਕਿਹਾ।

“ਹੋਰ ਹੁਣ ਤੈਨੂੰ ਬੁੱਢ-ਬਲ੍ਹੇਡ ਨੂੰ ਕੀ ਸਬਕ ਦੇਣ ਵਿਚਾਰੇ ਬੱਚੇ? ਤੂੰ ਔਹ ਕੰਧ ਤੇ ਲਿਖਿਆ ਨੀ ਪੜ੍ਹ ਸਕਦਾ?” ਪ੍ਰੇਮ ਪ੍ਰਕਾਸ਼ ਨੇ ਹਾਸੇ ਹਾਸੇ ਵਿੱਚ ਹੀ ਬੜੀ ਗਹਿਰੀ ਗੱਲ ਕਰ ਦਿੱਤੀ। ਸੁਣ ਕੇ ਅਸੀਂ ਮੁਸਕਰਾਉਂਦੇ ਹੋਏ ਉਸ ੋਸਬਕੋ ਬਾਰੇ ਸੋਚਣ ਲੱਗ ਪਏ।

ਬੱਚੇ ਬੜੀ ਬੇਪਰਵਾਹੀ ਨਾਲ ਖੇਡ ਰਹੇ ਸਨ। ਸਾਡੇ ਵਾਂਗੂੰ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ ਸਤਾ ਰਿਹਾ। ਬਾਰਡਰ ਵੀ ਅਜੇ ਉਨ੍ਹਾਂ ਲਈ ਕੋਈ ਭੈਅ-ਭੀਤ ਕਰਨ ਵਾਲੀ ਥਾਂ ਨਹੀਂ ਸੀ। ਬੱਚਿਆਂ ਨੇ ਤਾਂ ਪਲ ਦੀ ਪਲ ਸਾਨੂੰ ਵੀ ਬੇਫ਼ਿਕਰੇ ਬਣਾ ਦਿੱਤਾ ਸੀ।

ਵਾਘਾ ਬਾਰਡਰ ਉਤੇ ਵੀ ਕੋਈ ਅੜਿੱਕਾ ਨਾ ਪਿਆ। ਪਾਕਿਸਤਾਨੀ ਕਰਮਚਾਰੀਆਂ ਨਾਲ ਦੁਆ-ਸਲਾਮ ਕਰਦੇ ਅਸੀਂ ਇਮੀਗਰੇਸ਼ਨ ਦੀਆਂ ਫਾਰਮੈਲਟੀਆਂ ਭੁਗਤਾ ਕੇ ਫਿਰ ਆਪਣੇ ਡੱਬੇ ਵਿੱਚ ਆ ਬੈਠੇ।

“ਸਰਦਾਰ ਜੀ ਸਲਾਮਾ-ਲੇਕਮ, ਮੇਹਰਬਾਨੀ ਕਰਕੇ ਇਨ੍ਹਾਂ ਨੂੰ ਵੀ ਆਪਣੇ ਕੈਬਨ ਵਿੱਚ ਥੋੜ੍ਹੀ ਜਗ੍ਹਾ ਦੇ ਦੇਵੋ।” ਬਸ਼ੀਰ ਨੇ ਬੜੀ ਆਜਜ਼ੀ ਨਾਲ ਕਿਹਾ। ਇਹ ਉਹੀ ਸਿਪਾਹੀ ਬਸ਼ੀਰ ਸੀ ਜਿਸਦੀ ਜਾਂਦੇ ਵਕਤ ਸਾਡੇ ਕੈਬਨ ਵਿੱਚ ਬੈਠ ਕੇ ਜਾਣ ਦੀ ਡਿਊਟੀ ਲੱਗੀ ਸੀ। ਉਸ ਦੇ ਨਾਲ ਇੱਕ ਆਲੀ-ਭੋਲੀ ਜਿਹੀ ਖ਼ੂਬਸੂਰਤ ਜਨਾਨੀ ਅਤੇ ਇੱਕ ਰਵਾਇਤੀ ਲਹਿਜ਼ੇ ਵਾਲਾ ਮੁਸਲਮਾਨ ਬਜੁਰਗ ਸੀ। ਬਸ਼ੀਰ ਨੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ੳਸਦੇ ਚਾਚੇ-ਤਾਏ ਦੀ ਕੁੜੀ ਸੀ ਅਤੇ ਬਜ਼ੁਰਗ, ਕੁੜੀ ਦੇ ਸੌਹਰਿਆਂ ਦੀ ਥਾਂ ਸੀ।

“ਏਹ ਕਮਲੀ ਐਵੇਂ ਚਾਅ-ਵੱਸ ਓਧਰੋਂ ਅੰਨ੍ਹੇਵਾਹ ਘਰੇਲੂ ਲੋੜ ਦੀਆਂ ਚੀਜਾਂ-ਵਸਤਾਂ ਖਰੀਦਦੀ ਰਹੀ ਏ, ਹੁਣ ਡਰਦੀ ਏ ਪਈ ਕਸਟਮ ਵਾਲੇ ਤੰਗ-ਪਰੇਸ਼ਾਨ ਕਰਨਗੇ। ਧਾਡ੍ਹੇ ਨਾਲ ਏਹਨੂੰ ਆਸਰਾ ਰਹੇਗਾ, ਕੋਈ ਭਾਰਤੀ ਸਿਪਾਹੀ ਕੁੱਝ ਨਹੀਂ ਕਹਿਣ ਲੱਗਾ ਏਹਨੂੰ।” ਬਸ਼ੀਰ ਨੇ ਉਨ੍ਹਾਂ ਨੂੰ ਕੈਬਨ ਵਿੱਚ ਬਿਠਾਉਣ ਦਾ ਅਸਲੀ ਮਕਸਦ ਦੱਸਿਆ।

ਉਹ ਕਸ਼ਮੀਰਨ ਗੁਜਰੀ ਬੜੀ ਛੇਤੀ ਸਾਡੇ ਨਾਲ ਖੁੱਲ੍ਹ ਗਈ। ਉਸ ਦੇ ਹਰੇਕ ਵਿਹਾਰ ਵਿਚੋਂ ਪਹਾੜੀ ਲੋਕਾਂ ਵਾਲੀ ਮਾਸੂਮੀਅਤ ਅਤੇ ਖਾਂਦੇ-ਪੀਂਦੇ ਘਰਾਂ ਦੀਆਂ ਸੁਨੱਖੀਆਂ ਔਰਤਾਂ ਵਾਲਾ ਨਖਰਾ ਟਪਕਣ ਲੱਗਿਆ। ਸਾਨੂੰ ਵੀ ਵਕਤਕਟੀ ਲਈ ਜਿਵੇਂ ਖਿਡਾਉਣਾ ਮਿਲ ਗਿਆ।

“ਤੂੰ ਵੀ ਚੋਖਾ ਸਮਾਨ ਖਰੀਦ ਘੱਤਿਆ ਏ।” ਗੁਜਰੀ ਨੇ ਮੇਰੇ ਪੱਟਾਂ ਉਤੇ ਰੱਖੇ ਹੋਏ ਗਿਲਾਸਾਂ ਦੇ ਡੱਬੇ ਵੱਲ ਵੇਖਦਿਆਂ ਨਖਰੇ ਨਾਲ ਅੱਖਾਂ ਮ-ਟਕਾਈਆਂ ਅਤੇ ਬੁੱਲ੍ਹ ਮਰੋੜੇ।

“ਖ਼ੈਰ ਚੋਖਾ ਤਾਂ ਨਈਂ ਪਰ ਹੈ ਵੇ ਕਮਾਲ ਦਾ, ਅਸੀਂ ਏਥੋਂ ਵਾਘਿਓਂ ਡਿਊਟੀ ਫ੍ਰੀ ਸ਼ਾਪ ਤੋਂ ਖਰੀਦਿਆ ਏ, ਇੱਕ ਇਕ ਗਿਲਾਸ ਪੰਜ ਪੰਜ ਸੌ ਦਾ ਏ ਪੂਰਾ।” ਮੇਰੀ ਥਾਂ ਦੇਵ ਦਰਦ ਨੇ ਮਸ਼ਕਰੀ ਭਰੀ ਮੁਸ਼ਕਣੀ ਬਖੇਰਦਿਆਂ ਗਪੌੜ ਛੱਡਿਆ।

“ਮੈਂ ਵੀ ਕੋਈ ਮਾੜਾ ਨਈਂ ਜੇ ਖਰੀਦਿਆ, ਸਾਰਾ ਵੀ। ਆਈ। ਪੀ। ਹੈ ਵੇ, ਮੈਂ ਪੈਸਿਆਂ ਦੀ ਪਰਵਾਹ ਨੲ੍ਹੀ ਕਰਦੀ, ਮੇਰੀ ਮੀਆਂ ਫੌਜ ਮਾ ਹਵਲਾਦਾਰ ਏ। ਪਰ ਮੈਂ ਦੱਸਾਂ ਇਤਨਾ ਮਹਿੰਗਾ ਕੋਈ ਗਿਲਾਸ ਨਈਂ ਹੋਂਦਾ, ਬੜੇ ਬਾਜ਼ਾਰ ਵੇਖੇ ਨੇ ਮੈਂ, ਹਾਂ।। ।।” ਉਹ ਬੱਚਿਆਂ ਵਾਂਗ ਮੁਕਾਬਲੇ ਲਈ ਉਤਰ ਆਈ ਅਤੇ ਕਿਸੇ ਵੀ ਤਰ੍ਹਾਂ ਹਾਰਨਾ ਨਹੀਂ ਸੀ ਚਾਹੁੰਦੀ।

“ਲੈ ਹੈ ਕੀ ਗੱਲਾਂ ਪਈ ਕਰਦੀ ਏ, ਹੁੰਦੇ ਕਿਉਂ ਨਈਂ ਪੰਜ ਸੌ ਵਾਲੇ ਗਿਲਾਸ, ਚੱਲ ਮੈਂ ਵਿਖਾ ਕੇ ਲਿਆਉਂਦਾ ਵਾਂ।” ਦੇਵ ਨੇ ਝੂਠੀ-ਮੂਠੀ ਥੋੜ੍ਹੀ ਅੜੀ ਕੀਤੀ।

“ਚੱਲ ਫਿਰ, ਜੇ ਹੋਏ ਤਾਂ ਵੇਖਨਾ ਮੈਂ ਵੀ ਜ਼ਰੂਰ ਖਰੀਦ ਲੈਸਾਂ।” ਉਸਨੇ ਬਰਾ ਵਿਚੋਂ ਮਿੰਨੀ ਪਰਸ ਕੱਢ ਕੇ ਹੱਥ `ਚ ਫੜ੍ਹਿਆ ਅਤੇ ਉਛਲ ਕੇ ਖੜ੍ਹੀ ਹੋ ਗਈ। ਦੇਵ ਦਰਦ ਨੂੰ ਹੁਣ ਸੱਚੀਮੁੱਚੀਂ ਨਾਲ ਤੁਰਨਾ ਪਿਆ।

ਕੁਝ ਮਿੰਟਾਂ ਪਿੱਛੋਂ ਉਹ ਮਾਣ-ਮੱਤੇ ਢੰਗ ਨਾਲ ਮੇਲ੍ਹਦੀ ਕੈਬਨ ਵਿੱਚ ਆਈ। ਉਸਨੇ ਦੋਵਾਂ ਹੱਥਾਂ ਵਿੱਚ ਉਹੀ ਮੇਰੇ ਨਾਲ ਦੇ ਗਿਲਾਸਾਂ ਵਾਲਾ ਡੱਬਾ ਫੜ੍ਹਿਆ ਹੋਇਆ ਸੀ।

“ਧਾਡੇ ਵਰਗੇ ਸ਼ਹਿਰੀ ਲੋਕ ਗੱਪਾਂ ਕੇ ਨਾਨੇ ਹੋਂਦੇ ਨੇ, ਧਰਮ ਨਾਲ, ਏਹ ਛੇ ਸੌ ਦੇ ਚਾਰ ਗਿਲਾਸ ਹੈਨ, ਪਰ ਮੈਂ ਤੇ ਭਾਅ ਕਰਕੇ ਸਾਢੇ ਚਾਰ ਸੌ ਦੇ ਲੈ ਆਈ ਆਂ।” ਗੁਜਰੀ ਨੇ ਜੇਤੂ ਮੁਸਕਣੀ ਨਾਲ ਧੌਣ ਨੂੰ ਹਿਲੋਰੇ ਦਿੰਦਿਆਂ ਦੱਸਿਆ। ਉਸ ਨੇ ਜਿਵੇਂ ਮੇਰੀ ਕੰਡ ਲੁਆ ਕੇ ਬਾਜੀ ਜਿੱਤ ਲਈ ਸੀ।

“ਏਹ ਅਸਲੀ ਵੀ। ਆਈ। ਪੀ। ਨੲ੍ਹੀ ਹੋਣੇ, ਜਾਅਲੀ ਹੋਣਗੇ।” ਮੈਂ ਬੁੱਲ੍ਹਾਂ `ਚ ਹਾਸਾ ਦੱਬਦਿਆਂ ਫੇਰ ਛੇੜਖਾਨੀ ਕੀਤੀ।

“ਮ੍ਹਾਰੇ ਕੋ ਮੱਤ ਸਿਖਾ ਤੂੰ, ਮੈਂ ਜਾਨਣੀਆਂ ਕੀ ਹੁੰਦਾ ਏ ਵੀ। ਆਈ। ਪੀ। , ਤੈਨੂੰ ਦੱਸਾਂ ਮਾੜੀ ਸ਼ੈ ਪਰ ਤੋਂ ਮੇਰੀ ਅੱਖ ਨਾ ਟਿਕੇ, ਹਾਂ।। ।। ਔਰ ਬਤਾਊਂ ਕੁਸ਼?” ਉਸ ਨੇ ਤਿਰਛੀ ਨਜ਼ਰ ਮੇਰੇ ਤੋਂ ਇਉਂ ਘੁੰਮਾਈ ਜਿਵੇਂ ਮੈਂ ਕੋਈ ਟਟੀਹਰੀ, ਉਸ ਹੰਸ ਨਾਲ ਉ-ੱਡਣ ਦਾ ਫਜ਼ੂਲ ਯਤਨ ਕਰ ਰਹੀ ਹੋਵਾਂ।

“ਹਾਏ! !” ਦੇਵ ਨੇ ਗੁਜਰੀ ਦੀ ਅਦਾ ਤੋਂ ਕੁਰਬਾਨ ਹੁੰਦਿਆਂ ਦਿਲ ਉਤੇ ਹੱਥ ਰੱਖ ਕੇ ਮੁਗਲਈ ਹਓਕਾ ਭਰਿਆ। ਸਾਰੇ ਕੈਬਨ ਵਿੱਚ ਹਾਸੜ ਮੱਚ ਗਈ।

ਆਪਣੀ ਜਿੱਤ ਨਾਲ ਗੁਜਰੀ ਖਿੜ-ਖਿੜਾ ਕੇ ਹੱਸੀ ਜਿਵੇਂ ਮੱਕੀ ਦੇ ਫੁੱਲਿਆਂ ਦਾ ਨੱਕੋ-ਨੱਕ ਪਰਾਗਾ ਉਛਾਲਿਆ ਹੋਵੇ। ਉਸ ਦਾ ਇਹ ਨਿਰਛਲ ਅਤੇ ਬੇਖੌਫ਼ ਹਾਸਾ ਸਾਡੇ ਅੰਦਰਲੀਆਂ ਦਿਨ-ਭਰ ਦੀਆਂ ਸਾਰੀਆਂ ਬੇਚੈਨੀਆਂ ਨੂੰ ਹੂੜ ਦੇ ਮੀਂਹ ਵਾਂਗ ਰੋੜ੍ਹ ਕੇ ਲੈ ਗਿਆ।

 

ਇਜ਼ਰਾਈਲ ਫਰਿਸ਼ਤਾ

ਇਹ ਅਣਹੋਣੀ ਕਿਥੋਂ ਨਾਜ਼ਿਲ ਹੋ ਗਈ ਸੀ? ਪੂਰੇ ਕੈਬਨ ਵਿੱਚ ਸਹਿਮ ਛਾ ਗਿਆ। ਸਾਨੂੰ ਗੁਜਰੀ ਨਾਲ ੋਕੇਲਾਂ’ ਕਰਦਿਆਂ ਨੂੰ ਇਹ ੋਬਾਜ’ ਕਿੱਥੋਂ ਆਣ ਪਿਆ ਸੀ? ਸਾਡਾ ਅਚੇਤ ਮਨ ਜਿਹੜੇ ਕਿਸੇ ਅਦਿੱਖ ਭੈਅ ਤੋਂ ਸਵੇਰ ਦਾ ਤ੍ਰਹਿ ਰਿਹਾ ਸੀ ਕਿਤੇ ਉਹ ਕਿਸੇ ਅਜਿਹੇ ਅੜਿੱਕੇ ਦੀ ਪੇਸ਼ੀਨਗੋਈ ਤਾਂ ਨਹੀਂ ਸੀ ਕਰ ਰਿਹਾ? ਇਹ ਭਲਾਮਾਣਸ ਜਾਪਦਾ ਸੀ। ਆਈ। ਡੀ। ਅਫ਼ਸਰ ਅਜਿਹਾ ਵਿਹਾਰ ਕਿਉਂ ਕਰ ਰਿਹਾ ਸੀ? ਕੀ ਉਸ ਨੂੰ ਸਾਡੇ ਬਾਰੇ ਕੋਈ ਸ਼ੱਕੀ ਰਿਪੋਰਟ ਮਿਲੀ ਸੀ? ਅੰਦਰ ਪ੍ਰਸ਼ਨਾਂ ਦਾ ਭੁਚਾਲ ਆਇਆ ਹੋਇਆ ਸੀ।

ਪਿਛਲੇ ਹਫਤੇ ਤੋਂ ਜਿੰਨੇ ਪੁਲਸ ਕਰਮਚਾਰੀਆਂ ਨਾਲ ਵਾਹ ਪਿਆ ਸੀ ਉਨ੍ਹਾਂ ਸਾਰਿਆਂ ਦੇ ੋਸਰਦਾਰ ਜੀ ਸਰਦਾਰ ਜੀ’ ਕਰਦਿਆਂ ਦੇ ਮੂੰਹ ਸੁਕਦੇ ਸਨ। ਹਰ ਨਿੱਕੇ-ਵੱਡੇ ਸੰਕਟ ਵਿਚੋਂ ਉਹ ਸਾਨੂੰ ਇਉਂ ਕੱਢ ਦਿੰਦੇ ਸਨ ਜਿਵੇਂ ਸਾਡੀ ਹਿਫ਼ਾਜਤ ਲਈ ਖੁਦਾ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਮੁਹੱਬਤ ਦੇ ਫਰਿਸ਼ਤੇ ਬਣਾ ਕੇ ਭੇਜਿਆ ਹੋਵੇ। ਇਮੀਗਰੇਸ਼ਨ ਕਲੀਅਰਿੰਗ ਲਈ ਉਹ ਆਪ ਸਾਡੇ ਪਾਸਪੋਰਟ ਇਕੱਠੇ ਕਰ ਕੇ ਲੈ ਜਾਂਦੇ ਅਤੇ ਮੋਹਰ ਲੁਆ ਕੇ ਲਿਆ ਹੱਥ ਫੜਾਉਂਦੇ। ਸਮਾਨ ਚੈ-ੱਕ ਕਰਾਉਣ ਲਈ ਅਜੇ ਹੱਥ ਬੈਗ ਖੋਹਲਣ ਵੱਲ ਵਧਣ ਹੀ ਲਗਦੇ ਕਿ ਅੱਗੋਂ ਮੋਹ-ਭਰੇ ਬੋਲ ਸੁਣਦੇ, ੌਓਹ ਓਹ ਸਰਦਾਰ ਜੀ ਕਿਉਂ ਭਾਰ ਚੜ੍ਹਾਉਣ ਲੱਗੇ ਓ ਹਮਸਾਇਆਂ ਤੇ, ਮਾਸ਼ਾ ਅੱਲਾ ਖੁਦਾ ਮੇਹਰ ਖੈਰ ਕਰੇ, ਜੁਗ ਜੁਗ ਜੀਓ।” ਸੁਣਦਿਆਂ ਕੰਨਾਂ ਵਿੱਚ ਸੰਗੀਤ ਘੁਲ ਜਾਂਦਾ, ਮਾਣ ਨਾਲ ਛਾਤੀ ਚੌੜੀ ਹੋ ਜਾਂਦੀ।

ਖੈਰ ਸ਼ੁਰੂਆਤ ਤਾਂ ਇਸ ਅਫ਼ਸਰ ਨੇ ਵੀ ਬੜੇ ਮਿੱਠੇ ਬੋਲਾਂ ਨਾਲ ਹੀ ਕੀਤੀ ਸੀ, “ਕੀ ਹਾਲ ਨੇ ਸਰਦਾਰ ਜੀ, ਖੂਬ ਮੌਜਾਂ ਕੀਤੀਆਂ ਹੋਣੀਆਂ ਨੇ ਲਾਹੌਰ, ਖਿਦਮਤ ਵਿੱਚ ਕੋਈ ਕਮੀ-ਪੇਸ਼ੀ ਰਹਿ ਗਈ ਹੋਵੇ ਤੇ ਆਪਣੇ ਸਮਝ ਕੇ ਵਿਸਾਰ ਛੱਡਣਾ।” ਪਰ ਛੇਤੀ ਹੀ ਉਹ ਆਪਣੇ ਅਸਲੀ ਰੰਗ ਵਿੱਚ ਆਉਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਉਸਨੇ ਵਿਚਕਾਰ ਜਿਹੇ ਬੈਠੇ ਦੇਵ ਦਰਦ ਤੋਂ ਪਾਸਪੋਰਟ ਮੰਗਿਆ। ਏਧਰ-ਓਧਰ ਪੰਨੇ ਪਲਟਦਿਆ ਉਹ ਇਉਂ ਪ੍ਰਭਾਵ ਦੇਣ ਲੱਗਾ ਜਿਵੇਂ ਉਸਨੂੰ ਵੀਜ਼ਾ ਲੱਗੇ ਵਾਲਾ ਪੰਨਾ ਲੱਭ ਨਾ ਰਿਹਾ ਹੋਵੇ। ਨਾਲ ਹੀ ਉਹ ਦੰਦਾਂ ਨਾਲ ਬੁੱਲ੍ਹਾਂ ਨੂੰ ਚਬੋਲਦਾ ਸਿਰ ਨੂੰ ਇਉਂ ਅਗਾਂਹ-ਪਿਛਾਂਹ ਹੁਲਾਰਨ ਲੱਗਾ ਜਿਵੇਂ ਕਹਿਣਾ ਚਾਹੁੰਦਾ ਹੋਵੇ, “ਹੂੰ! ਵੀਜ਼ਾ ਪਿਲਗਰਿਮ ਤੇ ਫਿਰਦੇ ਰਹੇ ਓ ਕਾਨਫਰੰਸਾਂ ਤੇ, ਉਹ ਵੀ ਬਿਨਾਂ ਇਜਾਜ਼ਤ, ਕਸੂਰ ਦੀਆ ਸੈਰਾਂ।। । , ਪਿਓ ਵਾਲਾ ਮੁਲਕ ਸਮਝ ਰੱਖਿਐ ਪਾਕਿਸਤਾਨ ਨੂੰ ਪਈ ਜਿੱਧਰ ਮਰਜ਼ੀ ਤੁਰ ਜਾਓ ਮੂੰਹ ਚੱਕ ਕੇ, ਮਿਊਜ਼ੀਅਮ ਵਿੱਚ ਮੂਵੀਆਂ ਬਣਾਉਂਦੇ ਰਹੇ, ਐਂਟੀਕ ਦੀਆਂ ਚੋਰੀਆਂ।। ।।” ਵਿੱਚ ਵਿੱਚ ਉਹ ਕਹਿਰੀ ਅੱਖ ਨਾਲ ਦੇਵ ਦਰਦ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰ ਲੈਂਦਾ।

ਉਸਦਾ ਫੈਸਲਾ ਉਡੀਕਦੇ ਅਸੀਂ ਅਧ-ਖੁੱਲ੍ਹੇ ਮੂੰਹਾਂ ਨਾਲ ਚਿੜੀ ਦੇ ਬੋਟਾਂ ਵਾਂਗੂੰ ਅਫ਼ਸਰ ਵੱਲ ਝਾਕ ਰਹੇ ਸਾਂ। ਡਰੇ ਤਾਂ ਸਾਰੇ ਹੀ ਸਾਂ ਪਰ ਗੁਜਰੀ ਦੇ ਤਾਂ ਜਿਵੇਂ ਕੋਈ ਯਮ ਪ੍ਰਾਣ ਹੀ ਸੂਤ ਕੇ ਲੈ ਗਿਆ ਸੀ। ਉਸਦਾ ਮੂੰਹ ਅਵਾਕ ਖੁੱਲ੍ਹਾ ਸੀ, ਅੱਖਾਂ ਟੱਡੀਆਂ ਹੋਈਆਂ ਅਤੇ ਰੰਗ ਪੀਲਾ-ਭੂਕ। ਆਪਣੇ ਦੋਵੇਂ ਹੱਥਾਂ ਨਾਲ ਉਸਨੇ ਛਾਤੀ ਦਾ ਖੱਬਾ ਪਾਸਾ ਘੁੱਟਿਆ ਹੋਇਆ ਸੀ ਜਿਵੇਂ ਦਿਲ ਦੀ ਬੇਕਾਬੂ ਧੜਕਣ ਨੂੰ ਵੱਸ ਵਿੱਚ ਕਰਨ ਦਾ ਯਤਨ ਕਰ ਰਹੀ ਹੋਵੇ।

ਅਫ਼ਸਰ ਨੇ ਪਤ-ਪਤ ਕਰਕੇ ਦੇਵ ਦਾ ਬੈਗ ਫਰੋਲਿਆ, ਕਿਤਾਬਾਂ ਦੇ ਵਰਕੇ ਉਲੱਦ-ਪੁਲੱਦ ਕੇ ਵੇਖੇ, ਮਿਊਜ਼ੀਅਮਾਂ ਦੇ ਬਰੋਸ਼ਰ ਗਹੁ ਨਾਲ ਘੋਖੇ, ਮਹਿੰਜੋਦੜੋ ਦੀ ਖੁਦਾਈ ਨਾਲ ਮਿਲੀਆਂ ਅਕ੍ਰਿਤੀਆਂ ਦੇ ਮਾਡਲ ਅਨੁਸਾਰ ਬਣੇ ਮਸਨੂਈ ਬੁੱਤਾਂ ਵਾਲਾ ਪੈਕ ਜਾਂਚਿਆ ਅਤੇ ਨਾਲ ਨਾਲ ਹਰੇਕ ਚੀਜ ਦੇ ਵੇਰਵੇ ਪੁਛਦਾ ਰਿਹਾ। ਅੱਗੋਂ ਦੇਵ ਦਰਦ ਚਿਹਰੇ ਉਤੇ ਆਡੋਲਤਾ ਦਾ ਪ੍ਰਭਾਵ ਲਿਆਉਂਦਿਆਂ ਦਸਦਾ ਰਿਹਾ ਕਿ ਇਹ ਸਾਰਾ ਕੁਸ਼ ਅਦਬ ਅਤੇ ਕਲਾ ਨਾਲ ਸੰਬੰਧਿਤ ਹੈ। ਉਹ ਆਪਣੇ ਪੜ੍ਹੇ-ਲਿਖੇ ਹੋਣ, ਅਟਾਰੀ ਦੇ ਸਰਕਾਰੀ ਸਕੂਲ ਵਿੱਚ ਟੀਚਰ ਲੱਗੇ ਹੋਣ ਅਤੇ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਸਬੂਤ ਵੀ ਜੁਟਾਉਂਦਾ ਰਿਹਾ।

“ਸਰ ਤੁਸੀਂ ਰੱਖ ਲਓ ਜੇਹੜਾ ਕੁੱਝ ਵੀ ਇਤਰਾਜ਼ਯੋਗ ਏ।” ਦੇਵ ਨੇ ਅੰਤ ਰੋਸ ਭਰੇ ਬੋਲਾਂ ਨਾਲ ਅਫ਼ਸਰ ਦੀ ਇਜ਼ਰਾਈਲੀ ਰੂਹ ਨੂੰ ਝੰਜੋੜਨ ਦਾ ਯਤਨ ਕੀਤਾ।

“ਸੀ। ਡੀਜ਼ ਖੜਨ ਦੀ ਤੇ ਖ਼ੈਰ ਕਿਸੇ ਤਰ੍ਹਾਂ ਇਜਾਜ਼ਤ ਨੲ੍ਹੀ ਮਿਲ ਸਕਦੀ, ਪਰ ਚਲੋ ਤੁਸੀਂ ਟੀਚਰ ਲੋਕ ਹੋ, ਮੰਨ ਲੈਨੇ ਆਂ ਕਿ ਕੁੱਝ ਇਤਰਾਜ਼ ਵਾਲਾ ਨਈਂ ਹੋਵੇਗਾ ਏਨ੍ਹਾਂ `ਚ, ਪਰ।। ।।” ਉਸ ਨੇ ਤਫ਼ਤੀਸ਼ ਬੰਦ ਕਰਦਿਆਂ ਵੀ ਅੰਤ ਤੇ ੋਪਰੋ ਇਉਂ ਰਹੱਸਮਈ ਜਿਹਾ ਬਣਾ ਕੇ ਕਿਹਾ ਜਿਵੇਂ ਆਖਣਾ ਚਾਹੁੰਦਾ ਹੋਵੇ,”।। । ਟੰਗਣ ਨੂੰ ਤੇ ਏਨਾਂ ਮਸਾਲਾ ਵੀ ਕੋਈ ਘੱਟ ਨਈਂ।”

ਦੇਵ ਦਰਦ ਦੇ ਨਾਲ ਮੈਂ ਬੈਠਾ ਸਾਂ। ਮੈਂ ਆਪਮੁਹਾਰੇ ਆਪਣਾ ਪਾਸਪੋਰਟ ਕੱਢ ਕੇ ਹੱਥ ਵਿੱਚ ਫੜ੍ਹ ਲਿਆ। ਹੁਣ ਕੋਹੇ ਜਾਣ ਮੇਰੀ ਵਾਰੀ ਹੋਣੀ ਸੀ। ਅਫ਼ਸਰ ਪੈਰਾਂ ਤੋਂ ਲੈ ਕੇ ਸਿਰ ਤੱਕ ਸਕੈਨਿੰਗ ਕਰਦੀਆਂ ਨਜ਼ਰਾਂ ਨਾਲ ਝਾਕਿਆ, ਪੱਗ ਤੇ ਆ ਕੇ ਕੁੱਝ ਪਲ ਅਟਕਿਆ ਅਤੇ ਫਿਰ ਮੇਰਾ ਕਿੱਤਾ ਪੁੱਛਿਆ। ਮੈਂ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦੇ ਅਹੁਦੇ ਉਤੇ ਕੰਮ ਕਰਨ ਬਾਰੇ ਦੱਸਿਆ ਤਾਂ ਅਫ਼ਸਰ ਮੈਨੂੰ ਅਣਗੌਲਿਆਂ ਜਿਹਾ ਕਰਕੇ ਪਰ੍ਹੇ ਬੈਠੇ ਕੇਸਰੀ ਟੀ। ਸਰਟ ਵਾਲੇ ਬਾਊ ਜੀ ਵੱਲ ਹੋ ਗਿਆ। ਉਹ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਸੱਦੇ ਉਤੇ ਗਏ ਡੈਲੀਗੇਸ਼ਨ ਦਾ ਮੈਂਬਰ ਸੀ ਅਤੇ ਚੰਡੀਗੜ੍ਹ ਦਾ ਰਹਿਣ ਵਾਲਾ ਸੀ।

“ਆਪਕੇ ਲੀਏ ਇੰਤਜ਼ਾਮਾਤ ਕਿਸਨੇ ਕੀਏ ਥੇ?” ਅਫ਼ਸਰ ਪੰਜਾਬੀ ਤੋਂ ਕਾਂਟਾ ਬਦਲ ਕੇ ਉਰਦੂ ਵੱਲ ਆ ਗਿਆ, “ਕਿਸ ਕਿਸ ਕੋ ਮਿਲੇ ਵਹਾਂ, ਫਾਊਡੇਸ਼ਨ ਸੇ ਤਾਅਲੁਕ ਕਬ ਸੇ ਹੈ? ।। । ਠੀਕ ਠੀਕ ਬਤਾਨਾ ਵਰਨਾ।। ।।” ਅਫ਼ਸਰ ਨੇ ਪ੍ਰਸ਼ਨਾਂ ਦੀ ਝੜੀ ਦੇ ਨਾਲ ਹੀ ਦਬਕਾ ਮਾਰਿਆ ਤਾਂ ਬਾਊ ਜੀ ਦੇ ਹੋਸ਼ ਉ-ੱਡ ਗਏ।

“ਸਾਹਿਬ ਬਹਾਦੁਰ ਤੁਸੀਂ ਇਨ੍ਹਾਂ ਨੰਬਰਾਂ ਉਤੇ ਫੋਨ ਕਰਕੇ ਜੋ ਵਾਕਫ਼ੀ ਲੈਣੀ ਹੋਵੇ ਲੈ ਸਕਦੇ ਹੋ।” ਬਾਊ ਜੀ ਨੇ ਕੰਬਦੇ ਹੱਥਾਂ ਨਾਲ ਆਪਣਾ ਮੋਬਾਇਲ, ਡਾਇਰੀ ਅਤੇ ਕੁੱਝ ਵਿਜ਼ਟਿੰਗ ਕਾਰਡ ਅਫ਼ਸਰ ਨੂੰ ਫੜਾਉਣੇ ਚਾਹੇ।

“ਵੋਹ ਤੋਂ ਮੈਂ ਕਰੂੰਗਾ ਹੀ, ਯੇਹ ਜੱਜ ਸਾਹਿਬ ਆਪਕੋ ਕੈਸੇ ਜਾਣਤੇ ਹੈ? ਯੇਹ ਤੋ ਹਕੂਮਤ ਕੀ ਮੁਖ਼ਾਲਫ਼ਤ ਕੀ ਵਜ੍ਹਾ ਸੇ ਆਜ ਕੱਲ੍ਹ ਹਿਰਾਸਤ ਮੈਂ ਹੈ, ਆਪ ਕੋ ਉਨ੍ਹੋ ਨੇ ਕਾਰਡ ਕੈਸੇ ਦੀਆ? ਐਸੇ ਮਾਸੂਮ ਮੱਤ ਬਨੋ, ਹਮ ਸੇ ਕੁਸ਼ ਛਿਪਾ ਹੂਆ ਨਹੀਂ ਐਂ, ਮਾਲੂਮਾਤ ਹਾਸਲ ਕਰਨੇ ਕੇ ਅੱਛੇ ਖਾਸੇ ਤਰੀਕੇ ਹੈਂ ਹਮਾਰੇ ਪਾਸ।” ਅਫ਼ਸਰ ਨੇ ਚਿਹਰੇ ਨੂੰ ਕੁਰੱਖਤਗੀ ਦੀ ਪਾਣ ਹੋਰ ਚਾੜ੍ਹ ਲਈ। ਉਸ ਨੂੰ ਇਉਂ ਚੰਡੀ ਚੜ੍ਹਦੀ ਵੇਖ ਕੇ ਸਾਡੇ ਤ੍ਰਾਹ ਨਿਕਲ ਗਏ। ਜਾਪਦਾ ਸੀ ਉਹ ਹੁਣੇ ਬਾਊ ਜੀ ਨੂੰ ਨਾਲ ਚੱਲਣ ਲਈ ਕਹੇਗਾ ਅਤੇ ਫਿਰ ਇੰਟੈਰੋਗੇਸ਼ਨ।। ।। ਇਸ ਖਿਆਲ ਨਾਲ ਮੇਰੇ ਅੰਦਰ ਹੌਲ ਪਿਆ।

ੋਵਿਚਾਰਾ ਸ਼ਾਇਦ ਖਾਹ-ਮਖਾਹ ਅੜਿੱਕੇ ਚੜ੍ਹ ਗਿਆ। ਇਹ ਸਾਡੇ `ਚੋਂ ਕਿਸੇ ਨਾਲ ਵੀ ਵਾਪਰ ਸਕਦੀ ਸੀ, ਮੇਰੀ ਸ਼ਾਇਦ ਪੱਗ ਨੇ ਮੈਨੂੰ ਬਚਾ ਲਿਆ। ਸ਼ਾਇਦ ਇਹ ਹਿੰਦੂ ਹੋਣ ਕਰਕੇ।। ।। ਜਾਂ ਪੱਗਾਂ ਵਾਲਿਆਂ ਨੂੰ ਇਹ ਵਿਖਾਉਣ ਲਈ ਕਿ ਵੇਖੋ ਮੈਂ ਇਨ੍ਹਾਂ ਕਮੀਨੇ ਹਿੰਦੂਆਂ ਦੀ ਕਿਵੇਂ ਦੁਰਗਤ ਕਰਦਾ ਹਾਂ।। ।। ਕਿਧਰੇ ਸੱਚ ਹੀ ਕੋਈ ਮਾੜੀ ਇਤਲਾਹ ਨਾ ਮਿਲੀ ਹੋਵੇ? ਖਬਰੇ ਕੀ ਕੋਤਾਹੀ ਹੋਈ ਸੀ। ਜਾਂ।। ।। ’ ਸੋਚਦਿਆਂ ਮੈਂ ਆਪ ਬਾਊ ਜੀ ਦਾ ਚਿਹਰਾ ਪੜ੍ਹਿਆ। ਉਸ ਦੀਆਂ ਅੱਖਾਂ ਵਿਚੋਂ ਸ਼ਹਿਰੀ ਮੌਕਾਪ੍ਰਸਤੀ ਵਾਲੀ ਭਾਹ ਤਾਂ ਜ਼ਰੂਰ ਝਲਕਦੀ ਸੀ ਪਰ ਸਮੁੱਚੇ ਪ੍ਰਭਾਵ ਤੋਂ ਉਹ ਕੋਈ ਅਪਰਾਧੀ ਕਿਸਮ ਦਾ ਬੰਦਾ ਨਹੀਂ ਜਾਪਦਾ ਸੀ। ਫਿਰ ਮੈਂ ਤਰਦੀ ਤਰਦੀ ਨਜ਼ਰ ਅਫ਼ਸਰ ਦੇ ਚਿਹਰੇ ਤੋਂ ਘੁੰਮਾਈ। ਉਹ ਵੀ ਕੋਈ ਤੁਅੱਸਬੀ ਨਹੀਂ ਸੀ ਜਾਪਦਾ ਪਰ ਨਫ਼ਰਤ ਦੀ ਹਲਕੀ ਜਿਹੀ ਲਕੀਰ ਉਸ ਦੇ ਮੱਥੇ ਦੀ ਤਿਉੜੀ ਵਿਚੋਂ ਜ਼ਰੂਰ ਦਿਸਦੀ ਸੀ।

“ਯੇਹ ਡਾਇਰੀ ਔਰ ਕਾਰਡ ਲੀਜੀਏ, ਮੈਂ ਯੇਹ ਕੁਸ਼ ਕਾਰਡ ਰੱਖ ਰਹਾ ਹੂੰ, ਅਬੀ ਕਈ ਕੁਸ਼ ਸਮਝਨਾ ਪੜੇਗਾ।” ਕਹਿੰਦਿਆਂ ਉਹ ਜਾਣ ਲਈ ਪਿੱਛੇ ਮੁੜਿਆ। ਮੈਨੂੰ ਉਮੀਦ ਸੀ ਕਿ ਜਾਣ ਤੋਂ ਪਹਿਲਾਂ ਸਾਨੂੰ ਦਿੱਤੀ ਤਕਲੀਫ਼ ਲਈ ਉਹ ਰਸਮੀ ਤੌਰ ਤੇ ਮੁਆਫ਼ੀ ਜ਼ਰੂਰ ਮੰਗੇਗਾ। ਅਜਿਹਾ ਹੋਇਆ ਨਹੀ, ਉਹ ਫੌਜੀਆਂ ਵਾਲੀ ਚਾਲ ਨਾਲ ਕੈਬਨ ਵਿਚੋਂ ਬਾਹਰ ਨਿਕਲ ਗਿਆ। ਲਗਦਾ ਸੀ ਜਿਵੇਂ ਦਫ਼ਤਰ ਜਾ ਕੇ ਉਹਨੀ ਪੈਰੀਂ ਵਾਪਸ ਆ ਜਾਵੇਗਾ ਅਤੇ ਉਸ ਦੇ ਨਾਲ ਪੁਲਸ ਦੀ ਗਾਰਦ ਹੋਵੇਗੀ। ਉਸ ਨੂੰ ਸਲੂਟਾਂ ਮਾਰਦੇ ਸਿਪਾਹੀਆਂ ਤੋਂ ਇੰਨਾ ਕੁ ਅੰਦਾਜਾ ਤਾਂ ਹੋ ਹੀ ਗਿਆ ਸੀ ਕਿ ਉਹ ਕੋਈ ਅਹਿਮ ਅਹੁਦੇ ਉਤੇ ਸੀ।

ਉਹ ਤਾਂ ਨਹੀਂ ਆਇਆ, ਇਹ ਭੈੜੀ ਖਬਰ ਜ਼ਰੂਰ ਆ ਗਈ ਕਿ ਗੱਡੀ ਵਿੱਚ ਇੱਕ ਮੁਟਿਆਰ ਗੁੰਮ ਗਈ ਸੀ। ਉਹ ਇੱਕ ਬਹੁਤ ਬਜੁਰਗ ਦੇ ਨਾਲ ਸੀ ਅਤੇ ਸ਼ਾਇਦ ਉਸਦੀ ਨੂੰਹ ਸੀ। ਜੇ ਲਾਹੌਰ ਤੋਂ ਚੜ੍ਹੀ ਸੀ ਤਾਂ ਰਾਹ ਵਿੱਚ ਕਿੱਥੇ ਗੁਆਚ ਗਈ ਸੀ? ਪੁਲਸ ਗੱਡੀ ਨੂੰ ਇਉਂ ਫਰੋਲਣ ਲੱਗੀ ਜਿਵੇਂ ਉਹ ਮੁਟਿਆਰ ਕੋਈ ਸੂਈ-ਸਲਾਈ ਸੀ ਅਤੇ ਤੂੜੀ ਦੀ ਵੱਡੀ ਧੜ ਵਿੱਚ ਗੁਆਚ ਗਈ ਸੀ। ਬੇਵਜ੍ਹਾ ਅੰਦਰ ਗਿਲਾਨੀ ਭਰ ਰਹੀ ਸੀ ਜਿਵੇਂ ਮੁਟਿਆਰ ਦੇ ਲਾਪਤਾ ਹੋ ਜਾਣ ਵਿੱਚ ਵੀ ਸਾਡਾ ਹੱਥ ਹੋਵੇ। ਉਹ ਘੰਟੇ ਦੀ ਸਖ਼ਤ ਕਵਾਇਦ ਪਿੱਛੋਂ ਮਸਾਂ ਮਿਲੀ ਤਾਂ ਕਿਤੇ ਸੁਖ ਦਾ ਸਾਹ ਆਇਆ ਅਤੇ ਕਿਧਰੇ ਗੱਡੀ ਤੁਰਨ ਦੀ ਆਸ ਹੋਈ। ਪਰ ਗੱਡੀ ਅਜੇ ਵੀ ਜਾਮ ਹੋਈ ਖੜ੍ਹੀ ਸੀ।

“ਭਾਈ ਜਾਨ ਹੁਣ ਕੀ ਅਹੁਰ ਐ? ੌ ਬਲਦੇਵ ਸਿੰਘ ਸੜਕਨਾਮਾ ਨੇ ਜੇਰਾ ਕਰ ਕੇ ਖਿੜਕੀ ਕੋਲ ਆ ਖੜ੍ਹੇ ਸਿਪਾਹੀ ਤੋਂ ਪੁੱਛ ਲਿਆ।

“ਸਾਡੇ ਵੱਲੋਂ ਤੇ ਮਾਸ਼ਾ ਅੱਲਾ ਕੋਈ ਦੇਰੀ ਨੲ੍ਹੀਂ, ਪਰ ਅਜੇ ਇੰਡੀਆ ਵਾਲੇ ਧਾਨੂੰ ਲੈਣ ਲਈ ਰਾਜ਼ੀ ਨੲ੍ਹੀਂ ਹੁੰਦੇ ਪਏ ਸਰਦਾਰ ਜੀ, ਖੌਰੇ ਕੀ ਮਾਜਰਾ ਏ।” ਉਸਨੇ ਹਸਦਿਆਂ ਮੁਗਾਲਤਾ ਕੀਤਾ। ਫਿਰ ਪਤਾ ਲੱਗਿਆ ਕਿ ਅਜੇ ਦਿੱਲੀ ਵਾਲੀ ਗੱਡੀ ਅਟਾਰੀ ਨਹੀਂ ਪਹੁੰਚੀ, ਇਸ ਲਈ ਸਿਗਨਲ ਨਹੀਂ ਸੀ ਹੋਇਆ।

“ਹੇ ਮੇਰੇ ਮੌਲਾ! ਖ਼ਬਰੇ ਕਦੋਂ ਪਹੁੰਚਣਾ ਏ, ਘਰ ਬੱਚੇ।। ।। ਮੈਂ ਤਾਂ ਅੱਗੇ ਨੂੰ ਕਦੀ ਨਾ ਜਾਸਾਂ ਪਾਕਿਸਤਾਨ, ਬੱਸ ਇਸ ਵਾਰ ਪਹੁੰਚ ਜਾਵਾਂ ਬੱਚਿਆਂ ਕੋਲ, ਹਾਏ!” ਬੌਂਦਲੀ ਜਿਹੀ ਗੁਜਰੀ ਨੇ ਹਾਉਕਾ ਭਰਦਿਆਂ ਦੁਆ ਮੰਗੀ।

ਭਾਰੀ ਹੋਇਆ ਵਕਤ ਲੰਘਾਉਣ ਲਈ ਫਿਰ ਮਾੜੀ-ਮੋਟੀ ਗੱਲਬਾਤ ਸ਼ੁਰੂ ਹੋਈ ਪਰ ਡਰਦਿਆਂ ਡਰਦਿਆਂ, ਜਿਵੇਂ ਕੰਧਾਂ ਦੇ ਕੰਨ ਸੁਣ ਲੈਣਗੇ।

“ਉਨ੍ਹਾਂ ਨੂੰ ਕੇਸਰੀ ਟੀ-ਸ਼ਰਟ ਦੇ ਇਸ਼ਾਰੇ ਨਾਲ ਕੋਈ ਇਤਲਾਹ ਮਿਲੀ ਹੋਣੀ ਏਂ, ਤਾਈਂ ਸੋਡੇ ਦੋਵਾਂ ਤੋਂ ਵਧੇਰੇ ਪੁੱਛ-ਗਿੱਛ ਕੀਤੀ ਏ।” ਪ੍ਰੇਮ ਪ੍ਰਕਾਸ਼ ਨੇ ਆਪਣੀ ਘੋਖ-ਪੜਤਾਲ ਨਾਲ ਸਿੱਟਾ ਕੱਢਿਆ।

“ਏਹ ਤੇ ਬਚ ਗਏ ਨੇ, ਹੁਣ ਮੇਰੀ ਵਾਰੀ ਏ, ਹੇ ਅੱਲ੍ਹਾ!” ਆਪਣੇ ਸਮਾਨ ਵੱਲ ਝਾਕਦਿਆਂ ਗੁਜਰੀ ਨੇ ਆਪਣੇ ਅੰਦਰ ਉਬਲ ਰਹੇ ਡਰ ਨੂੰ ਪ੍ਰੇਮ ਪ੍ਰਕਾਸ਼ ਨਾਲ ਸਾਂਝਾ ਕੀਤਾ।

“ਲੈ ਹੈ ਕਮਲੀ, ਤੈਨੂੰ ਘੇਰਨ ਦਿੰਨੇ ਆਂ ਅਸੀਂ? ਔਰਤ ਜ਼ਾਤ ਖ਼ਾਤਿਰ ਅਸੀਂ ਸ਼ਹੀਦ ਨਾ ਹੋਜਾਂਗੇ, ਹੈਂ?” ਪ੍ਰੇਮ ਪ੍ਰਕਾਸ਼ ਨੇ ਦਿਲਲਗੀ ਕੀਤੀ। ਥੋੜ੍ਹਾ ਹਾਸਾ-ਠੱਠਾ ਹੋਣ ਲੱਗਿਆ ਤਾਂ ਮਾਹੌਲ ਕੁੱਝ ਸਾਵਾਂ ਜਾਪਣ ਲੱਗਿਆ।

ਅਖੀਰ ਦਿਨ ਦੇ ਛਿਪਾਅ ਨਾਲ ਗੱਡੀ ਹਿੱਲੀ। ਵਾਹਗੇ ਬਾਰਡਰ ਦਾ ਡਰ ਪਿੱਛੇ ਛੁਟਦਾ ਜਾਪਿਆ। ਗੱਡੀ ਦੀ ਕੀੜੀ-ਤੋਰ ਅਜੇ ਵੀ ਮਨ ਕਾਹਲਾ ਪਾ ਰਹੀ ਸੀ। ਮਸਾਂ ਹੀ ਅੱਗੇ ਅਟਾਰੀ ਸਟੇਸ਼ਨ ਦਾ ਬੋਰਡ ਨਜ਼ਰ ਆਇਆ।

“ਸ਼ੁਕਰ ਏ, ਪਹੁੰਚ ਗਏ ਆਂ ਆਪਣੇ ਵਤਨ, ਏਥੇ ਤਾਂ ਕਿਵੇਂ ਨਾ ਕਿਵੇਂ ਬਚਾਅ ਹੋ ਈ ਜਾਏਗਾ।” ਅਟਾਰੀ ਦਾ ਬੋਰਡ ਵੇਖ ਕੇ ਗੁਜਰੀ ਚਾਈਂ ਚਾਈਂ ਸਮਾਨ ਸੰਭਾਲਣ ਲੱਗੀ। ਕਸਟਮ ਵਾਲਿਆਂ ਦਾ ਭੈਅ ਜਿਵੇਂ ਹੁਣ ਉਸ ਲਈ ਬਹੁਤ ਛੋਟੀ ਗੱਲ ਸੀ।

ਪਰਿਵਾਰੇ ਗਏ ਮੁਰਦੇ ਬੰਦਿਆਂ ਦੇ ਮੁੜ ਜਿਉਂਦੇ ਹੋਣ ਤੇ ਯਮਾ ਵੱਲੋਂ ਲਿਜਾਣ ਅਤੇ ਫਿਰ ਛੱਡਣ ਦੀਆਂ ਗੱਲਾਂ ਤਾਂ ਕਈ ਵਾਰ ਸੁਣੀਆਂ ਸਨ ਪਰ ਲਗਦਾ ਸੀ ਜਿਵੇਂ ਅੱਜ ਖੁਦ ਵੀ ਉਸੇ ਅਨੁਭਵ `ਚੋਂ ਲੰਘੇ ਹੋਈਏ। ਸ਼ਾਇਦ ਕਿਸੇ ਹੋਰ ਦੇ ਭੁਲੇਖੇ ਇਜ਼ਰਾਈਲ ਫਰਿਸ਼ਤਾ ਸਾਨੂੰ ਲੈਣ ਆ ਗਿਆ ਸੀ। ਭਾਵੇਂ ਸਾਡੀ ਜਾਨ ਤਾਂ ਅਖੀਰ ਬਖ਼ਸ਼ ਗਿਆ ਸੀ ਪਰ ਸਾਡੇ ਪ੍ਰਾਣਾਂ ਦੀ ਇੱਕ ਮੁੱਠ ਭਰ ਕੇ ਤਾਂ ਫੇਰ ਵੀ ਲੈ ਹੀ ਗਿਆ ਸੀ। ਆਪਣੇ ਭਾਰਤ ਵਿੱਚ ਕਦਮ ਰਖਦਿਆਂ ਮੁੜ ਜਿਉਂਦੇ ਹੋਣ ਵਰਗਾ ਅਹਿਸਾਸ ਹੋਇਆ।

19 ਅਪ੍ਰੈਲ 2001 ਦੀ ਸਵੇਰ।

ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’

ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ ਦੀਆਂ ਨਿੱਕੀਆਂ ਟੁਕੜੀਆਂ। ਮੈਂ ਲਾਹੌਰ ਦੇ ਆਖ਼ਰੀ ਦਰਸ਼ਨ ਆਪਣੀਆਂ ਅੱਖਾਂ ਦੀਆਂ ਪੁਤਲੀਆਂ ‘ਚ ਸਾਂਭ ਲੈਣਾ ਚਾਹੁੰਦਾ ਸਾਂ। ਜਿਵੇਂ ਕੋਈ ਆਪਣੇ ਮਹਿਬੂਬ ਤੋਂ ਆਖ਼ਰੀ ਵਾਰ ਵਿਛੜਣ ਸਮੇਂ ਉਹਨੂੰ ਨਜ਼ਰਾਂ ਹੀ ਨਜ਼ਰਾਂ ‘ਚ ਡੀਕ ਲਾ ਕੇ ਪੀ ਜਾਣਾ ਚਾਹੁੰਦਾ ਹੋਵੇ ਤੇ ਉਸ ਦੇ ਨਕਸ਼ਾਂ ਨੂੰ ਆਪਣੇ ਚੇਤਿਆਂ ਵਿਚ ਸਥਿਰ ਕਰ ਲੈਣਾ ਚਾਹੁੰਦਾ ਹੋਵੇ।

‘‘ਅੱਛਾ! ਪਿਆਰੇ ਲਾਹੌਰ! ਅਲਵਿਦਾ! ਅਸੀਂ ਤਾਂ ਤੇਰੇ ਹਾਂ ਪਰ ਤੂੰ ਹੁਣ ਸਾਡਾ ਨਹੀਂ।’’ ਮੈਂ ਭਾਵੁਕ ਹੋਏ ਉਲਾਰ ਆਸ਼ਕ ਵਾਂਗ ਬੁੜਬੁੜਾਇਆ।

 

‘ਸਮਝੌਤਾ ਐਕਸਪੈ੍ਰਸ’ ਚੱਲਣੀ ਤਾਂ ਭਾਵੇਂ ਅੱਠ ਵਜੇ ਸੀ, ਪਰ ਸਟੇਸ਼ਨ ਉਤੇ ਸਵੇਰੇ ਛੇ ਵਜੇ ਪਹੰੁਚਣ ਦਾ ਹੀ ਪ੍ਰੋਗਰਾਮ ਸੀ। ਕੁਝ ਮਿੰਟਾਂ ਵਿਚ ਹੀ ਅਸੀਂ ਲਾਹੌਰ ਦੇ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਖੜ੍ਹੇ ਸਾਂ। ਇਸ ਵੇਲੇ ਬਹੁਤੀ ਭੀੜ ਨਹੀਂ ਸੀ। ਸ਼ਾਇਦ ਤੁਰਤ ਕਿਸੇ ਗੱਡੀ ਦੇ ਆਉਣ ਜਾਣ ਦਾ ਸਮਾਂ ਨਹੀਂ ਸੀ। ਇਸ ਲਈ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਵੀ ਆਰਾਮ ਵਿਚ ਸੁਸਤਾ ਰਹੀ ਲੱਗੀ।

ਲਾਲ ਵਰਦੀ ਵਾਲੇ ਕੁਲੀਆਂ ਦੀ ਚਹਿਲ-ਪਹਿਲ ਵਧੇਰੇ ਸੀ। ਇਕ ਕੁਲੀ ਨੇ ਜਦੋਂ ਸਾਡਾ ਚਾਰ ਜਣਿਆਂ ਦਾ ਸਾਮਾਨ ਪਲੇਟਫਾਰਮ ਤਕ ਲੈ ਕੇ ਜਾਣ ਦੇ ਚਾਰ ਸੌ ਰੁਪੈ ਮੰਗੇ ਤਾਂ ਉਸ ਦੀ ਨਾਜਾਇਜ਼ ਮੰਗ ਪਹਿਲਾਂ ਤਾਂ ਮਿਰਚ ਵਾਂਗ ਹੀ ਲੜੀ ਪਰ ਅਸੀਂ ਤੁਰਤ ਹੀ ਤਿੰਨ ਸੌ ਰੁਪਏ ਦੇਣਾ ਮੰਨ ਗਏ।

ਦੋ ਜਣਿਆਂ ਨੇ ਸਾਡੇ ਚਾਰ ਅਟੈਚੀ ਤੇ ਚਾਰ ਬੈਗ ਰੇੜ੍ਹੀ ਉਤੇ ਰੱਖੇ ਤੇ ਉਹਨੂੰ ਰੇੜ੍ਹ ਕੇ ਸਾਡੇ ਅੱਗੇ ਅੱਗੇ ਤੁਰ ਪਏ। ਸਾਡੇ ਸਾਰਿਆਂ ਕੋਲ ਕੁਝ ਨਾ ਕੁਝ ਪਾਕਿਸਤਾਨੀ ਕਰੰਸੀ ਬਚੀ ਹੋਈ ਸੀ। ਭਾਰਤ ਪੁੱਜ ਕੇ ਅਸੀਂ ਉਹਦਾ ਕੀ ਕਰਨਾ ਸੀ। ਚੱਲੋ ਕੁਲੀ ਖ਼ੁਸ਼ ਹੋ ਲੈਣ। ਇਹੋ ਹੀ ਅਸੀਂ ਸੋਚਿਆ ਸੀ।

‘‘ਰੁਕ ਉਏ! ਕਿੰਨੇ ਪੈਸੇ ਲਏ ਨੇ ਸਰਦਾਰ ਹੋਰਾਂ ਤੋਂ।’’ ਇਕ ਪੁਲਸੀਏ ਨੇ ਹੱਥ ਵਿਚ ਫੜਿਆ ਡੰਡਾ ਅੱਗੇ ਕੀਤਾ।

‘‘ਜੀ…ਜੀ…’’ ਕੁਲੀ ਅਜੇ ਜਵਾਬ ਦੇ ਹੀ ਨਹੀਂ ਸੀ ਸਕਿਆ ਕਿ ਪੁਲਸੀਆ ਸਾਨੂੰ ਮੁਖ਼ਾਤਬ ਹੋਇਆ, ‘‘ਕਿੰਨੇ ਪੈਸੇ ਦੇਣੇ ਕੀਤੇ ਜੇ ਸਰਦਾਰ ਜੀ!’’

‘‘ਤਿੰਨ ਸੌ।’’

‘‘ਹਯਾ ਕਰੋ ਉਏ ਕੁਛ! ਹਯਾ ਕਰੋ! ਕਿਉਂ ਲੁੱਟਣ ‘ਤੇ ਲੱਕ ਬੱਧਾ ਜੇ! ਮਹਿਮਾਨਾਂ ਨਾਲ ਏਹ ਸਲੂਕ ਕਰਦੇ ਜੇ! ਇਹ ਕੀ ਆਖਣਗੇ ਉਧਰ ਜਾ ਕੇ ਤੁਹਾਡੇ ਬਾਰੇ…’’ ਉਸ ਨੇ ਰੇੜ੍ਹੀ ਨੂੰ ਬੈਂਤ ਨਾਲ ਠਕੋਰਿਆ।

ਦੋਹਾਂ ਕੁਲੀਆਂ ਕੋਲ ਕੋਈ ਜਵਾਬ ਨਹੀਂ ਸੀ।

‘‘ਤੂੰ ਐਥੇ ਖਲੋ ਜਾ। ਇਕ ਜਣਾ ਸਾਮਾਨ ਛੱਡ ਆਓ।’’ ਉਸ ਨੇ ਦੋਹਾਂ ਕੁਲੀਆਂ ‘ਚੋਂ ਇਕ ਨੂੰ ਆਪਣੇ ਕੋਲ ਰੋਕ ਲਿਆ। ਦੂਜੇ ਪੁਲਸੀਏ ਨੂੰ ਕਹਿ ਕੇ ਉਸ ਨੇ ਦੋਹਾਂ ਕੁਲੀਆਂ ਦੇ ਮੋਢਿਆਂ ‘ਤੇ ਲੱਗੀ ਨੰਬਰ-ਪੱਟੀ ਉਤਰਵਾ ਲਈ।

‘‘ਜਾਓ ਸਰਦਾਰ ਜੀ! ਇਹਨੂੰ ਪੰਜਾਹ ਰੁਪੈ ਤੋਂ ਵੱਧ ਨਹੀਂ ਦੇਣੇ।…ਇਹਨਾਂ ਨੂੰ ਛੱਡ ਕੇ ਐਥੇ ਆ ਜਾਹ ਉਏ ਸਿੱਧਾ ਬੰਦੇ ਦਾ ਪੁੱਤ ਬਣ ਕੇ…’’

ਰੇੜੀ ਖਿੱਚ ਰਹੇ ਕੁਲੀ ਨੇ ਪਲੇਟਫਾਰਮ ‘ਤੇ ਪੁੱਜ ਕੇ ਸਿਰ ਝਟਕਿਆ, ‘‘ਜਾਓ ਸਰਦਾਰ ਜੀ, ਦੱਸਣਾ ਕਾਹਨੂੰ ਸੀ!’’

‘‘ਸਾਨੂੰ ਪਹਿਲਾਂ ਸਮਝਾ ਲੈਣਾ ਸੀ।’’

‘‘ਹੁਣ ਪਤਾ ਨਹੀਂ ਕਿੰਨੇ ਪੈਸੇ ਲੈ ਕੇ ਕੰਜਰ ਨੇ ਜਾਨ ਛੱਡਣੀ ਏ।’ ਉਸ ਨੂੰ ਸਾਡੀ ਸਵੇਰੇ ਸਵੇਰੇ ਦੀ ਬੋਹਣੀ ਰਾਸ ਨਹੀਂ ਸੀ ਆਈ।

ਵਾਅਦੇ ਮੁਤਾਬਕ ਅਸੀਂ ਉਸ ਨੂੰ ਤਿੰਨ ਸੌ ਰੁਪੈ ਹੀ ਦਿੱਤੇ। ਉਹ ਸਾਡਾ ਸਾਮਾਨ ਉਤਾਰ ਕੇ ਨਾਖ਼ੁਸ਼ ਮਨ ਨਾਲ ਵਾਪਸ ਮੁੜ ਗਿਆ। ਪਲੇਟਫ਼ਾਰਮ ‘ਤੇ ਸਾਡੇ ਸਾਥੀ ਹੌਲੀ ਹੌਲੀ ਪਹੁੰਚ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਆਏ ਲਾਹੌਰੀਏ ਇਕ ਦੂਜੇ ਨਾਲ ਬਗ਼ਲਗੀਰ ਹੋ ਰਹੇ ਸਨ। ਰਾਇ ਅਜ਼ੀਜ਼ ਉਲਾ ਤੇ ਇਲਿਆਸ ਘੁੰਮਣ ਸਾਨੂੰ ਮਿਲ ਕੇ ਹੋਰ ਦੋਸਤਾਂ ਨੂੰ ਅਲਵਿਦਾ ਕਹਿ ਰਹੇ ਸਨ। ਆਪਣੀ ਪਸੰਦ ਦਾ ਇਕ ਖ਼ਾਲੀ ਡੱਬਾ ਵੇਖ ਕੇ ਅਸੀਂ ਉਸ ਵਿਚ ਆਪਣਾ ਸਾਮਾਨ ਟਿਕਾ ਦਿੱਤਾ। ਸਾਨੂੰ ਵੇਖ ਕੇ ਗੁਰਭਜਨ ਗਿੱਲ ਤੇ ਸਿਰਸਾ ਵਾਲਾ ਸੁਖਦੇਵ ਸਾਡੇ ਡੱਬੇ ‘ਚ ਆ ਗਏ। ਗੁਰਭਜਨ ਗਿੱਲ ਨੇ ਬੋਕਨਾ ਪਾ ਕੇ ਇਕ ਪੌਦੇ ਨੂੰ ਗਮਲੇ ਸਮੇਤ ਚੁੱਕਿਆ ਹੋਇਆ ਸੀ। ਉਹ ਇਸ ਨੂੰ ਆਪਣੇ ਨਾਲ ਭਾਰਤ ਲਿਜਾ ਰਿਹਾ ਸੀ।

‘‘ਅਸੀਂ ਕੱਲ੍ਹ ਗੌਰਮਿੰਟ ਕਾਲਜ ਲਾਹੌਰ ਗਏ। ਜਾਂਦਿਆਂ ਜਾਂਦਿਆਂ ਮੈਂ ਇਕ ਬੂਟਾ ਵੇਖ ਕੇ ਮਾਲੀ ਨੂੰ ਕਿਹਾ ਕਿ ਏਹ ਬੜਾ ਵੱਖਰੀ ਤਰ੍ਹਾਂ ਦਾ ਬੂਟਾ ਹੈ। ਬਹੁਤ ਵਧੀਆ।‥’’ ਏਨਾ ਕਹਿ ਕੇ ਅਸੀਂ ਕਾਲਜ ਵਿਚ ਹੋਣ ਵਾਲੇ ਸਮਾਗਮ ‘ਚ ਪੁੱਜ ਗਏ। ਵਾਪਸ ਆ ਕੇ ਕਾਰ ਵਿਚ ਬੈਠਣ ਲੱਗੇ ਤਾਂ ਮਾਲੀ ਗਮਲੇ ਵਿਚ ਉਹੀ ਬੂਟਾ ਲਾਈ ਮੈਨੂੰ ਦੇਣ ਵਾਸਤੇ ਖਲੋਤਾ ਸੀ।

‘‘ਸਰਦਾਰ ਜੀ! ਤੁਹਾਨੂੰ ਇਹ ਚੰਗਾ ਲੱਗਿਆ। ਇਸ ਨੂੰ ਸਾਡੀ ਯਾਦ ਵਜੋਂ ਨਾਲ ਲੈ ਜਾਓ।’’… ਉਸ ਨੇ ਆਜਜ਼ੀ ਵਿਚ ਹੱਥ ਜੋੜੇ ਹੋਏ ਸਨ।’’

ਗੁਰਭਜਨ ਨੇ ਬੂਟੇ ਨੂੰ ਆਰਾਮ ਨਾਲ ਸੁਰੱਖਿਅਤ ਜਗ੍ਹਾ ‘ਤੇ ਟਿਕਾ ਦਿੱਤਾ।

ਕਿਸੇ ਆਖਿਆ, ‘‘ਇਕ ਤੋਂ ਦੂਜੇ ਮੁਲਕ ਵਿਚ ਪੌਦਾ ਲੈ ਕੇ ਜਾਣਾ ਵੀ ਸਮਗਲਿੰਗ ‘ਚ ਸ਼ਾਮਲ ਹੁੰਦਾ ਹੈ।’’

‘‘ਭਾਈ ਸਿੱਖੋ! ਇਹ ਤਾਂ ਮੁਹੱਬਤ ਦਾ ਬੂਟਾ ਹੈ। ਇਸ ਨੂੰ ਸਰਹੱਦ ਪਾਰ ਜਾਣੋਂ ਕੌਣ ਰੋਕੇਗਾ।’’

ਉਸ ਦੀ ਗੱਲ ਠੀਕ ਸੀ। ਮੁਹੱਬਤ ਦੀ ਖ਼ੁਸ਼ਬੂ ਹੱਦਾਂ ਦੀ ਗੁਲਾਮ ਨਹੀਂ ਹੁੰਦੀ।

‘‘ਵੋਹ ਤੋ ਖ਼ੁਸ਼ਬੂ ਹੈ ਹਵਾਓਂ ਮੇਂ ਬਿਖ਼ਰ ਜਾਏਗਾ।

ਮਸਲਾ ਫੂਲ ਕਾ ਹੈ ਫੂਲ ਕਿਧਰ ਜਾਏਗਾ!

ਪਾਕਿਸਤਾਨੀ ਸ਼ਾਇਰਾ ਪਰਵੀਨ ਸ਼ਾਕਿਰ ਦਾ ਸ਼ਿਅਰ ਮੇਰੇ ਚੇਤੇ ‘ਚ ਬੋਲਿਆ।

ਡੱਬੇ ਵਿਚ ਇਸ ਖ਼ੁਸ਼ਬੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਹਰੇਕ ਕੋਲ ਦੱਸਣ ਵਾਸਤੇ ਕੁਝ ਨਾ ਕੁਝ ਹੈ ਸੀ।

‘‘ਮੈਂ ਮੁਸ਼ਾਇਰੇ ਵਿਚ ਨਜ਼ਮ ਪੜ੍ਹੀ ਸੀ ਜਿਸ ਦੀਆਂ ਪਹਿਲੀਆਂ ਸਤਰਾਂ ਸਨ,

‘‘ਸੱਚ ਮੁੱਚ ਯਾਰਾ! ਜੀ ਨਹੀਂ ਲੱਗਦਾ,’’

ਸੁਖਦੇਵ ਨੇ ਗੱਲ ਸ਼ੁਰੂ ਕੀਤੀ। ਮੁਸ਼ਾਇਰੇ ਤੋਂ ਬਾਅਦ ਇਕ ਮੁਸਲਮਾਨ ਔਰਤ ਸੁਖਦੇਵ ਕੋਲ ਆਈ ਤੇ ਕਹਿਣ ਲੱਗੀ ‘ਤੁਸੀਂ ਸੱਚ ਆਖਦੇ ਓ ਸਰਦਾਰ ਜੀ! ਹੁਣ ਜੀ ਕੀ ਲੱਗਣਾ ਹੋਇਆ!’’

ਔਰਤ ਦੇ ਹਉਕੇ ਵਰਗੇ ਬੋਲ ਸੁਣ ਕੇ ਤੇ ਲੰਮਾ ਹਉਕਾ ਲੈ ਕੇ ਸੁਖਦੇਵ ਚੁੱਪ ਹੋ ਗਿਆ।

ਮੈਂ ਬਾਹਰ ਪਲੇਟਫਾਰਮ ‘ਤੇ ਵੇਖਿਆ। ਦਲੀਪ ਕੌਰ ਟਿਵਾਣਾ, ਰਮਾ ਰਤਨ ਤੇ ਸੁਖਵਿੰਦਰ ਅੰਮ੍ਰਿਤ ਸਾਡੇ ਡੱਬੇ ਕੋਲੋਂ ਲੰਘ ਰਹੀਆਂ ਸਨ। ਮੈਂ ਸੁਖਦੇਵ ਦੀ ਗੱਲ ਸੁਣ ਕੇ ਮੁਸ਼ਾਇਰੇ ‘ਚੋਂ ਬਾਹਰ ਨਿਕਲ ਆਇਆ ਸਾਂ ਪਰ ਸੁਖਵਿੰਦਰ ਅੰਮ੍ਰਿਤ ਨੂੰ ਵੇਖ ਕੇ ਮੈਂ ਫਿਰ ਫ਼ਲੈਟੀਜ਼ ਦੇ ਹਾਲ ਵਿਚ ਪੁੱਜ ਗਿਆ। ਸੁਖਵਿੰਦਰ ਅੰਮ੍ਰਿਤ ਆਪਣੀ ਗ਼ਜ਼ਲ ਦਾ ਪਹਿਲਾ ਮਿਸਰਾ ਬੋਲ ਰਹੀ ਸੀ।

‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ।’’

‘‘ਵਾਹ! ਵਾਹ!!’’ ਹੋਈ ਤੇ ਤਾੜੀਆਂ ਦੀ ਆਵਾਜ਼ ਆਈ। ਹੌਸਲਾ ਫੜ੍ਹ ਕੇ ਚਾਅ ਵਿਚ ਭਿੱਜ ਕੇ ਅੰਮ੍ਰਿਤ ਨੇ ਪੂਰਾ ਸ਼ੇਅਰ ਬੋਲਿਆ।

‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ’’

ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ।

ਹਾਲ ਕਿੰਨਾ ਚਿਰ ਤਾੜੀਆਂ ਦੀ ਗੜਗੜਾਹਟ ਵਿਚ ਗੂੰਜਦਾ ਰਿਹਾ ਤੇ ਫਿਰ ਹਰੇਕ ਸ਼ੇਅਰ ਉਤੇ ਦਾਦ ਤੇ ਤਾੜੀਆਂ…। ਉਸ ਨੇ ਮੁਸ਼ਾਇਰਾ ਲੁੱਟ ਲਿਆ ਸੀ। ਹੁਣ ਉਸ ਦੇ ਪ੍ਰਸੰਸਕਾਂ ਦੀ ਭੀੜ ਉਸ ਨੂੰ ਵਿਦਾ ਕਰਨ ਆਈ ਹੋਈ ਸੀ।

ਕੀ ਅਸੀਂ ਦੋਵੇਂ ਮੁਲਕ ਇਕ ਦੂਜੇ ਦੇ ਰਾਹਾਂ ‘ਚ ਅੰਗਿਆਰ ਵਿਛਾਉਣ ਦੀ ਥਾਂ ਫੁੱਲ ਨਹੀਂ ਵਿਛਾ ਸਕਦੇ?

‘‘ਲੈ ਜਾਓ ਸਰਦਾਰ ਜੀ! ਬਹੁਤ ਕੰਮ ਦੀ ਚੀਜ਼ ਏ…ਸਸਤੇ ਤੇ ਲੱਗੇ ਮੁੱਲ।’’ ਸਾਮਾਨ ਵੇਚਣ ਵਾਲੇ ਮੁੰਡੇ ਨੇ ਸਾਮਾਨ ਨਾਲ ਭਰਿਆ ਥੈਲਾ ਗਲ ਵਿਚ ਪਾਇਆ ਹੋਇਆ ਸੀ ਤੇ ਹੱਥ ਵਿਚ ਇਕ ਛੋਟੀ ਜਿਹੀ ਜੇਬੀ ਟੇਪ-ਰਿਕਾਰਡ ਫੜੀ ਹੋਈ ਸੀ।

‘‘ਕਿੰਨੇ ਦੀ ਦਏਂਗਾ?’’ ਮੈਂ ਸ਼ੁਗਲ ਸ਼ੁਗਲ ਵਿਚ ਪੁੱਛਿਆ।

‘‘ਬਾਰਾਂ ਸੌ ਦੀ ਏ, ਪਰ ਤੁਹਾਨੂੰ ਅੱਠ ਸੌ ਰੁਪਏ ਵਿਚ ਦੇ ਦਿਆਂਗਾ।’’

‘‘ਦੋ ਸੌ ਦੀ ਦੇਣੀ ਊ?’’ ਆਖ ਕੇ ਮੈਂ ਹੱਸਿਆ। ਅਸੀਂ ਮੁੱਲ ਕਰਨਾ ਸਿਖ ਲਿਆ ਸੀ।

ਮੁੰਡਾ ਵੀ ਹੱਸਿਆ, ‘‘ਸਰਦਾਰ ਜੀ ਲੈਣ ਵਾਲੀ ਗੱਲ ਕਰੋ।’’

ਮੈਂ ਉਸ ਦੇ ਹੱਥੋਂ ਟੇਪ-ਰਿਕਾਰਡਰ ਫੜੀ ਤੇ ਬਟਨ ਨੱਪ ਦਿੱਤਾ। ਨਸੀਬੋ ਲਾਲ ਗਾ ਰਹੀ ਸੀ।

ਮੁੰਡਾ ਕਬੂਤਰ ਵਰਗਾ ਫੜਿਆ

ਪਿਆਰ ਦਾ ਜਾਣਾ ਪਾ ਕੇ

‘‘ਚੀਜ਼ ਤਾਂ ਚੰਗੀ ਐਂ’’ ਕਿਸੇ ਨੇ ਕਿਹਾ। ਮੈਂ ਟੇਪ ਰਿਕਾਰਡਰ ਮੁੰਡੇ ਦੇ ਹੱਥ ਵਿਚ ਫੜਾ ਦਿੱਤੀ। ਮੈਂ ਕਿਹੜਾ ਖ਼ਰੀਦਣੀ ਸੀ।

‘‘ਤੀਹਾਂ ਦੀ ਟੇਪ, ਵੀਹਾਂ ਦੇ ਸੈੱਲ ਤੇ ਮਿਊਜ਼ਿਕ ਸੁਣਨ ਲਈ ਕੰਨਾਂ ਨੂੰ ਲਾਉਣ ਵਾਲਾ ਇਹ’’, ਉਸ ਨੇ ਨਿੱਕਾ ਜਿਹਾ ਵਾਕਮੈਨ ਵਿਖਾ ਕੇ ਕਿਹਾ, ‘‘ਸੌ ਤੋਂ ਉਤੋਂ ਤਾਂ ਇਹੋ ਈ ਨੇ।’’

‘‘ਕਿਸੇ ਨਹੀਂ ਲੈਣੀ ਭਰਾ। ਜਾਹ ਤੂੰ’’ ਕਿਸੇ ਨੇ ਆਖਿਆ ਪਰ ਮੁੰਡਾ ਮੇਰੇ ਵੱਲ ਵੇਖੀ ਜਾ ਰਿਹਾ ਸੀ।

‘‘ਦੋ ਸੌ ਦੀ ਦੇਣੀ ਤਾਂ ਗੱਲ ਕਰ ਨਹੀਂ ਤਾਂ ਪੈਂਡਾ ਖੋਟਾ ਨਾ ਕਰ।’’

ਸਾਡੀ ਨੀਅਤ ਤਾੜ ਕੇ ਮੁੰਡਾ ਤੁਰ ਗਿਆ। ਉਸ ਨੂੰ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਸੀ ਜਾਪਦਾ। ਅਸੀਂ ਵੀ ਆਪਣੀਆਂ ਗੱਲਾਂ ਕਰਨੀਆਂ ਸਨ।

ਗੁਰਭਜਨ ਗਿੱਲ ਤੇ ਸੁਖਦੇਵ ਹੁਰੀਂ ਗੁਰਭਜਨ ਦੇ ਜਾਣੂ ਅਸਲਮ ਨੂੰ ਮਿਲਣ ਉਸ ਦੇ ਘਰ ਗਏ। ਗੁਰਭਜਨ ਦੇ ਅਸਲਮ ਹੁਰਾਂ ਨਾਲ ਨਜ਼ਦੀਕੀ ਸਬੰਧ ਹਨ। ਤੁਰਨ ਲੱਗੇ ਤਾਂ ਘਰ ਦੀ ਨੌਕਰਾਣੀ ਇਕ ਬਜ਼ੁਰਗ ਔਰਤ ਇਨ੍ਹਾਂ ਕੋਲ ਆਈ ਤੇ ਮਾਵਾਂ ਵਾਂਗ ਸਿਰ ਪਲੋਸ ਕੇ ਬੋਲੀ, ‘‘ਬੜਾ ਚੰਗਾ ਹੁੰਦਾ ਸੀ ਅਮਰੀਕ ਸਿੰਘ ; ਸਰਦਾਰ ਸਾਰੇ ਹੀ ਬੜੇ ਚੰਗੇ ਹੁੰਦੇ ਨੇ।’’ ਉਹ ਧੁਰ ਅੰਦਰੋਂ ਬੋਲੀ ਤੇ ਫਿਰ ਇਨ੍ਹਾਂ ਦੇ ਚਿਹਰੇ ‘ਚੋਂ ਅਮਰੀਕ ਸਿੰਘ ਦਾ ਚਿਹਰਾ ਲੱਭਦੀ ਕਿੰਨਾ ਚਿਰ ਚੁੱਪ-ਚਾਪ ਕੋਲ ਖਲੋਤੀ ਰਹੀ।

ਪ੍ਰਚਾਰ ਮਾਧਿਅਮਾਂ ਰਾਹੀਂ ਪਾਕਿਸਤਾਨੀਆਂ ਦੇ ਮਨਾਂ ਵਿਚ ਹਿੰਦੂਆਂ ਪ੍ਰਤੀ ਇਕ ਉਲਾਰ ਨਫ਼ਰਤ ਕੁੱਟ-ਕੁੱਟ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਸੀ। ਸਿੱਖਾਂ ਪ੍ਰਤੀ ਉਲਾਰ ਹੇਜ ਪ੍ਰਗਟਾਉਣਾ ਉਥੋਂ ਦੀ ਸਰਕਾਰੀ ਨੀਤੀ ਦਾ ਵੀ ਇਕ ਹਿੱਸਾ ਹੈ। ਪੈਂਹਠ ਦੀ ਜੰਗ ਸਮੇਂ ਨਜ਼ਾਮਦੀਨ ਲਾਹੌਰ ਰੇਡੀਓ ਤੋਂ ਆਖਦਾ ਹੁੰਦਾ ਸੀ, ‘‘ਚੌਧਰੀ ਜੀ, ਆਪਾਂ ਨੂੰ ਆਹ ਅੰਬਾਲੇ ਤਕ ਹੀ ਮਾੜੀ ਮੋਟੀ ਔਖ ਏ। ਏਥੇ ਆਪਣੇ ਸਿੱਖ ਭਰਾ ਨੇ…, ਅੱਗੇ ਦਿੱਲੀ ਤੱਕ ਤਾਂ ਆਪਾਂ ਡੀ.ਡੀ.ਟੀ. ਹੀ ਛਿੜਕੀ ਜਾਣੀ ਏ…।’’

ਪਰ ਸਾਡਾ ਦੋਸਤ ਮੋਹਨ ਗੰਡੀਵਿੰਡੀਆ ਜਦੋਂ ਪੈਂਹਠ ਦੀ ਜੰਗ ਤੋਂ ਪਿਛੋਂ ਜਥੇ ਨਾਲ ਲਾਹੌਰ ਗਿਆ ਸੀ ਤਾਂ ਲਾਹੌਰ ਦੇ ਬਾਜ਼ਾਰ ਵਿਚ ਇਕ ਛੋਟੇ ਜਿਹੇ ਮੁੰਡੇ ਨੇ ਉਨ੍ਹਾਂ ਕੋਲ ਆ ਕੇ ਉੱਚੀ ਆਵਾਜ਼ ਵਿਚ ਆਖਿਆ ਸੀ, ‘‘ਸਿੱਖ! ਟਕੇ ਦਾ ਇਕ।’’ ਪਰ ਇਹ ਮੁਸਲਮਾਨ ਬੀਬੀ ਦੇ ਬੋਲਾਂ ‘ਚ ਸਰਕਾਰ ਨਹੀਂ, ਉਹਦਾ ਆਪਣੀ ਹੀ ਦਿਲ ਬੋਲਦਾ ਸੀ।

ਮੈਂ ਵੀ ਕੌੜੀ ਹਕੀਕਤ ਤੋਂ ਪਾਸਾ ਵੱਟ ਕੇ ਲੰਘਣਾ ਚਾਹੁੰਦਾ ਸਾਂ। ਇਸ ਕੁੜੱਤਣ ਨੂੰ ਥੁਕਣਾ ਚਾਹੁੰਦਾ ਸਾਂ ਕਿ ਅਚਨਚੇਤ ਮੇਰੇ ਮੂੰਹ ਵਿਚ ਗਨੇਰੀਆਂ ਦਾ ਸੁਆਦ ਘੁਲਣ ਲੱਗਾ। ਰਮਾ, ਜ਼ੋਇਆ, ਅਫ਼ਜ਼ਲ ਸਾਹਿਰ, ਗੁਰਭਜਨ ਤੇ ਸੁਖਦੇਵ ਹੁਰੀਂ ਸ਼ਾਹ ਹੁਸੈਨ ਦਾ ਮਜ਼ਾਰ ਵੇਖਣ ਗਏ ਤਾਂ ਠੰਡੀਆਂ ਮਿੱਠੀਆਂ ਗਨੇਰੀਆਂ ਵੇਖ ਕੇ ਰਮਾ ਦਾ ਜੀਅ ਲਲਚਾ ਗਿਆ। ਕਾਰ ਰੋਕ ਕੇ ਸਾਰੇ ਜਣੇ ਗਨੇਰੀਆਂ ਚੂਪਣ ਲੱਗੇ। ਕਾਰ ਦੇ ਨਾਲ ਹੀ ਇਕ ਖ਼ਰਬੂਜ਼ਿਆਂ ਦੀ ਰੇਹੜੀ ਵੀ ਲੱਗੀ ਹੋਈ ਸੀ। ਇਕ ਜਣਾ ਆਇਆ ਤੇ ਪੁੱਛਣ ਲੱਗਾ, ‘‘ਸਰਦਾਰ ਜੀ, ਮੈਨੂੰ ਵੀ ਦੱਸੋ। ਮੈਂ ਤੁਹਾਡੀ ਕੀ ਖ਼ਿਦਮਤ ਕਰਾਂ। ਕਰਨੀ ਮੈਂ ਜ਼ਰੂਰ ਐ।’’ ਉਸ ਨੇ ਸ਼ਾਇਦ ਤੁਰੰਤ ਹੀ ਮਨ ਵਿਚ ਫ਼ੈਸਲਾ ਕਰ ਲਿਆ। ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਖ਼ਰਬੂਜ਼ਿਆਂ ਦੇ ਰੇਹੜੀ ਦਰਵਾਜ਼ੇ ਕੋਲ ਕਰਕੇ ਖ਼ਰਬੂਜ਼ੇ ਕਾਰ ਵਿਚ ਸੁੱਟਣ ਲੱਗਾ। ਸਭ ਹੈਰਾਨ ਕਿ ਇਹ ਕੀ ਕਰੀ ਜਾਂਦਾ ਏ। ਰੇਹੜੀ ਵਾਲਾ ਪੁੱਛੇ, ‘‘ਕੀ ਹੋ ਗਿਐ? ਕਮਲਾ ਹੋ ਗਿਐਂ…।’’

‘‘ਆਹੋ’’ ਖ਼ਰਬੂਜ਼ੇ ਸੁੱਟਣ ਵਾਲਾ ਕਹਿ ਰਿਹਾ ਸੀ, ‘‘ਮਰਦਾ ਨਾ ਜਾ ਉਏ! ਤੇਰੀ ਸਾਰੀ ਰੇਹੜੀ ਦੇ ਪੈਸੇ ਮੈਂ ਦੇਊਂਗਾ, ਸਾਡੇ ਭਰਾ ਆਏ ਨੇ।’’

ਟੇਪ ਰਿਕਾਰਡ ਵੇਚਣ ਵਾਲਾ ਮੁੰਡਾ ਫੇਰ ਸਿਰ ‘ਤੇ ਆਣ ਖੜੋਤਾ।

‘‘ਸਰਦਾਰ ਜੀ, ਲੈ ਲਓ! ਪੰਜਾਹ ਘੱਟ ਦੇ ਦਿਓ…।’’

‘‘ਚੱਲ ਤੂੰ ਪੰਜਾਹ ਵੱਧ ਲੈ ਲੈ’’ ਮੈਂ ਵੀ ਉਸ ਵਾਂਗ ਹੀ ਕਿਹਾ।

ਮੁੰਡੇ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਲਾਗੇ ਬੈਠਾ ਦਿੱਲੀ ਤੋਂ ਆਇਆ ਇਕ ਡੈਲੀਗੇਟ ਕਹਿੰਦਾ, ‘‘ਬਹੁਤੀ ਗੱਲ ਏ ਤਾਂ ਤੂੰ ਆਹ ਕੰਨਾਂ ਨੂੰ ਲਾਉਣ ਵਾਲਾ ਨਾ ਦੇਈਂ। ਇਹਦੀ ਬਚਤ ਹੋ ਜਾਊ ਤੈਨੂੰ।’’

ਉਹਦੀ ਖੁੱਲ੍ਹੀ ਦਾੜ੍ਹੀ ਵੱਲ ਵੇਖ ਕੇ ਮੁੰਡਾ ਆਖਣ ਲੱਗਾ, ‘‘ਬਾਬਾ! ਤੈਨੂੰ ਇਹ ਛੱਡਣ ਵਾਲੇ ਲਗਦੇ ਨੇ, ਇਨ੍ਹਾਂ ਪਹਿਲਾਂ ਇਹੋ ਆਖਣੈ ਕਿ ਆਹ ਐਥੇ ਰੱਖ।’’

ਮੁੰਡੇ ਦੇ ਬੇਬਾਕ ਬੋਲ ਸੁਣਕੇ ਸਾਰੇ ਖਿੜ ਖਿੜਾ ਕੇ ਹੱਸ ਪਏ। ਠੱਠੇ ਮਜ਼ਾਕ ਵਿਚ ਅੰਦਰ ਦੀ ਗੱਲ ਆਖ ਜਾਣੀ ਪੰਜਾਬੀਆਂ ਦਾ ਸੁਭਾਅ ਹੈ। ਮੁੰਡੇ ਦੇ ਬੋਲਾਂ ‘ਚ ਪੰਜਾਬੀ ਸੁਭਾਅ ਦੀ ਇਹ ਵਿਸ਼ੇਸ਼ ਪਰਤ ਪੇਸ਼ ਹੋਈ ਸੀ। ਅਪਣੱਤ ਭਾਵ ਨਾਲ ਪੰਜਾਬੀਆਂ ਵਲੋਂ ਕੀਤਾ ਮਖੌਲ ਅਗਲੇ ਦੇ ਮਨ ਵਿਚ ਤਲਖ਼ੀ ਤੇ ਗੁੱਸਾ ਪੈਦਾ ਨਹੀਂ ਹੋਣ ਦਿੰਦਾ। ਮੁੱਛਾਂ ਨੂੰ ਵੱਟ ਦੇ ਕੇ ਤਿੰਨ ਚਾਰ ਛੱਲੇ ਬਣਾਉਣ ਵਾਲੇ ਇਕ ਸਰਦਾਰ ਨੂੰ ਲਾਹੌਰ ਦੇ ਬਾਜ਼ਾਰ ਵਿਚ ਰੋਕ ਕੇ ਇਕ ਵਾਰ ਨਜ਼ਾਮਦੀਨ ਨੇ ਪੁੱਛਿਆ ਸੀ, ‘‘ਸਰਦਾਰ ਜੀ! ਮੁੱਛਾਂ ਨੂੰ ਵੱਟ ਹੱਥ ਨਾਲ ਦਿੱਤਾ ਜੇ ਕਿ ਸੰਨ੍ਹੀ ਨਾਲ।’’

ਦੂਜੇ ਪਲ ਦੋਵੇਂ ਖਿੜ-ਖਿੜਾ ਕੇ ਹੱਸਦੇ ਹੋਏ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਗਏ ਸਨ। ਖੁੱਲ੍ਹ ਦਿਲੇ, ਜੀਅਦਾਰ ਪੰਜਾਬੀ।

ਪਰ ਖੁੱਲ੍ਹਿਆਂ ਸੰਗੀਤਕ ਹਾਸਿਆਂ ਵਿਚ ਇਹ ਰੁਦਨ ਤੇ ਸ਼ੋਰ ਕਿਉਂ ਆ ਵੜਿਆ ਸੀ। ਮੈਂ ਧਿਆਨ ਧਰਿਆ ਤਾਂ ਡਾ. ਜਗਤਾਰ ਪਤਾ ਨਹੀਂ ਕਿਸ ਪ੍ਰਸੰਗ ਵਿਚ ਆਪਣੀ ਗੱਲ ਸੁਣਾ ਰਿਹਾ ਸੀ, ‘‘ਇਕ ਵਾਰ ਗਾਇਕਾ ਸਵਰਨ ਲਤਾ ਇਕ ਪ੍ਰੋਗਰਾਮ ‘ਤੇ ਆਈ। ਅਚਨਚੇਤ ਉਸੇ ਵੇਲੇ ਉਹਦੇ ਨਾਲ ਆਇਆ ਵਾਜੇ ਵਾਲਾ ਬਿਮਾਰ ਹੋ ਗਿਆ। ਉਹ ਨੂੰ ਹਸਪਤਾਲ ਪੁਚਾਇਆ ਗਿਆ। ਪ੍ਰੋਗਰਾਮ ਵੀ ਕਰਨਾ ਸੀ। ਇਕ ਲੋਕਲ ਬੰਦਾ ਹਾਰਮੋਨੀਅਮ ਵਜਾਉਣ ਵਾਲਾ ਲੱਭਾ। ਸਟੇਜ ਉਤੇ ਆਈ ਸਵਰਨ ਲਤਾ ਨੇ ਉਸ ਨੂੰ ਸੁਰ ਸਮਝਾਈ ਤੇ ਆਪ ਨਾਚ ਦੀ ਮੁਦਰਾ ‘ਚ ਸਟੇਜ ਦਾ ਚੱਕਰ ਲਾਇਆ। ਪਰ ਵਾਜੇ ਵਾਲੇ ਤੋਂ ਗੱਲ ਨਹੀਂ ਸੀ ਬਣ ਰਹੀ। ਸਵਰਨ ਲਤਾ ਚੱਕਰ ਕੱਟ ਕੇ ਆਵੇ ਤੇ ਆਖੇ, ‘‘ਉਸਤਾਦ ਜੀ! ਕੋਈ ਸੁਰ ਤਾਂ ਫੜਾਓ।’’ ਜਦੋਂ ਦੋ ਤਿੰਨ ਵਾਰ ਉਸ ਨੇ ਇੰਜ ਆਖਿਆ ਤਾਂ ਉਸਤਾਦ ਨੇ ਖਿਝ ਅਤੇ ਗੁੱਸੇ ਨਾਲ ਪੂਰਾ ਹੱਥ ਪਟਾਕ ਕਰ ਕੇ ਸੱਤਾਂ ਸੁਰਾਂ ‘ਤੇ ਮਾਰਿਆ ਤੇ ਵਾਜੇ ਦੀਆਂ ਚੀਕਾਂ ਕਢਾ ਦਿੱਤੀਆਂ।’’

ਮੈਂ ਇਸ ਦੇ ਆਪਣੇ ਹੀ ਅਰਥ ਕੱਢ ਰਿਹਾ ਸਾਂ। ਸਾਨੂੰ, ਮੁਹੱਬਤ ਦੇ ਗੀਤ ਗਾਉਣ ਵਾਲਿਆਂ ਨੂੰ, ਦੋਹਾਂ ਮੁਲਕਾਂ ਦੇ ਆਗੂ ਕੋਈ ਸੁਰ ਨਹੀਂ ਸਨ ਫੜਾ ਰਹੇ ਸਗੋਂ ਜਦੋਂ ਜੀਅ ਕਰਦਾ ਸੀ ‘ਸੁਰਾਂ’ ‘ਤੇ ਹੱਥ ਮਾਰ ਕੇ’, ਜੰਗਾਂ ਲਾ ਕੇ, ਪ੍ਰਮਾਣੂ ਧਮਾਕੇ ਕਰਕੇ ‘ਵਾਜੇ’ ਦੀਆਂ ਚੀਕਾਂ ਕਢਾ ਦਿੰਦੇ ਸਨ।

‘‘ਚਲੋ ਕੱਢੋ ਢਾਈ ਸੌ ਰੁਪਿਆ’’, ਮੁੰਡੇ ਨੇ ਸੌਦਾ ਮਨਜ਼ੂਰ ਕਰ ਲਿਆ। ਮੈਂ ਢਾਈ ਸੌ ਰੁਪਏ ਕੱਢ ਕੇ ਉਸ ਨੂੰ ਫੜਾ ਕੇ ਟੇਪ ਲੈ ਲਈ। ਮੇਰੇ ਹੱਥੋਂ ਟੇਪ ਫੜ ਕੇ ਉਹ ਦਿੱਲੀ ਵਾਲਾ ਸਰਦਾਰ ਸੁਣਨ ਲੱਗਾ, ‘ਆਵਾਜ਼ ਇਹਦੀ ਬਹੁਤੀ ਉੱਚੀ ਨਹੀਂ। ਕੁਝ ਮੱਧਮ ਏ, ਵਾਘੇ ਤਕ ਜਾਂਦਿਆਂ ਖ਼ਰਾਬ ਹੋਈ ਲੈ।’

‘‘ਹੋਰ ਢਾਈ ਸੌ ਰੁਪਏ ‘ਚ ਇਹ ਤੁਹਾਨੂੰ ਭਾਖੜਾ ਡੈਮ ਬੰਨ ਦਵੇ’, ਸੁਖਦੇਵ ਨੇ ਆਖਿਆ ਤੇ ਮੁੰਡੇ ਨੂੰ ਬਾਹੋਂ ਫੜ ਕੇ ਇਕ ਪਾਸੇ ਕਰਦਿਆਂ ਮੇਰਾ ਧਿਆਨ ਪਲੇਟਫ਼ਾਰਮ ਵੱਲ ਕੀਤਾ।

ਹਿੰਦੁਸਤਾਨ ਵਾਪਸ ਪਰਤਣ ਵਾਲੇ ਆਪਣੇ ਮੁਸਲਮਾਨ ਰਿਸ਼ਤੇਦਾਰ ਨੂੰ ਗੱਡੀ ਚੜ੍ਹਾਉਣ ਆਇਆ ਲਾਹੌਰ ਦਾ ਹੀ ਇਕ ਮੁਸਲਮਾਨ ਪਰਿਵਾਰ ਪਲੇਟਫਾਰਮ ‘ਤੇ ਖਲੋਤਾ ਸੀ। ਕਦੀ ਇਕ ਜਣਾ ਜਾਣ ਵਾਲੇ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਤੇ ਕਦੀ ਦੂਜਾ ਜਣਾ। ਇਸ ਵੇੇੇਲੇ ਇਕ ਮੁਟਿਆਰ ਜਾਣ ਵਾਲੇ ਦੇ ਗਲ ਲੱਗੀ ਅੱਥਰੂ ਕੇਰ ਰਹੀ ਸੀ। ਦੂਜੇ ਜਣੇ ਕੋਲ ਖਲੋਤੇ ਆਪੋ ਆਪਣੇ ਅੱਥਰੂ ਪੰੂਝ ਰਹੇ ਸਨ। ਕੋਈ ਕੁਝ ਨਹੀਂ ਸੀ ਬੋਲ ਰਿਹਾ। ਇਕ ਹੋਰ ਨੇ ਉਸ ਦਾ ਇਕ ਹੱਥ ਫੜਿਆ ਹੋਇਆ ਸੀ ਤੇ ਕਿਸੇ ਹੋਰ ਨੇ ਉਹਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਸੀ। ਰੋਂਦੀ ਹੋਈ ਖ਼ਾਮੋਸ਼ ਮੁਟਿਆਰ ਉਸ ਦੇ ਗਲ ਲੱਗੀ ਇਧਰ ਉਧਰ ਬੱਚਿਆਂ ਵਾਂਗ ਝੂਲ ਰਹੀ ਸੀ। ਅੰਦਰਲੀ ਬੇਚੈਨੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ। ਜ਼ੁਬਾਨਾਂ ਗੁੰਗੀਆਂ ਸਨ ਅਤੇ ਅੱਥਰੂ ਗੱਲਾਂ ਕਰ ਰਹੇ ਸਨ। ਇਸ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਮੇਰੀਆਂ ਅੱਖਾਂ ‘ਚ ਵੀ ਪਾਣੀ ਭਰ ਆਇਆ। ਲਾਹੌਰ ਨੂੰ ਛੱਡ ਕੇ ਜਾਣ ਦਾ ਦਰਦ ਤਾਂ ਸਾਨੂੰ ਵੀ ਸੀ ਪਰ ਉਨ੍ਹਾਂ ਦੀ ਦਰਦ ਦੀ ਥਾਹ ਕੌਣ ਪਾ ਸਕਦਾ ਸੀ! ਮੈਂ ਆਪਣੇ ਆਪ ਨੂੰ ਸੁਣਾਇਆ।

ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖ਼ਤਲਿਫ਼ ਹੈ।

ਜੈਸੇ ਆਂਖ ਕਾ ਪਾਨੀ ਪਾਨੀ ਸੇ ਮੁਖ਼ਤਲਿਫ਼ ਹੈ।

ਗੱਡੀ ਨੇ ਚੀਕ ਮਾਰੀ। ਹੌਲੀ ਹੌਲੀ ਗਲਵੱਕੜੀ ‘ਚੋਂ ਨਿਕਲ ਕੇ, ਹੱਥ ਛੁਡਾ ਕੇ ਸਭ ਨੂੰ ਗਲੇ ਮਿਲ ਕੇ ‘ਜਾਣ ਵਾਲਾ’ ਡੱਬੇ ਵਿਚ ਜਾ ਸਵਾਰ ਹੋਇਆ। ਤੁਰਦੀ ਗੱਡੀ ਵੱਲ ਨੂੰ ਅੱਥਰੂਆਂ ਨਾਲ ਡੁਬ-ਡੁਬ ਭਰੀਆਂ ਅੱਖਾਂ ਨਾਲ ਨਿਹਾਰਦੇ ਦੇ ਪਿਛੇ ਰਹਿ ਗਏ ਲੋਕਾਂ ਦੇ ਹੱਥ ਹਵਾ ਵਿਚ ਲਹਿਰਾਏ। ਲਹਿਰਾਉਂਦੇ ਰਹੇ ਤੇ ਫਿਰ ਜਿਵੇਂ ਬਾਹਵਾਂ ਟੁੱਟ ਗਈਆਂ ਹੋਣ। ਡਿਗ ਕੇ ਦੁਹੱਥੜ ਵਾਂਗ ਪੱਟਾਂ ‘ਤੇ ਆ ਵੱਜੀਆਂ।

ਗੱਡੀ ਪਲੇਟਫਾਰਮ ਛੱਡ ਚੁੱਕੀ ਸੀ ਤੇ ਜਗਤਾਰ ਆਪਣੀ ਪਿਛਲੀ ਕਿਸੇ ਫੇਰੀ ਦਾ ਪ੍ਰਸੰਗ ਸੁਣਾ ਰਿਹਾ ਸੀ।

ਜਗਤਾਰ ਨੂੰ ‘ਸਰਧਾ’ ਫ਼ਲ ਖਾਣ ਵਿਚ ਬਹੁਤ ਸੁਆਦ ਲੱਗਦਾ ਹੈ। ਉਨ੍ਹਾਂ ਨੇ ਕਾਰ ਰੋਕੀ ਤੇ ਰੇਹੜੀ ਵਾਲੇ ਨੂੰ ‘ਸਰਧਾ’ ਖੁਆਉਣ ਲਈ ਕਿਹਾ।

ਰੇੜ੍ਹੀ ਵਾਲਾ ਸਰਧਾ ਪਲੇਟਾਂ ‘ਚ ਪਾ ਕੇ ਦੇਈ ਜਾ ਰਿਹਾ ਸੀ ਤੇ ਪੁੱਛ ਵੀ ਰਿਹਾ ਸੀ, ‘ਤੁਸੀਂ ਉਧਰ ਕਿੱਥੋਂ ਓ ਸਰਦਾਰ ਜੀ! ਮੇਰਾ ਪਿਛਲਾ ਜ਼ਿਲਾ ਹੁਸ਼ਿਆਰਪੁਰ ਹੈ। ਸ਼ਹਿਰ ਵੀ ਹੁਸ਼ਿਆਰਪੁਰ।’

‘‘ਮੈਂ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਵਿਚ ਹੀ ਪੜ੍ਹਾਉਂਦਾ।’’ ਜਗਤਾਰ ਨੇ ਦੱਸਿਆ ਤਾਂ ਉਸ ਦੀਆਂ ਅੱਖਾਂ ਜਗ ਪਈਆਂ। ਉਹ ਬੜੇ ਚਾਅ ਤੇ ਉਤਸ਼ਾਹ ਨਾਲ ਹੁਸ਼ਿਆਰਪੁਰ ਬਾਰੇ ਜਾਣਕਾਰੀ ਲੈਣ ਲੱਗਾ। ਤੁਰਨ ਲੱਗਾ ਤਾਂ ਜਗਤਾਰ ਹੁਰਾਂ ਨੇ ਪੁੱਛਿਆ, ‘‘ਕਿੰਨੇ ਪੈਸੇ ਬਣੇ।’’

ਜਗਤਾਰ ਦੇ ਬੋਲ ਸੁਣ ਕੇ ਉਹ ਬੰਦਾ ਡੌਰ-ਭੌਰਾ ਹੋ ਕੇ ਜਗਤਾਰ ਵੱਲ ਵੇਖਣ ਲੱਗਾ ਤੇ ਫਿਰ ਬੜੇ ਦੁਖ ਨਾਲ ਕਹਿਣ ਲੱਗਾ, ‘‘ਪੈਸੇ ਪੁੱਛਣ ਨਾਲੋਂ ਸਰਦਾਰ ਜੀ ਤੁਸੀਂ ਮੇਰੇ ਸਿਰ ਵਿਚ ਜੁੱਤੀਆਂ ਮਾਰ ਲੈਂਦੇ ਤਾਂ ਚੰਗਾ ਸੀ। ਤੁਸੀਂ ਮੇਰੇ ਵਤਨੀਂ। ਤੇ ਮੈਨੂੰ ਪੈਸੇ ਪੁੱਛਦੇ ਹੋ! ਮੈਨੂੰ ਏਨਾ ਹੀ ਗਰਕ ਗਿਆ ਸਮਝ ਲਿਆ ਜੇ, ਆਪਣੇ ਵਤਨੀਂ ਨੂੰ ਕਿ ਤੁਹਾਥੋਂ ਪੈਸੇ ਲੈ ਲਵਾਂਗਾ।’’

ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਨ ਦੇ ਬਾਵਜੂਦ ਵੀ ਉਹ ਫੁਟ-ਫੁਟ ਕੇ ਬਾਲਾਂ ਵਾਂਗ ਰੋਣ ਲੱਗਾ।

‘‘ਪੈਸੇ ਪੁੱਛ ਕੇ ਤੁਸੀਂ ਮੇਰੀ ਹੇਠੀ ਕੀਤੀ ਏ’’, ਉਹ ਹਉਕੇ ਲੈ ਰਿਹਾ ਸੀ ਤੇ ਜਗਤਾਰ ਨੇ ਉਸ ਨੂੰ ਗਲ ਨਾਲ ਲਾਇਆ ਹੋਇਆ ਸੀ।

ਭਰੇ ਮਨ ਨਾਲ ਜਗਤਾਰ ਹੁਰੀਂ ਕਾਰ ਵਿਚ ਬੈਠ ਕੇ ਤੁਰਨ ਲੱਗੇ ਤਾਂ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਪਿੱਛੋਂ ਆਵਾਜ਼ਾਂ ਦਿੰਦਾ ਦੌੜਿਆ ਆ ਰਿਹਾ ਸੀ। ਉਹਨੇ ਆਪਣੀਆਂ ਦੋਵਾਂ ਬਾਹਵਾਂ ਵਿਚ ‘ਸਰਧੇ’ ਚੁੱਕੇ ਹੋਏ ਸਨ। ਲਿਆ ਕੇ ਕਾਰ ਵਿਚ ਢੇਰੀ ਕਰ ਦਿੱਤੇ।

‘‘ਲੈ ਜਾਓ! ਆਪਣੇ ਗ਼ਰੀਬ ਗਰਾਈਂ ਵਲੋਂ, ਨਿੱਕਾ ਜਿਹਾ ਤੋਹਫ਼ਾ!’’

ਗੱਡੀ ਮੁਗ਼ਲਪੁਰਾ ਪਿਛੇ ਛੱਡ ਆਈ ਸੀ। ਸਾਡੇ ਹੋਠਾਂ ‘ਤੇ ਖ਼ਾਮੋਸ਼ੀ ਸੀ। ਜਿਉਂ-ਜਿਉਂ ਗੱਡੀ ਲਾਹੌਰ ਨੂੰ ਛੱਡ ਕੇ ਅੱਗੇ ਵਧ ਰਹੀ ਸੀ, ਮੈਨੂੰ ਲੱਗਦਾ ਸੀ ਤਿਉਂ-ਤਿਉਂ ਉਹ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਗੱਡੀ ਦੇ ਪਿੱਛੇ-ਪਿੱਛੇ ਦੌੜਦਾ ਆ ਰਿਹਾ ਸੀ। ਤੇਜ਼-ਤੇਜ਼, ਸਾਹੋ ਸਾਹ ਹੋਇਆ, ਹਫਿਆ ਹੋਇਆ। ਫਿਰ ਜਿਵੇਂ ਉਹ ਨਿਰਾਸ਼ ਹੋ ਕੇ ਥੱਕ ਕੇ ਖਲੋ ਗਿਆ, ਉਸ ਪਰਿਵਾਰ ਕੋਲ, ਜਿਹੜਾ ਅਜੇ ਵੀ ਆਪਣੇ ਪਿਆਰੇ ਨੂੰ ਗੱਡੀ ਚਾੜ੍ਹ ਕੇ ਅੱਥਰੂ ਪੂੰਝਦਾ, ਹਉਕੇ ਭਰਦਾ ਪਲੇਟਫਾਰਮ ‘ਤੇ ਖੜੋਤਾ ਸੀ। ਇਹ ਦ੍ਰਿਸ਼ ਇਕ ‘ਸਟਿਲ’ ਤਸਵੀਰ ਵਾਂਗ ਮੇਰੇ ਮਨ-ਮਸਤਕ ‘ਤੇ ਉਕਰਿਆ ਗਿਆ ਸੀ।

ਪਤਾ ਹੀ ਨਾ ਲੱਗਾ, ਕਦੋਂ ਵਾਹਗਾ ਆ ਗਿਆ ਸੀ। ਕਾਨਫ਼ਰੰਸ ਦੇ ਡੈਲੀਗੇਟਾਂ ਲਈ ਵੱਖਰੇ ਕਾਊਂਟਰ ਲਾ ਕੇ ਕਾਰਵਾਈ ਭੁਗਤਾਈ ਜਾ ਰਹੀ ਸੀ ਜਦ ਕਿ ਬਾਕੀ ਮੁਸਲਮਾਨ ਯਾਤਰੀ ਲੰਮੀਆਂ ਕਤਾਰਾਂ ਵਿਚ ਲੱਗੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੀਆਂ ਦੋਹਾਂ ਮੁਲਕਾਂ ਵਿਚ ਨੇੜਲੀਆਂ ਰਿਸ਼ਤੇਦਾਰੀਆਂ ਸਨ। ਜਿਨ੍ਹਾਂ ਦੀ ਰੂਹ ਤੇ ਜਿਸਮ ਅੱਧ ਵਿਚਕਾਰੋਂ ਕੱਟੀ ਹੋਈ ਸੀ।

ਵਾਹਗੇ ਤੋਂ ਗੱਡੀ ਤੁਰੀ।

ਹੁਣੇ ਹੀ ਦੋਹਾਂ ਮੁਲਕਾਂ ਨੂੰ ਵੰਡਣ ਵਾਲੀ ਸਰਹੱਦ ਆ ਜਾਣੀ ਸੀ।

ਨੋ ਮੈਨਜ਼ ਲੈਂਡ!

ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਦਾ ਪਾਤਰ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ਉਤੇ ਖੜੋਤਾ ਅਜੇ ਵੀ ਪੁੱਛ ਰਿਹਾ ਸੀ, ‘ਟੋਭਾ ਟੇਕ ਸਿੰਘ ਕਿੱਥੇ ਹੈ? ਹਿੰਦੁਸਤਾਨ ਵਿਚ ਯਾ ਪਾਕਿਸਤਾਨ ‘ਚ?’ ਉਸ ਲਈ ਹਿੰਦੁਸਤਾਨ ਤੇ ਪਾਕਿਸਤਾਨ ਨਾਲੋਂ ਵੱਧ ਮਹੱਤਵ ਆਪਣੇ ਪਿੰਡ ‘ਟੋਭਾ ਟੇਕ ਸਿੰਘ’ ਦਾ ਸੀ। ਉਹ ਹਿੰਦੁਸਤਾਨ ਜਾਂ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦਾ। ਉਹ ਤਾਂ ‘ਟੋਭਾ ਟੇਕ ਸਿੰਘ’ ਜਾਣਾ ਚਾਹੁੰਦਾ ਸੀ। ਅਫ਼ਸਰ ਵਰਚਾਉਂਦਾ ਹੈ, ਟੋਭਾ ਟੇਕ ਸਿੰਘ ਪਾਕਿਸਤਾਨ ‘ਚ ਚਲਾ ਗਿਆ ਹੈ ਪਰ ਜੇ ਤੂੰ ਹਿੰਦੁਸਤਾਨ ਚਲਾ ਜਾਏਂਗਾ ਤਾਂ ਟੋਭਾ ਟੇਕ ਸਿੰਘ ਵੀ ਹਿੰਦੁਸਤਾਨ ਵਿਚ ਭੇਜ ਦਿਆਂਗੇ।’ ਪਰ ਬਿਸ਼ਨ ਸਿੰਘ ਨੂੰ ਇਹ ਮਨਜ਼ੂਰ ਨਹੀਂ। ਉਹ ਸੁੱਜੀਆਂ ਲੱਤਾਂ ਨਾਲ ਨੋ ਮੈਨਜ਼ ਲੈਂਡ ‘ਤੇ ਡਟ ਕੇ ਖਲੋ ਜਾਂਦਾ ਹੈ। ਸ਼ਾਮ ਤਕ ਖੜੋਤਾ ਰਹਿੰਦਾ ਹੈ ਤੇ ਫਿਰ ਇਕ ਲੰਮੀ ਅਸਮਾਨ ਚੀਰਵੀਂ ਚੀਕ ਮਾਰ ਕੇ ਧਰਤੀ ‘ਤੇ ਡਿਗ ਕੇ ਪ੍ਰਾਣ ਦੇ ਦਿੰਦਾ ਹੈ। ਉਹ ‘ਟੋਭਾ ਟੇਕ ਸਿੰਘ’ ਪੁੱਜ ਜਾਂਦਾ ਹੈ।

ਅੱਜ ਵੀ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ‘ਤੇ ਡਿੱਗਾ ਪਿਆ ਹੈ। ਲੱਖਾਂ ਕਰੋੜਾਂ ਲੋਕਾਂ ਦੀਆਂ ਜਿਊਦੀਆਂ ਮਰੀਆਂ ਲਾਸ਼ਾਂ ਦਾ ਪ੍ਰਤੀਨਿਧ ਬਣ ਕੇ। ਉਸ ਨਾਲ ਮੇਰੇ ਆਪੇ ਦਾ ਵੀ ਕੁਝ ਹਿੱਸਾ ਡਿੱਗਾ ਪਿਆ ਸੀ।

ਫਿਕਰ ਤੌਂਸਵੀ ਮੁਲਕ ਦੀ ਤਕਸੀਮ ਤੋਂ ਪਿੱਛੋਂ ਆਪਣੇ ਪਾਕਿਸਤਾਨੀ ਲੇਖਕ ਮਿੱਤਰਾਂ ਨੂੰ ਮਿਲਣ ਵਾਘੇ ਗਿਆ। ਜੀ.ਟੀ. ਰੋਡ ਦੇ ਦੋਹੀਂ ਪਾਸੀਂ ਕਤਾਰਾਂ ਵਿਚ ਉੱਗੇ ਹੋਏ ਦਰਖ਼ਤ ਸਿਰ ਚੁੱਕੀ ਖਲੋਤੇ ਸਨ। ਕੁਝ ਹਿੰਦੁਸਤਾਨ ਵਿਚ, ਕੁਝ ਪਾਕਿਸਤਾਨ ਵਿਚ। ਪਰ ਇਕ ਨਿੰਮ ਦਾ ਦਰਖ਼ਤ, ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਬਾਗ਼ੀ ਜਾਪਦਾ ਸੀ ਉਹ ਕਿਸੇ ਸਰਕਾਰ ਨਾਲ ਵੀ ਨਾਤਾ ਨਹੀਂ ਸੀ ਜੋੜਨਾ ਚਾਹੁੰਦਾ।

ਉਹ ‘ਨੋ ਮੈਨਜ਼ ਲੈਂਡ’ ‘ਤੇ ਖੜੋਤਾ ਸੀ ; ਬਿਸ਼ਨ ਸਿੰਘ ਵਾਂਗੂ। ਫ਼ਿਕਰ ਤੌਸਵੀ ਆਖਦਾ ਹੈ, ‘‘ਕੀ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਇਸ ਰੁੱਖ ਬਾਰੇ ਸੂਚਨਾ ਨਹੀਂ ਸੀ ਦਿੱਤੀ ਗਈ ਜੋ ਇਹ ਅਜੇ ਤਕ ਇਥੇ ਖਲੋਤਾ ਹੈ। ਇਸ ਨੂੰ ਪੁੱਟ ਦੇਣਾ ਚਾਹੀਦਾ ਸੀ ਹੁਣ ਤਕ। ਸਗੋਂ ਇੰਜ ਕਿਉਂ ਨਹੀਂ ਹੋ ਸਕਦਾ ਕਿ ਇਸ ਦੇ ਪੱਤੇ ਅਤੇ ਟਾਹਣੀਆਂ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿਚ ਵੰਡ ਲੈਣ। ਇਸ ਰੁੱਖ ਨੂੰ ਦੱਸ ਕਿਉਂ ਨਹੀਂ ਦਿੰਦੇ ਕਿ ਉਹਦੇ ਕਿਹੜੇ ਪੱਤੇ ਤੇ ਟਾਹਣੀਆਂ ਹਿੰਦੂ ਹਨ ਤੇ ਕਿਹੜੇ ਮੁਸਲਮਾਨ?’’

ਅਗਲੀ ਵਾਰ ਜਦੋਂ ਉਹ ਬਾਰਡਰ ‘ਤੇ ਗਿਆ ਤਾਂ ਸੱਚਮੁਚ ਉਹ ਨਿੰਮ ਦਾ ਦਰਖਤ ਉਥੇ ਨਹੀਂ ਸੀ। ਉਸ ਨੇ ਇਕ ਫੌਜੀ ਸਿਪਾਹੀ ਨੂੰ ਪੁੱਛਿਆ, ‘‘ਕੀ ਮੈਨੂੰ ਦੱਸਣ ਦੀ ਕ੍ਰਿਪਾ ਕਰੋਗੇ ਕਿ ਐਥੇ ਜੋ ਨਿੰਮ ਦਾ ਦਰਖਤ ਹੁੰਦਾ ਸੀ, ਕੀ ਉਸ ਨੂੰ ਪੁੱਟ ਦਿੱਤਾ ਹੈ ਜਾਂ ਉਹ ਉਂਜ ਹੀ ਡਿੱਗ ਪਿਆ?’’

ਸਿਪਾਹੀ ਨੇ ਉਸ ਵੱਲ ਸੰਗੀਨ ਸੇਧ ਕੇ ਘੂਰਦਿਆਂ ਹੋਇਆ ਕਿਹਾ, ‘‘ਤੇਰਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ‘ਚ ਲੱਤ ਅੜਾਉਣ ਦਾ?’’

‘‘ਪਿਆਰੇ! ਮੈਂ ਕਿਉਂ ਨਾ ਪੁੱਛਾਂ ਉਸ ਰੁੱਖ ਬਾਰੇ। ਆਖ਼ਰਕਾਰ ਮੈਂ ਵੀ ਤਾਂ ਉਸ ਰੁੱਖ ਦੀ ਹੀ ਇਕ ਟਾਹਣੀ ਹਾਂ।’’

ਗੱਡੀ ਸਰਹੱਦ ਪਾਰ ਗਈ। ਉਸ ਕੱਟੇ ਹੋਏ ਰੁੱਖ ਦੀਆਂ ਕੁਝ ਟਾਹਣੀਆਂ ਮੇਰੇ ਨਾਲ ਹਿੰਦੁਸਤਾਨ ਆ ਗਈਆਂ ਸਨ ਤੇ ਕੁਝ ਵਿਲਕਦੀਆਂ ਹੋਈਆਂ ਪਿੱਛੇ ਰਹਿ ਗਈਆਂ ਸਨ।

ਮੈਂ ਟੇਪ ਰਿਕਾਰਡਰ ਵਿਚ ਆਪਣੀ ਇਕ ਕੈਸਿਟ ਪਾਈ। ਬਟਨ ਨੱਪਿਆ। ਮਹਿਦੀ ਹਸਨ ਗਾ ਰਿਹਾ ਸੀ।

ਮੁਹੱਬਤ ਕਰਨੇ ਵਾਲੇ ਕਮ ਨਾ ਹੋਂਗੇ।

ਤੇਰੀ ਮਹਿਫਿਲ ਮੇਂ ਲੇਕਿਨ ਹਮ ਨਾ ਹੋਂਗੇ।

ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ.

ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।

ਅਟਾਰੀ ਸਟੇਸ਼ਨ ‘ਤੇ ਪੁੱਜ ਚੁੱਕੀ ਗੱਡੀ ‘ਚੋਂ ਸਾਮਾਨ ਉਤਾਰਿਆ ਜਾ ਰਿਹਾ ਸੀ। ਲੋੜੀਂਦੀ ਪ੍ਰਕਿਰਿਆ ‘ਚੋਂ ਗ਼ੁਜ਼ਰ ਕੇ ਅਸੀਂ ਸਟੇਸ਼ਨ ਤੇ ਤੁਰ ਪਏ। ਮਹਿਦੀ ਹਸਨ ਅਜੇ ਵੀ ਮੇਰੇ ਕੰਨਾਂ ‘ਚ ਸਰਗ਼ੋਸ਼ੀ ਕਰ ਰਿਹਾ ਹੈ। ਮੈਨੂੰ ਕਹਿ ਰਿਹਾ ਹੈ ; ਆਪਣੇ ਆਗੂਆਂ ਨੂੰ ਇਹ ਸੁਨੇਹਾ ਦੇਹ-

ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ,

ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।

ਮੈਂ ਉਸ ਨੂੰ ਆਖਦਾ ਹਾਂ ਕਿ ਤੂੰ ਵੀ ਆਪਣੀ ਸਰਕਾਰ ਨੂੰ ਇਹੋ ਸੁਨੇਹਾ ਦੇ। ਆਪਸ ਵਿਚ ਗੱਲਬਾਤ ਕੀਤਿਆਂ ਹੀ ਮਸਲੇ ਹੱਲ ਹੋਣੇ ਨੇ। ਨਹੀਂ ਤਾਂ ਦਿਲਾਂ ਦੀਆਂ ਉਲਝਣਾਂ ਵਧਣਗੀਆਂ ਹੀ।

ਪਰ ਦੋਹਾਂ ਮੁਲਕਾਂ ਦੇ ਸਿਪਾਹੀ ਸਾਡੇ ਵੱਲ ਸੰਗੀਨਾਂ ਤਾਣ ਕੇ ਘੂਰ ਰਹੇ ਹਨ ਤੇ ਹਦਾਇਤ ਦੇ ਰਹੇ ਹਨ, ‘‘ਤੁਹਾਡਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ਵਿਚ ਲੱਤ ਅੜਾਉਣ ਦਾ।’’

ਅਸੀਂ ਸਹਿਮ ਕੇ ਠਿਠਕ ਜਾਂਦੇ ਹਾਂ।

ਅੰਮ੍ਰਿਤਸਰ ਆ ਵੀ ਗਿਆ ਹੈ! ਕਿੰਨੇ ਦੂਰ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੇ ਨੇੜੇ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੀ ਵਿੱਥ ਹੈ ਇਕ ਤੋਂ ਦੂਜੇ ਮੁਲਕ ਤਕ! ਕਿੰਨਾ ਨੇੜ ਹੈ ‘ਘਰ’ ਤੋਂ ‘ਘਰ’ ਤਕ!।

ਸ਼ਹਿਰ ਲਾਹੌਰੋਂ ਅੰਬਰਸਰ ਦਾ!

ਕਿੰਨਾ ਪੈਂਡਾ ਘਰ ਤੋਂ ਘਰ ਦਾ!

