You are here:ਮੁਖ ਪੰਨਾ»ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

ਏਸ਼ਿਆਈ ਖੇਡਾਂ ਭਾਵੇਂ 1951 ਵਿੱਚ ਨਵੀਂ ਦਿੱਲੀ ਤੋਂ ਸ਼ੁਰੂ ਹੋਈਆਂ ਪਰ ਇਨ੍ਹਾਂ ਦਾ ਬੀਜ ਕਾਫੀ ਸਮਾਂ ਪਹਿਲਾਂ ਬੀਜਿਆ ਜਾ ਚੁੱਕਾ ਸੀ। 1913 ਵਿੱਚ ‘ਓਰੀਐਂਟਲ ਓਲੰਪਿਕ ਖੇਡਾਂ’ ਦੇ ਨਾਂ ਥੱਲੇ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਤਿੰਨ ਏਸ਼ਿਆਈ ਮੁਲਕਾਂ ਦੇ ਖੇਡ ਮੁਕਾਬਲੇ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਫਿਲਪਾਈਨ 141 ਅੰਕ ਲੈ ਕੇ ਪ੍ਰਥਮ, ਚੀਨ 42 ਅੰਕਾਂ ਨਾਲ ਦੋਮ ਤੇ ਜਪਾਨ 16 ਅੰਕਾਂ ਨਾਲ ਫਾਡੀ ਸੀ। 1915 ਵਿੱਚ ‘ਫਾਰ ਈਸਟਰਨ ਏਸ਼ੀਆਟਕ ਖੇਡਾਂ’ ਦੇ ਨਾਂ ਹੇਠਾਂ ਫਿਰ ਉਪ੍ਰੋਕਤ ਦੇਸ਼ਾਂ ਦੇ ਮੁਕਾਬਲੇ ਚੀਨ ਦੇ ਸ਼ਹਿਰ ਸ਼ਿੰਘਾਈ ਵਿੱਚ ਹੋਏ। ਉਥੇ ਚੀਨ ਨੇ 152 ਅੰਕ ਪ੍ਰਾਪਤ ਕੀਤੇ, ਫਿਲਪਾਈਨ ਨੇ 72 ਤੇ ਜਪਾਨ ਨੇ 32 ਅੰਕ। 1917 ਵਿੱਚ ਇਹੋ ਖੇਡਾਂ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਈਆਂ। ਉਥੇ ਜਪਾਨ 120 ਅੰਕਾਂ ਨਾਲ ਮੀਰੀ ਰਿਹਾ ਜਦ ਕਿ ਫਿਲਪਾਈਨ ਤੇ ਚੀਨ ਕਰਮਵਾਰ 80 ਤੇ 49 ਅੰਕ ਪ੍ਰਾਪਤ ਕਰ ਸਕੇ।

ਫਾਰ ਈਸਟਰਨ ਏਸ਼ੀਆਟਕ ਖੇਡਾਂ 1913 ਤੋਂ 1927 ਤਕ ਹਰ ਦੋ ਸਾਲ ਪਿਛੋਂ ਮਨੀਲਾ, ਸ਼ਿੰਘਾਈ ਤੇ ਟੋਕੀਓ/ਓਸਾਕਾ ਵਿੱਚ ਹੁੰਦੀਆਂ ਰਹੀਆਂ। 1927 ਦੀਆਂ ਅੱਠਵੀਆਂ ਖੇਡਾਂ ਸ਼ਿੰਘਾਈ ਵਿੱਚ ਹੋਈਆਂ। ਉਥੇ ਫੈਸਲਾ ਲਿਆ ਗਿਆ ਕਿ ਅਗਾਂਹ ਨੂੰ ਇਹ ਖੇਡਾਂ ਓਲੰਪਿਕ ਖੇਡਾਂ ਦੇ ਵਿਚਾਲੇ ਹਰ ਚਹੁੰ ਸਾਲਾਂ ਪਿਛੋਂ ਕਰਾਈਆਂ ਜਾਣਗੀਆਂ। ਨੌਵੀਆਂ ਖੇਡਾਂ 1930 ਵਿੱਚ ਟੋਕੀਓ ਹੋਈਆਂ ਜਿਥੇ ਪਹਿਲੀ ਵਾਰ ਇੰਡੀਆ ਦੀ ਟੀਮ ਨੇ ਵੀ ਭਾਗ ਲਿਆ। ਇਸ ਪਿਛੋਂ ਫਾਰ ਈਸਟਰਨ ਖੇਡਾਂ ਦਾ ਭੋਗ ਪੈ ਗਿਆ।

ਫਿਰ 1934 ਵਿੱਚ ਪ੍ਰਸਿੱਧ ਖੇਡ ਪ੍ਰਮੋਟਰ ਪ੍ਰੋ.ਗੁਰੂ ਦੱਤ ਸੋਂਧੀ ਦੇ ਯਤਨਾਂ ਨਾਲ ‘ਪੱਛਮੀ ਏਸ਼ੀਆਟਕ ਖੇਡਾਂ’ ਦੇ ਨਾਂ ਥੱਲੇ ਇਹਨਾਂ ਖੇਡਾਂ ਦਾ ਪੁਨਰ ਜਨਮ ਹੋਇਆ। ਇਹ ਖੇਡਾਂ ਨਵੀਂ ਦਿੱਲੀ ਤੇ ਪਟਿਆਲੇ ਵਿੱਚ 2, 3 ਤੇ 4 ਮਾਰਚ 1934 ਨੂੰ ਹੋਈਆਂ। ਦਿੱਲੀ ਵਿੱਚ ਅਥਲੈਟਿਕਸ, ਹਾਕੀ ਤੇ ਲਾਅਨ ਟੈਨਿਸ ਦੇ ਮੁਕਾਬਲੇ ਹੋਏ ਅਤੇ ਪਟਿਆਲੇ ਤੈਰਨ ਤੇ ਵਾਟਰ ਪੋਲੋ ਦੇ। ਪੱਛਮੀ ਏਸ਼ੀਆਟਕ ਕਮੇਟੀ ਦੇ ਚੇਅਰਮੈਨ ਮਹਾਰਾਜਾ ਯਾਦਵਿੰਦਰ ਸਿੰਘ ਤੇ ਆਨਰੇਰੀ ਸੈਕਟਰੀ ਪ੍ਰੋ.ਗੁਰੂ ਦੱਤ ਸੋਂਧੀ ਸਨ। ਮਹਾਰਾਜਾ ਭੂਪਿੰਦਰ ਸਿੰਘ ਉਦੋਂ ਭਾਰਤੀ ਓਲੰਪਿਕ ਕਮੇਟੀ ਦੇ ਪ੍ਰਧਾਨ ਸਨ। ਇਹਨਾਂ ਖੇਡਾਂ ਲਈ ਦਿੱਲੀ ਵਿੱਚ ਤੰਬੂਆਂ ਦਾ ਖੇਡ ਪਿੰਡ ਬਣਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਕੇਵਲ ਚਾਰ ਮੁਲਕਾਂ, ਲੰਕਾ, ਅਫ਼ਗ਼ਾਨਿਸਤਾਨ, ਫ਼ਲਸਤੀਨ ਤੇ ਹਿੰਦੁਸਤਾਨ ਦੇ ਖਿਡਾਰੀਆਂ ਨੇ ਭਾਗ ਲਿਆ। ਹਿੰਦੋਸਤਾਨੀ ਖਿਡਾਰੀ ਸਹਿਜੇ ਹੀ ਸਾਰੀਆਂ ਖੇਡਾਂ ਵਿੱਚ ਜਿੱਤਾਂ ਹਾਸਲ ਕਰ ਗਏ। 1938 ਦੀਆਂ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਫ਼ਲਸਤੀਨ ਦੇ ਸ਼ਹਿਰ ਤਲਅਵੀਵ ਨੇ ਲਈ ਸੀ ਜੋ ਅੱਜ ਕੱਲ੍ਹ ਇਸਰਾਈਲ ਦੀ ਰਾਜਧਾਨੀ ਹੈ। ਪਰ ਦੂਜੇ ਸੰਸਾਰ ਯੁੱਧ ਦੇ ਖ਼ਤਰੇ ਕਾਰਨ ਇਹ ਖੇਡਾਂ ਨਾ ਹੋ ਸਕੀਆਂ। ਫਿਰ ਦੂਜੀ ਵਿਸ਼ਵ ਜੰਗ ਲੱਗ ਗਈ ਤੇ ਖੇਡਾਂ ਦੀ ਗੱਲ ਭੁੱਲ ਵਿਸਰ ਗਈ।

1947 ਵਿੱਚ ਏਸ਼ਿਆਈ ਦੇਸ਼ਾਂ ਦੇ ਆਪਸੀ ਸੰਬੰਧਾਂ ਬਾਰੇ ਇੱਕ ਕਾਨਫਰੰਸ ਦਿੱਲੀ ਵਿੱਚ ਹੋਈ। ਉਥੇ ਹੋਰਨਾਂ ਗੱਲਾਂ ਦੇ ਨਾਲ ਖੇਡਾਂ ਰਾਹੀਂ ਏਸ਼ਿਆਈ ਮੁਲਕਾਂ ਵਿੱਚ ਸਾਂਝ ਵਧਾਉਣ ਦੇ ਵਿਚਾਰ ਨੂੰ ਭਰਵਾਂ ਹੁੰਘਾਰਾ ਮਿਲਿਆ। 1948 ਦੀਆਂ ਓਲੰਪਿਕ ਖੇਡਾਂ ਸਮੇਂ ਲੰਡਨ ਵਿੱਚ ਫਿਲਪਾਈਨ ਦੇ ਖੇਡ ਪ੍ਰੋਮੋਟਰ ਜਾਰਜ ਬੀ ਵਾਰਗਸ ਨੇ ਭਾਰਤ ਦੇ ਪ੍ਰੋ.ਗੁਰੂ ਦੱਤ ਸੋਂਧੀ ਨਾਲ ਏਸ਼ਿਆਈ ਖੇਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੇ ਫਲਸਰੂਪ ਏਸ਼ੀਅਨ ਐਮੇਚਿਓਰ ਅਥਲੈਟਿਕ ਫੈਡਰੇਸ਼ਨ ਬਣਾਈ ਗਈ। ਫੈਡਰੇਸ਼ਨ ਦੀ ਪਹਿਲੀ ਮੀਟਿੰਗ 12 ਤੇ 13 ਫਰਵਰੀ 1949 ਨੂੰ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਫਿਲਪਾਈਨ, ਸਿਆਮ, ਇੰਡੋਨੇਸ਼ੀਆ, ਬਰਮਾ, ਸੀਲੋਨ, ਨਿਪਾਲ, ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਭਾਰਤ ਦੇ ਨੁਮਾਇੰਦੇ ਸ਼ਾਮਲ ਹੋਏ। ਉਥੇ ਏਸ਼ੀਅਨ ਅਥਲੈਟਿਕ ਫੈਡਰੇਸ਼ਨ ਦਾ ਨਾਂ ਬਦਲ ਕੇ ਏਸ਼ੀਅਨ ਖੇਡ ਫੈਡਰੇਸ਼ਨ ਰੱਖ ਦਿੱਤਾ ਗਿਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਜਾਰਜ ਬੀ ਵਾਰਗਸ ਮੀਤ ਪ੍ਰਧਾਨ ਤੇ ਪ੍ਰੋ.ਜੀ.ਡੀ.ਸੋਂਧੀ ਸਕੱਤਰ/ਖ਼ਜ਼ਾਨਚੀ ਥਾਪੇ ਗਏ।

ਮੀਟਿੰਗ ਵਿੱਚ ਏਸ਼ਿਆਈ ਖੇਡ ਫੈਡਰੇਸ਼ਨ ਦਾ ਸੰਵਿਧਾਨ ਵੀ ਪਾਸ ਕੀਤਾ ਗਿਆ ਜਿਸ ਅਨੁਸਾਰ ਏਸ਼ਿਆਈ ਖੇਡਾਂ ਓਲੰਪਿਕ ਖੇਡਾਂ ਦੇ ਸਾਲਾਂ ਵਿਚਕਾਰ ਹਰ ਚਹੁੰ ਸਾਲਾਂ ਪਿਛੋਂ ਕਰਾਉਣੀਆਂ ਤਹਿ ਹੋਈਆਂ। ਇੰਜ ਸਹੀ ਮਹਿਨਿਆਂ ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਨੇ ਚੁੱਕੀ ਤੇ ਦੂਜੀਆਂ ਏਸ਼ਿਆਈ ਖੇਡਾਂ ਮਨੀਲਾ ਨੂੰ ਸੌਂਪੀਆਂ ਗਈਆਂ। ਮੀਟਿੰਗ ਦੇ ਫੈਸਲੇ ਅਨੁਸਾਰ ਪਹਿਲੀਆਂ ਏਸ਼ਿਆਈ ਖੇਡਾਂ 1950 ਵਿੱਚ ਕਰਾਈਆਂ ਜਾਣੀਆਂ ਸਨ ਅਤੇ ਅਥਲੈਟਿਕਸ, ਤੈਰਾਕੀ, ਟੈਨਿਸ, ਹਾਕੀ, ਬੇਸਬਾਲ, ਬਾਸਕਟਬਾਲ, ਵਾਲੀਬਾਲ, ਫੁਟਬਾਲ, ਮੁੱਕੇਬਾਜ਼ੀ ਤੇ ਕੁਸ਼ਤੀਆਂ ਦੇ ਮੁਕਾਬਲੇ ਹੋਣੇ ਸਨ। ਪਰ ਇਹ ਸਾਰੀਆਂ ਖੇਡਾਂ ਮਿਥੇ ਸਮੇਂ ਉਤੇ ਕਰਾਉਣੀਆਂ ਸੰਭਵ ਨਾ ਹੋ ਸਕੀਆਂ।

ਏਸ਼ਿਆਈ ਖੇਡ ਫੈਡਰੇਸ਼ਨ ਦੀ ਦੂਜੀ ਮੀਟਿੰਗ 31 ਜੁਲਾਈ 1950 ਨੂੰ ਫਿਰ ਨਵੀਂ ਦਿੱਲੀ `ਚ ਹੋਈ। ਉਸ ਮੀਟਿੰਗ `ਚ ਖੇਡਾਂ ਦੀ ਗਿਣਤੀ ਘੱਟ ਕੀਤੀ ਗਈ ਤੇ ਫੈਸਲਾ ਹੋਇਆ ਕਿ ਹੁਣ ਇਹ ਖੇਡਾਂ 15 ਫਰਵਰੀ ਤੋਂ 15 ਮਾਰਚ 1951 ਵਿਚਕਾਰ ਕਰਾਈਆਂ ਜਾਣ। ਪਰ ਦੂਜੀਆਂ ਖੇਡਾਂ 1954 ਵਿੱਚ ਹੀ ਹੋਣ। ਇਸ ਫੈਸਲੇ ਪਿਛੋਂ ਸੱਤ ਅੱਠ ਮਹੀਨੇ ਖੇਡਾਂ ਕਰਾਉਣ ਦੀ ਤਿਆਰੀ ਜੰਗੀ ਪੱਧਰ ਉਤੇ ਕੀਤੀ ਗਈ। ਇੰਡੀਆ ਗੇਟ ਦੇ ਵਿਸ਼ਾਲ ਮੈਦਾਨ ਸਾਹਮਣੇ ਨੈਸ਼ਨਲ ਸਟੇਡੀਅਮ ਉਸਾਰਿਆ ਗਿਆ ਜਿਸ ਦੇ ਟਰੈਕ ਦੁਆਲੇ ਸਾਈਕਲ ਪੱਟੀ ਵਿਛਾਈ ਗਈ। ਤੈਰਨ ਤਲਾਅ ਤੇ ਹੋਰ ਖੇਡ ਭਵਨ ਤਿਆਰ ਕਰਨ ਦੇ ਨਾਲ ਨੇੜੇ ਲੱਗਦੀਆਂ ਫੌਜੀ ਬੈਰਕਾਂ ਓਲੰਪਿਕ ਪਿੰਡ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ।

ਖੇਡਾਂ ਸ਼ੁਰੂ ਹੋਣ ਤਕ ਸਭ ਕੁੱਝ ਤਿਆਰ ਹੋ ਗਿਆ ਤੇ ਏਸ਼ਿਆਈ ਮੁਲਕਾਂ ਦੇ ਰੰਗ ਬਰੰਗੇ ਝੰਡੇ ਨੈਸ਼ਨਲ ਸਟੇਡੀਅਮ ਦੀਆਂ ਬਾਹੀਆਂ ਉਤੇ ਲਹਿਰਾਉਣ ਲੱਗੇ। ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਏਸ਼ੀਆ ਦੇ ਖਿਡਾਰੀਆਂ ਨੂੰ ਨਾਹਰਾ ਦਿੱਤਾ-ਖੇਡ ਨੂੰ ਖੇਡ ਭਾਵਨਾ ਨਾਲ ਖੇਡੋ। ਇਹ ਨਾਹਰਾ ਏਸ਼ਿਆਈ ਖੇਡਾਂ ਦਾ ਅੰਗ ਬਣ ਗਿਆ ਤੇ ਏਸ਼ਿਆਈ ਖੇਡਾਂ ਦੇ ਮਾਟੋ ‘ਹਮੇਸ਼ਾਂ ਅਗਾਂਹ ਨੂੰ’ `ਤੇ ਅਮਲ ਕਰਨ ਲਈ ਏਸ਼ੀਆ ਦੇ ਖਿਡਾਰੀ ਮੈਦਾਨ ਵਿੱਚ ਜੂਝਣ ਲੱਗੇ।

* * *

ਪਹਿਲੀਆਂ ਏਸ਼ਿਆਈ ਖੇਡਾਂ 4 ਮਾਰਚ 1951 ਨੂੰ ਆਰੰਭ ਹੋਈਆਂ। ਦਿੱਲੀ ਦੇ ਇਤਿਹਾਸਕ ਲਾਲ ਕਿਲੇ `ਚ ਸੂਰਜ ਦੀਆਂ ਕਿਰਨਾਂ ਤੋਂ ਅਗਨੀ ਪੈਦਾ ਕਰ ਕੇ ਏਸ਼ਿਆਈ ਖੇਡਾਂ ਦੀ ਮਿਸ਼ਾਲ ਜਗਾਈ ਗਈ। ਲਾਲ ਕਿਲੇ ਤੋਂ ਨੈਸ਼ਨਲ ਸਟੇਡੀਅਮ ਤਕ ਦਾ ਪੰਧ 50 ਖਿਡਾਰੀਆਂ ਨੇ ਹੱਥੋਹੱਥੀ ਮਿਸ਼ਾਲ ਲੈ ਕੇ ਦੌੜਦਿਆਂ ਪੂਰਾ ਕੀਤਾ। ਪੰਜਾਹ ਸਾਲਾਂ ਦੇ ਓਲੰਪੀਅਨ ਬਰਗੇਡੀਅਰ ਦਲੀਪ ਸਿੰਘ ਨੇ ਮਿਸ਼ਾਲ ਫੜ ਕੇ ਸਟੇਡੀਅਮ ਦਾ ਚੱਕਰ ਲਾਇਆ। ਜਦੋਂ ਉਸ ਨੇ ਖੇਡਾਂ ਦੀ ਜੋਤ ਜਗਾਈ ਤਾਂ ਸਾਰਾ ਸਟੇਡੀਅਮ ਤਾੜੀਆਂ ਦੇ ਸ਼ੋਰ ਨਾਲ ਗੂੰਜ ਉਠਿਆ। ਉਦੋਂ ਸਟੇਡੀਅਮ ਵਿਚਕਾਰ 11 ਦੇਸ਼ਾਂ ਦੇ 489 ਖਿਡਾਰੀ ਮਾਰਚ ਪਾਸਟ ਕਰਨ ਪਿਛੋਂ `ਕੱਠੇ ਹੋਏ ਖੜ੍ਹੇ ਸਨ।

ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸ਼ਾਦ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਤੋਪਾਂ ਨੇ ਸਲਾਮੀ ਦਿੱਤੀ ਤੇ ਅਮਨ ਦਾ ਪੈਗ਼ਾਮ ਦੇਣ ਲਈ ਘੁੱਗੀਆਂ ਤੇ ਕਬੂਤਰ ਆਕਾਸ਼ ਵਿੱਚ ਛੱਡੇ ਗਏ। ਖੇਡਾਂ ਵਿੱਚ ਭਾਗ ਲੈਣ ਵਾਲੇ ਗਿਆਰਾਂ ਮੁਲਕ ਅਫ਼ਗ਼ਾਨਿਸਤਾਨ, ਬਰਮਾ, ਸੀਲੋਨ, ਇੰਡੋਨੇਸ਼ੀਆ, ਇਰਾਨ, ਜਪਾਨ, ਨੇਪਾਲ, ਫਿਲਪਾਈਨ, ਮਲਾਇਆ, ਥਾਈਲੈਂਡ ਤੇ ਭਾਰਤ ਸਨ। ਚੀਨ ਤੇ ਪਾਕਿਸਤਾਨ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇ। ਭਾਰਤੀ ਦਲ ਵਿੱਚ 151 ਖਿਡਾਰੀ ਸਨ ਤੇ ਜਪਾਨੀ ਦਲ ਵਿੱਚ 72 ਸਨ।

ਇਹ ਖੇਡਾਂ 4 ਮਾਰਚ ਤੋਂ 11 ਮਾਰਚ ਤਕ ਚੱਲੀਆਂ। ਇਨ੍ਹਾਂ ਵਿੱਚ ਅਥਲੈਟਿਕਸ, ਬਾਸਕਟਬਾਲ, ਫੁਟਬਾਲ, ਸਾਈਕਲ ਦੌੜਾਂ, ਭਾਰ ਚੁੱਕਣ ਤੇ ਤੈਰਨ ਦੇ ਮੁਕਾਬਲੇ ਹੋਏ। ਭਾਰਤ ਦੇ ਸਚਿਨ ਨਾਗ ਨੇ ਤੈਰਨ ਵਿਚੋਂ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਮਗ਼ਾ ਜਿੱਤਿਆ। ਭਾਰਤ ਵਾਟਰ ਪੋਲੋ ਦਾ ਵੀ ਸੋਨ ਤਮਗ਼ਾ ਜਿੱਤ ਗਿਆ। ਫੁਟਬਾਲ ਦੀ ਖੇਡ ਵਿੱਚ ਵੀ ਭਾਰਤ ਨੂੰ ਸੋਨੇ ਦਾ ਤਮਗ਼ਾ ਮਿਲਿਆ। ਬਾਸਕਟਬਾਲ ਵਿੱਚ ਫਿਲਪਾਈਨ ਪ੍ਰਥਮ ਰਿਹਾ ਤੇ ਜਪਾਨ ਦੋਮ। ਭਾਰਤ ਦੇ ਪਰੀਮਲ ਰਾਏ ਨੂੰ ਮਿਸਟਰ ਏਸ਼ੀਆ ਘੋਸ਼ਿਤ ਕੀਤਾ ਗਿਆ।

ਅਥਲੈਟਿਕ ਖੇਡਾਂ ਵਿੱਚ ਸੌ ਤੇ ਦੌ ਸੌ ਮੀਟਰ ਦੌੜਾਂ `ਚੋਂ ਭਾਰਤ ਦੇ ਲੇਵੀ ਪਿੰਟੋ ਨੇ ਦੋ ਸੋਨ ਤਮਗ਼ੇ ਜਿੱਤੇ। ਰਣਜੀਤ ਸਿੰਘ, ਨਿੱਕਾ ਸਿੰਘ, ਛੋਟਾ ਸਿੰਘ, ਮਹਾਵੀਰ ਪ੍ਰਸ਼ਾਦ, ਬਖਤਾਵਰ ਸਿੰਘ ਤੇ ਮਦਨ ਲਾਲ ਨੇ ਵੀ ਅਥਲੈਟਿਕ ਖੇਡਾਂ `ਚੋਂ ਸੋਨੇ ਦੇ ਤਮਗ਼ੇ ਹਾਸਲ ਕੀਤੇ। ਭਾਰਤ ਦੀਆਂ ਕੁੜੀਆਂ ਵੀ ਦੋ ਚਾਂਦੀ ਤੇ ਪੰਜ ਤਾਂਬੇ ਦੇ ਤਮਗ਼ੇ ਜਿੱਤ ਗਈਆਂ। ਮਰਦ ਅਥਲੀਟਾਂ ਵਿਚੋਂ ਕਈਆਂ ਨੇ ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤੇ। ਭਾਰਤ ਦੇ ਖਿਡਾਰੀਆਂ ਨੇ ਕੁਲ 15 ਸੋਨੇ, 16 ਚਾਂਦੀ ਤੇ 19 ਤਾਂਬੇ ਦੇ ਤਮਗ਼ੇ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਜਪਾਨ 23 ਸੋਨੇ, 20 ਚਾਂਦੀ ਤੇ 15 ਤਾਂਬੇ ਦੇ ਤਮਗ਼ਿਆਂ ਨਾਲ ਮੀਰੀ ਰਿਹਾ। ਇਰਾਨ 8 ਸੋਨੇ, 6 ਚਾਂਦੀ ਤੇ 2 ਤਾਂਬੇ ਦੇ ਤਮਗ਼ਿਆਂ ਨਾਲ ਤੀਜੇ ਨੰਬਰ ਉਤੇ ਆਇਆ।

ਦੂਜੀਆਂ ਏਸ਼ਿਆਈ ਖੇਡਾਂ ਫਿਲਪਾਈਨ ਦੇ ਸ਼ਹਿਰ ਮਨੀਲਾ ਵਿੱਚ 1 ਤੋਂ 9 ਮਈ 1954 ਨੂੰ ਹੋਈਆਂ। ਇਨ੍ਹਾਂ ਵਿੱਚ 19 ਮੁਲਕਾਂ ਦੇ 967 ਖਿਡਾਰੀ, 390 ਖੇਡ ਅਧਿਕਾਰੀ ਤੇ 120 ਪੱਤਰਕਾਰ ਸ਼ਾਮਲ ਹੋਏ। ਭਾਰਤ ਵੱਲੋਂ 76 ਖਿਡਾਰੀ ਮਨੀਲਾ ਦੀਆਂ ਖੇਡਾਂ ਵਿੱਚ ਭਾਗ ਲੈਣ ਗਏ। ਫਿਲਪਾਈਨ ਦੇ 172 ਖਿਡਾਰੀ ਸਨ। ਲੋਕ ਚੀਨ ਦੀ ਥਾਂ ਨੈਸ਼ਨਲਿਸਟ ਚੀਨ ਯਾਨੀ ਤਾਈਵਾਨ ਹਾਜ਼ਰ ਸੀ। ਉਥੇ ਅਥਲੈਟਿਕਸ, ਬਾਸਕਟਬਾਲ, ਫੁਟਬਾਲ, ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ, ਕੁਸ਼ਤੀ, ਤੈਰਨ ਤੇ ਭਾਰ ਚੁੱਕਣ ਦੇ ਮੁਕਾਬਲੇ ਹੋਏ।

ਭਾਰਤ ਨੇ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਚੰਗੇ ਮਾਅਰਕੇ ਮਾਰੇ ਸਨ ਪਰ ਮਨੀਲਾ ਵਿੱਚ ਉਸ ਦੀ ਉਹ ਗੱਲ ਨਾ ਬਣੀ। ਉਹ ਫੁਟਬਾਲ ਦੀ ਸਰਦਾਰੀ ਵੀ ਖੁਹਾ ਬੈਠਾ ਤੇ ਤੈਰਨ ਦੇ ਮੁਕਾਬਲਿਆਂ ਵਿੱਚ ਵੀ ਦਿੱਲੀ ਵਾਂਗ ਤਮਗ਼ੇ ਨਾ ਜਿੱਤ ਸਕਿਆ। ਬਾਸਕਟਬਾਲ ਦਾ ਸੋਨ ਤਮਗ਼ਾ ਫਿਰ ਫਿਲਪਾਈਨ ਨੇ ਜਿੱਤ ਲਿਆ। ਵਾਟਰ ਪੋਲੋ `ਚ ਸਿੰਘਾਪੁਰ ਪ੍ਰਥਮ ਰਿਹਾ ਤੇ ਨਿਸ਼ਾਨੇਬਾਜ਼ੀ `ਚੋਂ ਫਿਲਪਾਈਨ ਨੇ ਸਭ ਤੋਂ ਬਹੁਤੇ ਤਮਗ਼ੇ ਜਿੱਤੇ। ਤੈਰਨ ਵਿੱਚ ਜਪਾਨ ਨੇ ਕਿਸੇ ਨੂੰ ਲਾਗੇ ਨਾ ਲੱਗਣ ਦਿੱਤਾ। ਕੁਸ਼ਤੀਆਂ ਵਿੱਚ ਜਪਾਨ ਤੇ ਪਾਕਿਸਤਾਨ ਦੇ ਪਹਿਲਵਾਨਾਂ ਹੱਥੋਂ ਭਾਰਤੀ ਪਹਿਲਵਾਨ ਮਾਤ ਖਾ ਗਏ। ਮੁੱਕੇਬਾਜ਼ੀ ਵਿੱਚ ਫਿਲਪਾਈਨ ਦੇ ਮੁੱਕੇਬਾਜ਼ ਛਾਏ ਰਹੇ।

ਭਾਰਤ ਦੇ ਨੁਕਤੇ ਤੋਂ ਮਨੀਲਾ ਦੀਆਂ ਏਸ਼ਿਆਈ ਖੇਡਾਂ ਪ੍ਰਦੁੱਮਣ ਸਿੰਘ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਪ੍ਰਦੁੱਮਣ ਸਿੰਘ ਪਿੰਡ ਭਗਤੇ ਦਾ ਜੰਮਪਲ ਹੈ ਤੇ ਅੱਜ ਕੱਲ੍ਹ ਆਪਣੇ ਪਿੰਡ ਮੰਜੇ ਉਤੇ ਪਿਆ ਹੈ। ਅਧਰੰਗ ਦੀ ਬਿਮਾਰੀ ਕਾਰਨ ਤੁਰ ਫਿਰ ਨਹੀਂ ਸਕਦਾ। ਉਸ ਨੇ ਗੋਲਾ ਤੇ ਡਿਸਕਸ ਸੁੱਟਣ ਵਿਚੋਂ ਸੋਨੇ ਦੇ ਦੋ ਤਮਗ਼ੇ ਜਿੱਤੇ। ਸਰਵਣ ਸਿੰਘ 110 ਮੀਟਰ ਹਰਡਲ ਦੌੜ ਵਿਚੋਂ ਸੋਨੇ ਦਾ ਤਮਗ਼ਾ ਜਿੱਤਿਆ। ਅਜੀਤ ਸਿੰਘ ਉੱਚੀ ਛਾਲ ਵਿਚੋਂ ਭਾਰਤ ਲਈ ਚੌਥਾ ਸੋਨੇ ਦਾ ਤਮਗ਼ਾ ਜਿੱਤ ਗਿਆ। ਜੋਗਿੰਦਰ ਸਿੰਘ ਤੇ ਸੋਹਣ ਸਿੰਘ ਚਾਂਦੀ ਦੇ ਤਮਗ਼ੇ ਜਿੱਤੇ। ਇਹ ਸਾਰੇ ਅਥਲੀਟ ਪੰਜਾਬ ਦੇ ਸਨ ਤੇ ਭਾਰਤੀ ਫੌਜ ਵਿੱਚ ਭਰਤੀ ਸਨ। ਇੱਕ ਸੋਨ ਤਮਗ਼ਾ 4+100 ਮੀਟਰ ਦੀ ਰਿਲੇਅ ਦੌੜ ਵਿਚੋਂ ਭਾਰਤ ਦੀਆਂ ਲੜਕੀਆਂ ਨੇ ਜਿੱਤਿਆ।

ਭਾਰਤੀ ਖਿਡਾਰੀਆਂ ਨੇ ਕੁਲ 5 ਸੋਨੇ, 5 ਚਾਂਦੀ ਤੇ 7 ਤਾਂਬੇ ਦੇ ਤਮਗ਼ੇ ਜਿੱਤੇ। ਪਹਿਲੀਆਂ ਏਸ਼ਿਆਈ ਖੇਡਾਂ `ਚ ਉਹ ਜਪਾਨ ਤੋਂ ਹੀ ਪਿਛੇ ਸੀ ਪਰ ਮਨੀਲਾ ਵਿੱਚ ਉਹ ਜਪਾਨ ਦੇ ਨਾਲ ਫਿਲਪਾਈਨ ਤੇ ਕੋਰੀਆ ਤੋਂ ਵੀ ਪਿਛੇ ਜਾ ਪਿਆ। ਜਪਾਨ ਦੇ ਖਿਡਾਰੀਆਂ ਨੇ 38 ਸੋਨੇ ਦੇ ਤਮਗ਼ੇ ਜਿੱਤੇ ਤੇ ਫਿਲਪਾਈਨ ਨੇ 14 ਸੋਨ ਤਮਗ਼ਿਆਂ ਨਾਲ ਮੇਜ਼ਬਾਨੀ ਦੀ ਲਾਜ ਰੱਖੀ। ਮਨੀਲਾ ਵਿੱਚ ਮੁੜ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਏਸ਼ਿਆਈ ਖੇਡ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਤੇ ਤੀਜੀਆਂ ਏਸ਼ਿਆਈ ਖੇਡਾਂ ਟੋਕੀਓ ਨੂੰ ਸੌਂਪੀਆਂ ਗਈਆਂ।

ਤੀਜੀਆਂ ਏਸ਼ਿਆਈ ਖੇਡਾਂ 1958 ਵਿੱਚ 24 ਮਈ ਤੋਂ 1 ਜੂਨ ਤਕ ਹੋਈਆਂ। ਨਵੀਂ ਦਿੱਲੀ `ਚ ਛੇ ਪਰਕਾਰ ਦੀਆਂ ਖੇਡਾਂ ਹੋਈਆਂ ਸਨ, ਮਨੀਲਾ `ਚ ਅੱਠ ਪਰਕਾਰ ਦੀਆਂ ਤੇ ਟੋਕੀਓ `ਚ ਤੇਰਾਂ ਤਰ੍ਹਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਤੋਂ ਬਿਨਾਂ ਜੂਡੋ ਤੇ ਬੈਡਮਿੰਟਨ ਨੁਮਾਇਸ਼ੀ ਖੇਡਾਂ ਰੱਖੀਆਂ ਗਈਆਂ। ਟੋਕੀਓ ਵਿੱਚ ਮਨੀਲਾ ਵਾਲੀਆਂ ਖੇਡਾਂ ਤੋਂ ਬਿਨਾਂ ਹਾਕੀ, ਵਾਲੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ ਤੇ ਸਾਈਕਲ ਦੌੜਾਂ ਸ਼ਾਮਲ ਕੀਤੀਆਂ ਗਈਆਂ। ਉਥੇ 20 ਦੇਸ਼ਾਂ ਦੇ 1422 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਵਿੱਚ 288 ਖਿਡਾਰੀ ਜਪਾਨ ਦੇ ਸਨ, 152 ਫਿਲਪਾਈਨ ਦੇ ਤੇ 120 ਦੱਖਣੀ ਕੋਰੀਆਂ ਦੇ। ਜਪਾਨ ਦੇ ਸ਼ਹਿਨਸ਼ਾਹ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਤੈਰਨ ਦੇ ਇੱਕੀ ਦੇ ਇੱਕੀ ਸੋਨ ਤਮਗ਼ੇ ਜਪਾਨ ਨੇ ਜਿੱਤੇ। ਵਾਲੀਬਾਲ ਵਿੱਚ ਵੀ ਜਪਾਨ ਜੇਤੂ ਰਿਹਾ ਤੇ ਸਾਈਕਲ ਦੌੜਾਂ ਦੇ ਬਹੁਤੇ ਤਮਗ਼ੇ ਵੀ ਉਸੇ ਨੇ ਹਾਸਲ ਕੀਤੇ।

ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਸ਼ਾਮਲ ਕੀਤੀ ਗਈ। ਇਸ ਖੇਡ ਵਿੱਚ ਭਾਰਤ ਓਲੰਪਿਕ ਖੇਡਾਂ `ਚੋਂ ਲਗਾਤਾਰ ਛੇ ਸੋਨ ਤਗ਼ਮੇ ਜਿੱਤ ਚੁੱਕਾ ਸੀ। ਟੋਕੀਓ ਵਿੱਚ ਕੇਵਲ ਪੰਜ ਦੇਸ਼ਾਂ ਦੀਆਂ ਹਾਕੀ ਟੀਮਾਂ ਹੋਣ ਕਾਰਨ ਮੈਚ ਲੀਗ ਆਧਾਰ `ਤੇ ਖੇਡੇ ਗਏ। ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਹੋਇਆ। ਮਾਰ ਧਾੜ ਦੀ ਫਾਊਲ ਖੇਡ ਕਾਰਨ ਕਈ ਖਿਡਾਰੀ ਜ਼ਖਮੀ ਹੋਏ। ਜਪਾਨ ਦਾ ਸ਼ਹਿਨਸ਼ਾਹ ਮੈਚ ਵਿਚਕਾਰੇ ਛੱਡ ਕੇ ਚਲਾ ਗਿਆ। ਦੋਹਾਂ ਟੀਮਾਂ ਵਿਚੋਂ ਕੋਈ ਵੀ ਟੀਮ ਗੋਲ ਨਾ ਕਰ ਸਕੀ ਤੇ ਮੈਚ ਬਰਾਬਰ ਰਿਹਾ। ਲੀਗ ਮੈਚਾਂ ਵਿੱਚ ਪਾਕਿਸਤਾਨ ਦੀ ਟੀਮ ਨੇ 19 ਗੋਲ ਕੀਤੇ ਸਨ ਤੇ ਭਾਰਤ ਦੀ ਟੀਮ ਦੇ 16 ਗੋਲ ਸਨ। ਇਸ ਲਈ ਬਹੁਤੇ ਗੋਲਾਂ ਕਾਰਨ ਸੋਨ ਤਮਗ਼ਾ ਪਾਕਿਸਤਾਨ ਦੀ ਟੀਮ ਨੂੰ ਦਿੱਤਾ ਗਿਆ।

ਜਿਵੇਂ ਬਰਲਿਨ ਦੀਆਂ ਖੇਡਾਂ ਜੈਸੀ ਓਵੇਂਸ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ ਉਵੇਂ ਟੋਕੀਓ ਦੀਆਂ ਏਸ਼ਿਆਈ ਖੇਡਾਂ ਮਿਲਖਾ ਸਿੰਘ ਦੀਆਂ ਖੇਡਾਂ ਵੱਜਣ ਲੱਗ ਪਈਆਂ। ਉਸ ਨੇ ਦੋ ਸੌ ਤੇ ਚਾਰ ਸੌ ਮੀਟਰ ਦੀਆਂ ਦੌੜਾਂ ਵਿਚੋਂ ਸੋਨੇ ਦੇ ਤਮਗ਼ੇ ਜਿੱਤ ਕੇ ਏਸ਼ੀਆ ਦਾ ਸਰਵੋਤਮ ਅਥਲੀਟ ਹੋਣ ਦਾ ਮਾਣ ਪ੍ਰਾਪਤ ਕੀਤਾ। ਮਨੀਲਾ ਦਾ ਹੀਰੋ ਪ੍ਰਦੁੱਮਣ ਸਿੰਘ ਟੋਕੀਓ ਵਿੱਚ ਵੀ ਗੋਲਾ ਸੁੱਟਣ `ਚ ਪ੍ਰਥਮ ਰਿਹਾ। ਬਲਕਾਰ ਸਿੰਘ ਨੇ ਡਿਸਕਸ ਸੁੱਟਣ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਪੰਜਵਾਂ ਸੋਨ ਤਮਗ਼ਾ ਮਹਿੰਦਰ ਸਿੰਘ ਨੇ ਤੀਹਰੀ ਛਾਲ `ਚੋਂ ਪ੍ਰਾਪਤ ਕੀਤਾ। ਇੰਜ ਭਾਰਤ ਵੱਲੋਂ ਪੰਜੇ ਸੋਨ ਤਮਗ਼ੇ ਜਿੱਤਣ ਵਾਲੇ ਅਥਲੀਟ ਜੂੜਿਆਂ ਵਾਲੇ ਸਿੰਘ ਸਨ। ਭਾਰਤੀ ਖਿਡਾਰੀਆਂ ਨੇ ਕੁਲ 5 ਸੋਨੇ, 4 ਚਾਂਦੀ ਤੇ 4 ਤਾਂਬੇ ਦੇ ਤਮਗੇ ਜਿੱਤੇ। ਇਸ ਦੇ ਮੁਕਾਬਲੇ ਜਪਾਨ ਨੇ 67, 41, 30 ਫਿਲਪਾਈਨ ਨੇ 8, 19, 22 ਦੱਖਣੀ ਕੋਰੀਆ ਨੇ 8, 7, 12 ਇਰਾਨ ਨੇ 7, 14, 11 ਤੈਵਾਨ ਨੇ 6, 11, 17 ਤੇ ਪਾਕਿਸਤਾਨ ਨੇ 6, 11, 9, ਸੋਨੇ, ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤੇ। ਭਾਰਤ ਜੋ ਨਵੀਂ ਦਿੱਲੀ ਵਿੱਚ ਦੂਜੇ ਤੇ ਮਨੀਲਾ `ਚ ਚੌਥੇ ਨੰਬਰ `ਤੇ ਸੀ ਟੋਕੀਓ ਵਿੱਚ ਸੱਤਵੀਂ ਥਾਂ ਜਾ ਪਿਆ।

ਚੌਥੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਈਆਂ। ਇਹ 1962 ਦੇ 24 ਅਗੱਸਤ ਤੋਂ 4 ਸਤੰਬਰ ਤਕ ਚੱਲੀਆਂ। ਇਨ੍ਹਾਂ ਖੇਡਾਂ ਵਿੱਚ 18 ਮੁਲਕਾਂ ਦੇ ਲਗਭਗ ਦੋ ਹਜ਼ਾਰ ਖਿਡਾਰੀਆਂ ਨੇ ਭਾਗ ਲਿਆ। ਖੇਡਾਂ ਦੌਰਾਨ ਮੁਜ਼ਾਹਰਾਕਾਰੀਆਂ ਵੱਲੋਂ ਕੁੱਝ ਵਿਘਨ ਵੀ ਪਾਏ ਗਏ। ਪਾਕਿਸਤਾਨ ਦੇ ਖਿਡਾਰੀਆਂ ਦਾ ਪੱਖ ਪੂਰੇ ਜਾਣ ਤੇ ਭਾਰਤੀ ਖਿਡਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਜਕਾਰਤਾ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਨੁਕਸਾਨ ਪੁੱਜਾ। ਪ੍ਰੋ.ਗੁਰੂ ਦੱਤ ਸੋਂਧੀ ਨੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਤੇ ਭਾਰਤੀ ਖਿਡਾਰੀਆਂ ਨੇ ਜਿੱਤੇ ਹੋਏ ਤਮਗ਼ੇ ਮੋੜ ਦਿੱਤੇ।

ਜਕਾਰਤਾ ਵਿੱਚ ਤੇਰਾਂ ਪਰਕਾਰ ਦੀਆਂ ਖੇਡਾਂ ਦੇ ਮੁਕਾਬਲੇ ਹੋਏ। ਹਾਕੀ, ਅਥਲੈਟਿਕਸ, ਫੁਟਬਾਲ, ਵਾਲੀਵਾਲ, ਕੁਸ਼ਤੀਆਂ, ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ, ਤੈਰਾਕੀ ਤੇ ਟੇਬਲ ਟੈਨਿਸ ਗਿਆਰਾਂ ਖੇਡਾਂ ਟੋਕੀਓ ਵਾਲੀਆਂ ਰੱਖੀਆਂ ਗਈਆਂ। ਤੀਰਅੰਦਾਜ਼ੀ ਤੇ ਬੈਡਮਿੰਟਨ ਦੋ ਖੇਡਾਂ ਹੋਰ ਸਨ। ਫੁਟਬਾਲ ਦੇ ਲੀਗ ਮੈਚਾਂ ਵਿੱਚ ਭਾਰਤ ਦੱਖਣੀ ਕੋਰੀਆ ਤੋਂ ਹਾਰ ਗਿਆ ਸੀ। ਗੇੜ ਨਾਲ ਫਾਈਨਲ ਮੈਚ ਵੀ ਇਨ੍ਹਾਂ ਟੀਮਾਂ ਵਿਚਕਾਰ ਹੀ ਹੋਇਆ। ਭਾਰਤੀ ਟੀਮ ਦਾ ਕਪਤਾਨ ਜਰਨੈਲ ਸਿੰਘ ਜ਼ਖਮੀ ਸੀ ਪਰ ਉਸ ਨੇ ਜ਼ਖਮੀ ਸਿਰ ਨਾਲ ਹੀ ਹੈੱਡਰ ਮਾਰ ਕੇ ਗੋਲ ਕਰ ਦਿੱਤਾ ਤੇ ਭਾਰਤੀ ਫੁਟਬਾਲ ਟੀਮ ਏਸ਼ਿਆਈ ਖੇਡਾਂ ਦਾ ਦੂਜੀ ਵਾਰ ਸੋਨ ਤਮਗ਼ਾ ਜਿੱਤ ਗਈ। ਵਾਲੀਬਾਲ ਵਿੱਚ ਭਾਰਤੀ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤਿਆ।

ਹਾਕੀ ਦੀਆਂ ਅੱਠ ਟੀਮਾਂ ਸਨ। ਫਾਈਨਲ ਮੈਚ ਫਿਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਹੋਇਆ। ਪਾਕਿਸਤਾਨ ਰੋਮ ਤੋਂ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਜਿੱਤ ਚੁੱਕਾ ਸੀ। ਖੇਡ ਦੇ ਪੰਜਵੇਂ ਮਿੰਟ `ਚ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲਿਆ। ਪੈਨਲਟੀ ਕਾਰਨਰ ਦੀ ਹਿੱਟ ਭਾਰਤੀ ਟੀਮ ਦੇ ਸੈਂਟਰ ਹਾਫ਼ ਚਰਨਜੀਤ ਸਿੰਘ ਦੇ ਨੱਕ ਉਤੇ ਵੱਜੀ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਜਾਣਾ ਪਿਆ। ਉਦੋਂ ਫੱਟੜ ਖਿਡਾਰੀ ਦੀ ਥਾਂ ਬਦਲਵਾਂ ਖਿਡਾਰੀ ਪਾਉਣ ਦਾ ਨਿਯਮ ਨਹੀਂ ਸੀ। ਭਾਰਤੀ ਟੀਮ ਦਸ ਖਿਡਾਰੀਆਂ ਨਾਲ ਖੇਡੀ ਤੇ 2-0 ਗੋਲਾਂ ਉਤੇ ਹਾਰ ਗਈ। ਹਾਕੀ ਦੀ ਖੇਡ ਵਿੱਚ ਤਾਂਬੇ ਦਾ ਤਮਗ਼ਾ ਜਪਾਨ ਦੀ ਟੀਮ ਨੇ ਜਿੱਤਿਆ। ਭਾਰਤ ਦੇ ਪਹਿਲਵਾਨਾਂ ਦੀ ਟੀਮ ਨੇ ਤਿੰਨ ਸੋਨੇ, ਛੇ ਚਾਂਦੀ ਤੇ ਤਿੰਨ ਤਾਂਬੇ ਦੇ ਤਮਗ਼ੇ ਜਿੱਤ ਕੇ ਏਸ਼ਿਆਈ ਮੁਲਕਾਂ ਵਿੱਚ ਪਹਿਲੀ ਵਾਰ ਆਪਣੀ ਧਾਂਕ ਬਿਠਾਈ।

ਮਿਲਖਾ ਸਿੰਘ ਨੇ ਚਾਰ ਸੌ ਮੀਟਰ ਦੀ ਦੌੜ ਵਿਚੋਂ ਸੋਨੇ ਦਾ ਤਮਗ਼ਾ ਜਿੱਤਿਆ। ਉਸ ਦਾ ਸਾਥੀ ਮੱਖਣ ਸਿੰਘ ਚਾਂਦੀ ਦਾ ਤਮਗ਼ਾ ਜਿੱਤ ਗਿਆ। ਤਰਲੋਕ ਸਿੰਘ ਨੇ ਦਸ ਹਜ਼ਾਰ ਮੀਟਰ ਦੀ ਦੌੜ ਜਿੱਤੀ। ਗੁਰਬਚਨ ਸਿੰਘ ਰੰਧਾਵਾ ਡਿਕੈਥਲੋਨ ਦਾ ਚੈਂਪੀਅਨ ਬਣਿਆ। ਦਲਜੀਤ ਸਿੰਘ, ਜਗਦੀਸ਼ ਸਿੰਘ, ਮੱਖਣ ਸਿੰਘ ਤੇ ਮਿਲਖਾ ਸਿੰਘ ਨੇ 4+400 ਮੀਟਰ ਦੀ ਰਿਲੇਅ ਦੌੜ ਜਿੱਤੀ। ਪੰਦਰਾਂ ਸੌ ਮੀਟਰ ਦੀ ਦੌੜ `ਚੋਂ ਮਹਿੰਦਰ ਸਿੰਘ ਨੇ ਸੋਨ ਤਮਗ਼ਾ ਜਿੱਤਿਆ। ਇਉਂ ਅਥਲੈਟਿਕਸ ਦੇ ਪੰਜੇ ਸੋਨ ਤਮਗ਼ੇ ਫਿਰ ਸਿੰਘਾਂ ਸਰਦਾਰਾਂ ਨੇ ਜਿੱਤੇ। ਪ੍ਰਦੁਮਣ ਸਿੰਘ ਅਭਿਆਸ ਕਰਦਿਆਂ ਫੱਟੜ ਹੋ ਗਿਆ ਸੀ। ਫਿਰ ਵੀ ਉਹ ਡਿਸਕਸ ਸੁੱਟਣ `ਚੋਂ ਚਾਂਦੀ ਦਾ ਤਮਗ਼ਾ ਜਿੱਤ ਗਿਆ। ਜੋਗਿੰਦਰ ਸਿੰਘ ਨੇ ਗੋਲਾ ਸੁੱਟਣ `ਚੋਂ ਤਾਂਬੇ ਦਾ ਤਮਗ਼ਾ ਪ੍ਰਾਪਤ ਕੀਤਾ। ਕੁਲ ਮਿਲਾ ਕੇ ਭਾਰਤ ਨੇ 10 ਸੋਨੇ, 12 ਚਾਂਦੀ ਤੇ 10 ਤਾਂਬੇ ਦੇ ਤਮਗ਼ੇ ਜਿੱਤੇ। ਜਪਾਨ ਸਭ ਤੋਂ ਉਪਰ ਰਿਹਾ ਤੇ ਇੰਡੋਨੇਸ਼ੀਆ ਦੂਜੇ ਨੰਬਰ `ਤੇ ਆਇਆ। ਟੋਕੀਓ ਵਿੱਚ ਭਾਰਤ ਸੱਤਵੀਂ ਥਾਂ ਸੀ ਪਰ ਜਕਾਰਤਾ ਵਿੱਚ ਉਹ ਪਾਕਿਸਤਾਨ, ਫਿਲਪਾਈਨ, ਦੱਖਣੀ ਕੋਰੀਆ, ਤਾਈਵਾਨ ਤੇ ਇਰਾਨ ਨੂੰ ਕੱਟ ਕੇ ਤੀਜੀ ਥਾਂ ਪਹੁੰਚ ਗਿਆ।

ਪੰਜਵੀਆਂ ਏਸ਼ਿਆਈ ਖੇਡਾਂ 1966 ਵਿੱਚ 9 ਦਸੰਬਰ ਤੋਂ 20 ਦਸੰਬਰ ਤਕ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਹੋਈਆਂ। ਉਥੇ 18 ਮੁਲਕਾਂ ਦੇ 2675 ਖਿਡਾਰੀ ਖੇਡਾਂ ਵਿੱਚ ਸ਼ਾਮਲ ਹੋਏ। ਕੁਲ ਚੌਦਾਂ ਪਰਕਾਰ ਦੀਆਂ ਖੇਡਾਂ ਹੋਈਆਂ। ਤੀਰਅੰਦਾਜ਼ੀ ਛੱਡ ਕੇ ਲਾਅਨ ਟੈਨਿਸ ਤੇ ਸਾਈਕਲ ਦੌੜਾਂ ਸ਼ਾਮਲ ਕੀਤੀਆਂ ਗਈਆਂ। ਹਾਕੀ ਦੀਆਂ ਕੁਲ ਨੌਂ ਟੀਮਾਂ ਸਨ। ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਹੋਇਆ। ਇਉਂ ਓਲੰਪਿਕ ਤੇ ਏਸ਼ਿਆਈ ਖੇਡਾਂ ਨੂੰ ਮਿਲਾ ਕੇ ਭਾਰਤ ਤੇ ਪਾਕਿਸਤਾਨ ਲਗਾਤਾਰ ਛੇਵੀਂ ਵਾਰ ਫਾਈਨਲ ਖੇਡ ਰਹੇ ਸਨ। ਇਸ ਤੋਂ ਪਹਿਲਾਂ ਦੋ ਵਾਰ ਭਾਰਤ ਜਿੱਤਿਆ ਸੀ ਦੋ ਵਾਰ ਪਾਕਿਸਤਾਨ ਤੇ ਇੱਕ ਵਾਰ ਦੋਵੇਂ ਟੀਮਾਂ ਬਰਾਬਰ ਰਹੀਆਂ ਸਨ।

ਥਾਈਲੈਂਡ ਵਿੱਚ ਵਸਦੇ ਭਾਰਤੀ ਤੇ ਪਾਕਿਸਤਾਨੀ ਵੱਡੀ ਗਿਣਤੀ ਵਿੱਚ ਹਾਕੀ ਦਾ ਫਾਈਨਲ ਮੈਚ ਵੇਖਣ ਢੁੱਕੇ। ਸਾਰਾ ਸਮਾਂ ਬੋਲੇ ਸੋ ਨਿਹਾਲ ਤੇ ਅੱਲਾ ਹੂ ਅਕਬਰ ਦੇ ਆਵਾਜ਼ੇ ਗੂੰਜਦੇ ਰਹੇ। ਦੋਵੇਂ ਟੀਮਾਂ ਦੇ ਖਿਡਾਰੀਆਂ ਵਿੱਚ ਦਸ ਦਸ ਖਿਡਾਰੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਨ। ਖੇਡ ਮੈਦਾਨ ਵਿੱਚ ‘ਲਈਂ ਨੂਰਿਆ’ ‘ਦੇਈਂ ਬੀਰਿਆ’ ਹੁੰਦੀ ਰਹੀ। ਭਾਰਤੀ ਟੀਮ ਵਿੱਚ ਤਿੰਨ ਖਿਡਾਰੀ ਬਲਬੀਰ ਸਿੰਘ ਨਾਂ ਦੇ ਸਨ। ਇੱਕ ਬਲਬੀਰ ਫੌਜ ਦਾ, ਦੂਜਾ ਰੇਲਵੇ ਦਾ ਤੇ ਤੀਜਾ ਪੁਲਿਸ ਦਾ। ਸੱਤਰ ਮਿੰਟਾਂ ਦੀ ਖੇਡ ਵਿੱਚ ਕੋਈ ਟੀਮ ਗੋਲ ਨਾ ਕਰ ਸਕੀ। ਫਿਰ ਪੰਦਰਾਂ ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ। ਵਾਧੂ ਸਮੇਂ ਦੇ ਛੇਵੇਂ ਮਿੰਟ `ਚ ਰੇਲਵੇ ਦੇ ਬਲਬੀਰ ਸਿੰਘ ਨੇ ਗੋਲ ਦਾਗ ਦਿੱਤਾ। ਇਉਂ ਭਾਰਤ ਪਹਿਲੀ ਵਾਰ ਏਸ਼ੀਆਂ ਦਾ ਹਾਕੀ ਚੈਂਪੀਅਨ ਬਣਿਆ।

ਭਾਰਤ ਦੇ ਅਜਮੇਰ ਸਿੰਘ, ਭੀਮ ਸਿੰਘ, ਜੋਗਿੰਦਰ ਸਿੰਘ, ਪਰਵੀਨ ਕੁਮਾਰ ਤੇ ਬੀ.ਐੱਸ.ਬਰੂਆ ਅਥਲੈਟਿਕ ਖੇਡਾਂ `ਚੋਂ ਸੋਨੇ ਦੇ ਤਮਗ਼ੇ ਜਿੱਤੇ। ਬਲਕਾਰ ਸਿੰਘ, ਲਾਭ ਸਿੰਘ ਤੇ ਮਨਜੀਤ ਵਾਲੀਆ ਨੇ ਤਾਂਬੇ ਦੇ ਤਮਗ਼ੇ ਹਾਸਲ ਕੀਤੇ। ਮੁੱਕੇਬਾਜ਼ੀ ਵਿਚੋਂ ਹਵਾ ਸਿੰਘ ਸੋਨੇ ਦਾ ਤਮਗ਼ਾ ਜਿੱਤ ਗਿਆ। ਫੁਟਬਾਲ ਤੇ ਵਾਲੀਬਾਲ ਵਿੱਚ ਭਾਰਤ ਨੂੰ ਕੋਈ ਮੈਡਲ ਨਾ ਮਿਲਿਆ। ਸਮੁੱਚੇ ਤੌਰ `ਤੇ ਭਾਰਤ ਨੇ ਸੱਤ ਸੋਨੇ, ਤਿੰਨ ਚਾਂਦੀ ਤੇ ਦਸ ਤਾਂਬੇ ਦੇ ਤਮਗ਼ੇ ਜਿੱਤੇ। ਜਪਾਨ ਹਮੇਸ਼ਾ ਵਾਂਗ ਸਭ ਤੋਂ ਬਹੁਤੇ ਤਮਗ਼ੇ ਜਿੱਤਿਆ। ਪੰਜਾਬੀ ਮੂਲ ਦਾ ਇੱਕ ਗਭਰੂ ਨਛੱਤਰ ਸਿੰਘ ਸਿੱਧੂ ਮਲਾਇਆ ਵੱਲੋਂ ਖੇਡਾਂ `ਚ ਸ਼ਾਮਲ ਹੋਇਆ ਤੇ ਨੇਜ਼ਾ ਸੁੱਟਣ ਵਿੱਚ ਸੋਨੇ ਦਾ ਤਮਗ਼ਾ ਜਿੱਤ ਗਿਆ।

ਲੋਕ ਜਮਹੂਰੀ ਚੀਨ ਏਸ਼ੀਆ ਦਾ ਸਭ ਤੋਂ ਵੱਡਾ ਮੁਲਕ ਹੈ। ਪਰ ਉਹਨਾਂ ਦਿਨਾਂ ਵਿੱਚ ਉਸ ਦੇਸ਼ ਨੂੰ ਸੰਯੁਕਤ ਰਾਸ਼ਟਰ ਮੰਡਲ ਵੱਲੋਂ ਮਾਨਤਾ ਨਾ ਮਿਲੀ ਹੋਣ ਕਾਰਨ ਉਹ ਓਲੰਪਿਕ ਤੇ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ। ਉਹਦੀ ਥਾਂ ਤਾਈਵਾਨ ਨੂੰ ਮਾਨਤਾ ਪ੍ਰਾਪਤ ਸੀ ਜਿਸ ਨੂੰ ਫਾਰਮੂਸਾ ਵੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਪਹਿਲੀਆਂ ਛੇ ਏਸ਼ਿਆਈ ਖੇਡਾਂ ਵਿੱਚ ਚੀਨ ਦੇ ਮੰਨੇ ਦੰਨੇ ਖਿਡਾਰੀ ਭਾਗ ਲੈਣੋਂ ਵਾਂਝੇ ਰਹਿੰਦੇ ਰਹੇ।

ਛੇਵੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਨੇ ਚੁੱਕੀ ਸੀ ਪਰ ਉਹ ਇਹ ਜ਼ਿੰਮੇਵਾਰੀ ਨਿਭਾਅ ਨਾ ਸਕਿਆ। ਆਖ਼ਰ ਬੈਂਕਾਕ ਨੂੰ ਹੀ ਇਹ ਖੇਡਾਂ ਦੁਬਾਰਾ ਕਰਾਉਣੀਆਂ ਪਈਆਂ। ਬੈਂਕਾਕ ਵਿੱਚ ਇਹ ਖੇਡਾਂ 9 ਤੋਂ 20 ਦਸੰਬਰ 1970 ਨੂੰ ਹੋਈਆਂ। ਇਨ੍ਹਾਂ ਵਿੱਚ 20 ਦੇਸ਼ਾਂ ਦੇ 2000 ਖਿਡਾਰੀਆਂ ਨੇ ਭਾਗ ਲਿਆ। ਭਾਰਤ ਵੱਲੋਂ 121 ਖਿਡਾਰੀ ਤੇ 23 ਖੇਡ ਅਧਿਕਾਰੀ ਬੈਂਕਾਕ ਗਏ। ਭਾਰਤੀ ਹਾਕੀ ਟੀਮ ਦੋ ਸਾਲ ਪਹਿਲਾਂ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਦੀ ਸਰਦਾਰੀ ਖੁਹਾ ਬੈਠੀ ਸੀ। ਬੈਂਕਾਕ ਵਿੱਚ ਹਾਕੀ ਦਾ ਫਾਈਨਲ ਮੈਚ ਫਿਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਹੋਇਆ। ਮੈਚ ਦੇ ਪੂਰੇ ਸਮੇਂ ਤੇ ਵਾਧੂ ਸਮੇਂ ਵਿੱਚ ਕੋਈ ਟੀਮ ਗੋਲ ਨਾ ਕਰ ਸਕੀ। ਫਿਰ ‘ਸਡਨ ਡੈੱਥ’ ਦਾ ਸਮਾਂ ਦਿੱਤਾ ਗਿਆ। ਖੇਡ ਦੇ 97ਵੇਂ ਮਿੰਟ `ਚ ਪਾਕਿਸਤਾਨ ਦੀ ਟੀਮ ਨੇ ਗੋਲ ਕਰ ਕੇ ਮੈਚ ਜਿੱਤ ਲਿਆ।

ਮਹਿੰਦਰ ਸਿੰਘ ਗਿੱਲ ਨੇ 16.11 ਮੀਟਰ ਦੀ ਰਿਕਾਰਡ ਤੋੜ ਤੀਹਰੀ ਛਾਲ ਲਾ ਕੇ ਸੋਨੇ ਦਾ ਤੇ ਲਾਭ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਜੋਗਿੰਦਰ ਸਿੰਘ ਨੇ ਗੋਲਾ ਸੁੱਟਣ ਦਾ ਨਵਾਂ ਏਸ਼ੀਆ ਰਿਕਾਰਡ ਰੱਖਿਆ ਤੇ ਦੂਜੀ ਵਾਰ ਸੋਨੇ ਦਾ ਤਮਗ਼ਾ ਹਾਸਲ ਕੀਤਾ। ਕਮਲਜੀਤ ਸੰਧੂ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਹੈ ਜਿਸ ਨੇ ਵਿਅਕਤੀਗਤ ਈਵੈਂਟ `ਚੋਂ ਸੋਨੇ ਦਾ ਤਮਗ਼ਾ ਜਿੱਤਿਆ। ਵਾਟਰ ਪੋਲੋ ਵਿੱਚ ਭਾਰਤੀ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਇੱਕ ਵਾਰ ਫਿਰ ਪਾਣੀ ਦੀ ਖੇਡ ਵਿੱਚ ਆਪਣਾ ਨਾਂ ਚਮਕਾ ਦਿੱਤਾ। ਮੁੱਕੇਬਾਜ਼ ਹਵਾ ਸਿੰਘ ਫਿਰ ਸੋਨੇ ਦਾ ਤਮਗ਼ਾ ਜਿੱਤ ਗਿਆ। ਪਹਿਲਵਾਨ ਚੰਦਗੀ ਰਾਮ ਵੀ ਸੋਨੇ ਦਾ ਤਮਗ਼ਾ ਜਿੱਤਿਆ। ਸਮੁੱਚੇ ਤੌਰ `ਤੇ ਜਪਾਨ 74 ਸੋਨੇ ਦੇ, 47 ਚਾਂਦੀ ਦੇ ਤੇ 23 ਤਾਂਬੇ ਦੇ ਤਮਗ਼ੇ ਜਿੱਤ ਕੇ ਅੱਵਲ ਆਇਆ। ਦੂਜੇ ਨੰਬਰ `ਤੇ ਦੱਖਣੀ ਕੋਰੀਆ ਨੇ 18 ਸੋਨੇ, 13 ਚਾਂਦੀ ਤੇ 23 ਤਾਂਬੇ ਦੇ ਤਮਗ਼ੇ ਜਿੱਤੇ। ਭਾਰਤ 6 ਸੋਨੇ, 9 ਚਾਂਦੀ ਤੇ 10 ਤਾਂਬੇ ਦੇ ਤਮਗ਼ਿਆਂ ਨਾਲ ਪੰਜਵੇਂ ਸਥਾਨ `ਤੇ ਰਿਹਾ।

ਸੱਤਵੀਆਂ ਏਸ਼ਿਆਈ ਖੇਡਾਂ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਈਆਂ। ਉਥੇ ਲੋਕ ਜਮਹੂਰੀ ਚੀਨ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ। ਇਹ ਖੇਡਾਂ 1974 ਵਿੱਚ 1 ਦਸੰਬਰ ਤੋਂ 16 ਦਸੰਬਰ ਤਕ ਹੋਈਆਂ ਤੇ ਸੋਲਾਂ ਖੇਡਾਂ ਦੇ 202 ਈਵੈਂਟਸ ਦੇ ਮੁਕਾਬਲੇ ਹੋਏ। 19 ਮੁਲਕਾਂ ਦੇ ਖਿਡਾਰੀ ਜਿੱਤ ਮੰਚਾਂ ਉਤੇ ਚੜ੍ਹੇ। ਇਨ੍ਹਾਂ ਖੇਡਾਂ ਵਿੱਚ ਮੀਂਹ `ਨੇਰ੍ਹੀ ਨੇ ਵੀ ਵਿਘਨ ਪਾਇਆ ਤੇ ਮੁਕਾਬਲਿਆਂ ਦੇ ਨਿਰਣਿਆਂ ਬਾਰੇ ਵੀ ਇਤਰਾਜ਼ ਹੋਏ। ਇਰਾਨ ਦੇ ਸ਼ਾਹ ਨੇ ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਭਾਰਤ ਵੱਲੋਂ 28 ਅਥਲੀਟ ਤਹਿਰਾਨ ਗਏ ਸਨ ਜਿਨ੍ਹਾਂ ਨੇ 4 ਸੋਨੇ, 7 ਚਾਂਦੀ ਤੇ 4 ਤਾਂਬੇ ਦੇ ਤਮਗ਼ੇ ਜਿੱਤੇ। ਸ੍ਰੀ ਰਾਮ ਸਿੰਘ, ਸ਼ਿਵਨਾਥ ਸਿੰਘ, ਟੀ.ਸੀ.ਯੋਹਾਨਨ ਤੇ ਵੀ.ਐੱਸ.ਚੌਹਾਨ ਆਪੋ ਆਪਣੇ ਈਵੈਂਟ ਵਿੱਚ ਅੱਵਲ ਆਏ। ਪਰਵੀਨ ਕੁਮਾਰ, ਨਿਰਮਲ ਸਿੰਘ, ਮਹਿੰਦਰ ਸਿੰਘ ਗਿੱਲ, ਲਹਿੰਬਰ ਸਿੰਘ, ਬਹਾਦਰ ਸਿੰਘ, ਜਗਰਾਜ ਸਿੰਘ, ਸੁਰੇਸ਼ ਬਾਬੂ, ਸੁੱਚਾ ਸਿੰਘ, ਅਜਾਇਬ ਸਿੰਘ, ਰਣਜੀਤ ਸਿੰਘ ਤੇ ਗੁਰਮੇਜ ਸਿੰਘ ਵੀ ਵਿਕਟਰੀ ਸਟੈਂਡ ਉਤੇ ਚੜ੍ਹੇ। ਭਾਰਤ ਦੇ ਛੇ ਮੁੱਕੇਬਾਜ਼ਾਂ ਨੇ ਪੰਜ ਮੈਡਲ ਜਿੱਤੇ। ਇਨ੍ਹਾਂ ਵਿੱਚ ਮੇਜਰ ਸਿੰਘ, ਮਹਿਤਾਬ ਸਿੰਘ, ਬੂੜਾ ਸਿੰਘ, ਐੱਸ.ਨਾਰਾਇਣ ਤੇ ਮੁਨਾਸਵਾਮੀ ਵੀਨੂੰ ਸਨ। ਪਹਿਲਵਾਨ ਸੁਖਚੈਨ ਸਿੰਘ, ਸੱਤਪਾਲ ਤੇ ਸਤਿਬੀਰ ਸਿੰਘ ਵੀ ਤਾਂਬੇ ਦੇ ਤਮਗ਼ੇ ਜਿੱਤ ਗਏ। ਨਿਸ਼ਾਨੇਬਾਜ਼ੀ ਵਿੱਚ ਕਰਨੀ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਹਾਕੀ ਦਾ ਫਾਈਨਲ ਮੈਚ ਫਿਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਪਹਿਲੇ ਦਿਨ ਬਰਾਬਰ ਰਿਹਾ ਤੇ ਦੂਜੇ ਦਿਨ ਪਾਕਿਸਤਾਨ ਨੇ 2-0 ਗੋਲਾਂ ਨਾਲ ਜਿੱਤ ਲਿਆ।

ਜਪਾਨ ਨੇ ਕੁਲ 75 ਸੋਨੇ, 50 ਚਾਂਦੀ ਤੇ 51 ਤਾਂਬੇ ਦੇ ਤਮਗ਼ੇ ਜਿੱਤੇ। ਚੀਨ ਨੇ 33, 45, 28, ਅਤੇ ਇਰਾਨ ਨੇ 36, 28, 17, ਸੋਨੇ, ਚਾਂਦੀ ਤੇ ਤਾਂਬੇ ਦੇ ਤਮਗ਼ੇ ਹਾਸਲ ਕੀਤੇ। ਦੱਖਣੀ ਕੋਰੀਆ ਨੇ 16, 26, 15, ਉੱਤਰੀ ਕੋਰੀਆ ਨੇ 15, 14, 17, ਅਤੇ ਭਾਰਤ ਨੇ 4, 12, 12, ਸੋਨੇ, ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤੇ।

ਅੱਠਵੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਹਾਮੀ ਇਸਲਾਮਾਬਾਦ ਨੇ ਭਰੀ ਸੀ ਪਰ ਉਸ ਨੇ ਵੀ ਬਾਅਦ ਵਿੱਚ ਸਿਓਲ ਵਾਂਗ ਅਸਮਰੱਥਾ ਪ੍ਰਗਟਾਅ ਦਿੱਤੀ। ਛੇਕੜ ਇਹ ਖੇਡਾਂ ਤੀਜੀ ਵਾਰ ਬੈਂਕਾਕ ਨੂੰ ਕਰਾਉਣੀਆਂ ਪਈਆਂ। 1978 ਦੀਆਂ ਇਹ ਖੇਡਾਂ 9 ਤੋਂ 20 ਦਸੰਬਰ ਤਕ ਚੱਲੀਆਂ। ਇਨ੍ਹਾਂ ਵਿੱਚ 26 ਮੁਲਕਾਂ ਦੇ 5000 ਖਿਡਾਰੀਆਂ ਨੇ ਭਾਗ ਲਿਆ। ਭਾਰਤ ਵੱਲੋਂ 140 ਖਿਡਾਰੀ, 13 ਕੋਚ ਤੇ 11 ਮੈਨੇਜਰ ਬੈਂਕਾਕ ਗਏ। ਲੋਕ ਜਮਹੂਰੀ ਚੀਨ ਨੇ ਤਾਈਵਾਨ ਦੇ ਖਿਡਾਰੀਆਂ ਨੂੰ ਆਪਣੇ ਦਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਉਹ ਸ਼ਾਮਲ ਨਹੀਂ ਹੋਏ ਤੇ ਖੇਡਾਂ ਤੋਂ ਵਾਂਝੇ ਰਹਿ ਗਏ। ਇਰਾਨ ਅੰਦਰੂਨੀ ਗੜਬੜ ਕਾਰਨ ਖੇਡਾਂ ਵਿੱਚ ਹਿੱਸਾ ਨਾ ਲੈ ਸਕਿਆ।

ਭਾਰਤ ਦੇ 24 ਅਥਲੀਟਾਂ ਨੇ 18 ਤਮਗ਼ੇ ਜਿੱਤੇ ਤੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਭਾਰਤੀ ਜਿੱਤਾਂ ਦਾ ਵੱਡਾ ਆਧਾਰ ਅਥਲੈਟਿਕ ਖੇਡਾਂ ਹਨ। ਬਾਜ਼ੀਗਰਾਂ ਦੇ ਮੁੰਡੇ ਹਰੀ ਚੰਦ ਨੇ ਦੋ ਸੋਨੇ ਦੇ ਮੈਡਲ ਜਿੱਤੇ। ਰਾਮਾਸਵਾਮੀ ਗਣੇਸ਼ਕਰਣ, ਹਾਕਮ ਸਿੰਘ, ਬਹਾਦਰ ਸਿੰਘ, ਸੁਰੇਸ਼ ਬਾਬੂ ਤੇ ਗੀਤਾ ਜ਼ੁਤਸ਼ੀ ਵੀ ਸੋਨੇ ਦੇ ਤਮਗ਼ੇ ਜਿੱਤ ਗਏ। ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤਣ ਵਾਲੇ ਤਾਂ ਕਈ ਸਨ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਇੱਕੀ ਨਿਸ਼ਾਨਚੀਆਂ ਨੇ ਭਾਗ ਲਿਆ ਪਰ ਸੋਨੇ ਦਾ ਤਮਗ਼ਾ ਕੇਵਲ ਰਣਧੀਰ ਸਿੰਘ ਨੇ ਜਿੱਤਿਆ। ਹਾਕੀ ਦਾ ਫਾਈਨਲ ਮੈਚ ਲਗਾਤਾਰ ਛੇਵੀਂ ਵਾਰ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਪਾਕਿਸਤਾਨ ਨੇ 1-0 ਗੋਲ ਨਾਲ ਜਿੱਤ ਲਿਆ। ਕੁਸ਼ਤੀਆਂ ਵਿੱਚ ਭਾਰਤ ਦੇ ਦਸ ਪਹਿਲਵਾਨਾਂ ਨੇ ਹਿੱਸਾ ਲਿਆ ਸੀ। ਕਰਤਾਰ ਸਿੰਘ ਤੇ ਰਾਜਿੰਦਰ ਸਿੰਘ ਸੋਨੇ ਦੇ ਤਮਗ਼ੇ ਜਿੱਤੇ ਅਤੇ ਸਤਪਾਲ ਚਾਂਦੀ ਦਾ ਤਮਗ਼ਾ ਜਿੱਤਿਆ।

ਭਾਰਤ ਨੇ ਕੁਲ ਮਿਲਾ ਕੇ 11 ਸੋਨੇ, 11 ਚਾਂਦੀ ਤੇ 6 ਤਾਂਬੇ ਦੇ ਤਮਗ਼ੇ ਜਿੱਤੇ ਅਤੇ 26 ਮੁਲਕਾਂ ਵਿੱਚ ਛੇਵਾਂ ਸਥਾਨ ਹਾਸਲ ਕੀਤਾ। ਜਪਾਨ 70 ਸੋਨੇ, 59 ਚਾਂਦੀ ਤੇ 49 ਤਾਂਬੇ ਦੇ ਤਮਗ਼ੇ ਜਿੱਤ ਕੇ ਹਮੇਸ਼ਾਂ ਵਾਂਗ ਮੀਰੀ ਰਿਹਾ। ਚੀਨ 51 ਸੋਨੇ, 54 ਚਾਂਦੀ ਤੇ 46 ਤਾਂਬੇ ਦੇ ਤਮਗ਼ੇ ਜਿੱਤ ਕੇ ਜਪਾਨ ਦੇ ਮੋਢਿਆਂ `ਤੇ ਆ ਚੜ੍ਹਿਆ। ਦੱਖਣੀ ਕੋਰੀਆ ਤੀਜੇ, ਉੱਤਰੀ ਕੋਰੀਆ ਚੌਥੇ ਤੇ ਥਾਈਲੈਂਡ ਪੰਜਵੇਂ ਸਥਾਨ `ਤੇ ਰਹੇ। ਜੇਕਰ ਪਹਿਲੀਆਂ ਅੱਠ ਏਸ਼ਿਆਈ ਖੇਡਾਂ ਦਾ ਲੇਖਾ ਜੋਖਾ ਕਰੀਏ ਤਾਂ ਭਾਰਤ ਦੇ ਜਿੱਤੇ ਤਮਗ਼ਿਆਂ ਦੀ ਕੁਲ ਗਿਣਤੀ 216 ਬਣਦੀ ਹੈ। ਇਨ੍ਹਾਂ ਵਿੱਚ 63 ਸੋਨੇ, 74 ਚਾਂਦੀ ਤੇ 79 ਤਾਂਬੇ ਦੇ ਤਮਗ਼ੇ ਹਨ। ਜਪਾਨ ਨੇ `ਕੱਲੀਆਂ 1978 ਦੀਆਂ ਖੇਡਾਂ ਵਿਚੋਂ ਈ 176 ਤਮਗ਼ੇ ਜਿੱਤੇ ਤੇ ਚੀਨ ਨੇ ਕੇਵਲ ਦੋ ਏਸ਼ਿਆਈ ਖੇਡਾਂ `ਚੋਂ 257 ਤਮਗ਼ੇ ਪ੍ਰਾਪਤ ਕੀਤੇ।

ਨੌਵੀਆਂ ਏਸ਼ਿਆਈ ਖੇਡਾਂ ਇਕੱਤੀ ਸਾਲਾਂ ਬਾਅਦ ਫਿਰ ਨਵੀਂ ਦਿੱਲੀ ਵਿੱਚ ਹੋਈਆਂ। ਇਹਨਾਂ ਲਈ ਜਵਾਹਰ ਲਾਲ ਨਹਿਰੂ ਸਟੇਡੀਅਮ ਤੇ ਹੋਰ ਕਈ ਖੇਡ ਭਵਨ ਉਸਾਰੇ ਗਏ। 19 ਨਵੰਬਰ 1982 ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਨੈਸ਼ਨਲ ਸਟੇਡੀਅਮ ਜਿਥੇ ਪਹਿਲੀਆਂ ਏਸ਼ਿਆਈ ਖੇਡਾਂ ਹੋਈਆਂ ਸਨ ਉਥੋਂ ਖੇਡਾਂ ਦੀ ਮਿਸ਼ਾਲ ਬਾਲੀ ਗਈ ਜਿਸ ਨੂੰ ਦੇਸ਼ ਦੇ ਨਾਮੀ ਖਿਡਾਰੀ ਹੱਥੋ ਹੱਥੀ ਨਹਿਰੂ ਸਟੇਡੀਅਮ ਲਿਆਏ। ਗੁਰਬਚਨ ਸਿੰਘ ਰੰਧਾਵਾ ਮਿਸ਼ਾਲ ਨਾਲ ਸਟੇਡੀਅਮ `ਚ ਪਹੁੰਚਾ ਤਾਂ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਫਿਰ ਮਿਸ਼ਾਲ ਫਲਾਈਂਗ ਸਿੱਖ ਮਿਲਖਾ ਸਿੰਘ ਤੇ ਕਮਲਜੀਤ ਸੰਧੂ ਨੇ ਫੜੀ ਤੇ ਸਟੇਡੀਅਮ ਦਾ ਚੱਕਰ ਲਾਇਆ। ਓਲੰਪੀਅਨ ਬਲਬੀਰ ਸਿੰਘ ਤੇ ਡਿਆਨਾ ਸਾਈਮਜ਼ ਨੇ ਮਿਸ਼ਾਲ ਲੈ ਕੇ ਖੇਡਾਂ ਦੀ ਜੋਤ ਜਗਾਈ ਅਤੇ ਗੀਤਾ ਜ਼ੁਤਸ਼ੀ ਨੇ ਤਿਰੰਗੇ ਦਾ ਲੜ ਫੜ ਕੇ ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਮੈਦਾਨ ਵਿੱਚ ਤੇਤੀ ਮੁਲਕਾਂ ਦੇ ਖਿਡਾਰੀ ਖੜ੍ਹੇ ਸਨ ਜਿਨ੍ਹਾਂ ਨੇ ਇੱਕੀ ਪਰਕਾਰ ਦੀਆਂ ਖੇਡਾਂ ਵਿੱਚ ਭਾਗ ਲੈਣਾ ਸੀ। ਕਬੱਡੀ ਇਨ੍ਹਾਂ ਖੇਡਾਂ ਵਿੱਚ ਨੁਮਾਇਸ਼ੀ ਖੇਡ ਰੱਖੀ ਗਈ।

ਭਾਰਤ ਦੇ ਘੋੜਸਵਾਰ ਰਘਬੀਰ ਸਿੰਘ ਤੇ ਰੁਪਿੰਦਰ ਸਿੰਘ ਬਰਾੜ, ਗੌਲਫ਼ ਦੇ ਲਕਸ਼ਮਣ ਸਿੰਘ ਤੇ ਉਨ੍ਹਾਂ ਦੀ ਟੀਮ, ਕਿਸ਼ਤੀ ਚਾਲਣ ਦੇ ਫਾਰੂਖ਼ ਤਾਰਾਪੋਰ ਤੇ ਜ਼ਰੀਰ ਕਰੰਜੀਆ, ਮੁੱਕੇਬਾਜ਼ੀ ਦੇ ਕੌਰ ਸਿੰਘ, ਪਹਿਲਵਾਨ ਸੱਤਪਾਲ ਅਤੇ ਅਥਲੈਟਿਕਸ ਵਿੱਚ ਬਹਾਦਰ ਸਿੰਘ, ਚਾਂਦ ਰਾਮ, ਚਾਰਲਸ ਬਰੋਮੀਓ ਤੇ ਵਾਲਸੰਮਾ ਨੇ ਸੋਨੇ ਦੇ ਤਮਗ਼ੇ ਜਿੱਤੇ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਵੀ ਸੋਨੇ ਦਾ ਤਮਗ਼ਾ ਜਿੱਤ ਗਈ ਜਦ ਕਿ ਮਰਦਾਂ ਦੀ ਹਾਕੀ ਟੀਮ ਪਾਕਿਸਤਾਨ ਦੀ ਟੀਮ ਹੱਥੋਂ 7-1 ਗੋਲਾਂ `ਤੇ ਬੁਰੀ ਤਰ੍ਹਾਂ ਹਾਰੀ। ਭਾਰਤੀ ਖਿਡਾਰੀਆਂ ਨੇ ਕੁਲ 13 ਸੋਨੇ, 19 ਚਾਂਦੀ ਤੇ 25 ਤਾਂਬੇ ਦੇ ਤਮਗ਼ੇ ਜਿੱਤੇ। ਪਹਿਲੀਆਂ ਅੱਠ ਏਸ਼ਿਆਈ ਖੇਡਾਂ `ਚ ਜਪਾਨ ਤਮਗ਼ਾ ਸੂਚੀ ਵਿੱਚ ਸਭ ਤੋਂ ਉਪਰ ਰਿਹਾ ਸੀ ਪਰ ਨਵੀਂ ਦਿੱਲੀ ਵਿੱਚ ਚੀਨ ਸਭ ਤੋਂ ਉਪਰ ਨਿਕਲ ਗਿਆ। ਚੀਨ ਨੇ 61 ਸੋਨੇ, 51 ਚਾਂਦੀ ਤੇ 41 ਤਾਂਬੇ ਦੇ ਤਮਗ਼ੇ ਜਿੱਤੇ। ਜਪਾਨ 57 ਸੋਨੇ, 52 ਚਾਂਦੀ ਤੇ 41 ਤਾਂਬੇ ਦੇ ਤਮਗ਼ੇ ਜਿੱਤ ਸਕਿਆ।

ਦਸਵੀਆਂ ਏਸ਼ਿਆਈ ਖੇਡਾਂ 1986 ਵਿੱਚ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੋਈਆਂ। ਉਥੇ ਈ 1988 ਦੀਆਂ ਓਲੰਪਿਕ ਖੇਡਾਂ ਹੋਣੀਆਂ ਸਨ। ਸਿਓਲ ਨੇ ਬੜੀ ਵੱਡੀ ਪੱਧਰ ਉਤੇ ਖੇਡਾਂ ਦੀ ਤਿਆਰੀ ਕੀਤੀ। ਉਥੇ ਪੱਚੀ ਪਰਕਾਰ ਦੀਆਂ ਖੇਡਾਂ `ਚ ਭਾਗ ਲੈਣ ਲਈ ਸਤਾਈ ਦੇਸ਼ਾਂ ਦੇ ਖਿਡਾਰੀ ਅੱਪੜੇ। ਭਾਰਤ ਦੀ ਪੀ.ਟੀ.ਊਸ਼ਾ ਨੇ ਸੋਨੇ ਦੇ ਚਾਰ ਤੇ ਇੱਕ ਚਾਂਦੀ ਦਾ ਮੈਡਲ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਨਵਾਂ ਰਿਕਾਰਡ ਰੱਖ ਦਿੱਤਾ ਤੇ ਉਸ ਨੂੰ ਉਡਣ ਪਰੀ ਦਾ ਖ਼ਿਤਾਬ ਦਿੱਤਾ ਗਿਆ। ਸਿਓਲ ਦੀਆਂ ਏਸ਼ਿਆਈ ਖੇਡਾਂ ਪੀ.ਟੀ.ਊਸ਼ਾ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਭਾਰਤ ਦੇ ਮਰਦਾਂ ਵਿਚੋਂ ਕੇਵਲ ਪਹਿਲਵਾਨ ਕਰਤਾਰ ਸਿੰਘ ਹੀ ਸੀ ਜੋ ਸੋਨੇ ਦਾ ਤਮਗ਼ਾ ਜਿੱਤ ਸਕਿਆ। ਸਮੁੱਚੀ ਤਮਗ਼ਾ ਸੂਚੀ ਵਿੱਚ ਚੀਨ ਸਭ ਤੋਂ ਉਪਰ ਰਿਹਾ ਤੇ ਦੱਖਣੀ ਕੋਰੀਆ ਦੂਜੀ ਥਾਂ ਆਇਆ। ਜਪਾਨ ਇੱਕ ਟੰਬਾ ਥੱਲੇ ਉੱਤਰ ਕੇ ਤੀਜੀ ਥਾਂ ਚਲਾ ਗਿਆ।

1990 ਦੀਆਂ ਗਿਆਰਵੀਆਂ ਏਸ਼ਿਆਈ ਖੇਡਾਂ ਚੀਨ ਵਿੱਚ ਬੀਜਿੰਗ ਵਿਖੇ ਹੋਈਆਂ। ਉਥੇ ਸਤਾਈ ਪਰਕਾਰ ਦੀਆਂ ਖੇਡਾਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਅਠੱਤੀ ਮੁਲਕਾਂ ਦੇ ਖਿਡਾਰੀਆਂ ਨੇ ਭਾਗ ਲਿਆ। ਬੇਸ਼ਕ ਸੈਂਕੜੇ ਤਮਗ਼ੇ ਦਾਅ `ਤੇ ਸਨ ਪਰ ਭਾਰਤ ਦੇ ਖਿਡਾਰੀ ਸੋਨੇ ਦਾ ਕੇਵਲ ਇੱਕ ਤਮਗ਼ਾ ਹੀ ਜਿੱਤ ਸਕੇ। ਉਹ ਵੀ ਭਾਰਤ ਦੀ ਦੇਸੀ ਖੇਡ ਕਬੱਡੀ ਦਾ। ਹੁਣ ਤਕ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ। ਤਮਗ਼ੇ ਜਿੱਤਣ ਵਿੱਚ ਚੀਨ ਬਾਕੀ ਮੁਲਕਾਂ ਨਾਲੋਂ ਬਹੁਤ ਅੱਗੇ ਨਿਕਲ ਗਿਆ। ਉਸ ਦੇ ਖਿਡਾਰੀਆਂ ਨੇ ਬਾਕੀ ਸਾਰੇ ਮੁਲਕਾਂ ਦੇ ਕੁਲ ਤਮਗ਼ਿਆਂ ਨਾਲੋਂ ਵੀ ਵੱਧ ਤਮਗ਼ੇ ਜਿੱਤੇ। ਦੱਖਣੀ ਕੋਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਜਪਾਨ ਫਿਰ ਤੀਜੇ ਸਥਾਨ ਉਤੇ ਰਿਹਾ।

ਬਾਰ੍ਹਵੀਆਂ ਏਸ਼ਿਆਈ ਖੇਡਾਂ 1994 ਵਿੱਚ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਹੋਈਆਂ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਮੁਲਕਾਂ ਦੀ ਗਿਣਤੀ ਬਤਾਲੀ ਹੋ ਗਈ। ਸੋਵੀਅਤ ਯੂਨੀਅਨ ਦੇ ਟੁੱਟ ਜਾਣ ਕਾਰਨ ਕਈ ਮੁਲਕ ਏਸ਼ੀਆ ਨਾਲ ਸੰਬੰਧਿਤ ਹੋ ਗਏ ਸਨ। ਹੀਰੋਸ਼ੀਮਾ ਐਟਮ ਬੰਬ ਦੀ ਤਬਾਹੀ ਤੋਂ ਬਾਅਦ ਉੱਜੜ ਕੇ ਵਸਿਆ ਆਧੁਨਿਕ ਸ਼ਹਿਰ ਹੈ। ਉਥੇ ਨਵੇਂ ਸਟੇਡੀਅਮ ਤੇ ਖੇਡ ਭਵਨ ਬਣਾਏ ਗਏ ਹਨ। ਹੀਰੋਸ਼ੀਮਾ ਵਿੱਚ ਖੇਡਾਂ ਦੀ ਗਿਣਤੀ ਚੌਂਤੀ ਕਰ ਦਿੱਤੀ ਗਈ ਜੋ ਪਹਿਲਾਂ ਦੀਆਂ ਸਾਰੀਆਂ ਖੇਡਾਂ ਨਾਲੋਂ ਵੱਧ ਸੀ। ਸਿਓਲ ਤੇ ਬੀਜਿੰਗ ਵਾਂਗ ਉਥੇ ਵੀ ਚੀਨ ਨੇ ਸਭ ਤੋਂ ਵੱਧ ਤਮਗ਼ੇ ਜਿੱਤੇ, ਦੱਖਣੀ ਕੋਰੀਆਂ ਦੂਜੇ ਨੰਬਰ `ਤੇ ਰਿਹਾ ਤੇ ਜਪਾਨ ਤੀਜੇ ਨੰਬਰ ਉਤੇ ਆਇਆ। ਭਾਰਤ ਦੇ ਖਿਡਾਰੀ ਕੋਈ ਖ਼ਾਸ ਜਲਵਾ ਨਾ ਵਿਖਾ ਸਕੇ। ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਤੋਂ ਹਾਰ ਗਿਆ।

