You are here:ਮੁਖ ਪੰਨਾ»ਰਿਪੋਟਾਂ
ਰਿਪੋਟਾਂ
ਰਿਪੋਟਾਂ

ਰਿਪੋਟਾਂ (3)

ਤ੍ਰੈਮਾਸਿਕ ਕਹਾਣੀ ਬੈਠਕ

ਕੁਲਜੀਤ ਮਾਨ

 

ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ ਰਚਦੇ ਰਹੇ।

ਦਸ ਸਾਲ ਦੇ ਅਰਸੇ ਬਾਦ ਵਰਿਆਮ ਸੰਧੂ ਨੇ ਆਪਣੀ ਨਵੀਂ ਕਹਾਣੀ ਦਾ ਪਾਠ ਇਸ ਬੈਠਕ ਵਿਚ ਕਰਨਾ ਸੀ। ਕਹਾਣੀ ਬੈਠਕ ਨੇ ਭਾਰਤੀ ਸਾਹਿਤ ਅਕੈਡਮੀ ਦੇ ਅਵਾਰਡ ਵਿਜੇਤਾ ਵਰਿਆਮ ਸੰਧੂ ਦੀ ਕਹਾਣੀ ਦਾ ਇਸ ਗਲੋਂ ਵੀ ਸੁਆਗਤ ਕੀਤਾ ਕਿ ਇੱਕ ਅਰਸੇ ਬਾਦ ਲਿਖੀ ਕਹਾਣੀ ਦੀ ਉਤਸੁਕਤਾ ਦਾ ਪਹਿਲਾ ਪ੍ਰਭਾਵ ਤ੍ਰੈਮਾਸਿਕ ਕਹਾਣੀ ਬੈਠਕ ਵਿਚ ਕਬੂਲਿਆ ਜਾਂਣਾ ਸੀ।

ਰਾਸ਼ਨ-ਪਾਣੀ ਉਪਰੰਤ ਜਰਨੈਲ ਸਿੰਘ ਕਹਾਣੀਕਾਰ ਦੀ ਪ੍ਰਧਾਨਗੀ ਹੇਠ ਠੀਕ ਤਿੰਨ ਵਜ਼ੇ ਹਜ਼ੂਮ ਸਭਾ ਵਿਚ ਬਦਲ ਗਿਆ। ਸਭ ਤੋਂ ਪਹਿਲਾਂ ਕਹਾਣੀ ਪੜ੍ਹਨ ਦੀ ਜਿੰਮੇਵਾਰੀ ਜਰਨੈਲ ਸਿੰਘ ਗਰਚਾ ਦੇ ਹਿੱਸੇ ਆਈ। ਕਹਾਣੀ ਦਾ ਨਾਮ ਸੀ ‘ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ’। ਗਰਚਾ ਦੀ ਇਹ ਇਕ ਲੰਬੀ ਕਹਾਣੀ ਸੀ। ਦੋ ਬੇੜੀਆਂ ਵਿਚ ਰਖੇ ਪੈਰਾਂ ਦਾ ਤਨਾਵ ਕਦੇ ਛੋਟਾ ਹੁੰਦਾ ਰਿਹਾ ਤੇ ਕਦੇ ਵੱਡਾ। ਪੰਜਾਬੀ ਸਮਾਜ ਵਿਚ ਹੋ ਰਹੇ ਅਨੋਖੇ  ਵਰਤਾਰੇ ਨਾਲ ਇਹ ਸਮਝ ਵੀ ਮਿਟ ਗਈ ਹੈ ਕਿ ਕੌਣ ਇਤਬਾਰਾ ਹੈ ਤੇ ਕੌਣ ਦੇਖਣ ਵਿਚ ਹੀ ਬੀਬਾ ਹੈ। ਸਾਰੇ ਬਿਰਤਾਂਤ ਵਿਚੋਂ ਭਾਵੇਂ ਗਾਲੜ ਤੇ ਪਟਵਾਰੀ ਦੋਵੇਂ ਹੀ ਗਾਇਬ ਸਨ ਪਰ ਉੱਜੜੇ ਬਾਗਾਂ ਦੇ ਨਕਸ਼ੇ ਜਰੂਰ ਦ੍ਰਿਸ਼ਟ-ਮਾਨ ਸਨ। ਉਜੜੇ ਬਾਗਾਂ ਵਿਚ ਫਿਰ ਵੀ ਤੋਤੇ ਆਉਂਦੇ ਹਨ। ਉਨ੍ਹਾਂ ਨੂੰ ਗੁਲੇਲੇ ਵੀ ਵਜਦੇ ਹਨ, ਕਦੇ ਆਪਣਿਆਂ ਵਲੋਂ ਤੇ ਕਦੇ ਸਕਿਆਂ ਵਲੋਂ। ਤ੍ਰਾਸਦੀ  ਇਹ ਹੈ ਕਿ ਹੋਰ ਇਹ ਜਾਣ ਵੀ ਕਿੱਥੇ। ਯੁੱਧ ਵੀ ਕਰਦੇ ਹਨ ਤੇ ਯੁੱਧਾਂ ਦੀਆਂ ਜੁਗਤਾਂ ਵੀ ਪ੍ਰਮਾਣਿਕ ਹੁੰਦੀਆਂ ਹਨ। ਜ਼ਿੰਦਗੀ ਵਿਚ ਸਟੇਅ ਆਰਡਰ ਵੀ ਲੈਂਣੇ ਪੈਂਦੇ ਹਨ। ਜ਼ਿੰਦਗੀ ਦੀ ਪ੍ਰਮਾਣਿਕਤਾ ਚੰਗੀ ਗੱਲ ਹੈ ਪਰ ਵਾਸਤਵਿਕਤਾ ਦੇ ਨਾਲ ਲੇਖਕ ਦੀ ਦ੍ਰਿਸ਼ਟੀ ਕੁਝ ਲਘੂ ਰਹੀ ਤੇ ਕਹਾਣੀ ਨੂੰ ਫੋਕਸ ਦੀ ਘਾਟ ਨਾਲ ਮਾਲਾ ਮਾਲ ਕਰ ਦਿੱਤਾ। ਹਾਸ਼ੀਏ ਤੇ ਖੜੀ ਲਿਖਤ ਦੇ ਫੈਲਾਅ ਨੂੰ ਬੁਣਨ ਦੀ ਜ਼ਰੂਰਤ ਹੈ। ਕੁਝ ਐਸਾ ਵੀ ਰੜਕਿਆ ਜਿਸਨਾਲ ਪਾਠਕ ਦੀ ਨਵਾਂਪਨ ਜਾਨਣ ਦੀ ਰੀਝ ਨੇ ਹਲਕਾ ਜਿਹਾ ਨਾਂਹ-ਪੱਖੀ ਸਿਰ ਮਾਰਿਆ। ਫਿਰ ਵੀ ਜਰਨੈਲ ਸਿੰਘ ਗਰਚਾ ਦਾ ਇੱਕ ਉੱਦਮੀ ਕਦਮ ਸੀ। ਭਾਸ਼ਾਈ ਪਖੋਂ ਕੁਝ ਰੌਚਕ ਮੁਹਾਵਰੇ ਵੀ ਉਭਾਰਕੇ ਲਿਆਂਦੇ ਜਿਨ੍ਹਾਂ ਸਠਵਿਆਂ ਵਿਚ ਵਰਤੀ ਜਾਂਦੀ ਬੋਲੀ ਦੀ ਮਾਖਿਉਂ ਮਿਠੀ ਖੁਸ਼ਬੋ ਪਸਾਰੀ। ਕੁਝ ਘਰਾਂ, ਪਿੰਡਾਂ ਦਾ ਨੁਹਾਰੀ-ਕਰਣ ਵੀ ਸ਼ਲਾਘਾ ਯੋਗ ਸੀ।

ਇਸ ਤੋਂ ਬਾਦ ਅਗਲੀ ਕਹਾਣੀ ਵਰਿਆਮ ਸੰਧੂ ਰਚਿਤ ‘ਰਿਮ ਝਿਮ ਪਰਬਤ’ ਸੀ, ਜਿਸਦੀ ਇੰਤਜਾਰ ਸਾਰਿਆਂ ਨੂੰ ਸੀ।

ਵਿਭਿੰਨ ਪਸਾਰਾਂ ਨਾਲ ਮਨੁੱਖੀ  ਜੀਵਨ ਦੀਆਂ ਅਨੇਕ ਪਰਤਾਂ,ਚਿੰਤਾਵਾਂ, ਓਤਰਾ-ਚੜਾਵਾਂ, ਇਤਹਾਸ ਤੇ ਪਰੰਪਰਾਵਾਂ ਨਾਲ ਲਬਰੇਜ਼ ਜਿੰ਼ਦਗੀ ਦੀਆਂ ਕਦਰਾਂ-ਕੀਮਤਾਂ ਤੇ ਕੀਮਤਾਂ ਦੇ ਆਪਸੀ ਡਾਇਲਾਗ ਨਾਲ ਕਮਰ-ਕੱਸੀ ਇਹ ਕਹਾਣੀ ਆਪਣੇ ਆਪ ਵਿਚ ਇੱਕ ਮਾਡਲ ਹੈ। ਬਿਰਤਾਂਤ ਉਪਰ ਪੀਡੀ ਪਕੜ ਕਰਕੇ ਹੀ ਕਹਾਣੀ ਦਾ ਪ੍ਰਭਾਵ ਖਿੰਡਦਾ ਨਹੀਂ ਸਗੋਂ ਇਕਾਗਰ ਰਹਿੰਦਾ ਹੈ। ਅਜੋਕੇ ਸਮਾਜਿਕ ਵਰਤਾਰੇ ਵਿਚ ਆਰਥਿਕਤਾ ਨੇ ਪ੍ਰਮੁਖਤਾ ਨਾਲ ਮਨੁੱਖੀ ਸੋਚ ਨੂੰ ਵਲੂੰਧਰਿਆ ਹੈ। ਇਹ ਵਲੂੰਧਰਾ-ਪਨ ਹੀ ਉਭਰਕੇ ਸਾਡੇ ਤਾਣੇ-ਪੇਟੇ ਨੂੰ ਦਿਸ਼ਾ ਪ੍ਰਦਾਨ ਕਰ ਰਿਹਾ ਹੈ। ਕੋਈ ਵੀ ਬਾਤ ਸਰਲਤਾ ਨਾਲ ਵੀ ਕੀਤੀ ਜਾਵੇ ਤਾਂ ਉਸਦੇ ਮਾਅਇਨਿਆਂ ਵਿਚੋਂ ਅਸੀਂ ਆਦਤਨ, ਕੁਝ ਪਦਾਰਥਕ ਤਲਾਸ਼ਣ ਦੀ ਰੁਚੀ ਨੂੰ ਸੰਤੁਲਿਤ ਨਹੀਂ ਰੱਖ ਸਕਦੇ। ਇਹ ਕਹਾਣੀ ਅਜੋਕੇ ਰੁਝਾਣਾਂ ਤੋਂ ਨਿਰਲੇਪ, ਕੁਝ ਐਸਾ ਸੁਝਾਅ ਰਹੀ ਹੈ ਜਿਸਦੀਆਂ ਵਾਟਾਂ ਮਨੁੱਖ ਦੇ ਅੰਦਰਲੇ ਮਨੁੱਖ ਨੂੰ ਮੁਖਾਤਿਬ ਹਨ। ਆਰਥਿਕਤਾ ਨਾਲ ਇਸਦਾ ਸਿਧਾ ਕੋਈ ਲੈਣਾ ਦੇਣਾ ਨਹੀਂ। ਲੁਟ-ਮਾਰ ਕਰਦੇ ਕੁਝ ਲੁੱਡੀ-ਮਾਰ ਕਿਸੇ ਸਿਸਟਮ ਨਾਲ ਬੱਝੇ ਨਹੀਂ ਹੁੰਦੇ। ਭਾਵੇਂ ਸਿਸਟਮ ਵੀ ਭਰਿਸ਼ਟ ਹੋਵੇ ਪਰ ਅਰਾਜਕਤਾ ਨਾਲੋਂ ਸਵਾਇਆ ਹੀ ਹੁੰਦਾ ਹੈ।

ਕਹਾਣੀ ਦੀ ਸਿਖ਼ਰਤਾ ਮੁੱਖ ਪਾਤਰ ਦੀ ਸਵੈ-ਸਿਰਜੀ ਸਖਸ਼ੀਅਤ ਨਾਲ ਵਾਬਸਤਾ ਹੈ ਤੇ ਪਾਠਕ ਦੇ ਮੰਨ ਵਿਚ ਕਿੰਤੂ ਵੀ ਪੈਦਾ ਕਰਦਾ ਹੈ। ਇਹ ਕਿੰਤੂ ਉਹ ਹੈ ਜੋ ਪਾਠਕ ਨੇ ਆਪਣੇ ਆਪ ਹੀ ਸਮਝ ਲਿਆ ਹੈ ਕਿ ਜੋ ਦੋਸ਼ੀ ਨਹੀ ਉਹ ਆਤਮ-ਗਿਲਾਨੀ ਨਾਲ ਗਲ਼ਤਾਨ ਕਿਉਂ ਹੈ? ਸ਼ੰਕੇ ਨਵਿਰਤ ਹੁੰਦੇ ਹਨ ਜਦੋਂ ਉਹ ਕਹਾਣੀ ਵਿਚ ਛੋਹੇ ਸਵੈ ਨੂੰ ਮਜ਼ਬੂਤ ਕਰਦੇ ਵੇਰਵਿਆਂ ਦਾ ਮੰਥਨ ਕਰਦਾ ਹੈ।

