You are here:ਮੁਖ ਪੰਨਾ»ਵਰਿਆਮ ਸਿੰਘ ਸੰਧੂ
ਵਰਿਆਮ ਸਿੰਘ ਸੰਧੂ

ਵਰਿਆਮ ਸਿੰਘ ਸੰਧੂ

19 ਅਪ੍ਰੈਲ 2001 ਦੀ ਸਵੇਰ।

ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’

ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ ਦੀਆਂ ਨਿੱਕੀਆਂ ਟੁਕੜੀਆਂ। ਮੈਂ ਲਾਹੌਰ ਦੇ ਆਖ਼ਰੀ ਦਰਸ਼ਨ ਆਪਣੀਆਂ ਅੱਖਾਂ ਦੀਆਂ ਪੁਤਲੀਆਂ ‘ਚ ਸਾਂਭ ਲੈਣਾ ਚਾਹੁੰਦਾ ਸਾਂ। ਜਿਵੇਂ ਕੋਈ ਆਪਣੇ ਮਹਿਬੂਬ ਤੋਂ ਆਖ਼ਰੀ ਵਾਰ ਵਿਛੜਣ ਸਮੇਂ ਉਹਨੂੰ ਨਜ਼ਰਾਂ ਹੀ ਨਜ਼ਰਾਂ ‘ਚ ਡੀਕ ਲਾ ਕੇ ਪੀ ਜਾਣਾ ਚਾਹੁੰਦਾ ਹੋਵੇ ਤੇ ਉਸ ਦੇ ਨਕਸ਼ਾਂ ਨੂੰ ਆਪਣੇ ਚੇਤਿਆਂ ਵਿਚ ਸਥਿਰ ਕਰ ਲੈਣਾ ਚਾਹੁੰਦਾ ਹੋਵੇ।

‘‘ਅੱਛਾ! ਪਿਆਰੇ ਲਾਹੌਰ! ਅਲਵਿਦਾ! ਅਸੀਂ ਤਾਂ ਤੇਰੇ ਹਾਂ ਪਰ ਤੂੰ ਹੁਣ ਸਾਡਾ ਨਹੀਂ।’’ ਮੈਂ ਭਾਵੁਕ ਹੋਏ ਉਲਾਰ ਆਸ਼ਕ ਵਾਂਗ ਬੁੜਬੁੜਾਇਆ।

 

‘ਸਮਝੌਤਾ ਐਕਸਪੈ੍ਰਸ’ ਚੱਲਣੀ ਤਾਂ ਭਾਵੇਂ ਅੱਠ ਵਜੇ ਸੀ, ਪਰ ਸਟੇਸ਼ਨ ਉਤੇ ਸਵੇਰੇ ਛੇ ਵਜੇ ਪਹੰੁਚਣ ਦਾ ਹੀ ਪ੍ਰੋਗਰਾਮ ਸੀ। ਕੁਝ ਮਿੰਟਾਂ ਵਿਚ ਹੀ ਅਸੀਂ ਲਾਹੌਰ ਦੇ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਖੜ੍ਹੇ ਸਾਂ। ਇਸ ਵੇਲੇ ਬਹੁਤੀ ਭੀੜ ਨਹੀਂ ਸੀ। ਸ਼ਾਇਦ ਤੁਰਤ ਕਿਸੇ ਗੱਡੀ ਦੇ ਆਉਣ ਜਾਣ ਦਾ ਸਮਾਂ ਨਹੀਂ ਸੀ। ਇਸ ਲਈ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਵੀ ਆਰਾਮ ਵਿਚ ਸੁਸਤਾ ਰਹੀ ਲੱਗੀ।

ਲਾਲ ਵਰਦੀ ਵਾਲੇ ਕੁਲੀਆਂ ਦੀ ਚਹਿਲ-ਪਹਿਲ ਵਧੇਰੇ ਸੀ। ਇਕ ਕੁਲੀ ਨੇ ਜਦੋਂ ਸਾਡਾ ਚਾਰ ਜਣਿਆਂ ਦਾ ਸਾਮਾਨ ਪਲੇਟਫਾਰਮ ਤਕ ਲੈ ਕੇ ਜਾਣ ਦੇ ਚਾਰ ਸੌ ਰੁਪੈ ਮੰਗੇ ਤਾਂ ਉਸ ਦੀ ਨਾਜਾਇਜ਼ ਮੰਗ ਪਹਿਲਾਂ ਤਾਂ ਮਿਰਚ ਵਾਂਗ ਹੀ ਲੜੀ ਪਰ ਅਸੀਂ ਤੁਰਤ ਹੀ ਤਿੰਨ ਸੌ ਰੁਪਏ ਦੇਣਾ ਮੰਨ ਗਏ।

ਦੋ ਜਣਿਆਂ ਨੇ ਸਾਡੇ ਚਾਰ ਅਟੈਚੀ ਤੇ ਚਾਰ ਬੈਗ ਰੇੜ੍ਹੀ ਉਤੇ ਰੱਖੇ ਤੇ ਉਹਨੂੰ ਰੇੜ੍ਹ ਕੇ ਸਾਡੇ ਅੱਗੇ ਅੱਗੇ ਤੁਰ ਪਏ। ਸਾਡੇ ਸਾਰਿਆਂ ਕੋਲ ਕੁਝ ਨਾ ਕੁਝ ਪਾਕਿਸਤਾਨੀ ਕਰੰਸੀ ਬਚੀ ਹੋਈ ਸੀ। ਭਾਰਤ ਪੁੱਜ ਕੇ ਅਸੀਂ ਉਹਦਾ ਕੀ ਕਰਨਾ ਸੀ। ਚੱਲੋ ਕੁਲੀ ਖ਼ੁਸ਼ ਹੋ ਲੈਣ। ਇਹੋ ਹੀ ਅਸੀਂ ਸੋਚਿਆ ਸੀ।

‘‘ਰੁਕ ਉਏ! ਕਿੰਨੇ ਪੈਸੇ ਲਏ ਨੇ ਸਰਦਾਰ ਹੋਰਾਂ ਤੋਂ।’’ ਇਕ ਪੁਲਸੀਏ ਨੇ ਹੱਥ ਵਿਚ ਫੜਿਆ ਡੰਡਾ ਅੱਗੇ ਕੀਤਾ।

‘‘ਜੀ…ਜੀ…’’ ਕੁਲੀ ਅਜੇ ਜਵਾਬ ਦੇ ਹੀ ਨਹੀਂ ਸੀ ਸਕਿਆ ਕਿ ਪੁਲਸੀਆ ਸਾਨੂੰ ਮੁਖ਼ਾਤਬ ਹੋਇਆ, ‘‘ਕਿੰਨੇ ਪੈਸੇ ਦੇਣੇ ਕੀਤੇ ਜੇ ਸਰਦਾਰ ਜੀ!’’

‘‘ਤਿੰਨ ਸੌ।’’

‘‘ਹਯਾ ਕਰੋ ਉਏ ਕੁਛ! ਹਯਾ ਕਰੋ! ਕਿਉਂ ਲੁੱਟਣ ‘ਤੇ ਲੱਕ ਬੱਧਾ ਜੇ! ਮਹਿਮਾਨਾਂ ਨਾਲ ਏਹ ਸਲੂਕ ਕਰਦੇ ਜੇ! ਇਹ ਕੀ ਆਖਣਗੇ ਉਧਰ ਜਾ ਕੇ ਤੁਹਾਡੇ ਬਾਰੇ…’’ ਉਸ ਨੇ ਰੇੜ੍ਹੀ ਨੂੰ ਬੈਂਤ ਨਾਲ ਠਕੋਰਿਆ।

ਦੋਹਾਂ ਕੁਲੀਆਂ ਕੋਲ ਕੋਈ ਜਵਾਬ ਨਹੀਂ ਸੀ।

‘‘ਤੂੰ ਐਥੇ ਖਲੋ ਜਾ। ਇਕ ਜਣਾ ਸਾਮਾਨ ਛੱਡ ਆਓ।’’ ਉਸ ਨੇ ਦੋਹਾਂ ਕੁਲੀਆਂ ‘ਚੋਂ ਇਕ ਨੂੰ ਆਪਣੇ ਕੋਲ ਰੋਕ ਲਿਆ। ਦੂਜੇ ਪੁਲਸੀਏ ਨੂੰ ਕਹਿ ਕੇ ਉਸ ਨੇ ਦੋਹਾਂ ਕੁਲੀਆਂ ਦੇ ਮੋਢਿਆਂ ‘ਤੇ ਲੱਗੀ ਨੰਬਰ-ਪੱਟੀ ਉਤਰਵਾ ਲਈ।

‘‘ਜਾਓ ਸਰਦਾਰ ਜੀ! ਇਹਨੂੰ ਪੰਜਾਹ ਰੁਪੈ ਤੋਂ ਵੱਧ ਨਹੀਂ ਦੇਣੇ।…ਇਹਨਾਂ ਨੂੰ ਛੱਡ ਕੇ ਐਥੇ ਆ ਜਾਹ ਉਏ ਸਿੱਧਾ ਬੰਦੇ ਦਾ ਪੁੱਤ ਬਣ ਕੇ…’’

ਰੇੜੀ ਖਿੱਚ ਰਹੇ ਕੁਲੀ ਨੇ ਪਲੇਟਫਾਰਮ ‘ਤੇ ਪੁੱਜ ਕੇ ਸਿਰ ਝਟਕਿਆ, ‘‘ਜਾਓ ਸਰਦਾਰ ਜੀ, ਦੱਸਣਾ ਕਾਹਨੂੰ ਸੀ!’’

‘‘ਸਾਨੂੰ ਪਹਿਲਾਂ ਸਮਝਾ ਲੈਣਾ ਸੀ।’’

‘‘ਹੁਣ ਪਤਾ ਨਹੀਂ ਕਿੰਨੇ ਪੈਸੇ ਲੈ ਕੇ ਕੰਜਰ ਨੇ ਜਾਨ ਛੱਡਣੀ ਏ।’ ਉਸ ਨੂੰ ਸਾਡੀ ਸਵੇਰੇ ਸਵੇਰੇ ਦੀ ਬੋਹਣੀ ਰਾਸ ਨਹੀਂ ਸੀ ਆਈ।

ਵਾਅਦੇ ਮੁਤਾਬਕ ਅਸੀਂ ਉਸ ਨੂੰ ਤਿੰਨ ਸੌ ਰੁਪੈ ਹੀ ਦਿੱਤੇ। ਉਹ ਸਾਡਾ ਸਾਮਾਨ ਉਤਾਰ ਕੇ ਨਾਖ਼ੁਸ਼ ਮਨ ਨਾਲ ਵਾਪਸ ਮੁੜ ਗਿਆ। ਪਲੇਟਫ਼ਾਰਮ ‘ਤੇ ਸਾਡੇ ਸਾਥੀ ਹੌਲੀ ਹੌਲੀ ਪਹੁੰਚ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਆਏ ਲਾਹੌਰੀਏ ਇਕ ਦੂਜੇ ਨਾਲ ਬਗ਼ਲਗੀਰ ਹੋ ਰਹੇ ਸਨ। ਰਾਇ ਅਜ਼ੀਜ਼ ਉਲਾ ਤੇ ਇਲਿਆਸ ਘੁੰਮਣ ਸਾਨੂੰ ਮਿਲ ਕੇ ਹੋਰ ਦੋਸਤਾਂ ਨੂੰ ਅਲਵਿਦਾ ਕਹਿ ਰਹੇ ਸਨ। ਆਪਣੀ ਪਸੰਦ ਦਾ ਇਕ ਖ਼ਾਲੀ ਡੱਬਾ ਵੇਖ ਕੇ ਅਸੀਂ ਉਸ ਵਿਚ ਆਪਣਾ ਸਾਮਾਨ ਟਿਕਾ ਦਿੱਤਾ। ਸਾਨੂੰ ਵੇਖ ਕੇ ਗੁਰਭਜਨ ਗਿੱਲ ਤੇ ਸਿਰਸਾ ਵਾਲਾ ਸੁਖਦੇਵ ਸਾਡੇ ਡੱਬੇ ‘ਚ ਆ ਗਏ। ਗੁਰਭਜਨ ਗਿੱਲ ਨੇ ਬੋਕਨਾ ਪਾ ਕੇ ਇਕ ਪੌਦੇ ਨੂੰ ਗਮਲੇ ਸਮੇਤ ਚੁੱਕਿਆ ਹੋਇਆ ਸੀ। ਉਹ ਇਸ ਨੂੰ ਆਪਣੇ ਨਾਲ ਭਾਰਤ ਲਿਜਾ ਰਿਹਾ ਸੀ।

‘‘ਅਸੀਂ ਕੱਲ੍ਹ ਗੌਰਮਿੰਟ ਕਾਲਜ ਲਾਹੌਰ ਗਏ। ਜਾਂਦਿਆਂ ਜਾਂਦਿਆਂ ਮੈਂ ਇਕ ਬੂਟਾ ਵੇਖ ਕੇ ਮਾਲੀ ਨੂੰ ਕਿਹਾ ਕਿ ਏਹ ਬੜਾ ਵੱਖਰੀ ਤਰ੍ਹਾਂ ਦਾ ਬੂਟਾ ਹੈ। ਬਹੁਤ ਵਧੀਆ।‥’’ ਏਨਾ ਕਹਿ ਕੇ ਅਸੀਂ ਕਾਲਜ ਵਿਚ ਹੋਣ ਵਾਲੇ ਸਮਾਗਮ ‘ਚ ਪੁੱਜ ਗਏ। ਵਾਪਸ ਆ ਕੇ ਕਾਰ ਵਿਚ ਬੈਠਣ ਲੱਗੇ ਤਾਂ ਮਾਲੀ ਗਮਲੇ ਵਿਚ ਉਹੀ ਬੂਟਾ ਲਾਈ ਮੈਨੂੰ ਦੇਣ ਵਾਸਤੇ ਖਲੋਤਾ ਸੀ।

‘‘ਸਰਦਾਰ ਜੀ! ਤੁਹਾਨੂੰ ਇਹ ਚੰਗਾ ਲੱਗਿਆ। ਇਸ ਨੂੰ ਸਾਡੀ ਯਾਦ ਵਜੋਂ ਨਾਲ ਲੈ ਜਾਓ।’’… ਉਸ ਨੇ ਆਜਜ਼ੀ ਵਿਚ ਹੱਥ ਜੋੜੇ ਹੋਏ ਸਨ।’’

ਗੁਰਭਜਨ ਨੇ ਬੂਟੇ ਨੂੰ ਆਰਾਮ ਨਾਲ ਸੁਰੱਖਿਅਤ ਜਗ੍ਹਾ ‘ਤੇ ਟਿਕਾ ਦਿੱਤਾ।

ਕਿਸੇ ਆਖਿਆ, ‘‘ਇਕ ਤੋਂ ਦੂਜੇ ਮੁਲਕ ਵਿਚ ਪੌਦਾ ਲੈ ਕੇ ਜਾਣਾ ਵੀ ਸਮਗਲਿੰਗ ‘ਚ ਸ਼ਾਮਲ ਹੁੰਦਾ ਹੈ।’’

‘‘ਭਾਈ ਸਿੱਖੋ! ਇਹ ਤਾਂ ਮੁਹੱਬਤ ਦਾ ਬੂਟਾ ਹੈ। ਇਸ ਨੂੰ ਸਰਹੱਦ ਪਾਰ ਜਾਣੋਂ ਕੌਣ ਰੋਕੇਗਾ।’’

ਉਸ ਦੀ ਗੱਲ ਠੀਕ ਸੀ। ਮੁਹੱਬਤ ਦੀ ਖ਼ੁਸ਼ਬੂ ਹੱਦਾਂ ਦੀ ਗੁਲਾਮ ਨਹੀਂ ਹੁੰਦੀ।

‘‘ਵੋਹ ਤੋ ਖ਼ੁਸ਼ਬੂ ਹੈ ਹਵਾਓਂ ਮੇਂ ਬਿਖ਼ਰ ਜਾਏਗਾ।

ਮਸਲਾ ਫੂਲ ਕਾ ਹੈ ਫੂਲ ਕਿਧਰ ਜਾਏਗਾ!

ਪਾਕਿਸਤਾਨੀ ਸ਼ਾਇਰਾ ਪਰਵੀਨ ਸ਼ਾਕਿਰ ਦਾ ਸ਼ਿਅਰ ਮੇਰੇ ਚੇਤੇ ‘ਚ ਬੋਲਿਆ।

ਡੱਬੇ ਵਿਚ ਇਸ ਖ਼ੁਸ਼ਬੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਹਰੇਕ ਕੋਲ ਦੱਸਣ ਵਾਸਤੇ ਕੁਝ ਨਾ ਕੁਝ ਹੈ ਸੀ।

‘‘ਮੈਂ ਮੁਸ਼ਾਇਰੇ ਵਿਚ ਨਜ਼ਮ ਪੜ੍ਹੀ ਸੀ ਜਿਸ ਦੀਆਂ ਪਹਿਲੀਆਂ ਸਤਰਾਂ ਸਨ,

‘‘ਸੱਚ ਮੁੱਚ ਯਾਰਾ! ਜੀ ਨਹੀਂ ਲੱਗਦਾ,’’

ਸੁਖਦੇਵ ਨੇ ਗੱਲ ਸ਼ੁਰੂ ਕੀਤੀ। ਮੁਸ਼ਾਇਰੇ ਤੋਂ ਬਾਅਦ ਇਕ ਮੁਸਲਮਾਨ ਔਰਤ ਸੁਖਦੇਵ ਕੋਲ ਆਈ ਤੇ ਕਹਿਣ ਲੱਗੀ ‘ਤੁਸੀਂ ਸੱਚ ਆਖਦੇ ਓ ਸਰਦਾਰ ਜੀ! ਹੁਣ ਜੀ ਕੀ ਲੱਗਣਾ ਹੋਇਆ!’’

ਔਰਤ ਦੇ ਹਉਕੇ ਵਰਗੇ ਬੋਲ ਸੁਣ ਕੇ ਤੇ ਲੰਮਾ ਹਉਕਾ ਲੈ ਕੇ ਸੁਖਦੇਵ ਚੁੱਪ ਹੋ ਗਿਆ।

ਮੈਂ ਬਾਹਰ ਪਲੇਟਫਾਰਮ ‘ਤੇ ਵੇਖਿਆ। ਦਲੀਪ ਕੌਰ ਟਿਵਾਣਾ, ਰਮਾ ਰਤਨ ਤੇ ਸੁਖਵਿੰਦਰ ਅੰਮ੍ਰਿਤ ਸਾਡੇ ਡੱਬੇ ਕੋਲੋਂ ਲੰਘ ਰਹੀਆਂ ਸਨ। ਮੈਂ ਸੁਖਦੇਵ ਦੀ ਗੱਲ ਸੁਣ ਕੇ ਮੁਸ਼ਾਇਰੇ ‘ਚੋਂ ਬਾਹਰ ਨਿਕਲ ਆਇਆ ਸਾਂ ਪਰ ਸੁਖਵਿੰਦਰ ਅੰਮ੍ਰਿਤ ਨੂੰ ਵੇਖ ਕੇ ਮੈਂ ਫਿਰ ਫ਼ਲੈਟੀਜ਼ ਦੇ ਹਾਲ ਵਿਚ ਪੁੱਜ ਗਿਆ। ਸੁਖਵਿੰਦਰ ਅੰਮ੍ਰਿਤ ਆਪਣੀ ਗ਼ਜ਼ਲ ਦਾ ਪਹਿਲਾ ਮਿਸਰਾ ਬੋਲ ਰਹੀ ਸੀ।

‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ।’’

‘‘ਵਾਹ! ਵਾਹ!!’’ ਹੋਈ ਤੇ ਤਾੜੀਆਂ ਦੀ ਆਵਾਜ਼ ਆਈ। ਹੌਸਲਾ ਫੜ੍ਹ ਕੇ ਚਾਅ ਵਿਚ ਭਿੱਜ ਕੇ ਅੰਮ੍ਰਿਤ ਨੇ ਪੂਰਾ ਸ਼ੇਅਰ ਬੋਲਿਆ।

‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ’’

ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ।

ਹਾਲ ਕਿੰਨਾ ਚਿਰ ਤਾੜੀਆਂ ਦੀ ਗੜਗੜਾਹਟ ਵਿਚ ਗੂੰਜਦਾ ਰਿਹਾ ਤੇ ਫਿਰ ਹਰੇਕ ਸ਼ੇਅਰ ਉਤੇ ਦਾਦ ਤੇ ਤਾੜੀਆਂ…। ਉਸ ਨੇ ਮੁਸ਼ਾਇਰਾ ਲੁੱਟ ਲਿਆ ਸੀ। ਹੁਣ ਉਸ ਦੇ ਪ੍ਰਸੰਸਕਾਂ ਦੀ ਭੀੜ ਉਸ ਨੂੰ ਵਿਦਾ ਕਰਨ ਆਈ ਹੋਈ ਸੀ।

ਕੀ ਅਸੀਂ ਦੋਵੇਂ ਮੁਲਕ ਇਕ ਦੂਜੇ ਦੇ ਰਾਹਾਂ ‘ਚ ਅੰਗਿਆਰ ਵਿਛਾਉਣ ਦੀ ਥਾਂ ਫੁੱਲ ਨਹੀਂ ਵਿਛਾ ਸਕਦੇ?

‘‘ਲੈ ਜਾਓ ਸਰਦਾਰ ਜੀ! ਬਹੁਤ ਕੰਮ ਦੀ ਚੀਜ਼ ਏ…ਸਸਤੇ ਤੇ ਲੱਗੇ ਮੁੱਲ।’’ ਸਾਮਾਨ ਵੇਚਣ ਵਾਲੇ ਮੁੰਡੇ ਨੇ ਸਾਮਾਨ ਨਾਲ ਭਰਿਆ ਥੈਲਾ ਗਲ ਵਿਚ ਪਾਇਆ ਹੋਇਆ ਸੀ ਤੇ ਹੱਥ ਵਿਚ ਇਕ ਛੋਟੀ ਜਿਹੀ ਜੇਬੀ ਟੇਪ-ਰਿਕਾਰਡ ਫੜੀ ਹੋਈ ਸੀ।

‘‘ਕਿੰਨੇ ਦੀ ਦਏਂਗਾ?’’ ਮੈਂ ਸ਼ੁਗਲ ਸ਼ੁਗਲ ਵਿਚ ਪੁੱਛਿਆ।

‘‘ਬਾਰਾਂ ਸੌ ਦੀ ਏ, ਪਰ ਤੁਹਾਨੂੰ ਅੱਠ ਸੌ ਰੁਪਏ ਵਿਚ ਦੇ ਦਿਆਂਗਾ।’’

‘‘ਦੋ ਸੌ ਦੀ ਦੇਣੀ ਊ?’’ ਆਖ ਕੇ ਮੈਂ ਹੱਸਿਆ। ਅਸੀਂ ਮੁੱਲ ਕਰਨਾ ਸਿਖ ਲਿਆ ਸੀ।

ਮੁੰਡਾ ਵੀ ਹੱਸਿਆ, ‘‘ਸਰਦਾਰ ਜੀ ਲੈਣ ਵਾਲੀ ਗੱਲ ਕਰੋ।’’

ਮੈਂ ਉਸ ਦੇ ਹੱਥੋਂ ਟੇਪ-ਰਿਕਾਰਡਰ ਫੜੀ ਤੇ ਬਟਨ ਨੱਪ ਦਿੱਤਾ। ਨਸੀਬੋ ਲਾਲ ਗਾ ਰਹੀ ਸੀ।

ਮੁੰਡਾ ਕਬੂਤਰ ਵਰਗਾ ਫੜਿਆ

ਪਿਆਰ ਦਾ ਜਾਣਾ ਪਾ ਕੇ

‘‘ਚੀਜ਼ ਤਾਂ ਚੰਗੀ ਐਂ’’ ਕਿਸੇ ਨੇ ਕਿਹਾ। ਮੈਂ ਟੇਪ ਰਿਕਾਰਡਰ ਮੁੰਡੇ ਦੇ ਹੱਥ ਵਿਚ ਫੜਾ ਦਿੱਤੀ। ਮੈਂ ਕਿਹੜਾ ਖ਼ਰੀਦਣੀ ਸੀ।

‘‘ਤੀਹਾਂ ਦੀ ਟੇਪ, ਵੀਹਾਂ ਦੇ ਸੈੱਲ ਤੇ ਮਿਊਜ਼ਿਕ ਸੁਣਨ ਲਈ ਕੰਨਾਂ ਨੂੰ ਲਾਉਣ ਵਾਲਾ ਇਹ’’, ਉਸ ਨੇ ਨਿੱਕਾ ਜਿਹਾ ਵਾਕਮੈਨ ਵਿਖਾ ਕੇ ਕਿਹਾ, ‘‘ਸੌ ਤੋਂ ਉਤੋਂ ਤਾਂ ਇਹੋ ਈ ਨੇ।’’

‘‘ਕਿਸੇ ਨਹੀਂ ਲੈਣੀ ਭਰਾ। ਜਾਹ ਤੂੰ’’ ਕਿਸੇ ਨੇ ਆਖਿਆ ਪਰ ਮੁੰਡਾ ਮੇਰੇ ਵੱਲ ਵੇਖੀ ਜਾ ਰਿਹਾ ਸੀ।

‘‘ਦੋ ਸੌ ਦੀ ਦੇਣੀ ਤਾਂ ਗੱਲ ਕਰ ਨਹੀਂ ਤਾਂ ਪੈਂਡਾ ਖੋਟਾ ਨਾ ਕਰ।’’

ਸਾਡੀ ਨੀਅਤ ਤਾੜ ਕੇ ਮੁੰਡਾ ਤੁਰ ਗਿਆ। ਉਸ ਨੂੰ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਸੀ ਜਾਪਦਾ। ਅਸੀਂ ਵੀ ਆਪਣੀਆਂ ਗੱਲਾਂ ਕਰਨੀਆਂ ਸਨ।

ਗੁਰਭਜਨ ਗਿੱਲ ਤੇ ਸੁਖਦੇਵ ਹੁਰੀਂ ਗੁਰਭਜਨ ਦੇ ਜਾਣੂ ਅਸਲਮ ਨੂੰ ਮਿਲਣ ਉਸ ਦੇ ਘਰ ਗਏ। ਗੁਰਭਜਨ ਦੇ ਅਸਲਮ ਹੁਰਾਂ ਨਾਲ ਨਜ਼ਦੀਕੀ ਸਬੰਧ ਹਨ। ਤੁਰਨ ਲੱਗੇ ਤਾਂ ਘਰ ਦੀ ਨੌਕਰਾਣੀ ਇਕ ਬਜ਼ੁਰਗ ਔਰਤ ਇਨ੍ਹਾਂ ਕੋਲ ਆਈ ਤੇ ਮਾਵਾਂ ਵਾਂਗ ਸਿਰ ਪਲੋਸ ਕੇ ਬੋਲੀ, ‘‘ਬੜਾ ਚੰਗਾ ਹੁੰਦਾ ਸੀ ਅਮਰੀਕ ਸਿੰਘ ; ਸਰਦਾਰ ਸਾਰੇ ਹੀ ਬੜੇ ਚੰਗੇ ਹੁੰਦੇ ਨੇ।’’ ਉਹ ਧੁਰ ਅੰਦਰੋਂ ਬੋਲੀ ਤੇ ਫਿਰ ਇਨ੍ਹਾਂ ਦੇ ਚਿਹਰੇ ‘ਚੋਂ ਅਮਰੀਕ ਸਿੰਘ ਦਾ ਚਿਹਰਾ ਲੱਭਦੀ ਕਿੰਨਾ ਚਿਰ ਚੁੱਪ-ਚਾਪ ਕੋਲ ਖਲੋਤੀ ਰਹੀ।

ਪ੍ਰਚਾਰ ਮਾਧਿਅਮਾਂ ਰਾਹੀਂ ਪਾਕਿਸਤਾਨੀਆਂ ਦੇ ਮਨਾਂ ਵਿਚ ਹਿੰਦੂਆਂ ਪ੍ਰਤੀ ਇਕ ਉਲਾਰ ਨਫ਼ਰਤ ਕੁੱਟ-ਕੁੱਟ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਸੀ। ਸਿੱਖਾਂ ਪ੍ਰਤੀ ਉਲਾਰ ਹੇਜ ਪ੍ਰਗਟਾਉਣਾ ਉਥੋਂ ਦੀ ਸਰਕਾਰੀ ਨੀਤੀ ਦਾ ਵੀ ਇਕ ਹਿੱਸਾ ਹੈ। ਪੈਂਹਠ ਦੀ ਜੰਗ ਸਮੇਂ ਨਜ਼ਾਮਦੀਨ ਲਾਹੌਰ ਰੇਡੀਓ ਤੋਂ ਆਖਦਾ ਹੁੰਦਾ ਸੀ, ‘‘ਚੌਧਰੀ ਜੀ, ਆਪਾਂ ਨੂੰ ਆਹ ਅੰਬਾਲੇ ਤਕ ਹੀ ਮਾੜੀ ਮੋਟੀ ਔਖ ਏ। ਏਥੇ ਆਪਣੇ ਸਿੱਖ ਭਰਾ ਨੇ…, ਅੱਗੇ ਦਿੱਲੀ ਤੱਕ ਤਾਂ ਆਪਾਂ ਡੀ.ਡੀ.ਟੀ. ਹੀ ਛਿੜਕੀ ਜਾਣੀ ਏ…।’’

ਪਰ ਸਾਡਾ ਦੋਸਤ ਮੋਹਨ ਗੰਡੀਵਿੰਡੀਆ ਜਦੋਂ ਪੈਂਹਠ ਦੀ ਜੰਗ ਤੋਂ ਪਿਛੋਂ ਜਥੇ ਨਾਲ ਲਾਹੌਰ ਗਿਆ ਸੀ ਤਾਂ ਲਾਹੌਰ ਦੇ ਬਾਜ਼ਾਰ ਵਿਚ ਇਕ ਛੋਟੇ ਜਿਹੇ ਮੁੰਡੇ ਨੇ ਉਨ੍ਹਾਂ ਕੋਲ ਆ ਕੇ ਉੱਚੀ ਆਵਾਜ਼ ਵਿਚ ਆਖਿਆ ਸੀ, ‘‘ਸਿੱਖ! ਟਕੇ ਦਾ ਇਕ।’’ ਪਰ ਇਹ ਮੁਸਲਮਾਨ ਬੀਬੀ ਦੇ ਬੋਲਾਂ ‘ਚ ਸਰਕਾਰ ਨਹੀਂ, ਉਹਦਾ ਆਪਣੀ ਹੀ ਦਿਲ ਬੋਲਦਾ ਸੀ।

ਮੈਂ ਵੀ ਕੌੜੀ ਹਕੀਕਤ ਤੋਂ ਪਾਸਾ ਵੱਟ ਕੇ ਲੰਘਣਾ ਚਾਹੁੰਦਾ ਸਾਂ। ਇਸ ਕੁੜੱਤਣ ਨੂੰ ਥੁਕਣਾ ਚਾਹੁੰਦਾ ਸਾਂ ਕਿ ਅਚਨਚੇਤ ਮੇਰੇ ਮੂੰਹ ਵਿਚ ਗਨੇਰੀਆਂ ਦਾ ਸੁਆਦ ਘੁਲਣ ਲੱਗਾ। ਰਮਾ, ਜ਼ੋਇਆ, ਅਫ਼ਜ਼ਲ ਸਾਹਿਰ, ਗੁਰਭਜਨ ਤੇ ਸੁਖਦੇਵ ਹੁਰੀਂ ਸ਼ਾਹ ਹੁਸੈਨ ਦਾ ਮਜ਼ਾਰ ਵੇਖਣ ਗਏ ਤਾਂ ਠੰਡੀਆਂ ਮਿੱਠੀਆਂ ਗਨੇਰੀਆਂ ਵੇਖ ਕੇ ਰਮਾ ਦਾ ਜੀਅ ਲਲਚਾ ਗਿਆ। ਕਾਰ ਰੋਕ ਕੇ ਸਾਰੇ ਜਣੇ ਗਨੇਰੀਆਂ ਚੂਪਣ ਲੱਗੇ। ਕਾਰ ਦੇ ਨਾਲ ਹੀ ਇਕ ਖ਼ਰਬੂਜ਼ਿਆਂ ਦੀ ਰੇਹੜੀ ਵੀ ਲੱਗੀ ਹੋਈ ਸੀ। ਇਕ ਜਣਾ ਆਇਆ ਤੇ ਪੁੱਛਣ ਲੱਗਾ, ‘‘ਸਰਦਾਰ ਜੀ, ਮੈਨੂੰ ਵੀ ਦੱਸੋ। ਮੈਂ ਤੁਹਾਡੀ ਕੀ ਖ਼ਿਦਮਤ ਕਰਾਂ। ਕਰਨੀ ਮੈਂ ਜ਼ਰੂਰ ਐ।’’ ਉਸ ਨੇ ਸ਼ਾਇਦ ਤੁਰੰਤ ਹੀ ਮਨ ਵਿਚ ਫ਼ੈਸਲਾ ਕਰ ਲਿਆ। ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਖ਼ਰਬੂਜ਼ਿਆਂ ਦੇ ਰੇਹੜੀ ਦਰਵਾਜ਼ੇ ਕੋਲ ਕਰਕੇ ਖ਼ਰਬੂਜ਼ੇ ਕਾਰ ਵਿਚ ਸੁੱਟਣ ਲੱਗਾ। ਸਭ ਹੈਰਾਨ ਕਿ ਇਹ ਕੀ ਕਰੀ ਜਾਂਦਾ ਏ। ਰੇਹੜੀ ਵਾਲਾ ਪੁੱਛੇ, ‘‘ਕੀ ਹੋ ਗਿਐ? ਕਮਲਾ ਹੋ ਗਿਐਂ…।’’

‘‘ਆਹੋ’’ ਖ਼ਰਬੂਜ਼ੇ ਸੁੱਟਣ ਵਾਲਾ ਕਹਿ ਰਿਹਾ ਸੀ, ‘‘ਮਰਦਾ ਨਾ ਜਾ ਉਏ! ਤੇਰੀ ਸਾਰੀ ਰੇਹੜੀ ਦੇ ਪੈਸੇ ਮੈਂ ਦੇਊਂਗਾ, ਸਾਡੇ ਭਰਾ ਆਏ ਨੇ।’’

ਟੇਪ ਰਿਕਾਰਡ ਵੇਚਣ ਵਾਲਾ ਮੁੰਡਾ ਫੇਰ ਸਿਰ ‘ਤੇ ਆਣ ਖੜੋਤਾ।

‘‘ਸਰਦਾਰ ਜੀ, ਲੈ ਲਓ! ਪੰਜਾਹ ਘੱਟ ਦੇ ਦਿਓ…।’’

‘‘ਚੱਲ ਤੂੰ ਪੰਜਾਹ ਵੱਧ ਲੈ ਲੈ’’ ਮੈਂ ਵੀ ਉਸ ਵਾਂਗ ਹੀ ਕਿਹਾ।

ਮੁੰਡੇ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਲਾਗੇ ਬੈਠਾ ਦਿੱਲੀ ਤੋਂ ਆਇਆ ਇਕ ਡੈਲੀਗੇਟ ਕਹਿੰਦਾ, ‘‘ਬਹੁਤੀ ਗੱਲ ਏ ਤਾਂ ਤੂੰ ਆਹ ਕੰਨਾਂ ਨੂੰ ਲਾਉਣ ਵਾਲਾ ਨਾ ਦੇਈਂ। ਇਹਦੀ ਬਚਤ ਹੋ ਜਾਊ ਤੈਨੂੰ।’’

ਉਹਦੀ ਖੁੱਲ੍ਹੀ ਦਾੜ੍ਹੀ ਵੱਲ ਵੇਖ ਕੇ ਮੁੰਡਾ ਆਖਣ ਲੱਗਾ, ‘‘ਬਾਬਾ! ਤੈਨੂੰ ਇਹ ਛੱਡਣ ਵਾਲੇ ਲਗਦੇ ਨੇ, ਇਨ੍ਹਾਂ ਪਹਿਲਾਂ ਇਹੋ ਆਖਣੈ ਕਿ ਆਹ ਐਥੇ ਰੱਖ।’’

ਮੁੰਡੇ ਦੇ ਬੇਬਾਕ ਬੋਲ ਸੁਣਕੇ ਸਾਰੇ ਖਿੜ ਖਿੜਾ ਕੇ ਹੱਸ ਪਏ। ਠੱਠੇ ਮਜ਼ਾਕ ਵਿਚ ਅੰਦਰ ਦੀ ਗੱਲ ਆਖ ਜਾਣੀ ਪੰਜਾਬੀਆਂ ਦਾ ਸੁਭਾਅ ਹੈ। ਮੁੰਡੇ ਦੇ ਬੋਲਾਂ ‘ਚ ਪੰਜਾਬੀ ਸੁਭਾਅ ਦੀ ਇਹ ਵਿਸ਼ੇਸ਼ ਪਰਤ ਪੇਸ਼ ਹੋਈ ਸੀ। ਅਪਣੱਤ ਭਾਵ ਨਾਲ ਪੰਜਾਬੀਆਂ ਵਲੋਂ ਕੀਤਾ ਮਖੌਲ ਅਗਲੇ ਦੇ ਮਨ ਵਿਚ ਤਲਖ਼ੀ ਤੇ ਗੁੱਸਾ ਪੈਦਾ ਨਹੀਂ ਹੋਣ ਦਿੰਦਾ। ਮੁੱਛਾਂ ਨੂੰ ਵੱਟ ਦੇ ਕੇ ਤਿੰਨ ਚਾਰ ਛੱਲੇ ਬਣਾਉਣ ਵਾਲੇ ਇਕ ਸਰਦਾਰ ਨੂੰ ਲਾਹੌਰ ਦੇ ਬਾਜ਼ਾਰ ਵਿਚ ਰੋਕ ਕੇ ਇਕ ਵਾਰ ਨਜ਼ਾਮਦੀਨ ਨੇ ਪੁੱਛਿਆ ਸੀ, ‘‘ਸਰਦਾਰ ਜੀ! ਮੁੱਛਾਂ ਨੂੰ ਵੱਟ ਹੱਥ ਨਾਲ ਦਿੱਤਾ ਜੇ ਕਿ ਸੰਨ੍ਹੀ ਨਾਲ।’’

ਦੂਜੇ ਪਲ ਦੋਵੇਂ ਖਿੜ-ਖਿੜਾ ਕੇ ਹੱਸਦੇ ਹੋਏ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਗਏ ਸਨ। ਖੁੱਲ੍ਹ ਦਿਲੇ, ਜੀਅਦਾਰ ਪੰਜਾਬੀ।

ਪਰ ਖੁੱਲ੍ਹਿਆਂ ਸੰਗੀਤਕ ਹਾਸਿਆਂ ਵਿਚ ਇਹ ਰੁਦਨ ਤੇ ਸ਼ੋਰ ਕਿਉਂ ਆ ਵੜਿਆ ਸੀ। ਮੈਂ ਧਿਆਨ ਧਰਿਆ ਤਾਂ ਡਾ. ਜਗਤਾਰ ਪਤਾ ਨਹੀਂ ਕਿਸ ਪ੍ਰਸੰਗ ਵਿਚ ਆਪਣੀ ਗੱਲ ਸੁਣਾ ਰਿਹਾ ਸੀ, ‘‘ਇਕ ਵਾਰ ਗਾਇਕਾ ਸਵਰਨ ਲਤਾ ਇਕ ਪ੍ਰੋਗਰਾਮ ‘ਤੇ ਆਈ। ਅਚਨਚੇਤ ਉਸੇ ਵੇਲੇ ਉਹਦੇ ਨਾਲ ਆਇਆ ਵਾਜੇ ਵਾਲਾ ਬਿਮਾਰ ਹੋ ਗਿਆ। ਉਹ ਨੂੰ ਹਸਪਤਾਲ ਪੁਚਾਇਆ ਗਿਆ। ਪ੍ਰੋਗਰਾਮ ਵੀ ਕਰਨਾ ਸੀ। ਇਕ ਲੋਕਲ ਬੰਦਾ ਹਾਰਮੋਨੀਅਮ ਵਜਾਉਣ ਵਾਲਾ ਲੱਭਾ। ਸਟੇਜ ਉਤੇ ਆਈ ਸਵਰਨ ਲਤਾ ਨੇ ਉਸ ਨੂੰ ਸੁਰ ਸਮਝਾਈ ਤੇ ਆਪ ਨਾਚ ਦੀ ਮੁਦਰਾ ‘ਚ ਸਟੇਜ ਦਾ ਚੱਕਰ ਲਾਇਆ। ਪਰ ਵਾਜੇ ਵਾਲੇ ਤੋਂ ਗੱਲ ਨਹੀਂ ਸੀ ਬਣ ਰਹੀ। ਸਵਰਨ ਲਤਾ ਚੱਕਰ ਕੱਟ ਕੇ ਆਵੇ ਤੇ ਆਖੇ, ‘‘ਉਸਤਾਦ ਜੀ! ਕੋਈ ਸੁਰ ਤਾਂ ਫੜਾਓ।’’ ਜਦੋਂ ਦੋ ਤਿੰਨ ਵਾਰ ਉਸ ਨੇ ਇੰਜ ਆਖਿਆ ਤਾਂ ਉਸਤਾਦ ਨੇ ਖਿਝ ਅਤੇ ਗੁੱਸੇ ਨਾਲ ਪੂਰਾ ਹੱਥ ਪਟਾਕ ਕਰ ਕੇ ਸੱਤਾਂ ਸੁਰਾਂ ‘ਤੇ ਮਾਰਿਆ ਤੇ ਵਾਜੇ ਦੀਆਂ ਚੀਕਾਂ ਕਢਾ ਦਿੱਤੀਆਂ।’’

ਮੈਂ ਇਸ ਦੇ ਆਪਣੇ ਹੀ ਅਰਥ ਕੱਢ ਰਿਹਾ ਸਾਂ। ਸਾਨੂੰ, ਮੁਹੱਬਤ ਦੇ ਗੀਤ ਗਾਉਣ ਵਾਲਿਆਂ ਨੂੰ, ਦੋਹਾਂ ਮੁਲਕਾਂ ਦੇ ਆਗੂ ਕੋਈ ਸੁਰ ਨਹੀਂ ਸਨ ਫੜਾ ਰਹੇ ਸਗੋਂ ਜਦੋਂ ਜੀਅ ਕਰਦਾ ਸੀ ‘ਸੁਰਾਂ’ ‘ਤੇ ਹੱਥ ਮਾਰ ਕੇ’, ਜੰਗਾਂ ਲਾ ਕੇ, ਪ੍ਰਮਾਣੂ ਧਮਾਕੇ ਕਰਕੇ ‘ਵਾਜੇ’ ਦੀਆਂ ਚੀਕਾਂ ਕਢਾ ਦਿੰਦੇ ਸਨ।

‘‘ਚਲੋ ਕੱਢੋ ਢਾਈ ਸੌ ਰੁਪਿਆ’’, ਮੁੰਡੇ ਨੇ ਸੌਦਾ ਮਨਜ਼ੂਰ ਕਰ ਲਿਆ। ਮੈਂ ਢਾਈ ਸੌ ਰੁਪਏ ਕੱਢ ਕੇ ਉਸ ਨੂੰ ਫੜਾ ਕੇ ਟੇਪ ਲੈ ਲਈ। ਮੇਰੇ ਹੱਥੋਂ ਟੇਪ ਫੜ ਕੇ ਉਹ ਦਿੱਲੀ ਵਾਲਾ ਸਰਦਾਰ ਸੁਣਨ ਲੱਗਾ, ‘ਆਵਾਜ਼ ਇਹਦੀ ਬਹੁਤੀ ਉੱਚੀ ਨਹੀਂ। ਕੁਝ ਮੱਧਮ ਏ, ਵਾਘੇ ਤਕ ਜਾਂਦਿਆਂ ਖ਼ਰਾਬ ਹੋਈ ਲੈ।’

‘‘ਹੋਰ ਢਾਈ ਸੌ ਰੁਪਏ ‘ਚ ਇਹ ਤੁਹਾਨੂੰ ਭਾਖੜਾ ਡੈਮ ਬੰਨ ਦਵੇ’, ਸੁਖਦੇਵ ਨੇ ਆਖਿਆ ਤੇ ਮੁੰਡੇ ਨੂੰ ਬਾਹੋਂ ਫੜ ਕੇ ਇਕ ਪਾਸੇ ਕਰਦਿਆਂ ਮੇਰਾ ਧਿਆਨ ਪਲੇਟਫ਼ਾਰਮ ਵੱਲ ਕੀਤਾ।

ਹਿੰਦੁਸਤਾਨ ਵਾਪਸ ਪਰਤਣ ਵਾਲੇ ਆਪਣੇ ਮੁਸਲਮਾਨ ਰਿਸ਼ਤੇਦਾਰ ਨੂੰ ਗੱਡੀ ਚੜ੍ਹਾਉਣ ਆਇਆ ਲਾਹੌਰ ਦਾ ਹੀ ਇਕ ਮੁਸਲਮਾਨ ਪਰਿਵਾਰ ਪਲੇਟਫਾਰਮ ‘ਤੇ ਖਲੋਤਾ ਸੀ। ਕਦੀ ਇਕ ਜਣਾ ਜਾਣ ਵਾਲੇ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਤੇ ਕਦੀ ਦੂਜਾ ਜਣਾ। ਇਸ ਵੇੇੇਲੇ ਇਕ ਮੁਟਿਆਰ ਜਾਣ ਵਾਲੇ ਦੇ ਗਲ ਲੱਗੀ ਅੱਥਰੂ ਕੇਰ ਰਹੀ ਸੀ। ਦੂਜੇ ਜਣੇ ਕੋਲ ਖਲੋਤੇ ਆਪੋ ਆਪਣੇ ਅੱਥਰੂ ਪੰੂਝ ਰਹੇ ਸਨ। ਕੋਈ ਕੁਝ ਨਹੀਂ ਸੀ ਬੋਲ ਰਿਹਾ। ਇਕ ਹੋਰ ਨੇ ਉਸ ਦਾ ਇਕ ਹੱਥ ਫੜਿਆ ਹੋਇਆ ਸੀ ਤੇ ਕਿਸੇ ਹੋਰ ਨੇ ਉਹਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਸੀ। ਰੋਂਦੀ ਹੋਈ ਖ਼ਾਮੋਸ਼ ਮੁਟਿਆਰ ਉਸ ਦੇ ਗਲ ਲੱਗੀ ਇਧਰ ਉਧਰ ਬੱਚਿਆਂ ਵਾਂਗ ਝੂਲ ਰਹੀ ਸੀ। ਅੰਦਰਲੀ ਬੇਚੈਨੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ। ਜ਼ੁਬਾਨਾਂ ਗੁੰਗੀਆਂ ਸਨ ਅਤੇ ਅੱਥਰੂ ਗੱਲਾਂ ਕਰ ਰਹੇ ਸਨ। ਇਸ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਮੇਰੀਆਂ ਅੱਖਾਂ ‘ਚ ਵੀ ਪਾਣੀ ਭਰ ਆਇਆ। ਲਾਹੌਰ ਨੂੰ ਛੱਡ ਕੇ ਜਾਣ ਦਾ ਦਰਦ ਤਾਂ ਸਾਨੂੰ ਵੀ ਸੀ ਪਰ ਉਨ੍ਹਾਂ ਦੀ ਦਰਦ ਦੀ ਥਾਹ ਕੌਣ ਪਾ ਸਕਦਾ ਸੀ! ਮੈਂ ਆਪਣੇ ਆਪ ਨੂੰ ਸੁਣਾਇਆ।

ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖ਼ਤਲਿਫ਼ ਹੈ।

ਜੈਸੇ ਆਂਖ ਕਾ ਪਾਨੀ ਪਾਨੀ ਸੇ ਮੁਖ਼ਤਲਿਫ਼ ਹੈ।

ਗੱਡੀ ਨੇ ਚੀਕ ਮਾਰੀ। ਹੌਲੀ ਹੌਲੀ ਗਲਵੱਕੜੀ ‘ਚੋਂ ਨਿਕਲ ਕੇ, ਹੱਥ ਛੁਡਾ ਕੇ ਸਭ ਨੂੰ ਗਲੇ ਮਿਲ ਕੇ ‘ਜਾਣ ਵਾਲਾ’ ਡੱਬੇ ਵਿਚ ਜਾ ਸਵਾਰ ਹੋਇਆ। ਤੁਰਦੀ ਗੱਡੀ ਵੱਲ ਨੂੰ ਅੱਥਰੂਆਂ ਨਾਲ ਡੁਬ-ਡੁਬ ਭਰੀਆਂ ਅੱਖਾਂ ਨਾਲ ਨਿਹਾਰਦੇ ਦੇ ਪਿਛੇ ਰਹਿ ਗਏ ਲੋਕਾਂ ਦੇ ਹੱਥ ਹਵਾ ਵਿਚ ਲਹਿਰਾਏ। ਲਹਿਰਾਉਂਦੇ ਰਹੇ ਤੇ ਫਿਰ ਜਿਵੇਂ ਬਾਹਵਾਂ ਟੁੱਟ ਗਈਆਂ ਹੋਣ। ਡਿਗ ਕੇ ਦੁਹੱਥੜ ਵਾਂਗ ਪੱਟਾਂ ‘ਤੇ ਆ ਵੱਜੀਆਂ।

ਗੱਡੀ ਪਲੇਟਫਾਰਮ ਛੱਡ ਚੁੱਕੀ ਸੀ ਤੇ ਜਗਤਾਰ ਆਪਣੀ ਪਿਛਲੀ ਕਿਸੇ ਫੇਰੀ ਦਾ ਪ੍ਰਸੰਗ ਸੁਣਾ ਰਿਹਾ ਸੀ।

ਜਗਤਾਰ ਨੂੰ ‘ਸਰਧਾ’ ਫ਼ਲ ਖਾਣ ਵਿਚ ਬਹੁਤ ਸੁਆਦ ਲੱਗਦਾ ਹੈ। ਉਨ੍ਹਾਂ ਨੇ ਕਾਰ ਰੋਕੀ ਤੇ ਰੇਹੜੀ ਵਾਲੇ ਨੂੰ ‘ਸਰਧਾ’ ਖੁਆਉਣ ਲਈ ਕਿਹਾ।

ਰੇੜ੍ਹੀ ਵਾਲਾ ਸਰਧਾ ਪਲੇਟਾਂ ‘ਚ ਪਾ ਕੇ ਦੇਈ ਜਾ ਰਿਹਾ ਸੀ ਤੇ ਪੁੱਛ ਵੀ ਰਿਹਾ ਸੀ, ‘ਤੁਸੀਂ ਉਧਰ ਕਿੱਥੋਂ ਓ ਸਰਦਾਰ ਜੀ! ਮੇਰਾ ਪਿਛਲਾ ਜ਼ਿਲਾ ਹੁਸ਼ਿਆਰਪੁਰ ਹੈ। ਸ਼ਹਿਰ ਵੀ ਹੁਸ਼ਿਆਰਪੁਰ।’

‘‘ਮੈਂ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਵਿਚ ਹੀ ਪੜ੍ਹਾਉਂਦਾ।’’ ਜਗਤਾਰ ਨੇ ਦੱਸਿਆ ਤਾਂ ਉਸ ਦੀਆਂ ਅੱਖਾਂ ਜਗ ਪਈਆਂ। ਉਹ ਬੜੇ ਚਾਅ ਤੇ ਉਤਸ਼ਾਹ ਨਾਲ ਹੁਸ਼ਿਆਰਪੁਰ ਬਾਰੇ ਜਾਣਕਾਰੀ ਲੈਣ ਲੱਗਾ। ਤੁਰਨ ਲੱਗਾ ਤਾਂ ਜਗਤਾਰ ਹੁਰਾਂ ਨੇ ਪੁੱਛਿਆ, ‘‘ਕਿੰਨੇ ਪੈਸੇ ਬਣੇ।’’

ਜਗਤਾਰ ਦੇ ਬੋਲ ਸੁਣ ਕੇ ਉਹ ਬੰਦਾ ਡੌਰ-ਭੌਰਾ ਹੋ ਕੇ ਜਗਤਾਰ ਵੱਲ ਵੇਖਣ ਲੱਗਾ ਤੇ ਫਿਰ ਬੜੇ ਦੁਖ ਨਾਲ ਕਹਿਣ ਲੱਗਾ, ‘‘ਪੈਸੇ ਪੁੱਛਣ ਨਾਲੋਂ ਸਰਦਾਰ ਜੀ ਤੁਸੀਂ ਮੇਰੇ ਸਿਰ ਵਿਚ ਜੁੱਤੀਆਂ ਮਾਰ ਲੈਂਦੇ ਤਾਂ ਚੰਗਾ ਸੀ। ਤੁਸੀਂ ਮੇਰੇ ਵਤਨੀਂ। ਤੇ ਮੈਨੂੰ ਪੈਸੇ ਪੁੱਛਦੇ ਹੋ! ਮੈਨੂੰ ਏਨਾ ਹੀ ਗਰਕ ਗਿਆ ਸਮਝ ਲਿਆ ਜੇ, ਆਪਣੇ ਵਤਨੀਂ ਨੂੰ ਕਿ ਤੁਹਾਥੋਂ ਪੈਸੇ ਲੈ ਲਵਾਂਗਾ।’’

ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਨ ਦੇ ਬਾਵਜੂਦ ਵੀ ਉਹ ਫੁਟ-ਫੁਟ ਕੇ ਬਾਲਾਂ ਵਾਂਗ ਰੋਣ ਲੱਗਾ।

‘‘ਪੈਸੇ ਪੁੱਛ ਕੇ ਤੁਸੀਂ ਮੇਰੀ ਹੇਠੀ ਕੀਤੀ ਏ’’, ਉਹ ਹਉਕੇ ਲੈ ਰਿਹਾ ਸੀ ਤੇ ਜਗਤਾਰ ਨੇ ਉਸ ਨੂੰ ਗਲ ਨਾਲ ਲਾਇਆ ਹੋਇਆ ਸੀ।

ਭਰੇ ਮਨ ਨਾਲ ਜਗਤਾਰ ਹੁਰੀਂ ਕਾਰ ਵਿਚ ਬੈਠ ਕੇ ਤੁਰਨ ਲੱਗੇ ਤਾਂ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਪਿੱਛੋਂ ਆਵਾਜ਼ਾਂ ਦਿੰਦਾ ਦੌੜਿਆ ਆ ਰਿਹਾ ਸੀ। ਉਹਨੇ ਆਪਣੀਆਂ ਦੋਵਾਂ ਬਾਹਵਾਂ ਵਿਚ ‘ਸਰਧੇ’ ਚੁੱਕੇ ਹੋਏ ਸਨ। ਲਿਆ ਕੇ ਕਾਰ ਵਿਚ ਢੇਰੀ ਕਰ ਦਿੱਤੇ।

‘‘ਲੈ ਜਾਓ! ਆਪਣੇ ਗ਼ਰੀਬ ਗਰਾਈਂ ਵਲੋਂ, ਨਿੱਕਾ ਜਿਹਾ ਤੋਹਫ਼ਾ!’’

ਗੱਡੀ ਮੁਗ਼ਲਪੁਰਾ ਪਿਛੇ ਛੱਡ ਆਈ ਸੀ। ਸਾਡੇ ਹੋਠਾਂ ‘ਤੇ ਖ਼ਾਮੋਸ਼ੀ ਸੀ। ਜਿਉਂ-ਜਿਉਂ ਗੱਡੀ ਲਾਹੌਰ ਨੂੰ ਛੱਡ ਕੇ ਅੱਗੇ ਵਧ ਰਹੀ ਸੀ, ਮੈਨੂੰ ਲੱਗਦਾ ਸੀ ਤਿਉਂ-ਤਿਉਂ ਉਹ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਗੱਡੀ ਦੇ ਪਿੱਛੇ-ਪਿੱਛੇ ਦੌੜਦਾ ਆ ਰਿਹਾ ਸੀ। ਤੇਜ਼-ਤੇਜ਼, ਸਾਹੋ ਸਾਹ ਹੋਇਆ, ਹਫਿਆ ਹੋਇਆ। ਫਿਰ ਜਿਵੇਂ ਉਹ ਨਿਰਾਸ਼ ਹੋ ਕੇ ਥੱਕ ਕੇ ਖਲੋ ਗਿਆ, ਉਸ ਪਰਿਵਾਰ ਕੋਲ, ਜਿਹੜਾ ਅਜੇ ਵੀ ਆਪਣੇ ਪਿਆਰੇ ਨੂੰ ਗੱਡੀ ਚਾੜ੍ਹ ਕੇ ਅੱਥਰੂ ਪੂੰਝਦਾ, ਹਉਕੇ ਭਰਦਾ ਪਲੇਟਫਾਰਮ ‘ਤੇ ਖੜੋਤਾ ਸੀ। ਇਹ ਦ੍ਰਿਸ਼ ਇਕ ‘ਸਟਿਲ’ ਤਸਵੀਰ ਵਾਂਗ ਮੇਰੇ ਮਨ-ਮਸਤਕ ‘ਤੇ ਉਕਰਿਆ ਗਿਆ ਸੀ।

ਪਤਾ ਹੀ ਨਾ ਲੱਗਾ, ਕਦੋਂ ਵਾਹਗਾ ਆ ਗਿਆ ਸੀ। ਕਾਨਫ਼ਰੰਸ ਦੇ ਡੈਲੀਗੇਟਾਂ ਲਈ ਵੱਖਰੇ ਕਾਊਂਟਰ ਲਾ ਕੇ ਕਾਰਵਾਈ ਭੁਗਤਾਈ ਜਾ ਰਹੀ ਸੀ ਜਦ ਕਿ ਬਾਕੀ ਮੁਸਲਮਾਨ ਯਾਤਰੀ ਲੰਮੀਆਂ ਕਤਾਰਾਂ ਵਿਚ ਲੱਗੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੀਆਂ ਦੋਹਾਂ ਮੁਲਕਾਂ ਵਿਚ ਨੇੜਲੀਆਂ ਰਿਸ਼ਤੇਦਾਰੀਆਂ ਸਨ। ਜਿਨ੍ਹਾਂ ਦੀ ਰੂਹ ਤੇ ਜਿਸਮ ਅੱਧ ਵਿਚਕਾਰੋਂ ਕੱਟੀ ਹੋਈ ਸੀ।

ਵਾਹਗੇ ਤੋਂ ਗੱਡੀ ਤੁਰੀ।

ਹੁਣੇ ਹੀ ਦੋਹਾਂ ਮੁਲਕਾਂ ਨੂੰ ਵੰਡਣ ਵਾਲੀ ਸਰਹੱਦ ਆ ਜਾਣੀ ਸੀ।

ਨੋ ਮੈਨਜ਼ ਲੈਂਡ!

ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਦਾ ਪਾਤਰ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ਉਤੇ ਖੜੋਤਾ ਅਜੇ ਵੀ ਪੁੱਛ ਰਿਹਾ ਸੀ, ‘ਟੋਭਾ ਟੇਕ ਸਿੰਘ ਕਿੱਥੇ ਹੈ? ਹਿੰਦੁਸਤਾਨ ਵਿਚ ਯਾ ਪਾਕਿਸਤਾਨ ‘ਚ?’ ਉਸ ਲਈ ਹਿੰਦੁਸਤਾਨ ਤੇ ਪਾਕਿਸਤਾਨ ਨਾਲੋਂ ਵੱਧ ਮਹੱਤਵ ਆਪਣੇ ਪਿੰਡ ‘ਟੋਭਾ ਟੇਕ ਸਿੰਘ’ ਦਾ ਸੀ। ਉਹ ਹਿੰਦੁਸਤਾਨ ਜਾਂ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦਾ। ਉਹ ਤਾਂ ‘ਟੋਭਾ ਟੇਕ ਸਿੰਘ’ ਜਾਣਾ ਚਾਹੁੰਦਾ ਸੀ। ਅਫ਼ਸਰ ਵਰਚਾਉਂਦਾ ਹੈ, ਟੋਭਾ ਟੇਕ ਸਿੰਘ ਪਾਕਿਸਤਾਨ ‘ਚ ਚਲਾ ਗਿਆ ਹੈ ਪਰ ਜੇ ਤੂੰ ਹਿੰਦੁਸਤਾਨ ਚਲਾ ਜਾਏਂਗਾ ਤਾਂ ਟੋਭਾ ਟੇਕ ਸਿੰਘ ਵੀ ਹਿੰਦੁਸਤਾਨ ਵਿਚ ਭੇਜ ਦਿਆਂਗੇ।’ ਪਰ ਬਿਸ਼ਨ ਸਿੰਘ ਨੂੰ ਇਹ ਮਨਜ਼ੂਰ ਨਹੀਂ। ਉਹ ਸੁੱਜੀਆਂ ਲੱਤਾਂ ਨਾਲ ਨੋ ਮੈਨਜ਼ ਲੈਂਡ ‘ਤੇ ਡਟ ਕੇ ਖਲੋ ਜਾਂਦਾ ਹੈ। ਸ਼ਾਮ ਤਕ ਖੜੋਤਾ ਰਹਿੰਦਾ ਹੈ ਤੇ ਫਿਰ ਇਕ ਲੰਮੀ ਅਸਮਾਨ ਚੀਰਵੀਂ ਚੀਕ ਮਾਰ ਕੇ ਧਰਤੀ ‘ਤੇ ਡਿਗ ਕੇ ਪ੍ਰਾਣ ਦੇ ਦਿੰਦਾ ਹੈ। ਉਹ ‘ਟੋਭਾ ਟੇਕ ਸਿੰਘ’ ਪੁੱਜ ਜਾਂਦਾ ਹੈ।

ਅੱਜ ਵੀ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ‘ਤੇ ਡਿੱਗਾ ਪਿਆ ਹੈ। ਲੱਖਾਂ ਕਰੋੜਾਂ ਲੋਕਾਂ ਦੀਆਂ ਜਿਊਦੀਆਂ ਮਰੀਆਂ ਲਾਸ਼ਾਂ ਦਾ ਪ੍ਰਤੀਨਿਧ ਬਣ ਕੇ। ਉਸ ਨਾਲ ਮੇਰੇ ਆਪੇ ਦਾ ਵੀ ਕੁਝ ਹਿੱਸਾ ਡਿੱਗਾ ਪਿਆ ਸੀ।

ਫਿਕਰ ਤੌਂਸਵੀ ਮੁਲਕ ਦੀ ਤਕਸੀਮ ਤੋਂ ਪਿੱਛੋਂ ਆਪਣੇ ਪਾਕਿਸਤਾਨੀ ਲੇਖਕ ਮਿੱਤਰਾਂ ਨੂੰ ਮਿਲਣ ਵਾਘੇ ਗਿਆ। ਜੀ.ਟੀ. ਰੋਡ ਦੇ ਦੋਹੀਂ ਪਾਸੀਂ ਕਤਾਰਾਂ ਵਿਚ ਉੱਗੇ ਹੋਏ ਦਰਖ਼ਤ ਸਿਰ ਚੁੱਕੀ ਖਲੋਤੇ ਸਨ। ਕੁਝ ਹਿੰਦੁਸਤਾਨ ਵਿਚ, ਕੁਝ ਪਾਕਿਸਤਾਨ ਵਿਚ। ਪਰ ਇਕ ਨਿੰਮ ਦਾ ਦਰਖ਼ਤ, ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਬਾਗ਼ੀ ਜਾਪਦਾ ਸੀ ਉਹ ਕਿਸੇ ਸਰਕਾਰ ਨਾਲ ਵੀ ਨਾਤਾ ਨਹੀਂ ਸੀ ਜੋੜਨਾ ਚਾਹੁੰਦਾ।

ਉਹ ‘ਨੋ ਮੈਨਜ਼ ਲੈਂਡ’ ‘ਤੇ ਖੜੋਤਾ ਸੀ ; ਬਿਸ਼ਨ ਸਿੰਘ ਵਾਂਗੂ। ਫ਼ਿਕਰ ਤੌਸਵੀ ਆਖਦਾ ਹੈ, ‘‘ਕੀ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਇਸ ਰੁੱਖ ਬਾਰੇ ਸੂਚਨਾ ਨਹੀਂ ਸੀ ਦਿੱਤੀ ਗਈ ਜੋ ਇਹ ਅਜੇ ਤਕ ਇਥੇ ਖਲੋਤਾ ਹੈ। ਇਸ ਨੂੰ ਪੁੱਟ ਦੇਣਾ ਚਾਹੀਦਾ ਸੀ ਹੁਣ ਤਕ। ਸਗੋਂ ਇੰਜ ਕਿਉਂ ਨਹੀਂ ਹੋ ਸਕਦਾ ਕਿ ਇਸ ਦੇ ਪੱਤੇ ਅਤੇ ਟਾਹਣੀਆਂ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿਚ ਵੰਡ ਲੈਣ। ਇਸ ਰੁੱਖ ਨੂੰ ਦੱਸ ਕਿਉਂ ਨਹੀਂ ਦਿੰਦੇ ਕਿ ਉਹਦੇ ਕਿਹੜੇ ਪੱਤੇ ਤੇ ਟਾਹਣੀਆਂ ਹਿੰਦੂ ਹਨ ਤੇ ਕਿਹੜੇ ਮੁਸਲਮਾਨ?’’

ਅਗਲੀ ਵਾਰ ਜਦੋਂ ਉਹ ਬਾਰਡਰ ‘ਤੇ ਗਿਆ ਤਾਂ ਸੱਚਮੁਚ ਉਹ ਨਿੰਮ ਦਾ ਦਰਖਤ ਉਥੇ ਨਹੀਂ ਸੀ। ਉਸ ਨੇ ਇਕ ਫੌਜੀ ਸਿਪਾਹੀ ਨੂੰ ਪੁੱਛਿਆ, ‘‘ਕੀ ਮੈਨੂੰ ਦੱਸਣ ਦੀ ਕ੍ਰਿਪਾ ਕਰੋਗੇ ਕਿ ਐਥੇ ਜੋ ਨਿੰਮ ਦਾ ਦਰਖਤ ਹੁੰਦਾ ਸੀ, ਕੀ ਉਸ ਨੂੰ ਪੁੱਟ ਦਿੱਤਾ ਹੈ ਜਾਂ ਉਹ ਉਂਜ ਹੀ ਡਿੱਗ ਪਿਆ?’’

ਸਿਪਾਹੀ ਨੇ ਉਸ ਵੱਲ ਸੰਗੀਨ ਸੇਧ ਕੇ ਘੂਰਦਿਆਂ ਹੋਇਆ ਕਿਹਾ, ‘‘ਤੇਰਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ‘ਚ ਲੱਤ ਅੜਾਉਣ ਦਾ?’’

‘‘ਪਿਆਰੇ! ਮੈਂ ਕਿਉਂ ਨਾ ਪੁੱਛਾਂ ਉਸ ਰੁੱਖ ਬਾਰੇ। ਆਖ਼ਰਕਾਰ ਮੈਂ ਵੀ ਤਾਂ ਉਸ ਰੁੱਖ ਦੀ ਹੀ ਇਕ ਟਾਹਣੀ ਹਾਂ।’’

ਗੱਡੀ ਸਰਹੱਦ ਪਾਰ ਗਈ। ਉਸ ਕੱਟੇ ਹੋਏ ਰੁੱਖ ਦੀਆਂ ਕੁਝ ਟਾਹਣੀਆਂ ਮੇਰੇ ਨਾਲ ਹਿੰਦੁਸਤਾਨ ਆ ਗਈਆਂ ਸਨ ਤੇ ਕੁਝ ਵਿਲਕਦੀਆਂ ਹੋਈਆਂ ਪਿੱਛੇ ਰਹਿ ਗਈਆਂ ਸਨ।

ਮੈਂ ਟੇਪ ਰਿਕਾਰਡਰ ਵਿਚ ਆਪਣੀ ਇਕ ਕੈਸਿਟ ਪਾਈ। ਬਟਨ ਨੱਪਿਆ। ਮਹਿਦੀ ਹਸਨ ਗਾ ਰਿਹਾ ਸੀ।

ਮੁਹੱਬਤ ਕਰਨੇ ਵਾਲੇ ਕਮ ਨਾ ਹੋਂਗੇ।

ਤੇਰੀ ਮਹਿਫਿਲ ਮੇਂ ਲੇਕਿਨ ਹਮ ਨਾ ਹੋਂਗੇ।

ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ.

ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।

ਅਟਾਰੀ ਸਟੇਸ਼ਨ ‘ਤੇ ਪੁੱਜ ਚੁੱਕੀ ਗੱਡੀ ‘ਚੋਂ ਸਾਮਾਨ ਉਤਾਰਿਆ ਜਾ ਰਿਹਾ ਸੀ। ਲੋੜੀਂਦੀ ਪ੍ਰਕਿਰਿਆ ‘ਚੋਂ ਗ਼ੁਜ਼ਰ ਕੇ ਅਸੀਂ ਸਟੇਸ਼ਨ ਤੇ ਤੁਰ ਪਏ। ਮਹਿਦੀ ਹਸਨ ਅਜੇ ਵੀ ਮੇਰੇ ਕੰਨਾਂ ‘ਚ ਸਰਗ਼ੋਸ਼ੀ ਕਰ ਰਿਹਾ ਹੈ। ਮੈਨੂੰ ਕਹਿ ਰਿਹਾ ਹੈ ; ਆਪਣੇ ਆਗੂਆਂ ਨੂੰ ਇਹ ਸੁਨੇਹਾ ਦੇਹ-

ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ,

ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।

ਮੈਂ ਉਸ ਨੂੰ ਆਖਦਾ ਹਾਂ ਕਿ ਤੂੰ ਵੀ ਆਪਣੀ ਸਰਕਾਰ ਨੂੰ ਇਹੋ ਸੁਨੇਹਾ ਦੇ। ਆਪਸ ਵਿਚ ਗੱਲਬਾਤ ਕੀਤਿਆਂ ਹੀ ਮਸਲੇ ਹੱਲ ਹੋਣੇ ਨੇ। ਨਹੀਂ ਤਾਂ ਦਿਲਾਂ ਦੀਆਂ ਉਲਝਣਾਂ ਵਧਣਗੀਆਂ ਹੀ।

ਪਰ ਦੋਹਾਂ ਮੁਲਕਾਂ ਦੇ ਸਿਪਾਹੀ ਸਾਡੇ ਵੱਲ ਸੰਗੀਨਾਂ ਤਾਣ ਕੇ ਘੂਰ ਰਹੇ ਹਨ ਤੇ ਹਦਾਇਤ ਦੇ ਰਹੇ ਹਨ, ‘‘ਤੁਹਾਡਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ਵਿਚ ਲੱਤ ਅੜਾਉਣ ਦਾ।’’

ਅਸੀਂ ਸਹਿਮ ਕੇ ਠਿਠਕ ਜਾਂਦੇ ਹਾਂ।

ਅੰਮ੍ਰਿਤਸਰ ਆ ਵੀ ਗਿਆ ਹੈ! ਕਿੰਨੇ ਦੂਰ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੇ ਨੇੜੇ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੀ ਵਿੱਥ ਹੈ ਇਕ ਤੋਂ ਦੂਜੇ ਮੁਲਕ ਤਕ! ਕਿੰਨਾ ਨੇੜ ਹੈ ‘ਘਰ’ ਤੋਂ ‘ਘਰ’ ਤਕ!।

ਸ਼ਹਿਰ ਲਾਹੌਰੋਂ ਅੰਬਰਸਰ ਦਾ!

ਕਿੰਨਾ ਪੈਂਡਾ ਘਰ ਤੋਂ ਘਰ ਦਾ!

ਅਸੀਂ ‘ਘਰ’ ਤੋਂ ‘ਘਰ’ ਤੱਕ ਪੁੱਜ ਗਏ ਸਾਂ।

‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।
ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’
ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ ਨਜਰਾਂ ਨਾਲ ਡਰਾਈਵਰ ਵੱਲ ਵੇਖਣ ਲੱਗਾ।
‘‘ਜਾਹ! ਪੈਸੇ ਪੂਸੇ ਕੋਈ ਨਹੀਂ ਮਿਲਣੇ।’’ ਡਰਾਈਵਰ ਨੇ ਉਸ ਦੀ ਮਨਸ਼ਾ ਭਾਂਪ ਕੇ ਕਿਹਾ।
‘‘ਕਿਉਂ, ਮਿਲਣੇ ਕਿਉਂ ਨਹੀਂ?’’ ਉਸ ਨੇ ਥੋੜ੍ਹਾ ਰੁੱਖਾ ਹੋ ਕੇ ਪੁੱਛਿਆ।
ਅਸੀਂ ਪੈਸੇ ਦੇਣੇ ਚਾਹੇ ਤਾਂ ਡਰਾਈਵਰ ਨੇ ਪੂਰੇ ਅਧਿਕਾਰ ਨਾਲ ਹੱਥ ਵਧਾ ਕੇ ਸਾਨੂੰ ਰੋਕਦਿਆਂ ਤੇ ਉਸ ਨੂੰ ਸੁਣਾਉਂਦਿਆਂ ਕਿਹਾ, ‘‘ਤੰੂ ਪੈਸੇ ਲੈ ਕੇ ਵੇਖ… ਤੈਨੂੰ ਦਿਸਦਾ ਨਹੀਂ ਇਹ ਕੀਹਦੀ ਕਾਰ ਐ?…ਤੰੂ ਲਾਹੌਰ ‘ਚ ਰਹਿਣਾ ਵੀ ਐ ਕਿ ਨਹੀਂ?’’
ਡਰਾਈਵਰ ਅੰੰਦਰੋਂ ਉਹਦੇ ਮਾਲਕ ‘ਨਵਾਏ ਵਕਤ’ ਦੇ ਮੁੱਖ ਕਾਲਮ-ਨਵੀਸ ਅਬਾਸ ਅਤਹਰ ਦੀ ਪੱਤਰਕਾਰੀ ਤਾਕਤ ਬੋਲ ਰਹੀ ਸੀ। ਅਗਲਾ ਢੈਲਾ ਜਿਹਾ ਹੋ ਕੇ ਪੈਰ ਮਲਦਾ ਪਿੱਛੇ ਨੂੰ ਤੁਰ ਪਿਆ।
ਦਿਨ ਦਾ ਪਿਛਲਾ ਪਹਿਰ। ਲੰਮਾ ਤੇ ਤੰਗ ਇੱਛਰਾਂ ਬਾਜ਼ਾਰ ਲੋਕਾਂ ਦੀ ਖ਼ੁਸ਼ ਰੰਗ ਭੀੜ ਵਿਚ ਹੋਰ ਭੀੜਾ ਹੋ ਗਿਆ ਲੱਗਦਾ ਸੀ। ਘਰੋਂ ਬਣ ਫੱਬ ਕੇ ਨਿਕਲੀਆਂ ਖ਼ੂਬਸੂਰਤ ਲਾਹੌਰਨਾਂ ਮਤਾਬੀਆਂ ਵਾਂਗ ਜਗ ਰਹੀਆਂ ਸਨ। ਕਿਤੇ ਕਿਤੇ ਹੀ ਬੁਰਕੇ ਵਾਲੀ ਔਰਤ ਦਿਸ ਰਹੀ ਸੀ, ਨਹੀਂ ਤਾਂ ਸਾਡੇ ਇਧਰਲੇ ਪੰਜਾਬ ਵਾਂਗ ਹੀ ਔਰਤਾਂ ਬੇਝਿਜਕ ਤੇ ਸਵੈ-ਭਰੋਸੇ ਨਾਲ ਸ਼ਹਿਰ ਵਿਚ ਘੁੰਮਦੀਆਂ ਦਿਖਾਈ ਦਿੰਦੀਆਂ ਸਨ। ਨਨਕਾਣੇ ਵੱਲ ਜਾਂਦਿਆਂ ਖੇਤਾਂ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਔਰਤਾਂ ਵੀ ਨਜ਼ਰ ਆਉਂਦੀਆਂ ਸਨ। ਔਰਤ ਲਈ ਪਰਦੇ ‘ਚ ਰਹਿਣ ਵਾਲਾ ਇਸਲਾਮਿਕ ਨੇਮ ਢਿੱਲਾ ਹੁੰਦਾ ਦਿਸ ਰਿਹਾ ਸੀ। ਪਿਛਲੇ ਦਿਨੀਂ ਰਾਤ ਨੂੰ ਤੁਰ ਕੇ ਫ਼ਲੈਟੀਜ਼ ਹੋਟਲ ਤੋਂ ਸ਼ਾਹਤਾਜ ਹੋਟਲ ਨੂੰ ਜਾਂਦਿਆਂ ਅੱਧੀ ਰਾਤ ਤੋਂ ਪਿਛੋਂ ਕੁੜੀਆਂ ਦੀ ਇਕ ਟੋਲੀ ਨੇ ਸਾਡੇ ਸਾਥੀਆਂ ਨੂੰ ਵੇਖ ਕੇ ਆਪਣੀ ਕਾਰ ਰੋਕ ਲਈ ਸੀ ਤੇ ਕਾਰ ਚਲਾਉਣ ਵਾਲੀ ਕੁੜੀ ਨੇ ਹੋਰ ਗੱਲਾਂ ਤੋਂ ਬਿਨਾਂ ਇਹ ਵੀ ਪੁੱਛਿਆ ਸੀ, ‘‘ਅੰਕਲ! ਮੈਂ ਇੰਗਲੈਂਡ ਤੋਂ ਆਈ ਹਾਂ। ਕਿਸੇ ਫ਼ਿਲਮ ਬਣਾਉਣ ਦੇ ਚੱਕਰ ‘ਚ। ਸਾਡੇ ਤਾਂ ਏਥੇ ਔਰਤ ਬੜੀ ਘੁੱਟਣ ਵਿਚ ਹੈ, ਤੁਹਾਡੇ ਕਿਹੋ ਜਿਹੇ ਹਾਲਾਤ ਨੇ?’’
ਆਜ਼ਾਦੀ ਨਾਲ ਅੱਧੀ ਰਾਤ ਨੂੰ ਘੰੁਮ ਰਿਹਾ ਜਾਂ ਆਪਣੇ ਕੰਮ-ਕਾਰ ਤੋਂ ਵਾਪਸ ਪਰਤ ਰਿਹਾ ਕੁੜੀਆਂ ਦਾ ਟੋਲਾ ‘ਔਰਤ ਦੀ ਘੁੱਟਣ’ ਦੀ ਗੱਲ ਕਰ ਰਿਹਾ ਸੀ ਤਾਂ ਠੀਕ ਹੀ ਹੋਵੇਗਾ। ਪਾਕਿਸਤਾਨ ਟੈਲੀਵੀਜ਼ਨ ਤੋਂ ਅਕਸਰ ਇਹੋ ਜਿਹੇ ਦ੍ਰਿਸ਼ ਵੇਖਣ ਨੂੰ ਮਿਲ ਜਾਂਦੇ ਰਹੇ ਨੇ ਜਿਨ੍ਹਾਂ ਵਿਚ ਪੇਂਡੂ ਇਲਾਕਿਆਂ ਵਿਚ ਅਤੇ ਵਿਸ਼ੇਸ਼ ਤੌਰ ਉਤੇ ਸਿੰਧ ਅਤੇ ਸਰਹੱਦੀ ਸੂਬੇ ਵਿਚ ਵਡੇਰਿਆਂ ਦੀ ਤਾਨਾਸ਼ਾਹੀ ਤੇ ਔਰਤ ਦੀ ਤਰਸਯੋਗ ਸਥਿਤੀ ਦਾ ਚਿੱਤਰ ਉਲੀਕਿਆ ਮਿਲਦਾ ਹੈ।
ਇਕ ਵਾਰ ਸੋਹਣ ਸਿੰਘ ਸੀਤਲ ਨੇ ਮੇਰੇ ਨਾਲ ਗੱਲਾਂ ਕਰਦਿਆਂ ਦੱਸਿਆ, ਦੋ ਸਿੱਖ ਸਰਦਾਰ ਮੁਹੰਮਦ ਅਲੀ ਜਿਨਾਹ ਨੂੰ ਮਿਲਣ ਗਏ। ਜਿਨਾਹ ਨੇ ਸਰਦਾਰਾਂ ਨੂੰ ਸਿਗਾਰ ਪੇਸ਼ ਕੀਤੇ ਤਾਂ ਸਰਦਾਰਾਂ ਨੇ ਰੰਜ ਵਿਚ ਕਿਹਾ, ‘‘ਜਿਨਾਹ ਸਾਹਿਬ! ਤੁਹਾਨੂੰ ਪਤਾ ਨਹੀਂ ਕਿ ਸਿੱਖ ਸਿਗਰਟ ਨਹੀਂ ਪੀਂਦੇ?’’
ਜਿਨਾਹ ਨੇ ਬੜੇ ਤਹੱਮਲ ਨਾਲ ਜਵਾਬ ਦਿੱਤਾ, ‘‘ਮੈਂ ਜਾਣਦਾਂ ਕਿ ਸਿੱਖ ਸਿਗਰਟ ਨਹੀਂ ਪੀਂਦੇ ਪਰ ਮੈਂ ਇਹ ਵੀ ਜਾਣਦਾਂ ਕਿ ਬਹੁਤੇ ਅਮੀਰ ਦਾ ਤੇ ਬਹੁਤੇ ਗ਼ਰੀਬ ਦਾ ਕਦੀ ਕੋਈ ਧਰਮ ਨਹੀਂ ਹੁੰਦਾ।’
ਇਸ ਗੱਲ ਵਿਚ ਬੜੀ ਡੰੂਘੀ ਹਕੀਕਤ ਲੁਕੀ ਹੋਈ ਹੈ। ਬਹੁਤੇ ਸਦਾਚਾਰਕ ਜਾਂ ਧਾਰਮਿਕ ਨੇਮ ਵਿਧਾਨ ਮੱਧ ਵਰਗ ਜਾਂ ਨਿਮਨ-ਮੱਧ ਵਰਗ ਦੁਆਰਾ ਹੀ ਪ੍ਰਚਾਰੇ ਪਰਸਾਰੇ ਜਾਂਦੇ ਹਨ ਤੇ ਉਹੋ ਵਰਗ ਹੀ ਇਨ੍ਹਾਂ ਨੇਮਾਂ ਅਨੁਸਾਰ ਜੀਵਨ ਜਿਊਣ ਦੀ ਅਭਿਲਾਸ਼ਾ ਰੱਖਦਾ ਹੈ। ਅਮੀਰ ਵਰਗ ਕੋਲ ਤਾਂ ਪੈਸੇ ਦੀ ਤਾਕਤ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਵਿਭਿੰਨ ਖ਼ੁਸ਼ੀਆਂ ਨੂੰ ਮਾਨਣ ਲਈ ਹੁਲਾਰਦੀ ਰਹਿੰਦੀ ਹੈ। ਜ਼ਿੰਦਗੀ ਨੂੰ ‘ਰੂਹ’ ਨਾਲ ਜੀਣ ਲਈ ਉਹ ਸਥਾਪਤ ਨੈਤਿਕ ਤੇ ਧਾਰਮਿਕ ਬੰਧਨ ਤੋੜ ਦਿੰਦੇ ਹਨ ਕਿਉਂਕਿ ਉਸ ਤਾਕਤਵਰ ਧਿਰ ਨੂੰ ਕਿਸੇ ਦੇ ਤਾਅਨੇ-ਮਿਹਣਿਆਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਹ ਤਾਂ ‘ਜਵਾਨੀ ਕਮਲੀ ਰਾਜ ਹੈ ਚੂਚਕੇ ਦਾ ਤੇ ਕਿਸੇ ਦੀ ਕੀ ਪਰਵਾਹ ਮੈਨੂੰ’ ਦੇ ਕਥਨ ਮੁਤਾਬਕ ਬੇਪ੍ਰਵਾਹ ਰਹਿੰਦੇ ਹਨ। ਦੂਜੇ ਪਾਸੇ ਨਿਮਨ ਸ਼ੇ੍ਰਣੀਆਂ ਵਾਸਤੇ ਰੋਜ਼ੀ-ਰੋਟੀ ਦੀਆਂ ਰੋਜ਼-ਮਰ੍ਹਾ ਦੀਆਂ ਜ਼ਰੂਰਤਾਂ ਹੀ ਉਨ੍ਹਾਂ ਦੀ ਵੱਡੀ ਮਜਬੂਰੀ ਹੁੰਦੀਆਂ ਹਨ ਤੇ ਇਨ੍ਹਾਂ ਮਜਬੂਰੀਆਂ ਕਾਰਨ ਵੱਡੇ ਨੇਮ ਵਿਧਾਨ ਪਾਲਣੇ ਉਨ੍ਹਾਂ ਲਈ ਵੀ ਮੁਸ਼ਕਲ ਹੁੰਦੇ ਹਨ। ਖੇਤਾਂ ਵਿਚ ਨੰਗੇ ਮੂੰਹ ਕੰਮ ਕਰਦੀਆਂ ਤੇ ਲਾਹੌਰ ਦੇ ਅਮੀਰ ਬਾਜ਼ਾਰਾਂ ਵਿਚ ਘੁੰਮ ਰਹੀਆਂ ਔਰਤਾਂ ਇਨ੍ਹਾਂ ਸ਼ੇ੍ਰਣੀਆਂ ਨਾਲ ਹੀ ਸਬੰਧ ਰੱਖਣ ਵਾਲੀਆਂ ਸਨ।
ਸੁਲੇਖਾ ਜਗਤਾਰ ਵਾਸਤੇ ਵੱਖ ਵੱਖ ਦੁਕਾਨਾਂ ਤੋਂ ਸੂਟਾਂ ਦਾ ਕੱਪੜਾ ਪਸੰਦ ਕਰ ਰਹੀ ਸੀ। ਮੈਂ ਤੇ ਰਘਬੀਰ ਸਿੰਘ ਇਕ ਕੈਸੇਟਾਂ ਵਾਲੀ ਦੁਕਾਨ ਤੋਂ ਕੈਸੇਟਾਂ ਖ਼ਰੀਦਣ ਲਈ ਅੱਗੇ ਹੋਏ ਅਤੇ ਉਸ ਨੂੰ ਪਾਕਿਸਤਾਨੀ ਗਾਇਕਾਂ ਦੀਆਂ ਚੰਗੀਆਂ ਕੈਸੇਟਾਂ ਦਿਖਾਉਣ ਲਈ ਕਿਹਾ। ਦੁਕਾਨਦਾਰ ਨੇ ਸਾਡੇ ਅੱਗੇ ਉਨ੍ਹਾਂ ਨਵੇਂ ਗਾਇਕਾਂ ਦੀਆਂ ਕੈਸਿਟਾਂ ਰੱਖ ਦਿੱਤੀਆਂ ਜੋ ਸਾਡੇ ਮੁਲਕ ਦੇ ਨਵੇਂ ਗਾਇਕਾਂ ਵਾਂਗ ‘ਪੌਪ ਸੰਗੀਤ’ ਗਾਉਣ ਤੇ ਨੱਚਣ-ਟੱਪਣ ਦੇ ਸ਼ੌਕੀਨ ਹਨ। ਗਾਇਕੀ ਦਾ ਇਹ ਪ੍ਰਦੂਸ਼ਣ ਉਧਰ ਵੀ ਫੈਲ ਰਿਹਾ ਹੈ ਤੇ ਸੰਗੀਤ ਸ਼ੋਰ ਵਿਚ ਡੁੱਬਦਾ ਜਾ ਰਿਹਾ ਹੈ। ਮੈਂ ਉਸ ਨੂੰ ਮਹਿਦੀ ਹਸਨ, ਗ਼ੁਲਾਮ ਅਲੀ, ਇਕਬਾਲ ਬਾਨੋ, ਆਬਿਦਾ ਪ੍ਰਵੀਨ, ਤਸੱਵਰ ਖਾਨੁਮ, ਫ਼ਰੀਦਾ ਖਾਨੁਮ ਤੇ ਮੁਸੱਰਤ ਨਜ਼ੀਰ ਦੀਆਂ ਕੈਸੇਟਾਂ ਦੇਣ ਲਈ ਆਖਿਆ। ਉਹਨੇ ਕੈਸੇਟਾਂ ਦੇ ਚਿਣੇ ਅੰਬਾਰਾਂ ਨੂੰ ਹੇਠਾਂ ਤੋਂ ਉਤੇ ਨਜ਼ਰ ਮਾਰ ਕੇ ਵੇਖਿਆ। ਉਨ੍ਹਾਂ ਦੀ ਉੱਥਲ-ਪੁੱਥਲ ਕੀਤੀ ਪਰ ਮੈਨੂੰ ਲੱਗਾ ਕਿ ਉਹ ਸਿਰਫ਼ ਸਾਡੇ ਅੱਗੇ ‘ਸੱਚਾ’ ਹੋਣ ਲਈ ਹੀ ਕਰ ਰਿਹਾ ਹੈ।
‘‘ਮੈਨੂੰ ਲਗਦੈ, ਤੇਰੇ ਕੋਲ ਇਹ ਹੈ ਨਹੀਂ।’’
‘‘ਹਾਂ ਜੀ, ਇਹ ਕੈਸੇਟਾਂ ਤੁਹਾਨੂੰ ਏਥੋਂ ਨਹੀਂ ਮਿਲਣੀਆਂ। ਕਿਤਿਓਂ ਹੋਰ ਟਰਾਈ ਕਰ ਵੇਖੋ।’’
ਕੱਪੜਾ ਖ਼ਰੀਦਣ ਤੋਂ ਪਿੱਛੋਂ ਅਸੀਂ ਅਨਾਰਕਲੀ ਬਾਜ਼ਾਰ ‘ਚ ਵੀ ਗਏ ਤੇ ਹੋਰ ਥਾਈਂ ਵੀ ਪਰ ਇਹ ਗਾਇਕ ਮਸਾਂ ਹੀ ਸਾਨੂੰ ਇਕ ਦੁਕਾਨ ਤੋਂ ਲੱਭ ਸਕੇ। ਉਸ ਨੇ ਵੀ ਇਨ੍ਹਾਂ ਵਿਚੋਂ ਕੁਝ ਕੈਸੇਟਾਂ ਕਿਸੇ ਹੋਰ ਦੁਕਾਨ ਤੋਂ ਮੰਗਵਾ ਕੇ ਦਿੱਤੀਆਂ। ਸੁਰ ਤੇ ਸੰਗੀਤ ਦੇ ਸ਼ਹਿਨਸ਼ਾਹ ਇਨ੍ਹਾਂ ਗਾਇਕਾਂ ਦੀ ਮਾਰਕੀਟ ਵਿਚ ਏਨੀ ਘੱਟ ਮੰਗ ਵੇਖ ਕੇ ਲਾਹੌਰੀਆਂ ਦੇ ਬਦਲ ਰਹੇ ਸੰਗੀਤਕ ਸੁਆਦਾਂ ਦੀ ਸੂਹ ਵੀ ਮਿਲ ਗਈ।
ਲਾਹੌਰ ਵਿਚ ਅੱਜ ਆਖ਼ਰੀ ਸ਼ਾਮ ਹੋਣ ਕਰਕੇ ਅਸੀਂ ਵੱਖ ਵੱਖ ਬਾਜ਼ਾਰਾਂ ਵਿਚ ਘੁੰਮ ਰਹੇ ਸਾਂ ਤੇ ਲੋੜ ਜੋਗੀਆਂ ਚੀਜ਼ਾਂ-ਵਸਤਾਂ ਵੀ ਖਰੀਦ ਰਹੇ ਸਾਂ। ਕੁਝ ਡਰਾਈ ਫ਼ਰੂਟ ਖ਼ਰੀਦਣ ਲਈ ਅਸੀਂ ਇਕ ਦੋ ਦੁਕਾਨਾਂ ਤੋਂ ਟਰਾਈ ਕਰਕੇ ਜਦੋਂ ਇਕ ਵੱਡੀ ਦੁਕਾਨ ‘ਤੇ ਗਏ ਤਾਂ ਦੁਕਾਨ ਦੇ ਕਾਊਂਟਰ ‘ਤੇ ਬੈਠੇ ਮਾਲਕ ਨੇ ਨੌਕਰ ਮੁੰਡਿਆਂ ਨੂੰ ਗਿਰੀਆਂ, ਕਾਜੂ, ਮੇਵੇ, ਪਿਸਤਾ ਤੇ ਹੋਰ ਚੀਜ਼ਾਂ ਦਾ ਸਾਨੂੰ ਸੁਆਦ ਵਿਖਾਉਣ ਲਈ ਕਿਹਾ। ਰੇਟ ਪੁੱਛਣ ‘ਤੇ ਉਸ ਨੇ ਵੀ ਭਾਵੇਂ ਲਗਪਗ ਦੂਜੀਆਂ ਦੁਕਾਨਾਂ ਜਿੰਨਾ ਹੀ ਦੱਸਿਆ ਤੇ ਸ਼ਾਇਦ ਇਹ ਠੀਕ ਹੀ ਸੀ ਕਿਉਂਕਿ ਪਹਿਲੇ ਦੁਕਾਨਦਾਰ ਨੇ ਵੀ ਘਟਾ ਕੇ ਹੀ ਮੁੱਲ ਦੱਸਿਆ ਹੋਵੇਗਾ ਪਰ ਉਸ ਦਾ ਇਹ ਕਹਿਣਾ ਮਨ ਨੂੰ ਝੂਣ ਗਿਆ, ‘‘ਸਰਦਾਰ ਜੀ! ਤੁਹਾਥੋਂ ਵੱਧ ਲਾ ਈ ਨਹੀਂ ਸਕਦੇ। ਲਓ, ਤੁਸੀਂ ਸੁਆਦ ਤਾਂ ਵੇਖੋ। ਖਾਓ ਨਾ, ਇਨ੍ਹਾਂ ਦਾ ਕੋਈ ਪੈਸਾ ਨਹੀਂ ਲਗਦਾ।’’ ਉਸ ਨੇ ਹੱਸ ਕੇ ਆਖਿਆ, ‘‘ਐਦਾਂ ਖਾਂਦੇ ਖਾਂਦੇ ਭਾਵੇਂ ਸਾਰੀ ਦੁਕਾਨ ਖਾ ਜਾਓ, ਮੇਰੇ ਧੰਨ ਭਾਗ ਹੋਣਗੇ। ਖਾਓ ਨਾ, ਖਾਓ ਵੀ ਬਾਦਸ਼ਾਹੋ!’’
ਅਸੀਂ ਇਕ ਅੱਧਾ ਮੇਵਾ ਫੜ ਕੇ ਹੋਰ ਚੁਕਣੋਂ ਝਿਜਕ ਰਹੇ ਸਾਂ ਪਰ ਉਸ ਦਾ ਅੰਦਰਲਾ ਮਨ ਡੁੱਲ੍ਹਿਆ ਹੋਇਆ ਸੀ, ‘‘ਤੁਸੀਂ ਕਿਹੜਾ ਸਾਡੇ ਕੋਲ ਰੋਜ਼-ਰੋਜ਼ ਆਉਣੈ। ਤੁਸੀਂ ਮਹਿਮਾਨ ਓ ਸਾਡੇ।’’
‘ਮਹਿਮਾਨ’ ਸ਼ਬਦ ਇਕ ਅਜਿਹੀ ਚਾਬੀ ਸੀ ਜਿਸ ਨਾਲ ਮਨਾਂ ਵਿਚਲੀ ਮੁਹੱਬਤ ਦੇ ਬੰਦ ਤਾਲੇ ਖੁੱਲ੍ਹ ਰਹੇ ਸਨ। ਅਸੀਂ ਲਾਹੌਰੀਆਂ ਦੇ ਇਸ ਪਿਆਰ ਦੀ ਛਹਿਬਰ ਵਿਚ ਭਿੱਜੇ ਪਏ ਸਾਂ। ਡਾ. ਜਗਤਾਰ ਕੋਲ ਤਾਂ ਅਜਿਹੀਆਂ ਕਈ ਯਾਦਾਂ ਸਾਂਭੀਆਂ ਪਈਆਂ ਸਨ।
ਇਕ ਵਾਰ ਜਗਤਾਰ ਰਾਵਲਪਿੰਡੀ ਤੋਂ ਗੁਜਰਾਤ ਨੂੰ ਜਾ ਰਿਹਾ ਸੀ। ਉਨ੍ਹਾਂ ਰਾਹ ਵਿਚ ਆਪਣੀ ਟੈਕਸੀ ਰੋਕੀ। ਡਰਾਈਵਰ ਨੂੰ ਚਾਹ ਦੀ ਤਲਬ ਸੀ। ਜਗਤਾਰ ਦਾ ਸਾਥੀ ਤੇ ਡਰਾਈਵਰ ਦੁਕਾਨ ਅੰਦਰ ਬੈਠੇ ਕੁਝ ਖਾ ਰਹੇ ਸਨ ਤੇ ਜਗਤਾਰ ਦੁਕਾਨ ਦੇ ਬਾਹਰ ਕੁਰਸੀ ਉਤੇ ਬੈਠਾ ਸੜਕ ‘ਤੇ ਆਉਂਦੇ ਜਾਂਦੇ ਵਾਹਨਾਂ ਦੀ ਰੌਣਕ ਵੇਖ  ਰਿਹਾ ਸੀ। ਅਚਾਨਕ ਇਕ ਵੱਡੀ ਲੰਮੀ ਕਾਲੇ ਰੰਗ ਦੀ ਕਾਰ ਉਸ ਕੋਲ ਆ ਖੜੋਤੀ ਤੇ ਉਸ ਵਿਚੋਂ ਇਕ ਖ਼ੂਬਸੂਰਤ ਮੁਟਿਆਰ ਉਤਰ ਕੇ ਜਗਤਾਰ ਕੋਲ ਆਈ ਤੇ ਬੜੇ ਸਨੇਹ ਨਾਲ ਕੋਮਲ ਸਵਰ ਵਿਚ ਕਹਿਣ ਲੱਗੀ, ‘‘ਤੁਸੀਂ ਨਹੀਂ ਕੁਝ ਖਾ ਪੀ ਰਹੇ?’’
‘‘ਜ਼ਰੂਰਤ ਨਹੀਂ ਸੀ, ਮੇਰੇ ਸਾਥੀ ਖਾ ਪੀ ਰਹੇ ਨੇ।’’
‘‘ਪਲੀਜ਼! ਤੁਸੀਂ ਜ਼ਰੂੂਰ ਕੁਝ ਲਵੋ ਤੇ ਉਸ ਵਾਸਤੇ ਪੈਸੇ ਖਰਚਣ ਵਿਚ ਮੈਨੂੰ ਖ਼ੁਸ਼ੀ ਤੇ ਸਕੂਨ ਮਿਲੇਗਾ। ਤੁਸੀਂ ਸਾਡੇ ਮਹਿਮਾਨ ਓ।… ਪਲੀਜ਼ ਕੁਝ ਤਾਂ ਲਵੋ! ਮੈਂ ਰਾਵਲਪਿੰਡੀ ਜਾ ਰਹੀ ਹਾਂ। ਜੇ ਆਪਾਂ ਉਥੇ ਮਿਲਦੇ ਤਾਂ ਮੈਂ ਤੁਹਾਨੂੰ ਜ਼ਰੂਰ ਆਪਣੇ ਘਰ ਲੈ ਕੇ ਜਾਂਦੀ ਤੇ ਆਪਣੇ ਇਨ੍ਹਾਂ ਹੱਥਾਂ ਨਾਲ ਖਾਣਾ ਬਣਾ ਕੇ ਖੁਆਉਂਦੀ।’’ ਉਸ ਨੇ ਗੋਰੇ ਲੰਮੇ ਹੱਥ ਹਵਾ ਵਿਚ ਫੈਲਾਏ ਤੇ ਫਿਰ ਉਹ ਆਪਣੇ ਹੱਥ ਦੀਆਂ ਪਤਲੀਆਂ ਉਂਗਲਾਂ ਛੇ-ਸੱਤ ਸਾਲ ਦੇ ਆਪਣੇ ਕੋਲ ਖੜੋਤੇ ਸੋਹਣੇ ਪੁੱਤ ਦੇ ਸਿਰ ਦੇ ਵਾਲਾਂ ਵਿਚ ਫੇਰਨ ਲੱਗੀ।
ਜਗਤਾਰ ਨੇ ਉਸ ਵਲੋਂ ਪ੍ਰਗਟਾਏ ਸਨੇਹ ਲਈ ਧੰਨਵਾਦ ਕੀਤਾ ਪਰ ਉਸ ਨੇ ਰੋਕਦਿਆਂ ਰੋਕਦਿਆਂ ਵੀ ਕੋਕ ਦੀਆਂ ਬੋਤਲਾਂ ਤੇ ਖਾਣ ਦਾ ਕੁਝ ਸਾਮਾਨ ਮੰਗਵਾ ਲਿਆ। ‘‘ਨਹੀਂ ਕੁਝ ਤਾਂ ਲੈਣਾ ਹੀ ਪਵੇਗਾ। ਮੈਂ ਰੁਕੀ ਹੀ ਇਸ ਵਾਸਤੇ ਹਾਂ।’’
ਤੁਰਨ ਲੱਗੀ ਤਾਂ ਆਪਣੇ ਬੱਚੇ ਨੂੰ ਕਹਿਣ ਲੱਗੀ, ‘‘ਬੇਟਾ! ਅਪਨੇ ਮਾਮੂ ਜਾਨ ਕੋ ਸਲਾਮ ਕਰੋ…।’’
ਬੱਚੇ ਨੇ ਸਿਰ ਝੁਕਾ ਕੇ ਮੁਸਕਰਾਉਂਦਿਆਂ, ‘‘ਮਾਮੂ ਜਾਨ ਸਲਾਮਾ ਲੇਕਮ’’ ਆਖਿਆ ਤਾਂ ਜਗਤਾਰ ਦਾ ਆਪਾ ਸਰਸ਼ਾਰਿਆ ਗਿਆ।
ਉਸ ਬੀਬੀ ਨੇ ਜਗਤਾਰ ਦੇ ਸਾਥੀਆਂ ਦਾ ਵੀ ਬਿਲ ਅਦਾ ਕਰਕੇ ਕਾਰ ਵਿਚ ਬੈਠਣ ਤੋਂ ਪਹਿਲਾਂ ਜਗਤਾਰ ਨੂੰ ਕਿਹਾ, ‘‘ਅੱਛਾ! ਭਾਈ ਜਾਨ…ਖ਼ੁਦਾ ਹਾਫ਼ਿਜ਼।’’
‘‘ਰੱਬ ਤੈਨੂੰ ਸੁਖੀ ਰੱਖੋ! ਭੈਣ ਮੇਰੀਏ’’ ਜਗਤਾਰ ਨੇ ਕਿਹਾ। ਮਨ ਨੂੰ ਝੂਣ ਜਾਣ ਵਾਲੇ ਗ਼ਜ਼ਲ ਦੇ ਸ਼ੇਅਰ ਵਰਗੀ ਉਹ ਬੀਬੀ ਕਾਰ ਵਿਚ ਬੈਠ ਕੇ ਤਾਂ ਚਲੀ ਗਈ ਪਰ ਜਗਤਾਰ ਦੇ ਮਨ ਵਿਚ ਅੱਜ ਤਕ ਬੈਠੀ ਹੋਈ ਸੀ।
ਪ੍ਰੋ. ਮੋਹਨ ਸਿੰਘ ਨੇ ਤਾਂ ਰੱਬ ਬਾਰੇ ਕਿਹਾ ਸੀ ਪਰ ਮੈਨੂੰ ਲੱਗਦਾ ਸੀ ਇਹ ਬੰਦਾ ਹੀ ਸਭ ਤੋਂ ਵੱਡੀ ‘ਬੁਝਾਰਤ’ ਅਤੇ ‘ਗੋਰਖਧੰਦਾ’ ਹੈ। ਇਸ ਦੇ ‘ਪੇਚ’ ਖੋਲਣੇ ਸੌਖੇ ਨਹੀਂ।
ਹੋਟਲ ਪਹੁੰਚੇ ਤਾਂ ਅਬਾਸ ਅਤਹਰ ‘ਸ਼ਾਹ ਜੀ’ ਦਾ ਇਕ ਦੋਸਤ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦਾ ਇਕ ਬਹੁਤ ਵੱਡਾ ਅਫ਼ਸਰ ਨੌਕਰ ਨੂੰ ਇਕ ਥੈਲਾ ਚੁਕਵਾ ਕੇ ਸਾਡੇ ਕਮਰੇ ਵਿਚ ਆਇਆ। ਸ਼ਾਹ ਜੀ ਬਾਰੇ ਪੁੱਛਣ ਲੱਗਾ। ਸ਼ਾਹ ਜੀ ਅਖ਼ਬਾਰ ਦੇ ਕਿਸੇ ਰੁਝੇਵੇਂ ਕਰਕੇ ਅਜੇ ਨਹੀਂ ਸੀ ਆਇਆ। ਜਿੰਨਾ ਸਮਾਂ ਹੋ ਗਿਆ ਸੀ, ਸ਼ਾਇਦ ਹੁਣ ਆ ਹੀ ਨਾ ਸਕੇ, ਇਹ ਸੋਚ ਕੇ ਉਹ ਅਫ਼ਸਰ ਕਹਿੰਦਾ, ‘‘ਹੋਰ ਕੁਝ ਸੇਵਾ ਮੇਰੇ ਲਾਇਕ ਹੋਵੇ ਤਾਂ ਦੱਸੋ।’’ ਉਹ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਵਿਦਾ ਹੋਇਆ ਤਾਂ ਮੈਂ ਮੁਸਕਰਾਉਂਦਿਆਂ ਜਗਤਾਰ ਵੱਲ ਵੇਖਿਆ ਤੇ ਥੈਲੇ ਵਿਚ ਝਾਤ ਪਾਈ। ਵਿਦੇਸ਼ੀ ਵਿਸਕੀ ਦੀ ਮਹਿੰਗੀ ਬੋਤਲ ਜਗਤਾਰ ਦੇ ਹੱਥਾਂ-ਬੁੱਲ੍ਹਾਂ ਦੀ ਛੋਹ ਉਡੀਕ ਰਹੀ ਸੀ।
ਕਾਨਫ਼ਰੰਸ ਤੋਂ ਪਿਛਲੇ ਦਿਨਾਂ ਦਾ ਹੋਟਲ ਦਾ ਰਹਿਣ ਤੇ ਖਾਣ-ਪੀਣ ਦਾ ਖ਼ਰਚਾ ਡੈਲੀਗੇਟਾਂ ਨੇ ਆਪ ਕਰਨਾ ਸੀ। ਇਹ ਹੋਟਲ ਸ਼ਾਹ ਜੀ ਦੇ ਦਾਮਾਦ ਦਾ ਸੀ। ਸ਼ਾਹ ਜੀ ਨੇ ਸਾਡੇ ਕਮਰੇ ਦਾ ਸਾਰਾ ਖ਼ਰਚਾ ਆਪਣੇ ਜ਼ਿੰਮੇ ਲਿਆ ਹੋਇਆ ਸੀ। ਉਸ ਨੇ ਇਸ ਸਬੰਧੀ ਸਿੱਧਾ ਤਾਂ ਜਗਤਾਰ ਨੂੰ ਕੁਝ ਨਹੀਂ ਸੀ ਕਿਹਾ ਪਰ ਹੋਟਲ ਦੇ ਕਰਮਚਾਰੀਆਂ ਵਲੋਂ ਸਾਨੂੰ ਇਸ ਦਾ ਸੰਕੇਤ ਮਿਲ ਗਿਆ ਸੀ। ਜਗਤਾਰ ਦਾ ਤਾਂ ‘ਸ਼ਾਹ ਜੀ’ ‘ਤੇ ਹੱਕ ਸੀ ਪਰ ਮੇਰਾ ਤਾਂ ਕੋਈ ਹੱਕ ਨਹੀਂ ਸੀ। ਮੈਂ ਜਗਤਾਰ ਨੂੰ ਕਿਹਾ ਕਿ ਉਹ ਮੇਰੇ ਬਿੱਲ ਬਾਰੇ ਗੱਲ ਕਰ ਲਵੇ। ਉਸ ਨੇ ਉਸੇ ਵੇਲੇ ਕਾਊਂਟਰ ‘ਤੇ ਫੋਨ ਮਿਲਾਇਆ ਤਾਂ ਅੱਗੋਂ ਜਵਾਬ ਆਇਆ, ‘‘ਸਰਦਾਰ ਜੀ! ਕਿਉਂ ਸ਼ਰਮਿੰਦਿਆਂ ਕਰ ਰਹੇ ਓ, ਇਹ ਕੈਸੀ ਮਹਿਮਾਨ ਨਵਾਜ਼ੀ ਹੋਈ ਕਿ ਇਕ ਤੋਂ ਪੈਸਾ ਲੈ ਲਈਏ ਤੇ ਇਕ ਤੋਂ ਨਾ…, ਤੁਸੀਂ ਦੱਸੋ ਕੀ ਭੇਜੀਏ?’’
‘‘ਉਹ ਨਹੀਂ ਮੰਨਦੇ ਭਾਈ।’’ ਜਗਤਾਰ ਨੇ ਹੱਸਦਿਆਂ ਫ਼ੋਨ ਰੱਖ ਦਿੱਤਾ।
ਮੈਂ ਜਗਤਾਰ ਨਾਲ ਰਲ ਕੇ ਗੋਰਖਧੰਦਾ ਬਣੇ ਇਨਸਾਨ ਦੇ ਪੇਚ ਖੋਲ੍ਹਣ ਦਾ ਯਤਨ ਕਰਨ ਲੱਗਾ। ਇਸ ਦਾ ਇਕ ਪ੍ਰਤੀਨਿਧ ਨਮੂਨਾ ਸ਼ਾਹ ਜੀ ਵੀ ਸੀ। ਸ਼ਾਹ ਜੀ ਜਗਤਾਰ ਉਤੇ ਆਪਣੀ ਮੁਹੱਬਤ ਲੁਟਾ ਰਿਹਾ ਸੀ ਤੇ ਉਹਦੀ ਅਖ਼ਬਾਰ ਡਟ ਕੇ ਇਸ ਕਾਨਫ਼ਰੰਸ ਦੇ ਵਿਰੁੱਧ ਲਿਖ ਰਹੀ ਸੀ। ਇਕ ਦਿਨ ਸ਼ਾਹਤਾਜ ਹੋਟਲ ਦਾ ਮਾਲਕ ਤੇ ਸ਼ਾਹ ਜੀ ਦਾ ਦਾਮਾਦ ਆਪਣੇ ਕੈਬਿਨ ਵਿਚ ਜਗਤਾਰ ਤੇ ਮੈਨੂੰ ਚਾਹ ਪਿਆਉਂਦਾ ਆਖ ਰਿਹਾ ਸੀ, ‘‘ਮੈਂ ਤਾਂ ਸ਼ਾਹ ਜੀ ਨੂੰ ਆਖਿਐ, ਕਾਹਨੂੰ ਇਹ ਖੱਪ ਪੁਆਉਣ ਡਹੇ ਓ, ਛੱਡੋ ਪਰ੍ਹਾਂ।’’
ਕਿਆ ਦੋ-ਰੰਗੀ ਸੀ। ਇਸ ਕਾਨਫ਼ਰੰਸ ਦੇ ਬਹਾਨੇ ਦੋ ਵਿਛੜੇ ਦੋਸਤ, ਜਗਤਾਰ ਤੇ ਸ਼ਾਹ ਜੀ ਆਪਸ ਵਿਚ ਮਿਲੇ ਸਨ ਪਰ ਸ਼ਾਹ ਜੀ ਦੀ ਅਖ਼ਬਾਰ ਤੇ ਸ਼ਾਇਦ ਸ਼ਾਹ ਜੀ ਵੀ ਸਮੁੱਚੇ ਤੌਰ ‘ਤੇ ਇਸ ਮਿਲਣੀ (ਕਾਨਫਰੰਸ) ਦੀ ਮੁਖ਼ਾਲਫ਼ਤ ਕਰ ਰਹੇ ਸਨ।
ਜਗਤਾਰ ਇਕ ਹੋਰ ਦਿਲਚਸਪ ਗੱਲ ਸੁਣਾ ਰਿਹਾ ਸੀ। ਬਲੂ-ਸਟਾਰ ਅਪਰੇਸ਼ਨ ਵੇੇਲੇ ਅਬਾਸ ਅਤਹਰ ‘ਸ਼ਾਹ ਜੀ’ ਕਿਸੇ ਬਾਹਰਲੇ ਮੁਲਕ ਵਿਚ ਸੀ। ਉਹ ਆਪਣੇ ਦੋ ਸਿੱਖ ਦੋਸਤਾਂ ਤੇ ਇਕ ਹਿੰਦੂ ਦੋਸਤ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਜਦੋਂ ਯਾਰਾਂ ਵਿਚ ਬਲੂ-ਸਟਾਰ ਅਪਰੇਸ਼ਨ ਦੀ ਚਰਚਾ ਚੱਲੀ ਤਾਂ ਅਬਾਸ ਅਤਹਰ ਆਪਣੇ ਸਿੱਖ ਦੋਸਤਾਂ ਨੂੰ ਪਿਆਰ ਦੀ ਗਾਲ਼ ਕੱਢ ਕੇ ਕਹਿਣ ਲੱਗਾ, ‘‘ਉਏ ਮਾਂ ਦਿਓ ਖਸਮੋਂ ਸਿੱਖੋ! ਮਰ ਜਾਓ‥ ਕਰੋ ਕੁਝ।’’
‘‘ਕੀ ਕਰੀਏ?’’ ਉਨ੍ਹਾਂ ਪਰਦੇਸ ਬੈਠਿਆਂ ਨੇ ਆਪਣੀ ਬੇਬਸੀ ਪ੍ਰਗਟਾਈ, ਤਾਂ ਕਹਿੰਦਾ, ‘‘ਉਏ! ਹੋਰ ਕੁਝ ਨਹੀਂ ਕਰ ਸਕਦੇ ਤਾਂ ਆਹ ਮੁਕੇਸ਼ ਨੂੰ ਹੀ ਮਾਰ ਦਿਓ।’’
‘‘ਕਿਉਂ ਮੈਨੂੰ ਕਿਉਂ?’’ ਹੱਸਦਿਆਂ ਹੋਇਆਂ ਪਰੇਸ਼ਾਨੀ ਵਿਚ ਮੁਕੇਸ਼ ਨੇ ਪੁੱਛਿਆ, ‘‘ਮੇਰਾ ਕੀ ਕਸੂਰ ਹੈ?’’
‘‘ਤੇਰਾ ਏਨਾ ਕਸੂਰ ਥੋੜ੍ਹਾ ਕਿ ਤੂੰ ਹਿੰਦੂਆਂ ਦੇ ਘਰ ਜੰਮਿਐਂ?’’
ਏਨੀ ਕਹਿ ਕੇ ਸ਼ਾਹ ਨੇ ਮੁਕੇਸ਼ ਨੂੰ ਜੱਫੀ ਵਿਚ ਘੁੱਟ ਲਿਆ।
ਏਹ ਕੇਹੀ ਗਲਵੱਕੜੀ ਸੀ ਜਿਸ ਵਿਚ ‘ਮੌਤ ਵਾਲਾ ਕੱਸ’ ਵੀ ਸੀ ਤੇ ਅਪਣੱਤ ਦੀ ਖ਼ੁਸ਼ਬੂ ਵੀ ਸੀ। ਮੁਕੇਸ਼ ‘ਗਰਾਹੀਆਂ ਸਾਂਝੀਆਂ ਤੇ ਪਿਆਲੀਆਂ ਸਾਂਝੀਆਂ ਵਾਲਾ’ ਉਸ ਦਾ ਜਿਗਰੀ ਦੋਸਤ ਵੀ ਸੀ ਪਰ ‘ਮਾਰਨ ਦੇ ਯੋਗ’ ਵੀ ਸੀ!
ਬੰਦਿਆ! ਤੇਰਾ ਵੀ ਕੁਝ ਪਤਾ ਨਹੀਂ ਲੱਗਦਾ!!
ਨਫ਼ਰਤਾਂ ਤੇ ਵੰਡੀਆਂ ਦੇ ਮਾਹੌਲ ਵਿਚ ਹੋਈ ਤਰਬੀਅਤ ਨੇ ਸਾਡੇ ਅੰਦਰ ਧੁਰ ਕਿਧਰੇ ਤਿੱਖੇ ਕੰਡਿਆਂ ਵਾਲਾ ਭੱਖੜਾ ਬੀਜ ਦਿੱਤਾ ਸੀ। ਮੁਹੱਬਤ ਦੇ ਫੁੱਲ ਤੇ ਕੰਡਿਆਲਾ ਭੱਖੜਾ ਸਾਡੇ ਅੰਦਰ ਲਾਗੋ ਲਾਗ ਉਗੇ ਹੋਏ ਸਨ। ਕਦੀ ਤਿੱਖੀਆਂ ਸੂਲਾਂ ਸਿਰ ਚੁੱਕ ਖੜੋ੍ਹਂਦੀਆਂ ਸਨ ਤੇ ਕਦੀ ਕਦੀ ਸੂਹਾ ਗੁਲਾਬ ਸੂਲਾਂ ਉਤੋਂ ਸਿਰ ਉੱਚਾ ਕਰ ਕੇ ਝੂਮਣ ਲੱਗ ਪੈਂਦਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਇਹ ਸੂਲਾਂ ਤੇ ਫੁੱਲ ਨਾਲ ਨਾਲ ਸਨ ਪਰ ਪਿੱਛੋਂ ਸੂਲਾਂ ਹੋਰ ਤਿੱਖੀਆਂ ਤੇ ਉੱਚੀਆਂ ਹੋ ਗਈਆਂ ਸਨ, ਅਣਗਿਣਤ। ਪਰ ਫੁੱਲ ਵਿਚਾਰੇ ਵਿਰਲੇ ਟਾਵੇਂ ਲੀਰੋ-ਲੀਰ ਪੱਤੀਆਂ ਨਾਲ ਸੂਲਾਂ ਦੀ ਭੀੜ ਵਿਚੋਂ ਉੱਚਾ ਉੱਠਣਾ ਚਾਹ ਰਹੇ ਸਨ। ਸੂਲਾਂ ਉਨ੍ਹਾਂ ਵੱਲ ਵੇਖ ਕੇ ਹੱਸਦੀਆਂ ਸਨ, ਮਜ਼ਾਕ ਕਰਦੀਆਂ ਸਨ ਪਰ ਸਿਰ ਉਠਾ ਕੇ ਖਿੜਣਾ ਮਹਿਕਣਾ ਫੁੱਲਾਂ ਦਾ ਦਸਤੂਰ ਸੀ!
ਕਾਨਫ਼ਰੰਸ ਖ਼ਤਮ ਹੋ ਗਈ ਸੀ। ਅਸੀਂ ਵੀ ਸਵੇੇਰ ਵਾਲੀ ਗੱਡੀ ‘ਤੇ ਤੁਰ ਜਾਣਾ ਸੀ। ਮੈਂ ਮੰਜੇ ‘ਤੇ ਲੇਟਿਆ ਹੋਇਆ ਭਾਰਤ-ਪਾਕਿ ਸਬੰਧਾਂ ਅਤੇ ਇਸ ਤੋਂ ਵੀ ਵੱਧ ਬੁਝਾਰਤ ਤੇ ਗੋਰਖਧੰਦਾ ਬਣੇ ਬੰਦੇ ਦੇ ਪੇਚ ਖੋਲ੍ਹਣੇ ਚਾਹ ਰਿਹਾ ਸਾਂ ਪਰ ਕੋਈ ਚਾਰਾ ਨਹੀਂ ਸੀ ਚੱਲ ਰਿਹਾ। ਮੇਰਾ ਅੰਦਰ ਜਿਵੇ ਜਾਮ ਹੋ ਗਿਆ ਸੀ। ਫ਼ਲੈਟੀਜ਼ ਹੋਟਲ ਦੇ ਕਾਨਫ਼ਰੰਸ ਹਾਲ ਵਿਚ ਬੈਨਰ ਮੇਰੀ ਚੇਤਨਾ ਵਿਚ ਲਿਸ਼ਕੇ:
* ਜੰਗ ਤਬਾਹੀ, ਤੱਤੀ ਲੂ, ਪਿਆਰ ਮੁਹੱਬਤ ਹੈ ਖ਼ੁਸ਼ਬੂ
* ਹਿੰਦ-ਪਾਕਿ ਲਈ ਖਰੀ ਨਿਆਮਤ
ਯਾਰੀ ਦੋਸਤੀ ਰਹੇ ਸਲਾਮਤ
* ਪੰਜਾਬੀ ਬੋਲੀ ਬੜੀ ਪਿਆਰੀ
ਅਜ਼ਲੋਂ ਸਾਡੀ ਸਾਂਝੇਦਾਰੀ।
ਮੈਂ ਅਜ਼ਲੋਂ ਜੁੜੀ ਸਾਂਝ ਨੂੰ ਹਿੱਕ ਨਾਲ ਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਿਉਂਕਿ ਸਵੇਰੇ ਛੇ ਵਜੇ ਤਕ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਗੱਡੀ ਵੀ ਫੜਨੀ ਸੀ ਪਰ ਨੀਂਦ ਨਹੀਂ ਸੀ ਆ ਰਹੀ। ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਮੈਨੂੰ ਮਿਹਣਾ ਮਾਰ ਰਿਹਾ ਸੀ, ‘‘ਉਏ ਨਿਮੋਹਿਆ! ਆਪਣੇ ਪੁਰਖਿਆਂ ਦੀ ਇਸ ਮਿੱਟੀ ਨੂੰ ਮਿਲੇ ਬਿਨਾਂ ਹੀ ਪਰਤ ਚੱਲਿਐਂ। ਇਸੇ ਮਿੱਟੀ ਵਿਚ ਤੇਰੇ ਉਨ੍ਹਾਂ ਵੱਡੇ ਵਡੇਰੇ, ਮੇਰੇ ਪੁੱਤਰਾਂ ਦੀ ਰਾਖ ਖਿੱਲਰੀ ਹੋਈ ਹੈ। ਉਹ ਇਸੇ ਮਿੱਟੀ ‘ਚੋਂ ਜੰਮੇ ਬਿਨਸੇ ਸਨ ਤੇ ਤੂੰ ਵੀ ਤਾਂ ਇਸੇ ਹੀ ਮਿੱਟੀ ‘ਚੋ ਉਗਮਿਆ ਏਂ… ਤੇ ਆਪਣੀ ਮਾਂ-ਮਿੱਟੀ ਨੂੰ ਮਿਲੇ ਬਿਨਾਂ ਵਾਪਸ ਚਲਾ ਜਾਏਂਗਾ?’’
ਮੈਂ ਇਕ ਹਉਕਾ ਲੈ ਕੇ ਆਪਣੇ ਪਿੰਡ ਤੋਂ ਮੁਆਫ਼ੀ ਮੰਗੀ ਤੇ ਇਕ ਹੋਰ ਬੰਦਾ ਗੋਰਖਧੰਦਾ ਬਣ ਕੇ ਮੇਰੀਆਂ ਅੱਖਾਂ ਅੱਗੇ ਆ ਖਲੋਤਾ। ਭਾਰਤ ਆਏ ਇਲਿਆਸ ਘੁੰਮਣ ਨੇ ਇਹ ਜਾਣ ਕੇ ਕਿ ਮੇਰਾ ਜੱਦੀ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ ਵਿਚ ਹੈ, ਉਸ ਪਿੰਡ ਦੇ ਇਕ ਮੁਸਲਮਾਨ ਜ਼ਿਮੀਂਦਾਰ ਦੀ ਗੱਲ ਸੁਣਾਈ ਸੀ। ਇਹ ਮੁਸਲਮਾਨ, ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖ ਹੁੰਦਾ ਸੀ ਪਰ ਜਾਨ ‘ਤੇ ਜ਼ਮੀਨ ਦੇ ਮੋਹ ਸਦਕਾ ਉਸ ਨੇ ਹਿੰਦੁਸਤਾਨ ਜਾਣ ਦੀ ਥਾਂ ਆਪਣੇ ਪਿੰਡ ਰਹਿਣਾ ਹੀ ਪ੍ਰਵਾਨ ਕਰ ਲਿਆ। ਇਲਿਆਸ ਘੁੰਮਣ ਜਦੋਂ ਉਸ ਨੂੰ ਮਿਲਿਆ ਤਾਂ ਉਹ ਬੁਢਾਪੇ ਦੀ ਅਵਸਥਾ ਵਿਚ ਪਰੇਸ਼ਾਨੀ ਦੇ ਦਿਨ ਗੁਜ਼ਾਰ ਰਿਹਾ ਸੀ। ਉਸ ਦੀਆਂ ਤਿੰਨ ਧੀਆਂ ਕਦੋਂ ਦੀਆਂ ਵਿਆਹ ਦੀ ਉਮਰ ਲੰਘਾ ਕੇ ਉਮਰ ਦੀ ਢਲਾਣ ਤੱਕ ਪੁੱਜ ਚੁੱਕੀਆਂ ਸਨ ਪਰ ਉਸ ਨੇ ਉਨ੍ਹਾਂ ਦਾ ਵਿਆਹ ਨਹੀਂ ਸੀ ਕੀਤਾ। ਇਸੇ ਪਰੇਸ਼ਾਨੀ ਵਿਚ ਬਹੁਤਾ ਸਮਾਂ ਮਸੀਤ ਵਿਚ ਬੈਠਾ ਰਹਿੰਦਾ। ਨਮਾਜ਼ ਅਦਾ ਕਰਦਾ ਰਹਿੰਦਾ ਤੇ ਅੱਲ੍ਹਾ ਦਾ ਨਾਂ ਲੈਂਦਾ ਰਹਿੰਦਾ। ਜਦੋਂ ਇਲਿਆਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਿੱਖ ਪਿਛੋਕੜ ਕਰਕੇ ਹੀ ਇਲਿਆਸ ਨੇ ਉਸ ਨੂੰ ਮਿਲਣਾ ਚਾਹਿਆ ਹੈ ਤਾਂ ਉਸ ਨੇ ਆਪਣੀ ਡੂੰਘੀ ਚੁੱਪ ਤੋੜ ਦਿੱਤੀ ਤੇ ਅਪਣੱਤ ਭਾਵ ਨਾਲ ਇਲਿਆਸ ਨਾਲ ਗੱਲਾਂ ਕਰਨ ਲੱਗਾ।
‘‘ਤੁਹਾਨੂੰ ਉਹ ਆਪਣਾ ਪਿੱਛਾ ਯਾਦ ਕਰਕੇ ਕਿਵੇਂ ਮਹਿਸੂਸ ਹੁੰਦਾ ਹੈ?’’
ਇਲਿਆਸ ਘੁੰਮਣ ਦਾ ਸਵਾਲ ਸੁਣ ਕੇ ਉਹ ਖ਼ਾਮੋਸ਼ ਹੋ ਗਿਆ ਤੇ ਆਪਣੇ ਅੰਦਰ ਡੂੰਘਾ ਉਤਰ ਗਿਆ। ਫਿਰ ਉਸ ਨੇ ਰੁਕ ਰੁਕ ਕੇ ਕਿਹਾ, ‘‘ਤੂੰ ਵੀ ਗੁਰਦੁਆਰਿਆਂ ਬਾਰੇ ਲਿਖਦਾ ਏ, ਸਿੱਖਾਂ ਨਾਲ ਤੇ ਗੁਰੂਆਂ ਨਾਲ ਤੈਨੂੰ ਵੀ ਪਿਆਰ ਏ।’’
ਉਹ ਗੱਲਾਂ ਕਰਦਾ ਕਰਦਾ ਫਿਰ ਚੁੱਪ ਹੋ ਗਿਆ, ‘‘ਤੂੰ ਆਪਣਾ ਹੀ ਪੁੱਤ ਭਤੀਜਾ ਏਂ। ਸੱਚੀ ਪੁੱਛਦੈਂ ਤਾਂ ਉਹ ਦਿਨ ਨਹੀਂ ਊ ਭੁੱਲਦੇ। ਮੈਂ ਆਪਣੀ ਜਨਮ-ਜ਼ਮੀਨ ਤਾਂ ਨਾ ਛੱਡੀ ਪਰ ਮੈਂ ਬਹੁਤ ਕੁਝ ਗੁਆ ਲਿਆ। ਮੈਂ ਆਪਣਾ ਜਨਮ ਵੀ ਗੁਆ ਲਿਆ।’’
ਉਸ ਨੇ ਗਲੇ ਵਿਚ ਆਇਆ ਥੁੱਕ ਅੰਦਰ ਲੰਘਾਇਆ, ‘‘ਮੇਰੀਆਂ ਧੀਆਂ ਅਜੇ ਤਕ ਪਿਓ ਦੇ ਬੂਹੇ ਉਤੇ ਬੈਠੀਆਂ। ਮੈਂ ਉਨ੍ਹਾਂ ਦੇ ਵਿਆਹ ਨਹੀਂ ਕਰ ਸਕਿਆ। ਮੈਂ ਉਨ੍ਹਾਂ ਨੂੰ ਮੁਸਲਮਾਨਾਂ ਦੇ ਘਰੀਂ ਕਿਵੇਂ ਵਿਆਹ ਦਿਆਂ।’’
ਅੱਖਾਂ ਵਿਚ ਪਾਣੀ ਲਈ ਉਹ ਬਜ਼ੁਰਗ ਜ਼ਿਮੀਂਦਾਰ ਲੋਟਾ ਫੜ ਕੇ ਵੁਜ਼ੂ ਕਰਨ ਤੁਰ ਗਿਆ ਤਾਂ ਕਿ ਨਮਾਜ਼ ਅਦਾ ਕਰ ਸਕੇ।
ਵਾਹ ਉਏ ਬੰਦਿਆ! ਗੋਰਖ ਧੰਦਿਆ!
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ!
ਮੈਂ ਕੌਣ ਵਿਚਾਰਾ ਹਾਂ, ਬੰਦੇ ਦੇ ਦਿਲ ਨੂੰ ਸਮਝਣ ਵਾਲਾ!।

ਅੱਜ ਸਾਡਾ ਲਾਹੌਰ ਵਿਚ ਆਖ਼ਰੀ ਦਿਨ ਸੀ। ਇਹ ਦਿਨ ਵੀ ਅਸੀਂ ਲੇਖੇ ਲੱਗਿਆ ਵੇਖਣਾ ਚਾਹੁੰਦੇ ਸਾਂ। ਕਸੂਰ ਵਿਚ ਬਾਬੇ ਬੁੱਲ੍ਹੇ ਸ਼ਾਹ ਦਾ ਮਜ਼ਾਰ ਦੇਖਣ ਦੀ ਤਾਂਘ ਤੜਪੀ ਤਾਂ ਮੈਂ ਡਾ. ਜਗਤਾਰ ਨੂੰ ਕਿਹਾ ਕਿ ਉਹ ‘ਸ਼ਾਹ ਜੀ’ ਨੂੰ ਕਹਿ ਕੇ ਕਾਰ ਦਾ ਬੰਦੋਬਸਤ ਕਰੇ। ‘ਸ਼ਾਹ ਜੀ’ ਪ੍ਰਮੁੱਖ ਉਰਦੂ ਅਖ਼ਬਾਰ ‘ਨਵਾਏ ਵਕਤ’ ਦਾ ਮੁਖ ਕਾਲਮ-ਨਵੀਸ ਹੋਣ ਕਰਕੇ ਉਹਦੀ ਕਾਰ ਵਿਚ ਲਾਹੌਰੋਂ ਬਾਹਰ ਨਿਕਲਣਾ ਸਾਨੂੰ ਵਧੇਰੇ ਸੁਰੱਖਿਅਤ ਲੱਗਦਾ ਸੀ। ਉਂਜ ਸਾਡੇ ਨਾਲ ਦੇ ਸਾਰੇ ਲੋਕ ਹੀ ਲਾਹੌਰੋਂ ਬਾਹਰ ਘੁੰਮ ਫਿਰ ਰਹੇ ਸਨ ਤੇ ਇਕ ਗਰੁੱਪ ਤਾਂ ਰਾਵਲਪਿੰਡੀ ਤੇ ਪੰਜਾ ਸਾਹਿਬ ਦੀ ਯਾਤਰਾ ‘ਤੇ ਵੀ ਨਿਕਲ ਚੁੱਕਾ ਸੀ। ‘‘ਕੋਈ ਨਹੀਂ ਪੁੱਛਦਾ ਜੀ!’’ ਕਹਿ ਕੇ ਸਾਰੇ ਤੁਰੇ ਫਿਰਦੇ ਸਨ। ਅਸੀਂ ਵੀ ਇਸ ਗੱਲ ਤੋਂ ਹੌਸਲਾ ਫੜਿਆ ਪਰ ਫਿਰ ਵੀ ‘ਨੇ ਜਾਣੀਏਂ’ ਵਾਲੇ ਖ਼ਤਰੇ ਨੂੰ ਸਾਹਮਣੇ ਰੱਖ ਕੇ ਇਕ ਪੱਤਰਕਾਰ ਦੀ ਕਾਰ ਵਿਚ ਜਾਣਾ ਸਾਨੂੰ ਠੀਕ ਲੱਗਾ।
ਕੱਲ੍ਹ ਸਵੇਰੇ ਅੱਠ ਵਜੇ ‘ਸਮਝੌਤਾ ਐਕਸਪ੍ਰੈਸ’ ‘ਤੇ ਅਸੀਂ ਵਾਪਸ ਆ ਜਾਣਾ ਸੀ, ਇਸ ਲਈ ਪੁਲੀਸ ਵਲੋਂ ਵਾਪਸੀ ਦੀ ਰਵਾਨਗੀ ਵਾਲਾ ਸਰਟੀਫਿਕੇਟ ਵੀ ਅੱਜ ਹੀ ਪ੍ਰਾਪਤ ਕਰਨਾ ਜ਼ਰੂਰੀ ਸੀ।
‘‘ਤੁਸੀਂ ਮੇਰੀ ਰਵਾਨਗੀ ਵੀ ਪੁਆ ਲਿਆਓ! ਮੈਂ ਉਨਾ ਚਿਰ ਸ਼ਾਹ ਜੀ ਨਾਲ ਤਾਲ-ਮੇਲ ਕਾਇਮ ਕਰਦਾਂ’’, ਜਗਾਤਰ ਨੇ ਮੈਨੂੰ ਤੇ ਰਘਬੀਰ ਸਿੰਘ ਨੂੰ ਕਿਹਾ।
‘‘ਪਰ ਉਥੇ ਨਿਜੀ ਰੂਪ ਵਿਚ ਤੁਹਾਡੀ ਹਾਜ਼ਰੀ ਜ਼ਰੂਰੀ ਹੋਵੇਗੀ!’’
‘‘ਲੈ… ਇਹ ਰਵਾਨਗੀ ਤਾਂ ਥਾਣਿਓਂ ਹੀ ਪੈਣੀ ਆਂ ਤੇ ਹੌਲਦਾਰ ਮਜੀਦ ਤੇ ਤੇਰਾ ਸੰਧੂ ਭਰਾ ਉਥੇ ਹੀ ਹੋਣੇ ਨੇ, ਫਿਕਰ ਕਾਹਦਾ!’’ ਜਗਤਾਰ ਨੇ ਭਰੋਸੇ ਨਾਲ ਕਿਹਾ।
ਮੈਂ ਤੇ ਰਘਬੀਰ ਸਿੰਘ ਦੋਵੇਂ ਕਿਲ੍ਹਾ ਗੁੱਜਰ ਸਿੰਘ ਥਾਣੇ ਪੁੱਜੇ ਤਾਂ ਅੱਗੇ ਸੱਚਮੁੱਚ ਹਵਾਲਦਾਰ ਮਜੀਦ ਹੀ ਕੁਰਸੀ ‘ਤੇ ਡਟਿਆ ਬੈਠਾ ਸੀ। ਮੈਨੂੰ ਪਛਾਣ ਕੇ ਉਹਨੇ ਪੁਰਖ਼ਲੂਸ ਅੰਦਾਜ਼ ਵਿਚ ਹੱਥ ਮਿਲਾਉਂਦਿਆਂ ਕਿਹਾ, ‘‘ਆਓ ਸੰਧੂ ਸਾਹਿਬ! ਫੇਰ ਕੱਲ੍ਹ ਦੀਆਂ ਰਵਾਨਗੀਆਂ ਨੇ?’’
ਮੁਸਕਰਾਉਂਦਿਆਂ ਉਸ ਨੇ ਸਾਡੇ ਹੱਥੋਂ ਫਾਰਮ ਫੜ ਲਏ। ਮੈਨੂੰ ਇਹ ਚੰਗਾ ਲੱਗਾ ਕਿ ਉਸ ਦਿਨ ਦੀ ਛੋਟੀ ਜਿਹੀ ਮੁਲਾਕਾਤ ਨੂੰ, ਸਾਡੇ ਏਨੇ ਲੋਕਾਂ ਦੀਆਂ ਮਿਲਣੀਆਂ ਵਿਚ ਵੀ, ਉਸ ਨੇ ਯਾਦ ਰੱਖਿਆ ਸੀ। ਇਸ ਅਪਣੱਤ ਭਾਵ ‘ਚੋਂ ਮੈਂ ਜਗਤਾਰ ਦੇ ਨਾ ਆ ਸਕਣ ਬਾਰੇ ਤੇ ਉਸ ਦਾ ਫਾਰਮ ਵੀ ਤਸਦੀਕ ਕਰਨ ਦੀ ਬੇਨਤੀ ਕੀਤੀ ਤਾਂ ਉਸ ਨੇ ਉਤਸ਼ਾਹ ਨਾਲ ਆਖਿਆ, ‘‘ਗੱਲ ਹੀ ਕੋਈ ਨਹੀਂ ਬਾਦਸ਼ਾਹੋ! ਤੁਸੀਂ ਹੋਰ ਸੇਵਾ ਦੱਸੋ।’’
ਉਹ ਫੁੱਟਾ ਤੇ ਪੈਨਸਲ ਫੜ ਕੇ ਰਜਿਸਟਰ ਉਤੇ ਸਾਡੇ ਵੇਰਵਿਆਂ ਨੂੰ ਦਰਜ ਕਰਨ ਵਾਸਤੇ ਖ਼ਾਨੇ ਬਣਾਉਣ ਲੱਗਾ। ਲਿਖ ਲਿਖ ਕੇ ਸਾਰੀ ਕਾਰਵਾਈ ਮੁਕੰਮਲ ਕਰਕੇ ਜਦੋਂ ਉਸ ਨੇ ਮੇਰੇ ਫਾਰਮ ਦਾ ਪਿਛਲਾ ਪੰਨਾ ਮੋਹਰ ਲਾਉਣ ਲਈ ਪਰਤਿਆ ਤਾਂ ਹੈਰਾਨ ਹੋਇਆ, ‘‘ਤੁਸੀਂ ਐੱਸ.ਐੱਸ.ਪੀ. ਦੇ ਦਫਤਰੋਂ ਅੰਦਰਾਜ ਕਰਾ ਕੇ ਨਹੀਂ ਆਏ?’’
‘‘ਨਹੀਂ’’, ਮੈਂ ਭੋਲੇ-ਭਾਅ ਉੱਤਰ ਦਿੱਤਾ।
ਉਹ ਹੱਸਿਆ, ‘‘ਪਹਿਲਾਂ ਉਥੇ ਜਾਣਾ ਸੀ। ਉਨ੍ਹਾਂ ਦੀ ਮਨਜ਼ੂਰੀ ਤੇ ਮੋਹਰ ਤੋਂ ਪਿੱਛੋਂ ਹੀ ਅਸੀਂ ਰਵਾਨਗੀ ਪਰਚਾ ਬਨਾਉਣਾ ਹੁੰਦਾ ਹੈ। ਚੱਲੋ ਹੁਣ ਵੀ ਕੋਈ ਨਹੀਂ, ਤੁਸੀਂ ਉਥੋਂ ਹੋ ਆਓ। ਏਥੋਂ ਵਾਲਾ ਕੰਮ ਤੁਹਾਡਾ ਮੁਕੰਮਲ ਹੈ, ਜਦੋਂ ਉਥੋਂ ਲਿਖਵਾ ਲਿਆਵੋਗੇ ਤਾਂ ਉਹਦੇ ਹੇਠਾਂ ਮੈਂ ਲਿਖਣ ਲੱਗਿਆਂ ਹੁਣ ਅੱਧਾ ਮਿੰਟ ਵੀ ਨਹੀਂ ਲਾਉਣਾ। ਪਰ ਉਥੇ ਇਹ ਨਾ ਦੱਸਿਓ ਕਿ ਥਾਣੇ ਵਿਚੋਂ ਤਾਂ ਅਸੀਂ ਰਵਾਨਗੀ ਪੁਆ ਵੀ ਲਿਆਏ ਹਾਂ ਨਹੀਂ ਤਾਂ ਸਾਡੀ ਪੁੱਛਗਿਛ ਹੋ ਜਾਊ ਕਿ ਬਿਨਾਂ ਵੇਖਿਆਂ ਹੀ ਅਸੀਂ…’’
ਸਾਡੇ ਕਾਗਜ਼ਾਂ ਦੀ ਪੜਤਾਲ ਕੀਤੇ ਬਿਨਾਂ ਹੀ ਹਵਾਲਦਾਰ ਮਜੀਦ ਵਲੋਂ ਤੁਰੰਤ ਹੀ ਸਾਡੇ ਕਾਗਜ਼ ਪੱਤਰ ਤਿਆਰ ਕਰਨ ਵਿਚ ਵਿਖਾਈ ਕਾਹਲੀ ਨੇ ਸਾਡੇ ਪ੍ਰਤੀ ਉਹਦੇ ਵਿਸ਼ਵਾਸ ਅਤੇ ਅਪਣੱਤ ਨੂੰ ਹੀ ਤਸਦੀਕ ਕੀਤਾ ਸੀ। ਨਹੀਂ ਤਾਂ ਪੁਲਸੀਆ ਕੀ ਆਖ ਤੇ ਬਿਨਾਂ ਕਾਗਜ਼ਾਂ ਦੀ ਮੀਨ-ਮੇਖ ਕੱਢਣ ਤੋਂ ਸੁਹਿਰਦ ਭਾਵ ਨਾਲ ਇੰਜ ਕੰਮ ਕਰਨਾ ਕੀ ਆਖ!
ਅਸੀਂ ਐੱਸ.ਐੱਸ.ਪੀ. ਦੇ ਦਫਤਰੋਂ ਪਰਤ ਕੇ ਮਜੀਦ ਤੋਂ ਦਸਤਖ਼ਤ ਕਰਵਾਏ ਤੇ ਉਸ ਦੁਆਰਾ ਦਿਖਾਈ ਖੁੱਲ੍ਹ-ਦਿਲੀ ਤੇ ਪਿਆਰ ਲਈ ਉਸ ਦਾ ਧੰਨਵਾਦ ਕੀਤਾ।
‘‘ਇਹ ਤਾਂ ਸਾਡਾ ਫਰਜ਼ ਏ ਬਾਦਸ਼ਾਹੋ। ਤੁਸੀਂ ਸਾਡੇ ਮਹਿਮਾਨ ਓ… ਸਾਡੇ ਭਰਾ ਓ…’’ ਉਸ ਨੇ ਉੱਠ ਕੇ ਸਾਡੇ ਨਾਲ ਗਰਮਜੋਸ਼ੀ ਵਿਚ ਅਲਵਿਦਾਈ ਹੱਥ ਮਿਲਾਇਆ।
ਸ਼ਾਹਤਾਜ ਹੋਟਲ ਪਹੰੁਚੇ ਤਾਂ ਜਗਤਾਰ ਨੇ ਦੱਸਿਆ ਕਿ ‘ਸ਼ਾਹ ਜੀ’ ਨੇ ਡਰਾਈਵਰ ਸਮੇਤ ਕਾਰ ਭੇਜ ਦਿੱਤੀ ਹੈ। ਕੁਝ ਹੀ ਪਲਾਂ ਵਿਚ ਤਿਆਰ ਹੋ ਕੇ ਅਸੀਂ ਕਸੂਰ ਵੱਲ ਚਾਲੇ ਪਾ ਦਿੱਤੇ। ਖੁੱਲ੍ਹੀ ਵੱਡੀ ਕਾਰ ਵਿਚ ਡਰਾਈਵਰ ਦੇ ਨੇੜੇ ਜਗਤਾਰ ਬੈਠਾ ਸੀ ਤੇ ਪਿੱਛੇ ਰਘਬੀਰ ਸਿੰਘ, ਉਸ ਦੀ ਪਤਨੀ ਸੁਲੇਖਾ ਅਤੇ ਮੈਂ। ਮੇਰਾ ਭਾਵੁਕ ਲਗਾਓ ਤਾਂ ਸਮੁੱਚੇ ਪੱਛਮੀ ਪੰਜਾਬ ਨਾਲ ਹੀ ਹੈ ਪਰ ਵਿਸ਼ੇਸ਼ ਤੌਰ ‘ਤੇ ਲਾਹੌਰ ਅਤੇ ਕਸੂਰ ਦੇ ਇਲਾਕੇ ਪ੍ਰਤੀ ਮੇਰੀ ਖਿੱਚ ਵਧੇਰੇ ਰਹੀ ਹੈ। ਇਸ ਦਾ ਇਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੇਰਾ ਮੌਜੂਦਾ ਪਿੰਡ ਸੁਰ ਸਿੰਘ ਅਤੇ ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਜ਼ਿਲਾ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਹਿੱਸਾ ਰਹੇ ਸਨ। ਇੰਜ ਮੈਂ ਆਪਣੇ ਵਡੇਰਿਆਂ ਤੋਂ ਲਾਹੌਰ ਤੇ ਕਸੂਰ ਨਾਲ ਸਬੰਧਿਤ ਅਨੇਕਾਂ ਕਿੱਸੇ ਸੁਣੇ ਹੋਏ ਸਨ। ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਜਾਂ ਹੋਰ ਕਾਰ-ਵਿਹਾਰ ਲਈ ਕਸੂਰ ਜਾਣ ਦੀਆਂ ਕਹਾਣੀਆਂ, ਰਸਤੇ ਵਿਚ ਆਉਂਦੇ ਪਿੰਡਾਂ ਦੇ ਵੇਰਵੇ, ਉਥੋਂ ਦੇ ਬੰਦਿਆਂ ਨਾਲ ਸਾਂਝਾਂ ਕਈ ਕੁਝ ਮੇਰੇ ਅਵਚੇਤਨ ਵਿਚ ਵੱਸਿਆ ਹੋਇਆ ਸੀ।
ਕਾਰ ਲਾਹੌਰ ਦੀ ਹੱਦ ਪਾਰ ਕਰਕੇ ਕਸੂਰ ਵੱਲ ਜਾ ਰਹੀ ਸੀ। ਸੜਕ ਉਤੇ ਅਤੇ ਆਸੇ ਪਾਸੇ ਦੇ ਪਿੰਡਾਂ ਦੇ ਨਾਂ ਅਤੇ ਵੇਰਵੇ ਮੇਰੀ ਚੇਤਨਾ ਵਿਚ ਘੁੰਮ ਰਹੇ ਸਨ। ਕ੍ਹਾਨਾਂ-ਕਾਛਾ, ਲਲਿਆਣੀ, ਰਾਜਾ ਜੰਗ। ਮੈਨੂੰ ਜਾਪਦਾ ਸੀ ਮੈਂ ਆਪਣੀ ਵਿਛੜੀ ਧਰਤੀ ਤੋਂ ਸਦੀਆਂ ਬਾਦ ਕਿਸੇ ਦੂਸਰੇ ਜਨਮ ਵਿਚ ਗੁਜ਼ਰ ਰਿਹਾ ਹਾਂ।
ਮੈਨੂੰ ਇਸ ਧਰਤੀ ਤੋਂ ਕਿਉਂ ਵਿਛੋੜ ਲਿਆ ਗਿਆ ਸੀ!
ਡਰਾਈਵਰ ਨੇ ਟੇਪ ‘ਔਨ’ ਕਰ ਦਿੱਤੀ। ਨੁਸਰਤ ਫਤਹਿ ਅਲੀ ਖਾਂ ਗਾ ਰਿਹਾ ਸੀ:
ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ
ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂ
ਕੀ ਉਹ ਮੈਨੂੰ ਸੁਣਾ ਕੇ ਗਾ ਰਿਹਾ ਸੀ। ਇਹ ਕਿਉਂ ਵਿਗੜ ਗਈ ਸੀ। ਦੂਰੀ ਕਿਉਂ ਪੈ ਗਈ ਸੀ? ਥੋੜੇ੍ਹ ਦਿਨਾਂ ਤੋਂ ਕਿਥੇ! ਇਹ ਤਾਂ ਉਮਰਾਂ ਬੀਤ ਗਈਆਂ ਸਨ!
ਮੈਂ ਉਦਾਸ ਹੋ ਗਿਆ ਸਾਂ।
ਅਸੀਂ ਕ੍ਹਾਨਾਂ ਨਵਾਂ ਤੇ ਕ੍ਹਾਨਾਂ ਪੁਰਾਣਾ ਕੋਲੋਂ ਗੁਜ਼ਰ ਰਹੇ ਸਾਂ। ਉਦਾਸੀ ‘ਚੋਂ ਨਿਕਲਣ ਲਈ ਮੈਂ ਨਜ਼ਾਮਦੀਨ ਦਾ ਧਿਆਨ ਧਰ ਲਿਆ। ਪਾਕਿਸਤਾਨ ਰੇਡੀਓ ਦਾ ਉਹ ਕਲਾਕਾਰ ਪਾਕਿਸਤਾਨ ਬਣਨ ਪਿੱਛੋਂ ਅਟਾਰੀ ਨੇੜਲੇ ਪਿੰਡ ਮੋਦੇ ਤੋਂ ਉੱਠ ਕੇ ਲਾਹੌਰ ਜਾ ਵੱਸਿਆ ਸੀ ਪਰ ਖ਼ਾਨਦਾਨੀ ਜ਼ਮੀਨ-ਜਾਇਦਾਦ ਉਸ ਦੀ ਕ੍ਹਾਨੇ ਹੀ ਸੀ। ਰੇਡੀਓ ਉਤੋਂ ਚੌਧਰੀ ਤੇ ਨਜ਼ਾਮਦੀਨ ਗੱਲਾਂ ਕਰ ਰਹੇ ਸਨ।
‘‘ਨਜ਼ਾਮਦੀਨ ਜੀ! ਅੱਲਾ ਦੇ ਫ਼ਜ਼ਲ-ਓ-ਕਰਮ ਨਾਲ ਪਾਕਿਸਤਾਨ ਦੀ ਸਰ-ਜ਼ਮੀਂ, ਇਹ ਖਿੱਤਾ ਇਸਲਾਮਕ ਸਟੇਟ ਤਾਂ ਅਸੀਂ ਬਣਾ ਲਿਆ ਪਰ ਹੁਣ ਸਾਨੂੰ ਸੱਚੇ-ਸੁੱਚੇ ਮੁਸਲਮਾਨ ਬਣਨ ਲਈ ਵੀ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ,’’ ਚੌਧਰੀ ਨੇ ਆਖਿਆ ਤਾਂ ਨਜ਼ਾਮਦੀਨ ਕਹਿਣ ਲੱਗਾ:
‘‘ਇਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਪਰ ਉਸ ਤੋਂ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ। ਕ੍ਹਾਨੇ ਮੇਰੀ ਜ਼ਮੀਨ ਵਿਚੋਂ ਸੂਆ ਲੰਘਦਾ ਹੈ। ਸੂਏ ਦੇ ਕੰਢੇ ਮੇਰਾ ਛੋਟਾ ਜਿਹਾ ਬਾਗ਼ ਹੈ। ਮੈਂ ਸੋਚਿਆ ਵਗਦਾ ਰਾਹ ਹੈ, ਆਉਂਦੇ ਜਾਂਦੇ ਰਾਹਗੀਰਾਂ ਲਈ ਸਾਹ ਲੈਣ ਤੇ ਛਾਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਹੀ ਕਰ ਛੱਡਾਂ। ਮੈਂ ਜੀ ਰੁੱਖਾਂ ਦੀ ਛਾਵੇਂ ਇਕ ਤਖ਼ਤਪੋਸ਼ ਬਣਵਾ ਦਿੱਤਾ, ਦੋ ਬੈਂਚ ਰਖਵਾ ਦਿੱਤੇ, ਇਕ ਨਲਕਾ ਲਵਾ ਦਿੱਤਾ। ਨੇੜੇ ਗੜਵਾ ਤੇ ਲੋਟਾ ਰੱਖਵਾ ਦਿੱਤਾ। ਸਫ਼ਾਂ ਵੀ ਰੱਖ ਦਿੱਤੀਆਂ। ਸੋਚਿਆ, ਲੰਘਦੇ ਆਉਂਦੇ ਮੁਸਾਫਿਰ ਨਾਲੇ ਆਰਾਮ ਕਰਨਗੇ, ਪਾਣੀ-ਧਾਣੀ ਪੀ ਲੈਣਗੇ ਤੇ ਨਾਲੇ ਜੀ ਚਾਹੇ ਤਾਂ ਵੁਜ਼ੂ ਕਰਕੇ ਨਮਾਜ਼ ਪੜ੍ਹ ਲੈਣਗੇ। ਸਵਾਬ ਦਾ ਕੰਮ ਸੀ ਜੀ। ਪਰ ਦੋ ਹਫ਼ਤਿਆਂ ਬਾਦ ਜਾ ਕੇ ਵੇਖਿਆ ਤਾਂ ‘ਸੱਚੇ ਸੁੱਚੇ’ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ, ਉਤਲਾ ਕੱਪ ਜਿਹਾ, ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫ਼ਾਂ ਵਲ੍ਹੇਟੀਆਂ ਜਾ ਚੁੱਕੀਆਂ ਸਨ। ਮਸ਼ੀਨ ਪੁੱਟਣੀ ਤੇ ਤਖ਼ਤਪੋਸ਼ ਚੁੱਕਣਾ ਵਧੇਰੇ ਬੰਦਿਆਂ ਦਾ ਕੰਮ ਹੋਣ ਕਰਕੇ ਉਹ ਇਹ ਕੰਮ ਅਗਲੇ ਹਫਤੇ ਉਤੇ ਪਾ ਗਏ ਨੇ।’’
‘‘ਬਹੁਤਾ ਮਾੜੀ ਗੱਲ ਏ ਜੀ!… ਏਸ ਕੰਮ ਨੂੰ ਤਾਂ ਪਾਕਿਸਤਾਨ ਨਹੀਂ ਸੀ ਬਣਾਇਆ ਆਪਾਂ’’, ਚੌਧਰੀ ਆਖ ਰਿਹਾ ਸੀ।
ਮੈਂ ਮਨ ਹੀ ਮਨ ਹੱਸਿਆ, ‘‘ਸਾਡੇ ਵੱਲ ਵੀ ਅਜਿਹੇ ‘ਸੱਚੇ-ਸੱੁਚੇ’ ਹਿੰਦੂਆਂ ਸਿੱਖਾਂ ਦੀ ਘਾਟ ਨਹੀਂ ਹੈ। ਆਖ਼ਰ ਤਾਂ ਇਕ ਦੂਜੇ ਦੇ ਭਰਾ ਹੀ ਹਾਂ।’’
ਕਾਰ ਸੂਏ ਦੇ ਪੁੱਲ ਤੋਂ ‘ਸ਼ਾਂ’ ਕਰਕੇ ਲੰਘ ਗਈ। ਮੈਂ ਸੱਜੇ ਖੱਬੇ ਦੂਰ ਤਕ ਨਜ਼ਾਮਦੀਨ ਦਾ ਬਾਗ਼ ਲੱਭ ਰਿਹਾ ਸਾਂ।
ਕ੍ਹਾਨਾ ਲੰਘ ਕੇ ਲਲਿਆਣੀ ਆਇਆ। ਸੜਕ ‘ਤੇ ਦੋਵੇਂ ਪਾਸੀਂ ਦੂਰ ਤਕ ਸਾਡੇ ‘ਰਈਆ’ ਕਸਬੇ ਵਾਂਗ ਫੈਲਿਆ ਹੋਇਆ।
‘‘ਕਸੂਰ ਤਾਂ ਬਿਲਕੁਲ ਬਾਡਰ ਦੇ ਨੇੜੇ ਜਾ ਪੈਂਦਾ ਹੈ’’, ਮੈਂ ਆਖਿਆ ਤਾਂ ਜਗਤਾਰ ਬੋਲਿਆ, ‘‘ਬਿਨਾਂ ਇਜਾਜ਼ਤ ਬਾਡਰ ਦੇ ਨੇੜਲੇ ਇਲਾਕੇ ਵਿਚ ਆਉਣਾ ਖ਼ਤਰਨਾਕ ਵੀ ਹੈ।’’
‘‘ਆਹੋ! ਕਿਤੇ ਜਾਸੂਸੀ ਕਰਨ ‘ਚ ਨਾ ਧਰ ਲਏ ਜਾਈਏ… ਮੁੜ ਕੇ ਜੇ ਬਚ ਗਏ ਤਾਂ ਜਾ ਕੇ ਲਿਖਦੇ ਫਿਰਾਂਗੇ ‘ਪਾਕਿਸਤਾਨ ਵਿਚ ਮੇਰੀ ਕੈਦ ਦੇ ਦਿਨ।’ ਮੈਂ ਹੱਸ ਕੇ ਕਿਹਾ।
ਕਿਸੇ ਸਮੇਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਅੱਜ ਕੱਲ੍ਹ ਇਕ ਪੂਰਾ ਜ਼ਿਲ੍ਹਾ ਹੈ। ਇਹ ਲਾਹੌਰ ਤੋਂ ਫ਼ਿਰੋਜ਼ਪੁਰ ਜਾਂਦੀ ਸੜਕ ‘ਤੇ ਲਾਹੌਰ ਤੋਂ ਲਗਪਗ ਚੌਤੀ ਮੀਲ ਦੂਰ ਦੱਖਣ-ਪੂਰਬ ਵਿਚ ਸਥਿਤ ਹੈ। ਜਿਵੇਂ ‘ਲਹਾਵਰ’ ਤੋਂ ਬਦਲ ਕੇ ‘ਲਾਹੌਰ’ ਬਣਿਆ, ਇੰਜ ਹੀ ‘ਕਸ਼ਾਵਰ’ ਤੋਂ ਬਦਲ ਕੇ ‘ਕਸੂਰ’ ਬਣੇ ਦੀ ਰਵਾਇਤ ਸਦੀਆਂ ਤੋਂ ਚੱਲੀ ਆਉਂਦੀ ਹੈ। ਭਗਵਾਨ ਰਾਮ ਦੇ ਪੁੱਤਰ ‘ਕਸ਼ੂ’ ਵੱਲੋਂ ਵਸਾਇਆ ਹੋਇਆ ‘ਕਸੂਰ’। ਪਰ ਇਤਿਹਾਸ ਵਿਚ ਇਸ ਦਾ ਜ਼ਿਕਰ ਪੰਦਰਵੀਂ ਸਦੀ ਤੋਂ ਪਿੱਛੋਂ ਹੀ ਲੱਭਦਾ ਹੈ ਜਦੋਂ ਬਾਬਰ ਦੇ ਸਮੇਂ ਸਗੋਂ ਬਹੁਤਾ ਕਰਕੇ ਅਕਬਰ ਦੇ ਸਮੇਂ 1560 ਈ: ਦੇ ਕਰੀਬ ਇਥੇ ਪਠਾਣਾਂ ਦਾ ਕਬਜ਼ਾ ਸੀ।
ਜਦੋਂ ਸਿੱਖ ਪੰਜਾਬ ਵਿਚ ਇਕ ਤਾਕਤ ਬਣ ਕੇ ਉੱਭਰ ਰਹੇ ਸਨ, ਉਸ ਸਮੇਂ ਉਨ੍ਹਾਂ ਨੂੰ ਕਸੂਰ ਦੇ ਪਠਾਣਾਂ ਦੇ ਵਿਰੋਧ ਦਾ ਅਕਸਰ ਸਾਹਮਣਾ ਕਰਨਾ ਪਿਆ। 1763 ਤੇ ਫਿਰ 1770 ਵਿਚ ਭੰਗੀ ਮਿਸਲ ਦੇ ਸਰਦਾਰਾਂ ਨੇ ਪੂਰੇ ਕਸੂਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬਹੁਤ ਵੱਡੀ ਗਿਣਤੀ ਵਿਚ ਪਠਾਣ ਕਤਲ ਕੀਤੇ ਗਏ। ਇਸ ਖ਼ਾਨਦਾਨ ਦੇ ਦੋ ਨੁਮਾਇੰਦੇ ਭਰਾ ਨਿਜ਼ਾਮ-ਉਦ-ਦੀਨ ਖ਼ਾਂ ਅਤੇ ਕੁਤਬ-ਉਦ-ਦੀਨ ਖ਼ਾਂ ਆਪਣੇ ਹਮਲਾਵਰ ਮਾਲਕਾਂ ਦੀ ਨੌਕਰੀ ਕਰਨ ਲੱਗੇ। ਪਰ ਉਹ ਏਨੇ ਉਤਸ਼ਾਹੀ ਅਤੇ ਬਹਾਦਰ ਨਿਕਲੇ ਕਿ ਕੁਝ ਸਾਲਾਂ ਬਾਦ 1794 ਵਿਚ ਉਨ੍ਹਾਂ ਨੇ ਸਿੱਖਾਂ ਨੂੰ ਉਖਾੜ ਕੇ ਮੁੜ ਕਸੂਰ ‘ਤੇ ਪਠਾਣਾਂ ਦਾ ਰਾਜ ਕਾਇਮ ਕਰ ਲਿਆ। ਉਹ ਇਸ ਰਾਜ ਦੇ 1807 ਤਕ ਮਾਲਕ ਰਹੇ। 1807 ਵਿਚ ਰਣਜੀਤ ਸਿੰਘ ਦੀ ਵਧਦੀ ਤਾਕਤ ਦੇ ਜਲੌਅ ਅੱਗੇ ਕੁਤਬ-ਉਦ-ਦੀਨ ਖ਼ਾਂ ਨੂੰ ਗੋਡੇ ਟੇਕਣੇ ਪਏ ਤੇ ਕਸੂਰ ਸਿੱਖ ਰਾਜ ਦਾ ਅੰਗ ਬਣ ਗਿਆ।
ਕਸੂਰ ਦੇ ਨੇੜੇ ਪਹੁੰਚੇ ਤਾਂ ਮੈਂ ਰਘਬੀਰ ਸਿੰਘ ਨੂੰ ਜੋ ਪੰਜਾਬੀ ਗਲਪ ਦਾ ਪ੍ਰਮੁੱਖ ਆਲੋਚਕ ਵੀ ਹੈ ; ਕਿਹਾ ਕਿ ਸਾਡੇ ਮਹਾਨ ਢਾਡੀ ਤੇ ਨਾਵਲਕਾਰ ਸੋਹਣ ਸਿੰਘ ਸੀਤਲ ਦੇ ਨਾਵਲਾਂ ਵਿਚ ਕਸੂਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਹੀ ਵਰਨਣ ਹੈ। ‘ਤੂਤਾਂ ਵਾਲਾ ਖੂਹ’, ‘ਜੁਗ ਬਦਲ ਗਿਆ’, ‘ਪਤਵੰਤੇ ਕਾਤਲ’ ਆਦਿ ਨਾਵਲਾਂ ਦੇ ਸਭ ਵੇਰਵੇ ਇਸੇ ਹੀ ਖਿੱਤੇ ਨਾਲ ਸਬੰਧਿਤ ਹਨ। ਉਸਦਾ ਪਿੰਡ ‘ਕਾਦੀਵਿੰਡ’ ਵੀ ਕਸੂਰ ਦੇ ਨੇੜੇ ਹੀ ਸੀ।
‘‘ਹਾਂ, ਇਹ ਸਾਰਾ ਇਲਾਕਾ ਤਾਂ ਸੀਤਲ ਦੀਆਂ ਅੱਖਾਂ ਰਾਹੀਂ ਅਨੇਕਾਂ ਵਾਰ ਵੇਖ ਚੁੱਕੇ ਹਾਂ, ਇਹ ਤਾਂ ਆਪਣਾ ਹੀ ਇਲਾਕਾ ਲੱਗਦਾ ਹੈ।’’ ਉਸ ਦੀ ਗੱਲ ਠੀਕ ਸੀ। ਮੈਨੂੰ ਵੀ ਲੱਗਦਾ ਸੀ ਕਸੂਰ ਦੇ ਬਾਜ਼ਾਰਾਂ ਵਿਚ ਕਿਧਰੇ ਧੰਨੇ ਸ਼ਾਹ ਦੀ ਦੁਕਾਨ ਹੋਵੇਗੀ। ਹੁਣੇ ਉਹਦੀ ਦੁਕਾਨ ਤੋਂ ਉਹਦਾ ਲੰਗੋਟੀਆ ਲੱਖਾ ਸਿੰਘ ਬਾਹਰ ਨਿਕਲ ਰਿਹਾ ਹੋਵੇਗਾ।
ਅਸੀਂ ਕਸੂਰ ਦੇ ਬਜ਼ਾਰਾਂ ਵਿਚ ਵੜੇ ਸਾਂ। ਗਹਿਮਾ-ਗਹਿਮੀਂ ਨਾਲ ਭਰੇ ਛੋਟੇ ਬਾਜ਼ਾਰਾਂ ‘ਚੋਂ ਗੁਜ਼ਰਦਿਆਂ ਅਸੀਂ ਗੌਰਮਿੰਟ ਹਾਈ ਸਕੂਲ ਦੀ ਇਮਾਰਤ ਕੋਲੋਂ ਗੁਜ਼ਰੇ। ਇਸੇ ਸਕੂਲ ਵਿਚ ਸੋਹਣ ਸਿੰਘ ਸੀਤਲ ਪੜ੍ਹਦਾ ਰਿਹਾ ਸੀ। ਅੱਗੇ ਇੰਟਰਨੈਸ਼ਨਲ ਰੇਂਜਰਜ਼ ਖੜੋਤੇ ਸਨ। ਬਾਰਡਰ ਦੀ ਸੁਰੱਖਿਆ ਲਈ ਜ਼ਿੰਮੇਵਾਰ। ਅਸੀਂ ਡਰੇ ‘‘ਜੇ ਇਨ੍ਹਾਂ ਨੇ ਪੁੱਛ ਲਿਆ।’’
ਉਨ੍ਹਾਂ ਨੇ ਸਾਨੂੰ ਵੇਖ ਤਾਂ ਲਿਆ ਪਰ ਕਿਹਾ ਕੁਝ ਨਾ।
ਇਕ ਭੀੜ ਨਾਲ ਭਰੇ ਲੰਮੇ ਬਾਜ਼ਾਰ ਵਿਚੋਂ ਲੰਘਦਿਆਂ ਡਰਾਈਵਰ ਨੇ ਗੱਡੀ ਸਾਈਂ ਬੁੱਲ੍ਹੇ ਸ਼ਾਹ ਦੀ ਯਾਦਗਾਰ ਅੱਗੇ ਜਾ ਖੜ੍ਹੀ ਕੀਤੀ।
ਅਸੀਂ ਕਾਰ ਤੋਂ ਉਤਰ ਕੇ ਉਸ ਛੋਟੇ ਜਿਹੇ ਕੰਪਲੈਕਸ ਵਿਚ ਦਾਖ਼ਲ ਹੋਏ ਤਾਂ ਮੰਗਤਿਆਂ ਤੇ ਫ਼ਕੀਰਾਂ ਦੀ ਇਕ ਭੀੜ ਡੂੰਮਣੇ ਦੀਆਂ ਮੱਖੀਆਂ ਵਾਂਗ ਸਾਡੇ ਵੱਲ ਉਲਰੀ। ਇਨ੍ਹਾਂ ਮੰਗਤਿਆਂ ਵਿਚ ਠੀਕ ਦਿੱਖ ਵਾਲੇ ਤੇ ਜਚਦੇ ਕੱਪੜਿਆਂ ਵਾਲੇ ਮੁੰਡੇ ਵੀ ਸਨ। ਅਜਿਹੇ ਮੰਗਤੇ ਲਾਹੌਰ ਵਿਚ ਵੀ ਬਹੁਤ ਵੇਖਣ ਨੂੰ ਮਿਲਦੇ ਨੇ। ਅਸੀਂ ਉਨ੍ਹਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾ ਕੇ, ਕਿਸੇ ਨਾ ਕਿਸੇ ਨੂੰ ਕੁਝ ਦੇ ਕੇ, ਅੱਗੇ ਮੁੱਖ ਦਰਵਾਜ਼ੇ  ਉਤੇ ਪੁੱਜੇ ਤਾਂ ਦਰਵਾਜ਼ੇ ਕੋਲ ਇਕ ਵਿਅਕਤੀ ਢੋਲਕ ਦੀ ਥਾਪ ਨਾਲ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ:
‘‘ਬੁੱਲ੍ਹਾ ਕੀ ਜਾਣਾ ਮੈਂ ਕੌਣ’’
ਮੈਂ ਉਸ ਨੂੰ ਨਮਸਕਾਰ ਵਜੋਂ ਕੁਝ ਮਾਇਆ ਭੇਟ ਕੀਤੀ। ਇਕ ਭਾਵੁਕ ਤਰੰਗ ਮੇਰੇ ਅੰਦਰ ਉਮਡੀ। ਬਾਬੇ ਨੇ ਤਾਂ ਕਿਹਾ ਸੀ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ! ਮੈਂ ਤਾਂ ਆਪਣੀ ਪਛਾਣ ਵਿਚ ਰੁਝਿਆ ਹੋਇਆ ਹਾਂ ਪਰ ਦੂਜੇ ਪਾਸੇ ਅਸੀਂ ਹਾਂ ਕਿ ਅਸੀਂ ਪੂਰੇ ਜ਼ੋਰ ਨਾਲ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਹਾਂ, ਸਾਨੂੰ ਇਸ ਦੀ ਚੰਗੀ ਤਰ੍ਹਾਂ ਪਛਾਣ ਹੈ ਤੇ ਪਤਾ ਹੈ ਕਿ ਅਸੀਂ ਐਹੋ ਕੁਝ ਹਾਂ। ਹਿੰਦੂ, ਸਿੱਖ ਜਾਂ ਮੁਸਲਮਾਨ, ਅਸੀਂ ਆਪਣੀ ਪਛਾਣ ਬਣਾ ਲਈ ਹੈ। ਇਸੇ ਪਛਾਣ ਲਈ ਲੜਦੇ ਹਾਂ, ਮਰਦੇ ਹਾਂ।
ਰਮਜ਼ਾਨ ਦੇ ਮਹੀਨੇ ਦੀ ਉਹ ਕਹਾਣੀ ਯਾਦ ਆਈ ਜਦੋਂ ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠੇ ਸਨ। ਉਨ੍ਹਾਂ ਨੇ ਕੁਝ ਗਾਜਰਾਂ ਆਪ ਖਾਧੀਆਂ ਤੇ ਕੁਝ ਆਪਣੇ ਮੁਰੀਦਾਂ ਨੂੰ ਖਾਣ ਲਈ ਦਿੱਤੀਆਂ। ਜਦੋਂ ਮੁਰੀਦ ਹੁਜਰੇ ਤੋਂ ਬਾਹਰ ਬੈਠੇ ਗਾਜਰਾਂ ਖਾ ਰਹੇ ਸਨ ਤਾਂ ਕੋਲੋਂ ਘੋੜਿਆਂ ਉਤੇ ਕੁਝ ਹੱਟੇ-ਕੱਟੇ ਪਠਾਣ ਲੰਘੇ। ਉਨ੍ਹਾਂ ਰੋਜ਼ਾਦਾਰਾਂ ਨੇ ਮੁਰੀਦਾਂ ਨੂੰ ਪੱੁਛਿਆ :
‘‘ਰਮਜ਼ਾਨ ਦੇ ਦਿਨ ਹਨ ਤੇ ਬੇਸ਼ਰਮੋਂ ਤੁਸੀਂ ਲਪਰ ਲਪਰ ਗਾਜਰਾਂ ਡੱਫ ਰਹੇ ਓ।’’
‘‘ਭੁੱਖ ਲੱਗੀ ਸੀ ਤਾਂ ਖਾਂਦੇ ਸਾਂ!’’
‘‘ਪਰ ਤੁਸੀਂ ਹੁੰਦੇ ਕੌਣ ਓ?’’
‘‘ਮੁਸਲਮਾਨ।’’
ਖਿੱਝ ਤੇ ਗੁੱਸੇ ਨਾਲ ਉੱਬਲਦੇ ਘੋੜ-ਸਵਾਰਾਂ ਨੇ ਉਨ੍ਹਾਂ ਮੁਰੀਦਾਂ ਨੂੰ ਚੰਗਾ ਕੁਟਾਪਾ ਚਾੜ੍ਹਿਆ, ‘‘ਮੁਸਲਮਾਨ ਹੋ ਕੇ ਸ਼ਰੇ੍ਹਆਮ ਇਸਲਾਮੀ ਨੇਮਾਂ ਨੂੰ ਤੋੜ ਰਹੇ ਓ!’’
ਜਾਣ ਲੱਗੇ ਤਾਂ ਖ਼ਿਆਲ ਆਇਆ, ਇਨ੍ਹਾਂ ਦੇ ਪੀਰ ਦੀ ਵੀ ਖ਼ਬਰ ਲਈਏ। ਜੇਹੇ ਚੇਲੇ ਤੇਹਾ ਹੀ ਗੁਰੂ ਹੋਵੇਗਾ!
ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠਾ ਬੰਦਗੀ ਵਿਚ ਲੀਨ ਸੀ। ਘੋੜ-ਸਵਾਰਾਂ ਦੇ ਸਰਦਾਰ ਨੇ ਗੁੱਸੇ ਨਾਲ ਉਸ ਨੂੰ ਪੱੁਛਿਆ, ‘‘ਉਏ ਤੂੰ ਕੌਣ ਏਂ?’’
ਅੱਖਾਂ ਮੀਟੀ ਬੈਠੇ ਬੁੱਲ੍ਹੇ ਸ਼ਾਹ ਨੇ ਬਾਹਵਾਂ ਅਸਮਾਨ ਵੱਲ ਉਠਾ ਕੇ ਹੱਥ ਹਿਲਾ ਦਿੱਤੇ। ਬੋਲਿਆ ਕੁਝ ਨਾ!
‘‘ਦੱਸਦਾ ਨਹੀਂ! ਤੂੰ ਹੁੰਦਾ ਕੌਣ ਏਂ ਉਏ?’’
ਬੁੱਲ੍ਹੇ ਸ਼ਾਹ ਨੇ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਦੇ ਅੰਦਾਜ਼ ਵਿਚ ਫਿਰ ਬਿਨਾਂ ਬੋਲਿਆਂ ਬਾਹਵਾਂ ਅਸਮਾਨ ਵੱਲ ਕਰ ਕੇ ਹੱਥ ਹਿਲਾ ਦਿੱਤੇ।
‘‘ਚੱਲੋ ਛੱਡੋ! ਕੋਈ ਦੀਵਾਨਾ ਜਾਪਦਾ ਹੈ।’’ ਘੋੜ ਸਵਾਰ ਇਹ ਕਹਿੰਦਿਆਂ ਅੱਗੇ ਨਿਕਲ ਗਏ ਤਾਂ ਹੈਰਾਨ ਹੋਏ ਮੁਰੀਦ ਹੁਜਰੇ ਅੰਦਰ ਆ ਵੜੇ ਤੇ ਪੁੱਛਿਆ, ‘‘ਸਾਨੂੰ ਉਨ੍ਹਾਂ ਕੁਟਾਪਾ ਚਾੜ੍ਹਿਆ। ਤੁਹਾਨੂੰ ਕੁਝ ਵੀ ਨਹੀਂ ਆਖਿਆ। ਅਸੀਂ ਤਾਂ ਰੋਜ਼ਾ ਤੋੜ ਕੇ ਇਕ ਗੁਨਾਹ ਕੀਤਾ ਸੀ ਪਰ ਤੁਹਾਡਾ ਤਾਂ ਦੂਹਰਾ ਗੁਨਾਹ ਸੀ। ਤੁਸੀਂ ਰੋਜ਼ਾ ਤੋੜਿਆ ਵੀ ਤੇ ਤੁੜਵਾਇਆ ਵੀ। ਤੁਹਾਨੂੰ ਉਨ੍ਹਾਂ ਕੁਝ ਵੀ ਨਹੀਂ ਕਿਹਾ।’’
‘‘ਉਨ੍ਹਾਂ ਤੁਹਾਨੂੰ ਕੀ ਪੁੱਛਿਆ ਸੀ?’’ ਸਾਈਂ ਨੇ ਸਵਾਲ ਕੀਤਾ।
‘‘ਪੁੱਛਦੇ ਸਨ, ਤੁਸੀਂ ਕੌਣ ਹੁੰਦੇ ਓ?’’
‘‘ਤੁਸੀਂ ਕੀ ਕਿਹਾ?’’
‘‘ਅਸੀਂ ਕਿਹਾ, ਅਸੀਂ ਮੁਸਲਮਾਨ ਹੁੰਦੇ ਆਂ।’’
ਬੁੱਲ੍ਹੇ ਸ਼ਾਹ ਨੇ ਹੱਸ ਕੇ ਕਿਹਾ, ‘‘ਕੁਝ ਬਣੇ ਓਂ ਤਦੇ ਤਾਂ ਮਾਰ ਖਾਧੀ ਜੇ! ਅਸੀਂ ਕੁਝ ਵੀ ਨਹੀਂ ਬਣੇ, ਸਾਨੂੰ ਕਿਸੇ ਕੁਝ ਵੀ ਨਹੀਂ ਕਿਹਾ।’’
ਢੋਲਕੀ ਦੀ ਥਾਪ ‘ਤੇ ਬੁੱਲ੍ਹੇ ਸ਼ਾਹ ਦੀ ਆਵਾਜ਼ ਅਜੇ ਵੀ ਮੇਰੇ ਪਿੱਛੇ-ਪਿੱਛੇ ਆ ਰਹੀ ਸੀ, ‘‘ਬੁੱਲ੍ਹਾ ਕੀ ਜਾਣਾ ਮੈਂ ਕੌਣ!’’
ਖੁੱਲ੍ਹੇ ਸਿਹਨ ਵਿਚ ਕਈ ਕਬਰਾਂ ਸਨ, ਅਸਮਾਨ ਦੀ ਨੰਗੀ ਛੱਤ ਹੇਠਾਂ ਪਰ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਦੇ ਸਿਰ ‘ਤੇ ਛੱਤ  ਸੀ, ਜਿਸ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ‘ਤੇ ਫ਼ਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਸੀ :
‘‘ਸੱਜਦਾ ਸਿਰਫ ਅੱਲ੍ਹਾ ਕੇ ਲੀਏ ਹੈ
ਦਰਗਾਹ ਸ਼ਰੀਫ਼ ਮੈਂ ਔਰਤ ਕਾ ਦਾਖ਼ਲਾ ਮਮਨੂਹ ਹੈ।’’
ਇਸਲਾਮ ਵਿਚ ਬੁੱਤ ਪੂਜਾ ਤੇ ਵਿਅਕਤੀ ਪੂਜਾ ਮਨ੍ਹਾ ਹੋਣ ਕਰਕੇ ਹੀ ਏੇਥੇ ਚੇਤਾ ਕਰਵਾਇਆ ਗਿਆ ਸੀ ਕਿ ਬੁੱਲ੍ਹੇ ਸ਼ਾਹ ਨੂੰ ਕੀਤਾ ਜਾਣ ਵਾਲਾ ਸੱਜਦਾ ਅਸਲ ਵਿਚ ਬੁੱਲ੍ਹੇ ਸ਼ਾਹ ਪ੍ਰਤੀ ਨਹੀਂ, ਅੱਲ੍ਹਾ ਪ੍ਰਤੀ ਹੈ ਪਰ ਮੈਂ ਤਾਂ ਬੁੱਲ੍ਹੇ ਸ਼ਾਹ ਨੂੰ ਹੀ ਸੱਜਦਾ ਕਰ ਰਿਹਾ ਸਾਂ। ਉਹਦੀ ਸ਼ਾਇਰੀ ਨੂੰ! ਉਹਦੀ ਵਡਿਆਈ ਨੂੰ, ਜਿਸ ਵਿਚ ਖ਼ੁਦ ਰੱਬ ਬੋਲਦਾ ਸੀ।
ਦਰਗਾਹ ਵਿਚ ਔਰਤ ਦਾ ਦਾਖ਼ਲਾ ਮਨ੍ਹਾ ਹੋਣ ਕਰਕੇ ਸਾਡੇ ਨਾਲ ਗਈ ਬੀਬੀ ਸੁਲੇਖਾ ਨੂੰ ਬਾਹਰ ਹੀ ਠਹਿਰਨਾ ਪਿਆ। ਦਰਗਾਹ  ਦੀ ਇਕ ਦੀਵਾਰ ‘ਚੋਂ ਅੰਦਰ ਵੱਲ ਖੁੱਲ੍ਹਦੀ ਇਕ ਬਾਰੀ ‘ਚੋਂ ਅੰਦਰ ਵੱਲ ਮੰੂਹ ਕਰਕੇ ਇਕ ਅੱਧਖੜ ਔਰਤ ਦਰਗਾਹ ਵਿਚ ਬੈਠੇ ਬੰਦੇ ਨਾਲ ਗੱਲੀਂ ਰੁੱਝੀ ਹੋਈ ਸੀ ਤੇ ਸਾਨੂੰ ਅਕੀਦਤ ਪ੍ਰਗਟਾਉਂਦਿਆਂ ਵੀ ਦੇਖ ਰਹੀ ਸੀ। ਉਹ ਸਾਨੂੰ ਕਹਿਣ ਲੱਗੀ, ‘‘ਅਸੀਂ ‘ਸਰਕਾਰ’ ਦੇ ਗੱਦੀ ਨਸ਼ੀਨ ਹਾਂ।’’
ਦੀਵਾਰਾਂ ਉਤੇ ਅੰਦਰ ਬਾਹਰ ਬੁੱਲ੍ਹੇ ਸ਼ਾਹ ਦਾ ਕਾਲਮ ਫ਼ਾਰਸੀ ਲਿਪੀ ਵਿਚ ਅੰਕਿਤ ਸੀ।
ਢੋਲਾ ਆਦਮੀ ਬਣ ਆਇਆ
ਅਬੀਲ ਕਬੀਲ ਆਦਮ ਦੇ ਜਾਏ
ਆਦਮ ਕਿਸ ਦਾ ਜਾਇਆ
ਬੁੱਲ੍ਹਾ ਉਨ੍ਹਾਂ ਤੋਂ ਵੀ ਅੱਗੇ
ਦਾਦਾ ਗੋਦ ਖਿਡਾਇਆ।
…‥
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ
…‥
ਇਸ਼ਕ ਦੀ ਨਵੀਓਂ ਨਵੀਂ ਬਹਾਰ
ਬਾਹਰਲੀਆਂ ਦੀਵਾਰਾਂ ‘ਤੇ ਲਿਖੇ ਕਲਾਮ ਨੂੰ ਮੈਂ ਨੋਟ-ਬੁੱਕ ‘ਤੇ ਲਿਖ ਰਿਹਾ ਸਾਂ। ਕਿਤੇ ਕਿਤੇ ਪੜ੍ਹਨ ਵਿਚ ਆ ਰਹੀ ਮੁਸ਼ਕਲ ਜਗਤਾਰ ਤੇ ਰਘਬੀਰ ਸਿੰਘ ਹੱਲ ਕਰ ਰਹੇ ਸਨ। ਬੁੱਲ੍ਹੇ ਸ਼ਾਹ ‘ਸਰਕਾਰ’ ਦੀ ਗੱਦੀ ਨਸ਼ੀਨੀ ਵਾਲੇ ਪਰਿਵਾਰ ਦੀ ਔਰਤ ਸਾਡੇ ਕੋਲ ਆਈ ਤੇ ਆਉਂਦਿਆਂ ਹੀ ਸਵਾਲ ਕੀਤਾ, ‘‘ਤੁਹਾਡੇ ਓਧਰ ਸਰਕਾਰ ਨੇ ਤੁਹਾਥੋਂ ਗੁਰਦੁਆਰੇ ਖੋਹ ਲਏ ਨੇ?’’
‘‘ਨਹੀਂ…ਗੁਰਦੁਆਰਿਆਂ ਦਾ ਪ੍ਰਬੰਧ ਤੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਇਸ ਮਕਸਦ ਲਈ ਬਣੀ ਕਮੇਟੀ ਕਰਦੀ ਹੈ।’’
ਪ੍ਰੇਸ਼ਾਨ ਜਾਪਦੀ ਉਹ ਸਾਡਾ ਜਵਾਬ ਸੁਣ ਕੇ ਹੋਰ ਵੀ ਪ੍ਰੇਸ਼ਾਨ ਹੋ ਗਈ, ‘‘ਸਾਡੇ ਕੋਲੋਂ ਤਾਂ ਏਧਰ ਸਰਕਾਰ ਨੇ ਦਰਗਾਹਾਂ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲਈਆਂ ਨੇ। ਅਸੀਂ ਗੱਦੀ ਨਸ਼ੀਨ ਆਂ ਤੇ ਸਾਡਾ ਏਥੇ ਕੋਈ ਕੰਟਰੋਲ ਨਹੀਂ। ਅਸੀਂ ਹੱਥਲ ਹੋਏ ਬੈਠੇ ਆਂ। ਸਰਕਾਰਾਂ ਨੇ ਨਵੇਂ ਈ ਕਾਨੂੰਨ ਬਣਾ ਧਰੇ ਨੇ।’’
ਜ਼ਾਹਿਰ ਸੀ ਕਿ ਪਾਕਿਸਤਾਨ ਸਰਕਾਰ ਨੇ ਦਰਗਾਹਾਂ ਉਤੋਂ ਖ਼ਾਨਦਾਨੀ ਕੰਟਰੋਲ ਹਟਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਚੜ੍ਹਾਵੇ ਲੈਣ ਦੀ ਡਿਊਟੀ ਆਪ ਸੰਭਾਲ ਲਈ ਸੀ ਪਰ ਜਿਨ੍ਹਾਂ ਕੋਲੋਂ ਇਹ ਗੱਦੀ ਖੁੱਸੀ ਸੀ, ਉਨ੍ਹਾਂ ਨੂੰ ਆਪਣੀ ਸ਼ਾਨ ਅਤੇ ਮਾਣ ਖੁੱਸ ਗਿਆ ਜਾਪਦਾ ਸੀ।
ਫਿਰ ਉਹ ਸਹਿਜ ਹੋ ਕੇ ਕਦੇ ਕਸੂਰ ਵਿਚ ਵੱਸਣ ਵਾਲੇ ਹਿੰਦੂਆਂ-ਸਿੱਖਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਛੇੜ ਬੈਠੀ, ‘‘ਭਾਬੜਾ ਦੇਵ ਰਾਜ ਸਾਡੇ ਗੁਆਂਢ ਹੁੰਦਾ ਸੀ। ਦੀਵਾਲੀ ਉਤੇ ਖੋਏ ਦੀ ਮਠਿਆਈ ਸਾਨੂੰ ਬੱਚਿਆਂ ਨੂੰ ਖੁਆਉਣੀ। ਮੋਤੀ ਲਾਲ ਖੱਤਰੀ ਹੁੰਦਾ ਸੀ, ਬੜੇ ਵੱਡੇ ਮਕਾਨਾਂ ਵਾਲਾ। ਸਭ ਨਾਲ ਸਾਡਾ ਬੜਾ ਮੋਹ ਪਿਆਰ ਸੀ। ਸਾਡੇ ਕਸੂਰ ਦੇ ਕੁਝ ਬੰਦੇ ਖਾਲੜੇ ਤੇ ਨਾਰਲੀ ਜਾ ਬੈਠੇ ਨੇ।’’
ਉਹ ਪੁਰਾਣੀਆਂ ਸਮਿਆਂ ਵਿਚ ਗਵਾਚ ਗਈ।
ਆਪਣੀ ਸ਼ਰਧਾ ਪ੍ਰਗਟਾ ਕੇ ਵਾਪਸ ਪਰਤੇ ਤਾਂ ਦਰਵਾਜ਼ੇ ‘ਤੇ ਬੈਠਾ ਗਾਇਕ ਆਪਣੀ ਮਸਤੀ ਵਿਚ ਗਾ ਰਿਹਾ ਸੀ :
‘‘ਘੜਿਆਲੀ ਦਿਓ ਨਿਕਾਲ ਨੀ,
ਅੱਜ ਪੀ ਘਰ ਆਇਆ ਲਾਲ ਨੀ।’’
ਦਰਵਾਜ਼ੇ ਦੇ ਬਾਹਰ ਹੀ ਕਸੂਰੀ ਮੇਥੀ ਤੇ ਮਹਿੰਦੀ ਵਿਕ ਰਹੀ ਸੀ। ਸੁਲੇਖਾ ਨੇ ਕਸੂਰ ਦੀਆਂ ਇਹ ਦੋਵੇਂ ਵਿਸ਼ੇਸ਼ ਚੀਜ਼ਾਂ ਖ਼ਰੀਦੀਆਂ। ਬਚਪਨ ਤੋਂ ਸੁਰਿੰਦਰ ਕੌਰ ਨੂੰ ਗਾਉਂਦਿਆਂ ਸੁਣਦੇ ਆਏ ਸਾਂ :
‘ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।’’
ਮੈਂ ਐਲਾਨ ਕੀਤਾ, ‘‘ਬਈ ਮੈਂ ਕਸੂਰੀ ਜੁੱਤੀ ਜ਼ਰੂਰ ਖ਼ਰੀਦਣੀ ਹੈ।’’
‘‘ਠੀਕ ਏ!’’ ਸੁਲੇਖਾ ਨੇ ਹਾਮੀ ਭਰੀ, ‘‘ਮੈਂ ਵੀ ਆਪਣੇ ਤੇ ਸਾਹਬ ਲਈ ਵੇਖ ਲਵਾਂਗੀ।’’
‘‘ਉਏ! ਆਪਾਂ ਬਿਨਾਂ ਮਨਜ਼ੂਰੀ ਤੋਂ ਫਿਰਦੇ ਆਂ। ਵੇਖਿਓ ਕਿਤੇ ਪੰਗਾ ਨਾ ਪੁਆ ਲਿਓ।’’ ਜਗਤਾਰ ਨੇ ਚਿਤਾਵਨੀ ਦਿੱਤੀ।
ਕਾਰ ਵੱਲ ਵਧਣ ਲੱਗੇ ਤਾਂ ਮੰਗਤਿਆਂ ਦੀ ਭੀੜ ਫਿਰ ਹਮਲਾਵਰਾਂ ਵਾਂਗ ਉਲਰੀ। ਉਨ੍ਹਾਂ ਦੀ ਸਾਡੇ ਤੋਂ ਕੁਝ ਲੈਣ ਦੀ ਆਸ ਜਾਇਜ਼ ਸੀ ਪਰ ਪੰਝੀ ਤੀਹ ਮੰਗਤਿਆਂ ਦੀ ਭੀੜ ਨੂੰ ਖ਼ੁਸ਼ ਕਰਨਾ ਸਾਡੇ ਵੱਸ ਨਹੀਂ ਸੀ। ਮੇਰੇ ਕੋਲੋਂ ਤਾਂ ਪਾਕਿਸਤਾਨੀ ਕਰੰਸੀ ਦੇ ਪੰਜ-ਦਸ ਰੁਪਏ ਦੇ ਛੋਟੇ ਨੋਟ ਖ਼ਤਮ ਹੋ ਗਏ ਸਨ। ਏਨੇ ਨੂੰ ਇਕ ਫ਼ਕੀਰ ਨੇ ਉੱਚੀ ਨਾਅਰਾ ਮਾਰਿਆ :
‘‘ਨਾਨਕ ਸ਼ਾਹ!
ਗੋਬਿੰਦ ਪੀਰ!!’’
ਉਸ ਨੇ ਸਾਡੀ ਅੰਦਰਲੀ ਨਾੜ ਨੱਪਣੀ ਚਾਹੀ ਸੀ। ਮੈਨੂੰ ਉਸ ਦੇ ਮੂੰਹੋਂ ਨਾਨਕ ਤੇ ਗੋਬਿੰਦ ਦਾ ਨਾਮ ਲੈਣਾ ਚੰਗਾ ਲੱਗਾ। ਮੈਂ ਰਘਬੀਰ ਸਿੰਘ ਨੂੰ ਕਿਹਾ, ‘‘ਇਸ ਨੂੰ ਜ਼ਰੂਰ ਕੁਝ ਨਾ ਕੁਝ ਦਿਓ, ਇਸ ਨੇ ਸਾਡੇ ਗੁਰੂਆਂ ਦੇ ਨਾਂ ‘ਤੇ ਮੰਗਿਆ ਹੈ।’’
ਮੈਂ ਅੰਦਰੇ ਅੰਦਰ ਹੈਰਾਨ ਵੀ ਹੋਇਆ। ਧਾਰਮਿਕ ਸੰਸਕਾਰ ਕਿਵੇਂ ਸਾਡੀ ਧੁਰ ਆਤਮਾ ਦੇ ਹੇਠਾਂ ਲੁਕੇ ਬੈਠੇ ਹੁੰਦੇ ਨੇ। ਮੈਂ ਸੋਚਿਆ ਬੁੱਲ੍ਹੇ ਸ਼ਾਹ ਵੀ ਸਾਡਾ ਸੀ ਪਰ ਨਾਨਕ ਤੇ ਗੋਬਿੰਦ ਤੇ ਨਾਂ ‘ਤੇ ਮੈਂ ਕਿਉਂ ਹਲੂਣਿਆ ਗਿਆ ਸਾਂ। ਕੀ ਉਹ ਮੇਰੇ ਵਧੇਰੇ ਆਪਣੇ ਸਨ। ਇੰਜ ਹੀ ਜਦੋਂ ਨਜ਼ਾਮਦੀਨ ਰੇਡੀਓ ਉਤੇ ਗੱਲਬਾਤ ਕਰਦਿਆਂ ਕਦੀ ਕਦੀ, ‘‘ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋ’’ ਜਾਂ ‘‘ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ’’ ਕਿਹਾ ਕਰਦਾ ਸੀ ਤਾਂ ਮੈਨੂੰ ਉਸ ਉਤੇ ਵੀ ਲਾਡ ਆਉਂਦਾ ਸੀ।
ਲੰਮੇ ਹਰੇ ਚੋਲੇ ਤੇ ਗਲ ਵਿਚ ਮੋਟੇ ਰੰਗਦਾਰ ਮਣਕਿਆਂ ਵਾਲੀ ਮਾਲਾ ਵਾਲੇ ਉਸ ਫ਼ਕੀਰ ਦਿਸਦੇ ਬੰਦੇ ਨੇ ਰਘਬੀਰ ਸਿੰਘ ਨੂੰ ਪਰਸ ਖੋਲ੍ਹਦਿਆਂ ਵੇਖਿਆ ਤਾਂ ਹੱਥ ਫੈਲਾ ਕੇ ਖਲੋ ਗਿਆ। ਰਘਬੀਰ ਸਿੰਘ ਦੇ ਹੱਥ ਵਿਚ ਨੋਟ ਫੜਿਆ ਵੇਖ ਕੇ ਦਰਜਨ ਤੋਂ ਵਧੇਰੇ ਹੱਥ ਇਕੱਠੇ ਉਹਦੇ ਹੱਥੋਂ ਨੋਟ ਖੋਹਣ ਲਈ ਲਪਕੇ। ਰਘਬੀਰ ਸਿੰਘ ਨੇ ਫ਼ਕੀਰ ਨੂੰ ਦੇਣ ਲਈ ਨੋਟ ਦੂਜਿਆਂ ਤੋਂ ਬਚਾ ਕੇ ਹੱਥ ਉੱਚਾ ਕੀਤਾ। ਉੱਛਲ ਉੱਛਲ ਕੇ ਇਕ ਜਣੇ ਨੇ ਲਗਪਗ ਉਸ ਦੇ ਹੱਥੋਂ ਨੋਟ ਖੋਹ ਹੀ ਲੈਣਾ ਸੀ ਕਿ ਉਸ ਫ਼ਕੀਰ ਨੇ ਬਿਜਲੀ ਜਿਹੀ ਫੁਰਤੀ ਨਾਲ ਸਾਰਿਆਂ ਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਤੇ ਉਸ ਮੁੰਡੇ ਨੂੰ ਧੌਣੋਂ ਫੜ ਕੇ ਵਗਾਹ ਕੇ ਮਾਰਦਿਆਂ ਕਿਹਾ, ‘‘ਤੇਰੀ ਓਏ ਮੈਂ ਭੈਣ ਨੂੰ…’’
ਉਸ ਨੇ ਰਘਬੀਰ ਸਿੰਘ ਹੱਥੋਂ ਨੋਟ ਝਪਟ ਲਿਆ ਤਾਂ ਭੀੜ ਨੇ ਫਿਰ ਸਾਨੂੰ ਘੇਰ ਲਿਆ। ਅਸੀਂ ਤੁਰੰਤ ਜਾਨ ਬਚਾ ਕੇ ਕਾਰ ਵਿਚ ਬੈਠ ਗਏ ਤੇ ਕਾਰ ਦੇ ਸ਼ੀਸ਼ੇ ਚੜ੍ਹਾਉਂਦਿਆਂ ਡਰਾਈਵਰ ਨੂੰ ਛੇਤੀ-ਛੇਤੀ ਕਾਰ ਤੋਰਨ ਲਈ ਕਿਹਾ।
ਮੰਗਤਿਆਂ ਦੀ ਭੀੜ ਕੁਝ ਦੇਰ ਕਾਰ ਦੇ ਨਾਲ ਹੱਥ ਫੈਲਾ ਕੇ ਦੌੜਦੀ ਰਹੀ।
‘‘ਪਾਕਿਸਤਾਨੀ ਰੇਂਜਰਾਂ ਨਾਲੋਂ ਤਾਂ ਇਹ ਮੰਗਤੇ ਵਧੇਰੇ ਖ਼ਤਰਨਾਕ ਨਿਕਲੇ।’’ ਮੰਗਤਿਆਂ ਤੋਂ ਸੁਰੱਖਿਅਤ ਦੂਰੀ ‘ਤੇ ਪੁੱਜ ਕੇ ਮੈਂ ਲੰਮਾ ਸਾਹ ਲੈਂਦਿਆਂ ਡਰਾਈਵਰ ਨੂੰ ਕਿਹਾ ‘‘ਲੈ ਬਈ ਭਰਾਵਾ! ਹੁਣ ਕਿਸੇ ਉਸ ਬਾਜ਼ਾਰ ਵਿਚ ਲੈ ਕੇ ਜਾਹ ਜਿਥੇ ਤਿੱਲੇ ਦੀ ਪੂਰੀ ਕਢਾਈ ਵਾਲੀਆਂ ਕਸੂਰੀ ਜੁੱਤੀਆਂ ਵਿਕਦੀਆਂ ਨੇ।’’
ਅਸੀਂ ਇਕ ਦੁਕਾਨ ਵਿਚ ਵੜੇ। ਮੈਂ ਆਪਣੇ ਲਈ ਇਕ ਸੋਹਣੀ ਤਿੱਲੇਦਾਰ ਜੁੱਤੀ ਵੇਖੀ। ਸੁਲੇਖਾ ਨੂੰ ਕਿਹਾ ਕਿ ਉਹ ਮੇਰੀ ਪਤਨੀ ਤੇ ਧੀਆਂ ਵਾਸਤੇ ਜ਼ਨਾਨਾ ਜੁੱਤੀਆਂ ਖ਼ਰੀਦਣ ਵਿਚ ਮੇਰੀ ਮਦਦ ਕਰੇ।
‘‘ਛੇਤੀ-ਛੇਤੀ ਕਰੋ ਯਾਰ… ਕਿਤੇ ਕਾਬੂ ਨਾ ਆ ਜਾਈਏ।’’ ਜਗਤਾਰ ਜ਼ੋਰ ਦੇ ਰਿਹਾ ਸੀ।
ਉਸ ਦੀ ਕਾਹਲੀ ਵੇਖ ਕੇ ਅਸੀਂ ਦੁਕਾਨਦਾਰ ਨੂੰ ਹੋਰ ਵੀ ਜਲਦੀ ਕਰਨ ਲਈ ਕਿਹਾ। ਸੁਲੇਖਾ ਨੇ ਆਪਣੇ ਲਈ ਵੀ ਜੁੱਤੀਆਂ ਖਰੀਦਣੀਆਂ ਸਨ ਪਰ ਪਹਿਲਾਂ ਉਹ ਮੇਰੇ ਲਈ ਜੁੱਤੀਆਂ ਵੇਖ ਰਹੀ ਸੀ। ਜੁੱਤੀਆਂ ਪਸੰਦ ਕਰਕੇ ਤੇ ਮੁੱਲ ਕਰਕੇ ਹਟੇ ਤਾਂ ਸੁਲੇਖਾ ਨੇ ਦੁਕਾਨਦਾਰ ਨੂੰ ਆਪਣੇ ਵਾਸਤੇ ਕੁਝ ਜੋੜੇ ਵਿਖਾਉਣ ਲਈ ਕਿਹਾ। ਜਗਤਾਰ ਕਹਿਣ ਲੱਗਾ, ‘‘ਸੁਲੇਖਾ ਕੀ ਕਰਦੀ ਏਂ। ਛੱਡ ਜੁੱਤੀਆਂ। ਮੁੜ ਕੇ ਕੋਈ ਗੱਲ ਹੋ ਗਈ ਤਾਂ। ਏਥੇ ਕੋਈ ਜ਼ਮਾਨਤ ਦੇਣ ਵਾਲਾ ਵੀ ਨਹੀਂ।’’
ਉਹ ਗੁੱਸੇ ਨਾਲ ਦੁਕਾਨ ‘ਚੋਂ ਬਾਹਰ ਨਿਕਲ ਤੁਰਿਆ ਤਾਂ ਰਘਬੀਰ ਸਿੰਘ ਵੀ ਸੁਲੇਖਾ ਨੂੰ ਕਹਿਣ ਲੱਗਾ, ‘‘ਚੱਲ ਛੱਡ ਰਾਣੀ ਰਹਿਣ ਦੇ।’’
ਨਿਰਾਸ਼ ਸੁਲੇਖਾ ਸਾਡੇ ਪਿੱਛੇ-ਪਿੱਛੇ ਦੁਕਾਨ ਦੀਆਂ ਪੌੜੀਆਂ ‘ਚੋਂ ਉਤਰ ਆਈ।
ਅਸੀਂ ਕਾਰ ਵਿਚ ਬੈਠ ਕੇ ਵਾਪਸੀ ਚਾਲੇ ਪਾ ਦਿੱਤੇ। ਬਾਜ਼ਾਰ ਵਿਚ ਸਾਡੇ ਵਫ਼ਦ ਦੇ ਕੁਝ ਸਰਦਾਰ ਸ਼ਰੇ੍ਹਆਮ ਘੁੰਮ ਕੇ ਸ਼ਾਪਿੰਗ ਕਰ ਰਹੇ ਸਨ। ਸੁਲੇਖਾ ਨੇ ਉਨ੍ਹਾਂ ਵੱਲ ਹਸਰਤ ਨਾਲ ਵੇਖਿਆ ਤੇ ਹੌਲੀ ਜਿਹੀ ਫੁਸਫੁਸਾਈ, ‘‘ਔਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ।’’ ਰਘਬੀਰ ਸਿੰਘ ਨੇ ਹੌਲੀ ਜਿਹੀ ਉਸ ਨੂੰ ਚੁੱਪ ਰਹਿਣ ਲਈ ਕਿਹਾ।
ਭੀੜ ਭਰੇ ਬਾਜ਼ਾਰਾਂ ‘ਚੋਂ ਲੰਘਦੀ ਹੋਈ ਕਾਰ ਸੜਕ ‘ਤੇ ਆ ਚੜ੍ਹੀ। ਇਸੇ ਸੜਕ ਤੋਂ ਚੱਲ ਕੇ ਹੀ ਸਾਡਾ ਮਾਸਟਰ ਮੁਲਖ਼ ਰਾਜ ਲਾਹੌਰ ਗਿਆ ਸੀ, ਇਕ ਸਕਾਊਟ ਦੇ ਰੂਪ ਵਿੱਚ, ਜੋ ਉਨ੍ਹੀ ਦਿਨੀ ਕਸੂਰ ਦੇ ਨਾਰਮਲ ਸਕੂਲ ਵਿਚ ਪੜ੍ਹਿਆ ਕਰਦਾ ਸੀ ਤੇ ਜਿਨ੍ਹਾਂ ਦੀ ਸਕਾਊਟ ਟੋਲੀ ਨੇ ਹੋਰਨਾਂ ਸਕੂਲਾਂ ਦੇ ਸਕਾਊਟਾਂ ਸਮੇਤ ਲਾਹੌਰ ਆ ਰਹੇ ਵਾਇਸਰਾਇ ਦਾ ਸਵਾਗਤ ਕਰਨਾ ਸੀ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ ਵਿੱਚ ‘ਯੂਨੀਅਨ ਜੈਕ’ ਫੜੇ ਹੋਏ ਸਨ। ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ-ਫੁੱਲਣ  ਲਈ ਨਾਅਰੇ ਲਾ ਰਹੇ ਸਨ। ਉਹ ਅਤੇ ਉਹਦਾ ਪਿਆਰਾ ਯਾਰ ਮਰ੍ਹਾਜਦੀਨ ‘ਯੂਨੀਅਨ ਜੈਕ’ ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸਨ। ਅਚਾਨਕ ਇਕ ਗਲੀ ਵਿੱਚੋਂ ਕੁਝ ਨੌਜਵਾਨ ਨਿਕਲੇ ਤੇ ਉਨ੍ਹਾਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
‘‘ਅੱਪ! ਅੱਪ! ਦੀ ਨੈਸ਼ਨਲ ਫਲੈਗ’’
‘‘ਡਾਊਨ! ਡਾਊਨ!! ਦੀ ਯੂਨੀਅਨ ਜੈਕ’’
ਮੁਲਖ਼ ਰਾਜ ਆਖਦਾ ਹੁੰਦਾ ਸੀ ਕਿ ਨਾਅਰੇ ਲਾਉਣ ਵਾਲੇ ਜਲੂਸ ਦਾ ਆਗੂ ਸ. ਭਗਤ ਸਿੰਘ ਸੀ। ਉਸ ਨੇ ਬਾਂਹ ਉਲਾਰ ਕੇ ਨਾਅਰਾ ਲਾਇਆ :
‘‘ਅੱਪ! ਅੱਪ!! ਦੀ ਨੈਸ਼ਨਲ ਫਲੈਗ’’
‘‘ਡਾਊਨ! ਡਾਉੂਨ!! ਦੀ ਯੂਨੀਅਨ ਜੈਕ’’
ਮੁਲਖ਼ ਰਾਜ ਨੇ ਮਰ੍ਹਾਜਦੀਨ ਵੱਲ ਵੇਖਿਆ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿਚ ਜਿਵੇਂ ਉਨ੍ਹਾਂ ਨੇ ਕੋਈ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਹੱਥਾਂ ਵਿਚ ਫੜਿਆ ‘ਯੂਨੀਅਨ ਜੈਕ’ ਮੂਧਾ ਕਰ ਦਿੱਤਾ। ਇਸ ਦੀ ਸਜ਼ਾ ਵਜੋਂ ਵੱਜੇ ਬੈਂਤਾਂ ਨਾਲ ਕਈ ਦਿਨ ਉਨ੍ਹਾਂ ਦੋਹਾਂ ਦੇ ਹੱਥ ਸੁੱਜੇ ਰਹੇ ਸਨ ਪਰ ਉਹ ਖ਼ੁਸ਼ ਸਨ ਕਿ ਉਨ੍ਹਾਂ ਨੇ ‘ਯੂਨੀਅਨ ਜੈਕ’ ‘ਨੀਵਾਂ’ ਕਰ ਦਿੱਤਾ ਸੀ।
ਪਰ ਮੁਲਖ਼ ਰਾਜ ਤੇ ਮਰ੍ਹਾਜਦੀਨ ਨੇ ‘ਯੂਨੀਅਨ ਜੈਕ’ ਇਸ ਲਈ ਤਾਂ ‘ਨੀਵਾਂ’ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਆਪਸ ਵਿਚ ਮਿਲਣ ਤੋਂ ਹੀ ਵਰਜ ਦਿੱਤਾ ਜਾਵੇ। ਇਸੇ ਹੀ ਸੜਕ ਤੇ ਰਾਤ-ਬਰਾਤੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਨੂੰ ਲਿਜਾ ਕੇ ਸਤਲੁਜ ਦੇ ਕੰਢੇ ਹੁਸੈਨੀਵਾਲਾ ਵਿਖੇ ਸਾੜਿਆ ਗਿਆ ਸੀ। ਇਸੇ ਹੀ ਸੜਕ ਤੋਂ ਸੰਤਾਲੀ ਵਿਚ ‘ਗੰਡਾ ਸਿੰਘਾ’ ਦੇ ਕਾਫ਼ਲੇ ਲੰਘੇ ਸਨ ਰੋਂਦੇ ਕੁਰਲਾਉਂਦੇ ਹੋਏ ਜਿਨ੍ਹਾਂ ਨੂੰ ਰਾਹ ਵਿਚ ਅਗੋਂ ‘ਹੁਸੈਨ’ ਹੁਰਾਂ ਦੇ ਵਿਲਕਦੇ ਕਾਫ਼ਲੇ ਟੱਕਰੇ ਸਨ ਪਰ ਕੱਢੇ ਜਾਣ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸੇ ‘ਗੰਡਾ ਸਿੰਘ ਵਾਲਾ’ ਰਹਿ ਗਿਆ ਸੀ ਤੇ ਹਿੰਦੁਸਤਾਨ ਵਾਲੇ ਪਾਸੇ ‘ਹੁਸੈਨੀ’ ਵਾਲਾ ਹੈ। ਗੰਡਾ ਸਿੰਘ ਤੇ ਹੁਸੈਨ ਦੋਵੇਂ ਸਰਹੱਦ ਦੇ ਆਰ-ਪਾਰ ਇਕ ਦੂਜੇ ਨੂੰ ਮਿਲਣ ਲਈ ਬਾਹਵਾਂ ਅੱਡ ਕੇ ਵਿਲਕ ਰਹੇ ਸਨ।
ਨੁਸਰਤ ਫ਼ਤਹਿ ਅਲੀ ਦੀ ਆਵਾਜ਼ ਕਾਰ ਵਿਚ ਗੂੰਜਣ ਲੱਗੀ :
‘‘ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ!
ਕਦੀ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ!’’
ਕੀ ਨੁਸਰਤ ਵੀ ਮੇਰੇ ਚੁੱਪ ਅੱਥਰੂਆਂ ਦੀ ਗੱਲ ਕਰ ਰਿਹਾ ਸੀ। ਗੰਡਾ ਸਿੰਘ ਤੇ ਹੁਸੈਨ ਦੇ ਦਰਦ ਦੀ ਕਹਾਣੀ ਪਾ ਰਿਹਾ ਸੀ।
‘‘ਮੈਂ ਇਹ ਗੀਤ ਸੁਣ ਕੇ ਉਦਾਸ ਹੋ ਗਿਆਂ।’’ ਰਘਬੀਰ ਸਿੰਘ ਨੇ ਅਚਾਨਕ ਕਿਹਾ। ਕੀ ਉਹ ਵੀ ਮੇਰੇ ਵਾਂਗ ਹੀ ਸੋਚ ਰਿਹਾ ਸੀ?