ਅਸੀਂ ‘ਘਰ’ ਤੋਂ ‘ਘਰ’ ਤੱਕ ਪੁੱਜ ਗਏ ਸਾਂ।

‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।
ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’
ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ ਨਜਰਾਂ ਨਾਲ ਡਰਾਈਵਰ ਵੱਲ ਵੇਖਣ ਲੱਗਾ।
‘‘ਜਾਹ! ਪੈਸੇ ਪੂਸੇ ਕੋਈ ਨਹੀਂ ਮਿਲਣੇ।’’ ਡਰਾਈਵਰ ਨੇ ਉਸ ਦੀ ਮਨਸ਼ਾ ਭਾਂਪ ਕੇ ਕਿਹਾ।
‘‘ਕਿਉਂ, ਮਿਲਣੇ ਕਿਉਂ ਨਹੀਂ?’’ ਉਸ ਨੇ ਥੋੜ੍ਹਾ ਰੁੱਖਾ ਹੋ ਕੇ ਪੁੱਛਿਆ।
ਅਸੀਂ ਪੈਸੇ ਦੇਣੇ ਚਾਹੇ ਤਾਂ ਡਰਾਈਵਰ ਨੇ ਪੂਰੇ ਅਧਿਕਾਰ ਨਾਲ ਹੱਥ ਵਧਾ ਕੇ ਸਾਨੂੰ ਰੋਕਦਿਆਂ ਤੇ ਉਸ ਨੂੰ ਸੁਣਾਉਂਦਿਆਂ ਕਿਹਾ, ‘‘ਤੰੂ ਪੈਸੇ ਲੈ ਕੇ ਵੇਖ… ਤੈਨੂੰ ਦਿਸਦਾ ਨਹੀਂ ਇਹ ਕੀਹਦੀ ਕਾਰ ਐ?…ਤੰੂ ਲਾਹੌਰ ‘ਚ ਰਹਿਣਾ ਵੀ ਐ ਕਿ ਨਹੀਂ?’’
ਡਰਾਈਵਰ ਅੰੰਦਰੋਂ ਉਹਦੇ ਮਾਲਕ ‘ਨਵਾਏ ਵਕਤ’ ਦੇ ਮੁੱਖ ਕਾਲਮ-ਨਵੀਸ ਅਬਾਸ ਅਤਹਰ ਦੀ ਪੱਤਰਕਾਰੀ ਤਾਕਤ ਬੋਲ ਰਹੀ ਸੀ। ਅਗਲਾ ਢੈਲਾ ਜਿਹਾ ਹੋ ਕੇ ਪੈਰ ਮਲਦਾ ਪਿੱਛੇ ਨੂੰ ਤੁਰ ਪਿਆ।
ਦਿਨ ਦਾ ਪਿਛਲਾ ਪਹਿਰ। ਲੰਮਾ ਤੇ ਤੰਗ ਇੱਛਰਾਂ ਬਾਜ਼ਾਰ ਲੋਕਾਂ ਦੀ ਖ਼ੁਸ਼ ਰੰਗ ਭੀੜ ਵਿਚ ਹੋਰ ਭੀੜਾ ਹੋ ਗਿਆ ਲੱਗਦਾ ਸੀ। ਘਰੋਂ ਬਣ ਫੱਬ ਕੇ ਨਿਕਲੀਆਂ ਖ਼ੂਬਸੂਰਤ ਲਾਹੌਰਨਾਂ ਮਤਾਬੀਆਂ ਵਾਂਗ ਜਗ ਰਹੀਆਂ ਸਨ। ਕਿਤੇ ਕਿਤੇ ਹੀ ਬੁਰਕੇ ਵਾਲੀ ਔਰਤ ਦਿਸ ਰਹੀ ਸੀ, ਨਹੀਂ ਤਾਂ ਸਾਡੇ ਇਧਰਲੇ ਪੰਜਾਬ ਵਾਂਗ ਹੀ ਔਰਤਾਂ ਬੇਝਿਜਕ ਤੇ ਸਵੈ-ਭਰੋਸੇ ਨਾਲ ਸ਼ਹਿਰ ਵਿਚ ਘੁੰਮਦੀਆਂ ਦਿਖਾਈ ਦਿੰਦੀਆਂ ਸਨ। ਨਨਕਾਣੇ ਵੱਲ ਜਾਂਦਿਆਂ ਖੇਤਾਂ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਔਰਤਾਂ ਵੀ ਨਜ਼ਰ ਆਉਂਦੀਆਂ ਸਨ। ਔਰਤ ਲਈ ਪਰਦੇ ‘ਚ ਰਹਿਣ ਵਾਲਾ ਇਸਲਾਮਿਕ ਨੇਮ ਢਿੱਲਾ ਹੁੰਦਾ ਦਿਸ ਰਿਹਾ ਸੀ। ਪਿਛਲੇ ਦਿਨੀਂ ਰਾਤ ਨੂੰ ਤੁਰ ਕੇ ਫ਼ਲੈਟੀਜ਼ ਹੋਟਲ ਤੋਂ ਸ਼ਾਹਤਾਜ ਹੋਟਲ ਨੂੰ ਜਾਂਦਿਆਂ ਅੱਧੀ ਰਾਤ ਤੋਂ ਪਿਛੋਂ ਕੁੜੀਆਂ ਦੀ ਇਕ ਟੋਲੀ ਨੇ ਸਾਡੇ ਸਾਥੀਆਂ ਨੂੰ ਵੇਖ ਕੇ ਆਪਣੀ ਕਾਰ ਰੋਕ ਲਈ ਸੀ ਤੇ ਕਾਰ ਚਲਾਉਣ ਵਾਲੀ ਕੁੜੀ ਨੇ ਹੋਰ ਗੱਲਾਂ ਤੋਂ ਬਿਨਾਂ ਇਹ ਵੀ ਪੁੱਛਿਆ ਸੀ, ‘‘ਅੰਕਲ! ਮੈਂ ਇੰਗਲੈਂਡ ਤੋਂ ਆਈ ਹਾਂ। ਕਿਸੇ ਫ਼ਿਲਮ ਬਣਾਉਣ ਦੇ ਚੱਕਰ ‘ਚ। ਸਾਡੇ ਤਾਂ ਏਥੇ ਔਰਤ ਬੜੀ ਘੁੱਟਣ ਵਿਚ ਹੈ, ਤੁਹਾਡੇ ਕਿਹੋ ਜਿਹੇ ਹਾਲਾਤ ਨੇ?’’
ਆਜ਼ਾਦੀ ਨਾਲ ਅੱਧੀ ਰਾਤ ਨੂੰ ਘੰੁਮ ਰਿਹਾ ਜਾਂ ਆਪਣੇ ਕੰਮ-ਕਾਰ ਤੋਂ ਵਾਪਸ ਪਰਤ ਰਿਹਾ ਕੁੜੀਆਂ ਦਾ ਟੋਲਾ ‘ਔਰਤ ਦੀ ਘੁੱਟਣ’ ਦੀ ਗੱਲ ਕਰ ਰਿਹਾ ਸੀ ਤਾਂ ਠੀਕ ਹੀ ਹੋਵੇਗਾ। ਪਾਕਿਸਤਾਨ ਟੈਲੀਵੀਜ਼ਨ ਤੋਂ ਅਕਸਰ ਇਹੋ ਜਿਹੇ ਦ੍ਰਿਸ਼ ਵੇਖਣ ਨੂੰ ਮਿਲ ਜਾਂਦੇ ਰਹੇ ਨੇ ਜਿਨ੍ਹਾਂ ਵਿਚ ਪੇਂਡੂ ਇਲਾਕਿਆਂ ਵਿਚ ਅਤੇ ਵਿਸ਼ੇਸ਼ ਤੌਰ ਉਤੇ ਸਿੰਧ ਅਤੇ ਸਰਹੱਦੀ ਸੂਬੇ ਵਿਚ ਵਡੇਰਿਆਂ ਦੀ ਤਾਨਾਸ਼ਾਹੀ ਤੇ ਔਰਤ ਦੀ ਤਰਸਯੋਗ ਸਥਿਤੀ ਦਾ ਚਿੱਤਰ ਉਲੀਕਿਆ ਮਿਲਦਾ ਹੈ।
ਇਕ ਵਾਰ ਸੋਹਣ ਸਿੰਘ ਸੀਤਲ ਨੇ ਮੇਰੇ ਨਾਲ ਗੱਲਾਂ ਕਰਦਿਆਂ ਦੱਸਿਆ, ਦੋ ਸਿੱਖ ਸਰਦਾਰ ਮੁਹੰਮਦ ਅਲੀ ਜਿਨਾਹ ਨੂੰ ਮਿਲਣ ਗਏ। ਜਿਨਾਹ ਨੇ ਸਰਦਾਰਾਂ ਨੂੰ ਸਿਗਾਰ ਪੇਸ਼ ਕੀਤੇ ਤਾਂ ਸਰਦਾਰਾਂ ਨੇ ਰੰਜ ਵਿਚ ਕਿਹਾ, ‘‘ਜਿਨਾਹ ਸਾਹਿਬ! ਤੁਹਾਨੂੰ ਪਤਾ ਨਹੀਂ ਕਿ ਸਿੱਖ ਸਿਗਰਟ ਨਹੀਂ ਪੀਂਦੇ?’’
ਜਿਨਾਹ ਨੇ ਬੜੇ ਤਹੱਮਲ ਨਾਲ ਜਵਾਬ ਦਿੱਤਾ, ‘‘ਮੈਂ ਜਾਣਦਾਂ ਕਿ ਸਿੱਖ ਸਿਗਰਟ ਨਹੀਂ ਪੀਂਦੇ ਪਰ ਮੈਂ ਇਹ ਵੀ ਜਾਣਦਾਂ ਕਿ ਬਹੁਤੇ ਅਮੀਰ ਦਾ ਤੇ ਬਹੁਤੇ ਗ਼ਰੀਬ ਦਾ ਕਦੀ ਕੋਈ ਧਰਮ ਨਹੀਂ ਹੁੰਦਾ।’
ਇਸ ਗੱਲ ਵਿਚ ਬੜੀ ਡੰੂਘੀ ਹਕੀਕਤ ਲੁਕੀ ਹੋਈ ਹੈ। ਬਹੁਤੇ ਸਦਾਚਾਰਕ ਜਾਂ ਧਾਰਮਿਕ ਨੇਮ ਵਿਧਾਨ ਮੱਧ ਵਰਗ ਜਾਂ ਨਿਮਨ-ਮੱਧ ਵਰਗ ਦੁਆਰਾ ਹੀ ਪ੍ਰਚਾਰੇ ਪਰਸਾਰੇ ਜਾਂਦੇ ਹਨ ਤੇ ਉਹੋ ਵਰਗ ਹੀ ਇਨ੍ਹਾਂ ਨੇਮਾਂ ਅਨੁਸਾਰ ਜੀਵਨ ਜਿਊਣ ਦੀ ਅਭਿਲਾਸ਼ਾ ਰੱਖਦਾ ਹੈ। ਅਮੀਰ ਵਰਗ ਕੋਲ ਤਾਂ ਪੈਸੇ ਦੀ ਤਾਕਤ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਵਿਭਿੰਨ ਖ਼ੁਸ਼ੀਆਂ ਨੂੰ ਮਾਨਣ ਲਈ ਹੁਲਾਰਦੀ ਰਹਿੰਦੀ ਹੈ। ਜ਼ਿੰਦਗੀ ਨੂੰ ‘ਰੂਹ’ ਨਾਲ ਜੀਣ ਲਈ ਉਹ ਸਥਾਪਤ ਨੈਤਿਕ ਤੇ ਧਾਰਮਿਕ ਬੰਧਨ ਤੋੜ ਦਿੰਦੇ ਹਨ ਕਿਉਂਕਿ ਉਸ ਤਾਕਤਵਰ ਧਿਰ ਨੂੰ ਕਿਸੇ ਦੇ ਤਾਅਨੇ-ਮਿਹਣਿਆਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਹ ਤਾਂ ‘ਜਵਾਨੀ ਕਮਲੀ ਰਾਜ ਹੈ ਚੂਚਕੇ ਦਾ ਤੇ ਕਿਸੇ ਦੀ ਕੀ ਪਰਵਾਹ ਮੈਨੂੰ’ ਦੇ ਕਥਨ ਮੁਤਾਬਕ ਬੇਪ੍ਰਵਾਹ ਰਹਿੰਦੇ ਹਨ। ਦੂਜੇ ਪਾਸੇ ਨਿਮਨ ਸ਼ੇ੍ਰਣੀਆਂ ਵਾਸਤੇ ਰੋਜ਼ੀ-ਰੋਟੀ ਦੀਆਂ ਰੋਜ਼-ਮਰ੍ਹਾ ਦੀਆਂ ਜ਼ਰੂਰਤਾਂ ਹੀ ਉਨ੍ਹਾਂ ਦੀ ਵੱਡੀ ਮਜਬੂਰੀ ਹੁੰਦੀਆਂ ਹਨ ਤੇ ਇਨ੍ਹਾਂ ਮਜਬੂਰੀਆਂ ਕਾਰਨ ਵੱਡੇ ਨੇਮ ਵਿਧਾਨ ਪਾਲਣੇ ਉਨ੍ਹਾਂ ਲਈ ਵੀ ਮੁਸ਼ਕਲ ਹੁੰਦੇ ਹਨ। ਖੇਤਾਂ ਵਿਚ ਨੰਗੇ ਮੂੰਹ ਕੰਮ ਕਰਦੀਆਂ ਤੇ ਲਾਹੌਰ ਦੇ ਅਮੀਰ ਬਾਜ਼ਾਰਾਂ ਵਿਚ ਘੁੰਮ ਰਹੀਆਂ ਔਰਤਾਂ ਇਨ੍ਹਾਂ ਸ਼ੇ੍ਰਣੀਆਂ ਨਾਲ ਹੀ ਸਬੰਧ ਰੱਖਣ ਵਾਲੀਆਂ ਸਨ।
ਸੁਲੇਖਾ ਜਗਤਾਰ ਵਾਸਤੇ ਵੱਖ ਵੱਖ ਦੁਕਾਨਾਂ ਤੋਂ ਸੂਟਾਂ ਦਾ ਕੱਪੜਾ ਪਸੰਦ ਕਰ ਰਹੀ ਸੀ। ਮੈਂ ਤੇ ਰਘਬੀਰ ਸਿੰਘ ਇਕ ਕੈਸੇਟਾਂ ਵਾਲੀ ਦੁਕਾਨ ਤੋਂ ਕੈਸੇਟਾਂ ਖ਼ਰੀਦਣ ਲਈ ਅੱਗੇ ਹੋਏ ਅਤੇ ਉਸ ਨੂੰ ਪਾਕਿਸਤਾਨੀ ਗਾਇਕਾਂ ਦੀਆਂ ਚੰਗੀਆਂ ਕੈਸੇਟਾਂ ਦਿਖਾਉਣ ਲਈ ਕਿਹਾ। ਦੁਕਾਨਦਾਰ ਨੇ ਸਾਡੇ ਅੱਗੇ ਉਨ੍ਹਾਂ ਨਵੇਂ ਗਾਇਕਾਂ ਦੀਆਂ ਕੈਸਿਟਾਂ ਰੱਖ ਦਿੱਤੀਆਂ ਜੋ ਸਾਡੇ ਮੁਲਕ ਦੇ ਨਵੇਂ ਗਾਇਕਾਂ ਵਾਂਗ ‘ਪੌਪ ਸੰਗੀਤ’ ਗਾਉਣ ਤੇ ਨੱਚਣ-ਟੱਪਣ ਦੇ ਸ਼ੌਕੀਨ ਹਨ। ਗਾਇਕੀ ਦਾ ਇਹ ਪ੍ਰਦੂਸ਼ਣ ਉਧਰ ਵੀ ਫੈਲ ਰਿਹਾ ਹੈ ਤੇ ਸੰਗੀਤ ਸ਼ੋਰ ਵਿਚ ਡੁੱਬਦਾ ਜਾ ਰਿਹਾ ਹੈ। ਮੈਂ ਉਸ ਨੂੰ ਮਹਿਦੀ ਹਸਨ, ਗ਼ੁਲਾਮ ਅਲੀ, ਇਕਬਾਲ ਬਾਨੋ, ਆਬਿਦਾ ਪ੍ਰਵੀਨ, ਤਸੱਵਰ ਖਾਨੁਮ, ਫ਼ਰੀਦਾ ਖਾਨੁਮ ਤੇ ਮੁਸੱਰਤ ਨਜ਼ੀਰ ਦੀਆਂ ਕੈਸੇਟਾਂ ਦੇਣ ਲਈ ਆਖਿਆ। ਉਹਨੇ ਕੈਸੇਟਾਂ ਦੇ ਚਿਣੇ ਅੰਬਾਰਾਂ ਨੂੰ ਹੇਠਾਂ ਤੋਂ ਉਤੇ ਨਜ਼ਰ ਮਾਰ ਕੇ ਵੇਖਿਆ। ਉਨ੍ਹਾਂ ਦੀ ਉੱਥਲ-ਪੁੱਥਲ ਕੀਤੀ ਪਰ ਮੈਨੂੰ ਲੱਗਾ ਕਿ ਉਹ ਸਿਰਫ਼ ਸਾਡੇ ਅੱਗੇ ‘ਸੱਚਾ’ ਹੋਣ ਲਈ ਹੀ ਕਰ ਰਿਹਾ ਹੈ।
‘‘ਮੈਨੂੰ ਲਗਦੈ, ਤੇਰੇ ਕੋਲ ਇਹ ਹੈ ਨਹੀਂ।’’
‘‘ਹਾਂ ਜੀ, ਇਹ ਕੈਸੇਟਾਂ ਤੁਹਾਨੂੰ ਏਥੋਂ ਨਹੀਂ ਮਿਲਣੀਆਂ। ਕਿਤਿਓਂ ਹੋਰ ਟਰਾਈ ਕਰ ਵੇਖੋ।’’
ਕੱਪੜਾ ਖ਼ਰੀਦਣ ਤੋਂ ਪਿੱਛੋਂ ਅਸੀਂ ਅਨਾਰਕਲੀ ਬਾਜ਼ਾਰ ‘ਚ ਵੀ ਗਏ ਤੇ ਹੋਰ ਥਾਈਂ ਵੀ ਪਰ ਇਹ ਗਾਇਕ ਮਸਾਂ ਹੀ ਸਾਨੂੰ ਇਕ ਦੁਕਾਨ ਤੋਂ ਲੱਭ ਸਕੇ। ਉਸ ਨੇ ਵੀ ਇਨ੍ਹਾਂ ਵਿਚੋਂ ਕੁਝ ਕੈਸੇਟਾਂ ਕਿਸੇ ਹੋਰ ਦੁਕਾਨ ਤੋਂ ਮੰਗਵਾ ਕੇ ਦਿੱਤੀਆਂ। ਸੁਰ ਤੇ ਸੰਗੀਤ ਦੇ ਸ਼ਹਿਨਸ਼ਾਹ ਇਨ੍ਹਾਂ ਗਾਇਕਾਂ ਦੀ ਮਾਰਕੀਟ ਵਿਚ ਏਨੀ ਘੱਟ ਮੰਗ ਵੇਖ ਕੇ ਲਾਹੌਰੀਆਂ ਦੇ ਬਦਲ ਰਹੇ ਸੰਗੀਤਕ ਸੁਆਦਾਂ ਦੀ ਸੂਹ ਵੀ ਮਿਲ ਗਈ।
ਲਾਹੌਰ ਵਿਚ ਅੱਜ ਆਖ਼ਰੀ ਸ਼ਾਮ ਹੋਣ ਕਰਕੇ ਅਸੀਂ ਵੱਖ ਵੱਖ ਬਾਜ਼ਾਰਾਂ ਵਿਚ ਘੁੰਮ ਰਹੇ ਸਾਂ ਤੇ ਲੋੜ ਜੋਗੀਆਂ ਚੀਜ਼ਾਂ-ਵਸਤਾਂ ਵੀ ਖਰੀਦ ਰਹੇ ਸਾਂ। ਕੁਝ ਡਰਾਈ ਫ਼ਰੂਟ ਖ਼ਰੀਦਣ ਲਈ ਅਸੀਂ ਇਕ ਦੋ ਦੁਕਾਨਾਂ ਤੋਂ ਟਰਾਈ ਕਰਕੇ ਜਦੋਂ ਇਕ ਵੱਡੀ ਦੁਕਾਨ ‘ਤੇ ਗਏ ਤਾਂ ਦੁਕਾਨ ਦੇ ਕਾਊਂਟਰ ‘ਤੇ ਬੈਠੇ ਮਾਲਕ ਨੇ ਨੌਕਰ ਮੁੰਡਿਆਂ ਨੂੰ ਗਿਰੀਆਂ, ਕਾਜੂ, ਮੇਵੇ, ਪਿਸਤਾ ਤੇ ਹੋਰ ਚੀਜ਼ਾਂ ਦਾ ਸਾਨੂੰ ਸੁਆਦ ਵਿਖਾਉਣ ਲਈ ਕਿਹਾ। ਰੇਟ ਪੁੱਛਣ ‘ਤੇ ਉਸ ਨੇ ਵੀ ਭਾਵੇਂ ਲਗਪਗ ਦੂਜੀਆਂ ਦੁਕਾਨਾਂ ਜਿੰਨਾ ਹੀ ਦੱਸਿਆ ਤੇ ਸ਼ਾਇਦ ਇਹ ਠੀਕ ਹੀ ਸੀ ਕਿਉਂਕਿ ਪਹਿਲੇ ਦੁਕਾਨਦਾਰ ਨੇ ਵੀ ਘਟਾ ਕੇ ਹੀ ਮੁੱਲ ਦੱਸਿਆ ਹੋਵੇਗਾ ਪਰ ਉਸ ਦਾ ਇਹ ਕਹਿਣਾ ਮਨ ਨੂੰ ਝੂਣ ਗਿਆ, ‘‘ਸਰਦਾਰ ਜੀ! ਤੁਹਾਥੋਂ ਵੱਧ ਲਾ ਈ ਨਹੀਂ ਸਕਦੇ। ਲਓ, ਤੁਸੀਂ ਸੁਆਦ ਤਾਂ ਵੇਖੋ। ਖਾਓ ਨਾ, ਇਨ੍ਹਾਂ ਦਾ ਕੋਈ ਪੈਸਾ ਨਹੀਂ ਲਗਦਾ।’’ ਉਸ ਨੇ ਹੱਸ ਕੇ ਆਖਿਆ, ‘‘ਐਦਾਂ ਖਾਂਦੇ ਖਾਂਦੇ ਭਾਵੇਂ ਸਾਰੀ ਦੁਕਾਨ ਖਾ ਜਾਓ, ਮੇਰੇ ਧੰਨ ਭਾਗ ਹੋਣਗੇ। ਖਾਓ ਨਾ, ਖਾਓ ਵੀ ਬਾਦਸ਼ਾਹੋ!’’
ਅਸੀਂ ਇਕ ਅੱਧਾ ਮੇਵਾ ਫੜ ਕੇ ਹੋਰ ਚੁਕਣੋਂ ਝਿਜਕ ਰਹੇ ਸਾਂ ਪਰ ਉਸ ਦਾ ਅੰਦਰਲਾ ਮਨ ਡੁੱਲ੍ਹਿਆ ਹੋਇਆ ਸੀ, ‘‘ਤੁਸੀਂ ਕਿਹੜਾ ਸਾਡੇ ਕੋਲ ਰੋਜ਼-ਰੋਜ਼ ਆਉਣੈ। ਤੁਸੀਂ ਮਹਿਮਾਨ ਓ ਸਾਡੇ।’’
‘ਮਹਿਮਾਨ’ ਸ਼ਬਦ ਇਕ ਅਜਿਹੀ ਚਾਬੀ ਸੀ ਜਿਸ ਨਾਲ ਮਨਾਂ ਵਿਚਲੀ ਮੁਹੱਬਤ ਦੇ ਬੰਦ ਤਾਲੇ ਖੁੱਲ੍ਹ ਰਹੇ ਸਨ। ਅਸੀਂ ਲਾਹੌਰੀਆਂ ਦੇ ਇਸ ਪਿਆਰ ਦੀ ਛਹਿਬਰ ਵਿਚ ਭਿੱਜੇ ਪਏ ਸਾਂ। ਡਾ. ਜਗਤਾਰ ਕੋਲ ਤਾਂ ਅਜਿਹੀਆਂ ਕਈ ਯਾਦਾਂ ਸਾਂਭੀਆਂ ਪਈਆਂ ਸਨ।
ਇਕ ਵਾਰ ਜਗਤਾਰ ਰਾਵਲਪਿੰਡੀ ਤੋਂ ਗੁਜਰਾਤ ਨੂੰ ਜਾ ਰਿਹਾ ਸੀ। ਉਨ੍ਹਾਂ ਰਾਹ ਵਿਚ ਆਪਣੀ ਟੈਕਸੀ ਰੋਕੀ। ਡਰਾਈਵਰ ਨੂੰ ਚਾਹ ਦੀ ਤਲਬ ਸੀ। ਜਗਤਾਰ ਦਾ ਸਾਥੀ ਤੇ ਡਰਾਈਵਰ ਦੁਕਾਨ ਅੰਦਰ ਬੈਠੇ ਕੁਝ ਖਾ ਰਹੇ ਸਨ ਤੇ ਜਗਤਾਰ ਦੁਕਾਨ ਦੇ ਬਾਹਰ ਕੁਰਸੀ ਉਤੇ ਬੈਠਾ ਸੜਕ ‘ਤੇ ਆਉਂਦੇ ਜਾਂਦੇ ਵਾਹਨਾਂ ਦੀ ਰੌਣਕ ਵੇਖ  ਰਿਹਾ ਸੀ। ਅਚਾਨਕ ਇਕ ਵੱਡੀ ਲੰਮੀ ਕਾਲੇ ਰੰਗ ਦੀ ਕਾਰ ਉਸ ਕੋਲ ਆ ਖੜੋਤੀ ਤੇ ਉਸ ਵਿਚੋਂ ਇਕ ਖ਼ੂਬਸੂਰਤ ਮੁਟਿਆਰ ਉਤਰ ਕੇ ਜਗਤਾਰ ਕੋਲ ਆਈ ਤੇ ਬੜੇ ਸਨੇਹ ਨਾਲ ਕੋਮਲ ਸਵਰ ਵਿਚ ਕਹਿਣ ਲੱਗੀ, ‘‘ਤੁਸੀਂ ਨਹੀਂ ਕੁਝ ਖਾ ਪੀ ਰਹੇ?’’
‘‘ਜ਼ਰੂਰਤ ਨਹੀਂ ਸੀ, ਮੇਰੇ ਸਾਥੀ ਖਾ ਪੀ ਰਹੇ ਨੇ।’’
‘‘ਪਲੀਜ਼! ਤੁਸੀਂ ਜ਼ਰੂੂਰ ਕੁਝ ਲਵੋ ਤੇ ਉਸ ਵਾਸਤੇ ਪੈਸੇ ਖਰਚਣ ਵਿਚ ਮੈਨੂੰ ਖ਼ੁਸ਼ੀ ਤੇ ਸਕੂਨ ਮਿਲੇਗਾ। ਤੁਸੀਂ ਸਾਡੇ ਮਹਿਮਾਨ ਓ।… ਪਲੀਜ਼ ਕੁਝ ਤਾਂ ਲਵੋ! ਮੈਂ ਰਾਵਲਪਿੰਡੀ ਜਾ ਰਹੀ ਹਾਂ। ਜੇ ਆਪਾਂ ਉਥੇ ਮਿਲਦੇ ਤਾਂ ਮੈਂ ਤੁਹਾਨੂੰ ਜ਼ਰੂਰ ਆਪਣੇ ਘਰ ਲੈ ਕੇ ਜਾਂਦੀ ਤੇ ਆਪਣੇ ਇਨ੍ਹਾਂ ਹੱਥਾਂ ਨਾਲ ਖਾਣਾ ਬਣਾ ਕੇ ਖੁਆਉਂਦੀ।’’ ਉਸ ਨੇ ਗੋਰੇ ਲੰਮੇ ਹੱਥ ਹਵਾ ਵਿਚ ਫੈਲਾਏ ਤੇ ਫਿਰ ਉਹ ਆਪਣੇ ਹੱਥ ਦੀਆਂ ਪਤਲੀਆਂ ਉਂਗਲਾਂ ਛੇ-ਸੱਤ ਸਾਲ ਦੇ ਆਪਣੇ ਕੋਲ ਖੜੋਤੇ ਸੋਹਣੇ ਪੁੱਤ ਦੇ ਸਿਰ ਦੇ ਵਾਲਾਂ ਵਿਚ ਫੇਰਨ ਲੱਗੀ।
ਜਗਤਾਰ ਨੇ ਉਸ ਵਲੋਂ ਪ੍ਰਗਟਾਏ ਸਨੇਹ ਲਈ ਧੰਨਵਾਦ ਕੀਤਾ ਪਰ ਉਸ ਨੇ ਰੋਕਦਿਆਂ ਰੋਕਦਿਆਂ ਵੀ ਕੋਕ ਦੀਆਂ ਬੋਤਲਾਂ ਤੇ ਖਾਣ ਦਾ ਕੁਝ ਸਾਮਾਨ ਮੰਗਵਾ ਲਿਆ। ‘‘ਨਹੀਂ ਕੁਝ ਤਾਂ ਲੈਣਾ ਹੀ ਪਵੇਗਾ। ਮੈਂ ਰੁਕੀ ਹੀ ਇਸ ਵਾਸਤੇ ਹਾਂ।’’
ਤੁਰਨ ਲੱਗੀ ਤਾਂ ਆਪਣੇ ਬੱਚੇ ਨੂੰ ਕਹਿਣ ਲੱਗੀ, ‘‘ਬੇਟਾ! ਅਪਨੇ ਮਾਮੂ ਜਾਨ ਕੋ ਸਲਾਮ ਕਰੋ…।’’
ਬੱਚੇ ਨੇ ਸਿਰ ਝੁਕਾ ਕੇ ਮੁਸਕਰਾਉਂਦਿਆਂ, ‘‘ਮਾਮੂ ਜਾਨ ਸਲਾਮਾ ਲੇਕਮ’’ ਆਖਿਆ ਤਾਂ ਜਗਤਾਰ ਦਾ ਆਪਾ ਸਰਸ਼ਾਰਿਆ ਗਿਆ।
ਉਸ ਬੀਬੀ ਨੇ ਜਗਤਾਰ ਦੇ ਸਾਥੀਆਂ ਦਾ ਵੀ ਬਿਲ ਅਦਾ ਕਰਕੇ ਕਾਰ ਵਿਚ ਬੈਠਣ ਤੋਂ ਪਹਿਲਾਂ ਜਗਤਾਰ ਨੂੰ ਕਿਹਾ, ‘‘ਅੱਛਾ! ਭਾਈ ਜਾਨ…ਖ਼ੁਦਾ ਹਾਫ਼ਿਜ਼।’’
‘‘ਰੱਬ ਤੈਨੂੰ ਸੁਖੀ ਰੱਖੋ! ਭੈਣ ਮੇਰੀਏ’’ ਜਗਤਾਰ ਨੇ ਕਿਹਾ। ਮਨ ਨੂੰ ਝੂਣ ਜਾਣ ਵਾਲੇ ਗ਼ਜ਼ਲ ਦੇ ਸ਼ੇਅਰ ਵਰਗੀ ਉਹ ਬੀਬੀ ਕਾਰ ਵਿਚ ਬੈਠ ਕੇ ਤਾਂ ਚਲੀ ਗਈ ਪਰ ਜਗਤਾਰ ਦੇ ਮਨ ਵਿਚ ਅੱਜ ਤਕ ਬੈਠੀ ਹੋਈ ਸੀ।
ਪ੍ਰੋ. ਮੋਹਨ ਸਿੰਘ ਨੇ ਤਾਂ ਰੱਬ ਬਾਰੇ ਕਿਹਾ ਸੀ ਪਰ ਮੈਨੂੰ ਲੱਗਦਾ ਸੀ ਇਹ ਬੰਦਾ ਹੀ ਸਭ ਤੋਂ ਵੱਡੀ ‘ਬੁਝਾਰਤ’ ਅਤੇ ‘ਗੋਰਖਧੰਦਾ’ ਹੈ। ਇਸ ਦੇ ‘ਪੇਚ’ ਖੋਲਣੇ ਸੌਖੇ ਨਹੀਂ।
ਹੋਟਲ ਪਹੁੰਚੇ ਤਾਂ ਅਬਾਸ ਅਤਹਰ ‘ਸ਼ਾਹ ਜੀ’ ਦਾ ਇਕ ਦੋਸਤ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦਾ ਇਕ ਬਹੁਤ ਵੱਡਾ ਅਫ਼ਸਰ ਨੌਕਰ ਨੂੰ ਇਕ ਥੈਲਾ ਚੁਕਵਾ ਕੇ ਸਾਡੇ ਕਮਰੇ ਵਿਚ ਆਇਆ। ਸ਼ਾਹ ਜੀ ਬਾਰੇ ਪੁੱਛਣ ਲੱਗਾ। ਸ਼ਾਹ ਜੀ ਅਖ਼ਬਾਰ ਦੇ ਕਿਸੇ ਰੁਝੇਵੇਂ ਕਰਕੇ ਅਜੇ ਨਹੀਂ ਸੀ ਆਇਆ। ਜਿੰਨਾ ਸਮਾਂ ਹੋ ਗਿਆ ਸੀ, ਸ਼ਾਇਦ ਹੁਣ ਆ ਹੀ ਨਾ ਸਕੇ, ਇਹ ਸੋਚ ਕੇ ਉਹ ਅਫ਼ਸਰ ਕਹਿੰਦਾ, ‘‘ਹੋਰ ਕੁਝ ਸੇਵਾ ਮੇਰੇ ਲਾਇਕ ਹੋਵੇ ਤਾਂ ਦੱਸੋ।’’ ਉਹ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਵਿਦਾ ਹੋਇਆ ਤਾਂ ਮੈਂ ਮੁਸਕਰਾਉਂਦਿਆਂ ਜਗਤਾਰ ਵੱਲ ਵੇਖਿਆ ਤੇ ਥੈਲੇ ਵਿਚ ਝਾਤ ਪਾਈ। ਵਿਦੇਸ਼ੀ ਵਿਸਕੀ ਦੀ ਮਹਿੰਗੀ ਬੋਤਲ ਜਗਤਾਰ ਦੇ ਹੱਥਾਂ-ਬੁੱਲ੍ਹਾਂ ਦੀ ਛੋਹ ਉਡੀਕ ਰਹੀ ਸੀ।
ਕਾਨਫ਼ਰੰਸ ਤੋਂ ਪਿਛਲੇ ਦਿਨਾਂ ਦਾ ਹੋਟਲ ਦਾ ਰਹਿਣ ਤੇ ਖਾਣ-ਪੀਣ ਦਾ ਖ਼ਰਚਾ ਡੈਲੀਗੇਟਾਂ ਨੇ ਆਪ ਕਰਨਾ ਸੀ। ਇਹ ਹੋਟਲ ਸ਼ਾਹ ਜੀ ਦੇ ਦਾਮਾਦ ਦਾ ਸੀ। ਸ਼ਾਹ ਜੀ ਨੇ ਸਾਡੇ ਕਮਰੇ ਦਾ ਸਾਰਾ ਖ਼ਰਚਾ ਆਪਣੇ ਜ਼ਿੰਮੇ ਲਿਆ ਹੋਇਆ ਸੀ। ਉਸ ਨੇ ਇਸ ਸਬੰਧੀ ਸਿੱਧਾ ਤਾਂ ਜਗਤਾਰ ਨੂੰ ਕੁਝ ਨਹੀਂ ਸੀ ਕਿਹਾ ਪਰ ਹੋਟਲ ਦੇ ਕਰਮਚਾਰੀਆਂ ਵਲੋਂ ਸਾਨੂੰ ਇਸ ਦਾ ਸੰਕੇਤ ਮਿਲ ਗਿਆ ਸੀ। ਜਗਤਾਰ ਦਾ ਤਾਂ ‘ਸ਼ਾਹ ਜੀ’ ‘ਤੇ ਹੱਕ ਸੀ ਪਰ ਮੇਰਾ ਤਾਂ ਕੋਈ ਹੱਕ ਨਹੀਂ ਸੀ। ਮੈਂ ਜਗਤਾਰ ਨੂੰ ਕਿਹਾ ਕਿ ਉਹ ਮੇਰੇ ਬਿੱਲ ਬਾਰੇ ਗੱਲ ਕਰ ਲਵੇ। ਉਸ ਨੇ ਉਸੇ ਵੇਲੇ ਕਾਊਂਟਰ ‘ਤੇ ਫੋਨ ਮਿਲਾਇਆ ਤਾਂ ਅੱਗੋਂ ਜਵਾਬ ਆਇਆ, ‘‘ਸਰਦਾਰ ਜੀ! ਕਿਉਂ ਸ਼ਰਮਿੰਦਿਆਂ ਕਰ ਰਹੇ ਓ, ਇਹ ਕੈਸੀ ਮਹਿਮਾਨ ਨਵਾਜ਼ੀ ਹੋਈ ਕਿ ਇਕ ਤੋਂ ਪੈਸਾ ਲੈ ਲਈਏ ਤੇ ਇਕ ਤੋਂ ਨਾ…, ਤੁਸੀਂ ਦੱਸੋ ਕੀ ਭੇਜੀਏ?’’
‘‘ਉਹ ਨਹੀਂ ਮੰਨਦੇ ਭਾਈ।’’ ਜਗਤਾਰ ਨੇ ਹੱਸਦਿਆਂ ਫ਼ੋਨ ਰੱਖ ਦਿੱਤਾ।
ਮੈਂ ਜਗਤਾਰ ਨਾਲ ਰਲ ਕੇ ਗੋਰਖਧੰਦਾ ਬਣੇ ਇਨਸਾਨ ਦੇ ਪੇਚ ਖੋਲ੍ਹਣ ਦਾ ਯਤਨ ਕਰਨ ਲੱਗਾ। ਇਸ ਦਾ ਇਕ ਪ੍ਰਤੀਨਿਧ ਨਮੂਨਾ ਸ਼ਾਹ ਜੀ ਵੀ ਸੀ। ਸ਼ਾਹ ਜੀ ਜਗਤਾਰ ਉਤੇ ਆਪਣੀ ਮੁਹੱਬਤ ਲੁਟਾ ਰਿਹਾ ਸੀ ਤੇ ਉਹਦੀ ਅਖ਼ਬਾਰ ਡਟ ਕੇ ਇਸ ਕਾਨਫ਼ਰੰਸ ਦੇ ਵਿਰੁੱਧ ਲਿਖ ਰਹੀ ਸੀ। ਇਕ ਦਿਨ ਸ਼ਾਹਤਾਜ ਹੋਟਲ ਦਾ ਮਾਲਕ ਤੇ ਸ਼ਾਹ ਜੀ ਦਾ ਦਾਮਾਦ ਆਪਣੇ ਕੈਬਿਨ ਵਿਚ ਜਗਤਾਰ ਤੇ ਮੈਨੂੰ ਚਾਹ ਪਿਆਉਂਦਾ ਆਖ ਰਿਹਾ ਸੀ, ‘‘ਮੈਂ ਤਾਂ ਸ਼ਾਹ ਜੀ ਨੂੰ ਆਖਿਐ, ਕਾਹਨੂੰ ਇਹ ਖੱਪ ਪੁਆਉਣ ਡਹੇ ਓ, ਛੱਡੋ ਪਰ੍ਹਾਂ।’’
ਕਿਆ ਦੋ-ਰੰਗੀ ਸੀ। ਇਸ ਕਾਨਫ਼ਰੰਸ ਦੇ ਬਹਾਨੇ ਦੋ ਵਿਛੜੇ ਦੋਸਤ, ਜਗਤਾਰ ਤੇ ਸ਼ਾਹ ਜੀ ਆਪਸ ਵਿਚ ਮਿਲੇ ਸਨ ਪਰ ਸ਼ਾਹ ਜੀ ਦੀ ਅਖ਼ਬਾਰ ਤੇ ਸ਼ਾਇਦ ਸ਼ਾਹ ਜੀ ਵੀ ਸਮੁੱਚੇ ਤੌਰ ‘ਤੇ ਇਸ ਮਿਲਣੀ (ਕਾਨਫਰੰਸ) ਦੀ ਮੁਖ਼ਾਲਫ਼ਤ ਕਰ ਰਹੇ ਸਨ।
ਜਗਤਾਰ ਇਕ ਹੋਰ ਦਿਲਚਸਪ ਗੱਲ ਸੁਣਾ ਰਿਹਾ ਸੀ। ਬਲੂ-ਸਟਾਰ ਅਪਰੇਸ਼ਨ ਵੇੇਲੇ ਅਬਾਸ ਅਤਹਰ ‘ਸ਼ਾਹ ਜੀ’ ਕਿਸੇ ਬਾਹਰਲੇ ਮੁਲਕ ਵਿਚ ਸੀ। ਉਹ ਆਪਣੇ ਦੋ ਸਿੱਖ ਦੋਸਤਾਂ ਤੇ ਇਕ ਹਿੰਦੂ ਦੋਸਤ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਜਦੋਂ ਯਾਰਾਂ ਵਿਚ ਬਲੂ-ਸਟਾਰ ਅਪਰੇਸ਼ਨ ਦੀ ਚਰਚਾ ਚੱਲੀ ਤਾਂ ਅਬਾਸ ਅਤਹਰ ਆਪਣੇ ਸਿੱਖ ਦੋਸਤਾਂ ਨੂੰ ਪਿਆਰ ਦੀ ਗਾਲ਼ ਕੱਢ ਕੇ ਕਹਿਣ ਲੱਗਾ, ‘‘ਉਏ ਮਾਂ ਦਿਓ ਖਸਮੋਂ ਸਿੱਖੋ! ਮਰ ਜਾਓ‥ ਕਰੋ ਕੁਝ।’’
‘‘ਕੀ ਕਰੀਏ?’’ ਉਨ੍ਹਾਂ ਪਰਦੇਸ ਬੈਠਿਆਂ ਨੇ ਆਪਣੀ ਬੇਬਸੀ ਪ੍ਰਗਟਾਈ, ਤਾਂ ਕਹਿੰਦਾ, ‘‘ਉਏ! ਹੋਰ ਕੁਝ ਨਹੀਂ ਕਰ ਸਕਦੇ ਤਾਂ ਆਹ ਮੁਕੇਸ਼ ਨੂੰ ਹੀ ਮਾਰ ਦਿਓ।’’
‘‘ਕਿਉਂ ਮੈਨੂੰ ਕਿਉਂ?’’ ਹੱਸਦਿਆਂ ਹੋਇਆਂ ਪਰੇਸ਼ਾਨੀ ਵਿਚ ਮੁਕੇਸ਼ ਨੇ ਪੁੱਛਿਆ, ‘‘ਮੇਰਾ ਕੀ ਕਸੂਰ ਹੈ?’’
‘‘ਤੇਰਾ ਏਨਾ ਕਸੂਰ ਥੋੜ੍ਹਾ ਕਿ ਤੂੰ ਹਿੰਦੂਆਂ ਦੇ ਘਰ ਜੰਮਿਐਂ?’’
ਏਨੀ ਕਹਿ ਕੇ ਸ਼ਾਹ ਨੇ ਮੁਕੇਸ਼ ਨੂੰ ਜੱਫੀ ਵਿਚ ਘੁੱਟ ਲਿਆ।
ਏਹ ਕੇਹੀ ਗਲਵੱਕੜੀ ਸੀ ਜਿਸ ਵਿਚ ‘ਮੌਤ ਵਾਲਾ ਕੱਸ’ ਵੀ ਸੀ ਤੇ ਅਪਣੱਤ ਦੀ ਖ਼ੁਸ਼ਬੂ ਵੀ ਸੀ। ਮੁਕੇਸ਼ ‘ਗਰਾਹੀਆਂ ਸਾਂਝੀਆਂ ਤੇ ਪਿਆਲੀਆਂ ਸਾਂਝੀਆਂ ਵਾਲਾ’ ਉਸ ਦਾ ਜਿਗਰੀ ਦੋਸਤ ਵੀ ਸੀ ਪਰ ‘ਮਾਰਨ ਦੇ ਯੋਗ’ ਵੀ ਸੀ!
ਬੰਦਿਆ! ਤੇਰਾ ਵੀ ਕੁਝ ਪਤਾ ਨਹੀਂ ਲੱਗਦਾ!!
ਨਫ਼ਰਤਾਂ ਤੇ ਵੰਡੀਆਂ ਦੇ ਮਾਹੌਲ ਵਿਚ ਹੋਈ ਤਰਬੀਅਤ ਨੇ ਸਾਡੇ ਅੰਦਰ ਧੁਰ ਕਿਧਰੇ ਤਿੱਖੇ ਕੰਡਿਆਂ ਵਾਲਾ ਭੱਖੜਾ ਬੀਜ ਦਿੱਤਾ ਸੀ। ਮੁਹੱਬਤ ਦੇ ਫੁੱਲ ਤੇ ਕੰਡਿਆਲਾ ਭੱਖੜਾ ਸਾਡੇ ਅੰਦਰ ਲਾਗੋ ਲਾਗ ਉਗੇ ਹੋਏ ਸਨ। ਕਦੀ ਤਿੱਖੀਆਂ ਸੂਲਾਂ ਸਿਰ ਚੁੱਕ ਖੜੋ੍ਹਂਦੀਆਂ ਸਨ ਤੇ ਕਦੀ ਕਦੀ ਸੂਹਾ ਗੁਲਾਬ ਸੂਲਾਂ ਉਤੋਂ ਸਿਰ ਉੱਚਾ ਕਰ ਕੇ ਝੂਮਣ ਲੱਗ ਪੈਂਦਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਇਹ ਸੂਲਾਂ ਤੇ ਫੁੱਲ ਨਾਲ ਨਾਲ ਸਨ ਪਰ ਪਿੱਛੋਂ ਸੂਲਾਂ ਹੋਰ ਤਿੱਖੀਆਂ ਤੇ ਉੱਚੀਆਂ ਹੋ ਗਈਆਂ ਸਨ, ਅਣਗਿਣਤ। ਪਰ ਫੁੱਲ ਵਿਚਾਰੇ ਵਿਰਲੇ ਟਾਵੇਂ ਲੀਰੋ-ਲੀਰ ਪੱਤੀਆਂ ਨਾਲ ਸੂਲਾਂ ਦੀ ਭੀੜ ਵਿਚੋਂ ਉੱਚਾ ਉੱਠਣਾ ਚਾਹ ਰਹੇ ਸਨ। ਸੂਲਾਂ ਉਨ੍ਹਾਂ ਵੱਲ ਵੇਖ ਕੇ ਹੱਸਦੀਆਂ ਸਨ, ਮਜ਼ਾਕ ਕਰਦੀਆਂ ਸਨ ਪਰ ਸਿਰ ਉਠਾ ਕੇ ਖਿੜਣਾ ਮਹਿਕਣਾ ਫੁੱਲਾਂ ਦਾ ਦਸਤੂਰ ਸੀ!
ਕਾਨਫ਼ਰੰਸ ਖ਼ਤਮ ਹੋ ਗਈ ਸੀ। ਅਸੀਂ ਵੀ ਸਵੇੇਰ ਵਾਲੀ ਗੱਡੀ ‘ਤੇ ਤੁਰ ਜਾਣਾ ਸੀ। ਮੈਂ ਮੰਜੇ ‘ਤੇ ਲੇਟਿਆ ਹੋਇਆ ਭਾਰਤ-ਪਾਕਿ ਸਬੰਧਾਂ ਅਤੇ ਇਸ ਤੋਂ ਵੀ ਵੱਧ ਬੁਝਾਰਤ ਤੇ ਗੋਰਖਧੰਦਾ ਬਣੇ ਬੰਦੇ ਦੇ ਪੇਚ ਖੋਲ੍ਹਣੇ ਚਾਹ ਰਿਹਾ ਸਾਂ ਪਰ ਕੋਈ ਚਾਰਾ ਨਹੀਂ ਸੀ ਚੱਲ ਰਿਹਾ। ਮੇਰਾ ਅੰਦਰ ਜਿਵੇ ਜਾਮ ਹੋ ਗਿਆ ਸੀ। ਫ਼ਲੈਟੀਜ਼ ਹੋਟਲ ਦੇ ਕਾਨਫ਼ਰੰਸ ਹਾਲ ਵਿਚ ਬੈਨਰ ਮੇਰੀ ਚੇਤਨਾ ਵਿਚ ਲਿਸ਼ਕੇ:
* ਜੰਗ ਤਬਾਹੀ, ਤੱਤੀ ਲੂ, ਪਿਆਰ ਮੁਹੱਬਤ ਹੈ ਖ਼ੁਸ਼ਬੂ
* ਹਿੰਦ-ਪਾਕਿ ਲਈ ਖਰੀ ਨਿਆਮਤ
ਯਾਰੀ ਦੋਸਤੀ ਰਹੇ ਸਲਾਮਤ
* ਪੰਜਾਬੀ ਬੋਲੀ ਬੜੀ ਪਿਆਰੀ
ਅਜ਼ਲੋਂ ਸਾਡੀ ਸਾਂਝੇਦਾਰੀ।
ਮੈਂ ਅਜ਼ਲੋਂ ਜੁੜੀ ਸਾਂਝ ਨੂੰ ਹਿੱਕ ਨਾਲ ਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਿਉਂਕਿ ਸਵੇਰੇ ਛੇ ਵਜੇ ਤਕ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਗੱਡੀ ਵੀ ਫੜਨੀ ਸੀ ਪਰ ਨੀਂਦ ਨਹੀਂ ਸੀ ਆ ਰਹੀ। ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਮੈਨੂੰ ਮਿਹਣਾ ਮਾਰ ਰਿਹਾ ਸੀ, ‘‘ਉਏ ਨਿਮੋਹਿਆ! ਆਪਣੇ ਪੁਰਖਿਆਂ ਦੀ ਇਸ ਮਿੱਟੀ ਨੂੰ ਮਿਲੇ ਬਿਨਾਂ ਹੀ ਪਰਤ ਚੱਲਿਐਂ। ਇਸੇ ਮਿੱਟੀ ਵਿਚ ਤੇਰੇ ਉਨ੍ਹਾਂ ਵੱਡੇ ਵਡੇਰੇ, ਮੇਰੇ ਪੁੱਤਰਾਂ ਦੀ ਰਾਖ ਖਿੱਲਰੀ ਹੋਈ ਹੈ। ਉਹ ਇਸੇ ਮਿੱਟੀ ‘ਚੋਂ ਜੰਮੇ ਬਿਨਸੇ ਸਨ ਤੇ ਤੂੰ ਵੀ ਤਾਂ ਇਸੇ ਹੀ ਮਿੱਟੀ ‘ਚੋ ਉਗਮਿਆ ਏਂ… ਤੇ ਆਪਣੀ ਮਾਂ-ਮਿੱਟੀ ਨੂੰ ਮਿਲੇ ਬਿਨਾਂ ਵਾਪਸ ਚਲਾ ਜਾਏਂਗਾ?’’
ਮੈਂ ਇਕ ਹਉਕਾ ਲੈ ਕੇ ਆਪਣੇ ਪਿੰਡ ਤੋਂ ਮੁਆਫ਼ੀ ਮੰਗੀ ਤੇ ਇਕ ਹੋਰ ਬੰਦਾ ਗੋਰਖਧੰਦਾ ਬਣ ਕੇ ਮੇਰੀਆਂ ਅੱਖਾਂ ਅੱਗੇ ਆ ਖਲੋਤਾ। ਭਾਰਤ ਆਏ ਇਲਿਆਸ ਘੁੰਮਣ ਨੇ ਇਹ ਜਾਣ ਕੇ ਕਿ ਮੇਰਾ ਜੱਦੀ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ ਵਿਚ ਹੈ, ਉਸ ਪਿੰਡ ਦੇ ਇਕ ਮੁਸਲਮਾਨ ਜ਼ਿਮੀਂਦਾਰ ਦੀ ਗੱਲ ਸੁਣਾਈ ਸੀ। ਇਹ ਮੁਸਲਮਾਨ, ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖ ਹੁੰਦਾ ਸੀ ਪਰ ਜਾਨ ‘ਤੇ ਜ਼ਮੀਨ ਦੇ ਮੋਹ ਸਦਕਾ ਉਸ ਨੇ ਹਿੰਦੁਸਤਾਨ ਜਾਣ ਦੀ ਥਾਂ ਆਪਣੇ ਪਿੰਡ ਰਹਿਣਾ ਹੀ ਪ੍ਰਵਾਨ ਕਰ ਲਿਆ। ਇਲਿਆਸ ਘੁੰਮਣ ਜਦੋਂ ਉਸ ਨੂੰ ਮਿਲਿਆ ਤਾਂ ਉਹ ਬੁਢਾਪੇ ਦੀ ਅਵਸਥਾ ਵਿਚ ਪਰੇਸ਼ਾਨੀ ਦੇ ਦਿਨ ਗੁਜ਼ਾਰ ਰਿਹਾ ਸੀ। ਉਸ ਦੀਆਂ ਤਿੰਨ ਧੀਆਂ ਕਦੋਂ ਦੀਆਂ ਵਿਆਹ ਦੀ ਉਮਰ ਲੰਘਾ ਕੇ ਉਮਰ ਦੀ ਢਲਾਣ ਤੱਕ ਪੁੱਜ ਚੁੱਕੀਆਂ ਸਨ ਪਰ ਉਸ ਨੇ ਉਨ੍ਹਾਂ ਦਾ ਵਿਆਹ ਨਹੀਂ ਸੀ ਕੀਤਾ। ਇਸੇ ਪਰੇਸ਼ਾਨੀ ਵਿਚ ਬਹੁਤਾ ਸਮਾਂ ਮਸੀਤ ਵਿਚ ਬੈਠਾ ਰਹਿੰਦਾ। ਨਮਾਜ਼ ਅਦਾ ਕਰਦਾ ਰਹਿੰਦਾ ਤੇ ਅੱਲ੍ਹਾ ਦਾ ਨਾਂ ਲੈਂਦਾ ਰਹਿੰਦਾ। ਜਦੋਂ ਇਲਿਆਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਿੱਖ ਪਿਛੋਕੜ ਕਰਕੇ ਹੀ ਇਲਿਆਸ ਨੇ ਉਸ ਨੂੰ ਮਿਲਣਾ ਚਾਹਿਆ ਹੈ ਤਾਂ ਉਸ ਨੇ ਆਪਣੀ ਡੂੰਘੀ ਚੁੱਪ ਤੋੜ ਦਿੱਤੀ ਤੇ ਅਪਣੱਤ ਭਾਵ ਨਾਲ ਇਲਿਆਸ ਨਾਲ ਗੱਲਾਂ ਕਰਨ ਲੱਗਾ।
‘‘ਤੁਹਾਨੂੰ ਉਹ ਆਪਣਾ ਪਿੱਛਾ ਯਾਦ ਕਰਕੇ ਕਿਵੇਂ ਮਹਿਸੂਸ ਹੁੰਦਾ ਹੈ?’’
ਇਲਿਆਸ ਘੁੰਮਣ ਦਾ ਸਵਾਲ ਸੁਣ ਕੇ ਉਹ ਖ਼ਾਮੋਸ਼ ਹੋ ਗਿਆ ਤੇ ਆਪਣੇ ਅੰਦਰ ਡੂੰਘਾ ਉਤਰ ਗਿਆ। ਫਿਰ ਉਸ ਨੇ ਰੁਕ ਰੁਕ ਕੇ ਕਿਹਾ, ‘‘ਤੂੰ ਵੀ ਗੁਰਦੁਆਰਿਆਂ ਬਾਰੇ ਲਿਖਦਾ ਏ, ਸਿੱਖਾਂ ਨਾਲ ਤੇ ਗੁਰੂਆਂ ਨਾਲ ਤੈਨੂੰ ਵੀ ਪਿਆਰ ਏ।’’
ਉਹ ਗੱਲਾਂ ਕਰਦਾ ਕਰਦਾ ਫਿਰ ਚੁੱਪ ਹੋ ਗਿਆ, ‘‘ਤੂੰ ਆਪਣਾ ਹੀ ਪੁੱਤ ਭਤੀਜਾ ਏਂ। ਸੱਚੀ ਪੁੱਛਦੈਂ ਤਾਂ ਉਹ ਦਿਨ ਨਹੀਂ ਊ ਭੁੱਲਦੇ। ਮੈਂ ਆਪਣੀ ਜਨਮ-ਜ਼ਮੀਨ ਤਾਂ ਨਾ ਛੱਡੀ ਪਰ ਮੈਂ ਬਹੁਤ ਕੁਝ ਗੁਆ ਲਿਆ। ਮੈਂ ਆਪਣਾ ਜਨਮ ਵੀ ਗੁਆ ਲਿਆ।’’
ਉਸ ਨੇ ਗਲੇ ਵਿਚ ਆਇਆ ਥੁੱਕ ਅੰਦਰ ਲੰਘਾਇਆ, ‘‘ਮੇਰੀਆਂ ਧੀਆਂ ਅਜੇ ਤਕ ਪਿਓ ਦੇ ਬੂਹੇ ਉਤੇ ਬੈਠੀਆਂ। ਮੈਂ ਉਨ੍ਹਾਂ ਦੇ ਵਿਆਹ ਨਹੀਂ ਕਰ ਸਕਿਆ। ਮੈਂ ਉਨ੍ਹਾਂ ਨੂੰ ਮੁਸਲਮਾਨਾਂ ਦੇ ਘਰੀਂ ਕਿਵੇਂ ਵਿਆਹ ਦਿਆਂ।’’
ਅੱਖਾਂ ਵਿਚ ਪਾਣੀ ਲਈ ਉਹ ਬਜ਼ੁਰਗ ਜ਼ਿਮੀਂਦਾਰ ਲੋਟਾ ਫੜ ਕੇ ਵੁਜ਼ੂ ਕਰਨ ਤੁਰ ਗਿਆ ਤਾਂ ਕਿ ਨਮਾਜ਼ ਅਦਾ ਕਰ ਸਕੇ।
ਵਾਹ ਉਏ ਬੰਦਿਆ! ਗੋਰਖ ਧੰਦਿਆ!
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ!
ਮੈਂ ਕੌਣ ਵਿਚਾਰਾ ਹਾਂ, ਬੰਦੇ ਦੇ ਦਿਲ ਨੂੰ ਸਮਝਣ ਵਾਲਾ!।