ਨਾਇਕ ਅਰਜਨ ਸਿੰਘ ਸਿਰਜੀ ਕਹਾਣੀ ਵਿਚ ਦੂਸਰੀ ਪੀੜੀ ਦੀ ਪ੍ਰਤੀਨਿਧਤਾ ਕਰਦਾ ਹੈ। ਉਸਦਾ ਬਾਪ ਇੰਦਰ ਸਿੰਘ ਇਕ ਸੱਚਾ ਸੂਰਾ ਸਿੱਖ ਹੈ ਤੇ ਪਰੰਮਪਰਾ-ਗਤ ਚਲੀ ਆ ਰਹੀਆਂ ਸਿੱਖ ਰਵਾਇਤਾਂ ਅਨੁਸਾਰ ਪ੍ਰਭੂਸਤਾ ਦੇ ਪ੍ਰਭੂਆਂ ਨਾਲ ਹਮੇਸ਼ਾਂ ਮਰਦ-ਅਗੰਮੜਾ ਬਣਕੇ ਦਸਤ-ਪੰਜਾ ਲੈਂਦਾ ਹੈ। ਉਸਦਾ ਸਬੰਧ ਇਤਹਾਸਕਾਰੀ ਦੇ ਸਿਧਾਂਤਕ ਅਤੇ ਵਿਵਹਾਰਕ ਮੁਲਾਂ ਨਾਲ ਹੈ। ਇਹ ਸਿਧਾਂਤ, ਜੈਤੋ ਦੇ ਮੋਰਚੇ ਵਿਚ ਤੇ ਫਿਰ ਗਦਰ-ਲਹਿਰ ਵਿਚ ਵੀ ਆਪਣਾ ਪ੍ਰਚਮ ਲਹਿਰਾਉਂਦੇ ਹਨ। ਅਰਜਨ ਸਿੰਘ ਦਾ ਫ਼ਰਜ ਘਰ-ਗ੍ਰਹਿਸਥੀ ਦਾ ਹੈ।

ਅਰਜਨ ਸਿੰਘ ਦੇ ਪੁੱਤਰ ਜਗਜੀਤ ਸਿੰਘ ਤੱਕ ਹੱਕ-ਸਚ ਦੇ ਬੋਲ ਕਾਮਰੇਡਾਂ ਦੀ ਕਾਰਜਸ਼ੈਲੀ ਨਾਲ ਨੱਥੀ ਹੋ ਜਾਂਦੇ ਹਨ ਤੇ ਜਗਜੀਤ ਸਿੰਘ ਇੱਕ ਖਿਚੀ ਲਕੀਰ ਦੇ ਪਾਰ ਜਾ ਖਲੋਂਦਾ ਹੈ। ਪੰਜਾਬ ਸੰਕਟ ਦੌਰਾਨ ਵਡੇ ਪਧਰ ਤੇ ਹੋਈ ਕਾਮਰੇਡਾਂ ਦੀ ਸ਼ਹਾਦਤ ਨੇ ਉਨ੍ਹਾਂ ਵਿਚ ਬੇਕਿਰਕੀ ਲੈ ਆਂਦੀ। ਜਗਜੀਤ ਉਸ ਬੇਕਿਰਕੀ ਨਾਲ ਜਾ ਖਲੋਂਦਾ ਹੈ ਪਰ ਅਰਜਨ ਸਿੰਘ ਆਪਣੀਆਂ ਮਾਨਤਾਵਾਂ ਨਾਲ ਖੜਾ ਹਰ ਪੱਖ ਨੂੰ ਤਥਾਂ ਅਧਾਰਤ ਮਾਪਦਾ ਤੋਲਦਾ ਹੈ ਤੇ ਮਜ਼ਲੂਮਾਂ ਦੀ ਰਖਿਆ ਨੂੰ ਸਮੁੱਚਤਾ ਵਿਚ ਵਿਚਾਰਦਾ ਹੈ। ਫ਼ਲੈਸ਼-ਬੈਕ ਵਿਧੀ ਵਰਤਦਿਆਂ ਲੇਖਕ, ਅਰਜਨ ਸਿੰਘ ਦੀ ਇਸ ਧਾਰਨਾ ਨੂੰ ਨਿਖਾਰਦਾ ਹੈ।

ਅਰਜਨ ਸਿੰਘ ਦਾ ਚਰਿਤਰ ਇਕ ਅੰਮ੍ਰਿਤਧਾਰੀ ਕਾਮਰੇਡ ਵਾਂਗ ਹੈ ਭਾਵੇਂ ਉਸਨੇ ਵਿਧੀ ਅਨੁਸਾਰ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਉਸਦੇ ਰੋਮ-ਰੋਮ ਵਿਚ ਅੰਮ੍ਰਿਤ ਹੈ। ਇਹੋ ਅੰਮ੍ਰਿਤ ਕਿਸੇ ਵੇਲੇ ਫਾਤਿਮਾ ਦੀ ਇਜ਼ਤ ਬਚਾਉਣ ਖਾਤਰ ਅੱਗ ਨਾਲ ਭਿੜ ਜਾਂਦਾ ਹੈ ਤੇ ਇਹੋ ਅੰਮ੍ਰਿਤ ਗਦਰੀ ਬਾਬਿਆਂ ਦੀ ਯਾਦਗਾਰ ਸਥਾਪਿਤ ਕਰਦਾ ਹੈ।

ਧੱਕੇ ਨਾਲ ਕਬਜ਼ਾ ਕਰਨ ਆਏ ਸਿਧਾਂਤ-ਹੀਣ ਕਥਿਤ ਸਿੱਖ ਨੌਸਰਬਾਜਾਂ ਦੀ ਲਾਲੀ ਨੂੰ ਨਿੱਲਤਣ ਵਿਚ ਬਦਲ ਦਿੰਦਾ ਹੈ। ਕਥਿਤ ਲੈਫਟੀਨੈਂਟ ਜਨਰਲ ਗੁਰਜੀਤ ਦਾ ਵਡਾ ਭਰਾ ਕਾਮਰੇਡ ਸੀ ਫੇਰ ਖਿਆਲ ਬਦਲ ਗਏ। ਅਰਜਨ ਸਿੰਘ ਨੂੰ ਗੁੱਸਾ ਵੀ ਆਉਂਦਾ ਹੈ ਕਿ ਕਾਮਰੇਡ ਧਿਰ ਖੁਰਦੀ ਖੁਰਦੀ ਅਸਲੋਂ ਹੀ ਕਿਉਂ ਖੁਰ ਗਈ?

ਸਮਾਜਿਕ-ਰਾਜਨੀਤਕ ਪੈਂਤੜਿਆਂ ਦੇ ਬਾਵਜੂਦ ਸਵੈ-ਸਿਰਜੀ ਸਖਸ਼ੀਅਤ ਵਜੋਂ ਉਸਾਰੀ ਅਰਜਨ ਸਿੰਘ ਦੀ ਸੋਚ ਮੁੱਖ-ਨਾਇਕ ਦੀ ਵਿਰਾਸਤ ਸੀ। ਉਸਨੂੰ ਮਾਰਨ ਆਏ ਤਿੰਨਾਂ ਮੁੰਡਿਆਂ ਦੀਆਂ ਪਿਠਾਂ ਆਪਣੇ ਪੁੱਤਾਂ ਵਰਗੀਆਂ ਲਗਦੀਆਂ ਹਨ। ਪੁਲੀਸ ਵਲੋਂ ਇਹ ਕਹਿਣਾ ਕਿ ਬਾਬਾ ਵਧਾਈ ਹੋਵੇ ਤੇਰੇ ਦਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ। ਅਰਜਨ ਸਿੰਘ ਨੂੰ ਲਗਦੈ ਕਿ ਉਸਦਾ ਕਿਰਦਾਰ ਇਕ ਮੁੱਖਬਰ ਦਾ ਬਣ ਗਿਆ ਹੈ ਜਦ ਕਿ ਉਹ ਤੇ ਮੁੰਡਿਆਂ ਨੂੰ ਬਚਾਉਂਣਾ ਚਾਹੁੰਦਾ ਸੀ। ਚਿਟੀ ਦਾਹੜੀ ਨੂੰ ਕਾਲਖ਼ ਲਗੀ ਸਮਝਦਿਆਂ ਉਹ ਆਪਣੇ ਸਦੀਵੀਂ ਕਿਰਦਾਰ ਦੀ ਬਹਾਲੀ ਲਈ ਪੁਲੀਸ ਤੇ ਹਮਲਾ ਕਰਦਾ ਹੈ ਤੇ ਪੁਲੀਸ ਹਥੋਂ ਸ਼ਹਾਦਤ ਪ੍ਰਾਪਤ ਕਰਦਾ ਹੈ।

ਚੜਦੇ ਸੂਰਜ ਦੀਆਂ ਕਿਰਨਾਂ ਦੇ ਸੁਨਿਹਰੀ ਚਾਨਣ ਵਿਚ ਬਾਬੇ ਦੀ ਚਿੱਟੀ ਦਾੜੀ ਲਿਸ਼ ਲਿਸ਼ ਕਰ ਰਹੀ ਸੀ। ਬਹੁ-ਪਰਤੀ ਤੇ ਬਹੁ-ਪਸਾਰੀ ਕਹਾਣੀ ਵਿਚ ਅਨੇਕ ਪਰਤਾਂ ਹਨ। ਜਿਨ੍ਹਾਂ ਦਾ ਖੁਲਾਸਾ ਕਰਨਾ ਇਸ ਰਿਪੋਰਟ ਦੀ ਸਮਰਥਾ ਅਨੁਸਾਰ ਅਸੰਭਵ ਹੈ।

ਜਰਨੈਲ ਸਿੰਘ ਕਹਾਣੀਕਾਰ ਨੇ ਸਿਖਰਤਾ ਵੱਲ ਜਾਂਦੀਆਂ ਕਈ ਕਲਾ-ਸੰਪਨ ਕਿਰਨਾਂ ਦਾ ਜ਼ਿਕਰ ਕੀਤਾ। ਭਾਸ਼ਾ ਪਖੋਂ ਕਾਵਿਕਤਾ ਦਾ ਰਸ ਹੈ, ਇਹ ਵਿਚਾਰ ਮਿੰਨੀ ਗਰੇਵਾਲ ਦੇ ਸਨ। ਅਰਵਿੰਦਰ ਕੌਰ, ਬਰਜਿੰਦਰ ਗੁਲਾਟੀ ਤੇ ਮਨਮੋਹਨ ਗੁਲਾਟੀ ਨੇ ਸੰਘਣੀ ਬੁਣਤਰ, ਕਥਾਨਕ ਵਾਕ ਬੀੜਨ ਦੀ ਕੌਸ਼ਲਤਾ ਨੂੰ ਸਰਾਹਿਆ। ਨੀਟਾ ਬਲਵਿੰਦਰ ਤੇ ਜਰਨੈਲ ਸਿੰਘ ਗਰਚਾ ਨੇ ਕਿਹਾ ਕਿ ਡਾਇਲਾਗ ਤਿੱਖੇ ਤੇ ਸਥਿਤੀ ਅਨਕੂਲ ਹਨ। ਕੁਝ ਵੀ ਬੇਲੋੜਾ ਨਹੀਂ। ਵਕੀਲ ਕਲੇਰ, ਕੁਲਦੀਪ ਗਿੱਲ ਤੇ ਰਛਪਾਲ ਗਿੱਲ ਮੰਤਰ-ਮੁਗਧ ਹੋਕੇ ਸਮੁਚੀ ਕਹਾਣੀ ਨੂੰ ਮਾਣਦੇ ਵੀ ਰਹੇ ਤੇ ਦਾਦ ਵੀ ਦਿੰਦੇ ਰਹੇ। ਮਾਇਆ ਰਾਮ ਦੀ ਨਸੀਹਤ ਦਾ ਜ਼ਿਕਰ ਕਰਨਾ ਬਣਦੈ ਜਿਸਨੇ ਅਰਜਨ ਸਿੰਘ ਦੀ ਸੋਚ ਵਿਚ ਸੋਨੇ ਦੀ ਝਾਲ ਵਰਗਾ ਕੰਮ ਕੀਤਾ। ਫੜੇ ਗਏ ਮੁੰਡੇ ਪਰਮਜੀਤ ਦਾ ਇਹ ਕਹਿਣਾ ਕਿ ‘ਮੈਂ ਤਾਂ ਜੀਣਾ ਚਾਹੁੰਦਾ ਹਾਂ’ ਜਾਂ ਅਰਜਨ ਸਿੰਘ ਦਾ ਕਹਿਣਾ ਨਾ ਨਾ ‘ਮੈਂ ਪਹਿਲਾਂ ਭਗਾਉਤੀ ਨਹੀਂ ਸਿਮਰਦਾ,ਮੈਂ ਤਾਂ ਪਹਿਲਾਂ ਪ੍ਰਿਥਮੈ ਨਾਨਕ ਸਿਮਰਕੇ ਅੱਗੇ ਤੁਰਦਾ ਹਾਂ। ਨਾਨਕ ਨੂੰ ਸਿਮਰੇ ਬਿਨ੍ਹਾਂ ਜਾਂ ਨਾਨਕ ਤੱਕ ਪਹੁੰਚਣ ਤੋਂ ਪਹਿਲਾਂ ਚਲੀ ਭਗਾਉਤੀ ਬੜੀ ਗੜਬੜਾਂ ਕਰ ਸਕਦੀ ਏ।’ ਦਹਾਕੇ ਬਾਦ ਲਿਖੀ ਕਹਾਣੀ ਲਈ ਵਰਿਆਮ ਸੰਧੂ ਨੂੰ ਸਭਨੇ ਮੁਬਾਰਕਬਾਦ ਕਹੀ।

ਇਸਤੋਂ ਬਾਦ ਬਰਜਿੰਦਰ ਗੁਲਾਟੀ ਨੇ ਕਹਾਣੀ ਸੁਣਾਈ ‘ਬੇਬੇ ਜੀ’। ਪੇਸ਼ਕਾਰੀ ਪਖੋਂ ਬਰਜਿੰਦਰ ਗੁਲਾਟੀ ਹਮੇਸ਼ਾਂ ਹੀ ਕਮਾਲ ਕਰਦੇ ਹਨ। ਕਹਾਣੀ ਵਿਚ ਸਰਲਤਾ, ਛੋਟੇ ਛੋਟੇ ਵਾਕ, ਜਜ਼ਬਾਤ ਤੇ ਦ੍ਰਿਸ਼ ਚਿਤਰਣ ਦੀ ਖੂਬੀ ਸੀ। ਵਰਿਆਮ ਸੰਧੂ ਦਾ ਪ੍ਰਤੀਕਰਮ ਸੀ ਕਿ ਇਹ ਜਰੂਰੀ ਨਹੀਂ ਕਿ ਹਰ ਕਹਾਣੀ ਵਡੇ ਥੌਟ ਨੂੰ ਲੈਕੇ ਹੀ ਚੱਲੇ। ਕਹਾਣੀ ਦਾਹਵਾ ਹੀ ਨਹੀਂ ਕਰਦੀ ਕਿ ਮੈਂ ਕਿਸੇ ਵਿਚਾਰ ਦਾ ਸੰਚਾਰ ਕਰਨਾ ਹੈ। ਕਹਾਣੀ ਪ੍ਰਕਿਰਤਕ ਫ਼ਸਲਾਂ, ਪੌਦਿਆਂ, ਦਰਖਤਾਂ  ਤੇ ਸੁ਼ਧ ਵਾਤਾਵਰਣ ਦਾ ਜ਼ਿਕਰ ਹੈ। ਸੋਹਜ ਦੀ ਭਾਵਨਾ ਤ੍ਰਿਪਤ ਹੁੰਦੀ ਹੈ। ਹਲਕੇ ਸੰਗੀਤ ਦੀ  ਇਹ ਇਕ ਖੂਬਸੂਰਤ ਕਹਾਣੀ ਹੈ।

ਇਸਤੋਂ ਬਾਦ ਵਕੀਲ ਕਲੇਰ ਦੀ ਕਹਾਣੀ ਸੀ ‘ਕਾਸ਼ਨੀ ਖਿਆਲ’। ਛੋਟੀ ਪਰ ਚੰਗੇ ਸ਼ਬਦਾਂ ਦੇ ਜਾਲ ਨਾਲ  ਬੁਣੀ ਇਹ ਸਰੀਰਕ ਅਤ੍ਰਿਪਤੀ ਦੀ ਕਹਾਣੀ ਸੀ ਜਿਸ ਵਿਚ ਡੰਗ-ਟਪਾਊ ਕਥਿਤ-ਖੁਸ਼ੀ ਸੀ ਪਰ ਸਦੀਵੀ ਖੁਸ਼ੀ ਦੀ ਅਣਹੋਂਦ ਸੀ। ਸਦੀਵੀ ਖੁਸ਼ੀ ਦੀ ਗੱਲ ਕਰਨੀ ਕਹਾਣੀ ਦੀ ਜਰੂਰਤ ਹੀ ਨਹੀਂ ਸੀ। ਵਕੀਲ ਕਲੇਰ ਡੰਗ-ਟਪਾਊ ਕਥਿਤ-ਖੁਸ਼ੀ ਦੀ ਗੱਲ ਕਰਦਾ ਜਾਂ ਤਾਂ ਸੰਗ ਗਿਆ ਜਾਂ ਕਿਰਸ ਕਰ ਗਿਆ ਪਰ ਸ਼ਬਦਾਂ ਦਾ ਜਾਦੂ ਜਰੂਰ ਕਰ ਗਿਆ।

ਇਸਤੋਂ ਬਾਦ ਰਛਪਾਲ ਕੌਰ ਗਿੱਲ ਨੇ ਆਪਣੀ ਕਹਾਣੀ ‘ਤੇਜੋ ਫਿਰ ਵਿਕ ਗਈ’ ਦੇ ਦੋ ਕੁ ਸਫੇ ਸੁਣਾਏ ਤੇ ਬਾਕੀ ਕਹਾਣੀ ਮੂੰਹ ਜ਼ਬਾਨੀ ਹੀ ਸੁਣਾਈ।  ਚੰਗੇ ਵਿਸ਼ੇ ਤੇ ਰਛਪਾਲ ਦੇ ਜਜ਼ਬਾਤ ਸਲਾਹੁੰਣ ਯੋਗ ਸਨ। ਵੀਹ ਸਾਲ ਦੀ ਵਹੁਟੀ ਤੇ ਸਤਰ ਸਾਲ ਦੇ ਬਾਬੇ ਦੇ ਆਨੰਦਾਂ ਨੂੰ ਜਿਤਨਾ ਵੀ ਤਿੱਖਾ ਨਿੰਦਿਆ ਜਾਵੇ ਸੰਤੁਲਿਤ ਹੀ ਲਗੇਗਾ।

ਰਾਤ ਦਾ ਇੱਕ ਵਜ਼ ਚੁੱਕਾ ਸੀ। ਕਾਰਾਂ ਸਟਾਰਟ ਕਰਨ ਲਗਿਆਂ ਦੰਦੋੜਿਕਾ ਵੱਜ ਰਿਹਾ ਸੀ। ਜਰਨੈਲ ਸਿੰਘ ਕਹਾਣੀਕਾਰ ਨੇ ਸਭਾ ਵਲੋਂ ਗਿੱਲ ਪਰਿਵਾਰ ਦਾ ਧੰਨਵਾਦ ਕੀਤਾ।

11 ਅਕਤੂਬਰ 2009 ਦੀ ਸ਼ਾਮ ਨੂੰ ਸਰੀ ਦੇ ਬਿਲ ਪਰਫਾਰਮਿੰਗ ਆਰਟਸ ਥੀਏਟਰ ਵਿਚ ਪੰਜਾਬੀ ਨਾਟਕ ‘ਨਿਉਂ ਜੜ੍ਹ’ ਦਾ ਮੰਚਨ ਹੋਇਆ। ਇਹ ਨਾਟਕ ਪ੍ਰੋਫੈਸਰ ਅਜਮੇਰ ਔਲਖ ਦਾ ਲਿਖਿਆ ਹੋਇਆ ਹੈ ਅਤੇ ਉਨ੍ਹਾਂ  ਦੀ ਹੀ ਅਗਵਾਈ ਵਿਚ ਐਡਮਿੰਟਨ ਦੀ ਪੰਜਾਬੀ ਹੈਰੀਟੇਜ  ਥੀਏਟਰ ਐਸੋਸੀਏਸ਼ਨ ਵੱਲੋਂ ਖੇਡਿਆ ਗਿਆ। ਭਰੂਣ ਹੱਤਿਆ ਰੋਕਣ ਦਾ ਖੁਲ੍ਹ ਕੇ ਸੁਨੇਹਾ ਦਿੰਦੇ ਇਸ ਨਾਟਕ ਵਿਚ ਦਰਸ਼ਕਾਂ ਦੀ ਦਿਲਚਸ਼ਪੀ ਲਈ ਮਨੋਰੰਜਨ ਵੀ ਸੀ ਤੇ ਉਸਾਰੂ ਗੀਤ ਵੀ ਸਨ। ਭਾਵੁਕ ਕਰਨ ਵਾਲੇ ਦ੍ਰਿਸ਼ ਵੀ ਸਨ। ਪੰਜਾਬ ਤੋਂ ਇਸ ਨਾਟਕ ਵਿਚ ਹਿੱਸਾ ਲੈਣ ਆਏ ਸ੍ਰੀਮਤੀ ਮਨਜੀਤ ਕੌਰ ਔਲਖ ਅਤੇ ਹੈਰੀਟੇਜ ਗਰੁੱਪ ਦੇ ਪਰਮਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਵਧੀਆ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ।

ਨਾਟਕ ਵਿਚ ਜਿਨ੍ਹਾਂ ਕਲਾਕਾਰਾਂ ਨੇ ਭਾਗ ਲਿਆ, ਉਨ੍ਹਾਂ ਦੇ ਨਾਂ ਹਨ : ਮਨਜੀਤ ਔਲਖ, ਪਰਮਜੀਤ ਗਿੱਲ, ਸਰਗਮ ਸੰਧੂ,ਨੇਹਾ ਬਾਂਸਲ,ਸੁਰਜੀਤ ਕੌਰ,ਇੰਦਰਪਾਲ ਸੰਘੇੜਾ, ਨਿਰਮਲ ਸਿੰਘ ਗਿੱਲ,ਪਰਮਜੀਤ ਕੌਰ ਮਾਨ, ਦਵਿੰਦਰ ਧਾਲੀਵਾਲ, ਗੁਰਜੀਤ ਕੰਗ, ਰਘਵੀਰ ਬਿਲਾਸਪੁਰੀ, ਜਸਪ੍ਰੀਤ ਗਿੱਲ, ਰਿਪਨ ਕੌਰ ਗਿੱਲ, ਰਾਜਵਿੰਦਰ ਥਿੰਦ, ਚਰਨਪ੍ਰੀਤ ਕੌਰ ਬੋਪਾਰਾਏ, ਸਵਰਨ ਧਾਲੀਵਾਲ, ਸੰਨੀ ਧਾਲੀਵਾਲ,  ਰੂਬੀ ਧਾਲੀਵਾਲ, ਜਸਵਿੰਦਰ ਕੌਰ ਗਿੱਲ, ਮਨਜੀਤ ਧਾਲੀਵਾਲ, ਜਸਪਾਲ ਬਾਂਸਲ, ਅਸ਼ੋਕ ਗੰਗਵਾਨੀ ਅਤੇ ਪਰਵਿੰਦਰ ਗਿੱਲ।

ਅੰਤ ਵਿਚ ਗੁਰਦੀਪ ਆਰਟਸ ਗਰੁੱਪ ਅਤੇ ਮਿਊਜਿਕ ਵੇਵਜ਼ ਵੱਲੋਂ ਗੁਰਦੀਪ ਭੁੱਲਰ, ਕੁਲਵਿੰਦਰ ਸੰਘੇੜਾ ਅਤੇ ਬਲਜਿੰਦਰ ਅਟਵਾਲ ਨੇ ਪ੍ਰੌਫੈਸਰ ਅਜਮੇਰ ਔਲਖ ਅਤੇ ਮਨਜੀਤ ਔਲਖ ਦਾ ਸਨਮਾਨ ਵੀ ਕੀਤਾ।

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਜਸਵੰਤ ਸਿੰਘ ਸੇਖੋਂ ਨੇ ਆਪਣੀ ਕਵੀਸ਼ਰੀ ਸੁਣਾਈ।
ਦੁਨੀਆਂ ਵਿੱਚ ਹਰਇਕ ਨੂੰ ਔਖੀ ਆਉਂਦੀ ਹੈ ਜਟ ਵਿਦਿਆ
ਪ੍ਰਕਾਸ਼ ਕੌਰ ਬੂਰਾ ਨੇ ਆਪਣੀ ਇੱਕ ਕਵਿਤਾ ਸੁਣਾਈ:
ਅੱਜ ਪੰਛੀ ਉਡ ਗਏ ਖੇਤਾਂ ਚੋਂ
ਰਿਜ਼ਕ ਵਧੇਰੇ ਪਾਉਣ ਨੂੰ
ਦਿਨੇ ਰਾਤ ਦਵਾਈਆਂ ਦਾ ਜ਼ਹਿਰ ਉਡਦਾ
ਧਰਤੀ ਮਾਂ ਦੇ ਗਰਭ ਵਿੱਚ ਬੀਜ ਵਲੈਤੀ ਉਗਦਾ।
ਇਸ ਪਿਛੋਂ ਪਰਮਜੀਤ ਮਾਹਲ, ਚਮਕੌਰ ਸਿੰਘ ਧਾਲੀਵਾਲ ਅਤੇ ਜਸਵੀਰ ਸਿੰਘ ਸੀਹੋਤਾ ਨੂੰ ਉਹਨਾਂ ਦੀਆਂ ਰਾਈਟਰਜ਼ ਫੋਰਮ, ਕੈਲਗਰੀ ਲਈ ਕੀਤੀਆਂ ਣਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਬਲਜਿੰਦਰ ਸੰਘਾ ਨੇ ਆਣੀ ਕਾਵਿ ਪੁਸਤਕ ‘ਕਵਿਤਾ – ਮੈਨੂੰ ਮੁਆਫ ਕਰੀਂ’ ਵਿਚੋਂ ਕੁਛ ਖੂਬਸੂਰਤ ਕਵਿਤਾਵਾਂ ਸੁਣਾਈਆਂ-
ਅਸੀਂ ਸਨ-ਬਾਥ ਨਹੀਂ ਕਰਦੇ
ਬਲਕਿ ਹਰ ਰੋਜ਼ ਕੰਮ ਕਰਦਿਆਂ
ਧੁੱਪ ਤੋਂ ਬਚਣ ਲਈ, ਸਾਡੇ ਪਾਟੇ ਕੁੜਤੇ ਤੇ
ਇਕ ਟਾਕੀ ਹੋਰ ਵਧ ਜਾਂਦੀ ਹੈ।
ਗਾਇਕ ਜੋਗਾ ਸਿੰਘ ਨੇ ਪਹਿਲਾਂ ਇੱਕ ਗ਼ਜ਼ਲ ਸ਼ਮਸ਼ੇਰ ਸਿੰਘ ਸੰਧੂ ਦੀ ਸੁਣਾਈ:
ਅਪਣੇ ਲਹੂ ਦੀ ਲਾਟ ਨੂੰ, ਚਾਨਣ ਬਣਾਓ ਦੋਸਤੋ
ਅਕਲਾਂ ਤੇ ਇਲਮਾਂ ਆਸਰੇ, ਸਾਥੀ ਜਗਾਓ ਦੋਸਤੋ।
ਸਾਥੀ ਬਣਾ ਲੌ ਆਪਣਾ, ਉੱਦਮ ਜੋ ਦੇਵੇ ਰੌਸ਼ਨੀ
ਸਾਹਸ ਬਣਾਕੇ ਆਸਰਾ, ਜੀਵਨ ਸਜਾਓ ਦੋਸਤੋ।
ਧਰਮਾਂ ਦੇ ਨਾਂ ਤੇ ਪਾ ਲਏ, ਮੰਦਰ ਮਸੀਤਾਂ ਚਰਚ ਵੀ
ਹੁਣ ਜ਼ਾਤ ਮਾਨਵ ਦੇ ਲਈ, ਘਰ ਇੱਕ ਬਣਾਓ ਦੋਸਤੋ।
ਅਤੇ ਇਸ ਉਪਰੰਤ ਗਿੱਲ ਮੋਰਾਂਵਾਲੀ ਦੀ ਇੱਕ ਗ਼ਜ਼ਲ ਸੁਣਾਈ:
ਦੂਰ ਨਜ਼ਰਾਂ ਤੋਂ ਪਿਆਰਾ ਹੋ ਗਿਆ
ਗ਼ਮ ਮਿਰੇ ਦਿਲ ਦਾ ਸਹਾਰਾ ਹੋ ਗਿਆ।
ਉਸ ਦੇ ਅੱਗੇ ਸਿਰ ਮਿਰਾ ਝੁਕਿਆ ਰਿਹਾ
ਬਿਨ ਤੇਰੇ ਜੀਵਣ ਨਕਾਰਾ ਹੋ ਗਿਆ।
ਨਵਾਏ ਪਾਕਿਸਤਾਨ ਦੇ ਰੈਜ਼ੀਡੈਂਟ ਐਡੀਟਰ ਸ਼ਕੀਲ ਅਹਿਮਦ ਨੇ 11 ਅਕਤੂਬਰ 2009 ਨੂੰ ਰਾਈਟਰਜ਼ ਫੋਰਮ, ਕੈਲਗਰੀ ਦੇ ਸਹਿਯੋਗ ਨਾਲ 83 ਅਰਨਵੁਡ ਕਮਿਊਨੇਟੀ ਸੈਂਟਰ ਵਿਖੇ ਕਰਾਏ ਜਾ ਰਹੇ ‘ਵਰਲਡ ਸਾਈਟ ਡੇ’ ਤੇ ਡਾ ਜਗਦੀਸ਼ ਆਨੰਦ ਦੇ ਲੈਕਚਰ ਬਾਰੇ ਚਾਨਣਾ ਪਾਇਆ।
ਚਮਕੌਰ ਸਿੰਘ ਧਾਲੀਵਾਲ ਨੇ ਇਸ ਗੱਲ ਨੂੰ ਨਤਾਰਿਆ ਕਿ ਸਾਨੂੰ ਆਪਣੇ ਪੁਤਰਾਂ ਧੀਆਂ ਨੂੰ ਆਪਣੀ ਜਾਇਦਾਦ ਵਿੱਚੋਂ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ। ਕੇਵਲ ਪੁਤਰਾਂ ਨੂੰ ਸਭ ਹੱਕ ਦੇਣ ਦੀ ਰੂੜ੍ਹੀਵਾਦੀ ਸੋਚ ਤਰਕ ਕਰਨੀ ਚਾਹੀਦੀ ਹੈ।
ਪਰਮਜੀਤ ਸਾਂਦਲ ਨੇ ਆਪਣੀ ਮੂਵੀ ‘ਕੌਣ ਦਿਲਾਂ ਦੀਆਂ ਜਾਣੇ’ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਭ ਨੂੰ ਇਹ ਮੂਵੀ 23 ਤੋਂ 29 ਅਕਤੂਬਰ ਵਿੱਚ ਵੇਖਣ ਦੀ ਪ੍ਰੇਰਨਾ ਕੀਤੀ।
ਮੋਹਨ ਸਿੰਘ ਔਜਲਾ ਹੋਰੀਂ ਇੱਕ ਮੰਝੇ ਹੋਏ ਗ਼ਜ਼ਲਗੋ ਹਨ। ਉਹ ਪਿਛਲੇ ਪੰਜਾਹ ਸਾਲ ਤੋਂ ਗ਼ਜ਼ਲ ਲਿਖਦੇ ਆ ਰਹੇ ਹਨ ਜੋ ਕਿ ਅਜੇ ਤਕ ਕਤਾਬ ਦਾ ਰੂਪ ਨਹੀਂ ਧਾਰ ਸਕੀਆਂ। ਸਾਨੂੰ ਆਸ ਹੈ ਕਿ ਹੁਣ ਜਦ ਉਹ 2010 ਵਿੱਚ ਆਪਣੇ ਭਾਰਤ ਦੌਰੇ ਤੋਂ ਵਾਪਸ ਆਉਣਗੇ ਤਾਂ ਪਹਿਲੀ ਵਾਰ ਉਹ 4-5 ਗ਼ਜ਼ਲ ਸੰਗ੍ਰਹਿ ਲੋਕ ਅਰਪਤ ਕਰਣਗੇ। ਉਹਨਾਂ ਨੇ ਆਪਣੀ ਇੱਕ ਖੂਬਸੂਰਤ ਕਵਿਤਾ ਪੇਸ਼ ਕੀਤੀ:
ਮੰਦਰ ਮਸਜਦ ਗੁਰਘਰ ਗਿਰਜੇ
ਕਿਓਂ ਇਨਸਾਨਾਂ ਵਿੱਚ ਵੈਰ ਵਧਾਵਣ।
ਅਪਣੇ ਅਪਣੇ ਘੇਰੇ ਵਿਚਲੇ
ਲੋਕਾਂ ਤੇ ਵੱਖ ਰੰਗ ਚੜ੍ਹਾਵਣ।
ਜਾਵੇਦ ਨਜ਼ਾਮੀਂ ਨੇ ਆਪਣੀ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ;
ਦਿਨ ਕਾਟਤਾ ਹੂੰ ਜ਼ਿੰਦੀਏ ਮੁਸਤਆਰ ਕੇ
ਦੋਨੋਂ ਜਹਾਂ ਕੀ ਹਸਰਤੇਂ ਦਿਲ ਮੇਂ ਲਿਯੇ ਹੂਏ।
ਸਦਹਾ ਸ਼ਕਸਤ ਖਾਕੇ ਭੀ ਉਸਕੀ ਗਲੀ ਕੋ ਦਿਲ
ਫਿਰ ਲੇ ਚਲਾ ਹੈ ਜੁਰਅਤੇ ਬੇਜਾ ਕੀਯੇ ਹੂਏ।
ਤੇਰੇ ਮਰੀਜ਼ ਕੋ ਨਾ ਕਹੀਂ ਭੀ ਸ਼ਫਾ ਹੂਈ
ਫਿਰਤੇ ਰਹੇ ਗ਼ਰੀਬ ਮਸੀਹਾ ਲਿਯੇ ਹੂਏ।
ਜੱਸ ਚਾਹਲ ਹੋਰਾਂ ਨੇ ਹਿੰਦੀ ਵਿੱਚ ਆਪਣਾ ਇੱਕ ਗੀਤ ਸੁਣਾਇਆ:
ਹਮ ਤੋ ਅਬ ਐਸੀ ਰਾਹ ਚਲੇ
ਕਿ ਲੌਟ ਕੇ ਫਿਰ ਨਾ ਆਏਂਗੇ।
ਮੇਰੇ ਗੀਤ ਤੁਮਹੇਂ ਬਹਿਲਾਏਂਗੇ।
ਸਬਾ ਸਲੇਖ਼ ਹੋਰਾਂ ਨੇ ਆਪਣੀਆਂ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ:
1-ਏਕ ਗ਼ਜ਼ਲ ਸੇ ਦੀਵਾਨੇ ਗ਼ਜ਼ਲ ਹੂਆ ਵਹੀ ਗ਼ਜ਼ਲ ਮੈਂ ਭੁਲਾ ਨਾ ਸਕਾ।
ਨਾਮ ਹੂਆ ਸ਼ੁਅਰਤ ਹੂਈ ਫਿਰ ਭੀ ਵੁਹ ਦਰਦੇ ਦਿਲ ਮਿਟਾ ਨਾ ਸਕਾ।
2-ਜ਼ਰਖ਼ੇਜ਼ ਥੀ ਜੋ ਜ਼ਮੀਂ ਵੁਹ ਤਰਸਤੀ ਰਹੀ
ਔਰ ਅਬਰੇ ਕਰਮ ਪਥਰੀਲੀ ਜ਼ਮੀਂ ਪੇ ਬਰਸਤੀ ਰਹੀ।
3-ਦਿਲ ਕੀ ਦੁਨਯਾਂ ਲੁਟ ਜਾਤੀ ਹੈ ਤਬ ਯੇ ਘਰ ਆਬਾਦ ਹੋਤਾ ਹੈ।
ਇੰਤਜ਼ਾਰ ਕੀ ਜ਼ਹਿਮਤ ਸੇ ਗੁਜ਼ਰਤਾ ਔਰ ਸ਼ਾਦ ਹੋਤਾ ਹੈ।
ਸ਼ਮਸ਼ੇਰ ਸਿੰਘ ਸੰਧੂ ਨੇ ਖ਼ਰਾਬ ਮੌਸਮ ਦੇ ਬਾਵਜੂਦ ਆਉਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਗ਼ਜ਼ਲ ਪੇਸ਼ ਕੀਤੀ:
ਮੰਦਰ ਜਾਂ ਹੋਏ ਮਸਜਿਦ, ਹਰ ਥਾਂ ਚਰਾਗ ਬਲਣਾ
ਹਰਥਾਂ ਕਰੇ ਉਹ ਚਾਨਣ, ਮਜ਼ਹਬ ਨਾ ਉਸ ਬਦਲਣਾ।
ਮਜ਼ਹਬ ਦੇ ਸਭ ਝਮੇਲੇ, ਦੇਵੋ ਤਿਆਗ ਜੇਕਰ
ਸਾਂਝਾਂ ਦਾ ਤਾਂ ਹੀ ਸੂਰਜ, ਆਕੇ ਹੈ ਫਿਰ ਨਿਕਲਣਾ।
ਧਰਤੀ ਤੇ ਤਾਂ ਹੀ ਹੋਣੀ, ਅਮਨਾਂ ਦੀ ਫੇਰ ਵਰਖਾ
ਸਿਖ ਲੈ ਅਗਰ ਜੇ ਬੰਦਾ, ਕਰਕੇ ਪਿਆਰ ਚਲਣਾ।
ਕੈਲਾਸ਼ ਮਹਿਰੋਤਰਾ ਨੇ ਹਿੰਦੀ ਦੀ ਇੱਕ ਕਵਿਤਾ ਸੁਣਾਈ:
ਆਦਮੀਂ ਔਰ ਜਾਨਵਰ ਕੇ ਬੀਚ
ਫਰਕ ਬਹੁਤ ਥੋੜਾ ਹੈ।
ਤਾਰਿਕ ਮਲਿਕ ਹੋਰਾਂ ਉਰਦੂ ਦੇ ਕੁਛ ਚੋਣਵੇਂ ਸ਼ਿਅਰ ਸੁਣਾਏ।
ਜਸਵੀਰ ਸੀਹੋਤਾ ਨੇ ਇੱਕ ਕਵਿਤਾ ਸੁਣਾਈ:
ਤੈਨੂੰ ਯਾਦ ਹੋਣਾ ਜਿੱਥੇ ਹੁਣ ਹਾਂ ਖੜੇ
ਏਥੇ ਫੁੱਲਾਂ ਦੀ ਕਿਆਰੀ ਵਿੱਚ ਫੁੱਲ ਸੀ ਕਦੇ।
ਜਸਵੰਤ ਸਿੰਘ ਹਿੱਸੋਵਾਲ ਨੇ ਸੁਖਵਿੰਦਰ ਅੰਮ੍ਰਿਤ ਦੀ ਇੱਕ ਖੂਬਸੂਰਤ ਗ਼ਜ਼ਲ ਸੁਣਾਈ
ਮੇਰੇ ਵਿਹੜੇ `ਚ ਸੰਘਣਾ ਹਨੇਰਾ ਰਿਹਾ
ਮੇਰਾ ਦੀਵੇ ਤੋਂ ਸੱਖਣਾ ਬਨੇਰਾ ਰਿਹਾ।
ਮੈਨੂੰ ਬਣਕੇ ਸ਼ਮ੍ਹਾਂ ਖੁਦ ਹੀ ਬਲਣਾ ਪਿਆ
ਦੂਰ ਨਜ਼ਰਾਂ ਤੋਂ ਕਿਧਰੇ ਸਵੇਰਾ ਰਿਹਾ।
ਮੋਹਨ ਸਿੰਘ ਮਿਨਹਾਸ ਹੋਰਾਂ ਨੇ ਕੁਛ ਸੁੰਦਰ ਸ਼ਿਅਰ ਸੁਣਾਏ।
ਸੁਰਿੰਦਰ ਸਿੰਘ ਢਿਲੋਂ ਹੋਰਾਂ ਨੇ ਵੀ ਕੁਛ ਖੂਬਸੂਰਤ ਸ਼ਿਅਰ ਸੁਣਾਏ:
ਜਬ ਕਿਸੀ ਸੇ ਕੋਈ ਗਿਲਾ ਰਖਣਾ
ਸਾਮਣੇ ਅਪਣੇ ਆਈਨਾ ਰਖਣਾ।
ਉਕਤ ਤੋਂ ਇਲਾਵਾ ਤਰਸੇਮ ਸਿੰਘ ਪਰਮਾਰ, ਪੈਰੀ ਮਾਹਲ, ਹਰਬਖਸ਼ ਸਿੰਘ ਸਰੋਆ, ਪਰਵੀਰ ਬੂਰਾ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ  ਜਸਬੀਰ ਸਿੰਘ ਸੀਹੋਤਾ ਨੇ ਕੀਤਾ। 
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 7 ਨਵੰਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿੱਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403)  285-5609, ਸਲਾਹੁਦੀਨ ਸਬਾ ਸ਼ੇਖ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਨਾਲ ਸੰਪਰਕ ਕਰੋ।