ਸੂਰਜ ਡੁੱਬ ਚੁੱਕਾ ਸੀ। ਲਾਇਲਪੁਰ ਸ਼ਹਿਰ ਰੌਸ਼ਨੀਆਂ ਵਿਚ ਜਗਮਗ ਕਰਨ ਲੱਗਾ। ਪ੍ਰੇਮ ਸਿੰਘ ਦਾ ਤਾਂ ਲਾਇਲਪੁਰ ਤੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰ ਰਿਹਾ, ਜਿਵੇਂ ਮੇਲਾ ਮੁੱਕ ਜਾਣ ਤੋਂ ਵੀ ਪਿੱਛੋਂ ਬੱਚੇ ਦਾ ਘਰ ਪਰਤਣ ਨੂੰ ਮਨ ਨਹੀਂ ਮੰਨਦਾ। ਉਸ ਦੇ ਕਹਿਣ ਉਤੇ ਰਾਇ ਅਜ਼ੀਜ਼-ਉੱਲਾ ਨੇ ਲਾਇਲਪੁਰ ਦੇ ਘੰਟਾ-ਘਰ ਵਾਲੇ ਚੌਕ ਵਿਚ ਕਾਰ ਲਿਆ ਖੜ੍ਹੀ ਕੀਤੀ। ਪ੍ਰੇਮ ਸਿੰਘ ਚੌਕ ਵਿਚੋਂ ਨਿਕਲਦੇ ਅੱਠਾਂ-ਬਜ਼ਾਰਾਂ ਤੇ ਉਨ੍ਹਾਂ ਵਿਚੋਂ ਨਿਕਲਦੀਆਂ ਗਲੀਆਂ ਵਿਚ ਘੁੰਮਣਾ ਚਾਹੁੰਦਾ ਸੀ। ਉਨ੍ਹਾਂ ਦੁਕਾਨਾਂ ਨੂੰ ਦੇਖਣਾ ਚਾਹੁੰਦਾ ਸੀ ਜਿਨ੍ਹਾਂ ਤੋਂ ਉਹ ਕਦੀ ਸੌਦਾ-ਸਾਮਾਨ ਖ਼ਰੀਦਦਾ ਰਿਹਾ ਸੀ। ਉਨ੍ਹਾਂ ਮਕਾਨਾਂ ਨੂੰ ਨਿਹਾਰਨਾ ਚਾਹੁੰਦਾ ਸੀ, ਜਿਨ੍ਹਾਂ ਵਿਚ ਉਹ ਕਦੀ ਆਪਣੇ ਮਿੱਤਰਾਂ ਸਮੇਤ ਜਾਂਦਾ-ਆਉਂਦਾ ਰਿਹਾ ਸੀ। ਉਹ ਹਵਾ ਬਣ ਕੇ ਪਲ ਵਿਚ ਲਾਇਲਪੁਰ ਦੇ ਗਲੀਆਂ ਬਾਜ਼ਾਰਾਂ ਵਿਚ ਫਿਰ ਜਾਣਾ ਲੋੜਦਾ ਸੀ। ਉਹਦੀ ਇੱਛਾ ਦਾ ਸਾਥ ਉਹਦੇ ਕਦਮਾਂ ਦੀ ਵੱਧ ਤੋਂ ਵੱਧ ਤੇਜ਼ੀ ਵੀ ਨਹੀਂ ਸੀ ਦੇ ਰਹੀ ਤੇ ਉਹਦੇ ਕਦਮਾਂ ਦੀ ਤੇਜ਼ੀ ਦਾ ਸਾਥ ਦੇ ਸਕਣਾ ਸਾਡੇ ਲਈ ਮੁਸ਼ਕਿਲ ਹੋ ਗਿਆ ਸੀ। ਮੈਂ, ਅਨਵਰ ਤੇ ਰਾਇ ਅਜ਼ੀਜ਼ ਉਲਾ ਘੰਟਾ ਘਰ ਵਾਲੇ ਚੌਕ ਵਿਚ ਹੀ ਖਲੋਤੇ ਰਹੇ ਜਦ ਕਿ ਪ੍ਰੇਮ ਸਿੰਘ, ਸਤਿਨਾਮ ਸਿੰਘ ਮਾਣਕ ਨੂੰ ਨਾਲ ਲੈ ਕੇ ਹੜ੍ਹ ਦੇ ਪਾਣੀ ਵਾਂਗ ਬਾਜ਼ਾਰ ਵਿਚ ਠਿੱਲ੍ਹ ਪਿਆ।
ਮੈਂ ਪ੍ਰੇਮ ਸਿੰਘ ਦੀ ਮਾਨਸਿਕ ਅਵਸਥਾ ਵਿਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਬਰੇ-ਸਗ਼ੀਰ ਦੇ ਬਾਗ਼ੀ ਤੇ ਇਨਕਲਾਬੀ ਸ਼ਾਇਰ ਹਬੀਬ ਜਾਲਿਬ ਦੀ ਲਾਇਲਪੁਰ ਸ਼ਹਿਰ ਬਾਰੇ ਲਿਖੀ ਨਜ਼ਮ ਨੇ ਮੇਰੀ ਮਦਦ ਕੀਤੀ। ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ‘ਮਿਆਣੀ ਅਫ਼ਗਾਨਾਂ’ ਦਾ ਜੰਮਪਲ ਇਹ ਸ਼ਾਇਰ ਪਾਕਿਸਤਾਨ ਬਣਨ ਪਿੱਛੋਂ ਕਈ ਸਾਲ ਲਾਇਲਪੁਰ ਵਿਚ ਵੀ ਰਹਿੰਦਾ ਰਿਹਾ ਸੀ। ਲਾਇਲਪੁਰ ਪ੍ਰਤੀ ਉਸ ਦੀ ਅਕੀਦਤ ਪ੍ਰੇਮ ਸਿੰਘ ਦੇ ਮਨ ਦੀ ਗੱਲ ਵੀ ਆਖ ਰਹੀ ਸੀ।
ਲਾਇਲਪੁਰ ਇਕ ਸ਼ਹਿਰ ਹੈ,
ਜਿਸ ਮੇਂ ਦਿਲ ਹੈ ਮੇਰਾ ਆਬਾਦ
ਧੜਕਣ-ਧੜਕਣ ਸਾਥ ਰਹੇਗੀ
ਇਸ ਬਸਤੀ ਕੀ ਯਾਦ
ਮੀਠੇ ਬੋਲੋਂ ਕੀ ਵੋਹ ਨਗਰੀ
ਗੀਤੋਂ ਕਾ ਸੰਸਾਰ
ਹੰਸਤੇ ਬਸਤੇ ਹਾਇ ਵੋਹ ਰਸਤੇ
ਨਗਮਾ ਰੈਨ ਓ ਯਾਰ
ਵੋਹ ਗਲੀਆਂ, ਵੋਹ ਫੂਲ,
ਵੋਹ ਕਲੀਆਂ, ਰੰਗ ਭਰੇ ਬਾਜ਼ਾਰ
ਇਨ ਗਲੀਓਂ ਮੇ ਫਿਰਤੇ ਰਹਿਨਾ
ਦਿਨ ਕੋ ਕਰਨਾ ਸ਼ਾਮ
ਦੁਖ ਸਹਿਨੇ ਮੇ, ਚੁੱਪ ਰਹਿਨੇ ਮੇਂ
ਦਿਲ ਥਾ ਕਿਤਨਾ ਸ਼ਾਦ
ਲਾਇਲਪੁਰ ਇਕ ਸ਼ਹਿਰ ਹੈ
ਜਿਸ ਮੇਂ ਦਿਲ ਹੈ ਮੇਰਾ ਆਬਾਦ
ਰਾਤ ਦੇ ਹਨੇਰੇ ਨੂੰ ਕਾਰ ਦੀਆਂ ਰੌਸ਼ਨੀਆਂ ਚੀਰਦੀਆਂ ਜਾ ਰਹੀਆਂ ਸਨ। ਅਸੀਂ ਲਾਇਲਪੁਰ ਤੋਂ ਲਾਹੌਰ ਨੂੰ ਜਾ ਰਹੇ ਸਾਂ। ਕਾਰ ਵਿਚ ਮੁਕੰਮਲ ਖ਼ਾਮੋਸ਼ੀ ਸੀ। ਸਾਰੇ ਆਪੋ-ਆਪਣੇ ਅੰਦਰ ਉਤਰੇ ਹੋਏ ਸਨ। ਪ੍ਰੇਮ ਸਿੰਘ ਅੰਦਰ ਸ਼ੋਰ ਕਰਦੀ ਸ਼ੂਕਦੀ ਜਜ਼ਬਾਤੀ ਨਦੀ ਚੁੱਪ ਹੋ ਗਈ ਸੀ। ‘ਵਰਦਾ ਮੀਂਹ’ ਠੱਲ੍ਹ ਗਿਆ ਸੀ। ਇਸ ਚੁੱਪ ਵਿਚ ਮੈਂ ਹਬੀਬ ਜਾਲਿਬ ਨਾਲ ਹੀ ਕੁਝ ਪਲ ਗੁਜ਼ਾਰਨ ਦਾ ਫ਼ੈਸਲਾ ਕੀਤਾ। ਇਸ ਇਨਕਲਾਬੀ ਸ਼ਾਇਰ ਨੇ ਮੁੱਲਾਂ-ਮਲਾਣਿਆਂ ਤੇ ਡਿਕਟੇਟਰਾਂ ਦੇ ਹਰੇਕ ਲੋਕ-ਵਿਰੋਧੀ ਕਦਮ ਦਾ ਡਟ ਕੇ ਵਿਰੋਧ ਕੀਤਾ, ਡਾਂਗਾਂ ਖਾਧੀਆਂ, ਜੇਲ੍ਹਾਂ ਕੱਟੀਆਂ ਪਰ ਸ਼ਾਇਰੀ ਦਾ ਚਿਰਾਗ ਹਮੇਸ਼ਾ ਬਲਦਾ ਰੱਖਿਆ ਤੇ ਜ਼ਮੀਰ ਨੂੰ ਮਰਨ ਨਾ ਦਿੱਤਾ। ਉਸ ਨੇ ਭਬਕਦੀ ਆਵਾਜ਼ ਵਿਚ ਆਖਿਆ :
ਯਹ ਧਰਤੀ ਹੈ ਅਸਲ ਮੇਂ
ਪਿਆਰੇ ਮਜ਼ਦੂਰ ਕਿਸਾਨੋਂ ਕੀ
ਇਸ ਧਰਤੀ ਪਰ ਚੱਲ ਨਾ ਸਕੇਗੀ
ਮਰਜ਼ੀ ਚੰਦ ਘਰਾਨੋਂ ਕੀ
ਜ਼ੁਲਮ ਕੀ ਰਾਤ ਰਹੇਗੀ ਕਬ ਤੱਕ
ਨਜ਼ਦੀਕ ਸਵੇਰਾ ਹੈ
ਹਿੰਦੁਸਤਾਨ ਭੀ ਮੇਰਾ ਹੈ
ਪਾਕਿਸਤਾਨ ਭੀ ਮੇਰਾ ਹੈ
ਅਜਿਹੇ ਸ਼ਾਇਰ ਨੂੰ ਮੂਲਵਾਦੀ ਕੱਟੜ ਤਾਕਤਾਂ ਕਿਵੇਂ ਪਸੰਦ ਕਰ ਸਕਦੀਆਂ ਸਨ। ਮੁੱਲਾਂ-ਮੁਲਾਣੇ ਸਭ ਉਸ ਦੇ ਵਿਰੁੱਧ ਹੋ ਗਏ ਪਰ ਉਸ ਨੇ ਉਨ੍ਹਾਂ ਨੂੰ ਵੀ ਖਰੀਆਂ ਸੁਣਾਈਆਂ :
ਬਹੁਤ ਮੈਨੇ ਸੁਨੀ ਹੈ
ਆਪ ਕੀ ਤਕਰੀਰ ਮੌਲਾਨਾ
ਮਗਰ ਬਦਲੀ ਨਹੀਂ ਅਬ ਤੱਕ
ਮੇਰੀ ਤਕਦੀਰ ਮੌਲਾਨਾ
ਜ਼ਮੀਨ ਵਡੇਰੋਂ ਕੀ
ਮਸ਼ੀਨ ਲੁਟੇਰੋਂ ਕੀ
ਖ਼ੁਦਾ ਨੇ ਲਿਖ ਕਰ ਦੀ ਹੈ
ਤੁਮ੍ਹੇ ਤਕਰੀਰ ਮੌਲਾਨਾ।
ਜਦੋਂ ਬੰਗਲਾ ਦੇਸ਼ ਦੀ ਜਨਤਾ ਨੇ ਆਜ਼ਾਦੀ ਦੀ ਲੜਾਈ ਲੜ ਕੇ ਪੱਛਮੀ ਪਾਕਿਸਤਾਨ ਦੇ ਜ਼ੁਲਮਾਂ ਤੋਂ ਮੁਕਤੀ ਪਾਉਣ ਲਈ ਸੰਘਰਸ਼ ਆਰੰਭਿਆ ਤਾਂ ਉਸ ਨੇ ਅਖੌਤੀ ਦੇਸ਼ ਭਗਤੀ ਤੋਂ ਪਾਰ ਜਾ ਕੇ ਯਾਹੀਆ ਖਾਂ ਦੇ ਜ਼ੁਲਮ ਨੂੰ ਮੁਖ਼ਾਤਬ ਹੁੰਦਿਆਂ ਆਖਿਆ :
ਮੁਹੱਬਤ ਗੋਲੀਓਂ ਸੇ ਬੋ ਰਹੇ ਹੋ
ਵਤਨ ਕਾ ਚੇਹਰਾ ਖੂਨ ਸੇ ਧੋ ਰਹੇ ਹੋ
ਗੁਮਾਨ ਤੁਮ ਕੋ ਕਿ ਰਸਤਾ ਕਟ ਰਹਾ ਹੈ
ਯਕੀਨ ਮੁਝ ਕੋ ਕਿ ਮੰਜ਼ਿਲ ਖੋ ਰਹੇ ਹੋ
ਹਕੂਮਤਾਂ, ਡਿਕਟੇਟਰਾਂ, ਮੌਲਾਣਿਆਂ ਨੂੰ ਸਾਫ਼ ਤੇ ਖਰੀਆਂ ਸੁਣਾਉਣ ਵਾਲੇ ਹਬੀਬ ਜਾਲਿਬ ਨੇ ਲੇਖਕਾਂ ਨੂੰ ਵੀ ਸਮੇਂ ਦੇ ਹਾਣ ਦਾ ਹੋ ਕੇ ਸੱਚ ਕਹਿਣ ਲਈ ਲਲਕਾਰਿਆ ਤੇ ਸ਼ਰਮਿੰਦਾ ਵੀ ਕੀਤਾ।
ਕਮ ਜ਼ਹਿਨ ਕਜ ਅਦਾ ਅਦੀਬੋਂ ਕੋ ਦੇਖੀਏ।
ਬਸਤੀ ਉਜੜ ਚੁਕੇਗੀ ਤੋ ਲਿਖੇਂਗੇ
ਮਰਸੀਏ।
ਜ਼ੁਲਫਕਾਰ ਅਲੀ ਭੁੱਟੋ ਜਦੋਂ ਜਮਹੂਰੀਅਤ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤਾਂ ਹਬੀਬ ਜਾਲਿਬ ਨੇ ਉਸ ਦਾ ਸਾਥ ਦਿੱਤਾ ਪਰ ਜਦੋਂ ਉਸ ਤੋਂ ਵੀ ਆਸ ਪੂਰੀ ਹੁੰਦੀ ਨਾ ਦਿਸੀ ਤਾਂ ਸੱਚ ਕਹਿ ਕੇ ਉਸ ਦੀ ਜੇਲ੍ਹ ਵਿਚ ਜਾਣਾ ਵੀ ਪ੍ਰਵਾਨ ਕਰ ਲਿਆ। ਜਨਰਲ ਜ਼ਿਆ ਦੀ ਫੌਜੀ ਸਰਕਾਰ ਬਾਰੇ ਤਾਂ ਉਸ ਦੀ ਪੰਜਾਬੀ ਵਿਚ ਲਿਖੀ ਕਵਿਤਾ ਬਹੁਤ ਹੀ ਚਰਚਿਤ ਹੋਈ:
ਡਾਕੂਆਂ ਦਾ ਜੇ ਸਾਥ ਨਾ ਦਿੰਦਾ
ਪਿੰਡ ਦਾ ਪਹਿਰੇਦਾਰ
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ
ਜਿੱਤ ਨਾ ਬਣਦੀ ਹਾਰ
ਪੱਗਾਂ ਆਪਣੇ ਗਲ ਵਿਚ ਪਾ ਲਓ
ਤੁਰੋ ਪੇਟ ਦੇ ਭਾਰ
ਚੜ੍ਹ ਆਏ ਤਾਂ ਮੁਸ਼ਕਲ ਲਹਿੰਦੀ
ਬੂਟਾਂ ਦੀ ਸਰਕਾਰ
ਇੰਜ ਵੱਖ-ਵੱਖ ਹਕੂਮਤਾਂ ਦੇ ਦੌਰ ਵਿਚ ਉਸ ਨੂੰ ਪੰਦਰਾਂ ਵਾਰ ਜੇਲ੍ਹ ਜਾਣਾ ਪਿਆ। ਜੇਲ੍ਹਾਂ ਦੀ ਸਖ਼ਤੀ ਤੇ ਮਾੜੀ ਖ਼ੁਰਾਕ ਨਾਲ ਅਨੇਕਾਂ ਬਿਮਾਰੀਆਂ ਜਿਸਮ ਨੂੰ ਚੰਬੜ ਗਈਆਂ ਪਰ ਉਸ ਦੀ ਅੰਦਰਲੀ ਜਾਨ ਤੇ ਈਮਾਨ ਹਮੇਸ਼ਾ ਤੰਦਰੁਸਤ ਰਹੇ। ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦਿੱਤੇ ਜਾਣ ਪਿੱਛੋਂ ਜਦੋਂ ਬੇਨਜ਼ੀਰ ਭੁੱਟੋ ਦੀ ਅਗਵਾਈ ਵਿਚ ਜਮਹੂਰੀਅਤ ਦੀ ਬਹਾਲੀ ਲਈ ਲਹਿਰ ਚਲਾਈ ਗਈ ਤਾਂ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਨਰਲ ਜ਼ਿਆ ਦੀਆਂ ਸ਼ਰਤਾਂ ਮੰਨ ਕੇ ਜਦੋਂ ਕੁਝ ਲੋਕਾਂ ਨੇ ਰਿਹਾਅ ਹੋਣਾ ਚਾਹਿਆ ਤਾਂ ਹਬੀਬ ਜਾਲਿਬ ਨੇ ਆਖਿਆ:
ਦੋਸਤੋ ਜੱਗ ਹੰਸਾਈ ਨਾ ਮਾਂਗੋ
ਮੌਤ ਮਾਂਗੋ ਰਿਹਾਈ ਨਾ ਮਾਂਗੋ
ਪਰ ਇਹੋ ਬੇਨਜ਼ੀਰ ਜਦੋਂ ਤਾਕਤ ਵਿਚ ਆਈ ਤਾਂ ਹਬੀਬ ਜਾਲਿਬ ਨੇ ਫਿਰ ਪਤੇ ਦੀ ਗੱਲ ਆਖੀ :
ਵੋਹੀ ਹਾਲਾਤ ਹੈਂ ਫ਼ਕੀਰੋਂ ਕੇ,
ਦਿਨ ਫਿਰਤੇ ਹੈਂ ਫ਼ਕਤ ਵਜ਼ੀਰੋਂ ਕੇ।
ਲੋਕਾਂ ਦੇ ਦਿਨ ਫਿਰਨ ਦੀ ਆਸ ਵਿਚ ਸਾਰੀ ਉਮਰ ਜਦੋਜਹਿਦ ਕਰਨ ਵਾਲਾ ਇਹ ਮਹਾਨ ਸ਼ਾਇਰ ਬਿਮਾਰੀ, ਗ਼ਰੀਬੀ ਤੇ ਤੰਗਦਸਤੀ ਵਿਚ ਇਸ ਜਹਾਨ ਨੂੰ ਵਿਦਾ ਆਖ ਗਿਆ ਪਰ ਉਸ ਦੀ ਆਵਾਜ਼ ਅਜੇ ਵੀ ਲੋਕ ਮਨਾਂ ਵਿਚ ਗੂੰਜ ਰਹੀ ਸੀ।
ਕਾਰ ਵਿਚ ਬੈਠੇ ਦੋਸਤ ਕਾਨਫ਼ਰੰਸ ਦੀ ਸਫ਼ਲਤਾ ਤੇ ਇਕ ਹਿੱਸੇ ਵਲੋਂ ਹੋਈ ਇਸ ਦੀ ਵਿਰੋਧਤਾ ਦੇ ਪ੍ਰਸੰਗ ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਗੁਫ਼ਤਗੂ ਕਰ ਰਹੇ ਸਨ। ਆਮ ਲੋਕਾਂ ‘ਚ ਇਕ ਦੂਜੇ ਪ੍ਰਤੀ ਡੁੱਲ੍ਹ-ਡੁੱਲ੍ਹ ਪੈ ਰਹੀ ਮੁਹੱਬਤ ਵੀ ਇਕ ਹਕੀਕਤ ਸੀ ਪਰ ਇਕ ਦੂਜੇ ਪ੍ਰਤੀ ਵਿਰੋਧ ਅਤੇ ਨਫ਼ਰਤ ਦੇ ਕਈ ਆਧਾਰ ਵੀ ਮੌਜੂਦ ਸਨ। ਇਸ ਡੁੱਲ੍ਹਦੀ ਮੁਹੱਬਤ ਦਾ ਨਫ਼ਰਤ ਦੇ ਰੇਤਲੇ ਮਾਰੂਥਲ ਵਿਚ ਖ਼ੁਸ਼ਕ ਹੁੰਦੇ ਜਾਣ ਦਾ ਹਮੇਸ਼ਾ ਖ਼ਤਰਾ ਤੇ ਅੰਦੇਸ਼ਾ ਸੀ। ਮੁਹੱਬਤ ਦਾ ਉਭਰਿਆ ਇਹ ਜਜ਼ਬਾ ਵਕਤੀ ਉਬਾਲ  ਬਣ ਕੇ ਰਹਿ ਸਕਦਾ ਹੈ, ਜੇ ਇਸ ਦੀ ਧਾਰਾ ਦੇ ਨਿਰੰਤਰ ਵਗਦੇ ਰਹਿਣ ਦਾ ਚਾਰਾ ਨਾ ਕੀਤਾ ਜਾਵੇ।
‘‘ਸਭ ਤੋਂ ਵੱਡਾ ਅੜਿੱਕਾ ਤਾਂ ਕਸ਼ਮੀਰ ਏ ਜੀ। ਜਿੰਨਾ ਚਿਰ ਇਹ ਹੱਲ ਨਹੀਂ ਹੁੰਦਾ, ਲੀਡਰਾਂ ਨੇ ਸਾਨੂੰ ਨੇੜੇ ਨਹੀਂ ਆਉਣ ਦੇਣਾ।’’
‘‘ਮੈਂ ਤੇ ਆਖਦਾਂ, ਜਿੰਨਾ-ਜਿੰਨਾ ਜਿਸ ਕੋਲ ਕਸ਼ਮੀਰ ਕਬਜ਼ੇ ਹੇਠਾਂ ਹੈ, ਉਸ ਨੂੰ ਲੈ ਦੇ ਕੇ ਸਿਆਪਾ ਮੁਕਾ ਦਿੱਤਾ ਜਾਵੇ।’’
ਕਾਰ ਵਿਚ ਬੈਠੇ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਇਹ ਸੌਦਾ ਪ੍ਰਵਾਨ ਸੀ ਪਰ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਨੇ ਕਸ਼ਮੀਰ ਨੂੰ ਜਿਵੇਂ ਵਕਾਰ ਦਾ ਸੁਆਲ ਬਣਾ ਕੇ ਲੋਕਾਂ ਦੀ ਮਾਨਸਿਕਤਾ ਵਿਚ ਜ਼ਹਿਰ ਘੋਲ ਦਿੱਤਾ ਸੀ, ਉਸ ਤੋਂ ਸੌਖੇ ਕੀਤਿਆਂ ਮੁਕਤ ਨਹੀਂ ਸੀ ਹੋਇਆ ਜਾ ਸਕਦਾ।
ਪਿਛਲੇਰੀ ਰਾਤ ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ‘ਤੇ ਅਧਾਰਤ ਇਕ ਨਾਟਕ ਦੇਖਣ ਤੋਂ ਪਿੱਛੋਂ ਭਾਰਤੀ ਡੈਲੀਗੇਸ਼ਨ ਦੇ ਮੈਂਬਰ ਪੈਦਲ ਹੀ ਆਪੋ-ਆਪਣੇ ਹੋਟਲਾਂ ਨੂੰ ਨਿੱਕੀਆਂ-ਨਿੱਕੀਆਂ ਟੋਲੀਆਂ ਵਿਚ ਜਾ ਰਹੇ ਸਨ। ਲਗਪਗ ਅੱਧੀ ਰਾਤ ਦਾ ਵੇਲਾ ਸੀ। ਇਕ ਟੁੱਟੇ ਜਿਹੇ ਸਾਈਕਲ ਉਤੇ ਅੱਧੋ-ਰਾਣੇ ਕੱਪੜੇ ਪਾਈ ਇਕ ਕਮਜ਼ੋਰ ਜਿਹੇ ਜਿਸਮ ਦਾ ਵਿਅਕਤੀ ਜਾ ਰਿਹਾ ਸੀ। ਇਕ ਅੱਖ ‘ਤੇ ਹਰੀ ਪੱਟੀ ਬੱਧੀ ਹੋਈ। ਸ਼ਾਇਦ ਓਪਰੇਸ਼ਨ ਹੋਇਆ ਹੋਵੇ। ਉਸ ਨੇ ਗੁਰਭਜਨ ਗਿੱਲ ਹੁਰਾਂ ਦੀ ਟੋਲੀ ਨੂੰ ਵੇਖ ਕੇ ਸਾਈਕਲ ਨੂੰ ਬਰੇਕਾਂ ਲਾਈਆਂ ਤੇ ਸਾਈਕਲ ਤੋਂ ਉੱਤਰ ਕੇ ਟੋਲੀ ਨੂੰ ਮੁਖ਼ਾਤਬ ਹੁੰਦਿਆਂ ਆਖਿਆ, ‘‘ਸਰਦਾਰ ਜੀ! ਕਸ਼ਮੀਰ ਕਦੋਂ ਦੇਣਾ ਜੇ?’’
ਗੁਰਭਜਨ ਨੂੰ ਉਸ ਦੇ ਮਾਸੂਮ ਸੁਆਲ ਉਤੇ ਹਾਸਾ ਆਇਆ। ਉਹ ਉਸ ਦੇ ਸਾਈਕਲ ਦੇ ਹੈਂਡਲ ‘ਤੇ ਹੱਥ ਰੱਖ ਕੇ ਉਸੇ ਹੀ ਮਾਸੂਮ ਅੰਦਾਜ਼ ਵਿਚ ਕਹਿਣ ਲੱਗਾ, ‘‘ਭਰਾਵਾ! ਸਵੇਰ ਤੱਕ ਸਾਰ ਲਵੇਂਗਾ ਕਿ ਨਹੀਂ? ਤੇ ਜੇ ਨਹੀਂ ਸਰਨ ਲੱਗਾ ਤਾਂ ਕਸ਼ਮੀਰ ਹੁਣੇ ਲੈ ਜਾਹ ਸਾਡੇ ਵਲੋਂ ਤਾਂ’’
ਗੁਰਭਜਨ ਦਾ ਜੁਆਬ ਸੁਣ ਕੇ ਹੋਰਨਾਂ ਸਾਰਿਆਂ ਨਾਲ ਉਸ ਮੁਸਲਮਾਨ ਮਜ਼ਦੂਰ ਨੇ ਵੀ ਠਹਾਕਾ ਲਾਇਆ ਤੇ ਹੈਂਡਲ ਉਤੇ ਰੱਖਿਆ ਗੁਰਭਜਨ ਗਿੱਲ ਦਾ ਹੱਥ ਘੁੱਟ ਕੇ ਆਖਿਆ, ‘‘ਵਾਹ! ਸਰਦਾਰ ਜੀ।’’
ਗੁਰਭਜਨ ਨੇ ਉਸੇ ਮਾਸੂਮ ਗੰਭੀਰਤਾ ਨਾਲ ਫੇਰ ਆਖਿਆ, ‘‘ਗੱਲ ਕਰ, ਹੁਣ ਤੇਰੀ ਮਰਜ਼ੀ ਏ, ਹੁਣ ਲੈਣਾ ਈ ਹੁਣ ਲੈ ਲੈ, ਸਵੇਰੇ ਲੈਣਾ ਤਾਂ ਸਵੇਰੇ ਸਹੀ।’’
ਹੱਸਦਿਆਂ ਹੋਇਆਂ ਹੀ ਉਸ ਨੇ ਸਾਈਕਲ ਅੱਗੇ ਤੋਰਿਆ ਤੇ ਪੈਡਲ ਉਤੇ ਪੈਰ ਰੱਖ ਕੇ ਫੇਰ ਆਖਿਆ, ‘‘ਵਾਹ ਸਰਦਾਰ ਜੀ!’’
ਸਾਈਕਲ ‘ਤੇ ਬੈਠ ਕੇ ਹੱਸਦਿਆਂ ਹੋਇਆਂ ਉਸ ਨੇ ਆਪਣਾ ਸੱਜਾ ਹੱਥ ਪਿਛਾਂਹ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ, ‘‘ਚਲੋ ਛੱਡੋ! ਇਹ ਹੁਣ ਤੁਹਾਨੂੰ ਹੀ ਦਿੱਤਾ।’’
ਕੀ ਕਿਤੇ ਦੋਹਾਂ ਮੁਲਕਾਂ ਦੇ ਆਗੂ ਇੰਜ ਹੀ ਰਾਤ-ਬਰਾਤੇ ਕਿਸੇ ਸੜਕ ‘ਤੇ ਮਿਲ ਨਹੀਂ ਸਕਦੇ! ਕਸ਼ਮੀਰ ਨਾਲ ਜੁੜੀ ਹਉਮੈਂ, ਹੰਕਾਰ ਤੇ ਵੱਕਾਰ ਨੂੰ ਛੱਡ ਕੇ ਪਾਕ-ਪਵਿੱਤਰ ਦਿਲ ਨਾਲ ਥੋੜ੍ਹਾ ਬਹੁਤਾ ਇਕ ਦੂਜੇ ਲਈ ਛੱਡ-ਛੁਡਾ ਨਹੀਂ ਸਕਦੇ! ਛੱਡ-ਛੁਡਾ ਤਾਂ ਸਕਦੇ ਨੇ, ਹਿੰਮਤ ਚਾਹੀਦੀ ਹੈ, ਮੁਹੱਬਤ ਚਾਹੀਦੀ ਹੈ।’’
ਸੁਖਦੇਵ ਸਿਰਸੇ ਵਾਲੇ ਨੇ ਉਸ ਨੂੰ ਸਾਈਕਲ ‘ਤੇ ਹੱਸਦਿਆਂ ਜਾਂਦਿਆਂ ਵੇਖ ਕੇ ਮਗਰੋਂ ਆਵਾਜ਼ ਦਿੱਤੀ, ‘‘ਹੁਣ ਤੂੰ ਆਪ ਛੱਡ ਕੇ ਚੱਲਿਐਂ, ਮੁੜ ਕੇ ਉਲ੍ਹਾਮਾ ਨਾ ਦੇਵੀਂ।’’
‘‘ਨਹੀਂ, ਹੁਣ ਕੋਈ ਉਲ੍ਹਾਮਾ ਨਹੀਂ ਸਰਦਾਰੋ, ਕੋਈ ਉਲ੍ਹਾਮਾ ਨਹੀਂ,’’ ਉਸ ਨੇ ਸਾਈਕਲ ਚਲਾਉਂਦਿਆਂ ਤਸੱਲੀ ਨਾਲ ਹੱਥ ਹਿਲਾਇਆ।
ਉਨ੍ਹਾਂ ਨੇ ਏਨਾ ਅੜਿਆ ਹੋਇਆ ‘ਕਸ਼ਮੀਰ ਦਾ ਮਸਲਾ’ ਹਲ ਕਰ ਲਿਆ ਸੀ!
ਹਾਕਮ ਜੇ ਏਨੇ ਨਿਰਛਲ ਤੇ ਮਾਸੂਮ ਹੋ ਜਾਣ ਤਾਂ ਉਨ੍ਹਾਂ ਨੂੰ ਹਾਕਮ ਕੌਣ ਆਖੇ! ਪਰ ਨਿਰਛਲਤਾ ਤੇ ਮਾਸੂਮੀਅਤ ਨਾਲ ਭਿੱਜੇ ਮਨਾਂ ‘ਚੋਂ ਮੁਹੱਬਤ ਦੀ ਖ਼ੁਸ਼ਬੋ ਫੁੱਟਦੀ ਰਹਿਣੀ ਚਾਹੀਦੀ ਹੈ। ਬਾਰੂਦ ਦੀ ਬੋ ਤਾਂ ਬਥੇਰੀ ਫੈਲ ਚੁੱਕੀ ਹੈ। ਹਬੀਬ ਜਾਲਿਬ ਫੇਰ ਆਪਣੀ ਗੱਲ ਆਖਦਾ ਹੈ:
ਰਹੇਗੀ ਜੰਗ ਅਗਰ ਭੂਖ ਮੇਂ ਜਾਰੀ
ਗਸ਼ੀ ਦੋਨੋਂ ਪੇ ਹੋ ਜਾਏਗੀ ਤਾਰੀ
ਕਰੋ ਮਸਲੇ ਹੱਲ ਗੁਫਤਗੂ ਸੇ
ਬੜ੍ਹਾਓ ਹਮੇਸ਼ਾ ਅਪਨੇ ਹਮਸਾਇਓਂ ਸੇ ਯਾਰੀ
ਸਾਡੇ ਨਾਲ ਗਏ ਔਕਾਫ਼ ਕਰਮਚਾਰੀ ਅਨਵਰ ਜਾਵੇਦ ਦਾ ਪਿੰਡ ਸ਼ੇਖ਼ੂਪੁਰੇ ਦੇ ਕੋਲ ਸੀ। ਉਸ ਨੇ ਸ਼ੇਖ਼ੂਪੁਰੇ ਹੀ ਉਤਰ ਕੇ ਰਾਤ ਪਿੰਡੋਂ ਹੋ ਕੇ ਜਾਣ ਦਾ ਨਿਰਣਾ ਕਰ ਲਿਆ। ਜਦੋਂ ਉਹ ਕਾਰ ਵਿਚੋਂ ਉਤਰਿਆ ਤਾਂ ਉਹਦੇ ਜਾਣ ਨਾਲ ਕਾਰ ਦਾ ਖ਼ਾਲੀ ਹੋ ਗਿਆ ਹਿੱਸਾ ਹੁਣ ਓਪਰਾ-ਓਪਰਾ ਜਾਪਣ ਲੱਗਾ। ਇਕ ਦਿਹਾੜੀ ਦੇ ਸਾਥ ਵਿਚ ਹੀ ਉਹ ਸਾਡਾ ਆਪਣਾ ਬਣ ਗਿਆ ਸੀ। ਉਹ ਸਾਥੋਂ ਸਾਡੇ ਆਪਣਿਆਂ ਵਾਂਗ ਹੀ ਵੈਰਾਗ ਨਾਲ ਵਿਛੜਿਆ। ਸਾਡਾ ਕੁਝ ਹਿੱਸਾ ਉਸ ਦੇ ਨਾਲ ਤੁਰ ਗਿਆ ਸੀ ਤੇ ਉਸ ਦਾ ਕੁਝ ਹਿੱਸਾ ਸਾਡੇ ਅੰਗ-ਸੰਗ ਪਿੱਛੇ ਰਹਿ ਗਿਆ ਸੀ। ਅਸੀਂ ਅਨਵਰ ਦੇ ਚੰਗੇ ਸੁਭਾ, ਉਹਦੀ ਜਾਣਕਾਰੀ ਤੇ ਸਮਝਦਾਰੀ ਦੀਆਂ ਗੱਲਾਂ ਕਰਨ ਲੱਗੇ। ਇਕ ਸਰਕਾਰੀ ਕਰਮਚਾਰੀ ਆਪਣੀ ਵੱਖਰੀ ਹੋਂਦ ਭੁਲਾ ਕੇ ਕਿਵੇਂ ਸਾਰਾ ਦਿਨ ਸਾਡੀ ਆਪਣੀ ਹੀ ਟੋਲੀ ਤੇ ਸੋਚ ਦਾ ਅੰਗ ਹੋ ਕੇ ਵਿਚਰਦਾ ਰਿਹਾ ਸੀ।
ਦੂਜੇ ਵਾਸਤੇ ਆਪਣੀ ਥੋੜ੍ਹੀ ਜਿਹੀ ਹੋਂਦ ਭੁਲਾ ਕੇ ਦੂਜੇ ਨੂੰ ਆਪਣਾ ਬਣਾਇਆ ਜਾ ਸਕਦਾ ਸੀ।
ਰਾਇ ਅਜ਼ੀਜ਼ ਉਲਾ ਨੇ ਸ਼ੇਖ਼ੂਪੁਰੇ ਤੋਂ ਮੋੜ ਕੇ ਕਾਰ ਅਮਰੀਕਾ ਕੈਨੇਡਾ ਦੀ ਤਰਜ਼ ‘ਤੇ ਬਣੀ ਸ਼ਾਹ ਰਾਹ ਉਤੇ ਪਾ ਲਈ। ਇਸ ‘ਤੇ ਚੜ੍ਹ ਕੇ ਲਾਹੌਰ ਜਲਦੀ ਪੁੱਜਿਆ ਜਾ ਸਕਦਾ ਸੀ।
ਪ੍ਰੇਮ ਸਿੰਘ ਅੰਦਰਲਾ ਭਾਰਾ-ਗੌਰਾ ਸਮਝਦਾਰ ਇਨਸਾਨ ਫਿਰ ਪਰਤ ਆਇਆ ਸੀ। ਹੁਣ ਉਹ ਪੂਰੀ ਗੰਭੀਰਤਾ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦੇ ਉਤੇ ਸਤਨਾਮ ਮਾਣਕ ਨਾਲ ਚਰਚਾ ਵਿਚ ਰੁੱਝਿਆ ਹੋਇਆ ਸੀ।

ਪ੍ਰੇਮ ਸਿੰਘ ਦੇ ਖ਼ਾਲਸਾ ਸਕੂਲ ਦੇ ਐਨ ਸਾਹਮਣਾ ਇਲਾਕਾ ਉਹੋ ਹੀ ਸੀ ਜਿੱਥੇ ਪ੍ਰੇਮ ਸਿੰਘ ਦਾ ਘਰ ਹੁੰਦਾ ਸੀ। ਮਾਡਲ ਟਾਊਨ ਨਾਂ ਦਾ ਘੁੱਗ ਵੱਸਦਾ ਇਹ ਇਲਾਕਾ ਭਾਵੇਂ ਕਿੰਨਾ ਫੈਲ ਗਿਆ ਸੀ, ਕਿੰਨਾ ਵਧੇਰੇ ਗਹਿ-ਗੱਚ ਵੱਸ ਗਿਆ ਸੀ ਪਰ ਪ੍ਰੇਮ ਸਿੰਘ ਨੂੰ ਵਿਸ਼ਵਾਸ ਸੀ ਕਿ ਸਕੂਲੋਂ ਨਿਕਲਦਿਆਂ ਹੀ ਥੋੜ੍ਹੀ ਵਿੱਥ ਉਤੇ ਬਣਿਆ ਆਪਣਾ ਮਕਾਨ ਉਹ ਪਲ-ਛਿਣ ਵਿਚ ਲੱਭ ਲਵੇਗਾ। ਉਹ ਸਾਡੇ ਅੱਗੇ ਅੱਗੇ ਕਾਹਲੀ ਕਾਹਲੀ ਤੁਰਿਆ ਜਾ ਰਿਹਾ ਸੀ। ਕਿਸੇ ਸਥਾਨਕ ਵਾਸੀ ਨੂੰ ਆਪਣੇ ਘਰ ਦਾ ਅਤਾ-ਪਤਾ ਪੁੱਛਣ ਦੀ ਉਸ ਨੂੰ ਕੋਈ ਲੋੜ ਨਹੀਂ ਸੀ।
‘‘ਐਥੇ ਖਾਲੀ ਜਗ੍ਹਾ ਹੁੰਦੀ ਸੀ। ਮਿਉਂਸਪਲ ਕਮੇਟੀ ਦੇ ਕੁਆਟਰ ਹੁੰਦੇ ਸਨ। ਦੋ ਹੀ ਤਾਂ ਘਰ ਬਣੇ ਸਨ ਉਦੋਂ। ਇਕ ਸਾਡਾ ਘਰ ਸੀ ਤੇ ਇਕ ਸਾਡੇ ਪਿਛਵਾੜੇ ਕਿਸੇ ਹੋਰ ਦਾ। ਸਾਡੇ ਘਰ ਦੇ ਦੋਹੀਂ ਪਾਸੀਂ ਸੜਕ ਲੱਗਦੀ ਸੀ। ਘਰ ਦੇ ਮੱਥੇ ‘ਤੇ ‘ਪ੍ਰੇਮ ਕਾਟੇਜ’ ਲਿਖਿਆ ਹੋਇਆ ਸੀ…’’
ਉਹ ਵੱਖੀਆਂ ਨਾਲ ਵੱਖੀਆਂ ਜੋੜੀ ਖਲੋਤੇ ਸੰਘਣੇ ਮਕਾਨਾਂ ਵਿਚ ‘ਪ੍ਰੇਮ-ਕਾਟੇਜ’ ਨੂੰ ਤਲਾਸ਼ਦਾ ਤੁਰਿਆ ਜਾ ਰਿਹਾ ਸੀ। ਲੋਕਾਂ ਦੀ ਇਕ ਭੀੜ ਸਾਡੇ ਨਾਲ ਨਾਲ ਹੋ ਤੁਰੀ। ਸਰਦਾਰ ਵਲੋਂ ਆਪਣਾ ਪੁਰਾਣਾ ਘਰ ਲੱਭਣਾ ਉਨ੍ਹਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਿਆ ਸੀ। ਲਾਹੌਰ ਅਤੇ ਨਨਕਾਣੇ ਦੇ ਲੋਕ ਤਾਂ ਜਥਿਆਂ ਨਾਲ ਆਏ ਸਿੱਖਾਂ ਨੂੰ ਅਕਸਰ ਵੇਖਦੇ ਰਹਿੰਦੇ ਹਨ ਪਰ ਲਾਇਲਪੁਰੀਆਂ ਲਈ ਸਿੱਖਾਂ ਨੂੰ ਵੇਖਣਾ ਵੀ ਵਿਲੱਖਣ ਅਨੁਭਵ ਸੀ।
ਪਰ ਗੱਲ ਤਾਂ ਸ਼ੇਖ਼ੂਪੁਰੇ ਵਾਲੀ ਹੋ ਚੱਲੀ ਸੀ। ਪ੍ਰੇਮ ਸਿੰਘ ਦੇ ਮਨ ਵਿਚ ਵੱਸਿਆ ਉਹਦੇ ਘਰ ਅਤੇ ਆਲੇ-ਦੁਆਲੇ ਦਾ ਨਕਸ਼ਾ ਖ਼ਲਤ-ਮਲਤ ਹੋ ਗਿਆ ਸੀ। ‘ਗੱਡੀ ਦਾ ਗੇਅਰ’ ਅੜ ਗਿਆ ਸੀ। ਇਸ ਲਈ ਹੁਣ ਸਥਾਨਕ ਲੋਕਾਂ ਦੀ ਮਦਦ ਦੀ ਲੋੜ ਸੀ। ਨੌਜਵਾਨਾਂ, ਅੱਧਖੜਾਂ ਤੇ ਬਜ਼ੁਰਗਾਂ ਦੀ ਭੀੜ ਉਸ ਦੀ ਮਦਦ ਲਈ ਉਲਰ ਆਈ ਸੀ। ਸਕੂਲ ਪੜ੍ਹਦੇ ਬੱਚੇ ਬੱਚੀਆਂ ਸਾਨੂੰ ਕਿਸੇ ਅਸਮਾਨੋਂ ਉਤਰੇ ਲੋਕਾਂ ਵਾਂਗ ਵੇਖ ਰਹੇ ਸਨ।
‘‘ਇਹ ਕੀ ਲੱਭਦੇ ਫਿਰਦੇ ਨੇ’’ ਘਰੋਂ ਨਿਕਲ ਕੇ ਹੁਣੇ ਹੀ ਬਾਹਰ ਆਏ ਇਕ ਮੁੰਡੇ ਨੇ ਆਪਣੇ ਕਿਸੇ ਸਾਥੀ ਨੂੰ ਪੁੱਛਿਆ ਜੋ ਭੀੜ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ।
‘‘ਤੇਰਾ ਘਰ ਲੱਭਦੇ ਨੇ’’ ਦੂਜੇ ਨੇ ਸ਼ਰਾਰਤ ਨਾਲ ਆਖਿਆ ਤੇ ਦੋਵੇਂ ਹੱਥ ਵਿਚ ਹੱਥ ਪਾ ਕੇ ਭੀੜ ਦੇ ਨਾਲ ਹੋ ਤੁਰੇ। ਸਾਹਮਣੇ ਦਰਵਾਜ਼ੇ ਵਿਚ ਖੜੋਤੀ ਇਕ ਅੱਧਖੜ ਔਰਤ ਨੇ ਪੁੱਛਿਆ, ‘‘ਵੇ ਕੀ ਗੱਲ ਏ?’’
‘‘ਤੇਰਾ ਘਰ ਲੱਭਦੇ ਨੇ’’ ਉਨ੍ਹਾਂ ਮੁੰਡਿਆਂ ਉਸ ਨਾਲ ਵੀ ਸ਼ਰਾਰਤ ਕੀਤੀ।
ਪ੍ਰੇਮ ਸਿੰਘ ਸ਼ੇਖ਼ੂਪੁਰੇ ਵਾਂਗ ਹੀ ਕਦੀ ਇਸ ਗਲੀ ਤੇ ਕਦੀ ਉਸ ਗਲੀ ਵਿਚ ਮਕਾਨ ਲੱਭਣ ਦੇ ਚੱਕਰ ਵਿਚ ਫਸ ਗਿਆ ਸੀ। ਦੱਸਣ ਵਾਲੇ ਉਹਦੀਆਂ ਨਿਸ਼ਾਨੀਆਂ ਮੁਤਾਬਕ ਮਕਾਨ ਦੀ ਨਿਸ਼ਾਨਦੇਹੀ ਕਰਦੇ ਉਹ ਆਖਦਾ, ‘‘ਮੈਂ ਤਾਂ ਆਪਣੇ ਮਕਾਨ ਦਾ ਦਰਵਾਜ਼ਾ ਪਛਾਣ ਸਕਦਾਂ, ਔਹ ਖ਼ਾਲਸਾ ਸਕੂਲ, ਮੇਰੇ ਘਰੋਂ, ਮੈਂ ਸਿੱਧਾ ਨਿਕਲ ਕੇ ਸਕੂਲ ਜਾਂਦਾ ਸਾਂ।’’
‘‘ਚਲੋ ਇਕ ਵਾਰ ਸਕੂਲ ਕੋਲ ਚੱਲੀਏ। ਉਥੋਂ ਫੇਰ ਵਾਪਸ ਆਉਂਦੇ ਹਾਂ। ਹਿਸਾਬ ਲਾਉਂਦੇ ਆਂ‥’’ ਉਹ ਅਗਵਾਈ ਕਰ ਰਹੇ ਸਥਾਨਕ ਲੋਕਾਂ ਨੂੰ ਕਹਿ ਰਿਹਾ ਸੀ। ਮੈਂ ਉਨ੍ਹਾਂ ਨਾਲੋਂ ਨਿਖੜ ਕੇ ਪਿੱਛੇ ਰਹਿ  ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਲੱਗਾ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਪੁੱਛਾਂ ਦੇ ਉਤਰ ਦਿੰਦਾ। ਉਨ੍ਹਾਂ ਦੀਆਂ ਗੱਲਾਂ ਸੁਣਦਾ। ਉਨ੍ਹਾਂ ਵਿਚ ਕੋਈ ਜਲੰਧਰ ਦਾ ਸੀ। ਕੋਈ ਨਕੋਦਰ ਦਾ। ਕੋਈ ਘਰਿਆਲੇ ਦਾ ਤੇ ਕੋਈ ਅੰਬਰਸਰ ਦਾ।
‘‘ਮੇਰਾ ਪਿਉ ਤਾਂ ਅੱਜ ਤਕ ਰੋਂਦਾ ਕਿ ਮੈਨੂੰ ਮੇਰਾ ਜਲੰਧਰ ਵਿਖਾਓ। ਸਾਡਾ ਘਰ ਪੱਕੇ ਬਾਗ਼ ਕੋਲ ਹੁੰਦਾ ਸੀ।’’
‘‘ਆਲੀ ਮੁਹੱਲਾ ਸੀ ਜਲੰਧਰ ਵਿਚ। ਉਸ ਨੂੰ ਅੱਜ ਵੀ ਆਲੀ ਮੁਹੱਲਾ ਈ ਕਹਿੰਦੇ ਨੇ? ਕਦੀ ਗਏ ਜੇ ਆਲੀ ਮੁਹੱਲੇ? ਕਿਹੋ ਜਿਹਾ ਲਗਦਾ ਹੈ ਸਾਡਾ ਆਲੀ ਮੁਹੱਲਾ!’’
‘‘ਸਰਦਾਰ ਜੀ! ਸਾਨੂੰ ਵੀ ਓਧਰ ਆ ਲੈਣ ਦਿਆ ਕਰੋ ਆਪਣੇ ਪੰਜਾਬ ‘ਚ। ਸਾਡੀ ਤਾਂ ਜਾਨ ਤੜਫਦੀ ਹੈ।’’
ਕੋਈ ਆਪਣੇ ਸ਼ਹਿਰ, ਕੋਈ ਮੁਹੱਲੇ ਤੇ ਕੋਈ ਘਰ ਦਾ ਪਤਾ ਦੱਸ ਕੇ ਤੇ ਕੋਈ ਕਿਸੇ ਪੁਰਾਣੇ ਬੇਲੀ ਦਾ ਜ਼ਿਕਰ ਕਰਕੇ ਪੁੱਛਦਾ, ‘‘ਸਰਦਾਰ ਜੀ! ਸਾਨੂੰ ਜਾ ਕੇ ਖ਼ਬਰ ਦਿਓ ਕਿ ਸਾਡੇ ਵਤਨ ਦਾ ਕੀ ਹਾਲ ਏ? ਮੇਰਾ ਪਤਾ ਲਿਖ ਲੌ…’’
ਮੈਂ ਇਕ ਦਾ ਪਤਾ ਲਿਖਿਆ, ਫਿਰ ਦੂਜੇ ਦਾ‥। ਤੇ ਇੰਜ ਕਈ ਪਤੇ ਲਿਖੇ ਗਏ। ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਸਾਂ ਕਰਨਾ ਚਾਹੁੰਦਾ। ਪਤਾ ਲਿਖਾਉਂਦਿਆਂ ਉਨ੍ਹਾਂ ਦੇ ਕਲੇਜੇ ਨੂੰ ਠੰਢ ਪੈ ਰਹੀ ਸੀ। ਉਨ੍ਹਾਂ ਦੀਆਂ ਅੱਖਾਂ ਲਿਸ਼ਕ ਉਠਦੀਆਂ।
ਮੈਂ ਆਪਸੀ ਪਿਆਰ ਅਤੇ ਸਦ-ਭਾਵਨਾ ਨਾਲ ਭਰੇ ਲੋਕਾਂ ਦੀ ਭੀੜ ਵਿਚ ਖਲੋਤਾ ਸਾਂ।
ਜੇ.ਸੀ. ਜੈਕਬ ਨਾਂ ਦਾ ਆਦਮੀ ਦੱਸ ਰਿਹਾ ਸੀ ਕਿ ਕਿਵੇਂ ਰੌਲਿਆਂ ਵਿਚ ਉਨ੍ਹਾਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਿਆ। ਉਹਦੇ ਬਾਬੇ ਨੇ ਉਸ ਨੂੰ ਸਿਰ ‘ਤੇ ਚੁੱਕਿਆ ਤੇ ਅਦਬ ਨਾਲ ਘਰ ਲੈ ਗਿਆ। ਕਈ ਸਾਲ ਉਨ੍ਹਾਂ ਨੇ ਸਤਿਕਾਰ ਨਾਲ ਉਸ ਨੂੰ ਸਾਂਭ ਛੱਡਿਆ ਤੇ ਫਿਰ ਮੌਕਾ ਮਿਲਣ ‘ਤੇ ਉਂਜ ਹੀ ਅਦਬ ਨਾਲ ਸਿਰ ਉਤੇ ਚੁੱਕ ਕੇ ਜਥੇ ਨਾਲ ਆਏ ਸਿੰਘਾਂ ਕੋਲ ਜਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ।
‘‘ਅਸੀਂ ਛੋਟੇ ਛੋਟੇ ਹੁੰਦੇ ਸਾਂ। ਬਾਬੇ ਵਾਂਗ ਸਿਰ ‘ਤੇ ਕੱਪੜਾ ਰੱਖ ਕੇ ਗੁਰੂ ਬਾਬੇ ਕੋਲੋਂ ਦੁਆ ਮੰਗਿਆ ਕਰਨੀ।’’
ਉਸ ਦੇ ਹੱਥ ਹੁਣ ਵੀ ‘ਦੁਆ’ ਲਈ ਅਸਮਾਨ ਵੱਲ ਉਠੇ ਤੇ ਅੱਖਾਂ ਸ਼ਰਧਾ ਵਿਚ ਮੁੰਦੀਆਂ ਗਈਆਂ।
ਮੈਨੂੰ ਇਕ ਹੋਰ ਬਾਬੇ ਦੀ ਕਹਾਣੀ ਯਾਦ ਆਈ। ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਸਭ ਤੋਂ ਵੱਡੇ ਲੜਕੇ ਨੇ ਇਹ ਸੱਚੀ ਕਹਾਣੀ ਕਈ ਸਾਲ ਪਹਿਲਾਂ ਸੁਣਾਈ ਸੀ।
ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਝ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖ਼ੁਸ਼ੀਆਂ ਸਨ, ਗੱਪਾਂ ਸਨ, ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।
‘‘ਸਾਈਂ ਤਾਂ ਰਹਿ ਗਿਆ ਫਿਰ!’’ ਵਿਧਾਤਾ ਸਿੰਘ ਤੀਰ ਨੇ ਇਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।
‘‘ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ ਨਾ ਲੱਗਾ ਹੋਵੇ।’’ ਬਲੱਗਣ ਦਾ ਜਵਾਬ ਸੀ।
ਫਿਰ ਉਸ ਨੇ ਆਪ ਹੀ ਆਖਿਆ, ‘‘ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗ ਤਾਂ ਜਾਂਦਾ ਹੀ ਹੈ…।’’
ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ। ਮੁਹੱਬਤ ਦਾ ਤੁਣਕਾ ਕਦੀ ਇਧਰਲੇ ਤੇ ਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਏਧਰ-ਓਧਰ ਖਿੱਚ ਲਿਆਂਦਾ ਸੀ। ਹੁਣ ਵੀ ਸਾਂਝੇ ਮਿੱਤਰ, ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ।
ਇਸ ਵੇੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ। ਬਲੱਗਣ ਦੀਆਂ ਬੱਚੀਆਂ ਦੌੜੀਆਂ ਆਈਆਂ।
‘‘ਲੋਟੇ ਵਾਲਾ ਚਾਚਾ ਆ ਗਿਆ! ਲੋਟੇ ਵਾਲਾ ਚਾਚਾ ਆ ਗਿਆ!’’
ਉਨ੍ਹਾਂ ਦੇ ਬੋਲਾਂ ਵਿਚ ਖ਼ੁਸ਼ੀ ਤੇ ਸੂਚਨਾ ਇੱਕਠੀ ਸੀ।
ਸਾਈਂ ਹਯਾਤ ਪਸਰੂਰੀ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ, ਜਦ ਕਦੀ ਉਹ ਅੰਮ੍ਰਿਤਸਰ ਬਲੱਗਣ ਕੋਲ ਠਹਿਰਦਾ, ਉਹ ਨਾਲ ਲਿਆਂਦੇ ਲੋਟੇ ਨਾਲ ਬਾਕਾਇਦਾ ਵੁਜ਼ੂ ਕਰਦਾ, ਨਮਾਜ਼ ਪੜ੍ਹਦਾ। ਬੱਚਿਆਂ ਨੇ ਉਸ ਦਾ ਨਾਮ ਲੋਟੇ ਵਾਲਾ ਚਾਚਾ ਧਰ ਦਿੱਤਾ ਸੀ।
‘‘ਉਹਨੂੰ ਆਖੋ ਉਪਰ ਆਵੇ ਮਰੇ ਮਿਆਨੀ ‘ਚ। ਹੇਠਾਂ ਕੀ ਪਿਆ ਕਰਦਾ ਏ’’ ਕਿਸੇ ਨੇ ਮੋਹ ਵਿਚ ਭਿੱਜ ਕੇ ਆਖਿਆ।
‘‘ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਐ। ਅੰਦਰ ਨਹੀਂ ਆਉਂਦਾ। ਕਹਿੰਦਾ, ‘ਭਾਪੇ ਨੂੰ ਆਖੋ ਸੁੱਚੇ ਭਾਂਡੇ ‘ਚ ਪਾਣੀ ਲੈ ਕੇ ਆਵੇ’…।’’
ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ।
ਬਲੱਗਣ ਦੇ ਨਾਲ ਦੋ ਚਾਰ ਹੋਰ ਦੋਸਤ ਵੀ ਖੜ੍ਹੇ ਹੋ ਗਏ। ਉਹ ਰਹੱਸ ਜਾਨਣਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ।
ਸਾਈਂ ਦਰਵਾਜ਼ੇ ਵਿਚ ਖਲੋਤਾ ਸੀ। ਦੁਸ਼ਾਲੇ ਵਿਚ ਕੋਈ ਚੀਜ਼ ਲਪੇਟ ਕੇ ਸਿਰ ‘ਤੇ ਰੱਖੀ ਹੋਈ ਸੀ। ਪੈਰਾਂ ਤੋਂ ਨੰਗਾ ਸੀ। ਉਹਦੇ ਕਹਿਣ ‘ਤੇ ਗੜਵੀ ‘ਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰੌਂਕਦੇ ਉਸ ਦਾ ‘ਗ੍ਰਹਿ ਪ੍ਰਵੇਸ਼’ ਕਰਵਾਇਆ।
ਅਸਲ ਵਿਚ ਉਸ ਦੇ ਸਿਰ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ। ਤੇ ਜਦੋਂ ਉਹ ਯਾਰਾਂ ਦੀ ਭੀੜ ਵਿਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ‘ਬੀੜ’ ਦੀ ਕਹਾਣੀ ਇੰਜ ਛੋਹ ਲਈ।
‘‘ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰਹ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗਰੀਬ ਤੇ ਫ਼ਕੀਰ ਸ਼ਾਇਰ। ਮੇਰੀ ਏਨੀ ਪਾਇਆ ਕਿੱਥੇ ਕਿ ਕੀਮਤੀ ਤੋਹਫ਼ੇ ਖ਼ਰੀਦ ਸਕਾਂ। ਤਾਂ ਹੀ ਖ਼ੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ ਦਸ ਬਾਰਾਂ ਕੋਹ ਦੀ ਵਾਟ ‘ਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸਾਂਭੀ ਪਈ ਹੈ। ਮੈਂ ਉਨ੍ਹਾਂ ਕੋਲ ਗਿਆ ਤੇ ਗਲ ਵਿਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਓ ਤਾਂ ਉਹ ਲੈ ਲਓ ਤੇ ਜਾਨ ਮੰਗਦੇ ਓ ਤਾਂ ਉਹ ਲੈ ਲਓ… ਪਰ ਇਹ ਬੀੜ ਮੈਨੂੰ ਬਖ਼ਸ਼ ਦਿਓ। ਉਹ ਮਿਹਰਬਾਨ ਲੋਕ, ਜਿਨ੍ਹਾਂ ਨੇ ਹੁਣ ਤਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਂਭ ਕੇ ਰੱਖਿਆ ਹੋਇਆ ਸੀ, ਮੈਨੂੰ ਕਹਿਣ ਲੱਗੇ, ‘‘ਸਾਈਂ ਸਾਹਿਬ! ਅਸੀਂ ਹੁਣ ਤਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਹੈ ਪਰ ਮਤੇ ਕੋਈ ਖੁਨਾਮੀ ਹੋ ਜਾਵੇ, ਕੋਈ ਕੋਤਾਹੀ ਹੋ ਜਾਵੇ, ਇਸ ਲਈ ਇਸ ਨੂੰ ਆਦਰ ਨਾਲ ਤੁਸੀਂ ਉਨ੍ਹਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ…।’’
ਏਨੀ ਆਖ ਕੇ ਸਾਈਂ ਨੇ ਪਰਨੇ ਨਾਲ ਮੂੰਹ ਪੂੰਝਿਆ ਤੇ ਗੱਲ ਜਾਰੀ ਰੱਖੀ।
‘‘ਮੈਂ ਉਸ ਪਿੰਡ ਤੋਂ ਨੰਗੇ ਪੈਰੀਂ ਗੁਰੂ ਬਾਬੇ ਦੀ ਬੀੜ ਸਿਰ ‘ਤੇ ਰੱਖ ਕੇ ਪਿੰਡ ਪੁੱਜਾ…ਤੇ ਹੁਣ ਨੰਗੇ ਪੈਰੀਂ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ… ਇਹ ਕੀਮਤੀ ਤੋਹਫ਼ਾ ਮੈਂ ਜਾਨ ਤੋਂ ਪਿਆਰਾ ਸਮਝ ਕੇ ਆਪਣੇ ਨੂੰਹ-ਪੁੱਤ ਲਈ ਲੈ ਕੇ ਆਇਆਂ।… ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖ਼ਸ਼ਣਹਾਰ ਹੈ…’’ ਉਸ ਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾਈਆਂ। ਤੇ ਮੋਢੇ ‘ਤੇ ਲਟਕਾਏ ਬੁਚਕੇ ਵਿਚੋਂ ਲੋਟਾ ਕੱਢ ਕੇ ਕਹਿਣ ਲੱਗਾ, ‘‘ਠਹਿਰੋ! ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ… ਫਿਰ ਮਹਿਫਿਲ ਜਮਾਉਂਦੇ ਆਂ… ਤੇ ਹਾਂ ਸੱਚ, ਕਰਤਾਰ! ਸਵੇਰੇ ਜੰਝੇ ਚੜ੍ਹਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪੁਆ ਲਵੀਂ! ਵੀਰ ਮੇਰਿਆ।’’
…‥’’ਕਿੱਥੋਂ ਆਏ ਹੋ ਵੀਰਾ?’’ ਸਾਡੀਆਂ ਗੱਲਾਂ ਸੁਣ ਰਹੀ ਇਕ ਚਾਲੀ ਪੰਤਾਲੀ ਸਾਲ ਦੀ ਚੰਗੀ ਦਿੱਖ ਵਾਲੀ ਬੀਬੀ ਨੇ ਪੁੱਛਿਆ ਤਾਂ ਇਕ ਸ਼ਰਾਰਤੀ ਮੁੰਡਾ ਕਹਿੰਦਾ, ‘‘ਕੀ ਗੱਲ ਤੂੰ ਰੋਟੀ ਵਰਜਣੀ ਏਂ?’’
‘‘ਵੇ ਕੀ ਗੱਲ! ਰੋਟੀ ਇਨ੍ਹਾਂ ਤੋਂ ਚੰਗੀ ਏ। ਮੈਂ ਤਾਂ ਹੁਣੇ ਰਿਸ਼ਤੇਦਾਰੀ ਕੱਢ ਲੈਣੀ ਏ ਇਨ੍ਹਾਂ ਨਾਲ। ਇਹ ਵੀ ਪੰਜਾਬ ਦੇ, ਮੈਂ ਵੀ ਪੰਜਾਬ ਦੀ। ਮੇਰੇ ਤਾਂ ਆਪਣੇ ਨਾਨਕੇ ਸੰਧੂ ਨੇ ਤੇ ਭਾਅ ਵਰਿਆਮ ਵੀ ਸੰਧੂ ਏ। ਰਿਸ਼ਤੇਦਾਰੀ ਤਾਂ ਬਣ ਗਈ ਨਾ ਆਪੇ ਈ।’’
‘‘ਹਾਂ ਭਾਈ ਰਿਸ਼ਤੇਦਾਰੀ ਤਾਂ ਬਣ ਗਈ’’, ਕਿਸੇ ਬਜ਼ੁਰਗ ਨੇ ਗੰਭੀਰਤਾ ਨਾਲ ਕਿਹਾ।
‘‘ਸਾਡੀ ਰਿਸ਼ਤੇਦਾਰੀ ਤਾਂ ਮੌਸੀਕੀ ਦੀ ਵੀ ਹੈ।’’
ਇਕ ਪਲ ਤਾਂ ਇਸ ਦੂਜੀ ਰਿਸ਼ਤੇਦਾਰੀ ਬਾਰੇ ਸੁਣ ਕੇ ਮੈਂ ਹੈਰਾਨ ਹੋਇਆ ਪਰ ਛੇਤੀ ਹੀ ਗੱਲ ਸਾਫ਼ ਹੋ ਗਈ।
‘‘ਮੇਰਾ ਭਤੀਜਾ ਨੁਸਰਤ ਫਤਹਿ ਅਲੀ ਨਾਲ ਬੰਸਰੀ ਵਜਾਉਂਦਾ ਰਿਹਾ। ਤੁਸੀਂ ਪੀ.ਟੀ.ਵੀ. ਤੋਂ ‘ਮੇਰੀ ਪਸੰਦ’ ‘ਚ ਉਸ ਨੂੰ ਵੇਖਿਆ ਹੋਊ। ਆਬਿਦ ਹੁਸੈਨ। ਖਾਂ ਸਾਹਿਬ ਨੱਥੂ ਖਾਂ ਸਾਹਿਬ ਲੁਧਿਆਣੇ ਵਾਲੇ ਸਾਡੇ ਵੱਡੇ ਸਨ।‥ ਮੌਸੀਕਾਰ ਤੇ ਮੌਸੀਕੀ ਤਾਂ ਜੋੜਦੀ ਹੈ…।  ਬੰਦਿਆਂ ਨੂੰ … ਇਸ ਤੋਂ ਵੱਡਾ ਰਿਸ਼ਤੇਦਾਰ ਕੌਣ ਹੁੰਦਾ ਹੈ। ਲਤਾ ਮੰਗੇਸ਼ਕਰ ਸਾਨੂੰ ਮਲਕਾ-ਏ-ਤਰੰਨਮ ਨੂਰ ਜਹਾਂ ਤੋਂ ਕੋਈ ਘੱਟ ਪਿਆਰੀ ਨਹੀਂ। ਮੁਕੇਸ਼ ਤੇ ਰਫ਼ੀ ਸਾਹਿਬ ਨੂੰ ਕੌਣ ਨਹੀਂ ਆਪਣਾ ਸਮਝਦਾ।’’
ਅਖ਼ਤਰ ਬੀਬੀ ਸਾਡੇ ਨਾਲ ਨਾਲ ਤੁਰ ਪਈ। ਸਾਨੂੰ ਵੇਖਣ ਲਈ ਆਪਣੇ ਮਕਾਨ ਦੇ ਦਰਵਾਜ਼ੇ ਵਿਚ ਇਕ ਖ਼ੂਬਸੂਰਤ ਔਰਤ ਖੜੋਤੀ ਸੀ।
‘‘ਭਾ ਵਰਿਆਮ! ਇਹ ਬੰਸਰੀ ਵਾਲੇ ਮੁੰਡੇ ਦੀ ਮਾਂ ਏਂ। ਮੇਰੀ ਭਰਜਾਈ।’’
ਮੈਂ ਉਸ ਦੇ ਮੁੰਡੇ ਦੇ ਚੰਗਾ ਬੰਸਰੀ ਵਾਦਕ ਹੋਣ ਦੀ ਉਸ ਨੂੰ ਮੁਬਾਰਕ ਦਿੱਤੀ ਤਾਂ ਉਸ ਨੇ ਮੁਸਕਰਾ ਕੇ ਮੇਰੀ ਮੁਬਾਰਕ ਕਬੂਲ ਕੀਤੀ।
‘‘ਖ਼ੈਰ ਮੁਬਾਰਕ!’’
ਉਸ ਦੀਆਂ ਮੋਟੀਆਂ ਅੱਖਾਂ ਦੇ ਚੀਰ ਖ਼ੁਸ਼ੀ ਭਰੀ ਮੁਸਕਰਾਹਟ ਨਾਲ ਖਿੱਚੇ ਗਏ।
‘‘ਲੱਭ ਗਿਆ! ਲੱਭ ਗਿਆ! ਸਰਦਾਰ ਜੀ ਦਾ ਘਰ ਲੱਭ ਗਿਆ।’’ ਇਕ ਮੁੰਡੇ ਨੇ ਖ਼ਜ਼ਾਨਾ ਲੱਭਣ ਵਰਗੀ ਖ਼ੁਸ਼ੀ ਨਾਲ ਸਾਨੂੰ ਦੱਸਿਆ।
ਜਿਨ੍ਹਾਂ ਘਰਾਂ ਕੋਲੋਂ ਅਸੀਂ ਦਸ ਵਾਰ ਲੰਘ ਚੁੱਕੇ ਸਾਂ, ਉਨ੍ਹਾਂ ਵਿਚੋਂ ਇਕ ਦੇ ਦਰਵਾਜ਼ੇ ਅੱਗੇ ਪ੍ਰੇਮ ਸਿੰਘ ਖਲੋਤਾ ਸੀ।
‘‘ਇਹ ਸਾਡੇ ਘਰ ਦੇ ਪਿਛਵਾੜੇ ਵਾਲੀ ਸੜਕ ਦਾ ਛੋਟਾ ਦਰਵਾਜ਼ਾ ਹੈ। ਮੈਂ ਇਹਦੀ ਲੱਕੜ ਪਛਾਣ ਲਈ ਹੈ।’’ ਉਹ ਦਰਵਾਜ਼ੇ ਨੂੰ ਹੱਥ ਲਾ ਲਾ ਕੇ ਮਹਿਸੂਸ ਕਰ ਰਿਹਾ ਸੀ ਜਿਵੇਂ ਦਰਵਾਜ਼ਾ ਵੀ ਉਸ ਵਾਂਗ ਸਾਹ ਲੈ ਰਿਹਾ ਹੋਵੇ। ਜਿਉਂਦਾ ਜਾਗਦਾ…ਲਹੂ ਮਾਸ ਦਾ ਇਨਸਾਨ।
ਇਹ ਮਕਾਨ, ਜੋ ਉਨ੍ਹਾਂ ਸਮਿਆਂ ਵਿਚ ਆਧੁਨਿਕ ਤਰਜ਼ ਦੀ ਬਣੀ ਹੋਈ ਕੋਠੀ ਸੀ, ਹੁਣ ਤਿੰਨਾਂ ਹਿੱਸਿਆਂ ਵਿਚ ਤਕਸੀਮ ਹੋ ਚੁੱਕਾ ਸੀ। ਤਿੰਨਾਂ ਭਰਾਵਾਂ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਇਸ ਵਿਚ ਬਹੁਤ ਸਾਰੀ ਰੱਦੋ-ਬਦਲ ਕਰ ਦਿੱਤੀ ਹੋਈ ਸੀ। ਘਰ ਦੇ ਪਿਛਵਾੜੇ ਵਾਲੇ ਇਸ ਦਰਵਾਜ਼ੇ ਦੇ ਅੰਦਰਵਾਰ ਬਣਿਆ ਕਮਰਾ ਢਹਿ ਗਿਆ ਸੀ ਜਾਂ ਢਾਹ ਦਿੱਤਾ ਗਿਆ ਸੀ ਤੇ ਅਜੇ ਇਸ ਦੀ ਥਾਂ ਨਵਾਂ ਕਮਰਾ ਇਸ ਕਰਕੇ ਉਸਰ ਨਹੀਂ ਸੀ ਸਕਿਆ ਕਿਉਂਕਿ ਵਿਚਕਾਰਲੀ ਸਾਂਝੀ ਕੰਧ ਦਾ ਝਗੜਾ ਖੜ੍ਹਾ ਹੋ ਗਿਆ ਸੀ। ਪਰਿਵਾਰ ਦਾ ਇਹ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਸੀ। ਭਰਾਵਾਂ ਦਾ ਆਪਸ ਵਿਚ ਬੋਲਚਾਲ ਬੰਦ ਸੀ।
ਘਰ ਦਾ ਸਾਹਮਣਾ ਪਾਸਾ, ਜਿੱਥੇ ਮੁੱਖ ਦਰਵਾਜ਼ੇ ਵਿਚ ਵੜਦਿਆਂ ਖੁੱਲ੍ਹਾ ਬਰਾਂਡਾ ਹੁੰਦਾ ਸੀ, ਉਸ ਨੂੰ ਕਮਰਿਆਂ ਵਿਚ ਤਬਦੀਲ ਕਰਕੇ ਬਾਹਰ ਸੜਕ ਤਕ ਲੈ ਆਂਦਾ ਸੀ ਤੇ ਉਥੇ ‘ਕਰਿਆਨਾ ਸਟੋਰ’ ਖੁੱਲ੍ਹ ਗਿਆ ਸੀ। ਘਰ ਦੇ ਹੀ ਇਕ ਬਜ਼ੁਰਗ ਨੂੰ ਜਦੋਂ ਇਹ ਨਿਸ਼ਾਨੀਆਂ ਪ੍ਰੇਮ ਸਿੰਘ ਨੇ ਦੱਸੀਆਂ ਤਾਂ ਉਸ ਨੇ ਹੀ ਕਿਹਾ, ‘‘ਉਹ ਨਕਸ਼ੇ ਤਾਂ ਬਦਲ ਗਏ, ਪਰ ਵੇਖ ਕੇ ਪਛਾਣ ਲਵੋ… ਘਰ ਉਹੋ ਹੀ ਹੈ…।’’
‘‘ਦਰਵਾਜ਼ਾ ਤਾਂ ਖੋਲ੍ਹ ਦਿਓ,’’ ਪ੍ਰੇਮ ਸਿੰਘ ਨੇ ਤਰਲਾ ਲਿਆ।
ਪ੍ਰੇਮ ਸਿੰਘ ਦੇ ਨਾਲ ਹੀ ਭੀੜ ਵੀ ਅੰਦਰ ਦਾਖ਼ਲ ਹੋ ਗਈ। ਢੱਠੇ ਹੋਏ ਥਾਂ ਨੂੰ ਪ੍ਰੇਮ ਸਿੰਘ ਹਸਰਤ ਨਾਲ ਵੇਖ ਕੇ ਪੁਰਾਣੇ ਸਮਿਆਂ ਨੂੰ ਚਿਤਵਦਾ ਰਿਹਾ।
‘‘ਇਹੋ ਹੀ ਹੈ ਮੇਰਾ ਘਰ,’’ ਉਸ ਨੇ ਕੰਧਾਂ ਪਛਾਣਦਿਆਂ ਕਿਹਾ। ਉਸ ਨੇ ਘਰ ਦੇ ਇਸ ਹਿੱਸੇ ‘ਚੋਂ ਦੂਜੇ ਸਾਹਮਣੇ ਹਿੱਸੇ ਵਿਚ ਪ੍ਰਵੇਸ਼ ਕਰਨਾ ਚਾਹਿਆ ਤਾਂ ਪਤਾ ਲੱਗਾ ਵੰਡ-ਵੰਡਾਈ ਹੋਣ ਪਿੱਛੋਂ ਪਿਛਲੇ ਅੱਧ ਵਿਚ ਕੰਧ ਵੱਜ ਗਈ ਹੈ। ਘਰ ਦੇ ਅਗਲੇ ਹਿੱਸੇ ਵਿਚ ਦਾਖ਼ਲ ਹੋਣ ਲਈ ਉਤੋਂ ਦੀ ਵਲ਼ ਕੇ ਆਉਣਾ ਪੈਣਾ ਸੀ।
‘‘ਇਥੇ ਵੀ ਹਿੰਦੁਸਤਾਨ-ਪਾਕਿਸਤਾਨ ਬਣਿਆ ਫਿਰਦੈ…’’ ਮੈਂ ਹੱਸ ਕੇ ਆਖਿਆ ਤਾਂ ਘਰ ਦੀ ਇਕ ਔਰਤ ਮੈਨੂੰ ਕਹਿਣ ਲੱਗੀ,
‘‘ਇਨ੍ਹਾਂ ਨੂੰ ਪੁੱਛ ਕੇ ਦੱਸੋ! ਘਰ ਦੀ ਕੰਧ ਸਾਂਝੀ ਸੀ ਕਿ ਨਹੀਂ।’’
ਉਹ ਘਰ ਦੇ ਅਸਲੀ ਵਾਰਸ ਤੋਂ ਕਾਨੂੰਨੀ ਨੁਕਤਾ ਪੁੱਛਣਾ ਚਾਹ ਰਹੀ ਸੀ।
ਉਪਰਲੀ ਮੰਜ਼ਿਲ ਤੋਂ ਇਕ ਜ਼ਨਾਨੀ ਨੇ ਮਜ਼ਾਕ ਕੀਤਾ। ‘‘ਕੀ ਲੱਭਦੇ ਫਿਰਦੇ ਓ, ਕਿਤੇ ਕੁਝ ਮਾਲ ਤਾਂ ਨਹੀਂ ਦੱਬਿਆ ਹੋਇਆ।’’
‘‘ਸਾਡੀਆਂ ਯਾਦਾਂ ਤੇ ਸਾਡੇ ਸੁਪਨੇ ਦੱਬੇ ਹੋਏ ਨੇ ਏਥੇ।’’
ਹਉਕਾ ਲੈ ਕੇ ਪ੍ਰੇਮ ਸਿੰਘ ਨੇ ਜੁਆਬ ਦਿੱਤਾ ਤੇ ਦਰਵਾਜ਼ੇ ਨੂੰ ਮੱਥਾ ਟੇਕ ਕੇ ਸਾਹਮਣੇ ਪਾਸੇ ਤੋਂ ਘਰ ਨੂੰ ਵੇਖਣ ਲਈ ਬਾਹਰ ਨਿਕਲ ਆਇਆ। ਬਾਜ਼ਾਰ ਦੇ ਉਤੋਂ ਦੀ ਵਲ ਕੇ ਜਦੋਂ ਮੇਨ ਗੇਟ ਅੱਗੇ ਪਹੁੰਚੇ ਤਾਂ ਪ੍ਰੇਮ ਸਿੰਘ ਨੇ ਕਿਹਾ, ‘‘ਹਾਂ ਉਹੋ ਹੈ… ਪਰ ਮੈਂ ਤਾਂ ਬਰਾਂਡਾ ਲੱਭਦਾ ਸਾਂ ਤੇ ਨਾਲ ਖੁੱਲ੍ਹਾ ਵਿਹੜਾ… ਉਹ ਤਾਂ ਸਭ ਛੱਤਿਆ ਗਿਆ ਹੈ।’’
ਉਹ ਕਾਹਲੀ-ਕਾਹਲੀ ਅੰਦਰ ਦਾਖ਼ਲ ਹੋਇਆ।
‘‘ਇਹੋ ਹੈ…। ਹਾਂ ਏਹੋ ਹੀ।’’ ਉਸ ਨੇ ਥੱਲਿਓਂ ਉਪਰ ਜਾਂਦੀਆਂ ਪੌੜੀਆਂ ਨੂੰ ਛੂਹ ਕੇ ਵੇਖਿਆ।
‘‘ਪੌੜੀਆ ਦੇ ਨਾਲ ਹੀ ਆਹ ਸੱਜੇ ਹੱਥ ਮੇਰਾ ਕਮਰਾ ਹੁੰਦਾ ਸੀ। ਹਾਂ, ਇਹੋ ਹੀ ਕਮਰਾ ਹੈ।’’
ਉਹ ਕਮਰੇ ਅੰਦਰ ਦਾਖ਼ਲ ਹੋ ਗਿਆ।
‘‘ਹਾਂ! ਹਾਂ ਏਹੋ ਹੀ… ਆਹ ਮੇਰੀ ਅਲਮਾਰੀ ਸੀ ਕਿਤਾਬਾਂ ਵਾਲੀ… ਇਹੋ ਹੀ… ਏਥੇ ਹੀ ਨਾਨਕ ਸਿੰਘ ਦੀਆਂ ਤੇ ਗੁਰਬਖ਼ਸ਼ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਸਨ… ਅੰਮ੍ਰਿਤਾ ਪ੍ਰੀਤਮ ਦੀਆਂ।’’
ਅਲਮਾਰੀ ਵਾਲੀ ਕੰਧ ਨਾਲ ਸੋਫ਼ਾ ਡੱਠਾ ਹੋਇਆ ਸੀ ਤੇ ਉਸ ਦੇ ਸਾਹਮਣੇ ਪਲੰਘ ਵਿਛਿਆ ਹੋਇਆ ਸੀ।
‘‘ਐਥੇ ਹੀ ਪਲੰਘ ਹੁੰਦਾ ਸੀ ਮੇਰਾ, ਇੰਜ ਹੀ। ਏਥੇ ਹੀ ਮੈਂ ਪੜ੍ਹਦਾ ਸਾਂ… ਏਥੇ ਹੀ ਸੌਦਾ ਸਾਂ… ਇੰਜ ਹੀ ਪਲੰਘ ਉਤੇ।
ਉਹ ਪਲੰਘ ਉਤੇ ਲੇਟ ਕੇ ਉਨ੍ਹਾਂ ਸਮਿਆਂ ਵਿਚ ਗਵਾਚਣਾ ਚਾਹੁੰਦਾ ਸੀ।
ਲੇਟ ਕੇ ਉਸ ਨੇ ਮੱਥੇ ‘ਤੇ ਬਾਂਹ ਰੱਖੀ। ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੀ ਧਾਹ ਨਿਕਲ ਗਈ ਤੇ ਉਹ ਫੁੱਟ ਫੁੱਟ ਕੇ ਬੱਚਿਆਂ ਵਾਂਗ ਰੋਣ ਲੱਗਾ। ਰੋਂਦਿਆਂ ਉਹਦਾ ਸਾਰਾ ਜਿਸਮ ਕੰਬ ਰਿਹਾ ਸੀ। ਇਕ ਅਜੀਬ ਦਰਦਮੰਦ ਨਜ਼ਾਰਾ… ਦਿਲ ਨੂੰ ਛੂਹ ਲੈਣ ਵਾਲਾ। ਉਸ ਨੂੰ ਚੁੱਪ ਕਰਾਉਣ ਜਾਂ ਕੁਝ ਕਹਿਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਕੋਈ ਉਥੇ ਹਾਜ਼ਰ ਹੀ ਕਦੋਂ ਸੀ! ਸਭ ਆਪਣੇ ਅੰਦਰ ਡੁੱਬ ਚੁੱਕੇ ਸਨ। ਸਭ ਦੀਆਂ ਅੱਖਾਂ ਵਿਚ ਡੂੰਘਾ ਦਰਦ ਸੀ… ਇਕ ਪੀੜ ਭਰੀ ਖ਼ਾਮੋਸ਼ੀ। ਪ੍ਰੇਮ ਸਿੰਘ ਫਫਕ ਫਫਕ ਕੇ ਰੋ ਰਿਹਾ ਸੀ। ਅੱਥਰੂ ਰਾਵੀ ਚਨਾਬ ਦੇ ਟੁੱਟੇ ਹੋਏ ਬੰਨ੍ਹ ਵਾਂਗ ਸਭ ਨੂੰ ਰੋੜ੍ਹੀ ਲਿਜਾ ਰਹੇ ਸਨ।
ਸਮਾਂ ਰੁਕ ਗਿਆ ਸੀ। ਛੰਮ ਛੰਮ ਹੰਝੂ ਡਿੱਗ ਰਹੇ ਸਨ। ਮੂਸਲੇਧਾਰ ਵਰਖਾ ਹੋ ਰਹੀ ਸੀ। ਸਭ ਦਰਦ ਵਿਚ ਭਿੱਜ ਰਹੇ ਸਨ।
ਹੌਲੀ ਹੌਲੀ ਪ੍ਰੇਮ ਸਿੰਘ ਦੇ ਸਰੀਰ ਦੀ ਕੰਬਣੀ ਬੰਦ ਹੋਈ। ਹਿਚਕੀਆਂ ਰੁਕੀਆਂ ਤੇ ਉਸ ਨੇ ਆਪਣੇ ਜਿਸਮ ਨੂੰ ਢਿੱਲਾ ਅਤੇ ਨਿੱਸਲ ਹੋਣ ਦਿੱਤਾ। ਉਹ ਜਿਸਮ ਤੋਂ ਮੁੱਕ ਗਈ ਜਾਨ ਵਾਪਸ ਮੋੜਨ ਦੇ ਆਹਰ ਵਿਚ ਸੀ। ਪਲੰਘ ਲਾਗੋਂ ਸੋਫ਼ੇ ‘ਤੇ ਬੈਠੇ ਰਾਇ ਅਜ਼ੀਜ਼ ਉਲਾ ਨੇ ਪੋਲੇ ਜਿਹੇ ਪ੍ਰੇਮ ਸਿੰਘ ਦਾ ਮੋਢਾ ਘੁੱਟਿਆ।
ਮੇਰੇ ਨਜ਼ਦੀਕ ਖਲੋਤੀ ਅਖ਼ਤਰ ਬੀਬੀ ਨੇ ਭਿੱਜੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਆਪਣੇ ਇਕ ਹੱਥ ਦੀਆਂ ਉਂਗਲਾਂ ਦੂਜੇ ਹੱਥ ਦੀਆਂ ਉਂਗਲਾਂ ਵਿਚ ਫਸਾ ਕੇ ਬੜੀ ਹਸਰਤ ਨਾਲ ਫੁਸਫੁਸਾਉਂਦੀ ਆਵਾਜ਼ ਵਿਚ ਕਿਹਾ, ‘‘ਆਪਾਂ ਇਕ ਕਿਉਂ ਨਹੀਂ ਹੋ ਸਕਦੇ!’’
ਪ੍ਰੇਮ ਸਿਘ ਹੌਸਲਾ ਕਰਕੇ ਉਠਿਆ ਤੇ ਚੌਕੜੀ ਮਾਰ ਕੇ ਪਲੰਘ ‘ਤੇ ਬੈਠ ਗਿਆ। ਐਨਕ ਉਤਾਰ ਕੇ ਅੱਥਰੂਆਂ ਨਾਲ ਭਿੱਜਾ ਚਿਹਰਾ ਸਾਫ਼ ਕੀਤਾ ਤੇ ਫਿਰ ਤਰਲਾ ਲਿਆ। ‘‘ਮੈਨੂੰ ਮੇਰੇ ਆਪਣੇ ਨਲਕੇ ਦਾ ਪਾਣੀ ਤਾਂ ਪਿਆ ਦਿਓ।’’
ਭੀੜ ਵਿਚੋਂ ਇਕ ਜਣਾ ਪਾਣੀ ਦਾ ਗਲਾਸ ਭਰ ਲਿਆਇਆ। ਪ੍ਰੇਮ ਸਿੰਘ ਘੁੱਟ ਘੁੱਟ ਕਰਕੇ ਆਪਣੇ ਘਰ ਦਾ ਪਾਣੀ ਪੀ ਰਿਹਾ ਸੀ। ਉਹਦਾ ਮੁਰਝਇਆ ਅੰਦਰ ਤੁੜ੍ਹਕ ਰਿਹਾ ਸੀ।
ਘਰ ਦਾ ਸਭ ਤੋਂ ਵੱਡਾ ਬਜ਼ੁਰਗ ਪ੍ਰੇਮ ਸਿੰਘ ਨਾਲ ਪਲੰਘ ‘ਤੇ ਬੈਠ ਗਿਆ। ਇਸ ਘਰ ਉਤੇ ਕਬਜ਼ੇ ਤੋਂ ਲੈ ਕੇ ਉਸ ਦੀ ਵੰਡ ਵੰਡਾਈ ਤੇ ਭਰਾਵਾਂ ਅਤੇ ਉਨ੍ਹਾਂ ਦੀ ਔਲਾਦ ਦੇ ਆਪਸੀ ਅਦਾਲਤੀ ਝਗੜੇ ਤਕ ਦੀ ਕਹਾਣੀ ਸੁਣਾ ਰਿਹਾ ਸੀ। ਇਹ ਵੀ ਦੱਸ ਰਿਹਾ ਸੀ ਕਿ ਉਹ ਆਪ ਵੀ ਇਸ ਘਰ ਦੇ ਇਸ ਹਿੱਸੇ ਵਿਚ ਕਈ ਸਾਲਾਂ ਪਿੱਛੋਂ ਦਾਖ਼ਲ ਹੋਇਆ ਹੈ। ਤਿੰਨਾਂ ਖ਼ਾਨਦਾਨਾਂ ਦਾ ਇਕ-ਦੂਜੇ ਨਾਲ ਬੋਲ ਚਾਲ ਹੀ ਬੰਦ ਹੈ ਤਾਂ ਘਰ ਵਿਚ ਆਉਣਾ ਜਾਣਾ ਕਾਹਦਾ ਹੋਇਆ!
ਮੈਂ ਘਰਾਂ ਵਿਚ ਬਣੇ ਦੇਸ਼ ਤੇ ਉਨ੍ਹਾਂ ਦੀਆਂ ਹੱਦਾਂ ਬਾਰੇ ਸੋਚ ਰਿਹਾ ਸਾਂ। ਪ੍ਰੇਮ ਸਿੰਘ ਉਸ ਬਜ਼ੁਰਗ ਨੂੰ ਉਹਦੀ ਉਮਰ ਪੁੱਛ ਰਿਹਾ ਸੀ।
‘‘ਹੋਊ ਇਹੋ ਕੋਈ ਅੱਸੀ ਪਚਾਨਵੇਂ ਸਾਲ।’’
ਇਕ ਨੌਜਵਾਨ ਨੇ ਲਾਗੋਂ ਚੁਟਕੀ ਲਈ
‘‘ਬਾਬਾ ਉਮਰ ਦੱਸਦੈਂ ਕਿ ਟਰੱਕ ਦਾ ਨੰਬਰ।’’
ਇਕ ਹਾਸਾ ਛਣਕਿਆ। ਮਾਹੌਲ ਦਾ ਤਣਾਅ ਢਿੱਲਾ ਹੋਇਆ। ਪ੍ਰੇਮ ਸਿੰਘ ਕਦੀ ਅਲਮਾਰੀ ਕੋਲ, ਕਦੀ ਪਲੰਘ ਉਤੇ, ਕਦੀ ਸੋਫ਼ੇ ਕੋਲ ਯਾਦਗਾਰੀ ਫੋਟੋ ਖਿਚਵਾਉਣ ਲੱਗਾ। ਭੀੜ ਵੀ ਸਾਡੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੀ ਸੀ। ਕੈਮਰਾ ਮੇਰੇ ਹੱਥ ਵਿਚ ਸੀ। ਅਖ਼ਤਰ ਬੀਬੀ ਕਹਿਣ ਲੱਗੀ, ‘‘ਮੈਂ ਆਪਣੇ ਭਾ ਵਰਿਆਮ ਨਾਲ ਵੀ ਫੋਟੋ ਖਿਚਵਾਉਣੀ ਹੈ।’’
ਕੁਝ ਹੀ ਪਲਾਂ ਦੀ ਸਾਂਝ ਨੇ ਉਸ ਦੇ ਬੋਲਾਂ ਵਿਚ ਮੇਰੇ ਲਈ ਭਰਾਵਾਂ ਵਾਲੀ ਅਪਣੱਤ ਘੁਲ ਗਈ ਸੀ।
ਘਰ ਦੀ ਸੁਆਣੀ ਚਾਹ ਬਣਾ ਲਿਆਈ। ਸਾਰੇ ਚਾਹ ਪੀਣ ਲੱਗੇ। ਬਜ਼ੁਰਗ ਨੇ ਚਾਹ ਪੀਣ ਤੋਂ ਨਾਂਹ-ਨੁੱਕਰ ਕੀਤੀ ਤਾਂ ਕਿਸੇ ਨੇ ਕਿਹਾ, ‘‘ਕੁੜੱਤਣ ਥੁੱਕ ਤੇ ਚਾਹ ਪੀ…’’
ਘਰ ਦੇ ਇਸ ਹਿੱਸੇ ਵਾਲਿਆਂ ਨਾਲ ਉਹਦੀ ਨਰਾਜ਼ਗੀ ਇਨ੍ਹਾਂ ਬੋਲਾਂ ਨਾਲ ਧੁਪ ਗਈ ਤੇ ਉਹ ਵੀ ਚਾਹ ਦੇ ਘੁੱਟ ਭਰਨ ਲੱਗਾ।
ਸੂਰਜ ਲਗਪਗ ਡੁੱਬ ਚੱਲਿਆ ਸੀ। ਏਥੇ ਹੁਣ ਕਿੰਨਾ ਕੁ ਚਿਰ ਬੈਠਾ ਜਾ ਸਕਦਾ ਸੀ। ਪਰਦੇਸੀਆਂ ਨੇ ਜਾਣਾ ਹੀ ਜਾਣਾ ਸੀ। ਪ੍ਰੇਮ ਸਿੰਘ, ਜਿਹੜਾ ਘਰ ਲੱਭਦਿਆਂ ਗਲੀਆਂ ਵਿਚ ਤੁਰਦਿਆਂ ਸਭ ਤੋਂ ਅੱਗੇ ਹੁੰਦਾ ਸੀ ਤੇ ਜਿਸ ਦੇ ਕਦਮਾਂ ਵਿਚ ਜਵਾਨਾਂ ਵਾਲੀ ਫੁਰਤੀ ਨਜ਼ਰ ਆਉਂਦੀ ਸੀ, ਉਹ ਦੋਹਾਂ ਬਾਹਵਾਂ ਦਾ ਜ਼ੋਰ ਲਾ ਕੇ ਹੀਅ ‘ਤੇ ਭਾਰ ਪਾ ਕੇ ਮਸਾਂ ਹੀ ਪਲੰਘ ਤੋਂ ਉਠਿਆ ਤੇ ਮਣ ਮਣ ਦੇ ਭਾਰੇ ਕਦਮਾਂ ਨਾਲ ਬਾਹਰ ਨੂੰ ਤੁਰਿਆ। ਦਰਵਾਜ਼ੇ ਵਿਚ ਖਲੋ ਕੇ ਕਮਰੇ ਨੂੰ ਇਕ ਵਾਰ ਫਿਰ ਆਪਣੀਆਂ ਅੱਖਾਂ ਵਿਚ ਭਰ ਲੈਣਾ ਚਾਹਿਆ।
ਉਹ ਹੌਲੀ ਹੌਲੀ ਘਰ ਤੋਂ ਵਿਛੜ ਰਿਹਾ ਸੀ। ਭਾਵੇਂ ਹੁਣੇ ਹੀ ਹਨੇਰਾ ਉਤਰਨ ਵਾਲਾ ਸੀ ਪਰ ਅਸੀਂ ਕੋਈ ਕਾਹਲੀ ਨਹੀਂ ਸਾਂ ਕਰਨਾ ਚਾਹੁੰਦੇ। ਮੈਂ ਬਾਹਰ ਆ ਕੇ ਖੜੋ ਗਿਆ। ਮੇਰੇ ਲਾਗੇ ਖੜੋਤਾ ਅੱਠ ਨੌਂ ਸਾਲ ਦਾ ਲੜਕਾ ਮੈਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ।
‘‘ਰਾਤ ਪੈ ਚੱਲੀ ਹੈ। ਅੱਜ ਤਾਂ ਰਾਤ ਹੁਣ ਤੇਰੇ ਘਰ ਹੀ ਕੱਟਾਂਗੇ… ਰਾਤ ਸਾਨੂੰ ਰੱਖ ਲਏਂਗਾ? ਰੋਟੀ ਰਾਟੀ ਖਵਾਏਂਗਾ ਨਾ!’’ ਮੈਂ ਉਸ ਨੂੰ ਛੇੜਿਆ।
ਉਹ ਮੇਰੇ ਇਸ ਸੁਆਲ ਨੂੰ ਗੰਭੀਰ ਸਮਝਦਿਆਂ ਛਾਬਲ ਗਿਆ ਤੇ ਭੋਲੇ-ਭਾਅ ਉਹਦੇ ਮੂੰਹੋਂ ਨਿਕਲ ਗਿਆ, ‘‘ਨਹੀਂ।’’
‘‘ਜਾਹ ਉਏ!’’
ਭੀੜ ਹੱਸ ਪਈ।
ਲਾਗੇ ਖੜੋਤੀ ਅੱਠ ਦਸ ਸਾਲ ਦੀ ਇਕ ਬੱਚੀ ਨੇ ਮੇਰਾ ਹੱਥ ਫੜ ਲਿਆ ਤੇ ਲਾਡ ਨਾਲ ਕਹਿਣ ਲੱਗੀ। ‘‘ਅੰਕਲ! ਤੁਸੀਂ ਬਹੁਤ ਚੰਗੇ ਓ…।’’
‘‘ਸੱਚ!’’ ਮੇਰਾ ਦਿਲ ਉਛਲਿਆ ਤੇ ਮੈਂ ਉਸ ਦੇ ਸਿਰ ਉਤੇ ਪਿਆਰ ਦਿੰਦਿਆਂ ਆਪਣੀ ਨੋਟ ਬੁੱਕ ਉਹਦੇ ਸਾਹਮਣੇ ਕਰ ਦਿੱਤੀ।
‘‘ਇਹ ਗੱਲ ਮੈਨੂੰ ਲਿਖ ਕੇ ਦੇਹ।’’
ਉਹ ਨੇ ਖ਼ੁਸ਼ਖ਼ਤ ਉਰਦੂ ਅੱਖਰਾਂ ਵਿਚ ਲਿਖ ਦਿੱਤਾ:
‘‘ਅੰਕਲ ਆਪ ਬਹੁਤ ਅੱਛੇ ਹੈਂ।’’
‘ਅੰਨਮ’
ਉਸ ਦੇ ਹੇਠਾਂ ਆਪਣੇ ਦਸਤਖ਼ਤ ਵੀ ਕਰ ਦਿੱਤੇ।
ਰਾਇ ਅਜ਼ੀਜ਼ ਉਲਾ ਨੇ ਕਾਰ ਲੈ ਆਂਦੀ। ਪ੍ਰੇਮ ਸਿੰਘ ਚਾਰ ਚੁਫ਼ੇਰੇ ਨੂੰ ਨਿਹਾਰਦਿਆਂ ਸਭ ਨੂੰ ਅਲਵਿਦਾ ਕਹਿ ਕੇ ਕਾਰ ਦੀ ਅਗਲੀ ਸੀਟ ਉਤੇ ਬੈਠ ਗਿਆ। ਅਨਵਰ ਤੇ ਸਤਨਾਮ ਮਾਣਕ ਵੀ ਕਾਰ ਵਿਚ ਬੈਠ ਗਏ। ਮੈਂ ਬਾਹਰ ਖੜੋਤੀ ਭੀੜ ਵੱਲ ਹੱਥ ਹਿਲਾ ਕੇ ਅਲਵਿਦਾ ਆਖੀ। ਰਾਤ ਰੱਖਣ ਤੋਂ ਨਾਂਹ ਕਰਨ ਵਾਲਾ ਲੜਕਾ ਦੌੜ ਕੇ ਮੇਰੇ ਕੋਲ ਆਇਆ ਤੇ ਬੜੇ ਉਤਸ਼ਾਹ ਨਾਲ ਜਾਨਦਾਰ ਆਵਾਜ਼ ਵਿਚ ਕਹਿਣ ਲੱਗਾ, ‘‘ਅੰਕਲ! ਕਦੀ ਵੀ ਫੇਰ ਵੀ ਆਇਓ।’’
ਮੈਂ ਉਸ ਦੀ ਗੱਲ੍ਹ ਪਿਆਰ ਨਾਲ ਥਪਥਪਾਈ ਤੇ ਅਸੀਂ ਕਾਰ ਵਿਚ ਬੈਠ ਗਏ।

‘‘ਲਓ ਜੀ! ਆ ਗਿਆ ਜੇ ਮੇਰਾ ਲਾਇਲਪੁਰ।’’ ਪ੍ਰੇਮ ਸਿੰਘ ਵਿਚ ਬਾਬੇ ਕਰਮ ਸਿੰਘ ਦੀ ਰੂਹ ਆਣ ਵੜੀ।
ਵੱਡੇ ਬੋਰਡ ‘ਤੇ ਲਿਖੇ ਅੱਖਰ ਚਮਕ ਰਹੇ ਸਨ।
City of Textile Welcomes you.
ਇਹੋ ਹੀ ਸੀ ਉਹ ਇਲਾਕਾ ਜਿਸ ਨੂੰ ਕਦੀ ਸਾਂਦਲ ਬਾਰ ਕਿਹਾ ਜਾਂਦਾ ਸੀ। ਸਾਂਦਲ ਦੁੱਲੇ ਦੇ ਪਿਉ ਦਾ ਨਾਂ ਸੀ, ਇਸ ਲਈ ਇਸ ਨੂੰ ‘ਦੁੱਲੇ ਦੀ ਬਾਰ’ ਵੀ ਆਖਿਆ ਜਾਂਦਾ ਸੀ। ਇਹੋ ਸੀ ਉਹ ਇਲਾਕਾ ਜਿਸ ਬਾਰੇ ਹਿਜਰਤ ਕਰ ਕੇ ਭਾਰਤ ਪੁੱਜੇ ਲੋਕ ਅਕਸਰ ਜ਼ਿਕਰ ਕਰਦਿਆ ਕਰਦੇ ਤੇ ਹਰ ਗੱਲ ਨਾਲ ਆਖਦੇ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ, ਉਦੋਂ ਗੱਲ ਈ ਹੋਰ ਸੀ।’’
‘ਬਾਰ’ ਦਾ ਵਾਰ-ਵਾਰ ਜ਼ਿਕਰ ਹੋਣ ਕਰਕੇ ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ…’’ ਲੋਕਾਂ ਨੇ ਮਜ਼ਾਕ ਵੀ ਬਣਾ ਧਰਿਆ ਸੀ। ਵਰਤਮਾਨ ਤੋਂ ਅਸੰਤੁਸ਼ਟ ਕੋਈ ਵੀ ਵਿਅਕਤੀ ਹੱਸ ਕੇ ਕਹਿ ਦਿੰਦਾ, ‘‘ਜਦੋਂ ਅਸੀਂ ਬਾਰ ਵਿਚ ਹੁੰਦੇ ਸਾਂ’’ ਜਾਂ ‘‘ਬਾਰ ਵਾਲੀਆਂ ਗੱਲਾਂ ਕਿੱਥੇ!’’
ਇਸ ਸ਼ਹਿਰ ਨੂੰ ਅੱਜ ਵੀ ਪਾਕਿਸਤਾਨ ਦਾ ਮਾਨਚੈਸਟਰ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਲਗਪਗ 1884-45 ਵਿਚ ਝੰਗ ਦਾ ਡਿਪਟੀ ਕਮਿਸ਼ਨਰ ਜਦੋਂ ਲਾਹੌਰ ਨੂੰ ਜਾਂਦਿਆਂ ਇਸ ਰਾਹੋਂ ਗੁਜ਼ਰਿਆ ਤੇ ਉਸ ਨੇ ‘ਪੱਕਾ ਮਾੜੀ’ ਸਥਾਨ ‘ਤੇ ਰਾਤ ਕੱਟੀ ਤਾਂ ਉਸ ਨੇ ਸੋਚ ਲਿਆ ਕਿ ਇਹ ਥਾਂ ਰੇਲਵੇ ਸਟੇਸ਼ਨ ਅਤੇ ਮੰਡੀ ਵਾਸਤੇ ਬਹੁਤ ਢੁਕਵੀਂ ਹੈ। ਉਸ ਨੇ ਆਪਣੀ ਇਹ ਸਕੀਮ ਪੰਜਾਬ ਦੇ ਗਵਰਨਰ ਅੱਗੇ ਪੇਸ਼ ਕੀਤੀ ਜੋ ਉਸੇ ਵੇਲੇ ਮਨਜ਼ੂਰ ਕਰ ਲਈ ਗਈ। ਸਰ ਗੰਗਾ ਰਾਮ ਨੂੰ ਹੁਕਮ ਹੋਇਆ ਕਿ ਉਹ ਤਜਵੀਜ਼ ਕੀਤੇ ਸ਼ਹਿਰ ਦਾ ਨਕਸ਼ਾ ਬਣਾਏ। ਉਸ ਨੇ ਯੂਨੀਅਨ ਜੈਕ ਝੰਡੇ ਮੁਤਾਬਕ ਇਸ ਸ਼ਹਿਰ ਦਾ ਨਕਸ਼ਾ ਤਿਆਰ ਕੀਤਾ।
1896 ਵਿਚ ਇਸ ਸ਼ਹਿਰ ਦੀ ਨੀਂਹ ਰੱਖੀ ਗਈ। ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਜੇਮਜ਼ ਲਾਇਲ  ਦੇ ਨਾਂ ਉਤੇ ਇਸ ਦਾ ਨਾਮ ਲਾਇਲਪੁਰ ਰੱਖਿਆ ਗਿਆ। ਡਿਪਟੀ ਕਮਿਸ਼ਨਰ ਦੀ ਵਰਤਮਾਨ ਰਿਹਾਇਸ਼ ਵਾਲੀ ਉਹ ਪਹਿਲੀ ਬਿਲਡਿੰਗ ਸੀ ਜੋ ਇਥੇ ਬਣਾਈ ਗਈ। ਪਹਿਲਾਂ ਕੇਵਲ ਤਿੰਨ ਬਾਜ਼ਾਰ ; ਕਚਹਿਰੀ ਬਾਜ਼ਾਰ, ਰੇਲ ਬਾਜ਼ਾਰ ਤੇ ਕਾਰਖ਼ਾਨਾ ਬਾਜ਼ਾਰ ਬਣੇ। ਇਸ ਤੋਂ ਪਿੱਛੋਂ ਪੰਜ ਹੋਰ ਬਾਜ਼ਾਰ ਬਣੇ। 1896 ਵਿਚ ਹੀ ਵਜ਼ੀਰਾਬਾਦ ਤੋਂ ਲਾਇਲਪੁਰ ਨੂੰ ਰੇਲਵੇ ਲਾਈਨ ਬਣਾਈ ਗਈ ਤੇ ਉਸੇ ਹੀ ਸਾਲ ਰੇਲਵੇ ਸਟੇਸ਼ਨ ਦੀ ਬਿਲਡਿੰਗ ਬਣੀ।
ਯੂਨੀਅਨ ਜੈਕ ਵਾਂਗ ਸ਼ਹਿਰ ਦੇ ਵਿਚਕਾਰ ਇਕ ਗੋਲ-ਚੱਕਰ ਹੈ ਤੇ ਉਸ ਚੱਕਰ ਵਿਚੋਂ ਹੀ ਬਾਹਰ ਨੂੰ ਨਿਕਲਦੇ ਹਨ ਅੱਠੇ ਬਾਜ਼ਾਰ। ਕਿਸੇ ਵੀ ਬਾਜ਼ਾਰ ਵਿਚ ਵੜ ਜਾਵੋ ਘੁੰਮ-ਫਿਰ ਕੇ ਵਿਚਕਾਰਲੇ ਗੋਲ-ਚੱਕਰ ‘ਤੇ ਪੁੱਜ ਜਾਵੋਗੇ। ਇਥੇ ਹੀ ਹੈ ਚੌਕ ਵਿਚ ਲਾਇਲਪੁਰ ਦਾ ਉੱਚਾ ਘੰਟਾਘਰ ਜੋ 1903 ਵਿਚ ਸ਼ੁਰੂ ਹੋ ਕੇ 1905 ਵਿਚ ਮੁਕੰਮਲ ਹੋਇਆ।
ਲਾਇਲਪੁਰ ਦਾ ਨਾਂ 1977 ਵਿਚ ਸਾਊਦੀ-ਅਰਬ ਦੇ ਬਾਦਸ਼ਾਹ ਸ਼ਾਹ ਫ਼ੈਸਲ ਦੇ ਨਾਂ ‘ਤੇ ਫ਼ੈਸਲਾਬਾਦ ਕਰ ਦਿੱਤਾ ਗਿਆ ਪਰ ਇਸ ਵਿਚ ਲਾਇਲਪੁਰ ਵਰਗੀ ਖ਼ੁਸ਼ਬੂ ਕਿਥੇ?
ਲਾਇਲਪੁਰ ਦੇ ਉਤਰ-ਪੱਛਮ ਵੱਲ 25 ਮੀਲ ਦੀ ਦੂਰੀ ‘ਤੇ ਦਰਿਆ ਚਨਾਬ ਵਗਦਾ ਹੈ ਅਤੇ ਪੂਰਬ ਵੱਲ 27 ਮੀਲਾਂ ਦੀ ਦੂਰੀ ‘ਤੇ ਰਾਵੀ ਲੰਘਦੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਲਾਇਲਪੁਰ ਵਿਚ ਸਥਾਪਤ ਐਗਰੀਕਲਰਚਰ ਕਾਲਜ ਹੁਣ ਇਕ ਬਹੁਤ ਵੱਡੀ ਐਗਰੀਕਲਚਰ ਯੂਨੀਵਰਸਿਟੀ ਵਿਚ ਤਬਦੀਲ ਹੋ ਚੁੱਕਾ ਹੈ। ਇਥੇ ਇਕ ਮੈਡੀਕਲ ਕਾਲਜ ਤੇ ਤੇਰਾਂ ਡਿਗਰੀ ਕਾਲਜ ਹਨ। 1901 ਵਿਚ ਇਸ ਸ਼ਹਿਰ ਦੀ ਆਬਾਦੀ 5001 ਸੀ ਜੋ ਹੁਣ ਦੋ ਲੱਖ ਤੋਂ ਉਪਰ ਹੋ ਚੁੱਕੀ ਹੈ। ਪਚਵੰਜਾ ਵਰਗ ਮੀਲ ਵਿਚ ਫੈਲਿਆ ਇਹ ਸ਼ਹਿਰ ਲੱਖਾਂ ਪੰਜਾਬੀਆਂ ਵਾਂਗ ਪ੍ਰੇਮ ਸਿੰਘ ਦੀ ਰੂਹ ਵਿਚ ਰਚਿਆ ਹੋਇਆ ਸੀ।
ਰਾਇ ਅਜ਼ੀਜ਼ ਉਲਾ ਨੇ ਪ੍ਰੇਮ ਸਿੰਘ ਦੇ ਕਹਿਣ ‘ਤੇ ਕਾਰ ਰੋਕੀ। ਪ੍ਰੇਮ ਸਿੰਘ ਨੇ ਰਾਹ ਪੁੱਛਿਆ ਪਰ ਬੇਪ੍ਰਵਾਹੀ ਨਾਲ ਮੁੰਡੇ ਨੇ ਸਿਰ ਹਿਲਾ ਦਿੱਤਾ ਜਿਵੇਂ ਉਹ ਜਾਣ-ਬੁਝ ਕੇ ਰਾਹ ਦੱਸਣੋਂ ਇਨਕਾਰੀ ਹੋਵੇ।
‘‘ਪਹਿਲਾਂ ਸੰਧੂ ਸਾਹਿਬ ਨੂੰ ਇਨ੍ਹਾਂ ਦਾ ਕਾਲਜ ਦਿਖਾਈਏ ਫਿਰ ਵਿਹਲੇ ਹੋ ਕੇ ਘਰ ਲੱਭਦੇ ਹਾਂ।’’
ਅਸਲ ਵਿਚ ਪ੍ਰੇਮ ਸਿੰਘ ਆਪਣਾ ਘਰ ਲੱਭਣ ਲਈ ਵੱਧ ਤੋਂ ਵੱਧ ਸਮਾਂ ਬਚਾ ਕੇ ਰੱਖਣਾ ਚਾਹੁੰਦਾ ਸੀ। ਖ਼ਾਲਸਾ ਕਾਲਜ ਲਾਇਲਪੁਰ ਉਸ ਦਾ ਆਪਣਾ ਕਾਲਜ ਵੀ ਸੀ। ਉਹ ਵੀ ਇਥੇ ਹੀ ਪੜ੍ਹਦਾ ਰਿਹਾ ਸੀ। ਬਾਅਦ ਦੁਪਹਿਰ ਚਾਰ-ਸਾਢੇ ਚਾਰ ਵਜੇ ਦਾ ਸਮਾਂ ਸੀ ਜਦੋਂ ਸਾਡੀ ਕਾਰ ਕਾਲਜ ਦਾ ਗੇਟ ਲੰਘ ਕੇ ਖੁੱਲ੍ਹੇ ਸਿਹਨ ਵਿਚ ਜਾ ਖੜ੍ਹੋਤੀ। ਸਾਡੇ ਵੱਲ ਸਕੂਲ ਦਾ ਸੇਵਾਦਾਰ ਆਇਆ। ਅਸੀਂ ਪ੍ਰਿੰਸੀਪਲ ਬਾਰੇ ਪੁੱਛਿਆ। ਥੋੜ੍ਹੀ ਦੇਰ ਪਹਿਲਾਂ ਸਾਰਾ ਸਟਾਫ ਘਰੋ-ਘਰੀ ਜਾ ਚੁੱਕਾ ਸੀ। ਤਿੰਨ ਚਾਰ ਸੇਵਾਦਾਰ ਹੀ ਉਥੇ ਦਿਖਾਈ ਦੇ ਰਹੇ ਸਨ। ਇਕ ਸੇਵਾਦਾਰ ਨੇੜੇ ਹੀ ਰਹਿੰਦੇ ਪ੍ਰਿੰਸੀਪਲ ਨੂੰ ਬੁਲਾਉਣ ਤੁਰ ਪਿਆ।
ਨਸਵਾਰੀ ਰੰਗ ਦੀ ਲਗਪਗ ਸੌ ਸਾਲ ਪਹਿਲਾਂ ਉਸਰੀ ਇਮਾਰਤ ਅਜੇ ਵੀ ਪੁਰਾਣੀਆਂ ਖ਼ੁਰਾਕਾਂ ਖਾਣ ਵਾਲੇ ਬਜ਼ੁਰਗਾਂ ਵਾਂਗ ਪੂਰੀ ਸ਼ਾਨੋ-ਸ਼ੌਕਤ ਨਾਲ ਖੜੋਤੀ ਸੀ। ਪ੍ਰਿੰਸੀਪਲ ਦੇ ਦਫ਼ਤਰ ਦੇ ਨਜ਼ਦੀਕ ਹੀ ਬਰਾਂਡੇ ਦੇ ਨਾਲ ਇਕ ਕਮਰੇ ਉਪਰ ਪੰਜਾਬੀ ਵਿਚ ਲਿਖੀ ਘਸਮੈਲੀ ਸਿਲ਼ ਦੱਸ ਰਹੀ ਸੀ ਕਿ ਪਹਿਲਾਂ ਇਹ ਕਾਲਜ ਅਸਲ ਵਿਚ ਸਕੂਲ ਵਜੋਂ ਹੀ ਸ਼ੁਰੂ ਹੋਇਆ ਸੀ। ਅਸਲ ਇਬਾਰਤ ਇੰਜ ਸੀ:

ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਧਰਤ ਸੁਹਾਵੜੀ ਮੰਗ ਸੁਵੰਨੜੀ ਦੇਹ।
ਵਿਰਲੈ ਕੋਈ ਪਾਈਐ ਨਾਲ ਪਿਆਰੇ ਨੇਹ।
ਖਾਲਸਾ ਹਾਈ ਸਕੂਲ ਲਾਇਲਪੁਰ ਦੀ
ਇਹ ਭੂਮ ਰੰਗਾਵਲੀ
ਸਰਦਾਰ ਜਵੰਦ ਸਿੰਘ ਜੀ ਵਾਸੀ
ਚੱਕ ਨੰ: 213 ਨੇ ਆਪਣੇ ਧੰਨ ਭਾਗ ਜਾਣ ਕੇ
ਖੇਤ ਪਛਾਣਹਿ ਬੀਜਹਿ ਦਾਨ
ਗੁਰ-ਵਾਕ ਅਨੁਸਾਰ
ਪੰਥ ਗੁਰੂ ਦੀ ਸੇਵਾ ਵਿਚ ਸਮਰਪਣ ਕੀਤੀ।
ਸਿਲ਼ ਦੇ ਉਪਰ ਦੋਹੀਂ ਪਾਸੀਂ ਗੋਲਾਈ ਵਿਚ ਪਈਆਂ ਦੋ ਕਿਰਪਾਨਾਂ ਵਿਚ ਸਿੱਧੇ ਖੜੋਤੇ ਖੰਡੇ ਦੇ ਆਕਾਰ ਉਕਰੇ ਹੋਏ ਸਨ। ਹੇਠਾਂ ਅੰਗਰੇਜ਼ੀ ਵਿਚ ਇਹੋ ਇਬਾਰਤ ਸੀ :
This piece of  land for
The Khalsa High School Lyallpur is the gift of S. Jawand Singh of Chak No. 213.
ਇਹ ਸਕੂਲ 1908 ਵਿਚ ਬਣਿਆ ਸੀ। ਬਾਅਦ ਵਿਚ ਇਹ ਖ਼ਾਲਸਾ ਕਾਲਜ ਲਾਇਲਪੁਰ ਵਿਚ ਤਬਦੀਲ ਹੋ ਗਿਆ। ਇਥੇ ਹੀ ਪ੍ਰਿਥਵੀ ਰਾਜ ਕਪੂਰ ਵਰਗੇ ਹੋਰ ਪ੍ਰਸਿੱਧ ਲੋਕਾਂ ਨੇ ਵਿਦਿਆ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਬੰਧਕਾਂ ਨੇ ਜਲੰਧਰ ਵਿਚ ਜਾ ਕੇ ਇਸ ਕਾਲਜ ਨੂੰ ਦੁਬਾਰਾ ਸਥਾਪਤ ਕਰ ਲਿਆ ਪਰ ਲਾਇਲਪੁਰ ਦਾ ਨਾਂ ਉਨ੍ਹਾਂ ਨਾਲ ਹੀ ਜੋੜੀ ਰੱਖਿਆ। ਕੁਝ ਸਾਲ ਪਹਿਲਾਂ ਤਕ ਜਿਉਂਦਾ ਬਾਬਾ ਬੰਤਾ ਸਿੰਘ ਪਹਿਲਾਂ ਇਸੇ ਕਾਲਜ ਵਿਚ ਸੇਵਾਦਾਰ ਹੁੰਦਾ ਸੀ। ਉਹ ਜਦੋਂ ਵੀ ਗੱਲ ਕਰਦਾ ਲਾਇਲਪੁਰ ਵਾਲੇ ਕਾਲਜ ਦੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਵੱਲ ਬਦੋ-ਬਦੀ ਆਪਣੀ ਗੱਲ ਦਾ ਮੋੜਾ ਪਾ ਲੈਂਦਾ।
ਅੱਜ-ਕੱਲ੍ਹ ਇਸ ਕਾਲਜ ਦਾ ਨਾਂ ਗੌਰਮਿੰਟ ਮਿਉਂਸਪਲ ਡਿਗਰੀ ਕਾਲਜ ਲਾਇਲਪੁਰ ਹੈ। ਪ੍ਰਿੰਸੀਪਲ ਨੂੰ ਬੁਲਾਉਣ ਗਿਆ ਸੇਵਾਦਾਰ ਆ ਗਿਆ ਸੀ। ਲਾਜਵਰ ਲੱਗੇ ਚਿੱਟੇ ਸਲਵਾਰ-ਕਮੀਜ਼ ਵਿਚ ਸਾਦਾ ਦਿੱਖ ਵਾਲਾ ਚੁੱਪ ਜਿਹਾ ਦਿਸਣ ਵਾਲਾ ਬੰਦਾ ਸੀ ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ। ਉਹ ਪਰ੍ਹਿਓਂ ਹੌਲੀ-ਹੌਲੀ ਤੁਰਦਾ ਸਾਡੇ ਕੋਲ ਆਇਆ ਤੇ ਹੱਥ ਮਿਲਾ ਕੇ ‘ਸਲਾਮ’ ਆਖੀ। ਅਸੀਂ ਬਰਾਂਡਾ ਲੰਘ ਕੇ ਦਫ਼ਤਰ ਵਿਚ ਜਾ ਬੈਠੇ। ਕਿਸੇ ਸਮੇਂ ਇਹੋ ਹੀ ਦਫ਼ਤਰ ਹਾਈ ਸਕੂਲ ਦਾ ਦਫ਼ਤਰ ਹੁੰਦਾ ਸੀ। ਪ੍ਰਿੰਸੀਪਲ ਆਪਣੀ ਕੁਰਸੀ ‘ਤੇ ਬੈਠਾ ਅਤੇ ਅਸੀਂ ਮੇਜ਼ ਤੋਂ ਉਰਲੇ ਪਾਸੇ ਉਹ ਦੇ ਸਾਹਮਣੇ ਬੈਠ ਗਏ। ਪੈਂਦੀ ਸੱਟੇ ਮੇਰੀ ਨਜ਼ਰ ਪ੍ਰਿੰਸੀਪਲ ਦੇ ਸਿਰ ਪਿੱਛੇ ਕੰਧ ਉਤੇ ਲੱਗੀ ਛੋਟੀ ਜਿਹੀ ਤਖ਼ਤੀ ਉਤੇ ਪਈ।
Great people talk about ideas
Average people talk about things
Small people talk about others
(ਮਹਾਨ ਲੋਕ ਵਿਚਾਰਾਂ ਬਾਰੇ ਗੱਲਾਂ ਕਰਦੇ ਹਨ। ਔਸਤ ਦਰਜੇ ਦੇ ਲੋਕ ਚੀਜ਼ਾਂ-ਵਸਤਾਂ ਬਾਰੇ ਗੱਲਾਂ ਕਰਦੇ ਹਨ। ਛੋਟੇ ਲੋਕ ਦੂਜਿਆਂ ਬਾਰੇ ਗੱਲਾਂ ਕਰਦੇ ਹਨ)
‘‘ਮੈਂ ਵੀ ਤੁਹਾਡਾ ਸਟਾਫ਼ ਮੈਂਬਰ ਹਾਂ’’ ਮੈਂ ਪ੍ਰਿੰਸੀਪਲ ਨੂੰ ਦੱਸਿਆ ਤਾਂ ਉਹ ਹੈਰਾਨ ਹੋਇਆ।
ਅਸੀਂ ਦੱਸਿਆ ਕਿ ਇਸ ਦਾ ਜੁੜਵਾਂ ਭਰਾ, ਦੂਜਾ ਕਾਲਜ ਅੱਜ-ਕੱਲ੍ਹ ਜਲੰਧਰ ਵਿਚ ਚੱਲ ਰਿਹਾ ਹੈ, ‘ਲਾਇਲਪੁਰ ਖ਼ਾਲਸਾ ਕਾਲਜ ਜਲੰਧਰ’। ਉਥੋਂ ਦਾ ਅਧਿਆਪਕ ਹੋਣ ਨਾਤੇ ਮੈਂ ਉਸ ਦੇ ‘ਸਟਾਫ ਦਾ ਮੈਂਬਰ’ ਹੀ ਹਾਂ।
ਸਾਡੇ ਕਾਲਜ ਆਉਣ ਦਾ ਮਕਸਦ ਜਾਣ ਕੇ ਉਹ ਸ਼ਾਂਤ ਵੀ ਹੋਇਆ ਤੇ ਖ਼ੁਸ਼ ਵੀ। ਪਹਿਲਾਂ ਸਾਡੀ ਅਚਨਚੇਤ ਆਮਦ ਵੇਖ ਕੇ ਉਹਦੇ ਚਿਹਰੇ ‘ਤੇ ਉਤਸੁਕਤਾ ਭਰਿਆ ਤਣਾਓ ਸੀ। ਉਹ ਦੱਸਣ ਲੱਗਾ ਕਿ ਦੇਸ਼ ਦੀ ਵੰਡ ਸਮੇਂ ਇਥੇ ਬੜਾ ਵੱਡਾ ਮੁਹਾਜਰ ਕੈਂਪ ਬਣ ਗਿਆ ਸੀ। ਕਈ ਚਿਰ ਤਾਂ ਪੜ੍ਹਾਈ ਹੀ ਸ਼ੁਰੂ ਨਾ ਹੋ ਸਕੀ। ਫਿਰ 1958 ਵਿਚ ਕਾਰਪੋਰੇਸ਼ਨ ਨੇ ਇਹਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈ ਲਿਆ। ਅੱਜ-ਕੱਲ੍ਹ ਇਥੇ ਬੀ.ਏ. ਬੀ.ਐੱਸ.ਸੀ. ਦੀਆਂ ਕਲਾਸਾਂ ਵਿਚ ਲਗਪਗ ਦੋ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। ਮੈਂ ਜਲੰਧਰ ਵਾਲੇ ਕਾਲਜ ਦੀ, ਨਵੇਂ ਕੋਰਸਾਂ ਤੇ ਕੰਪਿਊਟਰ ਕਲਾਸਾਂ ਸਦਕਾ ਪੰਜਾਬ ਦੇ ਪਹਿਲੇ ਕਾਲਜ ਵਜੋਂ, ਚੜ੍ਹਤ ਦਾ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਲਾਇਲਪੁਰ ਵਾਲੇ ਇਸ ਕਾਲਜ ਵਿਚ ਵੀ ਕੰਪਿਊਟਰ ਕਲਾਸਾਂ ਚੱਲਦੀਆਂ ਹਨ ਤੇ ਇਸ ਵੇਲੇ ਕਾਲਜ ਕੋਲ 70 ਕੰਪਿਊਟਰ ਹਨ।
ਪ੍ਰਿੰਸੀਪਲ ਨਿਆਜ਼ ਅਲੀ ਸ਼ਾਦ ਹੌਲੀ-ਹੌਲੀ ਸਾਡੇ ਨਾਲ ਖੁੱਲ੍ਹ ਰਿਹਾ ਸੀ। ਬਿਸਕੁਟਾਂ ਨਾਲ ਚਾਹ ਪੀਂਦਿਆਂ ਅਸੀਂ ਉਸ ਦੀ ਕਹਾਣੀ ਸੁਣ ਰਹੇ ਸਾਂ। ਕਰਤਾਰਪੁਰ ਨੇੜਲਾ ਪਿੰਡ ਦਿਆਲਪੁਰ ਉਸਦਾ ਤੇ ਉਹਦੇ ਵਡੇਰਿਆਂ ਦਾ ਪਿੰਡ ਸੀ। ਉਹ ਆਪਣੇ ਪਿੰਡ ਦਿਆਲਪੁਰ ਵਿਚ ਉਸ ਸਮੇਂ ਹਿੰਦੂਆਂ-ਸਿੱਖਾਂ ਦੀ ਪ੍ਰਤੀਸ਼ਤ ਦੱਸਣ ਲੱਗਾ ਤਾਂ ਪ੍ਰੇਮ ਸਿੰਘ ਆਪਣੇ ਸ਼ਹਿਰ ਲਾਇਲਪੁਰ ਦੀ ਇਹੋ ਪ੍ਰਤੀਸ਼ਤ ਦੱਸਣ ਲੱਗਾ। ਦੋਵੇਂ ਆਪੋ-ਆਪਣੇ ਮੁਢਲੇ ਦਿਨਾਂ ਵਿਚ ਗੁਆਚੇ ਹੋਏ ਸਨ। ਰਾਇ ਅਜ਼ੀਜ਼ ਉੱਲਾ ਨੇ ਹੌਲੀ ਜਿਹੀ ਮੈਨੂੰ ਕਿਹਾ, ‘‘ਇਥੇ ਹਰ ਇਕ ਨੂੰ ਆਪੋ-ਆਪਣੀ ਪਈ ਹੈ।’’
ਪਰ ਪ੍ਰਿੰਸੀਪਲ ਕੋਲ ਤਾਂ ਆਪਣੇ ਪਿੰਡ ਦੀਆਂ ਯਾਦਾਂ ਹੀ ਸਨ ਤੇ ਪ੍ਰੇਮ ਸਿੰਘ ਆਪਣੇ ਸ਼ਹਿਰ ਦੇ ਵਿਚ ਫਿਰ ਰਿਹਾ ਸੀ। ਉਤੇਜਤ ਅਤੇ ਉਤਸ਼ਾਹੀ। ਉਸ ਨੂੰ ਲੱਗਦਾ ਸੀ ਕਿ ਪ੍ਰਿੰਸੀਪਲ ਨਾਲ ਲੋੜ ਜੋਗੀਆਂ ਗੱਲਾਂ ਹੋ ਗਈਆਂ ਹਨ ਇਸ ਲਈ ਸਾਨੂੰ ਛੇਤੀ ਤੁਰ ਪੈਣਾ ਚਾਹੀਦਾ ਹੈ।
ਅਸੀਂ ਪ੍ਰੇਮ ਸਿੰਘ ਦੇ ‘ਬਾਲ ਹੱਠ’ ਨੂੰ ਜਾਣ ਚੁੱਕੇ ਸਾਂ ਤੇ ਸਾਨੂੰ ਇਹ ‘ਹੱਠ’ ਹੁਣ ਚੰਗਾ ਵੀ ਲੱਗਣ ਲੱਗ ਪਿਆ ਸੀ। ਆਪਣੀ ਧਰਤੀ ਨਾਲ ਇਸ ਮਾਸੂਮ ਮੋਹ ਨੇ ਉਸ ਅੰਦਰਲਾ ਬਾਲ ਜਗਾ ਦਿੱਤਾ ਸੀ। ਪ੍ਰੇਮ ਸਿੰਘ ਦੇ ਕਾਹਲੀ-ਕਾਹਲੀ ਕਰਦਿਆਂ ਵੀ ਮੈਂ ਪ੍ਰਿੰਸੀਪਲ ਨੂੰ ਕਿਹਾ ਕਿ ਆਪਣੀ ਖ਼ੈਰ-ਸੁਖ ਦੱਸਦਿਆਂ ਜੁੜਵੇਂ ਭਰਾ ਜਲੰਧਰ ਵਾਲੇ ਕਾਲਜ ਦੇ ਪ੍ਰਿੰਸੀਪਲ ਦੇ ਨਾਂ ਦੋ ਮੁਹੱਬਤ ਦੇ ਅੱਖਰ ਹੀ ਲਿਖ ਦੇਵੇ। ਉਸ ਨੇ ਬੜੀ ਫਰਾਖ਼ ਦਿਲੀ ਨਾਲ ਬੜੇ ਚੰਗੇ ਸ਼ਬਦਾਂ ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਨੂੰ ਮੁਹੱਬਤਨਾਮਾ ਲਿਖਦਿਆਂ ਕਾਲਜ ਦੇ ਤਰੱਕੀ ਕਰਦੇ ਰਹਿਣ ਦੀ ਦੁਆ ਕੀਤੀ।
ਕਾਲਜ ਦੀ ਨਿਸ਼ਾਨੀ ਵਜੋਂ ਅਸੀਂ ਕੁਝ ਤਸਵੀਰਾਂ ਵੀ ਖਿੱਚੀਆਂ। ਸਾਡੇ ਕਹਿਣ ‘ਤੇ ਪ੍ਰਿੰਸੀਪਲ ਨੇ ਪਾਕਿਸਤਾਨ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ਸਮੇਂ ਸੰਪਾਦਤ ਕੀਤਾ ਕਾਲਜ ਦਾ ਮੈਗਜ਼ੀਨ ‘ਮਿਨਰਵਾ’ ਵੀ ਸਾਨੂੰ ਦਿੱਤਾ ਤੇ ਅਸੀਂ ਉਸ ਦਾ ਧੰਨਵਾਦ ਕਰਕੇ ਛੁੱਟੀ ਲਈ।
ਹੁਣ ਅਸੀਂ ਪੂਰੀ ਤਰ੍ਹਾਂ ਪ੍ਰੇਮ ਸਿੰਘ ਨੂੰ ਸਮਰਪਤ ਸਾਂ।
‘‘ਤੁਸੀਂ ਗੱਡੀ ਸਟੇਸ਼ਨ ਨੂੰ ਲੈ ਚੱਲੋ।’’
ਰਾਇ ਅਜ਼ੀਜ਼ ਉਲਾ ਸ਼ਾਹਿਰ ਦਾ ਜਾਣੂ ਸੀ। ਸਟੇਸ਼ਨ ਆਇਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰੋਕੋ! ਰੋਕੋ!’’
ਉਹ ਉਤੇਜਿਤ ਹੋਇਆ ਕਾਰ ਤੋਂ ਉਤਰ ਖਲੋਤਾ।
‘‘ਹਾਇ! ਹਾਇ!‥ ਲਾਲ ਦਰਵਾਜ਼ਾ ਹੁੰਦਾ ਸੀ ਸਟੇਸ਼ਨ ਦਾ…’’ ਉਹਨੂੰ ਜਿਵੇਂ ਮਿਕਨਾਤੀਸ ਨੇ ਖਿੱਚ ਲਿਆ। ਸਾਡੇ ਤੋਂ ਬੇਪ੍ਰਵਾਹ ਉਹ ਸਟੇਸ਼ਨ ਦੇ ਮੁੱਖ ਦਰਵਾਜ਼ੇ ਵੱਲ ਵਧਿਆ।
‘‘ਅੰਦਰ ਆਉਣਾ ਜੇ ਤਾਂ ਆ ਜਾਓ… ਨਹੀਂ ਆਉਣਾ ਤਾਂ ਨਾ ਆਓ। ਮੈਨੂੰ ਹੋ ਆਉਣ ਦਿਓ… ਦੋ ਮਿੰਟ…’’
ਮੁੱਖ ਰਾਹ ਦੀਆਂ ਪੌੜੀਆਂ ‘ਤੇ ਝੁਕ ਕੇ ਉਸ ਨੇ ਆਪਣੇ ਪੋਟੇ ਛੁਹਾਏ ਤੇ ਫਿਰ ਮੱਥੇ ਨੂੰ ਹੱਥ ਲਾਇਆ। ਉਸ ਦੀ ਉਤੇਜਨਾ ਤੇ ਵਿਹਾਰ ਵਿਚਲੀ ਵਿਆਕੁਲਤਾ ਨੇ ਸਾਨੂੰ ਵੀ ਤਰਲ ਕਰ ਦਿੱਤਾ ਸੀ। ਉਹ ਅੱਗੇ-ਅੱਗੇ ਤੇ ਅਸੀਂ ਪਿੱਛੇ ਪਲੇਟ-ਫਾਰਮ ‘ਤੇ ਜਾ ਚੜ੍ਹੇ। ਟੀ.ਟੀ., ਕੁੱਲੀ ਤੇ ਸਵਾਰੀਆਂ ਸਾਡੇ ਵੱਲ ਵੇਖ ਰਹੀਆਂ ਸਨ। ਪੇ੍ਰਮ ਸਿੰਘ ਸਭ ਕਾਸੇ ਤੋਂ ਬੇਨਿਆਜ਼ ਪਲੇਟਫ਼ਾਰਮ ‘ਤੇ ਖਲੋਤੀ ਰੇਲ ਗੱਡੀ ਦੇ ਨਾਲ-ਨਾਲ ਤੁਰਨ ਲੱਗਾ। ਇੰਜ ਲੱਗਦਾ ਸੀ ਜਿਵੇਂ ਉਹਦਾ ਕੋਈ ਆਪਣਾ ਗੁਆਚ ਗਿਆ ਹੋਵੇ ਤੇ ਉਹ ਕਾਹਲੇ ਕਦਮੀਂ ਉਸ ਨੂੰ ਲੱਭ ਰਿਹਾ ਹੋਵੇ। ਉਹ ਇਕ ਬਾਰੀ ਵਿਚੋਂ ਅੰਦਰ ਵੜ ਕੇ ਵਾਪਸ ਉਤਰਿਆ ਜਿਵੇਂ ਹੁਣੇ ਕਿਸੇ ਨੂੰ ਵੇਖ ਕੇ ਜਾਂ ਸੀਟ ‘ਤੇ ਬਿਠਾ ਕੇ ਬਾਹਰ ਨਿਕਲਿਆ ਹੋਵੇ। ਫਿਰ ਡੱਬੇ ਤੋਂ ਬਾਹਰ ਆ ਕੇ ਇਕ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖਣ ਲੱਗਾ ਜਿਵੇਂ ਕਿਸੇ ਨਾਲ ਗੱਲਾਂ ਕਰਨ ਲੱਗਾ ਹੋਵੇ। ਉਸ ਨੇ ਰਾਇ ਸਾਹਿਬ ਨੂੰ ਕੈਮਰਾ ਫੜਾਉਂਦਿਆਂ ਕਿਹਾ, ‘‘ਇੰਜ ਹੀ ਮੇਰੀ ਇਕ ਤਸਵੀਰ ਖਿੱਚੋ। ਖਿੜਕੀ ਤੋਂ ਅੰਦਰ ਝਾਕਦਿਆਂ ਦੀ…’’
‘‘ਤੇ ਆਪਣੀ ਕਿਸੇ ਓਸ ਨਾਲ ਗੱਲਾਂ ਕਰਦਿਆਂ ਦੀ… ਜਿਸ ਨੂੰ ਪੰਜਾਹ-ਪਚਵੰਜਾ ਸਾਲ ਪਹਿਲਾਂ ਕਦੇ ਇੰਜ ਹੀ ਵਿਦਾ ਕੀਤਾ ਹੋਵੇਗਾ।’’
ਮੈਂ ਰਾਇ ਸਾਹਿਬ ਨੂੰ ਆਖਿਆ ਉਹ ਹੱਸ ਕੇ ਕਹਿਣ ਲੱਗਾ, ‘‘ਸਰਦਾਰ ਜੀ ਨੂੰ ਪੁਰਾਣੀਆਂ ਅਲਵਿਦਾਈਆਂ ਯਾਦ ਆ ਰਹੀਆਂ ਨੇ…’’
ਪ੍ਰੇਮ ਸਿੰਘ ਖਿੜਕੀ ਨੂੰ ਹੱਥ ਪਾ ਕੇ ਅੰਦਰ ਵੇਖ ਰਿਹਾ ਸੀ। ਅੰਦਰੇ ਹੀ ਅੰਦਰ ਗੱਲਾਂ ਕਰਕੇ ਪਤਾ ਨਹੀਂ ਕਿਸ ਨੂੰ ਤੇ ਕਿਹੜੇ ਵੇਲੇ ਨੂੰ ਯਾਦ ਕਰ ਰਿਹਾ ਸੀ। ਮੈਨੂੰ ਅੱਜ-ਕੱਲ੍ਹ ਚੱਲਦਾ ਇਕ ਗੀਤ ਯਾਦ ਆਇਆ ਜਿਸ ਵਿਚ ਦਿੱਲੀ ਦੇ ਹਵਾਈ ਅੱਡੇ ਉਤੇ ਆਪਸੀ ਵਿਛੋੜੇ ਦਾ ਦ੍ਰਿਸ਼ ਬਿਆਨ ਕੀਤਾ ਗਿਆ ਹੈ:
ਤੁਸੀਂ ਜਾਣ ਲੱਗੇ ਰੋਏ
ਅਸੀਂ ਆਉਣ ਲੱਗੇ ਰੋਏ
ਖਿੜਕੀ ਤੋਂ ਹੱਥ ਛੱਡ ਕੇ ਸਾਡੇ ਵੱਲ ਆਉਂਦਾ ਪ੍ਰੇਮ ਸਿੰਘ ਮੈਨੂੰ ਇੰਜ ਹੀ ਕਿਸੇ ਆਪਣੇ ਪਿਆਰੇ ਤੋਂ ਵਿਛੜ ਕੇ ਆਉਂਦਾ ਲੱਗਾ। ਸੱਚਮੁਚ ਉਹਦੀਆਂ ਐਨਕਾਂ ਪਿੱਛੇ ਲੁਕੀਆਂ ਅੱਖਾਂ ਵਿਚੋਂ ਲੱਖ ਲੁਕਾ ਰੱਖਣ ਦੇ ਬਾਵਜੂਦ ਪਾਣੀ ਲਿਸ਼ਕ ਆਇਆ ਸੀ।
ਉਹ ਕਾਹਲੀ-ਕਾਹਲੀ ਸਾਡੇ ਅੱਗੇ ਤੁਰਦਾ ਸਟੇਸ਼ਨ ਤੋਂ ਬਾਹਰ ਆ ਗਿਆ। ਅਸੀਂ ਸਾਰੇ ਦਰਸ਼ਕ ਆਪਣੇ-ਆਪਣੇ ਤੌਰ ‘ਤੇ ਉਸ ਨੂੰ ਨਿਹਾਰ ਰਹੇ ਸਾਂ ਤੇ ਆਪਣੇ ਅਰਥ ਕੱਢ ਰਹੇ ਸਾਂ।
‘‘ਸਰਦਾਰ ਹੁਰਾਂ ਨੂੰ ਕਿਤੇ ਪੁਰਾਣੇ ਇਸ਼ਕ ਚੇਤੇ ਆ ਗਏ ਨੇ… ਸਤਿਨਾਮ ਮਾਣਕ ਨੇ ਹੌਲੀ ਜਿਹੀ ਹੱਸਦਿਆਂ ਆਖਿਆ ਪਰ ਪ੍ਰੇਮ ਸਿੰਘ ਨੂੰ ਸੁਣ ਗਿਆ। ਉਸ ਕਾਰ ਵਿਚ ਬਹਿੰਦਿਆਂ ਆਖਿਆ, ‘‘ਰਾਂਝਣ ਵੇ ਤੇਰਾ ਨਾਂ
ਭਾਈਆਂ ਲੀਤਾ
ਭਾਬੀਆਂ ਲੀਤਾ
ਜੇ ਅਸੀਂ ਨਾ ਲੈਂਦੇ ਹਾਂ ਰਾਂਝਣ ਦਾ
ਤਾਂ ਮੰਦਾ ਈ…’’
‘‘ਵਾਹ! ਵਾਹ!!’’ ਕਹਿੰਦਿਆਂ ਮੈਂ ਸ਼ਿਅਰ ਨੂੰ ਦੁਬਾਰਾ ਬੋਲਣ ਲਈ ਕਿਹਾ।
‘‘ਹੁਣ ਅੱਗੇ ਚੱਲੀਏ!… ਸ਼ਿਅਰ ਲਾਇਲਪੁਰੋਂ ਮੁੜਦਿਆਂ ਸੁਣਾਵਾਂਗੇ ਤੇ ਤੁਹਾਡੀਆਂ ਗੱਲਾਂ ਦਾ ਜੁਆਬ ਵੀ ਉਦੋਂ ਹੀ ਦਿਆਂਗਾ। ਹੁਣ ਮੈਨੂੰ ਆਪਣੇ ਆਪ ਨਾਲ ਗੱਲਾਂ ਕਰਨ ਦਿਓ…।’’
ਆਪਣੇ-ਆਪ ਨਾਲ ਗੱਲਾਂ ਕਰਦਾ ਹੋਇਆ ਉਹ ਸਾਨੂੰ ਵੀ ਦੱਸ ਰਿਹਾ ਸੀ, ‘‘ਏਥੇ ਆਉਂਦੇ ਹੁੰਦੇ ਸਾਂ। ਕਾਲਜ ਪੜ੍ਹਦਿਆਂ, ਰੈਸਟੋਰੈਂਟ ਵਿਚ ਮਿਲਕ-ਸ਼ੇਕ ਪੀਣਾ, ਆਮਲੇਟ ਖਾਣੇ, ਸੈਰਾਂ ਕਰਨੀਆਂ। ਇਕ ਘੰਟੇ ਦੇ ਸੱਤ ਆਨੇ ਦੇ ਕੇ ਟਾਂਗਾ ਕਿਰਾਏ ‘ਤੇ ਕਰਨਾ ਤੇ ਸ਼ਹਿਰ ਦੀ ਬਾਹਰਲੀ ਸੜਕ ‘ਤੇ ਫਿਰਨਾ। ਕੇਹੇ ਰਾਂਗਲੇ ਦਿਨ ਸਨ। ਨਹਿਰ ਵਿਚ ਨਹਾਉਣਾ… ਖ਼ੁਸ਼ੀਆਂ ਤੇ ਬੇਫ਼ਿਕਰੀ ਦਾ ਆਲਮ‥ ਕੇਸਰੀ ਦਰਵਾਜ਼ੇ ਤੋਂ ਬਾਹਰ ਲਾਹੌਰ ਨੂੰ ਬੱਸਾਂ ਚੱਲਦੀਆਂ ਸਨ। ਸਾਡੀ ਆੜ੍ਹਤ ਦੀ ਦੁਕਾਨ ਵੀ ਏਥੇ ਅੱਗੇ ਹੀ ਹੁੰਦੀ ਸੀ।’’
ਕਾਰ ਤੋਂ ਉਤਰ ਕੇ ਉਹ ਆਪਣੀ ਆੜ੍ਹਤ ਦੀ ਦੁਕਾਨ ਲੱਭਣ ਲੱਗਾ। ਦੁਕਾਨਾਂ ਅੱਗੇ ਰੇੜ੍ਹੇ, ਟਰਾਲੀਆਂ ਤੇ ਗੱਡੇ ਖੜ੍ਹੋਤੇ ਸਨ। ਪ੍ਰੇਮ ਸਿੰਘ ਕਦੀ ਇਸ ਦੁਕਾਨ ‘ਤੇ ਕਦੀ ਦੂਜੀ ‘ਤੇ। ਇੰਜ ਲੱਗਦਾ ਸੀ ਜਿਵੇਂ ਖਿਡੌਣਿਆਂ ਨਾਲ ਭਰੇ ਕਮਰੇ ਵਿਚ ਕੋਈ ਬੱਚਾ ਦਾਖ਼ਲ ਹੋ ਕੇ ਆਪਣੇ-ਮਨਪਸੰਦ ਦਾ ਖਿਡੌਣਾ ਲੱਭ ਰਿਹਾ ਹੋਵੇ ਪਰ ਉਸ ਨੂੰ ਲੱਭ ਨਾ ਰਿਹਾ ਹੋਵੇ। ਨਵੀਆਂ ਇਮਾਰਤਾਂ ਤੇ ਨਵੀਂ ਦਿਖ ਨੇ ਪੁਰਾਣੀ ਪਛਾਣ ਗੁੰਮ ਕਰ ਦਿੱਤੀ ਸੀ। ਪਰ ਪ੍ਰੇਮ ਸਿੰਘ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦਾ ਸੀ। ਉਸ ਦੇ ਕਦਮਾਂ ਦੀ ਤੇਜ਼ੀ ਦਾ ਸਾਥ ਦੇਣਾ ਸਾਡੇ ਵੱਸ ਵਿਚ ਨਹੀਂ ਸੀ ਰਿਹਾ। ਅਸੀਂ ਇਕ ਥਾਂ ਖਲ੍ਹੋ ਗਏ।
ਮੈਂ ਹੱਸ ਪਿਆ, ‘‘ਗੁਰੂਦਿੱਤਾ (ਪ੍ਰੇਮ ਸਿੰਘ) ‘ਅੱਲਾ ਦਿੱਤਿਆਂ’ ਤੋਂ ‘ਦੇਵੀ ਦਿੱਤੇ’ ਦੀ ਦੁਕਾਨ ਪੁੱਛਦਾ ਫਿਰਦੈ।’’
ਦੇਸੀ ਸਾਬਣ ਦਾ ਭਰਿਆ ਰੇੜ੍ਹਾ ਵੇਖ ਕੇ ਮਾਣਕ ਕਹਿਣ ਲੱਗਾ, ‘‘ਸਾਬਣ ਲੈ ਜਾ ਇਥੋਂ…।’’
‘‘ਜੇ ਮਨ ਦੀ ਮੈਲ ਧੋ ਦਵੇ ਤਾਂ ਲੈ ਜਾਈਏ ਪਰ ਉਹ ਕਿਥੇ!’’
ਪ੍ਰੇਮ ਸਿੰਘ ਵਾਪਸ ਪਰਤ ਆਇਆ। ਉਹ ਦੁਕਾਨ ਲੱਭ ਕੇ ਨਮਸਕਾਰ ਕਰ ਆਇਆ ਸੀ। ਹੁਣ ਸਾਡੀ ਕਾਰ ਪ੍ਰੇਮ ਸਿੰਘ ਦੇ ਦੱਸੇ ਰਸਤੇ ‘ਤੇ ਤੁਰੀ ਜਾ ਰਹੀ ਸੀ। ਉਸ ਦੀ ਰਨਿੰਗ ਕੁਮੈਂਟਰੀ ਵੀ ਜਾਰੀ ਸੀ।
‘‘ਇਹ ਕਾਰਖ਼ਾਨਾ ਬਾਜ਼ਾਰ ਐ…ਉਦੋਂ ਸਾਈਕਲ ਬੜੀ ਵੱਡੀ ਸਵਾਰੀ ਸੀ…ਅਸੀਂ ਬਾਜ਼ਾਰਾਂ ਵਿਚ ਸਾਈਕਲਾਂ ‘ਤੇ ਘੁੰਮਦੇ। ਐਥੇ ਝਟਕਈ ਦੀ ਦੁਕਾਨ ਹੁੰਦੀ ਸੀ। ਐਧਰ ਲੱਕੜ ਬਾਜ਼ਾਰ ਸੀ। ਐਥੇ ਲਸੂੜੀ ਸ਼ਾਹ ਦੀ ਮਸਜਿਦ ਹੁੰਦੀ ਸੀ। ਐਧਰ ਮੰਦਰ ਹੁੰਦਾ ਸੀ। ਆਹ ਨਹਿਰ…ਇਸ ਵਿਚ ਨਹਾਉਂਦੇ ਹੰੁਦੇ ਸਾਂ। ਖੱਬੇ ਹੱਥ ਸਿਨੇਮਾ ਸੀ। ਹਾਂ…ਇਹੋ ਹੀ। ਇਹ ਹੁਣ ਵੀ ਮਿਨਰਵਾ ਸਿਨੇਮਾ ਹੀ ਹੈ…।’’
ਪ੍ਰੇਮ ਸਿੰਘ ਖ਼ੁਸ਼ ਹੋ ਗਿਆ। ਏਨਾ ਕੁਝ ਬਦਲ ਗਿਆ ਸੀ ਪਰ ਮਿਨਰਵਾ ਸਿਨੇਮਾ ਦੀ ਬਿਲਡਿੰਗ ਤੇ ਉਹਦਾ ਸਾਹਮਣਾ ਅਹਾਤਾ ਉਂਜ ਹੀ ਸੀ।
‘‘ਗ਼ਨੀਮਤ ਹੈ ਕੁਝ ਤਾਂ ਬਚ ਗਿਆ।’’ ਰਾਇ ਅਜ਼ੀਜ਼ ਉਲਾ ਨੇ ਕਿਹਾ।
‘‘ਬੜੀਆਂ ਫ਼ਿਲਮਾਂ ਵੇਖੀਆਂ ਏਥੇ। ‘ਦੇਵਦਾਸ’ ਵੀ ਏਥੇ ਹੀ ਵੇਖੀ ਸੀ। ਕਦੀ ਕੋਈ ਫ਼ਿਲਮ ਛੱਡੀ ਹੀ ਨਹੀਂ। ਇਥੇ ਹੀ ਪਹਿਲੀ ਵਾਰ ਬੇਬੀ ਨੂਰਜਹਾਂ ਦਾ ਡਾਂਸ ਵੇਖਿਆ ਸੀ।’’
ਉਹ ਕਾਰ ਤੋਂ ਉਤਰ ਕੇ ਸਿਨੇਮਾ ਦੇ ਅਹਾਤੇ ਵਿਚ ਜਾ ਵੜਿਆ। ਟਿਕਟਾਂ ਵਾਲੀ ਬਾਰੀ ਨੂੰ ਝਾਤੀ ਮਾਰ ਆਇਆ। ‘‘ਸ਼ੋਅ ਸ਼ੁਰੂ ਹੋਣ ਤੋਂ ਪਿੱਛੋਂ ਅਸੀਂ ਢਾਈ ਆਨੇ ਵਾਲੀ ਟਿਕਟ ਪੰਜਾਂ-ਪੰਜਾਂ ਪੈਸਿਆਂ ਵਿਚ ਲੈ ਲੈਣੀ’’ ਉਹ ਉਨ੍ਹਾਂ ਸਮਿਆਂ ‘ਚ ਗੁਆਚਾ ਹੋਇਆ ਸੀ।
ਥੋੜ੍ਹੇ ਚਿਰ ਪਿਛੋਂ ਅਸੀਂ ਉਸ ਇਲਾਕੇ ਵਿਚ ਪੁੱਜ ਗਏ ਜਿਥੇ ਉਸ ਦਾ ਘਰ ਹੁੰਦਾ ਸੀ।
‘‘ਪਹਿਲਾਂ ਆਪਾਂ ਸਕੂਲੋਂ ਹੋ ਚੱਲੀਏ…।’’
ਮੈਂ ਅਨੁਮਾਨ ਲਾਇਆ ਕਿ ਪ੍ਰੇਮ ਸਿੰਘ ਕਦੀ ਸਟੇਸ਼ਨ, ਕਦੀ ਸਿਨੇਮਾ, ਕਦੀ ਆੜ੍ਹਤ ਤੇ ਕਦੀ ਸਕੂਲ ਨੂੰ ਵੇਖ ਕੇ ਆਪਣੇ ਮਨ ਨੂੰ ਹੌਲੀ ਹੌਲੀ ਕਰੜਾ ਕਰ ਰਿਹਾ ਸੀ ਤਾਂ ਕਿ ਉਹ ਆਪਣੇ ਘਰ ਨੂੰ ਵੇਖਣ ਸਮੇਂ ਆਪਣੇ ਆਪ ਨੂੰ ਸੰਤੁਲਿਤ ਰੱਖ ਸਕੇ। ਸਕੂਲ ਅੰਦਰ ਵੜੇ ਤਾਂ ਸਕੂਲ ਦਾ ਚੌਕੀਦਾਰ ਆਖੇ, ਮੈਂ ਸਕੂਲ ਨਹੀਂ ਵੇਖਣ ਦੇਣਾ। ਉਸ ਨੂੰ ਸਮਝਾਇਆ ਕਿ ਇਹ ਸਰਦਾਰ ਹੁਰੀਂ ਏਥੇ ਪੜ੍ਹਦੇ ਰਹੇ ਨੇ ਬਚਪਨ ਵਿਚ। ਬੱਸ ਇਕ ਵਾਰ ਝਾਤੀ ਮਾਰਨੀ ਹੈ।
ਪ੍ਰੇਮ ਸਿੰਘ ਨੇ ਉਸ ਨੂੰ ਆਪਣੀ ਜੱਫੀ ਵਿਚ ਲਿਆ, ‘‘ਯਾਰ! ਅਸੀਂ ਪਰਦੇਸੀਆਂ ਨੇ ਤੇਰੇ ਸਕੂਲ ਦਾ ਕੁਝ ਲਾਹ ਤਾਂ ਨਹੀਂ ਖੜਨਾ। ਕਦੀ ਇਹ ਸਾਡਾ ਵੀ ਸਕੂਲ ਹੁੰਦਾ ਸੀ…।’’
ਚੌਕੀਦਾਰ ਨਾਲ ਬੈਠੇ ਦੋ-ਚਾਰ ਬੰਦੇ ਕਹਿਣ ਲੱਗੇ, ‘‘ਵੇਖਣ ਦੇ ਯਾਰ! ਵੇਖੋ ਜੀ‥ ਪੁਰਾਣੀ ਧਰਤੀ ਯਾਦ ਆ ਹੀ ਜਾਂਦੀ ਹੈ, ਬੰਦੇ ਨੂੰ। ਆਵੇ ਵੀ ਕਿਉਂ ਨਾ…।’’
ਚੌਕੀਦਾਰ ਢਿੱਲਾ ਪੈ ਗਿਆ।
‘‘ਐਥੇ ਮੇਰੀ ਛੇਵੀਂ ਦੀ ਕਲਾਸ ਹੁੰਦੀ ਸੀ। ਐਥੇ ਅੱਠਵੀਂ ਦੀ… ਮੈਂ ਐਥੇ ਬੈਂਚ ‘ਤੇ ਬੈਠਦਾ ਹੁੰਦਾ ਸਾਂ।’’ ਉਹ ਆਪਣੀ ਸੀਟ ਕੋਲ ਖਲੋਤਾ ਪੁਰਾਣੇ ਵੇਲਿਆਂ ਵਿਚ ਗੁਆਚ ਗਿਆ ਤੇ ਫਿਰ ਬੈਂਚ ਉਪਰ ਆਪਣੀ ਥਾਂ ‘ਤੇ ਬੈਠ ਗਿਆ।
ਉਹ ਸਕੂਲ ਵਿਚ ਫਿਰ ਰਿਹਾ ਇੰਜ ਲੱਗਦਾ ਸੀ ਜਿਵੇਂ ਸਾਰੇ ਸਕੂਲ ਨੂੰ ਇਕੋ ਵਾਰ ਅੱਖਾਂ ਵਿਚ ਭਰ ਲੈਣਾ ਚਾਹੁੰਦਾ ਹੋਵੇ।
‘‘ਅੱਖਾ ਭਰ ਆਉਣਗੀਆਂ ਪਰ ਸੂਕਲ ਤੇ ਉਹ ਸਮਾਂ ਅੱਖਾਂ ‘ਚ ਨਹੀਂ ਭਰਿਆ ਜਾ ਸਕਣਾ’’ ਮੈਂ ਰਾਇ ਸਾਹਿਬ ਨੂੰ ਕਿਹਾ। ਉਹ ਕਹਿਣ ਲੱਗਾ, ‘‘ਚੁੱਪ ਕਰੋ। ਉਹ ਰੋ ਰਹੇ ਲੱਗਦੇ ਨੇ…।’’
ਅਸੀਂ ਵੇਖਿਆ ਪ੍ਰੇਮ ਸਿੰਘ ਕੋਈ ਹੋਰ ਕਲਾਸ-ਰੂਮ ਵੇਖਣ ਦੇ ਬਹਾਨੇ ਕਮਰੇ ਵਿਚ ਜਾ ਵੜਿਆ ਸੀ ਤੇ ਸਾਡੀਆਂ ਅੱਖਾਂ ਤੋਂ ਉਹਲੇ ਹੋ ਕੇ ਰੋ ਰਿਹਾ ਸੀ।
ਅਸੀਂ ਰਾਇ ਸਾਹਿਬ ਨੂੰ ਅੰਦਰ ਭੇਜਿਆ। ਉਹ ਪ੍ਰੇਮ ਸਿੰਘ ਨੂੰ ਬਾਹਰ ਲੈ ਕੇ ਆਇਆ। ਹੁਣੇ ਹੀ ਮਲ ਕੇ ਪੂੰਝੀਆਂ ਅੱਖਾਂ ਦਾ ਲਾਲ ਰੰਗ ਦੱਸਦਾ ਸੀ ਕਿ ਕਿਵੇਂ ਉਹਦਾ ਦਿਲ ਪਿਘਲ ਕੇ ਅੱਖੀਆਂ ਵਿਚੋਂ ਵਹਿ ਆਇਆ ਸੀ।
ਕੰਧ ਉਤੇ ਪੰਜਾਬੀ ਵਿਚ ਇਕ ਸਿਲ਼ ‘ਤੇ ਲਿਖਿਆ ਹੋਇਆ ਸੀ :
‘ਚਨਾਬ ਦਰਿਆ ‘ਤੇ ਟੂਰ ਗਿਆ।
ਕਾਕਾ ਹਰਜਿੰਦਰ ਸਿੰਘ, ਕਾਕਾ ਜਗਜੀਤ ਸਿੰਘ ਤੇ ਕਾਕਾ ਧਰਮਜੀਤ ਸਿੰਘ ਦਰਿਆ ਵਿਚ ਰੁੜ੍ਹ ਗਏ।’
ਹੁਣੇ ਹੀ ਹੰਝੂਆਂ ਦੇ ਚਨਾਬ ਵਿਚ ਪ੍ਰੇਮ ਸਿੰਘ ਡੁੱਬ ਕੇ, ਰੁੜ੍ਹ ਕੇ ਹਟਿਆ ਸੀ।
ਸ਼ੁਰੂ ਵਿਚ ਚੌਕੀਦਾਰ ਨੇ ਸਾਨੂੰ ਸਕੂਲ ਦੇਖਣ ਦੇ ਨਾਲ-ਨਾਲ ਹੀ ਸਕੂਲ ਦੀ ਫੋਟੋ ਖਿੱਚਣੋਂ ਵੀ ਵਰਜ ਦਿੱਤਾ ਸੀ। ਉਸ ਦਾ ਐਵੇਂ ਮਨ ਦਾ ਭੈਅ ਹੋਵੇਗਾ ਕਿ ਕੋਈ ਉਸ ਨੂੰ ਪੁੱਛੇ ਨਾ ਕਿ ਉਹ ਨੇ ਸਰਦਾਰਾਂ ਨੂੰ ਸਕੂਲ ਵਿਚ ਵੜਨ ਤੇ ਫੋਟੋ ਖਿੱਚਣ ਦੀ ਆਗਿਆ ਕਿਉਂ ਦਿੱਤੀ ਸੀ। ਉਸ ਦੀ ਸਾਧਾਰਨ ਸੋਚ ਅਨੁਸਾਰ ਸ਼ਾਇਦ ਇਹ ਮਸਲਾ ਆਪਣੀ ਨੌਕਰੀ ਨਾਲ ਜੁੜਿਆ ਲੱਗਦਾ ਸੀ। ਪਰ ਜਦੋੋਂ ਅਸੀਂ ਤੁਰਨ ਲੱਗੇ ਤਾਂ ਉਸ ਨੇ ਪ੍ਰੇਮ ਸਿੰਘ ਦੇ ਨਾਲ ਖੜੋ ਕੇ ਆਪਣੀ ਫੋਟੋ ਵੀ ਲੁਹਾ ਲਈ। ਅੱਥਰੂਆਂ ਤੋਂ ਸੱਚਾ ਤੇ ਮਾਸੂਮ ਗਵਾਹ ਹੋਰ ਕੌਣ ਹੋ ਸਕਦਾ ਹੈ! ਡੁੱਲ੍ਹ-ਡੁੱਲ੍ਹ ਪੈਂਦੇ ਅੱਥਰੂਆਂ ਵਾਲਾ ਬੰਦਾ ਤੇ ਉਸ ਦੇ ਸਾਥੀ ਉਸ ਅਤੇ ਉਸ ਦੀ ਨੌਕਰੀ ਲਈ ਕਿਵੇਂ ਖ਼ਤਰਨਾਕ ਹੋ ਸਕਦੇ ਹਨ।
ਉਸ ਨੇ ਸ਼ਾਇਦ ਇਹ ਆਖ ਕੇ ਹੀ ਮਨ ਨੂੰ ਸਮਝਾ ਲਿਆ ਸੀ।

ਵੀਹ ਬਾਈ ਸਾਲ ਪਹਿਲਾਂ ਗੁਰਮੀਤ ਦਾ ਛੋਟਾ ਭਰਾ ਨਿੰਮਾ ਜਥੇ ਨਾਲ ਨਨਕਾਣੇ ਸਾਹਿਬ ਗਿਆ ਸੀ। ਨਨਕਾਣੇ ਸਾਹਿਬ ਗੁਰਦੁਆਰੇ ਦੇ ਮੁੱਖ ਗੇਟ ਦੇ ਬਾਹਰ ਸਦਾ ਵਾਂਗ ਮੁਸਲਮਾਨਾਂ ਦੀ ਭੀੜ ਇੱਕਠੀ ਸੀ। ਇਧਰੋਂ ਗਏ ਸਿੱਖ ਲਾਊਡ ਸਪੀਕਰ ਉਤੇ ਆਪਣੇ ਆਉਣ ਬਾਰੇ ਤੇ ਆਪਣੇ ਪਿੰਡਾਂ ਦੇ ਕਿਸੇ ਬੰਦੇ ਦੇ ਬਾਹਰ ਆਏ ਹੋਣ ਬਾਰੇ ਪੁੱਛ ਰਹੇ ਸਨ। ਬਾਹਰ ਖਲੋਤੀ ਭੀੜ ਵਿਚੋਂ ਵੀ ਮੁਸਲਮਾਨ ਭਰਾ ਵੱਖੋ-ਵੱਖਰੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਜ਼ਿਲੇ ਤੇ ਪਿੰਡ ਦਾ ਨਾਮ ਪੁੱਛ ਰਹੇ ਸਨ। ਗੁਲਾਮ ਨਬੀ ਨੇ ਆਵਾਜ਼ ਦਿੱਤੀ, ‘‘ਭਰਾਵੋ! ਤੁਹਾਡੇ ‘ਚੋਂ ਕੋਈ ਜਲੰਧਰ ਜ਼ਿਲੇ ਦਾ ਹੋਵੇ?’’
ਨਿੰਮੇ ਨੇ ਹਾਮੀ ਭਰੀ ਤਾਂ ਉਸ ਨੇ ਪਿੰਡ ਦਾ ਨਾਂ ਪੁੱਛਿਆ। ‘ਢੱਡਾ’ ਸੁਣ ਕੇ ਗੁਲਾਮ ਨਬੀ ਨੇ ਉਤੇਜਿਤ ਹੋ ਕੇ ਉਸ ਦੀ ਬਾਂਹ ਘੁੱਟ ਕੇ ਫੜ ਲਈ।
‘‘ਕਮਾਲ ਹੋ ਗਿਆ’’, ਕਹਿ ਕੇ ਉਸ ਨੇ ਨਿੰਮੇ ਨੂੰ ਬਾਹੋਂ ਫੜ ਕੇ ਭੀੜ ਤੋਂ ਪਾਸੇ ਕਰ ਲਿਆ। ਨਾਨਕ ਸਿੰਘ ਦੇ ਨਾਵਲਾਂ ਵਾਲੀ ਮੌਕਾ-ਮੇਲ ਦੀ ਜੁਗਤ ਹਕੀਕਤ ਵਿਚ ਵਾਪਰ ਗਈ। ਪਿਤਾ ਤੇ ਦਾਦੇ ਦਾ ਨਾਂ ਪੁੱਛਿਆ ਤਾਂ ਜਵਾਬ ਸੁਣ ਕੇ ਗੁਲਾਮ ਨਬੀ ਨੇ ਨਿੰਮੇ ਨੂੰ ਲਿਸ਼ਕਦੀਆਂ ਅੱਖਾਂ ਨਾਲ ਗਹੁ ਨਾਲ ਨਿਹਾਰਿਆ। ਇਕ ਚੌੜੀ ਤਰਲ ਮੁਸਕਰਾਹਟ ਉਸ ਦੇ ਹੋਠਾਂ ਉਤੇ ਫੈਲ ਗਈ। ਉਸ ਨੇ ਅੰਦਾਜ਼ਾ ਲਾ ਕੇ ਪੁੱਛਿਆ।
‘‘ਓ ਤੂੰ ਮੀਤੇ ਤੋਂ ਛੋਟਾ ਨਿੰਮਾ ਏਂ?’’
ਨਿੰਮਾ ਹੈਰਾਨ! ਇਹ ਉਸ ਦਾ ਜਾਣੂ ਕਿਧਰੋਂ ਨਿਕਲ ਆਇਆ! ਉਹ ਤਾਂ ਪਾਕਿਸਤਾਨ ਬਣਨ ਵੇਲੇ ਮਸਾਂ ਡੇਢ ਦੋ ਸਾਲ ਦਾ ਸੀ। ਨਿੰਮੇ ਨੇ ‘ਹਾਂ’ ਵਿਚ ਸਿਰ ਹਿਲਾਇਆ ਹੀ ਸੀ ਕਿ ਗੁਲਾਮ ਨਬੀ ਨੇ ਦੋਵਾਂ ਬਾਹਵਾਂ ਦਾ ਜੱਫਾ ਮਾਰ ਕੇ ਉਸ ਨੂੰ ਜ਼ਮੀਨ ਤੋਂ ਚੁੱਕ ਲਿਆ।
‘‘ਓ ਭਲਿਆ ਲੋਕਾ! ਓ ਭਲਿਆ ਲੋਕਾ! ਰੱਬਾ ਤੇਰੇ ਰੰਗ ਨਿਆਰੇ ਨੇ!’’
ਗੁਲਾਮ ਨਬੀ ਬੋਲੀ ਜਾ ਰਿਹਾ ਸੀ। ਉਸ ਨੂੰ ਅਚਨਚੇਤ ਜਿਵੇਂ ਕੋਈ ਦੱਬਿਆ ਖ਼ਜ਼ਾਨਾ ਮਿਲ ਗਿਆ ਸੀ ਜਿਸ ਦੀ ਚਮਕ ਵੇਖ ਕੇ ਉਹ ਚੁੰਧਿਆਇਆ ਗਿਆ। ਉਹ ਉਸ ਨੂੰ ਖਿੱਚ ਕੇ ਦੁਕਾਨ ‘ਤੇ ਲੈ ਗਿਆ। ਮਿੱਟੀ ਦੇ ਭਾਂਡਿਆਂ ਵਿਚ ਇਕ ਸਾਫ ਥਾਂ ‘ਤੇ ਬਿਠਾਇਆ। ਚਾਹ ਤੇ ਬਰਫ਼ੀ ਮੰਗਵਾ ਲਈ। ਉਹ ਇਕੱਲੇ ਇਕੱਲੇ ਜੀਅ ਦਾ ਹਾਲ ਪੁੱਛ ਰਿਹਾ ਸੀ। ਦੱਸ ਰਿਹਾ ਸੀ ਕਿ ਉਨ੍ਹਾਂ ਦਾ ਘਰ ਤਾਂ ਨਿੰਮੇ ਹੁਰਾਂ ਦੇ ਘਰ ਦੇ ਨਾਲ ਹੰੁਦਾ ਸੀ। ਐਨ ਉਨ੍ਹਾਂ ਦੇ ਗੁਆਂਢ ਵਿਚ। ਉਹਦੀ ਛੋਟੀ ਭੈਣ ਫ਼ਜ਼ਲਾਂ ਨਿੰਮੇ ਨੂੰ ਕੁੱਛੜ ਚੁੱਕ ਕੇ ਖਿਡਾਉਂਦੀ ਰਹੀ ਸੀ, ਆਪਣੇ ਛੋਟੇ ਭਾਰ ਖ਼ੁਸ਼ੀਏ ਦੇ ਨਾਲ।
‘‘ਤੈਨੂੰ ਤਾਂ ਫ਼ਜ਼ਲਾਂ ਅਜੇ ਵੀ ਯਾਦ ਕਰਕੇ ਰੋਂਦੀ ਰਹਿੰਦੀ ਐ।’’
ਫ਼ਜ਼ਲਾਂ ਨਨਕਾਣੇ ਤੋਂ ਅੱਠ ਦਸ ਮੀਲ ਦੂਰ ਵਿਆਹੀ ਹੋਈ ਸੀ। ਗੁਲਾਮ ਨਬੀ ਨੇ ਦੁਕਾਨ ਨੂੰ ਤਾਲਾ ਲਾਇਆ ਤੇ ਫ਼ਜ਼ਲਾਂ ਨੂੰ ਦੱਸਣ ਉਹਦੇ ਸਹੁਰਿਆਂ ਦੇ ਪਿੰਡ ਨੂੰ ਤੁਰ ਪਿਆ।
ਗੁਰਦੁਆਰੇ ਵਾਪਸ ਪਰਤ ਰਹੇ ਨਿੰਮੇ ਦੇ ਦਿਲ-ਦਿਮਾਗ ਵਿਚ ਗੁਲਾਮ ਨਬੀ ਦਾ ਵੇਰਵਾ ਘੁੰਮ ਰਿਹਾ ਸੀ।
‘‘ਤੂੰ ਤੇ ਖੁਸ਼ੀਆ ਹਾਣੀ ਸਾਓ। ਫਜ਼ਲਾਂ ਉਦੋਂ ਅੱਠਾਂ-ਦਸਾਂ ਸਾਲਾਂ ਦੀ ਸੀ। ਤੇਰੀ ਮਾਂ ਚੰਨੋ ਨੇ ਖੇਤਾਂ ਨੂੰ ਜਾਣਾ ਤਾਂ ਤੈਨੂੰ ਸਾਡੇ ਘਰ ਫੜਾ ਜਾਣਾ। ਫਜ਼ਲਾਂ ਨੇ ਤੁਹਾਨੂੰ ਦੋਹਾਂ ਨੂੰ ਢਾਕੇ ਲਾਈ ਫਿਰਨਾਂ। ਜਦੋਂ ਰੌਲਿਆਂ ਵਿਚ ਤੇਰੇ ਵਡੇਰੇ ਸਾਨੂੰ ਕਾਕੀ ਪਿੰਡ ਕੈਂਪ ਵਿਚ ਛੱਡ ਗਏ ਤਾਂ ਫਜ਼ਲਾਂ ਰੋਇਆ ਕਰੇ। ਅਖੇ, ‘‘ਮੈਂ ਨਿੰਮੇ ਨੂੰ ਮਿਲਣ ਜਾਣੈ…।’’ ਅੱਗੋਂ ਕਹਿਰ ਇਹ ਹੋਇਆ ਕਿ ਪਾਕਿਸਤਾਨ ਆਉਂਦਿਆਂ ਖੁਸ਼ੀਆ ਬਿਮਾਰ ਹੋ ਕੇ ਰਾਹ ਵਿਚ ਹੀ ਮਰ ਗਿਆ ਤਾਂ ਫਜ਼ਲਾਂ ਨੇ ਦੁੱਖ ਆਪਣੀ ਹਿੱਕ ਨਾਲ ਲਾ ਲਿਆ। ਰੋਇਆ ਕਰੇ ਤੇ ਆਖਿਆ ਕਰੇ, ਇਕ ਮੇਰਾ ਵੀਰ ਰੱਬ ਨੇ ਖੋਹ ਲਿਆ। ਦੂਜਾ ਮੈਥੋਂ ਵਿਛੜ ਗਿਆ। ਰੱਬ ਵੱਲੋਂ ਖੋਹਿਆ ਵੀਰ ਤਾਂ ਮਿਲ ਨਹੀਂ ਸਕਦਾ। ਮੇਰਾ ਵਿਛੜਿਆ ਵੀਰ ਹੀ ਮੈਨੂੰ ਮਿਲਾ ਦਿਓ!’’
ਨਿੰਮੇ ਨੂੰ ਤਾਂ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ ਸੀ। ਮੁਸਲਮਾਨਾਂ ਦੇ ਗੁਆਂਢੀ ਹੋਣ ਤੇ ਆਪਸੀ ਸਾਂਝ ਦੀਆਂ ਗੱਲਾਂ ਤਾਂ ਉਸ ਨੇ ਸੁਣੀਆਂ ਹੋਈਆਂ ਸਨ ਪਰ ਕੋਈ ਉਸ ਵਾਸਤੇ ਇੰਜ ਵੀ ਲੁੱਛਦਾ ਤੜਪਦਾ ਹੋਵੇਗਾ, ਉਹਦੇ ਤਾਂ ਸੁਪਨੇ ਵਿਚ ਵੀ ਚਿੱਤ-ਖ਼ਿਆਲ ਨਹੀਂ ਸੀ ਆਇਆ।
ਗੁਲਾਮ ਨਬੀ ਨੇ ਫਜ਼ਲਾਂ ਦੇ ਪਿੰਡ ਜਾ ਕੇ ਦੱਸਿਆ ਕਿ ਢੱਡੇ ਤੋਂ ਤੇਰਾ ਵੀਰ ਨਿੰਮਾ ਆਇਆ ਹੈ ਤਾਂ ਉਹ ਉਸੇ ਵੇਲੇ ਉੱਡਦੀ ਹੋਈ ਆਪਣੇ ਪਤੀ ਨੂੰ ਲੱਭਣ ਦੌੜੀ। ਉਸ ਦਾ ਪਤੀ ਟਾਂਗਾ ਵਾਹੁੰਦਾ ਸੀ। ਟਾਂਗਾ ਸਵਾਰੀਆਂ ਨਾਲ ਭਰਿਆ ਖੜੋਤਾ ਸੀ। ਕਹਿਣ ਲੱਗੀ, ‘‘ਸਵਾਰੀਆਂ ਲਾਹ ਦੇ ਤੇ ਟਾਂਗਾ ਹੁਣੇ ਨਨਕਾਣੇ ਨੂੰ ਮੋੜ।’’
ਸਵਾਰੀਆਂ ਜ਼ਿਦ ਕਰਨ ਲੱਗੀਆਂ ਤਾਂ ਕਹਿੰਦੀ ‘‘ਮੇਰਾ ਪੁੱਤ ਆਇਆ…ਸਦੀਆਂ ਦੇ ਵਿਛੋੜੇ ਪਿੱਛੋਂ, ਮੈਂ ਉਹਨੂੰ ਮਿਲਣੈ।’’
ਨਨਕਾਣੇ ਪਹੁੰਚ ਕੇ ਪੁਲੀਸ ਨੂੰ ਆਖ ਕੇ ਨਿੰਮੇ ਨੂੰ ਗੁਰਦੁਆਰੇ ਤੋਂ ਬਾਹਰ ਬੁਲਾ ਲਿਆ। ਛਮ ਛਮ ਅੱਥਰੂ ਕੇਰਦੀ ਫ਼ਜ਼ਲਾਂ ਨੇ ਪਹਿਲਾਂ ਤਾਂ ਨਿੰਮੇ ਨੂੰ ਆਪਣੇ ਕਲੇਜੇ ਨਾਲ ਘੁੱਟਿਆ ਤੇ ਫਿਰ ਸੜਕ ‘ਤੇ ਹੀ ਇਕ ਪਾਸੇ ਬੈਠ ਕੇ ਨਿੰਮੇ ਨੂੰ ਆਪਣੀ ਗੋਦ ਵਿਚ ਬਿਠਾ ਲਿਆ।
ਇਕ ਅਜੀਬ ਝਾਕੀ ਸੀ ਵੇਖਣ ਵਾਲਿਆਂ ਲਈ। ਲੰਮਾ-ਝੰਮਾਂ ਮਰਦ-ਮਾਹਣੂ ਇਕ ਔਰਤ ਦੀ ਗੋਦ ਵਿਚ ਬੈਠਾ ਹੋਇਆ। ਨਿੰਮੇ ਨੂੰ ਪਿਆਰ ਵੀ ਆਇਆ। ਸੰਗ ਵੀ ਆਈ। ਕਹਿਣ ਲੱਗਾ, ‘‘ਭੈਣ! ਤੈਨੂੰ ਭਾਰ ਨਹੀਂ ਲੱਗਦਾ!’’
ਫ਼ਜ਼ਲਾਂ ਨੇ ਨਿੰਮੇ ਦਾ ਮੱਥਾ ਚੁੰਮਿਆ, ‘‘ਨਹੀਂ ਵੇ! ਮੇਰੇ ਚੰਨਾ! ਮੈਨੂੰ ਤਾਂ ਤੂੰ ਅਜੇ ਵੀ ਓਡਾ-ਕੇਡਾ ਲੱਗਦਾ ਏੇਂ। ਫੁੱਲਾਂ ਵਰਗਾ। ਮੇਰਾ ਨਿੱਕਾ ਜਿਹਾ ਛਿੰਦਾ ਵੀਰ।’’
ਗੁਲਾਬ ਨਬੀ ਨੇ ਉਠਾਇਆ ਤੇ ਉਨ੍ਹਾਂ ਨੂੰ ਲੈ ਕੇ ਦੁਕਾਨ ‘ਤੇ ਆ ਗਿਆ। ਫ਼ਜ਼ਲਾਂ ਕੋਲ ਪੁੱਛਣ ਲਈ ਹਜ਼ਾਰਾ ਸਵਾਲ ਸਨ। ਨਿੰਮੇ ਦੇ ਪਰਿਵਾਰ ਬਾਰੇ, ਆਂਢ-ਗੁਆਂਢ ਬਾਰੇ, ਪਿੰਡ ਬਾਰੇ। ਆਪਣੀਆਂ ਉਸ ਵੇਲੇ ਦੀਆਂ ਸਹੇਲੀਆਂ ਬਾਰੇ। ਤੇ ਫਿਰ ਉਹ ਉਨ੍ਹਾਂ ਸਮਿਆਂ ਵਿਚ ਗੁਆਚ ਗਈ।
‘‘ਭਾਬੀ ਚੰਨੋ ਨੇ ਤੈਨੂੰ ਫੜਾ ਜਾਣਾ ਪਰ ਨਾਲ ਪੱਕੀ ਕਰਨੀ ਕਿ ਤੈਨੂੰ ਖਾਣ ਨੂੰ ਕੁਝ ਦਿਆਂ ਨਾ। ਪਰ ਮੈਂ ਖੁਸ਼ੀਏ ਨੂੰ ਖਾਣ ਨੂੰ ਦੇਣਾ ਤਾਂ ਤੈਨੂੰ ਵੀ ਦੇ ਦੇਣਾ। ਪਿੱਛੋਂ ਤੇਰਾ ਮੂੰਹ ਸਾਫ ਕਰ ਦੇਣਾ। ਇਕ ਵਾਰ ਕੀ ਹੋਇਆ! ਮੈਂ ਤੈਨੂੰ ਖੁਆ ਕੇ ਹਟੀ ਕਿ ਭਾਬੀ ਚੰਨੋ ਆ ਗਈ। ਤੇਰਾ ਮੂੰਹ ਲਿੱਬੜਿਆ ਰਹਿ ਗਿਆ। ਚੰਨੋ ਨੂੰ ਪਤਾ ਲੱਗ ਗਿਆ। ਇਸ ਗੱਲੋਂ ਚੰਨੋ ਨੇ ਮੈਨੂੰ ਕੁੱਟਿਆ’’, ਫਜ਼ਲਾਂ ਉੱਚੀ ਉੱਚੀ ਹੱਸਣ ਲੱਗੀ।
ਨਿੰਮਾ ਪਿੰਡ ਆਇਆ ਤਾਂ ਉਹਦੀਆਂ ਗੱਲਾਂ ਸੁਣਨ ਲਈ ਆਂਢ-ਗੁਆਂਢ ‘ਕੱਠਾ ਹੋ ਗਿਆ। ਸਭ ਨੂੰ ਉਹ ਪੁਰਾਣੇ ਦਿਨ ਯਾਦ ਆ ਗਏ।
…‥ਲਾਇਲਪੁਰ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਪੁੱਜਣ ਲਈ ਕਾਰ ਪਿੰਡਾਂ ਵਿਚੋਂ ਆਪਣਾ ਰਸਤਾ ਤਲਾਸ਼ਦੀ ਤੁਰੀ ਜਾ ਰਹੀ ਸੀ। ਅਸੀਂ ਅੱਪਰ ਗੁਗੇਰਾ ਬਰਾਂਚ ਨਹਿਰ ਉਤੋਂ ਗੁਜ਼ਰੇ। ਇਸ ਨਹਿਰ ਨਾਲ ਸਬੰਧਤ ਹੀ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੁਰਦੇ ਦੀ ਤਾਕਤ’।
ਪਹਾੜੀ ਕਿੱਕਰ ਆਮ ਸੀ ਤੇ ਤਹਿ ਚਾਲੀ ਸਾਲ ਪਹਿਲਾਂ ਸਾਡੇ ਪੰਜਾਬ ਵਾਂਗ ਬੰਜਰ, ਕੱਲਰੀ ਤੇ ਬਰਾਨੀ ਖ਼ਾਲੀ ਜ਼ਮੀਨ ਵੀ ਵਿਚ ਵਿਚ ਦਿਖਾਈ ਦੇ ਰਹੀ ਸੀ। ਜਿਥੇ ਨਹਿਰੀ ਪਾਣੀ ਪੈਂਦਾ ਸੀ, ਉਥੇ ਕਣਕਾਂ ਨਿਸਬਤਨ ਚੰਗੀਆਂ ਸਨ। ਖਾਲ ਵੀ ਪੱਕੇ ਕੀਤੇ ਹੋਏ ਸਨ। ਯੋਜਨਾਬੰਦੀ ਦੇ ਪੱਖੋਂ ਖਾਲ ਪੱਕੇ ਕਰਨ ਵਾਲੀ ਗੱਲ ਵੀ ਮੈਨੂੰ ਚੰਗੀ ਲੱਗੀ। ਖਾਲਾਂ ਨੂੰ ਪੱਕੇ ਕਰਨ ਲਈ ਸਰਕਾਰ ਅਤੇ ਕਿਸਾਨ ਅੱਧੋ-ਅੱਧ ਖ਼ਰਚਾ ਕਰਦੇ ਹਨ। ਇਸ ਖ਼ਰਚੇ ਵਿਚ ਖਾਲ ਬਣਾਉਣ ਦੀ ਲੇਬਰ ਦਾ ਖ਼ਰਚਾ ਕਿਸਾਨ ਨੇ ਅਦਾ ਕਰਨਾ ਹੁੰਦਾ ਹੈ, ਕਿਉਂਕਿ ਖਾਲ ਉਸ ਦੇ ਆਪਣੇ ਖੇਤਾਂ ਨੂੰ ਜਾਣਾ ਹੁੰਦਾ ਹੈ, ਇਸ ਲਈ ਸਰਕਾਰੀ ਕਰਮਚਾਰੀ ਤੇ ਉਹ ਆਪ ਮਿਲ ਕੇ ਖਾਲ ਦੀ ਉਸਾਰੀ ਕਰਵਾਉਂਦੇ ਹਨ। ਨਾ ਹੀ ਮਾੜਾ ਮੈਟੀਰੀਅਲ ਲੱਗਣ ਦਿੰਦੇ ਹਨ ਤੇ ਨਾ ਹੀ ਘੱਟ। ਕਰਮਚਾਰੀਆਂ ਨਾਲ ਮਿਲ ਕੇ ‘ਵਿਚੋਂ ਖਾਣ ਦੀ’ ਗੁੰਜਾਇਸ਼ ਹੀ ਨਹੀਂ ਰਹਿੰਦੀ। ਮਾੜੇ ਖਾਲ ਬਣਵਾ ਕੇ ਤੇ ਰਲ ਕੇ ਜੇ ਉਹ ਖਾਵੇਗਾ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੋਵੇਗਾ।
ਖੇਤਾਂ ਵਿਚ ਬੰਦਿਆਂ ਦੇ ਨਾਲ ਔਰਤਾਂ ਵੀ ਕੰਮ ਕਰ ਰਹੀਆਂ ਸਨ।
‘‘ਲਓ ਜੀ! ਆਪਾਂ ਫ਼ੈਸਲਾਬਾਦ ਵਾਲੀ ਸੜਕ ‘ਤੇ ਆ ਪੁੱਜੇ ਆਂ’’, ਰਾਇ ਸਾਹਿਬ ਨੇ ਮੁੱਖ ਸੜਕ ‘ਤੇ ਕਾਰ ਮੋੜਦਿਆਂ ਆਖਿਆ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਰਾਇ ਸਾਹਿਬ! ਫ਼ੈਸਲਾਬਾਦ ਨਾ ਆਖੋ ਮੇਰੇ ਲਾਇਲਪੁਰ ਨੂੰ। ਇਹਨੂੰ ਲਾਇਲਪੁਰ ਹੀ ਰਹਿਣ ਦਿਓ।’’
ਇਕ ਪਲ ਰੁਕ ਕੇ ਬੋਲਿਆ, ‘‘ਸਾਨੂੰ ਪੁੱਛਿਆ ਬਗੈਰ ਕਿਉਂ ਨਾਂ ਰੱਖਿਆ ਇਸ ਦਾ ਫ਼ੈਸਲਾਬਾਦ?’’ ਭਾਵੁਕ ਆਵੇਸ਼ ਵਿਚ ਉਹ ਭੁੱਲ ਚੁੱਕਾ ਸੀ ਕਿ ਉਹ ਕੀ ਆਖ ਰਿਹਾ ਹੈ। ਉਹ ਇਸ ਵੇੇਲੇ ਦਿਮਾਗ਼ ਦੀ ਥਾਂ ਦਿਲ ਤੋਂ ਬੋਲ ਰਿਹਾ ਸੀ। ਸਾਨੂੰ ਉਸ ਦੀ ਇਸ ਭਾਵੁਕਤਾ ‘ਤੇ ਲਾਡ ਆ ਰਿਹਾ ਸੀ। ਅਸੀਂ ਉਸ ਦੀ ਅਜੀਬ ਮੰਗ ਉਤੇ ਹੱਸੇ ਕਿ ਲਾਇਲਪੁਰ ਦਾ ਨਾਂ ਫ਼ੈਸਲਾਬਾਦ ਰੱਖਣ ਸਮੇਂ ਭਲਾ ਉਸ ਨੂੰ ਕਿਉਂ ਤੇ ਕਿਵੇਂ ਪੁੱਛਿਆ ਜਾ ਸਕਦਾ ਸੀ! ਉਸ ਨੇ ਅੱਗੋਂ ਹੱਸ ਕੇ ਕਿਹਾ, ‘‘ਬੈਠ ਉਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿਚ, ਵਲਵਲੇ ਦੇ ਦੇਸ਼ ਸਾਡੀਆਂ ਲੱਗੀਆਂ ਨੇ ਯਾਰੀਆਂ।’’
ਅਨਵਰ ਨੇ ਉਸ ਦਾ ਵਲਵਲਾ ਸਮਝ ਲਿਆ ਸੀ। ਕਹਿਣ ਲੱਗਾ, ‘‘ਟੋਭਾ ਟੇਕ ਸਿੰਘ ਦਾ ਵੀ ਨਾਂ ਬਦਲਣ ਲੱਗੇ ਸਨ। ਨਾਂ ਬਦਲਣ ਤੋਂ ਪਹਿਲਾਂ ਗਵਰਨਰ ਜੀਲਾਨੀ ਨੇ ਪਿੰਡ ਦੇ ਨਾਮ ਦੀ ਤਵਾਰੀਖ਼ ਪੁੱਛੀ ਤਾਂ ਪਤਾ ਲੱਗਾ ਕਿ ਪਹਿਲੀਆਂ ਵਿਚ ਇਸ ਇਕਲਵੰਜੇ ਰਸਤੇ ‘ਤੇ ਇਕ ਟੋਭਾ ਹੁੰਦਾ ਸੀ। ਟੇਕ ਸਿੰਘ ਨਾਂ ਦਾ ਇਕ ਬਜ਼ੁਰਗ ਉਥੋਂ ਪਾਣੀ ਲਿਆ ਕੇ ਰਾਹਗੀਰਾਂ ਨੂੰ ਪਿਲਾਇਆ ਕਰਦਾ ਸੀ। ਇੰਜ ਇਸ ਪਿੰਡ ਦਾ ਨਾਂ ਟੋਭਾ ਟੇਕ ਸਿੰਘ ਪੈ ਗਿਆ। ਗਵਰਨਰ ਜੀਲਾਨੀ ਨੇ ਕਿਹਾ ਅਜਿਹੇ ਤਾਰੀਖ਼ੀ ਨਾਮ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਏਨੀ ਚੰਗੀ ਯਾਦ ਜੁੜੀ ਹੋਈ ਏ।’’
ਅਸੀਂ ਫੇਰ ਇਕ ਡੂੰਘੀ ਚੁੱਪ ਵਿਚ ਉਤਰ ਗਏ। ਗੁਰਮੀਤ ਸਿੰਘ ਢੱਡਾ ਫਿਰ ਮੇਰੇ ਚੇਤਿਆਂ ‘ਚ ਬੋਲਣ ਲੱਗਾ:
‘‘ਨਿੰਮਾ ਆਇਆ, ਉਸ ਨੇ ਨਬੀ ਤੇ ਫਜ਼ਲਾਂ ਬਾਰੇ ਦੱਸਿਆ ਤਾਂ ਸਾਡਾ ਵੀ ਜਾਣ ਨੂੰ ਜੀ ਕਰ ਆਇਆ। ਮੇਰੀ ਉਨ੍ਹੀਂ ਦਿਨੀਂ ਸੂਬਾ ਕਮੇਟੀ ਦੀ ਮੀਟਿੰਗ ਆ ਗਈ। ਮੈਂ ਤਾਂ ਜਾ ਨਾ ਸਕਿਆ ਪਰ ਮੇਰੀ ਘਰਵਾਲੀ ਗਈ ਜਥੇ ਨਾਲ। ਉਹ ਫਜ਼ਲਾਂ ਲਈ ਸ਼ਾਲ ਤੇ ਹੋਰ ਚੀਜ਼ਾਂ ਲੈ ਕੇ ਗਈ। ਉਸ ਨੇ ਤੁਰਨ ਲੱਗੀ ਮੇਰੀ ਘਰਵਾਲੀ ਨੂੰ ਕੜਾਹ ਬਣਾ ਕੇ ਦਿੱਤਾ। ਪਿੰਡ ਦੀਆਂ ਗੱਲਾਂ ਕਰ ਕਰ ਰੋਂਦੀ ਰਹੀ। ਅਖੇ ਮੇਰਾ ਪਿੰਡ ਮੈਨੂੰ ਸੁਪਨੇ ਵਿਚ ਵੀ ਨਹੀਂ ਭੁੱਲਿਆ।’’
‘‘ਅਗਲੀ ਵਾਰ ਮੇਰਾ ਵੀ ਜੀ ਕਰ ਆਇਆ। ਮੈਂ ਚਿੱਠੀਆਂ ਲਿਖ ਦਿੱਤੀਆਂ ਆਉਣ ਦੀਆਂ। ਜਾਣ ਲੱਗਾ ਤਾਂ ਮੇਰੇ ਇਕ ਸਾਥੀ ਮਾਸਟਰ ਨੇ ਆਪਣਾ ਬਜ਼ੁਰਗ ਪਿਓ ਮੇਰੇ ਨਾਲ ਅਟੈਚ ਕਰ ਦਿੱਤਾ। ਬਜ਼ੁਰਗ ਅੱਸੀ ਸਾਲ ਦੇ ਨੇੜੇ। ਹੱਥ ਵਿਚ ਡਾਂਗ ਫੜੀ ਹੋਈ। ਮੈਂ ਡਰਾਂ ਕਿ ਹੁਣ ਮੈਂ ਤਾਂ ਇਹਦੇ ਨਾਲ ਗੁਰਦੁਆਰਿਆਂ ‘ਚ ਬੱਝਾ ਰਹੂੰ ਪਰ ਗੱਡੀ ਚੜ੍ਹਨ-ਚੜ੍ਹਾਉਣ ਵਿਚ ਬੁੱਢਾ ਹਿੰਮਤੀ ਲੱਗਾ। ਲਾਹੌਰ ਅਸੀਂ ਆਪਣੇ ਪਿੰਡ ਦੇ ਕਰਮ ਸਿੰਘ ਢੱਡਾ ਦੇ ਜਾਣੂ ਪਰਿਵਾਰ ਕੋਲ ਠਹਿਰੇ। ਇਹ ਬਹੁਤ ਅਮੀਰ ਪਰਿਵਾਰ ਸੀ। ਉਨ੍ਹਾਂ ਦੀ ਨਨਕਾਣੇ ਸਾਹਿਬ ਦੇ ਬੈਂਕ ਮੈਨੇਜਰ ਨਾਲ ਵਾਕਫੀ ਸੀ। ਉਸ ਨੂੰ ਉਨ੍ਹਾਂ ਫੋਨ ਵੀ ਕਰ ਦਿੱਤਾ ਤੇ ਸਾਨੂੰ ਚਿੱਠੀ ਵੀ ਦੇ ਦਿੱਤੀ।’’
‘‘ਨਨਕਾਣੇ ਅਸੀਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਜਦੋਂ ਗੁਰਦੁਆਰੇ ਵੱਲ ਤੁਰੇ ਤਾਂ ਮੈਂ ਦੱਸੀਆਂ ਨਿਸ਼ਾਨੀਆਂ ਮੁਤਾਬਕ ਗੁਲਾਮ ਨਬੀ ਦੀ ਦੁਕਾਨ ਟੋਲਣ ਲੱਗਾ। ਉਹਦੀ ਦੁਕਾਨ ਦੇ ਅੱਗੇ ਪਿੱਪਲ ਹੈ। ਅਸੀਂ ਵੀ ਤਾੜਦੇ ਪਏ ਸਾਂ ਤੇ ਉਹ ਵੀ ਜਥੇ ਦੇ ਬੰਦਿਆਂ ਵੱਲ ਵੇਖ ਰਿਹਾ ਸੀ। ਸੁਰਮੇ ਵਾਲੀਆਂ ਅੱਖਾਂ ‘ਤੇ ਨਜ਼ਰ ਗਈ ਤਾਂ ਮੈਂ ਗੁਲਾਮ ਨਬੀ ਨੂੰ ਪੁਛਾਣ ਲਿਆ। ਮੈਂ ਅਜੇ ਮਾੜਾ ਜਿਹਾ ਰੁਕਿਆ ਹੀ ਸਾਂ ਕਿ ਉਹਨੇ ਆਣ ਕੇ ਮੈਨੂੰ ਜੱਫੀ ਪਾ ਲਈ। ਕਹਿੰਦਾ, ‘‘ਮੀਤਾ ਲੱਗਦਾ ਏਂ?’’
ਉਹ ਸਾਥੋਂ ਉਮਰ ਵਿਚ ਵੱਡਾ ਹੁੰਦਾ ਸੀ। ਮੈਂ ਪੁੱਛਿਆ, ‘‘ਭੈਣ ਕਿੱਥੇ ਆ?’’ ਕਹਿੰਦਾ, ‘‘ਸਵੇਰੇ ਆਊਗੀ।’’
‘‘ਅਗਲੇ ਦਿਨ ਫ਼ਜ਼ਲਾਂ ਆਈ। ਬੜੀ ਉੱਚੀ ਲੰਮੀ ਦਾਨਾਅ ਜ਼ਨਾਨੀ। ਜੱਫੀ ਪਾ ਕੇ ਮਿਲੀ।  ਅਸੀਂ ਕੱਚੇ ਭਾਂਡਿਆਂ ਵਿਚ ਬਹਿ ਗਏ। ਕਹਿਣ ਲੱਗੀ, ‘‘ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਏ। ਮੈਂ ਤਾਂ ਵਿੰਹਦਿਆਂ ਪਛਾਣ ਲਈ ਸਾਂ।’’
ਮੈਂ ਉਸ ਲਈ ਲਿਆਂਦਾ ਸੂਟ, ਸ਼ਾਲ, ਚਾਹ ਅਤੇ ਬਿੰਦੀਆਂ ਦਿੱਤੀਆਂ ਤਾਂ ਆਖਣ ਲੱਗੀ, ‘‘ਆਹ ਵੇਖ ਖਾਂ ਮੇਰੀ ਭਾਬੀ ਮੈਨੂੰ ਦੇ ਕੇ ਗਈ ਸੀ ਪਿਛਲੀ ਵਾਰੀ।’’ ਉਸ ਨੇ ਉਤੇ ਲਿਆ ਸ਼ਾਲ ਵਿਖਾਇਆ।
ਅਸੀਂ ਰਾਤ ਨੂੰ ਗੁਰਦੁਆਰੇ ਨਹੀਂ ਸਾਂ ਠਹਿਰਦੇ। ਬੈਂਕ ਮੈਨੇਜਰ ਨੇ ਸਾਨੂੰ ਬੈਂਕ ਉਪਰਲੇ ਚੁਬਾਰੇ ਵਿਚ ਠਹਿਰਾ ਲਿਆ ਸੀ ਪਰ ਰੋਟੀ ਅਸੀਂ ਰਾਤ ਨੂੰ ਗੁਲਾਮ ਨਬੀ ਦੇ ਘਰ ਹੀ ਖਾਂਦੇ। ਉਸ ਰਾਤ ਰੋਟੀ ਤੋਂ ਪਹਿਲਾਂ ਨਬੀ ਮੈਨੂੰ ਪੁੱਛਦਾ, ‘‘ਮਾਸਟਰ! ਪੀਣੀ ਆਂ?’’
ਮੈਂ ਕਿਹਾ, ‘‘ਤੁਹਾਡੇ ਤਾਂ ਮਿਲਦੀ ਨਹੀਂ। ਮਿਲ ਜੂ?’’
‘‘ਤੂੰ ਹਾਂ ਕਰ।’’
ਉਹ ਅਧੀਆ ਦੇਸੀ ਸ਼ਰਾਬ ਦਾ ਲੈ ਆਇਆ। ਅਸੀਂ ਉਹਲੇ ਹੋ ਕੇ ਬੈਠ ਕੇ ਪੀਂਦੇ ਗੱਲਾਂ ਕਰਦੇ ਰਹੇ। ਰੋਟੀ ਖਾਣ ਲੱਗੇ ਤਾਂ ਫਜ਼ਲਾਂ ਸਾਡੇ ਕੋਲ ਆਈ। ਮੈਂ ਪਿਆਰ ਨਾਲ ਆਖਿਆ, ‘‘ਆ ਭੈਣ ਰੋਟੀ ‘ਕੱਠਿਆਂ ਖਾਈਏ।’’
ਕਹਿਣ ਲੱਗੀ, ‘‘ਵੀਰ! ਜੇ ਰੋਟੀ ‘ਕੱਠੀ ਖਾਣੀ ਸੀ ਤਾਂ ਸਾਨੂੰ ਕੱਢਣਾ ਕਾਹਨੂੰ ਸੀ ਉਥੋਂ।’’
ਮੇਰੇ ਅੰਦਰ ਬੋਲ ਰਿਹਾ ਗੁਰਮੀਤ ਢੱਡਾ ਖ਼ਾਮੋਸ਼ ਹੋ ਗਿਆ। ਉਸ ਨੂੰ ਉਦੋਂ ਵੀ ਕੋਈ ਗੱਲ ਨਹੀਂ ਸੀ ਅਹੁੜੀ ਜਦੋਂ ਫ਼ਜ਼ਲਾਂ ਨੇ ਇਹ ਸਵਾਲ ਪਾਇਆ ਸੀ। ਇਸ ਸਵਾਲ ਦਾ ਜਵਾਬ ਲੱਭਦਿਆਂ ਹੀ ਇਕ ਤੋਂ ਦੋ ਮੁਲਕ ਬਣ ਗਏ ਹਨ ਜੋ ਅਜੇ ਵੀ ਇਕ ਦੂਜੇ ਵੱਲ ਤੋਪਾਂ ਤਾਣੀ ਖਲੋਤੇ ਸਨ। ‘ਹਿੰਦੂ ਪਾਣੀ’ ਤੇ ‘ਮੁਸਲਮਾਨ ਪਾਣੀ’ ਇਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਤੇ ਮੌਕਾ ਮਿਲਦਿਆਂ ਦੂਜੇ ਦੇ ਲਹੂ ਦਾ ਘੱੁਟ ਭਰ ਵੀ ਲੈਂਦੇ ਸਨ। ਜਵਾਬ ਤਾਂ ਪੰਜ ਸੌ ਸਾਲ ਪਹਿਲਾਂ ਹੀ ਲੱਭ ਲਿਆ ਸੀ ਬਾਬੇ ਨਾਨਕ ਨੇ : ਨਾ ਹਮ ਹਿੰਦੂ ਨਾ ਮੁਸਲਮਾਨ!
ਪਰ ਅਸੀਂ ਉਸ ਦੀ ਸੁਣੀ ਹੀ ਕਦੋਂ ਸੀ! ਉਹਦੇ ਚਿਹਰੇ ਦੇ ਮਾਨਵ-ਮੁਹੱਬਤ ਦੇ ਨੂਰ ਵੱਲ ਝਾਤ ਹੀ ਕਦੋਂ ਮਾਰੀ ਸੀ! ਉਹਦੀ ਬਾਣੀ ਵਿਚਲੇ ਸੱਚ ਨੂੰ ਅੱਖਾਂ ਖੋਲ੍ਹ ਕੇ ਪੜ੍ਹਿਆ ਹੀ ਕਦੋਂ ਸੀ! ਅਸੀਂ ਤਾਂ ਬਸ ਸ਼ਰਧਾ ਵਿਚ ਅੱਖਾਂ ਮੁੰਦ ਕੇ ਸੀਸ ਝੁਕਾ ਛੱਡਿਆ ਸੀ।
ਮੈਂ ਆਪੇ ਤੋਂ ਬਾਹਰ ਆਇਆ ਤਾਂ ਸਤਿਨਾਮ ਮਾਣਕ ਸ਼ਰਾਰਤ ਨਾਲ ਪ੍ਰੇਮ ਸਿੰਘ ਨੂੰ ਪੁੱਛ ਰਿਹਾ ਸੀ, ‘‘ਸਰਦਾਰ ਜੀ! ਤੁਹਾਡੇ ਵੇਲੇ ਕੋ-ਐਜੂਕੇਸ਼ਨ ਹੁੰਦੀ ਸੀ?’’
‘‘ਹੁੰਦੀ ਨਹੀਂ ਸੀ, ਆਪ ਕਰ ਲਈਦੀ ਸੀ!’’ ਰਾਇ ਅਜ਼ੀਜ਼-ਉੱਲਾ ਨੇ ਕਿਹਾ।
ਪ੍ਰੇਮ ਸਿੰਘ ਨੇ ਮਸਤੀ ਦੇ ਆਲਮ ਵਿਚ ਸਿਰ ਹਿਲਾਇਆ ਜਿਉਂ ਜਿਉਂ ਲਾਇਲਪੁਰ ਵੱਲ ਕਾਰ ਵਧ ਰਹੀ ਸੀ, ਉਹ ਜਿਵੇਂ ਉਸ ਪਾਸਿਓਂ ਆਉਂਦੀ ਜਨਮ-ਭੋਂ ਦੀ ਮਹਿਕ ਸੁੰਘ ਕੇ ਹੀ ਲਟਬੌਰਾ ਹੋਈ ਜਾ ਰਿਹਾ ਸੀ। ਬਹੁਤ ਹੀ ਗੰਭੀਰ, ਜ਼ਿੰਮੇਵਾਰ ਵਿਅਕਤੀ ਸਾਰੀਆਂ ਸਿਆਣਪਾਂ ਭੁੱਲ ਕੇ ਜੁਆਨੀ ਦੇ ਮੁੱਢਲੇ ਸਾਲਾਂ ਵਿਚ ਗੁਆਚ ਗਿਆ ਸੀ।
‘‘ਤੁਸੀ ਸਾਂਭੋ ਆਪਣੀਆਂ ਸਿਆਣਪਾਂ ਤੇ ਬੁੱਧੀਮਾਨੀਆਂ। ਆਪਣੀਆਂ ਅਕਲਾਂ ਅਤੇ ਅਖ਼ਬਾਰਾਂ-ਕਿਤਾਬਾਂ। ਗੰਗਾ ਬਾਹਮਣੀ ਨੂੰ ਕੀ ਪਤਾ ਝਨਾਂ ਦੇ ਆਸ਼ਕਾਂ ਦੇ ਰੰਗ-ਰੱਤੇ ਦਿਲਾਂ ਦਾ। ਗੰਗਾ ਬਾਹਮਣੀ ਕੀ ਜਾਣੇ ਮੇਰੇ ਫੁੱਲ ਝਨਾਂ ਵਿਚ ਪਾਣੇ’’, ਪ੍ਰੇਮ ਸਿੰਘ ਨੇ ਤਸੱਲੀ ਦਾ ਡੂੰਘਾ ਸਾਹ ਭਰਿਆ।
ਪ੍ਰੇਮ ਸਿੰਘ ਦੇ ਜਨਮ-ਭੂਮੀ ਵੱਲ ਪ੍ਰਗਟਾਏ ਜਾਂਦੇ ਪਿਆਰ ਨੂੰ ਵੇਖ ਕੇ ਗੁਰਮੀਤ ਢੱਡੇ ਨਾਲ ਗਿਆ ਬਜ਼ੁਰਗ ਬਾਬਾ ਮੈਨੂੰ ਆਖ ਰਿਹੈ, ਮੇਰੀ ਕਹਾਣੀ ਵੀ ਸੁਣਾ ਦੇ। ਮੈਂ ਤਾਂ ਚਾਲੀ ਸਾਲ ਭੁੱਜਦਾ ਰਿਹਾ ਸਾਂ ਆਪਣੇ ਪਿੰਡ ਨੂੰ ਵੇਖਣ ਲਈ।’’
ਬਾਬਾ ਲਾਇਲਪੁਰ ਜ਼ਿਲੇ ਦੇ ਚੱਕ ਨੰ. 56 ਦਾ ਰਹਿਣ ਵਾਲਾ ਸੀ। ਜੜ੍ਹਾਂ ਵਾਲੇ ਦੇ ਨਜ਼ਦੀਕ। ਉਹ ਵੀ ਨਨਕਾਣੇ ਦੇ ਬਹਾਨੇ ਆਪਣੇ ਪਿੰਡ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਤੇ ਜੇ ਕਿਧਰੇ ਜੁਗਾੜ ਬਣ ਜਾਵੇ ਤਾਂ ਪਿੰਡ ਦੇ ਦੀਦਾਰ ਕਰਨ ਆਇਆ ਸੀ। ਉਸ ਨੇ ਇਕ ਦੋ ਮਿੱਤਰਾਂ ਨੂੰ ਨਨਕਾਣੇ ਪੁੱਜਣ ਲਈ ਚਿੱਠੀਆਂ ਪਾਈਆਂ ਸਨ ਪਰ ਉਨ੍ਹਾਂ ਵਿਚੋਂ, ਕੋਈ ਵੀ ਨਨਕਾਣੇ ਨਹੀਂ ਸੀ ਪੁੱਜਾ। ਜਦੋਂ ਉਸ ਨੇ ਗੁਰਮੀਤ ਦੇ ਗਿਰਾਈਆਂ ਨੂੰ ਇੰਜ ਮਿਲਦਿਆਂ ਵੇਖਿਆ ਤਾਂ ਤਰਲਾ ਲੈ ਕੇ ਆਖਣ ਲੱਗਾ, ‘‘ਮਾਸਟਰ ਗੁਰਮੀਤ ਸਿਅ੍ਹਾਂ! ਜਿਵੇਂ ਵੀ ਹੋਵੇ ਮੇਰੇ ਪਿੰਡ ਨੂੰ ਮੇਰਾ ਹੱਥ ਲੁਆ ਦੇਹ। ਮੈਂ ਫਿਰ ਵਾਪਸ ਨਹੀਂ ਜਾਂਦਾ। ਉਥੇ ਹੀ ਮਰ ਜਾਊਂ।’’
ਬਾਬਾ ਭਾਵੁਕ ਹੋ ਗਿਆ।
ਵੀਜ਼ੇ ਮੁਤਾਬਕ ਨਨਕਾਣੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਗੁਰਮੀਤ ਸਿੰਘ ਨੇ ਜਥੇ ਨਾਲ ਗਏ ਅਫ਼ਸਰਾਂ ਨੂੰ ਪੁੱਛਿਆ ਪਰ ਆਗਿਆ ਨਾ ਮਿਲੀ। ਪਰ ਬਾਬਾ ਤਾਂ ਗਿਆ ਹੀ ਇਸੇ ਕੰਮ ਸੀ। ਵਾਰ ਵਾਰ ਆਖੇ, ‘‘ਗੁਰਮੀਤ ਸਿਅ੍ਹਾਂ! ਕਰ ਕੋਈ ਚਾਰਾ! ਤੇਰਾ ਬੜਾ ਪੁੰਨ ਹੋਊ।’’
ਬਾਬਾ ਬਹੁਤ ਉਦਾਸ ਸੀ। ਇਕ ਪੁਲੀਸ ਅਫ਼ਸਰ ਨੇ ਜਥੇ ਦੇ ਬੰਦਿਆਂ ‘ਚੋਂ ਆਵਾਜ਼ ਦੇ ਕੇ ਪੁੱਛਿਆ, ‘‘ਤੁਹਾਡੇ ਵਿਚੋਂ ਨੰਗਲ ਸਰਾਲੇ ਦਾ ਹੈ ਕੋਈ?’’
ਗੁਰਮੀਤ ਢੱਡਾ ਕਹਿਣ ਲੱਗਾ, ‘‘ਮੈਂ ਜਾਣਦਾਂ ਨੰਗਲ ਸਰਾਲੇ ਨੂੰ। ਮੈਂ ਅਲਾਵਲਪੁਰ ਪੜ੍ਹਦਾ ਰਿਹਾਂ।’’
ਉਹ ਅਫ਼ਸਰ ਵੀ ਉਸੇ ਪਿੰਡ ਦੇ ਉਸੇ ਸਕੂਲ ਵਿਚ ਪੜ੍ਹਦਾ ਰਿਹਾ ਸੀ। ਉਸ ਨੇ ਉਸੇ ਵੇਲੇ ਚਾਹ ਤੇ ਬਰਫੀ ਮੰਗਵਾ ਲਈ। ਆਪਣੇ ਸਕੂਲ, ਮਾਸਟਰਾਂ, ਜਮਾਤੀਆਂ ਅਤੇ ਇਲਾਕੇ ਦੀਆਂ ਗੱਲਾਂ ਕਰਨ ਲੱਗਾ। ਉਸ ਨੂੰ ਪਿਘਲਿਆ ਵੇਖ ਕੇ ਗੁਰਮੀਤ ਨੇ ਕਿਹਾ, ‘‘ਬਾਬਾ ਵੀ ਇੰਜ ਹੀ ਹਉਕੇ ਲੈਂਦਾ ਆਪਣਾ ਪਿੰਡ ਵੇਖਣ ਲਈ। ਜੇ ਕੁਝ ਹੋ ਸਕਦਾ ਹੋਵੇ।’’
ਤਰਲ ਹੋਇਆ ਅਫ਼ਸਰ ਕਹਿਣ ਲੱਗਾ, ‘‘ਤੁਸੀਂ ਪ੍ਰਾਈਵੇਟ ਗੱਡੀ ਕਰ ਲਵੋ। ਅੱਵਲ ਤਾਂ ਕੋਈ ਪੁੱਛਦਾ ਨਹੀਂ। ਜੇ ਫੜਨਗੇ ਤਾਂ ਫੜ ਕੇ ਪਹਿਲਾਂ ਸਾਡੇ ਕੋਲ ਹੀ ਲੈ ਕੇ ਆਉਣਗੇ, ਇਥੇ ਮੈ ਬੈਠਾਂ।’’
ਗੁਰਮੀਤ ਤੇ ਬਾਬਾ ਉੱਡਦੇ ਹੋਏ ਬੈਂਕ ਮੈਨੇਜਰ ਕੋਲ ਗਏ। ਮੈਨੇਜਰ ਨੇ ਆਪ ਕਾਰ ਕਿਰਾਏ ‘ਤੇ ਕੀਤੀ ਤੇ ਉਨ੍ਹਾਂ ਨਾਲ ਜੜ੍ਹਾਂ ਵਾਲੇ ਨੂੰ ਤੁਰ ਪਿਆ। ਗੁਰਮੀਤ ਨੇ ਕਿਹਾ, ‘‘ਬਾਬਾ ਪਿੰਡ ਲੱਭ ਲਵੇਂਗਾ?’’
‘‘ਭਾਵੇਂ ਮੇਰੀਆਂ ਅੱਖਾਂ ਬੰਨ੍ਹ ਦਿਓ ਤਦ ਵੀ ਲੱਭ ਲੂੰ। ਮੈਂ ਪੂਰੇ ਚਾਲੀ ਸਾਲ ਇਸ ਧਰਤੀ ‘ਤੇ ਗੁਜ਼ਾਰੇ ਨੇ। ਬਾਬੇ ਦੀਆਂ ਐਨਕਾਂ ਹੇਠਾਂ ਤਰਲ ਅੱਖਾਂ ਚਮਕ ਰਹੀਆਂ ਸਨ।
ਭਾਵੇ ਰਸਤੇ ਬਦਲ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਪਿੰਡ ਲੱਭ ਹੀ ਲਿਆ। ਪਹਿਲੇ ਹੀ ਘਰ ਕੋਲ ਕਾਰ ਰੋਕ ਕੇ ਬਾਬੇ ਦੇ ਕਿਸੇ ਪੁਰਾਣੇ ਜਾਣੂ ਦਾ ਨਾਂ ਪੁੱਛਿਆ ਤਾਂ ਘਰ ਦੇ ਕਹਿਣ ਲੱਗੇ, ‘‘ਉਹ ਤਾਂ ਸ਼ੁਦਾਈ ਹੋ ਗਿਆ।’’
ਹੋਰ ਪੰਜਾਂ ਚਹੁੰ ਦੇ ਨਾਂ ਲਏ। ਉਹ ਹੈਗੇ ਸਨ। ਬਾਬਾ ਘਰ ਵੇਖਣ ਲਈ ਕਾਹਲਾ ਸੀ ਪਰ ਦੁਆਲੇ ਆ ਜੁੜੀ ਭੀੜ ਨੇ ਠੰਢੇ ਦੀਆਂ ਬੋਤਲਾਂ ਮੰਗਵਾ ਲਈਆਂ ਸਨ। ਪਿੱਛੋਂ ਉਨ੍ਹਾਂ ਚਾਹ ਵੀ ਧਰ ਦਿੱਤੀ। ਲਾਗਲੇ ਪ੍ਰਾਇਮਰੀ ਸਕੂਲ ਦਾ ਮਾਸਟਰ ਬਾਹਰ ਆ ਗਿਆ। ਉਸ ਬੱਚਿਆਂ ਨੂੰ ਛੁੱਟੀ ਕਰ ਦਿੱਤੀ।
ਬੱਚੇ, ਬੁੱਢੇ, ਨਿਆਣੇ ਇਕ ਜਲੂਸ ਦੀ ਸ਼ਕਲ ਵਿਚ ਪਿੰਡ ਦੀਆਂ ਗਲੀਆਂ ਵਿਚ ਹੋ ਤੁਰੇ। ਪੈਲੀਆਂ ਤੋਂ ਸਿਰ ‘ਤੇ ਪੱਠਿਆਂ ਦੀਆਂ ਪੰਡਾਂ ਚੁੱਕੀ ਆਉਂਦੇ। ਕਈਆਂ ਨੇ ਪੰਡਾਂ ਪਾਸੇ ਰੱਖ ਦਿੱਤੀਆਂ ਤੇ ਨਾਲ ਨਾਲ ਚੱਲ ਪਏ। ਜਿਉਂ ਜਿਉਂ ਪਤਾ ਲੱਗਦਾ ਗਿਆ, ਬਾਬੇ ਦੇ ਪੁਰਾਣੇ ਜਾਣੂ ਵੀ ਸਾਹੋ-ਸਾਹ ਭੱਜੇ ਆਣ ਪਹੁੰਚੇ। ਬੱਚੇ ਤੇ ਜ਼ਨਾਨੀਆਂ ਦਰਵਾਜ਼ਿਆਂ ‘ਚ ਆ ਖੜੋਤੇ।
ਵੰਡ ਤੋਂ ਪਹਿਲਾਂ ਬਾਬੇ ਦਾ ਲੱਕੜ ਦਾ ਕੰਮ ਹੁੰਦਾ ਸੀ। ਜਿਸ ਰਾਹੇ ਉਹ ਜਾ ਰਿਹਾ ਸੀ, ਉਸ ਦਾ ਕਾਰਖ਼ਾਨਾ ਨੇੜੇ ਸੀ। ਲੋਕ ਬਾਬੇ ਨੂੰ ਰੋਕ ਕੇ ਸੁੱਖ-ਸਾਂਦ ਪੁੱਛ ਰਹੇ ਸਨ, ਬਦੋਬਦੀ ਠੰਢਾ ਪਿਆ ਰਹੇ ਸਨ। ਤੁਰੇ ਜਾਂਦੇ ਬੰਦਿਆਂ ਦੀਆਂ ਟਿੱਪਣੀਆਂ ‘ਚੋਂ ਬਾਬੇ ਦਾ ਕਿਰਦਾਰ ਤੇ ਵਿਹਾਰ ਬੋਲਦਾ ਸੀ।
‘‘ਇਹ ਬਾਬਾ ਤਾਂ ਪਿੰਡ ਦਾ ਬੰਨ੍ਹ ਹੁੰਦਾ ਸੀ ਸਾਡੇ ਦਾ।’’
‘‘ਇਹਦਾ ਲਾਣਾ ਤੇ ਕਾਰੋਬਾਰ ਏਨਾ ਵੱਡਾ ਸੀ ਕਿ ਸੇਰ ਤੇਲ ਬਲਦਾ ਸੀ ਇਨ੍ਹਾਂ ਦੇ ਘਰ।’’
‘‘ਕਿਸੇ ਦੇ ਵਿਆਹ ਹੋਵੇ ਜਾਂ ਮਰਗ; ਇਹਨੇ ਕਦੀ ਬਾਲਣ ਦਾ ਪੈਸਾ ਨਹੀਂ ਸੀ ਲਿਆ।’’
ਬਾਬੇ ਦਾ ਇਕ ਹਾਣੀ ਅੱਗੋਂ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ, ‘‘ਕਰਮ ਸਿਅ੍ਹਾਂ! ਭਾਵੇਂ ਮੇਰੇ ਘਰ ਨੂੰ ਹੱਥ ਹੀ ਲਾ ਕੇ ਮੁੜ ਆਵੀਂ ਪਰ ਮੇਰੇ ਘਰ ਜ਼ਰੂਰ ਆ।’’
ਭੀੜ ਨੂੰ ਚੀਰਦੀ ਇਕ ਜ਼ਨਾਨੀ ਅੱਗੇ ਆਈ। ਉਸਨੇ ਚਿਹਰੇ ਉਤੇ ਘੁੰਡ ਵਾਂਗ ਕੱਪੜਾ ਕਰ ਲਿਆ ਤੇ ਬਾਬੇ ਦੇ ਪੈਰੀਂ ਹੱਥ ਲਾਇਆ। ਗੁਰਮੀਤ ਨੇ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ‘‘ਸਾਡਾ ਤਾਂ ਇਹ ਅੰਨਦਾਤਾ ਹੈ।’’
ਵੰਡ ਤੋਂ ਪਹਿਲਾਂ ਉਸ ਔਰਤ ਦਾ ਘਰ ਵਾਲਾ ਬਾਬੇ ਦਾ ਸ਼ਾਗਿਰਦ ਬਣ ਕੇ ਉਸ ਤੋਂ ਤਰਖਾਣਾ ਕੰਮ ਸਿੱਖਦਾ ਰਿਹਾ ਸੀ।
‘‘ਬੀਬੀ ਕੀ ਨਾਂ ਸੀ ਤੇਰੇ ਘਰ ਵਾਲੇ ਦਾ?’’
‘‘ਅਤਾ ਮੁਹੰਮਦ।’’
ਬਾਬੇ ਨੇ ਹੱਥਲੀ ਡਾਂਗ ਮੋਢੇ ਨਾਲ ਲਾਈ। ਦੋਹਾਂ ਹੱਥਾਂ ਨਾਲ ਐਨਕਾਂ ਦਾ ਫਰੇਮ ਠੀਕ ਕੀਤਾ ਤੇ ਲਿਸ਼ਕਦੀਆਂ ਅੱਖਾਂ ਨਾਲ ਕਿਹਾ, ‘‘ਕਿਥੇ ਐ ਉਹ…ਮੇਰਾ ਪੁੱਤ…ਉਹਨੂੰ ਮਿਲਾ…।’’
ਪਰ ਅਤਾ ਮੁਹੰਮਦ ਤਾਂ ਲਾਇਲਪੁਰ ਕੰਮ ‘ਤੇ ਗਿਆ ਹੋਇਆ ਸੀ। ਉਸ ਨੇ ਰਾਤ ਨੂੰ ਪਰਤਣਾ ਸੀ।
‘‘ਤੂੰ ਉਹਨੂੰ ਆਖੀਂ ਸਵੇਰੇ ਮੈਨੂੰ ਨਨਕਾਣੇ ਆ ਕੇ ਮਿਲੇ। ਹੱਥ ‘ਚ ਸੋਟੇ ਵਾਲਾ ਤੇ ਐਨਕਾਂ ਵਾਲਾ ਬੰਦਾ ਮੈਂ ਹੀ ਹੋਉਂ।’’
ਕਾਰਖ਼ਾਨੇ ਜਾ ਕੇ ਬਾਬਾ ਹਸਰਤ ਭਰੀਆਂ ਅੱਖਾਂ ਨਾਲ ਛੱਤ ‘ਤੇ ਆਪਣੀ ਹੱਥੀਂ ਪਾਏ ਗਾਡਰਾਂ ਵੱਲ ਵੇਖਣ ਲੱਗਾ। ਆਪਣੇ ਹਥੌੜੇ ਨੂੰ ਪਛਾਣ ਲਿਆ। ਘਣ ਉਹੋ ਸੀ। ਬੱਚਿਆਂ ਵਾਂਗ ਉਹਨੂੰ ਕੁੱਛੜ ਚੁੱਕ ਲਿਆ। ਆਖੇ, ‘‘ਗੁਰਮੀਤ ਸਿਅ੍ਹਾਂ, ਇਹਨੂੰ ਨਾਲ ਲੈ ਚੱਲੀਏ।’’
ਘਰ ਗਿਆ ਤਾਂ ਵਿਹੜੇ ਵਿਚਲੇ ਪਿੱਪਲ ਨੂੰ ਜਾ ਕੇ ਜੱਫੀ ਪਾ ਲਈ। ਆਖੀ ਜਾਵੇ ‘‘ਗੁਰਮੀਤ ਸਿਅ੍ਹਾਂ! ਤੂੰ ਹੁਣ ਮੈਨੂੰ ਏਥੇ ਹੀ ਰਹਿਣ ਦੇ।’’
ਪਰ ਜਾਣਾ ਤਾਂ ਪੈਣਾ ਹੀ ਸੀ। ਸਾਰਾ ਪਿੰਡ ਬਾਹਰ ਤਕ ਵਿਦਾ ਕਰਨ ਆਇਆ।
ਰਾਤੀਂ ਅਤਾ ਮੁਹੰਮਦ ਘਰ ਪੁੱਜਾ ਤਾਂ ਘਰਵਾਲੀ ਨੇ ਬਾਬੇ ਕਰਮ ਸਿੰਘ ਬਾਰੇ ਦੱਸਿਆ। ਉਹ ਰਾਤੀਂ ਹੀ ਘਰੋਂ ਤੁਰ ਪਿਆ। ਕਿਸੇ ਟਰੱਕ ‘ਤੇ ਸਵਾਰ ਹੋ ਕੇ ਸਵੇਰੇ ਤੜ੍ਹਕੇ ਹੀ ਨਨਕਾਣੇ ਪੁੱਜ ਗਿਆ ਤੇ ਬਾਬੇ ਕਰਮ ਸਿੰਘ ਨੂੰ ਲੱਭਣ ਲੱਗਾ।
ਦਿਨੇ ਨੌਂ ਕੁ ਵਜੇ ਜਦੋਂ ਬਾਬਾ ਕਰਮ ਸਿੰਘ ਤੇ ਗੁਰਮੀਤ ਸਿੰਘ ਢੱਡਾ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਅਤਾ ਮੁਹੰਮਦ ਨੇ ਬਾਬੇ ਨੂੰ ਦੂਰੋਂ ਪਛਾਣ ਲਿਆ ਤੇ ਬੱਚਿਆਂ ਵਾਂਗ ਭੱਜ ਕੇ ਉਹਦੇ ਗਲ ਨੂੰ ਚੰਬੜ ਗਿਆ। ਪੁਲੀਸ ਵਾਲਿਆਂ ਨੂੰ ਉਹਦੀ ਇਹ ਹਮਲਾਵਰ ਤੇਜ਼ੀ ਖ਼ਤਰਨਾਕ ਲੱਗੀ ਤੇ ਉਨ੍ਹਾਂ ਨੇ ਉਸ ਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਬਾਬੇ ਦੇ ਗਲ ਦੁਆਲਿਓਂ ਉਹਦੀਆਂ ਬਾਹਵਾਂ ਦੀ ਕਰਿੰਘੜੀ ਲਾਹੁਣ ਲੱਗੇ। ਉਹ ਗਲਵੱਕੜੀ ਦੀ ਕੱਸ ਪੱਕੀ ਕਰ ਗਿਆ ਤੇ ਡੰਡੇ ਖਾਈ ਗਿਆ।
ਆਖੀ ਜਾਵੇ, ‘‘ਇੰਜ ਮੈਨੂੰ ਮੇਰੇ ਪਿਓ ਨੂੰ ਮਿਲਣੋਂ ਰੋਕ ਲਵੋਗੇ! ਲਾ ਲੋ ਜ਼ੋਰ।’’
ਗੁਰਮੀਤ ਸਿੰਘ ਨੇ ਕੋਲ ਖੜੋਤੇ ਪੁਲੀਸ ਅਫ਼ਸਰਾਂ ਨੂੰ ਭੱਜ ਕੇ ਦੱਸਿਆ। ਪੁਲਸੀਏ ਪਿੱਛੇ ਹਟੇ ਤਾਂ ਹੀ ਉਹਨੇ ਬਾਬੇ ਦੇ ਮੋਢੇ ਨਾਲੋਂ ਆਪਣਾ ਸਿਰ ਪਿੱਛੇ ਕੀਤਾ। ਉਹਦੇ ਅੱਥਰੂਆਂ ਨਾਲ ਬਾਬੇ ਦਾ ਮੋਢਾ ਭਿੱਜ ਚੁੱਕਾ ਸੀ।

ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿਚ ਉਸ ਦਾ ਬਚਪਨ ਤੇ ਜੁਆਨੀ ਦੇ ਮੁਢਲੇ ਸਾਲ ਬੀਤੇ ਸਨ। ਸ਼ੇਖ਼ੂਪੁਰੇ ਦੀ ਨਿਰਾਸ਼ਾ ਧੋ ਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜ੍ਹਾ ਸੀ। ਲਾਇਲਪੁਰ ਜਾਣ ਲਈ। ਆਪਣੀ ਜਨਮ ਭੋਂ ਵੇਖਣ ਲਈ। ਗੁਆਚੀ ਹੋਈ ਉਤੇਜਨਾ ਉਸ ਵਿਚ ਫਿਰ ਪਰਤ ਆਈ ਸੀ।
‘‘ਚਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ’’, ਉਹ ਪੁਰਾਣੇ ਚੇਤਿਆਂ ‘ਚੋਂ ਬੋਲਿਆ, ‘‘ਤਿੰਨ ਘੰਟੇ ਲੱਗਦੇ ਸਨ ਉਸ ਬੱਸ ਵਿਚ ਲਾਇਲਪੁਰ ਤੋਂ ਲਾਹੌਰ ਜਾਣ ਦੇ।’’
ਉਹ ਆਪਣੇ ਰਓਂ ਵਿਚ ਬੋਲੀ ਜਾ ਰਿਹਾ ਸੀ। ਸਾਹਮਣੇ ਸੜਕ ਕਿਨਾਰੇ ਇਕ ਕਾਰ ਖੜੋਤੀ ਸੀ ਤੇ ਇਕ ਸਰਦਾਰ ਉਸ ਦੀ ਬਾਰੀ ਨੂੰ ਹੱਥ ਪਾ ਕੇ ਖਲੋਤਾ ਸੀ। ਸਤਿਨਾਮ ਮਾਣਕ ਨੇ ਕਿਹਾ, ‘‘ਔਹ ਜਗਤਾਰ ਨਹੀਂ ਖਲੋਤਾ?’’
ਜਗਤਾਰ ਹੀ ਸੀ। ਪਰੇ ਖੇਤਾਂ ਵਲੋਂ ਗੁਰਭਜਨ ਗਿੱਲ ਖਲੋਤੀ ਕਾਰ ਵੱਲ ਤੁਰਿਆ ਜਾ ਰਿਹਾ ਸੀ। ‘ਤਾਂ ਜਗਤਾਰ ਨੇ ਨਨਕਾਣੇ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ!’ ਅਸੀਂ ਇਕ ਦੂਜੇ ਨੂੰ ਹੱਥ ਹਿਲਾਏ ਤੇ ਸਾਡੀ ਕਾਰ ਅੱਗੇ ਨਿਕਲ ਗਈ।
‘ਫੀਰੋਜ਼ ਬੱਟੂਆਂ’ ਤੋਂ ਮੋੜ ਮੁੜੇ ਤਾਂ ਮੀਲ ਪੱਥਰ ‘ਤੇ ਨਨਕਾਣਾ ਸਾਹਿਬ ਦਾ ਵੀਹ ਕਿਲੋਮੀਟਰ ਫ਼ਾਸਲਾ ਲਿਖਿਆ ਨਜ਼ਰ ਆਇਆ। ਅਸੀਂ ਨਨਕਾਣੇ ਦੇ ਰਾਹ ਤੁਰੇ ਜਾ ਰਹੇ ਸਾਂ। ਪਾਕਿਸਤਾਨ ਬਣਨ ਪਿਛੋਂ ਕਿਸੇ ਗਾਇਕ ਦਾ ਵੈਰਾਗ਼ ਵਿਚ ਗਾਇਆ ਗੀਤ ਮੇਰੇ ਜ਼ਿਹਨ ਵਿਚ ਗੂੰਜਿਆ :
‘‘ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ ਵੇ,
ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਵੀਂ ਜਾ,
ਸੰਦੇਸ਼ਾ ਦੇਵੀਂ ਜਾ ਮੇਰੀਆਂ ਹਾਵਾਂ ਦੇਵੀਂ ਜਾ,
ਤੂੰ ਸੰਦੇਸ਼ਾ ਦੇਵੀਂ ਜਾ….’’
ਸਿੱਖਾਂ ਦੀ ਅਰਦਾਸ ਵਿਚ ਦਰਜ ‘ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ’ ਇਸ ਕਾਨਫ਼ਰੰਸ ਨੇ ਬਖ਼ਸ਼ ਦਿੱਤੇ ਸਨ।
ਤਰਨ ਤਾਰਨ ਦੀ ਮੱਸਿਆ ਵਿਚ ‘ਸੈਂਟਰ ਮਾਝਾ ਦੀਵਾਨ’ ਸਥਾਨ ‘ਤੇ ਸਾਡੇ ਪਿੰਡ ਦਾ ਅਕਾਲੀ ਮਹਿਲ ਸਿੰਘ ਰੋਣ-ਹਾਕੀ ਆਵਾਜ਼ ਵਿਚ ਸਟੇਜ ਤੋਂ ਬੋਲ ਰਿਹਾ ਸੀ ਤੇ ਮੈਂ ਪੰਜ ਛੇ ਸਾਲਾਂ ਦਾ ਬਾਲ ਆਪਣੇ ਦਾਦੇ ਕੋਲ ਦੀਵਾਨ ਵਿਚ ਬੈਠਾ ਉਸ ਨੂੰ ਸੁਣ ਰਿਹਾ ਸਾਂ।
‘‘ਪਾਕਿਸਤਾਨ ਬਣਨ ਨਾਲ ਹਿੰਦੂਆਂ ਦਾ ਕੁਝ ਨਾ ਗਿਆ, ਉਨ੍ਹਾਂ ਦੀ ਕਾਸ਼ੀ ਉਨ੍ਹਾਂ ਕੋਲ ਰਹਿ ਗਈ। ਮੁਸਲਮਾਨਾਂ ਦਾ ਕੁਝ ਨਾ ਗਿਆ, ਉਨ੍ਹਾਂ ਦਾ ਮੱਕਾ ਉਨ੍ਹਾਂ ਕੋਲ ਹੀ ਰਿਹਾ। ਪਰ ਖ਼ਾਲਸਾ ਜੀ! ਸਾਡਾ ਪ੍ਰਾਣਾਂ ਨਾਲੋਂ ਪਿਆਰਾ ਸਾਡਾ ਨਨਕਾਣਾ ਸਾਥੋਂ ਖੁੱਸ ਗਿਆ।’’
ਉਹਦੇ ਬੋਲਾਂ ਦਾ ਡੂੰਘਾ ਦਰਦ ਤੇ ਵਿਗੋਚਾ ਮੈਨੂੰ ਅਜੇ ਤਕ ਨਹੀਂ ਭੁੱਲਿਆ।
ਅਸੀਂ ਨਨਕਾਣੇ ਦੀ ਜੂਹ ਵਿਚ ਪੁੱਜ ਗਏ। ਇਨ੍ਹਾਂ ਖੇਤਾਂ ਵਿਚ, ਇਨ੍ਹਾਂ ਜੂਹਾਂ ਵਿਚ ਬਾਬਾ ਨਾਨਕ ਘੰੁਮਦਾ ਰਿਹਾ ਹੋਵੇਗਾ। ਇਹੋ ਹੀ ਮਿੱਟੀ ਸੀ ਜਿਸ ‘ਤੇ ਉਸ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ। ਇਨ੍ਹਾਂ ਖੇਤਾਂ ਦੀ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਜਦੋਂ ਮਹਿਤਾ ਕਾਲੂ ਦੀਵੇ ਦੀ ਲੋਅ ਵਿਚ ਲਾ ਰਿਹਾ ਹੋਵੇਗਾ ਤੇ ਪਿੱਤਲ ਦੀ ਕਾਲੀ ਸਿਆਹੀ ਵਾਲੀ ਦਵਾਤ ‘ਚੋਂ ਰਜਿਸਟਰ ‘ਤੇ ਲਿਖਣ ਲਈ ਡੋਬਾ ਲੈਣ ਵਾਸਤੇ ਜਦੋਂ ਉਹ ਕਲਮ ਦੀ ਨੋਕ ਭਿਉਂ ਰਿਹਾ ਹੋਵੇਗਾ ਤਾਂ ਬਾਲ ਨਾਨਕ ਉਸ ਦੇ ਨੇੜੇ ਹੀ ਬੈਠਾ ਪਿਤਾ ਵਲੋਂ ਚਿੱਟੇ ਕਾਗਜ਼ ‘ਤੇ ਲਿਖੇ ਜਾਂਦੇ ਕਾਲੇ ਅੱਖਰਾਂ ਵੱਲ ਉਤਸੁਕਤਾ ਨਾਲ ਨੀਝ ਲਾ ਕੇ ਵੇਖਦਾ ਹੋਵੇਗਾ ਤੇ ਉਸ ਦਾ ਵੀ ਦਿਲ ਪਹਿਲੀ ਵਾਰ ਕੀਤਾ ਹੋਵੇਗਾ ਕੁਝ ਲਿਖਣ ਲਈ। ਇਹ ਉਹੋ ਹੀ ਪਲ ਸੀ ਸ਼ਾਇਦ, ਜਿਸ ਨੇ ਆਉਣ ਵਾਲੇ ਸਮੇਂ ਦੇ ਮਹਾਨ ਯੁਗ ਕਵੀ ਕੋਲੋਂ ਮਹਾਨ ਕਵਿਤਾ ਲਿਖਣ ਲਈ ਉਹਦੀ ਚੇਤਨਾ ਵਿਚ ਲੇਖਕ ਹੋਣ ਦਾ ਪਹਿਲਾ ਬੀਜ ਸੁੱਟ ਦਿੱਤਾ ਹੋਵੇਗਾ।
ਇਨ੍ਹਾਂ ਗਲੀਆਂ ‘ਚੋਂ ਠੁਮਕ ਠੁਮਕ ਤੁਰਦਾ ਬਾਲ ਨਾਨਕ ਆਪਣੇ ਯਾਰ ਮਰਦਾਨੇ ਦੇ ਘਰ ਜਾਂਦਾ ਹੋਵੇਗਾ। ਦੋਵੇਂ ਮਿੱਤਰ ਰਲ ਕੇ ਬਾਲੇ ਦੇ ਖੂਹ ‘ਤੇ ਜਾਂਦੇ ਹੋਣਗੇ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਹੋਣਗੇ। ਉਨ੍ਹਾਂ ਦੀਆਂ ਨਜ਼ਰਾਂ ਨੇ ਇਸ ਆਲੇ ਦੁਆਲੇ ਨੂੰ ਆਪਣੀਆਂ ਨਜ਼ਰਾਂ ਨਾਲ ਨਿਹਾਰਿਆ ਹੋਵੇਗਾ। ਮੈਂ ਉਨ੍ਹਾਂ ਨਜ਼ਰਾਂ ਨਾਲ ਨਜ਼ਰਾਂ ਮਿਲਾਉਣਾ ਚਾਹ ਰਿਹਾ ਸਾਂ।
ਹੁਣ ਮੇਰੀਆਂ ਨਜ਼ਰਾਂ ਸਾਹਮਣੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਮਾਰਤ ਸੀ। ਰਘਬੀਰ ਸਿੰਘ ਤੇ ਸਰਵਣ ਸਿੰਘ ਹੁਰਾਂ ਦਾ ਟੋਲਾ ਸਾਡੇ ਤੋਂ ਪਹਿਲਾਂ ਗੁਰਦੁਆਰੇ ਪਹੰੁਚ ਚੁੱਕਾ ਸੀ। ਸਾਡੇ ਨਾਲ ਹੀ ਜਗਤਾਰ ਤੇ ਗੁਰਭਜਨ ਗਿੱਲ ਹੁਰੀਂ ਆਣ ਅੱਪੜੇ।
‘‘ਮੈਨੂੰ ਗੁਰਭਜਨ ਕਹਿੰਦਾ ਕਿ ਅਸਾਂ ਜ਼ਰੂਰ ਜਾਣੈ‥ਮੈਂ ਕਿਹਾ ਚੱਲੋ! ਚੱਲ ਫਿਰਨੇ ਆਂ। ਆਪਣੇ ਯਾਰ ਦੀ ਕਾਰ ਮੰਗਵਾ ਲਈ।’’ ਜਗਤਾਰ ਨੇ ਗੁਰਦੁਆਰੇ ਅੰਦਰ ਤੁਰਦਿਆਂ ਦੱਸਿਆ।
ਸਾਹਮਣੇ ਘਾਹ ਦੇ ਹਰੇ ਲਾਅਨ, ਉਸ ਤੋਂ ਅੱਗੇ ਮੁੱਖ ਗੁਰਦੁਆਰਾ, ਸੱਜੇ ਹੱਥ ਸਰੋਵਰ ਤੇ ਲੰਗਰ ਅਸਥਾਨ, ਖੱਬੇ ਹੱਥ ਪ੍ਰਵਾਸੀ ਸਿੱਖਾਂ ਦੀ ਸਹਾਇਤਾ ਨਾਲ ਬਣਿਆ ਖ਼ੂਬਸੂਰਤ ਰਿਹਾਇਸ਼ੀ ਕੰਪਲੈਕਸ। ਮੱਥਾ ਟੇਕ ਕੇ ਪੇ੍ਰਮ ਸਿੰਘ ਗੁਰੂ ਗਰੰਥ ਸਾਹਿਬ ਦਾ ਵਾਕ ਲੈਣ ਲਈ ਬੈਠ ਗਿਆ। ਉਸ ਦੀ ਹਦਾਇਤ ‘ਤੇ ਵਾਕ ਲੈਂਦੇ ਦੀ ਤਸਵੀਰ ਰਾਇ ਅਜ਼ੀਜ਼ ਉੱਲ੍ਹਾ ਨੇ ਖਿੱਚ ਲਈ। ਫਿਰ ਰਾਇ ਸਾਹਿਬ ਨੇ ਮੈਨੂੰ ਵੀ ਗੁਰੂ ਗਰੰਥ ਸਾਹਿਬ ਸਾਹਮਣੇ ਬਿਠਾ ਕੇ ਪ੍ਰੇਮ ਸਿੰਘ ਵਾਂਗ ਤਸਵੀਰ ਖਿੱਚੀ।
ਬਾਹਰ ਨਿਕਲ ਕੇ ਉਸ ਜੰਡ ਨੂੰ ਦੇਖਿਆ ਜਿਥੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਲਛਮਣ ਸਿੰਘ ਧਾਰੋਵਾਲੀ ਨੂੰ ਬੰਨ੍ਹ ਕੇ ਸਾੜ ਦਿੱਤਾ ਸੀ। ਪੂਰਾ ਇਤਿਹਾਸ ਅੱਖਾਂ ਅੱਗੋਂ ਗੁਜ਼ਰ ਗਿਆ। ਸੰਗਮਰਮਰੀ ਪਰਿਕਰਮਾ ਦੀ ਸਫ਼ਾਈ ਹੋ ਰਹੀ ਸੀ। ਅਸੀਂ ਲੰਗਰ ਹਾਲ ਵਿਚ ਗਏ। ਉਥੇ ਕੁਝ ਸਿੰਧੀ ਸਿੱਖ ਤੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੇ ਸਨ। ਅਸੀਂ ਰਲਾ ਮਿਲਾ ਕੇ ਵੀਹ ਪੰਝੀ ਜਣੇ ਹੋ ਗਏ ਸਾਂ। ਅਸੀਂ ਆਪ ਹੀ ਆਪਣੀ ਸੇਵਾ ਸਾਂਭ ਲਈ। ਭਿੰਡੀਆਂ ਤੇ ਆਲੂਆਂ ਦੀ ਤਰੀ ਵਾਲੀ ਸਬਜ਼ੀ ਸੀ। ਹੁਣ ਤਕ ਭੁੱਖ ਚਮਕ ਚੁੱਕੀ ਸੀ।
ਇਧਰੋਂ ਵਿਹਲੇ ਹੋਏ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਛੇਤੀ ਕਰੋ! ਚਲੋ ਚਲੀਏ। ਅਜੇ ਲਾਇਲਪੁਰ ਵੀ ਪਹੁੰਚਣਾ ਏਂ।’’
ਜਦੋਂ ਕਿਤੇ ਬਹੁਤ ਪਹਿਲਾਂ ਉਹ ਪਾਕਿਸਤਾਨ ਆਇਆ ਸੀ ਤਾਂ ਉਦੋਂ ਨਨਕਾਣਾ ਵੇਖ ਚੁੱਕਾ ਸੀ। ਉਹਦੀ ਦਿਲਚਸਪੀ ਛੇਤੀ ਤੋਂ ਛੇਤੀ ਲਾਇਲਪੁਰ ਪੁੱਜਣ ਵਿਚ ਸੀ ਜਦ ਕਿ ਮੇਰੀ ਇੱਛਾ ਨਨਕਾਣੇ ਨੂੰ ਰੱਜ ਕੇ, ਜੀਅ ਭਰ ਕੇ ਵੇਖਣ ਦੀ ਸੀ।
ਪ੍ਰੇਮ ਸਿੰਘ ਕਾਹਲੀ ਕਾਹਲੀ ਸਾਥੋਂ ਅੱਗੇ ਤੁਰ ਰਿਹਾ ਸੀ। ਮੈਂ ਸਤਿਨਾਮ ਮਾਣਕ ਨੂੰ ਹੌਲੀ ਜਿਹੀ ਕਿਹਾ, ‘‘ਮੈਂ ਦੂਜੇ ਗੁਰਦੁਆਰੇ ਵੀ ਜ਼ਰੂਰ ਵੇਖਣੇ ਨੇ।’’
‘‘ਜ਼ਰੂਰ ਵੇਖੋ ਜੀ! ਹੁਣ ਤਾਂ ਆਏ ਹੋਏ ਆਂ। ਫਿਰ ਕੀ ਪਤਾ ਕਦੋਂ ਮੌਕਾ ਬਣੇ…‥।’’ ਰਾਇ ਸਾਹਿਬ ਨੇ ਗੱਲ ਅੱਧ ਵਿਚਾਲੇ ਛੱਡ ਦਿੱਤੀ। ਅਸੀਂ ਪ੍ਰੇਮ ਸਿੰਘ ਦੀਆਂ ਕਾਹਲੀਆਂ ‘ਤੇ ਮੁਸਕਰਾ ਪਏ। ਪ੍ਰੇਮ ਸਿੰਘ ਆਪਣੀ ਥਾਂ ਠੀਕ ਸੀ। ਅਗਲੇ ਦਿਨ ਲਾਹੌਰ ਦੇ ਇੱਛਰਾਂ ਬਾਜ਼ਾਰ ਵਿਚ ਇਕ ਬਜ਼ੁਰਗ ਮੁਸਲਮਾਨ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ, ‘‘ਸਰਦਾਰ ਜੀ, ਕੋਈ ਤਰਕੀਬ ਦੱਸੋ ਜਿਸ ਨਾਲ ਮੇਰਾ ਪੰਜਾਬ ਦਾ ਵੀਜ਼ਾ ਲੱਗ ਜਾਵੇ। ਮੈਂ ਅੰਬਰਸਰ ਜ਼ਿਲ੍ਹੇ ‘ਚ ਆਪਣਾ ਪਿੰਡ ਵੇਖਣਾ ਚਾਹੰੁਦਾ।’’
ਮੈਂ ਉਸ ਨੂੰ ਕੀ ਤਰਕੀਬ ਦੱਸ ਸਕਦਾ ਸਾਂ! ਐਵੇਂ ਕਹਿਣ ਦੀ ਖ਼ਾਤਰ ਕਿਹਾ ਕਿ ਜਾਂ ਸਾਡੇ ਵਾਂਗ ਕਿਸੇ ਕਾਨਫ਼ਰੰਸ ‘ਤੇ ਅਤੇ ਜਾਂ ਕਿਸੇ ਇਬਾਦਤਗਾਹ ਦੀ ਜ਼ਿਆਰਤ ਲਈ ਜਾਣ ਵਾਲੇ ਕਿਸੇ ਗਰੁੱਪ ਵਿਚ ਉਹ ਕੋਸ਼ਿਸ਼ ਕਰ ਵੇਖੇ।
‘‘ਓ ਜੀ! ਇਹ ਕੋਸ਼ਿਸ਼ ਤਾਂ ਕਰ ਵੇਖੀ ਏ। ਉਹ ਕਹਿੰਦੇ ਨੇ ਅਜਮੇਰ ਸ਼ਰੀਫ਼ ਦੀ ਜ਼ਿਆਰਤ ਲਈ ਮੇਰਾ ਵੀਜ਼ਾ ਲੱਗ ਸਕਦਾ ਹੈ ਪਰ ਸਰਦਾਰ ਜੀ ਮੇਰਾ ‘ਅਜਮੇਰ ਸ਼ਰੀਫ਼’ ਤਾਂ ਮੇਰਾ ਪਿੰਡ ਹੈ। ਤੇ ਓਥੇ ਉਹ ਜਾਣ ਨਹੀਂ ਦਿੰਦੇ।’’
ਪ੍ਰੇਮ ਸਿੰਘ ਦੀ ਲਾਇਲਪੁਰ ਵਾਸਤੇ ਇਹ ਤਾਂਘ ਮੈਨੂੰ ਵਾਜਬ ਲੱਗਦੀ ਸੀ ਪਰ ਇਸ ਤਾਂਘ ਤੋਂ ਮੈਂ ਨਨਕਾਣੇ ਨੂੰ ਵੇਖਣ ਦੀ ਤਾਂਘ ਕੁਰਬਾਨ ਨਹੀਂ ਸਾਂ ਕਰ ਸਕਦਾ। ਉਸ ਦੇ ਭੱਜੋ ਨੱਸੀ ਕਰਦਿਆਂ ਮੈਂ ਮਾਣਕ ਨੂੰ ਨਾਲ ਲੈ ਕੇ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਵੱਲ ਝਾਤੀ ਮਾਰਨ ਤੁਰ ਪਿਆ। ਵਾਪਸ ਪਰਤੇ ਤਾਂ ‘ਔਕਾਫ਼’ ਦੇ ਕੁਝ ਕਰਮਚਾਰੀ ਖਲੋਤੇ ਸਨ। ਇਕ ਦਰਮਿਆਨੇ ਕੱਦ ਤੇ ਸੋਹਣੀ ਦਿਖ ਵਾਲਾ ਨੌਜੁਆਨ ਪੁੱਛਣ ਲੱਗਾ, ‘‘ਸਰਦਾਰ ਜੀ! ਸਾਂਭ-ਸੰਭਾਲ ਦੇ ਨੁਕਤਾ ਨਜ਼ਰ ਤੋਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋਵੋ ਤਾਂ ਸਾਨੂੰ ਜ਼ਰੂਰ ਦੱਸੋ।’’
ਹਰੇ ਲਾਅਨ, ਸਾਫ਼ ਮਰਮਰੀ ਫ਼ਰਸ਼, ਗੁਰਦੁਆਰੇ ਦੀ ਕਲੀ ਕੀਤੀ ਇਮਾਰਤ। ਸਾਦਗੀ, ਸਫ਼ਾਈ ਤੇ ਸ਼ਾਂਤੀ ਦਾ ਪ੍ਰਭਾਵ। ਸਾਨੂੰ ਲੱਗਾ ਗੁਰਦੁਆਰੇ ਦੀ ਸਾਂਭ-ਸੰਭਾਲ ਠੀਕ ਹੀ ਤਾਂ ਹੋ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਹੋਰ ਬਿਹਤਰੀ ਲਈ ਕੋਈ ਤੁਰੰਤ ਸੁਝਾਓ ਵੀ ਨਹੀਂ ਸੀ। ਅਸੀਂ ਉਸ ਆਦਮੀ ਨੂੰ ਕਿਹਾ, ‘‘ਬਹੁਤ ਅੱਛੀ ਸੰਭਾਲ ਹੋ ਰਹੀ ਹੈ। ਹੋਰ ਕੋਸ਼ਿਸ਼ ਕਰੋ।’’
‘‘ਹੋਰ ਦੱਸੋ, ਜੋ ਕਹਿੰਦੇ ਹੋ’’ ਉਸ ਨੇ ਕਿਹਾ। ਅਸੀਂ ਉਸ ਦਾ ਨਾਂ ਅਤੇ ਜ਼ਿੰਮੇਵਾਰੀ ਵਾਲਾ ਅਹੁਦਾ ਪੁੱਛਿਆ, ‘ਮੈਂ ਤਾਂ ਜੀ ਸੇਵਾਦਾਰ ਤਾਂ ਇਥੋਂ ਦਾ। ਮੇਰਾ ਨਾਂ ਫ਼ਰਹਤ ਅਜ਼ੀਜ਼ ਏ, ਡਿਪਟੀ ਐਡਮਨਿਸਟਰੇਟਰ ਹਾਂ ਪਰ ਤੁਹਾਡਾ ਸੇਵਾਦਾਰ ਹਾਂ।’’
ਉਸ ਦੀ ਇਹ ਨਿਮਰਤਾ ਤੇ ਸੇਵਾ ਭਾਵ ਚੰਗਾ ਲੱਗਾ। ਮਨ ਵਿਚ ਇਹ ਵੀ ਆਈ ਕਿ ਸਾਡੇ ਲੀਡਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਅਕਸਰ ਪਾਕਿਸਤਾਨ ਸਰਕਾਰ ਵਿਰੁੱਧ ਦੂਸ਼ਣਬਾਜ਼ੀ ਕਰਦੇ ਰਹਿੰਦੇ ਹਨ। ਅਸੀਂ ਤਾਂ ਗੁਰਦੁਆਰੇ ਡੇਰਾ ਸਾਹਿਬ ਤੇ ਨਨਕਾਣਾ ਸਾਹਿਬ ਦੋ ਹੀ ਗੁਰਦੁਆਰੇ ਵੇਖੇ ਸਨ ਤੇ ਦੋਹਾਂ ਦੇ ਪ੍ਰਬੰਧ ਵਿਚ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਇਹ ਅਸਲੋਂ ਹੀ ਅਣਗੌਲੇ ਪਏ ਹਨ। ਇਹ ਦਰੁਸਤ ਵੀ ਹੋ ਸਕਦਾ ਹੈ ਕਿ ਕੁਝ ਉਹ ਗੁਰਦੁਆਰੇ, ਜਿਥੇ ਯਾਤਰੂਆਂ ਦਾ ਆਮ ਜਾਣ ਆਉਣ ਨਹੀਂ, ਉਚਿਤ ਸਾਂਭ-ਸੰਭਾਲ ਤੋਂ ਵਾਂਝੇ ਵੀ ਹੋਣਗੇ ਪਰ ਅਸੀਂ ਇਧਰ ਕਿਹੜਾ ਸਾਰੀਆਂ ਮਸਜਿਦਾਂ ਬੜਾ ਸਾਂਭ-ਸੰਭਾਲ ਕੇ ਰੱਖੀਆਂ ਨੇ। ਇਸ ਦਾ ਭਾਵ ਇਹ ਵੀ ਨਹੀਂ ਕਿ ਇਨ੍ਹਾਂ ਦੂਜੇ ਗੁਰਦੁਆਰਿਆਂ ਦਾ ਧਿਆਨ ਨਹੀਂ ਕੀਤਾ ਜਾਣਾ ਚਾਹੀਦਾ। ਚਾਹੀਦਾ ਹੈ ; ਪਰ ਜਿਵੇਂ ਸੁਣਨ ਵਿਚ ਆਇਆ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਗੁਰਪੁਰਬਾਂ ‘ਤੇ ਜਥੇ ਨਾਲ ਜਾਣ ਸਮੇਂ ਇੱਕਠਾ ਹੋਇਆ ਸਾਰਾ ਚੜ੍ਹਾਵਾ ਤਾਂ ਪੰਡ ਬੰਨ੍ਹ ਕੇ ਨਾਲ ਲੈ ਆਉਂਦੀ ਰਹੀ ਹੈ। ਅਜਿਹੀ ਸੂਰਤ ਵਿਚ ਤਾਅਨੇ-ਮਿਹਣੇ ਬਹੁਤਾ ਅਰਥ ਨਹੀਂ ਰੱਖਦੇ। ਗੁਰਦੁਆਰਿਆਂ ਨਾਲ ਉਧਰ ਜੁੜੀਆਂ ਜਾਇਦਾਦਾਂ ਦੀ ਕਮਾਈ ਠੀਕ ਢੰਗ ਨਾਲ ਗੁਰਦੁਆਰਿਆਂ ‘ਤੇ ਨਾ ਲੱਗਣ ਦਾ ਇਤਰਾਜ਼ ਵੀ ਹੋ ਸਕਦਾ ਹੈ ਪਰ ਅਜਿਹੇ ਇਤਰਾਜ਼ ਕਿਥੇ ਨਹੀਂ ਹੁੰਦੇ!
ਇਹ ਗੱਲਾਂ ਕਰਦੇ ਹੋਏ ਮੈਂ ਸ਼੍ਰੋਮਣੀ ਕਮੇਟੀ ਦੀ ਉਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲੈਣ ਦੀ ਮੰਗ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਪਰ ਕਿਸੇ ਬਿਗਾਨੇ ਮੁਲਕ ਦੀ ਧਰਤੀ ‘ਤੇ ਆਪਣਾ ਮਨ ਚਾਹਿਆ ਕਾਨੂੰਨ ਲਾਗੂ ਕਰਵਾ ਸਕਣਾ ਸਾਡੇ ਕਿੰਨੇ ਕੁ ਵੱਸ ਹੈ! ਸਾਡਾ ਇਸ ਉਤੇ ਕਿੰਨਾ ਕੁ ਹੱਕ ਹੈ ਤੇ ਕੀ ਅਸੀਂ ਆਪਣੇ ਮੁਲਕ ਵਿਚ ਅਜਿਹਾ ਹੱਕ ਅਗਲਿਆਂ ਨੂੰ ਵੀ ਕਿੰਨਾ ਕੁ ਦੇਣ ਲਈ ਤਿਆਰ ਹਾਂ, ਇਹ ਸਾਰੇ ਮਸਲੇ ਵਿਚਾਰ ਗੋਚਰੇ ਨੇ।
ਕੁਝ ਵੀ ਸੀ, ਅਸੀਂ ਫ਼ਰਹਤ ਅਜ਼ੀਜ਼ ਦਾ ਗੁਰਦੁਆਰੇ ਦੀ ਇਸ ਚੰਗੀ ਦਿੱਖ ਬਣਾਈ ਰੱਖਣ ਲਈ ਧੰਨਵਾਦ ਕੀਤਾ।
ਗੁਰੂ ਜੀ ਦੀ ਯਾਦ ਨਾਲ ਸਬੰਧਿਤ ਕੁਝ ਗੁਰਦੁਆਰੇ ਜਨਮ ਅਸਥਾਨ ਦੇ ਨਜ਼ਦੀਕ ਹੀ ਸਨ। ਸਾਡਾ ਪੰਦਰਾਂ-ਵੀਹ ਜਣਿਆਂ ਦਾ ਜਥਾ ਗੱਲਾਂ-ਬਾਤਾਂ ਮਾਰਦਾ ਹੋਇਆ ਗੁਰਦੁਆਰੇ ਦੇ ਬਾਹਰਲੇ ਗੇਟ ਦੇ ਸੱਜੇ ਹੱਥ ਪੈਂਦੇ ਰਸਤੇ ‘ਤੇ ਤੁਰ ਪਿਆ। ਥੋੜ੍ਹਾ ਕੁ ਅੱਗੇ ਜਾ ਕੇ ਖੱਬੇ ਹੱਥ ਮੋੜ ਮੁੜ ਕੇ ਥੋੜ੍ਹਾ ਕੁ ਅਗੇ ਗੁਰਦੁਆਰਾ ਬਾਲ-ਲੀਲ੍ਹਾ, ਗੁਰਦੁਆਰਾ ਪੱਟੀ ਸਾਹਿਬ ਸਨ। ਬਾਲ-ਲੀਲ੍ਹਾ ਗੁਰਦੁਆਰੇ ਵਾਲਾ ਥਾਂ ਕਦੀ ਉਹ ਖੁੱਲ੍ਹਾ ਮੈਦਾਨ ਹੋਵਗਾ ਜਿਥੇ ਬਾਲ ਨਾਨਕ ਆਪਣੇ ਸਾਥੀਆਂ ਨਾਲ ਖੇਡਦਾ ਰਿਹਾ ਹੋਵੇਗਾ। ਗੁਰਦੁਆਰਾ ਪੱਟੀ ਸਾਹਿਬ ਵਿਚ ਹੀ ਪਾਂਧੇ ਕੋਲੋਂ ਪਹਿਲਾ ਪਾਠ ਪੜ੍ਹਿਆ ਤੇ ਉਸ ਨੂੰ ਹਕੀਕਤ ਦਾ ਪਾਠ ਪੜ੍ਹਾਇਆ। ਪਿਛਲੇ ਹਿੱਸੇ ਵਿਚ ਪਾਂਧੇ ਦੀ ਰਿਹਾਇਸ਼ੀ ਜਗ੍ਹਾ ਵੀ ਸੀ। ਗੁਰਦੁਆਰਾ ਮਾਲ ਸਾਹਿਬ ਉਹ ਜਗ੍ਹਾ ਸੀ ਜਿਥੇ ਗੁਰੂ ਜੀ ਡੰਗਰ ਚਾਰਦੇ ਸੌਂ ਗਏ ਸਨ ਤੇ ਉਨ੍ਹਾਂ ਦੇ ਚਿਹਰੇ ‘ਤੇ ਆਈ ਧੁੱਪ ਨੂੰ ਫਨੀਅਰ ਨਾਗ ਨੇ ਫਣ ਫੈਲਾ ਕੇ ਛਾਂ ਕਰ ਦਿੱਤੀ ਸੀ। ਲਾਗੇ ਹੀ ਵਣ ਦਾ ਉਹ ਦਰਖਤ ਅਜੇ ਕਾਇਮ ਸੀ। ਭਾਵੇਂ ਉਸ ਬਜ਼ੁਰਗ ਦਰਖ਼ਤ ਦੇ ਟਾਹਣ ਝੁਕ ਕੇ ਜ਼ਮੀਨ ਨੂੰ ਆ ਲੱਗੇ ਸਨ ਪਰ ਅਜੇ ਵੀ ਉਹਦੇ ਪੱਤਿਆਂ ‘ਤੇ ਹਰਿਆਵਲ ਸੀ। ਉਸ ਦੇ ਨੇੜੇ ਇਕ ਛੋਟਾ ਜਿਹਾ ਮੰਦਰ ਵੀ ਬਣਿਆ ਹੋਇਆ ਸੀ ਜਿਹੜਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਸੀ ਜਿਥੇ ਕਦੀ ਗੁਰੂ ਜੀ ਆਰਾਮ ਕਰਨ ਲਈ ਲੇਟੇ ਸਨ। ਦਰਖ਼ਤ ਦੀਆਂ ਟਾਹਣੀਆਂ ਨਾਲ ਰੰਗ ਬਰੰਗੇ ਛੋਟੇ ਛੋਟੇ ਕੱਪੜਿਆਂ ਦੀਆਂ ਲੀਰਾਂ ਬੰਨ੍ਹੀਆਂ ਹੋਈਆਂ ਸਨ। ‘ਰੱਖ’ ਜਾਂ ‘ਸੁਖਣਾ’ ਦੀਆਂ ਨਿਸ਼ਾਨੀਆਂ। ਸ਼ਰਧਾਲੂਆਂ ਦੀ ਸ਼ਰਧਾ ਦਾ ਪ੍ਰਤੀਕ। ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹੀ ‘ਰੱਖ’ ਉਨ੍ਹਾਂ ਦੇ ਪਰਿਵਾਰ ਨੂੰ ਸੁਖ ਦੇ ਸਕਦੀ ਹੈ, ਬਾਂਝਾਂ ਨੂੰ ਬੱਚੇ ਤੇ ਦੁਖੀਆਂ ਨੂੰ ਸੁਖ ਬਖ਼ਸ਼ ਸਕਦੀ ਹੈ। ਧਰਤੀ ਨਾਲ ਲੱਗੇ ਇਕ ਟਾਹਣ ਹੇਠਾਂ ਦੀ ਡੂੰਘਾ ਰਸਤਾ ਬਣਾਇਆ ਹੋਇਆ ਹੈ ਜਿਸ ਵਿਚੋਂ ਪਾਕਿਸਤਾਨ ਵਿਚ ਵਸਦੇ ਸ਼ਰਧਾਲੂ ਨੀਵਾਂ ਹੋ ਕੇ ਲੰਘਦੇ ਹਨ। ਉਸ ਦੇ ਹੇਠੋਂ ਗੁਜ਼ਰਨਾ ਵੀ ਉਨ੍ਹਾਂ ਸਿਰੋਂ ਦੁਖਾਂ-ਪਾਪਾਂ ਦਾ ਨਾਸ ਕਰਨ ਦੇ ਤੁੱਲ ਲੱਗਦਾ ਹੈ।
ਗੁਰੂ ਜੀ ਦੀ ਵਿਗਿਆਨਕ ਸੋਚਣੀ ਦੇ ਵਿਰੁੱਧ ਸੀ ਇਹ ਵਹਿਮ-ਭਰਮ। ਉਨ੍ਹਾਂ ਤਾਂ ਉਸ ਸਮੇਂ ਬਾਹਰੀ ਭੇਖ ਵਾਲੀ ਜੀਵਨ ਜਾਚ ਦੀ ਥਾਂ ਅੰਦਰੂਨੀ ਸੁੱਚਤਾ ਵਾਲਾ ਜੀਵਨ ਜੀਊਣ ‘ਤੇ ਬਲ ਦਿੰਦਿਆਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹਦੇ ਆਪਣੇ ਹੀ ਸਿੱਖ ਅੰਦਰੂਨੀ ਸੁੱਚਤਾ ਦੀ ਥਾਂ ਜੇ ਬਾਹਰੀ ਦਿੱਖ ਨੂੰ ਹੀ ਸੱਚੀ ਸਿੱਖੀ ਵਜੋਂ ਆਦਰਸ਼ਿਆਉਣ ‘ਤੇ ਤੁਲੇ ਹਏ ਸਨ ਤਾਂ ਵਣ ‘ਤੇ ਲੀਰਾਂ ਬੰਨ੍ਹਣ ਵਾਲੇ ਸ਼ਰਧਾਲੂਆਂ ਨੂੰ ਕੀ ਆਖੀਏ!
ਕੁਝ ਵੀ ਸੀ! ਇਹ ਕਲਪਨਾ ਕਰਨਾ ਹੀ ਆਪਣੇ ਅੰਦਰ ਥਰਥਰਾਹਟ ਤੇ ਝਰਨਾਹਟ ਛੇੜ ਦਿੰਦਾ ਸੀ ਕਿ ਅਸੀਂ ਉਸ ਜਗ੍ਹਾ ‘ਤੇ ਖੜੋਤੇ ਹਾਂ ਜਿਥੇ ਗੁਰੂ ਨਾਨਕ ਮੱਝਾਂ ਨੂੰ ਚਰਨਾਂ ਛੱਡ ਕੇ ਸੌਂ ਗਿਆ ਸੀ ਵਣ ਦੀ ਛਾਵੇਂ। ਔਹ ਸੀ ਉਹ ਜਗ੍ਹਾ। ਮੇਰਾ ਜੀਅ ਕੀਤਾ ਉਸ ਮਿੱਟੀ ਨੂੰ ਹੱਥਾਂ ਨਾਲ ਛੂਹ ਕੇ ਵੇਖਾਂ!
ਇਥੋਂ ਪਰਤ ਕੇ ਅਸੀਂ ਫਿਰ ਮੁੱਖ ਗੁਰਦੁਆਰੇ ਵੱਲ ਆਏ। ਕੱਚੇ ਪੱਕੇ ਨਨਕਾਣੇ ਦੇ ਮਕਾਨ। ਬਾਹਰ ਗਲੀਆਂ ਵਿਚ ਮਕਾਨਾਂ ਦੇ ਦਰਵਾਜ਼ਿਆਂ ਕੋਲ ਬਿਜਲੀ ਦੇ ਲੱਗੇ ਮੀਟਰਾਂ ਦਾ ਰਹੱਸ ਜਾਨਣਾ ਚਾਹਿਆ ਤਾਂ ਅਨਵਰ ਨੇ ਕਿਹਾ ਕਿ ਇਹ ਸਭ ਬਿਜਲੀ ਦੀ ਚੋਰੀ ਰੋਕਣ ਲਈ ਕੀਤਾ ਗਿਆ ਹੈ। ਘਰ ਦੇ ਅੰਦਰ ਬਿਜਲੀ ਦੇ ਮੀਟਰ ‘ਚੋਂ ਕਈ ਤਰੀਕਿਆਂ ਨਾਲ ਚੋਰੀ ਕਰਨੀ ਸੰਭਵ ਹੈ ਜਦ ਕਿ ਗਲੀ ਵਿਚ ਲੱਗੇ ਮੀਟਰਾਂ ‘ਚੋਂ ਅਜਿਹੀ ਚੋਰੀ ਕਰਨੀ ਏਨੀ ਸਹਿਲ ਨਹੀਂ।
‘‘ਹਕੂਮਤ ਨੇ ਬਿਜਲੀ ਚੋਰੀ ਰੋਕਣ ਲਈ ਇਹਤਿਆਤ ਵਜੋਂ ਇਹ ਕਦਮ ਚੁੱਕਿਐ। ਪਹਿਲਾਂ ਤਾਂ ਅੱਸੀ ਫੀਸਦੀ ਬਿਜਲੀ ਚੋਰੀ ਹੋ ਜਾਂਦੀ ਸੀ। ਕਿਸੇ ਅਮੀਰ ਬੰਦੇ ਨੂੰ ਕਣਕ ਦਾ ਕੋਟਾ ਮਿਲਦਾ ਸੀ। ਉਸ ਲੱਖਾਂ ਬੋਰੀਆਂ ਆਟਾ ਪਿਸਾ ਕੇ ਵੇਚਿਆ। ਜਦੋਂ ਉਸ ਨੂੰ ਪੁੱਛਿਆ ਪਿਹਾਈ ਦਾ ਬਿੱਲ ਵਿਖਾ ਤਾਂ ਕੋਈ ਵੀ ਬਿੱਲ ਨਾ ਨਿਕਲਿਆ। ਇੰਜ ਹੁੰਦੀ ਸੀ ਚੋਰੀ‥।
ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਇਕ ਚੱਕਰ ਪੂਰਾ ਕਰਕੇ ਅਸੀਂ ਫਿਰ ਮੁੱਖ ਗੁਰਦੁਆਰੇ ਦੇ ਗੇਟ ‘ਤੇ ਆਣ ਪੁੱਜੇ ਸਾਂ।
ਜਗਤਾਰ, ਗੁਰਭਜਨ, ਸਰਵਣ ਸਿੰਘ ਤੇ ਹੋਰ ਸਭ ਜਣੇ ਨਨਕਾਣੇ ਤੋਂ ਬਾਅਦ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਜਾਣ ਦੀ ਤਿਆਰੀ ਵਿਚ ਸਨ। ਰਘਬੀਰ ਸਿੰਘ ਨਾਲ ਆਈ ਬਾਜਵਾ ਦੰਪਤੀ ਤਾਂ ਇਥੋਂ ਹੀ ਵਾਪਸੀ ਦੀ ਤਿਆਰੀ ਵਿਚ ਸੀ। ਉਹਦੀ ਇੱਛਾ ਵੀ ਜੰਡਿਆਲੇ ਜਾਣ ਦੀ ਸੀ। ਮੇਰਾ ਵੀ ਮਨ ਕੀਤਾ ਕਿ ਅਸੀਂ ਵੀ ਜੰਡਿਆਲਿਓਂ ਹੋ ਆਈਏ ਪਰ ਪ੍ਰੇਮ ਸਿੰਘ ਅਜੇ ਵੀ ਲਾਇਲਪੁਰ ਜਾਣ ਦੀ ਕਾਹਲੀ ਪਾ ਰਿਹਾ ਸੀ।
ਸਾਨੂੰ ਜੱਕੋ ਤੱਕਿਆਂ ਵਿਚ ਪਿਆ ਵੇਖ ਕੇ ਜਦੋਂ ਪ੍ਰੇਮ ਸਿੰਘ ਨੇ ਤੁਰਨ ਲਈ ਕਿਹਾ ਤਾਂ ਰਾਇ ਸਾਹਿਬ ਨੇ ਮੈਨੂੰ ਹੌਲੀ ਜਿਹੀ ਦੱਸਿਆ ਕਿ ਉਸ ਨੇ ਸ਼ਾਮ ਨੂੰ ਕੁਝ ਪ੍ਰਾਹੁਣਿਆਂ ਨੂੰ ਘਰ ਖਾਣੇ ਉਤੇ ਬੁਲਾਇਆ ਹੋਇਆ ਹੈ। ਉਸ ਨੂੰ ਖ਼ਦਸ਼ਾ ਸੀ ਕਿ ਜੇ ਲਾਇਲਪੁਰ ਵਿਚ ਘਰ ਲੱਭਦਿਆਂ ਸ਼ੇਖ਼ੂਪੁਰੇ ਜਿੰਨਾ ਚਿਰ ਵੀ ਲੱਗਾ ਤਾਂ ਉਹ ਕਦੀ ਵੀ ਸਮੇਂ ਸਿਰ ਲਾਹੌਰ ਨਹੀਂ ਪਰਤ ਸਕਣ ਲੱਗਾ। ਇੰਜ ਸੱਦਾ ਦੇ ਕੇ ਆਪ ਹੀ ਮੇਜ਼ਬਾਨ ਗ਼ੈਰਹਾਜ਼ਰ ਹੋ ਜਾਵੇ ਇਹ ਉਸ ਸਾਊ ਬੰਦੇ ਨੂੰ ਤਾਂ ਕਦੀ ਵੀ ਪ੍ਰਵਾਨ ਨਹੀਂ ਸੀ ਹੋ ਸਕਦਾ। ਰਾਇ ਅਜ਼ੀਜ਼ ਉੱਲ੍ਹਾ ਏਨਾ ਮਹਿਮਾਨ ਨਿਵਾਜ਼ ਸੀ ਕਿ ਹਰ ਰਾਤ ਉਸ ਦੇ ਘਰ ਅੱਠ ਦਸ ਬੰਦਿਆਂ ਦਾ ਖਾਣਾ ਹੁੰਦਾ ਸੀ। ਇੰਜ ਲੱਗਦਾ ਹੈ, ਬਦਲ ਬਦਲ ਕੇ ਅੱਧੇ ਡੈਲੀਗੇਟ ਰਾਇ ਸਾਹਿਬ ਦੇ ਘਰੋਂ ਖਾਣਾ ਖਾ ਚੁੱਕੇ ਹੋਣਗੇ।
ਅਸੀਂ ਪ੍ਰੇਮ ਸਿੰਘ ਨਾਲ ਰਾਇ ਸਾਹਿਬ ਦੀ ਮਜਬੂਰੀ ਸਾਂਝੀ ਕੀਤੀ ਤਾਂ ਉਸ ਨੇ ਨਰਾਜ਼ਗੀ ਨਾਲ ਕਿਹਾ, ‘‘ਕੋਈ ਗੱਲ ਨਹੀਂ, ਮੈਂ ਬੱਸ ‘ਤੇ ਚਲਾ ਜਾਵਾਂਗਾ।’’
ਨਾਜ਼ੁਕ ਮਿਜ਼ਾਜ ਰਾਇ ਸਾਹਿਬ ਲਈ ਇਹ ਰੋਸਾ ਸਹਿ ਸਕਣਾ ਔਖਾ ਸੀ। ਉਹ ਜਾਣ ਲਈ ਮੰਨ ਗਿਆ। ਉਸ ਨਿਰਾਸ਼ਾ ਨਾਲ ਕਿਹਾ, ‘‘ਕੋਈ ਨਹੀਂ, ਜੇ ਜਾਪਦਾ ਹੋਇਆ ਕਿ ਪਹੁੰਚ ਨਹੀਂ ਸਕਣਾ ਤਾਂ ਲਾਹੌਰ ਫੋਨ ਕਰਕੇ ਮਾਅਜ਼ਰਤ ਮੰਗ ਲਵਾਂਗੇ।’’
ਮੈਨੂੰ ਵੀ ਇਕ ਤਾਂ ਸਵੇਰ ਦਾ ਬਣਿਆ ਬਣਾਇਆ ਅਪਣੱਤ ਭਰਿਆ ਸਾਥ ਛੱਡਣਾ ਠੀਕ ਨਹੀਂ ਸੀ ਲੱਗਦਾ। ਦੂਜਾ ਮੈਂ ਜੰਡਿਆਲੇ ਦੀ ਥਾਂ ਲਾਇਲਪੁਰ ਨੂੰ ਜਾਣ ਵਾਸਤੇ ਆਪਣੇ ਮਨ ਨੂੰ ਦਲੀਲ ਦੇ ਲਈ। ਮੇਰੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਮੁੱਢ ਵੀ ਤਾਂ ਲਾਇਲਪੁਰ ਵਿਚ ਹੀ ਬੱਝਾ ਸੀ। ਪ੍ਰਿੰਸੀਪਲ ਸੁਖਬੀਰ ਸਿੰਘ ਚੱਠਾ ਨੇ ਆਉਣ ਸਮੇਂ ਮੈਨੂੰ ਆਖਿਆ ਸੀ ਕਿ ਜੇ ਮੌਕਾ ਲੱਗੇ ਤਾਂ ਮੈਂ ‘ਆਪਣੇ ਕਾਲਜ’ ਦਾ ਗੇੜਾ ਵੀ ਜ਼ਰੂਰ ਮਾਰਾਂ। ਹੁਣ ਮੈਨੂੰ ਵੀ ਲੱਗਣ ਲੱਗ ਪਿਆ ਕਿ ਲਾਇਲਪੁਰ ਨਾਲ ਮੇਰੀ ਵੀ ਨੇੜਲੀ ਸਾਂਝ ਹੈ। ਮੇਰੇ ਮਨ ਵਿਚ ਇਹ ਵੀ ਉਤਸੁਕਤਾ ਜਾਗ ਪਈ ਕਿ ਵੇਖੀਏ ਲਾਇਲਪੁਰ ਵਿਚ ਪ੍ਰੇਮ ਸਿੰਘ ਦਾ ਘਰ ਲੱਭਦਾ ਹੈ ਕਿ ਨਹੀਂ। ਜੇ ਲੱਭਦਾ ਹੈ ਤਾਂ ਪ੍ਰੇਮ ਸਿੰਘ ਕਿਵੇਂ ਮਹਿਸੂਸ ਕਰਦਾ ਹੈ। ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿਚ ਬਲਰਾਜ ਸਾਹਨੀ ਦੇ ਆਪਣੇ ਘਰ ਵਿਚ ਪਾਈ ਫੇਰੀ ਤੋ ਲੈ ਕੇ ਬਹੁਤ ਸਾਰੀਆਂ ਸੁਣੀਆਂ ਅਜਿਹੀਆਂ ਕਹਾਣੀਆਂ ਮਨ ਦੇ ਚਿਤਰਪਟ ਉਤੇ ਤੇਜ਼ੀ ਨਾਲ ਗੁਜ਼ਰੀਆਂ ਜਿਨ੍ਹਾਂ ਵਿਚ ਆਪਣੀ ਜਨਮ ਭੋਂ ਲਈ ਤੇ ਆਪਣੇ ਵਿਛੜੇ ਦੋਸਤਾਂ ਮਿੱਤਰਾਂ ਲਈ ਸਹਿਕਦੇ-ਸਿੱਕਦੇ ਮਨਾਂ ਦਾ ਦਰਦ ਸਿੰਮ ਰਿਹਾ ਸੀ। ਨਨਕਾਣੇ ਨਾਲ ਜੁੜੀਆਂ ਕੁਝ ਯਾਦਾਂ ਮੇਰੇ ਮਨ ਵਿਚੋਂ ਗੁਜ਼ਰੀਆਂ। ਗੁਰਮੀਤ ਸਿੰਘ ਢੱਡਾ ਕਰਮਚਾਰੀ ਆਗੂ ਵਲੋਂ ਨਨਕਾਣੇ ਵੱਸਦੇ ਆਪਣੇ ਗਰਾਈਂ ਗੁਲਾਮ ਨਬੀ ਦਾ ਸਾਰਾ ਵੇਰਵਾ ਮੈਨੂੰ ਝਕਝੋਰ ਗਿਆ। ਮੇਰਾ ਜੀ ਕੀਤਾ ਸਟੇਸ਼ਨ ਤੋਂ ਗੁਰਦੁਆਰੇ ਵੱਲ ਆਉਂਦੇ ਬਾਜ਼ਾਰ ਵਿਚ ਪਿੱਪਲ ਦੇ ਹੇਠਾਂ ਗੁਲਾਮ ਨਬੀ ਘੁਮਿਆਰ ਦੀ ਕੱਚੇ-ਪੱਕੇ ਭਾਂਡਿਆਂ ਦੀ ਦੁਕਾਨ ਲੱਭਾਂ ਤੇ ਉਸ ਨੂੰ ਗੁਰਮੀਤ ਸਿੰਘ ਦੀ ਯਾਦ ਦਿਵਾਵਾਂ। ਪਰ ਲਾਇਲਪੁਰ ਵੀ ਤਾਂ ਜਾਣਾ ਸੀ।
ਅਸੀਂ ਪ੍ਰੇਮ ਸਿੰਘ ਦੀ ਭਾਵਨਾ ਦੀ ਕਦਰ ਕਰਦਿਆਂ ਦੂਜੇ ਦੋ ਗੁਰਦੁਆਰੇ ਕਾਰ ਉਤੇ ਜਾ ਕੇ ਚੱਲਦੇ-ਚੱਲਦੇ ਵੇਖਣ ਲਈ ਆਪਣੇ ਮਨ ਨੂੰ ਮਨਾ ਲਿਆ। ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਕਿਆਰਾ ਸਾਹਿਬ ਦੇ ਅਸੀਂ ਬਾਹਰੋਂ ਬਾਹਰੋਂ ਦਰਸ਼ਨ ਕਰਕੇ ਮੁੜ ਪਏ। ਮੈਂ ਬਾਜ਼ਾਰ ਵਿਚੋਂ ਲੰਘਦਿਆਂ ਕਾਰ ਦੇ ਸ਼ੀਸ਼ਿਆਂ ਵਿਚੋਂ ਦੋਹੀਂ ਪਾਸੀਂ ਕਾਹਲੀ ਕਾਹਲੀ ਬਾਹਰ ਵੇਖ ਰਿਹਾ ਸਾਂ ਤੇ ਮੇਰੀਆਂ ਨਜ਼ਰਾਂ ਗੁਲਾਮ ਨਬੀ ਦੀ ਦੁਕਾਨ ਨੂੰ ਟੋਲ੍ਹ ਰਹੀਆਂ ਸਨ। ਮੇਰਿਆਂ ਚੇਤਿਆਂ ਵਿਚ ਗੁਰਮੀਤ ਢੱਡਾ ਬੋਲ ਰਿਹਾ ਸੀ।

ਅਸੀਂ ਸ਼ੇਖ਼ੂਪੁਰੇ ਪੁੱਜੇ ਤਾਂ ਬੱਦਲਾਂ ਨੇ ਅਸਮਾਨ ਪੂਰੀ ਤਰ੍ਹਾਂ ਢਕ ਲਿਆ। ਮੌਸਮ ਦਿਲ ਨੂੰ ਮੋਹ ਲੈਣ ਵਾਲਾ ਸੀ। ਪਿਛਲੇ ਦਿਨੀਂ ਪੈ ਕੇ ਹਟੇ ਮੀਂਹ ਸਦਕਾ ਰੁਮਕ ਰਹੀ ਹਵਾ ਵਿਚ ਨਮੀ ਸੀ। ‘ਸ਼ੇਖੂਪੁਰਾ’ ਬਚਪਨ ਤੋਂ ਹੀ ਬਹੁਤ ਪੜ੍ਹਿਆ ਤੇ ਜਾਣਿਆ ਜਾਂਦਾ ਨਾਮ ਸੀ। ਗੁਰੂ ਨਾਨਕ ਦੇਵ ਦਾ ਲੇਖ ਲਿਖਦਿਆਂ ਪਹਿਲੀ ਸਤਰ ਅਕਸਰ ਇਹੋ ਹੀ ਹੁੰਦੀ ਸੀ, ‘ਆਪ ਦਾ ਜਨਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਰਾਇ ਭੋਇ ਦੀ ਤਲਵੰਡੀ (ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ) ਜ਼ਿਲਾ ਸ਼ੇਖ਼ੂਪੁਰਾ ਵਿਚ ਹੋਇਆ।’
ਸ਼ੇਖ਼ੂਪੁਰਾ ਨਾਲ ਜੁੜੀਆਂ ਗੱਲਾਂ ਮੇਰੇ ਮਨ ਵਿਚ ਆ ਰਹੀਆਂ ਸਨ। ਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਨੇ ਪਹਿਲੀ ਵਾਰ ਗ੍ਰਿਫ਼ਤਾਰ ਕਰਕੇ ਸ਼ੇਖ਼ੂਪੁਰੇ ਦੇ ਕਿਲੇ ਵਿਚ ਹੀ ਰੱਖਿਆ ਸੀ। ਬਹੁਤ ਪੁਰਾਣਾ ਇਹ ਸ਼ਹਿਰ ਜਹਾਂਗੀਰ ਦੇ ਨਾਮ ਉਤੇ ਵਸਿਆ ਹੈ। ਜਹਾਂਗੀਰ ਦਾ ਬਚਪਨ ਦਾ ਨਾਮ ਸ਼ੇਖ਼ੂ ਸੀ। ਰੈਵੇਨਿਊ ਰਿਕਾਰਡ ਵਿਚ ਇਸ ਦਾ ਨਾਮ ‘ਕਿਲ੍ਹਾ ਸ਼ੇਖ਼ੂਪੁਰਾ’ ਹੀ ਹੈ। ਇਹ ਹੀ ਖਿੱਤਾ ਸੀ ਜਿਸ ਨੂੰ ‘ਵਿਰਕ ਟੱਪਾ’ ਵੀ ਆਖਿਆ ਜਾਂਦਾ ਸੀ। ਸਾਡਾ ਅਜ਼ੀਮ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਸ਼ੇਖ਼ੂਪੁਰੇ ਦੇ ਗੌਰਮਿੰਟ ਹਾਈ ਸਕੂਲ ਵਿਚ ਹੀ ਪੜ੍ਹਦਾ ਰਿਹਾ ਸੀ। ਇਨ੍ਹਾਂ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੀ ਕਿਸੇ ਪਿੰਡ ਵਿਚ ਵਿਰਕ ਦੀ ਕਹਾਣੀ ‘ਚਾਚਾ’ ਦਾ ਬਾਲ ਸਿੰਘ ਡੰਗਰ ਚਾਰਦਾ ਰਿਹਾ ਹੋਊ। ‘ਓਪਰੀ ਧਰਤੀ’ ਦਾ ਹਜ਼ਾਰਾ ਸਿੰਘ ਡੰਗਰ ਚੋਰੀ ਕਰਦਾ ਰਿਹਾ ਹੋਊ। ਇਸੇ ਖਿੱਤੇ ਵਿਚ ਹੀ ਮੇਰੀ ਭੂਆ ਵਿਆਹੀ ਹੋਈ ਸੀ ਵਿਰਕਾਂ ਦੇ ਘਰ। ਸਾਂਝੇ ਘਰ ਵਿਚ ਪਤਾ ਨਹੀਂ ਕਿੰਨੀਆਂ ਕੁ ਮੱਝਾਂ ਹੁੰਦੀਆਂ ਸਨ ਜਿਨ੍ਹਾਂ ਦਾ ਦੁੱਧ ਰਿੜ੍ਹਕ-ਰਿੜ੍ਹਕ ਦਰਾਣੀਆਂ-ਜਠਾਣੀਆਂ ਦੀਆਂ ਬਾਹਵਾਂ ਰਹਿ ਜਾਣ ਦੀਆਂ ਗੱਲਾਂ ਮੈਂ ਉਸ ਤੋਂ ਸੁਣੀਆਂ ਹੋਈਆਂ ਸਨ। ਇਕ ਭਾਵੁਕ ਤਰੰਗ ਮੇਰੇ ਅੰਦਰ ਨੂੰ ਤਾਂ ਛੇੜ ਹੀ ਰਹੀ ਸੀ ਪਰ ਪ੍ਰੇਮ ਸਿੰਘ ਐਡਵੋਕੇਟ ਦੇ ਦਿਲ ਦੀ ਧੜਕਣ ਤਾਂ ਕੁਝ ਲੋੜੋਂ ਵੱਧ ਤੇਜ਼ ਹੋ ਗਈ ਸੀ। ਇਹ ਉਹਦੇ ਸਹੁਰਿਆਂ ਦਾ ਸ਼ਹਿਰ ਸੀ। ਇਥੇ ਉਹ ਸਿਹਰੇ ਬੰਨ੍ਹ ਕੇ ਢੁੱਕਿਆ ਸੀ। ਇਥੇ ਉਸ ਨੂੰ ਸਾਲੀਆਂ ਨੇ ਮਖੌਲ ਕੀਤੇ ਸਨ ਤੇ ਇਥੇ ਹੀ ਪਿਛਲੇ ਅੰਦਰ ਲੁਕ ਕੇ ਸਹੇਲੀਆਂ ਦੀਆਂ ਗੱਲਾਂ ਸੁਣਦੀ ਤੇ ਚੋਰੀ-ਚੋਰੀ ਆਪਣੇ ਨੀਂਗਰ ਚੰਦ ਨੂੰ ਦਰਵਾਜ਼ੇ ਦੀਆਂ ਝੀਤਾਂ ਵਿਚੋਂ ਵੇਖਦੀ ਉਹਦੀ ਲਾੜੀ ਨੇ ਚੁੰਨੀ ਦਾ ਪੱਲੂ ਮੰੂਹ ਅੱਗੇ ਲੈ ਕੇ ਮਸਾਂ ਹਾਸਾ ਰੋਕਿਆ ਸੀ।
ਉਹ ਲਾਹੌਰੋਂ ਮਿਥ ਕੇ ਚੱਲਿਆ ਸੀ ਕਿ ਸ਼ੇਖ਼ੂਪੁਰੇ ਰੁਕ ਕੇ ਆਪਣੇ ਸਹੁਰਿਆਂ ਦਾ ਘਰ ਜ਼ਰੂਰ ਵੇਖ ਕੇ ਜਾਣਾ ਹੈ। ਆਪਣੇ ਚੇਤਿਆਂ ਵਿਚ ਵੱਸੇ ਇਲਾਕੇ ਵੱਲ ਉਸ ਨੇ ਕਾਰ ਮੋੜਨ ਲਈ ਕਿਹਾ। ਸ਼ਹਿਰ ਬਦਲ ਗਿਆ ਸੀ। ਪ੍ਰੇਮ ਸਿੰਘ ਅੱਧੀ ਸਦੀ ਪਹਿਲਾਂ ਦਾ ਨਕਸ਼ਾ ਮਨ ਵਿਚ ਲਈ ਬੈਠਾ ਸੀ। ਅਨੁਮਾਨ ਲਾ ਕੇ ਉਸ ਨੇ ਇਕ ਥਾਂ ਕਾਰ ਰੁਕਵਾਈ ਤੇ ਇਕ ਜਣੇ ਨੂੰ ਪੁੱਛਿਆ, ‘‘ਐਥੇ ਧੋਬੀ ਘਾਟ ਹੁੰਦਾ ਸੀ। ਕੋਲੋਂ ਦੀ ਇਕ ਨਾਲਾ ਲੰਘਦਾ ਸੀ…’’
ਉਸ ਬੰਦੇ ਨੇ ਅਣਜਾਣਤਾ ਪ੍ਰਗਟਾਈ ਤਾਂ ਕਾਹਲੀ ਨਾਲ ਕਾਰ ਵਿਚ ਬੈਠਦਿਆਂ ਪ੍ਰੇਮ ਸਿੰਘ ਨੇ ਕਿਹਾ, ‘‘ਥੋੜ੍ਹਾ ਅੱਗੇ ਚਲੋ!…’’
ਤੇ ਇੰਜ ਕਈ ਵਾਰ ਅਸੀਂ ‘ਥੋੜ੍ਹਾ-ਥੋੜ੍ਹਾ ਅੱਗੇ ਚੱਲੇ!’ ਪ੍ਰੇਮ ਸਿੰਘ ਦੇ ਬੋਲਾਂ ‘ਚ ਉਤਸ਼ਾਹ ਤੇ ਪੈਰਾਂ ਵਿਚ ਤੇਜ਼ੀ ਸੀ। ਉਹ ਅਗਲੇ ਪਲ ਹੀ ਸਹੁਰਿਆਂ ਦੇ ਘਰ ਦੇ ਬੂਹੇ ਅੱਗੇ ਆਪਣੇ ਆਪ ਨੂੰ ਖਲੋਤਾ ਵੇਖਣਾ ਚਾਹੁੰਦਾ ਸੀ।
‘‘ਸਰਦਾਰ ਪ੍ਰੇਮ ਸਿੰਘ ਜੀ! ਕੋਈ ਹੋਰ ਨਿਸ਼ਾਨੀ ਵੀ ਦੱਸੋ। ਧੋਬੀ ਘਾਟ ਤਾਂ ਲੱਭਦਾ ਨਹੀਂ ਪਿਆ…’’ ਰਾਇ ਸਾਹਿਬ ਨੇ ਕਿਹਾ ਤਾਂ ਪ੍ਰੇਮ ਸਿੰਘ ਨੂੰ ਯਾਦ ਆਇਆ, ‘‘ਹਾਂ, ਗਿਰਜਾ ਘਰ ਵਾਲਾ ਚੌਕ ਸੀ। ਉਸ ਤੋਂ ਅੱਗੇ ਹਰਨਾਮ ਸਿੰਘ ਦਾ ਘਰ ਸੀ…’’
ਇਕ ਸਿਆਣੇ ਬੰਦੇ ਨੂੰ ਪੁੱਛਿਆ ਤਾਂ ਉਸ ਨੇ ਨੇੜੇ ਹੀ ਸਥਿਤ ਗਿਰਜਾ ਘਰ ਦਾ ਰਾਹ ਦੱਸਿਆ। ਗਿਰਜਾ ਘਰ ਕੋਲ ਪਹੁੰਚ ਕੇ ਅਸੀਂ ਕਾਰ ਤੋਂ ਉਤਰ ਪਏ। ਪ੍ਰੇਮ ਸਿੰਘ ਦੀ ਤੇ ਮੇਰੀ ‘ਸਿੱਖ ਸ਼ਕਲ’ ਵੇਖ ਕੇ ਕੁਝ ਬੰਦੇ ਸਾਡੇ ਕੋਲ ਆਏ। ਪ੍ਰੇਮ ਸਿੰਘ ਅਨੁਮਾਨ ਲਾ ਕੇ ਪੁੱਛ ਰਿਹਾ ਸੀ, ‘‘ਐਥੇ ਗਿਰਜਾ ਘਰ ਦੇ ਕਿਸੇ ਇਕ ਪਾਸੇ ਨਾਲਾ ਵਗਦਾ ਹੁੰਦਾ ਸੀ। ਉਥੇ ਧੋਬੀ ਘਾਟ ਹੁੰਦਾ ਸੀ। ਕੋਲੋਂ ਬਾਹਰਵਾਰ ਇਕ ਸੜਕ ਲੰਘਦੀ ਸੀ…’’
ਕਿਸੇ ਵਡੇਰੀ ਉਮਰ ਦੇ ਬੰਦੇ ਨੇ ਦੱਸਿਆ, ‘‘ਹਾਂ, ਨਾਲਾ ਤਾਂ ਇਥੇ ਇਕ ਵਗਦਾ ਹੁੰਦਾ ਸੀ ਪਰ ਉਹ ਤਾਂ ਬਹੁਤ ਸਾਲ ਹੋਏ ਪੂਰ ਦਿੱਤਾ ਗਿਆ। ਤੇ ਬਾਹਰਲੀ ਸੜਕ ਤਾਂ ਹੁਣ ਏਥੇ ਇਕ ਨਹੀਂ…ਤੁਹਾਡੇ ਸਾਹਮਣੇ ਹੀ ਹੈ…ਉਸ ਵੇਲੇ ਦੀ ‘ਬਾਹਰਲੀ’ ਸੜਕ ਤੋਂ ਬਾਅਦ ‘ਬਾਹਰਲੀ’ ਤੇ ‘ਹੋਰ ਬਾਹਰਲੀ’ ਕਈ ਸੜਕਾਂ ਬਣ ਗਈਆਂ ਹੋਣਗੀਆਂ।’’
ਕਦੀ ਸੱਜੇ, ਕਦੀ ਖੱਬੇ, ਕਦੀ ਕਿਸੇ ਗਲੀ ਵਿਚ ਤੇ ਕਦੀ ਕਿਸੇ ਗਲੀ ਵਿਚ ਪ੍ਰੇਮ ਸਿੰਘ ਆ-ਜਾ ਰਿਹਾ ਸੀ। ਇਲਾਕਾ ਵੀ ਇਹੋ ਹੀ ਸੀ, ਘਰ ਵੀ ਏਥੇ ਕਿਤੇ ਹੀ ਹੋਣਾ ਸੀ ਪਰ ਅਜਿਹਾ ਗੁਆਚਾ ਸੀ ਕਿ ਲੱਭ ਨਹੀਂ ਸੀ ਰਿਹਾ। ਭਲਾ ਗੁਆਚੇ ਘਰ ਵੀ ਕਦੀ ਲੱਭਦੇ ਨੇ!
ਕਿਸੇ ਦੁਕਾਨ ‘ਤੇ ਰੇਡੀਓ ਉਤੇ ਕਿਸੇ ਭਾਰਤੀ ਫ਼ਿਲਮ ਦਾ ਗੀਤ ਵੱਜ ਰਿਹਾ ਸੀ।
‘‘ਨਾ ਕੋਈ ਉਮੰਗ ਹੈ ਨਾ ਕੋਈ ਤਰੰਗ ਹੈ…ਮੇਰੀ ਜ਼ਿੰਦਗੀ ਹੈ ਕਿਆ ਇਕ ਕਟੀ ਪਤੰਗ ਹੈ…’’
ਘੱਟੋ-ਘੱਟ ਪੰਜਾਹ-ਸੱਠ ਬੰਦੇ ; ਬੱਚੇ, ਬੁੱਢੇ ਤੇ ਜੁਆਨ ; ਪ੍ਰੇਮ ਸਿੰਘ ਦਾ ਘਰ ਲਭਾਉਣ ਦਾ ਯਤਨ ਕਰ ਰਹੇ ਸਨ। ਇਨ੍ਹਾਂ ਵਿਚ ਹੀ ਇਲਾਕੇ ਦਾ ਕੌਂਸਲਰ ਵੀ ਸ਼ਾਮਲ ਸੀ। ਪ੍ਰੇਮ ਸਿੰਘ ਗਲੀ-ਗਲੀ ‘ਕੱਟੀ ਪਤੰਗ’ ਵਾਂਗ ਉਡ ਰਿਹਾ ਸੀ।
‘‘ਏਧਰ ਨਹੀਂ, ਐਸ ਪਾਸੇ ਹੋ ਸਕਦਾ…ਐਧਰ ਨਹੀਂ…ਔਸ ਪਾਸੇ ਵੇਖੀਏ…’’
ਪ੍ਰੇਮ ਸਿੰਘ ਵਾਂਗ ਹੀ ਸਥਾਨਕ ਵਾਸੀਆਂ ਦੇ ਮਨਾਂ ਵਿਚ ਉਤਸ਼ਾਹ ਸੀ। ਕਾਸ਼ ! ਕਿਤੇ ਉਹ ਉਸ ਦਾ ਘਰ ਲੱਭ ਕੇ ਦੇ ਸਕਣ। ਅੱਧਾ ਕੁ ਘੰਟਾ ਤਾਂ ਅਸੀਂ ਵੀ ਪੂਰੇ ਉਤਸ਼ਾਹ ਨਾਲ ਪ੍ਰੇਮ ਸਿੰਘ ਦੇ ਅੰਗ-ਸੰਗ ਘਰ ਲੱਭਦੇ ਰਹੇ ਪਰ ਹੁਣ ਸਾਡੇ ‘ਅੰਦਰ’ ਨੂੰ ਪਤਾ ਚਲ ਗਿਆ ਸੀ ਕਿ ਇਹ ਘਰ ਹੁਣ ਉਸ ਨੂੰ ਲੱਭਣ ਨਹੀਂ ਲੱਗਾ। ਅਸੀਂ ਪ੍ਰੇਮ ਸਿੰਘ ਨਾਲ ਤੁਰੀ ਜਾਂਦੀ ਭੀੜ ਵਿਚੋਂ ਹੁਣ ਥੋੜ੍ਹਾ ਹਟ ਕੇ ਪਿੱਛੇ-ਪਿੱਛੇ ਤੁਰ ਰਹੇ ਸਾਂ। ਪ੍ਰੇਮ ਸਿੰਘ ਅਗਲੀ ਗਲੀ ‘ਚੋਂ ਮੁੜ ਕੇ ਕਹਿ ਰਿਹਾ ਸੀ, ‘‘ਐਹੋ ਗਿਰਜਾ ਸੀ… ਪਤਾ ਨਹੀਂ ਘਰ ਕਿਉਂ ਨਹੀਂ ਲੱਭ ਰਿਹਾ!’’
ਤੇ ਉਹ ਭੀੜ ਸਮੇਤ ਦੂਜੀ ਗਲੀ ਵਿਚ ਮੁੜ ਗਿਆ। ਮੈਂ ਰਾਇ ਸਾਹਿਬ ਨੂੰ ਸਵਰਗਵਾਸੀ ਸ਼ਾਇਰ ਗੁਲਵਾਸ਼ ਦਾ ਸ਼ਿਅਰ ਸੁਣਾਇਆ :
‘ਖ਼ਤ ‘ਤੇ ਲਿਖੇ ਸੰਬੋਧਨ ਤੋਂ ਨਾ ਖ਼ੁਸ਼ ਹੋਵੋ
ਦਿਲ ‘ਤੇ ਲਿਖੇ ਨਾਂ ਵੀ ਲੋਕ ਮੁੱਕਰ ਜਾਂਦੇ ਨੇ
ਫਿਰ ਵੀ ਤੇਰਾ ਘਰ ਕਿਉਂ ਸਾਨੂੰ ਲੱਭਦਾ ਨਹੀਂ
ਜਦ ਕਿ ਸਾਰੇ ਰਸਤੇ ਤੇਰੇ ਘਰ ਜਾਂਦੇ ਨੇ।
ਮੈਂ ਰੁਕ ਕੇ ਇਕ ਹੋਰ ਗੁਆਚੇ ਘਰ ਦੇ ਚੁਬਾਰੇ ‘ਤੇ ਲਿਖੀ ਸਿਲ਼ ਨੂੰ ਪੜ੍ਹਨ ਲੱਗਾ। ਦੇਵ ਨਾਗਰੀ ਵਿਚ ‘ਓਮ’ ਲਿਖਿਆ ਹੋਇਆ ਸੀ ਤੇ ਹੇਠਾਂ ਉਰਦੂ ਅੱਖਰਾਂ ਵਿਚ ‘ਜੈ ਸ੍ਰੀ ਕ੍ਰਿਸ਼ਨ’
ਮੈਂ ਇਸ ਚੁਬਾਰੇ ਵਿਚ ਅੱਧੀ ਸਦੀ ਪਹਿਲਾਂ ਵੱਸਦੇ ਜੀਆਂ ਦੀ ਕਲਪਨਾ ਕਰ ਰਿਹਾ ਸਾਂ ਕਿ ਕਿਸੇ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ। ਕਰੜ-ਬਰੜੇ ਵਾਲਾਂ ਵਾਲਾ ਕਮਜ਼ੋਰ ਸਰੀਰ ਦਾ ਇਕ ਬੰਦਾ ਮੇਰੀਆਂ ਅੱਖਾਂ ‘ਚ ਅੱਖੀਆਂ ਪਾ ਕੇ ਕਹਿਣ ਲੱਗਾ, ‘‘ਸ਼ਾਮ ਚੁਰਾਸੀ ਦਾ ਨਾਂ ਸੁਣਿਆ ਜੇ! ਮੈਂ ਉਥੋਂ ਦੇ ਰਹਿਣ ਵਾਲਾਂ। ਆਰੀਆ ਸਮਾਜ ਦਾ ਮੰਦਰ ਹੁੰਦਾ ਸੀ ਨਾ!… ਉਹਦੇ ਲਾਗੇ ਸੀ ਸਾਡਾ ਘਰ। ਕਦੀ ਸ਼ਾਮਚੁਰਾਸੀ ਗਏ ਓ!…ਆਰੀਆ ਸਮਾਜ ਮੰਦਰ ਦੇਖਿਆ ਜੇ ਨਾ!…ਮੈਨੂੰ ਅਜੇ ਵੀ ਯਾਦ ਹੈ। ਸਾਉਣ ਮਹੀਨੇ ਦੇ ਦਿਨ ਸਨ। ਮੈਂ ਤੇ ਮੇਰਾ ਯਾਰ ਬਚਨਾ ਖੇਡਦੇ ਅੰਬਾਂ ਹੇਠਾਂ ਗਏ। ਉਥੇ ਮੇਰਾ ਅੱਬਾ ਤੇ ਬਚਨੇ ਦਾ ਬਾਪ ਖਲੋਤੇ ਸਨ। ਮੈਂ ਆਪਣੇ ਅੱਬਾ ਦੀ ਬਾਂਹ ਫੜਕੇ ਏਧਰ ਓਧਰ ਝੂਲ ਰਿਹਾ ਸਾਂ ਕਿ ਚਾਚੇ ਸੋਹਣ ਸੁੰਹ ਦੇ ਪੈਰਾਂ ਵਿਚ ਇਕ ਰਸਿਆ ਪੱਕਾ ਅੰਬ ਆਣ ਡਿੱਗਾ। ਉਸ ਨੇ ਹੱਥ ਵਧਾ ਕੇ ਉਹ ਅੰਬ ਚੁੱਕਿਆ, ਉਸ ਤੋਂ ਮਿੱਟੀ ਪੂੰਝੀ ਤੇ ਫਿਰ ਉਸ ਅੰਬ ‘ਤੇ ਗੱਡੀਆਂ ਮੇਰੀਆਂ ਨਜ਼ਰਾਂ ਵੇਖੀਆਂ ਤਾਂ ਅੰਬ ਮੇਰੇ ਹੱਥ ‘ਚ ਫੜਾ ਦਿੱਤਾ। ਬਚਨਾ ਮੇਰੇ ਵੱਲ ਵੇਖਦਾ ਰਹਿ ਗਿਆ…ਉਸ ਅੰਬ ਦਾ ਸਵਾਦ ਮੈਨੂੰ ਅਜੇ ਤੱਕ ਨਹੀਂ ਭੁੱਲਦਾ ਤੇ ਨਾ ਹੀ ਉਹ ਨਜ਼ਾਰਾ!…’’
ਉਹ ਇਕੋ ਸਾਹੇ ਏਨਾ ਕੁਝ ਕਹਿ ਗਿਆ ਸੀ। ਮੈਨੂੰ ਤਾਂ ਉਸ ਨੇ ਬੋਲਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਫਿਰ ਉਹ ਖਚਰੀ ਮੁਸਕਣੀ ‘ਚੋਂ ਬੋਲਿਆ, ‘‘ਬਚਨੇ ਦੀ ਦਾਦੀ ਬਥੇਰਾ ਆਂਹਦੀ ਰਹਿੰਦੀ ਸੀ ਉਸ ਨੂੰ ਵੇ! ਮੁਸਲਮਾਨਾਂ ਘਰੋਂ ਖਾਈਂ ਨਾ ਕੁਝ…ਪਰ ਮੈਂ ਤੁਹਾਨੂੰ ਦੱਸਾਂ! ਅਸੀਂ ਉਹ ਇਕੋ ਅੰਬ ਦੋਹਾਂ ਜਣਿਆਂ ਨੇ ਮੱਕੀ ਦੇ ਖੇਤ ਦੀ ਆੜ ਵਿਚ ਜਾ ਕੇ ਵਾਰੀ ਵਾਰੀ ਚੂਪੇ ਲੈ ਕੇ ਚੂਪਿਆ ਸੀ…’’
ਫਿਰ ਉਸ ਨੇ ਡੂੰਘਾ ਹੌਕਾ ਲਿਆ ਤੇ ਆਸੇ ਪਾਸੇ ਆ ਜੁੜੀ ਭੀੜ ਵੱਲ ਵੇਖ ਕੇ ਕਿਹਾ, ‘‘ਵਾਹ! ਸਰਦਾਰ ਜੀ ਕਿਆ ਦਿਨ ਸਨ!…’’
ਮੈਂ ਚੁੱਪ ਚਾਪ ਉਹਦੇ ਚਿਹਰੇ ਵੱਲ ਵੇਖਦਾ ਉਹਦੇ ਮਨ ਵਿਚ ਝਾਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੇ੍ਰਮ ਸਿੰਘ ਭੀੜ ਸਮੇਤ ਅਗਲੀਂ ਗਲੀ ‘ਚੋਂ ਵਾਪਸ ਪਰਤ ਰਿਹਾ ਸੀ। ਉਹ ਦੁਖੀ ਸੀ ਕਿ ਉਸ ਨੂੰ ਘਰ ਨਹੀਂ ਸੀ ਲੱਭਾ। ਪੰਜਾਂਹ ਸੱਠ ਬੰਦਿਆਂ ਦੀ ਭੀੜ ਉਸ ਲਈ ਏਨੇ ਚਿਰ ਤੋਂ ਖੱਜਲ ਹੋ ਰਹੀ ਸੀ ਸ਼ਾਇਦ ਇਸ ਦੀ ਵੀ ਉਹਨੂੰ ਅੰਦਰੇ ਅੰਦਰ ਨਮੋਸ਼ੀ ਸੀ। ਇਲਾਕੇ ਦੇ ਕੌਸਲਰ ਨੇ ਸਾਡੇ ਕੋਲ ਪੁੱਜ ਕੇ ਕਿਹਾ, ‘‘ਬੜਾ ਜ਼ੋਰ ਲਾਇਆ ਪਰ ਸਰਦਾਰ ਹੁਰੀਂ ਘਰ ਦਾ ਚੇਤਾ ਭੁਲਾ ਬੈਠੇ ਨੇ…’’
‘‘ਚੇਤਾ ਤਾਂ ਨਹੀਂ ਭੁੱਲਿਆ। ਉਹ ਤਾਂ ਐਥੇ। ਹੈ…’’ ਉਸਨੇ ਮੱਥੇ ਨੂੰ ਹੱਥ ਲਾਇਆ, ‘‘ਪਰ ਸ਼ਹਿਰ ਬਹੁਤ ਬਦਲ ਗਿਆ। ਵੰਡ ਤੋਂ ਬਾਦ ਜਦੋਂ ਮੈਂ ਆਇਆ ਸਾਂ ਤਾਂ ਉਦੋਂ ਮੈਂ ਘਰ ਲਭ ਲਿਆ ਸੀ ਪਰ ਅੱਜ…’’
ਨਿਰਾਸ਼ ਹੋ ਕੇ ਉਹ ਫਿਰ ਸੱਜੇ ਖੱਬੇ ਵੇਖਣ ਲੱਗਾ। ਸ਼ਾਇਦ ਸੋਚ ਰਿਹਾ ਸੀ ਇਕ ਵਾਰ ਫੇਰ ਚਾਰਾ ਕਰ ਵੇਖੇ ਪਰ ਪਿਛਲੇ ਘੰਟੇ ਡੇਢ ਘੰਟੇ ਭਰ ਤੋਂ ਗਿਰਜਾ ਘਰ ਦੇ ਆਲੇ ਦੁਆਲੇ ਦਾ ਇਲਾਕਾ ਤਾਂ ਉਹ ਕਈ ਵਾਰ ਘੁੰਮ ਚੁੱਕਾ ਸੀ। ਕਾਲੇ ਬੱਦਲਾਂ ਨੇ ਸ਼ੇਖ਼ੂਪੁਰੇ ਦੀ ਛੱਤ ਕੱਜ ਲਈ ਸੀ ਤੇ ਨਿੱਕੀ ਨਿੱਕੀ ਭੂਰ ਤੇਜ਼ ਹੋ ਕੇ ਕੱਪੜੇ ਗਿੱਲੇ ਕਰਨ ਲੱਗੀ। ਇਸ ਮੌਕੇ ਦਾ ਲਾਭ ਲੈ ਕੇ ਅਸੀਂ ਕਿਹਾ, ‘‘ਸਰਦਾਰ ਜੀ! ਚੱਲੀਏ! ਅੱਗੇ ਵੀ ਜਾਣੈ।…’’
‘‘ਚਲੋ ਭਰਾ!’’ ਕਹਿ ਕੇ ਮਣ ਮਣ ਦੇ ਭਾਰੇ ਕਦਮ ਰੱਖਦਾ, ਲੱਤਾਂ ਧੂੰਹਦਾ ਹੋਇਆ ਨਿਰਾਸ਼ ਪੇ੍ਰਮ ਸਿੰਘ ਕਾਰ ਵੱਲ ਵਧਣ ਲੱਗਾ।
ਅਸੀਂ ਆਪਣੇ ਦੁਆਲੇ ਜੁੜੀ ਭੀੜ ਨੂੰ ਧੰਨਵਾਦੀ ਹੱਥ ਜੋੜੇ ਤੇ ਕਾਰ ਵਿਚ ਬੈਠ ਗਏ। ਭੀੜ ਦੇ ਚਿਹਰੇ ਉਤੇ ਵੀ ਪ੍ਰੇਮ ਸਿੰਘ ਵਾਲੀ ਨਿਰਾਸ਼ਾ ਬੋਲ ਰਹੀ ਸੀ।
ਕਾਰ ਵਿਚ ਇਕ ਦੁਖਾਂਤਕ ਖ਼ਾਮੋਸ਼ੀ ਪਸਰੀ ਹੋਈ ਸੀ। ਇਸ਼ ਖ਼ਾਮੋਸ਼ੀ ਨੂੰ ਪ੍ਰੇਮ ਸਿੰਘ ਨੇ ਆਪ ਹੀ ਤੋੜਿਆ, ‘‘ਚੱਲੋ ਸਾਹ ਲੈ ਲਿਆ! ਆਪਣੀ ਧਰਤੀ ਨੂੰ ਯਾਦ ਕਰਕੇ ਨਮਸਕਾਰ ਕਰਕੇ…’’
ਫਿਰ ਉਸ ਨੇ ਸੰਤੁਲਿਤ ਹੋਣ ਦਾ ਯਤਨ ਕੀਤਾ। ‘‘ਜਦੋਂ ਪਿਛਲੀ ਵਾਰ ਆਇਆ ਤਾਂ ਘਰ ਲੱਭ ਲਿਆ ਸੀ। ਅਸੀਂ ਦਰਵਾਜ਼ਾ ਖੜਕਾਇਆ ਤਾਂ ਘਰ ਦੀ ਸੁਆਣੀ ਬਾਹਰ ਆਈ। ਮੈਂ ਕਿਹਾ, ‘‘ਪਾਣੀ ਪੀਣਾ ਤੁਹਾਡੇ ਨਲਕੇ ਦਾ…’’ ਕਹਿੰਦੀ ਸਾਡੇ ਨਲਕੇ ਦਾ ਹੀ ਕਿਉਂ? ਹੋਰ ਕਿਸੇ ਦਾ ਕਿਉਂ ਨਹੀਂ? ਦੱਸਿਆ ਤਾਂ ਖ਼ੁਸ਼ੀ ਖ਼ੁਸ਼ੀ ਗਲਾਸ ਲੈ ਕੇ ਭਰਨ ਤੁਰ ਪਈ’’ ਉਹ ਚੁੱਪ ਕਰ ਗਿਆ ਤੇ ਦੂਰ ਖਿਲਾਅ ਵੱਲ ਵੱਖਣ ਲੱਗਾ। ਅੱਜ ਅਣਪੀਤੇ ਪਾਣੀ ਦਾ ਸੁਆਦ ਉਹਦਾ ਜੀਭ ‘ਤੇ ਤੈਰ ਰਿਹਾ ਸੀ।
ਅਸੀਂ ਕਿੰਨਾ ਚਿਰ ਕੋਈ ਗੱਲ ਨਾ ਕੀਤੀ।

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ ਸੱਚਾ ਹੀ ਲਗਦਾ ਸੀ। ਲਾਹੌਰ ਦੀ ਯਾਤਰਾ ਕਰਦਿਆਂ ਵੀ ਉਹ ਅਕਸਰ ਹਫ ਥੱਕ ਜਾਂਦਾ ਸੀ। ਕੁਝ ਵੀ ਸੀ, ਮੈਨੂੰ ਉਸ ਦਾ ਸਾਥ ਛੱਡ ਕੇ ਜਾਣ ਦਾ ਅਫਸੋਸ ਵੀ ਸੀ ਪਰ ਪਾਕਿਸਤਾਨ ਯਾਤਰਾ ਦੀ ਖ਼ੁਸ਼ੀ ਤੇ ਚਾਅ ਨੇ ਇਸ ਅਫਸੋਸ ਨੂੰ ਛੋਟਾ ਕਰ ਦਿੱਤਾ ਸੀ।
ਇਸੇ ਸਮੇਂ ਹੀ ਮੈਨੂੰ ਇਲਿਆਸ ਘੰੁਮਣ ਅਤੇ ਸਤਨਾਮ ਮਾਣਕ ਦਾ ਫਲੈਟੀਜ਼ ਹੋਟਲ ਤੋਂ ਫ਼ੋਨ ਆਇਆ ਸੀ ਕਿ ਮੈਂ ਸਵੇਰੇ ਨਨਕਾਣੇ ਜਾਣ ਲਈ ਤਿਆਰ ਤਿਆਰ ਹੋ ਕੇ ਸੱਤ ਵਜੇ ਫਲੈਟੀਜ਼ ਵਿਚ ਪਹੰੁਚ ਜਾਵਾਂ। ਇਲਿਆਸ ਘੰੁਮਣ ਨੇ ਮੈਨੂੰ ਨਨਕਾਣਾ ਵਿਖਾਉਣ ਦਾ ਵਾਅਦਾ ਚੇਤੇ ਰੱਖਿਆ ਸੀ। ਪਰ ਅਸੀਂ ਤਾਂ ਰਾਵਲਪਿੰਡੀ ਵਾਲੀ ਯਾਤਰਾ ਲਈ ਤਿਆਰ ਹੋ ਚੁੱਕੇ ਸਾਂ ਤੇ ਮੇਰੇ ਨਾਲ ਰਘਬੀਰ ਸਿੰਘ ਅਤੇ ਸੁਲੇਖਾ ਵੀ ਤਾਂ ਜੁੜੇ ਹੋਏ ਸਨ। ਮੈਂ ਇਹ ਸਮੱਸਿਆ ਦੱਸੀ ਤਾਂ ਮਾਣਕ ਕਹਿੰਦਾ ‘‘ਓ ਛੱਡ ਯਾਰ! ਉਧਰ ਰਾਹ ‘ਚ ਕਿਸੇ ਨੇ ਪੁੱਛ ਲਿਆ ਤਾਂ ਪੰਗਾ ਪਊ, ਏਧਰ ਔਕਾਫ ਵਾਲਿਆਂ ਨੇ ਸਾਡੇ ਨਾਲ ਆਪਣਾ ਬੰਦਾ ਭੇਜਣ ਦਾ ਪ੍ਰਬੰਧ ਕਰ ਦਿੱਤੈ। ਉਹਦੇ ਹੰੁਦਿਆਂ ਬੇਝਿਜਕ ਵਿਚਰਾਂਗੇ। ਤੇ ਰਘਬੀਰ ਹੁਰੀਂ ਆਹ ਮੇਰੇ ਨਾਲ ਹੀ ਖਲੋਤੇ ਨੇ, ਇਨ੍ਹਾਂ ਨਾਲ ਗੱਲ ਕਰ ਲਵੋ।’’
ਮੈਂ ਦਿਲੋਂ ਮਾਣਕ ਦੀ ਗੱਲ ਨਾਲ ਸਹਿਮਤ ਸਾਂ ਤੇ ਰਘਬੀਰ ਸਿੰਘ ਨੂੰ ਤਾਂ ਪਹਿਲਾਂ ਹੀ ਲੰਮੀ ਯਾਤਰਾ ਲਈ ਮੈਂ ਤੇ ਸੁਲੇਖਾ ਨੇ ਮਨਾਇਆ ਸੀ। ਪਰ ਯਾਤਰਾ ਫੀਸ ਅਸੀਂ ਪਹਿਲਾਂ ਹੀ ਰੂਪ ਸਿੰਘ ਰੂਪਾ ਨੂੰ ਜਮ੍ਹਾਂ ਕਰਵਾ ਬੈਠੇ ਸਾਂ। ਰਘਬੀਰ ਸਿੰਘ ਕਹਿਣ ਲੱਗਾ, ‘‘ਰੂਪ ਸਿੰਘ ਰੂਪਾ ਨੂੰ ਪੁੱਛ ਵੇਖ। ਜੇ ਪੈਸੇ ਨਾ ਵੀ ਮੋੜੂ, ਤਾਂ ਵੀ ਕੋਈ ਗੱਲ ਨਹੀਂ।’’
ਨਨਕਾਣੇ ਜਾਣ ਦਾ ਨਿਰਣਾ ਲੈ ਕੇ ਮੈਂ ਜਗਤਾਰ ਨੂੰ ਕਿਹਾ ਕਿ ਹੁਣ ਤਾਂ ਉਹ ਸਾਡੇ ਨਾਲ ਜਾ ਸਕਦਾ ਹੈ। ਸ਼ਾਮ ਨੂੰ ਤਾਂ ਵਾਪਸ ਆ ਹੀ ਜਾਣਾ ਸੀ ਪਰ ਜਗਤਾਰ ਨਹੀਂ ਮੰਨਿਆ।
ਮੈਂ ਆਪਣੇ ਹੀ ਹੋਟਲ ਵਿਚ ਠਹਿਰੇ ਰੂਪ ਸਿੰਘ ਰੂਪਾ ਨੂੰ ਫੋਨ ਕਰਕੇ ਉਨ੍ਹਾਂ ਨਾਲ ਯਾਤਰਾ ‘ਤੇ ਨਾ ਜਾ ਸਕਣ ਦੀ ਅਸਮਰਥਾ ਪ੍ਰਗਟਾਈ, ਰਾਹ ਵਿਚ, ਆਗਿਆ ਤੋਂ ਬਿਨਾਂ ‘ਪੰਗਾ’ ਪੈ ਜਾਣ ਦਾ ਤੌਖ਼ਲਾ ਵੀ ਜਤਾਇਆ ਤੇ ਅੰਤਿਮ ਗੱਲ ਕਹਿ ਦਿੱਤੀ ਕਿ ਜੇ ਪੈਸੇ ਵਾਪਸ ਕਰ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਤਦ ਵੀ ਤੁਹਾਡੀ ਮਰਜ਼ੀ। ਉਸ ਨੇ ਕਿਹਾ ਕਿ ਸਵੇਰੇ ਤੁਰਨ ਤੋਂ ਪਹਿਲਾਂ ਮੈਂ ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਸਕਦਾ ਹਾਂ।
ਥਕਾਵੇਂ ਲੰਮੇ ਸਫ਼ਰ ਦਾ ਭਾਰ ਸਿਰੋਂ ਲਹਿ ਜਾਣ ਕਰਕੇ ਤੇ ਨਨਕਾਣੇ ਜਾਣ ਬਾਰੇ ਪੂਰਾ ਮਨ ਬਣਾ ਕੇ ਮੈਂ ਫਿਰ ਜਗਤਾਰ ਨੂੰ ਕਿਹਾ, ‘‘ਬਾਬਿਓ! ਹੁਣ ਚਲੇ ਚੱਲੋ! ਨਨਕਾਣੇ ਦਾ ਸਫ਼ਰ ਤਾਂ ਥਕਾਉਣ ਵਾਲਾ ਨਹੀਂ।’’
‘‘ਨਹੀਂ, ਤੁਸੀਂ ਹੋ ਆਵੋ, ਮੈਂ ਐਥੇ ਕੁਝ ਦੋਸਤਾਂ ਨੂੰ ਮਿਲ-ਮਿਲਾ ਲਵਾਂਗਾ।’’ ਉਸ ਨੇ ਬੇਦਿਲੀ ਨਾਲ ਕਿਹਾ।
ਉਸ ਦਾ ਅਟੱਲ ਫੈਸਲਾ ਸੁਣ ਕੇ ਮੈਂ ਵੀ ਚੁੱਪ ਕਰ ਗਿਆ।
‘‘ਇਹ ਜਿਵੇਂ ਤੇਰੇ ਜੁਗਾੜ ਨੇ ਨਾ ਜਾਣ-ਆਉਣ ਦੇ, ਇੰਜ ਆਪਣੇ ਵੀ ਬਹੁਤ ਨੇ।’’ ਅਚਨਚੇਤ ਉਸ ਨੇ ਕਿਹਾ ਤਾਂ ਮੈਨੂੰ ਹੈਰਾਨੀ ਹੋਈ।
‘‘ਇਹ ਤਾਂ ਆਪਣਾ ਸਾਂਝਾ ਜੁਗਾੜ ਈ ਏ। ਮੇਰਾ ਇਥੇ ਕੌਣ ਜਾਣੂ ਏ। ਤੁਹਾਡਾ ਏਥੇ ਸਾਲਾਂ ਤੋਂ ਆਦਰ-ਮਾਣ ਏਂ। ਤੁਹਾਡੇ ਦੋਸਤ ਮਿੱਤਰ ਨੇ।’’
ਪਰ ਜਗਤਾਰ ਜਾਣ ਲਈ ਤਿਆਰ ਨਹੀਂ ਸੀ।
ਸਵੇਰੇ ਨਹਾ ਧੋ ਕੇ ਮੈਂ ‘ਰੂਪਾ’ ਤੋਂ ਪੈਸੇ ਫੜ ਲਿਆਇਆ ਤੇ ਸੱਤ ਵਜੇ ਤਕ ਫਲੈਟੀਜ਼ ਹੋਟਲ ਪਹੰੁਚ ਗਿਆ। ਇਲਿਆਸ ਘੰੁਮਣ ਘਰੇਲੂ ਰੁਝੇਵਿਆਂ ਤੇ ਪਿਛਲੇ ਦਿਨੀਂ ਵਾਪਰੇ ਦੁੱਖਦਾਈ ਪਰਿਵਾਰਕ ਹਾਦਸੇ ਕਾਰਨ ਸਾਡੇ ਨਾਲ ਨਹੀਂ ਸੀ ਜਾ ਰਿਹਾ ਪਰ ਉਸ ਦੀ ਕਾਰ ਤੇ ਡਰਾਈਵਰ ਹਾਜ਼ਰ ਸਨ। ਉਸ ਦੇ ਘਰ ਠਹਿਰੀ ਬਾਜਵਾ ਦੰਪਤੀ ਵੀ ਸਾਡੇ ਨਾਲ ਜਾ ਰਹੀ ਸੀ। ਦੂਜੀ ਕਾਰ ਰਾਇ ਅਜ਼ੀਜ਼ ਉਲਾ ਖਾਂ ਦੀ ਸੀ। ਅਸੀਂ ਤਿਆਰ ਹੋ ਕੇ ਖੜੋਤੇ ਸਾਂ ਪਰ ‘ਔਕਾਫ਼’ ਵਾਲਾ ਕਰਮਚਾਰੀ ਅਜੇ ਨਹੀਂ ਸੀ ਪੁੱਜਾ ਤੇ ਉਸ ਦੀ ਉਡੀਕ ਹੋ ਰਹੀ ਸੀ। ਰਾਵਲਪਿੰਡੀ ਵਾਲੀ ਬੱਸ ਵੀ ਹੋਟਲ ਦੇ ਅਹਾਤੇ ਵਿਚ ਖੜ੍ਹੋਤੀ ਸਵਾਰੀਆਂ ਉਡੀਕ ਰਹੀ ਸੀ। ਪ੍ਰਿੰਸੀਪਲ ਸਰਵਣ ਸਿੰਘ ਤੇ ਕੁਝ ਹੋਰ ਸਾਥੀ ਵੀ ਨਨਕਾਣੇ ਵਾਸਤੇ ਇਕ ਵੈਨ ਤਿਆਰ ਕੀਤੀ ਖੜੋਤੇ ਸਨ।
‘ਔਕਾਫ਼’ ਦਾ ਕਰਮਚਾਰੀ ਆਇਆ ਤਾਂ ਅਸੀਂ ਕਾਰਾਂ ਵਿਚ ਬੈਠਣ ਦੀ ਕੀਤੀ। ਇਲਿਆਸ ਘੰੁਮਣ ਵਾਲੀ ਕਾਰ ਵਿਚ ‘ਬਾਜਵਾ ਦੰਪਤੀ’ ਦੇ ਨਾਲ ਰਘਬੀਰ ਸਿੰਘ ਤੇ ਸੁਲੇਖਾ ਬੈਠ ਗਏ। ਦੂਜੀ ਕਾਰ ਵਿਚ ਰਾਇ ਅਜ਼ੀਜ਼ ਉਲਾ ਖਾਂ ਆਪ ਹੀ ਡਰਾਈਵਰ ਦੀ ਸੀਟ ਉਤੇ ਬੈਠ ਗਏ ਤਾਂ ਕਿ ਇਕ ਬੰਦੇ ਦੀ ਥਾਂ ਬਚ ਸਕੇ। ਉਸ ਨਾਲ ਪ੍ਰੇਮ ਸਿੰਘ ਐਡਵੋਕੇਟ ਅੱਗੇ ਬੈਠ ਗਿਆ। ਪਿਛਲੀ ਸੀਟ ‘ਤੇ ਸਜਿਓਂ ਖੱਬੇ ਮੈਂ, ਸਤਨਾਮ ਮਾਣਕ ਤੇ ਔਕਾਫ਼ ਦਾ ਕਰਮਚਾਰੀ ਅਨਵਰ ਜਾਵੇਦ ਬੈਠ ਗਏ।
ਕਾਰਾਂ ਫਲੈਟੀਜ਼ ਤੋਂ ਨਿਕਲ ਕੇ ਮਾਲ ਰੋਡ ‘ਤੇ ਤੁਰ ਪਈਆਂ ਤਾਂ ਸਤਿਨਾਮ ਮਾਣਕ ਨੇ ਕਿਹਾ ਕਿ ਕੁਝ ਅਖ਼ਬਾਰਾਂ ਖ਼ਰੀਦ ਲਈਆਂ ਜਾਣ। ਉਸ ਦੀ ਕਾਨਫ਼ਰੰਸ ਦੀਆਂ ਰਿਪੋਰਟਾਂ ਦੇਖਣ ਵਿਚ ਬਹੁਤ ਦਿਲਚਸਪੀ ਸੀ, ਉਂਜ ਵੀ ਉਹ ਭਾਰਤ-ਪਾਕਿ ਸਬੰਧਾਂ ਬਾਰੇ ਬਹੁਤ ‘ਉਤਸ਼ਾਹੀ ਜਿਊੜਾ’ ਹੈ। ਕਾਨਫ਼ਰੰਸ ਦੀ ਸਫਲਤਾ ਨੂੰ ਲੈ ਕੇ ਉਹ ਪੂਰੇ ਜੋਸ਼ ਵਿਚ ਸੀ।
‘‘ਇਕ ਨਵੀਂ ਤਾਰੀਖ਼ ਦੀ ਸ਼ੁਰੂਆਤ ਹੋ ਗਈ ਹੈ’’, ਰਾਇ ਅਜ਼ੀਜ਼-ਉੱਲਾ ਨੇ ਆਖਿਆ ਤਾਂ ਮਾਣਕ ਹੁਲਾਰਿਆ ਗਿਆ।
‘‘ਆਪਾਂ ਰਲ ਕੇ ਨਵਾਂ ਇਤਿਹਾਸ ਸਿਰਜ ਦੇਣਾ ਹੈ’’, ਸਾਰੇ ਜਣੇ ਅਖ਼ਬਾਰਾਂ ਦੇ ਵਰਕੇ ਪਲਟਣ ਲੱਗੇ। ਮੇਰੀ ਅਖ਼ਬਾਰਾਂ ਦੀਆਂ ਖ਼ਬਰਾਂ ਨਾਲੋਂ ਬਾਹਰਲੇ ਸੰਸਾਰ ਵਿਚ ਜ਼ਿਆਦਾ ਰੁਚੀ ਸੀ। ਅਸੀਂ ਲਾਹੌਰੋਂ ਬਾਹਰ ਨਿਕਲ ਰਹੇ ਸਾਂ। ਰਾਵੀ ਆ ਗਈ ਸੀ। ਸੁੱਕੀ ਹੋਈ ਰਾਵੀ! ਵਿਚ ਘਾਹ ਉਗਿਆ ਹੋਇਆ। ਬਚਪਨ ਵਿਚ ਢਾਡੀਆਂ ਤੋਂ ਸੁਣਿਆ ਗੀਤ ਚੇਤੇ ਵਿਚ ਥਰਥਰਾਇਆ:
ਮੁੜ-ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ।
ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ-ਚਨਾਬ ਦੀ।
ਕਿਤੇ ਰਾਵੀ ਨੇ ਵਿਛੜੇ ਪੁੱਤਰਾਂ ਦੀ ਯਾਦ ਵਿਚ ਰੋ ਰੋ ਕੇ ਹੰਝੂ ਤਾਂ ਨਹੀਂ ਸਨ ਸੁਕਾ ਲਏ! ਉਹਦੀਆਂ ਅੱਖਾਂ ਖ਼ੁਸ਼ਕ ਤਾਂ ਨਹੀਂ ਸਨ ਹੋ ਗਈਆਂ!!
ਇਹ ਤਾਂ ਮੇਰੀ ਭਾਵੁਕਤਾ ਸੀ। ਰਾਵੀ ਤਾਂ ਪਿੱਛੇ ‘ਬੱਝੇ ਬੰਨ੍ਹਾਂ’ ਨੇ ਸੁਕਾ ਦਿੱਤੀ ਸੀ। ਮੇਰੀ ਚੇਤਨਾ ਅਤੀਤ ਤੇ ਵਰਤਮਾਨ ਵਿਚ ਰਲਗਡ ਹੋ ਰਹੀ ਸੀ। ਕਲਪਨਾ ਵਿਚ ਵੇਖਿਆ ਇਹ ਇਲਾਕਾ ਮੈਂ ਯਥਾਰਥ ਦੀਆਂ ਅੱਖਾਂ ਨਾਲ ਵੀ ਘੋਖ ਰਿਹਾ ਸਾਂ। ਕਾਰ ਸ਼ੇਖ਼ੂਪੁਰੇ ਨੂੰ ਜਾਣ ਵਾਲੀ ਸੜਕ ‘ਤੇ ਰਿੜ੍ਹੀ ਜਾ ਰਹੀ ਸੀ। ਸੜਕ ਦੇ ਸਮਾਨੰਤਰ ਇਕ ਹੋਰ ਸੜਕ ਜਾ ਰਹੀ ਸੀ। ਅਸਲ ਵਿਚ ਇਹ ਦੋਵੇਂ ਸੜਕਾਂ ‘ਵਨ’ ਵੇਅ ਸਨ। ਸਾਡੇ ਵਾਲੀ ਸੜਕ ਵਾਹਣਾਂ ਦੇ ਲਾਹੌਰੋਂ ਸ਼ੇਖ਼ੂਪੁਰਾ ਜਾਣ ਵਾਲੀ ਸੀ ਤੇ ਦੂਜੀ ਸ਼ੇਖ਼ੂਪੁਰੇ ਤੋਂ ਲਾਹੌਰ ਆਉਣ ਵਾਲੇ ਵਾਹਣਾਂ ਵਾਸਤੇ। ਦੋਹਾਂ ਸੜਕਾਂ ਦੇ ਵਿਚਕਾਰ ਇਕ ਸੜਕ ਜਿੰਨਾ ਥਾਂ ਕੱਚਾ ਸੀ। ਲੋੜ ਮੁਤਾਬਕ ਇਸ ਕੱਚੇ ਥਾਂ ਨੂੰ ਵੀ ਪੱਕਾ ਕਰਕੇ ਇਹ ਵੱਡੀ ਸ਼ਾਹ-ਰਾਹ ਬਣਾਈ ਜਾ ਸਕਦੀ ਸੀ। ਤਿੰਨੇ ਸੜਕਾਂ ਮਿਲ ਕੇ ਬਹੁਤ ਖੁੱਲ੍ਹੀ ਸੜਕ ਬਣ ਸਕਦੀ ਸੀ। ਮੈਨੂੰ ਇਹ ਵਿਚਕਾਰ ਖ਼ਾਲੀ ਥਾਂ ਛੱਡਣ ਵਾਲੀ ਯੋਜਨਾਬੰਦੀ ਵਧੀਆ ਲੱਗੀ। ਸਾਡੇ ਪਾਸੇ ਜਦੋਂ ਸੜਕਾਂ ਚੌੜੀਆਂ ਕਰਨੀਆਂ ਹੋਣ ਤਾਂ ਆਸੇ-ਪਾਸੇ ਵਾਲੀਆਂ ਦੁਕਾਨਾਂ ਤੇ ਮਕਾਨਾਂ ਦਾ ਪੰਗਾ ਵਿਚ ਖੜ੍ਹਾ ਹੋ ਜਾਂਦਾ ਹੈ। ਭਾਵੇਂ ਇਹ ਦੁਕਾਨਾਂ ਤੇ ਮਕਾਨ ਅਗਲਿਆਂ ਨੇ ਸਰਕਾਰੀ ਥਾਂ ‘ਤੇ ਨਾਜਾਇਜ਼ ਕਬਜ਼ਾ ਕਰਕੇ ਹੀ ਕਿਉਂ ਨਾ ਬਣਾਏ ਹੋਣ। ਏਥੇ ਸੜਕ ਦੀ ਚੌੜਾਈ ਦੀ ਗੁੰਜਾਇਸ਼ ਬਾਹਰਵਾਰ ਰੱਖਣ ਦੀ ਥਾਂ ਅੰਦਰਵਾਰ ਰੱਖੀ ਗਈ ਸੀ ਤੇ ਇਸ ‘ਤੇ ਕਿਸੇ ਪ੍ਰਕਾਰ ਦੇ ਨਾਜਾਇਜ਼ ਕਬਜ਼ੇ ਦੀ ਕੋਈ ਸੰਭਾਵਨਾ ਨਹੀਂ ਸੀ।
ਬੱਸਾਂ, ਟਰੱਕ, ਮੋਟਰ ਸਾਈਕਲ ਤੇ ਸਾਈਕਲ ਸੜਕਾਂ ਉਤੇ ਇਧਰੋਂ-ਉਧਰ ਘੂਕ ਰਹੇ ਸਨ। ਸੜਕਾਂ ਦੀ ਹਾਲਤ ਸਾਡੇ ਪਾਸੇ ਦੀਆਂ ਸੜਕਾਂ ਤੋਂ ਕਿਸੇ ਸੂਰਤ ਵਿਚ ਵੀ ਮਾੜੀ ਨਹੀਂ ਸੀ। ਪਾਕਿਸਤਾਨ ਵਿਚ ਚੱਲਣ ਵਾਲੀਆਂ ਬੱਸਾਂ ਉਤੇ ਬਹੁਤ ਰੰਗ-ਬਰੰਗੇ ਚਿੱਤਰ ਅਤੇ ਮੀਨਾਕਾਰੀ ਕੀਤੀ ਹੁੰਦੀ ਹੈ। ਸਾਡੀਆਂ ਨਜ਼ਰਾਂ ਨੂੰ ਇਹ ਸਜਾਵਟ ਕੁਝ ਅਜੀਬ ਵੀ ਲੱਗਦੀ ਹੈ। ਇਧਰ ਚੱਲਣ ਵਾਲੇ ਟਰੱਕਾਂ ਦੀ ਤਾਂ ਬਣਤਰ ਹੀ ਬੜੀ ਅਜੀਬ ਹੈ। ਇਸ ਦਾ ‘ਟੂਲ-ਬਕਸ’ ਤੋਂ ਅਗਲਾ ਹਿੱਸਾ ਮੱਥੇ ਤੋਂ ਅਗਾਂਹ ਨੂੰ ਇੰਜ ਵਧਾਇਆ ਹੁੰਦਾ ਹੈ ਜਿਵੇਂ ਟੀਪੂ-ਸੁਲਤਾਨ ਦੀ ਪੱਗ ਹੋਏ। ਮੈਂ ਟਰੱਕਾਂ ਦੀ ਅਜਿਹੀ ਅਜੀਬੋ-ਗਰੀਬ ਬਣਤਰ ‘ਤੇ ਟਿੱਪਣੀ ਕੀਤੀ ਤਾਂ ਸਤਿਨਾਮ ਮਾਣਕ ਨੇ ਇਕ ਗੱਲ ਸੁਣਾਈ।
ਇਕ ਵਾਰ ਕਿਸੇ ਵਫ਼ਦ ਨਾਲ ਆਏ ਬਲਵੰਤ ਸਿੰਘ ਰਾਮੂਵਾਲੀਆ ਨੇ ਜਨਰਲ ਜ਼ਿਆ-ਉਲ-ਹੱਕ ਨੂੰ ਇਨ੍ਹਾਂ ਟਰੱਕਾਂ ਬਾਰੇ ਦੱਸਿਆ ਕਿ ਛੱਤ ਵਲੋਂ ਅੱਗੇ ਨੂੰ ਵਧਿਆ ਹੋਣ ਕਰਕੇ ਅਜਿਹੇ ਟਰੱਕਾਂ ਦੇ ਅਗਲੇ ਹਿੱਸੇ ਵਿਚ ਹਵਾ ਰੁਕ ਜਾਣ ਕਾਰਨ ਇੰਜਣ ਦਾ ਜ਼ੋਰ ਜ਼ਿਆਦਾ ਲੱਗਦਾ ਹੈ ਤੇ ਇਸ ਨਾਲ ਸਪੀਡ ‘ਤੇ ਵੀ ਫਰਕ ਪੈਂਦਾ ਹੈ ਤਾਂ ਜ਼ਿਆ-ਉਲ-ਹੱਕ ਨੇ ਹੱਸਦਿਆਂ ਕਿਹਾ ਸੀ, ‘‘ਟਰੱਕਾਂ ਬਾਰੇ ਤੁਹਾਡੇ ਸਰਦਾਰਾਂ ਤੋਂ ਵੱਧ ਹੋਰ ਕੌਣ ਜਾਣੂ ਹੋ ਸਕਦਾ ਹੈ!’’
ਸੜਕਾਂ ਦੇ ਦੋਹੀਂ ਪਾਸੀਂ ਥੋੜ੍ਹੀ-ਥੋੜ੍ਹੀ ਵਿੱਥ ‘ਤੇ ਕਾਰਖ਼ਾਨੇ ਸਨ। ਕੋਈ ਸਟੀਲ ਦਾ, ਕੋਈ ‘ਬੱਬਰ ਸ਼ੇਰ ਯੂਰੀਆ’ ਦਾ, ਕੋਈ ਕੱਪੜੇ ਦਾ। ਚੜ੍ਹਦੇ ਪੰਜਾਬ ਦੀ ਤੁਲਨਾ ਵਿਚ ਸ਼ੇਖ਼ੂਪੁਰਾ ਰੋਡ ਉਤੇ ਬਣੇ ਕਾਰਖ਼ਾਨੇ ਵੇਖਕੇ ਹੈਰਾਨੀ ਹੋਈ। ਮੈਂ ਇਸ ਦਾ ਜ਼ਿਕਰ ਕੀਤਾ ਤਾਂ ਪ੍ਰੇਮ ਸਿੰਘ ਐਡਵੋਕੇਟ ਨੇ ਕਿਹਾ, ‘‘ਵੇਖ ਲੌ ਸੰਧੂ ਸਾਹਿਬ! ਕਹਿੰਦੇ ਪਾਕਿਸਤਾਨ ਨੇ ਤਰੱਕੀ ਨਹੀਂ ਕੀਤੀ…’’
ਉਸ ਦੀ ਗੱਲ ਠੀਕ ਹੀ ਸੀ। ਇੰਡਸਟਰੀ ਦੇ ਪੱਖੋਂ ‘ਸਾਡਾ ਪੰਜਾਬ’ ਉਧਰ ਨਾਲੋਂ ਬਹੁਤ ਪਿੱਛੇ ਨਜ਼ਰ ਆਇਆ।
ਅਨਵਰ ਜਾਵੇਦ ਨੇ ਦੱਸਿਆ, ‘‘ਇਕੱਲੇ ਸ਼ੇਖ਼ੂਪੁਰੇ ਜ਼ਿਲੇ ਵਿਚ ਹੀ ਛੇ ਹਜ਼ਾਰ ਫੈਕਟਰੀ ਹੈ…’’
ਹੋਵੇਗੀ! ਲਾਹੌਰ ਦੇ ਗੁਲਬਰਗ ਤੇ ਮਾਡਲ ਟਾਊਨ ਦੀਆਂ ਅਮੀਰੀਆਂ ਤੇ ਰੌਸ਼ਨੀਆਂ ਵਿਚ ਇਨ੍ਹਾਂ ਫੈਕਟਰੀਆਂ ਦਾ ਪੈਸਾ ਹੀ ਤਾਂ ਬਲ ਤੇ ਚਮਕ ਰਿਹਾ ਸੀ।
ਅਨਵਰ ਜਾਵੇਦ ਸਾਡੇ ਨਾਲ ਰਚ-ਮਿਚ ਗਿਆ ਸੀ। ਉਹ ਨਾਲ ਦੀ ਨਾਲ ਰਾਹ ਵਿਚ ਪੈਂਦੀਆਂ ਫੈਕਟਰੀਆਂ ਬਾਰੇ ਹੀ ਨਹੀਂ, ਹੋਰ ਵੀ ਲੋੜੀਂਦਾ ਭੂਗੋਲਿਕ ਤੇ ਇਤਿਹਾਸਕ ਵੇਰਵਾ ਦੇਈ ਜਾਂਦਾ ਸੀ। ਉਹ ਸਮਝਦਾਰ ਬੰਦਾ ਸੀ। ਉਸ ਨੇ ਇਕ ਦੁੱਧ ਬਣਾਉਣ ਵਾਲੀ ਫੈਕਟਰੀ ਵੱਲ ਇਸ਼ਾਰਾ ਕੀਤਾ। ਮੈਂ ਪੁੱਛਿਆ ਕਿ ਸਾਡੇ ਪਾਸੇ ਦੇ ਬਨਾਵਟੀ ਤੇ ਮਿਲਾਵਟੀ ਦੁੱਧ ਵਾਂਗ ਇਧਰ ਵੀ ਕੁਝ ਇਹੋ ਜਿਹਾ ਵਾਪਰਦਾ ਹੈ ਤਾਂ ਉਸ ਨੇ ਹੱਸ ਕੇ ਕਿਹਾ,’’ਦੋਹੀਂ ਪਾਸੀਂ ਇਕੋ ਜਿਹੇ ਲੋਕ ਈ ਨੇ…’’
ਦੁੱਧ ਵਿਚ ਪਾਣੀ ਦੀ ਮਿਲਾਵਟ ਬਾਰੇ ਮੈਨੂੰ ਇਕ ਲਤੀਫ਼ਾ ਯਾਦ ਆਇਆ, ‘‘ਦੁੱਧ ਜਦੋਂ ਦੋਧੀ ਨੂੰ ਆਪਣੇ ਵੱਲ ਆਉਂਦਿਆਂ ਵੇਖਦਾ ਹੈ ਤਾਂ ਆਪਣੇ ਆਪ ਹੀ ਸ਼ਰਮ ਨਾਲ ‘ਪਾਣੀ-ਪਾਣੀ’ ਹੋ ਜਾਂਦਾ ਹੈ।’’
ਸੜਕਾਂ ‘ਤੇ ਬਣੀਆਂ ਫੈਕਟਰੀਆਂ ਤੋਂ ਪਿੱਛੇ ਨਜ਼ਰ ਮਾਰਦਾ ਸਾਂ ਤਾਂ ਦੂਰ ਦੂਰ ਤਕ ਖੇਤੀ ਨਜ਼ਰ ਨਹੀਂ ਸੀ ਆਉਂਦੀ। ਜਿੱਥੇ ਸੀ ਵੀ ਤਾਂ ਬਹੁਤੀ ਵਧੀਆ ਨਹੀਂ। ਨਿਸਚੇ ਹੀ ਖੇਤੀ ਦੇ ਖੇਤਰ ਵਿਚ ਪਾਕਿਸਤਾਨੀ ਪੰਜਾਬ ਸਾਡੇ ਨਾਲੋਂ ਕਾਫੀ ਪਛੜਿਆ ਹੋਇਆ ਦਿਖਾਈ ਦੇ ਰਿਹਾ ਸੀ। ਮੈਂ ਇਸ ਦਾ ਕਾਰਨ ਰਾਇ ਸਾਹਿਬ ਨੂੰ ਪੁੱਛਿਆ। ਉਨ੍ਹਾਂ ਕੋਲ ਦਸ ਮੁਰੱਬੇ ਜ਼ਮੀਨ ਹੈ ਤੇ ਉਹ ਖ਼ੁਦ ਵੀ ਖੇਤੀ ਕਰਵਾਉਂਦੇ ਹਨ।
‘‘ਸੰਧੂ ਸਾਹਿਬ! ਇਕ ਤਾਂ ਪਾਣੀ ਦਾ ਪੂਰਾ ਬੰਦੋਬਸਤ ਨਹੀਂ। ਦੂਜਾ ਜ਼ਮੀਨਾਂ ‘ਤੇ, ਕਾਸ਼ਤ ਉਤੇ ਸਰਕਾਰ ਨੇ ਟੈਕਸ ਬਹੁਤ ਲਾ ਦਿੱਤੇ ਨੇ। ਇੰਡਸਟਰੀ ਵਾਲਾ ਤਾਂ ਟੈਕਸ ਦਿੰਦਾ ਨਹੀਂ ਤੇ ਕਿਸਾਨ ਵਿਚਾਰੇ ਦਾ ਟੈਕਸ ਦੇਣ ਬਿਨਾਂ ਛੁਟਕਾਰਾ ਨਹੀਂ।’’
ਉਨ੍ਹਾਂ ਦੀ ਗੱਲ ਨੂੰ ਅੱਗੇ ਵਿਸਥਾਰ ਦਿੰਦਿਆਂ ਅਨਵਰ ਜਾਵੇਦ ਨੇ ਦੱਸਿਆ, ‘‘ਇਕ ਤਾਂ ਜ਼ਮੀਨ ਉਤੇ ਮਾਲਕਾਨਾ ਟੈਕਸ ਹੈ ਤੇ ਇਹ ‘ਫੀ ਏਕੜ ਪੰਜਾਹ ਰੁਪਏ’ ਹਰੇਕ ਕਾਸ਼ਤਕਾਰ ਨੂੰ ਦੇਣਾ ਪੈਂਦਾ ਹੈ। ਇਸ ਤੋਂ ਬਿਨਾਂ ਰਕਬੇ ਦੇ ਹਿਸਾਬ ਨਾਲ ਇਨਕਮ ਟੈਕਸ ਮੁਕੱਰਰ ਹੈ। ਦੋ ਮੁਰੱਬੇ ਵਾਲੇ ਕਾਸ਼ਤਕਾਰ ਨੂੰ 400 ਰੁਪਏ, ਇਕ ਮੁਰੱਬੇ ਵਾਲੇ ਨੂੰ ਤਿੰਨ ਸੌ ਰੁਪਏ ਫੀ ਏਕੜ ਇਹ ਟੈਕਸ ਅਦਾ ਕਰਨਾ ਪੈਂਦਾ ਹੈ। ਇਕ ਪੈਲੀ ਤਕ ਵੀ ਇਹ ਟੈਕਸ ਅਦਾ ਕਰਨਾ ਪੈਂਦਾ ਹੈ।’’
ਏਨੀ ਮਾੜੀ ਫਸਲ ਵਿਚੋਂ ਟੈਕਸ ਦੇ ਕੇ ਕਿਸਾਨ ਨੂੰ ਕੀ ਬਚਦਾ ਹੋਵੇਗਾ! ਮੈਂ ਸੋਚ ਹੀ ਰਿਹਾ ਸਾਂ ਕਿ ਅਨਵਰ ਜਾਵੇਦ ਨੇ ਦੱਸਿਆ, ‘‘ਅਜੇ ਤਾਂ ਫਸਲ ਮੁਤਾਬਕ ਇਕ ਵੱਖਰਾ ਟੈਕਸ ਹੈ, ਜਿਸ ਨੂੰ ਮਾਮਲਾ ਵੀ ਆਖ ਸਕਦੇ ਹਾਂ। ਮੁੰਜੀ ਦਾ 150 ਰੁਪਏ, ਕਣਕ ਨੂੰ 125 ਰੁਪਏ ਫੀ ਏਕੜ। ਉਂਜ ਜੇ ਫ਼ਸਲ ਨਾ ਹੋਵੇ ਤਾਂ ਇਹ ਟੈਕਸ ਨਹੀਂ ਲੱਗਦਾ।’’
ਅਸੀਂ ਚੜ੍ਹਦੇ ਪੰਜਾਬ ਵਿਚ ਕਿਸਾਨਾਂ ਦੀ ਮੰਦੀ ਆਰਥਿਕ ਹਾਲਤ, ਖ਼ੁਦਕੁਸ਼ੀਆਂ ਦੇ ਵਧਦੇ ਰੁਝਾਨ ਅਤੇ ਫਸਲਾਂ ਦੀ ਸਰਕਾਰ ਵਲੋਂ ਠੀਕ ਖ਼ਰੀਦ ਨਾ ਹੋਣ ਦੀ ਗੱਲ ਵੀ ਕੀਤੀ ਤਾਂ ਅਨਵਰ ਨੇ ਕਿਹਾ, ‘‘ਇਧਰ ਵੀ ਏਹੀ ਹਾਲਤ ਏ। ਫਸਲ ਦਾ ਖ਼ਰੀਦਦਾਰ ਕੋਈ ਨਹੀਂ। ਸਰਕਾਰ ਖ਼ਰੀਦਦੀ ਨਹੀਂ। ਹੁਣ ਗੌਰਮਿੰਟ ਨੇ ਕਣਕ ਦੀ ਕੀਮਤ ਤਿੰਨ ਸੌ ਰੁਪਏ ਮਣ ਮੁਕਰਰ ਕੀਤੀ ਏ ਪਰ ਮਿੱਲਾਂ ਵਾਲੇ ਢਾਈ ਸੌ ਤੋਂ ਵੱਧ ਨਹੀਂ ਦਿੰਦੇ…’’
ਕਿਤੇ ਕਿਤੇ ਸੜਕ ਦੇ ਕਿਨਾਰੇ ਫ਼ਸਲ ਦਿਖਾਈ ਦੇ ਰਹੀ ਸੀ। ਜਿਥੇ ਜਿਥੇ ਫ਼ਸਲ ਹੁੰਦੀ ਉਥੇ ਮਿੱਟੀ ਦੀਆਂ ਵੱਡੀਆਂ ਵੱਡੀਆਂ ਕਲੀ ਕੀਤੀਆਂ ਬੁਰਜੀਆਂ ਉਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ। ਮੈਂ ਚੱਲਦੀ ਕਾਰ ਵਿਚੋਂ ਵੀ ਮੋਟੇ ਅੱਖਰਾਂ ‘ਚ ‘ਗੰਦਮ’ ਲਿਖਿਆ ਪੜ੍ਹਿਆ। ਮੇਰੇ ਖ਼ਿਆਲ ਵਿਚ ਤਾਂ ਇਹ ਮੀਲ-ਪੱਥਰ ਸਨ ਤੇ ਇਨ੍ਹਾਂ ਉਤੇ ਸ਼ੇਖ਼ੂਪੁਰਾ ਦੀ ਦੂਰੀ ਲਿਖੀ ਹੋਵੇਗੀ ਪਰ ਇਹ ‘ਗੰਦਮ’ ਕੀ? ਅਗਲੀ ਬੁਰਜੀ ‘ਤੇ ‘ਗੰਦਮ’ ਦੇ ਹੇਠਾਂ ਯੂਰੀਆ ਲਿਖਿਆ ਪੜ੍ਹਿਆ। ਪੁੱਛਣ ‘ਤੇ ਅਨਵਰ ਨੇ ਦੱਸਿਆ ਕਿ ਇਹ ‘ਮਹਿਕਮਾ ਕਾਸ਼ਤਕਾਰੀ’ ਵਾਲਿਆਂ ਨੇ ਬੁਰਜੀਆਂ ਬਣਾਈਆਂ ਨੇ। ਉਨ੍ਹਾਂ ਵਲੋਂ ਹਰੇਕ ਫ਼ਸਲ ਮੁਤਾਬਕ ਉਸ ਨੂੰ ਕਿੰਨੇ ਪਾਣੀ ਕਿੰਨੇ ਕਿੰਨੇ ਵਕਫੇ ਬਾਅਦ ਲਾਏ ਜਾਣ, ਕਿਹੜੀ ਕਿਹੜੀ ਖਾਦ ਕਦੋਂ ਕਦੋਂ ਕਿੰਨੀ ਕਿੰਨੀ ਪਾਈ ਜਾਵੇ, ਨਦੀਨਾਂ ਨੂੰ ਮਾਰਨ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ—ਸਭ ਕੁਝ ਲਿਖ ਦਿੱਤਾ ਜਾਂਦਾ ਹੈ। ਕਾਸ਼ਤਕਾਰ ਦੀਆਂ ਨਜ਼ਰਾਂ ਸਾਹਮਣੇ ਹਰ ਵੇਲੇ ਰਹਿਣ ਵਾਲੀਆਂ ਬੁਰਜੀਆਂ ‘ਤੇ ਲਿਖੀਆਂ ਇਹ ਹਦਾਇਤਾਂ ਉਨ੍ਹਾਂ ਦੇ ਬੜਾ ਕੰਮ ਆਉਂਦੀਆਂ ਹਨ। ਕਿਸਾਨਾਂ ਦੀ ਅਗਵਾਈ ਲਈ ਵਰਤਿਆ ਜਾਣ ਵਾਲਾ ਇਹ ਤਰੀਕਾ ਮੈਨੂੰ ਬਹੁਤ ਚੰਗਾ ਲੱਗਾ।
‘‘ਇਕ ਏਕੜ ਪਿੱਛੇ ਜ਼ਿਮੀਂਦਾਰ ਨੂੰ ਕਿੰਨੀ ਕੁ ਬੱਚਤ ਹੋ ਜਾਂਦੀ ਹੈ…?’’
‘‘ਖਰਚੇ ਕੱਢ ਕੇ ਚਾਰ ਪੰਜ ਹਜ਼ਾਰ ਬਚ ਹੀ ਜਾਂਦੇ ਨੇ ਅੱਛੀ ਜ਼ਮੀਨ ਵਿਚੋਂ’’
ਅਸਲ ਵਿਚ ਅਨਵਰ ਸ਼ੇਖੁਪੂਰੇ ਦੇ ਨਜ਼ਦੀਕ ਹੀ ਕਿਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਕਿਸਾਨੀ ਦੇ ਦੁੱਖਾਂ-ਸੁਖਾਂ ਨਾਲ ਨੇੜਿਓਂ ਸਬੰਧਤ ਜਾਪਦਾ ਸੀ।
‘‘ਹੁਣ ਠੇਕੇ ਵਾਲੇ ਨੂੰ ਤਾਂ ਜ਼ਮੀਨ ਵਾਰਾ ਹੀ ਨਹੀਂ ਖਾਂਦੀ। ਠੇਕਾ ਦੇਵੇ ਤਾਂ ਵਿਚੋਂ ਬਚਾਵੇ ਕੀ। ਡੀਜ਼ਲ ਹੋਰ ਮਹਿੰਗਾ ਹੋ ਗਿਐ।’’
ਅਸਲ ਵਿਚ ਪਾਕਿਸਤਾਨੀ ਪੰਜਾਬ ਵਿਚ ਸਿੰਜਾਈ ਦਾ ਵਧੀਆ ਬੰਦੋਬਸਤ ਨਹੀਂ। ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਦੀ ਥਾਂ ਲੋਕ ਸਿੰਜਾਈ ਲਈ ਪੀਟਰ ਇੰਜਣਾਂ ਦੀ ਵਰਤੋਂ ਕਰਦੇ ਹਨ। ਨਹਿਰੀ ਪਾਣੀ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਨਹੀਂ। ਪਾਕਿਸਤਾਨ ਵਿਚ ਬਿਜਲੀ ਸਰਪਲੱਸ ਹੈ ਪਰ ਉਹਦਾ ਖੇਤੀ ਲਈ ਉਪਯੋਗ ਨਾਂਮਾਤਰ ਹੀ ਕੀਤਾ ਜਾਂਦਾ ਹੈ।
‘‘ਹਕੀਕਤ ਤਾਂ ਇਹ ਹੈ ਕਿ ਛੋਟਾ ਕਿਸਾਨ ਬੁਰੀ ਤਰ੍ਹਾਂ ਪਿਸ ਰਿਹੈ…’’ ਅਨਵਰ ਨੇ ਤੋੜਾ ਝਾੜਿਆ।
‘‘ਮੁਆਫ਼ ਕਰਨਾ! ਗੁੱਸਾ ਨਾ ਕਰਨਾ।’’ ਸਾਡੀਆਂ ਗੱਲਾਂ ਸੁਣ ਰਹੇ ਪ੍ਰੇਮ ਸਿੰਘ ਨੇ ਕਿਹਾ, ‘‘ਇਧਰ ਮਾੜੀ ਕਾਸ਼ਤ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਧਰ ਉਨ੍ਹਾਂ ਲੋਕਾਂ ਨੂੰ ਜ਼ਮੀਨ ਮਿਲੀ ਜਿਹੜੇ ਗ਼ੈਰ-ਕਾਸ਼ਤਕਾਰ ਸਨ। ਉਨ੍ਹਾਂ ਕੋਲ ਵਾਹੀ-ਖੇਤੀ ਦਾ ਤਜਰਬਾ ਕੋਈ ਨਹੀਂ ਸੀ। ਨਹੀਂ ਤਾਂ ਵੰਡ ਤੋਂ ਪਹਿਲਾਂ ਇਹੋ ਜ਼ਮੀਨਾਂ ਸੋਨਾ ਉਗਲਦੀਆਂ ਸਨ।’’
ਪ੍ਰੇਮ ਸਿੰਘ ਦੀ ਗੱਲ ਨੂੰ ਅੱਗੇ ਵਧਾਉਣਾ ਮੁਨਾਸਿਬ ਨਹੀਂ ਸੀ। ਰਾਇ ਸਾਹਿਬ ਤੇ ਅਨਵਰ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਨ੍ਹਾਂ ਦੀ ਇਸ ਬਾਰੇ ਰਾਇ ਮੁਖ਼ਤਲਿਫ਼ ਹੋ ਸਕਦੀ ਸੀ। ਦਾਨਸ਼ਵਰ ਲੋਕ ਪਿਛਲੇ ਸਮੇਂ ਤੋਂ ਭਾਵੇਂ ਸਾਂਝ ਦੇ ਟੁੱਟੇ ਹੋਏ ਸੂਤਰ ਲੱਭ ਕੇ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਵਿਚ ਸਨ ਤੇ ਦੋਹਾਂ ਪੰਜਾਬਾਂ ਨੂੰ ਇਕ-ਦੂਜੇ ਦੇ ਚਿਹਰੇ ‘ਚੋਂ ਆਪਣੇ ਹੀ ਨਕਸ਼ ਪਛਾਨਣ ਦੀ ਆਦਤ ਪਾ ਰਹੇ ਸਨ ਪਰ ਦੂਜੇ ਪਾਸੇ ਇਹ ਵੀ ਇਕ ਕੌੜੀ ਹਕੀਕਤ ਸੀ ਕਿ ਇਕ-ਦੂਜੇ ਪ੍ਰਤੀ ਸਾਲਾਂ ਤੋਂ ਕੀਤੇ ਜਾਂਦੇ ਪ੍ਰਚਾਰ ਦਾ ਅਚੇਤ ਅਸਰ ਸਾਡੀ ਸੋਚਣੀ ਦਾ ਅੰਗ ਬਣ ਗਿਆ ਸੀ। ਅਸੀਂ ਕਈ ਮੁੱਦਿਆਂ ‘ਤੇ ਉਪਰੋਕਤ ਸਾਂਝੀ ਰਾਇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਪਰ ਕੁਝ ਹੋਰ ਮੁੱਦੇ ਨਾਲ ਦੀ ਨਾਲ ਸਾਨੂੰ ਸਾਡੇ ਵਿਰੋਧੀ ਪੈਂਤੜੇ ਦਾ ਅਹਿਸਾਸ ਵੀ ਕਰਵਾਉਂਦੇ ਰਹਿੰਦੇ ਹਨ। ਇਸ ਵਿਰੋਧੀ ਪੈਂਤੜੇ ਨੂੰ ਤਾਂ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਮੰਗ ਕਰਦਿਆਂ ਦੋ ਕੌਮੀ ਸਿਧਾਂਤ ਦੇ ਨਜ਼ਰੀਏ ਤੋਂ ਬੜੇ ਸਪਸ਼ਟ ਰੂਪ ਵਿਚ ਪੇਸ਼ ਕੀਤਾ ਸੀ। ਉਸ ਅਨੁਸਾਰ : ‘‘ਹਿੰਦੂ ਅਤੇ ਮੁਸਲਮਾਨ ਦੋ ਵੱਖ ਵੱਖ ਧਾਰਮਿਕ ਫ਼ਲਸਫ਼ੇ ਹਨ ਜਿਨ੍ਹਾਂ ਦੇ ਅਲੱਗ ਸਮਾਜਿਕ ਰਸਮੋ-ਰਿਵਾਜ ਤੇ ਆਪਣਾ ਅਲੱਗ ਸਾਹਿਤ ਹੈ। ਨਾ ਤਾਂ ਇਹ ਇਕ ਦੂਜੇ ਨਾਲ ਵਿਆਹ-ਸ਼ਾਦੀ ਕਰਦੇ ਹਨ ਤੇ ਨਾ ਹੀ ਇੱਕਠੇ ਖਾਂਦੇ ਹਨ। ਨਿਰਸੰਦੇਹ ਇਹ ਦੋਵੇਂ ਧਰਮ ਵੱਖੋ-ਵੱਖਰੀਆਂ ਸਭਿਆਤਾਵਾਂ ਨਾਲ ਸਬੰਧਤ ਹਨ ਜਿਹੜੀਆਂ ਮੁੱਖ ਤੌਰ ‘ਤੇ ਵਿਰੋਧੀ ਵਿਚਾਰਾਂ ਅਤੇ ਸੰਕਲਪਾਂ ‘ਤੇ ਆਧਾਰਿਤ ਹਨ। ਜ਼ਿੰਦਗੀ ਬਾਰੇ ਉਨ੍ਹਾਂ ਦੇ ਸੰਕਲਪ ਇਕ ਦੂਜੇ ਤੋਂ ਭਿੰਨ ਹਨ। ਇਹ ਬੜੀ ਸਾਫ ਗੱਲ ਹੈ ਕਿ ਹਿੰਦੂ ਅਤੇ ਮੁਸਲਮਾਨ ਵੱਖੋ-ਵੱਖਰੀਆਂ ਘਟਨਾਵਾਂ ਅਤੇ ਨਾਇਕਾਂ ਤੋਂ ਪ੍ਰੇਰਨਾ ਲੈਂਦੇ ਹਨ। ਆਮ ਤੌਰ ‘ਤੇ ਇਕ ਧਿਰ ਦਾ ਨਾਇਕ ਦੂਜੇ ਦਾ ਦੁਸ਼ਮਣ ਹੁੰਦਾ ਹੈ ਅਤੇ ਇਕ ਧਿਰ ਦੀ ਇਤਿਹਾਸ ਵਿਚ ਪ੍ਰਾਪਤ ਕੀਤੀ ਜਿੱਤ ਦੂਜੇ ਦੀ ਹਾਰ ਹੁੰਦੀ ਹੈ।’’
ਹੁਣ ਪੇ੍ਰਮ ਸਿੰਘ ਐਡਵੋਕੇਟ ਦੀ ਗੱਲ ਦਾ ਵੀ ਇਕ ਆਪਣਾ ਤਰਕ ਸੀ ਕਿ ਜਿਨ੍ਹਾਂ ਲੋਕਾਂ ਨੂੰ ਖੇਤੀ ਕਰਨ ਦੀ ਸਾਰ ਨਹੀਂ ਸੀ ਉਨ੍ਹਾਂ ਨੂੰ ਜ਼ਮੀਨਾਂ ਮਿਲ ਗਈਆਂ ਦੂਜੇ ਪਾਸੇ ਨਜ਼ਾਮਦੀਨ ਵਾਲਾ ਤਰਕ ਸੀ ਕਿ ਸਾਂਝੇ ਮੁਲਕ ਵਿਚ ਤਾਂ ਉਨ੍ਹਾਂ ਕੋਲ ‘ਕੁਝ ਵੀ ਨਹੀਂ ਸੀ’। ਇਹ ਪਾਕਿਸਤਾਨ ਦੀ ਹੋਂਦ ਸਦਕਾ ਹੀ ਸੰਭਵ ਹੋਇਆ ਕਿ ਬੇਜ਼ਮੀਨੇ ਵੀ ਜ਼ਮੀਨਾਂ ਵਾਲੇ ਬਣ ਗਏ।
ਅਜਿਹੇ ਟਕਰਾਉਂਦੇ ਸਵਾਲ-ਜਵਾਬ ਤੋਂ ਅਸੀਂ ਬਚ ਕੇ ਉਪਰੋਂ ਉਪਰੋਂ ਸਦਭਾਵਨਾ ਬਣਾਈ ਰੱਖਣਾ ਲੋੜਦੇ ਹਾਂ ਪਰ ਮੁਹੰਮਦ ਅਲੀ ਜਿਨਾਹ ਦੀ ਗੱਲ ਵਿਚਲਾ ਤਰਕ ਵੀ ਅੱਖੋਂ ਪਰੋਖੇ ਨਹੀਂ ਹੁੰਦਾ ਕਿ ਇਤਿਹਾਸ ਦੀ ਇਕ ਧਿਰ ਦੇ ਨਾਇਕ ਦੂਜੀ ਧਿਰ ਦੇ ਦੁਸ਼ਮਣ ਤੇ ਇਕ ਧਿਰ ਦੀ ਹਾਰ ਦੂਜੀ ਧਿਰ ਦੀ ਜਿੱਤ ਨਜ਼ਰ ਆਉਂਦੀ ਹੈ। ਔਰੰਗਜ਼ੇਬ ਸਿੱਖਾਂ ਲਈ ਖ਼ਲਨਾਇਕ ਹੈ ਪਰ ਮੁਸਲਮਾਨਾਂ ਲਈ ‘ਇਸਲਾਮ ਦਾ ਮੁਦਈ ਤੇ ਵੱਡਾ ਪ੍ਰਚਾਰਕ’। ਅਜਿਹੇ ਟਕਰਾਉਂਦੇ ਵਿਚਾਰਾਂ ਵਿਚ ਉਲਝਣ ਨਾਲੋਂ ਚੁੱਪ ਵੱਟ ਲੈਣੀ ਚੰਗੀ ਹੁੰਦੀ ਹੈ। ਅਸੀਂ ਵੀ ਕੁਝ ਚਿਰ ਲਈ ਚੁੱਪ ਕਰ ਗਏ ਤੇ ਬਾਹਰ ਦਾ ਨਜ਼ਾਰਾ ਵੇਖਣ ਲੱਗੇ।
ਰਾਇ ਅਜ਼ੀਜ਼-ਉਲ੍ਹਾ ਕਾਰ ਦੀ ਕਿੱਲੀ ਨੱਪੀ ਜਾ ਰਿਹਾ ਸੀ।

ਸੜਕ ਮੁੜ ਕੇ ਅਸੀਂ ਸਿੱਧੇ ਉਸ ਸੜਕੇ ਪੈ ਗਏ ਜਿਸ ‘ਤੇ ਦੋ ਕੁ ਸੌ ਗਜ਼ ਦੀ ਵਿੱਥ ਉਤੇ ਰੌਸ਼ਨੀਆਂ ਵਿਚ ਸ਼ਾਹਤਾਜ ਹੋਟਲ ਚਮਕ ਰਿਹਾ ਸੀ। ਸਾਨੂੰ ਕੋਲ ਦੀ ਤੁਰਿਆਂ ਜਾਂਦਿਆਂ ਵੇਖ ਕੇ ਇਕ ਸੱਠ-ਸੱਤਰ ਸਾਲ ਦਾ ਬਜ਼ੁਰਗ ਪਿੱਛੋਂ ਕਹਿਣ ਲੱਗਾ, ‘‘ਸਰਦਾਰੋ! ਕੀ ਹਾਲ ਜੇ!’’
ਅਸੀਂ ਪਿੱਛੇ ਮੁੜ ਕੇ ਉਸ ਨੂੰ ਦੁਆ-ਸਲਾਮ ਕੀਤੀ ਤਾਂ ਉਹ ਕਹਿਣ ਲੱਗਾ, ‘‘ਤੁਸੀਂ ਉਦੋਂ ਜੇ ਸਾਡੇ ਨਾਲ ਰਲ ਜਾਂਦੇ ਤਾਂ ਚੰਗਾ ਸੀ। ਸਾਡੇ ਬਾਬੇ ਦਾ ਆਖਾ ਮੰਨ ਜਾਂਦੇ, ਕਾਇਦੇ ਆਜ਼ਮ ਦਾ, ਤਾਂ ਅੱਜ ਏਨੇ ਦੁਖੀ ਨਾ ਹੰੁਦੇ…। ਵੇਖ ਲੋ ਹੁਣ ਤੁਹਾਡੇ ਨਾਲ ਕੀ ਪਈ ਹੰੁਦੀ ਏ…ਤੇ ਉਧਰ ਕਸ਼ਮੀਰ ‘ਚ ਕੀ ਕਰਦੇ ਪਏ ਨੇ…।’’
ਅਸੀਂ ਉਸ ਦੀ ਗੱਲ ਨੂੰ ਹੱਸ ਕੇ ਟਾਲ ਦੇਣਾ ਹੀ ਠੀਕ ਸਮਝਿਆ ਅਤੇ ਆਪਣੇ ਰਾਹ ਤੁਰ ਪਏ। ਦਸ-ਵੀਹ ਕਦਮ ਹੀ ਅੱਗੇ ਗਏ ਹੋਵਾਂਗੇ ਕਿ ਇਕ ਪਤਲਾ ਜਿਹਾ ਨੌਜਵਾਨ ਸਲਵਾਰ-ਕਮੀਜ਼ ਪਹਿਨੀ ਹੋਈ, ਹੱਥ ਵਿਚ ਸਿਗਰਟ, ਪਰਲੇ ਪਾਸਿਓਂ ਸੜਕ ਪਾਰ ਕਰ ਕੇ ਸਾਡੇ ਕੋਲ ਆਇਆ।
‘‘ਜੇ ਤਕਲੀਫ ਨਾ ਮੰਨੋ ਤਾਂ ਸੜਕੋਂ ਪਾਰ ਸਾਡੀ ਅਖ਼ਬਾਰ ਦਾ ਦਫ਼ਤਰ ਏ। ਤੁਸੀਂ ਉਥੋਂ ਤਕ ਸਾਡੇ ਨਾਲ ਚੱਲੋ! ਤੁਹਾਡੀ ਤਸਵੀਰ ਲੈਣੀ ਏਂ ਤੇ ਦੋ-ਚਾਰ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਪਲੀਜ਼!’’
ਅਸੀਂ ਨਜ਼ਰਾਂ ਹੀ ਨਜ਼ਰਾਂ ਵਿਚ ਇਕ-ਦੂਜੇ ਵੱਲ ਵੇਖਿਆ। ਕਈ ਵਾਰ ਪਾਕਿਸਤਾਨ ਆਇਆ ਹੋਣ ਕਰਕੇ ਜਗਤਾਰ ਇਨ੍ਹਾਂ ਮਸਲਿਆਂ ਦਾ ਮੇਰੇ ਨਾਲੋਂ ਵੱਧ ਜਾਣੰੂ ਸੀ। ਉਹ ਮੈਨੂੰ ਕਹਿਣ ਲੱਗਾ, ‘‘ਕੋਈ ਨਹੀਂ, ਹੋ ਚਲਦੇ ਆਂ।’’
ਸੜਕ ਪਾਰ ਕਰਕੇ ਉਹ ਨੌਜਵਾਨ ਇਕ ਗਲੀ ਵਿਚਲੀ ਇਮਾਰਤ ਦੀ ਬੇਸਮੈਂਟ ਵਿਚ ਲੈ ਵੜਿਆ। ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਬੱਜਰੀ, ਸੀਮਿੰਟ ਤੇ ਰੇਤਾ ਖਿਲਰਿਆ ਹੋਇਆ ਸੀ।
ਅੱਗੇ ਲੰਘ ਕੇ ਅਸੀਂ ਦਫ਼ਤਰ ਲਗਦੇ ਇਕ ਕਮਰੇ ਵਿਚ ਦਾਖ਼ਲ ਹੋਏ। ਉਥੇ ਤਿੰਨ-ਚਾਰ ਆਦਮੀ ਬੈਠੇ ਸਨ। ਇਕ ਪਾਸੇ ਕੰਪਿਊਟਰ ਵਾਲਾ ਮੇਜ਼ ਸੀ। ਉਸ ਨੌਜਵਾਨ ਨੇ ਸਾਨੂੰ ਉਥੇ ਬੈਠਣ ਲਈ ਕਿਹਾ ਤੇ ਫਿਰ ਕੈਮਰੇ ਦਾ ਬੰਦੋਬਸਤ ਕਰਨ ਤੇ ਕਿਸੇ ਹੋਰ ਨੂੰ ਬੁਲਾਉਣ ਲਈ ਕਮਰੇ ‘ਚੋਂ ਨਿਕਲ ਗਿਆ।
ਤਿੰਨ-ਚਾਰ ਮਿੰਟ ਪਿੱਛੋਂ ਤੀਹ ਕੁ ਸਾਲ ਦਾ ਮਧਰੇ ਕੱਦ ਦਾ ਇਕ ਨੌਜਵਾਨ ਆ ਕੇ ਖਾਲੀ ਕੁਰਸੀ ‘ਤੇ ਸਾਡੇ ਵੱਲ ਮੰੂਹ ਕਰਕੇ ਬੈਠ ਗਿਆ।
‘‘ਅਸੀਂ ਇਕ ਰੋਜ਼ਾਨਾ ਅਖ਼ਬਾਰ ਕੱਢਦੇ ਆਂ।…ਇਹ ਸਾਰੇ ਪਾਕਿਸਤਾਨ ਵਿਚ ਜਾਂਦੈ…।’’
ਉਸ ਨੇ ਅਖ਼ਬਾਰ ਦਾ ਨਾਂ ਨਾ ਦੱਸਿਆ ਤੇ ਨਾ ਹੀ ਅਸੀਂ ਪੁੱਛਣਾ ਚਾਹਿਆ। ਉਹ ਸਾਨੂੰ ਜਥੇ ਨਾਲ ਆਏ ਬੰਦਿਆਂ ‘ਚੋਂ ਗਿਣ ਰਿਹਾ ਸੀ, ‘‘ਹਰ ਅਖ਼ਬਾਰ ਦਾ ਇਕ ਐਡੀਟਰ ਹੰੁਦੈ…ਐਡੀਟਰ ਸਮਝਦੇ ਓ ਨਾ ਕੀ ਹੰੁਦੈ?’’
ਮੈਂ ਅਤੇ ਜਗਤਾਰ ਮੁਸਕਰਾਏ। ਫਿਰ ਉਹ ਆਪਣੀ ਕਹਿਣ ਲੱਗਾ, ‘‘ਮੈਂ ਇਸ ਅਖ਼ਬਾਰ ਦਾ ਐਡੀਟਰ ਹਾਂ…।’’
ਤਾਂ ਕਿ ਉਸ ਨੂੰ ਆਪਣੀ ਗੱਲਬਾਤ ਕਰਨ ਵਿਚ ਸਹੂਲਤ ਰਹੇ ਤੇ ਉਹ ਆਪਣੇ ਸਾਹਮਣੇ ਜੁਆਬ ਦੇਣ ਲਈ ਬੈਠੇ ਬੰਦਿਆਂ ਦੇ ਨਿਸਚਿਤ ਪੱਧਰ ਤੋਂ ਜਾਣੂ ਹੋ ਸਕੇ, ਡਾ. ਜਗਤਾਰ ਨੇ ਮੁਸਕਰਾਉਂਦਿਆਂ ਕਿਹਾ, ‘‘ਅਸੀਂ ਦੋਵੇਂ ਐਜੂਕੇਸ਼ਨ ਦੇ ਸ਼ੋਅਬੇ ਨਾਲ ਤਾਅਲੁੱਕ ਰੱਖਣ ਵਾਲੇ ਬੰਦੇ ਹਾਂ। ਦੋਵੇਂ ਹੀ ਪੀਐਚ.ਡੀ. ਹਾਂ। ਪ੍ਰੋਫੈਸਰ ਹਾਂ, ਲੇਖਕ ਹਾਂ। ਤੁਸੀਂ ਆਪਣੀ ਗੱਲ ਖੁੱਲ੍ਹ ਕੇ ਕਰੋ।’’
‘‘ਓਅ…’’ ਉਹ ਵੀ ਐਡੀਟਰੀ ਵਾਲਾ ਰੋਅ੍ਹਬ ਛੱਡ ਕੇ ਕੁਰਸੀ ਦੀ ਢੋਅ ਨਾਲੋਂ ਸਿਰ ਚੁੱਕ ਕੇ ਅੱਗੇ ਹੋਇਆ ਤੇ ਬੜੇ ਅਦਬ ਨਾਲ ਹਾਲ-ਚਾਲ ਪੁੱਛਣ ਲੱਗਾ।
‘‘ਅਸੀਂ ਤੁਹਾਡੇ ਤਾਅਸੁਰਾਤ ਛਾਪਣਾ ਚਾਹੰੁਦੇ ਹਾਂ? ਸਾਡੇ ਨਾਲ ਆਪਣੇ ਖ਼ਿਆਲ ਸਾਂਝੇ ਕਰੋ।’’
‘‘ਤਾਅਸੁਰਾਤ ਤਾਂ ਜੰਮ-ਜੰਮ ਛਾਪੋ। ਪਰ ਜੋ ਅਸੀਂ ਕਹੀਏ, ਉਹ ਹੀ ਛਾਪਣਾ। ਮੈਂ ਪਹਿਲਾਂ ਵੀ ਦਸ-ਪੰਦਰਾਂ ਵਾਰ ਪਾਕਿਸਤਾਨ ਆ ਚੁੱਕਾ ਹਾਂ ਤੇ ਮੇਰਾ ਤਜਰਬਾ ਹੈ ਜੋ ਇੰਟਰਵਿਊ ‘ਚ ਬੰਦਾ ਕਹਿੰਦਾ ਹੈ, ਉਹ ਇੰਨ-ਬਿੰਨ ਨਹੀਂ ਛਾਪਿਆ ਜਾਂਦਾ ਸਗੋਂ ਛਾਪਣ ਵਾਲਾ ਉਹਦੇ ਵਿਚ ਮਨ-ਮਰਜ਼ੀ ਦੇ ਅਰਥ ਪਾ ਦਿੰਦਾ ਹੈ।’’
ਜਗਤਾਰ ਦੀ ਇਸ ਗੱਲ ‘ਤੇ ਮੈਂ ਅੰਦਰੋ-ਅੰਦਰ ਖ਼ੁਸ਼ ਹੋਇਆ। ਮੈਨੂੰ ਲੱਗਾ ਇਹ ਦੱਸ ਕੇ ਜਗਤਾਰ ਨੇ ਉਸ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਜਿਨ੍ਹਾਂ ਨਾਲ ਉਹ ਗੱਲ ਕਰਦਾ ਪਿਆ ਹੈ, ਉਹ ‘ਘੁੱਗੂ-ਘੋੜੇ’ ਨਹੀਂ ਸਗੋਂ ਚੇਤੰਨ ਵਿਅਕਤੀ ਹਨ ਤੇ ਪਹਿਲੀ ਵਾਰੀ ਹੀ ਪਾਕਿਸਤਾਨ ਨਹੀਂ ਆਏ। ਉਨ੍ਹਾਂ ਨੂੰ ਗੱਲਾਂ ਵਿਚ ਵਰਗਲਾ ਕੇ ਉਹ ਆਪਣੀ ਮਨਮਰਜ਼ੀ ਦੀ ਗੱਲ ਨਹੀਂ ਅਖਵਾ ਸਕਦੇ।
ਐਡੀਟਰ ਨੇ ਸਾਡੇ ਪਾਕਿਸਤਾਨ ਵਿਚ ਆਉਣ ਦਾ ਮਕਸਦ, ਇਥੋਂ ਦੇ ਲੋਕਾਂ ਨਾਲ ਮਿਲ ਕੇ ਪ੍ਰਾਪਤ ਪ੍ਰਭਾਵ ਵਾਲੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਪਿੱਛੋਂ ਆਪਣੇ ਮਕਸਦ ਦਾ ਸੁਆਲ ਪੁੱਛਿਆ, ‘‘ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਸਿੱਖਾਂ ਨਾਲ ਉਧਰ ਹਿੰਦੂਆਂ ਦਾ ਸਲੂਕ ਕਿਹੋ ਜਿਹਾ ਹੈ।’’
‘‘ਤੁਹਾਡਾ ਇਹ ਸਵਾਲ ਠੀਕ ਨਹੀਂ। ਇਸ ਨੂੰ ਦਰੁੱਸਤ ਕਰਨ ਦੀ ਲੋੜ ਹੈ?’’ ਜਗਤਾਰ ਨੇ ਉਸ ਨੂੰ ਪੈਰਾਂ ਹੇਠੋਂ ਕੱਢ ਦਿੱਤਾ। ਬਾਕੀ ਬੰਦੇ ਖ਼ਾਮੋਸ਼ ਬੈਠੇ ਸੁਣ ਰਹੇ ਸਨ।
ਜਗਤਾਰ ਦੀ ਗੱਲ ਸੁਣ ਕੇ ਡੌਰ-ਭੌਰ ਹੋਏ ਐਡੀਟਰ ਨੂੰ ਜਗਤਾਰ ਨੇ ਆਪ ਹੀ ਪੈਰਾਂ ਸਿਰ ਕੀਤਾ, ‘‘ਤੁਹਾਡਾ ਸੁਆਲ ਇਹ ਹੋਣਾ ਚਾਹੀਦੈ ਕਿ ਤੁਹਾਡਾ ਸਿੱਖਾਂ ਦਾ ਹਿੰਦੂਆਂ ਨਾਲ ਸਲੂਕ ਕਿਹੋ ਜਿਹਾ ਹੈ? ਕਿਉਂਕਿ ਉਧਰ ਪੰਜਾਬ ਵਿਚ ਸਿੱਖ ਅਕਸਰੀਅਤ ਵਿਚ ਹਨ ਤੇ ਹਿੰਦੂ ਅਕਲੀਅਤ ਵਿਚ ਹਨ। ਅਕਸਰੀਅਤ ਦਾ ਅਕਲੀਅਤ ਵੱਲ ਕੀ ਰਵੱਈਆ ਜਾਂ ਸਲੂਕ ਹੈ, ਸੁਆਲ ਇਹ ਬਣਦੈ।’’
ਛਿੱਥਾ ਪਿਆ ਐਡੀਟਰ ਕਹਿਣ ਲੱਗਾ, ‘‘ਚਲੋ ਇੰਜ ਹੀ ਸਹੀ।’’
‘‘ਸਾਡਾ ਹਿੰਦੂਆਂ-ਸਿੱਖਾਂ ਦਾ ਆਪਸ ਵਿਚ ਬਹੁਤ ਨੇੜਲਾ ਭਾਈਚਾਰਾ ਤੇ ਪਿਆਰ ਹੈ। ਨਿੱਕੇ ਮੋਟੇ ਮਨ-ਮੁਟਾਵ ਤਾਂ ਕਿਥੇ ਨਹੀਂ ਹੰੁਦੇ। ਸਾਡੇ ਤਾਂ ਮੁਸਲਮਾਨਾਂ ਨਾਲ ਵੀ ਬਰਾਬਰ ਦਾ ਵਿਹਾਰ ਤੇ ਪਿਆਰ ਕੀਤਾ ਜਾਂਦਾ ਹੈ। ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਵਿਚ ਮੁਸਲਮਾਨ ਬਹੁਤ ਵੱਡੀ ਗਿਣਤੀ ਵਿਚ ਵਸਦੇ ਨੇ। ਆਪਣੇ ਅਕੀਦੇ ਮੁਤਾਬਕ ਜੀਵਨ ਬਸਰ ਕਰਦੇ ਨੇ। ਉਨ੍ਹਾਂ ਦੀਆਂ ਆਪਣੀਆਂ ਮਸਜਿਦਾਂ ਨੇ ਜਿਥੇ ਉਹ ਨਮਾਜ਼ ਅਦਾ ਕਰਦੇ ਨੇ। ਉਨ੍ਹਾਂ ਨੂੰ ਆਪਣੇ ਮਜ਼੍ਹਬੀ ਮੁਤਬਰਕ ਦਿਨ ਮਨਾਉਣ ਦੀ ਆਜ਼ਾਦੀ ਹੈ। ਉਹ ਬਰਾਬਰ ਦੇ ਸ਼ਹਿਰੀ ਨੇ। ਅਜੇ ਇਸੇ ਸਾਲ ਲੁਧਿਆਣੇ ਵਿਚ ਮੁਸਲਮਾਨਾਂ ਨੇ ਤਾਜ਼ੀਏ ਕੱਢੇ ਨੇ। ਸਾਡੇ ਉਧਰਲੇ ਪੰਜਾਬ ਵਿਚ ਇਹ ਹਾਲਾਤ ਨੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ।’’
ਜਗਤਾਰ ਦੀ ਇਹ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਅਸਲ ਵਿਚ ਬਹੁਤੇ ਪਾਕਿਸਤਾਨੀ ਸਿੱਖ ਯਾਤਰੂਆਂ ਤੋਂ ਹਿੰਦੂਆਂ ਖ਼ਿਲਾਫ਼ ਕੁਝ ਨਾ ਕੁਝ ਉਗਲਵਾਉਣਾ ਚਾਹੰੁਦੇ ਨੇ। ਉਹ ਸਿੱਖਾਂ ਨਾਲ ਜ਼ਿਆਦਾ ਨੇੜ ਦਿਖਾਉਂਦੇ ਨੇ। ਸ਼ਾਇਦ ਇਸ ਵਿਚ ਉਨ੍ਹਾਂ ਦਾ ਕੋਈ ਨਿਹਿਤ ਸਵਾਰਥ ਹੀ ਹੋਵੇ।
ਫਿਰ ਉਹ ਸਹਿਜ ਹੋ ਕੇ ਕਹਿਣ ਲੱਗਾ, ‘‘ਇਥੇ ਪਾਕਿਸਤਾਨ ਵਿਚ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ।’’
ਅਸੀਂ ਆਪਣੇ ਅੱਜ ਦੇ ਹੀ ਬੜੇ ਚੰਗੇ ਤੇ ਸੁਖਾਵੇਂ ਅਨੁਭਵ ਉਸ ਨਾਲ ਸਾਂਝੇ ਕੀਤੇ।
‘‘ਕੁਝ ਸਾਲ ਪਹਿਲਾਂ ਮੈਂ ਵੀ ਸਹਾਫ਼ੀਆਂ (ਪੱਤਰਕਾਰਾਂ) ਦੀ ਇਕ ਕਾਨਫ਼ਰੰਸ ਵਿਚ ਦਿੱਲੀ ਗਿਆ ਸਾਂ। ਉਥੇ ਇਕ ਸਰਦਾਰ ਨਿਰੰਜਨ ਸਿੰਘ ਨੇ। ਬਹੁਤ ਵੱਡੇ ਟਰਾਂਸਪੋਰਟਰ ਨੇ। ਉਹ ਸਾਡੇ ਮੇਜ਼ਬਾਨ ਸਨ। ਉਨ੍ਹਾਂ ਬਹੁਤ ਸਾਡੀ ਸੇਵਾ ਕੀਤੀ। ਜੇ ਕਿਤੇ ਮਿਲਣ ਤਾਂ ਮੇਰੀ ਯਾਦ ਦੇਣੀ।’’
ਫਿਰ ਉਸ ਨੇ ਟਿੱਪਣੀ ਕੀਤੀ, ‘‘ਤੁਹਾਡੇ ਉਥੇ ਸਾਡੇ ਸਹਾਫ਼ੀਆ ਦੇ ਪਿੱਛੇ ਸੀ.ਆਈ.ਡੀ. ਫਿਰਦੀ ਰਹਿੰਦੀ ਸੀ। ਸਾਡੇ ਤੁਸੀਂ ਏਧਰ ਵੇਖਿਆ ਹੀ ਹੈ, ਇਹੋ ਜਿਹਾ ਰਵੱਈਆ ਨਹੀਂ।’’
ਜਗਤਾਰ ਨੇ ਫਿਰ ਜਚਵਾਂ ਜੁਆਬ ਦਿੱਤਾ, ‘‘ਤੁਸੀਂ ਵੀ ਸਾਡੇ ਸਹਾਫ਼ੀਆਂ ਦੇ ਵੀਜ਼ੇ ਨਹੀਂ ਲਾਏ। ਅਸਲ ਵਿਚ ਸਹਾਫ਼ੀ ਬੜੇ ਤੇਜ਼ ਚੀਜ਼ ਹੰੁਦੇ ਨੇ। ਤੇ ਸਾਰੀਆਂ ਸਰਕਾਰਾਂ ਉਨ੍ਹਾਂ ਤੋਂ ਡਰਦੀਆਂ ਨੇ, ਇਸ ਲਈ ਉਨ੍ਹਾਂ ਦਾ ਖਾਸ ਖਿਆਲ ਰੱਖਣਾ ਹੀ ਪੈਂਦਾ ਹੈ।’’
ਹੱਸਦਿਆਂ ਹੋਇਆ ਜਗਤਾਰ ਆਪਣੀ ਸੀਟ ਤੋਂ ਉਠਿਆ ਅਤੇ ਉਨ੍ਹਾਂ ਨਾਲ ਹੱਥ ਮਿਲਾਉਂਦਿਆਂ ਵਿਦਾ ਲਈ।

ਫਲੈਟੀਜ਼ ਹੋਟਲ ਪੁਹੰਚੇ ਤਾਂ ਪਤਾ ਲੱਗਾ ਪੁਲੀਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ ਡੈਲੀਗੇਟਾਂ ਨੇ ਪੁਲੀਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ। ਇਹ ਕੰਮ ਤਾਂ ਪਹਿਲੇ ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵਲੋਂ ਕੋਈ ਨਿਸਚਿਤ ਆਦੇਸ਼ ਜਾਂ ਸਲਾਹ ਨਾ ਮਿਲਣ ਕਾਰਨ, ‘‘ਕੁਝ ਨਹੀਂ ਹੁੰਦਾ’ ਕਹਿ ਕੇ ਸਾਰੇ ਕਾਨਫ਼ਰੰਸ ਦੇ ਮੇਲੇ-ਗੇਲੇ ਵਿਚ ਰੁੱਝ ਗਏ। ਹੁਣ ਇਕਦਮ ਸਿਰ ਆ ਬਣੀ। ਭੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ। ਕਦੀ ਐੱਸ.ਐੱਸ.ਪੀ. ਦੇ ਦਫ਼ਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ। ਸਤਨਾਮ ਮਾਣਕ ਮੈਨੂੰ ਕਹਿਣ ਲੱਗਾ:
‘‘ਅਸੀਂ ਤਾਂ ਯਾਰ ਸਵੇਰ ਦੇ ਏੇੇਸੇ ਹੀ ਖਲਜਗਣ ਵਿਚ ਤਿੰਨ-ਚਾਰ ਘੰਟੇ ਖ਼ਰਾਬ ਕਰ ਬੈਠੇ ਆਂ। ਹੁਣ ਲੋਕ ਐੱਸ.ਐੱਸ.ਪੀ. ਦੇ ਦਫ਼ਤਰ ਕਤਾਰਾਂ ਬੰਨ੍ਹ ਕੇ ਖਲੋਤੇ ਨੇ। ਤੁਸੀਂ ਵੀ ਚਲੇ ਜਾਓ ਛੇਤੀ। ਉਂਜ ਬੰਦੇ ਬੜੇ ਕੋਆਪਰੇਟਿਵ ਨੇ। ਕਹਿੰਦੇ ਸਨ ਅਸੀਂ ਅੱਜ ਸੱਤ ਵਜੇ ਤਕ ਦਫਤਰ ਖੁੱਲ੍ਹਾਂ ਰੱਖਾਂਗੇ।’’
ਮੈਂ ਡਾ. ਜਗਤਾਰ ਨੂੰ ਕਿਹਾ ਤਾਂ ਉਹ ਪਹਿਲਾਂ ਵਾਂਗ ਹੀ ਹਲਕੇ-ਫੁਲਕੇ ਅੰਦਾਜ਼ ਵਿਚ ਕਹਿੰਦਾ, ‘‘ਵਰਿਆਮ! ਕੁਝ ਨਹੀਂ ਹੁੰਦਾ, ਤੂੰ ਫ਼ਿਕਰ ਨਾ ਕਰ।’’ ਉਸ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਮੁਸਕਰਾਉਂਦਿਆਂ ਹੱਥ ਖੜ੍ਹਾ ਕੀਤਾ।
‘‘ਵੇਖ ਲੋ ਫਿਰ ਨਾ ਐਵੇਂ ਪੰਗੇ ਨੂੰ ਫੜ੍ਹੇ ਫਿਰੀਏ। ਐਹ, ਸਾਰੇ ਲੋਕ ਉਧਰੋਂ ਹੀ ਆ ਰਹੇ ਨੇ।’’
ਮੇਰੇ ਵਾਰ-ਵਾਰ ਕਹਿਣ ‘ਤੇ ਉਹ ਫਲੈਟੀਜ਼ ਹੋਟਲ ਦੀ ਰਿਸੈਪਸ਼ਨ ਵੱਲ ਗਿਆ ਤੇ ਆ ਕੇ ਕਹਿਣ ਲੱਗਾ, ‘‘ਤੂੰ ਬੇਫ਼ਿਕਰ ਰਹੁ। ਮੈਨੂੰ ਲਗਦੈ ਇਨ੍ਹਾਂ ਨੇ ਆਏ ਬੰਦਿਆਂ ਦੀ ਰਿਪੋਰਟ ਹੀ ਅੱਜ ਭੇਜੀ ਹੈ। ਆਪਣੇ ਹੋਟਲ ਵਾਲਿਆਂ ਤਾਂ ਪਹਿਲੇ ਦਿਨ ਹੀ ਆਪਣੇ ਕੋਲੋਂ ਇਸ ਮਕਸਦ ਲਈ ਪਾਸਪੋਰਟ ਲੈ ਲਏ ਸਨ।’’
ਪਰ ਮੈਂ ਫ਼ਿਕਰਮੰਦ ਸਾਂ। ਜਗਤਾਰ ਕਹਿੰਦਾ, ‘‘ਚੱਲ ਆਪਣੇ ਹੋਟਲ ਵਾਲਿਆਂ ਤੋਂ ਜਾ ਕੇ ਪੁੱਛੀਏ।’’
ਅਸੀਂ ਉਥੇ ਗਏ ਤਾਂ ਹੋਟਲ ਦੇ ਮੈਨੇਜਰ ਤੇ ਮਾਲਕ ਨੇ ਆਪਣੇ ਕੈਬਿਨ ਵਿਚ ਬਿਠਾ ਕੇ ਸਾਨੂੰ ਚਾਹ ਪਿਆਈ ਤੇ ਬੇਫ਼ਿਕਰ ਰਹਿਣ ਲਈ ਕਿਹਾ।
‘‘ਮੈ ਤਾਂ ਇਸ ਨੂੰ ਕਿਹਾ ਸੀ ਪਰ ਇਹ ਬਹੁਤ ਚਿੰਤਤ ਸੀ।’’ ਜਗਤਾਰ ਨੇ ਆਖਿਆ। ਅਸੀਂ ਵਾਪਸ ਫਲੈਟੀਜ਼ ਹੋਟਲ ਪਹੁੰਚ ਗਏ।
ਕਾਨਫ਼ਰੰਸ ਦਾ ਆਖ਼ਰੀ ਸੈਸ਼ਨ ਚੱਲ ਰਿਹਾ ਸੀ। ਤਕਰੀਰਾਂ ਹੋ ਰਹੀਆਂ ਸਨ। ਇਕ ਅਜੀਬ ਹੁਲਾਸ ਤੇ ਖੇੜਾ ਸੀ ਸਭ ਦੇ ਮਨਾਂ ਵਿਚ। ਫਖ਼ਰ ਜ਼ਮਾਂ ਨੇ ਰਾਤ ਵਾਲੀ ਤਕਰੀਰ ਹੀ ਦੁਹਰਾਈ ਪਰ ਬੜੇ ਠਰੰ੍ਹਮੇ ਤੇ ਦਿੜ੍ਹਤਾ ਨਾਲ। ਰਾਤ ਵਾਲੀ ਉਲਾਰ ਉਤੇਜਨਾ ਗ਼ੈਰ-ਹਾਜ਼ਰ ਸੀ।
‘‘ਇਹ ਬਹੁਤ ਸਖ਼ਤ ਬੋਲ ਰਿਹੈ, ਜ਼ਰੂਰ ਰੌਲਾ ਪਵੇਗਾ ਇਸ ‘ਤੇ।’’ ਜਗਤਾਰ ਨੇ ਕਿਹਾ।
‘‘ਅਜੇ ਰਾਤੀਂ ਨਹੀਂ ਸੁਣਿਆ ਤੁਸੀਂ…ਮੈਨੂੰ ਲਗਦੈ ਕੁਝ ਹਲਕਿਆਂ ਵਲੋਂ ਕਾਨਫ਼ਰੰਸ ਦੇ ਕੀਤੇ ਵਿਰੋਧ ਕਾਰਨ ਉਹ ਉਤੇਜਿਤ ਹੋ ਗਿਐ।’’
‘‘ਪਰ ਇਹ ਉਤੇਜਨਾ ਮਹਿੰਗੀ ਪੈ ਸਕਦੀ ਹੈ। ਵਿਰੋਧ ਹੋਰ ਤਿੱਖਾ ਹੋ ਸਕਦੈ। ਇਸ ਵਿਰੋਧ ਨਾਲ ਆਉਣ-ਜਾਣ ਦਾ ਰਾਹ ਖੁੱਲ੍ਹਣ ਦੀ ਜਿਹੜੀ ਸੰਭਾਵਨਾ ਸੀ ਉਹ ਮੱਠੀ ਪੈ ਸਕਦੀ ਹੈ।’’
ਜਗਤਾਰ ਦੇ ਫ਼ਿਕਰ ਵੀ ਜਾਇਜ਼ ਲੱਗਦੇ ਸਨ। ਰਾਤ ਵਾਲੀ ਤਕਰੀਰ ਸੁਣ ਕੇ ਤਾਂ ਮੈਨੂੰ ਵੀ ਅਚੇਤ ਖ਼ੌਫ਼ ਜਿਹਾ ਮਹਿਸੂਸ ਹੋਇਆ ਸੀ ਪਰ ਲੱਗਦਾ ਸੀ ਕਿ ਫਖ਼ਰ ਜ਼ਮਾਂ ਆਪਣੇ ਅਕੀਦੇ ‘ਤੇ ਦ੍ਰਿੜ੍ਹ ਸੀ ਤੇ ਉਹ ਨਿਰ੍ਹਾ ਕਿਸੇ ਭਾਵੁਕ ਆਵੇਸ਼ ਵਿਚ ਗੱਲ ਨਹੀਂ ਕਰ ਰਿਹਾ ਸਗੋਂ ਬੇਖ਼ੌਫ਼ ਤੇ ਦ੍ਰਿੜ ਹੋ ਕੇ ਪੰਜਾਬੀਆਂ ਦਾ, ਪੰਜਾਬ ਤੇ ਪੰਜਾਬੀ ਜ਼ਬਾਨ ਬਾਰੇ ਆਪਣਾ ਦ੍ਰਿਸ਼ਟੀਕੋਨ ਪੇਸ਼ ਕਰ ਰਿਹਾ ਸੀ। ਇਸ ਦ੍ਰਿੜ੍ਹਤਾ ਤੇ ਪ੍ਰਤੀਬੱਧਤਾ ਦੀ ਪੰਜਾਬੀਆਂ ਦੀ ਘਾਟ ਨੇ ਹੀ ਉਨ੍ਹਾਂ ਨੂੰ ਏਨਾ ਚਿਰ ਥੱਲੇ ਲਾਈ ਰੱਖਿਆ ਸੀ ਤੇ ਹੁਣ ਉਹ ਚੁੱਪ ਰਹਿ ਕੇ ਵਿਰੋਧੀਆਂ ਦੀ ਧੌਂਸ ਸਹਿਣ ਲਈ ਤਿਆਰ ਨਹੀਂ ਸੀ। ਉਹ ਆਪਣੀਆਂ ਤਿੱਖੀਆਂ ਗੱਲਾਂ ਰਾਹੀਂ ਪੰਜਾਬੀਆਂ ਨੂੰ ਜਾਗਰਿਤ ਕਰਨਾ ਵੀ ਚਾਹ ਰਿਹਾ ਸੀ ਤੇ ਮੁਲਕ ਪੱਧਰ ‘ਤੇ ਇਸ ਸਬੰਧ ਵਿਚ ਇਕ ਬਹਿਸ ਦੀ ਸ਼ੁਰੂਆਤ ਵੀ ਕਰਨੀ ਚਾਹੁੰਦਾ ਸੀ ਤੇ ਉਸ ਮੁਤਾਬਕ ਇਹ ਸ਼ੁਰੂਆਤ ਇੰਜ ਹੀ ਹੋਣੀ ਸੀ। ਸ਼ੇਰ ਵਾਂਗ ਗਰਜ ਕੇ ; ਬੱਕਰੀ ਵਾਂਗ ਮਿਣ-ਮਿਣ ਕਰਕੇ ਨਹੀਂ। ਉਹ ਕਿਸੇ ਕਿਸਮ ਦੀ ਗ਼ਲਤਫ਼ਹਿਮੀ ਵੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਉਸ ਨੂੰ ਪਾਕਿਸਤਾਨੀ ਹੋਣ ‘ਤੇ ਮਾਣ ਸੀ ਤੇ ਉਹ ਇਸ ਦੀ ਆਜ਼ਾਦੀ, ਖ਼ੁਦਮੁਖ਼ਤਿਆਰੀ ਤੇ ਪ੍ਰਭੂਸੱਤਾ ਦਾ ਕਿਸੇ ਵੀ ਵੱਡੇ ਤੋਂ ਵੱਡੇ ਪਾਕਿਸਤਾਨੀ ਨਾਲੋਂ ਵੱਧ ਸਨਮਾਨ ਕਰਦਾ ਸੀ। ਉਸ ਨੂੰ ਆਪਣੀ ਕੌਮੀ ਜ਼ਬਾਨ ਉਰਦੂ ‘ਤੇ ਮਾਣ ਸੀ ਪਰ ਉਹ ਆਪਣੀ ਮਾਂ-ਬੋਲੀ ਨੂੰ ਹੁਣ ਹੋਰ ਰੁਲਦਿਆਂ ਨਹੀਂ ਸੀ ਵੇਖ ਸਕਦਾ। ਉਸ ਅਨੁਸਾਰ ਹੁਣ ਸੁੱਤੇ ਹੋਏ ਪੰਜਾਬੀ ਪੁੱਤ ਜਾਗ ਪਏ ਸਨ।
ਕਾਨਫ਼ਰੰਸ ਵਿਚ ਮਤੇ ਪਾਸ ਕੀਤੇ ਜਾ ਰਹੇ ਸਨ। ਭਾਰਤ-ਪਾਕਿਸਤਾਨ ਵਿਚ ਕਸ਼ਮੀਰ ਦੇ ਮਸਲੇ ਸਮੇਤ ਸਾਰੇ ਮਸਲਿਆਂ ਦਾ ਹੱਲ ਮਿਲ ਬੈਠ ਕੇ ਤਲਾਸ਼ਣ ਲਈ, ਆਮ ਲੋਕਾਂ ਸਭਿਆਚਾਰਕ ਕਾਮਿਆਂ ਤੇ ਲੇਖਕਾਂ-ਬੁੱਧੀਮਾਨਾਂ ਲਈ ਵੀਜ਼ੇ ਦੀਆਂ ਸ਼ਰਤਾਂ ਢਿੱਲੀਆਂ ਕਰਕੇ ਆਉਣ-ਜਾਣ ਸੌਖਾ ਬਨਾਉਣ ਲਈ।
ਇੰਜ ਆਲਮੀ ਪੰਜਾਬੀ ਕਾਨਫ਼ਰੰਸ ਆਪਣੇ ਅੰਜਾਮ ਨੂੰ ਪੁਹੰਚੀ।
ਹੁਣ ਲੋਕ ਹਾਲ ਵਿਚ, ਲਾਬੀ ਵਿਚ, ਲਾਅਨ ਵਿਚ ਇਕ ਦੂਜੇ ਨੂੰ ਮਿਲ ਰਹੇ ਸਨ। ਅਗਲਾ ਪ੍ਰੋਗਰਾਮ ਪੁੱਛ ਰਹੇ ਸਨ। ਅੱਜ ਰਾਤ ਤਕ ਹੀ ਕਾਨਫ਼ਰੰਸ ਦੇ ਪ੍ਰਬੰਧਕਾਂ ਦੇ ਅਸੀਂ ਮਹਿਮਾਨ ਸਾਂ। ਸਵੇਰ ਤੋਂ, ਜੇ ਅਸੀਂ ਉਥੇ ਹੀ ਰਹਿਣਾ ਚਾਹੀਏ, ਆਪਣੇ ਖ਼ਰਚੇ ‘ਤੇ ਠਹਿਰ ਸਕਦੇ ਸਾਂ, ਨਹੀਂ ਤਾਂ ਕੋਈ ਵੱਖਰਾ ਪ੍ਰਬੰਧ ਕਰਨਾ ਪੈਣਾ ਸੀ। ਸਤਾਰਾਂ ਅਠਾਰਾਂ ਅਪਰੈਲ ਦੇ ਦੋ ਦਿਨ ਬਾਕੀ ਸਨ। ਉਨੀ ਅਪਰੈਲ ਨੂੰ ਸਵੇਰੇ ਲਾਹੌਰ ਰੇਲਵੇ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈਸ ਵਾਪਸ ਪਕੜਨੀ ਸੀ।
ਸੁਲੇਖਾ ਮੇਰੇ ਕੋਲ ਆਈ, ‘‘ਸਾਨੂੰ ਨਨਕਾਣਾ ਜ਼ਰੂਰ ਦਿਖਾਓ। ਕਈ ਲੋਕ ਹੋ ਵੀ ਆਏ ਨੇ।’’
ਉਸ ਦੀ ਗੱਲ ਠੀਕ ਸੀ। ਪਰਸੋਂ ਗੁਰਚਰਨ ਸਿੰਘ ਮੈਨੂੰ ਨਨਕਾਣੇ ਜਾਣ ਲਈ ਕਹਿ ਰਿਹਾ ਸੀ ਤਾਂ ਮੈਂ ਉਸ ਨੂੰ ‘ਸਿਰਫ ਲਾਹੌਰ ਦਾ ਹੀ ਵੀਜ਼ਾ’ ਲੱਗਾ ਹੋਣ ਬਾਰੇ ਦੱਸਿਆ ਤਾਂ ਉਹ ਸਦਾ ਵਾਂਗ ਮੇਰੀ ਇਸ ‘ਕਮਜ਼ੋਰੀ’ ਉਤੇ ਹੱਸਿਆ, ‘‘ਭਾਜੀ! ਕੋਈ ਨਹੀਂ ਪੁੱਛਦਾ। ਤੁਸੀਂ ਜਾਣ ਦੀ ਗੱਲ ਕਰੋ।’’
ਉਨ੍ਹਾਂ ਨੂੰ ਸੱਚੀਂ ਕਿਸੇ ਨੇ ਨਹੀਂ ਸੀ ਪੁੱਛਿਆ!
‘‘ਰੂਪ ਸਿੰਘ ਰੂਪਾ ਹੁਰੀਂ ਬੱਸ ਰਾਹੀਂ ਰਾਵਲਪਿੰਡੀ, ਪੰਜਾ ਸਾਹਿਬ ਤੇ ਨਨਕਾਣਾ ਸਹਿਬ ਦਾ ਪ੍ਰੋਗਰਾਮ ਬਣਾ ਰਹੇ ਨੇ ਪਰ ਰਘਬੀਰ ਹੁਰੀਂ ਨਹੀਂ ਮੰਨਦੇ।’’ ਸੁਲੇਖਾ ਇਕ ਤਰ੍ਹਾਂ ਨਾਲ ਮੈਨੂੰ ਰਘਬੀਰ ਸਿੰਘ ਨੂੰ ਮਨਾਉਣ ਲਈ ਕਹਿ ਰਹੀ ਸੀ। ਮੈਂ ਰਘਬੀਰ ਸਿੰਘ ਨੂੰ ਪੱੁਛਿਆ, ‘‘ਜਾਂਦੇ ਕਿਉਂ ਨਹੀਂ! ਫਿਰ ਤੁਰ ਆਵਾਂਗੇ ਇਸ ਬਹਾਨੇ। ਮੈਂ ਤਾਂ ਜਾਣ ਨੂੰ ਤਿਆਰ ਹਾਂ। ਜਗਤਾਰ ਹੁਰਾਂ ਨੂੰ ਵੀ ਪੁੱਛ ਲੈਂਨੇ ਆਂ।’’
ਰਘਬੀਰ ਸਿੰਘ ਹਿਚਕਿਚਾ ਰਿਹਾ ਸੀ ਪਰ ਮੇਰੇ ਕਹਿਣ ‘ਤੇ ਮੰਨ ਗਿਆ।
‘‘ਤੁਸੀਂ ਕਹਿੰਦੇ ਹੋ ਤਾਂ ਚਲੇ ਚੱਲਦੇ ਆਂ। ਉਂਜ…’’ ਉਹਦੇ ਮਨ ਵਿਚ ਸ਼ਾਇਦ ਉਸ ਯਾਤਰਾ ਦੇ ਆਗੂਆਂ ਬਾਰੇ ਦੋਚਿਤੀ ਸੀ ਤੇ ਉਸ ਨੇ ਇਹ ਜ਼ਾਹਿਰ ਵੀ ਕਰ ਦਿੱਤੀ। ਉਧਰ ਜਗਤਾਰ ਏਨੀ ਲੰਮੀ ਤੇ ਥਕਾ ਦੇਣ ਵਾਲੀ ਯਾਤਰਾ ‘ਤੇ ਜਾਣ ਲਈ ਬਿਲਕੁਲ ਹੀ ਤਿਆਰ ਨਹੀਂ ਸੀ। ਲਾਹੌਰੋਂ ਬਿਨਾਂ ਆਗਿਆ ਬਾਹਰ ਜਾਣ ਦਾ ਖ਼ਤਰਾ ਤਾਂ ਮੇਰੇ ਮਨ ਨੂੰ ਵੀ ਸੀ ਪਰ ਮੈਂ ਸੋਚਿਆ ਜਿਥੇ ਸਾਰੀ ਬੱਸ ਦੇ ਯਾਤਰੀਆਂ ਨੂੰ ਕੋਈ ਡਰ ਨਹੀਂ ਤਾਂ ਅਸੀਂ ਹੀ ਕਿਉਂ ਡਰਦੇ ਰਹੀਏ।
ਰੂਪ ਸਿੰਘ ਰੂਪਾ ਹੋਟਲ ਦੀ ਲਾਬੀ ਵਿਚ ਆਪਣਾ ਬੈਗ ਰੱਖੀ ਯਾਤਰਾ ਦਾ ਪ੍ਰੋਗਰਾਮ ਜਾਨਣ ਵਾਲਿਆਂ ਨੂੰ ਵੇਰਵਾ ਵੀ ਦੇ ਰਿਹਾ ਸੀ ਤੇ ਫੀ-ਸਵਾਰੀ ਛੇ ਛੇ ਸੌ ਰੁਪਏ ਵੀ ਉਗਰਾਹ ਰਿਹਾ ਸੀ।
‘‘ਸਵੇਰੇ ਛੇ ਵਜੇ ਸ਼ਾਹਤਾਜ ਹੋਟਲ ਤੋਂ ਬੱਸ ਚਲੇਗੀ ਤੇ ਇਥੇ ਫਲੈਟੀਜ਼ ‘ਚ ਆਵੇਗੀ। ਇਥੋਂ ਸੱਤ ਵਜੇ ਰਾਵਲਪਿੰਡੀ ਨੂੰ ਚਲਾਂਗੇ। ਦੁਪਹਿਰ ਤਕ ਉਥੇ ਪੁੱਜਾਂਗੇ। ਘੰਟਾ ਦੋ ਘੰਟੇ ਉਥੇ ਲਾ ਕੇ ਪੰਜਾ ਸਾਹਿਬ ਲਈ ਰਵਾਨਾ ਹੋਵਾਂਗੇ। ਰਾਤ ਉਥੇ ਰਹਾਂਗੇ। ਸਵੇਰੇ ਨਾਸ਼ਤਾ ਕਰਕੇ ਤੁਰਾਂਗੇ ਸ਼ਾਮ ਤਕ ਲਾਹੌਰ ਪੁੱਜ ਜਾਵਾਂਗੇ। ਇਥੋਂ ਰਾਤੋ ਰਾਤ ਨਨਕਾਣਾ ਸਾਹਿਬ ਜਾਵਾਂਗੇ। ਉਥੋਂ ਦਰਸ਼ਨ ਕਰਕੇ ਸਵੇਰੇ ਸਿੱਧਾ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ ਜਾਵਾਂਗੇ। ਸਾਮਾਨ ਸਾਰਾ ਆਪਣਾ ਸਵੇੇਰੇ ਹੀ ਨਾਲ ਲੈ ਜਾਵਾਂਗੇ।’’
ਸਫ਼ਰ ਬਹੁਤ ਲੰਮਾ ਤੇ ਥਕਾ ਦੇਣ ਵਾਲਾ ਸੀ। ਪਰ ਨਿਰਾ ਲਾਹੌਰ ਵਿਚ ਬੈਠੇ ਰਹਿਣ ਨਾਲੋਂ ਪਾਕਿਸਤਾਨ ਦਾ ਕੁਝ ਹੋਰ ਹਿੱਸਾ ਤੇ ਦੋ ਗੁਰਦੁਆਰਿਆਂ ਦੇ ਦਰਸ਼ਨ ਤਾਂ ਕਰ ਲਵਾਂਗੇ। ਮੈਂ ਆਪਣੇ, ਰਘਬੀਰ ਤੇ ਸੁਲੇਖਾ ਦੇ ਪੈਸੇ ਰੂਪ ਸਿੰਘ ਰੂਪਾ ਕੋਲ ਜਮ੍ਹਾਂ ਕਰਵਾ ਦਿੱਤੇ।
‘‘ਲਾਹੌਰੋਂ ਬਾਹਰ ਜਾਣ ਦੀ ਆਗਿਆ ਲੈ ਲਈ ਹੈ? ਜੇ ਕਿਸੇ ਨੇ ਪੁੱਛਿਆ ਤਾਂ’’, ਮੈਂ ਫ਼ਿਕਰਮੰਦੀ ਜ਼ਾਹਿਰ ਕੀਤੀ ਤਾਂ ਰੂਪਾ ਕਹਿਣ ਲੱਗਾ, ‘‘ਕੋਈ ਨਹੀਂ ਪੁੱਛਣ ਲੱਗਾ।’’
ਆਪਣੇ ਤੌਖਲੇ ਨੂੰ ਦਬਾ ਕੇ ਮੈਂ ਸੁਲੇਖਾ ਹੁਰਾਂ ਨੂੰ ਸਵੇਰੇ ਜਾਣ ਦੇ ਪ੍ਰੋਗਰਾਮ ਦੀ ਖ਼ੁਸ਼ਖ਼ਬਰੀ ਸੁਣਾ ਦਿੱਤੀ।
‘‘ਚਲੋ ਠੀਕ ਐ’’, ਰਘਬੀਰ ਸਿੰਘ ਨੇ ਹੱਸਦਿਆਂ ਪ੍ਰਵਾਨਗੀ ਦੇ ਦਿੱਤੀ।
ਪਰ੍ਹੇ ਖਲੋਤੇ ਰਾਇ ਅਜ਼ੀਜ਼ ਉੱਲਾ ਮੇਰੇ ਕੋਲ ਉਚੇਚੇ ਆਏ ਤੇ ਪੁੱਛਣ ਲੱਗੇ, ‘‘ਸੰਧੂ ਸਾਹਿਬ, ਤੁਸੀਂ ਐੱਸ.ਐੱਸ.ਪੀ. ਦੇ ਦਫਤਰ ਐਂਟਰੀ ਕਰਵਾ ਆਏ ਓ?’’
‘‘ਨਹੀਂ ਅਸੀਂ ਤਾਂ ਗਏ ਨਹੀਂ। ਕਹਿੰਦੇ ਨੇ ਕੋਈ ਗੱਲ ਨਹੀਂ।’’
‘‘ਨਾ ਨਾ… ਇਹ ਗਲਤੀ ਨਾ ਕਰਿਓ। ਸਾਰੇ ਲੋਕ ਉਥੋਂ ਹੋ ਆਏ ਨੇ। ਇਹ ਜ਼ਰੂਰ ਕਰੋ। ਲਾਜ਼ਮੀ ਹੀ। ਉਨ੍ਹਾਂ ਅੱਜ ਤਕ ਛੋਟ ਦਿੱਤੀ ਹੋਈ ਹੈ।’’
ਉਸ ਸੁਹਿਰਦ ਇਨਸਾਨ ਦੀ ਨੇਕ ਸਲਾਹ ਤਾਂ ਟਾਲੀ ਨਹੀਂ ਸੀ ਜਾ ਸਕਦੀ। ਰਘਬੀਰ ਸਿੰਘ ਹੁਰਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਕੰਮ ਅੱਜ ਕਰਵਾ ਲਿਆ ਹੈ। ਮੈਂ ਜਗਤਾਰ ਨੂੰ, ਜੋ ਪਾਕਿਸਤਾਨੀ ਲੇਖਕਾਂ ਵਿਚਕਾਰ ਖਲੋਤਾ ਗੱਪ-ਗੋਸ਼ਟ ਵਿਚ ਰੁੱਝਾ ਹੋਇਆ ਸੀ, ਆਖਿਆ, ‘‘ਮੈਨੂੰ ਰਾਇ ਸਾਹਿਬ ਨੇ ਕਿਹਾ ਹੈ ਕਿ ਪੁਲਸ ਵਾਲਾ ਕੰਮ ਆਪਾਂ ਨੂੰ ਕਰਵਾਉਣਾ ਹੀ ਪੈਣਾ ਹੈ। ਮੈਂ ਨਹੀਂ ਉਨ੍ਹਾਂ ਆਪ ਆ ਕੇ ਮੈਨੂੰ ਪੁੱਛਿਆ ਹੈ ਤੇ ਦਿਨ ਵੀ ਸਿਰਫ ਅੱਜ ਦਾ ਹੀ ਹੈ।’’
ਜਗਤਾਰ ‘ਕੋਈ ਨਹੀਂ’ ਕਹਿ ਕੇ ਹੁਣ ਤਕ ਟਾਲਦਾ ਆ ਰਿਹਾ ਸੀ ਪਰ ਜਦੋਂ ਉਸ ਨੇ ‘ਰਾਇ ਸਾਹਿਬ’ ਦਾ ਨਾਂ ਸੁਣਿਆ ਤਾਂ ਤੁਰੰਤ ਗੰਭੀਰ ਹੋ ਗਿਆ, ‘‘ਜੇ ਰਾਇ ਸਾਹਿਬ ਆਖਦੇ ਨੇ ਤਾਂ ਆਪਾਂ ਨੂੰ ਇਹ ਕੰਮ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਉਤੋਂ ਟਾਈਮ ਵੀ ਕਿੰਨਾ ਹੋ ਗਿਐ।’’ ਉਸ ਨੇ ਬਾਹਰ ਡੁੱਬਦੇ ਜਾਂਦੇ ਸੂਰਜ ਸਦਕਾ ਹੁਣੇ ਹੀ ਉਤਰ ਪੈਣ ਵਾਲੀ ਰਾਤ ਵੱਲ ਵੀ ਇਸ਼ਾਰਾ ਕੀਤਾ।
‘‘ਹੁਣ ਕੀ ਕਰੀਏ!’’
ਉਸ ਦੇ ਮਨ ਵਿਚ ਛੇਤੀ ਛੇਤੀ ਐੱਸ.ਐੱਸ.ਪੀ. ਦਫਤਰ ਪਹੁੰਚਣ ਦੀ ਕਾਹਲ ਸੀ। ਉਮਰ ਗਨੀ ਬਾਅਦ-ਦੁਪਹਿਰ ਛੁੱਟੀ ਲੈ ਕੇ ਪਾਕਪਟਨ ਪਰਤ ਗਿਆ ਸੀ।
‘‘ਡਾਕਟਰ ਸਾਹਿਬ, ਐਧਰ ਨੂੰ ਮੂੰਹ ਕਰਿਓ, ਇਕ ਤਸਵੀਰ ਖਿੱਚ ਲਈਏ।’’ ਜਿਨ੍ਹਾਂ ਮਿੱਤਰਾਂ ਕੋਲ ਜਗਤਾਰ ਖਲੋਤਾ ਸੀ ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਕਿਹਾ। ਫੋਟੋਗਰਾਫਰ ਕੈਮਰਾ ਫੋਕਸ ਕੀਤੀ ਖੜੋਤਾ ਸੀ।
ਜਗਤਾਰ ਨੇ ਉਸ ਦਾ ਹੱਥ ਛਿਣਕਿਆ ਤੇ ਕਹਿਣ ਲੱਗਾ, ‘‘ਠਹਿਰ ਯਾਰ! ਸਾਨੂੰ ਆਪਣਾ ਵਖ਼ਤ ਪਿਐ। ਇਹਨੂੰ ਫੋਟੋ ਦੀ ਪਈ ਐ। ਆ ਵਰਿਆਮ!’’
ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਵੱਲ ਤੋਰਿਆ। ਅਸੀਂ ਹੋਟਲ ਦੇ ਬਰਾਂਡੇ ‘ਚੋਂ ਬਾਹਰ ਨਿਕਲੇ ਹੀ ਸਾਂ ਕਿ ਮਿ. ਨਿਆਜ਼ੀ ਨਾਂ ਦਾ ਇਕ ਬੰਦਾ ਜਗਤਾਰ ਨੂੰ ਕਹਿਣ ਲੱਗਾ, ‘‘ਹਜ਼ੂਰ, ਕੀ ਗੱਲ ਬੜੇ ਪ੍ਰੇਸ਼ਾਨ ਨਜ਼ਰ ਆਂਦੇ ਜੇ।’’
ਪ੍ਰੋਫੈਸਰ-ਲੇਖਕ ਨਿਆਜ਼ੀ ਆਪਣੀ ਲਾਲ ਰੰਗ ਦੀ ਛੋਟੀ ਜਿਹੀ ਕਾਰ ਕੋਲ ਖੜੋਤਾ ਜਾਣ ਦੀ ਤਿਆਰੀ ਵਿਚ ਸੀ। ਨਿੱਕੀ ਨਿੱਕੀ ਦਾੜ੍ਹੀ, ਸਿਰ ਉਤੇ ਲੰਮਾ ਲੜ ਛੱਡ ਕੇ ਬੰਨ੍ਹੀ ਪੱਗ। ਜਗਤਾਰ ਤੋਂ ਪ੍ਰੇਸ਼ਾਨੀ ਦਾ ਕਾਰਨ ਜਾਣ ਕੇ ਉਸ ਮਧੁਰ ਭਾਸ਼ੀ ਵਿਅਕਤੀ ਨੇ ਕਿਹਾ, ‘‘ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਸਾਂ, ਪਰ ਕੋਈ ਨਹੀਂ। ਮੈਂ ਤੁਹਾਨੂੰ ਐੱਸ.ਐੱਸ.ਪੀ. ਦੇ ਦਫ਼ਤਰ ਉਤਾਰ ਕੇ ਚਲਾ ਜਾਵਾਂਗਾ। ਤੁਸੀਂ ਬੈਠੋ।’’
ਅਸੀਂ ਉਸ ਦੀ ਕਾਰ ਵਿਚ ਬੈਠੇ। ਜਦੋਂ ਅਸੀਂ ਐੱਸ.ਐੱਸ.ਪੀ.ਦੇ ਦਫ਼ਤਰ ਪੁਹੰਚੇ ਤਾਂ ਸੂਰਜ ਦਿਖਾਈ ਦੇਣੋਂ ਹਟ ਗਿਆ ਸੀ। ਨਿਆਜ਼ੀ ਆਪਣੀ ਕਾਰ ‘ਚੋਂ ਸਾਡੇ ਨਾਲ ਹੀ ਉਤਰ ਪਿਆ, ‘‘ਟਾਈਮ ਕਾਫ਼ੀ ਹੋ ਗਿਐ। ਤੁਹਾਨੂੰ ਮੁਸ਼ਕਿਲ ਨਾ ਆਵੇ। ਚਲੋ! ਮੈਂ ਤੁਹਾਡੇ ਨਾਲ ਚੱਲਦਾਂ।’’
ਉਸ ਨੇ ਸਾਡੇ ਵਾਸਤੇ ਆਪਣਾ ਜ਼ਰੂਰੀ ਕੰਮ ਅੱਗੇ ਪਾ ਲਿਆ ਸੀ। ਉਸ ਨੇ ਪਤਾ ਕੀਤਾ ਕਿ ਵਿਦੇਸ਼ੀਆਂ ਦੀ ਰਜਿਸਟਰੇਸ਼ਨ ਵਾਲਾ ਦਫ਼ਤਰ ਕਿਹੜਾ ਹੈ। ਮਨ ਵਿਚ ਇਹ ਖ਼ਦਸ਼ਾ ਵੀ ਸੀ ਕਿ ਪਤਾ ਨਹੀਂ ਇਸ ਸਮੇਂ ਦਫਤਰ ਵਿਚ ਕੋਈ ਵਿਅਕਤੀ ਹੋਵੇਗਾ ਜਾਂ ਨਹੀਂ ਪਰ ਪ੍ਰੋ. ਨਿਆਜ਼ੀ ਦਾ ਨਾਲ ਹੋਣਾ ਹੌਸਲਾ ਦੇ ਰਿਹਾ ਸੀ।
ਦਫ਼ਤਰ ਵਿਚ ਦੋ ਤਿੰਨ ਬੰਦੇ ਬੈਠੇ ਗੱਪਾਂ ਮਾਰ ਰਹੇ ਸਨ। ਵੱਖਰੀ ਕੁਰਸੀ ਉਤੇ ਬੈਠਾ ਇਕ ਨੌਜਵਾਨ ਪ੍ਰੋ. ਨਿਆਜ਼ੀ ਨੂੰ ਵੇਖ ਕੇ ਉਠਿਆ ਤੇ ਉਸ ਦੇ ਗੋਡਿਆਂ ਨੂੰ ਹੱਥ ਲਾ ਕੇ ਖ਼ੈਰ-ਸੁਖ ਪੁੱਛੀ।
ਉਹ ਉਸ ਦਾ ਸ਼ਾਗਿਰਦ ਅਤੇ ਨੇੜੇ ਦਾ ਜਾਣੂ ਲੱਗਦਾ ਸੀ ਉਸ ਨੇ ਸਾਨੂੰ ਕੁਰਸੀਆਂ ‘ਤੇ ਬਿਠਾ ਕੇ ਸਾਰੀ ਗੱਲ ਆਰਾਮ ਨਾਲ ਕਰਨ ਲਈ ਕਿਹਾ। ਸਾਡੀ ਗੱਲ ਸੁਣ ਕੇ ਉਸ ਨੌਜਵਾਨ ਨੇ ਕਿਹਾ, ‘‘ਕੋਈ ਨਹੀਂ, ਹੁਣੇ ਕੰਮ ਹੋ ਜਾਂਦੈ। ਅਸੀਂ ਅੱਜ ਸਵੇਰ ਦੇ ਏਸੇ ਮਕਸਦ ਲਈ ਬੈਠੇ ਆਂ। ਅਸੀਂ ਉਂਜ ਈ ਕਿਸੇ ਨੂੰ ਨਹੀਂ ਮੋੜਿਆ। ਤੁਹਾਡੇ ਨਾਲ ਤਾਂ ਸਾਡੇ ਉਸਤਾਦ-ਏ-ਮੁਹਤਰਿਮ ਆਏ ਨੇ।’’
ਉਹ ਅਹੁਦੇ ਵਜੋਂ ਇੰਸਪੈਕਟਰ ਸੀ ਤੇ ਉਥੇ ਬੈਠੇ ਬੰਦਿਆਂ ‘ਚੋਂ ਸੀਨੀਅਰ।
ਅਸੀਂ ਉਸ ਕੋਲੋਂ ਸਾਰੀ ਪ੍ਰਕਿਰਿਆ ਪੁੱਛੀ। ਉਹ ਬੜੇ ਠਰੰ੍ਹਮੇਂ ਨਾਲ ਦੱਸਣ ਲੱਗਾ, ‘‘ਹਕੀਕਤ ਇਹ ਹੈ ਕਿ ਪਾਕਿਸਤਾਨ ਪੁੱਜਦਿਆਂ ਚੌਵ੍ਹੀ ਘੰਟੇ ਦੇ ਵਿਚ ਵਿਚ ਹੀ ਇਥੇ ਪੁੱਜ ਕੇ ਆਪਣੀ ਆਮਦ ਦੀ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ ਤੇ ਫਿਰ ਜਿਹੜਾ ਪਰਚਾ ਮੋਹਰ ਲਾ ਕੇ ਅਸੀਂ ਦਿੰਦੇ ਹਾਂ, ਉਹ ਉਸ ਏਰੀਏ ਦੇ ਥਾਣੇ ਵਿਚ ਜਾ ਕੇ ਦੇਣਾ ਹੁੰਦਾ ਹੈ ਜਿੱਥੇ ਕੋਈ ਠਹਿਰਿਆ ਹੁੰਦਾ ਹੈ ਤੇ ਉਥੇ ਆਪਣੀ ਹਾਜ਼ਰੀ ਦੇਣੀ ਹੁੰਦੀ ਹੈ।’’
‘‘ਜਾਣ ਲੱਗਿਆਂ ਵੀ ਕੁਝ ਕਰਨਾ ਪੈਂਦਾ ਹੈ।’’ ਪ੍ਰੋ. ਨਿਆਜ਼ੀ ਨੇ ਪੁੱਛਿਆ।
‘‘ਬਿਲਕੁਲ, ਜਾਣ ਲੱਗਿਆਂ, ਸਾਡੇ ਵਲੋਂ ਦਿੱਤੇ ਫਾਰਗੀ ਦੇ ਕਾਗ਼ਜ਼ ਵਿਖਾਉਣੇ ਪੈਂਦੇ ਹਨ ਤਾਂ ਹੀ ਤੁਹਾਨੂੰ ਵਾਘੇ ਤੋਂ ਅੱਗੇ ਲੰਘਣ ਦੇਣਗੇ।’’
‘‘ਇਸ ਹਿਸਾਬ ਨਾਲ ਤਾਂ ਬਹੁਤ ਵੱਡੀ ਕਾਨੂੰਨੀ ਕੋਤਾਹੀ ਹੋ ਚੱਲੀ ਸੀ।’’ ਡਾ. ਜਗਤਾਰ ਨੇ ਕਿਹਾ।
‘‘ਕਾਨੂੰਨੀ ਤੌਰ ‘ਤੇ ਤਾਂ ਪਹਿਲੇ ਚੌਵ੍ਹੀ ਘੰਟੇ ਤਕ ਰਜਿਸਟਰੇਸ਼ਨ ਨਾ ਕਰਾਉਣਾ ਹੀ ਗਲਤ ਹੈ। ਅੱਜ ਤਾਂ ਚੌਥਾ ਪੰਜਵਾਂ ਦਿਨ ਹੈ।’’ ਉਸ ਨੇ ਮੁਸਕਰਾਉਂਦਿਆਂ ਦੱਸਿਆ, ‘‘ਅੱਜ ਤੁਹਾਡੇ ਕੁਝ ਆਦਮੀ ਵਾਪਸ ਇੰਡੀਆ ਲਈ ਗਏ ਨੇ। ਉਥੋਂ ਵਾਪਸੀ ਤੋਂ ਪਤਾ ਲੱਗਾ, ਇਸੇ ਕਾਰਨ ਉਨ੍ਹਾਂ ਨੂੰ ਰੋਕਿਆ ਹੋਇਐ। ਹੋ ਸਕਦੈ ਉਨ੍ਹਾਂ ਨੂੰ ਵਾਪਸ ਆਉਣਾ ਪਵੇ।’’
ਉਸ ਨੇ ਪਾਸਪੋਰਟ ‘ਤੇ ਇਸ ਮਕਸਦ ਲਈ ਵੀਜ਼ਾ ਫਾਰਮਾਂ ਨਾਲ ਲੱਗੇ ਕਾਗ਼ਜ਼ ਸਾਡੇ ਕੋਲੋਂ ਲਏ ਤੇ ਮੇਜ਼ ਉਤੇ ਬੈਠਾ ਆਦਮੀ ਰਜਿਸਟਰ ਉਤੇ ਅੰਦਰਾਜ਼ ਕਰਨ ਲੱਗਾਾ।
‘‘ਸਰ! ਆਪਣਾ ਸ਼ਨਾਖ਼ਤੀ ਕਾਰਡ ਦਿਓਗੇ ਪਲੀਜ਼’’, ਇੰਸਪੈਕਟਰ ਨੇ ਪ੍ਰੋ. ਨਿਆਜ਼ੀ ਨੂੰ ਆਖਿਆ।
‘‘ਕੀ ਗੱਲ?’’
‘‘ਤੁਹਾਡੇ ਸ਼ਨਾਖ਼ਤੀ ਕਾਰਡ ਦਾ ਨੰਬਰ ਅਤੇ ਹੋਰ ਵੇਰਵਾ ਜ਼ਮਾਨਤੀ ਵਜੋਂ ਇਥੇ ਦਰਜ ਕਰਨਾ ਪੈਣਾ ਏੇਂ ਤੇ ਤੁਹਾਨੂੰ ਦਸਤਖ਼ਤ ਕਰਨ ਦੀ ਜ਼ਹਿਮਤ ਵੀ ਉਠਾਉਣੀ ਪਵੇਗੀ।’’
ਖ਼ੁਸ਼ਕਿਸਮਤੀ ਨੂੰ ਪ੍ਰੋ. ਨਿਆਜ਼ੀ ਕੋਲ ਉਸ ਦਾ ਸ਼ਨਾਖ਼ਤੀ ਕਾਰਡ ਹੈ ਸੀ। ਇਹ ਵੀ ਚੰਗਾ ਹੋ ਗਿਆ, ਉਹ ਸਾਡੇ ਨਾਲ ਹੀ ਦਫਤਰ ਅੰਦਰ ਆ ਗਿਆ। ਨਿਯਮ ਅਨੁਸਾਰ ਆਮਦ ਦੀ ਰਜਿਸਟਰੇਸ਼ਨ ਕਰਵਾਉਂਦੇ ਸਮੇਂ ਇਕ ਪਾਕਿਸਤਾਨੀ ਨਾਗਰਿਕ ਵੀ ਗਵਾਹ ਅਤੇ ਜ਼ਮਾਨਤੀਏ ਵਜੋਂ ਨਾਲ ਚਾਹੀਦਾ ਹੁੰਦਾ ਹੈ।
ਕੰਮ ਨਿਪਟਾ ਕੇ ਉਸ ਨੇ ਕਾਗਜ਼-ਪੱਤਰ ਸਾਡੇ ਹੱਥ ਫੜਾਏ ਤੇ ਸਾਡੇ ਠਹਿਰਨ ਵਾਲੇ ਹੋਟਲ ਦਾ ਨਾਂ ਪੁੱਛਿਆ।
‘‘ਸ਼ਾਹਤਾਜ ਹੋਟਲ ਕਿਲ੍ਹਾ ਗੁੱਜਰ ਸਿੰਘ ਥਾਣੇ ਵਿਚ ਪੈਂਦਾ ਹੈ। ਹੁਣ ਤੁਸੀਂ ਉਥੇ ਜਾਣਾ ਹੈ। ਇਹ ਕਾਗਜ਼ ਉਥੇ ਦੇਣੇ ਨੇ ਤੇ ਆਪਣੀ ਆਮਦ ਦਰਜ ਕਰਾਉਣੀ ਹੈ।’’
ਅਸੀਂ ਉਨ੍ਹਾਂ ਦਾ ਧੰਨਵਾਦ ਕਰਕੇ ਉਠਣਾ ਚਾਹਿਆ। ਪਰ ਉਹ ਕਹਿਣ ਲੱਗਾ, ‘‘ਇਹ ਕਿਵੇਂ ਹੋ ਸਕਦਾ ਹੈ। ਤੁਸੀਂ ਸਾਡੇ ਮਹਿਮਾਨ ਹੋ। ਚਾਹ ਪੀਤੇ ਤੋਂ ਬਿਨਾਂ ਅਸੀਂ ਨਹੀਂ ਜਾਣ ਦੇਣਾ।’’
ਉਸ ਨੇ ਉਸੇ ਵੇਲੇ ਕਿਸੇ ਨੂੰ ਚਾਹ ਲੈ ਕੇ ਆਉਣ ਲਈ ਕਿਹਾ।
‘‘ਇਨ੍ਹਾਂ ਪ੍ਰੋਫੈਸਰ ਸਾਹਿਬ ਨੂੰ ਵੀ ਅਸੀਂ ਬਹੁਤ ਜ਼ਰੂਰੀ ਕੰਮ ਜਾਂਦਿਆਂ ਨੂੰ ਆਪਣੇ ਨਾਲ ਖਿੱਚ ਲਿਆਏ ਆਂ। ਇਨ੍ਹਾਂ ਵੀ ਜਾਣੈ ਤੇ ਅਸੀਂ ਤਾਂ ਅੱਗੇ ਹੀ ਆਪਣੇ ਕੰਮ ਵਿਚ ਸਭ ਤੋਂ ਪਿੱਛੇ ਆਂ, ਅਜੇ ਥਾਣੇ ਵੀ ਜਾਣਾ ਐ।’’
ਪਰ ਉਸ ਨੂੰ ਸਾਡਾ ਸਪਸ਼ਟੀਕਰਨ ਪ੍ਰਵਾਨ ਨਹੀਂ ਸੀ।
‘‘ਜੇ ਬਹੁਤੀ ਕਾਹਲੀ ਐ, ਤਾਂ ਅਸੀਂ ਪਾਸਪੋਰਟ ਲੈ ਕੇ ਕੋਲ ਰੱਖ ਲੈਂਦੇ ਆਂ ਤੇ ਦੇਂਦੇ ਹੀ ਨਹੀਂ।’’
ਉਸ ਪੁਰਖ਼ਲੂਸ ਹਾਾਸ ਹੱਸਿਆ, ‘‘ਚਾਹ ਤਾਂ ਭਾਈਜਾਨ ਪੀਣੀ ਹੀ ਪਊ।’’
ਇਸ ਮੁਹੱਬਤ ਅੱਗੇ ਸਾਡੀ ਕਾਹਲੀ ਦਾ ਕੀ ਜ਼ੋਰ ਚਲਦਾ ਸੀ। ਚਾਹ ਪੀਣ ਤੋਂ ਪਿੱਛੋਂ ਅਸੀਂ ਉਨ੍ਹਾਂ ਦੇ ਇਸ ਖ਼ਲੂਸ ਤੇ ਮੁਹੱਬਤ ਲਈ ਤਹਿ ਦਿਲੋਂ ਸ਼ੁਕਰੀਆ ਕੀਤਾ ਤਾਂ ਉਹ ਨੌਜਵਾਨ ਉਠ ਕੇ ਖੜੋ ਗਿਆ, ‘‘ਚਲੋ ਮੈਂ ਹੇਠਾਂ ਤਕ ਤੁਹਾਡੇ ਨਾਲ ਚਲਦਾਂ।’’
ਅਸੀਂ ਬਾਕੀਆਂ ਨਾਲ ਹੱਥ ਮਿਲਾਇਆ। ਇੰਸਪੈਕਟਰ ਬਾਹਰਲੇ ਦਰਵਾਜ਼ੇ ਤਕ ਸਾਡੇ ਨਾਲ ਆਇਆ ਤੇ ਸਾਨੂੰ ਹੱਥ ਮਿਲਾ ਕੇ ਪਿਆਰ ਨਾਲ ਵਿਦਾ ਕੀਤਾ।
ਅਸੀਂ ਪ੍ਰੋ. ਨਿਆਜ਼ੀ ਨੂੰ ਕਿਹਾ ਕਿ ਉਹ ਹੁਣ ਆਪਣੇ ਕੰਮ ਚਲਾ ਜਾਵੇ। ਅਸੀਂ ਆਪੇ ਕਿਸੇ ਸਵਾਰੀ ਦਾ ਪ੍ਰਬੰਧ ਕਰਕੇ ਥਾਣੇ ਪਹੁੰਚ ਜਾਵਾਂਗੇ। ਉਸ ਨੇ ਆਪਣੀ ਘੜੀ ਵੇਖੀ ਤੇ ਫਿਰ ਕਹਿੰਦਾ, ‘‘ਕੋਈ ਨਹੀਂ, ਬੈਠੋ ਕਾਰ ਵਿਚ, ਕਿਥੇ ਥਾਣਾ ਲੱਭਦੇ ਫਿਰੋਗੇ।’’
ਉਸ ਨੇ ਸਾਨੂੰ ਕਾਰ ਵਿਚ ਬਿਠਾਇਆ। ਅਸੀਂ ਉਸ ਮਿਹਰਬਾਨ ਇਨਸਾਨ ਵਲੋਂ ਦਿੱਤੇ ਸਹਿਯੋਗ ਲਈ ਮਨ ਹੀ ਮਨ ਧੰਨਵਾਦ ਕਰ ਰਹੇ ਸਾਂ। ਜਦੋਂ ਉਸ ਦੀ ਕਾਰ ਕਿਲ੍ਹਾ ਗੁੱਜਰ ਸਿੰਘ ਥਾਣੇ ਦੇ ਬਾਹਰ ਰੁਕੀ ਤਾਂ ਉਸ ਸਮੇਂ ਤਕ ਰਾਤ ਦਾ ਗੂੜ੍ਹਾ ਹਨੇਰਾ ਉਤਰ ਆਇਆ ਸੀ। ਰੌਸ਼ਨੀਆਂ ਜਗਮਗ ਕਰ ਰਹੀਆਂ ਸਨ।
ਪ੍ਰੋ. ਨਿਆਜ਼ੀ ਦਾ ਸ਼ੁਕਰੀਆ ਅਦਾ ਕਰਕੇ ਅਸੀਂ ਥਾਣੇ ਅੰਦਰ ਦਾਖ਼ਲ ਹੋਏ। ਸਵੇਰ ਦੀ ਹੀ ਇਹ ਕਾਰਵਾਈ ਚਲ ਰਹੀ ਸੀ, ਇਸ ਲਈ ਪੁੱਛਣ ‘ਤੇ ਇਕ ਸਿਪਾਹੀ ਨੇ ਸਾਨੂੰ ਥਾਣੇ ਦੇ ਦਫ਼ਤਰ ਦਾ ਰਾਹ ਦੱਸ ਦਿੱਤਾ।
ਅਸੀਂ ਦਫਤਰ ਵਿਚ ਵੜੇ। ਸਾਹਮਣੇ ਵੱਡੇ ਮੇਜ਼ ਉਤੇ ਇਕ ਹਵਾਲਦਾਰ ਪੁਲੀਸ ਦੀ ਵਰਦੀ ਵਿਚ ਸਜਿਆ ਬੈਠਾ ਸੀ। ਦੂਜੇ ਛੋਟੇ ਮੇਜ਼ ਉਥੇ ਇਕ ਹੋਰ ਕਰਮਚਾਰੀ ਬੈਠਾ ਹੋਇਆ ਸੀ। ਇਕ ਹੋਰ ਸਿਪਾਹੀ ਹੱਥ ਵਿਚ ਬੰਦੂਕ ਫੜੀ ਦਫ਼ਤਰ ਵਿਚ ਖਲੋਤਾ ਸੀ।
ਹਵਾਲਦਾਰ ਦੇ ਮੇਜ਼ ਦੇ ਸਾਹਮਣੇ ਇਕ ਲੰਮਾ ਬੈਂਚ ਕੰਮ ਲਈ ਆਏ ਬੰਦਿਆਂ ਦੇ ਬੈਠਣ ਵਾਸਤੇ ਸੀ। ਪਹਿਲੀ ਨਜ਼ਰੇ ਮੈਨੂੰ ਇਹ ਦਫ਼ਤਰ ਪਾਕਿਸਤਾਨੀ ਟੀ.ਵੀ. ਸੀਰੀਅਲ ‘ਅੰਧੇਰਾ ਉਜਾਲਾ’ ਦੇ ਹਵਾਲਦਾਰ ਦੇ ਦਫ਼ਤਰ ਵਰਗਾ ਲੱਗਾ, ਜਿਸ ਦਾ ਕਲਾਕਾਰ ਇਰਫਾਨ ਖੂਸਟ ਆਪਣੇ ਅੰਦਾਜ਼ ਵਿਚ ਧੌਣ ਟੇਢੀ ਕਰਕੇ ਆਪਣੇ ਤੋਂ ਜੂਨੀਅਰ ਲੋਕਾਂ ਤੇ ਆਏ-ਗਏ ਲੋਕਾਂ ਨੂੰ ਆਖਦਾ ਹੈ, ‘‘ਦੈਹ ਜਮਾਤਾਂ ਪਾਸ ਹੂੰ। ਡਾਇਰੈਕਟ ਹਵਾਲਦਾਰ ਹੂੰ। ਕੋਈ ਮਜਾਖ਼ ਨਹੀਂ ਹੂੰ ਮੈਂ।’’ ਪਰ ਆਪਣੇ ਤੋਂ ਸੀਨੀਅਰ ਅਫਸਰਾਂ ਅੱਗੇ ‘‘ਜੀ ਜਨਾਬ! ਜੀ ਜਨਾਬ!’’ ਕਹਿੰਦਿਆਂ ਉਹਦੀ ਜ਼ਬਾਨ ਨਹੀਂ ਥੱਕਦੀ। ਮੈਂ ਮਨ ‘ਚ ਹੱਸਿਆ। ਕਿਤੇ ‘ਦਸ ਜਮਾਤਾਂ ਪਾਸ’ ਉਸ ਹਵਾਲਦਾਰ ਵਾਂਗੂੰ ਇਹ ਹਵਾਲਦਾਰ ਵੀ ਮੇਜ਼ ‘ਤੇ ਰੂਲ ਖੜਕਾ ਕੇ ਨਾ ਆਖੇ, ‘‘ਇਹ ਕੋਈ ਵੇਲਾ ਏ… ਤੁਹਾਡੇ ਆਉਣ ਦਾ… ਲੈ ਜਾਓ ਉਏ ਇਨ੍ਹਾਂ ਨੂੰ ਡਰਾਇੰਗ ਰੂਮ ਵਿਚ ਤੇ ਇਨ੍ਹਾਂ ਦੀ ਸੇਵਾ ਕਰੋ।’’
‘‘ਅਸਲਾਮਾ ਲੇਕਿਮ! ਕੀ ਗੱਲ ਬੜੇ ਲੇਟ ਹੋ ਗਏ ਸਰਦਾਰ ਜੀ।’’ ਬੜੀ ਮੁਹੱਬਤ ਨਾਲ ਉਸ ਨੇ ਆਖਿਆ। ਅਸੀਂ ਆਪਣੀ ਸਫ਼ਾਈ ਦਿੱਤੀ ਤਾਂ ਉਹ ਕਹਿਣ ਲੱਗਾ, ‘‘ਕੋਈ ਗੱਲ ਈ ਨਹੀਂ ਬਾਦਸ਼ਾਹੋ! ਅਸੀਂ ਏਥੇ ਬੈਠੇ ਕਾਹਦੇ ਵਾਸਤੇ ਆਂ।’’ ਉਸ ਨੇ ਸਾਡੇ ਹੱਥੋਂ ਕਾਗਜ਼-ਪੱਤਰ ਫੜ ਲਏ। ਏਨੇ ਚਿਰ ਨੂੰ ਇਕ ਇੰਸਪੈਕਟਰ ਦਫ਼ਤਰ ਵਿਚ ਆਇਆ। ਸਾਨੂੰ ਵੇਖ ਕੇ ‘ਸਤਿ ਸ੍ਰੀ ਅਕਾਲ’ ਆਖੀ ਤੇ ਫਿਰ ਹਵਾਲਦਾਰ ਨੂੰ ਕਹਿਣ ਲੱਗਾ, ‘‘ਮਜੀਦ! ਪਹਿਲਾਂ ਸਰਦਾਰ ਹੁਰਾਂ ਦਾ ਕੰਮ ਕਰ। ਫਿਰ ਉਹ ਕੰਮ ਕਰ ਜਿਹੜਾ ਤੈਨੂੰ ਆਖਿਆ ਸੀ।’’
ਮਜੀਦ ਨੇ ਮੇਜ਼ ‘ਤੇ ਪਿਆ ਫੁੱਟਾ ਤੇ ਪੈਨਸਲ ਚੁੱਕੇ ਅਤੇ ਰਜਿਸਟਰ ‘ਤੇ ਲੀਕਾਂ ਮਾਰ ਕੇ ਨਵੇਂ ਖਾਨੇ ਬਣਾਏ। ਫਿਰ ਕਾਗਜ਼ ਤੋਂ ਬੋਲ ਕੇ ਲਿਖਣ ਲੱਗਾ, ‘‘ਵਰਿਆਮ ਸਿੰਘ ਸੰਧੂ। ਉਏ! ਐਹ ਸਰਦਾਰ ਸਾਹਿਬ ਵੀ ਸੰਧੂ ਨੇ।’’
ਮਜੀਦ ਨੇ ਬੰਦੂਕ ਫੜੀ ਨਾਲ ਖੜੋਤੇ ਸਿਪਾਹੀ ਨੂੰ ਕਿਹਾ। ਉਹ ਸਿਪਾਹੀ ਝੁਕ ਕੇ ਮੈਨੂੰ ਉਮ੍ਹਲਦੀ ਖ਼ੁਸ਼ੀ ਨਾਲ ਪੁੱਛਣ ਲੱਗਾ, ‘‘ਤੁਸੀ ਸੰਧੂ ਜੇ?’’
ਮੇਰੇ ‘ਹਾਂ’ ਕਹਿਣ ਉਤੇ ਉਸ ਨੇ ਗਦਗਦ ਹੋ ਕੇ ਕਿਹਾ, ‘‘ਮੈਂ ਵੀ ਸੰਧੂ ਆਂ।’’
ਅਸੀਂ ਕਿੰਨਾ ਚਿਰ ਇਕ ਦੂਜੇ ਦਾ ਹੱਥ ਘੁੱਟੀ ਰੱਖਿਆ। ਮੈਂ ਪਿਆਰ ਨਾਲ ਉਸ ਦੇ ਹੱਥ ਦੀ ਪਿੱਠ ਚੁੰਮ ਲਈ। ਉਸ ਤੋਂ ਵੀ ਦੂਣੇ ਚਾਅ ਨਾਲ ਉਸ ਨੇ ਮੇਰਾ ਹੱਥ ਚੁੰਮਿਆ ਤੇ ਫਿਰ ਮੈਨੂੰ ਜੱਫੀ ਪਾਉਣ ਲਈ ਬੈਂਚ ਤੋਂ ਉਠਾ ਲਿਆ।
‘‘ਆਪਣੀ ਕਿਤਿਓਂ ਨਾ ਕਿਤਿਓਂ ਤਾਂ ਜਾ ਕੇ ਵਡੇਰਿਆਂ ਵਲੋਂ ਖੂਨ ਦੀ ਸਾਂਝ ਮਿਲਦੀ ਹੈ।’’ ਮੇਰੇ ਕੰਨਾਂ ਕੋਲ ਉਹਦੇ ਬੋਲਾਂ ਦੀ ਫੁਸਫੁਸਾਹਟ ਇਕੋ ਵੇਲੇ ਦੱਸ ਵੀ ਤੇ ਪੁੱਛ ਵੀ ਰਹੀ ਸੀ।
‘‘ਆਪਣੇ ਇਥੇ ਲਾਹੌਰ ਜ਼ਿਲੇ ਵਿਚ ਹੀ ਸੰਧੂਆਂ ਦੇ ਯੁੱਕ-ਮੁਸ਼ਤ ਕਈ ਪਿੰਡ ਨੇ।’’ ਉਸ ਨੇ ਕਿਹਾ।
‘‘ਇਹਦਾ ਪਿੰਡ ਵੀ ਲਾਹੌਰ ਜ਼ਿਲੇ ‘ਚ ਹੀ ਸੀ।’’ ਜਗਤਾਰ ਨੇ ਦੱਸਿਆ।
‘‘ਕਿਹੜਾ ਪਿੰਡ ਸੀ?’’
‘‘ਭਡਾਣਾ, ਪੁਰਾਣੀ ਕਸੂਰ ਤਸੀਲ ਵਿਚ। ਬਾਡਰ ਦੇ ਉਤੇ ਐ।’’
‘‘ਲਾਹੌਰ ‘ਚ ਸੰਧੂ ਸਭ ਤੋਂ ਵੱਧ ਨੇ ਗਿਣਤੀ ਵਿਚ,’’ ਉਸ ਨੇ ਦੱਸਿਆ। ਮੈਂ ਅੱਜ ਹੀ 1883-84 ਦਾ ਲਾਹੌਰ ਗਜ਼ਟੀਅਰ ਖ਼ਰੀਦਿਆ ਤੇ ਉਸ ਵਿਚੋਂ ਵੇਖੀ ਜਾਣਕਾਰੀ ਅਨੁਸਾਰ ਦੱਸਿਆ, ‘‘ਅੱਜ ਤੋਂ 120 ਸਾਲ ਪਹਿਲਾਂ ਦੀ ਮਰਦੁਮ-ਸ਼ੁਮਾਰੀ ਦੀ ਰਿਪੋਰਟ ਮੁਤਾਬਕ ਜ਼ਿਲੇ ਵਿਚ ਸਾਰੀਆਂ ਜਾਤਾਂ, ਗੋਤਾਂ ਵਿਚੋਂ ਸਿਰਫ ਭੁੱਲਰ, ਭੱਟੀ ਤੇ ਸਿੱਧੂਆਂ ਦੀ ਗਿਣਤੀ ਦਸ ਹਜ਼ਾਰ ਤਕ ਸੀ। ਗਿੱਲ ਅੱਠ ਕੁ ਹਜ਼ਾਰ ਸਨ ਪਰ ਸੰਧੂਆਂ ਦੀ ਗਿਣਤੀ ਉਸ ਸਮੇਂ ਵੀ ਬਤਾਲੀ ਹਜ਼ਾਰ ਤੋਂ ਉਤੇ ਸੀ।’’
‘‘ਜਾਹ ਉਏ ਮੁੰਡਿਆ! ਚਾਹ ਲਿਆ। ਸਾਡੇ ਭਰਾ ਆਏ ਨੇ’’, ਸੰਧੂ ਭਾਈ ਨੇ ਚਾਹ ਵਾਸਤੇ ਆਵਾਜ਼ ਦਿੱਤੀ।
‘‘ਓ ਭਰਾ! ਚਾਹ ਦੀ ਜ਼ਰੂਰਤ ਨਹੀਂ। ਤੁਸੀਂ ਸਾਡਾ ਕੰਮ ਨਿਪਟਾਓ। ਚਾਹ ਤੋਂ ਬਿਨਾਂ ਤਾਂ ਅੱਗੇ ਤੁਹਾਡੇ ਜਿਹੇ ਮਿਹਰਬਾਨਾਂ ਨੇ ਐੱਸ.ਐੱਸ.ਪੀ. ਦਫਤਰੋਂ ਨਹੀਂ ਉਠਣ ਦਿੱਤਾ, ਹੁਣ ਚਾਹ ਦੀ ਲੋੜ ਨਹੀਂ,’’, ਜਗਤਾਰ ਨੇ ਕਿਹਾ।
ਮਜੀਦ ਨੇ ਲਿਖਦਿਆਂ ਲਿਖਦਿਆਂ ਕਿਹਾ, ‘‘ਤੇ ਅਸੀਂ ਤੁਹਾਨੂੰ ਫਿਰ ਚਾਹ ਪੀਤੇ ਬਿਨਾਂ ਕਿਵੇਂ ਜਾਣ ਦਿਆਂਗੇ।’’
ਫਿਰ ਉਸ ਨੇ ਆਪਣੀ ਕਲਮ ਮੇਜ਼ ਉਤੇ ਰੱਖੀ ਅਤੇ ਸਾਡੇ ਵੱਲ ਵੇਖਣ ਲੱਗਾ, ‘‘ਅੱਜ ਸਵੇਰ ਤੋਂ ਤੁਹਾਡੇ ਬੰਦਿਆਂ ਦੀ ਲਾਈਨ ਲੱਗੀ ਰਹੀ। ਆਪਾਂ ਹੋਰ ਸਾਰੇ ਕੰਮ ਛੱਡ ਕੇ ਸਵੇਰ ਦੇ ਇਸੇ ਕੰਮ ਲੱਗੇ ਹੋਏ ਆਂ। ਆਹ ਵੇਖ ਲੋ ਇੰਸਪੈਕਟਰ ਦਾ ਕੰਮ ਵੀ ਪਿਐ ਅਜੇ। ਤੁਸੀਂ ਮਹਿਮਾਨ ਓ ਸਾਡੇ।’’
ਉਹ ਫਿਰ ਲਿਖਣ ਲੱਗ ਪਿਆ। ਸੰਧੂ ਸਿਪਾਹੀ ਸਾਡੇ ਨਾਲ ਸਾਡੇ ਆਉਣ ਦੇ ਮਕਸਦ, ਸਾਡੇ ਪ੍ਰਾਪਤ ਅਨੁਭਵਾਂ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਾ।
ਏਨੇ ਚਿਰ ਨੂੰ ਫੋਨ ਦੀ ਘੰਟੀ ਵੱਜੀ। ਮਜੀਦ ਨੇ ਦੂਜੇ ਮੇਜ਼ ਸਾਹਮਣੇ ਬੈਠ ਬੰਦੇ ਨੂੰ ਫੋਨ ਚੁੱਕਣ ਲਈ ਕਿਹਾ। ਉਸ ਨੇ ਰਿਸੀਵਰ ਕੰਨ ਨਾਲ ਲਾਇਆ ਤੇ, ‘‘ਹਾਂ ਜੀ, ਜੀ ਜਨਾਬ! ਅੱਛਾ ਜੀ’’ ਕਰਦਾ ਰਿਹਾ। ਫੋਨ ਸੁਣ ਕੇ ਰਿਸੀਵਰ ਠਾਹ ਕਰਦਾ ਰੱਖਿਆ ਤੇ ਉੱਚੀ ਸਾਰੀ ਗਾਲ੍ਹ ਕੱਢੀ, ‘‘ਧੀ ਦੇ ਯਾਰ!.  ਅਖੇ ਅੱਧਾ ਕਿਲੋ ਆਈਸ ਕਰੀਮ ਹੁਣੇ ਚਾਹੀਦੀ ਏ! ਇਨ੍ਹਾਂ ਨੂੰ ਪੁੱਛੋ ਭੈਣ ਦਿਆਂ ਖ਼ਸਮਾਂ ਨੂੰ ਅਸੀਂ ਐਥੇ ਆਈਸ ਕਰੀਮ ਜਮਾਈ ਬੈਠੇ ਆਂ।’’
ਜ਼ਾਹਿਰ ਸੀ ਕਿ ਕੋਈ ਅਫ਼ਸਰ ਇਹ ਵਗਾਰ ਪਾ ਰਿਹਾ ਸੀ. ਉਸ ਦੀਆਂ ਪੁਲਸੀ ਗਾਲ੍ਹਾਂ ਸੁਣ ਕੇ ਸਾਡੇ ਨਾਲ ਹੀ ਮਜੀਦ ਵੀ ਮੁਸਕਰਾਇਆ।
‘‘ਇਹ ਤਾਂ ਜੀ! ਆਪੋ ਆਪਣੇ ਮਹਿਕਮੇ ਦਾ ਦਸਤੂਰ ਜੇ! ਹੁਣ ਤੁਸੀਂ ਤਾਂ ਸਾਡੇ ਮਹਿਮਾਨ ਓ। ਅਸੀਂ ਸੌ ਕੰਮ ਛੱਡ ਕੇ ਵੀ ਤੁਹਾਡੀ ਖ਼ਿਦਮਤ ਲਈ ਹਾਜ਼ਰ ਆਂ। ਤੁਹਾਨੂੰ ਇੱਜ਼ਤ ਨਾਲ ਕੁਰਸੀ ‘ਤੇ ਬੈਠਣ ਲਈ ਕਿਹਾ ਹੈ, ਤੁਸੀਂ ਆਪ ਹੀ ਬੈਂਚ ‘ਤੇ ਬੈਠ ਗਏ ਓ। ਹੁਣ ਸਾਡੇ ਇਥੋਂ ਕੋਈ ਆਵੇ ਤਾਂ ਅਸੀਂ ਕਿਹੜਾ ਉਹਨੂੰ ਫਟਾਫਟ ਬੈਂਚ ‘ਤੇ ਬਹਿਣ ਦੇਨੇ ਆਂ। ਉਹਨੂੰ ਆਖੀਦਾ ਏ, ‘‘ਪਰ੍ਹਾਂ ਨੁਕਰ ‘ਚ ਔਥੇ ਹੋ ਕੇ ਖੜ੍ਹੋ ਉਏ‥ ਤੇਰੇ ਨਾਲ ਵੀ ਗੱਲ ਕਰਨੇ ਆਂ। ਆਪਾਂ ਝੂਠ ਨਹੀਂ ਬੋਲਦੇ…’’
‘‘ਹੈਗੇ ਤਾਂ ਸਾਰੇ ਆਪਾਂ ਪੰਜਾਬੀ ਭਰਾ ਈ ਆਂ ਤੇ ਇਕ ਦੂਜੇ ਦੇ ਸੁਭਾ ਨੂੰ ਜਾਣਦੇ ਹੀ ਆਂ,’’ ਮੇਰਾ ਜੁਆਬ ਸੁਣ ਕੇ ਉਹ ਹੱਸੇ।
ਕਾਗਜ਼-ਪੱਤਰ ਸਮੇਟ ਕੇ ਅਸੀਂ ਜੇਬ ਵਿਚ ਪਾਏ ਹੀ ਸਨ ਕਿ ਚਾਹ ਆ ਗਈ। ਸੰਧੂ ਭਾਈ ਚਾਹ ਪਿਆਲਿਆਂ ਵਿਚ ਪਾਉਣ ਲੱਗਾ, ‘‘ਕਰੋ ਕੋਈ ਇੰਤਜ਼ਾਮ ਰਾਹ ਖੋਲ੍ਹਣ ਦਾ। ਅਸੀਂ ਵੀ ਓਧਰਲਾ ਪੰਜਾਬ ਵੇਖੀਏ।’’
ਅਸੀਂ ਉਠਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਮਜੀਦ ਹਵਾਲਦਾਰ ਨੇ ਉਠ ਕੇ ਸਾਡੇ ਨਾਲ ਹੱਥ ਮਿਲਾਇਆ। ਸੰਧੂ ਸਿਪਾਹੀ ਦਫ਼ਤਰ ਦੇ ਬਾਹਰ ਤਕ ਸਾਡੇ ਨਾਲ ਆਇਆ ਤੇ ਸਾਡੇ ਵਿਦਾ ਹੋਣ ਤੋਂ ਪਹਿਲਾਂ ਜੱਫੀ ਪਾ ਕੇ ਮਿਲਿਆ।
ਥਾਣੇ ਤੋਂ ਬਾਹਰ ਆਏ ਤਾਂ ਜਗਤਾਰ ਕਹਿਣ ਲੱਗਾ, ‘‘ਐਹ ਸੜਕ ਮੁੜ ਕੇ ਥੋੜਾ ਅੱਗੇ ਕਰਕੇ ਹੀ ਹੈ ਸ਼ਾਹਤਾਜ ਹੋਟਲ। ਆਪਾਂ ਤੁਰੇ ਚਲਦੇ ਆਂ।’’
ਅਸੀਂ ਸੜਕ ਕਿਨਾਰੇ ਤੁਰਦੇ ਪ੍ਰੋ. ਨਿਆਜ਼ੀ, ਐੱਸ.ਐੱਸ.ਪੀ. ਦਫ਼ਤਰ ਤੇ ਥਾਣੇ ਵਾਲਿਆਂ ਦੇ ਸਲੂਕ ਬਾਰੇ ਗੱਲਾਂ ਕਰ ਰਹੇ ਸਾਂ।
‘‘ਇੰਜ ਲਗਦੈ ਕਿ ਇਨ੍ਹਾਂ ਨੂੰ ਸਰਕਾਰ ਵਲੋਂ ਖ਼ਾਸ ਹਦਾਇਤ ਹੋਈ ਲੱਗਦੀ ਹੈ ਕਿ ਇੰਡੀਅਨਜ਼ ਨਾਲ ਚੰਗਾ ਸਲੂਕ ਕਰਨਾ ਏ। ਵੇਖ ਲੌ ਕਿਤੇ ਵੀ, ਕਿਸੇ ਵਲੋਂ ਵੀ ਅਜਿਹਾ ਵਿਹਾਰ ਨਹੀਂ ਹੋਇਆ ਜਿਸ ‘ਤੇ ਅਸੀਂ ਉਂਗਲ ਉਠਾ ਸਕੀਏ।’’ ਮੈਂ ਆਖਿਆ। ਡਾ. ਜਗਤਾਰ ਕਹਿੰਦਾ, ‘‘ਤੇਰੀ ਗੱਲ ਠੀਕ ਵੀ ਹੋ ਸਕਦੀ ਏ। ਕਿਸੇ ਬਾਹਰਲੇ ਮੁਲਕ ਦੇ ਬੰਦੇ ਲਈ ਕਿਸੇ ਅਦਾਰੇ ਦਾ ਪ੍ਰਭਾਵ ਉਸ ਮੁਲਕ ਦੇ ਸਮੁੱਚੇ ਰਵੱਈਏ ਦੀ ਤਰਜਮਾਨੀ ਵੀ ਕਰਦੈ।’’
ਪਰ ਮੇਰਾ ਆਪਣਾ ਹੀ ਮਨ ਮੇਰੀ ਦਿੱਤੀ ਦਲੀਲ ਨੂੰ ਪੂਰੀ ਤਰ੍ਹਾਂ ਮੰਨ ਨਹੀਂ ਸੀ ਰਿਹਾ, ‘‘ਪਰ ਸਿਰਫ ਆਗਿਆ ਅਤੇ ਆਦੇਸ਼ ਬੰਦੇ ਦੇ ਅੰਦਰਲੇ ਨੂੰ ਇਸ ਹੱਦ ਤਕ ਨਰਮ, ਮਿਲਣਸਾਰ ਤੇ ਪਿਆਰ ਵਿਗੁੱਤੇ ਨਹੀਂ ਬਣਾ ਸਕਦੇ। ਜੇ ਬੰਦੇ ਦੇ ਮਨ ਵਿਚ ਕੌੜ ਜਾਂ ਨਫ਼ਰਤ ਹੋਵੇ ਤਾਂ ਮਿੱਠੇ ਬੋਲਾਂ ਤੇ ਨਰਮ ਵਤੀਰੇ ਵਿਚੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਗਟ ਹੋ ਜਾਂਦੀ ਹੈ। ਪਰ ਇਨ੍ਹਾਂ ਵਿਚੋਂ ਕਿਸੇ ਬੰਦੇ ਦੇ ਵਿਹਾਰ ਵਿਚੋਂ ਵੀ ਉਸ ਕੌੜ ਦੀ ਬੂ ਨਹੀਂ ਆਈ।’’

ਅੱਜ ਅਸੀਂ ਲਾਹੌਰ ਦਾ ਸ਼ਾਹੀ ਕਿਲਾ ਦੇਖਣ ਜਾਣਾ ਸੀ। ਉਮਰ ਗਨੀ, ਰਿਜ਼ਵਾਨ ਅਹਿਮਦ ਸਮੇਤ ਆਪਣੀ ਕਾਰ ਲੈ ਕੇ ਹਾਜ਼ਰ ਸੀ। ਅਸੀਂ ਨਹਾ ਧੋ ਕੇ ਤਿਆਰ ਹੋਏ ਤਾਂ ਖਾਵਰ ਰਾਜਾ ਵੀ ਆਪਣੀ ਲੜਕੀ ਅਲਬਰਕਾਤ ਤੇ ਆਪਣੇ ਦੋ ਸੋਹਣੇ ਮੰੁਡਿਆਂ ਦੇ ਸਾਥ ਵਿਚ ਗੁਜਰਾਂਵਾਲਾ ਤੋਂ ਆ ਪੁੱਜੀ। ਉਹ ਆਪਣੇ ਮੁਕੰਮਲ ਪਰਿਵਾਰ ਸਮੇਤ ਡਾ. ਜਗਤਾਰ ਨਾਲ ਦਿਹਾੜੀ ਗੁਜ਼ਾਰਨਾ ਚਾਹੁੰਦੀ ਸੀ।
ਨਾਸ਼ਤਾ ਤਾਂ ਹੋਟਲ ਵਿਚ ਵੀ ਕੀਤਾ ਜਾ ਸਕਦਾ ਸੀ ਪਰ ਜਗਤਾਰ ਦੀ ਇੱਛਾ ਸੀ ਕਿ ਕਿਲੇ ਵੱਲ ਜਾਣ ਤੋਂ ਪਹਿਲਾਂ ਲਾਹੌਰ ਦੀ ਬਹੁਚਰਚਿਤ ‘ਫੂਡ ਸਟਰੀਟ’ ਵਿਚ ਨਾਸ਼ਤਾ ਕਰੀਏ। ਇਸ ਬਹਾਨੇ ਉਹ ਵੀ ਉਸ ਜਗ੍ਹਾ ਨੂੰ ਦੇਖ ਲਵੇਗਾ। ਉਹ ਗਵਾਲ ਮੰਡੀ ਵਿਚਲੀ ‘ਫੂਡ ਸਟਰੀਟ’ ਦੇ ਜਲੌਅ ਦੀਆਂ ਗੱਲਾਂ ਮੇਰੇੇ ਕੋਲੋਂ ਸੁਣ ਚੁੱਕਾ ਸੀ ; ਪਰ ਜਦੋਂ ‘ਫੂਡ ਸਟਰੀਟ’ ਪੁੱਜੇ ਤਾਂ ਉਤੇ ਉਸ ਰਾਤ ਵਾਲਾ ਜਲ-ਜਲੌਅ ਗ਼ੈਰਹਾਜ਼ਰ ਸੀ। ਆਮ ਬਜ਼ਾਰਾਂ ਵਾਂਗ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਵਾਹਨਾਂ ਦੀ ਆਵਾਜਾਈ ਬੰਦ ਕਰਨ ਲਈ ਲੱਗੀਆਂ ਰੁਕਾਵਟਾਂ ਚੁੱਕ ਦਿੱਤੀਆਂ ਸਨ। ਜ਼ਾਹਿਰ ਹੈ ਦੁਕਾਨਾਂ ਦੇ ਬਾਹਰ ਸੜਕਾਂ ਉਤੇ ਗਾਹਕਾਂ ਲਈ ਡਾਹੀਆਂ ਮੇਜ਼ ਕੁਰਸੀਆਂ ਵੀ ਚੁੱਕ ਲਈਆਂ ਗਈਆਂ ਸਨ। ਅਸਲ ਵਿਚ ‘ਫੂਡ ਸਟਰੀਟ’ ਦੀ ‘ਉਹ’ ਵਿਸ਼ੇਸ਼ ਦਿੱਖ ਹੈ ਹੀ ਰਾਤ ਨਾਲ ਸਬੰਧਤ ਸੀ। ਹੁਣ ਤਾਂ ਇਹ ਆਮ ਬਾਜ਼ਾਰਾਂ ਜਿਹਾ ਬਾਜ਼ਾਰ ਸੀ। ਰਾਤਾਂ ਵਾਲੀ ਮੋਢੇ ਖਹਿੰਦੀ ਭੀੜ ਦੀ ਬਜਾਇ ਸੜਕ ਉਤੋਂ ਇੱਕਾ-ਦੁੱਕਾ ਆਦਮੀ ਗੁਜ਼ਰ ਰਿਹਾ ਸੀ। ਇਕ ਆਦਮੀ ਨੂੰ ਰੋਕ ਕੇ ਅਸੀਂ ਉਸ ਨੂੰ ਨਾਸ਼ਤਾ ਕਰਨ ਲਈ ‘ਬਿਹਤਰ ਦੁਕਾਨ’ ਬਾਰੇ ਦੱਸਣ ਲਈ ਕਿਹਾ। ਉਸ ਨੇ ਪੂਰੇ ਉਤਸ਼ਾਹ ਨਾਲ ਦੱਸਿਆ।
‘‘ਦੁਕਾਨਾਂ ਤਾਂ ਐਥੇ ਵੀ ਚੰਗੀਆਂ ਨੇ ਪਰ ਤੁਸੀਂ ਔਹ ਅਗਲੇ ਬਾਜ਼ਾਰ ਵਿਚ ਜਾ ਕੇ ਸੱਜੇ ਹੱਥ ਥੋੜ੍ਹਾ ਕੁ ਅੱਗੇ ਜਾਣਾ। ਉਥੇ ਇਕ ਦੁਕਾਨ ਵਾਲੇ ਹਨ ਉਹ ਦੇਸੀ ਘਿਓ ਦੀਆਂ ਪੂਰੀਆਂ ਬਣਾਉਂਦੇ ਹਨ। ਰਾਹ ਵਿਚ ਹੋਰ ਬਹੁਤ ਨੇ ਪੂਰੀਆ ਬਣਾਉਣ ਵਾਲੇ। ਪਰ ਤੁਸੀਂ ਮਹਿਮਾਨ ਹੋ, ਤੁਸੀਂ ਉਥੇ ਹੀ ਜਾਓ।’’
ਉਸ ਬਾਜ਼ਾਰ ਵਿਚ ਸੱਜੇ ਮੁੜਦਿਆਂ ਹੀ ਦੋ ਦੁਕਾਨਾਂ ਨਜ਼ਰ ਆਈਆਂ। ਅਸੀਂ ਇਨ੍ਹਾਂ ਵਿਚੋਂ ‘ਚੰਗੀ ਦੁਕਾਨ’ ਬਾਰੇ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਵੀ ਕਿਹਾ, ‘ਦੁਕਾਨਾਂ ਤਾਂ ਇਹ ਵੀ ਠੀਕ ਨੇ ਪਰ ਤੁਸੀਂ ਅੱਗੇ ਜਾਓ। ਉਥੇ ਦੇਸੀ ਘਿਓ…’’
ਕਿੰਨੀ ਚੰਗੀ ਗੱਲ ਸੀ। ਉਹ ਲੋਕ ਚਾਹੁੰਦੇ ਸਨ ਕਿ ਅਸੀਂ ‘ਚੰਗੀ ਦੁਕਾਨ’ ਤੋਂ ਹੀ ਨਾਸ਼ਤਾ ਕਰੀਏ। ਉਨ੍ਹਾਂ ਨੇ ਕਿਹੜਾ ਦੁਕਾਨ ਵਾਲੇ ਤੋਂ ‘ਕਮਿਸ਼ਨ’ ਲੈਣਾ ਸੀ! ਇੰਜ ਕਰ ਕੇ ਵੀ ਉਹ ਆਪਣੀ ਮਹਿਮਾਨ-ਨਵਾਜ਼ੀ ਦਾ ਫ਼ਰਜ਼ ਅਦਾ ਕਰ ਰਹੇ ਸਨ।
ਵੇਖਣ ਨੂੰ ਤਾਂ ਉਹ ਦੁਕਾਨ ਵੀ ਆਮ ਦੁਕਾਨਾਂ ਵਰਗੀ ਹੀ ਸੀ। ਦੁਕਾਨ ਵਿਚ ਲੰਮੇ ਮੇਜ਼ਾਂ ਨਾਲ ਪਏ ਬੈਂਚਾਂ ਉਪਰ ਬੈਠ ਕੇ ਅਸੀਂ ਨਾਸ਼ਤਾ ਕੀਤਾ। ਪੂਰੀਆਂ, ਦਹੀਂ, ਛੋਲੇ, ਹਲਵਾ ਤੇ ਦਹੀਂ ਦੀ ਮਿੱਠੀ ਲੱਸੀ ਸੱਚਮੁੱਚ ਡਾਢੇ ਸਵਾਦ ਸਨ। ਅਸੀਂ ਉਥੋਂ ਆਨੰਦ-ਪ੍ਰਸੰਨ ਹੋ ਕੇ ਉਠੇ।
ਨਾਸ਼ਤੇ ਦੇ ਪੈਸੇ ਉਮਰ ਗਨੀ ਨੇ ਹੀ ਦਿੱਤੇ। ਉਹਦੇ ਹੁੰਦਿਆਂ ਅਸੀਂ ਆਪਣੀ ਜੇਬ ਨੂੰ ਹੱਥ ਨਹੀਂ ਸਾਂ ਲਾ ਸਕਦੇ।
ਬਾਹਰ ਗਲੀ ਵਿਚ ਰਾਜ-ਮਜ਼ਦੂਰ ਆਪਣਾ ਸੰਦ-ਸੰਧੇੜਾ ਲੈ ਕੇ ਬੈਠੇ ਸਨ। ਮੈਂ ‘ਸਲਾਮ’ ਕਹਿ ਕੇ ਹਾਲ-ਹਾਲ ਪੁੱਛਿਆ ਤਾਂ ਇਕ ਜਣਾ ਕਹਿੰਦਾ, ‘‘ਸਰਦਾਰ ਜੀ, ਉਥੇ ਰਾਜ ਮਿਸਤਰੀ ਦੀ ਦਿਹਾੜੀ ਕੀ ਜੇ?’’
ਮੈਂ ਮੁਸਕਰਾਇਆ। ਉਸ ਦਿਨ ਰਿਕਸ਼ੇ ਵਾਲਾ ਵੀ ਭਾਰਤ ਦੇ ਰਿਕਸ਼ੇ ਵਾਲਿਆਂ ਬਾਰੇ ਪੁੱਛ ਰਿਹਾ ਸੀ। ਇਹ ਵੀ ਮੁਕਾਬਲੇਬਾਜ਼ੀ ਦਾ ਇਕ ਅੰਦਾਜ਼ ਸੀ ਸ਼ਾਇਦ!… ਤੇ ਜਾਂ ਦੋਵਾਂ ਮੁਲਕਾਂ ਵਿਚ ਆਪਣੇ ਜਿਹੇ ਗਰੀਬ ਲੋਕਾਂ ਦੀ ਹੋਣੀ ਜਾਨਣ ਦੀ ਉਤਸੁਕਤਾ ਸੀ।
ਅਸੀਂ ਹੌਲੀ ਹੌਲੀ ਬਾਜ਼ਾਰ ਵਿਚ ਵਾਪਸ ਤੁਰੇ ਆ ਰਹੇ ਸਾਂ। ਮੈਂ ਬਾਜ਼ਾਰ ਵਿਚੋਂ ਸੱਜੇ ਖੱਬੇ ਨਿਕਲਦੀਆਂ ਛੋਟੀਆਂ ਛੋਟੀਆਂ ਗਲੀਆਂ ਦੇ ਦੋਪਾਸੀਂ ਦੋ-ਮੰਜ਼ਿਲੇ, ਤਿੰਨ-ਮੰਜ਼ਿਲੇ ਮਕਾਨਾਂ ਨੂੰ ਦੇਖਦਿਆਂ ਇਤਿਹਾਸ ਵਿਚ ਉਤਰ ਗਿਆ ਸਾਂ। ਇਸੇ ਗਵਾਲ ਮੰਡੀ ਵਿਚ ਕਿਸੇ ਵੇਲੇ ਭਗਤ ਸਿੰਘ ਦੇ ਘਰਦਿਆਂ ਨੇ ਉਸ ਨੂੰ ਸਰਗਰਮ ਸਿਆਸਤ ਵਲੋਂ ਮੋੜਨ ਲਈ ਗਾਵਾਂ ‘ਪਾ ਕੇ’ ਦਿੱਤੀਆਂ ਸਨ ਤਾਂ ਕਿ ਉਹ ਕੰਮ-ਧੰਦੇ ਵਿਚ ਰੁੱਝ ਜਾਵੇ। ਪਰ ਭਗਤ ਸਿੰਘ ਇਥੋਂ ਦੇ ਰੁਝੇਵਿਆਂ ਵਿਚੋਂ ਵੀ ਸਮਾਂ ਕੱਢ ਕੇ ਰਾਤ-ਬ-ਰਾਤੇ ਹੁੰਦੀਆਂ ਮੀਟਿੰਗਾਂ ਵਿਚ ਹਾਜ਼ਰੀ ਭਰ ਆਉਂਦਾ ਸੀ। ਇਹ ‘ਗਵਾਲ ਮੰਡੀ’ ਉਸ ਨੂੰ ਬੰਨ੍ਹ ਕੇ ਨਹੀ ਸੀ ਰੱਖ ਸਕੀ। ਇਨ੍ਹਾਂ ਗਲੀਆਂ ਵਿਚੋਂ ‘ਨਿਕਲ ਕੇ’ ਉਹ ਸਾਰੇ ਭਾਰਤ ‘ਤੇ ਛਾ ਗਿਆ ਸੀ। ਇਨ੍ਹਾਂ ਹੀ ਗਲੀਆਂ ਵਿਚੋਂ ਕਦੀ ‘47’ ਦਾ ਦੈਂਤ ਦਨਦਨਾਉਂਦਾ ਲੰਘਿਆ ਸੀ ਤੇ ਇਨ੍ਹਾਂ ਇਮਾਰਤਾਂ ਵਿਚੋਂ ਹੀ ਸੜਦਾ ਧੂਆਂ ਆਸਮਾਨ ਤਕ ਉਠਿਆ ਸੀ। ਇਨ੍ਹਾਂ ਹੀ ਗਲੀਆਂ ਵਿਚ ਕਈ ਨਿਰਦੋਸ਼ ਲੋਕਾਂ ਦੀਆਂ ਵੱਖੀਆਂ ਵਿਚ ਛੁਰੇ ਖੁਭੇ ਸਨ। ਇਨ੍ਹਾਂ ਹੀ ਗਲੀਆਂ ਵਿਚ ‘ਇਕ-ਦੂਜੇ’ ਨੂੰ ਦੇਖ ਕੇ ਅਸੀਂ ਨਫਰਤ ਦਾ ਲਹੂ ਥੁੱਕਿਆ ਸੀ। ਇਨ੍ਹਾਂ ਹੀ ਗਲੀਆਂ ਵਿਚ ਉਸ ਰਾਤ ਨੌਜਵਾਨ ਮੈਨੂੰ ਕਹਿ ਰਿਹਾ ਸੀ, ‘‘ਤੁਹਾਡੀਆਂ ਪੱਗਾਂ ਦੀ ਹਾਜ਼ਰੀ ਵਿਚ ਹੀ ਇਹ ਸ਼ਹਿਰ ਮੁਕੰਮਲ ਲਗਦਾ ਹੈ… ਤੁਹਾਡੇ ਬਿਨਾਂ ਪੰਜਾਬ ਅਧੂਰਾ ਹੈ!’’
ਉਮਨ ਗਨੀ, ਰਿਜ਼ਵਾਨ, ਖਾਵਰ ਰਾਜਾ ਸਾਡੇ ਅੰਗ-ਸੰਗ ਸਨ। ਅਸੀਂ ਕੁਝ ਪਲਾਂ ਲਈ ਆਪਣੇ ਆਪ ਨੂੰ ‘ਪੂਰੇ-ਪੰਜਾਬ’ ਹੋਣ ਦਾ ਭਰਮ ਪਾਲਿਆ ਹੋਇਆ ਸੀ। ਤੇ ਇਹ ਪੂਰਾ ਪੰਜਾਬ ਲਾਹੌਰ ਦੇ ਸ਼ਾਹੀ ਕਿਲੇ ਵੱਲ ਤੁਰਿਆ ਜਾ ਰਿਹਾ ਸੀ।
ਅਸੀਂ ਕਿਲੇ ਦੇ ਗੇਟ ਅੱਗੇ ਪੁੱਜੇ ਤਾਂ ਰਿਜ਼ਵਾਨ ਨੇ ਕਿਹਾ ਕਿ ਉਹ ਉਮਰ ਗਨੀ ਦੀ ਕਾਰ ਲੈ ਜਾਂਦਾ ਹੈ ਤੇ ਕਾਨਫ਼ਰੰਸ ‘ਤੇ ਆਏ ਭਾਰਤੀ ਵਫ਼ਦ ਦੇ ਡੈਲੀਗੇਟ ਸੁਰਿੰਦਰ ਸਿੰਘ ਜੌਹਰ ਨੂੰ ਏਅਰਪੋਰਟ ‘ਤੇ ਛੱਡ ਕੇ ਘੰਟੇ, ਡੇਢ ਘੰਟੇ ਵਿਚ ਵਾਪਸ ਪਰਤ ਆਏਗਾ। ਉਮਰ ਗਨੀ ਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਸੀ। ਏਨਾ ਕੁ ਚਿਰ ਤਾਂ ਸਾਨੂੰ ਕਿਲ੍ਹਾ ਅਤੇ ਹੋਰ ਆਲਾ-ਦੁਆਲਾ ਦੇਖਦਿਆਂ ਲੱਗ ਹੀ ਜਾਣਾ ਸੀ।
ਕਿਲ੍ਹੇ ਦੇ ਸਾਹਮਣੇ ਪਾਸੇ ਹਜੂਰੀ ਬਾਗ਼, ਸੱਜੇ ਹੱਥ ਰਣਜੀਤ ਸਿੰਘ ਦੀ ਸਮਾਧ ਤੇ ਗੁਰਦੁਆਰਾ ਡੇਰਾ ਸਾਹਿਬ ਸਨ। ਹਜ਼ੂਰੀ ਬਾਗ਼ ਦੇ ਪਾਰ ਅਲਾਮਾ ਇਕਬਾਲ ਦੀ ਯਾਦਗਾਰ ਉਹਦੇ ਸਿਰ ਉਤੇ ਸ਼ਾਹੀ ਮਸਜਿਦ। ਮੈਂ ਇਸ ਸਮੁੱਚੇ ਦ੍ਰਿਸ਼ ਨੂੰ ਨਿਹਾਰਿਆ।
ਅਸੀਂ ਕਿਲ੍ਹੇ ਦੇ ਮੁੱਖ ਦਰਵਾਜ਼ੇ ਵੱਲ ਪਰਤੇ। ਕੱਲ੍ਹ ਵਾਂਗ ਅੱਜ ਵੀ ਜਥੇ ਨਾਲ ਆਏ ‘ਸਿੰਘ’ ਸੜਕ, ਬਾਗ਼ ਤੇ ਕਿਲ੍ਹੇ ਦੇ ਅੰਦਰ ਬਾਹਰ ਘੰੁਮ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਸਾਡਾ ਵੀ ਲਾਹੌਰ ਵਿਚ ‘ਹਿੱਸਾ’ ਹੈ।  ਉਮਰ ਗਨੀ ਨੇ ਕਿਲ੍ਹੇ ਦੇ ਪ੍ਰਵੇਸ਼ ਦੁਆਰ ਅੱਗੇ ਖਲੋ ਕੇ ਟਿਕਟਾਂ ਖਰੀਦੀਆਂ ਅਤੇ ਕਿਲ੍ਹੇ ਦੇ ਅੰਦਰ ਦਾਖ਼ਲ ਹੋਏ। ਕਿਲ੍ਹੇ ਦਾ ਇਹ ਸਾਹਮਣਾ ਪਾਸਾ ਪੂਰਬ ਤੋਂ ਪੱਛਮ ਵੱਲ ਪੰਜ ਸੌ ਫੱੁਟ ਚੌੜਾ ਹੈ। ਖਾਵਰ ਰਾਜਾ ਆਪਣੇ ਬੱਚਿਆਂ ਨੂੰ ਜਗਤਾਰ ਨੂੰ ਮਿਲਾਉਣ ਲਿਆਈ ਸੀ, ਇਸ ਲਈ ਉਨ੍ਹਾਂ ਨੂੰ ਥੋੜ੍ਹੀ ਵਿੱਥ ਅਤੇ ਗੱਲਾਂ ਕਰਨ ਦੀ ਵਿਹਲ ਦੇ ਕੇ ਮੈਂ ਅਤੇ ਉਮਰ ਗਨੀ ਨਾਲ ਨਾਲ ਤੁਰਨ ਲੱਗੇ। ਲੱਗਦਾ ਹੀ ਨਹੀਂ ਸੀ ਕਿ ਸਾਡੀ ਦੋ ਕੁ ਦਿਨਾਂ ਦੀ ਮੁਲਾਕਾਤ ਹੈ। ਉਮਰਾਂ ਦਾ ਜਾਣੂ ਲਗਦਾ ਸੀ ਉਮਰ ਗਨੀ।
ਕਿਲ੍ਹੇ ‘ਚ ਦਾਖ਼ਲ ਹੁੰਦਿਆਂ ਹੀ ਸਦੀਆਂ ਦਾ ਇਤਿਹਾਸ ਮੇਰੇ ਅੰਗ-ਸੰਗ ਤੁਰਨ ਲੱਗਾ। ਕਿਲ੍ਹਾ ਲਾਹੌਰ ਦੇ 1883-84 ਦੇ ਗਜ਼ਟੀਅਰ ਦੇ ਪੰਨਾ 176-77 ‘ਤੇ ਦਰਜ ਹੈ ਕਿ ਗੁਰੂ ਅਰਜਨ ਦੇਵ ਦੇ ਗੁਰਦੁਆਰੇ ਦੇ ਨਾਲ ਹੀ, ਕਿਲ੍ਹੇ ‘ਚ ਦਾਖ਼ਲ ਹੰੁਦਿਆਂ ‘ਸੀਤਾ’ ਦੇ ਨਾਂ ‘ਤੇ ਬਣਾਇਆ ਇਕ ਮੰਦਰ ਹੈ, ਜੋ ਹੁਣ ਖੰਡਰ ਬਣ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਕਿਲ੍ਹੇ ਦੇ ਬਣਨ ਤੋਂ ਪਹਿਲਾਂ ਰਾਵੀ ਦਰਿਆ ਦੇ ਕਿਨਾਰੇ ਉਤੇ ਇਹ ਮੰਦਰ ਬਣਾਇਆ ਗਿਆ ਸੀ। ਇਹ ਉਸ ਸਮੇਂ ਹੀ ਯਾਦਗਾਰ ਵਜੋਂ ਸੀ ਜਦੋਂ ਸੀਤਾ ਆਪਣੇ ਪੁੱਤਰਾਂ ‘ਲਵ’ ਅਤੇ ‘ਕੁਸ਼’ ਨਾਲ ਮਹਾਂਰਿਸ਼ੀ ਬਾਲਮੀਕ ਕੋਲ ਠਹਿਰੀ ਹੋਈ ਸੀ। ‘ਲਵ’ ਦੇ ਨਾਂ ‘ਤੇ ਹੀ ਲਾਹੌਰ ਵਸਿਆ ਕਿਹਾ ਜਾਂਦਾ ਹੈ। ਪਰ ਸਦੀ ਤੋਂ ਵੱਧ ਸਮਾਂ ਪਹਿਲਾਂ ਜਿਹੜਾ ਮੰਦਰ ਖੰਡਰ ਬਣ ਚੁੱਕਾ ਸੀ, ਉਸ ਦੇ ਅਵਸ਼ੇਸ਼ ਹੁਣ ਕਿਥੋਂ ਲੱਭਣੇ ਸਨ। ਹੁਣ ਤਾਂ ਕਿਲ੍ਹੇ ਅੰਦਰਲੇ ਮਹਿਲ ਵੀ ਲੁੜੀਂਦੀ ਸਾਂਭ ਸੰਭਾਲ ਨੂੰ ਤਰਸਦੇ ਖੰਡਰਾਤ ਵਿਚ ਤਬਦੀਲ ਹੁੰਦੇ ਜਾ ਰਹੇ ਸਨ।
ਇਹ ਗੱਲ ਸੋਚ ਕੇ ਬੰਦਾ ਜ਼ਰੂਰ ਰੋਮਾਂਚਿਤ ਹੋ ਜਾਂਦਾ ਹੈ ਕਿ ਇਸ ਕਿਲ੍ਹੇ ਨੂੰ ਉਸਾਰਨ ਵਿਚ ਤੇ ਇਸ ਵਿਚ ਸਮੇਂ ਸਮੇਂ ਵਾਧਾ ਕਰਨ ਵਾਲੇ ਬਾਦਸ਼ਾਹ ਕਦੀ ਇਨ੍ਹਾਂ ਰਾਹਾਂ ਉਤੇ ਵਿਚਰਦੇ ਰਹੇ ਸਨ। ਅਕਬਰ, ਜਹਾਂਗੀਰ, ਸ਼ਾਹ ਜਹਾਨ, ਔਰੰਗਜ਼ੇਬ ਤੇ ਰਣਜੀਤ ਸਿੰਘ ਹਾਥੀਆਂ ‘ਤੇ ਸਵਾਰ ਘੁੰਮ ਰਹੇ ਸਨ। ਸ਼ਾਹਾਂ ਨੂੰ ਯਾਦ ਕਰਦਿਆਂ ਸ਼ਾਹਾਂ ਦੇ ਜ਼ੁਲਮ ਵੀ ਯਾਦ ਆਏ। ਇਥੇ ਹੀ ਜਹਾਂਗੀਰ ਨੇ ਸੰਮਣ ਬੁਰਜ ਵਿਚ ਘੜਿਆਲ ਟੰਗਿਆ ਹੋਇਆ ਸੀ ਜਿਸ ਨੂੰ ਖੜਕਾ ਕੇ ਫ਼ਰਿਆਦੀ ਫ਼ਰਿਆਦ ਕਰ ਸਕਦਾ ਸੀ। ਜਹਾਂਗੀਰ ਦਾ ‘ਅਦਲ’ ਕਿਲ੍ਹੇ ਦੇ ਸਾਹਮਣੇ ਗੁਰੂ ਅਰਜਨ ਦੇਵ ਦੀ ਯਾਦਗਾਰ ਨੂੰ ਵੇਖਦਿਆਂ ਪਤਾ ਚੱਲ ਜਾਂਦਾ ਸੀ! ਇਸੇ ਹੀ ਕਿਲ੍ਹੇ ਵਿਚ ਰਣਜੀਤ ਸਿੰਘ ਤੋਂ ਬਾਅਦ ਸ਼ੁਰੂ ਹੋਏ ਕਤਲਾਂ ਦੇ ਸਿਲਸਿਲੇ ਵਿਚ ਖੜਕ ਸਿੰਘ ਦੇ ਨਜ਼ਦੀਕੀ ਮਿੱਤਰ ਚੇਤ ਸਿੰਘ ਦਾ ਡੋਗਰਿਆਂ ਨੇ ਪਹਿਲਾਂ ਕਤਲ ਕੀਤਾ ਸੀ ਤੇ ਫਿਰ ਹੌਲੀ ਹੌਲੀ ਜ਼ਹਿਰ ਦੇ ਕੇ ਖੜਕ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੰਜ ਇਥੋਂ ਸ਼ੁਰੂ ਹੋਇਆ ਕਤਲਾਂ ਦਾ ਅਮੁੱਕ ਸਿਲਸਿਲਾ ਪੰਜਾਬ ਦੇ ਕਤਲ ਦੀ ਕਹਾਣੀ ਬਣ ਗਿਆ। ਇਸੇ ਸ਼ਾਹੀ ਕਿਲ੍ਹੇ ਵਿਚ ਅੰਗਰੇਜ਼ਾਂ ਨੇ ਦੇਸ਼-ਭਗਤਾਂ ਨੂੰ ਅਕਹਿ-ਅਸਹਿ ਤਸੀਹੇ ਦਿੱਤੇ ਸਨ। ਇਥੇ ਹੀ ਸਿਰ ‘ਤੇ ਨਿੱਕੇ ਜਿਹੇ ਜੂੜੇ ਤੇ ਉਤਰਦੀ ਦਾੜ੍ਹੀ ਵਾਲੀ ਭਗਤ ਸਿੰਘ ਦੀ, ਹੱਥਕੜੀਆਂ ਤੇ ਬੇੜੀਆਂ ਸਮੇਤ ਅਲਾਣੀ ਮੰਜੀ ਉਤੇ ਬੈਠੇ ਦੀ, ਤਸਵੀਰ ਖਿੱਚੀ ਮਿਲਦੀ ਹੈ। ਸ਼ਾਇਦ ਇਥੇ ਹੀ ਅਰਜਨ ਸਿੰਘ ਗੜਗੱਜ ਦੇ ਵਾਲਾਂ ਨੂੰ ਛੱਤ ਨਾਲ ਬੰਨ੍ਹਿਆਂ ਗਿਆ ਸੀ ਤੇ ਸਿਰ ਦੀ ਚਮੜੀ ਤੇ ਵਾਲ ਉਖੜ ਕੇ ਉਪਰ ਟੰਗੇ ਰਹਿ ਗਏ ਸਨ ਤੇ ਗੜਗੱਜ ਜ਼ਮੀਨ ‘ਤੇ ਡਿੱਗ ਪਿਆ ਸੀ। ਅੱਜ ਵੀ ਸ਼ਾਹੀ ਕਿਲੇ ਦਾ ਇਕ ਹਿੱਸਾ ਤਸੀਹਾ ਕੇਂਦਰ ਵਜੋਂ ਵਰਤੋਂ ਵਿਚ ਲਿਆਂਦਾ ਜਾ ਰਿਹਾ ਸੀ। ਪਰ ਉਸ ਪਾਸੇ ਦਰਸ਼ਕਾਂ ਦਾ ਜਾਣਾ ਵਰਜਿਤ ਸੀ।
ਉਮਰ ਗਨੀ ਆਪਣੀ ਜਾਣਕਾਰੀ ਅਨੁਸਾਰ ਦੱਸੀ ਜਾ ਰਿਹਾ ਸੀ। ਕਿਤੇ ਕਿਤੇ ਡਾ. ਜਗਤਾਰ ਵੀ ਕੋਈ ਸੂਚਨਾ ਦਿੰਦਾ। ਇਸ ਰਾਹੋਂ ਸ਼ਾਹੀ ਔਰਤਾਂ ਹਾਥੀਆਂ ‘ਤੇ ਬੈਠ ਕੇ ਹਵਾਖੋਰੀ ਲਈ ਨਿਕਲਦੀਆਂ ਸਨ। ਐਧਰ ‘ਹਰਮ’ ਸਨ। ਇਹ ਦੀਵਾਨੇ-ਆਮ ਸੀ। ਅੱਗੇ ਖੁੱਲ੍ਹਾ ਦਲਾਨ ਛੱਤਿਆ ਹੋਇਆ। ਸਾਹਮਣੇ ਉੱਚੇ ਸਥਾਨ ਤੇ ਇਮਾਰਤ ਵਿਚੋਂ ਅੱਗੇ ਨੂੰ ਵਧਿਆ ਹੋਇਆ ਸੰਗਮਰਮਰੀ ਥੜ੍ਹਾ, ਜਿਥੇ ਆ ਕੇ ਬਾਦਸ਼ਾਹ ਬੈਠਿਆ ਕਰਦਾ ਸੀ ਤੇ ਸਾਹਮਣੇ ਉਸ ਦੀਆਂ ਨਜ਼ਰਾਂ ਹੇਠਾਂ ਆਦਮੀਆਂ, ਘੋੜਿਆਂ, ਹਾਥੀਆਂ ਦਾ ਜਲੂਸ ਲੰਘਦਾ ਸੀ। ਸ਼ਾਹ ਜਹਾਨ ਦੇ ਸਮੇਂ ਇਸ ਸ਼ਾਹੀ ਨਿਰੀਖਣ ਦਾ ਸਮਾਂ ਲਗਪਗ ਇਕ ਘੰਟਾ ਹੁੰਦਾ ਸੀ।
ਮੈਂ ਉਮਰ ਗਨੀ ਨੂੰ ਕਿਹਾ, ‘‘ਚਲੋ ਆਪਾਂ ਉਧਰ ਚੱਲੀਏ ਤੇ ਉਸ ਥਾਂ ‘ਤੇ ਖਲੋ ਕੇ ਵੇਖੀਏ ਜਿਥੇ ਕਦੀ ਭਾਰਤ ਦਾ ਬਾਦਸ਼ਾਹ ਖਲੋਂਦਾ ਸੀ। ਅਸੀਂ ਦੋਵੇਂ ਪੌੜੀਆਂ ਚੜ੍ਹ ਕੇ ਤਖ਼ਤ ਦੇ ਉਪਰ ਜਾ ਚੜ੍ਹੇ। ਹੇਠੋਂ ਡਾ. ਜਗਤਾਰ ਨੇ ਸਾਡੀ ਤਸਵੀਰ ਖਿੱਚ ਦਿੱਤੀ। ਇਸ ਜਗ੍ਹਾ ਦੇ ਪਿੱਛੇ ਹੀ ਸੱਜੇ ਖੱਬੇ ਕਈ ਕਮਰੇ ਸਨ ਜਿਹੜੇ ‘ਖ਼ਵਾਬਗਾਹ’ ਵਜੋਂ ਜਾਣੇ ਜਾਂਦੇ ਸਨ, ਜਿਥੇ ਬਾਦਸ਼ਾਹ ਸੌਂਦੇ ਸਨ। ਆਰਾਮ ਕਰਦੇ ਸਨ ਤੇ ਫਿਰ ਉਠ ਕੇ ਜਨਤਾ ਨੂੰ ਦਰਸ਼ਨ ਦਿੰਦੇ ਸਨ।
ਮੈਨੂੰ ਸਾਇੰਸ ਦੀ ਤਰੱਕੀ ਦਾ ਖ਼ਿਆਲ ਆਇਆ। ਉਪਰਲੀ ਸ਼੍ਰੇਣੀ ਦੇ ਅਤਿ-ਆਧੁਨਿਕ ਸਹੂਲਤਾਂ ਵਾਲੇ ਬੈੱਡ-ਰੂਮ ਚੇਤੇ ਆਏ ਤਾਂ ਮੈਨੂੰ ਭਾਰਤ ਦੇ ਉਹ ਬਾਦਸ਼ਾਹ ਗਰੀਬ ਲੱਗੇ। ਮੈਂ ਹੱਸਦਿਆਂ ਹੋਇਆਂ ਉਮਰ ਗਨੀ ਨੂੰ ਕਿਹਾ, ‘‘ਇਨ੍ਹਾਂ ਛੋਟੇ ਛੋਟੇ ਕਮਰਿਆਂ ਵਿਚ ਸੌਣ ਵਾਲੇ ਬਾਦਸ਼ਾਹ ਕੋਲ ਅੱਜ ਦੇ ਮਿਡਲ ਕਾਲਸ ਦੇ ਬੰਦੇ ਵਰਗੇ ਵੀ ਬੈੱਡ-ਰੂਮ ਨਹੀਂ ਸਨ।
ਉਮਰ ਗਨੀ ਨੇ ਕਿਹਾ, ‘‘ਏ.ਸੀ. ਦੀ ਸਹੂਲਤ ਤਾਂ ਛੱਡੋ। ਉਹਦੇ ਸਿਰ ‘ਤੇ ਤਾਂ ਕਿਲ੍ਹੇ ਗਰਮੀਆਂ ਵਿਚ ਬਿਜਲੀ ਦਾ ਪੱਖਾ ਵੀ ਨਹੀਂ ਸੀ ਚੱਲਦਾ।’’
‘‘ਵੱਡੇ ਬਾਦਸ਼ਾਹ ਬਣੇ ਫਿਰਦੇ ਸਨ!’’ ਅਸੀਂ ਠਹਾਕਾ ਲਾਇਆ। ਠੀਕ ਹੀ ਸਾਇੰਸ ਨੇ ਆਦਮੀ ਨੂੰ ਸ਼ਾਹਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ। ਪਰ ‘ਸ਼ਾਹ’ ਫਿਰ ਵੀ ਸ਼ਾਹ ਸਨ।
ਇਹ ਦੀਵਾਨੇ ਆਮ ਸੀ, ਇਸ ਦੇ ਨਾਲ ਜੁੜਵੇਂ ਕਈ ਇਸ਼ਨਾਨ ਕਮਰੇ। ਇਥੇ ਹੀ ਕਈ ਵਾਰ ਬਾਦਸ਼ਾਹ ਮੰਤਰੀ ਮੰਡਲ ਨਾਲ ਮੀਟਿੰਗ ਵੀ ਕਰ ਲੈਂਦਾ।
ਕਿਲ੍ਹੇ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਇਕ ਅਜਾਇਬ ਘਰ ਵੀ ਹੈ ਤੇ ਮੁਗ਼ਲ ਰਾਜ ਨਾਲ ਸਬੰਧਤ ਵੀ। ਜਦੋਂ ਕੋਈ ਸਿੱਖ ਜਥਾ ਆਉਂਦਾ ਹੈ ਤਾਂ ਮੁਗ਼ਲਾਂ ਵਾਲਾ ਅਜਾਇਬ ਘਰ ਬੰਦ ਕਰ ਦਿੱਤਾ ਜਾਂਦਾ ਹੈ ਤੇ ਸਿੱਖਾਂ ਵਾਲਾ ਖੋਲ੍ਹ ਦਿੱਤਾ ਜਾਂਦਾ ਹੈ। ਅਸੀਂ ਪੌੜੀਆਂ ਚੜ੍ਹ ਕੇ ਸਿੱਖ ਅਜਾਇਬ ਘਰ ਵਿਚ ਦਾਖ਼ਲ ਹੋਏ। ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਰਾਜਕਾਲ ਤੇ ਉਸ ਦੇ ਵਾਰਸਾਂ ਨਾਲ ਸਬੰਧਤ ਵਸਤਾਂ, ਹਥਿਆਰ, ਤਲਵਾਰਾਂ ਆਦਿ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਬਹੁਤ ਸਮਾਂ ਬੰਦ ਰਹਿਣ ਕਰਕੇ ਤਸਵੀਰਾਂ ਜਾਂ ਹੋਰ ਵਸਤਾਂ ਵਿਚ ਕੋਈ ਵਿਗਾੜ ਆ ਜਾਂਦਾ ਹੋਵੇਗਾ, ਸ਼ਾਇਦ ਇਸੇ ਲਈ ਬਹੁਤ ਸਾਰੀਆਂ ਵਸਤਾਂ ਤੇ ਤਸਵੀਰਾਂ ਪਲੇਟਫਾਰਮਾਂ ‘ਤੇ ਹਾਜ਼ਰ ਨਹੀਂ ਸਨ ਤੇ ਉਨ੍ਹਾਂ ਨੂੰ ਠੀਕ ਕਰਨ ਵਾਸਤੇ ਉਤਾਰੇ ਜਾਣ ਦੀ ਸੂਚਨਾ ਲੱਗੀ ਹੋਈ ਸੀ।
ਰਾਣੀ ਜਿੰਦਾਂ ਇਕ ਤਸਵੀਰ ਵਿਚ ਅੱਧਲੇਟੀ ਤਕੀਏ ਨਾਲ ਢੋ ਲਾ ਕੇ ਪਈ ਸੀ। ਦੋ ਮੁਸਲਮਾਨ ਮੁੰਡੇ ਉਸ ਤਸਵੀਰ ਵੱਲ ਵੇਖ ਕੇ ਹੌਲੀ-ਹੌਲੀ ਗੱਲਾਂ ਕਰ ਰਹੇ ਹਨ।
‘‘ਇਹ ਕਿਉਂ ਲੰਮੀ ਪਈ ਏ?’’
‘‘ਇਹ ਆਰਾਮ ਕਰਦੀ ਏ।’’
‘‘ਇਨ੍ਹਾਂ ਨੂੰ ਕੀ ਪਤਾ ਆਰਾਮ ਕਰਨ ਦਾ?’’
ਪਹਿਲੇ ਮੁੰਡੇ ਨੇ ਕਿਹਾ ਤਾਂ ਕੋਲ ਖੜੋਤਾ ਜਗਤਾਰ ਕਹਿਣ ਲੱਗਾ, ‘ਪੁੱਤਰ! ਇਨ੍ਹਾਂ ਲੋਕਾਂ ਨੂੰ ਹੀ ਤਾਂ ਆਰਾਮ ਕਰਨਾ ਆਉਂਦਾ ਸੀ।’’
ਅਸੀਂ ਹਾਲ ਵਿਚ ਘੁੰਮ ਰਹੇ ਸਾਂ ਤੇ ਮੇਰੇ ਮਨ ਵਿਚ ਬੱਚਿਆਂ ਤੇ ਜਗਤਾਰ ਦੀ ਗੱਲ ਦੇ ਆਪਣੇ ਆਪਣੇ ਅਰਥ ਘੁੰਮ ਰਹੇ ਸਨ ਤੇ ਨਾਲ ਹੀ ਜਿੰਦਾਂ ਦੀ ਦੁੱਖ ਭਰੀ ਕਹਾਣੀ ਜਿਸ ਨੂੰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਕ ਪਲ ਵੀ ਚੈਨ ਤੇ ਆਰਾਮ ਦੀ ਜ਼ਿੰਦਗੀ ਜਿਊਣ ਨੂੰ ਨਹੀਂ ਸੀ ਮਿਲੀ।
ਅਸੀਂ ਪੌੜੀਆਂ ਉੱਤਰ ਰਹੇ ਸਾਂ ਤੇ ਅੱਗੋਂ ਸਾਧਾਰਨ ਪੇਂਡੂ ਦਿਸਦੇ ਇਕ ਨੌਜਵਾਨ ਨੇ ਸਲਾਮ ਬੁਲਾਈ ਤੇ ਕਿਹਾ, ‘‘ਸਰਦਾਰ ਜੀ! ਸਾਡੇ ਪਿੰਡ ਨਹੀਂ ਜੇ ਜਾਣਾ।’’
ਅਸੀਂ ਉਹਦੀ ਪੇਸ਼ਕਸ਼ ਦਾ ਧੰਨਵਾਦ ਕੀਤਾ। ‘‘ਸਰਦਾਰ ਜੀ, ਮੈਂ ਕਿਸੇ ਐਸੇ ਵੈਸੇ ਪਿੰਡੋਂ ਨਹੀਂ ਜੇ ਆਇਆ। ਮੈਂ ਹੀਰ ਦੇ ਪਿੰਡੋਂ ਜੇ… ਝੰਗ ਸਿਆਲ ਤੋਂ।’’
ਕਿਹਾ ਜਾਂਦਾ ਹੈ ਕਿ ਹਰ ਬੰਦਾ ਹੀਰ ਦੀ ਤਾਰੀਫ਼ ਤਾਂ ਕਰਦਾ ਹੈ ਪਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਕੋਈ ਧੀ ਭੈਣ ਹੀਰ ਬਣੇ। ਆਪਣੀ ਧੀ ਦਾ ‘ਹੀਰ’ ਬਣਨਾ ਉਸ ਦੇ ਮਾਨ-ਸਨਮਾਨ ਨੂੰ ਵੱਟਾ ਲਾਉਂਦਾ ਹੈ। ਪਰ ਇਹ ਹੀਰ ਦੇ ਪਿੰਡ ਦਾ ਨੌਜਵਾਨ ‘ਹੀਰ’ ਉਤੇ ਮਾਣ ਕਰ ਰਿਹਾ ਸੀ। ਇਸੇ ਮਾਣ ਵਿਚੋਂ ਹੀ ਸਾਨੂੰ ਆਪਣੇ ਪਿੰਡ ਸੱਦ ਰਿਹਾ ਸੀ। ਉਸ ਨੂੰ ਪਤਾ ਸੀ ‘ਹੀਰ’ ਸਾਡੇ ਲਈ ਵੀ ਓਨੀ ਹੀ ਮਾਣ-ਮੱਤੀ ਹੈ ਜਿੰਨੀ ਉਸ ਲਈ। ਪੂਰਨ ਸਿੰਘ ਬੋਲ ਉਠਿਆ।
ਆ ਵੀਰਾ ਰਾਂਝਿਆ!
ਤੇ ਆ ਭੈਣ ਹੀਰੇ!
ਤੁਧ ਬਾਝੋਂ ਅਸੀਂ ਸੱਖਣੇ!
ਏਨੇ ਚਿਰ ਨੂੰ ਜਗਤਾਰ ਵੀ ਪੌੜੀਆਂ ਉਤਰ ਕੇ ਸਾਡੇ ਕੋਲ ਆ ਗਿਆ। ਨੌਜਵਾਨ ਨੇ ਉਸ ਨੂੰ ਵੀ ਉਸੇ ਉਤਸ਼ਾਹ ਨਾਲ ਸੱਦਾ ਦਿੱਤਾ। ਜਗਤਾਰ ਨੇ ਉਸ ਦੀ ਪਿੱਠ ਥਾਪੜੀ ਤੇ ਪਿਆਰ ਨਾਲ ਕਿਹਾ, ‘‘ਜਦੋਂ ਮਾਈ ਹੀਰ ਨੇ ਚਾਹਿਆ, ਜ਼ਰੂਰ ਆਵਾਂਗੇ… ਤੇਰੇ ਪਿੰਡ  ਵੀ…’’
ਬਾਬਾ ਫਰੀਦ ਦੇ ਅਸਥਾਨ ਪਾਕ-ਪਟਨ ਬਾਰੇ ਵੀ ਉਹ ਇਕ ਦਿਨ ਇਸੇ ਅੰਦਾਜ਼ ਵਿਚ ਕਹਿ ਰਿਹਾ ਸੀ। ‘‘ਜਦੋਂ ਮੇਰੇ ਬਾਬੇ ਨੇ ਬੁਲਾਇਆ, ਉਦੋਂ ਜਾਣੋਂ ਕਿਸੇ ਰੋਕ ਨਹੀਂ ਸਕਣਾ।’’
‘‘ਮੇਰਾ ਪਤਾ ਲਿਖ ਲਵੋ। ਤੇ ਆਣਾ ਜ਼ਰੂਰ ਜੇ… ਮੈਂ ਸਭ ਥਾਂ ਦਿਖਾਵਾਂਗਾ… ਤੇ ਜਿੰਨਾ ਚਿਰ ਚਾਹੋ ਆਪਣੇ ਕੋਲ ਰੱਖਾਂਗਾਂ… ਐਥੇ ਕਰਕੇ…’’
ਉਸਨੇ ਹੱਥ ਆਪਣੀ ਛਾਤੀ ਨਾਲ ਲਾਇਆ।
ਸ਼ੀਸ਼ ਮਹਿਲ ਤੇ ਹੋਰ ਮਹਿਲਾਂ ਵੱਲ ਚਲਾਵੀਂ ਜਿਹੀ ਨਜ਼ਰ ਮਾਰਦੇ ਅਸੀਂ ਅੱਗੇ ਤੋਂ ਅੱਗੇ ਤੁਰੇ ਜਾ ਰਹੇ ਸਾਂ। ਗਰਮੀ ਦਾ ਮੌਸਮ ਸੀ ਤੇ ਜਗਤਾਰ ਥਕਾਵਟ ਮਹਿਸੂਸ ਕਰ ਰਿਹਾ ਸੀ। ਅਸੀਂ ਆਰਾਮ ਕਰਨ ਲਈ ਕਿਲ੍ਹੇ ਦੇ ਵੱਡੇ ਬਾਗ਼ ਦੇ ਕਿਨਾਰੇ ਬਣੀ ਖਾਣ-ਪਾਨ ਦੀ ਦੁਕਾਨ ‘ਤੇ ਗਏ। ਪਿੱਪਲ ਦੇ ਵੱਡੇ ਦਰਖਤਾਂ ਦੀ ਛਾਵੇਂ ਬੈਠ ਗਏ, ਠੰਢਾ ਪਾਣੀ ਪੀਤਾ ਤੇ ਕੁਝ ਚਿਰ ਵਿਸ਼ਰਾਮ ਕੀਤਾ। ਰਿਜ਼ਵਾਨ ਨੂੰ ਗਿਆਂ ਦੋ ਘੰਟੇ ਹੋ ਗਏ ਸਨ। ਕਿਤੇ ਬਾਹਰ ਆ ਕੇ ਸਾਨੂੰ ਉਡੀਕ ਹੀ ਨਾ ਰਿਹਾ ਹੋਵੇ।
ਅਸੀਂ ਛੇਤੀ ਛੇਤੀ ਬਾਹਰ ਗਏ ਪਰ ਨਾ ਤਾਂ ਰਿਜ਼ਵਾਨ ਅਤੇ ਨਾ ਹੀ ਕਿਧਰੇ ਕਾਰ ਦਿਖਾਈ ਦਿੱਤੀ।
‘‘ਹੁਣ ਤਕ ਉਸ ਨੂੰ ਆ ਤਾਂ ਜਾਣਾ ਚਾਹੀਦਾ ਸੀ।’’ ਉਮਰ ਗਨੀ ਨੇ ਆਪਣੇ ਆਪ ਨਾਲ ਗੱਲ ਕੀਤੀ।
ਕਿਲ੍ਹੇ ਦੇ ਦਰਵਾਜ਼ੇ ਅਤੇ ਹਜ਼ੂਰੀ ਬਾਗ਼ ਦੇ ਦਰਮਿਆਨ ਕੇਵਲ ਇਕ ਸੜਕ ਹੀ ਸੀ। ਸੜਕ ਪਾਰ ਕਰਕੇ ਅਸੀਂ ਪ੍ਰਸਿੱਧ ਹਜ਼ੂਰੀ ਬਾਗ਼ ਵਿਚ ਦਾਖ਼ਲ ਹੋਏ ਜਿਸ ਦੇ ਐਨ ਵਿਚਕਾਰ ਸੰਗਮਰਮਰੀ ਬਾਰਾਂਦਰੀ ਬਣੀ ਹੋਈ ਸੀ ਤੇ ਗਰਮੀ ਤੋਂ ਬਚਣ ਲਈ ਕੁਝ ਲੋਕ ਉਸ ਦੀ ਛਾਵੇਂ ਹਵਾ-ਹਰੇ ਬੈਠੇ ਸਨ। ਹਜ਼ੂਰੀ ਬਾਗ਼ ਦੇ ਸੱਜੇ ਹੱਥ ਹੀ ਹੈ ਉਹ ਦਰਵਾਜ਼ਾ ਜਿਸ ਵਿਚੋਂ ਲੰਘਣ ਸਮੇਂ ਕੰਵਰ ਨੌ ਨਿਹਾਲ ਸਿਘ ਨੂੰ ਛੱਜੇ ਹੇਠਾਂ ਦੇ ਕੇ ਕਤਲ ਕੀਤਾ ਗਿਆ ਸੀ। ਉਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਨਾਲ ਜੁੜਵਾਂ ਗੁਰਦੁਆਰਾ ਡੇਰਾ ਸਾਹਿਬ ਸੀ।
ਕਿਲ੍ਹੇ ਦੇ ਸਾਹਮਣੇ ਹਜ਼ੂਰੀ ਬਾਗ਼ ਤੋਂ ਪਾਰ ਸੀ ਜਾਮਾ ਮਸਜਿਦ, ਜਿਸ ਨੂੰ ਸ਼ਾਹੀ ਮਸਜਿਦ ਵੀ ਕਿਹਾ ਜਾਂਦਾ ਹੈ। ਮਸਜਿਦ ਦੇ ਪੈਰਾਂ ਵਿਚ ਸੱਜੇ ਹੱਥ ਅਲਾਮਾ ਇਕਬਾਲ ਦਾ ਮਕਬਰਾ ਸੀ। ਜਗਤਾਰ, ਖਾਵਰ ਰਾਜਾ ਅਤੇ ਉਸ ਦੇ ਬੱਚੇ ਬਾਰਾਂਦਰੀ ਦੀ ਛਾਵੇਂ ਬੈਠ ਗਏ। ਇਕ ਤਾਂ ਜਗਤਾਰ ਨੇ ਸਭ ਕੁਝ ਪਹਿਲਾਂ ਵੇਖਿਆ ਹੋਇਆ ਸੀ ਤੇ ਦੂਜਾ ਇਥੇ ਬੈਠੇ ਉਹ ਰਿਜ਼ਵਾਨ ਨੂੰ ਲੱਭ ਸਕਦੇ ਸਨ।
ਮੈਂ ਤੇ ਉਮਰ ਗਨੀ ਡਾ. ਇਕਬਾਲ ਦੇ ਮਕਬਰੇ ‘ਤੇ ਗਏ ਅਤੇ ਆਪਣਾ ਸਤਿਕਾਰ ਪੇਸ਼ ਕੀਤਾ। ‘ਪਾਕਿਸਤਾਨ’ ਦੇ ਵਿਚਾਰ ਦੇ ਜਨਮਦਾਤਾ ਡਾ. ਇਕਬਾਲ ਦੇ ਮਕਬਰੇ ਤੇ ਸੁਰੱਖਿਆ ਕਰਮਚਾਰੀ ਤੈਨਾਤ ਸਨ। ਦੀਵਾਰਾਂ ‘ਤੇ ਅੰਦਰਵਾਰ ਡਾ. ਇਕਬਾਲ ਦੇ ਪ੍ਰਸਿੱਧ ਸ਼ਿਅਰ ਦਰਜ ਸਨ। ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’ ਲਿਖਣ ਵਾਲੇ ਸ਼ਾਇਰ ਨੂੰ ਆਖ਼ਰ ਕਿਉਂ ‘ਪਾਕਿਸਤਾਨ’ ਬਣਾਉਣ ਦਾ ਵਿਚਾਰ ਪੇਸ਼ ਕਰਨਾ ਪਿਆ। ਕੀ ਉਹਦੇ ਇਸੇ ਤਰਾਨੇ ਵਿਚ ਹੀ ਇਕ ਹਕੀਕਤ ਨਹੀਂ ਸੀ ਛੁਪੀ ਹੋਈ ਜਦੋਂ ਉਸ ਨੇ ਇਹ ਵੀ ਕਿਹਾ:
ਇਕਬਾਲ ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇਂ,
ਕੋਈ ਨਹੀਂ ਜੋ ਸਮਝੇ ਦਰ ਦੇ ਨਿਹਾਂ ਹਮਾਰਾ।
ਇਹ ਅੰਦਰ ਦਾ ਕਿਹੜਾ ਦਰਦ ਸੀ ਜਿਹੜਾ ਨਹੀਂ ਸੀ ਸਮਝਿਆ ਗਿਆ। ਕਿਤੇ ਇਹ ਹਿੰਦੂ ਧਰਮ ਦੀ ਉਹ ਕੱਟੜਤਾ ਤਾਂ ਨਹੀਂ ਸੀ, ਜਿਸ ਨੇ ਮੁਸਲਮਾਨਾਂ ਨੂੰ ਮਜ਼੍ਹਬੀ ਤੌਰ ‘ਤੇ ਸਦਾ ਹੀ ਆਪਣੇ ਤੋਂ ਹੀਣੇ ਅਤੇ ਬੌਣੇ ਸਮਝਿਆ। ਉਨ੍ਹਾਂ ਨੂੰ ਆਪਣੇ ਨੇੜੇ ਨਾ ਲੱਗਣ ਦਿੱਤਾ। ਹਮੇਸ਼ਾ ਅਛੂਤ ਸਮਝ ਕੇ ਵਿਹਾਰ ਕੀਤਾ।
ਲਾਹੌਰ ਰੇਡੀਓ ਤੇ ਇਕ ਵਾਰ ਪਾਕਿਸਤਾਨ ਬਣਨ ਦੇ ਹੱਕ ਵਿਚ ਨਜ਼ਾਮਦੀਨ ਇਕ ਮਿਸਾਲ ਦੇ ਰਿਹਾ ਸੀ।
‘‘ਚੌਧਰੀ ਜੀ, ਪਾਕਿਸਤਾਨ ਬਣਨ ਨਾਲ ਸਾਨੂੰ ਸਾਡਾ ਘਰ ਮਿਲਿਐ। ਇੱਜ਼ਤ ਤੇ ਆਬਰੂ ਮਿਲੀ ਹੈ। ਅਸੀਂ ਵੀ ਜ਼ਮੀਨਾਂ ਜਾਇਦਾਦਾਂ ਵਾਲੇ ਬਣੇ ਆਂ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਗਰੀਬ ਮੁਸਲਮਾਨਾਂ ਦੀ ਹਾਲਤ ਕੀ ਸੀ, ਉਹ ਵੀ ਸੁਣ ਲਓ।
ਸਾਡੇ ਪਿੰਡ ਇਕ ਕਾਂਸ਼ੀ ਬਾਹਮਣ ਹੁੰਦਾ ਸੀ। ਉਹਦੀ ਕੁੜੀ ਦਾ ਵਿਆਹ ਸੀ। ਉਨ੍ਹਾਂ ਨੇ ਹਲਵਾ ਬਣਾ ਕੇ ਪਰਾਤਾਂ ਵਿਚ ਪਾ ਕੇ ਬਾਹਰ ਵਿਹੜੇ ਵਿਚ ਠੰਢਾ ਹੋਣ ਲਈ ਰੱਖਿਆ। ਉਨ੍ਹਾਂ ਦੇ ਵਿਹੜੇ ਦੀ ਇਕ ਕੰਧ ‘ਤੇ ਮੁਸਲਮਾਨ ਸਨ ਤੇ ਦੂਜੀ ‘ਤੇ ਕੁੱਤੇ। ‘ਘੁਰ ਘੁਰ’ ਕਰਦੇ ਕੁੁੱਤੇ ਆਪਸ ਵਿਚ ਲੜ ਪਏ ਤੇ ਇਕ ਕੁੱਤਾ ਇਕ ਪਰਾਤ ਵਿਚ ਡਿੱਗ ਪਿਆ। ਉਸ ਪਰਾਤ ਵਾਲਾ ਹਲਵਾ ਉਨ੍ਹਾਂ ਨੇ ਸਾਡੇ ਮੁਸਲਮਾਨਾਂ ਵਿਚ ਵੰਡਿਆ। ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ।’’
ਨਜ਼ਾਮਦੀਨ ਦਾ ਹਸਾਉਣੇ ਢੰਗ ਨਾਲ ਬਹੁਤ ਹੀ ਕਾਟਵੀਂ ਗੱਲ ਕਰਨ ਦਾ ਇਕ ਆਪਣਾ ਹੀ ਅੰਦਾਜ਼ ਸੀ। ਨਿਸਚੈ ਹੀ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰੇ ਮੁਸਲਮਾਨਾਂ ਦੀ ਅਜਿਹੀ ਹਾਲਤ ਨਹੀਂ ਸੀ। ਉਹ ਵੱਡੀਆਂ ਜ਼ਮੀਨਾਂ, ਜਾਇਦਾਦਾਂ ਤੇ ਸਰਦਾਰੀਆਂ ਵਾਲੇ ਵੀ ਸਨ। ਪਰ ਨਜ਼ਾਮਦੀਨ ਇਥੇ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੀ ਕਰ ਰਿਹਾ। ਉਹ ਗੱਲ ਕਰ ਰਿਹਾ ਸੀ ਛੋਟੇ ਗ਼ਰੀਬ ਮੁਸਲਮਾਨਾਂ ਦੀ ਆਰਥਿਕ ਤੰਗਦਸਤੀ ਦੀ, ਜਿਨ੍ਹਾਂ ਦੀ ਹਾਲਤ, ਬਕੌਲ ਉਸ ਦੇ ਪਾਕਿਸਤਾਨ ਬਣਨ ਤੋਂ ਬਾਅਦ ਸੁਧਰ ਗਈ ਸੀ। ਕਿੰਨੀ ਕੁ ਸੁਧਰੀ ਸੀ ਇਹ ਤਾਂ ਪਾਕਿਸਤਾਨ ਦੇ ਲੋਕ ਹੀ ਜਾਣਦੇ ਨੇ ਪਰ ਨਜ਼ਾਮਦੀਨ ਦੀ ਇਕ ਗੱਲ ਬਹੁਤ ਬਾਰੀਕ ਤੇ ਡੂੰਘੀ ਸੀ। ਉਸ ਅਨੁਸਾਰ ਸਮਾਜਿਕ ਤੇ ਸਭਿਆਚਾਰਕ ਜਾਂ ਜਾਤੀਗਤ ਪੱਧਰ ‘ਤੇ ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਨ੍ਹਾਂ ਦੀ ਹਾਲਤ ਨੂੰ ਇਨਸਾਨ ਦੀ ‘ਕੁੱਤੇ’ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤਕ ਵਿਅੰਗ ਸੀ। ਕੀ ਡਾ. ਇਕਬਾਲ ਦੇ ਅੰਦਰ ਵੀ ਮੁਸਲਮਾਨਾਂ ਦੇ ‘ਅਛੂਤ’ ਸਮਝੇ ਜਾਣ ਦਾ ਦਰਦ ਹੀ ਤਾਂ ਨਹੀਂ ਸੀ ਵਿਲਕਦਾ ਪਿਆ ਜਿਹੜਾ ਆਖ਼ਰਕਾਰ ‘ਪਾਕਿਸਤਾਨ’ ਦਾ ਵਿਚਾਰ ਬਣ ਕੇ ਉਸ ਦੇ ਮਨ ਵਿਚੋਂ ਉੱਬਲ ਪਿਆ।
ਅਸੀਂ ਡਾ. ਇਕਬਾਲ ਦੇ ਸਦਾ ਜਿਉਂਦੇ ਸ਼ਿਅਰਾਂ ਦਾ ਜ਼ਿਕਰ ਕਰਕੇ ਇਕ ਵਾਰ ਫੇਰ ਉਸ ਮਹਾਨ ਸ਼ਾਇਰ ਨੂੰ ਨਮਸਕਾਰ ਕੀਤੀ ਤੇ ਬਾਹਰ ਆਏ। ਰਿਜ਼ਵਾਨ ਕਿਸੇ ਵੇਲੇ ਵੀ ਆ ਸਕਦਾ ਸੀ ਤੇ ਅਸੀਂ ਵਾਪਸ ਵੀ ਜਾਣਾ ਸੀ, ਕਿਉਂਕਿ ਉਮਰ ਗਨੀ ਨੇ ਸਾਨੂੰ ਉਤਾਰ ਕੇ ਅੱਜ ਪਾਕ ਪਟਨ ਵੀ ਪਰਤਣਾ ਸੀ।
‘‘ਕੋਈ ਨਹੀਂ ਜੇ ਰਹਿਣਾ ਪਿਆ ਤਾਂ ਮੈਂ ਅੱਜ ਵੀ ਠਹਿਰ ਜਾਵਾਂਗਾ। ਇਹ ਦਿਨ ਕਿਹੜੇ ਰੋਜ਼ ਰੋਜ਼ ਲੱਭਣੇ ਨੇ।’’
ਉਮਰ ਗਨੀ ਨੇ ਕਿਹਾ ਤਾਂ ਸੱਚੀਂ-ਮੁੱਚੀ ਹਵਾ ਦਾ ਠੰਢਾ ਬੁੱਲਾ ਆਇਆ। ਇਸ ਦੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਵਲੋਂ ਕਾਲੇ ਸਿਆਹ ਬੱਦਲ ਆਸਮਾਨ ‘ਤੇ ਉਭਰਦੇ ਦਿਸੇ ਅਤੇ ਕੁਝ  ਹੀ ਪਲਾਂ ਵਿਚ ਅਸਮਾਨ ਬੱਦਲਾਂ ਨਾਲ ਭਰ ਗਿਆ। ਮੌਸਮ ਬਹੁਤ ਹੀ ਖ਼ੁਸ਼ਗਵਾਰ ਹੋ ਗਿਆ ਸੀ। ਲੱਗਦਾ ਸੀ, ਮੀਂਹ ਹੁਣੇ ਹੀ ਆਇਆ ਕਿ ਆਇਆ।
ਅਸੀਂ ਛੇਤੀ ਛੇਤੀ ਸ਼ਾਹੀ ਮਸਜਿਦ ਦੀਆਂ ਪੌੜੀਆਂ ਚੜ੍ਹੇ ਅਤੇ ਸ਼ਾਹੀ ਸ਼ਾਨ ਵਾਲਾ ਦਰਵਾਜ਼ਾ ਲੰਘ ਕੇ ਅੰਦਰ ਗਏ। ਇਸ ਮਸਜਿਦ ਦੀ ਉਸਾਰੀ ਲਾਲ ਪੱਥਰ ਨਾਲ ਹੋਈ ਹੈ। ਪਹਿਲਾ ਪ੍ਰਭਾਵ ਜੋ ਮਸਜਿਦ ਦੇ ਅੰਦਰ ਵੜਦਿਆਂ ਪਿਆ ਉਹ ਸੀ ਇਸ ਦੀ ਮਹਾਨ ਵਿਸ਼ਾਲਤਾ ਦਾ ; ਖੁੱਲ੍ਹੇਪਨ ਦਾ। ਇਸ ਦੇ ਉੱਚੇ ਮੀਨਾਰ ਮੀਲਾਂ ਤਕ ਦਿਖਾਈ ਦਿੰਦੇ ਹਨ। 1084 ਹਿਜਰੀ ਜਾਂ 1674 ਵਿਚ ਇਹ ਮਸਜਿਦ ਫ਼ਿਦਾ ਖ਼ਾਨ ਨੇ ਸ਼ਹਿਨਸ਼ਾਹ ਔਰਗਜ਼ੇਬ ਲਈ ਬਣਵਾਈ ਸੀ।
ਹਵਾ ਤੇਜ਼ ਹੋ ਗਈ ਸੀ ਤੇ ਨਿੱਕੀ ਜਿਹੀ ਕਣੀ ਵੀ ਡਿੱਗਣ ਲੱਗੀ।
‘‘ਮੈਨੂੰ ਧਾਰਮਿਕ ਸਥਾਨਾਂ ਦੀ ਅਜਿਹੀ ਵਿਸ਼ਾਲਤਾ ਮਨ ਨੂੰ ਬਹੁਤ ਸਕੂਨ ਦੇਣ ਵਾਲੀ ਲੱਗਦੀ ਹੈ। ਇਹ ਮਾਹੌਲ ਸ਼ਾਇਦ ਬੰਦੇ ਅੰਦਰਲੇ ਨੂੰ ਵੀ ਸੌੜਾਪਣ ਛੱਡ ਕੇ ਚੁੜਿਤਣ ਬਖ਼ਸ਼ਦਾ ਹੋਵੇ।’’
ਉਮਰ ਗਨੀ ਮੇਰੀ ਇਸ ਗੱਲ ਨਾਲ ਸਹਿਮਤ ਸੀ। ਅਸੀਂ ਦੂਰ ਤਕ ਨਿੱਕੀਆਂ ਨਿੱਕੀਆਂ ਕਣੀਆਂ ਵਿਚ ਨਿੱਕੀਆਂ ਗੱਲਾਂ ਕਰਦੇ ਗਏ। ਮਸਜਿਦ ਵਿਚ ਇਕ ਵੱਡਾ ਅਜਾਇਬ ਘਰ ਵੀ ਹੈ, ਜਿਥੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਪਵਿੱਤਰ ਵਸਤਾਂ ਤੇ ਕੱਪੜੇ ਵੀ ਸਾਂਭੇ ਹੋਏ ਹਨ। ਪਰ ਇਕ ਤਾਂ ਮੀਂਹ ਆਉਣ ਵਾਲਾ ਸੀ ਤੇ ਦੂਜਾ ਜਗਤਾਰ ਹੁਰੀਂ ਬਾਹਰ ਹਜ਼ੂਰੀ ਬਾਗ਼ ਵਿਚ ਬੈਠੇ ਹੋਏ ਸਾਨੂੰ ਉਡੀਕ ਰਹੇ ਸਨ। ਉਧਰ ਸ਼ਾਇਦ ਰਿਜ਼ਵਾਨ ਵੀ ਆ ਗਿਆ ਹੋਵੇ। ਇਸ ਲਈ ਅਸੀਂ ਸ਼ਾਹੀ ਮਸਜਿਦ ਦੇ ਥੋੜ੍ਹੇ ਦਰਸ਼ਨਾਂ ਨੂੰ ਬਹੁਤਾ ਸਮਝਦੇ ਹੋਏ ਬਾਹਰ ਆਏ।
ਮਸਜਿਦ ਦੀਆਂ ਵਿਸ਼ਾਲ ਪੌੜੀਆਂ ਉਤਰਦੇ ਸਮੇਂ ਅਸੀਂ ਵੇਖਿਆ ਜਗਤਾਰ ਹੁਰੀਂ ਬਾਰਾਂਦਰੀ ਦੇ ਫਰਸ਼ ‘ਤੇ ਬੈਠੇ ਕਿਸੇ ਮੁਸਲਮਾਨ ਪਰਿਵਾਰ ਨਾਲ ਗੱਲੀਂ ਰੁੱਝੇ ਹੋਏ ਸਨ। ਜਗਤਾਰ ਨੇ ਉਨ੍ਹਾਂ ਨਾਲ ਸਾਡੀ ਜਾਣ-ਪਛਾਣ ਕਰਵਾਈ। ਉਸ ਆਦਮੀ ਨੇ ਮੋਟੇ ਮੋਟੇ ਸੰਤਰੇ ਸਾਡੇ ਹੱਥ ਫੜਾਏ। ਉਹ ਕੈਨੇਡਾ ਤੋਂ ਆਪਣੇ ਵਤਨ ਪਾਕਿਸਤਾਨ ਆਇਆ ਹੋਇਆ ਸੀ ਤੇ ਆਪਣੇ ਪਰਿਵਾਰ ਨਾਲ ਸੈਰ-ਸਪਾਟੇ ਲਈ ਨਿਕਲਿਆ ਹੋਇਆ ਸੀ। ਉਹ ਵਾਰ ਵਾਰ ਆਪਣਾ ਪਤਾ ਦੱਸ ਰਿਹਾ ਸੀ ਤੇ ਕੈਨੇਡਾ ਆਪਣੇ ਕੋਲ ਆ ਕੇ ਠਹਿਰਨ ਦਾ ਸੱਦਾ ਦੇ ਰਿਹਾ ਸੀ।
ਦੁਪਹਿਰ ਢਲ ਚੁੱਕੀ ਸੀ, ਪਰ ਰਿਜ਼ਵਾਨ ਅਜੇ ਵੀ ਨਹੀਂ ਸੀ ਆਇਆ। ਦੱਸੇ ਸਮੇਂ ਤੋਂ ਤਾਂ ਤਿਗੁਣਾ ਸਮਾਂ ਹੋ ਗਿਆ ਸੀ। ਅਸੀਂ ਚਿੰਤਾ ਵਿਚ ਸਾਂ ਕਿ ਕਿਤੇ ਐਕਸੀਡੈਂਟ ਹੀ ਨਾ ਹੋ ਗਿਆ ਹੋਵੇ।
‘‘ਓ ਨਹੀਂ, ਉਹ ਜੌਹਰ ਨੂੰ ਲੈ ਕੇ ਉਹਦੇ ਕੰਮ ਧੰਦੇ ਕਰਵਾਉਂਦਾ ਫਿਰਦਾ ਹੋਣੈ…’’ ਜਗਤਾਰ ਖਿਝ ਗਿਆ ਸੀ। ਉਸ ਦੀ ਖਿਝ ਜਾਇਜ਼ ਸੀ।
‘‘ਕੋਈ ਨਹੀਂ ਡਾਕਟਰ ਸਾਹਿਬ! ਹੁਣ ਉਡੀਕਣ ਬਿਨਾਂ ਚਾਰਾ ਹੀ ਕੋਈ ਨਹੀਂ’’ ਮੈਂ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ।
‘‘ਉਮਰ ਗਨੀ ਯਾਰ! ਤੂੰ ਮੇਰੀ ਗੱਲ ਸੁਣ!’’ ਜਗਤਾਰ ਨੇ ਉਮਰ ਗਨੀ ਨੂੰ ਬਾਹੋਂ ਫੜਿਆ, ‘‘ਤੂੰ ਦੱਸ! ਤੈਨੂੰ ਫੋਨ ਕਰਕੇ ਮੈਂ ਪਾਕ ਪਟਨ ਤੋਂ ਸੱਦਿਐ ਨਾ? ਤੂੰ ਕਾਰ ਮੇਰੇ ਲਈ ਲੈ ਕੇ ਆਇਆ ਨਾ’’
ਉਮਰ ਗਨੀ ਮੁਸਕਰਾਉਂਦਾ ਹੋਇਆ ਹਾਂ ਆਖੀ ਜਾ ਰਿਹਾ ਸੀ ਤੇ ਹਕੀਕਤ ਵੀ ਇਹੋ ਸੀ।
‘‘ਤਾਂ ਫਿਰ ਇਹ ਸਵੇਰ ਦਾ ਕਾਰ ‘ਤੇ ਕਬਜ਼ਾ ਕਿਉਂ ਕਰੀ ਫਿਰਦਾ ਏ। ਅਸੀਂ ਮੂੰਹ ਚੁੱਕ ਕੇ ਉਹਨੂੰ ਉਡੀਕਦੇ ਪਏ ਆਂ।’’
‘‘ਹੁਣ ਉਹ ਆਖਦਾ ਸੀ। ਏਨਾ ਤਾਂ ਕਰਨਾ ਹੀ ਪੈਂਦਾ। ਸੁੱਖ ਹੋਵੇ ਸਹੀ।’’ ਗਨੀ ਆਪ ਵੀ ਛਿੱਥਾ ਪਿਆ ਹੋਇਆ ਸੀ। ਹੁਣ ਹੋਰ ਉਹ ਕੀ ਜੁਆਬ ਦਿੰਦਾ।
‘‘ਸੁਖ ਹੀ ਹੋਣੀ ਏਂ, ਸੁਖ ਨੂੰ ਕੀ ਐਂ’’, ਜਗਤਾਰ ਨੇ ਕਿਹਾ।
ਕੁਝ ਚਿਰ ਉਥੇ ਹੋਰ ਉਡੀਕ ਕੇ ਅਸੀਂ ਕਿਲ੍ਹੇ ਵਾਲੀ ਸੜਕ ਵੱਲ ਆ ਗਏ। ਕਾਰ ਏਥੇ ਹੀ ਆਉਣੀ ਸੀ। ਬੇਸਬਰੀ ਨਾਲ ਮੂੰਹ ਚੁੱਕ ਕੇ ਦੂਰ ਤਕ ਵਿੰਹਦੇ ਅਸੀਂ ਸੜਕ ‘ਤੇ ਹੀ ਏਧਰ ਉਧਰ ਘੁੰਮਣ ਲੱਗੇ। ਅਚਨਚੇਤ ਕਣੀਆਂ ਤੇਜ਼ ਹੋ ਗਈਆਂ ਤੇ ਛੜਾਕੇ ਨਾਲ ਮੀਂਹ ਉਤਰ ਪਿਆ। ਅਸੀਂ ਭੱਜ ਕੇ ਕਿਲ੍ਹੇ ਦੇ ਦਰਵਾਜ਼ੇ ਹੇਠਾਂ ਜਾ ਖੜੋਤੇ। ਹੋਰ ਲੋਕ ਵੀ ਮੀਂਹ ਤੋਂ ਬਚਦੇ ਬਚਾਉਂਦੇ ਦਰਵਾਜ਼ੇ ਦੀ ਡਿਉਢੀ ਹੇਠਾਂ ਆ ਗਏ। ਕਾਫ਼ੀ ਭੀੜ ਹੋ ਗਈ ਸੀ। ਕੁਝ ਸਿੱਖ ਯਾਤਰੀ ਵੀ ਸਨ ਪਰ ਬਹੁਤੀ ਭੀੜ ਸਥਾਨਕ ਮੁਸਲਮਾਨਾਂ ਦੀ ਸੀ। ਸਾਡੀਆਂ ਅੱਖਾਂ ਵਰ੍ਹਦੇ ਮੀਂਹ ਵਿਚ ਲੰਘਦੀ ਆਉਂਦੀ ਹਰ ਕਾਰ ‘ਤੇ ਨਜ਼ਰ ਰੱਖ ਲਈਆਂ ਸਨ।
‘‘ਔਹ ਲੰਘੇ ਨੇ…’’ ਉਮਰ ਗਨੀ ਨੇ ਡਿਉਢੀ ਅੱਗੋਂ ਲੰਘਦੀ ਆਪਣੀ ਕਾਰ ਪਛਾਣ ਲਈ। ਡਰਾਈਵਰ ਨੇ ਮੋੜ ਕੇ ਕਾਰ ਡਿਉਢੀ ਅੱਗੇ ਲਾਈ ਤੇ ਰਿਜ਼ਵਾਨ ਸਾਡੇ ਕੋਲ ਆਣ ਖਲੋਤਾ। ਉਹ ਆਪੇ ਹੀ ਸਪਸ਼ਟੀਕਰਨ ਦੇਣ ਲੱਗਿਆ, ‘‘ਜੌਹਰ ਸਾਹਿਬ ਨੇ ਪਹਿਲਾਂ ਤਾਂ ਸਾਮਾਨ ਪੈਕ ਕਰਦਿਆਂ ਵਾਹਵਾ ਚਿਰ ਲਾ ਦਿੱਤਾ। ਫਿਰ ਕਹਿੰਦੇ ਥੋੜ੍ਹੀ ਜਿਹੀ ਸ਼ਾਪਿੰਗ ਕਰ ਲਈਏ। ਹੁਣ ਆਪਣੇ ਮਹਿਮਾਨ ਸਨ, ਵਿਚੋਂ ਛੱਡ ਕੇ ਤਾਂ ਆ ਨਹੀਂ ਸਾਂ ਸਕਦਾ। ਮੈਨੂੰ ਪਤਾ ਸੀ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ… ਪਰ…’’
ਜਗਤਾਰ ਭਰਿਆ ਪੀਤਾ ਉਹਦੇ ਮੂੰਹ ਵੱਲ ਵੇਖ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ, ‘‘ਜੇ ਆਪਣੇ ਮਹਿਮਾਨ ਸਨ ਤੇ ਉਨ੍ਹਾਂ ਨੂੰ ਛੱਡਿਆ ਨਹੀਂ ਸੀ ਜਾ ਸਕਦਾ ਤਾਂ ਵੀਰ ਆਪ ਪੈਸੇ ਖਰਚ ਕੇ ਆਪਣੀ ਟੈਕਸੀ ਕਰ ਲੈਣੀ ਸੀ। ਅਸੀਂ ਜੂ ਏਨੇ ਚਿਰ ਦਾ ਤੇਰੇ ਵੱਲ…’’
‘‘ਕੋਈ ਨਹੀਂ ਡਾਕਟਰ ਸਾਹਿਬ ਕੋਈ ਨਹੀਂ’’ ਉਮਰ ਗਨੀ ਨੇ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ। ਬਬੋਲਿੱਕੇ ਰਿਜ਼ਵਾਨ ਨੂੰ ਕੋਈ ਗੱਲ ਔੜ ਨਹੀਂ ਸੀ ਰਹੀ। ਮੈਂ ਉਹਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਚੁੱਪ ਹੀ ਰਹਿਣ ਲਈ ਕਿਹਾ। ਮੈਂ ਉਮਰ ਗਨੀ ਨੂੰ ਕਿਹਾ ਕਿ ਜਗਤਾਰ ਤੇ ਖਾਵਰ ਹੁਰੀਂ ਕਾਰ ‘ਤੇ ਬੈਠ ਕੇ ਚਲੇ ਜਾਣ। ਆਪਾਂ ਤਿਨੇ ਪਿੱਛੋਂ ਵੱਖਰੇ ਤੌਰ ‘ਤੇ ਚਲੇ ਜਾਂਦੇ ਹਾਂ। ਜਗਤਾਰ ਹੁਰੀਂ ਸਾਡੇ ਆਖੇ ਲੱਗ ਕੇ ਚਲੇ ਗਏ। ਅਸੀਂ ਕਣੀਆਂ ਹਟਣ ਦੀ ਇੰਤਜ਼ਾਰ ਵਿਚ ਰੁਕੇ ਹੋਏ ਸਾਂ। ਡਿਉਢੀ ਵਿਚ ਰੁਕੀ ਹੋਈ ਭੀੜ ਸਾਡੀ ਵਾਰਤਾਲਾਪ ਸੁਣ ਚੁੱਕੀ ਸੀ ਤੇ ਦਿਲਚਸਪੀ ਨਾਲ ਸਾਡੇ ਵੱਲ ਵੇਖ ਰਹੀ ਸੀ। ਰਿਜ਼ਵਾਨ ਅਜੇ ਵੀ ਸਪਸ਼ਟੀਕਰਨ ਦੇਣਾ ਚਾਹ ਰਿਹਾ ਸੀ। ਮੈਂ ਉਸ ਨੂੰ ਚੁੱਪ ਰਹਿਣ ਲਈ ਕਿਹਾ।
‘‘ਡਾਕਟਰ ਸਾਹਿਬ ਨਰਾਜ਼ ਹੋ ਗਏ ਨੇ,’’ ਅਫਸੋਸ ਵਿਚ ਉਮਰ ਗਨੀ ਨੇ ਕਿਹਾ।
‘‘ਫ਼ਿਕਰ ਨਾ ਕਰੋ। ਡਾਕਟਰ ਸਾਹਿਬ ਦੇ ਮਨ ਵਿਚ ਲੰਮੇ ਗੁੱਸੇ ਨਹੀਂ ਹੁੰਦੇ। ਉਨ੍ਹਾਂ ਦਾ ਗੁੱਸਾ ਪਲ ਦੀ ਪਲ ਔਹ ਮੀਂਹ ਦੇ ਛਰਾਟੇ ਵਾਂਗ ਹੀ ਹੁੰਦਾ ਹੈ, ਹੁਣ ਵਰ੍ਹਿਆ ਤੇ ਫੇਰ ਸੁੱਕ ਪੁਕਾ…’’
ਬਾਹਰ ਮੀਂਹ ਠੱਲ੍ਹ ਗਿਆ ਸੀ ਤੇ ਲੋਕ ਡਿਉਢੀ ‘ਚੋਂ ਹੌਲੀ ਹੌਲੀ ਬਾਹਰ ਨਿਕਲਣ ਲੱਗੇ।
ਅਸੀਂ ਵੀ ਫਲੈਟੀਜ਼ ਹੋਟਲ ਜਾਣ ਲਈ ਸੜਕ ‘ਤੇ ਨਿਕਲ ਆਏ।

ਉਮਰ ਗਨੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਨੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਗੁਜਰਾਂਵਾਲੇ ਚਲੇ ਗਏ ਸਨ। ਕੱਲ੍ਹ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ ਗਏ ਸਾਂ, ਇਸ ਲਈ ਉਮਰ ਗਨੀ ਹੁਰੀਂ ਸਵੇਰੇ ਅੱਠ ਵਜੇ ਹੀ ਸਾਡੇ ਕੋਲ ‘ਸ਼ਾਹਤਾਜ ਹੋਟਲ’ ਵਿਚ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਜਗਤਾਰ ਦਾ ਇਕ ਹੋਰ ਪ੍ਰਸੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ ਪਹੁੰਚ ਗਿਆ। ਨਵੀਦ ਹੁਰੀਂ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ।
ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚੱਲਦੀਆਂ ਚੱਲਦੀਆਂ ਕਸ਼ਮੀਰ ਤੱਕ ਪੁੱਜੀਆਂ, ਫਿਰ ਪਾਕਿਸਤਾਨ ਦੀ ਹਕੂਮਤ ਤਕ ਤੇ ਉਸ ਤੋਂ ਬਾਅਦ ਇਲਾਕੇ ਅਤੇ ਜ਼ਬਾਨਾਂ ਦੇ ਆਧਾਰ ਉਤੇ ਪਾਕਿਸਤਾਨ ਵਿਚ ਪੈਦਾ ਹੋ ਰਹੇ ਵਖਰੇਵਿਆਂ ਬਾਰੇ ਚੱਲ ਪਈਆਂ। ਕਾਨਫ਼ਰੰਸ ਦੇ ਪਹਿਲੇ ਦਿਨ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇਕ ਨੌਜਵਾਨ ਮੇਰੇ ਕੋਲ ਆਇਆ ਤੇ ਉਸ ਨੇ ਅੰਗਰੇਜ਼ੀ ਤੇ ਉਰਦੂ ਵਿਚ ਲਿਖੀ ਇਕ ਦੁਵਰਕੀ ਮੇਰੇ ਹੱਥ ਫੜਾਉਂਦਿਆਂ ਕਿਹਾ, ‘‘ਜਨਾਬ! ਅਸੀਂ ਸਰਾਇਕੀ ਜ਼ਬਾਨ ਦੇ ਹਵਾਲੇ ਨਾਲ ਇਕ ਤਹਿਰੀਕ ਚਲਾ ਰਹੇ ਹਾਂ ਪਾਕਿਸਤਾਨ ਵਿਚ। ਇਹ ਪੈਂਫਲਿਟ ਉਸੇ ਹਵਾਲੇ ਨਾਲ ਈ ਏ।’’
‘‘ਇਹ ਸਰਾਇਕੀ ਦਾ ਕੀ ਰੌਲਾ ਏ ਏਧਰ’’, ਮੈਂ ਪੁੱਛਿਆ ਤਾਂ ਨਵੀਦ ਕਹਿਣ ਲੱਗਾ, ‘‘ਉਹ ਕਹਿੰਦੇ ਨੇ ਅਸੀਂ ਸਰਾਇਕੀ ਜ਼ਬਾਨ ਦੇ ਨਾਂ ਉਤੇ ਆਪਣਾ ਦੇਸ਼ ਬਣਾਵਾਂਗੇ। ਉਨ੍ਹਾਂ ਨੇ ਇਸ ਦੇਸ਼ ਦਾ ਨਕਸ਼ਾ ਵੀ ਬਣਾ ਕੇ ਵੰਡਿਐ।’’
‘‘ਉਹ ਅਜਿਹਾ ਕਿਉਂ ਕਰ ਰਹੇ ਨੇ?’’
‘‘ਉਹ ਆਖਦੇ ਨੇ ਕਿ ਅਸੀਂ ਪੰਜਾਬੀ ਨਹੀਂ। ਸਾਡਾ ਅਲੱਗ ਸਰਾਇਕ ਵਸੇਬ ਏ। ਸਰਾਇਕੀ ਜ਼ਬਾਨ ਨਾਲ ਬਹੂੰ ਧ੍ਰੋਹ ਹੋਇਐ, ਅਜਿਹਾ ਉਨ੍ਹਾਂ ਦਾ ਮੰਨਣਾ ਏ।’’
ਨਵੀਦ ਸ਼ਾਹਿਜ਼ਾਦ ਆਪਣੀ ਮੁਲਾਜ਼ਮਤ ਦੇ ਸਿਲਸਿਲੇ ਵਿਚ ਪਿਛਲੇ ਸਮੇਂ ਉਸ ਇਲਾਕੇ ‘ਚ ਰਿਹਾ ਹੈ ਜਿਸ ਨੂੰ ਉਹ ਲੋਕ ‘ਸਰਾਇਕਸਤਾਨ’ ਆਖਦੇ ਨੇ। ਸ਼ਾਇਰ ਹੋਣ ਕਰਕੇ ਜਦੋਂ ਉਹਦਾ ਕੋਈ ਜਾਣੂ ਕਿਸੇ ਹੋਰ ਨਾਲ ਉਸ ਦੀ ਜਾਣ-ਪਚਾਣ ਕਰਾਉਣ ਲੱਗਾ ਤਾਂ ਅਗਲੇ ਨੇ ਪੱੁਛਿਆ ਕਿ ਕੀ ਨਵੀਦ ਸ਼ਹਿਜ਼ਾਦ ਸਥਾਨਕ ਇਲਾਕੇ ਨਾਲ ਹੀ ਸਬੰਧ ਰੱਖਦਾ ਹੈ ਤਾਂ ਉਹ ਅੱਗੋਂ ਕਹਿਣ ਲੱਗਾ, ‘‘ਨਹੀਂ, ਇਹ ਤਾਂ ਸ਼ੁਹਦਾ ਮੁਹਾਜਰ ਹੈ।’’
ਪਾਕਿਸਤਾਨ ਦਾ ਹੀ ਇਕ ਪੰਜਾਬੀ ਉਨ੍ਹਾਂ ਲਈ ਮੁਹਾਜਰ (ਸ਼ਰਨਾਰਥੀ) ਹੀ ਸੀ ਉਹ ‘ਪੰਜਾਬੀ’ ਨੂੰ ਆਪਣਾ ਮੰਨਣ ਲਈ ਤਿਆਰ ਨਹੀਂ ਸਨ।
‘‘ਉਹ ਤਾਂ ਸਰਾਇਕੀ ਦੀ ਤਹਿਰੀਕ ਬੜੇ ਜ਼ੋਰ ਸ਼ੋਰ ਨਾਲ ਚਲਾ ਰਹੇ ਨੇ। ਮੇਰਾ ਗੀਤ ਰੇਡੀਓ ਲਈ ਮਨਜ਼ੂਰ ਹੋ ਗਿਆ ਤਾਂ ਉਹ ਕਹਿੰਦੇ ਅਸੀਂ ਆਪਣੇ ਰੇਡੀਓ ‘ਤੇ ਪੰਜਾਬੀ ਗੀਤ ਚੱਲਣ ਨਹੀਂ ਦੇਣਾ।’’ ਨਵੀਦ ਨੇ ਦੱਸਿਆ।
‘‘ਅਸਲ ਵਿਚ ਉਹ ਜ਼ਬਾਨ ਦੇ ਆਧਾਰ ‘ਤੇ ਭਾਰਤ ਵਾਂਗ ਸੂਬਿਆਂ ਦੀ ਮੁੜ ਹੱਦਬੰਦੀ ਚਾਹੁੰਦੇ ਨੇ। ਉਹ ਇਸ ਲਈ ਭਾਰਤ ਦੀ ਮਿਸਾਲ ਵੀ ਦਿੰਦੇ ਨੇ। ਉਨ੍ਹਾਂ ਮੁਤਾਬਕ ਪੰਜਾਬ ਦੀ ਤਾਕਤਵਾਰ ਸ਼੍ਰੇਣੀ, ਜੋ ਮਜ਼ਬੂਤ ਸੈਂਟਰ ਦੇ ਹੱਕ ਵਿਚ ਹੈ, ਹਮੇਸ਼ਾ ਭਾਸ਼ਾਈ ਆਧਾਰ ‘ਤੇ ਨਵੀਂ ਹੱਦਬੰਦੀ ਦਾ ਵਿਰੋਧ ਕਰਦੀ ਹੈ, ਇਸੇ ਕਰਕੇ ਉਹ ਪੰਜਾਬੀਆਂ ਦੇ ਜ਼ਿਆਦਾ ਖ਼ਿਲਾਫ਼ ਨੇ।’’ ਡਾਕਟਰ ਜਗਤਾਰ ਨੇ ਗੱਲ ਹੋਰ ਸਾਫ਼ ਕੀਤੀ।
‘‘ਉਨ੍ਹਾਂ ਮੁਤਾਬਕ ਪੰਜਾਬ ਵਿਚ ਪੰਜਾਬੀ ਬੋਲਦਾ ਇਲਾਕਾ ਕਿਹੜਾ ਹੈ?’’
‘‘ਉਹ ਤਾਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਸਿਰਫ ਲਾਹੌਰ, ਸ਼ੇਖ਼ੂਪੁਰਾ, ਗੁਜਰਾਂਵਾਲਾ, ਕਸੂਰ, ਫ਼ੈਸਲਾਬਾਦ ਅਤੇ ਗੁਜਰਾਤ ਜ਼ਿਲੇ ਦੇ ਕੁਝ ਹਿੱਸੇ ਨੂੰ ਖ਼ਾਲਸ ਪੰਜਾਬੀ ਬੋਲਦਾ ਇਲਾਕਾ ਮੰਨਦੇ ਨੇ।’’
ਨਵੀਦ ਸ਼ਹਿਜ਼ਾਦ ਨੇ ਮੇਰੇ ਮਨ ਵਿਚ ਨਵਾਂ ਸੁਆਲ ਪੈਦਾ ਕਰ ਦਿੱਤਾ, ‘‘ਤਾਂ ਕੀ ਰਾਵਲਪਿੰਡੀ ਦਾ ਪੋਠੋਹਾਰ ਵਾਲਾ ਇਲਾਕਾ ਵੀ ਉਹ ਪੰਜਾਬੀ-ਭਾਸ਼ੀ ਨਹੀਂ ਮੰਨਦੇ?’’
‘‘ਹਾਂ, ਰਾਵਲਪਿੰਡੀ, ਜਿਹਲਮ, ਅਟਕ ਤੇ ਚਕਵਲ ਦੇ ਇਲਾਕੇ ਨੂੰ ਉਹ ਵੱਖਰੀ ਪੋਠੋਹਾਰੀ ਤਹਿਜ਼ੀਬ ਮੰਨਦੇ ਨੇ। ਬਾਕੀ 19 ਜ਼ਿਲਿਆਂ ਵਿਚੋਂ ਮੁਲਤਾਨ ਡਿਵੀਜ਼ਨ ਦੇ ਛੇ ਜ਼ਿਲੇ, ਬਹਾਵਲਪੁਰ ਡਿਵੀਜ਼ਨ ਦੇ ਤਿੰਨ ਜ਼ਿਲੇ, ਡੇਰਾ ਗਾਜ਼ੀ ਖਾਨ ਤੇ ਸਰਗੋਧਾ ਡਿਵੀਜ਼ਨਾਂ ਦੇ ਚਾਰ ਚਾਰ ਜ਼ਿਲੇ ਅਤੇ ਓਕਾੜਾ ਤੇ ਝੰਗ ਦੇ ਜ਼ਿਲਿਆਂ ਵਿਚ ਉਨ੍ਹਾਂ ਮੁਤਾਬਕ ਬਹੁ-ਗਿਣਤੀ ਸਰਾਇਕੀ ਭਾਸ਼ੀ ਲੋਕ ਵਸਦੇ ਨੇ। ਉਹ ਤਾਂ ਇਹ ਵੀ ਆਖਦੇ ਨੇ ਕਿ ਡੇਰਾ ਇਸਮਾਈਲ ਖਾਂ, ਜੋ ਸਰਹੱਦੀ ਸੂਬੇ ਦੀ ਡਿਵੀਜ਼ਨ ਹੈ, ਤਾਰੀਖ਼ੀ ਤੌਰ ‘ਤੇ ਸਰਾਇਕੀ ਬੋਲਣ ਵਾਲਿਆਂ ਦੀ ਹੀ ਜ਼ਮੀਨ ਹੈ।’’
ਕਿਸੇ ਨੇ ਹਾਸੇ ਨਾਲ ਆਖਿਆ, ‘‘ਇਸ ਹਿਸਾਬ ਨਾਲ ਅੱਧਾ ਪਾਕਿਸਤਾਨ ਤਾਂ ਉਨ੍ਹਾਂ ਦਾ ਹੀ ਹੋ ਗਿਆ।’’
‘‘ਇਹ ਮਜ਼ਾਕ ਨਹੀਂ, ਹਕੀਕਤ ਜੇ।’’ ਨਵੀਦ ਨੇ ਗੰਭੀਰ ਹੰੁਦਿਆਂ ਆਖਿਆ, ‘‘ਉਹ ਇਹੋ ਹੀ ਆਖਦੇ ਨੇ ਕਿ ਪਾਕਿਸਤਾਨ ਦੀ ਪੰਜਾਹ ਫੀਸਦੀ ਆਬਾਦੀ ਸਰਾਇਕੀ ਭਾਸ਼ੀ ਹੈ। ਉਹ ਆਪਣੇ ਹੱਕ ਵਿਚ ਜਿਹੜੀਆਂ ਦਲੀਲਾਂ ਦਿੰਦੇ ਹਨ, ਉਨ੍ਹਾਂ ਵਿਚੋਂ ਇਕ ਇਹ ਹੈ ਕਿ ਸਰਾਇਕੀ ਨੂੰ ਸਕੂਲਾਂ ਵਿਚ ਨਾ ਪੜ੍ਹਾਏ ਜਾਣ ਦੇ ਬਾਵਜੂਦ ਉਰਦੂ ਤੋਂ ਪਿੱਛੋਂ ਛਪੀਆਂ ਸਭ ਤੋਂ ਵੱਧ ਕਿਤਾਬਾਂ ਦੀ ਗਿਣਤੀ ਸਰਾਇਕੀ ਜ਼ਬਾਨ ਦੀਆਂ ਕਿਤਾਬਾਂ ਦੀ ਹੈ। ਉਹ ਦਾਅਵਾ ਕਰਦੇ ਹਨ ਕਿ ਉਸ ਇਲਾਕੇ ਵਿਚ ਸਰਾਇਕੀ ਮੁਸ਼ਾਇਰੇ ਤੇ ਸਰਾਇਕੀ ਗੀਤ-ਸੰਗੀਤ ਦੇ ਤਾਂ ਸੈਂਕੜੇ ਪ੍ਰੋਗਰਾਮ ਹੁੰਦੇ ਹਨ ਜਦ ਕਿ ਉਰਦੂ ਅਤੇ ਪੰਜਾਬੀ ਦੇ ਅਜਿਹੇ ਕਾਮਯਾਬ ਪ੍ਰੋਗਰਾਮ ਹੋਣੇ ਨਾਮੁਮਕਿਨ ਹਨ ਜਿਨ੍ਹਾਂ ਵਿਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੋਵੇ।’’
ਨਵੀਦ ਸ਼ਾਹਿਜ਼ਾਦ ਉਸ ਖਿੱਤੇ ਵਿਚ ਰਿਹਾ ਹੋਣ ਕਰਕੇ ਸਰਾਇਕੀ ਵਾਲਿਆਂ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਵਾਕਿਫ ਸੀ।
‘‘ਉਹ ਤਾਂ ਇਸ ਗੱਲ ਦਾ ਵੀ ਮਾਣ ਕਰਦੇ ਨੇ ਕਿ ਬਹੁਤੇ ਪਾਕਿਸਤਾਨੀ ਗਾਇਕ ਵੀ ਸਰਾਇਕੀ ਬੋਲਣ ਵਾਲੇ ਹਨ ਜਿਵੇਂ ਪਠਾਣੇ ਖਾਂ, ਹੁਸੈਨ ਬਖ਼ਸ਼ ਖਾਨ, ਅਤਾ-ਉਲਾ ਖਾਨ ਈਸੇਖੇਲਵੀ, ਸ਼ਹਿਜ਼ਾਦਾ ਸਖ਼ਾਵਤ ਹੁਸੈਨ, ਜ਼ਾਹਿਦਾ ਪ੍ਰਵੀਨ, ਸੁਰੱਈਆ ਮੁਲਤਾਨੀਕਰ, ਆਬਿਦਾ ਪ੍ਰਵੀਨ, ਗੁਲ ਬਹਾਰ ਬਾਨੋ, ਸ਼ਾਜ਼ੀਆ ਖੁਸ਼ਕ, ਇਕਬਾਲ ਬਾਨੋ ਤੇ ਸੁਰੱਈਆ ਖਾਨਮ ਸਭ ਨੂੰ ਉਹ ਆਪਣੇ ਖਾਤੇ ਵਿਚ ਹੀ ਪਾਉਂਦੇ ਨੇ।’’
ਸਰਾਇਕੀ ਵਾਲਿਆਂ ਦਾ ਲਾਇਆ ਇਹ ਟੀਕਾ ਅਸਰ-ਅੰਦਾਜ਼ ਹੋ ਰਿਹਾ ਸੀ। ਰਾਤੀਂ ਪੰਜਾਬੀ ਗੀਤ ਗਾਉਣ ਲੱਗਿਆਂ ਤਸੱਵਰ ਖਾਨਮ ਇਹ ਆਖਣਾ ਨਹੀਂ ਸੀ ਭੁੱਲੀ, ‘‘ਉਂਜ ਮੇਰੀ ਆਪਣੀ ਜ਼ਬਾਨ ਸਰਾਇਕੀ ਹੈ।’’
‘‘ਇੰਜ ਉਹ ਪੰਜਾਹ ਮਿਲੀਅਨ ਸਰਾਇਕੀ ਬੋਲਣ ਵਾਲਿਆਂ ਲਈ ਪੰਜਵੇਂ ਸੂਬੇ ਸਰਾਇਕਸਤਾਨ ਦੀ ਮੰਗ ਕਰਦੇ ਹਨ।’’ ਨਵੀਦ ਸ਼ਹਿਜ਼ਾਦ ਲੰਮੀ ਜਾਣਕਾਰੀ ਦੇਣ ਤੋਂ ਬਾਅਦ ਠੰਢੀ ਹੋ ਚੁੱਕੀ ਚਾਹ ਦੀਆਂ ਚੁਸਕੀਆਂ ਭਰਨ ਲੱਗਾ।
ਗੱਲਬਾਤ ਦੀ ਵਾਗਡੋਰ ਜਗਤਾਰ ਨੇ ਸੰਭਾਲੀ।
‘‘ਅਸਲ ਵਿਚ ਇਹ ਸਾਰਾ ਸਿਆਪਾ ਗਰੀਅਰਸਨ ਦਾ ਪਾਇਆ ਹੋਇਆ। ਉਸ ਨੇ ਹੀ ਕਿਹਾ ਸੀ ਕਿ ਇਹ ਭਾਸ਼ਾ ਪੰਜਾਬੀ ਦਾ ਹਿੱਸਾ ਨਹੀਂ… ‘ਖਾਣ’ ਨੂੰ ‘ਖਾਵਣ’ ਕਹਿਣ ਨਾਲ ਪੰਜਾਬੀ ਸਰਾਇਕੀ ਨਹੀਂ ਹੋ ਜਾਂਦੀ। ਹਿੰਦਕੋ ਵੀ ਪੰਜਾਬੀ ਹੈ ਤੇ ਪੋਠੋਹਾਰੀ ਵੀ।’’
ਮੇਰੇ ਮਨ ਵਿਚ ਖ਼ਿਆਲ ਆਇਆ ਕਿ ਕੱਲ੍ਹ ਨੂੰ ਪੋਠੋਹਾਰ ਵਾਲੇ ਵੀ ਆਖ ਸਕਦੇ ਹਨ ਕਿ ਸਾਨੂੰ ਵੱਖਰਾ ਸੂਬਾ ਚਾਹੀਦਾ ਹੈ।
‘‘ਹਾਂ…ਹਾਂ‥ ਏਦਾਂ ਦੀ ਗੱਲ ਵੀ ਚਲ ਸਕਦੀ ਹੈ।’’
ਨਵੀਦ ਨੇ ਚਾਹ ਦਾ ਖ਼ਾਲੀ ਕੱਪ ਟਰੇ ਵਿਚ ਰੱਖਦਿਆਂ ਕਿਹਾ, ‘‘ਮੁਲਤਾਨ ਵਿਚ ਨੀਲੀ-ਬਾਰ ਦੇ ਇਲਾਕੇ ਦੀ ਜ਼ਬਾਨ ਨੂੰ ਜਾਂਗਲੀ ਜ਼ਬਾਨ ਵੀ ਆਖਦੇ ਨੇ। ‘ਨਵਾਏ-ਵਕਤ’ ਵਾਲੇ ਉਸ ਜ਼ਬਾਨ ਨੂੰ ‘ਰਚਨਾਵੀਂ’ ਆਖਦੇ ਹਨ। ਉਹ ਵੀ ਆਖਦੇ ਨੇ, ‘‘ਹਮਾਰਾ ਸਰਾਇਕੀ ਤੇ ਪੰਜਾਬੀ ਨਾਲ ਕੋਈ ਤਾਅਲੁੱਕ ਨਹੀਂ।’’
ਜਗਤਾਰ ਨੇ ਕਿਹਾ ‘‘ਇਹ ਅੰਗਰੇਜ਼ਾਂ ਦੇ ਝਗੜੇ ਪਾਏ ਹੋਏ ਹਨ। ਉਨ੍ਹਾਂ ਨੇ ਹੀ ਲਹਿੰਦੀ ਦੀ ਵੱਖਰੀ ਡਿਕਸ਼ਨਰੀ ਤਿਆਰ ਕਰਵਾਈ।’’
ਇਨ੍ਹਾਂ ਝਗੜਿਆਂ ਅਤੇ ਵੰਡੀਆਂ ਦੇ ਅੱਗੇ ਤੋਂ ਅੱਗੇ ਵਧਦੇ ਜਾਣ ਬਾਰੇ ਨਵੀਦ ਸ਼ਹਿਜ਼ਾਦ ਨੇ ਕਿਹਾ, ‘‘ਸਰਾਇਕੀ ਖ਼ੁਦ ਚਾਰ ਪੰਜ ਛੋਟੀਆਂ ਬੋਲੜੀਆਂ ਦਾ ਮਜਮੂਆ ਹੈ। ਡੇਹਰਣੀ (ਡੇਰਾ ਗ਼ਾਜ਼ੀ ਖਾਂ), ਰਿਆਸਤੀ (ਬਹਾਵਲਪੁਰ), ਮੁਲਤਾਨ ਦੀ ਮੁਲਤਾਨੀ, ਨੀਲੀ ਬਾਰ ਵਾਲੀ ਜਟਕੀ ਜਾਂ ਰਚਨਾਵੀ ਰਲ ਕੇ ਸਰਾਇਕੀ ਮੰਨਦੇ ਹਨ।’’
ਗੱਲਬਾਤ ਵਿਚੋਂ ਇਕ ਨੁਕਤਾ ਹੋਰ ਉਭਰ ਕੇ ਸਾਹਮਣੇ ਆਇਆ ਕਿ ਉਹ ਲੋਕ ਪੰਜਾਬੀਆਂ ਨੂੰ ਨਫ਼ਰਤ ਨਾਲ ਵੇਖਦੇ ਨੇ। ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬੀ ਉਨ੍ਹਾਂ ਦੀ ਹੱਕੀ ਮੰਗ ਨੂੰ ਦਬਾ ਰਹੇ ਹਨ। ਨਵੀਦ ਸ਼ਹਿਜ਼ਾਦ ਨੇ ਕਿਸੇ ਸਰਾਇਕੀ ਸ਼ਾਇਰ ਦਾ ਹਵਾਲਾ ਦਿੱਤਾ, ‘‘ਪੰਜਾਬੀਆਂ ਦੀ ‘ਬਾਲਾਦਸਤੀ’ ਬਾਰੇ ਉਸ ਨੇ ਲਿਖਿਐ, ਅਸੀ ਕੈਦੀ ਤਖ਼ਤ ਲਾਹੌਰ ਦੇ।’’
ਮੈਂ ਨਵੀਦ ਸ਼ਹਿਜ਼ਾਦ ਤੋਂ ਇਸ ਮਸਲੇ ਬਾਰੇ ਅੰਤਿਮ ਰਾਇ ਮੰਗੀ ਤਾਂ ਉਸ ਦੁਖੀ ਮਨ ਨਾਲ ਕਿਹਾ, ‘‘ਹਕੀਕਤ ਇਹ ਹੈ ਕਿ ਪੰਜਾਬੀਆਂ ਨੂੰ ਦਬਾ ਕੇ ਰੱਖਿਆ ਜਾ ਰਿਹੈ। ਪਾਣੀਆਂ ਦਾ ਝਗੜਾ ਹੋਵੇ ਤਾਂ ਵੀ ਪੰਜਾਬੀਆਂ ‘ਤੇ ਦਬਾਅ…। ਪੰਜਾਬੀ ਰਾਈਟਰ ਵੀ ਲਤਾੜਿਆ ਪਿਐ। ਜਿਵੇਂ ਉਰਦੂ ਵਾਲਿਆਂ ਪੰਜਾਬੀ ਨੂੰ ਲਤਾੜਿਐ ਤਿਵੇਂ ਸਰਾਇਕੀ ਵਾਲੇ ਪੰਜਾਬੀ ਨੂੰ ਲਤਾੜ ਰਹੇ ਨੇ।’’
ਫਿਰ ਨਵੀਦ ਨੇ ਹੱਸਦਿਆਂ ਹੋਇਆਂ ਗੰਭੀਰ ਸੱਚ ਕਿਹਾ, ‘‘ਅਗਰ ਪਾਕਿਸਤਾਨ ਵਿਚ ਕੋਈ ਤਿਲਕ ਕੇ ਡਿਗ ਪਵੇ ਤਾਂ ਕਹਿੰਦੇ ਨੇ ਕਿ ਇਹ ਇੰਡੀਆ ਨੇ ਕੇਲਾ ਸੁਟਿਆ ਸੀ। ਇੰਜ ਹੀ ਸਰਾਇਕੀ ਵਾਲੇ ਆਖਦੇ ਨੇ ਪੰਜਾਬ ਨੂੰ… ਤੇ ਪੰਜਾਬੀ ਇਸੇ ਸ਼ਰਮ ਦੇ ਮਾਰੇ ਹੁਣ ਤਕ ਚੁੱਪ ਰਹੇ।’’
ਫਿਰ ਉਸ ਨੇ ਦੁੱਖ ਨਾਲ ਆਪਣੀ ਗੱਲ ਮੁਕਾਈ, ‘‘ਪੰਜਾਬੀਆਂ ਵਿਚ ਤੁਅੱਸਬ ਨਹੀਂ। ਦੂਜੇ ਪਾਸੇ ਭਾਵੇਂ ਪਠਾਣ ਹੋਣ ਤੇ ਭਾਵੇਂ ਬਲੋਚ ਤੇ ਭਾਵੇਂ ਹੋਰ ਲੋਕ, ਜਦੋਂ ਮਿਲਦੇ ਨੇ ਤਾਂ ਮਨ ਵਿਚ ਕਸਰ ਰੱਖਦੇ ਨੇ।’’
ਮਨਾਂ ਦੀਆਂ ਇਨ੍ਹਾਂ ਕਸਰਾਂ ਬਾਰੇ, ਜ਼ਬਾਨਾਂ ਦੇ ਆਧਾਰ ‘ਤੇ ਇਕ ਦੂਜੇ ਨੂੰ ਦਬਾਉਣ ਅਤੇ ਵੰਡੀਆਂ ਪਾਉਣ ਬਾਰੇ ਅੰਤਿਮ ਫੈਸਲਾ ਤਾਂ ਸਾਡੇ ਪਾਕਿਸਤਾਨੀ ਭਰਾਵਾਂ ਨੇ ਆਪ ਹੀ ਕਰਨਾ ਹੈ ਪਰ ਇਸ ਗ਼ੁਫਤਗ਼ੂ ਵਿਚੋਂ ਪਾਕਿਸਤਾਨ ਦੇ ਭਾਸ਼ਾਈ ਮਸਲੇ ਦੇ ਕੁਝ ਹੋਰ ਪਸਾਰਾਂ ਤੇ ਪਰਤਾਂ ਉਤੇ ਸਾਡੀ ਝਾਤ ਪੁਆਉਣ ਲਈ ਅਸੀਂ ਨਵੀਦ ਸ਼ਹਿਜ਼ਾਦ ਦੇ ਧੰਨਵਾਦੀ ਸਾਂ।

ਅਸੀ ‘ਵਿਲੇਜ ਰੈਸਟੋਰੈਂਟ’ ਦਾ ਚੱਕਰ ਲਾ ਕੇ ਪਰਤ ਵੀ ਆਏ ਸਾਂ ਪਰ ਅਜੇ ਸਭਿਆਚਾਰ ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋਇਆ। ਹੋਰ ਤਾਂ ਹੋਰ ਅੰਦਰਲੇ ਹਾਲ ਦਾ ਤਾਂ ਅਜੇ ਤਕ ਦਰਵਾਜ਼ਾ ਵੀ ਨਹੀਂ ਸੀ ਖੁੱਲ੍ਹਾ। ਬਾਹਰ ਲੋਕਾਂ ਦੀ ਇਕ ਵੱਡੀ ਭੀੜ ਸੀ। ਏਨੀ ਭੀੜ ਦਾ ਤਾਂ ਛੋਟੇ ਜਿਹੇ ਹਾਲ ਵਿਚ ਸਮਾ ਸਕਣਾ ਵੀ ਨਾਮੁਮਕਿਨ ਸੀ। ਕਿਸੇ ਪ੍ਰਬੰਧਕ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ, ‘‘ਤੁਸੀਂ ਖੱਬੇ ਰੁਖ਼ ਹੋ  ਕੇ ਹੋਟਲ ਦੇ ਪਿਛਲੇ ਹਿੱਸੇ ਵੱਲ ਜਾ ਕੇ ਪਿਛਲੇ ਦਰਵਾਜ਼ੇ ਰਾਹੀਂ ਹਾਲ ਵਿਚ ਚਲੇ ਜਾਓ। ਭੀੜ ਤੋਂ ਬਚਾ ਕਰਨ ਲਈ ਅਸੀਂ ਇਹੋ ਹੀ ਤਰੀਕਾ ਅਖ਼ਤਿਆਰ ਕੀਤਾ ਹੈ।’’
ਇੰਜ ਭਾਰਤੀ ਡੈਲੀਗੇਟਾਂ ਨੂੰ ਹੌਲੀ ਹੌਲੀ ਗੁਪਤ ਤੌਰ ‘ਤੇ ਸੂਚਿਤ ਕੀਤਾ ਜਾਣ ਲੱਗਾ। ਅਸੀਂ ਛੇਤੀ ਛੇਤੀ ਹਾਲ ਦੇ ਪਿਛਲੇ ਦਰਵਾਜ਼ੇ ਵਿਚੋਂ ਅੰਦਰ ਦਾਖ਼ਲ ਹੋਏ। ਹਾਲ ਦੀਆਂ ਕੰਧਾਂ ਦੇ ਨਾਲ, ਸਟੇਜ ਵਾਲੇ ਪਾਸੇ ਨੂੰ ਛੱਡ ਕੇ, ਮਹਿਮਾਨਾਂ ਵਾਸਤੇ ਅੱਗੜ-ਪਿੱਛੜ ਕੁਰਸੀਆਂ ਦੀਆਂ ਦੋ ਕਤਾਰਾਂ ਤਿੰਨੀਂ ਪਾਸੀਂ ਲਾਈਆਂ ਹੋਈਆਂ ਸਨ। ਅਗਲੇ ਵਿਹੜੇ ਵਿਚੋਂ ਕੁਰਸੀਆਂ ਚੁੱਕ ਕੇ ਕਾਲੀਨ ਵਿਛਾ ਦਿੱਤੇ ਗਏ ਸਨ ਤਾਂ ਕਿ ਜ਼ਿਆਦਾ ਬੰਦੇ ਬਹਿ ਸਕਣ। ਅਸੀਂ ਹਾਲ ਦੇ ਸੱਜੇ ਹੱਥ ਪਿਛਲੀ ਨੁੱਕਰ ਵਿਚ ਡੱਠੀਆਂ ਕੁਰਸੀਆਂ ‘ਤੇ ਟਿਕ ਗਏ। ਕੁਝ ਹੀ ਮਿੰਟਾਂ ਵਿਚ ਹਾਲ ਖਚਾ-ਖਚ ਭਰ ਗਿਆ। ਭਾਵੇਂ ਕਿੰਨਾ ਵੀ ਚੁਪਕੇ ਜਿਹੇ ਪਿਛਲੇ ਦਰਵਾਜ਼ੇ ਵਿਚੋਂ ਦਾਖ਼ਲ ਹੋਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਫਿਰ ਵੀ ਲੋਕਾਂ ਨੂੰ ਇਧਰਲੇ ਪਾਸੇ ਕਿਰਨ ਮਕਿਰਨੀ ਤੁਰਦਿਆਂ ਵੇਖ ਆਮ-ਲੋਕਾਂ ਨੂੰ ਭਲਾ ਕਿਵੇਂ ਨਾ ਪਤਾ ਲੱਗਦਾ। ਉਨ੍ਹਾਂ ਨੇ ਵੀ ਹਾਲ ਵਿਚ ਦਾਖ਼ਲ ਹੋਣ ਦੀ ਜ਼ਿਦ ਕੀਤੀ ਪਰ ਕੇਵਲ ਡੈਲੀਗੇਟਾਂ ਵਾਸਤੇ ਪ੍ਰੋਗਰਾਮ ਹੋਣ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਪਸ ਕੀਤਾ। ਇਸ ਦੇ ਬਾਵਜੂਦ ਕਈ ਜਣੇ ਧੁੱਸ ਦੇ ਕੇ ਅੰਦਰ ਆਣ ਵੜੇ ਸਨ। ਇਕ ਜਣਾ ਸਾਡੀਆਂ ਕੁਰਸੀਆਂ ਦੇ ਪਿੱਛੇ ਆ ਕੇ ਆਪਣੀਆਂ ਬਗ਼ਲਾਂ ਵਿਚ ਬਾਹਵਾਂ ਦੇ ਕੇ ਖਲੋਤਾ ਸੀ ਕਿ ਕਿਸੇ ਪ੍ਰਬੰਧਕ ਨੇ ਉਸ ਨੂੰ ਬਾਹਰ ਜਾਣ ਲਈ ਆਖਿਆ ਪਰ ਉਹ ਆਦਮੀ ਨਾ ਹੀ ਹਿੱਲਿਆ ਤੇ ਨਾ ਹੀ ਬੋਲਿਆ। ਪ੍ਰਬੰਧਕ ਨੇ ਦੂਜੀ ਵਾਰ ਕਿਹਾ ਉਹ ਤਦ ਵੀ ਟੱਸ ਤੋਂ ਮਸ ਨਾ ਹੋਇਆ। ਤੀਜੀ ਵਾਰ ਕਹਿਣ ‘ਤੇ ਅਤੇ ਸਾਨੂੰ ਸਭ ਨੂੰ ਆਪਣੇ ਵੱਲ ਧੌਣਾਂ ਮੋੜ ਕੇ ਵੇਖਦਿਆਂ ਜਾਣ ਉਹ ਆਦਮੀ ਕਹਿਣ ਲੱਗਾ, ‘‘ਮੈਂ ਕਿਉਂ ਬਾਹਰ ਜਾਵਾਂ! ਪਹਿਲਾਂ ਅਹੁ ਹੋਰਨਾਂ ਨੂੰ ਕੱਢੋ।’’
ਪ੍ਰਬੰਧਕ ਬੇਵਸੀ ਵਿਚ ਪਰ੍ਹਾਂ ਨੂੰ ਮੁੜ ਗਿਆ। ਉਹ ਉਸ ਨੂੰ ਚੁੱਕ ਕੇ ਤਾਂ ਬਾਹਰ ਸੁੱਟਣੋਂ ਰਿਹਾ। ਬੋਲ-ਬੁਲਾਰਾ ਹੋਣ ਨਾਲ ਬਦਮਗ਼ਜ਼ੀ ਪੈਦਾ ਹੋਣ ਡਰੋਂ ਹੀ ਸ਼ਾਇਦ ਉਹ ਚੁੱਪ ਕਰਕੇ ਚਲਾ ਗਿਆ ਸੀ। ਅਜਿਹੀ ਬਦਮਗ਼ਜ਼ੀ ਕਾਨਫ਼ਰੰਸ ਦੇ ਪ੍ਰਭਾਵ ‘ਤੇ ਮਾੜਾ ਅਸਰ ਪਾ ਸਕਦੀ ਸੀ।
ਸ਼ਾਇਦ ਏਨੀ ਵੱਡੀ ਗਿਣਤੀ ਵਿਚ ਭਾਰਤ ਤੋਂ ਆਏ ਲੋਕਾਂ ਨੂੰ ਵੇਖਣ ਤੇ ਸੁਣਨ ਦੀ ਤਾਂਘ ਹੀ ਸੀ ਕਿ ਸਵੇਰ ਵਾਲੇ ਪ੍ਰੋਗਰਾਮਾਂ ਵਿਚ ਵੀ ਬਹੁਤ ਸਾਰੇ ਲਾਹੌਰੀਏ ਬਿਨ-ਬੁਲਾਇਆਂ ਸ਼ਿਰਕਤ ਕਰਦੇ ਵੇਖੇ ਗਏ ਸਨ। ਪਿਛਲੇ ਦੋ ਦਿਨਾਂ ਵਿਚ ਤਾਂ ਅਜਿਹਾ ਵੀ ਹੋਇਆ ਕਿ ਭਾਰਤੀ ਡੈਲੀਗੇਟ ਖਾਣੇ ਲਈ ਅਜੇ ਪਲੇਟਾਂ ਹੀ ਹੱਥ ਵਿਚ ਫੜੀ ਟਹਿਲ ਰਹੇ ਹੁੰਦੇ ਕਿ ਬਿਨ-ਬੁਲਾਇਆ ਟਿੱਡੀ ਦਲ, ਖਾਣੇ ਵਾਲੇ ਮੇਜ਼ ਚਟਮ ਵੀ ਕਰ ਜਾਂਦਾ। ਕੱਲ੍ਹ ਤਾਂ ਰੋਟੀ ਖਾਣੋਂ ਰਹਿ ਗਏ ਭਾਰਤੀ ਡੈਲੀਗੇਟਾਂ ਲਈ ਪ੍ਰਬੰਧਕਾਂ ਨੂੰ ਦੂਜੀ ਵਾਰ ਰੋਟੀ ਦਾ ਪ੍ਰਬੰਧ ਕਰਨਾ ਪਿਆ ਸੀ। ਇਸ ਮੁਸ਼ਕਲ ਨੂੰ ਵੇਖਦਿਆਂ ਅੱਜ ਖਾਣੇ ਵਾਲੇ ਸਥਾਨ ਦੇ ਬਾਹਰ ਪ੍ਰਬੰਧਕਾਂ ਨੇ ‘ਸਿਰਫ਼ ਮਹਿਮਾਨਾਂ ਵਾਸਤੇ’ ਲਿਖ ਕੇ ਵੀ ਲਾ ਦਿੱਤਾ ਸੀ ਤਾਂ ਵੀ ਟੋਲਿਆਂ ਦੇ ਟੋਲੇ ਅੰਦਰ ਜਾ ਵੜੇ ਸਨ। ਸਕਿਉਰਿਟੀ ਵਾਲੇ ਦੀ ਕਿਉਂਕਿ ਪ੍ਰਬੰਧਕਾਂ ਨੇ ਡਿਊਟੀ ਲਾਈ ਹੋਵੇਗੀ ਕਿ ਬਾਹਰਲਾ ਆਦਮੀ ਅੰਦਰ ਨਹੀਂ ਜਾਣ ਦੇਣਾ, ਇਸ ਲਈ ਉਹਨੇ ਕਿਸੇ ਬੰਦੇ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਅੱਗੋਂ ਸ਼ੇਰ ਵਾਂਗ ਭਬਕਿਆਂ, ‘‘ਚੱਲ ਉਏ ਕੁੱਤਿਆ ਭੌਂਕ ਨਾ…’’
ਸਕਿਉਰਿਟੀ ਵਾਲੇ ਨੇ ਆਪਣਾ ਫਰਜ਼ ਨਿਭਾਉਣ ਲਈ ਬੁੜਬੁੜਾਉਂਦਿਆਂ ਉਸ ਨੂੰ ਦੂਜੀ ਵਾਰ ਬਾਹਰ ਜਾਣ ਲਈ ਕਿਹਾ ਤਾਂ ਉਸ ਆਦਮੀ ਨੇ ਉਸ ਨੂੰ ਉੱਚੀ ਸਾਰੀ ਭੈਣ ਦੀ ਗਾਲ੍ਹ ਕੱਢੀ ਤੇ ਆਪਣੇ ਸਾਥੀਆਂ ਦੇ ਰੋਕਦਿਆਂ ਕੌਡੀ ਪਾਉਣ ਵਾਲਿਆਂ ਵਾਂਗ ਦੋਵੇਂ ਬਾਹਵਾਂ ਉਲਾਰ ਕੇ ਉਹ ਖਾ ਜਾਣ ਲਈ ਸਕਿਉਰਿਟੀ ਵਾਲੇ ਵੱਲ ਉਲਰਿਆ।
‘‘ਭੈਣ‥! ਤੈਨੂੰ ਪਤਾ ਨਹੀਂ ਮੈਂ ਕੀ ਸ਼ੈਅ ਆਂ ਉਏ! ਹਟੋ ਪਾਸੇ! ਮੈਂ ਇਹਨੂੰ ਹੁਣੇ ਗੋਲੀਆਂ ਨਾਲ ਨਾ ਭੁੰਨਿਆ ਤਾਂ ਮੈਂ ਪਿਉ ਦਾ ਪੁੱਤ ਨਹੀਂ…’’
ਸਕਿਉਰਿਟੀ ਵਾਲਾ ਛਿੱਥਾ ਪਿਆ ‘ਘੁਰ ਘੁਰ’ ਕਰਦਾ ਆਪਣੀ ਬੇਵੱਸੀ ‘ਤੇ ਝੁਰਦਾ ਤੁਰ ਗਿਆ ਤੇ ਉਹ ਆਦਮੀ ਉਸ ਨੂੰ ਗੋਲੀਆਂ ਨਾਲ ਭੁੰਨਣ ਦੀ ਥਾਂ ਭੁੰਨੇ ਹੋਏ ਕਬਾਬ ਉਤੇ ਆਪਣਾ ਸਾਰਾ ਗੁੱਸਾ ਕੱਢਣ ਲੱਗਾ।
ਹਾਲ ਖਚਾ-ਖਚ ਭਰ ਗਿਆ ਸੀ ਜਦੋਂ ਫ਼ਖ਼ਰ ਜ਼ਮਾਨ ਆਪਣੇ ਸਾਥੀਆਂ ਨਾਲ ਅੰਦਰ ਆਇਆ। ਉਸ ਨੂੰ ਉਦਘਾਟਨੀ ਤਕਰੀਰ ਕਰਨ ਲਈ ਆਖਿਆ ਗਿਆ। ਜਦੋਂ ਉਹ ਬੋਲਿਆ ਤਾਂ ਉਹਦੀ ਆਵਾਜ਼ ਵਿਚ ਸ਼ੇਰ ਵਰਗੀ ਦਹਾੜ ਸੀ। ਬਹੁਤ ਤਿੱਖੀ ਉਤੇਜਨਾ ਨਾਲ ਭਰੇ ਹੋਏ ਸਨ ਉਸ ਦੇ ਬੋਲ। ਉਹਦੀ ਉੱਚੀ ਸੁਰ ਭੈਅ-ਭੀਤ ਕਰਨ ਵਾਲੀ ਸੀ। ਉਹ ਜਿਵੇਂ ਸਾਹਮਣੇ ਖੜੋਤੇ ਦੁਸ਼ਮਣ ਨੂੰ ਲਲਕਾਰ ਰਿਹਾ ਸੀ।  ਸਰੋਤਿਆਂ ਵਿਚ ਬੇਹੱਦ ਜੋਸ਼ ਸੀ। ਉਹ ਉੱਚੀਆਂ ਆਵਾਜ਼ਾਂ ‘ਚ, ਬਾਹਵਾਂ ਖੜ੍ਹੀਆਂ ਕਰਕੇ ‘ਫ਼ਖ਼ਰ ਜ਼ਮਾਂ!’ ‘ਜ਼ਿੰਦਾਬਾਦ’ ਦੇ ਨਾਅਰੇ ਵੀ ਲਾ ਰਹੇ ਸਨ।

ਫ਼ਖ਼ਰ ਜ਼ਮਾਂ ਦੀ ਉਤੇਜਨਾ ਦਾ ਇਕ ਖ਼ਾਸ ਕਾਰਨ ਸੀ। ਇਸ ਆਲਮੀ ਪੰਜਾਬੀ ਕਾਨਫ਼ਰੰਸ ਨੂੰ ਉਥੋਂ ਦੇ ਟੀ.ਵੀ. ਤੇ ਅਖ਼ਬਾਰਾਂ ਨੇ ਬਹੁਤ ਵੱਡੇ ਪੱਧਰ ਉਤੇ ਉਭਾਰਿਆ ਸੀ। ਪਾਕਿਸਤਾਨ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਮੁਲਕ ਪੱਧਰ ਉਤੇ ਪੰਜਾਬੀ ਦੇ ਨਾਂ ਨਾਲ ਜੁੜੀ ਇਸ ਕਾਨਫ਼ਰੰਸ ਦੀ ਏਨੀ ਵੱਡੀ ਚਰਚਾ ਚੱਲੀ ਸੀ। ਉਰਦੂ ਅਤੇ ਅੰਗਰੇਜ਼ੀ ਦੀਆਂ ਸਭ ਵੱਡੀਆਂ ਅਖ਼ਬਾਰਾਂ ਨੇ ਤਸਵੀਰਾਂ ਸਮੇਤ ਪਹਿਲੇ ਪੰਨਿਆਂ ਉਤੇ ਕਾਨਫ਼ਰੰਸ ਦੀ ਕਾਰਵਾਈ ਦੀਆਂ ਖ਼ਬਰਾਂ ਛਾਪੀਆਂ ਸਨ। ਇਸ ਨੂੰ ਇਕ ਚੰਗੀ ਸ਼ੁਰੂਆਤ ਕਿਹਾ ਗਿਆ ਸੀ ਪਰ ਕੱਟੜਪੰਥੀ ਵਿਚਾਰਾਂ ਵਾਲੇ ਪ੍ਰੈਸ ਵਲੋਂ ਇਸ ਕਾਨਫ਼ਰੰਸ ਦੇ ਵਿਰੁੱਧ ਵੀ ਇਕ ‘ਵਾਵੇਲਾ’ ਖੜ੍ਹਾ ਕਰ ਦਿੱਤਾ ਗਿਆ ਸੀ। ਲਾਹੌਰ ਤੋਂ ਛਪਦਾ ‘ਨਵਾਏ ਵਕਤ’ ਅਖ਼ਬਾਰ ਇਸ ਮੁਹਿੰਮ ਦਾ ਆਗੂ ਸੀ। ਇਨ੍ਹਾਂ ਅਨੁਸਾਰ ਪੰਜਾਬੀ ਲਈ ਪਾਕਿਸਤਾਨ ਵਿਚ ਕੰਮ ਕਰਨ ਵਾਲੀ ਲਾਬੀ ਹਿੰਦੁਸਤਾਨੀ ਖੁਫ਼ੀਆ ਏਜੰਸੀ ‘ਰਾਅ’ ਦੀ ਏਜੰਟ ਸੀ ਤੇ ਕਾਨਫ਼ਰੰਸ ਵਿਚ ਆਏ ਡੈਲੀਗੇਟ ਵੀ ‘ਰਾਅ’ ਦੇ ਪ੍ਰਤੀਨਿਧ ਸਨ। ਉਨ੍ਹਾਂ ਲਈ ਇਹ ਕਾਨਫ਼ਰੰਸ ‘ਨਜ਼ਰੀਆ ਪਾਕਿਸਤਾਨ’ ਦੇ ਖ਼ਿਲਾਫ਼ ਸੀ ਤੇ ਮੁਲਕ ਨੂੰ ਤੋੜ ਕੇ ਭਾਰਤ ਵਿਚ ਹੀ ਵਿਲੀਨ ਕਰਨ ਵਾਲੇ ਲੋਕਾਂ ਦੀ ਗੁਪਤ ਸਾਜਿਸ਼ ਦਾ ਇਕ ਹਿੱਸਾ ਸੀ। ਸਾਡੇ ਵਫਦ ਦੇ ਲੋਕਾਂ ਵਲੋਂ ਬਰਲਿਨ ਦੀ ਦੀਵਾਰ ਦੇ ਟੁੱਟਣ ਵਾਂਗ ‘ਵਾਘੇ ਦੀਆਂ ਲਕੀਰਾਂ ਮੇਟ ਦੇਣ ਦੀਆਂ’ ਭਾਵੁਕ ਤਕਰੀਰਾਂ ਨੇ ਵੀ ਇਸ ਸਭ ਕੁਝ ਨੂੰ ਆਧਾਰ ਮੁਹੱਈਆ ਕੀਤਾ ਸੀ।
ਪਰ ਫ਼ਖ਼ਰ ਜ਼ਮਾਂ ਦੇ ਅੰਦਰਲਾ ਸੁੱਚ ਅਤੇ ਸੱਚ ਉਬਲਦੇ ਗੁੱਸੇ ਵਿਚ ਵਹਿ ਰਿਹਾ ਸੀ। ਉਸ ਨੂੰ ਰੰਜ ਸੀ ਕਿ ਕੁਝ ਕੱਟੜਪੰਥੀ ਉਸ ਨੂੰ ਦੇਸ਼-ਧ੍ਰੋਹੀ ਐਲਾਨ ਰਹੇ ਸਨ। ਉਹ ਸੱਚਾ ਪਾਕਿਸਤਾਨੀ ਸੀ। ਆਪਣੇ ਦੇਸ਼ ਨੂੰ ਮੁਹੱਬਤ ਕਰਨ ਵਾਲਾ। ਉਹ ਕਹਿ ਰਿਹਾ ਸੀ ਕਿ ਉਹ ਕਿਸੇ ਵੀ ਕੱਟੜਪੰਥੀ ਨਾਲੋਂ ਵੱਧ ਆਪਣੇ ਦੇਸ਼ ਅਤੇ ਉਹਦੀ ਖ਼ੁਦਮੁਖ਼ਤਿਆਰੀ ਨੂੰ ਪਿਆਰ ਕਰਨ ਵਾਲਾ ਹੈ ਅਤੇ ਇਸ ਵਾਸਤੇ ਉਸ ਨੂੰ ਕਿਸੇ ‘ਮੁੱਲਾਂ ਮੁਲਾਣੇ’ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇਹ ਲੋਕ ਸਾਨੂੰ ਨਸੀਹਤਾਂ ਦੇਣ ਦੀ ਥਾਂ ਮਸਜਿਦਾਂ ਵਿਚ ਬਹਿ ਕੇ ਆਪਣੀ ਪਾਠ-ਪੂਜਾ ਕਰਨ। ਅਸੀਂ ਬਥੇਰਾ ਚਿਰ ਇਨ੍ਹਾਂ ਦੇ ਇਹੋ ਜਿਹੇ ਫਤਵਿਆਂ ਤੋਂ ਡਰਦਿਆਂ ਚੁੱਪ ਵੱਟੀ ਰੱਖੀ। ਉਰਦੂ ਸਾਡੀ ਕੌਮੀ ਜ਼ਬਾਨ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਪਰ ਅਸੀਂ ਹੁਣ ਪੰਜਾਬੀ ਉਤੇ ਉਰਦੂ ਵਾਲਿਆਂ ਦੀ ਸਰਦਾਰੀ ਨਹੀਂ ਚੱਲਣ ਦੇਣੀ। ਸਾਨੂੰ ਪੰਜਾਬੀ ਹੋਣ ਅਤੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਆਖਣ ਉਤੇ ਫ਼ਖ਼ਰ ਹੈ।
‘‘ਜੇ ਤੁਸੀਂ ਮੇਰੇ ਨਾਲ ਮੁਤਫਿਕ ਹੋ ਤਾਂ ਬਾਹਵਾਂ ਖੜ੍ਹੀਆਂ ਕਰਕੇ ਆਵਾਜ਼ ਦਿਓ।’’
ਲੋਕਾਂ ਨੇ ਭਰਵੇ ਸ਼ੋਰ ਵਿਚ ਦੋਵੇਂ ਬਾਹਵਾਂ ਹਵਾ ਵਿਚ ਉਲਾਰੀਆਂ। ਹਾਲ ਉਤਸ਼ਾਹ ਭਰੇ ਸ਼ੋਰ ਨਾਲ ਗੰੂਜਿਆ। ਫ਼ਖ਼ਰ ਜ਼ਮਾਂ ਹੋਰ ਉਤੇਜਿਤ ਹੋ ਗਿਆ।
‘‘ਅਸੀਂ ਪੂਰੇ ਤਰਵੰਜਾ ਸਾਲ ਇਨ੍ਹਾਂ ਤੋਂ ਡਰਦੇ ਚੁੱਪ ਰਹੇ। ਪੂਰੇ ਤਰਵੰਜਾ ਸਾਲਾਂ ਵਿਚ ਇਹ ਲੋਕ ਪੰਜਾਬ ਦਾ ਅੰਨ ਖਾ ਕੇ ਸਾਡੇ ਉਤੇ ਆਪਣਾ ਰੋਹਬ ਛਾਂਟਦੇ ਰਹੇ। ਪਾਨ ਖਾ ਕੇ ਸਾਡੀਆਂ ਸੜਕਾਂ ‘ਤੇ ਗੰਦ ਖਿਲਾਰਦੇ ਰਹੇ। ਅਸੀਂ ਇਨ੍ਹਾਂ ਨੂੰ ਬਥੇਰਾ ਸਿਰ ‘ਤੇ ਚੜ੍ਹਾਈ ਰੱਖਿਆ। ਏਨੇ ਸਾਲਾਂ ਵਿਚ ਇਨ੍ਹਾਂ ਸਾਡੀ ਜ਼ਬਾਨ ਤਾਂ ਕੀ ਸਿੱਖਣੀ ਸੀ, ਇਹ ਸਾਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਵੇਖਦੇ ਰਹੇ। ਅਗਰ ਇਨ੍ਹਾਂ ਨੂੰ ਸਾਡੀ ਜ਼ਬਾਨ ਵਿਚ ਗੱਲ ਕਰਨ ਲੱਗਿਆਂ ਤਕਲੀਫ਼ ਹੁੰਦੀ ਹੈ ਤਾਂ ਉਹ ਇਥੋਂ ਚਲੇ ਜਾਣ। ਇਹ ਖ਼ੁਦ ਨਾ ਗਏ ਤਾਂ ਅਸੀਂ ਇਨ੍ਹਾਂ ਨੂੰ ਇਥੋਂ ਧੱਕੇ ਮਾਰ ਕੇ ਕੱਢ ਦਿਆਂਗੇ।’’
ਇਸ ਭਖੇ ਹੋਏ ਮਾਹੌਲ ਵਿਚ ਇਕ-ਦੋ ਭਾਰਤੀ ਪ੍ਰਤੀਨਧਾਂ ਨੇ ਵੀ ਤਕਰੀਰ ਕੀਤੀ। ਸਾਡੀ ਇਕ ਬੀਬੀ ਨੇ ਫ਼ਖ਼ਰ ਜ਼ਮਾਂ ਦੀ ਤਕਰੀਰ ਤੇ ਪੰਜਾਬੀ ਪ੍ਰਤੀ ਪ੍ਰਗਟਾਈਆਂ ਉਸ ਦੀਆਂ ਭਾਵਨਾਵਾਂ ਦੀ ਤਾਰੀਫ਼ ਕੀਤੀ ਤੇ ਪੰਜਾਬੀ ਦੇ ਨਾਂ ‘ਤੇ ਸ਼ੁਰੂ ਹੋਈ ਇਸ ਜੱਦੋ-ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਕਹਿੰਦਿਆਂ ਇਥੋਂ ਤਕ ਕਹਿ ਗਈ, ‘‘ਇਸ ਜੱਦੋ-ਜਹਿਦ ਵਿਚ ਜਦੋਂ ਵੀ ਸਾਡੇ ਪੰਜਾਬੀ ਵੀਰਾਂ ਨੂੰ ਉਧਰਲੇ ਪੰਜਾਬ ਦੀ ਮਦਦ ਦੀ ਲੋੜ ਹੋਈ ਤਾਂ ਅਸੀਂ ਬਾਹਵਾਂ ਉਲਾਰ ਕੇ ਤੁਹਾਡੀ ਮਦਦ ਲਈ ਪੱੁਜਾਂਗੇ।’’
ਮੈਨੂੰ ਇਹੋ ਜਿਹੀਆਂ ਬਚਗਾਨਾ ਗੱਲਾਂ ਚੰਗੀਆਂ ਨਹੀਂ ਸਨ ਲੱਗਦੀਆਂ। ਇਹੋ ਜਿਹੀਆਂ ਤਕਰੀਰਾਂ ਹੀ ਪਾਕਿਸਤਾਨ ਦੇ ਕੱਟੜਪੰਥੀਆਂ ਨੂੰ ਕਹਿਣ ਦਾ ਮੌਕਾ ਦਿੰਦੀਆਂ ਸਨ ਕਿ ਇਹ ਦੋਹਾਂ ਮੁਲਕਾਂ ਦੇ ਪਾਕਿਸਤਾਨ ਤੇ ਇਸਲਾਮ ਵਿਰੋਧੀ ਲੋਕਾਂ ਦਾ ਇਕੱਠ ਹੈ। ਇਸੇ ਕਰਕੇ ਹੀ ਮੈਂ ਆਪਣੀ ਕੱਲ੍ਹ ਦੀ ਤਕਰੀਰ ਵਿਚ ਹਿੰਦੁਸਤਾਨ ਦੇ ਵੱਖਰੇ ਮੁਲਕਾਂ ਦੀ ਹੋਂਦ ਦੇ ਮੁੱਦੇ ਨੂੰ ਉਭਾਰਿਆ ਤੇ ਇਕ-ਦੂਜੇ ਦੀ ਆਜ਼ਾਦੀ ਦਾ ਸਨਮਾਨ ਕਰਦਿਆਂ ਹੋਇਆਂ ਸਾਂਝ ਦੇ ਸੂਤਰਾਂ ਨੂੰ ਤਲਾਸ਼ਣ ਤੇ ਉਨ੍ਹਾਂ ਨਾਲ ਜੁੜਨ ‘ਤੇ ਜ਼ੋਰ ਦਿੱਤਾ ਸੀ। ਅੱਜ ਫ਼ਖ਼ਰ ਜ਼ਮਾਂ ਨੂੰ ਵੀ ਸ਼ਾਇਦ ਇਸੇ ਲਈ ਆਪਣੇ ਸੱਚੇ-ਸੁੱਚੇ ਪਾਕਿਸਤਾਨੀ ਹੋਣ ਦੀ ਪੁਸ਼ਟੀ ਕਰਨੀ ਪਈ। ਮੈਂ ਹੌਲੀ ਜਿਹੀ ਰਘਬੀਰ ਸਿੰਘ ਦੇ ਕੰਨ ਵਿਚ ਕਿਹਾ, ‘‘ਇਹ ਬੀਬੀ ਭਲਾ ਬਾਹਵਾਂ ਉਲਾਰ ਕੇ ਕੀ ਮੱਦਦ ਕਰ ਦਏਗੀ।’’
ਉਹ ਹੱਸਿਆ, ‘‘ਇਹੋ ਜਿਹੀਆਂ ਭਾਵੁਕ ਤੇ ਖ਼ਾਹਮਖ਼ਾਹ ਆਪਣਾ ਨਾਇਕਤਵ ਸਥਾਪਤ ਕਰਨ ਵਾਲੀਆਂ ਗੱਲਾਂ ਤੋਂ ਜਿੰਨਾ ਬਚਿਆ ਜਾਵੇ, ਚੰਗਾ ਹੈ ਪਰ ਆਪਣੇ ਬੰਦਿਆਂ ਦੀ ਭਾਵੁਕਤਾ ਦਾ ਕੋਈ ਕੀ ਕਰੇ!’’
ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ। ਇਕ ਨੌਜਵਾਨ ਗਾਇਕ ਨੱਚਦਾ-ਟੱਪਦਾ ਹੋਇਆ, ਭੰਗੜਾ ਪਾਉਂਦਾ ਸੰਗੀਤ ਦੇ ਸ਼ੋਰ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਸੀ। ਸਾਡੇ ਅੱਗੇ-ਬੈਠੇ ਸਰੋਤਿਆਂ ਵਿਚੋਂ ਇਕ ਅੱਠ ਨੌਂ ਸਾਲ ਦੀ ਬੱਚੀ ਉਠੀ ਤੇ ਸਾਡੇ ਕੋਲ ਆ ਕੇ ਖੜੋ ਗਈ। ਉਠਣ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਦੇ ਕੰਨ ਵਿਚ ਘੁਸਰ-ਮੁਸਰ ਕੀਤੀ ਸੀ।
‘‘ਅੰਕਲ! ਅਪਨੇ ਆਟੋਗ੍ਰਾਫ ਦੇ ਦੋ ਪਲੀਜ਼।’’ ਮੈਂ ਅਤੇ ਰਘਬੀਰ ਸਿੰਘ ਨੇ ਉਸ ਦੀ ਡਾਇਰੀ ਉਤੇ ਉਸ ਦਾ ਨਾਂ ਲਿਖ ਕੇ ਜ਼ਿੰਦਗੀ ਵਿਚ ਤਰੱਕੀ ਕਰਨ ਦੀ ਆਸ਼ੀਰਵਾਦ ਉਰਦੂ ਅੱਖਰਾਂ ਵਿਚ ਪੰਜਾਬੀ ਲਿਖ ਕੇ ਦਿੱਤੀ ਤੇ ਹੇਠਾਂ ਆਪਣੇ ਦਸਤਖਤ ਕਰ ਦਿੱਤੇ। ਬੱਚੀ ਨੇ ਪੜ੍ਹਿਆ ਤੇ ਖ਼ੁਸ਼ ਹੋ ਕੇ ਮੁਸਕਰਾਈ।
‘‘ਥੈਂਕਯੂ ਅੰਕਲ।’’
ਫਿਰ ਉਹ ਆਪਣੀ ਡਾਇਰੀ ਲੈ ਕੇ ਸਾਡੇ ਤੋਂ ਪੰਜ-ਛੇ ਸੀਟਾਂ ਦੀ ਵਿੱਥ ‘ਤੇ ਬੈਠੇ ਆਪਣੇ ਪਿਉ ਕੋਲ ਗਈ ਤੇ ਉਸ ਅੱਗੇ ਆਪਣੀ ਡਾਇਰੀ ਕੀਤੀ। ਪਿਤਾ ਨੇ ਡਾਇਰੀ ਪੜ੍ਹੀ। ਬੱਚੀ ਨੂੰ ਪਿਆਰ ਦਿੱਤਾ ਤੇ ਫਿਰ ਆਪਣੇ ਵਾਲੇ ਪਾਸੇ ਬੈਠੇ ਰਘਬੀਰ ਸਿੰਘ ਨੂੰ ਕਿਹਾ, ‘‘ਤੁਹਾਡੇ ਵਿਚੋਂ ਸੰਧੂ ਸਾਹਿਬ ਕੌਣ ਨੇ…ਮੈਂ ਕਰਨਲ ਗਿੱਲ ਹਾਂ…।’’
ਉਸ ਨੇ ਰਘਬੀਰ ਸਿੰਘ ਨਾਲ ਹੱਥ ਮਿਲਾਇਆ।
ਰਘਬੀਰ ਸਿੰਘ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਕਰਨਲ ਗਿੱਲ ਕਹਿਣ ਲੱਗਾ, ‘‘ਸੰਧੂ ਸਾਹਿਬ ਜੇ ਤਕਲੀਫ਼ ਨਾ ਮੰਨੋ ਤਾਂ ਕੁਝ ਪਲ ਐਥੇ ਮੇਰੇ ਕੋਲ ਆ ਜਾਓ!’’
ਉਸ ਨੇ ਕਿਸੇ ਨੂੰ ਕਹਿ ਕੇ ਆਪਣੇ ਨਾਲ ਦੀ ਸੀਟ ਮੇਰੇ ਲਈ ਖ਼ਾਲੀ ਕਰਵਾ ਦਿੱਤੀ ਸੀ।
ਸਟੇਜ ਉਤੇ ਪਾਕਿਸਤਾਨ ਦੀ ਨਵੀਂ ਉਭਰਦੀ ਗਾਇਕਾ ਨਸੀਬੋ ਲਾਲ ਗਾ ਰਹੀ ਸੀ। ਪੂਰੇ ਰਸ-ਰੰਗ ਵਿਚ ਭਿੱਜ ਕੇ।
ਕੁਰਸੀ ‘ਤੇ ਆਪਣੇ ਕੋਲ ਬੈਠਦਿਆਂ ਹੀ ਕਰਨਲ ਗਿੱਲ ਨੇ ਪੋਲੇ ਜਿਹੇ ਮੈਨੂੰ ਆਪਣੀ ਵੱਖੀ ਨਾਲ ਘੁੱਟਿਆ।
‘‘ਸੰਧੂ ਸਾਅ੍ਹਬ! ਸਾਡੇ ਏਥੇ ਲਾਹੌਰ ਜ਼ਿਲੇ ਵਿਚ ਸੰਧੂ ਬਹੁਤ ਨੇ। ਤੁਹਾਡੇ ਓਧਰ ਗਿਲ ਹੈਗੇ ਨੇ…?’’
‘‘ਹਾਂ…ਹਾਂ ਕਿਉਂ ਨਹੀਂ…ਗਿੱਲ ਬਹੁਤ ਨੇ…ਸਾਡੇ ਓਧਰ…ਆਪਣੀਆਂ ਬਹੁਤ ਸਾਰੀਆਂ ਗੋਤਾਂ ਸਾਂਝੀਆਂ ਹੀ ਤਾਂ ਨੇ ਜੱਟਾਂ ਦੀਆਂ। ਏਧਰ ਵੀ ਤੇ ਓਧਰ ਵੀ। ਸੰਧੂ, ਗਿੱਲ, ਰੰਧਾਵੇ, ਚੀਮੇ, ਘੁੰਮਣ…।’’
‘‘ਆਪਾਂ ਜੱਟ-ਭਰਾ ਜੂ ਹੋਏ’’ ਉਸ ਨੇ ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ। ਸਰਹੱਦਾਂ ‘ਤੇ ਲੜਨ-ਮਰਨ ਵਾਲਾ ਇਕ ਫੌਜ ਦਾ ਅਫ਼ਸਰ, ਜਿਸ ਨੂੰ ਦੂਜਾ ਮੁਲਕ, ਦੁਸ਼ਮਣ ਦਾ ਮੁਲਕ ਸਮਝਣ ਦੀ ਸਿੱਖਿਆ ਦਿੱਤੀ ਗਈ ਸੀ-ਉਸ ਅੰਦਰ ਉਹਦਾ ਭਰਪਣ ਫੁੱਟ ਪਿਆ ਸੀ।
‘‘ਸੰਧੂ ਸਾਅ੍ਹਬ !  ਐਹ ਲਵੋ, ਮੇਰਾ ਫੋਨ ਨੰਬਰ ਤੇ ਅਗਲੇ ਦਿਨਾਂ ‘ਚ ਜਦੋਂ ਵੀ ਮੌਕਾ ਲੱਗੇ, ਵਿਹਲ ਹੋਵੇ ਤਾਂ ਮੇਰੇ ਘਰ ਮੇਰੇ ਨਾਲ ਖਾਣਾ ਖਾਵੋ। ਮੈਨੂੰ ਬਹੁਤ ਹੀ ਖ਼ੁਸ਼ੀ ਹੋਵੇਗੀ…।’’
ਮੇਰੇ ਨਾਲ ਹੀ ਉਸ ਨੇ ਅੱਗੇ ਉਲਰ ਕੇ ਰਘਬੀਰ ਸਿੰਘ ਨੂੰ ਵੀ ਨਿਉਤਾ ਦਿੱਤਾ।
ਮੈਂ ਕਰਨਲ ਗਿੱਲ ਦਾ ਇਸ ਮੁਹੱਬਤ ਭਰੇ ਸੱਦੇ ਲਈ ਧੰਨਵਾਦ ਕਰ ਰਿਹਾ ਸਾਂ ਤੇ ਉਧਰ ਸਟੇਜ ਉਤੇ ਆਸ਼ਕ ਜੱਟ ਆਪਣੇ ਗੀਤ ਤੋਂ ਪਹਿਲਾਂ ਭੂਮਿਕਾ ਬੰਨ੍ਹਦਾ ਹੋਇਆ ਕਹਿ ਰਿਹਾ ਸੀ।
‘‘ਇਹ ਸਾਡੇ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਤੇ ਸਾਡੀ ਖ਼ੁਸ਼-ਨਸੀਬੀ ਕਿ ਸਰਹੱਦ ਪਾਰੋਂ ਸਾਡੇ ਭਰਾ ਅੱਜ ਏਥੇ ਸਾਡੇ ਵਿਚ ਸ਼ਾਮਲ ਹੋਏ ਨੇ…।’’
ਮੇਰੇ ਤੋਂ ਦਸ ਕੁ ਸੀਟਾਂ ਸੱਜੇ ਹੱਥ ਆਪਣੀ ਕੁਰਸੀ ਨੂੰ ਥੋੜ੍ਹਾ ਕੁ ਅੱਗੇ ਨੂੰ ਵਧਾ ਕੇ ਬੈਠਾ ਹੋਇਆ ਇਕ ਮੋਟਾ ਆਦਮੀ ਆਸ਼ਕ ਜੱਟ ਦੇ ਬੋਲ ਸੁਣ ਕੇ ਗੁੱਸੇ ਵਿਚ ਹੱਥ ਹਿਲਾਂਦਾ ਉੱਚੀ ਆਵਾਜ਼ ਵਿਚ ਹੁੰਗਾਰਿਆ, ‘‘ਹੈਹੋ ਜਿਹੀ ਬਕਵਾਸ ਬੰਦ ਕਰ ਉਏ! ਸਿੱਧਾ ਗੌਣ ਸੁਣਾ।’’
ਉਸ ਨੂੰ ਸਰਹੱਦ ਪਾਰੋਂ ਆਏ ਲੋਕਾਂ ਨੂੰ ਭਰਾ ਆਖਣ ਵਾਲੀ ਗੱਲ ਜਚੀ ਨਹੀਂ ਸੀ। ਉਸ ਦੀ ਇਸ ਟਿੱਪਣੀ ਨੂੰ ਸ਼ਾਇਦ ਜਾਣਬੁੱਝ ਅਣਗੌਲਿਆ ਕਰ ਦਿੱਤਾ ਗਿਆ ਸੀ, ਨਹੀਂ ਤਾਂ ਉਹਦੀ ਆਵਾਜ਼ ਸੁਣੀ ਤਾਂ ਸਾਰੇ ਹਾਲ ਵਿਚ ਗਈ ਸੀ।
ਖ਼ੂਬਸੂਰਤ ਆਵਾਜ਼ ਦੀ ਮਾਲਿਕ ਤਸੱਵਰ ਖਾਨੁਮ ਕਾਲੇ ਰੰਗ ਦੇ ਸੂਫੀਆਨਾ ਕੱਪੜਿਆਂ ਵਿਚ ਫੱਬ-ਫੱਬ ਪੈ ਰਹੀ ਬੜੇ ਵਜਦ ਵਿਚ ਸੂਫੀਆਨਾ ਕਲਾਮ ਗਾ ਰਹੀ ਸੀ। ਸਰੋਤੇ ਸੰਗੀਤ ਦੇ ਜਾਦੂ ਦੇ ਕੀਲੇ ਹੋਏ ਸਿਰ ਹਿਲਾ ਰਹੇ ਸਨ ਪਰ ਮੇਰਾ ਧਿਆਨ ਬਾਰ-ਬਾਰ ਉਸ ਮੋਟੇ ਆਦਮੀ ਵੱਲ ਜਾ ਰਿਹਾ ਸੀ। ਮੇਰੇ ਅਤੇ ਤਸੱਵਰ ਖ਼ਾਨੁਮ ਵਲੋਂ ਗਾਏ ਜਾ ਰਹੇ ਸੂਫੀਅਨਾ ਕਲਾਮ ਵਿਚ ਉਹ ਬਾਰ-ਬਾਰ ਕਿਉਂ ਆਣ ਖੜੋਂਦਾ ਸੀ!
ਰਾਤ ਢਲ ਗਈ ਸੀ ਜਦੋਂ ਪ੍ਰੋਗਰਾਮ ਖ਼ਤਮ ਹੋਇਆ। ਹਾਲ ਤੋਂ ਬਾਹਰ ਆ ਕੇ ਕਰਨਲ ਗਿੱਲ ਸਾਨੂੰ ਫਿਰ ਕਿਸੇ ਵੇਲੇ ਸਮਾਂ ਕੱਢ ਕੇ ਆਪਣੇ ਨਾਲ ਖਾਣਾ-ਖਾਣ ਦਾ ਸੱਦਾ ਦੇ ਰਿਹਾ ਸੀ।
‘‘ਗਿੱਲ ਸਾਅ੍ਹਬ ! ਆਓ ਤੁਹਾਨੂੰ ਆਪਣਾ ਗਿੱਲ ਵੀ ਮਿਲਾਵਾਂ…’’ ਮੈਂ ਕੋਲ ਆ ਖੜੋਤੇ ਗੁਰਭਜਨ ਗਿੱਲ ਦੀ ਬਾਂਹ ਫੜ ਕੇ ਇਸ਼ਾਰਾ ਕਰਦਿਆਂ ਕਿਹਾ, ‘‘ਇਹ ਕਰਨਲ ਗਿੱਲ ਨੇ…।’’
ਕਰਨਲ ਗਿੱਲ ਨੇ ਛੋਟੇ ਭਰਾ ਵਾਂਗ ਗੁਰਭਜਨ ਗਿੱਲ ਨੂੰ ਆਪਣੀਆਂ ਬਾਹਵਾਂ ਵਿਚ ਵਲ ਲਿਆ।
ਆਸ਼ਕ ਜੱਟ ਨੂੰ ਗਾਲ੍ਹ ਕੱਢਣ ਵਾਲਾ ਉਹ ਮੋਟਾ ਆਦਮੀ ਕਿੱਥੇ ਸੀ!

15 ਅਪਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿਚ ਦਮਕ ਰਹੀ ਸੀ ਜਦੋਂ ਅਸੀਂ ਫਲੈਟੀਜ਼ ਹੋਟਲ ਪਹੁੰਚੇ। ਅੱਜ ਰਾਤ ਕਾਨਫ਼ਰੰਸ ਹਾਲ ਵਿਚ ਹੀ ਸਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪਰਸੋਂ ਰਾਤ ਕਾਨਫ਼ਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿਚ ਰਾਤ ਭਰ ਕਵੀ ਦਰਬਾਰ ਚੱਲਿਆ ਸੀ। ਕੱਲ੍ਹ ਰਾਤ ਜਦੋਂ ਅਸੀਂ ਰਾਇ ਅਜ਼ੀਜ਼ ਉਲਾ ਖਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ। ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸਬੰਧਤ ਆਮ ਲੋਕਾਂ ਦੇ ਪੈਂਤੜੇ ਤੋਂ ਸਥਾਪਤ ਤਾਕਤਾਂ ਦਾ ਵਿਰੋਧ ਕਰਦਾ ਤੇ ਮਜ਼੍ਹਬਾਂ ਦੀਆਂ ਹੱਦਾਂ ਤੋਂ ਪਾਰ ਇਨਸਾਨੀ ਏਕੇ ਦਾ ਹੋਕਾ ਦਿੰਦਾ ਇਹ ਨਾਟਕ ਬਹੁਤ ਹੀ ਸਲਾਹਿਆ ਗਿਆ ਸੀ। ਅਸੀਂ ਇਹ ਨਾਟਕ ਵੇਖਣ ਤੋਂ ਖੁੰਝ ਗਏ ਸਾਂ। ਇਸ ਲਈ ਅੱਜ ਦਾ ਸਭਿਆਚਾਰਕ ਪ੍ਰੋਗਰਾਮ ਦੇਖਣ ਦੀ ਮੇਰੇ ਮਨ ਵਿਚ ਤੀਬਰ ਲਾਲਸਾ ਸੀ।
ਬਾਹਰ ਲੋਕਾਂ ਦੀ ਭੀੜ ਇੱਕਠੀ ਹੋ ਰਹੀ ਸੀ। ਸਭਿਆਚਾਰਕ ਪ੍ਰੋਗਰਾਮਾਂ ਦਾ ਨਾਂ ਸੁਣ ਕੇ ਲਾਹੌਰ ਸ਼ਹਿਰ ਦੇ ਆਮ ਵਸਨੀਕ ਵੀ ਪ੍ਰੋਗਰਾਮ ਸ਼ੁਰੂ ਹੋਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ। ਪਰ ਪਹਿਲਾਂ ਰਾਤ ਦਾ ਖਾਣਾ ਖਾਧਾ ਜਾਣਾ ਸੀ ਤੇ ਉਸ ਵਿੱਚ ਵੀ ਅਜੇ ਕੁਝ ਸਮਾਂ ਪਿਆ ਹੋਣ ਕਰਕੇ ਭੀੜ ਵਿਚ ਖਲੋਤੇ ਅਸੀਂ ਹੌਲੀ ਜਿਹੀ ਆਪਣੇ ਆਪਣੇ ਜਾਣੂ ਬੰਦਿਆਂ ਵੱਲ ਖਿਸਕ ਕੇ ਲਾਹੌਰ ਸ਼ਹਿਰ ‘ਚੋਂ ਪ੍ਰਾਪਤ ਅਨੁਭਵ ਇਕ ਦੂਜੇ ਨਾਲ ਸਾਂਝੇ ਕਰ ਰਹੇ ਸਾਂ। ਅਚਾਨਕ ਇਲਿਆਸ ਘੰੁਮਣ ਮੇਰੇ ਨਜ਼ਦੀਕ ਆਣ ਖੜੋਤਾ। ਹੱਥ ਮਿਲਾ ਕੇ ਗਲਵੱਕੜੀ ਪਾਈ ਤੇ ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛਣ ਲੱਗੇ। ਮੈਂ ਉਸ ਦੇ ਬਹੁਤ ਜ਼ਿਆਦਾ ਰੁੱਝੇ ਹੋਣ ਅਤੇ ਕਾਨਫ਼ਰੰਸ ਦੇ ਆਪਣੇ ਸਿਰ ‘ਤੇ ਲਏ ਕੰਮ ਨੂੰ ਸਲੀਕੇ ਤੇ ਸਿਆਣਪ ਨਾਲ ਸਿਰੇ ਚੜ੍ਹਾਈ ਜਾਣ ਲਈ ਉਸ ਦੀ ਤਾਰੀਫ਼ ਕੀਤੀ।
‘‘ਮੈਂ ਇਸ ਫਾਉਂਡੇਸ਼ਨ ਦਾ ਮੈਂਬਰ ਸ਼ੈਂਬਰ ਤਾਂ ਕੋਈ ਨਹੀਂ। ਪਰ ਮੈਂ ਫ਼ਖ਼ਰ ਜਮ੍ਹਾਂ ਹੁਰਾਂ ਨਾਲ ਵਾਅਦਾ ਕੀਤਾ ਸੀ ਕਿ ਕਾਨਫ਼ਰੰਸ ਦੀ ਕਾਮਯਾਬੀ ਲਈ ਸਾਰਾ ਤਾਣ ਲਾ ਦਿਆਂਗਾ।’’
ਇਹ ਗੱਲ ਹੈ ਵੀ ਦਰੁਸਤ ਸੀ। ਜਿਵੇਂ ਸਾਰੇ ਸੈਸ਼ਨਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਹ ਬੁਲਾਰਿਆਂ ਦਾ ਅਗਾਉਂ ਪ੍ਰਬੰਧ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਚੋਣ ਕਰਦਾ, ਸਟੇਜ ਨੂੰ ਉਪਰ ਜਾ ਕੇ ਜਾਂ ਪਿੱਛੇ ਰਹਿ ਕੇ ਚਲਾਉਂਦਾ, ਉਸ ਦਾ ਸਾਰੇ ਡੈਲੀਗੇਟਾਂ ਨੂੰ ਭਲੀਭਾਂਤ ਗਿਆਨ ਹੋ ਗਿਆ ਸੀ। ਫ਼ਖ਼ਰ ਜ਼ਮਾਂ ਦੀ ਸਲਾਹ ਨਾਲ ਸਾਰੇ ਪ੍ਰੋਗਰਾਮ ਨੂੰ ਕਾਰਜਸ਼ੀਲ ਰੂਪ ਦੇਣ ਵਿਚ ਉਸ ਦਾ ਪ੍ਰਮੁੱਖ ਯੋਗਦਾਨ ਕਿਸੇ ਵੀ ਅੱਖ ਤੋਂ ਲੁਕਿਆ ਹੋਇਆ ਨਹੀਂ ਸੀ।
‘‘ਆਓ, ਇਕ ਮਿੰਟ ਗੱਡੀ ਵਿਚ’’ ਉਸ ਨੇ ਮੈਨੂੰ ਨੇੜੇ ਹੀ ਖਲੋਤੀ ਆਪਣੀ ਕਾਰ ਵਿਚ ਬੈਠਣ ਲਈ ਕਿਹਾ। ਮੈਂ ਸੋਚਿਆ ਕੋਈ ਗੱਲ ਵੱਖਰਿਆਂ ਕਰਨੀ ਹੋਵੇਗੀ। ਕਾਰ ਵਿਚ ਬੈਠੇ ਤਾਂ ਉਹ ਕਾਰ ਸਟਾਰਟ ਕਰਨ ਲੱਗਾ। ਮੈਂ ਪੁੱਛਿਆ ਤਾਂ ਆਖਣ ਲੱਗਾ, ‘‘ਘੜੀ ਪਲ ਘੁੰਮਦੇ ਫਿਰਦੇ ਆਂ, ਗੱਪ-ਸ਼ੱਪ ਲਾਉਂਦੇ ਆਂ।’’
ਭੀੜ ਵਿਚੋਂ ਉਸ ਦਾ ਮੈਨੂੰ ਇੰਜ ਖਿਸਕਾਉਣਾ ਜਾਇਜ਼ ਲੱਗਾ ਕਿਉਂਕਿ ਇਲਿਆਸ ਘੁੰਮਣ ਹੀ ਅਜਿਹਾ ਵਿਅਕਤੀ ਸੀ ਜਿਸ ਉਪਰ ਸਾਡੇ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਮਾਣ ਸੀ ਜਾਂ ਜਿਸ ਨਾਲ ਸਭ ਤੋਂ ਵੱਧ ਲੋਕਾਂ ਦੀ ਪਛਾਣ ਸੀ। ਇਹ ਪਛਾਣ ਉਹਦੀਆਂ ਲਿਖਤਾਂ ਕਰਕੇ ਤੇ ਪੰਜਾਬੀ ਲਈ ਕੀਤੇ ਕੰਮਾਂ ਸਦਕਾ ਤਾਂ ਹੈ ਹੀ ਸੀ ਪਰ ਜਦੋਂ ਉਹ ਭਾਰਤ ਆਇਆ ਤੇ ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਘੁੰਮਿਆ ਤੇ ਲੋਕਾਂ ਨੇ ਜਿਵੇਂ ਉਹਦੇ ਪੈਰਾਂ ਥੱਲੇ ਆਪਣੇ ਹੱਥਾਂ ਦੀਆਂ ਤਲੀਆਂ ਦਿੱਤੀਆਂ ਸਨ ਉਸ ਨਾਲ ਘੁੰਮਣ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚ ਉਨ੍ਹਾਂ ਦਾ ਆਪਣਾ ਬਣ ਕੇ ਬੈਠ ਗਿਆ ਸੀ। ਸ਼ਾਇਦ ਅੰਦਰੇ ਅੰਦਰ ਸਾਰੇ ਹੀ ਇਲਿਆਸ ਘੁੰਮਣ ਕੋਲੋਂ ਆਪਣੇ ਆਪ ਵਾਸਤੇ ਉਚੇਚੇ ਵਤੀਰੇ ਦੀ ਆਸ ਰੱਖਦੇ ਹੋ ਸਕਦੇ ਸਨ। ਇਕ ਤਾਂ ਇਲਿਆਸ ਘੁੰਮਣ ਦੇ ਸਿਰ ‘ਤੇ ਕਾਨਫ਼ਰੰਸ ਦੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਸੀ ਤੇ ਉਹ ਉਸ ਵਿਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ। ਦੂਜੇ ਇਕ ਦੋ ਦਿਨ ਪਹਿਲਾਂ ਹੀ ਉਹਦੇ ਪਰਿਵਾਰ ਵਿਚ ਵੱਡਾ ਦੁਖਾਂਤ ਵਾਪਰ ਗਿਆ ਸੀ ਤੇ ਕਿਸੇ ਲੁਟੇਰੇ ਨੇ ਉਸ ਦੀ ਪਤਨੀ ਦੀ ਭੈਣ ਦਾ ਕਤਲ ਕਰ ਦਿੱਤਾ ਸੀ। ਇਸ ਦੇ ਬਾਵਜੂਦ ਉਹ ਸਮੇਂ ਦੀ ਕਿਸੇ ਵਿਰਲ ਨੂੰ ਚੁਰਾ ਲੈਂਦਾ ਤੇ ਕਿਸੇ ਨਾ ਕਿਸੇ ਦੋਸਤ-ਮਿੱਤਰ ਨੂੰ ਆਪਣੀ ਮਹਿਮਾਨ ਨਿਵਾਜ਼ੀ ਤੇ ਮੁਹੱਬਤ ਦੇ ਰੰਗ ਵਿਚ ਰੰਗ ਜਾਂਦਾ।
ਹੁਣ ਇਸ ਰੰਗ ਵਿਚ ਰੰਗੇ ਜਾਣ ਲਈ ਉਸ ਨੇ ਮੈਨੂੰ ਚੁਣ ਲੈਣ ਦਾ ਮਾਣ ਦਿੱਤਾ ਸੀ। ਜਗਤਾਰ ਤੇ ਉਮਰ ਗਨੀ ਤਾਂ ਭੀੜ ਵਿਚ ਕਿਧਰੇ ਗਵਾਚ ਗਏ ਸਨ ਪਰ ਰਘਬੀਰ ਸਿੰਘ ਤੇ ਸੁਲੇਖਾ ਤਾਂ ਮੇਰੇ ਨਾਲ ਖੜੋਤੇ ਸਨ ਜਦੋਂ ਮੈਂ ਕਾਰ ਵਿਚ ਬੈਠਿਆ। ਮੈਂ ਆਖਿਆ, ‘‘ਰਘਬੀਰ ਸਿੰਘ ਹੁਰੀ ਮੇਰੇ ਨਾਲ ਹੀ ਹਨ।’’
‘‘ਤੇ ਲਓ ਨਾ ਉਨ੍ਹਾਂ ਨੂੰ ਨਾਲ। ਮੈਂ ਹੁਣੇ ਬੁਲਾਉਂਦਾਂ’’, ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੂਰੇ ਮਾਣ ਨਾਲ ਇਲਿਆਸ ਨੇ ਕਿਹਾ ਤੇ ਉਸ ਨੇ ਕਾਰ ਤੋਂ ਬਾਹਰ ਨਿੱਕਲ ਕੇ ਰਘਬੀਰ ਸਿੰਘ ਹੁਰਾਂ ਨੂੰ ਆਪਣੇ ਨਾਲ ਬੈਠਣ ਲਈ ਆਪਣਾ ਅਦਬ ਪੇਸ਼ ਕੀਤਾ।
ਕਾਰ ਲਾਹੌਰ ਦੀਆਂ ਸੜਕਾਂ ਉਤੇ ਤੈਰਨ ਲੱਗੀ। ਅਸੀਂ ਉਸ ਦੇ ਘਰ ਵਾਪਰੇ ਦੁਖਾਂਤ ਦਾ ਅਫ਼ਸੋਸ ਕੀਤਾ। ਉਸ ਨੇ ਇਸ ਅਫ਼ਸੋਸ ਨੂੰ ਸਵੀਕਾਰ ਕਰਦਿਆਂ ਇਸ ਨੂੰ ਜ਼ਿਆਦਾ ਖਿੱਚਣ ਦੀ ਥਾਂ ਇਕ ਦੋ ਵਾਕ ਕਹਿ ਕੇ ਗੱਲ ਨੂੰ ਨਵਾਂ ਮੋੜ ਦੇ ਦਿੱਤਾ। ਜ਼ਾਹਿਰ ਸੀ ਕਿ ਉਹ ਸਾਡੀ ਇਸ ਮਿਲਣੀ ਉਤੇ ਆਪਣੇ ਦੁੱਖ ਦਾ ਲੰਮਾ ਪਰਛਾਵਾਂ ਨਹੀਂ ਸੀ ਪੈਣ ਦੇਣਾ ਚਾਹੁੰਦਾ। ਕਾਨਫ਼ਰੰਸ ਵਿਚ ਉਸ ਨੂੰ ਵਿਚਰਦਿਆਂ ਵੇਖ ਕੇ ਨਾਵਾਕਫ਼ ਬੰਦੇ ਨੂੰ ਪਤਾ ਨਹੀਂ ਸੀ ਲੱਗ ਸਕਦਾ ਕਿ ਉਹ ਇਸ ਸਮੇਂ ਅੰਦਰੋਂ ਕਿੰਨੇ ਡੂੰਘੇ ਦੁੱਖ ਤੇ ਤਣਾਅ ‘ਚੋਂ ਗੁਜ਼ਰ ਰਿਹਾ ਹੈ। ਮੈਨੂੰ ਉਸ ਵਿਚੋਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਦਾ ਪਾਤਰ ਯਾਦ ਆਇਆ ਜੋ ਦੂਜੇ ਦੀ ਖ਼ੁਸ਼ੀ ਤੇ ਸੁਖ ਲਈ ਆਪਣਾ ਨਿਜੀ ਦੁੱਖ ਘੁੱਟਾਂ ਭਰ ਕੇ ਡੀਕ ਜਾਂਦਾ ਹੈ ਪਰ ਆਪਣੇ ਸਹਿਜ ਤੇ ਸੰਤੁਲਨ ਨੂੰ ਗਵਾਚਣ ਨਹੀਂ ਦਿੰਦਾ।
ਲਾਹੌਰ ਦੀਆਂ ਖੁੱਲ੍ਹੀਆਂ, ਚਾਨਣੀਆਂ ਸੜਕਾਂ, ਉੱਚੀਆਂ ਸ਼ਾਨਦਾਰ ਇਮਾਰਤਾਂ। ਲਾਹੌਰ ਪੂਰੇ ਜਲੌਅ ਵਿਚ ਚਮਕ ਰਿਹਾ ਸੀ। ਇਸ ਸ਼ਾਨਦਾਰ ਲਾਹੌਰ ਵਿਚ ਉਸ ਬਲੋਚਿਸਤਾਨ ਦੇ ਨੌਜਵਾਨ ਦਾ ਵੀ ਕੁਝ ਹਿੱਸਾ ਸੀ, ਜਾਂ ਉਸ ਗਰੀਬ ਕਿਸਾਨ ਦਾ ਵੀ ਇਸ ‘ਤੇ ਕੁਝ ਮਾਣ ਸੀ ਜਿਹੜਾ ਮੈਨੂੰ ਸ਼ਾਹ ਹੁਸੈਨ ਦੀ ਮਜ਼ਾਰ ਉਤੇ ਮਿਲਿਆ ਸੀ! ਕੁਝ ਵੀ ਸੀ, ਲਾਹੌਰ ਇਥੇ ਆਪਣੀ ਪੂਰੀ ਸ਼ਾਨ ਨਾਲ ਚਮਕ ਰਿਹਾ ਸੀ। ਗੁਲਬਰਗ ਦੀ ਖ਼ੂਬਸੂਰਤੀ, ਮਾਡਲ ਟਾਊਨ ਦਾ ਪੌਸ਼ ਇਲਾਕਾ। ਸੱਜੇ ਹੱਥ ਵਗਦੀ ਨਹਿਰ, ਉਸ ਵਿਚੋਂ ਫੁਟਦੇ ਫੁਹਾਰੇ ਅਤੇ ਉਨ੍ਹਾਂ ਉਤੇ ਪੈਂਦੀਆਂ ਰੰਗ-ਬਰੰਗੀਆਂ ਰੌਸ਼ਨੀਆਂ। ਨਹਿਰ ਦੇ ਕੰਢੇ ਖਲੋਤੇ ਦਰਖਤਾਂ ਨੂੰ ਜਿਵੇਂ ਰੌਸ਼ਨੀਆਂ ਦੇ ਫਲ ਲੱਗੇ ਹੋਣ। ਬਿਜਲੀ ਦੇ ਛੋਟੇ ਵੱਡੇ ਬਲਬਾਂ ਨਾਲ ਸ਼ਿੰਗਾਰੇ ਦਰਖ਼ਤ। ਰੌਸ਼ਨੀਆਂ ਨਾਲ ਬਣੇ ਪੰਛੀਆਂ ਅਤੇ ਜਾਨਵਰਾਂ ਦੇ ਵਿਭਿੰਨ ਆਕਾਰ ਝਮਝਮ ਕਰ ਰਹੇ ਸਨ। ਕਿਸੇ ਸਿਆਣੇ ਨੇ ਲਾਹੌਰ ਦੀਆਂ ਜ਼ੁਲਫਾਂ ਸੁਆਰ ਕੇ ਰੰਗ-ਬਰੰਗੇ ਫੁੱਲ ਪਾ ਕੇ ਉਸ ਦੀਆਂ ਦਰਸ਼ਨੀ ਮੀਡੀਆਂ ਕੀਤੀਆਂ ਹੋਈਆਂ ਸਨ।
‘‘ਇਹ ਵੀ ਲਾਸ਼ਾਰੀ ਹੁਰਾਂ ਦਾ ਈ ਕੰਮ ਜੇ ਜਿਨ੍ਹਾਂ ਨੇ ਫੂਡ ਸਟਰੀਟ ਬਣਾਈ ਏ… ਫੂਡ ਸਟਰੀਟ ਵੇਖੀ ਜੇ ਕਿ ਨਹੀਂ ਅਜੇ?’’
ਇਲਿਆਸ ਨੂੰ ਅਸੀਂ ਦੱਸਿਆ ਕਿ ਕੱਲ੍ਹ ਰਾਇ ਸਾਹਿਬ ਦੀ ਬਦੌਲਤ ਅਸੀਂ ਫੂਡ ਸਟਰੀਟ ਵੇਖ ਚੁੱਕੇ ਹਾਂ।
‘‘ਚਲੋ ਫਿਰ ਅੱਜ ਤੁਹਾਨੂੰ ਵਿਲੇਜ ਰੈਸਟੋਰੈਂਟ ਵਿਖਾਨੇ ਆਂ… ਇਹ ਵੀ ਵੇਖਣ ਵਾਲੀ ਸ਼ੈਅ ਜੇ…।’’
ਕੁਝ ਚਿਰ ਪਿੱਛੋਂ ਇਲਿਆਸ ਨੇ ‘ਵਿਲੇਜ ਰੈਸਟੋਰੈਂਟ’ ਦੇ ਬਾਹਰ ਕਾਰ ਖੜ੍ਹੀ ਕੀਤੀ। ਪਿੰਡ ਦਾ ਸਜਿੰਦ ਮਾਹੌਲ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮਸ਼ੀਨੀ ਖੂਹ ਚਲ ਰਿਹਾ ਸੀ। ਟਿੰਡਾਂ ਦਾ ਪਾਣੀ ਪਾੜਛੇ ਵਿਚ ਡਿੱਗ ਰਿਹਾ… ਚਾਂਦੀ ਰੰਗਾ… ਵਾਣ ਦੀਆਂ, ਪਾਵਿਆਂ ਵਾਲੀਆਂ ਮੰਜੀਆਂ ਡੱਠੀਆਂ ਹੋਈਆਂ। ਡਿਉਢੀ ‘ਤੇ ਖੜੋਤਾ ਦਰਬਾਨ ਕੋਈ ਚਿੱਟ-ਕਪੱੜੀਆ ਪੇਂਡੂ ਨਜ਼ਰ ਆ ਰਿਹਾ ਸੀ। ਪੈਰੀਂ ਦੁਖੱਲੀ ਜੁੱਤੀ। ਗਲ ਚਿੱਟਾ ਕੁੜਤਾ, ਤੇੜ ਤਹਿਮਦ ਤੇ ਸਿਰ ‘ਤੇ ਵਲਦਾਰ ਚਿੱਟੀ ਪੱਗ, ਜਿਸ ਦਾ ਕੰਨ ‘ਤੇ ਛੱਡਿਆ ਹੋਇਆ ਲੰਮਾ ਲੜ। ਉਹ ਇਲਿਆਸ ਦਾ ਪਹਿਲਾਂ ਤੋਂ ਹੀ ਜਾਣੂੰ ਲੱਗਦਾ ਸੀ। ਬੜੇ ਪਿਆਰ ਨਾਲ ਦੋਵੇਂ ਇਕ ਦੂਜੇ ਨੂੰ ਨੇੜਲੇ ਸਨੇਹੀਆਂ ਵਜੋਂ ਮਿਲੇ ਤੇ ਫਿਰ ਉਸ ਨੇ ਡਿਉਢੀ ਦੇ ਅੰਦਰ ਜਾਣ ਲਈ ਇਸ਼ਾਰਾ ਕੀਤਾ। ਪੁਰਾਣੀ ਤਰਜ਼ ਦਾ ਕੋਕਿਆਂ ਤੇ ਕਿੱਲਾਂ ਵਾਲਾ ਸ਼ਿੰਗਾਰਿਆ ਕੁੰਡੇ ਵਾਲਾ ਦਰਵਾਜ਼ਾ ਲੰਘ ਕੇ ਅਸੀਂ ਡਿਉਢੀ ਵਿਚ ਦਾਖ਼ਲ ਹੋਏ। ਡਿਉਢੀ ਵਿਚ ਪਈਆਂ ਵਸਤਾਂ ਸਾਡੇ ਪੇਂਡੂ ਸਭਿਆਚਾਰ ਦੀਆਂ ਨਿਸ਼ਾਨੀਆਂ ਵਜੋਂ ਸਾਂਭੀਆਂ ਹੋਈਆਂ। ਸਿਰ ‘ਤੇ ਸਿਰਕੀ ਦੀਆਂ ਛੱਤਾਂ।
ਅੱਗੇ ਗਏ ਤਾਂ ਇਨ੍ਹਾਂ ਸਿਰਕੀ ਦੀਆਂ ਛੱਤਾਂ ਵਾਲੇ ਪੇਂਡੂ ਦਿਸਦੇ ਖੁੱਲ੍ਹੇ-ਡੁੱਲ੍ਹੇ ਦਲਾਨ ਵਿਚ ਆਧੁਨਿਕ ਦਿੱਖ ਵਾਲੇ ਅਮੀਰ ਲੋਕ ਸਜੇ-ਫੱਬੇ ਹੋਏ ਟੇਬਲਾਂ ਉਤੇ ਬੈਠੇ ਆਪਣੀ ਮਨਪਸੰਦ ਦਾ ਭੋਜਨ ਛਕ ਰਹੇ ਸਨ। ਮੇਜ਼ਾਂ ‘ਤੇ ਪਿਆ ਸਾਮਾਨ, ਉਨ੍ਹਾਂ ਦੀ ਦਿੱਖ ਕਿਸੇ ਫਾਈਵ ਸਟਾਰ ਹੋਟਲ ਦੇ ਡਾਇਨਿੰਗ ਹਾਲ ਵਾਲੀ ਹੀ ਅਤੇ ਭੋਜਨ ਵੀ ਉਹੋ ਜਿਹਾ। ‘ਪਿੰਡ’ ਹੋਣ ਦਾ ਤਾਂ ਐਵੇਂ ਬੱਸ ਇਕ ਭਰਮ ਸਿਰਜਿਆ ਗਿਆ ਸੀ। ਲੋਕਾਂ ਦਾ ਆਪਣੇ ਬੀਤੇ ਜੀਵਨ ਪ੍ਰਤੀ ਇਕ ਕਿਸਮ ਦਾ ਜੋ ਹੇਰਵਾ ਹੁੰਦਾ ਹੈ, ਉਸ ਨੂੰ ਸੰਤੁਸ਼ਟ ਕਰਨ ਦਾ ਯਤਨ ਹੀ ਸੀ ਇਹ ‘ਵਿਲੇਜ ਰੈਸਟੋਰੈਂਟ’। ਆਪਣੇ ਪੇਂਡੂ ਪਿਛੋਕੜ ਵਿਚੋਂ ਉਠ ਕੇ ਬਣੀ ਅਮੀਰ ਸ਼ੇ੍ਰਣੀ ਲਈ ਇਹ ਇਕ ਸੁਖਾਵੀਂ ਠਾਹਰ ਸੀ। ਆਪਣੇ ਬਚਪਨ ਵਾਲਾ ਤਦ-ਕਾਲੀਨ ਪੇਂਡੂ ਜੀਵਨ ਤਾਂ ਇਹ ਅਮੀਰ ਸ਼ੇ੍ਰਣੀ ਹੁਣ ਅਮਲੀ ਰੂਪ ਵਿਚ ਜਿਉਣਾ ਨਹੀਂ ਚਾਹੁੰਦੀ ਪਰ ਉਸ ਦਾ ਚੇਤਾ ਵੀ ਉਸ ਦੇ ਮਨੋਂ ਵਿਸਰਦਾ ਨਹੀਂ। ਇੰਜ ਇਹ ਬਨਾਉਟੀ ਪਿੰਡ ਸਿਰਜ ਕੇ ਉਨ੍ਹਾਂ ਦੇ ਅੰਦਰ ਨੂੰ ਤ੍ਰਿਪਤ ਕਰਨ ਦਾ ਯਤਨ ਕੀਤਾ ਗਿਆ ਸੀ ਜਿਥੇ ਉਹ ਪੁਰਾਣੇ ਪਿੰਡ ਦੀ ‘ਖ਼ੁਸ਼ਬੂ’ ਵੀ ਮਾਣ ਸਕਣ ਤੇ ਆਪਣੀ ਹੁਣ ਦੀ ਹੈਸੀਅਤ ਮੁਤਾਬਕ ਵੰਨ-ਸੁਵੰਨੇ ਪਕਵਾਨਾਂ ਦਾ ਸੁਆਦ ਵੀ ਚੱਖ ਸਕਣ।
ਅਸੀਂ ਇਕ ਨੁੱਕਰ ਵਿਚ ਖ਼ਾਲੀ ਮੇਜ਼ ਮੱਲ ਲਿਆ।
‘‘ਇਥੇ ਖਾਣਾ ਸਰਵ ਨਹੀਂ ਕੀਤਾ ਜਾਂਦਾ। ਹਾਲ ਤੋਂ ਅੱਗੇ ਐਨ ਅੰਦਰ ਜਾ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦਾ ਖਾਣਾ ਪਲੇਟਾਂ ‘ਚ ਪਾ ਕੇ ਲੈ ਆਈਦਾ ਏ… ਏਥੇ ਬੈਠ ਕੇ ਖਾ ਲਈਦਾ ਏ… ਫਿਰ ਕੁਝ ਚਾਹੀਦਾ ਹੋਵੇ, ਫਿਰ ਅੰਦਰੋਂ ਲੈ ਆਓ…’’
ਇਲਿਆਸ ਘੁੰਮਣ ਨੇ ਤਮਹੀਦ ਬੰਨ੍ਹ  ਕੇ ਕਿਹਾ, ‘‘ਆਓ! ਹੁਣ ਅੰਦਰ ਚੱਲੀਏ…’’
ਅਸੀਂ ਅੰਦਰ ਗਏ ਤਾਂ ਜਿਵੇਂ ਅਲੀ ਬਾਬਾ ਦੀ ਗੁਫ਼ਾ ਵਾਂਗ ‘ਵੰਨ-ਸੁਵੰਨੇ ਪਕਵਾਨਾਂ’ ਦੀ ਗੁਫ਼ਾ ਵਿਚ ਜਾ ਵੜੇ ਹੋਈਏ। ਕੱਟੇ ਹੋਏ ਹਰ ਤਰ੍ਹਾਂ ਦੇ ਫਲ, ਵੱਖ ਵੱਖ ਤਰ੍ਹਾਂ ਦੇ ਜੂਸ, ਅਨੇਕਾਂ ਕਿਸਮਾਂ ਦਾ ਮੀਟ, ਸਬਜ਼ੀਆਂ, ਕਈ ਕਿਸਮ ਦੇ ਸਾਲਦ, ਰਾਇਤੇ, ਦਹੀਂ ਦੀ ਲੱਸੀ, ਮਕੱਈ ਦੀ ਰੋਟੀ, ਮੱਖਣ ਤੇ ਸਾਗ…
ਇਸ ਤਰ੍ਹਾਂ ਦੀ ਸੁਵਿਧਾ ਬਾਹਰਲੇ ਮੁਲਕਾਂ ਵਿਚ ਵੀ ਹੁੰਦੀ ਹੈ ਪਰ ਉਥੇ ਖਾਣਿਆਂ ਦੀਆਂ ਬਹੁਤੀਆਂ ਕਿਸਮਾਂ ਪੱਛਮੀ ਸੁਆਦ ਮੁਤਾਬਿਕ ਬਣਾਈਆਂ ਹੁੰਦੀਆਂ ਹਨ। ਪੰਜਾਬੀ ਖਾਣੇ ਦੇ ਏਨੇ ਰੰਗ ਪਹਿਲੀ ਵਾਰ ਵੇਖੇ ਸਨ। ਫੂਡ ਸਟਰੀਟ ਵਿਚ ਵੱਖ ਵੱਖ ਦੁਕਾਨਾਂ ਤੋਂ ਅਜਿਹਾ ਸਭ ਕੁਝ ਉਪਲਬਧ ਹੋ ਸਕਦਾ ਸੀ ਪਰ ਇਕੋ ਥਾਂ ‘ਤੇ ਐਨਾ ਕੁਝ ਇਹ ਇਥੇ ‘ਵਿਲੇਜ ਰੈਸਟੋਰੈਂਟ’ ਵਿਚ ਹੀ ਸੀ।
ਪਲੇਟਾਂ ਸਾਡੇ ਹੱਥ ਵਿਚ ਸਨ ਪਰ ਚੀਜ਼ਾਂ ਦੀ ਵੰਨਗੀ ਏਨੀ ਸੀ ਕਿ ਅਸੀਂ ਪਹਿਲਾਂ ਨਜ਼ਰ ਮਾਰ ਕੇ ਵੇਖ ਲੈਣਾ ਚਾਹੁੰਦੇ ਸਾਂ। ਪਾਕਿਸਤਾਨੀ ਖਾਣੇ ਵਿਚ ਘਿਉ ਤੇ ਮਸਾਲੇ ਦੀ ਮਾਤਰਾ ਏਨੀ ਜ਼ਿਆਦਾ ਸੀ ਕਿ ਮੇਰਾ ਖਾਣ ਤੋਂ ਮੂੰਹ ਮੁੜ ਚੁੱਕਾ ਸੀ। ਸੁਆਦ ਸੁਆਦ ਵਿਚ ਜ਼ਿਆਦਾ ਖਾਂਦੇ ਰਹਿਣ ਕਰਕੇ ਪੇਟ ਭਾਰਾ ਹੋਇਆ ਪਿਆ ਸੀ। ਮੈਂ ਤਾਂ ਫਰੂਟ ਸਲਾਦ ਤੇ ਦੂਜੇ ਸਲਾਦ ਨੂੰ ਤਰਜੀਹ ਦਿੱਤੀ ਤੇ ਸੰਤਰੇ ਦੇ ਜੂਸ ਦਾ ਗਲਾਸ ਲੈ ਕੇ ਮੇਜ਼ ਉਪਰ ਆ ਬੈਠਾ। ਦੂਜੇ ਜਣੇ ਵੀ ਆਪਣੀ ਪਸੰਦ ਦਾ ਖਾਣਾ ਪਾ ਕੇ ਆ ਗਏ।
ਹੌਲੀ ਹੌਲੀ ਖਾਣਾ ਖਾਂਦੇ ਅਸੀਂ ਅਮੀਰਾਂ ਦੇ ਚੋਚਲਿਆਂ ‘ਤੇ ਟਿੱਪਣੀਆਂ ਵੀ ਕਰਦੇ ਰਹੇ ਤੇ ਉਨ੍ਹਾਂ ਦਾ ਹਿੱਸਾ ਵੀ ਬਣੇ ਰਹੇ। ਇਕ ਅਜੀਬ ਗੱਲ ਇਥੇ ਇਹ ਨਜ਼ਰ ਆਈ ਕਿ ਬਤੌਰ ‘ਸਿੱਖ’ ਜਿਵੇਂ ਲਾਹੌਰ ਦੀਆਂ ਗਲੀਆਂ, ਬਜ਼ਾਰਾਂ ਜਾਂ ਫੂਡ ਸਟਰੀਟ ‘ਤੇ ਸਾਡੇ ਵਿਚ ਲੋਕਾਂ ਨੇ ਦਿਲਚਸਪੀ ਲਈ ਸੀ ਇਥੇ ਕਿਸੇ ਨੇ ਅਜਿਹਾ ਹੁੰਗਾਰਾ ਨਹੀਂ ਸੀ ਭਰਿਆ। ਨਾ ਹੀ ਕਿਸੇ ਨੇ ਸਾਡੇ ਨਾਲ ਕੋਈ ਗੱਲ ਕਰਨੀ ਚਾਹੀ ਤੇ ਨਾ ਹੀ ਉਚੇਚ ਨਾਲ ਵੇਖਿਆ। ਮੈਂ ਸੋਚ ਰਿਹਾ ਸਾਂ ਕਿ ਇਹ ਲਾਹੌਰ ਦੀ ਉੱਚੀ-ਸ਼੍ਰੇਣੀ ਹੈ। ਆਪਣੇ ਖਾਣ-ਪੀਣ ਵਿਚ ਮਸਤ। ਕੇਵਲ ਆਪਣੇ ਆਪ ਤਕ ਸੀਮਤ ; ਅੰਦਰੇ ਅੰਦਰ ਆਨੰਦ ਲੈਣ ਵਾਲੀ। ਦੂਜਿਆਂ ਨੂੰ ਦੇਖਣ, ਘੂਰਨ ਜਾਂ ਉਨ੍ਹਾਂ ‘ਚ ਦਿਲਚਸਪੀ ਲੈਣ ਤੋਂ ਪਾਰ ਜਾ ਚੁੱਕੀ ਇਕ ਸਵੈ-ਕੇਂਦਰਿਤ ਸ਼੍ਰੇਣੀ।
ਅਸੀਂ ਇਕ ਇਕ ਗੇੜਾ ਫਿਰ ਅੰਦਰ ਲਾਇਆ। ਲੋੜੀਂਦੀਆਂ ਚੀਜ਼ਾਂ ਪਲੇਟਾਂ ‘ਚ ਪਾਈਆਂ ਤੇ ਦਹੀਂ ਦੀ ਮਿੱਠੀ ਲੱਸੀ ਦਾ ਗਲਾਸ ਭਰਵਾਇਆ। ਇਕ ਬੰਦੇ ਲਈ ਖਾਣੇ ਦਾ ਰੇਟ ਨਿਸਚਿਤ ਸੀ ਚਾਹੇ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕੋਈ ਖਾਵੇ। ਖਾਣ ਦੀ ਤਾਂ ਤਾਂ ਖੁੱਲ੍ਹ ਸੀ ਪਰ ਢਿੱਡ ਤਾਂ ਆਪਣੇ ਸਨ।
ਜਾਣ ਲੱਗਿਆਂ ਬਿੱਲ ਲੈਣ ਆਏ ਬੈਰੇ ਨੂੰ ਦੇਣ ਲਈ ਇਲਿਆਸ ਘੁੰਮਣ ਨੇ ਪਰਸ ਕੱਢਿਆ ਤੇ ਹਜ਼ਾਰ ਹਜ਼ਾਰ ਦੇ ਦੋ ਨੋਟ ਕਾਪੀ ਵਿਚ ਰੱਖੇ। ਬੈਰੇ ਨੂੰ ਟਿੱਪ ਅਤੇ ਥੋੜ੍ਹਾ ਕੁ ਬਚਦਾ ਬਕਾਇਆ ਲੈ ਕੇ ਇਲਿਆਸ ਉੱਠਿਆ ਤੇ ਉਸ ਦੇ ਨਾਲ ਹੀ ਅਸੀਂ ਵੀ ਭੀੜ ਉਤੇ ਇਕ ਨਜ਼ਰ ਸੁੱਟਦੇ ਡਿਉਢੀ ਤੋਂ ਬਾਹਰ ਆਏ। ਦਰਬਾਨ, ਜਿਸ ਨੂੰ ਇਲਿਆਸ ‘ਚਾਚਾ’ ਕਹਿ ਕੇ ਬੁਲਾਉਂਦਾ ਸੀ, ਨੇ ਸਲਾਮ ਕੀਤੀ ਤਾਂ ਉਸ ਨੇ ਜੇਬ ‘ਚੋਂ ਸੌ ਦਾ ਨੋਟ ਕੱਢ ਕੇ ਉਹਦੀ ਮੁੱਠੀ ਵਿਚ ਫੜਾਇਆ।
ਕਾਰ ਮੁੜ ਫਲੈਟੀਜ਼ ਹੋਟਲ ਵੱਲ ਪਰਤ ਰਹੀ ਸੀ। ਦੋ ਵੱਡੀਆਂ ਕਾਰਾਂ ਵਿਚ ਬੈਠੇ ਨੌਜਵਾਨਾਂ ਦੀ ਭੀੜ ਨੇ ਸਾਡੇ ਵੱਲ ਹੱਥ ਹਿਲਾਇਆ। ਸਾਡੀ ਕਾਰ ਉਨ੍ਹਾਂ ਤੋਂ ਅੱਗੇ ਲੰਘ ਆਈ। ਅਸੀਂ ਵੇਖਿਆ ਉਹ ਨੌਜਵਾਨ ਕਾਰ ਦੁੜਾ ਕੇ ਸਾਡੇ ਬਰਾਬਰ ਆਏ, ਬਾਰੀ ਦੇ ਸ਼ੀਸ਼ਿਆਂ ਵਿਚੋਂ ਮੂੰਹ ਕੱਢ ਕੇ ਸਾਨੂੰ ਆਵਾਜ਼ ਦੇ ਰਹੇ ਸਨ। ਸਾਡੀ ਕਾਰ ਦੇ ਸ਼ੀਸ਼ੇ ਬੰਦ ਹੋਣ ਕਰਕੇ ਸਾਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਕੀ ਆਖ ਰਹੇ ਨੇ। ਮੈ ਇਲਿਆਸ ਨੂੰ ਦੱਸਿਆ ਤਾਂ ਉਸ ਨੇ ਵੀ ਉਨ੍ਹਾਂ ਵੱਲ ਝਾਤ ਮਾਰੀ ਤੇ ਹੱਸਦਾ ਹੋਇਆ ਕਹਿਣ ਲੱਗਾ, ‘‘ਤੁਹਾਨੂੰ ਰੋਟੀ ਦੀ ਸੁਲ੍ਹਾ ਮਾਰ ਰਹੇ ਨੇ…।’’
ਮੈਂ ਬਾਹਰ ਦੇਖਿਆ। ਇਲਿਆਸ ਦੀ ਗੱਲ ਠੀਕ ਸੀ। ਉਹ ਬਾਰੀ ‘ਚੋਂ ਸਿਰ ਕੱਢ ਕੇ ਆਪਣੇ ਮੂੰਹ ਨੂੰ ਆਪਣੀਆਂ ਉਂਗਲਾਂ ਵਾਰ ਵਾਰ ਛੂਹਾ ਰਹੇ ਸਨ। ਜ਼ਾਹਿਰ ਸੀ ਉਸ ਸਾਨੂੰ ਖਾਣੇ ਦਾ ਸੱਦਾ ਦੇ ਰਹੇ ਸਨ।
ਮੈਂ, ਸ਼ੀਸ਼ਾ ਖੋਲ੍ਹ ਕੇ ਪਿਆਰ ਨਾਲ ਉਨ੍ਹਾਂ ਵੱਲ ਧੰਨਵਾਦੀ ਹੱਥ ਹਿਲਾਇਆ।
‘‘ਬੱਸ ਮੈਂ ਹੁਣ ਚੱਲਿਆਂ। ਰਾਤ ਦਾ ਪ੍ਰੋਗਰਾਮ ਨਹੀਂ ਵੇਖ ਸਕਣਾ…’’ ਫਲੈਟੀਜ਼ ਹੋਟਲ ਵਿਚ ਕਾਰ ‘ਚੋਂ ਉਤਰ ਕੇ ਇਲਿਆਸ ਨੇ ਕਿਹਾ।
‘‘ੰਮੇਰੇ ਗੋਚਰੀ ਕੋਈ ਖ਼ਿਦਮਤ ਹੋਵੇ ਤਾਂ ਜ਼ਰੂਰ ਦੱਸਿਓ।’’
ਮੈਂ ਕਿਹਾ, ‘‘ਯਾਰ! ਸਾਨੂੰ ਕਿਤੇ ਨਨਕਾਣਾ ਹੀ ਵਿਖਾ ਛੱਡ। ਕਈ ਲੋਕ ਤਾਂ ਸਾਡੇ ‘ਚੋਂ ਹੋ ਵੀ ਆਏ ਨੇ…। ਪਰ ਅਸੀਂ ਤਾਂ ਡਰਦੇ ਜਾਂਦੇ ਨਹੀਂ ਕਿਤੇ ਕਾਬੂ ਨਾ ਆ ਜਾਈਏ…।’’
ਇਲਿਆਸ ਖੁੱਲ੍ਹ ਕੇ ਹੱਸਿਆ, ‘‘ਸੰਧੂ ਸਾਹਿਬ ਜੋ ਕਹੋਗੇ, ਵਿਖਾਵਾਂਗੇ। ਨਨਕਾਣਾ ਵੀ ਵਿਖਾਵਾਂਗੇ। ਕੱਲ੍ਹ ਦੀ ਦਿਹਾੜੀ ਕਾਨਫ਼ਰੰਸ ਦੀ ਲੰਘ ਜਾਣ ਦਿਓ…।’’
‘‘ਵੇਖ ਲੈ ਹੁਣ ਚੇਤਾ ਰੱਖੀਂ। ਜੇ ਨਨਕਾਣਾ ਨਾ ਵਿਖਾਇਆ ਤਾਂ ਅਸੀਂ ਕੁੱਟਾਂਗੇ ਤੈਨੂੰ…’’ ਮੈਂ ਪਿਆਰ ਤੇ ਮਾਣ ਨਾਲ ਉਸ ਨੂੰ ਗਲਵੱਕੜੀ ਵਿਚ ਘੁੱਟ ਲਿਆ।
‘‘ਅਸੀਂ ਉਹ ਮੌਕਾ ਈ ਨਹੀਂ ਜੇ ਆਣ ਦੇਣਾ…’’ ਉੱਚਾ ਠਹਾਕਾ ਲਾ ਕੇ ਇਲਿਆਸ ਨੇ ਮੈਨੂੰ ਪਰਤਵੀਂ ਜੱਫੀ ਪਾ ਲਈ।

ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ ਕਾਇਮ ਕੀਤੀ ਸੀ। ਪਰ ਅਨਾਰਕਲੀ ਦਾ ਇਲਾਕਾ ਉਦੋਂ ਫੌਜੀਆਂ ਦੀ ਸਿਹਤ ਅਤੇ ਤੰਦਰੁਸਤੀ ਦੇ ਪੱਖੋਂ ਅਸਵਸਥ ਇਲਾਕਾ ਸੀ। ਇਥੇ 1847-48 ਵਿਚ ਛਾਉਣੀ ਕਾਇਮ ਕੀਤੀ ਗਈ। ਜਿਹੜੇ ਫੌਜੀ ਇਥੇ ਠਹਿਰਦੇ ਸਨ ਉਨ੍ਹਾਂ ਵਿਚੋਂ ਬਹੁਤ ਸਾਰੇ ਬਿਮਾਰ ਹੋ ਕੇ ਮਰ ਜਾਂਦੇ। 1846-47 ਵਿਚ ਇਕ ਹਜ਼ਾਰ ਪਿੱਛੇ ਮੌਤ ਦਰ 84.61 ਸੀ। 1851-52 ਵਿਚ 96ਵੀਂ ਰਜਮੈਂਟ ਦੇ ਹਜ਼ਾਰ ਪਿੱਛੇ 132.5 ਜੁਆਨ ਤੇ ਪਹਿਲੀ ਬੰਗਾਲ ਰਜਮੈਂਟ ਦੇ 1000 ਪਿੱਛੇ 218.6 ਜੁਆਨ ਮੌਤ ਨੂੰ ਪਿਆਰੇ ਹੋ ਗਏ। ਫਿਰ ਅੰਗਰੇਜ਼ਾਂ ਨੇ ਇਸ ਇਲਾਕੇ ਤੋਂ 6 ਮੀਲ ਪੂਰਬ ਵੱਲ ਮੀਆਂ ਮੀਰ ਦੇ ਇਲਾਕੇ ਵਿਚ ਫੌਜੀ ਛਾਉਣੀ ਬਣਵਾਈ।
ਇਹੋ ਮੀਆਂ ਮੀਰ ਛਾਉਣੀ ਹੀ ਸੀ ਜਿਸ ਵਿਚਲੇ ਭਾਰਤੀ ਪੰਜਾਬੀ ਫੌਜੀਆਂ ਨਾਲ ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸਬੰਧ ਕਾਇਮ ਕਰਕੇ ਉਨ੍ਹਾਂ ਨੂੰ ਗ਼ਦਰ ਕਰਨ ਲਈ ਪ੍ਰੇਰਿਤ ਕਰ ਲਿਆ ਸੀ। ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਤੇ ਹੋਰ ਫੌਜੀ ਉਦੋਂ ਇਥੇ ਹੀ ਹੁੰਦੇ ਸਨ। ਮੇਰੇ ਪਿੰਡ ਸੁਰ ਸਿੰਘ ਦੇ ਜਗਤ ਸਿੰਘ ਤੇ ਪ੍ਰੇਮ ਸਿੰਘ ਗ਼ਦਰੀਆਂ ਨੇ ਹੀ ਫੌਜੀਆਂ ਨਾਲ ਉਚੇਚੇ ਸਬੰਧ ਸਥਾਪਤ ਕੀਤੇ ਸਨ। ਗ਼ਦਰ ਦੀ ਨਿਸਚਿਤ ਮਿਤੀ ‘ਤੇ ਜਦੋਂ ਗ਼ਦਰੀ ਜਥੇ ਬਣਾ ਕੇ ਰੇਲਵੇ ਲਾਈਨ ਤਕ ਪੁੱਜੇ ਤੇ ਅੰਦਰੋਂ ਫੌਜੀਆਂ ਦਾ ਇਸ਼ਾਰਾ ਉਡੀਕ ਰਹੇ ਸਨ, ਉਸ ਵੇਲੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਆਪਣਿਆਂ ਦੀ ਗ਼ਦਾਰੀ ਕਰਕੇ ਅੰਗਰੇਜ਼ ਹਾਕਮਾਂ ਨੂੰ ਗ਼ਦਰ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ ਤੇ ਉਨ੍ਹਾਂ ਨੇ ਬੈਰਕਾਂ ਵਿਚ ਰਹਿੰਦੇ ਭਾਰਤੀ ਫੌਜੀਆਂ ਨੂੰ ਬੇ-ਹਥਿਆਰ ਕਰਕੇ ‘ਸ਼ੱਕੀ’ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਗ੍ਰਿਫ਼ਤਾਰੀ ਦਾ ਖ਼ਿਆਲ ਆਉਂਦਿਆਂ ਹੀ ਮੈਨੂੰ ਚੇਤਾ ਆਇਆ ਕਿ ਸਾਡੇ ਪਾਸਪੋਰਟ ਉਤੇ ਤਾਂ ਉਚੇਚੇ ਤੌਰ ‘ਤੇ ਇਹ ਲਿਖਿਆ ਹੋਇਆ ਸੀ ਕਿ ਸਾਡੇ ਲਈ ਫੌਜੀ ਛਾਉਣੀ ਵਾਲੇ ਇਲਾਕੇ ਵਿਚ ਜਾਣਾ ਵਰਜਿਤ ਸੀ। ਇਹ ਪਾਬੰਦੀ ਸੁਰੱਖਿਆ ਦੇ ਪੱਖੋਂ ਸੀ। ਕਿਸੇ ਮੁਲਕ ਵਿਚ ਵੀ ਇਹ ਆਗਿਆ ਨਹੀਂ ਹੋ ਸਕਦੀ। ਅਸੀਂ ਕਾਨੂੰਨ ਤੋੜਨ ਦੇ ਦੋਸ਼ੀ ਹੋ ਸਕਦੇ ਸੀ ਤੇ ਸਾਨੂੰ ਜਾਸੂਸ ਸਮਝ ਕੇ ਫੜਿਆ ਵੀ ਜਾ ਸਕਦਾ ਸੀ। ਮੈਂ ਇਹ ਖ਼ਦਸ਼ਾ ਸਾਥੀਆਂ ਨਾਲ ਸਾਂਝਾ ਵੀ ਕੀਤਾ। ਇਹ ਗੱਲ ਤਾਂ ਗ਼ਲਤ ਸੀ ਪਰ ਅਸੀਂ ਸਾਈਂ ਮੀਆਂ ਮੀਰ ਦੇ ਮਜ਼ਾਰ ਦੇ ਨਜ਼ਦੀਕ ਪਹੁੰਚ ਚੁੱਕੇ ਸਾਂ। ਕਾਨੂੰਨ ਦੀ ਖ਼ਿਲਾਫ਼ਵਰਜ਼ੀ ਤਾਂ ਹੋ ਹੀ ਗਈ ਸੀ। ਹੁਣ ਬਾਬੇ ਦੇ ਦੀਦਾਰ ਤਾਂ ਕਰਕੇ ਹੀ ਜਾਵਾਂਗੇ। ਜੋ ਹੋਊ ਵੇਖੀ ਜਾਊ! ਪਰ ਅੰਦਰੋਂ ਸਾਨੂੰ ਇਹ ਡਰ ਕੁਤਰ ਰਿਹਾ ਸੀ। ਇਹ ਖ਼ੌਫ ਹੋਰ ਵੀ ਵਧ ਗਿਆ ਜਦੋਂ ਅਸੀਂ ਵਰਦੀ ਵਿਚ ਸਜਿਆ ਇਕ ਪੁਲਿਸ ਮਹਿਕਮੇ ਦਾ ਅਧਿਕਾਰੀ ਸਾਈਂ ਜੀ ਦੀ ਮਜ਼ਾਰ ਦੇ ਬਾਹਰ ਖੜੋਤਾ ਵੇਖਿਆ। ਅਸੀਂ ਐਵੇਂ ਹੀ ਉਸ ਤੋਂ ਬਿੱਲੀ ਤੋਂ ਕਬੂਤਰ ਦੇ ਅੱਖਾਂ ਚੁਰਾਉਣ ਵਾਂਗ ਅੱਖਾਂ ਮੋੜ ਲਈਆਂ ਤੇ ਜੁੱਤੀਆਂ ਲਾਹ ਕੇ ਅੰਦਰ ਚੜ੍ਹਵਾਉਣ ਲਈ ਫੁੱਲ ਖਰੀਦਣ ਲੱਗੇ। ਉਥੇ ਹਰੇਕ ਅਜਿਹੀ ਇਬਾਦਤਗਾਹ ਦੇ ਬਾਹਰ ਗੁਲਾਬ-ਪੱਤੀਆਂ ਤੇ ਗੁਲਾਬ ਦੇ ਫੁੱਲਾਂ ਦੇ ਹਾਰ ਮੁੱਲ ਵਿਕਦੇ ਹਨ।
ਅਸੀਂ ਸਾਈਂ ਮੀਆਂ ਮੀਰ ਦੀ ਯਾਦਗਾਰ ਦੇ ਖੁੱਲ੍ਹੇ ਸਿਹਨ ਵਿਚ ਦਾਖ਼ਲ ਹੋਏ। ਸਿਹਨ ਦੇ ਐਨ ਵਿਚਕਾਰ ਸੀ ਬਾਬਾ ਜੀ ਦੀ ਯਾਦਗਾਰ। ਦੂਰੋਂ ਹੀ ਨਮਸਕਾਰ ਕਰਕੇ ਸ਼ਰਧਾ ਵਿਚ ਅੱਖਾਂ ਮੀਚੀਆਂ ਤਾਂ ਮਨ ਸਹਿਜੇ ਹੀ ਉਸ ਇਤਿਹਾਸ ਵਿਚ ਤਿਲਕ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਧਰਮ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੀ ਇਮਾਰਤ ਦਾ ਨੀਂਹ-ਪੱਥਰ ਰਖਵਾਇਆ ਸੀ, ਜਿਹੜਾ ਪ੍ਰਤੀਕ ਸੀ ‘ਨੀਹਾਂ ਦੀ ਸਾਂਝ’ ਦਾ, ਇਨਸਾਨੀ ਪਛਾਣ ਦਾ, ਏਕੇ ਦਾ, ਮੁਹੱਬਤ ਦਾ, ਪਿਆਰ ਤੇ ਰਵਾਦਾਰੀ ਦਾ। ਇਹ ਨੀਹਾਂ ਦੀ ਸਾਂਝ ਹੀ ਸੀ, ਸ਼ਾਂਤੀ ਤੇ ਸਕਾਫ਼ਤ ਦੀ, ਜਿਸ ਨੇ ਸਾਨੂੰ ਇਕ-ਦੂਜੇ ਨਾਲ ਜੋੜਿਆ ਹੋਇਆ ਸੀ। ਇਹ ਤਾਂ ਅਜੇ ਵੀ ਜਿਊਂਦੀ ਸੀ। ਇਕ ਮੁਸਲਮਾਨ ਮਾਂ ਅਤੇ ਉਹਦੇ ਸਿੱਖ-ਪੁੱਤਰ ਦੇ ਰੂਪ ਵਿਚ, ਉਮਰ ਗਨੀ ਤੇ ਜਗਤਾਰ ਤੇ ਖਾਵਰ ਦੇ ਆਪਸੀ ਪਾਕਿ ਰਿਸ਼ਤੇ ਦੇ ਰੂਪ ਵਿਚ। ਅਲ ਬਰਕਾਤ ਦੇ ਜਗਤਾਰ ਦੇ ਪਿਉ-ਧੀ ਦੇ ਪਵਿੱਤਰ ਸੰਬੰਧ ਦੀ ਸ਼ਕਲ ਵਿਚ। ਇਸ ਰੇਸ਼ਮੀ ਤੰਦ ਨੇ ਇਕ ਹੋਰ ਜਣੇ ਨੂੰ ਮੇਰੇ ਰੂਪ ਵਿਚ ਆਪਣੇ ਨਾਲ ਹੀ ਵਲ ਲਿਆ ਸੀ। ਅਸੀਂ ਇਕ ਘੰਟੇ ਵਿਚ ਇਕ-ਦੂਜੇ ਦੇ ਇੰਜ ਜਾਣੂ ਹੋ ਗਏ ਸਾਂ ਜਿਵੇਂ ਉਮਰ ਭਰ ਤੋਂ ਇਕ-ਦੂਜੇ ਨੂੰ ਜਾਣਦੇ ਸਾਂ। ਉਮਰ ਗਨੀ ਆਪਣੇ ਵੱਡੇ ਭਰਾ ਵਾਂਗ ਹੌਲੀ ਜਿਹੀ ਮੈਨੂੰ ਸਲਾਹ ਦੇ ਰਿਹਾ ਸੀ, ‘‘ਅਕੀਦਤ ਜ਼ਾਹਿਰ ਕਰ ਕੇ ਛੇਤੀ ਨਿਕਲ ਚੱਲੀਏ। ਐਵੇਂ ਬਾਹਰ ਖਲੋਤਾ ਅਫ਼ਸਰ ਪੁੱਛ-ਗਿੱਛ ਨਾ ਕਰਨ ਲੱਗ ਪਵੇ।’’
ਮੈਂ ਹੱਸਦਿਆਂ ਹੋਇਆਂ ਹੌਲੀ ਜਿਹੀ ਕਿਹਾ, ‘‘ਜਦੋਂ ਸਾਡੇ ਜਿਹੇ ਲੋਕ ਆਪਸ ਵਿਚ ਪਿਆਰ ਨਾਲ ਮਿਲਦੇ ਹਨ ਤਾਂ ਇਹ ‘ਅਫਸਰ’ ਕਿਉਂ ਉਨ੍ਹਾਂ ਦੇ ਸਿਰਾਂ ‘ਤੇ ਆਣ ਖਲੋਂਦੇ ਹਨ…?’’
ਹਾਜੀ ਬਣ ਚੁੱਕਾ ਉਮਰ ਗਨੀ ਪਹਿਲਾਂ ਕੰਪਲੈਕਸ ਵਿਚ ਬਣੀ ਮਸਜਿਦ ਵਿਚ ਸਜਦਾ ਕਰਨ ਗਿਆ। ਅਸੀਂ ਸਾਈਂ ਜੀ ਦੇ ਮਜ਼ਾਰ ਉਪਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦਾਖ਼ਲ ਹੋਏ। ਖਾਵਰ ਰਾਜਾ ਨੇ ਮਜ਼ਾਰ ਦੇ ਗੇਟ ਉਤੇ ਸੀਸ ਨਿਵਾਇਆ, ਦੁਆ ਮੰਗੀ ਕਿਉਂਕਿ ਔਰਤਾਂ ਨੂੰ ਇਬਾਦਤ ਗਾਹਾਂ ਵਿਚ ਜਾਣ ਦੀ ਮਨਾਹੀ ਹੈ। ਅੰਦਰ ਸਾਈਂ ਜੀ ਸੁੱਤੇ ਹੋਏ ਸਨ। ਹਰੇ ਰੰਗ ਦੀ ਰੇਸ਼ਮੀ ਚਾਦਰ ਦੇ ਹੇਠਾਂ। ਅੱਖਾਂ ਨੂੰ ਠੰਢ ਪਹੁੰਚਾਉਂਦਾ ਰੰਗ। ਬਾਹਰ ਦੀ ਗਰਮੀ ਤੇ ਅੰਦਰ ਦੀ ਠੰਢ ਅਤੇ ਸ਼ਾਂਤੀ ਨੇ ਉਹ ਦ੍ਰਿਸ਼ ਚੇਤੇ ਕਰਵਾ ਦਿੱਤਾ-
ਗਰਮ ਰੇਤਾ ਕਹਿਰ ਦਾ
ਤੇ ਸੇਕ ਸੀ ਤਨ ਸਾੜਦਾ
ਛਾਲੇ ਛਾਲੇ ਹੋ ਗਿਆ
ਜੁੱਸਾ ਸੱਚੀ ਸਰਕਾਰ ਦਾ।
ਮੀਆਂ ਮੀਰ ਹਾਲ ਡਿੱਠਾ…
ਆਣ ਆਪਣੇ ਯਾਰ ਦਾ।
ਹੋ ਵਿਆਕੁਲ ਢਹਿ ਪਿਆ
ਚੀਕੇ ਤੇ ਧਾਹੀਂ ਮਾਰਦਾ,
ਵੇਖ ਕਿਹਾ ਸਤਿਗੁਰ, ‘ਮੀਆਂ!
ਛੋੜੋ ਪ੍ਰੀਤ ਚਾਮ ਸੇ,
ਕਿਆ ਹੂਆ ਤਨ ਤਪ ਰਹਾ
ਹਮ ਸ਼ਾਂਤ ਹੈਂ ਹਰੀ ਨਾਮ ਸੇ’’
ਆਪਣੇ ਯਾਰ ਦੇ ਸੇਕ ਵਿਚ ਭੁੱਜ ਰਿਹਾ ਮੀਆਂ ਮੀਰ ਸਾਨੂੰ ਹੁਣ ਵੀ ਦੱਸ ਰਿਹਾ ਜਾਪਦਾ ਸੀ, ਇਕ-ਦੂਜੇ ਨੂੰ ਸੇਕ ਤੇ ਸਾੜ ਦੇਣ ਦੀ ਥਾਂ ਅਸੀਂ ਦੂਜੇ ਦੇ ਸੇਕ ਤੇ ਸਾੜ ਨੂੰ ਚੂਸ ਸਕੀਏ ਤੇ ਠੰਢਕ ਵਰਤਾ ਸਕੀਏ ਤਦ ਹੀ ਅਸੀਂ ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ ਹੋ ਸਕਦੇ ਹਾਂ।
ਰੱਜੀ ਹੋਈ ਰੂਹ ਨਾਲ ਸਰਸ਼ਾਰ ਹੋਏ ਅਸੀਂ ਬਾਹਰ ਨਿੱਕਲੇ ਤਾਂ ਉਹ ਅਫ਼ਸਰ ਅਜੇ ਵੀ ਉਥੇ ਖੜੋਤਾ ਸੀ। ਅਸੀਂ ਕਾਰ ਵਿਚ ਬੈਠ ਕੇ ਵਾਪਸ ਪਰਤ ਪਏ। ਉਹ ਅਜੇ ਵੀ ਉਥੇ ਖੜੋਤਾ ਸੀ ਪਰ ਮੀਆਂ ਮੀਰ ਸਾਡੇ ਅੰਗ-ਸੰਗ ਸੀ। ਉਸ ਨਾਲ ਜੁੜੀ ਇਕ ਦੰਦ-ਕਥਾ ਮੇਰੀ ਸੋਚ ਵਿਚ ਤੁਰ ਰਹੀ ਸੀ।
ਇਕ ਵਾਰ ਮੁਗਲ ਸਹਿਨਸ਼ਾਹ ਸਾਈਂ ਮੀਆਂ ਮੀਰ ਦੀ ਦਰਗਾਹ ‘ਤੇ ਖ਼ੁਦ ਹਾਜ਼ਰ ਹੋਇਆ ਤਾਂ ਕਿ ਉਸ ਨੂੰ ਬੇਨਤੀ ਕਰ ਸਕੇ ਕਿ ਦੱਖਣ ਦੀਆਂ ਰਿਆਸਤਾਂ ਨੂੰ ਜਿੱਤਣ ਲਈ ਕੂਚ ਕਰਨ ਤੋਂ ਪਹਿਲਾਂ ਸਾਈਂ ਮੀਆਂ ਮੀਰ ਉਸ ਦੀ ਜਿੱਤ ਲਈ ਦੁਆ ਕਰ ਦੇਵੇ। ਇਸੇ ਸਮੇਂ ਹੀ ਕੋਈ ਗਰੀਬ ਸ਼ਰਧਾਲੂ ਸਾਈਂ ਦੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਆਪਣੀ ਸਮਰੱਥਾ ਮੁਤਾਬਕ ਇਕ ਟਕਾ ਸਾਈਂ ਨੂੰ ਮੱਥਾ ਟੇਕਿਆ। ਸਾਈਂ ਨੇ ਕਿਹਾ, ‘‘ਇਹ ਟਕਾ ਮੈਨੂੰ ਨਹੀਂ ਸ਼ਹਿਨਸ਼ਾਹ ਨੂੰ ਦੇ ਦੇ।’’
ਉਹ ਸ਼ਰਧਾਲੂ ਤੇ ਮੁਗਲ ਸ਼ਹਿਨਸ਼ਾਹ ਹੈਰਾਨ। ਸਾਈਂ ਨੇ ਮੁਸ਼ਕਲ ਹੱਲ ਕੀਤੀ, ‘‘ਮੇਰੇ ਨਾਲੋਂ ਮਾਇਆ ਦੀ ਜ਼ਿਆਦਾ ਲੋੜ ਬਾਦਸ਼ਾਹ ਨੂੰ ਹੈ। ਏਨੇ ਇਲਾਕੇ ਤੇ ਰਾਜ ਭਾਗ ਜਿੱਤ ਕੇ ਵੀ ਇਸ ਦਾ ਮਨ ਨਹੀਂ ਭਰਿਆ। ਇਹ ਦੀ ਮਾਇਆ ਦੀ ਭੁੱਖ ਦੂਰ ਨਹੀਂ ਹੋਈ। ਇਹ ਟਕਾ ਵੀ ਇਸ ਨੂੰ ਦੇ ਦੇਹ, ਇਹਦੇ ਕਿਸੇ ਕੰਮ ਆ ਜਾਵੇਗਾ।’’
ਇਹ ਕਹਿ ਕੇ ਸਾਈਂ ਬਾਦਸ਼ਾਹ ਕੋਲੋਂ ਬੇਪ੍ਰਵਾਹੀ ਨਾਲ ਉਠ ਕੇ ਆਪਣੇ ਹੁਜਰੇ ਵਿਚ ਚਲਾ ਗਿਆ। ਬਾਦਸ਼ਾਹ ਸਾਈਂ ਮੀਆਂ ਮੀਰ ਦੀ ਜਾਂਦੇ ਦੀ ਪਿੱਠ ਵੇਖਦਾ ਰਹਿ ਗਿਆ। ਸ਼ਹਿਨਸ਼ਾਹ ਅਜੇ ਵੀ ਸਾਈਂ ਦੀ ਪਿੱਠ ਵੱਲ ਵੇਖੀ ਜਾ ਰਿਹਾ ਹੈ। ਪਿੱਠ ਵੱਲ ਹੀ ਵੇਖ ਸਕਦਾ ਹੈ ਕਿਉਂਕਿ ਸਾਈਂ ਦਾ ਮੂੰਹ ਤਾਂ ਲੋਕਾਂ ਵੱਲ ਹੈ।

ਡਾ. ਜਗਤਾਰ ਦੀ ਡਾਇਰੀ ਉਸ ਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ। ਪਹਿਲੇ ਦਿਨ ਸਵੇਰੇ ਉਠਦਿਆਂ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ-ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ, ‘‘ਸੰਧੂ! ਯਾਰ ਆਹ ਫੋਨ ਫੜਾਈਂ ਜ਼ਰਾ। ਪਾਕਪਟਨ ‘ਚ ਆਪਣਾ ਮਿੱਤਰ ਹੈ ਇਕ ਉਮਰ ਗਨੀ…ਉਹਨੂੰ ਕਹਿੰਦੇ ਆਂ…ਆਪਣੀ ਕਾਰ-ਕੂਰ ਲੈ ਕੇ ਆਵੇ। ਸਾਨੂੰ ਘੁਮਾਵੇ-ਫਿਰਾਵੇ…ਦੋ ਦਿਨ ਲਾਹੌਰ ਵਿਚ…।’’
ਹੈਰਾਨੀ ਦੀ ਗੱਲ, ਫੋਨ ਸੁਣਦਿਆਂ ਹੀ ਉਮਰ ਗਨੀ ਤਿਆਰ ਹੋਇਆ। ਦੁਪਹਿਰ ਤਕ ਡਰਾਈਵਰ ਤੇ ਕਾਰ ਸਮੇਤ ਉਹ ਫਲੈਟੀਜ਼ ਹੋਟਲ ਆਣ ਪੁੱਜਾ। ਸਲੇਟੀ ਰੰਗ ਦੀ ਸਲਵਾਰ ਕਮੀਜ਼, ਪਹਿਲਵਾਨੀ ਜਿਸਮ ਤੇ ਵਾਲਾਂ ਦਾ ਵੀ ਪਹਿਲਵਾਨੀ ਕੱਟ। ਅੱਖਾਂ ‘ਤੇ ਨਜ਼ਰ ਦੀਆਂ ਐਨਕਾਂ। ਥੋੜ੍ਹਾ ਚਿਰ ਪਹਿਲਾਂ ਮੱਕੇ ਦਾ ਹੱਜ ਕਰਕੇ ਪਰਤਿਆ ਸੀ।
‘‘ਹਾਜੀ ਲੋਕ ਮੱਕੇ ਨੂੰ ਜਾਂਦੇ ਤੇ ਅਸੀਂ ਜਾਣਾ ਤਖ਼ਤ ਹਜ਼ਾਰੇ।’’ ਜਗਤਾਰ ਨੇ ਹੱਸ ਕੇ ਉਸ ਨੂੰ ਗਲ ਨਾਲ ਲਾਇਆ ਤੇ ਫਿਰ ਸਾਡੀ ਦੋਹਾਂ ਦੀ ਜਾਣ-ਪਛਾਣ ਕਰਵਾਈ।
ਉਮਰ ਗਨੀ ‘ਬੈਂਕ ਆਫ ਪਟਿਆਲਾ’ ਵਿਚੋਂ ਜਨਰਲ ਮੈਨੇਜਰ ਦੇ ਅਹੁਦੇ ਤੋਂ ਪਿੱਛੇ ਜਿਹੇ ਰਿਟਾਇਰ ਹੋਇਆ ਸੀ। ਪੰਦਰਾਂ ਸੋਲਾਂ ਸਾਲ ਪਹਿਲਾਂ ਜਦੋਂ ਉਹ ਮੁਲਤਾਨ ਵਿਚ ਹੁੰਦਾ ਸੀ ਤਾਂ ਉਸ ਨੇ ਜਗਤਾਰ ਨੂੰ ਖ਼ਤ ਲਿਖਿਆ ਤੇ ਉਸ ਨਾਲ ਰਾਬਤਾ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ। ਉਹ ਆਪ ਵੀ ਅੱਛਾ ਸ਼ਾਇਰ ਹੈ ਤੇ ਜਗਤਾਰ ਦੀ ਸ਼ਾਇਰੀ ਦਾ ਕਦਰਦਾਨ। ਖ਼ਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੁਹੱਬਤ ਭਰੇ ਸ਼ਬਦਾਂ ‘ਚ ਭਿੱਜ ਕੇ ਦੋਸਤੀ ਗੂੜ੍ਹੀ ਅਤੇ ਭਾਰੀ ਹੁੰਦੀ ਗਈ। ਇਸੇ ਦੋਸਤੀ ਦੇ ਮਾਣ ਵਿਚੋਂ ਹੀ ਜਗਤਾਰ ਨੇ ਕਿਸੇ ਖ਼ਾਸ ਵਿਸ਼ੇ ਨਾਲ ਸਬੰਧਤ ਕੁਝ ਪੁਸਤਕਾਂ ਦੀ ਉਸ ਕੋਲੋਂ ਮੰਗ ਕੀਤੀ ਤਾਂ ਉਸ ਨੇ ਉਸ ਵਿਸ਼ੇ ਨਾਲ ਸੰਬਧਤ ਜਿੰਨੀਆਂ ਕਿਤਾਬਾਂ ਮਿਲਦੀਆਂ ਸਨ, ਖ਼ਰੀਦ ਕੇ ਜਗਤਾਰ ਨੂੰ ਭੇਜ ਦਿੱਤੀਆਂ। ਤਿੰਨ ਹਜ਼ਾਰ ਦੇ ਕਰੀਬ ਮੁੱਲ ਦੀਆਂ ਕਿਤਾਬਾਂ। ਫਿਰ ਉਹ ਲਾਹੌਰ ਬਦਲ ਕੇ ਆਇਆ ਤਾਂ ਜਗਤਾਰ ਨੇ ਸਿੱਕਿਆਂ ਨਾਲ ਸਬੰਧਤ ਕੁਝ ਕਿਤਾਬਾਂ ਦੀ ਮੰਗ ਕੀਤੀ। ਅਗਲੀ ਡਾਕ ਵਿਚ ਹੀ ਕਿਤਾਬਾਂ ਪਹੁੰਚ ਗਈਆਂ। ਜਗਤਾਰ ਦੀ ਪਤਨੀ ਨੇ ਹੱਸ ਕੇ ਕਿਹਾ, ‘‘ਤੁਸੀਂ ਕੀ ਪਾਖੰਡ ਬਣਾਇਐ। ਵਿਚਾਰੇ ਨੂੰ ਰੋਜ਼ ਕਿਸੇ ਨਾ ਕਿਸੇ ਕਿਤਾਬ ਦੀ ਮੰਗ ਰੱਖ ਦਿੰਦੇ ਹੋ।’’
ਪਤਨੀ ਦੀ ਮਿੱਠੀ ਝਿੜਕ ਸੁਣ ਕੇ ਜਗਤਾਰ ਹੱਸ ਪਿਆ, ‘‘ਭਲੀਏ ਲੋਕੇ! ਅਜੇ ਤਾਂ ਤੈਨੂੰ ਮੈਂ ਇਹ ਨਹੀਂ ਦੱਸਿਆ ਕਿ ਮੈਂ ਉਸ ਨੂੰ ਮਲਿਕਾ ਹਾਂਸ, ਜਿੱਥੇ ਵਾਰਿਸ ਨੇ ਹੀਰ ਲਿਖੀ ਸੀ ਅਤੇ ਵਰਿਸ ਦੀ ਮਜ਼ਾਰ ਦੀਆਂ ਰੰਗਦਾਰ ਤਸਵੀਰਾਂ ਖਿੱਚ ਕੇ ਭੇਜਣ ਲਈ ਚਿੱਠੀ ਲਿਖੀ ਹੋਈ ਹੈ।’’
ਕੁਝ ਦਿਨਾਂ ਵਿਚ ਹੀ ਨੈਗੇਟਿਵਾਂ ਸਮੇਤ ਤਸਵੀਰਾਂ ਪਹੁੰਚ ਗਈਆਂ। ਇਹ ਬੇਗ਼ਰਜ਼ ਦੋਸਤੀ ਸੀ ਪਰ ਫਿਰ ਵੀ ਮੋੜਵੇਂ ਮੁਹੱਬਤੀ ਸੰਕੇਤ ਵਜੋਂ ਐਤਕੀਂ ਡਾ. ਜਗਤਾਰ ਨੇ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਹੱਥ ਉਸ ਲਈ ਕੱਪੜੇ, ਲੋਈਆਂ ਤੇ ਹੋਰ ਸਾਮਾਨ ਭੇਜਿਆ। ਇੰਜ ਦੋਸਤੀ ਪੀਚਵੀਂ ਤੋਂ ਪੀਚਵੀਂ ਹੁੰਦੀ ਗਈ। 1998 ਵਿਚ ਜਦੋਂ ਜਗਤਾਰ ਪਾਕਿਸਤਾਨ ਗਿਆ ਤਾਂ ਉਦੋਂ ਗੁਜਰਾਂਵਾਲੇ ਸੀ ਉਮਰ ਗਨੀ ਦੀ ਪੋਸਟ। ਜਗਤਾਰ ਨੇ ਫੋਨ ਕੀਤਾ ਤਾਂ ਉਸ ਦੱਸਿਆ ਕਿ ਭਾਵੇਂ ਵੱਡੇ ਅਹੁਦੇ ਕਾਰਨ ਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦਿਨਾਂ ਵਿਚ ਵਧ ਗਏ ਕੰਮ ਸਦਕਾ ਉਸ ਦੀਆਂ ਮੀਟਿੰਗਾਂ ਚਲ ਰਹੀਆਂ ਹਨ ਪਰ ਉਹ ਭਾਵੇਂ ਥੋੜ੍ਹੇ ਸਮੇਂ ਲਈ ਹੀ ਆਵੇ, ਉਸ ਨੂੰ ਮਿਲਣ ਜ਼ਰੂਰ ਲਾਹੌਰ ਆਵੇਗਾ।
ਉਮਰ ਗਨੀ ਲਾਹੌਰ ਆਇਆ। ਅੱਧਾ-ਪੌਣਾ ਘੰਟਾ ਮੁਲਾਕਾਤ ਹੋਈ ਤੇ ਫਿਰ ਡਿਊਟੀ ‘ਤੇ ਪਰਤ ਗਿਆ। ਅੱਧੇ-ਪੌਣੇ ਘੰਟੇ ਦੇ ਮਿਲਾਪ ਵਾਲੀ ਸੋਲਾਂ ਵਰ੍ਹਿਆਂ ‘ਤੇ ਫੈਲੀ ਇਹ ਦੋਸਤੀ ਅੱਜ ਫਿਰ ਆਪਣੇ ਜਲੌਅ ਵਿਚ ਮੇਰੇ ਸਾਹਮਣੇ ਸੀ। ਮਿੱਤਰ ਦਾ ਫੋਨ ਸੁਣਿਆ ਤੇ ਉਮਰ ਗਨੀ ਕਾਰ ਲੈ ਕੇ ਭੱਜਾ ਆਇਆ। ਜਿਵੇਂ ਲਾਵਾਂ ਲੈ ਰਹੇ ਜੋਗਾ ਸਿੰਘ ਨੂੰ ਗੁਰੂ ਦਾ ਸੁਨੇਹਾ ਮਿਲਿਆ ਹੋਵੇ ਅਤੇ ਉਹ ਲਾਵਾਂ ਵਿਚੇ ਛੱਡ ਕੇ ਆਪਣੇ ਗੁਰੂ ਵੱਲ ਤੁਰ ਪਿਆ ਹੋਵੇ।
ਹੋਰ ਵੀ ਮਿਲਣ-ਗਿਲਣ ਵਾਲਿਆਂ ਦੀ ਭੀੜ ਸੀ। ਮੈਂ ਵੀ ਚਾਹੁੰਦਾ ਸਾਂ ਕਿ ਦੋਵੇਂ ਮਿੱਤਰ ਦੇਰ ਬਾਅਦ ਮਿਲੇ ਹਨ ਤਾਂ ਰੱਜ ਕੇ ਗੱਲਾਂ ਕਰ ਲੈਣ। ਦੋਵਾਂ ਨੂੰ ਛੱਡ ਕੇ ਮੈਂ ਪੁਸਤਕਾਂ ਦੇ ਸਟਾਲਾਂ ਵੱਲ ਚਲਾ ਗਿਆ। ਅੱਧਾ ਕੁ ਘੰਟਾ ਘੁੰਮ-ਘੁਮਾ ਕੇ ਜਦੋਂ ਮੈਂ ਵਾਪਸ ਪਰਤਿਆ ਤਾਂ ਪਰ੍ਹੇ ਬਾਹਰਲੇ ਹਾਲ ਵਿਚ ਇਕ ਪਾਸੇ ਜਗਤਾਰ ਇਕ ਔਰਤ ਕੋਲ ਬੈਠਾ ਹੋਇਆ ਸੀ। ਦੂਜੀ ਕੁਰਸੀ ਉਤੇ ਪੰਦਰਾਂ-ਸੋਲਾਂ ਵਰ੍ਹਿਆਂ ਦੀ ਖ਼ੂਬਸੂਰਤ ਮੁਟਿਆਰ ਬੈਠੀ ਹੋਈ ਸੀ। ਜਗਤਾਰ ਨੇ ਮੈਨੂੰ ਇਸ਼ਾਰੇ ਨਾਲ ਕੋਲ ਸੱਦਿਆ ਤੇ ਮੇਰੇ ਬਾਰੇ ਦੱਸਦਿਆਂ ਉਸ ਔਰਤ ਬਾਰੇ ਜਾਣ-ਪਛਾਣ ਕਰਵਾਈ, ‘‘ਇਹ ਬੀਬੀ ਖਾਵਰ ਰਾਜਾ ਏ ਗੁੱਜਰਾਂਵਾਲੇ ਤੋਂ। ਪੇਸ਼ੇ ਤੋਂ ਵਕੀਲ ਐ। ਉਂਜ ਬਹੁਤ ਅੱਛਾ ਅਫ਼ਸਾਨਾ ਲਿਖਦੀ ਏ। ਤੇ ਇਹ ਮੇਰੀ ਬੱਚੀ ਹੈ, ਮੇਰੀ ਧੀ…ਅਲ ਬਰਕਾਤ…’’ ਉਸ ਨੇ ਨੇੜੇ ਬੈਠੀ ਖਾਵਰ ਰਾਜਾ ਦੀ ਮੁਟਿਆਰ ਧੀ ਵੱਲ ਇਸ਼ਾਰਾ ਕੀਤਾ।
ਖਾਵਰ ਰਾਜਾ ਅਜੇ ਹੁਣੇ ਹੁਣੇ ਹੀ ਆਈ ਸੀ ਤੇ ਅਜੇ ਮੁਢਲੀਆਂ ਗੱਲਾਂ ਹੀ ਚੱਲ ਰਹੀਆਂ ਸਨ।
‘‘ਅੱਛਾ! ਤੂੰ ਮੇਰੀ ਮਾਂ ਬਾਰੇ ਦੱਸ! ਕੀ ਹਾਲ ਹੈ ਉਸਦਾ…’’ ਜਗਤਾਰ ਖਾਵਰ ਦੀ ਅੰਮੀ ਬਾਰੇ ਪੁੱਛ ਰਿਹਾ ਸੀ।
ਇਹ ਪਤਾ ਲੱਗਣ ‘ਤੇ ਕਿ ਖਾਵਰ ਦੀ ਅੰਮੀ ਦੀ ਪਿੱਛੇ ਜਿਹੇ ਮੌਤ ਹੋ ਗਈ ਹੈ, ਜਗਤਾਰ ਨੂੰ ਡਾਢਾ ਸਦਮਾ ਲੱਗਾ ਤੇ ਉਹਨੇ ਦੁੱਖ ਭਰਿਆ ਗਿਲਾ ਕੀਤਾ, ‘‘ਤੁਸੀਂ ਮੈਨੂੰ ਕਿਉਂ ਨਾ ਦੱਸਿਆ?’’
‘‘ਅਸੀ ਕਿਹਾ ਐਵੇਂ ਦੁਖੀ ਤੇ ਪ੍ਰੇਸ਼ਾਨ ਹੋਵੋਗੇ।’’ ਜਗਤਾਰ ਪਿਛਲੀਆਂ ਯਾਦਾਂ ਵਿਚ ਉਤਰ ਗਿਆ। ਉਸ ਤੋਂ ਬਾਅਦ ਵਿਚ ਟੋਟਾ-ਟੋਟਾ ਕਰਕੇ ਜਿਹੜੀ ਕਹਾਣੀ ਬਣੀ ਉਹ ਕੁਝ ਇੰਜ ਸੀ ਜਗਤਾਰ ਦੀ ਆਪਣੀ ਜ਼ੁਬਾਨੀ:
‘‘ਬਹੁਤ ਸਾਲ ਹੋਏ ਮੈਨੂੰ ਅਮੀਨ ਖ਼ਿਆਲ ਹੁਰਾਂ ਨੇ ਕਿਹਾ ਕਿ ਤੂੰ ਗੁੱਜਰਾਂਵਾਲੇ ਆਉਣੈ। ਮੈਨੂੰ ਹੋਰ ਤਾਂ ਉਥੇ ਕੋਈ ਨਹੀਂ ਸੀ ਜਾਣਦਾ ਉਦੋਂ। ਇਕ ਮੁਹਸਿਨ ਨਾਂ ਦਾ ਬੰਦਾ ਸੀ, ਸਟੂਡਿਓ ਚਲਾਉਂਦਾ ਸੀ। ਅਮੀਨ ਖ਼ਿਆਲ ਨੇ ਕਿਹਾ ਕਿ ਉਸ ਕੋਲ ਘਰ ਦਾ ਪਤਾ-ਪੁਤਾ ਪੁੱਛ ਲਵੀਂ। ਮੈਂ ਲੰਘ ਰਿਹਾ ਸੀ ਕਿ ਇਕ ਬੰਦਾ ਆਇਆ ਤੇ ਮੈਨੂੰ ਕਿਹਾ ਕਿ ਤੁਹਾਨੂੰ ਇਕ ਮਾਤਾ ਜੀ ਬੁਲਾਉਂਦੇ ਨੇ। ਮੈਨੂੰ ਤਾਂ ਉਥੇ ਕੋਈ ਜਾਣਦਾ ਨਹੀਂ। ਮੈਨੂੰ ਭਲਾ ਕਿਹੜੀ ਮਾਤਾ ਨੇ ਬੁਲਾਉਣਾ ਸੀ! ਉਹ ਅਸਲ ਵਿਚ ਖਾਵਰ ਦੀ ਮਾਤਾ ਸੀ। ਇਹ ਉਦੋਂ ਰਾਮ-ਗਲੀ ਵਿਚ ਰਹਿੰਦੇ ਹੁੰਦੇ ਸਨ। ‘ਕੁਦਸੀ’ ਮੇਰੇ ਨਾਲ ਸੀ। ਕਹਿਣ ਲੱਗਾ, ‘‘ਜਾਣ ‘ਚ ਕੀ ਹਰਜ ਏ।’’ ਅਸੀਂ ਚਲੇ ਗਏ।
ਬਜ਼ੁਰਗ ਮਾਤਾ ਨੇ ਸਾਨੂੰ ਬਿਠਾਇਆ ਤੇ ਬੜੇ ਮੋਹ ਨਾਲ ਮੇਰੇ ਵੱਲ ਵੇਖਣ ਲੱਗੀ। ਕਹਿੰਦੀ, ‘‘ਤੂੰ ਮੈਨੂੰ ਆਪਣੇ ਬੱਚਿਆਂ ਵਰਗਾ ਲਗਦਾ ਏਂ। ਮੇਰਾ ਆਪਣਾ ਪੁੱਤ!’’
ਮੈਂ ਪੁੱਛਿਆ, ‘‘ਮਾਤਾ ਜੀ, ਕੀ ਤੁਹਾਡਾ ਆਪਣਾ ਕੋਈ ਪੁੱਤਰ ਨਹੀਂ?’’ ਤਾਂ ਕਹਿੰਦੀ, ‘‘ਪੁੱਤ ਵੀ ਹੈ ਤੇ ਧੀਆਂ ਵੀ ਨੇ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਏ ਕਿ ਤੂੰ ਮੇਰਾ ਪੁੱਤਰ ਏਂ।’’
ਗੱਲ ਸੁਣਾ ਕੇ ਜਗਤਾਰ ਨੇ ਮਾਤਾ ਦਾ ਪਿਛੋਕੜ ਦੱਸਿਆ। ਉਸ ਦੇ ਵਡੇਰੇ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਕਹਿੰਦੀ, ‘‘ਮੈਨੂੰ ਹਿੰਦੂ-ਸਿੱਖ ਬੜੇ ਚੰਗੇ ਲੱਗਦੇ ਨੇ। ਸਗੋਂ ਆਪਣੇ ਮੁਸਲਮਾਨ ਵੀ ਮੈਨੂੰ ਏਨੇ ਚੰਗੇ ਨਹੀਂ ਲੱਗਦੇ।’’ ਬਜ਼ੁਰਗ ਔਰਤ ਨੇ ਮੁਸਕਰਾ ਕੇ ਜਗਤਾਰ ਦੇ ਮੁਸਲਮਾਨ ਦੋਸਤਾਂ ਵੱਲ ਵੇਖਿਆ। ਅਸਲ ਵਿਚ ਬੰਦੇ ਦੇ ਸੰਸਕਾਰ ਉਹਦਾ ਪਿਛੋਕੜ ਉਹਦੇ ਅਵਚੇਤਨ ਵਿਚ ਏਨਾ ਡੂੰਘਾ ਧਸ ਜਾਂਦੇ ਹਨ ਕਿ ਇਨ੍ਹਾਂ ਤੋਂ ਮੁਕਤ ਹੋ ਸਕਣਾ ਏਨਾ ਸੌਖਾ ਨਹੀਂ।
ਸੰਸਕਾਰਾਂ ਦੀ ਗੱਲ ਹੀ ਸੀ ਕਿ ਜਦੋਂ ਖਾਵਰ ਦਾ ਪਹਿਲਾ ਬੱਚਾ ਬਦਕਿਸਮਤੀ ਨਾਲ ਇਸ ਸੰਸਾਰ ਤੋਂ ਤੁਰ ਗਿਆ ਤਾਂ ਬਜ਼ੁਰਗ ਔਰਤ ਨੇ ਆਪਣੇ ਪੁੱਤ ਜਗਤਾਰ ਨੂੰ ਤਾਰ ਦੇ ਕੇ ਕਿਹਾ ਕਿ ਉਹ ਕਿਸੇ ਜੋਤਸ਼ੀ ਨੂੰ ਇਸ ਬਾਰੇ ਪੁੱਛੇ। ਖ਼ੁਦ ਵਿਸ਼ਵਾਸ ਨਾ ਹੁੰਦਿਆਂ ਵੀ ਜਗਤਾਰ ਨੇ ਜਲੰਧਰ ਰਹਿੰਦੇ ਸ਼ਾਮ ਸੁੰਦਰ ਨਾਂ ਦੇ ਜੋਤਸ਼ੀ ਨੂੰ ਸਾਰੀ ਕਹਾਣੀ ਸੁਣਾ ਕੇ ਉਪਾਅ ਪੁੱਛਿਆ। ਉਸ ਨੇ ਇਕ ਤਵੀਤ ਬਣਾ ਕੇ ਦਿੱਤਾ ਤੇ ਕਿਹਾ ਕਿ ਬੱਚਾ ਜ਼ਰੂਰ ਹੋਵੇਗਾ।
‘‘ਇਹ ਤਾਂ ਬਜ਼ੁਰਗ ਦਾ ਵਿਸ਼ਵਾਸ ਸੀ। ਮੈਂ ਤਾਂ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ। ਪਰ ਖਾਵਰ ਦੇ ਬੱਚੀ ਹੋਈ ਜਿਸ ਦਾ ਨਾਂ ਅਲ ਬਰਕਾਤ ਰੱਖਿਆ ਗਿਆ। ਮਾਤਾ ਕਹਿਣ ਲੱਗੀ, ‘‘ਇਹ ਤੇਰੀ ਹੀ ਧੀ ਹੈ…ਤੇਰੀ ਬੱਚੀ…ਤੂੰ ਹੀ ਇਸ ਨੂੰ ਅੱਲਾ ਕੋਲੋਂ ਮੰਗਿਐੈ।’’
ਅਲ ਬਰਕਾਤ ਅੱਜ ਆਪਣੀ ਮਾਂ ਦੇ ਨਾਲ ਆਈ ਸੀ ਉਸ ਬਜ਼ੁਰਗ ਨੂੰ ਮਿਲਣ, ਜੋ ਉਸ ਦੀ ਨਾਨੀ ਦਾ ਪੁੱਤ ਸੀ, ਉਸ ਦੀ ਮਾਂ ਦਾ ਭਰਾ ਤੇ ਉਸ ਦਾ ਮਾਮਾ। ਪਰ ਬਜ਼ੁਰਗ ਮਾਤਾ ਦਾ ਖ਼ਿਆਲ ਸੀ ਜੇ ਜਗਤਾਰ ਉਹ ਤਵੀਤ ਨਾ ਭੇਜਦਾ ਤਾਂ ਅਲ ਬਰਕਾਤ ਨੇ ਸ਼ਾਇਦ ਇਸ ਸੰਸਾਰ ਵਿਚ ਨਹੀਂ ਸੀ ਆਉਣਾ। ਇੰਜ ਇਹ ਬੱਚੀ ਉਸ ਨੇ ਜਗਤਾਰ ਨੂੰ ਸੌਂਪ ਦਿੱਤੀ ਸੀ। ਉਸ ਦੀ ਧੀ ਬਣਾ ਦਿੱਤੀ ਸੀ।
ਕਿੰਨੀ ਅਜੀਬ ਤੇ ਅਲੌਕਿਕ ਸੀ ਇਹ ਰਿਸ਼ਤਿਆਂ ਦੀ ਗੁੰਝਲ, ਪਰ ਕਿੰਨੀ ਸਾਦਾ ਅਤੇ ਸਹਿਜ ਵੀ।
ਉਮਰ ਗਨੀ ਵੀ ਹੋਰ ਦੋਸਤਾਂ ਮਿੱਤਰਾਂ ਨੂੰ ਮਿਲਣ ਉਪਰੰਤ ਸਾਡੇ ਕੋਲ ਆ ਖੜੋਤਾ ਸੀ। ਉਹ ਜਦੋਂ ਗੁਜਰਾਂਵਾਲੇ ਹੁੰਦਾ ਸੀ, ਬਤੌਰ ਲੇਖਿਕਾ ਉਦੋਂ ਤੋ ਹੀ ਖਾਵਰ ਨੂੰ ਜਾਣਦਾ ਸੀ।
‘‘ਗਨੀ, ਤੂੰ ਸਾਨੂੰ ਸਾਡੇ ਸਾਂਝੇ ਬਾਬੇ ਦੇ ਦੀਦਾਰ ਕਰਵਾ ਕੇ ਲਿਆ। ਹਜ਼ਰਤ ਮੀਆਂ ਮੀਰ ਦੇ ; ਜਿਸ ਨੇ ਉਦੋਂ ਤੋਂ ਹੀ ਸਾਡੇ ਗੁਰੂ ਨਾਲ ਮਿਲ ਕੇ ਸਾਡਾ ਤੁਹਾਡਾ ਜੋੜ ਮੇਲ ਦਿੱਤਾ ਸੀ।’’
ਜਗਤਾਰ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਪੁਗਾਉਣ ਲਈ ਤੁਰੰਤ ਹੀ ਉਮਰ ਗਨੀ ਦੀ ਕਾਰ ਫਲੈਟੀਜ਼ ਹੋਟਲ ਦੇ ਹਾਲ ਕਮਰੇ ਦੇ ਮੁੱਖ ਦਰਵਾਜ਼ੇ ਅੱਗੇ ਆ ਰੁਕੀ।

ਅਜੇ ਦਿਨ ਦਾ ਚਾਨਣ ਲਾਹੌਰ ਦੇ ਪਿੰਡੇ ਨੂੰ ਸੁਨਹਿਰੀ ਕਿਰਨਾਂ ਦੇ ਪੋਟਿਆਂ ਨਾਲ ਸਹਿਲਾ ਹੀ ਰਿਹਾ ਸੀ ਜਦੋਂ ਅਸੀਂ ਚਾਹ ਪਾਣੀ ਪੀ ਕੇ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਾਲੇ ਸਮਾਗਮ ਤੋਂ ਵਿਹਲੇ ਵੀ ਹੋ ਗਏ। ਰਘਬੀਰ ਸਿੰਘ ਦੀ ਪਤਨੀ ਸੁਲੇਖਾ ਨੇ ਮੈਨੂੰ ਇਸ਼ਾਰਾ ਕੀਤਾ ਕਿ ਜੇ ਜਗਤਾਰ ਹੁਰੀਂ ਮੰਨ ਜਾਣ ਤਾਂ ਆਪਾਂ ਅਨਾਰਕਲੀ ਬਾਜ਼ਾਰ ਵੱਲ ਸ਼ਹਿਰ ਦਾ ਇਕ ਗੇੜਾ ਹੀ ਕੱਢ ਆਈਏ। ਉਮਰ ਗਨੀ ਅੱਜ ਲਾਹੌਰ ਵਿਚ ਹੀ ਰੁਕ ਗਿਆ ਸੀ। ਕਾਰ ਸਾਡੇ ਕੋਲ ਸੀ। ਜਗਤਾਰ ਨੂੰ ਤਾਂ ਅਸਾਂ ਮਨਾ ਹੀ ਲੈਣਾ ਸੀ।
ਉਮਰ ਗਨੀ ਦੀ ਵੱਡੀ ਕਾਰ ਵਿਚ ਮੈਂ, ਰਘਬੀਰ ਤੇ ਸੁਲੇਖਾ ਪਿੱਛੇ ਬੈਠੇ ਤੇ ਜਗਤਾਰ ਤੇ ਉਮਰ ਗਨੀ ਡਰਾਈਵਰ ਵਾਲੀ ਸੀਟ ਦੇ ਨਾਲ। ਗੱਡੀ ਲਾਹੌਰ ਦੀਆਂ ਸੜਕਾਂ ਉਤੇ ਤੈਰ ਰਹੀ ਸੀ। ਸੜਕਾਂ ‘ਤੇ ਕਾਰਾਂ, ਟੈਕਸੀਆਂ, ਥਰੀ-ਵੀਲ੍ਹਰਾਂ ਦੀ ਭੀੜ ਸੀ। ਫੁੱਟ-ਪਾਥਾਂ ਉਤੇ ਲੋਕ ਪਾਕਿਸਤਾਨ ਦਾ ਕੌਮੀ ਲਿਬਾਸ ਕੁੜਤਾ-ਸਲਵਾਰ ਪਹਿਨੀਂ ਭੀੜਾਂ ਦੇ ਰੂਪ ਵਿਚ ਤੁਰੇ ਫਿਰਦੇ ਸਨ। ਲਾਹੌਰ ਵਿਚ ਚੱਲਣ ਵਾਲੇ ਥਰੀ-ਵੀਲ੍ਹਰਾਂ ਦੀ ਪਿਛਲੀ ਤਿੰਨਾਂ ਵਾਲੀ ਸੀਟ ‘ਤੇ ਮਸਾਂ ਦੋ ਬੰਦਿਆਂ ਦੇ ਬੈਠਣ ਜੋਗੀ ਜਗ੍ਹਾ ਹੁੰਦੀ ਹੈ। ਤੀਜਾ ਬੰਦਾ ਮਸਾਂ ਫਸ ਕੇ ਹੀ ਬੈਠਦਾ ਹੈ। ‘ਹੋਰ ਨੂੰ ਹੋਰੀ ਦੀ’ ਦੇ ਅਖਾਣ ਮੁਤਾਬਕ ਕੱਲ੍ਹ ਇਕ ਥਰੀ-ਵੀਲ੍ਹਰ ਵਾਲਾ ਪੁੱਛਣ ਲੱਗਾ, ‘ਸਰਦਾਰ ਜੀ! ਉਧਰ ਸੁਣਾਓ ਰਿਕਸ਼ਿਆਂ ਦਾ ਤੇ ਕਿਰਾਏ ਭਾੜੇ ਦਾ। ਸਾਡਾ ਤਾਂ ਐਹਨਾਂ ਮੋਟਰ ਸਾਈਕਲ ਰਿਕਸ਼ਾ ਵਾਲਿਆਂ ਕੰਮ ਖਰਾਬ ਕਰ ਦਿੱਤਾ ਏ।’’
ਅਕਸਰ ਥਰੀ-ਵੀਲ੍ਹਰ ਵਾਲੇ ਸਵਾਰੀ ਤੋਂ ਉਹਦੇ ਮੁਕਾਮ ‘ਤੇ ਪੁੱਜਣ ਦੇ ਉੱਕੇ-ਪੱਕੇ ਪੈਸੇ ਲੈਂਦੇ ਹਨ ਤੇ ‘ਸਾਲਮ’ ਰਿਕਸ਼ਾ ਕਰਦੇ ਹਨ ਜਦ ਕਿ ਮੋਟਰ-ਸਾਈਕਲ ਨਾਲ ਚੱਲਣ ਵਾਲੇ ਉਸ ਰਿਕਸ਼ੇ ਦੀਆਂ ਟਾਂਗੇ ਦੀਆਂ ਸੀਟਾਂ ਵਾਂਗ ਅੱਗੇ-ਪਿੱਛੇ ਸੀਟਾਂ ਹੋਣ ਕਰਕੇ ਤੇ ਰਸਤੇ ਵਿਚ ਸਵਾਰੀਆਂ ਲਾਹੇ-ਚੜ੍ਹਾਏ ਜਾਣ ਦੀ ਛੋਟ ਹੋਣ ਕਰਕੇ ਬਹੁਤੀਆਂ ਸਵਾਰੀਆਂ ਉਸ ਵਿਚ ਸੌਖੇ ਹੋ ਕੇ ਬੈਠਣ ਨੂੰ ਪਹਿਲ ਦਿੰਦੀਆਂ ਨੇ। ਥੋੜ੍ਹੇ ਚਿਰ ਤੋਂ ਚੱਲੇ ਇਸ ਮੋਟਰ ਸਾਈਕਲ ਰਿਕਸ਼ਾ ਨੇ ਥਰੀ-ਵੀਲ੍ਹਰਾਂ ਦੀ ਅਜਾਰੇਦਾਰੀ ਖ਼ਤਮ ਕਰ ਦਿੱਤੀ ਸੀ ਤੇ ਇਸੇ ਨਾਰਾਜ਼ਗੀ ਵਿਚੋਂ ਹੀ ਬੋਲ ਰਿਹਾ ਸੀ ਉਹ ਥਰੀ-ਵੀਲ੍ਹਰ ਵਾਲਾ। ਉਮਰ ਗਨੀ ਤੇ ਜਗਤਾਰ ਅੱਗੇ ਬੈਠੇ ਸਮੇਂ ਸਮੇਂ ਸੂਚਨਾ ਦਿੰਦੇ ਜਾ ਰਹੇ ਸਨ: ਮਿਊਜ਼ੀਅਮ, ਜ਼ਿਲਾ ਕਚਹਿਰੀਆਂ, ਹਜ਼ਰਤ ਦਾਤਾ ਗੰਜ ਬਖ਼ਸ਼ ਦੀ ਯਾਦਗਾਰ ਤੇ ਵੱਡਾ ਡਾਕਖ਼ਾਨਾ। ਅਸੀਂ ਲੰਘਦੀਆਂ ਇਮਾਰਤਾਂ ਤੇ ਲੋਕਾਂ ਦੀ ਭੀੜ ਨੂੰ ਨਜ਼ਰਾਂ ਵਿਚ ਸਥਿਰ ਕਰਨ ਦੀ ਅਸਫ਼ਲ ਕੋਸ਼ਿਸ਼ ਕਰਦੇ।
ਅਨਾਰਕਲੀ ਦੇ ਨਜ਼ਦੀਕ ਜਾ ਕੇ ਗੱਡੀ ਪਾਰਕ ਕਰਨੀ ਸੀ। ਸੜਕਾਂ ‘ਤੇ ਹੀ ਇਕ ਪਾਸੇ ਪਾਰਕਿੰਗ ਦਾ ਪ੍ਰਬੰਧ ਸੀ। ਅਸੀਂ ਗੱਡੀ ਪਾਰਕ ਕਰਕੇ ਹੇਠਾਂ ਉਤਰੇ ਤਾਂ ਮੁੰਡੇ ਨੇ ‘ਪਾਰਕਿੰਗ ਫੀਸ’ ਪੰਜ ਰੁਪਏ ਮੰਗੀ। ਉਮਰ ਗਨੀ ਕੋਲ ਖੁੱਲ੍ਹੇ ਪੰਜ ਰੁਪਏ ਨਹੀਂ ਸਨ ਤੇ ਮਹਿਮਾਨ ਨਿਵਾਜ਼ੀ ਨੂੰ ਮੁੱਖ ਰੱਖਦਿਆਂ ਉਹ ਸਾਨੂੰ ਪੈਸੇ ਖਰਚਣ ਨਹੀਂ ਸੀ ਦਿੰਦਾ। ਉਸ ਨੇ ਮੁੰਡੇ ਨੂੰ ਵੱਡਾ ਨੋਟ ਫੜਾਇਆ ਪਰ ਉਹ ‘ਪੰਜਾਂ ਦਾ ਨੋਟ’ ਹੀ ਲੈਣ ‘ਤੇ ਬਜ਼ਿੱਦ ਸੀ। ਉਮਰ ਗਨੀ ਉਸ ਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਡੇ ਵੀ ਕਿਸੇ ਕੋਲ ਪੰਜ ਦਾ ਨੋਟ ਨਹੀਂ ਸੀ। ਜਦੋਂ ਸਭ ਨੇ ਹੀ ਉਸ ਕੋਲ ਆਪਣੀ ਬੇਵਸੀ ਪ੍ਰਗਟ ਕੀਤੀ ਤਾਂ ਉਸ ਨੇ ਖਿੱਝ ਕੇ ਆਖਿਆ, ‘‘ਐਡੀਆਂ-ਐਡੀਆਂ ਕਾਰਾਂ ਲੈ ਕੇ ਆ ਜਾਂਦੇ ਨੇ ਤੇ ਜੇਬ ਵਿਚ ਪੰਜਾਂ ਦਾ ਨੋਟ ਵੀ ਨਹੀਂ ਹੁੰਦਾ।’’
ਅਸੀਂ ਉਸ ਦੀ ਇਸ ਅਜੀਬ ਜ਼ਿਦ ਤੇ ਟਿੱਪਣੀ ਉਤੇ ਹੱਸਦੇ ਅਨਾਰਕਲੀ ਬਾਜ਼ਾਰ ਨੂੰ ਤੁਰ ਪਏ। ਇਥੇ ਜਹਾਂਗੀਰ ਨੇ ਆਪਣੀ ਦਾਸੀ ਪ੍ਰੇਮਿਕਾ ਅਨਾਰਕਲੀ ਦੀ ਯਾਦਗਾਰ ਬਣਵਾਈ ਸੀ ਤੇ ਉਸ ਦੇ ਨਾਂ ਉਤੇ ਹੀ ਇਸ ਬਾਜ਼ਾਰ ਦਾ ਨਾਂ ‘ਅਨਾਰਕਲੀ ਬਾਜ਼ਾਰ’ ਪ੍ਰਸਿੱਧ ਹੋ ਗਿਆ। ਬੜਾ ਨਾਂ ਸੁਣਿਆ ਸੀ ਇਸ ਬਾਜ਼ਾਰ ਦਾ ਤੇ ਹੁਣ ਸਭ ਤੋਂ ਵੱਡੀ ਖ਼ੁਸ਼ੀ ਇਹੋ ਸੀ ਕਿ ਅਸੀਂ ਇਸ ਇਤਿਹਾਸਕ ਬਾਜ਼ਾਰ ਦੀਆਂ ਖੁੱਲ੍ਹੀਆਂ ਸੜਕਾਂ ‘ਤੇ ਘੁੰਮ ਰਹੇ ਸਾਂ। ਦੋਹੀਂ ਪਾਸੀਂ ਦੁਕਾਨਾਂ ਵਿਚ ਗਾਹਕਾਂ ਦੀ ਭੀੜ ਸੀ। ਖ਼ੂਬਸੂਰਤ ਲਾਹੌਰਨਾਂ ਸ਼ਾਮ ਦੇ ਵਕਤ ਪਹਿਨ-ਪੱਚਰ ਕੇ ਖ਼ਰੀਦਦਾਰੀ ਲਈ ਨਿਕਲੀਆਂ ਸਨ। ਕਿਸੇ ਕਿਸੇ ਔਰਤ ਨੇ ਹੀ ਪਰਦਾ ਕੀਤਾ ਹੋਇਆ ਸੀ। ਸੁਲੇਖਾ ਤੇ ਰਘਬੀਰ ਸਿੰਘ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ-ਕਮੀਜ਼ ਖਰੀਦਣਾ ਚਾਹੁੰਦੇ ਸਨ। ਅਸੀਂ ਇਕ ਸ਼ੋਅ-ਰੂਮ ਵਿਚ ਦਾਖ਼ਲ ਹੋਏ ਤਾਂ ਸ਼ੋਅ-ਰੂਮ ਦੇ ਮਾਲਕ ਨੇ ‘ਜੀ ਆਇਆ’ ਆਖ ਕੇ ਸਾਡੀ ਮੰਗ ਪੂਰੀ ਕਰਨ ਲਈ ਇਕ ਵਿਸ਼ੇਸ਼ ਸੇਲਜ਼ਮੈਨ ਦੀ ਡਿਊਟੀ ਲਾਈ। ਉਹ ਸਾਨੂੰ ਸ਼ੋਅ-ਰੂਮ ਦੇ ਉਪਰਲੇ ਹਿੱਸੇ ਵਿਚ ਲੈ ਗਿਆ। ਵੱਖ-ਵੱਖ ਰੰਗਾਂ ਵਿਚ ਝਮ-ਝਮ ਕਰਦੇ ਸੂਟ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਟੰਗੇ ਹੋਏ ਸਨ।
ਉਸ ਨੌਜਵਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਾਨੂੰ ਵੱਖ ਵੱਖ ਸੂਟ ਵਿਖਾਉਣੇ ਸ਼ੁਰੂ ਕੀਤੇ। ਰਘਬੀਰ ਸਿੰਘ ਰੋਜ਼-ਮਰਾ ਦੀ ਵਰਤੋਂ ਲਈ ਸੂਟ ਖ਼ਰੀਦਣਾ ਚਾਹੁੰਦਾ ਸੀ। ਉਸ ਨੌਜਵਾਨ ਨੇ ਕੀਮਤ ਦੀ ਗੱਲ ਉਹਦੇ ਆਪਣੇ ਉਤੇ ਹੀ ਛੱਡਦਿਆਂ ਰੰਗ ਦੀ ਚੋਣ ਕਰਨ ਲਈ ਕਿਹਾ।
‘‘ਤੁਸੀਂ ਸਾਡੇ ਖ਼ਾਸ ਮਹਿਮਾਨ ਹੋ। ਤੁਹਾਥੋਂ ਵੱਧ ਕੀਮਤ ਦਾ ਸੋਚ ਵੀ ਨਹੀਂ ਸਕਦੇ।’’
ਉਸ ਨੇ ਸੂਟ ਦਾ ਸ਼ਾਇਦ ਸਾਢੇ ਤਿੰਨ ਸੌ ਜਾਂ ਚਾਰ ਸੌ ਰੁਪਿਆ ਮੰਗਿਆ ਤੇ ਤਿੰਨ ਸੌ ਵਿਚ ਸਹਿਜੇ ਹੀ ਮੰਨ ਗਿਆ। ਇਸ ਭਾਅ ਤਾਂ ਇਹ ਕੀਮਤ ਕੁਝ ਵੀ ਨਹੀਂ ਸੀ। ਭਾਰਤੀ ਸਿੱਕੇ ਦੀ ਕੀਮਤ ਮੁਤਾਬਕ ਸਵਾ ਦੋ ਸੌ ਰੁਪਏ ਵੀ ਨਹੀਂ ਸਨ ਬਣਦੇ। ਮੇਰਾ ਮਨ ਵੀ ਫੁਰਕ ਪਿਆ। ਰੰਗ ਤੇ ਕੱਪੜੇ ਦੀ ਚੋਣ ਕਰਦਿਆਂ ਕਾਫ਼ੀ ਸਮਾਂ ਲੱਗ ਚੁੱਕਾ ਸੀ। ਮੇਰੀ ਵਾਰੀ ਹੋਰ ਜ਼ਿਆਦਾ ਦੇਰ ਨਾ ਲੱਗ ਜਾਵੇ, ਇਸ ਲਈ ਜਗਤਾਰ ਨੇ ਕਿਹਾ, ‘‘ਯਾਰ ਛੇਤੀ ਕਰੋ।’’
ਮੈਂ ਤੇ ਉਮਰ ਗਨੀ ਖੜੋਤੇ ਸਾਂ। ਨੌਜਵਾਨ ਨੇ ਪਹਿਲੇ ਹੀ ਦੋ-ਤਿੰਨ ਸੂਟ ਵਿਖਾਏ। ਰੰਗ ਮੇਰੀ ਨਜ਼ਰ ਨੂੰ ਜਚ ਗਏ ਸਨ। ਮੈਂ ਹੋਰ ਸੂਟ ਕੱਢਣ ਤੋਂ ਉਸ ਨੂੰ ਮਨ੍ਹਾ ਕਰ ਦਿੱਤਾ। ਉਮਰ ਗਨੀ ਮੇਰੀ ਇਸ ਤੁਰੰਤ ਚੋਣ ਉਤੇ ਬਹੁਤ ਖ਼ੁਸ਼ ਹੋਇਆ।
‘‘ਅਸਲ ਗੱਲ ਤਾਂ ਨਜ਼ਰ ਨੂੰ ਜਚਣ ਦੀ ਹੁੰਦੀ ਹੈ। ਭਾਵੇਂ ਸੌ-ਪੀਸ ਵੇਖੋ ਜੇ ਨਜ਼ਰ ਨੂੰ ਨਹੀਂ ਜਚਦਾ ਤਾਂ ਕੋਈ ਅਰਥ ਨਹੀਂ। ਇੰਜ ਪਹਿਲੇ ਪੀਸ ਹੀ ਨਜ਼ਰ ਨੂੰ ਚੰਗੇ ਲੱਗ ਜਾਣ ਤਾਂ ਹੋਰ ਵੇਖਾ-ਵਿਖਾਈ ਦੀ ਕੀ ਲੋੜ?’’
ਇਹ ਆਖ ਕੇ ਮੈਂ ਟੰਗੇ ਹੋਏ ਸੂਟਾਂ ਵਿਚੋ ਇਕ ਸੂਟ ਪਸੰਦ ਕੀਤਾ। ਕਰੀਮ ਰੰਗ ਦਾ ਤੇ ਉਪਰ ਨਸਵਾਰੀ ਕਢਾਈ ਵਾਲੀ ਵਾਸਕਟ। ਮੈਂ ਸੋਚਿਆ ਆਪਣੇ ਪੁੱਤਰ ਸੁਪਨਦੀਪ ਲਈ ਖ਼ਰੀਦ ਲਵਾਂ।
‘‘ਦਿਲ ਕਰਦੈ ਤਾਂ ਸੁਪਨ ਲਈ ਖ਼ਰੀਦ ਲਵੋ। ਰਘਬੀਰ ਹੁਰੀਂ ਅਗਲੇ ਮਹੀਨੇ ਕੈਨੇਡਾ ਜਾ ਰਹੇ ਨੇ। ਸੁਪਨ ਵਾਸਤੇ ਸੂਟ ਲਈ ਜਾਣਗੇ’’ ਸੁਲੇਖਾ ਨੇ ਕਿਹਾ।
ਮੈਂ ਭਾਅ ਪੁੱਛਿਆ। ਉਸ ਨੇ ਅਠਾਰਾਂ ਸੌ ਰੁਪਏ ਦੱਸਿਆ। ਕਰ-ਕਰਾ ਕੇ ਉਹ ਚੌਦਾਂ ਸੌ ਰੁਪਏ ਨੂੰ ਦੇਣਾ ਮੰਨ ਗਿਆ। ਮੇਰੇ ਮਨ ਵਿਚ ਦੁਬਿਧਾ ਸੀ ਕਿ ਪਤਾ ਨਹੀਂ ਸੁਪਨਦੀਪ ਇਸ ਨੂੰ ਪਹਿਨਣਾ ਪਸੰਦ ਵੀ ਕਰੇ ਜਾਂ ਨਾ। ਸੁਲੇਖਾ ਨੇ ਕਿਹਾ, ‘‘ਜੇ ਬਾਰਾਂ ਸੌ ਦਾ ਦੇਣਾ ਏ ਤਾਂ ਵੇਖ ਲੈ।’’
ਉਸ ਨੂੰ ਸੌਦਾ ਮਨਜ਼ੂਰ ਨਹੀਂ ਸੀ। ਹੇਠਾਂ ਆਏ ਤਾਂ ਪੈਸੇ ਦੇਂਦਿਆਂ ਅਸੀਂ ਕਾਉਂਟਰ ‘ਤੇ  ਬੈਠੇ ਬਜ਼ੁਰਗ ਨੂੰ ਉਸ ਸੂਟ ਬਾਰੇ ਆਖਿਆ ਤਾਂ ਉਹ ਮੁੰਡੇ ਨੂੰ ਕਹਿਣ ਲੱਗਾ, ‘‘ਵੇਖ ਲੈ, ਜੇ ਲੱਗੀ ਕੀਮਤ ਬਾਰਾਂ ਸੌ ਤਕ ਹੈ ਤਾਂ ਦੇ ਦੇਹ, ਸਰਦਾਰ ਹੁਰਾਂ ਕਿਹੜਾ ਰੋਜ਼-ਰੋਜ਼ ਆਉਣੈ।’’
ਪਰ ਮੁੰਡਾ ਨਾ ਮੰਨਿਆ। ਸ਼ਾਇਦ ਉਸ ਨੂੰ ਸੱਚ-ਮੁੱਚ ਹੀ ਘਾਟਾ ਪੈਂਦਾ ਸੀ।
ਦੁਕਾਨਦਾਰ ਨੇ ਆਖਿਆ, ‘‘ਸਰਦਾਰ ਜੀ! ਇੰਡੀਆ ਜਾ ਕੇ ਵੀ ਯਾਦ ਕਰੋਗੇ, ਹੋਰ ਸੂਟ ਲੈ ਆਉਂਦੇ ਤਾਂ ਚੰਗਾ ਸੀ।’’
ਖ਼ਰੀਦਦਾਰੀ ਕਰਨ ਵਿਚ ਮੈਂ ਤਾਂ ਬਿਲਕੁਲ ਅਨਾੜੀ ਹਾਂ। ਮੈਨੂੰ ਭਾਅ-ਭੱਤਾ ਕਰਨਾ ਨਹੀਂ ਆਉਂਦਾ। ਮੈਂ ਸੁਲੇਖਾ ਕੋਲ ਆਪਣੀ ਪਤਨੀ ਦੀਆਂ ਚੁੰਨੀਆਂ ਦਾ ਇਕ ਥਾਨ ਖਰੀਦ ਕੇ ਲਿਆਉਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ। ਉਸ ਨੇ ਦੱਸਿਆ ਕਿ ਉਹ ਪਹਿਲਾਂ ਦੁਪਹਿਰ ਵੇਲੇ ਦਿੱਲੀ ਦੀਆਂ ਪ੍ਰੋਫੈਸਰ ਅਰੌਤਾਂ ਨਾਲ ਅਨਾਰਕਲੀ ਦਾ ਗੇੜਾ ਕੱਢ ਗਈ ਸੀ। ਉਸ ਨੂੰ ਇਕ ਦੁਕਾਨ ਦਾ ਵੀ ਪਤਾ ਸੀ ਜਿਥੋਂ ਇਕ ਨਿਸਚਿਤ ਰੇਟ ‘ਤੇ ਉਨ੍ਹਾਂ ਔਰਤਾਂ ਨੇ ਥਾਨ ਖ਼ਰੀਦਿਆ ਸੀ। ਅਨਾਰਕਲੀ ਦੇ ਮੁੱਖ ਬਾਜ਼ਾਰ ਦੇ ਵਿਚੋ-ਵਿਚ, ਸਾਈਡਾਂ ਉੱਤੇ ਛੋਟੇ-ਛੋਟੇ ਬਾਜ਼ਾਰ ਨਿਕਲਦੇ ਹਨ। ਅਸੀਂ ਇਕ ਛੋਟੇ ਬਾਜ਼ਾਰ ਵਿਚੋਂ ਮੋਢੇ ਖਹਿੰਦੀ ਭੀੜ ਵਿਚੋਂ ਲੰਘ ਕੇ ਉਸ ਖ਼ਾਸ ਦੁਕਾਨ ‘ਤੇ ਜਾ ਖੜੋਤੇ। ਸੁਲੇਖਾ ਨੇ ਸ਼ੁਧ ਕੱਪੜੇ ਦੀਆਂ ਚੁੰਨੀਆਂ ਮੰਗੀਆਂ ਤੇ ਦਾਅਵਾ ਕੀਤਾ ਕਿ ਉਸ ਨੂੰ ਕੱਪੜੇ ਦੀ ਪਛਾਣ ਅਤੇ ਕੀਮਤ ਦਾ ਪਤਾ ਹੈ। ਠੀਕ ਥਾਨ ਵੇਖ ਕੇ ਉਸ ਨੇ ਰੇਟ ਪੁੱਛਿਆ। ਦੁਕਾਨ ਵਾਲੇ ਨੇ ਸੋਲਾਂ ਸੌ ਰੁਪਏ ਦੱਸਿਆ। ਸੁਲੇਖਾ ਨੇ ਕਿਹਾ, ‘‘ਅਜੇ ਦੁਪਹਿਰ ਵੇਲੇ ਇਹਦੇ ਨਾਲ ਦਾ ਥਾਨ ਅਸੀਂ ਅੱਠ ਸੌ ਵਿਚ ਲੈ ਕੇ ਗਏ ਹਾਂ।’’
‘‘ਕੀ ਗੱਲ ਕਰਦੇ ਓ ਭੈਣ ਜੀ! ਕੱਪੜਾ ਤੇ ਵੇਖੋ ਹੱਥ ਲਾ ਕੇ… ਉਸ ਰੇਟ ਵਿਚ ਵੀ ਹੈ ਨੇ…ਆਹ ਵੇਖੋ।’’ ਉਸ ਨੇ ਇਕ ਹੋਰ ਥਾਨ ਸੁਲੇਖਾ ਅੱਗੇ ਸੁੱਟਿਆ। ਸੁਲੇਖਾ ਨੇ ਉਸ ਥਾਨ ਵੱਲ ਬੇਮਾਲੂਮੀ ਝਾਤ ਮਾਰ ਕੇ ਪਹਿਲੇ ਥਾਨ ਉਤੇ ਮੁੜ ਹੱਥ ਰੱਖਿਆ, ‘‘ਨਹੀਂ ਅੱਠ ਸੌ ਵਿਚ।’’
ਮੈਨੂੰ ਆਪਣੀ ਪਤਨੀ ਨਾਲ ਸ਼ਾਪਿੰਗ ਕਰਦਿਆਂ ਇਹ ਅਨੁਭਵ ਹੋ ਚੁੱਕਾ ਸੀ ਕਿ ਜ਼ਨਾਨੀਆਂ ਕਈ ਵਾਰ ਅਸਲੋਂ ਹੀ ਹੇਠਲੇ ਮੁੱਲ ਤੋਂ ਸ਼ੁਰੂ ਕਰਦੀਆਂ ਹਨ। ਮੈਨੂੰ ਤਾਂ ਦੱਸੇ ਹੋਏ ਮੁੱਲ ਤੋਂ ਏਨਾ ਘੱਟ ਮੁੱਲ ਲਾਉਂਦਿਆਂ ਉਂਜ ਹੀ ਸੰਗ ਆਉਂਦੀ ਹੈ। ਜਦੋਂ ਮੇਰੀ ਪਤਨੀ ਕਿਸੇ ਵਸਤੂ ਦੇ ਰੇਟ ਨਿਸਚਿਤ ਕਰ ਰਹੀ ਹੁੰਦੀ ਹੈ ਤਾਂ ਮੈਂ ਨਜ਼ਰ ਬਚਾ ਕੇ ਏਧਰ-ਓਧਰ ਹੋ ਜਾਂਦਾ ਹਾਂ। ਪਤਨੀ ਆਖੇਗੀ, ‘‘ਤੁਹਾਨੂੰ ਨਹੀਂ ਪਤਾ ਇਨ੍ਹਾਂ ਦਾ।’’
ਹੁਣ ਜਦੋਂ ਸੋਲਾਂ ਸੌ ਦੇ ਥਾਨ ਨੂੰ ਸੁਲੇਖਾ ਅੱਠ ਸੌ ਵਿਚ ਮੰਗ ਰਹੀ ਸੀ ਤਾਂ ਸਾਨੂੰ ਵੀ ਅਜੀਬ ਲੱਗ ਰਿਹਾ ਸੀ। ਇਕ ਅੱਧੀ ਵਾਰ ਅਸੀਂ ਵੀ ਉਸ ਨੂੰ ‘‘ਝੂਠਾ-ਸੱਚਾ’’ ਕੀਮਤ ਠੀਕ ਲਾਉਣ ਲਈ ਕਿਹਾ ਤਾਂ ਉਹ ‘ਸਾਡੇ ਮੂੰਹ’ ਨੂੰ ਚੌਦਾਂ ਸੌ ‘ਤੇ ਮੰਨ ਗਿਆ। ਪਰ ਸੁਲੇਖਾ ਤਾਂ ਆਪਣੀ ਜ਼ਿਦ ਉਤੇ ਸੀ।
‘‘ਭੈਣ ਜੀ! ਸੱਚੀ ਪੁੱਛਦੇ ਓ ਤਾਂ ਤੇਰਾਂ ਸੌ ਨੂੰ ਇਹ ਥਾਨ ਸਾਨੂੰ ਘਰ ਪੈਂਦਾ ਹੈ… ਅਸੀਂ ਸੌ ਰੁਪਏ ਵੀ ਨਾ ਕਮਾਈਏ ਥਾਨ ‘ਚੋਂ ਤਾਂ ਖਾਣਾ ਕਿੱਥੋਂ ਏ?’’
ਦੁਕਾਨਦਾਰ ਦੀ ਗੱਲ ਸਾਨੂੰ ਵਾਜਬ ਲੱਗਦੀ ਸੀ। ਅਸੀਂ ਦੁਕਾਨ ਦੇ ਥੜੇ੍ਹ ਤੋਂ ਹੇਠਾਂ ਉਤਰ ਆਏ। ਮੈਂ ਰਘਬੀਰ ਸਿੰਘ ਨੂੰ ਕਿਹਾ, ‘‘ਇਸ ਤੋਂ ਘੱਟ ਹੁਣ ਉਹ ਦੇਣ ਨਹੀਂ ਲੱਗਾ।’’
‘‘ਇਨ੍ਹਾਂ ਬੀਬੀਆਂ ਦਾ ਵੀ ਸ਼ਾਪਿੰਗ ਕਰਨ ਦਾ ਆਪਣੀ ਹੀ ਅੰਦਾਜ਼ ਹੈ। ਮੈਂ ਤਾਂ ਆਪ ਤੇਰੇ ਵਾਂਗ ਹੀ ਹਾਂ। ਮੈਨੂੰ ਤਾਂ ਆਪ ਸੰਗ ਆ ਜਾਂਦੀ ਹੈ ਜਦੋਂ ਸਾਡੀਆਂ ਬੀਬੀਆਂ ਇੰਜ ਕਰਦੀਆਂ ਨੇ। ਚੌਦਾਂ ਸੌ ਦਾ ਥਾਨ ਹੁਣ ਉਹ ਅੱਠ ਸੌ ਦਾ ਦੇ ਵੀ ਕਿਵੇਂ ਦੇਵੇ! ਉਸ ਨੇ ਵੀ ਤਾਂ ਕੁਝ ਖੱਟਣਾ ਏ।’’ ਰਘਬੀਰ ਸਿੰਘ ਨੇ ਕਿਹਾ।
ਅਜੇ ਸਾਡੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਸੁਲੇਖਾ ਦੁਕਾਨ ਤੋਂ ਹੇਠਾਂ ਆਈ ਤੇ ਮੈਨੂੰ ਕਹਿਣ ਲੱਗੀ, ‘‘ਛੇਤੀ ਛੇਤੀ ਕੱਢੋ ਸਾਢੇ ਅੱਠ ਸੌ ਰੁਪਈਆ…ਉਹ ਮੰਨ ਗਿਐ। ਸਵੇਰੇ ਵੀ ਉਨ੍ਹਾਂ ਨੇ ਸਾਢੇ ਅੱਠ ਸੌ ‘ਚ ਹੀ ਇਹ ਥਾਨ ਖੜਿਆ ਸੀ। ਮੈਂ ਤਾਂ ਉਂਜ ਹੀ ਅੱਠ ਸੌ ਆਖੀ ਜਾਂਦੀ ਸਾਂ।’’
ਅਸੀਂ ਸੁਲੇਖਾ ਦੀ ਸਫਲਤਾ ‘ਤੇ ਹੈਰਾਨ ਅਤੇ ਖ਼ੁਸ਼ ਹੋਏ ਤੇ ਸਾਨੂੰ ਮੰਨਣਾ ਪਿਆ ਕਿ ਸਾਡੀਆਂ ਬੀਬੀਆਂ ਠੀਕ ਹੀ ਹੁੰਦੀਆਂ ਨੇ।
ਸ਼ਾਪਿੰਗ ਲਈ ਸੁਲੇਖਾ ਦੀ ਅਗਵਾਈ ਨਿਸਚਿਤ ਰੂਪ ਵਿਚ ਮੰਨ ਲਈ ਗਈ ਸੀ ਤੇ ਉਸ ਦੀ ਅਗਵਾਈ ਵਿਚ ਹੀ ਮੈਂ ਆਪਣੀਆਂ ਬੱਚੀਆਂ ਲਈ ਸਿਤਾਰਾ ਸੁਪਨਾ ਲੋਨ ਦੇ ਸੂਟ ਖ਼ਰੀਦ ਲਏ।
ਰੌਸ਼ਨੀਆਂ ਨਾਲ ਅਨਾਰਕਲੀ ਬਾਜ਼ਾਰ ਜਗਮਗਾ ਰਿਹਾ ਸੀ। ਲੱਗਦਾ ਸੀ ਜਿਵੇਂ ਜਲੰਧਰ, ਅੰਮ੍ਰਿਤਸਰ ਜਾਂ ਲੁਧਿਆਣਾ ਦੇ ਹੀ ਕਿਸੇ ਬਾਜ਼ਾਰ ਵਿਚ ਘੁੰਮ ਰਹੇ ਹੋਈਏ। ਲਾਹੌਰੀਏ ਦੁਕਾਨਦਾਰ ਨੇ ਰੇਟ ਹੇਠਾਂ ਡੇਗ ਕੇ ਅੰਬਰਸਰੀਏ ਦੁਕਾਨਦਾਰਾਂ ਦਾ ਮਾਣ ਰੱਖ ਲਿਆ ਸੀ। ਆਖ਼ਰਕਾਰ ਦੋਹਾਂ ਦਾ ਇਕ ਖ਼ਮੀਰ ਸੀ। ਇਸ ਪੱਖੋਂ ਵੀ ਦੋਵੇਂ ਮੁਲਕ ਬਰਾਬਰ ਦੇ ਭਾਈਬੰਦ ਸਨ।

ਕਾਨਫਰੰਸ ਦਾ ਅੱਜ ਬਾਅਦ ਦੁਪਹਿਰ ਦਾ ਸੈਸ਼ਨ ਨਹੀਂ ਸੀ ਹੋ ਰਿਹਾ। ਉਸ ਦੀ ਥਾਂ ਸਾਰੇ ਡੈਲੀਗੇਟਾਂ ਨੂੰ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਲੋਂ ਕਰਵਾਏ ਜਾਣ ਵਾਲੇ ਇਨਾਮ ਵੰਡ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਸੀ। ਇਹ ਸਮਾਗਮ ਫਲੈਟੀਜ਼ ਹੋਟਲ ਦੀ ਥਾਂ ਲਾਰੰਸ ਗਾਰਡਨ ਵੱਲ ਜਾਂਦੀ ਸੜਕ ‘ਤੇ ਬਣੇ ਅਲਹਮਰਾ ਕੰਪਲੈਕਸ ਵਿਚੋਂ ਇਕ ਵੱਡੇ ਹਾਲ ਵਿਚ ਹੋ ਰਿਹਾ ਸੀ।
ਸਾਡੇ ਜਾਂਦਿਆਂ ਨੂੰ ਸਮਾਗਮ ਸ਼ੁਰੂ ਹੋ ਚੁੱਕਾ ਸੀ ਤੇ ਸਾਰਾ ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਦੀਆਂ ਇਕ ਹਜ਼ਾਰ ਦੇ ਕਰੀਬ ਸੀਟਾਂ ਤਾਂ ਪੁਰ ਸਨ ਹੀ ਸਗੋਂ ਕੁਰਸੀਆਂ ਦੇ ਵਿਚੋਂ ਲੰਘਣ ਵਾਲਾ ਲਾਂਘਾ ਵੀ ਬੈਠਣ ਵਾਲਿਆਂ ਨੇ ਘੇਰਿਆ ਹੋਇਆ ਸੀ। ਅਸੀਂ ਹਾਲ ਦੇ ਪਿਛਲੇ ਦਰਵਾਜ਼ੇ ਵਲੋਂ ਦਾਖ਼ਲ ਹੋਏ। ਪ੍ਰਬੰਧਕਾਂ ਨੇ ਮਹਿਮਾਨ-ਨਿਵਾਜ਼ੀ ਦਾ ਖ਼ਿਆਲ ਰੱਖਦਿਆਂ ਕੁਝ ਸੀਟਾਂ ਖ਼ਾਲੀ ਕਰਵਾ ਦਿੱਤੀਆਂ। ਸਾਨੂੰ ਸੀਟਾਂ ਦੇ ਕੇ ਅਗਲਿਆਂ ਨੇ ਖ਼ੁਸ਼ੀ-ਖ਼ੁਸ਼ੀ ਜ਼ਮੀਨ ‘ਤੇ ਬੈਠਣਾ ਸਵੀਕਾਰ ਕਰ ਲਿਆ। ਉਨ੍ਹਾਂ ਤੋਂ ਖ਼ਿਮਾ ਮੰਗਦਿਆਂ ਆਪਣੀਆਂ ਸੀਟਾਂ ‘ਤੇ ਬੈਠ ਕੇ ਮੈਂ ਚਾਰ-ਚੁਫ਼ੇਰੇ ਝਾਤੀ ਮਾਰੀ। ਹਾਲ ਦੀ ਭਰਪੂਰ ਹਾਜ਼ਰੀ ਵੇਖ ਕੇ ਮੈਂ ਮਨ ਹੀ ਮਨ ਅਚੰਭਿਤ ਹੋਇਆ। ਚੜ੍ਹਦੇ ਪੰਜਾਬ ਵਿਚ ਪੰਜਾਬੀ ਪੁਸਤਕਾਂ ਨਾਲ ਜੁੜੇ ਕਿਸੇ ਇਨਾਮ ਵੰਡ ਸਮਾਗਮ ਵਿਚ ਜਾਂ ਕਿਸੇ ਸੈਮੀਨਾਰ ਜਾਂ ਗੋਸ਼ਟੀ ਵਿਚ ਏਨੇ ਲੋਕਾਂ ਦੀ ਸ਼ਮੂਲੀਅਤ ਦੀ ਮੈਂ ਕਦੀ ਕਲਪਨਾ ਵੀ ਨਹੀਂ ਕਰ ਸਕਦਾ। ਇਹ ਭਰਵਾਂ ਇਕੱਠ ਇਸ ਸੱਚਾਈ ਵੱਲ ਸੰਕੇਤ ਕਰ ਰਿਹਾ ਸੀ ਕਿ ਕਿਵੇਂ ਉਧਰਲੇ ਪੰਜਾਬ ਵਿਚ ਲੋਕ ਹੁਣ ਭਰਵੇਂ ਉਤਸ਼ਾਹ ਨਾਲ ਪੰਜਾਬੀ ਦੇ ਨਾਮ ‘ਤੇ ਜੁੜ ਰਹੇ ਹਨ। ਦੂਜਾ ਕਾਰਨ ਸੀ ਇਸ ਇਕੱਠ ਦਾ, ‘ਮਸਊਦ ਖ਼ੱਦਰ ਪੋਸ਼ ਟਰੱਸਟ’ ਨਾਂ ਦੇ ਅਦਾਰੇ ਦੀ ਆਪਣੀ ਸਾਖ਼, ਆਪਣੀ ਪ੍ਰਤੀਬੱਧਤਾ ਤੇ ਇਹਦੇ ਸੁਹਿਰਦ ਆਗੂਆਂ ਦਾ ਅਸਰ ਰਸੂਖ਼।
ਸਟੇਜ ‘ਤੇ ਕੋਈ ਬੁਲਾਰਾ, ਪਾਕਿਸਤਾਨ ਹਕੂਮਤ ਦਾ ਕੋਈ ਰਿਟਾਇਰਡ ਉੱਚ ਅਧਿਕਾਰੀ, ਮਸਊਦ ਖ਼ੱਦਰ ਪੋਸ਼ ਨਾਲ ਜੁੜੀਆਂ ਆਪਣੀਆਂ ਯਾਦਾਂ ਇਸ ਸਾਦਗੀ ਤੇ ਹਲਕੇ-ਫੁਲਕੇ ਅੰਦਾਜ਼ ਨਾਲ ਸਾਂਝੀਆਂ ਕਰ ਰਿਹਾ ਸੀ ਕਿ ਮਸਊਦ ਖ਼ੱਦਰ ਪੋਸ਼ ਦੀ ਸ਼ਖ਼ਸੀਅਤ ਦੇ ਰਾਂਗਲੇ ਪਹਿਲੂ ਵੀ ਰੋਸ਼ਨ ਹੋ ਰਹੇ ਸਨ ਤੇ ਉਨ੍ਹਾਂ ਦੇ ਜੀਵਨ ਦੀ ਸਾਦਗੀ, ਦੂਜਿਆਂ ਲਈ ਕਰ ਸਕਣ ਦੀ ਭਾਵਨਾ, ਪੰਜਾਬੀ ਜ਼ਬਾਨ ਲਈ ਬੇਹੱਦ ਮੋਹ ਤੇ ਪ੍ਰਤੀਬੱਧਤਾ ਵੀ ਪ੍ਰਗਟ ਹੋ ਰਹੀ ਸੀ।
ਮੁਹੰਮਦ ਮਸਊਦ 1916 ਵਿਚ ਲਾਹੌਰ ਵਿਚ ਪੈਦਾ ਹੋਇਆ। ਉਹਦਾ ਪਿਤਾ ਡਾ. ਗੁਲਾਮ ਜੀਲਾਨੀ ਉਸ ਵੇਲੇ ਦਾ ਬਹੁਤ ਪ੍ਰਸਿੱਧ ਹਕੀਮ ਸੀ। ਮੁਹੰਮਦ ਮਸਊਦ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਬੀ.ਏ. ਕਰਨ ਉਪਰੰਤ ਲਾਅ ਕਾਲਜ ਵਿਚ ਦਾਖ਼ਲਾ ਲਿਆ। ਐਲ.ਐਲ.ਬੀ. ਦੇ ਇਮਤਿਹਾਨ ਵਿਚੋਂ ਉਸ ਨੇ ਏੇਨੇ ਅੰਕ ਪ੍ਰਾਪਤ ਕੀਤੇ ਕਿ ਭਾਰਤੀ ਉਪ ਮਹਾਦੀਪ ਵਿਚ ਇਸ ਪ੍ਰੀਖਿਆ ਨਾਲ ਜੁੜੇ ਪਹਿਲੇ ਸਾਰੇ ਰਿਕਾਰਡ ਮਾਤ ਕਰ ਦਿੱਤੇ। 1941 ਵਿਚ ਉਹ ਭਾਰਤੀ ਸਿਵਲ ਸੇਵਾ (ਆਈ.ਸੀ.ਐਸ.)  ਲਈ ਚੁਣਿਆ ਗਿਆ। ਇੰਗਲੈਂਡ ਦੇ ਸੇਂਟ ਜੌਹਨ ਕਾਲਜ ‘ਚੋਂ ਅਗਲੇਰੀ ਟਰੇਨਿੰਗ ਤੇ ਉੱਚ-ਸਿੱਖਿਆ ਪ੍ਰਾਪਤ ਕਰਨ ਤੋਂ ਪਿੱਛੋਂ ਜਦੋਂ ਉਹ ਭਾਰਤ ਪਰਤਿਆ ਤਾਂ ਉਹਦੀ ਪਹਿਲੀ ਨਿਯੁਕਤੀ ਮੁੰਬਈ ਪ੍ਰੈਜ਼ੀਡੈਂਸੀ ਵਿਚ ਇਕ ਸਰਕਾਰੀ ਅਧਿਕਾਰੀ ਵਜੋਂ ਅਹਿਮਦ ਨਗਰ ਵਿਚ ਹੋਈ ਤੇ ਉਥੋਂ ਹੀ ਉਸ ਨੂੰ ਅਤਿ ਪਛੜੇ ਹੋਏ ਭੀਲ ਕਬੀਲਿਆਂ ਦੇ ਉਥਾਨ ਤੇ ਕਲਿਆਣ ਲਈ ‘ਖ਼ਾਨ-ਦੇਸ਼’ ਭੇਜਿਆ ਗਿਆ। ਦੋ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਮੁਹੰਮਦ ਮਸਊਦ ਨੇ ਭੀਲਾਂ ਦੇ ਕਬੀਲਿਆਂ ਨੂੰ ਸ਼ਾਹੂਕਾਰਾਂ ਦੇ ਕਰਜ਼ੇ ਦੀਆਂ ਬੇੜੀਆਂ ਤੋਂ ਮੁਕਤ ਕਰ ਦਿੱਤਾ ਅਤੇ ਉਨ੍ਹਾਂ ਦੀ ਜ਼ਬਾਨ ਅਤੇ ਸਭਿਆਚਾਰ ਨੂੰ ਪੁਨਰ-ਜੀਵਤ ਕਰਨ ਲਈ ਕਾਮਯਾਬ ਯਤਨ ਕੀਤੇ। ਉਸ ਦੀਆਂ ਭੀਲਾਂ ਦੀ ਭਲਾਈ ਵਾਸਤੇ ਕੀਤੀਆਂ ਅਣਥੱਕ ਕੋਸ਼ਿਸ਼ਾਂ ਤੇ ਕੁਰਬਾਨੀਆਂ ਦਾ ਫ਼ਲ ਹੀ ਸੀ ਕਿ ਭੀਲ ਉਸ ਨੂੰ ‘ਮਸਊਦ ਭਗਵਾਨ’ ਦੇ ਪਵਿੱਤਰ ਲਕਬ ਨਾਲ ਯਾਦ ਕਰਨ ਲੱਗੇ।
1946 ਵਿਚ ਉਸ ਦੀ ਬਦਲੀ ਨਵਾਬ ਸ਼ਾਹ (ਸਿੰਧ) ਵਿਚ ਬਤੌਰ ਡਿਪਟੀ ਕਮਿਸ਼ਨਰ ਹੋਈ। ਇਥੇ ਹੀ ਉਸ ਨੇ ਮੁਹੰਮਦ ਅਲੀ ਜਿਨਾਹ ਨੂੰ ਬੁਲਾਇਆ ਤੇ ਕਬੀਲਾ ਮੁਖੀਆਂ ਤੇ ਬਲੋਚਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਰਜ਼ਾਮੰਦ ਕੀਤਾ। 1947 ਵਿਚ ਉਸ ਨੇ ਬਤੌਰ ਪਾਕਿਸਤਾਨੀ ਨਵਾਬ ਸ਼ਾਹ ਵਿਚ ਉਸੇ ਹੀ ਅਹੁਦੇ ‘ਤੇ ਰਹਿਣਾ ਪ੍ਰਵਾਨ ਕੀਤਾ।
ਮਾਰਚ 1947 ਵਿਚ ਸਿੰਧ ਦੇ ਦੁੱਖਾਂ ਦੇ ਮਾਰੇ ਤੇ ਅਮਾਨਵੀ ਸਥਿਤੀ ਵਿਚ ਰਹਿੰਦੇ ਕਿਸਾਨਾਂ ਦੀ ਭਲਾਈ ਲਈ ਮੁਹੰਮਦ ਅਲੀ ਜਿਨਾਹ ਦੇ ਇਸ਼ਾਰੇ ‘ਤੇ ਇਕ ਕਮੇਟੀ ਬਣੀ। ਸਿੰਧ ਵਿਚ ਕਿਸਾਨ ਨੂੰ ‘ਹਾਰਾ’ ਕਿਹਾ ਜਾਂਦਾ ਹੈ। ਮੁਹੰਮਦ ਮਸਊਦ ਨੂੰ ਇਸ ‘ਹਾਰਾ ਇਨਕੁਆਰੀ ਕਮੇਟੀ’ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਸ ਕਮੇਟੀ ਦੇ ਬਹੁਤੇ ਮੈਂਬਰ ਕਿਸਾਨਾਂ ਦੀ ਭਲਾਈ ਲਈ ਬਹੁਤਾ ਕੁਝ ਕਰਨ ਲਈ ਤਿਆਰ ਨਹੀਂ ਸਨ। ਮੁਹੰਮਦ ਮਸਊਦ ਨੂੰ ਇਹ ਪ੍ਰਵਾਨ ਨਹੀਂ ਸੀ। ਉਹ ਤਾਂ ਗਰੀਬਾਂ ਤੇ ਥੁੜ੍ਹਾਂ ਮਾਰੇ ਲੋਕਾਂ ਦੇ ਹਿਤਾਂ ਨੂੰ ਪ੍ਰਣਾਇਆ ਹੋਇਆ ਸੀ। ਉਸ ਵਿਵਾਦੀ ਰਿਪੋਰਟ ਨੂੰ ਉਸ ਨੇ ਪ੍ਰਵਾਨ ਕਰਨੋਂ ਨਾਂਹ ਕਰ ਦਿੱਤੀ ਤੇ ਉਸ ਤੇ ਆਪਣੀ ‘ਅਸਹਿਮਤੀ ਦਾ ਨੋਟ’ ਲਿਖਿਆ। ਇਸ ਤੋਂ ਛੇਤੀ ਹੀ ਪਿੱਛੋਂ ਉਸ ਨੇ ‘ਬੇਜ਼ਮੀਨਿਆਂ ਲਈ ਜ਼ਮੀਨ’ ਦੀ ਜਦੋਜਹਿਦ ਸ਼ੁਰੂ ਕੀਤੀ ਅਤੇ ਉਹ ਸਾਰੇ ਸਿੰਧ ਵਿਚ ‘ਮਸਊਦ ਹਾਰੀ’ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ‘ਜਿਹੜਾ ਵਾਹੇ, ਉਹੀਓ ਖਾਏ’ ਦਾ ਨਾਅਰਾ ਉਸ ਦੇ ਨਾਂ ਨਾਲ ਜੁੜ ਗਿਆ ਸੀ।
ਆਪਣੇ ਇਸ ਲੋਕ-ਹਿਤੈਸ਼ੀ ਨਜ਼ਰੀਏ ਤੋਂ ਇਲਾਵਾ ਆਪਣੀ ਮਾਂ ਬੋਲੀ ਨਾਲ ਉਸ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਰੱਬ ਨਾਲ ਪ੍ਰਭਾਵੀ ਰਿਸ਼ਤਾ ਜੋੜਨ ਲਈ ਵੀ ਤੁਹਾਡੀ ਮਾਂ ਬੋਲੀ ਹੀ ਕੰਮ ਆ ਸਕਦੀ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਉਹ ਪਹਿਲਾ ਆਦਮੀ ਸੀ ਜਿਸ ਨੇ 1957 ਵਿਚ ਲਾਰੰਸ ਗਾਰਡਨ ਵਿਚ ਖੁੱਲ੍ਹੇਆਮ ਪੰਜਾਬੀ ਵਿਚ ਨਮਾਜ਼ ਅਦਾ ਕੀਤੀ। ਕੱਟੜਪੰਥੀਆਂ ਵਲੋਂ ਉਸ ਨੂੰ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਸਾਰੇ ਪਾਕਿਸਤਾਨ ਵਿਚੋਂ ਆਉਣ ਲੱਗੀਆਂ ਤਾਂ ਸਰਕਾਰ ਨੂੰ ਜਬਰੀ ਉਸ ਨੂੰ ਬਰਤਾਨੀਆ ਭੇਜਣਾ ਪਿਆ।
1962 ਵਿਚ ਉਸ ਨੇ ਕਰਾਚੀ ਤੋਂ ‘ਹੱਕ ਅੱਲਾਹ’ ਨਾਂ ਦਾ ਪੰਜਾਬੀ ਮਾਸਿਕ-ਪੱਤਰ ਜਾਰੀ ਕੀਤਾ। 1965 ਵਿਚ ਜਦੋਂ ਉਹ ਚੀਨ ਸਰਕਾਰ ਦੇ ਸੱਦੇ ‘ਤੇ ਚੀਨ ਗਿਆ ਤਾਂ ਉਸ ਨੇ ਚੀਨ ਦੇ ਪ੍ਰਧਾਨ ਮੰਤਰੀ ਚੂ-ਐਨ-ਲਾਈ ਨੂੰ ਨਿੱਜੀ ਬੈਠਕ ਵਿਚ ਗੱਲ-ਬਾਤ ਕਰਦਿਆਂ ‘ਮਾਂ-ਬੋਲੀ’ ਦੇ ਮਹੱਤਵ ਨੂੰ ਏਨੇ ਜ਼ੋਰਦਾਰ ਢੰਗ ਨਾਲ ਦ੍ਰਿੜ੍ਹਾਇਆ ਕਿ ਉਸ ਨਾਲ ਅੰਗਰੇਜ਼ੀ ਵਿਚ ਗੱਲਬਾਤ ਕਰ ਸਕਣ ਦੀ ਮੁਹਾਰਤ ਹੋਣ ਦੇ ਬਾਵਜੂਦ ਚੂ-ਐਨ-ਲਾਈ ਨੇ ਉਸ ਨਾਲ ਆਪਣੀ ਗੱਲ-ਬਾਤ ਆਪਣੀ ਮਾਂ ਬੋਲੀ ਵਿਚ ਕਰਨ ਨੂੰ ਹੀ ਪਹਿਲ ਦਿੱਤੀ ਭਾਵੇਂ ਇਸ ਮਕਸਦ ਲਈ ਉਸ ਨੂੰ ਦੋ ਭਾਸ਼ੀਏ ਦੀ ਮਦਦ ਹੀ ਲੈਣੀ ਪਈ।
ਇਕ ਵੱਡੇ ਸਰਕਾਰੀ ਅਧਿਕਾਰੀ ਵਜੋਂ ਸਾਰੀ ਉਮਰ ਕੰਮ ਕਰਦਿਆਂ ਵੀ ਉਸ ਨੇ ਪੰਜਾਬ ਦੇ ਪਿੰਡਾਂ ਵਿਚ ਬੁਣੇ ਜਾਂਦੇ ਖ਼ੱਦਰ ਦਾ ਬਣਿਆ ਕੌਮੀ ਲਿਬਾਸ ਪਹਿਨਣ ਨੂੰ ਤਰਜੀਹ ਦਿੱਤੀ ਜੋ ਉਨ੍ਹਾਂ ਦੀ ਸਾਦਾ-ਰਹਿਣੀ ਅਤੇ ਜ਼ਮੀਨ ਨਾਲ ਜੁੜੇ ਰਹਿਣ ਦਾ ਪ੍ਰਤੀਕ ਸੀ। ਇਸੇ ਕਰਕੇ ਹੀ ਉਸ ਨੂੰ ਮਸਊਦ ਖ਼ੱਦਰ ਪੋਸ਼ ਦੇ ਨਾਂ ਨਾਲ ਹੀ ਪ੍ਰਸਿੱਧੀ ਮਿਲੀ।
ਪੰਜਾਬੀ ਜ਼ਬਾਨ ਨਾਲ ਉਸ ਦੀ ਅਥਾਹ ਮੁਹੱਬਤ ਨੇ ਉਸ ਨੂੰ ਸਾਰੀ ਉਮਰ ‘ਮਾਂ-ਬੋਲੀ’ ਲਈ ਲੰਮੀ ਜਦੋਜਹਿਦ ਕਰਨ ਲਈ ਪ੍ਰੇਰਿਤ ਕੀਤੀ ਰੱਖਿਆ। ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਪ੍ਰਤੀ ਬੇਰੁਖ਼ੀ ਵਾਲੇ ਨਜ਼ਰੀਏ ਤੋਂ ਉਹ ਭਲੀ-ਭਾਂਤ ਜਾਣੂ ਸੀ। ਇਸ ਲਈ ਮਾਤ-ਭਾਸ਼ਾ ਨੂੰ ਪੜ੍ਹਾਈ ਦੇ ਮਾਧਿਅਮ ਵਜੋਂ ਪ੍ਰਵਾਨਤ ਕਰਾਉਣ ਤੇ ਮਾਂ ਬੋਲੀ ਦੇ ਹੱਕ ਵਿਚ ਨਿਰੰਤਰ ਲਹਿਰ ਬਣਾਈ ਰੱਖਣ ਲਈ ਉਸ ਨੇ ਆਪਣੇ ਜਿਉਂਦੇ-ਜੀਅ ਹੀ ‘ਮਸਊਦ ਖ਼ੱਦਰ ਪੋਸ਼ ਟਰਸਟ’ ਦੀ ਸਥਾਪਨਾ ਕੀਤੀ। ਬਦਕਿਸਮਤੀ ਨਾਲ ਛੇਤੀ ਹੀ ਦਸੰਬਰ 1985 ਵਿਚ ਉਸ ਦੀ ਮੌਤ ਹੋ ਗਈ।
ਪਰ ਉਸ ਦੇ ਵਿਚਾਰਾਂ ਨੂੰ ਜਿਉਂਦਿਆਂ ਰੱਖਣ ਲਈ ਉਸ ਦੀਆਂ ਸਿਆਣੀਆਂ ਧੀਆਂ ਸ਼ੀਰੀ ਅਤੇ ਫੌਜ਼ੀਆ ਨੇ ਇਸ ਟਰੱਸਟ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਆਪਣੇ ਪਿਤਾ ਦੇ ਸੁਪਨੇ ਸਾਕਾਰ ਕਰਨ ਹਿਤ ਇਕ ਲਹਿਰ ਖੜ੍ਹੀ ਕਰ ਦਿੱਤੀ। ਅੱਜ ਦੇ ਸਮਾਗਮ ਦੀ ਹਾਜ਼ਰੀ ਇਸ ਦੀ ਮੂੰਹ-ਬੋਲਦੀ ਤਸਵੀਰ ਸੀ।
‘ਮਸਊਦ ਖ਼ੱਦਰ ਪੋਸ਼ ਟਰੱਸਟ’ ਦਾ ਮੁੱਖ ਨਾਅਰਾ ਹੈ:-
ਮਾਂ ਬੋਲੀ ਜੋ ਭੁੱਲ ਜਾਵਣਗੇ।
ਕੱਖਾਂ ਵਾਂਗੂੰ ਰੁਲ ਜਾਵਣਗੇ।
ਇਹ ਨਾਅਰਾ ਸਰਹੱਦ ਤੋਂ ਪਾਰ ਅੱਜ ਚੜ੍ਹਦੇ ਪੰਜਾਬ ਵਿਚ ਵੀ ਪੰਜਾਬੀ ਪਿਆਰਿਆਂ ਦੀ ਜ਼ਬਾਨ ‘ਤੇ ਚੜ੍ਹ ਗਿਆ ਹੈ।
ਮਸਊਦ ਦੀ ਵੱਡੀ ਧੀ ਸ਼ੀਰੀ ਮਸਊਦ ਹੁਸੈਨ ਐਮ.ਏ.  ਐਲ.ਐਲ.ਬੀ. ਹੈ ਤੇ ਵਕਾਲਤ ਕਰਦੀ ਹੈ। ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਆਗੂ ਤੇ ਹੋਰ ਮਹੱਤਵਪੂਰਨ ਅਦਾਰਿਆਂ ਨਾਲ ਸਬੰਧਿਤ ਇਹ ਬੀਬੀ ਹੀ ਟਰੱਸਟ ਦੀ ਚੇਅਰਪਰਸਨ ਹੈ। ਉਹਦੀ ਛੋਟੀ ਭੈਣ ਫੌਜ਼ੀਆ ਕਿੱਤੇ ਵਜੋਂ ਡਾਕਟਰ ਹੈ। ਟਰੱਸਟੀ ਹੋਣ ਤੋਂ ਇਲਾਵਾ ਉਹ ਟਰੱਸਟ ਦੇ ਪਬਲੀਕੇਸ਼ਨ ਨਾਲ ਸੰਬਧਿਤ ਕੰਮ ਨੂੰ ਵੀ ਵੇਖਦੀ ਹੈ। ਅਜਿਹੀਆਂ ਚੰਗੀਆਂ ਧੀਆਂ ‘ਤੇ ਸਾਰੀ ਪੰਜਾਬੀ ਕੌਮ ਨੂੰ ਮਾਣ ਕਰਨਾ ਚਾਹੀਦਾ ਹੈ।
‘ਮਸਊਦ ਖ਼ੱਦਰ ਪੋਸ਼ ਟਰਸਟ’ ਦਾ ਮੁੱਖ ਉਦੇਸ਼ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ। ਪੰਜਾਬੀ ਜਿਸ ਨੂੰ ਖ਼ੁਦ ਪੰਜਾਬੀਆਂ ਨੇ ਮਾੜਿਆਂ ਧੀੜੀਆਂ ਦੀ ਜ਼ਬਾਨ ਬਣਾ ਛੱਡਿਆ ਹੈ, ਦੇ ਸਿਰ ‘ਤੇ ਉਹ ਮੋਰ-ਮੁਕਟ ਲਾਉਣਾ ਚਾਹੁੰਦੇ ਹਨ। ਇਸ ਮਕਸਦ ਲਈ ਉਹ ਚੰਗੀਆਂ ਪੰਜਾਬੀ ਪੁਸਤਕਾਂ ਨੂੰ ਇਨਾਮ ਦਿੰਦੇ ਨੇ। ਨਿਰੋਲ ਸਾਹਿਤ ਦੀਆਂ ਹੀ ਨਹੀਂ ਸਾਇੰਸ ਤੇ ਕਿੱਤਾਕਾਰੀ ਆਦਿ ਦੇ ਖੇਤਰਾਂ ਵਿਚ ਵੀ ਪੁਸਤਕਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਨਾਮ ਦਿੱਤੇ ਜਾਂਦੇ ਹਨ। ਲੇਖਕਾਂ ਨੂੰ ਪੁਸਤਕਾਂ ਛਾਪਣ ਵਿਚ ਵੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਪੰਜਾਬੀ ਲਈ ਕੰਮ ਕਰਨ ਵਾਲਿਆਂ ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਹਨ। ਹਰ ਸਾਲ ਸੂਫ਼ੀ ਕਲਾਮ ਗਾਉਣ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਟਰੱਸਟ ਦੇ ਕੰਮਾਂ ਤੇ ਇਨਾਮ ਸਨਮਾਨਾਂ ਦੀ ਭਰੋਸੇਯੋਗਤਾ ਇਸ ਤੱਥ ਤੋਂ ਹੀ ਪ੍ਰਗਟ ਸੀ ਕਿ ਲੋਕ ਏਨੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਟੇਜ ‘ਤੇ ਸ਼ੁਜ਼ਆਤ ਹਾਸ਼ਮੀ ਆਪਣੇ ਵਿਲੱਖਣ ਅੰਦਾਜ਼ ਵਿਚ ਸੂਫ਼ੀ-ਕਲਾਮ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਜ ‘ਤੇ ਪੇਸ਼ ਕਰ ਰਿਹਾ ਸੀ। ਬੱਚੇ ਦੀ ਤਰੰਨਮ ਭਰੀ ਆਵਾਜ਼ ਹਾਲ ਵਿਚ ਗੂੰਜ ਰਹੀ ਸੀ।
ਦੁਸ਼ਮਣ ਮਰ ਜਾਏ ਖ਼ੁਸ਼ੀ ਨਾ ਕਰੀਏ
ਸੱਜਣਾਂ ਵੀ ਮਰ ਜਾਣਾ.
ਡੀਗਰ ‘ਤੇ ਦਿਨ ਆਇਆ ਮੁਹੰਮਦ
ਓੜਕ ਨੂੰ ਡੁੱਬ ਜਾਣਾ।
ਪੁਸਤਕਾਂ ‘ਤੇ ਇਨਾਮ ਮਿਲਣ ਦੀ ਇਕ ਵਿਸ਼ੇਸ਼ ਗੱਲ ਇਹ ਸੀ ਕਿ ਇਕੋ ਹੀ ਲੇਖਕ ਨੂੰ ਵੱਖ-ਵੱਖ ਵਿਸ਼ਿਆਂ ਵਿਚ ਲਿਖਣ ‘ਤੇ ਇਕ ਤੋਂ ਵੱਧ ਇਨਾਮ ਵੀ ਦਿੱਤੇ ਜਾ ਸਕਦੇ ਸਨ। ਹੋਰ ਤੇ ਹੋਰ, ਉਸ ਲੇਖਕ ਨੂੰ ਵੀ ਇਨਾਮ ਮਿਲ ਸਕਦਾ ਸੀ ਜਿਸ ਨੂੰ ੁਪਹਿਲਾਂ ਵੀ ਟਰੱਸਟ ਵਲੋਂ ਇਨਾਮ ਮਿਲ ਚੁੱਕਾ ਹੋਵੇ। ਹਕੀਕਤ ਇਹ ਹੈ ਕਿ ਇਨਾਮ ਚੰਗੀ ਪੁਸਤਕ ਨੂੰ ਦਿੱਤਾ ਜਾਂਦਾ ਹੈ, ਕਿਸੇ ਵਿਸ਼ੇਸ਼ ਲੇਖਕ ਨੂੰ ਨਹੀਂ। ਇਲਿਆਸ ਘੁੰਮਣ ਦੇ ਕਹਿਣ ਮੁਤਾਬਕ ਹੁਣ ਵਾਲੇ ਇਨਾਮ ਪਾ ਕੇ ਉਹ ਟਰੱਸਟ ਦੇ ਸੱਤ ਇਨਾਮ ਜਿੱਤ ਚੁੱਕਿਆ ਸੀ। ਇਸ ਸਾਲ ਵੀ ਉਸ ਨੇ ਬਾਲ ਪੁਸਤਕ ‘ਸੁਰੀਲੀ ਵੰਝਲੀ ਵਾਲੇ’ ਅਤੇ ਸਾਇੰਸ ਪੁਸਤਕ ‘ਇਲੈਕਟ੍ਰੋਨਿਕਸ’ ਉਤੇ ਦੋ ਇਨਾਮ ਜਿੱਤ ਲਏ ਸਨ।
ਭਾਰਤੀ ਡੈਲੀਗੇਸ਼ਨ ਵਿਚੋਂ ਵੀ ਡਾ. ਜਗਤਾਰ, ਸਤਨਾਮ ਮਾਣਕ ਤੇ ਕੁਝ ਹੋਰ ਲੋਕਾਂ ਦਾ ਟਰੱਸਟ ਵਲੋਂ ਸਨਮਾਨ ਕੀਤਾ ਗਿਆ।
ਪਾਕਿਸਤਾਨ ਦੀ ਪ੍ਰਸਿੱਧ ਲੇਖਕਾ ਬੁਸ਼ਰਾ ਰਹਿਮਾਨ ਨੇ ਸਮਾਗਮ ਦੀ ਪ੍ਰਧਾਨਗੀ ਤਕਰੀਰ ਕੀਤੀ।
ਇਸ ਪ੍ਰਭਾਵਸ਼ਾਲੀ ਸਮਾਗਮ ਤੋਂ ਪਿੱਛੋਂ ਚਾਹ-ਪਾਣੀ ਦਾ ਬਹੁਤ ਹੀ ਵਧੀਆ ਪ੍ਰਬੰਧ ਸੀ। ਪ੍ਰੋਗਰਾਮ ਏਨੇ ਸਲੀਕੇ ਨਾਲ ਤੇ ਨਿਰਵਿਘਨ ਚੱਲਿਆ ਕਿ ਦਰਸ਼ਕਾਂ/ਸਰੋਤਿਆਂ ਦੇ ਮਨਾਂ ‘ਤੇ ਅਮਿਟ ਛਾਪ ਛੱਡ ਗਿਆ।
ਮੈਂ ਮਨ ਵਿਚ ਸੋਚ ਰਿਹਾ ਸਾਂ ਕਿ ਅਸੀਂ ਪੰਜਾਬੀ ਜ਼ਬਾਨ ਲਈ ਏਡੇ ਵੱਡੇ ਇਕੱਠ ਕਰ ਸਕਣ ਦੇ ਕਦੋਂ ਸਮਰੱਥ ਹੋ ਸਕਾਂਗੇ। ਕੀ ਪੰਜਾਬੀ ਲਈ ਕੰਮ ਕਰਨ ਵਾਲੇ ਸਾਡੇ ਅਦਾਰਿਆਂ ਵਿਚ ‘ਮਸਊਦ ਖ਼ੱਦਰ ਪੋਸ਼ ਟਰੱਸਟ’ ਵਾਲੀ ਪ੍ਰਤੀਬੱਧਤਾ ਤੇ ਨਿਸ਼ਠਾ ਨਹੀਂ? ਜਾਂ  ਲਛਮਣ ਸਿੰਘ ਗਿੱਲ ਦੀ ਕ੍ਰਿਪਾ ਨਾਲ ਪੰਜਾਬੀ ਦੇ ਰਾਜ-ਭਾਸ਼ਾ ਬਣ ਜਾਣ ਤੇ ਫਿਰ ਪੰਜਾਬੀ ਨੂੰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਾਧਿਅਮ ਅਤੇ ਲਾਜ਼ਮੀ ਵਿਸ਼ਾ ਬਣਾ ਕੇ ਸਾਡੇ ਪੰਜਾਬੀ ਪ੍ਰੇਮੀਆਂ ਦਾ ਹੁਣ ਮੱਚ ਮਰ ਗਿਆ ਹੈ? ਉਨ੍ਹਾਂ ਵਿਚੋਂ ਬਹੁਤੇ ਆਪਣੇ ਨਿਆਣੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਂਦੇ ਹੋਏ ਵੀ ਪੰਜਾਬੀ ਲਈ ਕੋਈ ਛੋਟਾ-ਮੋਟਾ ਇੱਕਠ ਕਰਕੇ ਕਦੀ-ਕਦੀ ਹਾਅ ਦਾ ਨਾਅਰਾ ਲਾ ਲੈਂਦੇ ਹਨ ਜਦ ਕਿ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਹ ਆਪਣੇ ਬੱਚਿਆਂ ਨੂੰ ਪੰਜਾਬੀ ਵਿਚ ਪੜ੍ਹਦਿਆਂ ਦੇਖ ਕੇ ਹਸਰਤ ਨਾਲ ਹਉਕਾ ਭਰਦੇ ਹਨ ਕਿ ਕਾਸ਼! ਉਨ੍ਹਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਰਹੇ ਹੁੰਦੇ!
ਕੁਝ ਵੀ ਸੀ ਇਸ ਸਮਾਗਮ ਵਰਗਾ ਉਤਸ਼ਾਹ ਤੇ ਇਕੱਠ ਸਾਡੇ ਸਮਾਗਮਾਂ ਵਿਚ ਸਾਨੂੰ ਕਦੀ ਕਿਧਰੇ ਨਜ਼ਰ ਨਹੀਂ ਆਇਆ। ਮੇਰੀ ਹਸਰਤ ਹੈ ਕਿ ਸਾਡੇ ਅੰਦਰ ਪੰਜਾਬੀ ਲਈ ਅਜਿਹੀ ਤੀਬਰ ਭਾਵਨਾ ਉਮਡੇ। ਅਸੀਂ ਸ਼ਾਇਦ ਪੰਜਾਬੀ ਦੇ ਵਿਕਾਸ ਨਾਲ ਸੰਤੁਸ਼ਟ ਹੋ ਗਏ ਸੀ ਅਤੇ ਉਨ੍ਹਾਂ ਦੀ ਪੰਜਾਬੀ ਅਣਪੁੱਛੇ ਰਹਿਣ ਦੀ ਅਸੰਤੁਸ਼ਟੀ ਇਸ ਵੱਡੇ ਇਕੱਠ ਦਾ ਕਾਰਨ ਸੀ।

‘‘ਸੰਧੂ ਨੂੰ ਪਹਿਲਾਂ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਦਿਖਾ ਲਿਆਈਏ। ਗੁਰਦੁਆਰਾ ਡੇਰਾ ਸਾਹਿਬ ਤੇ ਸ਼ਾਹੀ ਕਿਲੇ ਵੱਲ ਪਿੱਛੋਂ ਆਉਂਦੇ ਹਾਂ’’ ਡਾ. ਜਗਤਾਰ ਨੇ ਅਗਲਾ ਪ੍ਰੋਗਰਾਮ ਉਲੀਕਿਆ।
ਡਰਾਈਵਰ ਨੇ ਕਾਰ ਉਧਰ ਮੋੜ ਲਈ। ਪਤਾ ਲੱਗਾ ਕਿ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਰਾਵੀਓਂ ਪਾਰ ਸ਼ਾਹਦਰੇ ਵਿਚ ਸੀ। ਰਾਵੀ ਦਾ ਨਾਮ ਸੁਣਦਿਆਂ ਹੀ ਮੇਰੇ ਅੰਦਰ ਇਕ ਝੁਣਝਣੀ ਆਈ। ਲਾਹੌਰ ਦੀ ਵੱਖੀ ਨਾਲ ਖਹਿ ਕੇ ਲੰਘਦੀ ਰਾਵੀ ਸਦੀਆਂ ਤੋਂ ਪੰਜਾਬੀਆਂ ਦੇ ਲੋਕ ਮਨਾਂ ਵਿਚ ਲਿਸ਼ਕਦੀ ਆਈ ਹੈ। ਮਨ ਦੀਆਂ ਧੁਰ ਡੂੰਘਾਣਾਂ ‘ਚੋ ਲੋਕ-ਗੀਤ ਦੀਆਂ ਸਤਰਾਂ ਤੈਰ ਕੇ ਮੇਰੇ ਬੁੱਲ੍ਹਾਂ ਉਤੇ ਆ ਗਈਆਂ।
ਉਚੇ ਬੁਰਜ ਲਾਹੌਰ ਦੇ
ਤੇ ਹੇਠ ਵਗੇ ਦਰਿਆ।
ਮੈਂ ਮਛਲੀ ਦਰਿਆ ਦੀ
ਕਿਤੇ ਬਗਲਾ ਬਣ ਕੇ ਆ।
ਇਕ ਹੋਰ ਬਹੁਤ ਹੀ ਖ਼ੂਬਸੂਰਤ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਕੇ ਸਥਿਰ ਹੋ ਗਿਆ। ਲਾਹੌਰ ਦੀ ਸਮੁੱਚੀ ਖ਼ੂਬਸੂਰਤੀ ਦੋ ਸਤਰਾਂ ਵਿਚ ਮੱਚ ਮੱਚ ਮਘ ਰਹੀ ਸੀ:
ਸੱਕ ਮਲਦੀਆਂ ਰਾਵੀ ਦੇ ਪੱਤਣਾਂ ਨੂੰ
ਅੱਗ ਲਾਉਣ ਲਾਹੌਰਨਾਂ ਚੱਲੀਆਂ ਨੇ।
ਮੈਂ ਰੁਮਾਂਚਿਤ ਹੋ ਉਠਿਆ ਸਾਂ ਤੇ ਵਿਭਿੰਨ ਲੋਕ ਗੀਤ ਫੁੱਲਾਂ ਵਾਂਗ ਮੇਰੇ ਚੇਤਿਆਂ ਵਿਚ ਤੈਰਨ ਲੱਗੇ। ਵਗਦੀ ਹੋਈ ਰਾਵੀ ਵਿਚ ਕਦੀ ਗਨੇਰੀਆਂ, ਕਦੀ ‘ਦੋ ਫੁੱਲ ਪੀਲੇ’ ਤੇ ਕਦੀ ਕੁਝ ਹੋਰ ਸੁੱਟਦੀ ਹੋਈ ਗੋਰੀ ਆਪਣੇ ਢੋਲ ਨੂੰ ਸੰਬੋਧਤ ਹੁੰਦੀ ਹੈ:
ਵਗਦੀ ਏ ਰਾਵੀ
ਵਿਚ ਬੂਟਾ ਫਲਾਹੀ ਦਾ ਢੋਲਾ!
ਮੈਂ ਨਾ ਜੰਮਦੀ ਤੂੰ
ਕਿੱਦਾਂ ਵਿਆਹੀ ਦਾ ਢੋਲਾ!
ਵਗਦੀ ਵੇ ਰਾਵੀ
ਵਿਚ ਦੋ ਫੁੱਲ ਪੀਲੇ ਢੋਲਾ!
ਇਕ ਫੁੱਲ ਮੰਗਿਆ
ਕਿਉਂ ਪਿਉਂ ਦਲੀਲੇ ਢੋਲਾ!
ਰਾਵੀਂ ਨਹੀਂ, ਇਹ ਤਾਂ ਸਾਡੀ ਵਿਰਾਸਤ ਦੀ ਧਾਰਾ ਵਗਦੀ ਪਈ ਸੀ ਰਾਵੀ ਦੇ ਰੂਪ ਵਿਚ।
‘‘ਲੈ ਬਈ ਆ ਗਿਆ ਰਾਵੀ ਦਾ ਪੁਲ’’, ਅਗਲੀ ਸੀਟ ‘ਤੇ ਬੈਠੇ ਜਗਤਾਰ ਨੇ ਮੈਨੂੰ ਸੁਚੇਤ ਕੀਤਾ। ਮੈਂ ਉਤਸੁਕਤਾ ਨਾਲ ਧੌਣ ਅੱਗੇ ਉਲਾਰੀ।
ਮੈਂ ਵਗਦੀ ਹੋਈ ਰਾਵੀ ਵਿਚ ਤਰਦੇ ਹੋਏ ‘ਪੀਲੇ ਫੁੱਲ’ ਵੇਖਣਾ ਚਾਹੁੰਦਾ ਸਾਂ। ਲਾਹੌਰਨਾਂ ਦੇ ਹੁਸਨ ਦੀ ਲਾਲੀ ਦੇ ਸੇਕ ਦੇ ਸਨਮੁੱਖ ਹੋਣਾ ਚਾਹੁੰਦਾ ਸਾਂ।
ਪਰ ਇਹ ਕੀ? ਮੇਰਾ ਤਾਂ ਸਾਰਾ ਉਤਸ਼ਾਹ ਹੀ ਮਾਰਿਆ ਗਿਆ। ਰਾਵੀ ਤਾਂ ਸੁੱਕੀ ਹੋਈ ਸੀ। ਚਾਂਦੀ ਰੰਗੇ ਕਲਪਤ ਵਹਾਓ ਦੀ ਥਾਂ ਸ਼ਹਿਰ ਦਾ ਗੰਦਾ ਤੇ ਕਾਲਾ ਪਾਣੀ ਇਕ ਛੋਟੇ ਜਿਹੇ ਗੰਦੇ ਨਾਲੇ ਦੇ ਰੂਪ ਵਿਚ ਵਹਿ ਰਿਹਾ ਸੀ ਤੇ ਆਸੇ ਪਾਸੇ ਫੈਲੀ ਭਖਦੀ ਰੇਤ ਆਪਣੀ ਕਿਸਮਤ ਨੂੰ ਰੋ ਰਹੀ ਸੀ। ਮੈਨੂੰ ਰਣਧੀਰ ਸਿੰਘ ਚੰਦ ਦਾ ਸ਼ਿਅਰ ਚੇਤੇ ਆਇਆ:
ਆਪਣਾ ਪਿੰਡ ਸਾੜਨ ਲੱਗੀ ਆਪਣੀ ਰੇਤ
ਇਕ ਦਿਨ ਇਹ ਵੀ ਹੋਣੀ ਸੀ ਦਰਿਆਵਾਂ ਨਾਲ।
ਦੂਰ ਪਰ੍ਹੇ ਮੁੰਡੇ ਰਾਵੀ ਦੀ ਰੇਤ ਉਤੇ ਕ੍ਰਿਕਟ ਖੇਡ ਕੇ ਉਸ ਦਾ ਮਖ਼ੌਲ ਉਡਾ ਰਹੇ ਸਨ।
‘‘ਪੰਜਾਬ ਦੇ ਦਰਿਆਵਾਂ ਵਿਚ ਅੱਜ ਕੱਲ੍ਹ ਪਾਣੀ ਨਹੀਂ ਰਹਿ ਗਿਆ’’, ਮੇਰੇ ਕੋਲ ਬੈਠੇ ਉਮਰ ਗਨੀ ਨੇ ਕਿਹਾ।
‘‘ਲੋਕਾਂ ਦੇ ਮਨਾਂ ‘ਚੋਂ ਮੁੱਕਦੀ ਜਾਂਦੀ ਮੁਹੱਬਤ ਵਾਂਗ’’, ਮੈਂ ਹੌਲੀ ਜਿਹੀ ਫੁਸਫੁਸਾਇਆ।
ਮੈਂ ਹਕੀਕਤ ਦੇ ਰੂਬਰੂ ਹੋ ਕੇ ਆਖਿਆ, ‘‘ਇਹ ਰਾਵੀ ਤਾਂ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਵੀ ਕੋਈ ਮਦਦ ਨਹੀਂ ਕਰ ਸਕਦੀ ਹੋਣੀ।’’
ਮੈਨੂੰ ਰਾਵੀ ਦੇ ਇਸੇ ਪੁਲ ਅਤੇ ਦੇਵਿੰਦਰ ਸਤਿਆਰਥੀ ਨਾਲ ਜੁੜੀ ਕਹਾਣੀ ਯਾਦ ਆਈ ਜਿਹੜੀ ਕਈ ਸਾਲ ਪਹਿਲਾਂ ਖ਼ੁਦ ਹੀ ਸਤਿਆਰਥੀ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਸੁਣਾਈ ਸੀ।
ਸਤਿਆਰਥੀ ਦੇ ਭਰ ਜਵਾਨੀ ਦੇ ਦਿਨਾਂ ਦੀ ਗੱਲ ਹੈ। ਉਹ ਲਾਹੌਰ ਵਿਚ ਰਹਿੰਦਾ ਸੀ। ਉਸ ਦੀ ਜ਼ਿੰਦਗੀ ਵਿਚ ਉਤੋੜਿਤੀ ਕੁਝ ਅਜਿਹੀਆਂ ਨਾ-ਖ਼ੁਸ਼ਗਵਾਰ ਘਟਨਾਵਾਂ ਵਾਪਰੀਆਂ ਕਿ ਉਹ ਜ਼ਿੰਦਗੀ ਤੋਂ ਉਕਤਾ ਗਿਆ। ਅਜਿਹੀ ਬਦਤਰ ਜ਼ਿੰਦਗੀ ਜਿਊਣ ਨਾਲੋਂ ਉਸ ਨੇ ਮਰ ਜਾਣ ਨੂੰ ਪਹਿਲ ਦਿੱਤੀ ਤੇ ਖ਼ੁਦਕੁਸ਼ੀ ਕਰਨ ਦਾ ਇਰਾਦਾ ਬਣਾ ਲਿਆ। ਖ਼ੁਦਕੁਸ਼ੀ ਕਰਨ ਲਈ ਸਭ ਤੋਂ ਬਿਹਤਰ ਤਰੀਕਾ ਇਹੋ ਸੀ ਕਿ ਰਾਵੀ ਦੇ ਪੁਲ ਤੋਂ ਦਰਿਆ ਵਿਚ ਛਾਲ ਮਾਰ ਦਿੱਤੀ ਜਾਵੇ ਤੇ ਬੱਸ ਕੰਮ ਖ਼ਤਮ!
ਇਕ ਸਵੇਰੇ, ਜਦੋਂ ਲੋਕ ਰਾਵੀ ਦੇ ਪੁਲ ਉਪਰ ਸਵੇਰ ਦੀ ਸੈਰ ਕਰ ਰਹੇ ਸਨ ; ਸਤਿਆਰਥੀ ਨੇ ਮੁਨਾਸਬ ਮੌਕਾ ਵੇਖਿਆ ਤੇ ਪੁਲ ‘ਤੇ ਲੱਗੇ ਲੋਹੇ ਦੇ ਜੰਗਲੇ ਉਪਰੋਂ ਹੋ ਕੇ ਦਰਿਆ ਵਿਚ ਛਾਲ ਮਾਰਨ ਲਈ ਅਹੁਲਿਆ। ਐਨ ਇਸੇ ਮੌਕੇ, ਹਿੰਦੀ ਫਿਲਮਾਂ ਦੀ ਕਹਾਣੀ ਵਾਂਗ, ਦੋ ਨੌਜਵਾਨਾਂ ਨੇ ਲੱਕ ਤੋਂ ਜੱਫਾ ਮਾਰ ਕੇ ਸਤਿਆਰਥੀ ਨੂੰ ਹੇਠਾਂ ਉਤਾਰ ਲਿਆ।
‘‘ਇਹ ਕੀ ਲੋਹੜਾ ਮਾਰਨ ਲੱਗਾ ਸਾਏਂ।’’
ਉਨ੍ਹਾਂ ਦੇ ਪੁੱਛਣ ਉਤੇ ਸਤਿਆਰਥੀ ਨੇ ਆਪਣੀ ਖ਼ੁਦਕੁਸ਼ੀ ਦੀ ਯੋਜਨਾ ਬਾਰੇ ਉਨ੍ਹਾਂ ਨੂੰ ਦੱਸਿਆ ‘ਜਾਨ ਲੱਖੀਂ ਨਾ ਹਜ਼ਾਰੀਂ’ ਕਹਿ ਕੇ ਉਨ੍ਹਾਂ ਨੇ ਸਤਿਆਰਥੀ ਨੂੰ ਸਮਝਾਇਆ। ਪਰ ਚੰਗੀ ਸਿੱਖ-ਮੱਤ ਦੇਣ ਲਈ ਉਹ ਉਸ ਨੂੰ ਨਜ਼ਦੀਕ ਰਹਿੰਦੇ ਕਿਸੇ ਦਾਨਸ਼ਵਰ ਬਜ਼ੁਰਗ ਕੋਲ ਲੈ ਗਏ। ਉਹ ਦਾਨਸ਼ਵਰ ਬਜ਼ੁਰਗ ਉਰਦੂ ਦਾ ਪ੍ਰਸਿੱਧ ਸ਼ਾਇਰ ਡਾ. ਸਰ ਮੁਹੰਮਦ ਇਕਬਾਲ ਸੀ। ਨੌਜਵਾਨਾਂ ਤੋਂ ਸਤਿਆਰਥੀ ਦੀ ਸਾਰੀ ਕਹਾਣੀ ਸੁਣਨ ਉਪਰੰਤ ਡਾ. ਇਕਬਾਲ ਨੇ ਸਤਿਆਰਥੀ ਨੂੰ ਪੁੱਛਿਆ:
‘‘ਹਿੰਦੂ ਹੋਣ ਕਰਕੇ ਤੇਰਾ ਪੁਨਰ-ਜਨਮ ਵਿਚ ਤਾਂ ਵਿਸ਼ਵਾਸ ਹੋਵੇਗਾ?’’
ਸਤਿਆਰਥੀ ਨੇ ‘ਹਾਂ’ ਵਿਚ ਸਿਰ ਹਿਲਾਇਆ ਤਾਂ ਡਾ. ਇਕਬਾਲ ਨੇ ਕਿਹਾ, ‘‘ਖ਼ੁਦਕੁਸ਼ੀ ਕਰਨ ਪਿਛੋਂ ਤੇ ਦੂਜਾ ਜਨਮ ਲੈਣ ਪਿੱਛੋਂ ਤੇਰੀਆਂ ਤਿੰਨ ਹਾਲਤਾਂ ਹੋ ਸਕਦੀਆਂ ਨੇ।’’
‘‘ਇਕ ਤਾਂ, ਜਿੰਨੀ ਭੈੜੀ ਹਾਲਤ ਤੋਂ ਤੰਗ ਆ ਕੇ ਤੂੰ ਖ਼ੁਦਕੁਸ਼ੀ ਕਰਨ ਲੱਗਾ ਏਂ, ਤੇਰੀ ਏਨੀ ਈ ਭੈੜੀ ਹਾਲਤ ਹੋ ਸਕਦੀ ਹੈ। ਦੂਜਾ ਇਹ ਵੀ ਹੋ ਸਕਦੈ ਕਿ ਉਸ ਜਨਮ ਵਿਚ ਤੈਨੂੰ ਇਹੋ ਜਿਹੀ ਜ਼ਿੰਦਗੀ ਨਸੀਬ ਹੋਵੇ ਜੋ ਤੇਰੀ ਹੁਣ ਵਾਲੀ ਜ਼ਿੰਦਗੀ ਨਾਲੋਂ ਵੀ ਬਦਤਰ ਹੋਵੇ ਤੇ ਤੀਜਾ ਇਹ ਵੀ ਹੋ ਸਕਦੈ ਕਿ ਤੂੰ ਉਸ ਜਨਮ ਵਿਚ ਹੁਣ ਨਾਲੋਂ ਵਧੀਆ ਜ਼ਿੰਦਗੀ ਜੀਵੇਂ।’’
ਏਨੀ ਗੱਲ ਕਹਿ ਕੇ ਡਾ. ਇਕਬਾਲ ਨੇ ਹੁੱਕੇ ਦਾ ਕਸ਼ ਗੁੜਗੁੜਾਇਆ ਤੇ ਮੁਸਕਰਾਉਂਦਿਆਂ ਤਿੱਖੀਆਂ ਨਜ਼ਰਾਂ ਨਾਲ ਸਤਿਆਰਥੀ ਵੱਲ ਵੇਖ ਕੇ ਆਖਿਆ, ‘‘ਇਸ ਸੂਰਤ ਵਿਚ, ਮਰਨ ਤੋਂ ਬਾਅਦ ਵੀ, ਚੰਗੀ ਜ਼ਿੰਦਗੀ ਜਿਊਣ ਦੀ ਆਸ ਇਕ ਤਿਹਾਈ ਹੀ ਹੈ। ਜੇ ਮੈਨੂੰ ਇਕ ਬਟਾ ਤਿੰਨ ਆਸ ਉਤੇ ਖ਼ੁਦਕੁਸ਼ੀ ਕਰਨੀ ਹੋਵੇ ਤਾਂ ਮੈਂ ਤਾਂ ਕਦੀ ਨਹੀਂ ਕਰਨ ਲੱਗਾ! ਹੁਣ ਤੂੰ ਜੇ ਇਕ ਤਿਹਾਈ ਆਸ ਉਤੇ ਖ਼ੁਦਕੁਸ਼ੀ ਕਰਨਾ ਚਾਹੁੰਦਾ ਏਂ ਤਾਂ ਤੇਰੀ ਮਰਜ਼ੀ।’’
ਹੁੱਕੇ ਦਾ ਕਸ਼ ਲਾ ਕੇ ਉਸ ਨੇ ਬੜੇ ਇਤਮੀਨਾਨ ਨਾਲ ਪਿੱਛੇ ਪਏ ਤਕੀਏ ਨਾਲ ਢੋਅ ਲਾ ਲਈ।
ਸਾਰੀ ਗੱਲ ਸੁਣਾ ਕੇ ਸਤਿਆਰਥੀ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਤੋੜਾ ਝਾੜਿਆ, ‘‘ਡਾ. ਇਕਬਾਲ ਦੀ ਗੱਲ ਸੁਣਨ ਤੋਂ ਬਾਅਦ ਮੈ ਸੋਚਿਆ ਇਕ ਬਟਾ ਤਿੰਨ ਆਸ ਉਤੇ ਖ਼ੁਦਕੁਸ਼ੀ ਕਰਨ ਦਾ ਸੱਚਮੁਚ ਕੋਈ ਲਾਭ ਨਹੀਂ ਅਤੇ ਮੈਂ ਖ਼ੁਦਕੁਸ਼ੀ ਕਰਨ ਦਾ ਇਰਾਦਾ ਤਿਆਗ ਦਿੱਤਾ।’’
ਪੁਲ ਪਾਰ ਕਰਨ ਹੀ ਵਾਲੇ ਸਾਂ ਕਿ ਅੱਗੇ ਖੜੋਤੇ ਪੁਲਸੀਆਂ ਨੂੰ ਵੇਖ ਕੇ ਜਗਤਾਰ ਨੇ ਇਕ ਹੋਰ ਚਿੰਤਾ ਦਾ ਪ੍ਰਗਟਾਵਾ ਕੀਤਾ, ‘‘ਆਪਾਂ ਨੂੰ ਤਾਂ ਸਿਰਫ਼ ਲਾਹੌਰ ਵਿਚ ਰਹਿਣ ਦੀ ਇਜਾਜ਼ਤ ਮਿਲੀ ਹੈ ਤੇ ਰਾਵੀ ਪਾਰ ਦਾ ਇਹ ਇਲਾਕਾ ਤਾਂ ਦੂਜੇ ਜ਼ਿਲੇ ਸ਼ੇਖ਼ੂਪੁਰੇ ਵਿਚ ਪੈ ਜਾਂਦਾ ਏ।’’
ਗੱਲ ਵਾਕਿਆ ਹੀ ਚਿੰਤਾ ਵਾਲੀ ਸੀ। ਬਿਗਾਨੇ ਮੁਲਕ ਵਿਚ ਕਾਨੂੰਨ ਦੀ ਖ਼ਿਲਾਫ਼ਵਰਜ਼ੀ ‘ਅੰਦਰ’ ਵੀ ਕਰਵਾ ਸਕਦੀ ਸੀ। ਤੇ ਉਥੇ ਸਾਡਾ ਕੌਣ ਵਾਲੀ—ਵਾਰਿਸ ਸੀ।
ਪਰ ਰਿਜ਼ਵਾਨ ਅਹਿਮਦ ਸਵੇਰ ਤੋਂ ਹੀ ਕਹਿ ਰਿਹਾ ਸੀ ਕਿ ਉਸ ਦੀ ਗੱਲ ਹੋ ਚੁੱਕੀ ਹੈ। ਸਾਨੂੰ ਕੋਈ ਕੁਝ ਨਹੀਂ ਆਖਣ ਲੱਗਾ। ਨਿਸਚੇ ਹੀ ਉਸ ਨੇ ਕਿਸੇ ਉਪਰਲੇ ਅਧਿਕਾਰੀ ਨਾਲ ਗੱਲ ਕੀਤੀ ਹੋਵੇਗੀ, ਤਦੇ ਹੀ ਤਾਂ ਉਹ ਏਨੇ ਵਿਸ਼ਵਾਸ ਨਾਲ ਕਹਿ ਰਿਹਾ ਸੀ, ‘‘ਫਿਕਰ ਨਾ ਕਰੋ। ਮੈਂ ਬੈਠਾ ਹਾਂ।’’
‘‘ਚੱਲ ਵੇਖੀ ਜਾਊ!’’ ਜਗਤਾਰ ਨੇ ਕਿਹਾ ਤੇ ਸਾਡੀ ਕਾਰ ਪੁਲੀਸ ਦੇ ਕੋਲੋਂ ਅੱਗੇ ਲੰਘ ਗਈ। ਉਂਜ ਕਿਸੇ ਵੇਲੇ ਵੀ ਘੇਰ ਕੇ ਪੁੱਛ ਗਿੱਛ ਕੀਤੇ ਜਾਣ ਦਾ ਡਰ ਸਾਨੂੰ ਅੰਦਰੋ ਅੰਦਰ ਕੁਤਰਦਾ ਹੀ ਰਿਹਾ।
ਸੜਕਾਂ ਉਤੋਂ ਧੂੜ ਉਡ ਰਹੀ ਸੀ। ਲਾਹੌਰ ਸ਼ਹਿਰ ਦਾ ਬਾਹਰਲਾ ਇਲਾਕਾ ਤੇ ਸ਼ਾਹਦਰੇ ਦਾ ਇਹ ਇਲਾਕਾ ਫਲੈਟੀਜ਼ ਹੋਟਲ ਦੇ ਚੌਗਿਰਦੇ ਨਾਲੋਂ ਭਿੰਨ ਸੀ। ਇਥੇ ਮੱਧ-ਸ਼ੇਣੀ ਤੇ ਹੇਠਲੀ ਮੱਧ-ਸ਼ੇ੍ਰਣੀ ਦੇ ਲੋਕ ਵਸਦੇ ਸਨ। ਮਾਲ ਰੋਡ ਤੇ ਮਾਡਲ ਟਾਊਨ ਤੇ ਗੁਲਬਰਗ ਵਾਲੀ ਅਮੀਰੀ ਠਾਠ ਇਥੇ ਨਹੀਂ ਸੀ।
ਅਸੀਂ ਵਿਸ਼ਾਲ ਚਾਰਦੀਵਾਰੀ ਅੰਦਰ ਘਿਰੇ ਘਾਹ ਦੇ ਲਾਅਨਾਂ ਵਿਚ ਜਹਾਂਗੀਰ ਦੇ ਮਕਬਰੇ ਅੰਦਰ ਫਿਰਦਿਆਂ ਉਸ ਸਮੇਂ ਵਿਚ ਉਤਰਨ ਦਾ ਯਤਨ ਕੀਤਾ। ਜਹਾਂਗੀਰ ਦੀ ਆਸ਼ਕ-ਮਿਜ਼ਾਜੀ ; ਅਨਾਰ ਕਲੀ ਤੇ ਨੂਰਜਹਾਂ ਦਾ ਇਸ਼ਕ, ਹਿੰਦੁਸਤਾਨ ਦੀ ਬਾਦਸ਼ਾਹਤ ਤੇ ਜਹਾਂਗੀਰੀ ਅਦਲ ਦੀਆਂ ਕਹਾਣੀਆਂ ਚੇਤੇ ਆਈਆਂ। ਇਸੇ ‘ਅਦਲ’ ਦੇ ਪ੍ਰਸੰਗ ਵਿਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਯਾਦ ਆਈ ਜਿਸ ਦੀ ‘ਝੂਠ ਦੀ ਦੁਕਾਨ’ ਬੰਦ ਕਰਵਾਉਣ ਦੀ ‘ਚਿੰਤਾ’ ਦਾ ਜ਼ਿਕਰ ਜਹਾਂਗੀਰ ਦੀ ਸਵੈ-ਜੀਵਨੀ, ‘ਤੁਜ਼ਕੇ ਜਹਾਂਗੀਰੀ’ ਵਿਚ ਵੀ ਆਉਂਦਾ ਹੈ। ਸੰਗਮਰਮਰ ਦੀ ਸਿਲ ਉਤੇ ਸੰਨ ਹਿਜਰੀ 1037 ਵਿਚ, ‘ਮਰਕਦੇ ਮੁਨੱਵਰ ਆਲ੍ਹਾ ਹਜ਼ਰਤ ਗੁਫਰਾਨਾ-ਪਨਾਹ ਨੂਰ-ਉ-ਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ’ ਦੇ ਇਸ ਸੰਸਾਰ ਤੋਂ ਕੂਚ ਕਰ ਜਾਣ ਦਾ ਜ਼ਿਕਰ ਦਰਜ ਸੀ। ਮੇਰੇ ਅੰਦਰੋਂ ਬਾਬਾ ਫਰੀਦ ਬੋਲਿਆ:
ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ।
ਕੂੜਾ ਸੌਦਾ ਕਰ ਗਏ ਗੋਰੀਂ ਜਾ ਪਏ।
ਮੈਨੂੰ ‘ਸੱਚਾ ਸੌਦਾ’ ਕਰਨ ਵਾਲੇ ਦੀ ਪੰਜਵੀਂ ਜੋਤ ਦਾ ਮੋਹ ਜਾਗਿਆ ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਤ ਕਰਨ ਸਮੇਂ ਬਾਬਾ ਫਰੀਦ ਨੂੰ ਨਮਸਕਾਰ ਕਰਕੇ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਦਿਆਂ ਇਹ ਸੰਦੇਸ਼ ਦਿੱਤਾ ਸੀ ਕਿ ਸੱਚਾ ਮੁਸਲਮਾਨ ਤੇ ਸੱਚਾ ਹਿੰਦੂ ਕੋਈ ਅਲੱਗ ਨਹੀਂ ਸਗੋਂ ਸੱਚੀ ਸੁੱਚੀ ਇਨਸਾਨੀਅਤ ਦਾ ਇਕੋ ਰੂਪ ਹਨ ਤੇ ਉਹਨਾਂ ਨਪੀੜੇ ਲਤਾੜੇ ਲੋਕਾਂ ਦੀ ਇਕ ਆਪਣੀ ਧਿਰ ਹੈ ਜਿਹੜੀ ਧਿਰ ਮਨੁੱਖੀ ਹਿਤ ਪਾਲਣ ਦਾ ਸੱਚਾ ਸੌਦਾ ਕਰ ਰਹੀ ਹੈ ਤੇ ਉਹਦਾ ਕੂੜਾ ਸੌਦਾ ਕਰਨ ਵਾਲਿਆਂ ਨਾਲ ਕੋਈ ਵਾਸਤਾ ਨਹੀਂ।
ਗਰਮੀ ਜ਼ੋਰ ਫੜ ਰਹੀ ਸੀ। ਡਰਾਈਵਰ ਨੇ ਦੱਸਿਆ ‘ਮਹਿਮਾਨਾਂ’ ਕਰਕੇ ਕਾਰ ਪਾਰਕਿੰਗ ਵਾਲੇ ਨੇ ਪੈਸੇ ਨਹੀਂ ਲਏ। ਹੁਣ ਅਸੀਂ ਨੂਰਜਹਾਂ ਦੇ ਮਕਬਰੇ ਵੱਲ ਤੁਰੇ। ਉੱਚੀ ਲਾਈਨ ਤੋਂ ਪਰਲੇ ਪਾਰ ਨੂਰਜਹਾਂ ਦਾ ਮਕਬਰਾ ਦਿੱਸ ਰਿਹਾ ਸੀ, ਮਸਾਂ ਪੰਜਾਹ ਗ਼ਜ਼ ਦੀ ਵਿੱਥ ‘ਤੇ। ਜਗਤਾਰ ਅਤੇ ਉਮਰ ਗਨੀ ਹੁਰਾਂ ਦੀ ਉਸ ਨੂੰ ਦੇਖਣ ਦੀ ਤਾਂਘ ਨਹੀਂ ਸੀ। ਉਹ ਤਾਂ ਕਈ ਵਾਰ ਦੇਖ ਚੁੱਕੇ ਸਨ। ਜਗਤਾਰ ਨੂੰ ਉਂਜ ਵੀ ਸਾਹ ਦੀ ਤਕਲੀਫ਼ ਸੀ।
ਉਸ ਨੇ ਮੈਨੂੰ ਕਿਹਾ ਕਿ ਮੈਂ ਉਤਰ ਕੇ ਲਾਈਨੋਂ ਪਾਰ ਜਾ ਕੇ ਮਕਬਰੇ ‘ਤੇ ਝਾਤੀ ਮਾਰ ਆਵਾਂ। ਜਹਾਂਗੀਰ ਦੇ ਮਕਬਰੇ ਨਾਲੋਂ ਉਸ ਵਿਚ ਕੋਈ ਅਲੋਕਾਰ ਗੱਲ ਨਹੀਂ। ਮੇਰੇ ਮਨ ਵਿਚ ਸੀ ਕਿ ਜ਼ਿਆਦਾ ਥਕਾਵਟ ਹੋ ਜਾਣ ਦੇ ਡਰੋਂ ਜਗਤਾਰ ਕਿਤੇ ਵਾਪਸੀ ਦਾ ਐਲਾਨ ਨਾ ਕਰ ਦੇਵੇ। ਮੈਂ ਅੱਜ ਗੁਰਦੁਆਰਾ ਡੇਹਰਾ ਸਾਹਿਬ ਜ਼ਰੂਰ ਵੇਖਣਾ ਚਾਹੁੰਦਾ ਸਾਂ। ਅਗਲੇ ਦਿਨਾਂ ਵਿਚ ਪਤਾ ਨਹੀਂ ਮੌਕਾ ਲੱਗੇ ਜਾ ਨਾ ਲੱਗੇ। ਮੇਰੇ ਹੱਥਾਂ ਵਿਚ ਸ਼ਾਹ ਹੁਸੈਨ ਦੀ ਮਜ਼ਾਰ ‘ਤੇ ਸਾਈਂ ਲੋਕ ਵਲੋਂ ਦਿੱਤਾ ਫੁੱਲ ਪੱਤੀਆਂ ਦਾ ਲਿਫ਼ਾਫ਼ਾ ਵੀ ਸੀ ਜੋ ਮੈਂ ਸ਼ਾਹ ਦੇ ਸਮਕਾਲੀ ਗੁਰੂ ਅਰਜਨ ਦੇਵ ਦੇ ਹਜ਼ੂਰ ਪੇਸ਼ ਕਰਨਾ ਚਾਹੁੰਦਾ ਸਾਂ। ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਭਾਰਤ ਤਕ ਜਾਦਿਆਂ ਇਹ ਫੁੱਲ ਕੁਮਲਾ ਜਾਣੇ ਸਨ ਤੇ ਮੈਂ ਇਨ੍ਹਾਂ ਦੀ ਮਹਿਕ ਮਰਨ ਨਹੀਂ ਸਾਂ ਦੇਣੀ ਚਾਹੁੰਦਾ। ਸਾਈਂ ਲੋਕ ਅੱਗੇ ਵੀ ਝੂਠਾ ਨਹੀਂ ਸਾਂ ਹੋਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਇਹ ਫੁੱਲ ਭੇਟਾ ਕਰਨਾ ਚਾਹੁੰਦਾ ਸਾਂ।
ਨੂਰਜਹਾਂ ਦਾ ਮਕਬਰਾ ਮੈਨੂੰ ਦਿੱਸ ਰਿਹਾ ਸੀ ਤੇ ਮੋਹਨ ਸਿੰਘ ਦੀ ਕਵਿਤਾ ਵੀ ਜ਼ਿਹਨ ‘ਚੋਂ ਗੁਜ਼ਰ ਰਹੀ ਸੀ। ਨੂਰਜਹਾਂ ਦੀ ਆਪਣੀ ਕਬਰ ‘ਤੇ ਲਿਖਵਾਇਆ ਨਿਰਮਾਣ ਸ਼ਿਅਰ ਵੀ ਚੇਤੇ ਆ ਰਿਹਾ ਸੀ, ਪਰ ਮੈਂ ਇਹ ਸਭ ਕੁਝ ਮਨ ਹੀ ਮਨ ਕਲਪ ਕੇ ਇਕੱਲੇ ਨੇ ਅੱਗੇ ਜਾਣੋਂ ਇਨਕਾਰ ਕਰ ਦਿੱਤਾ।
ਵਾਪਸੀ ਉਤੇ ਰਾਵੀ ਦੇ ਪੁਲ ਤੋਂ ਗੁਜ਼ਰਦਿਆਂ ਇਕ ਹੋਰ ਲੋਕ ਬੋਲੀ ਮੇਰੀ ਸੁਰਤ ਵਿਚ ਗੂੰਜੀ :
ਰਾਵੀ ਕਿਨਾਰੇ ਘੁੱਗੀਆਂ ਦਾ ਜੋੜਾ
ਇਕ ਘੁੱਗੀ ਉਡਗੀ ਪੈ ਗਿਆ ਵਿਛੋੜਾ
ਉੱਡ ਗਈ ਘੁੱਗੀ ਮੈਂ ਤੇ ਜਗਤਾਰ ਸਾਂ, ਪਿੱਛੇ ਰਹੀ ਘੁੱਗੀ ਉਮਰ ਗਨੀ ਤੇ ਰਿਜ਼ਵਾਨ ਸਨ। ਉੱਡ ਗਈ ਘੁੱਗੀ ਸਤਿਆਰਥੀ, ਪਿੱਛੇ ਰਹੀ ਘੁੱਗੀ ਡਾ. ਇਕਬਾਲ। ਉੱਡ ਗਈ ਘੁੱਗੀ ਮਾਧੋ ਲਾਲ, ਪਿੱਛੇ ਰਹੀ ਘੁੱਗੀ ਸ਼ਾਹ ਹੁਸੈਨ। ਉੱਡ ਗਈ ਘੁੱਗੀ ਬਾਬਾ ਨਾਨਕ, ਪਿੱਛੇ ਰਹੀ ਘੁੱਗੀ ਬਾਬਾ ਫ਼ਰੀਦ। ਕਾਸ਼! ਰਾਵੀ ਵਗਦੀ ਰਹੇ, ਮੋਹ ਮੁਹੱਬਤ ਨਾਲ ਭਰੀ ਤੇ ਵਿਛੜੀਆਂ ਘੁੱਗੀਆਂ ਦਾ ਕਦੇ ਮੇਲ ਹੋ ਸਕੇ!
ਗੁਰਦੁਆਰਾ ਡੇਹਰਾ ਸਾਹਿਬ ਪਹੁੰਚ ਕੇ ਅਸੀਂ ਵੇਖਿਆ ਗੁਰਦੁਆਰੇ ਦੇ ਬਾਹਰ ਅਤੇ ਅੰਦਰ ਨੀਲੀਆਂ, ਪੀਲੀਆਂ, ਲਾਲ ਤੇ ਚਿੱਟੀਆਂ ਦਸਤਾਰਾਂ ਇਕ ਭੀੜ ਦੇ ਰੂਪ ਵਿਚ ਨਜ਼ਰ ਆ ਰਹੀਆਂ ਸਨ। ਜਿਵੇਂ ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਦੀਵਾਲੀ, ਵਿਸਾਖੀ ਜਾਂ ਮੱਸਿਆ ਦੇ ਮੇਲੇ ਉਤੇ ਘੁੰਮ ਰਹੇ ਹੋਈਏ। ਅਸਲ ਵਿਚ ਪੰਜਾ ਸਾਹਿਬ ਦੀ ਵਿਸਾਖੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਭੇਜਿਆ ਜਥਾ ‘ਪੰਜਾ ਸਾਹਿਬ’ ਦੇ ਦਰਸ਼ਨਾਂ ਉਪਰੰਤ ਲਾਹੌਰ ਪਹੁੰਚ ਚੁੱਕਾ ਸੀ ਤੇ ਕੱਲ੍ਹ ਤੋਂ ਗੁਰਦੁਆਰਾ ਡੇਰਾ ਸਾਹਿਬ ਵਿਚ ਉਤਾਰੇ ਕੀਤੇ ਹੋਏ ਸਨ। ਜਥੇ ਦੀ ਰਿਹਾਇਸ਼ ਲਈ ਲੋੜੀਂਦਾ ਪ੍ਰਬੰਧ ਨਾ ਹੋਣ ਕਰਕੇ ਗੁਰਦੁਆਰੇ ਨਾਲ ਲੱਗਦੀ ਗਰਾਊਂਡ ਵਿਚ ਟੈਂਟ ਅਤੇ ਕਨਾਤਾਂ ਲਾ ਕੇ ਛੋਟੇ ਛੋਟੇ ਕਮਰੇ ਜਿਹੇ ਬਣਾਏ ਹੋਏ ਸਨ ਜਿਨ੍ਹਾਂ ਵਿਚ ਜਥੇ ਦੇ ਲੋਕ ਆਪੋ ਆਪਣੇ ਸਾਥ ਵਿਚ ਠਹਿਰੇ ਹੋਏ ਸਨ।
ਲਾਊਡ ਸਪੀਕਰ ‘ਤੇ ਟੇਪ ਰਿਕਾਰਡਰ ਵਿਚੋਂ ਬੋਲਦੇ ਕਵੀਸ਼ਰੀ ਜਥੇ ਦੀ ਉੱਚੀ ਆਵਾਜ਼ ਲਾਹੌਰ ਦੇ ਬਾਜ਼ਾਰਾਂ ਵਿਚ ਦੂਰ ਤਾਈਂ ਗੂੰਜ ਰਹੀ ਸੀ। ਸਿੰਘਾਂ ਨੇ ਲਾਹੌਰ ਨੂੰ ਆਨੰਦਪੁਰ ਸਾਹਿਬ ਬਣਾਇਆ ਹੋਇਆ ਸੀ।
ਗੁਰਦੁਆਰੇ ਤੋਂ ਵੀਹ ਪੰਝੀ ਫੁੱਟ ਦੀ ਵਿੱਥ ਉਤੇ ਸੀ ਲਾਹੌਰ ਦਾ ਸ਼ਾਹੀ ਕਿਲਾ। ਇਕ ਛੋਟੀ ਜਿਹੀ ਸੜਕ ਸੀ ਦੋਹਾਂ ਦਰਮਿਆਨ। ਸ਼ਾਹੀ ਕਿਲੇ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਗੁਰਦੁਆਰਾ ਬਹੁਤ ਛੋਟਾ ਜਿਹਾ ਲੱਗ ਰਿਹਾ ਸੀ। ਮੈਂ ਡਾ. ਜਗਤਾਰ ਨਾਲ ਗੱਲ ਕੀਤੀ ਤਾਂ ਉਸ ਨੇ ਹਾਮੀ ਭਰਦਿਆਂ ਨਾਲ ਹੀ ਜਹਾਂਗੀਰ ਦੇ ਮਕਬਰੇ ਉਤੇ ਮੇਰੇੇ ਵਲੋਂ ਆਖੀ ਬਾਬਾ ਫਰੀਦ ਦੀ ‘ਕੂੜਾ ਸੌਦਾ ਕਰ ਗਏ ਗੋਰੀਂ ਜਾ ਪਏ’ ਵਾਲੀ ਗੱਲ ਦੁਹਰਾਈ ਤੇ ਨਾਲ ਹੀ ਫ਼ਰੀਦ ਦੇ ਖ਼ਿਆਲਾਂ ਦੇ ਪੈਰੋਕਾਰ ਮੁਸਲਮਾਨ ਸਾਈਂ ਸੂਫੀ ਫਕੀਰ ਹਜ਼ਰਤ ਬਾਹੂ ਦਾ ਕਲਾਮ ਚੇਤੇ ਕਰਦਿਆਂ ਗੁਰੂ ਅਰਜਨ ਦੇਵ ਨੂੰ ਨਮਸਕਾਰ ਕੀਤੀ :
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ
ਕਬਰ ਜਿਨ੍ਹਾਂ ਦੀ ਜੀਵੇ ਹੂ
ਸ਼ਹੀਦ ਹੋ ਕੇ ਵੀ ਗੁਰੂ ਅਰਜਨ ਦੇਵ ਜਿਉਂਦੇ ਹਨ। ਉਨ੍ਹਾਂ ਜਿਹੇ ਹੋਰ ਮਹਾਂਪੁਰਸ਼ਾਂ ਦੇ ਉਰਸ ‘ਤੇ ਬਰਸੀਆਂ ਮਨਾਈਆਂ ਜਾਂਦੀਆਂ ਸਨ। ਹਜ਼ਾਰਾਂ ਦੀਆਂ ਭੀੜਾਂ ਜੁੜਦੀਆਂ ਸਨ। ਕੀ ਜਹਾਂਗੀਰ ਦੀ ਯਾਦ ਵੀ ਇੰਜ ਹੀ ਮਨਾਈ ਜਾਂਦੀ ਸੀ?
ਅਸੀਂ ਗੁਰਦੁਆਰੇ ਦੇ ਅੰਦਰ ਜਾਣ ਲਈ ਵਧੇ ਤਾਂ ਬਾਹਰ ਖਲੋਤੇ ਪਾਕਿ-ਪੁਲੀਸ ਦੇ ਚਿਟ ਕੱਪੜੀਏ ਸਿਪਾਹੀਆਂ ਨੇ ਉਮਰਗਨੀ ਤੇ ਰਿਜ਼ਵਾਨ ਨੂੰ ਰੋਕ ਲਿਆ। ਉਹ ਅੰਦਰ ਨਹੀਂ ਸਨ ਜਾ ਸਕਦੇ। ਮੈਂ ਸੋਚਿਆ ਰਿਜ਼ਵਾਨ ‘ਉਤੇ ਹੋਈ ਗੱਲ’ ਉਨ੍ਹਾਂ ਨਾਲ ਸਾਂਝੀ ਕਰੇਗਾ ਪਰ ਉਹ ਇਕ ਪਾਸੇ ਛਿੱਥਾ ਜਿਹਾ ਹੋ ਕੇ ਖਲੋ ਗਿਆ। ਉਨ੍ਹਾਂ ਦੇ ਰੋਕੇ ਜਾਣ ਵਾਲੀ ਗੱਲ ਸਾਨੂੰ ਚੰਗੀ ਨਾ ਲੱਗੀ। ਗੁਰੂ ਘਰ ਤਾਂ ਸਭ ਦਾ ਦਾਖ਼ਲਾ ਪਰਵਾਨ ਸੀ ਪਰ ਅਗਲਿਆਂ ਮੁਤਾਬਕ ਕੋਈ ‘ਗਲਤ ਅਨਸਰ’ ਅੰਦਰ ਜਾ ਕੇ ਗੜਬੜ ਕਰ ਸਕਦਾ ਸੀ।
ਅਸੀ ਹੁਣੇ ਹੀ ਮੱਥਾ ਟੇਕ ਕੇ ਵਾਪਸ ਪਰਤਣ ਦਾ ਧਰਵਾਸ ਦੇ ਕੇ ਛੋਟੀ ਜਿਹੀ ਡਿਊੜੀ ਦੇ ਬਾਹਰ ਜੁੱਤੀਆਂ ਉਤਾਰੀਆਂ ਤੇ ਗੁਰਦੁਆਰੇ ਦੇ ਨਿੱਕੇ ਜਿਹੇ ਸਿਹਨ ਵਿਚ ਦਾਖ਼ਲ ਹੋਏ। ਗੁਰਦੁਆਰੇ ਵਿਚ ਪਾਠ ਹੋ ਰਿਹਾ ਸੀ। ਸੰਗਤਾਂ ਬਿਰਾਜਮਾਨ ਸਨ। ਮੈਂ ਮੱਥਾ ਟੇਕਿਆ ਤੇ ਸ਼ਾਹ ਹੁਸੈਨ ਦੀ ਮਜ਼ਾਰ ਉਤੇ ਸਾਈਂ ਵਲੋਂ ਭੇਟ ਕੀਤੀਆਂ ਗੁਲਾਬ ਦੀਆਂ ਫੁੱਲ-ਪੱਤੀਆਂ ਵਾਲਾ ਲਿਫ਼ਾਫ਼ਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੂਧਾ ਕਰ ਦਿੱਤਾ। ਗੁਲਾਬ ਦੇ ਫੁੱਲਾਂ ਦੀ ਮਿੱਠੀ ਖ਼ੁਸ਼ਬੋ ਮਾਹੌਲ ਵਿਚ ਫੈਲੀ। ਮੈਨੂੰ ਲੱਗਾ ਸ਼ਾਹ ਹੁਸੈਨ ਤੇ ਗੁਰੂ ਅਰਜਨ ਦੇਵ ਇਕ ਦੂਜੇ ਦੀ ਸੰਗਤ ਵਿਚ ਇਕੱਠੇ ਬੈਠ ਕੇ ਬਚਨ ਬਿਲਾਸ ਕਰ ਰਹੇ ਹੋਣ ‘ਤੇ ਚੁਫ਼ੇਰੇ ਉਨ੍ਹਾਂ ਦੇ ਬੋਲਾਂ ਦੀ ਸੁਗੰਧੀ ਪਸਰ ਗਈ ਹੋਵੇ।
ਗੁਰਦੁਆਰੇ ਦੇ ਪਿਛਲੇ ਦਰਵਾਜ਼ੇ ਵਿਚੋਂ ਨਿਕਲ ਕੇ ਅਸੀਂ ਅੰਦਰ ਗਏ। ਖ਼ਾਲਿਸਤਾਨੀ ਜਥੇਬੰਦੀਆਂ ‘ਦਲ ਖ਼ਾਲਸਾ’, ‘ਖ਼ਾਲਿਸਤਾਨ ਕਮਾਂਡੋ ਫੋਰਸ’ ਤੇ ‘ਬੱਬਰ ਖ਼ਾਲਸਾ’ ਆਦਿ ਦੇ ਬੈਨਰ ਲੱਗੇ ਹੋਏ ਸਨ। ਇਨ੍ਹਾਂ ਜਥੇਬੰਦੀਆਂ ‘ਚੋਂ ਹੀ ਕਿਸੇ ਇਕ ਵਲੋਂ ਮਿੱਠੇ ਪਾਣੀ ਦੀ ਛਬੀਲ ਲੱਗੀ ਹੋਈ ਸੀ।
‘‘ਇੱਥੇ ਗੁਰਦੁਆਰੇ ਵਿਚ ਉਨ੍ਹਾਂ ਦੇ ਬੰਦੇ ਪੱਕੇ ਤੌਰ ‘ਤੇ ਰਹਿੰਦੇ ਵੀ ਨੇ।’’ ਜਗਤਾਰ ਨੇ ਆਖਿਆ। ਜਿਨ੍ਹਾਂ ਕਮਰਿਆਂ ਵਿਚ ਉਨ੍ਹਾਂ ਦੀ ਰਿਹਾਇਸ਼ ਦਾ ਅੰਦੇਸ਼ਾ ਜਗਤਾਰ ਨੂੰ ਸੀ, ਉਨ੍ਹਾਂ ਕਮਰਿਆਂ ਵਿਚ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬੈਠੇ ਹੋਏ ਸਨ। ਸ਼ਾਇਦ ਇਹ ਕਮਰੇ ਉਨ੍ਹਾਂ ਨੂੰ ਅਲਾਟ ਹੋਏ ਸਨ।
ਉਂਜ ਦਲ ਖ਼ਾਲਸਾ ਦਾ ਗਜਿੰਦਰ ਸਿੰਘ ਤੇ ਉਸ ਦੇ ਦੋ ਤਿੰਨ ਹੋਰ ਸਾਥੀ ਰੋਜ਼ ਹੀ ਕਾਨਫ਼ਰੰਸ ਵਿਚ ਹਾਜ਼ਰ ਹੁੰਦੇ ਤੇ ਕਿਸੇ ਨਾ ਕਿਸੇ ਨੁੱਕਰ ਵਿਚ ਖਲੋਤੇ ਜਾ ਲੌਬੀ ਵਿਚ ਬੈਠੇ ਆਪਣੀ ‘ਚੋਣ’ ਦੇ ਬੰਦਿਆਂ ਨਾਲ ਗੱਲਬਾਤ ਕਰ ਰਹੇ ਹੁੰਦੇ। ਸੈਸ਼ਨ ਖ਼ਤਮ ਹੋਣ ਉਪਰੰਤ ਜਾਣੂ ਬੰਦਿਆਂ ਦੇ ਰਾਹੀਂ ਆਮ ਡੈਲੀਗੇਟਾਂ ਨਾਲ ਵੀ ਹੱਥ ਮਿਲਾਉਂਦੇ ਹਾਲ-ਚਾਲ ਪੁੱਛ ਰਹੇ ਹੁੰਦੇ। ਇਕ ਦਿਨ ਲਾਅਨ ਵਿਚ ਖੜੋਤੀ ਭੀੜ ਵਿਚ ਮੈਂ ਵੀ ਉਨ੍ਹਾਂ ਦੇ ਕੋਲ ਜਿਹੇ ਕਰਕੇ ਹੀ ਖੜੋਤਾ ਸਾਂ। ਇਕ ਜਣੇ ਨੇ ਕਿਸੇ ਡੈਲੀਗੇਟ ਨਾਲ ਜਾਣ ਪਛਾਣ ਕਰਵਾਉਣ ਲਈ ਜਦੋਂ ਗਜਿੰਦਰ ਸਿੰਘ ਨਾਲ ਖੜੋਤੇ ਇਕ ਨੌਜਵਾਨ ਬਾਰੇ ਕੁਝ ਦੱਸਣਾ ਚਾਹਿਆ ਤਾਂ ਉਸ ਨੌਜਵਾਨ ਨੇ ਆਪਣੀ ਪਛਾਣ ਲੁਕਾਈ ਰੱਖਣ ਲਈ ਵਿਚੋਲੇ ਨੂੰ ਅੱਖ ਨੱਪੀ। ਪਰ ਗਜਿੰਦਰ ਸਿੰਘ ਬਾਰੇ ਤਾਂ ਮੈਨੂੰ ਵੀ ਪਤਾ ਸੀ। ਉਹ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਜਾਣ ਵਾਲੇ ਟੋਲੇ ਦਾ ਆਗੂ ਸੀ। ਹਾਈ ਜੈਕਿੰਗ ਦੀ ਨਿਸਚਿਤ ਸਜ਼ਾ ਭੁਗਤਣ ਪਿਛੋਂ ਅੱਜ ਕੱਲ੍ਹ ਪਾਕਿਸਤਾਨ ਵਿਚ ਹੀ ਰਹਿ ਰਿਹਾ ਸੀ।
ਦਰਮਿਆਨੇ ਕੱਦ ਵਾਲੇ ਗਜਿੰਦਰ ਸਿੰਘ ਨੇ ਕੋਕਾ ਕੋਲਾ ਰੰਗ ਦੀ ਨੋਕਦਾਰ ਪੱਗ ਸਵਾਰ ਕੇ ਬੱਧੀ ਹੋਈ ਸੀ। ਫਿੱਕੇ ਮੱਧਮ ਰੰਗ ਦੀ ਕਮੀਜ਼ ਤੇ ਨਸਵਾਰੀ ਜਿਹੀ ਪੈਂਟ। ਗੋਰਾ ਰੰਗ, ਤਿੱਖੇ ਨਕਸ਼। ਖੁੱਲ੍ਹੀ ਦਾੜ੍ਹੀ ਚਿੱਟੀ ਹੋ ਚੱਲੀ ਸੀ। ਮੈਂ ਜਦੋਂ ਵੀ ਵੇਖਦਾ ਉਹ ਚੁੱਪ-ਚਾਪ ਗੰਭੀਰ ਮੁਦਰਾ ‘ਚ ਖਲੋਤਾ ਹੁੰਦਾ। ਘੱਟ ਗੱਲ ਕਰਦਾ ਜਾਪਦਾ। ਭੀੜ ਵਿਚ ਇਧਰ-ਉਧਰ ਤੁਰਿਆ ਫਿਰਦਾ। ਪੀਲੀ ਪੱਗ ਤੇ ਭਾਰੀ ਖੁੱਲੇ ਦਾੜ੍ਹੇ ਵਾਲਾ ਉਸ ਦਾ ਇਕ ਸਾਥੀ ਤੇ ਉਹ ਨੌਜਵਾਨ ਅਕਸਰ ਹੱਸ ਹੱਸ ਕੇ ਦੂਜਿਆਂ ਨਾਲ ਗੱਲਾਂ ਕਰਦੇ ਨਜ਼ਰ ਆਉਂਦੇ। ਪਰ ਗਜਿੰਦਰ ਸਿੰਘ ਦੇ ਚਿਹਰੇ ‘ਤੇ ਮੈਨੂੰ ਅਜਿਹਾ ਹਾਸਾ ਨਜ਼ਰ ਨਹੀਂ ਸੀ ਆਉਂਦਾ। ਕਦੀ ਕਦੀ ਮੇਰੇ ਮਨ ਵਿਚ ਵੀ ਆਉਂਦਾ ਕਿ ‘ਦਲ ਖਾਲਸਾ’ ਦੇ ਇਸ ਆਗੂ ਨਾਲ ਗੱਲਬਾਤ ਕਰਕੇ ਉਸ ਦੇ ਮਨ ਦੀ ਅਵਸਥਾ ਜਾਣਾਂ ਪਰ ਫਿਰ ਆਪ ਹੀ ਸੰਕੋਚ ਕਰ ਜਾਂਦਾ। ਹੋ ਸਕਦੈ ਕੋਈ ਭਾਰਤੀ ਗੁਪਤਚਰ ਇਹ ਮਿਲਣੀਆਂ ਨੋਟ ਕਰ ਰਿਹਾ ਹੋਵੇ ਜਾਂ ਗਜਿੰਦਰ ਸਿੰਘ ਹੀ ਮੇਰੇ ਨਾਲ ਦਿਲ ਦੀ ਗੱਲ ਕਰਨੀ ਮੁਨਾਸਬ ਨਾ ਸਮਝਦਾ ਹੋਵੇ। ਉਂਜ ਉਥੇ ਵਸਦੇ ਪੜ੍ਹੇ ਲਿਖੇ ਪੰਜਾਬੀਆਂ ਵਿਚ ਵੀ ਉਹਦੀ ਚੰਗੀ ਜਾਣ-ਪਛਾਣ ਸੀ। ਲਾਅਨ ਵਿਚ ਖੜੋਤੇ ਗਜਿੰਦਰ ਸਿੰਘ ਨੂੰ ਗਲ ਨਾਲ ਲਾ ਕੇ ਅਫਜ਼ਲ ਅਹਿਸਨ ਰੰਧਾਵਾ ਨੂੰ ਇਹ ਕਹਿੰਦਿਆਂ ਮੈਂ ਆਪ ਕੰਨੀਂ ਸੁਣਿਆ ‘‘ਤੂੰ ਤਾਂ ਸਾਡਾ ਸ਼ੇਰ ਐਂ… ਸ਼ੇਰ…।’’
ਪਿੱਛੇ ਖਲੋਤਾ ਇਲਿਆਸ ਘੁੰਮਣ ਕਹਿ ਰਿਹਾ ਸੀ, ‘‘ਕਿਉਂ ਨਹੀਂ। ਕਿਉਂ ਨਹੀਂ।’’ ਇਸ ਲਈ ਕੋਈ ਵੱਡੀ ਗੱਲ ਨਹੀਂ ਜੇ ਕਿਸੇ ਪਾਕਿਸਤਾਨੀ ਸ਼ਾਇਰ ਨੇ ਸਾਡੇ ਲੋਕਾਂ ਦੇ ਦੱਸਣ ਮੁਤਾਬਕ ਮੁਸ਼ਾਇਰੇ ਵਿਚ ਇਹ ਕਵਿਤਾ ਪੜ੍ਹ ਦਿੱਤੀ ਹੋਵੇ। ‘‘ਗਜਿੰਦਰ ਸਿੰਘ! ਅਸੀਂ ਤੇਰੇ ਨਾਲ ਹਾਂ।’’ ਮੈਂ ਇਹ ਕਵਿਤਾ ਸੁਣਨ ਤੋਂ ਪਹਿਲਾਂ ਹੀ ਮੁਸ਼ਾਇਰੇ ਵਿਚੋਂ ਉਠ ਆਇਆ ਸਾਂ। ਪਰ ਇਸ ਵਿਚ ਤਾਂ ਕੋਈ ਸ਼ੱਕ ਨਹੀਂ ਸੀ ਕਿ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੇ ਬਹੁਤੇ ਲੋਕਾਂ ਦਾ ਨਜ਼ਰੀਆ ਗਜਿੰਦਰ ਸਿੰਘ ਦੇ ਨਾਲ ਹੀ ਸੀ। ਉਹ ਸਭ ਰਲ ਕੇ ‘ਖ਼ਾਲਿਸਤਾਨ’ ਦੇ ਅੰਗੂਰ ਡਿੱਗਣ ਦੀ ਉਡੀਕ ਵਿਚ ਸਨ।
ਜਗਤਾਰ ਕਹਿਣ ਲੱਗਾ, ‘‘ਵਰਿਆਮ! ਐਹ ਨਾਲ ਹੀ ਪੌੜੀਆਂ ਚੜ੍ਹ ਕੇ ਦੇਖ ਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਮੈਥੋਂ ਤਾਂ ਚੜ੍ਹਿਆ ਨਹੀਂ ਜਾਂਦਾ। ਨਾਲੇ ਮੈਂ ਚਾਹੁੰਨਾਂ ਤੂੰ ਕੋਈ ਚੀਜ਼ ਵੇਖਣੋਂ ਰਹਿ ਨਾ ਜਾਵੇਂ।’’
ਗੁਰਦੁਆਰੇ ਦੇ ਨਾਲ ਹੀ ਲੱਗਦੀਆਂ ਪੌੜੀਆਂ ਚੜ੍ਹ ਕੇ ਮੈਂ ਉਪਰ ਗਿਆ। ਜਥੇ ਨਾਲ ਆਏ ਬਹੁਤ ਸਾਰੇ ਲੋਕ ਸਮਾਧ ਦੁਆਲੇ ਬਣੀ ਪਰਿਕਰਮਾ ਵਿਚ ਲੇਟੇ ਹੋਏ ਸਨ। ਵਿਚਕਾਰ ਉੱਚਾ ਥੜ੍ਹਾ ਹੈ, ਸਮਾਧੀ ਦੇ ਰੂਪ ਵਿਚ। ਇਥੇ ਪੰਜਾਬ ਦਾ ਮਹਾਰਾਜਾ ਸਦਾ ਦੀ ਨੀਂਦ ਸੁੱਤਾ ਪਿਆ ਹੈ। ਮੈਨੂੰ ਆਪਣੇ ਇਲਾਕੇ ਦੇ ਸਵਰਗਵਾਸੀ ਢਾਡੀ ਪਿਆਰਾ ਸਿੰਘ ਪੰਛੀ ਦੀ ਕਵਿਤਾ ਯਾਦ ਆਈ। ਸ਼ਾਇਰ ਸੁਪਨੇ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ ਜਾਂਦਾ ਹੈ ਤਾਂ ਮਹਾਰਾਜੇ ਦੀ ਮੜ੍ਹੀ ਉਸ ਨੂੰ ਸੁਆਲ ਕਰਦੀ ਹੈ :
‘‘ਕਹਿੰਦੀ ਖਾਲਸਾ, ਧਰਮ
ਨਹੀਂ ਇਹ ਸਿੱਖ ਦਾ,
ਧੋਖਾ ਦੇਣਾ ਮਿੱਤਰਾਂ ਨੂੰ
ਤੁਸੀਂ ਆਪ ਤਾਂ ਆਜ਼ਾਦ ਹੋ ਕੇ ਬੈਠ ਗਏ
ਮੈਨੂੰ ਛੱਡ ਗੈਰਾਂ ਗੋਚਰਾ
ਰਾਜ ਕਰੂਗਾ ਜਹਾਨ ਉਤੇ ਖਾਲਸਾ
ਉੱਚੀ ਉੱਚੀ ਨਾਅਰੇ ਲਾਉਂਦੇ ਜੇ।’’
ਰਣਜੀਤ ਸਿੰਘ ਦੇ ਰਾਜ ਗਵਾਚਣ ਦਾ ਝੋਰਾ ਸਦਾ ਹੀ ਪੰਜਾਬੀਆਂ ਨੂੰ ਸਤਾਉਂਦਾ ਰਿਹਾ ਹੈ।
ਹੇਠਾਂ ਆਇਆ ਤਾਂ ਜਗਤਾਰ ਨੇ ਦੱਸਿਆ, ਕਿ ਔਹ ਸਾਹਮਣਾ ਦਰਵਾਜ਼ਾ ਹਜ਼ੂਰੀ ਬਾਗ਼ ਦਾ ਪ੍ਰਵੇਸ਼ ਦੁਆਰ ਹੈ।
‘‘ਕੀ ਇਹ ਉਹ ਦਰਵਾਜ਼ਾ ਤਾਂ ਨਹੀਂ ਜਿਸ ਦਾ ਛੱਜਾ ਡੇਗ ਕੇ ਕੰਵਰ ਨੌਨਿਹਾਲ ਸਿੰਘ ਨੂੰ ਮਰਵਾਇਆ ਗਿਆ ਸੀ?’’
‘‘ਹਾਂ! ਇਹੀ ਹੈ।’’
ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਉਸ ਦਾ ਪੋਤਰਾ ਕੰਵਰ ਨੌ ਨਿਹਾਲ ਸਿੰਘ ਹੀ ਇਸ ਯੋਗਤਾ ਦਾ ਮਾਲਕ ਸੀ ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕਦਾ ਸੀ। ਪਰ ਧਿਆਨ ਸਿੰਘ ਡੋਗਰੇ ਦੀ ਬਦਨੀਤੀ ਨੇ ਉਸ ਦੀ ਜਾਨ ਲੈ ਲਈ। ਜਦੋਂ ਉਹ ਆਪਣੇ ਪਿਤਾ ਖੜਕ ਸਿੰਘ ਦਾ ਸਸਕਾਰ ਕਰਕੇ ਪਰਤ ਰਿਹਾ ਸੀ ਤੇ ਐਨ ਜਦੋਂ ਕਿਲ੍ਹੇ ਦੇ ਇਸ ਸਾਹਮਣੇ ਦਰਵਾਜ਼ੇ ਵਿਚੋਂ ਗੁਜ਼ਰ ਰਿਹਾ ਸੀ ਤਾਂ ਪਹਿਲਾਂ ਹੀ ਨਿਸਚਿਤ ਸਾਜ਼ਿਸ਼ੀ ਯੋਜਨਾ ਤਹਿਤ ਬਾਰੂਦ ਭਰਿਆ ਇਸ ਦਰਵਾਜ਼ੇ ਦਾ ਛੱਜਾ ਕੰਵਰ ਨੌਨਿਹਾਲ ਸਿੰਘ ‘ਤੇ ਸੁੱਟ ਦਿੱਤਾ ਗਿਆ।
‘ਸਿੱਖ ਰਾਜ ਕਿਵੇਂ ਗਿਆ’ ਸੁਣਾਉਂਦਾ, ਸੋਹਣ ਸਿੰਘ ਸੀਤਲ ਪੁਕਾਰਿਆ, ‘‘ਕਿਲ੍ਹੇ ਦੇ ਦਰਵਾਜ਼ੇ ਦਾ ਉਹ ਛੱਜਾ ਉਸ ਦਿਨ ਕੰਵਰ ਨੌਨਿਹਾਲ ਸਿੰਘ ‘ਤੇ ਨਹੀਂ ਡਿੱਗਾ ਸਗੋਂ ਪੰਜਾਬ ਦੀ ਕਿਸਮਤ ‘ਤੇ ਡਿੱਗਾ ਸੀ। ਉਸ ਸਮੇਂ ਪੰਜਾਬ ਦਾ ਹੋਣਹਾਰ ਵਾਰਿਸ ਉਸ ਕੋਲੋਂ ਖੋਹ ਲਿਆ ਗਿਆ ਸੀ ਤੇ ਸਮੱੁਚਾ ਪੰਜਾਬ ਸਾਜ਼ਿਸ਼ਾਂ ਦੇ ਹਵਾਲੇ ਹੋ ਕੇ ਰਹਿ ਗਿਆ।’’
ਛੱਜਾ ਡਿਗਿਆ ਕਿਸਮਤ ਪੰਜਾਬ ਦੀ ‘ਤੇ
ਫੱਟੜ ਮਹਾਰਾਜਾ ਨੌਨਿਹਾਲ ਹੋਇਆ।
ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ
ਲਾਗੂ ਜਾਨ ਦਾ ਜਿਹੜਾ ਚੰਡਾਲ ਹੋਇਆ।
ਮੈਂ ਕਲਪਨਾ ਵਿਚ ਡਿਗਦੇ ਛੱਜੇ, ਖਿਲਰਦੀਆਂ ਇੱਟਾਂ ਤੇ ਉੱਡਦੀ ਧੂੜ ਨੂੰ ਵੇਖਿਆ ਤੇ ਧੂੜ-ਮਿੱਟੀ ‘ਚ ਜ਼ਮੀਨ ‘ਤੇ ਡਿੱਗਾ ਕੰਵਰ ਨੌਨਿਹਾਲ ਤੱਕਿਆ।
‘‘ਚੱਲ ਚੱਲੀਏ! ਆਪਣੇ ਬੰਦੇ ਬਾਹਰ ਉਡੀਕ ਰਹੇ ਨੇ।’’
ਜਗਤਾਰ ਨੇ ਯਾਦ ਦੁਆਇਆ।
ਮੱਥਾ ਟੇਕਿਆ ਤੇ ਅਸੀਂ ਬਾਹਰ ਆ ਗਏ।
ਸਾਡੇ ਸਾਥੀ ਕੰਧ ਦੀ ਛਾਂ ਦੀ ਓਟ ਵਿਚ ਖਲੋਤੇ ਸਾਨੂੰ ਉਡੀਕ ਰਹੇ ਸਨ। ਮੈਨੂੰ ਗੁੱਸਾ ਆਇਆ ਕਿ ਪੁਲਿਸ ਨੇ ਸਾਡੇ ਬੰਦੇ ਤਾਂ ਰੋਕ ਲਏ ਗਏ ਸਨ ਪਰ ਕਈ ਮੁਸਲਮਾਨ ਅੰਦਰ ਫਿਰ ਤੁਰ ਰਹੇ ਸਨ ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਜਥੇ ਦੇ ਬੰਦਿਆਂ ਵਲੋਂ ਲਿਆਂਦੀਆਂ ਚੀਜ਼ਾਂ ਵਸਤਾਂ ਬਾਰੇ ਸੌਦੇ ਵੀ ਕਰਦੇ ਫਿਰਦੇ ਸਨ।
ਪਰ ਸਾਡਾ ਕੀ ਜ਼ੋਰ ਸੀ! ਜ਼ੋਰ ਤਾਂ ‘ਜ਼ੋਰ’ ਵਾਲੇ ਰਿਜ਼ਵਾਨ ਦਾ ਨਹੀਂ ਸੀ ਚੱਲਿਆ।
ਸਿਖਰ ਦੁਪਹਿਰ ਸਿਰ ‘ਤੇ ਸੀ। ਡਾ. ਜਗਤਾਰ ਥੱਕ ਗਿਆ ਸੀ। ਗੁਰਦੁਆਰੇ ਦੀ ਸੜਕ ਲੰਘ ਕੇ ਅਸੀਂ ਅੰਦਰਵਾਰ ਹੋਏ। ਖੱਬੇ ਹੱਥ ਕਿਲ੍ਹੇ ਦੀ ਵਿਸ਼ਾਲ ਇਮਾਰਤ ਸੀ। ਸੱਜੇ ਹੱਥ ਪਾਰਕ ਤੋਂ ਪਾਰ ਸੀ ਵਿਸ਼ਾਲ ਜਾਮਾ ਮਸਜਿਦ ਤੇ ਉਹਦੇ ਪੈਰਾਂ ਵਿਚ ਡਾ. ਇਕਬਾਲ ਦਾ ਮਕਬਰਾ।
‘‘ਇਹ ਸਭੋ ਕੁਝ ਨੂੰ ਅੱਜ ਬਾਹਰੋ-ਬਾਹਰ ਝਾਤੀ ਮਾਰ ਲੈ, ਅੰਦਰੋਂ ਇਨ੍ਹਾਂ ਨੂੰ ਕੱਲ੍ਹ ਵੇਖਾਂਗੇ।’’
ਅਸੀਂ ਜਗਤਾਰ ਦੇ ਫ਼ੈਸਲੇ ਨਾਲ ਸਹਿਮਤ ਸਾਂ। ਵਾਪਸ ਪਰਤ ਰਹੇ ਸਾਂ ਤਾਂ ਮੈਂ ਕਿਲ੍ਹੇ ਵੱਲ ਇਸ਼ਾਰਾ ਕਰਕੇ ਕਿਹਾ, ‘‘ਕਿਲ੍ਹੇ ਦੀ ਐਸ ਕੰਧ ਉਤੋਂ ਹੀ ਭਾਈ ਬਿਧੀ ਚੰਦ ਨੇ ਘੋੜੇ ਦੀ ਛਾਲ ਦਰਿਆ ਵਿਚ ਮਰਵਾਈ ਸੀ?’’
ਉਦੋਂ ਰਾਵੀ ਦਰਿਆ ਕਿਲ੍ਹੇ ਦੇ ਨਾਲੋ-ਨਾਲ ਵਗਦਾ ਹੁੰਦਾ ਸੀ। ਤੱਤੀ ਲੋਹ ‘ਤੇ ਬੈਠਣ ਤੇ ਸਿਰ ਵਿਚ ਸੜਦੀ-ਬਲਦੀ ਰੇਤ ਪਵਾਉਣ ਉਪਰੰਤ ਏਥੇ ਹੀ ਗੁਰੂ ਅਰਜਨ ਦੇਵ ਜੀ ਰਾਵੀ ਦੇ ਪਾਣੀਆਂ ਵਿਚ ਇਸ਼ਨਾਨ ਕਰਕੇ ਜੋਤੀ-ਜੋਤ ਸਮਾਏ ਸਨ।
ਇਹੋ ਜਿਹੇ ਅਸਹਿ ਤੇ ਅਕਹਿ ਦੁੱਖ ਸਹਿਣ ਦੀ ਇਤਿਹਾਸਕ ਉਦਾਹਰਣ ਕਾਇਮ ਕਰਨ ਪਿੱਛੋਂ ਹੀ ਗੁਰੂ ਘਰ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣ ਦਾ ਫ਼ੈਸਲਾ ਕੀਤਾ ਸੀ ਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਨੂੰ ਭੇਟਾ ਕਰਨ ਲਿਆਂਦੇ ਘੋੜੇ ਸ਼ਾਹਜਹਾਂ ਦੀਆਂ ਫ਼ੌਜਾਂ ਨੇ ਖੋਹ ਲਏ ਸਨ। ਇਹੋ ਘੋੜੇ ਹੀ ਸੁਰ ਸਿੰਘੀਆ, ਮੇਰਾ ਵਡੇਰਾ ਗਰਾਈਂ, ਇਕ ਵਾਰ ਘਾਹੀ ਬਣ ਕੇ ਤੇ ਦੂਜੀ ਵਾਰ ਨਜੂਮੀ ਬਣ ਕੇ ਇਸੇ ਕਿਲ੍ਹੇ ਵਿਚੋਂ ਉਡਾ ਕੇ ਲੈ ਗਿਆ ਸੀ ਅਤੇ ਗੁਰੂ ਦੇ ਹਜ਼ੂਰ ਜਾ ਅਰਪਣ ਕੀਤੇ ਸਨ।
ਬੜਾ ਅਜੀਬ ਇਤਫ਼ਾਕ ਸੀ। ਮੈਂ ਭਾਈ ਬਿਧੀ ਚੰਦ ਬਾਰੇ ਸੋਚ ਹੀ ਰਿਹਾ ਸਾਂ ਕਿ ਮੇਰੇ ਸਾਹਮਣੇ ਸੜਕ ‘ਤੇ ਤੁਰੇ ਆਉਂਦੇ ਮੇਰੇ ਹੀ ਪਿੰਡ ਦੇ ਪੰਜ-ਛੇ ਜੁਆਨਾਂ ਦਾ ਇਕ ਟੋਲਾ ਸਾਨੂੰ ਅੱਗੋਂ ਟੱਕਰ ਗਿਆ। ਉਨ੍ਹਾਂ ਵਿਚੋਂ ਬਹੁਤੇ ਸੁਰ ਸਿੰਘ ਹਾਈ ਸਕੂਲ ਵਿਚ ਮੇਰੇ ਪੜ੍ਹਾਉਣ ਸਮੇਂ ਦੇ ਵਿਦਿਆਰਥੀ ਸਨ। ਉਹ ਮੇਰੇ ਗੋਡਿਆਂ ਨੂੰ ਸਤਿਕਾਰ ਵਜੋਂ ਹੱਥ ਲਾ ਰਹੇ ਸਨ। ਨਿਹੰਗੀ ਬਾਣੇ ਤੇ ਨੀਲੇ ਚੋਲੇ ਵਾਲਾ ਇਕ ਨੌਜਵਾਨ ਮੇਰੇ ਗੋਡਿਆਂ ਵੱਲ ਝੁਕਿਆ ਤਾਂ ਮੈਂ ਉਹਨੂੰ ਗਲ ਨਾਲ ਲਾ ਲਿਆ। ਇਹ ਸੁਖਦੇਵ ਸਿੰਘ ਸੀ, ਮੇਰਾ ਰਹਿ ਚੁੱਕਾ ਵਿਦਿਆਰਥੀ ਤੇ ਭਾਈ ਬਿਧੀ ਚੰਦ ਦੀ ਗਿਆਰ੍ਹਵੀਂ ਅੰਸ ਦਾ ਚਸ਼ਮੋ-ਚਿਰਾਗ਼। ਦਸਵੀਂ ਥਾਂ ਗੱਦੀ ‘ਤੇ ਬੈਠੇ ਬਾਬਾ ਦਇਆ ਸਿੰਘ ਦੇ ਵੱਡੇ ਭਰਾ ਦਾ ਪੋਤਰਾ।
ਮੈਂ ਹੱਸ ਕੇ ਆਖਿਆ, ‘‘ਐਹਨਾਂ ਸੜਕਾਂ ‘ਤੇ ਹੀ ਆਪਣਾ ਬਾਬਾ ਕਦੀ ਘਾਹੀ ਬਣ ਕੇ ਘਾਹ ਵੇਚਦਾ ਰਿਹਾ ਹੋਣੈ। ਤੇ ਆਹ ਈ ਕਿਲ੍ਹਾ ਜਿਸ ‘ਚੋਂ ਆਪਣੇ ਬਾਬੇ ਨੇ ਘੋੜੇ ਭਜਾਏ ਸਨ।’’
ਇਕ ਪਲ ਲਈ ਲੱਗਾ ਜਿਵੇਂ ਅਸੀਂ ਸੁਰ ਸਿੰਘ ਵਿਖੇ ਭਾਈ ਬਿਧੀ ਚੰਦ ਦੀ ਯਾਦ ਵਿਚ ਲੱਗਦੇ ਭਾਦਰੋਂ ਦੇ ਮੇਲੇ ‘ਤੇ ਇਕੱਠੇ ਹੋਏ ਹੋਈਏ ਤੇ ਕੋਈ ਢਾਡੀ ਬਿਧੀ ਚੰਦ ਦੇ ਘੋੜਿਆਂ ਦਾ ਪ੍ਰਸੰਗ ਸੁਣਾ ਰਿਹਾ ਹੋਵੇ।
ਸਾਹਮਣੇ ਆਣ ਖੜੋਤੀ ਕਾਰ ਨੇ ਚੇਤਾ ਕਰਾਇਆ ਕਿ ਅਸੀਂ ਸੁਰ ਸਿੰਘ ਵਿਚ ਨਹੀਂ ਲਾਹੌਰ ਵਿਚ ਹਾਂ। ਤੇ ਲਾਹੌਰ ਆਪਣਾ ਹੋ ਕੇ ਵੀ ਹੁਣ ਆਪਣੀ ਨਹੀਂ। ਅਸੀਂ ਤਾਂ ਇਥੇ ਮਹਿਮਾਨ ਸਾਂ, ਕੇਵਲ ਕੁਝ ਦਿਨਾਂ ਲਈ। ਅਸੀਂ ਕਾਨਫ਼ਰੰਸ ‘ਤੇ ਆਏ ਸਾਂ ਤੇ ਸੁਖਦੇਵ ਹੁਰੀਂ ਜਥੇ ਨਾਲ।…ਕੁਝ ਦਿਨਾਂ ਤਕ ਲਾਹੌਰ ਛੱਡ ਜਾਣ ਤੇ ਆਪਣੇ ਮੁਲਕ ਪਰਤ ਜਾਣ ਲਈ।
ਨਾ ਕਿਲ੍ਹਾ ਸਾਡਾ ਸੀ, ਨਾ ਲਾਹੌਰ ਸਾਡਾ ਸੀ‥ਪਰ ਗੁਰੂ ਤਾਂ ਸਾਡਾ ਸੀ, ਸ਼ਾਹ ਹੁਸੈਨ ਤੇ ਫ਼ਰੀਦ ਤਾਂ ਸਾਡੇ ਸਨ। ਰਾਵੀ ਸੁੱਕ ਚੁੱਕੀ ਸੀ ਪਰ ਸੁੱਕ ਕੇ ਵੀ ‘ਵਗਦੀ’ ਪਈ ਸੀ। ਘੁੱਗੀਆਂ ਦਾ ਜੋੜਾ ਬੇਸ਼ੱਕ ਵਿਛੜ ਗਿਆ ਸੀ ਪਰ ਰਾਵੀ ਵਿਚ ‘ਦੋ ਫੁੱਲ ਪੀਲੇ’ ‘ਸੂਫ਼ੀ ਮਤ ਤੇ ਗੁਰਮਤ’ ਤਰਦੇ ਪਏ ਸਨ।
ਮੈਂ ਤੁਰਦਿਆਂ ਮਨ ਹੀ ਮਨ ਇਹਨਾਂ ਪੀਲੇ ਫੁੱਲਾਂ ਤੇ ਮੁਹੱਬਤ ਦੀ ਵਗਦੀ ਰਾਵੀ ਨੂੰ ਫਿਰ ਨਮਸਕਾਰ ਕੀਤੀ।

ਸ਼ਾਹ ਹੁਸੈਨ ਦਾ ਮਜ਼ਾਰ ਡਾ. ਜਗਤਾਰ ਨੇ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਠੀਕ ਰਸਤੇ ‘ਤੇ ਹੀ ਜਾ ਰਹੇ ਸਾਂ ਪਰ ਫਿਰ ਵੀ ਪੁਸ਼ਟ ਕਰ ਲੈਣ ਲਈ ਡਰਾਈਵਰ ਨੂੰ ਕਿਹਾ। ਡਰਾਈਵਰ ਕਿਉਂਕਿ ਸਾਡੇ ਕੋਲੋਂ ‘ਸ਼ਾਹ ਹੁਸੈਨ’ ਬਾਰ-ਬਾਰ ਸੁਣ ਰਿਹਾ ਸੀ, ਉਸ ਨੇ ਹੌਲੀ ਕਰ ਕੇ ਕਿਸੇ ਨੂੰ ਪੁੱਛਿਆ, ‘‘ਸ਼ਾਹ ਹੁਸੈਨ ਦਾ ਮਜ਼ਾਰ ਕਿਥੇ ਹੈ?’’
ਉਸ ਬੰਦੇ ਨੇ ਲਾਇਲਮੀ ਜ਼ਾਹਿਰ ਕੀਤੀ ਤਾਂ ਜਗਤਾਰ ਨੇ ਡਰਾਈਵਰ ਨੂੰ ਸਮਝਾਇਆ, ‘‘ਏਥੇ ਸ਼ਾਹ ਹੁਸੈਨ ਆਖਿਆਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮਾਧੋ ਲਾਲ ਹੁਸੈਨ ਆਖ।’’
ਉਸ ਨੇ ਅਗਲੇ ਬੰਦੇ ਨੂੰ ਮਾਧੋ ਲਾਲ ਹੁਸੈਨ ਦਾ ਨਾਂ ਲੈ ਕੇ ਪੁੱਛਿਆ ਤਾਂ ਉਸ ਨੇ ਤੁਰੰਤ ਰਾਹ ਦੱਸਦਿਆਂ ਥੋੜ੍ਹਾ ਕੁ ਅੱਗੇ ਜਾਣ ਲਈ ਕਿਹਾ। ਮੁਸਲਮਾਨ ਸੂਫ਼ੀ ਫ਼ਕੀਰ ਸ਼ਾਹ ਹੁਸੈਨ ਤੇ ਉਸਦਾ ਹਿੰਦੂ ਦੋਸਤ, ‘ਮਾਧੋ ਲਾਲ’ ਆਪਣੀ ਆਪਸੀ ਪ੍ਰੀਤੀ ਕਰ ਕੇ ਇਕੋ ਦੇਹ-ਜਾਨ ਹੋ ਨਿੱਬੜੇ ਸਨ। ਅੱਡਰੀ ਹਸਤੀ ਗਵਾ ਕੇ ਇਕ ਹੋ ਗਏ ਸਨ। ‘ਮਾਧੋ ਲਾਲ ਹੁਸੈਨ’ ਦੋ ਵਿਅਕਤੀ ਦੋ ਫਿਰਕਿਆਂ ਦੀ ਆਪਸੀ ਸਾਂਝ ਤੇ ਮੁਹੱਬਤ ਦੇ ਪ੍ਰਤੀਕ ਹੋ ਨਿੱਬੜੇ ਸਨ।
ਬਾਜ਼ਾਰ ਦੇ ਵਿਚਕਾਰ ਹੀ ਇਕ ਪਾਸੇ ਇਕ ਛੋਟਾ ਜਿਹਾ ਤਕੀਆ ਸੀ ਜਿਥੇ ਦੋਹਾਂ ਮਿੱਤਰ-ਪਿਆਰਿਆਂ ਦੀਆਂ ਕਬਰਾਂ ਸਨ। ਬਾਹਰ ਦਰਵਾਜ਼ੇ ‘ਤੇ ਗੁਲਾਬ ਦੇ ਹਾਰ ਤੇ ਫੁੱਲ ਪੱਤੀਆਂ ਅਕੀਦਤ ਭੇਟ ਕਰਨ ਲਈ ਵਿਕ ਰਹੇ ਸਨ। ਅਸੀਂ ਫੁੱਲਾਂ ਦੇ ਹਾਰ ਲਏ ਤੇ ਬੜੀ ਸ਼ਰਧਾ ਨਾਲ ਵੀਹ ਪੰਝੀ ਗ਼ਜ਼ ਦਾ ਲਾਂਘਾ ਲੰਘ ਕੇ ਜ਼ਮੀਨ ਤੋਂ ਪੰਜ-ਚਾਰ ਫੁੱਟ ਉਪਰ ਬਣੇ ਮਜ਼ਾਰ ਦੀਆਂ ਪੌੜੀਆਂ ਤਕ ਪੁੱਜੇ ਤਾਂ ਇਕ ਜਣੇ ਨੇ ਸਭ ਤੋਂ ਅੱਗੇ ਪੌੜੀਆਂ ਚੜ੍ਹ ਰਹੇ ਜਗਤਾਰ ਨੂੰ ਰੋਕ ਲਿਆ ਤੇ ਉਪਰ ਜਾਣੋਂ ਮਨ੍ਹਾਂ ਕੀਤਾ।
‘‘ਮੈਂ ਆਪਣੇ ਬਾਬੇ ਕੋਲ ਆਇਆਂ। ਤੰੂ ਮੈਨੂੰ ਕਿਉਂ ਰੋਕਦੈਂ!’’ ਜਗਤਾਰ ਨੇ ਆਪਣਾ ਹੱਕ ਜਤਾਇਆ।
ਏਨੇ ਨੂੰ ਤੇਜ਼-ਤੇਜ਼ ਤੁਰਦਾ ਇਕ ਸ਼ਖ਼ਸ ਆਇਆ ਤੇ ਉਹਨੇ ਦੂਸਰੇ ਬੰਦੇ ਨੂੰ ਵਰਜ ਦਿੱਤਾ। ਉਹ ਸ਼ਾਇਦ ਇਥੋਂ ਦਾ ਇੰਚਾਰਜ ਸੀ। ਦੂਜਾ ਬੰਦਾ ਪਾਸੇ ਹੋਇਆ ਤਾਂ ਆਉਣ ਵਾਲੇ ਬੰਦੇ ਨੇ ਕਿਹਾ, ‘‘ਗੁਸਤਾਖ਼ੀ ਮੁਆਫ…ਚਲੋ ਜੀ ਉਪਰ ਤੁਸੀਂ…’’
ਉਪਰ ਚੜ੍ਹ ਕੇ ਅਸੀਂ ਦਰਵਾਜ਼ੇ ਦੀ ਚੌਖਟ ‘ਤੇ ਖਲੋਤੇ ਸਾਂ। ਸਾਹਮਣੇ ਪੰਜਾਬ ਦੀ ਸਾਂਝੀ ਆਤਮਾ ਦੋਹਾਂ ਫਕੀਰਾਂ ਦੇ ਰੂਪ ਵਿਚ ਇਕ ਦੂਜੇ ਦੇ ਅੰਗ-ਸੰਗ ਕਬਰਾਂ ਵਿਚ ਲੇਟੀ ਹੋਈ ਸੀ। ਮੇਰੇ ਅੰਦਰੋਂ ਸ਼ਾਹ ਹੁਸੈਨ ਬੋਲਿਆ—
ਹੋਰਾਂ ਨਾਲ ਹਸੰਦੀ-ਖਡੰਦੀ
ਸ਼ਹੁ ਨਾਲ ਘੰੁਘਟ ਕੇਹਾ
ਚਾਰੇ ਨੈਣ ਗਡਾਵਡ ਹੋਏ
ਵਿਚ ਵਿਚੋਲਾ ਕਿਹਾ।
ਅਸੀਂ ਪਰਿਕਰਮਾ ਕਰ ਰਹੇ ਸਾਂ। ਫੁੱਲਾਂ ਦੇ ਹਾਰ ਚੜ੍ਹਾ ਰਹੇ ਸਾਂ ਤੇ ਆਪਣੇ ਵਡੇਰਿਆਂ ਦੇ ਅੰਗ-ਸੰਗ ਵਿਚਰਣ ਦੇ ਇਲਾਹੀ ਅਨੰਦ ਵਿਚ ਮਗ਼ਨ ਸਾਂ। ਅੱਖਾਂ ਮੀਟ ਕੇ ਉਨ੍ਹਾਂ ਦੇ ਨੈਣਾਂ ਵਿਚ ਨੈਣ ਗੱਡੇ ਹੋਏ ਸਨ।
ਬਣਦੀ-ਸਰਦੀ ਮਾਇਆ ਭੇਟ ਕਰ ਕੇ ਹੇਠਾਂ ਉਤਰੇ ਤਾਂ ਜਗਤਾਰ ਕਹਿਣ ਲੱਗਾ, ‘‘ਆ ਤੈਨੂੰ ਇਕ ਹੋਰ ਬਾਬੇ ਨਾਲ ਮਿਲਾਈਏ।’’
ਸ਼ਾਹ ਹੁਸੈਨ ਦੇ ਮਜ਼ਾਰ ਤੋਂ ਉਤਰਦਿਆਂ ਖੱਬੇ ਹੱਥ ਨਾਲ ਹੀ ਪੰਜ-ਛੇ ਗਜ਼ ਦੀ ਦੂਰੀ ‘ਤੇ ਦੋਹਾਂ ਪੰਜਾਬਾਂ ਵਿਚ ਸਤਿਕਾਰੇ ਜਾਂਦੇ ਪੰਜਾਬੀ ਦੇ ਮਹਾਨ ਸ਼ਾਇਦ ਉਸਤਾਦ ਦਾਮਨ ਦੀ ਯਾਦਗਾਰ ਸੀ। ਅਸੀਂ ਇਸ ਬੁਲੰਦ ਆਤਮਾ ਵਾਲੇ ਨਿਡਰ ਸ਼ਾਇਰ ਅੱਗੇ ਸਿਰ ਝੁਕਾਇਆ ਤੇ ਉਸ ਦੀ ਫ਼ਕੀਰੀ ਦਾ ਜ਼ਿਕਰ ਸਾਂਝਾ ਕੀਤਾ ਜਿਸ ਨੇ ਹਨੇਰੇ ਸਿੱਲ੍ਹੇ ਘੁਰਨੇ ਵਰਗੇ ਹੁਜਰੇ ਵਿਚ ਉਮਰ ਬਤੀਤ ਕੀਤੀ ਪਰ ਉਹ ਦੀ ਸ਼ਾਇਰੀ ਹਮੇਸ਼ਾਂ ਹੱਕ ਸੱਚ ਦਾ ਚਾਨਣ ਵੰਡਦੀ ਵੱਡੇ ਤੋਂ ਵੱਡੇ ਹਾਕਮਾਂ ਨਾਲ ਆਢਾ ਲਾਉਣ ਤੋਂ ਨਹੀਂ ਸੀ ਟਲੀ। ਥਾਂ-ਥਾਂ ਵਿਕਦੀਆਂ ਤੇ ਛੋਟੇ-ਮੋਟੇ ਇਨਾਮਾਂ-ਸਨਮਾਨਾਂ ਲਈ ਲਿਲਕੜੀਆਂ ਕਢਦੀਆਂ ਕਲਮਾਂ ਵਾਲੇ ਇਸ ਦੌਰ ਵਿਚ ਉਸਤਾਦ ਦਾਮਨ ਧਰੂ ਤਾਰੇ ਵਾਂਗ ਚਮਕ ਰਿਹਾ ਸੀ। ਅਡਿਗ, ਅਡੋਲ, ਸਥਿਰ। ਸੱਚ ਤੇ ਜ਼ਮੀਰ ਦੀ ਆਵਾਜ਼ ‘ਤੇ ਪਹਿਰਾ ਦੇਣ ਵਾਲਾ।
ਛੋਟੇ-ਛੋਟੇ ਬੱਚਿਆਂ ਦੀ ਇਕ ਭੀੜ ਸਾਡੇ ਦੁਆਲੇ ਇਕੱਠੀ ਹੋ ਗਈ। ਉਹ ਵਾਰੀ-ਵਾਰੀ ਬੜੇ ਚਾਅ ਨਾਲ ਸਾਨੂੰ ਹੱਥ ਮਿਲਾ ਰਹੇ ਸਨ। ਇਕ ਅਲਸਮਤ ਮਾਈ ਨੇ ਆ ਕੇ ਨਾਅ੍ਹਰੇ ਲਾਉਣੇ ਸ਼ੁਰੂ ਕਰ ਦਿੱਤੇ…’’ਹੱਕ…ਹੱਕ…ਜ਼ਿੰਦਾਬਾਦ!…ਜ਼ਿੰਦਾਬਾਦ!! ਪਾਕਿਸਤਾਨ ਜ਼ਿੰਦਾਬਾਦ! ਹਿੰਦੁਸਤਾਨ ਜ਼ਿੰਦਾਬਾਦ! ਜ਼ਿੰਦਾਬਾਦ! ਜ਼ਿੰਦਾਬਾਦ!!’’
ਜਗਤਾਰ ਨੇ ਉਸ ਨੂੰ ਪੰਜਾਂ ਦਾ ਨੋਟ ਫੜਾਇਆ। ਉਹ ਹੋਰ ਵਜਦ ਵਿਚ ਆ ਕੇ ਨਾਅ੍ਹਰੇ ਲਾਉਣ ਲੱਗੀ, ‘‘ਜ਼ਿੰਦਾਬਾਦ, ਜ਼ਿੰਦਾਬਾਦ!’’ ਉਹ ਨੇ ਦੋਵੇਂ ਬਾਹਵਾਂ ਹਵਾ ਵਿਚ ਲਹਿਰਾਈਆਂ, ‘‘ਫ਼ਤਹਿ ਨਸੀਬ ਹੋਊ ਤੁਹਾਨੂੰ…ਜਾਓ, ਜ਼ਿੰਦਾਬਾਦ!…ਹਿੰਦੁਸਤਾਨ ਜ਼ਿੰਦਾਬਾਦ! ਪਾਕਿਸਤਾਨ ਜ਼ਿੰਦਾਬਾਦ…’’
ਨਿਆਣਿਆਂ ਦੀ ਭੀੜ ਖੜਖਿੱਲੀ ਪਾ ਰਹੀ ਸੀ। ‘‘ਓ ਬਸ ਵੀ ਕਰ! ਮਹਿਮਾਨ ਆਏ ਨੇ…ਐਵੇਂ ਬਹੁਤਾ ਸਿਰ ਨਾ ਖਾਹ…’’ ਉਥੇ ਬੈਠੇ ਕੁਝ ਸਿਆਣਿਆਂ ਨੇ ਮਾਈ ਨੂੰ ਝਿੜਕਿਆ। ‘‘ਕੋਈ ਗੱਲ ਨਹੀਂ…ਰਹਿਣ ਦਿਓ ਰੱਬ ਦੀ ਮੌਜ ‘ਚ ਇਹਨੂੰ…’’ ਜਗਤਾਰ ਨੇ ਆਖਿਆ ਤੇ ਅਸੀਂ ਵਾਪਸ ਜਾਣ ਲਈ ਪਰਤੇ। ਮਾਈ ਨੇ ਲਲਕਾਰਿਆ, ‘‘ਜ਼ਿੰਦਾਬਾਦ!…ਫਤਹਿ ਹੋਊ…ਸ਼ੇਖੂਪੁਰੇ ਜ਼ਰੂਰ ਜਾਇਓ…’’ ਉਹ ਬੋਲੀ ਜਾ ਰਹੀ ਸੀ।
ਮੈਂ ‘ਸ਼ੇਖੂਪੁਰੇ’ ਦੇ ਅਰਥਾਂ ‘ਚ ਵੜ ਕੇ ਨਨਕਾਣੇ ਜਾਣ ਦਾ ਉਹਦਾ ਸੁਨੇਹਾ ਲੱਭ ਹੀ ਰਿਹਾ ਸਾਂ ਕਿ ਸੱਠ-ਪੈਂਹਠ ਸਾਲ ਦਾ ਪਰ ਸਿਹਤੋਂ ਚੰਗਾ ਇਕ ਪੇਂਡੂ ਜਾਪਦਾ ਆਦਮੀ ਮੇਰੇ ਕੋਲ ਆ ਖੜੋਤਾ। ਸਿਰ ‘ਤੇ ਘਮਸੈਲਾ ਜਿਹਾ ਪਟਕਾ ਬੰਨ੍ਹਿਆ ਹੋਇਆ। ਗਲ ਪੀਲੇ ਰੰਗ ਦਾ ਕੁਰਤਾ ਤੇ ਤੇੜ ਘਮਸੈਲਾ ਚਾਦਰਾ! ਹੱਥ ਵਿਚ ਡੰਗਰਾਂ ਨੂੰ ਹਿੱਕਣ ਲਈ ਪਰਾਣੀ।
‘‘ਮੈਂ ਤੇ ਮੇਰੀ ਘਰਵਾਲੀ ਔਹ ਟਾਂਗੇ ‘ਤੇ ਜਾਂਦੇ ਪਏ ਸਾਂ। ਮੈਂ ਤੁਹਾਨੂੰ ਵੇਖਿਆ ਕਿ ਸਰਦਾਰ ਹੁਰੀਂ‥ਖਲੋਤੇ ਨੇ ਟਾਂਗਾ ਰੋਕ ਕੇ ਤੁਹਾਨੂੰ ਮਿਲਣ ਲਈ ਭੱਜਾ ਆਇਆਂ‥’’
ਮੇਰੇ ਸਾਥੀ ਕਾਰ ਕੋਲ ਖਲੋਤੇ ਮੇਰੀ ਉਡੀਕ ਕਰ ਰਹੇ ਸਨ। ਮੈਂ ਉਸ ਪੇਂਡੂ ਕਿਸਾਨ ਨੂੰ ਸਤਿਕਾਰ ਦੇ ਕੇ ਤੁਰਨਾ ਚਾਹੁੰਦਾ ਸਾਂ ਪਰ ਉਸ ਨੇ ਗੱਲ ਛੇੜ ਲਈ, ‘‘ਸਰਦਾਰ ਜੀ, ਅਸੀਂ ਉਨ੍ਹਾਂ ਦਿਨਾਂ ਨੂੰ ਰੋਂਦੇ ਆਂ‥ਜਦੋਂ ਤੁਸੀਂ ਸਾਥੋਂ ਅਲੱਗ ਹੋਏ। ਡਸਕੇ ਲਾਗੇ ਐ ਸਾਡਾ ਪਿੰਡ। ਜ਼ੈਲਦਾਰ ਰਣਜੀਤ ਸੁੰਹ ਦਾ ਪਿੰਡ…ਤੁਹਾਡਾ ਲੂਣ ਖਾਧਾ ਏ ਸਰਦਾਰ ਜੀ! ਕਦੀ ਭੁੱਲ ਨਹੀਂ ਸਕਦੇ। ਸਾਨੂੰ ਗਰੀਬਾਂ ਨੂੰ ਪਿੱਛੇ ਛੱਡ ਕੇ ਕਿਧਰ ਤੁਰ ਗਏ ਤੁਸੀਂ ਸਰਦਾਰ ਜੀ।’’
ਉਸ ਨੇ ਡੂੰਘਾ ਹਉਕਾ ਭਰਿਆ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਉਲ੍ਹਾਮਾ’ ਮੇਰਿਆਂ ਚੇਤਿਆਂ ਵਿਚ ਲਿਸ਼ਕ ਉੱਠੀ। ਦੇਸ਼ ਦੀ ਵੰਡ ਦੇ ਰੌਲਿਆਂ ਵਾਲੇ ਦਿਨ ਸਨ। ਆਪਣਾ ਘਰ ਘਾਟ ਤੇ ਪਿੰਡ ਛੱਡ ਕੇ ਲਾਗਲੇ ਪਿੰਡ ਦਾ ਮੁਖੀ ਆਪਣੀ ਜਾਨ-ਬਚਾ ਕੇ ਕੈਂਪ ਵਿਚ ਬੈਠਾ ਹੋਇਆ ਹੈ। ਆਸੇ-ਪਾਸੇ ਪਾਕਿਸਤਾਨੀ ਪੁਲੀਸ ਤੇ ਮਿਲਟਰੀ ਹੈ। ਬਾਹਰੋਂ ਨਾ ਕੋਈ ਕੈਂਪ ਦੇ ਨੇੜੇ ਆ ਸਕਦਾ ਹੈ ਤੇ ਨਾ ਹੀ ਕੈਂਪ ਦੇ ਅੰਦਰੋਂ ਕੋਈ ਬਾਹਰ ਜਾ ਸਕਦਾ ਹੈ। ਦੋਵਾਂ ਸੂਰਤਾਂ ਵਿਚ ਗੋਲੀ ਸੀਨਾ ਚੀਰ ਸਕਦੀ ਹੈ। ਹਿੰਦੁਸਤਾਨ ਜਾਣ ਦਾ ਅਜੇ ਸਬੱਬ ਬਣ ਨਹੀਂ ਰਿਹਾ। ਉਹ ਸਰਦਾਰ ਇਕ ਦਿਨ ਸੁਰੱਖਿਆ ਕਰਮਚਾਰੀਆਂ ਕੋਲ ਤਰਲਾ ਮਾਰਦਾ ਹੈ ਕਿ ਇਕ ਵਾਰ ਹਿੰਦੁਸਤਾਨ ਨੂੰ ਤੁਰਨ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਆਗਿਆ ਲੈ ਕੇ ਜਦੋਂ ਉਹ ਪਿੰਡ ਪੁੱਜਦਾ ਹੈ ਤਾਂ ਉਹਦੇ ਪਿੰਡ ਦੇ ਮੁਸਲਮਾਨ, ਖੇਤਾਂ ਵਿਚ ਕੰਮ ਕਰਨ ਵਾਲੇ ਕਾਮੇ ਉਹਦੇ ਦੁਆਲੇ ਇਕੱਠੇ ਹੋ ਜਾਂਦੇ ਹਨ। ਬੱਚਿਆਂ ਤੇ ਔਰਤਾਂ ਦੀ ਭੀੜ ਵੀ ਆ ਉਲਰਦੀ ਹੈ ਤੇ ਪਿੰਡ ਦੀ ਇਕ ਬਜ਼ੁਰਗ ਔਰਤ ਸਰਦਾਰ ਨੂੰ ਆ ਕੇ ਉਲ੍ਹਾਮਾ ਦਿੰਦੀ ਹੈ, ‘‘ਸਰਦਾਰ ਇਹ ਤੂੰ ਕੀ ਕੀਤਾ? ਸਾਨੂੰ ਏਥੇ ਛੱਡ ਕੇ ਆਪ ਤੂੰ ਕੁੱਪ ਵਿਚ ਜਾ ਵੜਿਓਂ। ਸਾਡੀ ਬਾਂਹ ਕੀਹਨੂੰ ਫੜਾਈ ਆ। ਅਸੀਂ ਤੇਰੇ ਪੀੜ੍ਹੀਆਂ ਦੇ ਕੰਮੀਂ ਸਾਂ।’’
ਵਿਰਕ ਨੇ ਇਸ ਕਹਾਣੀ ਬਾਰੇ ਆਪ ਹੀ ਟਿੱਪਣੀ ਕਰਦਿਆਂ ਲਿਖਿਆ ਸੀ, ‘‘ਉਲ੍ਹਾਮਾ ਕਹਾਣੀ ਵਿਚ ਇਹ ਦਿਖਾਣਾ ਸੀ ਕਿ ਕਿਸ ਤਰ੍ਹਾਂ ਜਨ-ਸਾਧਾਰਨ ਉਨ੍ਹਾਂ ਮਹਾਨ ਰਾਜਨੀਤਕ ਤਬਦੀਲੀਆਂ ਦਾ, ਜਿਹੜੀਆਂ ਉਸ ਦਾ ਨਾਂ ਲੈ ਕੇ ਲਿਆਈਆਂ ਜਾਂਦੀਆਂ ਹਨ, ਅਰਥ ਸਮਝਣ ਤੋਂ ਵੀ ਅਸਮਰਥ ਰਹਿੰਦਾ ਹੈ।’’
ਇਸੇ ਪ੍ਰਸੰਗ ਵਿਚ ਰਘਬੀਰ ਸਿੰਘ ਨਾਲ ਕਿਸੇ ਮੁਸਲਮਾਨ ਨੌਜੁਆਨ ਦੀ ਗੱਲ ਵੀ ਕੁਝ ਇਸੇ ਭਾਵ ਨੂੰ ਪ੍ਰਗਟ ਕਰਦੀ ਸੀ। ਉਹ ਨੌਜਵਾਨ ਬਲੋਚਿਸਤਾਨ ਦੇ ਇਲਾਕੇ ‘ਚੋਂ ਆਇਆ ਸੀ। ਫਟੇ-ਹਾਲ ਕੱਪੜੇ ਪਰ ਜਿਸਮ ਨਰੋਇਆ। ਗੱਲਾਂ-ਬਾਤਾਂ ਵਿਚ ਰਘਬੀਰ ਸਿੰਘ ਨੇ ਪੁੱਛਿਆ, ‘‘ਬਲੋਚਿਸਤਾਨ ਤੋਂ ਲਾਹੌਰ ਕਿਉਂ ਆਇਐਂ?’’
‘‘ਸਾਡੇ ਓਧਰ ਪਾਣੀ ਨਹੀਂ, ਫਸਲਾਂ ਨਹੀਂ ਹੁੰਦੀਆਂ। ਗਰੀਬੀ ਬਹੁਤ ਹੈ। ਕੰਮ ਹੈ ਨਹੀਂ… ਇਧਰ ਆਇਆਂ ਕੁਝ ਦਿਨ ਹੋਏ…ਕੰਮ ਦੀ ਤਲਾਸ਼ ਵਿਚ’’
‘‘ਫਿਰ ਮਿਲਿਆ ਕੋਈ ਕੰਮ!’’ ਰਘਬੀਰ ਸਿੰਘ ਨੇ ਕਿਹਾ ਤਾਂ ਉਹ ਮਾਸੂਮੀਅਤ ਨਾਲ ਕਹਿਣ ਲੱਗਾ, ‘‘ਅਜੇ ਤਕ ਤਾਂ ਮਿਲਿਆ ਨਹੀਂ। ਤੁਸੀਂ ਹੀ ਕੋਈ ਕੰਮ ਧੰਦਾ ਦੇ ਦਿਓ।’’
ਉਸ ਨੌਜਵਾਨ ਨੂੰ ਏਨਾ ਪਤਾ ਵੀ ਨਹੀਂ ਸੀ ਕਿ ਜਿਸ ਬੰਦੇ ਨੂੰ ਉਹ ਕੰਮ ਪੁਛਦਾ ਪਿਆ ਸੀ ਤੇ ਪਾਕਿਸਤਾਨ ਦਾ ਸ਼ਹਿਰੀ ਸਮਝਦਾ ਸੀ, ਉਸ ਨੂੰ ਜਾਂ ਉਸ ਦੀ ਜਾਤੀ ਦੇ ਲੋਕਾਂ ਨੂੰ ਤਾਂ ਅੱਧੀ ਸਦੀ ਪਹਿਲਾਂ ਇਥੋਂ ਇਸ ਲਈ ਕੱਢ ਦਿੱਤਾ ਗਿਆ ਸੀ ਤਾਂ ਕਿ ਇਹ ਮੁਲਕ ਨਿਰੋਲ ਉਸ ਨੌਜਵਾਨ ਦਾ ਹੀ ਹੋ ਸਕੇ।
ਤੇ ਉਹ ਨੌਜਵਾਨ ਇਸ ਤੋਂ ਕੰਮ ਪੁੱਛਦਾ ਪਿਆ ਸੀ!
ਮੈਂ ਪਿਆਰ ਨਾਲ ਭਿੱਜ ਕੇ ਉਸ ਕਿਸਾਨ ਨੂੰ ਗਲ ਨਾਲ ਲਾਇਆ। ਅਸੀਂ ਅਜੇ ਜੁਦਾ ਹੋਏ ਹੀ ਸਾਂ ਕਿ ਸਿਰ ‘ਤੇ ਟੋਪੀ ਅਤੇ ਦਰਵੇਸ਼ੀ ਲਿਬਾਸ ਵਾਲਾ ਇਕ ਸਾਈਂ ਲੋਕ ਕਾਹਲੇ ਕਦਮੀਂ ਤੁਰਦਾ ਮੇਰੇ ਕੋਲ ਆਇਆ। ਉਹਦੇ ਹੱਥਾਂ ਵਿਚ ਗੁਲਾਬ ਦੀਆਂ ਫੁੱਲ-ਪੱਤੀਆਂ ਨਾਲ ਭਰਿਆ ਲਿਫ਼ਾਫ਼ਾ ਸੀ। ਉਹ ਲਿਫ਼ਾਫ਼ਾ ਉਸ ਨੇ ਮੇਰੇ ਹੱਥਾਂ ਵਿਚ ਦਿੰਦਿਆਂ ਬੜੇ ਵੈਰਾਗ ਨਾਲ ਆਖਿਆ, ‘‘ਸਰਦਾਰ ਜੀ! ਐਹ ਫੁੱਲਾਂ ਦੀ ਖ਼ੁਸ਼ਬੋ ਮੇਰੇ ਵਲੋਂ ਕਬੂਲ ਕਰੋ। ਤੇ ਤੁਹਾਡੇ ਈਮਾਨ ਦੀ ਸਹੁੰ ਜੇ-ਤੁਸੀਂ ਇਹ ਫੁੱਲ ਮੇਰੇ ਵਲੋਂ ਗੰ੍ਰਥ ਸਾਹਿਬ ਦੇ ਅੱਗੇ ਚੜ੍ਹਾਉਣੇ‥’’
ਇਹ ਆਖ ਕੇ ਉਸ ਨੇ ਮੈਨੂੰ ਗਲਵੱਕੜੀ ਵਿਚ ਘੁੱਟ ਲਿਆ ਤੇ ਮੇਰੇ ਮੋਢੇ ‘ਤੇ ਧੌਣ ਰੱਖੀ ਫੁਸਫੁਸਾਇਆ, ‘‘ਸਰਦਾਰ ਜੀ! ਬਸ ਰੋ ਈ ਨਹੀਂ ਸਕਦੇ।’’
ਪਰ ਉਸ ਦਾ ਗੱਚ ਭਰ ਆਇਆ ਸੀ ਤੇ ਬੋਲ ਸਿੱਲ੍ਹੇ ਹੋ ਗਏ ਸਨ। ਸਾਡੀ ਗਲਵੱਕੜੀ ਟੁੱਟੀ ਤਾਂ ਨਾਲ ਹੀ ਮੇਰੇ ਅੰਦਰੋਂ ਕੜੱਚ ਕਰ ਕੇ ਕੁਝ ਟੁੱਟਾ ਤੇ ਮੇਰੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ।
ਏਨੇ ਵਿਚ ਰਿਜ਼ਵਾਨ ਮੇਰੇ ਕੋਲ ਆਣ ਖੜੋਤਾ ਸੀ। ਉਸ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਢਾਰਸ ਦਿੱਤੀ। ਮੈਂ ਅੱਥਰੂ ਪੂੰਝਦਿਆਂ ਕਾਰ ਵੱਲ ਤੁਰ ਪਿਆ।
ਕਾਰ ਵਿਚ ਵੜਨ ਤੋਂ ਪਹਿਲਾਂ ਮੈਂ ਪਰਤ ਕੇ ਝਾਤ ਪਾਈ ਤਾਂ ਪੇਂਡੂ ਕਿਸਾਨ ਨੇ ਪਰਾਣੀ ਵਾਲਾ ਹੱਥ ਮੱਥੇ ਨੂੰ ਛੁਹਾ ਕੇ ਕਿਹਾ, ‘‘ਅੱਛਾ ਸਰਦਾਰ ਜੀ ਰੱਬ ਰਾਖਾ।’’ ਉਹਦੇ ਪਿੱਛੇ ਉਹਦੀ ਪਤਨੀ ਅੱਧਾ ਚਿਹਰਾ ਕੱਜੀ ਤਰਲ ਅੱਖਾਂ ਨਾਲ ਮੇਰੇ ਵੱਲ ਵੇਖ ਰਹੀ ਸੀ। ਮੈਂ ਜੇਬ ‘ਚੋਂ ਸੌ ਦਾ ਨੋਟ ਕੱਢਿਆ ਤੇ ਕਿਸਾਨ ਦੀ ਮੁੱਠੀ ਵਿਚ ਦੇ ਦਿੱਤਾ। ਉਸ ਨੇ ਫਿਰ ਮੱਥੇ ਨੂੰ ਹੱਥ ਲਾ ਕੇ ਸਲਾਮ ਆਖੀ।
ਕਾਰ ਤੁਰ ਪਈ। ਮੈਂ ਪਿੱਛਾ ਭੌਂ ਕੇ ਵੇਖਿਆ। ਦੋਵੇਂ ਪਤੀ-ਪਤਨੀ ਅਜੇ ਵੀ ਉਥੇ ਹੀ ਖੜੋਤੇ ਸਨ, ਜਿਵੇਂ ਆਪਣੇ ਮਿੱਤਰ ਪਿਆਰਿਆਂ ਨੂੰ ਵਿਦਾ ਕਰ ਕੇ ਕੋਈ ਓਨਾ ਚਿਰ ਉਥੇ ਹੀ ਖੜੋਤਾ ਰਹਿੰਦਾ ਹੈ ਜਿੰਨਾ ਚਿਰ ਅਗਲੇ ਦਿਸਦੇ ਰਹਿੰਦੇ ਨੇ। ਉਨ੍ਹਾਂ ਦੇ ਪਿੱਛੇ ਖਲੋਤਾ ਸੀ ਉਹ ਦਰਵੇਸ਼ ਤੇ ਮੇਰਾ ਸਾਈਂ ਸ਼ਾਹ ਹੁਸੈਨ। ਮੈਨੂੰ ਲੱਗਾ ਮੈਂ ਨਿਰ੍ਹੇ ਲਾਹੌਰ ਦੀ ਹੀ ਨਹੀਂ ਪੰਜਾਬ ਦੀ ਸੁੱਚੀ ਆਤਮਾ ਨੂੰ ਮਿਲ ਕੇ ਹਟਿਆ ਹੋਵਾਂ।
ਅੱਥਰੂਆਂ ਦੀ ਸਿੱਲ੍ਹ ਅਜੇ ਵੀ ਮੇਰੀਆਂ ਪਲਕਾਂ ‘ਤੇ ਸੀ।

ਐਤਵਾਰ, ਪੰਦਰਾਂ ਅਪਰੈਲ, ਕਾਨਫ਼ਰੰਸ ਦਾ ਤੀਸਰਾ ਦਿਨ ਸੀ। ਅਸੀਂ ਕਾਨਫ਼ਰੰਸ ‘ਚੋਂ ਘੁਸਾਈ ਮਾਰਨ ਦਾ ਫ਼ੈਸਲਾ ਕਰ ਲਿਆ।
ਡਾ. ਜਗਤਾਰ ਦੇ ਮਿੱਤਰ ਉਮਰ ਗਨੀ ਦੀ ਜਹਾਜ਼ ਜਿੱਡੀ ਕਾਰ ਸੀ। ਪੇਂਡੂ ਪਹਿਰਾਵੇ ਵਾਲੇ ਡਰਾਈਵਰ ਨਾਲ ਅਗਲੀ ਸੀਟ ਉਤੇ ਡਾ. ਜਗਤਾਰ ਬੈਠਾ ਸੀ, ਪਿੱਛੇ ਉਮਰ ਗਨੀ, ‘ਰਵੇਲ’ ਦਾ ਨੌਜਵਾਨ ਐਡੀਟਰ ਰਿਜ਼ਵਾਨ ਅਹਿਮਦ ਤੇ ਮੈਂ। ਕਿਸੇ ਬੈਂਕਿੰਗ ਅਦਾਰੇ ਵਿਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਮਰ ਗਨੀ ਪਾਕਪਟਨ ਤੋਂ ਜਗਤਾਰ ਦੇ ਬੁਲਾਵੇ ਉਤੇ ਉਚੇਚਾ ਇਥੇ ਆਇਆ ਸੀ ਸਾਨੂੰ ਲਾਹੌਰ ਦੀ ਸੈਰ ਕਰਾਉਣ। ਸਾਡੇ ਪਾਸਪੋਰਟ ਉੱਤੇ ‘ਸਿਰਫ ਲਾਹੌਰ’ ਲਿਖਿਆ ਹੋਣ ਕਰਕੇ ਸਰਕਾਰੀ ਤੌਰ ‘ਤੇ ਸਾਨੂੰ ਲਾਹੌਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਫੌਜੀ ਹਕੂਮਤ ਸੀ ਤੇ ਦੋਵਾਂ ਦੇਸ਼ਾਂ ਦੇ ਸਬੰਧ ਵੀ ਅਣਸੁਖਾਵੇਂ ਸਨ, ਇਸ ਲਈ ਚਾਹ ਕੇ ਵੀ ਪਾਕਪਟਨ ਨਾ ਜਾ ਸਕਣ ‘ਤੇ ਪੰਜਾਬੀ ਦੇ ਪਹਿਲੇ ਮਹਾਨ ਸ਼ਾਇਰ ਬਾਬਾ ਫ਼ਰੀਦ ਦੇ ਨਤਮਸਤਕ ਨਾ ਹੋ ਸਕਣ ਦਾ ਵਿਗੋਚਾ ਸਾਨੂੰ ਦੁਖੀ ਕਰ ਰਿਹਾ ਸੀ।
‘‘ਅੱਛਾ, ਜਦੋਂ ਮੇਰੇ ਬਾਬੇ ਦੀ ਮਰਜ਼ੀ ਹੋਈ ਉਹਨੇ ਆਪੇ ਬੁਲਾ ਲੈਣੈ ਆਪਣੇ ਕੋਲ,’’ ਡਾ. ਜਗਤਾਰ ਨੇ ਇਕ ਤਰ੍ਹਾਂ ਹਉਕਾ ਲਿਆ।
‘‘ਚਲੋ ਵਰਿਆਮ ਨੂੰ ਇਥੇ ਵਾਲੇ ਬਾਬੇ ਨੂੰ ਤਾਂ ਮਿਲਾਈਏ।’’
ਕਾਰ ਦਾ ਰੁਖ਼ ਉਸ ਇਲਾਕੇ ਵੱਲ ਹੋ ਗਿਆ ਜਿਥੇ ਮਹਾਨ ਸੂਫੀ ਸ਼ਾਇਰ ਸ਼ਾਹ ਹੁਸੈਨ ਦਾ ਮਜ਼ਾਰ ਹੈ। ਡਾ. ਜਗਤਾਰ ਨੇ ਤਾਂ ਲਾਹੌਰ ਅਨੇਕਾਂ ਵਾਰ ਵੇਖਿਆ ਸੀ ਤੇ ਸਾਰੀਆਂ ਦਰਸ਼ਨੀ ਥਾਵਾਂ ਵੀ। ਉਹ ਮੇਰੀ ਅਗਵਾਈ ਕਰਕੇ ਮੈਨੂੰ ਇਮਾਰਤਾਂ ਤੋਂ ਪਾਰ ਜਾ ਕੇ ਇਤਿਹਾਸ ਵਿਚ ਲੁਕਿਆ ਲਾਹੌਰ ਵੀ ਦਿਖਾਉਣਾ ਚਾਹੁੰਦਾ ਸੀ।
‘‘ਪਹਿਲਾ ਸ਼ਾਲਾਮਾਰ ਬਾਗ਼ ਵੀ ਵਿਖਾ ਲਈਏ ਇਹਨੂੰ, ਨਾਲ ਹੀ ਪੈਂਦਾ ਏਥੇ।’’
ਸਬੰਧਿਤ ਇਲਾਕੇ ਵਿਚ ਵੜਦਿਆਂ ਹੀ ਜਗਤਾਰ ਦੀ ਹਦਾਇਤ ਦੀ ਪਾਲਣਾ ਕਰਦਿਆਂ ਡਰਾਈਵਰ ਨੇ ਗੱਡੀ ਸ਼ਾਲਾਮਾਰ ਬਾਗ਼ ਦੇ ਬਾਹਰਵਾਰ ਖੜ੍ਹੀ ਕਰ ਦਿੱਤੀ।
ਅੰਦਰ ਦਾਖ਼ਲ ਹੁੰਦਿਆਂ ਹੀ ਉਸ ਵਿਸ਼ਾਲ ਬਾਗ਼ ਵਿਚ ਦੂਰ ਤਕ ਝਾਤੀ ਮਾਰ ਕੇ ਪੁਰ-ਸਕੂਨ ਸਾਹ ਲਿਆ। ਇਮਾਰਤਾਂ ਤੇ ਬਾਗ਼ਾਂ ਦਾ ਸਿਰਜਣਹਾਰ ਸ਼ਹਿਨਸ਼ਾਹ ਸ਼ਾਹਜਹਾਨ ਚੇਤੇ ਆਇਆ। ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਲੇਖ ‘ਸ਼ਾਲਾਮਾਰ ਬਾਗ਼ ਵਿਚ ਡੇਲੀਆ’ ਤੇ ਇਸ ਬਾਗ਼ ਨਾਲ ਜੁੜਿਆ ਹੋਰ ਬਹੁਤ ਕੁਝ ਚੇਤੇ ‘ਚੋਂ ਲੰਘਿਆ। ਲਾਹੌਰ ਟੀ.ਵੀ. ਤੋਂ ਕਈ ਵਾਰ ਇਸ ਬਾਗ਼ ਬਾਰੇ ਵੇਖੀ ਹੋਈ ਦਸਤਾਵੇਜ਼ੀ ਫਿਲਮ ਯਾਦ ਆਈ ਤੇ ਡਰਾਮਿਆਂ ਵਿਚ ਲਏ ਇਸ ਬਾਗ਼ ਦੇ ਦ੍ਰਿਸ਼ ਵੀ ਯਾਦ ਆਏ ; ਆਪਣੇ ਪਿੰਡ ਦੇ ਗ਼ਦਰੀ ਪ੍ਰੇਮ ਸਿੰਘ ਦਾ ਸ਼ਾਲਾਮਾਰ ਬਾਗ਼ ਵਿਚ ਲੱਗੇ ਮੇਲੇ ਸਮੇਂ ਗ਼ਦਰੀਆਂ ਦੇ ਦੁਸ਼ਮਣ ਇਕ ਥਾਣੇਦਾਰ ਉਤੇ ਬੰਬ ਸੁੱਟਣਾ ਵੀ ਚੇਤੇ ‘ਚੋਂ ਲੰਘਿਆ।
ਤਾਂ ਇਹ ਹੈ ਲਾਹੌਰ ਦਾ ਸ਼ਾਲਾਮਾਰ ਬਾਗ਼। ਅਸੀਂ ਬਾਗ਼ ਦਾ ਚੱਕਰ ਲਾਉਣ ਲੱਗੇ। ਸਾਡੀਆਂ ਪੱਗਾਂ ਦੇਖ ਕੇ ਦੋ ਲੜਕੇ ਦੂਰੋਂ ਉਚੇਚੇ ਚਲ ਕੇ ਸਾਡੇ ਵੱਲ ਆਏ। ਦਸ ਗਿਆਰਾਂ ਸਾਲ ਦੀ ਉਮਰ ਹੋਵੇਗੀ। ਸ਼ਾਇਦ ਐਤਵਾਰ ਦੀ ਛੁੱਟੀ ਮਾਨਣ ਤੇ ਮਟਰਗਸ਼ਤੀ ਕਰਨ ਲਈ ਬਾਗ਼ ਵਿਚ ਚਲੇ ਆਏ ਹੋਣਗੇ। ਜਗਤਾਰ ਤੇ ਮੈਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਮੁਸਕਰਾ ਕੇ, ‘‘ਠੀਕ ਹੈ, ਬਹੁਤ ਵਧੀਆ ਹੈ,’’ ਆਖਿਆ ਤੇ ਸਾਡੇ ਨਾਲ ਨਾਲ ਹੀ ਤੁਰ ਪਏ।
ਅਸੀਂ ਆਪਣੀਆਂ ਗੱਲਾਂ ਵਿਚ ਰੁੱਝ ਗਏ। ਪਰ ਉਹ ਛੋਟੇ ਬੱਚੇ ਧੌਣਾਂ ਟੇਢੀਆਂ ਤੇ ਉਚੀਆਂ ਕਰਕੇ ਸਾਡੇ ਮੂੰਹਾਂ ਵੱਲ ਵੇਖਦੇ ਜਿਵੇਂ ਸਾਡੇ ਮੂੰਹੋਂ ਕਿਰ ਰਹੇ ਬੋਲਾਂ ਨੂੰ ਬੋਚ ਲੈਣਾ ਚਾਹੁੰਦੇ ਹੋਣ। ਉਹ ਮੇਰੇ ਸੱਜੇ ਹੱਥ ਮੇਰੇ ਨਾਲ ਨਾਲ ਸਨ ਤੇ ਮੈਂ ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਜਾਨਣ ਦੀ ਕੋਸ਼ਿਸ਼ ਕਰ ਰਿਹਾ ਸੀ।
‘‘ਬੇਲੀਓ! ਤੁਹਾਡਾ ਨਾਂ ਕੀ ਹੈ?’’ ਮੈਂ ਰੁਕ ਕੇ ਉਨ੍ਹਾਂ ਨੂੰ ਪੁੱਛਿਆ। ਇਕ ਨੇ ਬੜੇ ਉਤਸ਼ਾਹ ਨਾਲ ਦੱਸਿਆ, ‘‘ਮੇਰਾ ਨਾਂ ਆਮਿਰ ਹੈ ਤੇ ਇਹਦਾ ਅਦਨਾਨ।’’
ਉਨ੍ਹਾਂ ਦੇ ਚਿਹਰਿਆਂ ਉਤੇ ਚਮਕ ਸੀ। ਮੈਂ ਆਪਣੇ ਸਾਥੀਆਂ ਤੋਂ ਪਿੱਛੇ ਰਹਿ ਕੇ ਉਨ੍ਹਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ‘ਚ ਰੁੱਝ ਗਿਆ। ਉਨ੍ਹਾਂ ਦੱਸਿਆ ਕਿ ਉਹ ਪੰਜਵੀਂ ਜਮਾਤ ਦੇ ਵਿਦਿਆਰਥੀ ਹਨ। ਦਰਮਿਆਨੇ ਦਰਜੇ ਦੇ ਕਿਸੇ ਪਬਲਿਕ ਸਕੂਲ ਦੇ ਵਿਦਿਆਰਥੀ। ਮੈਂ ਨਵੀਂ ਸਿੱਖੀ ਸ਼ਾਹਮੁਖੀ ਲਿਪੀ ਦੇ ਮਾਧਿਅਮ ਰਾਹੀਂ ਉਨ੍ਹਾਂ ਨਾਲ ਜੁੜਨਾ ਚਾਹਿਆ ਤੇ ਆਪਣੀ ਕਲਮ ਨਾਲ ਉਨ੍ਹਾਂ ਦੇ ਹੱਥਾਂ ਦੀਆਂ ਤਲੀਆਂ ਉਤੇ ਉਨ੍ਹਾਂ ਦੇ ਨਾਂ ਲਿਖੇ। ਇਹ ਉਨ੍ਹਾਂ ਲਈ ਅਲੋਕਾਰੀ ਗੱਲ ਸੀ। ਉਹ ਖ਼ੁਸ਼ੀ ਨਾਲ ਆਪਣੀਆਂ ਖੁੱਲ੍ਹੀਆਂ ਤਲੀਆਂ ‘ਤੇ ਲਿਖੇ ਮੇਰੇੇ ਅੱਖਰ ਦੇਖ ਰਹੇ ਸਨ ਤੇ ਮੇਰੇੇ ਵੱਲ ਵੇਖ ਕੇ ਮੁਸਕਰਾ ਰਹੇ ਸਨ।
‘‘ਅੱਛਾ ਆਮਿਰ ਮੀਆਂ! ਦੱਸੋ ਭਾਰਤੀ ਫ਼ਿਲਮਾਂ ਦੇਖਦੇ ਹੁੰਦੇ ਓ।’’
‘‘ਵੇਖਦੇ ਹੁੰਦੇ ਆਂ…’’ ਉਨ੍ਹਾਂ ਦਾ ਸਾਂਝਾ ਉਤਸ਼ਾਹੀ ਜੁਆਬ ਸੀ।
‘‘ਕਿਹੜੀ ਹੀਰੋਇਨ ਚੰਗੀ ਲੱਗਦੀ ਹੈ ਸਭ ਤੋਂ ਵੱਧ।’’
‘‘ਸਾਰੀਆਂ ਹੀ।’’
ਮੈਂ ਹੱਸ ਕੇ ਕਿਹਾ, ‘‘ਸਾਰੀਆਂ ਨਹੀਂ, ਜੇ ਕਿਸੇ ਇਕ ਅੱਧੀ ਦਾ ਨਾਂ ਲਵੋ ਤਾਂ ਤੇਰੇ ਕੋਲ ਭੇਜ ਦਿਆਂਗੇ। ਸਾਰੀਆਂ ਤਾਂ ਨਹੀਂ ਅਸੀਂ ਦੇਣ ਲੱਗੇੇ।’’
ਉਹ ਖਿੜ-ਖਿੜਾ ਕੇ ਹੱਸੇ ਤੇ ਅਦਨਾਨ ਨੇ ਫਿਰ ਕਿਹਾ, ‘‘ਨਹੀਂ ਸਾਰੀਆਂ ਹੀ ਚੰਗੀਆਂ ਨੇ।’’
ਉਨ੍ਹਾਂ ਨਾਲ ਤੁਰਿਆਂ ਜਾਂਦਿਆਂ ਮੈਂ ਬਾਗ਼ ਦੇ ਆਸੇ-ਪਾਸੇ ਝਾਤੀ ਵੀ ਮਾਰ ਰਿਹਾ ਸੀ। ਹਰੇ ਮੈਦਾਨ ਤੇ ਹਰੇ ਭਰੇ ਰੁੱਖ ਤਾਂ ਸਨ ਪਰ ਬਾਗ਼ ਵਿਚਲੀਆਂ ਨਿੱਕੀਆਂ ਨਹਿਰਾਂ ‘ਤੇ ਫੁਹਾਰਿਆਂ ਵਿਚ ਪਾਣੀ ਨਹੀਂ ਸੀ। ਸ਼ਾਇਦ ਗਰਮੀਆਂ ਦੇ ਮੌਸਮ ਦਾ ਅਸਰ ਸੀ, ਦਿਲ ਨੂੰ ਧੂਹ ਪਾਉਣ ਵਾਲੇ ਫੱੁਲਾਂ ਦੀ ਖ਼ੂਬਸੂਰਤੀ ਵੀ ਗ਼ੈਰ-ਹਾਜ਼ਰ ਸੀ। ਫਿਰ ਵੀ ਮਨ ਨੂੰ ਅਥਾਹ ਖ਼ੁਸ਼ੀ ਸੀ ਇਸ ਇਤਿਹਾਸਕ ਬਾਗ਼ ਵਿਚ ਇਨ੍ਹਾਂ ਛੋਟੇ ਬੱਚਿਆਂ ਦੇ ਅੰਗ-ਸੰਗ ਤੁਰਦਿਆਂ।
ਮੈਂ ਰੁਕ ਕੇ ਉਨ੍ਹਾਂ ਦੋਹਾਂ ਨੂੰ ਸਾਂਝਾ ਸੁਆਲ ਕੀਤਾ, ‘‘ਅੱਛਾ! ਇਹ ਦੱਸੋ ਪਹਿਲਾਂ ਕਦੀ ਸਾਡੇ ਵਰਗੇ ਪੱਗਾਂ ਤੇ ਦਾੜ੍ਹੀਆਂ ਵਾਲੇ ਸਿੱਖ ਵੇਖੇ ਜੇ?’’
‘‘ਐਸ ਤਰ੍ਹਾਂ ਨਹੀਂ ; ਟੀ.ਵੀ. ਉਤੇ ਵੇਖੇ ਹੋਏ ਨੇ,’’ ਅਦਨਾਨ ਨੇ ਆਖਿਆ।
‘‘ਐਸ ਤਰ੍ਹਾਂ ਪਹਿਲੀ ਵਾਰ ਆਹਮੋ ਸਾਹਮਣੇ ਵੇਖ ਕੇ ਤੁਹਾਨੂੰ ਸਿੱਖ ਕਿਹੋ ਜਿਹੇ ਲੱਗੇ ਨੇ?’’ ਮੈਂ ਔਖਾ ਜਿਹਾ ਸੁਆਲ ਪਾ ਦਿੱਤਾ।
‘‘ਅੰਗਰੇਜ਼ਾਂ ਤੋਂ ਕਈ ਗੁਣਾਂ ਵਧ ਕੇ ਚੰਗੇ,’’ ਆਮਿਰ ਦਾ ਜੁਆਬ ਵੀ ਔਖਾ ਸੀ ਤੇ ਮੈਂ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਵਿਚ ਹੀ ਸਾਂ ਕਿ ਉਸ ਨੇ ਆਪ ਹੀ ਇਸ ਦੀ ਵਿਆਖਿਆ ਕਰ ਦਿੱਤੀ, ‘‘ਅੰਗਰੇਜ਼ ਤਾਂ ਬੋਲਦੇ ਹੀ ਗਿਟਮਿਟ ਗਿਟਮਿਟ ਨੇ। ਉਨ੍ਹਾਂ ਦੀ ਬੋਲੀ ਹੀ ਸਮਝ ਨਹੀਂ ਆਉਂਦੀ। ਤੁਸੀਂ ਤਾਂ ਬਿਲਕੁਲ ਸਾਡੇ ਵਾਂਗ ਹੀ ਬੋਲਦੇ ਹੋ।’’
ਅਸਲ ਵਿਚ ਅਸੀਂ ਪਹਿਲੇ ਸਿੱਖ ਹਾਂ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਸਾਂ। ਉਨ੍ਹਾਂ ਲਈ ਤਾਂ ਸਿੱਖ ‘ਵਿਦੇਸ਼ੀ’ ਸਨ। ਜਿਵੇਂ ਅੰਗਰੇਜ਼ ‘ਵਿਦੇਸ਼ੀ’ ਸਨ। ਤੇ ਅੰਗਰੇਜ਼ ਵਿਦੇਸ਼ੀਆਂ ਦੀ ‘ਗਿਟ ਮਿਟ’ ਉਨ੍ਹਾਂ ਨੂੰ ਆਮ ਪੰਜਾਬੀ ਵਿਦਿਆਰਥੀਆਂ ਵਾਂਗ ਸਮਝਣੀ ਮੁਸ਼ਕਲ ਸੀ ਪਰ ਉਨ੍ਹਾਂ ਲਈ ਇਹ ਹੈਰਾਨੀ ਭਰੀ ਖ਼ੁਸ਼ੀ ਦੀ ਗੱਲ ਸੀ ਕਿ ਸਾਡੇ ਰੂਪ ਵਿਚ ਵਿਦੇਸ਼ੀ ਲੋਕ ਉਨ੍ਹਾਂ ਦੀ ਆਪਣੀ ਬੋਲੀ ਪੰਜਾਬੀ ਵਿਚ ਹੀ ਗੱਲਾਂ ਕਰ ਰਹੇ ਸਨ, ਬਿਲਕੁਲ ਉਨ੍ਹਾਂ ਵਾਂਗ ਹੀ। ਉਨ੍ਹਾਂ ਨੂੰ ਸ਼ਾਇਦ ਪਹਿਲਾਂ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਸਾਡੇ ਲੋਕਾਂ ਦੀ ਜ਼ਬਾਨ ਵੀ ਪੰਜਾਬੀ ਹੀ ਹੈ। ਉਨ੍ਹਾਂ ਬੱਚਿਆਂ ਦੇ ਮਿਲਾਪ ਨੇ ਦੱਸ ਦਿੱਤਾ ਸੀ ਕਿ ਜ਼ਬਾਨ ਦੀ ਸਾਂਝ ਕਿਵੇਂ ਤੁਰਤ ਇਕ ਦੂਜੇ ਨੂੰ ਦੇਸ਼ਾਂ ਤੇ ਧਰਮਾਂ ਦੇ ਹੱਦਾਂ ਬੰਨੇ ਤੋੜ ਕੇ ਨੇੜੇ ਕਰ ਸਕਦੀ ਹੈ। ਮੈਨੂੰ ਹੁਣ ਖ਼ਿਆਲ ਆਇਆ ਕਿ ਉਹ ਸਾਡੀ ਜ਼ਬਾਨ ਸੁਣਨ ਲਈ ਹੀ ਸਾਡੇ ਨਾਲ ਨਾਲ ਤੁਰੇ ਸਨ। ਅਸੀਂ ਓਪਰੇ ਤੇ ਪਰਾਏ ਹੋ ਕੇ ਵੀ ਉਨ੍ਹਾਂ ਨੂੰ ਆਪਣੇ ਆਪਣੇ ਲੱਗੇ ਹੋਵਾਂਗੇ।
ਮੈਂ ਸਾਂਝੀ ਜ਼ਬਾਨ ਦੀ ਕਰਾਮਾਤ ਬਾਰੇ ਸੋਚਦਾ ਹੋਇਆ ਉਨ੍ਹਾਂ ਨਾਲ ਤੁਰਿਆ ਜਾ ਰਿਹਾ ਸਾਂ ਕਿ ਅਚਨਚੇਤ ਅਦਨਾਨ ਨੇ ਮੇਰੀ ਉਂਗਲ ਫੜ ਲਈ। ਮੈਂ ਰੁਕ ਕੇ ਉਹਦੇ ਚਿਹਰੇ ਵੱਲ ਵੇਖਿਆ।
‘‘ਅੰਕਲ! ਇਕ ਗੱਲ ਦੱਸੋਗੇ?’’ ਉਹ ਸ਼ਾਇਦ ਪੁੱਛਣ ਲਈ ਆਪਣੇ ਮਨ ਨਾਲ ਘੋਲ ਕਰ ਰਿਹਾ ਸੀ।
‘‘ਪੁੱਛੋ ਬੇਟਾ! ਜ਼ਰੂਰ ਪੁੱਛੋ,’’
ਤੇ ਅਟਕ ਅਟਕ ਕੇ ਉਸ ਨੇ ਸੁਆਲ ਪੁੱਛ ਹੀ ਲਿਆ।
‘‘ਤੁਸੀਂ ਭਲਾ ਅੱਲ੍ਹਾ ਨੂੰ ਮੰਨਦੇ ਹੋ?’’
ਪਹਿਲਾਂ ਤਾਂ ਮੈਂ ਉਸ ਦੇ ਸੁਆਲ ਉਤੇ ਹੈਰਾਨ ਹੋਇਆ ਤੇ ਫਿਰ ਖ਼ੁਸ਼ ਹੋ ਕੇ ਦੱਸਿਆ, ‘‘ਕਿਉਂ ਨਹੀਂ ਪੁੱਤਰ! ਅੱਲ੍ਹਾਪਾਕ ਪਰਵਰਦਗਾਰ ਤਾਂ ਸਾਡਾ ਸਾਂਝਾ ਹੈ ਸਭ ਦਾ। ਅਸੀਂ ਭਲਾ ਕਿਉਂ ਨਾ ਮੰਨਣਾ ਹੋਇਆ! ਅਸੀਂ ਮੰਨਦੇ ਹਾਂ। ਬੜੇ ਅਦਬ ਨਾਲ ਮੰਨਦੇ ਹਾਂ।’’
ਮੇਰਾ ਜੁਆਬ ਸੁਣਦੇ ਸਾਰ ਹੀ ਉਸ ਨੇ ਮੈਨੂੰ ਚਕਾਚੌਂਧ ਕਰ ਦੇਣ ਵਾਲਾ ਜੁਆਬ ਦਿੱਤਾ, ‘‘ਅੰਕਲ! ਜੇ ਤੁਸੀਂ ਅੱਲ੍ਹਾ ਨੂੰ ਮੰਨਦੇ ਜੇ ਤਾਂ ਫਿਰ ਅਸੀਂ ਵੀ ਭਗਵਾਨ ਨੂੰ ਮੰਨਦੇ ਆਂ।’’
ਮੈਂ ਤਾਂ ਉਸ ਨੂੰ ਛੋਟਾ ਜਿਹਾ ਭੋਲਾ-ਭਾਲਾ ਬੱਚਾ ਸਮਝ ਰਿਹਾ ਸਾਂ। ਮਾਸੂਮ ਤੇ ਨਿੱਕਚੂ ਜਿਹਾ। ਉਸ ਨੇ ਤਾਂ ਬਹੁਤ ਵੱਡੀ ਗੱਲ ਕੀਤੀ ਸੀ। ਸਿਆਣਿਆਂ ਤੋਂ ਵੀ ਸਿਆਣੀ। ਮੈਂ ਉਸ ਦਾ ਸਿਰ ਆਪਣੀ ਵੱਖੀ ਨਾਲ ਘੁੱਟ ਲਿਆ।
ਮਾਂ ਬੋਲੀ ਦੀ ਆਪਸੀ ਅਪਣੱਤ ‘ਚੋਂ ਪੈਦਾ ਹੋ ਸਕਣ ਵਾਲੇ ਅਤੇ ਅੱਲ੍ਹਾ ਤੇ ਭਗਵਾਨ ਨੂੰ ਆਪਣੇ ਸਮਝ ਕੇ ਇਨ੍ਹਾਂ ਦੇ ਨਾਂ ਉਤੇ ਲੜਨ ਦੀ ਥਾਂ ਆਪਸੀ ਸਹਿਹੋਂਦ ਤੇ ਸਤਿਕਾਰ ਵਾਲੇ ਰਾਹ ਦਾ ਪਤਾ ਸਾਨੂੰ ਇਨ੍ਹਾਂ ਛੋਟੇ ਬੱਚਿਆਂ ਨੇ ਕਿੰਨੀ ਸਾਦਗੀ ਨਾਲ ਸਮਝਾ ਦਿੱਤਾ ਸੀ।
ਮੈਂ ਉਤਸ਼ਾਹ ਵਿਚ ਭਰ ਕੇ ਅੱਗੇ ਜਾਂਦੇ ਆਪਣੇ ਸਾਥੀਆਂ ਨੂੰ ਆਵਾਜ਼ ਦੇ ਕੇ ਰੋਕਿਆ, ‘‘ਜ਼ਰਾ ਖਲੋ ਕੇ ਮੇਰੇ ਨਾਲ ਤੁਰੇ ਆਉਂਦੇ ਇਨ੍ਹਾਂ ‘ਬਾਬੇ ਬੁੱਢਿਆਂ’ ਦੀ ਤਾਂ ਸੁਣੋ। ਇਹ ਬੱਚੇ ਨਹੀਂ ਜੇ, ਇਹ ਤਾਂ ਪੰਜਾਬ ਦੀ ਸਿਆਣਪ ਨੇ, ਸਿਆਸਤਾਂ ਤੋਂ ਪਾਰ ਜਾ ਕੇ ਸਮੁੱਚੇ ਪੰਜਾਬੀਆਂ ਨੂੰ ਜੋੜਨ ਵਾਲੀ।’’
ਖ਼ੁਸ਼ੀ ਭਰੀ ਹੈਰਾਨੀ ਨਾਲ ਜਗਤਾਰ ਤੇ ਉਮਰ ਗਨੀ ਨੇ ਉਨ੍ਹਾਂ ਛੋਟੇ ਬੱਚਿਆਂ ਨੂੰ ਲਾਡ ਲਡਾਇਆ।
ਮੈਂ ਆਪਣੇ ਆਪ ਨੂੰ ਆਖਿਆ, ‘‘ਇਹ ਗਲਤ ਗੱਲ ਹੈ ਕਿ ਸ਼ਾਲਾਮਾਰ ਬਾਗ਼ ਵਿਚ ਫੁੱਲ ਨਹੀਂ ਦਿਸਦੇ। ਅਸਲੀ ਫੁੱਲ ਤਾਂ ਮੇਰੇ ਸਾਹਮਣੇ ਖਲੋਤੇ ਸਨ। ਆਮਿਰ ਤੇ ਅਦਨਾਨ! ਹਰੇ-ਭਰੇ ਰੰਗ ਬਰੰਗੇ ਮਹਿਕਾਂ ਵੰਡਦੇ। ਸਾਡੇ ਸੁਪਨਿਆਂ ਦੇ ਪੰਜਾਬ ਨੂੰ ਠੰਡੀਆਂ ਛਾਵਾਂ ਦੇਣ ਵਾਲੇ ਪੌਦਿਆਂ ਦੀ ਨੰਨ੍ਹੀ ਪਨੀਰੀ।… ਰੱਬ ਕਰੇ! ਇਹ ਵੱਡੇ ਹੋਣ, ਵਧਣ ਫੁੱਲਣ, ਛਾਵਾਂ ਵਾਲੇ ਬੂਟੇ ਬਣਨ।
ਅਚਨਚੇਤ ਮੈਨੂੰ ਡਰਾਉਣਾ ਖ਼ਿਆਲ ਆਇਆ, ‘‘ਇਨ੍ਹਾਂ ਪੌਦਿਆਂ ਨੂੰ ਹਰਾ-ਭਰਾ ਰੱਖਣ ਲਈ ‘‘ਨਹਿਰਾਂ’’ ਵਿਚ ਪਾਣੀ ਕਿਉਂ ਨਹੀਂ?’’
ਕਿੱਥੇ ਲੱਗਾ ਹੋਇਆ ਸੀ ਮੁਹੱਬਤ ਦੇ ਪਾਣੀ ਨੂੰ ਬੰਨ੍ਹ?
ਸ਼ਾਹ ਹੁਸੈਨ ਦੇ ਮਜ਼ਾਰ ਵੱਲ ਜਾਂਦਿਆਂ ਅਸੀਂ ਇਕ ਭੀੜੇ ਜਿਹੇ ਬਾਜ਼ਾਰ ਵਿਚੋਂ ਲੰਘਦੇ ਪਏ ਸਾਂ। ਉਮਰ ਗਨੀ ਕੱਲ੍ਹ ਪਾਕਪਟਨ ਤੋਂ ਆਇਆ ਸੀ। ‘ਘਰ ਦੇ ਫ਼ਿਕਰ ਨਾ ਕਰਦੇ ਹੋਣ,’ ਇਸ ਲਈ ਉਹ ਉਨ੍ਹਾਂ ਨੂੰ ਫ਼ੋਨ ਕਰਨਾ ਚਾਹੁੰਦਾ ਸੀ। ਐਤਵਾਰ ਹੋਣ ਦੇ ਬਾਵਜੂਦ ਇਹ ਬਾਜ਼ਾਰ ਖੁੱਲ੍ਹਾ ਹੋਇਆ ਸੀ। ਦਰਮਿਆਨੇ ਲੋਕਾਂ ਦਾ ਇਲਾਕਾ ਸੀ। ਪੇਂਡੂ ਲੱਗਦੇ ਲੋਕ ਸੌਦਾ-ਸੁਲਫ ਖ਼ਰੀਦ ਰਹੇ ਸਨ। ਇਕ ਪੀ.ਸੀ.ਓ ਵੇਖ ਕੇ ਅਸੀਂ ਕਾਰ ਖੜ੍ਹੀ ਕਰ ਲਈ। ਉਮਰ ਗਨੀ ਤੇ ਰਿਜ਼ਵਾਨ ਫ਼ੋਨ ਕਰਨ ਲਈ ਅੰਦਰ ਗਏ। ਜਗਤਾਰ ਵੀ ਉਨ੍ਹਾਂ ਦੇ ਨਾਲ ਸੀ। ਮੈਂ ਜਾਣਬੁੱਝ ਕੇ ਬਾਹਰ ਖੜੋਤਾ ਰਿਹਾ। ਲੋਕਾਂ ਦਾ ਪ੍ਰਤੀਕਰਮ ਜਾਨਣ ਅਤੇ ਵੇਖਣ ਵਾਸਤੇ। ਇਕ ਦੋ ਵਡੇਰੀ ਉਮਰ ਦੇ ਬਜ਼ੁੁਰਗ ਆਏ। ਸਲਾਮ ਕੀਤੀ। ਹਾਲ ਚਾਲ ਪੁੱਛਿਆ।
ਹੌਲੀ ਹੌਲੀ ਨੌਜੁਆਨਾਂ ਦੀ ਭੀੜ ਮੇਰੇ ਦੁਆਲੇ ਇੱਕਠੀ ਹੋ ਗਈ।
‘‘ਅੰਕਲ ਚਾਹ ਪਾਣੀ ਪੀਵੋ! ਬੋਤਲਾਂ ਮੰਗਵਾਈਏ?’’ ਉਹ ਜ਼ੋਰ ਦੇ ਰਹੇ ਸਨ।
‘‘ਨਹੀਂ ਬੇਟੇ! ਅਸੀਂ ਹੁਣੇ ਚਲੇ ਜਾਣੈ। ਤੁਹਾਡਾ ਸ਼ੁਕਰੀਆ! ਹੋਰ ਸੁਣਾਓ! ਕੀ ਹਾਲ ਚਾਲ ਨੇ?’’
‘‘ਅੰਕਲ ਬਹੁਤ ਵਧੀਆ। ਆਪਣੀ ਸੁਣਾਓ!’’
ਉਹ ਇਕੱਠੇ ਬੋਲੇ।
ਏਨੇ ਚਿਰ ਨੂੰ ਉਨ੍ਹਾਂ ਦਾ ਇਕ ਨੌਜਵਾਨ ਸਾਥੀ ਪਰਿਓਂ ਤੇਜ਼ ਤੇਜ਼ ਆਇਆ ਤੇ ਆਉਂਦਿਆਂ ਹੀ ਸੁਆਲ ਦਾਗ ਦਿੱਤਾ, ‘‘ਕੀ ਗੱਲ ਸਿੱਖ ਜੀ!… ਸਾਡੇ ਨਾਲ ਕ੍ਰਿਕਟ ਨਹੀਂ ਜੇ ਖੇਡੀ! ਹੁਣ ਡਰ ਗਏ ਜੇ? ਪਤਾ ਸੀ ਨਾ ਹਾਰ ਜਾਣੈ! ਹੁਣ ਆਖਦੇ ਨੇ ਅਸੀਂ ਪਾਕਿਸਤਾਨ ਨਾਲ ਕ੍ਰਿਕਟ ਨਹੀਂ ਖੇਡਣ।’’ ਉਹਦੀ ਆਵਾਜ਼ ਵਿਚ ਪਰਾਇਆਪਣ ਸੀ।
‘‘ਪਹਿਲਾਂ ਆਪਣੀ ਜ਼ਬਾਨ ਦਰੁਸਤ ਕਰ ਉਏ!’’ ਉਹਦੇ ਹੀ ਕਿਸੇ ਲੰਗੋਟੀਏ ਨੇ ਉਹਨੂੰ ਝਿੜਕਿਆ, ‘‘ਸਿੱਖ ਜੀ ਨਹੀਂ, ਸਰਦਾਰ ਜੀ ਆਖੀਦਾ ਏ।’’
ਮੈ ਆਖਿਆ, ‘‘ਪੁੱਤਰ! ਇਹ ਕਿਹੜੇ ਸਾਡੇ ਤੁਹਾਡੇ ਫੈਸਲੇ ਨੇ। ਭਾਵੇਂ ਖੇਡਣਾ ਹੋਵੇ ਤੇ ਭਾਵੇਂ ਨਾ ਖੇਡਣਾ ਹੋਵੇ; ਭਾਵੇਂ ਲੜਨਾ ਹੋਵੇ ਤੇ ਭਾਵੇਂ ਸੁਲ੍ਹਾ-ਸਫਾਈ ਕਰਨੀ ਹੋਵੇ, ਇਹ ਉਤਲਿਆਂ ਲੋਕਾਂ ਦਾ ਕੰਮ ਹੈ। ਵੱਡੇ ਲੋਕਾਂ ਦਾਂ। ਸਾਡਾ ਤੁਹਾਡਾ ਇਹਦੇ ਵਿਚ ਕੀ ਵੱਸ ਚੱਲਦਾ ਏ।’’
ਸਾਥੀ ਦੀ ਝਿੜਕ ਤੇ ਮੇਰੇ ਜੁਆਬ ਨਾਲ ਉਹ ਥੋੜ੍ਹਾ ਢਿਲਾ ਜਿਹਾ ਹੋ ਗਿਆ। ਐਤਕੀਂ ਉਹਦੀ ਆਵਾਜ਼ ਵਿਚ ਅਪਣੱਤ ਸੀ। ‘‘ਸਰਦਾਰ ਜੀ! ਤੁਸੀਂ ਪੰਜਾਬੀ ਕਾਨਫ਼ਰੰਸ ‘ਤੇ ਆਏ ਓ? ਕੀ ਆਂਹਦੀ ਏ ਇਹ ਪੰਜਾਬੀ ਕਾਨਫ਼ਰੰਸ? ਬੜਾ ਰੌਲਾ ਗੌਲਾ ਏ ਏਹਦਾ?’’
ਪੰਜਾਬੀ ਕਾਨਫ਼ਰੰਸ ਦਾ ਜ਼ਿਕਰ ਉਨ੍ਹਾਂ ਤੱਕ ਵੀ ਪੁੱਜ ਚੁੱਕਾ ਸੀ। ਅਖ਼ਬਾਰਾਂ ਤੇ ਟੀ.ਵੀ. ਵਾਲਿਆਂ ਨੇ ਇਸ ਕਾਨਫ਼ਰੰਸ ਨੂੰ ਬਹੁਤ ਮਹੱਤਵ ਦਿੱਤਾ ਸੀ। ਇਹਦੇ ਹੱਕ ਵਿਚ ਵੀ ਲਿਖਿਆ ਜਾ ਰਿਹਾ ਸੀ ਤੇ ਵਿਰੋਧ ਵਿਚ ਵੀ ਪਰ ਇਸ ਨੇ ਖਲੋਤੇ ਪਾਣੀਆਂ ਵਿਚ ਭਾਰੀ ਪੱਥਰ ਸੁੱਟ ਕੇ ਹਲਚਲ ਵੀ ਪੈਦਾ ਕਰ ਦਿੱਤੀ ਸੀ।
‘‘ਕਾਨਫ਼ਰੰਸ ਇਹੋ ਹੀ ਆਖਦੀ ਏ, ਆਪਸ ਵਿਚ ਲੜੀਏ ਭਿੜੀਏ ਨਾ, ਪਿਆਰ ਮੁਹੱਬਤ ਨਾਲ ਸਾਰੇ ਮਸਲੇ ਹੱਲ ਕਰੀਏ। ਇਕ ਦੂਜੇ ਨੂੰ ਮਿਲੀਏ ਗਿਲੀਏ। ਦੁੱਖ-ਸੁੱਖ ਸੁਣੀਏ, ਨੇੜੇ ਹੋਈਏ।’’
ਉਹ ਮੁੰਡਾ ਦੂਜਿਆਂ ਦਾ ਆਗੂ ਲਗਦਾ ਸੀ। ਗੱਲਬਾਤ ਦੀ ਵਾਗਡੋਰ ਉਸ ਨੇ ਸੰਭਾਲ ਲਈ ਸੀ, ‘‘ਅੰਕਲ! ਕਰੋ ਨਾ ਫਿਰ ਕੋਸ਼ਿਸ਼। ਅਸੀਂ ਵੀ ਇੰਡੀਆ ਵੇਖ ਸਕੀਏ।’’
‘‘ਸਿੱਖ ਜੀ, ‘ਸਰਦਾਰ ਜੀ’ ਤੇ ‘ਅੰਕਲ ਜੀ’ ਤਕ ਪੁੱਜਦਿਆਂ ਉਹ ਮੇਰੇ ਨਾਲ ਜੁੜ ਗਿਆ ਸੀ।
‘‘ਅੰਕਲ! ਮੈਂ ਹਿੰਦੀ ਸਿੱਖਣੀ ਚਾਹੁੰਦਾਂ!’’
ਉਸ ਨੇ ਆਖਿਆ ਤਾਂ ਮੈਂ ਉਹਦਾ ਹੱਥ ਫੜ ਕੇ ਉਸ ਦੀ ਤਲੀ ਉਤੇ ਉਸ ਦਾ ਨਾਂ ਲਿਖ ਦਿੱਤਾ ਤੇ ਨਾਲ ਹੀ ਉਰਦੂ ਵਿਚ, ‘‘ਮੈਂ ਹਿੰਦੀ ਸੀਖਨਾ ਚਾਹਤਾ ਹੁੰ’’
ਉਸ ਨੇ ਤਲੀ ਫੈਲਾ ਕੇ ਆਮਿਰ ਤੇ ਅਦਨਾਨ ਵਾਂਗ ਮੇਰੀ ਹੱਥ ਲਿਖਤ ਪੜ੍ਹੀ ਅਤੇ ਉਤਸ਼ਾਹ ਨਾਲ ਬੋਲਿਆ। ‘‘ਅੰਕਲ! ਚਾਹ ਪੀਤੇ ਬਿਨਾਂ ਨਹੀਂ ਜਾਣ ਦੇਣਾ!’’
ਮੇਰੇ ਸਾਥੀ ਬਾਹਰ ਆ ਕੇ ਕਾਰ ਵੱਲ ਵਧ ਚੁੱਕੇ ਸਨ। ਮੈਂ ਉਹਦੀ ਪਿੱਠ ਥਾਪੜਦਿਆਂ ਕਲਾਵੇ ਵਿਚ ਲਿਆ, ‘‘ਨਹੀਂ ਪੁੱਤਰੋ! ਹੁਣ ਟਾਈਮ ਨਹੀਂ! ਬੱਸ ਜਿਉਂਦੇ ਵੱਸਦੇ ਰਹੋ! ਅਸਲਾਮਾ ਲੇਕਿਮ।’’
‘‘ਵਾ ਲੇਕਮ ਅਸਲਾਮ।’’ ਸਭ ਦੀ ਸਾਂਝੀ ਆਵਾਜ਼ ਗੂੰਜੀ। ਮੈਂ ਕਾਰ ਵਿਚ ਬੈਠ ਗਿਆ ਤਾਂ ਪਿਛੋਂ ਉਸ ਨੌਜੁਆਨ ਦੀ ਮੋਹ ਭਿੱਜੀ ਅਵਾਜ਼ ਆਈ। ‘‘ਅੰਕਲ! ਸਾਨੂੰ ਯਾਦ ਰੱਖਿਓ! ਭੁੱਲਿਓ ਨਾ!’’
ਆਪਣੀ ਸੀਟ ਉਤੇ ਬੈਠਾ ਮੈਂ ਸੋਚ ਰਿਹਾ ਸੀ ਆਪਸ ਵਿਚ ਮਿਲਣ ਨਾਲ ਕਿੰਨੀਆਂ ਗ਼ਲਤਫ਼ਹਿਮੀਆਂ ਤੇ ਦੂਰੀਆਂ ਦੂਰ ਹੁੰਦੀਆਂ ਹਨ। ਇਸ ਨੌਜਵਾਨ ਨੂੰ ਮਿਲਦਿਆਂ ਮੈਂ ਭਾਰਤ ਦੀ ਸਰਕਾਰ ਦਾ ਪ੍ਰਤੀਨਿਧ ਉਹਦਾ ਦੁਸ਼ਮਣ ਸਾਂ ਪਰ ਕੁਝ ਪਲਾਂ ਦੀ ਗੱਲਬਾਤ ਤੋਂ ਪਿੱਛੋਂ ਮੈਂ ਉਹਦਾ ‘ਅੰਕਲ’ ਹੋ ਗਿਆ ਸਾਂ। ਉਹ ਇੰਡੀਆ ਵੀ ਆਉਣਾ ਚਾਹੁੰਦਾ ਸੀ। ਹਿੰਦੀ ਵੀ ਸਿੱਖਣੀ ਚਾਹੁੰਦਾ ਸੀ। ਸਾਂਝ ਦੇ ਕਿੰਨੇ ਆਧਾਰ ਸਨ ਜਿਨ੍ਹਾਂ ਉਤੇ ਉਸਾਰੀ ਕਰਨ ਲਈ ਸਭ ਦੇ ਮਨ ਵਿਚ ਕਿੰਨੀ ਜਗਿਆਸਾ ਸੀ ਪਰ ਮੌਕਾ ਤਾਂ ਮਿਲੇ, ਮਿਲਣ ਗਿਲਣ ਦਾ।

ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। ‘ਸਟਰੀਟ’ ਦੇ ਦੋਹੀਂ ਪਾਸੀਂ ਉਪਰ ਚੁਬਾਰਿਆਂ ‘ਤੇ ਝਾਤੀ ਮਾਰੀਏ ਤਾਂ ਲੱਗਦਾ ਹੈ ਵੰਡ ਤੋਂ ਪਹਿਲਾਂ ਦੇ ਸੁਜਿੰਦ ਮਾਹੌਲ ਵਿਚ ਪਰਵੇਸ਼ ਕਰ ਗਏ ਹੋਈਏ। ਰਾਤ ਸਮੇਂ ਸੰਗਲ ਲਾ ਕੇ ਇਸ ਸਟਰੀਟ ਵਿਚ ਹਰ ਕਿਸਮ ਦੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਂਦੀ ਹੈ। ਸਟਰੀਟ ਦੇ ਦੋਹੀਂ ਪਾਸੀਂ ਇਮਾਰਤਾਂ ਦੇ ਹੇਠਲੇ ਭਾਗਾਂ ਵਿਚ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਹਨ। ਹਰੇਕ ਦੁਕਾਨ ਦੇ ਬਾਹਰ ਮੇਜ਼ ਕੁਰਸੀਆਂ ਲੱਗੇ ਹੋਏ। ਸਾਰੀ ਸਟਰੀਟ ਵਿਚ ਮੱਧਮ ਆਵਾਜ਼ ਵਿਚ ਮੋਹ ਲੈਣ ਵਾਲਾ ਸੰਗੀਤ ਸਰੋਤਿਆਂ ਦੇ ਦਿਲਾਂ ਦੀਆਂ ਤਰਬਾਂ ਛੇੜਦਾ। ਦੋਹੀਂ ਪਾਸੀਂ ਲੱਗੇ ਮੇਜ਼-ਕੁਰਸੀਆਂ ਉਤੇ ਲੋਕ ਪਰਿਵਾਰਾਂ ਤੇ ਦੋਸਤਾਂ-ਮਿੱਤਰਾਂ ਸੰਗ ਬੈਠੇ ਸੁਆਦਲੇ ਭੋਜਨ ਦਾ ਆਨੰਦ ਮਾਣ ਰਹੇ। ‘ਫੂਡ ਸਟਰੀਟ’ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਲੋਕਾਂ ਦੀ ਭੀੜ, ਸੱਚਮੁੱਚ ਹੀ ਮੋਢੇ ਨਾਲ ਮੋਢਾ ਖਹਿ ਰਿਹਾ।
ਰਾਇ ਸਾਹਿਬ ਦਾ ਸਮੁੱਚਾ ਪਰਿਵਾਰ ਤੇ ਅਸੀਂ ਸਭ ਇਕ ਵੱਡੇ ਟੋਲੇ ਦੇ ਰੂਪ ਵਿਚ ‘ਫੂਡ ਸਟਰੀਟ’ ਵਿਚ ਦਾਖ਼ਲ ਹੋਏ। ਮੌਸਮ ਖ਼ੁਸ਼ਗਵਾਰ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਮੈਂ ਆਪਣੀ ਟੋਲੀ ਤੋਂ ਜਾਣ-ਬੁੱਝ ਕੇ  ਪਿੱਛੇ ਪਿੱਛੇ ਤੁਰ ਰਿਹਾ ਸਾਂ। ਆਸੇ ਪਾਸੇ ਵੇਖਦਾ ਹੋਇਆ। ਲੋਕਾਂ ਨਾਲ ਨਜ਼ਰਾਂ ਮਿਲਾਉਂਦਾ ਹੋਇਆ। ਮੈਂ ਜਾਨਣਾ ਚਾਹੁੰਦਾ ਸਾਂ ਕਿ ਸਾਡੇ ਵੱਲ ਵੇਖ ਕੇ ਇਨ੍ਹਾਂ ਲੋਕਾਂ ਦੇ ਮਨਾਂ ਵਿਚ ਕਿਹੋ ਜਿਹੇ ਭਾਵ ਉਜਾਗਰ ਹੋ ਰਹੇ ਹੋਣਗੇ। ਕੋਲੋਂ ਦੀ ਲੰਘਣ ਵਾਲੇ ਲੋਕ ਸਾਡੇ ਵੱਲ ਦਿਲਚਸਪੀ ਨਾਲ ਵੇਖਦੇ। ਬਹੁਤਿਆਂ ਦੇ ਚਿਹਰਿਆਂ ਤੋਂ ਆਦਰ ਭਾਵ ਝਲਕ ਰਿਹਾ ਸੀ। ਕਈ ਲੰਘਦੇ ਲੰਘਦੇ ‘ਅਸਲਾਮਾ ਲੇਕਮ ਸਰਦਾਰ ਜੀ?’ ਵੀ ਆਖ ਜਾਂਦੇ। ਮੈਂ ਅਦਬ ਨਾਲ ਜੁਆਬ ਦਿੰਦਾ। ਕਈਆਂ ਦੀਆਂ ਨਜ਼ਰਾਂ ਵਿਚੋਂ ਸ਼ਰਾਰਤ ਵੀ ਝਲਕਦੀ। ਕਈ ਦੂਰ ਖਲੋਤੇ ਸਾਡੇ ਵੱਲ ਇਸ਼ਾਰੇ ਕਰਕੇ ਆਪਸ ਵਿਚ ਗੁਫ਼ਤਗੂ ਕਰਦੇ ਨਜ਼ਰ ਆਉਂਦੇ।
ਸਾਰੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਵਿਭਿੰਨ ਪਕਵਾਨ ਖਾਣ ਵਿਚ ਰੁੱਝੀਆਂ ਹੋਈਆਂ ਸਨ। ਬੈਠਣ ਲਈ ਕੋਈ ਖ਼ਾਲੀ ਥਾਂ ਨਜ਼ਰ ਨਹੀਂ ਸੀ ਆ ਰਹੀ। ਫੂਡ ਸਟਰੀਟ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਗੇੜਾ ਮਾਰ ਕੇ ਅਸੀਂ ਵਾਪਸ ਪਰਤੇ। ਇਕ ਪੰਝੀ, ਤੀਹ ਸਾਲ ਦੇ ਨੌਜਵਾਨ ਨੇ ਮੇਰੇ ਕੋਲ ਖਲੋ ਕੇ ਮੈਨੂੰ ‘ਸਲਾਮ’ ਆਖੀ। ਮੈਂ ਉਸ ਵੱਲ ਹੱਥ ਵਧਾਇਆ ਤਾਂ ਉਸ ਨੇ ਪੂਰੀ ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ। ਸਲੇਟੀ ਰੰਗ ਦੀ ਸਲਵਾਰ ਕਮੀਜ਼, ਚਿਹਰੇ ਉਤੇ ਛੋਟੀ ਛੋਟੀ ਦਾੜ੍ਹੀ, ਛੇ-ਫੁੱਟ ਦੇ ਲਗਪਗ ਕੱਦ। ਉਸ ਨੇ ਬੜੇ ਮੋਹ ਨਾਲ ਪੁੱਛਿਆ, ‘‘ਸਭ ਖ਼ੈਰ ਮਿਹਰ ਏ?’’
ਮੈਂ ਅਸਮਾਨ ਵੱਲ ਹੱਥ ਚੁੱਕੇ, ‘‘ਅੱਲ੍ਹਾ ਪਾਕਿ ਦੀ ਬੜੀ ਮਿਹਰਬਾਨੀ ਏ।’’
ਮੇਰੇ ਸਾਥੀਆਂ ਨੂੰ ਇਕ ਦੁਕਾਨ ਦੇ ਬਾਹਰ ਖ਼ਾਲੀ ਥਾਂ ਮਿਲ ਗਈ ਸੀ। ਅਸੀਂ ਆਪਣੀ ਆਪਣੀ ਥਾਂ ਮੱਲ ਕੇ ਬੈਠ ਗਏ। ਰਾਏ ਸਾਹਿਬ ਹਰੇਕ ਕੋਲੋਂ ਉਹਦੇ ਖਾਣੇ ਦੀ ਚੋਣ ਬਾਰੇ ਪੁੱਛ ਰਹੇ ਸਨ। ਸਭ ਕੁਝ ਮਿਲ ਰਿਹਾ ਸੀ। ਮੀਟ ਦੇ ਅਨੇਕਾਂ ਪਕਵਾਨ, ਪੂਰੀਆਂ, ਛੋਲੇ, ਜਲੇਬੀਆਂ, ਖੋਏ ਦੀ ਕੁਲਫੀ, ਆਈਸ ਕਰੀਮ, ਦਹੀਂ ਦੀ ਲੱਸੀ ਤੇ ਹੋਰ ਕਈ ਕੁਝ। ਲੰਘਦੇ ਜਾਂਦੇ ਲੋਕ ‘ਸਲਾਮ’ ਬੁਲਾ ਕੇ ਲੰਘ ਰਹੇ ਸਨ। ਮੇਰਾ ਦਿਲ ਕੀਤਾ ਮੈਂ ਇਕ ਵਾਰ ਇਕੱਲਾ ਹੀ ਫੂਡ ਸਟਰੀਟ ਦਾ ਗੇੜਾ ਲਾਵਾਂ। ਰਾਏ ਸਾਹਿਬ ਅਤੇ ਸਾਥੀਆਂ ਤੋਂ ਆਗਿਆ ਲੈ ਕੇ ਮੈਂ ਤੁਰ ਪਿਆ। ਹੁਣ ਇਕੱਲਾ ਵੇਖ ਕੇ ਹੋਰ ਵੀ ਜ਼ਿਆਦਾ ਲੋਕ ਬੁਲਾਉਣ ਅਤੇ ਹਾਲ-ਚਾਲ ਪੁੱਛਣ ਲੱਗੇ। ਨੌਜਵਾਨਾਂ ਦਾ ਇਕ ਟੋਲਾ ਸਾਹਮਣੇ ਖਲੋਤਾ ਮੁਸਕਰਾ ਰਿਹਾ ਸੀ।
‘‘ਸਰਦਾਰ ਜੀ, ਕੀ ਹਾਲ ਚਾਲ ਜੇ?’’  ਮੈਂ ਉਨ੍ਹਾਂ ਕੋਲ ਰੁਕ ਗਿਆ।
‘‘ਉਹਨੂੰ ਆਖਣਾ ਸੀ ਅਡਵਾਨੀ ਨੂੰ‥ ਹੁਣ ਕਿਉਂ ਪੂਛ ਚੱਡਿਆਂ ‘ਚ ਦੇ ਲਈ ਸੂ… ਅਖੇ ਅਸੀ ਕ੍ਰਿਕਟ ਨਹੀਂ ਖੇਡਣੀ। ਪਤਾ ਸੀ ਨਾ ਚੰਗੀ ਫਾਕੀ ਲੱਗਣੀ ਐਂ।’’
ਉਹਦੇ ਨਾਲ ਹੀ ਸਾਰੇ ਜਣੇ ਖਿੜ-ਖਿੜਾ ਕੇ ਹੱਸ ਪਏ। ਮੈਂ ਛਿੱਥਾ ਜਿਹਾ ਪੈ ਗਿਆ। ਆਪਣੇ ਆਪ ਨੂੰ ਸੰਭਾਲ ਕੇ ਕਿਹਾ, ‘‘ਬੇਟਾ ! ਮੈਂ ਅਡਵਾਨੀ ਦੇ ਨੁਮਾਇੰਦੇ ਵਜੋਂ ਨਹੀਂ ਇਥੇ ਆਇਆ। ਮੈਂ ਤਾਂ ਇਥੇ ਆਇਆਂ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ। ਪੰਜਾਬੀ ਰੂਹ ਦੇ ਦੀਦਾਰ ਕਰਨ। ਆਪਣੇ ਲਾਹੌਰੀਆਂ ਦੀ ਮਿੱਠੀ ਜ਼ੁਬਾਨ ਸੁਣਨ। ਤੁਹਾਡੇ ਜਿਹੇ ਪੰਜਾਬ ਦੇ ਛਿੰਦੇ ਪੁੱਤਾਂ ਨੂੰ ਮਿਲਣ।’’
ਉਨ੍ਹਾਂ ਦਾ ਰਵੱਈਆ ਇਕ-ਦਮ ਹੀ ਬਦਲ ਗਿਆ। ਉਨ੍ਹਾਂ ਦੇ ਚਿਹਰਿਆਂ ਵਿਚ ਅਪਣੱਤ ਘੁਲ ਗਈ।
‘‘ਸਰਦਾਰ ਜੀ? ਹੁਕਮ ਕਰੋ ਕੀ ਖਾਣਾ ਪੀਣਾ ਜੇ। ਜੇ ਸਾਨੂੰ ਪੁੱਤਰ ਆਖਿਆ ਜੇ ਤਾਂ ਫਿਰ ਸਾਡਾ ਆਖਾ ਮੋੜਿਆ ਜੇ ਨਾ!’’ ਇਕ ਹੋਰ ਨੌਜਵਾਨ ਨੇ ਹੁੱਬ ਕੇ ਆਖਿਆ।
‘‘ਪੁੱਤਰੋ! ਤੁਹਾਡਾ ਸਭ ਕੁਝ ਮੈਨੂੰ ਪੁੱਜ ਗਿਆ। ਬੱਸ ਮੇਰੇ ਇਸ ਬੇਟੇ ਦਾ ਰੰਜ ਦੂਰ ਹੋ ਜਾਵੇ।’’
ਮੈਂ ‘ਕ੍ਰਿਕਟ’ ਦੀ ਗੱਲ ਕਰਨ ਵਾਲੇ ਨੌਜਵਾਨ ਦੀ ਗੱਲ੍ਹ ਪੋਲੇ ਜਿਹੇ, ਲਾਡ ਨਾਲ ਥਪਥਪਾਈ। ਉਸ ਨੇ ਆਪਣੀ ਧੌਣ ਪਿੱਛੇ ਨੂੰ ਖਿਸਕਾਉਣ ਦੀ ਬੇਮਲੂਮੀ ਜਿਹੀ ਕੋਸ਼ਿਸ਼ ਕੀਤੀ। ਸ਼ਾਇਦ ਉਸ ਨੂੰ ਮੇਰੇ ਰੂਪ ਵਿਚ ਅਜੇ ਵੀ ਆਪਣੀ ਗੱਲ੍ਹ ‘ਤੇ ਅਡਵਾਨੀ ਦੀਆਂ ਉਂਗਲਾਂ ਛੂਹ ਰਹੀਆਂ ਮਹਿਸੂਸ ਹੋ ਰਹੀਆਂ ਸਨ।
ਮੈਂ ਉਨ੍ਹਾਂ ਕੋਲੋਂ ਤੁਰਿਆ ਤਾਂ ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਹਾ, ‘ਅੱਛਾ ਸਰਦਾਰ ਜੀ, ਖ਼ੁਦਾ  ਹਾਫ਼ਿਜ਼।’’ ਮੈਂ ਵੇਖਿਆ! ‘ਕ੍ਰਿਕਟ’ ਵਾਲਾ ਮੁੰਡਾ ਵੀ ਦੂਜਿਆਂ ਨਾਲ ਰਲ ਕੇ ਮੁਸਕਰਾ ਰਿਹਾ ਸੀ। ਉਹਦੀ ਮੁਸਕਰਾਹਟ ਵਿਚ ਕੋਈ ਮੈਲ ਨਹੀਂ ਸੀ।
ਅਗਲੇ ਸਿਰੇ ਤੋਂ ਹੋ ਕੇ ਮੈਂ ਆਪਣੇ ਸਾਥੀਆਂ ਵੱਲ ਪਰਤ ਰਿਹਾ ਸਾਂ ਕਿ ਸਲੇਟੀ ਸੂਟ, ਛੋਟੀ ਛੋਟੀ ਦਾੜ੍ਹੀ ਵਾਲਾ ਤੇ ਉੱਚੇ ਕੱਦ ਵਾਲਾ ਨੌਜਵਾਨ ਵਿਚ ਮੈਨੂੰ ਫੇਰ ਮਿਲ ਪਿਆ। ਸਾਡੀਆਂ ਅੱਖਾਂ ਮਿਲੀਆਂ। ਮੁਸਕਰਾਹਟ ਸਾਂਝੀ ਹੋਈ ਤੇ ਉਸ ਨੇ ਮੇਰਾ ਹੱਥ ਫੜ ਕੇ ਭਾਵ ਪੂਰਤ ਸ਼ਬਦਾਂ ਵਿਚ ਆਖਿਆ।
‘‘ਸਰਦਾਰ ਜੀ ! ਤੁਹਾਡਾ ਇਥੇ ਫੂਡ ਸਟਰੀਟ ਵਿਚ ਇੰਜ ਫਿਰਨਾ ਮੈਨੂੰ ਬਹੁਤ ਹੀ ਚੰਗਾ ਲੱਗਾ ਹੈ। ਮੇਰੀ ਇਹ ਹਸਰਤ ਹੈ ਕਿ ਤੁਹਾਡੀਆਂ ਪੱਗਾਂ ਇੰਜ ਹੀ ਲਾਹੌਰ ਦੇ ਬਾਜ਼ਾਰਾਂ ਵਿਚ ਫਿਰਦੀ ਭੀੜ ਵਿਚੋਂ ਮੈਨੂੰ ਹਮੇਸ਼ਾ ਨਜ਼ਰ ਆਉਂਦੀਆਂ ਰਹਿਣ। ਮੈਨੂੰ ਲੱਗਦੈ ਇਨ੍ਹਾਂ ਪੱਗਾਂ ਵਾਲਿਆਂ ਦੇ ਲਾਹੌਰ ਵਿਚ ਫਿਰਦਿਆਂ ਹੀ ਲਾਹੌਰ ਸੋਹਣਾ ਲੱਗ ਸਕਦੈ। ਪੰਜਾਬ ਮੁਕੰਮਲ ਲੱਗਦੈ। ਤੁਸੀਂ ਇਥੇ ਆਓ! ਜੰਮ ਜੰਮ ਆਓ।’’
ਉਸ ਨੇ ਭਾਵ-ਭਿੰਨੇ ਅੰਦਾਜ਼ ਵਿਚ ਮੇਰਾ ਹੱਥ ਆਪਣੇ ਦਿਲ ਨੂੰ ਛੁਹਾਇਆ। ਮੈਂ ਉਸ ਨੂੰ ਗਲਵੱਕੜੀ ਵਿਚ ਲੈ ਲਿਆ ਤੇ ਸ਼ੁਭ-ਇੱਛਾ ਪ੍ਰਗਟਾਈ।
‘‘ਖ਼ੁਦਾ ਕਰੇ ਇੰਜ ਹੀ ਹੋਵੇ।’’
ਕਿਸੇ ਸੂਫੀ ਸਾਈਂ ਦਰਵੇਸ਼ ਦੀ ਰੂਹ ਬੋਲਦੀ ਪਈ ਸੀ ਉਸ ਨੌਜਵਾਨ ਦੇ ਅੰਦਰ। ਉਸ ਦੀ ਭਰਵੀਂ ਤੇ ਪੀਚਵੀਂ ਗਲਵੱਕੜੀ ‘ਚੋਂ ਜੁਦਾ ਹੋਣ ਲੱਗਿਆਂ ਮੈਂ ਥੋੜ੍ਹਾ ਭਾਵੁਕ ਹੋ ਗਿਆ। ਪੂਰੀ ਫੂਡ ਸਟਰੀਟ ਵਿਚ ਆਬਿਦਾ ਪ੍ਰਵੀਨ ਦੀ ਪੁਰਤਰੰਨੁਮ ਆਵਾਜ਼ ਗੂੰਜ ਰਹੀ ਸੀ।
ਕਿਸੀ ਭੀ ਆਂਖ ਜੋ ਪੁਰ-ਨਮ ਨਹੀਂ ਹੈ।
ਨਾ ਸਮਝੋ ਯੇਹ ਕਿ ਉਸ ਕੋ ਗ਼ਮ ਨਹੀਂ ਹੈ।
ਮੇਰੇ ਸਾਥੀ ਆਪਸ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਵਿਚ ਰੁੱਝੇ ਹੋਏ ਸਨ। ਮੈਂ ਉਨ੍ਹਾਂ ਦੇ ਇਕ ਪਾਸੇ ਕੁਰਸੀ ਖਿੱਚ ਕੇ ਬੈਠ ਗਿਆ। ਮੂੰਹ ਮੇਰਾ ਅਜੇ ਵੀ ਸਟਰੀਟ ਵਿਚ ਤੁਰਦੀ ਭੀੜ ਵੱਲ ਸੀ।
‘‘ਆ ਗਿਐਂ ਲਾਹੌਰੀਆਂ ਨੂੰ ਮਿਲ ਕੇ?’’  ਸਰਵਣ ਸਿੰਘ ਨੇ ਪੁੱਛਿਆ।
‘‘ਸੰਧੂ ਸਾਹਿਬ ਲੋਕਾਂ ਨੂੰ ਆਬਜ਼ਰਵ ਕਰਦੇ ਪਏ ਨੇ…’’ ਰਾਇ ਸਾਹਿਬ ਨੇ ਮੁਸਕਰਾ ਕੇ ਆਖਿਆ।
‘‘ਕੋਈ ਕਹਾਣੀ ਲੱਭਦਾ ਫਿਰਦੈ ਹੋਣੈਂ…’’ ਕਿਸੇ ਹੋਰ ਨੇ ਆਖਿਆ।
ਮੈਂ ਖ਼ਾਮੋਸ਼ ਮੁਸਕਰਾਉਂਦਾ ਹੋਇਆ ਇਧਰ-ਉਧਰ ਗੁਜ਼ਰ ਰਹੀ ਭੀੜ ਵੱਲ ਵੇਖ ਰਿਹਾ ਸਾਂ। ਦੋ ਭਰ ਜਵਾਨ ਖ਼ੂਬਸੂਰਤ ਔਰਤਾਂ ਤੇ ਛੇ ਸੱਤ ਸਾਲ ਦੀ ਬੱਚੀ ਸਾਡੇ ਵੱਲ ਵਿੰਹਦੀਆਂ ਕੋਲੋਂ ਦੀ ਲੰਘ ਗਈਆਂ। ਉਨ੍ਹਾਂ ਨਾਲ ਇਕ ਨੌਜਵਾਨ ਵੀ ਸੀ। ਸ਼ਾਇਦ ਉਨ੍ਹਾਂ ਦਾ ਭਰਾ, ਜਿਸ ਨੇ ਇਕ ਅੱਠ ਨੌਂ ਮਹੀਨੇ ਦੀ ਬੱਚੀ ਨੂੰ ਕੁੱਛੜ ਚੁੱਕਿਆ ਹੋਇਆ ਸੀ। ਥੋੜ੍ਹਾ ਅੱਗੇ ਜਾ ਕੇ ਉਹ ਰੁਕੇ। ਆਪਸ ਵਿਚ ਕੋਈ ਗੱਲ-ਬਾਤ ਕੀਤੀ ਤੇ ਫਿਰ ਸਾਡੇ ਵੱਲ ਪਰਤ ਆਏ। ਸਾਹਮਣੇ ਮੈਂ ਹੀ ਸਾਂ ਇਸ ਲਈ ਦੋਹਾਂ ਵਿਚੋਂ ਉਮਰੋਂ ਵੱਡੀ ਜਾਪਦੀ ਔਰਤ ਨੇ ਮੈਨੂੰ ਆਖਿਆ, ‘‘ਪਲੀਜ਼! ਜੇ ਤੁਸੀਂ ਬੁਰਾ ਨਾ ਮਨਾਓ ਤਾਂ ਅਸੀਂ ਤੁਹਾਡੇ ਨਾਲ ਇਕ ਸਨੈਪ ਲੈਣਾ ਚਾਹੁੰਦੇ ਹਾਂ।…’’
‘‘ਕਿਉਂ ਨਹੀਂ… ਕਿਉਂ ਨਹੀਂ… ਸਾਡੇ ਧੰਨਭਾਗ…’’ ਮੈਂ ਤੇ ਸਰਵਣ ਸਿੰਘ ਉੱਠ ਕੇ ਖੜ੍ਹੇ ਹੋ ਗਏ। ਔਰਤ ਨੇ ਬੱਚੀ ਉਸ ਨੌਜਵਾਨ ਦੇ ਕੋਲੋਂ ਲੈ ਕੇ ਆਪਣੇ ਕੁੱਛੜ ਚੁੱਕ ਲਈ ਤੇ ਉਸ ਨੂੰ ਤਸਵੀਰ ਖਿੱਚਣ ਲਈ ਆਖਿਆ। ਦੋਵੇਂ ਬੀਬੀਆਂ, ਛੋਟੀ ਤੇ ਵੱਡੀ ਬੱਚੀ ਸਮੇਤ ਅਸੀਂ ਫੋਟੋ ਖਿਚਵਾਉਣ ਲਈ ਤਿਆਰ ਖੜ੍ਹੇ ਸਾਂ। ‘ਕਲਿਕ’ ਦੀ ਆਵਾਜ਼ ਨਾਲ ਫਲੈਸ਼ ਹੋਈ ਤੇ ਅਸੀਂ ਕੈਮਰੇ ਵਿਚ ਬੰਦ ਹੋ ਗਏ।
‘‘ਥੈਂਕ ਯੂ’’ ਕਹਿ ਕੇ ਉਹ ਬੀਬੀ ਤੁਰਨ ਦੀ ਤਿਆਰੀ ਵਿਚ ਸੀ ਕਿ ਮੈਂ ਉਸ ਕੋਲੋਂ ਛੋਟੀ ਬੱਚੀ ਨੂੰ ਆਪਣੇ ਕੋਲ ਲੈ ਕੇ ਲਾਡ ਕਰਨਾ ਚਾਹਿਆ। ਉਸ ਨੇ ਬੱਚੀ ਮੇਰੇ ਹੱਥਾਂ ਵੱਲ ਵਧਾਈ। ਓਪਰਾ ਤੇ ਪੱਗ-ਦਾੜ੍ਹੀ ਵਾਲਾ ਆਦਮੀ ਵੇਖ ਕੇ ਸ਼ਾਇਦ ਬੱਚੀ ਡਰ ਗਈ ਤੇ ਰੋਣ ਲੱਗੀ।
‘‘ਚੁੱਪ! ਚੁੱਪ ਤੇਰੇ ਅੰਕਲ ਨੇ…’’ ਮਾਂ ਨੇ ਧੀ ਨੂੰ ਵਰਾਉਣਾ ਚਾਹਿਆ। ਪਰ ਮੈਂ ਛੇਤੀ ਹੀ ਬੱਚੀ ਮਾਂ ਦੇ ਹੱਥਾਂ ਵਿਚ ਦੇ ਦਿੱਤੀ। ਉਹ ਅਜੇ ਵੀ ਬੁਸਕੀ ਜਾ ਰਹੀ ਸੀ। ਮੈਂ ਜੇਬ ਵਿਚੋਂ ਪੰਜਾਹ ਦਾ ਨੋਟ ਕੱਢਿਆ ਤੇ ਬੱਚੀ ਵੱਲ ਵਧਾਇਆ।
‘‘ਨਹੀਂ… ਨਹੀਂ… ਪਲੀਜ਼ ਰਹਿਣ ਦਿਓ…’’
ਮਾਂ ਦੇ ਦਿਲ ਵਿਚ ਆਦਰ ਭਰੀ ਨਾਂਹ ਸੀ।
ਬੱਚੀ ਨੇ ਪੰਜਾਹ ਦਾ ਨੋਟ ਆਪਣੀ ਨੰਨ੍ਹੀ ਮੁੱਠੀ ਵਿਚ ਘੁੱਟ ਲਿਆ ਤੇ ਰੋਣੋਂ ਇਕਦਮ ਚੁੱਪ ਕਰ ਗਈ।
‘‘ਵੇਖੋ! ਚਲਾਕੋ ਬੀਬੀ!! ਨੋਟ ਫੜਦਿਆਂ ਹੀ ਕਿਵੇਂ ਚੁੱਪ ਹੋ ਗਈ!’’ ਮੈਂ ਆਖਿਆ ਤਾਂ ਬੀਬੀਆਂ ਵੀ ਛਣਕਦਾ ਹਾਸਾ ਹੱਸੀਆਂ। ਉਨ੍ਹਾਂ ਦੇ ਨਾਲ ਖੜੋਤਾ ਨੌਜਵਾਨ ਇਹ ਦ੍ਰਿਸ਼ ਵੇਖ ਕੇ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ।
‘‘ਅਸੀਂ ਤੁਹਾਡੀ ਤਸਵੀਰ ਦੇ ਨਾਲ ਇਹ ਨੋਟ ਵੀ ਸਾਂਭ ਕੇ ਰੱਖਾਂਗੇ… ਜਦੋਂ ਵੱਡੀ ਹੋਵੇਗੀ ਤਾਂ ਇਸ ਨੂੰ ਦਿਖਾਵਾਂਗੇ…’’ ਉਸ ਖ਼ੂਬਸੂਰਤ ਔਰਤ ਨੇ ਬੜੇ ਅਦਬ ਨਾਲ ਕਿਹਾ ਤੇ ਸਾਰੇ ਜਣੇ ਇਕ ਵਾਰ ਫੇਰ ਸਾਡਾ ਧੰਨਵਾਦ ਕਰਕੇ ਤੁਰ ਪਏ।
ਵਿਚਕਾਰਲੇ ਅਤੇ ਉਪਰਲੇ ਤਬਕੇ ਦੀ ਔਰਤ ਦਾ ਪਰਦੇ ਤੋਂ ਬਾਹਰ ਆ ਕੇ ਸੰਤੁਲਤ ਢੰਗ ਨਾਲ ਵਿਚਰਨਾ ਵੀ ਮੈਨੂੰ ਚੰਗਾ ਲੱਗਾ।
ਸਾਡੇ ਮੇਜ਼ ਖਾਣ-ਪੀਣ ਦੀਆਂ ਵਸਤਾਂ ਨਾਲ ਭਰੇ ਹੋਏ ਸਨ। ਮੀਟ ਦੀਆਂ ਹੀ ਪਤਾ ਨਹੀਂ ਕਿੰਨੀਆਂ ਕੁ ਆਈਟਮਾਂ ਸਨ। ਅਸੀਂ ਰਾਇ ਸਾਹਿਬ ਨੂੰ ਮਨ੍ਹਾਂ ਕਰ ਰਹੇ ਸਾਂ ਪਰ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਦਾ ਪੁਰ-ਖ਼ਲੂਸ ਅੰਦਾਜ਼ ਵੀ ਦੇਖਣਯੋਗ ਸੀ।
‘‘ਟੇਸਟ ਤਾਂ ਕਰੋ ਨਾ ਸਾਰੀਆਂ ਚੀਜ਼ਾਂ। ਭਾਵੇਂ ਥੋੜ੍ਹਾ ਥੋੜ੍ਹਾ ਹੀ ਖਾਓ…’’
ਏਨੀਆਂ ਚੀਜ਼ਾਂ! ਬੰਦਾ ‘ਟੇਸਟ’ ਕਰਦਾ ਹੀ ਰੱਜ ਜਾਵੇ।
ਇਕ ਅੱਧਾ ਜਣਾ ਮੇਰੇ ਵਰਗਾ, ਮੀਟ ਨਾ ਖਾਣ ਵਾਲਾ ਵੇਖ ਕੇ ਰਾਇ ਸਾਹਿਬ ਨੇ ਸਾਡੀ ਮਰਜ਼ੀ ਨਾਲ ਦੇਸੀ ਘਿਓ ਦੀਆਂ ਪੂਰੀਆਂ-ਛੋਲੇ, ਦਹੀਂ, ਹਲਵਾ ਕਈ ਕੁਝ ਮੰਗਵਾ ਲਿਆ। ਪੀਣ ਲਈ ਪਾਣੀ ਦੀ ਥਾਂ ਠੰਢੇ ਦੀਆਂ ਬੋਤਲਾਂ।
ਖਾਣ ਨਾਲੋਂ ਬਹੁਤਾ ਸਾਮਾਨ ਮੇਜ਼ਾਂ ‘ਤੇ ਬਚਿਆ ਪਿਆ ਸੀ। ਕੋਈ ਕਿੰਨਾ ਕੁ ਖਾ ਸਕਦਾ ਹੈ। ਪਰ ਰਾਇ ਸਾਹਿਬ ਦੀ ਸੇਵਾ ਕਰਕੇ ਅਜੇ ਵੀ ਮਨ ਨਹੀਂ ਸੀ ਭਰਿਆ। ਉਹ ਕਿਸੇ ਹੋਰ ਦੁਕਾਨ ਤੋਂ ਜਲੇਬੀਆਂ ਖੁਆਉਣ ਦੀ ਗੱਲ ਕਰ ਰਹੇ ਸਨ ਪਰ ਸਾਡਾ ਸਭ ਦਾ ਤਾਂ ਨਾਨਕ ਸਿੰਘ ਦੀ ਕਹਾਣੀ ‘ਭੂਆ’ ਦੇ ਪਾਤਰ ਵਾਲਾ ਹਾਲ ਹੋਇਆ ਪਿਆ ਸੀ।
ਨੌਜਵਾਨਾਂ ਦਾ ਇਕ ਟੋਲਾ ਸਾਡੇ ਕੋਲ ਆ ਕੇ ਖਲੋ ਗਿਆ ਤੇ ਇਕ ਜਣਾ ਸਰਵਣ ਸਿੰਘ ਨੂੰ ਪੁੱਛਣ ਲੱਗਾ, ‘‘ਅੰਕਲ ਤੁਸੀਂ ਫਲੈਟੀਜ਼ ਹੋਟਲ ਵਾਲੀ ਕਾਨਫ਼ਰੰਸ ਵਿਚ ਆਏ ਓ…’’
ਸਾਡੇ ‘ਹਾਂ’ ਕਹਿਣ ਉਤੇ ਉਸ ਨੇ ਕਿਹਾ, ‘‘ਔਹ ਪੰਜ-ਚਾਰ ਦੁਕਾਨਾਂ ਛੱਡ ਕੇ ਸਾਡੀ ਕੁਲਫ਼ੀਆਂ ਦੀ ਦੁਕਾਨ ਹੈ। ਖਾਣੇ ਤੋਂ ਵਿਹਲੇ ਹੋ ਕੇ ਸਾਰੇ ਜਣੇ ਉਥੇ ਆਓ ਤੇ ਸਾਡੇ ਕੋਲੋਂ ਕੁਲਫ਼ੀਆਂ ਜ਼ਰੂਰ ਖਾਣੀਆਂ। ਸਾਡੇ ਵਲੋਂ ਏਨੀ ਖ਼ਿਦਮਤ ਹੀ ਕਬੂਲ ਕਰਿਓ…’’
ਉਹਦੀ ਪਿਆਰ-ਭਰੀ ਪੇਸ਼ਕਸ਼ ਸੁਣ ਕੇ ਅਸੀਂ ਮੁਸਕਰਾਏ। ਸਰਵਣ ਸਿੰਘ ਨੇ ਸਭ ਦੀ ਪ੍ਰਤੀਨਿਧਤਾ ਕਰਦਿਆਂ ਆਪਣੇ ਪੇਟ ‘ਤੇ ਹੱਥ ਫੇਰਦਿਆਂ ਕਿਹਾ, ‘‘ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤਾਂ ਪਾਣੀ ਦੀ ਘੁੱਟ ਵੀ ਅੰਦਰ ਲੰਘਾਉਣੀ ਮੁਸ਼ਕਲ ਹੈ…’’
ਸਰਵਣ ਸਿੰਘ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ, ‘‘ਅੰਕਲ! ਜੇ ਆਖੋ ਤਾਂ ਅਸੀਂ ਕੁਲਫੀਆਂ ਐਥੇ ਹੀ ਚੁੱਕ ਲਿਆਉਂਦੇ ਹਾਂ… ਪਰ ਖਾ ਕੇ ਜ਼ਰੂਰ ਜਾਇਓ…’’
ਸਭ ਨੇ ਇਕ-ਮਤ ਉਨ੍ਹਾਂ ਦਾ ਧੰਨਵਾਦ ਕਰਕੇ ਹੋਰ ਕੁਝ ਖਾ ਸਕਣ ਤੋਂ ਅਸਮਰੱਥਾ ਪ੍ਰਗਟਾਈ।
ਰਾਇ ਪਰਿਵਾਰ ਦੇ ਸਾਰੇ ਜੀ ਇਕ ਵੱਖਰੀ ਵੱਡੀ ਗੱਡੀ ਵਿਚ ਘਰ ਨੂੰ ਜਾਣ ਲਈ ਤਿਆਰ ਹੋਏ ਤਾਂ ਅਸੀਂ ਭੂਆ ਜੀ ਤੇ ਰਾਇ ਸਾਹਿਬ ਦੀ ਪਤਨੀ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਦੇ ਕੇ ਅਲਵਿਦਾ ਆਖੀ। ਰਾਇ ਸਾਹਿਬ ਨੇ ਸਾਨੂੰ ਆਪਣੀ ਕਾਰ ਵਿਚ ਬਿਠਾਇਆ।
ਰਾਤ ਦੇ ਬਾਰਾਂ ਵੱਜਣ ਵਾਲੇ ਸਨ ਜਦੋਂ ਉਨ੍ਹਾਂ ਨੇ ਮੈਨੂੰ ਤੇ ਸਰਵਣ ਸਿੰਘ ਨੂੰ ‘ਸ਼ਾਹਤਾਜ ਹੋਟਲ’ ਅੱਗੇ ਆਣ ਉਤਾਰਿਆ। ਉਨ੍ਹਾਂ ਦੇ ਵਤੀਰੇ ਨੇ ਸਾਨੂੰ ਉਮਰ ਭਰ ਲਈ ਆਪਣਾ ਬਣਾ ਲਿਆ ਸੀ।

14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ, ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸ਼ਿੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ ਗੁਰੂ ਘਰ ਨਾਲ ਸਾਂਝ-ਸਤਿਕਾਰ ਦੀ ਭਰਵੀਂ ਪ੍ਰਸੰਸਾ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਅਤੇ ਮੈਂ ਇਹ ਫਰਜ਼ ਕੁਝ ਸ਼ਬਦ ਬੋਲ ਕੇ ਵੀ ਅਦਾ ਕੀਤਾ ਸੀ। ਰਾਇ ਸਾਹਿਬ ਨੂੰ ਮੇਰੀ ਉਹ ਮਿਲਣੀ ਚੇਤੇ ਸੀ। ਸਰਵਣ ਸਿੰਘ ਨੇ ਉਨ੍ਹਾਂ ਨਾਲ ‘ਇਤਿਹਾਸਕ ਸਾਂਝ’ ਕੱਢ ਲਈ। ਉਸ ਨੇ ਸਾਨੂੰ ਦੱਸਿਆ।
‘‘ਰਾਇ ਸਾਹਿਬ ਦੇ ਵਡੇਰਿਆਂ ਦਾ ਪਿਛੋਕੜ ਮੇਰੇ ਪਿੰਡ ਨਾਲ ਮਿਲਦਾ ਏ। ਅਸੀਂ ਤਾਂ ਰਾਇ ਸਾਹਿਬ ਦੇ ਗਰਾਈਂ ਹਾਂ। ਰਾਇ ਸਾਹਿਬ ਜਾਣਦੇ ਹੀ ਨੇ ਕਿ ਰਾਏਕੋਟ ਦੇ ਰਾਏ ਪਰਿਵਾਰ ਦਾ ਸਬੰਧ ਰਾਜਸਥਾਨ ਦੇ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜੈਸਲਮੇਰ ਵਿਚ ਵੱਸਦੇ ਇਨ੍ਹਾਂ ਲੋਕਾਂ ਦਾ ਇਕ ਵਡੇਰਾ, ਜਿਸ ਦਾ ਨਾਂ ਮੋਕਲ ਸੀ, ਕਈ ਸੌ ਸਾਲ ਪਹਿਲਾਂ ਪਿੰਡ ‘ਚੱਕਰ’ ਵਿਚ ਆ ਵਸਿਆ ਸੀ।’’
ਸਰਵਣ ਸਿੰਘ ਦਾ ਪਿੰਡ ਵੀ ਚੱਕਰ ਹੈ। ਉਸ ਨੇ ਗੱਲ ਅੱਗੇ ਤੋਰੀ, ‘‘ਮੋਕਲ ਦੀ ਚੌਥੀ ਪੀੜ੍ਹੀ ‘ਚੋਂ ਤੁਲਸੀ ਰਾਮ ਨੇ ਇਸਲਾਮ ਕਬੂਲ ਕਰ ਲਿਆ ਤੇ ਉਹ ਤੁਲਸੀ ਰਾਮ ‘ਸ਼ੇਖ਼ ਚੱਕੂ’ ਬਣ ਗਿਆ। ਅਲਾਉਦੀਨ ਖਿਲਜੀ ਨਾਲ ਉਹਦੇ ਚੰਗੇ ਸਬੰਧਾਂ ਕਾਰਨ ਉਸ ਨੂੰ ਰੋਪੜ ਤੋਂ ਲੈ ਕੇ ਜ਼ੀਰੇ ਤਕ 1300 ਪਿੰਡ ਜਾਗੀਰ ਵਜੋਂ ਦਿੱਤੇ ਗਏ। ਇਸੇ ਖਾਨਦਾਨ ਵਿਚੋਂ ਰਾਏ ਅਹਿਮਦ ਹੋਇਆ ਜਿਸ ਨੇ 1648 ਈ. ਨੂੰ ਰਾਏਕੋਟ ਵਸਾਇਆ।’’
ਰਾਇ ਅਜ਼ੀਜ਼ ਉੱਲਾ ਰਾਏਕੋਟ ਦੇ ਉਸੇ ‘ਰਾਏ-ਖ਼ਾਨਦਾਨ’ ਦੇ ਚਸ਼ਮੋ-ਚਿਰਾਗ ਹਨ। ਸਰਵਣ ਸਿੰਘ ਦਾ ਉਸ ਨਾਲ ਭਾਈਚਾਰਾ ਬਣਦਾ ਹੀ ਸੀ। ਪਰ ਸਾਡਾ ਵੀ ਤਾਂ ਉਨ੍ਹਾਂ ਨਾਲ ਬਰਾਬਰ ਦਾ ਭਾਈਚਾਰਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਖ਼ਾਨਦਾਨ ਦੇ ਵਡੇਰੇ ਰਾਇ ਕੱਲ੍ਹਾ ਨੂੰ ਆਪਣੇ ਗਲ ਨਾਲ ਲਾ ਕੇ ਸਮੁੱਚੇ ਸਿੱਖ ਪੰਥ ਦੇ ਸੀਨੇ ਨਾਲ ਲਾ ਦਿੱਤਾ ਸੀ। ਰਾਇ ਖ਼ਾਨਦਾਨ ਜੈਸਲਮੇਰ, ਚਕਰ ਤੇ ਰਾਇਕੋਟ ਦਾ ਤਾਂ ਸੀ ਹੀ ਪਰ ਉਸ ਉਤੇ ਸਾਡਾ ਸਾਰਿਆਂ ਦਾ ਵੀ ਓਨਾ ਹੀ ਹੱਕ ਤੇ ਮਾਣ ਬਣਦਾ ਸੀ।
ਬੈਠੇ ਬੈਠੇ ਰਾਇ ਸਾਹਿਬ ਦੇ ਮਨ ਵਿਚ ਫੁਰਨਾ ਫੁਰਿਆ। ਕਹਿਣ ਲੱਗੇ, ‘‘ਸੰਧੂ ਸਾਅ੍ਹਬ! ਅੱਜ ਰਾਤ ਦਾ ਖਾਣਾ ਮੇਰੇ ਨਾਲ ਖਾਓ ਤੁਸੀਂ ਸਾਰੇ ਜਣੇ।’’
ਇਸ ਨੇਕ ਰੂਹ ਦਾ ਸੱਦਾ ਤਾਂ ਸਾਡੇ ਸਭ ਲਈ ਬੜੇ ਹੀ ਮਾਣ ਭਰੀ ਗੱਲ ਸੀ। ਸਾਰਿਆਂ ਨੇ ਤੁਰਤ ‘ਹਾਂ’ ਕਰ ਦਿੱਤੀ। ਸਭ ਉਨ੍ਹਾਂ ਦੇ ਅੰਗ-ਸੰਗ ਵਿਚਰ ਕੇ ਉਨ੍ਹਾਂ ਦੀ ਮੁਹੱਬਤ ਦਾ ਨਿੱਘ ਮਾਨਣ ਲਈ ਉਤਾਵਲੇ ਸਨ ਪਰ ਮੇਰੇ ਲਈ ਚਾਹੁੰਦਿਆਂ ਵੀ ਮੁਸ਼ਕਲ ਬਣ ਗਈ। ਮੈਨੂੰ ਕੁਝ ਚਿਰ ਪਹਿਲਾਂ ਹੀ ਡਾ. ਜਗਤਾਰ ਨੇ ਦੱਸਿਆ ਸੀ ਕਿ ਅਸੀਂ ਦੋਵੇਂ ਸ਼ਾਮ ਨੂੰ ਉਸ ਦੇ ਕਿਸੇ ਦੋਸਤ ਵੱਲ ਰਾਤ ਦੇ ਖਾਣੇ ਲਈ ਆਮੰਤ੍ਰਿਤ ਸਾਂ। ਮੈਂ ਰਾਇ ਸਾਹਿਬ ਨੂੰ ਦੱਸਿਆ, ‘‘ਸ਼ਾਇਦ ਮੈਨੂੰ ਤੇ ਜਗਤਾਰ ਹੁਰਾਂ ਨੂੰ ਅੱਜ ਕਿਧਰੇ ਹੋਰ ਜਾਣਾ ਪਵੇ। ਮੈਂ ਜਗਤਾਰ ਨੂੰ ਪੁਛਦਾਂ ਕਿ ਓਧਰ ਕਿਸੇ ਹੋਰ ਦਿਨ ਚਲੇ ਜਾਵਾਂਗੇ।’’
ਅਸਲ ਵਿਚ ਮੈਂ ਰਾਇ ਸਾਹਿਬ ਦੇ ਸੰਗ-ਸਾਥ ਨੂੰ ਪਹਿਲ ਦੇਣਾ ਚਾਹੁੰਦਾ ਸਾਂ। ਰਾਇ ਸਾਹਿਬ ਨੇ ਕਿਹਾ, ‘‘ਕੋਈ ਗੱਲ ਨਹੀਂ। ਮੈਂ ਜਗਤਾਰ ਜੀ ਨੂੰ ਆਪ ਜਾ ਕੇ ਗੁਜ਼ਾਰਸ਼ ਕਰਨਾਂ।’’
ਉਹ ਉਠ ਕੇ ਡਾ. ਜਗਤਾਰ ਕੋਲ ਗਏ ਤੇ ਆ ਕੇ ਦੱਸਿਆ ਕਿ ਜਗਤਾਰ ਹੁਰਾਂ ਮੁਤਾਬਕ ਤੁਹਾਡਾ ਤਾਂ ਅੱਜ ਦਾ ਪ੍ਰੋਗਰਾਮ ਨਿਸ਼ਚਿਤ ਹੈ। ਉਨ੍ਹਾਂ ਆਪਣੇ ਘਰ ਜਾਣ ਲਈ ਕੋਈ ਅਗਲਾ ਦਿਨ, ਸਾਡੀ ਮਰਜ਼ੀ ਅਨੁਸਾਰ ਤੈਅ ਕਰਨ ਦੀ ਸਾਨੂੰ ਛੋਟ ਦੇ ਦਿੱਤੀ।
ਸਿਰਫ ਅਗਲੀ ਸ਼ਾਮ ਉਹ ਕਿਸੇ ਵਿਆਹ ਦੇ ਸਿਲਸਿਲੇ ਵਿਚ ਵਿਹਲੇ ਨਹੀਂ ਸਨ। ਮੇਰੇੇ ਸਾਥੀ ਵੀ ਚੁੱਪ ਕਰ ਗਏ। ਮੇਰੀ ਆਪਣੀ ਤਾਂਘ ਵੀ ਸੀ ਤੇ ਮੈਂ ਉਨ੍ਹਾਂ ਨੂੰ ਨਿਰਾਸ਼ ਵੀ ਨਹੀਂ ਸਾਂ ਕਰਨਾ ਚਾਹੁੰਦਾ। ਮੈਂ ਰਸਤਾ ਲੱਭ ਲਿਆ। ਜਗਤਾਰ ਨੂੰ ਕਿਹਾ ਕਿ ਉਹ ਮਿੱਤਰ ਵਲੋਂ ਹੋ ਆਵੇ ਤੇ ਮੈਂ ਰਾਇ ਸਾਹਿਬ ਹੁਰਾਂ ਵਲੋਂ ਹੋ ਆਉਂਦਾ ਹਾਂ। ਉਹ ਮੰਨ ਗਿਆ।
ਸਮਾਗਮ ਉਪਰੰਤ ਰਾਇ ਸਾਹਿਬ ਨੇ ਆਪਣੀ ਵੱਡੀ ਕਾਰ ਵਿਚ ਸਾਨੂੰ ਬਿਠਾਇਆ ਤੇ ਮਾਡਲ ਟਾਊਨ ਵਿਚ ਬਣੀ ਆਪਣੀ ਵਿਸ਼ਾਲ ਕੋਠੀ ਵਿਚ ਜਾ ਉਤਾਰਿਆ।
ਰਾਇ ਅਜ਼ੀਜ਼-ਉੱਲਾ ਸਾਹਮਣੇ ਬੈਠਣਾ ਇਕ ਇਤਿਹਾਸ ਅੱਗੇ ਬੈਠਣਾ ਸੀ। ਪੰਜਾਬ ਦੀ ਸਾਂਝੀ ਵਿਰਾਸਤ ਤੇ ਤਹਿਜ਼ੀਬ ਦੇ ਅੰਗ-ਸੰਗ ਵਿਚਰਨਾ ਸੀ। ਉਨ੍ਹਾਂ ਦੇ ਖੁੱਲ੍ਹੇ ਖ਼ੂਬਸੂਰਤ ਡਰਾਇੰਗ ਰੂਮ ਵਿਚ ਬੈਠੇ ਅਸੀਂ ਇਤਿਹਾਸ ਦੇ ਨਾਲ ਨਾਲ ਤੁਰ ਰਹੇ ਸਾਂ।
ਚਮਕੌਰ ਵਿਚ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ‘ਮਿੱਤਰ ਪਿਆਰੇ’ ਅੱਗੇ ‘ਮੁਰੀਦਾਂ ਦਾ ਹਾਲ’ ਬਿਆਨ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ‘ਚੋਂ ਗਨੀ ਖਾਂ ਤੇ ਨਬੀ ਖਾਂ ਦੇ ਮੋਢਿਆਂ ‘ਤੇ ‘ਉੱਚ ਦਾ ਪੀਰ’ ਬਣ ਕੇ ਮੁਗ਼ਲ ਫੌਜ਼ਾਂ ਤੋਂ ਨਜ਼ਰ ਬਚਾ ਕੇ ਨਿਕਲ ਗਏ। ਆਪਣੇ ਕੁਝ ਸੰਗੀਆਂ ਸਾਥੀਆਂ ਨਾਲ ਤੁਰਦੇ-ਤੁਰਦੇ ਉਹ ਰਾਏਕੋਟ ਪੱੁਜੇ। ਰਾਇ ਕੱਲ੍ਹਾ ਨੂੰ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਤੁਰਤ ਪੂਰੀ ਸ਼ਰਧਾ ਨਾਲ ਗੁਰੂ ਜੀ ਦੇ ਹਜ਼ੂਰ ਪੁੱਜਾ ਤੇ ਹਰੇਕ ਕਿਸਮ ਦੀ ਖ਼ਿਦਮਤ ਕਰਨ ਲਈ ਅਰਜ਼ ਗੁਜ਼ਾਰੀ। ਗੁਰੂ ਜੀ ਨੇ ਕਿਹਾ ਕਿ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖ਼ਬਰ ਲਿਆਂਦੀ ਜਾਵੇ। ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸ ਪਾਤਰ ਨੂਰੇ ਮਾਹੀ ਨੂੰ ਤੁਰੰਤ ਸਰਹੰਦ ਵੱਲ ਭੇਜਿਆ। ਨੂਰੇ ਮਾਹੀ ਨੇ ਆ ਕੇ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਦੇ ਚਲਾਣੇ ਦੀ ਦੁੱਖਦਾਈ ਕਥਾ ਸੁਣਾਈ ਤਾਂ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਦੱਭ ਦੀ ਜੜ੍ਹ ਪੁੱਟ ਕੇ ਕਿਹਾ ‘‘ਮੁਗ਼ਲਾਂ ਦੇ ਜ਼ਾਲਮ ਰਾਜ ਦੀ ਜੜ੍ਹ ਪੁੱਟੀ ਗਈ।’’
ਇਥੇ ਹੀ ਸਤਿਗੁਰਾਂ ਨੇ ਸਾਰੇ ਪੰਥ ਨੂੰ ਆਪਣਾ ਪੁੱਤਰ ਆਖਿਆ।
ਮੁਗ਼ਲ ਫੌਜਾਂ ਗੁਰੂ ਜੀ ਦੀ ਪੈੜ ਸੁੰਘਦੀਆਂ ਫਿਰ ਰਹੀਆਂ ਸਨ। ਅਜਿਹੇ ਸਮੇਂ ਗੁਰੂ ਦੀ ਮਦਦ ਕਰਨਾ ਆਪਣੀ ਤੇ ਆਪਣੇ ਪੂਰੇ ਖ਼ਾਨਦਾਨ ਦੀ ਤਬਾਹੀ ਨੂੰ ਸੱਦਾ ਦੇਣਾ ਸੀ। ਇਹ ਸਭ ਕੁਝ ਜਾਣਦਿਆਂ, ਸਮਝਦਿਆਂ ਹੋਇਆਂ ਵੀ ਰਾਇ ਕੱਲ੍ਹਾ ਗੁਰੂ ਜੀ ਦੇ ਹਜ਼ੂਰ ਨਤਮਸਤਕ ਸੀ। ਦਿਲ ਖੋਲ੍ਹ ਕੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਸੀ।
ਹੈਰਾਨੀ ਹੁੰਦੀ ਹੈ ਜਦੋਂ ਸਾਡੇ ਕੁਝ ਬੁਲਾਰੇ ਗੁਰੂ ਜੀ ਦੀ ਲੜਾਈ ਨੂੰ ਮੁਸਲਮਾਨਾਂ ਨਾਲ ਲੜਾਈ ਤੱਕ ਸੀਮਤ ਕਰਨ ਦੀ ਬਹੁਤ ਵੱਡੀ ਇਤਿਹਾਸਕ ਭੁੱਲ ਕਰਦੇ ਹਨ। ਇਹ ਤਾਂ ਮੁਸਲਮਾਨ ਹੀ ਸਨ ਜਿਨ੍ਹਾਂ ਨੇ ਅਤਿ ਦੇ ਸੰਕਟ ਸਮੇਂ ਗੁਰੂ ਜੀ ਦਾ ਸਾਥ ਦਿੱਤਾ ਸੀ। ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਵਲੋਂ ਆਪਣੇ ਪੁੱਤਰਾਂ ਦੀ ਕੁਰਬਾਨੀ ਤੋਂ ਲੈ ਕੇ ਮਾਛੀਵਾੜੇ ਤੋਂ ਗੁਰੂ ਜੀ ਨੂੰ ਸੁਰੱਖਿਅਤ ਜਗ੍ਹਾ ਪੁਚਾਉਣ ਵਾਲੇ ਗਨੀ ਖ਼ਾਂ ਨਬੀ ਖ਼ਾਂ ਦੀ ਕਹਾਣੀ ਗੁਰੂ ਜੀ ਦੀ ਇਸ ਭਾਈਚਾਰੇ ਨਾਲ ਅਟੁੱਟ ਸਾਂਝ ਦੀ ਹੀ ਤਾਂ ਪ੍ਰਤੀਕ ਹੈ। ਇਸੇ ਵਾਸਤੇ ਰਾਇ ਕੱਲ੍ਹਾ ਆਪਣੇ ਸਿਰ ‘ਤੇ ਡਿੱਗਣ ਵਾਲੇ ਹਰੇਕ ਪਹਾੜ ਦਾ ਭਾਰ ਸਹਿਣ ਲਈ ਤਿਆਰ ਸੀ। ਉਹ ਜਾਣਦਾ ਸੀ ਕਿ ਗੁਰੂ ਜੀ ਦੀ ਲੜਾਈ ਜ਼ਾਲਮ ਤੇ ਮਜ਼ਲੂਮ ਦੀ ਸੀ ਕਿਸੇ ਹਿੰਦੂ ਜਾਂ ਮੁਸਲਮਾਨ ਦੀ ਨਹੀਂ। ਗੁਰੂ ਜੀ ਮਜ਼ਲੂਮਾਂ ਦੀ ਧਿਰ ਸਨ ਤੇ ਜ਼ੁਲਮ ਦੇ ਖ਼ਿਲਾਫ਼।
ਇਸ ਸਬੰਧ ਵਿਚ ਹੀ ਰਾਇ ਸਾਹਿਬ ਨੇ ‘ਕਲਗੀਧਰ ਚਮਤਕਾਰ’ ਦਾ ਇਕ ਹਵਾਲਾ ਸਾਡੇ ਨਾਲ ਸਾਂਝਾ ਕੀਤਾ। ਗੁਰੂ ਜੀ ਵਲੋਂ ‘ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ’ ਸੁਣ ਕੇ ‘ਰਾਇ ਕੰਬਿਆ, ਡਰਿਆ, ਮੈਂ ਵੀ ਹੁਣ ਮੁਸਲਮਾਨਾਂ ਵਿਚ ਸ਼ੁਮਾਰ ਹਾਂ, ਕੀ ਮੇਰਾ ਰਾਜ ਵੀ ਗਿਆ?’ ਇਹ ਸੋਚ ਕੇ ਬੋਲਿਆ, ‘‘ਪਾਤਸ਼ਾਹ! ਮੈਨੂੰ ਰੱਖ ਲਿਆ ਜੇ?’’
ਗੁਰੂ ਜੀ ਨੇ ਕਿਹਾ, ‘‘ਦੇਖ ਕੱਲ੍ਹਾ! ਤੂੰ ਸਾਨੂੰ ਪਿਆਰ ਕੀਤਾ ਹੈ, ਤੈਨੂੰ ਰੱਖ ਲਿਆ ਹੈ।’’
ਰਾਇ ਸਾਹਿਬ ਨੇ ਦੱਸਿਆ ਛੋਟੀ ਉਮਰ ਵਿਚ ਹੀ ਮੇਰੇ ਮਾਂ-ਬਾਪ ਗੁਜ਼ਰ ਗਏ ਸਨ ਅਤੇ ਘਰ ਵਿਚ ਮੇਰੀ ਬਿਰਧ ਦਾਦੀ ਮਾਂ ਹੀ ਇਕੱਲੀ ਰਹਿ ਗਈ। ਦਸਮ ਪਾਤਸ਼ਾਹ ਜੀ ਦੀ ਅਦੁੱਤੀ ਦਾਤ ‘ਗੰਗਾ ਸਾਗਰ’ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਆਪਣੇ ਪਰਿਵਾਰਕ ਇਤਿਹਾਸ ਅਤੇ ਰਾਜਪੂਤੀ ਰਸਮ ਰਿਵਾਜ ਬਾਰੇ ਮੈਨੂੰ ਦੱਸਦੇ ਹੋਏ ਮੇਰੇ ਦਾਦੀ ਜੀ ਆਖਦੇ ਹੁੰਦੇ ਸਨ ਕਿ ਮੁਗ਼ਲ ਬਾਦਸ਼ਾਹ ਅਕਬਰ ਨੇ ਉਸ ਵੇਲੇ ਦੇ ਰਾਏਕੋਟ ਰਿਆਸਤ ਦੇ ਮਾਲਕ ਨੂੰ ਇਸ ਲਈ ਮਰਵਾ ਦਿੱਤਾ ਸੀ ਕਿ ਉਸ ਨੇ ਬਾਦਸ਼ਾਹ ਨੂੰ ਆਪਣੀ ਲੜਕੀ ਦਾ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।’’
ਰਾਇ ਅਜ਼ੀਜ਼ ਉੱਲਾ ਨੇ ਗੱਲ ਅੱਗੇ ਤੋਰਦਿਆਂ ਦੱਸਿਆ, ‘‘ਰਾਏ ਕੱਲ੍ਹਾ ਜੀ ਸੱਚੇ ਤੇ ਸੁੱਚੇ ਮੁਸਲਮਾਨ ਸਨ। ਮੁਗ਼ਲਾਂ ਦੇ ਟਾਕਰੇ ਵਿਚ ਦਸਮ ਪਾਤਸ਼ਾਹ ਦਾ ਸਾਥ ਦੇਣ ਦਾ ਫ਼ੈਸਲਾ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਰਾਏ ਕੱਲ੍ਹਾ ਜੀ ਨੇ ਜਾਣ ਲਿਆ ਸੀ ਕਿ ਇਸ ਵੇਲੇ ਸੱਚਾ ਕੌਣ ਹੈ, ਜ਼ਾਲਮ ਕੌਣ ਹੈ ਤੇ ਮਜ਼ਲੂਮ ਕੌਣ ਹੈ। ਰਾਏਕੋਟ ਰਿਆਸਤ ਕੀ, ਪੂਰੇ ਰਾਏ ਪਰਿਵਾਰ ਦੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਪੂਰੇ ਸਤਿਕਾਰ ਨਾਲ ਦਸਮ ਪਾਤਸ਼ਾਹ ਦੀ ਸੇਵਾ ਕਰਨ ਦਾ ਰਾਏ ਕੱਲ੍ਹਾ ਜੀ ਨੇ ਜੋ ਫੈਸਲਾ ਕੀਤਾ ਸੀ, ਉਸ ਉਤੇ ਰਾਇ ਪਰਿਵਾਰ ਦੀਆਂ ਪੀੜ੍ਹੀਆਂ ਵੀ ਹਮੇਸ਼ਾ ਮਾਣ ਕਰਦੀਆਂ ਰਹਿਣਗੀਆਂ।’’
ਗੁਰੂ ਜੀ ਬਾਰੇ ਰਾਇ ਅਜ਼ੀਜ਼ ਉੱਲਾ ਦੀ ਇਹ ਅਕੀਦਤ ਵੇਖ ਕੇ ਸਾਡੇ ਮਨ ਉਸ ਲਈ ਸਨੇਹ ਅਤੇ ਆਦਰ ਨਾਲ ਭਰ ਗਏ।
ਰਾਏ ਖ਼ਾਨਦਾਨ ਕੋਲੋਂ ਇਨ੍ਹਾਂ ਇਹਿਹਾਸਕ ਵਸਤੂਆਂ ਨੂੰ ਬੜੇ ਬੜੇ ਲਾਲਚ ਦੇ ਕੇ ਵੱਡੇ ਵੱਡੇ ਲੋਕਾਂ ਨੇ ਪ੍ਰਾਪਤ ਕਰਨਾ ਚਾਹਿਆ ਪਰ ਗੁਰੂ ਜੀ ਦੀਆਂ ਇਹ ਨਿਸ਼ਾਨੀਆਂ ਇਸ ਖ਼ਾਨਦਾਨ ਨੇ ਆਪਣੇ ਕਲੇਜੇ ਨਾਲ ਲਾਈ ਰੱਖੀਆਂ। ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਪਟਿਆਲਾ ਨੂੰ ਵੀ ਉਨ੍ਹਾਂ ਨੇ ਇਹ ਇਤਿਹਾਸਕ ਨਿਸ਼ਾਨੀਆਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਰਾਇ ਸਾਹਿਬ ਦੀ ਸ਼ਰਧਾ ਅਤੇ ਮਾਣ ਬੋਲ ਰਿਹਾ ਸੀ, ‘‘ਮੈਨੂੰ ਬਜ਼ੁਰਗਾਂ ਦੇ ਇਨ੍ਹਾਂ ਵਿਚਾਰਾਂ ‘ਤੇ ਬਹੁਤ ਮਾਣ ਹੈ। ਇਸੇ ਕਰਕੇ ਹੀ ਪਰਿਵਾਰ ਨੂੰ ਕਾਫ਼ੀ ਨੁਕਸਾਨ ਵੀ ਉਠਾਉਣਾ ਪਿਆ। ਰਾਏਕੋਟ ਦੀ 1300 ਪਿੰਡਾਂ ਵਾਲੀ ਰਿਆਸਤ ਵੀ ਖੁੱਸ ਗਈ। ਸਿਰਫ਼ ਰਾਏ ਪਰਿਵਾਰ ਕੋਲ ਪੰਜ ਪਿੰਡ ਹੀ ਰਹਿਣ ਦਿੱਤੇ ਗਏ। ਬਾਅਦ ਵਿਚ ਵੀ ਅਨੇਕਾਂ ਵਾਰ ਗੁਰੂ ਸਾਹਿਬ ਦੀਆਂ ਬਖ਼ਸ਼ੀਆਂ ਨਿਸ਼ਾਨੀਆਂ ਲਈ ਪਰਿਵਾਰ ਦੇ ਮੋਹਰੀਆਂ ਨੂੰ ਭਾਰੀ ਰਕਮਾਂ ਦੀ ਪੇਸ਼ਕਸ਼ ਹੁੰਦੀ ਰਹੀ, ਜਿਸ ਨੂੰ ਕਬੂਲਣ ਤੋਂ ਉਹ ਇਨਕਾਰ ਕਰਦੇ ਰਹੇ।’’
ਰਾਇ ਸਾਹਿਬ ਨੇ ਅੱਗੇ ਦੱਸਿਆ, ‘‘ਮੇਰੇ ਪਰਿਵਾਰਕ ਰਿਕਾਰਡ ਅਨੁਸਾਰ 1854 ਵਿਚ ਅੰਗਰੇਜ਼ ਹਾਕਮ ਆਪਣੀ ਸਰਕਾਰ ਦੇ ਜ਼ੋਰ ਨਾਲ ਸਾਡੇ ਵਡੇਰੇ ਰਾਏ ਇਮਾਮ ਬਖ਼ਸ਼ ਤੋਂ ਗੁਰੂ ਜੀ ਦੀ ਬਖ਼ਸ਼ੀ ਤਲਵਾਰ ਲੈਣ ਵਿਚ ਸਫਲ ਹੋ ਗਏ ਪਰ ਰਾਏ ਪਰਿਵਾਰ ਗੁਰੂ ਸਾਹਿਬ ਦੇ ਬਖ਼ਸ਼ੇ ‘ਗੰਗਾ ਸਾਗਰ’ ਨੂੰ ਉਸ ਦੌਰ ਵਿਚ ਵੀ ਆਪਣੇ ਕੋਲ ਸੁਰੱਖਿਅਤ ਰੱਖਣ ਵਿਚ ਕਾਮਯਾਬ ਰਿਹਾ ਸੀ ਜੋ ਕਿ ਹੁਣ ਤਕ ਇਸੇ ਪਰਿਵਾਰ ਵਿਚ ਹੀ ਹੈ।’’
‘‘1947 ਤਕ ਗੁਰੂ ਸਾਹਿਬ ਦੀ ਇਹ ਪਵਿੱਤਰ ਨਿਸ਼ਾਨੀ ਮੇਰੇ ਦਾਦਾ ਜੀ ਦੇ ਕੋਲ ਰਾਏਕੋਟ ਵਿਚ ਸੁਰੱਖਿਅਤ ਸੀ। ਉਹ ਸਾਲ ਵਿਚ ਇਕ ਵਾਰ ਸ਼ਰਧਾ ਤੇ ਪ੍ਰੇਮ ਨਾਲ ਆਈਆਂ ਸੰਗਤਾਂ ਨੂੰ ‘ਗੰਗਾ ਸਾਗਰ’ ਦੇ ਦਰਸ਼ਨ ਕਰਾਉਂਦੇ ਹੁੰਦੇ ਸਨ।’’
ਅਸੀਂ ਪੋਥੀ ਰੱਖਣ ਵਾਲੀ ਰੀਹਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੱਕੜ ਦੀ ਹੋਣ ਕਰਕੇ ਘੁਣ ਵਗੈਰਾ ਲੱਗਣ ਕਰਕੇ ਇਹ ਬਾਕਾਇਦਾ ਸਾਂਭੀ ਨਹੀਂ ਜਾ ਸਕੀ।
ਇਹ ਕਿਹਾ ਜਾਂਦਾ ਹੈ ਕਿ ਗੰਗਾ-ਸਾਗਰ ਇਕ ਅਜਿਹਾ ਬਰਤਨ ਹੈ ਜਿਸ ਵਿਚ ਛੇਕ ਸਨ, ਪਰ ਉਸ ਵਿਚ ਪਾਇਆ ਪਾਣੀ ਡੁਲ੍ਹਦਾ ਨਹੀਂ। ਨਿਸਚੈ ਹੀ ਇਹ ਕਿਸੇ ਵਿਗਿਆਨਕ ਵਿਧੀ ਨਾਲ ਬਣਾਇਆ ਬਰਤਨ ਹੋਵੇਗਾ। ਰਾਇ ਸਾਹਿਬ ਨੇ ਇਸ ਬਾਰੇ ਦੱਸਿਆ, ‘‘ਇਹ ਠੀਕ ਹੈ ਕਿ ਬਰਤਨ ਵਿਚ ਰੇਤਾ ਪਾਓ ਤਾਂ ਕਿਰ ਜਾਂਦਾ ਹੈ ਪਰ ਪਾਣੀ ਆਦਿ ਤਰਲ ਚੀਜ਼ ਪਾਓ ਤਾਂ ਉਹ ਇਸ ਵਿਚ ਟਿਕੀ ਰਹਿੰਦੀ ਹੈ। ਭਰਨ ਵੇਲੇ ਕੁਝ ਕਤਰੇ ਡਿਗਦੇ ਹਨ। ਇਸ ਦੀ ਮੁਨਾਸਬ ਸੁਰੱਖਿਆ ਰੱਖਣ ਦੇ ਖਿਆਲ ਨਾਲ ਮੈਂ ‘ਗੰਗਾ-ਸਾਗਰ’ ਨੂੰ ਇੰਗਲੈਂਡ ਵਿਚ ਬੈਂਕ ਦੇ ਲਾਕਰ ਵਿਚ ਬੜੇ ਹੀ ਸਤਿਕਾਰ ਨਾਲ ਰਖਵਾਇਆ ਹੋਇਆ ਹੈ ਅਤੇ ਇਸ ਨੂੰ ਸਿਰਫ਼ ਉਸ ਵੇਲੇ ਹੀ ਬਾਹਰ ਲਿਆਇਆ ਜਾਂਦਾ ਹੈ ਜਦ ਕਦੇ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਾਉਣੇ ਹੋਣ। ਮੈਂ ਹੁਣ ਤਕ ਬਰਤਾਨੀਆ, ਅਮਰੀਕਾ, ਸਿੰਘਾਪੁਰ, ਮਲੇਸ਼ੀਆ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾ ਕੇ ਆਪਣੇ ਪਰਿਵਾਰ ਦੀ ਇਸ ਪੁਰਾਣੀ ਰੀਤ  ਚਲਾ ਰਿਹਾ ਹਾਂ।’’
‘‘ਗੰਗਾ ਸਾਗਰ ਬੜੇ ਹੀ ਪਿਆਰ ਤੇ ਕਮਾਲ ਮੁਹਾਰਤ ਨਾਲ ਬਣਾਇਆ ਹੋਇਆ ਇਕ ਧਾਤੀ ਬਰਤਨ ਹੈ ਪਰ ਮੇਰੇ ਲਈ ਇਸ ਦੀ ਸਭ ਤੋਂ ਵੱਡੀ ਮਹੱਤਤਾ ਇਹੀ ਹੈ ਕਿ ਇਸ ਨੂੰ ਦਸਮ ਪਾਤਸ਼ਾਹ ਦੀ ਪਾਵਨ ਛੂਹ ਪ੍ਰਾਪਤ ਹੁੰਦੀ ਰਹੀ ਹੈ। ਇਸ ਦੀ ਥਾਂ ਜੇ ਗੁਰੂ ਸਾਹਿਬ ਇਕ ਮਿੱਟੀ ਦਾ ਪਿਆਲਾ ਵੀ ਬਖ਼ਸ਼ ਦਿੰਦੇ ਤਾਂ ਉਸ ਦਾ ਵੀ ਮੇਰੇ ਦਿਲ ਵਿਚ ਏਨਾ ਹੀ ਮਾਣ ਅਤੇ ਸਤਿਕਾਰ ਹੁੰਦਾ। ਮੇਰੀ ਇਹ ਇੱਛਾ ਹੈ ਕਿ ਜਿਵੇਂ ਕੁਦਰਤ ਨੇ ਮੇਰੇ ਬਜ਼ੁਰਗਾਂ ਵਾਂਗ ਮੈਨੂੰ ਵੀ ਗੁਰੂ ਮਹਾਰਾਜ ਦੀ ਇਸ ਅਦੁੱਤੀ ਦਾਤ ਦੀ ਸੇਵਾ ਸੰਭਾਲ ਕਰਨ ਦਾ ਮਾਣ ਬਖਸ਼ਿਆ ਹੈ, ਉਵੇਂ ਹੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਸੁਭਾਗ ਪ੍ਰਾਪਤ ਕਰਦੀਆਂ ਰਹਿਣ।’’
ਇਸ ਬਹੁਮੁੱਲੀ ਜਾਣਕਾਰੀ ਦੇ ਨਾਲ ਨਾਲ ਹੀ ਰਾਇ ਅਜ਼ੀਜ਼ ਉੱਲਾ ਦੇ ਪਵਿੱਤਰ ਮਨ ਦੇ ਦੀਦਾਰ ਹੁੰਦੇ ਗਏ।
ਰਾਇ ਸਾਹਿਬ ਦਾ ਸਾਰਾ ਪਰਿਵਾਰ ਹੀ ਸਾਡੇ ਕੋਲ ਬੈਠਾ ਹੋਇਆ ਸੀ। ਉਨ੍ਹਾਂ ਦੀ ਸਤਿਕਾਰਯੋਗ ਭੂਆ ਮੁਸ਼ੱਰਫ ਬੇਗਮ, ਰਾਇ ਸਾਹਿਬ ਦੀ ਪਤਨੀ ਤਬੱਸਮ ਅਜ਼ੀਜ਼, ਬੇਟਾ ਰਾਇ ਮੁਹੰਮਦ ਅਲੀ ਖ਼ਾਨ ਤੇ ਚਾਰੇ ਬੇਟੀਆਂ ਆਮਿਨਾ, ਰਾਬਿਆ, ਫਾਤਮਾ ਤੇ ਮਾਹਮ। ਅਸੀਂ ਆਪਣੇ ਪਰਿਵਾਰ ਵਿਚ ਬੈਠੇ ਹੋਏ ਸਾਂ। ਬਹੁਤ ਹੀ ਆਦਰਯੋਗ ਬਜ਼ੁਰਗ ਭੂਆ ਜੀ ਨੂੰ ਜਦੋਂ ਉਨ੍ਹਾਂ ਦੀ ਰਾਇਕੋਟ ਵਿਚਲੀ ਹਵੇਲੀ ਬਾਰੇ ਪੁੱਛਿਆ ਕਿ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਹੈ ਤਾਂ ਉਨ੍ਹਾਂ ਨੇ ਕਿਹਾ, ‘‘ਯਾਦ ਤਦ ਹੁੰਦਾ ਹੈ ਜੇ ਕੁਝ ਭੁੱਲਾ ਹੋਵੇ। ਉਹ ਸਭ ਕੁਝ ਮੈਨੂੰ ਭੁੱਲਾ ਹੀ ਕਦੋਂ ਹੈ।’’
ਚਾਹ-ਠੰਢਾ ਤੇ ਨਾਲ ਕਈ ਤਰ੍ਹਾਂ ਦੇ ਫਲ-ਮੇਵੇ। ਕਈ ਤਰ੍ਹਾਂ ਦੇ ਪਕੌੜੇ ਤੇ ਪਕਵਾਨ। ਸਰੀਰ ਦਾ ਰੱਜ ਵੀ ਹੋ ਰਿਹਾ ਸੀ ਤੇ ਰੂਹ ਦਾ ਰੱਜ ਵੀ।
‘‘ਖਾਣਾ ਆਪਾਂ ਤੁਹਾਨੂੰ ਗਵਾਲ ਮੰਡੀ ਦੀ ਫੂਡ ਸਟਰੀਟ ‘ਤੇ ਖਵਾਉਂਦੇ ਹਾਂ। ਉਹ ਸਾਡੀ ਲਾਹੌਰ ਦੀ ਵੇਖਣ ਵਾਲੀ ਖਾਸ ਜਗ੍ਹਾ ਹੈ।’’
ਅਸੀਂ ਗਵਾਲ ਮੰਡੀ ਦੀ ਫੂਡ ਸਟਰੀਟ ਬਾਰੇ ਸੁਣ ਚੁੱਕੇ ਸਾਂ ਅਤੇ ਵੇਖਣਾ ਵੀ ਚਾਹੁੰਦੇ ਸਾਂ। ਉਥੇ ਖਾਣਾ ਖਾਣ ਜਾਣ ਨਾਲ ‘ਇਕ ਪੰਥ ਦੋ ਕਾਜ’ ਵਾਲੀ ਗੱਲ ਸੀ। ਇਕ ਰਾਇ ਸਾਹਿਬ ਦੇ ਪਰਿਵਾਰ ਦਾ ਮੁਤਬੱਰਕ ਸਾਥ ਤੇ ਦੂਜਾ ਗਵਾਲ ਮੰਡੀ ਦੀ ਸੈਰ।

ਸੁਰਮਈ ਸ਼ਾਮ ਉੱਤਰ ਰਹੀ ਸੀ। ਫਲੈਟੀਜ਼ ਹੋਟਲ ਦੇ ਬਾਹਰ ਦੋਸਤ-ਮਿੱਤਰ ਇਕ ਦੂਜੇ ਨੂੰ ਮਿਲ ਰਹੇ ਸਨ। ਸਾਂਝਾਂ ਬਣ ਰਹੀਆਂ ਸਨ। ਮੈਂ, ਸਤਿਨਾਮ ਮਾਣਕ ਤੇ ਰਘਬੀਰ ਸਿੰਘ ਤੇ ਉਸ ਦੀ ਪਤਨੀ ਖੜੋਤੇ ਸਾਂ। ਇਕ ਪਾਕਿਸਤਾਨੀ ਲੇਖਕ ਤੇ ਉਸ ਦੇ ਨਾਲ ਖੜੋਤੀ ਬੀਬੀ ਸਾਡੇ ਵੱਲ ਅਹੁਲੇ। ਦੁਆ ਸਲਾਮ ਹੋਈ। ਉਨ੍ਹਾਂ ਨੇ ਹੁਣੇ ਸਾਨੂੰ ਹਾਲ ਵਿਚ ਬੋਲਦਿਆਂ ਸੁਣਿਆ ਸੀ। ਲੇਖਕ ਜ਼ਾਹਿਦ ਹਸਨ ਨੇ ਬੀਬੀ ਦਾ ਤੁਆਰਫ ਕਰਾਇਆ, ‘‘ਇਹਦਾ ਨਾਂ ਜ਼ੋਇਆ ਹੈ। ਇਹ ਵੀ ਬਹੁਤ ਵਧੀਆ ਕਹਾਣੀਆਂ ਲਿਖਦੀ ਹੈ।’’
ਜ਼ੋਇਆ ਨੇ ਦੋਵੇਂ ਹੱਥ ਨਾਹ ਵਿਚ ਹਿਲਾਏ, ‘‘ਓ ਛੱਡੋ ਜੀ! ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ।’’
ਸਾਦਾ ਕੱਪੜੇ, ਸਲਵਾਰ-ਕਮੀਜ਼ ਬਹੁਤ ਹੀ ਸ਼ਾਂਤ ਅਤੇ ਸਾਊ ਦਿੱਖ। ਬੋਲਾਂ ਵਿਚ ਡੂੰਘੀ ਅਪਣੱਤ। ਜਿਵੇਂ ਅਸੀਂ ਰੋਜ਼ ਹੀ ਇਕ ਦੂਜੇ ਨੂੰ ਮਿਲਣ-ਗਿਲਣ ਵਾਲੇ ਹੋਈਏ।
‘‘ਤੁਸੀ ਲਾਹੌਰ ਆਏ ਓ।‥ਲਾਹੌਰ ਵੇਖਣ ਨੂੰ ਤੁਹਾਡਾ ਜੀ ਨਹੀਂ ਕਰਦਾ!’’ ਜ਼ੋਇਆ ਨੇ ਪੁੱਛਿਆ ਤਾਂ ਸਾਡਾ ਸਾਂਝਾ ਜੁਆਬ ਸੀ, ‘‘ਅਜੇ ਰਾਤੀਂ ਤਾਂ ਆਏ ਹਾਂ ਤੇ ਅੱਜ ਸਾਰਾ ਦਿਨ ਕਾਨਫ਼ਰੰਸ ਵਿਚ ਲੰਘ ਗਿਐ। ਹੁਣ ਰਾਤ ਹੋ ਚੱਲੀ ਹੈ ਤੇ ਹੋਰ ਘੜੀ ਨੂੰ ਹਾਲ ਅੰਦਰ ਮੁਸ਼ਾਇਰਾ ਸ਼ੁਰੂ ਹੋ ਜਾਣਾ ਏਂ… ਉੱਜ ਲਾਹੌਰ ਕਿਉਂ  ਨਹੀਂ ਵੇਖਣਾ, ਲਾਹੌਰ ਵੇਖਣ ਹੀ ਤਾਂ ਆਏ ਹਾਂ।’’
ਫਿਰ ਉਹੋ ਅਪਣੱਤ ਭਰੇ ਬੋਲ ਸਨ, ‘ਹੁਣ ਐਥੇ ਖੜੋਤੇ ਕੀ ਕਰਦੇ ਓ। ਜੇ ਕੋਈ ਨਜ਼ਮ ਨਹੀਂ ਪੜ੍ਹਨੀ ਤੇ ਮੁਸ਼ਾਇਰੇ ਉਤੇ ਵਕਤ ਸਿਰ ਪਹੁੰਚਣ ਦੀ ਮਜਬੂਰੀ ਨਹੀਂ ਤਾਂ ਆਓ! ਤੁਹਾਨੂੰ ਲਾਰੰਸ ਗਾਰਡਨ ਦਿਖਾਈਏ। ਲਾਹੌਰ ਦੀ ਮਾਲ ‘ਤੇ ਫਿਰਾਈਏ…’’
ਏਨਾ ਪਾਕੀਜ਼ਾ ਸੱਦਾ ਸੀ ਕਿ ਠੁਕਰਾਉਣ ਨੂੰ ਜੀ ਨਹੀਂ ਸੀ ਕਰਦਾ। ਮਾਣਕ ਤਾਂ ਆਪਣੀ ਅਖ਼ਬਾਰ ਦੇ ਟਰਸੱਟੀ ਪ੍ਰੇਮ ਸਿੰਘ ਐਡਵੋਕੇਟ ਨਾਲ ਬੱਝਾ ਹੋਇਆ ਸੀ ਤੇ ਉਸ ਨੂੰ ਉਡੀਕ ਰਿਹਾ ਸੀ। ਮੈਨੂੰ ਤੇ ਰਘਬੀਰ ਸਿੰਘ ਹੁਰਾਂ ਨੂੰ ਇਹ ਅਪਣੱਤ ਭਰਿਆ ਸੱਦਾ ਸਵੀਕਾਰ ਕਰਨ ਵਿਚ ਕੋਈ ਝਿੱਜਕ ਨਹੀਂ ਸੀ।
ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਫਲੈਟੀਜ਼ ਹੋਟਲ ਦਾ ਬਾਹਰਲਾ ਗੇਟ ਲੰਘ ਕੇ ਸੱਜੇ ਹੱਥ ਸੜਕ ‘ਤੇ ਤੁਰਨ ਲੱਗੇ। ਸੜਕੋਂ ਪਾਰ ਇਕ ਬਹੁ-ਮੰਜ਼ਲੀ ਇਮਾਰਤ ਵੱਲ ਇਸ਼ਾਰਾ ਕਰ ਕੇ ਜ਼ੋਇਆ ਨੇ ਕਿਹਾ, ‘‘ਔਹ ਮੇਰਾ ਦਫਤਰ ਹੈ। ਪੀ.ਆਈ.ਏ. ਦਾ। ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦਾ। ਮੈਂ ਏਥੇ ਕੰਮ ਕਰਦੀ ਆਂ। ਛੁੱਟੀ ਹੋਣ ਤੋਂ ਪਿੱਛੋਂ ਕਾਨਫ਼ਰੰਸ ‘ਤੇ ਆਈ ਸਾਂ।’’
ਫਿਰ ਉਸ ਨੇ ਸੱਜੇ ਹੱਥ ਕਿਸੇ ਬਿਲਡਿੰਗ ਵੱਲ ਇਸ਼ਾਰਾ ਕੀਤਾ, ‘‘ਏਥੇ ਕਦੇ ਇੰਡੀਅਨ ਰੇਲਵੇਜ਼ ਦਾ ਦਫਤਰ ਸੀ ‘ਤੁਹਾਡਾ’। ਫਿਰ ਕੋਈ ਜੰਗ ਲੱਗੀ। ਸਾਨੂੰ ‘ਗੁੱਸਾ’ ਆਇਆ ਤਾਂ ਅਸੀਂ ਤੁਹਾਨੂੰ ‘ਸਾੜ’ ਦਿੱਤਾ। ਬਾਅਦ ਵਿਚ ਅਸੀਂ ਸੋਚ ਵਿਚਾਰ ਕੇ ਤੁਹਾਨੂੰ ‘ਸੇਫ’ ਥਾਂ ‘ਤੇ ਪੁਚਾ ਦਿੱਤੈ। ਔਧਰ ਸ਼ਹਿਰ ਤੋਂ ਬਾਹਰਵਾਰ‥’’ ਉਹ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦੀ ਹੋਈ ਆਪਣੇ ਵਿਸ਼ੇਸ਼ ਅੰਦਾਜ਼ ਵਿਚ ‘ਇੰਡੀਅਨ ਰੇਲਵੇਜ਼’ ਦਾ ਦਫਤਰ ‘ਸੁਰੱਖਿਅਤ ਜਗ੍ਹਾ’ ‘ਤੇ ਬਣਾਏ ਜਾਣ ਦੀ ਸੂਚਨਾ ਦੇ ਰਹੀ ਸੀ।
ਸੌ ਕੁ ਗਜ਼ ਜਾ ਕੇ ਅੱਗੇ ਇਕ ਚੌਕ ਸੀ। ਗੋਲ-ਆਕਾਰ, ਵੱਡਾ ਅਤੇ ਖੁੱਲ੍ਹਾ।
‘‘ਔਹ ਚੌਕ ਵਿਚ ਪਹਿਲਾਂ ਮਲਿਕਾ ਦਾ ਬੁੱਤ ਹੁੰਦਾ ਸੀ। ਅਸੀਂ ਉਹ ਚੁਕਵਾ ਦਿੱਤਾ ਤੇ ਇਥੇ ਕੁਰਾਨ ਟਿਕਾ ਦਿੱਤਾ…’’
ਗੋਲ ਗੰੁਬਦੀ ਛੱਤ ਹੇਠਾਂ ਕੁਰਆਨ-ਸ਼ਰੀਫ ਦਾ ‘ਮਾਡਲ’ ਸੀ। ਖੁੱਲ੍ਹੀ ਹੋਈ ਪਾਕ-ਕੁਰਆਨ। ਜਿਵੇਂ ਹੁਣੇ-ਹੁਣੇ ਮਸਤਕ ਨਾਲ ਲਾ ਕੇ ਪੜ੍ਹਨ ਲਈ ਕਿਸੇ ਨੇ ਖੋਲ੍ਹੀ ਹੋਵੇ। ਸਵੇਰੇ ਡਾ. ਜਗਤਾਰ ਦੇ ਦੋਸਤ ਨਜ਼ੀਰ ਕੌਸਰ ਨੇ ਇਸ ਨੂੰ ‘ਕੁਰਾਨ ਦਾ ਬੁੱਤ’ ਆਖਿਆ ਸੀ। ਉਹਦੇ ਬੋਲਾਂ ਵਿਚ ਇਸਲਾਮ ਵਿਚ ‘ਬੁੱਤ ਪਰਸਤੀ’ ਦੀ ਮਨਾਹੀ ਉਤੇ ਵਿਅੰਗ ਛੁਪਿਆ ਹੋਇਆ ਸੀ। ਜ਼ੋਇਆ ਦੇ ਲਫ਼ਜ਼ਾਂ ਵਿਚ ਵੀ ਇਹੋ ਜਿਹੀ ਹੀ ਤਨਜ਼ ਸੀ।
ਲੋਕ ਸਾਨੂੰ ਸੜਕੇ-ਸੜਕ ਤੁਰੇ ਜਾਂਦਿਆਂ ਦਿਲਚਸਪੀ ਨਾਲ ਵੇਖ ਰਹੇ ਸਨ।
‘‘ਸਰਦਾਰ ਜੀ। ਸਾਸਰੀ ਅਕਾਲ’’ ਕਹਿੰਦੇ ਹੋਏ ਤੁਰੇ ਜਾਂਦੇ ਪਿੱਛਾ ਭੌਂ-ਭੌਂ ਕੇ ਵੇਖਦੇ, ਮੁਸਕਰਾਉਂਦੇ ਤੇ ਕਈ ਚਾਹ-ਪਾਣੀ ਦੀ ਸੁਲ੍ਹਾ ਵੀ ਮਾਰ ਰਹੇ ਸਨ।
‘‘ਐਹ ਪੰਜਾਬ ਅਸੈਂਬਲੀ ਹੈ’’ ਜ਼ਾਹਿਦ ਹਸਨ ਨੇ ਚੌਕ ਦੇ ਪਿੱਛੇ ਖਲੋਤੀ ਵਿਸ਼ਾਲ ਇਮਾਰਤ ਵੱਲ ਇਸ਼ਾਰਾ ਕੀਤਾ। ‘‘ਜਿਥੇ ਭਗਤ ਸਿੰਘ ਨੇ ਬੰਬ ਸੁਟਿਆ ਸੀ…’’
‘‘ਨਹੀਂ ਬੰਬ ਏਥੇ ਨਹੀਂ,  ਦਿੱਲੀ ਦੇ ਅਸੈਂਬਲੀ ਹਾਲ ਵਿਚ ਸੁੱਟਿਆ ਸੀ…ਤੁਹਾਨੂੰ ਮੁਗ਼ਾਲਤਾ ਲੱਗਾ ਹੈ।’’ ਅਸੀਂ ਉਸ ਨੂੰ ਦਰੁਸਤ ਕੀਤਾ ਪਰ ਮੇਰੇ ਮਨ ਨੂੰ ਇਹ ਖ਼ਿਆਲ ਥਰ-ਥਰਾ ਗਿਆ। ਭਗਤ ਸਿੰਘ ਜ਼ਰੂਰ ਕਦੀ ਇਨ੍ਹਾਂ ਸੜਕਾਂ ‘ਤੇ ਗੁਜ਼ਰਿਆ ਹੋਵੇਗਾ…ਜਿਥੇ ਅਸੀਂ ਇਸ ਸਮੇਂ ਤੁਰ ਰਹੇ ਸਾਂ।
ਉਨ੍ਹਾਂ ਨੇ ਸਾਨੂੰ ਖੱਬੇ ਹੱਥ ਵੱਡੇ ਹਾਲਾਂ ਵਾਲਾ ਅਲਹਮਰਾ ਸਟੂਡੀਓ ਦਿਖਾਇਆ। ਏਥੇ ਵੱਡੇ ਸੈਮੀਨਾਰ, ਨਾਟਕ ਤੇ ਸਭਿਆਚਾਰਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ।
‘‘ਤੁਸੀਂ ਨਜ਼ਮ ਹੁਸੈਨ ਸੱਯਦ ਹੁਰਾਂ ਨੂੰ ਨਹੀਂ ਮਿਲਣਾ! ਉਹ ਐਦਾਂ ਦੇ ਫੰਕਸ਼ਨਾਂ ਲਈ ਘੱਟ-ਵੱਧ ਹੀ ਬਾਹਰ ਨਿਕਲਦੇ ਨੇ। ਮਿਲਣ ਵਾਲੇ ਉਨ੍ਹਾਂ ਦੇ ਕੋਲ ਹੀ ਜਾਂਦੇ ਨੇ…ਉਨ੍ਹਾਂ ਦੇ ਘਰ। ਉਥੇ ਉਹ ਆਪਣੀਆਂ ਗੱਲਾਂ ਸੁਣਾਉਂਦੇ ਨੇ। ਬੜੇ ਡੂੰਘੇ ਸਕਾਲਰ ਨੇ… ਜੇ ਮਿਲਣਾ ਹੋਇਆ ਤਾਂ ਮਿਲਾ ਦਿਆਂਗੀ। ਬੜੀ ਕਦਰ ਹੈ ਉਨ੍ਹਾਂ ਦੀ ਮੇਰੇ ਮਨ ਵਿਚ। ਮੈਨੂੰ ਵੀ ਉਨ੍ਹਾਂ ਨੇ ਹੀ ਕਹਾਣੀਆਂ ਲਿਖਣ ਲਾਇਆ ਹੈ… ਲਿਖਣ ਵਿਚ ਉਹ ਜ਼ੁਬਾਨ ਦਾ ਬਹੁਤ ਖਿਆਲ ਰੱਖਦੇ ਨੇ…’’
ਜ਼ੋਇਆ ਦੇ ਮਨ ਵਿਚ ਨਜ਼ਮ ਹੁਸੈਨ ਬਾਰੇ ਡੂੰਘੀ ਕਦਰਦਾਨੀ ਦੇ ਅਹਿਸਾਸ ਸਨ।
‘‘ਜ਼ੁਬਾਨ ਨੂੰ ਉਹ ਜਾਣ-ਬੂਝ ਕੇ ਕੁਝ ਜ਼ਿਆਦਾ ਲਹਿੰਦੀ ਦੀ ਸਥਾਨਕ ਰੰਗਣ ਦਿੰਦੇ ਹਨ। ਡੂੰਘੀ ਗੱਲ ਦੀ ਸਾਦਾ ਬਿਆਨੀ ਉਨ੍ਹਾਂ ਦੀ ਕਾਇਲ ਕਰਨ ਵਾਲੀ ਲੱਗਦੀ ਹੈ ਪਰ ਸਥਾਨਕ ਸ਼ਬਦਾਂ ਦੀ ਬਹੁਲਤਾ ਕੁਝ ਕੁਝ ਸ਼ਬਦਾਂ ਨੂੰ ਸਮਝਣ ਵਿਚ ਔਖ ਪੈਦਾ ਕਰਦੀ ਹੈ…’’ ਮੇਰੀ ਇਸ ਟਿੱਪਣੀ ਦੇ ਜੁਆਬ ਵਿਚ ਉਸ ਨੇ ਆਖਿਆ… ‘‘ਹਾਂ ਹਾਂ… ਜ਼ੁਬਾਨ ਵੱਲ ਉਹ ਬਹੁਤ ਧਿਆਨ ਦਿੰਦੇ ਹਨ…।’’
‘‘ਤੁਹਾਡੀਆਂ ਕਹਾਣੀਆਂ ਕਿਹੋ ਜਿਹੀਆਂ ਹਨ?’’ ਮੈਂ ਪੁੱਛਿਆ ਤਾਂ ਹੱਸਣ ਲੱਗੀ, ‘‘ਜਿਵੇਂ ਮੈਂ ਸਾਦਾ ਜ਼ੁਬਾਨ ‘ਚ ਗੱਲਾਂ ਕਰਦੀ ਆਂ‥ਇੰਜ ਨਹੀਂ ਮੇਰੀਆਂ ਕਹਾਣੀਆਂ…। ਮੇਰੀਆਂ ਕਹਾਣੀਆਂ ਦੀ ਜ਼ੁਬਾਨ ਵੀ ਔਖੀ ਐ…’’
ਜ਼ੋਇਆ ਨਜ਼ਮ ਹੁਸੈਨ ਸੱਯਦ ਦੀ ਸੱਚੀ ਸ਼ਾਗਿਰਦ ਸੀ ਤੇ ਕੁਝ-ਕੁਝ ਭਾਵੁਕ ਸੀ।
‘‘ਚਲੋ ਲਾਰੰਸ ਗਾਰਡਨ ਵਿਚ ਮੈਂ ਤੁਹਾਨੂੰ ਉਹ ਬੋਹੜ ਦਾ ਦਰਖ਼ਤ ਵਿਖਾਉਂਦੀ ਆਂ ਜਿਸ ਹੇਠਾਂ ਬੈਠ ਕੇ ਨਜ਼ਮ ਹੁਰੀਂ ਕਿੰਨਾਂ-ਕਿੰਨਾਂ ਚਿਰ ਆਪਣੇ ਅੰਦਰ ਉੱਤਰ ਕੇ ਆਪਣੇ ਨਾਲ ਗੱਲਾਂ ਕਰਦੇ ਹਨ‥’’
ਫਿਰ ਉਸ ਨੇ ਦੱਸਿਆ, ‘‘ਐਹ ਇਸੇ ਪਾਸੇ ਹੀ ਨਾਲ ਲਗਵਾਂ ਲਾਹੌਰ ਦਾ ਮਸ਼ਹੂਰ ਚਿੜੀਆ ਘਰ ਹੈ।’’
ਮੈਨੂੰ ਚਿੜੀਆ ਘਰ ਨਾਲ ਜੁੜਿਆ ਲਤੀਫਾ ਯਾਦ ਆਇਆ। ਇਕ ਵਾਰ ਕੋਈ ਜੱਟ ਲਾਹੌਰ ਗਿਆ ਤਾਂ ਉਹ ‘ਚਿੜੀਆ ਘਰ’ ਵੀ ਵੇਖਣ ਚਲਾ ਗਿਆ। ਉਥੇ ਉਹਨੇ ਜ਼ੈਬਰੇ ਵੇਖੇ। ਅਜੀਬ ਤਰ੍ਹਾਂ ਦਾ ਜਾਨਵਰ, ਪਿੰਡੇ ‘ਤੇ ਕਾਲੀਆਂ ਚਿੱਟੀਆਂ ਧਾਰੀਆਂ। ਉਸ ਨੇ ਪਹਿਲਾਂ ਤਾਂ ਕਦੀ ਇਹ ਜਾਨਵਰ ਵੇਖਿਆ ਨਹੀਂ ਸੀ ਪਰ ਫਿਰ ਵੀ ਇਹ ਉਸ ਨੂੰ ਜਾਣਿਆਂ ਪਛਾਣਿਆਂ ਜਿਹਾ ਕਿਉਂ ਲੱਗ ਰਿਹਾ ਸੀ। ਪਿੰਡ ਨੂੰ ਜਾਂਦਿਆਂ-ਜਾਂਦਿਆਂ ਉਹਨੇ ਖੁਸ਼ ਹੋ ਕੇ ਚੁਟਕੀ ਮਾਰੀ। ਉਸ ਨੂੰ ਜਾਨਵਰ ਦੀ ਪਛਾਣ ਆ ਗਈ ਸੀ।
ਪਿੰਡ ਵਾਲਿਆਂ ਜਦੋਂ ਪੁੱਛਿਆ, ‘‘ਸੁਣਾ ਮਹਿੰਦਰ ਸਿਆਂ! ਲਾਹੌਰ ਗਿਐ ਸੈਂ‥ਉਥੇ ਕੀ ਕੀ ਵੇਖਿਆ?’’
ਮਹਿੰਦਰ ਸਿੰਘ ਨੇ ਰਹੱਸ ਉਦਘਾਟਨ ਕੀਤਾ, ‘‘ਲੈ ਬਈ ਮੈਂ ਚਲਾ ਗਿਆ ਲਾਹੌਰ ਦਾ ਚਿੜੀਆ ਘਰ ਵੇਖਣ। ਯਾਰ ਏਹ ਅੰਗਰੇਜ਼ ਵੀ ਬੜੀ ਔਂਤਰੀ ਕੌਮ ਆਂ। ਇਹ ਖੋਤਿਆਂ ਨੂੰ ਵੀ ਸਵੈਟਰ ਪਾ ਕੇ ਰੱਖਦੀ ਐ…’’
ਜ਼ੈਬਰੇ ਦੀਆਂ ਧਾਰੀਆਂ, ਉਸ ਲਈ ਖੋਤੇ ਦੇ ਗਲ ਪਿਆ ਸਵੈਟਰ ਸਨ।
ਸਾਰੇ ਦਿਲ ਖੋਲ੍ਹ ਕੇ ਹੱਸੇ। ਅਸੀਂ ਲਾਰੰਸ ਬਾਗ਼ ਦਾ ਗੇਟ ਲੰਘ ਰਹੇ ਸਾਂ ਕਿ ਗੇਟ ਲਾਗੇ ਘਾਹ ‘ਤੇ ਬੈਠੇ ਬੰਦਿਆਂ ਵਿਚੋਂ ਇਕ ਜਣਾ ਉਠ ਕੇ ਮੇਰੇ ਕੋਲ ਆਇਆ। ਮੇਰੇ ਨਾਲ ਹੱਥ ਮਿਲਾਇਆ। ਚਾਹ-ਪਾਣੀ ਦੀ ਸੁਲਾਹ ਮਾਰੀ। ਮੇਰੇ ਧੰਨਵਾਦ ਕਰਨ ‘ਤੇ ਉਹ ਹੱਥ ਹਿਲਾਉਂਦਾ ਆਪਣੇ ਸਾਥੀਆਂ ਵਿਚ ਜਾ ਬੈਠਾ। ਉਹ ਉਨ੍ਹਾਂ ਸਾਰਿਆਂ ਦਾ ਪ੍ਰਤੀਨਿਧ ਬਣ ਕੇ ਮੇਰੇ ਕੋਲ ਆਇਆ ਸੀ। ਉਹ ਸਾਰੇ ਉਤਸੁਕ ਨਜ਼ਰਾਂ ਨਾਲ ਸਾਨੂੰ ਵੇਖ ਰਹੇ ਸਨ।
ਥੋੜ੍ਹਾ ਅੱਗੇ ਜਾ ਕੇ ਜ਼ੋਇਆ ਇਕ ਸਟਾਲ ਤੋਂ ਸਾਡੇ ਵਾਸਤੇ ਠੰਡੇ ਦੀਆਂ ਬੋਤਲਾਂ ਦਾ ਆਰਡਰ ਦੇ ਰਹੀ ਸੀ ਤਾਂ ਇਕ ਵਿਅਕਤੀ ਸਾਡੇ ਕੋਲ ਆਇਆ। ਗਲ ਵਿਚ ਥੈਲਾ ਅੱਖਾਂ ਉਤੇ ਨਜ਼ਰ ਦੀਆਂ ਐਨਕਾਂ।
‘‘ਵੈਲਕਮ ਟੂ ਪਾਕਿਸਤਾਨ…ਜੀ ਆਇਆ ਨੂੰ… ਪਰ ਕਸ਼ਮੀਰ ਦੇ ਮਸਲੇ ਨੂੰ ਹੱਲ ਕੀਤੇ ਬਿਨਾਂ ਕੁਝ ਨਹੀਂ ਹੋਣਾ… ਉਂਜ ਮੇਰੇ ਲਾਇਕ ਕੋਈ ਖਿਦਮਤ ਹੋਵੇ ਤਾਂ ਦੱਸੋ…’’
ਕਸ਼ਮੀਰ ਦੇ ਮਸਲੇ ਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ। ਖਿਦਮਤ ਕਰਨ ਵਾਲੀ ਜ਼ੋਇਆ ਆਰਡਰ ਦੇ ਕੇ ਸਾਡੇ ਕੋਲ ਆ ਗਈ ਸੀ। ‘‘ਓ ਛੱਡੋ ਜੀ! ਸਾਰੇ ਮਸਲੇ ਹੱਲ ਹੋ ਜਾਣਗੇ ਆਪੇ… ਆਓ ਜੀ! ਆਪਾਂ ਐਹ ਪੌੜੀਆਂ ‘ਤੇ ਬਹਿ ਕੇ ਬੋਤਲਾਂ ਪੀਵੀਏ…’’ ਉਸ ਨੇ ਉਸ ਬੰਦੇ ਨੂੰ ਉੱਤਰ ਦਿੰਦਿਆਂ ਸਾਨੂੰ ਆਪਣੇ ਨਾਲ ਤੁਰਨ ਲਈ ਆਖਿਆ।
ਬਾਗ਼ ਵਿਚ ਲਗੀਆਂ ਬੱਤੀਆਂ ਦੀ ਮੱਧਮ ਰੋਸ਼ਨੀ ਵਿਚ ਅਸੀਂ ਸੀਮਿੰਟ ਦੀਆਂ ਬਣੀਆਂ ਪੌੜੀਆਂ ‘ਤੇ ਬੈਠੇ ਘੁੱਟ-ਘੱੁਟ ਕਰਕੇ ਠੰਢਾ ਪੀ ਰਹੇ ਸਾਂ। ਜ਼ੋਇਆ ਨੇ ਪਿੱਛੇ ਬਾਗ਼ ਦੇ ਹਨੇਰੇ ਵਿਚ ਦਰਖ਼ਤਾਂ ਦੇ ਝੁੰਡ ਵੱਲ ਇਸ਼ਾਰਾ ਕੀਤਾ, ‘‘ਔਹ ਅੱਗੇ ਹੈ ਉਹ ਦਰਖਤ ਜਿਥੇ ਨਜ਼ਮ ਸਾਹਬ ਬੈਠਦੇ ਹੁੰਦੇ ਨੇ…’’
ਅਸੀਂ ਜ਼ੋਇਆ ਤੋਂ ਉਸ ਦੀਆਂ ਕਹਾਣੀਆਂ ਦੀ ਮੰਗ ਕੀਤੀ। ਉਨ੍ਹਾਂ ਨੂੰ ਲਿਪੀਆਂਤਰ ਕਰਵਾ ਕੇ ਛਪਵਾਉਣ ਦਾ ਵਾਅਦਾ ਕੀਤਾ। ਉਸ ਸੁਹਿਰਦ ਔਰਤ ਨੇ ਬੜੀ ਬੇਪ੍ਰਵਾਹੀ ਨਾਲ ਕਿਹਾ, ‘‘ਓ ਛੱਡੋ ਜੀ… ਮੈਨੂੰ ਨਹੀਂ ਕੋਈ ਸ਼ੌਕ ਛਪਣ-ਛਪਵਾਉਣ ਦਾ… ਆਪੇ ਛਪ-ਛੁਪ ਜਾਣਗੀਆਂ।’’
ਦੋਸਤੀ ਤੇ ਅਪਣੱਤ ਭਰੇ ਮਾਹੌਲ ਵਿਚ ਕੁਝ ਚਿਰ ਹੋਰ ਗੱਲਾਂ ਕਰਨ ਤੋਂ ਪਿੱਛੋਂ ਅਸੀਂ ਵਾਪਸ ਪਰਤਣ ਦੀ ਤਿਆਰੀ ਕੀਤੀ। ਗੇਟ ਤੋਂ ਬਾਹਰ ਨਿਕਲੇ ਹੀ ਸਾਂ ਕਿ ਇਕ ਥਰੀ-ਵੀਲ੍ਹਰ ਵਾਲਾ ਅੱਗੇ ਆਇਆ।
‘‘ਸਰਦਾਰ ਜੀ! ਦਿੱਲੀ ਤੋਂ ਆਏ ਓ…?’’
‘‘ਨਹੀਂ …ਮੈਂ ਜਲੰਧਰ ਤੋਂ…ਅੰਮ੍ਰਿਤਸਰ ਤੋਂ ਆਂ…।’’
‘‘ਮੈਂ ਆਖਿਆ ਭਲਾ ਦਿੱਲੀ ਤੋਂ ਜੇ…ਮੈਂ ਉਥੇ ਗਿਆ ਸਾਂ ਦਿੱਲੀ। ਕਈ ਸਾਲ ਹੋਏ। ਮੇਰਾ ਦੋਸਤ ਹੈ ਉਥੇ ਰਾਜ ਕੁਮਾਰ। ਫੇਰ ਰਾਜ ਕੁਮਾਰ ਵੀ ਏਥੇ ਆਇਆ ਸੀ। ਮੈਂ ਦੋ ਹਫ਼ਤੇ ਉਹਨੂੰ ਆਪਣੇ ਘਰ ਹੀ ਰੱਖਿਆ। ਘੁਮਾਇਆ-ਫਿਰਾਇਆ। ਖ਼ਿਦਮਤ ਕੀਤੀ।’’
ਏਨੀ ਗੱਲ ਕਹਿ ਕੇ ਉਸ ਨੇ ਅੱਖਾਂ ਭਰ ਲਈਆਂ ਤੇ ਭੋਲੇ-ਭਾਅ ਮੈਨੂੰ ਪੁੱਛਣ ਲੱਗਾ, ‘‘ਹੋਰ ਮੈਂ ਉਸ ਲਈ ਕੀ ਕਰ ਸਕਦਾ ਸਾਂ! ਹੋਰ ਕੁਝ ਕਰ ਹੀ ਤਾਂ ਨਹੀਂ ਸਾਂ ਸਕਦਾ।’’
ਉਸ ਨੇ ਬੇਵੱਸੀ ਜ਼ਾਹਰ ਕੀਤੀ। ਉਹ ਆਪਣੇ ਅੰਦਰਲੇ ਭਾਵਾਂ ਨੂੰ ਜ਼ੁਬਾਨ ਦੇਣੀ ਚਾਹ ਰਿਹਾ ਸੀ ਤੇ ਮੈਂ ਉਹ ਦੇ ਅਣਕਹੇ ਬੋਲਾਂ ਵਿਚ ਉਤਰ ਰਿਹਾ ਸਾਂ।
ਮੇਰੇ ਸਾਥੀ ਅੱਗੇ ਖੜੋਤੇ ਮੈਨੂੰ ਉਡੀਕ ਰਹੇ ਸਨ। ਜ਼ੋਇਆ ਤੇ ਜ਼ਾਹਿਦ ਹਸਨ ਵੱਲ ਵੇਖਦਿਆਂ ਮੈਂ ਉਸ ਬੰਦੇ ਦੀਆਂ ਅੱਖਾਂ ਵਿਚ ਅੱਖਾਂ ਗੱਡੀਆਂ। ਉਹਦੇ ਮੋਢੇ ‘ਤੇ ਹੱਥ ਰੱਖਿਆ।
‘‘ਜੋ ਕੁਝ ਤੁਸੀਂ ਤੇ ਤੁਹਾਡੇ ਜਿਹੇ ਦੋਸਤ ਕਰ ਰਹੇ ਨੇ…ਇਹੋ ਹੀ ਬਹੁਤ ਕੁਝ ਹੈ…ਤੇ ਆਪਾਂ ਏਨਾ ਕਰ ਕੇ ਹੀ ਕੁਝ ਨਾ ਕੁਝ ਕਰਦੇ ਰਹੀਏ…ਤਾਂ ਸ਼ਾਇਦ ਬਹੁਤ ਕੁਝ ਹੋ ਜਾਵੇ…।’’
ਮੈਂ ਜਿਵੇਂ ਉਹਦੇ ਨਾਲ ਜ਼ੋਇਆ ਹੁਰਾਂ ਨੂੰ ਵੀ ਸੰਬੋਧਿਤ ਸਾਂ। ਪਿਆਰ ਨਾਲ ਇਕ ਵਾਰ ਫਿਰ ਮੈਂ ਉਹਦਾ ਮੋਢਾ ਘੁੱਟਿਆ ਤੇ ਅੱਗੇ ਤੁਰ ਪਿਆ। ਉਸ ਨੇ ਆਪਣੇ ਥਰੀ-ਵੀਲ੍ਹਰ ਵੱਲ ਪਰਤਦਿਆਂ ਸੱਜੇ ਹੱਥ ਦੀ ਤਲੀ ਆਪਣੀ ਸੱਜੀ ਅੱਖ ‘ਤੇ ਫੇਰੀ ਤੇ ਫਿਰ ਮੈਨੂੰ ਤੁਰੇ ਜਾਂਦੇ ਨੂੰ ਮੋਹ ਨਾਲ ਵੇਖਣ ਲੱਗਾ। ਉਹ ਹੁਣੇ ਰਾਜ ਕੁਮਾਰ ਨੂੰ ਮਿਲ ਕੇ ਵਿਛੜਿਆ ਸੀ।

ਬਾਅਦ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਸਤਿਨਾਮ ਮਾਣਕ ਖਿੱਚ ਕੇ ਮੈਨੂੰ ਫਿਰ ਅਗਲੀਆਂ ਕੁਰਸੀਆਂ ‘ਤੇ ਲੈ ਗਿਆ। ਇਸ ਸੈਸ਼ਨ ਦੀ ਕਾਰਵਾਈ ਇਲਿਆਸ ਘੁੰਮਣ ਨੇ ਚਲਾਉਣੀ ਸੀ। ਉਸ ਨੇ ਮੈਨੂੰ ਕਿਹਾ :
‘‘ਮੈਂ ਸਦਾਰਤ ਲਈ ਸਟੇਜ ਉੱਤੇ ਬੈਠਣ ਵਾਲੇ ਬੰਦਿਆਂ ‘ਚੋਂ ਸਭ ਤੋਂ ਪਹਿਲਾਂ ਤੁਹਾਨੂੰ ਆਵਾਜ਼ ਮਾਰਨੀ ਹੈ। ਐਥੇ ਹੀ ਰਿਹੋ। ਹੁਣ ਕਿਧਰੇ ਜਾਇਓ ਨਾ।’’
ਹੁਣੇ ਹੀ ਕੀਤੇ ਫ਼ੈਸਲੇ ਮੁਤਾਬਕ ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਅਦਬ ਬਾਰੇ ਹੋਣੀ ਸੀ। ਭਾਰਤੀ ਪੰਜਾਬੀ ਅਦਬ ਬਾਰੇ ਨਿਰਣੇਜਨਕ ਢੰਗ ਨਾਲ ਗੱਲ ਕਰਨ ਲਈ ਉਸ ਨੇ ਮੈਨੂੰ ਕਿਸੇ ਹੋਰ ਵੀ ਪੰਜਾਬੀ ਵਿਦਵਾਨ ਬਾਰੇ ਪੁੱਛਿਆ ਤਾਂ ਮੈਂ ਡਾ. ਰਘਬੀਰ ਸਿੰਘ ਸਿਰਜਣਾ ਦਾ ਨਾਂ ਲਿਆ। ਇਲਿਆਸ ਘੁੰਮਣ ਨੇ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪਹਿਲਾਂ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਆਖਿਆ। ਡਾ. ਰਘਬੀਰ ਸਿੰਘ, ਡਾ. ਸੁਤਿੰਦਰ ਸਿੰਘ ਨੂਰ ਤੇ ਅਮੀਨ ਮਲਿਕ ਵੀ ਮੰਚ ਉੱਤੇ ਸੁਸ਼ੋਭਿਤ ਹੋਏ।
ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਸਾਹਿਤ ਬਾਰੇ ਕਰਨ ਦੀ ਥਾਂ ਭਾਰਤ-ਪਾਕਿ ਸੰਬੰਧਾਂ, ਵੰਡ  ਦੇ ਦਰਦ ਦੇ ਭਾਵੁਕ ਪ੍ਰਗਟਾਵੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਡਾ. ਰਘਬੀਰ ਸਿੰਘ ਤੇ  ਡਾ. ਨੂਰ ਨੇ ਹੀ ਸੰਤੁਲਿਤ ਢੰਗ ਨਾਲ ਸਬੰਧਿਤ ਮੁੱਦੇ ਬਾਰੇ ਚਰਚਾ ਕੀਤੀ, ਨਹੀਂ ਤਾਂ ਚੜ੍ਹਦੇ ਪੰਜਾਬ ਦੇ ਬੁਲਾਰਿਆਂ ਵਿਚੋਂ ਬਹੁਤਿਆਂ ਦੀ ਗੱਲ ਭਾਵੁਕ ਉਲਾਰ ਨਾਲ ਓਤਪੋਤ ਸੀ। ਉਹ ਵਾਘੇ ਦੀ ਲਕੀਰ ਨੂੰ ਨਿੰਦਦੇ। ਪਈਆਂ ਵੰਡੀਆਂ ਨੂੰ ਕੋਸਦੇ। ਇਹ ਲੀਕਾਂ ਤੇ ਵੰਡੀਆਂ ਮੇਟ ਕੇ ਇਕ ਹੋਣ ਲਈ ਹਾਅ ਦਾ ਨਾਅ੍ਹਰਾ ਮਾਰਦੇ। ਮੈਨੂੰ ਉਨ੍ਹਾਂ ਦੀ ਭਾਵੁਕਤਾ ਸਮਝ ਪੈਂਦੀ ਸੀ ਪਰ ਉਨ੍ਹਾਂ ਦੀ ਇਸ ਭਾਵੁਕਤਾ ਦੀ ਪਾਕਿਸਤਾਨ ਵਿਚ ਗ਼ਲਤ ਵਿਆਖਿਆ ਹੋ ਸਕਦੀ ਸੀ। ਲੀਕਾਂ ਤੇ ਵੰਡੀਆਂ ਪੈ ਗਈਆਂ ਸਨ। ਇਸ ਦਾ ਦੋਹਾਂ ਮੁਲਕਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਪਰ ਹੁਣ ਇਹ ਲੀਕਾਂ ਤੇ ਵੰਡੀਆਂ ਖ਼ਤਮ ਨਹੀਂ ਸਨ ਹੋ ਸਕਦੀਆਂ। ਵਾਘੇ ਦੀ ਲਕੀਰ ਇਕ ਹਕੀਕਤ ਬਣ ਚੁੱਕੀ ਸੀ। ਜਦੋਂ ਸਾਡੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਤੇ ‘ਲਕੀਰਾਂ ਮੇਟ ਕੇ ਇਕ ਹੋਣ ਦੀ’ ਗੱਲ ਕਰਦੇ ਹਨ ਤਾਂ ਪਾਕਿਸਤਾਨ ਦੇ ਲੋਕ, ਵਿਸ਼ੇਸ਼ ਤੌਰ ‘ਤੇ ‘ਨਜ਼ਰੀਆ ਪਾਕਿਸਤਾਨ’ ਦੇ ਕੱਟੜ ਹਮਾਇਤੀ ਇਸ ਨੂੰ ਵੀ ਇਕ ਸਾਜ਼ਿਸ਼ ਹੀ ਗਿਣਦੇ ਹਨ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ। ਉਹ ਇਹ ਸਮਝਦੇ ਅਤੇ ਪਰਚਾਰਦੇ ਹਨ ਕਿ ਵੰਡੀਆਂ ਮੇਟਣ ਦੀ ਗੱਲ ਅਸਲ ਵਿਚ ਫਿਰ ਭਾਰਤ ਵਲੋਂ ਪਾਕਿਸਤਾਨ ਨੂੰ ਆਪਣੇ ਵਿਚ ਵਿਲੀਨ ਕਰਨ ਤੇ ਖਾ ਜਾਣ ਦਾ ਹੀ ਇਕ ਪੈਂਤੜਾ ਹੈ। ਉਹ ਸਾਡੇ ਲੋਕਾਂ ਦੇ ਦਿਲ ਦੇ ਸੱਚੇ ਦਰਦ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਸ ਲਈ ਸਾਨੂੰ ਵੀ ਸੁਚੇਤ ਹੋ ਕੇ ਆਪਣੇ ਵਿਚਾਰ ਅਜਿਹੇ ਸੰਤੁਲਿਤ ਢੰਗ ਨਾਲ ਪ੍ਰਗਟਾਉਣੇ ਚਾਹੀਦੇ ਹਨ ਤਾਂ ਕਿ ਦੂਜੀ ਧਿਰ ਇਸ ਦੇ ਗ਼ਲਤ ਅਰਥ ਨਾ ਲੈ ਸਕੇ। ਪਰ ਸਾਡੇ ਬਹੁਤੇ ਬੁਲਾਰਿਆਂ ਦੀ ਪੇਸ਼ਕਾਰੀ ਅਮੋੜ ਜਜ਼ਬਿਆਂ ਦੇ ਵੇਗ ਵਿਚ ਵਹਿ ਜਾਂਦੀ ਸੀ।
ਜਦੋਂ ਅੰਤਲੇ ਬੁਲਾਰਿਆਂ ਵਿਚੋਂ ਇਲਿਆਸ ਨੇ ਮੈਨੂੰ ਮੰਚ ਉੱਤੇ ਆਉਣ ਦਾ ਸੱਦਾ ਦਿੱਤਾ ਤੇ ਪੰਜਾਬੀ ਕਹਾਣੀ ਬਾਰੇ ਬੋਲਣ ਲਈ ਕਿਹਾ ਤਾਂ ਮੈਂ ਨਿਮਰਤਾ ਸਹਿਤ ਸਰੋਤਿਆਂ ਕੋਲੋਂ ਖ਼ਿਮਾ ਮੰਗਦਿਆਂ ਕਿਹਾ ਕਿ ਪੰਜਾਬੀ ਕਹਾਣੀ ਦਾ ਨੇੜਿਓਂ ਜਾਣਕਾਰ ਹੋਣ ਦੇ ਬਾਵਜੂਦ ਮੈਂ ਪੰਜਾਬੀ ਕਹਾਣੀ ਬਾਰੇ ਗੱਲ ਨਹੀਂ ਕਰਾਂਗਾ। ਮੇਰੇ ਸਾਹਮਣੇ ਕੁਝ ਹੋਰ ਮੁੱਦੇ ਹਨ ਜਿਨ੍ਹਾਂ ਬਾਰੇ ਮੈਂ ਆਪਣਾ ਤੇ ਆਪਣੇ ਸਾਥੀਆਂ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ ਚਾਹੁੰਦਾ ਹਾਂ। ਅਸੀਂ ਸੰਤਾਲੀ ਦੇ ਦਰਦ ਨੂੰ ਬੜਾ ਰੋ ਲਿਆ ਹੈ ਤੇ ਰੋਂਦੇ ਵੀ ਰਹਿਣਾ ਹੈ ਪਰ ਸਾਨੂੰ ਅੱਥਰੂਆਂ ਤੋਂ ਪਾਰ ਜਾ ਕੇ ਹਕੀਕਤ ਨੂੰ ਵੇਖਣ ਤੇ ਤਸਲੀਮ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਜੇ ਅਸੀਂ ਦੋਹਾਂ ਪੰਜਾਬਾਂ ਤੇ ਦੋਹਾਂ ਮੁਲਕਾਂ ਵਿਚ ਸਾਹਿਤਕ, ਸਭਿਆਚਾਰਕ ਤੇ ਰਾਜਸੀ ਸਬੰਧਾਂ ਨੂੰ ਨਵੀਂ ਨੁਹਾਰ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਦੋਹਾਂ ਮੁਲਕਾਂ ਦੀ ਅੱਡੋ ਅੱਡਰੀ ਸੁਤੰਤਰ ਹੋਂਦ ਅਤੇ ਹਸਤੀ ਨੂੰ ਮੰਨਣਾ ਤੇ ਮਾਨਤਾ ਦੇਣੀ ਪਏਗੀ। ਦੁਨੀਆ ਦੇ ਨਕਸ਼ੇ ਉੱਤੇ ਭਾਰਤ ਤੇ ਪਾਕਿਸਤਾਨ ਦੋ ਅਲੱਗ ਮੁਲਕ ਹਨ। ਸਾਨੂੰ ਇਕ ਦੂਜੇ ਮੁਲਕ ਦੀ ਆਜ਼ਾਦੀ ਤੇ ਖ਼ੁਦਮੁਖ਼ਤਿਆਰੀ ਦਾ ਮਾਣ ਕਰਨਾ ਹੋਵੇਗਾ। ਇਹ ਗੱਲ ਚਿੱਤੋਂ ਭੁੱਲ ਜਾਣੀ ਚਾਹੀਦੀ ਹੈ ਕਿ ਵਾਘੇ ਦੀ ਲਕੀਰ ਖ਼ਤਮ ਹੋ ਜਾਵੇਗੀ। ਨਾ ਹੀ ਸਾਡਾ ਇਸ ਲਕੀਰ ਨੂੰ ਖ਼ਤਮ ਕਰਨ ਕਰਵਾਉਣ ਦਾ ਕੋਈ ਮਨਸ਼ਾ ਹੈ। ਜਦੋਂ ਸਾਡੇ ਚੜ੍ਹਦੇ ਪੰਜਾਬ ਦੇ ਕੁਝ ਦੋਸਤ ਅਜਿਹੀਆਂ ਤਰਲ ਗੱਲਾਂ ਕਰਦੇ ਹਨ ਤਾਂ ਇਧਰਲੇ ਪੰਜਾਬ ਵਿਚ ਉਨ੍ਹਾਂ ਦੇ ਗਲਤ ਅਰਥ ਲਏ ਜਾਂਦੇ ਹਨ। ਇਸ ਨਾਲ ਸਾਡੇ ਉਨ੍ਹਾਂ ਭਰਾਵਾਂ ਦੇ ਕਾਜ਼ ਅਤੇ ਲਹਿਰ ਨੂੰ ਵੀ ਸੱਟ ਵੱਜਦੀ ਹੈ ਜੋ ਲਹਿੰਦੇ ਪੰਜਾਬ ਵਿਚ ਬੈਠੇ ਪੰਜਾਬੀ ਜ਼ਬਾਨ ਤੇ ਸਾਹਿਤ ਲਈ ਕੰਮ ਕਰਨ ਦੇ ਨਾਲ ਦੋਹਾਂ ਮੁਲਕਾਂ ਵਿਚ ਸਾਂਝ ਤੇ ਪਿਆਰ ਦੀ ਤੰਦ ਜੋੜਨ ਲਈ ਉਪਰਾਲੇ ਕਰਦੇ  ਪਏ ਹਨ। ਅਸੀਂ ਬੜੇ ਸਪਸ਼ਟ ਹੋ ਕੇ ਇਹ ਗੱਲ ਮੰਨਦੇ ਅਤੇ ਕਹਿੰਦੇ ਹਾਂ ਕਿ ਵਾਘੇ ਤੋਂ ਏਧਰ ਤੁਸੀਂ ਸੁਖੀ ਰਹੋ, ਵੱਸੋ, ਰੱਸੋ, ਖ਼ੁਸ਼ੀਆਂ ਮਾਣੋ ਤੇ ਉਧਰ ਅਸੀਂ ਤੁਹਾਡੀਆਂ ਦੁਆਵਾਂ ਸਦਕਾ ਸੁਖੀ ਰਹੀਏ। ਅਸੀਂ ਤੁਹਾਡੀ ਆਜ਼ਾਦੀ ਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਡੀ ਦਾ ਕਰੋ। ਪਰ ਇੰਜ ਵਾਘੇ ਦੀ ਲਕੀਰ ਦੇ ਰਹਿੰਦਿਆਂ ਵੀ, ਅੱਡੋ ਅੱਡੋ ਹੋ ਕੇ ਵੀ, ਬਹੁਤ ਸਾਰੇ ਅਜਿਹੇ ਸਾਂਝੇ ਸੂਤਰ ਹਨ ; ਸਾਡੀ ਜ਼ਬਾਨ ਦੇ, ਸਾਡੀ ਸਾਂਝੀ ਰਹਿਤਲ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਵਾਘੇ ਦੀਆਂ ਕੰਡੇਦਾਰ ਤਾਰਾਂ ਦੇ ਉਪਰੋਂ ਮੁਹੱਬਤ ਦਾ ਸਤਰੰਗਾ ਪੁਲ ਉਸਾਰ ਸਕਦੇ ਹਾਂ। ਇਸ ਪੁਲ ਤੋਂ ਜਦੋਂ ਗੁਜ਼ਰਾਂਗੇ, ਵਾਰ-ਵਾਰ ਮਿਲਾਂਗੇ ਤਾਂ ਇਕ ਦੂਜੇ ਬਾਰੇ ਪਏ ਭਰਮ ਭੁਲੇਖੇ ਵੀ ਦੂਰ ਹੋਣਗੇ ਤੇ ਦੂਰ ਗਏ ਦਿਲ ਇਕ ਦੂਜੇ ਦੇ ਨੇੜੇ ਵੀ ਹੋਣਗੇ। ਵਿਸ਼ੇਸ਼ ਤੌਰ ‘ਤੇ ਨਵੀਆਂ ਪੀੜ੍ਹੀਆਂ ਨੂੰ ਇਨ੍ਹਾਂ ਸਾਂਝੇ ਸੂਤਰਾਂ ਤੋਂ ਆਗਾਹ ਕਰਾਉਣ। ਇਹ ਦੱਸਣ ਦੀ ਬਹੁਤ ਜ਼ਰੂਰਤ ਹੈ ਕਿ ਕਈ ਵਖਰੇਵਿਆਂ ਦੇ ਬਾਵਜੂਦ ਸਾਡਾ ‘ਤਲ੍ਹਾ-ਮੂਲ’ ਇਕੋ ਹੀ ਹੈ।
ਮੈਂ ਕਿਉਂਕਿ ਕਹਾਣੀਕਾਰ ਹਾਂ ਤੇ ਮੈਨੂੰ ਕਹਾਣੀ ਬਾਰੇ ਬੋਲਣ ਲਈ ਹੁਕਮ ਹੋਇਆ ਸੀ, ਇਸ ਹੁਕਮ ਦੀ ਪਾਲਣਾ ਤਾਂ ਮੈਂ ਕਿਸੇ ਹੋਰ ਸੈਸ਼ਨ ਵਿਚ ਕਰਾਂਗਾ ਪਰ ਆਪਣੀ ਗੱਲ ਨੂੰ ਪੁਸ਼ਟ ਕਰਨ ਲਈ ਮੈਂ ਤੁਹਾਨੂੰ ਇਕ ਸੱਚੀ ਕਹਾਣੀ ਸੁਣਾਉਣੀ ਚਾਹਵਾਂਗਾ।
ਮੈਂ ਵੈਨਕੂਵਰ ਤੋਂ ਸਾਂਨਫਰਾਂਸਿਸਕੋ ਜਾ ਰਿਹਾ ਸਾਂ। ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਤੇ ਉਥੋਂ ਸਾਨਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ। ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ ਈ-6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿਚ ਸਾਂ। ਹੌਲੀ-ਹੌਲੀ ਇੱਕਾ ਦੁੱਕਾ ਮੁਸਾਫਿਰ ਆਉਂਦੇ ਗਏ ਅਤੇ ਕੁਰਸੀਆਂ ਉਪਰ ਬੈਠਦੇ ਗਏ। ਸ਼ਾਮ ਸਾਢੇ ਕੁ ਅੱਠ ਦਾ ਵਕਤ ਹੋਵੇਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛੀਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ ਬੈਠ ਗਿਆ। ਆਪਣਾ ਬੈਗ ਮੋਢੇ ਤੋਂ ਉਤਾਰਦਿਆਂ ਉਸ ਨੇ ਮੈਨੂੰ ਅੰਗਰੇਜ਼ੀ ਵਿਚ ਪੁੱਛਿਆ, ‘‘ਨੌਂ ਵਜੇ ਫਲਾਈਟ ਹੈ ਪਰ ਅਜੇ ਤੱਕ ਏਥੇ ਏਅਰਲਾਈਨ ਦਾ ਕੋਈ ਆਦਮੀ ਕਿਉਂ ਨਹੀਂ ਆਇਆ?’’ ਮੈਂ ਭਲਾ ਕੀ ਦੱਸਦਾ! ਮੁਸਕਰਾ ਕੇ ਸਿਰ ਹਿਲਾ ਛੱਡਿਆ। ਉਸ ਨੇ ਦੁਬਾਰਾ ਪੁੱਛਿਆ। ‘ਤੁਸੀਂ ਵੀ ਇਸੇ ਫਲਾਈਟ ‘ਤੇ ਜਾ ਰਹੇ ਹੋ?’
ਮੇਰੀ ਉਸ ਨਾਲ ਗੱਲਬਾਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ‘ਹਾਂ’ ਵਿਚ ਸਿਰ ਹਿਲਾ ਕੇ ਚੁੱਪ ਕਰ ਗਿਆ।
‘‘ਰਹਿੰਦੇ ਕਿੱਥੇ ਹੋ ਤੁਸੀਂ ਸਰਦਾਰ ਜੀ’’, ਐਤਕੀ ਉਸ ਨੇ ਬੜੀ ਠੇਠ ਅਤੇ ਮਿੱਠੀ ਪੰਜਾਬੀ ਵਿਚ ਪੁੱਛਿਆ ਤਾਂ ਮੇਰੇ ਆਪੇ ਤੇ ਜਿਵੇਂ ਬੰਦ ਮੁਸਾਮ ਖੁੱਲ੍ਹ ਗਏ। ਇਹ ਤਾਂ ਕੋਈ ਆਪਣਾ ਹੀ ਪੰਜਾਬੀ ਭਰਾ ਸੀ। ਮੈਂ ਖ਼ੁਸ਼ੀ ਭਰੀ ਹੈਰਾਨੀ ਨਾਲ ਉਹਦੇ ਵੱਲ ਝਾਕਣ ਲੱਗਾ।
ਮੈਂ ਉਸ ਨੂੰ ਆਪਣੇ ਬਾਰੇ ਦੱਸਣ ਲੱਗਾ।
‘ਜਲੰਧਰ’ ਦਾ ਨਾਂ ਸੁਣ ਕੇ ਉਸ ਦੀਆਂ ਅੱਖਾਂ ਵਿਚ ਲਿਸ਼ਕ ਆਈ। ਉਸ ਨੇ ਦੁਹਰਾ ਕੇ ਪੁੱਛਿਆ, ‘‘ਅੱਛਾ! ਜਲੰਧਰ ਰਹਿੰਦੇ ਓ ਤੁਸੀਂ?’’
ਸਾਡੇ ਦੋਹਾਂ ਵਿਚਕਾਰ ਪਿਆ ਆਪਣਾ ਬੈਗ ਉਸ ਨੇ ਚੁੱਕ ਕੇ ਦੂਜੇ ਪਾਸੇ ਰੱਖ ਲਿਆ ਤੇ ਮੇਰੇ ਹੋਰ ਨੇੜੇ ਹੋ ਗਿਆ।
‘‘ਮੈਂ ਪਾਕਿਸਤਾਨ ਤੋਂ ਆਂ। ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ। ਉਥੇ ਸਾਡਾ ਲੁਹਾਰੇ ਦਾ ਕੰਮ ਹੁੰਦਾ ਸੀ। ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ ਜਿਸ ਨਾਲ ਅਸੀਂ ਫਸਲ ਕੱਟਦੇ ਆਂ…’’ ਉਸ ਨੇ ਫਸਲ ਕੱਟਣ ਵਾਂਗ ਹੱਥ ਹਿਲਾਉਂਦਿਆਂ ਕਿਹਾ, ‘‘ਉਹ…ਹਾਂ…ਦਾਤਰੀਆਂ ਤੇ ਖੁਰਪੇ ਵੀ’’ ਉਹਨੂੰ ਵਡੇਰਿਆਂ ਦੇ ਵਤਨ ਤੇ ਕਿੱਤੇ ਦਾ ਮਾਣ ਸੀ।
‘‘ਤੁਹਾਡਾ ਇਸਮ ਸ਼ਰੀਫ?’’ ਮੈਂ ਪੁੱਛਿਆ ਤਾਂ ਉਹਦੀਆਂ ਖ਼ੁਸ਼ੀ ਵਿਚ ਵਾਛਾਂ ਖਿਲ ਗਈਆਂ।
‘‘ਤੁਸੀਂ ਉਰਦੂ ਜਾਣਦੇ ਹੋ?’’
‘‘ਥੋੜ੍ਹਾ-ਥੋੜ੍ਹਾ…ਸਾਡੀ ਆਪਣੀ…ਬੜੀ ਅਮੀਰ ਜ਼ਬਾਨ ਹੈ…ਉਰਦੂ।’’
ਉਸ ਦਾ ਨਾਂ ਰਾਸ਼ਿਦ ਸੀ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਫਲੋਰਿਡਾ ਵਿਚ ਪੜ੍ਹਾਈ ਕਰ ਰਿਹਾ ਸੀ। ਮਾਪੇ ਉਸ ਦੇ ਪਾਕਿਸਤਾਨ ਵਿਚ ਹੀ ਸਨ।
ਮੈਂ ਪੁੱਛਿਆ, ‘‘ਅੱਜ ਕੱਲ੍ਹ ਤੁਸੀਂ ਕਿੱਥੇ ਰਹਿੰਦੇ ਹੋ?’’
ਇਕ ਸਾਂਝ ਜੁੜ ਜਾਣ ਦੇ ਬਾਵਜੂਦ ਉਸ ਨੂੰ ਅੰਦਰੋਂ ਲੱਗਦਾ ਸੀ ਕਿ ਮੈਂ ਪਾਕਿਸਤਾਨ, ਇਕ ਅਜਨਬੀ ਦੇਸ਼ ਬਾਰੇ ਕੀ ਜਾਣਦਾ ਹੋ ਸਕਦਾ ਹਾਂ। ਇਸ ਲਈ ਉਹ ਥੋੜ੍ਹਾ ਵਿਸਥਾਰ ਨਾਲ ਸਮਝਾਉਣ ਲੱਗਾ।
‘‘ਸਾਡੇ ਉਧਰਲੇ ਪੰਜਾਬ ਵਿਚ ਇਕ ਜ਼ਿਲਾ ਹੈ ਸਿਆਲਕੋਟ।’’
‘‘ਹਾਂ‥ਹਾਂ ਡਾ. ਇਕਬਾਲ ਵਾਲਾ ਸਿਆਲਕੋਟ।’’
ਮੈਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਿਆਲਕੋਟ ਵੀ ਕਹਿਣਾ ਚਾਹੁੰਦਾ ਸਾਂ ਪਰ ਉਸ ਨੂੰ ਕੀ ਪਤਾ ਹੋਣਾ ਸੀ।
‘‘ਤੁਸੀਂ ਡਾਕਟਰ ਇਕਬਾਲ ਨੂੰ ਵੀ ਜਾਣਦੇ ਓ।’’
‘‘ਕਿਉਂ ਨਹੀਂ, ਉਹ ਇਸ ਬਰੇ-ਸਗੀਰ ਦਾ ਅਜ਼ੀਮ ਸ਼ਾਇਰ ਹੋਇਆ ਹੈ। ਸਾਡਾ ਆਪਣਾ ਸ਼ਾਇਰ-ਏ-ਮਸ਼ਰਿਕ, ਪੂਰਬ ਦਾ ਸ਼ਾਇਰ।’’
ਉਹ ਖ਼ੁਸ਼ੀ ‘ਚ ਚਹਿਕਿਆ, ‘‘ਹਾਂ…ਹਾਂ ਉਸੇ ਸਿਆਲਕੋਟ ਜ਼ਿਲੇ ਦਾ ਇਕ ਨਿੱਕਾ ਜਿਹਾ ਸ਼ਹਿਰ ਹੈ ਗੁਜਰਾਤ।’’
‘‘ਇਹ ਹੋਰ ਹੋਣੈ। ਉਂਜ ਇਕ ਤਾਂ ਆਪਣੀ ਸੋਹਣੀ ਵਾਲਾ ਗੁਜਰਾਤ ਵੀ ਹੈ ਪਰ ਉਹ ਤਾਂ ਝਨਾਂ ਦੇ ਕੰਢੇ ‘ਤੇ ਹੈ।’’ ਮੈਂ ਹੱਸਿਆ।
‘‘ਕਮਾਲ ਹੈ ਸਰਦਾਰ ਜੀ।’’ ਉਸ ਨੇ ਮੇਰਾ ਹੱਥ ਘੁੱਟ ਲਿਆ। ਜਾਪਿਆ ਅਸੀਂ ਜਿਵੇਂ ਇੱਕੋ ਖ਼ਾਨਦਾਨ ਦੇ ਵਿਛੜੇ ਚਿਰਾਗ਼ ਉਮਰਾਂ ਬਾਅਦ ਮਿਲ ਪਏ ਹੋਈਏ।
ਜਹਾਜ਼ ਵਿਚ ਸਵਾਰ ਹੋਣ ਲਈ ਆਵਾਜ਼ ਪਈ। ਨਿੱਕਾ ਜਿਹਾ ਜਹਾਜ਼ ਸੀ। ਸਾਡੀਆਂ ਮਿੰਨੀ ਬੱਸਾਂ ਜਿੱਡਾ। ਮੈਂ ਗਿਣੀਆਂ। ਸਾਰੀਆਂ ਬਾਈ ਸਵਾਰੀਆਂ ਸਨ। ਏਅਰ ਹੋਸਟੈੱਸ ਨੇ ਕਿਹਾ, ‘ਸੀਟ ਨੰਬਰ ਦਾ ਫਿਕਰ ਨਾ ਕਰੋ, ਜਿਥੇ ਦਿਲ ਕਰਦਾ ਹੈ ਬੈਠ ਜਾਓ।’
ਰਾਸ਼ਿਦ ਇਸ ਜਹਾਜ਼ ‘ਤੇ ਸਿਆਟਲ ਤਕ ਜਾ ਰਿਹਾ ਸੀ। ਮਸਾਂ ਅੱਧੇ ਘੰਟੇ ਦਾ ਸਫ਼ਰ। ਅਸੀਂ ਇਸ ਥੋੜ੍ਹੇ ਸਮੇਂ ਨੂੰ ਲੇਖੇ ਲਾਉਣਾ ਚਾਹੁੰਦੇ ਸਾਂ। ਨੇੜੇ-ਨੇੜੇ ਬੈਠ ਗਏ।
ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਦਾ ਲੇਖਕ ਵੀ ਹਾਂ ਤੇ ਪੰਜਾਬੀ ਦਾ ਅਧਿਆਪਕ ਵੀ। ਇਹ ਵੀ ਦੱਸਿਆ ਕਿ ਅਸੀਂ ਇਧਰਲੇ ਪੰਜਾਬ ਵਿਚ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਵਾਰਿਸ ਨੂੰ ਵੀ ਪੜ੍ਹਾਉਂਦੇ ਹਾਂ।
ਇਕ-ਇਕ ਗੱਲ ਉਸ ਲਈ ਰਹੱਸ ਵਾਂਗ ਖੁੱਲ੍ਹ ਰਹੀ ਸੀ। ਉਹਦੇ ਮੂੰਹੋਂ ਅਚਨਚੇਤ ਨਿਕਲਿਆ, ‘‘ਸਰਦਾਰ ਜੀ! ਇਕ ਹਿਸਾਬ ਨਾਲ ਆਪਣਾ ਤਲ੍ਹਾ-ਮੂਲ ਤਾਂ ਇਕ ਹੀ ਹੋਇਆ ਫਿਰ?’’
ਮੈਂ ਕੁਝ ਪਾਕਿਸਤਾਨੀ ਲੇਖਕਾਂ ਦੇ ਨਾਂ ਗਿਣਾਉਣੇ ਸ਼ੁਰੂ ਕੀਤੇ। ਅਹਿਮਦ ਨਦੀਮ ਕਾਸਮੀ, ਫ਼ਖ਼ਰ ਜ਼ਮਾਂ, ਅਸ਼ਫ਼ਾਕ ਅਹਿਮਦ, ਇਲਿਆਸ ਘੁੰਮਣ। ਉਸ ਨੂੰ ਜਾਪਿਆ ਜਿਵੇਂ ਸਾਡਾ ਰਿਸ਼ਤਾ ਪਰਤ-ਦਰ-ਪਰਤ ਖੁੱਲ੍ਹਦਾ ਤੇ ਨਿੱਖਰਦਾ ਆ ਰਿਹਾ ਹੈ।
‘‘ਮੇਰੇ ਇਕ ਅੰਕਲ ਵੀ ਲਿਖਦੇ ਨੇ ਪੰਜਾਬੀ ‘ਚ, ਸ਼ਰੀਫ ਕੁੰਜਾਹੀ।’’
‘‘ਮੈਂ ਸੁਣਿਆ ਵੀ ਹੋਇਆ ਤੇ ਪੜ੍ਹਿਆ ਵੀ।’’
ਉਸ ਨੇ ਚਾਅ ਨਾਲ ਇਕ ਹੋਰ ਰਿਸ਼ਤੇ ਦੇ ਅੰਕਲ ਦਾ ਨਾਂ ਲਿਆ। ‘‘ਅਨਵਰ ਮਸਊਦ, ਤਨਜ਼ੀਆ ਲਿਖਣ ਵਾਲਾ।’’
ਮੈਂ ਉਸ ਨੂੰ ਲਾਹੌਰ ਟੀ.ਵੀ. ਤੋਂ ਸੁਣਿਆ ਹੋਇਆ ਸੀ। ਜਦੋਂ ਮੈਂ ਉਸ ਨੂੰ ਅਨਵਰ ਮਸਊਦ ਦੀ ਉਸ ਨਜ਼ਮ ਬਾਰੇ ਦੱਸਿਆ ਜਿਸ ਵਿਚ ਇਕ ਚੌਧਰੀ ਆਪਣੇ ਨੌਕਰ ਨੂੰ ਸਬਜ਼ੀ ਚਾੜ੍ਹਨ ਲਈ ਆਖਦਾ ਹੈ ਅਤੇ ਨੌਕਰ ਚੌਧਰੀ ਦੀ ਇੱਛਾ ਮੁਤਾਬਕ ਕਦੀ ਭਿੰਡੀ ਤੇ ਕਦੀ ਬੈਂਗਣ ਦੀ ਤਾਰੀਫ਼ ਕਰਦਾ ਹੈ ਤੇ ਚੌਧਰੀ ਦੀ ਰਾਏ ਬਦਲੀ ਜਾਣ ਕੇ ਉਨ੍ਹਾਂ ਹੀ ਸਬਜ਼ੀਆਂ ਦੇ ਵਿਰੁੱਧ ਬੋਲਦਾ ਹੈ।
‘‘ਤੁਸੀਂ ਤਾਂ ਪੋਤੜਿਆਂ ਦੇ ਜਾਣੂ ਲੱਗਦੇ ਹੋ।’’
ਉਹ ਮੇਰੇ ਹੱਥ ‘ਤੇ ਹੱਥ ਮਾਰ ਕੇ ਹੱਸਿਆ। ਫਿਰ ਬੜੀ ਗੰਭੀਰ ਮੁਦਰਾ ਵਿਚ ਬੋਲਿਆ।
‘‘ਸਾਡੀ ਦਾਦੀ ਦੀ ਇਕ ਸਹੇਲੀ ਹੁੰਦੀ ਸੀ, ਜਲੰਧਰ ਵਿਚ ; ਕੁਲਵੰਤ ਕੌਰ। ਜਦੋਂ ਬੈਠੇਗੀ, ਉਹਦੀਆਂ ਗੱਲਾਂ ਛੁਹ ਲਵੇਗੀ। ਅਸੀਂ ਕਹਿੰਦੇ ਹਾਂ ‘ਅੰਮਾ! ਬੜੀ ਵਾਰ ਸੁਣੀ ਹੈ ਇਹ ਕਹਾਣੀ, ਪਰ ਉਸ ਲਈ ਸਦਾ ਨਵੀਂ ਹੁੰਦੀ ਹੈ। ਸਾਨੂੰ ਪਤਾ ਹੁੰਦਾ ਹੈ। ਉਸ ਨੇ ਅੱਗੋਂ ਕੀ ਬੋਲਣਾ ਹੈ, ਕਿਹੜੀ ਤਰਤੀਬ ਵਿਚ ਬੋਲਣਾ ਹੈ। ਉਹ ਆਖੇਗੀ, ‘‘ਕੁਲਵੰਤ ਤੇ ਮੈਂ…ਬੱਚੇ ਉਹਦੇ ਮੂੰਹੋਂ ਬੋਲ ਖੋਹ ਲੈਣਗੇ, ‘ਧਰਮ ਦੀਆਂ ਭੈਣਾਂ ਸਾਂ।’’ ਉਹ ਫਿਰ ਆਖੇਗੀ, ‘ਸਾਡੀ ਇਕ ਦੂਜੇ ਦੀ’…ਅਸੀਂ ਆਖਾਂਗੇ, ‘ਜਾਨ ਵਿਚ ਜਾਨ ਸੀ’ ਦਾਦੀ ਦੀਆਂ ਅੱਖਾਂ ਚਮਕ ਉਠਣਗੀਆਂ ‘‘ਹਾਂ! ਜਾਨ ਵਿਚ ਜਾਨ ਸੀ, ਸਾਹ ਵਿਚ ਸਾਹ ਸਨ, ਜਦੋਂ ਮੇਰਾ ਨਿਕਾਹ ਹੋਇਆ,…ਤੇ ਫਿਰ ਅੰਮਾਂ ਚੱਲ ਸੋ ਚੱਲ।’’
ਗੱਲਾਂ ਕਰਦਾ-ਕਰਦਾ ਰਾਸ਼ਿਦ ਇਕ ਪਲ ਲਈ ਰੁਕਿਆ ਤੇ ਮੈਨੂੰ ਪੁੱਛਣ ਲੱਗਾ ਜਿਵੇਂ ਮੈਂ ਜਾਣੀ-ਜਾਣ ਹੋਵਾਂ।
‘‘ਭਲਾ ਕੁਲਵੰਤ ਕੌਰ ਜਿਊਂਦੀ ਹੋਵੇਗੀ?’’
ਮੈਂ ਕਿਹਾ ‘‘ਹਾਂ ਜਿਊਂਦੀ ਹੈ।’’
ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਹੈਰਾਨ ਹੋਵੇ ਮੈਂ ਆਖਿਆ, ‘‘ਕੁਲਵੰਤ ਕੌਰ ਉਹ ਮੁਹੱਬਤ ਹੈ ਜੋ ਦੋਹਾਂ ਮੁਲਕਾਂ ਦੇ ਆਮ ਲੋਕਾਂ ਦੇ ਮਨਾਂ ਵਿਚ ਹੇਠਾਂ ਕਰਕੇ ਇਕ ਦੂਜੇ ਲਈ ਮਹਿਕਦੀ ਪਈ ਹੈ ਭਾਵੇਂ ਉਸ ਦੇ ਉੱਤੇ ਬਰੂਦ ਦੀ ਬੋਅ ਦੀ ਲੰਮੀ ਤਹਿ ਵਿਛੀ ਪਈ ਹੈ।’’
ਸਿਆਟਲ ਆਇਆ ਤਾਂ ਮੇਰੇ ਤੋਂ ਵਿਛੜਨ ਲੱਗਾ ਲੰਮਾ ਸਾਹ ਲੈ ਕੇ ਰਾਸ਼ਿਦ ਬੋਲਿਆ, ‘‘ਅੱਛਾ, ਸੰਧੂ ਸਾਹਿਬ।’’
ਮੈਂ ਉਸ ਦਾ ਹੱਥ ਮੋਹ ਨਾਲ ਘੁੱਟਿਆ।
‘‘ਅੱਛਾ! ਰਾਸ਼ਿਦ ਮੀਆਂ।’’
ਜਹਾਜ਼ ਬਦਲ ਕੇ ਜਦੋਂ ਮੈਂ ਸਾਂਨਫਰਾਂਸਿਸਕੋ ਲਈ ਰਵਾਨਾ ਹੋਇਆ ਤਾਂ ਰਾਸ਼ਿਦ ਮੇਰੇ ਅੰਗ ਸੰਗ ਵਿਚਰ ਰਿਹਾ ਲੱਗਾ।
ਵਿਛੜਨ ਲੱਗਿਆਂ ਮੈਨੂੰ ਲੱਗਾ ਜਿਵੇਂ ਅਸੀਂ ਦੋਵੇਂ ਮਾਂ-ਜਾਏ ਇਕ ਦੂਜੇ ਤੋਂ ਵਿਛੜਨ ਲੱਗੇ ਹੋਈਏ। ਰਾਸ਼ਿਦ ਦੇ ਕਹਿਣ ਮੁਤਾਬਕ ਇਹੋ ਸੀ ਸਾਡਾ ਤਲ੍ਹਾ-ਮੂਲ। ਇਹ ਮੂਲ ਆਧਾਰ ਹੈ, ਸਾਡੀ ਸਾਂਝੀ ਜ਼ਬਾਨ, ਸਾਡਾ ਸਾਂਝਾ ਸਾਹਿਤ, ਸਾਡੀ ਸਾਂਝੀ ਤਹਿਜ਼ੀਬ। ਇਸ ਸਾਂਝ ਨੂੰ ਅਸੀਂ ਮਰਨ ਨਹੀਂ ਦੇਣਾ। ਜੇ ਇਹ ਅਧਮੋਈ ਹੋ ਗਈ ਹੈ ਤਾਂ ਅਸੀਂ ਮੁਹੱਬਤ ਦਾ ਪਾਣੀ ਪਾ ਕੇ ਇਸ ਨੂੰ ਟਹਿਕਾਉਣਾ ਅਤੇ ਮਹਿਕਾਉਣਾ ਹੈ ਅਤੇ ਮੋਈ ਹੋਈ ਕੁਲਵੰਤ ਕੌਰ ਵਿਚ ਮੁੜ ਸਾਹ ਪ੍ਰਾਣ ਫੂਕ ਦੇਣੇ ਨੇ ਜੋ ਸਾਡੀ ਸਾਂਝੀ ਪੰਜਾਬੀਅਤ ਦੀ ਪ੍ਰਤੀਕ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਮਿਲੀਏ। ਮੁੜ-ਮੁੜ ਮਿਲੀਏ ਤੇ ਮਿਲਦੇ ਹੀ ਰਹੀਏ।
ਜਦੋਂ ਮੈਂ ਸਟੇਜ ਤੋਂ ਉਤਰਿਆ ਤਾਂ ਅਗਲੇ ਸੋਫਿਆ ‘ਤੇ ਬੈਠਾ ਫ਼ਖ਼ਰ ਜ਼ਮਾਂ ਉਤਸ਼ਾਹ ਨਾਲ ਉਠਿਆ ਤੇ ਮੈਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਹੱਸਦਿਆਂ ਕਹਿਣ ਲੱਗਾ, ‘‘ਬਹੁਤ ਖ਼ੂਬ…ਆਪਣੀ ਗੱਲ ਵੀ ਕਹਿ ਲਈ ਅਤੇ ਆਪਣੀ ਕਹਾਣੀ ਵੀ ਸੁਣਾ ਲਈ।’’
ਅਸਲ ਵਿਚ ਸਾਰੇ ਪਾਕਿਸਤਾਨੀ ਮਿੱਤਰਾਂ ਨੂੰ ਬੇਬਾਕ ਤੇ ਸਪਸ਼ਟ ਹੋ ਕੇ ਭਾਵੁਕ ਉਲਾਰ ਤੋਂ ਮੁਕਤ ਹੋਣ ਲਈ ਦਿੱਤੀ ਮੇਰੀ ਸਲਾਹ ਚੰਗੀ ਲੱਗੀ ਸੀ। ਇੰਜ ਕੱਟੜਪੰਥੀਆਂ ਵਲੋਂ ਉਨ੍ਹਾਂ ਨੂੰ ਭਾਰਤ ਦੇ ਏਜੰਟ ਆਖੇ ਜਾਣ ਵਾਲੇ ਮਿਹਣੇ ਦਾ ਦਾਗ ਧੁਪਦਾ ਸੀ। ਉਨ੍ਹਾਂ ਨੂੰ ਇਖ਼ਲਾਕੀ ਮਦਦ ਮਿਲਦੀ ਸੀ। ਆਪਣੇ ਤੁਰ ਰਿਹਾਂ ਦੇ ਕਦਮ ਮਜ਼ਬੂਤ ਹੁੰਦੇ ਸਨ।
ਆਪਸ ਵਿਚ ਮਿਲਣਾ ਤੇ ਮੁੜ-ਮੁੜ ਮਿਲਣਾ ਅਤੇ ਇਨ੍ਹਾਂ ਮਿਲਣੀਆਂ ਦੇ ਸਬੱਬ ਬਣਾਉਣੇ ਇਸ ਲਈ ਤਾਂ ਜ਼ਰੂਰੀ ਸਨ ਹੀ ਕਿ ਸਦੀਆਂ ਦੀ ਗੁੰਮ ਹੋ ਰਹੀ ਸਾਂਝੀ ਪਛਾਣ ਦੀ ਸ਼ਨਾਖਤ ਕਰ ਸਕੀਏ ਤੇ ਸਾਂਝੀਆਂ ਤੰਦਾਂ ਲੱਭ ਕੇ ਦੂਰ ਹੋਏ ਦਿਲਾਂ ਨੂੰ ਜੋੜੀਏ ਸਗੋਂ ਇਸ ਲਈ ਵੀ ਜ਼ਰੂਰੀ ਸੀ ਕਿ ਨਵੀਆਂ ਬਣੀਆਂ ਨਿੱਜੀ ਪਛਾਣਾਂ ਵੀ ਬੇਪਛਾਣ ਹੋ ਜਾਂਦੀਆਂ ਨੇ ਜੇ ਮਿਲਣ ਦੇ ਮੌਕੇ ਨਸੀਬ ਨਾ ਹੋਣ ਤਾਂ। ਮੈਂ ਦਿੱਲੀ ਵਿਚ ਦੋ ਤਿੰਨ ਵਾਰ ਫ਼ਖ਼ਰ ਜ਼ਮਾਂ ਨੂੰ ਮਿਲਿਆ ਹੋਇਆ ਸਾਂ ਪਰ ਅੱਜ ਸਵੇਰੇ ਉਹ ਮੇਰੇ ਕੋਲੋਂ ਬਿਨ ਬੁਲਾਏ ਲੰਘ ਗਿਆ ਸੀ। ਸ਼ਾਇਦ ਉਸ ਨੂੰ ਮੇਰੀ ਪਛਾਣ ਭੁੱਲ ਗਈ ਸੀ। ਮੈਂ ਉਸ ਦੇ ਚੇਤੇ ਵਿਚੋਂ ਵਿਸਰ ਗਿਆ ਸਾਂ ਪਰ ਸਟੇਜ ਤੋਂ ਉਤਰਦਿਆਂ ਉਹਦੀ ਗਲਵੱਕੜੀ ਦਾ ਨਿੱਘ ਦਿਲ ਦੀਆਂ ਧੁਰ ਡੂੰਘਾਣਾਂ ‘ਚੋਂ ਉਮਡ ਆਈ ਮੁਹੱਬਤ ਦਾ ਭਰ-ਪ੍ਰਗਟਾਵਾ ਸੀ।
ਇੰਜ ਹੀ ਸਵੇਰੇ ਹੋਇਆ ਜਦੋਂ ਉਦਘਾਟਨੀ ਸਮਾਗਮ ਸ਼ੁਰੂ ਹੋਣ ਸਮੇਂ ਮੈਂ ਪਹਿਲੀ ਕਤਾਰ ਵਿਚ ਬੈਠੇ ਜਾਣੂਆਂ ਨਾਲ ਹੱਥ ਮਿਲਾਉਂਦਾ ਅੱਗੇ ਵਧ ਰਿਹਾ ਸਾਂ ਤਾਂ ਅਫ਼ਜ਼ਲ ਅਹਿਸਨ ਰੰਧਾਵਾ ਬੈਠਾ ਨਜ਼ਰ ਆਇਆ। ਮੈਂ ਉਸ ਨੂੰ ਉਤਸ਼ਾਹ ਵਿਚ ਭਿੱਜ ਕੇ ਸਲਾਮ ਆਖੀ ਕਿਉਂਕਿ ਮੈਨੂੰ ਬਾਰਾਂ-ਤੇਰ੍ਹਾਂ ਸਾਲ ਪਹਿਲਾਂ ਉਹਦੀ ਦਿੱਲੀ ਵਿਚ ਹੋਈ ਮਿਲਣੀ ਯਾਦ ਸੀ। ਪੰਜਾਬੀ ਅਕਾਦਮੀ ਦਿੱਲੀ ਵਲੋਂ ਕਰਵਾਏ ਕਹਾਣੀ ਦਰਬਾਰ ਦੇ ਪਹਿਲੇ ਸੈਸ਼ਨ ਵਿਚ ਅਸੀਂ ਦੋਹਾਂ ਨੇ ਹੀ ਆਪਣੀਆਂ ਕਹਾਣੀਆਂ ਪੜ੍ਹੀਆਂ ਸਨ। ਦੂਜੇ ਸੈਸ਼ਨ ਤੋਂ ਪਹਿਲਾਂ ਚਾਹ-ਪਾਣੀ ਦੇ ਵਕਫ਼ੇ ਲਈ ਅਸੀਂ ਸਭ ਲੇਖਕ ਦੋਸਤ ਹਾਲ ‘ਚੋਂ ਬਾਹਰ ਆ ਕੇ ਗੱਪ-ਗੋਸ਼ਟੀਆਂ ਵਿਚ ਲੱਗੇ ਸਾਂ। ਮੈਥੋਂ ਵੀ ਗਿੱਠ ਉੱਚਾ ਰੰਧਾਵਾ ਮੇਰੇ ਵੱਲ ਵਧਿਆ ਆ ਰਿਹਾ ਸੀ। ਅਸੀਂ ਦੋਵੇਂ ਇਕ ਦੂਜੇ ਨੂੰ ਸਟੇਜ ‘ਤੇ ਸੁਣ ਚੁੱਕੇ ਸਾਂ। ਜਾਣ-ਚੁੱਕੇ ਸਾਂ। ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਸੀ। ਰੰਧਾਵੇ ਨੇ ਆਉਂਦਿਆਂ ਹੀ ਸ਼ੇਰ ਵਾਂਗ ਗਰਜਵੀਂ ਆਵਾਜ਼ ਵਿਚ ਆਖਿਆ।
‘‘ਆ! ਹਾਲ ਦੀ ਘੜੀ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਪਾਸੇ ਕਰ ਦੇਈਏ। ਰੰਧਾਵੇ ਨੂੰ ਸੰਧੂ ਨਾਲ ਮਿਲ ਲੈਣ ਦੇ। ਭਰਾ ਨੂੰ ਭਰਾ ਦੇ ਗਲ ਨਾਲ ਲੱਗ ਲੈਣ ਦੇ।’’
ਤੇ ਉਹਨੇ ਮੈਨੂੰ ਆਪਣੀ ਪੀਚਵੀਂ ਜੱਫੀ ਵਿਚ ਘੁੱਟ ਲਿਆ ਸੀ।
ਹੁਣ ਜਦੋਂ ਮੈਂ ਉਸ ਨੂੰ ਸਲਾਮ ਆਖੀ ਤਾਂ ਉਸ ਦਾ ਜਵਾਬ ਬੜਾ ਰਸਮੀ ਸੀ। ਸ਼ਾਇਦ ਉਹ ਵੀ ਮੇਰੀ ਸ਼ਕਲ ਭੁੱਲ ਚੁੱਕਾ ਸੀ। ਮੈਂ ਹੌਲੀ ਜਿਹੀ ਉਹਦੇ ਕੰਨ ਵਿਚ ਆਪਣਾ ਨਾਂ ਦੱਸਿਆ ਤਾਂ ਉਹਦੇ ਜਿਸਮ ਤੇ ਵਿਹਾਰ ਵਿਚ ਅਚਾਨਕ ਤਬਦੀਲੀ ਆਈ। ਬਰਫ਼ ਇਕਦਮ ਪਿਘਲ ਗਈ। ਉਹ ਮੈਨੂੰ ਜੱਫੀ ‘ਚ ਘੁੱਟ ਕੇ ਮੇਰੀ ਪਿੱਠ ਥਾਪੜੀ ਜਾ ਰਿਹਾ ਸੀ ਤੇ ਮੇਰੇ ਕੰਨਾਂ ਕੋਲ ਫੁਸਫੁਸਾ ਰਿਹਾ ਸੀ। ‘‘ਓਏ ਸੰਧੂ, ਤੂੰ ਤਾਂ ਮੇਰੀ ਜਾਨ ਏਂ….ਜਾਨ…। ਮੇਰੀ ਆਪਣੀ ਜਾਨ…।’’
ਸਾਡਾ ਮਿਲਣਾ ਤੇ ਮਿਲਦੇ ਰਹਿਣਾ ਬਹੁਤ ਜ਼ਰੂਰੀ ਸੀ ਤਾਂ ਕਿ ਅਸੀਂ ‘ਆਪਣੀ ਹੀ ਜਾਨ’ ਨੂੰ ਭੁੱਲ ਨਾ ਜਾਈਏ। ਉਸ ਤੋਂ ਬੇਪਛਾਣ ਨਾ ਹੋ ਜਾਈਏ।

ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ  ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ ਓਂ।’’
ਮੈਂ ਹੱਥ ਨਾਲ ਹੀ ਉਸ ਨੂੰ ਧੰਨਵਾਦੀ ਇਸ਼ਾਰਾ ਕੀਤਾ। ਪਰ ਉਹ, ‘‘ਨਹੀਂ, ਨਹੀਂ, ਅੱਗੇ ਆਓ,’’ ਕਹਿੰਦਾ ਰਿਹਾ।
ਸਾਰੇ ਲੋਕ ਵੇਖ ਰਹੇ ਸਨ। ਇਸ ਲਈ ਜ਼ਿਦ ਕਰਨਾ ਮੁਨਾਸਿਬ ਨਾ ਲੱਗਾ। ਅਸੀਂ ਅੱਗੇ ਨੂੰ ਤੁਰ ਪਏ ਪਰ ਪਹਿਲੀ ਕਤਾਰ ਵਾਲੇ ਦੋ ਪਾਸੀਂ ਪਏ ਸੋਫਿਆਂ ਦੀਆਂ ਤਾਂ ਸਾਰੀਆਂ ਸੀਟਾਂ ਮੱਲੀਆਂ ਹੋਈਆਂ ਸਨ। ਉਨ੍ਹਾਂ ਤੋਂ ਅੱਗੇ ਸਟੇਜ ਦੇ ਸੱਜੇ ਹੱਥ ਕੁਰਸੀਆਂ ਦੀਆਂ ਦੋ ਕਤਾਰਾਂ ਹਾਲ ਦੇ ਅੱਧ ਤੱਕ ਟੇਢੇ ਰੁਖ਼ ਲੱਗੀਆਂ ਹੋਈਆਂ ਸਨ। ਮਾਣਕ ਨੇ ਉਨ੍ਹਾਂ ਕੁਰਸੀਆਂ ਵਿਚੋਂ ਸਾਡੇ ਲਈ ਦੋ ਕੁਰਸੀਆਂ ਬਚਾ ਕੇ ਰੱਖੀਆਂ ਹੋਈਆਂ ਸਨ।
‘‘ਤੁਸੀਂ ਯਾਰ ਐਵੇਂ ਪਿੱਛੇ-ਪਿੱਛੇ ਰਹਿੰਦੇ ਜੇ। ਤੁਸੀਂ ਹੀ ਤਾਂ ਸਾਡੇ ਅੱਗੇ ਬੈਠਣ ਵਾਲੇ ਬੰਦੇ ਹੋ।’’ ਸਾਨੂੰ ਬਿਠਾ ਕੇ ਨਿਸਚਿੰਤ ਹੋ ਕੇ ਆਪਣੀ ਸੀਟ ਉੱਤੇ ਬਹਿੰਦਿਆਂ ਉਸ ਨੇ ਟਿੱਪਣੀ ਕੀਤੀ। ਉਹ ਸਾਡਾ ਮਾਣ ਰੱਖ ਰਿਹਾ ਸੀ। ਪਰ ਮੇਰਾ ਤੇ ਜਗਤਾਰ ਦਾ ਸੁਭਾਅ ਇਸ ਪੱਖੋਂ ਮੇਲ ਖਾ ਗਿਆ ਸੀ। ਸਾਨੂੰ ਅੱਗੇ-ਅੱਗੇ ਹੋਣ ਦੀ ਕੋਈ ਤਾਂਘ ਹੀ ਨਹੀਂ ਸੀ। ਹੁੰਦੀ ਵੀ ਕਿਵੇਂ? ਨਾ ਅਸੀਂ ਚੜ੍ਹਦੇ ਪੰਜਾਬ ਦੇ ਪ੍ਰਬੰਧਕਾਂ ਵਿਚੋਂ ਸਾਂ ਤੇ ਨਾ ਹੀ ਲਹਿੰਦੇ ਪੰਜਾਬ ਦੇ ਪ੍ਰਬੰਧਕਾਂ ਦੇ ਨੇੜੇ। ਚਾਰ ਦਿਨਾਂ ਵਿਚ ਹੋਣ ਵਾਲੇ ਸੈਸ਼ਨਾਂ ਦੇ ਵਿਭਿੰਨ ਵਿਸ਼ਿਆਂ ਬਾਰੇ ਨਾ ਹੀ ਪਰਚਾ ਲਿਖਣ ਵਾਲੇ ਸਾਂ ਤੇ ਨਾ ਹੀ ਕਿਸੇ ਆਗੂ ਵਲੋਂ ਕਿਸੇ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਕੇ ਆਪਣੇ ਵਿਚਾਰ ਪੇਸ਼ ਕਰਨ ਦਾ ਸਾਨੂੰ ਹੁਕਮ ਹੋਇਆ ਸੀ। ਅਸੀਂ ਸਾਧਾਰਨ ਡੈਲੀਗੇਟ ਸਾਂ। ਸਾਡੇ ਮਨ ਵਿਚ ਅਜਿਹੀ ਕੋਈ ਤਾਂਘ ਨਹੀਂ ਸੀ ਕਿ ਕਾਨਫ਼ਰੰਸ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਅਸੀਂ ਕੋਈ ਗੱਲ ਵਿਸ਼ੇਸ਼ ਜ਼ੋਰ ਨਾਲ ਕਹਿਣੀ ਜਾਂ ਉਭਾਰਨੀ ਹੈ। ਸਾਡੇ ਡੇਢ ਸੌ ਡੈਲੀਗੇਟਾਂ ‘ਚ ਬਥੇਰੇ ਵਿਦਵਾਨ ਸਨ, ਵੱਡੇ-ਵੱਡੇ ਨਾਂ ਸਨ ਜਿਹੜੇ ਇਹ ਕੰਮ ਕਰ ਸਕਦੇ ਸਨ।
ਉੱਚੇ ਲੰਮੇ ਸਟੇਜ ਸਕੱਤਰ, ਜਿਸ ਨੇ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ, ਨੇ ਬੜੇ ਨਿਰ-ਉਚੇਚ ਢੰਗ ਨਾਲ ਸਮਾਗਮ ਦੀ ਕਾਰਵਾਈ ਆਰੰਭੀ, ਜਿਵੇਂ ਕੋਈ ਆਪਣੇ ਘਰ ਦੇ ਜੀਆਂ ਨਾਲ ਗੱਲਬਾਤ ਕਰ ਰਿਹਾ ਹੋਵੇ। ਸਭ ਤੋਂ ਪਹਿਲਾਂ ਉਸ ਨੇ ਕਾਨਫ਼ਰੰਸ ਦੇ ਮੁੱਖ ਆਗੂ ਫ਼ਖ਼ਰ ਜ਼ਮਾਂ ਨੂੰ ਉਦਘਾਟਨੀ ਸ਼ਬਦ ਕਹਿਣ ਲਈ ਸੱਦਾ ਦਿੱਤਾ। ਕਾਲੀ ਜੈਕਟ ਤੇ ਚਿੱਟੇ ਸਲਵਾਰ ਕੁੜਤੇ ਵਿਚ ਦਗਦੇ ਚਿਹਰੇ ਵਾਲਾ ਹਸੂੰ-ਹਸੂੰ ਕਰਦਾ ਫ਼ਖ਼ਰ ਜ਼ਮਾਂ ਮਾਈਕ ਸਾਹਮਣੇ ਆਇਆ। ਸਭ ਨੂੰ ਖ਼ੁਸ਼ਆਮਦੀਦ ਕਹਿੰਦਿਆਂ ਉਸ ਨੇ ਆਖਿਆ, ‘‘ਅਸੀਂ ਅਮਨ ਦੇ ਪ੍ਰਚਾਰਕ ਹਾਂ। ਭਾਈਚਾਰੇ ਅਤੇ ਮੁਹੱਬਤ ਦੇ ਪ੍ਰਚਾਰਕ। ਅਸੀਂ ਪ੍ਰਗਤੀਪਸੰਦ ਹਾਂ ਤੇ ਹਰ ਤਰ੍ਹਾਂ ਦੀ ਇੰਤਹਾਪਸੰਦੀ ਦੇ ਖ਼ਿਲਾਫ਼ ਆਂ। ਅਸੀਂ ਪੰਜਾਬੀ ਬੋਲੀ ਤੇ ਕਲਚਰ ਨੂੰ ਸਾਂਭਣ ਲਈ ਵਚਨਬੱਧ ਆਂ। ਪੰਜਾਬੀਅਤ ਦੀ ਮਜ਼ਬੂਤ ਲਹਿਰ ਸ਼ੁਰੂ ਹੋ ਚੁੱਕੀ ਹੈ।
ਅੱਜ ਘਰ ਵਿਚ ਖਿੜੀ ਕਪਾਹ ਕੁੜੇ
ਤੂੰ ਝਬ ਝਬ ਚਰਖਾ ਡਾਹ ਕੁੜੇ
ਅਸੀਂ ਮੁਹੱਬਤ ਦੀ ਤੰਦ ਖਿੱਚਣੀ ਏ। ਦੋਹਾਂ ਪੰਜਾਬਾਂ ਦੀ ਸਾਂਝ ਵਧਾਉਣੀ ਏਂ। ਇਹੋ ਜਿਹਾ ਮਾਹੌਲ ਪੈਦਾ ਕਰਨਾ ਏਂ ਜਿਸ ਨਾਲ ਅਮਨ ਤੇ ਦੋਸਤੀ ਦੀ ਖ਼ੁਸ਼ਬੂ ਫ਼ੈਲ ਸਕੇ। ਅਸੀਂ ਸਾਰੇ ਮਸਲਿਆਂ ਦਾ ਹੱਲ ਬਾਰੂਦ ਦੀ ਬੋ ਵਿਚ ਨਹੀਂ, ਮੁਹੱਬਤ ਦੀ ਖ਼ੁਸ਼ਬੋ ਵਿਚੋਂ ਤਲਾਸ਼ਣਾ ਹੈ। ਇਹ ਗੱਲਾਂ ਇਸ ਕਾਨਫ਼ਰੰਸ ਵਿਚ ਵੀ ਵਿਚਾਰਨੀਆਂ ਨੇ ਤੇ ਮੰਗ ਕਰਨੀ ਏ ਦੋਹਾਂ ਪੰਜਾਬਾਂ ਵਿਚ ਆਵਾਜਾਈ ਵਧਾਣ ਦੀ, ਮਿਲ ਬੈਠਣ ਦੀ, ਸਾਂਝਾ ਕਲਚਰ ਸਾਂਭਣ ਦੀ।’’
ਫ਼ਖਰ ਜ਼ਮਾਂ ਦੇ ਭਾਸ਼ਨ ਨੇ ਇਕ ਸਦਭਾਵੀ ਮਾਹੌਲ ਤਿਆਰ ਕਰ ਦਿੱਤਾ ਸੀ। ਦੋਹਾਂ ਮੁਲਕਾਂ ਦੇ ਡੈਲੀਗੇਟਾਂ ਦੇ ਦਿਲਾਂ ਦੀਆਂ ਤਾਰਾਂ ਅਸਲੀ ਮਕਸਦ ਨਾਲ ਜੋੜ ਦਿੱਤੀਆਂ ਸਨ।
ਸਟੇਜ ਸਕੱਤਰ ਆਪਣੇ ਮਖ਼ਸੂਸ ਅੰਦਾਜ਼ ਵਿਚ ਉਸਤਾਦ ਦਾਮਨ ਦਾ ਸ਼ਿਅਰ ਕਹਿ ਰਿਹਾ ਸੀ :
‘‘ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।’’
ਫਿਰ ਉਸ ਨੇ ਤੋੜਾ ਝਾੜਿਆ
‘‘ਕਾਹਨੂੰ ਕੱਢਦੈਂ ਨੱਕ ਦੀਆਂ ਲਕੀਰਾਂ
ਤੂੰ ਦਿਲ ਦੀ ਲਕੀਰ ਕੱਢ ਲੈ’’
ਸਰਹੱਦਾਂ ਉੱਤੇ ਖ਼ੁਸ਼ਬੋ ਬੀਜਣ ਵਾਲੀ ਸਿਰੇ ਦੀ ਗੱਲ ਕਰਕੇ ਉਸ ਨੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਲਿਕ ਮੇਅਰਾਜ਼ ਖ਼ਾਲਿਦ ਨੂੰ ਬੋਲਣ ਦਾ ਸੱਦਾ ਦਿੱਤਾ।
ਮਲਿਕ ਮੇਅਰਾਜ਼ ਖ਼ਾਲਿਦ ਨੇ ਆਖਿਆ, ‘‘ਦੋਹਾਂ ਪੰਜਾਬਾਂ ‘ਚੋਂ ਏਥੇ ਸੁੱਚੇ ਇਨਸਾਨ ਆਏ ਨੇ ਅਤੇ ਮੈਂ ਜ਼ਿੰਦਗੀ ‘ਚ ਕਦੇ ਇਹੋ ਜਿਹਾ ਸੋਹਣਾ ਤੇ ਸੁੱਚਾ ਇਕੱਠ ਨਹੀਂ ਵੇਖਿਆ। ਇਸ ਕਾਨਫ਼ਰੰਸ ਦਾ ਮਕਸਦ ਅਮਨ, ਦੋਸਤੀ ਤੇ ਪਿਆਰ ਦਾ ਪੈਗ਼ਾਮ ਦੇਣਾ ਏ। ਪੰਜਾਬ ਬਰੇ-ਸਗੀਰ ਦੀ ਵੱਖਰੀ ਤੇ ਵੱਡੀ ਨੁੱਕਰ ਏ ਤੇ ਸਾਂਝੇ ਪੰਜਾਬੀ ਕਲਚਰ ਦੇ ਹਵਾਲੇ ਨਾਲ ਅਸੀਂ ਆਪਣਾ ਮਕਸਦ ਪੂਰਾ ਕਰਨਾ ਏ। ਤੇ ਇਹ ਜਿਹੜਾ ਏਧਰ ‘ਜਹੰਨੁਮ’ ਤੇ ਓਧਰ ‘ਨਰਕ’ ਬਣਿਆ ਹੈ ; ਇਹ ਦੂਰ ਕਰਨਾ ਹੈ। ਮੁਹੱਬਤ ਦੇ ਰਾਹ ਵਿਚ ਦੋਹਾਂ ਪਾਸਿਆਂ ਤੋਂ ਹੁੰਦਾ ਗ਼ਲਤ ਪ੍ਰਾਪੇਗੰਡਾ ਸਮਝਣਾ ਹੈ। ਅੱਜ ਦਾ ਪੰਜਾਬੀਆਂ ਦਾ ਇਹ ਇਕੱਠ ਬਰੇ-ਸਗੀਰ ਵਿਚ ਦੋਸਤੀ ਦਾ ਪੈਗ਼ਾਮ ਦੇਣ ਦਾ ਵਸੀਲਾ ਬਣੇਗਾ।’’
‘‘ਮਨ ਦੀਆਂ ਕਦੂਰਤਾਂ ਦੂਰ ਕਰਨ ਲਈ ਸਾਨੂੰ ਸੂਫੀਆਂ, ਰਿਸ਼ੀਆਂ ਤੇ ਭਗਤਾਂ ਦੇ ਮੁਹੱਬਤ ਤੇ ਇਸ਼ਕ ਦੇ ਪੈਗ਼ਾਮ ਤੋਂ ਰੋਸ਼ਨੀ ਲੈਣੀ ਹੋਵੇਗੀ। ਇਹ ਕਾਨਫ਼ਰੰਸ ਕਲਚਰ ਦੀ ਬੁਨਿਆਦੀ ਰੂਹ ਸਾਰੀ ਦੁਨੀਆਂ ਅੱਗੇ ਰੱਖੇ ; ਸੂਫੀਆਂ ਤੇ ਰਿਸ਼ੀਆਂ ਦੇ ਪੈਗਾਮ ਦੇ ਲੜ ਲੱਗ ਕੇ ਅਸੀਂ ਪੰਜਾਬ ਤੱਕ ਤੇ ਫਿਰ ਬਰੇ-ਸਗੀਰ ਤੱਕ ਪੁੱਜੀਏ।’’
ਫਿਰ ਮਲਿਕ ਮੇਅਰਾਜ਼ ਖ਼ਾਲਿਦ ਨੇ ਫ਼ਖਰ ਜ਼ਮਾਂ ਦੇ ਵਿਚਾਰਾਂ ‘ਤੇ ਟਿੱਪਣੀ ਕੀਤੀ, ‘‘ਮੈਂ ਚਾਹੁੰਦਾਂ ਕਿ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਥਾਂ ‘ਤੇ ਇਨਸਾਨ ਤੇ ਇਨਸਾਨੀਅਤ ਦਾ ਨਾਅਰਾ ਬੁਲੰਦ ਕਰੀਏ।’’
‘‘ਅੰਗਰੇਜ਼ੀ ਸਕੂਲਾਂ ਵਿਚ ਸਾਡੀ ਸਕਾਫ਼ਤ ਦੀ ਨਫੀ ਹੁੰਦੀ ਹੈ ਤੇ ਅਸੀਂ ਅੱਜ ਵੀ ਸਾਮਰਾਜ ਦੇ ਜ਼ੇਰੇ-ਅਸਰ ਆਂ। ਸਾਡੀ ਆਜ਼ਾਦੀ ਅੱਗੇ ਸੁਆਲੀਆ ਨਿਸ਼ਾਨ ਲੱਗ ਗਏ ਨੇ। ਸਾਮਰਾਜ ਦੇ ਗੁਮਾਸ਼ਤੇ ਸਾਨੂੰ ਅੰਗਰੇਜ਼ੀ ਰਿਆਇਆ ਵਾਂਗ ਹੀ ਸਮਝਦੇ ਨੇ। ਅਸੀਂ ਇਨਸਾਨ ਬਣਾਉਣਾ ਹੈ ਰਿਆਇਆ ਨੂੰ।
ਅਖੀਰ ਵਿਚ ਉਸ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ, ‘‘ਇਹ ਸੋਹਣਾ ਤੇ ਸੁੱਚਾ ਇਕੱਠ ਮੁਹੱਬਤ ਦੀ ਤਾਕਤ ਨਾਲ ਨਫ਼ਰਤ ਦੀ ਦੀਵਾਰ ਨੂੰ ਤੋੜੇਗਾ, ਇਹ ਮੈਨੂੰ ਉਮੀਦ ਹੈ।’’
ਸਟੇਜ ਸਕੱਤਰ ਫੇਰ ਮਾਈਕ ਸਾਹਮਣੇ ਆਇਆ। ਇਹ ਤਾਂ ਬੜਾ ਜਾਣਿਆ ਪਛਾਣਿਆ ਚਿਹਰਾ ਸੀ ਪਰ ਮੈਨੂੰ ਯਾਦ ਕਿਉਂ ਨਹੀਂ ਸੀ ਆ ਰਿਹਾ। ਮੈਂ ਕਿਸੇ  ਨੇੜਲੇ ਨੂੰ ਪੁੱਛਿਆ ਤਾਂ ਉਹ ਕਹਿੰਦਾ, ‘‘ਇਹਦਾ ਨਾਂ ਸ਼ੁਜ਼ਆਤ ਹਾਸ਼ਮੀ ਹੈ। ਟੀ.ਵੀ. ਕਲਾਕਾਰ ਹੈ।’’
ਮੈਨੂੰ ਤੁਰੰਤ ਯਾਦ ਆਇਆ। ਮੈਂ ਤਾਂ ਇਸ ਨੂੰ ਅਨੇਕਾਂ ਪਾਕਿਸਤਾਨੀ ਟੀ.ਵੀ. ਡਰਾਮਿਆਂ ਵਿਚ ਦੇਖ ਚੁੱਕਾ ਸੀ। ਕਿਸੇ ਭਾਰਤੀ ਪ੍ਰੋਡਿਊਸਰ ਵਲੋਂ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਉੱਤੇ ਬਣੀ ਟੀ.ਵੀ. ਫਿਲਮ ਵਿਚ ਉਸ ਨੇ ਬਿਸ਼ਨ ਸਿੰਘ ਦਾ ਰੋਲ ਬਹੁਤ ਹੀ ਖ਼ੁਸ਼-ਅਸਲੂਬੀ ਨਾਲ ਕੀਤਾ ਸੀ ਜੋ ਆਪਣੇ ਆਪ ਵਿਚ ਅਭਿਨੈ ਕਲਾ ਦਾ ਸਿਖ਼ਰਲਾ ਨਮੂਨਾ ਸੀ। ਭਾਰਤੀ ਟੀ.ਵੀ. ਫਿਲਮ ਵਿਚ ਕੰਮ ਕਰਨ ਕਰਕੇ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਉਸ ਨੂੰ ਜਿਊਂਦਿਆਂ ਸਾੜ ਦੇਣ ਦਾ ਡਰਾਵਾ ਵੀ ਦਿੱਤਾ ਸੀ।
ਸ਼ੁਜ਼ਆਤ ਹਾਸ਼ਮੀ ਇਸ ਕਾਨਫ਼ਰੰਸ ਨੂੰ ਵੇਖ ਕੇ ਦੋਖੀਆਂ ਨੂੰ ਹੋਣ ਵਾਲੇ ਦੁੱਖ ਦਾ ਅਨੁਮਾਨ ਲਾ ਕੇ ਕਹਿ ਰਿਹਾ ਸੀ :
‘‘ਤੈਨੂੰ ਕਾਫ਼ਰ ਕਾਫ਼ਰ ਆਖਦੇ
ਤੂੰ ਆਹੋ ਆਹੋ ਆਖ….’’
ਮੁੱਖ ਮਹਿਮਾਨ ਦੇ ਬੋਲਣ ਪਿਛੋਂ ਭਾਰਤੀ ਡੈਲੀਗੇਟਾਂ ਦੇ ਆਗੂ ਡਾ. ਸੁਤਿੰਦਰ ਸਿੰਘ ਨੂਰ ਦੇ ਬੋਲਣ ਦੀ ਵਾਰੀ ਸੀ। ਨੂਰ ਨੇ ਆਪਣੀ ਗੱਲ ਪੰਜਾਬੀਅਤ ਤੋਂ ਹੀ ਸ਼ੁਰੂ ਕੀਤੀ।
‘‘ਅਸੀਂ ਪੰਜਾਬੀਅਤ ਨਾਲ ਸਦੀਆਂ ਤੋਂ ਜੁੜੇ ਹੋਏ ਹਾਂ। ਪੰਜਾਬੀਅਤ ਹੁਣ ਇਕ ਸੰਕਲਪ ਨਹੀਂ ਰਹਿ ਗਈ, ਇਹ ਇਕ ਵਿਚਾਰਧਾਰਾ ਬਣ ਚੁੱਕੀ ਹੈ ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਮਜ਼੍ਹਬ ਆਪਣੀ ਥਾਂ ਹੈ ਪਰ ਇਹ ਕਦੀ ਵੀ ਪੰਜਾਬੀਅਤ ਦੀ ਦੀਵਾਰ ਨਹੀਂ ਬਣਿਆ। ਪੰਜਾਬੀਅਤ ਤਾਂ ਸ਼ਾਇਰੀ ਰਾਹੀਂ ਵਰੋਸਾਈ ਹੈ। ਅਸੀਂ ‘ਸ਼ਾਇਰੀ ਦੇ ਪੁੱਤਰ’ ਹਾਂ। ਸ਼ਾਇਰੀ ਵਿਚ ਸੂਫੀ ਮੱਤ ਡੌਮੀਨੇਟ ਕਰਦਾ ਹੈ। ਸੂਫੀ ਸਾਨੂੰ ਜੋੜਦੇ ਹਨ। ਇਹ ਗੱਲ ਅੱਜ ਵੀ ਠੀਕ ਹੈ। ਪੱਛਮ ਦਾ ਹਮਲਾ ਸਾਨੂੰ ਅੰਦਰ ਵੱਲ ਆਪਣੀ ਵਿਰਾਸਤ ਵੱਲ ਮੋੜ ਰਿਹਾ ਹੈ। ਸਾਨੂੰ ਨਵੇਂ ਚੈਲਿੰਜ ਸਮਝਣ ਦੀ ਜ਼ਰੂਰਤ ਹੈ। ਇਹ ਦੋਹਾਂ ਪੰਜਾਬਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਨੂੰ ਨਿਭਾਉਣ ਲਈ ਆਪਸ ਵਿਚ ਰਲ ਕੇ ਬੈਠਣ ਦੀ ਲੋੜ ਹੈ। ਮੁਲਕਾਂ ਦੇ ਬਣਨ ਦੇ ਕਾਰਨ ਹੋਰ ਹੋ ਸਕਦੇ ਹਨ, ਪਰ ਅਸੀਂ ਮਿਲ ਕੇ ਬੈਠਾਂਗੇ ਤਾਂ ਪਿਆਰ ਵੀ ਵਧੇਗਾ। ਜ਼ਬਾਨ ਦਾ ਓਪਰਾਪਨ ਵੀ ਘਟੇਗਾ ਤੇ ਅਸੀਂ ਇਕ ਦੂਜੇ ਨਾਲ ਜੁੜਾਂਗੇ ਵੀ।’’
ਮੁੱਖ ਬੁਲਾਰੇ ਆਪਣੀ ਗੱਲ ਕਹਿ ਚੁੱਕੇ ਸਨ। ਪਰ ਅਜੇ ਤਾਂ ਸਟੇਜ ਉੱਤੇ ਹੋਰ ਬਹੁਤ ਨਾਮਵਰ ਹਸਤੀਆਂ ਬੈਠੀਆਂ ਸਨ। ਉਨ੍ਹਾਂ ਵੀ ਆਪਣੇ-ਆਪਣੇ ਅੰਦਾਜ਼ ਵਿਚ ਦੋਸਤੀ, ਅਮਨ ਤੇ ਮੁਹੱਬਤ ਦਾ ਪੈਗ਼ਾਮ ਦਿੱਤਾ।
ਪ੍ਰਸਿੱਧ ਤਾਰੀਖ਼ਦਾਨ ਅਬਦੁੱਲਾ ਮਲਿਕ ਨੇ ਮਲਿਕ ਮੇਅਰਾਜ਼ ਖ਼ਾਲਿਦ ਦੇ ਵਿਚਾਰਾਂ ‘ਤੇ ਟਿੱਪਣੀ ਕਰਦਿਆਂ ਕਿਹਾ, ‘‘ਮੇਅਰਾਜ਼ ਖ਼ਾਲਿਦ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਿਸ ਕਰਕੇ ਉਹ ‘ਪੰਜਾਬੀਅਤ’ ਦੀ ਜਗ੍ਹਾਂ ‘ਇਨਸਾਨੀਅਤ’ ਦੀ ਗੱਲ ਕਰਨ ‘ਤੇ ਜ਼ੋਰ ਦਿੰਦਾ ਹੈ। ‘ਪੰਜਾਬੀਅਤ’ ਕੋਈ ‘ਇਨਸਾਨੀਅਤ’ ਦੇ ਮੁਖ਼ਾਲਿਫ਼ ਚੀਜ਼ ਨਹੀਂ ਹੈ। ਸੱਚੀ ‘ਪੰਜਾਬੀਅਤ’ ਹੀ ਅਸਲ ਵਿਚ ਸੱਚੀ ਇਨਸਾਨੀਅਤ ਹੈ।‥ਦੋਹੀਂ ਪਾਸੀਂ ਮੁਸ਼ਕਲਾਂ ਤਾਂ ਹਨ ਪਰ ਮਿਲ ਬੈਠ ਕੇ ਠੰਢੇ ਦਿਲ ਨਾਲ ਮਸਾਇਲ ਦੇ ਹੱਲ ਲੱਭੇ ਜਾ ਸਕਦੇ ਨੇ। ਲੜਾਈ ਜਦੋਂ ਵੀ ਹੋਵੇ, ਮਰਦਾ ਤਾਂ ਪੰਜਾਬੀ ਹੀ ਹੈ। ਇਸ ਲਈ ਦੋਹਾਂ ਮੁਲਕਾਂ ਨੂੰ ਨੇੜੇ ਕਰਨ ਲਈ ਪੰਜਾਬੀਆਂ ਨੂੰ ਹੀ ਰੋਲ ਅਦਾ ਕਰਨਾ ਪਵੇਗਾ ਕਿਉਂਕਿ ਇਹ ਉਨ੍ਹਾਂ ਦੀ ਲੋੜ ਵੀ ਹੈ। ਤੁਸੀਂ ਵੀ ਓਧਰ ਅਡਵਾਨੀਆਂ ਨੂੰ ਕਾਬੂ ਪਾਓ ਤੇ ਏਧਰ ਅਸੀਂ ਵੀ ਪਾਈਏ।’’
ਬੁਲਾਰੇ ਤਾਂ ਕਈ ਸਨ ਪਰ ਖ਼ੂਬਸੂਰਤੀ ਇਹ ਸੀ ਕਿ ਹਰੇਕ ਜਣਾ ਦੋ ਢਾਈ ਮਿੰਟ ਵਿਚ ਆਪਣੀ ਗੱਲ ਕਹਿ ਕੇ ਬੈਠ ਜਾਂਦਾ ਸੀ। ਗੱਲ ਵੀ ਪਤੇ ਦੀ ਹੁੰਦੀ ਪਰ ਬਹੁਤਾ ਬੋਲਣ ਦਾ ਲਾਲਚ ਕਿਸੇ ਨੂੰ ਵੀ ਨਹੀਂ ਸੀ। ਬੁਲਾਰਿਆਂ ਦੀ ਇਸ ਸਿਆਣਪ ਦੀ ਮੈਂ ਦਿਲ ਹੀ ਦਿਲ ਦਾਦ ਦੇ ਰਿਹਾ ਸਾਂ। ਏਸੇ ਵੇਲੇ ਫਿਲਮ ਸਟਾਰ ਰਾਜ ਬੱਬਰ ਹਾਲ ਵਿਚ ਵੜਿਆ। ਲੋਕਾਂ ਦੀਆਂ ਧੌਣਾਂ ਮੁੜੀਆਂ ਉਤੇਜਨਾ ਨਾਲ। ਉਸ ਨੂੰ ਸਤਿਕਾਰ ਨਾਲ ਸਟੇਜ ‘ਤੇ ਲਿਆਂਦਾ ਗਿਆ। ਪ੍ਰੋਗਰਾਮ ਅੱਗੇ ਸ਼ੁਰੂ ਹੋਇਆ।
ਔਰਤਾਂ ਦੀ ਸੰਸਥਾ ਦੀ ਚੇਅਰਪਰਸਨ ਤਾਹਿਰਾ ਮਜ਼ਹਰ ਅਲੀ ਬੋਲ ਰਹੀ ਸੀ, ‘‘ਅੱਜ ਲਾਹੌਰ ਰੰਗ-ਬਰੰਗੀ ਹੋ ਗਿਐ। ਰੰਗ-ਬਰੰਗੀਆਂ ਪੱਗਾਂ ਵੇਖ ਕੇ। ਮੌਸਮ ਬਿਹਤਰ ਹੋ ਗਿਐ। ਬਹਾਰ ਲੰਮੀ ਹੋ ਗਈ ਹੈ ਤੁਹਾਡੇ ਤਸ਼ਰੀਫ ਲਿਆਉਣ ਨਾਲ। ਦੋਹਾਂ ਮੁਲਕਾਂ ਵਿਚ ਦੋਸਤੀ ਨਾ ਹੋਵੇ ਤਾਂ ਅਸੀਂ ਬਚ ਨਾ ਸਕਦੇ। ਆਪਾਂ ਦੋਸਤੀਆਂ ਬਣਾਈਏ, ਸਿਆਸਤ ਨਾ ਕਰੀਏ।’’
ਹੁਣ ਸਟੇਜ ‘ਤੇ ਆਇਆ ਦੋਹਾਂ ਪੰਜਾਬਾਂ ਦਾ ਪਿਆਰਾ ਸ਼ਾਇਰ ਅਹਿਮਦ ਰਾਹੀ। ਬਜ਼ੁਰਗ…ਹੌਲੀ-ਹੌਲੀ ਤੁਰ ਕੇ ਮਾਈਕ ਤੱਕ ਪੁੱੱਜਾ। ਯਾਦ ਆਏ ਉਹ ਇਤਿਹਾਸਕ ਸਮੇਂ ਜਦੋਂ ਦੇਸ਼ ਦੀ ਵੰਡ ਉਪਰੰਤ ਪਹਿਲੀ ਵਾਰ ਉਸ ਨੇ ਅੰਮ੍ਰਿਤਸਰ ਵਿਚ ਹੋਏ ਮੁਸ਼ਾਇਰੇ ਵਿਚ ਨਜ਼ਮ ਪੜ੍ਹੀ ਸੀ :
‘‘ਦੇਸਾਂ ਵਾਲਿਓ ਆਪਣੇ ਦੇਸ ਅੰਦਰ,
ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ’’
ਉਹ ਨਜ਼ਮ ਪੜ੍ਹ ਰਿਹਾ ਸੀ ਤੇ ਲੋਕਾਂ ਦੀਆਂ ਅੱਖਾਂ ‘ਚੋਂ ਅੱਥਰੂ ਕਿਰ ਰਹੇ ਸਨ।
ਬਾਬਾ ਦੋ ਮਿੰਟ ਹੀ ਬੋਲਿਆ, ‘‘ਮੈਂ ਜੋ ਪੰਜਾਬੀ ਦਾ ਬੂਟਾ ਲਾਇਆ ਸੀ, ਉਹ ਹੁਣ ਬੋਹੜ ਦਾ ਦਰਖ਼ਤ ਬਣ ਗਿਐ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ। ਮੈਂ ਸਦਾ ਉਰਦੂ ਲਿਖਣ ਵਾਲਿਆਂ ਨੂੰ ਪੰਜਾਬੀ ਵਿਚ ਲਿਖਣ ਲਈ ਕਹਿੰਦਾ ਸਾਂ। ਮੇਰੇ ਉਰਦੂ ਨੂੰ ਮੇਰੀ ਪੰਜਾਬੀ ਖਾ ਜਾਏ, ਮੈਨੂੰ ਖ਼ੁਸ਼ੀ ਹੈ।’’
ਤਾੜੀਆਂ ਦੀ ਗੂੰਜ ਵਿਚ ਉਹ ਆਪਣੀ ਥਾਂ ਜਾ ਬੈਠਾ।
ਭਾਰਤੀ ਵਫ਼ਦ ਵਲੋਂ ਹੁਣ ਡਾਕਟਰ ਹਰਚਰਨ ਸਿੰਘ ਦੀ ਵਾਰੀ ਸੀ। ਸਿੱਖ ਨਾਵਾਂ ਦੀ ਬਹੁਤੀ ਪਛਾਣ ਨਾ ਹੋਣ ਕਰਕੇ ਸ਼ੁਜ਼ਆਤ ਹਾਸ਼ਮੀ ਉਸ ਦੇ ਨਾਂ ਦਾ ਗ਼ਲਤ ਉਚਾਰਣ ਗੁਰਚਰਨ ਸਿੰਘ ਕਰ ਰਿਹਾ ਸੀ। ਹਰਚਰਨ ਸਿੰਘ ਨੇ ਆਪਣੀ ਗੱਲ ਇਥੋਂ ਹੀ ਸ਼ੁਰੂ ਕੀਤੀ, ‘‘ਰੂਸੀ ਵਿਚ ‘ਹਾਂ’ ਦੀ ਥਾਂ ‘ਖਾ’ ਦਾ ਉਚਾਰਨ ਕੀਤਾ ਜਾਂਦਾ ਹੈ। ਜਦੋਂ ਮੈਂ ਰੂਸ ਗਿਆ ਤਾਂ ਮੈਨੂੰ ‘ਹਰਚਰਨ’ ਦੀ ਥਾਂ ਉਹ ‘ਖ਼ਰਚਰਨ’ ਆਖਿਆ ਕਰਨ।’’
ਮੇਰੇ ਪਿੱਛੇ ਬੈਠੇ ਭਾਰਤੀ ਵਫ਼ਦ ਦੇ ਦੋ ਮੈਂਬਰਾਂ ਨੇ ਇਕ-ਮਤ ਹੋ ਕੇ ਚੁਟਕੀ ਲਈ, ‘‘ਉਹ ਠੀਕ ਹੀ ਆਖਦੇ ਸਨ।’’
ਡਾ. ਹਰਚਰਨ ਸਿੰਘ ਨੇ ਅੱਜ ‘ਆਪਣੇ ਹੀ ਘਰ’ ਆਉਣ ਦੀ ਗੱਲ ਕਰਦਿਆਂ ਕਿਹਾ, ‘‘ਮੈਂ ਅੱਜ ਇਸ ਕਾਨਫ਼ਰੰਸ ਵਿਚ ਇਤਿਹਾਸਕ ਗੱਲ ਪੇਸ਼ ਕਰਨ ਲੱਗਿਆਂ। ਉਹ ਇਹ ਹੈ ਕਿ ਅੱਜ ਤੋਂ ਗੁਰਮੁਖੀ ਸਕਰਿਪਟ ਨੂੰ ਪੰਜਾਬੀ ਸਕਰਿਪਟ ਆਖਿਆ ਜਾਵੇ। ਗੁਰਮੁਖੀ ਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ।’’
ਡਾ. ਹਰਚਰਨ ਸਿੰਘ ਦਾ ਇਹ ਸੁਝਾਅ ਬਚਗਾਨਾ ਸੀ। ਨਵੀਆਂ ਪੇਚੀਦਗੀਆਂ ਤੇ ਨਵੇਂ ਸ਼ੰਕੇ ਖੜ੍ਹੇ ਕਰਨ ਵਾਲਾ ਸੀ। ਪਰ ਉਸ ਦੇ ਇਸ ‘ਮੌਲਿਕ ਵਿਚਾਰ’ ਦੀ ‘ਦਾਦ’ ਦਿੰਦਿਆਂ ਪਿਛਲੇ ਸੱਜਣਾਂ ਨੇ ਫਿਰ ਆਖਿਆ, ‘‘ਰੂਸੀ ਠੀਕ ਹੀ ਤਾਂ ਕਹਿੰਦੇ ਸਨ।’’
ਹਰਚਰਨ ਸਿੰਘ ਦੇ ਇਸ ਭਾਸ਼ਨ ਦੇ ਪਿੱਛੋਂ ‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ਮੁਨੀਰ ਨਿਆਜ਼ੀ, ਅਹਿਮਦ ਰਾਹੀ, ਫਰਖੰਦਾ ਲੋਧੀ, ਅਹਿਮਦ ਬਸ਼ੀਰ ਤੇ ਅਫ਼ਜ਼ਲ ਅਹਿਸਨ ਰੰਧਾਵਾ ਦਾ ਸਨਮਾਨ ਕੀਤਾ ਗਿਆ।
ਹੁਣ ਵਾਰੀ ਸੀ ਪ੍ਰਸਿੱਧ ਨਾਵਲਕਾਰ ਦਲੀਪ ਕੌਰ ਟਿਵਾਣਾ ਦੀ। ਉਸ ਨੇ ਕਿਹਾ ਕਿ ਉਹ ਆਪਣੀ ਨਿੱਕੀ ਜਿਹੀ ਕਹਾਣੀ ਪੜ੍ਹ ਕੇ ਸੁਣਾਵੇਗੀ।
ਇਕ ਤਾਂ ਚੱਲ ਰਹੇ ਸਮਾਗਮ ਦੀ ਰਵਾਨਗੀ ਵਿਚ ਕਹਾਣੀ ਪੜ੍ਹਣਾ ਥੋੜ੍ਹਾ ਅਟਪਟਾ ਜਿਹਾ ਜਾਪਦਾ ਹੀ ਸੀ, ਦੂਜੇ ਮਾਈਕ ਦੇ ਠੀਕ ਤਰ੍ਹਾਂ ਸਾਹਮਣੇ ਨਾ ਹੋ ਸਕਣ ਕਰਕੇ ਤੇ ਤੀਜੇ ਬਾਰੀਕ ਤੇ ਅਸਪਸ਼ਟ ਆਵਾਜ਼ ਕਰਕੇ ਗੱਲ ਸਰੋਤਿਆਂ ਤੱਕ ਪੁੱਜਣ ‘ਚ ਤੇ ਸੁਣਨ ‘ਚ ਰੁਕਾਵਟ ਆ ਪਈ। ਲੋਕ ਗੱਲਾਂ ਕਰਨ ਲੱਗੇ। ਟਿਵਾਣਾ ਆਪਣੀ ਕਹਾਣੀ ‘ਤੇਰਾ ਕਮਰਾ-ਮੇਰਾ ਕਮਰਾ’ ਪੜ੍ਹ ਰਹੀ ਸੀ। ਕਹਾਣੀ ਖ਼ੂਬਸੂਰਤ ਸੀ ਪਰ ਇਹ ਕਹਾਣੀ ਪੜ੍ਹਣ ਦਾ ਮੁਨਾਸਿਬ ਮੌਕਾ ਨਹੀਂ ਸੀ ਤੇ ਨਾ ਹੀ ਲੋਕ ਸੁਣਨ ਲਈ ਤਿਆਰ ਸਨ ਤੇ ਉਪਰੋਂ ਆਵਾਜ਼ ਦੀ ਮੁਸ਼ਕਲ। ਮਾਹੌਲ ਵਿਗੜਦਾ ਦੇਖ ਕੇ ਸਟੇਜ ਸਕੱਤਰ ਨੇ ਵੀ ਇਸ਼ਾਰਾ ਕੀਤਾ। ਜਿੰਨਾ ਚਿਰ ਵਿਚ ਟਿਵਾਣਾ ਨੇ ਕਹਾਣੀ ਪੜ੍ਹੀ ਲੋਕਾਂ ਦੇ ਮਨ ਉੱਖੜ ਚੁੱਕੇ ਸਨ। ਸਾਡੀ ਤਾਂ ਉਹ ਸਤਿਕਾਰਯੋਗ ਲੇਖਿਕਾ ਸੀ ਪਰ ਉਸ ਸਟੇਜ ਸਕੱਤਰ ਨੂੰ ਕੌਣ ਸਮਝਾਏ! ਕਿਸੇ ਹੋਰ ਆਰਟਿਸਟ ਦਾ ਨਾਂ ਲੈ ਕੇ ਕਹਿਣ ਲੱਗਾ, ‘‘ਜੇ ਬੋਲਣਾ ਸਾਰਿਆਂ ਦੇ ਵੱਸ ਦਾ ਰੋਗ ਹੋਵੇ ਤਾਂ ਅਗਲੇ ਸਾਨੂੰ ਕਿਉਂ ਸਟੇਜਾਂ ਚਲਾਉਣ ਲਈ ਸੱਦਣ। ਗੱਲ ਤਾਂ ਏਨੀ ਸੀ ਕਿ ਦੋ ਕਮਰੇ ਨੇ ਤੇ ਵਿਚ ਦੀਵਾਰ ਏ ਤੇ ਦੀਵਾਰ ਵਿਚੋਂ ਨਿਕਲਣੀ ਚਾਹੀਦੀ ਏ। ਡੂਢ ਮਿੰਟ ਦੀ ਸਾਰੀ ਗੱਲ ਸੀ ਤੇ ਬੀਬੀ ਨੇ ਐਵੇਂ ਏਨਾ ਚਿਰ ਲਾ ਦਿੱਤਾ।’’
ਸਰੋਤਿਆਂ ‘ਚ ਹਾਸਾ ਛਣਕਿਆ। ਪਰ ਇਸ ਦੀ ਸ਼ਰਮ ਸਾਨੂੰ ਆ ਰਹੀ ਸੀ। ਸਾਡੀ ਸਤਿਕਾਰਯੋਗ ਲੇਖਿਕਾ ਲਈ ਏਡੀ ਕਾਟਵੀਂ ਟਿੱਪਣੀ ਬੁਰੀ ਤਾਂ ਸੀ ਪਰ ਕੀ ਕਰਦੇ!
ਰਾਜ ਬੱਬਰ ਨੇ ਪੰਜਾਬੀ ਜ਼ਬਾਨ ਨੂੰ ਪੰਜਾਬੀ ਪਹਿਚਾਣ ਦਾ ਚਿੰਨ੍ਹ ਦੱਸਿਆ ਤੇ ਹਥਿਆਰ ਵੇਚਣ ਵਾਲੇ ‘ਬਾਣੀਏ’ ਨੂੰ ਬੁਰਾ ਕਹਿੰਦਿਆਂ ਪਿਆਰ ਵਧਾਉਣ ‘ਤੇ ਜ਼ੋਰ ਦਿੱਤਾ।
ਅਫਜ਼ਲ ਅਹਿਸਨ ਰੰਧਾਵਾ ਨੇ ਏਨਾ ਹੀ ਆਖਿਆ, ‘‘ਤੁਸੀਂ ਸਾਡੇ ਸੁਪਨਿਆਂ ਦੇ ਲੋਕ ਹੋ। ਆਏ ਹੋ ਤਾਂ ਸੁਪਨੇ ਸੱਚੇ ਹੋ ਗਏ। ਪਿਆਰ ਇਕਤਰਫ਼ਾ ਹੋ ਸਕਦਾ ਹੈ, ਦੋਸਤੀ ਦੋਹਾਂ ਬੰਨਿਆਂ ਤੋਂ ਹੁੰਦੀ ਹੈ। ਤੁਸੀਂ ਆਏ ਹੋ, ਤੁਹਾਡੇ ਪੈਰਾਂ ਹੇਠਾਂ ਸਾਡੇ ਹੱਥਾਂ ਦੀਆਂ ਤਲੀਆਂ ਨੇ।’’
ਉਸ ਦੇ ਭਾਵਕ ਬਿਆਨ ਪਿੱਛੋਂ ਮੁਨੀਰ ਨਿਆਜ਼ੀ ਆਇਆ।
ਆਦਤ ਹੀ ਬਨਾ ਲੀ ਹੈ ਤੁਮਨੇ ਤੋਂ ਮੁਨੀਰ ਅਪਨੀ
ਜਿਸ ਸ਼ਹਿਰ ਮੇਂ ਭੀ ਰਹਿਨਾ ਉਕਤਾਏ ਹੂਏ ਰਹਿਨਾ
ਇਹ ਸ਼ਿਅਰ ਕਹਿਣ ਵਾਲਾ ਆਪਣੇ ਸ਼ਹਿਰ ਨੂੰ ਯਾਦ ਕਰ ਰਿਹਾ ਸੀ, ‘‘ਮੈਂ ਹੁਸ਼ਿਆਰਪੁਰ ਤੋਂ ਹਾਂ। ਜਦੋਂ ਕੋਈ ਟਾਂਗੇ ਵਾਲਾ ਹੁਸ਼ਿਆਰਪੁਰ ਦੀ ਬੋਲੀ ਬੋਲਦੈ ਤਾਂ ਮੇਰੇ ਅੰਦਰ ਉਤਰ ਜਾਂਦੈ। ਜਦੋਂ ਲੰਡਨ ਜਾਵਾਂ ਤਾਂ ਸਿੱਖਾਂ ਦੇ ਘਰ ਜਾਂਦਾਂ, ਉਚੇਚਾ ਆਪਣੀ ਬੋਲੀ ਸੁਣਨ ਲਈ। ਮਿਲੀਏ ਤਾਂ ਸਹੀ, ਰਾਹਾਂ ਆਪੇ ਨਿਕਲ ਆਉਣਗੀਆਂ। ਬੱਸ ਜਲਦੀ-ਜਲਦੀ ਮਿਲਦੇ ਰਹੀਏ।’’
‘ਉਦਾਸ ਨਸਲੇਂ’ ਨਾਵਲ ਦਾ ਲੇਖਕ ਅਬਦੁੱਲਾ ਹੁਸੈਨ ਕਹਿੰਦਾ, ‘‘ਮੇਰੀ ਪੰਜਾਬੀ ‘ਚ ਦੇਣ ਕੋਈ ਨਹੀਂ। ਪੈਂਤੀ ਸਾਲ ਪਹਿਲਾਂ ਮੇਰਾ ਪਹਿਲਾ ਨਾਵਲ ਉਰਦੂ ‘ਚ ਛਪਿਆ ਤਾਂ ਲੋਕਾਂ ਕਿਹਾ, ਇਹ ਪੰਜਾਬੀ ਵਿਚ ਉਰਦੂ ਲਿਖਦੈ। ਉਦੋਂ ‘ਪੰਜਾਬੀ’ ਤਾਅਨਾ ਬਣ ਗਿਆ ਸੀ। ਪੰਜਾਬੀ ਦਾ ਨਾਂ ਲੈਣ ਵਾਲੇ ਫੜੇ ਗਏ। ਪਰ ਇਹ ਬੜੀ ‘ਕੁੱਤੀ’ ਜ਼ਬਾਨ ਹੈ। ਇਹਨੇ ਨਹੀਂ ਮਰਨਾ।’’
ਕਿਸੇ ਨੇ ਵਿਚੋਂ ਹੀ ਕਿਹਾ, ‘‘ਪਰ ਹੁਣ ਤਾਂ ਇਹਨੇ ਮਰਨਾ ਹੀ ਨਹੀਂ।’’
ਇਕ ਦੋ ਹੋਰ ਬੁਲਾਰਿਆਂ ਨੇ ਵੀ ਮਨ ਦੇ ਭਾਵ ਪੇਸ਼ ਕੀਤੇ।
ਦਿੱਲੀ ਦੇ ਹਰਸ਼ਰਨ ਸਿੰਘ ਬੱਲੀ ਨੇ ਇਹ ਦੱਸਿਆ ਕਿ ਉਸ ਦੀ ਮਾਂ ਹਰ ਸਾਲ ਪਾਕਿਸਤਾਨ ਵਿਚਲੇ ਆਪਣੇ ਪਿੰਡ ਨੂੰ ਵੇਖਣ ਲਈ ਵਿਲਕਦੀ ਤੜਪਦੀ ਰਹੀ। ਜਦੋਂ ਅਤਿ ਦੀ ਬਿਮਾਰ ਹੋਈ ਤਾਂ ਆਖੇ, ‘‘ਮੈਨੂੰ ਮੇਰੇ ਪਿੰਡ ਲੈ ਚੱਲੋ’’ ਪਰ ਮੈਂ ਕਿੱਥੇ ਲੈ ਕੇ ਜਾਂਦਾ! ਬੇਵੱਸ ਸਾਂ। ਆਖ਼ਰਕਾਰ ਮਾਂ ਨੂੰ ਕਾਰ ਵਿਚ ਪਾਇਆ ਤੇ ਦਿੱਲੀ ਨੇੜਲੇ ਇਕ ਪਿੰਡ ਵਿਚ ਲਿਜਾ ਕੇ ਆਖਿਆ, ‘‘ਲੈ ਮਾਂ ਤੇਰਾ ਪਿੰਡ ਆ ਗਿਆ।’’ ਮਾਂ ਨੇ ਤਸੱਲੀ ਨਾਲ ਡੂੰਘਾ ਸਾਹ ਲਿਆ ਤੇ ਅੱਖਾਂ ਮੀਟ ਕੇ ਧੌਣ ਪਾਸੇ ਸੁੱਟ ਦਿੱਤੀ। ਉਹਦੀ ਤੜਪਦੀ ਆਤਮਾ ਸਦਾ ਲਈ ਸ਼ਾਂਤ ਹੋ ਗਈ।’’ ਉਸ ਦੇ ਬੋਲਾਂ ਨੇ ਸਰੋਤਿਆਂ ਦੀ ਧੁਰ ਆਤਮਾ ਨੂੰ ਛੂਹ ਲਿਆ ਤੇ ਕਈਆਂ ਦੇ ਦ੍ਰਵਿਤ ਹੋਏ ਮਨ ਅੱਖਾਂ ਵਿਚੋਂ ਅੱਥਰੂ ਬਣ ਕੇ ਡੁੱਲ੍ਹ ਗਏ।
ਇਸ ਕਾਨਫ਼ਰੰਸ ਨੂੰ ਬਹੁਤ ਹੀ ਚੰਗੀ ਸ਼ੁਰੂਆਤ ਕਹਿੰਦਿਆਂ ਸ਼ੁਜ਼ਆਤ ਹਾਸ਼ਮੀ ਨੇ ਪਤੇ ਦੀ ਗੱਲ ਆਖੀ :
ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ
ਮੰਨਿਆਂ ਵਕਤ ਵੀ ਤੰਗ ਤੋਂ ਤੰਗ ਆਂਦਾ
ਰਾਂਝਾ ਤਖ਼ਤ ਹਜ਼ਾਰੇ ਤੋਂ ਤੁਰੇ ਤਾਂ ਸਹੀ
ਪੈਰਾਂ ਹੇਠ ਸਿਆਲਾਂ ਦਾ ਝੰਗ ਆਂਦਾ।
ਇਹ ਕਾਨਫ਼ਰੰਸ ਤੇ ਇਸ ਦਾ ਉਦਘਾਟਨੀ ਸਮਾਗਮ ਰਾਂਝੇ ਦੇ ਤਖ਼ਤ ਹਜ਼ਾਰੇ ਤੋਂ ਤੁਰਨ ਦਾ ਦਿਨ ਹੀ ਸੀ। ਇਸ ਆਸ ਨਾਲ ਸਾਰੇ ਡੈਲੀਗੇਟ ਦੁਪਹਿਰ ਦੇ ਖਾਣੇ ਲਈ ਉਠ ਖੜੋਤੇ ਕਿ ਕਦੀ ਨਾ ਕਦੀ ਤਾਂ ‘ਝੰਗ ਸਿਆਲ’ ਆਏਗਾ ਹੀ।

13 ਅਪ੍ਰੈਲ ਵਿਸਾਖੀ ਦਾ ਦਿਨ। ‘ਆਲਮੀ ਪੰਜਾਬੀ ਕਾਨਫ਼ਰੰਸ’ ਦਾ ਪਹਿਲਾ ਦਿਨ। ‘ਵਿਸ਼ਵ’ ਸ਼ਬਦ ‘ਆਲਮੀ’ ਵਿਚ ਤਬਦੀਲ ਹੋ ਗਿਆ ਸੀ। ਪਿਛਲੇ ਪੰਜਾਹ ਬਵੰਜਾ ਸਾਲਾਂ ਵਿਚ ਦੋਹਾਂ ਖਿੱਤਿਆਂ ਦੀ ਪੰਜਾਬੀ ਦਾ ਮੁਹਾਵਰਾ ਤੇ ਮੁਹਾਂਦਰਾ ਬਹੁਤ ਬਦਲ ਗਿਆ ਸੀ। ਚੜ੍ਹਦੇ ਪੰਜਾਬੀ ਵਿਚ ਹਿੰਦੀ ਤੇ ਸੰਸਕ੍ਰਿਤ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਫ਼ਾਰਸੀ ਨੇ ਪੰਜਾਬੀ ਉੱਤੇ ਆਪਣਾ ਚੋਖਾ ਰੰਗ ਚਾੜ੍ਹ ਲਿਆ ਸੀ।
ਇਸੇ ਲਈ ਕਈ ਵਾਰ ਦੋਹਾਂ ਮੁਲਕਾਂ ਦੀ ਲਿਖੀ ਹੋਈ ਗੂੜ੍ਹ ਪੰਜਾਬੀ ਇਕ ਦੂਜੇ ਮੁਲਕ ਦੇ ਪਾਠਕ ਲਈ ਸਮਝਣੀ ਔਖੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ ਭਾਸ਼ਾ ਦੇ ਇਸ ਗੂੜ੍ਹੇ ਰੰਗ ਹੇਠਾਂ ਲੁਕ ਗਈ ਸੁੱਚੀ ਪੰਜਾਬੀ ਦੀ ਚਰਚਾ ਵੀ ਚੱਲਦੀ ਰਹੀ ਸੀ। ਜਦੋਂ ਕੋਈ ਪਾਕਿਸਤਾਨੀ ਮਿੱਤਰ ਭਾਰਤ ਵਿਚ ਕਿਸੇ ਪੰਜਾਬੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਆਉਂਦਾ ਤਾਂ ਸਾਡੇ ਵਿਦਵਾਨਾਂ ਦੇ ਲਿਖੇ ‘ਖੋਜ ਪੱਤਰਾਂ’ ਦਾ ਮਜ਼ਾਕ ਉਡਾਉਂਦਿਆਂ ਅਪੀਲ ਕਰਦਾ, ‘‘ਜਨਾਬ! ਸਾਨੂੰ ਇਸ ‘ਪੰਜਾਬੀ’ ਦਾ ਪੰਜਾਬੀ ਵਿਚ ਤਰਜਮਾ ਕਰ ਕੇ ਦੱਸਿਓ ਜੇ।’’
ਇਕ ਵਾਰ ਦਿੱਲੀ ਦੀ ਕਿਸੇ ਕਾਨਫ਼ਰੰਸ ਸਮੇਂ ਮੈਂ ਪਾਕਿਸਤਾਨੀ ਪੰਜਾਬੀ ਮਿੱਤਰ ਨੂੰ ਹਾਸੇ ਨਾਲ ਕਿਹਾ, ‘‘ਤੁਹਾਡੀ ਜ਼ਬਾਨ ਦਾ ਵੀ ਸਾਡੇ ਵਾਲਾ ਹੀ ਹਾਲ ਹੋ ਗਿਐ।’’
ਉਹ ਕਹਿੰਦਾ, ‘‘ਕਿਵੇਂ।’’
‘‘ਜਿਵੇਂ ਮੈਂ ਇਕ ਵਾਕ ਬੋਲਦਾ ਹਾਂ, ‘ਪੰਜ ਵਿਅਕਤੀਆਂ ‘ਤੇ ਆਧਾਰਿਤ ਇਕ ਪ੍ਰਤੀਨਿਧ ਮੰਡਲ ਮੁੱਖ ਮੰਤਰੀ ਨੂੰ ਮਿਲਿਆ’ ਸਾਡੇ ਪਾਸੇ ਬੋਲਿਆ ਜਾਣ ਵਾਲਾ ਇਹੋ ਵਾਕ ਤੁਸੀਂ ਇੰਜ ਬੋਲੋਗੇ, ‘‘ਪੰਜ ਫਰਦਾਂ ‘ਤੇ ਮੁਸ਼ਤਮਿਲ ਵਫ਼ਦ ਵਜ਼ੀਰੇ-ਆਲ੍ਹਾ ਨੂੰ ਮਿਲਿਆ!’ ਦੋਹਾਂ ਮੁਲਕਾਂ ਦੇ ਆਮ ਸਰੋਤੇ ਨੂੰ ਦੋਹਾਂ ਵਾਕਾਂ ਵਿਚੋਂ ‘ਪੰਜ’ ‘ਤੇ’, ‘ਨੂੰ’, ‘ਮਿਲਿਆ’ ਤੋਂ ਇਲਾਵਾ ਹੋਰ ਕੁਝ ਪਿੜ-ਪੱਲੇ ਨਹੀਂ ਪਵੇਗਾ।
ਇਹ ਨਿਸਚਿਤ ਸੀ ਕਿ ਦੋਹਾਂ ਪੰਜਾਬੀਆਂ ਨੂੰ ਨੇੜੇ ਲਿਆਉਣ ਲਈ ਆਪਸੀ ਮੇਲ-ਜੋਲ, ਸਾਹਿਤ ਦੇ ਅਦਾਨ-ਪ੍ਰਦਾਨ, ਸਾਂਝੀਆਂ ਕਾਨਫ਼ਰੰਸਾਂ, ਸੈਮੀਨਾਰਾਂ ਤੇ ਗੋਸ਼ਟੀਆਂ ਦਾ ਆਯੋਜਨ ਕਰਨ ਦੀ ਜ਼ਰੂਰਤ ਸੀ।
ਪੰਜਾਬੀ ਜ਼ਬਾਨ, ਪੰਜਾਬੀ ਭਾਈਚਾਰੇ, ਪੰਜਾਬੀ ਸਭਿਆਚਾਰ, ਪੰਜਾਬੀ ਸ਼ਨਾਖਤ ਤੇ ਪੰਜਾਬੀ ਇਤਿਹਾਸ ਦੇ ਸਾਂਝੇ ਮੁੱਲਾਂ ਤੇ ਤੱਤਾਂ ਨੂੰ ਜਾਨਣ-ਸਮਝਣ ਲਈ ਹੀ ਇਹ ‘ਆਲਮੀ ਪੰਜਾਬੀ ਕਾਨਫ਼ਰੰਸ’ ਹੋ ਰਹੀ ਸੀ।
ਦੋ ਢਾਈ ਏਕੜ ‘ਚ ਫੈਲੇ ਫਲੈਟੀਜ਼ ਹੋਟਲ ਦਾ ਖੁੱਲ੍ਹਾ ਲਾਅਨ, ਹਰਾ ਘਾਹ, ਝੂਮਦੇ ਰੁੱਖ, ਨਿੰਮੀ-ਨਿੰਮੀ ਬੱਦਲਵਾਈ, ਖ਼ੁਸ਼ਗਵਾਰ ਮੌਸਮ ਤੇ ਮਿੱਤਰਾਂ ਦੀਆਂ ਆਪਸੀ ਹੱਥ-ਘੁੱਟਣੀਆਂ। ਬਰਾਂਡੇ ਵਿਚ ਚੰਡੀਗੜ੍ਹੀਏ ਨੇਕ ਚੰਦ ਦੇ ਖਿਡੌਣੇ ਤੇ ਸੱਜੇ ਹੱਥ ਕਿਤਾਬਾਂ ਦਾ ਸਟਾਲ। ਅੰਦਰ ਲੌਬੀ ਵਿਚ ਨਿਸਚਿਤ ਫੀਸ ਜਮ੍ਹਾਂ ਕਰਾ ਕੇ ‘ਅਧਿਕਾਰਤ ਡੈਲੀਗੇਟ’ ਬਣਿਆ ਜਾ ਰਿਹਾ ਸੀ। ਆਪਣੇ ਨਾਂ ਦੀ ਸਲਿਪ ਜੇਬ ਨਾਲ ਲਾ ਕੇ ਡੈਲੀਗੇਟ ਦੂਜਿਆਂ ਪਛਾਨਣ ਵਾਲਿਆਂ ਨੂੰ ਸਹੂਲਤ ਦੇ ਰਹੇ ਸਨ। ਮੈਂ ਕਦੀ ਵੀ ਆਪਣੇ ਨਾਂ ਦੀ ਸਲਿੱਪ ਛਾਤੀ ‘ਤੇ ਨਹੀਂ ਚਿਪਕਾਈ। ਇਹ ਮੈਨੂੰ ਐਵੇਂ ਹੀ ਆਪਣੀ ਨੁਮਾਇਸ਼ ਜਿਹੀ ਕਰਨੀ ਲੱਗਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦਾ ਲਾਭ ਵੀ ਹੁੰਦਾ ਹੋਵੇਗਾ ਇਕ ਦੂਜੇ ਨੂੰ ਜਾਨਣ-ਪਛਾਨਣ ਲਈ। ਏਥੇ ਮੇਰਾ ਕਿਹੜਾ ਜਾਣੂ ਸੀ ਜੋ ਨਾਂ ਪੜ੍ਹ ਕੇ ਮੈਨੂੰ ਹੱਥ ਮਿਲਾ ਕੇ ਆਖੇ, ‘‘ਹੱਛਾ! ਤੁਸੀਂ ਸੰਧੂ ਸਾਹਿਬ ਓ ਜੀ!’’
ਮੈਂ ਨਾਂ ਦੀ ਸਲਿੱਪ ਜੇਬ ਵਿਚ ਪਾ ਲਈ। ਜਗਤਾਰ ਦੀ ਪਹਿਲਾਂ ਹੀ ਜਾਣ-ਪਛਾਣ ਬਹੁਤ ਸੀ। ਉਸ ਨੂੰ ਇਹ ਸਲਿੱਪ ਜੇਬ ‘ਤੇ ਲਾਉਣ ਦੀ ਲੋੜ ਹੀ ਨਹੀਂ ਸੀ। ਜਗਤਾਰ ਹਰੇਕ ਮਿਲਣ ਵਾਲੇ ਨੂੰ ਮੇਰੇ ਬਾਰੇ ਬੜੀ ਹੁੱਬ ਨਾਲ ਦੱਸਦਾ, ‘‘ਵਰਿਆਮ ਸੰਧੂ, ਸਾਡੇ ਸਭ ਤੋਂ ਅੱਛੀ ਕਹਾਣੀ ਲਿਖਣ ਵਾਲਿਆਂ ‘ਚੋਂ…’’
ਅਗਲਾ ਮੇਰੇ ਨਾਲ ਹੱਥ ਮਿਲਾਉਂਦਾ ਤੇ ਜਗਤਾਰ ਨਾਲ ਗੱਲੀਂ ਰੁੱਝ ਜਾਂਦਾ। ਉਹਦੇ ਲਈ ਹੋਵੇਗਾ ‘ਕੋਈ ਵਰਿਆਮ ਸੰਧੂ’। ਉਹਨੇ ਕਿਹੜਾ ਇਸ ਦਾ ਨਾਂ ਸੁਣਿਆ ਹੋਇਆ ਸੀ।
‘‘ਦੇਖ ਲੈ ਵਰਿਆਮ…ਏਥੇ ਕਿਸੇ ਨੂੰ ਤੇਰਾ ਪਤਾ ਵੀ ਨਹੀਂ। ਇਥੇ ਤਾਂ ਬਹੁਤੇ ਆਪਣੇ ਪਾਸੇ ਦੇ ਉਹ ਕਹਾਣੀਕਾਰ ਬੜੇ ਵੱਡੇ ਕਹਾਣੀਕਾਰ ਵਜੋਂ ਜਾਣੇ ਜਾਂਦੇ ਨੇ, ਜਿਨ੍ਹਾਂ ਨੂੰ ਅਜੇ ਕਹਾਣੀ ਲਿਖਣੀ ਵੀ ਨਹੀਂ ਆਉਂਦੀ।’’ ਜਗਤਾਰ ਹੱਸਿਆ।
ਇਹ ਠੀਕ ਹੀ ਸੀ। ਅਜਿਹੀ ਸਥਿਤੀ ਵਿਚ ਪਹੁੰਚ ਵਾਲੇ, ‘ਪਹੁੰਚ ਕਰਨ ਵਾਲੇ’, ‘ਸਬੰਧ ਬਣਾਉਣ ਵਾਲੇ’, ‘ਅੱਗੇ ਅੱਗੇ ਦਿਸਣ ਦੀ ਲਾਲਸਾ ਰੱਖਣ ਵਾਲੇ’, ‘ਇਕ ਦੂਜੇ ਦਾ ਹੱਥ ਧੋਣ-ਧੁਆਉਣ ਵਾਲੇ’ ਕੁਝ ਲਾਹਾ ਤਾਂ ਖੱਟਦੇ ਹੀ ਹਨ। ਸਾਡੇ ਵੀ ਇਧਰ ਪੇਸ਼ ਹੋਣ ਵਾਲੇ ਲਹਿੰਦੇ ਪੰਜਾਬ ਦੇ ਲੇਖਕਾਂ ਤੋਂ ਇਲਾਵਾ ਕੁਝ ਅਜਿਹੇ ਵਧੀਆ ਲੇਖਕ ਉਧਰ ਵੀ ਹੋ ਸਕਦੇ ਨੇ, ਜਿਨ੍ਹਾਂ ਦੀ ਇਧਰ ਰਸਾਈ ਨਾ ਹੋ ਸਕੀ ਹੋਵੇ। ਮਸਲਨ ਮੁਹੰਮਦ ਮਨਸ਼ਾ ਯਾਦ ਉਧਰਲਾ ਬਹੁਤ ਵਧੀਆ ਕਹਾਣੀਕਾਰ ਹੈ ਪਰ ਇਧਰ ਉਸ ਦੀਆਂ ਇੱਕਾ-ਦੁੱਕਾ ਕਹਾਣੀਆਂ ਤੋਂ ਇਲਾਵਾ ਕੁਝ ਨਹੀਂ ਛਪਿਆ। ਅਫਜ਼ਲ ਤੌਸੀਫ਼ ਦੀ ਬਹੁਤ ਵਧੀਆ ਵਾਰਤਕ ਦੇ ਨਮੂਨੇ ਸਾਨੂੰ ਪਿਛਲੇ ਸਾਲਾਂ ‘ਚ ਹੀ ਵੇਖਣ ਨੂੰ ਮਿਲ ਸਕੇ ਹਨ।
‘‘ਡਾਕਟਰ ਸਾਹਿਬ! ਇਹ ਮਸਲੇ ਵੀ ਆਪਸ ਵਿਚ ਲਗਾਤਾਰ ਮਿਲ ਬੈਠਣ ਤੇ ਇਕ ਦੂਜੇ ਨੂੰ ਬਾਕਾਇਦਾ ਤੇ ਪੂਰਾ ਪੜ੍ਹਨ-ਪੜ੍ਹਾਉਣ ਨਾਲ ਹੱਲ ਹੋ ਸਕਦੇ ਹਨ,’’ ਮੈਂ ਆਖਿਆ ਤਾਂ ਜਗਤਾਰ ਨੇ ਵਾਜਬ ਪ੍ਰਸ਼ਨ ਉਠਾਇਆ, ‘‘ਪਰ ਇਹ ਲਿਪੀ ਦਾ ਵੱਡਾ ਮਸਲਾ ਹੈ। ਇਕ ਪਾਸੇ ਗੁਰਮੁਖੀ ਤੇ ਦੂਜੇ ਪਾਸੇ ਸ਼ਾਹਮੁਖੀ।’’
ਕਿਸੇ ਨੇ ਜਗਤਾਰ ਦੀ ਬਾਂਹ ਫੜ ਕੇ ਰੋਕਿਆ ਤੇ ਜੱਫੀ ਵਿਚ ਲੈ ਲਿਆ। ਮੈਂ ਮੁੱਖ ਹਾਲ ਤੋਂ ਪਹਿਲਾਂ ਪੈਂਦੇ ਇਕ ਹੋਰ ਨਿੱਕੇ ਹਾਲ ਵਿਚ ਲੱਗੇ ਕਿਤਾਬਾਂ ਦੇ ਸਟਾਲ ਦੇਖਣ ਲੱਗਾ। ਇਕ ਕਿਤਾਬ ਚੁੱਕ ਕੇ ਵੇਖੀ, ਫਿਰ ਦੂਜੀ। ‘‘ਇਹ ਤਾਂ ਲਿਪੀਆਂ ਦਾ ਮਸਲਾ ਹੱਲ ਕੀਤਾ ਪਿਐ’’, ਮੈਂ ਆਪਣੇ ਆਪ ਨੂੰ ਆਖਿਆ। ਇਲਿਆਸ ਘੁੰਮਣ ਦੇ ਯਤਨਾਂ ਨਾਲ ਸਥਾਪਤ ਅਦਾਰੇ ਵਲੋਂ ਅਜਿਹੀਆਂ ਪੁਸਤਕਾਂ ਛਾਪੀਆਂ ਗਈਆਂ ਸਨ ਜਿਨ੍ਹਾਂ ਦੇ ਇਕ ਪਾਸੇ ਗੁਰਮੁਖੀ ਲਿਪੀ ਵਿਚ ਲਿਖਤ ਛਪੀ ਹੋਈ ਸੀ ਤੇ ਦੂਜੇ ਅੱਧ ਵਿਚ ਸ਼ਾਹਮੁਖੀ ਲਿਪੀ ਵਿਚ।
ਇਹ ਇਕ ਬਹੁਤ ਹੀ ਖ਼ੂਬਸੂਰਤ ਤੇ ਢੁਕਵਾਂ ਤਰੀਕਾ ਸੀ ਜ਼ਬਾਨ ਤੇ ਲਿਪੀ ਦੇ ਪੱਧਰ ਉੱਤੇ ਨੇੜੇ ਆਉਣ ਦਾ। ਇਕ ਲਿਪੀ ਨੂੰ ਦੂਜੀ ਲਿਪੀ ਨਾਲੋਂ ਚੰਗੀ ਜਾਂ ਮਾੜੀ ਨਾ ਆਖਣ ਦਾ ਤੇ ਆਪਸੀ ਵਿਰੋਧ ਤਿਆਗਣ ਦਾ। ਦੋਹਾਂ ਲਿਪੀਆਂ ਨੂੰ ਬਰਾਬਰ ਦਾ ਸਤਿਕਾਰ ਦੇਣ ਦਾ। ਹੁਣ ਅਸੀਂ ਏਨਾ ਅੱਗੇ ਆ ਚੁੱਕੇ ਹਾਂ ਕਿ ਇਕ ਲਿਪੀ ਨੂੰ ਦੂਜੀ ਲਿਪੀ ਨਾਲੋਂ ਉੱਤਮ ਕਹਿ ਕੇ ਦੂਜੀ ਧਿਰ ਨੂੰ ਵਿਸ਼ੇਸ਼ ਲਿਪੀ ਅਪਣਾਉਣ ਜਾਂ ਤਿਆਗਣ ਲਈ ਆਖਣਾ ਨਵੀਆਂ ਪੇਚੀਦਗੀਆਂ ਖੜ੍ਹੀਆਂ ਕਰ ਸਕਦਾ ਹੈ। ਇਸ ਦਾ ਹੱਲ ਇਹੋ ਹੈ ਕਿ ਚੜ੍ਹਦੇ ਪੰਜਾਬ ਵਾਲਿਆਂ ਨੂੰ ਖੁੱਲ੍ਹੇ ਦਿਲ ਨਾਲ ਉਚੇਚੇ ਯਤਨ ਕਰਕੇ ਸ਼ਾਹਮੁਖੀ ਲਿਪੀ ਸਿੱਖਣੀ ਚਾਹੀਦੀ ਹੈ ਤੇ ਲਹਿੰਦੇ  ਪੰਜਾਬ ਵਾਲਿਆਂ ਨੂੰ ਗੁਰਮੁਖੀ ਤਾਂ ਕਿ ਅਸੀਂ ਇਕ ਦੂਜੇ ਦੀ ਲਿਖਤ ਨੂੰ ਪੜ੍ਹ ਸਕੀਏ। ਖ਼ਤ-ਪੱਤਰ ਲਿਖ ਕੇ ਸਦ-ਭਾਵੀ ਅਦਾਨ-ਪ੍ਰਦਾਨ ਕਰ ਸਕੀਏ। ਉਂਜ ਇਹ ਨਿਸਚਿਤ ਹੈ ਕਿ ਜਿਵੇਂ ਅਸੀਂ ਆਪਣੀ ਮਾਤ-ਭਾਸ਼ਾ ਵਿਚ ਹੀ ਚੰਗੀ ਤਰ੍ਹਾਂ ਆਪਣਾ ਆਪਾ ਪ੍ਰਗਟ ਕਰ ਸਕਦੇ ਹਾਂ, ਇੰਜ ਹੀ ਬਚਪਨ ਤੋਂ ਵਰਤੋਂ ਵਿਚ ਲਿਆਈ ਜਾਣ ਵਾਲੀ ਲਿਪੀ ਵਿਚ ਹੀ ਰਵਾਂ-ਚਾਲ ਲਿਖ ਸਕਦੇ ਹਾਂ।
ਅਜਿਹੀਆਂ ਪੁਸਤਕਾਂ ਇਕ ਲਿਪੀ ਨੂੰ ਜਾਨਣ ਵਾਲੇ ਪਾਠਕ ਨੂੰ ਦੂਜੀ ਲਿਪੀ ਸਿੱਖਣ ਲਈ ਪ੍ਰੇਰਨਾ ਦਾ ਸੋਮਾ ਵੀ ਬਣ ਸਕਦੀਆਂ ਸਨ। ਇਸ ਉੱਦਮ ਲਈ ਇਲਿਆਸ ਘੁੰਮਣ ਤੇ ਉਸ ਦੇ ਸਾਥੀ ਪ੍ਰਸੰਸਾ ਦੇ ਹੱਕਦਾਰ ਸਨ।
ਅਗਲੇ ਪਲ ਪ੍ਰਸੰਸਾ ਦਾ ਹੱਕਦਾਰ ਇਲਿਆਸ ਘੁੰਮਣ ਸੱਚਮੁਚ ਮੇਰੇ ਸਾਹਮਣੇ ਖੜੋਤਾ ਸੀ। ਦੂਜੇ ਪਲ ਉਹਨੇ ਮੈਨੂੰ ਆਪਣੀ ਗੱਲਵਕੜੀ ਵਿਚ ਘੁੱਟ ਲਿਆ ਇਹ ਕਹਿੰਦਿਆਂ ਹੋਇਆ, ‘‘ਲਓ ਜੀ! ਆਹ ਜੇ ਸਾਡਾ ਵੱਡਾ ਕਹਾਣੀਕਾਰ! ਹਿਮਾਲੀਆ ਜਿੱਡਾ…’’ ਉਸ ਨੇ ਖਿੜ ਕੇ ਆਸਮਾਨ ਵੱਲ ਹੱਥ ਉੱਚਾ ਕੀਤਾ। ਸੁੱਖਸਾਂਦ ਪੁੱਛੀ।
‘‘ਰਾਤੀਂ ਕਿਤੇ ਦਿਸੇ ਨਹੀਂ ਸਾ ਜੇ…’’ ਉਸ ਨੇ ਪੁੱਛਿਆ ਅਤੇ ਨਾਲ ਹੀ ਆਖਿਆ, ‘‘ਲਓ! ਆਹ ਆ ਗਿਆ ਜੇ ਅਮੀਨ ਮਲਿਕ, ਤੁਹਾਡਾ ਵਜ਼ੀਰੇ-ਆਜ਼ਮ। ਇਹ ਕਹਿੰਦਾ ; ਸੰਧੂ ਮੇਰਾ ਗੁਰੂ ਹੈ।’’
ਅਮੀਨ ਮਲਿਕ ਦੇ ਪਿੱਛੇ-ਪਿੱਛੇ ਉਹਦੀ ਪਤਨੀ ਰਾਣੀ ਮਲਿਕ ਸੀ। ਰਾਣੀ ਨੂੰ ਸਲਾਮ ਕਹਿ ਕੇ ਮੈਂ ਤੇ ਮਲਿਕ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਗਏ।
ਅਮੀਨ ਮਲਿਕ ਨੂੰ ਮੈਂ 1997 ਵਿਚ ਆਪਣੀ ਇੰਗਲੈਂਡ ਦੀ ਯਾਤਰਾ ਸਮੇਂ ਮਿਲਿਆ ਸਾਂ। ਉਸ ਨੇ ਮੈਨੂੰ ਬੜੇ ਪਿਆਰ ਨਾਲ ਆਪਣੇ ਘਰ ਖਾਣੇ ‘ਤੇ ਬੁਲਾਇਆ ਸੀ। ਪਰ ਸਭ ਤੋਂ ਵੱਡੀ ਗੱਲ, ਜੋ ਮੈਨੂੰ ਲੱਗੀ, ਉਹ ਸੀ ਉਸ ਦੀ ਪੰਜਾਬੀ ਜ਼ਬਾਨ ਦੀ ਅਤਿ ਦੀ ਤਾਜ਼ਗੀ। ਉਹਦਾ ਜਾਨਦਾਰ ਪੰਜਾਬੀ ਮੁਹਾਵਰਾ। ਮਿੱਟੀ ਦੀ ਮਹਿਕ ਉਹਦੀ ਜ਼ਬਾਨ ‘ਚੋਂ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਜੇ ਕਿਤੇ ਉਹ ਵਾਰਤਕ ਜਾਂ ਕਹਾਣੀ ਲਿਖੇ ਤਾਂ ਕਮਾਲ ਹੋ ਜਾਏ। ਉਹ ਨਿਰੋਲ ਸ਼ਾਇਰ ਸੀ ਪਰ ਉਸ ਕੋਲ ਬੜੀ ਅਮੀਰ ਜ਼ਬਾਨ ਦੇਖ ਕੇ ਮੈਂ ਆਖਿਆ, ‘‘ਤੂੰ ਕਹਾਣੀ ਲਿਖੇ ਤਾਂ ਸਭ ਤੋਂ ਬਾਗ਼ੀ ਲੈ ਜਾਵੇਂ। ਹੋਰ ਕੁਝ ਨਹੀਂ ਤਾਂ ਆਪਣੀ ਜੀਵਨੀ ਹੀ ਲਿਖ।’’
ਉਸ ਤੋਂ ਬਾਅਦ ਅਮੀਨ ਮਲਿਕ ਨਾਲ ਮੇਰਾ ਚਿੱਠੀ-ਪੱਤਰ ਵੀ ਚਲਦਾ ਰਿਹਾ। ਉਹਦੀ ਪਹਿਲੀ ਚਿੱਠੀ ਦਾ ਜੁਆਬ ਮੈਂ ਛੇ ਮਹੀਨੇ ਪਛੜ ਕੇ ਦਿੱਤਾ। ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਮਲਿਕ ਨੂੰ ਚਿੱਠੀ ਲਿਖਾਂ ਤਾਂ ਸ਼ਾਹਮੁਖੀ ਲਿਪੀ ਵਿਚ ਹੋਵੇ ਕਿਉਂਕਿ ਉਹ ਸ਼ਾਹਮੁਖੀ ਹੀ ਪੜ੍ਹ ਸਕਦਾ ਸੀ। ਮੈਂ ਭਾਸ਼ਾ ਵਿਭਾਗ ਪੰਜਾਬ ਦਾ ‘ਉਰਦੂ ਆਮੋਜ਼’ ਦਾ ਕੋਰਸ ਪਾਸ ਕੀਤਾ ਤੇ ਪੰਜਾਬ ਵਿਚੋਂ ਪਹਿਲੇ ਨੰਬਰ ‘ਤੇ ਆਇਆ। ਉਸ ਤੋਂ ਬਾਅਦ ਮੈਂ ਅਮੀਨ ਮਲਿਕ ਨੂੰ ਚਿੱਠੀ ਲਿਖੀ। ਇਹ ਸੀ ਉਹ ਪ੍ਰੇਰਨਾ, ਜੋ ਇਕ ਦੂਜੇ ਨੂੰ ਮਿਲਣ ਉਪਰੰਤ ਮੇਰੇ ਅੰਦਰ ਪੈਦਾ ਹੋਈ ਤੇ ਮੁਹੱਬਤੀ ਰਾਬਤਾ ਬਣਾਈ ਰੱਖਣ ਲਈ ਮੈਂ ਸ਼ਾਹਮੁਖੀ ਸਿੱਖ ਲਈ। ਇਹ ਇਕ ਜ਼ਾਹਿਰਾ ਉਦਾਹਰਣ ਸੀ ਦੂਜਿਆਂ ਵਾਸਤੇ ਕਿ ਜੇ ਮਿਲਾਂ ਗਿਲਾਂਗੇ, ਨੇੜੇ ਆਵਾਂਗੇ ਤਾਂ ਲਿਪੀ, ਭਾਸ਼ਾ ਤੇ ਦਿਲਾਂ ਦੀਆਂ ਦੂਰੀਆਂ ਨੇੜੇ ਹੋ ਸਕਦੀਆਂ ਨੇ।’’
‘‘ਓ ਭਰਾਵਾ! ਤੂੰ ਮੈਨੂੰ ਕੀ ਸਰਾਪ ਦੇ ‘ਤਾ ਵਜ਼ੀਰੇ-ਆਜ਼ਮ ਆਖ ਕੇ।’’
ਉਸ ਨੇ ਹੱਸਦਿਆਂ ਹੋਇਆ ਮੈਨੂੰ ਮਿੱਠਾ ਉਲ੍ਹਾਮਾ ਦਿੱਤਾ। ਅਸਲ ਵਿਚ ਮੈਂ ਉਸ ਨੂੰ ਮਿਲਣ ਤੋਂ ਪਿੱਛੋਂ ਉਸ ਬਾਰੇ ਇਕ ਆਰਟੀਕਲ ਲਿਖਿਆ ਜੋ ‘ਅਜੀਤ’ ਦੇ ਮੁੱਖ ਪੰਨਿਆਂ ਉੱਤੇ ਅਤੇ ਪਿੱਛੋਂ ਮੇਰੇ ਸਫ਼ਰਨਾਮੇ ‘ਪਰਦੇਸੀ ਪੰਜਾਬ’ ਵਿਚ ਛਪਿਆ ਸੀ। ਉਸ ਦਾ ਸਿਰਲੇਖ ਸੀ, ‘‘ਸਾਡਾ ਵਜ਼ੀਰੇ-ਆਜ਼ਮ’’। ਜਦੋਂ ਲੰਡਨ ਵਿਚ ਉਸ ਨੇ ਮੈਨੂੰ ਕਿਹਾ ਕਿ ਲਾਹੌਰ ਵਿਚ ਉਸ ਦੀ ਕੋਠੀ ਮਾਡਲ ਟਾਊਨ ਵਿਚ ਹੈ ਜਿਥੇ (ਉਦੋਂ ਦੇ) ਵਜ਼ੀਰੇ-ਆਜ਼ਮ-ਨਵਾਜ਼ ਸ਼ਰੀਫ ਦੀ ਕੋਠੀ ਹੈ ਤਾਂ ਮੈਂ ਹੱਸ ਕੇ ਕਿਹਾ ਸੀ, ‘‘ਅਸੀਂ ਉਸ ਵਜ਼ੀਰੇ-ਆਜ਼ਮ ਤੋਂ ਕੀ ਲੈਣਾ ਹੈ। ਸਾਡਾ ਵਜ਼ੀਰੇ-ਆਜ਼ਮ ਤਾਂ ਅਮੀਨ ਮਲਿਕ ਹੈ।’’
ਹੁਣ ਉਸੇ ‘ਵਜ਼ੀਰੇ-ਆਜ਼ਮ’ ਨੂੰ ਰਿੜਕਿਆ ਜਾ ਰਿਹਾ ਸੀ।
‘‘ਮੈਨੂੰ ਲੋਕਾਂ ਦੇ ਫੋਨ ਆਏ ਤੇਰਾ ‘ਵਜ਼ੀਰੇ-ਆਜ਼ਮ’ ਵਾਲਾ ਆਰਟੀਕਲ ਪੜ੍ਹ ਕੇ ਤਾਂ ਮੈਂ ਡਰ ਗਿਆ। ਉਏ ਸਾਡੇ ਤਾਂ ਜਿਹੜਾ ਵਜ਼ੀਰੇ-ਆਜ਼ਮ ਬਣਦੈ ਉਸ ਨੂੰ ਜਾਂ ਫਾਂਸੀ ਲੱਗਦੀ ਹੈ ਜਾਂ ਦੇਸ਼ ਨਿਕਾਲਾ ਮਿਲਦੈ ਜਾਂ ਉਹਦਾ ਜਹਾਜ਼ ਹੀ ਤਬਾਹ ਕਰਕੇ ਫੀਤਾ-ਫੀਤਾ ਕਰ ਦਿੱਤਾ ਜਾਂਦਾ ਹੈ।’’ ਉਹ ਠਹਾਕਾ ਮਾਰ ਕੇ ਹੱਸਿਆ ਤੇ ਮੈਨੂੰ ਗਲਵੱਕੜੀ ਵਿਚ ਘੁੱਟ ਲਿਆ।
ਕਿਸੇ ਹੋਰ ਨੇ ਉਹਨੂੰ ਆ ‘ਸਲਾਮ’ ਬੁਲਾਈ ਤੇ ਉਹਦੀਆਂ ਲਿਖਤਾਂ ਦੀ ਤਾਰੀਫ਼ ਕੀਤੀ। ਉਹ ਅੱਗੇ ਕਹਿਣ ਲੱਗਾ, ‘‘ਉਏ ਆਹ ਈ ਮੇਰਾ ਦੁਸ਼ਮਣ ਜੀਹਨੇ ਮੈਨੂੰ ਪੁੱਠੇ-ਪਾਸੇ ਪਾਇਆ  ਈ। ਐਹਨੂੰ ਮੁਬਾਰਕ ਆਖ। ਇਹਦੀ ਤਾਰੀਫ਼ ਕਰ। ਇਹ ਬੜਾ ਸਾਨ੍ਹ, ਕਹਾਣੀਕਾਰ ਈ ਉਏ। ਮੈਂ ਤਾਂ ਮੁਹੱਬਤ ਕਰਨ ਵਾਲਾ ਬੜਾ ਛੋਟਾ ਜਿਹਾ ਬੰਦੈਂ।’’
ਉਸ ਨੇ ਮੇਰਾ ਹੱਥ ਘੁੱਟ ਲਿਆ ਤੇ ਫਿਰ ਮੈਨੂੰ ਬਾਹੋਂ ਧੂਹ ਕੇ ਸਟਾਲ ਉੱਤੇ ਲੈ ਗਿਆ, ‘‘ਆਹ ਲੈ! ਇਹਨਾਂ ਨੇ ਮੇਰੀਆਂ ਚਿੱਠੀਆਂ ਦੀ ਕਿਤਾਬ ਛਾਪ ਛੱਡੀ ਊ। ਚਿੱਠੀਏ ਮਲਿਕ ਦੀਏ। ਦੱਸ ਬਈ ਕਿੰਨੇ ਪੈਸੇ ਦੀ ਕਿਤਾਬ ਏ।’’ ਉਸ ਆਪਣੀ ਹੀ ਕਿਤਾਬ ਮੁੱਲ ਖ਼ਰੀਦ ਕੇ ਮੈਨੂੰ ਭੇਟ ਕੀਤੀ। ਉਹਦੀਆਂ ਚਿੱਠੀਆਂ ਦਾ ਸਾਹਿਤਕ ਮਹੱਤਵ ਜਾਣਦਿਆਂ ਇਲਿਆਸ ਘੁੰਮਣ ਹੁਰਾਂ ਇਹ ਕਿਤਾਬ ਛਾਪ ਦਿੱਤੀ ਸੀ।
ਸੱਚਮੁੱਚ ਅਮੀਨ ਮਲਿਕ ਦਾ ਗੱਲ ਕਹਿਣ ਤੇ ਲਿਖਣ ਦਾ ਨਿਰਾਲਾ ਅੰਦਾਜ਼ ਅਗਲੇ ਨੂੰ ਕੀਲ ਲੈਂਦਾ ਹੈ। ਮੈਂ ਪਿਛਲੇ ਦਿਨੀਂ ਛਪੀ ਉਸ ਦੀ ਕਹਾਣੀ ‘ਗੂੰਗੀ ਤ੍ਰੇਹ’ ਦੀ ਤਾਰੀਫ ਕੀਤੀ ਤੇ ਆਖਿਆ, ‘‘ਤੂੰ ਪਾਸ ਹੋ ਗਿਐਂ। ਸੌ ਬਟਾ ਸੌ ਨੰਬਰ। ਵਿਸ਼ੇ, ਨਿਭਾਅ ਤੇ ਜ਼ਬਾਨ ਪੱਖੋਂ ਅਦਭੁੱਤ ਕਹਾਣੀ ਹੈ।’’
‘‘ਹੱਛਾ!’’ ਉਹ ਖਾਮੋਸ਼ ਚਮਕਦੀਆਂ ਅੱਖਾਂ ਨਾਲ ਮੇਰੇ ਵੱਲ ਵੇਖ ਕੇ ਮੁਸਕਰਾਇਆ।
ਮੈਂ ਗਲਾ ਖੰਘੂਰ ਕੇ ਆਖਿਆ, ‘‘ਇਹੋ ਜਿਹੀ ਕਹਾਣੀ ਤੂੰ ਹੀ ਲਿਖ ਸਕਦਾ ਸੈਂ।’’
‘‘ਕੀ ਗੱਲ ਗਲੇ ‘ਚ ਕੋਈ ਖ਼ਰਾਬੀ ਹੈ? ਮੈਂ ਤੇਰੇ ਲਈ ਗੋਲੀਆਂ ਲੈ ਕੇ ਆਇਆਂ ਲੰਡਨੋਂ। ਐਹ ਰਾਣੀ ਤੋਂ ਲੈ ਲੈ। ਤੈਨੂੰ ਹੁਣ ਇਨ੍ਹਾਂ ਗੋਲੀਆਂ ਦੀ ਲੋੜ ਹੈ।’’
ਫਿਰ ਉਹ ਦੂਜੇ ਪ੍ਰੇਮੀ ਨਾਲ ਗੱਲੀਂ ਰੁਝ ਗਿਆ। ਮੈਂ ਰਾਣੀ ਨੂੰ ਗੋਲੀ ਦੇਣ ਲਈ ਕਿਹਾ ਤਾਂ ਉਸ ਨੇ ਇਕ ਵੱਡਾ ਡੱਬਾ ਮੇਰੇ ਹੱਥ ਫੜਾਇਆ ਆਪਣੇ ਪਰਸ ‘ਚੋਂ ਕੱਢ ਕੇ। ਉਹਦੇ ਉੱਤੇ ਲਿਖਿਆ ਪੜ੍ਹ ਕੇ ਮੈਂ ਪੁੱਛਿਆ, ‘‘ਇਹ ਗਲੇ ਖਰਾਬ ਦੀਆਂ ਨੇ?’’
ਅਮੀਨ ਮਲਿਕ ਨੇ ਮੂੰਹ ਭੁਆਇਆ ਤੇ ਕਹਿਣ ਲੱਗਾ, ‘‘ਇਹ ਤੇਰੇ ਲਈ ਨੇ…ਪੰਜਾਹਵਾਂ ਦਾ ਹੋ ਗਿਐ ਨਾ…ਏਦੋਂ ਪਿੱਛੋਂ ਐਵੇਂ ਹੀ ਸਰੀਰ ਨੂੰ ਨਿੱਕੀਆਂ ਮੋਟੀਆਂ ਲਗਣ ਵਾਲੀਆਂ ਬੀਮਾਰੀਆਂ ਤੇ ਕਮਜ਼ੋਰੀਆਂ ਤੋਂ ਬਚਾਈ ਰੱਖਣ ਵਾਲੀਆਂ ਗੋਲੀਆਂ ਨੇ। ਰੋਜ਼ ਦੀ ਇਕ। ਫ਼ਾਇਦਾ ਹੀ ਫ਼ਾਇਦਾ। ਨੁਕਸਾਨ ਕੋਈ ਨਹੀਂ। ਬੰਦੇ ਨੂੰ ਤਾਜ਼ਾ ਤੇ ਤੰਦਰੁਸਤ ਰੱਖਦੀਆਂ ਨੇ। ਤੇਰੇ ਲਈ ਉਚੇਚੀਆਂ ਲੈ ਕੇ ਆਇਆਂ।’’ ਉਸ ਨੂੰ ਸੱਚਮੁੱਚ ਮੇਰਾ ਏਨਾ ਖ਼ਿਆਲ ਸੀ।
ਲੋਕ ਅੰਦਰਲੇ ਹਾਲ ਵਿਚ ਜਾ ਕੇ ਕੁਰਸੀਆਂ ਮੱਲ ਰਹੇ ਸਨ। ਕਾਨਫ਼ਰੰਸ ਦਾ ਉਦਘਾਟਨੀ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਜਗਤਾਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ‘‘ਆ ਤੈਨੂੰ ਸਾਕਿਬ ਨੂੰ ਮਿਲਾਵਾਂ। ਇਥੋਂ ‘ਮਾਂ-ਬੋਲੀ’ ਪਰਚਾ ਕੱਢਦੈ ਪੰਜਾਬੀ ‘ਚ।’’
ਸਾਕਿਬ ਆਪਣੇ ਕਿਤਾਬਾਂ ਦੇ ਸਟਾਲ ‘ਤੇ ਖੜੋਤਾ ਸੀ। ਜਗਤਾਰ ਨੇ ਪਹਿਲਾਂ ਵਾਲੇ ਅੰਦਾਜ਼ ਵਿਚ ਹੀ ਮੇਰਾ ਤੁਆਰਫ਼ ਕਰਵਾਇਆ। ਸਾਕਿਬ ਨੇ ਮੱਥੇ ਨੂੰ ਹੱਥ ਲਾ ਕੇ ਅਦਬ ਨਾਲ ਮੈਨੂੰ ਹੱਥ ਮਿਲਾਇਆ। ਉਹ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਵੀ ਉਸ ਬਾਰੇ ਸੁਣਿਆ ਹੋਇਆ ਸੀ। ਨਿੱਕੀ-ਨਿੱਕੀ ਕਰੜ-ਬਰੜੀ ਦਾੜ੍ਹੀ। ਮੂੰਹ ਵਿਚ ਪਾਨ। ਮਿੱਠ-ਬੋਲੜਾ, ਸਾਊ ਤੇ ਸ਼ਰੀਫ਼ ਦਿੱਖ ਵਾਲਾ। ਮੈਂ ਉਸ ਨੂੰ ਕੁਝ ਪੈਸੇ ਉਹਦੇ ਪਰਚੇ ਦੇ ਚੰਦੇ ਵਜੋਂ ਦਿੱਤੇ।
‘‘ਜ਼ੈਗਮ ਨਹੀਂ ਆਇਆ, ਨਜਮ ਹੁਸੈਨ ਸਈਅਦ ਵੀ,’’ ਜਗਤਾਰ ਨੇ ਉਸ ਨੂੰ ਪੁੱਛਿਆ।
ਪਤਾ ਲੱਗਾ ਅੰਦਰਲੇ ਮਨ-ਮੁਟਾਵ ਜਾਂ ਆਪਸੀ ਵਿਰੋਧ ਜਾਂ ਗੁੱਟ-ਬੰਦੀਆਂ ਦਾ ਅਸਰ ਇਥੇ ਵੀ ਸੀ। ਕਿਥੇ ਨਹੀਂ ਹੁੰਦਾ? ਪਰ ਜਿਨ੍ਹਾਂ ਨੂੰ ਨਹੀਂ ਵੀ ਸੀ ਬੁਲਾਇਆ ਗਿਆ, ਉਹ ਵੀ ਪਾਕਿਸਤਾਨ ਵਿਚੋਂ ਦੂਰੋਂ-ਦੂਰੋਂ ਆਪੇ ਹੀ ਆ ਪੁੱਜੇ ਸਨ। ਇਹ ਪਹਿਲੀ ਵਾਰੀ ਸੀ ਕਿ ਏਡੀ ਵੱਡੀ ਗਿਣਤੀ ਵਿਚ ਭਾਰਤੀ ਪੰਜਾਬ ਤੋਂ ਦਾਨਿਸ਼ਵਰ ਪੁੱਜੇ ਸਨ।
ਪਾਕਿਸਤਾਨ ਦੇ ਲੇਖਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ, ਵੇਖਣਾ ਚਾਹੁੰਦੇ ਸਨ, ਉਨ੍ਹਾਂ ਨਾਲ ਗੁਫ਼ਤਗੂ ਕਰਨਾ ਚਾਹੁੰਦੇ ਸਨ। ਕੀ ਹੋਇਆ ਜੇ ਉਨ੍ਹਾਂ ਨੂੰ ਬਕਾਇਦਾ ਸੱਦਾ-ਪੱਤਰ ਨਹੀਂ ਸੀ ਦਿੱਤਾ ਗਿਆ। ਇਹ ਤਾਂ ਦਿਲ ਦਾ ਦਿਲ ਨੂੰ ਤੇ ਰੂਹ ਦਾ ਰੂਹ ਨੂੰ ਖ਼ਾਮੋਸ਼ ਸੱਦਾ ਸੀ। ਲਿਖਤੀ ਸੱਦਿਆਂ ਤੋਂ ਕਿਤੇ ਪਾਰ ਦੀ ਗੱਲ।
‘‘ਅਸੀਂ ਤਾਂ ਬਿਨਾਂ ਸੱਦਿਆਂ ਸ਼ਰੀਕ ਦੇ ਵਿਆਹ ਉੱਤੇ ਆਪਣੇ ਭਰਾਵਾਂ ਨੂੰ ਮਿਲਣ ਆਏ ਹਾਂ।’’
ਕਿਸੇ ਅਣਸੱਦੇ ਪੁਰਾਣੇ ਨੇ ਆਖਿਆ।
ਅੰਦਰੋਂ ਮਾਈਕ ਤੋਂ ਸਭ ਨੂੰ ਹਾਲ ਵਿਚ ਪੁੱਜਣ ਦਾ ਪੁਰ-ਖ਼ਲੂਸ ਸੱਦਾ ਦਿੱਤਾ ਜਾ ਰਿਹਾ ਸੀ। ਆਲਮੀ ਪੰਜਾਬੀ ਕਾਨਫ਼ਰੰਸ ਦਾ ਉਦਘਾਟਨੀ ਸਮਾਗਮ ਸ਼ੁਰੂ ਹੋਣ ਵਾਲਾ ਸੀ।

ਸੂਰਜ ਦੂਰ ਦਿਸਹੱਦੇ ‘ਤੇ ਖੜੋਤੇ ਰੁੱਖਾਂ ਦੀਆਂ ਚੋਟੀਆਂ ਨੂੰ ਚੁੰਮਣ ਲਈ ਨੀਵਾਂ ਹੋ ਰਿਹਾ ਸੀ। ਸਵੇਰੇ ਸੱਤ ਵਜੇ ਅਟਾਰੀ ਪਹੁੰਚਣ ਤੋਂ ਲੈ ਕੇ ਇਕ ਲੰਮੀ ਪ੍ਰਕਿਰਿਆ ਵਿਚੋਂ ਗੁਜ਼ਰਨ ਉਪਰੰਤ ਹੁਣ ਕਿਤੇ ਗੱਡੀ ਲਾਹੌਰ ਨੂੰ ਤੁਰੀ ਸੀ। ਦੂਜੇ ਸਾਥੀਆਂ ਵਾਂਗ ਹੀ ਕਦੀ ਇਕ ਪਾਸੇ ਤੇ ਕਦੀ ਦੂਜੇ ਪਾਸੇ ਮੂੰਹ ਕਰਕੇ ਮੈਂ ਬਾਰੀ ਵਿਚੋਂ ਬਾਹਰ ਵੇਖ ਰਿਹਾ ਸਾਂ। ਕਾਹਲੀ-ਕਾਹਲੀ ਇਹ ਸਮੁੱਚਾ ਦ੍ਰਿਸ਼ ਆਪਣੀਆਂ ਅੱਖਾਂ ਵਿਚ ਵਸਾ ਲੈਣਾ ਚਾਹੁੰਦਾ ਸਾਂ। ਦੂਰ ਤੱਕ ਦਿਸਦੇ ਕਣਕਾਂ ਦੇ ਸੁਨਹਿਰੀ ਖੇਤ ਤੇ ਵਿਚ ਹਰੇ-ਭਰੇ ਦਰਖਤ। ਰੇਲਵੇ ਲਾਈਨ ਨਾਲ ਵੱਸਦੇ ਪਿੰਡਾਂ ਵਿਚ ਰੋਜ਼-ਮੱਰਾ ਦੇ ਕੰਮਾਂ ਧੰਦਿਆਂ ਵਿਚ ਰੁੱਝੇ, ਦੁਕਾਨਾਂ ‘ਤੇ ਖੜੋਤੇ, ਗਲੀਆਂ ‘ਚ ਫਿਰਦੇ ਆਦਮੀ। ਖੇਡਦੇ ਹੋਏ ਬੱਚੇ। ਕੰਧਾਂ ਉਥੇ ਉਰਦੂ ‘ਚ ਕੀਤੀ ਇਸ਼ਤਿਹਾਰਬਾਜ਼ੀ। ਸਾਡੇ ਵਾਂਗ ਹੀ ਅੰਗਰੇਜ਼ੀ ਮਾਧਿਅਮ ਦੇ ਪਬਲਿਕ ਸਕੂਲਾਂ ਵੱਲ ਖਿੱਚਣ ਲਈ ਕੰਧਾਂ ‘ਤੇ ਕੀਤੀ ਲਿਖਤੀ ਨੁਮਾਇਸ਼।
‘ਛਕ-ਛਕ-ਛਕ’ ਗੱਡੀ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ। ਲੋਕ ਉਤੇਜਿਤ ਹੋ ਰਹੇ ਸਨ। ਜੱਲੋ ਆਈ….ਮੁਗ਼ਲਪੁਰਾ…ਤੇ ਫਿਰ ਲਾਹੌਰ ਸ਼ੁਰੂ ਹੋ ਗਿਆ। ਲੱਗਾ, ਜਿਵੇਂ ਅੰਮ੍ਰਿਤਸਰ ਵਿਚ ਹੀ ਗੱਡੀ ਦਾਖ਼ਲ ਹੋ ਗਈ ਹੋਵੇ। ਸੂਰਜ ਡੁੱਬ ਚੁੱਕਾ ਸੀ। ਨਿੰਮ੍ਹਾ-ਨਿੰਮ੍ਹਾ ਹਨੇਰਾ ਪਸਰ ਆਇਆ ਸੀ। ਲਾਹੌਰ ਦੀਆਂ ਰੌਸ਼ਨੀਆਂ ਜਗ ਪਈਆਂ ਸਨ। ਆਖ਼ਿਰਕਾਰ ਲਾਹੌਰ ਦਾ ਇਤਿਹਾਸਕ ਰੇਲਵੇ ਸਟੇਸ਼ਨ ਆ ਹੀ ਗਿਆ।
ਮੈਂ ਤੇ ਜਗਤਾਰ ਨੇ ਆਪਣਾ ਸਾਮਾਨ ਉਤਾਰਿਆ ਤੇ ਆਪਣੇ ਸਾਥੀਆਂ ਦੀ ਭੀੜ ਵਿਚ ਪਲੇਟਫਾਰਮ ‘ਤੇ ਬਾਹਰ ਵੱਲ ਤੁਰਨ ਲੱਗੇ। ਸਾਹਮਣੇ ਕੁਝ ਲੋਕ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦੇ ਹਾਰ ਲੈ ਕੇ ਖੜੋਤੇ ਸਨ। ਉਹ ਆਪੋ ਆਪਣੇ ਜਾਣੂਆਂ-ਸਿਆਣੂਆਂ ਦੇ ਗਲ ਵਿਚ ਪਾ ਕੇ ਉਨ੍ਹਾਂ ਦਾ ਇਸਤਕਬਾਲ ਕਰ ਰਹੇ ਸਨ। ਇਨ੍ਹਾਂ ਲੋਕਾਂ ‘ਚ ਮੇਰੀ ਜਾਣ-ਪਛਾਣ ਵਾਲਾ ਤਾਂ ਕੋਈ ਹੋ ਹੀ ਨਹੀਂ ਸੀ ਸਕਦਾ। ਇਸ ਲਈ ਮੈਨੂੰ ਕਿਸੇ ਕੋਲੋਂ ਅਜਿਹੇ ਸਵਾਗਤ ਦੀ ਆਸ ਹੀ ਨਹੀਂ ਸੀ। ਮੈਂ ਫ਼ਖ਼ਰ ਜ਼ਮਾਂ ਨੂੰ ਦਿੱਲੀ ਹੋਈਆਂ ਕਾਨਫ਼ਰੰਸਾਂ ਸਮੇਂ ਦੋ ਕੁ ਵਾਰ ਮਿਲਿਆ ਹੋਇਆ ਸੀ ਪਰ ਉਹ ਤਾਂ ਸਟੇਸ਼ਨ ‘ਤੇ ਆਇਆ ਹੀ ਨਹੀਂ ਸੀ।
‘‘ਲੈ ਬਈ ਫ਼ਖ਼ਰ ਜ਼ਮਾਂ ਤਾਂ ਕਿਤੇ ਦੀਂਹਦਾ ਨਹੀਂ।’’ ਜਗਤਾਰ ਨੇ ਤੁਰੇ ਜਾਂਦਿਆਂ ਮੇਰੇ ਮਨ ਦੀ ਗੱਲ ਬੁੱਝ ਲਈ ਸੀ। ਜਗਤਾਰ ਦੀ ਉਸ ਨਾਲ ਚੰਗੀ ਜਾਣ-ਪਛਾਣ ਸੀ। ਉਸ ਨਾਲ ਹੀ ਕਿਉਂ! ਉਹ ਤਾਂ ਅਨੇਕਾਂ ਵਾਰ ਪਾਕਿਸਤਾਨ ਆਇਆ ਸੀ ਤੇ ਉਸ ਦੇ ਏਥੇ ਬੇਅੰਤ ਦੋਸਤ ਸਨ ; ਪਰ ਵੀਜ਼ਾ ਲੱਗਣ ਜਾਂ ਨਾ ਲੱਗਣ ਦੀ ਦੁਬਿਧਾ ਵਿਚ ਉਹ ਕਿਸੇ ਮਿੱਤਰ ਨੂੰ ਪਹਿਲਾਂ ਸੂਚਿਤ ਨਹੀਂ ਸੀ ਕਰ ਸਕਿਆ। ਅਚੇਤ ਤੌਰ ‘ਤੇ ਤਾਂ ਸ਼ਾਇਦ ਹਰ ਕੋਈ ਭਾਵ-ਭਿੰਨੀ ਖ਼ੁਸ਼-ਆਮਦੀਦ ਲੋੜਦਾ ਹੈ ਪਰ ਬਿਨਾਂ ਕਿਸੇ ਜਾਣ-ਪਛਾਣ ਤੋਂ ਐਵੇਂ ਹੀ ਹਾਰਾਂ ਵਾਲਿਆਂ ਦੇ ਸਾਹਮਣੇ ਹੋ ਕੇ ਆਪਾ ਜਤਾਉਣ ਤੇ ਹਾਰ ਗਲ ਵਿਚ ਪੁਆਉਣ ਦੀ ਕੋਸ਼ਿਸ਼ ਬਹੁਤ ਹੋਛੀ ਲੱਗਦੀ ਹੈ। ਇਸ ਲਈ ਅਸੀਂ ਹਾਰਾਂ ਵਾਲਿਆਂ ਤੋਂ ਟੇਢ ਵੱਟ ਕੇ ਪਾਸੇ ਦੀ ਗੁਜ਼ਰ ਰਹੇ ਸਾਂ। ਸਾਹਮਣੇ ਰਾਇ ਅਜ਼ੀਜ਼ ਉਲਾ ਤੇ ਇਲਿਆਸ ਘੁੰਮਣ ਹੋਰੀਂ ਸਤਿਨਾਮ ਮਾਣਕ, ਪ੍ਰੇਮ ਸਿੰਘ ਐਡਵੋਕੇਟ ਤੇ ਹੋਰ ਲੋਕਾਂ ਦੇ ਗਲਾਂ ਵਿਚ ਹਾਰ ਪਾ ਕੇ ਮੁਹੱਬਤ ਨਾਲ ਗਲੇ ਮਿਲ ਰਹੇ ਸਨ। ਮੈਂ ਇਨ੍ਹਾਂ ਦੋਹਾਂ ਨੂੰ ਇਨ੍ਹਾਂ ਦੀਆਂ ਜਲੰਧਰ ਫੇਰੀਆਂ ‘ਤੇ ਮਿਲ ਚੁੱਕਾ ਸਾਂ ਪਰ ਇਸ ਸਮੇਂ ਮੈਂ ਅੱਖ ਬਚਾ ਕੇ ਕੋਲੋਂ ਦੀ ਗੁਜ਼ਰ ਗਿਆ। ਜਗਤਾਰ ਵੀ ਮੇਰੇ ਵਾਂਗ ਇਸ ਸਭ ਕਾਸੇ ਤੋਂ ਬੇਨਿਆਜ਼ ਸੀ।
‘‘ਫ਼ਖ਼ਰ ਜ਼ਮਾਂ ਅਮੀਰ ਆਦਮੀ ਹੈ। ਰਾਜਾ…ਐਸ ਵੇਲੇ ਵਿਸਕੀ ਦਾ ਘੁੱਟ ਲਾ ਕੇ ਸਰੂਰ ਵਿਚ ਬੈਠਾ ਹੋਊ…ਉਹ ਕਾਹਨੂੰ ਆਉਂਦਾ ਰੇਲਵੇ ਸਟੇਸ਼ਨ ‘ਤੇ…’’ ਜਗਤਾਰ ਨੇ ਹੱਸਦਿਆਂ ਕਿਹਾ।
ਸਟੇਸ਼ਨ ਤੋਂ ਬਾਹਰ ਆਏ ਤਾਂ ਪਤਾ ਲੱਗਾ ਕਿ ਹੋਟਲ ਨੂੰ ਲਿਜਾਣ ਵਾਸਤੇ ਬੱਸਾਂ ਆਈਆਂ ਖੜੋਤੀਆਂ ਹਨ। ਅਸੀਂ ਆਸੇ ਪਾਸੇ ਵੇਖ ਹੀ ਰਹੇ ਸਾਂ ਕਿ ਕਿਸੇ ਅਖ਼ਬਾਰ ਦਾ ਪੱਤਰਕਾਰ ਸਾਡੇ ਕੋਲ ਆ ਕੇ ਖੜ੍ਹੋ ਗਿਆ ਤੇ ਆਪਣੀ ਲਾਹੌਰ-ਆਮਦ ਬਾਰੇ ਮੇਰਾ ਪ੍ਰਤੀਕਰਮ ਜਾਨਣਾ ਚਾਹਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ, ‘‘ਮੈਂ ਬਹੁਤ ਹੀ ਖ਼ੁਸ਼ ਹਾਂ। ਆਪਣੇ ਸੁਪਨਿਆਂ ਦੇ ਸ਼ਹਿਰ ਲਾਹੌਰ ਆ ਕੇ, ਤੇ ਮੇਰੀ ਖ਼ਾਹਿਸ਼ ਹੈ ਕਿ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਆਪਸ ਵਿਚ ਲੜਨ ਦੀ ਥਾਂ ਸਭ ਮਸਲਿਆਂ ਦਾ ਹੱਲ ਮਿਲ ਬੈਠ ਕੇ ਕਰਨ ਤੇ ਅਜਿਹਾ ਮਾਹੌਲ ਪੈਦਾ ਕਰਨ ਤੇ ਮੌਕਾ ਦੇਣ ਜਿਸ ਨਾਲ ਅਦੀਬ ਤੇ ਕਲਾਕਾਰ ਵੀ ਇਕ ਦੂਜੇ ਨਾਲ ਮਿਲ ਬੈਠਣ। ਨਫ਼ਰਤ ਦੀ ਥਾਂ ਮੁਹੱਬਤ ਦੀ ਬਾਤ ਪਾਈ ਜਾਵੇ।’’
ਕਹਿਣ ਲਈ ਏਨੀ ਹੀ ਗੱਲ ਬਹੁਤ ਸੀ। ਉਸ ਨੇ ਮੇਰਾ ਨਾਂ ਪੁੱਛਿਆ। ਏਨੇ ਵਿਚ ਕੋਲ ਆ ਖੜੋਤੇ ਸਤਿਨਾਮ ਮਾਣਕ ਨੇ ‘ਪੰਜਾਬੀ ਦੇ ਵੱਡੇ ਕਹਾਣੀਕਾਰ’ ਵਜੋਂ ਮੇਰੀ ਜਾਣ-ਪਛਾਣ ਕਰਾਉਂਦਿਆਂ ਇਸ ਵਰ੍ਹੇ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਦਾ ਜ਼ਿਕਰ ਵੀ ਕੀਤਾ। ਇੰਜ ਹੀ ਉਸ ਨੇ ਜਗਤਾਰ ਨੂੰ ਇਹ ਇਨਾਮ ਪਹਿਲਾਂ ਹੀ ਮਿਲੇ ਹੋਣ ਤੇ ਪੰਜਾਬੀ ਦੇ ਬਹੁਤ ਹੀ ਨਾਮਵਾਰ ਸ਼ਾਇਰ ਵਜੋਂ ਪੇਸ਼ ਕੀਤਾ। ਪੱਤਰਕਾਰ ਜਗਤਾਰ ਨੂੰ ਸੰਬੋਧਿਤ ਹੋਇਆ :
‘‘ਤੁਸੀਂ ਏਥੇ ਆ ਕੇ ਕਿਵੇਂ ਮਹਿਸੂਸ ਕਰਦੇ ਹੋ।’’ ਜਗਤਾਰ ਬੇਨਿਆਜ਼ ਹੋ ਕੇ ਮੁਸਕਰਾਇਆ ਤੇ ਆਖਿਆ, ‘‘ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ।’’
ਪੱਤਰਕਾਰ ਨੇ ਡਾਇਰੀ ‘ਤੇ ਝਰੀਟਿਆ, ‘‘ਮਸ਼ਹੂਰ ਸ਼ਾਇਰ ਕੁਝ ਵੀ ਨਹੀਂ ਕਹਿਣਾ ਚਾਹੁੰਦਾ…।’’
ਲਿਖਦਿਆਂ ਹੋਇਆਂ ਉਹ ਨਾਲ-ਨਾਲ ਬੋਲ ਵੀ ਰਿਹਾ ਸੀ।
ਸਟੇਸ਼ਨ ਦੇ ਬਾਹਰ ਟੈਕਸੀਆਂ, ਥਰੀ-ਵੀਲ੍ਹਰਾਂ ਤੇ ਬੱਸਾਂ ਦੀ ਭੀੜ ਇਧਰ-ਉਧਰ ਥਿਰਕ ਰਹੀ ਸੀ। ਆਵਾਜ਼ਾਂ, ਹਾਰਨਾਂ ਤੇ ਘੂੰ-ਘੂੰ ਦਾ ਇਕ ਸ਼ੋਰ ਚਾਰ ਚੁਫ਼ੇਰੇ ਸੀ। ਸਾਹਮਣੇ ਹੋਟਲ ਨੂੰ ਜਾਣ ਵਾਸਤੇ ਦੋ ਬੱਸਾਂ ਖੜੋਤੀਆਂ ਸਨ। ਛੋਟੀਆਂ ਸੀਟਾਂ ਵਾਲੀ ਬੱਸ ‘ਤੇ ਅਸੀਂ ਵੀ ਅੜ-ਉੜ ਕੇ ਬੈਠ ਗਏ। ਬੱਸ ਇਕ ਥਾਂ ‘ਤੇ ਰੁਕੀ ਤੇ ਆਵਾਜ਼ ਆਈ, ‘‘ਆਜੋ ਹੇਠਾਂ ਹੋਟਲ ਆ ਗਿਆ।’’
ਅਸੀਂ ਸਾਮਾਨ ਲੈ ਕੇ ਬੱਸ ਤੋਂ ਹੇਠਾਂ ਉਤਰ ਪਏ। ਸਾਹਮਣੇ ‘ਸ਼ਾਹਤਾਜ ਹੋਟਲ’ ਸੀ। ਚੰਡੀਗੜ੍ਹ ਦਾ ਲੇਖਕ ਕਹਿ ਰਿਹਾ ਸੀ, ‘‘ਡੈਲੀਗੇਟ ਜ਼ਿਆਦਾ ਹੋਣ ਕਰਕੇ ਪ੍ਰਬੰਧਕਾਂ ਨੇ ਦੋ ਹੋਟਲਾਂ ਵਿਚ ਤਕਸੀਮ ਕੀਤੇ ਨੇ। ਮੈਂ ਇਸ ਹੋਟਲ ਵਿਚ ਠਹਿਰਨ ਵਾਲਿਆਂ ਦੇ ਨਾਂ ਪੜ੍ਹਨ ਲੱਗਾਂ।’’
ਉਸ ਨੇ ਸਭ ਤੋਂ ਪਹਿਲਾਂ ਮੇਰਾ ਅਤੇ ਜਗਤਾਰ ਦਾ ਨਾਂ ਹੀ ਬੋਲਿਆ। ਅਸੀਂ ਕਮਰੇ ਦੀ ਚਾਬੀ ਲਈ ਤੇ ਲਿਫ਼ਟ ਰਾਹੀਂ ਸਭ ਤੋਂ ਉਪਰ ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਲਿਫ਼ਟ ਦੇ ਦਰਵਾਜ਼ੇ ਸਾਹਮਣੇ ਪੈਂਦੇ ਆਪਣੇ ਕਮਰੇ ਦੇ ਸਾਹਮਣੇ ਜਾ ਉਤਰੇ। ਕਮਰੇ ਅੰਦਰ ਵੜ ਕੇ ਰੌਸ਼ਨੀ ਕੀਤੀ, ਪੱਖਾ ਚਲਾਇਆ ਤੇ ਆਪਣਾ ਸਾਮਾਨ ਇਕ ਨੁੱਕਰ ਵਿਚ ਰੱਖ ਕੇ ਅਸੀਂ ਬਿਸਤਰਿਆਂ ‘ਤੇ ਬੈਠ ਗਏ ਤੇ ਕਮਰੇ ਵਿਚ ਇਕ ਝਾਤੀ ਮਾਰੀ। ਦੋ ਬਿਸਤਰੇ ਲੱਗਣ ਤੋਂ ਪਿਛੋਂ ਚੁਫ਼ੇਰੇ ਦੋ-ਦੋ ਫੁੱਟ ਥਾਂ ਬਚਦੀ ਸੀ। ਗਰਮੀ ਸੀ ਪਰ ਏ.ਸੀ. ਨਹੀਂ ਸੀ ਚੱਲ ਰਿਹਾ। ਜਗਤਾਰ ਬਾਥਰੂਮ ਹੋ ਕੇ ਬਾਹਰ ਨਿਕਲਿਆ ਤਾਂ ਕਹਿਣ ਲੱਗਾ, ‘‘ਇਸ ਬਾਥਰੂਮ ਵਿਚ ਤਾਂ ਕਮੋਡ ਤੇ ਸੀਟ ਹੀ ਨਹੀਂ ਹੈ।’’
‘‘ਅਸਲ ਵਿਚ ਇਹ ਆਪਣੇ ਨਾਲ ਦਾਅ ਖੇਡ ਗਏ ਨੇ ਚੰਡੀਗੜ੍ਹੀਏ! ਇਹ ਲਿਸਟ ਤਾਂ ਇਨ੍ਹਾਂ ਨੇ ਵਾਘੇ ਬੈਠ ਕੇ ਬਣਾਈ ਸੀ। ਆਪ ਉਧਰ ਚਲੇ ਗਏ ‘ਫਸਟ ਕਲਾਸ’ ਆਦਮੀ ਤੇ ਆਪਾਂ ਨੂੰ ‘ਦੋਮ-ਦਰਜੇ’ ਦੇ ਸਮਝ ਕੇ ਏਧਰ ਛੱਡ ਗਏ ਨੇ।’’
‘‘ਤੇਰੀ ਗੱਲ ਠੀਕ ਲੱਗਦੀ ਏ’’, ਜਗਤਾਰ ਨੇ ਹਾਸੀ ਭਰੀ। ਇਹ ਗੱਲ ਠੀਕ ਵੀ ਸੀ। ਅਗਲੇ ਦਿਨ ਜਦੋਂ ਅਸੀਂ ਫਲੈਟੀਜ਼ ਹੋਟਲ ਦੇ ਕਮਰੇ ਵੇਖੇ ਤਾਂ ਪਤਾ ਚੱਲਿਆ ਕਿ ਸਾਡਾ ਕਮਰਾ ਤਾਂ ਉਨ੍ਹਾਂ ਦੇ ਬਾਥਰੂਮ ਦੇ ਆਕਾਰ ਜਿੱਡਾ ਸੀ।
‘‘ਚੱਲ ਕੋਈ ਨਹੀਂ…ਕਿਹੜਾ ਬਹਿ ਰਹਿਣਾ ਏਥੇ,’’ ਜਗਤਾਰ ਨੇ ਤਸੱਲੀ ਨਾਲ ਆਖਿਆ। ਉਸ ਦੀ ਗੱਲ ਠੀਕ ਸੀ। ਲਾਹੌਰ ਪਹੁੰਚਣ ਦੀ ਖ਼ੁਸ਼ੀ ਸਾਹਮਣੇ ਇਹ ਜ਼ਿਆਦਤੀ ਬਹੁਤ ਛੋਟੀ ਜਿਹੀ ਸੀ। ਅਸੀਂ ਕੋਈ ਇਕੱਲੇ ਤਾਂ ਨਹੀਂ ਸਾਂ। ਸਮੁੱਚੇ ਡੈਲੀਗੇਟਾਂ ਦੀ ਅੱਧੀ ਗਿਣਤੀ ਇਸ ਹੋਟਲ ਵਿਚ ਠਹਿਰੀ ਹੋਈ ਸੀ। ਉਂਜ ਵੀ ਪ੍ਰਬੰਧਕ ਆਪ ਲੋੜੀਂਦੀ ਸਹੂਲਤ ਨਾ ਲੈਣ ਤੇ ਤਿਆਗੀ ਹੋ ਜਾਣ, ਇਸ ਦੀ ਤਵੱਕੋ ਕਰਨੀ ਹੀ ਗ਼ਲਤ ਹੁੰਦੀ ਹੈ।
ਥੋੜ੍ਹੀ ਦੇਰ ਬਾਅਦ ਹੇਠੋਂ ਖਾਣੇ ਦਾ ਸੱਦਾ ਆ ਗਿਆ। ਨਹਾ ਧੋ ਕੇ ਤਾਜ਼ਾ ਦਮ ਹੋ ਕੇ ਸਭ ਦੋਸਤ ਮਿੱਤਰ ਹੇਠਾਂ ਬੇਸਮੈਂਟ ਵਿਚ ਲੱਗੇ ਟੇਬਲਾਂ ਦੁਆਲੇ ਜੰਮ ਕੇ ਬੈਠ ਗਏ। ਚਿਕਨ, ਮਿਕਸਡ ਸਬਜ਼ੀ, ਦਾਲ ਤੇ ਦਹੀਂ। ਡੇਢ-ਡੇਢ ਗਿੱਠ ਦੀਆਂ ਪਤਲੀਆਂ ਤੰਦੂਰੀ ਰੋਟੀਆਂ। ਮੈਂ ਸਬਜ਼ੀ ਤੇ ਦਾਲ ਲੈ ਕੇ ਖਾਣਾ ਸ਼ੁਰੂ ਕੀਤਾ। ਖਾਣਾ ਬਹੁਤ ਹੀ ਲਜ਼ੀਜ਼ ਤੇ ਮਸਾਲੇਦਾਰ ਸੀ। ਭੁੱਖ ਵੀ ਬਹੁਤ ਲੱਗੀ ਹੋਈ ਸੀ। ਹੋਟਲ ਦੇ ਕਾਮੇ ਵੀ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ।
ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਮੈਂ ਕਾਊਂਟਰ ‘ਤੇ ਗਿਆ ਤੇ ਆਪਣੇ ਘਰ ਫੋਨ ਮਿਲਾਉਣ ਲਈ ਆਖਿਆ। ਮੇਰੇ ਨਾਲ-ਨਾਲ ਸੁਰਿੰਦਰ ਦੇ ਬਿਮਾਰ ਹੋਣ ਦੀ ਚਿੰਤਾ ਤੁਰੀ ਆਈ ਸੀ।
ਫੋਨ ਮੇਰੀ ਛੋਟੀ ਧੀ ਰਮਣੀਕ ਨੇ ਚੁੱਕਿਆ ਤੇ ਦੱਸਿਆ, ‘‘ਮੰਮੀ ਦਾ ਫੋਨ ਆਇਆ ਸੀ। ਚਾਚਾ ਜੀ ਠੀਕ-ਠਾਕ ਨੇ। ਕੋਈ ਫ਼ਿਕਰ ਵਾਲੀ ਗੱਲ ਨਹੀਂ। ਮੰਮੀ ਅੱਜ ਆਏ ਨਹੀਂ। ਉਥੇ ਹੀ ਰਹਿ ਪਏ ਨੇ ਪਰ ਕਹਿੰਦੇ ਸਨ ਕਿ ਜੇ ਡੈਡੀ ਦਾ ਫੋਨ ਆਵੇ ਤਾਂ ਦੱਸ ਦਈਂ ਕਿ ਫਿਕਰ ਨਾ ਕਰਨ।’’ ਏਨੀ ਕਹਿ ਕੇ ਉਸ ਨੇ ਚਹਿਕ ਕੇ ਪੁੱਛਿਆ, ‘‘ਫਿਰ ਕਿੱਦਾਂ ਦਾ ਲੱਗਾ ਲਾਹੌਰ?’’
ਉਹਦੀ ਆਵਾਜ਼ ਵਿਚਲੀ ਖ਼ੁਸ਼ੀ ਦੱਸਦੀ ਸੀ ਕਿ ਉਹ ਨਿਰਾ ਮੇਰਾ ਦਿਲ ਧਰਨ ਲਈ ਨਹੀਂ ਕਹਿ ਰਹੀ। ਉਸ ਦਾ ਚਾਚਾ ਸੱਚਮੁਚ ਠੀਕ ਸੀ। ਮੈਂ ਉਸ ਨੂੰ ਹੋਟਲ ਦਾ ਫੋਨ ਨੰਬਰ ਤੇ ਆਪਣੇ ਕਮਰੇ ਦਾ ਨੰਬਰ ਵੀ ਲਿਖਾ ਦਿੱਤਾ।
ਸਵੇਰੇ ਉੱਠੇ ਤਾਂ ਜਗਤਾਰ ਨੇ ਮੈਨੂੰ ਮੇਰੇ ਵਾਲੇ ਪਾਸੇ ਬਾਹਰ ਵੱਲ ਖੁੱਲ੍ਹਦਾ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਪਰਦੇ ਪਿੱਛੇ ਕਰਕੇ ਮੈਂ ਦਰਵਾਜ਼ਾ ਖੋਲ੍ਹਿਆ। ਬਾਹਰੋਂ ਠੰਢੀ ਹਵਾ ਦਾ ਬੁੱਲਾ ਅੰਦਰ ਆਇਆ। ਰਾਤ ਬੱਦਲ-ਵਾਈ ਹੋ ਗਈ ਸੀ ਤੇ ਮਾੜਾ ਮੋਟਾ ਮੀਂਹ ਪੈਣ ਕਾਰਨ ਮੌਸਮ ਵਿਚ ਨਮੀਂ ਤੇ ਠੰਢ ਸੀ। ਜਗਤਾਰ ਲਾਹੌਰ ਤੇ ਆਸ-ਪਾਸ ਰਹਿੰਦੇ ਆਪਣੇ ਮਿੱਤਰਾਂ ਨਾਲ ਫੋਨ ‘ਤੇ ਰਾਬਤਾ ਕਾਇਮ ਕਰਨ ਲੱਗਾ ਤੇ ਮੈਂ ਬਾਹਰ ਨਿਕਲ ਕੇ ਪੰਜਵੀਂ ਮੰਜ਼ਿਲ ਤੋਂ ਸਮੁੱਚੇ ਲਾਹੌਰ ਦਾ ਨਜ਼ਾਰਾ ਵੇਖਣ ਲੱਗਾ। ਛੋਟੀਆਂ, ਉੱਚੀਆਂ ਤੇ ਹੋਰ ਉੱਚੀਆਂ ਇਮਾਰਤਾਂ। ਕੀ ਇਹ ਇਮਾਰਤਾਂ ਹੀ ਸਨ ਲਾਹੌਰ? ਨਹੀਂ ਲਾਹੌਰ ਤਾਂ ਇਸ ਤੋਂ ਕਿਤੇ ਪਾਰ ਦੀ ਚੀਜ਼ ਸੀ। ਇਹ ਇਮਾਰਤਾਂ ਤਾਂ ਲਾਹੌਰ ਦਾ ਇਕ ਹਿੱਸਾ ਸਨ। ਲਾਹੌਰ ਤਾਂ ਸਦੀਆਂ ਦਾ ਇਤਿਹਾਸ ਸੀ। ਪੰਜਾਬੀ ਸਭਿਆਚਾਰ ਦਾ ਗੌਰਵ ਤੇ ਮਾਣ-ਮੱਤਾ ਨਮੂਨਾ। ਸਾਡੇ ਅਵਚੇਤਨ ਦੀਆਂ ਧੁਰ ਡੂੰਘਾਣਾਂ ‘ਚ ਵੱਸਿਆ ਹੋਇਆ ਲਾਹੌਰ।
ਜਗਤਾਰ ਸਵੇਰ ਦੀ ਚਾਹ ਤੇ ਮੈਂ ਦੁੱਧ ਦਾ ਗਿਲਾਸ ਲੈ ਕੇ ਬਿਸਤਰੇ ‘ਤੇ ਲੇਟੇ ਪਏ ਸਾਂ ਕਿ ਫੋਨ ਦੀ ਘੰਟੀ ਵੱਜੀ। ਫੋਨ ਮੇਰੇ ਸੱਜੇ ਹੱਥ ਪਿਆ ਸੀ। ਮੈਂ ਰਿਸੀਵਰ ਚੁੱਕ ਕੇ ਕੰਨਾਂ ਨੂੰ ਲਾਇਆ ਤਾਂ ਅੱਗੋਂ ਟੁਣਕਦੀ ਹੋਈ ਆਵਾਜ਼ ਆਈ, ‘‘ਕਿੱਦਾਂ…ਆਂ।’’
ਟੋਰਾਂਟੋ ਤੋਂ ਮੇਰੇ ਪੁੱਤਰ ਸੁਪਨਦੀਪ ਦੀ ਆਵਾਜ਼ ਸੀ। ਉਹਦਾ ਫੋਨ ਮੇਰੇ ਲਈ ਚਮਤਕਾਰ ਵਾਲੀ ਗੱਲ ਸੀ। ਅਸਲ ਵਿਚ ਉਸ ਨੇ ਜਲੰਧਰੋਂ ਰਾਤੀਂ ਹੀ ਫੋਨ ਕਰਕੇ ਮੇਰਾ ਪਤਾ ਪੁੱਛ ਲਿਆ ਸੀ। ਪਹਿਲਾਂ ਤਾਂ ਉਸ ਨੇ ਆਪਣੇ ਚਾਚੇ ਦੇ ਠੀਕ ਹੋਣ ਤੇ ਪੂਰੀ ਰੂਹ ਨਾਲ ਯਾਤਰਾ ਨੂੰ ਮਾਨਣ ਦਾ ਸੁਨੇਹਾ ਦਿੱਤਾ। ਫਿਰ ਕਮਰੇ ਵਿਚ ਮੇਰੇ ਸਾਥੀ ਬਾਰੇ ਪੁੱਛਿਆ। ਉਹ ਜਗਤਾਰ ਨੂੰ ਤਾਂ ਜਾਣਦਾ ਹੀ ਸੀ। ‘‘ਇਲੀਆਸ ਘੁੰਮਣ ਮਿਲਿਆ? ਅਫਜ਼ਲ ਅਹਿਸਨ ਰੰਧਾਵਾ ਵੀ ਆਇਆ ਸੀ?’’
ਉਹ ਆਪਣੀ ਪਛਾਣ ਵਾਲੇ ਬੰਦਿਆਂ ਬਾਰੇ ਪੁੱਛ ਰਿਹਾ ਸੀ। ਮੈਂ ਦੱਸਿਆ ਕਿ ਅੱਜ ਕਾਨਫ਼ਰੰਸ ਦਾ ਪਹਿਲਾ ਦਿਨ ਹੈ ਤੇ ਉਥੇ ਹੀ ਸਾਰੇ ਮਿਲਣਗੇ।
ਹਾਲਚਾਲ ਪੁੱਛ ਕੇ ਮੇਰੀ ਨੂੰਹ ਸੁਖਮਿੰਦਰ ਨੇ ਕਿਹਾ, ‘‘ਪਾਪਾ, ਐਂ ਪੂਰੀ ਤਰ੍ਹਾਂ ਐਂਜਾਇ ਕਰਨਾ ਹੈ। ਕੋਈ ਟੈਨਸ਼ਨ ਨਹੀਂ ਰੱਖਣੀ। ਖ਼ੁਸ਼ ਰਹਿਣਾ।’’
ਬੱਚਿਆਂ ਦੀ ਗੱਲਬਾਤ ਨੇ ਮੈਨੂੰ ਹੌਸਲਾ ਦਿੱਤਾ। ਮੇਰਾ ਡਿੱਗਿਆ ਹੋਇਆ ਮਨ ਉੱਠ ਖੜੋਤਾ। ਸੁਪਨਦੀਪ ਨੇ ਸੁਖਮਿੰਦਰ ਤੋਂ ਫੋਨ ਲੈ ਕੇ ਮੈਨੂੰ ਸੁਚੇਤ ਕੀਤਾ, ‘‘ਅੱਛਾ ਗੱਲ ਸੁਣੋਂ! ਤੁਸੀਂ ਹੈਥੋਂ ਇੰਡੀਆ ਨੂੰ ਟੈਲੀਫੋਨ ਨਹੀਂ ਕਰਨਾ। ਇਥੋਂ ਜਾਣ ਵਾਲੇ ਸਾਰੇ ਫੋਨ ਟੇਪ ਹੁੰਦੇ ਨੇ। ਐਵੇਂ ਕੋਈ ਉਹੋ ਜਿਹੀ ਗੱਲ ਸਹਿਵਨ ਮੂੰਹੋਂ ਨਿਕਲ ਜਾਂਦੀ ਹੈ। ਅਸੀਂ ਆਪ ਹੀ ਇੰਡੀਆ ਫੋਨ ਕਰਕੇ ਰੋਜ਼ ਤੁਹਾਨੂੰ ਦੱਸਦੇ ਰਹਾਂਗੇ। ਪਰ ਤੁਸੀਂ ਓਧਰ ਫੋਨ ਨਾ ਕਰਿਓ…ਫੋਨ ਅਸੀਂ ਹੀ ਤੁਹਾਨੂੰ ਕਰਾਂਗੇ।’’
ਮੈਂ ਉਸ ਦੇ ਸੁਝਾਓ ਨੂੰ ਪ੍ਰਵਾਨਗੀ ਦੇ ਕੇ ਫੋਨ ਰੱੱਖ ਦਿੱਤਾ।
‘‘ਲੜਕੇ ਦਾ ਫੋਨ ਸੀ?’’ ਜਗਤਾਰ ਨੇ ਪੁੱਛਿਆ ‘‘ਹਾਂ’’ ਆਖ ਕੇ ਮੈਂ ਉਸ ਵਲੋਂ ‘ਫੋਨ’ ਬਾਰੇ ਦਿੱਤੇ ਸੁਝਾਓ ਬਾਰੇ ਗੱਲ ਕੀਤੀ ਤਾਂ ਜਗਤਾਰ ਕਹਿਣ ਲੱਗਾ, ‘‘ਉਹ ਬਿਲਕੁਲ ਠੀਕ ਆਖਦੈ। ਏਥੇ ਗੱਲਬਾਤ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਮੈਂ ਰਾਤੀਂ ਉਸ ਪ੍ਰੈਸ ਰਿਪੋਰਟਰ ਨੂੰ ਤਦੇ ਹੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਡੀ ਆਖੀ ਗੱਲ ਨੂੰ ਕਈ ਵਾਰ ਤੋੜ-ਮਰੋੜ ਕੇ ਛਾਪ ਦਿੱਤਾ ਜਾਂਦਾ ਹੈ। ਪੁਲੀਸ ਤੇ ਸਰਕਾਰ ਪੰਗਾ ਪਾ ਸਕਦੀ ਹੈ। ਇਧਰ ਦੀ ਵੀ ਤੇ ਓਧਰ ਦੀ ਵੀ।’’
ਫਿਰ ਉਸ ਨੇ ਆਪਣੇ ਤਜਰਬੇ ਵਿਚ ਆਈਆਂ ਤੇ ਨਿੱਜ ਨਾਲ ਵਾਪਰੀਆਂ ਕਈ ਕਹਾਣੀਆਂ ਸੁਣਾਈਆਂ।
‘‘ਏਥੇ ਇਕ ਵਰਗ ਤਾਂ ਆਮ ਲੋਕਾਂ ਦਾ, ਸੁਚੇਤ ਲੋਕਾਂ ਦਾ ਅਜਿਹਾ ਹੈ ਜੋ ਮੁਹੱਬਤ ਕਰਨ ਵਾਲਾ ਹੈ ਪਰ ਕੱਟੜਪੰਥੀ ਲੋਕਾਂ ਦਾ ਇਕ ਵਰਗ ਅਜਿਹਾ ਵੀ ਹੈ ਜੋ ਬਹੁਤ ਕੌੜ ਨਾਲ ਭਰਿਆ ਹੋਇਆ ਹੈ। ਹੁਣ ਤਾਜ਼ੀ ਗੱਲ ਹੈ। ਮੇਰਾ ਏਥੇ ਇਕ ਪਰਚੇ ਵਿਚ ਲੇਖ ਛਪਿਆ। ਉਹਦੇ ਜੁਆਬ ਵਿਚ ਇਥੋਂ ਦੇ ਇਕ ਲੇਖਕ ਨੇ ਪੰਜਾਹ ਸਫ਼ੇ ਦਾ ਆਰਟੀਕਲ ਲਿਖਿਐ। ਮੇਰੇ ਖ਼ਿਲਾਫ਼ ਲਿਖਦਿਆਂ ਉਹਨੇ ਇਥੋਂ ਤਕ ਲਿਖ ਦਿੱਤਾ ਕਿ ਇਹ ਬੰਦਾ ਯਾਨੀ ਕਿ ਜਗਤਾਰ ਕਾਬਲੇ-ਕਤਲ ਹੈ।’’
ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਜ਼ਰੂਰ ਕਿਸੇ ਸਿਆਸੀ ਨੁਕਤੇ ‘ਤੇ ਟਕਰਾਵੀਂ ਰਾਇ ਹੋਵੇਗੀ। ਮੈਂ ਪੁੱਛਿਆ ਤਾਂ ਜਗਤਾਰ ਨੇ ਹੱਸ ਕੇ ਆਖਿਆ, ‘‘ਸਿਆਸੀ ਮਸਲੇ ‘ਤੇ ਕਾਹਨੂੰ! ਗ਼ਜ਼ਲ ਦੇ ਵਜ਼ਨ ਬਹਿਰ ਬਾਰੇ ਉਸ ਨਾਲੋਂ ਮੁਖ਼ਤਲਿਫ਼ ਰਾਇ ਰੱਖਣ ਕਰਕੇ ਹੀ ਉਹ ਮੈਨੂੰ ਕਾਬਲੇ-ਕਤਲ ਸਮਝਦਾ ਹੈ। ਏਥੇ ਆਇਆ ਤਾਂ ਤੈਨੂੰ ਮਿਲਾਊਂਗਾ ਵੀ।’’ ਜਗਤਾਰ ਕੌੜਾ ਜਿਹਾ ਹੱਸਿਆ।
ਸਾਹਿਤਕ ਮਤਭੇਦਾਂ ਦੀ ਏਨੀ ਵੱਡੀ ਸਜ਼ਾ ਦੇਣ ਦਾ ਐਲਾਨ ਬੜਾ ਹੈਰਾਨੀ ਵਾਲਾ ਸੀ।
‘‘ਉਂਜ ਬੇਬਹਿਰ-ਬੇਵਜ਼ਨ, ਬੇ-ਸਿਰ ਪੈਰ ਗ਼ਜ਼ਲਾਂ ਲਿਖਣ ਵਾਲੇ ਬੰਦੇ ਇਹੋ ਜਿਹੇ ਬੰਦੇ ਦੇ ਵੱਸ ਵਿਚ ਪਾਉਣੇ ਚਾਹੀਦੇ ਹਨ।’’ ਮੈਂ ਹੱਸਿਆ ਤੇ ਅਜਿਹੇ ਕੱਟੜ ਆਲੋਚਕ ਨੂੰ ਮਨ ਹੀ ਮਨ ਦੂਰੋਂ ਸਲਾਮ ਕੀਤੀ।
ਨਹਾ ਧੋ ਕੇ ਛੇਤੀ ਤਿਆਰ ਹੋ ਕੇ ਨਾਸ਼ਤਾ ਕਰਕੇ ਅਸੀਂ ਹੋਟਲ ਦੇ ਬਾਹਰ ਆ ਖੜੋਤੇ। ਇਕ ਗੋਰੇ ਰੰਗ ਦੇ ਬੜੇ ਹੀ ਸੋਹਣੇ ਅੱਠ-ਦਸ ਸਾਲ ਦੇ ਬੱਚੇ ਨੇ ਜਗਤਾਰ ਨੂੰ ਜੁੱਤੀ ਪਾਲਿਸ਼ ਕਰਵਾਉਣ ਲਈ ਕਿਹਾ। ਜਗਤਾਰ ਨੇ ਉਸ ਨੂੰ ਪੈਸੇ ਪੁੱਛੇ। ਉਸ ਨੇ ਬਹੁਤ ਜਚਦੇ ਪੈਸੇ ਮੰਗੇ। ਜਗਤਾਰ ਜੁੱਤੀ ਪਾਲਿਸ਼ ਕਰਵਾਉਣ ਲੱਗਾ। ਸਾਹਮਣੇ ਬੱਸ ਖੜੋਤੀ ਸੀ ਜਿਸ ਨੇ ਸਾਨੂੰ ਫਲੈਟੀਜ਼ ਹੋਟਲ ਲੈ ਕੇ ਜਾਣਾ ਸੀ। ਬੱਸ ਦਾ ਡਰਾਈਵਰ ਸਾਡੇ ਕੋਲ ਆ ਕੇ ਖੜੋ ਗਿਆ ਤੇ ਪੁੱਛਿਆ, ‘‘ਸਰਦਾਰ ਜੀ ਕੀ ਹਾਲ ਚਾਲ ਨੇ‥ਕਦੀ ਪਹਿਲਾਂ ਵੀ ਲਾਹੌਰ ਆਏ ਜੇ?’’
ਮੈਂ ਜਗਤਾਰ ਵੱਲ ਇਸ਼ਾਰਾ ਕਰਕੇ ਦੱਸਿਆ, ‘‘ਉਹ ਸਰਦਾਰ ਜੀ ਤਾਂ ਬੜੀ ਵਾਰ ਆਏ ਨੇ। ਮੈਂ ਹੀ ਪਹਿਲੀ ਵਾਰ ਲਾਹੌਰ ਆਇਆਂ ‘ਜੰਮਣ’ ਵਾਸਤੇ। ਰਾਤ ਤੋਂ ਲੈ ਕੇ ਹੁਣ ਜੰਮੇਂ ਨੂੰ ਚੌਦਾਂ ਪੰਦਰਾਂ ਘੰਟੇ ਹੋ ਚੱਲੇ ਨੇ।’’
‘ਜੀਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ’ ਦੀ ਅਖਾਉਤ ਭਲਾ ਕਿਹੜੇ ਪੰਜਾਬੀ ਨੂੰ ਯਾਦ ਨਹੀਂ।
ਡਰਾਈਵਰ ਹੱਸਿਆ, ‘‘ਸਰਦਾਰ ਜੀ, ਉਹ ਆਂਹਦੇ ਨੇ ਨਾ, ਕਿਸੇ ਦਾ ਛੋਹਰ ਜੁਆਨ  ਹੋਇਆ ਤੇ ਆਖੇ ਮੈਂ ਲਾਹੌਰ ਵੇਖਣੈਂ। ਅਖੇ, ਜਿੰਨਾ ਚਿਰ ਬੰਦਾ ਲਾਹੌਰ ਨਹੀਂ ਵੇਖ ਲੈਂਦਾ ਜੰਮਦਾ ਨਹੀਂ। ਘਰਦਿਆਂ ਤੋਂ ਚੋਰੀ ਰੇਲ ‘ਤੇ ਚੜ੍ਹਿਆ ਤੇ ਲਾਹੌਰ ਆ ਪੁੱਜਾ। ਕੁਝ ਦਿਨ ਭੁੱਖਾ ਤਿਹਾਇਆ ਸੜਕਾਂ ‘ਤੇ ਫਿਰਦਾ ਰਿਹਾ ਤੇ ਫਿਰ ਬੇਟਿਕਟਾ ਹੀ ਵਾਪਸ ਪਿੰਡ ਨੂੰ ਜਾਣ ਲਈ ਰੇਲ ‘ਤੇ ਚੜ੍ਹ ਗਿਆ। ਵਜ਼ੀਰਾਬਾਦ ਚੈਕਿੰਗ ਹੋਈ ਤੇ ਬੇਟਿਕਟਾ ਫੜਿਆ ਗਿਆ। ਪੁਲੀਸ ਨੇ ਚੰਗੀ ਛਤਰ੍ਹੌੜ ਚਾੜ੍ਹੀ। ਹੌਲਾ ਫੁਲ ਹੋ ਕੇ ਜਦੋਂ ਮਰਦਾ-ਮਰਾਉਂਦਾ ਘਰ ਪੁੱਜਾ ਤਾਂ ਲੋਕਾਂ ਦੀ ਭੀੜ ਨੇ ਘੇਰ ਲਿਆ ਤੇ ਪਿਛਲੇ ਦਿਨੀਂ ਗੁਆਚ ਜਾਣ ਦਾ ਸਬੱਬ ਪੁੱਛਿਆ। ਕਹਿਣ ਲੱਗਾ, ‘‘ਮੈਂ ਲਾਹੌਰ ਨਹੀਂ ਸੀ ਵੇਖਿਆ, ਇਸ ਲਈ ਜੰਮਣ ਵਾਸਤੇ ਉਥੇ ਜਾਣਾ ਜ਼ਰੂਰੀ ਸੀ।’’ ਕਿਸੇ ਨੇ ਜਾਨਣਾ ਚਾਹਿਆ ਕਿ ਫਿਰ ਜੰਮ ਲਿਆ ਈ? ਤਾਂ ਅੱਗੋਂ ਆਖਣ ਲੱਗਾ, ‘‘ਹਾਂ, ਬੰਦਾ ਜੰਮਦਾ ਤਾਂ ਲਾਹੌਰ ਜਾ ਕੇ ਹੈ ਪਰ ਝੰਡ ਆ ਕੇ ਵਜ਼ੀਰਾਬਾਦ ਹੁੰਦੀ ਹੈ।’’
ਗੱਲ ਸੁਣਾ ਕੇ ਡਰਾਈਵਰ ਹੱਸਿਆ। ਆਸੇ-ਪਾਸੇ ਆ ਜੁੜੇ ਲੋਕਾਂ ਨੇ ਵੀ ਠਹਾਕਾ ਲਾਇਆ।
‘‘ਅਸੀਂ ਜੰਮ ਤਾਂ ਲਿਐ, ਹੁਣ ਕਿਤੇ ਸਾਡੀ ਝੰਡ ਨਾ ਕਰ ਦਿਓ ਜੇ।’’ ਮੈਂ ਵੀ ਹੱਸਦਿਆਂ ਆਖਿਆ।
‘‘ਰੱਬ-ਰੱਬ ਕਰੋ ਜੀ! ਤੁਸੀਂ ਤਾਂ ਸਾਡੇ ਮਹਿਮਾਨ ਹੋ।’’ ਡਰਾਈਵਰ ਨੇ ਪਛਤਾਵੇ ਨਾਲ ਕੰਨਾਂ ਨੂੰ ਹੱਥ ਲਾ ਲਏ।
ਛੋਟੀ ਜਿਹੀ ਭੀੜ ਵਿਚੋਂ ਬੜੇ ਹੀ ਧਿਆਨ ਨਾਲ ਸਾਡੇ ਵੱਲ ਵੇਖ ਰਿਹਾ ਇਕ ਨੌਜਵਾਨ ਅੱਗੇ ਵਧਿਆ ਤੇ ਬੜੀ ਹਸਰਤ ਨਾਲ ਕਹਿਣ ਲੱਗਾ, ‘‘ਸਰਦਾਰ ਜੀ ! ਕਿਤੇ ਸਾਨੂੰ ਵੀ ਇੰਡੀਆ ਵਿਖਾਓ ਤਾਂ ਮਜ਼ਾ ਆ ਜਾਏ!’’
ਮੈਨੂੰ ਲੱਗਾ ਇਹ ਤਾਂ ਮੈਂ ਹੀ ਸਾਂ ਜਿਹੜਾ ਖ਼ੁਦ ਪਰਸੋਂ ਤੱਕ ਇਹੋ ਹੀ ਚਾਹ ਰਿਹਾ ਸਾਂ ਕਿ ਕਿਤੇ ਪਾਕਿਸਤਾਨ ਵੇਖ ਲਈਏ ਤਾਂ ਮਜ਼ਾ ਆ ਜਾਏ।

ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!
‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।
‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’
ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, ‘‘ਹੁਣ ਦੱਸ ਤੂੰ? ਸਾਨੂੰ ਲੰਘਣ ਨਹੀਂ ਸੈਂ ਦੇਂਦੀ, ਆਹ ਚਲੇ ਈਂ।’’
ਰੇਲਵੇ ਲਾਈਨ ਦੇ ਨਾਲ ਘਸਮੈਲੇ ਹੋ ਚੁੱਕੇ ਚਿੱਟੇ ਕੱਪੜਿਆਂ ਵਾਲਾ ਮੁਸਲਮਾਨ, ਹਰੀ ਝੰਡੀ ਹਿਲਾ ਰਿਹਾ ਸੀ। ਤੇੜ ਖੁੱਲ੍ਹ ਚਾਦਰਾ ਤੇ ਸਿਰ ‘ਤੇ ਢੱਠੀ ਜਿਹੀ ਪਗੜੀ, ਜਿਸ ਦਾ ਕੰਨ ਕੋਲ ਲੰਮਾ ਲੜ ਛੱਡਿਆ ਹੋਇਆ ਸੀ।
ਝੰਡੀ ਹਿਲਾਉਂਦਿਆਂ ਉਸ ਨੇ ਉੱਚੀ ਆਵਾਜ਼ ਵਿਚ ਆਖਿਆ, ‘‘ਸਰਦਾਰ ਜੀ, ਸਾ…ਸਰੀ ਅਕਾਲ…’’
ਇਹ ਆਵਾਜ਼ ਉਸ ਦੇ ਅੰਦਰੋਂ ਖ਼ੁਸ਼ਬੋ ਵਾਂਗ ਬਾਹਰ ਨੂੰ ਡੁੱਲ੍ਹੀ ਸੀ। ਆਪ ਮੁਹਾਰੀ। ਮੁਹੱਬਤ ਵਿਚ ਭਿੱਜੀ ਹੋਈ। ਉਹਦੀ ਸ਼ਕਲ ਵਿਚ ਧਰਤੀ ਵਿਚ ਦਫਨ ਹੋਈ ਮੁਹੱਬਤ ਜਿਵੇਂ ਕੱਪੜੇ ਝਾੜ ਕੇ ਸਾਡੇ ਇਸਤਕਬਾਲ ਲਈ ਉੱਠ ਖੜ੍ਹੋਤੀ ਸੀ। ਇਕ ਤਾਜ਼ਾ ਮਹਿਕੀ ਹੋਈ ਆਵਾਜ਼!
ਅਟਾਰੀ ਰੇਲਵੇ ਸਟੇਸ਼ਨ ਤੋਂ ਤੁਰੀ ਗੱਡੀ ਵਾਘਾ ਰੇਲਵੇ ਸਟੇਸ਼ਨ ‘ਤੇ ਆ ਰੁਕੀ। ਸਿਰਫ਼ ਏਨਾ ਪੈਂਡਾ ਜਿਵੇਂ ਜਲੰਧਰ ਕੈਂਟ ਤੋਂ ਤੁਰ ਕੇ ਜਲੰਧਰ ਰੇਲਵੇ ਸਟੇਸ਼ਨ ‘ਤੇ ਆ ਰੁਕੀ ਹੋਵੇ।
ਏਥੇ ਫਿਰ ਅਟਾਰੀ ਵਾਲੀ ਸਾਰੀ ਪ੍ਰਕਿਰਿਆ ਦੁਹਰਾਈ ਜਾਣੀ ਸੀ। ਇਮੀਗਰੇਸ਼ਨ ਤੇ ਕਸਟਮ ਦੀ ਚੈਕਿੰਗ।
‘‘ਸਾਮਾਨ ਤਾਂ ਥੱਲੇ ਉਤਾਰਨਾ ਪਊ’’
ਇਹ ਬੜਾ ਥਕਾਉਣ ਵਾਲਾ ਕੰਮ ਸੀ। ਲੋਕ ਆਪੋ ਆਪਣਾ ਸਾਮਾਨ ਲਾਹ ਕੇ ਟਰਾਲੀਆਂ ‘ਤੇ ਲੱਦ ਰਹੇ ਸਨ। ਮੈਂ ਤੇ ਜਗਤਾਰ ਨੇ ਸਾਮਾਨ ਲਾਹ ਕੇ ਟਰਾਲੀ ‘ਤੇ ਲੱਦ ਲਿਆ। ਇਹ ਟਰਾਲੀਆਂ ਭਾਰਤ ਦੀਆਂ ਟਰਾਲੀਆਂ ਵਰਗੀਆਂ ਨਹੀਂ ਸਨ, ਰਵਾਂ ਚਾਲ ਚੱਲਣ ਵਾਲੀਆਂ। ਭਾਰੀਆਂ ਸਨ…ਜਿਵੇਂ ਪਿੰਡ ਦੇ ਲੁਹਾਰ ਨੇ ਸਲਾਖਾਂ ‘ਤੇ ਪਹੀਏ ਜੋੜ ਕੇ ਬਣਾਈਆਂ ਹੋਣ।
ਕੁਝ ਮਿੱਤਰ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਸਨ ਕਿ ਸਾਮਾਨ ਨਾ ਲੁਹਾਇਆ ਜਾਵੇ।
‘‘ਇਹ ਕਿਵੇਂ ਹੋ ਸਕਦੈ, ਕਾਨੂੰਨੀ ਕਾਰਵਾਈ ਤਾਂ ਅਗਲੇ ਕਰਨਗੇ ਹੀ।’’
‘‘ਨਹੀਂ ਹੋ ਵੀ ਸਕਦੈ’’ ਜਗਤਾਰ ਨੇ ਕਿਹਾ ਤੇ ਫਿਰ ਮੈਨੂੰ ਸਾਮਾਨ ਕੋਲ ਖੜ੍ਹਾ ਰਹਿਣ ਲਈ ਕਹਿ ਕੇ ਉਹ ਅੱਗੋਂ ਸੂਚਨਾ ਲੈਣ ਗਿਆ। ਉਸ ਕੋਲ ਕਈ ਵਾਰ ਪਾਕਿਸਤਾਨ ਜਾਣ ਦਾ ਅਨੁਭਵ ਸੀ।
‘‘ਰੱਖ ਲੌ, ਰੱਖ ਲੌ ਸਾਮਾਨ ਅੰਦਰ, ਕੋਈ ਗੱਲ ਨਹੀਂ’’ ਦੂਰੋਂ ਹੀ ਕਿਸੇ ਨੇ ਲਲਕਾਰਾ ਮਾਰਿਆ।
‘‘ਮੈਂ ਆਖਿਆ ਨਹੀਂ ਸੀ’’ ਜਗਤਾਰ ਨੇ ਕਿਹਾ ਤੇ ਮੈਨੂੰ ਮੇਰਾ ਪਾਸਪੋਰਟ ਫੜਾਉਣ ਲਈ ਕਿਹਾ।
‘‘ਪਾਸਪੋਰਟ ਵੀ ਇਕੋ ਥਾਂ ਇਕੱਠੇ ਕਰਕੇ ਚੈੱਕ ਕਰਵਾ ਲੈਣ ਦੀ ਗੱਲ ਹੋ ਗਈ ਹੈ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਆਪਣੇ ਲਈ ਇਹ ਲੋਕ ਬੜੇ ਕੋਆਪਰੇਟਿਵ ਨੇ। ਪਰ ਮੁਸਲਮਾਨਾਂ ਨੂੰ ਸੂਈ ਦੇ ਨੱਕੇ ਵਿਚੋਂ ਲੰਘਾਉਣਗੇ।’’ ਜਗਤਾਰ ਨੇ ਮੇਰਾ ਪਾਸਪੋਰਟ ਲਿਆ ਤੇ ਅੱਗੇ ਨੂੰ ਤੁਰ ਗਿਆ।
ਮੈਂ ਫਿਰ ਸਾਮਾਨ ਗੱਡੀ ਵਿਚ ਟਿਕਾਇਆ। ਗੱਡੀ ਪਲੈਟਫਾਰਮ ਦੇ ਸੱਜੇ ਪਾਸਿਉਂ ਖੱਬੇ ਪਾਸੇ ਲੱਗਣ ਲਈ ਹਿੱਲੀ। ਮੈਂ ਬਾਰੀ ਵਿਚ ਖੜ੍ਹੋਤਾ ਬਾਹਰ ਦੇਖਣ ਲੱਗਾ। ਪਰਿਉਂ ਇਕ ਲਿੰਕ ਰੋਡ ‘ਤੇ ਇਕ ਨੌਜੁਆਨ ਆਪਣੀ ਸੁਆਣੀ ਨੂੰ ਸਾਈਕਲ ਪਿੱਛੇ ਬਿਠਾਈ ਅੱਗੇ ਪੈਂਦੇ ਰੇਲਵੇ ਫਾਟਕ ਵੱਲ ਵੱਧ ਰਿਹਾ ਸੀ। ਆਸੇ ਪਾਸੇ ਕਣਕਾਂ ਦੀ ਸੁਨਹਿਰੀ ਭਾਅ ਸੀ। ਨੇੜੇ ਪਰ੍ਹੇ ਵਾਘਾ ਪਿੰਡ ਸੀ, ਨਿੱਕਾ ਜਿਹਾ ਪਰ ਕਿੰਨਾ ਵੱਡਾ ਬਣ ਗਿਆ ਸੀ ਉਹਦਾ ਨਾਂ ਕਿ ਕਰੋੜਾਂ ਲੋਕਾਂ ‘ਚ ਕੰਧ ਬਣ ਕੇ ਖੜੋ ਗਿਆ ਸੀ। ਗੱਡੀ ਅੱਗੇ ਹੋ ਕੇ ਫਿਰ ਪਿੱਛੇ ਪਰਤੀ। ਪਲੇਟਫਾਰਮ ਦੇ ਦੂਜੇ ਪਾਸੇ ਵੱਲ। ਬਾਹਰ ਖੜ੍ਹੋਤੇ ਲੋਕ ਗੱਡੀ ਵੱਲ ਦੇਖ ਰਹੇ ਸਨ। ਸਾਡੇ ਬਹੁਤੇ ਲੋਕ ਪਲੇਟਫਾਰਮ ‘ਤੇ ਉਤਰ ਚੁੱਕੇ ਸਨ। ਮੇਰੇ ਵਰਗੇ ਕੁਝ ਹੀ ਸਨ ਜੋ ਬਾਰੀਆਂ ਦੇ ਡੰਡੇ ਫੜ ਕੇ ਬਾਹਰ ਦਾ ਦ੍ਰਿਸ਼ ਵੇਖ ਰਹੇ ਸਨ। ਦੂਰ ਤੱਕ ਕਣਕਾਂ, ਰਾਹਾਂ ‘ਚ ਉੱਡਦੀ ਧੂੜ…ਖੇਤਾਂ ‘ਚ ਫਿਰਦੇ ਵਿਰਲੇ ਟਾਵੇਂ ਬੰਦੇ।
ਗੱਡੀ ਦੂਜੇ ਪਾਸੇ ਆ ਖੜ੍ਹੋਤੀ। ਵਿਸਾਖੀ ‘ਤੇ ਜਾਣ ਵਾਲੇ ਜੱਥੇ ਤੋਂ ਪਛੜ ਗਏ ਕੁਝ ਸਿੰਘ ਸਾਡੇ ਵਾਲੇ ਡੱਬੇ ਵਿਚ ਬੈਠ ਕੇ ਹੀ ਲਾਹੌਰ ਜਾ ਰਹੇ ਸਨ। ਉਨ੍ਹਾਂ ਵਿਚੋਂ ਇਕ ਬੜੇ ਖਰ੍ਹਵੇ ਬੋਲਾਂ ਵਾਲਾ ਸੱਜਣ ਦੂਜੇ ਪਾਸੇ ਬਾਰੀ ਵਿਚ ਖੜੋਤਾ ਪਿੱਛੇ ਝਾਤੀ ਮਾਰ ਕੇ ਵੇਖਣ ਲੱਗਾ ਤੇ ਸਾਡੀ ਗੱਡੀ ਨਾਲ ਲੱਗੇ ਮਾਲ-ਡੱਬਿਆਂ ਨੂੰ ਵੇਖ ਕੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਗੜ੍ਹਕਿਆ,
‘‘ਭੈਣ ਦੇ ਖਸਮ, ਰੋਂਦੇ ਦੁਸ਼ਮਣੀਆਂ ਨੂੰ’’ ਉਹ ਦੋਹਾਂ ਮੁਲਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ।
‘‘ਇਕ ਦੂਜੇ ਬਿਨਾਂ ਤਾਂ ਅਜੇ ਵੀ ਨਹੀਂ ਸਰਦਾ। ਮਾਲ ਗੱਡੀਆਂ ਵਿਚ ਮਾਲ ਜਾਂਦਾ ਪਿਐ। ਮਾਲ ਜਾਂਦੈ ਪਰ ਸਾਨੂੰ ਜਾਣ ਨਹੀਂ ਦਿੰਦੇ, ਵੱਡੇ ਦੁਸ਼ਮਣ ਵੇਖ ਲਾ।’’ ਉਹ ਖਰ੍ਹਵਾ ਹਾਸਾ ਹੱਸਣ ਲੱਗਾ। ਉਸ ਦਾ ਗੜ੍ਹਕਾ ਤੇ ਆਪਣੀ ਹੀ ਤਰ੍ਹਾਂ ਦਾ ਤਰਕ ਤੇ ਤਲਖ਼ੀ ਵੇਖ ਕੇ ਮੈਂ ਵੀ ਮਨ ਹੀ ਮਨ ਹੱਸਿਆ।
ਮੈਂ ਵੀ ਪਲੇਟਫਾਰਮ ‘ਤੇ ਉੱਤਰ ਆਇਆ। ਇਹ ਸੀ ਪਾਕਿਸਤਾਨੀ ਦੀ ਸਰ-ਜ਼ਮੀਂ, ਜਿਸ ‘ਤੇ ਪੈਰ ਰੱਖਣ ਦੀ ਦੇਰੀਨਾ ਹਸਰਤ ਅੱਜ ਪੂਰੀ ਹੋਈ ਸੀ। ਆਗੂਆਂ ਦਾ ਇਕ ਗਰੁੱਪ ਵੱਡੀ ਤੇ ਲੰਮੀ ਚੌੜੀ ਬਿਲਡਿੰਗ ਅੰਦਰ ਪਾਸਪੋਰਟ ਲੈ ਕੇ ਗਿਆ ਹੋਇਆ ਸੀ। ਸਾਡੇ ਵਿਚੋਂ ਜਗਤਾਰ ਤੇ ਗੁਰਚਰਨ ਵੀ ਅੰਦਰ ਸਨ। ਸ਼ੀਸ਼ਿਆਂ ਵਾਲੇ ਦਰਵਾਜ਼ਿਆਂ ਦੀ ਝੀਤ ‘ਚੋਂ ਪੁੱਛਿਆ ਤਾਂ ਗੁਰਚਰਨ ਕਹਿੰਦਾ, ‘‘ਕੰਮ ਹੋ ਰਿਹੈ। ਫ਼ਿਕਰ ਨਾ ਕਰੋ।’’
ਮੁਸਲਮਾਨ ਸਵਾਰੀਆਂ ਅੰਦਰ ਲੰਮੀਆਂ ਕਤਾਰਾਂ ਵਿਚ ਖੜ੍ਹੋਤੀਆਂ ਸਨ। ਸਾਡੇ ਲਈ ਵੱਖਰੇ ਕਾਉਂਟਰਾਂ ਉੱਤੇ ਕੰਮ ਨਿਪਟਾਇਆ ਜਾ ਰਿਹਾ ਸੀ। ਅੰਦਰ ਵਾਂਗ ਹੀ ਬਾਹਰ ਪਲੇਟਫਾਰਮ ‘ਤੇ ਫਿਰ ਰਹੇ ਕਰਮਚਾਰੀਆਂ ਦਾ ਰਵੱਈਆ ਵੀ ਬੜਾ ਦੋਸਤਾਨਾ ਸੀ। ਯਾਰ ਦੋਸਤ ਵੱਖ-ਵੱਖ ਗਰੁੱਪਾਂ ‘ਚ ਖੜੋਤੇ ਮਨ ਤੇ ਜਜ਼ਬਾਤ ਇਕ ਦੂਜੇ ਨਾਲ ਸਾਂਝੇ ਕਰ ਰਹੇ ਸਨ। ਸਭ ਰੋਮਾਂਚਿਤ ਸਨ। ਖ਼ੁਸ਼ੀ ਤੇ ਉਤਸ਼ਾਹ ਨਾਲ ਭਰੇ ਹੋਏ। ਇਕ ਪ੍ਰੋਫੈਸਰ ਆਪਣੇ ਦੁਆਲੇ ਖਲੋਤੇ ਚਾਰ ਪੰਜ ਜਣਿਆਂ ਨੂੰ ਕਹਿ ਰਿਹਾ ਸੀ, ‘‘ਲੋਕ ਤਾਂ ਦੋਹਾਂ ਮੁਲਕਾਂ ਨੇ ਬੇਪਨਾਹ ਪਿਆਰ ਕਰਦੇ ਨੇ ਇਕ ਦੂਜੇ ਨੂੰ। ਦੁਸ਼ਮਣੀਆਂ ਤਾਂ ਸਰਕਾਰਾਂ ਦੀਆਂ ਨੇ, ਲੋਕਾਂ ਦੀਆਂ ਤਾਂ ਨਹੀਂ, ਸਾਡੀਆਂ ਤਾਂ ਨਹੀਂ। ਅਸੀਂ ਤਾਂ ਨਹੀਂ ਚਾਹੁੰਦੇ…ਹੁੰਦੇ…ਲੋਕ ਤਾਂ ਨਹੀਂ ਚਾਹੁੰਦੇ ਹੁੰਦੇ, ਜੰਗਾਂ ਲੱਗ ਜਾਂਦੀਆਂ ਨੇ…ਸਮਝੌਤੇ ਹੋ ਜਾਂਦੇ ਨੇ। ਹੋਰ ਤਾਂ ਹੋਰ ਮਾਤ-ਭੂਮੀਆਂ ਬਦਲ ਜਾਂਦੀਆਂ ਨੇ, ਤੇ ਆਪਣੀ ਜਨਮ ਭੂਮੀ ਹੀ ਦੁਸ਼ਮਣ ਦਾ ਦੇਸ਼ ਬਣ ਜਾਂਦੀ ਹੈ ; ਮੇਰੇ ਵਡੇਰੇ ਲਾਹੌਰ ਵੱਸਦੇ ਸਨ, ਉਨ੍ਹਾਂ ਦੀ ਜਨਮ ਭੋਂ ਸੀ ਇਹ, ਪਰ ਹੁਣ ਇਕ ਵਿਸ਼ੇਸ਼ ਨਜ਼ਰੀਏ ਤੋਂ ਇਹ ਜਨਮ ਭੋਇੰ, ਦੁਸ਼ਮਣ ਭੋਇੰ ਬਣਾ ਦਿੱਤੀ ਗਈ। ਕੀ ਜਨਮ ਭੂਮੀ ਦੁਸ਼ਮਣ-ਭੂਮੀ ਬਣ ਸਕਦੀ ਹੈ!’’
ਆਸੇ ਪਾਸੇ ਖੜ੍ਹੋਤੇ ਲੋਕ ਸਿਰ ਹਿਲਾ ਰਹੇ ਸਨ ਤੇ ਉਹ ਖੜ੍ਹੋਤਾ ਸਵਾਲ ਪੁੱਛ ਰਿਹਾ ਸੀ ਜਿਸ ਦਾ ਜੁਆਬ ਨਾ ਉਸ ਕੋਲ ਆਪ ਸੀ ਤੇ ਨਾ ਕਿਸੇ ਹੋਰ ਕੋਲ।
‘‘ਲੋਕ ਤਾਂ ਦਿਲਾਂ ਨਾਲ ਜੀਊਣ ਵਾਲੇ ਹੁੰਦੇ ਨੇ, ਪਰ ਦਿਮਾਗ਼ ਵਾਲੇ ਇਨ੍ਹਾਂ ਦੀ ਚੱਲਣ ਨਹੀਂ ਦਿੰਦੇ।’’ ਉਸ ਨੇ ਤੋੜਾ ਝਾੜਿਆ।
ਅੰਦਰੋਂ ਆਇਆ ਕੋਈ ਜਣਾ ਕਲੀਅਰ ਹੋ ਗਏ ਪਾਸਪੋਰਟ ਤੇ ਉਸ ਨਾਲ ਜੁੜਵੇਂ ਕਾਗਜ਼-ਪੱਤਰ ਵੰਡ ਰਿਹਾ ਸੀ। ਮੇਰੇ ਕਾਗਜ਼ ਤਾਂ ਮਿਲ ਗਏ ਸਨ ਪਰ ਪਾਸਪੋਰਟ ਨਹੀਂ ਸੀ। ਮੈਂ ਦਰਵਾਜ਼ੇ ਦੀ ਝੀਤ ਵਿਚੋਂ ਗੁਰਚਰਨ ਨੂੰ ਕਿਹਾ ਉਹ ਕਹਿੰਦਾ, ‘‘ਮੈਂ ਲੈ ਲਿਐ ਪਾਸਪੋਰਟ।’’
ਥੋੜ੍ਹੀ ਦੇਰ ਪਿੱਛੋਂ ਪਾਸਪੋਰਟ ਵੀ ਮਿਲ ਗਿਆ। ਪਰ ਅਜੇ ਗੱਡੀ ਤੁਰਨ ਵਿਚ ਬੜੀ ਦੇਰ ਸੀ। ਮੁਸਲਿਮ ਸਵਾਰੀਆਂ ਨੂੰ ਕਲੀਅਰ ਹੋਣ ਵਿਚ ਬਹੁਤ ਜ਼ਿਆਦਾ ਸਮਾਂ ਲੋੜੀਂਦਾ ਸੀ। ਦੁਪਹਿਰ ਢਲ ਚੁੱਕੀ ਸੀ। ਅੰਦਰ ਖਾਣ ਨੂੰ ਕੁਝ ਮੰਗਦਾ ਪਿਆ ਸੀ। ਗੁਰਚਰਨ ਫਿਰ ਹਾਜ਼ਰ ਸੀ। ਮੇਰੇ ਸਾਰੇ ਮਿੱਤਰਾਂ ਨੂੰ ਪਲੇਟਫਾਰਮ ‘ਤੇ ਬਣੀ ਦੁਕਾਨ ਅੰਦਰ ਲੈ ਵੜਿਆ—ਬਰਗਰ ਤੇ ਠੰਢੇ ਅਤੇ ਲੋੜਵੰਦਾਂ ਨੂੰ ਚਾਹ। ਅੰਦਰ ਨੂੰ ਆਸਰਾ ਦੇ ਕੇ ਅਸੀਂ ਫਿਰ ਵੱਖ-ਵੱਖ ਟੋਲੀਆਂ ਵਿਚ ਖਿੰਡ ਗਏ। ਰੋਮਾਂਚਿਤ ਹੋਏ ਹਰੇਕ ਜਣੇ ਕੋਲ ਕਰਨ ਵਾਲੀਆਂ ਢੇਰ ਗੱਲਾਂ ਸਨ। ਬਹੁਤ ਸਾਰਿਆਂ ਦੀ ਇਸ ਪਾਸੇ ਜਨਮ-ਭੂਮੀ ਸੀ, ਬਚਪਨ ਨਾਲ ਜੁੜੀਆਂ ਹੋਈਆਂ ਸੁਨਹਿਰੀ ਯਾਦਾਂ ਸਨ। ਇਹ ਯਾਦਾਂ ਉਨ੍ਹਾਂ ਨੂੰ ਏਧਰ ਖਿੱਚ ਲਿਆਈਆਂ ਸਨ। ਸੰਤੋਖ ਸਿੰਘ ਧੀਰ ਦੀ ਪਤਨੀ ਗੁਜ਼ਰੀ ਨੂੰ ਕੁਝ ਦਿਨ ਹੀ ਹੋਏ ਸਨ। ਅਜੇ ਕੱਲ੍ਹ ਉਸ ਦਾ ਭੋਗ ਸੀ ਤੇ ਅੱਜ ਧੀਰ ਜਥੇ ਵਿਚ ਸ਼ਾਮਲ ਸੀ। ਉਹ ਆਪਣੀ ਰਾਵਲਪਿੰਡੀ ਦੇਖਣੀ ਲੋਚਦਾ ਸੀ, ਪਤਨੀ ਦਾ ਗ਼ਮ ਸੀਨੇ ਲਾ ਕੇ ਵੀ ਉਹ ਆਪਣੀ ਧਰਤੀ ਉੱਤੇ ਸਾਹ ਲੈਣ ਦੀ ਖ਼ੁਸ਼ੀ ਹਾਸਲ ਕਰਨਾ ਲੋਚਦਾ ਸੀ। ਕਿੰਨੀ ਮਿਕਨਾਤੀਸੀ ਖਿੱਚ ਸੀ ਪੁਰਾਣੀਆਂ ਯਾਦਾਂ ਦੀ, ਇਤਿਹਾਸ ਦੀ, ਧਰਤੀ ਦੀ।
ਸਰਵਣ ਸਿੰਘ ਆਪਣਾ ਇਕ ਪੁਰਾਣਾ ਅਨੁਭਵ ਸਾਂਝਾ ਕਰ ਰਿਹਾ ਸੀ ਮੇਰੇ ਨਾਲ। ਬਹੁਤ ਸਾਲ ਪਹਿਲਾਂ ਸੰਨ ਉਨਾਹਠ ਵਿਚ ਉਹ ਪਾਕਿਸਤਾਨ ਆਇਆ ਸੀ। ਪਾਕਿਸਤਾਨ ਬਣੇ ਨੂੰ ਉਦੋਂ ਅਜੇ ਬਹੁਤੇ ਸਾਲ ਨਹੀਂ ਸਨ ਹੋਏ। ਰਾਹ-ਰਸਤਿਆਂ ਤੇ ਜ਼ਮੀਨਾਂ ਵਿਚ ਕੋਈ ਵੱਡੀਆਂ ਤਬਦੀਲੀਆਂ ਨਹੀਂ ਸਨ ਵਾਪਰੀਆਂ। ਪਾਕਿਸਤਾਨ ਬਣਨ ਸਮੇਂ ਬਾਰਾਂ ਤੇਰਾਂ ਸਾਲਾਂ ਦਾ ਇਕ ਬਾਲ ਹੁਣ ਚਵੀ ਪੰਝੀ ਵਰ੍ਹਿਆਂ ਦਾ ਜੁਆਨ ਹੋ ਕੇ ਆਪਣੀ ਪੁਰਾਣੀ ਧਰਤੀ ‘ਤੇ ਆਇਆ ਸੀ। ਉਸ ਨੇ ਕਿਸੇ ਪਕੌੜੇ ਤਲਦੇ ਮੁਸਲਮਾਨ ਨੂੰ ਆਪਣੇ ਪਿੰਡ ਦਾ ਰਾਹ ਪੁੱਛਿਆ। ਉਸ ਬੰਦੇ ਨੇ ਆਪਣੀ ਵਲੋਂ ਬੜੇ ਉਚੇਚ ਨਾਲ ਰਾਹ ਸਮਝਾਇਆ। ਉਹ ਨੌਜਵਾਨ ਆਪਣੇ ਪਿੰਡ ਜਾਣ ਲਈ ਉਤਾਵਲਾ ਸੀ। ਜਦੋਂ ਪਕੌੜਿਆਂ ਵਾਲਾ ਰਾਹ ਦੱਸ ਹਟਿਆ ਤਾਂ ਜਥੇ ਵਿਚ ਗਿਆ ਇਕ ਵਡੇਰੀ ਉਮਰ ਦਾ ਆਦਮੀ, ਜੋ ਸਾਰੀ ਗੱਲਬਾਤ ਸੁਣ ਰਿਹਾ ਸੀ, ਉਸ ਨੌਜਵਾਨ ਨੂੰ ਸਮਝਾਉਣ ਲੱਗਾ, ‘‘ਜਿਹੜਾ ਰਾਹ ਇਹ ਦੱਸਦੈ ਇਸ ਰਸਤਿਉਂ ਤਾਂ ਤੇਰਾ ਪਿੰਡ ਤੈਨੂੰ ਪੰਜ ਛੇ ਕੋਹ ਪੈ ਜੂ। ਤੂੰ ਐਂ ਕਰ ਐਥੋਂ ਐਂ ਨੂੰ ਹੋ…। ਐਥੋਂ ਅੱਗੋਂ ਇਕ ਡੰਡੀ ਨਿਕਲੂ। ਡੰਡੀਏ ਡੰਡੀ ਜਾਵੀਂ। ਥੋੜ੍ਹਾ ਅੱਗੇ ਜਾ ਕੇ ਡੰਡੀ ਪਹੇ ਵਿਚ ਜਾ ਵੜੂ। ਪਹੇ-ਪਹੇ ਅੱਗੇ ਮੀਲ ਕੁ ਉਤੇ ਹੋਊ ਤੇਰਾ ਪਿੰਡ।’’
ਕਿਸੇ ਹੋਰ ਆਦਮੀ ਨੇ ਉਸ ਨੂੰ ਪੁੱਛਿਆ, ‘‘ਤੂੰ ਤਾਂ ਜਥੇ ਨਾਲ ਆਇਐਂ। ਤੈਨੂੰ ਕਿਵੇਂ ਠੀਕ ਰਾਹ ਦਾ ਪਤਾ। ਪਕੌੜਿਆਂ ਵਾਲਾ ਏਥੋਂ ਦਾ ਵਸਨੀਕ। ਇਹਨੇ ਗਲਤ ਰਾਹ ਕਿਉਂ ਦੱਸਣਾ ਹੋਇਆ।’’
ਉਹ ਹੁੱਬ ਕੇ ਬੋਲਿਆ, ‘‘ਭਾਈ ਸਾਹਿਬ ਇਹ ਮੇਰਾ ਆਪਣਾ ਇਲਾਕਾ ਐ, ਇਹ ਮੇਰੀ ਮਿੱਟੀ ਹੈ, ਤੇ ਇਹਦੇ ਉੱਤੇ ਮੇਰੇ ਪੈਰਾਂ ਦੇ ਨਿਸ਼ਾਨ ਨੇ…। ਇਹਦਾ ਨਕਸ਼ਾ ਤਾਂ ਮੇਰੇ ਦਿਲ ‘ਤੇ ਵਗਿਆ ਪਿਐ। ਮੇਰੇ ਪਿੰਡ ਤੇ ਇਲਾਕੇ ਦਾ। ਉਹਦੇ ਰਾਹਵਾਂ ਦਾ। ਪਹਿਆਂ ਤੇ ਡੰਡੀਆਂ ਦਾ। ਐਥੇ!’’ ਉਹਨੇ ਦਿਲ ‘ਤੇ ਹੱਥ ਰੱਖਦਿਆਂ ਕਿਹਾ, ‘‘ਇਹ ਪਕੌੜੇ ਤਲਣ ਵਾਲਾ ਪਤਾ ਨਹੀਂ ਕਿਥੋਂ ਆ ਕੇ ਏਥੇ ਬੈਠਾ ਹੋਣੈ!…ਇਹਨੇ ਤਾਂ ਰਾਹਾਂ ਬਾਰੇ ਸੁਣਿਆ ਹੀ ਹੋਊ ਤੇ ਮੈਂ ਤਾਂ ਇਹਨਾਂ ਪੈਰਾਂ ਨਾਲ ਇਨ੍ਹਾਂ ਰਾਹਾਂ ਨੂੰ ਗਾਹਿਆ ਹੋਇਆ ਹੈ।’’
ਗੱਲ ਸੁਣ ਕੇ ਸਰਵਣ ਸਿੰਘ ਨੇ ਤੋੜਾ ਝਾੜਿਆ, ‘‘ਉਸ ਬੰਦੇ ਨੂੰ ਏਨਾ ਮਾਣ ਸੀ ਆਪਣੇ ਉੱਤੇ, ਆਪਣੀ ਧਰਤੀ ਉੱਤੇ, ਆਪਣੀ ਜਾਣਕਾਰੀ ਉੱਤੇ, ਮਿੱਟੀ ਦੇ ਮੋਹ ਉੱਤੇ। ਉਹ ਤਾਂ ਇਹ ਦਸਣਾ  ਚਾਹੁੰਦਾ ਸੀ ਕਿ ਮੈਂ ਤਾਂ ਅਜੇ ਵੀ ਸੁਪਨਿਆਂ ਵਿਚ ਇਸੇ ਧਰਤੀ ਉੱਤੇ ਫਿਰਦਾ ਰਹਿੰਦਾਂ…। ਮੇਰੇ ਨਾਲੋਂ ਚੰਗਾ ਹੋਰ ਕੌਣ ਇਥੋਂ ਦੇ ਰਾਹਾਂ ਬਾਰੇ ਦੱਸ ਸਕਦੈ।’’
ਸਰਵਣ ਸਿੰਘ ਦੀ ਕਹਾਣੀ ਵਿਚ ਹਜ਼ਾਰਾਂ ਲੋਕਾਂ ਦੀ ਪੀੜਤ ਮਾਨਸਿਕਤਾ ਬੋਲ ਰਹੀ ਸੀ। ਆਪਣੀ ਧਰਤੀ ਦਾ ਹੰਮਾ ਤੇ ਮਾਣ ਬੋਲ ਰਿਹਾ ਸੀ ਉਸ ਧਰਤੀ ਦਾ ਜੋ ਹੁਣ ਆਪਣੀ ਨਹੀਂ ਸੀ ਰਹੀ।
ਪਰ੍ਹੇ ਇਕ ਕਸਟਮ ਅਫ਼ਸਰ ਦੇ ਦੁਆਲੇ ਭੀੜ ਜੁੜੀ ਹੋਈ ਸੀ। ਚਿੱਟੀ ਵਰਦੀ ਵਿਚ ਮੋਢੇ ‘ਤੇ ਲੱਗੇ ਸਟਾਰਾਂ ਵਾਲਾ ਉਹ ਅਫ਼ਸਰ ਦਰਸ਼ਨੀ ਜੁਆਨ ਸੀ। ਭਾਰਤੀ ਦੋਸਤਾਂ ਵਲੋਂ ਉਸ ਅਫ਼ਸਰ ਦੇ ਮਧਿਅਮ ਰਾਹੀਂ ਬਾਰਡਰ ‘ਤੇ ਤਾਇਨਾਤ ਸਮੁੱਚੀ ਪਾਕਿਸਤਾਨੀ ਮਸ਼ੀਨਰੀ ਦਾ ਧੰਨਵਾਦ ਕੀਤਾ ਜਾ ਰਿਹਾ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਰੁਕਾਵਟ ਪਾਉਣ ਤੋਂ, ਨਿਯਮਾਂ ‘ਚ ਢਿੱਲ ਦੇ ਕੇ ਸਾਨੂੰ ਭੁਗਤਾ ਕੇ ਵਿਹਲਿਆਂ ਵੀ ਕਰ ਦਿੱਤਾ ਸੀ ਜਦੋਂ ਕਿ ਬਾਕੀ ਭੀੜ ਨੂੰ ਰੁਟੀਨ ਵਿਚੋਂ ਗੁਜ਼ਰਦਿਆਂ ਪਤਾ ਨਹੀਂ ਕਿੰਨਾ ਸਮਾਂ ਅਜੇ ਹੋਰ ਲੱਗ ਜਾਣਾ ਸੀ। ਗੱਲਾਂ ਚੱਲਦੀਆਂ-ਚੱਲਦੀਆਂ ਦੋਹਾਂ ਮੁਲਕਾਂ ਨੂੰ ਆਪਸੀ ਸਹਿਯੋਗ ਤੇ ਪਿਆਰ ਨਾਲ ਵੱਸਣ ਰੱਸਣ ਦੇ ਮੁੱਦੇ ‘ਤੇ ਆ ਪੁੱਜੀਆਂ। ਇਸ ਮਕਸਦ ਲਈ ਕੀਤੇ ਜਾਣ ਵਾਲੇ ਉਚੇਚੇ ਯਤਨਾਂ ਦਾ ਜ਼ਿਕਰ ਹੋਣ ਲੱਗਾ ; ਹੋਣ ਵਾਲੀ ਕਾਨਫ਼ਰੰਸ ਤੇ ਹਿੰਦੁਸਤਾਨ ਵਾਲੇ ਪਾਸੇ ਚੌਦਾਂ ਅਗਸਤ ਨੂੰ ਬਾਰਡਰ ਉੱਤੇ ਜਗਾਈਆਂ ਜਾਣ ਵਾਲੀਆਂ ਮੋਮਬਤੀਆਂ ਦਾ। ਇਸ ਹਵਾਲੇ ਨਾਲ ਹੀ ਸਤਿਨਾਮ ਸਿੰਘ ਮਾਣਕ ਨੇ ਉਸ ਨੂੰ ਆਖਿਆ, ‘‘ਅਸੀਂ ਤਾਂ ਉਧਰ ਯਤਨ ਕਰਦੇ ਪਏ ਹਾਂ, ਤੁਸੀਂ ਵੀ ਇਧਰੋਂ ਹੰਭਲਾ ਮਾਰੋ।’’
ਉਹ ਅਫ਼ਸਰ ਮਿੰਨ੍ਹਾ ਜਿਹਾ ਹੱਸਿਆ ਤੇ ਆਸੇ ਪਾਸੇ ਖੜ੍ਹੋਤੀ ਪਗੜੀਆਂ ਵਾਲੀ ਭੀੜ ਵੱਲ ਵੇਖ ਕੇ ਕਹਿਣ ਲੱਗਾ, ‘‘ਅਸੀਂ ਤਾਂ ਕਰ ਹੀ ਰਹੇ ਹਾਂ ਓਧਰ ; ਕਸ਼ਮੀਰ ਵੱਲ, ਏਨੇ ਸ਼ਹੀਦ ਕਰਵਾ ਰਹੇ ਹਾਂ, ਹੁਣ ਤੁਸੀਂ ਵੀ ਕੁਝ ਕਰੋ ਨਾ…ਜੇ ਮੇਲ-ਮਿਲਾਪ ਚਾਹੁੰਦੇ ਹੋ ਤਾਂ।’’
ਉਸ ਦੇ ਲੁਕੇ ਹੋਏ ਅਰਥ ਸਾਫ਼ ਸਨ। ਉਹ ਕਸ਼ਮੀਰ ਵਿਚਲੀ ਪਾਕਿਸਤਾਨ ਦੀ ‘ਜਦੋ-ਜਹਿਦ’ ਨੂੰ ਚੜ੍ਹਦੇ ਪੰਜਾਬ ਵਿਚ ਸਿੱਖਾਂ ਦੀ ‘ਜਦੋ-ਜਹਿਦ’ ਨਾਲ ਜੋੜ ਕੇ ਇਸ ਨੂੰ ਸਾਂਝੀ ‘ਜਦੋ-ਜਹਿਦ’ ਬਨਾਉਣ ਵੱਲ ਇਸ਼ਾਰਾ ਕਰ ਰਿਹਾ ਸੀ। ਭਾਰਤੀ ਡੈਲੀਗੇਟਾਂ ਨੂੰ ਇਹ ਉਸ ਦੀ ਖ਼ਾਬ-ਖ਼ਿਆਲੀ ਲੱਗਦੀ ਸੀ। ਇਸ ਮੋੜ ‘ਤੇ ਪੁੱਜ ਚੁੱਕੀ ਗੱਲ ਨੂੰ ਅੱਗੋਂ ਵਧਾਉਣ ਦੀ ਕੋਈ ਤੁਕ ਨਾ ਸਮਝਦਿਆਂ ਜਗਤਾਰ ਨੇ ਗੱਲ ਨੂੰ ਹਲਕੇ ਰਉਂ ਵਿਚ ਲਿਆਉਣ ਲਈ ਆਖਿਆ, ‘‘ਜੇ ਮੇਲ-ਮਿਲਾਪ ਦੀ ਏਨੀ ਹੀ ਗੱਲ ਸੀ ਤਾਂ ਸਾਨੂੰ ਉਦੋਂ ਕੱਢਣਾ ਨਹੀਂ ਸੀ ਏਥੋਂ।’’
‘‘ਅਸੀਂ ਕੱਢਿਆ?’’ ਉਸ ਨੇ ਅੱਗੋਂ ਸੁਆਲ ਕੀਤਾ ਤੇ ਨਾਲ ਹੀ ਆਖਿਆ, ‘‘ਤੁਸੀਂ ਕਿਹੜੀ ਘੱਟ ਕੀਤੀ ਸੀ, ਤੁਸੀਂ ਨਹੀਂ ਕੱਢਿਆ ਉਧਰੋਂ।’’
ਮਾਲ ਗੱਡੀ ਦੇ ਡੱਬੇ ਵੇਖ ਕੇ ਦੋਹਾਂ ਮੁਲਕਾਂ ਨੂੰ ਗਾਲ੍ਹਾਂ ਕੱਢਣ ਵਾਲਾ ‘ਜਥੇ ਵਾਲਾ’ ਸਿੰਘ ਬੋਲਿਆ, ‘‘ਨਹੀਂ ਪਹਿਲੋਂ ਇਧਰੋਂ ਹੀ ਗੱਲ ਸ਼ੁਰੂ ਹੋਈ ਸੀ।’’
ਕਿਸੇ ਹੋਰ ਨੇ ਉਹਦਾ ਮੋਢਾ ਨੱਪਦਿਆਂ ਉਹਨੂੰ ਗੱਲ ਕਰਨੋਂ ਵਰਜਿਆਂ ਤੇ ਉੱਚੀ ਆਵਾਜ਼ ਵਿਚ ਬੋਲਿਆ, ‘‘ਕਿਸੇ ਇਕ ਧਿਰ ਨੂੰ ਦੋਸ਼ ਦੇਣਾ ਮੂਲੋਂ ਹੀ ਗ਼ਲਤ ਹੈ। ਦੋਹਵਾਂ ਧਿਰਾਂ ਦਾ ਹੀ ਕਸੂਰ ਸੀ ਉਦੋਂ।’’
ਸਾਰਿਆਂ ਨੇ ਇਸ ਦੀ ਹਾਮੀ ਭਰੀ।
ਹਲਕੇ,ਫੁਲਕੇ ਅੰਦਾਜ਼ ਵਿਚ ਜਗਤਾਰ ਫਿਰ ਕਸਟਮ ਅਫ਼ਸਰ ਨੂੰ ਮੁਖ਼ਾਤਬ ਹੋਇਆ, ‘‘ਉਦੋਂ ਤੁਸੀਂ ਸਾਨੂੰ ਕੁੱਟ-ਕੁੱਟ ਕੇ ਕੱਢ ਦਿੱਤਾ।’’
‘‘ਤੁਸੀਂ ਸਾਨੂੰ ਚੰਗੀ ਖੰਡ ਪਾਈ ਸੀ’’ ਕਸਟਮ ਅਫ਼ਸਰ ਦੀ ਜ਼ੁਬਾਨ ਵਿਚ ਨਾ ਚਾਹੁੰਦਿਆਂ ਵੀ ਬੇਮਾਮੂਲੀ ਕੁੜੱਤਣ ਭਰ ਗਈ ਸੀ। ਫਿਰ ਉਸ ਨੇ ਅਸਲ ਗੱਲ ਕੀਤੀ।
‘‘ਸਰਦਾਰ ਜੀ, ਹੁਣ ਲੀਕ ਪਿੱਟੀ ਜਾਣ ਦਾ ਕੋਈ ਫ਼ਾਇਦਾ ਨਹੀਂ, ਅੱਗੇ ਦੀ ਸੋਚੀਏ।’’
ਉਸ ਦੀ ਗੱਲ ਠੀਕ ਸੀ। ਜੋ ਹੋ ਗਿਆ, ਉਹ ਹੋ ਗਿਆ, ਕਿਸਦਾ ਕਸੂਰ ਸੀ? ਕਿੰਨਾ ਕਸੂਰ ਸੀ? ਇਹ ਇਤਿਹਾਸ ਦਾ ਹਿੱਸਾ ਹੋ ਗਿਆ। ਭਾਵੁਕਤਾ ਆਪਣੀ ਥਾਂ ਸੀ, ਪਰ ਹਕੀਕਤ ਇਹ ਸੀ ਕਿ ਦੋ ਵੱਖਰੇ ਮੁਲਕ ਸਨ। ਉਥੋਂ ਦੇ ਬਾਸ਼ਿੰਦਿਆਂ ਦੇ ਆਪੋ-ਆਪਣੇ। ਪਿਛਲੇ ਦਾਅਵਿਆਂ ਦੇ ਸਿਰ ‘ਤੇ ਕੋਈ ਲਾਹੌਰ, ਰਾਵਲਪਿੰਡੀ ਜਾਂ ਲਾਇਲਪੁਰ ਨੂੰ ਆਪਣਾ ਬਣਾ ਨਹੀਂ ਸੀ ਸਕਦਾ, ਆਪਣਾ ਆਖ ਤਾਂ ਸਕਦਾ ਸੀ। ਪਰ ਇਹ ਵੀ ਨਿਰੋਲ ਭਾਵਕੁਤਾ ਸੀ। ਹਕੀਕਤ ਨਹੀਂ ਸੀ। ਹਕੀਕਤ ਤਾਂ ਕੁਝ ਹੋਰ ਸੀ। ਪੁਰਾਣੀ ਭਾਵਕੁਤਾ ਪੁਰਾਣੀ ਮਲਕੀਅਤ ਤੇ ਅਪਣੱਤ ਨੂੰ ਮਨ ਵਿਚ ਰੱਖਦਿਆਂ ਵੀ ਹਕੀਕਤ ਤਸਲੀਮ ਕਰਨੀ ਪੈਣੀ ਸੀ। ਹਕੀਕਤ ਇਹ ਸੀ ਅਹਿਮਦ ਰਾਹੀ ਦੇ ਸ਼ਬਦਾਂ ਵਿਚ :
‘‘ਦੇਸ਼ਾਂ ਵਾਲਿਓ ਆਪਣੇ ਦੇਸ਼ ਅੰਦਰ
ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ।’’
ਇਸ ਧਰਤੀ ‘ਤੇ ਅਸੀਂ ਪਰਦੇਸੀ ਸਾਂ। ਪੁਰਾਣੀ ਲੀਕ ਪਿੱਟੀ ਜਾਣ ਦਾ ਫ਼ਾਇਦਾ ਨਹੀਂ ਸੀ। ਅੱਗੋਂ ਦੀ ਸੋਚਣੀ ਚਾਹੀਦੀ ਹੈ।
ਉਸ ਕਸਟਮ ਅਫ਼ਸਰ ਨੇ ਠੀਕ ਆਖਿਆ ਸੀ। ਪਰ ਅੱਗੋਂ ਬਾਰੇ ਉਸ ਦਾ ਰਵੱਈਆ ਛੇਤੀ ਹੀ ਪਰਗਟ ਹੋ ਗਿਆ, ਜਦੋਂ ਉਸ ਨੇ ਕਿਹਾ, ‘‘ਸਾਡੇ ਫ਼ੈਸਲਾਬਾਦ ਵਿਚ ਸਰਦਾਰ ਆਸਾ ਸੁੰਹ ਦੀ ਬੈਠਕ ਏਨੀ ਵੱਡੀ ਹੁੰਦੀ ਸੀ ਕਿ ਦੋ ਜੰਞਾਂ ਵਿਚ ਬਹਿ ਸਕਦੀਆਂ ਸਨ। ਬੈਠਕ ਨਾਲੋਂ ਸ਼ੁਰੂ ਹੋ ਕੇ ਉਹਦੀ ਇਕ ਟੱਕ ਪੰਝੀ ਮੁਰੱਬੇ ਜ਼ਮੀਨ ਸੀ। ਓਧਰ ਪਤਾ ਨਹੀਂ ਲਾਲਿਆਂ ਨੇ ਉਹਨੂੰ ਮਰਲਾ ਦਿੱਤੀ ਹੋਊ ਜਾਂ ਨਾ।’’
ਆਪਣੀ ਗੱਲ ਕਹਿ ਕੇ ਉਹ ਪਿੱਛੇ ਪਰਤ ਗਿਆ। ਉਹਦੇ ਰਾਹੀਂ ਪਾਕਿਸਤਾਨ ਸਰਕਾਰ ਦਾ ਹੀ ਨਜ਼ਰੀਆ ਪੇਸ਼ ਹੋ ਰਿਹਾ ਸੀ ਜਿਸ ਨੂੰ ਪ੍ਰਚਾਰ ਪ੍ਰਸਾਰ ਕੇ ਆਮ ਪਾਕਿਸਤਾਨੀ ਲੋਕਾਂ ਦੇ ਮਨਾਂ ਵਿਚ ਵੀ ਬਿਠਾ ਦਿੱਤਾ ਗਿਆ ਸੀ। ਇਸ ਪ੍ਰਚਾਰ ਅਨੁਸਾਰ ਭਾਰਤੀ ਪੰਜਾਬ ਵਿਚ ਸਿੱਖਾਂ ਉੱਤੇ ਹਿੰਦੂਆਂ ਵਲੋਂ ਬਹੁਤ ਜ਼ੁਲਮ ਢਾਏ ਜਾਂਦੇ ਹਨ। ਸਿੱਖਾਂ ਨੂੰ ਪੀੜਿਤ ਧਿਰ ਸਮਝ ਕੇ ਉਹ ਆਪਣੇ ਗਲ ਨਾਲ ਲਾ ਕੇ ਭਾਰਤ ਵਿਰੁੱਧ ਆਪਣੀ ਧਿਰ ਮਜ਼ਬੂਤ ਕਰਨਾ ਚਾਹੁੰਦੇ ਹਨ। ਜਦ ਕਿ ਹਕੀਕਤ ਇਸ ਤੋਂ ਕੋਹਾਂ ਦੂਰ ਸੀ। ਘਰ ਵਿਚ ਭਰਾਵਾਂ ਦੇ ਵੀ ਆਪਸੀ ਝਗੜੇ ਹੁੰਦੇ ਨੇ ਪਰ ਜਿਹੜਾ ਅੰਗੂਰ ਸਿੱਖਾਂ ਰਾਹੀਂ ਪਾਕਿਸਤਾਨ ਮੂੰਹ ਵਿਚ ਪਾਉਣਾ ਲੋਚਦਾ ਹੈ ਉਹ ਅੰਗੂਰ ਡਿੱਗਣ ਦੀ ਮੈਨੂੰ ਤਾਂ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਭਾਵੇਂ ਪਾਕਿਸਤਾਨ ਇਸ ਮਕਸਦ ਦੀ ਪੂਰਤੀ ਲਈ ਨਿਰੰਤਰ ਯਤਨ ਕਰਦਾ ਆ ਰਿਹਾ ਹੈ।

‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ ਸੀ…ਪਰ ਚਲੋ ਕੋਈ ਨਹੀਂ…ਆ ਕੇ ਸਹੀ। ਮੈਂ ਤੁਹਾਨੂੰ ਫਾਰਮ ਭੇਜ ਦਿਆਂਗਾ। ਤੁਸੀਂ ਡੈਲੀਗੇਟ ਫੀਸ ਤੇ ਵੀਜ਼ਾ ਫਾਰਮ ਭਰ ਕੇ ਭੇਜ ਦੇਣੇ।’’
ਜਲੰਧਰੋਂ ਜਾਣ ਵਾਲੇ ਅਸੀਂ ਆਪਣੀ ਪਛਾਣ ਵਾਲੇ ਪੰਜ ਕੁ ਜਣੇ ਸਾਂ। ਡਾ. ਜਗਤਾਰ, ਸਤਿਨਾਮ ਸਿੰਘ ਮਾਣਕ, ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਤੇ ਅਮਰ ਸਿੰਘ ਅਤੇ ਮੈਂ। ਫਾਰਮ ਭਰ ਕੇ ਭੇਜਣ ਦੀ ਸਮੁੱਚੀ ਪਰਕਿਰਿਆ ‘ਚੋਂ ਗੁਜ਼ਰਨ ਪਿਛੋਂ ਅਸੀਂ ਉਡੀਕਣ ਲੱਗੇ ਕਿ ਪ੍ਰਬੰਧਕਾਂ ਵੱਲੋਂ ਕਿਸ ਸਮੇਂ ਵੀਜ਼ਾ ਲੱਗਣ ਦੀ ਖ਼ਬਰ ਪੁੱਜਦੀ ਹੈ।
ਉਂਜ ਹਰ ਪਾਸਿਓਂ ‘ਆਲਮੀ ਪੰਜਾਬੀ ਕਾਨਫ਼ਰੰਸ’ ਉੱਤੇ ਜਾਣ ਵਾਲੇ ਮਿੱਤਰਾਂ ਦੀ ਖ਼ੁਸ਼ੀ ਤੇ ਚਿੰਤਾ ਦਾ ਪਤਾ ਲੱਗਦਾ ਰਹਿੰਦਾ। ਚਿੰਤਾ ਇਸ ਗੱਲ ਦੀ ਸੀ ਕਿ ਕਾਨਫ਼ਰੰਸ ਸਿਰ ‘ਤੇ ਆ ਚੁੱਕੀ ਸੀ ਤੇ ਅਜੇ ਤੱਕ ਵੀਜ਼ਾ ਲੁਆਉਣ ਲਈ ਪ੍ਰਬੰਧਕਾਂ ਨੇ ਕੋਈ ਉੱਦਮ ਨਹੀਂ ਸੀ ਕੀਤਾ। ਕੋਈ ਕਹਿੰਦਾ ‘‘ਡੈਲੀਗੇਟਾਂ ਦੀ ਗਿਣਤੀ ਲੋੜੀਂਦੀ ਗਿਣਤੀ ਤੋਂ ਵਧ ਗਈ ਹੈ। ਪ੍ਰਬੰਧਕਾਂ ਲਈ ਮੁਸ਼ਕਲ ਬਣ ਗਈ ਹੈ ਕਿ ਕੀਹਨੂੰ ਰੱਖੀਏ ਤੇ ਕੀਹਨੂੰ ਛੱਡੀਏ।’’ ਕਿਸੇ ਹੋਰ ਦੀ ਸੂਚਨਾ ਹੁੰਦੀ, ‘‘ਪ੍ਰਬੰਧਕ ਆਪਣੇ ਚਹੇਤਿਆਂ, ਰਿਸ਼ਤੇਦਾਰਾਂ ਤੇ ਬਾਲ-ਬੱਚਿਆਂ ਨੂੰ ਨਾਲ ਲਿਜਾਣ ਲਈ ਯੋਗ ਬੰਦਿਆਂ ‘ਤੇ ਕੁਹਾੜਾ ਫੇਰਨ ਲਈ ਤੁੱਲੇ ਹੋਏ ਨੇ।’’
ਮੇਰੇ ਲਈ ਸੱਚਾਈ ਦਾ ਨਿਰਣਾ ਕਰਨਾ ਔਖਾ ਸੀ। ਪਰ ਏਨੀ ਚਿੰਤਾ ਜ਼ਰੂਰ ਸੀ ਕਿ ਕਾਨਫ਼ਰੰਸ ‘ਚ ਦੋ ਦਿਨ ਬਾਕੀ ਹਨ ਤੇ ਪ੍ਰਬੰਧਕ ਅਜੇ ਕੁਝ ਵੀ ਨਹੀਂ ਕਰ ਰਹੇ। ਫਿਰ ਪਤਾ ਲੱਗਾ ਕਿ ਪ੍ਰਬੰਧਕ ਪਾਕਿਸਤਾਨ ਦੇ ਦੂਤਘਰ ‘ਚ 10 ਅਪ੍ਰੈਲ ਨੂੰ ਹਾਜ਼ਰ ਹੋਏ ਸਨ। ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਅਗਲੇ ਦਿਨ ਹਾਜ਼ਰ ਹੋਣ ਲਈ ਕਿਹਾ ਗਿਆ।
11 ਅਪ੍ਰੈਲ ਦਾ ਦਿਨ ਬੜਾ ਤਨਾਓ ਭਰਿਆ ਸੀ। 12 ਅਪ੍ਰੈਲ ਨੂੰ ਲਾਹੌਰ ਵੱਲ ਰਵਾਨਗੀ ਜ਼ਰੂਰੀ ਸੀ। ਸ਼ਾਮ ਤੱਕ ਵੀਜ਼ੇ ਲੱਗਣੇ ਸਨ। ਇਸ ਗੱਲ ਦੀ ਉੱਕਾ ਕੋਈ ਸੰਭਾਵਨਾ ਨਹੀਂ ਸੀ ਰਹਿ ਗਈ ਕਿ ਪ੍ਰਬੰਧਕ ਹਰੇਕ ਡੈਲੀਗੇਟ ਨੂੰ ਸੂਚਨਾ ਦਿੰਦੇ ਜਾਂ ਦੇ ਸਕਦੇ। ਉਨ੍ਹਾਂ ਨੂੰ ਸੂਚਨਾ ਦੇਣੀ ਬਣਦੀ ਸੀ ਪਰ ਕੁਝ ਪ੍ਰਬੰਧਕ ਵੀਜ਼ਾ ਲੁਆਉਣ ‘ਚ ਰੁੱਝੇ ਸਨ, ਕੁਝ ਉਨ੍ਹਾਂ ਦਾ ਸੁਨੇਹਾ ਉਡੀਕਣ ਵਿਚ। ਮੈਂ ਕਦੀ ਚੰਡੀਗੜ੍ਹ ਆਰਟਸ ਕੌਂਸਲ ਦੇ ਦਫਤਰ ਫ਼ੋਨ ਕਰਦਾ, ਕਦੀ ਦਿੱਲੀ ਨੂਰ ਵੱਲ। ਪਰ ਕੁਝ ਪਤਾ ਨਹੀਂ ਸੀ ਲੱਗ ਰਿਹਾ। ਉਨ੍ਹਾਂ ਦੇ ਘਰੋਂ ਜਵਾਬ ਮਿਲ ਰਿਹਾ ਸੀ ਕਿ ਉਹ ਦੂਤਘਰ ਵਿਚ ਹਨ ਤੇ ਉਨ੍ਹਾਂ ਘਰ ਨਹੀਂ ਆਉਣਾ। ਉਥੋਂ ਵੀਜ਼ੇ ਲੈਂਦਿਆਂ ਸਾਰ ਹੀ ਉਨ੍ਹਾਂ ਵਾਘੇ ਵੱਲ ਚਾਲੇ ਪਾ ਦੇਣੇ ਨੇ। ਚੰਡੀਗੜ੍ਹ ਦਫਤਰ ਵਿਚ ਬੈਠੀਆਂ ਕੁੜੀਆਂ ਕਹਿੰਦੀਆਂ, ‘‘ਅਸੀਂ ਫੈਕਸ ‘ਤੇ ਬੈਠੇ ਹੋਏ ਹਾਂ। ਜਦੋਂ ਵੀਜ਼ਾ ਲੱਗੇ ਨਾਵਾਂ ਦੀ ਸੂਚੀ ਆ ਗਈ, ਅਸੀਂ ਤੁਹਾਨੂੰ ਤੁਰੰਤ ਸੂਚਿਤ ਕਰ ਦਿਆਂਗੇ।’’
ਮੈਂ, ਜਗਤਾਰ ਤੇ ਸਤਿਨਾਮ ਸਿੰਘ ਮਾਣਕ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਸ ਵਿਚ ਵੀ ਸੂਚਨਾ ਸਾਂਝੀ ਕਰਨ ਲਈ ਫੋਨ ਕਰ ਰਹੇ ਸਾਂ ਤੇ ਵੱਖ-ਵੱਖ ਥਾਵਾਂ ‘ਤੇ ਦਿੱਲੀ, ਚੰਡੀਗੜ੍ਹ ਆਪਣੇ ਸੰਪਰਕ ਸੂਤਰਾਂ ਨਾਲ ਵੀ ਤਾਲਮੇਲ ਰੱਖ ਰਹੇ ਸਾਂ। ਸੂਰਜ ਡੁੱਬ ਗਿਆ ਪਰ ਕੋਈ ਸੂਚਨਾ ਨਹੀਂ।
ਮੈਂ ਕਰਤਾਰ ਸਿੰਘ ਪਹਿਲਵਾਨ ਦੇ ਵੱਡੇ ਭਰਾ ਗੁਰਚਰਨ ਸਿੰਘ ਨੂੰ ਕਿਹਾ ਕਿ ਉਹ ਮੋਬਾਈਲ ‘ਤੇ ਸੰਤੋਖ ਸਿੰਘ ਮੰਡੇਰ ਨਾਲ ਸੰਪਰਕ ਕਰੇ ਤੇ ਪਤਾ ਕਰਕੇ ਦੱਸੇ। ਥੋੜ੍ਹੀ ਦੇਰ ਬਾਅਦ ਗੁਰਚਰਨ ਸਿੰਘ ਦਾ ਫੋਨ ਆਇਆ, ‘‘ਭਾ ਜੀ ! ਤੁਹਾਡਾ ਵੀਜ਼ਾ ਲੱਗ ਗਿਐ ਪਰ ਕੁਝ ਪੱਤਰਕਾਰਾਂ ਦੇ ਵੀਜ਼ੇ ਉਨ੍ਹਾਂ ਨੇ ਨਹੀਂ ਲਾਏ। ਮੰਡੇਰ ਅਜੇ ਦੂਤਘਰ ਵਿਚ ਹੀ ਹੈ ਤੇ ਜ਼ੋਰ ਪਾ ਰਿਹੈ, ਕੁਝ ਹੋਰ ਵੀਜ਼ਿਆਂ ਲਈ।’’
ਪਰ ਇਹ ‘ਅਧਿਕਾਰਤ’ ਸੂਚਨਾ ਨਹੀਂ ਸੀ। ਕੌਣ ਦੱਸੇ, ਕਿੱਥੇ ਪਹੁੰਚਣੈ! ਕਿੰਨੇ ਵਜੇ ਪਹੁੰਚਣੈ!!
ਭਾਵੇਂ ਹਰੇਕ ਕੋਲ ਆਪਣੇ-ਆਪਣੇ ਸੋਮਿਆਂ ਤੋਂ ਸੂਚਨਾ ਸੀ ਸਵੇਰੇ-ਸਵੇਰੇ ਵਾਘਾ ਬਾਰਡਰ ਪੁੱਜਣ ਦੀ। ਪਰ ਜੇ ਵੀਜ਼ਾ ਨਾ ਲੱਗਿਆ ਤਾਂ ਵਾਘੇ ਤੋਂ ਮੁੜਨ ਦੀ ਨਮੋਸ਼ੀ ਝੱਲਣੀ ਔਖੀ ਲੱਗਦੀ ਸੀ। ਅਸੀਂ ਪ੍ਰਬੰਧਕਾਂ ਦੀ ਇਸ ਨਾਲਾਇਕੀ ‘ਤੇ ਗੁੱਸੇ ਹੋ ਰਹੇ ਸਾਂ ਕਿ ਜੰਝ ਬੂਹੇ ‘ਤੇ ਆ ਢੁਕੀ ਸੀ ਤੇ ਅਜੇ ਤੱਕ ਕੁੜੀ ਦੇ ਕੰਨ ਵਿੰਨ੍ਹੇ ਜਾਣ ਦੀ ਤਿਆਰੀ ਵੀ ਨਹੀਂ ਸੀ ਹੋ ਸਕੀ। ਮੈਂ, ਜਗਤਾਰ ਤੇ ਸਤਿਨਾਮ ਨੇ ਸਲਾਹ ਕੀਤੀ ਕਿ ਆਪਣੇ-ਆਪਣੇ ਕੱਪੜੇ ਤਿਆਰ ਰੱਖੀਏ। ਜੋ ਹੋਊ ਵੇਖੀ ਜਾਊ!
ਰਾਤ ਗਿਆਰਾਂ ਵਜੇ ਚੰਡੀਗੜ੍ਹ ਤੋਂ ਰਘਬੀਰ ਸਿੰਘ ਸਿਰਜਣਾ ਦਾ ਫ਼ੋਨ ਆਇਆ। ਉਸ ਨੇ ਦੱਸਿਆ, ‘‘ਮੈਂ ਹੁਣੇ ਆਰਟਸ ਕੌਂਸਲ ਦੇ ਦਫਤਰੋਂ ਆ ਰਿਹਾ। ਉਥੇ ਅੰਤਾਂ ਦੀ ਭੀੜ ਹੈ। ਬੜਾ ਘਚੋਲਾ ਮੱਚਿਐ ਪਿਐ। ਪਰ ਛੱਡੋ ਹੁਣ ਇਹ ਗੱਲ। ਤੇਰਾ ਵੀਜ਼ਾ ਲੱਗ ਗਿਐ। ਮੈਂ ਪਤਾ ਕਰ ਲਿਐ। ਮੇਰਾ ਤੇ ਸੁਲੇਖਾ ਦਾ ਵੀਜ਼ਾ ਵੀ ਲੱਗ ਗਿਐ।’’
ਮੈਂ ਉਸ ਦਾ ਧੰਨਵਾਦ ਕੀਤਾ। ਡਾ. ਜਗਤਾਰ ਨੂੰ ਵੀ ਵੀਜ਼ਾ ਲੱਗ ਜਾਣ ਦੀ ਇਤਲਾਹ ਮਿਲ ਚੁੱਕੀ ਸੀ। ਜਗਤਾਰ ਸਵੇਰੇ ਸੱਤ ਵਜੇ ਤੱਕ ਵਾਘਾ ਬਾਰਡਰ ਪੁੱਜਣ ਦੀ ਸਲਾਹ ਦੇ ਰਿਹਾ ਸੀ। ਦਿੱਲੀ ਵਾਲੇ ਦਿੱਲੀ ਤੋਂ ਵੀਜ਼ੇ ਲੁਆ ਕੇ ਸਿੱਧੇ ਤੁਰ ਪਏ ਸਨ। ਚੰਡੀਗੜ੍ਹ ਵਾਲਿਆਂ ਲਈ ਲੈ ਕੇ ਆਉਣ ਵਾਸਤੇ ਬੱਸ ਤਿਆਰ ਖਲੋਤੀ ਸੀ। ਅਸੀਂ ਜੇ ਵਾਘੇ ਪਹੁੰਚਣਾ ਸੀ ਤਾਂ ਸਾਡੇ ਕੋਲ ਆਪਣੀ ਸਵਾਰੀ ਚਾਹੀਦੀ ਸੀ। ਮਾਣਕ ਨੇ ਕਹਿ ਦਿੱਤਾ ਕਿ ਉਹ ਆਪਣੇ ਅਖ਼ਬਾਰ ਦੇ ਟਰੱਸਟੀ ਪ੍ਰੇਮ ਸਿੰਘ ਨਾਲ ਜਾਵੇਗਾ।
ਜਗਤਾਰ ਕਹਿੰਦਾ, ‘‘ਆਪਾਂ ਟੈਕਸੀ ਕਰ ਲਈਏ…ਦੋਵੇਂ ਜਣੇ। ਮੇਰੇ ਕੋਲ ਇਕ ਬੰਦਾ ਹੈਗਾ। ਮੈਂ ਉਸ ਨਾਲ ਤੈਅ ਕਰ ਲੈਨਾਂ।’’
ਮੈਂ ਹਾਮੀ ਭਰ ਦਿੱਤੀ ਤਾਂ ਉਸ ਨੇ ਪੰਜ ਮਿੰਟ ਬਾਅਦ ਹੀ ਕਹਿ ਦਿੱਤਾ, ‘‘ਗੱਲ ਹੋ ਗਈ ਹੈ। ਮੈਂ ਸਵੇਰੇ ਪੰਜ ਵਜੇ ਤੇਰੇ ਘਰ ਪਹੁੰਚ ਜਾਵਾਂਗਾ। ਤੂੰ ਤਿਆਰ ਰਹੀਂ।’’
ਭਾਵੇਂ ਮੈਨੂੰ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਕਹਿ ਚੁੱਕਾ ਸੀ ਸਵੇਲੇ ਇਕੱਠਿਆਂ ਵਾਘੇ ਜਾਣ ਲਈ, ਪਰ ਪਿਛਲੇ ਦਿਨਾਂ ਤੋਂ ਤੇ ਵਿਸ਼ੇਸ਼ ਕਰਕੇ ਅੱਜ ਸਵੇਰ ਤੋਂ ਜਿਵੇਂ ਸਾਡਾ ਆਪਸੀ ਰਾਬਤਾ ਬਣਿਆ ਹੋਇਆ ਸੀ, ਉਸ ਅਨੁਸਾਰ ਤੇ ਮਾਣਕ ਦੇ ਪ੍ਰੇਮ ਸਿੰਘ ਨਾਲ ਤੁਰ ਜਾਣ ਦੇ ਫ਼ੈਸਲੇ ਤੋਂ ਬਾਅਦ, ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਮੈਂ ਵੀ ਜਗਤਾਰ ਨੂੰ ਕਹਿ ਦਿਆਂ ਕਿ ਮੇਰਾ ‘ਪ੍ਰਬੰਧ’ ਹੋ ਗਿਐ। ਮੈਂ ਗੁਰਚਰਨ ਨੂੰ ਕਿਹਾ ਕਿ ਅਸੀਂ ਕੁਝ ਹੋਰ ਦੋਸਤ ਵੀ ਹਾਂ। ਇਸ ਲਈ ਮੈਂ ਉਨ੍ਹਾਂ ਦੋਸਤਾਂ ਨਾਲ ਹੀ ਆ ਜਾਵਾਂਗਾ। ਗੁਰਚਰਨ ਸਿੰਘ ਨਾਲ ਵਾਘੇ ਤੇ ਜਗਤਾਰ ਨਾਲ ਸਵੇਰੇ ਪੰਜ ਵਜੇ ਮਿਲਣ ਦਾ ਇਕਰਾਰ ਕਰਕੇ ਮੈਂ ਆਪਣਾ ਅਟੈਚੀ ਤਿਆਰ ਕਰਨ ਲੱਗਾ।
ਬਾਰਾਂ ਵੱਜਣ ਵਾਲੇ ਸਨ। ਸਾਮਾਨ ਪੈਕ ਕਰਕੇ ਅਜੇ ਸੌਣ ਲਈ ਤਿਆਰੀ ਹੀ ਕਰ ਰਿਹਾ ਸਾਂ ਕਿ ਫੋਨ ਦੀ ਘੰਟੀ ਖੜਕੀ।
‘‘ਆਹ ਲੌ ਜੀ ਗੱਲ ਕਰੋ।’’ ਫੋਨ ਮਿਲਾਉਣ ਵਾਲਾ ਅੱਗੋਂ ਕਹਿ ਰਿਹਾ ਸੀ।
‘‘ਭਾਜੀ ! ਤੁਹਾਡਾ ਭਰਾ ਬਹੁਤ ਜ਼ਿਆਦਾ ਬੀਮਾਰ ਹੈ।…ਐਸ ਵੇਲੇ ਬਾਬਾ ਬੁੱਢਾ ਸਾਹਿਬ ਹਸਪਤਾਲ ਤੋਂ ਬੋਲ ਰਹੀ ਆਂ। ਸਵੇਰੇ ਸੂਰਜ ਚੜ੍ਹਦੇ ਸਾਰ ਏਥੇ ਪਹੁੰਚ ਜਾਓ। ਡਾਕਟਰ ਕੋਈ ਮੂੰਹ-ਸਿਰ ਨਹੀਂ ਦੱਸਦੇ। ਮੈਂ ਡੋਲ ਗਈ ਆਂ। ਮੈਂ ਤਾਂ ਕਮਲੀ-ਬੋਲੀ ਹੋਈ ਪਈ ਆਂ। ਕੱਲ੍ਹੀ ਜ਼ਨਾਨੀ ਕੀ ਕਰਾਂ। ਕਿਥੇ ਜਾਵਾਂ। ਉਹਨੂੰ ਲੈ ਕੇ। ਛੇਤੀ ਆ ਜਾਓ।’’ ਇਹ ਮੇਰੀ ਛੋਟੀ ਭਰਜਾਈ ਬ੍ਹੀਰੋ ਸੀ।
‘‘ਮੈਂ ਤਾਂ ਸਵੇਰੇ ਪਾਕਿਸਤਾਨ ਜਾ ਰਿਹਾਂ…।’’
‘‘ਕਿਤੇ ਨਹੀਂ ਜਾਣਾ। ਪਹਿਲਾਂ ਐਥੇ ਆਓ। ਸਭ ਕੰਮ ਛੱਡ ਕੇ।’’ ਉਹਦੀ ਜ਼ਿੱਦ ਬੜੀ ਵਾਜਬ ਸੀ। ਮੈਂ ਘਬਰਾ ਗਿਆ। ਪਤਾ ਨਹੀਂ ਮੇਰੇ ਭਰਾ ਦਾ ਕੀ ਹਾਲ ਸੀ! ਅੱਧੀ ਰਾਤ ਨੂੰ ਫੋਨ ਕਰਨਾ ਤੇ ਤੁਰੰਤ ਪਹੁੰਚਣ ਲਈ ਆਖਣਾ! ਨਿਸਚੇ ਹੀ ਬੜੀ ਗੰਭੀਰ ਗੱਲ ਸੀ।
ਪਾਕਿਸਤਾਨ ਜਾਣ ਦੇ ਸਾਰੇ ਉਤਸ਼ਾਹ ‘ਤੇ ਪਾਣੀ ਪੈ ਗਿਆ। ਇਕ ਉਮਰਾਂ ਦੀ ਸਿੱਕ ਪੂਰੀ ਹੋਣ ਜਾ ਰਹੀ ਸੀ ਪਰ ਅੱਧਵਾਟੇ ਰਹਿ ਚੱਲੀ ਸੀ ਤੇ ਉਤੋਂ ਮਾਂ-ਜਾਏ ਭਰਾ ਦੇ ਅਤਿ-ਗੰਭੀਰ ਹਾਲਤ ਵਿਚ ਹੋਣ ਦਾ ਡੂੰਘਾ ਸਦਮਾ। ਇਹ ਦੋਹਰਾ ਸਦਮਾ ਸੀ ਮੇਰੇ ਲਈ। ਮੈਂ ਬੌਂਦਲ ਗਿਆ।
‘‘ਪਾਕਿਸਤਾਨ ਜਾਣ ਤਾਂ ਰਹਿ ਗਿਆ ਹੁਣ! ਛਿੰਦੇ ਦਾ ਪਤਾ ਨਹੀਂ ਕੀ ਹਾਲ ਹੈ।’’
ਮੇਰਾ ਅੰਦਰ ਦੋਹਾਂ ਸਿਰਿਆਂ ਤੋਂ ਖਿੱਚਿਆ ਜਾ ਰਿਹਾ ਸੀ। ਅੰਤਾਂ ਦੇ ਤਣਾਓ ਨੂੰ ਢਿੱਲਾ ਕਰਨ ਲਈ ਮੇਰੀ ਪਤਨੀ ਰਜਵੰਤ ਨੇ ਕੋਸ਼ਿਸ਼ ਕੀਤੀ, ‘‘ਫਿਕਰ ਨਾ ਕਰੋ। ਕਈ ਵਾਰ ਕੱਲਾ ਬੰਦਾ ਘਬਰਾ ਜਾਂਦੈ। ਬਹੁਤੀ ਗੱਲ ਹੈ ਤਾਂ ਮੈਂ ਸਵੇਰੇ ਪਹਿਲੀ ਬੱਸੇ ਉੱਥੇ ਚਲੇ ਜਾਊਂ। ਭਿੰਦੇ ਤੇ ਰਾਜੂ ਹੁਰਾਂ ਨੂੰ ਨਾਲ ਲੈ ਲਊਂ ਜੇ ਲੋੜ ਪਈ ਤਾਂ।’’ ਉਹ ਆਪਣੇ ਭਤੀਜਿਆਂ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ। ਬੀੜ ਬਾਬਾ ਬੁੱਢਾ ਸਾਹਿਬ ਦਾ ਇਹ ਹਸਪਤਾਲ ਮੇਰੇ ਸਹੁਰੇ ਪਿੰਡ ਝਬਾਲ ਦੀ ਜ਼ਮੀਨ ਵਿਚ ਹੀ ਹੈ। ਮੇਰੀ ਪਤਨੀ ਮੇਰੀ ਜ਼ਿੰਮੇਵਾਰੀ ਓੜ੍ਹਨ ਲਈ ਤਿਆਰ ਸੀ।  ਪਰ ਨੇ ਜਾਣੀਏਂ ! ਮੈਂ ਪਾਕਿਸਤਾਨ ਜਾਣ ਦਾ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਸਾਂ।
‘‘ਉਂਜ ਜੇ ਤੁਹਾਡਾ ਮਨ ਨਹੀਂ ਮੰਨਦਾ ਤਾਂ ਬੇਸ਼ੱਕ ਨਾ ਜਾਵੋ, ਮੈਂ ਆਪਣੇ ਸਿਰ ਉਲ੍ਹਾਮਾ ਨਹੀਂ ਲੈਣਾ ਚਾਹੁੰਦੀ।’’
ਮੈਨੂੰ ਆਸਰਾ ਦੇ ਕੇ ਵੀ ਉਸ ਨੇ ਮੇਰੇ ਉੱਤੇ ਹੀ ਗੱਲ ਸੁੱਟ ਦਿੱਤੀ ਸੀ। ਮੈਂ ਇਸ ਦੇ ਭਾਰ ਹੇਠਾਂ ਦੱਬਿਆ ਜਾ ਰਿਹਾ ਸਾਂ। ਦੋਹਰੇ ਤੇ ਡੂੰਘੇ ਗ਼ਮ ‘ਚ ਡੁੱਬਾ ਮੈਂ ਛੱਤ ‘ਤੇ ਟੰਗੇ ਪੱਖੇ ਵੱਲ ਵੇਖੀ ਜਾ ਰਿਹਾ ਸਾਂ। ਰਾਤ ਦਾ ਇਕ ਵੱਜ ਚੁੱਕਾ ਸੀ। ਮੈਂ ਕਦੀ ਉਸ ਨੂੰ ਕਹਿੰਦਾ, ‘‘ਤੂੰ ਸਵੇਰੇ ਸੁਵੱਖਤੇ ਹੀ ਚਲੀ ਜਾਈਂ। ਪੈਸੇ ਨਾਲ ਲੈ ਜਾਈਂ। ਲੋੜ ਹੋਈ ਤਾਂ ਭਿੰਦੇ ਹੁਰਾਂ ਨੂੰ ਨਾਲ ਲੈ ਕੇ ਜਿਥੇ ਆਖਣ, ਦਾਖ਼ਲ ਕਰਵਾਈਂ।’’ ਪਰ ਦੂਜੇ ਪਲ ਹੀ ਆਖਦਾ, ‘‘ਚਲੋ ਛੱਡੋ! ਪਾਕਿਸਤਾਨ ਨਹੀਂ ਜਾਂਦੇ। ਫਿਰ ਕਦੀ ਮੌਕਾ ਲੱਗੂ ਤਾਂ ਵੇਖੀ ਜਾਊ।’’
ਨਿਸਚੇ ਹੀ ਭਰਾ ਕੋਲ ਜਾਣ ਦਾ ਪਲੜਾ ਭਾਰੀ ਸੀ ਪਰ ਪਾਕਿਸਤਾਨ ਦੀ ਧਰਤੀ ‘ਤੇ ਜਾਣ ਦੀ ਅੱਧੀ ਸਦੀ ਤੋਂ ਵੱਧ ਦੀ ਪਲ-ਪਲ ਪੈਂਦੀ ਖਿੱਚ ਧੁਰ ਅੰਦਰੋਂ ਤੁਣਕੇ ਮਾਰੀ ਜਾ ਰਹੀ ਸੀ।
ਮੈਂ ਜਾਗੋ-ਮੀਟੀ ਤੇ ਦੁਬਿਧਾ ਵਿਚ ਬਾਕੀ ਬਚਦੇ ਘੰਟੇ ਲੰਘਾਏ। ਚਾਰ ਵਜੇ ਫੋਨ ਦੀ ਘੰਟੀ ਖੜਕੀ। ਮੇਰੇ ਭਰਾ ਦੀ ਪਤਨੀ ਬੋਲ ਰਹੀ ਸੀ, ‘‘ਭਾ ਜੀ! ਅਸੀਂ ਜਾਗਦਿਆਂ ਰਾਤ ਲੰਘਾਈ ਹੈ। ਸਭ ਕੰਮ ਛੱਡ ਕੇ ਛੇਤੀ ਪੁੱਜਣ ਦੀ ਕਰੋ।’’
‘‘ਅੱਛਾ! ਮੈਂ ਆਉਨਾਂ, ਫਿਕਰ ਨਾ ਕਰੋ ਤੁਸੀਂ।’’ ਮੈਂ ਉਸ ਨੂੰ ਢਾਰਸ ਦਿੱਤੀ।
ਮੈਂ ਬੜੇ ਭਾਰੀ ਮਨ ਨਾਲ ਉੱਠਿਆ ਤੇ ਬਾਥਰੂਮ ਵਿਚ ਨਹਾਉਣ ਲਈ ਜਾ ਵੜਿਆ। ਫੋਨ ਦੀ ਘੰਟੀ ਖੜਕੀ। ਰਜਵੰਤ ਫੋਨ ‘ਤੇ ਗੱਲ ਕਰ ਰਹੀ ਸੀ। ਮੈਂ ਘਬਰਾ ਕੇ ਬਾਹਰ ਆਇਆ ਤਾਂ ਰਜਵੰਤ ਨੇ ਆਖਿਆ, ‘‘ਨਹਾਓ ਤੁਸੀਂ। ਭਾ ਜੀ ਜਗਤਾਰ ਦਾ ਫੋਨ ਸੀ, ਕਹਿੰਦੇ ਸਨ, ਤੁਹਾਨੂੰ ਜਗਾ ਦਿਆਂ।’’
‘‘ਤੂੰ ਆਖ ਦੇਣਾ ਸੀ‥ਕਿ ਉਨ੍ਹਾਂ ਨੇ ਨਹੀਂ ਜਾਣਾ ਹੁਣ।’’ ਮੈਂ ਬੁੜ-ਬੁੜਾਉਂਦਾ ਬਾਥਰੂਮ ਵੱਲ ਤੁਰ ਪਿਆ।
ਨਹਾ ਕੇ ਬਾਹਰ ਆਇਆ ਤਾਂ ਰਜਵੰਤ ਫ਼ੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਸੁਣਿਆ ਉਹ ਆਪਣੇ ਭਤੀਜੇ ਭੁਪਿੰਦਰ ਨੂੰ ਮੁਖ਼ਾਤਬ ਸੀ, ‘‘ਭਿੰਦਿਆ! ਹੈਥੇ ਬਾਬੇ ਬੁੱਢੇ ਹਸਪਤਾਲ ਵਿਚ ਮੇਰਾ ਦਿਉਰ ਬੀਮਾਰ ਹੈ। ਏਹਨਾਂ ਪਾਕਿਸਤਾਨ ਜਾਣਾ ਸੀ। ਤੂੰ ਪਤਾ ਕਰ ਸਕਦੈਂ ਹਸਪਤਾਲੋਂ ਕਿ ਮਰੀਜ਼ ਦੀ ਪੁਜ਼ੀਸ਼ਨ ਕੀ ਹੈ? ਕੀ ਬਿਮਾਰੀ ਹੈ ਤੇ ਏਥੇ ਉਹਦਾ ਇਲਾਜ ਹੋ ਸਕਦੈ ਜਾਂ ਨਹੀਂ। ਖ਼ਤਰੇ ਵਾਲੀ ਗੱਲ ਤਾਂ ਨਹੀਂ। ਜੇ ਖ਼ਤਰਾ ਨਾ ਹੋਵੇ ਤਾਂ ਇਹ ਚਲੇ ਜਾਣ। ਮੈਂ ਆ ਜਾਂਦੀ ਆਂ ਤੇ ਆਪਾਂ ਸਾਰਾ ਵੇਖ ਲੈਨੇਂ ਆਂ।’’
ਭੁਪਿੰਦਰ ਨੇ ਕਿਹਾ ਕਿ ਡਾਕਟਰ ਉਸ ਦਾ ਦੋਸਤ ਹੈ। ਉਹ ਉਸ ਨਾਲ ਤਾਲਮੇਲ ਕਰਕੇ ਹੁਣੇ ਸੂਚਿਤ ਕਰੇਗਾ। ਥੋੜ੍ਹੀ ਦੇਰ ਬਾਅਦ ਭੁਪਿੰਦਰ ਦਾ ਫੋਨ ਆਇਆ, ‘‘ਭੂਆ ਜੀ! ਮੈਂ ਪਤਾ ਕਰ ਲਿਐ। ਪਹਿਲੀ ਗੱਲ ਖ਼ਤਰੇ ਵਾਲੀ ਕੋਈ ਗੱਲ ਨਹੀਂ। ਉਹਦਾ ਏਥੇ ਹੀ ਠੀਕ ਇਲਾਜ ਹੋ ਜਾਊ ਤੇ ਉਹ ਰਾਜ਼ੀ ਵੀ ਹੋ ਜਾਊ। ਤੁਸੀਂ ਬੇਸ਼ੱਕ ਆ ਜਾਓ, ਆਪਾਂ ਵੇਖ ਲੈਂਦੇ ਆਂ। ਪਰ ਫਿਕਰ ਵਾਲੀ ਗੱਲ ਕੋਈ ਨਹੀਂ। ਫੁੱਫੜ ਜੀ ! ਪਾਕਿਸਤਾਨੋਂ ਹੋ ਆਉਣ। ਮਸਾਂ-ਮਸਾਂ ਕਿਤੇ ਮੌਕਾ ਮਿਲਿਐ। ਇਥੇ ਸਭ ਡਾਕਟਰ ਮੇਰੇ ਵਾਕਫ਼ ਨੇ। ਮੈਂ ਪੂਰੇ ਭਰੋਸੇ ਨਾਲ ਗੱਲ ਕਰ ਰਿਹਾਂ।’’ ਭੁਪਿੰਦਰ ਦੀ ਗੱਲ ਨਾਲ ਮੈਨੂੰ ਹੌਸਲਾ ਹੋਇਆ।
‘‘ਫਿਰ ਹੁਣ?’’
ਭਰਾ ਨੂੰ ਬੀਮਾਰ ਛੱਡ ਕੇ ਤੁਰ ਜਾਣ ਦੇ ਵਿਚਾਰ ਨਾਲ ਪੈਦਾ ਹੋਏ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਮੈਂ ਪਤਨੀ ਤੋਂ ਅਜੇ ਵੀ ਆਸਰਾ ਭਾਲ ਰਿਹਾ ਸਾਂ ਕਿ ਮੈਂ ਤਾਂ ਪਾਕਿਸਤਾਨ ਉਸ ਦੇ ਕਹਿਣ ‘ਤੇ ਹੀ ਜਾਣ ਲੱਗਾ ਹਾਂ…ਵਰਨਾ!
‘‘ਵੇਖ ਲੌ…ਖ਼ਤਰੇ ਵਾਲੀ ਗੱਲ ਤਾਂ ਕੋਈ ਨਹੀਂ। ਮੈਂ ਚਲੇ ਹੀ ਜਾਣੈ….। ਜੇ ਉਹੋ ਜਿਹੀ ਗੱਲ ਹੁੰਦੀ ਮੈਂ ਤੁਹਾਨੂੰ ਆਪ ਹੀ ਰੋਕ ਲੈਣਾ ਸੀ। ਆਖੋ ਤਾਂ ਮੈਂ ਬੀਰ੍ਹੋ ਨਾਲ ਹੁਣੇ ਗੱਲ ਵੀ ਕਰ ਲੈਂਦੀ ਹਾਂ।’’
ਉਸ ਨੇ ਹਸਪਤਾਲ ਦਾ ਨੰਬਰ ਘੁਮਾਇਆ ਤੇ ਬੀਰ੍ਹੋ ਨੂੰ ਸੱਦਿਆ। ਉਸ ਨੂੰ ਸਾਰੀ ਗੱਲ ਦੱਸ ਕੇ ਹੌਸਲਾ ਦਿੱਤਾ ਤੇ ਦੱਸਿਆ ਕਿ ਸਾਰੀ ਗੱਲ ਪਤਾ ਲੱਗਣ ਤੋਂ ਪਿਛੋਂ ਹੀ ਮੈਂ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਹੈ।
ਉਸ ਨੂੰ ਢਾਰਸ ਦੇ ਕੇ ਹਟੀ ਹੀ ਸੀ ਕਿ ਬਾਹਰੋਂ ਕਾਰ ਦਾ ਹਾਰਨ ਸੁਣਾਈ ਦਿੱਤਾ। ਜਗਤਾਰ ਆ ਗਿਆ ਸੀ।
‘‘ਜਾਓ ਤੁਸੀਂ! ਮੈਂ ਬੀਰ੍ਹੋ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ। ਮੈਂ ਤੁਹਾਡੇ ਪਿੱਛੇ-ਪਿੱਛੇ ਹੀ ਚਲੀ ਜਾਂਦੀ ਹਾਂ।’’
ਬੀਰ੍ਹੋ ਨਾਲ ਹੋਈ ਜਿਹੜੀ ਗੱਲ ਰਜਵੰਤ ਨੇ ਲੁਕਾਈ ਰੱਖੀ ਤੇ ਪਾਕਿਸਤਾਨੋਂ ਪਰਤਣ ਤੋਂ ਬਾਅਦ ਸੁਣਾਈ, ਉਹ ਬੜੀ ਵਾਜਬ ਵੀ ਸੀ ਤੇ ਦਿਲਚਸਪ ਵੀ। ਜਦੋਂ ਉਹ ਬੀਰ੍ਹੋ ਨੂੰ ਫੋਨ ਕਰਕੇ ਹੌਸਲਾ ਦੇਣਾ ਚਾਹ ਰਹੀ ਸੀ ਤਾਂ ਉਹ ਰਜਵੰਤ ਦੀ ਗੱਲ ਸੁਣਨ ਦੀ ਥਾਂ ਅੱਗੋਂ ਪੁੱਛੀ ਜਾ ਰਹੀ ਸੀ, ‘‘ਭਾ ਜੀ ਚਲੇ ਗਏ ਨੇ? ਭਾ ਜੀ ਨੇ ਨਹੀਂ ਆਉਣਾ? ਭਾ ਜੀ ਚਲੇ ਗਏ ਨੇ?’’
‘‘ਕੋਈ ਫਿਕਰ ਵਾਲੀ ਗੱਲ ਨਹੀਂ। ਭਿੰਦੇ ਦੇ ਆਖਣ ‘ਤੇ ਹੀ ਉਹ ਗਏ ਨੇ।’’
ਇਹ ਸੁਣਦਿਆਂ ਹੀ ਬੀਰ੍ਹੋ ਨੇ ਫ਼ੋਨ ਪਾਸੇ ਰੱਖ ਦਿੱਤਾ ਤੇ ਨਿਰਾਸ਼ਾ ਤੇ ਦੁੱਖ ਨਾਲ ਆਖਿਆ, ‘‘ਫਿੱਟੇ-ਮੂੰਹ ਇਹੋ ਜਿਹੇ ਭਰਾ ਦਾ।’’
ਟੈਲੀਫੋਨ ਦਾ ਚੋਂਗਾ ਹੇਠਾਂ ਰੱਖਣ ਦੀ ਆਵਾਜ਼ ਆਈ। ਰਜਵੰਤ ਨੇ ‘ਹੈਲੋ-ਹੈਲੋ’ ਕਰਕੇ ਦੋਬਾਰਾ ਉਸ ਨੂੰ ਫੋਨ ਚੁੱਕਣ ਲਈ ਕਿਹਾ ਤੇ ਦੋਬਾਰਾ ਡਾਕਟਰ ਨਾਲ ਹੋਈ ਭੁਪਿੰਦਰ ਦੀ ਗੱਲਬਾਤ ਸੁਣਾਈ।
ਕੁਝ ਵੀ ਸੀ ਬੀਰ੍ਹੋ ਦੀ ਗੱਲ ਸੱਚੀ ਸੀ। ਇਹ ਵੱਖਰੀ ਗੱਲ ਹੈ ਜਦੋਂ ਰਜਵੰਤ ਉਥੇ ਪਹੁੰਚੀ, ਮੇਰਾ ਭਰਾ ਸੁਰਿੰਦਰ ਠੀਕ ਨਜ਼ਰ ਆਇਆ। ਮਾਹੌਲ ਸੁਖਾਵਾਂ ਹੋਇਆ ਤਾਂ ਬੀਰ੍ਹੋ ਨੇ ਵੱਖਰੇ ਤੌਰ ‘ਤੇ ਮੇਰੀ ਪਤਨੀ ਅੱਗੇ ਹੱਥ ਜੋੜਦਿਆਂ ਕਿਹਾ, ‘‘ਭੈਣ ਜੀ ਬੀਬੀ ਭੈਣ ਬਣ ਕੇ ਭਾ ਜੀ ਨੂੰ ਇਹ ਗੱਲ ਨਾ ਦੱਸਿਓ।’’
ਕੁਝ ਵੀ ਸੀ! ਭਾਵੇਂ ਉਸ ਪਲ ਤਾਂ ਰਜਵੰਤ ਨੇ ਇਹ ਗੱਲ ਮੈਨੂੰ ਦੱਸੀ ਵੀ ਨਹੀਂ ਸੀ ਪਰ ਜਗਤਾਰ ਹੁਰਾਂ ਨਾਲ ਕਾਰ ਵਿਚ ਬੈਠ ਕੇ ਵਾਘੇ ਨੂੰ ਤੁਰਨ ਵਾਸਤੇ ਮੇਰੇ ਮਨ ਵਿਚ ਜਿਹੜਾ ਚਾਅ ਤੇ ਉਤਸ਼ਾਹ ਹੋਣਾ ਚਾਹੀਦਾ ਸੀ, ਉਹ ਬਿਲਕੁਲ ਗ਼ਾਇਬ ਸੀ। ਮੈਂ ਨਮੋਸ਼ੀ ਵਿਚ ਆਪਣੇ ਅੰਦਰ ਹੀ ਗਰਕਿਆ ਹੋਇਆ ਪਿਆ ਸਾਂ। ਮੇਰਾ ਧੁਰ ਅੰਦਰਲਾ ਕਹਿ ਰਿਹਾ ਸੀ, ‘‘ਤੇਰੀ ਪਾਕਿਸਤਾਨ ਜਾਣ ਦੀ ਖਿੱਚ ਏਨੀ ਪਰਬਲ ਸੀ ਕਿ ਜੇ ਤੇਰੇ ਭਰਾ ਬਾਰੇ ਠੀਕ ਹੋ ਸਕਣ ਦਾ ਸੁਨੇਹਾ ਤੈਨੂੰ ਨਾ ਵੀ ਮਿਲਦਾ ਤੂੰ ਤਦ ਵੀ ਪਾਕਿਸਤਾਨ ਚਲੇ ਜਾਣਾ ਸੀ, ਐਵੇਂ ਉੱਤੋ-ਉੱਤੋਂ ਸੱਚਾ ਹੋਣ ਦੀ ਕੋਸ਼ਿਸ਼ ਨਾ ਕਰ।’’
ਮੇਰੇ ਆਪਣੇ ਹੀ ਮਨ ਵਲੋਂ ਮਿਲੀ ਫਿਟਕਾਰ ਮੇਰੀ ਰੂਹ ਤੇ ਮੇਰੇ ਮੂੰਹ ਉੱਤੇ ਉੱਕਰੀ ਹੋਈ ਸੀ। ਜੇ ਬੀਰ੍ਹੋ ਨੇ ਆਖ ਦਿੱਤਾ ਤਾਂ ਕੋਈ ਅਲੋਕਾਰ ਗੱਲ ਤਾਂ ਨਹੀਂ ਸੀ!
ਜਗਤਾਰ ਤੇ ਮੈਂ ਵਾਘਾ ਬਾਰਡਰ ‘ਤੇ ਪੁੱਜਣ ਵਾਲੇ ਪਹਿਲੇ ਆਦਮੀਆਂ ‘ਚੋਂ ਸਾਂ। ਹੌਲੀ-ਹੌਲੀ ਦੂਜੇ ਡੈਲੀਗੇਟ ਮਿੱਤਰ ਵੀ ਪਹੁੰਚਣੇ ਸ਼ੁਰੂ ਹੋ ਗਏ।
ਕਈ ਜਾਣੇ-ਪਛਾਣੇ ਲੇਖਕ ਮਿੱਤਰ ਇਕ ਦੂਜੇ ਨੂੰ ਮਿਲ ਵੀ ਰਹੇ ਸਨ ਤੇ ਕਾਨਫ਼ਰੰਸ ਦੇ ਧੁੰਦਲੇ ਪ੍ਰਬੰਧ ਬਾਰੇ ਗਿਲੇ-ਸ਼ਿਕਵੇ ਵੀ ਕਰ ਰਹੇ ਸਨ। ਕਿਸੇ ਨੇ ਕਿਹਾ, ‘‘ਇਸ ਕਾਨਫ਼ਰੰਸ ਦਾ ਸਾਰਾ ਪ੍ਰਬੰਧ ਹੀ ਸਸਪੈਂਸ ਫਿਲਮ ਵਰਗਾ ਹੈ। ਹੁਣ ਤੱਕ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਹੜਾ ਜਾ ਰਿਹਾ ਹੈ ਤੇ ਕਿਹੜਾ ਨਹੀਂ। ਵੀਜ਼ਾ ਲਗਾ ਹੈ ਜਾਂ ਨਹੀਂ। ਤਕੜੇ ਹੋ ਕੇ ਆਪਣੀ ਹਿੰਮਤ ਨਾਲ ਜੇ ਕਿਸੇ ਨੇ ਪਤਾ ਲਗਾ ਲਿਆ ਹੋਵੇ ਤਾਂ ਵੱਖਰੀ ਗੱਲ ਹੈ। ਹੁਣ ਪਤਾ ਨਹੀਂ ਐਥੇ ‘ਕੱਠੇ ਹੋਣਾ ਕਿ ਰੇਲਵੇ ਸਟੇਸ਼ਨ ‘ਤੇ।’’
ਇਹ ਸੱਚੀ ਗੱਲ ਸੀ। ਬਹੁਤ ਸਾਰੇ ਮਿੱਤਰ ਆਪਣੇ ਆਪ ਹੀ ਬਾਰਡਰ ‘ਤੇ ਦੱਸੇ ਹੋਏ ਹੋਟਲ ਵਿਚ ਪੁੱਜ ਗਏ ਸਨ, ਇਸ ਆਸ ਨਾਲ ਕਿ ਵੀਜ਼ਾ ਲੱਗ ਗਿਆ ਹੋਵੇਗਾ। ਮੇਲੇ ਵਾਲਾ ਮਾਹੌਲ ਬਣਿਆ ਹੋਇਆ ਸੀ। ਲੰਮੀ ਉਡੀਕ ਤੋਂ ਬਾਅਦ ਚੰਡੀਗੜ੍ਹ ਤੇ ਦਿੱਲੀ ਵਾਲੇ ਡੈਲੀਗੇਟ ਤੇ ਆਗੂ ਪੁੱਜ ਗਏ। ਬਾਹਰ ਮੇਜ਼ ਲਗਾਏ ਗਏ ਤੇ ਪ੍ਰਬੰਧਕਾਂ ਵਲੋਂ ਨਾਮਜ਼ਦ ਬੰਦੇ ਪਾਸਪੋਰਟ ਦੇਣ ਲੱਗੇ। ਹਰ ਇਕ ਨੂੰ ਆਪਣਾ ਪਾਸਪੋਰਟ ਲੈਣ ਤੇ ਵੀਜ਼ਾ ਲੱਗਿਆ ਵੇਖਣ ਦੀ ਕਾਹਲੀ ਸੀ।
ਅਸੀਂ ਵੀ ਆਪਣੇ ਪਾਸਪੋਰਟ ਪ੍ਰਾਪਤ ਕੀਤੇ। ਆਪੋ-ਧਾਪੀ ਪਈ ਹੋਈ ਸੀ। ਪਾਸਪੋਰਟ ਲੈਣ ਤੋਂ ਪਿੱਛੋਂ ਅਟਾਰੀ ਰੇਲਵੇ ਸਟੇਸ਼ਨ ‘ਤੇ ਪੁੱਜਣਾ ਸੀ। ਸਭ ਕਾਹਲੀ ਵਿਚ ਸਨ। ਸਾਡਾ ਟੈਕਸੀ ਵਾਲਾ ਵਾਪਸ ਪਰਤਣਾ ਚਾਹੁੰਦਾ ਸੀ। ਉਸ ਨੇ ਆਉਂਦਿਆਂ ਹੀ ਵਾਪਸ ਜਾਣ ਦੀ ਕਾਹਲੀ ਪਾਈ ਹੋਈ ਸੀ। ਉਸ ਨੂੰ ਫ਼ਾਰਗ ਕਰਨ ਹਿੱਤ ਅਸੀਂ ਪਾਸਪੋਰਟ ਮਿਲਦਿਆਂ ਹੀ ਤੁਰ ਪਏ।
ਅਟਾਰੀ ਰੇਲਵੇ ਸਟੇਸ਼ਨ ਦੇ ਬਾਹਰ ਇਕ ਛੋਟੀ ਜਿਹੀ ਖੋਖਾ-ਨੁਮਾ ਦੁਕਾਨ ਸੀ ਜਿਥੇ ਭਾਰਤੀ ਕਰੰਸੀ ਦੇ ਬਦਲ ਵਿਚ ਪਾਕਿਸਤਾਨੀ ਕਰੰਸੀ ਮਿਲਦੀ ਸੀ। ਭਾਰਤੀ ਸੌ ਰੁਪਏ ਦੇ ਇਕ ਸੌ ਵੀਹ ਪਾਕਿਸਤਾਨੀ ਰੁਪਏ। ਜਗਤਾਰ ਮੈਨੂੰ ਕਹਿੰਦਾ,’’ਤੂੰ ਇਕੱਠੀ ਹੀ ਕਰੰਸੀ ਚੇਂਜ ਕਰਾ ਲੈ। ਆਪਾਂ ਬਾਅਦ ਵਿਚ ਹਿਸਾਬ ਕਰ ਲਵਾਂਗੇ।’’
ਅਜਮੇਰ ਸਿੰਘ ਔਲਖ ਕਹਿੰਦਾ, ‘‘ਯਾਰ ਮੇਰੇ ਲਈ ਵੀ ਕੁਝ ਲੈ ਲੈ।’’
ਮੈਂ ਦਸ ਹਜ਼ਾਰ ਰੁਪਏ ਦਿੱਤੇ ਤੇ ਸਾਹਮਣੇ ਬੈਠੇ ਸਰਦਾਰ ਨੇ ਬਾਰਾਂ ਹਜ਼ਾਰ ਗਿਣ ਕੇ ਮੇਰੇ ਹੱਥ ਫੜਾਏ।…ਕੋਈ ਜਾਣੂ ਸਾਨੂੰ ਤੁਰਿਆਂ ਜਾਂਦਿਆਂ ਕਹਿਣ ਲੱਗਾ, ‘‘ਕਰੰਸੀ ਅੰਦਰੋਂ ਚੇਂਜ ਕਰਵਾਉਣੀ ਸੀ, ਜ਼ਿਆਦਾ ਪੈਸੇ ਮਿਲਣੇ ਸਨ।’’
ਪਰ ਅਸੀਂ ਤਾਂ ਪਹਿਲਾਂ ਪੁੱਜਣ, ਪਹਿਲਾਂ ਕਰੰਸੀ ਰੇਂਜ ਕਰਨ ਤੇ ਪਹਿਲਾਂ ਹੀ ਇਮੀਗਰੇਸ਼ਨ ਕਰਾਉਣ ਦਾ ਰਿਕਾਰਡ ਬਣਾਉਣਾ ਚਾਹੁੰਦੇ ਸਾਂ ਤੇ ਇਹ ਅਸੀਂ ਬਣਾ ਹੀ ਲਿਆ। ਹੋਰ ਲੋਕ ਵੀ ਵੱਖ-ਵੱਖ ਕਾਊਂਟਰਾਂ ‘ਤੇ ਆਪਣੇ ਫਾਰਮ ਭਰਨ ਵਿਚ ਰੁੱਝੇ ਹੋਏ ਸਨ। ਅਸੀਂ ਟਰਾਲੀਆਂ ‘ਤੇ ਸਾਮਾਨ ਲੱਦਿਆ ਤੇ ਕਸਟਮ ਵਾਲਿਆਂ ਤੋਂ ਨਿਸ਼ਾਨ ਲਵਾ ਕੇ ਪਲੇਟਫਾਰਮ ‘ਤੇ ਪੁੱਜ ਗਏ। ਇਕ ਜੇਤੂ ਅਹਿਸਾਸ ਨਾਲ ਅਸੀਂ ਚੁਫੇਰੇ ਵੇਖਿਆ। ਜੰਗਲਿਆਂ ਤੋਂ ਪਾਰ-ਉਰਾਰ ਵੱਡੀ ਗਿਣਤੀ ਵਿਚ ਮੁਸਲਿਮ ਆਦਮੀ, ਔਰਤਾਂ ਤੇ ਬੱਚੇ ਆਪਣੇ ਸਾਮਾਨ ਨਾਲ ਆਪਣਾ ਹਥਲਾ ਕੰਮ ਨਿਪਟਾਉਣ ਵਿਚ ਰੁੱਝੇ ਹੋਏ ਸਨ। ਕੱਪੜਿਆਂ ਤੇ ਦਿੱਖ ਤੋਂ ਗਰੀਬ ਇਹ ਲੋਕ ਹੀ ਸ਼ਾਇਦ ਟਰੇਨ ਦੀਆਂ ਸਵਾਰੀਆਂ ਬਣਨ ਦੇ ਯੋਗ ਸਨ। ਅਮੀਰਾਂ ਲਈ ਤਾਂ ਮਹਿੰਗੀ ਬੱਸ ਜਾਂ ਹਵਾਈ ਜਹਾਜ਼ ਸਨ। ਲੋਹੇ ਦੇ ਟਰੰਕਾਂ ਤੇ ਵੱਡੀਆਂ-ਛੋਟੀਆਂ ਗੰਢਾਂ ਵਿਚ ਸੀ ਉਨ੍ਹਾਂ ਦਾ ਸਾਮਾਨ। ਵਿਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਵਾਂਗ ਉਨ੍ਹਾਂ ਕੋਲ ਵੱਡੇ ਤੇ ਵਧੀਆ ਸੂਟ-ਕੇਸ ਨਹੀਂ ਸਨ।
ਇਕ-ਇਕ, ਦੋ-ਦੋ ਕਰਕੇ ਸਾਡੇ ਜਾਣੂ ਮਿੱਤਰ ਤੁਰੇ ਆ ਰਹੇ ਸਨ। ਗੁਰਭਜਨ ਗਿੱਲ, ਜੋਗਿੰਦਰ ਕੈਰੋਂ, ਦਲਬੀਰ ਚੇਤਨ, ਸਰਵਣ ਸਿੰਘ, ਸਤਿਨਾਮ ਮਾਣਕ, ਰਘਬੀਰ ਸਿੰਘ ਤੇ ਉਸ ਦੀ ਪਤਨੀ ਸੁਲੇਖਾ। ਸਭ ਆਪੋ-ਆਪਣੀਆਂ ਨਿੱਕੀਆਂ-ਨਿੱਕੀਆਂ ਢਾਣੀਆਂ ਵਿਚ ਖੜੋਤੇ ਗੱਪ-ਗੋਸ਼ਟੀਆਂ ਵਿਚ ਰੁੱਝ ਗਏ। ਮੈਂ ਸੁਲੇਖਾ ਵੱਲ ਵੇਖ ਕੇ ਕਿਹਾ, ‘‘ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੁਸੀਂ ਵੀ ਆਉਣੈ ਤਾਂ ਮੈਂ ਵੀ ਰਜਵੰਤ ਵਾਸਤੇ ਪ੍ਰਬੰਧਕਾਂ ਨੂੰ ਨਿਵੇਦਨ ਕਰ ਵੇਖਦਾ।’’
ਅਸਲ ਵਿਚ ਜਦੋਂ ਪੰਜ ਕੁ ਸਾਲ ਪਹਿਲਾਂ ਅਸੀਂ ਦੋਹਾਂ ਜੀਆਂ ਨੇ ਪਾਸਪੋਰਟ ਬਣਾਏ ਸਨ ਤਾਂ ਸਾਡੇ ਮਨ ਵਿਚ ਸਿਰਫ਼ ਏਨੀ ਕੁ ਹੀ ਉਡਾਰੀ ਸੀ ਕਿ ਇਨ੍ਹਾਂ ਸਹਾਰੇ ਅਸੀਂ ਕਦੀ ਨਾ ਕਦੀ ਪਾਕਿਸਤਾਨ ਗੇੜਾ ਮਾਰ ਆਵਾਂਗੇ। ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਤਾਂ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਇਹ ਵੱਖਰੀ ਗੱਲ ਸੀ ਕਿ ‘ਮਿਲਵਾਕੀ ਕਾਨਫ਼ਰੰਸ’ ਦੇ ਬਹਾਨੇ ਮੈਂ ਇਹ ਤਿੰਨੇ ਮੁਲਕ ਵੀ ਵੇਖ ਲਏ ਤੇ ਫਿਰ ਆਪਣੇ ਪੁੱਤਰ ਸੁਪਨਦੀਪ ਦੇ ਵਿਆਹ ਦੇ ਸਬੰਧ ਵਿਚ ਪਿਛਲੇ ਸਾਲ ਦੋਵੇਂ ਜੀਅ ਕੈਨੇਡਾ ਗੇੜੀ ਮਾਰ ਆਏ ਸਾਂ। ਪਰ ਜਿਸ ਉਚੇਚੇ ਮਕਸਦ ਲਈ ਪਾਸਪੋਰਟ ਬਣਾਇਆ ਸੀ, ਉਸਦਾ ਮੌਕਾ ਤਾਂ ਹੁਣੇ ਆਇਆ ਸੀ। ਰਜਵੰਤ ਨੇ ਮੈਨੂੰ ਆਖਿਆ ਸੀ, ‘‘ਵੇਖ ਲੋ! ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਪਾਕਿਸਤਾਨ ਜਾਵਾਂਗੇ ਤਾਂ ਇਕੱਠੇ ਜਾਵਾਂਗੇ। ਹੁਣ ਤੁਸੀਂ ਨਾਂ ਹੀ ਨਹੀਂ ਲੈਂਦੇ।’’
ਮੈਂ ਉਸ ਨੂੰ ਸਮਝਾਇਆ ਕਿ ਇਸ ਕਾਨਫ਼ਰੰਸ ਵਿਚ ਉਹ ਮਹੱਤਵਪੂਰਨ ਬੰਦਿਆਂ ਨੂੰ ਲਿਜਾ ਰਹੇ ਹਨ। ਉਨ੍ਹਾਂ ਨੂੰ ਜਿਨ੍ਹਾਂ ਦਾ ਆਪੋ ਆਪਣੇ ਖੇਤਰ ਵਿਚ ਉਚੇਚਾ ਯੋਗਦਾਨ ਹੋਵੇ।
‘‘ਜਿਹੜਾ ਬੰਦਾ ਫਾਰਮ ਦੇਣ ਆਇਆ ਸੀ, ਉਹਦੇ ਯੋਗਦਾਨ ਦਾ ਤਾਂ ਤੁਹਾਨੂੰ ਪਤਾ ਕੋਈ ਨਹੀਂ। ਉਹ ਵੀ ਜਲੰਧਰ ਦਾ ਹੀ ਰਹਿਣ ਵਾਲਾ ਸੀ। ਨਾ ਤੁਸੀਂ ਉਹਦੀਆਂ ਪ੍ਰਾਪਤੀਆਂ ਨੂੰ ਜਾਣਦੇ ਸੀ ਤੇ ਨਾ ਉਹ ਤੁਹਾਨੂੰ ਤੇ ਜਗਤਾਰ ਹੁਰਾਂ ਨੂੰ ਜਾਣਦਾ ਸੀ। ਤੁਸੀਂ ਲੱਲੂ ਪਾਤਸ਼ਾਹ ਓ…ਤੁਹਾਨੂੰ ਕੁਝ ਪਤਾ ਨਹੀਂ, ਸਭ ਚਲਦਾ ਹੈ। ਨਾਲੇ ਲੇਖਕ ਸਭਾ ਦੇ ਕਿਤਾਬਚੇ ਵਿਚ ਮੈਂ ਵੀ ਲੇਖਕ ਵਜੋਂ ਦਰਜ ਹਾਂ।’’
ਉਹ ਸਮਝਾ ਵੀ ਰਹੀ ਸੀ ਤੇ ਤਰਲਾ ਵੀ ਲੈ ਰਹੀ ਸੀ। ਪਰ ਮੈਨੂੰ ਸੰਗ ਆਉਂਦੀ ਸੀ ਕਿ ਕਿਸੇ ਪ੍ਰਬੰਧਕ ਨੂੰ ਆਪਣੀ ਪਤਨੀ ਦਾ ਵੀਜ਼ਾ ਲੁਆਉਣ ਲਈ ਵੀ ਆਖਾਂ। ਉਹ ਨਿਰਾਸ਼ ਹੋ ਕੇ ਚੁੱਪ ਕਰ ਗਈ ਸੀ। ਰਾਤੀਂ ਜਦੋਂ ਰਘਬੀਰ ਸਿੰਘ ਨੇ ਫੋਨ ‘ਤੇ ਸੁਲੇਖਾ ਦੇ ਜਾਣ ਬਾਰੇ ਦੱਸਿਆ ਸੀ ਤਾਂ ਮੈਂ ਰਜਵੰਤ ਕੋਲੋਂ ਇਹ ਗੱਲ ਲੁਕਾਈ ਰੱਖੀ ਸੀ।
ਮੈਂ ਜਦੋਂ ਰਜਵੰਤ ਦੀ ਇਸ ਹਸਰਤ ਦਾ ਜ਼ਿਕਰ ਕੀਤਾ ਤਾਂ ਸੁਲੇਖਾ ਕਹਿਣ ਲੱਗੀ, ‘‘ਲਓ! ਛੱਡੋ ਪਰੇ! ਤੁਸੀਂ ਲੈ ਆਉਣਾ ਸੀ, ਇਹਦੇ ‘ਚ ਕਿਹੜੀ ਗੱਲ ਸੀ। ਔਹ ਵੇਖੋ।’’
ਆਸੇ-ਪਾਸੇ ਵੇਖਿਆਂ ਜਾਣਿਆਂ ਜੋ ਰਹੱਸ ਉਦਘਾਟਨ ਹੋ ਰਿਹਾ ਸੀ, ਉਥੋਂ ਮੈਨੂੰ ਰਜਵੰਤ ਸੱਚੀ ਲੱਗੀ। ਦੱਸਣ ਵਾਲਾ ਦੱਸ ਰਿਹਾ ਸੀ, ‘‘ਔਹ ਵੇਖੋ! ਜਿਹੜਾ ਸਾਹਬ ਪਾਸਪੋਰਟ ਵੰਡਣ ਡਿਹਾ ਸੀ, ਉਹਦੀ ਘਰਵਾਲੀ ਨਾਲ ਹੈ ਤੇ ਨਾਲ ਹੀ ਹੈ ਉਹਦਾ ਸਾਲਾ ਤੇ ਔਹ ਜਿਹੜਾ ਟੋਪੀ ਵਾਲਾ ਮੁੰਡਾ ਉਹਦਾ ਸਹਾਇਕ ਸੀ, ਉਹ ਇਕ ਪ੍ਰਬੰਧਕ ਐਡਵੋਕੇਟ ਦਾ ਪੁੱਤਰ ਹੈ ਤੇ ਨਾਲ ਹੈ ਉਸ ਐਡਵੋਕੇਟ ਦਾ ਸਾਰਾ ਪਰਿਵਾਰ।’’
ਪਰ, ਬਾਰਡਰ ‘ਤੇ ਮਿਲਣ ਵਾਲੇ ਹੋਰ ਲੇਖਕ ਇਥੇ ਹਾਜ਼ਰ ਨਹੀਂ ਸਨ। ਪਤਾ ਲੱਗਾ ਉਨ੍ਹਾਂ ਦਾ ਵੀਜ਼ਾ ਹੀ ਨਹੀਂ ਲੱਗਾ। ਪਾਸਪੋਰਟ ਵੀ ਉਨ੍ਹਾਂ ਨੂੰ ਕਾਨਫ਼ਰੰਸ ਤੋਂ ਪਿੱਛੋਂ ਮਿਲਣਗੇ। ਵਿਚਾਰੇ ਨਿਰਾਸ਼ ਪਰਤ ਗਏ ਨੇ। ਕਈ ਕਹਿ ਰਹੇ ਸਨ ਕਿ ਉਨ੍ਹਾਂ ਦੇ ਪਾਸਪੋਰਟ ਪਾਕਿਸਤਾਨੀ ਅੰਬੈਸੀ ਸਾਹਮਣੇ ਵੀਜ਼ੇ ਲਈ ਪੇਸ਼ ਹੀ ਨਹੀਂ ਸਨ ਕੀਤੇ ਗਏ। ਕੋਈ ਕਹਿ ਰਿਹਾ ਸੀ ਨਿਸਚਿਤ ਗਿਣਤੀ ਤੋਂ ਵੱਧ ਬੰਦੇ ਹੋ ਜਾਣ ਕਰਕੇ ਪ੍ਰਬੰਧਕਾਂ ਨੂੰ ਪਾਕਿ ਅੰਬੈਸੀ ਦੇ ਅਧਿਕਾਰੀਆਂ ਨੇ ਕੁਝ ਨਾਂ ਕੱਟਣ ਲਈ ਕਿਹਾ ਤੇ ਇਨ੍ਹਾਂ ਲੋਕਾਂ ਦੇ ਨਾਂ ਕੱਟ ਦਿੱਤੇ ਗਏ।
ਸਾਨੂੰ ਬਾਰਡਰ ਤੋਂ ਆ ਕੇ ਵਾਪਸ ਪਰਤ ਜਾਣ ਵਾਲਿਆਂ ਦੀ ਹਾਲਤ ‘ਤੇ ਤਰਸ ਆ ਰਿਹਾ ਸੀ। ਇਹ ਗੱਲ ਡਾਢੀ ਮਾੜੀ ਹੋਈ ਸੀ। ਇਹ ਸਾਡੇ ਨਾਲ ਵੀ ਤਾਂ ਹੋ ਸਕਦੀ ਸੀ! ਜਦੋਂ ਰਾਤੀਂ ਸਾਨੂੰ ਵੀਜ਼ੇ ਲੱਗਣ ਦੀ ਪੁਸ਼ਟੀ ਨਹੀਂ ਹੋ ਰਹੀ ਸੀ ਤਾਂ ਅਸੀਂ ਵੀ ਤਾਂ ਇਹੋ ਹੀ ਸੋਚਿਆ ਸੀ ਕਿ ਚਲੋ ਬਾਰਡਰ ‘ਤੇ ਜਾ ਕੇ ਵੇਖ ਲਵਾਂਗੇ ਕੀ ਕੱਟਾ-ਕੱਟੀ ਨਿਕਲਦੇ ਐ। ਜੇ ਸਾਨੂੰ ਵੀ ਉਨ੍ਹਾਂ ਵਾਂਗ ਵਾਪਸ ਪਰਤਣਾ ਪੈਂਦਾ ਤਾਂ ਕਿੰਨੀ ਮਾਯੂਸੀ ਹੋਣੀ ਸੀ ਅਤੇ ਕਿੰਨਾ ਰੰਜ!
ਉਧਰ ਸੰਤੋਖ ਸਿੰਘ ਮੰਡੇਰ ਆਖਦਾ ਫਿਰਦਾ ਸੀ ਕਿ ਉਸ ਦਾ ਕੀ ਕਸੂਰ ਹੈ! ਉਹ ਤਾਂ ਇਕੱਲਾ ਦਿੱਲੀ-ਚੰਡੀਗੜ੍ਹ ਦੇ ਫੇਰੇ ਮਾਰ-ਮਾਰ ਖਪ ਗਿਐ।
ਜੋਗਿੰਦਰ ਕੈਰੋਂ ਤੇ ਦਲਬੀਰ ਚੇਤਨ ‘ਅਜੋਕੇ ਸ਼ਿਲਾਲੇਖ’ ਦਾ ‘ਕਾਨਫ਼ਰੰਸ ਵਿਸ਼ੇਸ਼ ਅੰਕ’ ਟਰਾਲੀ ‘ਤੇ ਲੱਦੀ ਫਿਰਦੇ ਸਨ ਜਿਸ ਵਿਚ ਗੁਰਮੁਖੀ ਤੇ ਸ਼ਾਹਮੁਖੀ ਵਿਚ ਛਪੀਆਂ ਲਿਖਤਾਂ ਸ਼ਾਮਲ ਸਨ। ਡੈਲੀਗੇਟਾਂ ਦੀਆਂ ਤਸਵੀਰਾਂ ਵਾਲੀ ਇਕ ਦੋਵਰਕੀ ਜਿਹੀ ਵੀ ਹੱਥ ਲੱਗੀ। ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜਾ ਰਹੇ ਸਨ, ਉਨ੍ਹਾਂ ਦੀਆਂ ਤਸਵੀਰਾਂ ਗਾਇਬ ਸਨ ਤੇ ਹੋਰ ਬਹੁਤ ਸਾਰੇ ਅਜਿਹੇ ਚਿਹਰੇ ਹਾਜ਼ਰ ਸਨ, ਜਿਨ੍ਹਾਂ ਨੂੰ ਜਾਣ ਤੋਂ ਜੁਆਬ ਮਿਲ ਗਿਆ ਸੀ। ਪਰ ਉਨ੍ਹਾਂ ਦੀਆਂ ਛਪੀਆਂ ਜਾ ਅਣਛਪੀਆਂ ਤਸਵੀਰਾਂ ਹੀ ਦੱਸਦੀਆਂ ਸਨ ਕਿ ਪਹਿਲਾਂ ਹੋਏ ਫੈਸਲੇ ਅੰਤਲੇ ਸਮਿਆਂ ਵਿਚ ਬਦਲ ਲਏ ਗਏ।
ਗੁਰਚਰਨ ਸਿੰਘ, ਉਸਦਾ ਭਰਾ ਅਮਰ ਸਿੰਘ ਤੇ ਉਨ੍ਹਾਂ ਦੇ ਦੋ ਕੁ ਹੋਰ ਸਨੇਹੀ ਵੀ ਪਹੁੰਚ ਗਏ। ਗੁਰਚਰਨ ਕਹਿ ਰਿਹਾ ਸੀ ਕਿ ਮੈਨੂੰ ਕੋਈ ਮਿਲਣ ਵਾਲਾ ਬਾਹਰ ਯਾਦ ਕਰਦਾ ਸੀ। ਇਕ ਪ੍ਰਕਿਰਿਆ ‘ਚੋਂ ਲੰਘਣ ਪਿੱਛੋਂ ਮੇਰੇ ਲਈ ਬਾਹਰ ਜਾਣਾ ਮੁਸ਼ਕਿਲ ਸੀ। ਉਸ ਨੇ ਬਾਹਰਲੇ ਸੱਜਣ ਦਾ ਹੱਥ ਲਿਖਿਤ ਰੁੱਕਾ ਮੈਨੂੰ ਫੜਾਇਆ। ਮੇਰੇ ਦੋਸਤ ਘਰਿੰਡੇ ਵਾਲੇ ਜਸਵੰਤ ਸਿੰਘ ਦੀ ਲਿਖਤ ਸੀ।
ਏਨੇ ਚਿਰ ਨੂੰ ‘ਸਮਝੌਤਾ ਐਕਸਪ੍ਰੈਸ’ ਪਲੇਟ ਫਾਰਮ ‘ਤੇ ਆ ਲੱਗੀ। ਗੱਡੀ ਵਿਚ ਚੜ੍ਹਨਾ, ਸਾਮਾਨ ਚੜ੍ਹਾਉਣਾ ਤੇ ਥਾਂ ਮੱਲਣਾ ਆਪਣੇ ਆਪ ਵਿਚ ਵੱਡਾ ਮਸਲਾ ਸੀ। ਡਾ. ਜਗਤਾਰ ਨੂੰ ਸਾਹ ਦੀ ਤਕਲੀਫ ਹੋਣ ਕਰਕੇ ਉਸ ਦਾ ਸਾਮਾਨ ਵੀ ਮੈਂ ਗੱਡੀ ਵਿਚ ਚੜ੍ਹਾਉਣਾ ਸੀ। ਅਸੀਂ ਇਕ ਦੂਜੇ ਦੇ ਸਾਥ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਸੀ। ਮੈਂ ਜਸਵੰਤ ਦਾ ਰੁੱਕਾ ਜੇਬ ‘ਚ ਪਾਇਆ ਤੇ ਟਰਾਲੀ ਨੂੰ ਸੂਤ ਕਰਨ ਲੱਗਾ। ਸਾਡੇ ਕੋਲ ਤਿੰਨ ਨਗ ਸਨ। ਦੋ ਛੋਟੇ ਸੂਟਕੇਸ ਤੇ ਇਕ ਡਾ. ਜਗਤਾਰ ਦਾ ਵੱਖਰਾ ਬੈਗ। ਮੁਸਲਿਮ ਸਵਾਰੀਆਂ ਦੀ ਵੱਡੀ ਭੀੜ ਸੀ। ਭੱਜ-ਦੌੜ ਮੱਚ ਗਈ। ਪਰ ਏਨੇ ‘ਚ ਪਤਾ ਚੱਲ ਗਿਆ ਕਿ ਕਾਨਫ਼ਰੰਸ ਦੇ ਯਾਤਰੀਆਂ ਲਈ ਪਿੱਛੇ ਦੋ ਡੱਬੇ ਰੀਜ਼ਰਵ ਸਨ। ਇਹ ਚੰਗੀ ਗੱਲ ਸੀ। ਸਾਨੂੰ ਗੱਡੀ ਚੜ੍ਹਨ ਤੇ ਸਾਮਾਨ ਰੱਖਣ ਵਿਚ ਉਮੀਦ ਤੋਂ ਉਲਟ ਕੋਈ ਖ਼ਾਸ ਤਕਲੀਫ਼ ਨਾ ਹੋਈ।
ਹੁਣ ਅਸੀਂ ਸੰਤੁਸ਼ਟ ਸਾਂ। ਸੀਟਾਂ ‘ਤੇ ਬੈਠੇ ਇਕ ਦੂਜੇ ਨਾਲ ਗੱਪ-ਗਿਆਨ ਲੜਾ ਰਹੇ।
‘‘ਭਾ ਜੀ! ਚਾਹ ਲਿਆਈਏ!’’ ਪਲੇਟ ਫਾਰਮ ਤੋਂ ਗੁਰਚਰਨ ਨੇ ਆਵਾਜ਼ ਦਿੱਤੀ। ਉਹ ਸਦਾ ਵਾਂਗ ਵੱਡੇ ਭਰਾ ਵਾਲਾ ਸਤਿਕਾਰ ਦੇ ਰਿਹਾ ਸੀ। ਮੈਂ ਵੀ ਉਸੇ ਮਾਣ ਵਿਚ ਉਸ ਨੂੰ ਕਿਹਾ, ‘‘ਮੈਨੂੰ ਤਾਂ ਪਿਆਸ ਲੱਗੀ ਹੈ। ਚਾਹ ਮੇਰੇ ਸਾਥੀਆਂ ਨੂੰ ਪਿਆ ਦੇ ਤੇ ਮੈਨੂੰ ਠੰਢਾ।’’
ਉਸ ਨੇ ਉਸੇ ਵੇਲੇ ਮੇਰੇ ਨਾਲ ਬੈਠੇ ਸਭ ਮਿੱਤਰਾਂ ਲਈ ਚਾਹ ਮੰਗਵਾ ਲਈ। ਮੈਂ ਸਭ ਨਾਲ ਕਰਤਾਰ ਪਹਿਲਵਾਨ ਦੇ ਵੱਡੇ ਭਰਾ ਵਜੋਂ ਉਸ ਦੀ ਜਾਣ-ਪਛਾਣ ਕਰਵਾਈ।
‘‘ਉਹ ਰੁੱਕਾ ਪੜ੍ਹ ਲੈਣਾ ਸੀ,’’ ਉਸ ਨੇ ਜਸਵੰਤ ਦੇ ਰੁੱਕੇ ‘ਤੇ ਇਕ ਨਜ਼ਰ ਮਾਰ ਕੇ ਜੇਬ ਵਿਚ ਰੱਖਦਿਆਂ ਤੇ ਟਰੇਨ ‘ਤੇ ਸਵਾਰ ਹੋਣ ਲਈ ਅਹੁਲਦਿਆਂ ਮੈਨੂੰ ਵੇਖਿਆ ਹੋਇਆ ਸੀ। ਮੈਂ ਰੁੱਕਾ ਪੜ੍ਹਿਆ। ਜਸਵੰਤ ਨੇ ਅਟਾਰੀ ਰੇਲਵੇ ਸਟੇਸ਼ਨ ‘ਤੇ ਆਪਣੇ ਆਉਣ ਅਤੇ ਮੈਨੂੰ ਨਾ ਮਿਲ ਸਕਣ ਬਾਰੇ ਲਿਖਿਆ ਸੀ। ਨਾਲ ਹੀ ਅਫਜ਼ਲ ਅਹਿਸਨ ਰੰਧਾਵਾ ਤੇ ਇਲਿਆਸ ਘੁੰਮਣ ਨੂੰ ਆਪਣੇ ਵਲੋਂ ਸਲਾਮ ਲਿਖੀ ਸੀ ਤੇ ਇਹ ਵੀ ਕਿਹਾ ਸੀ ਕਿ ਜੇ ਹੋ ਸਕੇ ਤਾਂ ਚੂਹੜਕਾਣੇ ਲਾਗੇ ਰਹਿੰਦੇ ਉਹਦੇ ਬਚਪਨ ਦੇ ਜਮਾਤੀ ਇਸਹਾਕ ਮੁਹੰਮਦ ਨੂੰ ਜ਼ਰੂਰ ਮਿਲ ਕੇ ਆਵਾਂ।
ਜਸਵੰਤ ਹੀ ਸੀ ਜਿਸ ਨਾਲ ਪਹਿਲੀ ਵਾਰ ਮੈਂ ਵਾਘਾ ਬਾਰਡਰ ਵੇਖਣ ਗਿਆ ਸਾਂ। 1965 ਦੀ ਜੰਗ ਤੋਂ ਬਾਅਦ ਠੰਢ-ਠੰਢੌਰਾ ਹੋ ਚੁੱਕਿਆ ਸੀ। ਮੈਂ ਜਸਵੰਤ ਦੇ ਪਿੰਡ ਉਸ ਕੋਲ ਗਿਆ ਹੋਇਆ ਸਾਂ। ਉਸ ਦਾ ਕੋਈ ਦੋਸਤ ਵਾਘਾ ਬਾਰਡਰ ‘ਤੇ ਇੰਸਪੈਕਟਰ ਸੀ। ਉਹ ਸਾਨੂੰ ਅੱਗੇ ਤੱਕ ਬਾਰਡਰ ਵਿਖਾ ਸਕਦਾ ਸੀ। ਉਦੋਂ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਦੋਵੇਂ ਮੁਲਕ ਕਿੰਨਾ ਨੇੜੇ ਹੋ ਕੇ ਕਿੰਨੇ ਦੂਰ ਹਾਂ। ਐਹੋ ਸੀ ਭਾਰਤੀ ਦਰਵਾਜ਼ਾ ਤੇ ਕੁਝ ਫੁੱਟ ਪਰ੍ਹੇ ਪਾਕਿਸਤਾਨੀ ਦਰਵਾਜ਼ਾ ਤੇ ਵਿਚ ‘ਨੋ ਮੈਨਜ਼ ਲੈਂਡ’। ਇਧਰ ਸਾਡੀਆਂ ਫਸਲਾਂ, ਉਧਰ ਉਨ੍ਹਾਂ ਦੀਆਂ। ਐਹ ਸਾਡੀਆਂ ਟਾਹਲੀਆਂ, ਔਹ ਉਨ੍ਹਾਂ ਦੀਆਂ। ਔਹ ਫਸਲਾਂ ‘ਚ ਸਾਡੇ ਵਾਂਗ ਹੀ ਤੁਰੇ ਫਿਰਦੇ ਬੰਦੇ। ਐਹ ਸੜਕ ਸਿੱਧੀ ਲਾਹੌਰ ਜਾਂਦੀ ਸੀ ਪਰ ਅਸੀਂ ਇਸ ‘ਤੇ ਦਸ ਕਦਮ ਤੁਰ ਕੇ ਅੱਗੇ ਨਹੀਂ ਸਾਂ ਜਾ ਸਕਦੇ। ਜਦੋਂ ਅਜੇ ਮੈਂ ਵਾਘਾ ਬਾਰਡਰ ਵੇਖਿਆ ਨਹੀਂ ਸੀ, ਉਦੋਂ ਵੀ ਮੈਂ ਕਲਪਨਾ ਵਿਚ ਇਥੋਂ ਦੇ ਦ੍ਰਿਸ਼ ਦਾ ਵਾਕਫ ਹੋ ਗਿਆ ਸਾਂ। ‘ਪ੍ਰੀਤ ਲੜੀ’ ਵਿਚ ਗੁਰਬਖਸ਼ ਸਿੰਘ ਦਾ ਸਵੈ-ਅਨੁਭਵ ਪੜ੍ਹ ਚੁੱਕਾ ਸਾਂ। ਦੇਸ਼ ਦੀ ਵੰਡ ਤੋਂ ਪਿਛੋਂ ਗੁਰਬਖਸ਼ ਸਿੰਘ ਨੇ ਉਧਰ ਰਹਿ ਗਏ ਕਿਸੇ ਮਿੱਤਰ ਪਿਆਰੇ ਦੀ ਚਿੱਠੀ ਦੇ ਜੁਆਬ ਵਿਚ, ਉਸ ਦੀ ਇੱਛਾ ਮੁਤਾਬਕ ਬਾਰਡਰ ਉੱਤੇ ‘ਪਿਆਰ-ਝਾਤ ਮਿਲਣੀ’ ਲਈ ਉਸ ਨੂੰ ਲਿਖ ਦਿੱਤਾ ਸੀ ਤੇ ਆਪ ਸਮੇਂ ਸਿਰ ਬਾਰਡਰ ਉੱਤੇ ਪਹੁੰਚ ਗਿਆ ਸੀ ਪਰ ਉਸ ਦੇ ਪਿਆਰੇ ਸਨੇਹੀ ਨੂੰ ਸ਼ਾਇਦ ਗੁਰਬਖਸ਼ ਸਿੰਘ ਦੀ ਮੋੜਵੀਂ ਚਿੱਠੀ ਨਹੀਂ ਸੀ ਮਿਲੀ ਜਾਂ ਚਿੱਠੀ ਸੀ.ਆਈ.ਡੀ. ਦੇ ਢਹੇ ਚੜ੍ਹ ਗਈ ਸੀ। ਉਹ ਨਹੀਂ ਸੀ ਆ ਸਕਿਆ ਤੇ ਗੁਰਬਖਸ਼ ਸਿੰਘ ਦੀਆਂ ਸਿੱਕਦੀਆਂ ਪਿਆਸੀਆਂ ਨਜ਼ਰਾਂ ਦੂਰ ਸਲੇਟੀ ਸੜਕ ‘ਤੇ ਉਸ ਨੂੰ ਲੱਭ ਰਹੀਆਂ ਸਨ। ਪਾਕਿਸਤਾਨ ਵਾਲੇ ਪਾਸੇ ਭੰਗੀ ਝਾੜੂ ਦੇ ਰਿਹਾ ਸੀ ਤੇ ਹਵਾ ਦਾ ਰੁਖ਼ ਹਿੰਦੁਸਤਾਨ ਵੱਲ ਸੀ। ਧੂੜ ਉੱਡ-ਉੱਡ ਕੇ ਗੁਰਬਖਸ਼ ਸਿੰਘ ਦੇ ਕੱਪੜਿਆਂ ‘ਤੇ ਪੈ ਰਹੀ ਸੀ ਪਰ ਉਹ ਉਸ ਧੂੜ ਨੂੰ ਕੱਪੜਿਆਂ ਤੋਂ ਝਾੜਨ ਦੀ ਥਾਂ ਉਸ ਹੇਠਾਂ ਦੱਬ ਜਾਣਾ ਚਾਹੁੰਦਾ ਸੀ ਕਿਉਂਕਿ ਇਹ ਧੂੜ ਤਾਂ ਉਹਦੀ ਮਾਂ-ਧਰਤੀ ਦੀ ਧੂੜ ਸੀ…ਉਸ ਦੇ ਪਿਆਰੇ ਵਤਨ ਦੀ ਧੂੜ ਸੀ। ਗੁਰਬਖਸ਼ ਸਿੰਘ ਹਸਰਤ ਨਾਲ ਉਨ੍ਹਾਂ ਪੰਛੀਆਂ ਵੱਲ ਵੇਖ ਰਿਹਾ ਸੀ ਜਿਹੜੇ ਮਲਕੜੇ ਜਿਹੇ ਇਧਰਲੇ ਰੁੱਖ ਤੋਂ ਉਡਦੇ ਸਨ ਤੇ ਉਧਰਲੇ ਰੁੱਖ ‘ਤੇ ਜਾ ਬੈਠਦੇ ਸਨ। ਉਨ੍ਹਾਂ ਦੀ ਆਜ਼ਾਦੀ ਅੱਗੇ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਅਸੀਂ ਇਹ ਕਿਹੋ ਜਿਹੀਆਂ ਆਜ਼ਾਦੀਆਂ ਲੈ ਲਈਆਂ ਹਨ ਕਿ ਹੱਦਾਂ ਦੀਆਂ ਲੀਕਾਂ ਦੇ ਗੁਲਾਮ ਬਣ ਗਏ ਹਾਂ।
ਉਸ ਤੋਂ ਬਾਅਦ ਜਦੋਂ ਵੀ ਮੈਂ ਜਸਵੰਤ ਕੋਲ ਜਾਂਦਾ ਜਾਂ ਮੌਕਾ ਬਣਦਾ ਤਾਂ ਵਾਘਾ ਬਾਰਡਰ ਵੇਖਣ ਜ਼ਰੂਰ ਜਾਂਦਾ। ਸੂਰਜ ਡੁੱਬਣ ਦੇ ਨਾਲ ਦੋਹਾਂ ਮੁਲਕਾਂ ਦੇ ਝੰਡੇ ਲਾਹੁਣ ਦੀ ਰਸਮ ਹੁੰਦੀ। ਓਨਾ ਚਿਰ ਦਰਵਾਜ਼ਿਆਂ ਤੋਂ ਇਕ ਨਿਸਚਿਤ ਵਿੱਥ ਤੱਕ ਬੀ.ਐਸ.ਐਫ. ਦੇ ਨੌਜਵਾਨ ਭੀੜ ਨੂੰ ਇੰਜ ਰੋਕ ਕੇ ਰੱਖਦੇ ਜਿਵੇਂ ਤਿਰਹਾਏ ਪਸ਼ੂਆਂ ਨੂੰ ਪਾਣੀ ਵੱਲ ਜਾਣ ਲਈ ਰੱਸੇ ਤੁੜਵਾਉਂਦਿਆਂ ਨੂੰ ਰੋਕ ਰਹੇ ਹੋਣ। ਸਾਰੇ ਲੋਕ ਹੱਦ ‘ਤੇ ਲੱਗੇ ਦਰਵਾਜ਼ਿਆਂ ਤੱਕ ਪਹੁੰਚ ਕੇ ਉਧਰਲੇ ਲੋਕਾਂ ਤੇ ਉਧਰਲੀ ਧਰਤੀ ‘ਤੇ ਝਾਤ ਪਾਉਣਾ ਚਾਹੁੰਦੇ। ਉਨ੍ਹਾਂ ਵਿਚ ਬੇਮਿਸਾਲ ਉਤਸ਼ਾਹ ਹੁੰਦਾ। ਇਜਾਜ਼ਤ ਮਿਲਦਿਆਂ ਹੀ ਉਹ ਸਰਪਟ ਦੌੜਦੇ ਤੇ ਸਭ ਤੋਂ ਅੱਗੇ ਹੋ ਕੇ ਅੱਡੀਆਂ ਚੁੱਕ-ਚੁੱਕ ਕੇ ਦੂਜਿਆਂ ਦੇ ਸਿਰਾਂ ਤੋਂ ਉਪਰ ਉਲਰ ਕੇ ਸਾਹਮਣੇ ਦ੍ਰਿਸ਼ ਨੂੰ ਨਜ਼ਰਾਂ ਰਾਹੀਂ ਡੀਕ ਲੈਣਾ ਲੋੜਦੇ ਪਰ ਪਿਆਸੀਆਂ ਰੂਹਾਂ ਭਿੱਜਦੀਆਂ ਨਾ।
‘ਸਮਝੌਤਾ ਐਕਸਪ੍ਰੈਸ’ ਹਜੋਕਾ ਮਾਰ ਕੇ ਹਿੱਲੀ ਤੇ ਹੌਲੀ-ਹੌਲੀ ਅੱਗੇ ਸਰਕਣੀ ਸ਼ੁਰੂ ਹੋ ਗਈ। ਇਹ ਉਹੋ ਰੇਲਵੇ ਲਾਈਨ ਸੀ ਜਿਸ ‘ਤੇ ਮੈਂ ਤੇ ਜਸਵੰਤ ਦੇਰ ਰਾਤ ਤੱਕ ਬੈਠੇ ਰਹਿੰਦੇ। ਹਸਰਤ ਨਾਲ ਠੰਢੇ ਲੋਹੇ ‘ਤੇ ਹੱਥ ਫੇਰਦੇ ਤੇ ਆਖਦੇ, ‘‘ਇਹ ਲਾਈਨ ਸਿੱਧੀ ਲਾਹੌਰ ਜਾਂਦੀ ਹੈ! ਸਾਡੇ ਆਪਣੇ ਲਾਹੌਰ! ਇਸੇ ਰਸਤੇ ਤੋਂ ਕਦੀ ਭਗਤ ਸਿੰਘ ਲਾਹੌਰ ਨੂੰ ਲੰਘਦਾ ਹੋਣੈ। ਨਹਿਰੂ ਤੇ ਗਾਂਧੀ ਵੀ, ਗੁਰਬਖਸ਼ ਸਿੰਘ, ਨਾਨਕ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਵੀ। ਐਹਨਾਂ ਦੋ ਕਰਮਾਂ ‘ਚ ਵਿਛੀ ਰੇਲਵੇ ਲਾਈਨ ਦੇ ਉਪਰੋਂ ਦੀ ਲਾਹੌਰ ਵੱਲ! ਪਰ ਹਾਇ! ਅਸੀਂ  ਲਾਹੌਰ ਨਹੀਂ ਜਾ ਸਕਦੇ।’’
ਇਕ ਵਾਰ ਲੇਖਕਾਂ ਦਾ ਟੋਲਾ ਬਾਰਡਰ ਦੇਖਣ ਗਿਆ ਤਾਂ ਮੈਂ ਰੇਲਵੇ ਲਾਈਨ ਨਾਲ ਜੁੜੇ ਅਹਿਸਾਸ ਸੁਣਾਏ ਤਾਂ ਇਕ ਲੇਖਕਾ ਹੁਬਕੀਂ-ਹੁਬਕੀਂ ਰੋਣ ਲੱਗੀ। ਇਹ ਜਜ਼ਬਾਤ ਉਹਦੇ ਆਪਣੇ ਅੰਦਰ ਦੀ ਤਰਜਮਾਨੀ ਕਰਦੇ ਸਨ।
ਅਸੀਂ ਇਸ ਅਹਿਸਾਸ ਨਾਲ ਥਰਥਰਾ ਜਾਂਦੇ ਕਿ ਇਹ ਲਾਈਨ ਲਾਹੌਰ ਨਾਲ ਜੁੜੀ ਹੋਈ ਹੈ ਤੇ ਉਸ ਤੋਂ ਅੱਗੇ ਦੂਰ ਤੱਕ ਇਹ ਲੋਹੇ ਦੇ ਗਾਡਰ ਉਹ ਧੜਕਦੀਆਂ ਨਾੜਾਂ ਬਣ ਜਾਂਦੀਆਂ ਤੇ ਅਸੀਂ ਉਨ੍ਹਾਂ ਵਿਚ ਆਪਣੇ ਲਹੂ ਦਾ ਉਬਾਲ ਪਲਟ ਦਿੰਦੇ ਤੇ ਸਾਡਾ ਲਹੂ ਵਾਘੇ ਤੋਂ ਉਸ ਪਾਰ ਲਾਹੌਰ ਤੱਕ ਵਗਣਾ ਸ਼ੁਰੂ ਹੋ ਜਾਂਦਾ। ਖ਼ੂਨ ਮਿਲਣ ਨਾਲ ਜਿਵੇਂ ਮਾਰਿਆ ਹੋਇਆ ਅੰਗ ਜਿਊਂ ਪੈਂਦਾ ਹੈ, ਲਾਹੌਰ ਸਾਡੀਆਂ ਅੱਖਾਂ ਅੱਗੇ ਧੜਕਣ ਲੱਗ ਪੈਂਦਾ। ਜਿਊਂਦੀ ਜਾਗਦੀ, ਸਾਕਾਰ ਮੂਰਤ ਬਣਕੇ।
ਹੌਲੀ-ਹੌਲੀ ਤੁਰ ਰਹੀ ਗੱਡੀ ਦੇ ਦੋਹੀਂ ਪਾਸੀਂ ਘੋੜ-ਸਵਾਰ ਸਿਪਾਹੀ ਜਾ ਰਹੇ ਸਨ। ਸਾਡੇ ਪਾਸੇ ਵਾਲਾ ਘੋੜ ਸਵਾਰ ਕਦੀ ਸਾਡੇ ਡੱਬੇ ਤੋਂ ਅੱਗੇ ਲੰਘ ਜਾਂਦਾ, ਕਦੀ ਬਰਾਬਰ ਤੇ ਕਦੀ ਪਿੱਛੇ। ਬਾਰਡਰ ਤੱਕ ਦੇ ਇਸ ਰਸਤੇ ਵਿਚ ਕੋਈ ਬੰਦਾ ਗੱਡੀ ਵਿਚ ਚੜ੍ਹ ਉਤਰ ਨਾ ਜਾਵੇ, ਇਸ ਲਈ ਇਹਤਿਆਤੀ ਪ੍ਰਬੰਧ ਵਜੋਂ ਘੋੜ ਸਵਾਰ ਨਾਲ-ਨਾਲ ਦੌੜੇ ਜਾ ਰਹੇ ਸਨ।
ਕਿਸੇ ਨੇ ਕਿਹਾ, ‘‘ਆ ਗਿਆ ਬਾਰਡਰ। ਆਹ ਵੇਖੋ ਤਾਰ ਲੱਗੀ ਹੋਈ।’’
ਦੂਜੇ ਨੇ ਕਿਹਾ, ‘‘ਇਹ ਤਾਰ ਤਾਂ ਆਪਣਿਆਂ ਵਲੋਂ ਬਾਰਡਰ ਤੋਂ ਕੁਝ ਹਟਵੀਂ ਲਾਈ ਹੈ ਜਿਹੜੀ ਤੋੜ ਸਾਰੇ ਬਾਰਡਰ ‘ਤੇ ਲੱਗੀ ਹੋਈ ਹੈ। ਘੁਸਪੈਠ ਰੋਕਣ ਲਈ। ਬਾਰਡਰ ਤਾਂ ਅੱਗੇ ਹੈ ਅਜੇ, ਤੁਸੀਂ ਪੜ੍ਹਦੇ ਨਹੀਂ ਹੁੰਦੇ ਅਖ਼ਬਾਰਾਂ ਵਿਚ ਤਾਰ ਤੋਂ ਅਗਲੇ ਕਿਸਾਨਾਂ ਦੀ ਦੁਰਦਸ਼ਾ ਦਾ ਜ਼ਿਕਰ, ਜਿਨ੍ਹਾਂ ਨੂੰ ਨਿਸਚਿਤ ਦਰਵਾਜ਼ੇ ਰਾਹੀਂ ਨਿਸਚਿਤ ਸਮੇਂ ‘ਚ ਹੀ ਅੱਗੇ ਖੇਤਾਂ ਵਿਚ ਜਾਣ ਦੀ ਆਗਿਆ ਹੈ ਤੇ ਨਿਸਚਿਤ ਸਮੇਂ ‘ਤੇ ਦਰਵਾਜ਼ਾ ਖੁੱਲ੍ਹਣ ‘ਤੇ ਹੀ ਉਹ ਵਾਪਸ ਆ ਸਕਦੇ ਨੇ। ਜੇ ਵਿਚ ਵਿਚਾਲੇ ਇਧਰੋਂ ਉਧਰੋਂ ਕਿਸੇ ਨੂੰ ਕੰਮ ਪੈ ਜਾਵੇ ਜਾਂ ਕੋਈ ਬੀਮਾਰ ਸ਼ਮਾਰ ਹੋ ਜਾਵੇ ਤਾਂ ਸਮੇਂ ‘ਤੇ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਆ ਜਾ ਨਹੀਂ ਸਕਦਾ। ਇਹਨਾਂ ਖੇਤਾਂ ਵਾਲਿਆਂ ਦਾ ਵੀ ਬੁਰਾ ਹਾਲ ਹੈ।’’ ਮੈਨੂੰ ਇਸ ਗੱਲ ਦਾ ਪਤਾ ਹੀ ਸੀ।
ਘੋੜਾ ਅਜੇ ਵੀ ਨਾਲ-ਨਾਲ ਦੌੜ ਰਿਹਾ ਸੀ। ਨਿਸਚੈ ਹੀ ਹੁਣ ਬਾਰਡਰ ਨੇੜੇ ਸੀ। ਪਰ ਮੇਰੇ ਮਨ ਵਿਚ ਜੋ ਤਰੰਗ ਉਠਣੀ ਚਾਹੀਦੀ ਸੀ, ਉਹ ਗਾਇਬ ਸੀ। ਮੈਨੂੰ ਰਹਿ-ਰਹਿ ਕੇ ਬੀਮਾਰ ਭਰਾ ਚੇਤੇ ਆ ਰਿਹਾ ਸੀ।
‘‘ਮੇਰਾ ਫ਼ਰਜ਼ ਬਣਦਾ ਸੀ। ਮੈਨੂੰ ਉਥੇ ਜ਼ਰੂਰ ਜਾਣਾ ਚਾਹੀਦਾ ਸੀ।’’ ਮੇਰੇ ਮਨ ਨੇ ਆਖਿਆ ਪਰ ਨਾਲ ਹੀ ਮਨ ਦੀ ਇਕ ਹੋਰ ਨੁਕਰ ਬੋਲ ਪਈ, ‘‘ਤੈਨੂੰ ਲਾਹੌਰ ਵੀ ਜ਼ਰੂਰ ਜਾਣਾ ਚਾਹੀਦਾ ਸੀ, ਇਹ ਤੇਰੀ ਉਮਰਾਂ ਦੀ ਰੀਝ ਸੀ।’’ ਇਕੋ ਮਨ ਇਕੋ ਵੇਲੇ ਦੋਵੇਂ ਗੱਲਾਂ ਕਹਿ ਰਿਹਾ ਸੀ। ਦੋਵੇਂ ਹੀ ਆਪੋ ਆਪਣੀ ਥਾਂ ਸੱਚੀਆਂ ਸਨ ਪਰ ਇਨ੍ਹਾਂ ਦੀ ਆਪਣੀ ਉਲਝਣ ਨੇ ਮੇਰਾ ਉਤਸ਼ਾਹ ਠੰਢਾ ਪਾ ਦਿੱਤਾ ਸੀ।
ਘੋੜ ਸਵਾਰ ਨੇ ਸਾਡੇ ਡੱਬੇ ਦੇ ਕੋਲ ਆ ਕੇ ਯਾਤਰੀਆਂ ਨੂੰ ਅਲਵਿਦਾ ਕਹੀ, ਸਲੂਟ ਮਾਰਿਆ, ਮੁਸਕਰਾਇਆ ਤੇ ਘੋੜੇ ਦੀਆਂ ਵਾਗਾਂ ਥੰਮ ਲਈਆਂ। ਬਿਲਕੁਲ ਸਾਡੇ ਵਾਂਗ ਜਦੋਂ ਅਸੀਂ ਉਤਸ਼ਾਹ ਨਾਲ ਬਾਰਡਰ ਵੱਲ ਦੌੜਦੇ ਦਰਵਾਜ਼ੇ ‘ਤੇ ਆ ਕੇ ਰੁਕ ਜਾਂਦੇ ਹੁੰਦੇ ਸਾਂ।

‘‘ਵਰਿਆਮ!…ਤਿਆਰ ਰਹੀਂ…ਆਪਾਂ ਲਾਹੌਰ ਵੀ ਚੱਲਣੈ। ਫ਼ਖ਼ਰ ਜ਼ਮਾਂ ਕੋਸ਼ਿਸ਼ ਕਰ ਰਿਹੈ ਲਾਹੌਰ ਵਿਚ ਆਲਮੀ ਪੰਜਾਬੀ ਕਾਨਫ਼ਰੰਸ ਕਰਾਉਣ ਵਾਸਤੇ…।’’
ਸੁਤਿੰਦਰ ਸਿੰਘ ਨੂਰ ਦੇ ਲਫ਼ਜ਼ ਸੁਣਦਿਆਂ  ਮੇਰੇ ਅੰਦਰ ਰੌਸ਼ਨੀਆਂ ਕਹਿਕਸ਼ਾਂ ਵਿਚ ਗੁੰਦੇ ਤਾਰਿਆਂ ਵਾਂਗ ਲਿਸ਼ਕੀਆਂ। ਨਾੜਾਂ ‘ਚ ਲਹੂ ਦੀ ਗਤੀ ਬੁੜ੍ਹਕਦੀ ਹੋਈ ਹੱਸ ਪਈ।
‘‘ਵੇਖਿਓ ! ਹੁਣ ਭੁਲ ਨਾ ਜਾਇਓ! ਜਦੋਂ ਵੀ ਕਾਨਫ਼ਰੰਸ ਹੋਈ, ਜ਼ਰੂਰ ਲੈ ਕੇ ਜਾਣਾ। ਮੇਰੀ ਬੜੀ ਡੂੰਘੀ ਹਸਰਤ ਹੈ ਲਾਹੌਰ ਜਾਣ ਦੀ।’’ ਮੈਂ ਬੱਚਿਆਂ ਵਾਲੇ ਉਤਸ਼ਾਹ ਨਾਲ ਆਖਿਆ।
ਮੈਂ ਉਸ ਬਾਲ ਵਾਂਗ ਸਾਂ ਜੋ ਕਿਸੇ ਮੇਲੇ ‘ਤੇ ਜਾਣ ਲਈ ਘਰ ਵਾਲਿਆਂ ਤੋਂ ਪੇਸ਼ਗੀ ਮਨਜ਼ੂਰੀ ਲੈਣੀ ਚਾਹੁੰਦਾ ਹੋਵੇ। ਹਾਲਾਂਕਿ ਇਹ ਸੱਦਾ ਹੋਣ ਵਾਲੀ ਲਾਹੌਰ ਕਾਨਫ਼ਰੰਸ ਉੱਤੇ ਜਾਣ ਵਾਲੇ ਭਾਰਤੀ ਡੈਲੀਗੇਸ਼ਨ ਦੇ ਬਣਨ ਵਾਲੇ ਮੁਖੀ ਵਲੋਂ ਸੀ। ਪਰ ਮੇਰੇ ਅੰਦਰਲੇ ਬਾਲ ਨੂੰ ਡਰ ਜਿਹਾ ਵੀ ਪੈ ਗਿਆ ਕਿ ਕਿਤੇ ਮੇਲੇ ਵਾਲੇ ਦਿਨ ਮੈਨੂੰ ਨਾਲ ਲਿਜਾਣਾ ਭੁੱਲ ਨਾ ਜਾਣ।
‘‘ਨਹੀਂ, ਤੂੰ ਜ਼ਰੂਰ ਜਾਏਂਗਾ। ਅਜੇ ਫ਼ਖ਼ਰ ਦੀ ਪਾਕਿਸਤਾਨ ਸਰਕਾਰ ਨਾਲ ਗੱਲ ਚੱਲਦੀ ਪਈ ਹੈ। ਝੰਡੀ ਮਿਲਣ ‘ਤੇ ਇਕ ਦੋ ਮਹੀਨਿਆਂ ਵਿਚ ਵੈਨਿਊ ਤੇ ਕਾਨਫ਼ਰੰਸ ਦੀਆਂ ਤਰੀਕਾਂ ਤੈਅ ਹੋ ਜਾਣਗੀਆਂ।’’
ਇਹ ਫਰਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਦੀ ਗੱਲ ਹੈ। ਮੈਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਲੈਣ ਦੇ ਸਿਲਸਿਲੇ ਵਿਚ ਦਿੱਲੀ ਵਿਚ ਸਾਂ ਅਤੇ ਇਸ ਵੇਲੇ ਡਾ. ਨੂਰ ਦਿੱਲੀ  ਦੂਰਦਰਸ਼ਨ ‘ਤੇ ਮੇਰੀ ਇੰਟਰਵਿਊ ਕਰਨ ਲਈ ਮੈਨੂੰ ਆਪਣੀ ਕਾਰ ਵਿਚ ਬਿਠਾ ਕੇ ਲਿਜਾ ਰਿਹਾ ਸੀ। ਲਾਹੌਰ ਜਾਣ ਦਾ ਸੱਦਾ ਮੈਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਤੋਂ ਵੀ ਵੱਧ ਖ਼ੁਸ਼ੀ ਦੇਣ ਵਾਲਾ ਲੱਗਾ।
‘‘ਕਾਨਫ਼ਰੰਸ ਜਦੋਂ ਮਰਜ਼ੀ ਹੋਵੇ, ਮੈਨੂੰ ਲੈ ਕੇ ਜਾਣਾ ਨਾ ਭੁੱਲਣਾ।’’ ਮੈਂ ਅਜੇ ਵੀ ਬੱਚਿਆਂ ਵਾਲੇ ਉਤਸ਼ਾਹ ਵਿਚ ਸਾਂ ਅਤੇ ਆਪਣੇ ਆਪ ‘ਤੇ ਹੈਰਾਨ ਵੀ। ਮੈਂ ਕੁਝ ਲੋੜੋਂ ਵੱਧ ਖ਼ੁਦਦਾਰ ਹਾਂ। ਇਹ ਖ਼ੁਦਦਾਰੀ ਸ਼ਾਇਦ ਕਈ ਵਾਰ ਹਉਮੈ ਬਣ ਕੇ ਵੀ ਬੋਲ ਪੈਂਦੀ ਹੈ। ਉਂਜ ਮੇਰੀ ਖ਼ੁਦਦਾਰੀ ਮੇਰੇ ਤੋਂ ਹਮੇਸ਼ਾ ਮੰਗ ਕਰਦੀ ਹੈ ਕਿ ਕਦੀ ਕੁਝ ਮੰਗ ਕੇ ਨਹੀਂ ਲੈਣਾ! ਅਜੇ ਪਤਾ ਨਹੀਂ ਕਦੋਂ ਨਿਸਚਿਤ ਹੋਣੀ ਸੀ ਇਹ ਕਾਨਫ਼ਰੰਸ। ਇਸ ‘ਤੇ ਜਾਣ ਲਈ ਵੀ ਮੈਨੂੰ ਖ਼ੁਦ ਡਾ. ਨੂਰ ਵਲੋਂ ਕਿਹਾ ਗਿਆ ਸੀ। ਪਰ ਮੈਂ ਅਜੇ ਵੀ ਬੱਚਾ ਬਣ ਕੇ ਉਸ ਦਾ ਝੱਗਾ ਖਿੱਚੀ ਜਾ ਰਿਹਾ ਸਾਂ ਤੇ ਜ਼ਿਦ ਕਰ ਰਿਹਾ ਹਾਂ, ‘‘ਮੈਂ ਜਾਣੈ, ਮੈਨੂੰ ਲੈ ਕੇ ਜਾਇਓ, ਮੈਂ ਵੀ ਜਾਣੈ।’’
ਇੰਜ ਬਾਲਾਂ ਵਾਂਗ ਰੋਮਾਂਚਿਤ ਹੋ ਜਾਣ ਪਿੱਛੇ ਨਿੱਜੀ ਤੇ ਪੂਰਾ ਸਮਾਜਕ, ਰਾਜਨੀਤਕ ਇਤਿਹਾਸ ਕਾਰਜਸ਼ੀਲ ਸੀ। ਸੰਤਾਲੀ ਦੀ ਵੰਡ ਨੇ ਸਾਡੇ ਮੁਲਕ ਦੀ ਹਿੱਕ ‘ਤੇ ਆਰਾ ਰੱਖ ਕੇ ਇਸ ਨੂੰ ਦੋ ਭਾਗਾਂ ਵਿਚ ਕੱਟ ਦਿੱਤਾ ਸੀ। ਕਸੂਰ ਕਿਸ ਦਾ ਸੀ! ਕਿਸੇ ਮੁਸਲਿਮ ਲੀਗ ਦਾ ਜਾਂ ਕਾਂਗਰਸ ਦਾ! ਕਿਸੇ ਨਹਿਰੂ, ਪਟੇਲ ਦਾ ਜਾਂ ਮੁਹੰਮਦ ਅਲੀ ਜਿੱਨਾਹ ਦਾ! ਇਤਿਹਾਸਕਾਰ ਫ਼ੈਸਲਾ ਕਰਦੇ ਰਹੇ ਨੇ, ਕਰਦੇ ਰਹਿਣਗੇ। ਪਰ ਸਿੱਟੇ ਵਜੋਂ ਪੰਜਾਬ ਜ਼ਿਬਾਹ ਹੋ ਗਿਆ। ਤਬਾਹ ਹੋ ਗਿਆ। ਹਮਸਾਇਆ ਮਾਂ-ਪਿਓ ਜਾਇਆਂ ਦੇ ਖ਼ੂਨ ਨਾਲ ਦੋਹੀਂ ਪਾਸੀਂ ਹੱਥ ਰੰਗੇ ਗਏ ਤੇ ਇਹ ਹੱਥ ਆਪਣੇ ਮੂੰਹ ਉੱਤੇ ਮਲਦਿਆਂ ਖ਼ੂਨੀ ਦੈਂਤ-ਮੁੱਖ ਪੰਜਾਬ ਨੇ ਆਪ ਆਪਣੀਆਂ ਧੀਆਂ-ਭੈਣਾਂ ਤੇ ਮਾਵਾਂ ਦੀ ਅਸਮਤ ਲੁੱਟੀ। ਪੰਜਾਬ ਦੇ ਦਰਿਆਵਾਂ ਕੋਲ ਸ਼ਰਮਿੰਦੇ ਹੋਣ ਲਈ ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ ਲਿਆਉਣ ਜੋਗਾ ਪਾਣੀ ਨਾ ਰਿਹਾ। ਜਦੋਂ ਬੰਦਿਆਂ ਦਾ ਖ਼ੂਨ ਸਫ਼ੈਦ ਹੋ ਜਾਵੇ ਤਾਂ ਦਰਿਆਵਾਂ ਵਿਚ ਪਾਣੀ ਨਹੀਂ ਖ਼ੂਨ ਵਗਦਾ ਹੈ ਤੇ ਬੇਬਸ ਹੋਇਆ ਆਦਮੀ ਅੱਖਾਂ ‘ਚੋਂ ਖ਼ੂਨ ਦੇ ਹੰਝੂ ਵਹਾਉਂਦਾ ਹੈ। ਮਨ ਤੇ ਰੂਹ ਉੱਤੇ ਚੀਸਾਂ, ਚੀਕਾਂ ਦਾ ਡੂੰਘਾ ਦਰਦ ਲੈ ਕੇ ਸਦੀਆਂ ਤੋਂ ਆਪਣੀ ਜਨਮ ਭੋਂ ਨਾਲੋਂ ਆਪਣੇ ਆਪ ਨੂੰ ਕਾਹਲੀ ਕਾਹਲੀ ਰਾਤੋ-ਰਾਤ ਕੱਟ ਕੇ, ਖੱਗ ਕੇ ਦੂਜੀ ਧਰਤੀ ‘ਤੇ ਜੜ੍ਹਾਂ ਲਾਉਣ ਲਈ ਕਾਫ਼ਲਿਆਂ ਦੇ ਰੂਪ ਵਿਚ ਤੁਰੇ ਜਾਂਦੇ ਲੋਕਾਂ ਦੀਆਂ ਅੱਖਾਂ ਵਿਚੋਂ ਅੱਧ ਵਿਚਾਲੇ ਕੱਟੀਆਂ ਜੜ੍ਹਾਂ ਦਾ ਪਾਣੀ ਸਿੰਮ-ਸਿੰਮ ਕੇ ਜਿਸਮ ਅਤੇ ਰੂਹ ਨੂੰ ਗਿੱਲਾ ਕਰੀ ਜਾ ਰਿਹਾ ਸੀ। ਇਹ ਜੜ੍ਹਾਂ ਰਿਸਦੀਆਂ ਸਿੰਮਦੀਆਂ ਰਹੀਆਂ, ਨਾਸੂਰ ਬਣ ਕੇ, ਕਿਉਂਕਿ ਇਨ੍ਹਾਂ ਦਾ ਅੱਧ ਤਾਂ ‘ਆਪਣੀ’ ਪਰ ‘ਪਰਾਈ’ ਹੋ ਗਈ ਮਿੱਟੀ ਵਿਚ ਦੱਬਿਆ ਰਹਿ ਗਿਆ ਸੀ।
ਕੱਟੀਆਂ ਜੜ੍ਹਾਂ ਦਾ ਡੂੰਘਾ ਦਰਦ ਸਦਾ ਹੀ ਮੇਰੇ ਜਿਸਮ ਨੂੰ ਥਰਥਰਾਉਂਦਾ ਰਿਹਾ ਤੇ ਰੂਹ ਵਿਚ ਝਰਨਾਹਟ ਫੇਰਦਾ ਮੇਰੀਆਂ ਅੱਖਾਂ ਵਿਚੋਂ ਸਿੰਮਦਾ ਰਿਹਾ। ਮੈਂ ਸੁਰਤ ਸੰਭਾਲੀ ਤਾਂ ਦੇਸ਼ ਦੀ ਵੰਡ ਤੇ ਉਹਦਾ ਦਰਦ ਮੇਰੇ ਨਾਲ-ਨਾਲ ਤੁਰਨ ਲੱਗਾ। ਜਿਉਂ-ਜਿਉਂ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਇਹ ਦਰਦ ਵੀ ਵੱਡਾ ਹੁੰਦਾ ਗਿਆ। ਬਚਪਨ ਦੇ ਸਾਲਾਂ ਵਿਚ ਹਰ ਪਾਸੇ ਇਸੇ ਦਰਦ ਦੀਆਂ ਗੱਲਾਂ ਸਨ। ਹੋਈ ਕਤਲੋਗਾਰਤ ਦੀਆਂ, ਅੰਨ੍ਹੀ ਵਹਿਸ਼ਤ ‘ਤੇ ਦਹਿਸ਼ਤ ਦੀਆਂ। ਛੱਡੇ ਹੋਏ ਘਰਾਂ ਦੇ ਉਦਰੇਵੇਂ ਦੀਆਂ। ਆਪਣੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ। ਲੋਕ ਨਵੇਂ ਥਾਵਾਂ ‘ਤੇ ਆਪਣੀਆਂ ਜੜ੍ਹਾਂ ਲਾ ਰਹੇ ਸਨ। ਦਰਦ ਨੂੰ ਡੂੰਘੀ ਕਬਰ ਖੋਦ ਕੇ ਉਸ ਵਿਚ ਦਫ਼ਨ ਵੀ ਕਰ ਰਹੇ ਸਨ। ਮੇਲਿਆਂ ਮੁਸਾਹਬਿਆਂ ਤੇ ਖ਼ੁਸ਼ੀਆਂ ਮਨਾਉਣ ਲਈ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ। ਪਰ ਫਿਰ ਵੀ ਡੂੰਘਾ ਦਬਿਆ ਹੋਇਆ ਦਰਦ ਅੱਖਾਂ ‘ਚੋਂ ਅੱਥਰੂ ਬਣ ਕੇ ਸਿੰਮ ਪੈਂਦਾ ਜਦੋਂ ਕੋਈ ਢਾਡੀ ਸਾਰੰਗੀ ਦਾ ਗ਼ਜ਼ ਤਾਰਾਂ ‘ਤੇ ਫੇਰਦਾ ਦਰਦ ਭਰੀ ਹੂਕ ਵਿਚ ਗਾਉਂਦਾ :
ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ।
ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ ਚਨਾਬ ਦੀ!
ਤੇ ਅੱਖਾਂ ਰਾਵੀ ਚਨਾਬ ਦੇ ਪਾਣੀ ਬਣ ਕੇ ਵਗ ਪੈਂਦੀਆਂ। ਮੈਂ ਅਕਸਰ ਹੀ ਕਿਸੇ ਕਵੀ-ਕਵੀਸ਼ਰ ਜਾਂ ਰਾਗੀ-ਢਾਡੀ ਨੂੰ ਉਸ ਮਾਸੂਮ ਬਾਲੜੀ ਦੀ ਦਰਦ-ਦਾਸਤਾਂ ਗਾਉਂਦਿਆਂ ਸੁਣਦਾ ਜਿਸ ਦੇ ਸਾਰੇ ਟੱਬਰ ਦਾ ਇਕ ਵੀ ਜੀਅ ਨਹੀਂ ਸੀ ਬਚਿਆ। ਜੋ ਆਪ ਪਤਾ ਨਹੀਂ ਕਿਵੇਂ ਬਚਾ-ਬਚਾ ਕੇ ਹਿੰਦੁਸਤਾਨ ਆ ਗਈ ਸੀ ਤੇ ਤੀਆਂ ਦੇ ਮੇਲੇ ‘ਤੇ ਇਕਲਵੰਜੇ ਬੈਠੀ ਦੂਜੀਆਂ ਕੁੜੀਆਂ ਨੂੰ ਗਿੱਧਾ ਪਾਉਂਦਿਆਂ ਨੱਚਦਿਆਂ ਟੱਪਦਿਆਂ ਵੇਖ ਉਸ ਦੀ ਇਸ ਉਦਾਸੀ ਨੂੰ ਵੇਖ ਕੇ ਸ਼ਾਇਰ ਉਸ ਕੋਲ ਜਾਂਦਾ ਤੇ ਉਹਦੇ ਦੁੱਖ ਦਾ ਕਾਰਨ ਪੁੱਛਦਾ ਤੇ ਉਹ ਕੁੜੀ ਆਪਣੀ ਦੁੱਖ ਦੀ ਕਹਾਣੀ ਦੱਸਦੀ ਕਿ ਉਹ ਇੱਕਲੀ ਯਤੀਮ ਸਾਰਾ ਟੱਬਰ ਗੁਆ ਚੁੱਕੀ ਕੁੜੀ ਕਿਵੇਂ ਹੱਸ ਸਕਦੀ ਹੈ। ਇਸ ਦਰਦ ਕਹਾਣੀ ਨੂੰ ਸੁਣ ਕੇ ਬੁੱਕ-ਬੁੱਕ ਅੱਥਰੂ ਕੇਰਦੇ ਲੋਕ ਗਾਉਣ ਵਾਲੇ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ। ਮੈਂ ਆਪਣੇ ਆਪ ਨੂੰ ਉਸ ਕੁੜੀ ਦੇ ਕੋਲ ਬੈਠਾ ਤੇ ਉਸ ਦੀ ਥਾਂ ਵੀ ਬੈਠਾ ਹੋਇਆ ਵੇਖਦਾ। ਗਾਉਣ ਵਾਲਾ ਗਾ ਰਿਹਾ ਹੁੰਦਾ :
ਡਿੱਠਾ ਇਕ ਝੁਰਮਟ ਕੁੜੀਆਂ ਦਾ
ਜੋ ਤ੍ਰਿੰਞਣ ਅੰਦਰ ਗਾਉਂਦੀਆਂ ਸਨ
ਕਈਆਂ ਪਿੱਪਲੀ ਪੀਂਘਾਂ ਪਾਈਆਂ ਸਨ
ਰੱਜ ਰੱਜ ਕੇ ਪੀਂਘ ਚੜ੍ਹਾਉਂਦੀਆਂ ਸਨ
ਕਿਕਲੀ ਕਲੀਰੇ ਦੀ, ਪੱਗ ਮੇਰੇ ਵੀਰੇ ਦੀ
‘ਵੀਰੇ ਦੀ ਉਮਰਾ ਵੱਡੀ ਹੋ’
ਇਹ ਕਹਿ ਕੇ ਖ਼ੈਰ ਮਨਾਉਂਦੀਆਂ ਸਨ।
ਇਸ ਹੱਸਦੀ ਨੱਚਦੀ ਢਾਣੀ ਤੋਂ
ਬੈਠੀ ਇਕ ਪਰ੍ਹਾਂ ਨਿਆਣੀ ਸੀ
ਉਸ ਸੁਰਤ ਜ਼ਿਮੀਂ ਵਿਚ ਗੱਡੀ ਸੀ
ਤੇ ਬੈਠੀ ਨਿਮੋਝਾਣੀ ਸੀ
ਮੈਂ ਪੁੱਛਿਆ ਉਸ ਨੂੰ ਦਸ ਬੀਬੀ!
ਕਿਉਂ ਬੈਠੀ ਪਰ੍ਹਾਂ ਦੁਰੇਡੇ ਨੇ
ਸਭ ਕੁੜੀਆਂ ਸਾਂਵੇਂ ਖੇਡਦੀਆਂ
ਪਰ ਤੂੰ ਨਾ ਸਾਵੇਂ ਖੇਡੇ ਨੇ।
(ਉਹ ਬੋਲੀ) ‘ਵੇ ਵੀਰਾ ਸਾਵੇਂ ਨੇ ‘ਸਾਵਿਆਂ’ ਦੇ
ਮੈਨੂੰ ਰੱਬ ਨਾ ਸਾਵੀਂ ਛੱਡਿਆ ਹੈ
ਪਿਓ ਦਾਦਾ ਜਿਸ ਥਾਂ ਵਸਦਾ ਸੀ
ਉਸ ਘਰ ‘ਚੋਂ ਸਾਨੂੰ ਕੱਢਿਆ ਹੈ
ਇਹ ਕਿੱਕਲੀ ਆਖਣ ਵੀਰੇ ਦੀ
ਮੇਰੇ ਵੀਰੇ ਘੱਤ ਵਹੀਰ ਗਏ
ਮੇਰੀ ਮਾਂ ਵੀ ਪਿੱਛਾ ਦੇ ਗਈ ਏ
ਮੇਰੇ ਸੁਖ ਦੇ ਦਿਨ ਅਖ਼ੀਰ ਗਏ…
ਗਾਉਣ ਵਾਲਾ ਗਾ ਰਿਹਾ ਹੁੰਦਾ। ਸੁਣਨ ਵਾਲੇ ਰੋ ਰਹੇ ਹੁੰਦੇ। ਇਹ ਕਵਿਤਾ ਸੁਣ ਕੇ ਕਈ ਜ਼ਨਾਨੀਆਂ ਨੂੰ ਮੈਂ ਭੁੱਬੀਂ ਰੋਂਦਿਆਂ ਵੇਖਿਆ। ਕਵਿਤਾ ਚੱਲਦੀ ਜਾਂਦੀ…
ਵੇ ਇਨ੍ਹਾਂ ਖਸਮਾਂ ਖਾਣਿਆਂ ਲੀਡਰਾਂ ਨੇ
ਜਦੋਂ ਵੰਡ ਦੇਸ਼ ਦੀ ਪਾਈ ਸੀ
ਸਾਡੀ ਜਨਮਾਂਤਰ ਭੂਮੀ ਜੋ
ਉਹ ਹੱਥ ‘ਮੋਮਨਾਂ’ ਆਈ ਸੀ।
ਸਾਰੇ ਇਕ ਦਿਨ ਸਾਰੇ ‘ਕੱਠੇ ਹੋ
ਉਹ ਸਾਡੇ ਪਿੰਡ ‘ਤੇ ਟੁੱਟ ਪਏ
ਹੁਣ ਚਾਰਾ ਕੋਈ ਵੀ ਚੱਲਣਾ ਨਹੀਂ
ਸਾਡੇ ਵੀ ਅੱਗੋਂ ਜੁੱਟ ਪਏ
ਲੋਹੇ ‘ਤੇ ਲੋਹਾ ਵੱਜਿਆ ਜਾਂ
ਵੱਢੇ ਗਏ ਸਿਰ ਜਵਾਨਾਂ ਦੇ
ਹੋ ਗਈ ਤਬਾਹੀ ਨਗਰ ਦੀ
ਖੋਲੇ ਹੋ ਗਏ ਮਕਾਨਾਂ ਦੇ…
ਤੇ ਫਿਰ ਕਵੀ ਦੱਸਦਾ ਕਿਵੇਂ ਦੁਸ਼ਮਣ ਨੂੰ ਭਾਰੂ ਹੁੰਦਿਆਂ ਵੇਖ ਕੇ ਉਹਦੇ ਭਰਾ ਤੇ ਪਿਉ ਨੇ ਘਰ ਦੀਆਂ ਔਰਤਾਂ ਨੂੰ ਵੱਢਿਆ ਤਾਂ ਕਿ ਉਨ੍ਹਾਂ ਦੀ ਇੱਜ਼ਤ ਖ਼ਰਾਬ ਨਾ ਹੋਵੇ। ਕਿਵੇਂ! ਉਹ ਛੋਟੀ ਜਿਹੀ ਬੱਚੀ ਲੁਕ ਕੇ ਇਹ ਸਾਰਾ ਕੁਝ ਵੇਖਦੀ ਰਹੀ। ਕਿਵੇਂ ਉਸ ਦਾ ਭਰਾ ਉਸ ਦੀਆਂ ਅੱਖਾਂ ਸਾਹਮਣੇ ਵੱਢਿਆ ਗਿਆ। ਕਿਵੇਂ ਮਾਂ ਮਾਰੀ ਗਈ ਤੇ ਕਿਵੇਂ ਪਿਓ….।
ਉਸ ਪਲ ਉਹ ਮਾਸੂਮ ਬੱਚੀ ਸਾਰੇ ਸਰੋਤਿਆਂ ਦੀ ਆਪਣੀ ਬੱਚੀ ਬਣ ਜਾਂਦੀ ਤੇ ਉਸ ਦਾ ਇਹ ਦਰਦ ਵੀ ਉਨ੍ਹਾਂ ਸਾਰਿਆਂ ਦਾ ਆਪਣਾ। ਸੁਣਨ ਵਾਲਿਆਂ ਵਿਚ ਕੌਣ ਸੀ ਜਿਸ ਦੇ ਕਿਸੇ ਨਾ ਕਿਸੇ ਜੀਅ ਨਾਲ ਅਜਿਹਾ ਭਾਣਾ ਨਹੀਂ ਸੀ ਵਾਪਰਿਆ।
ਇਸੇ ਦਰਦ ਦਾ ਭਾਵ ਇਕ ਸਥਾਈ ਭਾਵ ਬਣ ਕੇ ਮੇਰੇ ਅਵਚੇਤਨ ਵਿਚ ਬਹੁਤ ਡੂੰਘਾ ਉਤਰ ਗਿਆ ਸੀ। ਪੱਛਮੀ ਪੰਜਾਬ ਦਾ ਪਾਕਿਸਤਾਨ ਬਣ ਗਿਆ ਇਲਾਕਾ ਤੇ ਉਸ ਦਾ ਵਿਛੋੜਾ ਮੇਰੇ ਨਾਲ-ਨਾਲ ਤੁਰਦੇ। ਉਸ ਖਿੱਤੇ ਅਤੇ ਉਥੋਂ ਦੇ ਲੋਕਾਂ ਬਾਰੇ ਪੁਰਾਣੀ ਜਾਂ ਨਵੀਂ, ਲਿਖਤੀ ਜਾਂ ਜ਼ੁਬਾਨੀ ਕੋਈ ਵੀ ਕਥਾ-ਕਹਾਣੀ ਮੈਨੂੰ ਤੁਰੰਤ ਆਪਣੇ ਵੱਲ ਖਿੱਚ ਕੇ ਜੋੜ ਲੈਂਦੀ। ਸਾਹਿਤ ਵਿਚ ਅਤੇ ਪਾਕਿਸਤਾਨੋਂ ਉਜੜ ਕੇ ਆਏ ਲੋਕਾਂ ਕੋਲ ਆਪਸੀ ਸਾਂਝ, ਮੁਹੱਬਤ ਤੇ ਫਿਰ ਹੈਵਾਨੀ ਦੁਸ਼ਮਣੀ ਵਿਚ ਵਟ ਜਾਣ ਦੀਆਂ ਅਨੇਕਾਂ ਕਹਾਣੀਆਂ ਸਨ। ਇਕ ਅਤ੍ਰਿਪਤ ਤਾਂਘ ਸੀ ਮੇਰੇ ਅੰਦਰ। ਮੈਂ ਆਪਣੇ ਸੁਪਨਿਆਂ ਦੀ ਧਰਤੀ ਉੱਤੇ ਤੁਰਨਾ ਚਾਹੁੰਦਾ ਸਾਂ। ਲਾਹੌਰ ਦੇ ਬਾਜ਼ਾਰਾਂ ਵਿਚ, ਅਨਾਰਕਲੀ ਵਿਚ…ਰਾਵੀ ਦੇ ਪੱਤਣ ‘ਤੇ। ਮੈਂ ਬਾਬੇ ਨਾਨਕ ਦੇ ਖੇਤਾਂ ਵਿਚ ਵਿਚਰਨਾ ਚਾਹੁੰਦਾ ਸਾਂ। ਬਾਬੇ ਬੁੱਲ੍ਹੇ, ਵਾਰਸ ਤੇ ਸ਼ਾਹ ਹੁਸੈਨ ਅੱਗੇ ਸਿਰ ਨਿਵਾਉਣਾ ਚਾਹੁੰਦਾ ਸਾਂ। ਮੈਂ ਚਾਚੇ ਨਜ਼ਾਮੁਦੀਨ ਕੋਲ ਬੈਠ ਕੇ ਉਸ ਦੀ ਜ਼ੁਬਾਨ ਦੀ ਪਾਕੀਜ਼ਗੀ ਦਾ ਲੁਤਫ਼ ਲੈਣਾ ਚਾਹੁੰਦਾ ਸਾਂ। ਨੂਰਜਹਾਂ, ਇਕਬਾਲ ਬਾਨੋ, ਫ਼ਰੀਦਾ ਖ਼ਾਨਮ, ਤਾਹਿਰਾ ਸਈਅਦ, ਗੁਲਾਮ ਅਲੀ, ਮਹਿਦੀ ਹਸਨ ਤੇ ਰੇਸ਼ਮਾ ਦੇ ਅੰਗ-ਸੰਗ ਵਿਚਰਨਾ ਚਾਹੁੰਦਾ ਸਾਂ। ਮੈਂ ਸ਼ਹਿਨਾਜ਼ ਤੇ ਹਸਨ ਸਰਦਾਰ ਨਾਲ ਹਾਕੀ ਖੇਡਣਾ ਚਾਹੁੰਦਾ ਸਾਂ। ਗਾਮੇ ਪਹਿਲਵਾਨ ਦੇ ਨਜ਼ਦੀਕ ਬੈਠ ਕੇ ਉਹਨੂੰ ਸ਼ਰਦਾਈ ਪੀਂਦਿਆਂ ਵੇਖਣਾ ਚਾਹੁੰਦਾ ਸਾਂ…ਮੈਂ ਕੀ-ਕੀ ਚਾਹੁੰਦਾ ਸਾਂ…!
ਪਰ ਰਸਤੇ ਵਿਚ ਵਾਘੇ ਦੀ ਲਹੂ-ਭਿੱਜੀ ਲੀਕ ਸੀ। ਮੇਰੇ ਰੂਪ ਵਿਚ ਪੰਜਾਬ ਦਾ ਅੱਧ-ਕੱਟਿਆ ਧੜ ਆਪਣੇ ਬਾਕੀ ਅੱਧੇ ਕੱਟੇ ਧੜ ਨਾਲ ਮਿਲ ਕੇ ਮੁਕੰਮਲ ਹੋਣ ਲਈ ਵਿਲਕ ਰਿਹਾ ਸੀ। ਦੋਹੀਂ ਪਾਸੀਂ ਇਹ ਕੱਟੇ ਧੜ ਮਿਲਾਪ ਲਈ ਤੜਪ ਰਹੇ ਸਨ ਪਰ ਵਿਚਕਾਰਲੀ ਲਹੂ ਭਿੱਜੀ ਲਕੀਰ ‘ਤੇ ਦਿਨ-ਬ-ਦਿਨ ਦੀਵਾਰ ਉਸਰਦੀ ਜਾ ਰਹੀ ਸੀ ਤੇ ਇਸ ‘ਤੇ ਹਰ ਸਾਲ ਹੋਰ ਉੱਚਾ ਵਾਰ ਦਿੱਤਾ ਜਾ ਰਿਹਾ ਸੀ। ਦੋਵੇਂ ਮੁਲਕ ਜ਼ੋਰੋ-ਜ਼ੋਰ ਰੱਦੇ ਉਸਾਰੀ ਜਾ ਰਹੇ ਸਨ। ਕਸ਼ਮੀਰ ਦੀਆਂ ਪਹਾੜੀਆਂ, ਪੈਂਹਠ ਤੇ ਇਕ੍ਹੱਤਰ ਦੀਆਂ ਜੰਗਾਂ ਵਿਚ ਲੱਗੇ ਲਾਸ਼ਾਂ ਦੇ ਢੇਰ ਕਾਰਗਿਲ ਦੀਆਂ ਚੋਟੀਆਂ ਬਣ ਕੇ ਦਰਮਿਆਨ ਖਲੋਤੇ ਸਨ।
ਪਰ ਮੇਰੇ ਅੰਦਰਲੀ ਤਾਂਘ ਹੋਰ ਤੋਂ ਹੋਰ ਪਰਬਲ ਹੁੰਦੀ ਜਾ ਰਹੀ ਸੀ। ਉਸ ਧਰਤੀ ਨੂੰ ਦੇਖਣ ਦੀ, ਉਸ ‘ਤੇ ਕਦਮ ਧਰਨ ਦੀ, ਉਸ ਨੂੰ ਨਤਮਸਤਕ ਹੋਣ ਦੀ…ਜਿਹੜੀ ਕਦੀ ਮੇਰੀ ਜਨਮ ਭੋਇੰ ਸੀ। ਜਿਥੇ ਸਦੀਆਂ ਤੋਂ ਮੇਰੇ ਵਡੇਰੇ ਵਾਸ ਕਰਦੇ ਆਏ ਸਨ। ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਲਾਹੌਰ ਜ਼ਿਲੇ ਵਿਚ ਸਰਹੱਦੋਂ ਪਾਰ ਸੀ। ਮੈਂ ਸਰਹੱਦ ‘ਤੇ ਖਲੋ ਕੇ ਉਸ ਨੂੰ ਵੇਖ ਸਕਦਾ ਸਾਂ ਪਰ ਉਥੇ ਜਾ ਨਹੀਂ ਸਾਂ ਸਕਦਾ। ਹੱਦੋਂ ਪਾਰ ਸਿਰਫ ਦੋ ਫਰਲਾਂਗ ਦੀ ਦੂਰੀ ‘ਤੇ।
ਮੈਂ ਕਈ ਵਾਰ ਵਾਘਾ ਬਾਰਡਰ ‘ਤੇ ਜਾਂਦਾ। ਨੋ ਮੈਨਜ਼ ਲੈਂਡ ਤੋਂ ਪਾਰ ਉੱਗੀਆਂ ਫ਼ਸਲਾਂ, ਰੁੱਖਾਂ ਬੂਟਿਆਂ ਨੂੰ ਤੇ ਸਾਹਮਣੀ ਸੜਕ ‘ਤੇ ਖਲੋਤੇ ਆਪਣੇ ਹੀ ਵਰਗੇ ਹੱਥ ਹਿਲਾਉਂਦੇ ਲੋਕਾਂ ਨੂੰ ਵੇਖਦਾ। ਸਾਰਾ ਕੁਝ ਹੀ ਕਿੰਨਾ ਆਪਣਾ ਸੀ। ਪਰ ਕਿੰਨਾ ਓਪਰਾ ਤੇ ਕਿੰਨਾ ਦੂਰ ਸੀ। ਮੈਨੂੰ ਲੱਗਦਾ ਮੈਂ ਜਿਵੇਂ ਸਾਲਾਂ ਤੋਂ ਬਿਮਾਰ ਇਕੋ ਵੱਖੀ ਪਰਨੇ ਲੇਟਿਆ-ਲੇਟਿਆ ਥੱਕ ਗਿਆ ਹਾਂ। ਮੈਂ ਨੋ-ਮੈਨਜ਼ ਲੈਂਡ ‘ਤੇ ਪਾਸਾਂ ਪਰਤ ਕੇ ਦੂਜੀ ਵੱਖੀ ਪਰਨੇ ਹੋਣਾ ਚਾਹੁੰਦਾ ਸਾਂ। ਪਰ ਉਥੇ ਲੱਗੀ ਵਾੜ ਮੈਨੂੰ ਪਾਸਾ ਨਹੀਂ ਪਰਤਣ ਦਿੰਦੀ। ਜੇ ਪਾਸਾ ਪਰਤਾਂਗਾ ਤਾਂ ਵਾੜ ਜਿਸਮ ਵਿਚ ਖੁੱਭ ਜਾਵੇਗੀ। ਪਰ ਮੈਂ ਕਰਾਂ ਵੀ ਕੀ? ਪਾਸਾ ਪਰਤ ਨਹੀਂ ਸਕਦਾ ਤੇ ਇਕੋ ਪਾਸੇ ਪਿਆਂ ਮੇਰੀ ਰੂਹ ‘ਤੇ ਜ਼ਖਮ ਹੋ ਗਏ ਹਨ…
ਕਾਨਫਰੰਸ ‘ਤੇ ਜਾਣ ਦਾ ਸੱਦਾ ਮੇਰੇ ਲਈ ਡਾਢੀ ਧਰਵਾਸ ਸੀ। ਮੇਰੇ ਸੁਫ਼ਨਿਆਂ ਦੀ ਧਰਤੀ ‘ਤੇ ਹਕੀਕੀ ਕਦਮ ਧਰਨ ਦਾ ਵਾਅਦਾ ਸੀ। ਮੇਰੀ ਚਿਰਾਂ ਪੁਰਾਣੀ ਤਾਂਘ ਦੇ ਤ੍ਰਿਪਤ ਹੋਣ ਦੀ ਅਗਾਊਂ ਸੂਚਨਾ ਸੀ। ਮੈਂ ਭਲਾ ਇਸ ਸੱਦੇ ਨੂੰ ਪ੍ਰਵਾਨ ਕਰਕੇ ਰੋਮਾਂਚਤ ਕਿਉਂ ਨਾ ਹੁੰਦਾ! ਮੇਰੇ ਅੰਦਰੋਂ ਬਾਬਾ ਸ਼ਾਹ ਹੁਸੈਨ ਬੋਲਿਆ :
ਨਦੀਓਂ ਪਾਰ ਰਾਂਝਣ ਦਾ ਠਾਣਾ!
ਕੀਤਾ ਕੌਲ ਜ਼ਰੂਰੀ ਜਾਣਾ
ਮਿੰਨਤਾਂ ਕਰਾਂ ਮਲਾਹ ਦੇ ਨਾਲ।

ਦੇਸ਼ ਦੀ ਵੰਡ ਸਮੇਂ ਹੋਈਆਂ ਅਣਹੋਣੀਆਂ ਸਦਕਾ ਲੱਗੇ ਡੰੂਘੇ ਜ਼ਖ਼ਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ-ਸੰਗ ਹੈ। ਇਹਨਾਂ ਉਤੇ ਮਰਹਮ ਲਾਉਣ ਦੀ ਥਾਂ, ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੰੁਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਕ ਦੂਜੇ ਉਤੇ ਦੋਸ਼ ਮੜ੍ਹਦੀਆਂ ਤਿੱਖੇ ਨਹੰੂਆਂ ਵਾਲੇ ਅਜਿਹੇ ਨਫ਼ਰਤੀ-ਘਰੰੂਡ ਭਰਦੀਆਂ ਹਨ ਕਿ ਜ਼ਖ਼ਮ ਹੋਰ ਛਿੱਲੇ ਜਾਂਦੇ ਹਨ ਤੇ ਸਾਧਾਰਨ ਅਵਾਮ ਕਈ ਸਾਲ ਇਸ ਪੀੜ ਵਿਚ ਲੁੱਛਦੇ ਕੁਰਲਾਉਂਦੇ ਰਹਿੰਦੇ ਹਨ।
‘ਅਹਿਲੇ ਸਿਆਸਤ’ ਦੀ ਹਊਮੈਂ, ਉਸਦੀ ਕੁਰਸੀ ਦੀ ਲੋੜ ਅਤੇ ਮਜਬੂਰੀ ਨੇ ਦੋਹਾਂ ਮੁਲਕਾਂ ਵਿਚ ਲੋਕ-ਮਨਾਂ ਉੱਤੇ ਆਪਣੇ ਕੂੜ-ਪਰਚਾਰ ਦੀ ਅਜੇਹੀ ਮੋਟੀ ਤਹਿ ਵਿਛਾ ਦਿੱਤੀ ਹੈ ਕਿ ਉਸ ਹੇਠਾਂ ਮੁਹੱਬਤ ਦੀ ਆਦਿ-ਜੁਗਾਦੀ ਵਗਦੀ ਕੂਲ੍ਹ ਵੀ ਨੱਪੀ ਦੱਬੀ ਗਈ ਹੈ। ਪਰ ਕਿਤੇ ਕਿਤੇ, ਕੁਝ ਮਨਾਂ ਵਿਚ ਆਪਣੇ ਅੰਦਰਲੇ ਵੇਗ ਅਤੇ ਤੜਪ ਨਾਲ ਬੁੜ੍ਹਕ ਕੇ ਇਹ ਕੂਲ੍ਹ ਇਸ ਮੋਟੀ ਕਾਲੀ ਤਹਿ ਨੂੰ ਤੋੜ ਕੇ ਚਾਂਦੀ ਰੰਗੇ ਚਸ਼ਮੇਂ ਦੇ ਰੂਪ ਵਿਚ ਫੁੱਟ ਨਿਕਲਦੀ ਹੈ ਅਤੇ ‘ਹਮਾਰਾ ਪੈਗ਼ਾਮ ਮੁਹੱਬਤ ਹੈ ਜਹਾਂ ਤੱਕ ਪਹੰੁਚੇ’ ਗੁਣ-ਗੁਣਾਉਂਦੀ ਆਪਣੇ ਰੰਗ ਵਿਚ ਰੱਤੀ ਵਹਿ ਤੁਰਦੀ ਹੈ।
12 ਤੋਂ 19 ਅਪ੍ਰੈਲ 2001 ਤੱਕ ‘ਆਲਮੀ ਪੰਜਾਬੀ ਕਾਨਫ਼ਰੰਸ ਲਾਹੌਰ’ ਦੇ ਸਿਲਸਿਲੇ ਵਿਚ ਮੇਰੀ ਲਾਹੌਰ, ਕਸੂਰ, ਸ਼ੇਖ਼ੂਪੁਰਾ, ਨਨਕਾਣਾ ਸਾਹਿਬ ਤੇ ਲਾਇਲਪੁਰ ਦੀ ਸੰਖੇਪ ਜਿਹੀ ਫੇਰੀ ਇਸੇ ਮੁਹੱਬਤੀ ਗੁਣਗੁਣਾਹਟ ਦਾ ਸੁਹਾਵਣਾ ਸਬੱਬ ਬਣੀ। ਉਥੇ ਆਮ ਲੋਕਾਂ ਨੂੰ ਮਿਲਦਿਆਂ ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਭਰਾਵਾਂ ਦੇ ਮਨਾਂ ਵਿਚ ਵੀ ਚੜ੍ਹਦੇ ਪੰਜਾਬ ਦੇ ਆਪਣੇ ਵਿੱਛੜੇ ਭਰਾਵਾਂ ਲਈ ਵਿਗੋਚੇ ਅਤੇ ਵਿਛੋੜੇ ਦੀ ਬੜੀ ਤੀਬਰ ਤੜਪਣੀ ਹੈ। ਦੋਹਾਂ ਪੰਜਾਬਾਂ ਵਿਚ ਅਜਿਹੇ ਕਰੋੜਾਂ ਲੋਕ ਹਨ ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇਕ ਦੂਜੇ ਮੁਲਕ ਨਾਲ ਜੁੜੀਆਂ ਹੋਈਆਂ ਹਨ। ਉਹ ਸਰਹੱਦਾਂ ਤੋਂ ਉਰਾਰ ਪਾਰ ਜਾ ਕੇ ਆਪਣੇ ਵਡੇਰਿਆਂ ਦੀ ਸਰ-ਜ਼ਮੀਂ ਨੂੰ ਚੰੁਮ ਕੇ ਮੱਥੇ ਨਾਲ ਛੁਹਾਉਣ ਲਈ ਵਿਲਕ ਰਹੇ ਹਨ, ਵਿਛੜੇ ਭਰਾਵਾਂ ਨੂੰ ਗਲੇ ਮਿਲਣ ਲਈ ਲੁੱਛ-ਲੋਚ ਰਹੇ ਹਨ।
ਸਾਂਝੀ ਜ਼ਬਾਨ, ਸਾਂਝੇ ਇਤਿਹਾਸ, ਸਾਂਝੇ ਵਸੇਬ ਤੇ ਸਾਂਝੀ ਰਹਿਤਲ ਦੀ ਖਿੱਚ ਤਾਂ ਅਚੇਤ-ਸੁਚੇਤ ਹਰੇਕ ਦੇ ਮਨ ਵਿਚ ਇਕ ਦੂਜੇ ਲਈ ਤੁਣਕੇ ਮਾਰਦੀ ਰਹਿੰਦੀ ਹੈ। ਇਹੋ ਹੀ ਕਾਰਨ ਹੈ ਕਿ ਕਰੜੇ ਤੋਂ ਕਰੜੇ ਮਨ ਦੀ ਸੁੱਕੀ ਰੇਤ ਵਿਚ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਸਿੱਲ੍ਹ ਮੌਜੂਦ ਹੈ ਤੇ ਥੋੜ੍ਹਾ ਚਿਰ ਵੀ ਇਸ ਸਿੱਲ੍ਹ ਨੂੰ ਥਪਥਪਾ ਕੇ ਦੇਖੀਏ ਤਾਂ ਉਸ ਹੇਠੋਂ ਪਾਣੀ ਸਿੰਮ ਪੈਂਦਾ ਹੈ।
ਇਹ ਕਾਨਫ਼ਰੰਸਾਂ/ਇਹ ਮਿਲਣੀਆਂ ਕਰੜੇ ਮਨਾਂ ਉਤੇ ਕੂਲੇ ਮੁਹੱਬਤੀ ਹੱਥਾਂ ਦੀ ਥਪਥਪਾਹਟ ਹੀ ਤਾਂ ਹਨ। ਜੇ ਇਹ ਮਿਲਣੀਆਂ ਮੁਸੱਲਸਲ ਹੰੁਦੀਆਂ ਰਹਿਣ ਤਾਂ ਨਿਸ਼ਚੈ ਹੀ ਹੇਠੋਂ ਮੁਹੱਬਤ ਦਾ ਚਾਂਦੀ-ਰੰਗਾ ਪਾਣੀ ਸਿੰਮ ਸਕਦਾ ਹੈ। ਅਜੇਹੇ ਵੱਡੇ ਅਤੇ ਵਧੇਰੇ ਉਦਮਾਂ ਨਾਲ ਇਹ ਪਾਣੀ ਜਮ੍ਹਾਂ ਹੋ ਕੇ ਵਹਿ ਵੀ ਸਕਦਾ ਹੈ ; ਮੁਹੱਬਤ ਦੀ ਵਗਦੀ ਰਾਵੀ ਦੇ ਰੂਪ ਵਿਚ। ਉਤੋਂ ਉਤੋਂ ਬੇਸ਼ੱਕ ਇਹ ਰਾਵੀ ਸੁੱਕੀ ਪਈ ਜਾਪਦੀ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਭ ਦੇ ਧੁਰ ਅੰਦਰ ਕਿਤੇ ਨਾ ਕਿਤੇ ਇਹ ਨਿਰੰਤਰ ਵਹਿ ਰਹੀ ਹੈ। ਲੋੜ ਇਸ ਤੋਂ ਕੂੜ ਦੀ ਮੋਟੀ ਰੇਤਲੀ ਤਹਿ ਨੂੰ ਪੁੱਟ ਉਖੇੜ ਕੇ ਪਾਸੇ ਕਰਨ ਦੀ ਹੈ।
ਇੰਜ ਮੇਰੀ ਇਹ ਲਿਖਤ ਨਾਵਾਂ, ਥਾਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਕੋਈ ਪ੍ਰੰਪਰਿਕ ਸਫ਼ਰਨਾਮਾ ਲਿਖਤ ਨਹੀਂ। ਇਹ ਤਾਂ ਮਨਾਂ ਤੋਂ ਮਨਾਂ ਤਕ ਦੀ ਯਾਤਰਾ ਦਾ ਤਰਲ ਬਿਰਤਾਂਤ ਹੈ। ਇਹ ਸਿਰਫ਼ ਸੱਤਾਂ ਦਿਨਾਂ ਦਾ ਵੇਰਵਾ ਨਹੀਂ, ਇਹਦੇ ਪਿੱਛੇ ਤਾਂ ਸੱਤਾਂ ਪੁਸ਼ਤਾਂ ਦਾ ਦਰਦ ਬੋਲਦਾ ਪਿਆ ਹੈ। ਇਹ ਲਿਖਤ ਪੀੜ੍ਹੀਆਂ ਦੀ ਸਾਂਝ ਦੇ ਟੁੱਟਣ-ਤਿੜਕਣ ਤੇ ਮੁੜ ਗਲੇ ਲੱਗਣ ਲਈ ਅਹੁਲਦੀ ਤੜਪਦੀ ਤਾਂਘ ਦੀ ਦਰਦ-ਦਾਸਤਾਂ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਪਾਠਕ ਇਸ ਦਰਦ-ਦਾਸਤਾਂ ਨੂੰ ਕਿਸ਼ਤਵਾਰ ਪੜ੍ਹ ਰਹੇ ਸਨ ਤਾਂ ਉਹਨਾਂ ਦੇ ਮਨ ਪਿਘਲ ਕੇ ਉਹਨਾਂ ਦੀਆਂ ਅੱਖੀਆਂ ‘ਚੋਂ ਵਹਿ ਨਿਕਲਦੇ ਰਹੇ। ਇਹਨਾਂ ਪਾਠਕਾਂ ਵਿਚ ਸੁੱਚੇ ਦਿਲ ਵਾਲੇ ਸਾਧਾਰਨ ਪਾਠਕ ਤਾਂ ਸਨ ਹੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਆਸਤ ਵਿਚ ਵੱਡੇ ਰੁਤਬਿਆਂ ਵਾਲੇ ਰਹਿ ਚੁੱਕੇ ਮੰਤਰੀਆਂ ਨੇ ਵੀ ਇਸਨੂੰ ਸੁਣਦਿਆਂ ਮੇਰੇ ਕੋਲ ਹਉਕੇ ਵਰਗਾ ਹੰੁਗਾਰਾ ਭਰਿਆ। ਬਹੁਤ ਸਾਰਿਆਂ ਨੇ ਤਾਂ ਇਹ ਮਾਸੂਮ ਇੱਛਾ ਵੀ ਪ੍ਰਗਟਾਈ ਕਿ ਇਹ ‘ਰਾਵੀ’ ਇਸ ਤਰ੍ਹਾਂ ਹੀ ‘ਪੰਜਾਬੀ ਟ੍ਰਿਬਿਊਨ’ ਦੇ ਪੰਨਿਆਂ ਉੱਤੇ ਵਗਦੀ ਰਹੇ। ਪਰ ਇਕ ਸੁਹਿਰਦ ਪਾਠਕ ਨੇ ਇਸਦੀ ਅੰਤਮ ਕਿਸ਼ਤ ਪੜ੍ਹਕੇ ਇਕ ਬੜੀ ਦਿਲਚਸਪ ਗੱਲ ਸੁਣਾਈ। ਉਸ ਕਿਹਾ, ‘ਵਗਦੀ ਏ ਰਾਵੀ’ ਦੀ ਅੰਤਮ ਕਿਸ਼ਤ ਬਾਰੇ ਸੁਣਕੇ ਮੇਰੇ ਬੱਚਿਆਂ ਨੇ ਤੁਰੰਤ ਕਿਹਾ, ‘‘ਚਲੋ ਇਹ ਵੀ ਚੰਗਾ ਈ ਹੋਇਆ, ਇਹ ਛਪਣੀ ਬੰਦ ਹੋ ਗਈ…’’
‘‘ਕਿਉਂ?’’ ਮੇਰੇ ਪੁੱਛਣ ‘ਤੇ ਉਸਨੇ ਦੱਸਿਆ, ‘‘ਉਹ ਆਖਦੇ ਸਨ ਕਿ ਹਰੇਕ ਐਤਵਾਰ ਨੂੰ ਸਾਡਾ ਪਿਉ ਅਖ਼ਬਾਰ ਲੈ ਕੇ ਬੈਠ ਜਾਂਦਾ ਸੀ। ਨਾਲੇ ਅਖ਼ਬਾਰ ਪੜ੍ਹੀ ਜਾਂਦਾ ਸੀ, ਨਾਲੇ ਅੱਥਰੂ ਕੇਰੀ ਜਾਂਦਾ ਸੀ।’’
ਇਹ ਸੁਣ ਕੇ ਲੱਗਾ ਕਿ ਮੇਰਾ ਲਿਖਣਾ ਸਫ਼ਲ ਹੋ ਗਿਆ, ਇਹੋ ਹੀ ਤਾਂ ਮੈਂ ਲੋੜਦਾ ਸਾਂ, ਖ਼ੁਸ਼ਕ ਹੋਏ ਨੈਣਾਂ ਵਿਚ ਨਮੀਂ ਪੈਦਾ ਕਰਨਾ। ਸੁੱਕੇ ਮਨਾਂ ਵਿਚ ਮੁਹੱਬਤ ਦੀ ਰਾਵੀ ਵਗਾਉਣਾ।
‘ਕਰੜੇ ਮਨਾਂ ਵਾਲਿਆਂ ਨੂੰ’ ਇਹ ਨਿਰੋਲ ਕੋਰੀ ਭਾਵੁਕਤਾ ਵੀ ਲੱਗ ਸਕਦੀ ਹੈ। ‘ਖੁਰਦਬੀਨ’ ਲੈ ਕੇ ਅਰਥ ਕਰਨ ਵਾਲਿਆਂ ਨੂੰ ਹਾਕਮਾਂ ਦੀ ਸੋਚ ਤੋਂ ਟੇਢ ਵੱਟ ਕੇ ਤੁਰਨ ਵਾਲੀ ਇਸ ਲਿਖਤ ਵਿਚ ‘ਦੇਸ਼ ਦੀ ਵਫ਼ਾਦਾਰੀ’ ਪ੍ਰਤੀ ਸ਼ੰਕਾ ਦੀ ‘ਸੂਹ’ ਵੀ ਲੱਭ ਸਕਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਰਚਨਾ ਰਾਹੀਂ ਦੋਹਾਂ ਮੁਲਕਾਂ ਦੇ ਅਵਾਮ ਅੰਦਰਲੇ ਤਰਲ ਭਾਵਾਂ ਨੂੰ ਜ਼ਬਾਨ ਦੇਣ ਦਾ ਅਤੇ ਸਰਬ-ਸਾਂਝੀ ਮਨੁੱਖਤਾ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਨਿਰਮਾਣ ਕਾਰਜ ਕਰਨ ਦੀ ਸਾਦਾ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਰਚਨਾ ਸਰਹੱਦਾਂ ਅਤੇ ਕੰਡੇਦਾਰ ਵਾੜਾਂ ਦੇ ਉੱਪਰ ਦੀ ਮੁਹੱਬਤ ਦਾ ਸਤਰੰਗਾ ਇੰਦਰ-ਧਨੁੱਖੀ ਪੁਲ ਉਸਾਰ ਕੇ ਇਕ ਦੂਜੇ ਤੱਕ ਪੁੱਜਣ ਅਤੇ ਇਕ ਦੂਜੇ ਨੂੰ ਸਮਝਣ ਦਾ ਨਿੱਕਾ ਜਿਹਾ ਯਤਨ ਹੈ।
ਮੈਂ ਇਸ ਲਿਖਤ ਰਾਹੀਂ ‘ਬਾਰੂਦ ਦੀ ਬੋ’ ਦੀ ਜਗ੍ਹਾ ‘ਮੁਹੱਬਤ ਦੀ ਖ਼ੁਸ਼ਬੋ’ ਖਿੰਡਾਉਣ ਦਾ, ਸਭ ਕਿਸਮ ਦੇ ਲੜਾਈ ਝਗੜਿਆਂ ਨੂੰ ਮਿਲ-ਬੈਠ ਕੇ ਨਿਪਟਾਉਣ ਦਾ, ਵਿਛੜਿਆਂ ਨੂੰ ਗਲੇ ਮਿਲਾਉਣ ਦਾ ਇਕ ਮਾਸੂਮ ਜਿਹਾ ਹੋਕਾ ਦਿੱਤਾ ਹੈ।
ਕੋਈ ਸੁਣੇਗਾ ਇਸ ਹੋਕੇ ਨੂੰ!

ਮੇਰਾ ਪਿਉ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਬੇਹੋਸ਼ ਪਿਆ ਸੀ। ਆਕਸੀਜਨ ਲੱਗੀ ਹੋਈ। ਮੇਰੀ ਮਾਂ ਉਸਦੇ ਸਿਰਹਾਣੇ ਬੈਠੀ ਹੋਈ। ਮੈਂ ਤੇ ਮੇਰਾ ਦੋਸਤ ਬੜਾ ਚਿਰ ਖੱਜਲ-ਖ਼ਰਾਬ ਹੋਣ ਤੋਂ ਪਿਛੋਂ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਉਂਦਾ ਵੇਖ ਕੇ ਮਾਂ ਦਰਵਾਜ਼ੇ ਵਿਚ ਅੱਗਲਵਾਂਢੀ ਆ ਖੜੋਤੀ ਤੇ ਕਹਿਣ ਲੱਗੀ :
‘‘ਜਾਓ ਮੇਰੇ ਪੁੱਤ! ਪਹਿਲਾਂ ਰੋਟੀ ਖਾ ਆਓ। ਸਵੇਰ ਦਾ ਚਾਹ ਦਾ ਘੁੱਟ ਪੀ ਕੇ ਈ ਭੱਜੇ ਫਿਰਦੇ ਜੇ। ਉਤੋਂ ਦੁਪਹਿਰਾਂ ਚੜ੍ਹ ਆਈਆਂ।…ਮੈਂ ਬੈਠੀ ਆਂ ਤੁਹਾਡੇ ਪਿਉ ਕੋਲ…ਫ਼ਿਕਰ ਨਾ ਕਰੋ…’’
ਉਸਦੇ ਜ਼ੋਰ ਦੇਣ ‘ਤੇ ਅਸੀਂ ਉਥੋਂ ਹੀ ਮੁੜ ਗਏ। ਢਾਬੇ ਤੋਂ ਰੋਟੀ ਖਾ ਕੇ ਪਰਤੇ ਤਾਂ ਮਾਂ ਨੇ ਕਿਹਾ, ‘‘ਪੁੱਤ! ਟੈਕਸੀ ਲੈ ਆਓ। ਤੁਹਾਡਾ ਪਿਉ ਪੂਰਾ ਹੋ ਗਿਐ। ਪੂਰਾ ਤਾਂ ਇਹ ਉਦੋਂ ਈ ਹੋ ਚੁੱਕਾ ਸੀ ਜਦੋਂ ਤੁਸੀਂ ਰਪੋਟ ਲੈ ਕੇ ਆਏ ਸੋ। ਮੈਂ ਈ ਸੋਚਿਆ, ਸਵੇਰ ਦੇ ਭੁੱਖਣ-ਭਾਣੇ ਫਿਰਦੇ ਨੇ। ਜੇ ਦੱਸ ਦਿੱਤਾ ਫਿਰ ਪਤਾ ਨਹੀਂ ਰੋਣ-ਕੁਰਲਾਉਣ ਵਿਚ ਮੇਰੇ ਪੁੱਤਾਂ ਨੂੰ ਰੋਟੀ ਖਾਣੀ ਕਦੋਂ ਨਸੀਬ ਹੋਵੇ’’ ਖ਼ੁਦ ਢਿੱਡੋਂ ਭੁੱਖੀ ਮਾਂ ਦਾ ਗੱਚ ਭਰ ਆਇਆ।
ਆਪਣੀ ਮਾਂ ਦੇ ਉਸ ਜਿਗਰੇ ਤੇ ਮੁਹੱਬਤ ਨੂੰ ਨਮਸਕਾਰ

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ।

      ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ `ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ ਵਿੱਚ ਤਣੀ ਹੋਈ ਸੀ। ਉਹ ਜੋ ਜਾ ਚੁੱਕਾ ਸੀ, ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲ੍ਹਦਾ-ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫ਼ਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਬੁੱਲ੍ਹਾਂ ਨਾਲ, ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ-ਸੰਗ ਸੀ। ਇਸੇ ਘਰ ਵਿੱਚ ਸੀ। ਉੇਹਨਾਂ ਦੇ ਕੋਲ ਹੀ ਪਰ੍ਹੇ ਡੰਗਰਾਂ ਅੱਗੇ ਸੁੱਤਾ ਹੋਇਆ। ਸ਼ਰਾਬ ਵਿੱਚ ਗੁੱਟ।