ਅੱਜ ਸਾਡਾ ਲਾਹੌਰ ਵਿਚ ਆਖ਼ਰੀ ਦਿਨ ਸੀ। ਇਹ ਦਿਨ ਵੀ ਅਸੀਂ ਲੇਖੇ ਲੱਗਿਆ ਵੇਖਣਾ ਚਾਹੁੰਦੇ ਸਾਂ। ਕਸੂਰ ਵਿਚ ਬਾਬੇ ਬੁੱਲ੍ਹੇ ਸ਼ਾਹ ਦਾ ਮਜ਼ਾਰ ਦੇਖਣ ਦੀ ਤਾਂਘ ਤੜਪੀ ਤਾਂ ਮੈਂ ਡਾ. ਜਗਤਾਰ ਨੂੰ ਕਿਹਾ ਕਿ ਉਹ ‘ਸ਼ਾਹ ਜੀ’ ਨੂੰ ਕਹਿ ਕੇ ਕਾਰ ਦਾ ਬੰਦੋਬਸਤ ਕਰੇ। ‘ਸ਼ਾਹ ਜੀ’ ਪ੍ਰਮੁੱਖ ਉਰਦੂ ਅਖ਼ਬਾਰ ‘ਨਵਾਏ ਵਕਤ’ ਦਾ ਮੁਖ ਕਾਲਮ-ਨਵੀਸ ਹੋਣ ਕਰਕੇ ਉਹਦੀ ਕਾਰ ਵਿਚ ਲਾਹੌਰੋਂ ਬਾਹਰ ਨਿਕਲਣਾ ਸਾਨੂੰ ਵਧੇਰੇ ਸੁਰੱਖਿਅਤ ਲੱਗਦਾ ਸੀ। ਉਂਜ ਸਾਡੇ ਨਾਲ ਦੇ ਸਾਰੇ ਲੋਕ ਹੀ ਲਾਹੌਰੋਂ ਬਾਹਰ ਘੁੰਮ ਫਿਰ ਰਹੇ ਸਨ ਤੇ ਇਕ ਗਰੁੱਪ ਤਾਂ ਰਾਵਲਪਿੰਡੀ ਤੇ ਪੰਜਾ ਸਾਹਿਬ ਦੀ ਯਾਤਰਾ ‘ਤੇ ਵੀ ਨਿਕਲ ਚੁੱਕਾ ਸੀ। ‘‘ਕੋਈ ਨਹੀਂ ਪੁੱਛਦਾ ਜੀ!’’ ਕਹਿ ਕੇ ਸਾਰੇ ਤੁਰੇ ਫਿਰਦੇ ਸਨ। ਅਸੀਂ ਵੀ ਇਸ ਗੱਲ ਤੋਂ ਹੌਸਲਾ ਫੜਿਆ ਪਰ ਫਿਰ ਵੀ ‘ਨੇ ਜਾਣੀਏਂ’ ਵਾਲੇ ਖ਼ਤਰੇ ਨੂੰ ਸਾਹਮਣੇ ਰੱਖ ਕੇ ਇਕ ਪੱਤਰਕਾਰ ਦੀ ਕਾਰ ਵਿਚ ਜਾਣਾ ਸਾਨੂੰ ਠੀਕ ਲੱਗਾ।
ਕੱਲ੍ਹ ਸਵੇਰੇ ਅੱਠ ਵਜੇ ‘ਸਮਝੌਤਾ ਐਕਸਪ੍ਰੈਸ’ ‘ਤੇ ਅਸੀਂ ਵਾਪਸ ਆ ਜਾਣਾ ਸੀ, ਇਸ ਲਈ ਪੁਲੀਸ ਵਲੋਂ ਵਾਪਸੀ ਦੀ ਰਵਾਨਗੀ ਵਾਲਾ ਸਰਟੀਫਿਕੇਟ ਵੀ ਅੱਜ ਹੀ ਪ੍ਰਾਪਤ ਕਰਨਾ ਜ਼ਰੂਰੀ ਸੀ।
‘‘ਤੁਸੀਂ ਮੇਰੀ ਰਵਾਨਗੀ ਵੀ ਪੁਆ ਲਿਆਓ! ਮੈਂ ਉਨਾ ਚਿਰ ਸ਼ਾਹ ਜੀ ਨਾਲ ਤਾਲ-ਮੇਲ ਕਾਇਮ ਕਰਦਾਂ’’, ਜਗਾਤਰ ਨੇ ਮੈਨੂੰ ਤੇ ਰਘਬੀਰ ਸਿੰਘ ਨੂੰ ਕਿਹਾ।
‘‘ਪਰ ਉਥੇ ਨਿਜੀ ਰੂਪ ਵਿਚ ਤੁਹਾਡੀ ਹਾਜ਼ਰੀ ਜ਼ਰੂਰੀ ਹੋਵੇਗੀ!’’
‘‘ਲੈ… ਇਹ ਰਵਾਨਗੀ ਤਾਂ ਥਾਣਿਓਂ ਹੀ ਪੈਣੀ ਆਂ ਤੇ ਹੌਲਦਾਰ ਮਜੀਦ ਤੇ ਤੇਰਾ ਸੰਧੂ ਭਰਾ ਉਥੇ ਹੀ ਹੋਣੇ ਨੇ, ਫਿਕਰ ਕਾਹਦਾ!’’ ਜਗਤਾਰ ਨੇ ਭਰੋਸੇ ਨਾਲ ਕਿਹਾ।
ਮੈਂ ਤੇ ਰਘਬੀਰ ਸਿੰਘ ਦੋਵੇਂ ਕਿਲ੍ਹਾ ਗੁੱਜਰ ਸਿੰਘ ਥਾਣੇ ਪੁੱਜੇ ਤਾਂ ਅੱਗੇ ਸੱਚਮੁੱਚ ਹਵਾਲਦਾਰ ਮਜੀਦ ਹੀ ਕੁਰਸੀ ‘ਤੇ ਡਟਿਆ ਬੈਠਾ ਸੀ। ਮੈਨੂੰ ਪਛਾਣ ਕੇ ਉਹਨੇ ਪੁਰਖ਼ਲੂਸ ਅੰਦਾਜ਼ ਵਿਚ ਹੱਥ ਮਿਲਾਉਂਦਿਆਂ ਕਿਹਾ, ‘‘ਆਓ ਸੰਧੂ ਸਾਹਿਬ! ਫੇਰ ਕੱਲ੍ਹ ਦੀਆਂ ਰਵਾਨਗੀਆਂ ਨੇ?’’
ਮੁਸਕਰਾਉਂਦਿਆਂ ਉਸ ਨੇ ਸਾਡੇ ਹੱਥੋਂ ਫਾਰਮ ਫੜ ਲਏ। ਮੈਨੂੰ ਇਹ ਚੰਗਾ ਲੱਗਾ ਕਿ ਉਸ ਦਿਨ ਦੀ ਛੋਟੀ ਜਿਹੀ ਮੁਲਾਕਾਤ ਨੂੰ, ਸਾਡੇ ਏਨੇ ਲੋਕਾਂ ਦੀਆਂ ਮਿਲਣੀਆਂ ਵਿਚ ਵੀ, ਉਸ ਨੇ ਯਾਦ ਰੱਖਿਆ ਸੀ। ਇਸ ਅਪਣੱਤ ਭਾਵ ‘ਚੋਂ ਮੈਂ ਜਗਤਾਰ ਦੇ ਨਾ ਆ ਸਕਣ ਬਾਰੇ ਤੇ ਉਸ ਦਾ ਫਾਰਮ ਵੀ ਤਸਦੀਕ ਕਰਨ ਦੀ ਬੇਨਤੀ ਕੀਤੀ ਤਾਂ ਉਸ ਨੇ ਉਤਸ਼ਾਹ ਨਾਲ ਆਖਿਆ, ‘‘ਗੱਲ ਹੀ ਕੋਈ ਨਹੀਂ ਬਾਦਸ਼ਾਹੋ! ਤੁਸੀਂ ਹੋਰ ਸੇਵਾ ਦੱਸੋ।’’
ਉਹ ਫੁੱਟਾ ਤੇ ਪੈਨਸਲ ਫੜ ਕੇ ਰਜਿਸਟਰ ਉਤੇ ਸਾਡੇ ਵੇਰਵਿਆਂ ਨੂੰ ਦਰਜ ਕਰਨ ਵਾਸਤੇ ਖ਼ਾਨੇ ਬਣਾਉਣ ਲੱਗਾ। ਲਿਖ ਲਿਖ ਕੇ ਸਾਰੀ ਕਾਰਵਾਈ ਮੁਕੰਮਲ ਕਰਕੇ ਜਦੋਂ ਉਸ ਨੇ ਮੇਰੇ ਫਾਰਮ ਦਾ ਪਿਛਲਾ ਪੰਨਾ ਮੋਹਰ ਲਾਉਣ ਲਈ ਪਰਤਿਆ ਤਾਂ ਹੈਰਾਨ ਹੋਇਆ, ‘‘ਤੁਸੀਂ ਐੱਸ.ਐੱਸ.ਪੀ. ਦੇ ਦਫਤਰੋਂ ਅੰਦਰਾਜ ਕਰਾ ਕੇ ਨਹੀਂ ਆਏ?’’
‘‘ਨਹੀਂ’’, ਮੈਂ ਭੋਲੇ-ਭਾਅ ਉੱਤਰ ਦਿੱਤਾ।
ਉਹ ਹੱਸਿਆ, ‘‘ਪਹਿਲਾਂ ਉਥੇ ਜਾਣਾ ਸੀ। ਉਨ੍ਹਾਂ ਦੀ ਮਨਜ਼ੂਰੀ ਤੇ ਮੋਹਰ ਤੋਂ ਪਿੱਛੋਂ ਹੀ ਅਸੀਂ ਰਵਾਨਗੀ ਪਰਚਾ ਬਨਾਉਣਾ ਹੁੰਦਾ ਹੈ। ਚੱਲੋ ਹੁਣ ਵੀ ਕੋਈ ਨਹੀਂ, ਤੁਸੀਂ ਉਥੋਂ ਹੋ ਆਓ। ਏਥੋਂ ਵਾਲਾ ਕੰਮ ਤੁਹਾਡਾ ਮੁਕੰਮਲ ਹੈ, ਜਦੋਂ ਉਥੋਂ ਲਿਖਵਾ ਲਿਆਵੋਗੇ ਤਾਂ ਉਹਦੇ ਹੇਠਾਂ ਮੈਂ ਲਿਖਣ ਲੱਗਿਆਂ ਹੁਣ ਅੱਧਾ ਮਿੰਟ ਵੀ ਨਹੀਂ ਲਾਉਣਾ। ਪਰ ਉਥੇ ਇਹ ਨਾ ਦੱਸਿਓ ਕਿ ਥਾਣੇ ਵਿਚੋਂ ਤਾਂ ਅਸੀਂ ਰਵਾਨਗੀ ਪੁਆ ਵੀ ਲਿਆਏ ਹਾਂ ਨਹੀਂ ਤਾਂ ਸਾਡੀ ਪੁੱਛਗਿਛ ਹੋ ਜਾਊ ਕਿ ਬਿਨਾਂ ਵੇਖਿਆਂ ਹੀ ਅਸੀਂ…’’
ਸਾਡੇ ਕਾਗਜ਼ਾਂ ਦੀ ਪੜਤਾਲ ਕੀਤੇ ਬਿਨਾਂ ਹੀ ਹਵਾਲਦਾਰ ਮਜੀਦ ਵਲੋਂ ਤੁਰੰਤ ਹੀ ਸਾਡੇ ਕਾਗਜ਼ ਪੱਤਰ ਤਿਆਰ ਕਰਨ ਵਿਚ ਵਿਖਾਈ ਕਾਹਲੀ ਨੇ ਸਾਡੇ ਪ੍ਰਤੀ ਉਹਦੇ ਵਿਸ਼ਵਾਸ ਅਤੇ ਅਪਣੱਤ ਨੂੰ ਹੀ ਤਸਦੀਕ ਕੀਤਾ ਸੀ। ਨਹੀਂ ਤਾਂ ਪੁਲਸੀਆ ਕੀ ਆਖ ਤੇ ਬਿਨਾਂ ਕਾਗਜ਼ਾਂ ਦੀ ਮੀਨ-ਮੇਖ ਕੱਢਣ ਤੋਂ ਸੁਹਿਰਦ ਭਾਵ ਨਾਲ ਇੰਜ ਕੰਮ ਕਰਨਾ ਕੀ ਆਖ!
ਅਸੀਂ ਐੱਸ.ਐੱਸ.ਪੀ. ਦੇ ਦਫਤਰੋਂ ਪਰਤ ਕੇ ਮਜੀਦ ਤੋਂ ਦਸਤਖ਼ਤ ਕਰਵਾਏ ਤੇ ਉਸ ਦੁਆਰਾ ਦਿਖਾਈ ਖੁੱਲ੍ਹ-ਦਿਲੀ ਤੇ ਪਿਆਰ ਲਈ ਉਸ ਦਾ ਧੰਨਵਾਦ ਕੀਤਾ।
‘‘ਇਹ ਤਾਂ ਸਾਡਾ ਫਰਜ਼ ਏ ਬਾਦਸ਼ਾਹੋ। ਤੁਸੀਂ ਸਾਡੇ ਮਹਿਮਾਨ ਓ… ਸਾਡੇ ਭਰਾ ਓ…’’ ਉਸ ਨੇ ਉੱਠ ਕੇ ਸਾਡੇ ਨਾਲ ਗਰਮਜੋਸ਼ੀ ਵਿਚ ਅਲਵਿਦਾਈ ਹੱਥ ਮਿਲਾਇਆ।
ਸ਼ਾਹਤਾਜ ਹੋਟਲ ਪਹੰੁਚੇ ਤਾਂ ਜਗਤਾਰ ਨੇ ਦੱਸਿਆ ਕਿ ‘ਸ਼ਾਹ ਜੀ’ ਨੇ ਡਰਾਈਵਰ ਸਮੇਤ ਕਾਰ ਭੇਜ ਦਿੱਤੀ ਹੈ। ਕੁਝ ਹੀ ਪਲਾਂ ਵਿਚ ਤਿਆਰ ਹੋ ਕੇ ਅਸੀਂ ਕਸੂਰ ਵੱਲ ਚਾਲੇ ਪਾ ਦਿੱਤੇ। ਖੁੱਲ੍ਹੀ ਵੱਡੀ ਕਾਰ ਵਿਚ ਡਰਾਈਵਰ ਦੇ ਨੇੜੇ ਜਗਤਾਰ ਬੈਠਾ ਸੀ ਤੇ ਪਿੱਛੇ ਰਘਬੀਰ ਸਿੰਘ, ਉਸ ਦੀ ਪਤਨੀ ਸੁਲੇਖਾ ਅਤੇ ਮੈਂ। ਮੇਰਾ ਭਾਵੁਕ ਲਗਾਓ ਤਾਂ ਸਮੁੱਚੇ ਪੱਛਮੀ ਪੰਜਾਬ ਨਾਲ ਹੀ ਹੈ ਪਰ ਵਿਸ਼ੇਸ਼ ਤੌਰ ‘ਤੇ ਲਾਹੌਰ ਅਤੇ ਕਸੂਰ ਦੇ ਇਲਾਕੇ ਪ੍ਰਤੀ ਮੇਰੀ ਖਿੱਚ ਵਧੇਰੇ ਰਹੀ ਹੈ। ਇਸ ਦਾ ਇਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੇਰਾ ਮੌਜੂਦਾ ਪਿੰਡ ਸੁਰ ਸਿੰਘ ਅਤੇ ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਜ਼ਿਲਾ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਹਿੱਸਾ ਰਹੇ ਸਨ। ਇੰਜ ਮੈਂ ਆਪਣੇ ਵਡੇਰਿਆਂ ਤੋਂ ਲਾਹੌਰ ਤੇ ਕਸੂਰ ਨਾਲ ਸਬੰਧਿਤ ਅਨੇਕਾਂ ਕਿੱਸੇ ਸੁਣੇ ਹੋਏ ਸਨ। ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਜਾਂ ਹੋਰ ਕਾਰ-ਵਿਹਾਰ ਲਈ ਕਸੂਰ ਜਾਣ ਦੀਆਂ ਕਹਾਣੀਆਂ, ਰਸਤੇ ਵਿਚ ਆਉਂਦੇ ਪਿੰਡਾਂ ਦੇ ਵੇਰਵੇ, ਉਥੋਂ ਦੇ ਬੰਦਿਆਂ ਨਾਲ ਸਾਂਝਾਂ ਕਈ ਕੁਝ ਮੇਰੇ ਅਵਚੇਤਨ ਵਿਚ ਵੱਸਿਆ ਹੋਇਆ ਸੀ।
ਕਾਰ ਲਾਹੌਰ ਦੀ ਹੱਦ ਪਾਰ ਕਰਕੇ ਕਸੂਰ ਵੱਲ ਜਾ ਰਹੀ ਸੀ। ਸੜਕ ਉਤੇ ਅਤੇ ਆਸੇ ਪਾਸੇ ਦੇ ਪਿੰਡਾਂ ਦੇ ਨਾਂ ਅਤੇ ਵੇਰਵੇ ਮੇਰੀ ਚੇਤਨਾ ਵਿਚ ਘੁੰਮ ਰਹੇ ਸਨ। ਕ੍ਹਾਨਾਂ-ਕਾਛਾ, ਲਲਿਆਣੀ, ਰਾਜਾ ਜੰਗ। ਮੈਨੂੰ ਜਾਪਦਾ ਸੀ ਮੈਂ ਆਪਣੀ ਵਿਛੜੀ ਧਰਤੀ ਤੋਂ ਸਦੀਆਂ ਬਾਦ ਕਿਸੇ ਦੂਸਰੇ ਜਨਮ ਵਿਚ ਗੁਜ਼ਰ ਰਿਹਾ ਹਾਂ।
ਮੈਨੂੰ ਇਸ ਧਰਤੀ ਤੋਂ ਕਿਉਂ ਵਿਛੋੜ ਲਿਆ ਗਿਆ ਸੀ!
ਡਰਾਈਵਰ ਨੇ ਟੇਪ ‘ਔਨ’ ਕਰ ਦਿੱਤੀ। ਨੁਸਰਤ ਫਤਹਿ ਅਲੀ ਖਾਂ ਗਾ ਰਿਹਾ ਸੀ:
ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ
ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂ
ਕੀ ਉਹ ਮੈਨੂੰ ਸੁਣਾ ਕੇ ਗਾ ਰਿਹਾ ਸੀ। ਇਹ ਕਿਉਂ ਵਿਗੜ ਗਈ ਸੀ। ਦੂਰੀ ਕਿਉਂ ਪੈ ਗਈ ਸੀ? ਥੋੜੇ੍ਹ ਦਿਨਾਂ ਤੋਂ ਕਿਥੇ! ਇਹ ਤਾਂ ਉਮਰਾਂ ਬੀਤ ਗਈਆਂ ਸਨ!
ਮੈਂ ਉਦਾਸ ਹੋ ਗਿਆ ਸਾਂ।
ਅਸੀਂ ਕ੍ਹਾਨਾਂ ਨਵਾਂ ਤੇ ਕ੍ਹਾਨਾਂ ਪੁਰਾਣਾ ਕੋਲੋਂ ਗੁਜ਼ਰ ਰਹੇ ਸਾਂ। ਉਦਾਸੀ ‘ਚੋਂ ਨਿਕਲਣ ਲਈ ਮੈਂ ਨਜ਼ਾਮਦੀਨ ਦਾ ਧਿਆਨ ਧਰ ਲਿਆ। ਪਾਕਿਸਤਾਨ ਰੇਡੀਓ ਦਾ ਉਹ ਕਲਾਕਾਰ ਪਾਕਿਸਤਾਨ ਬਣਨ ਪਿੱਛੋਂ ਅਟਾਰੀ ਨੇੜਲੇ ਪਿੰਡ ਮੋਦੇ ਤੋਂ ਉੱਠ ਕੇ ਲਾਹੌਰ ਜਾ ਵੱਸਿਆ ਸੀ ਪਰ ਖ਼ਾਨਦਾਨੀ ਜ਼ਮੀਨ-ਜਾਇਦਾਦ ਉਸ ਦੀ ਕ੍ਹਾਨੇ ਹੀ ਸੀ। ਰੇਡੀਓ ਉਤੋਂ ਚੌਧਰੀ ਤੇ ਨਜ਼ਾਮਦੀਨ ਗੱਲਾਂ ਕਰ ਰਹੇ ਸਨ।
‘‘ਨਜ਼ਾਮਦੀਨ ਜੀ! ਅੱਲਾ ਦੇ ਫ਼ਜ਼ਲ-ਓ-ਕਰਮ ਨਾਲ ਪਾਕਿਸਤਾਨ ਦੀ ਸਰ-ਜ਼ਮੀਂ, ਇਹ ਖਿੱਤਾ ਇਸਲਾਮਕ ਸਟੇਟ ਤਾਂ ਅਸੀਂ ਬਣਾ ਲਿਆ ਪਰ ਹੁਣ ਸਾਨੂੰ ਸੱਚੇ-ਸੁੱਚੇ ਮੁਸਲਮਾਨ ਬਣਨ ਲਈ ਵੀ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ,’’ ਚੌਧਰੀ ਨੇ ਆਖਿਆ ਤਾਂ ਨਜ਼ਾਮਦੀਨ ਕਹਿਣ ਲੱਗਾ:
‘‘ਇਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਪਰ ਉਸ ਤੋਂ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ। ਕ੍ਹਾਨੇ ਮੇਰੀ ਜ਼ਮੀਨ ਵਿਚੋਂ ਸੂਆ ਲੰਘਦਾ ਹੈ। ਸੂਏ ਦੇ ਕੰਢੇ ਮੇਰਾ ਛੋਟਾ ਜਿਹਾ ਬਾਗ਼ ਹੈ। ਮੈਂ ਸੋਚਿਆ ਵਗਦਾ ਰਾਹ ਹੈ, ਆਉਂਦੇ ਜਾਂਦੇ ਰਾਹਗੀਰਾਂ ਲਈ ਸਾਹ ਲੈਣ ਤੇ ਛਾਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਹੀ ਕਰ ਛੱਡਾਂ। ਮੈਂ ਜੀ ਰੁੱਖਾਂ ਦੀ ਛਾਵੇਂ ਇਕ ਤਖ਼ਤਪੋਸ਼ ਬਣਵਾ ਦਿੱਤਾ, ਦੋ ਬੈਂਚ ਰਖਵਾ ਦਿੱਤੇ, ਇਕ ਨਲਕਾ ਲਵਾ ਦਿੱਤਾ। ਨੇੜੇ ਗੜਵਾ ਤੇ ਲੋਟਾ ਰੱਖਵਾ ਦਿੱਤਾ। ਸਫ਼ਾਂ ਵੀ ਰੱਖ ਦਿੱਤੀਆਂ। ਸੋਚਿਆ, ਲੰਘਦੇ ਆਉਂਦੇ ਮੁਸਾਫਿਰ ਨਾਲੇ ਆਰਾਮ ਕਰਨਗੇ, ਪਾਣੀ-ਧਾਣੀ ਪੀ ਲੈਣਗੇ ਤੇ ਨਾਲੇ ਜੀ ਚਾਹੇ ਤਾਂ ਵੁਜ਼ੂ ਕਰਕੇ ਨਮਾਜ਼ ਪੜ੍ਹ ਲੈਣਗੇ। ਸਵਾਬ ਦਾ ਕੰਮ ਸੀ ਜੀ। ਪਰ ਦੋ ਹਫ਼ਤਿਆਂ ਬਾਦ ਜਾ ਕੇ ਵੇਖਿਆ ਤਾਂ ‘ਸੱਚੇ ਸੁੱਚੇ’ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ, ਉਤਲਾ ਕੱਪ ਜਿਹਾ, ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫ਼ਾਂ ਵਲ੍ਹੇਟੀਆਂ ਜਾ ਚੁੱਕੀਆਂ ਸਨ। ਮਸ਼ੀਨ ਪੁੱਟਣੀ ਤੇ ਤਖ਼ਤਪੋਸ਼ ਚੁੱਕਣਾ ਵਧੇਰੇ ਬੰਦਿਆਂ ਦਾ ਕੰਮ ਹੋਣ ਕਰਕੇ ਉਹ ਇਹ ਕੰਮ ਅਗਲੇ ਹਫਤੇ ਉਤੇ ਪਾ ਗਏ ਨੇ।’’
‘‘ਬਹੁਤਾ ਮਾੜੀ ਗੱਲ ਏ ਜੀ!… ਏਸ ਕੰਮ ਨੂੰ ਤਾਂ ਪਾਕਿਸਤਾਨ ਨਹੀਂ ਸੀ ਬਣਾਇਆ ਆਪਾਂ’’, ਚੌਧਰੀ ਆਖ ਰਿਹਾ ਸੀ।
ਮੈਂ ਮਨ ਹੀ ਮਨ ਹੱਸਿਆ, ‘‘ਸਾਡੇ ਵੱਲ ਵੀ ਅਜਿਹੇ ‘ਸੱਚੇ-ਸੱੁਚੇ’ ਹਿੰਦੂਆਂ ਸਿੱਖਾਂ ਦੀ ਘਾਟ ਨਹੀਂ ਹੈ। ਆਖ਼ਰ ਤਾਂ ਇਕ ਦੂਜੇ ਦੇ ਭਰਾ ਹੀ ਹਾਂ।’’
ਕਾਰ ਸੂਏ ਦੇ ਪੁੱਲ ਤੋਂ ‘ਸ਼ਾਂ’ ਕਰਕੇ ਲੰਘ ਗਈ। ਮੈਂ ਸੱਜੇ ਖੱਬੇ ਦੂਰ ਤਕ ਨਜ਼ਾਮਦੀਨ ਦਾ ਬਾਗ਼ ਲੱਭ ਰਿਹਾ ਸਾਂ।
ਕ੍ਹਾਨਾ ਲੰਘ ਕੇ ਲਲਿਆਣੀ ਆਇਆ। ਸੜਕ ‘ਤੇ ਦੋਵੇਂ ਪਾਸੀਂ ਦੂਰ ਤਕ ਸਾਡੇ ‘ਰਈਆ’ ਕਸਬੇ ਵਾਂਗ ਫੈਲਿਆ ਹੋਇਆ।
‘‘ਕਸੂਰ ਤਾਂ ਬਿਲਕੁਲ ਬਾਡਰ ਦੇ ਨੇੜੇ ਜਾ ਪੈਂਦਾ ਹੈ’’, ਮੈਂ ਆਖਿਆ ਤਾਂ ਜਗਤਾਰ ਬੋਲਿਆ, ‘‘ਬਿਨਾਂ ਇਜਾਜ਼ਤ ਬਾਡਰ ਦੇ ਨੇੜਲੇ ਇਲਾਕੇ ਵਿਚ ਆਉਣਾ ਖ਼ਤਰਨਾਕ ਵੀ ਹੈ।’’
‘‘ਆਹੋ! ਕਿਤੇ ਜਾਸੂਸੀ ਕਰਨ ‘ਚ ਨਾ ਧਰ ਲਏ ਜਾਈਏ… ਮੁੜ ਕੇ ਜੇ ਬਚ ਗਏ ਤਾਂ ਜਾ ਕੇ ਲਿਖਦੇ ਫਿਰਾਂਗੇ ‘ਪਾਕਿਸਤਾਨ ਵਿਚ ਮੇਰੀ ਕੈਦ ਦੇ ਦਿਨ।’ ਮੈਂ ਹੱਸ ਕੇ ਕਿਹਾ।
ਕਿਸੇ ਸਮੇਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਅੱਜ ਕੱਲ੍ਹ ਇਕ ਪੂਰਾ ਜ਼ਿਲ੍ਹਾ ਹੈ। ਇਹ ਲਾਹੌਰ ਤੋਂ ਫ਼ਿਰੋਜ਼ਪੁਰ ਜਾਂਦੀ ਸੜਕ ‘ਤੇ ਲਾਹੌਰ ਤੋਂ ਲਗਪਗ ਚੌਤੀ ਮੀਲ ਦੂਰ ਦੱਖਣ-ਪੂਰਬ ਵਿਚ ਸਥਿਤ ਹੈ। ਜਿਵੇਂ ‘ਲਹਾਵਰ’ ਤੋਂ ਬਦਲ ਕੇ ‘ਲਾਹੌਰ’ ਬਣਿਆ, ਇੰਜ ਹੀ ‘ਕਸ਼ਾਵਰ’ ਤੋਂ ਬਦਲ ਕੇ ‘ਕਸੂਰ’ ਬਣੇ ਦੀ ਰਵਾਇਤ ਸਦੀਆਂ ਤੋਂ ਚੱਲੀ ਆਉਂਦੀ ਹੈ। ਭਗਵਾਨ ਰਾਮ ਦੇ ਪੁੱਤਰ ‘ਕਸ਼ੂ’ ਵੱਲੋਂ ਵਸਾਇਆ ਹੋਇਆ ‘ਕਸੂਰ’। ਪਰ ਇਤਿਹਾਸ ਵਿਚ ਇਸ ਦਾ ਜ਼ਿਕਰ ਪੰਦਰਵੀਂ ਸਦੀ ਤੋਂ ਪਿੱਛੋਂ ਹੀ ਲੱਭਦਾ ਹੈ ਜਦੋਂ ਬਾਬਰ ਦੇ ਸਮੇਂ ਸਗੋਂ ਬਹੁਤਾ ਕਰਕੇ ਅਕਬਰ ਦੇ ਸਮੇਂ 1560 ਈ: ਦੇ ਕਰੀਬ ਇਥੇ ਪਠਾਣਾਂ ਦਾ ਕਬਜ਼ਾ ਸੀ।
ਜਦੋਂ ਸਿੱਖ ਪੰਜਾਬ ਵਿਚ ਇਕ ਤਾਕਤ ਬਣ ਕੇ ਉੱਭਰ ਰਹੇ ਸਨ, ਉਸ ਸਮੇਂ ਉਨ੍ਹਾਂ ਨੂੰ ਕਸੂਰ ਦੇ ਪਠਾਣਾਂ ਦੇ ਵਿਰੋਧ ਦਾ ਅਕਸਰ ਸਾਹਮਣਾ ਕਰਨਾ ਪਿਆ। 1763 ਤੇ ਫਿਰ 1770 ਵਿਚ ਭੰਗੀ ਮਿਸਲ ਦੇ ਸਰਦਾਰਾਂ ਨੇ ਪੂਰੇ ਕਸੂਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬਹੁਤ ਵੱਡੀ ਗਿਣਤੀ ਵਿਚ ਪਠਾਣ ਕਤਲ ਕੀਤੇ ਗਏ। ਇਸ ਖ਼ਾਨਦਾਨ ਦੇ ਦੋ ਨੁਮਾਇੰਦੇ ਭਰਾ ਨਿਜ਼ਾਮ-ਉਦ-ਦੀਨ ਖ਼ਾਂ ਅਤੇ ਕੁਤਬ-ਉਦ-ਦੀਨ ਖ਼ਾਂ ਆਪਣੇ ਹਮਲਾਵਰ ਮਾਲਕਾਂ ਦੀ ਨੌਕਰੀ ਕਰਨ ਲੱਗੇ। ਪਰ ਉਹ ਏਨੇ ਉਤਸ਼ਾਹੀ ਅਤੇ ਬਹਾਦਰ ਨਿਕਲੇ ਕਿ ਕੁਝ ਸਾਲਾਂ ਬਾਦ 1794 ਵਿਚ ਉਨ੍ਹਾਂ ਨੇ ਸਿੱਖਾਂ ਨੂੰ ਉਖਾੜ ਕੇ ਮੁੜ ਕਸੂਰ ‘ਤੇ ਪਠਾਣਾਂ ਦਾ ਰਾਜ ਕਾਇਮ ਕਰ ਲਿਆ। ਉਹ ਇਸ ਰਾਜ ਦੇ 1807 ਤਕ ਮਾਲਕ ਰਹੇ। 1807 ਵਿਚ ਰਣਜੀਤ ਸਿੰਘ ਦੀ ਵਧਦੀ ਤਾਕਤ ਦੇ ਜਲੌਅ ਅੱਗੇ ਕੁਤਬ-ਉਦ-ਦੀਨ ਖ਼ਾਂ ਨੂੰ ਗੋਡੇ ਟੇਕਣੇ ਪਏ ਤੇ ਕਸੂਰ ਸਿੱਖ ਰਾਜ ਦਾ ਅੰਗ ਬਣ ਗਿਆ।
ਕਸੂਰ ਦੇ ਨੇੜੇ ਪਹੁੰਚੇ ਤਾਂ ਮੈਂ ਰਘਬੀਰ ਸਿੰਘ ਨੂੰ ਜੋ ਪੰਜਾਬੀ ਗਲਪ ਦਾ ਪ੍ਰਮੁੱਖ ਆਲੋਚਕ ਵੀ ਹੈ ; ਕਿਹਾ ਕਿ ਸਾਡੇ ਮਹਾਨ ਢਾਡੀ ਤੇ ਨਾਵਲਕਾਰ ਸੋਹਣ ਸਿੰਘ ਸੀਤਲ ਦੇ ਨਾਵਲਾਂ ਵਿਚ ਕਸੂਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਹੀ ਵਰਨਣ ਹੈ। ‘ਤੂਤਾਂ ਵਾਲਾ ਖੂਹ’, ‘ਜੁਗ ਬਦਲ ਗਿਆ’, ‘ਪਤਵੰਤੇ ਕਾਤਲ’ ਆਦਿ ਨਾਵਲਾਂ ਦੇ ਸਭ ਵੇਰਵੇ ਇਸੇ ਹੀ ਖਿੱਤੇ ਨਾਲ ਸਬੰਧਿਤ ਹਨ। ਉਸਦਾ ਪਿੰਡ ‘ਕਾਦੀਵਿੰਡ’ ਵੀ ਕਸੂਰ ਦੇ ਨੇੜੇ ਹੀ ਸੀ।
‘‘ਹਾਂ, ਇਹ ਸਾਰਾ ਇਲਾਕਾ ਤਾਂ ਸੀਤਲ ਦੀਆਂ ਅੱਖਾਂ ਰਾਹੀਂ ਅਨੇਕਾਂ ਵਾਰ ਵੇਖ ਚੁੱਕੇ ਹਾਂ, ਇਹ ਤਾਂ ਆਪਣਾ ਹੀ ਇਲਾਕਾ ਲੱਗਦਾ ਹੈ।’’ ਉਸ ਦੀ ਗੱਲ ਠੀਕ ਸੀ। ਮੈਨੂੰ ਵੀ ਲੱਗਦਾ ਸੀ ਕਸੂਰ ਦੇ ਬਾਜ਼ਾਰਾਂ ਵਿਚ ਕਿਧਰੇ ਧੰਨੇ ਸ਼ਾਹ ਦੀ ਦੁਕਾਨ ਹੋਵੇਗੀ। ਹੁਣੇ ਉਹਦੀ ਦੁਕਾਨ ਤੋਂ ਉਹਦਾ ਲੰਗੋਟੀਆ ਲੱਖਾ ਸਿੰਘ ਬਾਹਰ ਨਿਕਲ ਰਿਹਾ ਹੋਵੇਗਾ।
ਅਸੀਂ ਕਸੂਰ ਦੇ ਬਜ਼ਾਰਾਂ ਵਿਚ ਵੜੇ ਸਾਂ। ਗਹਿਮਾ-ਗਹਿਮੀਂ ਨਾਲ ਭਰੇ ਛੋਟੇ ਬਾਜ਼ਾਰਾਂ ‘ਚੋਂ ਗੁਜ਼ਰਦਿਆਂ ਅਸੀਂ ਗੌਰਮਿੰਟ ਹਾਈ ਸਕੂਲ ਦੀ ਇਮਾਰਤ ਕੋਲੋਂ ਗੁਜ਼ਰੇ। ਇਸੇ ਸਕੂਲ ਵਿਚ ਸੋਹਣ ਸਿੰਘ ਸੀਤਲ ਪੜ੍ਹਦਾ ਰਿਹਾ ਸੀ। ਅੱਗੇ ਇੰਟਰਨੈਸ਼ਨਲ ਰੇਂਜਰਜ਼ ਖੜੋਤੇ ਸਨ। ਬਾਰਡਰ ਦੀ ਸੁਰੱਖਿਆ ਲਈ ਜ਼ਿੰਮੇਵਾਰ। ਅਸੀਂ ਡਰੇ ‘‘ਜੇ ਇਨ੍ਹਾਂ ਨੇ ਪੁੱਛ ਲਿਆ।’’
ਉਨ੍ਹਾਂ ਨੇ ਸਾਨੂੰ ਵੇਖ ਤਾਂ ਲਿਆ ਪਰ ਕਿਹਾ ਕੁਝ ਨਾ।
ਇਕ ਭੀੜ ਨਾਲ ਭਰੇ ਲੰਮੇ ਬਾਜ਼ਾਰ ਵਿਚੋਂ ਲੰਘਦਿਆਂ ਡਰਾਈਵਰ ਨੇ ਗੱਡੀ ਸਾਈਂ ਬੁੱਲ੍ਹੇ ਸ਼ਾਹ ਦੀ ਯਾਦਗਾਰ ਅੱਗੇ ਜਾ ਖੜ੍ਹੀ ਕੀਤੀ।
ਅਸੀਂ ਕਾਰ ਤੋਂ ਉਤਰ ਕੇ ਉਸ ਛੋਟੇ ਜਿਹੇ ਕੰਪਲੈਕਸ ਵਿਚ ਦਾਖ਼ਲ ਹੋਏ ਤਾਂ ਮੰਗਤਿਆਂ ਤੇ ਫ਼ਕੀਰਾਂ ਦੀ ਇਕ ਭੀੜ ਡੂੰਮਣੇ ਦੀਆਂ ਮੱਖੀਆਂ ਵਾਂਗ ਸਾਡੇ ਵੱਲ ਉਲਰੀ। ਇਨ੍ਹਾਂ ਮੰਗਤਿਆਂ ਵਿਚ ਠੀਕ ਦਿੱਖ ਵਾਲੇ ਤੇ ਜਚਦੇ ਕੱਪੜਿਆਂ ਵਾਲੇ ਮੁੰਡੇ ਵੀ ਸਨ। ਅਜਿਹੇ ਮੰਗਤੇ ਲਾਹੌਰ ਵਿਚ ਵੀ ਬਹੁਤ ਵੇਖਣ ਨੂੰ ਮਿਲਦੇ ਨੇ। ਅਸੀਂ ਉਨ੍ਹਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾ ਕੇ, ਕਿਸੇ ਨਾ ਕਿਸੇ ਨੂੰ ਕੁਝ ਦੇ ਕੇ, ਅੱਗੇ ਮੁੱਖ ਦਰਵਾਜ਼ੇ  ਉਤੇ ਪੁੱਜੇ ਤਾਂ ਦਰਵਾਜ਼ੇ ਕੋਲ ਇਕ ਵਿਅਕਤੀ ਢੋਲਕ ਦੀ ਥਾਪ ਨਾਲ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ:
‘‘ਬੁੱਲ੍ਹਾ ਕੀ ਜਾਣਾ ਮੈਂ ਕੌਣ’’
ਮੈਂ ਉਸ ਨੂੰ ਨਮਸਕਾਰ ਵਜੋਂ ਕੁਝ ਮਾਇਆ ਭੇਟ ਕੀਤੀ। ਇਕ ਭਾਵੁਕ ਤਰੰਗ ਮੇਰੇ ਅੰਦਰ ਉਮਡੀ। ਬਾਬੇ ਨੇ ਤਾਂ ਕਿਹਾ ਸੀ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ! ਮੈਂ ਤਾਂ ਆਪਣੀ ਪਛਾਣ ਵਿਚ ਰੁਝਿਆ ਹੋਇਆ ਹਾਂ ਪਰ ਦੂਜੇ ਪਾਸੇ ਅਸੀਂ ਹਾਂ ਕਿ ਅਸੀਂ ਪੂਰੇ ਜ਼ੋਰ ਨਾਲ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਹਾਂ, ਸਾਨੂੰ ਇਸ ਦੀ ਚੰਗੀ ਤਰ੍ਹਾਂ ਪਛਾਣ ਹੈ ਤੇ ਪਤਾ ਹੈ ਕਿ ਅਸੀਂ ਐਹੋ ਕੁਝ ਹਾਂ। ਹਿੰਦੂ, ਸਿੱਖ ਜਾਂ ਮੁਸਲਮਾਨ, ਅਸੀਂ ਆਪਣੀ ਪਛਾਣ ਬਣਾ ਲਈ ਹੈ। ਇਸੇ ਪਛਾਣ ਲਈ ਲੜਦੇ ਹਾਂ, ਮਰਦੇ ਹਾਂ।
ਰਮਜ਼ਾਨ ਦੇ ਮਹੀਨੇ ਦੀ ਉਹ ਕਹਾਣੀ ਯਾਦ ਆਈ ਜਦੋਂ ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠੇ ਸਨ। ਉਨ੍ਹਾਂ ਨੇ ਕੁਝ ਗਾਜਰਾਂ ਆਪ ਖਾਧੀਆਂ ਤੇ ਕੁਝ ਆਪਣੇ ਮੁਰੀਦਾਂ ਨੂੰ ਖਾਣ ਲਈ ਦਿੱਤੀਆਂ। ਜਦੋਂ ਮੁਰੀਦ ਹੁਜਰੇ ਤੋਂ ਬਾਹਰ ਬੈਠੇ ਗਾਜਰਾਂ ਖਾ ਰਹੇ ਸਨ ਤਾਂ ਕੋਲੋਂ ਘੋੜਿਆਂ ਉਤੇ ਕੁਝ ਹੱਟੇ-ਕੱਟੇ ਪਠਾਣ ਲੰਘੇ। ਉਨ੍ਹਾਂ ਰੋਜ਼ਾਦਾਰਾਂ ਨੇ ਮੁਰੀਦਾਂ ਨੂੰ ਪੱੁਛਿਆ :
‘‘ਰਮਜ਼ਾਨ ਦੇ ਦਿਨ ਹਨ ਤੇ ਬੇਸ਼ਰਮੋਂ ਤੁਸੀਂ ਲਪਰ ਲਪਰ ਗਾਜਰਾਂ ਡੱਫ ਰਹੇ ਓ।’’
‘‘ਭੁੱਖ ਲੱਗੀ ਸੀ ਤਾਂ ਖਾਂਦੇ ਸਾਂ!’’
‘‘ਪਰ ਤੁਸੀਂ ਹੁੰਦੇ ਕੌਣ ਓ?’’
‘‘ਮੁਸਲਮਾਨ।’’
ਖਿੱਝ ਤੇ ਗੁੱਸੇ ਨਾਲ ਉੱਬਲਦੇ ਘੋੜ-ਸਵਾਰਾਂ ਨੇ ਉਨ੍ਹਾਂ ਮੁਰੀਦਾਂ ਨੂੰ ਚੰਗਾ ਕੁਟਾਪਾ ਚਾੜ੍ਹਿਆ, ‘‘ਮੁਸਲਮਾਨ ਹੋ ਕੇ ਸ਼ਰੇ੍ਹਆਮ ਇਸਲਾਮੀ ਨੇਮਾਂ ਨੂੰ ਤੋੜ ਰਹੇ ਓ!’’
ਜਾਣ ਲੱਗੇ ਤਾਂ ਖ਼ਿਆਲ ਆਇਆ, ਇਨ੍ਹਾਂ ਦੇ ਪੀਰ ਦੀ ਵੀ ਖ਼ਬਰ ਲਈਏ। ਜੇਹੇ ਚੇਲੇ ਤੇਹਾ ਹੀ ਗੁਰੂ ਹੋਵੇਗਾ!
ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠਾ ਬੰਦਗੀ ਵਿਚ ਲੀਨ ਸੀ। ਘੋੜ-ਸਵਾਰਾਂ ਦੇ ਸਰਦਾਰ ਨੇ ਗੁੱਸੇ ਨਾਲ ਉਸ ਨੂੰ ਪੱੁਛਿਆ, ‘‘ਉਏ ਤੂੰ ਕੌਣ ਏਂ?’’
ਅੱਖਾਂ ਮੀਟੀ ਬੈਠੇ ਬੁੱਲ੍ਹੇ ਸ਼ਾਹ ਨੇ ਬਾਹਵਾਂ ਅਸਮਾਨ ਵੱਲ ਉਠਾ ਕੇ ਹੱਥ ਹਿਲਾ ਦਿੱਤੇ। ਬੋਲਿਆ ਕੁਝ ਨਾ!
‘‘ਦੱਸਦਾ ਨਹੀਂ! ਤੂੰ ਹੁੰਦਾ ਕੌਣ ਏਂ ਉਏ?’’
ਬੁੱਲ੍ਹੇ ਸ਼ਾਹ ਨੇ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਦੇ ਅੰਦਾਜ਼ ਵਿਚ ਫਿਰ ਬਿਨਾਂ ਬੋਲਿਆਂ ਬਾਹਵਾਂ ਅਸਮਾਨ ਵੱਲ ਕਰ ਕੇ ਹੱਥ ਹਿਲਾ ਦਿੱਤੇ।
‘‘ਚੱਲੋ ਛੱਡੋ! ਕੋਈ ਦੀਵਾਨਾ ਜਾਪਦਾ ਹੈ।’’ ਘੋੜ ਸਵਾਰ ਇਹ ਕਹਿੰਦਿਆਂ ਅੱਗੇ ਨਿਕਲ ਗਏ ਤਾਂ ਹੈਰਾਨ ਹੋਏ ਮੁਰੀਦ ਹੁਜਰੇ ਅੰਦਰ ਆ ਵੜੇ ਤੇ ਪੁੱਛਿਆ, ‘‘ਸਾਨੂੰ ਉਨ੍ਹਾਂ ਕੁਟਾਪਾ ਚਾੜ੍ਹਿਆ। ਤੁਹਾਨੂੰ ਕੁਝ ਵੀ ਨਹੀਂ ਆਖਿਆ। ਅਸੀਂ ਤਾਂ ਰੋਜ਼ਾ ਤੋੜ ਕੇ ਇਕ ਗੁਨਾਹ ਕੀਤਾ ਸੀ ਪਰ ਤੁਹਾਡਾ ਤਾਂ ਦੂਹਰਾ ਗੁਨਾਹ ਸੀ। ਤੁਸੀਂ ਰੋਜ਼ਾ ਤੋੜਿਆ ਵੀ ਤੇ ਤੁੜਵਾਇਆ ਵੀ। ਤੁਹਾਨੂੰ ਉਨ੍ਹਾਂ ਕੁਝ ਵੀ ਨਹੀਂ ਕਿਹਾ।’’
‘‘ਉਨ੍ਹਾਂ ਤੁਹਾਨੂੰ ਕੀ ਪੁੱਛਿਆ ਸੀ?’’ ਸਾਈਂ ਨੇ ਸਵਾਲ ਕੀਤਾ।
‘‘ਪੁੱਛਦੇ ਸਨ, ਤੁਸੀਂ ਕੌਣ ਹੁੰਦੇ ਓ?’’
‘‘ਤੁਸੀਂ ਕੀ ਕਿਹਾ?’’
‘‘ਅਸੀਂ ਕਿਹਾ, ਅਸੀਂ ਮੁਸਲਮਾਨ ਹੁੰਦੇ ਆਂ।’’
ਬੁੱਲ੍ਹੇ ਸ਼ਾਹ ਨੇ ਹੱਸ ਕੇ ਕਿਹਾ, ‘‘ਕੁਝ ਬਣੇ ਓਂ ਤਦੇ ਤਾਂ ਮਾਰ ਖਾਧੀ ਜੇ! ਅਸੀਂ ਕੁਝ ਵੀ ਨਹੀਂ ਬਣੇ, ਸਾਨੂੰ ਕਿਸੇ ਕੁਝ ਵੀ ਨਹੀਂ ਕਿਹਾ।’’
ਢੋਲਕੀ ਦੀ ਥਾਪ ‘ਤੇ ਬੁੱਲ੍ਹੇ ਸ਼ਾਹ ਦੀ ਆਵਾਜ਼ ਅਜੇ ਵੀ ਮੇਰੇ ਪਿੱਛੇ-ਪਿੱਛੇ ਆ ਰਹੀ ਸੀ, ‘‘ਬੁੱਲ੍ਹਾ ਕੀ ਜਾਣਾ ਮੈਂ ਕੌਣ!’’
ਖੁੱਲ੍ਹੇ ਸਿਹਨ ਵਿਚ ਕਈ ਕਬਰਾਂ ਸਨ, ਅਸਮਾਨ ਦੀ ਨੰਗੀ ਛੱਤ ਹੇਠਾਂ ਪਰ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਦੇ ਸਿਰ ‘ਤੇ ਛੱਤ  ਸੀ, ਜਿਸ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ‘ਤੇ ਫ਼ਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਸੀ :
‘‘ਸੱਜਦਾ ਸਿਰਫ ਅੱਲ੍ਹਾ ਕੇ ਲੀਏ ਹੈ
ਦਰਗਾਹ ਸ਼ਰੀਫ਼ ਮੈਂ ਔਰਤ ਕਾ ਦਾਖ਼ਲਾ ਮਮਨੂਹ ਹੈ।’’
ਇਸਲਾਮ ਵਿਚ ਬੁੱਤ ਪੂਜਾ ਤੇ ਵਿਅਕਤੀ ਪੂਜਾ ਮਨ੍ਹਾ ਹੋਣ ਕਰਕੇ ਹੀ ਏੇਥੇ ਚੇਤਾ ਕਰਵਾਇਆ ਗਿਆ ਸੀ ਕਿ ਬੁੱਲ੍ਹੇ ਸ਼ਾਹ ਨੂੰ ਕੀਤਾ ਜਾਣ ਵਾਲਾ ਸੱਜਦਾ ਅਸਲ ਵਿਚ ਬੁੱਲ੍ਹੇ ਸ਼ਾਹ ਪ੍ਰਤੀ ਨਹੀਂ, ਅੱਲ੍ਹਾ ਪ੍ਰਤੀ ਹੈ ਪਰ ਮੈਂ ਤਾਂ ਬੁੱਲ੍ਹੇ ਸ਼ਾਹ ਨੂੰ ਹੀ ਸੱਜਦਾ ਕਰ ਰਿਹਾ ਸਾਂ। ਉਹਦੀ ਸ਼ਾਇਰੀ ਨੂੰ! ਉਹਦੀ ਵਡਿਆਈ ਨੂੰ, ਜਿਸ ਵਿਚ ਖ਼ੁਦ ਰੱਬ ਬੋਲਦਾ ਸੀ।
ਦਰਗਾਹ ਵਿਚ ਔਰਤ ਦਾ ਦਾਖ਼ਲਾ ਮਨ੍ਹਾ ਹੋਣ ਕਰਕੇ ਸਾਡੇ ਨਾਲ ਗਈ ਬੀਬੀ ਸੁਲੇਖਾ ਨੂੰ ਬਾਹਰ ਹੀ ਠਹਿਰਨਾ ਪਿਆ। ਦਰਗਾਹ  ਦੀ ਇਕ ਦੀਵਾਰ ‘ਚੋਂ ਅੰਦਰ ਵੱਲ ਖੁੱਲ੍ਹਦੀ ਇਕ ਬਾਰੀ ‘ਚੋਂ ਅੰਦਰ ਵੱਲ ਮੰੂਹ ਕਰਕੇ ਇਕ ਅੱਧਖੜ ਔਰਤ ਦਰਗਾਹ ਵਿਚ ਬੈਠੇ ਬੰਦੇ ਨਾਲ ਗੱਲੀਂ ਰੁੱਝੀ ਹੋਈ ਸੀ ਤੇ ਸਾਨੂੰ ਅਕੀਦਤ ਪ੍ਰਗਟਾਉਂਦਿਆਂ ਵੀ ਦੇਖ ਰਹੀ ਸੀ। ਉਹ ਸਾਨੂੰ ਕਹਿਣ ਲੱਗੀ, ‘‘ਅਸੀਂ ‘ਸਰਕਾਰ’ ਦੇ ਗੱਦੀ ਨਸ਼ੀਨ ਹਾਂ।’’
ਦੀਵਾਰਾਂ ਉਤੇ ਅੰਦਰ ਬਾਹਰ ਬੁੱਲ੍ਹੇ ਸ਼ਾਹ ਦਾ ਕਾਲਮ ਫ਼ਾਰਸੀ ਲਿਪੀ ਵਿਚ ਅੰਕਿਤ ਸੀ।
ਢੋਲਾ ਆਦਮੀ ਬਣ ਆਇਆ
ਅਬੀਲ ਕਬੀਲ ਆਦਮ ਦੇ ਜਾਏ
ਆਦਮ ਕਿਸ ਦਾ ਜਾਇਆ
ਬੁੱਲ੍ਹਾ ਉਨ੍ਹਾਂ ਤੋਂ ਵੀ ਅੱਗੇ
ਦਾਦਾ ਗੋਦ ਖਿਡਾਇਆ।
…‥
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ
…‥
ਇਸ਼ਕ ਦੀ ਨਵੀਓਂ ਨਵੀਂ ਬਹਾਰ
ਬਾਹਰਲੀਆਂ ਦੀਵਾਰਾਂ ‘ਤੇ ਲਿਖੇ ਕਲਾਮ ਨੂੰ ਮੈਂ ਨੋਟ-ਬੁੱਕ ‘ਤੇ ਲਿਖ ਰਿਹਾ ਸਾਂ। ਕਿਤੇ ਕਿਤੇ ਪੜ੍ਹਨ ਵਿਚ ਆ ਰਹੀ ਮੁਸ਼ਕਲ ਜਗਤਾਰ ਤੇ ਰਘਬੀਰ ਸਿੰਘ ਹੱਲ ਕਰ ਰਹੇ ਸਨ। ਬੁੱਲ੍ਹੇ ਸ਼ਾਹ ‘ਸਰਕਾਰ’ ਦੀ ਗੱਦੀ ਨਸ਼ੀਨੀ ਵਾਲੇ ਪਰਿਵਾਰ ਦੀ ਔਰਤ ਸਾਡੇ ਕੋਲ ਆਈ ਤੇ ਆਉਂਦਿਆਂ ਹੀ ਸਵਾਲ ਕੀਤਾ, ‘‘ਤੁਹਾਡੇ ਓਧਰ ਸਰਕਾਰ ਨੇ ਤੁਹਾਥੋਂ ਗੁਰਦੁਆਰੇ ਖੋਹ ਲਏ ਨੇ?’’
‘‘ਨਹੀਂ…ਗੁਰਦੁਆਰਿਆਂ ਦਾ ਪ੍ਰਬੰਧ ਤੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਇਸ ਮਕਸਦ ਲਈ ਬਣੀ ਕਮੇਟੀ ਕਰਦੀ ਹੈ।’’
ਪ੍ਰੇਸ਼ਾਨ ਜਾਪਦੀ ਉਹ ਸਾਡਾ ਜਵਾਬ ਸੁਣ ਕੇ ਹੋਰ ਵੀ ਪ੍ਰੇਸ਼ਾਨ ਹੋ ਗਈ, ‘‘ਸਾਡੇ ਕੋਲੋਂ ਤਾਂ ਏਧਰ ਸਰਕਾਰ ਨੇ ਦਰਗਾਹਾਂ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲਈਆਂ ਨੇ। ਅਸੀਂ ਗੱਦੀ ਨਸ਼ੀਨ ਆਂ ਤੇ ਸਾਡਾ ਏਥੇ ਕੋਈ ਕੰਟਰੋਲ ਨਹੀਂ। ਅਸੀਂ ਹੱਥਲ ਹੋਏ ਬੈਠੇ ਆਂ। ਸਰਕਾਰਾਂ ਨੇ ਨਵੇਂ ਈ ਕਾਨੂੰਨ ਬਣਾ ਧਰੇ ਨੇ।’’
ਜ਼ਾਹਿਰ ਸੀ ਕਿ ਪਾਕਿਸਤਾਨ ਸਰਕਾਰ ਨੇ ਦਰਗਾਹਾਂ ਉਤੋਂ ਖ਼ਾਨਦਾਨੀ ਕੰਟਰੋਲ ਹਟਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਚੜ੍ਹਾਵੇ ਲੈਣ ਦੀ ਡਿਊਟੀ ਆਪ ਸੰਭਾਲ ਲਈ ਸੀ ਪਰ ਜਿਨ੍ਹਾਂ ਕੋਲੋਂ ਇਹ ਗੱਦੀ ਖੁੱਸੀ ਸੀ, ਉਨ੍ਹਾਂ ਨੂੰ ਆਪਣੀ ਸ਼ਾਨ ਅਤੇ ਮਾਣ ਖੁੱਸ ਗਿਆ ਜਾਪਦਾ ਸੀ।
ਫਿਰ ਉਹ ਸਹਿਜ ਹੋ ਕੇ ਕਦੇ ਕਸੂਰ ਵਿਚ ਵੱਸਣ ਵਾਲੇ ਹਿੰਦੂਆਂ-ਸਿੱਖਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਛੇੜ ਬੈਠੀ, ‘‘ਭਾਬੜਾ ਦੇਵ ਰਾਜ ਸਾਡੇ ਗੁਆਂਢ ਹੁੰਦਾ ਸੀ। ਦੀਵਾਲੀ ਉਤੇ ਖੋਏ ਦੀ ਮਠਿਆਈ ਸਾਨੂੰ ਬੱਚਿਆਂ ਨੂੰ ਖੁਆਉਣੀ। ਮੋਤੀ ਲਾਲ ਖੱਤਰੀ ਹੁੰਦਾ ਸੀ, ਬੜੇ ਵੱਡੇ ਮਕਾਨਾਂ ਵਾਲਾ। ਸਭ ਨਾਲ ਸਾਡਾ ਬੜਾ ਮੋਹ ਪਿਆਰ ਸੀ। ਸਾਡੇ ਕਸੂਰ ਦੇ ਕੁਝ ਬੰਦੇ ਖਾਲੜੇ ਤੇ ਨਾਰਲੀ ਜਾ ਬੈਠੇ ਨੇ।’’
ਉਹ ਪੁਰਾਣੀਆਂ ਸਮਿਆਂ ਵਿਚ ਗਵਾਚ ਗਈ।
ਆਪਣੀ ਸ਼ਰਧਾ ਪ੍ਰਗਟਾ ਕੇ ਵਾਪਸ ਪਰਤੇ ਤਾਂ ਦਰਵਾਜ਼ੇ ‘ਤੇ ਬੈਠਾ ਗਾਇਕ ਆਪਣੀ ਮਸਤੀ ਵਿਚ ਗਾ ਰਿਹਾ ਸੀ :
‘‘ਘੜਿਆਲੀ ਦਿਓ ਨਿਕਾਲ ਨੀ,
ਅੱਜ ਪੀ ਘਰ ਆਇਆ ਲਾਲ ਨੀ।’’
ਦਰਵਾਜ਼ੇ ਦੇ ਬਾਹਰ ਹੀ ਕਸੂਰੀ ਮੇਥੀ ਤੇ ਮਹਿੰਦੀ ਵਿਕ ਰਹੀ ਸੀ। ਸੁਲੇਖਾ ਨੇ ਕਸੂਰ ਦੀਆਂ ਇਹ ਦੋਵੇਂ ਵਿਸ਼ੇਸ਼ ਚੀਜ਼ਾਂ ਖ਼ਰੀਦੀਆਂ। ਬਚਪਨ ਤੋਂ ਸੁਰਿੰਦਰ ਕੌਰ ਨੂੰ ਗਾਉਂਦਿਆਂ ਸੁਣਦੇ ਆਏ ਸਾਂ :
‘ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।’’
ਮੈਂ ਐਲਾਨ ਕੀਤਾ, ‘‘ਬਈ ਮੈਂ ਕਸੂਰੀ ਜੁੱਤੀ ਜ਼ਰੂਰ ਖ਼ਰੀਦਣੀ ਹੈ।’’
‘‘ਠੀਕ ਏ!’’ ਸੁਲੇਖਾ ਨੇ ਹਾਮੀ ਭਰੀ, ‘‘ਮੈਂ ਵੀ ਆਪਣੇ ਤੇ ਸਾਹਬ ਲਈ ਵੇਖ ਲਵਾਂਗੀ।’’
‘‘ਉਏ! ਆਪਾਂ ਬਿਨਾਂ ਮਨਜ਼ੂਰੀ ਤੋਂ ਫਿਰਦੇ ਆਂ। ਵੇਖਿਓ ਕਿਤੇ ਪੰਗਾ ਨਾ ਪੁਆ ਲਿਓ।’’ ਜਗਤਾਰ ਨੇ ਚਿਤਾਵਨੀ ਦਿੱਤੀ।
ਕਾਰ ਵੱਲ ਵਧਣ ਲੱਗੇ ਤਾਂ ਮੰਗਤਿਆਂ ਦੀ ਭੀੜ ਫਿਰ ਹਮਲਾਵਰਾਂ ਵਾਂਗ ਉਲਰੀ। ਉਨ੍ਹਾਂ ਦੀ ਸਾਡੇ ਤੋਂ ਕੁਝ ਲੈਣ ਦੀ ਆਸ ਜਾਇਜ਼ ਸੀ ਪਰ ਪੰਝੀ ਤੀਹ ਮੰਗਤਿਆਂ ਦੀ ਭੀੜ ਨੂੰ ਖ਼ੁਸ਼ ਕਰਨਾ ਸਾਡੇ ਵੱਸ ਨਹੀਂ ਸੀ। ਮੇਰੇ ਕੋਲੋਂ ਤਾਂ ਪਾਕਿਸਤਾਨੀ ਕਰੰਸੀ ਦੇ ਪੰਜ-ਦਸ ਰੁਪਏ ਦੇ ਛੋਟੇ ਨੋਟ ਖ਼ਤਮ ਹੋ ਗਏ ਸਨ। ਏਨੇ ਨੂੰ ਇਕ ਫ਼ਕੀਰ ਨੇ ਉੱਚੀ ਨਾਅਰਾ ਮਾਰਿਆ :
‘‘ਨਾਨਕ ਸ਼ਾਹ!
ਗੋਬਿੰਦ ਪੀਰ!!’’
ਉਸ ਨੇ ਸਾਡੀ ਅੰਦਰਲੀ ਨਾੜ ਨੱਪਣੀ ਚਾਹੀ ਸੀ। ਮੈਨੂੰ ਉਸ ਦੇ ਮੂੰਹੋਂ ਨਾਨਕ ਤੇ ਗੋਬਿੰਦ ਦਾ ਨਾਮ ਲੈਣਾ ਚੰਗਾ ਲੱਗਾ। ਮੈਂ ਰਘਬੀਰ ਸਿੰਘ ਨੂੰ ਕਿਹਾ, ‘‘ਇਸ ਨੂੰ ਜ਼ਰੂਰ ਕੁਝ ਨਾ ਕੁਝ ਦਿਓ, ਇਸ ਨੇ ਸਾਡੇ ਗੁਰੂਆਂ ਦੇ ਨਾਂ ‘ਤੇ ਮੰਗਿਆ ਹੈ।’’
ਮੈਂ ਅੰਦਰੇ ਅੰਦਰ ਹੈਰਾਨ ਵੀ ਹੋਇਆ। ਧਾਰਮਿਕ ਸੰਸਕਾਰ ਕਿਵੇਂ ਸਾਡੀ ਧੁਰ ਆਤਮਾ ਦੇ ਹੇਠਾਂ ਲੁਕੇ ਬੈਠੇ ਹੁੰਦੇ ਨੇ। ਮੈਂ ਸੋਚਿਆ ਬੁੱਲ੍ਹੇ ਸ਼ਾਹ ਵੀ ਸਾਡਾ ਸੀ ਪਰ ਨਾਨਕ ਤੇ ਗੋਬਿੰਦ ਤੇ ਨਾਂ ‘ਤੇ ਮੈਂ ਕਿਉਂ ਹਲੂਣਿਆ ਗਿਆ ਸਾਂ। ਕੀ ਉਹ ਮੇਰੇ ਵਧੇਰੇ ਆਪਣੇ ਸਨ। ਇੰਜ ਹੀ ਜਦੋਂ ਨਜ਼ਾਮਦੀਨ ਰੇਡੀਓ ਉਤੇ ਗੱਲਬਾਤ ਕਰਦਿਆਂ ਕਦੀ ਕਦੀ, ‘‘ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋ’’ ਜਾਂ ‘‘ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ’’ ਕਿਹਾ ਕਰਦਾ ਸੀ ਤਾਂ ਮੈਨੂੰ ਉਸ ਉਤੇ ਵੀ ਲਾਡ ਆਉਂਦਾ ਸੀ।
ਲੰਮੇ ਹਰੇ ਚੋਲੇ ਤੇ ਗਲ ਵਿਚ ਮੋਟੇ ਰੰਗਦਾਰ ਮਣਕਿਆਂ ਵਾਲੀ ਮਾਲਾ ਵਾਲੇ ਉਸ ਫ਼ਕੀਰ ਦਿਸਦੇ ਬੰਦੇ ਨੇ ਰਘਬੀਰ ਸਿੰਘ ਨੂੰ ਪਰਸ ਖੋਲ੍ਹਦਿਆਂ ਵੇਖਿਆ ਤਾਂ ਹੱਥ ਫੈਲਾ ਕੇ ਖਲੋ ਗਿਆ। ਰਘਬੀਰ ਸਿੰਘ ਦੇ ਹੱਥ ਵਿਚ ਨੋਟ ਫੜਿਆ ਵੇਖ ਕੇ ਦਰਜਨ ਤੋਂ ਵਧੇਰੇ ਹੱਥ ਇਕੱਠੇ ਉਹਦੇ ਹੱਥੋਂ ਨੋਟ ਖੋਹਣ ਲਈ ਲਪਕੇ। ਰਘਬੀਰ ਸਿੰਘ ਨੇ ਫ਼ਕੀਰ ਨੂੰ ਦੇਣ ਲਈ ਨੋਟ ਦੂਜਿਆਂ ਤੋਂ ਬਚਾ ਕੇ ਹੱਥ ਉੱਚਾ ਕੀਤਾ। ਉੱਛਲ ਉੱਛਲ ਕੇ ਇਕ ਜਣੇ ਨੇ ਲਗਪਗ ਉਸ ਦੇ ਹੱਥੋਂ ਨੋਟ ਖੋਹ ਹੀ ਲੈਣਾ ਸੀ ਕਿ ਉਸ ਫ਼ਕੀਰ ਨੇ ਬਿਜਲੀ ਜਿਹੀ ਫੁਰਤੀ ਨਾਲ ਸਾਰਿਆਂ ਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਤੇ ਉਸ ਮੁੰਡੇ ਨੂੰ ਧੌਣੋਂ ਫੜ ਕੇ ਵਗਾਹ ਕੇ ਮਾਰਦਿਆਂ ਕਿਹਾ, ‘‘ਤੇਰੀ ਓਏ ਮੈਂ ਭੈਣ ਨੂੰ…’’
ਉਸ ਨੇ ਰਘਬੀਰ ਸਿੰਘ ਹੱਥੋਂ ਨੋਟ ਝਪਟ ਲਿਆ ਤਾਂ ਭੀੜ ਨੇ ਫਿਰ ਸਾਨੂੰ ਘੇਰ ਲਿਆ। ਅਸੀਂ ਤੁਰੰਤ ਜਾਨ ਬਚਾ ਕੇ ਕਾਰ ਵਿਚ ਬੈਠ ਗਏ ਤੇ ਕਾਰ ਦੇ ਸ਼ੀਸ਼ੇ ਚੜ੍ਹਾਉਂਦਿਆਂ ਡਰਾਈਵਰ ਨੂੰ ਛੇਤੀ-ਛੇਤੀ ਕਾਰ ਤੋਰਨ ਲਈ ਕਿਹਾ।
ਮੰਗਤਿਆਂ ਦੀ ਭੀੜ ਕੁਝ ਦੇਰ ਕਾਰ ਦੇ ਨਾਲ ਹੱਥ ਫੈਲਾ ਕੇ ਦੌੜਦੀ ਰਹੀ।
‘‘ਪਾਕਿਸਤਾਨੀ ਰੇਂਜਰਾਂ ਨਾਲੋਂ ਤਾਂ ਇਹ ਮੰਗਤੇ ਵਧੇਰੇ ਖ਼ਤਰਨਾਕ ਨਿਕਲੇ।’’ ਮੰਗਤਿਆਂ ਤੋਂ ਸੁਰੱਖਿਅਤ ਦੂਰੀ ‘ਤੇ ਪੁੱਜ ਕੇ ਮੈਂ ਲੰਮਾ ਸਾਹ ਲੈਂਦਿਆਂ ਡਰਾਈਵਰ ਨੂੰ ਕਿਹਾ ‘‘ਲੈ ਬਈ ਭਰਾਵਾ! ਹੁਣ ਕਿਸੇ ਉਸ ਬਾਜ਼ਾਰ ਵਿਚ ਲੈ ਕੇ ਜਾਹ ਜਿਥੇ ਤਿੱਲੇ ਦੀ ਪੂਰੀ ਕਢਾਈ ਵਾਲੀਆਂ ਕਸੂਰੀ ਜੁੱਤੀਆਂ ਵਿਕਦੀਆਂ ਨੇ।’’
ਅਸੀਂ ਇਕ ਦੁਕਾਨ ਵਿਚ ਵੜੇ। ਮੈਂ ਆਪਣੇ ਲਈ ਇਕ ਸੋਹਣੀ ਤਿੱਲੇਦਾਰ ਜੁੱਤੀ ਵੇਖੀ। ਸੁਲੇਖਾ ਨੂੰ ਕਿਹਾ ਕਿ ਉਹ ਮੇਰੀ ਪਤਨੀ ਤੇ ਧੀਆਂ ਵਾਸਤੇ ਜ਼ਨਾਨਾ ਜੁੱਤੀਆਂ ਖ਼ਰੀਦਣ ਵਿਚ ਮੇਰੀ ਮਦਦ ਕਰੇ।
‘‘ਛੇਤੀ-ਛੇਤੀ ਕਰੋ ਯਾਰ… ਕਿਤੇ ਕਾਬੂ ਨਾ ਆ ਜਾਈਏ।’’ ਜਗਤਾਰ ਜ਼ੋਰ ਦੇ ਰਿਹਾ ਸੀ।
ਉਸ ਦੀ ਕਾਹਲੀ ਵੇਖ ਕੇ ਅਸੀਂ ਦੁਕਾਨਦਾਰ ਨੂੰ ਹੋਰ ਵੀ ਜਲਦੀ ਕਰਨ ਲਈ ਕਿਹਾ। ਸੁਲੇਖਾ ਨੇ ਆਪਣੇ ਲਈ ਵੀ ਜੁੱਤੀਆਂ ਖਰੀਦਣੀਆਂ ਸਨ ਪਰ ਪਹਿਲਾਂ ਉਹ ਮੇਰੇ ਲਈ ਜੁੱਤੀਆਂ ਵੇਖ ਰਹੀ ਸੀ। ਜੁੱਤੀਆਂ ਪਸੰਦ ਕਰਕੇ ਤੇ ਮੁੱਲ ਕਰਕੇ ਹਟੇ ਤਾਂ ਸੁਲੇਖਾ ਨੇ ਦੁਕਾਨਦਾਰ ਨੂੰ ਆਪਣੇ ਵਾਸਤੇ ਕੁਝ ਜੋੜੇ ਵਿਖਾਉਣ ਲਈ ਕਿਹਾ। ਜਗਤਾਰ ਕਹਿਣ ਲੱਗਾ, ‘‘ਸੁਲੇਖਾ ਕੀ ਕਰਦੀ ਏਂ। ਛੱਡ ਜੁੱਤੀਆਂ। ਮੁੜ ਕੇ ਕੋਈ ਗੱਲ ਹੋ ਗਈ ਤਾਂ। ਏਥੇ ਕੋਈ ਜ਼ਮਾਨਤ ਦੇਣ ਵਾਲਾ ਵੀ ਨਹੀਂ।’’
ਉਹ ਗੁੱਸੇ ਨਾਲ ਦੁਕਾਨ ‘ਚੋਂ ਬਾਹਰ ਨਿਕਲ ਤੁਰਿਆ ਤਾਂ ਰਘਬੀਰ ਸਿੰਘ ਵੀ ਸੁਲੇਖਾ ਨੂੰ ਕਹਿਣ ਲੱਗਾ, ‘‘ਚੱਲ ਛੱਡ ਰਾਣੀ ਰਹਿਣ ਦੇ।’’
ਨਿਰਾਸ਼ ਸੁਲੇਖਾ ਸਾਡੇ ਪਿੱਛੇ-ਪਿੱਛੇ ਦੁਕਾਨ ਦੀਆਂ ਪੌੜੀਆਂ ‘ਚੋਂ ਉਤਰ ਆਈ।
ਅਸੀਂ ਕਾਰ ਵਿਚ ਬੈਠ ਕੇ ਵਾਪਸੀ ਚਾਲੇ ਪਾ ਦਿੱਤੇ। ਬਾਜ਼ਾਰ ਵਿਚ ਸਾਡੇ ਵਫ਼ਦ ਦੇ ਕੁਝ ਸਰਦਾਰ ਸ਼ਰੇ੍ਹਆਮ ਘੁੰਮ ਕੇ ਸ਼ਾਪਿੰਗ ਕਰ ਰਹੇ ਸਨ। ਸੁਲੇਖਾ ਨੇ ਉਨ੍ਹਾਂ ਵੱਲ ਹਸਰਤ ਨਾਲ ਵੇਖਿਆ ਤੇ ਹੌਲੀ ਜਿਹੀ ਫੁਸਫੁਸਾਈ, ‘‘ਔਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ।’’ ਰਘਬੀਰ ਸਿੰਘ ਨੇ ਹੌਲੀ ਜਿਹੀ ਉਸ ਨੂੰ ਚੁੱਪ ਰਹਿਣ ਲਈ ਕਿਹਾ।
ਭੀੜ ਭਰੇ ਬਾਜ਼ਾਰਾਂ ‘ਚੋਂ ਲੰਘਦੀ ਹੋਈ ਕਾਰ ਸੜਕ ‘ਤੇ ਆ ਚੜ੍ਹੀ। ਇਸੇ ਸੜਕ ਤੋਂ ਚੱਲ ਕੇ ਹੀ ਸਾਡਾ ਮਾਸਟਰ ਮੁਲਖ਼ ਰਾਜ ਲਾਹੌਰ ਗਿਆ ਸੀ, ਇਕ ਸਕਾਊਟ ਦੇ ਰੂਪ ਵਿੱਚ, ਜੋ ਉਨ੍ਹੀ ਦਿਨੀ ਕਸੂਰ ਦੇ ਨਾਰਮਲ ਸਕੂਲ ਵਿਚ ਪੜ੍ਹਿਆ ਕਰਦਾ ਸੀ ਤੇ ਜਿਨ੍ਹਾਂ ਦੀ ਸਕਾਊਟ ਟੋਲੀ ਨੇ ਹੋਰਨਾਂ ਸਕੂਲਾਂ ਦੇ ਸਕਾਊਟਾਂ ਸਮੇਤ ਲਾਹੌਰ ਆ ਰਹੇ ਵਾਇਸਰਾਇ ਦਾ ਸਵਾਗਤ ਕਰਨਾ ਸੀ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ ਵਿੱਚ ‘ਯੂਨੀਅਨ ਜੈਕ’ ਫੜੇ ਹੋਏ ਸਨ। ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ-ਫੁੱਲਣ  ਲਈ ਨਾਅਰੇ ਲਾ ਰਹੇ ਸਨ। ਉਹ ਅਤੇ ਉਹਦਾ ਪਿਆਰਾ ਯਾਰ ਮਰ੍ਹਾਜਦੀਨ ‘ਯੂਨੀਅਨ ਜੈਕ’ ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸਨ। ਅਚਾਨਕ ਇਕ ਗਲੀ ਵਿੱਚੋਂ ਕੁਝ ਨੌਜਵਾਨ ਨਿਕਲੇ ਤੇ ਉਨ੍ਹਾਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
‘‘ਅੱਪ! ਅੱਪ! ਦੀ ਨੈਸ਼ਨਲ ਫਲੈਗ’’
‘‘ਡਾਊਨ! ਡਾਊਨ!! ਦੀ ਯੂਨੀਅਨ ਜੈਕ’’
ਮੁਲਖ਼ ਰਾਜ ਆਖਦਾ ਹੁੰਦਾ ਸੀ ਕਿ ਨਾਅਰੇ ਲਾਉਣ ਵਾਲੇ ਜਲੂਸ ਦਾ ਆਗੂ ਸ. ਭਗਤ ਸਿੰਘ ਸੀ। ਉਸ ਨੇ ਬਾਂਹ ਉਲਾਰ ਕੇ ਨਾਅਰਾ ਲਾਇਆ :
‘‘ਅੱਪ! ਅੱਪ!! ਦੀ ਨੈਸ਼ਨਲ ਫਲੈਗ’’
‘‘ਡਾਊਨ! ਡਾਉੂਨ!! ਦੀ ਯੂਨੀਅਨ ਜੈਕ’’
ਮੁਲਖ਼ ਰਾਜ ਨੇ ਮਰ੍ਹਾਜਦੀਨ ਵੱਲ ਵੇਖਿਆ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿਚ ਜਿਵੇਂ ਉਨ੍ਹਾਂ ਨੇ ਕੋਈ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਹੱਥਾਂ ਵਿਚ ਫੜਿਆ ‘ਯੂਨੀਅਨ ਜੈਕ’ ਮੂਧਾ ਕਰ ਦਿੱਤਾ। ਇਸ ਦੀ ਸਜ਼ਾ ਵਜੋਂ ਵੱਜੇ ਬੈਂਤਾਂ ਨਾਲ ਕਈ ਦਿਨ ਉਨ੍ਹਾਂ ਦੋਹਾਂ ਦੇ ਹੱਥ ਸੁੱਜੇ ਰਹੇ ਸਨ ਪਰ ਉਹ ਖ਼ੁਸ਼ ਸਨ ਕਿ ਉਨ੍ਹਾਂ ਨੇ ‘ਯੂਨੀਅਨ ਜੈਕ’ ‘ਨੀਵਾਂ’ ਕਰ ਦਿੱਤਾ ਸੀ।
ਪਰ ਮੁਲਖ਼ ਰਾਜ ਤੇ ਮਰ੍ਹਾਜਦੀਨ ਨੇ ‘ਯੂਨੀਅਨ ਜੈਕ’ ਇਸ ਲਈ ਤਾਂ ‘ਨੀਵਾਂ’ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਆਪਸ ਵਿਚ ਮਿਲਣ ਤੋਂ ਹੀ ਵਰਜ ਦਿੱਤਾ ਜਾਵੇ। ਇਸੇ ਹੀ ਸੜਕ ਤੇ ਰਾਤ-ਬਰਾਤੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਨੂੰ ਲਿਜਾ ਕੇ ਸਤਲੁਜ ਦੇ ਕੰਢੇ ਹੁਸੈਨੀਵਾਲਾ ਵਿਖੇ ਸਾੜਿਆ ਗਿਆ ਸੀ। ਇਸੇ ਹੀ ਸੜਕ ਤੋਂ ਸੰਤਾਲੀ ਵਿਚ ‘ਗੰਡਾ ਸਿੰਘਾ’ ਦੇ ਕਾਫ਼ਲੇ ਲੰਘੇ ਸਨ ਰੋਂਦੇ ਕੁਰਲਾਉਂਦੇ ਹੋਏ ਜਿਨ੍ਹਾਂ ਨੂੰ ਰਾਹ ਵਿਚ ਅਗੋਂ ‘ਹੁਸੈਨ’ ਹੁਰਾਂ ਦੇ ਵਿਲਕਦੇ ਕਾਫ਼ਲੇ ਟੱਕਰੇ ਸਨ ਪਰ ਕੱਢੇ ਜਾਣ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸੇ ‘ਗੰਡਾ ਸਿੰਘ ਵਾਲਾ’ ਰਹਿ ਗਿਆ ਸੀ ਤੇ ਹਿੰਦੁਸਤਾਨ ਵਾਲੇ ਪਾਸੇ ‘ਹੁਸੈਨੀ’ ਵਾਲਾ ਹੈ। ਗੰਡਾ ਸਿੰਘ ਤੇ ਹੁਸੈਨ ਦੋਵੇਂ ਸਰਹੱਦ ਦੇ ਆਰ-ਪਾਰ ਇਕ ਦੂਜੇ ਨੂੰ ਮਿਲਣ ਲਈ ਬਾਹਵਾਂ ਅੱਡ ਕੇ ਵਿਲਕ ਰਹੇ ਸਨ।
ਨੁਸਰਤ ਫ਼ਤਹਿ ਅਲੀ ਦੀ ਆਵਾਜ਼ ਕਾਰ ਵਿਚ ਗੂੰਜਣ ਲੱਗੀ :
‘‘ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ!
ਕਦੀ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ!’’
ਕੀ ਨੁਸਰਤ ਵੀ ਮੇਰੇ ਚੁੱਪ ਅੱਥਰੂਆਂ ਦੀ ਗੱਲ ਕਰ ਰਿਹਾ ਸੀ। ਗੰਡਾ ਸਿੰਘ ਤੇ ਹੁਸੈਨ ਦੇ ਦਰਦ ਦੀ ਕਹਾਣੀ ਪਾ ਰਿਹਾ ਸੀ।
‘‘ਮੈਂ ਇਹ ਗੀਤ ਸੁਣ ਕੇ ਉਦਾਸ ਹੋ ਗਿਆਂ।’’ ਰਘਬੀਰ ਸਿੰਘ ਨੇ ਅਚਾਨਕ ਕਿਹਾ। ਕੀ ਉਹ ਵੀ ਮੇਰੇ ਵਾਂਗ ਹੀ ਸੋਚ ਰਿਹਾ ਸੀ?

ਸੂਰਜ ਡੁੱਬ ਚੁੱਕਾ ਸੀ। ਲਾਇਲਪੁਰ ਸ਼ਹਿਰ ਰੌਸ਼ਨੀਆਂ ਵਿਚ ਜਗਮਗ ਕਰਨ ਲੱਗਾ। ਪ੍ਰੇਮ ਸਿੰਘ ਦਾ ਤਾਂ ਲਾਇਲਪੁਰ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰ ਰਿਹਾ, ਜਿਵੇਂ ਮੇਲਾ ਮੁੱਕ ਜਾਣ ਤੋਂ ਵੀ ਪਿੱਛੋਂ ਬੱਚੇ ਦਾ ਘਰ ਪਰਤਣ ਨੂੰ ਮਨ ਨਹੀਂ ਮੰਨਦਾ। ਉਸ ਦੇ ਕਹਿਣ ਉਤੇ ਰਾਇ ਅਜ਼ੀਜ਼-ਉੱਲਾ ਨੇ ਲਾਇਲਪੁਰ ਦੇ ਘੰਟਾ-ਘਰ ਵਾਲੇ ਚੌਕ ਵਿਚ ਕਾਰ ਲਿਆ ਖੜ੍ਹੀ ਕੀਤੀ। ਪ੍ਰੇਮ ਸਿੰਘ ਚੌਕ ਵਿਚੋਂ ਨਿਕਲਦੇ ਅੱਠਾਂ-ਬਜ਼ਾਰਾਂ ਤੇ ਉਨ੍ਹਾਂ ਵਿਚੋਂ ਨਿਕਲਦੀਆਂ ਗਲੀਆਂ ਵਿਚ ਘੁੰਮਣਾ ਚਾਹੁੰਦਾ ਸੀ। ਉਨ੍ਹਾਂ ਦੁਕਾਨਾਂ ਨੂੰ ਦੇਖਣਾ ਚਾਹੁੰਦਾ ਸੀ ਜਿਨ੍ਹਾਂ ਤੋਂ ਉਹ ਕਦੀ ਸੌਦਾ-ਸਾਮਾਨ ਖ਼ਰੀਦਦਾ ਰਿਹਾ ਸੀ। ਉਨ੍ਹਾਂ ਮਕਾਨਾਂ ਨੂੰ ਨਿਹਾਰਨਾ ਚਾਹੁੰਦਾ ਸੀ, ਜਿਨ੍ਹਾਂ ਵਿਚ ਉਹ ਕਦੀ ਆਪਣੇ ਮਿੱਤਰਾਂ ਸਮੇਤ ਜਾਂਦਾ-ਆਉਂਦਾ ਰਿਹਾ ਸੀ। ਉਹ ਹਵਾ ਬਣ ਕੇ ਪਲ ਵਿਚ ਲਾਇਲਪੁਰ ਦੇ ਗਲੀਆਂ ਬਾਜ਼ਾਰਾਂ ਵਿਚ ਫਿਰ ਜਾਣਾ ਲੋੜਦਾ ਸੀ। ਉਹਦੀ ਇੱਛਾ ਦਾ ਸਾਥ ਉਹਦੇ ਕਦਮਾਂ ਦੀ ਵੱਧ ਤੋਂ ਵੱਧ ਤੇਜ਼ੀ ਵੀ ਨਹੀਂ ਸੀ ਦੇ ਰਹੀ ਤੇ ਉਹਦੇ ਕਦਮਾਂ ਦੀ ਤੇਜ਼ੀ ਦਾ ਸਾਥ ਦੇ ਸਕਣਾ ਸਾਡੇ ਲਈ ਮੁਸ਼ਕਿਲ ਹੋ ਗਿਆ ਸੀ। ਮੈਂ, ਅਨਵਰ ਤੇ ਰਾਇ ਅਜ਼ੀਜ਼ ਉਲਾ ਘੰਟਾ ਘਰ ਵਾਲੇ ਚੌਕ ਵਿਚ ਹੀ ਖਲੋਤੇ ਰਹੇ ਜਦ ਕਿ ਪ੍ਰੇਮ ਸਿੰਘ, ਸਤਿਨਾਮ ਸਿੰਘ ਮਾਣਕ ਨੂੰ ਨਾਲ ਲੈ ਕੇ ਹੜ੍ਹ ਦੇ ਪਾਣੀ ਵਾਂਗ ਬਾਜ਼ਾਰ ਵਿਚ ਠਿੱਲ੍ਹ ਪਿਆ।
ਮੈਂ ਪ੍ਰੇਮ ਸਿੰਘ ਦੀ ਮਾਨਸਿਕ ਅਵਸਥਾ ਵਿਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਬਰੇ-ਸਗ਼ੀਰ ਦੇ ਬਾਗ਼ੀ ਤੇ ਇਨਕਲਾਬੀ ਸ਼ਾਇਰ ਹਬੀਬ ਜਾਲਿਬ ਦੀ ਲਾਇਲਪੁਰ ਸ਼ਹਿਰ ਬਾਰੇ ਲਿਖੀ ਨਜ਼ਮ ਨੇ ਮੇਰੀ ਮਦਦ ਕੀਤੀ। ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ‘ਮਿਆਣੀ ਅਫ਼ਗਾਨਾਂ’ ਦਾ ਜੰਮਪਲ ਇਹ ਸ਼ਾਇਰ ਪਾਕਿਸਤਾਨ ਬਣਨ ਪਿੱਛੋਂ ਕਈ ਸਾਲ ਲਾਇਲਪੁਰ ਵਿਚ ਵੀ ਰਹਿੰਦਾ ਰਿਹਾ ਸੀ। ਲਾਇਲਪੁਰ ਪ੍ਰਤੀ ਉਸ ਦੀ ਅਕੀਦਤ ਪ੍ਰੇਮ ਸਿੰਘ ਦੇ ਮਨ ਦੀ ਗੱਲ ਵੀ ਆਖ ਰਹੀ ਸੀ।
ਲਾਇਲਪੁਰ ਇਕ ਸ਼ਹਿਰ ਹੈ,
ਜਿਸ ਮੇਂ ਦਿਲ ਹੈ ਮੇਰਾ ਆਬਾਦ
ਧੜਕਣ-ਧੜਕਣ ਸਾਥ ਰਹੇਗੀ
ਇਸ ਬਸਤੀ ਕੀ ਯਾਦ
ਮੀਠੇ ਬੋਲੋਂ ਕੀ ਵੋਹ ਨਗਰੀ
ਗੀਤੋਂ ਕਾ ਸੰਸਾਰ
ਹੰਸਤੇ ਬਸਤੇ ਹਾਇ ਵੋਹ ਰਸਤੇ
ਨਗਮਾ ਰੈਨ ਓ ਯਾਰ
ਵੋਹ ਗਲੀਆਂ, ਵੋਹ ਫੂਲ,
ਵੋਹ ਕਲੀਆਂ, ਰੰਗ ਭਰੇ ਬਾਜ਼ਾਰ
ਇਨ ਗਲੀਓਂ ਮੇ ਫਿਰਤੇ ਰਹਿਨਾ
ਦਿਨ ਕੋ ਕਰਨਾ ਸ਼ਾਮ
ਦੁਖ ਸਹਿਨੇ ਮੇ, ਚੁੱਪ ਰਹਿਨੇ ਮੇਂ
ਦਿਲ ਥਾ ਕਿਤਨਾ ਸ਼ਾਦ
ਲਾਇਲਪੁਰ ਇਕ ਸ਼ਹਿਰ ਹੈ
ਜਿਸ ਮੇਂ ਦਿਲ ਹੈ ਮੇਰਾ ਆਬਾਦ
ਰਾਤ ਦੇ ਹਨੇਰੇ ਨੂੰ ਕਾਰ ਦੀਆਂ ਰੌਸ਼ਨੀਆਂ ਚੀਰਦੀਆਂ ਜਾ ਰਹੀਆਂ ਸਨ। ਅਸੀਂ ਲਾਇਲਪੁਰ ਤੋਂ ਲਾਹੌਰ ਨੂੰ ਜਾ ਰਹੇ ਸਾਂ। ਕਾਰ ਵਿਚ ਮੁਕੰਮਲ ਖ਼ਾਮੋਸ਼ੀ ਸੀ। ਸਾਰੇ ਆਪੋ-ਆਪਣੇ ਅੰਦਰ ਉਤਰੇ ਹੋਏ ਸਨ। ਪ੍ਰੇਮ ਸਿੰਘ ਅੰਦਰ ਸ਼ੋਰ ਕਰਦੀ ਸ਼ੂਕਦੀ ਜਜ਼ਬਾਤੀ ਨਦੀ ਚੁੱਪ ਹੋ ਗਈ ਸੀ। ‘ਵਰਦਾ ਮੀਂਹ’ ਠੱਲ੍ਹ ਗਿਆ ਸੀ। ਇਸ ਚੁੱਪ ਵਿਚ ਮੈਂ ਹਬੀਬ ਜਾਲਿਬ ਨਾਲ ਹੀ ਕੁਝ ਪਲ ਗੁਜ਼ਾਰਨ ਦਾ ਫ਼ੈਸਲਾ ਕੀਤਾ। ਇਸ ਇਨਕਲਾਬੀ ਸ਼ਾਇਰ ਨੇ ਮੁੱਲਾਂ-ਮਲਾਣਿਆਂ ਤੇ ਡਿਕਟੇਟਰਾਂ ਦੇ ਹਰੇਕ ਲੋਕ-ਵਿਰੋਧੀ ਕਦਮ ਦਾ ਡਟ ਕੇ ਵਿਰੋਧ ਕੀਤਾ, ਡਾਂਗਾਂ ਖਾਧੀਆਂ, ਜੇਲ੍ਹਾਂ ਕੱਟੀਆਂ ਪਰ ਸ਼ਾਇਰੀ ਦਾ ਚਿਰਾਗ ਹਮੇਸ਼ਾ ਬਲਦਾ ਰੱਖਿਆ ਤੇ ਜ਼ਮੀਰ ਨੂੰ ਮਰਨ ਨਾ ਦਿੱਤਾ। ਉਸ ਨੇ ਭਬਕਦੀ ਆਵਾਜ਼ ਵਿਚ ਆਖਿਆ :
ਯਹ ਧਰਤੀ ਹੈ ਅਸਲ ਮੇਂ
ਪਿਆਰੇ ਮਜ਼ਦੂਰ ਕਿਸਾਨੋਂ ਕੀ
ਇਸ ਧਰਤੀ ਪਰ ਚੱਲ ਨਾ ਸਕੇਗੀ
ਮਰਜ਼ੀ ਚੰਦ ਘਰਾਨੋਂ ਕੀ
ਜ਼ੁਲਮ ਕੀ ਰਾਤ ਰਹੇਗੀ ਕਬ ਤੱਕ
ਨਜ਼ਦੀਕ ਸਵੇਰਾ ਹੈ
ਹਿੰਦੁਸਤਾਨ ਭੀ ਮੇਰਾ ਹੈ
ਪਾਕਿਸਤਾਨ ਭੀ ਮੇਰਾ ਹੈ
ਅਜਿਹੇ ਸ਼ਾਇਰ ਨੂੰ ਮੂਲਵਾਦੀ ਕੱਟੜ ਤਾਕਤਾਂ ਕਿਵੇਂ ਪਸੰਦ ਕਰ ਸਕਦੀਆਂ ਸਨ। ਮੁੱਲਾਂ-ਮੁਲਾਣੇ ਸਭ ਉਸ ਦੇ ਵਿਰੁੱਧ ਹੋ ਗਏ ਪਰ ਉਸ ਨੇ ਉਨ੍ਹਾਂ ਨੂੰ ਵੀ ਖਰੀਆਂ ਸੁਣਾਈਆਂ :
ਬਹੁਤ ਮੈਨੇ ਸੁਨੀ ਹੈ
ਆਪ ਕੀ ਤਕਰੀਰ ਮੌਲਾਨਾ
ਮਗਰ ਬਦਲੀ ਨਹੀਂ ਅਬ ਤੱਕ
ਮੇਰੀ ਤਕਦੀਰ ਮੌਲਾਨਾ
ਜ਼ਮੀਨ ਵਡੇਰੋਂ ਕੀ
ਮਸ਼ੀਨ ਲੁਟੇਰੋਂ ਕੀ
ਖ਼ੁਦਾ ਨੇ ਲਿਖ ਕਰ ਦੀ ਹੈ
ਤੁਮ੍ਹੇ ਤਕਰੀਰ ਮੌਲਾਨਾ।
ਜਦੋਂ ਬੰਗਲਾ ਦੇਸ਼ ਦੀ ਜਨਤਾ ਨੇ ਆਜ਼ਾਦੀ ਦੀ ਲੜਾਈ ਲੜ ਕੇ ਪੱਛਮੀ ਪਾਕਿਸਤਾਨ ਦੇ ਜ਼ੁਲਮਾਂ ਤੋਂ ਮੁਕਤੀ ਪਾਉਣ ਲਈ ਸੰਘਰਸ਼ ਆਰੰਭਿਆ ਤਾਂ ਉਸ ਨੇ ਅਖੌਤੀ ਦੇਸ਼ ਭਗਤੀ ਤੋਂ ਪਾਰ ਜਾ ਕੇ ਯਾਹੀਆ ਖਾਂ ਦੇ ਜ਼ੁਲਮ ਨੂੰ ਮੁਖ਼ਾਤਬ ਹੁੰਦਿਆਂ ਆਖਿਆ :
ਮੁਹੱਬਤ ਗੋਲੀਓਂ ਸੇ ਬੋ ਰਹੇ ਹੋ
ਵਤਨ ਕਾ ਚੇਹਰਾ ਖੂਨ ਸੇ ਧੋ ਰਹੇ ਹੋ
ਗੁਮਾਨ ਤੁਮ ਕੋ ਕਿ ਰਸਤਾ ਕਟ ਰਹਾ ਹੈ
ਯਕੀਨ ਮੁਝ ਕੋ ਕਿ ਮੰਜ਼ਿਲ ਖੋ ਰਹੇ ਹੋ
ਹਕੂਮਤਾਂ, ਡਿਕਟੇਟਰਾਂ, ਮੌਲਾਣਿਆਂ ਨੂੰ ਸਾਫ਼ ਤੇ ਖਰੀਆਂ ਸੁਣਾਉਣ ਵਾਲੇ ਹਬੀਬ ਜਾਲਿਬ ਨੇ ਲੇਖਕਾਂ ਨੂੰ ਵੀ ਸਮੇਂ ਦੇ ਹਾਣ ਦਾ ਹੋ ਕੇ ਸੱਚ ਕਹਿਣ ਲਈ ਲਲਕਾਰਿਆ ਤੇ ਸ਼ਰਮਿੰਦਾ ਵੀ ਕੀਤਾ।
ਕਮ ਜ਼ਹਿਨ ਕਜ ਅਦਾ ਅਦੀਬੋਂ ਕੋ ਦੇਖੀਏ।
ਬਸਤੀ ਉਜੜ ਚੁਕੇਗੀ ਤੋ ਲਿਖੇਂਗੇ
ਮਰਸੀਏ।
ਜ਼ੁਲਫਕਾਰ ਅਲੀ ਭੁੱਟੋ ਜਦੋਂ ਜਮਹੂਰੀਅਤ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤਾਂ ਹਬੀਬ ਜਾਲਿਬ ਨੇ ਉਸ ਦਾ ਸਾਥ ਦਿੱਤਾ ਪਰ ਜਦੋਂ ਉਸ ਤੋਂ ਵੀ ਆਸ ਪੂਰੀ ਹੁੰਦੀ ਨਾ ਦਿਸੀ ਤਾਂ ਸੱਚ ਕਹਿ ਕੇ ਉਸ ਦੀ ਜੇਲ੍ਹ ਵਿਚ ਜਾਣਾ ਵੀ ਪ੍ਰਵਾਨ ਕਰ ਲਿਆ। ਜਨਰਲ ਜ਼ਿਆ ਦੀ ਫੌਜੀ ਸਰਕਾਰ ਬਾਰੇ ਤਾਂ ਉਸ ਦੀ ਪੰਜਾਬੀ ਵਿਚ ਲਿਖੀ ਕਵਿਤਾ ਬਹੁਤ ਹੀ ਚਰਚਿਤ ਹੋਈ:
ਡਾਕੂਆਂ ਦਾ ਜੇ ਸਾਥ ਨਾ ਦਿੰਦਾ
ਪਿੰਡ ਦਾ ਪਹਿਰੇਦਾਰ
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ
ਜਿੱਤ ਨਾ ਬਣਦੀ ਹਾਰ
ਪੱਗਾਂ ਆਪਣੇ ਗਲ ਵਿਚ ਪਾ ਲਓ
ਤੁਰੋ ਪੇਟ ਦੇ ਭਾਰ
ਚੜ੍ਹ ਆਏ ਤਾਂ ਮੁਸ਼ਕਲ ਲਹਿੰਦੀ
ਬੂਟਾਂ ਦੀ ਸਰਕਾਰ
ਇੰਜ ਵੱਖ-ਵੱਖ ਹਕੂਮਤਾਂ ਦੇ ਦੌਰ ਵਿਚ ਉਸ ਨੂੰ ਪੰਦਰਾਂ ਵਾਰ ਜੇਲ੍ਹ ਜਾਣਾ ਪਿਆ। ਜੇਲ੍ਹਾਂ ਦੀ ਸਖ਼ਤੀ ਤੇ ਮਾੜੀ ਖ਼ੁਰਾਕ ਨਾਲ ਅਨੇਕਾਂ ਬਿਮਾਰੀਆਂ ਜਿਸਮ ਨੂੰ ਚੰਬੜ ਗਈਆਂ ਪਰ ਉਸ ਦੀ ਅੰਦਰਲੀ ਜਾਨ ਤੇ ਈਮਾਨ ਹਮੇਸ਼ਾ ਤੰਦਰੁਸਤ ਰਹੇ। ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦਿੱਤੇ ਜਾਣ ਪਿੱਛੋਂ ਜਦੋਂ ਬੇਨਜ਼ੀਰ ਭੁੱਟੋ ਦੀ ਅਗਵਾਈ ਵਿਚ ਜਮਹੂਰੀਅਤ ਦੀ ਬਹਾਲੀ ਲਈ ਲਹਿਰ ਚਲਾਈ ਗਈ ਤਾਂ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਨਰਲ ਜ਼ਿਆ ਦੀਆਂ ਸ਼ਰਤਾਂ ਮੰਨ ਕੇ ਜਦੋਂ ਕੁਝ ਲੋਕਾਂ ਨੇ ਰਿਹਾਅ ਹੋਣਾ ਚਾਹਿਆ ਤਾਂ ਹਬੀਬ ਜਾਲਿਬ ਨੇ ਆਖਿਆ:
ਦੋਸਤੋ ਜੱਗ ਹੰਸਾਈ ਨਾ ਮਾਂਗੋ
ਮੌਤ ਮਾਂਗੋ ਰਿਹਾਈ ਨਾ ਮਾਂਗੋ
ਪਰ ਇਹੋ ਬੇਨਜ਼ੀਰ ਜਦੋਂ ਤਾਕਤ ਵਿਚ ਆਈ ਤਾਂ ਹਬੀਬ ਜਾਲਿਬ ਨੇ ਫਿਰ ਪਤੇ ਦੀ ਗੱਲ ਆਖੀ :
ਵੋਹੀ ਹਾਲਾਤ ਹੈਂ ਫ਼ਕੀਰੋਂ ਕੇ,
ਦਿਨ ਫਿਰਤੇ ਹੈਂ ਫ਼ਕਤ ਵਜ਼ੀਰੋਂ ਕੇ।
ਲੋਕਾਂ ਦੇ ਦਿਨ ਫਿਰਨ ਦੀ ਆਸ ਵਿਚ ਸਾਰੀ ਉਮਰ ਜਦੋਜਹਿਦ ਕਰਨ ਵਾਲਾ ਇਹ ਮਹਾਨ ਸ਼ਾਇਰ ਬਿਮਾਰੀ, ਗ਼ਰੀਬੀ ਤੇ ਤੰਗਦਸਤੀ ਵਿਚ ਇਸ ਜਹਾਨ ਨੂੰ ਵਿਦਾ ਆਖ ਗਿਆ ਪਰ ਉਸ ਦੀ ਆਵਾਜ਼ ਅਜੇ ਵੀ ਲੋਕ ਮਨਾਂ ਵਿਚ ਗੂੰਜ ਰਹੀ ਸੀ।
ਕਾਰ ਵਿਚ ਬੈਠੇ ਦੋਸਤ ਕਾਨਫ਼ਰੰਸ ਦੀ ਸਫ਼ਲਤਾ ਤੇ ਇਕ ਹਿੱਸੇ ਵਲੋਂ ਹੋਈ ਇਸ ਦੀ ਵਿਰੋਧਤਾ ਦੇ ਪ੍ਰਸੰਗ ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਗੁਫ਼ਤਗੂ ਕਰ ਰਹੇ ਸਨ। ਆਮ ਲੋਕਾਂ ‘ਚ ਇਕ ਦੂਜੇ ਪ੍ਰਤੀ ਡੁੱਲ੍ਹ-ਡੁੱਲ੍ਹ ਪੈ ਰਹੀ ਮੁਹੱਬਤ ਵੀ ਇਕ ਹਕੀਕਤ ਸੀ ਪਰ ਇਕ ਦੂਜੇ ਪ੍ਰਤੀ ਵਿਰੋਧ ਅਤੇ ਨਫ਼ਰਤ ਦੇ ਕਈ ਆਧਾਰ ਵੀ ਮੌਜੂਦ ਸਨ। ਇਸ ਡੁੱਲ੍ਹਦੀ ਮੁਹੱਬਤ ਦਾ ਨਫ਼ਰਤ ਦੇ ਰੇਤਲੇ ਮਾਰੂਥਲ ਵਿਚ ਖ਼ੁਸ਼ਕ ਹੁੰਦੇ ਜਾਣ ਦਾ ਹਮੇਸ਼ਾ ਖ਼ਤਰਾ ਤੇ ਅੰਦੇਸ਼ਾ ਸੀ। ਮੁਹੱਬਤ ਦਾ ਉਭਰਿਆ ਇਹ ਜਜ਼ਬਾ ਵਕਤੀ ਉਬਾਲ  ਬਣ ਕੇ ਰਹਿ ਸਕਦਾ ਹੈ, ਜੇ ਇਸ ਦੀ ਧਾਰਾ ਦੇ ਨਿਰੰਤਰ ਵਗਦੇ ਰਹਿਣ ਦਾ ਚਾਰਾ ਨਾ ਕੀਤਾ ਜਾਵੇ।
‘‘ਸਭ ਤੋਂ ਵੱਡਾ ਅੜਿੱਕਾ ਤਾਂ ਕਸ਼ਮੀਰ ਏ ਜੀ। ਜਿੰਨਾ ਚਿਰ ਇਹ ਹੱਲ ਨਹੀਂ ਹੁੰਦਾ, ਲੀਡਰਾਂ ਨੇ ਸਾਨੂੰ ਨੇੜੇ ਨਹੀਂ ਆਉਣ ਦੇਣਾ।’’
‘‘ਮੈਂ ਤੇ ਆਖਦਾਂ, ਜਿੰਨਾ-ਜਿੰਨਾ ਜਿਸ ਕੋਲ ਕਸ਼ਮੀਰ ਕਬਜ਼ੇ ਹੇਠਾਂ ਹੈ, ਉਸ ਨੂੰ ਲੈ ਦੇ ਕੇ ਸਿਆਪਾ ਮੁਕਾ ਦਿੱਤਾ ਜਾਵੇ।’’
ਕਾਰ ਵਿਚ ਬੈਠੇ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਇਹ ਸੌਦਾ ਪ੍ਰਵਾਨ ਸੀ ਪਰ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਨੇ ਕਸ਼ਮੀਰ ਨੂੰ ਜਿਵੇਂ ਵਕਾਰ ਦਾ ਸੁਆਲ ਬਣਾ ਕੇ ਲੋਕਾਂ ਦੀ ਮਾਨਸਿਕਤਾ ਵਿਚ ਜ਼ਹਿਰ ਘੋਲ ਦਿੱਤਾ ਸੀ, ਉਸ ਤੋਂ ਸੌਖੇ ਕੀਤਿਆਂ ਮੁਕਤ ਨਹੀਂ ਸੀ ਹੋਇਆ ਜਾ ਸਕਦਾ।
ਪਿਛਲੇਰੀ ਰਾਤ ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ‘ਤੇ ਅਧਾਰਤ ਇਕ ਨਾਟਕ ਦੇਖਣ ਤੋਂ ਪਿੱਛੋਂ ਭਾਰਤੀ ਡੈਲੀਗੇਸ਼ਨ ਦੇ ਮੈਂਬਰ ਪੈਦਲ ਹੀ ਆਪੋ-ਆਪਣੇ ਹੋਟਲਾਂ ਨੂੰ ਨਿੱਕੀਆਂ-ਨਿੱਕੀਆਂ ਟੋਲੀਆਂ ਵਿਚ ਜਾ ਰਹੇ ਸਨ। ਲਗਪਗ ਅੱਧੀ ਰਾਤ ਦਾ ਵੇਲਾ ਸੀ। ਇਕ ਟੁੱਟੇ ਜਿਹੇ ਸਾਈਕਲ ਉਤੇ ਅੱਧੋ-ਰਾਣੇ ਕੱਪੜੇ ਪਾਈ ਇਕ ਕਮਜ਼ੋਰ ਜਿਹੇ ਜਿਸਮ ਦਾ ਵਿਅਕਤੀ ਜਾ ਰਿਹਾ ਸੀ। ਇਕ ਅੱਖ ‘ਤੇ ਹਰੀ ਪੱਟੀ ਬੱਧੀ ਹੋਈ। ਸ਼ਾਇਦ ਓਪਰੇਸ਼ਨ ਹੋਇਆ ਹੋਵੇ। ਉਸ ਨੇ ਗੁਰਭਜਨ ਗਿੱਲ ਹੁਰਾਂ ਦੀ ਟੋਲੀ ਨੂੰ ਵੇਖ ਕੇ ਸਾਈਕਲ ਨੂੰ ਬਰੇਕਾਂ ਲਾਈਆਂ ਤੇ ਸਾਈਕਲ ਤੋਂ ਉੱਤਰ ਕੇ ਟੋਲੀ ਨੂੰ ਮੁਖ਼ਾਤਬ ਹੁੰਦਿਆਂ ਆਖਿਆ, ‘‘ਸਰਦਾਰ ਜੀ! ਕਸ਼ਮੀਰ ਕਦੋਂ ਦੇਣਾ ਜੇ?’’
ਗੁਰਭਜਨ ਨੂੰ ਉਸ ਦੇ ਮਾਸੂਮ ਸੁਆਲ ਉਤੇ ਹਾਸਾ ਆਇਆ। ਉਹ ਉਸ ਦੇ ਸਾਈਕਲ ਦੇ ਹੈਂਡਲ ‘ਤੇ ਹੱਥ ਰੱਖ ਕੇ ਉਸੇ ਹੀ ਮਾਸੂਮ ਅੰਦਾਜ਼ ਵਿਚ ਕਹਿਣ ਲੱਗਾ, ‘‘ਭਰਾਵਾ! ਸਵੇਰ ਤੱਕ ਸਾਰ ਲਵੇਂਗਾ ਕਿ ਨਹੀਂ? ਤੇ ਜੇ ਨਹੀਂ ਸਰਨ ਲੱਗਾ ਤਾਂ ਕਸ਼ਮੀਰ ਹੁਣੇ ਲੈ ਜਾਹ ਸਾਡੇ ਵਲੋਂ ਤਾਂ’’
ਗੁਰਭਜਨ ਦਾ ਜੁਆਬ ਸੁਣ ਕੇ ਹੋਰਨਾਂ ਸਾਰਿਆਂ ਨਾਲ ਉਸ ਮੁਸਲਮਾਨ ਮਜ਼ਦੂਰ ਨੇ ਵੀ ਠਹਾਕਾ ਲਾਇਆ ਤੇ ਹੈਂਡਲ ਉਤੇ ਰੱਖਿਆ ਗੁਰਭਜਨ ਗਿੱਲ ਦਾ ਹੱਥ ਘੁੱਟ ਕੇ ਆਖਿਆ, ‘‘ਵਾਹ! ਸਰਦਾਰ ਜੀ।’’
ਗੁਰਭਜਨ ਨੇ ਉਸੇ ਮਾਸੂਮ ਗੰਭੀਰਤਾ ਨਾਲ ਫੇਰ ਆਖਿਆ, ‘‘ਗੱਲ ਕਰ, ਹੁਣ ਤੇਰੀ ਮਰਜ਼ੀ ਏ, ਹੁਣ ਲੈਣਾ ਈ ਹੁਣ ਲੈ ਲੈ, ਸਵੇਰੇ ਲੈਣਾ ਤਾਂ ਸਵੇਰੇ ਸਹੀ।’’
ਹੱਸਦਿਆਂ ਹੋਇਆਂ ਹੀ ਉਸ ਨੇ ਸਾਈਕਲ ਅੱਗੇ ਤੋਰਿਆ ਤੇ ਪੈਡਲ ਉਤੇ ਪੈਰ ਰੱਖ ਕੇ ਫੇਰ ਆਖਿਆ, ‘‘ਵਾਹ ਸਰਦਾਰ ਜੀ!’’
ਸਾਈਕਲ ‘ਤੇ ਬੈਠ ਕੇ ਹੱਸਦਿਆਂ ਹੋਇਆਂ ਉਸ ਨੇ ਆਪਣਾ ਸੱਜਾ ਹੱਥ ਪਿਛਾਂਹ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ, ‘‘ਚਲੋ ਛੱਡੋ! ਇਹ ਹੁਣ ਤੁਹਾਨੂੰ ਹੀ ਦਿੱਤਾ।’’
ਕੀ ਕਿਤੇ ਦੋਹਾਂ ਮੁਲਕਾਂ ਦੇ ਆਗੂ ਇੰਜ ਹੀ ਰਾਤ-ਬਰਾਤੇ ਕਿਸੇ ਸੜਕ ‘ਤੇ ਮਿਲ ਨਹੀਂ ਸਕਦੇ! ਕਸ਼ਮੀਰ ਨਾਲ ਜੁੜੀ ਹਉਮੈਂ, ਹੰਕਾਰ ਤੇ ਵੱਕਾਰ ਨੂੰ ਛੱਡ ਕੇ ਪਾਕ-ਪਵਿੱਤਰ ਦਿਲ ਨਾਲ ਥੋੜ੍ਹਾ ਬਹੁਤਾ ਇਕ ਦੂਜੇ ਲਈ ਛੱਡ-ਛੁਡਾ ਨਹੀਂ ਸਕਦੇ! ਛੱਡ-ਛੁਡਾ ਤਾਂ ਸਕਦੇ ਨੇ, ਹਿੰਮਤ ਚਾਹੀਦੀ ਹੈ, ਮੁਹੱਬਤ ਚਾਹੀਦੀ ਹੈ।’’
ਸੁਖਦੇਵ ਸਿਰਸੇ ਵਾਲੇ ਨੇ ਉਸ ਨੂੰ ਸਾਈਕਲ ‘ਤੇ ਹੱਸਦਿਆਂ ਜਾਂਦਿਆਂ ਵੇਖ ਕੇ ਮਗਰੋਂ ਆਵਾਜ਼ ਦਿੱਤੀ, ‘‘ਹੁਣ ਤੂੰ ਆਪ ਛੱਡ ਕੇ ਚੱਲਿਐਂ, ਮੁੜ ਕੇ ਉਲ੍ਹਾਮਾ ਨਾ ਦੇਵੀਂ।’’
‘‘ਨਹੀਂ, ਹੁਣ ਕੋਈ ਉਲ੍ਹਾਮਾ ਨਹੀਂ ਸਰਦਾਰੋ, ਕੋਈ ਉਲ੍ਹਾਮਾ ਨਹੀਂ,’’ ਉਸ ਨੇ ਸਾਈਕਲ ਚਲਾਉਂਦਿਆਂ ਤਸੱਲੀ ਨਾਲ ਹੱਥ ਹਿਲਾਇਆ।
ਉਨ੍ਹਾਂ ਨੇ ਏਨਾ ਅੜਿਆ ਹੋਇਆ ‘ਕਸ਼ਮੀਰ ਦਾ ਮਸਲਾ’ ਹਲ ਕਰ ਲਿਆ ਸੀ!
ਹਾਕਮ ਜੇ ਏਨੇ ਨਿਰਛਲ ਤੇ ਮਾਸੂਮ ਹੋ ਜਾਣ ਤਾਂ ਉਨ੍ਹਾਂ ਨੂੰ ਹਾਕਮ ਕੌਣ ਆਖੇ! ਪਰ ਨਿਰਛਲਤਾ ਤੇ ਮਾਸੂਮੀਅਤ ਨਾਲ ਭਿੱਜੇ ਮਨਾਂ ‘ਚੋਂ ਮੁਹੱਬਤ ਦੀ ਖ਼ੁਸ਼ਬੋ ਫੁੱਟਦੀ ਰਹਿਣੀ ਚਾਹੀਦੀ ਹੈ। ਬਾਰੂਦ ਦੀ ਬੋ ਤਾਂ ਬਥੇਰੀ ਫੈਲ ਚੁੱਕੀ ਹੈ। ਹਬੀਬ ਜਾਲਿਬ ਫੇਰ ਆਪਣੀ ਗੱਲ ਆਖਦਾ ਹੈ:
ਰਹੇਗੀ ਜੰਗ ਅਗਰ ਭੂਖ ਮੇਂ ਜਾਰੀ
ਗਸ਼ੀ ਦੋਨੋਂ ਪੇ ਹੋ ਜਾਏਗੀ ਤਾਰੀ
ਕਰੋ ਮਸਲੇ ਹੱਲ ਗੁਫਤਗੂ ਸੇ
ਬੜ੍ਹਾਓ ਹਮੇਸ਼ਾ ਅਪਨੇ ਹਮਸਾਇਓਂ ਸੇ ਯਾਰੀ
ਸਾਡੇ ਨਾਲ ਗਏ ਔਕਾਫ਼ ਕਰਮਚਾਰੀ ਅਨਵਰ ਜਾਵੇਦ ਦਾ ਪਿੰਡ ਸ਼ੇਖ਼ੂਪੁਰੇ ਦੇ ਕੋਲ ਸੀ। ਉਸ ਨੇ ਸ਼ੇਖ਼ੂਪੁਰੇ ਹੀ ਉਤਰ ਕੇ ਰਾਤ ਪਿੰਡੋਂ ਹੋ ਕੇ ਜਾਣ ਦਾ ਨਿਰਣਾ ਕਰ ਲਿਆ। ਜਦੋਂ ਉਹ ਕਾਰ ਵਿਚੋਂ ਉਤਰਿਆ ਤਾਂ ਉਹਦੇ ਜਾਣ ਨਾਲ ਕਾਰ ਦਾ ਖ਼ਾਲੀ ਹੋ ਗਿਆ ਹਿੱਸਾ ਹੁਣ ਓਪਰਾ-ਓਪਰਾ ਜਾਪਣ ਲੱਗਾ। ਇਕ ਦਿਹਾੜੀ ਦੇ ਸਾਥ ਵਿਚ ਹੀ ਉਹ ਸਾਡਾ ਆਪਣਾ ਬਣ ਗਿਆ ਸੀ। ਉਹ ਸਾਥੋਂ ਸਾਡੇ ਆਪਣਿਆਂ ਵਾਂਗ ਹੀ ਵੈਰਾਗ ਨਾਲ ਵਿਛੜਿਆ। ਸਾਡਾ ਕੁਝ ਹਿੱਸਾ ਉਸ ਦੇ ਨਾਲ ਤੁਰ ਗਿਆ ਸੀ ਤੇ ਉਸ ਦਾ ਕੁਝ ਹਿੱਸਾ ਸਾਡੇ ਅੰਗ-ਸੰਗ ਪਿੱਛੇ ਰਹਿ ਗਿਆ ਸੀ। ਅਸੀਂ ਅਨਵਰ ਦੇ ਚੰਗੇ ਸੁਭਾ, ਉਹਦੀ ਜਾਣਕਾਰੀ ਤੇ ਸਮਝਦਾਰੀ ਦੀਆਂ ਗੱਲਾਂ ਕਰਨ ਲੱਗੇ। ਇਕ ਸਰਕਾਰੀ ਕਰਮਚਾਰੀ ਆਪਣੀ ਵੱਖਰੀ ਹੋਂਦ ਭੁਲਾ ਕੇ ਕਿਵੇਂ ਸਾਰਾ ਦਿਨ ਸਾਡੀ ਆਪਣੀ ਹੀ ਟੋਲੀ ਤੇ ਸੋਚ ਦਾ ਅੰਗ ਹੋ ਕੇ ਵਿਚਰਦਾ ਰਿਹਾ ਸੀ।
ਦੂਜੇ ਵਾਸਤੇ ਆਪਣੀ ਥੋੜ੍ਹੀ ਜਿਹੀ ਹੋਂਦ ਭੁਲਾ ਕੇ ਦੂਜੇ ਨੂੰ ਆਪਣਾ ਬਣਾਇਆ ਜਾ ਸਕਦਾ ਸੀ।
ਰਾਇ ਅਜ਼ੀਜ਼ ਉਲਾ ਨੇ ਸ਼ੇਖ਼ੂਪੁਰੇ ਤੋਂ ਮੋੜ ਕੇ ਕਾਰ ਅਮਰੀਕਾ ਕੈਨੇਡਾ ਦੀ ਤਰਜ਼ ‘ਤੇ ਬਣੀ ਸ਼ਾਹ ਰਾਹ ਉਤੇ ਪਾ ਲਈ। ਇਸ ‘ਤੇ ਚੜ੍ਹ ਕੇ ਲਾਹੌਰ ਜਲਦੀ ਪੁੱਜਿਆ ਜਾ ਸਕਦਾ ਸੀ।
ਪ੍ਰੇਮ ਸਿੰਘ ਅੰਦਰਲਾ ਭਾਰਾ-ਗੌਰਾ ਸਮਝਦਾਰ ਇਨਸਾਨ ਫਿਰ ਪਰਤ ਆਇਆ ਸੀ। ਹੁਣ ਉਹ ਪੂਰੀ ਗੰਭੀਰਤਾ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦੇ ਉਤੇ ਸਤਨਾਮ ਮਾਣਕ ਨਾਲ ਚਰਚਾ ਵਿਚ ਰੁੱਝਿਆ ਹੋਇਆ ਸੀ।

ਪ੍ਰੇਮ ਸਿੰਘ ਦੇ ਖ਼ਾਲਸਾ ਸਕੂਲ ਦੇ ਐਨ ਸਾਹਮਣਾ ਇਲਾਕਾ ਉਹੋ ਹੀ ਸੀ ਜਿੱਥੇ ਪ੍ਰੇਮ ਸਿੰਘ ਦਾ ਘਰ ਹੁੰਦਾ ਸੀ। ਮਾਡਲ ਟਾਊਨ ਨਾਂ ਦਾ ਘੁੱਗ ਵੱਸਦਾ ਇਹ ਇਲਾਕਾ ਭਾਵੇਂ ਕਿੰਨਾ ਫੈਲ ਗਿਆ ਸੀ, ਕਿੰਨਾ ਵਧੇਰੇ ਗਹਿ-ਗੱਚ ਵੱਸ ਗਿਆ ਸੀ ਪਰ ਪ੍ਰੇਮ ਸਿੰਘ ਨੂੰ ਵਿਸ਼ਵਾਸ ਸੀ ਕਿ ਸਕੂਲੋਂ ਨਿਕਲਦਿਆਂ ਹੀ ਥੋੜ੍ਹੀ ਵਿੱਥ ਉਤੇ ਬਣਿਆ ਆਪਣਾ ਮਕਾਨ ਉਹ ਪਲ-ਛਿਣ ਵਿਚ ਲੱਭ ਲਵੇਗਾ। ਉਹ ਸਾਡੇ ਅੱਗੇ ਅੱਗੇ ਕਾਹਲੀ ਕਾਹਲੀ ਤੁਰਿਆ ਜਾ ਰਿਹਾ ਸੀ। ਕਿਸੇ ਸਥਾਨਕ ਵਾਸੀ ਨੂੰ ਆਪਣੇ ਘਰ ਦਾ ਅਤਾ-ਪਤਾ ਪੁੱਛਣ ਦੀ ਉਸ ਨੂੰ ਕੋਈ ਲੋੜ ਨਹੀਂ ਸੀ।
‘‘ਐਥੇ ਖਾਲੀ ਜਗ੍ਹਾ ਹੁੰਦੀ ਸੀ। ਮਿਉਂਸਪਲ ਕਮੇਟੀ ਦੇ ਕੁਆਟਰ ਹੁੰਦੇ ਸਨ। ਦੋ ਹੀ ਤਾਂ ਘਰ ਬਣੇ ਸਨ ਉਦੋਂ। ਇਕ ਸਾਡਾ ਘਰ ਸੀ ਤੇ ਇਕ ਸਾਡੇ ਪਿਛਵਾੜੇ ਕਿਸੇ ਹੋਰ ਦਾ। ਸਾਡੇ ਘਰ ਦੇ ਦੋਹੀਂ ਪਾਸੀਂ ਸੜਕ ਲੱਗਦੀ ਸੀ। ਘਰ ਦੇ ਮੱਥੇ ‘ਤੇ ‘ਪ੍ਰੇਮ ਕਾਟੇਜ’ ਲਿਖਿਆ ਹੋਇਆ ਸੀ…’’
ਉਹ ਵੱਖੀਆਂ ਨਾਲ ਵੱਖੀਆਂ ਜੋੜੀ ਖਲੋਤੇ ਸੰਘਣੇ ਮਕਾਨਾਂ ਵਿਚ ‘ਪ੍ਰੇਮ-ਕਾਟੇਜ’ ਨੂੰ ਤਲਾਸ਼ਦਾ ਤੁਰਿਆ ਜਾ ਰਿਹਾ ਸੀ। ਲੋਕਾਂ ਦੀ ਇਕ ਭੀੜ ਸਾਡੇ ਨਾਲ ਨਾਲ ਹੋ ਤੁਰੀ। ਸਰਦਾਰ ਵਲੋਂ ਆਪਣਾ ਪੁਰਾਣਾ ਘਰ ਲੱਭਣਾ ਉਨ੍ਹਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਿਆ ਸੀ। ਲਾਹੌਰ ਅਤੇ ਨਨਕਾਣੇ ਦੇ ਲੋਕ ਤਾਂ ਜਥਿਆਂ ਨਾਲ ਆਏ ਸਿੱਖਾਂ ਨੂੰ ਅਕਸਰ ਵੇਖਦੇ ਰਹਿੰਦੇ ਹਨ ਪਰ ਲਾਇਲਪੁਰੀਆਂ ਲਈ ਸਿੱਖਾਂ ਨੂੰ ਵੇਖਣਾ ਵੀ ਵਿਲੱਖਣ ਅਨੁਭਵ ਸੀ।
ਪਰ ਗੱਲ ਤਾਂ ਸ਼ੇਖ਼ੂਪੁਰੇ ਵਾਲੀ ਹੋ ਚੱਲੀ ਸੀ। ਪ੍ਰੇਮ ਸਿੰਘ ਦੇ ਮਨ ਵਿਚ ਵੱਸਿਆ ਉਹਦੇ ਘਰ ਅਤੇ ਆਲੇ-ਦੁਆਲੇ ਦਾ ਨਕਸ਼ਾ ਖ਼ਲਤ-ਮਲਤ ਹੋ ਗਿਆ ਸੀ। ‘ਗੱਡੀ ਦਾ ਗੇਅਰ’ ਅੜ ਗਿਆ ਸੀ। ਇਸ ਲਈ ਹੁਣ ਸਥਾਨਕ ਲੋਕਾਂ ਦੀ ਮਦਦ ਦੀ ਲੋੜ ਸੀ। ਨੌਜਵਾਨਾਂ, ਅੱਧਖੜਾਂ ਤੇ ਬਜ਼ੁਰਗਾਂ ਦੀ ਭੀੜ ਉਸ ਦੀ ਮਦਦ ਲਈ ਉਲਰ ਆਈ ਸੀ। ਸਕੂਲ ਪੜ੍ਹਦੇ ਬੱਚੇ ਬੱਚੀਆਂ ਸਾਨੂੰ ਕਿਸੇ ਅਸਮਾਨੋਂ ਉਤਰੇ ਲੋਕਾਂ ਵਾਂਗ ਵੇਖ ਰਹੇ ਸਨ।
‘‘ਇਹ ਕੀ ਲੱਭਦੇ ਫਿਰਦੇ ਨੇ’’ ਘਰੋਂ ਨਿਕਲ ਕੇ ਹੁਣੇ ਹੀ ਬਾਹਰ ਆਏ ਇਕ ਮੁੰਡੇ ਨੇ ਆਪਣੇ ਕਿਸੇ ਸਾਥੀ ਨੂੰ ਪੁੱਛਿਆ ਜੋ ਭੀੜ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ।
‘‘ਤੇਰਾ ਘਰ ਲੱਭਦੇ ਨੇ’’ ਦੂਜੇ ਨੇ ਸ਼ਰਾਰਤ ਨਾਲ ਆਖਿਆ ਤੇ ਦੋਵੇਂ ਹੱਥ ਵਿਚ ਹੱਥ ਪਾ ਕੇ ਭੀੜ ਦੇ ਨਾਲ ਹੋ ਤੁਰੇ। ਸਾਹਮਣੇ ਦਰਵਾਜ਼ੇ ਵਿਚ ਖੜੋਤੀ ਇਕ ਅੱਧਖੜ ਔਰਤ ਨੇ ਪੁੱਛਿਆ, ‘‘ਵੇ ਕੀ ਗੱਲ ਏ?’’
‘‘ਤੇਰਾ ਘਰ ਲੱਭਦੇ ਨੇ’’ ਉਨ੍ਹਾਂ ਮੁੰਡਿਆਂ ਉਸ ਨਾਲ ਵੀ ਸ਼ਰਾਰਤ ਕੀਤੀ।
ਪ੍ਰੇਮ ਸਿੰਘ ਸ਼ੇਖ਼ੂਪੁਰੇ ਵਾਂਗ ਹੀ ਕਦੀ ਇਸ ਗਲੀ ਤੇ ਕਦੀ ਉਸ ਗਲੀ ਵਿਚ ਮਕਾਨ ਲੱਭਣ ਦੇ ਚੱਕਰ ਵਿਚ ਫਸ ਗਿਆ ਸੀ। ਦੱਸਣ ਵਾਲੇ ਉਹਦੀਆਂ ਨਿਸ਼ਾਨੀਆਂ ਮੁਤਾਬਕ ਮਕਾਨ ਦੀ ਨਿਸ਼ਾਨਦੇਹੀ ਕਰਦੇ ਉਹ ਆਖਦਾ, ‘‘ਮੈਂ ਤਾਂ ਆਪਣੇ ਮਕਾਨ ਦਾ ਦਰਵਾਜ਼ਾ ਪਛਾਣ ਸਕਦਾਂ, ਔਹ ਖ਼ਾਲਸਾ ਸਕੂਲ, ਮੇਰੇ ਘਰੋਂ, ਮੈਂ ਸਿੱਧਾ ਨਿਕਲ ਕੇ ਸਕੂਲ ਜਾਂਦਾ ਸਾਂ।’’
‘‘ਚਲੋ ਇਕ ਵਾਰ ਸਕੂਲ ਕੋਲ ਚੱਲੀਏ। ਉਥੋਂ ਫੇਰ ਵਾਪਸ ਆਉਂਦੇ ਹਾਂ। ਹਿਸਾਬ ਲਾਉਂਦੇ ਆਂ‥’’ ਉਹ ਅਗਵਾਈ ਕਰ ਰਹੇ ਸਥਾਨਕ ਲੋਕਾਂ ਨੂੰ ਕਹਿ ਰਿਹਾ ਸੀ। ਮੈਂ ਉਨ੍ਹਾਂ ਨਾਲੋਂ ਨਿਖੜ ਕੇ ਪਿੱਛੇ ਰਹਿ  ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਲੱਗਾ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਪੁੱਛਾਂ ਦੇ ਉਤਰ ਦਿੰਦਾ। ਉਨ੍ਹਾਂ ਦੀਆਂ ਗੱਲਾਂ ਸੁਣਦਾ। ਉਨ੍ਹਾਂ ਵਿਚ ਕੋਈ ਜਲੰਧਰ ਦਾ ਸੀ। ਕੋਈ ਨਕੋਦਰ ਦਾ। ਕੋਈ ਘਰਿਆਲੇ ਦਾ ਤੇ ਕੋਈ ਅੰਬਰਸਰ ਦਾ।
‘‘ਮੇਰਾ ਪਿਉ ਤਾਂ ਅੱਜ ਤਕ ਰੋਂਦਾ ਕਿ ਮੈਨੂੰ ਮੇਰਾ ਜਲੰਧਰ ਵਿਖਾਓ। ਸਾਡਾ ਘਰ ਪੱਕੇ ਬਾਗ਼ ਕੋਲ ਹੁੰਦਾ ਸੀ।’’
‘‘ਆਲੀ ਮੁਹੱਲਾ ਸੀ ਜਲੰਧਰ ਵਿਚ। ਉਸ ਨੂੰ ਅੱਜ ਵੀ ਆਲੀ ਮੁਹੱਲਾ ਈ ਕਹਿੰਦੇ ਨੇ? ਕਦੀ ਗਏ ਜੇ ਆਲੀ ਮੁਹੱਲੇ? ਕਿਹੋ ਜਿਹਾ ਲਗਦਾ ਹੈ ਸਾਡਾ ਆਲੀ ਮੁਹੱਲਾ!’’
‘‘ਸਰਦਾਰ ਜੀ! ਸਾਨੂੰ ਵੀ ਓਧਰ ਆ ਲੈਣ ਦਿਆ ਕਰੋ ਆਪਣੇ ਪੰਜਾਬ ‘ਚ। ਸਾਡੀ ਤਾਂ ਜਾਨ ਤੜਫਦੀ ਹੈ।’’
ਕੋਈ ਆਪਣੇ ਸ਼ਹਿਰ, ਕੋਈ ਮੁਹੱਲੇ ਤੇ ਕੋਈ ਘਰ ਦਾ ਪਤਾ ਦੱਸ ਕੇ ਤੇ ਕੋਈ ਕਿਸੇ ਪੁਰਾਣੇ ਬੇਲੀ ਦਾ ਜ਼ਿਕਰ ਕਰਕੇ ਪੁੱਛਦਾ, ‘‘ਸਰਦਾਰ ਜੀ! ਸਾਨੂੰ ਜਾ ਕੇ ਖ਼ਬਰ ਦਿਓ ਕਿ ਸਾਡੇ ਵਤਨ ਦਾ ਕੀ ਹਾਲ ਏ? ਮੇਰਾ ਪਤਾ ਲਿਖ ਲੌ…’’
ਮੈਂ ਇਕ ਦਾ ਪਤਾ ਲਿਖਿਆ, ਫਿਰ ਦੂਜੇ ਦਾ‥। ਤੇ ਇੰਜ ਕਈ ਪਤੇ ਲਿਖੇ ਗਏ। ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਸਾਂ ਕਰਨਾ ਚਾਹੁੰਦਾ। ਪਤਾ ਲਿਖਾਉਂਦਿਆਂ ਉਨ੍ਹਾਂ ਦੇ ਕਲੇਜੇ ਨੂੰ ਠੰਢ ਪੈ ਰਹੀ ਸੀ। ਉਨ੍ਹਾਂ ਦੀਆਂ ਅੱਖਾਂ ਲਿਸ਼ਕ ਉਠਦੀਆਂ।
ਮੈਂ ਆਪਸੀ ਪਿਆਰ ਅਤੇ ਸਦ-ਭਾਵਨਾ ਨਾਲ ਭਰੇ ਲੋਕਾਂ ਦੀ ਭੀੜ ਵਿਚ ਖਲੋਤਾ ਸਾਂ।
ਜੇ.ਸੀ. ਜੈਕਬ ਨਾਂ ਦਾ ਆਦਮੀ ਦੱਸ ਰਿਹਾ ਸੀ ਕਿ ਕਿਵੇਂ ਰੌਲਿਆਂ ਵਿਚ ਉਨ੍ਹਾਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਿਆ। ਉਹਦੇ ਬਾਬੇ ਨੇ ਉਸ ਨੂੰ ਸਿਰ ‘ਤੇ ਚੁੱਕਿਆ ਤੇ ਅਦਬ ਨਾਲ ਘਰ ਲੈ ਗਿਆ। ਕਈ ਸਾਲ ਉਨ੍ਹਾਂ ਨੇ ਸਤਿਕਾਰ ਨਾਲ ਉਸ ਨੂੰ ਸਾਂਭ ਛੱਡਿਆ ਤੇ ਫਿਰ ਮੌਕਾ ਮਿਲਣ ‘ਤੇ ਉਂਜ ਹੀ ਅਦਬ ਨਾਲ ਸਿਰ ਉਤੇ ਚੁੱਕ ਕੇ ਜਥੇ ਨਾਲ ਆਏ ਸਿੰਘਾਂ ਕੋਲ ਜਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ।
‘‘ਅਸੀਂ ਛੋਟੇ ਛੋਟੇ ਹੁੰਦੇ ਸਾਂ। ਬਾਬੇ ਵਾਂਗ ਸਿਰ ‘ਤੇ ਕੱਪੜਾ ਰੱਖ ਕੇ ਗੁਰੂ ਬਾਬੇ ਕੋਲੋਂ ਦੁਆ ਮੰਗਿਆ ਕਰਨੀ।’’
ਉਸ ਦੇ ਹੱਥ ਹੁਣ ਵੀ ‘ਦੁਆ’ ਲਈ ਅਸਮਾਨ ਵੱਲ ਉਠੇ ਤੇ ਅੱਖਾਂ ਸ਼ਰਧਾ ਵਿਚ ਮੁੰਦੀਆਂ ਗਈਆਂ।
ਮੈਨੂੰ ਇਕ ਹੋਰ ਬਾਬੇ ਦੀ ਕਹਾਣੀ ਯਾਦ ਆਈ। ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਸਭ ਤੋਂ ਵੱਡੇ ਲੜਕੇ ਨੇ ਇਹ ਸੱਚੀ ਕਹਾਣੀ ਕਈ ਸਾਲ ਪਹਿਲਾਂ ਸੁਣਾਈ ਸੀ।
ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਝ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖ਼ੁਸ਼ੀਆਂ ਸਨ, ਗੱਪਾਂ ਸਨ, ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।
‘‘ਸਾਈਂ ਤਾਂ ਰਹਿ ਗਿਆ ਫਿਰ!’’ ਵਿਧਾਤਾ ਸਿੰਘ ਤੀਰ ਨੇ ਇਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।
‘‘ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ ਨਾ ਲੱਗਾ ਹੋਵੇ।’’ ਬਲੱਗਣ ਦਾ ਜਵਾਬ ਸੀ।
ਫਿਰ ਉਸ ਨੇ ਆਪ ਹੀ ਆਖਿਆ, ‘‘ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗ ਤਾਂ ਜਾਂਦਾ ਹੀ ਹੈ…।’’
ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ। ਮੁਹੱਬਤ ਦਾ ਤੁਣਕਾ ਕਦੀ ਇਧਰਲੇ ਤੇ ਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਏਧਰ-ਓਧਰ ਖਿੱਚ ਲਿਆਂਦਾ ਸੀ। ਹੁਣ ਵੀ ਸਾਂਝੇ ਮਿੱਤਰ, ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ।
ਇਸ ਵੇੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ। ਬਲੱਗਣ ਦੀਆਂ ਬੱਚੀਆਂ ਦੌੜੀਆਂ ਆਈਆਂ।
‘‘ਲੋਟੇ ਵਾਲਾ ਚਾਚਾ ਆ ਗਿਆ! ਲੋਟੇ ਵਾਲਾ ਚਾਚਾ ਆ ਗਿਆ!’’
ਉਨ੍ਹਾਂ ਦੇ ਬੋਲਾਂ ਵਿਚ ਖ਼ੁਸ਼ੀ ਤੇ ਸੂਚਨਾ ਇੱਕਠੀ ਸੀ।
ਸਾਈਂ ਹਯਾਤ ਪਸਰੂਰੀ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ, ਜਦ ਕਦੀ ਉਹ ਅੰਮ੍ਰਿਤਸਰ ਬਲੱਗਣ ਕੋਲ ਠਹਿਰਦਾ, ਉਹ ਨਾਲ ਲਿਆਂਦੇ ਲੋਟੇ ਨਾਲ ਬਾਕਾਇਦਾ ਵੁਜ਼ੂ ਕਰਦਾ, ਨਮਾਜ਼ ਪੜ੍ਹਦਾ। ਬੱਚਿਆਂ ਨੇ ਉਸ ਦਾ ਨਾਮ ਲੋਟੇ ਵਾਲਾ ਚਾਚਾ ਧਰ ਦਿੱਤਾ ਸੀ।
‘‘ਉਹਨੂੰ ਆਖੋ ਉਪਰ ਆਵੇ ਮਰੇ ਮਿਆਨੀ ‘ਚ। ਹੇਠਾਂ ਕੀ ਪਿਆ ਕਰਦਾ ਏ’’ ਕਿਸੇ ਨੇ ਮੋਹ ਵਿਚ ਭਿੱਜ ਕੇ ਆਖਿਆ।
‘‘ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਐ। ਅੰਦਰ ਨਹੀਂ ਆਉਂਦਾ। ਕਹਿੰਦਾ, ‘ਭਾਪੇ ਨੂੰ ਆਖੋ ਸੁੱਚੇ ਭਾਂਡੇ ‘ਚ ਪਾਣੀ ਲੈ ਕੇ ਆਵੇ’…।’’
ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ।
ਬਲੱਗਣ ਦੇ ਨਾਲ ਦੋ ਚਾਰ ਹੋਰ ਦੋਸਤ ਵੀ ਖੜ੍ਹੇ ਹੋ ਗਏ। ਉਹ ਰਹੱਸ ਜਾਨਣਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ।
ਸਾਈਂ ਦਰਵਾਜ਼ੇ ਵਿਚ ਖਲੋਤਾ ਸੀ। ਦੁਸ਼ਾਲੇ ਵਿਚ ਕੋਈ ਚੀਜ਼ ਲਪੇਟ ਕੇ ਸਿਰ ‘ਤੇ ਰੱਖੀ ਹੋਈ ਸੀ। ਪੈਰਾਂ ਤੋਂ ਨੰਗਾ ਸੀ। ਉਹਦੇ ਕਹਿਣ ‘ਤੇ ਗੜਵੀ ‘ਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰੌਂਕਦੇ ਉਸ ਦਾ ‘ਗ੍ਰਹਿ ਪ੍ਰਵੇਸ਼’ ਕਰਵਾਇਆ।
ਅਸਲ ਵਿਚ ਉਸ ਦੇ ਸਿਰ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ। ਤੇ ਜਦੋਂ ਉਹ ਯਾਰਾਂ ਦੀ ਭੀੜ ਵਿਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ‘ਬੀੜ’ ਦੀ ਕਹਾਣੀ ਇੰਜ ਛੋਹ ਲਈ।
‘‘ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰਹ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗਰੀਬ ਤੇ ਫ਼ਕੀਰ ਸ਼ਾਇਰ। ਮੇਰੀ ਏਨੀ ਪਾਇਆ ਕਿੱਥੇ ਕਿ ਕੀਮਤੀ ਤੋਹਫ਼ੇ ਖ਼ਰੀਦ ਸਕਾਂ। ਤਾਂ ਹੀ ਖ਼ੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ ਦਸ ਬਾਰਾਂ ਕੋਹ ਦੀ ਵਾਟ ‘ਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸਾਂਭੀ ਪਈ ਹੈ। ਮੈਂ ਉਨ੍ਹਾਂ ਕੋਲ ਗਿਆ ਤੇ ਗਲ ਵਿਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਓ ਤਾਂ ਉਹ ਲੈ ਲਓ ਤੇ ਜਾਨ ਮੰਗਦੇ ਓ ਤਾਂ ਉਹ ਲੈ ਲਓ… ਪਰ ਇਹ ਬੀੜ ਮੈਨੂੰ ਬਖ਼ਸ਼ ਦਿਓ। ਉਹ ਮਿਹਰਬਾਨ ਲੋਕ, ਜਿਨ੍ਹਾਂ ਨੇ ਹੁਣ ਤਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਂਭ ਕੇ ਰੱਖਿਆ ਹੋਇਆ ਸੀ, ਮੈਨੂੰ ਕਹਿਣ ਲੱਗੇ, ‘‘ਸਾਈਂ ਸਾਹਿਬ! ਅਸੀਂ ਹੁਣ ਤਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਹੈ ਪਰ ਮਤੇ ਕੋਈ ਖੁਨਾਮੀ ਹੋ ਜਾਵੇ, ਕੋਈ ਕੋਤਾਹੀ ਹੋ ਜਾਵੇ, ਇਸ ਲਈ ਇਸ ਨੂੰ ਆਦਰ ਨਾਲ ਤੁਸੀਂ ਉਨ੍ਹਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ…।’’
ਏਨੀ ਆਖ ਕੇ ਸਾਈਂ ਨੇ ਪਰਨੇ ਨਾਲ ਮੂੰਹ ਪੂੰਝਿਆ ਤੇ ਗੱਲ ਜਾਰੀ ਰੱਖੀ।
‘‘ਮੈਂ ਉਸ ਪਿੰਡ ਤੋਂ ਨੰਗੇ ਪੈਰੀਂ ਗੁਰੂ ਬਾਬੇ ਦੀ ਬੀੜ ਸਿਰ ‘ਤੇ ਰੱਖ ਕੇ ਪਿੰਡ ਪੁੱਜਾ…ਤੇ ਹੁਣ ਨੰਗੇ ਪੈਰੀਂ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ… ਇਹ ਕੀਮਤੀ ਤੋਹਫ਼ਾ ਮੈਂ ਜਾਨ ਤੋਂ ਪਿਆਰਾ ਸਮਝ ਕੇ ਆਪਣੇ ਨੂੰਹ-ਪੁੱਤ ਲਈ ਲੈ ਕੇ ਆਇਆਂ।… ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖ਼ਸ਼ਣਹਾਰ ਹੈ…’’ ਉਸ ਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾਈਆਂ। ਤੇ ਮੋਢੇ ‘ਤੇ ਲਟਕਾਏ ਬੁਚਕੇ ਵਿਚੋਂ ਲੋਟਾ ਕੱਢ ਕੇ ਕਹਿਣ ਲੱਗਾ, ‘‘ਠਹਿਰੋ! ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ… ਫਿਰ ਮਹਿਫਿਲ ਜਮਾਉਂਦੇ ਆਂ… ਤੇ ਹਾਂ ਸੱਚ, ਕਰਤਾਰ! ਸਵੇਰੇ ਜੰਝੇ ਚੜ੍ਹਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪੁਆ ਲਵੀਂ! ਵੀਰ ਮੇਰਿਆ।’’
…‥’’ਕਿੱਥੋਂ ਆਏ ਹੋ ਵੀਰਾ?’’ ਸਾਡੀਆਂ ਗੱਲਾਂ ਸੁਣ ਰਹੀ ਇਕ ਚਾਲੀ ਪੰਤਾਲੀ ਸਾਲ ਦੀ ਚੰਗੀ ਦਿੱਖ ਵਾਲੀ ਬੀਬੀ ਨੇ ਪੁੱਛਿਆ ਤਾਂ ਇਕ ਸ਼ਰਾਰਤੀ ਮੁੰਡਾ ਕਹਿੰਦਾ, ‘‘ਕੀ ਗੱਲ ਤੂੰ ਰੋਟੀ ਵਰਜਣੀ ਏਂ?’’
‘‘ਵੇ ਕੀ ਗੱਲ! ਰੋਟੀ ਇਨ੍ਹਾਂ ਤੋਂ ਚੰਗੀ ਏ। ਮੈਂ ਤਾਂ ਹੁਣੇ ਰਿਸ਼ਤੇਦਾਰੀ ਕੱਢ ਲੈਣੀ ਏ ਇਨ੍ਹਾਂ ਨਾਲ। ਇਹ ਵੀ ਪੰਜਾਬ ਦੇ, ਮੈਂ ਵੀ ਪੰਜਾਬ ਦੀ। ਮੇਰੇ ਤਾਂ ਆਪਣੇ ਨਾਨਕੇ ਸੰਧੂ ਨੇ ਤੇ ਭਾਅ ਵਰਿਆਮ ਵੀ ਸੰਧੂ ਏ। ਰਿਸ਼ਤੇਦਾਰੀ ਤਾਂ ਬਣ ਗਈ ਨਾ ਆਪੇ ਈ।’’
‘‘ਹਾਂ ਭਾਈ ਰਿਸ਼ਤੇਦਾਰੀ ਤਾਂ ਬਣ ਗਈ’’, ਕਿਸੇ ਬਜ਼ੁਰਗ ਨੇ ਗੰਭੀਰਤਾ ਨਾਲ ਕਿਹਾ।
‘‘ਸਾਡੀ ਰਿਸ਼ਤੇਦਾਰੀ ਤਾਂ ਮੌਸੀਕੀ ਦੀ ਵੀ ਹੈ।’’
ਇਕ ਪਲ ਤਾਂ ਇਸ ਦੂਜੀ ਰਿਸ਼ਤੇਦਾਰੀ ਬਾਰੇ ਸੁਣ ਕੇ ਮੈਂ ਹੈਰਾਨ ਹੋਇਆ ਪਰ ਛੇਤੀ ਹੀ ਗੱਲ ਸਾਫ਼ ਹੋ ਗਈ।
‘‘ਮੇਰਾ ਭਤੀਜਾ ਨੁਸਰਤ ਫਤਹਿ ਅਲੀ ਨਾਲ ਬੰਸਰੀ ਵਜਾਉਂਦਾ ਰਿਹਾ। ਤੁਸੀਂ ਪੀ.ਟੀ.ਵੀ. ਤੋਂ ‘ਮੇਰੀ ਪਸੰਦ’ ‘ਚ ਉਸ ਨੂੰ ਵੇਖਿਆ ਹੋਊ। ਆਬਿਦ ਹੁਸੈਨ। ਖਾਂ ਸਾਹਿਬ ਨੱਥੂ ਖਾਂ ਸਾਹਿਬ ਲੁਧਿਆਣੇ ਵਾਲੇ ਸਾਡੇ ਵੱਡੇ ਸਨ।‥ ਮੌਸੀਕਾਰ ਤੇ ਮੌਸੀਕੀ ਤਾਂ ਜੋੜਦੀ ਹੈ…।  ਬੰਦਿਆਂ ਨੂੰ … ਇਸ ਤੋਂ ਵੱਡਾ ਰਿਸ਼ਤੇਦਾਰ ਕੌਣ ਹੁੰਦਾ ਹੈ। ਲਤਾ ਮੰਗੇਸ਼ਕਰ ਸਾਨੂੰ ਮਲਕਾ-ਏ-ਤਰੰਨਮ ਨੂਰ ਜਹਾਂ ਤੋਂ ਕੋਈ ਘੱਟ ਪਿਆਰੀ ਨਹੀਂ। ਮੁਕੇਸ਼ ਤੇ ਰਫ਼ੀ ਸਾਹਿਬ ਨੂੰ ਕੌਣ ਨਹੀਂ ਆਪਣਾ ਸਮਝਦਾ।’’
ਅਖ਼ਤਰ ਬੀਬੀ ਸਾਡੇ ਨਾਲ ਨਾਲ ਤੁਰ ਪਈ। ਸਾਨੂੰ ਵੇਖਣ ਲਈ ਆਪਣੇ ਮਕਾਨ ਦੇ ਦਰਵਾਜ਼ੇ ਵਿਚ ਇਕ ਖ਼ੂਬਸੂਰਤ ਔਰਤ ਖੜੋਤੀ ਸੀ।
‘‘ਭਾ ਵਰਿਆਮ! ਇਹ ਬੰਸਰੀ ਵਾਲੇ ਮੁੰਡੇ ਦੀ ਮਾਂ ਏਂ। ਮੇਰੀ ਭਰਜਾਈ।’’
ਮੈਂ ਉਸ ਦੇ ਮੁੰਡੇ ਦੇ ਚੰਗਾ ਬੰਸਰੀ ਵਾਦਕ ਹੋਣ ਦੀ ਉਸ ਨੂੰ ਮੁਬਾਰਕ ਦਿੱਤੀ ਤਾਂ ਉਸ ਨੇ ਮੁਸਕਰਾ ਕੇ ਮੇਰੀ ਮੁਬਾਰਕ ਕਬੂਲ ਕੀਤੀ।
‘‘ਖ਼ੈਰ ਮੁਬਾਰਕ!’’
ਉਸ ਦੀਆਂ ਮੋਟੀਆਂ ਅੱਖਾਂ ਦੇ ਚੀਰ ਖ਼ੁਸ਼ੀ ਭਰੀ ਮੁਸਕਰਾਹਟ ਨਾਲ ਖਿੱਚੇ ਗਏ।
‘‘ਲੱਭ ਗਿਆ! ਲੱਭ ਗਿਆ! ਸਰਦਾਰ ਜੀ ਦਾ ਘਰ ਲੱਭ ਗਿਆ।’’ ਇਕ ਮੁੰਡੇ ਨੇ ਖ਼ਜ਼ਾਨਾ ਲੱਭਣ ਵਰਗੀ ਖ਼ੁਸ਼ੀ ਨਾਲ ਸਾਨੂੰ ਦੱਸਿਆ।
ਜਿਨ੍ਹਾਂ ਘਰਾਂ ਕੋਲੋਂ ਅਸੀਂ ਦਸ ਵਾਰ ਲੰਘ ਚੁੱਕੇ ਸਾਂ, ਉਨ੍ਹਾਂ ਵਿਚੋਂ ਇਕ ਦੇ ਦਰਵਾਜ਼ੇ ਅੱਗੇ ਪ੍ਰੇਮ ਸਿੰਘ ਖਲੋਤਾ ਸੀ।
‘‘ਇਹ ਸਾਡੇ ਘਰ ਦੇ ਪਿਛਵਾੜੇ ਵਾਲੀ ਸੜਕ ਦਾ ਛੋਟਾ ਦਰਵਾਜ਼ਾ ਹੈ। ਮੈਂ ਇਹਦੀ ਲੱਕੜ ਪਛਾਣ ਲਈ ਹੈ।’’ ਉਹ ਦਰਵਾਜ਼ੇ ਨੂੰ ਹੱਥ ਲਾ ਲਾ ਕੇ ਮਹਿਸੂਸ ਕਰ ਰਿਹਾ ਸੀ ਜਿਵੇਂ ਦਰਵਾਜ਼ਾ ਵੀ ਉਸ ਵਾਂਗ ਸਾਹ ਲੈ ਰਿਹਾ ਹੋਵੇ। ਜਿਉਂਦਾ ਜਾਗਦਾ…ਲਹੂ ਮਾਸ ਦਾ ਇਨਸਾਨ।
ਇਹ ਮਕਾਨ, ਜੋ ਉਨ੍ਹਾਂ ਸਮਿਆਂ ਵਿਚ ਆਧੁਨਿਕ ਤਰਜ਼ ਦੀ ਬਣੀ ਹੋਈ ਕੋਠੀ ਸੀ, ਹੁਣ ਤਿੰਨਾਂ ਹਿੱਸਿਆਂ ਵਿਚ ਤਕਸੀਮ ਹੋ ਚੁੱਕਾ ਸੀ। ਤਿੰਨਾਂ ਭਰਾਵਾਂ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਇਸ ਵਿਚ ਬਹੁਤ ਸਾਰੀ ਰੱਦੋ-ਬਦਲ ਕਰ ਦਿੱਤੀ ਹੋਈ ਸੀ। ਘਰ ਦੇ ਪਿਛਵਾੜੇ ਵਾਲੇ ਇਸ ਦਰਵਾਜ਼ੇ ਦੇ ਅੰਦਰਵਾਰ ਬਣਿਆ ਕਮਰਾ ਢਹਿ ਗਿਆ ਸੀ ਜਾਂ ਢਾਹ ਦਿੱਤਾ ਗਿਆ ਸੀ ਤੇ ਅਜੇ ਇਸ ਦੀ ਥਾਂ ਨਵਾਂ ਕਮਰਾ ਇਸ ਕਰਕੇ ਉਸਰ ਨਹੀਂ ਸੀ ਸਕਿਆ ਕਿਉਂਕਿ ਵਿਚਕਾਰਲੀ ਸਾਂਝੀ ਕੰਧ ਦਾ ਝਗੜਾ ਖੜ੍ਹਾ ਹੋ ਗਿਆ ਸੀ। ਪਰਿਵਾਰ ਦਾ ਇਹ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਸੀ। ਭਰਾਵਾਂ ਦਾ ਆਪਸ ਵਿਚ ਬੋਲਚਾਲ ਬੰਦ ਸੀ।
ਘਰ ਦਾ ਸਾਹਮਣਾ ਪਾਸਾ, ਜਿੱਥੇ ਮੁੱਖ ਦਰਵਾਜ਼ੇ ਵਿਚ ਵੜਦਿਆਂ ਖੁੱਲ੍ਹਾ ਬਰਾਂਡਾ ਹੁੰਦਾ ਸੀ, ਉਸ ਨੂੰ ਕਮਰਿਆਂ ਵਿਚ ਤਬਦੀਲ ਕਰਕੇ ਬਾਹਰ ਸੜਕ ਤਕ ਲੈ ਆਂਦਾ ਸੀ ਤੇ ਉਥੇ ‘ਕਰਿਆਨਾ ਸਟੋਰ’ ਖੁੱਲ੍ਹ ਗਿਆ ਸੀ। ਘਰ ਦੇ ਹੀ ਇਕ ਬਜ਼ੁਰਗ ਨੂੰ ਜਦੋਂ ਇਹ ਨਿਸ਼ਾਨੀਆਂ ਪ੍ਰੇਮ ਸਿੰਘ ਨੇ ਦੱਸੀਆਂ ਤਾਂ ਉਸ ਨੇ ਹੀ ਕਿਹਾ, ‘‘ਉਹ ਨਕਸ਼ੇ ਤਾਂ ਬਦਲ ਗਏ, ਪਰ ਵੇਖ ਕੇ ਪਛਾਣ ਲਵੋ… ਘਰ ਉਹੋ ਹੀ ਹੈ…।’’
‘‘ਦਰਵਾਜ਼ਾ ਤਾਂ ਖੋਲ੍ਹ ਦਿਓ,’’ ਪ੍ਰੇਮ ਸਿੰਘ ਨੇ ਤਰਲਾ ਲਿਆ।
ਪ੍ਰੇਮ ਸਿੰਘ ਦੇ ਨਾਲ ਹੀ ਭੀੜ ਵੀ ਅੰਦਰ ਦਾਖ਼ਲ ਹੋ ਗਈ। ਢੱਠੇ ਹੋਏ ਥਾਂ ਨੂੰ ਪ੍ਰੇਮ ਸਿੰਘ ਹਸਰਤ ਨਾਲ ਵੇਖ ਕੇ ਪੁਰਾਣੇ ਸਮਿਆਂ ਨੂੰ ਚਿਤਵਦਾ ਰਿਹਾ।
‘‘ਇਹੋ ਹੀ ਹੈ ਮੇਰਾ ਘਰ,’’ ਉਸ ਨੇ ਕੰਧਾਂ ਪਛਾਣਦਿਆਂ ਕਿਹਾ। ਉਸ ਨੇ ਘਰ ਦੇ ਇਸ ਹਿੱਸੇ ‘ਚੋਂ ਦੂਜੇ ਸਾਹਮਣੇ ਹਿੱਸੇ ਵਿਚ ਪ੍ਰਵੇਸ਼ ਕਰਨਾ ਚਾਹਿਆ ਤਾਂ ਪਤਾ ਲੱਗਾ ਵੰਡ-ਵੰਡਾਈ ਹੋਣ ਪਿੱਛੋਂ ਪਿਛਲੇ ਅੱਧ ਵਿਚ ਕੰਧ ਵੱਜ ਗਈ ਹੈ। ਘਰ ਦੇ ਅਗਲੇ ਹਿੱਸੇ ਵਿਚ ਦਾਖ਼ਲ ਹੋਣ ਲਈ ਉਤੋਂ ਦੀ ਵਲ਼ ਕੇ ਆਉਣਾ ਪੈਣਾ ਸੀ।
‘‘ਇਥੇ ਵੀ ਹਿੰਦੁਸਤਾਨ-ਪਾਕਿਸਤਾਨ ਬਣਿਆ ਫਿਰਦੈ…’’ ਮੈਂ ਹੱਸ ਕੇ ਆਖਿਆ ਤਾਂ ਘਰ ਦੀ ਇਕ ਔਰਤ ਮੈਨੂੰ ਕਹਿਣ ਲੱਗੀ,
‘‘ਇਨ੍ਹਾਂ ਨੂੰ ਪੁੱਛ ਕੇ ਦੱਸੋ! ਘਰ ਦੀ ਕੰਧ ਸਾਂਝੀ ਸੀ ਕਿ ਨਹੀਂ।’’
ਉਹ ਘਰ ਦੇ ਅਸਲੀ ਵਾਰਸ ਤੋਂ ਕਾਨੂੰਨੀ ਨੁਕਤਾ ਪੁੱਛਣਾ ਚਾਹ ਰਹੀ ਸੀ।
ਉਪਰਲੀ ਮੰਜ਼ਿਲ ਤੋਂ ਇਕ ਜ਼ਨਾਨੀ ਨੇ ਮਜ਼ਾਕ ਕੀਤਾ। ‘‘ਕੀ ਲੱਭਦੇ ਫਿਰਦੇ ਓ, ਕਿਤੇ ਕੁਝ ਮਾਲ ਤਾਂ ਨਹੀਂ ਦੱਬਿਆ ਹੋਇਆ।’’
‘‘ਸਾਡੀਆਂ ਯਾਦਾਂ ਤੇ ਸਾਡੇ ਸੁਪਨੇ ਦੱਬੇ ਹੋਏ ਨੇ ਏਥੇ।’’
ਹਉਕਾ ਲੈ ਕੇ ਪ੍ਰੇਮ ਸਿੰਘ ਨੇ ਜੁਆਬ ਦਿੱਤਾ ਤੇ ਦਰਵਾਜ਼ੇ ਨੂੰ ਮੱਥਾ ਟੇਕ ਕੇ ਸਾਹਮਣੇ ਪਾਸੇ ਤੋਂ ਘਰ ਨੂੰ ਵੇਖਣ ਲਈ ਬਾਹਰ ਨਿਕਲ ਆਇਆ। ਬਾਜ਼ਾਰ ਦੇ ਉਤੋਂ ਦੀ ਵਲ ਕੇ ਜਦੋਂ ਮੇਨ ਗੇਟ ਅੱਗੇ ਪਹੁੰਚੇ ਤਾਂ ਪ੍ਰੇਮ ਸਿੰਘ ਨੇ ਕਿਹਾ, ‘‘ਹਾਂ ਉਹੋ ਹੈ… ਪਰ ਮੈਂ ਤਾਂ ਬਰਾਂਡਾ ਲੱਭਦਾ ਸਾਂ ਤੇ ਨਾਲ ਖੁੱਲ੍ਹਾ ਵਿਹੜਾ… ਉਹ ਤਾਂ ਸਭ ਛੱਤਿਆ ਗਿਆ ਹੈ।’’
ਉਹ ਕਾਹਲੀ-ਕਾਹਲੀ ਅੰਦਰ ਦਾਖ਼ਲ ਹੋਇਆ।
‘‘ਇਹੋ ਹੈ…। ਹਾਂ ਏਹੋ ਹੀ।’’ ਉਸ ਨੇ ਥੱਲਿਓਂ ਉਪਰ ਜਾਂਦੀਆਂ ਪੌੜੀਆਂ ਨੂੰ ਛੂਹ ਕੇ ਵੇਖਿਆ।
‘‘ਪੌੜੀਆ ਦੇ ਨਾਲ ਹੀ ਆਹ ਸੱਜੇ ਹੱਥ ਮੇਰਾ ਕਮਰਾ ਹੁੰਦਾ ਸੀ। ਹਾਂ, ਇਹੋ ਹੀ ਕਮਰਾ ਹੈ।’’
ਉਹ ਕਮਰੇ ਅੰਦਰ ਦਾਖ਼ਲ ਹੋ ਗਿਆ।
‘‘ਹਾਂ! ਹਾਂ ਏਹੋ ਹੀ… ਆਹ ਮੇਰੀ ਅਲਮਾਰੀ ਸੀ ਕਿਤਾਬਾਂ ਵਾਲੀ… ਇਹੋ ਹੀ… ਏਥੇ ਹੀ ਨਾਨਕ ਸਿੰਘ ਦੀਆਂ ਤੇ ਗੁਰਬਖ਼ਸ਼ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਸਨ… ਅੰਮ੍ਰਿਤਾ ਪ੍ਰੀਤਮ ਦੀਆਂ।’’
ਅਲਮਾਰੀ ਵਾਲੀ ਕੰਧ ਨਾਲ ਸੋਫ਼ਾ ਡੱਠਾ ਹੋਇਆ ਸੀ ਤੇ ਉਸ ਦੇ ਸਾਹਮਣੇ ਪਲੰਘ ਵਿਛਿਆ ਹੋਇਆ ਸੀ।
‘‘ਐਥੇ ਹੀ ਪਲੰਘ ਹੁੰਦਾ ਸੀ ਮੇਰਾ, ਇੰਜ ਹੀ। ਏਥੇ ਹੀ ਮੈਂ ਪੜ੍ਹਦਾ ਸਾਂ… ਏਥੇ ਹੀ ਸੌਦਾ ਸਾਂ… ਇੰਜ ਹੀ ਪਲੰਘ ਉਤੇ।
ਉਹ ਪਲੰਘ ਉਤੇ ਲੇਟ ਕੇ ਉਨ੍ਹਾਂ ਸਮਿਆਂ ਵਿਚ ਗਵਾਚਣਾ ਚਾਹੁੰਦਾ ਸੀ।
ਲੇਟ ਕੇ ਉਸ ਨੇ ਮੱਥੇ ‘ਤੇ ਬਾਂਹ ਰੱਖੀ। ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੀ ਧਾਹ ਨਿਕਲ ਗਈ ਤੇ ਉਹ ਫੁੱਟ ਫੁੱਟ ਕੇ ਬੱਚਿਆਂ ਵਾਂਗ ਰੋਣ ਲੱਗਾ। ਰੋਂਦਿਆਂ ਉਹਦਾ ਸਾਰਾ ਜਿਸਮ ਕੰਬ ਰਿਹਾ ਸੀ। ਇਕ ਅਜੀਬ ਦਰਦਮੰਦ ਨਜ਼ਾਰਾ… ਦਿਲ ਨੂੰ ਛੂਹ ਲੈਣ ਵਾਲਾ। ਉਸ ਨੂੰ ਚੁੱਪ ਕਰਾਉਣ ਜਾਂ ਕੁਝ ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਕੋਈ ਉਥੇ ਹਾਜ਼ਰ ਹੀ ਕਦੋਂ ਸੀ! ਸਭ ਆਪਣੇ ਅੰਦਰ ਡੁੱਬ ਚੁੱਕੇ ਸਨ। ਸਭ ਦੀਆਂ ਅੱਖਾਂ ਵਿਚ ਡੂੰਘਾ ਦਰਦ ਸੀ… ਇਕ ਪੀੜ ਭਰੀ ਖ਼ਾਮੋਸ਼ੀ। ਪ੍ਰੇਮ ਸਿੰਘ ਫਫਕ ਫਫਕ ਕੇ ਰੋ ਰਿਹਾ ਸੀ। ਅੱਥਰੂ ਰਾਵੀ ਚਨਾਬ ਦੇ ਟੁੱਟੇ ਹੋਏ ਬੰਨ੍ਹ ਵਾਂਗ ਸਭ ਨੂੰ ਰੋੜ੍ਹੀ ਲਿਜਾ ਰਹੇ ਸਨ।
ਸਮਾਂ ਰੁਕ ਗਿਆ ਸੀ। ਛੰਮ ਛੰਮ ਹੰਝੂ ਡਿੱਗ ਰਹੇ ਸਨ। ਮੂਸਲੇਧਾਰ ਵਰਖਾ ਹੋ ਰਹੀ ਸੀ। ਸਭ ਦਰਦ ਵਿਚ ਭਿੱਜ ਰਹੇ ਸਨ।
ਹੌਲੀ ਹੌਲੀ ਪ੍ਰੇਮ ਸਿੰਘ ਦੇ ਸਰੀਰ ਦੀ ਕੰਬਣੀ ਬੰਦ ਹੋਈ। ਹਿਚਕੀਆਂ ਰੁਕੀਆਂ ਤੇ ਉਸ ਨੇ ਆਪਣੇ ਜਿਸਮ ਨੂੰ ਢਿੱਲਾ ਅਤੇ ਨਿੱਸਲ ਹੋਣ ਦਿੱਤਾ। ਉਹ ਜਿਸਮ ਤੋਂ ਮੁੱਕ ਗਈ ਜਾਨ ਵਾਪਸ ਮੋੜਨ ਦੇ ਆਹਰ ਵਿਚ ਸੀ। ਪਲੰਘ ਲਾਗੋਂ ਸੋਫ਼ੇ ‘ਤੇ ਬੈਠੇ ਰਾਇ ਅਜ਼ੀਜ਼ ਉਲਾ ਨੇ ਪੋਲੇ ਜਿਹੇ ਪ੍ਰੇਮ ਸਿੰਘ ਦਾ ਮੋਢਾ ਘੁੱਟਿਆ।
ਮੇਰੇ ਨਜ਼ਦੀਕ ਖਲੋਤੀ ਅਖ਼ਤਰ ਬੀਬੀ ਨੇ ਭਿੱਜੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਆਪਣੇ ਇਕ ਹੱਥ ਦੀਆਂ ਉਂਗਲਾਂ ਦੂਜੇ ਹੱਥ ਦੀਆਂ ਉਂਗਲਾਂ ਵਿਚ ਫਸਾ ਕੇ ਬੜੀ ਹਸਰਤ ਨਾਲ ਫੁਸਫੁਸਾਉਂਦੀ ਆਵਾਜ਼ ਵਿਚ ਕਿਹਾ, ‘‘ਆਪਾਂ ਇਕ ਕਿਉਂ ਨਹੀਂ ਹੋ ਸਕਦੇ!’’
ਪ੍ਰੇਮ ਸਿਘ ਹੌਸਲਾ ਕਰਕੇ ਉਠਿਆ ਤੇ ਚੌਕੜੀ ਮਾਰ ਕੇ ਪਲੰਘ ‘ਤੇ ਬੈਠ ਗਿਆ। ਐਨਕ ਉਤਾਰ ਕੇ ਅੱਥਰੂਆਂ ਨਾਲ ਭਿੱਜਾ ਚਿਹਰਾ ਸਾਫ਼ ਕੀਤਾ ਤੇ ਫਿਰ ਤਰਲਾ ਲਿਆ। ‘‘ਮੈਨੂੰ ਮੇਰੇ ਆਪਣੇ ਨਲਕੇ ਦਾ ਪਾਣੀ ਤਾਂ ਪਿਆ ਦਿਓ।’’
ਭੀੜ ਵਿਚੋਂ ਇਕ ਜਣਾ ਪਾਣੀ ਦਾ ਗਲਾਸ ਭਰ ਲਿਆਇਆ। ਪ੍ਰੇਮ ਸਿੰਘ ਘੁੱਟ ਘੁੱਟ ਕਰਕੇ ਆਪਣੇ ਘਰ ਦਾ ਪਾਣੀ ਪੀ ਰਿਹਾ ਸੀ। ਉਹਦਾ ਮੁਰਝਇਆ ਅੰਦਰ ਤੁੜ੍ਹਕ ਰਿਹਾ ਸੀ।
ਘਰ ਦਾ ਸਭ ਤੋਂ ਵੱਡਾ ਬਜ਼ੁਰਗ ਪ੍ਰੇਮ ਸਿੰਘ ਨਾਲ ਪਲੰਘ ‘ਤੇ ਬੈਠ ਗਿਆ। ਇਸ ਘਰ ਉਤੇ ਕਬਜ਼ੇ ਤੋਂ ਲੈ ਕੇ ਉਸ ਦੀ ਵੰਡ ਵੰਡਾਈ ਤੇ ਭਰਾਵਾਂ ਅਤੇ ਉਨ੍ਹਾਂ ਦੀ ਔਲਾਦ ਦੇ ਆਪਸੀ ਅਦਾਲਤੀ ਝਗੜੇ ਤਕ ਦੀ ਕਹਾਣੀ ਸੁਣਾ ਰਿਹਾ ਸੀ। ਇਹ ਵੀ ਦੱਸ ਰਿਹਾ ਸੀ ਕਿ ਉਹ ਆਪ ਵੀ ਇਸ ਘਰ ਦੇ ਇਸ ਹਿੱਸੇ ਵਿਚ ਕਈ ਸਾਲਾਂ ਪਿੱਛੋਂ ਦਾਖ਼ਲ ਹੋਇਆ ਹੈ। ਤਿੰਨਾਂ ਖ਼ਾਨਦਾਨਾਂ ਦਾ ਇਕ-ਦੂਜੇ ਨਾਲ ਬੋਲ ਚਾਲ ਹੀ ਬੰਦ ਹੈ ਤਾਂ ਘਰ ਵਿਚ ਆਉਣਾ ਜਾਣਾ ਕਾਹਦਾ ਹੋਇਆ!
ਮੈਂ ਘਰਾਂ ਵਿਚ ਬਣੇ ਦੇਸ਼ ਤੇ ਉਨ੍ਹਾਂ ਦੀਆਂ ਹੱਦਾਂ ਬਾਰੇ ਸੋਚ ਰਿਹਾ ਸਾਂ। ਪ੍ਰੇਮ ਸਿੰਘ ਉਸ ਬਜ਼ੁਰਗ ਨੂੰ ਉਹਦੀ ਉਮਰ ਪੁੱਛ ਰਿਹਾ ਸੀ।
‘‘ਹੋਊ ਇਹੋ ਕੋਈ ਅੱਸੀ ਪਚਾਨਵੇਂ ਸਾਲ।’’
ਇਕ ਨੌਜਵਾਨ ਨੇ ਲਾਗੋਂ ਚੁਟਕੀ ਲਈ
‘‘ਬਾਬਾ ਉਮਰ ਦੱਸਦੈਂ ਕਿ ਟਰੱਕ ਦਾ ਨੰਬਰ।’’
ਇਕ ਹਾਸਾ ਛਣਕਿਆ। ਮਾਹੌਲ ਦਾ ਤਣਾਅ ਢਿੱਲਾ ਹੋਇਆ। ਪ੍ਰੇਮ ਸਿੰਘ ਕਦੀ ਅਲਮਾਰੀ ਕੋਲ, ਕਦੀ ਪਲੰਘ ਉਤੇ, ਕਦੀ ਸੋਫ਼ੇ ਕੋਲ ਯਾਦਗਾਰੀ ਫੋਟੋ ਖਿਚਵਾਉਣ ਲੱਗਾ। ਭੀੜ ਵੀ ਸਾਡੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੀ ਸੀ। ਕੈਮਰਾ ਮੇਰੇ ਹੱਥ ਵਿਚ ਸੀ। ਅਖ਼ਤਰ ਬੀਬੀ ਕਹਿਣ ਲੱਗੀ, ‘‘ਮੈਂ ਆਪਣੇ ਭਾ ਵਰਿਆਮ ਨਾਲ ਵੀ ਫੋਟੋ ਖਿਚਵਾਉਣੀ ਹੈ।’’
ਕੁਝ ਹੀ ਪਲਾਂ ਦੀ ਸਾਂਝ ਨੇ ਉਸ ਦੇ ਬੋਲਾਂ ਵਿਚ ਮੇਰੇ ਲਈ ਭਰਾਵਾਂ ਵਾਲੀ ਅਪਣੱਤ ਘੁਲ ਗਈ ਸੀ।
ਘਰ ਦੀ ਸੁਆਣੀ ਚਾਹ ਬਣਾ ਲਿਆਈ। ਸਾਰੇ ਚਾਹ ਪੀਣ ਲੱਗੇ। ਬਜ਼ੁਰਗ ਨੇ ਚਾਹ ਪੀਣ ਤੋਂ ਨਾਂਹ-ਨੁੱਕਰ ਕੀਤੀ ਤਾਂ ਕਿਸੇ ਨੇ ਕਿਹਾ, ‘‘ਕੁੜੱਤਣ ਥੁੱਕ ਤੇ ਚਾਹ ਪੀ…’’
ਘਰ ਦੇ ਇਸ ਹਿੱਸੇ ਵਾਲਿਆਂ ਨਾਲ ਉਹਦੀ ਨਰਾਜ਼ਗੀ ਇਨ੍ਹਾਂ ਬੋਲਾਂ ਨਾਲ ਧੁਪ ਗਈ ਤੇ ਉਹ ਵੀ ਚਾਹ ਦੇ ਘੁੱਟ ਭਰਨ ਲੱਗਾ।
ਸੂਰਜ ਲਗਪਗ ਡੁੱਬ ਚੱਲਿਆ ਸੀ। ਏਥੇ ਹੁਣ ਕਿੰਨਾ ਕੁ ਚਿਰ ਬੈਠਾ ਜਾ ਸਕਦਾ ਸੀ। ਪਰਦੇਸੀਆਂ ਨੇ ਜਾਣਾ ਹੀ ਜਾਣਾ ਸੀ। ਪ੍ਰੇਮ ਸਿੰਘ, ਜਿਹੜਾ ਘਰ ਲੱਭਦਿਆਂ ਗਲੀਆਂ ਵਿਚ ਤੁਰਦਿਆਂ ਸਭ ਤੋਂ ਅੱਗੇ ਹੁੰਦਾ ਸੀ ਤੇ ਜਿਸ ਦੇ ਕਦਮਾਂ ਵਿਚ ਜਵਾਨਾਂ ਵਾਲੀ ਫੁਰਤੀ ਨਜ਼ਰ ਆਉਂਦੀ ਸੀ, ਉਹ ਦੋਹਾਂ ਬਾਹਵਾਂ ਦਾ ਜ਼ੋਰ ਲਾ ਕੇ ਹੀਅ ‘ਤੇ ਭਾਰ ਪਾ ਕੇ ਮਸਾਂ ਹੀ ਪਲੰਘ ਤੋਂ ਉਠਿਆ ਤੇ ਮਣ ਮਣ ਦੇ ਭਾਰੇ ਕਦਮਾਂ ਨਾਲ ਬਾਹਰ ਨੂੰ ਤੁਰਿਆ। ਦਰਵਾਜ਼ੇ ਵਿਚ ਖਲੋ ਕੇ ਕਮਰੇ ਨੂੰ ਇਕ ਵਾਰ ਫਿਰ ਆਪਣੀਆਂ ਅੱਖਾਂ ਵਿਚ ਭਰ ਲੈਣਾ ਚਾਹਿਆ।
ਉਹ ਹੌਲੀ ਹੌਲੀ ਘਰ ਤੋਂ ਵਿਛੜ ਰਿਹਾ ਸੀ। ਭਾਵੇਂ ਹੁਣੇ ਹੀ ਹਨੇਰਾ ਉਤਰਨ ਵਾਲਾ ਸੀ ਪਰ ਅਸੀਂ ਕੋਈ ਕਾਹਲੀ ਨਹੀਂ ਸਾਂ ਕਰਨਾ ਚਾਹੁੰਦੇ। ਮੈਂ ਬਾਹਰ ਆ ਕੇ ਖੜੋ ਗਿਆ। ਮੇਰੇ ਲਾਗੇ ਖੜੋਤਾ ਅੱਠ ਨੌਂ ਸਾਲ ਦਾ ਲੜਕਾ ਮੈਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ।
‘‘ਰਾਤ ਪੈ ਚੱਲੀ ਹੈ। ਅੱਜ ਤਾਂ ਰਾਤ ਹੁਣ ਤੇਰੇ ਘਰ ਹੀ ਕੱਟਾਂਗੇ… ਰਾਤ ਸਾਨੂੰ ਰੱਖ ਲਏਂਗਾ? ਰੋਟੀ ਰਾਟੀ ਖਵਾਏਂਗਾ ਨਾ!’’ ਮੈਂ ਉਸ ਨੂੰ ਛੇੜਿਆ।
ਉਹ ਮੇਰੇ ਇਸ ਸੁਆਲ ਨੂੰ ਗੰਭੀਰ ਸਮਝਦਿਆਂ ਛਾਬਲ ਗਿਆ ਤੇ ਭੋਲੇ-ਭਾਅ ਉਹਦੇ ਮੂੰਹੋਂ ਨਿਕਲ ਗਿਆ, ‘‘ਨਹੀਂ।’’
‘‘ਜਾਹ ਉਏ!’’
ਭੀੜ ਹੱਸ ਪਈ।
ਲਾਗੇ ਖੜੋਤੀ ਅੱਠ ਦਸ ਸਾਲ ਦੀ ਇਕ ਬੱਚੀ ਨੇ ਮੇਰਾ ਹੱਥ ਫੜ ਲਿਆ ਤੇ ਲਾਡ ਨਾਲ ਕਹਿਣ ਲੱਗੀ। ‘‘ਅੰਕਲ! ਤੁਸੀਂ ਬਹੁਤ ਚੰਗੇ ਓ…।’’
‘‘ਸੱਚ!’’ ਮੇਰਾ ਦਿਲ ਉਛਲਿਆ ਤੇ ਮੈਂ ਉਸ ਦੇ ਸਿਰ ਉਤੇ ਪਿਆਰ ਦਿੰਦਿਆਂ ਆਪਣੀ ਨੋਟ ਬੁੱਕ ਉਹਦੇ ਸਾਹਮਣੇ ਕਰ ਦਿੱਤੀ।
‘‘ਇਹ ਗੱਲ ਮੈਨੂੰ ਲਿਖ ਕੇ ਦੇਹ।’’
ਉਹ ਨੇ ਖ਼ੁਸ਼ਖ਼ਤ ਉਰਦੂ ਅੱਖਰਾਂ ਵਿਚ ਲਿਖ ਦਿੱਤਾ:
‘‘ਅੰਕਲ ਆਪ ਬਹੁਤ ਅੱਛੇ ਹੈਂ।’’
‘ਅੰਨਮ’
ਉਸ ਦੇ ਹੇਠਾਂ ਆਪਣੇ ਦਸਤਖ਼ਤ ਵੀ ਕਰ ਦਿੱਤੇ।
ਰਾਇ ਅਜ਼ੀਜ਼ ਉਲਾ ਨੇ ਕਾਰ ਲੈ ਆਂਦੀ। ਪ੍ਰੇਮ ਸਿੰਘ ਚਾਰ ਚੁਫ਼ੇਰੇ ਨੂੰ ਨਿਹਾਰਦਿਆਂ ਸਭ ਨੂੰ ਅਲਵਿਦਾ ਕਹਿ ਕੇ ਕਾਰ ਦੀ ਅਗਲੀ ਸੀਟ ਉਤੇ ਬੈਠ ਗਿਆ। ਅਨਵਰ ਤੇ ਸਤਨਾਮ ਮਾਣਕ ਵੀ ਕਾਰ ਵਿਚ ਬੈਠ ਗਏ। ਮੈਂ ਬਾਹਰ ਖੜੋਤੀ ਭੀੜ ਵੱਲ ਹੱਥ ਹਿਲਾ ਕੇ ਅਲਵਿਦਾ ਆਖੀ। ਰਾਤ ਰੱਖਣ ਤੋਂ ਨਾਂਹ ਕਰਨ ਵਾਲਾ ਲੜਕਾ ਦੌੜ ਕੇ ਮੇਰੇ ਕੋਲ ਆਇਆ ਤੇ ਬੜੇ ਉਤਸ਼ਾਹ ਨਾਲ ਜਾਨਦਾਰ ਆਵਾਜ਼ ਵਿਚ ਕਹਿਣ ਲੱਗਾ, ‘‘ਅੰਕਲ! ਕਦੀ ਵੀ ਫੇਰ ਵੀ ਆਇਓ।’’
ਮੈਂ ਉਸ ਦੀ ਗੱਲ੍ਹ ਪਿਆਰ ਨਾਲ ਥਪਥਪਾਈ ਤੇ ਅਸੀਂ ਕਾਰ ਵਿਚ ਬੈਠ ਗਏ।

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।
ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।
City of Textile Welcomes you.
ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’
‘ਬਾਰ’ ਦਾ ਵਾਰ-ਵਾਰ ਜ਼ਿਕਰ ਹੋਣ ਕਰਕੇ ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ…’’ ਲੋਕਾਂ ਨੇ ਮਜ਼ਾਕ ਵੀ ਬਣਾ ਧਰਿਆ ਸੀ। ਵਰਤਮਾਨ ਤੋਂ ਅਸੰਤੁਸ਼ਟ ਕੋਈ ਵੀ ਵਿਅਕਤੀ ਹੱਸ ਕੇ ਕਹਿ ਦਿੰਦਾ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ’’ ਜਾਂ ‘‘ਬਾਰ ਵਾਲੀਆਂ ਗੱਲਾਂ ਕਿੱਥੇ!’’
ਇਸ ਸ਼ਹਿਰ ਨੂੰ ਅੱਜ ਵੀ ਪਾਕਿਸਤਾਨ ਦਾ ਮਾਨਚੈਸਟਰ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਲਗਪਗ 1884-45 ਵਿਚ ਝੰਗ ਦਾ ਡਿਪਟੀ ਕਮਿਸ਼ਨਰ ਜਦੋਂ ਲਾਹੌਰ ਨੂੰ ਜਾਂਦਿਆਂ ਇਸ ਰਾਹੋਂ ਗੁਜ਼ਰਿਆ ਤੇ ਉਸ ਨੇ ‘ਪੱਕਾ ਮਾੜੀ’ ਸਥਾਨ ‘ਤੇ ਰਾਤ ਕੱਟੀ ਤਾਂ ਉਸ ਨੇ ਸੋਚ ਲਿਆ ਕਿ ਇਹ ਥਾਂ ਰੇਲਵੇ ਸਟੇਸ਼ਨ ਅਤੇ ਮੰਡੀ ਵਾਸਤੇ ਬਹੁਤ ਢੁਕਵੀਂ ਹੈ। ਉਸ ਨੇ ਆਪਣੀ ਇਹ ਸਕੀਮ ਪੰਜਾਬ ਦੇ ਗਵਰਨਰ ਅੱਗੇ ਪੇਸ਼ ਕੀਤੀ ਜੋ ਉਸੇ ਵੇਲੇ ਮਨਜ਼ੂਰ ਕਰ ਲਈ ਗਈ। ਸਰ ਗੰਗਾ ਰਾਮ ਨੂੰ ਹੁਕਮ ਹੋਇਆ ਕਿ ਉਹ ਤਜਵੀਜ਼ ਕੀਤੇ ਸ਼ਹਿਰ ਦਾ ਨਕਸ਼ਾ ਬਣਾਏ। ਉਸ ਨੇ ਯੂਨੀਅਨ ਜੈਕ ਝੰਡੇ ਮੁਤਾਬਕ ਇਸ ਸ਼ਹਿਰ ਦਾ ਨਕਸ਼ਾ ਤਿਆਰ ਕੀਤਾ।
1896 ਵਿਚ ਇਸ ਸ਼ਹਿਰ ਦੀ ਨੀਂਹ ਰੱਖੀ ਗਈ। ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਜੇਮਜ਼ ਲਾਇਲ  ਦੇ ਨਾਂ ਉਤੇ ਇਸ ਦਾ ਨਾਮ ਲਾਇਲਪੁਰ ਰੱਖਿਆ ਗਿਆ। ਡਿਪਟੀ ਕਮਿਸ਼ਨਰ ਦੀ ਵਰਤਮਾਨ ਰਿਹਾਇਸ਼ ਵਾਲੀ ਉਹ ਪਹਿਲੀ ਬਿਲਡਿੰਗ ਸੀ ਜੋ ਇਥੇ ਬਣਾਈ ਗਈ। ਪਹਿਲਾਂ ਕੇਵਲ ਤਿੰਨ ਬਾਜ਼ਾਰ ; ਕਚਹਿਰੀ ਬਾਜ਼ਾਰ, ਰੇਲ ਬਾਜ਼ਾਰ ਤੇ ਕਾਰਖ਼ਾਨਾ ਬਾਜ਼ਾਰ ਬਣੇ। ਇਸ ਤੋਂ ਪਿੱਛੋਂ ਪੰਜ ਹੋਰ ਬਾਜ਼ਾਰ ਬਣੇ। 1896 ਵਿਚ ਹੀ ਵਜ਼ੀਰਾਬਾਦ ਤੋਂ ਲਾਇਲਪੁਰ ਨੂੰ ਰੇਲਵੇ ਲਾਈਨ ਬਣਾਈ ਗਈ ਤੇ ਉਸੇ ਹੀ ਸਾਲ ਰੇਲਵੇ ਸਟੇਸ਼ਨ ਦੀ ਬਿਲਡਿੰਗ ਬਣੀ।
ਯੂਨੀਅਨ ਜੈਕ ਵਾਂਗ ਸ਼ਹਿਰ ਦੇ ਵਿਚਕਾਰ ਇਕ ਗੋਲ-ਚੱਕਰ ਹੈ ਤੇ ਉਸ ਚੱਕਰ ਵਿਚੋਂ ਹੀ ਬਾਹਰ ਨੂੰ ਨਿਕਲਦੇ ਹਨ ਅੱਠੇ ਬਾਜ਼ਾਰ। ਕਿਸੇ ਵੀ ਬਾਜ਼ਾਰ ਵਿਚ ਵੜ ਜਾਵੋ ਘੁੰਮ-ਫਿਰ ਕੇ ਵਿਚਕਾਰਲੇ ਗੋਲ-ਚੱਕਰ ‘ਤੇ ਪੁੱਜ ਜਾਵੋਗੇ। ਇਥੇ ਹੀ ਹੈ ਚੌਕ ਵਿਚ ਲਾਇਲਪੁਰ ਦਾ ਉੱਚਾ ਘੰਟਾਘਰ ਜੋ 1903 ਵਿਚ ਸ਼ੁਰੂ ਹੋ ਕੇ 1905 ਵਿਚ ਮੁਕੰਮਲ ਹੋਇਆ।
ਲਾਇਲਪੁਰ ਦਾ ਨਾਂ 1977 ਵਿਚ ਸਾਊਦੀ-ਅਰਬ ਦੇ ਬਾਦਸ਼ਾਹ ਸ਼ਾਹ ਫ਼ੈਸਲ ਦੇ ਨਾਂ ‘ਤੇ ਫ਼ੈਸਲਾਬਾਦ ਕਰ ਦਿੱਤਾ ਗਿਆ ਪਰ ਇਸ ਵਿਚ ਲਾਇਲਪੁਰ ਵਰਗੀ ਖ਼ੁਸ਼ਬੂ ਕਿਥੇ?
ਲਾਇਲਪੁਰ ਦੇ ਉਤਰ-ਪੱਛਮ ਵੱਲ 25 ਮੀਲ ਦੀ ਦੂਰੀ ‘ਤੇ ਦਰਿਆ ਚਨਾਬ ਵਗਦਾ ਹੈ ਅਤੇ ਪੂਰਬ ਵੱਲ 27 ਮੀਲਾਂ ਦੀ ਦੂਰੀ ‘ਤੇ ਰਾਵੀ ਲੰਘਦੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਲਾਇਲਪੁਰ ਵਿਚ ਸਥਾਪਤ ਐਗਰੀਕਲਰਚਰ ਕਾਲਜ ਹੁਣ ਇਕ ਬਹੁਤ ਵੱਡੀ ਐਗਰੀਕਲਚਰ ਯੂਨੀਵਰਸਿਟੀ ਵਿਚ ਤਬਦੀਲ ਹੋ ਚੁੱਕਾ ਹੈ। ਇਥੇ ਇਕ ਮੈਡੀਕਲ ਕਾਲਜ ਤੇ ਤੇਰਾਂ ਡਿਗਰੀ ਕਾਲਜ ਹਨ। 1901 ਵਿਚ ਇਸ ਸ਼ਹਿਰ ਦੀ ਆਬਾਦੀ 5001 ਸੀ ਜੋ ਹੁਣ ਦੋ ਲੱਖ ਤੋਂ ਉਪਰ ਹੋ ਚੁੱਕੀ ਹੈ। ਪਚਵੰਜਾ ਵਰਗ ਮੀਲ ਵਿਚ ਫੈਲਿਆ ਇਹ ਸ਼ਹਿਰ ਲੱਖਾਂ ਪੰਜਾਬੀਆਂ ਵਾਂਗ ਪ੍ਰੇਮ ਸਿੰਘ ਦੀ ਰੂਹ ਵਿਚ ਰਚਿਆ ਹੋਇਆ ਸੀ।
ਰਾਇ ਅਜ਼ੀਜ਼ ਉਲਾ ਨੇ ਪ੍ਰੇਮ ਸਿੰਘ ਦੇ ਕਹਿਣ ‘ਤੇ ਕਾਰ ਰੋਕੀ। ਪ੍ਰੇਮ ਸਿੰਘ ਨੇ ਰਾਹ ਪੁੱਛਿਆ ਪਰ ਬੇਪ੍ਰਵਾਹੀ ਨਾਲ ਮੁੰਡੇ ਨੇ ਸਿਰ ਹਿਲਾ ਦਿੱਤਾ ਜਿਵੇਂ ਉਹ ਜਾਣ-ਬੁਝ ਕੇ ਰਾਹ ਦੱਸਣੋਂ ਇਨਕਾਰੀ ਹੋਵੇ।
‘‘ਪਹਿਲਾਂ ਸੰਧੂ ਸਾਹਿਬ ਨੂੰ ਇਨ੍ਹਾਂ ਦਾ ਕਾਲਜ ਦਿਖਾਈਏ ਫਿਰ ਵਿਹਲੇ ਹੋ ਕੇ ਘਰ ਲੱਭਦੇ ਹਾਂ।’’
ਅਸਲ ਵਿਚ ਪ੍ਰੇਮ ਸਿੰਘ ਆਪਣਾ ਘਰ ਲੱਭਣ ਲਈ ਵੱਧ ਤੋਂ ਵੱਧ ਸਮਾਂ ਬਚਾ ਕੇ ਰੱਖਣਾ ਚਾਹੁੰਦਾ ਸੀ। ਖ਼ਾਲਸਾ ਕਾਲਜ ਲਾਇਲਪੁਰ ਉਸ ਦਾ ਆਪਣਾ ਕਾਲਜ ਵੀ ਸੀ। ਉਹ ਵੀ ਇਥੇ ਹੀ ਪੜ੍ਹਦਾ ਰਿਹਾ ਸੀ। ਬਾਅਦ ਦੁਪਹਿਰ ਚਾਰ-ਸਾਢੇ ਚਾਰ ਵਜੇ ਦਾ ਸਮਾਂ ਸੀ ਜਦੋਂ ਸਾਡੀ ਕਾਰ ਕਾਲਜ ਦਾ ਗੇਟ ਲੰਘ ਕੇ ਖੁੱਲ੍ਹੇ ਸਿਹਨ ਵਿਚ ਜਾ ਖੜ੍ਹੋਤੀ। ਸਾਡੇ ਵੱਲ ਸਕੂਲ ਦਾ ਸੇਵਾਦਾਰ ਆਇਆ। ਅਸੀਂ ਪ੍ਰਿੰਸੀਪਲ ਬਾਰੇ ਪੁੱਛਿਆ। ਥੋੜ੍ਹੀ ਦੇਰ ਪਹਿਲਾਂ ਸਾਰਾ ਸਟਾਫ ਘਰੋ-ਘਰੀ ਜਾ ਚੁੱਕਾ ਸੀ। ਤਿੰਨ ਚਾਰ ਸੇਵਾਦਾਰ ਹੀ ਉਥੇ ਦਿਖਾਈ ਦੇ ਰਹੇ ਸਨ। ਇਕ ਸੇਵਾਦਾਰ ਨੇੜੇ ਹੀ ਰਹਿੰਦੇ ਪ੍ਰਿੰਸੀਪਲ ਨੂੰ ਬੁਲਾਉਣ ਤੁਰ ਪਿਆ।
ਨਸਵਾਰੀ ਰੰਗ ਦੀ ਲਗਪਗ ਸੌ ਸਾਲ ਪਹਿਲਾਂ ਉਸਰੀ ਇਮਾਰਤ ਅਜੇ ਵੀ ਪੁਰਾਣੀਆਂ ਖ਼ੁਰਾਕਾਂ ਖਾਣ ਵਾਲੇ ਬਜ਼ੁਰਗਾਂ ਵਾਂਗ ਪੂਰੀ ਸ਼ਾਨੋ-ਸ਼ੌਕਤ ਨਾਲ ਖੜੋਤੀ ਸੀ। ਪ੍ਰਿੰਸੀਪਲ ਦੇ ਦਫ਼ਤਰ ਦੇ ਨਜ਼ਦੀਕ ਹੀ ਬਰਾਂਡੇ ਦੇ ਨਾਲ ਇਕ ਕਮਰੇ ਉਪਰ ਪੰਜਾਬੀ ਵਿਚ ਲਿਖੀ ਘਸਮੈਲੀ ਸਿਲ਼ ਦੱਸ ਰਹੀ ਸੀ ਕਿ ਪਹਿਲਾਂ ਇਹ ਕਾਲਜ ਅਸਲ ਵਿਚ ਸਕੂਲ ਵਜੋਂ ਹੀ ਸ਼ੁਰੂ ਹੋਇਆ ਸੀ। ਅਸਲ ਇਬਾਰਤ ਇੰਜ ਸੀ:

ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਧਰਤ ਸੁਹਾਵੜੀ ਮੰਗ ਸੁਵੰਨੜੀ ਦੇਹ।
ਵਿਰਲੈ ਕੋਈ ਪਾਈਐ ਨਾਲ ਪਿਆਰੇ ਨੇਹ।
ਖਾਲਸਾ ਹਾਈ ਸਕੂਲ ਲਾਇਲਪੁਰ ਦੀ
ਇਹ ਭੂਮ ਰੰਗਾਵਲੀ
ਸਰਦਾਰ ਜਵੰਦ ਸਿੰਘ ਜੀ ਵਾਸੀ
ਚੱਕ ਨੰ: 213 ਨੇ ਆਪਣੇ ਧੰਨ ਭਾਗ ਜਾਣ ਕੇ
ਖੇਤ ਪਛਾਣਹਿ ਬੀਜਹਿ ਦਾਨ
ਗੁਰ-ਵਾਕ ਅਨੁਸਾਰ
ਪੰਥ ਗੁਰੂ ਦੀ ਸੇਵਾ ਵਿਚ ਸਮਰਪਣ ਕੀਤੀ।
ਸਿਲ਼ ਦੇ ਉਪਰ ਦੋਹੀਂ ਪਾਸੀਂ ਗੋਲਾਈ ਵਿਚ ਪਈਆਂ ਦੋ ਕਿਰਪਾਨਾਂ ਵਿਚ ਸਿੱਧੇ ਖੜੋਤੇ ਖੰਡੇ ਦੇ ਆਕਾਰ ਉਕਰੇ ਹੋਏ ਸਨ। ਹੇਠਾਂ ਅੰਗਰੇਜ਼ੀ ਵਿਚ ਇਹੋ ਇਬਾਰਤ ਸੀ :
This piece of  land for
The Khalsa High School Lyallpur is the gift of S. Jawand Singh of Chak No. 213.
ਇਹ ਸਕੂਲ 1908 ਵਿਚ ਬਣਿਆ ਸੀ। ਬਾਅਦ ਵਿਚ ਇਹ ਖ਼ਾਲਸਾ ਕਾਲਜ ਲਾਇਲਪੁਰ ਵਿਚ ਤਬਦੀਲ ਹੋ ਗਿਆ। ਇਥੇ ਹੀ ਪ੍ਰਿਥਵੀ ਰਾਜ ਕਪੂਰ ਵਰਗੇ ਹੋਰ ਪ੍ਰਸਿੱਧ ਲੋਕਾਂ ਨੇ ਵਿਦਿਆ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਬੰਧਕਾਂ ਨੇ ਜਲੰਧਰ ਵਿਚ ਜਾ ਕੇ ਇਸ ਕਾਲਜ ਨੂੰ ਦੁਬਾਰਾ ਸਥਾਪਤ ਕਰ ਲਿਆ ਪਰ ਲਾਇਲਪੁਰ ਦਾ ਨਾਂ ਉਨ੍ਹਾਂ ਨਾਲ ਹੀ ਜੋੜੀ ਰੱਖਿਆ। ਕੁਝ ਸਾਲ ਪਹਿਲਾਂ ਤਕ ਜਿਉਂਦਾ ਬਾਬਾ ਬੰਤਾ ਸਿੰਘ ਪਹਿਲਾਂ ਇਸੇ ਕਾਲਜ ਵਿਚ ਸੇਵਾਦਾਰ ਹੁੰਦਾ ਸੀ। ਉਹ ਜਦੋਂ ਵੀ ਗੱਲ ਕਰਦਾ ਲਾਇਲਪੁਰ ਵਾਲੇ ਕਾਲਜ ਦੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਵੱਲ ਬਦੋ-ਬਦੀ ਆਪਣੀ ਗੱਲ ਦਾ ਮੋੜਾ ਪਾ ਲੈਂਦਾ।
ਅੱਜ-ਕੱਲ੍ਹ ਇਸ ਕਾਲਜ ਦਾ ਨਾਂ ਗੌਰਮਿੰਟ ਮਿਉਂਸਪਲ ਡਿਗਰੀ ਕਾਲਜ ਲਾਇਲਪੁਰ ਹੈ। ਪ੍ਰਿੰਸੀਪਲ ਨੂੰ ਬੁਲਾਉਣ ਗਿਆ ਸੇਵਾਦਾਰ ਆ ਗਿਆ ਸੀ। ਲਾਜਵਰ ਲੱਗੇ ਚਿੱਟੇ ਸਲਵਾਰ-ਕਮੀਜ਼ ਵਿਚ ਸਾਦਾ ਦਿੱਖ ਵਾਲਾ ਚੁੱਪ ਜਿਹਾ ਦਿਸਣ ਵਾਲਾ ਬੰਦਾ ਸੀ ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ। ਉਹ ਪਰ੍ਹਿਓਂ ਹੌਲੀ-ਹੌਲੀ ਤੁਰਦਾ ਸਾਡੇ ਕੋਲ ਆਇਆ ਤੇ ਹੱਥ ਮਿਲਾ ਕੇ ‘ਸਲਾਮ’ ਆਖੀ। ਅਸੀਂ ਬਰਾਂਡਾ ਲੰਘ ਕੇ ਦਫ਼ਤਰ ਵਿਚ ਜਾ ਬੈਠੇ। ਕਿਸੇ ਸਮੇਂ ਇਹੋ ਹੀ ਦਫ਼ਤਰ ਹਾਈ ਸਕੂਲ ਦਾ ਦਫ਼ਤਰ ਹੁੰਦਾ ਸੀ। ਪ੍ਰਿੰਸੀਪਲ ਆਪਣੀ ਕੁਰਸੀ ‘ਤੇ ਬੈਠਾ ਅਤੇ ਅਸੀਂ ਮੇਜ਼ ਤੋਂ ਉਰਲੇ ਪਾਸੇ ਉਹ ਦੇ ਸਾਹਮਣੇ ਬੈਠ ਗਏ। ਪੈਂਦੀ ਸੱਟੇ ਮੇਰੀ ਨਜ਼ਰ ਪ੍ਰਿੰਸੀਪਲ ਦੇ ਸਿਰ ਪਿੱਛੇ ਕੰਧ ਉਤੇ ਲੱਗੀ ਛੋਟੀ ਜਿਹੀ ਤਖ਼ਤੀ ਉਤੇ ਪਈ।
Great people talk about ideas
Average people talk about things
Small people talk about others
(ਮਹਾਨ ਲੋਕ ਵਿਚਾਰਾਂ ਬਾਰੇ ਗੱਲਾਂ ਕਰਦੇ ਹਨ। ਔਸਤ ਦਰਜੇ ਦੇ ਲੋਕ ਚੀਜ਼ਾਂ-ਵਸਤਾਂ ਬਾਰੇ ਗੱਲਾਂ ਕਰਦੇ ਹਨ। ਛੋਟੇ ਲੋਕ ਦੂਜਿਆਂ ਬਾਰੇ ਗੱਲਾਂ ਕਰਦੇ ਹਨ)
‘‘ਮੈਂ ਵੀ ਤੁਹਾਡਾ ਸਟਾਫ਼ ਮੈਂਬਰ ਹਾਂ’’ ਮੈਂ ਪ੍ਰਿੰਸੀਪਲ ਨੂੰ ਦੱਸਿਆ ਤਾਂ ਉਹ ਹੈਰਾਨ ਹੋਇਆ।
ਅਸੀਂ ਦੱਸਿਆ ਕਿ ਇਸ ਦਾ ਜੁੜਵਾਂ ਭਰਾ, ਦੂਜਾ ਕਾਲਜ ਅੱਜ-ਕੱਲ੍ਹ ਜਲੰਧਰ ਵਿਚ ਚੱਲ ਰਿਹਾ ਹੈ, ‘ਲਾਇਲਪੁਰ ਖ਼ਾਲਸਾ ਕਾਲਜ ਜਲੰਧਰ’। ਉਥੋਂ ਦਾ ਅਧਿਆਪਕ ਹੋਣ ਨਾਤੇ ਮੈਂ ਉਸ ਦੇ ‘ਸਟਾਫ ਦਾ ਮੈਂਬਰ’ ਹੀ ਹਾਂ।
ਸਾਡੇ ਕਾਲਜ ਆਉਣ ਦਾ ਮਕਸਦ ਜਾਣ ਕੇ ਉਹ ਸ਼ਾਂਤ ਵੀ ਹੋਇਆ ਤੇ ਖ਼ੁਸ਼ ਵੀ। ਪਹਿਲਾਂ ਸਾਡੀ ਅਚਨਚੇਤ ਆਮਦ ਵੇਖ ਕੇ ਉਹਦੇ ਚਿਹਰੇ ‘ਤੇ ਉਤਸੁਕਤਾ ਭਰਿਆ ਤਣਾਓ ਸੀ। ਉਹ ਦੱਸਣ ਲੱਗਾ ਕਿ ਦੇਸ਼ ਦੀ ਵੰਡ ਸਮੇਂ ਇਥੇ ਬੜਾ ਵੱਡਾ ਮੁਹਾਜਰ ਕੈਂਪ ਬਣ ਗਿਆ ਸੀ। ਕਈ ਚਿਰ ਤਾਂ ਪੜ੍ਹਾਈ ਹੀ ਸ਼ੁਰੂ ਨਾ ਹੋ ਸਕੀ। ਫਿਰ 1958 ਵਿਚ ਕਾਰਪੋਰੇਸ਼ਨ ਨੇ ਇਹਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈ ਲਿਆ। ਅੱਜ-ਕੱਲ੍ਹ ਇਥੇ ਬੀ.ਏ. ਬੀ.ਐੱਸ.ਸੀ. ਦੀਆਂ ਕਲਾਸਾਂ ਵਿਚ ਲਗਪਗ ਦੋ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਮੈਂ ਜਲੰਧਰ ਵਾਲੇ ਕਾਲਜ ਦੀ, ਨਵੇਂ ਕੋਰਸਾਂ ਤੇ ਕੰਪਿਊਟਰ ਕਲਾਸਾਂ ਸਦਕਾ ਪੰਜਾਬ ਦੇ ਪਹਿਲੇ ਕਾਲਜ ਵਜੋਂ, ਚੜ੍ਹਤ ਦਾ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਲਾਇਲਪੁਰ ਵਾਲੇ ਇਸ ਕਾਲਜ ਵਿਚ ਵੀ ਕੰਪਿਊਟਰ ਕਲਾਸਾਂ ਚੱਲਦੀਆਂ ਹਨ ਤੇ ਇਸ ਵੇਲੇ ਕਾਲਜ ਕੋਲ 70 ਕੰਪਿਊਟਰ ਹਨ।
ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ ਹੌਲੀ-ਹੌਲੀ ਸਾਡੇ ਨਾਲ ਖੁੱਲ੍ਹ ਰਿਹਾ ਸੀ। ਬਿਸਕੁਟਾਂ ਨਾਲ ਚਾਹ ਪੀਂਦਿਆਂ ਅਸੀਂ ਉਸ ਦੀ ਕਹਾਣੀ ਸੁਣ ਰਹੇ ਸਾਂ। ਕਰਤਾਰਪੁਰ ਨੇੜਲਾ ਪਿੰਡ ਦਿਆਲਪੁਰ ਉਸਦਾ ਤੇ ਉਹਦੇ ਵਡੇਰਿਆਂ ਦਾ ਪਿੰਡ ਸੀ। ਉਹ ਆਪਣੇ ਪਿੰਡ ਦਿਆਲਪੁਰ ਵਿਚ ਉਸ ਸਮੇਂ ਹਿੰਦੂਆਂ-ਸਿੱਖਾਂ ਦੀ ਪ੍ਰਤੀਸ਼ਤ ਦੱਸਣ ਲੱਗਾ ਤਾਂ ਪ੍ਰੇਮ ਸਿੰਘ ਆਪਣੇ ਸ਼ਹਿਰ ਲਾਇਲਪੁਰ ਦੀ ਇਹੋ ਪ੍ਰਤੀਸ਼ਤ ਦੱਸਣ ਲੱਗਾ। ਦੋਵੇਂ ਆਪੋ-ਆਪਣੇ ਮੁਢਲੇ ਦਿਨਾਂ ਵਿਚ ਗੁਆਚੇ ਹੋਏ ਸਨ। ਰਾਇ ਅਜ਼ੀਜ਼ ਉੱਲਾ ਨੇ ਹੌਲੀ ਜਿਹੀ ਮੈਨੂੰ ਕਿਹਾ, ‘‘ਇਥੇ ਹਰ ਇਕ ਨੂੰ ਆਪੋ-ਆਪਣੀ ਪਈ ਹੈ।’’
ਪਰ ਪ੍ਰਿੰਸੀਪਲ ਕੋਲ ਤਾਂ ਆਪਣੇ ਪਿੰਡ ਦੀਆਂ ਯਾਦਾਂ ਹੀ ਸਨ ਤੇ ਪ੍ਰੇਮ ਸਿੰਘ ਆਪਣੇ ਸ਼ਹਿਰ ਦੇ ਵਿਚ ਫਿਰ ਰਿਹਾ ਸੀ। ਉਤੇਜਤ ਅਤੇ ਉਤਸ਼ਾਹੀ। ਉਸ ਨੂੰ ਲੱਗਦਾ ਸੀ ਕਿ ਪ੍ਰਿੰਸੀਪਲ ਨਾਲ ਲੋੜ ਜੋਗੀਆਂ ਗੱਲਾਂ ਹੋ ਗਈਆਂ ਹਨ ਇਸ ਲਈ ਸਾਨੂੰ ਛੇਤੀ ਤੁਰ ਪੈਣਾ ਚਾਹੀਦਾ ਹੈ।
ਅਸੀਂ ਪ੍ਰੇਮ ਸਿੰਘ ਦੇ ‘ਬਾਲ ਹੱਠ’ ਨੂੰ ਜਾਣ ਚੁੱਕੇ ਸਾਂ ਤੇ ਸਾਨੂੰ ਇਹ ‘ਹੱਠ’ ਹੁਣ ਚੰਗਾ ਵੀ ਲੱਗਣ ਲੱਗ ਪਿਆ ਸੀ। ਆਪਣੀ ਧਰਤੀ ਨਾਲ ਇਸ ਮਾਸੂਮ ਮੋਹ ਨੇ ਉਸ ਅੰਦਰਲਾ ਬਾਲ ਜਗਾ ਦਿੱਤਾ ਸੀ। ਪ੍ਰੇਮ ਸਿੰਘ ਦੇ ਕਾਹਲੀ-ਕਾਹਲੀ ਕਰਦਿਆਂ ਵੀ ਮੈਂ ਪ੍ਰਿੰਸੀਪਲ ਨੂੰ ਕਿਹਾ ਕਿ ਆਪਣੀ ਖ਼ੈਰ-ਸੁਖ ਦੱਸਦਿਆਂ ਜੁੜਵੇਂ ਭਰਾ ਜਲੰਧਰ ਵਾਲੇ ਕਾਲਜ ਦੇ ਪ੍ਰਿੰਸੀਪਲ ਦੇ ਨਾਂ ਦੋ ਮੁਹੱਬਤ ਦੇ ਅੱਖਰ ਹੀ ਲਿਖ ਦੇਵੇ। ਉਸ ਨੇ ਬੜੀ ਫਰਾਖ਼ ਦਿਲੀ ਨਾਲ ਬੜੇ ਚੰਗੇ ਸ਼ਬਦਾਂ ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਨੂੰ ਮੁਹੱਬਤਨਾਮਾ ਲਿਖਦਿਆਂ ਕਾਲਜ ਦੇ ਤਰੱਕੀ ਕਰਦੇ ਰਹਿਣ ਦੀ ਦੁਆ ਕੀਤੀ।
ਕਾਲਜ ਦੀ ਨਿਸ਼ਾਨੀ ਵਜੋਂ ਅਸੀਂ ਕੁਝ ਤਸਵੀਰਾਂ ਵੀ ਖਿੱਚੀਆਂ। ਸਾਡੇ ਕਹਿਣ ‘ਤੇ ਪ੍ਰਿੰਸੀਪਲ ਨੇ ਪਾਕਿਸਤਾਨ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ਸਮੇਂ ਸੰਪਾਦਤ ਕੀਤਾ ਕਾਲਜ ਦਾ ਮੈਗਜ਼ੀਨ ‘ਮਿਨਰਵਾ’ ਵੀ ਸਾਨੂੰ ਦਿੱਤਾ ਤੇ ਅਸੀਂ ਉਸ ਦਾ ਧੰਨਵਾਦ ਕਰਕੇ ਛੁੱਟੀ ਲਈ।
ਹੁਣ ਅਸੀਂ ਪੂਰੀ ਤਰ੍ਹਾਂ ਪ੍ਰੇਮ ਸਿੰਘ ਨੂੰ ਸਮਰਪਤ ਸਾਂ।
‘‘ਤੁਸੀਂ ਗੱਡੀ ਸਟੇਸ਼ਨ ਨੂੰ ਲੈ ਚੱਲੋ।’’
ਰਾਇ ਅਜ਼ੀਜ਼ ਉਲਾ ਸ਼ਾਹਿਰ ਦਾ ਜਾਣੂ ਸੀ। ਸਟੇਸ਼ਨ ਆਇਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰੋਕੋ! ਰੋਕੋ!’’
ਉਹ ਉਤੇਜਿਤ ਹੋਇਆ ਕਾਰ ਤੋਂ ਉਤਰ ਖਲੋਤਾ।
‘‘ਹਾਇ! ਹਾਇ!‥ ਲਾਲ ਦਰਵਾਜ਼ਾ ਹੁੰਦਾ ਸੀ ਸਟੇਸ਼ਨ ਦਾ…’’ ਉਹਨੂੰ ਜਿਵੇਂ ਮਿਕਨਾਤੀਸ ਨੇ ਖਿੱਚ ਲਿਆ। ਸਾਡੇ ਤੋਂ ਬੇਪ੍ਰਵਾਹ ਉਹ ਸਟੇਸ਼ਨ ਦੇ ਮੁੱਖ ਦਰਵਾਜ਼ੇ ਵੱਲ ਵਧਿਆ।
‘‘ਅੰਦਰ ਆਉਣਾ ਜੇ ਤਾਂ ਆ ਜਾਓ… ਨਹੀਂ ਆਉਣਾ ਤਾਂ ਨਾ ਆਓ। ਮੈਨੂੰ ਹੋ ਆਉਣ ਦਿਓ… ਦੋ ਮਿੰਟ…’’
ਮੁੱਖ ਰਾਹ ਦੀਆਂ ਪੌੜੀਆਂ ‘ਤੇ ਝੁਕ ਕੇ ਉਸ ਨੇ ਆਪਣੇ ਪੋਟੇ ਛੁਹਾਏ ਤੇ ਫਿਰ ਮੱਥੇ ਨੂੰ ਹੱਥ ਲਾਇਆ। ਉਸ ਦੀ ਉਤੇਜਨਾ ਤੇ ਵਿਹਾਰ ਵਿਚਲੀ ਵਿਆਕੁਲਤਾ ਨੇ ਸਾਨੂੰ ਵੀ ਤਰਲ ਕਰ ਦਿੱਤਾ ਸੀ। ਉਹ ਅੱਗੇ-ਅੱਗੇ ਤੇ ਅਸੀਂ ਪਿੱਛੇ ਪਲੇਟ-ਫਾਰਮ ‘ਤੇ ਜਾ ਚੜ੍ਹੇ। ਟੀ.ਟੀ., ਕੁੱਲੀ ਤੇ ਸਵਾਰੀਆਂ ਸਾਡੇ ਵੱਲ ਵੇਖ ਰਹੀਆਂ ਸਨ। ਪੇ੍ਰਮ ਸਿੰਘ ਸਭ ਕਾਸੇ ਤੋਂ ਬੇਨਿਆਜ਼ ਪਲੇਟਫ਼ਾਰਮ ‘ਤੇ ਖਲੋਤੀ ਰੇਲ ਗੱਡੀ ਦੇ ਨਾਲ-ਨਾਲ ਤੁਰਨ ਲੱਗਾ। ਇੰਜ ਲੱਗਦਾ ਸੀ ਜਿਵੇਂ ਉਹਦਾ ਕੋਈ ਆਪਣਾ ਗੁਆਚ ਗਿਆ ਹੋਵੇ ਤੇ ਉਹ ਕਾਹਲੇ ਕਦਮੀਂ ਉਸ ਨੂੰ ਲੱਭ ਰਿਹਾ ਹੋਵੇ। ਉਹ ਇਕ ਬਾਰੀ ਵਿਚੋਂ ਅੰਦਰ ਵੜ ਕੇ ਵਾਪਸ ਉਤਰਿਆ ਜਿਵੇਂ ਹੁਣੇ ਕਿਸੇ ਨੂੰ ਵੇਖ ਕੇ ਜਾਂ ਸੀਟ ‘ਤੇ ਬਿਠਾ ਕੇ ਬਾਹਰ ਨਿਕਲਿਆ ਹੋਵੇ। ਫਿਰ ਡੱਬੇ ਤੋਂ ਬਾਹਰ ਆ ਕੇ ਇਕ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖਣ ਲੱਗਾ ਜਿਵੇਂ ਕਿਸੇ ਨਾਲ ਗੱਲਾਂ ਕਰਨ ਲੱਗਾ ਹੋਵੇ। ਉਸ ਨੇ ਰਾਇ ਸਾਹਿਬ ਨੂੰ ਕੈਮਰਾ ਫੜਾਉਂਦਿਆਂ ਕਿਹਾ, ‘‘ਇੰਜ ਹੀ ਮੇਰੀ ਇਕ ਤਸਵੀਰ ਖਿੱਚੋ। ਖਿੜਕੀ ਤੋਂ ਅੰਦਰ ਝਾਕਦਿਆਂ ਦੀ…’’
‘‘ਤੇ ਆਪਣੀ ਕਿਸੇ ਓਸ ਨਾਲ ਗੱਲਾਂ ਕਰਦਿਆਂ ਦੀ… ਜਿਸ ਨੂੰ ਪੰਜਾਹ-ਪਚਵੰਜਾ ਸਾਲ ਪਹਿਲਾਂ ਕਦੇ ਇੰਜ ਹੀ ਵਿਦਾ ਕੀਤਾ ਹੋਵੇਗਾ।’’
ਮੈਂ ਰਾਇ ਸਾਹਿਬ ਨੂੰ ਆਖਿਆ ਉਹ ਹੱਸ ਕੇ ਕਹਿਣ ਲੱਗਾ, ‘‘ਸਰਦਾਰ ਜੀ ਨੂੰ ਪੁਰਾਣੀਆਂ ਅਲਵਿਦਾਈਆਂ ਯਾਦ ਆ ਰਹੀਆਂ ਨੇ…’’
ਪ੍ਰੇਮ ਸਿੰਘ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖ ਰਿਹਾ ਸੀ। ਅੰਦਰੇ ਹੀ ਅੰਦਰ ਗੱਲਾਂ ਕਰਕੇ ਪਤਾ ਨਹੀਂ ਕਿਸ ਨੂੰ ਤੇ ਕਿਹੜੇ ਵੇਲੇ ਨੂੰ ਯਾਦ ਕਰ ਰਿਹਾ ਸੀ। ਮੈਨੂੰ ਅੱਜ-ਕੱਲ੍ਹ ਚੱਲਦਾ ਇਕ ਗੀਤ ਯਾਦ ਆਇਆ ਜਿਸ ਵਿਚ ਦਿੱਲੀ ਦੇ ਹਵਾਈ ਅੱਡੇ ਉਤੇ ਆਪਸੀ ਵਿਛੋੜੇ ਦਾ ਦ੍ਰਿਸ਼ ਬਿਆਨ ਕੀਤਾ ਗਿਆ ਹੈ:
ਤੁਸੀਂ ਜਾਣ ਲੱਗੇ ਰੋਏ
ਅਸੀਂ ਆਉਣ ਲੱਗੇ ਰੋਏ
ਖਿੜਕੀ ਤੋਂ ਹੱਥ ਛੱਡ ਕੇ ਸਾਡੇ ਵੱਲ ਆਉਂਦਾ ਪ੍ਰੇਮ ਸਿੰਘ ਮੈਨੂੰ ਇੰਜ ਹੀ ਕਿਸੇ ਆਪਣੇ ਪਿਆਰੇ ਤੋਂ ਵਿਛੜ ਕੇ ਆਉਂਦਾ ਲੱਗਾ। ਸੱਚਮੁਚ ਉਹਦੀਆਂ ਐਨਕਾਂ ਪਿੱਛੇ ਲੁਕੀਆਂ ਅੱਖਾਂ ਵਿਚੋਂ ਲੱਖ ਲੁਕਾ ਰੱਖਣ ਦੇ ਬਾਵਜੂਦ ਪਾਣੀ ਲਿਸ਼ਕ ਆਇਆ ਸੀ।
ਉਹ ਕਾਹਲੀ-ਕਾਹਲੀ ਸਾਡੇ ਅੱਗੇ ਤੁਰਦਾ ਸਟੇਸ਼ਨ ਤੋਂ ਬਾਹਰ ਆ ਗਿਆ। ਅਸੀਂ ਸਾਰੇ ਦਰਸ਼ਕ ਆਪਣੇ-ਆਪਣੇ ਤੌਰ ‘ਤੇ ਉਸ ਨੂੰ ਨਿਹਾਰ ਰਹੇ ਸਾਂ ਤੇ ਆਪਣੇ ਅਰਥ ਕੱਢ ਰਹੇ ਸਾਂ।
‘‘ਸਰਦਾਰ ਹੁਰਾਂ ਨੂੰ ਕਿਤੇ ਪੁਰਾਣੇ ਇਸ਼ਕ ਚੇਤੇ ਆ ਗਏ ਨੇ… ਸਤਿਨਾਮ ਮਾਣਕ ਨੇ ਹੌਲੀ ਜਿਹੀ ਹੱਸਦਿਆਂ ਆਖਿਆ ਪਰ ਪ੍ਰੇਮ ਸਿੰਘ ਨੂੰ ਸੁਣ ਗਿਆ। ਉਸ ਕਾਰ ਵਿਚ ਬਹਿੰਦਿਆਂ ਆਖਿਆ, ‘‘ਰਾਂਝਣ ਵੇ ਤੇਰਾ ਨਾਂ
ਭਾਈਆਂ ਲੀਤਾ
ਭਾਬੀਆਂ ਲੀਤਾ
ਜੇ ਅਸੀਂ ਨਾ ਲੈਂਦੇ ਹਾਂ ਰਾਂਝਣ ਦਾ
ਤਾਂ ਮੰਦਾ ਈ…’’
‘‘ਵਾਹ! ਵਾਹ!!’’ ਕਹਿੰਦਿਆਂ ਮੈਂ ਸ਼ਿਅਰ ਨੂੰ ਦੁਬਾਰਾ ਬੋਲਣ ਲਈ ਕਿਹਾ।
‘‘ਹੁਣ ਅੱਗੇ ਚੱਲੀਏ!… ਸ਼ਿਅਰ ਲਾਇਲਪੁਰੋਂ ਮੁੜਦਿਆਂ ਸੁਣਾਵਾਂਗੇ ਤੇ ਤੁਹਾਡੀਆਂ ਗੱਲਾਂ ਦਾ ਜੁਆਬ ਵੀ ਉਦੋਂ ਹੀ ਦਿਆਂਗਾ। ਹੁਣ ਮੈਨੂੰ ਆਪਣੇ ਆਪ ਨਾਲ ਗੱਲਾਂ ਕਰਨ ਦਿਓ…।’’
ਆਪਣੇ-ਆਪ ਨਾਲ ਗੱਲਾਂ ਕਰਦਾ ਹੋਇਆ ਉਹ ਸਾਨੂੰ ਵੀ ਦੱਸ ਰਿਹਾ ਸੀ, ‘‘ਏਥੇ ਆਉਂਦੇ ਹੁੰਦੇ ਸਾਂ। ਕਾਲਜ ਪੜ੍ਹਦਿਆਂ, ਰੈਸਟੋਰੈਂਟ ਵਿਚ ਮਿਲਕ-ਸ਼ੇਕ ਪੀਣਾ, ਆਮਲੇਟ ਖਾਣੇ, ਸੈਰਾਂ ਕਰਨੀਆਂ। ਇਕ ਘੰਟੇ ਦੇ ਸੱਤ ਆਨੇ ਦੇ ਕੇ ਟਾਂਗਾ ਕਿਰਾਏ ‘ਤੇ ਕਰਨਾ ਤੇ ਸ਼ਹਿਰ ਦੀ ਬਾਹਰਲੀ ਸੜਕ ‘ਤੇ ਫਿਰਨਾ। ਕੇਹੇ ਰਾਂਗਲੇ ਦਿਨ ਸਨ। ਨਹਿਰ ਵਿਚ ਨਹਾਉਣਾ… ਖ਼ੁਸ਼ੀਆਂ ਤੇ ਬੇਫ਼ਿਕਰੀ ਦਾ ਆਲਮ‥ ਕੇਸਰੀ ਦਰਵਾਜ਼ੇ ਤੋਂ ਬਾਹਰ ਲਾਹੌਰ ਨੂੰ ਬੱਸਾਂ ਚੱਲਦੀਆਂ ਸਨ। ਸਾਡੀ ਆੜ੍ਹਤ ਦੀ ਦੁਕਾਨ ਵੀ ਏਥੇ ਅੱਗੇ ਹੀ ਹੁੰਦੀ ਸੀ।’’
ਕਾਰ ਤੋਂ ਉਤਰ ਕੇ ਉਹ ਆਪਣੀ ਆੜ੍ਹਤ ਦੀ ਦੁਕਾਨ ਲੱਭਣ ਲੱਗਾ। ਦੁਕਾਨਾਂ ਅੱਗੇ ਰੇੜ੍ਹੇ, ਟਰਾਲੀਆਂ ਤੇ ਗੱਡੇ ਖੜ੍ਹੋਤੇ ਸਨ। ਪ੍ਰੇਮ ਸਿੰਘ ਕਦੀ ਇਸ ਦੁਕਾਨ ‘ਤੇ ਕਦੀ ਦੂਜੀ ‘ਤੇ। ਇੰਜ ਲੱਗਦਾ ਸੀ ਜਿਵੇਂ ਖਿਡੌਣਿਆਂ ਨਾਲ ਭਰੇ ਕਮਰੇ ਵਿਚ ਕੋਈ ਬੱਚਾ ਦਾਖ਼ਲ ਹੋ ਕੇ ਆਪਣੇ-ਮਨਪਸੰਦ ਦਾ ਖਿਡੌਣਾ ਲੱਭ ਰਿਹਾ ਹੋਵੇ ਪਰ ਉਸ ਨੂੰ ਲੱਭ ਨਾ ਰਿਹਾ ਹੋਵੇ। ਨਵੀਆਂ ਇਮਾਰਤਾਂ ਤੇ ਨਵੀਂ ਦਿਖ ਨੇ ਪੁਰਾਣੀ ਪਛਾਣ ਗੁੰਮ ਕਰ ਦਿੱਤੀ ਸੀ। ਪਰ ਪ੍ਰੇਮ ਸਿੰਘ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦਾ ਸੀ। ਉਸ ਦੇ ਕਦਮਾਂ ਦੀ ਤੇਜ਼ੀ ਦਾ ਸਾਥ ਦੇਣਾ ਸਾਡੇ ਵੱਸ ਵਿਚ ਨਹੀਂ ਸੀ ਰਿਹਾ। ਅਸੀਂ ਇਕ ਥਾਂ ਖਲ੍ਹੋ ਗਏ।
ਮੈਂ ਹੱਸ ਪਿਆ, ‘‘ਗੁਰੂਦਿੱਤਾ (ਪ੍ਰੇਮ ਸਿੰਘ) ‘ਅੱਲਾ ਦਿੱਤਿਆਂ’ ਤੋਂ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦੈ।’’
ਦੇਸੀ ਸਾਬਣ ਦਾ ਭਰਿਆ ਰੇੜ੍ਹਾ ਵੇਖ ਕੇ ਮਾਣਕ ਕਹਿਣ ਲੱਗਾ, ‘‘ਸਾਬਣ ਲੈ ਜਾ ਇਥੋਂ…।’’
‘‘ਜੇ ਮਨ ਦੀ ਮੈਲ ਧੋ ਦਵੇ ਤਾਂ ਲੈ ਜਾਈਏ ਪਰ ਉਹ ਕਿਥੇ!’’
ਪ੍ਰੇਮ ਸਿੰਘ ਵਾਪਸ ਪਰਤ ਆਇਆ। ਉਹ ਦੁਕਾਨ ਲੱਭ ਕੇ ਨਮਸਕਾਰ ਕਰ ਆਇਆ ਸੀ। ਹੁਣ ਸਾਡੀ ਕਾਰ ਪ੍ਰੇਮ ਸਿੰਘ ਦੇ ਦੱਸੇ ਰਸਤੇ ‘ਤੇ ਤੁਰੀ ਜਾ ਰਹੀ ਸੀ। ਉਸ ਦੀ ਰਨਿੰਗ ਕੁਮੈਂਟਰੀ ਵੀ ਜਾਰੀ ਸੀ।
‘‘ਇਹ ਕਾਰਖ਼ਾਨਾ ਬਾਜ਼ਾਰ ਐ…ਉਦੋਂ ਸਾਈਕਲ ਬੜੀ ਵੱਡੀ ਸਵਾਰੀ ਸੀ…ਅਸੀਂ ਬਾਜ਼ਾਰਾਂ ਵਿਚ ਸਾਈਕਲਾਂ ‘ਤੇ ਘੁੰਮਦੇ। ਐਥੇ ਝਟਕਈ ਦੀ ਦੁਕਾਨ ਹੁੰਦੀ ਸੀ। ਐਧਰ ਲੱਕੜ ਬਾਜ਼ਾਰ ਸੀ। ਐਥੇ ਲਸੂੜੀ ਸ਼ਾਹ ਦੀ ਮਸਜਿਦ ਹੁੰਦੀ ਸੀ। ਐਧਰ ਮੰਦਰ ਹੁੰਦਾ ਸੀ। ਆਹ ਨਹਿਰ…ਇਸ ਵਿਚ ਨਹਾਉਂਦੇ ਹੰੁਦੇ ਸਾਂ। ਖੱਬੇ ਹੱਥ ਸਿਨੇਮਾ ਸੀ। ਹਾਂ…ਇਹੋ ਹੀ। ਇਹ ਹੁਣ ਵੀ ਮਿਨਰਵਾ ਸਿਨੇਮਾ ਹੀ ਹੈ…।’’
ਪ੍ਰੇਮ ਸਿੰਘ ਖ਼ੁਸ਼ ਹੋ ਗਿਆ। ਏਨਾ ਕੁਝ ਬਦਲ ਗਿਆ ਸੀ ਪਰ ਮਿਨਰਵਾ ਸਿਨੇਮਾ ਦੀ ਬਿਲਡਿੰਗ ਤੇ ਉਹਦਾ ਸਾਹਮਣਾ ਅਹਾਤਾ ਉਂਜ ਹੀ ਸੀ।
‘‘ਗ਼ਨੀਮਤ ਹੈ ਕੁਝ ਤਾਂ ਬਚ ਗਿਆ।’’ ਰਾਇ ਅਜ਼ੀਜ਼ ਉਲਾ ਨੇ ਕਿਹਾ।
‘‘ਬੜੀਆਂ ਫ਼ਿਲਮਾਂ ਵੇਖੀਆਂ ਏਥੇ। ‘ਦੇਵਦਾਸ’ ਵੀ ਏਥੇ ਹੀ ਵੇਖੀ ਸੀ। ਕਦੀ ਕੋਈ ਫ਼ਿਲਮ ਛੱਡੀ ਹੀ ਨਹੀਂ। ਇਥੇ ਹੀ ਪਹਿਲੀ ਵਾਰ ਬੇਬੀ ਨੂਰਜਹਾਂ ਦਾ ਡਾਂਸ ਵੇਖਿਆ ਸੀ।’’
ਉਹ ਕਾਰ ਤੋਂ ਉਤਰ ਕੇ ਸਿਨੇਮਾ ਦੇ ਅਹਾਤੇ ਵਿਚ ਜਾ ਵੜਿਆ। ਟਿਕਟਾਂ ਵਾਲੀ ਬਾਰੀ ਨੂੰ ਝਾਤੀ ਮਾਰ ਆਇਆ। ‘‘ਸ਼ੋਅ ਸ਼ੁਰੂ ਹੋਣ ਤੋਂ ਪਿੱਛੋਂ ਅਸੀਂ ਢਾਈ ਆਨੇ ਵਾਲੀ ਟਿਕਟ ਪੰਜਾਂ-ਪੰਜਾਂ ਪੈਸਿਆਂ ਵਿਚ ਲੈ ਲੈਣੀ’’ ਉਹ ਉਨ੍ਹਾਂ ਸਮਿਆਂ ‘ਚ ਗੁਆਚਾ ਹੋਇਆ ਸੀ।
ਥੋੜ੍ਹੇ ਚਿਰ ਪਿਛੋਂ ਅਸੀਂ ਉਸ ਇਲਾਕੇ ਵਿਚ ਪੁੱਜ ਗਏ ਜਿਥੇ ਉਸ ਦਾ ਘਰ ਹੁੰਦਾ ਸੀ।
‘‘ਪਹਿਲਾਂ ਆਪਾਂ ਸਕੂਲੋਂ ਹੋ ਚੱਲੀਏ…।’’
ਮੈਂ ਅਨੁਮਾਨ ਲਾਇਆ ਕਿ ਪ੍ਰੇਮ ਸਿੰਘ ਕਦੀ ਸਟੇਸ਼ਨ, ਕਦੀ ਸਿਨੇਮਾ, ਕਦੀ ਆੜ੍ਹਤ ਤੇ ਕਦੀ ਸਕੂਲ ਨੂੰ ਵੇਖ ਕੇ ਆਪਣੇ ਮਨ ਨੂੰ ਹੌਲੀ ਹੌਲੀ ਕਰੜਾ ਕਰ ਰਿਹਾ ਸੀ ਤਾਂ ਕਿ ਉਹ ਆਪਣੇ ਘਰ ਨੂੰ ਵੇਖਣ ਸਮੇਂ ਆਪਣੇ ਆਪ ਨੂੰ ਸੰਤੁਲਿਤ ਰੱਖ ਸਕੇ। ਸਕੂਲ ਅੰਦਰ ਵੜੇ ਤਾਂ ਸਕੂਲ ਦਾ ਚੌਕੀਦਾਰ ਆਖੇ, ਮੈਂ ਸਕੂਲ ਨਹੀਂ ਵੇਖਣ ਦੇਣਾ। ਉਸ ਨੂੰ ਸਮਝਾਇਆ ਕਿ ਇਹ ਸਰਦਾਰ ਹੁਰੀਂ ਏਥੇ ਪੜ੍ਹਦੇ ਰਹੇ ਨੇ ਬਚਪਨ ਵਿਚ। ਬੱਸ ਇਕ ਵਾਰ ਝਾਤੀ ਮਾਰਨੀ ਹੈ।
ਪ੍ਰੇਮ ਸਿੰਘ ਨੇ ਉਸ ਨੂੰ ਆਪਣੀ ਜੱਫੀ ਵਿਚ ਲਿਆ, ‘‘ਯਾਰ! ਅਸੀਂ ਪਰਦੇਸੀਆਂ ਨੇ ਤੇਰੇ ਸਕੂਲ ਦਾ ਕੁਝ ਲਾਹ ਤਾਂ ਨਹੀਂ ਖੜਨਾ। ਕਦੀ ਇਹ ਸਾਡਾ ਵੀ ਸਕੂਲ ਹੁੰਦਾ ਸੀ…।’’
ਚੌਕੀਦਾਰ ਨਾਲ ਬੈਠੇ ਦੋ-ਚਾਰ ਬੰਦੇ ਕਹਿਣ ਲੱਗੇ, ‘‘ਵੇਖਣ ਦੇ ਯਾਰ! ਵੇਖੋ ਜੀ‥ ਪੁਰਾਣੀ ਧਰਤੀ ਯਾਦ ਆ ਹੀ ਜਾਂਦੀ ਹੈ, ਬੰਦੇ ਨੂੰ। ਆਵੇ ਵੀ ਕਿਉਂ ਨਾ…।’’
ਚੌਕੀਦਾਰ ਢਿੱਲਾ ਪੈ ਗਿਆ।
‘‘ਐਥੇ ਮੇਰੀ ਛੇਵੀਂ ਦੀ ਕਲਾਸ ਹੁੰਦੀ ਸੀ। ਐਥੇ ਅੱਠਵੀਂ ਦੀ… ਮੈਂ ਐਥੇ ਬੈਂਚ ‘ਤੇ ਬੈਠਦਾ ਹੁੰਦਾ ਸਾਂ।’’ ਉਹ ਆਪਣੀ ਸੀਟ ਕੋਲ ਖਲੋਤਾ ਪੁਰਾਣੇ ਵੇਲਿਆਂ ਵਿਚ ਗੁਆਚ ਗਿਆ ਤੇ ਫਿਰ ਬੈਂਚ ਉਪਰ ਆਪਣੀ ਥਾਂ ‘ਤੇ ਬੈਠ ਗਿਆ।
ਉਹ ਸਕੂਲ ਵਿਚ ਫਿਰ ਰਿਹਾ ਇੰਜ ਲੱਗਦਾ ਸੀ ਜਿਵੇਂ ਸਾਰੇ ਸਕੂਲ ਨੂੰ ਇਕੋ ਵਾਰ ਅੱਖਾਂ ਵਿਚ ਭਰ ਲੈਣਾ ਚਾਹੁੰਦਾ ਹੋਵੇ।
‘‘ਅੱਖਾ ਭਰ ਆਉਣਗੀਆਂ ਪਰ ਸੂਕਲ ਤੇ ਉਹ ਸਮਾਂ ਅੱਖਾਂ ‘ਚ ਨਹੀਂ ਭਰਿਆ ਜਾ ਸਕਣਾ’’ ਮੈਂ ਰਾਇ ਸਾਹਿਬ ਨੂੰ ਕਿਹਾ। ਉਹ ਕਹਿਣ ਲੱਗਾ, ‘‘ਚੁੱਪ ਕਰੋ। ਉਹ ਰੋ ਰਹੇ ਲੱਗਦੇ ਨੇ…।’’
ਅਸੀਂ ਵੇਖਿਆ ਪ੍ਰੇਮ ਸਿੰਘ ਕੋਈ ਹੋਰ ਕਲਾਸ-ਰੂਮ ਵੇਖਣ ਦੇ ਬਹਾਨੇ ਕਮਰੇ ਵਿਚ ਜਾ ਵੜਿਆ ਸੀ ਤੇ ਸਾਡੀਆਂ ਅੱਖਾਂ ਤੋਂ ਉਹਲੇ ਹੋ ਕੇ ਰੋ ਰਿਹਾ ਸੀ।
ਅਸੀਂ ਰਾਇ ਸਾਹਿਬ ਨੂੰ ਅੰਦਰ ਭੇਜਿਆ। ਉਹ ਪ੍ਰੇਮ ਸਿੰਘ ਨੂੰ ਬਾਹਰ ਲੈ ਕੇ ਆਇਆ। ਹੁਣੇ ਹੀ ਮਲ ਕੇ ਪੂੰਝੀਆਂ ਅੱਖਾਂ ਦਾ ਲਾਲ ਰੰਗ ਦੱਸਦਾ ਸੀ ਕਿ ਕਿਵੇਂ ਉਹਦਾ ਦਿਲ ਪਿਘਲ ਕੇ ਅੱਖੀਆਂ ਵਿਚੋਂ ਵਹਿ ਆਇਆ ਸੀ।
ਕੰਧ ਉਤੇ ਪੰਜਾਬੀ ਵਿਚ ਇਕ ਸਿਲ਼ ‘ਤੇ ਲਿਖਿਆ ਹੋਇਆ ਸੀ :
‘ਚਨਾਬ ਦਰਿਆ ‘ਤੇ ਟੂਰ ਗਿਆ।
ਕਾਕਾ ਹਰਜਿੰਦਰ ਸਿੰਘ, ਕਾਕਾ ਜਗਜੀਤ ਸਿੰਘ ਤੇ ਕਾਕਾ ਧਰਮਜੀਤ ਸਿੰਘ ਦਰਿਆ ਵਿਚ ਰੁੜ੍ਹ ਗਏ।’
ਹੁਣੇ ਹੀ ਹੰਝੂਆਂ ਦੇ ਚਨਾਬ ਵਿਚ ਪ੍ਰੇਮ ਸਿੰਘ ਡੁੱਬ ਕੇ, ਰੁੜ੍ਹ ਕੇ ਹਟਿਆ ਸੀ।
ਸ਼ੁਰੂ ਵਿਚ ਚੌਕੀਦਾਰ ਨੇ ਸਾਨੂੰ ਸਕੂਲ ਦੇਖਣ ਦੇ ਨਾਲ-ਨਾਲ ਹੀ ਸਕੂਲ ਦੀ ਫੋਟੋ ਖਿੱਚਣੋਂ ਵੀ ਵਰਜ ਦਿੱਤਾ ਸੀ। ਉਸ ਦਾ ਐਵੇਂ ਮਨ ਦਾ ਭੈਅ ਹੋਵੇਗਾ ਕਿ ਕੋਈ ਉਸ ਨੂੰ ਪੁੱਛੇ ਨਾ ਕਿ ਉਹ ਨੇ ਸਰਦਾਰਾਂ ਨੂੰ ਸਕੂਲ ਵਿਚ ਵੜਨ ਤੇ ਫੋਟੋ ਖਿੱਚਣ ਦੀ ਆਗਿਆ ਕਿਉਂ ਦਿੱਤੀ ਸੀ। ਉਸ ਦੀ ਸਾਧਾਰਨ ਸੋਚ ਅਨੁਸਾਰ ਸ਼ਾਇਦ ਇਹ ਮਸਲਾ ਆਪਣੀ ਨੌਕਰੀ ਨਾਲ ਜੁੜਿਆ ਲੱਗਦਾ ਸੀ। ਪਰ ਜਦੋੋਂ ਅਸੀਂ ਤੁਰਨ ਲੱਗੇ ਤਾਂ ਉਸ ਨੇ ਪ੍ਰੇਮ ਸਿੰਘ ਦੇ ਨਾਲ ਖੜੋ ਕੇ ਆਪਣੀ ਫੋਟੋ ਵੀ ਲੁਹਾ ਲਈ। ਅੱਥਰੂਆਂ ਤੋਂ ਸੱਚਾ ਤੇ ਮਾਸੂਮ ਗਵਾਹ ਹੋਰ ਕੌਣ ਹੋ ਸਕਦਾ ਹੈ! ਡੁੱਲ੍ਹ-ਡੁੱਲ੍ਹ ਪੈਂਦੇ ਅੱਥਰੂਆਂ ਵਾਲਾ ਬੰਦਾ ਤੇ ਉਸ ਦੇ ਸਾਥੀ ਉਸ ਅਤੇ ਉਸ ਦੀ ਨੌਕਰੀ ਲਈ ਕਿਵੇਂ ਖ਼ਤਰਨਾਕ ਹੋ ਸਕਦੇ ਹਨ।
ਉਸ ਨੇ ਸ਼ਾਇਦ ਇਹ ਆਖ ਕੇ ਹੀ ਮਨ ਨੂੰ ਸਮਝਾ ਲਿਆ ਸੀ।

ਵੀਹ ਬਾਈ ਸਾਲ ਪਹਿਲਾਂ ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਜ਼ਿਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼ ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜ਼ਿਲੇ ਦਾ ਹੋਵੇ?’’
ਨਿੰਮੇ ਨੇ ਹਾਮੀ ਭਰੀ ਤਾਂ ਉਸ ਨੇ ਪਿੰਡ ਦਾ ਨਾਂ ਪੁੱਛਿਆ। ‘ਢੱਡਾ’ ਸੁਣ ਕੇ ਗੁਲਾਮ ਨਬੀ ਨੇ ਉਤੇਜਿਤ ਹੋ ਕੇ ਉਸ ਦੀ ਬਾਂਹ ਘੁੱਟ ਕੇ ਫੜ ਲਈ।
‘‘ਕਮਾਲ ਹੋ ਗਿਆ’’, ਕਹਿ ਕੇ ਉਸ ਨੇ ਨਿੰਮੇ ਨੂੰ ਬਾਹੋਂ ਫੜ ਕੇ ਭੀੜ ਤੋਂ ਪਾਸੇ ਕਰ ਲਿਆ। ਨਾਨਕ ਸਿੰਘ ਦੇ ਨਾਵਲਾਂ ਵਾਲੀ ਮੌਕਾ-ਮੇਲ ਦੀ ਜੁਗਤ ਹਕੀਕਤ ਵਿਚ ਵਾਪਰ ਗਈ। ਪਿਤਾ ਤੇ ਦਾਦੇ ਦਾ ਨਾਂ ਪੁੱਛਿਆ ਤਾਂ ਜਵਾਬ ਸੁਣ ਕੇ ਗੁਲਾਮ ਨਬੀ ਨੇ ਨਿੰਮੇ ਨੂੰ ਲਿਸ਼ਕਦੀਆਂ ਅੱਖਾਂ ਨਾਲ ਗਹੁ ਨਾਲ ਨਿਹਾਰਿਆ। ਇਕ ਚੌੜੀ ਤਰਲ ਮੁਸਕਰਾਹਟ ਉਸ ਦੇ ਹੋਠਾਂ ਉਤੇ ਫੈਲ ਗਈ। ਉਸ ਨੇ ਅੰਦਾਜ਼ਾ ਲਾ ਕੇ ਪੁੱਛਿਆ।
‘‘ਓ ਤੂੰ ਮੀਤੇ ਤੋਂ ਛੋਟਾ ਨਿੰਮਾ ਏਂ?’’
ਨਿੰਮਾ ਹੈਰਾਨ! ਇਹ ਉਸ ਦਾ ਜਾਣੂ ਕਿਧਰੋਂ ਨਿਕਲ ਆਇਆ! ਉਹ ਤਾਂ ਪਾਕਿਸਤਾਨ ਬਣਨ ਵੇਲੇ ਮਸਾਂ ਡੇਢ ਦੋ ਸਾਲ ਦਾ ਸੀ। ਨਿੰਮੇ ਨੇ ‘ਹਾਂ’ ਵਿਚ ਸਿਰ ਹਿਲਾਇਆ ਹੀ ਸੀ ਕਿ ਗੁਲਾਮ ਨਬੀ ਨੇ ਦੋਵਾਂ ਬਾਹਵਾਂ ਦਾ ਜੱਫਾ ਮਾਰ ਕੇ ਉਸ ਨੂੰ ਜ਼ਮੀਨ ਤੋਂ ਚੁੱਕ ਲਿਆ।
‘‘ਓ ਭਲਿਆ ਲੋਕਾ! ਓ ਭਲਿਆ ਲੋਕਾ! ਰੱਬਾ ਤੇਰੇ ਰੰਗ ਨਿਆਰੇ ਨੇ!’’
ਗੁਲਾਮ ਨਬੀ ਬੋਲੀ ਜਾ ਰਿਹਾ ਸੀ। ਉਸ ਨੂੰ ਅਚਨਚੇਤ ਜਿਵੇਂ ਕੋਈ ਦੱਬਿਆ ਖ਼ਜ਼ਾਨਾ ਮਿਲ ਗਿਆ ਸੀ ਜਿਸ ਦੀ ਚਮਕ ਵੇਖ ਕੇ ਉਹ ਚੁੰਧਿਆਇਆ ਗਿਆ। ਉਹ ਉਸ ਨੂੰ ਖਿੱਚ ਕੇ ਦੁਕਾਨ ‘ਤੇ ਲੈ ਗਿਆ। ਮਿੱਟੀ ਦੇ ਭਾਂਡਿਆਂ ਵਿਚ ਇਕ ਸਾਫ ਥਾਂ ‘ਤੇ ਬਿਠਾਇਆ। ਚਾਹ ਤੇ ਬਰਫ਼ੀ ਮੰਗਵਾ ਲਈ। ਉਹ ਇਕੱਲੇ ਇਕੱਲੇ ਜੀਅ ਦਾ ਹਾਲ ਪੁੱਛ ਰਿਹਾ ਸੀ। ਦੱਸ ਰਿਹਾ ਸੀ ਕਿ ਉਨ੍ਹਾਂ ਦਾ ਘਰ ਤਾਂ ਨਿੰਮੇ ਹੁਰਾਂ ਦੇ ਘਰ ਦੇ ਨਾਲ ਹੰੁਦਾ ਸੀ। ਐਨ ਉਨ੍ਹਾਂ ਦੇ ਗੁਆਂਢ ਵਿਚ। ਉਹਦੀ ਛੋਟੀ ਭੈਣ ਫ਼ਜ਼ਲਾਂ ਨਿੰਮੇ ਨੂੰ ਕੁੱਛੜ ਚੁੱਕ ਕੇ ਖਿਡਾਉਂਦੀ ਰਹੀ ਸੀ, ਆਪਣੇ ਛੋਟੇ ਭਾਰ ਖ਼ੁਸ਼ੀਏ ਦੇ ਨਾਲ।
‘‘ਤੈਨੂੰ ਤਾਂ ਫ਼ਜ਼ਲਾਂ ਅਜੇ ਵੀ ਯਾਦ ਕਰਕੇ ਰੋਂਦੀ ਰਹਿੰਦੀ ਐ।’’
ਫ਼ਜ਼ਲਾਂ ਨਨਕਾਣੇ ਤੋਂ ਅੱਠ ਦਸ ਮੀਲ ਦੂਰ ਵਿਆਹੀ ਹੋਈ ਸੀ। ਗੁਲਾਮ ਨਬੀ ਨੇ ਦੁਕਾਨ ਨੂੰ ਤਾਲਾ ਲਾਇਆ ਤੇ ਫ਼ਜ਼ਲਾਂ ਨੂੰ ਦੱਸਣ ਉਹਦੇ ਸਹੁਰਿਆਂ ਦੇ ਪਿੰਡ ਨੂੰ ਤੁਰ ਪਿਆ।
ਗੁਰਦੁਆਰੇ ਵਾਪਸ ਪਰਤ ਰਹੇ ਨਿੰਮੇ ਦੇ ਦਿਲ-ਦਿਮਾਗ ਵਿਚ ਗੁਲਾਮ ਨਬੀ ਦਾ ਵੇਰਵਾ ਘੁੰਮ ਰਿਹਾ ਸੀ।
‘‘ਤੂੰ ਤੇ ਖੁਸ਼ੀਆ ਹਾਣੀ ਸਾਓ। ਫਜ਼ਲਾਂ ਉਦੋਂ ਅੱਠਾਂ-ਦਸਾਂ ਸਾਲਾਂ ਦੀ ਸੀ। ਤੇਰੀ ਮਾਂ ਚੰਨੋ ਨੇ ਖੇਤਾਂ ਨੂੰ ਜਾਣਾ ਤਾਂ ਤੈਨੂੰ ਸਾਡੇ ਘਰ ਫੜਾ ਜਾਣਾ। ਫਜ਼ਲਾਂ ਨੇ ਤੁਹਾਨੂੰ ਦੋਹਾਂ ਨੂੰ ਢਾਕੇ ਲਾਈ ਫਿਰਨਾਂ। ਜਦੋਂ ਰੌਲਿਆਂ ਵਿਚ ਤੇਰੇ ਵਡੇਰੇ ਸਾਨੂੰ ਕਾਕੀ ਪਿੰਡ ਕੈਂਪ ਵਿਚ ਛੱਡ ਗਏ ਤਾਂ ਫਜ਼ਲਾਂ ਰੋਇਆ ਕਰੇ। ਅਖੇ, ‘‘ਮੈਂ ਨਿੰਮੇ ਨੂੰ ਮਿਲਣ ਜਾਣੈ…।’’ ਅੱਗੋਂ ਕਹਿਰ ਇਹ ਹੋਇਆ ਕਿ ਪਾਕਿਸਤਾਨ ਆਉਂਦਿਆਂ ਖੁਸ਼ੀਆ ਬਿਮਾਰ ਹੋ ਕੇ ਰਾਹ ਵਿਚ ਹੀ ਮਰ ਗਿਆ ਤਾਂ ਫਜ਼ਲਾਂ ਨੇ ਦੁੱਖ ਆਪਣੀ ਹਿੱਕ ਨਾਲ ਲਾ ਲਿਆ। ਰੋਇਆ ਕਰੇ ਤੇ ਆਖਿਆ ਕਰੇ, ਇਕ ਮੇਰਾ ਵੀਰ ਰੱਬ ਨੇ ਖੋਹ ਲਿਆ। ਦੂਜਾ ਮੈਥੋਂ ਵਿਛੜ ਗਿਆ। ਰੱਬ ਵੱਲੋਂ ਖੋਹਿਆ ਵੀਰ ਤਾਂ ਮਿਲ ਨਹੀਂ ਸਕਦਾ। ਮੇਰਾ ਵਿਛੜਿਆ ਵੀਰ ਹੀ ਮੈਨੂੰ ਮਿਲਾ ਦਿਓ!’’
ਨਿੰਮੇ ਨੂੰ ਤਾਂ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ ਸੀ। ਮੁਸਲਮਾਨਾਂ ਦੇ ਗੁਆਂਢੀ ਹੋਣ ਤੇ ਆਪਸੀ ਸਾਂਝ ਦੀਆਂ ਗੱਲਾਂ ਤਾਂ ਉਸ ਨੇ ਸੁਣੀਆਂ ਹੋਈਆਂ ਸਨ ਪਰ ਕੋਈ ਉਸ ਵਾਸਤੇ ਇੰਜ ਵੀ ਲੁੱਛਦਾ ਤੜਪਦਾ ਹੋਵੇਗਾ, ਉਹਦੇ ਤਾਂ ਸੁਪਨੇ ਵਿਚ ਵੀ ਚਿੱਤ-ਖ਼ਿਆਲ ਨਹੀਂ ਸੀ ਆਇਆ।
ਗੁਲਾਮ ਨਬੀ ਨੇ ਫਜ਼ਲਾਂ ਦੇ ਪਿੰਡ ਜਾ ਕੇ ਦੱਸਿਆ ਕਿ ਢੱਡੇ ਤੋਂ ਤੇਰਾ ਵੀਰ ਨਿੰਮਾ ਆਇਆ ਹੈ ਤਾਂ ਉਹ ਉਸੇ ਵੇਲੇ ਉੱਡਦੀ ਹੋਈ ਆਪਣੇ ਪਤੀ ਨੂੰ ਲੱਭਣ ਦੌੜੀ। ਉਸ ਦਾ ਪਤੀ ਟਾਂਗਾ ਵਾਹੁੰਦਾ ਸੀ। ਟਾਂਗਾ ਸਵਾਰੀਆਂ ਨਾਲ ਭਰਿਆ ਖੜੋਤਾ ਸੀ। ਕਹਿਣ ਲੱਗੀ, ‘‘ਸਵਾਰੀਆਂ ਲਾਹ ਦੇ ਤੇ ਟਾਂਗਾ ਹੁਣੇ ਨਨਕਾਣੇ ਨੂੰ ਮੋੜ।’’
ਸਵਾਰੀਆਂ ਜ਼ਿਦ ਕਰਨ ਲੱਗੀਆਂ ਤਾਂ ਕਹਿੰਦੀ ‘‘ਮੇਰਾ ਪੁੱਤ ਆਇਆ…ਸਦੀਆਂ ਦੇ ਵਿਛੋੜੇ ਪਿੱਛੋਂ, ਮੈਂ ਉਹਨੂੰ ਮਿਲਣੈ।’’
ਨਨਕਾਣੇ ਪਹੁੰਚ ਕੇ ਪੁਲੀਸ ਨੂੰ ਆਖ ਕੇ ਨਿੰਮੇ ਨੂੰ ਗੁਰਦੁਆਰੇ ਤੋਂ ਬਾਹਰ ਬੁਲਾ ਲਿਆ। ਛਮ ਛਮ ਅੱਥਰੂ ਕੇਰਦੀ ਫ਼ਜ਼ਲਾਂ ਨੇ ਪਹਿਲਾਂ ਤਾਂ ਨਿੰਮੇ ਨੂੰ ਆਪਣੇ ਕਲੇਜੇ ਨਾਲ ਘੁੱਟਿਆ ਤੇ ਫਿਰ ਸੜਕ ‘ਤੇ ਹੀ ਇਕ ਪਾਸੇ ਬੈਠ ਕੇ ਨਿੰਮੇ ਨੂੰ ਆਪਣੀ ਗੋਦ ਵਿਚ ਬਿਠਾ ਲਿਆ।
ਇਕ ਅਜੀਬ ਝਾਕੀ ਸੀ ਵੇਖਣ ਵਾਲਿਆਂ ਲਈ। ਲੰਮਾ-ਝੰਮਾਂ ਮਰਦ-ਮਾਹਣੂ ਇਕ ਔਰਤ ਦੀ ਗੋਦ ਵਿਚ ਬੈਠਾ ਹੋਇਆ। ਨਿੰਮੇ ਨੂੰ ਪਿਆਰ ਵੀ ਆਇਆ। ਸੰਗ ਵੀ ਆਈ। ਕਹਿਣ ਲੱਗਾ, ‘‘ਭੈਣ! ਤੈਨੂੰ ਭਾਰ ਨਹੀਂ ਲੱਗਦਾ!’’
ਫ਼ਜ਼ਲਾਂ ਨੇ ਨਿੰਮੇ ਦਾ ਮੱਥਾ ਚੁੰਮਿਆ, ‘‘ਨਹੀਂ ਵੇ! ਮੇਰੇ ਚੰਨਾ! ਮੈਨੂੰ ਤਾਂ ਤੂੰ ਅਜੇ ਵੀ ਓਡਾ-ਕੇਡਾ ਲੱਗਦਾ ਏੇਂ। ਫੁੱਲਾਂ ਵਰਗਾ। ਮੇਰਾ ਨਿੱਕਾ ਜਿਹਾ ਛਿੰਦਾ ਵੀਰ।’’
ਗੁਲਾਬ ਨਬੀ ਨੇ ਉਠਾਇਆ ਤੇ ਉਨ੍ਹਾਂ ਨੂੰ ਲੈ ਕੇ ਦੁਕਾਨ ‘ਤੇ ਆ ਗਿਆ। ਫ਼ਜ਼ਲਾਂ ਕੋਲ ਪੁੱਛਣ ਲਈ ਹਜ਼ਾਰਾ ਸਵਾਲ ਸਨ। ਨਿੰਮੇ ਦੇ ਪਰਿਵਾਰ ਬਾਰੇ, ਆਂਢ-ਗੁਆਂਢ ਬਾਰੇ, ਪਿੰਡ ਬਾਰੇ। ਆਪਣੀਆਂ ਉਸ ਵੇਲੇ ਦੀਆਂ ਸਹੇਲੀਆਂ ਬਾਰੇ। ਤੇ ਫਿਰ ਉਹ ਉਨ੍ਹਾਂ ਸਮਿਆਂ ਵਿਚ ਗੁਆਚ ਗਈ।
‘‘ਭਾਬੀ ਚੰਨੋ ਨੇ ਤੈਨੂੰ ਫੜਾ ਜਾਣਾ ਪਰ ਨਾਲ ਪੱਕੀ ਕਰਨੀ ਕਿ ਤੈਨੂੰ ਖਾਣ ਨੂੰ ਕੁਝ ਦਿਆਂ ਨਾ। ਪਰ ਮੈਂ ਖੁਸ਼ੀਏ ਨੂੰ ਖਾਣ ਨੂੰ ਦੇਣਾ ਤਾਂ ਤੈਨੂੰ ਵੀ ਦੇ ਦੇਣਾ। ਪਿੱਛੋਂ ਤੇਰਾ ਮੂੰਹ ਸਾਫ ਕਰ ਦੇਣਾ। ਇਕ ਵਾਰ ਕੀ ਹੋਇਆ! ਮੈਂ ਤੈਨੂੰ ਖੁਆ ਕੇ ਹਟੀ ਕਿ ਭਾਬੀ ਚੰਨੋ ਆ ਗਈ। ਤੇਰਾ ਮੂੰਹ ਲਿੱਬੜਿਆ ਰਹਿ ਗਿਆ। ਚੰਨੋ ਨੂੰ ਪਤਾ ਲੱਗ ਗਿਆ। ਇਸ ਗੱਲੋਂ ਚੰਨੋ ਨੇ ਮੈਨੂੰ ਕੁੱਟਿਆ’’, ਫਜ਼ਲਾਂ ਉੱਚੀ ਉੱਚੀ ਹੱਸਣ ਲੱਗੀ।
ਨਿੰਮਾ ਪਿੰਡ ਆਇਆ ਤਾਂ ਉਹਦੀਆਂ ਗੱਲਾਂ ਸੁਣਨ ਲਈ ਆਂਢ-ਗੁਆਂਢ ‘ਕੱਠਾ ਹੋ ਗਿਆ। ਸਭ ਨੂੰ ਉਹ ਪੁਰਾਣੇ ਦਿਨ ਯਾਦ ਆ ਗਏ।
…‥ਲਾਇਲਪੁਰ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਪੁੱਜਣ ਲਈ ਕਾਰ ਪਿੰਡਾਂ ਵਿਚੋਂ ਆਪਣਾ ਰਸਤਾ ਤਲਾਸ਼ਦੀ ਤੁਰੀ ਜਾ ਰਹੀ ਸੀ। ਅਸੀਂ ਅੱਪਰ ਗੁਗੇਰਾ ਬਰਾਂਚ ਨਹਿਰ ਉਤੋਂ ਗੁਜ਼ਰੇ। ਇਸ ਨਹਿਰ ਨਾਲ ਸਬੰਧਤ ਹੀ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੁਰਦੇ ਦੀ ਤਾਕਤ’।
ਪਹਾੜੀ ਕਿੱਕਰ ਆਮ ਸੀ ਤੇ ਤਹਿ ਚਾਲੀ ਸਾਲ ਪਹਿਲਾਂ ਸਾਡੇ ਪੰਜਾਬ ਵਾਂਗ ਬੰਜਰ, ਕੱਲਰੀ ਤੇ ਬਰਾਨੀ ਖ਼ਾਲੀ ਜ਼ਮੀਨ ਵੀ ਵਿਚ ਵਿਚ ਦਿਖਾਈ ਦੇ ਰਹੀ ਸੀ। ਜਿਥੇ ਨਹਿਰੀ ਪਾਣੀ ਪੈਂਦਾ ਸੀ, ਉਥੇ ਕਣਕਾਂ ਨਿਸਬਤਨ ਚੰਗੀਆਂ ਸਨ। ਖਾਲ ਵੀ ਪੱਕੇ ਕੀਤੇ ਹੋਏ ਸਨ। ਯੋਜਨਾਬੰਦੀ ਦੇ ਪੱਖੋਂ ਖਾਲ ਪੱਕੇ ਕਰਨ ਵਾਲੀ ਗੱਲ ਵੀ ਮੈਨੂੰ ਚੰਗੀ ਲੱਗੀ। ਖਾਲਾਂ ਨੂੰ ਪੱਕੇ ਕਰਨ ਲਈ ਸਰਕਾਰ ਅਤੇ ਕਿਸਾਨ ਅੱਧੋ-ਅੱਧ ਖ਼ਰਚਾ ਕਰਦੇ ਹਨ। ਇਸ ਖ਼ਰਚੇ ਵਿਚ ਖਾਲ ਬਣਾਉਣ ਦੀ ਲੇਬਰ ਦਾ ਖ਼ਰਚਾ ਕਿਸਾਨ ਨੇ ਅਦਾ ਕਰਨਾ ਹੁੰਦਾ ਹੈ, ਕਿਉਂਕਿ ਖਾਲ ਉਸ ਦੇ ਆਪਣੇ ਖੇਤਾਂ ਨੂੰ ਜਾਣਾ ਹੁੰਦਾ ਹੈ, ਇਸ ਲਈ ਸਰਕਾਰੀ ਕਰਮਚਾਰੀ ਤੇ ਉਹ ਆਪ ਮਿਲ ਕੇ ਖਾਲ ਦੀ ਉਸਾਰੀ ਕਰਵਾਉਂਦੇ ਹਨ। ਨਾ ਹੀ ਮਾੜਾ ਮੈਟੀਰੀਅਲ ਲੱਗਣ ਦਿੰਦੇ ਹਨ ਤੇ ਨਾ ਹੀ ਘੱਟ। ਕਰਮਚਾਰੀਆਂ ਨਾਲ ਮਿਲ ਕੇ ‘ਵਿਚੋਂ ਖਾਣ ਦੀ’ ਗੁੰਜਾਇਸ਼ ਹੀ ਨਹੀਂ ਰਹਿੰਦੀ। ਮਾੜੇ ਖਾਲ ਬਣਵਾ ਕੇ ਤੇ ਰਲ ਕੇ ਜੇ ਉਹ ਖਾਵੇਗਾ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੋਵੇਗਾ।
ਖੇਤਾਂ ਵਿਚ ਬੰਦਿਆਂ ਦੇ ਨਾਲ ਔਰਤਾਂ ਵੀ ਕੰਮ ਕਰ ਰਹੀਆਂ ਸਨ।
‘‘ਲਓ ਜੀ! ਆਪਾਂ ਫ਼ੈਸਲਾਬਾਦ ਵਾਲੀ ਸੜਕ ‘ਤੇ ਆ ਪੁੱਜੇ ਆਂ’’, ਰਾਇ ਸਾਹਿਬ ਨੇ ਮੁੱਖ ਸੜਕ ‘ਤੇ ਕਾਰ ਮੋੜਦਿਆਂ ਆਖਿਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰਾਇ ਸਾਹਿਬ! ਫ਼ੈਸਲਾਬਾਦ ਨਾ ਆਖੋ ਮੇਰੇ ਲਾਇਲਪੁਰ ਨੂੰ। ਇਹਨੂੰ ਲਾਇਲਪੁਰ ਹੀ ਰਹਿਣ ਦਿਓ।’’
ਇਕ ਪਲ ਰੁਕ ਕੇ ਬੋਲਿਆ, ‘‘ਸਾਨੂੰ ਪੁੱਛਿਆ ਬਗੈਰ ਕਿਉਂ ਨਾਂ ਰੱਖਿਆ ਇਸ ਦਾ ਫ਼ੈਸਲਾਬਾਦ?’’ ਭਾਵੁਕ ਆਵੇਸ਼ ਵਿਚ ਉਹ ਭੁੱਲ ਚੁੱਕਾ ਸੀ ਕਿ ਉਹ ਕੀ ਆਖ ਰਿਹਾ ਹੈ। ਉਹ ਇਸ ਵੇੇਲੇ ਦਿਮਾਗ਼ ਦੀ ਥਾਂ ਦਿਲ ਤੋਂ ਬੋਲ ਰਿਹਾ ਸੀ। ਸਾਨੂੰ ਉਸ ਦੀ ਇਸ ਭਾਵੁਕਤਾ ‘ਤੇ ਲਾਡ ਆ ਰਿਹਾ ਸੀ। ਅਸੀਂ ਉਸ ਦੀ ਅਜੀਬ ਮੰਗ ਉਤੇ ਹੱਸੇ ਕਿ ਲਾਇਲਪੁਰ ਦਾ ਨਾਂ ਫ਼ੈਸਲਾਬਾਦ ਰੱਖਣ ਸਮੇਂ ਭਲਾ ਉਸ ਨੂੰ ਕਿਉਂ ਤੇ ਕਿਵੇਂ ਪੁੱਛਿਆ ਜਾ ਸਕਦਾ ਸੀ! ਉਸ ਨੇ ਅੱਗੋਂ ਹੱਸ ਕੇ ਕਿਹਾ, ‘‘ਬੈਠ ਉਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿਚ, ਵਲਵਲੇ ਦੇ ਦੇਸ਼ ਸਾਡੀਆਂ ਲੱਗੀਆਂ ਨੇ ਯਾਰੀਆਂ।’’
ਅਨਵਰ ਨੇ ਉਸ ਦਾ ਵਲਵਲਾ ਸਮਝ ਲਿਆ ਸੀ। ਕਹਿਣ ਲੱਗਾ, ‘‘ਟੋਭਾ ਟੇਕ ਸਿੰਘ ਦਾ ਵੀ ਨਾਂ ਬਦਲਣ ਲੱਗੇ ਸਨ। ਨਾਂ ਬਦਲਣ ਤੋਂ ਪਹਿਲਾਂ ਗਵਰਨਰ ਜੀਲਾਨੀ ਨੇ ਪਿੰਡ ਦੇ ਨਾਮ ਦੀ ਤਵਾਰੀਖ਼ ਪੁੱਛੀ ਤਾਂ ਪਤਾ ਲੱਗਾ ਕਿ ਪਹਿਲੀਆਂ ਵਿਚ ਇਸ ਇਕਲਵੰਜੇ ਰਸਤੇ ‘ਤੇ ਇਕ ਟੋਭਾ ਹੁੰਦਾ ਸੀ। ਟੇਕ ਸਿੰਘ ਨਾਂ ਦਾ ਇਕ ਬਜ਼ੁਰਗ ਉਥੋਂ ਪਾਣੀ ਲਿਆ ਕੇ ਰਾਹਗੀਰਾਂ ਨੂੰ ਪਿਲਾਇਆ ਕਰਦਾ ਸੀ। ਇੰਜ ਇਸ ਪਿੰਡ ਦਾ ਨਾਂ ਟੋਭਾ ਟੇਕ ਸਿੰਘ ਪੈ ਗਿਆ। ਗਵਰਨਰ ਜੀਲਾਨੀ ਨੇ ਕਿਹਾ ਅਜਿਹੇ ਤਾਰੀਖ਼ੀ ਨਾਮ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਏਨੀ ਚੰਗੀ ਯਾਦ ਜੁੜੀ ਹੋਈ ਏ।’’
ਅਸੀਂ ਫੇਰ ਇਕ ਡੂੰਘੀ ਚੁੱਪ ਵਿਚ ਉਤਰ ਗਏ। ਗੁਰਮੀਤ ਸਿੰਘ ਢੱਡਾ ਫਿਰ ਮੇਰੇ ਚੇਤਿਆਂ ‘ਚ ਬੋਲਣ ਲੱਗਾ:
‘‘ਨਿੰਮਾ ਆਇਆ, ਉਸ ਨੇ ਨਬੀ ਤੇ ਫਜ਼ਲਾਂ ਬਾਰੇ ਦੱਸਿਆ ਤਾਂ ਸਾਡਾ ਵੀ ਜਾਣ ਨੂੰ ਜੀ ਕਰ ਆਇਆ। ਮੇਰੀ ਉਨ੍ਹੀਂ ਦਿਨੀਂ ਸੂਬਾ ਕਮੇਟੀ ਦੀ ਮੀਟਿੰਗ ਆ ਗਈ। ਮੈਂ ਤਾਂ ਜਾ ਨਾ ਸਕਿਆ ਪਰ ਮੇਰੀ ਘਰਵਾਲੀ ਗਈ ਜਥੇ ਨਾਲ। ਉਹ ਫਜ਼ਲਾਂ ਲਈ ਸ਼ਾਲ ਤੇ ਹੋਰ ਚੀਜ਼ਾਂ ਲੈ ਕੇ ਗਈ। ਉਸ ਨੇ ਤੁਰਨ ਲੱਗੀ ਮੇਰੀ ਘਰਵਾਲੀ ਨੂੰ ਕੜਾਹ ਬਣਾ ਕੇ ਦਿੱਤਾ। ਪਿੰਡ ਦੀਆਂ ਗੱਲਾਂ ਕਰ ਕਰ ਰੋਂਦੀ ਰਹੀ। ਅਖੇ ਮੇਰਾ ਪਿੰਡ ਮੈਨੂੰ ਸੁਪਨੇ ਵਿਚ ਵੀ ਨਹੀਂ ਭੁੱਲਿਆ।’’
‘‘ਅਗਲੀ ਵਾਰ ਮੇਰਾ ਵੀ ਜੀ ਕਰ ਆਇਆ। ਮੈਂ ਚਿੱਠੀਆਂ ਲਿਖ ਦਿੱਤੀਆਂ ਆਉਣ ਦੀਆਂ। ਜਾਣ ਲੱਗਾ ਤਾਂ ਮੇਰੇ ਇਕ ਸਾਥੀ ਮਾਸਟਰ ਨੇ ਆਪਣਾ ਬਜ਼ੁਰਗ ਪਿਓ ਮੇਰੇ ਨਾਲ ਅਟੈਚ ਕਰ ਦਿੱਤਾ। ਬਜ਼ੁਰਗ ਅੱਸੀ ਸਾਲ ਦੇ ਨੇੜੇ। ਹੱਥ ਵਿਚ ਡਾਂਗ ਫੜੀ ਹੋਈ। ਮੈਂ ਡਰਾਂ ਕਿ ਹੁਣ ਮੈਂ ਤਾਂ ਇਹਦੇ ਨਾਲ ਗੁਰਦੁਆਰਿਆਂ ‘ਚ ਬੱਝਾ ਰਹੂੰ ਪਰ ਗੱਡੀ ਚੜ੍ਹਨ-ਚੜ੍ਹਾਉਣ ਵਿਚ ਬੁੱਢਾ ਹਿੰਮਤੀ ਲੱਗਾ। ਲਾਹੌਰ ਅਸੀਂ ਆਪਣੇ ਪਿੰਡ ਦੇ ਕਰਮ ਸਿੰਘ ਢੱਡਾ ਦੇ ਜਾਣੂ ਪਰਿਵਾਰ ਕੋਲ ਠਹਿਰੇ। ਇਹ ਬਹੁਤ ਅਮੀਰ ਪਰਿਵਾਰ ਸੀ। ਉਨ੍ਹਾਂ ਦੀ ਨਨਕਾਣੇ ਸਾਹਿਬ ਦੇ ਬੈਂਕ ਮੈਨੇਜਰ ਨਾਲ ਵਾਕਫੀ ਸੀ। ਉਸ ਨੂੰ ਉਨ੍ਹਾਂ ਫੋਨ ਵੀ ਕਰ ਦਿੱਤਾ ਤੇ ਸਾਨੂੰ ਚਿੱਠੀ ਵੀ ਦੇ ਦਿੱਤੀ।’’
‘‘ਨਨਕਾਣੇ ਅਸੀਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਜਦੋਂ ਗੁਰਦੁਆਰੇ ਵੱਲ ਤੁਰੇ ਤਾਂ ਮੈਂ ਦੱਸੀਆਂ ਨਿਸ਼ਾਨੀਆਂ ਮੁਤਾਬਕ ਗੁਲਾਮ ਨਬੀ ਦੀ ਦੁਕਾਨ ਟੋਲਣ ਲੱਗਾ। ਉਹਦੀ ਦੁਕਾਨ ਦੇ ਅੱਗੇ ਪਿੱਪਲ ਹੈ। ਅਸੀਂ ਵੀ ਤਾੜਦੇ ਪਏ ਸਾਂ ਤੇ ਉਹ ਵੀ ਜਥੇ ਦੇ ਬੰਦਿਆਂ ਵੱਲ ਵੇਖ ਰਿਹਾ ਸੀ। ਸੁਰਮੇ ਵਾਲੀਆਂ ਅੱਖਾਂ ‘ਤੇ ਨਜ਼ਰ ਗਈ ਤਾਂ ਮੈਂ ਗੁਲਾਮ ਨਬੀ ਨੂੰ ਪੁਛਾਣ ਲਿਆ। ਮੈਂ ਅਜੇ ਮਾੜਾ ਜਿਹਾ ਰੁਕਿਆ ਹੀ ਸਾਂ ਕਿ ਉਹਨੇ ਆਣ ਕੇ ਮੈਨੂੰ ਜੱਫੀ ਪਾ ਲਈ। ਕਹਿੰਦਾ, ‘‘ਮੀਤਾ ਲੱਗਦਾ ਏਂ?’’
ਉਹ ਸਾਥੋਂ ਉਮਰ ਵਿਚ ਵੱਡਾ ਹੁੰਦਾ ਸੀ। ਮੈਂ ਪੁੱਛਿਆ, ‘‘ਭੈਣ ਕਿੱਥੇ ਆ?’’ ਕਹਿੰਦਾ, ‘‘ਸਵੇਰੇ ਆਊਗੀ।’’
‘‘ਅਗਲੇ ਦਿਨ ਫ਼ਜ਼ਲਾਂ ਆਈ। ਬੜੀ ਉੱਚੀ ਲੰਮੀ ਦਾਨਾਅ ਜ਼ਨਾਨੀ। ਜੱਫੀ ਪਾ ਕੇ ਮਿਲੀ।  ਅਸੀਂ ਕੱਚੇ ਭਾਂਡਿਆਂ ਵਿਚ ਬਹਿ ਗਏ। ਕਹਿਣ ਲੱਗੀ, ‘‘ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਏ। ਮੈਂ ਤਾਂ ਵਿੰਹਦਿਆਂ ਪਛਾਣ ਲਈ ਸਾਂ।’’
ਮੈਂ ਉਸ ਲਈ ਲਿਆਂਦਾ ਸੂਟ, ਸ਼ਾਲ, ਚਾਹ ਅਤੇ ਬਿੰਦੀਆਂ ਦਿੱਤੀਆਂ ਤਾਂ ਆਖਣ ਲੱਗੀ, ‘‘ਆਹ ਵੇਖ ਖਾਂ ਮੇਰੀ ਭਾਬੀ ਮੈਨੂੰ ਦੇ ਕੇ ਗਈ ਸੀ ਪਿਛਲੀ ਵਾਰੀ।’’ ਉਸ ਨੇ ਉਤੇ ਲਿਆ ਸ਼ਾਲ ਵਿਖਾਇਆ।
ਅਸੀਂ ਰਾਤ ਨੂੰ ਗੁਰਦੁਆਰੇ ਨਹੀਂ ਸਾਂ ਠਹਿਰਦੇ। ਬੈਂਕ ਮੈਨੇਜਰ ਨੇ ਸਾਨੂੰ ਬੈਂਕ ਉਪਰਲੇ ਚੁਬਾਰੇ ਵਿਚ ਠਹਿਰਾ ਲਿਆ ਸੀ ਪਰ ਰੋਟੀ ਅਸੀਂ ਰਾਤ ਨੂੰ ਗੁਲਾਮ ਨਬੀ ਦੇ ਘਰ ਹੀ ਖਾਂਦੇ। ਉਸ ਰਾਤ ਰੋਟੀ ਤੋਂ ਪਹਿਲਾਂ ਨਬੀ ਮੈਨੂੰ ਪੁੱਛਦਾ, ‘‘ਮਾਸਟਰ! ਪੀਣੀ ਆਂ?’’
ਮੈਂ ਕਿਹਾ, ‘‘ਤੁਹਾਡੇ ਤਾਂ ਮਿਲਦੀ ਨਹੀਂ। ਮਿਲ ਜੂ?’’
‘‘ਤੂੰ ਹਾਂ ਕਰ।’’
ਉਹ ਅਧੀਆ ਦੇਸੀ ਸ਼ਰਾਬ ਦਾ ਲੈ ਆਇਆ। ਅਸੀਂ ਉਹਲੇ ਹੋ ਕੇ ਬੈਠ ਕੇ ਪੀਂਦੇ ਗੱਲਾਂ ਕਰਦੇ ਰਹੇ। ਰੋਟੀ ਖਾਣ ਲੱਗੇ ਤਾਂ ਫਜ਼ਲਾਂ ਸਾਡੇ ਕੋਲ ਆਈ। ਮੈਂ ਪਿਆਰ ਨਾਲ ਆਖਿਆ, ‘‘ਆ ਭੈਣ ਰੋਟੀ ‘ਕੱਠਿਆਂ ਖਾਈਏ।’’
ਕਹਿਣ ਲੱਗੀ, ‘‘ਵੀਰ! ਜੇ ਰੋਟੀ ‘ਕੱਠੀ ਖਾਣੀ ਸੀ ਤਾਂ ਸਾਨੂੰ ਕੱਢਣਾ ਕਾਹਨੂੰ ਸੀ ਉਥੋਂ।’’
ਮੇਰੇ ਅੰਦਰ ਬੋਲ ਰਿਹਾ ਗੁਰਮੀਤ ਢੱਡਾ ਖ਼ਾਮੋਸ਼ ਹੋ ਗਿਆ। ਉਸ ਨੂੰ ਉਦੋਂ ਵੀ ਕੋਈ ਗੱਲ ਨਹੀਂ ਸੀ ਅਹੁੜੀ ਜਦੋਂ ਫ਼ਜ਼ਲਾਂ ਨੇ ਇਹ ਸਵਾਲ ਪਾਇਆ ਸੀ। ਇਸ ਸਵਾਲ ਦਾ ਜਵਾਬ ਲੱਭਦਿਆਂ ਹੀ ਇਕ ਤੋਂ ਦੋ ਮੁਲਕ ਬਣ ਗਏ ਹਨ ਜੋ ਅਜੇ ਵੀ ਇਕ ਦੂਜੇ ਵੱਲ ਤੋਪਾਂ ਤਾਣੀ ਖਲੋਤੇ ਸਨ। ‘ਹਿੰਦੂ ਪਾਣੀ’ ਤੇ ‘ਮੁਸਲਮਾਨ ਪਾਣੀ’ ਇਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਤੇ ਮੌਕਾ ਮਿਲਦਿਆਂ ਦੂਜੇ ਦੇ ਲਹੂ ਦਾ ਘੱੁਟ ਭਰ ਵੀ ਲੈਂਦੇ ਸਨ। ਜਵਾਬ ਤਾਂ ਪੰਜ ਸੌ ਸਾਲ ਪਹਿਲਾਂ ਹੀ ਲੱਭ ਲਿਆ ਸੀ ਬਾਬੇ ਨਾਨਕ ਨੇ : ਨਾ ਹਮ ਹਿੰਦੂ ਨਾ ਮੁਸਲਮਾਨ!
ਪਰ ਅਸੀਂ ਉਸ ਦੀ ਸੁਣੀ ਹੀ ਕਦੋਂ ਸੀ! ਉਹਦੇ ਚਿਹਰੇ ਦੇ ਮਾਨਵ-ਮੁਹੱਬਤ ਦੇ ਨੂਰ ਵੱਲ ਝਾਤ ਹੀ ਕਦੋਂ ਮਾਰੀ ਸੀ! ਉਹਦੀ ਬਾਣੀ ਵਿਚਲੇ ਸੱਚ ਨੂੰ ਅੱਖਾਂ ਖੋਲ੍ਹ ਕੇ ਪੜ੍ਹਿਆ ਹੀ ਕਦੋਂ ਸੀ! ਅਸੀਂ ਤਾਂ ਬਸ ਸ਼ਰਧਾ ਵਿਚ ਅੱਖਾਂ ਮੁੰਦ ਕੇ ਸੀਸ ਝੁਕਾ ਛੱਡਿਆ ਸੀ।
ਮੈਂ ਆਪੇ ਤੋਂ ਬਾਹਰ ਆਇਆ ਤਾਂ ਸਤਿਨਾਮ ਮਾਣਕ ਸ਼ਰਾਰਤ ਨਾਲ ਪ੍ਰੇਮ ਸਿੰਘ ਨੂੰ ਪੁੱਛ ਰਿਹਾ ਸੀ, ‘‘ਸਰਦਾਰ ਜੀ! ਤੁਹਾਡੇ ਵੇਲੇ ਕੋ-ਐਜੂਕੇਸ਼ਨ ਹੁੰਦੀ ਸੀ?’’
‘‘ਹੁੰਦੀ ਨਹੀਂ ਸੀ, ਆਪ ਕਰ ਲਈਦੀ ਸੀ!’’ ਰਾਇ ਅਜ਼ੀਜ਼-ਉੱਲਾ ਨੇ ਕਿਹਾ।
ਪ੍ਰੇਮ ਸਿੰਘ ਨੇ ਮਸਤੀ ਦੇ ਆਲਮ ਵਿਚ ਸਿਰ ਹਿਲਾਇਆ ਜਿਉਂ ਜਿਉਂ ਲਾਇਲਪੁਰ ਵੱਲ ਕਾਰ ਵਧ ਰਹੀ ਸੀ, ਉਹ ਜਿਵੇਂ ਉਸ ਪਾਸਿਓਂ ਆਉਂਦੀ ਜਨਮ-ਭੋਂ ਦੀ ਮਹਿਕ ਸੁੰਘ ਕੇ ਹੀ ਲਟਬੌਰਾ ਹੋਈ ਜਾ ਰਿਹਾ ਸੀ। ਬਹੁਤ ਹੀ ਗੰਭੀਰ, ਜ਼ਿੰਮੇਵਾਰ ਵਿਅਕਤੀ ਸਾਰੀਆਂ ਸਿਆਣਪਾਂ ਭੁੱਲ ਕੇ ਜੁਆਨੀ ਦੇ ਮੁੱਢਲੇ ਸਾਲਾਂ ਵਿਚ ਗੁਆਚ ਗਿਆ ਸੀ।
‘‘ਤੁਸੀ ਸਾਂਭੋ ਆਪਣੀਆਂ ਸਿਆਣਪਾਂ ਤੇ ਬੁੱਧੀਮਾਨੀਆਂ। ਆਪਣੀਆਂ ਅਕਲਾਂ ਅਤੇ ਅਖ਼ਬਾਰਾਂ-ਕਿਤਾਬਾਂ। ਗੰਗਾ ਬਾਹਮਣੀ ਨੂੰ ਕੀ ਪਤਾ ਝਨਾਂ ਦੇ ਆਸ਼ਕਾਂ ਦੇ ਰੰਗ-ਰੱਤੇ ਦਿਲਾਂ ਦਾ। ਗੰਗਾ ਬਾਹਮਣੀ ਕੀ ਜਾਣੇ ਮੇਰੇ ਫੁੱਲ ਝਨਾਂ ਵਿਚ ਪਾਣੇ’’, ਪ੍ਰੇਮ ਸਿੰਘ ਨੇ ਤਸੱਲੀ ਦਾ ਡੂੰਘਾ ਸਾਹ ਭਰਿਆ।
ਪ੍ਰੇਮ ਸਿੰਘ ਦੇ ਜਨਮ-ਭੂਮੀ ਵੱਲ ਪ੍ਰਗਟਾਏ ਜਾਂਦੇ ਪਿਆਰ ਨੂੰ ਵੇਖ ਕੇ ਗੁਰਮੀਤ ਢੱਡੇ ਨਾਲ ਗਿਆ ਬਜ਼ੁਰਗ ਬਾਬਾ ਮੈਨੂੰ ਆਖ ਰਿਹੈ, ਮੇਰੀ ਕਹਾਣੀ ਵੀ ਸੁਣਾ ਦੇ। ਮੈਂ ਤਾਂ ਚਾਲੀ ਸਾਲ ਭੁੱਜਦਾ ਰਿਹਾ ਸਾਂ ਆਪਣੇ ਪਿੰਡ ਨੂੰ ਵੇਖਣ ਲਈ।’’
ਬਾਬਾ ਲਾਇਲਪੁਰ ਜ਼ਿਲੇ ਦੇ ਚੱਕ ਨੰ. 56 ਦਾ ਰਹਿਣ ਵਾਲਾ ਸੀ। ਜੜ੍ਹਾਂ ਵਾਲੇ ਦੇ ਨਜ਼ਦੀਕ। ਉਹ ਵੀ ਨਨਕਾਣੇ ਦੇ ਬਹਾਨੇ ਆਪਣੇ ਪਿੰਡ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਤੇ ਜੇ ਕਿਧਰੇ ਜੁਗਾੜ ਬਣ ਜਾਵੇ ਤਾਂ ਪਿੰਡ ਦੇ ਦੀਦਾਰ ਕਰਨ ਆਇਆ ਸੀ। ਉਸ ਨੇ ਇਕ ਦੋ ਮਿੱਤਰਾਂ ਨੂੰ ਨਨਕਾਣੇ ਪੁੱਜਣ ਲਈ ਚਿੱਠੀਆਂ ਪਾਈਆਂ ਸਨ ਪਰ ਉਨ੍ਹਾਂ ਵਿਚੋਂ, ਕੋਈ ਵੀ ਨਨਕਾਣੇ ਨਹੀਂ ਸੀ ਪੁੱਜਾ। ਜਦੋਂ ਉਸ ਨੇ ਗੁਰਮੀਤ ਦੇ ਗਿਰਾਈਆਂ ਨੂੰ ਇੰਜ ਮਿਲਦਿਆਂ ਵੇਖਿਆ ਤਾਂ ਤਰਲਾ ਲੈ ਕੇ ਆਖਣ ਲੱਗਾ, ‘‘ਮਾਸਟਰ ਗੁਰਮੀਤ ਸਿਅ੍ਹਾਂ! ਜਿਵੇਂ ਵੀ ਹੋਵੇ ਮੇਰੇ ਪਿੰਡ ਨੂੰ ਮੇਰਾ ਹੱਥ ਲੁਆ ਦੇਹ। ਮੈਂ ਫਿਰ ਵਾਪਸ ਨਹੀਂ ਜਾਂਦਾ। ਉਥੇ ਹੀ ਮਰ ਜਾਊਂ।’’
ਬਾਬਾ ਭਾਵੁਕ ਹੋ ਗਿਆ।
ਵੀਜ਼ੇ ਮੁਤਾਬਕ ਨਨਕਾਣੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਗੁਰਮੀਤ ਸਿੰਘ ਨੇ ਜਥੇ ਨਾਲ ਗਏ ਅਫ਼ਸਰਾਂ ਨੂੰ ਪੁੱਛਿਆ ਪਰ ਆਗਿਆ ਨਾ ਮਿਲੀ। ਪਰ ਬਾਬਾ ਤਾਂ ਗਿਆ ਹੀ ਇਸੇ ਕੰਮ ਸੀ। ਵਾਰ ਵਾਰ ਆਖੇ, ‘‘ਗੁਰਮੀਤ ਸਿਅ੍ਹਾਂ! ਕਰ ਕੋਈ ਚਾਰਾ! ਤੇਰਾ ਬੜਾ ਪੁੰਨ ਹੋਊ।’’
ਬਾਬਾ ਬਹੁਤ ਉਦਾਸ ਸੀ। ਇਕ ਪੁਲੀਸ ਅਫ਼ਸਰ ਨੇ ਜਥੇ ਦੇ ਬੰਦਿਆਂ ‘ਚੋਂ ਆਵਾਜ਼ ਦੇ ਕੇ ਪੁੱਛਿਆ, ‘‘ਤੁਹਾਡੇ ਵਿਚੋਂ ਨੰਗਲ ਸਰਾਲੇ ਦਾ ਹੈ ਕੋਈ?’’
ਗੁਰਮੀਤ ਢੱਡਾ ਕਹਿਣ ਲੱਗਾ, ‘‘ਮੈਂ ਜਾਣਦਾਂ ਨੰਗਲ ਸਰਾਲੇ ਨੂੰ। ਮੈਂ ਅਲਾਵਲਪੁਰ ਪੜ੍ਹਦਾ ਰਿਹਾਂ।’’
ਉਹ ਅਫ਼ਸਰ ਵੀ ਉਸੇ ਪਿੰਡ ਦੇ ਉਸੇ ਸਕੂਲ ਵਿਚ ਪੜ੍ਹਦਾ ਰਿਹਾ ਸੀ। ਉਸ ਨੇ ਉਸੇ ਵੇਲੇ ਚਾਹ ਤੇ ਬਰਫੀ ਮੰਗਵਾ ਲਈ। ਆਪਣੇ ਸਕੂਲ, ਮਾਸਟਰਾਂ, ਜਮਾਤੀਆਂ ਅਤੇ ਇਲਾਕੇ ਦੀਆਂ ਗੱਲਾਂ ਕਰਨ ਲੱਗਾ। ਉਸ ਨੂੰ ਪਿਘਲਿਆ ਵੇਖ ਕੇ ਗੁਰਮੀਤ ਨੇ ਕਿਹਾ, ‘‘ਬਾਬਾ ਵੀ ਇੰਜ ਹੀ ਹਉਕੇ ਲੈਂਦਾ ਆਪਣਾ ਪਿੰਡ ਵੇਖਣ ਲਈ। ਜੇ ਕੁਝ ਹੋ ਸਕਦਾ ਹੋਵੇ।’’
ਤਰਲ ਹੋਇਆ ਅਫ਼ਸਰ ਕਹਿਣ ਲੱਗਾ, ‘‘ਤੁਸੀਂ ਪ੍ਰਾਈਵੇਟ ਗੱਡੀ ਕਰ ਲਵੋ। ਅੱਵਲ ਤਾਂ ਕੋਈ ਪੁੱਛਦਾ ਨਹੀਂ। ਜੇ ਫੜਨਗੇ ਤਾਂ ਫੜ ਕੇ ਪਹਿਲਾਂ ਸਾਡੇ ਕੋਲ ਹੀ ਲੈ ਕੇ ਆਉਣਗੇ, ਇਥੇ ਮੈ ਬੈਠਾਂ।’’
ਗੁਰਮੀਤ ਤੇ ਬਾਬਾ ਉੱਡਦੇ ਹੋਏ ਬੈਂਕ ਮੈਨੇਜਰ ਕੋਲ ਗਏ। ਮੈਨੇਜਰ ਨੇ ਆਪ ਕਾਰ ਕਿਰਾਏ ‘ਤੇ ਕੀਤੀ ਤੇ ਉਨ੍ਹਾਂ ਨਾਲ ਜੜ੍ਹਾਂ ਵਾਲੇ ਨੂੰ ਤੁਰ ਪਿਆ। ਗੁਰਮੀਤ ਨੇ ਕਿਹਾ, ‘‘ਬਾਬਾ ਪਿੰਡ ਲੱਭ ਲਵੇਂਗਾ?’’
‘‘ਭਾਵੇਂ ਮੇਰੀਆਂ ਅੱਖਾਂ ਬੰਨ੍ਹ ਦਿਓ ਤਦ ਵੀ ਲੱਭ ਲੂੰ। ਮੈਂ ਪੂਰੇ ਚਾਲੀ ਸਾਲ ਇਸ ਧਰਤੀ ‘ਤੇ ਗੁਜ਼ਾਰੇ ਨੇ। ਬਾਬੇ ਦੀਆਂ ਐਨਕਾਂ ਹੇਠਾਂ ਤਰਲ ਅੱਖਾਂ ਚਮਕ ਰਹੀਆਂ ਸਨ।
ਭਾਵੇ ਰਸਤੇ ਬਦਲ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਪਿੰਡ ਲੱਭ ਹੀ ਲਿਆ। ਪਹਿਲੇ ਹੀ ਘਰ ਕੋਲ ਕਾਰ ਰੋਕ ਕੇ ਬਾਬੇ ਦੇ ਕਿਸੇ ਪੁਰਾਣੇ ਜਾਣੂ ਦਾ ਨਾਂ ਪੁੱਛਿਆ ਤਾਂ ਘਰ ਦੇ ਕਹਿਣ ਲੱਗੇ, ‘‘ਉਹ ਤਾਂ ਸ਼ੁਦਾਈ ਹੋ ਗਿਆ।’’
ਹੋਰ ਪੰਜਾਂ ਚਹੁੰ ਦੇ ਨਾਂ ਲਏ। ਉਹ ਹੈਗੇ ਸਨ। ਬਾਬਾ ਘਰ ਵੇਖਣ ਲਈ ਕਾਹਲਾ ਸੀ ਪਰ ਦੁਆਲੇ ਆ ਜੁੜੀ ਭੀੜ ਨੇ ਠੰਢੇ ਦੀਆਂ ਬੋਤਲਾਂ ਮੰਗਵਾ ਲਈਆਂ ਸਨ। ਪਿੱਛੋਂ ਉਨ੍ਹਾਂ ਚਾਹ ਵੀ ਧਰ ਦਿੱਤੀ। ਲਾਗਲੇ ਪ੍ਰਾਇਮਰੀ ਸਕੂਲ ਦਾ ਮਾਸਟਰ ਬਾਹਰ ਆ ਗਿਆ। ਉਸ ਬੱਚਿਆਂ ਨੂੰ ਛੁੱਟੀ ਕਰ ਦਿੱਤੀ।
ਬੱਚੇ, ਬੁੱਢੇ, ਨਿਆਣੇ ਇਕ ਜਲੂਸ ਦੀ ਸ਼ਕਲ ਵਿਚ ਪਿੰਡ ਦੀਆਂ ਗਲੀਆਂ ਵਿਚ ਹੋ ਤੁਰੇ। ਪੈਲੀਆਂ ਤੋਂ ਸਿਰ ‘ਤੇ ਪੱਠਿਆਂ ਦੀਆਂ ਪੰਡਾਂ ਚੁੱਕੀ ਆਉਂਦੇ। ਕਈਆਂ ਨੇ ਪੰਡਾਂ ਪਾਸੇ ਰੱਖ ਦਿੱਤੀਆਂ ਤੇ ਨਾਲ ਨਾਲ ਚੱਲ ਪਏ। ਜਿਉਂ ਜਿਉਂ ਪਤਾ ਲੱਗਦਾ ਗਿਆ, ਬਾਬੇ ਦੇ ਪੁਰਾਣੇ ਜਾਣੂ ਵੀ ਸਾਹੋ-ਸਾਹ ਭੱਜੇ ਆਣ ਪਹੁੰਚੇ। ਬੱਚੇ ਤੇ ਜ਼ਨਾਨੀਆਂ ਦਰਵਾਜ਼ਿਆਂ ‘ਚ ਆ ਖੜੋਤੇ।
ਵੰਡ ਤੋਂ ਪਹਿਲਾਂ ਬਾਬੇ ਦਾ ਲੱਕੜ ਦਾ ਕੰਮ ਹੁੰਦਾ ਸੀ। ਜਿਸ ਰਾਹੇ ਉਹ ਜਾ ਰਿਹਾ ਸੀ, ਉਸ ਦਾ ਕਾਰਖ਼ਾਨਾ ਨੇੜੇ ਸੀ। ਲੋਕ ਬਾਬੇ ਨੂੰ ਰੋਕ ਕੇ ਸੁੱਖ-ਸਾਂਦ ਪੁੱਛ ਰਹੇ ਸਨ, ਬਦੋਬਦੀ ਠੰਢਾ ਪਿਆ ਰਹੇ ਸਨ। ਤੁਰੇ ਜਾਂਦੇ ਬੰਦਿਆਂ ਦੀਆਂ ਟਿੱਪਣੀਆਂ ‘ਚੋਂ ਬਾਬੇ ਦਾ ਕਿਰਦਾਰ ਤੇ ਵਿਹਾਰ ਬੋਲਦਾ ਸੀ।
‘‘ਇਹ ਬਾਬਾ ਤਾਂ ਪਿੰਡ ਦਾ ਬੰਨ੍ਹ ਹੁੰਦਾ ਸੀ ਸਾਡੇ ਦਾ।’’
‘‘ਇਹਦਾ ਲਾਣਾ ਤੇ ਕਾਰੋਬਾਰ ਏਨਾ ਵੱਡਾ ਸੀ ਕਿ ਸੇਰ ਤੇਲ ਬਲਦਾ ਸੀ ਇਨ੍ਹਾਂ ਦੇ ਘਰ।’’
‘‘ਕਿਸੇ ਦੇ ਵਿਆਹ ਹੋਵੇ ਜਾਂ ਮਰਗ; ਇਹਨੇ ਕਦੀ ਬਾਲਣ ਦਾ ਪੈਸਾ ਨਹੀਂ ਸੀ ਲਿਆ।’’
ਬਾਬੇ ਦਾ ਇਕ ਹਾਣੀ ਅੱਗੋਂ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ, ‘‘ਕਰਮ ਸਿਅ੍ਹਾਂ! ਭਾਵੇਂ ਮੇਰੇ ਘਰ ਨੂੰ ਹੱਥ ਹੀ ਲਾ ਕੇ ਮੁੜ ਆਵੀਂ ਪਰ ਮੇਰੇ ਘਰ ਜ਼ਰੂਰ ਆ।’’
ਭੀੜ ਨੂੰ ਚੀਰਦੀ ਇਕ ਜ਼ਨਾਨੀ ਅੱਗੇ ਆਈ। ਉਸਨੇ ਚਿਹਰੇ ਉਤੇ ਘੁੰਡ ਵਾਂਗ ਕੱਪੜਾ ਕਰ ਲਿਆ ਤੇ ਬਾਬੇ ਦੇ ਪੈਰੀਂ ਹੱਥ ਲਾਇਆ। ਗੁਰਮੀਤ ਨੇ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ‘‘ਸਾਡਾ ਤਾਂ ਇਹ ਅੰਨਦਾਤਾ ਹੈ।’’
ਵੰਡ ਤੋਂ ਪਹਿਲਾਂ ਉਸ ਔਰਤ ਦਾ ਘਰ ਵਾਲਾ ਬਾਬੇ ਦਾ ਸ਼ਾਗਿਰਦ ਬਣ ਕੇ ਉਸ ਤੋਂ ਤਰਖਾਣਾ ਕੰਮ ਸਿੱਖਦਾ ਰਿਹਾ ਸੀ।
‘‘ਬੀਬੀ ਕੀ ਨਾਂ ਸੀ ਤੇਰੇ ਘਰ ਵਾਲੇ ਦਾ?’’
‘‘ਅਤਾ ਮੁਹੰਮਦ।’’
ਬਾਬੇ ਨੇ ਹੱਥਲੀ ਡਾਂਗ ਮੋਢੇ ਨਾਲ ਲਾਈ। ਦੋਹਾਂ ਹੱਥਾਂ ਨਾਲ ਐਨਕਾਂ ਦਾ ਫਰੇਮ ਠੀਕ ਕੀਤਾ ਤੇ ਲਿਸ਼ਕਦੀਆਂ ਅੱਖਾਂ ਨਾਲ ਕਿਹਾ, ‘‘ਕਿਥੇ ਐ ਉਹ…ਮੇਰਾ ਪੁੱਤ…ਉਹਨੂੰ ਮਿਲਾ…।’’
ਪਰ ਅਤਾ ਮੁਹੰਮਦ ਤਾਂ ਲਾਇਲਪੁਰ ਕੰਮ ‘ਤੇ ਗਿਆ ਹੋਇਆ ਸੀ। ਉਸ ਨੇ ਰਾਤ ਨੂੰ ਪਰਤਣਾ ਸੀ।
‘‘ਤੂੰ ਉਹਨੂੰ ਆਖੀਂ ਸਵੇਰੇ ਮੈਨੂੰ ਨਨਕਾਣੇ ਆ ਕੇ ਮਿਲੇ। ਹੱਥ ‘ਚ ਸੋਟੇ ਵਾਲਾ ਤੇ ਐਨਕਾਂ ਵਾਲਾ ਬੰਦਾ ਮੈਂ ਹੀ ਹੋਉਂ।’’
ਕਾਰਖ਼ਾਨੇ ਜਾ ਕੇ ਬਾਬਾ ਹਸਰਤ ਭਰੀਆਂ ਅੱਖਾਂ ਨਾਲ ਛੱਤ ‘ਤੇ ਆਪਣੀ ਹੱਥੀਂ ਪਾਏ ਗਾਡਰਾਂ ਵੱਲ ਵੇਖਣ ਲੱਗਾ। ਆਪਣੇ ਹਥੌੜੇ ਨੂੰ ਪਛਾਣ ਲਿਆ। ਘਣ ਉਹੋ ਸੀ। ਬੱਚਿਆਂ ਵਾਂਗ ਉਹਨੂੰ ਕੁੱਛੜ ਚੁੱਕ ਲਿਆ। ਆਖੇ, ‘‘ਗੁਰਮੀਤ ਸਿਅ੍ਹਾਂ, ਇਹਨੂੰ ਨਾਲ ਲੈ ਚੱਲੀਏ।’’
ਘਰ ਗਿਆ ਤਾਂ ਵਿਹੜੇ ਵਿਚਲੇ ਪਿੱਪਲ ਨੂੰ ਜਾ ਕੇ ਜੱਫੀ ਪਾ ਲਈ। ਆਖੀ ਜਾਵੇ ‘‘ਗੁਰਮੀਤ ਸਿਅ੍ਹਾਂ! ਤੂੰ ਹੁਣ ਮੈਨੂੰ ਏਥੇ ਹੀ ਰਹਿਣ ਦੇ।’’
ਪਰ ਜਾਣਾ ਤਾਂ ਪੈਣਾ ਹੀ ਸੀ। ਸਾਰਾ ਪਿੰਡ ਬਾਹਰ ਤਕ ਵਿਦਾ ਕਰਨ ਆਇਆ।
ਰਾਤੀਂ ਅਤਾ ਮੁਹੰਮਦ ਘਰ ਪੁੱਜਾ ਤਾਂ ਘਰਵਾਲੀ ਨੇ ਬਾਬੇ ਕਰਮ ਸਿੰਘ ਬਾਰੇ ਦੱਸਿਆ। ਉਹ ਰਾਤੀਂ ਹੀ ਘਰੋਂ ਤੁਰ ਪਿਆ। ਕਿਸੇ ਟਰੱਕ ‘ਤੇ ਸਵਾਰ ਹੋ ਕੇ ਸਵੇਰੇ ਤੜ੍ਹਕੇ ਹੀ ਨਨਕਾਣੇ ਪੁੱਜ ਗਿਆ ਤੇ ਬਾਬੇ ਕਰਮ ਸਿੰਘ ਨੂੰ ਲੱਭਣ ਲੱਗਾ।
ਦਿਨੇ ਨੌਂ ਕੁ ਵਜੇ ਜਦੋਂ ਬਾਬਾ ਕਰਮ ਸਿੰਘ ਤੇ ਗੁਰਮੀਤ ਸਿੰਘ ਢੱਡਾ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਅਤਾ ਮੁਹੰਮਦ ਨੇ ਬਾਬੇ ਨੂੰ ਦੂਰੋਂ ਪਛਾਣ ਲਿਆ ਤੇ ਬੱਚਿਆਂ ਵਾਂਗ ਭੱਜ ਕੇ ਉਹਦੇ ਗਲ ਨੂੰ ਚੰਬੜ ਗਿਆ। ਪੁਲੀਸ ਵਾਲਿਆਂ ਨੂੰ ਉਹਦੀ ਇਹ ਹਮਲਾਵਰ ਤੇਜ਼ੀ ਖ਼ਤਰਨਾਕ ਲੱਗੀ ਤੇ ਉਨ੍ਹਾਂ ਨੇ ਉਸ ਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਬਾਬੇ ਦੇ ਗਲ ਦੁਆਲਿਓਂ ਉਹਦੀਆਂ ਬਾਹਵਾਂ ਦੀ ਕਰਿੰਘੜੀ ਲਾਹੁਣ ਲੱਗੇ। ਉਹ ਗਲਵੱਕੜੀ ਦੀ ਕੱਸ ਪੱਕੀ ਕਰ ਗਿਆ ਤੇ ਡੰਡੇ ਖਾਈ ਗਿਆ।
ਆਖੀ ਜਾਵੇ, ‘‘ਇੰਜ ਮੈਨੂੰ ਮੇਰੇ ਪਿਓ ਨੂੰ ਮਿਲਣੋਂ ਰੋਕ ਲਵੋਗੇ! ਲਾ ਲੋ ਜ਼ੋਰ।’’
ਗੁਰਮੀਤ ਸਿੰਘ ਨੇ ਕੋਲ ਖੜੋਤੇ ਪੁਲੀਸ ਅਫ਼ਸਰਾਂ ਨੂੰ ਭੱਜ ਕੇ ਦੱਸਿਆ। ਪੁਲਸੀਏ ਪਿੱਛੇ ਹਟੇ ਤਾਂ ਹੀ ਉਹਨੇ ਬਾਬੇ ਦੇ ਮੋਢੇ ਨਾਲੋਂ ਆਪਣਾ ਸਿਰ ਪਿੱਛੇ ਕੀਤਾ। ਉਹਦੇ ਅੱਥਰੂਆਂ ਨਾਲ ਬਾਬੇ ਦਾ ਮੋਢਾ ਭਿੱਜ ਚੁੱਕਾ ਸੀ।

ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿਚ ਉਸ ਦਾ ਬਚਪਨ ਤੇ ਜੁਆਨੀ ਦੇ ਮੁਢਲੇ ਸਾਲ ਬੀਤੇ ਸਨ। ਸ਼ੇਖ਼ੂਪੁਰੇ ਦੀ ਨਿਰਾਸ਼ਾ ਧੋ ਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜ੍ਹਾ ਸੀ। ਲਾਇਲਪੁਰ ਜਾਣ ਲਈ। ਆਪਣੀ ਜਨਮ ਭੋਂ ਵੇਖਣ ਲਈ। ਗੁਆਚੀ ਹੋਈ ਉਤੇਜਨਾ ਉਸ ਵਿਚ ਫਿਰ ਪਰਤ ਆਈ ਸੀ।
‘‘ਚਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ’’, ਉਹ ਪੁਰਾਣੇ ਚੇਤਿਆਂ ‘ਚੋਂ ਬੋਲਿਆ, ‘‘ਤਿੰਨ ਘੰਟੇ ਲੱਗਦੇ ਸਨ ਉਸ ਬੱਸ ਵਿਚ ਲਾਇਲਪੁਰ ਤੋਂ ਲਾਹੌਰ ਜਾਣ ਦੇ।’’
ਉਹ ਆਪਣੇ ਰਓਂ ਵਿਚ ਬੋਲੀ ਜਾ ਰਿਹਾ ਸੀ। ਸਾਹਮਣੇ ਸੜਕ ਕਿਨਾਰੇ ਇਕ ਕਾਰ ਖੜੋਤੀ ਸੀ ਤੇ ਇਕ ਸਰਦਾਰ ਉਸ ਦੀ ਬਾਰੀ ਨੂੰ ਹੱਥ ਪਾ ਕੇ ਖਲੋਤਾ ਸੀ। ਸਤਿਨਾਮ ਮਾਣਕ ਨੇ ਕਿਹਾ, ‘‘ਔਹ ਜਗਤਾਰ ਨਹੀਂ ਖਲੋਤਾ?’’
ਜਗਤਾਰ ਹੀ ਸੀ। ਪਰੇ ਖੇਤਾਂ ਵਲੋਂ ਗੁਰਭਜਨ ਗਿੱਲ ਖਲੋਤੀ ਕਾਰ ਵੱਲ ਤੁਰਿਆ ਜਾ ਰਿਹਾ ਸੀ। ‘ਤਾਂ ਜਗਤਾਰ ਨੇ ਨਨਕਾਣੇ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ!’ ਅਸੀਂ ਇਕ ਦੂਜੇ ਨੂੰ ਹੱਥ ਹਿਲਾਏ ਤੇ ਸਾਡੀ ਕਾਰ ਅੱਗੇ ਨਿਕਲ ਗਈ।
‘ਫੀਰੋਜ਼ ਬੱਟੂਆਂ’ ਤੋਂ ਮੋੜ ਮੁੜੇ ਤਾਂ ਮੀਲ ਪੱਥਰ ‘ਤੇ ਨਨਕਾਣਾ ਸਾਹਿਬ ਦਾ ਵੀਹ ਕਿਲੋਮੀਟਰ ਫ਼ਾਸਲਾ ਲਿਖਿਆ ਨਜ਼ਰ ਆਇਆ। ਅਸੀਂ ਨਨਕਾਣੇ ਦੇ ਰਾਹ ਤੁਰੇ ਜਾ ਰਹੇ ਸਾਂ। ਪਾਕਿਸਤਾਨ ਬਣਨ ਪਿਛੋਂ ਕਿਸੇ ਗਾਇਕ ਦਾ ਵੈਰਾਗ਼ ਵਿਚ ਗਾਇਆ ਗੀਤ ਮੇਰੇ ਜ਼ਿਹਨ ਵਿਚ ਗੂੰਜਿਆ :
‘‘ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ ਵੇ,
ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਵੀਂ ਜਾ,
ਸੰਦੇਸ਼ਾ ਦੇਵੀਂ ਜਾ ਮੇਰੀਆਂ ਹਾਵਾਂ ਦੇਵੀਂ ਜਾ,
ਤੂੰ ਸੰਦੇਸ਼ਾ ਦੇਵੀਂ ਜਾ….’’
ਸਿੱਖਾਂ ਦੀ ਅਰਦਾਸ ਵਿਚ ਦਰਜ ‘ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ’ ਇਸ ਕਾਨਫ਼ਰੰਸ ਨੇ ਬਖ਼ਸ਼ ਦਿੱਤੇ ਸਨ।
ਤਰਨ ਤਾਰਨ ਦੀ ਮੱਸਿਆ ਵਿਚ ‘ਸੈਂਟਰ ਮਾਝਾ ਦੀਵਾਨ’ ਸਥਾਨ ‘ਤੇ ਸਾਡੇ ਪਿੰਡ ਦਾ ਅਕਾਲੀ ਮਹਿਲ ਸਿੰਘ ਰੋਣ-ਹਾਕੀ ਆਵਾਜ਼ ਵਿਚ ਸਟੇਜ ਤੋਂ ਬੋਲ ਰਿਹਾ ਸੀ ਤੇ ਮੈਂ ਪੰਜ ਛੇ ਸਾਲਾਂ ਦਾ ਬਾਲ ਆਪਣੇ ਦਾਦੇ ਕੋਲ ਦੀਵਾਨ ਵਿਚ ਬੈਠਾ ਉਸ ਨੂੰ ਸੁਣ ਰਿਹਾ ਸਾਂ।
‘‘ਪਾਕਿਸਤਾਨ ਬਣਨ ਨਾਲ ਹਿੰਦੂਆਂ ਦਾ ਕੁਝ ਨਾ ਗਿਆ, ਉਨ੍ਹਾਂ ਦੀ ਕਾਸ਼ੀ ਉਨ੍ਹਾਂ ਕੋਲ ਰਹਿ ਗਈ। ਮੁਸਲਮਾਨਾਂ ਦਾ ਕੁਝ ਨਾ ਗਿਆ, ਉਨ੍ਹਾਂ ਦਾ ਮੱਕਾ ਉਨ੍ਹਾਂ ਕੋਲ ਹੀ ਰਿਹਾ। ਪਰ ਖ਼ਾਲਸਾ ਜੀ! ਸਾਡਾ ਪ੍ਰਾਣਾਂ ਨਾਲੋਂ ਪਿਆਰਾ ਸਾਡਾ ਨਨਕਾਣਾ ਸਾਥੋਂ ਖੁੱਸ ਗਿਆ।’’
ਉਹਦੇ ਬੋਲਾਂ ਦਾ ਡੂੰਘਾ ਦਰਦ ਤੇ ਵਿਗੋਚਾ ਮੈਨੂੰ ਅਜੇ ਤਕ ਨਹੀਂ ਭੁੱਲਿਆ।
ਅਸੀਂ ਨਨਕਾਣੇ ਦੀ ਜੂਹ ਵਿਚ ਪੁੱਜ ਗਏ। ਇਨ੍ਹਾਂ ਖੇਤਾਂ ਵਿਚ, ਇਨ੍ਹਾਂ ਜੂਹਾਂ ਵਿਚ ਬਾਬਾ ਨਾਨਕ ਘੰੁਮਦਾ ਰਿਹਾ ਹੋਵੇਗਾ। ਇਹੋ ਹੀ ਮਿੱਟੀ ਸੀ ਜਿਸ ‘ਤੇ ਉਸ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ। ਇਨ੍ਹਾਂ ਖੇਤਾਂ ਦੀ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਜਦੋਂ ਮਹਿਤਾ ਕਾਲੂ ਦੀਵੇ ਦੀ ਲੋਅ ਵਿਚ ਲਾ ਰਿਹਾ ਹੋਵੇਗਾ ਤੇ ਪਿੱਤਲ ਦੀ ਕਾਲੀ ਸਿਆਹੀ ਵਾਲੀ ਦਵਾਤ ‘ਚੋਂ ਰਜਿਸਟਰ ‘ਤੇ ਲਿਖਣ ਲਈ ਡੋਬਾ ਲੈਣ ਵਾਸਤੇ ਜਦੋਂ ਉਹ ਕਲਮ ਦੀ ਨੋਕ ਭਿਉਂ ਰਿਹਾ ਹੋਵੇਗਾ ਤਾਂ ਬਾਲ ਨਾਨਕ ਉਸ ਦੇ ਨੇੜੇ ਹੀ ਬੈਠਾ ਪਿਤਾ ਵਲੋਂ ਚਿੱਟੇ ਕਾਗਜ਼ ‘ਤੇ ਲਿਖੇ ਜਾਂਦੇ ਕਾਲੇ ਅੱਖਰਾਂ ਵੱਲ ਉਤਸੁਕਤਾ ਨਾਲ ਨੀਝ ਲਾ ਕੇ ਵੇਖਦਾ ਹੋਵੇਗਾ ਤੇ ਉਸ ਦਾ ਵੀ ਦਿਲ ਪਹਿਲੀ ਵਾਰ ਕੀਤਾ ਹੋਵੇਗਾ ਕੁਝ ਲਿਖਣ ਲਈ। ਇਹ ਉਹੋ ਹੀ ਪਲ ਸੀ ਸ਼ਾਇਦ, ਜਿਸ ਨੇ ਆਉਣ ਵਾਲੇ ਸਮੇਂ ਦੇ ਮਹਾਨ ਯੁਗ ਕਵੀ ਕੋਲੋਂ ਮਹਾਨ ਕਵਿਤਾ ਲਿਖਣ ਲਈ ਉਹਦੀ ਚੇਤਨਾ ਵਿਚ ਲੇਖਕ ਹੋਣ ਦਾ ਪਹਿਲਾ ਬੀਜ ਸੁੱਟ ਦਿੱਤਾ ਹੋਵੇਗਾ।
ਇਨ੍ਹਾਂ ਗਲੀਆਂ ‘ਚੋਂ ਠੁਮਕ ਠੁਮਕ ਤੁਰਦਾ ਬਾਲ ਨਾਨਕ ਆਪਣੇ ਯਾਰ ਮਰਦਾਨੇ ਦੇ ਘਰ ਜਾਂਦਾ ਹੋਵੇਗਾ। ਦੋਵੇਂ ਮਿੱਤਰ ਰਲ ਕੇ ਬਾਲੇ ਦੇ ਖੂਹ ‘ਤੇ ਜਾਂਦੇ ਹੋਣਗੇ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਹੋਣਗੇ। ਉਨ੍ਹਾਂ ਦੀਆਂ ਨਜ਼ਰਾਂ ਨੇ ਇਸ ਆਲੇ ਦੁਆਲੇ ਨੂੰ ਆਪਣੀਆਂ ਨਜ਼ਰਾਂ ਨਾਲ ਨਿਹਾਰਿਆ ਹੋਵੇਗਾ। ਮੈਂ ਉਨ੍ਹਾਂ ਨਜ਼ਰਾਂ ਨਾਲ ਨਜ਼ਰਾਂ ਮਿਲਾਉਣਾ ਚਾਹ ਰਿਹਾ ਸਾਂ।
ਹੁਣ ਮੇਰੀਆਂ ਨਜ਼ਰਾਂ ਸਾਹਮਣੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਮਾਰਤ ਸੀ। ਰਘਬੀਰ ਸਿੰਘ ਤੇ ਸਰਵਣ ਸਿੰਘ ਹੁਰਾਂ ਦਾ ਟੋਲਾ ਸਾਡੇ ਤੋਂ ਪਹਿਲਾਂ ਗੁਰਦੁਆਰੇ ਪਹੰੁਚ ਚੁੱਕਾ ਸੀ। ਸਾਡੇ ਨਾਲ ਹੀ ਜਗਤਾਰ ਤੇ ਗੁਰਭਜਨ ਗਿੱਲ ਹੁਰੀਂ ਆਣ ਅੱਪੜੇ।
‘‘ਮੈਨੂੰ ਗੁਰਭਜਨ ਕਹਿੰਦਾ ਕਿ ਅਸਾਂ ਜ਼ਰੂਰ ਜਾਣੈ‥ਮੈਂ ਕਿਹਾ ਚੱਲੋ! ਚੱਲ ਫਿਰਨੇ ਆਂ। ਆਪਣੇ ਯਾਰ ਦੀ ਕਾਰ ਮੰਗਵਾ ਲਈ।’’ ਜਗਤਾਰ ਨੇ ਗੁਰਦੁਆਰੇ ਅੰਦਰ ਤੁਰਦਿਆਂ ਦੱਸਿਆ।
ਸਾਹਮਣੇ ਘਾਹ ਦੇ ਹਰੇ ਲਾਅਨ, ਉਸ ਤੋਂ ਅੱਗੇ ਮੁੱਖ ਗੁਰਦੁਆਰਾ, ਸੱਜੇ ਹੱਥ ਸਰੋਵਰ ਤੇ ਲੰਗਰ ਅਸਥਾਨ, ਖੱਬੇ ਹੱਥ ਪ੍ਰਵਾਸੀ ਸਿੱਖਾਂ ਦੀ ਸਹਾਇਤਾ ਨਾਲ ਬਣਿਆ ਖ਼ੂਬਸੂਰਤ ਰਿਹਾਇਸ਼ੀ ਕੰਪਲੈਕਸ। ਮੱਥਾ ਟੇਕ ਕੇ ਪੇ੍ਰਮ ਸਿੰਘ ਗੁਰੂ ਗਰੰਥ ਸਾਹਿਬ ਦਾ ਵਾਕ ਲੈਣ ਲਈ ਬੈਠ ਗਿਆ। ਉਸ ਦੀ ਹਦਾਇਤ ‘ਤੇ ਵਾਕ ਲੈਂਦੇ ਦੀ ਤਸਵੀਰ ਰਾਇ ਅਜ਼ੀਜ਼ ਉੱਲ੍ਹਾ ਨੇ ਖਿੱਚ ਲਈ। ਫਿਰ ਰਾਇ ਸਾਹਿਬ ਨੇ ਮੈਨੂੰ ਵੀ ਗੁਰੂ ਗਰੰਥ ਸਾਹਿਬ ਸਾਹਮਣੇ ਬਿਠਾ ਕੇ ਪ੍ਰੇਮ ਸਿੰਘ ਵਾਂਗ ਤਸਵੀਰ ਖਿੱਚੀ।
ਬਾਹਰ ਨਿਕਲ ਕੇ ਉਸ ਜੰਡ ਨੂੰ ਦੇਖਿਆ ਜਿਥੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਲਛਮਣ ਸਿੰਘ ਧਾਰੋਵਾਲੀ ਨੂੰ ਬੰਨ੍ਹ ਕੇ ਸਾੜ ਦਿੱਤਾ ਸੀ। ਪੂਰਾ ਇਤਿਹਾਸ ਅੱਖਾਂ ਅੱਗੋਂ ਗੁਜ਼ਰ ਗਿਆ। ਸੰਗਮਰਮਰੀ ਪਰਿਕਰਮਾ ਦੀ ਸਫ਼ਾਈ ਹੋ ਰਹੀ ਸੀ। ਅਸੀਂ ਲੰਗਰ ਹਾਲ ਵਿਚ ਗਏ। ਉਥੇ ਕੁਝ ਸਿੰਧੀ ਸਿੱਖ ਤੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੇ ਸਨ। ਅਸੀਂ ਰਲਾ ਮਿਲਾ ਕੇ ਵੀਹ ਪੰਝੀ ਜਣੇ ਹੋ ਗਏ ਸਾਂ। ਅਸੀਂ ਆਪ ਹੀ ਆਪਣੀ ਸੇਵਾ ਸਾਂਭ ਲਈ। ਭਿੰਡੀਆਂ ਤੇ ਆਲੂਆਂ ਦੀ ਤਰੀ ਵਾਲੀ ਸਬਜ਼ੀ ਸੀ। ਹੁਣ ਤਕ ਭੁੱਖ ਚਮਕ ਚੁੱਕੀ ਸੀ।
ਇਧਰੋਂ ਵਿਹਲੇ ਹੋਏ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਛੇਤੀ ਕਰੋ! ਚਲੋ ਚਲੀਏ। ਅਜੇ ਲਾਇਲਪੁਰ ਵੀ ਪਹੁੰਚਣਾ ਏਂ।’’
ਜਦੋਂ ਕਿਤੇ ਬਹੁਤ ਪਹਿਲਾਂ ਉਹ ਪਾਕਿਸਤਾਨ ਆਇਆ ਸੀ ਤਾਂ ਉਦੋਂ ਨਨਕਾਣਾ ਵੇਖ ਚੁੱਕਾ ਸੀ। ਉਹਦੀ ਦਿਲਚਸਪੀ ਛੇਤੀ ਤੋਂ ਛੇਤੀ ਲਾਇਲਪੁਰ ਪੁੱਜਣ ਵਿਚ ਸੀ ਜਦ ਕਿ ਮੇਰੀ ਇੱਛਾ ਨਨਕਾਣੇ ਨੂੰ ਰੱਜ ਕੇ, ਜੀਅ ਭਰ ਕੇ ਵੇਖਣ ਦੀ ਸੀ।
ਪ੍ਰੇਮ ਸਿੰਘ ਕਾਹਲੀ ਕਾਹਲੀ ਸਾਥੋਂ ਅੱਗੇ ਤੁਰ ਰਿਹਾ ਸੀ। ਮੈਂ ਸਤਿਨਾਮ ਮਾਣਕ ਨੂੰ ਹੌਲੀ ਜਿਹੀ ਕਿਹਾ, ‘‘ਮੈਂ ਦੂਜੇ ਗੁਰਦੁਆਰੇ ਵੀ ਜ਼ਰੂਰ ਵੇਖਣੇ ਨੇ।’’
‘‘ਜ਼ਰੂਰ ਵੇਖੋ ਜੀ! ਹੁਣ ਤਾਂ ਆਏ ਹੋਏ ਆਂ। ਫਿਰ ਕੀ ਪਤਾ ਕਦੋਂ ਮੌਕਾ ਬਣੇ…‥।’’ ਰਾਇ ਸਾਹਿਬ ਨੇ ਗੱਲ ਅੱਧ ਵਿਚਾਲੇ ਛੱਡ ਦਿੱਤੀ। ਅਸੀਂ ਪ੍ਰੇਮ ਸਿੰਘ ਦੀਆਂ ਕਾਹਲੀਆਂ ‘ਤੇ ਮੁਸਕਰਾ ਪਏ। ਪ੍ਰੇਮ ਸਿੰਘ ਆਪਣੀ ਥਾਂ ਠੀਕ ਸੀ। ਅਗਲੇ ਦਿਨ ਲਾਹੌਰ ਦੇ ਇੱਛਰਾਂ ਬਾਜ਼ਾਰ ਵਿਚ ਇਕ ਬਜ਼ੁਰਗ ਮੁਸਲਮਾਨ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ, ‘‘ਸਰਦਾਰ ਜੀ, ਕੋਈ ਤਰਕੀਬ ਦੱਸੋ ਜਿਸ ਨਾਲ ਮੇਰਾ ਪੰਜਾਬ ਦਾ ਵੀਜ਼ਾ ਲੱਗ ਜਾਵੇ। ਮੈਂ ਅੰਬਰਸਰ ਜ਼ਿਲ੍ਹੇ ‘ਚ ਆਪਣਾ ਪਿੰਡ ਵੇਖਣਾ ਚਾਹੰੁਦਾ।’’
ਮੈਂ ਉਸ ਨੂੰ ਕੀ ਤਰਕੀਬ ਦੱਸ ਸਕਦਾ ਸਾਂ! ਐਵੇਂ ਕਹਿਣ ਦੀ ਖ਼ਾਤਰ ਕਿਹਾ ਕਿ ਜਾਂ ਸਾਡੇ ਵਾਂਗ ਕਿਸੇ ਕਾਨਫ਼ਰੰਸ ‘ਤੇ ਅਤੇ ਜਾਂ ਕਿਸੇ ਇਬਾਦਤਗਾਹ ਦੀ ਜ਼ਿਆਰਤ ਲਈ ਜਾਣ ਵਾਲੇ ਕਿਸੇ ਗਰੁੱਪ ਵਿਚ ਉਹ ਕੋਸ਼ਿਸ਼ ਕਰ ਵੇਖੇ।
‘‘ਓ ਜੀ! ਇਹ ਕੋਸ਼ਿਸ਼ ਤਾਂ ਕਰ ਵੇਖੀ ਏ। ਉਹ ਕਹਿੰਦੇ ਨੇ ਅਜਮੇਰ ਸ਼ਰੀਫ਼ ਦੀ ਜ਼ਿਆਰਤ ਲਈ ਮੇਰਾ ਵੀਜ਼ਾ ਲੱਗ ਸਕਦਾ ਹੈ ਪਰ ਸਰਦਾਰ ਜੀ ਮੇਰਾ ‘ਅਜਮੇਰ ਸ਼ਰੀਫ਼’ ਤਾਂ ਮੇਰਾ ਪਿੰਡ ਹੈ। ਤੇ ਓਥੇ ਉਹ ਜਾਣ ਨਹੀਂ ਦਿੰਦੇ।’’
ਪ੍ਰੇਮ ਸਿੰਘ ਦੀ ਲਾਇਲਪੁਰ ਵਾਸਤੇ ਇਹ ਤਾਂਘ ਮੈਨੂੰ ਵਾਜਬ ਲੱਗਦੀ ਸੀ ਪਰ ਇਸ ਤਾਂਘ ਤੋਂ ਮੈਂ ਨਨਕਾਣੇ ਨੂੰ ਵੇਖਣ ਦੀ ਤਾਂਘ ਕੁਰਬਾਨ ਨਹੀਂ ਸਾਂ ਕਰ ਸਕਦਾ। ਉਸ ਦੇ ਭੱਜੋ ਨੱਸੀ ਕਰਦਿਆਂ ਮੈਂ ਮਾਣਕ ਨੂੰ ਨਾਲ ਲੈ ਕੇ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਵੱਲ ਝਾਤੀ ਮਾਰਨ ਤੁਰ ਪਿਆ। ਵਾਪਸ ਪਰਤੇ ਤਾਂ ‘ਔਕਾਫ਼’ ਦੇ ਕੁਝ ਕਰਮਚਾਰੀ ਖਲੋਤੇ ਸਨ। ਇਕ ਦਰਮਿਆਨੇ ਕੱਦ ਤੇ ਸੋਹਣੀ ਦਿਖ ਵਾਲਾ ਨੌਜੁਆਨ ਪੁੱਛਣ ਲੱਗਾ, ‘‘ਸਰਦਾਰ ਜੀ! ਸਾਂਭ-ਸੰਭਾਲ ਦੇ ਨੁਕਤਾ ਨਜ਼ਰ ਤੋਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋਵੋ ਤਾਂ ਸਾਨੂੰ ਜ਼ਰੂਰ ਦੱਸੋ।’’
ਹਰੇ ਲਾਅਨ, ਸਾਫ਼ ਮਰਮਰੀ ਫ਼ਰਸ਼, ਗੁਰਦੁਆਰੇ ਦੀ ਕਲੀ ਕੀਤੀ ਇਮਾਰਤ। ਸਾਦਗੀ, ਸਫ਼ਾਈ ਤੇ ਸ਼ਾਂਤੀ ਦਾ ਪ੍ਰਭਾਵ। ਸਾਨੂੰ ਲੱਗਾ ਗੁਰਦੁਆਰੇ ਦੀ ਸਾਂਭ-ਸੰਭਾਲ ਠੀਕ ਹੀ ਤਾਂ ਹੋ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਹੋਰ ਬਿਹਤਰੀ ਲਈ ਕੋਈ ਤੁਰੰਤ ਸੁਝਾਓ ਵੀ ਨਹੀਂ ਸੀ। ਅਸੀਂ ਉਸ ਆਦਮੀ ਨੂੰ ਕਿਹਾ, ‘‘ਬਹੁਤ ਅੱਛੀ ਸੰਭਾਲ ਹੋ ਰਹੀ ਹੈ। ਹੋਰ ਕੋਸ਼ਿਸ਼ ਕਰੋ।’’
‘‘ਹੋਰ ਦੱਸੋ, ਜੋ ਕਹਿੰਦੇ ਹੋ’’ ਉਸ ਨੇ ਕਿਹਾ। ਅਸੀਂ ਉਸ ਦਾ ਨਾਂ ਅਤੇ ਜ਼ਿੰਮੇਵਾਰੀ ਵਾਲਾ ਅਹੁਦਾ ਪੁੱਛਿਆ, ‘ਮੈਂ ਤਾਂ ਜੀ ਸੇਵਾਦਾਰ ਤਾਂ ਇਥੋਂ ਦਾ। ਮੇਰਾ ਨਾਂ ਫ਼ਰਹਤ ਅਜ਼ੀਜ਼ ਏ, ਡਿਪਟੀ ਐਡਮਨਿਸਟਰੇਟਰ ਹਾਂ ਪਰ ਤੁਹਾਡਾ ਸੇਵਾਦਾਰ ਹਾਂ।’’
ਉਸ ਦੀ ਇਹ ਨਿਮਰਤਾ ਤੇ ਸੇਵਾ ਭਾਵ ਚੰਗਾ ਲੱਗਾ। ਮਨ ਵਿਚ ਇਹ ਵੀ ਆਈ ਕਿ ਸਾਡੇ ਲੀਡਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਅਕਸਰ ਪਾਕਿਸਤਾਨ ਸਰਕਾਰ ਵਿਰੁੱਧ ਦੂਸ਼ਣਬਾਜ਼ੀ ਕਰਦੇ ਰਹਿੰਦੇ ਹਨ। ਅਸੀਂ ਤਾਂ ਗੁਰਦੁਆਰੇ ਡੇਰਾ ਸਾਹਿਬ ਤੇ ਨਨਕਾਣਾ ਸਾਹਿਬ ਦੋ ਹੀ ਗੁਰਦੁਆਰੇ ਵੇਖੇ ਸਨ ਤੇ ਦੋਹਾਂ ਦੇ ਪ੍ਰਬੰਧ ਵਿਚ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਇਹ ਅਸਲੋਂ ਹੀ ਅਣਗੌਲੇ ਪਏ ਹਨ। ਇਹ ਦਰੁਸਤ ਵੀ ਹੋ ਸਕਦਾ ਹੈ ਕਿ ਕੁਝ ਉਹ ਗੁਰਦੁਆਰੇ, ਜਿਥੇ ਯਾਤਰੂਆਂ ਦਾ ਆਮ ਜਾਣ ਆਉਣ ਨਹੀਂ, ਉਚਿਤ ਸਾਂਭ-ਸੰਭਾਲ ਤੋਂ ਵਾਂਝੇ ਵੀ ਹੋਣਗੇ ਪਰ ਅਸੀਂ ਇਧਰ ਕਿਹੜਾ ਸਾਰੀਆਂ ਮਸਜਿਦਾਂ ਬੜਾ ਸਾਂਭ-ਸੰਭਾਲ ਕੇ ਰੱਖੀਆਂ ਨੇ। ਇਸ ਦਾ ਭਾਵ ਇਹ ਵੀ ਨਹੀਂ ਕਿ ਇਨ੍ਹਾਂ ਦੂਜੇ ਗੁਰਦੁਆਰਿਆਂ ਦਾ ਧਿਆਨ ਨਹੀਂ ਕੀਤਾ ਜਾਣਾ ਚਾਹੀਦਾ। ਚਾਹੀਦਾ ਹੈ ; ਪਰ ਜਿਵੇਂ ਸੁਣਨ ਵਿਚ ਆਇਆ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਗੁਰਪੁਰਬਾਂ ‘ਤੇ ਜਥੇ ਨਾਲ ਜਾਣ ਸਮੇਂ ਇੱਕਠਾ ਹੋਇਆ ਸਾਰਾ ਚੜ੍ਹਾਵਾ ਤਾਂ ਪੰਡ ਬੰਨ੍ਹ ਕੇ ਨਾਲ ਲੈ ਆਉਂਦੀ ਰਹੀ ਹੈ। ਅਜਿਹੀ ਸੂਰਤ ਵਿਚ ਤਾਅਨੇ-ਮਿਹਣੇ ਬਹੁਤਾ ਅਰਥ ਨਹੀਂ ਰੱਖਦੇ। ਗੁਰਦੁਆਰਿਆਂ ਨਾਲ ਉਧਰ ਜੁੜੀਆਂ ਜਾਇਦਾਦਾਂ ਦੀ ਕਮਾਈ ਠੀਕ ਢੰਗ ਨਾਲ ਗੁਰਦੁਆਰਿਆਂ ‘ਤੇ ਨਾ ਲੱਗਣ ਦਾ ਇਤਰਾਜ਼ ਵੀ ਹੋ ਸਕਦਾ ਹੈ ਪਰ ਅਜਿਹੇ ਇਤਰਾਜ਼ ਕਿਥੇ ਨਹੀਂ ਹੁੰਦੇ!
ਇਹ ਗੱਲਾਂ ਕਰਦੇ ਹੋਏ ਮੈਂ ਸ਼੍ਰੋਮਣੀ ਕਮੇਟੀ ਦੀ ਉਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲੈਣ ਦੀ ਮੰਗ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਪਰ ਕਿਸੇ ਬਿਗਾਨੇ ਮੁਲਕ ਦੀ ਧਰਤੀ ‘ਤੇ ਆਪਣਾ ਮਨ ਚਾਹਿਆ ਕਾਨੂੰਨ ਲਾਗੂ ਕਰਵਾ ਸਕਣਾ ਸਾਡੇ ਕਿੰਨੇ ਕੁ ਵੱਸ ਹੈ! ਸਾਡਾ ਇਸ ਉਤੇ ਕਿੰਨਾ ਕੁ ਹੱਕ ਹੈ ਤੇ ਕੀ ਅਸੀਂ ਆਪਣੇ ਮੁਲਕ ਵਿਚ ਅਜਿਹਾ ਹੱਕ ਅਗਲਿਆਂ ਨੂੰ ਵੀ ਕਿੰਨਾ ਕੁ ਦੇਣ ਲਈ ਤਿਆਰ ਹਾਂ, ਇਹ ਸਾਰੇ ਮਸਲੇ ਵਿਚਾਰ ਗੋਚਰੇ ਨੇ।
ਕੁਝ ਵੀ ਸੀ, ਅਸੀਂ ਫ਼ਰਹਤ ਅਜ਼ੀਜ਼ ਦਾ ਗੁਰਦੁਆਰੇ ਦੀ ਇਸ ਚੰਗੀ ਦਿੱਖ ਬਣਾਈ ਰੱਖਣ ਲਈ ਧੰਨਵਾਦ ਕੀਤਾ।
ਗੁਰੂ ਜੀ ਦੀ ਯਾਦ ਨਾਲ ਸਬੰਧਿਤ ਕੁਝ ਗੁਰਦੁਆਰੇ ਜਨਮ ਅਸਥਾਨ ਦੇ ਨਜ਼ਦੀਕ ਹੀ ਸਨ। ਸਾਡਾ ਪੰਦਰਾਂ-ਵੀਹ ਜਣਿਆਂ ਦਾ ਜਥਾ ਗੱਲਾਂ-ਬਾਤਾਂ ਮਾਰਦਾ ਹੋਇਆ ਗੁਰਦੁਆਰੇ ਦੇ ਬਾਹਰਲੇ ਗੇਟ ਦੇ ਸੱਜੇ ਹੱਥ ਪੈਂਦੇ ਰਸਤੇ ‘ਤੇ ਤੁਰ ਪਿਆ। ਥੋੜ੍ਹਾ ਕੁ ਅੱਗੇ ਜਾ ਕੇ ਖੱਬੇ ਹੱਥ ਮੋੜ ਮੁੜ ਕੇ ਥੋੜ੍ਹਾ ਕੁ ਅਗੇ ਗੁਰਦੁਆਰਾ ਬਾਲ-ਲੀਲ੍ਹਾ, ਗੁਰਦੁਆਰਾ ਪੱਟੀ ਸਾਹਿਬ ਸਨ। ਬਾਲ-ਲੀਲ੍ਹਾ ਗੁਰਦੁਆਰੇ ਵਾਲਾ ਥਾਂ ਕਦੀ ਉਹ ਖੁੱਲ੍ਹਾ ਮੈਦਾਨ ਹੋਵਗਾ ਜਿਥੇ ਬਾਲ ਨਾਨਕ ਆਪਣੇ ਸਾਥੀਆਂ ਨਾਲ ਖੇਡਦਾ ਰਿਹਾ ਹੋਵੇਗਾ। ਗੁਰਦੁਆਰਾ ਪੱਟੀ ਸਾਹਿਬ ਵਿਚ ਹੀ ਪਾਂਧੇ ਕੋਲੋਂ ਪਹਿਲਾ ਪਾਠ ਪੜ੍ਹਿਆ ਤੇ ਉਸ ਨੂੰ ਹਕੀਕਤ ਦਾ ਪਾਠ ਪੜ੍ਹਾਇਆ। ਪਿਛਲੇ ਹਿੱਸੇ ਵਿਚ ਪਾਂਧੇ ਦੀ ਰਿਹਾਇਸ਼ੀ ਜਗ੍ਹਾ ਵੀ ਸੀ। ਗੁਰਦੁਆਰਾ ਮਾਲ ਸਾਹਿਬ ਉਹ ਜਗ੍ਹਾ ਸੀ ਜਿਥੇ ਗੁਰੂ ਜੀ ਡੰਗਰ ਚਾਰਦੇ ਸੌਂ ਗਏ ਸਨ ਤੇ ਉਨ੍ਹਾਂ ਦੇ ਚਿਹਰੇ ‘ਤੇ ਆਈ ਧੁੱਪ ਨੂੰ ਫਨੀਅਰ ਨਾਗ ਨੇ ਫਣ ਫੈਲਾ ਕੇ ਛਾਂ ਕਰ ਦਿੱਤੀ ਸੀ। ਲਾਗੇ ਹੀ ਵਣ ਦਾ ਉਹ ਦਰਖਤ ਅਜੇ ਕਾਇਮ ਸੀ। ਭਾਵੇਂ ਉਸ ਬਜ਼ੁਰਗ ਦਰਖ਼ਤ ਦੇ ਟਾਹਣ ਝੁਕ ਕੇ ਜ਼ਮੀਨ ਨੂੰ ਆ ਲੱਗੇ ਸਨ ਪਰ ਅਜੇ ਵੀ ਉਹਦੇ ਪੱਤਿਆਂ ‘ਤੇ ਹਰਿਆਵਲ ਸੀ। ਉਸ ਦੇ ਨੇੜੇ ਇਕ ਛੋਟਾ ਜਿਹਾ ਮੰਦਰ ਵੀ ਬਣਿਆ ਹੋਇਆ ਸੀ ਜਿਹੜਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਸੀ ਜਿਥੇ ਕਦੀ ਗੁਰੂ ਜੀ ਆਰਾਮ ਕਰਨ ਲਈ ਲੇਟੇ ਸਨ। ਦਰਖ਼ਤ ਦੀਆਂ ਟਾਹਣੀਆਂ ਨਾਲ ਰੰਗ ਬਰੰਗੇ ਛੋਟੇ ਛੋਟੇ ਕੱਪੜਿਆਂ ਦੀਆਂ ਲੀਰਾਂ ਬੰਨ੍ਹੀਆਂ ਹੋਈਆਂ ਸਨ। ‘ਰੱਖ’ ਜਾਂ ‘ਸੁਖਣਾ’ ਦੀਆਂ ਨਿਸ਼ਾਨੀਆਂ। ਸ਼ਰਧਾਲੂਆਂ ਦੀ ਸ਼ਰਧਾ ਦਾ ਪ੍ਰਤੀਕ। ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹੀ ‘ਰੱਖ’ ਉਨ੍ਹਾਂ ਦੇ ਪਰਿਵਾਰ ਨੂੰ ਸੁਖ ਦੇ ਸਕਦੀ ਹੈ, ਬਾਂਝਾਂ ਨੂੰ ਬੱਚੇ ਤੇ ਦੁਖੀਆਂ ਨੂੰ ਸੁਖ ਬਖ਼ਸ਼ ਸਕਦੀ ਹੈ। ਧਰਤੀ ਨਾਲ ਲੱਗੇ ਇਕ ਟਾਹਣ ਹੇਠਾਂ ਦੀ ਡੂੰਘਾ ਰਸਤਾ ਬਣਾਇਆ ਹੋਇਆ ਹੈ ਜਿਸ ਵਿਚੋਂ ਪਾਕਿਸਤਾਨ ਵਿਚ ਵਸਦੇ ਸ਼ਰਧਾਲੂ ਨੀਵਾਂ ਹੋ ਕੇ ਲੰਘਦੇ ਹਨ। ਉਸ ਦੇ ਹੇਠੋਂ ਗੁਜ਼ਰਨਾ ਵੀ ਉਨ੍ਹਾਂ ਸਿਰੋਂ ਦੁਖਾਂ-ਪਾਪਾਂ ਦਾ ਨਾਸ ਕਰਨ ਦੇ ਤੁੱਲ ਲੱਗਦਾ ਹੈ।
ਗੁਰੂ ਜੀ ਦੀ ਵਿਗਿਆਨਕ ਸੋਚਣੀ ਦੇ ਵਿਰੁੱਧ ਸੀ ਇਹ ਵਹਿਮ-ਭਰਮ। ਉਨ੍ਹਾਂ ਤਾਂ ਉਸ ਸਮੇਂ ਬਾਹਰੀ ਭੇਖ ਵਾਲੀ ਜੀਵਨ ਜਾਚ ਦੀ ਥਾਂ ਅੰਦਰੂਨੀ ਸੁੱਚਤਾ ਵਾਲਾ ਜੀਵਨ ਜੀਊਣ ‘ਤੇ ਬਲ ਦਿੰਦਿਆਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹਦੇ ਆਪਣੇ ਹੀ ਸਿੱਖ ਅੰਦਰੂਨੀ ਸੁੱਚਤਾ ਦੀ ਥਾਂ ਜੇ ਬਾਹਰੀ ਦਿੱਖ ਨੂੰ ਹੀ ਸੱਚੀ ਸਿੱਖੀ ਵਜੋਂ ਆਦਰਸ਼ਿਆਉਣ ‘ਤੇ ਤੁਲੇ ਹਏ ਸਨ ਤਾਂ ਵਣ ‘ਤੇ ਲੀਰਾਂ ਬੰਨ੍ਹਣ ਵਾਲੇ ਸ਼ਰਧਾਲੂਆਂ ਨੂੰ ਕੀ ਆਖੀਏ!
ਕੁਝ ਵੀ ਸੀ! ਇਹ ਕਲਪਨਾ ਕਰਨਾ ਹੀ ਆਪਣੇ ਅੰਦਰ ਥਰਥਰਾਹਟ ਤੇ ਝਰਨਾਹਟ ਛੇੜ ਦਿੰਦਾ ਸੀ ਕਿ ਅਸੀਂ ਉਸ ਜਗ੍ਹਾ ‘ਤੇ ਖੜੋਤੇ ਹਾਂ ਜਿਥੇ ਗੁਰੂ ਨਾਨਕ ਮੱਝਾਂ ਨੂੰ ਚਰਨਾਂ ਛੱਡ ਕੇ ਸੌਂ ਗਿਆ ਸੀ ਵਣ ਦੀ ਛਾਵੇਂ। ਔਹ ਸੀ ਉਹ ਜਗ੍ਹਾ। ਮੇਰਾ ਜੀਅ ਕੀਤਾ ਉਸ ਮਿੱਟੀ ਨੂੰ ਹੱਥਾਂ ਨਾਲ ਛੂਹ ਕੇ ਵੇਖਾਂ!
ਇਥੋਂ ਪਰਤ ਕੇ ਅਸੀਂ ਫਿਰ ਮੁੱਖ ਗੁਰਦੁਆਰੇ ਵੱਲ ਆਏ। ਕੱਚੇ ਪੱਕੇ ਨਨਕਾਣੇ ਦੇ ਮਕਾਨ। ਬਾਹਰ ਗਲੀਆਂ ਵਿਚ ਮਕਾਨਾਂ ਦੇ ਦਰਵਾਜ਼ਿਆਂ ਕੋਲ ਬਿਜਲੀ ਦੇ ਲੱਗੇ ਮੀਟਰਾਂ ਦਾ ਰਹੱਸ ਜਾਨਣਾ ਚਾਹਿਆ ਤਾਂ ਅਨਵਰ ਨੇ ਕਿਹਾ ਕਿ ਇਹ ਸਭ ਬਿਜਲੀ ਦੀ ਚੋਰੀ ਰੋਕਣ ਲਈ ਕੀਤਾ ਗਿਆ ਹੈ। ਘਰ ਦੇ ਅੰਦਰ ਬਿਜਲੀ ਦੇ ਮੀਟਰ ‘ਚੋਂ ਕਈ ਤਰੀਕਿਆਂ ਨਾਲ ਚੋਰੀ ਕਰਨੀ ਸੰਭਵ ਹੈ ਜਦ ਕਿ ਗਲੀ ਵਿਚ ਲੱਗੇ ਮੀਟਰਾਂ ‘ਚੋਂ ਅਜਿਹੀ ਚੋਰੀ ਕਰਨੀ ਏਨੀ ਸਹਿਲ ਨਹੀਂ।
‘‘ਹਕੂਮਤ ਨੇ ਬਿਜਲੀ ਚੋਰੀ ਰੋਕਣ ਲਈ ਇਹਤਿਆਤ ਵਜੋਂ ਇਹ ਕਦਮ ਚੁੱਕਿਐ। ਪਹਿਲਾਂ ਤਾਂ ਅੱਸੀ ਫੀਸਦੀ ਬਿਜਲੀ ਚੋਰੀ ਹੋ ਜਾਂਦੀ ਸੀ। ਕਿਸੇ ਅਮੀਰ ਬੰਦੇ ਨੂੰ ਕਣਕ ਦਾ ਕੋਟਾ ਮਿਲਦਾ ਸੀ। ਉਸ ਲੱਖਾਂ ਬੋਰੀਆਂ ਆਟਾ ਪਿਸਾ ਕੇ ਵੇਚਿਆ। ਜਦੋਂ ਉਸ ਨੂੰ ਪੁੱਛਿਆ ਪਿਹਾਈ ਦਾ ਬਿੱਲ ਵਿਖਾ ਤਾਂ ਕੋਈ ਵੀ ਬਿੱਲ ਨਾ ਨਿਕਲਿਆ। ਇੰਜ ਹੁੰਦੀ ਸੀ ਚੋਰੀ‥।
ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਇਕ ਚੱਕਰ ਪੂਰਾ ਕਰਕੇ ਅਸੀਂ ਫਿਰ ਮੁੱਖ ਗੁਰਦੁਆਰੇ ਦੇ ਗੇਟ ‘ਤੇ ਆਣ ਪੁੱਜੇ ਸਾਂ।
ਜਗਤਾਰ, ਗੁਰਭਜਨ, ਸਰਵਣ ਸਿੰਘ ਤੇ ਹੋਰ ਸਭ ਜਣੇ ਨਨਕਾਣੇ ਤੋਂ ਬਾਅਦ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਜਾਣ ਦੀ ਤਿਆਰੀ ਵਿਚ ਸਨ। ਰਘਬੀਰ ਸਿੰਘ ਨਾਲ ਆਈ ਬਾਜਵਾ ਦੰਪਤੀ ਤਾਂ ਇਥੋਂ ਹੀ ਵਾਪਸੀ ਦੀ ਤਿਆਰੀ ਵਿਚ ਸੀ। ਉਹਦੀ ਇੱਛਾ ਵੀ ਜੰਡਿਆਲੇ ਜਾਣ ਦੀ ਸੀ। ਮੇਰਾ ਵੀ ਮਨ ਕੀਤਾ ਕਿ ਅਸੀਂ ਵੀ ਜੰਡਿਆਲਿਓਂ ਹੋ ਆਈਏ ਪਰ ਪ੍ਰੇਮ ਸਿੰਘ ਅਜੇ ਵੀ ਲਾਇਲਪੁਰ ਜਾਣ ਦੀ ਕਾਹਲੀ ਪਾ ਰਿਹਾ ਸੀ।
ਸਾਨੂੰ ਜੱਕੋ ਤੱਕਿਆਂ ਵਿਚ ਪਿਆ ਵੇਖ ਕੇ ਜਦੋਂ ਪ੍ਰੇਮ ਸਿੰਘ ਨੇ ਤੁਰਨ ਲਈ ਕਿਹਾ ਤਾਂ ਰਾਇ ਸਾਹਿਬ ਨੇ ਮੈਨੂੰ ਹੌਲੀ ਜਿਹੀ ਦੱਸਿਆ ਕਿ ਉਸ ਨੇ ਸ਼ਾਮ ਨੂੰ ਕੁਝ ਪ੍ਰਾਹੁਣਿਆਂ ਨੂੰ ਘਰ ਖਾਣੇ ਉਤੇ ਬੁਲਾਇਆ ਹੋਇਆ ਹੈ। ਉਸ ਨੂੰ ਖ਼ਦਸ਼ਾ ਸੀ ਕਿ ਜੇ ਲਾਇਲਪੁਰ ਵਿਚ ਘਰ ਲੱਭਦਿਆਂ ਸ਼ੇਖ਼ੂਪੁਰੇ ਜਿੰਨਾ ਚਿਰ ਵੀ ਲੱਗਾ ਤਾਂ ਉਹ ਕਦੀ ਵੀ ਸਮੇਂ ਸਿਰ ਲਾਹੌਰ ਨਹੀਂ ਪਰਤ ਸਕਣ ਲੱਗਾ। ਇੰਜ ਸੱਦਾ ਦੇ ਕੇ ਆਪ ਹੀ ਮੇਜ਼ਬਾਨ ਗ਼ੈਰਹਾਜ਼ਰ ਹੋ ਜਾਵੇ ਇਹ ਉਸ ਸਾਊ ਬੰਦੇ ਨੂੰ ਤਾਂ ਕਦੀ ਵੀ ਪ੍ਰਵਾਨ ਨਹੀਂ ਸੀ ਹੋ ਸਕਦਾ। ਰਾਇ ਅਜ਼ੀਜ਼ ਉੱਲ੍ਹਾ ਏਨਾ ਮਹਿਮਾਨ ਨਿਵਾਜ਼ ਸੀ ਕਿ ਹਰ ਰਾਤ ਉਸ ਦੇ ਘਰ ਅੱਠ ਦਸ ਬੰਦਿਆਂ ਦਾ ਖਾਣਾ ਹੁੰਦਾ ਸੀ। ਇੰਜ ਲੱਗਦਾ ਹੈ, ਬਦਲ ਬਦਲ ਕੇ ਅੱਧੇ ਡੈਲੀਗੇਟ ਰਾਇ ਸਾਹਿਬ ਦੇ ਘਰੋਂ ਖਾਣਾ ਖਾ ਚੁੱਕੇ ਹੋਣਗੇ।
ਅਸੀਂ ਪ੍ਰੇਮ ਸਿੰਘ ਨਾਲ ਰਾਇ ਸਾਹਿਬ ਦੀ ਮਜਬੂਰੀ ਸਾਂਝੀ ਕੀਤੀ ਤਾਂ ਉਸ ਨੇ ਨਰਾਜ਼ਗੀ ਨਾਲ ਕਿਹਾ, ‘‘ਕੋਈ ਗੱਲ ਨਹੀਂ, ਮੈਂ ਬੱਸ ‘ਤੇ ਚਲਾ ਜਾਵਾਂਗਾ।’’
ਨਾਜ਼ੁਕ ਮਿਜ਼ਾਜ ਰਾਇ ਸਾਹਿਬ ਲਈ ਇਹ ਰੋਸਾ ਸਹਿ ਸਕਣਾ ਔਖਾ ਸੀ। ਉਹ ਜਾਣ ਲਈ ਮੰਨ ਗਿਆ। ਉਸ ਨਿਰਾਸ਼ਾ ਨਾਲ ਕਿਹਾ, ‘‘ਕੋਈ ਨਹੀਂ, ਜੇ ਜਾਪਦਾ ਹੋਇਆ ਕਿ ਪਹੁੰਚ ਨਹੀਂ ਸਕਣਾ ਤਾਂ ਲਾਹੌਰ ਫੋਨ ਕਰਕੇ ਮਾਅਜ਼ਰਤ ਮੰਗ ਲਵਾਂਗੇ।’’
ਮੈਨੂੰ ਵੀ ਇਕ ਤਾਂ ਸਵੇਰ ਦਾ ਬਣਿਆ ਬਣਾਇਆ ਅਪਣੱਤ ਭਰਿਆ ਸਾਥ ਛੱਡਣਾ ਠੀਕ ਨਹੀਂ ਸੀ ਲੱਗਦਾ। ਦੂਜਾ ਮੈਂ ਜੰਡਿਆਲੇ ਦੀ ਥਾਂ ਲਾਇਲਪੁਰ ਨੂੰ ਜਾਣ ਵਾਸਤੇ ਆਪਣੇ ਮਨ ਨੂੰ ਦਲੀਲ ਦੇ ਲਈ। ਮੇਰੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਮੁੱਢ ਵੀ ਤਾਂ ਲਾਇਲਪੁਰ ਵਿਚ ਹੀ ਬੱਝਾ ਸੀ। ਪ੍ਰਿੰਸੀਪਲ ਸੁਖਬੀਰ ਸਿੰਘ ਚੱਠਾ ਨੇ ਆਉਣ ਸਮੇਂ ਮੈਨੂੰ ਆਖਿਆ ਸੀ ਕਿ ਜੇ ਮੌਕਾ ਲੱਗੇ ਤਾਂ ਮੈਂ ‘ਆਪਣੇ ਕਾਲਜ’ ਦਾ ਗੇੜਾ ਵੀ ਜ਼ਰੂਰ ਮਾਰਾਂ। ਹੁਣ ਮੈਨੂੰ ਵੀ ਲੱਗਣ ਲੱਗ ਪਿਆ ਕਿ ਲਾਇਲਪੁਰ ਨਾਲ ਮੇਰੀ ਵੀ ਨੇੜਲੀ ਸਾਂਝ ਹੈ। ਮੇਰੇ ਮਨ ਵਿਚ ਇਹ ਵੀ ਉਤਸੁਕਤਾ ਜਾਗ ਪਈ ਕਿ ਵੇਖੀਏ ਲਾਇਲਪੁਰ ਵਿਚ ਪ੍ਰੇਮ ਸਿੰਘ ਦਾ ਘਰ ਲੱਭਦਾ ਹੈ ਕਿ ਨਹੀਂ। ਜੇ ਲੱਭਦਾ ਹੈ ਤਾਂ ਪ੍ਰੇਮ ਸਿੰਘ ਕਿਵੇਂ ਮਹਿਸੂਸ ਕਰਦਾ ਹੈ। ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿਚ ਬਲਰਾਜ ਸਾਹਨੀ ਦੇ ਆਪਣੇ ਘਰ ਵਿਚ ਪਾਈ ਫੇਰੀ ਤੋ ਲੈ ਕੇ ਬਹੁਤ ਸਾਰੀਆਂ ਸੁਣੀਆਂ ਅਜਿਹੀਆਂ ਕਹਾਣੀਆਂ ਮਨ ਦੇ ਚਿਤਰਪਟ ਉਤੇ ਤੇਜ਼ੀ ਨਾਲ ਗੁਜ਼ਰੀਆਂ ਜਿਨ੍ਹਾਂ ਵਿਚ ਆਪਣੀ ਜਨਮ ਭੋਂ ਲਈ ਤੇ ਆਪਣੇ ਵਿਛੜੇ ਦੋਸਤਾਂ ਮਿੱਤਰਾਂ ਲਈ ਸਹਿਕਦੇ-ਸਿੱਕਦੇ ਮਨਾਂ ਦਾ ਦਰਦ ਸਿੰਮ ਰਿਹਾ ਸੀ। ਨਨਕਾਣੇ ਨਾਲ ਜੁੜੀਆਂ ਕੁਝ ਯਾਦਾਂ ਮੇਰੇ ਮਨ ਵਿਚੋਂ ਗੁਜ਼ਰੀਆਂ। ਗੁਰਮੀਤ ਸਿੰਘ ਢੱਡਾ ਕਰਮਚਾਰੀ ਆਗੂ ਵਲੋਂ ਨਨਕਾਣੇ ਵੱਸਦੇ ਆਪਣੇ ਗਰਾਈਂ ਗੁਲਾਮ ਨਬੀ ਦਾ ਸਾਰਾ ਵੇਰਵਾ ਮੈਨੂੰ ਝਕਝੋਰ ਗਿਆ। ਮੇਰਾ ਜੀ ਕੀਤਾ ਸਟੇਸ਼ਨ ਤੋਂ ਗੁਰਦੁਆਰੇ ਵੱਲ ਆਉਂਦੇ ਬਾਜ਼ਾਰ ਵਿਚ ਪਿੱਪਲ ਦੇ ਹੇਠਾਂ ਗੁਲਾਮ ਨਬੀ ਘੁਮਿਆਰ ਦੀ ਕੱਚੇ-ਪੱਕੇ ਭਾਂਡਿਆਂ ਦੀ ਦੁਕਾਨ ਲੱਭਾਂ ਤੇ ਉਸ ਨੂੰ ਗੁਰਮੀਤ ਸਿੰਘ ਦੀ ਯਾਦ ਦਿਵਾਵਾਂ। ਪਰ ਲਾਇਲਪੁਰ ਵੀ ਤਾਂ ਜਾਣਾ ਸੀ।
ਅਸੀਂ ਪ੍ਰੇਮ ਸਿੰਘ ਦੀ ਭਾਵਨਾ ਦੀ ਕਦਰ ਕਰਦਿਆਂ ਦੂਜੇ ਦੋ ਗੁਰਦੁਆਰੇ ਕਾਰ ਉਤੇ ਜਾ ਕੇ ਚੱਲਦੇ-ਚੱਲਦੇ ਵੇਖਣ ਲਈ ਆਪਣੇ ਮਨ ਨੂੰ ਮਨਾ ਲਿਆ। ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਕਿਆਰਾ ਸਾਹਿਬ ਦੇ ਅਸੀਂ ਬਾਹਰੋਂ ਬਾਹਰੋਂ ਦਰਸ਼ਨ ਕਰਕੇ ਮੁੜ ਪਏ। ਮੈਂ ਬਾਜ਼ਾਰ ਵਿਚੋਂ ਲੰਘਦਿਆਂ ਕਾਰ ਦੇ ਸ਼ੀਸ਼ਿਆਂ ਵਿਚੋਂ ਦੋਹੀਂ ਪਾਸੀਂ ਕਾਹਲੀ ਕਾਹਲੀ ਬਾਹਰ ਵੇਖ ਰਿਹਾ ਸਾਂ ਤੇ ਮੇਰੀਆਂ ਨਜ਼ਰਾਂ ਗੁਲਾਮ ਨਬੀ ਦੀ ਦੁਕਾਨ ਨੂੰ ਟੋਲ੍ਹ ਰਹੀਆਂ ਸਨ। ਮੇਰਿਆਂ ਚੇਤਿਆਂ ਵਿਚ ਗੁਰਮੀਤ ਢੱਡਾ ਬੋਲ ਰਿਹਾ ਸੀ।

ਅਸੀਂ ਸ਼ੇਖ਼ੂਪੁਰੇ ਪੁੱਜੇ ਤਾਂ ਬੱਦਲਾਂ ਨੇ ਅਸਮਾਨ ਪੂਰੀ ਤਰ੍ਹਾਂ ਢਕ ਲਿਆ। ਮੌਸਮ ਦਿਲ ਨੂੰ ਮੋਹ ਲੈਣ ਵਾਲਾ ਸੀ। ਪਿਛਲੇ ਦਿਨੀਂ ਪੈ ਕੇ ਹਟੇ ਮੀਂਹ ਸਦਕਾ ਰੁਮਕ ਰਹੀ ਹਵਾ ਵਿਚ ਨਮੀ ਸੀ। ‘ਸ਼ੇਖੂਪੁਰਾ’ ਬਚਪਨ ਤੋਂ ਹੀ ਬਹੁਤ ਪੜ੍ਹਿਆ ਤੇ ਜਾਣਿਆ ਜਾਂਦਾ ਨਾਮ ਸੀ। ਗੁਰੂ ਨਾਨਕ ਦੇਵ ਦਾ ਲੇਖ ਲਿਖਦਿਆਂ ਪਹਿਲੀ ਸਤਰ ਅਕਸਰ ਇਹੋ ਹੀ ਹੁੰਦੀ ਸੀ, ‘ਆਪ ਦਾ ਜਨਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਰਾਇ ਭੋਇ ਦੀ ਤਲਵੰਡੀ (ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ) ਜ਼ਿਲਾ ਸ਼ੇਖ਼ੂਪੁਰਾ ਵਿਚ ਹੋਇਆ।’
ਸ਼ੇਖ਼ੂਪੁਰਾ ਨਾਲ ਜੁੜੀਆਂ ਗੱਲਾਂ ਮੇਰੇ ਮਨ ਵਿਚ ਆ ਰਹੀਆਂ ਸਨ। ਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਨੇ ਪਹਿਲੀ ਵਾਰ ਗ੍ਰਿਫ਼ਤਾਰ ਕਰਕੇ ਸ਼ੇਖ਼ੂਪੁਰੇ ਦੇ ਕਿਲੇ ਵਿਚ ਹੀ ਰੱਖਿਆ ਸੀ। ਬਹੁਤ ਪੁਰਾਣਾ ਇਹ ਸ਼ਹਿਰ ਜਹਾਂਗੀਰ ਦੇ ਨਾਮ ਉਤੇ ਵਸਿਆ ਹੈ। ਜਹਾਂਗੀਰ ਦਾ ਬਚਪਨ ਦਾ ਨਾਮ ਸ਼ੇਖ਼ੂ ਸੀ। ਰੈਵੇਨਿਊ ਰਿਕਾਰਡ ਵਿਚ ਇਸ ਦਾ ਨਾਮ ‘ਕਿਲ੍ਹਾ ਸ਼ੇਖ਼ੂਪੁਰਾ’ ਹੀ ਹੈ। ਇਹ ਹੀ ਖਿੱਤਾ ਸੀ ਜਿਸ ਨੂੰ ‘ਵਿਰਕ ਟੱਪਾ’ ਵੀ ਆਖਿਆ ਜਾਂਦਾ ਸੀ। ਸਾਡਾ ਅਜ਼ੀਮ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਸ਼ੇਖ਼ੂਪੁਰੇ ਦੇ ਗੌਰਮਿੰਟ ਹਾਈ ਸਕੂਲ ਵਿਚ ਹੀ ਪੜ੍ਹਦਾ ਰਿਹਾ ਸੀ। ਇਨ੍ਹਾਂ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੀ ਕਿਸੇ ਪਿੰਡ ਵਿਚ ਵਿਰਕ ਦੀ ਕਹਾਣੀ ‘ਚਾਚਾ’ ਦਾ ਬਾਲ ਸਿੰਘ ਡੰਗਰ ਚਾਰਦਾ ਰਿਹਾ ਹੋਊ। ‘ਓਪਰੀ ਧਰਤੀ’ ਦਾ ਹਜ਼ਾਰਾ ਸਿੰਘ ਡੰਗਰ ਚੋਰੀ ਕਰਦਾ ਰਿਹਾ ਹੋਊ। ਇਸੇ ਖਿੱਤੇ ਵਿਚ ਹੀ ਮੇਰੀ ਭੂਆ ਵਿਆਹੀ ਹੋਈ ਸੀ ਵਿਰਕਾਂ ਦੇ ਘਰ। ਸਾਂਝੇ ਘਰ ਵਿਚ ਪਤਾ ਨਹੀਂ ਕਿੰਨੀਆਂ ਕੁ ਮੱਝਾਂ ਹੁੰਦੀਆਂ ਸਨ ਜਿਨ੍ਹਾਂ ਦਾ ਦੁੱਧ ਰਿੜ੍ਹਕ-ਰਿੜ੍ਹਕ ਦਰਾਣੀਆਂ-ਜਠਾਣੀਆਂ ਦੀਆਂ ਬਾਹਵਾਂ ਰਹਿ ਜਾਣ ਦੀਆਂ ਗੱਲਾਂ ਮੈਂ ਉਸ ਤੋਂ ਸੁਣੀਆਂ ਹੋਈਆਂ ਸਨ। ਇਕ ਭਾਵੁਕ ਤਰੰਗ ਮੇਰੇ ਅੰਦਰ ਨੂੰ ਤਾਂ ਛੇੜ ਹੀ ਰਹੀ ਸੀ ਪਰ ਪ੍ਰੇਮ ਸਿੰਘ ਐਡਵੋਕੇਟ ਦੇ ਦਿਲ ਦੀ ਧੜਕਣ ਤਾਂ ਕੁਝ ਲੋੜੋਂ ਵੱਧ ਤੇਜ਼ ਹੋ ਗਈ ਸੀ। ਇਹ ਉਹਦੇ ਸਹੁਰਿਆਂ ਦਾ ਸ਼ਹਿਰ ਸੀ। ਇਥੇ ਉਹ ਸਿਹਰੇ ਬੰਨ੍ਹ ਕੇ ਢੁੱਕਿਆ ਸੀ। ਇਥੇ ਉਸ ਨੂੰ ਸਾਲੀਆਂ ਨੇ ਮਖੌਲ ਕੀਤੇ ਸਨ ਤੇ ਇਥੇ ਹੀ ਪਿਛਲੇ ਅੰਦਰ ਲੁਕ ਕੇ ਸਹੇਲੀਆਂ ਦੀਆਂ ਗੱਲਾਂ ਸੁਣਦੀ ਤੇ ਚੋਰੀ-ਚੋਰੀ ਆਪਣੇ ਨੀਂਗਰ ਚੰਦ ਨੂੰ ਦਰਵਾਜ਼ੇ ਦੀਆਂ ਝੀਤਾਂ ਵਿਚੋਂ ਵੇਖਦੀ ਉਹਦੀ ਲਾੜੀ ਨੇ ਚੁੰਨੀ ਦਾ ਪੱਲੂ ਮੰੂਹ ਅੱਗੇ ਲੈ ਕੇ ਮਸਾਂ ਹਾਸਾ ਰੋਕਿਆ ਸੀ।
ਉਹ ਲਾਹੌਰੋਂ ਮਿਥ ਕੇ ਚੱਲਿਆ ਸੀ ਕਿ ਸ਼ੇਖ਼ੂਪੁਰੇ ਰੁਕ ਕੇ ਆਪਣੇ ਸਹੁਰਿਆਂ ਦਾ ਘਰ ਜ਼ਰੂਰ ਵੇਖ ਕੇ ਜਾਣਾ ਹੈ। ਆਪਣੇ ਚੇਤਿਆਂ ਵਿਚ ਵੱਸੇ ਇਲਾਕੇ ਵੱਲ ਉਸ ਨੇ ਕਾਰ ਮੋੜਨ ਲਈ ਕਿਹਾ। ਸ਼ਹਿਰ ਬਦਲ ਗਿਆ ਸੀ। ਪ੍ਰੇਮ ਸਿੰਘ ਅੱਧੀ ਸਦੀ ਪਹਿਲਾਂ ਦਾ ਨਕਸ਼ਾ ਮਨ ਵਿਚ ਲਈ ਬੈਠਾ ਸੀ। ਅਨੁਮਾਨ ਲਾ ਕੇ ਉਸ ਨੇ ਇਕ ਥਾਂ ਕਾਰ ਰੁਕਵਾਈ ਤੇ ਇਕ ਜਣੇ ਨੂੰ ਪੁੱਛਿਆ, ‘‘ਐਥੇ ਧੋਬੀ ਘਾਟ ਹੁੰਦਾ ਸੀ। ਕੋਲੋਂ ਦੀ ਇਕ ਨਾਲਾ ਲੰਘਦਾ ਸੀ…’’
ਉਸ ਬੰਦੇ ਨੇ ਅਣਜਾਣਤਾ ਪ੍ਰਗਟਾਈ ਤਾਂ ਕਾਹਲੀ ਨਾਲ ਕਾਰ ਵਿਚ ਬੈਠਦਿਆਂ ਪ੍ਰੇਮ ਸਿੰਘ ਨੇ ਕਿਹਾ, ‘‘ਥੋੜ੍ਹਾ ਅੱਗੇ ਚਲੋ!…’’
ਤੇ ਇੰਜ ਕਈ ਵਾਰ ਅਸੀਂ ‘ਥੋੜ੍ਹਾ-ਥੋੜ੍ਹਾ ਅੱਗੇ ਚੱਲੇ!’ ਪ੍ਰੇਮ ਸਿੰਘ ਦੇ ਬੋਲਾਂ ‘ਚ ਉਤਸ਼ਾਹ ਤੇ ਪੈਰਾਂ ਵਿਚ ਤੇਜ਼ੀ ਸੀ। ਉਹ ਅਗਲੇ ਪਲ ਹੀ ਸਹੁਰਿਆਂ ਦੇ ਘਰ ਦੇ ਬੂਹੇ ਅੱਗੇ ਆਪਣੇ ਆਪ ਨੂੰ ਖਲੋਤਾ ਵੇਖਣਾ ਚਾਹੁੰਦਾ ਸੀ।
‘‘ਸਰਦਾਰ ਪ੍ਰੇਮ ਸਿੰਘ ਜੀ! ਕੋਈ ਹੋਰ ਨਿਸ਼ਾਨੀ ਵੀ ਦੱਸੋ। ਧੋਬੀ ਘਾਟ ਤਾਂ ਲੱਭਦਾ ਨਹੀਂ ਪਿਆ…’’ ਰਾਇ ਸਾਹਿਬ ਨੇ ਕਿਹਾ ਤਾਂ ਪ੍ਰੇਮ ਸਿੰਘ ਨੂੰ ਯਾਦ ਆਇਆ, ‘‘ਹਾਂ, ਗਿਰਜਾ ਘਰ ਵਾਲਾ ਚੌਕ ਸੀ। ਉਸ ਤੋਂ ਅੱਗੇ ਹਰਨਾਮ ਸਿੰਘ ਦਾ ਘਰ ਸੀ…’’
ਇਕ ਸਿਆਣੇ ਬੰਦੇ ਨੂੰ ਪੁੱਛਿਆ ਤਾਂ ਉਸ ਨੇ ਨੇੜੇ ਹੀ ਸਥਿਤ ਗਿਰਜਾ ਘਰ ਦਾ ਰਾਹ ਦੱਸਿਆ। ਗਿਰਜਾ ਘਰ ਕੋਲ ਪਹੁੰਚ ਕੇ ਅਸੀਂ ਕਾਰ ਤੋਂ ਉਤਰ ਪਏ। ਪ੍ਰੇਮ ਸਿੰਘ ਦੀ ਤੇ ਮੇਰੀ ‘ਸਿੱਖ ਸ਼ਕਲ’ ਵੇਖ ਕੇ ਕੁਝ ਬੰਦੇ ਸਾਡੇ ਕੋਲ ਆਏ। ਪ੍ਰੇਮ ਸਿੰਘ ਅਨੁਮਾਨ ਲਾ ਕੇ ਪੁੱਛ ਰਿਹਾ ਸੀ, ‘‘ਐਥੇ ਗਿਰਜਾ ਘਰ ਦੇ ਕਿਸੇ ਇਕ ਪਾਸੇ ਨਾਲਾ ਵਗਦਾ ਹੁੰਦਾ ਸੀ। ਉਥੇ ਧੋਬੀ ਘਾਟ ਹੁੰਦਾ ਸੀ। ਕੋਲੋਂ ਬਾਹਰਵਾਰ ਇਕ ਸੜਕ ਲੰਘਦੀ ਸੀ…’’
ਕਿਸੇ ਵਡੇਰੀ ਉਮਰ ਦੇ ਬੰਦੇ ਨੇ ਦੱਸਿਆ, ‘‘ਹਾਂ, ਨਾਲਾ ਤਾਂ ਇਥੇ ਇਕ ਵਗਦਾ ਹੁੰਦਾ ਸੀ ਪਰ ਉਹ ਤਾਂ ਬਹੁਤ ਸਾਲ ਹੋਏ ਪੂਰ ਦਿੱਤਾ ਗਿਆ। ਤੇ ਬਾਹਰਲੀ ਸੜਕ ਤਾਂ ਹੁਣ ਏਥੇ ਇਕ ਨਹੀਂ…ਤੁਹਾਡੇ ਸਾਹਮਣੇ ਹੀ ਹੈ…ਉਸ ਵੇਲੇ ਦੀ ‘ਬਾਹਰਲੀ’ ਸੜਕ ਤੋਂ ਬਾਅਦ ‘ਬਾਹਰਲੀ’ ਤੇ ‘ਹੋਰ ਬਾਹਰਲੀ’ ਕਈ ਸੜਕਾਂ ਬਣ ਗਈਆਂ ਹੋਣਗੀਆਂ।’’
ਕਦੀ ਸੱਜੇ, ਕਦੀ ਖੱਬੇ, ਕਦੀ ਕਿਸੇ ਗਲੀ ਵਿਚ ਤੇ ਕਦੀ ਕਿਸੇ ਗਲੀ ਵਿਚ ਪ੍ਰੇਮ ਸਿੰਘ ਆ-ਜਾ ਰਿਹਾ ਸੀ। ਇਲਾਕਾ ਵੀ ਇਹੋ ਹੀ ਸੀ, ਘਰ ਵੀ ਏਥੇ ਕਿਤੇ ਹੀ ਹੋਣਾ ਸੀ ਪਰ ਅਜਿਹਾ ਗੁਆਚਾ ਸੀ ਕਿ ਲੱਭ ਨਹੀਂ ਸੀ ਰਿਹਾ। ਭਲਾ ਗੁਆਚੇ ਘਰ ਵੀ ਕਦੀ ਲੱਭਦੇ ਨੇ!
ਕਿਸੇ ਦੁਕਾਨ ‘ਤੇ ਰੇਡੀਓ ਉਤੇ ਕਿਸੇ ਭਾਰਤੀ ਫ਼ਿਲਮ ਦਾ ਗੀਤ ਵੱਜ ਰਿਹਾ ਸੀ।
‘‘ਨਾ ਕੋਈ ਉਮੰਗ ਹੈ ਨਾ ਕੋਈ ਤਰੰਗ ਹੈ…ਮੇਰੀ ਜ਼ਿੰਦਗੀ ਹੈ ਕਿਆ ਇਕ ਕਟੀ ਪਤੰਗ ਹੈ…’’
ਘੱਟੋ-ਘੱਟ ਪੰਜਾਹ-ਸੱਠ ਬੰਦੇ ; ਬੱਚੇ, ਬੁੱਢੇ ਤੇ ਜੁਆਨ ; ਪ੍ਰੇਮ ਸਿੰਘ ਦਾ ਘਰ ਲਭਾਉਣ ਦਾ ਯਤਨ ਕਰ ਰਹੇ ਸਨ। ਇਨ੍ਹਾਂ ਵਿਚ ਹੀ ਇਲਾਕੇ ਦਾ ਕੌਂਸਲਰ ਵੀ ਸ਼ਾਮਲ ਸੀ। ਪ੍ਰੇਮ ਸਿੰਘ ਗਲੀ-ਗਲੀ ‘ਕੱਟੀ ਪਤੰਗ’ ਵਾਂਗ ਉਡ ਰਿਹਾ ਸੀ।
‘‘ਏਧਰ ਨਹੀਂ, ਐਸ ਪਾਸੇ ਹੋ ਸਕਦਾ…ਐਧਰ ਨਹੀਂ…ਔਸ ਪਾਸੇ ਵੇਖੀਏ…’’
ਪ੍ਰੇਮ ਸਿੰਘ ਵਾਂਗ ਹੀ ਸਥਾਨਕ ਵਾਸੀਆਂ ਦੇ ਮਨਾਂ ਵਿਚ ਉਤਸ਼ਾਹ ਸੀ। ਕਾਸ਼ ! ਕਿਤੇ ਉਹ ਉਸ ਦਾ ਘਰ ਲੱਭ ਕੇ ਦੇ ਸਕਣ। ਅੱਧਾ ਕੁ ਘੰਟਾ ਤਾਂ ਅਸੀਂ ਵੀ ਪੂਰੇ ਉਤਸ਼ਾਹ ਨਾਲ ਪ੍ਰੇਮ ਸਿੰਘ ਦੇ ਅੰਗ-ਸੰਗ ਘਰ ਲੱਭਦੇ ਰਹੇ ਪਰ ਹੁਣ ਸਾਡੇ ‘ਅੰਦਰ’ ਨੂੰ ਪਤਾ ਚਲ ਗਿਆ ਸੀ ਕਿ ਇਹ ਘਰ ਹੁਣ ਉਸ ਨੂੰ ਲੱਭਣ ਨਹੀਂ ਲੱਗਾ। ਅਸੀਂ ਪ੍ਰੇਮ ਸਿੰਘ ਨਾਲ ਤੁਰੀ ਜਾਂਦੀ ਭੀੜ ਵਿਚੋਂ ਹੁਣ ਥੋੜ੍ਹਾ ਹਟ ਕੇ ਪਿੱਛੇ-ਪਿੱਛੇ ਤੁਰ ਰਹੇ ਸਾਂ। ਪ੍ਰੇਮ ਸਿੰਘ ਅਗਲੀ ਗਲੀ ‘ਚੋਂ ਮੁੜ ਕੇ ਕਹਿ ਰਿਹਾ ਸੀ, ‘‘ਐਹੋ ਗਿਰਜਾ ਸੀ… ਪਤਾ ਨਹੀਂ ਘਰ ਕਿਉਂ ਨਹੀਂ ਲੱਭ ਰਿਹਾ!’’
ਤੇ ਉਹ ਭੀੜ ਸਮੇਤ ਦੂਜੀ ਗਲੀ ਵਿਚ ਮੁੜ ਗਿਆ। ਮੈਂ ਰਾਇ ਸਾਹਿਬ ਨੂੰ ਸਵਰਗਵਾਸੀ ਸ਼ਾਇਰ ਗੁਲਵਾਸ਼ ਦਾ ਸ਼ਿਅਰ ਸੁਣਾਇਆ :
‘ਖ਼ਤ ‘ਤੇ ਲਿਖੇ ਸੰਬੋਧਨ ਤੋਂ ਨਾ ਖ਼ੁਸ਼ ਹੋਵੋ
ਦਿਲ ‘ਤੇ ਲਿਖੇ ਨਾਂ ਵੀ ਲੋਕ ਮੁੱਕਰ ਜਾਂਦੇ ਨੇ
ਫਿਰ ਵੀ ਤੇਰਾ ਘਰ ਕਿਉਂ ਸਾਨੂੰ ਲੱਭਦਾ ਨਹੀਂ
ਜਦ ਕਿ ਸਾਰੇ ਰਸਤੇ ਤੇਰੇ ਘਰ ਜਾਂਦੇ ਨੇ।
ਮੈਂ ਰੁਕ ਕੇ ਇਕ ਹੋਰ ਗੁਆਚੇ ਘਰ ਦੇ ਚੁਬਾਰੇ ‘ਤੇ ਲਿਖੀ ਸਿਲ਼ ਨੂੰ ਪੜ੍ਹਨ ਲੱਗਾ। ਦੇਵ ਨਾਗਰੀ ਵਿਚ ‘ਓਮ’ ਲਿਖਿਆ ਹੋਇਆ ਸੀ ਤੇ ਹੇਠਾਂ ਉਰਦੂ ਅੱਖਰਾਂ ਵਿਚ ‘ਜੈ ਸ੍ਰੀ ਕ੍ਰਿਸ਼ਨ’
ਮੈਂ ਇਸ ਚੁਬਾਰੇ ਵਿਚ ਅੱਧੀ ਸਦੀ ਪਹਿਲਾਂ ਵੱਸਦੇ ਜੀਆਂ ਦੀ ਕਲਪਨਾ ਕਰ ਰਿਹਾ ਸਾਂ ਕਿ ਕਿਸੇ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ। ਕਰੜ-ਬਰੜੇ ਵਾਲਾਂ ਵਾਲਾ ਕਮਜ਼ੋਰ ਸਰੀਰ ਦਾ ਇਕ ਬੰਦਾ ਮੇਰੀਆਂ ਅੱਖਾਂ ‘ਚ ਅੱਖੀਆਂ ਪਾ ਕੇ ਕਹਿਣ ਲੱਗਾ, ‘‘ਸ਼ਾਮ ਚੁਰਾਸੀ ਦਾ ਨਾਂ ਸੁਣਿਆ ਜੇ! ਮੈਂ ਉਥੋਂ ਦੇ ਰਹਿਣ ਵਾਲਾਂ। ਆਰੀਆ ਸਮਾਜ ਦਾ ਮੰਦਰ ਹੁੰਦਾ ਸੀ ਨਾ!… ਉਹਦੇ ਲਾਗੇ ਸੀ ਸਾਡਾ ਘਰ। ਕਦੀ ਸ਼ਾਮਚੁਰਾਸੀ ਗਏ ਓ!…ਆਰੀਆ ਸਮਾਜ ਮੰਦਰ ਦੇਖਿਆ ਜੇ ਨਾ!…ਮੈਨੂੰ ਅਜੇ ਵੀ ਯਾਦ ਹੈ। ਸਾਉਣ ਮਹੀਨੇ ਦੇ ਦਿਨ ਸਨ। ਮੈਂ ਤੇ ਮੇਰਾ ਯਾਰ ਬਚਨਾ ਖੇਡਦੇ ਅੰਬਾਂ ਹੇਠਾਂ ਗਏ। ਉਥੇ ਮੇਰਾ ਅੱਬਾ ਤੇ ਬਚਨੇ ਦਾ ਬਾਪ ਖਲੋਤੇ ਸਨ। ਮੈਂ ਆਪਣੇ ਅੱਬਾ ਦੀ ਬਾਂਹ ਫੜਕੇ ਏਧਰ ਓਧਰ ਝੂਲ ਰਿਹਾ ਸਾਂ ਕਿ ਚਾਚੇ ਸੋਹਣ ਸੁੰਹ ਦੇ ਪੈਰਾਂ ਵਿਚ ਇਕ ਰਸਿਆ ਪੱਕਾ ਅੰਬ ਆਣ ਡਿੱਗਾ। ਉਸ ਨੇ ਹੱਥ ਵਧਾ ਕੇ ਉਹ ਅੰਬ ਚੁੱਕਿਆ, ਉਸ ਤੋਂ ਮਿੱਟੀ ਪੂੰਝੀ ਤੇ ਫਿਰ ਉਸ ਅੰਬ ‘ਤੇ ਗੱਡੀਆਂ ਮੇਰੀਆਂ ਨਜ਼ਰਾਂ ਵੇਖੀਆਂ ਤਾਂ ਅੰਬ ਮੇਰੇ ਹੱਥ ‘ਚ ਫੜਾ ਦਿੱਤਾ। ਬਚਨਾ ਮੇਰੇ ਵੱਲ ਵੇਖਦਾ ਰਹਿ ਗਿਆ…ਉਸ ਅੰਬ ਦਾ ਸਵਾਦ ਮੈਨੂੰ ਅਜੇ ਤੱਕ ਨਹੀਂ ਭੁੱਲਦਾ ਤੇ ਨਾ ਹੀ ਉਹ ਨਜ਼ਾਰਾ!…’’
ਉਹ ਇਕੋ ਸਾਹੇ ਏਨਾ ਕੁਝ ਕਹਿ ਗਿਆ ਸੀ। ਮੈਨੂੰ ਤਾਂ ਉਸ ਨੇ ਬੋਲਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਫਿਰ ਉਹ ਖਚਰੀ ਮੁਸਕਣੀ ‘ਚੋਂ ਬੋਲਿਆ, ‘‘ਬਚਨੇ ਦੀ ਦਾਦੀ ਬਥੇਰਾ ਆਂਹਦੀ ਰਹਿੰਦੀ ਸੀ ਉਸ ਨੂੰ ਵੇ! ਮੁਸਲਮਾਨਾਂ ਘਰੋਂ ਖਾਈਂ ਨਾ ਕੁਝ…ਪਰ ਮੈਂ ਤੁਹਾਨੂੰ ਦੱਸਾਂ! ਅਸੀਂ ਉਹ ਇਕੋ ਅੰਬ ਦੋਹਾਂ ਜਣਿਆਂ ਨੇ ਮੱਕੀ ਦੇ ਖੇਤ ਦੀ ਆੜ ਵਿਚ ਜਾ ਕੇ ਵਾਰੀ ਵਾਰੀ ਚੂਪੇ ਲੈ ਕੇ ਚੂਪਿਆ ਸੀ…’’
ਫਿਰ ਉਸ ਨੇ ਡੂੰਘਾ ਹੌਕਾ ਲਿਆ ਤੇ ਆਸੇ ਪਾਸੇ ਆ ਜੁੜੀ ਭੀੜ ਵੱਲ ਵੇਖ ਕੇ ਕਿਹਾ, ‘‘ਵਾਹ! ਸਰਦਾਰ ਜੀ ਕਿਆ ਦਿਨ ਸਨ!…’’
ਮੈਂ ਚੁੱਪ ਚਾਪ ਉਹਦੇ ਚਿਹਰੇ ਵੱਲ ਵੇਖਦਾ ਉਹਦੇ ਮਨ ਵਿਚ ਝਾਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੇ੍ਰਮ ਸਿੰਘ ਭੀੜ ਸਮੇਤ ਅਗਲੀਂ ਗਲੀ ‘ਚੋਂ ਵਾਪਸ ਪਰਤ ਰਿਹਾ ਸੀ। ਉਹ ਦੁਖੀ ਸੀ ਕਿ ਉਸ ਨੂੰ ਘਰ ਨਹੀਂ ਸੀ ਲੱਭਾ। ਪੰਜਾਂਹ ਸੱਠ ਬੰਦਿਆਂ ਦੀ ਭੀੜ ਉਸ ਲਈ ਏਨੇ ਚਿਰ ਤੋਂ ਖੱਜਲ ਹੋ ਰਹੀ ਸੀ ਸ਼ਾਇਦ ਇਸ ਦੀ ਵੀ ਉਹਨੂੰ ਅੰਦਰੇ ਅੰਦਰ ਨਮੋਸ਼ੀ ਸੀ। ਇਲਾਕੇ ਦੇ ਕੌਸਲਰ ਨੇ ਸਾਡੇ ਕੋਲ ਪੁੱਜ ਕੇ ਕਿਹਾ, ‘‘ਬੜਾ ਜ਼ੋਰ ਲਾਇਆ ਪਰ ਸਰਦਾਰ ਹੁਰੀਂ ਘਰ ਦਾ ਚੇਤਾ ਭੁਲਾ ਬੈਠੇ ਨੇ…’’
‘‘ਚੇਤਾ ਤਾਂ ਨਹੀਂ ਭੁੱਲਿਆ। ਉਹ ਤਾਂ ਐਥੇ। ਹੈ…’’ ਉਸਨੇ ਮੱਥੇ ਨੂੰ ਹੱਥ ਲਾਇਆ, ‘‘ਪਰ ਸ਼ਹਿਰ ਬਹੁਤ ਬਦਲ ਗਿਆ। ਵੰਡ ਤੋਂ ਬਾਦ ਜਦੋਂ ਮੈਂ ਆਇਆ ਸਾਂ ਤਾਂ ਉਦੋਂ ਮੈਂ ਘਰ ਲਭ ਲਿਆ ਸੀ ਪਰ ਅੱਜ…’’
ਨਿਰਾਸ਼ ਹੋ ਕੇ ਉਹ ਫਿਰ ਸੱਜੇ ਖੱਬੇ ਵੇਖਣ ਲੱਗਾ। ਸ਼ਾਇਦ ਸੋਚ ਰਿਹਾ ਸੀ ਇਕ ਵਾਰ ਫੇਰ ਚਾਰਾ ਕਰ ਵੇਖੇ ਪਰ ਪਿਛਲੇ ਘੰਟੇ ਡੇਢ ਘੰਟੇ ਭਰ ਤੋਂ ਗਿਰਜਾ ਘਰ ਦੇ ਆਲੇ ਦੁਆਲੇ ਦਾ ਇਲਾਕਾ ਤਾਂ ਉਹ ਕਈ ਵਾਰ ਘੁੰਮ ਚੁੱਕਾ ਸੀ। ਕਾਲੇ ਬੱਦਲਾਂ ਨੇ ਸ਼ੇਖ਼ੂਪੁਰੇ ਦੀ ਛੱਤ ਕੱਜ ਲਈ ਸੀ ਤੇ ਨਿੱਕੀ ਨਿੱਕੀ ਭੂਰ ਤੇਜ਼ ਹੋ ਕੇ ਕੱਪੜੇ ਗਿੱਲੇ ਕਰਨ ਲੱਗੀ। ਇਸ ਮੌਕੇ ਦਾ ਲਾਭ ਲੈ ਕੇ ਅਸੀਂ ਕਿਹਾ, ‘‘ਸਰਦਾਰ ਜੀ! ਚੱਲੀਏ! ਅੱਗੇ ਵੀ ਜਾਣੈ।…’’
‘‘ਚਲੋ ਭਰਾ!’’ ਕਹਿ ਕੇ ਮਣ ਮਣ ਦੇ ਭਾਰੇ ਕਦਮ ਰੱਖਦਾ, ਲੱਤਾਂ ਧੂੰਹਦਾ ਹੋਇਆ ਨਿਰਾਸ਼ ਪੇ੍ਰਮ ਸਿੰਘ ਕਾਰ ਵੱਲ ਵਧਣ ਲੱਗਾ।
ਅਸੀਂ ਆਪਣੇ ਦੁਆਲੇ ਜੁੜੀ ਭੀੜ ਨੂੰ ਧੰਨਵਾਦੀ ਹੱਥ ਜੋੜੇ ਤੇ ਕਾਰ ਵਿਚ ਬੈਠ ਗਏ। ਭੀੜ ਦੇ ਚਿਹਰੇ ਉਤੇ ਵੀ ਪ੍ਰੇਮ ਸਿੰਘ ਵਾਲੀ ਨਿਰਾਸ਼ਾ ਬੋਲ ਰਹੀ ਸੀ।
ਕਾਰ ਵਿਚ ਇਕ ਦੁਖਾਂਤਕ ਖ਼ਾਮੋਸ਼ੀ ਪਸਰੀ ਹੋਈ ਸੀ। ਇਸ਼ ਖ਼ਾਮੋਸ਼ੀ ਨੂੰ ਪ੍ਰੇਮ ਸਿੰਘ ਨੇ ਆਪ ਹੀ ਤੋੜਿਆ, ‘‘ਚੱਲੋ ਸਾਹ ਲੈ ਲਿਆ! ਆਪਣੀ ਧਰਤੀ ਨੂੰ ਯਾਦ ਕਰਕੇ ਨਮਸਕਾਰ ਕਰਕੇ…’’
ਫਿਰ ਉਸ ਨੇ ਸੰਤੁਲਿਤ ਹੋਣ ਦਾ ਯਤਨ ਕੀਤਾ। ‘‘ਜਦੋਂ ਪਿਛਲੀ ਵਾਰ ਆਇਆ ਤਾਂ ਘਰ ਲੱਭ ਲਿਆ ਸੀ। ਅਸੀਂ ਦਰਵਾਜ਼ਾ ਖੜਕਾਇਆ ਤਾਂ ਘਰ ਦੀ ਸੁਆਣੀ ਬਾਹਰ ਆਈ। ਮੈਂ ਕਿਹਾ, ‘‘ਪਾਣੀ ਪੀਣਾ ਤੁਹਾਡੇ ਨਲਕੇ ਦਾ…’’ ਕਹਿੰਦੀ ਸਾਡੇ ਨਲਕੇ ਦਾ ਹੀ ਕਿਉਂ? ਹੋਰ ਕਿਸੇ ਦਾ ਕਿਉਂ ਨਹੀਂ? ਦੱਸਿਆ ਤਾਂ ਖ਼ੁਸ਼ੀ ਖ਼ੁਸ਼ੀ ਗਲਾਸ ਲੈ ਕੇ ਭਰਨ ਤੁਰ ਪਈ’’ ਉਹ ਚੁੱਪ ਕਰ ਗਿਆ ਤੇ ਦੂਰ ਖਿਲਾਅ ਵੱਲ ਵੱਖਣ ਲੱਗਾ। ਅੱਜ ਅਣਪੀਤੇ ਪਾਣੀ ਦਾ ਸੁਆਦ ਉਹਦਾ ਜੀਭ ‘ਤੇ ਤੈਰ ਰਿਹਾ ਸੀ।
ਅਸੀਂ ਕਿੰਨਾ ਚਿਰ ਕੋਈ ਗੱਲ ਨਾ ਕੀਤੀ।

«StartPrev123NextEnd»
Page 1 of 3