ਤੇਰ੍ਹਵੀਆਂ ਏਸ਼ਿਆਈ ਖੇਡਾਂ 1998 ਵਿੱਚ ਚੌਥੀ ਵਾਰ ਬੈਂਕਾਕ ਵਿੱਚ ਹੋਈਆਂ। ਉਥੇ ਏਸ਼ੀਆਂ ਦੇ ਚੁਤਾਲੀ ਮੁਲਕਾਂ ਨੇ ਉਨ੍ਹਾਂ ਵਿੱਚ ਭਾਗ ਲਿਆ। ਬੈਂਕਾਕ ਵਿੱਚ ਵੀ ਚੀਨ, ਦੱਖਣੀ ਕੋਰੀਆ ਤੇ ਜਪਾਨ ਦੇ ਖਿਡਾਰੀਆਂ ਨੇ ਸਭ ਤੋਂ ਬਹੁਤੇ ਤਮਗ਼ੇ ਜਿੱਤੇ। ਇਹ ਤਿੰਨੇ ਮੁਲਕ ਕੁਲ ਮੈਡਲਾਂ ਦੀ ਤਿੰਨ ਚੌਥਾਈ ਤੋਂ ਵੱਧ ਗਿਣਤੀ ਜਿੱਤ ਜਾਂਦੇ ਹਨ। ਇਨ੍ਹਾਂ ਤਿੰਨਾਂ ਮੁਲਕਾਂ ਤੋਂ ਥੱਲੇ ਛੇ ਸੱਤ ਅਜਿਹੇ ਮੁਲਕ ਹਨ ਜਿਨ੍ਹਾਂ ਦਾ ਚੌਥੇ ਤੋਂ ਦਸਵੇਂ ਸਥਾਨ ਤਕ ਬੜਾ ਫਸਵਾਂ ਮੁਕਾਬਲਾ ਹੁੰਦਾ ਰਹਿੰਦਾ ਹੈ। ਇਹ ਹਨ ਕਜ਼ਾਖਸਤਾਨ, ਥਾਈਲੈਂਡ, ਤਾਈਵਾਨ, ਉੱਤਰੀ ਕੋਰੀਆ, ਭਾਰਤ, ਉਜ਼ਬੇਕਸਤਾਨ ਤੇ ਇਰਾਨ। ਬੈਂਕਾਕ ਵਿੱਚ ਭਾਰਤੀ ਖਿਡਾਰੀਆਂ ਨੇ 7 ਸੋਨੇ, 11 ਚਾਂਦੀ ਤੇ 17 ਤਾਂਬੇ ਦੇ ਤਮਗ਼ੇ ਜਿੱਤੇ ਅਤੇ ਤਮਗ਼ਾ ਸੂਚੀ ਵਿੱਚ ਉਸ ਦਾ ਨੌਵਾਂ ਸਥਾਨ ਰਿਹਾ। ਚੀਨ ਦੇ ਖਿਡਾਰੀਆਂ ਨੇ 129 ਸੋਨੇ ਦੇ ਤਮਗ਼ੇ ਜਿੱਤੇ, ਦੱਖਣੀ ਕੋਰੀਆ ਨੇ 65 ਤੇ ਜਪਾਨ ਨੇ 52 ਸੋਨ-ਤਮਗ਼ੇ ਹਾਸਲ ਕੀਤੇ।

ਹਾਕੀ ਦੀ ਖੇਡ ਵਿੱਚ ਭਾਰਤ-ਪਾਕਿ ਦੇ ਲੋਕਾਂ ਦੀ ਹਮੇਸ਼ਾਂ ਦਿਲਚਸਪੀ ਰਹੀ ਹੈ। 1986 ਤੋਂ ਪਹਿਲਾਂ ਹਾਕੀ ਦਾ ਫਾਈਨਲ ਮੈਚ ਹਮੇਸ਼ਾਂ ਭਾਰਤ ਤੇ ਪਕਿਸਤਾਨ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਂਦਾ ਰਿਹਾ। ਇੱਕ ਵਾਰੀ ਨੂੰ ਛੱਡ ਕੇ ਹਰ ਵਾਰ ਪਾਕਿਸਤਾਨ ਦੀ ਟੀਮ ਹੀ ਹਾਕੀ ਦਾ ਸੋਨ ਤਮਗ਼ਾ ਜਿੱਤਦੀ ਰਹੀ। ਫਿਰ ਦੱਖਣੀ ਕੋਰੀਆ ਦੀ ਹਾਕੀ ਟੀਮ ਦੀ ਚੜ੍ਹਤ ਹੋ ਗਈ। ਹੀਰੋਸ਼ੀਮਾ ਦਾ ਫਾਈਨਲ ਹਾਕੀ ਮੈਚ ਭਾਰਤ ਤੇ ਕੋਰੀਆ ਦੀਆਂ ਟੀਮਾਂ ਵਿਚਕਾਰ ਹੋਇਆ ਸੀ ਜੋ ਕੋਰੀਆ ਨੇ ਜਿੱਤਿਆ। ਬੈਂਕਾਕ ਵਿੱਚ ਫਿਰ ਫਾਈਨਲ ਮੈਚ ਭਾਰਤ ਤੇ ਕੋਰੀਆਂ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਵਾਰ ਇਹ ਭਾਰਤ ਦੀ ਟੀਮ ਨੇ ਜਿੱਤਿਆ।

2002 ਦੀਆਂ ਚੌਧਵੀਆਂ ਏਸ਼ਿਆਈ ਖੇਡਾਂ ਕੋਰੀਆ ਦੇ ਬੰਦਰਗਾਹੀ ਸ਼ਹਿਰ ਬੁਸਾਨ ਵਿੱਚ 29 ਸਤੰਬਰ ਤੋਂ 14 ਅਕਤੂਬਰ ਤਕ ਹੋਈਆਂ। ਇਹ ਖੇਡਾਂ ਹੁਣ ਤਕ ਦੀਆਂ ਸਭ ਤੋਂ ਵੱਡੀਆਂ ਖੇਡਾਂ ਗਿਣੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਚੁਤਾਲੀ ਮੁਲਕਾਂ ਦੇ ਲਗਭਗ ਛੇ ਹਜ਼ਾਰ ਖਿਡਾਰੀਆਂ ਨੇ ਭਾਗ ਲਿਆ। ਅਠੱਤੀ ਪਰਕਾਰ ਦੀਆਂ ਖੇਡਾਂ ਸਨ ਤੇ ਤਮਗ਼ਿਆਂ ਦੇ 420 ਸੈੱਟ ਦਾਅ ਉਤੇ ਸਨ। ਚੀਨ ਨੇ 150 ਸੋਨੇ, 84 ਚਾਂਦੀ ਤੇ 74 ਤਾਂਬੇ ਦੇ ਤਮਗ਼ੇ ਜਿੱਤ ਕੇ ਫਿਰ ਮੀਰੀ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ ਨੇ 96 ਸੋਨੇ, 80 ਚਾਂਦੀ ਤੇ 84 ਤਾਂਬੇ ਦੇ ਤਮਗ਼ੇ ਅਤੇ ਜਪਾਨ ਨੇ 44 ਸੋਨੇ, 73 ਚਾਂਦੀ ਤੇ 72 ਤਾਂਬੇ ਦੇ ਤਮਗ਼ੇ ਜਿੱਤੇ। ਭਾਰਤ ਨੇ 10 ਸੋਨੇ, 12 ਚਾਂਦੀ ਤੇ 13 ਤਾਂਬੇ ਦੇ ਤਮਗ਼ੇ ਜਿੱਤ ਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ। ਪਾਕਿਸਤਾਨ ਕੇਵਲ 1 ਸੋਨੇ, 6 ਚਾਂਦੀ ਤੇ 6 ਤਾਂਬੇ ਦੇ ਤਮਗ਼ੇ ਜਿੱਤ ਸਕਿਆ।

ਹਾਕੀ ਦੇ ਸੈਮੀ ਫਾਈਨਲ ਮੈਚ ਭਾਰਤ-ਪਾਕਿ ਤੇ ਕੋਰੀਆ-ਮਲੇਸ਼ੀਆ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਭਾਰਤ ਨੇ ਪਾਕਿਸਤਾਨ ਨੂੰ 4-3 ਗੋਲਾਂ ਉਤੇ ਹਰਾ ਦਿੱਤਾ ਤੇ ਕੋਰੀਆ ਨੇ ਮਲੇਸ਼ੀਆ ਨੂੰ 2-0 ਗੋਲਾਂ ਨਾਲ ਹਰਾਇਆ। ਏਸ਼ਿਆਈ ਖੇਡਾਂ ਦਾ ਫਾਈਨਲ ਮੈਚ ਲਗਾਤਾਰ ਤੀਜੀ ਵਾਰ ਭਾਰਤ ਤੇ ਕੋਰੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕੋਰੀਆ ਨੇ ਜਿੱਤਿਆ। ਮਲੇਸ਼ੀਆ ਦੀ ਟੀਮ ਪੈਨਲਟੀ ਸਟਰੋਕਾਂ ਉਤੇ ਪਾਕਿਸਤਾਨੀ ਟੀਮ ਨੂੰ ਹਰਾ ਕੇ ਤਾਂਬੇ ਦਾ ਤਮਗ਼ਾ ਜਿੱਤ ਗਈ। ਇਹ ਪਹਿਲੀ ਵਾਰ ਹੋਇਆ ਕਿ ਪਾਕਿਸਤਾਨ ਦੀ ਹਾਕੀ ਟੀਮ ਜਿੱਤ ਮੰਚ ਉਤੇ ਨਾ ਚੜ੍ਹ ਸਕੀ।

 

ਭਾਰਤ ਦੇ ਮਰਦ ਅਥਲੀਟਾਂ ਵਿੱਚ ਕੇਵਲ ਪੰਜਾਬ ਦਾ ਬਹਾਦਰ ਸਿੰਘ ਹੀ ਗੋਲਾ ਸੁੱਟਣ ਵਿੱਚ ਸੋਨੇ ਦਾ ਤਮਗ਼ਾ ਜਿੱਤ ਸਕਿਆ ਜਦ ਕਿ ਛੇ ਸੋਨ-ਤਮਗ਼ੇ ਭਾਰਤੀ ਔਰਤਾਂ ਨੇ ਅਥਲੈਟਿਕਸ ਵਿੱਚ ਜਿੱਤੇ। ਪੰਜਾਬ ਦੀ ਰਹਿਣ ਵਾਲੀ ਸੁਨੀਤਾ ਰਾਣੀ, ਨੀਲਮ ਜਸਵੰਤ ਸਿੰਘ, ਬੰਗਾਲ ਦੀ ਸਰਸਵਤੀ ਸਾਹਾ ਅਤੇ ਕੇਰਲਾ ਦੀਆਂ ਬੀਨਾਮੋਲ ਤੇ ਅੰਜੂ ਨੇ ਆਪੋ ਆਪਣੇ ਈਵੈਂਟਸ ਵਿਚੋਂ ਸੋਨੇ ਦੇ ਤਮਗ਼ੇ ਜਿੱਤੇ। ਇੱਕ ਸੋਨ-ਤਮਗ਼ਾ ਭਾਰਤ ਦੀਆਂ ਲੜਕੀਆਂ ਨੇ 4+400 ਮੀਟਰ ਰਿਲੇਅ ਦੌੜ ਵਿਚੋਂ ਜਿੱਤਿਆ ਜਿਸ ਵਿੱਚ ਜਿੰਸੀ ਫਿਲਿਪ, ਮਨਜੀਤ ਕੌਰ, ਉਮਾ ਤੇ ਬੀਨਾਮੋਲ ਦੌੜੀਆਂ। ਬਾਕੀ ਦੇ ਚਾਰ ਸੋਨ-ਤਮਗ਼ੇ ਭਾਰਤ ਨੇ ਕਬੱਡੀ, ਟੈਨਿਸ, ਸਨੂਕਰ ਤੇ ਗੌਲਫ਼ ਵਿਚੋਂ ਪ੍ਰਾਪਤ ਕੀਤੇ।

ਏਸ਼ੀਆ ਮਹਾਂਦੀਪ ਧਰਤੀ ਦੀ ਸਭ ਤੋਂ ਸੰਘਣੀ ਵਸੋਂ ਵਾਲਾ ਖਿੱਤਾ ਹੈ। ਲਗਭਗ ਪੌਣੇ ਚਾਰ ਅਰਬ ਲੋਕ ਇਸ ਖਿੱਤੇ ਵਿੱਚ ਰਹਿੰਦੇ ਹਨ। ਪੂਰਬੀ ਏਸ਼ੀਆ ਦੀਆਂ ਪੀਲੀਆਂ ਨਸਲਾਂ, ਦੱਖਣੀ ਏਸ਼ੀਆ ਦੀਆਂ ਸਾਂਵਲੀਆਂ, ਮੱਧ ਏਸ਼ੀਆ ਦੀਆਂ ਕਣਕ ਵੰਨੀਆਂ ਤੇ ਉੱਤਰ ਪੱਛਮੀ ਏਸ਼ੀਆ ਦੀਆਂ ਗੋਰੇ ਰੰਗ ਦੀਆਂ ਨਸਲਾਂ ਦੇ ਨਵੇਕਲੇ ਨੈਣ ਨਕਸ਼ ਹਨ। ਏਸ਼ਿਆਈ ਖੇਡਾਂ ਦੇ ਖੇਤਰ ਵਿੱਚ ਪੀਲੀਆਂ ਕੌਮਾਂ ਦੀ ਸਰਦਾਰੀ ਹੈ। ਚੀਨੇ, ਕੋਰੀਅਨ ਤੇ ਜਪਾਨੀ ਹੋਰਨਾਂ ਨਾਲੋਂ ਬਹੁਤ ਅੱਗੇ ਹਨ। ਬੁਸਾਨ ਦੀਆਂ ਖੇਡਾਂ ਦੀ ਤਮਗ਼ਾ ਸੂਚੀ ਦੇ ਉਪਰਲੇ ਦਸ ਮੁਲਕਾਂ ਵਿਚੋਂ ਚੀਨ ਨੇ ਕੁਲ 308 ਤਮਗ਼ੇ, ਦੱਖਣੀ ਕੋਰੀਆ ਨੇ 260, ਜਪਾਨ ਨੇ 189, ਕਜ਼ਾਖਸਤਾਨ ਨੇ 76, ਤੈਵਾਨ ਨੇ 52, ਉਜ਼ਬੇਕਸਤਾਨ ਨੇ 51, ਥਾਈਲੈਂਡ ਨੇ 43, ਭਾਰਤ ਨੇ 36, ਇਰਾਨ ਨੇ 36 ਤੇ ਉਤਰੀ ਕੋਰੀਆ ਨੇ 33 ਤਮਗ਼ੇ ਜਿੱਤੇ।

ਬੁਸਾਨ ਵਿੱਚ ਖੇਡਾਂ ਦੀ ਮਿਸ਼ਾਲ ਸੋਲਾਂ ਦਿਨ ਜਗਦੀ ਰਹਿਣ ਪਿੱਛੋਂ ਬੁਝੀ ਤੇ ਏਸ਼ਿਆਈ ਖੇਡਾਂ ਦਾ ਲਹਿਰਾਉਂਦਾ ਪਰਚਮ ਉਤਰਿਆ ਤਾਂ ਸਕੋਰ ਬੋਰਡ ਉਤੇ ਅੱਖਰ ਲਿਸ਼ਕੇ: ਅਲਵਿਦਾ ਬੁਸਾਨ! 2006 ਵਿੱਚ ਦੋਹਾ `ਚ ਫਿਰ ਮਿਲਾਂਗੇ! !

ਦੋਹਾ ਕਤਰ ਦੀ ਰਾਜਧਾਨੀ ਹੈ ਜਿਥੇ 1 ਦਸੰਬਰ ਤੋਂ 15 ਦਸੰਬਰ ਤਕ ਪੰਦਰਵੀਆਂ ਏਸ਼ਿਆਈ ਖੇਡਾਂ ਹੋਈਆਂ। ਇਨ੍ਹਾਂ ਖੇਡਾਂ ਵਿੱਚ 39 ਪ੍ਰਕਾਰ ਦੀਆਂ ਖੇਡਾਂ ਦੇ 423 ਈਵੈਂਟਸ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ 45 ਮੁਲਕਾਂ ਦੇ ਛੇ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਕਤਰ ਸਾਉਦੀ ਅਰਬ `ਚ ਘਿਰਿਆ 4427 ਵਰਗ ਮੀਲ ਰਕਬੇ ਵਾਲਾ ਦੇਸ਼ ਹੈ। ਉਥੋਂ ਦੇ ਵਸਨੀਕਾਂ ਵਿੱਚ 40% ਅਰਬੀ ਹਨ, 18% ਪਾਕਿਸਤਾਨੀ, 18% ਭਾਰਤੀ, 10% ਇਰਾਨੀ ਤੇ 14% ਹੋਰ ਹਨ। ਅਰਬੀ ਤੇ ਅੰਗਰੇਜ਼ੀ ਰਾਜ ਭਾਸ਼ਾਵਾਂ ਹਨ। ਦੋਹਾ ਦੀਆਂ ਏਸ਼ਿਆਈ ਖੇਡਾਂ ਦਾ ਨਿਸ਼ਾਨ ਸੂਰਜ, ਸਮੁੰਦਰ ਤੇ ਰੇਤ ਸੀ ਤੇ ਮਾਸਕਟ ਦਾ ਨਾਂ ਓਰੀ ਰੱਖਿਆ ਗਿਆ ਸੀ।

ਏਸ਼ਿਆਈ ਖੇਡਾਂ ਦੀ ਮਿਸ਼ਾਲ 8 ਅਕਤੂਬਰ 2006 ਨੂੰ ਦੋਹਾ ਵਿੱਚ ਜਗਾਈ ਗਈ ਸੀ ਜਿਸ ਨੂੰ 3500 ਦੌੜਾਕ 15 ਮੁਲਕਾਂ ਵਿੱਚ ਦੀ 50000 ਕਿਲੋਮੀਟਰ ਦੌੜਦਿਆਂ 50 ਦਿਨਾਂ ਵਿੱਚ ਵਾਪਸ ਦੋਹਾ ਦੇ ਖ਼ਲੀਫ਼ਾ ਸਟੇਡੀਅਮ ਲਿਆਏ ਸਨ। ਮਿਸ਼ਾਲ ਦਾ ਕਾਫਲਾ ਦੋਹਾ ਤੋਂ ਦਿੱਲੀ, ਬੁਸਾਨ, ਮਨੀਲਾ, ਹੀਰੋਸ਼ੀਮਾ, ਜਕਾਰਤਾ, ਬੈਂਕਾਕ, ਦਿੱਲੀ, ਤਹਿਰਾਨ, ਓਮਾਨ ਤੇ ਮਸਕਟ ਵਿੱਚ ਦੀ ਮੁੜ ਦੋਹਾ ਪੁੱਜਿਆ ਸੀ। ਮਿਸ਼ਾਲ ਦਾ ਨਾਂ ਫਲੇਮ ਆਫ਼ ਹੌਸਪੀਟੈਲਟੀ ਰੱਖਿਆ ਗਿਆ ਸੀ। ਭਾਰਤੀ ਦਲ ਵਿੱਚ ਪੰਜ ਸੌ ਦੇ ਕਰੀਬ ਖਿਡਾਰੀ ਸਨ ਪਰ ਮੈਡਲ ਜਿੱਤਣ ਵਿੱਚ ਭਾਰਤ ਅੱਠਵੇਂ ਥਾਂ ਰਿਹਾ। ਉਸ ਨੇ 10 ਸੋਨੇ, 18

ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ।

ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ ਆਬਾਦੀ ਹੈ। ਦੁਨੀਆਂ ਦੇ ਦੋ ਤਿਹਾਈ ਮਨੁੱਖ ਇਹਦੇ ਵਿੱਚ ਵਸਦੇ ਹਨ। ਜਿਹੜਾ ਜੁਆਨ ਕਿਸੇ ਖੇਡ ਵਿੱਚ ਏਸ਼ੀਆ ਦਾ ਚੈਂਪੀਅਨ ਬਣੇ ਉਹ ਕੋਈ ਮਾਮੂਲੀ ਮਨੁੱਖ ਨਹੀਂ ਹੁੰਦਾ। ਉਹਦੇ ਅੰਦਰ ਕੋਈ ਅਦੁੱਤੀ ਲਗਨ ਹੁੰਦੀ ਹੈ ਜਿਹੜੀ ਉਸ ਤੋਂ ਵਰ੍ਹਿਆਂ ਬੱਧੀ ਮਿਹਨਤ ਕਰਵਾਉਂਦੀ ਹੈ ਤੇ ਕਰੋੜਾਂ ਲੋਕਾਂ `ਚੋਂ ਮੀਰੀ ਹੋਣ ਦਾ ਮਾਣ ਬਖ਼ਸ਼ਦੀ ਹੈ। ਅਜਿਹੇ ਵਿਅਕਤੀ ਯਾਦ ਰੱਖਣੇ ਬਣਦੇ ਹਨ। ਉਹਨਾਂ ਦੀ ਪ੍ਰਾਪਤੀ ਦੀਆਂ ਕਥਾ ਕਹਾਣੀਆਂ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸੋਮਾ ਹੋ ਸਕਦੀਆਂ ਹਨ। ਪਰ ਸਾਡੇ ਦੇਸ਼ ਵਿੱਚ ਹਾਲੇ ਖੇਡਾਂ ਦੇ ਅਜਿਹੇ ਜੇਤੂਆਂ ਦੀ ਕੋਈ ਪੁੱਛ ਗਿੱਛ ਨਹੀਂ। ਕਈ ਤਾਂ ਕੱਖੋਂ ਹੌਲੇ ਹੋਏ ਬੁਢੇਪਾ ਕੱਟਦੇ ਹਨ।

ਅੱਸੀਵਿਆਂ ਦੌਰਾਨ ਮੈਨੂੰ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਹੋਈ ਵੈਟਰਨ ਅਥਲੀਟਾਂ ਦੀ ਇੱਕ ਮੀਟ ਵੇਖਣ ਦਾ ਮੌਕਾ ਮਿਲਿਆ। ਉਥੇ ਮੈਂ ਇੱਕ ਬੜਾ ਕੱਦਾਵਰ ਬਾਬਾ ਡਿਸਕਸ ਸੁੱਟਦਾ ਵੇਖਿਆ। ਉਦੋਂ ਉਹਦੀ ਉਮਰ ਸੱਤਰ ਸਾਲਾਂ ਤੋਂ ਉਪਰ ਹੋਵੇਗੀ ਤੇ ਹੁਣ ਕੋਈ ਪਤਾ ਨਹੀਂ ਜੀਂਦਾ ਵੀ ਹੈ ਜਾਂ ਨਹੀਂ। ਉਹਦੇ ਗੰਜੇ ਸਿਰ ਦੁਆਲੇ ਡੱਬੀਦਾਰ ਪਰਨਾ ਲਪੇਟਿਆ ਹੋਇਆ ਸੀ ਤੇ ਅੱਧੀਆਂ ਬਾਂਹਾਂ ਵਾਲੀ ਘਸਮੈਲੀ ਜਿਹੀ ਫੌਜੀ ਬੁਨੈਣ ਪਾਈ ਹੋਈ ਸੀ। ਮਲੇਸ਼ੀਏ ਦਾ ਮੋਟਾ ਪਜਾਮਾ ਉਹਨੇ ਲੱਕ ਉਤੇ ਬੁਨੈਣ ਦੇ ਉਪਰ ਦੀ ਬੰਨ੍ਹਿਆ ਹੋਇਆ ਸੀ। ਐਨ ਉਵੇਂ ਜਿਵੇਂ ਅਥਲੀਟ ਕੱਛਾ ਬੁਨੈਣ ਦੇ ਉਪਰ ਦੀ ਕਰ ਲੈਂਦੇ ਹਨ। ਹੇਠਾਂ ਪਜਾਮੇ ਦੇ ਪ੍ਹੌਂਚੇ ਖਾਕੀ ਜ਼ੁਰਾਬਾਂ ਵਿੱਚ ਤੁੰਨੇ ਹੋਏ ਸਨ ਤੇ ਭੂਰੇ ਫਲੀਟ ਕਸੀ ਉਹ ਤਿਆਰ ਬਰਤਿਆਰ ਖੜ੍ਹਾ ਰਿਹਾ ਸੀ। ਮੈਂ ਉਹਦੇ ਕੋਲ ਦੀ ਲੰਘ ਕੇ ਤੇ ਫਿਰ ਬਰਾਬਰ ਖੜ੍ਹ ਕੇ ਅੰਦਾਜ਼ਾ ਲਾਇਆ ਕਿ ਉਸ ਦਾ ਕੱਦ ਸਵਾ ਛੇ ਫੁੱਟ ਤੋਂ ਵੀ ੳੱਚਾ ਸੀ। ਉਸ ਦਾ ਸਰੀਰ ਅਜੇ ਸਿੱਧਾ ਸਤੋਰ ਸੀ। ਤਦੇ ਪ੍ਰਿੰਸੀਪਲ ਸੋਮ ਨਾਥ ਨੇ `ਵਾਜ਼ ਮਾਰੀ, “ਮੱਖਣ ਸਿਅ੍ਹਾਂ ਤੂੰ ਆਪਣੀ ਵਾਰੀ ਭੁੱਲਿਆ ਫਿਰਦੈਂ, ਆ ਡਿਸਕਸ ਸੁੱਟ।”

ਉਹ ਡਿਸਕਸ ਸੁੱਟਣ ਆਇਆ ਤਾਂ ਆਲੇ ਦੁਆਲੇ ਖੜ੍ਹਿਆਂ ਨੂੰ ਆਖਣ ਲੱਗਾ, “ਭਰਾਓ, ਬਚ ਕੇ ਖੜ੍ਹੋ। ਪਰ੍ਹਾਂ ਪਰ੍ਹਾਂ ਹੋ ਜੋ। ਇਸ ਸਹੁਰੀ ਦਾ ਪਤਾ ਕੋਈ ਨ੍ਹੀਂ ਕਿਧਰ ਨੂੰ ਨਿਕਲ ਜੇ।” ਜਦੋਂ ਉਹਦੀ ਸੁੱਟ ਨੀਵੀਂ ਜਿਹੀ ਨਿਕਲ ਕੇ ਨੇੜੇ ਹੀ ਜਾ ਡਿੱਗੀ ਤਾਂ ਉਹ ਅਫਸੋਸ `ਚ ਆਮੁਹਾਰਾ ਬੋਲਿਆ, “ਜੋਰ ਤਾਂ ਹਾਲਾਂ ਵੀ ਬੜਾ ਹੈਗਾ ਪਰ ਐਤਕਾਂ ਦਾਅ `ਚ ਈ ਨ੍ਹੀਂ ਆਈ।”

ਦਰਸ਼ਕਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਬਜ਼ੁਰਗ ਕਦੇ ਡਿਸਕਸ ਸੁੱਟਣ ਵਿੱਚ ਏਸ਼ੀਆ ਦਾ ਚੈਂਪੀਅਨ ਸੀ। ਮੈਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਉਹੀ ਮੱਖਣ ਸਿੰਘ ਬਾਜਵਾ ਸੀ ਜਿਹੜਾ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਡਿਸਕਸ ਸੁੱਟਣ `ਚੋਂ ਫਸਟ ਆਇਆ ਸੀ। ਉਸ ਸਮੇਂ ਚਾਰੇ ਪਾਸੇ ਮੱਖਣ ਮੱਖਣ ਹੋ ਗਈ ਸੀ ਪਰ ਹੁਣ ਉਸ ਨੂੰ ਕੋਈ ਨਹੀਂ ਸੀ ਜਾਣਦਾ।

ਮੈਨੂੰ ਪੁਰਾਣੇ ਚੈਂਪੀਅਨ ਖਿਡਾਰੀਆਂ ਦੇ ਦਰਸ਼ਨ ਕਰਨ ਤੇ ਉਨ੍ਹਾਂ ਨਾਲ ਗੱਲਾਂ ਕਰਨ `ਚ ਖ਼ਾਸ ਦਿਲਚਸਪੀ ਹੈ। ਉਨ੍ਹਾਂ ਤੋਂ ਨਵੇਂ ਤੇ ਪੁਰਾਣੇ ਦੋਹਾਂ ਵੇਲਿਆਂ ਦੇ ਹਾਲ ਚਾਲ ਦਾ ਪਤਾ ਲੱਗ ਜਾਂਦਾ ਹੈ।

ਮੱਖਣ ਸਿੰਘ ਡਿਸਕਸ ਸੁੱਟ ਹਟਿਆ ਤਾਂ ਮੈਂ ਫਤਿਹ ਬੁਲਾ ਕੇ ਅਰਜ਼ ਕੀਤੀ, “ਬਾਬਾ ਜੀ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੁੱਝ ਬਚਨ ਬਿਲਾਸ ਹੀ ਹੋ ਜਾਣ।”

ਮੱਖਣ ਸਿੰਘ ਕੋਲ ਸਮਾਂ ਖੁੱਲ੍ਹਾ ਸੀ ਤੇ ਅਸੀਂ ਇੱਕ ਰੁੱਖ ਦੀ ਛਾਵੇਂ ਨਿਵੇਕਲੇ ਜਾ ਬੈਠੇ। ਉਸ ਨੇ ਭੁੰਜੇ ਬਹਿ ਕੇ ਲੱਤਾਂ ਨਿਸਾਲੀਆਂ ਤਾਂ ਉਹ ਮੈਨੂੰ ਅਸਾਧਾਰਨ ਤੌਰ `ਤੇ ਲੰਮੀਆਂ ਲੱਗੀਆਂ। ਉਹਦਾ ਦਾਹੜਾ ਬੱਗਾ ਸਫੈਦ ਤੇ ਭਰਵਾਂ ਸੀ ਜਿਸ ਨੂੰ ਉਸ ਨੇ ਖੁੱਲ੍ਹਾ ਛੱਡ ਰੱਖਿਆ ਸੀ। ਉਹ ਹਵਾ ਦੇ ਬੁੱਲਿਆਂ ਨਾਲ ਝੂਲਦਾ। ਉਹਦਾ ਰੰਗ ਬੇਸ਼ੱਕ ਕੁੱਝ ਪੱਕਾ ਸੀ ਪਰ ਹਾਲਾਂ ਵੀ ਉਹਦੇ `ਚ ਲਾਲੀ ਦੀ ਭਾਅ ਮਾਰ ਰਹੀ ਸੀ ਤੇ ਅੱਖਾਂ ਲਿਸ਼ਕ ਰਹੀਆਂ ਸਨ। ਮੈਂ ਰਵਾਇਤੀ ਤੌਰ `ਤੇ ਪਹਿਲਾਂ ਸਿਹਤ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, “ਸਭ ਵਾਹਿਗੁਰੂ ਦੀ ਕਿਰਪਾ ਐ। ਸਿਹਤ ਤਾਂ ਬੜੀ ਆਹਲਾ ਪਰ ਨਜ਼ਰ ਹੁਣ ਕਮਜ਼ੋਰ ਪੈ ਚੱਲੀ ਆ।”

ਫਿਰ ਗੱਲਾਂ ਬਾਤਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਕਿ ਉਹਦਾ ਜਨਮ 11 ਮਾਰਚ 1911 ਨੂੰ ਚੱਕ ਨੰਬਰ 321 ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਸੀ। ਉਥੇ ਉਨ੍ਹਾਂ ਦੇ ਬਾਬੇ ਨੂੰ ਮੁਰੱਬਾ ਜ਼ਮੀਨ ਦਾ ਮਿਲਿਆ ਸੀ। ਪਿੱਛੋਂ ਉਹ ਡੇਰਾ ਬਾਬਾ ਨਾਨਕ ਲਾਗਿਓਂ ਨਾਰੋਵਾਲ ਤੋਂ ਉੱਠ ਕੇ ਗਏ ਸਨ। ਫਿਰ ਦੇਸ਼ ਦੀ ਵੰਡ ਉਪਰੰਤ ਉਨ੍ਹਾਂ ਨੂੰ ਕਾਦੀਆਂ ਕੋਲ ਪਿੰਡ ਨੰਗਲ ਬਾਗਬਾਨਾਂ ਵਿੱਚ ਜ਼ਮੀਨ ਅਲਾਟ ਹੋਈ। ਉਹ ਆਪਣਾ ਬੁਢਾਪਾ ਉਸੇ ਪਿੰਡ ਵਿੱਚ ਕੱਟ ਰਿਹਾ ਸੀ।

ਮੱਖਣ ਸਿੰਘ ਨੂੰ ਬਚਪਨ ਵਿੱਚ ਪੜ੍ਹਨ ਦਾ ਮੌਕਾ ਨਹੀਂ ਸੀ ਮਿਲਿਆ। ਜਦੋਂ ਉਹ ਇੱਕੀ ਸਾਲਾਂ ਦਾ ਹੋਇਆ ਤਾਂ ਉਹਨਾਂ ਦੇ ਪਿੰਡੋਂ ਇੱਕ ਫੌਜੀ ਅਫਸਰ ਨੇ ਉਹਨੂੰ ਫੌਜ ਵਿੱਚ ਭਰਤੀ ਕਰਾ ਦਿੱਤਾ। ਪਹਿਲਾਂ ਉਹ ਡੰਗਰ ਚਾਰਦਾ ਤੇ ਖੇਤੀ ਦਾ ਕੰਮ ਕਰਦਾ ਰਿਹਾ ਸੀ। ਤੇਈ ਸਾਲ ਦੀ ਉਮਰ ਵਿੱਚ ਜਦੋਂ ਯੂਰਪ ਤੇ ਅਮਰੀਕਾ ਦੇ ਖਿਡਾਰੀ ਆਪਣੀ ਸਿਖਰ ਦੀ ਫਾਰਮ ਵਿੱਚ ਹੁੰਦੇ ਹਨ ਉਹਨੇ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ। ਉਸ ਨੇ ਜੰਮੂ ਤਵੀ ਦੀ ਛਾਉਣੀ ਵਿੱਚ ਪਹਿਲਾਂ ਪਹਿਲ ਆਪਣੇ ਉੱਚੇ ਕੱਦ ਕਾਰਨ ਉੱਚੀ ਛਾਲ ਲਾਉਣੀ ਸ਼ੁਰੂ ਕੀਤੀ। ਉਦੋਂ ਤਕ ਉਹਦਾ ਕੱਦ ਛੇ ਫੁੱਟ ਚਾਰ ਇੰਚ ਹੋ ਗਿਆ ਸੀ ਤੇ ਸਰੀਰਕ ਵਜ਼ਨ ਦੋ ਮਣ ਤੋਂ ਵਧ ਗਿਆ ਸੀ। ਉੱਚੀ ਛਾਲ ਤੋਂ ਬਿਨਾਂ ਉਹ ਹਰਡਲਾਂ ਦੀ ਦੌੜ ਵੀ ਲਾਈ ਜਾਂਦਾ ਤੇ ਡਿਸਕਸ ਹੈਮਰ ਵੀ ਸੁੱਟੀ ਜਾਂਦਾ। ਕੋਚ ਉਨ੍ਹਾਂ ਦਿਨਾਂ ਵਿੱਚ ਕੋਈ ਹੁੰਦਾ ਨਹੀਂ ਸੀ। ਜਿਹੜਾ ਕੋਈ ਕਿਸੇ ਖੇਡ ਵਿੱਚ ਅੱਗੇ ਵਧਦਾ ਉਹਨੂੰ ਵੇਖ ਵੇਖ ਹੋਰ ਖਿਡਾਰੀ ਉਵੇਂ ਕਰੀ ਜਾਂਦੇ। ਜੀਹਦੇ `ਚ ਵੱਧ ਜ਼ੋਰ ਹੁੰਦਾ ਉਹੀ ਫਸਟ ਆਉਂਦਾ। ਮੱਖਣ ਸਿੰਘ ਕੱਦ ਕਾਠ ਵਜੋਂ ਤਕੜਾ ਹੋਣ ਕਾਰਨ ਹਰੇਕ ਖੇਡ `ਚ ਆਪਣੇ ਹਾਣੀਆਂ ਨੂੰ ਹਰਾ ਦਿੰਦਾ।

1941 ਵਿੱਚ ਜਦੋਂ ਉਹ ਤੀਹ ਸਾਲਾਂ ਦਾ ਹੋਇਆ ਤਾਂ 123 ਫੁੱਟ ਪੌਣੇ ਅੱਠ ਇੰਚ ਡਿਸਕਸ ਸੁੱਟ ਕੇ ਹਜ਼ੂਰ ਅਹਿਮਦ ਦਾ ਰਿਕਾਰਡ ਤੋੜਨ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਰੱਖ ਗਿਆ। ਮੁਕਾਬਲਾ ਮਿੰਟਗੁਮਰੀ ਦੇ ਬੁੱਚ ਸਟੇਡੀਅਮ ਵਿੱਚ ਹੋਇਆ ਸੀ। ਮੱਖਣ ਸਿੰਘ ਦੇ ਦੂਜੀ ਵਿਸ਼ਵ ਜੰਗ ਵਿੱਚ ਉਲਝ ਜਾਣ ਕਾਰਨ ਉਹ ਕਈ ਸਾਲ ਖੇਡ ਮੁਕਾਬਲਿਆਂ ਤੋਂ ਲਾਭੇ ਰਿਹਾ। ਉਸ ਦਾ ਰਿਕਾਰਡ ਫਿਰ ਸੋਮ ਨਾਥ ਨੇ ਤੋੜਿਆ ਜੋ ਬਾਅਦ ਵਿੱਚ ਸਪੋਰਟਸ ਕਾਲਜ ਦਾ ਪ੍ਰਿੰਸੀਪਲ ਬਣਿਆ। ਜੰਗ ਹਟੀ ਤਾਂ ਦੇਸ਼ ਦੀ ਵੰਡ ਹੋ ਗਈ। ਉਸ ਪਿੱਛੋਂ 1949 ਵਿੱਚ ਮੱਖਣ ਸਿੰਘ ਨੇ ਮੁੜ ਡਿਸਕਸ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਇੱਕ ਦਿਨ 136 ਫੁੱਟ ਥਰੋਅ ਕਰ ਦਿੱਤੀ। ਇਸ ਹਿਸਾਬ ਨਾਲ ਉਹ ਫਿਰ ਦੇਸ਼ ਦਾ ਅੱਵਲ ਨੰਬਰ ਡਿਸਕਸ ਸੁਟਾਵਾ ਬਣ ਗਿਆ।

 

1951 ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਹੋਈਆਂ। ਉਦੋਂ ਮੱਖਣ ਸਿੰਘ ਦੀ ਉਮਰ ਚਾਲੀ ਸਾਲਾਂ ਦੀ ਹੋਣ ਦੇ ਬਾਵਜੂਦ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ। ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਉਸ ਨੇ 130 ਫੁੱਟ ਪੌਣੇ ਗਿਆਰਾਂ ਇੰਚ ਡਿਸਕਸ ਸੁੱਟ ਕੇ ਸੋਨੇ ਦਾ ਤਮਗ਼ਾ ਜਿੱਤ ਲਿਆ। ਉਥੇ ਉਸ ਨੇ ਜਪਾਨ ਦੇ ਕਹਿੰਦੇ ਕਹਾਉਂਦੇ ਡਿਸਕਸ ਸੁਟਾਵੇ ਨੂੰ ਪਿਛਾੜ ਦਿੱਤਾ।

ਮੈਂ ਪੁੱਛਿਆ, “ਏਸ਼ੀਆ ਦਾ ਗੋਲਡ ਮੈਡਲ ਜਿੱਤ ਕੇ ਕਿਵੇਂ ਲੱਗਾ?” ਉਹ ਮਾਣ ਨਾਲ ਦੱਸਣ ਲੱਗਾ, “ਏਸ਼ੀਆ ਦਾ ਗੋਲਡ ਮੈਡਲ ਜਿੱਤਿਆ ਤਾਂ ਮੇਰੇ ਫੋਟੂ ਵੀ ਲੱਥੇ ਤੇ ਮੈਨੂੰ ਖ਼ੁਸ਼ੀ ਵੀ ਬੜੀ ਹੋਈ। ਅਫਸਰਾਂ ਦੀਆਂ ਮੇਮਾਂ ਮੈਨੂੰ ‘ਇਧਰ ਆਓ ਮੱਖਣ ਸਿੰਘ’ ‘ਇਧਰ ਆਓ ਮੱਖਣ ਸਿੰਘ’ ਕਰਨ ਲੱਗੀਆਂ।” ਮੇਮਾਂ ਦੀ ਨਕਲ ਲਾ ਕੇ ਮੱਖਣ ਸਿੰਘ ਮਿੰਨ੍ਹਾ ਜਿਹਾ ਮੁਸਕ੍ਰਾਇਆ।

“ਏਸ਼ੀਆ ਜਿੱਤਣ ਪਿੱਛੋਂ ਹੋਰ ਕਿੰਨੇ ਸਾਲ ਡਿਸਕਸ ਸੁੱਟੀ?”

“ਜਿੰਨੀ ਦੇਰ ਮੈਂ ਫੌਜ `ਚ ਨੌਕਰੀ ਕਰਦਾ ਰਿਹਾ ਓਨੀ ਦੇਰ ਡਿਸਕਸ ਸੁੱਟਦਾ ਰਿਹਾ। ਮੈਂ ਆਪਣੀ ਕਮਾਂਡ ਵਾਸਤੇ ਡਿਸਕਸ ਤੇ ਹੈਮਰ ਦੋਵੇਂ ਈਵੈਂਟ ਜਿੱਤ ਲੈਂਦਾ ਸੀ। 1952 ਵਿੱਚ ਪ੍ਰੈਕਟਿਸ ਕਰਦਿਆਂ `ਕੇਰਾਂ ਮੈਂ 140 ਫੁੱਟ ਡਿਸਕਸ ਸੁੱਟ ਦਿੱਤੀ ਸੀ ਤੇ ਹੈਮਰ 155 ਫੁੱਟ ਸੁੱਟਿਆ ਸੀ। ਜੇ ਹੁਣ ਵਾਂਗ ਉਹਨੀਂ ਦਿਨੀਂ ਕੋਚਿੰਗ ਦੀ ਸਹੂਲਤ ਹੁੰਦੀ ਤਾਂ ਪਤਾ ਨ੍ਹੀਂ ਅਸੀਂ ਕਿਥੇ ਪਹੁੰਚਦੇ!”

“ਤੁਹਾਨੂੰ ਖੇਡ ਦੇ ਸਿਰ `ਤੇ ਕੋਈ ਤਰੱਕੀ ਵੀ ਮਿਲੀ?”

“ਕੋਈ ਖਾਸ ਨ੍ਹੀਂ। ਮੈਂ ਬੱਤੀ ਤੋਂ ਛਪੰਜਾ ਤਕ ਚੌਵੀ ਸਾਲ ਫੌਜ ਦੀ ਨੌਕਰੀ ਕੀਤੀ ਤੇ ਹੌਲਦਾਰੀ ਪੈਨਸ਼ਨ ਲੈ ਕੇ ਰਟੈਰ ਹੋਇਆ। `ਕੇਰਾਂ ਮੈਨੂੰ ਡਿਵ ਕਮਾਂਡਰ ਨੇ ਪੰਜਾਹ ਰੁਪਏ ਦਾ ਇਨਾਮ ਘੱਲਿਆ ਸੀ। ਉਹਦੇ ਨਾਲ ਮੇਰਾ ਹੌਂਸਲਾ ਬਹੁਤ ਵਧਿਆ ਸੀ।”

“ਉਹਨੀਂ ਦਿਨੀਂ ਹੋਰ ਕਿਹੜੇ ਅਥਲੀਟ ਤੁਹਾਡੇ ਮੁਕਾਬਲੇ `ਚ ਆਉਂਦੇ ਸਨ?”

“ਪਹਿਲਾਂ ਮੇਰਾ ਮੁਕਾਬਲਾ ਅਮਰ ਸਿੰਘ ਨਾਲ ਹੁੰਦਾ ਸੀ। ਲੁਧਿਆਣੇ ਦੀਆਂ ਨੈਸ਼ਨਲ ਖੇਡਾਂ `ਚ ਉਹ ਫਸਟ ਆਇਆ ਸੀ। ਉਸ ਪਿੱਛੋਂ ਨ੍ਹੀਂ ਮੈਂ ਕਿਸੇ ਨੂੰ `ਗਾੜੀ ਲੰਘਣ ਦਿੱਤਾ। ਫਿਰ ਪ੍ਰਦੁੱਮਣ ਸਿੰਘ ਚੜ੍ਹ ਗਿਆ ਤੇ ਉਹਦੇ ਨਾਲ ਈ ਬਲਕਾਰ ਸਿੰਘ। ਤਦ ਤਕ ਮੇਰੀ ਉਮਰ ਵੀ ਵਾਹਵਾ ਹੋ ਚੁੱਕੀ ਸੀ।”

ਮੈਂ ਖਾਧ ਖੁਰਾਕ ਬਾਰੇ ਪੁੱਛਿਆ ਤਾਂ ਮੱਖਣ ਸਿੰਘ ਵੇਰਵੇ ਨਾਲ ਦੱਸਣ ਲੱਗਾ, “ਨਿੱਕੇ ਹੁੰਦਿਆਂ ਸਾਡੇ ਘਰ ਦੁੱਧ ਘਿਓ ਦੀ ਕੋਈ ਥੋੜ ਨ੍ਹੀਂ ਸੀ। ਲਵੇਰਾ ਆਮ ਹੁੰਦਾ ਸੀ ਜਿਸ ਕਰਕੇ ਖੁਰਾਕ ਖੁੱਲ੍ਹੀ ਡੁੱਲ੍ਹੀ ਖਾਧੀ। ਫੌਜ ਵਿੱਚ ਵੀ ਕਦੇ ਖੁਰਾਕ ਚੰਗੀ ਮਿਲ ਜਾਂਦੀ ਕਦੇ ਮਾੜੀ। ਕਦੇ ਸਪੈਸ਼ਲ ਖੁਰਾਕ ਵਜੋਂ ਦੁੱਧ ਦਾ ਗਲਾਸ ਤੇ ਇੱਕ ਆਂਡਾ ਲੱਗ ਜਾਂਦਾ। ਮੈਂ ਕਦੇ ਪਕੌੜਾ ਸ਼ਕੌੜਾ ਨ੍ਹੀਂ ਖਾਧਾ ਤੇ ਬਿਮਾਰ ਠਮਾਰ ਵੀ ਨੲ੍ਹੀਂ ਹੋਇਆ। ਹੁਣ ਵੀ ਮੈਂ ਚਾਹ ਪੀਣ ਦੀ ਥਾਂ ਦਹੀਂ ਖਾਣ ਨੂੰ ਚੰਗਾ ਸਮਝਦਾਂ।”

ਗੱਲਾਂ ਕਰਦੇ ਕਰਦੇ ਮੱਖਣ ਸਿੰਘ ਨੇ ਮੈਦਾਨ ਵੱਲ ਨਜ਼ਰ ਘੁਮਾਈ ਤੇ ਆਖਣ ਲੱਗਾ, “ਹੁਣ ਲੋਅ ਹਰਡਲ ਲੱਗਣ ਡਹੀ ਆ।” ਮੈਂ ਕਿਹਾ, “ਕੁਝ ਘਰ ਪਰਿਵਾਰ ਬਾਰੇ ਵੀ ਦੱਸੋ।” ਮੱਖਣ ਸਿੰਘ ਘਰ ਦੀਆਂ ਗੱਲਾਂ ਨਿਸ਼ੰਗ ਦੱਸਣ ਲੱਗਾ, “ਤੁਹਾਨੂੰ ਪਤਾ ਪਈ ਪਹਿਲਾਂ ਹਰੇਕ ਦੀ ਸ਼ਾਦੀ ਨੲ੍ਹੀਂ ਸੀ ਹੁੰਦੀ। ਸਾਡੀ ਤਾਂ ਖ਼ੈਰ ਵਾਹੀ ਵੀ ਘੱਟ ਈ ਸੀ। ਬੱਸ ਮਹੀਂ ਛਹੀਂ ਰੱਖ ਛੱਡਣੀਆਂ ਤੇ ਵੱਡੀ ਉਮਰ ਤਕ ਮੇਰਾ ਵਿਆਹ ਨਾ ਹੋਇਆ। ਫਿਰ 1947 `ਚ ਗੇੜ ਬਣਿਆਂ ਤੇ ਮੈਂ ਵੀ ਟੱਬਰ ਵਾਲਾ ਬਣ ਗਿਆ। ਪਰ ਮੇਰੇ ਘਰੋਂ ਵਿਚਾਰੀ ਬਹੁਤੀ ਦੇਰ ਜੀਂਦੀ ਨਾ ਰਹੀ ਤੇ ਤਿੰਨ ਲੜਕੀਆਂ ਨੂੰ ਜਨਮ ਦੇਣ ਮਗਰੋਂ ਗੁਜ਼ਰ ਗਈ।”

ਮੱਖਣ ਸਿੰਘ ਕੁੱਝ ਪਲ ਚੁੱਪ ਹੋ ਗਿਆ ਤੇ ਮੈਂ ਵੀ ਚੁੱਪ ਰਹਿਣਾ ਮੁਨਾਸਿਬ ਸਮਝਿਆ। ਮੱਖਣ ਸਿੰਘ ਨੇ ਆਪਣੀ ਹੱਡ ਬੀਤੀ ਅਗਾਂਹ ਤੋਰੀ, “ਓਦੋਂ ਤਕ ਮੈਂ ਏਸ਼ੀਆ ਦਾ ਚੈਂਪੀਅਨ ਬਣ ਗਿਆ ਸੀ ਤੇ ਮੇਰੀ ਗੁੱਡੀ ਵਾਹਵਾ ਚੜ੍ਹ ਗਈ ਸੀ। 1954 ਦੇ ਸਿਆਲ `ਚ ਰਾਵਲਪਿੰਡੀ ਵੱਲ ਦੀ ਇੱਕ ਭਾਪਣ ਨੇ ਮੇਰੇ ਨਾਲ ਵਿਆਹ ਕਰਾ ਲਿਆ। ਰੰਗ ਤਾਂ ਮੇਰਾ ਪੱਕਾ ਸੀ ਪਰ ਮੈਨੂੰ ਵੈਲ ਕੋਈ ਨ੍ਹੀਂ ਸੀ। ਐਵੇਂ ਕਦੇ ਕਦਾਈਂ ਘੁੱਟ ਪੀ ਲੈਣੀ ਪਰ ਵਾਹ ਲੱਗਦੀ ਦੁੱਧ ਘਿਓ ਤੇ ਮੀਟ ਫਰੂਟ ਈ ਖਾਣਾ। ਵਡੇਰੀ ਉਮਰ ਦਾ ਹੋਣ `ਤੇ ਵੀ ਭਾਪਣ ਦੇ ਮੈਂ ਪਸੰਦ ਸਾਂ।”

ਮੈਂ ਨੋਟ ਕਰ ਰਿਹਾਂ ਸਾਂ ਕਿ ਸਾਡਾ ਪੁਰਾਣਾ ਚੈਂਪੀਅਨ ਬਿਨਾਂ ਕਿਸੇ ਲਕੋਅ ਛਪੋਅ ਜਾਂ ਵਲ ਛਲ ਦੇ ਆਪਣੀਆਂ ਨਿੱਜੀ ਗੱਲਾਂ ਸੱਚੋ ਸੱਚ ਦੱਸ ਰਿਹਾ ਸੀ। ਅੱਜ ਕੱਲ੍ਹ ਦੇ ਚੈਂਪੀਅਨ ਇਓਂ ਨਹੀਂ ਦੱਸਦੇ। ਮੈਂ ਪੁੱਛਿਆ, “ਕਦੇ ਫਰੰਟ `ਤੇ ਵੀ ਲੜਨ ਜਾਣਾ ਪਿਆ?” ਮੱਖਣ ਸਿੰਘ ਨੇ ਖੱਬਾ ਹੱਥ ਅੱਗੇ ਕਰ ਕੇ ਵਿਖਾਇਆ, “ਆਹ ਗੋਲੀ ਮੈਨੂੰ ਫਰੰਟ `ਤੇ ਈ ਲੱਗੀ ਸੀ। ਫਰੰਟੀਅਰ ਦੇ ਇੱਕ ਪਠਾਣ ਦੀ ਗੋਲੀ ਟੂੰ ਠਾਹ … ਕਰਦੀ ਆਈ ਤੇ ਮੇਰਾ ਖੱਬਾ ਹੱਥ ਵਿੰਨ੍ਹ ਗਈ। ਪਠਾਣਾਂ ਦੀਆਂ ਗੋਲੀਆਂ ਮੋਟੀਆਂ ਹੁੰਦੀਆਂ ਪਰ ਮੇਰਾ ਫਿਰ ਵੀ ਬਚਾਅ ਹੋ ਗਿਆ।”

ਮੈਂ ਹੈਰਾਨ ਸਾਂ ਕਿ ਗਰੀਬੜੇ ਜਿਹੇ ਦਿਸਦੇ ਇਸ ਚੈਂਪੀਅਨ ਅਥਲੀਟ ਨੇ ਹਾਲਾਂ ਤਕ ਕੋਈ ਗ਼ਿਲੇ ਸ਼ਿਕਵੇ ਵਾਲੀ ਗੱਲ ਨਹੀਂ ਸੀ ਕੀਤੀ। ਇੰਜ ਗੱਲਾਂ ਕਰ ਰਿਹਾ ਸੀ ਜਿਵੇਂ ਸਭ ਕਾਸੇ ਵੱਲੋਂ ਸੰਤੁਸ਼ਟ ਹੋਵੇ। ਕਈ ਰੱਜੇ ਪੁੱਜੇ ਬੰਦੇ ਐਵੇਂ ਈ ‘ਮਰ ਗਏ’ ‘ਮਰ ਗਏ’ ਕਰੀ ਜਾਂਦੇ ਹਨ। ਤੇ ਕਈ ਅਜਿਹੇ ਵੀ ਟੱਕਰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਜਾਂ ਦੇਣ ਕਾਣੀ ਕੌਡੀ ਦੀ ਵੀ ਨਹੀਂ ਹੁੰਦੀ ਪਰ ਟਾਹਰਾਂ ਇਓਂ ਮਾਰਦੇ ਹਨ ਜਿਵੇਂ ਦੁਨੀਆਂ ਚੱਲਦੀ ਹੀ ਉਹਨਾਂ ਦੇ ਸਿਰ `ਤੇ ਹੋਵੇ।

ਮੈਂ ਮੱਖਣ ਸਿੰਘ ਦੀਆਂ ਲੋੜਾਂ ਥੋੜਾਂ ਜਾਨਣ ਲਈ ਪੁੱਛਿਆ, “ਪਰਿਵਾਰ ਨੂੰ ਪਾਲਣ ਲਈ ਤੁਹਾਡੀ ਆਮਦਨ ਦਾ ਕੀ ਵਸੀਲਾ ਐ?” ਬਜ਼ੁਰਗ ਚੈਂਪੀਅਨ ਦੇ ਚਿਹਰੇ `ਤੇ ਪਹਿਲਾਂ ਤਾਂ ਵਿਅੰਗਮਈ ਮੁਸਕ੍ਰਾਹਟ ਆਈ ਤੇ ਫਿਰ ਕੁੱਝ ਲੱਜਿਆ ਦੇ ਭਾਵਾਂ ਨਾਲ ਲੱਗਾ, “ਖਿਡਾਰੀ ਸਭ ਗਰੀਬ ਈ ਹੁੰਦੇ ਆ। ਅਮੀਰ ਹੋਣ ਤਾਂ ਫੌਜੀ ਕਿਉਂ ਬਣਨ? ਮੇਰੀ ਢਾਈ ਤਿੰਨ ਕਿੱਲੇ ਪੈਲੀ ਆ ਤੇ ਏਨੀ ਪੈਲੀ `ਚੋਂ ਭਲਾ ਕਿੰਨੀ ਕੁ ਆਮਦਨ ਹੋਊ? ਝੋਟੀਆਂ ਰੱਖ ਕੇ ਗੁਜ਼ਾਰਾ ਕਰੀਦਾ। ਮੇਰੇ ਪੰਜ ਪੁੱਤਰ ਆ ਪਰ ਉਹ ਨਲਾਇਕ ਈ ਨਿਕਲੇ ਆ। ਓਦੋਂ `ਪ੍ਰੇਸ਼ਨਾਂ ਦਾ ਰਿਵਾਜ ਨ੍ਹੀਂ ਸੀ ਹੁੰਦਾ ਤੇ ਔਲਾਦ ਵਾਧੂ ਹੋ ਗਈ। ਮਗਰੋਂ ਐਮਰਜੰਸੀ `ਚ ਅਗਲਿਆ ਨੇ `ਪ੍ਰੇਸ਼ਨ ਵੀ ਕਰਤਾ ਪਰ ਉਹ ਕਿਸ ਕੰਮ?”

ਬਾਬੇ ਦੀ ਗੱਲ ਹੱਸਣ ਵਾਲੀ ਵੀ ਸੀ ਤੇ ਰੋਣ ਵਾਲੀ ਵੀ। ਮੈਂ ਪੁੱਛਿਆ, “ਕੀ ਗੱਲ ਪੁੱਤਰ ਕਿਸੇ ਕੰਮ ਧੰਦੇ ਨ੍ਹੀਂ ਲੱਗੇ?” ਮੱਖਣ ਸਿੰਘ ਨੇ ਦੁਖੀ ਹੁੰਦਿਆਂ ਕਿਹਾ, “ਏਹੋ ਤਾਂ ਦੁੱਖ ਆ। ਇੱਕ ਨੂੰ ਗੱਡੀ ਨਾਲ ਲਾਇਆ, ਦੂਜੇ ਨੂੰ ਕਾਰਖਾਨੇ ਲਾਇਆ। ਨਿੱਕਿਆਂ ਨੂੰ ਕਿਹਾ, ਸਹੁਰਿਓ ਟਾਇਰਾਂ ਨੂੰ ਪੰਚਰ ਲਾਉਣੇ ਈ ਸਿੱਖ ਲਓ। ਪਰ ਉਹ ਕਿਧਰੇ ਨਹੀਂ ਚੱਲੇ। ਇੱਕ ਤਾਂ ਤਮਾਕੂ ਵੀ ਲਾਉਣ ਲੱਗ ਪਿਐ। ਬੀਬੀਆਂ ਬੜੀਆਂ ਚੰਗੀਆਂ ਤੇ ਆਪੋ ਆਪਣੇ ਘਰੀਂ ਵੱਸਦੀਆਂ। ਮੈਂ ਮੁੰਡਿਆਂ ਨੂੰ ਭਰਤੀ ਲਈ ਵੀ ਖੜਿਆ ਪਰ ਅਗਾਂਹ ਵੱਢੀ ਦਾ ਸਿਸਟਮ ਚਾਲੂ ਹੋ ਗਿਆ ਤੇ ਉਹ ਭਰਤੀ ਹੁੰਦੇ ਹੁੰਦੇ ਰਹਿ ਗਏ।”

ਮੈਂ ਆਖ਼ਰੀ ਗੱਲ ਪੁੱਛੀ, “ਤੁਸੀਂ ਕੁੱਝ ਹੋਰ ਦੱਸਣਾ ਚਾਹੁੰਦੇ ਹੋਵੋਂ?” ਮੇਰੇ ਹੱਥ ਵਿੱਚ ਡਾਇਰੀ ਸੀ ਤੇ ਮੈਂ ਉਸ ਦੀਆਂ ਗੱਲਾਂ ਨਾਲੋ ਨਾਲ ਨੋਟ ਕਰੀ ਜਾਂਦਾ ਸਾਂ। ਉਸ ਨੇ ਸਮਝਿਆ ਸ਼ਾਇਦ ਮੈਂ ਕਿਸੇ ਸਰਕਾਰੀ ਮਹਿਕਮੇ ਦਾ ਬੰਦਾ ਹੋਵਾਂਗਾ ਜੋ ਉਸ ਦੀ ਮਦਦ ਕਰ ਸਕਾਂਗਾ। ਏਸ਼ੀਆ ਦਾ ਚੈਂਪੀਅਨ ਰੁਕ ਰਕ ਕੇ ਲਿਖਾਉਣ ਲੱਗਾ, “ਲਿਖੋ … ਮੇਰੀਆਂ ਤਾਂ ਸਾਰੀਆਂ ਰੀਝਾਂ ਪੂਰੀ ਹੋ ਗਈਆਂ …। ਬਥੇਰੀ ਦੁਨੀਆਂ ਦੇਖ ਲਈ …। ਮੈਨੂੰ ਮੁੰਡਿਆਂ ਦਾ ਈ ਫਿਕਰ ਮਾਰੀ ਜਾਂਦਾ …। ਜੇ ਤੁਹਾਡੇ ਹੱਥ ਵੱਸ ਆ ਤਾਂ ਤੁਸੀਂ ਈ ਮਾਰੋ ਕੋਈ ਹੱਲਾ …। ਜੇ ਮੇਰੇ ਮੁੰਡੇ ਕਿਧਰੇ ਚੌਕੀਦਾਰ ਈ ਲੱਗ ਜਾਣ ਤਾਂ ਮੇਰੀ ਜਾਨ ਸੁਖਾਲੀ ਨਿਕਲ ਜੇ …।”

ਮੈਂ ਹੁਣ ਪੰਜਾਬ ਜਾ ਕੇ ਪਤਾ ਕਰਾਂਗਾ ਕਿ ਉਸ ਦੀ ਜਾਨ ਸੁਖਾਲੀ ਨਿਕਲੀ ਹੈ ਜਾਂ ਅਜੇ ਜੀਂਦਾ ਹੀ ਹੈ!

ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ

ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ

ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ ਨੂੰ ਪੰਜਾਬੀਆਂ ਨੇ ਸਦਾ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਹੈ। ਗਾਇਕ, ਨਚਾਰ, ਐਕਟਰ ਤੇ ਹੋਰ ਕਲਾਕਾਰ ਪੰਜਾਬੀ ਮਾਨਸਿਕਤਾ ਵਿੱਚ ਮੱਲਾਂ ਜਿਹਾ ਆਦਰ ਹਾਸਲ ਨਹੀਂ ਕਰ ਸਕੇ। ਮੱਲ ਦਾ ਮਤਲਬ ਹੁੰਦੈ, ਬਾਹੂਬਲ ਨਾਲ ਘੁਲਣ ਵਾਲਾ ਬਲਵਾਨ ਬੰਦਾ। ਉਹ ਹਥਿਆਰ ਤੋਂ ਬਿਨਾਂ ਹੀ ਵਿਰੋਧੀ ਨੂੰ ਚਿੱਤ ਕਰਦਾ ਹੈ। ਉਹ ਅਖਾੜੇ `ਚ ਜ਼ੋਰ ਕਰ ਕੇ ਆਪਣੇ ਜੁੱਸੇ ਨੂੰ ਏਨਾ ਤਾਕਤਵਰ ਬਣਾ ਲੈਂਦਾ ਹੈ ਕਿ ਉਸ ਦਾ ਜੁੱਸਾ ਹੀ ਹਥਿਆਰ ਬਣ ਜਾਂਦਾ ਹੈ। ਮੱਲਾਂ ਬਾਰੇ ਪ੍ਰੋ: ਕਰਮ ਸਿੰਘ ਤੇ ਪਹਿਲਵਾਨ ਮਿਹਰ ਦੀਨ ਨੇ ਬੜੇ ਸਿਫ਼ਤੀ ਟੱਪੇ ਜੋੜੇ ਨੇ:

-ਦੇਸ ਮਹਿਫ਼ਲਾਂ ਵਿਆਹ ਸ਼ਿੰਗਾਰਨੇ ਨੂੰ, ਬੰਦੇ ਮੱਲਾਂ ਦਾ ਸਾਥ ਬਣਾਂਵਦੇ ਨੇ।

ਮੱਲ ਖ਼ਾਸ ਸ਼ਿੰਗਾਰ ਹਨ ਸ਼ਹਿਨਸ਼ਾਹਾਂ, ਰੁਸਤਮ ਜਾਲ ਸੁਹਰਾਬ ਸਜਾਂਵਦੇ ਨੇ।

ਪਹਿਲਵਾਨਾਂ `ਤੇ ਰੱਬ ਦੀ ਮਿਹਰ ਸਿੱਧੀ, ਖ਼ੁਸ਼ਨਸੀਬੀਆਂ ਰੰਗ ਵਿਖਾਂਵਦੇ ਨੇ।

ਪਹਿਲਵਾਨ ਪਹਾੜ ਨੇ ਹਿੰਮਤਾਂ ਦੇ, ਘੁਲਣਾ ਜ਼ਿੰਦਗੀ ਨਾਲ ਸਿਖਾਂਵਦੇ ਨੇ।

-ਕਿੱਕਰ, ਕੱਲੂ, ਗ਼ੁਲਾਮ, ਇਮਾਮ, ਗਾਮਾ, ਛੱਡ ਗਏ ਜਹਾਨ ਨਿਸ਼ਾਨੀਆਂ ਨੇ।

ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ, ਬਹੁਤ ਔਖੀਆਂ ਇਹ ਭਲਵਾਨੀਆਂ ਨੇ।

ਇਕ ਸਮਾਂ ਸੀ ਜਦੋਂ ਮੱਲਾਂ ਦੀਆਂ ਗੱਲਾਂ ਪੰਜਾਬ ਦੀ ਹਵਾ `ਚ ਤਾਰੀ ਸਨ। ਮਿੱਟੀ ਦੇ ਅਖਾੜਿਆਂ ਵਿੱਚ ਮੱਲਾਂ ਦੇ ਜ਼ੋਰ ਹੁੰਦੇ। ਮੇਲਿਆਂ ਵਿੱਚ ਛਿੰਝਾਂ ਪੈਂਦੀਆਂ ਤੇ ਪਰ੍ਹਿਆਂ `ਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ। ਉਨ੍ਹਾਂ ਦੇ ਅਖਾੜਿਆਂ `ਚ ਕੀਤੇ ਜ਼ੋਰ ਤੇ ਘੁਲੇ ਘੋਲਾਂ ਦੇ ਕਿੱਸੇ ਛਿੜਦੇ। ਭਲਵਾਨਾਂ ਦੇ ਮਾਰੇ ਦਾਅ, ਕੀਤੀਆਂ ਝੰਡੀਆਂ ਤੇ ਜਿੱਤੀਆਂ ਗੁਰਜਾਂ ਦੀਆਂ ਬਾਤਾਂ ਪੈਂਦੀਆਂ। ਕੁਸ਼ਤੀ ਸਦੀਆਂ ਪੁਰਾਣੀ ਖੇਡ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਵਰ੍ਹੇ ਪਹਿਲਾਂ ਤਕ ਦਾ ਖੋਜਿਆ ਗਿਆ ਹੈ। ਮੈਸੇਪੋਟਾਮੀਆ ਵਿਚੋਂ 3000 ਪੂ: ਈ: ਦੀ ਬਣੀ ਤਾਂਬੇ ਦੀ ਇੱਕ ਤਸ਼ਤਰੀ ਮਿਲੀ ਹੈ ਜਿਸ ਉਤੇ ਦੋ ਪਹਿਲਵਾਨ ਕੁਸ਼ਤੀ ਕਰਦੇ ਉਕਰੇ ਹੋਏ ਹਨ। ਮਿਸਰ ਵਿੱਚ ਨੀਲ ਨਦੀ ਦੇ ਕੰਢੇ ਬੇਨੀ ਹਸਨ ਦੇ ਇੱਕ ਮਕਬਰੇ ਦੀਆਂ ਕੰਧਾਂ ਉਤੇ ਕੁਸ਼ਤੀ ਕਰਦੇ ਮੱਲਾਂ ਦੇ ਚਿੱਤਰ ਵਾਹੇ ਮਿਲਦੇ ਹਨ। ਇਨ੍ਹਾਂ ਚਿੱਤਰਾਂ ਦੀ ਉਮਰ ਸਾਢੇ ਚਾਰ ਹਜ਼ਾਰ ਸਾਲ ਅੰਕੀ ਗਈ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿੱਚ ਵੀ ਕੁਸ਼ਤੀਆਂ ਦਾ ਜ਼ਿਕਰ ਆਉਂਦਾ ਹੈ। ਚੀਨ `ਚ 700 ਪੂ: ਈ: `ਚ ਕੁਸ਼ਤੀ ਪ੍ਰਚਲਤ ਸੀ।

ਯੂਨਾਨ ਦੇ ਮਹਾਂਕਵੀ ਹੋਮਰ ਨੇ ਆਪਣੇ ਮਹਾਂਕਾਵਿ ਇਲੀਅਦ ਵਿੱਚ ਓਡੀਸਸ ਤੇ ਅਜੈਕਸ ਦੀਆਂ ਕੁਸ਼ਤੀਆਂ ਦਾ ਵਰਣਨ ਕੀਤਾ ਹੈ। 704 ਪੂ: ਈ: `ਚ ਪੁਰਾਤਨ ਓਲੰਪਿਕ ਖੇਡਾਂ ਦੀ ਅਠਾਰਵੀਂ ਓਲਿੰਪੀਅਦ ਵਿੱਚ ਕਰੋਟੋਨ ਦਾ ਦਿਓ ਕੱਦ ਪਹਿਲਵਾਨ ਮੀਲੋ ਓਲੰਪਿਕ ਚੈਂਪੀਅਨ ਬਣਿਆ ਸੀ। ਮਿੱਥ ਹੈ ਕਿ ਉਹ ਮੁੱਕਾ ਮਾਰ ਕੇ ਸਾਨ੍ਹ ਨੂੰ ਮਾਰ ਦਿੰਦਾ ਸੀ। ਭਾਰਤ `ਚ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਸਨ। ਭੀਮ ਸੈਨ ਤੇ ਬਲ ਰਾਮ ਜੋਧੇ ਵੀ ਸਨ ਤੇ ਪਹਿਲਵਾਨ ਵੀ ਸਨ। ਮਿਥਿਹਾਸ ਹੈ ਕਿ ਭੀਮ ਸੈਨ ਦੇ ਅਸਮਾਨਾਂ `ਚ ਵਗਾਹੇ ਹਾਥੀ ਹਾਲੇ ਤਕ ਨਹੀਂ ਮੁੜੇ। ਇਰਾਨ ਦੇ ਰੁਸਤਮ ਤੇ ਸੋਹਰਾਬ ਦੈਵੀ ਸ਼ਕਤੀਆਂ ਵਾਲੇ ਪਹਿਲਵਾਨ ਸਨ। ਸ਼ਾਹਨਾਮਾ ਫਿਰਦੌਸੀ ਉਨ੍ਹਾਂ ਦੀ ਸੂਰਮਗਤੀ ਦੀਆਂ ਵਾਰਾਂ ਨਾਲ ਭਰਿਆ ਪਿਆ ਹੈ। ਕਹਿੰਦੇ ਹਨ ਕਿ ਰੁਸਤਮ ਦੀ ਗੁਰਜ ਅੱਠ ਬੰਦੇ ਮਸੀਂ ਚੁੱਕਦੇ ਸਨ।

ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੇ ਅਖਾੜੇ `ਚ ਮੱਲਾਂ ਦਾ ਜ਼ੋਰ ਕਰਵਾਇਆ ਕਰਦੇ ਸਨ। ਉਸ ਜਗ੍ਹਾ ਹੁਣ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਇਮਾਨ ਹੈ:

-ਘੋਟਾ ਕੂੰਡਾ ਬਦਾਮ ਲੰਗੋਟ ਲੈਣੇ ਜੋ ਭਲਵਾਨੀ ਦਾ ਮੁੱਢੋਂ ਦਸਤੂਰ ਹੈ ਜੇ।

ਓਥੇ ਜਾਂਦਿਆਂ `ਖਾੜਾ ਗੁਡਵਾ ਲੈਣਾ ਅੰਗਦ ਸਾਹਿਬ ਜਿਓਂ ਵਿੱਚ ਖਡੂਰ ਹੈ ਜੇ।

ਮੁਗ਼ਲਾਂ ਦੇ ਆਉਣ ਨਾਲ ਹਿੰਦੁਸਤਾਨ ਵਿੱਚ ਕੁਸ਼ਤੀ ਕਲਾ ਨੂੰ ਤਕੜਾ ਹੁਲ੍ਹਾਰਾ ਮਿਲਿਆ। ਬਾਬਰ ਖ਼ੁਦ ਤਕੜਾ ਪਹਿਲਵਾਨ ਸੀ। ਹਿੰਦ ਵਿੱਚ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ ਨੂੰ ਮੰਨਿਆ ਜਾਂਦਾ ਹੈ। ਦੰਦ ਕਥਾ ਤੁਰੀ ਆਉਂਦੀ ਹੈ ਕਿ ਉਹ ਨਿੱਤ ਪੰਜ ਹਜ਼ਾਰ ਡੰਡ ਤੇ ਪੰਜ ਹਜ਼ਾਰ ਬੈਠਕਾਂ ਕੱਢਦਾ ਸੀ ਤੇ ਘੰਟਿਆਂ ਬੱਧੀ ਖੂਹ ਗੇੜਦਾ ਸੀ। ਖ਼ਲੀਫ਼ਾ ਅਬਦੁੱਰਹੀਮ ਨੇ ਰਾਹ ਜਾਂਦਿਆਂ ਰੁੱਖ ਪੁੱਟ ਦਿੱਤਾ ਸੀ ਜਿਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਭਲਵਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਜਾਂਦੇ ਹਨ।

ਖ਼ਲੀਫ਼ਾ ਚਰਾਗਉਦੀਨ ਦੇਵੇ ਹਿੰਦ ਸਾਢੇ ਸੱਤ ਫੁੱਟਾ ਸੀ ਤੇ ਰਮਜ਼ੀ ਅੱਠ ਫੁੱਟਾ ਭਲਵਾਨ ਸੀ। ਉਹਨਾਂ ਨੂੰ ਛਿੰਝਾਂ `ਤੇ ਲਿਜਾਂਦਿਆਂ ਘੋੜੀਆਂ ਬਦਲਣੀਆਂ ਪੈਂਦੀਆਂ ਸਨ। ਬਾਬਾ ਫਤਿਹ ਸਿੰਘ ਨੇ ਖੂਹ `ਚ ਡਿੱਗੀ ਡਾਚੀ `ਕੱਲੇ ਨੇ ਹੀ ਬਾਹਰ ਖਿੱਚ ਲਈ ਸੀ। ਪਹਿਲਵਾਨ ਅਲੀਏ ਨੇ ਜੂਲੇ ਜੁੜ ਕੇ ਖੁੱਭਿਆ ਗੱਡਾ ਕੱਢ ਦਿੱਤਾ ਸੀ। ਬਲਬੀਰ ਸਿੰਘ ਕੰਵਲ ਨੇ ‘ਭਾਰਤ ਦੇ ਪਹਿਲਵਾਨ’ ਪੁਸਤਕ ਵਿੱਚ ਮੱਲਾਂ ਦੀਆਂ ਮੂੰਹੋਂ ਮੂੰਹ ਤੁਰੀਆਂ ਆਉਂਦੀਆਂ ਗੱਲਾਂ ਦਰਜ ਕੀਤੀਆਂ ਹਨ। ਪਹਿਲਵਾਨਾਂ ਦੇ ਸਾਬਤੇ ਬੱਕਰੇ ਖਾਣ, ਵੀਹ ਵੀਹ ਸੇਰ ਮਾਸ ਦੀਆਂ ਯਖਣੀਆਂ ਪੀਣ, ਧੜੀ ਧੜੀ ਦੁੱਧ ਤੇ ਸੇਰ ਸੇਰ ਘਿਉ ਇਕੋ ਚਿੱਘੀ ਪੀ ਜਾਣ ਦੀਆਂ ਗੱਲਾਂ ਨਾਲ ਪੁਸਤਕ ਭਰੀ ਪਈ ਹੈ।

ਸਦੀਕਾ ਅੰਬਰਸਰੀਆ ਵੀ ਬਹੁਤ ਤਕੜਾ ਪਹਿਲਵਾਨ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦਾ ਬੜਾ ਸ਼ੌਕ ਸੀ ਤੇ ਉਹ ਖ਼ੁਦ ਮੂੰਗਲੀਆਂ ਫੇਰਦਾ ਹੁੰਦਾ ਸੀ। ਜਿੱਦਣ ਸੰਧਾਵਾਲੀਆਂ ਨੇ ਸ਼ੇਰ ਸਿੰਘ ਦੇ ਗੋਲੀ ਮਾਰੀ ਉੱਦਣ ਮਹਾਰਾਜਾ ਸ਼ਾਹ ਬਲਾਵਲ ਦੇ ਮਕਬਰੇ ਲਾਗੇ ਸਦੀਕੇ ਦਾ ਭੁਚਾਲ ਨਾਲ ਘੋਲ ਵੇਖ ਕੇ ਫੌਜ ਦੀ ਸਲਾਮੀ ਲੈ ਰਿਹਾ ਸੀ। ਸਦੀਕੇ ਬਾਰੇ ਕਿਹਾ ਜਾਂਦੈ ਕਿ ਉਹ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇੱਕ ਮੀਲ ਤੁਰ ਸਕਦਾ ਸੀ। ਇੱਕ ਵਾਰ ਖੋਤੇ ਦੇ ਸਿਰ `ਚ ਅਜਿਹਾ ਮੁੱਕਾ ਮਾਰਿਆ ਕਿ ਖੋਤਾ ਥਾਏਂ ਮਰ ਗਿਆ। ਲਾਹੌਰ ਦੇ ਬੂਟੇ ਭਲਵਾਨ `ਚ ਹਾਥੀ ਜਿੰਨਾ ਜ਼ੋਰ ਸੀ ਜਿਸ ਨੂੰ ਕਿੱਕਰ ਸਿੰਘ ਨੇ ਉਸਤਾਦ ਧਾਰਿਆ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਤੇ ਭਾਰ ਸਾਢੇ ਸੱਤ ਮਣ ਸੀ। ਉਹ ਗਲ `ਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਿਆ ਕਰਦਾ ਸੀ ਜਿਸ ਕਰਕੇ ਉਹਦੀ ਧੌਣ ਉਤੇ ਕੰਨ੍ਹਾ ਪਿਆ ਹੋਇਆ ਸੀ। ਕਦੇ ਕਦੇ ਕਿੱਕਰ ਸਿੰਘ ਹਾਸਾ ਮਖੌਲ ਵੀ ਕਰ ਲੈਂਦਾ ਸੀ। ਉਹ ਮਿਲਣ ਗਿਲਣ ਆਏ ਸ਼ੁਕੀਨ ਦੇ ਚਾਦਰੇ ਦਾ ਲੜ ਖਿੱਚ ਦਿੰਦਾ ਤੇ ਕਹਿੰਦਾ, “ਲੈ ਪਈ ਜੁਆਨਾਂ, ਤੇਰਾ ਮਾਲ ਮੱਤਾ ਡਿੱਗ ਚੱਲਿਆ ਈ!”

ਆਪਣੇ ਅੜਬ ਸੁਭਾਅ ਕਾਰਨ ਕਿੱਕਰ ਸਿੰਘ ਵਿਦੇਸ਼ਾਂ ਵਿੱਚ ਕੁਸ਼ਤੀ ਲੜਨ ਨਾ ਜਾ ਸਕਿਆ। 1889 `ਚ ਪੰਡਤ ਮੋਤੀ ਲਾਲ ਨਹਿਰੂ ਨੇ ਪੈਰਿਸ ਦੀ ਨੁਮਾਇਸ਼ `ਤੇ ਜਾਣਾ ਸੀ ਜਿਥੇ ਕੁਸ਼ਤੀਆਂ ਵੀ ਹੋਣੀਆਂ ਸਨ। ਉਸ ਨੇ ਕਿੱਕਰ ਸਿੰਘ ਨੂੰ ਨਾਲ ਚੱਲਣ ਲਈ ਕਿਹਾ ਪਰ ਉਹ ਅਗਾਊਂ ਇੱਕ ਲੱਖ ਰੁਪਿਆ ਲੈਣ ਲਈ ਅੜ ਗਿਆ। ਅਖ਼ੀਰ ਨਹਿਰੂ ਨੇ ਪਹਿਲਵਾਨ ਗ਼ੁਲਾਮ ਨੂੰ ਨਾਲ ਤੋਰ ਲਿਆ ਜਿਸ ਨੇ ਪੈਰਿਸ ਵਿੱਚ ਰੁਸਤਮੇ ਜ਼ਮਾਂ ਦਾ ਖ਼ਿਤਾਬ ਜਿੱਤਿਆ ਜੋ ਕਿੱਕਰ ਸਿੰਘ ਨੇ ਵੀ ਜਿੱਤ ਜਾਣਾ ਸੀ। ਗ਼ੁਲਾਮ ਕੱਲੂ ਦਾ ਵੱਡਾ ਭਰਾ ਸੀ ਜੋ ਏਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਆਖਦਾ, “ਮੈਂ ਹੀ ਤੁਹਾਡਾ ਗ਼ੁਲਾਮ ਆਂ, ਸੇਵਾ ਦੱਸੋ।” ਕਲਕੱਤੇ ਦੀ ਮਸ਼ਹੂਰ ਗਾਇਕਾ ਗੌਹਰ ਜਾਨ ਗ਼ੁਲਾਮ `ਤੇ ਮਰਦੀ ਸੀ ਪਰ ਗ਼ੁਲਾਮ ਦੇ ਦਿਲ ਵਿੱਚ ਮੈਲ ਨਹੀਂ ਸੀ। ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਕੁਸ਼ਤੀ ਲੜਨ ਜਾਂਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਆਉਂਦਾ ਸੀ।

ਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਹਨੇ ਪੇਲੜੇ ਭਲਵਾਨ ਦੇ ਪੁੱਤਰ ਕਰੀਮ ਨੂੰ ਤਨਜ਼ ਮਾਰੀ ਸੀ ਕਿ ਔਹ ਪੇਲੜੇ ਦੀ ਬੁਲਬੁਲ ਚੱਲੀ ਏ। ਫਿਰ ਉਹੀ ਕਰੀਮ ਬਖ਼ਸ਼ 1992 `ਚ ਇੰਗਲੈਂਡ ਦੇ ਟਾਮ ਕੈਨਨ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣਿਆ। ਕੱਲੂ ਨੇ ਮੰਨ੍ਹੀ ਪਹਿਲਵਾਨ ਰੈਣੀ ਵਾਲੇ ਨੂੰ ਲਾਹੌਰੀਆਂ ਦੀ ਬੁਲਬੁਲ ਕਹਿ ਕੇ ਗਲ ਪੁਆ ਲਿਆ ਸੀ ਤੇ ਚੰਗੀ ਖੁੰਭ ਠਪਾਈ ਸੀ। ਮੰਨ੍ਹੀ ਦੀਆਂ ਉਂਗਲਾਂ ਸਰੀਏ ਵਰਗੀਆਂ ਸਨ ਜਿਸ ਕਰਕੇ ਜਿਥੇ ਹੱਥ ਪਾਉਂਦਾ ਸੀ ਜੰਬੂਰ ਵਾਂਗ ਮਾਸ ਉਧੇੜ ਦਿੰਦਾ ਸੀ। ਉਹ ਬਾਈ ਸਾਲ ਦੀ ਉਮਰ ਵਿੱਚ ਮਰ ਗਿਆ ਅਤੇ ਗੁੰਗਾ ਤੇ ਹਮੀਦਾ ਵੀ ਜੁਆਨ ਉਮਰ `ਚ ਮਰੇ। ਗੁੰਗਾ ਅੰਮ੍ਰਿਤਸਰੋਂ ਲਾਹੌਰ ਨੂੰ ਬੱਸ ਚੜ੍ਹਿਆ ਸੀ ਤੇ ਅਗਲੀ ਸੀਟ `ਤੇ ਬੈਠਾ ਸੀ। ਅੱਗੋਂ ਇੱਕ ਬੱਚੀ ਸੜਕ `ਤੇ ਭੁਕਾਨਾ ਉਡਾਉਂਦੀ ਆ ਗਈ। ਗੁੰਗੇ ਨੇ ਬੱਚੀ ਦੀ ਜਾਨ ਬਚਾਉਣ ਲਈ ਉੱਚੀ ਦੇਣੇ ਆਂ ਆਂ ਕੀਤੀ। ਘਬਰਾਹਟ `ਚ ਡਰਾਈਵਰ ਤੋਂ ਬੱਸ ਟਾਹਲੀ ਨਾਲ ਜਾ ਵੱਜੀ ਤੇ ਗੁੰਗਾ ਗੰਭੀਰ ਜ਼ਖ਼ਮੀ ਹੋ ਗਿਆ। ਉਥੋਂ ਉਸ ਨੂੰ ਹਸਪਤਾਲ ਲੈ ਗਏ ਪਰ ਉਹ ਬਚ ਨਾ ਸਕਿਆ। ਗੁੰਗੇ ਦੇ ਵਿਯੋਗ ਵਿੱਚ ਉਹਦਾ ਪਹਿਲਵਾਨ ਪਿਓ ਗਾਮੂੰ ਰੋ ਰੋ ਕੇ ਅੰਨ੍ਹਾਂ ਹੋ ਗਿਆ ਤੇ ਛੇਤੀ ਮਰ ਗਿਆ।

ਗਾਮੇ ਦਾ ਕੱਦ ਤਾਂ ਪੰਜ ਫੁੱਟ ਸੱਤ ਇੰਚ ਸੀ ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ। ਉਹ 1910 ਵਿੱਚ ਲੰਡਨ ਗਿਆ ਤੇ ਜਾਨ੍ਹ ਬੁੱਲ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਵਿਸ਼ਵ ਵਿਜੇਤਾ ਬਣਿਆ। ਉਹ ਮਹਾਰਾਜਾ ਪਟਿਆਲਾ ਦਾ ਪਹਿਲਵਾਨ ਸੀ ਜੋ ਦੇਸ਼ ਦੀ ਵੰਡ ਪਿਛੋਂ ਲਾਹੌਰ ਚਲਾ ਗਿਆ। ਉਥੇ ਉਹ 23 ਮਈ 1960 ਨੂੰ ਬੜੀ ਮੰਦੀ ਹਾਲਤ ਵਿੱਚ ਗੁਜ਼ਰਿਆ। ਉਸ ਨੇ 1928 `ਚ ਵਿਸ਼ਵ ਚੈਂਪੀਅਨ ਜ਼ਬਿਸਕੋ ਨੂੰ ਤੇ 1929 `ਚ ਸਵੀਡਨ ਦੇ ਨਾਮੀ ਪਹਿਲਵਾਨ ਪੀਟਰਸਨ ਨੂੰ ਪਟਿਆਲੇ ਵਿੱਚ ਪਟਕਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਸੀ। ਉਹਦਾ ਭਰਾ ਇਮਾਮ ਬਖ਼ਸ਼ ਵੀ ਬੜਾ ਤਕੜਾ ਪਹਿਲਵਾਨ ਹੋ ਗੁਜ਼ਰਿਆ ਜੀਹਨੂੰ ਇੱਕ ਵਾਰ ਦੌਧਰੀਏ ਗੁਰਬਖ਼ਸ਼ੇ ਨੇ ਵੰਗਾਰਿਆ ਪਰ ਉਹਨਾਂ ਦਾ ਘੋਲ ਨਾ ਹੋ ਸਕਿਆ। ਗੁੱਜਰਾਂਵਾਲੇ ਦਾ ਗਾਮਾ ਸਣੇ ਸਵਾਰੀਆਂ ਯੱਕਾ ਮੋਢਿਆਂ `ਤੇ ਚੁੱਕ ਲੈਂਦਾ ਸੀ ਜਿਸ ਕਰਕੇ ਲੋਕ ਉਸ ਨੂੰ ਯੱਕਾ ਭਲਵਾਨ ਕਹਿਣ ਲੱਗ ਪਏ ਸਨ।

ਦਾਰੇ ਦੁਲਚੀਪੁਰੀਏ ਨੂੰ ਜੇਲ੍ਹ `ਚੋਂ ਹੱਥਕੜੀਆਂ ਲਾ ਕੇ ਅਖਾੜੇ ਵਿੱਚ ਲਿਆਂਦਾ ਜਾਂਦਾ ਸੀ ਤੇ ਕੁਸ਼ਤੀ ਲੜਾਉਣ ਪਿੱਛੋਂ ਮੁੜ ਹੱਥਕੜੀਆਂ ਲਾ ਲਈਆਂ ਜਾਂਦੀਆਂ ਸਨ। ਉਹ ਕਤਲ ਦੇ ਜੁਰਮ ਵਿੱਚ ਸਜ਼ਾ ਭੁਗਤ ਰਿਹਾ ਸੀ। ਰੂਸ ਦੇ ਬੁਲਗਾਨਿਨ ਨੇ ਦਿੱਲੀ ਲਾਗੇ ਸੋਨੀਪਤ `ਚ ਉਹਦੀ ਕੁਸ਼ਤੀ ਵੇਖ ਕੇ ਉਹਦੇ `ਤੇ ਰਹਿਮ ਕਰਨ ਨੂੰ ਕਿਹਾ ਤਾਂ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਾਰੇ ਦੀ ਸਜ਼ਾ ਮੁਆਫ਼ ਕਰਾਉਣ `ਚ ਮਦਦ ਕੀਤੀ। ਫਿਰ ਉਹ ਫਿਲਮਾਂ `ਚ ਕਿੰਗਕਾਂਗ ਨਾਲ ਕੁਸ਼ਤੀਆਂ ਵਿਖਾਉਣ ਲੱਗਾ। ਰਾਮਾਇਣ `ਚ ਹਨੂਮਾਨ ਦਾ ਰੋਲ ਕਰਨ ਵਾਲਾ ਤੇ ਰਾਜ ਸਭਾ ਦਾ ਮੈਂਬਰ ਬਣਿਆ ਦਾਰਾ ਸਿੰਘ ਦੂਜਾ ਹੈ। ਉਹ ਵੱਡੇ ਦਾਰੇ ਨਾਲੋਂ ਦਸ ਸਾਲ ਛੋਟਾ ਹੈ। ਉਨ੍ਹਾਂ ਦੋਹਾਂ ਨੇ ਫਿਲਮ ਸੈਮਸਨ ਵਿੱਚ ਕੁਸ਼ਤੀ ਵਿਖਾਈ ਸੀ। ਦੂਜਾ ਦਾਰਾ ਫਰੀ ਸਟਾਈਲ ਕੁਸ਼ਤੀਆਂ ਦਾ ਰੁਸਤਮੇ ਜ਼ਮਾਂ ਰਿਹਾ ਤੇ ਕਈ ਫਿਲਮਾਂ ਦਾ ਨਿਰਮਾਤਾ ਹੈ। ਵੱਡਾ ਦਾਰਾ ਦੁਲਚੀਪੁਰ ਦਾ ਸਿੱਧੂ ਜੱਟ ਸੀ ਤੇ ਛੋਟਾ ਦਾਰਾ ਧਰਮੂਚੱਕ ਦਾ ਰੰਧਾਵਾ ਜੱਟ ਹੈ। ਵੱਡੇ ਦਾ ਕੱਦ ਛੇ ਫੁੱਟ ਸੱਤ ਇੰਚ ਸੀ ਤੇ ਛੋਟੇ ਦਾ ਛੇ ਫੁੱਟ ਦੋ ਇੰਚ ਹੈ। ਹੁਣ ਸੁਰ ਸਿੰਘ ਦਾ ਕਰਤਾਰ ਸਿੰਘ ਆਪਣੀ ਉਮਰ ਦਾ ਵਿਸ਼ਵ ਚੈਂਪੀਅਨ ਹੈ। ਨਾਮੀ ਇਨਾਮੀ ਪਹਿਲਵਾਨਾਂ ਦੀ ਲੜੀ ਬਹੁਤ ਲੰਮੀ ਹੈ ਤੇ ਉਨ੍ਹਾਂ ਦੀਆਂ ਗੱਲਾਂ ਦਾ ਵੀ ਅੰਤ ਨਹੀਂ।

ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਪੰਜਾਬ ਦਾ ਸ਼ਾਇਦ ਹੀ ਕੋਈ ਸ਼ਹਿਰ ਗਰਾਂ ਹੋਵੇ ਜਿਥੇ ਜ਼ੋਰ ਕਰਨ ਲਈ ਅਖਾੜੇ ਨਾ ਹੋਣ। ਕੁਸ਼ਤੀ ਨਾਲ ਸੰਬੰਧਿਤ ਅਨੇਕਾਂ ਕਹਾਵਤਾਂ ਤੇ ਮੁਹਾਵਰੇ ਪੰਜਾਬੀ ਵਿੱਚ ਪ੍ਰਚਲਤ ਹਨ। ਪੰਜਾਬੀ ਲੋਕ ਪਹਿਲਵਾਨਾਂ ਦੇ ਕਿੱਸੇ ਗਾਉਂਦੇ ਤੇ ਸੁਣਦੇ ਰਹੇ ਹਨ। ਕਰਮ ਸਿੰਘ ਦਾ ਬੰਦ ਹੈ:

-ਮੱਲ ਦੇਸ਼ ਤੇ ਦੁਨੀ ਦੀ ਸ਼ਾਨ ਹੁੰਦੇ, ਜਿਥੇ ਜੰਮੇ ਜਾਏ ਸ਼ਹਿਰਾਂ ਗਾਮਾਂ ਦੀ ਜੇ।

ਜ਼ੋਰ ਰੱਜਵੇਂ ਖੁੱਲ੍ਹੀ ਖੁਰਾਕ ਮੱਲਾਂ, ਢੇਰਾਂ ਦੁੱਧਾਂ ਤੇ ਘਿਓ ਬਦਾਮਾਂ ਦੀ ਜੇ।

ਹੋਣ ਉਂਗਲਾਂ ਪੂਰਨ ਤੇ ਜਾਣ ਚੰਨਣ, ਵੇਖੇ ਜਾਂਦੇ ਮੈਂ ਮੰਡੀ ਸੁਨਾਮਾਂ ਦੀ ਜੇ।

ਹਰਨ ਵਿੱਚ ਡਰਾਂ ਕਰਮ ਮੱਲ ਤੁਰਦੇ, ਦਾਉਗੀਰਾਂ ਦੀ ਮੱਲੀ ਵਰਿਆਮਾ ਦੀ ਜੇ।

ਕਿੱਸਾਕਾਰ ਰੀਟਾ ਦੀਨ ਲਿਖਦਾ ਹੈ:

-ਮੱਖਣ ਮਲਾਈ ਤਿਓੜ ਪੀਣ ਯਖਣੀ, ਇੱਜ਼ਤ, ਵਡਿਆਈ ਸਾਂਭ ਸਾਂਭ ਰੱਖਣੀ।

ਮਾਵਾਂ ਭੈਣਾਂ ਦੇਖ ਘੱਤਦੇ ਨੇ ਨੀਵੀਆਂ, ਮੱਲਾਂ, ਸਾਧਾਂ, ਸੂਰਿਆਂ ਨੂੰ ਪੱਟਣ ਤੀਵੀਆਂ।

ਸਰੜ ਸਰੜ ਯਾਰੋ ਡੰਡ ਕੱਢਦੇ, ਪੱਟਾਂ ਦੇ ਸ਼ਪੱਟੇ ਹਾੜ੍ਹੀ ਜੱਟ ਵੱਢਦੇ।

ਬੈਠਕਾਂ ਤੇ ਡੰਡ ਯਾਰੋ ਖ਼ੂਬ ਪੇਲਦੇ, ਪਾਸੇ ਹੋ ਕੇ ਵੇਖੋ ਜਾਂ ਇੰਜਣ ਰੇਲ ਦੇ।

ਰੀਟੇ ਦੀਨਾ ਮੱਲਾਂ ਦੀਆਂ ਸੁਣਾਵਾਂ ਗੱਲਾਂ ਜੀ, ਨਦੀਆਂ ਤੇ ਹੰਸ ਸ਼ੇਰ ਵਿੱਚ ਝੱਲਾਂ ਜੀ।

ਹੁਣ ਕਬੱਡੀ ਦੇ ਟੂਰਨਾਮੈਂਟ ਵਧੇਰੇ ਹੁੰਦੇ ਹਨ ਜਦ ਕਿ ਪਹਿਲਾਂ ਛਿੰਝਾਂ ਵਧੇਰੇ ਪੈਂਦੀਆਂ ਸਨ। ਪਿੰਡਾਂ ਦੇ ਲੋਕ ਆਪੋ ਆਪਣੇ ਮੱਲ ਪਾਲਦੇ ਸਨ। ਆਪਣੇ ਪਿੰਡਾਂ ਦੇ ਪਹਿਲਵਾਨਾਂ ਨਾਲ ਟੋਲੀਆਂ ਦੀਆਂ ਟੋਲੀਆਂ ਛਿੰਝਾਂ `ਤੇ ਜਾਂਦੀਆਂ। ਮੈਂ ਬਚਪਨ `ਚ ਉਨ੍ਹਾਂ ਛਿੰਝਾਂ ਦੇ ਨਜ਼ਾਰੇ ਖ਼ੁਦ ਤੱਕੇ ਨੇ। ਦੂਰੋਂ ਢੋਲ ਵੱਜਦੇ ਸੁਣ ਕੇ ਈ ਪਤਾ ਲੱਗ ਜਾਂਦਾ ਸੀ ਕਿ ਅਖਾੜਾ ਬੱਝ ਰਿਹੈ ਜਾਂ ਘੋਲ ਚੱਲ ਪਏ ਨੇ? ਢੋਲਾਂ ਦੀ ਤਾਲ ਈ ਦੱਸ ਦਿੰਦੀ ਸੀ ਕਿ ਛਿੰਝ ਕਿਸ ਪੜਾਅ ਉਤੇ ਹੈ? ਉਨ੍ਹੀਂ ਦਿਨੀਂ ਮੱਲ ਦਰਸ਼ਕਾਂ ਦੇ ਸਾਹਮਣੇ ਹੀ ਚਾਦਰੇ ਦੀ ਬੁੱਕਲ ਓੜ ਕੇ ਜਾਂਘੀਏ ਬੰਨ੍ਹਦੇ ਤੇ ਲੰਗੋਟ ਲਾਉਂਦੇ। ਫਿਰ ਜੈ ਅਲੀ ਤੇ ਜੈ ਬਲੀ ਕਰਦੇ ਅਖਾੜੇ ਵੱਲ ਵਧਦੇ। ਉਨ੍ਹਾਂ ਦੇ ਤੇਲ ਨਾਲ ਗੁੰਨ੍ਹੇ ਪਿੰਡੇ ਲਿਸ਼ਕਾਂ ਮਾਰਦੇ ਤੇ ਘੋਲ ਮਿੱਟੀ ਦੇ ਅਖਾੜੇ ਵਿੱਚ ਹੁੰਦੇ। ਮੱਲ ਮਿੱਟੀ ਵਿੱਚ ਨ੍ਹਾਤੇ ਜਾਂਦੇ। ਜਿੰਨਾ ਚਿਰ ਕਿਸੇ ਦੀ ਕੰਡ ਨਾ ਲੱਗਦੀ ਕੁਸ਼ਤੀ ਚਲਦੀ ਰਹਿੰਦੀ ਸੀ। ਕਈ ਕੁਸ਼ਤੀਆਂ ਘੰਟਿਆਂ ਬੱਧੀ ਚਲਦੀਆਂ ਤੇ ਆਖ਼ਰ ਪਹਿਲਵਾਨ ਬਰਾਬਰੀ ਉਤੇ ਛਡਾਉਣੇ ਪੈਂਦੇ। ਫਿਰ ਪਹਿਲਵਾਨ ਅਖਾੜੇ ਦੀ ਫੇਰੀ ਲਾਉਂਦੇ ਤੇ ਦਰਸ਼ਕ ਉਨ੍ਹਾਂ ਨੂੰ ਇਨਾਮ ਦਿੰਦੇ।

ਇਕ ਸਮਾਂ ਸੀ ਜਦੋਂ `ਕੱਲੇ ਲਾਹੌਰ ਸ਼ਹਿਰ `ਚ ਹੀ ਪੰਜਾਹ ਤੋਂ ਵੱਧ ਅਖਾੜੇ ਸਨ। ਅੰਮ੍ਰਿਤਸਰ ਵੀ ਅਖਾੜਿਆਂ ਨਾਲ ਭਰਿਆ ਪਿਆ ਸੀ। ਉਥੇ ਹੁਣ ਵੀ ਚਲਦੇ ਚੌਵੀ ਅਖਾੜਿਆਂ ਦਾ ਵੇਰਵਾ ਪਿਆਰਾ ਸਿੰਘ ਰਛੀਨ ਨੇ ਪੁਸਤਕ ‘ਕੁਸ਼ਤੀ ਅਖਾੜੇ’ ਵਿੱਚ ਦਿੱਤਾ ਹੈ। ਉਸ ਨੇ ਪੰਜਾਬ ਦੇ ਸੌ ਕੁ ਅਖਾੜਿਆਂ ਦੀ ਜਾਣ ਪਛਾਣ ਕਰਾਈ ਹੈ। ਪੰਜਾਬ ਦੇ ਪ੍ਰਸਿੱਧ ਅਖਾੜਿਆਂ ਵਿੱਚ ਆਲਮਗੀਰ, ਸੇਰੋਂ, ਅੰਮ੍ਰਿਤਸਰ ਗੋਲ ਬਾਗ, ਸੁਰ ਸਿੰਘ, ਸ਼ਾਹਕੋਟ, ਹੀਰੋਂ ਝਾੜੋਂ, ਜਲੰਧਰ ਨਾਥਾਂ ਦੀ ਬਗੀਚੀ, ਘੁੰਗਰਾਣਾ, ਡੂੰਮਛੇੜੀ, ਢਿਲਵਾਂ, ਸੈਦੋਕੇ, ਪਟਿਆਲਾ, ਰੌਣੀ, ਫਗਵਾੜਾ, ਬਰਨਾਲਾ, ਫਰੀਦਕੋਟ, ਬਟਾਲਾ, ਬਠਿੰਡਾ, ਭੱਟੀਆਂ, ਮਾਛੀਵਾੜਾ ਤੇ ਮਲੇਰਕੋਟਲਾ ਆਦਿ ਹਨ। ਮੰਨਣਹਾਣਾ, ਸ਼ੰਕਰ, ਬੱਬੇਹਾਲੀ, ਦਿਆਲਪੁਰ ਤੇ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀਆਂ ਛਿੰਝਾਂ ਮਸ਼ਹੂਰ ਹਨ। ਆਧੁਨਿਕ ਕੁਸ਼ਤੀਆਂ ਵਧੇਰੇ ਕਰ ਕੇ ਹੰਸ ਰਾਜ ਸਟੇਡੀਅਮ ਜਲੰਧਰ ਵਿੱਚ ਹੁੰਦੀਆਂ ਹਨ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ `ਤੇ ਕੁਸ਼ਤੀਆਂ ਦਾ ਦੰਗਲ ਹੁੰਦਾ ਹੈ।

ਅਖਾੜਿਆਂ ਬਾਰੇ ਅਨੇਕਾਂ ਵਹਿਮ ਭਰਮ ਤੇ ਵਿਸਵਾਸ਼ ਚਲਦੇ ਰਹੇ ਹਨ। ਇੱਕ ਵਿਸਵਾਸ਼ ਇਹ ਵੀ ਰਿਹਾ ਪਈ ਜੇ ਕੋਈ ਪੱਠਾ ਅਖਾੜੇ ਦੀ ਮਿੱਟੀ `ਚ ਚੀਚੀ ਦਾ ਥੋੜ੍ਹਾ ਜਿਹਾ ਖੂਨ ਛਿੜਕ ਦੇਵੇ ਤਾਂ ਉਸ ਅਖਾੜੇ `ਚ ਕਿਸੇ ਦੇ ਸੱਟ ਨਹੀਂ ਲੱਗਦੀ। ਅਖਾੜਿਆਂ ਦੀ ਮਿੱਟੀ ਵਿੱਚ ਹਲਦੀ ਤੇ ਰਗੜੇ ਹੋਏ ਨਿੰਮ ਦੇ ਪੱਤੇ ਮਿਲਾਉਣ ਦਾ ਉਪਾਅ ਕੀਤਾ ਜਾਂਦਾ ਰਿਹਾ ਤਾਂ ਜੋ ਕਿਸੇ ਦੇ ਰਗੜ ਵੱਜ ਜਾਵੇ ਤਾਂ ਉਹ ਪੱਕੇ ਨਾ। ਅਖਾੜੇ `ਚ ਜੁੱਤੀ ਸਣੇ ਕੋਈ ਨਹੀਂ ਜਾ ਸਕਦਾ। ਅਖਾੜੇ ਨੂੰ ਪਵਿੱਤਰ ਜਗ੍ਹਾ ਸਮਝਿਆ ਜਾਂਦੈ। ਵਹਿਮ ਵਰਗਾ ਇੱਕ ਵਿਸਵਾਸ਼ ਇਹ ਵੀ ਹੈ ਕਿ ਕਾਲੀ ਬਿੱਲੀ ਦੀਆਂ ਮੁੱਛਾਂ ਦੇ ਵਾਲ ਲੰਗੋਟ ਵਿੱਚ ਸਿਓਂਤੇ ਹੋਣ ਜਾਂ ਸ਼ੇਰ ਦੇ ਖੂਨ ਦੀਆਂ ਕੁੱਝ ਬੂੰਦਾਂ ਲੰਗੋਟ ਰੰਗਣ ਵੇਲੇ ਪਾਈਆਂ ਹੋਣ ਤਾਂ ਉਹ ਲੰਗੋਟ ਲਾਉਣ ਵਾਲੇ ਨੂੰ ਹਾਰ ਨਹੀਂ ਆਉਂਦੀ।

ਕੁਸ਼ਤੀਆਂ ਨਾਲ ਡੰਡ ਬੈਠਕਾਂ, ਤੇਲ ਦੀਆਂ ਮਾਲਸ਼ਾਂ, ਬਦਾਮਾਂ ਦੀਆਂ ਸ਼ਰਦਾਈਆਂ, ਮਖਣੀਆਂ ਮਲਾਈਆਂ, ਮਾਸ ਦੀਆਂ ਯਖਣੀਆਂ, ਦੁੱਧ ਘਿਓ, ਜਾਂਘੀਏ ਤੇ ਲੰਗੋਟ, ਅਖਾੜਿਆਂ ਦੀ ਮਿੱਟੀ, ਛਿੰਝਾਂ ਤੇ ਦੰਗਲ, ਝੰਡੀਆਂ, ਮਾਲੀਆਂ, ਰੁਮਾਲੀਆਂ, ਗੁਰਜਾਂ, ਢੋਲੀ, ਲਾਕੜੀ, ਮੁਨਸਿਫ਼, ਖ਼ਲੀਫ਼ੇ, ਪੀਰ, ਉਸਤਾਦ, ਪੱਠੇ, ਮੰਨਤਾਂ, ਯਾ ਅਲੀ, ਜੈ ਬਜਰੰਗ ਬਲੀ, ਥਾਪੀਆਂ, ਜੋੜ, ਲੱਤ ਫੇਰਨੀ, ਮੋਢਿਆਂ `ਤੋਂ ਚੁੱਕਣਾ ਤੇ ਅਖਾੜੇ ਦੀ ਗੇੜੀ ਜਾਂ ਫੇਰੀ ਲਾਉਣ ਵਰਗੇ ਜੁਮਲੇ ਤੇ ਲਫ਼ਜ਼ ਓਤ ਪੋਤ ਹਨ। ਘੁਲਣ ਸਮੇਂ ਦਾਅ ਮਾਰਨ ਦਾ ਬੜਾ ਮਹੱਤਵ ਹੈ। ਅਸਲ ਵਿੱਚ ਕੁਸ਼ਤੀ ਹੈ ਹੀ ਦਾਅ ਮਾਰਨ ਤੇ ਰੋਕਣ ਦੀ ਖੇਡ। ਕਹਿੰਦੇ ਹਨ ਕਿ ਉਸਤਾਦ ਨੂਰਉਦੀਨ ਨੇ ਕੁਸ਼ਤੀਆਂ ਦੇ 360 ਦਾਅ ਚਾਲੂ ਕੀਤੇ ਸਨ।

ਕਲਾਜੰਗ ਮਾਰਨਾ, ਰੇਲਾ ਕਰਨਾ, ਢਾਕ ਚਾੜ੍ਹਨਾ, ਪੁੱਠੀ, ਸਾਵੀਂ, ਦਸਤੀ, ਮੋੜਾ, ਤੇਗਾ, ਪੁੱਠਾ ਕਲਾਜੰਗ, ਮੁਲਤਾਨੀ, ਸਾਲਤੂ, ਅੰਦਰ ਟੰਗੀ, ਬਾਹਰ ਟੰਗੀ, ਧੋਬੀ ਪਟੜਾ, ਸੂਤਨੇ ਹੱਥ ਪਾਉਣਾ, ਅੰਦਰਲੀ ਤੇ ਬਾਹਰਲੀ ਮਾਰਨੀ, ਸੁੱਟ ਕਰਨੀ, ਠਿੱਬੀ ਲਾਉਣੀ, ਕਰਚੀ ਮਾਰਨੀ, ਮੁੰਨਾ ਫੇਰਨਾ, ਪੱਟੀਂ ਲੱਗਣਾ, ਕੁੜੰਗਾ, ਜੂੜ ਮਾਰਨਾ, ਖੁੱਚੀਂ ਲੱਗਣਾ, ਕੁੱਲਾ, ਚੌਮੁਖੀਆ, ਬਾਗੜੀ, ਰਾਮ ਬਾਣ, ਪੌੜੀ, ਕੁੰਡਾ, ਇੱਕ ਟੰਗੀ, ਸਵਾਰੀ, ਰੇੜ੍ਹ, ਚਰਖਾ, ਜਨੇਊ, ਕਰਾਸ, ਕਿੱਲੀ ਲਾਉਣਾ, ਰੋਮ, ਸਫਾਲ ਸੁੱਟਣਾ, ਬਾਹਾਂ ਬੰਨ੍ਹਣੀਆਂ, ਭੰਨ ਕੇ ਢਾਹੁਣਾ, ਝੋਲੀ ਕਰਨੀ, ਗਫੂਆ ਮਾਰਨਾ, ਨਕਾਲੋਂ ਪੁੱਟਣਾ, ਘੋੜੀ ਪਾਉਣੀ, ਮੱਛੀ ਗੋਤਾ, ਗੋਡਾ ਟੇਕਣਾ, ਬਗਲਾਂ ਭਰਨੀਆਂ ਤੇ ਬੁੜ੍ਹਕਾ ਕੱਢਣਾ ਆਦਿ ਅਨੇਕਾਂ ਦਾਅ ਹਨ ਜੋ ਕੁਸ਼ਤੀ ਨੂੰ ਕਲਾਮਈ ਤੇ ਮਨਮੋਹਣੀ ਬਣਾਈ ਆ ਰਹੇ ਹਨ।

ਅਜੋਕੀ ਕੁਸ਼ਤੀ ਵਜ਼ਨ ਵਰਗਾਂ ਵਿੱਚ ਵੰਡੀ ਗਈ ਹੈ ਤੇ ਖੁੱਲ੍ਹੇ ਸਮੇਂ ਦੀ ਥਾਂ ਬੱਝਵੇਂ ਮਿੰਟਾਂ ਦੇ ਦੌਰ ਬਣ ਗਏ ਹਨ। ਮਿੱਟੀ ਦੇ ਅਖਾੜੇ ਅਲੋਪ ਹੋ ਰਹੇ ਹਨ ਤੇ ਉਨ੍ਹਾਂ ਦੀ ਥਾਂ ਗੱਦੇ ਵਿਛ ਰਹੇ ਹਨ। ਘੰਟਿਆਂ ਬੱਧੀ ਮਿੱਟੀ ਨਾਲ ਮਿੱਟੀ ਹੁੰਦੇ ਮੱਲਾਂ ਦਾ ਸਮਾਂ ਲੱਦ ਗਿਆ ਹੈ। ਹੁਣ ਮੱਲਾਂ ਦੇ ਘੋਲਾਂ ਦਾ ਉਹ ਰੁਮਾਂਸ ਨਹੀਂ ਰਿਹਾ ਜੀਹਦਾ ਵਰਣਨ ਧਨੀ ਰਾਮ ਚਾਤ੍ਰਿਕ ਨੇ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਕਵਿਤਾ ਵਿੱਚ ਕੀਤਾ ਸੀ। ਹੁਣ ਤਾਂ ਉਸ ਰੁਮਾਂਸ ਦੇ ਗੁਆਚ ਜਾਣ ਦੀਆਂ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਹਨ।

ਤਨ ਮਨ ਤੇ ਧਨ ਨਾਲ ਖੇਡਾਂ `ਚ ਯੋਗਦਾਨ ਪਾਉਣ ਵਾਲੇ ਪੰਜਾਬੀ ਪਰਿਵਾਰਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਪਰਿਵਾਰ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ। ਹਕੀਮਪੁਰ ਜ਼ਿਲਾ ਨਵਾਂ ਸ਼ਹਿਰ ਦਾ ਇਤਿਹਾਸਕ ਪਿੰਡ ਹੈ ਜਿਸ ਨੂੰ ਸਿੱਖਾਂ ਦੇ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਸੌ ਕੁ ਸਾਲ ਪਹਿਲਾਂ ਸਾਧਾਰਨ ਕਿਸਾਨ ਸੁੰਦਰ ਸਿੰਘ ਦੇ ਘਰ ਊਧਮ ਸਿੰਘ ਦਾ ਜਨਮ ਹੋਇਆ ਸੀ। ਊਧਮ ਸਿੰਘ ਵੱਡਾ ਹੋ ਕੇ ਪਹਿਲਾਂ ਹੌਲੀਆਂ ਤੇ ਪਿਛੋਂ ਭਾਰੀਆਂ ਮੂੰਗਲੀਆਂ ਫੇਰਨ ਲੱਗਾ। ਫਿਰ ਉਹ ਭਾਰੇ ਵੱਟਿਆਂ, ਵੇਲਣਿਆਂ ਤੇ ਬੋਰੀਆਂ ਦੇ ਬਾਲੇ ਕੱਢਣ ਲੱਗ ਪਿਆ। ਉਹਦੀ ਤਾਕਤ ਦੀਆਂ ਧੁੰਮਾਂ ਦੂਰ ਬਾਰ ਦੇ ਇਲਾਕਿਆਂ ਤਕ ਪੈ ਗਈਆਂ। ਉਹ ਗੱਡੇ `ਤੇ ਮੂੰਗਲੀਆਂ ਤੇ ਵੱਟੇ ਲੱਦਦਾ ਤੇ ਮੇਲਿਆਂ ਵਿੱਚ ਭਾਰ ਚੁੱਕਣ ਦੇ ਜੌਹਰ ਵਿਖਾਉਂਦਾ। ਬਲਬੀਰ ਸਿੰਘ ਕੰਵਲ ਨੇ ਲਿਖਿਆ ਹੈ ਕਿ ਬਾਬਾ ਊਧਮ ਸਿੰਘ ਦੀਆਂ ਮੂੰਗਲੀਆਂ ਦਾ ਭਾਰ ਪੁਰਾਣੇ 21 ਮਣ 15 ਸੇਰ ਸੀ।

ਕਹਿੰਦੇ ਹਨ ਕਿ ਜਦੋਂ ਊਧਮ ਸਿੰਘ ਦੀਆਂ ਮੂੰਗਲੀਆਂ ਤੇ ਵੱਟੇ ਕਿਸੇ ਹੋਰ ਤੋਂ ਨਾ ਚੁੱਕੇ ਗਏ ਤਾਂ ਉਸ ਨੇ ਉਹ ਨਨਕਾਣਾ ਸਾਹਿਬ ਜਾ ਕੇ ਗੁਰਦਵਾਰੇ ਰੱਖ ਦਿੱਤੇ। ਇੱਕ ਕੈਂਠਾ ਤੇ ਪੰਜ ਸੌ ਰੁਪਿਆ ਵੀ ਰੱਖ ਦਿੱਤਾ ਕਿ ਜਿਹੜਾ ਜੁਆਨ ਇਹ ਭਾਰ ਚੁੱਕੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। 1965 ਵਿੱਚ ਉਸ ਦਾ ਦਿਹਾਂਤ ਹੋਇਆ ਤੇ ਉਸ ਦੇ ਜੀਂਦੇ ਜੀਅ ਕੋਈ ਉਹਦਾ ਭਾਰ ਨਾ ਚੁੱਕ ਸਕਿਆ।

ਬਾਬਾ ਊਧਮ ਸਿੰਘ ਦੇ ਘਰ ਹਰਬੰਸ ਸਿੰਘ ਨੇ ਜਨਮ ਲਿਆ ਜਿਸ ਨੇ ਟਰਾਂਸਪੋਰਟ ਵਿੱਚ ਚੰਗਾ ਨਾਮਣਾ ਖੱਟਿਆ। ਉਹ ਛਿੰਝਾਂ `ਤੇ ਜਾਂਦਾ ਤੇ ਪਹਿਲਵਾਨਾਂ ਨੂੰ ਇਨਾਮ ਦਿੰਦਾ। ਉਸ ਦਾ ਵਿਆਹ ਪਿੰਡ ਮਜਾਰੀ ਦੀ ਬੀਬੀ ਸੁਰਜੀਤ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ 4 ਨਵੰਬਰ 1943 ਨੂੰ ਮਲਕੀਤ ਸਿੰਘ ਦਾ ਜਨਮ ਹੋਇਆ। ਉਸ ਦੇ ਪਿਤਾ ਤੇ ਬਾਬੇ ਨੇ ਉਸ ਨੂੰ ਪਹਿਲਵਾਨ ਬਣਾਉਣ ਦੀ ਠਾਣ ਲਈ। ਉਹ ਪੁਰੇਵਾਲ ਪਰਿਵਾਰ ਦਾ ਲਾਡਲਾ ਫਰਜ਼ੰਦ ਸੀ ਜਿਸ ਨੂੰ ਖੁੱਲ੍ਹੀ ਡੁੱਲ੍ਹੀ ਖੁਰਾਕ ਨਾਲ ਪਾਲਿਆ ਗਿਆ। ਬਾਬਾ ਉਸ ਨੂੰ ਬਿਲਾ ਨਾਗਾ ਕਸਰਤ ਕਰਾਉਂਦਾ। ਵੱਡਾ ਹੋ ਕੇ ਉਹ ਘੋਲ ਘੁਲਣ ਤੇ ਕਬੱਡੀ ਖੇਡਣ ਲੱਗਾ। ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਪੜ੍ਹਦਾ ਸੀ ਜਦੋਂ ਕੁਸ਼ਤੀ ਦੇ ਆਪਣੇ ਵਜ਼ਨ ਵਿੱਚ ਆਲ ਇੰਡੀਆ ਯੂਨੀਵਰਸਿਟੀਜ਼ ਦਾ ਚੈਂਪੀਅਨ ਬਣਿਆ। ਕਬੱਡੀ ਦੀ ਖੇਡ ਵਿੱਚ ਵੀ ਉਨ੍ਹਾਂ ਦੇ ਕਾਲਜ ਦੀ ਟੀਮ ਯੂਨੀਵਰਸਿਟੀ ਵਿੱਚ ਚੋਟੀ `ਤੇ ਰਹੀ ਤੇ ਪਿੰਡਾਂ ਦੇ ਵੱਡੇ ਟੂਰਨਾਮੈਂਟ ਜਿੱਤਣ ਲੱਗੀ। ਉਹ 1970 ਵਿੱਚ ਕੈਨੇਡਾ ਚਲਾ ਗਿਆ ਤੇ ਉਥੇ ਵੀ ਕਬੱਡੀ ਖੇਡਦਾ ਤੇ ਕੁਸ਼ਤੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ।

1947 ਵਿੱਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਦੂਜੇ ਪੁੱਤਰ ਚਰਨ ਸਿੰਘ ਨੇ ਜਨਮ ਲਿਆ। ਉਹ ਜੁੱਸੇ ਦਾ ਨਿੱਗਰ ਸੀ ਤੇ ਵੱਡੇ ਭਰਾ ਦੀ ਰੀਸ ਨਾਲ ਕਬੱਡੀ ਖੇਡਣ ਲੱਗ ਪਿਆ। ਸਿੱਖ ਨੈਸ਼ਨਲ ਕਾਲਜ ਬੰਗਾ ਤੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਦੀ ਟੀਮ ਨੇ ਯੂਨੀਵਰਸਿਟੀ ਦੀ ਕਬੱਡੀ ਚੈਂਪੀਅਨਸ਼ਿਪ ਜਿੱਤੀ। ਜਗਤਪੁਰ ਦੇ ਰਾਜ ਪੱਧਰੀ ਕਬੱਡੀ ਟੂਰਨਾਮੈਂਟ `ਚ ਉਸ ਨੂੰ ਮਾਲਵੇ ਦਾ ਮਸ਼ਹੂਰ ਜਾਫੀ ਨਛੱਤਰ ਢਾਂਡੀ ਵੀ ਨਾ ਡੱਕ ਸਕਿਆ। ਉਹ ਖੇਡ ਦੀ ਪੂਰੀ ਫਾਰਮ ਵਿੱਚ ਸੀ ਜਦੋਂ 1970 ਵਿੱਚ ਕੈਨੇਡਾ ਚਲਾ ਗਿਆ ਤੇ ਉਥੇ ਵੱਡੇ ਵੀਰ ਮਲਕੀਤ ਸਿੰਘ ਨਾਲ ਜ਼ੋਰ ਅਜ਼ਮਾਈ ਕਰਨ ਲੱਗਾ। ਉਹ ਦੱਬ ਕੇ ਕੰਮ ਕਰਦੇ ਤੇ ਵਿਹਲੇ ਵੇਲੇ ਕਬੱਡੀ ਖੇਡਦੇ। <>b1975 ਵਿੱਚ ਕੈਨੇਡਾ ਦੇ ਪਹਿਲੇ ਕਬੱਡੀ ਟੂਰਨਾਮੈਂਟ `ਚ ਉਸ ਨੂੰ ਬੈੱਸਟ ਰੇਡਰ ਐਲਾਨਿਆ ਗਿਆ। ਕੈਨੇਡਾ ਵਿੱਚ ਉਸ ਨੇ 1983 ਤਕ ਕਬੱਡੀ ਖੇਡੀ।

ਪੁਰੇਵਾਲ ਪਰਿਵਾਰ ਵਿੱਚ ਗੁਰਜੀਤ ਸਿੰਘ ਦਾ ਜਨਮ 8 ਜੂਨ 1955 ਨੂੰ ਹੋਇਆ। ਮੁਕੰਦਪੁਰ ਦੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਉਹ ਕਬੱਡੀ ਦਾ ਤਕੜਾ ਖਿਡਾਰੀ ਬਣ ਗਿਆ ਤੇ ਸਕੂਲਾਂ ਦੀ ਸਟੇਟ ਚੈਂਪੀਅਨਸ਼ਿਪ ਵਿੱਚ ਖੇਡਿਆ। ਉਨ੍ਹਾਂ ਦੀ ਟੀਮ ਪੰਜਾਬ ਵਿੱਚ ਦੂਜੇ ਸਥਾਨ ਉਤੇ ਰਹੀ। ਪਹਿਲਾਂ ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਕਬੱਡੀ ਖੇਡਿਆ ਤੇ ਫਿਰ ਉੱਚਪੱਧਰੀ ਕਬੱਡੀ ਖੇਡਣ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਾ ਦਾਖਲ ਹੋਇਆ। ਉਥੇ ਫਾਈਨਲ ਵਿੱਚ ਉਨ੍ਹਾਂ ਦੀ ਟੀਮ ਦਾ ਮੈਚ ਨਡਾਲੇ ਕਾਲਜ ਦੀ ਟੀਮ ਨਾਲ ਪਿਆ ਜਿਸ ਵਿੱਚ ਬਲਵਿੰਦਰ ਫਿੱਡੂ ਵਰਗੇ ਖਿਡਾਰੀ ਖੇਡ ਰਹੇ ਸਨ। ਗੁਰਜੀਤ ਹੋਰਾਂ ਦੀ ਟੀਮ ਨੇ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤ ਲਈ। ਉਹ ਦੋਹਾਂ ਕਾਲਜਾਂ ਦੀਆਂ ਟੀਮਾਂ ਦਾ ਕਪਤਾਨ ਸੀ। ਉਸ ਨੇ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। 1977 ਵਿੱਚ ਉਹ ਵੀ ਆਪਣੇ ਵੱਡੇ ਭਰਾਵਾਂ ਕੋਲ ਕੈਨੇਡਾ ਚਲਾ ਗਿਆ।

ਤਿੰਨੇ ਭਰਾ ਕਬੱਡੀ ਦੇ ਖਿਡਾਰੀ ਹੋਣ ਕਾਰਨ ਉਨ੍ਹਾਂ ਨੇ ਕੈਨੇਡਾ ਵਿੱਚ ਵੀ ਕਬੱਡੀ ਸ਼ੁਰੂ ਕਰ ਲਈ। ਅੱਜ ਕੈਨੇਡਾ ਵਿੱਚ ਕਬੱਡੀ ਦਾ ਜੋ ਮੁਕਾਮ ਹੈ ਉਸ ਦੀਆਂ ਜੜ੍ਹਾਂ ਪੁਰੇਵਾਲ ਭਰਾਵਾਂ ਨੇ ਲਾਈਆਂ ਸਨ। ਜੇਕਰ ਉਨ੍ਹਾਂ ਨੂੰ ਕੈਨੇਡਾ ਦੀ ਕਬੱਡੀ ਦੇ ਪਿਤਾਮਾ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। 1977-78 ਵਿੱਚ ਇੰਗਲੈਂਡ ਦੀ ਕਬੱਡੀ ਟੀਮ ਕੈਨੇਡਾ ਵਿੱਚ ਮੈਚ ਖੇਡਣ ਆਈ। ਏਧਰ ਕੈਨੇਡਾ ਦੀ ਟੀਮ ਵਿੱਚ ਤਿੰਨੇ ਭਰਾ ਖੇਡੇ ਤੇ ਗੁਰਜੀਤ ਨੂੰ ਬੈੱਸਟ ਰੇਡਰ ਐਲਾਨਿਆਂ ਗਿਆ। 1978-79 ਵਿੱਚ ਤਿੰਨੇ ਭਰਾ ਪੂਰੀ ਤਿਆਰੀ ਵਿੱਚ ਸਨ ਤੇ ਕੈਨੇਡਾ ਦੀ ਟੀਮ ਨੇ ਇੰਗਲੈਂਡ ਵਿੱਚ ਖੇਡਣ ਜਾਣਾ ਸੀ। ਇੰਗਲੈਂਡ ਦੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਣਾ ਸੀ ਕਿ ਪੁਰੇਵਾਲ ਭਰਾਵਾਂ ਦੀ ਖੇਡ ਕਿਸ ਮੁਕਾਮ ਉਤੇ ਹੈ? ਇੰਗਲੈਂਡ ਰਵਾਨਾ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਦੇ ਪਿਤਾ ਸ.ਹਰਬੰਸ ਸਿੰਘ ਪੁਰੇਵਾਲ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਉਹ ਇੰਗਲੈਂਡ ਖੇਡਣ ਨਾ ਜਾ ਸਕੇ।

1980 ਵਿੱਚ ਉਨ੍ਹਾਂ ਨੇ ਫਾਰਮ ਲੈ ਲਿਆ ਤੇ ਤਿੰਨੇ ਭਰਾ ਫਾਰਮ ਦੇ ਕੰਮਾਂ ਵਿੱਚ ਮਸਰੂਫ਼ ਹੋ ਗਏ। ਮਲਕੀਤ ਸਿੰਘ ਨੇ ਕਬੱਡੀ ਖੇਡਣੀ ਛੱਡ ਦਿੱਤੀ ਜਦ ਕਿ ਚਰਨ ਤੇ ਗੁਰਜੀਤ 1983 ਤਕ ਖੇਡਦੇ ਰਹੇ। ਗੁਰਜੀਤ 1988 ਵਿੱਚ ਪਿੰਡ ਪਰਤ ਕੇ ਵੀ ਕਬੱਡੀ ਖੇਡਿਆ ਤੇ ਆਪਣੇ ਪਿੰਡ ਵਿੱਚ ਕਬੱਡੀ ਦੀ ਟੀਮ ਖੜ੍ਹੀ ਕੀਤੀ।

ਆਮ ਧਾਰਨਾ ਹੈ ਕਿ ਇੱਕ ਪੀੜ੍ਹੀ ਖੇਡਾਂ ਵਿੱਚ ਦਿਲਚਸਪੀ ਲੈਂਦੀ ਹੈ ਤੇ ਦੂਜੀ ਦੀ ਦਿਲਚਸਪੀ ਘਟ ਜਾਂਦੀ ਹੈ। ਪਰ ਪੁਰੇਵਾਲ ਪਰਿਵਾਰ ਦੀ ਚੌਥੀ ਪੀੜ੍ਹੀ ਵੀ ਖੇਡਾਂ ਵਿੱਚ ਉਨੀ ਹੀ ਸਰਗਰਮ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਜੁੱਸੇ ਤਕੜੇ ਬਣਾਉਣ ਦਾ ਸ਼ੌਕ ਜੱਦੀ ਪੁਸ਼ਤੀ ਤੁਰਿਆ ਆ ਰਿਹੈ। ਉਹ ਸ਼ੁਧ ਖੁਰਾਕ ਤੇ ਮਿਹਨਤ ਕਰਨ ਉਤੇ ਬਲ ਦਿੰਦੇ ਆ ਰਹੇ ਹਨ। ਮਲਕੀਤ ਸਿੰਘ ਦੇ ਲੜਕੇ ਗੁਰਦਾਵਰ ਸਿੰਘ ਤੇ ਹਰਮਨ ਸਿੰਘ ਕਬੱਡੀ ਦੇ ਤਕੜੇ ਖਿਡਾਰੀ ਹਨ। ਦੋਹੇਂ ਕਬੱਡੀ ਦੇ ਉੱਚ ਪੱਧਰੀ ਮੈਚ ਖੇਡਦੇ ਰਹੇ ਹਨ। ਹਰਮਨ ਨੇ ਤਾਂ ਫਿੱਡੂ ਤੇ ਹਰਜੀਤ ਬਰਾੜ ਨੂੰ ਵੀ ਜੱਫੇ ਲਾ ਦਿੱਤੇ ਸਨ ਜਿਨ੍ਹਾਂ ਉਤੇ ਹਜ਼ਾਰਾਂ ਡਾਲਰਾਂ ਦਾ ਇਨਾਮ ਸੀ। ਚਰਨ ਸਿੰਘ ਦਾ ਲੜਕਾ ਚਮਕੌਰ ਸਿੰਘ ਪਹਿਲਾਂ ਕਬੱਡੀ ਖੇਡਣ ਲੱਗਾ ਸੀ ਪਰ ਉੱਚੇ ਕੱਦ ਕਾਠ ਕਾਰਨ ਅਮਰੀਕਨ ਫੁੱਟਬਾਲ ਵੱਲ ਖਿੱਚਿਆ ਗਿਆ।

ਗੁਰਜੀਤ ਸਿੰਘ ਦੇ ਲੜਕੇ ਪਰਮਿੰਦਰ ਪੈਰੀ ਤੇ ਤਜਿੰਦਰ ਟੈਰੀ ਕੁਸ਼ਤੀਆਂ `ਚ ਬੜੇ ਚਮਕੇ ਹਨ। ਪੈਰੀ ਬੀ.ਸੀ.ਦੇ ਸਕੂਲਾਂ ਦਾ ਚੈਂਪੀਅਨ ਬਣਿਆਂ ਤੇ ਸਾਰੇ ਕੈਨੇਡਾ ਵਿੱਚ ਦੂਜੇ ਸਥਾਨ ਉਤੇ ਰਿਹਾ। ਹੁਣ ਉਹ ਕਬੱਡੀ ਦਾ ਤਕੜਾ ਖਿਡਾਰੀ ਹੈ ਜਿਸ ਨੂੰ ਰੌਕੀ ਆਫ਼ ਦਾ ਯੀਅਰ ਦਾ ਖ਼ਿਤਾਬ ਮਿਲਿਆ ਹੈ। ਟੈਰੀ ਨੇ ਵੀ ਕੁਸ਼ਤੀਆਂ ਵਿੱਚ ਬੀ.ਸੀ.ਦੀ ਚੈਂਪੀਅਨਸ਼ਿਪ ਜਿੱਤ ਲਈ ਹੈ ਤੇ ਨੈਸ਼ਨਲ ਵਿੱਚ ਵੀ ਜਿੱਤ ਮੰਚ `ਤੇ ਚੜ੍ਹਿਆ ਹੈ। ਉਸ ਨੇ ਕੈਨੇਡਾ ਦੀ ਕੁਸ਼ਤੀ ਟੀਮ ਦਾ ਮੈਂਬਰ ਬਣ ਕੇ ਕਿਊਬਾ ਦਾ ਟੂਰ ਲਾਇਆ ਹੈ। ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਭਾਰਤ ਕੁਮਾਰ ਦਾ ਟਾਈਟਲ ਵੀ ਜਿੱਤ ਚੁੱਕਾ ਹੈ। ਉਮੀਦ ਹੈ ਇਹ ਨੌਜੁਆਨ ਖੇਡਾਂ ਵਿੱਚ ਪੁਰੇਵਾਲ ਪਰਿਵਾਰ ਦਾ ਨਾਂ ਹੋਰ ਵੀ ਰੌਸ਼ਨ ਕਰਨਗੇ।

ਜਿਥੇ ਪੁਰੇਵਾਲ ਪਰਿਵਾਰ ਦੇ ਮੈਂਬਰ ਖ਼ੁਦ ਖੇਡਾਂ ਖੇਡਦੇ ਆ ਰਹੇ ਹਨ ਉਥੇ ਉਨ੍ਹਾਂ ਨੇ ਸਵਰਗੀ ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿੱਚ ਵੱਡੇ ਇਨਾਮਾਂ ਵਾਲਾ ਪੇਂਡੂ ਖੇਡ ਮੇਲਾ ਕਰਾਉਣਾ ਵੀ ਸ਼ੁਰੂ ਕੀਤਾ ਹੋਇਐ। 1988 ਤੋਂ ਇਹ ਖੇਡ ਮੇਲਾ ਹਕੀਮਪੁਰ ਤੇ ਜਗਤਪੁਰ ਵਿਚਕਾਰ ਬਣੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਕਰਾਇਆ ਜਾਂਦਾ ਹੈ। ਪੁਰੇਵਾਲ ਆਪਣੀ ਕਿਰਤ ਕਮਾਈ ਦਾ ਦਸਵੰਧ ਖੇਡਾਂ ਉਤੇ ਹੀ ਖਰਚਦਾ ਹਨ। ਪਿਛਲੇ ਸਾਲ ਮਨਾਏ ਗਏ ਪੁਰੇਵਾਲ ਖੇਡ ਮੇਲੇ ਦਾ ਬਜਟ ਚਾਲੀ ਲੱਖ ਰੁਪਏ ਤੋਂ ਉਪਰ ਸੀ ਤੇ 22-24 ਫਰਵਰੀ 2008 ਨੂੰ ਮਨਾਏ ਜਾ ਰਹੇ ਅਠ੍ਹਾਰਵੇਂ ਮੇਲੇ ਦਾ ਖਰਚ ਹੋਰ ਵੀ ਵੱਧ ਹੋਵੇਗਾ। ਪੁਰੇਵਾਲ ਭਰਾ ਸਿਰਫ ਆਪਣੇ ਪਿਤਾ ਜੀ ਦੀ ਯਾਦ ਵਿੱਚ ਮਨਾਏ ਜਾਂਦੇ ਖੇਡ ਮੇਲੇ `ਤੇ ਹੀ ਆਪਣੀ ਕਿਰਤ ਕਮਾਈ ਨਹੀਂ ਲਾਉਂਦੇ ਸਗੋਂ ਕੈਨੇਡਾ ਵਿੱਚ ਹੁੰਦੇ ਖੇਡ ਮੇਲਿਆਂ ਦੀ ਵੀ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਐਤਕੀਂ ਉਨ੍ਹਾਂ ਨੇ ਟੋਰਾਂਟੋ ਦੇ ਵਰਲਡ ਕਬੱਡੀ ਕੱਪ ਸਮੇਂ ਭਾਰਤ ਦੀ ਕਬੱਡੀ ਟੀਮ ਸਪਾਂਸਰ ਕੀਤੀ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲਿਆਂ ਵਿੱਚ ਵੀ ਉਨ੍ਹਾਂ ਦਾ ਭਰਵਾਂ ਯੋਗਦਾਨ ਹੁੰਦਾ ਹੈ।

ਉਹ ਖੇਡਾਂ ਦੇ ਮੈਗਜ਼ੀਨ ਖੇਡ ਸੰਸਾਰ ਦੇ ਵੀ ਥੰਮ੍ਹ ਹਨ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਹੀ ਇਹ ਰਸਾਲਾ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਬੀ.ਸੀ.ਕਬੱਡੀ ਐਂਡ ਕਲਚਰਲ ਸੰਸਥਾ ਬਣਾਈ ਹੈ ਜਿਸ ਨੇ ਤਿੰਨ ਸੌ ਸਾਲਾ ਖਾਲਸਾ ਖੇਡ ਮੇਲਾ ਕਰਵਾਇਆ ਸੀ। ਪੁਰੇਵਾਲ ਭਰਾ ਆਪਣੇ ਸਹਿਯੋਗੀ ਸਤਨਾਮ ਸਿੰਘ ਜੌਹਲ ਨਾਲ ਸ੍ਰੀ ਗੁਰੂ ਹਰਗੋਬਿੰਦ ਕੁਸ਼ਤੀ ਅਖਾੜਾ ਚਲਾ ਰਹੇ ਹਨ ਜਿਸ ਅਖਾੜੇ ਦਾ ਪਹਿਲਵਾਨ ਡੇਨੀਅਲ ਇਗਾਲੀ ਉਰਫ਼ ਤੂਫ਼ਾਨ ਸਿੰਘ ਓਲੰਪਿਕ ਚੈਂਪੀਅਨ ਬਣ ਚੁੱਕਾ ਹੈ। ਉਸ ਅਖਾੜੇ ਨੂੰ ਪੰਮਾ ਰੇਰੂ, ਬੁੱਧ ਸਿੰਘ ਧਲੇਤਾ, ਪ੍ਰਸ਼ੋਤਮ ਹੇਅਰ, ਅਜੀਤ ਹੇਅਰ, ਅਮਰੀਕ ਸੰਘੇੜਾ ਤੇ ਹੋਰ ਦੋਸਤਾਂ ਮਿੱਤਰਾਂ ਦਾ ਸਹਿਯੋਗ ਵੀ ਹਾਸਲ ਹੈ। ਉਥੇ ਚਾਲੀ ਪੰਜਾਹ ਪਹਿਲਵਾਨ ਰੋਜ਼ਾਨਾ ਸਿਖਲਾਈ ਲੈਂਦੇ ਹਨ। ਉਨ੍ਹਾਂ ਨੂੰ ਪਹਿਲਾਂ ਰੂਸੀ ਕੋਚ ਜੌਰਜ ਉਰਬੀ ਕੋਚਿੰਗ ਦਿੰਦਾ ਸੀ ਤੇ ਹੁਣ ਅਫ਼ਗ਼ਾਨਿਸਤਾਨ ਦਾ ਕੋਚ ਮੁਹੰਮਦ ਕਿਯੂਮ ਪੱਕੇ ਤੌਰ `ਤੇ ਟ੍ਰੇਨਿੰਗ ਦਿੰਦਾ ਹੈ। ਉਹ ਖ਼ੁਦ ਵੀ ਇੰਟਰਨੈਸ਼ਨਲ ਪੱਧਰ ਦਾ ਪਹਿਲਵਾਨ ਰਿਹੈ।

ਪੁਰੇਵਾਲ ਭਰਾਵਾਂ ਨੇ ਆਪਣੀ ਮਾਤਾ ਸੁਰਜੀਤ ਕੌਰ ਦੀ ਯਾਦ ਵਿੱਚ ਇੱਕ ਅਵਾਰਡ ਸਥਾਪਿਤ ਕੀਤਾ ਹੈ ਜੋ ਹਰ ਸਾਲ ਕੌਮਾਂਤਰੀ ਪੱਧਰ ਦੀ ਪੰਜਾਬਣ ਖਿਡਾਰਨ ਨੂੰ ਦਿੱਤਾ ਜਾ ਰਿਹੈ। ਇਸ ਤੋਂ ਬਿਨਾਂ ਉਹ ਹਰ ਸਾਲ ਪੁਰੇਵਾਲ ਖੇਡ ਮੇਲੇ `ਤੇ ਖੇਡ ਲੇਖਕਾਂ, ਪੁਰਾਣੇ ਖਿਡਾਰੀਆਂ ਤੇ ਕਲਾਕਾਰਾਂ ਦਾ ਵੀ ਮਾਣ ਸਨਮਾਨ ਕਰਦੇ ਹਨ। ਖੇਡ ਪੁਸਤਕਾਂ ਛਾਪਣ ਵਿੱਚ ਵੀ ਮਾਇਕ ਸਹਾਇਤਾ ਦਿੰਦੇ ਹਨ ਤੇ ਹਜ਼ਾਰਾਂ ਰੁਪਿਆ ਦੀਆਂ ਪੁਸਤਕਾਂ ਆਪਣੇ ਖੇਡ ਮੇਲੇ ਵਿੱਚ ਖੇਡ ਨਿਸ਼ਾਨੀਆਂ ਵਜੋਂ ਵੰਡਦੇ ਹਨ। ਉਨ੍ਹਾਂ ਨੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨੂੰ ਵੀ ਬਣਦਾ ਸਰਦਾ ਦਾਨ ਦਿੱਤਾ ਹੈ। ਉਹ ਪੰਜਾਬ ਸਰਕਾਰ ਨਾਲ ਬਰਾਬਰ ਦਾ ਹਿੱਸਾ ਪਾਉਣ ਲਈ ਤਿਆਰ ਹਨ ਜੇਕਰ ਪੰਜਾਬ ਦਾ ਖੇਡ ਵਿਭਾਗ ਜਗਤਪੁਰ ਦੇ ਸਟੇਡੀਅਮ ਵਿੱਚ ਕੋਚਿੰਗ ਸੈਂਟਰ ਸ਼ੁਰੂ ਕਰੇ।

ਵੈਨਕੂਵਰ ਦੇ ਨਾਲ ਹੀ ਪਿਟਮੀਡੋਜ਼ ਵਿੱਚ ਉਨ੍ਹਾਂ ਦਾ ਬਲਿਊ ਬੇਰੀ ਫਾਰਮ ਤੇ ਵੱਡੀ ਕੇਨਰੀ ਹੈ ਜਿਥੇ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀ ਕਾਮੇ ਕੰਮ ਕਰਦੇ ਹਨ। ਉਨ੍ਹਾਂ ਨੇ ਵਡੇਰੀ ਉਮਰ ਦੇ ਬੰਦਿਆਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਸਵੈਮਾਨ ਦੀ ਜ਼ਿੰਦਗੀ ਦਿੱਤੀ ਹੈ। ਹੁਣ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਉਨ੍ਹਾਂ ਦੇ ਫਾਰਮ ਉਤੇ ਲੰਗਰ ਚਲਦਾ ਰਹਿੰਦਾ ਹੈ। ਪੁਰੇਵਾਲ ਪਰਿਵਾਰ ਦੀਆਂ ਬੀਬੀਆਂ ਗਿਆਨ ਕੌਰ, ਗੁਰਦੇਵ ਕੌਰ ਤੇ ਬਲਵਿੰਦਰ ਕੌਰ ਸੇਵਾ ਭਾਵ ਵਾਲੀਆਂ ਘਰੇਲੂ ਸਿੰਘਣੀਆਂ ਹਨ। ਪੁਰੇਵਾਲ ਫਾਰਮ ਉਤੇ ਆਏ ਗਏ ਮਹਿਮਾਨਾਂ ਦਾ ਮੇਲਾ ਲੱਗਿਆ ਰਹਿੰਦਾ ਹੈ ਤੇ ਬੀਬੀਆਂ ਦੀ ਪ੍ਰਾਹੁਣਚਾਰੀ ਮਿਸਾਲੀ ਹੈ। ਗੁਰੂ ਮਹਾਰਾਜ ਦੀ ਮਿਹਰ ਨਾਲ ਚੁੱਲ੍ਹੇ ਸਦਾ ਤਪਦੇ ਰਹਿੰਦੇ ਹਨ।

ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਣ ਲੱਗ ਪਏ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀ ਰੀਸ ਨਹੀਂ। ਉਥੇ ਚੋਟੀ ਦੀ ਕਬੱਡੀ ਤੇ ਰੁਸਤਮੀ ਕੁਸ਼ਤੀਆਂ ਦੇ ਨਾਲ ਕਈ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੋਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ ਦਿਸਦੀਆਂ ਹਨ। ਕੁੱਤਿਆਂ ਦੀਆਂ ਦੌੜਾਂ ਦੀ ਆਪਣੀ ਰੇਲ ਬਣੀ ਹੁੰਦੀ ਹੈ। ਬਾਜ਼ੀਗਰਾਂ ਦੇ ਜਾਨ ਹੂਲਵੇਂ ਕਰਤਬ ਤਿੰਨੇ ਦਿਨ ਮੇਲੀਆਂ ਨੂੰ ਮੁਗਧ ਕਰੀ ਰੱਖਦੇ ਹਨ। ਮੀਡੀਏ ਨੇ ਪੁਰੇਵਾਲ ਮੇਲੇ ਨੂੰ ਲੱਖਾਂ ਦੇ ਇਨਾਮਾਂ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ। ਪੁਰੇਵਾਲ ਪਰਿਵਾਰ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਪੁਰੇਵਾਲ ਖੇਡ ਮੇਲਾ ਵੇਖਣ ਆਉਣ ਤੇ ਹਕੀਮਪੁਰੀਆਂ ਨੂੰ ਧੰਨਵਾਦੀ ਬਣਾਉਣ। ਅਠ੍ਹਾਰਵੇਂ ਪੁਰੇਵਾਲ ਖੇਡ ਮੇਲੇ ਦੇ ਕਈ ਈਵੈਂਟ ਯਾਦਗਾਰੀ ਹੋਣਗੇ ਜੋ ਦੇਰ ਤਕ ਗੱਲਾਂ ਕਰਾਉਣਗੇ।

ਕੇਸਰ ਸਿੰਘ ਪੂਨੀਆ ਨੇ 31 ਅਗੱਸਤ 2009 ਤਕ 460 ਮੈਡਲ ਜਿੱਤ ਲਏ ਹਨ। ਉਹਦੀ ਪਤਨੀ ਹਰਬੰਸ ਕੌਰ ਦੋ ਕੁ ਸਾਲਾਂ ਤੋਂ ਖੇਡਾਂ ਵਿੱਚ ਭਾਗ ਲੈਣ ਲੱਗੀ ਹੈ ਤੇ 21 ਤਮਗ਼ੇ ਉਹ ਵੀ ਜਿੱਤ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਲੰਮੀ ਉਮਰ ਬਖ਼ਸ਼ੀ ਤਾਂ ਪੂਨੀਆ ਜੋੜੀ ਵੱਲੋਂ ਹਜ਼ਾਰ ਮੈਡਲ ਫਤਿਹ ਸਮਝੋ। ਅਗੱਸਤ ਦੇ ਆਖ਼ਰੀ ਹਫ਼ਤੇ ਕੈਮਲੂਪਸ ਬੀ.ਸੀ.ਵਿੱਚ ਹੋਈ ਕੈਨੇਡੀਅਨ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ-2009 ਵਿਚੋਂ ਉਹ 13 ਤਮਗ਼ੇ ਜਿੱਤ ਕੇ ਲਿਆਏ ਹਨ। ਲੱਗਦੈ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੇ ਨਾਂ ਦਰਜ ਕਰਾ ਹੀ ਬੱਸ ਕਰਨਗੇ।

ਕੇਸਰ ਸਿੰਘ ਪੂਨੀਆ ਬਜ਼ੁਰਗਾਂ ਦਾ ਰੋਲ ਮਾਡਲ ਹੈ। ਉਹ ਛਿਹੱਤਰਵੇਂ ਸਾਲ `ਚ ਹੈ। ਜਿਵੇਂ ਉਸ ਨੇ ਜੁੱਸੇ ਨੂੰ ਸੰਭਾਲ ਰੱਖਿਆ ਹੈ ਲੱਗਦੈ ਸੈਂਚਰੀ ਮਾਰੇਗਾ। ਹਾਲੇ ਤਕ ਕੋਈ ਬਿਮਾਰੀ ਉਹਦੇ ਨੇੜੇ ਨਹੀਂ ਢੁੱਕੀ ਤੇ ਨਾ ਉਹ ਕੋਈ ਗੋਲੀ ਖਾਂਦੈ। ਉਹ 48 ਇੰਚ ਲੰਮੀ ਦਾੜ੍ਹੀ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਹੈ। ਨਸ਼ਿਆਂ ਤੋਂ ਬਚਿਆ ਹੋਇਐ ਪਰ ਪ੍ਰੋਟੀਨ ਲੈਣ ਤੇ ਜੁੱਸਾ ਤਾਕਤਵਰ ਰੱਖਣ ਲਈ ਕਦੇ ਕਦੇ ਮੀਟ ਆਂਡਾ ਖਾ ਲੈਂਦੈ। ਕਹਿੰਦਾ ਹੈ ਕਿ ਇਹ ਮੈਨੂੰ ਹਰੀਆਂ ਵੇਲਾਂ ਵਾਲਿਆਂ ਨੇ ਮਨ੍ਹਾਂ ਨਹੀਂ ਸੀ ਕੀਤਾ। ਨਾਲੇ ਬਾਹਰ ਜਾ ਕੇ ਕਈ ਵਾਰ ਸ਼ੁਧ ਵੈਸ਼ਨੂੰ ਭੋਜਨ ਮਿਲਦਾ ਵੀ ਨਹੀਂ। ਗਾਤਰਾ ਕਿਰਪਾਨ ਉਹ ਹਰ ਵੇਲੇ ਪਾ ਕੇ ਰੱਖਦਾ ਹੈ। ਹਵਾਈ ਜਹਾਜ਼ ਚੜ੍ਹਨ ਲੱਗਾ ਸਮਾਨ ਵਾਲੇ ਅਟੈਚੀ `ਚ ਸੰਭਾਲ ਦਿੰਦਾ ਹੈ ਤੇ ਬਾਹਰ ਨਿਕਲ ਕੇ ਫਿਰ ਪਾ ਲੈਂਦਾ ਹੈ। ਕੇਸਾਂ `ਚ ਕਿਰਪਾਨ ਦੀ ਨਿਸ਼ਾਨੀ ਵਾਲਾ ਕੰਘਾ ਹਮੇਸ਼ਾਂ ਟੰਗੀ ਰੱਖਦੈ।

ਉਸ ਨੇ ਅਮਰੀਕਾ, ਆਸਟ੍ਰੇਲੀਆ, ਦੱਖਣੀ ਅਫਰੀਕਾ, ਸਪੇਨ, ਇੰਗਲੈਂਡ ਤੇ ਕੈਨੇਡਾ `ਚ ਵਿਸ਼ਵ ਵੈਟਰਨ ਅਥਲੈਟਿਕ ਮੀਟਾਂ ਵਿੱਚ ਦੌੜਨ ਕੁੱਦਣ ਦੇ ਮੁਕਾਬਲੇ ਕੀਤੇ ਹਨ। ਹਰ ਥਾਂ ਉਹ ਪ੍ਰਬੰਧਕਾਂ ਨੂੰ ਮਨਾ ਲੈਂਦਾ ਰਿਹੈ ਕਿ ਮੈਨੂੰ ਮੇਰਾ ਧਾਰਮਿਕ ਚਿੰਨ੍ਹ ਕਿਰਪਾਨ ਪਹਿਨ ਕੇ ਮੁਕਾਬਲੇ ਵਿੱਚ ਹਿੱਸਾ ਲੈਣ ਦਿੱਤਾ ਜਾਵੇ। ਹਰੇਕ ਥਾਂ ਉਸ ਨੂੰ ਇਹਦੀ ਆਗਿਆ ਮਿਲਦੀ ਰਹੀ ਹੈ ਤੇ ਨਾਲ ਹੀ ਪ੍ਰਬੰਧਕਾਂ ਨੂੰ ਕਿਰਪਾਨ ਦੀ ਮਹੱਤਾ ਦਾ ਪਤਾ ਲੱਗਦਾ ਰਿਹੈ। ਉਹ ਦਾੜ੍ਹੀ ਬੰਨ੍ਹ ਕੇ ਰੱਖਦਾ ਹੈ ਪਰ ਜੇ ਖੋਲ੍ਹ ਲਵੇ ਤਾਂ ਉਹ ਪੱਟਾਂ ਤਕ ਵਿਛ ਜਾਂਦੀ ਹੈ।

ਉਸ ਦੀ ਪੱਗ ਉਤੇ ਸਟੀਲ ਦਾ ਤੇ ਗਲ ਵਿੱਚ ਸੋਨੇ ਦਾ ਖੰਡਾ ਪਾਇਆ ਹੁੰਦੈ ਤੇ ਉਹ ਪੂਰੇ ਸਿੱਖੀ ਸਰੂਪ ਵਿੱਚ ਖਿਡਾਰੀਆਂ ਦੇ ਮਾਰਚ ਵਿੱਚ ਹਿੱਸਾ ਲੈਂਦੈ। ਸੈਂਕੜੇ ਖਿਡਾਰੀਆਂ `ਚ ਖੜ੍ਹਾ ਉਹ ਸਭ ਤੋਂ ਨਿਆਰਾ ਦਿਸਦੈ। ਸੁੱਖ ਨਾਲ ਕੱਦ ਵੀ ਛੇ ਫੁੱਟ ਇੱਕ ਇੰਚ ਹੈ ਤੇ ਪੱਗ ਨਾਲ ਸਵਾ ਛੇ ਫੁੱਟਾ ਜੁਆਨ ਲੱਗਦੈ। ਦਾੜ੍ਹੀ ਬੱਗੀ ਨਾ ਹੋਵੇ ਤਾਂ ਉਹ ਅਸਲੀ ਉਮਰ ਨਾਲੋਂ ਪੌਣੀ ਉਮਰ ਦਾ ਲੱਗੇ। ਜਦੋਂ ਮਸਤੀ `ਚ ਆਇਆ ਭੰਗੜਾ ਪਾਉਂਦੈ ਤਾਂ ਗੋਰਿਆਂ ਨੂੰ ਵੀ ਨੱਚਣ ਲਾ ਦਿੰਦੈ। ਜੋੜ ਮੇਲਿਆਂ ਤੇ ਸਮਾਜਿਕ ਸਮਾਗਮਾਂ ਵਿੱਚ ਸੇਵਾ ਕਰ ਕੇ ਉਸ ਨੂੰ ਅਥਾਹ ਖ਼ੁਸ਼ੀ ਹੁੰਦੀ ਹੈ। ਉਹ ਅਨੇਕਾਂ ਸਭਾ ਸੁਸਾਇਟੀਆਂ ਦਾ ਸੇਵਾਦਾਰ ਹੈ। ਖੂਨ ਦਾਨ ਕਰਨੋਂ ਵੀ ਕਦੇ ਪਿੱਛੇ ਨਹੀਂ ਰਿਹਾ। ਕਾਸ਼ ਅਜਿਹੇ ਬਾਬੇ ਘਰ ਘਰ ਹੋਣ!

ਕੇਸਰ ਸਿੰਘ ਦਾ ਜਨਮ ਸੂਬੇਦਾਰ ਜਗਤ ਸਿੰਘ ਦੇ ਘਰ ਮਾਤਾ ਚੰਨਣ ਕੌਰ ਦੀ ਕੁੱਖੋਂ 1 ਫਰਵਰੀ 1934 ਨੂੰ ਪਿੰਡ ਪੱਦੀ ਸੂਰਾ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ। ਉਹ ਪੱਦੀ ਸੂਰਾ ਸਿੰਘ ਦੇ ਸਕੂਲ ਵਿੱਚ ਪੜ੍ਹਿਆ ਤੇ ਖੇਡਿਆ ਅਤੇ ਜ਼ਿਲ੍ਹੇ ਤੋਂ ਲੱਗ ਕੇ ਡਿਵੀਜ਼ਨ ਤਕ ਦੇ ਇਨਾਮ ਜਿੱਤਦਾ ਰਿਹਾ। ਸਕੂਲ ਵਿੱਚ ਉਹ ਹਾਕੀ ਖੇਡਦਾ ਸੀ ਤੇ ਗੋਲਾ ਵੀ ਸੁੱਟਦਾ ਸੀ। ਵਿਚੇ ਵਾਲੀਵਾਲ ਖੇਡੀ ਜਾਂਦਾ। 1953 ਵਿੱਚ ਉਸ ਦਾ ਵਿਆਹ ਚੱਬੇਵਾਲ ਦੀ ਬੀਬੀ ਹਰਬੰਸ ਕੌਰ ਨਾਲ ਹੋ ਗਿਆ ਤੇ ਉਸ ਦੀ ਕੁੱਖੋਂ ਪੰਜ ਬੱਚਿਆਂ ਨੇ ਜਨਮ ਲਿਆ। ਕਮਲਜੀਤ ਤੇ ਗੁਰਦੀਪ ਪੁੱਤਰ ਹਨ ਅਤੇ ਇੰਦਰਜੀਤ, ਸੁਖਜੀਤ ਤੇ ਚਰਨਜੀਤ ਧੀਆਂ ਹਨ। ਇੱਕ ਪੁੱਤਰ ਇੰਗਲੈਂਡ ਵਿੱਚ ਹੈ ਤੇ ਬਾਕੀ ਸਾਰੇ ਕੈਨੇਡਾ ਵਿੱਚ ਹਨ। ਹਰਬੰਸ ਕੌਰ ਬੱਚਿਆਂ ਦੀ ਦੇਖ ਭਾਲ ਕਰਦੀ ਰਹੀ ਹੈ ਤੇ ਕੇਸਰ ਸਿੰਘ ਬੱਚਿਆਂ ਨੂੰ ਸਕੂਲ ਲਿਜਾਂਦਾ ਲਿਆਉਂਦਾ ਖੇਡਾਂ ਖੇਡਣ ਲਿਜਾਂਦਾ ਰਿਹੈ। ਉਹ ਹਰ ਰੋਜ਼ ਇਕਂ ਦੋ ਘੰਟੇ ਤੁਰਦਾ, ਦੌੜਦਾ ਤੇ ਹੋਰ ਕਸਰਤਾਂ ਕਰਦਾ ਹੈ। ਉਸ ਦਾ ਖਾਣਾ ਪੀਣਾ ਬਹੁਤ ਸਾਦਾ ਹੈ। ਉਹ ਹਰ ਵੇਲੇ ਤਿਆਰ ਬਰਤਿਆਰ ਚੜ੍ਹਦੀ ਕਲਾ `ਚ ਰਹਿਣ ਵਾਲਾ ਸਿੰਘ ਹੈ।

ਦਸਵੀਂ ਕਰ ਕੇ ਉਸ ਨੇ ਡਰਾਇੰਗ ਮਾਸਟਰੀ ਦਾ ਕੋਰਸ ਕੀਤਾ ਸੀ ਤੇ ਸ਼ਾਹਕੋਟ ਨੇੜੇ ਨੰਗਲ ਅੰਬੀਆਂ ਦੇ ਸਕੂਲ ਵਿੱਚ ਡਰਾਇੰਗ ਮਾਸਟਰ ਲੱਗ ਗਿਆ ਸੀ। ਉਥੇ ਵਾਲੀਬਾਲ ਤੇ ਫੁੱਟਬਾਲ ਦੀਆਂ ਟੀਮਾਂ ਤਿਆਰ ਕੀਤੀਆਂ। ਟੀਮ ਲੈ ਕੇ ਨਕੋਦਰ ਗਿਆ ਤਾਂ ਕਬੱਡੀ ਦਾ ਕੋਚ ਅਜੀਤ ਸਿੰਘ ਮਾਲੜੀ ਮਿਲ ਗਿਆ। ਉਸ ਨੇ ਕੇਸਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਐੱਨ.ਡੀ.ਆਈ.ਐੱਸ.ਦਾ ਕੋਰਸ ਕਰ ਲਵੇ। ਕੇਸਰ ਸਿੰਘ ਨੇ ਸਲਾਹ ਮੰਨ ਲਈ ਤੇ ਕੋਰਸ ਕਰ ਕੇ ਖਾਲਸਾ ਹਾਈ ਸਕੂਲ ਮਾਹਲਪੁਰ ਵਿੱਚ ਇੰਸਟ੍ਰਕਟਰ ਲੱਗ ਗਿਆ। ਮਾਹਲਪੁਰ ਫੁੱਟਬਾਲ ਦਾ ਘਰ ਹੈ ਜਿਥੇ ਉਸ ਨੂੰ ਫੁੱਟਬਾਲ ਦੇ ਖਿਡਾਰੀ ਤਿਆਰ ਕਰਨ ਦੇ ਮੌਕੇ ਮਿਲੇ। ਉਥੇ ਉਸ ਨੇ 1960 ਤੋਂ 66 ਤਕ ਨੌਕਰੀ ਕੀਤੀ। 66 ਤੋਂ 68 ਤਕ ਟੁਟੋਮਜਾਰਾ ਤੇ 68 ਤੋਂ 76 ਤਕ ਸਰਕਾਰੀ ਸਕੂਲ ਪੱਦੀ ਸੂਰਾ ਸਿੰਘ `ਚ ਸਰਵਿਸ ਕਰਦਾ ਰਿਹਾ। ਸਕੂਲ ਦੀ ਨੌਕਰੀ ਦੇ ਨਾਲ 1960 ਤੋਂ 76 ਤਕ ਉਹ ਮਾਹਲਪੁਰ ਦੀ ਹੋਮਗਾਰਡ ਪਲਾਟੂਨ ਦਾ ਕਮਾਂਡਰ ਵੀ ਰਿਹਾ। ਕਦੇ ਕਦੇ ਆਪਣੀ ਕਾਰ ਦਿੱਲੀ ਏਅਰਪੋਰਟ ਦਾ ਗੇੜੇ ਲਾਉਣ ਲਈ ਟੈਕਸੀ ਵਜੋਂ ਵੀ ਵਰਤ ਲੈਂਦਾ ਸੀ।

ਅੰਗਰੇਜ਼ੀ ਦੇ ਤਿੰਨ ਡਬਲਯੂ ਵਰਕ, ਵੋਮੈੱਨ ਤੇ ਵੈਦਰ ਬਾਰੇ ਕਿਹਾ ਜਾਂਦੈ ਕਿ ਕੈਨੇਡਾ `ਚ ਇਨ੍ਹਾਂ ਦਾ ਕੋਈ ਇਤਬਾਰ ਨਹੀਂ ਕਦੋਂ ਬਦਲ ਜਾਣ। ਕੇਸਰ ਸਿੰਘ ਪੂਨੀਆ ਦੇ ਤਿੰਨ ਜੱਜੇ ਹਨ ਜਿਨ੍ਹਾਂ ਦਾ ਮਤਲਬ ਜਦੋਂ ਮਰਜ਼ੀ, ਜਿੰਨਾ ਮਰਜ਼ੀ ਤੇ ਜਿਥੇ ਮਰਜ਼ੀ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਜਦੋਂ, ਜਿਥੇ ਤੇ ਜਿੰਨਾ ਮਰਜ਼ੀ ਕੰਮ ਮਿਲੇ ਉਸ ਨੇ ਛੱਡਿਆ ਨਹੀਂ। ਉਹ ਪੰਜਾਬ ਵਿੱਚ ਵੀ ਤਿੰਨ ਜੌਬਾਂ ਕਰਦਾ ਆਇਆ ਸੀ ਤੇ ਕੈਨੇਡਾ ਆ ਕੇ ਵੀ ਤਿੰਨ ਜੌਬਾਂ ਕਰਦਾ ਰਿਹਾ। ਪੰਜਾਬ ਵਿੱਚ ਸਕੂਲ ਦਾ ਮਾਸਟਰ, ਹੋਮਗਾਰਡ ਦਾ ਕਮਾਂਡਰ ਤੇ ਟੈਕਸੀ ਦਾ ਡਰਾਈਵਰ ਸੀ। ਕੈਨੇਡਾ `ਚ ਸਕਿਉਰਿਟੀ ਦੀਆਂ ਦੋ ਜੌਬਾਂ ਦੇ ਨਾਲ ਬੱਸ ਵੀ ਚਲਾਈ ਗਿਆ। ਉਸ ਨੇ ਲਗਾਤਾਰ ਅਠਾਈ ਅਠਾਈ ਘੰਟੇ ਸਕਿਉਰਿਟੀ ਦੀ ਜੌਬ ਕੀਤੀ। ਉਸ ਨੂੰ ਜਦੋਂ ਮਰਜ਼ੀ, ਜਿਥੇ ਮਰਜ਼ੀ ਤੇ ਜਿੰਨੇ ਮਰਜ਼ੀ ਸਮੇਂ ਲਈ ਸੱਦਿਆ ਜਾ ਸਕਦਾ ਸੀ ਤੇ ਉਸ ਨੇ ਕਦੇ ਨਾਂਹ ਨਹੀਂ ਸੀ ਕੀਤੀ। ਅਜਿਹੇ ਅਫ਼ਲਾਤੂਨ ਬਾਰੇ ਕੀ ਕਿਹਾ ਜਾਏ? ਏਨਾ ਕੰਮ ਕਰ ਕੇ ਉਹ ਬੁੱਢਾ ਨਹੀਂ ਹੋਇਆ ਸਗੋਂ ਜੁਆਨ ਹੁੰਦਾ ਗਿਆ!

ਦੁਆਬੇ ਦੀਆਂ ਪਰਵਾਸੀ ਸਵਾਰੀਆਂ ਹਵਾਈ ਅੱਡੇ `ਤੇ ਲਿਜਾਂਦਿਆਂ ਤੇ ਲਿਆਉਂਦਿਆਂ ਉਸ ਨੇ ਛੋਟਾ ਮੁੰਡਾ ਇੰਗਲੈਂਡ ਮੰਗ ਲਿਆ ਤੇ ਵੱਡੀ ਲੜਕੀ ਕੈਨੇਡਾ ਵਿਆਹ ਦਿੱਤੀ। ਵੱਡਾ ਮੁੰਡਾ ਕੈਨੇਡਾ ਵਿਆਹਿਆ ਤਾਂ ਉਸ ਨੇ ਸਾਰਾ ਪਰਿਵਾਰ ਹੀ ਕੈਨੇਡਾ ਸੱਦ ਲਿਆ। ਕੇਸਰ ਸਿੰਘ ਨੇ ਇੰਡੀਆ ਦੀ ਹੋਮਗਾਰਡੀ ਛੱਡ ਕੇ ਕੈਨੇਡਾ ਦੀ ਹੋਮਗਾਰਡੀ ਸ਼ੁਰੂ ਕਰ ਲਈ। ਪੱਦੀ ਸੂਰਾ ਸਿੰਘ ਦੇ ਸਕੂਲ ਤੋਂ ਬੋਹਣਪੱਟੀ ਦੇ ਡੀ.ਏ.ਵੀ.ਹਾਈ ਸਕੂਲ ਤੇ ਬੀ.ਈ.ਓ.ਬਣਨ ਉਪਰੰਤ ਉਹ 1988 ਵਿੱਚ ਕੈਨੇਡਾ ਪੁੱਜਾ। 1990 ਤੋਂ ਉਹ ਵੈਟਰਨ ਅਥਲੀਟਾਂ ਦੀਆਂ ਮੀਟਾਂ ਵਿੱਚ ਭਾਗ ਲੈ ਰਿਹੈ ਤੇ ਮੈਡਲਾਂ ਦੀਆਂ ਝੋਲੀਆਂ ਭਰੀ ਜਾ ਰਿਹੈ। ਉਹ ਕੈਨੇਡਾ ਦਾ ਮੰਨਿਆ ਪ੍ਰਮੰਨਿਆ ਵੈਟਰਨ ਅਥਲੀਟ ਹੈ ਜਿਸ ਦੀਆਂ ਹਰਡਲਾਂ ਟੱਪਦੇ ਦੀਆਂ ਤਸਵੀਰਾਂ ਖੇਡ ਪਰਚਿਆਂ ਦੇ ਟਾਈਟਲ `ਤੇ ਛਪੀਆਂ ਹਨ। ਉਹ ਕੈਨੇਡਾ ਦਾ ਵਿਸ਼ੇਸ਼ ਵਿਅਕਤੀ ਹੈ ਜਿਸ ਨੂੰ ਪ੍ਰਧਾਨ ਮੰਤਰੀ ਵੱਲੋਂ ਵੀ ਵਧਾਈ ਸੰਦੇਸ਼ ਮਿਲਦੇ ਹਨ।

ਕੇਸਰ ਸਿੰਘ ਨੇ 1982 ਵਿੱਚ ਅੰਮ੍ਰਿਤ ਛਕਿਆ ਸੀ ਤੇ ਓਦੂੰ ਬਾਅਦ ਹੋਰਨਾਂ ਨੂੰ ਅੰਮ੍ਰਿਤ ਪਾਣ ਕਰਨ ਲਈ ਪ੍ਰੇਰ ਰਿਹੈ। ਉਹ ਆਮ ਕਰ ਕੇ ਚਿੱਟੀ ਫਿਫਟੀ ਲਾਉਂਦੇ ਤੇ ਨੀਲੀ ਪੱਗ ਬੰਨ੍ਹਦੈ। ਉਹਦਾ ਨੀਲਾ ਬਲੇਜ਼ਰ ਦਰਜਨ ਤੋਂ ਵੱਧ ਬੈਜਾਂ ਤੇ ਖੇਡ ਨਿਸ਼ਾਨੀਆਂ ਨਾਲ ਚਮਕ ਰਿਹੈ। ਨੱਕ ਤਿੱਖਾ ਹੈ, ਰੰਗ ਗੋਰਾ ਤੇ ਸਰੀਰਕ ਭਾਰ ਦੋ ਸੌ ਪੌਂਡ ਦੇ ਆਸ ਪਾਸ ਰੱਖਦਾ ਹੈ। ਕੰਮ ਉਤੇ ਜਾਣ ਲੱਗਿਆਂ ਦੁੱਧ, ਫਲ ਤੇ ਪਰੌਂਠੇ ਨਾਲ ਲੈ ਜਾਇਆ ਕਰਦਾ ਸੀ। ਉਹ ਭਰੀ ਸਭਾ `ਚ ਲੈਕਚਰ ਕਰ ਸਕਦੈ ਤੇ ਰੇਡੀਓ ਟੀਵੀ ਤੋਂ ਬੜਾ ਵਧੀਆ ਬੋਲਦੈ। ਪਤਾ ਨਹੀਂ ਸ਼੍ਰੋਮਣੀ ਕਮੇਟੀ ਨੂੰ ਕੇਸਰ ਸਿੰਘ ਦੀ ਪ੍ਰਤਿਭਾ ਦਾ ਪਤਾ ਲੱਗਾ ਹੈ ਜਾਂ ਨਹੀਂ। ਪਰਵਾਸੀ ਅਖ਼ਬਾਰ ਵਾਲਿਆਂ ਨੂੰ ਤਾਂ ਪਤਾ ਲੱਗ ਗਿਆ ਹੈ ਤੇ ਉਨ੍ਹਾਂ ਨੇ ਉਸ ਨੂੰ ਪਰਵਾਸੀ ਅਵਾਰਡ ਨਾਲ ਸਨਮਾਨਿਆ ਹੈ।

ਵੈਟਰਨ ਅਥਲੈਟਿਕ ਮੁਕਾਬਲਿਆਂ ਦੀ ਦੱਸ ਉਸ ਨੂੰ ਚੱਬੇਵਾਲ ਦੇ ਇੱਕ ਫੌਜੀ ਵਾਕਰ ਨੇ ਪਾਈ ਸੀ। ਉਹ ਪੰਜਾਬ ਦੀ ਵੈਟਰਨ ਅਥਲੈਟਿਕ ਮੀਟ ਲਈ ਤਿਆਰੀ ਕਰ ਰਿਹਾ ਸੀ ਕਿ ਕੈਨੇਡਾ ਆਉਣ ਦਾ ਸਬੱਬ ਬਣ ਗਿਆ। ਦੋ ਸਾਲ ਤਾਂ ਉਹ ਟੋਰਾਂਟੋ ਦੇ ਕਬੱਡੀ ਮੇਲਿਆਂ `ਚ ਹੀ ਦੌੜਦਾ ਰਿਹਾ ਫਿਰ ਉਸ ਨੂੰ ਪਤਾ ਲੱਗ ਗਿਆ ਕਿ ਵੈਟਰਨ ਅਥਲੈਟਿਕ ਮੀਟਾਂ ਕੈਨੇਡਾ ਵਿੱਚ ਵੀ ਹੁੰਦੀਆਂ ਹਨ। ਉਸ ਨੇ ਓਨਟੈਰੀਓ ਦੀ ਮਾਸਟਰਜ਼ ਅਥਲੈਟਿਕ ਕਲੱਬ ਕੋਲ ਆਪਣਾ ਨਾਂ ਦਰਜ ਕਰਵਾ ਦਿੱਤਾ ਤੇ ਸੂਬੇ ਦੇ ਮੁਕਾਬਲਿਆਂ ਤੋਂ ਲੱਗ ਕੇ ਕੈਨੇਡਾ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਜਿੱਤਣ ਲੱਗਾ। ਛੇ ਵਾਰ ਉਹ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਵਰਲਡ ਵੈਟਰਨ ਅਥਲੈਟਿਕ ਮੀਟਾਂ ਵਿੱਚ ਭਾਗ ਲੈਣ ਗਿਆ। ਵਿਸ਼ਵ ਪੱਧਰ ਦੀਆਂ ਮੀਟਾਂ `ਚੋਂ ਉਸ ਨੇ ਤਿੰਨ ਤਾਂਬੇ ਦੇ ਤਮਗ਼ੇ ਜਿੱਤੇ ਹਨ। ਐਡਮਿੰਟਨ ਦੀਆਂ ਵਰਲਡ ਮਾਸਟਰਜ਼ ਖੇਡਾਂ ਵਿੱਚ ਉਹ ਸੌ ਮੀਟਰ ਦੀ ਦੌੜ, ਲੰਮੀ ਛਾਲ ਤੇ ਤੀਹਰੀ ਛਾਲ ਵਿੱਚ ਤੀਜੇ ਸਥਾਨ `ਤੇ ਰਿਹਾ ਸੀ।

ਵੈਟਰਨ ਮੀਟਾਂ `ਚ ਚਾਲੀ ਸਾਲ ਦੀ ਉਮਰ ਤੋਂ ਵਡੇਰੇ ਖਿਡਾਰੀ ਆਪਣੇ ਹਾਣੀਆਂ ਨਾਲ ਮੁਕਾਬਲੇ ਕਰਦੇ ਹਨ। ਪਹਿਲਾਂ ਪੂਨੀਆ 55 ਤੋਂ 60 ਸਾਲ, ਫਿਰ 60 ਤੋਂ 65 ਸਾਲ, ਫਿਰ 65 ਤੋਂ 70 ਸਾਲ ਤੇ 70 ਤੋਂ 75 ਸਾਲ ਦੇ ਉਮਰ ਵਰਗ ਵਿੱਚ ਮਿਕਦਾ ਰਿਹਾ। ਹੁਣ 75 ਤੋਂ 80 ਸਾਲ ਦੇ ਉਮਰ ਵਰਗ ਵਿੱਚ ਭਾਗ ਲੈ ਰਿਹੈ। ਹਰਬੰਸ ਕੌਰ 70 ਤੋਂ 75 ਸਾਲ ਦੇ ਵਰਗ ਵਿੱਚ ਭਾਗ ਲੈਂਦੀ ਹੈ। ਜਿਵੇਂ ਜਿਵੇਂ ਉਨ੍ਹਾਂ ਦੀ ਉਮਰ ਵਧੇਗੀ ਉਨ੍ਹਾਂ ਨੂੰ ਵਧੇਰੇ ਮੈਡਲ ਜਿੱਤਣ ਦੇ ਮੌਕੇ ਜੁੜਨਗੇ। ਡੱਬਵਾਲੀ ਦੇ ਬਾਬਾ ਗੁਲਾਬ ਸਿੰਘ ਨੇ 75 ਸਾਲ ਦੀ ਉਮਰ ਤੋਂ ਬਾਅਦ ਈ ਵਧੇਰੇ ਮੈਡਲ ਜਿੱਤੇ ਸਨ। ਬਾਬਾ ਫੌਜਾ ਸਿੰਘ ਵੀ ਅੱਸੀ ਸਾਲ ਦੀ ਉਮਰ ਤੋਂ ਬਾਅਦ ਹੀ ਵਧੇਰੇ ਚਮਕਿਆ ਹੈ। ਜਿਵੇਂ ਜਿਵੇਂ ਅਥਲੀਟ ਵਡੇਰੀ ਉਮਰ ਦਾ ਹੁੰਦਾ ਜਾਵੇ ਉਵੇਂ ਮੁਕਾਬਲਾ ਵੀ ਸੀਮਤ ਹੁੰਦਾ ਜਾਂਦੈ।

ਕੇਸਰ ਸਿੰਘ ਨੂੰ ਆਪਣੇ ਲੋਕਾਂ ਵੱਲੋਂ ਹੌਂਸਲਾ ਅਫ਼ਜ਼ਾਈ ਦੀ ਲੋੜ ਹੈ ਤਾਂ ਕਿ ਉਹ ਸਾਲਾਂ ਬੱਧੀ ਦੇਸ਼ ਵਿਦੇਸ਼ ਦੀਆਂ ਅਥਲੈਟਿਕ ਮੀਟਾਂ ਵਿੱਚ ਭਾਗ ਲੈਂਦਾ ਰਹੇ ਤੇ ਸਿੱਖ ਸਰੂਪ ਦੀ ਪਰਦਰਸ਼ਨੀ ਕਰੀ ਜਾਵੇ। ਦੰਪਤੀ ਨੂੰ ਦੇਸ਼ ਵਿਦੇਸ਼ ਜਾਣ ਲਈ ਟਿਕਟ ਤੇ ਕੋਚ ਦੀ ਕੋਚਿੰਗ ਹੀ ਚਾਹੀਦੀ ਹੈ। ਅਭਿਆਸ ਤੇ ਖਾਧ ਖੁਰਾਕ ਲਈ ਉਨ੍ਹਾਂ ਨੂੰ ਪੈਨਸ਼ਨ ਲੱਗੀ ਹੀ ਹੋਈ ਹੈ।

ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਇੱਕ ਸਿੰਘ ਸਰਦਾਰ ਕੈਨੇਡਾ ਦਾ ਨੈਸ਼ਨਲ ਚੈਂਪੀਅਨ ਹੈ ਜਿਸ ਨੇ ਵਰਲਡ ਵੈਟਰਨ ਅਥਲੈਟਿਕ ਮੀਟ ਵਿੱਚ ਵੀ ਕੈਨੇਡਾ ਦਾ ਝੰਡਾ ਲਹਿਰਾਇਆ ਹੈ। ਹੁਣ ਤਕ ਉਸ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਓਨਟਾਰੀਓ ਖਾਲਸਾ ਦਰਬਾਰ ਸਪੋਰਟਸ ਕਲੱਬ ਤੇ ਓਨਟੈਰੀਓ ਸਪੋਰਟਸ ਫੈਡਰੇਸ਼ਨ ਨੇ ਕੀਤਾ ਹੈ। ਪੰਜਾਬੀਆਂ ਦੇ ਸਪੋਰਟਸ ਕਲੱਬਾਂ ਨੂੰ ਕਬੱਡੀ ਦੇ ਨਾਲ ਹੋਰਨਾਂ ਖੇਡਾਂ ਤੇ ਖਿਡਾਰੀਆਂ ਨੂੰ ਵੀ ਉਤਸ਼ਾਹਤ ਕਰਨਾ ਚਾਹੀਦੈ। ਪੰਜਾਬੀਆਂ ਦੀ ਸਿਰਮੌਰ ਖੇਡ ਫੀਲਡ ਹਾਕੀ ਵੀ ਉਨ੍ਹਾਂ ਦਾ ਧਿਆਨ ਮੰਗਦੀ ਹੈ। ਪੰਜਾਬੀ ਬੱਚਿਆਂ ਨੂੰ ਕੈਨੇਡਾ ਦੇ ਖੇਡ ਖੇਤਰ ਵਿੱਚ ਉਭਾਰਨ ਲਈ ਯਥਾਯੋਗ ਯਤਨ ਕਰਨੇ ਚਾਹੀਦੇ ਹਨ ਤਦ ਹੀ ਇਹ ਬੱਚੇ ਆਪਣੀ ਕੌਮ ਦਾ ਨਾਂ ਰੌਸ਼ਨ ਕਰ ਸਕਣਗੇ। `ਕੱਲੀ ਕਬੱਡੀ ਦੇ ਟੂਰਨਾਮੈਂਟ ਕਰਾਈ ਜਾਣੇ ਕਾਫੀ ਨਹੀਂ।

ਕੇਸਰ ਸਿੰਘ ਪੂਨੀਆ ਭਾਵੇਂ ਆਪਣੀ ਸਿਹਤ ਬਣਾਈ ਰੱਖਣ ਤੇ ਨਾਂ ਚਮਕਾਉਣ ਲਈ ਖੇਡਾਂ ਖੇਡਦਾ ਹੈ ਪਰ ਉਸ ਦੇ ਅਜਿਹਾ ਕਰਨ ਨਾਲ ਕੈਨੇਡਾ ਤੇ ਪੰਜਾਬੀਆਂ ਦਾ ਨਾਂ ਵੀ ਚਮਕਦਾ ਹੈ। ਹੋਰਨਾਂ ਨੂੰ ਪਤਾ ਲੱਗਦਾ ਹੈ ਕਿ ਸਿੱਖ ਕਿਹੋ ਜਿਹੇ ਹੁੰਦੇ ਹਨ? ਇੰਜ ਉਹ ਸਿੱਖਾਂ ਦਾ ਅੰਬੈਸਡਰ ਵੀ ਹੈ। ਸਿੱਖ ਸੰਸਥਾਵਾਂ ਨੂੰ ਤਾਂ ਵਿਸ਼ੇਸ਼ ਤੌਰ `ਤੇ ਅਜਿਹੇ ਗੁਰਮੁਖ ਸੱਜਣ ਦਾ ਮਾਣ ਸਨਮਾਨ ਕਰਨਾ ਚਾਹੀਦੈ। ਉਹਦੇ ਤੋਂ ਅਜੇ ਬਹੁਤ ਆਸਾਂ ਹਨ ਤੇ ਲੱਗਦੈ ਉਹ ਹੋਰ ਬਜ਼ੁਰਗਾਂ ਨੂੰ ਵੀ ਖੇਡਾਂ ਖੇਡਣ ਦੀ ਚੇਟਕ ਲਾਏਗਾ ਜਿਵੇਂ ਚੱਬੇਵਾਲ ਦੇ ਫੌਜੀ ਨੇ ਉਸ ਨੂੰ ਲਾਈ ਸੀ। ਹੁਣ ਉਹ ਦਸ ਈਵੈਂਟ ਕਰ ਰਿਹੈ। ਜੇ ਕਿਸੇ ਯੋਗ ਕੋਚ ਦੀ ਕੋਚਿੰਗ ਨਾਲ ਇੱਕ ਦੋ ਈਵੈਂਟ ਹੀ ਫੜ ਲਏ ਤਾਂ ਮਾਰਚ 2010 ਵਿੱਚ ਕੈਮਲੂਪਸ ਤੇ ਫਿਰ ਆਸਟ੍ਰੇਲੀਆ ਵਿੱਚ ਹੋ ਰਹੀਆਂ ਵਰਲਡ ਮਾਸਟਰਜ਼ ਖੇਡਾਂ `ਚੋਂ ਸੋਨੇ ਦੇ ਤਮਗ਼ੇ ਜਿੱਤ ਸਕਦੈ। ਫਿਰ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਕਿ ਸਾਡੇ ਸਿੰਘ ਦੀ ਕੁਲ ਦੁਨੀਆਂ `ਤੇ ਝੰਡੀ ਹੈ। ਕੈਨੇਡਾ ਦਾ ਮਾਣ ਤੇ ਸਿੰਘਾਂ ਦੀ ਸ਼ਾਨ ਵਧਾਉਣ ਵਾਲੇ ਇਸ ਬਜ਼ੁਰਗ ਖਿਡਾਰੀ ਜੋੜੇ ਨੂੰ ਉਹਦਾ ਭਾਈਚਾਰਾ ਵਧਾਈ ਵੀ ਦਿੰਦਾ ਹੈ ਤੇ ਹੋਰ ਵਡੇਰੀਆਂ ਜਿੱਤਾਂ ਦੀ ਕਾਮਨਾ ਵੀ ਕਰਦਾ ਹੈ।

ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਜਿਥੇ ਮੈਂ ਪ੍ਰਿੰਸੀਪਲ ਰਿਹਾ ਉਥੋਂ ਦਾ ਸਪੋਰਟਸ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਵਿਕਟੋਰੀਆ ਰਹਿੰਦਾ ਹੈ। ਉਹ ਆਪਣੇ ਸਮੇਂ ਦਾ ਤਕੜਾ ਖਿਡਾਰੀ ਸੀ। ਹੁਣ ਉਹ ਵੈਟਰਨਜ਼ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ ਤੇ ਸੱਤਰ ਸਾਲ ਦੀ ਉਮਰ ਤੋਂ ਵਡੇਰਿਆਂ ਦਾ ਕੈਨੇਡੀਅਨ ਚੈਂਪੀਅਨ ਹੈ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆਏ ਤਾਂ ਮਿਲੇ ਬਿਨਾਂ ਨਾ ਜਾਣਾ।

ਮੈਂ ਸੰਤੋਖ ਮੰਡੇਰ ਨੂੰ ਵੀ ਵਿਕਟੋਰੀਆ ਜਾਣ ਲਈ ਤਿਆਰ ਕਰ ਲਿਆ। ਅਸੀਂ ਤਵਾਸਨ ਤੋਂ ਤਿੰਨ ਵਜੇ ਵਾਲੀ ਫੈਰੀ ਫੜਨੀ ਸੀ। ਮੈਂ ਮੰਡੇਰ ਨੂੰ ਦੋ ਵਜੇ ਹੀ ਕਹਿਣ ਲੱਗ ਪਿਆ, “ਚੱਲੀਏ, ਨਹੀਂ ਤਾਂ ਫੈਰੀ ਨਿਕਲ ਜਾਵੇਗੀ।” ਪਰ ਉਸ ਨੂੰ ਵਿਸ਼ਵਾਸ ਸੀ ਕਿ ਉਹ ਅੱਧਾ ਘੰਟਾ ਪਹਿਲਾਂ ਚੱਲ ਕੇ ਵੀ ਫੈਰੀ ਫੜਾ ਦੇਵੇਗਾ। ਮੈਂ ਮਨ `ਚ ਸੋਚਿਆ ਕਿ ਅੱਜ ਇਹਨੂੰ ਪੱਛੜ ਜਾਣ ਦਾ ਅਹਿਸਾਸ ਕਰਵਾ ਹੀ ਦੇਈਏ। ਉਸ ਨੇ ਆਪ ਜਹਾਜ਼ ਚੜ੍ਹਨਾ ਜਾਂ ਕਿਸੇ ਨੂੰ ਚੜ੍ਹਾਉਣਾ ਹੋਵੇ ਤਾਂ ਐਨ ਮੌਕੇ `ਤੇ ਘਰੋਂ ਤੁਰੇਗਾ। ਇੱਕ ਦੋ ਵਾਰ ਮੈਂ ਮਸੀਂ ਜਹਾਜ਼ ਫੜ ਸਕਿਆ। ਹੁਣ ਮੈਂ ਉਸ ਨੂੰ ਆਪਣੀ ਫਲਾਈਟ ਦੇ ਅਸਲੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਦਾ ਟਾਈਮ ਦੱਸਦਾ ਹਾਂ। ਤਦ ਹੀ ਆਰਾਮ ਨਾਲ ਜਹਾਜ਼ ਚੜ੍ਹਿਆ ਜਾ ਸਕਦੈ। ਉਹ ਤਿਆਰ ਹੋ ਕੇ ਕੰਪਿਊਟਰ ਉਤੇ ਬੈਠਾ ਰਿਹਾ ਤੇ ਮੈਂ ਚੁੱਪ ਕਰ ਕੇ ਟਹਿਲਦਾ ਰਿਹਾ।

ਸਵਾ ਦੋ ਵਜੇ ਉਹ ਕੰਪਿਊਟਰ ਤੋਂ ਉਠਿਆ ਤੇ ਪੰਜ ਸੱਤ ਮਿੰਟ ਬਾਅਦ ਉਸ ਨੇ ਕਾਰ ਤੋਰੀ। ਜਿਥੇ ਵਿਹਲ ਮਿਲਦੀ ਉਹ ਸਪੀਡ ਸੌ ਕਿਲੋਮੀਟਰ ਤੋਂ ਤੇਜ਼ ਕਰੀ ਗਿਆ। ਅੱਗੋਂ ਕਾਰਾਂ ਤੇ ਟਰੱਕਾਂ ਦੀ ਲਾਮਡੋਰੀ ਲੱਗੀ ਆ ਰਹੀ ਸੀ ਜਿਸ ਦਾ ਮਤਲਬ ਸੀ ਕਿ ਫੈਰੀ ਪਹੁੰਚ ਚੁੱਕੀ ਹੈ। ਮੰਡੇਰ ਨੇ ਕਾਰ ਹੋਰ ਤੇਜ਼ ਕਰ ਦਿੱਤੀ। ਮੈਨੂੰ ਟਿਕਟਾਂ ਦੇ ਕਾਊਂਟਰ ਕੋਲ ਉਤਾਰਿਆ ਤੇ ਗੱਡੀ ਪਾਰਕ ਕਰ ਕੇ ਜਦੋਂ ਹੌਂਕਦਾ ਹੋਇਆ ਮੇਰੇ ਕੋਲ ਪਹੁੰਚਾ ਤਾਂ ਮੈਂ ਕਿਹਾ, “ਸਾਹ ਲੈ, ਕਿਤੇ ਨੀ ਭੱਜ ਚੱਲੀ ਤੇਰੀ ਫੈਰੀ। ਬੱਸ ਦੋ ਘੰਟੇ ਦੀ ਗੱਲ ਐ, ਪੰਜ ਵਜੇ ਚੱਲੇਗੀ।” ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਉਹ ਕਾਊਂਟਰ ਉਤੇ ਗਿਆ ਤੇ ਮੇਮ ਨੂੰ ਬੇਨਤੀ ਕਰਨ ਲੱਗਾ ਕਿ ਇਸੇ ਫੈਰੀ `ਤੇ ਚੜ੍ਹਾ ਦਿਓ। ਪਰ ਉਹ ਜਰਗ ਦਾ ਯੱਕਾ ਨਹੀਂ ਸੀ ਜਿਹੜਾ ਮੇਲੇ ਦੀਆਂ ਸਵਾਰੀਆਂ ਉਡੀਕ ਰਿਹਾ ਹੋਵੇ। ਮੇਮ ਨੇ ਸੌਰੀ ਕਹਿ ਦਿੱਤਾ। ਗੁੱਸੇ ਵਿੱਚ ਉਹ ਭਾਰੇ ਕੈਮਰੇ ਵਾਲਾ ਬੈਗ ਚਲਾ ਕੇ ਮਾਰਨ ਲੱਗਾ ਸੀ ਕਿ ਮੈਂ ਆਖਿਆ, “ਆਪਣੀ ਦੇਰੀ ਦਾ ਗੁੱਸਾ ਇਸ ਬੇਜ਼ੁਬਾਨ `ਤੇ ਕਿਉਂ ਕੱਢਦੈਂ? ਚੱਲ ਤੁਰ ਫਿਰ ਕੇ ਮੇਲਾ ਵੇਖੀਏ।”

ਪਰ ਮੇਲਾ ਉਥੇ ਕਿਥੇ ਸੀ? ਉਤਰਨ ਵਾਲੇ ਚਲੇ ਗਏ ਸਨ ਤੇ ਚੜ੍ਹਨ ਵਾਲਿਆਂ ਨੇ ਸਾਢੇ ਚਾਰ ਤੋਂ ਪਹਿਲਾਂ ਨਹੀਂ ਸੀ ਆਉਣਾ। ਉਥੇ ਸਿਰਫ ਸਮੁੰਦਰੀ ਪੰਛੀ ਉੱਡ ਰਹੇ ਸਨ। ਦੋ ਮਿੰਟ ਦੀ ਦੇਰੀ ਨੇ ਸਾਥੋਂ ਦੋ ਘੰਟਿਆਂ ਦੀ ਉਡੀਕ ਕਰਵਾਈ। ਸਿਆਣੇ ਐਵੇਂ ਨਹੀਂ ਕਹਿੰਦੇ, “ਲੰਘਿਆ ਵੇਲਾ ਹੱਥ ਨਹੀਂ ਆਉਂਦਾ।” ਅਸੀਂ ਫੋਨ ਕਰ ਕੇ ਦਰਸ਼ਨ ਗਿੱਲ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀ ਵੇਟ ਦੀ ਪ੍ਰੈਕਟਿਸ ਆਰਾਮ ਨਾਲ ਕਰੇ ਤੇ ਜਿਮ `ਚੋਂ ਫੈਰੀ ਸਟੇਸ਼ਨ `ਤੇ ਸਾਢੇ ਚਾਰ ਵਜੇ ਦੀ ਥਾਂ ਸਾਢੇ ਛੇ ਵਜੇ ਆਵੇ। ਸੁਨੇਹਾ ਦੇਣ ਦੇ ਨਾਲ ਹੀ ਮੰਡੇਰ ਨੇ ਓ.ਕੇ.ਬਾਏ ਕਹਿ ਦਿੱਤੀ ਹਾਲਾਂ ਕਿ ਓ.ਕੇ.ਕਹਿਣ ਸਮੇਂ ਉਹ ਰੋਣਹਾਕਾ ਹੋਇਆ ਪਿਆ ਸੀ!

ਫਿਰ ਤੁਰ ਕੇ ਤੇ ਕੰਟੀਨ ਤੋਂ ਕੁੱਝ ਖਾ ਪੀ ਕੇ ਸਮਾਂ ਲੰਘਾਇਆ ਤੇ ਪੰਜ ਵਾਲੀ ਫੈਰੀ ਸਵਾਰ ਹੋਏ। ਇਸ ਫੈਰੀ ਦਾ ਨਾਂ ਸਪਿਰਟ ਆਫ਼ ਵੈਨਕੂਵਰ ਆਈਲੈਂਡ ਸੀ। ਕਾਰਾਂ ਤੇ ਟਰੱਕ ਉਹਦੇ ਢਿੱਡ ਵਿੱਚ ਚਲੇ ਗਏ ਤੇ ਸਵਾਰੀਆਂ ਉਪਰ ਚੜ੍ਹ ਗਈਆਂ। ਮੰਡੇਰ ਬਹਿਣ ਸਾਰ ਹੀ ਸੌਂ ਗਿਆ ਤੇ ਮੈਂ ਚਹਿਲ ਕਦਮੀ ਕਰਦਾ ਫੈਰੀ `ਚ ਗੇੜੇ ਦੇਣ ਲੱਗਾ। ਛੱਤ `ਤੇ ਚੜ੍ਹਿਆ ਤਾਂ ਨਿੱਕੀ ਜਿਹੀ ਗੁੱਤ ਤੇ ਬਿੱਲੀਆਂ ਬਲੌਰੀ ਅੱਖਾਂ ਵਾਲੀ ਇੱਕ ਗੋਰੀ ਕੁੜੀ ਬੱਤੀਆਂ ਪੀ ਰਹੀ ਸੀ। ਉਹ ਧੂੰਏਂ ਦੇ ਵਰੋਲੇ ਛੱਡ ਰਹੀ ਸੀ। ਹਵਾ ਦੇ ਬੁੱਲਿਆਂ ਨਾਲ ਉਹਦੀਆਂ ਗੱਲ੍ਹਾਂ ਬਾਂਦਰ ਦੀ ਪਿੱਠ ਵਾਂਗ ਲਾਲ ਹੋਈਆਂ ਪਈਆਂ ਸਨ। ਉਹ ਆਪਣਾ ਰਾਂਝਾ ਰਾਜ਼ੀ ਕਰ ਰਹੀ ਸੀ ਇਸ ਲਈ ਉਹਦੀ ਬਿਰਤੀ `ਚ ਵਿਘਨ ਪੈਣ ਦੇ ਡਰੋਂ ਮੈਂ ਤੁਰਤ ਈ ਥੱਲੇ ਉੱਤਰ ਆਇਆ।

ਫੈਰੀ ਵਿੱਚ ਭਾਂਤ ਸੁਭਾਂਤੇ ਮੁਸਾਫਿਰ ਸਨ। ਵਿਚੇ ਕਾਲੇ, ਵਿਚੇ ਗੋਰੇ ਤੇ ਵਿਚੇ ਕਣਕਵੰਨੇ। ਵਿਚੇ ਚੋਲਿਆਂ ਵਾਲੇ ਤੇ ਵਿਚੇ ਅੱਧ ਨੰਗੇ। ਵਿਚੇ ਗੰਜੇ ਤੇ ਵਿਚੇ ਪੱਗਾਂ ਵਾਲੇ। ਪੱਗਾਂ ਵਾਲੇ ਹੁਣ ਹਰ ਥਾਂ ਈ ਟੱਕਰ ਜਾਂਦੇ ਹਨ ਤੇ ਸਤਿ ਸ੍ਰੀ ਅਕਾਲ ਹੋ ਜਾਂਦੀ ਹੈ। ਫੈਰੀ ਵਿੱਚ ਬੈਠਨ ਲਈ ਹਾਲ ਕਮਰਾ ਸੀ, ਰੈਸਟੋਰੈਂਟ ਸੀ, ਬੱਚਿਆਂ ਲਈ ਖੇਡਾਂ ਸਨ ਤੇ ਹੋਰ ਵੀ ਬਹੁਤ ਕੁੱਝ ਸੀ। ਦਸ ਡਾਲਰ ਦੇ ਕੇ ਵਿਸ਼ੇਸ਼ ਹਾਤੇ ਵਿੱਚ ਖਾਣ ਪੀਣ ਦੇ ਨਾਲ ਪੜ੍ਹਿਆ ਲਿਖਿਆ ਜਾ ਸਕਦਾ ਸੀ। ਕੰਪਿਊਟਰ ਲਈ ਕੈਬਿਨ ਸਨ। ਮੈਂ ਸੂਚਨਾ ਕੇਂਦਰ ਵਿੱਚ ਨੋਟ ਕੀਤਾ ਕਿ ਇਸ ਫੈਰੀ ਦੇ ਇੰਜਣ ਦੀ ਤਾਕਤ 21394 ਹਾਰਸ ਪਾਵਰ ਹੈ। ਲੰਬਾਈ 167.5 ਮੀਟਰ ਤੇ ਵਜ਼ਨ 18747.44 ਟਨ ਹੈ। ਇਹ 2100 ਮੁਸਾਫਿਰ ਤੇ 470 ਵਾਹਨ ਲੈ ਕੇ 19.5 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਚਲਦੀ ਹੈ। ਇਸ ਨੇ ਡੇਢ ਘੰਟੇ ਵਿੱਚ ਵਿਕਟੋਰੀਆ ਪੁੱਜਣਾ ਸੀ। ਇਸ ਤੋਂ ਅੰਦਾਜ਼ਾ ਹੋਇਆ ਕਿ ਸਮੁੰਦਰੀ ਜਹਾਜ਼ ਤਾਂ ਲੱਖ ਹਾਰਸ ਪਾਵਰ ਤੋਂ ਵੀ ਵੱਧ ਦੇ ਹੋਣਗੇ ਤਦ ਹੀ ਤਾਂ ਲੱਖਾਂ ਟਨ ਭਾਰ ਢੋਂਦੇ ਹਨ।

ਮੈਂ ਡੈੱਕ ਦੇ ਉਪਰ ਚੜ੍ਹ ਕੇ ਤੇ ਫਿਰ ਬਾਰੀ ਥਾਣੀ ਬਾਹਰ ਦੇ ਨਜ਼ਾਰੇ ਵੇਖਦਾ ਰਿਹਾ। ਹੌਲੀ ਹੌਲੀ ਦਿਨ ਛਿਪ ਰਿਹਾ ਸੀ, ਸਮੁੰਦਰ ਦਾ ਪਾਣੀ ਨੀਲੇ ਤੋਂ ਸੁਰਮਈ ਤੇ ਫਿਰ ਕਾਲਾ ਹੁੰਦਾ ਜਾ ਰਿਹਾ ਸੀ। ਆਸ ਪਾਸ ਦੇ ਟਾਪੂ ਵੀ ਕਾਲਾ ਵੇਸ ਧਾਰ ਰਹੇ ਸਨ। ਕਿਤੇ ਕਿਤੇ ਬੱਤੀਆਂ ਜਗ ਰਹੀਆਂ ਸਨ ਜਿਨ੍ਹਾਂ ਦਾ ਲਿਸ਼ਕਾਰਾ ਪਾਣੀ ਵਿੱਚ ਪੈ ਰਿਹਾ ਸੀ। ਇਓਂ ਲੱਗਦਾ ਸੀ ਜਿਵੇਂ ਸੋਨੇ ਦੀਆਂ ਤਾਰਾਂ ਪਾਣੀ ਵਿੱਚ ਤੈਰ ਰਹੀਆਂ ਹੋਣ। ਪੌਣੇ ਸੱਤ ਵਜੇ ਅਸੀਂ ਉਡੀਕ ਕਰ ਰਹੇ ਦਰਸ਼ਨ ਗਿੱਲ ਕੋਲ ਪੁੱਜੇ ਤੇ ਉਹਦੀ ਕਰ ਵਿੱਚ ਬਹਿ ਕੇ ਘਰ ਚਲੇ ਗਏ। ਉਸ ਨੇ ਘਰ ਨਵਾਂ ਬਣਾਇਆ ਸੀ ਜਿਸ ਕਰਕੇ ਚੱਠ ਕਰਨ ਦਾ ਸਬੱਬ ਬਣ ਗਿਆ। ਉਸ ਦੇ ਘਰ ਵਿੱਚ ਮਿੰਨੀ ਜਿਮ ਬਣਿਆ ਵੀ ਵੇਖਿਆ ਜਿਸ ਤੋਂ ਉਸ ਦੇ ਖੇਡਾਂ ਦੇ ਸ਼ੌਕ ਦਾ ਪਤਾ ਲੱਗਾ। ਸੱਤਰ ਸਾਲਾਂ ਦੇ ਆਮ ਬੰਦਿਆਂ ਤੋਂ ਆਪਣਾ ਭਾਰ ਨਹੀਂ ਚੁੱਕਿਆ ਜਾਂਦਾ ਪਰ ਉਹ ਕੁਇੰਟਲ ਤੋਂ ਵੱਧ ਵਜ਼ਨ ਬਾਹਾਂ ਉਤੇ ਤੋਲ ਰਿਹਾ ਸੀ।

ਵਿਕਟੋਰੀਆ ਜਾਣ ਦਾ ਇਹ ਮੇਰਾ ਚੌਥਾ ਮੌਕਾ ਸੀ। ਪਹਿਲੀ ਵਾਰ 1990 ਵਿੱਚ ਗਿਆ ਸਾਂ ਤੇ ਮੁੜ ਕੇ ਆਪਣੇ ਸਫ਼ਰਨਾਮੇ “ਅੱਖੀਂ ਵੇਖ ਨਾ ਰੱਜੀਆਂ” ਵਿੱਚ ਵਿਕਟੋਰੀਆ ਦੀ ਸੈਰ ਨਾਂ ਦਾ ਕਾਂਡ ਲਿਖਿਆ ਸੀ। ਉਦੋਂ ਅਸੀਂ ਰਾਇਲ ਲੰਡਨ ਵੈਕਸ ਮਿਊਜ਼ੀਅਮ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਮਿੳਜ਼ੀਅਮ ਤੇ ਸੀਅ ਲੈਂਡ ਵੇਖ ਗਏ ਸਾਂ। ਉਹਦੇ ਕਈ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਆ ਜਾਂਦੇ ਹਨ। ਵੈਕਸ ਮਿਊਜ਼ੀਅਮ ਦੇ ਹੌਰਰ ਚੈਂਬਰ ਵਿਚੋਂ ਚੀਕਾਂ, ਆਹਾਂ, ਹਉਕਿਆਂ ਤੇ ਕਰਾਹੁਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਗਾਈਡ ਨੇ ਇੱਕ ਅਜਿਹੇ ਕੈਦੀ ਬਾਰੇ ਦੱਸਿਆ ਸੀ ਜਿਸ ਨੂੰ ਸੁੰਨੀ ਕਾਲ ਕੋਠੜੀ ਵਿੱਚ ਵਰ੍ਹਿਆਂਬੱਧੀ ਰਹਿਣ ਕਾਰਨ ਇਕੱਲਤਾ ਨਾਲ ਹੀ ਪਿਆਰ ਹੋ ਗਿਆ ਸੀ। ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਬਾਹਰ ਦੀ ਖੁੱਲ੍ਹੀ ਫ਼ਿਜ਼ਾ ਵਿੱਚ ਉਹ ਕੈਦੀ ਕਾਲ ਕੋਠੜੀ ਦੀ ਇਕੱਲਤਾ ਦੇ ਵਿਜੋਗ ਦਾ ਮਾਰਿਆ ਬਹੁਤੀ ਦੇਰ ਜਿਊਂਦਾ ਨਾ ਰਿਹਾ!

ਵਿਕਟੋਰੀਆ ਅਜਾਇਬਘਰਾਂ, ਬਾਗ਼ਾਂ, ਪਾਰਕਾਂ ਤੇ ਆਲੀਸ਼ਾਨ ਇਮਾਰਤਾਂ ਵਾਲਾ ਸਾਫ ਸੁਥਰਾ ਸ਼ਹਿਰ ਹੈ। ਇਹ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ ਜਿਥੇ ਆਲੀਸ਼ਾਨ ਪਾਰਲੀਮੈਂਟ ਹਾਊਸ ਹੈ। ਜਿਥੇ ਆਮ ਘੋੜਿਆਂ ਨਾਲੋਂ ਡੇਢੇ ਦੁੱਗਣੇ ਆਕਾਰ ਦੇ ਘੋੜੇ ਬੱਘੀਆਂ ਉਤੇ ਸੈਲਾਨੀਆਂ ਨੂੰ ਸੈਰ ਕਰਾਉਂਦੇ ਹਨ। ਉਨ੍ਹਾਂ ਦੇ ਮੋਟੀਆਂ ਖੁਰੀਆਂ ਲੱਗੀਆਂ ਹੁੰਦੀਆਂ ਹਨ ਤੇ ਲਿੱਦ ਡਿੱਗਣੋਂ ਬਚਾਉਣ ਲਈ ਡਾਇਪਰ ਲੱਗੇ ਹੁੰਦੇ ਹਨ। ਸੀਅ ਲੈਂਡ ਵਿੱਚ ਅਸੀਂ ਵੇਖਿਆ ਕਿ ਵੱਡੀਆਂ ਮੱਛੀਆਂ ਛੋਟੀਆਂ ਨੂੰ ਨਿਗਲੀ ਜਾ ਰਹੀਆਂ ਸਨ। ਕੋਈ ਮੱਛੀ ਲੰਮ ਸਲੰਮੀ ਸੀ, ਕੋਈ ਗੋਲ, ਕੋਈ ਚੌਰਸ, ਕੋਈ ਸੱਪ ਵਰਗੀ ਤੇ ਕੋਈ ਫੁੱਲ ਵਰਗੀ। ਵਿਚੇ ਤੰਦੂਏ ਸਨ ਤੇ ਵਿਚੇ ਵੇਲ ਮੱਛੀਆਂ। ਸਮੁੰਦਰ ਵਿੱਚ ਉੱਗੀ ਬਨਸਪਤੀ ਦਾ ਵੀ ਕੋਈ ਅੰਤ ਨਹੀਂ ਸੀ। ਕਈ ਮੱਛੀਆਂ ਦੇ ਮੱਥਿਆਂ ਵਿਚੋਂ ਚਾਨਣ ਨਿਕਲ ਰਿਹਾ ਸੀ ਜਿਵੇਂ ਟਰਚ ਜਗਦੀ ਹੋਵੇ। ਇਉਂ ਮਹਿਸੂਸ ਹੋਇਆ ਜਿਵੇਂ ਥਲ ਨਾਲੋਂ ਜਲ ਵਿੱਚ ਵਧੇਰੇ ਜੀਵ ਜੰਤੂ ਰਹਿੰਦੇ ਹੋਣ ਤੇ ਫਸਲਾਂ ਵੀ ਬੇਅੰਤ ਹੋਣ।

ਸੀਅ ਲਾਇਨਜ਼ ਦਾ ਤਮਾਸ਼ਾ ਵੇਖਣ ਵਾਲਾ ਸੀ। ਇੱਕ ਗੋਰੀ ਨੱਢੀ `ਕੱਲੇ `ਕੱਲੇ ਸਮੁੰਦਰੀ ਸ਼ੇਰ ਨੂੰ ਆਪਣੇ ਕੋਲ ਸੱਦਣ ਲੱਗੀ। `ਕੱਲੇ `ਕੱਲੇ ਨੇ ਆਪੋ ਆਪਣੇ ਫੱਨ ਦਾ ਮੁਜ਼ਾਹਰਾ ਕੀਤਾ ਤੇ ਦਰਸ਼ਕਾਂ ਤੋਂ ਤਾੜੀਆਂ ਵੱਜਵਾਈਆਂ। ਇੱਕ ਸ਼ੇਰ ਅਵੇਸਲੀ ਖੜ੍ਹੀ ਕੁੜੀ ਦਾ ਛੇਤੀ ਨਾਲ ਚੁੰਮਣ ਲੈ ਗਿਆ। ਕੁੜੀ ਸ਼ਰਮਾਈ ਪਰ ਦਰਸ਼ਕਾਂ ਦੇ ਦਿਲਪਰਚਾਵੇ ਲਈ ਉਸ ਨੇ ਆਪਣੇ ਆਸ਼ਕੀ ਪੱਠੇ ਨੂੰ ਦੂਜੀ ਗੱਲ੍ਹ ਦਾ ਚੁੰਮਣ ਆਪ ਹੀ ਦੇ ਦਿੱਤਾ। ਜਦੋਂ ਕੋਈ ਸ਼ੇਰ ਆਪਣੇ ਢਿੱਡ ਉਤੇ ਹੱਥ ਮਾਰ ਕੇ ਦੱਸਦਾ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਕੁੜੀ ਉਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਪਾ ਦਿੰਦੀ। ਕੁੜੀ ਮਾਸ ਵਾਲੀ ਬਾਲਟੀ ਕਿੱਲੀ `ਤੇ ਟੰਗ ਕੇ ਅੰਦਰ ਕੁੱਝ ਲੈਣ ਗਈ ਤਾਂ ਤਿੰਨ ਸ਼ੇਰਾਂ ਨੇ ਇੱਕ ਦੂਜੇ ਦੇ ਮੋਢਿਆਂ `ਤੇ ਚੜ੍ਹ ਕੇ ਉਹ ਬਾਲਟੀ ਲਾਹ ਲਈ ਤੇ ਚੋਰੀ ਚੋਰੀ ਮਾਸ ਦੇ ਟੁਕੜੇ ਖਾਣ ਲੱਗੇ। ਜਦੋਂ ਕੁੜੀ ਦੀ ਪੈੜ ਚਾਲ ਸੁਣੀ ਤਾਂ ਫਿਰ ਪਾਣੀ ਵਿੱਚ ਲੁਕ ਛਿਪ ਗਏ। ਮੈਨੂੰ ਬਚਪਨ ਯਾਦ ਆ ਗਿਆ ਜਦੋਂ ਅਸੀਂ ਵੀ ਇੰਜ ਹੀ ਹਾਰੇ ਵਾਲੇ ਦੁੱਧ ਤੋਂ ਮਲਾਈ ਲਾਹ ਕੇ ਖਾਇਆ ਕਰਦੇ ਸਾਂ।

ਵਿਕਟੋਰੀਆ ਦੇ ਬੁਚਰਟ ਗਾਰਡਨਜ਼ ਨੂੰ ਹਰ ਸਾਲ ਲੱਖਾਂ ਦਰਸ਼ਕ ਵੇਖਣ ਜਾਂਦੇ ਹਨ। ਇਹ ਬਾਗ਼ 55 ਏਕੜ ਵਿੱਚ ਫੇਲੈ ਹੋਏ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੁੱਲ ਬੂਟੇ ਹਨ। ਇੱਕ ਬਾਗ਼ ਤਿਤਲੀਆਂ ਦਾ ਹੈ ਜਿਸ ਵਿੱਚ ਅਨੇਕਾਂ ਕਿਸਮਾਂ ਦੀਆਂ ਰੰਗੀਨ ਤਿਤਲੀਆਂ ਮੰਡਰਾਉਂਦੀਆਂ ਰਹਿੰਦੀਆਂ ਹਨ। ਵੈਕਸ ਮਿਊਜ਼ੀਅਮ `ਚ ਤਿੰਨ ਸੌ ਤੋਂ ਵੱਧ ਅਹਿਮ ਸ਼ਖਸੀਅਤਾਂ ਦੇ ਮੋਮੀ ਬੁੱਤ ਸੁਭਾਇਮਾਨ ਹਨ। ਇੱਕ ਪੁਰਾਣਾ ਕਿਲਾ ਹੈ ਤੇ ਇੱਕ ਹੋਟਲਨੁਮਾ ਆਧੁਨਿਕ ਜੇਲ੍ਹ। ਯੂਨੀਵਰਸਿਟੀ ਆਫ਼ ਵਿਕਟੋਰੀਆ ਵਿੱਚ ਦੁਨੀਆਂ ਭਰ ਦੇ ਵੀਹ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਦੀ ਪੜ੍ਹਾਈ ਲਈ ਚਾਰ ਹਜ਼ਾਰ ਸਟਾਫ ਮੈਂਬਰ ਹਨ। ਪਾਰਕਾਂ ਤੇ ਬਾਗ਼ ਬਗੀਚਿਆਂ ਦਾ ਕੋਈ ਅੰਤ ਨਹੀਂ ਤੇ ਰੰਗ ਤਮਾਸ਼ੇ ਵਾਲੀਆਂ ਥਾਵਾਂ ਵੀ ਬੇਅੰਤ ਹਨ। ਉਥੋਂ ਦੇ ਸਮੁੰਦਰੀ ਬੀਚਾਂ ਦਾ ਆਪਣਾ ਨਜ਼ਾਰਾ ਹੈ।

ਅਗਲੇ ਦਿਨ ਘੁੰਮਦਿਆਂ ਅਸੀਂ ਉਹ ਜਗ੍ਹਾ ਵੀ ਵੇਖੀ ਜਿਥੇ ਜ਼ੀਰੋ ਮੀਲ ਦਾ ਪੱਥਰ ਲੱਗਾ ਹੋਇਐ ਯਾਨੀ ਜਿਥੋਂ ਕੈਨੇਡਾ ਦੀ ਹੱਦ ਸ਼ੁਰੂ ਹੋ ਕੇ ਹੈਲੀਫੈਕਸ ਤਕ ਜਾਂਦੀ ਹੈ। ਉਥੇ ਕੈਂਸਰ ਦੀ ਬਿਮਾਰੀ ਤੋਂ ਮੁਕਤੀ ਹਾਸਲ ਕਰਨ ਲਈ ਫੰਡ `ਕੱਠਾ ਕਰਨ ਦੌੜੇ ਪੋਲੀਓ ਦੇ ਮਾਰੇ ਟੈਰੀ ਫੌਕਸ ਦਾ ਬੁੱਤ ਲੱਗਾ ਹੋਇਐ। ਪਾਰਕਾਂ ਵਿੱਚ ਪੁਰਾਣੇ ਰੁੱਖਾਂ ਤੇ ਬੂਟਿਆਂ ਨੂੰ ਕਿਸੇ ਅਣਮੁੱਲੀ ਵਸਤੂ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਦਰਸ਼ਨ ਗਿੱਲ ਨੇ ਸਾਨੂੰ ਉਹ ਗੁਰਦਵਾਰਾ ਵੀ ਵਿਖਾਇਆ ਜਿਸ ਦਾ ਨੀਂਹ ਪੱਥਰ 1906 ਵਿੱਚ ਰੱਖਿਆ ਗਿਆ ਸੀ। ਇਸ ਦਾ ਮਤਲਬ ਸੀ ਕਿ ਇਸ ਟਾਪੂ ਉਤੇ ਸੌ ਸਾਲ ਪਹਿਲਾਂ ਕਾਫੀ ਸਿੱਖ ਪੁੱਜੇ ਹੋਣਗੇ। ਹੁਣ ਉਥੇ ਪੰਜਾਬੀਆਂ ਦੀ ਗਿਣਤੀ ਦਸ ਹਜ਼ਾਰ ਦੇ ਨੇੜ ਹੈ ਤੇ ਤਿੰਨ ਗੁਰਦਵਾਰੇ ਵਜੂਦ ਵਿੱਚ ਆ ਚੁੱਕੇ ਹਨ।

ਘੁੰਮਦੇ ਹੋਏ ਅਸੀਂ ਦੌਧਰ ਦੇ ਚਰਨਜੀਤ ਸਿੰਘ ਸਿੱਧੂ ਨੂੰ ਉਹਦੇ ਘਰ ਆ ਮਿਲੇ। ਉਹ ਮੰਡੇਰ ਦੇ ਗੁਆਂਢੀ ਲਾਲੀ ਦਾ ਭਣੋਈਆ ਹੈ। ਉਹਦੇ ਘਰ ਦੌਧਰ ਦੀਆਂ ਗੱਲਾਂ ਚਲਦੀਆਂ ਰਹੀਆਂ। ਉਸ ਨੇ ਦਰਸ਼ਨ ਗਿੱਲ ਨੂੰ ਜਿਮ ਜਾਣ ਲਈ ਕਹਿ ਕੇ ਸਾਨੂੰ ਫੈਰੀ ਉਤੇ ਚੜ੍ਹਾਉਣ ਦਾ ਜ਼ਿੰਮਾ ਲੈ ਲਿਆ। ਉਸ ਨੇ ਸਾਨੂੰ ਉਨ੍ਹਾਂ ਪਹਾੜੀਆਂ ਉਤੇ ਚੜ੍ਹਾਇਆ ਜਿਥੋਂ ਸਾਰਾ ਵਿਕਟੋਰੀਆ ਦਿਸਦਾ ਹੈ। ਆਲੇ ਦੁਆਲੇ ਪਾਣੀ ਹੋਣ ਕਾਰਨ ਇਹ ਟਾਪੂ ਸਾਫ ਵੀ ਹੈ ਤੇ ਸੁੰਦਰ ਵੀ ਹੈ। ਅਜਿਹੀ ਸਾਫ ਸੁਥਰੀ ਜਗ੍ਹਾ ਰਹਿ ਕੇ ਵਿਕਟੋਰੀਆ ਵਾਸੀਆਂ ਦੀ ਉਮਰ ਪੰਜ ਸੱਤ ਸਾਲ ਵਧ ਜਾਣੀ ਮਾਮੂਲੀ ਗੱਲ ਹੈ। ਚਰਨਜੀਤ ਨੇ ਦੋ ਘੰਟੇ ਘੁਮਾ ਫਿਰਾ ਕੇ ਸਾਨੂੰ ਪੰਜ ਵਾਲੀ ਫੈਰੀ ਆ ਚੜ੍ਹਾਇਆ ਤੇ ਰਾਤ ਪੈਂਦੀ ਤਕ ਅਸੀਂ ਘਰ ਪਹੁੰਚ ਗਏ।

ਇਕ ਸ਼ਾਮ ਮੈਂ ਆਪਣੇ ਪਿੰਡ ਚਕਰ ਦੇ ਕਿੰਗਰਾ ਪਰਿਵਾਰ ਨਾਲ ਬਿਤਾਈ। ਮੇਜਰ ਸਿੰਘ ਤੇ ਉਸ ਦੇ ਪੁੱਤਰ ਜਗਪਾਲ ਤੇ ਦਿਲਬਾਗ ਨੇ ਮੈਗਜ਼ੀਨ ਖੇਡ ਸੰਸਾਰ ਦੀ ਮਾਇਕ ਸਹਾਇਤਾ ਕਰਦਿਆਂ ਖੇਡ ਸੰਸਾਰ ਦੀ ਟੀਮ ਨੂੰ ਨੇਂਦਾ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਪਧਾਰੀਏ। ਸਿਆਟਲ ਤੋਂ ਗੁਰਚਰਨ ਸਿੰਘ ਢਿੱਲੋਂ ਵੀ ਪੁੱਜ ਗਿਆ ਤੇ ਨਾਲ ਸੈਕਰਾਮੈਂਟੋ ਵਾਲਾ ਪੱਤਰਕਾਰ ਜਤਿੰਦਰਪਾਲ ਰੰਧਾਵਾ ਵੀ ਆ ਗਿਆ। ਰਾਤ ਦੇਰ ਤਕ ਮਹਿਫਲ ਲੱਗੀ ਤੇ ਪਿੰਡ ਚਕਰ ਦੇ ਵਿਕਾਸ ਕਾਰਜਾਂ ਦੀਆਂ ਵਿਉਂਤਾਂ ਬਣਦੀਆਂ ਰਹੀਆਂ। ਇਹ ਵਰਣਨਯੋਗ ਹੈ ਕਿ ਚਕਰ ਦੇ ਵਿਦੇਸ਼ਾਂ ਵਿੱਚ ਵੱਸਦੇ ਦਾਨੀਆਂ ਨੇ ਆਪਣੇ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਭੇਜੇ ਹਨ।

 

ਤਿੰਨ ਨਵੰਬਰ ਨੂੰ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਦੇ ਪੁਰਾਣੇ ਵਿਦਿਆਰਥੀਆਂ ਦੀ ਸਭਾ ਵੱਲੋਂ ਸਾਲਾਨਾ ਡਿਨਰ ਸਮਾਗਮ ਸੀ ਜਿਸ ਲਈ ਮੈਨੂੰ ਉਚੇਚਾ ਸੱਦਿਆ ਗਿਆ ਸੀ। ਸੱਠ ਸੱਤਰ ਵਿਦਿਆਰਥੀਆਂ ਦੇ ਪਰਿਵਾਰ ਜੁੜ ਬੈਠੇ ਸਨ। ਬਲਵਿੰਦਰ ਬਿੰਦੀ ਸਟੇਜ ਦੀ ਕਾਰਵਾਈ ਚਲਾ ਰਿਹਾ ਸੀ। ਦੌਧਰ ਵਾਲਾ ਰਿਐਲਟਰ ਕੰਵਰ ਸਿੰਘ ਕੌਰਾ ਦਾਰੂ ਦੱਪੇ ਦਾ ਸਪਾਂਸਰ ਸੀ, ਕਲ੍ਹੋਨੇ ਵਾਲਾ ਕਰਮਾ ਸਮਾਗਮ ਦੀ ਝੋਲੀ ਹਜ਼ਾਰ ਡਾਲਰ ਦਾ ਸ਼ਗਨ ਪਾਉਣ ਲਈ ਪਹੁੰਚਾ ਸੀ। ਓਂਕਾਰ ਸਿੰਘ, ਸਾਧੂ ਸਿੰਘ, ਸੁਰਿੰਦਰ ਸਿੰਘ, ਲਛਮਣ ਸਿੰਘ, ਸੁਖਦੇਵ ਸਿੰਘ ਤੇ ਐਕਟਰ ਅਰਸ਼ੀ ਨੇ ਰੌਣਕਾਂ ਲਾਈਆਂ ਹੋਈਆਂ ਸਨ। ਬੀਬੀ ਹਰਜੀਤ ਤੇ ਕਰਮਜੀਤ ਆਪਣੇ ਪਰਿਵਾਰਾਂ ਤੇ ਸਹੇਲੀਆਂ ਨਾਲ ਹਾਜ਼ਰ ਸਨ। ਉਥੇ ਭੰਗੜੇ ਪਏ, ਗਿੱਧੇ ਪਏ ਤੇ ਸਟੇਜ ਦੇ ਹੋਰ ਕਈ ਰੰਗ ਰੰਗ ਪ੍ਰੋਗਰਾਮ ਹੋਏ। ਪ੍ਰੋ.ਗੁਰਮੀਤ ਸਿੰਘ ਟਿਵਾਣਾ ਨੇ ਅੱਸੀ ਸਾਲ ਦੀ ਉਮਰ `ਚ ਭੰਗੜੇ ਦਾ ਗੇੜਾ ਦਿੱਤਾ ਤੇ ਸਟੇਜ ਤੋਂ ਬੋਲਦਿਆਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤੀ।

ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਆਖਿਆ, “ਆਓ ਮੈਂ ਤੁਹਾਨੂੰ ਮੁੜ ਕੇ ਢੁੱਡੀਕੇ ਲੈ ਚੱਲਾਂ। ਯਾਦ ਕਰੋ ਉਨ੍ਹਾਂ ਬੈਂਚਾਂ ਨੂੰ ਜਿਥੇ `ਕੱਠੇ ਬਹਿ ਕੇ ਪੜ੍ਹੇ, ਗਰਾਊਂਡਾਂ `ਚ ਖੇਡੇ ਤੇ ਸਟੇਜ `ਤੇ ਨੱਚੇ। ਉਨ੍ਹਾਂ ਰਾਹਾਂ ਤੇ ਡੰਡੀਆਂ ਨੂੰ ਯਾਦ ਕਰੋ ਜਿਥੋਂ ਦੀ ਚੱਲ ਕੇ ਕਾਲਜ ਪਹੁੰਚਦੇ ਰਹੇ। ਉਥੇ ਗੁਰਬਖ਼ਸ਼ ਸਿੰਘ ਮੱਲ੍ਹੀ ਵੀ ਪੜ੍ਹਿਆ, ਰਮਿੰਦਰ ਸਿੰਘ ਗਿੱਲ ਵੀ, ਗਿੱਲ ਹਰਦੀਪ ਵੀ ਤੇ ਤੁਸੀਂ ਵੀ। ਪੰਛੀ ਜਿਸ ਰੁੱਖ `ਤੇ ਰਾਤ ਕੱਟ ਜਾਵੇ ਮੁੜ ਮੁੜ ਉਹਦੇ ਵੱਲ ਅਹੁਲਦੈ। ਤੁਸੀਂ ਢੁੱਡੀਕੇ ਦੇ ਕਾਲਜ ਵਿੱਚ ਕਈ ਸਾਲ ਪੜ੍ਹੇ ਤੇ ਪੜ੍ਹਦਿਆਂ ਆਪਸ ਵਿੱਚ ਮੁਹੱਬਤਾਂ ਪਾਈਆਂ ਨੇ ਜੋ ਹਮੇਸ਼ਾਂ ਬਣੀਆਂ ਰਹਿਣ। ਮੈਨੂੰ ਯਾਦ ਆ ਰਹੇ ਨੇ 1967-68 ਦੇ ਦਿਨ ਜਦੋਂ ਮੈਂ ਆਪਣੀ ਜਮਾਤ ਲਾਗਲੇ ਖੂਹ ਉਤੇ ਲਾ ਲੈਂਦਾ ਸਾਂ। ਹੀਰ ਰਾਂਝਾ ਤੇ ਸੋਹਣੀ ਮਹੀਂਵਾਲ ਪੜ੍ਹਾਉਂਦੇ ਨੂੰ ਡੰਗਰ ਚਾਰਦਾ ਇੱਕ ਬਜ਼ੁਰਗ ਵੀ ਵੱਟ `ਤੇ ਬੈਠਾ ਸੁਣਦਾ ਰਹਿੰਦਾ। ਇੱਕ ਦਿਨ ਕਹਿਣ ਲੱਗਾ, ਮਾਸਟਰ ਜੀ, ਜੇ ਤੇਰੀ ਏਹੋ ਜੀ ਪੜ੍ਹਾਈ ਦਾ ਪਿੰਡ ਪਤਾ ਲੱਗ ਗਿਆ ਤਾਂ ਫੇਰ ਕੀ ਬਣੂੰ? ਉਹਦੇ ਭਾਅ ਦਾ ਮੈਂ ਮੁੰਡੇ ਕੁੜੀਆਂ ਨੂੰ ਚੋਰੀ ਚੋਰੀ ਇਸ਼ਕ ਦੇ ਚਿੱਠੇ ਪੜ੍ਹਾ ਰਿਹਾ ਸਾਂ। ਮੈਂ ਆਖਿਆ, ਮੈਂ ਤਾਂ ਬਾਬਾ ਓਹੀ ਕੁਛ ਪੜ੍ਹਾ ਰਿਹਾਂ ਜਿਹੜਾ ਸਰਕਾਰ ਨੇ ਕਿਤਾਬ ਵਿੱਚ ਛਾਪਿਆ। ਨਾ ਪੜ੍ਹਾਵਾਂ ਤਾਂ ਤੁਹਾਡੇ ਨਿਆਣੇ ਫੇਲ੍ਹ ਹੋ ਜਾਣਗੇ। ਬਾਬਾ ਹੈਰਾਨ ਹੋਇਆ ਕਹਿਣ ਲੱਗਾ, ਮੰਨ ਗਏ ਬਈ ਅੱਜ ਕੱਲ੍ਹ ਦੀਆਂ ਪੜ੍ਹਾਈਆਂ ਨੂੰ!”

ਏਨੀ ਕੁ ਗੱਲ ਨਾਲ ਹਾਸੇ ਖੇਡੇ ਦੀਆਂ ਹੋਰ ਵੀ ਕਈ ਗੱਲਾਂ ਯਾਦ ਆ ਗਈਆਂ। ਇੱਕ ਵਾਰ ਮੈਂ ਦੱਸ ਰਿਹਾ ਸੀ, “ਇਕ ਬੁੜ੍ਹੀ ਦੇ ਵੈਣਾਂ ਵਿੱਚ ਏਨਾ ਵੈਰਾਗ ਸੀ ਕਿ ਉਹ ਬੰਦੇ ਬੁੜ੍ਹੀਆਂ ਤਾਂ ਕੀ ਕੰਧਾਂ ਕੋਠੇ ਰੁਆ ਦਿੰਦੀ ਸੀ।” ਤਦੇ ਪਿੱਛੇ ਬੈਠਾ ਇੱਕ ਮੁੰਡਾ ਜ਼ਰਦੇ ਦੀ ਚੂੰਢੀ ਲਾ ਗਿਆ। ਮੈਂ ਉਸ ਨੂੰ ਉਠਣ ਲਈ ਕਿਹਾ ਤੇ ਪੁੱਛਿਆ, “ਭਲਾ ਮੈਂ ਕੀ ਦੱਸ ਰਿਹਾ ਸੀ?” ਉਸ ਨੇ ਬੁੱਲ੍ਹਾਂ `ਤੇ ਜੀਭ ਫੇਰੀ ਤੇ ਬਣਾ ਸਵਾਰ ਕੇ ਆਖਣ ਲੱਗਾ, “ਤੁਸੀਂ ਦੱਸਦੇ ਸੀ ਬਈ ਇੱਕ ਬੁੜ੍ਹੀ ਹੁੰਦੀ ਸੀ ਜਿਹੜੀ ਕੰਧਾਂ ਕੋਠੇ ਟੱਪ ਜਾਂਦੀ ਸੀ!”

ਡਿਨਰ ਤੋਂ ਪਿੱਛੋਂ ਕੌਰੇ ਤੇ ਬਿੰਦੀ ਹੋਰਾਂ ਨੇ ਮੈਨੂੰ ਹੋਰ ਗੱਲਾਂ ਕਰਨ ਲਈ ਆਪਣੇ ਕੋਲ ਹੀ ਰੱਖ ਲਿਆ ਤੇ ਮੰਡੇਰ ਨੂੰ ਯੂਬਾ ਸਿਟੀ ਦੇ ਨਗਰ ਕੀਰਤਨ ਵਿੱਚ ਹਾਜ਼ਰੀ ਲੁਆਉਣ ਲਈ ਵਿਹਲਾ ਕਰ ਦਿੱਤਾ। ਢੁੱਡੀਕੇ ਦੇ ਕਾਲਜ ਤੇ ਲਾਗਲੇ ਪਿੰਡਾਂ ਦੀਆਂ ਗੱਲਾਂ ਮੁੱਕਣ ਵਿੱਚ ਨਹੀਂ ਸਨ ਆ ਰਹੀਆਂ। ਪੰਜਾਬ ਵਿੱਚ ਲੋਕ ਕੁੱਕੜ ਦੀ ਬਾਂਗ ਨਾਲ ਜਾਗਦੇ ਹਨ ਪਰ ਅਸੀਂ ਕੁੱਕੜ ਦੀ ਬਾਂਗ ਨਾਲ ਸੁੱਤੇ। ਦੁਪਹਿਰੇ ਉੱਠ ਕੇ ਪਰੌਂਠੇ ਲੇੜ੍ਹੇ ਤੇ ਵ੍ਹਾਈਟ ਰੌਕ ਉੱਤੇ ਸ਼ਾਮ ਬਿਤਾਉਣ ਲਈ ਚਾਲੇ ਪਾਏ। ਰਸਤੇ `ਚੋਂ ਸਾਧੂ ਤੇ ਸੁਰਿੰਦਰ ਨੂੰ ਨਾਲ ਲਿਆ ਤੇ ਸਮੁੰਦਰ ਦੇ ਕਿਨਾਰੇ ਉਤੇ ਗੇੜੇ ਦਿੱਤੇ। ਹਨ੍ਹੇਰੇ ਪਏ ਦੇਸੀ ਜੰਕਸ਼ਨ ਵੱਲ ਮੁਹਾਰਾਂ ਮੋੜੀਆਂ ਅਤੇ ਰੋਟੀ ਪਾਣੀ ਛਕ ਕੇ ਬਿੰਦੀ ਤੇ ਕੌਰਾ ਮੈਨੂੰ ਹਵਾਈ ਜਹਾਜ਼ ਚੜ੍ਹਾ ਗਏ। ਜਹਾਜ਼ ਜਦ ਟੋਰਾਂਟੋ ਪੁੱਜਾ ਤਾਂ ਸੂਰਜ ਚੜ੍ਹਨ ਵਾਲਾ ਸੀ। ਮੈਂ ਬਾਰੀ ਵਿੱਚ ਦੀ ਅਸਮਾਨ ਵੱਲ ਵੇਖਿਆ ਤਾਂ ਉਪਰ ਸੁਰਮਈ ਅੰਬਰ ਸੀ ਤੇ ਹੇਠਾਂ ਦਿਸਹੱਦਿਆਂ ਉਤੇ ਲਾਲੀ ਫੈਲੀ ਹੋਈ ਸੀ। ਮੈਂ ਘਰ ਆਇਆ ਤਾਂ ਮੇਰਾ ਕੰਪਿਊਟਰ ਮੈਨੂੰ ਉਡੀਕ ਰਿਹਾ ਸੀ।

ਹਵਾਈ ਜਹਾਜ਼ ਅਠੱਤੀ ਹਜ਼ਾਰ ਫੁੱਟ ਦੀ ਉਚਾਈ ਉਤੇ ਛੇ ਸੌ ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਸੀ। ਆਦਮੀ ਦੀ ਤੋਰ ਤੋਂ ਦੋ ਸੌ ਗੁਣਾਂ ਤੇਜ਼। ਮੇਰੇ ਮਨ ਦੇ ਫੁਰਨੇ ਹੋਰ ਵੀ ਤੇਜ਼ ਉਡ ਰਹੇ ਸਨ। ਉਹ ਮਿੰਟਾਂ ਸਕਿੰਟਾਂ `ਚ ਚੰਨ ਤਾਰਿਆਂ ਤਕ ਦੀਆਂ ਉਡਾਰੀਆਂ ਮਾਰ ਰਹੇ ਸਨ। ਪਲ `ਚ ਪਿੰਡ ਪਹੁੰਚਦੇ ਪਲ `ਚ ਕੈਨੇਡਾ। ਮੇਰੀ ਸੀਟ ਦੇ ਸਾਹਮਣੇ ਲੱਗੀ ਟੀ.ਵੀ.ਦੀ ਸਕਰੀਨ ਉਤੇ ਉਡਦੇ ਜਹਾਜ਼ ਦੀ ਸਥਿਤੀ ਦਿਸੀ ਜਾਂਦੀ ਸੀ। ਸਕਰੀਨ ਉਤੇ ਧਰਤੀ ਦਾ ਨਕਸ਼ਾ ਆਈ ਜਾਂਦਾ ਸੀ ਜਿਸ ਉਤੇ ਸ਼ਹਿਰਾਂ ਦੇ ਨਾਂ ਸਨ, ਜੰਗਲ ਬੇਲੇ ਸਨ ਤੇ ਝੀਲਾਂ ਦਾ ਨੀਲਾ ਪਾਣੀ ਸੀ। ਬਾਰੀ ਤੋਂ ਬਾਹਰ ਅਸਗਾਹ ਅਸਮਾਨ ਵਿਖਾਈ ਦੇ ਰਿਹਾ ਸੀ ਜਿਸ ਦੀ ਨਿਲੱਤਣ ਵਿੱਚ ਹਲਕੀ ਸਫ਼ੈਦ ਧੁੰਦ ਪਸਰੀ ਹੋਈ ਸੀ। ਛਿਪਦੇ ਸੂਰਜ ਦੀ ਲਾਲੀ ਨੇ ਪੱਛਮ ਵੱਲ ਦਾ ਅੰਬਰ ਸੂਹਾ ਕਰ ਦਿੱਤਾ ਸੀ। ਅਨੰਤ ਅਕਾਸ਼ ਵਿੱਚ ਜਹਾਜ ਦੀ ਬੁਲੰਦ ਅਵਾਜ਼ ਗੂੰਜ ਰਹੀ ਸੀ ਤੇ ਉਹ ਹਵਾ `ਚ ਤੈਰਦਾ ਜਾਂਦਾ ਸੀ। ਅੱਧ ਅਸਮਾਨੇ ਉਡਣ ਪਰੀਆਂ ਚਾਹ ਪਾਣੀ ਵਰਤਾਅ ਰਹੀਆਂ ਸਨ।

ਜਹਾਜ਼ ਟੋਰਾਂਟੋ ਤੋਂ ਉਡਿਆ ਸੀ ਜਿਸ ਨੇ ਵੈਨਕੂਵਰ ਜਾ ਕੇ ਉਤਰਨਾ ਸੀ। ਚਾਰ ਘੰਟੇ ਸਤਵੰਜਾ ਮਿੰਟ ਦੀ ਉਡਾਣ ਸੀ। ਮੁੜਦੀ ਵਾਰੀ ਇਹੋ ਪੰਧ ਚਾਰ ਘੰਟੇ ਸਤਾਈ ਮਿੰਟਾਂ ਵਿੱਚ ਤਹਿ ਹੋ ਜਾਣਾ ਸੀ। ਉਡਾਣ ਦੇ ਅੱਧੇ ਘੰਟੇ ਦਾ ਫਰਕ ਹਵਾਈ ਜਹਾਜ਼ ਦੇ ਤੇਜ਼ ਜਾਂ ਹੌਲੀ ਹੋਣ ਦਾ ਨਹੀਂ, ਧਰਤੀ ਦੇ ਘੁੰਮਦੀ ਤੇ ਤੁਰਦੀ ਹੋਣ ਕਰਕੇ ਸੀ। ਜਦੋਂ ਜਹਾਜ਼ ਪੂਰਬ ਤੋਂ ਪੱਛਮ ਵੱਲ ਨੂੰ ਉਡਦੇ ਹਨ ਤਾਂ ਵੱਧ ਸਮਾਂ ਲੈਂਦੇ ਹਨ ਜਦ ਕਿ ਪੱਛਮ ਤੋਂ ਪੂਰਬ ਵੱਲ ਨੂੰ ਉਡਦਿਆਂ ਘੱਟ ਸਮਾਂ ਲੱਗਦਾ ਹੈ। ਕੈਨੇਡਾ ਤੋਂ ਪੰਜਾਬ ਵਿੱਚ ਆਪਣੇ ਪਿੰਡ ਜਾਣਾ ਹੋਵੇ ਤਾਂ ਦੋ ਤਰੀਕਾਂ ਬਦਲ ਜਾਂਦੀਆਂ ਹਨ ਪਰ ਦਿੱਲੀ ਤੇ ਅੰਮ੍ਰਿਤਸਰੋਂ ਜਿਸ ਤਰੀਕ ਨੂੰ ਜਹਾਜ਼ ਚੜ੍ਹੀਏ ਉਸੇ ਤਰੀਕ ਟੋਰਾਂਟੋ ਪੁੱਜ ਜਾਈਦੈ। ਇਹ ਪੂਰਬ ਵੱਲ ਤਰੀਕ ਪਹਿਲਾਂ ਚੜ੍ਹ ਜਾਣ ਕਾਰਨ ਹੁੰਦੈ। ਪੰਜਾਬ ਦੇ ਅਖ਼ਬਾਰ ਪੱਛਮੀ ਪੰਜਾਬੀ ਪੂਰਬੀ ਪੰਜਾਬੀਆਂ ਦੇ ਜਾਗਣ ਤੋਂ ਪਹਿਲਾਂ ਹੀ ਇੰਟਰਨੈੱਟ ਉਤੇ ਪੜ੍ਹ ਲੈਂਦੇ ਹਨ ਹਾਲਾਂ ਕਿ ਉਥੇ ਦਿਨ ਕਈ ਘੰਟੇ ਪਛੜ ਕੇ ਚੜ੍ਹਦਾ ਹੈ। ਸੂਚਨਾ ਦੀ ਤੇਜ਼ ਰਫ਼ਤਾਰੀ ਨੇ ਦੁਨੀਆਂ ਮੁੱਠੀ ਵਿੱਚ ਕਰ ਲਈ ਹੈ। ਗੁਆਂਢੀ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਖ਼ਬਰ ਸਾਰੇ ਜੱਗ ਵਿੱਚ ਨਸ਼ਰ ਹੋ ਜਾਂਦੀ ਹੈ। ਹਵਾਈ ਜਹਾਜ਼ਾਂ ਨੇ ਕੋਈ ਦੂਰੀ, ਦੂਰੀ ਨਹੀਂ ਰਹਿਣ ਦਿੱਤੀ।

ਹਵਾਈ ਜਹਾਜ਼ ਹੁਣ ਅਸਮਾਨੀ ਟੈਕਸੀਆਂ ਬਣ ਗਏ ਹਨ। ਮੈਨੂੰ ਇਨ੍ਹਾਂ ਹਵਾਈ ਟੈਕਸੀਆਂ ਉਤੇ ਚੜ੍ਹਨ ਦੇ ਅਕਸਰ ਮੌਕੇ ਮਿਲਦੇ ਹਨ। ਹਰ ਸਾਲ ਇੱਕ ਗੇੜਾ ਇੰਡੀਆ-ਕੈਨੇਡਾ ਦਾ ਲੱਗ ਜਾਂਦੈ ਤੇ ਪੰਜ ਸੱਤ ਗੇੜੇ ਟੋਰਾਂਟੋ ਤੋਂ ਵੈਨਕੂਵਰ ਤੇ ਹੋਰ ਸ਼ਹਿਰਾਂ ਦੇ ਲੱਗ ਜਾਂਦੇ ਹਨ। ਐਤਕੀਂ ਮੇਰਾ ਚਾਰ ਵਾਰ ਵੈਨਕੂਵਰ ਜਾਣ ਦਾ ਸਬੱਬ ਬਣਿਆ। ਮਈ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲੇ ਉਤੇ ਗਿਆ ਤੇ ਤਿੰਨਾਂ ਦਿਨਾਂ ਬਾਅਦ ਵਾਪਸ ਪਰਤ ਆਇਆ। ਦੂਜੀ ਵਾਰ ਰੰਗੀਨ ਰਸਾਲੇ “ਖੇਡ ਸੰਸਾਰ” ਦੇ ਮੈਨੇਜਿੰਗ ਐਡੀਟਰ ਸੰਤੋਖ ਸਿੰਘ ਮੰਡੇਰ ਦੇ ਮੁੰਡੇ ਦੀ ਸ਼ਾਦੀ ਉਤੇ ਗਿਆ ਤੇ ਸਿਆਟਲ ਦਾ ਖੇਡ ਮੇਲਾ ਵੇਖ ਕੇ ਮੁੜਿਆ। ਤੀਜੀ ਵਾਰ ਨਿਊ ਵੈੱਸਟਮਿਨਸਟਰ ਦੇ ਗੁਰਦਵਾਰਾ ਸੁਖਸਾਗਰ ਦੇ ਪ੍ਰਬੰਧਕਾਂ ਨੇ ਮੈਨੂੰ ਆਪਣੇ ਕਬੱਡੀ ਟੂਰਨਾਮੈਂਟ ਉਤੇ ਸੱਦਿਆ। ਤਦ ਵੀ ਮੈਂ ਤੀਜੇ ਦਿਨ ਮੁੜਨ ਦੀ ਕੀਤੀ। ਪਰ ਐਤਕੀਂ ਮੈਂ ਵੈਨਕੂਵਰ ਵੱਲ ਦਸ ਦਿਨ ਗੁਜ਼ਾਰ ਕੇ ਮੁੜਿਆ ਹਾਂ ਤੇ ਜੀਅ ਕਰਦਾ ਹੈ ਕਿ ਆਪਣੀ ਫੇਰੀ ਦਾ ਹਾਲ ਚਾਲ ਹੋਰਨਾਂ ਨੂੰ ਦੱਸਾਂ। ਦੱਸਾਂ ਕਿ ਮੈਂ ਕੀ ਕੁੱਝ ਵੇਖ ਕੇ ਮੁੜਿਆ ਹਾਂ? ਬੰਦਾ ਵਾਂਢੇ ਜਾ ਕੇ ਆਵੇ ਤਾਂ ਕੁੱਝ ਨਾ ਕੁੱਝ ਤਾਂ ਦੱਸਦਾ ਈ ਏ।

ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋ ਕੇ ਮੈਂ ਕਿਸੇ ਕੰਮ ਦੇ ਬੰਨ੍ਹਣ ਵਿੱਚ ਨਹੀਂ ਸਾਂ ਬੱਝਾ। ਬੱਝ ਜਾਂਦਾ ਤਾਂ ਬਾਹਰ ਅੰਦਰ ਨਿਕਲਣਾ ਮੁਸ਼ਕਲ ਹੋ ਜਾਂਦਾ। ਇਹੋ ਕਾਰਨ ਹੈ ਕਿ ਮੈਂ ਘੁੰਮ ਫਿਰ ਕੇ ਦੁਨੀਆਂ ਵੇਖ ਰਿਹਾਂ। ਪਿਛਲੇ ਚਾਲੀ ਸਾਲਾਂ ਤੋਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰੇ ਏਨਾ ਕੰਮ ਆਇਆ ਹੈ ਕਿ ਮੈਨੂੰ ਹਰ ਸਾਲ ਦਸ ਪੰਦਰਾਂ ਖੇਡ ਮੇਲੇ ਵੇਖਣ ਦੇ ਸੱਦੇ ਮਿਲ ਜਾਂਦੇ ਹਨ। ਉਨ੍ਹਾਂ ਮੇਲਿਆਂ `ਚ ਮੈਂ ਮਾੜੀ ਮੋਟੀ ਕੁਮੈਂਟਰੀ ਕਰ ਦਿੰਦਾ ਹਾਂ ਤੇ ਪਿੱਛੋਂ ਉਨ੍ਹਾਂ ਬਾਰੇ ਲਿਖ ਕੇ ਪਹਿਲਾਂ ਅਖ਼ਬਾਰਾਂ ਰਸਾਲਿਆਂ ਤੇ ਪਿੱਛੋਂ ਕਿਤਾਬਾਂ ਵਿੱਚ ਛਾਪ ਦਿੰਦਾ ਹਾਂ। ਇੰਜ ਖੇਡ ਮੇਲੇ ਦਾ ਰਿਕਾਰਡ ਸੰਭਾਲਿਆ ਜਾਂਦਾ ਹੈ ਤੇ ਉਹ ਖੇਡ ਇਤਿਹਾਸ ਦਾ ਅੰਗ ਬਣ ਜਾਂਦਾ ਹੈ। ਵੈਸੇ ਪੰਜਾਬੀਆਂ ਦਾ ਆਮ ਵਰਤਾਰਾ ਹੈ ਕਿ ਉਹ ਮਾਅ੍ਹਰਕੇ ਤਾਂ ਬੜੇ ਵੱਡੇ ਮਾਰ ਲੈਂਦੇ ਹਨ ਪਰ ਉਨ੍ਹਾਂ ਦਾ ਰਿਕਾਰਡ ਨਹੀਂ ਰੱਖਦੇ। ਉਨ੍ਹਾਂ ਦੀਆਂ ਮਾਰੀਆਂ ਮੱਲਾਂ ਫਿਰ ਆਈਆਂ ਗਈਆਂ ਹੋ ਜਾਂਦੀਆਂ ਹਨ।

ਇਸ ਵਾਰ ਮੈਨੂੰ ਖੇਡ ਮੇਲੇ ਦੀ ਥਾਂ ਮਾਣ ਸਨਮਾਨ ਦੇ ਸੱਦੇ ਸਨ। ਇੱਕ ਸੱਦਾ ਸਿਆਟਲ ਦੀ ਮਾਝਾ ਐਸੋਸੀਏਸ਼ਨ ਵੱਲੋਂ ਤੇ ਦੂਜਾ ਢੁੱਡੀਕੇ ਕਾਲਜ ਦੀ ਕੈਨੇਡੀਅਨ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਸੀ। ਦੋਹਾਂ ਦੇ ਡਿਨਰ ਸਮਾਗਮ ਹਫ਼ਤੇ ਦੇ ਫਰਕ ਨਾਲ ਸਨ ਜਿਸ ਕਰਕੇ ਮੈਨੂੰ ਹਫ਼ਤੇ ਤੋਂ ਵੱਧ ਸਮਾਂ ਵੈਨਕੂਵਰ ਵੱਲ ਰਹਿਣਾ ਪੈਣਾ ਸੀ। ਹਵਾਈ ਜਹਾਜ਼ ਚੜ੍ਹਨ ਤੋਂ ਪਹਿਲਾਂ ਮੈਂ ਸੰਤੋਖ ਸਿੰਘ ਮੰਡੇਰ ਨੂੰ ਫੋਨ ਕੀਤਾ ਕਿ ਉਹ ਮੈਨੂੰ ਵੈਨਕੂਵਰ ਦੇ ਹਵਾਈ ਅੱਡੇ `ਤੋਂ ਚੱਕਣ ਆ ਜਾਵੇ। ਕੈਨੇਡਾ ਵਿੱਚ ਹੁਣ ਲੈਣ ਦੀ ਥਾਂ ਚੱਕਣ ਸ਼ਬਦ ਹੀ ਵਰਤਿਆ ਜਾ ਰਿਹੈ। ਕਈ ਏਥੋਂ ਤਕ ਵੀ ਹਮਦਰਦੀ ਜਤਾ ਦਿੰਦੇ ਹਨ, “ਮਿੱਤਰਾ ਕੰਮ ਨਾ ਛੱਡੀਂ। ਮੈਂ ਹੀ ਤੇਰੀ ਘਰ ਵਾਲੀ ਨੂੰ ਚੱਕ ਲੂੰ!” ਹੁਣ ਤਾਂ ਫਿਲਮਾਂ ਦੇ ਨਾਂ ਵੀ ਚੱਕ ਦੇ ਇੰਡੀਆ ਵਰਗੇ ਰੱਖੇ ਜਾ ਰਹੇ ਹਨ।

ਮੰਡੇਰ ਕੈਲੇਫੋਰਨੀਆਂ ਵੱਲ ਗਿਆ ਹੋਇਆ ਸੀ। ਫੋਨ ਉਤੇ ਕਹਿਣ ਲੱਗਾ, “ਮੈਂ ਸੈਨਹੋਜ਼ੇ ਤੋਂ ਜਹਾਜ਼ ਚੜ੍ਹਨ ਲੱਗਾਂ। ਤੁਹਾਡੇ ਵੈਨਕੂਵਰ ਪਹੁੰਚਣ ਤੋਂ ਪਹਿਲਾਂ ਪਹੁੰਚ ਜਾਵਾਂਗਾ।” ਜੇਬੀ ਫੋਨਾਂ ਨੇ ਇਹ ਤਾਂ ਮੌਜ ਬਣਾ ਦਿੱਤੀ ਹੈ ਕਿ ਕੋਈ ਦੇਸ ਪਰਦੇਸ ਕਿਤੇ ਵੀ ਹੋਵੇ ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਇਨ੍ਹਾਂ ਡੱਬੀਆਂ ਜਿਹੀਆਂ ਨੇ ਬਹੁਤ ਸਾਰੇ ਬੰਦੇ ਤੰਗ ਵੀ ਬਹੁਤ ਕੀਤੇ ਹੋਏ ਨੇ। ਇਹ ਬਿੰਦੇ ਝੱਟੇ ਕਤੂਰੇ ਵਾਂਗ ਭੌਂਕ ਪੈਂਦੀਆਂ ਨੇ ਤੇ ਕਿਸੇ ਨੂੰ ਨਾ ਚੱਜ ਨਾਲ ਖਾਣ ਪੀਣ ਦਿੰਦੀਆਂ ਨੇ ਤੇ ਨਾ ਨ੍ਹਾਉਣ ਧੋਣ ਦਿੰਦੀਆਂ ਨੇ। ਕਈਆਂ ਦੇ ਹੱਥ ਹਮੇਸ਼ਾਂ ਈ ਕੰਨਾਂ `ਤੇ ਰਹਿੰਦੇ ਨੇ ਜਿਵੇਂ ਕਲੀਆਂ ਲਾ ਰਹੇ ਹੋਣ!

ਮੈਂ ਰਾਤ ਵੇਲੇ ਵੈਨਕੂਵਰ ਪਹੁੰਚਿਆ ਤੇ ਦੁਨੀਆਂ ਦੇ ਅੱਵਲ ਨੰਬਰ ਐਲਾਨੇ ਸ਼ਹਿਰ ਦੀਆਂ ਰੰਗ ਬਰੰਗੀਆਂ ਜਗਦੀਆਂ ਬੱਤੀਆਂ ਦਾ ਅਦਭੁੱਤ ਨਜ਼ਾਰਾ ਮਾਣਿਆਂ। ਪਹਿਲਾਂ ਪਹਿਲ ਹਵਾਈ ਜਹਾਜ਼ਾਂ ਦੇ ਲੈਂਡ ਕਰਨ ਸਮੇਂ ਮੁਸਾਫ਼ਿਰ ਤਾੜੀਆਂ ਮਾਰਿਆ ਕਰਦੇ ਸਨ ਪਰ ਹੁਣ ਅਜਿਹਾ ਘੱਟ ਹੀ ਕਰਦੇ ਹਨ। ਉਡਾਣਾਂ ਆਮ ਜੁ ਹੋ ਗਈਆਂ ਹੋਈਆਂ। ਕਈ ਬੰਦਿਆਂ ਨੂੰ ਤਾਂ ਹਰ ਹਫ਼ਤੇ ਜਾਂ ਹਰ ਰੋਜ਼ ਹੀ ਜਹਾਜ਼ੇ ਚੜ੍ਹਨਾ ਪੈਂਦੈ। ਉਹ ਕਿਥੇ ਕਿਥੇ ਤਾੜੀਆਂ ਮਾਰੀ ਜਾਣ? ਮੈਂ ਆਪਣਾ ਬੈਗ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਹੀ ਸਾਂ ਕਿ ਮੰਡੇਰ ਦਾ ਲੜਕਾ ਤੇ ਨੂੰਹ ਮੈਨੂੰ ਲੈਣ ਆ ਪੁੱਜੇ। ਮੰਡੇਰ ਨੇ ਸਿਆਟਲ ਤੋਂ ਜਹਾਜ਼ੋਂ ਉੱਤਰ ਕੇ ਕਾਰ ਰਾਹੀਂ ਵੈਨਕੂਵਰ ਆਉਣਾ ਸੀ। ਉਸ ਨੂੰ ਬਾਰਡਰ ਉਤੇ ਕਾਫੀ ਸਮਾਂ ਲੱਗ ਗਿਆ ਸੀ। ਉਸੇ ਨੇ ਫੋਨ ਕਰ ਕੇ ਆਪਣੇ ਪੁੱਤਰ ਗਗਨ ਨੂੰ ਅੱਗੋਂ ਭੇਜ ਦਿੱਤਾ ਸੀ।

ਮੰਡੇਰ ਦਾ ਘਰ ਸੱਰੀ ਦੀ ਰਿਵਰ ਰੋਡ ਉਤੇ ਹੈ ਜਿਸ ਨੂੰ ਹੁਣ ਮੈਂ ਆਪਣਾ ਬਾਹਰਲਾ ਘਰ ਸਮਝਣ ਲੱਗ ਪਿਆਂ। ਉਂਜ ਉਹ ਅਜਾਇਬ ਘਰ ਦਾ ਭੁਲੇਖਾ ਪਾਉਂਦਾ ਹੈ ਕਿਉਂਕਿ ਉਹਦੇ ਵਿੱਚ ਦੁਨੀਆਂ ਭਰ ਦੀਆਂ ਖੇਡ ਨਿਸ਼ਾਨੀਆਂ, ਝੰਡੇ, ਸਿੱਕੇ, ਕਿਤਾਬਾਂ ਤੇ ਅਜਾਇਬ ਵਸਤਾਂ ਸੰਭਾਲੀਆਂ ਹੋਈਆਂ ਹਨ। ਕਿਧਰੇ ਪੁਰਾਣੀ ਅਫ਼ਗਾਨੀ ਬੰਦੂਕ ਲਟਕ ਰਹੀ ਹੈ ਤੇ ਕਿਧਰੇ ਮਿਸਲਾਂ ਵੇਲੇ ਦੀ ਖਾਲਸਈ ਤਲਵਾਰ। ਕਿਧਰੇ ਯਾਦਗਾਰੀ ਫੋਟੋ ਹਨ ਤੇ ਕਿਧਰੇ ਬਾਰਾਂ ਸਿੰਗੇ ਹਿਰਨ ਦਾ ਸਿਰ ਟੰਗਿਆ ਹੋਇਐ। ਵੱਡੀ ਬੈਠਕ ਦਾ ਕੋਈ ਖੂੰਜਾ ਖਾਲੀ ਨਹੀਂ ਜਿਥੇ ਕੋਈ ਯਾਦਗਾਰ ਵਸਤ ਨਾ ਸ਼ਿੰਗਾਰੀ ਹੋਵੇ। ਮੈਂ ਕਈ ਵਾਰ ਹੱਸਦਿਆਂ ਕਿਹਾ ਹੈ, “ਇਹਨੂੰ ਵੇਖਣ ਦੀ ਹੁਣ ਟਿਕਟ ਲਾ ਦੇ। ਉਹਦੇ ਨਾਲ ਤੇਰਾ ਕੈਮਰਾ ਵੀ ਚਲਦਾ ਰਹੇਗਾ! ਉਂਜ ਤਾਂ ਅਗਲੇ ਫੋਟੋ ਖਿਚਾ ਕੇ ਪਾਸੇ ਹੁੰਦੇ ਆ।”

ਅਗਲੇ ਦਿਨ ਅਸੀਂ ਇੰਡੋ-ਕੈਨੇਡੀਅਨ ਟਾਇਮਜ਼ ਦੇ ਦਫਤਰ ਗਏ ਜਿਥੇ ਇਸ ਦੇ ਸੰਪਾਦਕ ਬੀਬੀ ਰੁਪਿੰਦਰ ਤੇ ਹਰਜੀਤ ਬੈਂਸ ਨਾਲ ਖੁੱਲ੍ਹੀਆਂ ਗੱਲਾਂ ਹੋਈਆਂ। ਇੰਡੋ-ਕੈਨੇਡੀਅਨ ਟਾਇਮਜ਼ ਸੋਹਣੀ ਦੱਖ ਵਾਲਾ ਮੁਕੰਮਲ ਮੈਗਜ਼ੀਨ ਹੈ ਜਿਸ ਦਾ ਮੈਟਰ ਪੜ੍ਹਨਯੋਗ ਤੇ ਸੰਭਾਲਣਯੋਗ ਹੁੰਦੈ। ਇਹ ਹਾਲੇ ਵੀ ਮੁੱਲ ਵਿਕਦੈ ਤੇ ਡਾਕ ਰਾਹੀਂ ਦੂਰ ਨੇੜੇ ਭੇਜਿਆ ਜਾਂਦੈ। ਮੈਂ ਇਸ ਮੈਗਜ਼ੀਨ ਨਾਲ 1990 ਤੋਂ ਜੁੜਿਆ ਹੋਇਆਂ ਜਦੋਂ ਮੈਂ ਆਪਣੀ ਅਮਰੀਕਾ ਫੇਰੀ ਇਸ ਵਿੱਚ ਲੜੀਵਾਰ ਛਪਵਾਈ ਸੀ। ਫਿਰ ਬਾਤਾਂ ਵਤਨ ਦੀਆਂ ਕਾਲਮ ਲਿਖਦਾ ਰਿਹਾ। ਉਦੋਂ ਇਸ ਦੇ ਬਾਨੀ ਸੰਪਾਦਕ ਤਾਰਾ ਸਿੰਘ ਹੇਅਰ ਜੀਂਦੇ ਸਨ ਜਿਨ੍ਹਾਂ ਨੇ ਬੜੀ ਮਿਹਤਨ, ਲਗਨ ਤੇ ਹਿੰਮਤ ਨਾਲ ਇਸ ਪਰਚੇ ਨੂੰ ਪੱਕੇ ਪੈਰੀਂ ਖੜ੍ਹਾ ਕੀਤਾ। ਇਹ ਪਰਚਾ ਉੱਤਰੀ ਅਮਰੀਕਾ ਦੇ ਪੰਜਾਬੀ ਮੀਡੀਏ ਵਿੱਚ ਬਾਬੇ ਬੋਹੜ ਵਾਲਾ ਸਥਾਨ ਰੱਖਦਾ ਹੈ ਤੇ ਮੁਫ਼ਤ ਦੇ ਅਖ਼ਬਾਰਾਂ ਦੀ ਹਨ੍ਹੇਰੀ ਵਿੱਚ ਵੀ ਅਡੋਲ ਚੱਲੀ ਜਾ ਰਿਹੈ।

ਸ਼ਾਮ ਨੂੰ ਫੁਲਵਾੜੀ ਮੈਗਜ਼ੀਨ ਵਾਲਾ ਗੁਰਦੀਪ ਸਿੰਘ ਮੱਲ੍ਹੀ ਮਿਲ ਪਿਆ। ਉਹ ਬੜਾ ਹਸਮੁੱਖ ਨੌਜੁਆਨ ਹੈ ਤੇ ਕੈਨੇਡਾ ਦੇ ਪਹਿਲੇ ਪੱਗ ਵਾਲੇ ਐੱਮ.ਪੀ.ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਪੇਂਡੂ ਹੈ। ਗੁਰਬਖ਼ਸ਼ ਸਿੰਘ ਦੋ ਸਾਲ ਸਾਡੇ ਕੋਲ ਢੁੱਡੀਕੇ ਕਾਲਜ ਵਿੱਚ ਪੜ੍ਹਿਆ ਹੋਣ ਕਾਰਨ ਮੈਨੂੰ ਹਮੇਸ਼ਾਂ ਉਹਦੇ ਵਿੱਚ ਦਿਲਚਸਪੀ ਰਹੀ ਹੈ। ਫੁਲਵਾੜੀ ਦੇ ਦਫ਼ਤਰ ਵਿੱਚ ਗੁਰਬਖ਼ਸ਼ ਸਿੰਘ ਦੀਆਂ ਗੱਲਾਂ ਚੱਲ ਪਈਆਂ। ਗੱਲਾਂ ਗੱਲਾਂ ਵਿੱਚ ਉਸ ਦੇ ਬਚਪਨ ਦੇ ਨਾਂ ਦਾ ਪਤਾ ਲੱਗਾ। ਛੋਟੇ ਹੁੰਦਿਆਂ ਹਰੇਕ ਦਾ ਕੋਈ ਨਾ ਕੋਈ ਵੱਖਰਾ ਨਾਂ ਧਰਿਆ ਹੁੰਦੈ। ਇੱਕ ਵਾਰ ਸਕੂਲ ਦੇ ਮਾਸਟਰ ਨੇ ਗੁਰਬਖ਼ਸ਼ ਸਿੰਘ ਦਾ ਨਾਂ ਪੁੱਛ ਲਿਆ। ਉਸ ਨੇ ਸਮਝਿਆ ਸ਼ਾਇਦ ਜਨਮ ਤਰੀਕ ਪੁੱਛੀ ਹੈ। ਉਹ ਉੱਠ ਕੇ ਕਹਿਣ ਲੱਗਾ, “ਜੀ ਅਕਤੂਬਰ।” ਉਸ ਤੋਂ ਪਿੱਛੋਂ ਮਾਸਟਰ ਉਸ ਨੂੰ ਅਕਤੂਬਰ ਸਿੰਘ ਕਹਿ ਕੇ ਬੁਲਾਉਂਦਾ ਰਿਹਾ ਤੇ ਉਹ ਵੀ ਅਕਤੂਬਰ ਸਿੰਘ ਦੇ ਨਾਂ `ਤੇ ਹਾਜ਼ਰੀ ਬੋਲਦਾ ਰਿਹਾ। ਮਾਸਟਰ ਤੋਂ ਡਰਦਾ ਉਹ ਆਪਣਾ ਅਸਲੀ ਨਾਂ ਵੀ ਨਾ ਦੱਸ ਸਕਿਆ। ਇਹ ਗ਼ਲਤੀ ਉਦੋਂ ਦਰੁਸਤ ਹੋਈ ਜਦੋਂ ਇਮਤਿਹਾਨ ਵਾਸਤੇ ਦਾਖਲਾ ਫਾਰਮ ਭਰੇ ਗਏ। ਵੈਸੇ ਉਸ ਦਾ ਨਾਂ ਅਕਤੂਬਰ ਸਿੰਘ ਹੀ ਪੱਕ ਜਾਂਦਾ ਤਾਂ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਬੁਲਾਉਣਾ ਸੌਖਾ ਹੋ ਜਾਂਦਾ!

ਵੈਨਕੂਵਰ ਦੇ ਨਾਲ ਹੀ ਪਿੱਟ ਮੀਡੋਜ਼ ਵਿਖੇ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਦਾ ਬੜਾ ਤਕੜਾ ਕਾਰੋਬਾਰ ਹੈ। ਉਨ੍ਹਾਂ ਨੇ ਸੈਂਕੜੇ ਲੋੜਵੰਦਾਂ ਨੂੰ ਆਪਣੇ ਫਾਰਮ ਤੇ ਕੈਨਰੀ ਉਤੇ ਰੁਜ਼ਗ਼ਾਰ ਦਿੱਤਾ ਹੋਇਐ ਜਿਨ੍ਹਾਂ `ਚ ਕਈ ਘਰੋਂ ਲਾਚਾਰ ਹੋਏ ਬੁੱਢੇ ਤੇ ਬੁੜ੍ਹੀਆਂ ਵੀ ਹਨ। ਉਨ੍ਹਾਂ ਦੀਆਂ ਅਸੀਸਾਂ ਸਦਕਾ ਪੁਰੇਵਾਲਾਂ ਦਾ ਬਿਜ਼ਨਸ ਵਧ ਫੁੱਲ ਰਿਹੈ ਤੇ ਉਹ ਦਾਨ ਪੁੰਨ ਕਰਨ ਦੇ ਨਾਲ ਹਕੀਮਪੁਰ ਪੇਂਡੂ ਓਲੰਪਿਕਸ ਵਰਗਾ ਪੁਰੇਵਾਲ ਖੇਡ ਮੇਲਾ ਵੀ ਕਰਾਉਂਦੇ ਹਨ। ਉਨ੍ਹਾਂ ਦੇ ਪਿੰਡ ਕੋਲ ਮੁਕੰਦਪੁਰ ਦੇ ਅਮਰਦੀਪ ਕਾਲਜ ਵਿੱਚ ਮੈਂ ਪ੍ਰਿੰਸੀਪਲ ਰਿਹਾ ਹੋਣ ਕਾਰਨ ਮੇਰਾ ਉਨ੍ਹਾਂ ਵੱਲ ਆਉਣ ਜਾਣ ਹੈ। ਉਨ੍ਹਾਂ ਦਾ ਨਿਓਂਦਾ ਹੁੰਦੈ ਕਿ ਜਦੋਂ ਵੀ ਵੈਨਕੂਵਰ ਜਾਵਾਂ ਤਾਂ ਮੈਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਵਾਂ। ਇੱਕ ਸ਼ਾਮ ਅਸੀਂ ਉਨ੍ਹਾਂ ਦੀ ਪ੍ਰਾਹੁਣਚਾਰੀ ਮਾਣੀ ਤੇ ਤਿੰਨਾਂ ਭਰਾਵਾਂ ਤੋਂ ਜੁਆਨੀ ਵੇਲੇ ਦੀਆਂ ਕਬੱਡੀ ਖੇਡਣ ਤੇ ਕੁਸ਼ਤੀ ਕਰਨ ਦੀਆਂ ਗੱਲਾਂ ਸੁਣੀਆਂ। ਗੱਲਾਂ ਕਰਦੇ ਅਸੀਂ ਹਕੀਮਪੁਰ ਤੇ ਮੁਕੰਦਪੁਰ ਦੀਆਂ ਗਲੀਆਂ ਗਾਹੁੰਦੇ ਫਿਰੇ। ਉਨ੍ਹਾਂ ਦਾ ਆਪਸ ਵਿੱਚ ਇਤਫ਼ਾਕ ਹੋਰਨਾਂ ਜੱਟ ਭਰਾਵਾਂ ਲਈ ਮਿਸਾਲ ਹੈ। ਉਹ ਆਪਣੇ ਪਿਤਾ ਸ.ਹਰਬੰਸ ਸਿੰਘ ਪੁਰੇਵਾਲ ਤੇ ਮਾਤਾ ਸੁਰਜੀਤ ਕੌਰ ਦੀ ਯਾਦ ਵਿੱਚ ਤੇਈ ਚੌਵੀ ਫਰਵਰੀ 2008 ਨੂੰ ਹਕੀਮਪੁਰ `ਚ ਸਤ੍ਹਾਰਵਾਂ ਪੁਰੇਵਾਲ ਖੇਡ ਮੇਲਾ ਕਰਵਾ ਰਹੇ ਹਨ। ਉਨ੍ਹਾਂ ਦਾ ਸਾਰੇ ਖੇਡ ਪ੍ਰੇਮੀਆਂ ਨੂੰ ਨਿੱਘਾ ਸੱਦਾ ਹੈ ਕਿ ਹੁਮ ਹੁਮਾ ਕੇ ਪੁੱਜਣ।

27 ਅਕਤੂਬਰ ਨੂੰ ਸਿਆਟਲ ਵਿੱਚ ਮਾਝਾ ਐਸੋਸੀਏਸ਼ਨ ਦਾ ਡਿਨਰ ਸਮਾਗਮ ਸੀ ਜਿਸ ਲਈ ਮੈਨੂੰ ਉਚੇਚਾ ਸੱਦਿਆ ਗਿਆ ਸੀ। ਮੰਡੇਰ ਨੇ ਸੱਰੀ ਤੋਂ ਗੱਡੀ ਹੱਕੀ ਤੇ ਅਮਰੀਕਾ ਦਾ ਬਾਰਡਰ ਲੰਘ ਕੇ ਅਸੀਂ ਦਿਨ ਛਿਪਦੇ ਨੂੰ ਸਿਆਟਲ ਜਾ ਪੁੱਜੇ। ਆਲੇ ਦੁਆਲੇ ਦੀਆਂ ਪਹਾੜੀਆਂ ਤੇ ਝੀਲਾਂ ਅੱਖਾਂ ਨੂੰ ਤਰਾਵਟ ਬਖਸ਼ਦੀਆਂ ਰਹੀਆਂ। ਇਹ ਢਾਈ ਤਿੰਨ ਘੰਟੇ ਦਾ ਸਫ਼ਰ ਹਮੇਸ਼ਾਂ ਹੀ ਬੜਾ ਅਨੰਦਮਈ ਹੁੰਦੈ ਤੇ ਮੈਨੂੰ ਸਿਆਟਲ ਦੀ ਜੂਹ ਵਿੱਚ ਜਾ ਕੇ ਬਲਵੰਤ ਗਾਰਗੀ ਯਾਦ ਆ ਜਾਂਦੈ। ਉਹ ਵਿਜ਼ਟਿੰਗ ਪ੍ਰੋਫੈਸਰ ਬਣ ਕੇ ਸਿਆਟਲ ਦੀ ਯੂਨੀਵਰਸਿਟੀ ਵਿੱਚ ਡਰਾਮਾ ਪੜ੍ਹਾਉਣ ਆਇਆ ਸੀ ਪਰ ਪੰਜਾਹ ਸਾਲ ਦੀ ਉਮਰ ਵਿੱਚ ਆਪਣੀ ਵੀਹ ਕੁ ਸਾਲਾਂ ਦੀ ਵਿਦਿਆਰਥਣ ਜੀਨੀ ਨੂੰ ਵਿਆਹ ਕੇ ਹੋਰ ਹੀ ਡਰਾਮਾ ਕਰ ਗਿਆ! ਇਸ ਡਰਾਮੇ ਦਾ ਅਗਲਾ ਐਕਟ ਸੀ ਕਿ ਦੋ ਬੱਚੇ ਜੰਮਣ ਪਿੱਛੋਂ ਉਨ੍ਹਾਂ ਦਾ ਤੋੜ ਵਿਛੋੜਾ। ਇਹਦਾ ਵਿਸਥਾਰ ਉਸ ਨੇ ਆਪਣੀ ਪੁਸਤਕ ਨੰਗੀ ਧੁੱਪ ਵਿੱਚ ਦਿੱਤਾ ਹੈ। ਗਾਰਗੀ ਤਾਂ ਪਰਲੋਕ ਸਿਧਾਰ ਚੁੱਕੈ ਪਰ ਜੀਨੀ ਦਾ ਕੋਈ ਪਤਾ ਨਹੀਂ ਕਿ ਹੁਣ ਕਿਹੜੇ ਹਾਲਾਂ ਵਿੱਚ ਹੈ?

ਸਿਆਟਲ ਵਿੱਚ ਪੰਜਾਬੀਆਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ਤੋਂ ਵਾਹਵਾ ਹੋ ਗਈ ਹੈ ਤੇ ਉਹ ਆਪਣੇ ਖੇਡ ਮੇਲੇ ਤੇ ਧਾਰਮਿਕ ਉਤਸਵ ਬੜੇ ਚਾਅ ਨਾਲ ਮਨਾਉਣ ਲੱਗੇ ਹਨ। ਸ਼ਹਿਰ ਦੇ ਹਰੇਕ ਹਿੱਸੇ ਵਿੱਚ ਕੋਈ ਨਾ ਕੋਈ ਪੱਗ ਵਾਲਾ ਬੰਦਾ ਟੱਕਰ ਜਾਂਦੈ। ਟੈਕਸੀਆਂ ਦਾ ਬਹੁਤਾ ਕਾਰੋਬਾਰ ਪੰਜਾਬੀਆਂ ਦੇ ਹੱਥਾਂ ਵਿੱਚ ਹੈ। ਉਥੋਂ ਦੇ ਇੱਕ ਲੋਕ ਕਵੀ ਨੇ ਕੁੱਝ ਸਾਲ ਪਹਿਲਾਂ ਸਿਆਟਲ ਦੇ ਪੰਜਾਬੀ ਟੈਕਸੀ ਡਰਾਈਵਰਾਂ ਦੀਆਂ ਬਹਿਵਤਾਂ ਬਾਰੇ ਮੈਨੂੰ ਇੱਕ ਕਵਿਤਾ ਦਿੱਤੀ ਸੀ ਜੋ ਮੈਥੋਂ ਆਸੇ ਪਾਸੇ ਹੋ ਗਈ ਹੈ। ਉਸ ਵਿੱਚ ਉਹ ਕਿਸੇ ਨੂੰ ਕਲਹਿਰੀ ਮੋਰ ਕਹਿੰਦਾ ਹੈ, ਕਿਸੇ ਨੂੰ ਭਾਨੀਮਾਰ ਤੇ ਕਿਸੇ ਨੂੰ ਜਾਨੀ ਚੋਰ ਆਖਦਾ ਹੈ। ਕਿਸੇ ਦੀ ਲਿਮੋਜ਼ੀਨ ਨੂੰ ਲੁੱਡਣ ਮਲਾਹ ਦੀ ਬੇੜੀ ਨਾਲ ਮੇਲਦਾ ਹੈ ਤੇ ਕਿਸੇ ਦੀ ਟੈਕਸੀ ਨੂੰ ਯਾਰਾਂ ਦਾ ਯੱਕਾ ਦੱਸਦਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਉਸ ਦੀ ਕਵਿਤਾ ਗੁਆ ਬੈਠਾਂ ਨਹੀਂ ਤਾਂ ਹੂਬਹੂ ਛਾਪ ਕੇ ਪਾਠਕਾਂ ਦਾ ਦਿਲ ਪਰਚਾਉਂਦਾ।

ਦੋ ਸਾਲ ਪਹਿਲਾਂ ਸਿਆਟਲ ਦੇ ਮਝੈਲਾਂ ਨੇ ਆਪਸੀ ਮੇਲ ਗੇਲ ਲਈ ਮਾਝਾ ਐਸੋਸੀਏਸ਼ਨ ਆਫ਼ ਵਸ਼ਿੰਗਟਨ ਬਣਾਈ ਸੀ ਜਿਸ ਦਾ ਐਤਕੀਂ ਦੂਜਾ ਸਾਲਾਨਾ ਸਮਾਗਮ ਸੀ। ਮੈਨੂੰ ਟੋਰਾਂਟੋ ਤੋਂ ਸੱਦਿਆ ਗਿਆ ਸੀ, ਅਜੀਤ ਸਿੰਘ ਸੰਧੂ ਨੂੰ ਕੈਲੇਫੋਰਨੀਆਂ ਤੋਂ ਤੇ ਪ੍ਰਿੰ.ਮਹਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਆਏ ਸਨ। ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਸੀ ਸਾਂਝ ਤੇ ਪ੍ਰੇਮ ਪਿਆਰ ਦੀਆਂ ਗੱਲਾਂ ਕੀਤੀਆਂ ਤੇ ਮਾਝੇ ਦੀ ਵਿਸ਼ੇਸ਼ਤਾ ਦਾ ਜ਼ਿਕਰ ਕੀਤਾ। ਮੈਂ ਭਾਵੇਂ ਮਾਝੇ ਦਾ ਵਸਨੀਕ ਨਹੀਂ ਸਾਂ ਪਰ ਮੇਰੇ ਵੱਡਵਡੇਰੇ ਮਾਝੇ ਦੇ ਪਿੰਡ ਸਰਹਾਲੀ ਤੋਂ ਉੱਠ ਕੇ ਆਏ ਹੋਣ ਕਾਰਨ ਮੈਨੂੰ ਵੀ ਮਝੈਲ ਹੀ ਮੰਨ ਲਿਆ ਗਿਆ। ਉਥੇ ਮੇਰਾ ਮਾਣ ਸਨਮਾਨ ਹੋਇਆ ਜਿਸ ਨੂੰ ਮੈਂ ਨਿੱਜ ਦੀ ਥਾਂ ਪੰਜਾਬੀ ਵਿੱਚ ਲਿਖ ਰਹੀ ਕਲਮ ਦਾ ਸਨਮਾਨ ਮੰਨਿਆਂ। ਐਸੋਸੀਏਸ਼ਨ ਦੇ ਪ੍ਰਧਾਨ ਜੇ.ਸੇਖੋਂ ਬੜੇ ਰੂਹ ਵਾਲੇ ਸੱਜਣ ਲੱਗੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਚਰਨ ਸਿੰਘ ਢਿੱਲੋਂ ਨਾਲ ਮਿਲ ਕੇ ਰਸਾਲਾ ਮਹਿਕ ਵੀ ਕੱਢਦੇ ਹਨ। ਡਿਨਰ ਸਮਾਗਮਾਂ ਵਿੱਚ ਜਿਵੇਂ ਹੁੰਦਾ ਹੀ ਹੈ ਖਾਣ ਪੀਣ ਹੋਇਆ, ਗਿੱਧੇ ਭੰਗੜੇ ਪਏ ਤੇ ਪਰਿਵਾਰਾਂ ਦਾ ਆਪਸੀ ਮੇਲ ਗੇਲ ਹੋਇਆ। ਨੌਜੁਆਨਾਂ ਨੂੰ ਚੰਗੇ ਪਾਸੇ ਲਾਉਣ ਦੀਆਂ ਵਿਓਂਤਾਂ ਬਣਾਈਆਂ ਗਈਆਂ ਤੇ ਪਾਰਟੀ ਦੇਰ ਰਾਤ ਗਏ ਖ਼ਤਮ ਹੋਈ।

ਅਗਲੇ ਦਿਨ ਗੁਰਬਿੰਦਰ ਬਾਜਵੇ ਦੇ ਘਰ ਪਰੌਂਠਾ ਪਾਰਟੀ ਸੀ ਜਿਥੇ ਪੰਜ ਛੇ ਪਰਿਵਾਰ `ਕੱਠੇ ਬੈਠੇ ਤੇ ਪੰਜਾਬ ਵਰਗਾ ਠੁੱਕ ਬੱਝ ਗਿਆ। ਉਥੋਂ ਅਸੀਂ ਗੁਰਦਵਾਰੇ ਗਏ ਜਿਥੇ ਦੋ ਸੌ ਤੋਂ ਵੱਧ ਬੱਚੇ ਪੰਜਾਬੀ ਪੜ੍ਹ ਰਹੇ ਸਨ। ਜੇਕਰ ਇਹ ਰੀਸ ਸਾਰੇ ਗੁਰੂਘਰਾਂ ਵਿੱਚ ਤੁਰ ਪਵੇ ਤਾਂ ਪੰਜਾਬ ਤੋਂ ਵਿਛੜੇ ਪੰਜਾਬੀ ਬੱਚੇ ਵੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਹਨ। ਉਥੋਂ ਪਰਮਿੰਦਰ ਸਿੰਘ ਸਾਨੂੰ ਆਪਣੇ ਘਰ ਲੈ ਗਿਆ ਤੇ ਚਾਹ ਪਾਣੀ ਪੀਣ ਉਪਰੰਤ ਅਸੀਂ ਸੇਖੋਂ ਹੋਰਾਂ ਵੱਲ ਚਲੇ ਗਏ ਜਿਨ੍ਹਾਂ ਨੇ ਘੁਮਾ ਫਿਰਾ ਕੇ ਸ਼ਹਿਰ ਤੇ ਸਿਆਟਲ ਦਾ ਬੀਚ ਵਿਖਾਇਆ। ਸਮੁੰਦਰ ਕੰਢੇ ਛੱਲਾਂ ਆ ਜਾ ਰਹੀਆਂ ਸਨ ਤੇ ਕਿਸ਼ਤੀਆਂ ਤੈਰ ਰਹੀਆਂ ਸਨ। ਲੱਕੜਾਂ ਦੀਆਂ ਧੂਣੀਆਂ ਬਲ ਰਹੀਆਂ ਸਨ ਜਿਨ੍ਹਾਂ ਉਤੇ ਮਾਸ ਭੁੰਨਿਆਂ ਜਾ ਰਿਹਾ ਸੀ। ਇਹ ਸ਼ਿਕਾਰੀਆਂ ਵਾਲਾ ਰੁਮਾਂਸ ਸੀ ਜਿਸ ਦਾ ਅਨੰਦ ਸੈਰ ਸਪਾਟੇ ਦੇ ਸ਼ੁਕੀਨ ਮਾਣ ਰਹੇ ਸਨ। ਪਰ੍ਹਾਂ ਸਿਆਟਲ ਦੀ ਸਪੇਸ ਨੀਡਲ ਸੀ ਤੇ ਉਸ ਤੋਂ ਪਰ੍ਹਾਂ ਹਵਾਈ ਜਹਾਜ਼ਾਂ ਦਾ ਮਿਊਜ਼ਮ ਤੇ ਕਾਰਖਾਨਾ। ਕੁੱਝ ਇਮਾਰਤਾਂ ਸਪੇਸ ਨੀਡਲ ਤੋਂ ਵੀ ਉੱਚੀਆਂ ਉਸਰ ਗਈਆਂ ਸਨ।

ਸਾਡਾ ਰਾਤ ਦਾ ਖਾਣਾ ਕੁਲਵੰਤ ਸਿੰਘ ਸ਼ਾਹ ਵੱਲ ਸੀ ਜਿਸ ਨੇ ਹੋਰਨਾਂ ਦੇ ਨਾਲ ਕਬੱਡੀ ਦੇ ਆਸ਼ਕ ਚੰਨੇ ਆਲਮਗੀਰੀਏ ਨੂੰ ਵੀ ਸੱਦਿਆ ਹੋਇਆ ਸੀ। ਉਸ ਤੋਂ ਪਤਾ ਲੱਗਾ ਕਿ ਉਹ ਅਮਰੀਕਾ ਦੀ ਕਬੱਡੀ ਫੈਡਰੇਸ਼ਨ ਬਣਾ ਰਹੇ ਹਨ ਤੇ ਉਹਦੇ ਲਈ ਤਿਆਰ ਕੀਤੇ ਵਿਧਾਨ ਦੀ ਕਾਪੀ ਵੀ ਉਸ ਨੇ ਮੈਨੂੰ ਵਿਖਾਈ। ਰੋਟੀ ਖਾ ਕੇ ਵਿਹਲੇ ਹੋਏ ਤਾਂ ਮੈਂ ਸੌ ਜਾਣ ਦੇ ਹੱਕ ਵਿੱਚ ਸਾਂ ਪਰ ਸੰਤੋਖ ਮੰਡੇਰ ਕਹਿ ਰਿਹਾ ਸੀ, “ਆਪਾਂ ਹੁਣੇ ਚੱਲਦੇ ਆਂ। ਜਾ ਕੇ ਕੰਮ ਵੀ ਕਰਨੈਂ। ਨਾਲੇ ਹੁਣ ਸੜਕਾਂ ਵਿਹਲੀਆਂ ਹਨ। ਦਿਨੇ ਤਾਂ ਬਾਰਡਰ `ਤੇ ਈ ਅੱਧਾ ਘੰਟਾ ਲੱਗ ਜਾਵੇਗਾ।”

ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ? ਕਾਰ ਮੰਡੇਰ ਨੇ ਚਲਾਉਣੀ ਸੀ। ਮੈਂ ਤਾਂ ਗੱਡੀ ਵਿੱਚ ਵੀ ਸੌਂ ਸਕਦਾ ਸਾਂ। ਕੈਸਟ `ਤੇ ਗਾਣੇ ਗੂੰਜਦੇ ਆਏ, ਮੇਰੀਆਂ ਅੱਖਾਂ ਮਿਚਦੀਆਂ ਰਹੀਆਂ ਤੇ ਉਦੋਂ ਜਾ ਕੇ ਖੁੱਲ੍ਹੀਆਂ ਜਦੋਂ ਕੈਨੇਡਾ ਦਾ ਬਾਰਡਰ ਆ ਗਿਆ। ਦਿਨ ਦੇ ਮੁਕਾਬਲੇ ਰਾਤ ਨੂੰ ਬਾਰਡਰ ਉਤੇ ਵਾਕਿਆ ਈ ਵਿਹਲ ਸੀ। ਉਥੇ ਪੰਜ ਮਿੰਟ ਵੀ ਨਾ ਲੱਗੇ ਤੇ ਅਸੀਂ ਸੱਰੀ ਘਰ ਆ ਸੁੱਤੇ।

ਕਿਥੇ ਮੇਰੀਅਨ ਜੋਨਜ਼ ਤੇ ਕਿਥੇ ਕਬੱਡੀ ਦੇ ਖਿਡਾਰੀ? ਹੈ ਕੋਈ ਜੋੜ? ਹਾਂ ਇੱਕ ਗੱਲੋਂ ਜੋੜ ਹੈ। ਵਿਸ਼ਵ ਪ੍ਰਸਿੱਧ ਅਥਲੀਟ ਮੇਰੀਅਨ ਜੋਨਜ਼ ਪਾਬੰਦੀਸ਼ੁਦਾ ਡਰੱਗ ਸੇਵਨ ਦੀ ਦੋਸ਼ੀ ਪਾਈ ਗਈ ਹੈ ਤੇ ਉਸ ਦੇ ਮੈਡਲ ਵਾਪਸ ਲੈ ਲਏ ਗਏ ਹਨ। ਆਮ ਲੋਕਾਂ ਨੂੰ ਪਤਾ ਹੋਵੇ ਜਾਂ ਨਾ ਪਰ ਇਹ ਸੱਚ ਹੈ ਕਿ ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਕਈ ਸਟਾਰ ਖਿਡਾਰੀ ਵਰਜਿਤ ਡਰੱਗਾਂ ਲੈ ਰਹੇ ਹਨ। ਜੇਕਰ ਤੁਰਤ ਕੋਈ ਉਪਾਅ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਉਨ੍ਹਾਂ ਨੂੰ ਲੈ ਬਹਿਣਗੀਆਂ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸੇ ਖਿਡਾਰੀ ਦੀ ਅਣਿਆਈ ਮੌਤ, ਕਿਸੇ ਦੇ ਮਸਲ ਪੁੱਲ, ਕਿਸੇ ਦਾ ਨਿਪੁੰਸਕ ਹੋਣਾ ਤੇ ਕਿਸੇ ਦੇ ਗੁੱਝਾ ਦਰਦ ਹੋਣ ਦੀਆਂ ਖ਼ਬਰਾਂ ਮਿਲਣ ਲੱਗ ਪਈਆਂ ਹਨ। ਕਿਸੇ ਦਾ ਜਿਗਰ ਜੁਆਬ ਦੇ ਰਿਹੈ ਤੇ ਕਿਸੇ ਦਾ ਨਸਤੰਤਰ ਹਿੱਲ ਗਿਐ। ਕਿਸੇ ਦਾ ਸੀਜ਼ਨ ਮਾਰਿਆ ਜਾਣ ਲੱਗਾ ਹੈ। ਜਿਹੜਾ ਪੱਕਾ ਹੀ ਡਰੱਗ ਐਡਿਕਟ ਹੋ ਗਿਆ ਉਹਦਾ ਤਾਂ ਸਮਝੋ ਅਸਲੋਂ ਹੀ ਸਰ ਗਿਆ। ਉਹ ਜੇਹਾ ਦੁਨੀਆਂ `ਤੇ ਆਇਆ ਜੇਹਾ ਨਾ ਆਇਆ।

ਜਿਨ੍ਹਾਂ ਸਟੀਰਾਏਡਜ਼ ਨੂੰ ਤਾਕਤ ਵਧਾਉਣ ਦੀਆਂ ਦਵਾਈਆਂ ਕਹਿ ਕੇ ਲਿਆ ਜਾ ਰਿਹੈ ਉਨ੍ਹਾਂ `ਚ ਕਈ ਸਿਹਤ ਲਈ ਬੇਹੱਦ ਘਾਤਕ ਹਨ। ਉਹ ਆਰਜ਼ੀ ਤਾਕਤ ਦਿੰਦੀਆਂ ਹਨ, ਪੱਠੇ ਬਣਾਉਂਦੀਆਂ ਤੇ ਭਾਰ ਵਧਾਉਂਦੀਆਂ ਹਨ ਪਰ ਬਾਅਦ ਵਿੱਚ ਜਾਨ ਲੈਣ ਤਕ ਜਾਂਦੀਆਂ ਹਨ। ਇਹਦੀਆਂ ਇੱਕ ਨਹੀਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇਸੇ ਕਰਕੇ ਓਲੰਪਿਕ ਖੇਡਾਂ ਦੇ ਮੈਡੀਕਲ ਕਮਿਸ਼ਨ ਨੇ ਉਨ੍ਹਾਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੋਈ ਹੈ ਜੋ ਖਿਡਾਰੀਆਂ ਲਈ ਵਰਜਿਤ ਹਨ। ਜੇ ਕੋਈ ਖਿਡਾਰੀ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਦਾ ਸਾਬਤ ਹੋ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਅੱਗੋਂ ਖੇਡਾਂ ਵਿੱਚ ਭਾਗ ਲੈਣ `ਤੇ ਪਾਬੰਦੀ ਲੱਗ ਜਾਂਦੀ ਹੈ। ਬਦਨਾਮੀ ਵੱਖਰੀ ਹੁੰਦੀ ਹੈ। ਟਰੈਕ ਦੀ ਰਾਣੀ ਮੇਰੀਅਨ ਜੋਨਜ਼ ਜੀਹਦੀ ਗੁੱਡੀ ਅਸਮਾਨੀ ਚੜ੍ਹੀ ਹੋਈ ਸੀ ਹੁਣ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਉਹ ਰੋ ਰੋ ਕੇ ਭੁੱਲਾਂ ਬਖਸ਼ਾ ਰਹੀ ਹੈ ਤੇ ਕੁਲ ਦੁਨੀਆਂ ਦੇ ਮੀਡੀਏ ਵਿੱਚ ਉਹਦੀਆਂ ਰੋਂਦੀ ਦੀਆਂ ਤਸਵੀਰਾਂ ਛਪੀਆਂ ਹਨ। ਉਹਦੀ ਹਾਲਤ ਵੇਖ ਕੇ ਤਰਸ ਆਉਂਦਾ ਹੈ।

ਮੇਰੀਅਨ ਜੋਨਜ਼ ਕੋਈ ਸਾਧਾਰਨ ਅਥਲੀਟ ਨਹੀਂ। ਉਹ ਅਮਰੀਕਾ ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਦੀ ਸਭ ਤੋਂ ਤੇਜ਼ਤਰਾਰ ਦੌੜਾਕ ਬਣੀ ਰਹੀ ਜਿਸ ਦੀ ਟ੍ਰੇਨਿੰਗ ਅਤਿ ਆਧੁਨਿਕ ਖੇਡ ਸਾਮਾਨ ਤੇ ਨਵੀਨਤਮ ਤਕਨੀਕ ਨਾਲ ਹੋਈ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਕੋਚ ਨੇ ਉਸ ਨੂੰ ਕਥਿਤ ਤਾਕਤ ਵਧਾਊ ਸਟੀਰਾਇਡਜ਼ `ਤੇ ਲਾਇਆ ਸੀ। ਪਹਿਲਾਂ ਉਹ ਪਾਬੰਦੀਸ਼ੁਦਾ ਡਰੱਗਜ਼ ਲੈਣ ਤੋਂ ਮੁਕਰਦੀ ਆ ਰਹੀ ਸੀ ਪਰ ਜਾਂਚ ਪੂਰੀ ਹੋਣ ਉਤੇ ਉਸ ਨੂੰ ਸਵੀਕਾਰ ਕਰਨਾ ਪਿਆ ਕਿ ਉਹ ਸਤੰਬਰ 2000 ਤੋਂ ਜੁਲਾਈ 2001 ਤਕ ਵਿਸ਼ੇਸ਼ ਤਰ੍ਹਾਂ ਦੇ ਸਟੀਰਾਇਡਜ਼ ਲੈਂਦੀ ਰਹੀ ਸੀ। ਉਸ ਨੇ ਸਿਡਨੀ ਦੀਆਂ ਓਲੰਪਿਕ ਖੇਡਾਂ `ਚੋਂ ਇੱਕ ਨਹੀਂ, ਪੰਜ ਮੈਡਲ ਜਿੱਤੇ ਸਨ। ਸੌ ਮੀਟਰ, ਦੋ ਸੌ ਮੀਟਰ ਤੇ ਚਾਰ ਸੌ ਮੀਟਰ ਰਿਲੇਅ ਦੌੜ `ਚੋਂ ਸੋਨੇ ਦੇ ਤਮਗ਼ੇ ਸਨ ਅਤੇ ਲੰਮੀ ਛਾਲ ਤੇ ਸੌ ਮੀਟਰ ਰਿਲੇਅ ਦੌੜ `ਚੋਂ ਕਾਂਸੀ ਦੇ ਤਮਗ਼ੇ ਸਨ। ਏਨੇ ਤਮਗ਼ੇ ਜਿੱਤਣ ਨਾਲ ਉਹਦੀ ਸ਼ੋਹਰਤ ਦਾ ਕੋਈ ਅੰਤ ਨਹੀਂ ਸੀ ਰਿਹਾ। ਉਹ ਦੁਨੀਆਂ ਭਰ ਦੀ ਜੁਆਨੀ ਦਾ ਮਾਡਲ ਬਣ ਗਈ ਸੀ।

2004 ਵਿੱਚ ਮੇਰੀਅਨ ਜੋਨਜ਼ ਬਾਲਕੋ ਸਟੀਰਾਇਡ ਦੇ ਮਾਮਲੇ ਵਿੱਚ ਅਜਿਹੀ ਫਸੀ ਤੇ ਆਈ.ਓ.ਸੀ.ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਮੁਕੰਮਲ ਹੋਣ ਉਤੇ ਜਦੋਂ ਸਾਬਤ ਹੋ ਗਿਆ ਕਿ ਜੋਨਜ਼ ਦੋਸ਼ੀ ਹੈ ਤਾਂ ਉਸ ਨੇ ਵੀ ਦੋਸ਼ ਸਵੀਕਾਰ ਕਰ ਲਿਆ। ਉਸ ਨੇ ਦੌੜਨ ਵਿੱਚ ਉਸ ਤੋਂ ਪਿੱਛੇ ਰਹਿਣ ਵਾਲੀਆਂ ਦੌੜਾਕਾਂ ਤੋਂ ਮਾਫੀ ਮੰਗੀ ਹੈ ਕਿ ਉਸ ਨੂੰ ਮਾਫ਼ ਕਰ ਦੇਣ। ਉਸ ਨੇ ਕਿਹਾ ਕਿ ਮੈਂ ਆਪਣੇ ਮੁਕਾਬਲੇ ਦੀਆਂ ਦੌੜਾਕਾਂ ਨਾਲ ਧੋਖਾ ਕੀਤਾ ਹੈ। ਜੇ ਅਜਿਹੀ ਸਥਿਤੀ ਕਿਤੇ ਕਬੱਡੀ ਦੇ ਖਿਡਾਰੀਆਂ ਸਾਹਮਣੇ ਆ ਜਾਵੇ ਤਾਂ ਕੀ ਉਹ ਸਾਥੀ ਖਿਡਾਰੀਆਂ ਤੋਂ ਮਾਫੀ ਮੰਗਣਗੇ? ਕੀ ਉਹ ਮੰਨ ਲੈਣਗੇ ਕਿ ਉਨ੍ਹਾਂ ਨੇ ਨਜਾਇਜ਼ ਦਵਾਈਆਂ ਲੈ ਕੇ ਆਰਜ਼ੀ ਤੌਰ `ਤੇ ਤਾਕਤ ਹਾਸਲ ਕੀਤੀ ਸੀ ਤੇ ਆਪਣੇ ਸਾਥੀ ਖਿਡਾਰੀਆਂ ਨਾਲ ਧੋਖਾ ਕੀਤਾ ਸੀ? ਉਨ੍ਹਾਂ ਵਿੱਚ ਤਾਂ ਕਈ ਐਸੇ ਵੀ ਹਨ ਜਿਹੜੇ ਮਨ੍ਹਾਂ ਕੀਤੀਆਂ ਤਿਲ੍ਹਕਣੀਆਂ ਵਸਤਾਂ ਵੀ ਪਿੰਡੇ `ਤੇ ਮਲਣੋਂ ਨਹੀਂ ਹਟਦੇ। ਪਾਣੀ ਪੀਣ ਦੀ ਥਾਂ ਗੁੱਟਾਂ ਤੇ ਪਿੰਡੇ `ਤੇ ਲਾ ਲੈਂਦੇ ਹਨ ਅਤੇ ਫਾਊਲ ਖੇਡਣ ਦੀ ਕੋਈ ਕਸਰ ਨਹੀਂ ਛੱਡਦੇ।

ਮੇਰੀਅਨ ਜੋਨਜ਼ ਦਾ ਨਾਂ ਹੁਣ ਓਲੰਪਿਕ ਖੇਡਾਂ ਦੇ ਜੇਤੂਆਂ `ਚੋਂ ਮੇਟ ਦਿੱਤਾ ਜਾਵੇਗਾ। ਰਿਕਾਰਡਾਂ ਵਿੱਚ ਉਸ ਦਾ ਨਾਂ ਨਹੀਂ ਰਹੇਗਾ। ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਗਏ ਹਨ ਜੋ ਉਸ ਤੋਂ ਦੂਜੇ ਨੰਬਰ `ਤੇ ਆਉਣ ਵਾਲੀਆਂ ਨੂੰ ਮਿਲਣਗੇ। ਅਜੇ ਕੁਦਰਤ ਨੇ ਪਤਾ ਨਹੀਂ ਉਸ ਨੂੰ ਕਿਹੋ ਜਿਹੀ ਸਰੀਰਕ ਸਜ਼ਾ ਦੇਣੀ ਹੈ। ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਦੀ ਫਲੋਰੈਂਸ ਗ੍ਰਿਫਤ ਜਾਏਨਰ ਨੇ ਵੀ ਸੋਨੇ ਦੇ ਤਿੰਨ ਮੈਡਲ ਜਿੱਤੇ ਸਨ। ਉਹ ਵੀ ਪਾਬੰਦੀਸ਼ੁਦਾ ਦਵਾਈਆਂ ਲੈਂਦੀ ਸੀ ਤੇ ਉਤੋਂ ਦੀ ਹੋਰ ਦਵਾਈਆਂ ਲੈ ਕੇ ਡੌਪ ਟੈੱਸਟ ਕਰਨ ਵਾਲਿਆਂ ਨੂੰ ਧੋਖਾ ਦੇ ਦਿੰਦੀ ਸੀ। ਪਰ ਕੁਦਰਤ ਨੇ ਧੋਖਾ ਨਹੀਂ ਖਾਧਾ ਤੇ ਉਹ ਜੁਆਨ ਅਵੱਸਥਾ ਵਿੱਚ ਹੀ ਬੁਰੇ ਹਾਲੀਂ ਚਲਦੀ ਬਣੀ। ਮਰਨ ਤੋਂ ਪਹਿਲਾਂ ਉਹ ਸ਼ਕਲੋਂ ਬੇਸ਼ਕਲ ਹੋ ਗਈ ਸੀ।

ਅੱਜ ਉਹ ਰੰਗ ਬਰੰਗੇ ਲੰਮੇ ਨਹੁੰਆਂ, ਲਾਲ ਲਿਪਸਟਿਕ ਤੇ ਖੁੱਲ੍ਹੇ ਵਾਲਾਂ ਵਾਲੀ ਉਡਣ ਪਰੀ ਕਿਸੇ ਦੇ ਚਿਤ ਚੇਤੇ ਨਹੀਂ। ਕੈਨੇਡਾ ਦੇ ਬੈੱਨ ਜਾਨ੍ਹਸਨ ਨੇ ਸੌ ਮੀਟਰ ਦੀ ਫਰਾਟਾ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ ਪਰ ਡੌਪ ਟੈੱਸਟ ਵਿੱਚ ਇਹ ਪਤਾ ਲੱਗਣ `ਤੇ ਕਿ ਉਸ ਨੇ ਵਰਜਿਤ ਦਵਾਈ ਲਈ ਸੀ ਉਸ ਦਾ ਨਾਂ ਰਿਕਾਰਡਾਂ ਵਿਚੋਂ ਮੇਟ ਦਿੱਤਾ ਗਿਆ। ਉਸ ਦਾ ਜਿੱਤਿਆ ਹੋਇਆ ਸੋਨ ਤਮਗ਼ਾ ਵਾਪਸ ਲੈ ਲਿਆ ਗਿਆ ਸੀ। ਅੱਜ ਬੈੱਂਨ ਜਾਨ੍ਹਸਨ ਨੂੰ ਵੀ ਕੋਈ ਨਹੀਂ ਜਾਣਦਾ ਕਿ ਉਹ ਕਿਥੇ ਹੈ? ਕਬੱਡੀ ਦੇ ਜਿਹੜੇ ਕਥਿਤ ਸਟਾਰ ਖਿਡਾਰੀ ਵੱਡੇ ਇਨਾਮ ਜਿੱਤਣ ਦੇ ਲਾਲਚ ਵਿੱਚ ਘਾਤਕ ਸਟੀਰਾਇਡਜ਼ ਲੈ ਰਹੇ ਹਨ ਉਨ੍ਹਾਂ ਨੂੰ ਵੀ ਆਪਣਾ ਬੁਰਾ ਭਲਾ ਵਿਚਾਰ ਲੈਣਾ ਚਾਹੀਦੈ। ਤੇ ਪਰਸਰਾਮਪੁਰ ਦੇ ਬਾਬਾ ਲੋਧੀਆਣਾ ਖੇਡ ਮੇਲੇ `ਤੇ ਕਬੱਡੀ ਦੇ ਤੇਰਾਂ ਲੱਖੇ ਇਨਾਮ ਦੇਣ ਵਾਲਿਆਂ ਨੂੰ ਵੀ ਡੋਪ ਟੈੱਸਟ ਵਰਗਾ ਪੱਕਾ ਉਪਾਅ ਕਰਨਾ ਚਾਹੀਦੈ ਕਿ ਕੋਈ ਟੀਮ ਡਰੱਗ ਦੇ ਸਿਰ `ਤੇ ਹੀ ਇਨਾਮ ਨਾ ਮਾਠ ਜਾਵੇ!

ਕਈਆਂ ਲਈ ਇਹ ਖ਼ਬਰ ਹੈਰਾਨੀ ਵਾਲੀ ਹੋਵੇਗੀ ਕਿ ਕਬੱਡੀ ਦਾ ਇਨਾਮ ਫਸਟ ਆਉਣ ਵਾਲੀ ਟੀਮ ਲਈ ਅੱਠ ਲੱਖ ਤੇ ਸੈਕੰਡ ਲਈ ਪੰਜ ਲੱਖ ਰੁਪਏ ਤਕ ਪੁੱਜ ਗਿਆ ਹੈ। ਕੈਨੇਡਾ ਅਮਰੀਕਾ ਵਿੱਚ ਗਿਆਰਾਂ ਹਜ਼ਾਰ ਤੇ ਅੱਠ ਹਜ਼ਾਰ ਡਾਲਰ ਤਕ ਦੇ ਇਨਾਮ ਕਈ ਸਾਲਾਂ ਤੋਂ ਦਿੱਤੇ ਜਾ ਰਹੇ ਹਨ। ਇੱਕ ਪੁਆਇੰਟ ਉਤੇ ਇੱਕ ਲੱਖ ਰੁਪਿਆ ਤੇ ਪੰਜ ਹਜ਼ਾਰ ਡਾਲਰ ਤਕ ਦੇ ਇਨਾਮ ਲੱਗ ਚੁੱਕੇ ਹਨ। ਹੁਣ ਏਡੇ ਵੱਡੇ ਇਨਾਮ ਜੇ ਕੋਈ ਨਸ਼ੇ ਵਾਲੀ ਜਾਂ ਵਰਜਿਤ ਡਰੱਗ ਖਾ ਕੇ ਲੈ ਜਾਵੇ ਤਾਂ ਲੋਹੜਾ ਨਹੀਂ? ਜਿਹੜੇ ਖਿਡਾਰੀ ਸ਼ੁਧ ਖੁਰਾਕਾਂ ਖਾ ਕੇ ਤੇ ਮਿਹਨਤਾਂ ਮਾਰ ਕੇ ਸਹੀ ਖੇਡ ਖੇਡਦੇ ਹਨ ਉਨ੍ਹਾਂ ਨਾਲ ਧੱਕਾ ਨਹੀਂ? ਉਨ੍ਹਾਂ ਵਿਚਾਰਿਆਂ ਦਾ ਕੀ ਕਸੂਰ? ਜੇ ਪਾਬੰਦੀਸ਼ੁਦਾ ਡਰੱਗ ਲੈਣ ਵਾਲਿਆਂ ਨੂੰ ਰੋਕਿਆ ਨਾ ਗਿਆ ਤਾਂ ਇਸ ਦਾ ਮਤਲਬ ਹੈ ਜਿਹੜੇ ਅਜੇ ਤਕ ਉਹ ਦਵਾਈਆਂ ਨਹੀਂ ਲੈਣ ਲੱਗੇ ਉਹ ਵੀ ਲੈਣ ਲੱਗ ਜਾਣਗੇ।

ਕਬੱਡੀ ਹਲਕਿਆਂ ਵਿੱਚ ਇੱਕ ਗੱਲ ਆਮ ਕਹੀ ਜਾ ਰਹੀ ਹੈ ਕਿ ਹੁਣ ਤਾਂ ਜੀ ਸਾਰੇ ਹੀ ਟੀਕੇ ਲੁਆਉਣ ਲੱਗ ਪਏ ਨੇ ਤੁਸੀਂ ਕੀਹਨੂੰ ਕੀਹਨੂੰ ਰੋਕੋਗੇ? ਇਹ ਤਾਂ ਉਹ ਗੱਲ ਹੈ ਜਿਵੇਂ ਕੋਈ ਚੋਰ ਪਾੜ `ਚੋਂ ਫੜਿਆ ਜਾਵੇ ਤੇ ਆਖੀ ਜਾਵੇ ਮੈਂ ਕਿਹੜਾ `ਕੱਲੇ ਨੇ ਚੋਰੀ ਕੀਤੀ ਹੈ ਏਥੇ ਤਾਂ ਸਾਰੇ ਈ ਚੋਰ ਨੇ। ਇਹ ਗੱਲ ਬਿਲਕੁਲ ਗ਼ਲਤ ਹੈ ਕਿ ਕਬੱਡੀ ਦੇ ਸਾਰੇ ਹੀ ਖਿਡਾਰੀ ਡਰੱਗਾਂ ਉਤੇ ਲੱਗੇ ਹੋਏ ਨੇ। ਬਥੇਰੇ ਹਨ ਜਿਹੜੇ ਅਜੇ ਬਚੇ ਹੋਏ ਹਨ। ਇਹ ਉਨ੍ਹਾਂ ਦਾ ਪਰਚਾਰ ਹੈ ਜਿਨ੍ਹਾਂ ਨੂੰ ਡਰ ਹੈ ਕਿ ਜਿਹੜੇ ਲੱਗੇ ਹੋਏ ਨੇ ਕਿਤੇ ਉਹ ਨਾ ਫੜੇ ਜਾਣ?

ਓਨਟਾਰੀਓ, ਬੀ.ਸੀ.ਤੇ ਯੂ.ਕੇ.ਦੀਆਂ ਕਬੱਡੀ ਫੈਡਰੇਸ਼ਨਾਂ ਨੇ ਪਿਛਲੇ ਸਾਲ ਮਤੇ ਪਾਸ ਕੀਤੇ ਸਨ ਕਿ ਪੱਛਮੀ ਮੁਲਕਾਂ ਦਾ 2007 ਦਾ ਕਬੱਡੀ ਸੀਜ਼ਨ ਡਰੱਗ ਮੁਕਤ ਹੋਵੇਗਾ। ਉਹ ਡੋਪ ਟੈੱਸਟ ਕਰਨਗੇ। ਉਨ੍ਹਾਂ ਨੇ ਇਸ ਫੈਸਲੇ ਦਾ ਐਲਾਨ ਮੀਡੀਏ ਵਿੱਚ ਵੀ ਕੀਤਾ। ਮੇਰੇ ਵਰਗਿਆਂ ਨੇ ਉਨ੍ਹਾਂ ਦੇ ਇਸ ਚੰਗੇ ਫੈਸਲੇ ਦੀ ਪ੍ਰਸੰਸਾ ਕਰਦਿਆ ਲੇਖ ਲਿਖੇ। ਲੇਖ ਪੰਜਾਬ ਦੇ ਅਖ਼ਬਾਰਾਂ ਵਿੱਚ ਵੀ ਛਪੇ ਤੇ ਕੁਮੈਂਟੇਟਰਾਂ ਨੇ ਵੀ ਖੇਡ ਮੇਲਿਆਂ `ਤੇ ਕੁਮੈਂਟਰੀ ਕਰਦਿਆਂ ਖਿਡਾਰੀਆਂ ਨੂੰ ਖ਼ਬਰਦਾਰ ਕੀਤਾ। ਉਹਦਾ ਨਤੀਜਾ ਇਹ ਨਿਕਲਿਆ ਕਿ ਕਬੱਡੀ ਖਿਡਾਰੀਆਂ ਨੂੰ ਡਰ ਪੈ ਗਿਆ ਪਈ ਐਤਕੀਂ ਡੋਪ ਟੈੱਸਟ ਹੋਵੇਗਾ ਤੇ ਡਰੱਗ ਲੈਣ ਵਾਲਿਆਂ ਨੂੰ ਲੈਣੇ ਦੇ ਦੇਣੇ ਪੈਣਗੇ। ਪੰਜਾਬ ਦੀਆਂ ਕਬੱਡੀ ਅਕੈਡਮੀਆਂ ਵਿਚੋਂ ਖ਼ਬਰਾਂ ਮਿਲੀਆਂ ਕਿ ਕਈ ਖਿਡਾਰੀ ਸਟੀਰਾਇਡਜ਼ ਲੈਣੋਂ ਹਟ ਗਏ ਸਨ।

ਪਰ ਜਦੋਂ ਟੋਰਾਂਟੋ ਵਿੱਚ 2007 ਦਾ ਕਬੱਡੀ ਸੀਜ਼ਨ ਸ਼ੁਰੂ ਹੋਇਆ ਤਾਂ ਪਹਿਲੇ ਟੂਰਨਾਮੈਂਟ ਸਮੇਂ ਪਰਚੀਆਂ ਪਾ ਕੇ ਅੱਠ ਖਿਡਾਰੀ ਡੌਪ ਟੈੱਸਟ ਲਈ ਚੁਣੇ ਗਏ। ਪੰਜਾਂ ਨੇ ਕਰੂਰਾ ਦੇ ਦਿੱਤਾ ਤੇ ਤਿੰਨ ਆਖਣ ਲੱਗੇ ਕਿ ਅਗਲੇ ਟੂਰਨਾਮੈਂਟ `ਤੇ ਦੇਵਾਂਗੇ। ਇਹਦਾ ਮਤਲਬ ਉਹਨਾਂ `ਚ ਕੋਈ ਕਮੀ ਹੋਵੇਗੀ। ਅਗਲੇ ਟੂਰਨਾਮੈਂਟ `ਤੇ ਡੋਪ ਟੈੱਸਟ ਕਰਨ ਲੱਗੇ ਤਾਂ ਉਹ ਖਿਡਾਰੀ ਫਿਰ ਲੱਤ ਚੁੱਕ ਗਏ ਤੇ ਟੂਰਨਾਮੈਂਟ ਕਰਾਉਣ ਵਾਲਾ ਕਲੱਬ ਵੀ ਕਹਿਣ ਲੱਗਾ ਕਿ ਸਾਡਾ ਟੂਰਨਾਮੈਂਟ ਕਿਉਂ ਖਰਾਬ ਕਰਦੇ ਓਂ? ਆਹ ਡੋਪ ਡੂਪ ਵਾਲਾ ਪੰਗਾ ਅਗਲੇ ਟੂਰਨਾਮੈਂਟ `ਤੇ ਲੈ ਲਿਓ। ਕਬੱਡੀ ਫੈਡਰੇਸ਼ਨ ਨੇ ਮੀਟਿੰਗ ਰੱਖ ਲਈ ਤੇ ਕਲੱਬਾਂ ਦੇ ਨੁਮਾਇੰਦਿਆਂ ਦੀਆਂ ਵੋਟਾਂ ਪੁਆ ਲਈਆਂ।

ਵੋਟਾਂ ਪਤਾ ਕਾਹਦੇ `ਤੇ ਪੁਆਈਆਂ? ਅਖੇ ਡੋਪ ਟੈੱਸਟ ਕਰਨਾ ਚਾਹੀਦੈ ਕਿ ਨਹੀਂ? ਯਾਨੀ ਨਸ਼ੇ ਤੇ ਵਰਜਿਤ ਡਰੱਗਾਂ ਲੈਣ ਵਾਲਿਆਂ ਨੂੰ ਖੇਡਣ ਦੇਣਾ ਜਾਂ ਨਹੀਂ ਖੇਡਣ ਦੇਣਾ? ਸਿਰਫ ਦੋ ਕਲੱਬਾਂ ਨੇ ਡੋਪ ਟੈੱਸਟ ਕਰਨ ਦੇ ਹੱਕ ਵਿੱਚ ਵੋਟ ਪਾਈ ਤੇ ਛੇਆਂ ਨੇ ਵੋਟ ਟੈੱਸਟ ਨਾ ਕਰਨ ਦੇ ਹੱਕ ਵਿੱਚ ਪਾ ਦਿੱਤੀ! ਡਰੱਗ ਲੈਣ ਵਾਲੇ ਖਿਡਾਰੀ ਕੱਛਾਂ ਵਜਾਉਣ ਲੱਗੇ। ਜਿਹੜੇ ਪੰਜਾਬ ਤੋਂ ਨਿਸਬਤਨ ਸਸਤੇ ਮਿਲਦੇ ਸਟੀਰਾਇਡਜ, ਕੈਨੇਡਾ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਫੈਸਲੇ ਤੋਂ ਡਰਦੇ ਮਾਰੇ ਨਹੀਂ ਸਨ ਲੈ ਕੇ ਆਏ ਉਨ੍ਹਾਂ ਨੇ ਪਿੱਛੋਂ ਆਉਣ ਵਾਲਿਆਂ ਨੂੰ ਫੋਨ ਖੜਕਾ ਦਿੱਤੇ ਕਿ ਏਥੇ ਤਾਂ ਹਰੀ ਝੰਡੀ ਐ! ਸਾਡੇ ਜੋਗਾ ਮਾਲ ਮੱਤਾ ਵੀ ਲੈ ਆਇਓ! !

ਕਬੱਡੀ ਦਾ ਇੱਕ ਖਿਡਾਰੀ ਡੱਬ `ਚ ਮਾਲ ਮੱਤਾ ਲਿਆਉਂਦਾ ਵੈਨਕੂਵਰ ਦੇ ਹਵਾਈ ਅੱਡੇ `ਤੇ ਫੜਿਆ ਗਿਆ ਤੇ ਉਸ ਨੂੰ ਡਿਪੋਰਟ ਹੋਣਾ ਪਿਆ। ਜੇ ਉਹਦਾ `ਕੱਲੇ ਜੋਗਾ ਮਾਲ ਹੁੰਦਾ ਤਾਂ ਸ਼ਾਇਦ ਡਾਕਟਰ ਦੀ ਦਿੱਤੀ ਦਵਾਈ ਕਹਿ ਕੇ ਨਿਕਲ ਜਾਂਦਾ ਪਰ ਉਹਦੇ ਤਾਂ ਕਾਰਤੂਸਾਂ ਦੀ ਪੇਟੀ ਵਾਂਗ ਲੱਕ ਦੁਆਲੇ ਟੀਕੇ ਤੇ ਕੈਪਸੂਲ ਚਾੜ੍ਹੇ ਹੋਏ ਸਨ! ਪੰਜਾਬ ਦਾ ਮਾਲ ਜ਼ਬਤ ਹੋ ਜਾਣ ਕਾਰਨ ਕੈਨੇਡਾ `ਚੋਂ ਉਹੀ ਮਾਲ ਫਿਰ ਦਸ ਗੁਣਾਂ ਮਹਿੰਗਾ ਮਿਲਿਆ ਜਿਸ ਦਾ ਪ੍ਰਬੰਧ ਕੁੱਝ ਕਲੱਬਾਂ ਨੂੰ ਆਪ ਕਰਨਾ ਪਿਆ।

ਸੁਆਲ ਪੈਦਾ ਹੁੰਦਾ ਹੈ ਕਿ ਕਿਸੇ ਖੇਡ ਫੈਡਰੇਸ਼ਨ ਨੂੰ ਖਿਡਾਰੀਆਂ ਲਈ ਵਰਜਿਤ ਦਵਾਈਆਂ ਲੈਣ ਬਾਰੇ ਆਪਣੇ ਕਲੱਬ ਮੈਂਬਰਾਂ ਤੋਂ ਵੋਟਾਂ ਪੁਆਉਣ ਦਾ ਕੋਈ ਵਿਧਾਨ ਵੀ ਹੈ? ਜਵਾਬ ਹੈ ਕਿ ਨਹੀਂ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਮੈਂਬਰਾਂ ਤੋਂ ਵੋਟਾਂ ਪੁਆ ਕੇ ਫੈਸਲਾ ਲਵੇ ਕਿ ਕੋਈ ਪਾਠੀ ਨਸ਼ਾ ਕਰ ਕੇ ਰੌਲ ਲਾ ਸਕਦੈ ਕਿ ਨਹੀਂ? ਨਸ਼ਾ ਕਰ ਕੇ ਕੋਈ ਖੇਡ ਖੇਡਣੀ ਜਾਂ ਵਰਜਿਤ ਦਵਾਈ ਲੈ ਕੇ ਖੇਡਣਾ ਖੇਡਾਂ ਦੇ ਵਿਧਾਨ `ਚ ਹੀ ਮਨ੍ਹਾਂ ਹੈ। ਵਿਸ਼ਵ ਦੀ ਸਰਵੋਤਮ ਖੇਡ ਸੰਸਥਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਮੈਡੀਕਲ ਕਮਿਸ਼ਨ ਰਾਹੀਂ ਇਹ ਪਾਬੰਦੀ ਲਾਗੂ ਕੀਤੀ ਹੋਈ ਹੈ। ਇਹਦੇ ਵਿੱਚ ਖੁੱਲ੍ਹ ਲੈਣ ਦੀ ਕੋਈ ਗੁੰਜਾਇਸ਼ ਹੀ ਨਹੀਂ। ਜੇ ਹੁੰਦੀ ਤਾਂ ਨਾ ਬੈੱਨ ਜਾਨ੍ਹਸਨ ਦਾ ਤਮਗ਼ਾ ਖੁੱਸਦਾ ਤੇ ਨਾ ਹੁਣ ਮੇਰੀਅਨ ਜੋਨਜ਼ ਦੀ ਦੁਰਗਤ ਹੁੰਦੀ।

ਕਬੱਡੀ ਕਲੱਬਾਂ, ਅਕੈਡਮੀਆਂ, ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਨੂੰ ਚਾਹੀਦੈ ਕਿ ਉਹ ਕਬੱਡੀ ਵਿੱਚ ਪਾਬੰਦੀਸ਼ੁਦਾ ਡਰੱਗਾਂ ਦੇ ਸੇਵਨ ਨੂੰ ਦ੍ਰਿੜਤਾ ਨਾਲ ਰੋਕਣ। ਜਿਹੜੇ ਖਿਡਾਰੀ ਵਰਜਿਤ ਦਵਾਈਆਂ ਲੈਣ ਤੋਂ ਬਚੇ ਹੋਏ ਹਨ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਹੁਣ ਤਾਂ ਕਈ ਡਰੱਗੀ ਖਿਡਾਰੀ ਹੀ ਸਹੀ ਖਿਡਾਰੀਆਂ ਦਾ ਹੱਕ ਮਾਰੀ ਜਾ ਰਹੇ ਹਨ। ਪੱਛਮੀ ਮੁਲਕਾਂ ਦੇ 2008 ਦੇ ਕਬੱਡੀ ਸੀਜ਼ਨ ਨੂੰ ਜੇ ਡਰੱਗ ਮੁਕਤ ਰੱਖਣਾ ਹੈ ਤਾਂ ਹੁਣੇ ਤੋਂ ਦ੍ਰਿੜ ਫੈਸਲੇ ਲੈਣੇ ਚਾਹੀਦੇ ਹਨ।

ਇਕ ਸੁਝਾਅ ਹੈ ਕਿ ਪੰਜਾਬ ਤੋਂ ਕਬੱਡੀ ਦੇ ਉਨ੍ਹਾਂ ਖਿਡਾਰੀਆਂ ਨੂੰ ਹੀ ਵਿਦੇਸ਼ਾਂ ਵਿੱਚ ਖੇਡਣ ਲਈ ਸਪਾਂਸਰ ਕੀਤਾ ਜਾਵੇ ਜਿਹੜੇ ਭਾਰਤ ਵਿੱਚ ਡੋਪ ਟੈੱਸਟ ਦੀ ਮਾਨਤਾ ਪ੍ਰਾਪਤ ਲਬਾਰਟਰੀ ਤੋਂ ਡੋਪ ਟੈੱਸਟ ਕਰਵਾ ਕੇ ਅੰਬੈਸੀਆਂ ਤੋਂ ਵੀਜ਼ੇ ਲੈਣ ਜਾਣ। ਕੱਪ ਜਿੱਤਣ ਵਾਲੇ ਖਿਡਾਰੀਆਂ ਦਾ ਵੀ ਡੋਪ ਟੈੱਸਟ ਹੋਣ `ਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇ। ਜੇਕਰ ਡੋਪ ਟੈੱਸਟ ਵਿੱਚ ਜੇਤੂ ਖਿਡਾਰੀ ਵਰਜਿਤ ਦਵਾਈ ਲੈਂਦੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਗੋਂ ਲਈ ਬੈਨ ਕਰ ਕੇ ਇਨਾਮ ਦੂਜੇ ਨੰਬਰ `ਤੇ ਆਉਣ ਵਾਲੀ ਟੀਮ ਦੇ ਹਵਾਲੇ ਕੀਤਾ ਜਾਵੇ। ਮੇਰੀਅਨ ਜੋਨਜ਼ ਦੇ ਕੇਸ ਵਿੱਚ ਇਸ ਤਰ੍ਹਾਂ ਹੀ ਹੋ ਰਿਹੈ। ਅਜਿਹਾ ਹੋਣ ਲੱਗ ਪਵੇ ਤਾਂ ਕੋਈ ਵਜ੍ਹਾ ਨਹੀਂ ਕਿ ਕਬੱਡੀ ਡਰੱਗ ਮੁਕਤ ਨਾ ਹੋਵੇ।

ਅਜਮੇਰ ਸਿੰਘ ਨੇ ਹੈਮਰ ਸੁੱਟਣ ਵਿੱਚ ਗੋਲਡਨ ਹੈਟ ਟ੍ਰਿਕ ਮਾਰਿਆ ਸੀ। ਯਾਨੀ ਲਗਾਤਾਰ ਤਿੰਨ ਸੋਨ ਤਮਗ਼ੇ ਜਿੱਤੇ ਸਨ। ਉਹ ਵੀ ਵਿਸ਼ਵ ਵੈਟਰਨ ਚੈਂਪੀਅਨ ਬਣਨ ਦੇ। ਉਹ ਪੰਜਾਬ ਪੁਲਿਸ `ਚੋਂ ਐੱਸ.ਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਕੱਲ੍ਹ ਆਪਣੇ ਪਿੰਡ ਰਹਿੰਦਾ ਹੈ ਤੇ ਸੱਥਾਂ ਦਾ ਸ਼ਿੰਗਾਰ ਹੈ। ਅਜੇ ਵੀ ਉਸ ਨੇ ਆਪਣਾ ਜੁੱਸਾ ਸੰਭਾਲਿਆ ਹੋਇਐ ਤੇ ਆਪਣੀ ਉਮਰ ਦੇ ਹੈਮਰ ਸੁਟਾਵਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ।

ਮਈ 1966 ਦੀ ਗੱਲ ਹੈ। ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਚੋਟੀ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਹੋਇਆ ਸੀ। ਮੈਂ ਉਦੋਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣੇ ਸ਼ੁਰੂ ਕੀਤੇ ਸਨ ਤੇ ਖਿਡਾਰੀਆਂ ਨਾਲ ਮੁਲਾਕਾਤਾਂ ਕਰਨ ਲਈ ਪਟਿਆਲੇ ਗਿਆ ਹੋਇਆ ਸਾਂ। ਇੱਕ ਦਿਨ ਅਥਲੀਟ ਟਰੈਕ ਵਿੱਚ ਪ੍ਰੈਕਟਿਸ ਕਰਨ ਪਿੱਛੋਂ ਅਰਾਮ ਕਰ ਰਹੇ ਸਨ ਤੇ ਮੈਂ ਪੌੜੀਆਂ `ਤੇ ਬੈਠਾ ਡਾਇਰੀ ਵਿੱਚ ਕੁੱਝ ਨੋਟ ਕਰ ਰਿਹਾ ਸਾਂ। ਮੇਰੇ ਨੇੜੇ ਹੀ ਅਥਲੀਟਾਂ ਦੀ ਇੱਕ ਟੋਲੀ ਖੇਡ ਅਧਿਕਾਰੀਆਂ ਦੀਆਂ ਚੁਗਲੀਆਂ ਕਰਦੀ ਸੁਣੀ। ਅਜਮੇਰ ਸਿੰਘ ਉਦੋਂ ਛੋਟਾ ਠਾਣੇਦਾਰ ਸੀ। ਉਸ ਨੂੰ ਉਦੋਂ ਮਸਤ ਕਹਿੰਦੇ ਸਨ। ਉਹ ਜਿਸ ਟੋਲੀ `ਚ ਬਹਿੰਦਾ ਹਾਸੇ ਖੇਡੇ ਦੀਆਂ ਰੌਣਕਾਂ ਲਾਈ ਰੱਖਦਾ। ਉਹ ਕਹਿਣ ਲੱਗਾ, “ਆਹ ਲੰਡੂ ਜੇ ਅਫਸਰ ਰੇਲ ਦਾ ਸਫ਼ਰ ਥਰਡ ਕਲਾਸ `ਚ ਕਰਦੇ ਆ ਪਰ ਟੀ.ਏ.ਫਸਟ ਕਲਾਸ ਦਾ ਲੈਂਦੇ ਆ। ਅਥਲੈਟਿਕ ਕਰਨ ਵਾਲੀਆਂ ਕੁੜੀਆਂ ਵੱਲ ਅਏਂ ਝਾਕਦੇ ਆ ਜਿਵੇਂ ਤੀਵੀਂ ਕਦੇ ਦੇਖੀ ਨੀ ਹੁੰਦੀ।”

ਅਚਾਨਕ ਗੁਰਬਚਨ ਸਿੰਘ ਰੰਧਾਵੇ ਦੀ ਨਿਗ੍ਹਾ ਮੇਰੇ `ਤੇ ਪਈ ਤੇ ਉਹ ਉੱਚੀ ਦੇਣੀ ਕਹਿਣ ਲੱਗਾ, “ਵੀਰਾ ਕਿਤੇ ਇਹ ਨਾ ਲਿਖ ਦਈਂ। ਇਹ ਤਾਂ ਅਸੀਂ ਹੱਸਦੇ ਆਂ। ਅਫਸਰ ਬੜੇ ਚੰਗੇ ਆ!”

ਗੁਰਬਚਨ ਸਿੰਘ ਰੰਧਾਵਾ ਤੇ ਅਜਮੇਰ ਸਿੰਘ ਬਾਅਦ ਵਿੱਚ ਖ਼ੁਦ ਪੁਲਿਸ ਦੇ ਵੱਡੇ ਅਫਸਰ ਬਣ ਕੇ ਰਿਟਾਇਰ ਹੋਏ। ਇਹ ਤਾਂ ਉਹੀ ਜਾਨਣ ਕਿ ਅਫਸਰ ਕਿੰਨੇ ਕੁ ਡੀ.ਏ.ਟੀ.ਏ.ਲੈਂਦੇ ਤੇ ਕਿੰਨੇ ਕੁ ਚੰਗੇ ਮਾੜੇ ਹੁੰਦੇ ਹਨ?

ਅਜਮੇਰ ਸਿੰਘ ਦਾ ਜਨਮ 2 ਫਰਵਰੀ 1938 ਨੂੰ ਸਰਹੰਦ ਨੇੜੇ ਪਿੰਡ ਸੌਂਢੀਆ ਵਿੱਚ ਸਾਧਾਰਨ ਕਿਸਾਨ ਸਰਵਣ ਸਿੰਘ ਦੇ ਘਰ ਹੋਇਆ ਸੀ। ਸਰਵਣ ਸਿੰਘ ਖ਼ੁਦ ਮਾੜੇ ਮੋਟੇ ਪਹਿਲਵਾਨ ਸਨ ਤੇ ਘਰ `ਚ ਖੁੱਲ੍ਹਾ ਡੁੱਲ੍ਹਾ ਲਵੇਰਾ ਰੱਖਦੇ ਸਨ। ਉਨ੍ਹਾਂ ਦੇ ਚਾਰੇ ਪੁੱਤਰ ਹੱਡਾਂ ਪੈਰਾਂ ਦੇ ਖੁੱਲ੍ਹੇ ਨਿਕਲੇ ਜਿਨ੍ਹਾਂ `ਚੋਂ ਦੋ ਇੰਟਰਨੈਸ਼ਨਲ ਅਥਲੀਟ ਬਣੇ। ਅਜਮੇਰ ਸਿੰਘ ਨਿੱਕਾ ਹੁੰਦਾ ਮਸਤਗੜ੍ਹ ਦੇ ਸਾਧ ਕੋਲ ਚਲਾ ਗਿਆ ਸੀ ਤੇ ਟੋਭੇ ਦੀ ਮਿੱਟੀ ਕੱਢਣ ਪਿੱਛੋਂ ਗਜ਼ਾ ਕਰ ਕੇ ਲਿਆਉਂਦਾ ਸੀ। ਘਿਓ ਲੱਗੀਆਂ ਰੋਟੀਆਂ ਉਹ ਪਹਿਲਾਂ ਹੀ ਝੰਬ ਜਾਂਦਾ ਤੇ ਉਤੋਂ ਦੁੱਧ ਪੀ ਲੈਂਦਾ। ਫਿਰ ਮਸਤੀ ਮਾਰਦਾ। ਲੋਕਾਂ ਨੇ ਉਸ ਦਾ ਨਾਂ ਹੀ ਮਸਤ ਰੱਖ ਲਿਆ ਸੀ।

ਸਾਲ ਛੇਈਂ ਮਹੀਨੀਂ ਉਹ ਦੁੱਧੋਂ ਭੱਜੀਆਂ ਲਵੇਰੀਆਂ ਦੇ ਕੱਟੇ ਮੰਢੌਰ ਦੀ ਮੰਡੀ `ਚ ਵੇਚਣ ਲੈ ਤੁਰਦਾ। ਉਹਦੇ ਖੱਦਰ ਦਾ ਲੰਮਾ ਝੱਗਾ ਪਾਇਆ ਹੁੰਦਾ ਸੀ। ਇਕੇਰਾਂ ਕੱਟੇ ਵੇਚ ਕੇ ਵੱਟੇ ਪੈਸਿਆਂ ਨਾਲ ਉਸ ਨੇ ਸੱਜੇ ਪੱਟ `ਤੇ ਮੋਰ ਖੁਣਵਾ ਲਿਆ ਤੇ ਖੱਬੇ `ਤੇ ਕੁੱਕੜ। ਬਾਂਹ ਉਤੇ ਅਜਮੇਰ ਸਿੰਘ ਲਿਖਵਾ ਲਿਆ। ਅੱਧੀ ਸਦੀ ਬਾਅਦ ਕੁੱਕੜ ਤੇ ਮੋਰ ਤਾਂ ਏਕਮਕਾਰ ਵਰਗੇ ਲੱਗਣ ਲੱਗ ਪਏ ਹਨ ਤੇ ਅਜਮੇਰ ਸਿੰਘ ਦਾ ਅੱਧਮਿਟਿਆ ਨਾਂ ਭਾਵੇਂ ਕੋਈ ਕੁਛ ਪੜ੍ਹੀ ਜਾਵੇ। ਸਰੀਰ ਵਧ ਜਾਣ ਨਾਲ ਸਿਆਹੀ ਫੈਲ ਗਈ ਹੈ।

ਅਜਮੇਰ ਸਿੰਘ ਦਾ ਕੱਦ ਪੰਜ ਫੁੱਟ ਗਿਆਰਾਂ ਇੰਚ ਹੈ ਤੇ ਭਾਰ ਕੁਇੰਟਲ ਤੋਂ ਉਤੇ ਹੈ। ਨੱਕ ਵੱਡਾ, ਅੱਖਾਂ ਟੋਪੀਦਾਰ, ਸਿਹਲੀਆਂ ਅੱਧਗੰਜੀਆਂ, ਬੁੱਲ੍ਹ ਮੋਟੇ ਤੇ ਢਾਲੂ ਹਨ। ਲੱਗਦਾ ਹੈ ਜਿਵੇਂ ਨਿੱਕੇ ਹੁੰਦੇ ਨੇ ਢੁੱਡਾਂ ਮਾਰ ਮਾਰ ਕੇ ਮੱਝਾਂ ਚੁੰਘੀਆਂ ਹੋਣ। ਉਹ ਸਿਰੇ ਦਾ ਗਾਲੜੀ ਹੈ ਤੇ ਢਾਲਵੇਂ ਬੁੱਲ੍ਹਾਂ `ਚੋਂ ਹਾਸਾ ਮਜ਼ਾਕ ਤਿਲ੍ਹਕ ਤਿਲ੍ਹਕ ਪੈਂਦਾ ਹੈ। ਬੋਲ ਟੁਣਕਵਾਂ ਹੈ, ਅੱਖਾਂ ਮਸਤ ਤੇ ਤੋਰ ਮਸਤਾਨੀ। ਪੱਟ ਗੇਲੀਆਂ ਵਰਗੇ ਹਨ, ਧੁੰਨੀ ਡੂੰਘੀ ਤੇ ਮੁੱਛਾਂ ਖੜ੍ਹਵੀਆਂ। ਵਸਮਾ ਪਤਾ ਨਹੀਂ ਕਿਹੜੀ ਕੰਪਨੀ ਦਾ ਲਾਉਂਦੈ ਕਿ ਅਜੇ ਵੀ ਚਾਲੀਆਂ ਸਾਲਾ ਦਾ ਈ ਲੱਗਦੈ। ਪਿੱਛੇ ਜਿਹੇ ਮੈਂ ਉਹਨੂੰ ਮਿਲਿਆ ਤੇ ਉਹਦੀ ਕਾਲੀ ਦਾੜ੍ਹੀ ਦਾ ਭੇਤ ਪੁੱਛਿਆ ਤਾਂ ਉਹ ਕਹਿਣ ਲੱਗਾ, “ਤੁਹਾਥੋਂ ਕਾਹਦਾ ਲਕੋਅ ਆ। ਇਹ ਸਭ ਰੰਗਾਂ ਛੰਗਾਂ ਦੀ ਮਿਹਰਬਾਨੀ ਆਂ।”

ਫਿਰ ਉਹ ਆਪਣੀਆਂ ਤਸਵੀਰਾਂ ਵਿਖਾਉਣ ਲੱਗ ਪਿਆ। ਵਿਸ਼ਵ ਵੈਟਰਨ ਚੈਂਪੀਅਨਸ਼ਿਪ ਵਿੱਚ ਮਾਰਚ ਪਾਸਟ ਕਰਦੇ ਦੀਆਂ, ਹੈਮਰ ਸੁੱਟਦੇ ਦੀਆਂ, ਵਿਕਟਰੀ ਸਟੈਂਡ `ਤੇ ਗੋਲਡ ਮੈਡਲ ਗਲ ਪੁਆਉਂਦੇ ਦੀਆਂ ਤੇ ਪੁਲਿਸ ਅਫਸਰ ਬਣਨ ਦੇ ਸਟਾਰ ਲੱਗਣ ਦੀਆਂ। ਕੁੱਝ ਤਸਵੀਰਾਂ ਵਿਦੇਸ਼ੀ ਮੇਮਾਂ ਨਾਲ ਵੀ ਸਨ। ਆਖਣ ਲੱਗਾ, “ਘਰ ਆਲੀ ਨੂੰ ਤਾਂ ਸਾਰਾ ਪਤਾ ਬਈ ਇਹ ਊਂਈਂ ਫੋਟੋਆਂ ਈ ਆਂ, ਹੋਰ ਕੁਸ਼ ਨੀ। ਲਓ ਤੁਸੀਂ ਵੀ ਦਰਸ਼ਨ ਕਰ-ਲੋ। ਆਹ ਹੈਮਰ ਸਿੱਟਦੀ ਸੀ, ਆਹ ਗੋਲਾ, ਆਹ ਲੰਮੀ ਛਾਲ ਆਲੀ ਤੇ ਆਹ ਊਂਈਂ ਆ ਖੜ੍ਹੀ ਹੋਈ ਸਿੰਘ ਨਾਲ ਫੋਟੋ ਖਿਚਾਉਣ। ਮੈਂ ਵੀ ਆਖਿਆ, ਫੋਟੋ ਖਿਚਾਉਣ ਨਾਲ ਆਪਣਾ ਕੀ ਘਸਦੈ?”

ਮੈਂ ਤਸਵੀਰਾਂ `ਚੋਂ ਇੱਕ ਸੋਹਣੀ ਜਿਹੀ ਮੇਮ ਦੀ ਤਸਵੀਰ ਚੁਣ ਲਈ। ਉਹ ਪੁੱਛਣ ਲੱਗਾ, “ਭਲਾ ਮੇਮ ਦੀ ਫੋਟੋ ਕਿਹੜੇ ਕੰਮ ਆਊ?”

ਮੈਂ ਆਖਿਆ, “ਇਹਦੇ `ਚ ਗਲੈਮਰ ਆ, ਸੁਹੱਪਣ। ਪਾਠਕ ਮੇਮ ਦੀ ਫੋਟੋ ਵੇਖਣਗੇ ਤੇ ਇਹਦੇ ਨਾਲ ਤੁਹਾਡੀ ਵੀ ਵੇਖ ਲੈਣਗੇ। ਇਸ਼ਤਿਹਾਰਬਾਜ਼ੀ ਸੋਹਣੀਆਂ ਕੁੜੀਆਂ ਨਾਲ ਹੀ ਹੁੰਦੀ ਐ।”

ਅਜਮੇਰ ਸਿੰਘ ਨੇ ਹੱਸਦਿਆਂ ਕਿਹਾ, “ਦੇਖਿਓ ਕਿਤੇ ਹੋਰ ਈ ਪੰਗਾ ਨਾ ਖੜ੍ਹਾ ਕਰ ਦਿਓ। ਲਾਗ ਡਾਟ ਆਲਿਆਂ ਨੇ ਕਹਿਣਾ ਕਿ ਮੇਮ ਨਾਲ ਰਲਿਆ ਹੋਊ। ਪੁਲਿਸ ਆਲੇ ਤਾਂ ਪਹਿਲਾਂ ਈ ਬਥੇਰੇ ਬਦਨਾਮ ਨੇ।” ਤੇ ਉਹਨੇ ਨਾਲ ਹੀ ਮੇਮਾਂ ਦੀਆਂ ਤਸਵੀਰਾਂ ਪਾਸੇ ਕਰ ਲਈਆਂ।

ਮੈਨੂੰ ਯਾਦ ਆਇਆ ਅਜਮੇਰ ਸਿੰਘ ਦਾ ਪੁਰਾਣਾ ਰੰਗੀਲਾਪਣ। ਬੰਗਲੌਰ ਦੀ ਇੱਕ ਨੈਸ਼ਨਲ ਮੀਟ ਸਮੇਂ ਉਸ ਨੇ ਬੈਂਡ ਵਾਜੇ ਨਾਲ ਆਪਣੀ ਛਾਤੀ ਦੇ ਮਸਲ ਨਚਾ ਕੇ ਵਿਖਾਏ ਸਨ। ਢੋਲ ਦੇ ਡੱਗੇ ਨਾਲ ਉਹ ਕਦੇ ਸੱਜਾ ਮੰਮਾ ਹਿਲਾਉਂਦਾ, ਕਦੇ ਖੱਬਾ ਤੇ ਡੱਗੇ ਦੇ ਤੋੜੇ ਉਤੇ ਉਹ ਦੋਹਾਂ ਮੰਮਿਆਂ ਨੂੰ ਵਾਰੋ ਵਾਰੀ ਬੁੜ੍ਹਕਾ ਕੇ ਤੋੜਾ ਝਾੜਦਾ। ਫੇਰ ਉਹਨੇ ਨੱਚਣ ਵਾਲੀ ਕੁੜੀ ਦੇ ਸਾਹਮਣੇ ਬੈਠ ਕੇ ਮੋਢੇ ਤੇ ਧੌਣ ਅਹਿੱਲ ਰੱਖ ਕੇ, ਸਿਰ ਹਿਲਾ ਕੇ ਫਿਲਮਾਂ ਵਾਲੀ ਰੇਖਾ ਨੂੰ ਵੀ ਮਾਤ ਪਾ ਦਿੱਤਾ। ਅਸਲ ਵਿੱਚ ਉਹ ਮੌਜੀ ਬੰਦਾ ਹੈ, ਖ਼ੁਸ਼ਦਿਲ। ਉਹ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਖਿਡਾਰੀ ਸਾਤੇ ਵੇਲਿਆਂ ਦੇ ਖਿਡਾਰੀਆਂ ਵਰਗੇ ਖੁੱਲ੍ਹ ਦਿਲੇ ਤੇ ਮਿਲਾਪੜੇ ਨਹੀਂ। ਉਹਨਾਂ `ਚ ਪੁਰਾਣੇ ਖਿਡਾਰੀਆਂ ਵਰਗਾ ਮੋਹ ਤੇਹ ਨਹੀਂ। ਉਹੋ ਜਿਹਾ ਹਾਸਾ ਖੇਡਾ ਵੀ ਨੀ ਕਰਦੇ। ਬੱਸ ਚੁੱਪਕੀਤੇ ਜਿਹੇ ਹਨ ਜਿਵੇਂ ਰੁੱਸੇ ਹੋਏ ਹੋਣ।

ਅਜਮੇਰ ਸਿੰਘ ਨੇ ਮੈਟ੍ਰਿਕ ਸਰਹੰਦ ਤੋਂ ਕੀਤੀ ਸੀ। ਐੱਫ.ਏ.ਦੀ ਪੜ੍ਹਾਈ ਡੀ.ਏ.ਵੀ.ਕਾਲਜ ਅੰਬਾਲਾ ਤੋਂ ਕਰ ਕੇ ਬੀ.ਏ.ਮਹਿੰਦਰਾ ਕਾਲਜ ਪਟਿਆਲੇ ਤੋਂ ਕੀਤੀ। ਸਕੂਲ ਵਿੱਚ ਉਹ ਕਬੱਡੀ ਤੇ ਫੁਟਬਾਲ ਖੇਡਦਾ ਸੀ ਪਰ ਕਾਲਜ ਜਾ ਕੇ ਉਹ ਪਹਿਲਵਾਨੀ ਕਰਨ ਲੱਗਾ ਤੇ ਆਪਣੇ ਵਜ਼ਨ ਵਿੱਚ ਪੰਜਾਬ ਯੂਨੀਵਰਸਿਟੀ ਦਾ ਰੈਸਲਿੰਗ ਚੈਂਪੀਅਨ ਬਣ ਗਿਆ। ਅਖਾੜੇ `ਚ ਘੁਲਦਿਆਂ ਉਹਦਾ ਸਿਰ ਮਿੱਟੀ ਨਾਲ ਭਰ ਜਾਂਦਾ ਸੀ ਜਿਸ ਕਰਕੇ ਕੁਸ਼ਤੀਆਂ ਤੋਂ ਕਿਨਾਰਾ ਕਰ ਲਿਆ ਤੇ ਥਰੋਆਂ ਕਰਨ ਲੱਗਾ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਆਲ ਇੰਡੀਆ ਯੂਨੀਵਰਸਿਟੀਜ਼ ਦਾ ਚੈਂਪੀਅਨ ਬਣ ਗਿਆ। ਉਹਦੀਆਂ ਬਾਹਾਂ ਵਿੱਚ ਜ਼ੋਰ ਸੀ ਤੇ ਜਿਧਰ ਪੈਂਦਾ ਸੀ ਧੱਕੇ ਦੇਈ ਜਾਂਦਾ ਸੀ। ਉਹ ਡਿਸਕਸ ਤੇ ਗੋਲਾ ਵੀ ਵਾਹਵਾ ਸੁੱਟ ਲੈਂਦਾ ਸੀ।

ਥਰੋਆਂ ਦੇ ਸਿਰ `ਤੇ ਉਹ 1960 `ਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਤੇ ਪਹਿਲੇ ਸਾਲ ਹੀ ਆਲ ਇੰਡੀਆ ਪੁਲਿਸ ਦਾ ਚੈਂਪੀਅਨ ਬਣ ਗਿਆ। ਫਿਰ ਉਹ ਨੈਸ਼ਨਲ ਚੈਂਪੀਅਨ ਬਣਿਆਂ ਤੇ ਪੁਲਿਸ ਮਹਿਕਮੇ `ਚ ਉਸ ਨੂੰ ਤਰੱਕੀ ਮਿਲਣ ਲੱਗੀ। ਉਹਦਾ ਹੈਮਰ 140 ਫੁੱਟ ਦੀ ਦੂਰੀ ਤੋਂ ਵਧਦਾ 1965 ਵਿੱਚ 180 ਫੁੱਟ ਤੋਂ ਵੀ ਟੱਪ ਗਿਆ ਤੇ ਨੈਸ਼ਨਲ ਰਿਕਾਰਡ ਉਹਦੇ ਨਾਂ ਹੋ ਗਿਆ। 1960 ਤੋਂ 75 ਤਕ ਉਹ ਜਿੱਤ ਮੰਚਾਂ `ਤੇ ਚੜ੍ਹਦਾ ਰਿਹਾ। ਇਸ ਦੌਰਾਨ ਉਹ ਕਈ ਵਾਰ ਪੰਜਾਬ ਚੈਂਪੀਅਨ, ਆਲ ਇੰਡੀਆ ਪੁਲਿਸ ਚੈਂਪੀਅਨ ਤੇ ਨੈਸ਼ਨਲ ਚੈਂਪੀਅਨ ਬਣਿਆ ਅਤੇ ਉਸ ਨੂੰ ਟੀਮਾਂ ਦੀਆਂ ਕਪਤਾਨੀਆਂ ਕਰਨ ਦਾ ਮੌਕਾ ਮਿਲਦਾ ਰਿਹਾ। 1962 ਵਿੱਚ ਉਸ ਨੇ ਇੰਡੋ-ਜਰਮਨ ਮੀਟ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।

1966 ਵਿੱਚ ਕਿੰਗਸਟਨ ਦੀਆਂ ਕਾਮਨਵੈੱਲਥ ਖੇਡਾਂ ਲਈ ਉਸ ਦੇ ਚੁਣੇ ਜਾਣ ਦਾ ਪਰਵੀਨ ਕੁਮਾਰ ਨੇ ਚਾਨਸ ਮਾਰ ਦਿੱਤਾ। ਪਰਵੀਨ ਕਾਮਨਵੈੱਲਥ ਖੇਡਾਂ `ਚੋਂ ਚਾਂਦੀ ਦਾ ਤਮਗ਼ਾ ਜਿੱਤਿਆ। ਉਹ ਉਸ ਵੇਲੇ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਭਾਰਾ ਸੁਟਾਵਾ ਸੀ। ਫਿਰ ਪਰਵੀਨ ਨੇ ਕਈ ਸਾਲ ਉਸ ਨੂੰ ਅੱਗੇ ਨਾ ਨਿਕਲਣ ਦਿੱਤਾ। 1973 ਵਿੱਚ ਫਿਲਪਾਈਨ ਦੇ ਸ਼ਹਿਰ ਮਨੀਲਾ `ਚ ਪਹਿਲੀ ਏਸ਼ਿਆਈ ਟਰੈਕ ਐਂਡ ਫੀਲਡ ਮੀਟ ਹੋਈ ਜਿਸ ਵਿੱਚ ਅਜਮੇਰ ਸਿੰਘ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਸੋਨੇ ਦਾ ਤਮਗ਼ਾ ਜਿੱਤਿਆ। ਉਥੇ ਉਸ ਨੇ 60.4 ਮੀਟਰ ਦੂਰ ਹੈਮਰ ਸੁੱਟਿਆ ਸੀ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਦੇ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਾ ਦਿੱਤਾ। 1974 ਵਿੱਚ ਉਸ ਨੇ ਤਹਿਰਾਨ ਦੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ ਤੇ ਉਥੇ ਚੌਥੇ ਸਥਾਨ `ਤੇ ਰਿਹਾ। ਨਿਰਮਲ ਸਿੰਘ ਜੀਹਦੇ ਪੱਟ ਉਤੇ ਸੱਪ ਖੁਣਿਆ ਹੋਇਆ ਹੈ ਚਾਂਦੀ ਦਾ ਮੈਡਲ ਜਿੱਤਿਆ।

ਨਿਰਮਲ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਆਖ਼ਰੀ ਥਰੋਅ ਗੁਰੂ ਨਾਨਕ ਨੂੰ ਧਿਆ ਕੇ ਸੁੱਟੀ ਤੇ ਉਹ ਅਜਮੇਰ ਤੇ ਇੱਕ ਹੋਰ ਦੀ ਸੁੱਟ ਤੋਂ ਅੱਗੇ ਨਿਕਲ ਗਈ। ਉਹਦੀ ਦਿਲਚਸਪ ਗੱਲ ਇਹ ਵੀ ਸੀ ਕਿ ਪਹਿਲੀ ਵਾਰ ਕੋਕਰੀ ਆਪਣੇ ਸਹੁਰੀਂ ਜਾ ਕੇ ਜਦ ਉਹ ਪਟੜੇ ਉਤੇ ਵਿਹੜੇ `ਚ ਨ੍ਹਾਉਣ ਬੈਠਾ ਤਾਂ ਸਾਲੀਆਂ ਨੇ ਰੌਲਾ ਪਾ ਦਿੱਤਾ, “ਆਪਣੇ ਘਰ ਸੱਪ!” ਨਿਰਮਲ ਸਿੰਘ ਨੇ ਭੱਜ ਕੇ ਡਾਂਗ ਚੁੱਕ ਲਈ ਤੇ ਪੁੱਛਣ ਲੱਗਾ, “ਕਿਧਰ ਆ ਸੱਪ?”

ਸਾਲੀਆਂ ਤੋਂ ਹਾਸਾ ਕਿਥੇ ਰੋਕਿਆ ਜਾਣਾ ਸੀ? ਸੱਪ ਕਿਸੇ ਖੱਲ ਖੂੰਜੇ ਨਹੀਂ ਸੀ ਲੁਕਿਆ ਹੋਇਆ ਸਗੋਂ ਨਿਰਮਾਲ ਸਿੰਘ ਦੇ ਪੱਟ ਉਤੇ ਖੁਣਿਆਂ ਹੋਇਆ ਸੀ। ਮਖੌਲ ਕਰਾ ਕੇ ਉਹ ਫੇਰ ਨ੍ਹਾਉਣ ਬੈਠ ਗਿਆ।

ਅਜਮੇਰ ਸਿੰਘ ਨੇ ਦੱਸਿਆ ਕਿ ਉਹਨੇ ਕਦੇ ਕਿਸੇ ਪੀਰ ਫਕੀਰ ਨੂੰ ਧਿਆ ਕੇ ਹੈਮਰ ਨਹੀਂ ਸੁੱਟਿਆ। ਹਾਂ, ਕਦੇ ਕਦੇ ਜੋਸ਼ `ਚ ਆਉਣ ਲਈ ਕੜਾ ਚੁੰਮ ਕੇ, ਥਾਪੀ ਮਾਰ ਕੇ ਲਲਕਾਰਾ ਜ਼ਰੂਰ ਮਾਰ ਲੈਂਦਾ ਹੈ। ਇਓਂ ਬੰਦਾ ਰੋਹ `ਚ ਆ ਜਾਂਦਾ ਹੈ। ਮੈਂ ਪੁੱਛਿਆ, “ਖੇਡਾਂ `ਚੋਂ ਤੁਸੀਂ ਕੀ ਖੱਟਿਆ ਤੇ ਕੀ ਗੁਆਇਆ?”

ਉਸ ਦਾ ਉੱਤਰ ਸੀ, “ਖੇਡਾਂ `ਚੋਂ ਮੈਂ ਬਹੁਤ ਕੁਛ ਖੱਟਿਆ। ਦੇਸ ਪਰਦੇਸ ਦੂਰ ਦੂਰ ਤਕ ਜਾਣ ਦਾ ਮੌਕਾ ਮਿਲਿਆ। ਜੱਗ ਜਹਾਨ ਦੀਆਂ ਸੈਰਾਂ ਕੀਤੀਆਂ। ਨੌਕਰੀ ਮਿਲੀ, ਤਰੱਕੀ ਮਿਲੀ, ਐੱਸ.ਪੀ.ਦਾ ਰੈਂਕ ਮਿਲਿਆ ਤੇ ਮਨ ਨੂੰ ਤਸੱਲੀ ਮਿਲੀ ਕਿ ਆਪਾਂ ਵੀ ਹੈਗੇ ਆਂ ਕੁਛ। ਇੱਜ਼ਤ ਮਿਲੀ, ਨਾਮਣਾ, ਖੱਟਿਆ ਤੇ ਚੈਂਪੀਅਨ ਬਣਨ ਦਾ ਸੁਆਦ ਆਇਆ। ਹੋਰ ਬੰਦੇ ਨੂੰ ਕੀ ਚਾਹੀਦੈ?”

“ਖੇਡ `ਚ ਕੋਈ ਹਾਦਸਾ, ਕੋਈ ਮੰਦਭਾਗੀ ਗੱਲ, ਕੋਈ ਮਾਯੂਸੀ?”

“ਮਾਯੂਸੀ ਇਹ ਆ ਕਿ ਆਪਣਾ ਮੁਲਕ ਸਪੋਰਟਸ ਮਾਈਂਡਿਡ ਨ੍ਹੀਂ। ਜਦੋਂ ਮੈਂ ਮਨੀਲਾ ਤੋਂ ਗੋਲਡ ਮੈਡਲ ਜਿੱਤ ਕੇ ਮੁੜਿਆ ਤਾਂ ਦਿੱਲੀ ਏਅਰਪੋਰਟ `ਤੇ ਕਸਟਮ ਵਾਲਿਆਂ ਨੇ ਸਾਡੇ ਨਾਲ ਅਜਿਹਾ ਵਰਤਾਓ ਕੀਤਾ ਜਿਵੇਂ ਅਸੀਂ ਸਮੱਗਲਰ ਹੋਈਏ। ਸਾਡੇ ਆਗੂ ਉਮਰਾਓ ਸਿੰਘ ਨੇ ਵਿੱਚ ਪੈ ਕੇ ਕਿਹਾ ਕਿ ਅਜਮੇਰ ਸਿੰਘ ਇੰਡੀਆ ਲਈ ਗੋਲਡ ਮੈਡਲ ਲੈ ਕੇ ਆਇਐ। ਕਲੱਰਕ ਪਾਤਸ਼ਾਹ ਕਹਿਣ ਲੱਗਾ, ਇਹ ਤਾਂ ਇੱਕ ਹੋਰ ਚੋਰੀ ਫੜੀ ਗਈ। ਗੋਲਡ ਮੈਡਲ ਤਾਂ ਇਹਨੇ ਡਿਕਲੇਅਰ ਈ ਨ੍ਹੀਂ ਕੀਤਾ। ਇਹ ਤਾਂ ਸਿੱਧਾ ਈ ਜੁਰਮ ਐਂ। ਤੁਸੀਂ ਈ ਦੱਸੋ ਏਥੇ ਸਪੋਰਟਸਮੈਨ ਕੀ ਕਰ-ਲੂ?”

ਮਾਯੂਸੀ ਦੇ ਬਾਵਜੂਦ ਅਜਮੇਰ ਸਿੰਘ ਨੇ ਖੇਡਾਂ ਦਾ ਖਹਿੜਾ ਨਹੀਂ ਛੱਡਿਆ। ਚਾਲੀ ਸਾਲ ਦੀ ਉਮਰ ਤੋਂ ਬਾਅਦ ਖਿਡਾਰੀ ਵੈਟਰਨਜ਼ ਦੀਆਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ। ਜੁਆਨੀ ਵਿੱਚ ਅਜਮੇਰ ਸਿੰਘ ਨੇ ਵੱਧ ਤੋਂ ਵੱਧ 62.78 ਮੀਟਰ ਦੂਰ ਹੈਮਰ ਸੁੱਟਿਆ ਸੀ। ਵੈਟਰਨ ਅਥਲੀਟ ਬਣ ਕੇ ਉਸ ਨੇ ਚੌਥੀ ਵਿਸ਼ਵ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਤੇ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਤੋਂ ਤਾਂਬੇ ਦਾ ਤਮਗ਼ਾ ਜਿੱਤਿਆ। 1989 ਵਿੱਚ ਅੱਠਵੀਂ ਵਿਸ਼ਵ ਵੈਟਰਨ ਚੈਂਪੀਅਨਸ਼ਿਪ ਅਮਰੀਕਾ `ਚ ਹੋਈ ਜਿਥੇ ਉਸ ਨੇ 57.22 ਮੀਟਰ ਦੂਰ ਹੈਮਰ ਸੁੱਟ ਕੇ ਗੋਲਡ ਮੈਡਲ ਤੇ ਵਰਲਡ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤਿਆ। ਨੌਵੀਂ ਵਰਲਡ ਚੈਂਪੀਅਨਸ਼ਿਪ ਫਿਨਲੈਂਡ `ਚ ਹੋਈ ਤੇ ਉਥੇ ਵੀ ਉਸ ਨੇ 55.54 ਮੀਟਰ ਹੈਮਰ ਸੁੱਟਣ ਨਾਲ ਸੋਨੇ ਦਾ ਤਮਗ਼ਾ ਹਾਸਲ ਕੀਤਾ। ਅਕਤੂਬਰ 1993 ਵਿੱਚ ਦਸਵੀਆਂ ਵਿਸ਼ਵ ਵੈਟਰਨ ਖੇਡਾਂ ਜੋ ਜਪਾਨ `ਚ ਹੋਈਆਂ ਉਥੈ ਵੀ ਉਹ ਵਿਸ਼ਵ ਵਿਜੇਤਾ ਬਣਿਆ। ਉਥੇ ਉਸ ਨੇ 51.80 ਮੀਟਰ ਦੂਰ ਹੈਮਰ ਸੁੱਟਿਆ। ਇੰਜ ਉਸ ਨੇ ਪੰਜਾਹ ਤੋਂ ਪਚਵੰਜਾ ਸਾਲ ਦੇ ਉਮਰ ਵਰਗ ਵਿੱਚ ਵਿਸ਼ਵ ਪੱਧਰ ਉਤੇ ਤਿੰਨ ਸੋਨ ਤਮਗ਼ੇ ਜਿੱਤ ਕੇ ਗੋਲਡਨ ਹੈਟ ਟ੍ਰਿਕ ਮਾਰਿਆ।

ਫਿਰ ਪਚਵੰਜਾ ਤੋਂ ਸੱਠ ਤੇ ਵਡੇਰੀ ਉਮਰ ਵਿੱਚ ਵੀ ਉਸ ਨੇ ਕਈ ਮੈਡਲ ਜਿੱਤੇ ਹਨ। ਜਦੋਂ ਤਕ ਉਹ ਪੰਜਾਬ ਪੁਲਿਸ ਵਿੱਚ ਰਿਹਾ ਉਹਦੇ ਲਈ ਵੈਟਰਨਜ਼ ਦੇ ਮੁਕਾਬਲਿਆਂ ਵਿੱਚ ਭਾਲ ਲੈਣਾ ਸੁਖਾਲਾ ਸੀ। ਬਾਅਦ ਵਿੱਚ ਮੀਟਾਂ `ਤੇ ਜਾਣ ਆਉਣ ਦਾ ਖਰਚਾ ਉਸ ਨੂੰ ਪੱਲਿਓਂ ਲਾਉਣਾ ਪੈ ਰਿਹੈ। 2005 ਵਿੱਚ ਉਹ ਕੈਨੇਡਾ ਵਿੱਚ ਐਡਮਿੰਟਨ ਦੀਆਂ ਮਾਸਟਰਜ਼ ਖੇਡਾਂ ਵਿੱਚ ਭਾਗ ਲੈਣ ਆਇਆ ਸੀ। ਉਥੇ ਸਬੱਬ ਨਾਲ ਮੈਂ ਵੀ ਗਿਆ ਹੋਇਆ ਸਾਂ। ਉਥੇ ਵੀ ਅਜਮੇਰ ਸਿੰਘ ਵਿਕਟਰੀ ਸਟੈਂਡ ਉਤੇ ਚੜ੍ਹਿਆ ਤੇ ਆਪਣੇ ਮੈਡਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ।

ਉਸ ਦੇ ਦੋ ਪੁੱਤਰ ਹਨ ਪਰ ਚੰਗੀਆਂ ਖੁਰਾਕਾਂ ਖੁਆਉਣ ਦੇ ਬਾਵਜੂਦ ਉਹ ਤਕੜੇ ਖਿਡਾਰੀ ਨਹੀਂ ਬਣੇ। ਉਹਦੇ ਕਹਿਣ ਮੂਜਬ ਲੋੜੋਂ ਵੱਧ ਸਹੂਲਤਾਂ ਵੀ ਬੱਚਿਆਂ ਨੂੰ ਵਿਗਾੜ ਦਿੰਦੀਆਂ ਹਨ। ਉਹ ਆਪ ਤੰਗੀ `ਚੋਂ ਉਠਿਆ ਸੀ। ਆਪਣੀ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਵਿਸ਼ਵ ਚੈਂਪੀਅਨ ਬਣਿਆਂ। ਉਸ ਨੇ ਚਟਪਟੇ ਖਾਣਿਆਂ ਦੀ ਥਾਂ ਸਾਦੀ ਸ਼ੁਧ ਖੁਰਾਕ ਨੂੰ ਤਰਜੀਹ ਦਿੱਤੀ। ਸਰਫਾ ਉਨਾ ਹੀ ਕੀਤਾ ਜਿੰਨਾ ਜਾਇਜ਼ ਸੀ ਪਰ ਫਜ਼ੂਲ ਖਰਚੀ ਤੋਂ ਹਮੇਸ਼ਾਂ ਬਚਿਆ ਰਿਹਾ। ਨਾ ਉਹ ਵਹਿਮਾਂ `ਚ ਪਿਆ ਤੇ ਨਾ ਭਰਮਾਂ `ਚ। ਸਫਲਤਾ ਦਾ ਰਾਜ਼ ਉਸ ਨੇ ਸੰਤੁਲਤ ਵਿਵਹਾਰ ਦੱਸਿਆ। ਸੰਤੁਲਤ ਖੁਰਾਕ, ਸੰਤੁਲਤ ਮਿਹਨਤ ਤੇ ਸੰਤੁਲਤ ਆਰਾਮ। ਤੇ ਨਾਲ ਦੀ ਨਾਲ ਸੰਤੁਲਤ ਹਾਸਾ ਖੇਡਾ ਵੀ ਜੋ ਉਸ ਨੇ ਬੁੱਢੇਵਾਰੇ ਵੀ ਨਹੀਂ ਛੱਡਿਆ।

ਗਿਆਰਾਂ ਅਗੱਸਤ 2007 ਦਾ ਖਿੜੀ ਧੁੱਪ ਵਾਲਾ ਦਿਨ ਸੀ। ਸਵੇਰ ਦਾ ਤਾਪਮਾਨ ਇੱਕੀ ਸੈਂਟੀਗਰੇਡ, ਦੁਪਹਿਰ ਦਾ ਇਕੱਤੀ ਤੇ ਸ਼ਾਮ ਦਾ ਛੱਬੀ ਦਰਜੇ ਸੀ। ਪਰ ਮੌਸਮ ਦੀ ਕਿਸ ਨੂੰ ਪਰਵਾਹ ਸੀ? ਮੀਂਹ ਪੈਂਦਾ ਹੁੰਦਾ ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਵਰਲਡ ਕਬੱਡੀ ਕੱਪ ਤਾਂ ਛੱਤੇ ਹੋਏ ਵਾਤਾਨਕੂਲ ਕੌਪਿਸ ਕੌਲੀਜ਼ੀਅਮ ਵਿੱਚ ਹੋਣਾ ਸੀ ਜਿਸ ਦੀ ਅਗਾਊਂ ਟਿਕਟ ਚਾਲੀ ਡਾਲਰ ਤੇ ਗੇਟ ਉਤੇ ਪੰਤਾਲੀ ਡਾਲਰ ਸੀ। ਭਾਰਤੀ ਰੁਪਈਆਂ ਵਿੱਚ ਇਹ ਟਿਕਟ ਡੇਢ ਹਜ਼ਾਰ ਰੁਪਏ ਤੋਂ ਉਪਰ ਬਣਦੀ ਹੈ। ਪੰਜਾਬ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਡੂਢ ਹਜ਼ਾਰ ਦੀ ਟਿਕਟ ਲੈ ਕੇ ਕਬੱਡੀ ਵੇਖਣੀ ਹੈ ਤਾਂ ਸ਼ਾਇਦ ਕੋਈ ਵੀ ਨਾ ਵੇਖੇ। ਉਥੇ ਤਾਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਬੱਡੀ ਕੱਪ ਕਰਾਉਣ ਵਾਲੇ ਇਸ਼ਤਿਹਾਰ ਦਿੰਦੇ ਹਨ ਕਿ ਜਿਹੜੇ ਬਾਰਾਂ ਵਜੇ ਤੋਂ ਪਹਿਲਾਂ ਸਟੇਡੀਅਮ ਵਿੱਚ ਆਉਣਗੇ ਉਨ੍ਹਾਂ ਨੂੰ ਕੂਪਨ ਦਿੱਤੇ ਜਾਣਗੇ ਤੇ ਲਾਟਰੀ ਨਾਲ ਮੋਟਰ ਸਾਈਕਲਾਂ ਦੇ ਇਨਾਮ ਕੱਢੇ ਜਾਣਗੇ। ਰਿਕਸ਼ੇ ਚਲਾਉਣ ਵਾਲੇ ਭੱਈਏ ਪਹਿਲਾਂ ਆ ਕੇ ਕੂਪਨ ਲੈ ਜਾਂਦੇ ਹਨ, ਫੇਰ ਬਾਹਰ ਜਾ ਕੇ ਰਿਕਸ਼ੇ ਚਲਾਉਂਦੇ ਹਨ ਤੇ ਲਾਟਰੀ ਕੱਢਣ ਵੇਲੇ ਫਿਰ ਆ ਹਾਜ਼ਰ ਹੁੰਦੇ ਹਨ। ਪਰ ਟੋਰਾਂਟੋ ਦੀ ਗੱਲ ਹੋਰ ਹੈ। ਇਥੇ ਕਬੱਡੀ ਕਈਆਂ ਨੂੰ ਪਹਿਲੇ ਤੋੜ ਦੀ ਦਾਰੂ ਵਾਂਗ ਚੜ੍ਹੀ ਹੋਈ ਹੈ।

* * *

ਮੈਂ ਸਵੇਰੇ ਰੇਡੀਓ ਲਾਇਆ ਤਾਂ ਗਾਉਂਦੇ ਪੰਜਾਬ ਵਾਲਾ ਜੋਗਿੰਦਰ ਸਿੰਘ ਬਾਸੀ ਵਰਲਡ ਕੱਪ ਦੀਆਂ ਟਿਕਟਾਂ ਵੇਚਣ ਦੇ ਹੋਕੇ ਦੇ ਰਿਹਾ ਸੀ। ਕਹਿ ਰਿਹਾ ਸੀ ਪਈ ਥਾਓਂ ਥਾਓਂ ਟਿਕਟਾਂ ਖਰੀਦਣ ਵਾਲਿਆਂ ਦਾ ਧੱਕਾ ਪੈ ਰਿਹੈ। ਕੋਈ `ਕੱਠੀਆਂ ਵੀਹ ਖਰੀਦ ਰਿਹੈ, ਕੋਈ ਤੀਹ ਤੇ ਕੋਈ ਪੰਜਾਹ! ਆਹ ਲਓ ਟਿਕਟਾਂ ਤਾਂ ਮੁੱਕ ਵੀ ਚੱਲੀਆਂ! ! ਭਰ ਗਿਆ ਡਾਲਰਾਂ ਨਾਲ ਟਰੱਕ। ਚਾਲੀ ਡਾਲਰ ਤਾਂ ਕਬੱਡੀ ਲਈ ਕੁਛ ਵੀ ਨਹੀਂ। ਜੇ ਟਿਕਟ ਸੌ ਡਾਲਰ ਦੀ ਹੁੰਦੀ ਤਾਂ ਵੀ ਸਸਤੀ ਸੀ! ਉਹ ਆਪਣੇ ਰੇਡੀਓ ਰਾਹੀਂ ਕਈਆਂ ਦਿਨਾਂ ਤੋਂ ਟਿਕਟਾਂ ਵੇਚਣ ਦੀਆਂ ਦੁਹਾਈਆਂ ਦੇ ਰਿਹਾ ਸੀ ਪਰ ਅੱਜ ਤਾਂ `ਨ੍ਹੇਰੀ ਲਿਆ ਰੱਖੀ ਸੀ। ਲੱਗਦਾ ਸੀ ਜਿਵੇਂ ਟਿਕਟਾਂ `ਚ ਉਹਦਾ ਵੀ ਕਮਿਸ਼ਨ ਹੋਵੇ। ਨਾਲ ਦੀ ਨਾਲ ਹੈਮਿਲਟਨ ਦੇ ਕੌਪਿਸ ਕੋਲੀਜ਼ੀਅਮ ਦਾ ਰਾਹ ਦੱਸੀ ਜਾਂਦਾ ਸੀ। ਹਵਾ ਵਿੱਚ ਹੀ ਕਹੀ ਜਾਂਦਾ ਸੀ ਬਈ ਗੱਡੀ ਉਤੇ ਗੱਡੀ ਚੜ੍ਹੀ ਜਾਂਦੀ ਹੈ ਤੇ ਕੌਪਿਸ ਕੌਲੀਜ਼ੀਅਮ ਦੁਆਲੇ ਲੋਕਾਂ ਦੀਆਂ ਭੀੜਾਂ ਜੁੜੀਆਂ ਖੜ੍ਹੀਐਂ। ਸਟੇਡੀਅਮ ਵਿਚੋਂ ਸਟੇਜ ਦੀ ਮਲਕਾ ਬੀਬੀ ਆਸ਼ਾ ਸ਼ਰਮਾ ਟੀਮਾਂ ਦੇ ਮਾਰਚ ਪਾਸਟ ਬਾਰੇ ਦੱਸ ਰਹੀ ਸੀ। ਬਾਸੀ ਦੇ ਹੈਂਜੀ ਹੈਂਜੀ ਕਰਦੇ ਰੇਡੀਓ ਵਾਲੇ ਜੁਗਾੜ ਨੇ ਉਹਦੇ ‘ਲੱਖਾਂ ਸਰੋਤਿਆਂ’ ਨੂੰ ਭਰਮਾ ਲਿਆ ਸੀ। ਉਹ ਕਾਹਲੀ ਕਾਹਲੀ ਕਹਿ ਰਿਹਾ ਸੀ, “ਛੇਤੀ ਚੱਲੋ, ਨਹੀਂ ਤਾਂ ਪਹਿਲਾ ਮੈਚ ਨਿਕਲਜੂ, ਫੇਰ ਪਛਤਾਓਂਗੇ।” ਉਹ ਭੱਪ-ਭੱਪ ਕਰਦਾ ਭੱਜਲੋ-ਭੱਜਲੋ ਕਰੀ ਜਾਂਦਾ ਸੀ ਜਿਵੇਂ ਕਿਤੇ ਅੱਗ ਲੱਗੀ ਹੋਵੇ!

* * *

ਕਬੱਡੀ ਦਾ ਮਸ਼ਹੂਰ ਬੁਲਾਰਾ ਦਾਰਾ ਸਿੰਘ ਗਰੇਵਾਲ ਮਿਥੇ ਵਕਤ `ਤੇ ਮੇਰੇ ਕੋਲ ਪਹੁੰਚਾ ਤੇ ਅਸੀਂ ਕੌਪਿਸ ਕੋਲੀਜ਼ੀਅਮ ਨੂੰ ਚਾਲੇ ਪਾਏ। ਰਾਹ `ਚੋਂ ਤਲਵਿੰਦਰ ਘੁੱਗੀ ਨੂੰ ਚੁੱਕਿਆ। ਤਿੰਨਾਂ ਦੇ ਨਾਭੀ ਪੱਗਾਂ ਸਨ, ਸਫੈਦ ਕਮੀਜ਼ਾਂ ਤੇ ਕਾਲੀਆਂ ਪਤਲੂਣਾਂ। ਇਹ ਕੁਮੈਂਟੇਟਰਾਂ ਦੀ ਕਿਲਾ ਰਾਇਪੁਰੀ ਪੁਸ਼ਾਕ ਸੀ। ਹਾਈਵੇਅ 407 ਉਤੇ ਪੰਜਾਬੀਆਂ ਦੀਆਂ ਕਾਰਾਂ ਮਿਰਜ਼ੇ ਦੀਆਂ ਬੱਕੀਆਂ ਬਣੀਆਂ ਜਾਂਦੀਆਂ ਸਨ ਤੇ ਉਨ੍ਹਾਂ ਵਿੱਚ ਰੰਗਲੇ ਪੰਜਾਬ ਦੇ ਗਾਣੇ ਗੂੰਜ ਰਹੇ ਸਨ। ਅਸੀਂ ਇਨਡੋਰ ਸਟੇਡੀਅਮ ਅੰਦਰ ਅੱਪੜੇ ਤਾਂ ਟੀਮਾਂ ਦਾ ਮਾਰਚ ਪਾਸਟ ਹੋ ਰਿਹਾ ਸੀ। ਅਜੇ ਅੱਧੀਆਂ ਕੁ ਸੀਟਾਂ ਪੁਰ ਹੋਈਆਂ ਸਨ ਤੇ ਦਰਸ਼ਕ ਕਤਾਰਾਂ ਬੰਨ੍ਹੀ ਆ ਰਹੇ ਸਨ। ਸਟੇਜ ਤੋਂ ਬੀਬੀ ਆਸ਼ਾ ਸ਼ਰਮਾ ਨੇ ਸਾਨੂੰ ਜੀ ਆਇਆਂ ਕਿਹਾ ਤੇ ਮੈਂ ਵਡੇਰਾ ਹੋਣ ਦੇ ਨਾਤੇ ਬੀਬੀ ਦਾ ਸਿਰ ਪਲੋਸਿਆ। ਪਹਿਲਾ ਮੈਚ ਪੰਜਾਬ ਕੇਸਰੀ ਤੇ ਅਮਰੀਕਾ ਦੇ ਨਾਵਾਂ `ਤੇ ਖੇਡ ਰਹੀਆਂ ਟੀਮਾਂ ਵਿਚਕਾਰ ਹੋਇਆ ਜੋ ਪੰਜਾਬ ਕੇਸਰੀ ਨੇ 36-35 ਅੰਕਾਂ ਨਾਲ ਜਿੱਤਿਆ। ਪੰਜਾਬ ਕੇਸਰੀ ਦੀ ਟੀਮ ਵਿੱਚ ਕਾਕਾ ਕਾਹਰੀ ਸਾਰੀ, ਸੁੱਖੀ, ਕਾਲੂ, ਕੁਲਜੀਤਾ, ਮੰਗੀ, ਗੋਪੀ ਤੇ ਬਿੱਟੂ ਦੁਗਾਲ ਹੋਰੀਂ ਸਨ ਜਿਸ ਦਾ ਕੋਚ ਅਜਮੇਰ ਸਿੰਘ ਚਕਰੀਆ ਤੇ ਮੈਨੇਜਰ ਮੇਜਰ ਸਿੰਘ ਬਰਾੜ ਸੀ। ਅਮਰੀਕਾ ਦੀ ਟੀਮ ਜੌਨ੍ਹ ਸਿੰਘ ਗਿੱਲ ਤੇ ਗੁਰਿੰਦਰਪਾਲ ਲਾਡੀ ਨੇ ਤਿਆਰ ਕੀਤੀ ਸੀ ਜਿਸ ਵਿੱਚ ਦੁੱਲਾ, ਸੋਨੂੰ, ਮਿੰਦੂ, ਤੀਰਥ ਤੇ ਮੀਕ ਹੋਰੀਂ ਸਨ। ਇਹ ਮੈਚ ਬੇਹੱਦ ਫਸਵਾਂ ਹੋਇਆ ਜੀਹਦੇ ਵਿੱਚ ਕਈ ਯਾਦਗਾਰੀ ਜੱਫੇ ਲੱਗੇ।

* * *

ਦੂਜਾ ਮੈਚ ਇੰਡੀਆ ਤੇ ਇੰਗਲੈਂਡ ਦੇ ਨਾਵਾਂ ਨਾਲ ਖੇਡੀਆਂ ਟੀਮਾਂ ਦਰਮਿਆਨ ਹੋਇਆ ਜੋ ਇੰਗਲੈਂਡ ਨੇ 36-31 ਅੰਕਾਂ ਨਾਲ ਜਿੱਤਿਆ। ਇੰਗਲੈਂਡ ਦੀ ਟੀਮ ਦਾ ਮੈਨੇਜਰ ਮਹਿੰਦਰ ਸਿੰਘ ਮੌੜ ਸੀ ਤੇ ਇੰਡੀਆ ਦਾ ਮੱਖਣ ਸਿੰਘ ਚੜਿੱਕ। ਤੀਜੇ ਮੈਚ ਵਿੱਚ ਪੱਛਮੀ ਕੈਨੇਡਾ ਦੀ ਟੀਮ ਨੇ 40-30 ਪੈਂਟ੍ਹਾਂ ਨਾਲ ਅਮਰੀਕੀ ਟੀਮ ਦੀ ਗੋਡੀ ਲੁਆ ਦਿੱਤੀ। ਪੱਛਮੀ ਕੈਨੇਡਾ ਦੀ ਟੀਮ ਵਿੱਚ ਲੱਖਾ, ਗੁਰਜੀਤ ਤੂਤਾਂ ਵਾਲਾ, ਸੰਦੀਪ ਸੁਰਖਪੁਰੀਆ, ਕੀਪਾ ਸੱਦੋਵਾਲੀਆ, ਏਕਮ ਹਠੂਰ, ਮੱਖਣ ਸੈਦੋਕੇ ਤੇ ਗੀਚਾ ਗੱਜਣਵਾਲੀਆ ਸਨ। ਲੱਖੇ ਨੂੰ ਪਹਿਲੀ ਰੇਡ `ਤੇ ਹੀ ਮੀਕ ਨੇ ਚਾਕੂ ਵਾਂਗ `ਕੱਠਾ ਕਰ ਦਿੱਤਾ ਤੇ ਅਗਲੀਆਂ ਕੌਡੀਆਂ ਪਾਉਣ ਜੋਗਾ ਨਾ ਛੱਡਿਆ। ਚੌਥੇ ਮੈਚ ਵਿੱਚ ਭਾਰਤ ਦੀ ਟੀਮ ਨੇ ਕੈਨੇਡਾ ਪੂਰਬ ਦੀ ਟੀਮ ਨੂੰ 37-32 ਅੰਕਾਂ ਨਾਲ ਹਰਾ ਕੇ ਕਪੜੇ ਪੁਆ ਦਿੱਤੇ। ਸੱਟਾਂ ਵੱਜੀਆਂ ਹੋਣ ਕਾਰਨ ਕਿੰਦਾ ਬਿਹਾਰੀਪੁਰੀਆ ਤੇ ਵੈੱਲੀ ਚੂਹੜਚੱਕੀਆ ਨਹੀਂ ਖੇਡ ਸਕੇ। ਲੱਲੀਆਂ ਵਾਲੇ ਸੁਖਦੀਪ ਤੇ ਉਪਕਾਰ ਦੀ ਕੋਈ ਵਾਹ ਨਾ ਚੱਲੀ। ਇੱਕ ਵਾਰ ਤਾਂ ਕਿੰਦੇ ਕਕਰਾਲੇ ਨੇ ਸੁਖਦੀਪ ਨੂੰ ਵਗਾਹ ਕੇ ਕੰਧ ਨਾਲ ਮਾਰਿਆ। ਪਹਿਲਾ ਸੈਮੀ ਫਾਈਨਲ ਕੈਨੇਡਾ ਪੱਛਮੀ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 42-27 ਪੈਂਟ੍ਹਾਂ ਨਾਲ ਹਰਾ ਕੇ ਜਿੱਤਿਆ ਤੇ ਦੂਜਾ ਸੈਮੀ ਫਾਈਨਲ ਪੰਜਾਬ ਕੇਸਰੀ ਟੀਮ ਭਾਰਤੀ ਟੀਮ ਨੂੰ 50-35 ਨਾਲ ਹਰਾ ਕੇ ਜਿੱਤ ਗਈ। ਫਾਈਨਲ ਮੈਚ `ਚ ਪੰਜਾਬ ਕੇਸਰੀ ਟੀਮ ਨੇ ਕੈਨੇਡਾ ਪੱਛਮੀ ਦੀ ਟੀਮ ਨੂੰ 47-32 ਅੰਕਾਂ `ਤੇ ਹਰਾ ਕੇ ਲੱਕ ਜਿੱਡਾ ਸੁਨਹਿਰੀ ਕੱਪ ਤੇ ਗਿਆਰਾਂ ਹਜ਼ਾਰ ਡਾਲਰ ਦਾ ਇਨਾਮ ਜਿੱਤਿਆ। ਬਿੱਟੂ ਦੁਗਾਲ ਨੂੰ ਵਧੀਆ ਜਾਫੀ ਤੇ ਗੁਰਜੀਤ ਤੂਤਾਂ ਵਾਲੇ ਨੂੰ ਸਰਵੋਤਮ ਧਾਵੀ ਐਲਾਨਿਆ ਗਿਆ। ਇੰਗਲੈਂਡ ਦੀ ਟੀਮ ਨਾਲ ਆਏ ਜੀਤੇ ਮੌੜ ਨੇ ਖੇਡ ਨਹੀਂ ਵਿਖਾਈ। ਮੈਚਾਂ ਦੀ ਕੁਮੈਂਟਰੀ ਪ੍ਰੋ.ਮੱਖਣ ਸਿੰਘ, ਮੱਖਣ ਅਲੀ ਤੇ ਸੁਖਚੈਨ ਬਰਾੜ ਨੇ ਕੀਤੀ ਪਰ ਸਾਊਂਡ ਸਿਸਟਮ ਬੇਹੱਦ ਨਾਕਸ ਹੋਣ ਕਾਰਨ ਦਰਸ਼ਕ ਕੁਮੈਂਟਰੀ ਦਾ ਅਨੰਦ ਨਹੀਂ ਮਾਣ ਸਕੇ। ਮੈਚਾਂ ਦੇ ਰੈਫਰੀ ਭਿੰਦਰ ਸੇਖੋਂ, ਸੁੱਖਾ, ਗੋਪ ਤੇ ਸ਼ਾਮਾ ਚਿੱਟੀ ਸਨ।

* * *

ਪਿਛਲੇ ਕੁੱਝ ਸਾਲਾਂ ਤੋਂ ਟੋਰਾਂਟੋ ਦੇ ਕਬੱਡੀ ਕੱਪ ਸਮੇਂ ਪਾਣੀ ਦੀਆਂ ਬੋਤਲਾਂ ਵਗਾਹੀਆਂ ਜਾਂਦੀਆਂ ਰਹੀਆਂ ਹਨ। ਦਰਸ਼ਕ ਰੈਫਰੀ ਵੱਲੋਂ ਦਿੱਤੇ ਸਹੀ ਜਾਂ ਗ਼ਲਤ ਪੈਂਟ੍ਹ ਦੇ ਬਹਾਨੇ ਗਰਨੇਡਾਂ ਵਾਂਗ ਬੋਤਲਾਂ ਚਲਾ ਮਾਰਦੇ ਹਨ। ਮੈਂ ਇੱਕ ਲੇਖ ਵੀ ਲਿਖਿਆ ਸੀ-ਕਬੱਡੀ ਦੀ ਖੇਡ ਤੇ ਬੋਤਲਾਂ ਦੀ ਰੇਡ। ਉਹ ਮੇਰੀ ਨਵੀਂ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿੱਚ ਵੀ ਸ਼ਾਮਲ ਹੈ। ਐਤਕੀਂ ਪ੍ਰਬੰਧਕਾਂ ਨੇ ਪਾਣੀ ਦੀਆਂ ਬੋਤਲਾਂ ਅੰਦਰ ਲਿਜਾਣ ਦੀ ਉੱਕਾ ਹੀ ਮਨਾਹੀ ਕਰ ਦਿੱਤੀ ਸੀ। ਅੱਗੇ ਪਾਣੀ ਦੀਆਂ ਬੋਤਲਾਂ ਵਿੱਚ ਦੇਸੀ ਸ਼ਰਾਬ, ਵੋਦਕਾ ਜਾਂ ਬਕਾਰਡੀ ਪਾ ਕੇ ਦਰਸ਼ਕ ਅੰਦਰ ਚਲੇ ਜਾਂਦੇ ਸਨ ਤੇ ਰੌਲਾ ਪੈਣ ਦੀ ਸੂਰਤ ਵਿੱਚ ਢਿੱਡਾਂ ਅੰਦਰ ਗਈ ਦਾਰੂ ਬੋਤਲਾਂ ਦੇ ਗਰਨੇਡ ਬਣਾਉਣ ਦਾ ਹੌਂਸਲਾ ਦੇ ਦਿੰਦੀ ਸੀ। ਐਤਕੀਂ ਦਰਸ਼ਕਾਂ ਦੇ ਗੁੱਟ `ਤੇ ਰਿਬਨ ਬੰਨ੍ਹ ਕੇ ਉਨ੍ਹਾਂ ਨੂੰ ਤਿੰਨ ਵਜੇ ਤਕ ਬਾਹਰ ਜਾ ਕੇ ਅੰਦਰ ਆਉਣ ਦੀ ਖੁਲ੍ਹ ਸੀ। ਤਿੰਨ ਵਜੇ ਤੋਂ ਪਛੜੇ ਦਰਸ਼ਕ ਬਾਹਰ ਦੇ ਬਾਹਰ ਰਹਿ ਜਾਣੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਗੇ ਜਿਹੜੇ ਪਿਆਕ ਅੰਦਰ ਬੈਠੇ ਘੁੱਟ ਘੁੱਟ ਪੀਂਦੇ ਸਨ ਉਹ ਤੇਜ਼ੀ ਨਾਲ ਬਾਹਰ ਨਿਕਲਦੇ ਤੇ ਕਾਰਾਂ ਦੀਆਂ ਡਿੱਕੀਆਂ `ਚੋਂ `ਕੱਠਾ ਈ ਗਲਗੱਸਾ ਗਲਾਸ ਅੰਦਰ ਸੁੱਟ ਕੇ ਸਟੇਡੀਅਮ ਵੱਲ ਨੱਸਦੇ। ਤਿੰਨ ਵਜੇ ਤੋਂ ਪਹਿਲਾਂ ਅੰਦਰ ਵੜਨ ਲਈ ਦਾਰੂ ਪੀਣਿਆਂ ਜੋ ਧੱਕਾ ਪਿਆ ਉਹ ਨਜ਼ਾਰਾ ਫਿਲਮਾਉਣ ਵਾਲਾ ਸੀ। ਤੱਤੇ ਤਾਅ ਅੰਦਰ ਸੁੱਟੇ ਹਾੜੇ ਫੁੱਲ ਰਹੇ ਸਨ ਤੇ ਕਈਆਂ ਦੀਆਂ ਘਿਲਬਿੱਲੀਆਂ ਬੋਲ ਰਹੀਆਂ ਸਨ। ਉਤੋਂ ਤਿੰਨ ਵੱਜਣ ਤੇ ਗੇਟ ਬੰਦ ਹੋਣ ਦਾ ਡਰ ਸੀ।

* * *

ਕੌਪਿਸ ਕੋਲੀਜ਼ੀਅਮ ਪੰਦਰਾਂ ਹਜ਼ਾਰ ਸੀਟਾਂ ਵਾਲਾ ਇਨਡੋਰ ਸਟੇਡੀਅਮ ਹੈ। ਪਹਿਲੀ ਵਾਰ 1995 ਵਿੱਚ ਇਸ ਅੰਦਰ ਆਲਮੀ ਕਬੱਡੀ ਚੈਂਪੀਅਨਸ਼ਿਪ ਹੋਈ ਸੀ। ਉਦੋਂ ਪਾਕਿਸਤਾਨ ਦੀ ਟੀਮ ਵੀ ਆਈ ਸੀ ਤੇ ਮੈਂ ਪਹਿਲੀ ਵਾਰ ਦਾਰਾ ਸਿੰਘ ਦੇ ਨਾਲ ਕਬੱਡੀ ਮੈਚਾਂ ਦੀ ਕੁਮੈਂਟਰੀ ਕੀਤੀ ਸੀ। ਉਦੋਂ ਚੌਦਾਂ ਹਜ਼ਾਰ ਦਰਸ਼ਕਾਂ ਦਾ `ਕੱਠ ਹੋਇਆ ਸੀ। ਦੂਜੀ ਵਾਰ ਮਾਲਟਨ ਕਲੱਬ ਨੇ 2004 ਵਿੱਚ ਉਸੇ ਸਟੇਡੀਅਮ `ਚ ਵਰਲਡ ਕੱਪ ਕਰਾਇਆ ਪਰ `ਕੱਠ ਪੰਜ ਛੇ ਹਜ਼ਾਰ ਦਰਸ਼ਕਾਂ ਦਾ ਹੀ ਹੋ ਸਕਿਆ। 2006 ਵਿੱਚ ਮੈਟਰੋ ਸਪੋਰਟਸ ਕਲੱਬ ਨੇ ਕੱਪ ਕਰਵਾਇਆ ਤਾਂ ਕਈ ਸਾਲਾਂ ਬਾਅਦ ਬਾਰਾਂ ਤੇਰਾਂ ਹਜ਼ਾਰ ਦਰਸ਼ਕ ਕਬੱਡੀ ਵੇਖਣ ਆਏ। ਐਤਕੀਂ ਅੰਦਾਜ਼ਾ ਹੈ ਕਿ ਛੇ ਸੱਤ ਹਜ਼ਾਰ ਦਰਸ਼ਕ ਹੋਣਗੇ। ਗਿਣਤੀ ਘਟਣ ਦਾ ਇੱਕ ਕਾਰਨ ਇਕੋ ਹਫ਼ਤੇ ਤਿੰਨ ਕਬੱਡੀ ਟੂਰਨਾਮੈਂਟਾਂ ਦਾ ਹੋਣਾ ਹੋ ਸਕਦਾ ਹੈ ਤੇ ਦੂਜਾ ਕਾਰਨ ਗਿਆਰਾਂ ਅਗੱਸਤ ਸ਼ਾਮ ਨੂੰ ਹੀ ਗੁਰਦਾਸ ਮਾਨ ਦਾ ਸ਼ੋਅ ਸੀ। ਤੀਜਾ ਕਾਰਨ ਓਨਟਾਰੀਓ ਕਬੱਡੀ ਫੈਡਰੇਸ਼ਨ ਤੇ ਕਲੱਬਾਂ ਵਿੱਚ ਫੁੱਟ ਪੈਣਾ ਵੀ ਹੈ। ਮੈਂ ਇਸੇ ਲਈ ਮਾਈਕ ਤੋਂ ਕੁੱਝ ਬੋਲ ਸਾਂਝੇ ਕੀਤੇ ਸਨ-ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ, ਜੜ੍ਹੋਂ ਈਰਖਾ ਮੁਕਾਓ ਐ ਪੰਜਾਬ ਵਾਸੀਓ …।

* * *

ਗਾਇਕ ਸਰਬਜੀਤ ਚੀਮਾ ਚੁੱਪ ਕੀਤਾ ਸਟੇਡੀਅਮ ਅੰਦਰ ਆਇਆ। ਆਸ਼ਾ ਸ਼ਰਮਾ ਨੇ ਉਹਦੀ ਜਾਣ ਪਛਾਣ ਕਰਾਈ ਤੇ ਦਰਸ਼ਕਾਂ ਨੇ ਭਰਵੀਆਂ ਤਾੜੀਆਂ ਨਾਲ ਕਲਾਕਾਰ ਦਾ ਸਵਾਗਤ ਕੀਤਾ। ਸਰਬਜੀਤ ਨੇ ਜੈਕਾਰਾ ਗਜਾਇਆ, ਕੁੱਝ ਬੋਲ ਸਾਂਝੇ ਕੀਤੇ ਤੇ ਕਬੱਡੀ ਦਾ ਗੀਤ ਗਾਇਆ। ਦੋ ਸਾਲ ਪਹਿਲਾਂ ਗੁਰਦਾਸ ਮਾਨ ਨੇ ਕਬੱਡੀ ਦੇ ਵਰਲਡ ਕੱਪ ਦੀ ਹਾਜ਼ਰੀ ਭਰਦਿਆਂ ਹਰਸ਼ੀ ਸੈਂਟਰ ਵਿੱਚ ਬਾਹਾਂ ਉਤੇ ਕਲਾਬਾਜ਼ੀਆਂ ਲਾ ਕੇ ਵਿਖਾਈਆਂ ਸਨ। ਉਸ ਨੇ ਸਪੋਰਟਸਮੈਨ ਹੋਣ ਦਾ ਜਲਵਾ ਵਿਖਾ ਦਿੱਤਾ ਸੀ। ਪਿਛਲੇ ਸਾਲ ਹਰਭਜਨ ਮਾਨ ਨੇ ਕਬੱਡੀ ਕੱਪ ਵੇਖਦਿਆਂ ਪੰਜਾਬੀਆਂ ਨੂੰ ਵਡਿਆਇਆ ਸੀ। ਲੋਕਾਂ ਨੂੰ ਐਂਟਰਟੇਨ ਕਰਨ ਦਾ ਆਪੋ ਆਪਣਾ ਢੰਗ ਹੈ। ਕੋਈ ਗਾ ਕੇ ਮਨੋਰੰਜਨ ਕਰਦਾ ਹੈ ਤੇ ਕੋਈ ਕਬੱਡੀ ਦੀ ਖੇਡ ਵਿਖਾ ਕੇ ਮਨੋਰੰਜਨ ਕਰਦਾ ਜੁੱਸੇ ਤਕੜੇ ਬਣਾਉਣ ਦੀ ਚੇਟਕ ਲਾਉਂਦਾ ਹੈ। ਕਬੱਡੀ ਦੇ ਕਈ ਖਿਡਾਰੀ ਕੁਇੰਟਲ ਤੋਂ ਵੀ ਵੱਧ ਵਜ਼ਨ ਦੇ ਹਨ। ਜੇਕਰ ਇਹ ਵਜ਼ਨ ਬੂਰੀਆਂ ਚੁੰਘ ਕੇ ਤੇ ਮਿਹਨਤਾਂ ਮਾਰ ਕੇ ਬਣਾਇਆ ਹੋਵੇ ਤਾਂ ਸਲਾਹੁਣਯੋਗ ਹੈ। ਜੇਕਰ ਟੀਕਿਆਂ ਨਾਲ ਮੱਸਲ ਬਣਾਏ ਹੋਣ ਤਾਂ ਨਿੰਦਣਯੋਗ ਹੈ। ਚੰਗਾ ਹੋਵੇ ਜੇ ਵਰਜਿਤ ਡਰੱਗਾਂ ਲੈਣੋਂ ਰੋਕਣ ਲਈ ਡੋਪ ਟੈੱਸਟ ਲਾਗੂ ਕੀਤਾ ਜਾਵੇ। ਇੰਗਲੈਂਡ, ਬੀ.ਸੀ.ਤੇ ਓਨਟਾਰੀਓ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਡੋਪ ਟੈੱਸਟ ਕਰਨ ਦੇ ਮਤੇ ਤਾਂ ਪਿਛਲੇ ਸਾਲ ਹੀ ਪਾਸ ਕਰ ਲਏ ਸਨ। ਵੇਖਦੇ ਹਾਂ ਉਨ੍ਹਾਂ `ਤੇ ਅਮਲ ਕਦੋਂ ਹੁੰਦੈ?

* * *

ਕਬੱਡੀ ਮੇਲੇ `ਚ ਕੁੱਝ ਸਿਆਸਤਦਾਨ ਵੀ ਸ਼ਾਮਲ ਹੋਏ। ਕੈਨੇਡਾ ਦੀ ਇਮੀਗਰੇਸ਼ਨ ਮੰਤਰੀ ਡਿਆਨੇ ਫਿਨਲੇ ਤੇ ਕਬੱਡੀ ਦੇ ਖਿਡਾਰੀਆਂ ਦੀ ਵੀਜ਼ੇ ਲੁਆਉਣ `ਚ ਮਦਦ ਕਰਨ ਵਾਲਾ ਮੈਂਬਰ ਪਾਰਲੀਮੈਂਟ ਵਾਜਿਦ ਖਾਂ, ਐੱਮ.ਪੀ.ਪੀ.ਵਿੱਕ ਢਿੱਲੋਂ ਤੇ ਹੋਰ ਵੀ ਸਨ। ਬਲਿਊਬੇਰੀ ਦੇ ਬਾਦਸ਼ਾਹ ਪਿੱਟਮੀਡੋਜ਼ ਦੇ ਪੁਰੇਵਾਲ ਭਰਾਵਾਂ `ਚੋਂ ਗੁਰਜੀਤ ਸਿੰਘ ਆਇਆ ਸੀ ਜਿਸ ਨੇ ਭਾਰਤ ਦੀ ਟੀਮ ਸਪਾਂਸਰ ਕੀਤੀ ਸੀ। ਯੂਨਾਈਟਿਡ ਸਪੋਰਟਸ ਕਲੱਬ ਦੇ ਚੇਅਰਮੈਨ ਮੇਜਰ ਸਿੰਘ ਨੱਤ ਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਗੁਰਜੀਤ ਸਿੰਘ ਪੁਰੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਪੁਰੇਵਾਲ ਭਰਾ ਖ਼ੁਦ ਕਬੱਡੀ ਦੇ ਤਕੜੇ ਖਿਡਾਰੀ ਰਹੇ ਹਨ ਤੇ ਆਪਣੇ ਪਿੰਡ ਹਕੀਮਪੁਰ `ਚ ਪੁਰੇਵਾਲ ਖੇਡ ਮੇਲਾ ਕਰਾਉਂਦੇ ਹਨ। ਕੈਲੇਫੋਰਨੀਆਂ ਦੇ ਦਾਨੀ ਜੌਨ੍ਹ ਸਿੰਘ ਗਿੱਲ ਨੂੰ ਵੀ ਸੋਨੇ ਦਾ ਤਮਗ਼ਾ ਭੇਟ ਕੀਤਾ ਗਿਆ। ਉਹ ਇਸ ਕਬੱਡੀ ਕੱਪ ਦਾ ਮੁੱਖ ਸਪਾਂਸਰ ਸੀ ਤੇ ਕਬੱਡੀ ਦਾ ਬਾਬਾ ਕਹਿ ਕੇ ਬੁਲਾਇਆ ਜਾਂਦੈ। ਨਿਊਯਾਰਕ ਦੇ ਜਗੀਰ ਸਿੰਘ ਸਬਜ਼ੀਮੰਡੀ ਦਾ ਵੀ ਮਾਣ ਸਨਮਾਨ ਹੋਇਆ। ਸ਼ਿਕਾਗੋ ਤੋਂ ਆਏ ਸੱਜਣਾਂ ਨੇ ਦੱਸਿਆ ਕਿ ਉਹ ਵੀ 25 ਅਗੱਸਤ ਨੂੰ ਕਬੱਡੀ ਦਾ ਵਰਲਡ ਕੱਪ ਕਰਾ ਰਹੇ ਹਨ। ਉਨ੍ਹਾਂ ਦਾ ਵੀ ਉਚਿਤ ਮਾਣ ਸਨਮਾਨ ਕੀਤਾ ਗਿਆ।

* * *

ਕਬੱਡੀ ਕੱਪ ਦਾ ਮੁੱਖ ਮਹਿਮਾਨ ਅਰਜਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਸੀ ਜਿਸ ਨੇ ਜੌਨ੍ਹ ਸਿੰਘ ਗਿੱਲ ਨਾਲ ਕਬੱਡੀ ਕੱਪ ਦਾ ਉਦਘਾਟਨ ਕੀਤਾ। ਪ੍ਰਬੰਧਕਾਂ ਨੇ ਉਸ ਨੂੰ ਗੋਲਡ ਮੈਡਲ ਨਾਲ ਨਿਵਾਜਿਆ। ਉਹ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲਿਸਟ ਤੇ ਹਾਕੀ ਦਾ ਬੈੱਸਟ ਸਕੋਰਰ ਸੀ। ਕਬੱਡੀ ਦੇ ਪੁਰਾਣੇ ਖਿਡਾਰੀ ਦੇਵੀ ਦਿਆਲ, ਹਰਪ੍ਰੀਤ ਬਾਬਾ, ਮੱਖਣ ਸਿੰਘ ਤੇ ਸੁਰਿੰਦਰ ਟੋਨੀ ਵੀ ਸਨਮਾਨੇ ਗਏ। ਸਾਨੂੰ ਕੁਮੈਂਟੇਟਰਾਂ ਨੂੰ ਵੀ ਪਲੇਕਾਂ ਦਿੱਤੀਆਂ ਗਈਆਂ। ਜਦੋਂ ਇੰਮੀਗਰੇਸ਼ਨ ਮੰਤਰੀ ਦਾ ਅਭਿਨੰਦਨ ਕੀਤਾ ਗਿਆ ਤਾਂ ਪੱਤਰਕਾਰ ਸੁਖਵਿੰਦਰ ਸਿੰਘ ਹੰਸਰਾ ਵੀ ਪ੍ਰੈੱਸ ਸੈਂਟਰ `ਚੋਂ ਉੱਠ ਕੇ ਉਹਦੇ ਕੋਲ ਆ ਖੜ੍ਹਾ ਹੋਇਆ। ਸ਼ਾਇਦ ਵੀਜ਼ਿਆਂ ਬਾਰੇ ਕੋਈ ਸੁਆਲ ਪੁੱਛਣਾ ਹੋਵੇ। ਉਹ ਨਜ਼ਾਰੇ ਅਲੋਕਾਰ ਸਨ ਕਿ ਜਦੋਂ ਕੋਈ ਫੋਟੋ ਲਹਿਣ ਲੱਗਦੀ ਤਾਂ ਅਨੇਕਾਂ ਸੱਜਣ ਆਲੇ ਦੁਆਲੇ ਆ ਖੜ੍ਹਦੇ। ਲੀਡਰਾਂ ਨਾਲ ਫੋਟੋ ਖਿਚਾਉਣ ਦੀ ਭੁੱਖ ਪੰਜਾਬ ਵਿੱਚ ਹੀ ਨਹੀਂ ਇਹ ਕੈਨੇਡਾ ਵਿੱਚ ਵੀ ਹੈ। ਜੇਤੂ ਟੀਮ ਜਦੋਂ ਕੱਪ ਪ੍ਰਾਪਤ ਕਰਦੀ ਹੈ ਤਾਂ ਉਹਦੇ ਨਾਲ ਫੋਟੋ ਖਿਚਾਉਣ ਵਾਲਿਆਂ ਦਾ ਧੱਕਾ ਪੈਣ ਲੱਗਦੈ। ਖੇਡ ਮੈਦਾਨ ਵਿੱਚ ਵੀ ਕਈ ਬੰਦੇ ਐਵੇਂ ਹੀ ਗੇੜਾ ਬੰਨ੍ਹੀ ਫਿਰਦੇ ਹਨ ਜਿਵੇਂ ਕਹਿੰਦੇ ਹੋਣ, “ਸਾਨੂੰ ਵੀ ਵੇਖੋ!” ਅਖ਼ਬਾਰਾਂ ਵਿੱਚ ਆਪਣੀ ਫੋਟੋ ਛਪਵਾਉਣ, ਨਾਂ ਲਿਖਵਾਉਣ ਤੇ ਕੁਮੈਂਟਰੀ `ਚ ਆਪਣਾ ਨਾਂ ਬੁਲਵਾਉਣ ਦੀ ਭੁੱਖ ਪਤਾ ਨਹੀਂ ਉਨ੍ਹਾਂ ਦਾ ਕਦੋਂ ਖਹਿੜਾ ਛੱਡੇਗੀ?

* * *

ਕੌਪਿਸ ਕੋਲੀਜ਼ੀਅਮ ਵਿੱਚ ਗਤਕਾ ਵੀ ਖੇਡਿਆ ਗਿਆ ਤੇ ਭੰਗੜਾ ਵੀ ਪਿਆ। ਇੱਕ ਮੈਚ ਪੀਲ ਪੁਲਿਸ ਦੇ ਗੋਰੇ ਖਿਡਾਰੀਆਂ ਤੇ ਕੈਨੇਡਾ ਦੇ ਜੰਮਪਲ ਪੰਜਾਬੀ ਖਿਡਾਰੀਆਂ ਵਿਚਾਲੇ ਹੋਇਆ। ਇਸ ਮੈਚ ਉਤੇ ਸਭ ਤੋਂ ਵੱਧ ਹੱਲਾਸ਼ੇਰੀ ਗੂੰਜੀ। ਗੋਰੇ ਖਿਡਾਰੀਆਂ ਨੂੰ ਧਾਵੇ ਕਰਦੇ ਤੇ ਜੱਫੇ ਲਾਉਂਦੇ ਵੇਖ ਕੇ ਦਰਸ਼ਕ ਬਲਿਹਾਰੇ ਜਾ ਰਹੇ ਸਨ। ਇਸ ਵਾਰ ਦਰਸ਼ਕਾਂ ਨੇ ਕਿਸੇ ਰੈਫਰੀ ਦੇ ਫੈਸਲੇ `ਤੇ ਖਫ਼ਾ ਹੋ ਕੇ ਕੋਈ ਚੀਜ਼ ਦਾਇਰੇ ਵਿੱਚ ਨਹੀਂ ਸੁੱਟੀ ਜਾਂ ਇਓਂ ਕਹਿ ਲਓ ਕਿ ਸੁੱਟਣ ਲਈ ਕੁੱਝ ਹੈ ਈ ਨਹੀਂ ਸੀ। ਉਹ ਬੀਅਰ ਦੀ ਜਿਹੜੀ ਬੋਤਲ ਸਟੇਡੀਅਮ ਦੇ ਠੇਕੇ ਤੋਂ ਖਰੀਦਦੇ ਸੀ ਉਹ ਦਸ ਡਾਲਰਾਂ `ਚ ਪੈਂਦੀ ਸੀ। ਬੀਅਰ ਦੀ ਬੋਤਲ ਉਤੇ ਹੀ ਦਸ ਡਾਲਰ ਦਾ ਥੁੱਕ ਲੁਆ ਕੇ ਨਸ਼ਾ ਕੀਹਨੂੰ ਚੜ੍ਹਨਾ ਸੀ? ਪਤਾ ਲੱਗਾ ਹੈ ਕਿ ਤਿੰਨ ਵਜੇ ਦੇ ਕਰਫਿਊ ਕਾਰਨ ਸਟੇਡੀਅਮ ਦਾ ਠੇਕਾ ਬੀਅਰ ਦੀਆਂ ਸੈਂਕੜੇ ਬੋਤਲਾਂ ਵੇਚ ਗਿਆ ਤੇ ਪੰਜਾਬੀਆਂ ਦੀਆਂ ਜ਼ੇਬਾਂ `ਚੋਂ ਹਜ਼ਾਰਾਂ ਡਾਲਰ ਭੋਟ ਗਿਆ। ਕਾਰਾਂ ਦੀਆਂ ਡਿੱਕੀਆਂ ਵਾਲਾ ਮਾਲ ਮੱਤਾ ਮਾਲਕਾਂ ਨੂੰ ਉਡੀਕਦਾ ਰਿਹਾ ਜੋ ਕਈਆਂ ਨੇ ਤੁਰਨ ਵੇਲੇ ਅੰਦਰ ਸੁੱਟਿਆ। ਮੈਚ ਮੁੱਕਣ ਤੋਂ ਬਾਅਦ ਕਾਰਾਂ ਦੀਆਂ ਡਿੱਕੀਆਂ ਦੁਆਲੇ ਜੁੜੇ ਤਲਬਗ਼ਾਰਾਂ ਦਾ ਨਜ਼ਾਰਾ ਵੀ ਫਿਲਮਾਉਣ ਵਾਲਾ ਸੀ। ਅਮਿਤੋਜ ਮਾਨ ਵਿਹਲਾ ਹੋਵੇ ਤਾਂ ਅਗਲੇ ਵਰਲਡ ਕਬੱਡੀ ਕੱਪ `ਤੇ ਗੇੜਾ ਮਾਰ ਲਵੇ।

* * *

ਕੱਪ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਉਹ ਆਪਣੇ ਸਮੁੱਚੇ ਪਰਿਵਾਰਾਂ ਨੂੰ ਕਬੱਡੀ ਕੱਪ ਵਿਖਾਉਣ ਲਿਆਉਣਗੇ। ਬੀਬੀਆਂ ਤੇ ਬੱਚਿਆਂ ਲਈ ਦਾਖਲਾ ਵੀ ਮੁਫ਼ਤ ਸੀ। ਪਰ ਆਪਣੀਆਂ ਮਾਵਾਂ ਧੀਆਂ ਤੇ ਘਰਾਂ ਵਾਲੀਆਂ ਕਿਸੇ ਨੇ ਵੀ ਨਹੀਂ ਲਿਆਂਦੀਆਂ। ਪੰਜ ਸੱਤ ਹਜ਼ਾਰ ਦੇ `ਕੱਠ `ਚ ਮੈਨੂੰ ਪੰਜ ਸੱਤ ਔਰਤਾਂ ਹੀ ਵਿਖਾਈ ਦਿੱਤੀਆਂ ਜਿਨ੍ਹਾਂ `ਚੋਂ ਇੰਮੀਗਰੇਸ਼ਨ ਮੰਤਰੀ ਤੇ ਮੈਡਮ ਆਸ਼ਾ ਸ਼ਰਮਾ ਆਪਣੀ ਡਿਊਟੀ ਨਿਭਾਉਣ ਆਈਆਂ ਸਨ। ਇੱਕ ਬੀਬੀ ਮਿਲਵਾਕੀ ਤੋਂ ਆਈ ਸੀ ਤੇ ਇੱਕ ਪੱਤਰਕਾਰ ਸੀ। ਅੰਦਾਜ਼ਾ ਲਾ ਲਓ ਕਿ ਸਾਡੇ ਟੋਰਾਂਟੋ ਦੇ ਪੰਜਾਬੀ ਵੀਰ ਕਿੰਨੇ ਕੁ ਅਗਾਂਹਵਧੂ ਨੇ? ਉਹ ਔਰਤਾਂ ਦੀ ਕਬੱਡੀ ਖਿਡਾ ਸਕਦੇ ਹਨ ਪਰ ਔਰਤਾਂ ਨੂੰ ਵਿਖਾ ਨਹੀਂ ਸਕਦੇ। ਵੈਸੇ ਜਿੰਨਾ ਧਨ, ਸਮਾਂ, ਸ਼ਕਤੀ ਤੇ ਸਾਧਨ ਕਬੱਡੀ ਦੀ ਖੇਡ ਲਈ ਲਾਏ ਜਾ ਰਹੇ ਹਨ ਉਹਦੇ ਲਈ ਕਬੱਡੀ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਏਡਾ ਵੱਡਾ ਖੇਡ ਮੇਲਾ ਕਰਾਉਣਾ ਖਾਲਾ ਜੀ ਦਾ ਵਾੜਾ ਨਹੀਂ। ਯੂਨਾਈਟਿਡ ਕਲੱਬ ਵਾਲੇ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਕਿੰਨੀਆਂ ਰਾਤਾਂ ਦਾ ਉਨੀਂਦਰਾ ਕੱਟਿਆ ਹੈ? ਆਏ ਗਿਆਂ ਦੀ ਸੇਵਾ ਕਰਨ ਦੇ ਨਾਲ ਉਨ੍ਹਾਂ ਨੇ ਸਪਾਂਸਰਾਂ, ਖਿਡਾਰੀਆਂ, ਖੇਡ ਅਧਿਕਾਰੀਆਂ ਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ।

* * *

ਸਤ੍ਹਾਰਵੇਂ ਵਰਲਡ ਕਬੱਡੀ ਕੱਪ ਦੇ ਨਜ਼ਾਰੇ ਤਾਂ ਬਹੁਤ ਹਨ ਪਰ ਹਾਲ ਦੀ ਘੜੀ ਏਨਾ ਕੁ ਲਿਖ ਕੇ ਗੱਲ ਮੁਕਾਉਂਦੇ ਹਾਂ ਕਿ ਐਤਕੀਂ ਪਹਿਲਾਂ ਨਾਲੋਂ ਵੱਧ ਜੱਫੇ ਲੱਗੇ। ਬਿੰਦੇ ਝੱਟੇ ਧਾਵੀਆਂ ਨੂੰ ਬਰੇਕਾਂ ਲੱਗਦੀਆਂ ਤੇ ਚੱਕੇ ਜਾਮ ਹੋਈ ਜਾਂਦੇ। ਅਰਲਾਕੋਟ ਗੱਡੇ ਜਾਂਦੇ ਤੇ ਗੱਡੇ ਡਹੀਏਂ ਹੁੰਦੇ। ਕਈ ਖਿਡਾਰੀ ਸੱਟਾਂ ਖਾ ਕੇ ਬਾਹਰ ਵੀ ਬੈਠੇ। ਉਨ੍ਹਾਂ `ਚ ਲੱਖਾ ਤੇ ਸੋਨੂੰ ਵੀ ਸ਼ਾਮਲ ਸਨ। ਕਬੱਡੀ ਕੱਪ-2007 ਸੌ ਤੋਂ ਵੀ ਵੱਧ ਜੱਫਿਆਂ ਕਾਰਨ ਦੇਰ ਤਕ ਯਾਦ ਰਹੇਗਾ। ਕੋਈ ਵੀ ਧਾਵੀ ਐਸਾ ਨਹੀਂ ਨਿਕਲਿਆ ਜਿਹੜਾ ਉੱਕਾ ਨਾ ਰੁਕਿਆ ਹੋਵੇ। ਜੱਫਿਆਂ ਦਾ ਵਾਧਾ ਹੋਣਾ ਕਬੱਡੀ ਦੀ ਖੇਡ ਲਈ ਸ਼ੁਭ ਸ਼ਗਨ ਹੈ। ਵੇਖਣ ਵਾਲੀ ਗੱਲ ਹੁਣ ਇਹ ਹੈ ਕਿ ਕੈਨੇਡਾ ਦਾ ਅਗਲਾ ਕਬੱਡੀ ਸੀਜ਼ਨ ਇੱਕ ਧੜੇ ਦਾ ਹੋਵੇਗਾ ਜਾਂ ਦੋ ਧੜੇ ਬਣੇ ਰਹਿਣਗੇ? ਕੀ ਕਬੱਡੀ ਟੂਰਨਾਮੈਂਟਾਂ ਨੂੰ ਪੈਸੇ ਦੇਣ ਵਾਲੇ ਬਿਜਨਸ ਅਦਾਰੇ ਦੋਹਾਂ ਧੜਿਆਂ ਨੂੰ ਪੈਸੇ ਦੇਈ ਜਾਣਗੇ ਜਾਂ ਕਹਿਣਗੇ ਕਿ ਪਹਿਲਾਂ `ਕੱਠੇ ਹੋ ਕੇ ਕਬੱਡੀ `ਚੋਂ ਡਰੱਗ ਹਟਾਓ ਤੇ ਫੇਰ ਪੈਸੇ ਲੈਣ ਆਓ? ਉਹ ਇਹ ਵੀ ਕਹਿ ਸਕਦੇ ਹਨ ਕਿ ਸਾਥੋਂ ਡੋਪ ਟੈੱਸਟ ਲਈ ਫੰਡ ਲੈ ਲਓ ਤੇ ਟੂਰਨਾਮੈਂਟ ਸਾਫ ਸੁਥਰੀ ਤੇ ਡਰੱਗ ਮੁਕਤ ਕਬੱਡੀ ਦਾ ਕਰਾਓ!

ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ ਮੈਂ ਨਿੱਕਾ ਸਿੰਘ ਨੂੰ ਮੈਰਾਥਨ ਜੇਤੂ ਸਮਝ ਬਹਿੰਦਾ ਹਾਂ ਤੇ ਕਦੇ ਛੋਟਾ ਸਿੰਘ ਨੂੰ। ਉਨ੍ਹਾਂ ਦੋਹਾਂ `ਚੋਂ ਮੇਰੀ ਨਿੱਕਾ ਸਿੰਘ ਨਾਲ ਮੁਲਾਕਾਤ ਹੋਈ ਜਦ ਕਿ ਛੋਟਾ ਸਿੰਘ ਨੂੰ ਮਿਲਣ ਲਈ ਤਾਂਘਦਾ ਰਿਹਾ। ਮੈਨੂੰ ਨਹੀਂ ਪਤਾ ਹੁਣ ਉਹ ਹੈਗੇ ਵੀ ਜਾਂ ਨਹੀਂ। ਸਾਡੇ ਕਈ ਚੈਂਪੀਅਨ ਅਣਗੌਲੇ ਚਲਾਣਾ ਕਰ ਜਾਂਦੇ ਹਨ। ਮੈਨੂੰ ਜੀਹਦਾ ਜੀਹਦਾ ਪਤਾ ਲੱਗਦਾ ਹੈ ਸ਼ਰਧਾਂਜਲੀ ਵਜੋਂ ਕੁੱਝ ਲਿਖ ਦਿੰਦਾ ਹਾਂ।

ਕੁਝ ਸਾਲ ਪਹਿਲਾਂ ਮੈਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵੇਖਣ ਗਿਆ ਤਾਂ ਗੁਰਭਜਨ ਗਿੱਲ ਨੇ ਦੱਸਿਆ ਕਿ ਐਤਕੀਂ ਏਸ਼ੀਆ ਦਾ ਪੁਰਾਣਾ ਚੈਂਪੀਅਨ ਨਿੱਕਾ ਸਿੰਘ ਵੀ ਆਇਆ ਹੈ। ਗਰੇਵਾਲ ਸਪੋਰਟਸ ਐਸੋਸੀਏਸ਼ਨ ਉਹਦਾ ਮਾਣ ਸਨਮਾਨ ਕਰ ਰਹੀ ਹੈ। ਨਿੱਕਾ ਸਿੰਘ ਤੇ ਉਹਦੇ ਤਿੰਨ ਚਾਰ ਸਾਥੀ ਸਾਥੋਂ ਰਤਾ ਕੁ ਲਾਂਭੇ ਕੁਰਸੀਆਂ ਉਤੇ ਬੈਠੇ ਸਨ। ਨਿੱਕਾ ਸਿੰਘ ਦੀ ਦਾੜ੍ਹੀ ਬੱਗੀ ਹੋਈ ਪਈ ਸੀ, ਰੰਗ ਸਾਂਵਲਾ ਸੀ ਤੇ ਫੌਜੀਆਂ ਵਾਲੀ ਪੋਚਵੀਂ ਪੱਗ ਬੰਨ੍ਹੀ ਹੋਈ ਸੀ। ਉਹਦੇ ਇੰਡੀਆ ਦੇ ਕੱਲਰ ਵਾਲਾ ਸੁਰਮਈ ਕੋਟ ਪਾਇਆ ਹੋਇਆ ਸੀ। ਮੈਂ ਉਹਦੇ ਕੋਲ ਜਾ ਕੇ ਫਤਿਹ ਬੁਲਾਈ ਤਾਂ ਉਹਨੇ ਰਤਾ ਕੁ ਉਠ ਕੇ ਹੱਥ ਮਿਲਾਇਆ। ਹੱਥ ਮਿਲਣੀ ਵਿੱਚ ਨਿੱਘ ਸੀ। ਮੈਂ ਆਪਣੀ ਖੇਡ ਲੇਖਕ ਹੋਣ ਦੀ ਜਾਣ ਪਛਾਣ ਦੇ ਕੇ ਕੁੱਝ ਗੱਲਾਂ ਬਾਤਾਂ ਪੁੱਛਣ ਦੀ ਤਮੰਨਾ ਜ਼ਾਹਰ ਕੀਤੀ ਤਾਂ ਉਹਨੇ ਇੱਕ ਕੁਰਸੀ ਖਾਲੀ ਕਰਵਾ ਕੇ ਮੈਨੂੰ ਆਪਣੇ ਨਾਲ ਬਿਠਾ ਲਿਆ ਤੇ ਆਖਣ ਲੱਗਾ, “ਧੰਨਭਾਗ ਜੇ ਕੋਈ ਸਾਡੀਆਂ ਗੱਲਾਂ ਵੀ ਸੁਣੇ। ਆਪਾਂ ਵਿਹਲੇ ਆਂ ਜੋ ਮਰਜ਼ੀ ਪੁੱਛੋ ਗੱਲਾਂ।”

ਉਹਦੇ ਬੋਲਾਂ `ਚ ਕਰਾਰ ਸੀ ਤੇ ਅੱਖਾਂ `ਚ ਮੱਘਦੀ ਲੋਅ। ਇਹ ਵੱਖਰੀ ਗੱਲ ਸੀ ਕਿ ਚਿਹਰੇ `ਤੇ ਝੁਰੜੀਆਂ ਪੈ ਗਈਆਂ ਸਨ। ਉਹਦੇ ਪੈਰੀਂ ਗੁਰਗਾਬੀ ਤੇ ਤੇੜ ਭੂਰੇ ਜਿਹੇ ਰੰਗ ਦੀ ਪਤਲੂਣ ਪਾਈ ਹੋਈ ਸੀ। ਹੱਥ ਵਿੱਚ ਕੜਾ ਸੀ। ਮੈਂ ਉਹਦੇ ਜਨਮ ਤੇ ਬਚਪਨ ਬਾਰੇ ਪੁੱਛਿਆ। ਉਹਨੇ ਦੱਸਣਾ ਸ਼ੁਰੂ ਕੀਤਾ, “ਐਸ ਵਖਤ ਮੇਰੀ ਉਮਰ ਪੈ੍ਹਂਟ ਸਾਲਾਂ ਦੀ ਹੋਊ। ਮੈਂ 3 ਜੁਲਾਈ 1939 ਨੂੰ ਫੌਜ `ਚ ਭਰਤੀ ਹੋਇਆ ਸੀ। ਓਦੋਂ ਮੇਰੀ ਉਮਰ ਅਠਾਰਾਂ ਵੀਹ ਸਾਲ ਦੇ ਲਵੇ ਹੋਊਗੀ। ਬਾਹਲੀ ਹੋਈ ਤਾਂ ਇੱਕੀ ਬਾਈ ਸਾਲ ਦੀ ਹੋਊ। ਸਾਡਾ ਪਿੰਡ ਸੰਗਰੂਰ ਦੇ ਲਵੇ ਭਿੰਡਰਾਂ ਐਂ। ਮੇਰੇ ਪਿਤਾ ਦਾ ਨਾਂ ਆਸਾ ਰਾਮ ਸੀ। ਅਸੀਂ ਜੱਟ ਬਾਹਮਣ ਹੁੰਨੇ ਆਂ। ਉਸ ਵਖਤ ਸਾਡੀ ਢਾਈ ਵਿੱਘੇ ਜਮੀਨ ਸੀ। ਗੁਜ਼ਾਰਾ ਮੁਸ਼ਕਲ ਸੀ। ਮੈਂ ਆਖਿਆ ਕਿਉਂ ਕਿਸੇ ਦਾ ਸੀਰੀ ਰਲਣਾਂ? ਘਰ ਦੀ ਤੰਗੀ ਕਰਕੇ ਮੈਂ ਫੌਜ `ਚ ਭਰਤੀ ਹੋਇਆ।”

ਮੈਂ ਪੁੱਛਿਆ, “ਤੁਹਾਡੀ ਜਨਮ ਤਰੀਕ ਕੀ ਲਿਖਾਂ?” ਨਿੱਕਾ ਸਿੰਘ ਨੇ ਆਖਿਆ, “ਕੋਈ ਲਿਖ ਲੋ, ਕੀ ਫਰਕ ਪੈਂਦਾ?” “ਨਾ ਤਾਂ ਵੀ। ਭਲਾ ਤੁਸੀਂ ਫੌਜ `ਚ ਕਿਹੜੀ ਜਨਮ ਤਰੀਕ ਲਿਖਾਈ ਸੀ?” ਉਸ ਨੇ ਗਿੱਚੀ ਖੁਰਕਦਿਆਂ ਕਿਹਾ, “ਹੁਣ ਪੱਕੀ ਤਾਂ ਯਾਦ ਨੀ। ਮੈਂ ਉਣਤਾਲੀ `ਚ ਭਰਤੀ ਹੋਇਆ ਸੀ। ਵੀਹ ਸਾਲ ਕੱਢ ਕੇ ਉੱਨੀ ਲਿਖ ਲੋ। ਨਾਲੇ ਹੁਣ ਕਿਹੜਾ ਭਰਤੀ ਹੋਣਾਂ? ਜਾਂ ਫੇਰ ਸਿੱਧੀ ਵੀਹ ਲਿਖ ਲੋ। ਤਿੰਨ ਜੁਲਾਈ ਉਨੀ ਸੌ ਵੀਹ।” “ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ?” ਨਿੱਕਾ ਸਿੰਘ ਨੇ ਮਿਨ੍ਹਾ ਮੁਸਕ੍ਰਾਂਦਿਆਂ ਕਿਹਾ, “ਮੈਂ ਸ਼ਾਹੀ ਅਣਪੜ੍ਹ ਆਂ। ਮੈਂ ਹਾਲੇ ਬਾਰਾਂ ਸਾਲ ਦੀ ਉਮਰ ਦਾ ਸੀ ਜਦੋਂ ਮੇਰੇ ਬਾਪ ਦੀਆਂ ਦੋਹਾਂ ਅੱਖਾਂ ਦੀ ਜੋਤ ਚਲੀ ਗਈ। ਭੈਣ ਭਰਾਵਾਂ `ਚ ਸਾਰਿਆਂ ਤੋਂ ਵੱਡਾ ਹੋਣ ਕਰਕੇ ਘਰ ਦੀ ਕਬੀਲਦਾਰੀ ਦਾ ਭਾਰ ਮੇਰੇ ਉਤੇ ਆਣ ਪਿਆ। ਮੈਨੂੰ ਨਿੱਕੇ ਹੁੰਦੇ ਨੂੰ ਈ ਖੇਤਾਂ `ਚ ਸਖਤ ਮਿਹਨਤ ਕਰਨੀ ਪਈ।”

“ਤੁਸੀਂ ਫੌਜ `ਚ ਕਿਵੇਂ ਭਰਤੀ ਹੋਏ?” “ਜਨਰਲ ਗੁਰਬਖ਼ਸ਼ ਸਿੰਘ ਸਾਡੇ ਪਿੰਡ ਵਿਆਹਿਆ ਹੋਇਆ ਸੀ। ਉਹ ਜਦੋਂ ਪਿੰਡ ਆਇਆ ਤਾਂ ਅਸੀਂ ਉਹਨੂੰ ਭਰਤੀ ਕਰਨ ਨੂੰ ਕਿਹਾ। ਉਹ ਪੁੱਛਣ ਲੱਗਾ, ਦੌੜ ਭੱਜ ਵੀ ਲੈਨਾਂ? ਮੈਂ ਆਖਿਆ, ਛਾਲਾਂ ਛੂਲਾਂ ਜੀਆਂ ਤਾਂ ਲਾਉਂਦੇ ਰਹੀਦਾ। ਭੱਜ ਵੀ ਲਊਂ। ਉਹ ਕਹਿਣ ਲੱਗਾ, ਤੜਕੇ ਈ ਆ ਜੀਂ ਫੇਰ ਸੰਗਰੂਰ। ਲਓ ਜੀ ਮੈਂ ਤੜਕੇ ਈ ਵਗ ਗਿਆ ਸੰਗਰੂਰੀਂ। ਜਰਨੈਲ ਦੀ ਸਿਫਾਰਸ਼ ਸੀ ਤੇ ਉਹਨਾਂ ਨੇ ਮੈਨੂੰ ਭਰਤੀ ਕਰ ਲਿਆ। ਓਦਣ ਸੱਤਵੇਂ ਮਹੀਨੇ ਦੀ ਤਿੰਨ ਤਰੀਕ ਸੀ ਤੇ ਸੰਨ ਸੀ ਉੱਨੀ ਸੌਂ ਉਣਤਾਲੀ।” ਮੈਂ ਹੈਰਾਨ ਸਾਂ ਕਿ ਜਨਮ ਤਰੀਕ ਉਸ ਨੂੰ ਯਾਦ ਨਹੀਂ ਸੀ ਪਰ ਭਰਤੀ ਹੋਣ ਦੀ ਤਰੀਕ ਭੁਲਦੀ ਨਹੀਂ ਸੀ।

ਮੈਂ ਪੁੱਛਿਆ, “ਤੁਹਾਨੂੰ ਯਾਦ ਹੋਵੇਗਾ ਓਦੋਂ ਕਿੰਨੀ ਤਨਖਾਹ ਸੀ?” ਨਿੱਕਾ ਸਿੰਘ ਨੇ ਵੇਰਵੇ ਨਾਲ ਦੱਸਿਆ, “ਲੈ ਯਾਦ ਕਿਉਂ ਨੀ। ਭਲਾ ਤਨਖਾਹ ਵੀ ਕਦੇ ਭੁੱਲੀ ਆ? ਭਰਤੀ ਹੋਣ ਵੇਲੇ ਮੇਰੀ ਤਨਖਾਹ ਨੌਂ ਰੁਪਏ ਮਹੀਨਾ ਸੀ। ਇੱਕ ਵਿਚੋਂ ਦੁੱਧ ਦਾ ਕੱਟ ਲੈਂਦੇ ਸੀ, ਇੱਕ ਜਮ੍ਹਾਂ ਹੁੰਦਾ ਸੀ ਤੇ ਸੱਤ ਰੁਪਈਏ ਨਕਦ ਮਿਲਦੇ ਸੀ। ਉਹਨਾਂ ਸੱਤਾਂ ਨਾਲ ਟੱਬਰ ਦਾ ਗੁਜ਼ਾਰਾ ਤੁਰਦਾ ਸੀ।”

ਨਿੱਕਾ ਸਿੰਘ ਦੇ ਨਾਲ ਬੈਠਾ ਇੱਕ ਹੋਰ ਰਿਟਾਇਰ ਫੌਜੀ ਬੋਲਿਆ, “ਓਦੋਂ ਦੇ ਨੌਂ ਈ ਹੁਣ ਦੇ ਨੌਂ ਸੌ ਵਰਗੇ ਸੀ। ਇੱਕ ਆਨੇ `ਚ ਫੌਜੀ ਕੱਪ ਦੁੱਧ ਦਾ ਭਰਾ ਲਈਦਾ ਸੀ ਤੇ ਇੱਕ ਰੁਪਈਏ ਦਾ ਸੇਰ ਘਿਓ ਆ ਜਾਂਦਾ ਸੀ। ਹੁਣ ਤਾਂ ਸਹੁਰੇ ਨੋਟਾਂ `ਚ ਜਾਨ ਈ ਨੀ ਰਹੀ। ਓਦੋਂ ਅਸੀਂ ਛੇਤੀ ਕੀਤਿਆਂ ਰੁਪਈਆ ਤੁੜਾਉਂਦੇ ਨੀ ਸੀ ਹੁੰਦੇ ਬਈ ਟੁੱਟਿਆ ਤਾਂ ਬਹਿੰਦੇ ਖੁਰ-ਜੂ। ਬੱਝਵਾਂ ਈ ਰੱਖਦੇ ਸੀ ਬਈ ਬਚਿਆ ਰਹੂ। ਸਾਡੇ ਨਾਲ ਦੇ ਨਪਾਲੀਆਂ ਨੇ ਰੁਪਈਆ ਮੁੱਠੀ `ਚ ਘੁੱਟੀ ਰੱਖਣਾ ਤੇ ਬਜ਼ਾਰਾਂ `ਚ ਗੇੜੇ ਦੇਈ ਜਾਣੇ। ਮੁੱਠੀ `ਚ ਘੁੱਟੇ ਰੁਪਈਏ ਨੂੰ ਮੁੜ੍ਹਕਾ ਆ ਜਾਣਾ ਤਾਂ ਉਹਨਾਂ ਨੇ ਮੁੱਠੀ ਖੋਲ੍ਹ ਕੇ ਹਵਾ ਲੁਆਉਣੀ ਤੇ ਆਖਣਾ, ਸਾਲੇ ਰੋਤਾ ਕਿਓਂ ਹੈਂ? ਮੈਂ ਤੁਮੇਂ ਖਰਚੂੰਗਾ ਨਹੀਂ!”

ਮੈਂ ਪੁੱਛਿਆ, “ਹੁਣ ਪੈਨਸ਼ਨ ਕਿੰਨੀ ਮਿਲਦੀ ਐ?” ਨਿੱਕਾ ਸਿੰਘ ਨੇ ਪੂਰਾ ਵੇਰਵਾ ਦਿੱਤਾ, “ਮੈਂ ਖੇਲ੍ਹਾਂ ਜੀਆਂ ਕਰਕੇ 1942 `ਚ ਹੌਲਦਾਰ ਬਣ ਗਿਆ ਸੀ। ਪੜ੍ਹਿਆ ਨਾ ਹੋਣ ਕਰਕੇ `ਗਾਹਾਂ ਤਰੱਕੀ ਨਾ ਮਿਲੀ ਤੇ ਮੈਂ ਉੱਨੀ ਸਾਲ ਹੌਲਦਾਰ ਈ ਰਿਹਾ। ਮਾਰਚ 1961 `ਚ ਰਿਟੈਰ ਹੋਇਆ। ਓਦੋਂ ਮੇਰੀ ਪੈਨਸ਼ਨ 38 ਰੁਪਈਏ ਸੀ ਤੇ ਹੁਣ ਵਧਦੀ ਵਧਦੀ 221 ਇੱਕੀ ਰੁਪਏ ਆ। ਏਸ਼ੀਆ ਦਾ ਚੈਂਪੀਅਨ ਹੋਣ ਕਰਕੇ ਡੂਢ ਸੌ ਮੈਨੂੰ ਪੰਜਾਬ ਸਪੋਰਟਸ ਕੌਂਸਲ ਦੀ ਪੈਨਸ਼ਨ ਲੱਗੀ ਆ। ਇਹ ਪੈਨਸ਼ਨ ਮੈਂ ਮਸਾਂ ਲਵਾਈ। ਇੱਕ ਤਾਂ ਸਰਟੀਫਿਕੇਟ ਦੇਣਾ ਸੀ ਬਈ ਮੇਰੀ ਉਮਰ ਸੱਠ ਸਾਲ ਤੋਂ ਉਤੇ ਆ ਤੇ ਦੂਜਾ ਐੱਸ.ਡੀ.ਐੱਮ.ਤੋਂ ਕਾਗਜ਼ ਬਣਵਾ ਕੇ ਦੇਣਾ ਸੀ ਬਈ ਮੇਰੀ ਸਾਲ ਦੀ ਆਮਦਨ 3600 ਤੋਂ ਘੱਟ ਆ। ਕਲੱਰਕ ਮੈਨੂੰ ਟਾਲਦੇ ਰਹੇ ਬਈ ਤੂੰ ਤਾਂ ਪਹਿਲਾਂ ਈ ਪੈਨਸ਼ਨ ਲਈ ਜਾਨਾਂ। ਮੈਂ ਆਖਾਂ ਉਹ 3600 ਤੋਂ ਘੱਟ ਆ। ਫੇਰ ਮੈਂ ਇੰਡੀਆ ਦੇ ਕੱਲਰ ਵਾਲਾ ਕੋਟ ਪਾ ਕੇ ਐੱਸ.ਡੀ.ਐੱਮ.ਨੂੰ ਮਿਲਿਆ। ਉਹ ਭਲਾ ਬੰਦਾ ਸੀ। ਮੇਰਾ ਕੱਲਰ ਦੇਖ ਕੇ ਕੁਰਸੀ ਤੋਂ ਉਠ ਖੜ੍ਹਾ ਹੋਇਆ ਬਈ ਇਹ ਤਾਂ ਬੰਦਾ ਈ ਬੜਾ ਵੱਡਾ। ਉਹਨੇ ਮੇਰੀ ਪੈਨਸ਼ਨ ਮਨਜ਼ੂਰ ਕਰਾਈ।”

ਮੈਂ ਆਖਿਆ, “ਖੇਡਾਂ ਵੱਲ ਆਉਣ ਦੀ ਸਟੋਰੀ ਵੀ ਸੁਣਾਓ।” ਨਿੱਕਾ ਸਿੰਘ ਨੇ ਨਿੱਕਾ ਜਿਹਾ ਖੰਘੂਰਾ ਮਾਰਦਿਆਂ ਸਟੋਰੀ ਤੋਰੀ, “ਜਦੋਂ ਮੈਂ ਖੇਡਾਂ ਦੀ ਦੁਨੀਆਂ `ਚ ਆਇਆ ਓਦੋਂ ਖੇਡਾਂ ਦੀ ਕੋਈ ਖਾਸ ਕਦਰ ਨਹੀਂ ਸੀ। ਖਿਡਾਰੀ ਦੀ ਵੀ ਕੋਈ ਕੀਮਤ ਨਹੀਂ ਸੀ। ਨਾ ਹੀ ਗਰਾਊਂਡ ਹੁੰਦੇ ਸੀ ਤੇ ਨਾ ਕੋਈ ਕੋਚਿੰਗ ਦੇਣ ਆਲਾ ਸੀ। ਨਾ ਈ ਖੇਡਣ ਦਾ ਸਮਾਂ ਮਿਲਦਾ ਸੀ। ਖੁਰਾਕ ਵੀ ਕੋਈ ਖਾਸ ਨੀ ਸੀ ਹੁੰਦੀ। ਬੱਸ `ਕੱਲੇ ਪਟਿਆਲੇ ਆਲੇ ਮਹਾਰਾਜੇ ਨੂੰ ਈਂ ਖਿਡਾਰੀ ਪਾਲਣ ਦਾ ਸ਼ੌਂਕ ਸੀ। ਮੇਰੀ ਰੰਗਰੂਟੀ ਸੰਗਰੂਰ `ਚ ਹੋਈ। ਫੇਰ ਮੈਂ ਪਰੋਜਪੁਰ ਛਾਉਣੀ ਦੌੜਨ ਗਿਆ। 1940 ਵਿਚ। ਓਥੇ ਮੈਂ ਪਹਿਲੀ ਵਾਰ 800 ਤੇ 1500 ਮੀਟਰ ਦੌੜਿਆ ਤੇ ਜੁਆਨਾਂ `ਚ ਪਹਿਲੇ ਨੰਬਰ `ਤੇ ਆਇਆ। 1941 `ਚ ਮੈਂ ਪਟਿਆਲੇ 800 ਮੀਟਰ ਦੌੜਿਆ। ਪਟਿਆਲੇ ਦੇ ਜੁਆਨ ਤਕੜੇ ਸੀ ਤੇ ਮੈਂ ਤੀਜੇ ਨੰਬਰ `ਤੇ ਆ ਸਕਿਆ। ਫੇਰ ਮੈਨੂੰ ਲੜਾਈ `ਚ ਜਾਣਾ ਪੈ ਗਿਆ ਤੇ ਦੌੜਾਂ ਬੰਦ ਹੋ ਗੀਆਂ। ਚਾਰ ਸਾਲ ਲੜਾਈ `ਚ ਨੰਘੇ। ਏਨਾ ਸ਼ੁਕਰ ਆ ਬਈ ਬਚਿਆ ਰਿਹਾ। 1947 `ਚ ਰੌਲੇ ਪੈਗੇ। 1948 `ਚ ਸਾਰੇ ਇੰਡੀਆ ਦੀਆਂ ਖੇਡਾਂ ਕਲਕੱਤੇ ਹੋਈਆਂ। ਓਥੇ ਮੈਂ 800 ਮੀਟਰ ਦੀ ਦੌੜ 2 ਮਿੰਟ 2 ਸਕਿੰਟ `ਚ ਲਾ ਕੇ ਇੰਡੀਆ ਦਾ ਚੈਂਪੀਅਨ ਬਣਿਆਂ। ਫੇਰ ਦਿੱਲੀ `ਚ ਨੈਸ਼ਨਲ ਗੇਮਾਂ ਹੋਈਆਂ। ਦਿੱਲੀ ਮੈਂ 800 ਮੀਟਰ ਦੌੜ 2 ਮਿੰਟ 1 ਸਕਿੰਟ ਤੇ 1500 ਮੀਟਰ 3 ਮਿੰਟ 52 ਸਕਿੰਟ `ਚ ਦੌੜ ਕੇ ਜਿੱਤੀ। ਓਦੋਂ ਮੈਂ ਐਨ ਚੜ੍ਹਿਆ ਹੋਇਆ ਸੀ।”

1500 ਮੀਟਰ ਦੀ ਦੌੜ ਦਾ ਸਮਾਂ 3.52 ਮਿੰਟ ਸੁਣ ਕੇ ਮੈਂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਦਿਨਾਂ `ਚ ਏਨੇ ਸਮੇਂ ਵਾਲਾ ਦੌੜਾਕ ਤਾਂ ਓਲੰਪਿਕਸ ਨੂੰ ਪੈ ਸਕਦਾ ਸੀ। ਬਾਅਦ ਵਿੱਚ ਮੈਂ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਕੀਤਾ ਕਿ ਨਿੱਕਾ ਸਿੰਘ ਆਪਣਾ ਸਮਾਂ ਦੱਸਣ ਵਿੱਚ ਸੱਚਮੁੱਚ ਈ ਟਪਲਾ ਖਾ ਗਿਆ ਸੀ। ਉਸ ਨੇ ਅਸਲ ਵਿੱਚ 4 ਮਿੰਟ 12 ਸਕਿੰਟ `ਚ ਦੌੜ ਪੂਰੀ ਕੀਤੀ ਸੀ। ਮੈਂ ਉਸ ਦੇ ਕੱਦ ਕਾਠ ਤੇ ਸਰੀਰਕ ਵਜ਼ਨ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ, “ਸ਼ੁਰੂ ਤੋਂ ਮੇਰਾ ਭਾਰ ਸਵਾ ਮਣ ਤੇ ਡੂਢ ਮਣ ਦੇ ਵਿਚਾਲੇ ਰਿਹਾ। ਹੁਣ 60-62 ਕਿੱਲੋ ਆ, ਤੁਲਿਆਂ ਵੀਹ ਗੈਲ। ਕੱਦ ਭਰਤੀ ਹੋਣ ਵੇਲੇ 5 ਫੁੱਟ 9 ਇੰਚ ਸੀ, ਹੁਣ ਇੱਕ ਅੱਧਾ ਇੰਚ ਘੱਟ ਗਿਆ ਹੋਊ!”

ਮੈਂ ਆਖਿਆ, “ਕੱਦ ਵੀ ਕਦੇ ਘਟਿਆ?” ਨਿੱਕਾ ਸਿੰਘ ਮੁਸਕਰਾਇਆ ਤੇ ਕਹਿਣ ਲੱਗਾ, “ਵੱਡੀ ਉਮਰ `ਚ ਮਾੜਾ ਮੋਟਾ ਕੁੱਬ ਪੈ ਜਾਂਦਾ ਨਾ। ਊਂ ਵੀ ਕਹਿੰਦੇ ਹੱਡ ਸੁੰਗੜ ਜਾਂਦੇ ਆ।”

ਪਰ ਕੁੱਬ ਨਿੱਕਾ ਸਿੰਘ ਦੇ ਉਦੋਂ ਤਕ ਕੋਈ ਨਹੀਂ ਸੀ ਪਿਆ। ਉਹਦਾ ਸਰੀਰ ਸ਼ਿਕਾਰੀਆਂ ਵਰਗਾ ਸੀ। ਅੱਖਾਂ, ਕੰਨ ਤੇ ਸਰੀਰ ਦੇ ਜੋੜ ਸਭ ਹਰੀ ਕਾਇਮ ਸਨ। ਹਾਂ, ਦੰਦ ਜ਼ਰੂਰ ਨਵੇਂ ਲਵਾਉਣੇ ਪਏ ਸਨ। ਜਦੋਂ ਉਹ ਮੁਸਕਰਾਉਂਦਾ ਤਾਂ ਢਾਲਵੇਂ ਬੁੱਲ੍ਹਾਂ ਹੇਠੋਂ ਨਵੇਂ ਲਵਾਏ ਦੰਦ ਲਿਸ਼ਕਾਂ ਮਾਰਦੇ। ਚਿਹਰਾ ਹਸਮੁੱਖ ਸੀ ਤੇ ਮੁੱਛਾਂ ਵਿਰਲੀਆਂ। ਉਸ ਦਾ ਵਿਆਹ 1945 ਵਿੱਚ ਹੋਇਆ ਸੀ। ਉਹਦੇ ਦੋ ਲੜਕੀਆਂ ਤੇ ਤਿੰਨ ਲੜਕੇ ਸਨ। ਵੱਡਾ ਲੜਕਾ ਫੌਜ ਵਿੱਚ ਸੀ ਤੇ ਦੂਜਾ ਵਾਹੀ ਕਰਦਾ ਸੀ। ਨਿੱਕਾ ਸਿੰਘ ਦਾ ਕੰਮ ਡੰਗਰਾਂ ਨੂੰ ਪਾਣੀ ਪਿਆਉਣਾ ਤੇ ਖੇਤ ਰੋਟੀ ਲੈ ਕੇ ਜਾਣਾ ਸੀ। ਉਹਦਾ ਕਿਸੇ ਨਾਲ ਕੋਈ ਕਲੇਸ਼ ਨਹੀਂ ਸੀ। ਉਦੋਂ ਪਰਿਵਾਰ `ਕੱਠਾ ਹੀ ਸੀ। ਫੌਜੀ ਹੁੰਦਿਆਂ ਉਹ ਅੰਗਰੇਜ਼ੀ `ਚ ਦਸਖ਼ਤ ਕਰਨੇ ਸਿੱਖ ਗਿਆ ਸੀ ਪਰ ਪਿਛੋਂ ਉਹ ਪੰਜਾਬੀ `ਚ ਦਸਖ਼ਤ ਕਰਦਾ ਸੀ।

ਮੈਂ ਕਿਹਾ, “ਏਸ਼ੀਆ ਦਾ ਚੈਂਪੀਅਨ ਬਣਨ ਦੀ ਗੱਲ ਵੀ ਸੁਣਾਓ। ਕਿਵੇਂ ਜਿੱਤੀ 1500 ਮੀਟਰ?”

ਨਿੱਕਾ ਸਿੰਘ ਦੱਸਣ ਲੱਗਾ, “ਮੈਨੂੰ ਮਹਾਰਾਜਾ ਪਟਿਆਲਾ ਜੀਂਦ ਆਲੇ ਤੋਂ ਅਏਂ ਮੰਗ ਕੇ ਲੈ ਜਾਂਦਾ ਸੀ ਜਿਵੇਂ ਦਿਹਾੜੀਆ ਲੈ ਜਾਈਦਾ। ਉਹਨੂੰ ਖੇਡਾਂ ਦਾ ਬਹੁਤ ਸ਼ੌਂਕ ਸੀ। ਪਟਿਆਲੇ ਦੇ ਅਥਲੀਟਾਂ ਨਾਲ ਮੈਂ ਜਿਦ ਜਿਦ ਕੇ ਪ੍ਰੈਕਟਿਸ ਕਰਨੀ। ਪਟਿਆਲੇ ਆਲਾ ਆਵਦੇ ਅਥਲੀਟਾਂ ਨੂੰ ਪੰਜ ਰੁਪਈਏ ਦੀ ਖੁਰਾਕ ਦਿੰਦਾ ਸੀ ਤੇ ਮੈਨੂੰ ਢਾਈਆਂ ਦੀ ਮਿਲਦੀ ਸੀ। ਜਦੋਂ ਮਹਾਰਾਜੇ ਨੂੰ ਦੱਸਿਆ ਤਾਂ ਉਹਨੇ ਮੇਰੀ ਵੀ ਖੁਰਾਕ ਵਧਾ `ਤੀ। ਪਟਿਆਲਿਓਂ ਮੈਂ ਰਾਜ਼ੀ ਹੋ ਕੇ ਸੰਗਰੂਰ ਮੁੜਦਾ ਸੀ। ਜਦੋਂ ਮੈਂ ਮੁੜਨਾ ਤਾਂ ਅਫਸਰਾਂ ਨੇ ਆਖਣਾ, ਇਹਦੀ ਚੰਗੀ ਤਰ੍ਹਾਂ ਖੱਲ ਲਾਹੋ ਇਹ ਵਿਹਲੀਆਂ ਖਾ ਕੇ ਆਇਆ। ਓਦੋਂ ਏਹੋ ਜਿਆ ਈ ਹਿਸਾਬ ਕਿਤਾਬ ਸੀ। ਕਿਲਾ ਰਾਇਪੁਰ ਦਾ ਬਰਗੇਡੀਅਰ ਜ਼ੈਲ ਸਿੰਘ ਮੇਰੀ ਮੱਦਤ `ਤੇ ਹੁੰਦਾ ਸੀ। ਉਹ ਆਪ ਵੀ ਅਥਲੀਟ ਸੀ। 1950 ਵਿੱਚ ਨੈਸ਼ਨਲ ਖੇਡਾਂ ਲੁਧਿਆਣੇ ਹੋਈਆਂ। ਮੇਰਾ ਮੁਕਾਬਲਾ ਸੋਹਣ ਤੇ ਕੁਲਵੰਤ ਗਿੱਲਾਂ ਵਾਲੇ ਨਾਲ ਹੁੰਦਾ ਸੀ। ਮੈਂ ਓਥੇ 800 ਤੇ 1500 ਦੋਹੇਂ ਦੌੜਾਂ ਜਿੱਤ ਗਿਆ। ਓਦੋਂ ਮੈਂ ਥੱਕਦਾ ਈ ਨ੍ਹੀ ਸੀ ਹੁੰਦਾ।”

ਨਿੱਕਾ ਸਿੰਘ ਦੇ ਨਾਲ ਬੈਠਾ ਫੌਜੀ ਆਖਣ ਲੱਗਾ, “ਅਸੀਂ ਏਹਨੂੰ ਲਗੜ ਕਹਿੰਦੇ ਹੁੰਦੇ ਸੀ। ਇਹ ਮੂਹਰੇ ਜਾਂਦੇ ਬੰਦੇ ਨੂੰ ਲਗੜ ਵਾਂਗ ਪੈ ਜਾਂਦਾ ਸੀ। ਸੀ ਵੀ ਸਿਰੇ ਦਾ ਚੀੜ੍ਹਾ। ਇਹ ਗਾ ਵੀ ਲੈਂਦਾ ਸੀ ਤੇ ਅਸੀਂ ਇਹਨੂੰ ਦਾਦਾ ਕਹਿ ਕੇ ਬੁਲਾਉਂਦੇ ਸੀ। ਜੁਆਨਾਂ `ਚ ਇਹਦੀ ਬਹੁਤ ਇੱਜ਼ਤ ਸੀ। ਓਨੀ ਇੱਜ਼ਤ ਉਹ ਅਫਸਰਾਂ ਦੀ ਨੀ ਸੀ ਕਰਦੇ। ਸਾਡੀ ਪਲਟਨ ਦੀ ਖਾਹਿਸ਼ ਸੀ ਕਿ ਇਹ ਜੇ.ਸੀ.ਓ.ਬਣੇ ਪਰ ਕਿਸਮਤ ਨੇ ਸਾਥ ਨਾ ਦਿੱਤਾ।”

 

ਨਿੱਕਾ ਸਿੰਘ ਅੱਗੇ ਤੁਰਿਆ, “ਮੇਰਾ ਕੁਲਵੰਤ ਗਿੱਲਾਂ ਆਲੇ ਨਾਲ ਬਹੁਤ ਪਿਆਰ ਸੀ। ਏਸ਼ੀਅਨ ਗੇਮਾਂ `ਚ ਮੈਂ 800 ਮੀਟਰ ਦੀ ਦੌੜ ਉਹਦੇ ਵਾਸਤੇ ਛੱਡ ਦਿੱਤੀ। ਊਂ 800 ਮੀਟਰ ਮੇਰੀ ਬਹੁਤ ਤਕੜੀ ਸੀ। 1500 ਮੀਟਰ `ਚ ਮੇਰਾ ਮੁਕਾਬਲਾ ਦੋ ਜਪਾਨੀਆਂ ਤੇ ਇੱਕ ਫਿਲਪੀਨੇ ਨਾਲ ਸੀ। ਜਪਾਨੀ ਅਖ਼ੀਰਲੇ ਚੱਕਰ ਤਕ ਮੇਰੇ ਮੂਹਰੇ ਦੌੜਿਆ ਪਰ ਆਖ਼ਰੀ ਗੁਲਾਈ `ਤੇ ਮੈਂ ਉਹਨੂੰ ਮਾਰ ਗਿਆ। ਮੇਰਾ ਟਾਈਮ ਸੀ 3 ਮਿੰਟ 48.7 ਸਕਿੰਟ।”

ਇਥੇ ਫੇਰ ਨਿੱਕਾ ਸਿੰਘ ਆਪਣਾ ਟਾਈਮ ਗ਼ਲਤ ਦੱਸ ਬੈਠਾ। ਰਿਕਾਰਡ ਦੱਸਣ ਵਾਲੀਆਂ ਲਿਖਤਾਂ ਅਨੁਸਾਰ ਨਿੱਕਾ ਸਿੰਘ ਨੇ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ 4 ਮਿੰਟ 4.1 ਸਕਿੰਟ ਵਿੱਚ ਲਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਸੀ। ਮੈਂ ਨੋਟ ਕੀਤਾ ਕਿ ਪੁਰਾਣੇ ਖਿਡਾਰੀ ਕਈ ਵਾਰ ਵਧਾ ਚੜ੍ਹਾ ਕੇ ਵੀ ਗੱਲਾਂ ਕਰ ਜਾਂਦੇ ਹਨ। ਉਹ ਸਮਝਦੇ ਹਨ ਕਿਹੜਾ ਕਿਸੇ ਨੂੰ ਪਤਾ ਲੱਗਣੈ? ਵੈਸੇ ਉਹਨੀਂ ਦਿਨੀਂ 1500 ਮੀਟਰ ਦੌੜ ਦਾ ਟਾਈਮ ਚਾਰ ਮਿੰਟ ਦੇ ਆਸ ਪਾਸ ਕੱਢਣਾ ਬੜੀ ਵੱਡੀ ਪ੍ਰਾਪਤੀ ਸੀ। 1948 ਦੀਆਂ ਓਲੰਪਿਕ ਖੇਡਾਂ ਸਮੇਂ ਸਵੀਡਨ ਦੇ ਐਰਿਕਸਨ ਨੇ 1500 ਮੀਟਰ ਦੀ ਦੌੜ 3 ਮਿੰਟ 49.8 ਸਕਿੰਟ ਵਿੱਚ ਲਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਸੀ। ਮੈਂ ਪੁੱਛਿਆ, “ਜਦੋਂ ਤੁਸੀਂ ਏਸ਼ੀਆ ਦੇ ਚੈਂਪੀਅਨ ਬਣੇ ਤਾਂ ਕਿਵੇਂ ਮਹਿਸੂਸ ਕੀਤਾ?” ਨਿੱਕਾ ਸਿੰਘ ਆਖਣ ਲੱਗਾ, “ਮਹਿਸੂਸ ਕੀ ਕਰਨਾ ਸੀ। ਬੱਸ ਮੈਂ ਕੰਬਲ ਦੀ ਬੁੱਕਲ ਮਾਰ ਕੇ ਬਹਿ ਗਿਆ। ਚਿੱਤ ਨੂੰ ਬਹੁਤ ਖ਼ੁਸ਼ੀ ਹੋਈ ਬਈ ਦੇਸ ਦੀ ਲਾਜ ਰੱਖ ਲੀ।”

ਮੇਰਾ ਅਗਲਾ ਸੁਆਲ ਸੀ, “ਏਸ਼ੀਆ ਦਾ ਗੋਲਡ ਮੈਡਲ ਜਿੱਤ ਕੇ ਕੋਈ ਤਰੱਕੀ ਵੀ ਮਿਲੀ?” ਨਿੱਕਾ ਸਿੰਘ ਨੇ ਕਿਹਾ, “ਨਹੀਂ। ਮੈਂ ਹੌਲਦਾਰ ਦਾ ਹੌਲਦਾਰ ਈ ਰਿਹਾ।” “ਕੋਈ ਇਨਾਮ ਸਨਮਾਨ?” “ਏਸ਼ੀਅਨ ਖੇਡਾਂ ਵੇਲੇ ਮੈਨੂੰ ਪਹਿਲੀ ਵਾਰ ਟਰੈਕ ਸੂਟ ਮਿਲਿਆ ਸੀ। ਸਪਾਈਕਸ ਮੈਂ ਪੰਜ ਰੁਪਏ ਦੇ ਖਰੀਦੇ ਸੀ, ਕਾਲੇ ਰੰਗ ਦੇ। ਓਹੀ ਪਾ ਕੇ ਮੈਂ ਮੀਟਾਂ `ਤੇ ਦੌੜਦਾ ਰਿਹਾ। ਉਹ ਮੇਰੇ ਨਾਲ ਅਖ਼ੀਰ ਤਕ ਨਿਭੇ। ਉਹ ਸਪਾਈਕਸ ਮੈਂ ਅਜੇ ਤਕ ਵੀ ਸੰਭਾਲ ਕੇ ਰੱਖੇ ਹੋਏ ਆ।”

ਚੰਗਾ ਹੋਵੇ ਜੇ ਉਹ ਸਪਾਈਕਸ ਪਟਿਆਲੇ ਦੀ ਕੌਮੀ ਖੇਡ ਸੰਸਥਾ ਦੇ ਖੇਡ ਮਿਊਜ਼ਮ ਵਿੱਚ ਮਿਲਖਾ ਸਿੰਘ ਦੇ ਸਪਾਈਕਸਾਂ ਨਾਲ ਰੱਖੇ ਜਾਣ। ਹੋਰ ਵੀ ਚੰਗਾ ਜੇ ਕੌਮਾਂਤਰੀ ਪੱਧਰ ਦੇ ਹੋਰਨਾਂ ਖਿਡਾਰੀਆਂ ਦੀਆਂ ਯਾਦਗੀਰੀ ਨਿਸ਼ਾਨੀ ਵੀ ਸੰਭਾਲ ਲਈਆਂ ਜਾਣ।

ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ ਦੇ ਵੱਡੀ ਗਿਣਤੀ ਵਿੱਚ ਖੇਡ ਮੇਲਾ ਵੇਖਣ ਢੁੱਕੇ। ਮੇਲੇ ਦੇ ਮੁੱਖ ਸਪਾਂਸਰ ਚੰਨਾ ਆਲਮਗੀਰ, ਜਿੰਦ ਅਟਵਾਲ ਬ੍ਰੱਦਰਜ਼ ਤੇ ਸਤਵੰਤ ਸਿੰਘ ਧਾਲੀਵਾਲ ਸਨ। ਉਂਜ ਸੌ ਤੋਂ ਵੀ ਵੱਧ ਦਾਨੀ ਸਨ ਜਿਨ੍ਹਾਂ ਨੇ ਮੇਲੇ ਲਈ ਦਿਲ ਖੋਲ੍ਹ ਕੇ ਮਾਇਆ ਦੇ ਗੱਫੇ ਪਰਧਾਨ ਕੀਤੇ। ਪ੍ਰਬੰਧਕਾਂ ਦੀ ਸੂਚੀ ਵੀ ਲੰਮੀ ਚੌੜੀ ਸੀ ਜਿਸ ਦਾ ਵੇਰਵਾ ਅਖ਼ਬਾਰੀ ਇਸ਼ਤਿਹਾਰਾਂ ਵਿੱਚ ਦਿੱਤਾ ਗਿਆ ਸੀ।

ਮੈਂ ਤੇ ਮੰਡੇਰ ਮੇਲੇ ਤੋਂ ਦੋ ਦਿਨ ਪਹਿਲਾਂ ਸਿਆਟਲ ਨੂੰ ਚੱਲ ਪਏ। ਮੇਰੇ ਪਾਸਪੋਰਟ ਉਤੇ ਅਮਰੀਕਾ ਦਾ ਵੀਜ਼ਾ ਤਾਂ ਭਾਵੇਂ ਦਸ ਸਾਲ ਦਾ ਹੈ ਪਰ ਨਿਊਯਾਰਕ ਨੂੰ ਜਾਣ ਵੇਲੇ ਲਏ ਤਿੰਨ ਮਹੀਨਿਆਂ ਦੇ ਪਰਮਿਟ ਦੀ ਮਿਆਦ ਪੁੱਗ ਚੁੱਕੀ ਸੀ। ਨਿਯਮਾਂ ਅਨੁਸਾਰ ਉਹ ਪਰਮਿਟ ਮੈਂ ਵਾਪਸ ਜਮ੍ਹਾਂ ਕਰਾ ਚੁੱਕਾ ਸਾਂ। ਹੁਣ ਫਿਰ ਪਰਮਿਟ ਲੈਣਾ ਪੈਣਾ ਸੀ। ਅਸੀਂ ਭੀੜ ਭੜੱਕੇ ਵਾਲੇ ਸਿੱਧੇ ਬਾਰਡਰ ਵੱਲ ਜਾਣ ਦੀ ਥਾਂ ਐਲਡਰਗਰੋਵ ਵਾਲੀ ਚੌਕੀ ਰਾਹੀਂ ਅਮਰੀਕਾ `ਚ ਪ੍ਰਵੇਸ਼ ਕਰਨਾ ਮੁਨਾਸਿਬ ਸਮਝਿਆ। ਇਸ ਚੌਕੀ ਰਾਹੀਂ ਮੈਂ ਘੱਟੋਘੱਟ ਦਰਜਨ ਵਾਰ ਆ ਜਾ ਚੁੱਕਾ ਸਾਂ। ਪਹਿਲੀ ਵਾਰ 1990 ਵਿੱਚ ਅਮਰੀਕਾ `ਚੋਂ ਕੈਨੇਡਾ ਨੂੰ ਲੰਘਿਆ ਸਾਂ। ਉਦੋਂ ਮੇਰਾ ਗਰਾਈਂ ਬੰਤ ਸਿੰਘ ਸਿੱਧੂ ਮੈਨੂੰ ਮੂਹਰਿਓਂ ਲੈਣ ਆਇਆ ਸੀ। ਉਹਦਾ ਇੱਕ ਫਾਰਮ ਕੈਨੇਡਾ ਵੱਲ ਸੀ ਤੇ ਦੂਜਾ ਅਮਰੀਕਾ ਵੱਲ। ਉਹ ਚੌਕੀ ਵਾਲਿਆਂ ਦਾ ਪੂਰਾ ਸਿਆਣੂੰ ਸੀ। ਰਾਹ ਵਿੱਚ ਈ ਘੁੱਟ ਲਾਉਣ ਲਈ ਉਹਦੇ ਕੋਲ ਬੋਤਲ ਵੀ ਸੀ ਤੇ ਗੀਝੇ `ਚ ਗੰਢਾ ਵੀ ਸੀ। ਉਹ ਬੜਾ ਰੌਣਕੀ ਬੰਦਾ ਸੀ ਜੋ ਪਿੱਛੇ ਜਿਹੇ ਪਰਲੋਕ ਸਿਧਾਰ ਗਿਆ ਹੈ। ਹੁਣ ਉਹਦੀਆਂ ਯਾਦਾਂ ਹੀ ਰਹਿ ਗਈਆਂ ਹਨ।

ਮੈਂ ਆਪਣੀ ਅਮਰੀਕਾ ਦੀ ਫੇਰੀ ਵਾਲੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਲਿਖਿਆ ਸੀ ਕਿ ਬੰਤ ਸੜਕ ਦੇ ਵਿਚਾਲੇ ਥੰਮ੍ਹਲੇ ਵਾਂਗ ਖੜ੍ਹਾ ਸੀ। ਉਹ ਸਫ਼ਰਨਾਮਾ ਪੰਜਾਬ ਯੂਨੀਵਰਸਿਟੀ ਦੇ ਡਿਗਰੀ ਕੋਰਸ ਦੀ ਪਾਠ ਪੁਸਤਕ ਬਣਿਆਂ ਤਾਂ ਇੱਕ ਵਾਰ ਕਿਸੇ ਐਗਜ਼ਾਮੀਨਰ ਨੇ ਪ੍ਰੀਖਿਆਰਥੀਆਂ ਨੂੰ ਸੁਆਲ ਪਾਇਆ ਪਈ ਐਲਡਰਗਰੋਵ ਦੀ ਚੌਕੀ ਮੂਹਰੇ ਸੜਕ ਉਤੇ ਥੰਮ੍ਹਲੇ ਵਾਂਗ ਕੌਣ ਖੜ੍ਹਾ ਸੀ? ਇਹ ਵੀ ਪੁੱਛਿਆ ਸੀ ਕਿ ਬੰਤ ਸਿੱਧੂ ਗੀਝੇ ਵਿੱਚ ਗੰਢਾ ਕਿਉਂ ਰੱਖਦਾ ਸੀ? ਜਵਾਬ ਵਿੱਚ ਲਿਖਣਾ ਪੈਣਾ ਸੀ ਪਈ ਗੰਢਾ ਉਹ ਇਸ ਲਈ ਰੱਖਦਾ ਸੀ ਕਿ ਸ਼ਰਾਬ ਦੀ ਥਾਂ ਗੰਢੇ ਦਾ ਹੀ ਮੁਸ਼ਕ ਆਵੇ ਤੇ ਪੁਲਿਸ ਵਾਲਾ ਗੰਢੇ ਦਾ ਮੁਸ਼ਕ ਲੈਣ ਦੀ ਥਾਂ ਦੂਰੋਂ ਹੀ ਕਹਿ ਦੇਵੇ, “ਓ.ਕੇ.ਜਾਹ!”

ਅੱਗੇ ਐਲਡਰਗਰੋਵ ਦੀ ਚੌਕੀ ਉਤੇ ਕਦੇ ਦਸ ਪੰਦਰਾਂ ਮਿੰਟਾਂ ਤੋਂ ਵੱਧ ਸਮਾਂ ਨਹੀਂ ਸੀ ਲੱਗਾ ਪਰ ਐਤਕੀਂ ਸਵਾ ਘੰਟਾ ਬਿਠਾ ਕੇ ਸਾਡੀ ਪੂਰੀ ਘੋਖ ਪੜਤਾਲ ਕੀਤੀ ਗਈ। ਬੱਗੇ ਸਿਰ ਵਾਲਾ ਇੰਮੀਗਰੇਸ਼ਨ ਅਫਸਰ ਸਾਡੇ ਪਾਸਪੋਰਟ ਇਓਂ ਵੇਖੀ ਗਿਆ ਜਿਵੇਂ ਵਿਛੜ ਗਈ ਮਹਿਬੂਬਾ ਦੀ ਤਸਵੀਰ ਵੇਖਦਾ ਹੋਵੇ। ਕਦੇ ਪਾਸਪੋਰਟ ਸਿੱਧੇ ਕਰਦਾ ਤੇ ਕਦੇ ਪੁੱਠੇ ਕਰਦਾ। ਮੰਡੇਰ ਦਾ ਪਾਸਪੋਰਟ ਪਾਕਿਸਤਾਨ ਦੀਆਂ ਦਰਜਨਾਂ ਫੇਰੀਆਂ ਨਾਲ ਭਰਿਆ ਪਿਆ ਸੀ ਤੇ ਘੱਟ ਮੇਰਾ ਵੀ ਨਹੀਂ ਸੀ। ਉਹ ਵਾਰ ਵਾਰ ਪੁੱਛੇ ਪਈ ਅਮਰੀਕਾ ਕੀ ਕਰਨ ਚੱਲੇ ਓਂ? ਫਿਰ ਉਹ ਸਾਡਾ ਕੰਮ ਕਾਰ ਪੁੱਛਣ ਲੱਗ ਪਿਆ। ਮੇਰਾ ਮਚਲਾ ਮਨ ਕਹਿਣ ਲੱਗਾ, “ਤੂੰ ਸਾਲਿਆ ਸਾਕ ਕਰਨੈਂ?” ਫਿਰ ਉਸ ਨੇ ਕਾਰ ਦੀ ਚਾਬੀ ਲੈ ਕੇ ਸਮਾਨ ਦੀ ਫੋਲਾ ਫਾਲੀ ਕੀਤੀ ਪਰ ਮਲੰਗਾਂ ਕੋਲ ਕਿਤਾਬਾਂ, ਰਸਾਲੇ ਤੇ ਤੇੜ ਸਿਰ ਦੇ ਲੀੜਿਆਂ ਤੋਂ ਬਿਨਾਂ ਹੋਰ ਕੀ ਹੋਣਾ ਸੀ? ਮੰਡੇਰ ਤਾਂ ਕਪੜੇ ਵੀ ਨਾਲ ਨਹੀਂ ਚੁੱਕਦਾ। ਜਿਥੇ ਰਾਤ ਕੱਟਦੈ ਆਪ ਦੇ ਲੀੜੇ ਲਾਹ ਦਿੰਦੈ ਤੇ ਅਗਲੇ ਦੇ ਪਾ ਜਾਂਦੈ। ਮੈਂ ਉਂਜ ਈ ਤਿੰਨ ਚਾਰ ਦਿਨ ਨਹੀਂ ਲਾਹੁੰਦਾ। ਮੁਸਾਫਰੀ ਕੀ ਤੇ ਸ਼ੁਕੀਨੀ ਕੀ?

ਡੂਢ ਘੰਟਾ ਬਾਰਡਰ `ਤੇ ਈ ਲੱਗ ਜਾਣ ਕਾਰਨ ਡੂੰਘਾ ਹਨ੍ਹੇਰਾ ਹੋ ਗਿਆ ਸੀ। ਸਿਆਟਲ ਪਹੁੰਚਦਿਆਂ ਨੂੰ ਤਾਂ ਅੱਧੀ ਰਾਤ ਹੋ ਜਾਣੀ ਸੀ। ਬਾਰਡਰ ਦੇ ਕੋਲ ਹੀ ਕਸਬਾ ਲਿੰਡਨ ਹੈ ਜਿਸ ਦੀ ਨਿਆਈਂ `ਚ ਡਰੋਲੀ ਭਾਈ ਵਾਲੇ ਮਹਿੰਦਰ ਸਿੰਘ ਸੰਘੇ ਦਾ ਆਲੀਸ਼ਾਨ ਬੰਗਲਾ ਪਾਇਆ ਹੋਇਐ। ਉਥੇ ਉਹਦਾ ਫਾਰਮ ਵੀ ਹੈ ਤੇ ਕੈਨਰੀ ਵੀ। ਉਹ ਬੜਾ ਦਰਿਆਦਿਲ ਬੰਦਾ ਹੈ ਤੇ ਖੇਡਾਂ ਦਾ ਵੀ ਪ੍ਰੇਮੀ ਹੈ। ਅਸੀਂ ਉਹਦੀ ਪ੍ਰਾਹੁਣਚਾਰੀ ਬੜੀ ਵਾਰ ਮਾਣੀ ਹੈ। ਉਹਦੇ ਨਾਲ ਫੋਨ ਮਿਲਾਇਆ। ਉਹ ਘਰ ਈ ਸੀ ਤੇ ਅਸੀਂ ਉਹਦੇ ਕੋਲ ਜਾ ਟਿਕਾਣਾ ਕੀਤਾ। ਸੇਵਾ ਕਰਨ ਦੇ ਨਾਲ ਉਹਨੇ ਖੇਡ ਸੰਸਾਰ ਲਈ ਚੈੱਕ ਵੀ ਕੱਟ ਦਿੱਤਾ। ਆਖਣ ਲੱਗਾ, “ਹਰੇਕ ਸਾਲ ਗੇੜਾ ਮਾਰਦੇ ਰਿਹੋ। ਖੇਡ ਸੰਸਾਰ ਖੜ੍ਹਨ ਨਹੀਂ ਦੇਣਾ।”

ਅਗਲੇ ਦਿਨ ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਢਿੱਲੋਂ ਦੇ ਘਰ ਪਾਰਟੀ ਸੀ। ਉਥੇ ਸਿਆਟਲ ਦਾ ਮਾਣ ਡਾ: ਹਰਚੰਦ ਸਿੰਘ ਤੇ ਉਸ ਦਾ ਵੱਡਾ ਭਾਈ ਹਰੀ ਸਿੰਘ ਵੀ ਹਾਜ਼ਰ ਸੀ। ਨਾਲ ਉਨ੍ਹਾਂ ਦੀਆਂ ਜੀਵਨ ਸਾਥਣਾਂ ਸਨ। ਖੁੱਲ੍ਹੇ ਘਰ `ਚ ਵੀਹ ਪੱਚੀ ਪਤਵੰਤੇ ਸੱਜਣ ਜੁੜੇ ਬੈਠੇ ਸਨ। ਵਿਚੇ ਪੀਣ ਖਾਣ ਵਾਲੇ ਸਨ ਤੇ ਵਿਚੇ ਸੋਫੀ। ਤਰਾਰੇ `ਚ ਹੋਏ ਕੁਲਵੰਤ ਸਿੰਘ ਸ਼ਾਹ ਨੇ ਖੇਡ ਸੰਸਾਰ ਦੀ ਸਹਾਇਤਾ ਲਈ ਅਪੀਲ ਕੀਤੀ ਤਾਂ ਹਿੰਮਤਪੁਰੇ ਦੇ ਚੇਤ ਸਿੰਘ ਤੇ ਰਾਮੂਵਾਲੇ ਦੇ ਹਰਦੀਪ ਸਿੰਘ ਗਿੱਲ ਨੇ ਪੰਜ ਪੰਜ ਸੌ ਡਾਲਰ ਦੇ ਚੈੱਕ ਮੰਡੇਰ ਦੇ ਹਵਾਲੇ ਕੀਤੇ। ਹੋਰਨਾਂ ਸੱਜਣਾਂ ਨੇ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿਆਟਲ ਵਾਲਿਆਂ ਨੇ ਹੀ ਖੇਡ ਸੰਸਾਰ ਦੀ ਜੜ੍ਹ ਲਾਈ ਹੈ ਤੇ ਕੈਲੇਫਰਨੀਆਂ ਵਾਲੇ ਪਾਲ ਰਹੇ ਹਨ।

ਮੇਲੇ ਦਾ ਦਿਨ ਬੱਦਲਵਾਈ ਵਾਲਾ ਚੜ੍ਹਿਆ। ਕਿਣ ਮਿਣ ਨੇ ਖੇਡਣ ਦੇ ਮੈਦਾਨ ਤਿਲ੍ਹਕਣੇ ਕਰ ਦਿੱਤੇ ਸਨ। ਕਹਿੰਦੇ ਹਨ ਕਿ ਸਿਆਟਲ ਵਿੱਚ ਤਿੰਨ ਸੌ ਚੌਂਟ੍ਹ ਦਿਨਾਂ `ਚੋਂ ਤਿੰਨ ਸੌ ਦਿਨ ਬੱਦਲਵਾਈ ਰਹਿੰਦੀ ਹੈ ਜਦ ਕਿ ਕੈਲੇਫੋਰਨੀਆਂ `ਚ ਚੌਂਟ੍ਹ ਦਿਨ ਵੀ ਬੱਦਲ ਨਹੀਂ ਆਉਂਦੇ। ਖੇਡ ਮੁਕਾਬਲੇ ਕੈਂਟ ਮੇਰੀਡੀਅਨ ਹਾਈ ਸਕੂਲ ਦੇ ਹਰੇ ਭਰੇ ਮੈਦਾਨਾਂ ਵਿੱਚ ਹੋਣੇ ਸਨ। ਉਥੇ ਨਾ ਕੋਈ ਮੇਲੇ ਦੀ ਟਿਕਟ ਸੀ ਤੇ ਨਾ ਕੋਈ ਪਾਰਕਿੰਗ ਟਿਕਟ। ਟੋਰਾਂਟੋ ਤੇ ਵੈਨਕੂਵਰ ਦੇ ਬਹੁਤੇ ਖੇਡ ਮੇਲਿਆਂ ਵਿੱਚ ਦੋਵੇਂ ਟਿਕਟਾਂ ਲੱਗਦੀਆਂ ਹਨ। ਅਸੀਂ ਮੇਲੇ ਵਿੱਚ ਅੱਪੜੇ ਤਾਂ ਮਾਈਕ ਉਤੋਂ ਸੁੱਚਾ ਸਿੰਘ ਰੰਧਾਵਾ, ਨਵਦੀਪ ਗਿੱਲ ਤੇ ਪਰਮਿੰਦਰ ਸਿੰਘ ਮੇਲੀਆਂ ਨੂੰ ਜੀ ਆਇਆਂ ਕਹਿ ਰਹੇ ਸਨ। ਸਾਹਮਣੇ ਫੁਟਬਾਲ ਦਾ ਮੈਚ ਚੱਲ ਰਿਹਾ ਸੀ। ਇੱਕ ਬੰਨੇ ਸਿਆਟਲ ਦੀ ਟੀਮ ਸੀ ਦੂਜੇ ਬੰਨੇ ਵੈਨਕੂਵਰ ਦੀ। ਚੰਨੇ ਹੋਰੀਂ ਕਲੀ ਨਾਲ ਕਬੱਡੀ ਦਾ ਦਾਇਰਾ ਉਲੀਕ ਰਹੇ ਸਨ। ਫੁਟਬਾਲ ਦੇ ਮੁਕਾਬਲਿਆਂ ਵਿੱਚ ਸੋਲਾਂ ਟੀਮਾਂ ਭਾਗ ਲੈ ਰਹੀਆਂ ਸਨ ਜਿਨ੍ਹਾਂ ਵਿੱਚ ਸਿਆਟਲ ਤੋਂ ਬਿਨਾਂ ਵੈਨਕੂਵਰ ਦੀਆਂ ਟੀਮਾਂ ਵੀ ਸ਼ਾਮਲ ਸਨ। ਤਸੱਲੀ ਦੀ ਗੱਲ ਹੈ ਕਿ ਪੰਜਾਬੀ ਮੁੰਡੇ ਵੱਡੀ ਗਿਣਤੀ ਵਿੱਚ ਦੁਨੀਆਂ ਦੀ ਸਭ ਤੋਂ ਪਾਪੂਲਰ ਖੇਡ ਵਿੱਚ ਸ਼ਰੀਕ ਹੋਣ ਲੱਗੇ ਹਨ।

ਸਿਆਟਲ ਦੇ ਇਸ ਅੱਠਵੇਂ ਖੇਡ ਮੇਲੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਰੱਸਾਕਸ਼ੀ ਤੇ ਅਥਲੈਟਿਕਸ ਦੇ ਮੁਕਾਬਲੇ ਰੱਖੇ ਗਏ ਸਨ। ਪਹਿਲੇ ਦਿਨ ਸੌਕਰ ਤੇ ਵਾਲੀਬਾਲ ਦੇ ਮੈਚ ਹੀ ਕਰਾਏ ਗਏ। ਦੂਜੇ ਦਿਨ ਕਬੱਡੀ ਦੇ ਦਾਇਰੇ ਦੁਆਲੇ ਭੀੜਾਂ ਆ ਜੁੜੀਆਂ। ਕਬੱਡੀ ਦੀਆਂ ਛੇ ਸੀਨੀਅਰ ਟੀਮਾਂ ਸਨ ਤੇ ਦੋ ਜੂਨੀਅਰ ਟੀਮਾਂ। ਪਹਿਲਾ ਮੈਚ ਯੂਬਾ ਸਿਟੀ ਤੇ ਮਡੈਸਟੋ ਦੀਆਂ ਕਬੱਡੀ ਕਲੱਬਾਂ ਦਰਮਿਆਨ ਖੇਡਿਆ ਗਿਆ। ਮੱਖਣ ਸਿੰਘ ਦਾ ਹਵਾਈ ਜਹਾਜ਼ ਪਛੜ ਗਿਆ ਸੀ ਜਿਸ ਕਰਕੇ ਮੈਚ ਦੀ ਕੁਮੈਂਟਰੀ ਮੈਨੂੰ `ਕੱਲੇ ਨੂੰ ਸ਼ੁਰੂ ਕਰਨੀ ਪਈ। ਪਹਿਲਾ ਹੀ ਮੈਚ ਬੜਾ ਤੇਜ਼ਤਰਾਰ ਹੋਇਆ ਜਿਸ ਵਿੱਚ ਯੂਬਾ ਸਿਟੀ ਦੀ ਟੀਮ ਨੇ 49 ਅੰਕ ਲਏ ਤੇ ਮਡੈਸਟੋ ਦੀ ਟੀਮ ਦੇ 40 ਅੰਕ ਬਣੇ। ਯੂਬਾ ਸਿਟੀ ਦਾ ਅੰਗਦ ਕਿਸੇ ਕੋਲੋਂ ਵੀ ਨਾ ਡੱਕਿਆ ਗਿਆ ਤੇ ਉਹਦਾ ਉਸਤਰੇ ਨਾਲ ਮੁੰਨਿਆਂ ਘੋਨ ਮੋਨ ਸਿਰ ਸੂਰਜ ਦੀ ਧੁੱਪ ਵਿੱਚ ਲਾਈਟ ਵਾਂਗ ਲਿਸ਼ਕਦਾ ਰਿਹਾ। ਉਹਦਾ ਸਿਰ ਵੇਖ ਕੇ ਮੈਨੂੰ ਸਾਧਾਂ ਦੀ ਚਿੱਪੀ ਯਾਦ ਆ ਰਹੀ ਸੀ।

ਦੂਜਾ ਮੈਚ ਬੇਅ ਏਰੀਏ ਤੇ ਸਿਆਟਲ ਦੀਆਂ ਟੀਮਾਂ ਵਿਚਕਾਰ ਹੋਇਆ। ਤਦ ਤਕ ਹਕੀਮਪੁਰੀਆ ਮੱਖਣ ਸਿੰਘ ਵੀ ਪਹੁੰਚ ਗਿਆ ਸੀ। ਉਹ ਕਬੱਡੀ ਖਿਡਾਰੀਆਂ ਦੇ ਨਾਵਾਂ ਥਾਵਾਂ ਦੀ ਜਾਣਕਾਰੀ ਦਾ ਇਨਸਾਈਕਲੋਪੀਡੀਆ ਹੈ। ਉਸ ਦੀ ਚੇਤਾ ਸ਼ਕਤੀ ਵੀ ਕਮਾਲ ਦੀ ਹੈ ਜਿਵੇਂ ਦਿਮਾਗ `ਚ ਕੰਪਿਊਟਰ ਫਿੱਟ ਹੋਵੇ। ਮਾਈਕ ਫੜ ਕੇ ਉਸ ਨੇ ਕਬੱਡੀਆਂ ਪੌਣੀਆਂ ਸ਼ੁਰੂ ਕਰ ਦਿੱਤੀਆਂ ਤੇ ਦਰਸ਼ਕਾਂ ਵੱਲੋਂ ਡਾਲਰਾਂ ਨਾਲ ਹੌਂਸਲਾ ਅਫ਼ਜ਼ਾਈ ਹੋਣ ਲੱਗੀ। ਪਿਛਲੇ ਸਾਲ ਵਾਂਗ ਐਤਕੀਂ ਵੀ ਕਾਫੀ ਸੱਜਣ ਮਿੱਤਰ ਕੈਲੇਫੋਰਨੀਆਂ ਤੋਂ ਸਿਆਟਲ ਦੇ ਖੇਡ ਮੇਲੇ ਦੀ ਰੌਣਕ ਵਧਾਉਣ ਆਏ। ਪਾਲ ਮਾਹਲ ਛਤਰੀਨੁਮਾ ਟੋਪ ਨਾਲ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ। ਲੱਗਦਾ ਸੀ ਜਿਵੇਂ ਉਹਦੇ ਟੋਪ ਨੇ ਹੀ ਮੀਂਹ ਰੋਕ ਰੱਖਿਆ ਹੋਵੇ। ਹਰਜਿੰਦਰ ਜੌਹਲ ਸੂਟ ਬੂਟ ਨਾਲ ਲਾੜਾ ਬਣਿਆ ਫਿਰਦਾ ਸੀ ਤੇ ਖੇਡਾਂ ਦੇ ਸ਼ੌਂਕੀ ਪਰਮਜੀਤ ਸੰਧੂ ਦੇ ਚਾਦਰਾ ਬੰਨ੍ਹਿਆ ਹੋਇਆ ਸੀ। ਦਵਿੰਦਰ ਸਿੰਘ ਰਣੀਏਂ ਵਾਲੇ ਦੀਆਂ ਕਾਲੀਆਂ ਐਨਕਾਂ ਧੁੱਪ ਦੀ ਛਾਂ ਬਣਾਈ ਜਾਂਦੀਆਂ ਸਨ। ਬਹਿਰਾਮ ਦਾ ਸੁਰਿੰਦਰ ਸਿੰਘ ਅਟਵਾਲ ਆਪਣੇ ਪੁੱਤਰ ਪਵੀ ਨੂੰ ਕਬੱਡੀ ਖਿਡਾਉਣ ਲਿਆਇਆ ਸੀ। ਲਖਬੀਰ ਸਿੰਘ ਉਰਫ ਕਾਲਾ ਟਰੇਸੀ ਵਾਲਾ ਆਪਣਾ ਲਿਕਰ ਸਟੋਰ ਬੰਦ ਕਰ ਕੇ ਖਿਡਾਰੀਆਂ ਉਤੋਂ ਡਾਲਰਾਂ ਦੀ ਸੋਟ ਕਰਨ ਪੁੱਜਾ ਸੀ।

ਉਥੇ ਫਰਿਜ਼ਨੋ ਤੋਂ ਆਏ ਨਾਜ਼ਰ ਸਿੰਘ ਸਹੋਤਾ, ਕੁਲਵੰਤ ਖਹਿਰਾ, ਹਰਿੰਦਰ ਹੁੰਦਲ ਤੇ ਹੋਰ ਵੀ ਕਈ ਸੱਜਣ ਸਨ ਜਿਹੜੇ ਕੈਲੇਫੋਰਨੀਆਂ ਦੇ ਕਬੱਡੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਸਨ। ਜੌਨ੍ਹ ਸਿੰਘ ਗਿੱਲ ਆਪ ਭਾਵੇਂ ਨਹੀਂ ਸੀ ਆ ਸਕਿਆ ਪਰ ਉਹਦੇ ਵੱਲੋਂ ਵੀ ਇਨਾਮ ਬੋਲੇ ਜਾ ਰਹੇ ਸਨ। ਕੈਲੇਫੋਰਨੀਆਂ ਤੋਂ ਆਏ ਜਥੇ ਨੇ ਸੂਚਨਾ ਦਿੱਤੀ ਕਿ ਇੰਟਰਨੈਸ਼ਨਲ ਕਬੱਡੀ ਕੱਪ-2007 ਵੀਹ ਅਕਤੂਬਰ ਨੂੰ ਫਰਿਜ਼ਨੋ ਦੇ ਉਸੇ ਆਲੀਸ਼ਾਨ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ ਜਿਥੇ 2006 ਦਾ ਕੱਪ ਕਰਵਾਇਆ ਗਿਆ ਸੀ। ਮੈਂ ਤੇ ਮੱਖਣ ਸਿੰਘ ਤਾਂ ਹਾਜ਼ਰ ਹੋਵਾਂਗੇ ਹੀ, ਉਨ੍ਹਾਂ ਨੇ ਸਭਨਾਂ ਖੇਡ ਪ੍ਰੇਮੀਆਂ ਨੂੰ ਫਰਿਜ਼ਨੋ ਪੁੱਜਣ ਦਾ ਸੱਦਾ ਦਿੱਤਾ। ਫਰਿਜ਼ਨੋ ਵਿੱਚ ਪਾਲ ਸਹੋਤਾ, ਸੁਰਿੰਦਰ ਸਿੰਘ ਨਿੱਝਰ, ਹੈਰੀ ਗਿੱਲ, ਟੁੱਟ ਭਰਾ, ਸੁੱਖੀ ਘੁੰਮਣ, ਪ੍ਰੀਤਮ ਪਾਸਲਾ, ਟਹਿਲ ਸਿੰਘ ਥਾਂਦੀ, ਗੁਰਚਰਨ ਰੱਕੜ, ਪਾਲ ਕੈਲੇ, ਦੀਪਾ ਚੌਹਾਨ, ਬਿੱਲਾ ਸੰਘੇੜਾ, ਜਸਵੀਰ ਰਾਜਾ, ਲੱਖ ਬਰਾੜ, ਬੱਬੀ ਟਿਵਾਣਾ, ਸੰਤ ਸਿੰਘ ਹੋਠੀ, ਗੀਰ੍ਹਾ ਸ਼ੇਰਗਿੱਲ, ਪੰਮਾ ਸੈਦੋਕੇ, ਹਰਨੇਕ ਸੰਘੇੜਾ, ਪਾਲ ਜਗਪਾਲ ਅਤੇ ਦੀਦਾਰ ਸਿੰਘ ਬੈਂਸ ਤੇ ਜੌਨ੍ਹ ਸਿੰਘ ਗਿੱਲ ਹੋਰੀਂ ਮਹਿਮਾਨਾਂ ਨੂੰ ਬਾਹਾਂ ਅੱਡ ਕੇ ਉਡੀਕਣਗੇ। ਕੈਲੇਫੋਰਨੀਆਂ ਦੀ ਕਰੀਮ ਉਥੇ `ਕੱਠੀ ਹੋਵੇਗੀ।

ਸਿਆਟਲ ਦੇ ਖੇਡ ਮੇਲੇ ਦਾ ਤੀਜਾ ਕਬੱਡੀ ਮੈਚ ਟੌਪ ਕਨੇਡੀਅਨ ਤੇ ਮਡੈਸਟੋ ਦੀਆਂ ਟੀਮਾਂ ਵਿਚਾਲੇ ਹੋਇਆ। ਮੱਖਣ ਸਿੰਘ ਬੋਲ ਰਿਹਾ ਸੀ, “ਔਹ ਵੇਖੋ ਸਾਮ੍ਹਣੇ, ਬੋਤੇ ਜਿੱਡਾ ਕੱਦ ਆ, ਛਾਟਵਾਂ ਸਰੀਰ ਆ, ਜਾਂਦਾ ਬਾਬੇ ਬੁਸ਼ ਵਾਂਗ, ਇਹ ਨੀ ਮੰਨਦਾ ਪਰਵਾਹ ਕਿਸੇ ਦੀ, ਦੇਖਦੇ ਆਂ ਕੌਣ ਇਹਨੂੰ ਡੱਕਦਾ?” ਪੱਗ ਬੰਨ੍ਹ ਕੇ ਸਿਆਟਲ ਢੁੱਕਾ ਮੱਖਣ ਬਰਾੜ ਸ਼ੇਅਰ ਸੁਣਾਉਣ ਤੋਂ ਪਹਿਲਾਂ ਭੂਮਿਕਾ ਬੰਨ੍ਹਣ ਲੱਗਾ, “ਮੇਰੇ ਬੋਲ ਦੇਸੀ ਘਿਓ ਵਰਗੇ ਆ ਪਰ ਕਈਆਂ ਨੂੰ ਕੌੜੀਆਂ ਮਿਰਚਾਂ ਵਰਗੇ ਲੱਗਣਗੇ, ਲਓ ਸੁਣੋ।” ਬੂਬਨੇ ਸਾਧਾਂ ਨਾਲ ਐਤਕੀਂ ਉਸ ਨੇ ਸਿਰਸੇ ਵਾਲਾ ਸਾਧ ਵੀ ਮਾਂਜ ਧਰਿਆ। ਦਰਸ਼ਕ ਤਾੜੀਆਂ ਨਾ ਮਾਰਦੇ ਤਾਂ ਹੋਰ ਕੀ ਕਰਦੇ? ਮੈਦਾਨ ਵਿੱਚ ਧਾਵੇ ਹੋ ਰਹੇ ਸਨ ਤੇ ਜੱਫੇ ਲੱਗ ਰਹੇ ਸਨ। ਦਰਸ਼ਕਾਂ ਨੂੰ ਖੇਡ ਦਾ ਅਨੰਦ ਆ ਰਿਹਾ ਸੀ। ਕਦੇ ਕਦੇ ਸੁੱਚਾ ਸਿੰਘ ਰੰਧਾਵਾ ਜ਼ਰੂਰੀ ਸੂਚਨਾਵਾਂ ਮੇਲੀਆ ਨਾਲ ਸਾਂਝੀਆਂ ਕਰੀ ਜਾਂਦਾ। ਉਧਰ ਮੱਖਣ ਸਿੰਘ ਵੀ ਤੋਪੇ ਭਰੀ ਜਾਂਦਾ, “ਆਹ ਤਾਂ ਜਰਮਨੀ ਵਿੱਚ ਦੀ ਅਮਰੀਕਨ ਬਣਿਆ ਲੱਗਦਾ … ਉਠ ਬਈ ਸੋਹਣਿਆਂ, ਏਨੇ ਚਿਰ `ਚ ਤਾਂ ਅਮਰੀਕਾ ਦਾ ਵੀਜ਼ਾ ਕੈਂਸਲ ਹੋ ਜਾਂਦੈ … ਆਹ ਮੁੰਡਾ ਤਾਂ ਪੱਤੋ ਦੇ ਸ਼ੁਕੀਨਾਂ ਵਰਗਾ ਲੱਗਦੈ ਜਿਹੜੇ ਪੱਗ ਬੰਨ੍ਹਦੇ ਪਿੱਛੇ ਹੱਟੀ ਜਾਂਦੇ ਆ ਤੇ ਖੂਹ `ਚ ਡਿੱਗ ਪੈਂਦੇ ਆ।”

ਸਾਰਾ ਦਿਨ ਕਬੱਡੀ, ਫੁਟਬਾਲ, ਵਾਲੀਬਾਲ ਤੇ ਅਥਲੈਟਿਕ ਖੇਡਾਂ ਦੇ ਨਾਲ ਧੁੱਪ ਛਾਂ ਦੀ ਖੇਡ ਵੀ ਚਲਦੀ ਰਹੀ। ਨਾਲ ਦੀ ਨਾਲ ਮੰਡੇਰ ਦਾ ਕੈਮਰਾ ਵੀ ਚੱਲੀ ਗਿਆ। ਮੈਦਾਨ ਦੇ ਆਲੇ ਦੁਆਲੇ ਪੰਜ ਚਿੱਟੇ ਤੰਬੂ ਤਾਣੇ ਹੋਏ ਸਨ। ਇੱਕ ਪਾਸੇ ਮਾਈਆਂ ਬੀਬੀਆਂ ਲਈ ਜਗ੍ਹਾ ਸੀ। ਇਕਬਾਲ ਸਿੰਘ ਤੇ ਇੰਟਰਨੈਸ਼ਨਲ ਕੰਪੇਨ ਫਾਰ ਇੰਡੀਆਂ `ਜ਼ ਹੈਰੀਟੇਜ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ ਜਾਰੀ ਸੀ ਤੇ ਨਿਊ-ਵੇਅ ਟਰੱਕਿੰਗ ਵਾਲਿਆਂ ਨੇ ਪਾਣੀ ਦੀਆਂ ਬੋਤਲਾਂ ਦੀ ਟੋਟ ਨਹੀਂ ਆਉਣ ਦਿੱਤੀ। ਸਾਊਂਡ ਦੀ ਸੇਵਾ ਕਸ਼ਮੀਰ ਸਿੰਘ ਤੇ ਸੀਤਲ ਸਿੰਘ ਕੰਦੋਲਾ ਦੀ ਸੀ। ਇੰਜ ਰਲ ਮਿਲ ਕੇ ਮੇਲਾ ਮਨਾਇਆ ਜਾ ਰਿਹਾ ਸੀ ਤੇ ਕੰਮਾਂ ਕਾਰਾਂ ਦਾ ਤਣਾਅ ਦੂਰ ਕੀਤਾ ਜਾ ਰਿਹਾ ਸੀ।

ਕਬੱਡੀ ਦੇ ਖਿਡਾਰੀਆਂ ਨੂੰ ਸਾਹ ਦੁਆਉਣ ਲਈ ਦਾਇਰੇ ਵਿੱਚ ਕੁੱਝ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਕੁਸ਼ਤੀਆਂ ਦਾ ਜ਼ਿੰਮਾ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਦੇ ਸਿਰ ਸੀ ਜਿਸ ਦਾ ਸਾਥ ਕੋਚ ਜਗਦੇਵ ਸਿੰਘ ਦੇ ਰਿਹਾ ਸੀ। ਵੈਨਕੂਵਰ ਤੇ ਐਬਸਫੋਰਡ ਤੋਂ ਆਏ ਪਹਿਲਵਾਨਾਂ ਦੇ ਨਾਲ ਸਤਨਾਮ ਸਿੰਘ ਜੌਹਲ, ਸ਼ੀਰੀਂ ਪਹਿਲਵਾਨ ਤੇ ਬੂਟਾ ਸਿੰਘ ਹੋਰੀਂ ਵੀ ਆਏ ਸਨ ਜਿਨ੍ਹਾਂ ਦਾ ਮੇਲਾ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਗਿਆ। ਚੈਂਪੀਅਨ ਪਹਿਲਵਾਨ ਜਗਰੂਪ ਭੁੱਲਰ ਨਾਲ ਦੁੱਲੇ ਦੀ ਕੁਸ਼ਤੀ ਹੋਣ ਲੱਗੀ ਤਾਂ ਦੁੱਲਾ ਪਹਿਲਾ ਅੰਕ ਲੈ ਗਿਆ। ਲੱਗਦਾ ਸੀ ਕਿ ਨਵਾਂ ਉਠਿਆ ਦੁੱਲਾ ਪਟਕਾ ਲੈ ਜਾਵੇਗਾ ਪਰ ਜਗਰੂਪ ਵੱਲੋਂ ਗੋਡਾ ਖਿੱਚੇ ਜਾਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਕੁਸ਼ਤੀ ਰੋਕ ਦੇਣੀ ਪਈ। ਜ਼ਖਮੀ ਪਹਿਲਵਾਨ ਦੀ ਮਦਦ ਲਈ ਅਖਾੜੇ ਦੀ ਗੇੜੀ ਲਾਈ ਤਾਂ ਦਰਸ਼ਕਾਂ ਨੇ ਹਮਦਰਦੀ ਵੱਸ ਪੰਜ ਛੇ ਹਜ਼ਾਰ ਡਾਲਰ ਤੁਰਤ `ਕੱਠਾ ਕਰ ਕੇ ਦੇ ਦਿੱਤਾ। ਦਸ ਬਾਰਾਂ ਪਹਿਲਵਾਨਾਂ ਨੇ ਸੋਹਣੀਆਂ ਕੁਸ਼ਤੀਆਂ ਵਿਖਾਈਆਂ।

ਕਬੱਡੀ ਦਾ ਸੈਮੀ ਫਾਈਨਲ ਮੈਚ ਯੂਬਾ ਸਿਟੀ ਤੇ ਫਰਿਜ਼ਨੋ ਦੀਆਂ ਕਲੱਬਾਂ ਦਰਮਿਆਨ ਹੋਇਆ ਜੋ ਯੂਬਾ ਸਿਟੀ ਦੀ ਟੀਮ ਨੇ 54-45 ਅੰਕਾਂ ਨਾਲ ਜਿੱਤ ਲਿਆ। ਦੂਜੇ ਸੈਮੀ ਫਾਈਨਲ ਵਿੱਚ ਸਿਆਟਲ ਦੀ ਟੀਮ ਟੌਪ ਕੈਨੇਡੀਅਨ ਨੂੰ 41-38 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜ ਗਈ। ਯੂਬਾ ਸਿਟੀ ਤੇ ਸਿਆਟਲ ਦੇ ਫਾਈਨਲ ਮੈਚ ਵਿੱਚ ਕਈ ਪਕੜਾਂ ਕਮਾਲ ਦੀਆਂ ਹੋਈਆਂ। ਇੱਕ ਇਕ ਰੇਡ ਉਤੇ ਸੈਂਕੜੇ ਡਾਲਰਾਂ ਦੇ ਇਨਾਮ ਲੱਗਣੇ ਸ਼ੁਰੂ ਹੋ ਗਏ। ਸਿਆਟਲ ਦੇ ਢੋਲੇ ਨੂੰ ਅਰਸ਼ੀ ਨੇ ਰੱਖ ਵਿਖਾਇਆ ਤੇ ਅਮਨ ਟਿਵਾਣੇ ਦਾ ਜੱਫਾ ਸਭ ਤੋਂ ਤਕੜਾ ਰਿਹਾ। ਉਹ ਮੈਚ ਸਿਆਟਲ ਦੀ ਟੀਮ ਨੇ 39-37 ਅੰਕਾਂ ਨਾਲ ਜਿੱਤ ਕੇ ਘਰ ਦਾ ਕੱਪ ਘਰ ਵਿੱਚ ਹੀ ਰੱਖ ਲਿਆ।

ਸਿਆਟਲ ਦਾ ਇਹ ਖੇਡ ਮੇਲਾ ਸਰਬ ਸਾਂਝਾ ਸੀ ਜੋ ਬੜਾ ਕਾਮਯਾਬ ਰਿਹਾ। ਜਿਨ੍ਹਾਂ ਸੱਜਣਾਂ ਨੇ ਮੇਲੇ ਨੂੰ ਸਹਿਯੋਗ ਦਿੱਤਾ ਉਨ੍ਹਾਂ ਨੂੰ ਮੇਲਾ ਕਮੇਟੀ ਨੇ ਪਲੇਕਾਂ ਦੇ ਕੇ ਸਨਮਾਨਤ ਕੀਤਾ। ਮੈਨੂੰ ਹਰੇਕ ਖੇਡ ਮੇਲੇ `ਚ ਕੋਈ ਨਾ ਕੋਈ ਪੁਰਾਣਾ ਖਿਡਾਰੀ ਮਿਲ ਜਾਂਦਾ ਹੈ ਜਿਸ ਨਾਲ ਗੱਲਾਂ ਕਰ ਕੇ ਮੇਰੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਐਤਕੀਂ ਉਥੇ ਪਹਿਲਾਂ ਪਰਾਣੇ ਵਾਲੇ ਦਾ ਬਿੱਲੂ ਮਿਲਿਆ ਤੇ ਫਿਰ ਰੱਜੀਵਾਲੇ ਦਾ ਪਿੰਦਰ ਟੱਕਰ ਗਿਆ ਜੋ ਹਰਜੀਤ ਬਰਾੜ ਨਾਲ ਰੱਜੀਵਾਲੇ ਦੀ ਟੀਮ ਵਿੱਚ ਖੇਡਦਾ ਰਿਹਾ ਸੀ। ਗੋਰੇ ਰੰਗ ਦੇ ਪਿੰਦਰ ਨੇ ਆਪਣੀਆਂ ਤੇ ਹਰਜੀਤ ਦੀਆਂ ਯਾਦਾਂ ਫਿਰ ਤਾਜ਼ਾ ਕਰਵਾ ਦਿੱਤੀਆਂ।

ਖੇਡ ਮੁਕਾਬਲਿਆਂ ਤੋਂ ਬਾਅਦ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦਾ ਅਖਾੜਾ ਲੱਗਾ ਜਿਸ ਵਿੱਚ ਨਵੇਂ ਤੇ ਪੁਰਾਣੇ ਗੀਤ ਗਾਏ ਗਏ। ਰਣਜੀਤ ਤੇਜੀ ਨੇ ਵੀ ਚੰਗਾ ਰੰਗ ਬੰਨ੍ਹਿਆਂ। ਮੁਹੰਮਦ ਸਦੀਕ ਸੱਤਰਾਂ ਸਾਲਾਂ ਦਾ ਹੋ ਕੇ ਵੀ ਜੁਆਨੀ ਵਾਲੇ ਚੋਹਲ ਮੋਹਲ ਕਰਨੋਂ ਨਹੀਂ ਹੱਟਦਾ। ਉਹ ਸੁਰਮਾ ਪਾਉਂਦਾ ਹੀ ਨਹੀਂ ਮਟਕਾਉਂਦਾ ਵੀ ਹੈ। ਫਿਰ ਪਾਰਟੀ ਹੋਈ ਜਿਥੇ ਮੇਲੇ ਦੀ ਸਫਲਤਾ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ।

ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ ਦੇ ਵੱਡੀ ਗਿਣਤੀ ਵਿੱਚ ਖੇਡ ਮੇਲਾ ਵੇਖਣ ਢੁੱਕੇ। ਮੇਲੇ ਦੇ ਮੁੱਖ ਸਪਾਂਸਰ ਚੰਨਾ ਆਲਮਗੀਰ, ਜਿੰਦ ਅਟਵਾਲ ਬ੍ਰੱਦਰਜ਼ ਤੇ ਸਤਵੰਤ ਸਿੰਘ ਧਾਲੀਵਾਲ ਸਨ। ਉਂਜ ਸੌ ਤੋਂ ਵੀ ਵੱਧ ਦਾਨੀ ਸਨ ਜਿਨ੍ਹਾਂ ਨੇ ਮੇਲੇ ਲਈ ਦਿਲ ਖੋਲ੍ਹ ਕੇ ਮਾਇਆ ਦੇ ਗੱਫੇ ਪਰਧਾਨ ਕੀਤੇ। ਪ੍ਰਬੰਧਕਾਂ ਦੀ ਸੂਚੀ ਵੀ ਲੰਮੀ ਚੌੜੀ ਸੀ ਜਿਸ ਦਾ ਵੇਰਵਾ ਅਖ਼ਬਾਰੀ ਇਸ਼ਤਿਹਾਰਾਂ ਵਿੱਚ ਦਿੱਤਾ ਗਿਆ ਸੀ।

ਮੈਂ ਤੇ ਮੰਡੇਰ ਮੇਲੇ ਤੋਂ ਦੋ ਦਿਨ ਪਹਿਲਾਂ ਸਿਆਟਲ ਨੂੰ ਚੱਲ ਪਏ। ਮੇਰੇ ਪਾਸਪੋਰਟ ਉਤੇ ਅਮਰੀਕਾ ਦਾ ਵੀਜ਼ਾ ਤਾਂ ਭਾਵੇਂ ਦਸ ਸਾਲ ਦਾ ਹੈ ਪਰ ਨਿਊਯਾਰਕ ਨੂੰ ਜਾਣ ਵੇਲੇ ਲਏ ਤਿੰਨ ਮਹੀਨਿਆਂ ਦੇ ਪਰਮਿਟ ਦੀ ਮਿਆਦ ਪੁੱਗ ਚੁੱਕੀ ਸੀ। ਨਿਯਮਾਂ ਅਨੁਸਾਰ ਉਹ ਪਰਮਿਟ ਮੈਂ ਵਾਪਸ ਜਮ੍ਹਾਂ ਕਰਾ ਚੁੱਕਾ ਸਾਂ। ਹੁਣ ਫਿਰ ਪਰਮਿਟ ਲੈਣਾ ਪੈਣਾ ਸੀ। ਅਸੀਂ ਭੀੜ ਭੜੱਕੇ ਵਾਲੇ ਸਿੱਧੇ ਬਾਰਡਰ ਵੱਲ ਜਾਣ ਦੀ ਥਾਂ ਐਲਡਰਗਰੋਵ ਵਾਲੀ ਚੌਕੀ ਰਾਹੀਂ ਅਮਰੀਕਾ `ਚ ਪ੍ਰਵੇਸ਼ ਕਰਨਾ ਮੁਨਾਸਿਬ ਸਮਝਿਆ। ਇਸ ਚੌਕੀ ਰਾਹੀਂ ਮੈਂ ਘੱਟੋਘੱਟ ਦਰਜਨ ਵਾਰ ਆ ਜਾ ਚੁੱਕਾ ਸਾਂ। ਪਹਿਲੀ ਵਾਰ 1990 ਵਿੱਚ ਅਮਰੀਕਾ `ਚੋਂ ਕੈਨੇਡਾ ਨੂੰ ਲੰਘਿਆ ਸਾਂ। ਉਦੋਂ ਮੇਰਾ ਗਰਾਈਂ ਬੰਤ ਸਿੰਘ ਸਿੱਧੂ ਮੈਨੂੰ ਮੂਹਰਿਓਂ ਲੈਣ ਆਇਆ ਸੀ। ਉਹਦਾ ਇੱਕ ਫਾਰਮ ਕੈਨੇਡਾ ਵੱਲ ਸੀ ਤੇ ਦੂਜਾ ਅਮਰੀਕਾ ਵੱਲ। ਉਹ ਚੌਕੀ ਵਾਲਿਆਂ ਦਾ ਪੂਰਾ ਸਿਆਣੂੰ ਸੀ। ਰਾਹ ਵਿੱਚ ਈ ਘੁੱਟ ਲਾਉਣ ਲਈ ਉਹਦੇ ਕੋਲ ਬੋਤਲ ਵੀ ਸੀ ਤੇ ਗੀਝੇ `ਚ ਗੰਢਾ ਵੀ ਸੀ। ਉਹ ਬੜਾ ਰੌਣਕੀ ਬੰਦਾ ਸੀ ਜੋ ਪਿੱਛੇ ਜਿਹੇ ਪਰਲੋਕ ਸਿਧਾਰ ਗਿਆ ਹੈ। ਹੁਣ ਉਹਦੀਆਂ ਯਾਦਾਂ ਹੀ ਰਹਿ ਗਈਆਂ ਹਨ।

ਮੈਂ ਆਪਣੀ ਅਮਰੀਕਾ ਦੀ ਫੇਰੀ ਵਾਲੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਲਿਖਿਆ ਸੀ ਕਿ ਬੰਤ ਸੜਕ ਦੇ ਵਿਚਾਲੇ ਥੰਮ੍ਹਲੇ ਵਾਂਗ ਖੜ੍ਹਾ ਸੀ। ਉਹ ਸਫ਼ਰਨਾਮਾ ਪੰਜਾਬ ਯੂਨੀਵਰਸਿਟੀ ਦੇ ਡਿਗਰੀ ਕੋਰਸ ਦੀ ਪਾਠ ਪੁਸਤਕ ਬਣਿਆਂ ਤਾਂ ਇੱਕ ਵਾਰ ਕਿਸੇ ਐਗਜ਼ਾਮੀਨਰ ਨੇ ਪ੍ਰੀਖਿਆਰਥੀਆਂ ਨੂੰ ਸੁਆਲ ਪਾਇਆ ਪਈ ਐਲਡਰਗਰੋਵ ਦੀ ਚੌਕੀ ਮੂਹਰੇ ਸੜਕ ਉਤੇ ਥੰਮ੍ਹਲੇ ਵਾਂਗ ਕੌਣ ਖੜ੍ਹਾ ਸੀ? ਇਹ ਵੀ ਪੁੱਛਿਆ ਸੀ ਕਿ ਬੰਤ ਸਿੱਧੂ ਗੀਝੇ ਵਿੱਚ ਗੰਢਾ ਕਿਉਂ ਰੱਖਦਾ ਸੀ? ਜਵਾਬ ਵਿੱਚ ਲਿਖਣਾ ਪੈਣਾ ਸੀ ਪਈ ਗੰਢਾ ਉਹ ਇਸ ਲਈ ਰੱਖਦਾ ਸੀ ਕਿ ਸ਼ਰਾਬ ਦੀ ਥਾਂ ਗੰਢੇ ਦਾ ਹੀ ਮੁਸ਼ਕ ਆਵੇ ਤੇ ਪੁਲਿਸ ਵਾਲਾ ਗੰਢੇ ਦਾ ਮੁਸ਼ਕ ਲੈਣ ਦੀ ਥਾਂ ਦੂਰੋਂ ਹੀ ਕਹਿ ਦੇਵੇ, “ਓ.ਕੇ.ਜਾਹ!”

ਅੱਗੇ ਐਲਡਰਗਰੋਵ ਦੀ ਚੌਕੀ ਉਤੇ ਕਦੇ ਦਸ ਪੰਦਰਾਂ ਮਿੰਟਾਂ ਤੋਂ ਵੱਧ ਸਮਾਂ ਨਹੀਂ ਸੀ ਲੱਗਾ ਪਰ ਐਤਕੀਂ ਸਵਾ ਘੰਟਾ ਬਿਠਾ ਕੇ ਸਾਡੀ ਪੂਰੀ ਘੋਖ ਪੜਤਾਲ ਕੀਤੀ ਗਈ। ਬੱਗੇ ਸਿਰ ਵਾਲਾ ਇੰਮੀਗਰੇਸ਼ਨ ਅਫਸਰ ਸਾਡੇ ਪਾਸਪੋਰਟ ਇਓਂ ਵੇਖੀ ਗਿਆ ਜਿਵੇਂ ਵਿਛੜ ਗਈ ਮਹਿਬੂਬਾ ਦੀ ਤਸਵੀਰ ਵੇਖਦਾ ਹੋਵੇ। ਕਦੇ ਪਾਸਪੋਰਟ ਸਿੱਧੇ ਕਰਦਾ ਤੇ ਕਦੇ ਪੁੱਠੇ ਕਰਦਾ। ਮੰਡੇਰ ਦਾ ਪਾਸਪੋਰਟ ਪਾਕਿਸਤਾਨ ਦੀਆਂ ਦਰਜਨਾਂ ਫੇਰੀਆਂ ਨਾਲ ਭਰਿਆ ਪਿਆ ਸੀ ਤੇ ਘੱਟ ਮੇਰਾ ਵੀ ਨਹੀਂ ਸੀ। ਉਹ ਵਾਰ ਵਾਰ ਪੁੱਛੇ ਪਈ ਅਮਰੀਕਾ ਕੀ ਕਰਨ ਚੱਲੇ ਓਂ? ਫਿਰ ਉਹ ਸਾਡਾ ਕੰਮ ਕਾਰ ਪੁੱਛਣ ਲੱਗ ਪਿਆ। ਮੇਰਾ ਮਚਲਾ ਮਨ ਕਹਿਣ ਲੱਗਾ, “ਤੂੰ ਸਾਲਿਆ ਸਾਕ ਕਰਨੈਂ?” ਫਿਰ ਉਸ ਨੇ ਕਾਰ ਦੀ ਚਾਬੀ ਲੈ ਕੇ ਸਮਾਨ ਦੀ ਫੋਲਾ ਫਾਲੀ ਕੀਤੀ ਪਰ ਮਲੰਗਾਂ ਕੋਲ ਕਿਤਾਬਾਂ, ਰਸਾਲੇ ਤੇ ਤੇੜ ਸਿਰ ਦੇ ਲੀੜਿਆਂ ਤੋਂ ਬਿਨਾਂ ਹੋਰ ਕੀ ਹੋਣਾ ਸੀ? ਮੰਡੇਰ ਤਾਂ ਕਪੜੇ ਵੀ ਨਾਲ ਨਹੀਂ ਚੁੱਕਦਾ। ਜਿਥੇ ਰਾਤ ਕੱਟਦੈ ਆਪ ਦੇ ਲੀੜੇ ਲਾਹ ਦਿੰਦੈ ਤੇ ਅਗਲੇ ਦੇ ਪਾ ਜਾਂਦੈ। ਮੈਂ ਉਂਜ ਈ ਤਿੰਨ ਚਾਰ ਦਿਨ ਨਹੀਂ ਲਾਹੁੰਦਾ। ਮੁਸਾਫਰੀ ਕੀ ਤੇ ਸ਼ੁਕੀਨੀ ਕੀ?

ਡੂਢ ਘੰਟਾ ਬਾਰਡਰ `ਤੇ ਈ ਲੱਗ ਜਾਣ ਕਾਰਨ ਡੂੰਘਾ ਹਨ੍ਹੇਰਾ ਹੋ ਗਿਆ ਸੀ। ਸਿਆਟਲ ਪਹੁੰਚਦਿਆਂ ਨੂੰ ਤਾਂ ਅੱਧੀ ਰਾਤ ਹੋ ਜਾਣੀ ਸੀ। ਬਾਰਡਰ ਦੇ ਕੋਲ ਹੀ ਕਸਬਾ ਲਿੰਡਨ ਹੈ ਜਿਸ ਦੀ ਨਿਆਈਂ `ਚ ਡਰੋਲੀ ਭਾਈ ਵਾਲੇ ਮਹਿੰਦਰ ਸਿੰਘ ਸੰਘੇ ਦਾ ਆਲੀਸ਼ਾਨ ਬੰਗਲਾ ਪਾਇਆ ਹੋਇਐ। ਉਥੇ ਉਹਦਾ ਫਾਰਮ ਵੀ ਹੈ ਤੇ ਕੈਨਰੀ ਵੀ। ਉਹ ਬੜਾ ਦਰਿਆਦਿਲ ਬੰਦਾ ਹੈ ਤੇ ਖੇਡਾਂ ਦਾ ਵੀ ਪ੍ਰੇਮੀ ਹੈ। ਅਸੀਂ ਉਹਦੀ ਪ੍ਰਾਹੁਣਚਾਰੀ ਬੜੀ ਵਾਰ ਮਾਣੀ ਹੈ। ਉਹਦੇ ਨਾਲ ਫੋਨ ਮਿਲਾਇਆ। ਉਹ ਘਰ ਈ ਸੀ ਤੇ ਅਸੀਂ ਉਹਦੇ ਕੋਲ ਜਾ ਟਿਕਾਣਾ ਕੀਤਾ। ਸੇਵਾ ਕਰਨ ਦੇ ਨਾਲ ਉਹਨੇ ਖੇਡ ਸੰਸਾਰ ਲਈ ਚੈੱਕ ਵੀ ਕੱਟ ਦਿੱਤਾ। ਆਖਣ ਲੱਗਾ, “ਹਰੇਕ ਸਾਲ ਗੇੜਾ ਮਾਰਦੇ ਰਿਹੋ। ਖੇਡ ਸੰਸਾਰ ਖੜ੍ਹਨ ਨਹੀਂ ਦੇਣਾ।”

ਅਗਲੇ ਦਿਨ ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਢਿੱਲੋਂ ਦੇ ਘਰ ਪਾਰਟੀ ਸੀ। ਉਥੇ ਸਿਆਟਲ ਦਾ ਮਾਣ ਡਾ: ਹਰਚੰਦ ਸਿੰਘ ਤੇ ਉਸ ਦਾ ਵੱਡਾ ਭਾਈ ਹਰੀ ਸਿੰਘ ਵੀ ਹਾਜ਼ਰ ਸੀ। ਨਾਲ ਉਨ੍ਹਾਂ ਦੀਆਂ ਜੀਵਨ ਸਾਥਣਾਂ ਸਨ। ਖੁੱਲ੍ਹੇ ਘਰ `ਚ ਵੀਹ ਪੱਚੀ ਪਤਵੰਤੇ ਸੱਜਣ ਜੁੜੇ ਬੈਠੇ ਸਨ। ਵਿਚੇ ਪੀਣ ਖਾਣ ਵਾਲੇ ਸਨ ਤੇ ਵਿਚੇ ਸੋਫੀ। ਤਰਾਰੇ `ਚ ਹੋਏ ਕੁਲਵੰਤ ਸਿੰਘ ਸ਼ਾਹ ਨੇ ਖੇਡ ਸੰਸਾਰ ਦੀ ਸਹਾਇਤਾ ਲਈ ਅਪੀਲ ਕੀਤੀ ਤਾਂ ਹਿੰਮਤਪੁਰੇ ਦੇ ਚੇਤ ਸਿੰਘ ਤੇ ਰਾਮੂਵਾਲੇ ਦੇ ਹਰਦੀਪ ਸਿੰਘ ਗਿੱਲ ਨੇ ਪੰਜ ਪੰਜ ਸੌ ਡਾਲਰ ਦੇ ਚੈੱਕ ਮੰਡੇਰ ਦੇ ਹਵਾਲੇ ਕੀਤੇ। ਹੋਰਨਾਂ ਸੱਜਣਾਂ ਨੇ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿਆਟਲ ਵਾਲਿਆਂ ਨੇ ਹੀ ਖੇਡ ਸੰਸਾਰ ਦੀ ਜੜ੍ਹ ਲਾਈ ਹੈ ਤੇ ਕੈਲੇਫਰਨੀਆਂ ਵਾਲੇ ਪਾਲ ਰਹੇ ਹਨ।

ਮੇਲੇ ਦਾ ਦਿਨ ਬੱਦਲਵਾਈ ਵਾਲਾ ਚੜ੍ਹਿਆ। ਕਿਣ ਮਿਣ ਨੇ ਖੇਡਣ ਦੇ ਮੈਦਾਨ ਤਿਲ੍ਹਕਣੇ ਕਰ ਦਿੱਤੇ ਸਨ। ਕਹਿੰਦੇ ਹਨ ਕਿ ਸਿਆਟਲ ਵਿੱਚ ਤਿੰਨ ਸੌ ਚੌਂਟ੍ਹ ਦਿਨਾਂ `ਚੋਂ ਤਿੰਨ ਸੌ ਦਿਨ ਬੱਦਲਵਾਈ ਰਹਿੰਦੀ ਹੈ ਜਦ ਕਿ ਕੈਲੇਫੋਰਨੀਆਂ `ਚ ਚੌਂਟ੍ਹ ਦਿਨ ਵੀ ਬੱਦਲ ਨਹੀਂ ਆਉਂਦੇ। ਖੇਡ ਮੁਕਾਬਲੇ ਕੈਂਟ ਮੇਰੀਡੀਅਨ ਹਾਈ ਸਕੂਲ ਦੇ ਹਰੇ ਭਰੇ ਮੈਦਾਨਾਂ ਵਿੱਚ ਹੋਣੇ ਸਨ। ਉਥੇ ਨਾ ਕੋਈ ਮੇਲੇ ਦੀ ਟਿਕਟ ਸੀ ਤੇ ਨਾ ਕੋਈ ਪਾਰਕਿੰਗ ਟਿਕਟ। ਟੋਰਾਂਟੋ ਤੇ ਵੈਨਕੂਵਰ ਦੇ ਬਹੁਤੇ ਖੇਡ ਮੇਲਿਆਂ ਵਿੱਚ ਦੋਵੇਂ ਟਿਕਟਾਂ ਲੱਗਦੀਆਂ ਹਨ। ਅਸੀਂ ਮੇਲੇ ਵਿੱਚ ਅੱਪੜੇ ਤਾਂ ਮਾਈਕ ਉਤੋਂ ਸੁੱਚਾ ਸਿੰਘ ਰੰਧਾਵਾ, ਨਵਦੀਪ ਗਿੱਲ ਤੇ ਪਰਮਿੰਦਰ ਸਿੰਘ ਮੇਲੀਆਂ ਨੂੰ ਜੀ ਆਇਆਂ ਕਹਿ ਰਹੇ ਸਨ। ਸਾਹਮਣੇ ਫੁਟਬਾਲ ਦਾ ਮੈਚ ਚੱਲ ਰਿਹਾ ਸੀ। ਇੱਕ ਬੰਨੇ ਸਿਆਟਲ ਦੀ ਟੀਮ ਸੀ ਦੂਜੇ ਬੰਨੇ ਵੈਨਕੂਵਰ ਦੀ। ਚੰਨੇ ਹੋਰੀਂ ਕਲੀ ਨਾਲ ਕਬੱਡੀ ਦਾ ਦਾਇਰਾ ਉਲੀਕ ਰਹੇ ਸਨ। ਫੁਟਬਾਲ ਦੇ ਮੁਕਾਬਲਿਆਂ ਵਿੱਚ ਸੋਲਾਂ ਟੀਮਾਂ ਭਾਗ ਲੈ ਰਹੀਆਂ ਸਨ ਜਿਨ੍ਹਾਂ ਵਿੱਚ ਸਿਆਟਲ ਤੋਂ ਬਿਨਾਂ ਵੈਨਕੂਵਰ ਦੀਆਂ ਟੀਮਾਂ ਵੀ ਸ਼ਾਮਲ ਸਨ। ਤਸੱਲੀ ਦੀ ਗੱਲ ਹੈ ਕਿ ਪੰਜਾਬੀ ਮੁੰਡੇ ਵੱਡੀ ਗਿਣਤੀ ਵਿੱਚ ਦੁਨੀਆਂ ਦੀ ਸਭ ਤੋਂ ਪਾਪੂਲਰ ਖੇਡ ਵਿੱਚ ਸ਼ਰੀਕ ਹੋਣ ਲੱਗੇ ਹਨ।

ਸਿਆਟਲ ਦੇ ਇਸ ਅੱਠਵੇਂ ਖੇਡ ਮੇਲੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਰੱਸਾਕਸ਼ੀ ਤੇ ਅਥਲੈਟਿਕਸ ਦੇ ਮੁਕਾਬਲੇ ਰੱਖੇ ਗਏ ਸਨ। ਪਹਿਲੇ ਦਿਨ ਸੌਕਰ ਤੇ ਵਾਲੀਬਾਲ ਦੇ ਮੈਚ ਹੀ ਕਰਾਏ ਗਏ। ਦੂਜੇ ਦਿਨ ਕਬੱਡੀ ਦੇ ਦਾਇਰੇ ਦੁਆਲੇ ਭੀੜਾਂ ਆ ਜੁੜੀਆਂ। ਕਬੱਡੀ ਦੀਆਂ ਛੇ ਸੀਨੀਅਰ ਟੀਮਾਂ ਸਨ ਤੇ ਦੋ ਜੂਨੀਅਰ ਟੀਮਾਂ। ਪਹਿਲਾ ਮੈਚ ਯੂਬਾ ਸਿਟੀ ਤੇ ਮਡੈਸਟੋ ਦੀਆਂ ਕਬੱਡੀ ਕਲੱਬਾਂ ਦਰਮਿਆਨ ਖੇਡਿਆ ਗਿਆ। ਮੱਖਣ ਸਿੰਘ ਦਾ ਹਵਾਈ ਜਹਾਜ਼ ਪਛੜ ਗਿਆ ਸੀ ਜਿਸ ਕਰਕੇ ਮੈਚ ਦੀ ਕੁਮੈਂਟਰੀ ਮੈਨੂੰ `ਕੱਲੇ ਨੂੰ ਸ਼ੁਰੂ ਕਰਨੀ ਪਈ। ਪਹਿਲਾ ਹੀ ਮੈਚ ਬੜਾ ਤੇਜ਼ਤਰਾਰ ਹੋਇਆ ਜਿਸ ਵਿੱਚ ਯੂਬਾ ਸਿਟੀ ਦੀ ਟੀਮ ਨੇ 49 ਅੰਕ ਲਏ ਤੇ ਮਡੈਸਟੋ ਦੀ ਟੀਮ ਦੇ 40 ਅੰਕ ਬਣੇ। ਯੂਬਾ ਸਿਟੀ ਦਾ ਅੰਗਦ ਕਿਸੇ ਕੋਲੋਂ ਵੀ ਨਾ ਡੱਕਿਆ ਗਿਆ ਤੇ ਉਹਦਾ ਉਸਤਰੇ ਨਾਲ ਮੁੰਨਿਆਂ ਘੋਨ ਮੋਨ ਸਿਰ ਸੂਰਜ ਦੀ ਧੁੱਪ ਵਿੱਚ ਲਾਈਟ ਵਾਂਗ ਲਿਸ਼ਕਦਾ ਰਿਹਾ। ਉਹਦਾ ਸਿਰ ਵੇਖ ਕੇ ਮੈਨੂੰ ਸਾਧਾਂ ਦੀ ਚਿੱਪੀ ਯਾਦ ਆ ਰਹੀ ਸੀ।

ਦੂਜਾ ਮੈਚ ਬੇਅ ਏਰੀਏ ਤੇ ਸਿਆਟਲ ਦੀਆਂ ਟੀਮਾਂ ਵਿਚਕਾਰ ਹੋਇਆ। ਤਦ ਤਕ ਹਕੀਮਪੁਰੀਆ ਮੱਖਣ ਸਿੰਘ ਵੀ ਪਹੁੰਚ ਗਿਆ ਸੀ। ਉਹ ਕਬੱਡੀ ਖਿਡਾਰੀਆਂ ਦੇ ਨਾਵਾਂ ਥਾਵਾਂ ਦੀ ਜਾਣਕਾਰੀ ਦਾ ਇਨਸਾਈਕਲੋਪੀਡੀਆ ਹੈ। ਉਸ ਦੀ ਚੇਤਾ ਸ਼ਕਤੀ ਵੀ ਕਮਾਲ ਦੀ ਹੈ ਜਿਵੇਂ ਦਿਮਾਗ `ਚ ਕੰਪਿਊਟਰ ਫਿੱਟ ਹੋਵੇ। ਮਾਈਕ ਫੜ ਕੇ ਉਸ ਨੇ ਕਬੱਡੀਆਂ ਪੌਣੀਆਂ ਸ਼ੁਰੂ ਕਰ ਦਿੱਤੀਆਂ ਤੇ ਦਰਸ਼ਕਾਂ ਵੱਲੋਂ ਡਾਲਰਾਂ ਨਾਲ ਹੌਂਸਲਾ ਅਫ਼ਜ਼ਾਈ ਹੋਣ ਲੱਗੀ। ਪਿਛਲੇ ਸਾਲ ਵਾਂਗ ਐਤਕੀਂ ਵੀ ਕਾਫੀ ਸੱਜਣ ਮਿੱਤਰ ਕੈਲੇਫੋਰਨੀਆਂ ਤੋਂ ਸਿਆਟਲ ਦੇ ਖੇਡ ਮੇਲੇ ਦੀ ਰੌਣਕ ਵਧਾਉਣ ਆਏ। ਪਾਲ ਮਾਹਲ ਛਤਰੀਨੁਮਾ ਟੋਪ ਨਾਲ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ। ਲੱਗਦਾ ਸੀ ਜਿਵੇਂ ਉਹਦੇ ਟੋਪ ਨੇ ਹੀ ਮੀਂਹ ਰੋਕ ਰੱਖਿਆ ਹੋਵੇ। ਹਰਜਿੰਦਰ ਜੌਹਲ ਸੂਟ ਬੂਟ ਨਾਲ ਲਾੜਾ ਬਣਿਆ ਫਿਰਦਾ ਸੀ ਤੇ ਖੇਡਾਂ ਦੇ ਸ਼ੌਂਕੀ ਪਰਮਜੀਤ ਸੰਧੂ ਦੇ ਚਾਦਰਾ ਬੰਨ੍ਹਿਆ ਹੋਇਆ ਸੀ। ਦਵਿੰਦਰ ਸਿੰਘ ਰਣੀਏਂ ਵਾਲੇ ਦੀਆਂ ਕਾਲੀਆਂ ਐਨਕਾਂ ਧੁੱਪ ਦੀ ਛਾਂ ਬਣਾਈ ਜਾਂਦੀਆਂ ਸਨ। ਬਹਿਰਾਮ ਦਾ ਸੁਰਿੰਦਰ ਸਿੰਘ ਅਟਵਾਲ ਆਪਣੇ ਪੁੱਤਰ ਪਵੀ ਨੂੰ ਕਬੱਡੀ ਖਿਡਾਉਣ ਲਿਆਇਆ ਸੀ। ਲਖਬੀਰ ਸਿੰਘ ਉਰਫ ਕਾਲਾ ਟਰੇਸੀ ਵਾਲਾ ਆਪਣਾ ਲਿਕਰ ਸਟੋਰ ਬੰਦ ਕਰ ਕੇ ਖਿਡਾਰੀਆਂ ਉਤੋਂ ਡਾਲਰਾਂ ਦੀ ਸੋਟ ਕਰਨ ਪੁੱਜਾ ਸੀ।

ਉਥੇ ਫਰਿਜ਼ਨੋ ਤੋਂ ਆਏ ਨਾਜ਼ਰ ਸਿੰਘ ਸਹੋਤਾ, ਕੁਲਵੰਤ ਖਹਿਰਾ, ਹਰਿੰਦਰ ਹੁੰਦਲ ਤੇ ਹੋਰ ਵੀ ਕਈ ਸੱਜਣ ਸਨ ਜਿਹੜੇ ਕੈਲੇਫੋਰਨੀਆਂ ਦੇ ਕਬੱਡੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਸਨ। ਜੌਨ੍ਹ ਸਿੰਘ ਗਿੱਲ ਆਪ ਭਾਵੇਂ ਨਹੀਂ ਸੀ ਆ ਸਕਿਆ ਪਰ ਉਹਦੇ ਵੱਲੋਂ ਵੀ ਇਨਾਮ ਬੋਲੇ ਜਾ ਰਹੇ ਸਨ। ਕੈਲੇਫੋਰਨੀਆਂ ਤੋਂ ਆਏ ਜਥੇ ਨੇ ਸੂਚਨਾ ਦਿੱਤੀ ਕਿ ਇੰਟਰਨੈਸ਼ਨਲ ਕਬੱਡੀ ਕੱਪ-2007 ਵੀਹ ਅਕਤੂਬਰ ਨੂੰ ਫਰਿਜ਼ਨੋ ਦੇ ਉਸੇ ਆਲੀਸ਼ਾਨ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ ਜਿਥੇ 2006 ਦਾ ਕੱਪ ਕਰਵਾਇਆ ਗਿਆ ਸੀ। ਮੈਂ ਤੇ ਮੱਖਣ ਸਿੰਘ ਤਾਂ ਹਾਜ਼ਰ ਹੋਵਾਂਗੇ ਹੀ, ਉਨ੍ਹਾਂ ਨੇ ਸਭਨਾਂ ਖੇਡ ਪ੍ਰੇਮੀਆਂ ਨੂੰ ਫਰਿਜ਼ਨੋ ਪੁੱਜਣ ਦਾ ਸੱਦਾ ਦਿੱਤਾ। ਫਰਿਜ਼ਨੋ ਵਿੱਚ ਪਾਲ ਸਹੋਤਾ, ਸੁਰਿੰਦਰ ਸਿੰਘ ਨਿੱਝਰ, ਹੈਰੀ ਗਿੱਲ, ਟੁੱਟ ਭਰਾ, ਸੁੱਖੀ ਘੁੰਮਣ, ਪ੍ਰੀਤਮ ਪਾਸਲਾ, ਟਹਿਲ ਸਿੰਘ ਥਾਂਦੀ, ਗੁਰਚਰਨ ਰੱਕੜ, ਪਾਲ ਕੈਲੇ, ਦੀਪਾ ਚੌਹਾਨ, ਬਿੱਲਾ ਸੰਘੇੜਾ, ਜਸਵੀਰ ਰਾਜਾ, ਲੱਖ ਬਰਾੜ, ਬੱਬੀ ਟਿਵਾਣਾ, ਸੰਤ ਸਿੰਘ ਹੋਠੀ, ਗੀਰ੍ਹਾ ਸ਼ੇਰਗਿੱਲ, ਪੰਮਾ ਸੈਦੋਕੇ, ਹਰਨੇਕ ਸੰਘੇੜਾ, ਪਾਲ ਜਗਪਾਲ ਅਤੇ ਦੀਦਾਰ ਸਿੰਘ ਬੈਂਸ ਤੇ ਜੌਨ੍ਹ ਸਿੰਘ ਗਿੱਲ ਹੋਰੀਂ ਮਹਿਮਾਨਾਂ ਨੂੰ ਬਾਹਾਂ ਅੱਡ ਕੇ ਉਡੀਕਣਗੇ। ਕੈਲੇਫੋਰਨੀਆਂ ਦੀ ਕਰੀਮ ਉਥੇ `ਕੱਠੀ ਹੋਵੇਗੀ।

ਸਿਆਟਲ ਦੇ ਖੇਡ ਮੇਲੇ ਦਾ ਤੀਜਾ ਕਬੱਡੀ ਮੈਚ ਟੌਪ ਕਨੇਡੀਅਨ ਤੇ ਮਡੈਸਟੋ ਦੀਆਂ ਟੀਮਾਂ ਵਿਚਾਲੇ ਹੋਇਆ। ਮੱਖਣ ਸਿੰਘ ਬੋਲ ਰਿਹਾ ਸੀ, “ਔਹ ਵੇਖੋ ਸਾਮ੍ਹਣੇ, ਬੋਤੇ ਜਿੱਡਾ ਕੱਦ ਆ, ਛਾਟਵਾਂ ਸਰੀਰ ਆ, ਜਾਂਦਾ ਬਾਬੇ ਬੁਸ਼ ਵਾਂਗ, ਇਹ ਨੀ ਮੰਨਦਾ ਪਰਵਾਹ ਕਿਸੇ ਦੀ, ਦੇਖਦੇ ਆਂ ਕੌਣ ਇਹਨੂੰ ਡੱਕਦਾ?” ਪੱਗ ਬੰਨ੍ਹ ਕੇ ਸਿਆਟਲ ਢੁੱਕਾ ਮੱਖਣ ਬਰਾੜ ਸ਼ੇਅਰ ਸੁਣਾਉਣ ਤੋਂ ਪਹਿਲਾਂ ਭੂਮਿਕਾ ਬੰਨ੍ਹਣ ਲੱਗਾ, “ਮੇਰੇ ਬੋਲ ਦੇਸੀ ਘਿਓ ਵਰਗੇ ਆ ਪਰ ਕਈਆਂ ਨੂੰ ਕੌੜੀਆਂ ਮਿਰਚਾਂ ਵਰਗੇ ਲੱਗਣਗੇ, ਲਓ ਸੁਣੋ।” ਬੂਬਨੇ ਸਾਧਾਂ ਨਾਲ ਐਤਕੀਂ ਉਸ ਨੇ ਸਿਰਸੇ ਵਾਲਾ ਸਾਧ ਵੀ ਮਾਂਜ ਧਰਿਆ। ਦਰਸ਼ਕ ਤਾੜੀਆਂ ਨਾ ਮਾਰਦੇ ਤਾਂ ਹੋਰ ਕੀ ਕਰਦੇ? ਮੈਦਾਨ ਵਿੱਚ ਧਾਵੇ ਹੋ ਰਹੇ ਸਨ ਤੇ ਜੱਫੇ ਲੱਗ ਰਹੇ ਸਨ। ਦਰਸ਼ਕਾਂ ਨੂੰ ਖੇਡ ਦਾ ਅਨੰਦ ਆ ਰਿਹਾ ਸੀ। ਕਦੇ ਕਦੇ ਸੁੱਚਾ ਸਿੰਘ ਰੰਧਾਵਾ ਜ਼ਰੂਰੀ ਸੂਚਨਾਵਾਂ ਮੇਲੀਆ ਨਾਲ ਸਾਂਝੀਆਂ ਕਰੀ ਜਾਂਦਾ। ਉਧਰ ਮੱਖਣ ਸਿੰਘ ਵੀ ਤੋਪੇ ਭਰੀ ਜਾਂਦਾ, “ਆਹ ਤਾਂ ਜਰਮਨੀ ਵਿੱਚ ਦੀ ਅਮਰੀਕਨ ਬਣਿਆ ਲੱਗਦਾ … ਉਠ ਬਈ ਸੋਹਣਿਆਂ, ਏਨੇ ਚਿਰ `ਚ ਤਾਂ ਅਮਰੀਕਾ ਦਾ ਵੀਜ਼ਾ ਕੈਂਸਲ ਹੋ ਜਾਂਦੈ … ਆਹ ਮੁੰਡਾ ਤਾਂ ਪੱਤੋ ਦੇ ਸ਼ੁਕੀਨਾਂ ਵਰਗਾ ਲੱਗਦੈ ਜਿਹੜੇ ਪੱਗ ਬੰਨ੍ਹਦੇ ਪਿੱਛੇ ਹੱਟੀ ਜਾਂਦੇ ਆ ਤੇ ਖੂਹ `ਚ ਡਿੱਗ ਪੈਂਦੇ ਆ।”

ਸਾਰਾ ਦਿਨ ਕਬੱਡੀ, ਫੁਟਬਾਲ, ਵਾਲੀਬਾਲ ਤੇ ਅਥਲੈਟਿਕ ਖੇਡਾਂ ਦੇ ਨਾਲ ਧੁੱਪ ਛਾਂ ਦੀ ਖੇਡ ਵੀ ਚਲਦੀ ਰਹੀ। ਨਾਲ ਦੀ ਨਾਲ ਮੰਡੇਰ ਦਾ ਕੈਮਰਾ ਵੀ ਚੱਲੀ ਗਿਆ। ਮੈਦਾਨ ਦੇ ਆਲੇ ਦੁਆਲੇ ਪੰਜ ਚਿੱਟੇ ਤੰਬੂ ਤਾਣੇ ਹੋਏ ਸਨ। ਇੱਕ ਪਾਸੇ ਮਾਈਆਂ ਬੀਬੀਆਂ ਲਈ ਜਗ੍ਹਾ ਸੀ। ਇਕਬਾਲ ਸਿੰਘ ਤੇ ਇੰਟਰਨੈਸ਼ਨਲ ਕੰਪੇਨ ਫਾਰ ਇੰਡੀਆਂ `ਜ਼ ਹੈਰੀਟੇਜ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ ਜਾਰੀ ਸੀ ਤੇ ਨਿਊ-ਵੇਅ ਟਰੱਕਿੰਗ ਵਾਲਿਆਂ ਨੇ ਪਾਣੀ ਦੀਆਂ ਬੋਤਲਾਂ ਦੀ ਟੋਟ ਨਹੀਂ ਆਉਣ ਦਿੱਤੀ। ਸਾਊਂਡ ਦੀ ਸੇਵਾ ਕਸ਼ਮੀਰ ਸਿੰਘ ਤੇ ਸੀਤਲ ਸਿੰਘ ਕੰਦੋਲਾ ਦੀ ਸੀ। ਇੰਜ ਰਲ ਮਿਲ ਕੇ ਮੇਲਾ ਮਨਾਇਆ ਜਾ ਰਿਹਾ ਸੀ ਤੇ ਕੰਮਾਂ ਕਾਰਾਂ ਦਾ ਤਣਾਅ ਦੂਰ ਕੀਤਾ ਜਾ ਰਿਹਾ ਸੀ।

ਕਬੱਡੀ ਦੇ ਖਿਡਾਰੀਆਂ ਨੂੰ ਸਾਹ ਦੁਆਉਣ ਲਈ ਦਾਇਰੇ ਵਿੱਚ ਕੁੱਝ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਕੁਸ਼ਤੀਆਂ ਦਾ ਜ਼ਿੰਮਾ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਦੇ ਸਿਰ ਸੀ ਜਿਸ ਦਾ ਸਾਥ ਕੋਚ ਜਗਦੇਵ ਸਿੰਘ ਦੇ ਰਿਹਾ ਸੀ। ਵੈਨਕੂਵਰ ਤੇ ਐਬਸਫੋਰਡ ਤੋਂ ਆਏ ਪਹਿਲਵਾਨਾਂ ਦੇ ਨਾਲ ਸਤਨਾਮ ਸਿੰਘ ਜੌਹਲ, ਸ਼ੀਰੀਂ ਪਹਿਲਵਾਨ ਤੇ ਬੂਟਾ ਸਿੰਘ ਹੋਰੀਂ ਵੀ ਆਏ ਸਨ ਜਿਨ੍ਹਾਂ ਦਾ ਮੇਲਾ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਗਿਆ। ਚੈਂਪੀਅਨ ਪਹਿਲਵਾਨ ਜਗਰੂਪ ਭੁੱਲਰ ਨਾਲ ਦੁੱਲੇ ਦੀ ਕੁਸ਼ਤੀ ਹੋਣ ਲੱਗੀ ਤਾਂ ਦੁੱਲਾ ਪਹਿਲਾ ਅੰਕ ਲੈ ਗਿਆ। ਲੱਗਦਾ ਸੀ ਕਿ ਨਵਾਂ ਉਠਿਆ ਦੁੱਲਾ ਪਟਕਾ ਲੈ ਜਾਵੇਗਾ ਪਰ ਜਗਰੂਪ ਵੱਲੋਂ ਗੋਡਾ ਖਿੱਚੇ ਜਾਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਕੁਸ਼ਤੀ ਰੋਕ ਦੇਣੀ ਪਈ। ਜ਼ਖਮੀ ਪਹਿਲਵਾਨ ਦੀ ਮਦਦ ਲਈ ਅਖਾੜੇ ਦੀ ਗੇੜੀ ਲਾਈ ਤਾਂ ਦਰਸ਼ਕਾਂ ਨੇ ਹਮਦਰਦੀ ਵੱਸ ਪੰਜ ਛੇ ਹਜ਼ਾਰ ਡਾਲਰ ਤੁਰਤ `ਕੱਠਾ ਕਰ ਕੇ ਦੇ ਦਿੱਤਾ। ਦਸ ਬਾਰਾਂ ਪਹਿਲਵਾਨਾਂ ਨੇ ਸੋਹਣੀਆਂ ਕੁਸ਼ਤੀਆਂ ਵਿਖਾਈਆਂ।

ਕਬੱਡੀ ਦਾ ਸੈਮੀ ਫਾਈਨਲ ਮੈਚ ਯੂਬਾ ਸਿਟੀ ਤੇ ਫਰਿਜ਼ਨੋ ਦੀਆਂ ਕਲੱਬਾਂ ਦਰਮਿਆਨ ਹੋਇਆ ਜੋ ਯੂਬਾ ਸਿਟੀ ਦੀ ਟੀਮ ਨੇ 54-45 ਅੰਕਾਂ ਨਾਲ ਜਿੱਤ ਲਿਆ। ਦੂਜੇ ਸੈਮੀ ਫਾਈਨਲ ਵਿੱਚ ਸਿਆਟਲ ਦੀ ਟੀਮ ਟੌਪ ਕੈਨੇਡੀਅਨ ਨੂੰ 41-38 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜ ਗਈ। ਯੂਬਾ ਸਿਟੀ ਤੇ ਸਿਆਟਲ ਦੇ ਫਾਈਨਲ ਮੈਚ ਵਿੱਚ ਕਈ ਪਕੜਾਂ ਕਮਾਲ ਦੀਆਂ ਹੋਈਆਂ। ਇੱਕ ਇਕ ਰੇਡ ਉਤੇ ਸੈਂਕੜੇ ਡਾਲਰਾਂ ਦੇ ਇਨਾਮ ਲੱਗਣੇ ਸ਼ੁਰੂ ਹੋ ਗਏ। ਸਿਆਟਲ ਦੇ ਢੋਲੇ ਨੂੰ ਅਰਸ਼ੀ ਨੇ ਰੱਖ ਵਿਖਾਇਆ ਤੇ ਅਮਨ ਟਿਵਾਣੇ ਦਾ ਜੱਫਾ ਸਭ ਤੋਂ ਤਕੜਾ ਰਿਹਾ। ਉਹ ਮੈਚ ਸਿਆਟਲ ਦੀ ਟੀਮ ਨੇ 39-37 ਅੰਕਾਂ ਨਾਲ ਜਿੱਤ ਕੇ ਘਰ ਦਾ ਕੱਪ ਘਰ ਵਿੱਚ ਹੀ ਰੱਖ ਲਿਆ।

ਸਿਆਟਲ ਦਾ ਇਹ ਖੇਡ ਮੇਲਾ ਸਰਬ ਸਾਂਝਾ ਸੀ ਜੋ ਬੜਾ ਕਾਮਯਾਬ ਰਿਹਾ। ਜਿਨ੍ਹਾਂ ਸੱਜਣਾਂ ਨੇ ਮੇਲੇ ਨੂੰ ਸਹਿਯੋਗ ਦਿੱਤਾ ਉਨ੍ਹਾਂ ਨੂੰ ਮੇਲਾ ਕਮੇਟੀ ਨੇ ਪਲੇਕਾਂ ਦੇ ਕੇ ਸਨਮਾਨਤ ਕੀਤਾ। ਮੈਨੂੰ ਹਰੇਕ ਖੇਡ ਮੇਲੇ `ਚ ਕੋਈ ਨਾ ਕੋਈ ਪੁਰਾਣਾ ਖਿਡਾਰੀ ਮਿਲ ਜਾਂਦਾ ਹੈ ਜਿਸ ਨਾਲ ਗੱਲਾਂ ਕਰ ਕੇ ਮੇਰੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਐਤਕੀਂ ਉਥੇ ਪਹਿਲਾਂ ਪਰਾਣੇ ਵਾਲੇ ਦਾ ਬਿੱਲੂ ਮਿਲਿਆ ਤੇ ਫਿਰ ਰੱਜੀਵਾਲੇ ਦਾ ਪਿੰਦਰ ਟੱਕਰ ਗਿਆ ਜੋ ਹਰਜੀਤ ਬਰਾੜ ਨਾਲ ਰੱਜੀਵਾਲੇ ਦੀ ਟੀਮ ਵਿੱਚ ਖੇਡਦਾ ਰਿਹਾ ਸੀ। ਗੋਰੇ ਰੰਗ ਦੇ ਪਿੰਦਰ ਨੇ ਆਪਣੀਆਂ ਤੇ ਹਰਜੀਤ ਦੀਆਂ ਯਾਦਾਂ ਫਿਰ ਤਾਜ਼ਾ ਕਰਵਾ ਦਿੱਤੀਆਂ।

ਖੇਡ ਮੁਕਾਬਲਿਆਂ ਤੋਂ ਬਾਅਦ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦਾ ਅਖਾੜਾ ਲੱਗਾ ਜਿਸ ਵਿੱਚ ਨਵੇਂ ਤੇ ਪੁਰਾਣੇ ਗੀਤ ਗਾਏ ਗਏ। ਰਣਜੀਤ ਤੇਜੀ ਨੇ ਵੀ ਚੰਗਾ ਰੰਗ ਬੰਨ੍ਹਿਆਂ। ਮੁਹੰਮਦ ਸਦੀਕ ਸੱਤਰਾਂ ਸਾਲਾਂ ਦਾ ਹੋ ਕੇ ਵੀ ਜੁਆਨੀ ਵਾਲੇ ਚੋਹਲ ਮੋਹਲ ਕਰਨੋਂ ਨਹੀਂ ਹੱਟਦਾ। ਉਹ ਸੁਰਮਾ ਪਾਉਂਦਾ ਹੀ ਨਹੀਂ ਮਟਕਾਉਂਦਾ ਵੀ ਹੈ। ਫਿਰ ਪਾਰਟੀ ਹੋਈ ਜਿਥੇ ਮੇਲੇ ਦੀ ਸਫਲਤਾ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ।

ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ ਦੌੜਾਂ ਵਿੱਚ ਸ਼ੋਭਾ ਬਹੁਤ ਖੱਟੀ ਹੈ। ਹੋਰ ਵੀ ਕਈ ਬਾਬਿਆਂ ਨੇ ਆਪੋ ਆਪਣੀਆਂ ਖੇਡਾਂ ਵਿੱਚ ਨਾਂ ਕਮਾਇਆ ਹੈ। ਵੈਟਰਨਜ਼ ਦੀਆਂ ਖੇਡਾਂ ਪੰਜਾਬੀਆਂ ਨੂੰ ਬੜੀਆਂ ਰਾਸ ਆਈਆਂ ਹਨ। ਪਹਿਲਵਾਨ ਕਰਤਾਰ ਸਿੰਘ ਆਪਣੀ ਉਮਰ ਤੇ ਆਪਣੇ ਵਜ਼ਨ ਵਰਗ ਵਿੱਚ ਬਾਰਾਂ ਵਾਰ ਕੁਸ਼ਤੀ ਦਾ ਵਿਸ਼ਵ ਚੈਂਪੀਅਨ ਬਣ ਚੁੱਕੈ।

ਕੌਮਾਂਤਰੀ ਪੱਧਰ `ਤੇ ਪੰਜਾਹ ਮੈਡਲ ਜਿੱਤਣੇ ਕਹਿ ਦੇਣੀ ਗੱਲ ਹੈ। ਮੈਡਲ ਤਾਂ ਇੱਕ ਜਿੱਤਣਾ ਵੀ ਮਾਣ ਨਹੀਂ ਹੁੰਦਾ। ਪੰਜਾਹ ਮੈਡਲ ਜਿੱਤਣੇ ਤੇ ਉਹ ਵੀ ਏਸ਼ੀਆ ਤੇ ਵਿਸ਼ਵ ਪੱਧਰ ਦੇ! ਇਹ ਕਮਾਲ ਕੀਤੀ ਸੀ ਮੰਡੀ ਡੱਬਵਾਲੀ ਦੇ ਵਸਨੀਕ ਬਾਬਾ ਗੁਲਾਬ ਸਿੰਘ ਨੇ ਜਿਸ ਨੂੰ “ਗੋਲਡਨ ਗੁਲਾਬ” ਦਾ ਖ਼ਿਤਾਬ ਦਿੱਤਾ ਗਿਆ ਸੀ। ਜੇਕਰ ਉਹਦੇ ਜੀਵਨ `ਤੇ ਝਾਤ ਮਾਰੀ ਜਾਵੇ ਤਾਂ ਉਹ ਬਹੁਤ ਹੀ ਸਾਧਾਰਨ ਵਿਅਕਤੀ ਸੀ ਤੇ ਰੋਟੀ ਰੋਜ਼ੀ ਲਈ ਕਰੜਾ ਸੰਘਰਸ਼ ਕਰਦਾ ਰਿਹਾ ਸੀ। ਕੁਦਰਤ ਨੇ ਉਹਦੇ ਨਾਲ ਕਹਿਰ ਵੀ ਬੜਾ ਕਮਾਇਆ ਸੀ। ਜਦੋਂ ਮੈਂ ਉਸ ਦੀ ਕਿਸੇ ਨਵੀਂ ਜਿੱਤ ਦੀ ਖ਼ਬਰ ਪੜ੍ਹਦਾ ਸਾਂ ਤਾਂ ਮੇਰੇ ਮਨ `ਚ ਤਰੰਗ ਉੱਠਦੀ ਸੀ ਕਿ ਅਜਿਹੇ ਅਥਲੀਟ ਨੂੰ ਜ਼ਰੂਰ ਮਿਲਿਆ ਜਾਵੇ ਤੇ ਉਹਦੇ ਬਾਰੇ ਬਜ਼ੁਰਗਾਂ ਨੂੰ ਦੱਸਿਆ ਜਾਵੇ। ਹੋ ਸਕਦੈ ਕਿਸੇ ਹੋਰ ਬਜ਼ੁਰਗ ਦੇ ਮਨ ਵਿੱਚ ਵੀ ਗੁਲਾਬ ਸਿੰਘ ਬਣਨ ਦੀ ਰੀਝ ਪੈਦਾ ਹੋ ਜਾਵੇ।

ਨੱਬੇਵਿਆਂ ਦੇ ਸ਼ੁਰੂ ਦੀ ਗੱਲ ਹੈ ਕਿ ਮੈਨੂੰ ਲੰਬੀ ਦਾ ਖੇਡ ਮੇਲਾ ਵੇਖਣ ਦਾ ਸੱਦਾ ਮਿਲਿਆ। ਢੁੱਡੀਕੇ ਤੋਂ ਮੋਗੇ ਮੁਕਤਸਰ ਤੇ ਮਲੋਟ ਵਿੱਚ ਦੀ ਹੁੰਦਾ ਹੋਇਆ ਮੈਂ ਲੰਬੀ ਪਹੁੰਚਿਆ। ਮੇਰੇ ਮਨ ਵਿੱਚ ਆਈ ਕਿ ਇਥੋਂ ਡੱਬਵਾਲੀ ਨੇੜੇ ਹੀ ਹੈ ਚਲੋ ਬਾਬਾ ਗੁਲਾਬ ਸਿੰਘ ਨੂੰ ਵੀ ਮਿਲਦੇ ਚੱਲੀਏ। ਮੇਲੇ `ਚੋਂ ਵਿਹਲਾ ਹੋ ਕੇ ਦਿਨ ਛਿਪਦੇ ਨੂੰ ਮੈਂ ਡੱਬਵਾਲੀ ਜਾ ਪੁੱਜਾ। ਇਹ ਮੰਡੀਨੁਮਾ ਸ਼ਹਿਰ ਪੰਜਾਬ ਤੇ ਹਰਿਆਣੇ ਦੀ ਹੱਦ ਉਤੇ ਹੈ। ਉਥੋਂ ਦੇ ਕਾਲਜ ਵਿੱਚ ਮੇਰਾ ਇੱਕ ਪੁਰਾਣਾ ਵਿਦਿਆਰਥੀ ਬਲਜੀਤ ਸਿੰਘ ਲਾਇਬ੍ਰੇਰੀਅਨ ਲੱਗਾ ਹੋਇਆ ਸੀ। ਉਹ ਮੈਨੂੰ ਗੁਲਾਬ ਸਿੰਘ ਦੇ ਘਰ ਲੈ ਗਿਆ। ਬਾਬਾ ਘਰ ਹੀ ਸੀ। ਪਰਿਵਾਰ ਦੇ ਸਾਰੇ ਜੀਅ ਬੜੇ ਹੁੱਬ ਕੇ ਮਿਲੇ। ਬਾਬਾ ਗੁਲਾਬ ਸਿੰਘ ਕਹਿਣ ਲੱਗਾ, “ਮੈਂ ਅਖ਼ਬਾਰ `ਚ ਥੋਡੇ ਲੇਖ ਪੜ੍ਹਦਾ ਰਹਿਨਾਂ। ਮੈਂ ਤਾਂ ਖ਼ੁਦ ਢੁੱਡੀਕੇ ਚੱਲ ਕੇ ਆਉਣਾ ਸੀ। ਤੁਸੀਂ ਏਨੀ ਦੂਰ ਆ ਕੇ ਮੇਰੇ ਸਿਰ ਭਾਰ ਚਾੜ੍ਹ ਦਿੱਤੈ। ਇਹ ਭਾਰ ਮੈਂ ਕਿਵੇਂ ਲਾਹਾਂਗਾ?”

ਮੈਂ ਆਖਿਆ, “ਕੋਈ ਭਾਰ ਨਾ ਸਮਝੋ। ਖਿਡਾਰੀਆਂ ਨੂੰ ਮਿਲਣਾ ਗਿਲਣਾ ਮੇਰਾ ਸ਼ੌਕ ਐ। ਸਾਡੀਆਂ ਮੁਬਾਰਕਾਂ ਲਓ ਤੇ ਆਪਣੇ ਜਿੱਤੇ ਹੋਏ ਤਗਮਿਆਂ ਤੇ ਜੀਵਨ ਬਾਰੇ ਗੱਲਾਂ ਦੱਸੋ। ਮੈਂ ਇਹ ਗੱਲਾਂ ਕਿਸੇ ਸਮੇਂ ਕਿਤਾਬ `ਚ ਛਾਪਾਂਗਾ।”

ਬਿਜਲੀ ਦੇ ਚਾਨਣ ਵਿੱਚ ਮੈਂ ਨੀਝ ਨਾਲ ਵੇਖਿਆ ਬਾਬੇ ਦਾ ਜੁੱਸਾ ਇਕਹਿਰਾ ਜਿਹਾ ਸੀ ਪਰ ਸੀ ਸਿੱਧਾ ਸਲੋਟ। ਅੱਖਾਂ ਦੀ ਜੋਤ ਕੁੱਝ ਮੱਧਮ ਲੱਗੀ ਪਰ ਉਨ੍ਹਾਂ `ਚ ਉਤਸ਼ਾਹ ਭਰੀ ਲਿਸ਼ਕ ਸੀ। ਦਾੜ੍ਹੀ ਬੱਧੀ ਹੋਈ ਸੀ ਤੇ ਜ਼ੁਰਾਬਾਂ ਉਤੋਂ ਦੀ ਫਲੀਟ ਕਸੇ ਹੋਏ ਸਨ। ਉਸ ਨੇ ਮੂੜ੍ਹੇ `ਤੇ ਬਹਿ ਕੇ ਦੱਸਣਾ ਸ਼ੁਰੂ ਕੀਤਾ, “ਮੈਂ ਏਸ਼ੀਆ ਤੇ ਵਰਲਡ ਦੇ 41 ਗੋਲਡ, 6 ਸਿਲਵਰ ਤੇ 3 ਬਰਾਂਜ ਮੈਡਲ ਜਿੱਤੇ ਆ। ਇਹ ਕੁਲ ਪੰਜਾਹ ਹੋਗੇ ਜੀ। ਮੇਰੇ ਚਾਰਾਂ ਈ ਜੰਪਾਂ ਦੇ ਚਾਰ ਵਰਲਡ ਰਿਕਾਰਡ ਆ, ਦੇਖਦੇ ਆਂ ਕਿਹੜਾ ਮਾਈ ਦਾ ਲਾਲ ਤੋੜਦੈ? ਇਹ ਸਭ ਕੁਦਰਤ ਦੀ ਦੇਣ ਆਂ, ਮੈਂ ਤਾਂ ਕੁਛ ਵੀ ਨੀ। ਸਭ ਕੁਛ ਥੋਡੀਆਂ ਦੁਆਵਾਂ ਨਾਲ ਹੋਇਆ। ਅਜੇ ਮੈਨੂੰ ਥੋੜ੍ਹਾ ਜਿਆ ਫਰਕ ਹੋਰ ਕੱਢਣਾ ਪਊ। ਪੰਜਾਹ ਮੈਡਲ ਕਿਸੇ ਹਿਸਾਬ `ਚ ਨੀ ਆਉਂਦੇ। ਦਸ ਹੋਰ ਜਿੱਤ ਕੇ ਸੱਠ ਹੋ ਜਾਣਗੇ। ਫੇਰ ਸਿੱਧੇ ਈ ਕਹਿ ਦਿਆਂ ਕਰਾਂਗੇ ਬਈ ਪੰਜ ਦਰਜਨ ਜਿੱਤੇ ਆ। ਯਾਨੀ ਤਿੰਨ ਵੀਹਾਂ। ਪੰਜਾਹ ਨਾ ਦਰਜਨਾਂ `ਚ ਆਉਂਦੇ ਆ ਤੇ ਨਾ ਵੀਹਾਂ `ਚ।” ਏਨਾ ਕੁ ਦੱਸ ਕੇ ਉਹ ਮਿੰਨ੍ਹਾਂ ਮੁਸਕਰਾਇਆ।

ਇਸ ਤੋਂ ਦਸ ਕੁ ਸਾਲ ਪਹਿਲਾਂ ਮੈਂ ਗੁਲਾਬ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੇ ਟਰੈਕ ਵਿੱਚ ਮਿਲਿਆ ਸਾਂ। ਉਸ ਮੁਲਾਕਾਤ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਗੁਲਾਬ ਸਿੰਘ ਗੱਲਾਂ ਦਾ ਵੀ ਧਨੀ ਹੈ। ਰੰਗੀਲੇ ਸੁਭਾਅ ਦਾ ਮਾਲਕ ਹੈ ਤੇ ਹਾਸਾ ਮਖੌਲ ਵੀ ਕਰ ਲੈਂਦੈ। ਉਸ ਦਿਨ ਵੀ ਉਸ ਨੇ ਹੱਸਣ ਹਸਾਉਣ ਵਾਲੀਆਂ ਕਈ ਗੱਲਾਂ ਕੀਤੀਆਂ ਸਨ। ਦੱਸਿਆ ਸੀ ਕਿ ਉਸ ਦੀ ਪਤਨੀ ਤੋਂ ਮੁਨਾਖੀ ਹੈ। ਮੈਂ ਪੁੱਛਿਆ ਸੀ ਕਿ ਅੰਨ੍ਹੀ ਪਤਨੀ ਨਾਲ ਕਿਵੇਂ ਗੁਜ਼ਰ ਰਹੀ ਐ? ਉਸ ਨੇ ਕਿਹਾ ਸੀ, “ਜਿਵੇਂ ਥੋਡੇ ਵਰਗਿਆਂ ਦੀ ਗੁਜ਼ਰੀ ਜਾਂਦੀ ਐ ਓਵੇਂ ਮੇਰੀ ਵੀ ਨੰਘੀ ਜਾਂਦੀ ਆ। ਕਦੇ ਰੁੱਸ-ਪੇ ਕਦੇ ਮੰਨ-ਪੇ।”

ਮੈਂ ਆਖਿਆ ਸੀ, “ਅੰਨ੍ਹੀ ਹੋਣ ਦਾ ਕੋਈ ਖ਼ਾਸ ਦੁੱਖ ਤਾਂ ਹੋਊ। ਕਦੇ ਲਿਖਣਾ ਪੈ ਜਾਂਦੈ।” ਬਾਬੇ ਨੇ ਹੱਸਦਿਆਂ ਦੱਸਿਆ ਸੀ, “ਕੋਈ ਖਾਸ ਦੁੱਖ ਨੀ ਹੈਗਾ। ਉਹ ਸਭ ਸਮਝਦੀ ਐ। ਆਪੇ ਸਾਰਾ ਕੁਛ ਕਰ ਲੈਂਦੀ ਆ। ਜੇ ਲਿਖਣਾ ਈ ਐ ਤਾਂ ਇੱਕ ਦੁੱਖ ਲਿਖ-ਲੋ। ਉਹ ਇਹ ਆ ਬਈ ਜਦੋਂ ਕਦੇ ਖਿਝਦੀ ਖਪਦੀ ਨੂੰ ਨਿਆਣੇ ਕੁੱਟਣੇ ਪੈਣ ਤਾਂ ਵਿਚੇ ਮਾੜਾ ਮੋਟਾ ਛਾਂਦਾ ਮੈਨੂੰ ਵੀ ਮਿਲ ਜਾਂਦੈ। ਉਹਨੂੰ ਕਿਹੜਾ ਦਿਸਦਾ ਬਈ ਕੀਹਦੇ ਪੈਂਦੀ ਆ?”

ਜਦੋਂ ਮਿਲਖਾ ਸਿੰਘ ਤੇ ਪ੍ਰਿੰਸੀਪਲ ਸੋਮ ਨਾਥ ਹੋਰਾਂ ਨੇ ਵੈਟਰਨਜ਼ ਅਥਲੈਟਿਕ ਐਸੋਸੀਏਸ਼ਨ ਬਣਾਈ ਤਾਂ ਗੁਲਾਬ ਸਿੰਘ ਵੈਟਰਨਜ਼ ਅਥਲੈਟਿਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗਾ ਸੀ। ਉਸ ਨੇ ਦਸ ਕੁ ਸਾਲਾਂ ਵਿੱਚ ਦਿੱਲੀ ਤੇ ਸਿੰਘਾਪੁਰ ਵਿੱਚ ਦੋ ਵਾਰ ਹੋਈਆਂ ਏਸ਼ੀਆਈ ਚੈਂਪੀਅਨਸ਼ਿਪਾਂ ਅਤੇ ਨਿਊਜ਼ੀਲੈਂਡ, ਹਾਂਗਕਾਂਗ, ਅਮਰੀਕਾ, ਇਟਲੀ ਤੇ ਆਸਟ੍ਰੇਲੀਆ ਵਿੱਚ ਹੋਈਆਂ ਵਰਲਡ ਚੈਂਪੀਅਨਸ਼ਿਪਾਂ `ਚੋਂ ਅੱਧਾ ਸੈਂਕੜਾ ਤਮਗ਼ੇ ਜਿੱਤੇ ਸਨ। ਸਾਡੀ ਮੁਲਕਾਤ ਤੋਂ ਕੁੱਝ ਮਹੀਨੇ ਪਹਿਲਾਂ ਜਪਾਨ ਦੇ ਸ਼ਹਿਰ ਮੀਆਂਜਾਕੀ ਵਿੱਚ ਦਸਵੀਂ ਵਿਸ਼ਵ ਚੈਂਪੀਅਨਸ਼ਿਪ ਹੋਈ ਸੀ ਪਰ ਹਰਿਆਣਾ ਸਰਕਾਰ ਵੱਲੋਂ ਹਵਾਈ ਜਹਾਜ਼ ਦਾ ਕਿਰਾਇਆ ਨਾ ਮਿਲਣ ਕਾਰਨ ਗੁਲਾਬ ਸਿੰਘ ਜਪਾਨ ਨਹੀਂ ਸੀ ਜਾ ਸਕਿਆ। ਇਓਂ ਉਹਦੇ ਦੱਸਣ ਮੂਜਬ ਉਸ ਦੇ ਚਾਰ ਮੈਡਲ ਮਾਰੇ ਗਏ ਸਨ। ਉਸ ਨੇ ਵਧੇਰੇ ਤਮਗ਼ੇ ਪਝੰਤਰ ਸਾਲ ਤੇ ਅੱਸੀ ਸਾਲ ਤੋਂ ਵਧੇਰੀ ਉਮਰ ਵਰਗ ਦੇ ਮੁਕਾਬਲਿਆਂ ਵਿਚੋਂ ਜਿੱਤੇ ਸਨ।

ਗੁਲਾਬ ਸਿੰਘ ਦਾ ਜਨਮ 13 ਅਕਤੂਬਰ 1905 ਨੂੰ ਪਿੰਡ ਜਲਾਲਆਣਾ ਜ਼ਿਲਾ ਸਿਰਸਾ ਵਿੱਚ ਇੱਕ ਸਾਧਾਰਨ ਕਿਸਾਨ ਆਲਾ ਸਿੰਘ ਦੇ ਘਰ ਹੋਇਆ ਸੀ। ਆਲਾ ਸਿੰਘ ਕਬੱਡੀ ਦਾ ਤਕੜਾ ਖਿਡਾਰੀ ਸੀ। ਬਚਪਨ ਵਿੱਚ ਗੁਲਾਬ ਸਿੰਘ ਡੰਗਰ ਚਾਰਦਾ ਤੇ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਂਦਾ ਰਿਹਾ। ਉਦੋ ਮੀਂਹ ਬੜੇ ਘੱਟ ਪੈਂਦੇ ਸਨ। ਜਦੋਂ ਕਦੇ ਮੀਂਹ ਪੈਣਾ ਤੇ ਪਰਨਾਲੇ ਚੱਲਣੇ ਤਾਂ ਨਿਆਣਿਆਂ ਨੇ ਕਹਿਣਾ, “ਪਨਾਲਿਆਂ ਨੂੰ ਪੂਛਾਂ ਲੱਗ ਗਈਆਂ।”

1925 ਵਿੱਚ ਉਹ ਹਿਸਾਰ ਜਾ ਕੇ ਫੌਜ `ਚ ਭਰਤੀ ਹੋ ਗਿਆ। ਰਕਰੂਟੀ ਕਰਨ ਸਾਰ ਉਸ ਨੂੰ ਬਰ੍ਹਮਾ ਜਾਣਾ ਪੈ ਗਿਆ। ਉਥੇ ਉਹਨੂੰ ਅਥਲੈਟਿਕਸ ਕਰਨ ਦਾ ਮੌਕਾ ਮਿਲ ਗਿਆ ਤੇ ਉਹ ਨਾਮੀ ਅਥਲੀਟ ਬਣ ਗਿਆ। ਉਸ ਦਾ ਨਾਂ ਪੂਨੇ ਦੇ ਆਰਮੀ ਸਕੂਲ ਵਿੱਚ ਲੱਗੇ ਬੋਰਡ ਆਫ਼ ਆਨਰਜ਼ ਉਤੇ ਹੁਣ ਵੀ ਪੜ੍ਹਿਆ ਜਾ ਸਕਦੈ। ਜਲਾਲਆਣੇ ਦੇ ਨੇੜੇ ਤੇੜੇ ਕੋਈ ਸਕੂਲ ਨਹੀਂ ਸੀ ਜਿਸ ਕਰਕੇ ਗੁਲਾਬ ਸਿੰਘ ਸਕੂਲ ਦੀ ਰਸਮੀ ਪੜ੍ਹਾਈ ਨਾ ਕਰ ਸਕਿਆ। ਉਂਜ ਉਹ ਹੱਸਦਾ ਹੋਇਆ ਆਖਣ ਲੱਗਾ, “ਚੰਗਾ ਹੋਇਆ ਮੈਂ ਅਣਪੜ੍ਹ ਰਹਿ ਗਿਆ। ਪੜ੍ਹ ਜਾਂਦਾ ਤਾਂ ਜਿਹੋ ਜਿਹੇ ਪੰਗੇ ਲੈਂਦਾ ਸੀ ਮੈਂ ਜੇਲ੍ਹ `ਚ ਈ ਰਹਿਣਾ ਸੀ।”

ਇਹ ਤਾਂ ਐਵੇਂ ਕਹਿਣ ਦੀ ਗੱਲ ਸੀ ਪੰਗੇ ਪੁੰਗੇ ਉਸ ਨੇ ਕੋਈ ਨਹੀਂ ਲਏ। ਬਰ੍ਹਮਾ `ਚ ਜਦੋਂ ਚਾਰ ਪੈਸੇ ਦੀ ਬੋਤਲ ਸੀ, ਦੋ ਆਨੇ ਦਾ ਮੁਰਗਾ ਤੇ ਪੱਚੀਆਂ ਰੁਪਈਆਂ `ਚ ਚੀਨਣ ਵਿਆਹ ਕੇ ਲਿਆਂਦੀ ਜਾ ਸਕਦੀ ਸੀ ਉਦੋਂ ਉਹ ਸਭ ਕਾਸੇ ਤੋਂ ਬਚਿਆ ਰਿਹਾ। ਉਸ ਦੇ ਬਹੁਤ ਸਾਰੇ ਸਾਥੀਆਂ ਨੇ ਵਗਦੀ ਗੰਗਾ `ਚੋਂ ਹੱਥ ਧੋਤੇ। ਉਹ ਵਿਆਹ ਕਰਾਉਣ ਦੀ ਥਾਂ ਅਥਲੈਟਿਕਸ ਕਰੀ ਗਿਆ ਤੇ ਤੇਈ ਫੁੱਟ ਲੰਮੀ ਤੇ ਛੇ ਫੁੱਟ ਉੱਚੀ ਛਾਲ ਲਾਉਣ ਲੱਗ ਪਿਆ। ਉਹਦੀ ਪਹਿਲੀ ਸ਼ਾਦੀ 1938 ਵਿੱਚ ਬਲਵੰਤ ਕੌਰ ਨਾਲ ਹੋਈ ਜੀਹਦੀ ਕੁੱਖੋਂ ਚਾਰ ਲੜਕੀਆਂ ਤੇ ਦੋ ਲੜਕੇ ਪੈਦਾ ਹੋਏ। ਪਰ ਕਰਨੀ ਕੁਦਰਤ ਦੀ ਕਿ ਤਿੰਨ ਲੜਕੀਆਂ ਤੇ ਇੱਕ ਲੜਕਾ ਰੱਬ ਨੂੰ ਪਿਆਰੇ ਹੋ ਗਏ। 1961 ਵਿੱਚ ਜਦੋਂ ਇਕੋ ਇੱਕ ਲੜਕਾ ਵੀ ਨੌਂ ਸਾਲ ਦੀ ਉਮਰ ਵਿੱਚ ਬੱਸ ਹੇਠ ਆ ਕੇ ਗੁਜ਼ਰ ਗਿਆ ਤਾਂ ਗੁਲਾਬ ਸਿੰਘ ਦੀ ਦੁਨੀਆਂ ਸੁੰਨੀ ਹੋ ਗਈ। ਉਹ ਅੰਤਾਂ ਦੀ ਨਿਰਾਸਤਾ ਵਿੱਚ ਡੁੱਬ ਗਿਆ। ਉਦੋਂ ਉਹ ਫੌਜ `ਚੋ ਰਿਟਾਇਰ ਹੋ ਕੇ ਪਿੰਡ ਆ ਗਿਆ ਸੀ ਤੇ ਡੱਬਵਾਲੀ ਦੇ ਸਕੂਲ ਵਿੱਚ ਪੀ.ਟੀ.ਲੱਗ ਚੁੱਕਾ ਸੀ।

ਗੁਲਾਬ ਸਿੰਘ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਕਿ ਉਸ ਨੇ ਘਰ ਦੇ ਦੁਆਰ ਮੰਗਤਿਆਂ ਲਈ ਖੋਲ੍ਹ ਦਿੱਤੇ। ਕੋਈ ਲੀੜੇ ਲੈ ਗਿਆ, ਕੋਈ ਮੰਜਾ ਪੀੜ੍ਹੀ ਤੇ ਕੋਈ ਭਾਂਡੇ ਟੀਂਡੇ। ਉਸ ਨੇ ਸੋਚਿਆ ਕਿ ਹੁਣ ਜਿਊਂ ਕੇ ਕੀ ਲੈਣਾ ਹੈ? ਉਹਨੇ ਇੱਕ ਦਿਨ ਸਵੇਰੇ ਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਮਰਨ ਦਾ ਬਹਾਨਾ ਭਾਲਣ ਲਈ ਜਣੇ ਖਣੇ ਨਾਲ ਝਗੜਨ ਲੱਗਾ। ਪਰ ਕੋਈ ਵੀ ਉਸ ਨਾਲ ਲੜਨ ਲਈ ਤਿਆਰ ਨਾ ਹੋਇਆ ਤੇ ਸਭ ਟਾਲਾ ਵੱਟਦੇ ਰਹੇ। ਰਾਤ ਨੂੰ ਉਹਨੇ ਠੇਕੇ ਤੋਂ ਹੋਰ ਬੋਤਲ ਮੰਗੀ ਤੇ ਪੈਸੇ ਦੇਣ ਦੀ ਥਾਂ ਓਹੀ ਬੋਤਲ ਕਰਿੰਦੇ ਦੇ ਸਿਰ ਵਿੱਚ ਮਾਰੀ। ਲਹੂ ਦੀ ਤਤੀਰੀ ਚੱਲ ਨਿਕਲੀ ਪਰ ਲੜਾਈ ਫਿਰ ਵੀ ਨਾ ਹੋਈ। ਲੋਕ ਉਹਨੂੰ ਸ਼ਰਾਬੀ ਸਮਝ ਕੇ ਉਹਦੇ ਘਰ ਛੱਡ ਗਏ। ਸਵੇਰੇ ਉੱਠ ਕੇ ਉਹ ਗੁਰਦਵਾਰੇ ਗਿਆ ਤੇ ਗੁਰੂ ਮਹਾਰਾਜ ਤੋਂ ਭੁੱਲਾਂ ਬਖ਼ਸ਼ਾਈਆਂ।

ਗੁਰਦਵਾਰੇ ਇੱਕ ਅੰਨ੍ਹੀ ਔਰਤ ਆਇਆ ਕਰਦੀ ਸੀ। 1962 ਵਿੱਚ ਉਸ ਦੀ ਪਹਿਲੀ ਪਤਨੀ ਗੁਜ਼ਰੀ ਸੀ ਤੇ 1963 ਵਿੱਚ ਉਸ ਨੇ ਪੈਂਤੀ ਵਰ੍ਹਿਆਂ ਦੀ ਉਸ ਅੰਨ੍ਹੀ ਔਰਤ ਸੁਰਜੀਤ ਕੌਰ ਨਾਲ ਗੁਰਦਵਾਰੇ ਅਨੰਦ ਕਾਰਜ ਕਰਵਾ ਲਿਆ। ਸੁਰਜੀਤ ਕੌਰ ਦੀ ਕੁੱਖੋਂ ਇੱਕ ਲੜਕਾ ਤੇ ਇੱਕ ਲੜਕੀ ਨੇ ਜਨਮ ਲਿਆ ਜਿਨ੍ਹਾਂ ਦੇ ਅੱਗੋਂ ਬੱਚੇ ਹਨ।

ਮੈਂ ਪੁੱਛਿਆ, “ਤੁਸੀਂ ਅਠਵੰਜਾ ਸਾਲ ਦੀ ਉਮਰ ਵਿੱਚ ਕੀ ਸੋਚ ਕੇ ਵਿਆਹ ਕਰਾਇਆ ਸੀ ਤੇ ਉਹ ਵੀ ਇੱਕ ਅੰਨ੍ਹੀ ਔਰਤ ਨਾਲ?” ਗੁਲਾਬ ਸਿੰਘ ਦਾ ਉੱਤਰ ਫਿਰ ਗੁਲਾਬੀ ਸੀ, “ਊਂ ਤਾਂ ਅੰਨ੍ਹੀ ਨਾਲ ਵਿਆਹ ਕਰਾਉਣ ਬਦਲੇ ਤਿੰਨ ਪੀੜ੍ਹੀਆਂ ਦੁੱਖ ਭੋਗਦੀਆਂ। ਪਰ ਮੈਂ ਇਹ ਸੋਚ ਕੇ ਵਿਆਹ ਕਰਾ ਲਿਆ ਬਈ ਪਿਛਲੀ ਉਮਰ `ਚ ਕਦੇ ਲੜ ਪਿਆਂ ਕਰਾਂਗੇ ਕਦੇ ਸੁਲ੍ਹਾ ਸਫਾਈ ਕਰ ਲਿਆ ਕਰਾਂਗੇ। ਕਦੇ ਰੁਸ-ਗੇ ਕਦੇ ਮੰਨ-ਗੇ। ਇਓਂ ਆਖ਼ਰੀ ਉਮਰ ਚੰਗੀ ਗੁਜ਼ਰਦੀ ਜਾਊ। ਵਾਲ ਤਾਂ ਮੇਰੇ ਪਹਿਲਾਂ ਈ ਬੱਗੇ ਹੋਗੇ ਸੀ ਪਰ ਮੈਂ ਸੋਚਿਆ ਅੰਨ੍ਹੀ ਨੂੰ ਕਿਹੜਾ ਦਿਸਣੇ ਆਂ? ਉਹਦੇ ਭਾਣੇ ਤਾਂ ਮੈਂ ਜੁਆਨ ਈ ਰਹੂੰ!”

ਮੰਡੀ ਡੱਬਵਾਲੀ ਵਿੱਚ ਜੀ.ਟੀ.ਰੋਡ ਨਾਲ ਲੱਗਦੇ ਗੋਲਡਨ ਗੁਲਾਬ ਨਗਰ ਵਿੱਚ ਗੁਲਾਬ ਸਿੰਘ ਦੇ ਘਰ ਸੁਰਜੀਤ ਕੌਰ ਦੇ ਕੋਲ ਬੈਠਿਆਂ ਮੈਂ ਬਾਬੇ ਤੋਂ ਪੁੱਛਿਆ, “ਤੁਹਾਡੀ ਦੂਜੀ ਸ਼ਾਦੀ ਕਿਹੋ ਜਿਹੀ ਰਹੀ? ਕਦੇ ਲੜੇ ਝਗੜੇ?” ਮੈਂ ਅਸਲ ਵਿੱਚ ਉਨ੍ਹਾਂ ਦੀ ਆਪਸੀ ਤਕਰਾਰ ਵੇਖਣੀ ਚਾਹੁੰਦਾ ਸਾਂ।

ਗੁਲਾਬ ਸਿੰਘ ਨੇ ਮੁਸਕਰਾਂਦਿਆਂ ਕਿਹਾ, “ਊਂ ਤਾਂ ਘਰਵਾਲੀ ਦੀ ਬਹੁਤੀ ਵਡਿਆਈ ਨੀ ਕਰਨੀ ਚਾਹੀਦੀ, ਐਵੇਂ ਭੂਸਰ ਜਾਂਦੀ ਐ। ਪਰ ਇਹ ਬਹੁਤ ਨੇਕ ਰਹੀ ਤੇ ਚੰਗੀ ਰਹੀ। ਮਾੜਾ ਮੋਟਾ ਖੜਕਾ ਦੜਕਾ ਤਾਂ ਘਰਾਂ `ਚ ਹੁੰਦਾ ਈ ਰਹਿੰਦਾ। ਸਾਡੇ ਵੀ ਹੁੰਦਾ ਤੇ ਮੈਨੂੰ ਲੱਗਦੈ ਥੋਡੇ ਵੀ ਹੁੰਦਾ ਹੋਊ। ਕੋਈ ਦੱਸੇ ਭਵਾਂ ਨਾ ਦੱਸੇ। ਮੈਂ ਜਦੋਂ ਖੇਡਾਂ `ਤੇ ਬਾਹਰ ਜਾਨਾਂ ਤਾਂ ਇਹ ਪਿੱਛੋਂ ਘਰ ਨੂੰ ਚੰਗੀ ਤਰ੍ਹਾਂ ਸੰਭਾਲੀ ਰੱਖਦੀ ਐ। ਮੈਂ ਭਵਾਂ ਅੱਧੀ ਰਾਤ ਨੂੰ ਘਰ ਮੁੜਾਂ ਇਹ ਹਮੇਸ਼ਾਂ ਮੈਨੂੰ ਸੱਜਰੀ ਰੋਟੀ ਲਾਹ ਕੇ ਖੁਆਊ। ਮੈਨੂੰ ਘਰ ਦੀਆਂ ਚੀਜ਼ਾਂ ਦਾ ਓਨਾ ਨੀ ਪਤਾ ਹੁੰਦਾ ਜਿੰਨਾ ਇਹਨੂੰ ਪਤਾ। ਜੇ ਮੇਰਾ ਬੁਰਸ਼ ਜਾਂ ਠਾਠੀ ਨਾ ਲੱਭੇ ਤਾਂ ਇਹ ਲੱਭ ਦਿੰਦੀ ਐ। ਆਂਢ ਗੁਆਂਢ ਦਾ ਸਾਰਾ ਭੇਤ ਦੱਸਦੀ ਐ। ਮੈਨੂੰ ਆਏ ਨੂੰ ਦੱਸੂ ਬਈ ਪਿੱਛੋਂ ਕੀ ਕੁਛ ਹੋਇਆ? ਮੈਂ ਨੇਮ ਕੀਤਾ ਸੀ ਕਿ ਇਹਨੂੰ ਧੱਕਾ ਨੀ ਦੇਊਂਗਾ ਤੇ ਨਾ ਈ ਰੱਬ ਦੁਆਵੇ। ਇਹਦੇ ਨਾਲ ਵਿਆਹ ਕਰਾਉਣ ਪਿੱਛੋਂ ਈ ਮੇਰੇ ਘਰ ਦੇ ਭਾਗ ਜਾਗੇ ਆ। ਓਦੂੰ ਪਿੱਛੋਂ ਈ ਮੈ ਮੈਡਲ ਜਿੱਤਣ ਲੱਗਾਂ।”

ਗੁਲਾਬ ਸਿੰਘ ਨੇ ਆਪ ਹੀ ਮੈਡਲ ਨਹੀਂ ਜਿੱਤੇ ਸਗੋਂ ਕਈ ਅਜਿਹੇ ਅਥਲੀਟ ਵੀ ਤਿਆਰ ਕੀਤੇ ਜਿਨ੍ਹਾਂ ਨੇ ਆਪਣੇ ਤੌਰ `ਤੇ ਤਮਗ਼ੇ ਜਿੱਤੇ। ਉਸ ਨੂੰ ਇਨਾਮ ਸਨਮਾਨ ਵੀ ਕਾਫੀ ਮਿਲੇ ਪਰ ਹੈਰਾਨੀ ਦੀ ਗੱਲ ਸੀ ਕਿ ਹਰਿਆਣਾ ਸਰਕਾਰ ਨੇ 1992 `ਚ ਉਹਦੀ ਪੈਨਸ਼ਨ ਰੋਕ ਦਿੱਤੀ ਸੀ ਤੇ ਹੋਰ ਤਮਗ਼ੇ ਜਿੱਤਣ ਲਈ ਮਾਲੀ ਮਦਦ ਦੇਣੀ ਬੰਦ ਕਰ ਦਿੱਤੀ ਸੀ। ਉਹ ਸ਼ਾਇਦ ਇਹ ਸਮਝਣ ਲੱਗ ਪਈ ਸੀ ਕਿ ਬੁੜ੍ਹਾ ਵਾਧੂ ਦਾ ਖਰਚ ਕਰਵਾਈ ਜਾਂਦੈ। ਨਾ ਮੈਡਲ ਜਿੱਤਣੋਂ ਹੱਟਦੈ ਤੇ ਨਾ ਮਰਨ ਦਾ ਨਾਂ ਲੈਂਦੇ। ਸਰਕਾਰ ਦੀ ਇਹ ਇੱਛਾ ਬਾਬੇ ਨੇ ਫਿਰ ਛੇਤੀ ਹੀ ਪੂਰੀ ਕਰ ਦਿੱਤੀ ਕਿਉਂਕਿ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਬਿਨਾਂ ਉਹਦੇ ਜੀਵਨ ਦਾ ਕੋਈ ਨਿਸ਼ਾਨਾ ਨਹੀਂ ਸੀ ਰਹਿ ਗਿਆ। ਉਂਜ ਉਹਦੀ ਤਮੰਨਾ ਸੀ ਕਿ ਭਵਿੱਖ ਦੀਆਂ ਏਸ਼ੀਆ ਤੇ ਵਿਸ਼ਵ ਵੈਟਰਨ ਚੈਂਪੀਅਨਸ਼ਿਪਾਂ ਵਿੱਚ ਭਾਗ ਲੈਣ ਲਈ ਸਰਕਾਰ ਉਸ ਨੂੰ ਕਿਰਾਇਆ ਭਾੜਾ ਦੇਈ ਜਾਂਦੀ ਤੇ ਉਹ ਏਨੇ ਮੈਡਲ ਜਿੱਤ ਦਿੰਦਾ ਕਿ ਮੁੜ ਕੇ ਛੇਤੀ ਕੀਤਿਆਂ ਕੋਈ ਉਸ ਦਾ ਰਿਕਾਰਡ ਨਾ ਤੋੜ ਸਕਦਾ।

ਉਹ ਅੱਖਾਂ ਦੇ ਮਸ਼ਹੂਰ ਡਾਕਟਰ ਦਲਜੀਤ ਸਿੰਘ ਦਾ ਸ਼ੁਕਰਗੁਜ਼ਾਰ ਸੀ ਜਿਸ ਨੇ ਬਿਨਾਂ ਫੀਸ ਲਿਆਂ ਉਹਦੀਆਂ ਅੱਖਾਂ ਦਾ ਉਪ੍ਰੇਸ਼ਨ ਕਰ ਕੇ ਨਿਗਾਹ ਬਣਾ ਦਿੱਤੀ ਸੀ ਤੇ ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਸੀ। ਪਿੰਡ ਡੱਬਵਾਲੀ ਦੀ ਪੰਚਾਇਤ ਨੇ ਘਰ ਪਾਉਣ ਲਈ ਪੌਣੀ ਕਨਾਲ ਜਗ੍ਹਾ ਦਿੱਤੀ ਸੀ। ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਨੇ ਉਹਨੂੰ ਵੱਡੀ ਕਾਰ ਦਾ ਇਨਾਮ ਦਿੱਤਾ ਸੀ ਪਰ ਭਾਰਤ ਸਰਕਾਰ ਨੇ ਉਹ ਕਾਰ ਬਿਨਾਂ ਟੈਕਸ ਤਂੋਂ ਲੰਘਣ ਨਹੀਂ ਸੀ ਦਿੱਤੀ ਤੇ ਟੈਕਸ ਭਰਨ ਜੋਗੀ ਉਸ ਕੋਲ ਰਕਮ ਨਹੀਂ ਸੀ।

ਗੁਲਾਬ ਸਿੰਘ ਨੱਬਿਆਂ ਨੂੰ ਢੁੱਕ ਕੇ ਵੀ ਤਿੰਨ ਵੇਲੇ ਆਪਣੀ ਖੇਡ ਦਾ ਅਭਿਆਸ ਕਰਦਾ ਰਿਹਾ ਸੀ ਤੇ ਤਿੰਨ ਕਿਲੋ ਦੁੱਧ ਪੀ ਲੈਂਦਾ ਸੀ। ਦੁੱਧ ਹੀ ਉਸ ਦੀ ਮੁੱਖ ਖੁਰਾਕ ਸੀ ਜਿਸ ਲਈ ਉਸ ਨੇ ਘਰ ਵਿੱਚ ਲਵੇਰਾ ਰੱਖਿਆ ਹੋਇਆ ਸੀ। ਉਸ ਦਾ ਵਿਸ਼ਵਾਸ ਸੀ ਕਿ ਕੁਦਰਤ ਬੜੀ ਮਹਾਨ ਹੈ। ਬੰਦੇ ਨੂੰ ਕੁਦਰਤ ਤੋਂ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ। ਜਿਹੜਾ ਹਿੰਮਤ ਨਹੀਂ ਹਾਰਦਾ ਕੁਦਰਤ ਉਸ ਨੂੰ ਰਾਹ ਦਿੰਦੀ ਹੈ ਤੇ ਜਿੱਤ ਦੇ ਦਰਸ਼ਨ ਕਰਾਉਂਦੀ ਹੈ। ਹਾਰਨ ਵਾਲੇ ਨੂੰ ਕਦੇ ਢੇਰੀ ਨਹੀਂ ਢਾਹੁਣੀ ਚਾਹੀਦੀ। ਇੱਕ ਗੱਲ ਉਸ ਨੇ ਪਹਿਲੀ ਮੁਲਾਕਾਤ ਵਿੱਚ ਵੀ ਕਹੀ ਸੀ ਤੇ ਆਖ਼ਰੀ ਮੁਲਾਕਾਤ ਵਿੱਚ ਵੀ ਕਿ ਆਦਮੀ ਕਦੇ ਬੁੱਢਾ ਨਹੀਂ ਹੁੰਦਾ ਜਦੋਂ ਤਕ ਉਹ ਇਹ ਨਾ ਮੰਨੇ ਬਈ ਮੈਂ ਬੁੱਢਾ ਹੋ ਗਿਆ।

ਗੱਲ ਪੁਰਾਤਨ ਓਲੰਪਿਕ ਖੇਡਾਂ ਤੋਂ ਸ਼ੁਰੂ ਕਰਦੇ ਹਾਂ। ਇੱਕ ਦੰਦ ਕਥਾ ਅਨੁਸਾਰ ਐਲਿਸ ਦੇ ਰਾਜੇ ਓਨੋਮਸ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਆਪਣੀ ਖ਼ੂਬਸੂਰਤ ਧੀ ਹਿਪੋਡੇਮੀਆ ਦਾ ਡੋਲਾ ਉਸੇ ਰਾਜਕੁਮਾਰ ਨੂੰ ਦੇਵੇਗਾ ਜਿਹੜਾ ਰਾਜੇ ਦੇ ਰਥ ਨੂੰ ਡਾਹੀ ਨਾ ਦੇਵੇ। ਡਾਹੀ ਲੈਣ ਦੀ ਸੂਰਤ ਵਿੱਚ ਰਾਜੇ ਹੱਥੋਂ ਭੱਲੇ ਨਾਲ ਮਾਰੇ ਜਾਣ ਦੀ ਸਜ਼ਾ ਲਾਗੂ ਸੀ। ਰਾਜਕੁਮਾਰੀ ਨੂੰ ਵਰਨ ਲਈ ਵਾਰੀ ਵਾਰੀ ਰਾਜਕੁਮਾਰ ਨਿਤਰਦੇ। ਉਹ ਰਾਜਕੁਮਾਰੀ ਨੂੰ ਆਪਣੇ ਰਥ ਵਿੱਚ ਬਿਠਾ ਕੇ ਦੌੜਨ ਲੱਗਦੇ ਤਾਂ ਸ਼ਾਹੀ ਰਥ ਉਹਨਾਂ ਦਾ ਪਿੱਛਾ ਕਰਦਾ। ਸ਼ਾਹੀ ਰਥ ਦੇ ਘੋੜੇ ਵਧੇਰੇ ਤੇਜ਼ਤਰਾਰ ਹੁੰਦੇ ਜੋ ਰਾਜਕੁਮਾਰਾਂ ਦੇ ਰਥਾਂ ਨੂੰ ਜਾ ਮਿਲਦੇ। ਇੰਜ ਓਨੋਮਸ ਨੇ ਆਪਣੇ ਤੇਰਾਂ ਸੰਭਾਵਿਤ ਜੁਆਈਆਂ ਨੂੰ ਭੱਲੇ ਨਾਲ ਮਾਰਿਆ।

ਫਿਰ ਜੀਅਸ ਦੇਵਤੇ ਦੇ ਪੁੱਤਰ ਪੈਲਪੋਸ ਦੀ ਵਾਰੀ ਆਈ। ਉਸ ਨੇ ਕਿਸੇ ਰਾਹੀਂ ਸ਼ਾਹੀ ਰਥ ਦੀ ਧੁਰੀ ਢਿੱਲੀ ਕਰਵਾ ਦਿੱਤੀ। ਕਈ ਕਹਿੰਦੇ ਹਨ ਕਿ ਇਸ ਚਤਰਾਈ ਵਿੱਚ ਪੈਲਪੋਸ ਨੂੰ ਪਾਉਣ ਲਈ ਹਿਪੋਡੇਮੀਆ ਨੇ ਖ਼ੁਦ ਹਿੱਸਾ ਪਾਇਆ। ਜਦੋਂ ਪੈਲਪੋਸ ਰਾਜਕੁਮਾਰੀ ਨੂੰ ਰਥ `ਚ ਬਹਾ ਕੇ ਨੱਸਿਆ ਤਾਂ ਓਨੋਮਸ ਨੇ ਪਿੱਛਾ ਕੀਤਾ। ਓਨੋਮਸ ਦੇ ਘੋੜੇ ਪੈਲਪੋਸ ਦੇ ਰਥ ਤਕ ਪੁੱਜਣ ਹੀ ਵਾਲੇ ਸਨ ਕਿ ਸ਼ਾਹੀ ਰਥ ਦਾ ਪਹੀਆ ਨਿਕਲ ਗਿਆ ਤੇ ਰਥ ਉਲਟ ਗਿਆ। ਉਸ ਦੇ ਨਾਲ ਹੀ ਓਨੋਮਸ ਦੀ ਮੌਤ ਹੋ ਗਈ। ਇੰਜ ਪੈਲਪੋਸ ਨੂੰ ਨਾ ਸਿਰਫ਼ ਰਾਜਕੁਮਾਰੀ ਦਾ ਡੋਲਾ ਹੀ ਮਿਲਿਆ ਸਗੋਂ ਐਲਿਸ ਦਾ ਰਾਜ ਵੀ ਮਿਲ ਗਿਆ। ਰਾਜ ਭਾਗ ਮਿਲਣ ਦੀ ਖ਼ੁਸ਼ੀ ਵਿੱਚ ਕਹਿੰਦੇ ਹਨ ਕਿ ਪੈਲਪੋਸ ਨੇ ਓਲੰਪਿਕ ਖੇਡਾਂ ਕਰਾਉਣ ਦਾ ਜਸ਼ਨ ਮਨਾਇਆ।

ਮਹਾਂਕਵੀ ਹੋਮਰ ਆਪਣੇ ਮਹਾਂਕਾਵਿ ਇਲੀਆਦ ਵਿੱਚ ਲਿਖਦਾ ਹੈ ਕਿ ਓਲੰਪਿਕ ਖੇਡਾਂ ਮਹਾਨ ਜੋਧੇ ਪੈਤਰੋਕਲੱਸ ਦੇ ਮਰਨੇ ਵਜੋਂ ਮਨਾਈਆਂ ਗਈਆਂ। ਉਸ ਨੂੰ ਟਰੋਜ਼ਨ ਹੀਰੋ ਹੈਕਟਰ ਨੇ ਕੋਹ ਸੁੱਟਿਆ ਸੀ। ਇੱਕ ਹੋਰ ਦੰਦ ਕਥਾ ਅਨੁਸਾਰ ਜੀਅਸ ਦੇਵਤੇ ਦੇ ਬਲਕਾਰੀ ਪੁੱਤਰ ਹਰਕੁਲੀਸ ਨੇ ਰਾਜੇ ਔਗੀਸ ਨੂੰ ਮਾਰ ਕੇ ਉਹਦਾ ਮਾਲ ਹਿੱਕ ਲਿਆਂਦਾ ਤੇ ਜੀਅਸ ਦੀ ਭੇਟਾ ਕਰ ਕੇ ਓਲੰਪਿਕ ਖੇਡਾਂ ਸ਼ੁਰੂ ਕੀਤੀਆਂ। ਵਿਚਲੀ ਗੱਲ ਇਹ ਹੈ ਕਿ ਓਲੰਪਿਕ ਖੇਡਾਂ ਦੇ ਜਨਮ `ਚ ਹੀ ਮੌਤ ਦਾ ਬੀਜ ਬੀਜਿਆ ਗਿਆ ਸੀ।

ਪੁਰਾਤਨ ਓਲੰਪਿਕ ਖੇਡਾਂ ਵਿੱਚ ਇੱਕ ਬਹੁਤ ਹੀ ਖ਼ਤਰਨਾਕ ਖੇਡ ‘ਪੰਕਰਾਸ਼ਨ’ ਹੁੰਦੀ ਸੀ। ਇਹ ਕੁਸ਼ਤੀ ਤੇ ਮੁੱਕੇਬਾਜ਼ੀ ਦਾ ਮਿਸ਼ਰਨ ਸੀ। ਇਸ ਵਿੱਚ ਦੰਦੀ ਵੱਢਣ, ਉਂਗਲਾਂ ਤੋੜਨ ਤੇ ਅੱਖਾਂ ਕੱਢਣ ਦੀ ਹੀ ਮਨਾਹੀ ਸੀ ਬਾਕੀ ਸਭ ਕੁੱਝ ਜਾਇਜ਼ ਸੀ। ਕੋਈ ਜਿੰਨਾ ਮਰਜ਼ੀ ਕਿਸੇ ਨੂੰ ਕੁੱਟ ਮਾਰ ਕਰ ਕੇ ਲਹੂਲੁਹਾਣ ਕਰ ਸਕਦਾ ਸੀ। ਇਸ ਖੇਡ ਵਿੱਚ ਮਾਰ ਕੁੱਟ ਕਾਰਨ ਕਈਆਂ ਦੇ ਮੁਹਾਂਦਰੇ ਏਨੇ ਵਿਗੜ ਜਾਂਦੇ ਕਿ ਉਨ੍ਹਾਂ ਨੂੰ ਕਈ ਵਾਰ ਘਰ ਵਾਲੇ ਵੀ ਸਿਆਣ ਨਾ ਸਕਦੇ। ਮੁੱਕੇਬਾਜ਼ ਯੂਲੀਸਿਜ਼ ਨੂੰ ਇਕੇਰਾਂ ਘਰ ਦੇ ਬੰਦੇ ਵੀ ਸਿਆਣ ਨਹੀਂ ਸਨ ਸਕੇ। ਇਹ ਤਾਂ ਉਸ ਦਾ ਪਾਲਤੂ ਕੁੱਤਾ ਹੀ ਸੀ ਜਿਸ ਨੇ ਉਸ ਨੂੰ ਸੁੰਘ ਕੇ ਪਛਾਣਿਆ। ਮੁੱਕੇਬਾਜ ਸਟ੍ਰੈਟੋਫੋਨ ਨੂੰ ਤਾਂ ਉਹਦਾ ਕੁੱਤਾ ਵੀ ਨਹੀਂ ਸੀ ਸਿਆਣ ਸਕਿਆ।

ਮਾਰ ਧਾੜ ਦੀ ਇਸ ਖੇਡ ਵਿੱਚ ਪਹਿਲਵਾਨ ਅਰੈਸ਼ਨ ਦੀ ਜਿੱਤ ਅਦੁੱਤੀ ਸੀ। ਪੰਕਰਾਸ਼ਨ ਵਿੱਚ ਉਦੋਂ ਤਕ ਪਹਿਲਵਾਨ ਹਾਰਿਆ ਨਹੀਂ ਸੀ ਮੰਨਿਆ ਜਾਂਦਾ ਜਦੋਂ ਤਕ ਉਹ ਹੱਥ ਚੁੱਕ ਕੇ ਹਾਰ ਨਹੀਂ ਸੀ ਮੰਨਦਾ। ਅਰੈਸ਼ਨ ਆਪਣੇ ਵਿਰੋਧੀ ਨਾਲ ਅਜਿਹਾ ਗੁੱਥਮਗੁਥਾ ਹੋਇਆ ਕਿ ਦੋਵੇਂ ਜਣੇ ਮਰਨਹਾਰੇ ਹੋ ਗਏ। ਅਖ਼ੀਰ ਜਾਨ ਨਿਕਲਣ ਲੱਗੀ ਤਾਂ ਅਰੈਸ਼ਨ ਦੇ ਵਿਰੋਧੀ ਨੇ ਹੱਥ ਉਠਾ ਦਿੱਤਾ। ਜਦੋਂ ਜੇਤੂ ਅਰੈਸ਼ਨ ਨੂੰ ਉਹਦੇ ਹਮਾਇਤੀਆਂ ਨੇ ਖ਼ੁਸ਼ੀ ਵਿੱਚ ਮੋਢਿਆਂ `ਤੇ ਚੁੱਕਣਾ ਚਾਹਿਆ ਤਾਂ ਉਹ ਲਾਸ਼ ਬਣਿਆ ਹੋਇਆ ਸੀ। ਕਿਉਂਕਿ ਅਰੈਸ਼ਨ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ ਇਸ ਲਈ ਜੱਜਾਂ ਨੇ ਅਰੈਸ਼ਨ ਨੂੰ ਜੇਤੂ ਕਰਾਰ ਦਿੱਤਾ ਤੇ ਮੋਏ ਚੈਂਪੀਅਨ ਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ।

ਓਲੰਪਿਕ ਖੇਡਾਂ ਦਾ ਨਾਅ੍ਹਰਾ ਹੈ-ਸਿਟੀਅਸ, ਐਲਟੀਅਸ, ਫੋਰਟੀਅਸ। ਯੂਨਾਨੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਦਾ ਅਰਥ ਹੋਰ ਤੇਜ਼, ਹੋਰ ਉੱਚਾ ਤੇ ਹੋਰ ਅੱਗੇ ਹੈ। ਅੱਗੇ ਤੋਂ ਅੱਗੇ ਵਧੀ ਜਾਣ ਦਾ ਮਨੁੱਖ ਅੰਦਰ ਅਮੁੱਕ ਜਜ਼ਬਾ ਹੈ। ਇਹੋ ਕਾਰਨ ਹੈ ਕਿ ਕੁਦਰਤ ਦਾ ਇਹ ਜੀਵ ਧਰਤੀ ਤੇ ਸਾਗਰ ਗਾਹੁਣ ਪਿੱਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣ ਦੇ ਆਹਰ ਵਿੱਚ ਲੱਗਿਆ ਹੋਇਐ।

ਖੇਡ ਮੁਕਾਬਲੇ ਬੰਦੇ ਦੇ ਅਗਾਂਹ ਲੰਘ ਜਾਣ ਦੇ ਜਜ਼ਬੇ ਨੂੰ ਭਰਪੂਰ ਹੁੰਘਾਰਾ ਦਿੰਦੇ ਹਨ। ਮਨੁੱਖ ਅੰਦਰ ਫਤਿਹ ਹਾਸਲ ਕਰਨ ਦਾ ਵੀ ਬੜਾ ਬਲਵਾਨ ਜਜ਼ਬਾ ਹੈ। ਉਹ ਅੰਦਰ ਤੇ ਬਾਹਰ ਸਭ ਕਾਸੇ ਨੂੰ ਜਿੱਤ ਲੈਣਾ ਲੋਚਦਾ ਹੈ। ਇੱਕ ਪਾਸੇ ਉਹ ਜੱਗ ਜਿੱਤਣ ਦੀ ਜੱਦੋਜਹਿਦ ਵਿੱਚ ਹੈ ਤੇ ਦੂਜੇ ਬੰਨੇ ਮਨ ਜਿੱਤਣ ਦੀ ਸਾਧਨਾ ਕਰੀ ਜਾ ਰਿਹੈ। ਇਹਦੇ ਲਈ ਉਹ ਜੋ ਨਹੀਂ ਸੋ ਕਰਨ ਨੂੰ ਤਿਆਰ ਹੈ। ਜ਼ਾਹਿਰ ਹੈ ਕਿ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰਨ ਲਈ ਉਹ ਕਈ ਵਾਰ ਸੱਟਾਂ ਫੇਟਾਂ ਖਾਣ ਤੇ ਇਥੋਂ ਤਕ ਕਿ ਮੌਤ ਵਿਹਾਜਣੋਂ ਵੀ ਗੁਰੇਜ਼ ਨਹੀਂ ਕਰਦਾ।

ਪਿੱਛੇ ਜਿਹੇ ਬਰਾਜ਼ੀਲ ਦੇ ਕਾਰ ਚਾਲਕ ਆਇਰਨ ਸੇਨਾ ਤੇ ਮੁੱਕੇਬਾਜ਼ ਬਰੈਡਲੇ ਸਟੋਨ ਆਪੋ ਆਪਣੀਆਂ ਖੇਡਾਂ ਦੇ ਮੁਕਾਬਲੇ ਕਰਦੇ ਹੋਏ ਮਰੇ ਤਾਂ ਮੀਡੀਏ ਵਿੱਚ ਬਹਿਸ ਛਿੜ ਪਈ ਕਿ ਖ਼ਤਰਨਾਕ ਖੇਡਾਂ `ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਰ ਪਾਬੰਦੀ ਲੱਗੀ ਨਹੀਂ। ਲੱਗ ਵੀ ਜਾਂਦੀ ਤਾਂ ਨਾ ਉਹ ਖਿਡਾਰੀਆਂ ਨੂੰ ਪੁੱਗਣੀ ਸੀ ਤੇ ਨਾ ਦਰਸ਼ਕਾਂ ਨੂੰ ਪਚਣੀ ਸੀ। ਕਾਰਨ ਇਹ ਹੈ ਕਿ ਖੇਡ ਮੁਕਾਬਲਿਆਂ `ਚੋਂ ਜਾਂਬਾਜ਼ੀ ਯਾਨੀ ਐਡਵੈਂਚਰ ਨੂੰ ਅਸਲੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਜਾਂਬਾਜ਼ਾਂ `ਚ ਜਾਂਬਾਜ਼ੀ ਵਿਖਾਉਣ ਤੇ ਦਰਸ਼ਕਾਂ `ਚ ਜਾਂਬਾਜ਼ੀ ਦੇ ਜਲਵੇ ਵੇਖਣ ਦੀ ਵੀ ਅਮੁੱਕ ਰੀਝ ਹੈ। ਜਾਂਬਾਜ਼ੀ ਬਿਨਾਂ ਜਿਊਣਾ ਥੋਥਾ ਤੇ ਫਿੱਕਾ ਲੱਗਦਾ ਹੈ।

ਸਪੇਨ `ਚ ਬੰਦੇ ਦੀ ਸਾਨ੍ਹ ਨਾਲ ਲੜਾਈ ਉਥੋਂ ਦੀ ਕੌਮੀ ਖੇਡ ਹੈ। ਇਸ ਖੇਡ ਵਿੱਚ ਬਥੇਰੇ ਬੰਦੇ ਮਰੇ ਹਨ। ਨਾ ਇਹ ਖੇਡ ਬੰਦ ਹੋਈ ਹੈ ਤੇ ਨਾ ਹੀ ਇਹਦੀ ਖਿੱਚ ਘਟੀ ਹੈ। ਪੰਜਾਬ ਵਿੱਚ ਬਾਜ਼ੀਗਰ ਸੂਲੀ ਦੀ ਛਾਲ ਲਾਉਂਦੇ ਰਹੇ ਹਨ। ਹੁਣ ਪੇਂਡੂ ਖੇਡ ਮੇਲਿਆਂ ਵਿੱਚ ਸਰੀਰ ਉਪਰੋਂ ਟ੍ਰੈਕਟਰ ਟਰਾਲੀਆਂ ਲੰਘਾਉਣਾ, ਛਾਤੀ `ਤੇ ਪੱਥਰ ਤੁੜਵਾਉਣੇ, ਅੱਗ ਦੇ ਦਾਇਰੇ `ਚੋਂ ਕੁੱਦਣਾ ਤੇ ਘੰਡੀ ਦੇ ਜ਼ੋਰ ਸਰੀਏ ਦੂਹਰੇ ਕਰਨ ਦੇ ਖ਼ਤਰਨਾਕ ਕਰਤਬ ਵਿਖਾਏ ਜਾਣ ਲੱਗੇ ਹਨ। ਮੇਲਿਆਂ ਵਿੱਚ ‘ਮੌਤ ਦੇ ਖੂਹ’ ਦੁਆਲੇ ਦਰਸ਼ਕਾਂ ਦੀ ਗਿਣਤੀ ਘੱਟ ਨਹੀਂ ਹੁੰਦੀ।

ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿੱਚ ਬੈਲ ਗੱਡੀਆਂ ਦੀ ਦੌੜ ਸਮੇਂ ਇੱਕ ਬਲਦ ਮਰ ਗਿਆ ਸੀ। ਕੁੱਝ ਪਲ ਮੇਲਾ ਉਦਾਸੀ `ਚ ਡੁੱਬ ਗਿਆ। ਉਸੇ ਵੇਲੇ ਸਟੇਜ ਤੋਂ ਖੇਡ ਬੁਲਾਰੇ ਦੀ ਆਵਾਜ਼ ਆਈ, “ਲੋਕੋ, ਇਹ ਬਲਦ ਨੀ ਮਰਿਆ, ਮੈਦਾਨੇ ਜੰਗ `ਚ ਲੜਦਾ ਸਿਪਾਹੀ ਸ਼ਹੀਦ ਹੋਇਐ। ਵੇਖਿਓ ਬੈਲ ਗੱਡੀਆਂ ਵਾਲਿਓ ਕਿਤੇ ਦਿਲ ਨਾ ਛੱਡ ਜਿਓ। ਇੱਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫ਼ਾਨ `ਚ ਮਰ ਗਿਆ ਸੀ। ਮਗਰੋਂ ਉਹਦਾ ਪੁੱਤ ਵੀ ਕਪਤਾਨ ਬਣਿਆ ਤੇ ਉਹਦੀ ਮੌਤ ਵੀ ਸਮੁੰਦਰੀ ਤੂਫ਼ਾਨ `ਚ ਹੋਈ। ਪਿੱਛੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇੱਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ `ਚ ਮਰੇ ਨੇ। ਪੋਤਾ ਪੁੱਛਣ ਲੱਗਾ, ਤੇਰਾ ਪਿਓ ਕਿਥੇ ਮਰਿਆ ਸੀ? ਜਵਾਬ ਮਿਲਿਆ, ਘਰ `ਚ। ਤੇ ਦਾਦਾ? ਜਵਾਬ ਫਿਰ ਓਹੀ ਸੀ, ਅਖੇ ਘਰ `ਚ। ਜਹਾਜ਼ੀ ਕਪਤਾਨ ਆਖਣ ਲੱਗਾ, ਫੇਰ ਤੁਸੀਂ ਘਰ ਕਿਓਂ ਨਹੀਂ ਛੱਡ ਦਿੰਦੇ? ਬਲਦ ਖੁਰਲੀ `ਤੇ ਖੜ੍ਹਾ ਵੀ ਮਰ ਸਕਦਾ ਸੀ ਪਰ ਉਹਦੀਆਂ ਗੱਲਾਂ ਕਿਸੇ ਨੇ ਨਹੀਂ ਸੀ ਕਰਨੀਆਂ ਤੇ ਨਾ ਹੀ ਉਹਦੇ ਮਾਲਕ ਦਾ ਕਿਸੇ ਨੇ ਨਾਂ ਲੈਣਾ ਸੀ। ਆਓ ਆਪਾਂ ਇਸ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।”

ਉਸੇ ਵੇਲੇ ਮੇਲੇ `ਚੋਂ ਏਨੇ ਪੈਸੇ `ਕੱਠੇ ਹੋ ਗਏ ਜਿਨ੍ਹਾਂ ਨਾਲ ਇੱਕ ਬਲਦ ਛੱਡ ਦੋ ਖਰੀਦੇ ਜਾ ਸਕਦੇ ਸਨ। ਉਸ ਬਲਦ ਦੇ ਮਰਨ ਨਾਲ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਘਟੀਆਂ ਨਹੀਂ ਸਗੋਂ ਹੋਰ ਵਧੀਆਂ ਹਨ। ‘ਅਖਾੜੇ ਦਾ ਸ਼ਹੀਦ’ ਕਿਹਾ ਜਾਣ ਵਾਲਾ ਜਰਨੈਲ ਸਿੰਘ ਕਰਾਸ ਕੰਟਰੀ ਲਾਉਂਦਿਆਂ ਵਿਤੋਂ ਬਹੁਤਾ ਜ਼ੋਰ ਲਾਉਣ ਕਾਰਨ ਪਰਲੋਕ ਸਿਧਾਰ ਗਿਆ ਸੀ ਪਰ ਉਸ ਤੋਂ ਬਾਅਦ ਕਰਾਸ ਕੰਟਰੀਆਂ ਲੱਗਣੀਆਂ ਬੰਦ ਨਹੀਂ ਹੋਈਆਂ।

ਇਸ ਧਰਤੀ ਦੇ ਜਲ ਥਲ, ਬਰਫ਼ਾਂ ਤੇ ਹਵਾ ਮੰਡਲ ਵਿੱਚ ਸੈਂਕੜੇ ਹਜ਼ਾਰਾਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਕਈ ਖੇਡਾਂ ਘੱਟ ਖ਼ਤਰਨਾਕ ਹਨ ਤੇ ਕਈ ਵੱਧ ਖ਼ਤਰਨਾਕ। ਜਿਨ੍ਹਾਂ ਖੇਡਾਂ ਵਿੱਚ ਵਧੇਰੇ ਐਕਸ਼ਨ, ਕਲਾਬਾਜ਼ੀਆਂ, ਝਕਾਨੀਆਂ ਅਥਵਾ ਜ਼ੋਰਦਾਰ ਟੱਕਰਾਂ ਹਨ ਉਨ੍ਹਾਂ ਦੀ ਓਨੀ ਹੀ ਵੱਧ ਖਿੱਚ ਹੈ ਤੇ ਉਹ ਓਨੀਆਂ ਹੀ ਵੱਧ ਖ਼ਤਰਨਾਕ ਵੀ ਹਨ। ਇਹ ਵੇਖਿਆ ਗਿਐ ਕਿ ਜਾਂਬਾਜ਼ ਖੇਡਾਂ ਦੀਆਂ ਟਿਕਟਾਂ ਮਹਿੰਗੀਆਂ ਹੁੰਦੀਆਂ ਹਨ ਤੇ ਇਨਾਮ ਵੀ ਵਧੇਰੇ ਦਿਲਕਸ਼ ਹੁੰਦੇ ਹਨ।

ਮੁੱਕੇਬਾਜ਼ੀ ਦੀ ਖ਼ਤਰਨਾਕ ਖੇਡ ਵਿੱਚ ਕਰੋੜਾਂ ਅਰਬਾਂ ਦਾ ਵਣਜ ਹੋ ਰਿਹੈ। ਵਿਸ਼ਵਜੇਤੂ ਮੁੱਕੇਬਾਜ਼ ਦਾ ਇੱਕ ਇਕ ਘਸੁੰਨ ਲੱਖ ਲੱਖ `ਚ ਪੈਣ ਲੱਗ ਪਿਐ। ਪਿੱਛੇ ਜਿਹੇ ਮਾਈਕ ਟਾਈਸਨ ਦਾ ਭੇੜ ਪੰਜਾਹ ਕਰੋੜ ਰੁਪਏ ਦੀ ਪੇਸ਼ਕਸ਼ ਨਾਲ ਕਰਾਇਆ ਗਿਆ ਸੀ। ਮੁੱਕੇਬਾਜ਼ੀ ਉਤੇ ਪਾਬੰਦੀ ਲਾਉਣ ਦੀਆਂ ਗੱਲਾਂ ਕਈ ਵਾਰ ਚੱਲੀਆਂ ਹਨ। ਇਸ ਦੀ ਕੌਮਾਂਤਰੀ ਸੰਸਥਾ ਦੇ ਡੇਢ ਸੌ ਤੋਂ ਵੱਧ ਮੁਲਕ ਮੈਂਬਰ ਹਨ। ਅਜੇ ਤਕ ਆਈਸਲੈਂਡ ਵਿੱਚ ਹੀ ਮੁੱਕੇਬਾਜ਼ੀ `ਤੇ ਮੁਕੰਮਲ ਪਾਬੰਦੀ ਲੱਗੀ ਹੈ ਜਦ ਕਿ ਸਵੀਡਨ ਤੇ ਨਾਰਵੇ ਨੇ ਅੰਸ਼ਕ ਪਾਬੰਦੀ ਲਾਈ ਹੈ। ਅੰਕੜੇ ਦੱਸਦੇ ਹਨ ਕਿ ਸੱਟ-ਫੇਟਾਂ ਤੇ ਮੌਤਾਂ ਦੇ ਲਿਹਾਜ਼ ਨਾਲ ਬਰਫ਼ਾਨੀ ਹਾਕੀ, ਅਮਰੀਕਨ ਸੌਕਰ, ਰਗਬੀ, ਘੋੜਸਵਾਰੀ ਤੇ ਆਟੋ ਦੌੜਾਂ ਮੁੱਕੇਬਾਜ਼ੀ ਤੋਂ ਵੀ ਵਧੇਰੇ ਜਾਨਲੇਵਾ ਖੇਡਾਂ ਹਨ। ਪੰਜਾਬ ਦੀ ਦੇਸੀ ਖੇਡ ਕਬੱਡੀ ਵੀ ਸੱਟ-ਫੇਟਾਂ ਵੱਲੋਂ ਕਾਫੀ ਰਿਸਕੀ ਖੇਡ ਹੈ। ਅਨੇਕਾਂ ਖਿਡਾਰੀਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਹਨ। ਕਿਸੇ ਦੀ ਰੀੜ੍ਹ ਦੀ ਹੱਡੀ ਤੇ ਕਿਸੇ ਦਾ ਧੌਣ ਦਾ ਮਣਕਾ ਟੁੱਟਣ ਦੀ ਖ਼ਬਰ ਵੀ ਆ ਜਾਂਦੀ ਹੈ। ਨਸ਼ੇ ਵਾਲੀਆਂ ਵਰਜਿਤ ਡਰੱਗਾਂ ਦੇ ਸੇਵਨ ਨਾਲ ਹੁੰਦੇ ਸਰੀਰਕ ਨੁਕਸਾਨ ਵੱਖਰੇ ਹਨ।

ਮੈਰਾਥਨ ਦੌੜ ਤਾਂ ਸ਼ੁਰੂ ਹੀ ਇੱਕ ਸ਼ਹੀਦ ਦੌੜਾਕ ਦੀ ਯਾਦ ਵਿੱਚ ਕੀਤੀ ਗਈ ਸੀ। ਏਥਨਜ਼ ਦਾ ਫਿਡੀਪੀਡੀਸ ਪਹਾੜੀ ਪਿੰਡ ਮੈਰਾਥਨ ਤੋਂ ਆਪਣੀ ਫੌਜ ਦੀ ਜਿੱਤ ਦਾ ਸਮਾਚਾਰ ਆਪਣੇ ਨਗਰ ਨਿਵਾਸੀਆਂ ਨੂੰ ਦੇਣ ਲਈ ਲਗਾਤਾਰ ਦੌੜਦਾ ਆਇਆ। ਪਥਰੀਲੇ ਰਾਹਾਂ ਉਤੇ ਦੌੜਦਿਆਂ ਉਹਦੇ ਪੈਰ ਛਿੱਲੇ ਗਏ ਤੇ ਲਹੂ ਦੇ ਨਿਸ਼ਾਨ ਪੱਥਰਾਂ ਉਤੇ ਲੱਗਦੇ ਗਏ। ਪਰ ਉਹ ਲਹੂਲੁਹਾਣ ਹੋਇਆ ਵੀ ਦੌੜਦਾ ਰਿਹਾ। ਏਥਨਜ਼ ਦੀਆਂ ਬਰੂਹਾਂ `ਚ ਆ ਕੇ ਉਹ ਏਨਾ ਹੀ ਕਹਿ ਸਕਿਆ, “ਖ਼ੁਸ਼ੀਆਂ ਮਨਾਓ! ਆਪਾਂ ਜਿੱਤ ਗਏ ਆਂ! !” ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਸਮੇਂ ਫਿਡੀਪੀਡੀਸ ਦੀ ਯਾਦ ਵਿੱਚ ਮੈਰਾਥਨ ਦੌੜ ਸ਼ੁਰੂ ਕੀਤੀ ਗਈ।

ਖੇਡ ਖੇਤਰ ਦੀਆਂ ਸੱਟ-ਫੇਟਾਂ ਤੇ ਮੌਤਾਂ ਗਿਣਨ ਲੱਗੀਏ ਤਾਂ ਸੂਚੀ ਬਹੁਤ ਲੰਮੀ ਹੋ ਜਾਵੇਗੀ। ਫੌਜੀ, ਸਿਪਾਹੀ, ਅੱਗ ਬੁਝਾਉਣ ਵਾਲੇ ਤੇ ਕਮਾਂਡੋ ਬਥੇਰੇ ਘਾਇਲ ਹੁੰਦੇ ਤੇ ਮਰਦੇ ਵੀ ਹਨ ਪਰ ਉਨ੍ਹਾਂ ਦੀਆਂ ਭਰਤੀਆਂ ਕਦੇ ਬੰਦ ਨਹੀਂ ਹੋਈਆਂ। ਇਨ੍ਹਾਂ ਉਤੇ ਪਾਬੰਦੀ ਲਾਉਣ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ। ਆਵਾਜਾਈ `ਚ ਕਿੰਨੇ ਹਾਦਸੇ ਹੁੰਦੇ ਹਨ ਪਰ ਆਵਾਜਾਈ ਬੰਦ ਨਹੀਂ ਕੀਤੀ ਜਾ ਸਕਦੀ। ਹਾਂ, ਹਾਦਸੇ ਘਟਾਉਣ ਦੇ ਉਪਾਅ ਕੀਤੇ ਜਾ ਸਕਦੇ ਹਨ ਜੋ ਕੀਤੇ ਵੀ ਜਾਂਦੇ ਹਨ। ਇੰਜ ਹੀ ਕਿਸੇ ਖੇਡ ਉਤੇ ਪਾਬੰਦੀ ਲਾਉਣ ਦੀ ਥਾਂ ਉਸ ਖੇਡ ਵਿੱਚ ਲੱਗਣ ਵਾਲੀਆਂ ਸੱਟਾਂ ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਜਦੋਂ ਕਿਸੇ ਖੇਡ ਵਿੱਚ ਕਿਸੇ ਦੇ ਸੱਟ ਲੱਗਦੀ ਹੈ ਜਾਂ ਮ੍ਰਿਤੂ ਹੋ ਜਾਂਦੀ ਹੈ ਤਾਂ ਉਸ ਖੇਡ ਉਤੇ ਪਾਬੰਦੀ ਲਾਉਣ ਦਾ ਰੌਲਾ ਪਾਉਣ ਦੀ ਥਾਂ ਸੱਟ-ਫੇਟ ਤੇ ਮੌਤ ਦੇ ਕਾਰਨ ਲੱਭੇ ਜਾਣੇ ਚਾਹੀਦੇ ਹਨ। ਖੇਡ ਨੂੰ ਘੱਟ ਖ਼ਤਰਨਾਕ ਬਣਾਇਆ ਜਾਣਾ ਚਾਹੀਦੈ। ਮਸਲਨ ਮੁੱਕੇਬਾਜ਼ੀ ਵਿੱਚ ਸਿਰ ਉਤੇ ਹੋਰ ਸੁਰੱਖਿਅਤ ਟੋਪ ਪਹਿਨਾਇਆ ਜਾ ਸਕਦੈ ਅਤੇ ਗਲੱਵਜ਼ ਹੋਰ ਨਰਮ ਕੀਤੇ ਜਾ ਸਕਦੇ ਹਨ। ਕ੍ਰਿਕਟ ਦੇ ਬੱਲੇਬਾਜ਼ ਤੇਜ਼ ਗੇਂਦਾਂ ਤੋਂ ਬਚਣ ਲਈ ਸੁਰੱਖਿਅਤ ਪੈਡ ਵਰਤਣ ਲੱਗੇ ਹਨ ਤੇ ਖੇਡ ਨਿਯਮਾਂ ਰਾਹੀਂ ਬਾਊਂਸਰ ਘਟਾ ਦਿੱਤੇ ਗਏ ਹਨ। ਹਾਕੀ ਦੇ ਗੋਲਕੀਪਰ ਨੂੰ ਢਾਲ ਵਰਗੀ ਪੁਸ਼ਾਕ ਪਹਿਨਾ ਕੇ ਤੇ ਪੈਨਲਟੀ ਕਾਰਨਰ ਦੀ ਉਠਵੀਂ ਹਿੱਟ ਫਾਊਲ ਕਰਾਰ ਦੇ ਕੇ ਖੇਡ ਕਾਫੀ ਸੁਰੱਖਿਅਤ ਕਰ ਲਈ ਗਈ ਹੈ। ਉੱਚੀਆਂ ਛਾਲਾਂ ਲਾਉਣ ਤੇ ਪੋਲ ਵਾਲਟ ਕਰਨ ਵਾਲਿਆਂ ਲਈ ਪੋਲੇ ਗੱਦੇ ਵਿਛਾ ਦਿੱਤੇ ਗਏ ਹਨ। ਮੋਟਰ ਸਾਈਕਲ, ਕਾਰ ਦੌੜਾਂ ਤੇ ਘੋੜਸਵਾਰੀ ਨੂੰ ਹੋਰ ਵੀ ਹਿਫ਼ਾਜ਼ਤੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਘੱਟ ਤੋਂ ਘੱਟ ਹਾਦਸੇ ਹੋਣ ਤੇ ਸੱਟਾਂ ਤੋਂ ਬਚਾਅ ਰਹੇ।

ਕਬੱਡੀ ਦੀ ਖੇਡ ਨੂੰ ਵੀ ਵਧੇਰੇ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਬਣਾਏ ਜਾਣੇ ਚਾਹੀਦੇ ਹਨ ਤੇ ਫਾਊਲ ਖੇਡਣ ਵਾਲਿਆਂ ਨੂੰ ਹਰੇ, ਪੀਲੇ ਤੇ ਲਾਲ ਕਾਰਡ ਵਿਖਾਏ ਜਾਣੇ ਤੇ ਜੁਰਮਾਨੇ ਕਰਨੇ ਚਾਹੀਦੇ ਹਨ। ਖਿਡਾਰੀਆਂ ਨੂੰ ਕੁਛ ਸੇਫਗਾਰਡ ਪਹਿਨਣ ਦੀ ਵੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਕਬੱਡੀ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਬਣਾਏ ਹੋਏ ਨਿਯਮਾਂ `ਤੇ ਵੀ ਪੂਰਾ ਪਹਿਰਾ ਨਹੀਂ ਦਿੱਤਾ ਜਾ ਰਿਹੈ। ਇਥੋਂ ਤਕ ਕਿ ਕਬੱਡੀ ਦੇ ਅੰਪਾਇਰ ਨੂੰ ਹੋਰਨਾਂ ਖੇਡਾਂ ਵਾਂਗ ਸਹੀ ਅੰਪਾਇਰ ਹੀ ਨਹੀਂ ਮੰਨਿਆ ਜਾ ਰਿਹੈ।

ਅੱਖਾਂ ਸਾਹਮਣੇ ਸੱਟਾਂ ਵੱਜਦੀਆਂ ਤੇ ਖ਼ੂਨ ਵਹਿੰਦਾ ਵੇਖਣਾ ਸੱਭਿਆ ਲੋਕਾਂ ਲਈ ਲਾਹਨਤ ਹੈ। ਬੰਦਾ ਮਰ ਰਿਹਾ ਹੋਵੇ ਤੇ ਦਰਸ਼ਕ ਤਾੜੀਆਂ ਮਾਰਦੇ ਹੋਣ ਜਹਾਲਤ ਤੇ ਜੰਗਲੀਪੁਣਾ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਪਰ ਇਹ ਕਿਸੇ ਖੇਡ ਉਤੇ ਮੁਕੰਮਲ ਪਾਬੰਦੀ ਲਾ ਕੇ ਨਹੀਂ ਰੋਕਿਆ ਜਾ ਸਕਦੈ। ਸਿਰਫ਼ ਖੇਡ ਨਿਯਮਾਂ ਵਿੱਚ ਹੋਰ ਸੁਧਾਰ ਕਰ ਕੇ ਤੇ ਹਿਫ਼ਾਜ਼ਤੀ ਖੇਡ ਸਾਮਾਨ ਵਰਤ ਕੇ ਹੀ ਰੋਕਿਆ ਜਾ ਸਕਦੈ। ਨਾਲੇ ਜੀਵਨ ਦੀ ਅਟੱਲ ਸੱਚਾਈ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਮੌਤ ਨੂੰ ਪਿੱਛੇ ਪਾਇਆ ਜਾ ਸਕਦੈ, ਮੌਤ ਨੂੰ ਝਕਾਨੀ ਦਿੱਤੀ ਜਾ ਸਕਦੀ ਐ ਪਰ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਇਸ ਲਈ ਸੱਟਾਂ, ਫੇਟਾਂ ਤੇ ਮੌਤ ਤੋਂ ਏਨਾ ਵੀ ਨਾ ਡਰਿਆ ਜਾਵੇ ਕਿ ਖੇਡ ਵਿੱਚ ਕੋਈ ਜੁਝਾਰੂਪਣ ਹੀ ਨਾ ਰਹੇ।

ਨਿਊ ਵੈੱਸਟਮਿਨਸਟਰ ਦਾ ਸੁਖਸਾਗਰ ਟੂਰਨਾਮੈਂਟ ਆਪਣੇ ਨਾਂ ਜਿੰਨਾ ਹੀ ਸੁਖਮਈ ਤੇ ਸ਼ਾਂਤਮਈ ਰਿਹਾ। ਵੈਨਕੂਵਰ ਵੱਲ ਵੈਸੇ ਪੁਲੀਸ ਤੇ ਸਕਿਉਰਿਟੀ ਤੋਂ ਬਿਨਾਂ ਕਬੱਡੀ ਟੂਰਨਾਮੈਂਟ ਨੇਪਰੇ ਨਹੀਂ ਚੜ੍ਹਦੇ। ਤਰਾਰੇ `ਚ ਆਏ ਬੰਦਿਆਂ ਦੇ ਗੇਅਰ `ਚੋਂ ਨਿਕਲ ਜਾਣ ਦਾ ਡਰ ਹੁੰਦੈ। ਚੰਗੇ ਭਲੇ ਖੇਡ ਮੇਲੇ `ਚ ਬਦਮਗਜ਼ੀ ਹੋ ਜਾਂਦੀ ਹੈ। ਕਲੱਬਾਂ ਦੇ ਤੱਤੇ ਹਮਾਇਤੀ ਆਪੋ ਆਪਣੇ ਖਿਡਾਰੀਆਂ ਦੀ ਹਮਾਇਤ ਵਿੱਚ ਠਹਿਕ ਪੈਂਦੇ ਹਨ। ਖਿਡਾਰੀਆਂ ਉਤੇ ਚੋਖਾ ਪੈਸਾ ਲੱਗਿਆ ਹੁੰਦੈ ਜੋ ਪੁਆੜੇ ਦੀ ਜੜ੍ਹ ਬਣ ਜਾਂਦੈ। ਖੇਡ ਪ੍ਰਬੰਧਕਾਂ ਦੇ ਵੀ ਵੱਸੋਂ ਬਾਹਰੀ ਗੱਲ ਹੋ ਜਾਂਦੀ ਹੈ। ਬਚਾਅ ਰੱਖਣ ਲਈ ਕੁੱਝ ਸਾਲਾਂ ਤੋਂ ਸਕਿਉਰਿਟੀ ਗਾਰਡ ਕਬੱਡੀ ਟੂਰਨਾਮੈਂਟਾਂ ਦਾ ਅੰਗ ਹੀ ਬਣ ਗਏ ਹਨ।

ਪਰ ਖਾਲਸਾ ਦੀਵਾਨ ਸੁਸਾਇਟੀ ਦੇ ਗੁਰਦਵਾਰਾ ਸੁਖਸਾਗਰ ਦਾ ਸੁਖਸਾਗਰ ਕਬੱਡੀ ਟੂਰਨਾਮੈਂਟ ਅਜਿਹੀ ਨੌਬਤ ਤੋਂ ਬਚਿਆ ਰਿਹਾ। ਉਸ ਨੂੰ ਨਾ ਸਕਿਉਰਿਟੀ ਸੱਦਣੀ ਪਈ, ਨਾ ਖਰੀਦੇ ਹੋਏ ਬਾਹਰਲੇ ਖਿਡਾਰੀ ਖਿਡਾਉਣੇ ਪਏ ਤੇ ਨਾ ਕੋਈ ਰੌਲਾ ਗੌਲਾ ਪਿਆ। ਗੁਰੂਘਰ ਦਾ ਟੂਰਨਾਮੈਂਟ ਹੋਣ ਕਾਰਨ ਖਾਣ ਪੀਣ ਵਾਲੇ ਵੀ ਜ਼ਾਬਤੇ ਵਿੱਚ ਰਹੇ। ਹੋਰਨਾਂ ਟੂਰਨਾਮੈਂਟਾਂ ਦਾ ਬਜਟ ਲੱਖ ਡਾਲਰ ਤੋਂ ਉਤੇ ਹੁੰਦੈ ਪਰ ਉਨ੍ਹਾਂ ਨੇ ਵੀਹ ਪੱਚੀ ਹਜ਼ਾਰ ਵਿੱਚ ਹੀ ਖੇਡ ਮੇਲਾ ