You are here:ਮੁਖ ਪੰਨਾ»ਪੱਤਰਕਾਰੀ
ਪੱਤਰਕਾਰੀ
ਪੱਤਰਕਾਰੀ

ਪੱਤਰਕਾਰੀ (1)

ਸ: ਕਿਰਪਾਲ ਸਿੰਘ ਪੰਨੂੰ ਵੱਲੋ ਸੀਨੀਅਰਾਂ (50 ਤੋਂ ਉੱਪਰ ਉਮਰ ਵਾਲ਼ਿਆਂ) ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ਤੇ, ਉਸਦੇ ਸਾਰੇ ਸਿਖਿਆਰਥੀਆਂ ਨੇ ਰਲ਼ਮਿਲ ਕੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ‘ਨਿਊ ਇੰਡਿਆ ਕਰੀ ਰੈਸਟੋਰੈੰਟ’ 20 ਗਿਲਿੰਘਮ ਡਰਾਈਵ ਬਰੈੰਪਟਨ ਨੇੜੇ ਪਾਸਪੋਰਟ ਦਫਤਰ ਵਿਖੇ ਆਨਰ ਪਾਰਟੀ ਦਿਤੀ| ਜਿਸ ਵਿਚ 60 ਤੋਂ ਵੱਧ ਸਿਖਿਆਰਥੀ ਅਤੇ ਪਤਵੰਤੇ ਸ਼ਾਮਲ ਹੋਏ|
ਫੁੱਟਬਾਲ ਦੇ ਨੈਸ਼ਨਲ ਕੋਚ ਗੁਰਮੀਤ ਸਿੰਘ ਸੰਧੂ ਦਾ ਇਹ ਵਿਚਾਰ ਸੀ ਕਿ ਕਿਸੇ ਦਿਨ ਸਾਰੇ ਸਿਖਿਆਰਥੀ ਇਕੱਠੇ ਹੋ ਕੇ ਪਾਰਕ ਵਿੱਚ ਕੁੱਝ ਸਮਾਂ ਬਿਤਾਇਆ ਜਾਏ। ਜਿਸ ਉੱਤੇ ਸਾਰੇ ਸਿਖਿਆਰਥੀਆਂ ਨੇ ਆਪਣੀ ਸਹਿਮਤੀ ਦੇ ਫੁੱਲ ਚੜ੍ਹਾਏ ਅਤੇ ਜੋਗਿੰਦਰ ਸਿੰਘ ਸਿੱਧੂ ਨੇ ਇਸ ਕਾਰਜ ਦੀ ਪੂਰਤੀ ਲਈ ਦਿਨ ਰਾਤ ਇੱਕ ਕਰ ਦਿੱਤੇ।
ਸਿਖਿਅਰਥੀਆਂ (ਸਾਰਿਆਂ ਦੇ ਨਾਂ ਲਿਖਣ ਨਾਲ਼ ਰਿਪੋਰਟ ਬਹੁਤ ਲੰਮੀ ਹੋ ਜਾਇਗੀ) ਦੇ ਨਾਲ਼-ਨਾਲ਼ ਇਸ ਭਾਵ ਪੂਰਨ ਇਕੱਠ ਵਿੱਚ ਪੂਰਨ ਸਿੰਘ ਪਾਂਧੀ, ਪਰਿੰਸੀਪਲ ਬਲਕਾਰ ਸਿੰਘ ਬਾਜਵਾ, ਕੁਲਦੀਪ ਸਿੰਘ ਸਾਹੀ, ਹਰਬੰਸ ਸਿੰਘ ਬਾਂਸਲ, ਕੁਲਵੰਤ ਸਿੰਘ ਢਿੱਲੋਂ, ਕੁਲਵੰਤ ਕੌਰ ਟਿਵਾਣਾ, ਪਤਵੰਤ ਕੌਰ ਪੰਨੂੰ ਆਦਿ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ|
ਪੂਰਨ ਸਿੰਘ ਪਾਂਧੀ ਨੇ ਸਟੇਜ ਸਕੱਤਰ ਦੇ ਫਰਜ਼ ਬਹੁਤ ਹੀ ਵਿਧੀਬੱਧ ਅਤੇ ਸੁਹਿਰਦਤਾ ਨਾਲ਼ ਨਿਭਾਏ। ਇਸ ਆਨਰ ਪਾਰਟੀ ਵਿੱਚ ਗੁਰਮੀਤ ਸਿੰਘ ਸੰਧੂ, ਜੋਗਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਬਿਲਖੂ, ਕੁਲਦੀਪ ਸਿੰਘ ਸਾਹੀ, ਪਰਿੰਸੀਪਲ ਬਲਕਾਰ ਸਿੰਘ ਬਾਜਵਾ ਆਦਿ ਬੁਲਾਰਿਆਂ ਨੇ ਸ: ਕਿਰਪਾਲ ਸਿੰਘ ਪੰਨੂੰ ਵਲੋਂ ਦਿੱਤੀਆਂ ਕੰਪਿਊਟਰ ਸਿਖਿਆਂਵਾਂ ਪ੍ਰਤੀ ਆਪੋ ਆਪਣੇ ਵਿਚਾਰ ਪਰਗਟ ਕੀਤੇ| ਅਤੇ ਉਨ੍ਹਾਂ ਨੰੂ ਮੋਮੈੰਟੋ ਦੇ ਕੇ ਸਨਮਾਨਤ ਕੀਤਾ| ਸ: ਮੇਵਾ ਸਿੰਘ ਟਿਵਾਣਾ ਜੋ ਪੰਨੂੰ ਸਾਹਿਬ ਨਾਲ ਇੱਕ ਉੱਤਮ ਸਹਾਇਕ ਵਜੋਂ ਕੰਪਿਊਟਰ ਟਰੇਨਿੰਗ ਦੇ ਰਹੇ ਹਨ, ਨੰੂ ਵੀ ਮੋਮੈੰਟੋ ਦੇ ਕੇ ਸਨਮਾਨਤ ਕੀਤਾ ਗਿਆ|
ਆਈਨੈੱਟ ਕੰਪਿਊਟਰ ਦੇ ਮਾਲਕ ਵਿਸ਼ਾਲ ਸ਼ਰਮਾ ਨੇ 6985 ਡੇਵੈਡ ਡਰਾਈਵ ਤੇ ਕੰਪਿਊਟਰ ਟਰੇਨਿੰਗ ਲਈ ਫਰੀ ਰੂਮ, 13 ਕੰਪਿਊਟਰ ਅਤੇ ਹੋਰ ਕਈ ਸੇਵਾਵਾਂ ਮੁਹੱਈਆ ਕੀਤੀਆਂ ਹੋਈਆਂ ਹਨ| ਉਨਾਂ ਨੂੰ ਵੀ ਮੋਮੈੰਟੋ ਦੇ ਕੇ ਸਨਮਾਨਤ ਕੀਤਾ ਗਿਆ|
ਕਿਰਪਾਲ ਸਿੰਘ ਪੰਨੂੰ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਕਹੇ ਸੁਣੇ ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ਼ ਨਹੀਂ ਕਰ ਲੈਣਾ ਚਾਹੀਦਾ ਜਦੋਂ ਤੀਕਰ ਉਸਦਾ ਕੋਈ ਪਰਮਾਣ ਨਾ ਮਿਲ਼ ਜਾਵੇ। ਅਤੇ ਪਰੱਤਖ ਤੋਂ ਵੱਡਾ ਕੋਈ ਪਰਮਾਣ ਨਹੀਂ ਹੁੰਦਾ। ਪੰਨੂੰ ਨੇ ਹਾਸੇ ਦੇ ਅੰਦਾਜ਼ ਵਿੱਚ ਕਿਹਾ ਕਿ ਪੂਰਨ ਸਿੰਘ ਪਾਂਧੀ, ਜਿਸ ਨੇ ਚਮੁਖੀਆ ਅਤੇ ਬਲਕਾਰ ਸਿੰਘ ਬਾਜਵਾ, ਜਿਸ ਨੇ ਬਹੁਮੁਖੀਏ ਦੀਵੇ ਦੀ ਉਪਾਧੀ ਦੀ ਮੈਨੂੰ ਬਖਸ਼ਿਸ਼ ਕੀਤੀ ਹੈ, ਉਹ ਮੇਰੇ ਮਿੱਤਰ ਤੇ ਸਹਿਯੋਗੀ ਹਨ। ਇਸ ਉਪਾਧੀ ਦੀ ਬਖਸ਼ਿਸ਼ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਪਰ ਤੁਸੀਂ ਇਸ ਤੇ ਵਿਸ਼ਵਾਸ਼ ਨਾ ਕਰਿਓ। ਅਸਲ ਵਿੱਚ ਮੇਰੇ ਸਬੰਧੀ ਵਿਸ਼ਵਾਸ਼ ਕਰਨ ਵਾਲ਼ਾ ਮੇਰਾ ਉਹੋ ਹੀ ਵਿਵਹਾਰ ਹੈ ਜੋ ਤੁਹਾਡੇ ਸਬੰਧੀ ਪਿਛਲੇ ਦੋ ਮਹੀਨਿਆਂ ਵਿੱਚ ਰਿਹਾ ਹੈ।
ਪੰਨੂੰ ਨੇ ਅੱਗੇ ਚੱਲ ਕੇ ਕਿਹਾ ਕਿ ਸਿੱਖਿਆ ਦੇ ਸਮੇਂ ਦੌਰਾਨ ਸਿਖਾਇਕ ਅਤੇ ਸਿੱਖਅਕ ਦੋਵੇਂ ਹੀ ਇੱਕ ਦੂਜੇ ਤੋਂ ਬਹੁਤ ਕੁੱਝ ਸਿੱਖ ਦੇ ਹਨ। ਮੈਂ ਆਪਣੇ ਸਾਰੇ ਸਿੱਖਿਆਰਥੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਸਹਿਯੋਗ ਦੇ ਕੇ ਮੈਨੂੰ ਇਸ ਮਾਣ ਯੋਗ ਬਣਾਇਆ ਹੈ। ਅਸਲ ਵਿੱਚ ਇਸ ਸ਼ੁਭ ਕਾਰਜ ਪਿੱਛੇ ਵਿਸ਼ਾਲ ਸ਼ਰਮਾ ਦੀ ਸੋਚ ਕੰਮ ਕਰਦੀ ਹੈ ਜਿਸਨੇ ਕੇਵਲ ਇਹ ਸਿੱਖਿਆ ਦੇਣ ਸਬੰਧੀ ਸੋਚਿਆ ਹੀ ਨਹੀਂ ਸਗੋਂ ਇਸ ਲਈ ਸਾਰੇ ਲੋੜੀਂਦੇ ਪਰਬੰਧ ਵੀ ਕੀਤੇ ਹਨ।
ਪੰਨੂੰ ਨੇ ਸ: ਮੇਵਾ ਸਿੰਘ ਟਿਵਾਣਾ ਦਾ ਵੀ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਵਾਲੰਟੀਅਰ ਹੋ ਕੇ ਇਸ ਸਿਖਲਾਈ-ਸੇਵਾ-ਯੱਗ ਵਿੱਚ ਤਨੋਂ ਮਨੋਂ ਆਪਣੀਆਂ ਸੇਵਾਵਾਂ ਅਰਪੀਆਂ। ਅਤੇ ਇਸ ਦੇ ਨਾਲ਼-ਨਾਲ਼ ਪੰਨੂੰ ਦੇ ਘਰ ਤੋਂ ਆਈ ਨੈੱਟ ਕੰਪਿਊਟਰਜ਼ ਸਕੂਲ ਤੱਕ ਆਣ ਜਾਣ ਦੀ ਰਾਈਡ ਦਾ ਵੀ ਪਰਬੰਧ ਕੀਤਾ। ਇਹੋ ਜਿਹੇ ਨਿਸ਼ਕਾਮ ਅਤੇ ਨਿਰਮਾਣ ਸੇਵਾਦਾਰ ਜੱਗ ਉੱਤੇ ਵਿਰਲੇ ਹੀ ਹੋਇਆ ਕਰਦੇ ਹਨ। ਜਿਨ੍ਹਾਂ ਨੂੰ ਇਨ੍ਹਾਂ ਦਾ ਸਹਿਯੋਗ ਅਤੇ ਸਾਥ ਪਰਾਪਤ ਹੋ ਜਾਵੇ ਉਨ੍ਹਾਂ ਦੀ ਇਸ ਤੋਂ ਵੱਡੀ ਖੁਸ਼ਕਿਸਤਮਤੀ ਹੋਰ ਕੀ ਹੋ ਸਕਦੀ ਹੈ।
ਪੰਨੂੰ ਨੇ ਅਖੀਰ ਵਿੱਚ ਕਿਹਾ ਕਿ ਇਹ ਸੱਚ ਹੈ ਕਿ ਮਾਣਯੋਗ ਜੀਵਨ ਉਡਾਰੀਆਂ ਮਾਰਨ ਲਈ ਬੱਚੇ ਮਾਪਿਆਂ ਦੇ ਖੰਭ ਹੋਇਆ ਕਰਦੇ ਹਨ, ਤੇ ਇਹ ਵੀ ਸੱਚ ਹੈ ਕਿ ਸਿੱਖਿਆਰਥੀ ਸਿਖਾਇਕ ਦਾ ਨਾਂ ਰੋਸ਼ਨ ਕਰਿਆ ਕਰਦੇ ਹਨ। ਸੋ ਮੈਂ ਆਪਣੇ ਸਿਖਿਆਰਥੀਆਂ ਉੱਤੇ ਮਣ-ਮਣ ਮਾਣ ਮਹਿਸੂਸ ਕਰਦਾ ਹਾਂ ਕਿ ਅੱਜ ਮੇਰੀ ਬਾਹਵਾਂ ਕਿਤਨੀਆਂ ਸ਼ਕਤੀਸ਼ਾਲੀ ਅਤੇ ਲੰਬੀਆਂ ਹੋ ਗਈਆਂ ਹਨ।
ਇਸ ਪਿੱਛੋਂ ਸਿਖਿਆਰਥੀਆਂ ਨੂੰ ਸਰਟੀਫੀਕੇਟ ਅਰਪੇ ਗਏ ਤੇ ਫੋਟੋਗਰਾਫੀ ਦਾ ਦੌਰ ਚੱਲਦਾ ਰਿਹਾ। ਅਤੇ ਸਾਰਿਆਂ ਦੇ ਚਿਹਰਿਆਂ ਤੋਂ ਖੁਸ਼ੀਆਂ ਤੇ ਖੇੜਿਆਂ ਦਾ ਨੂਰ ਬਰਸਦਾ ਰਿਹਾ। ਜਿਸ ਨੂੰ ‘ਪਿਸਤੂ ਸਟੁੱਡੀਓ’ ਵਾਲ਼ੇ ਗੁਰਸ਼ਿੰਦਰ ਪਾਲ ਸਿੰਘ (ਬਿੱਲਾ) ਅਤੇ ਸਨੀ ਆਪਣਿਆਂ ਕੈਮਰਿਆਂ ਵਿੱਚ ਨਾਲ਼-ਨਾਲ਼ ਹੀ ਸੰਭਾਲਦੇ ਰਹੇ ਤੇ ਸਮਾਂ ਤੇ ਸਥਾਨ ਮੁਕਤ ਕਰਦੇ ਰਹੇ।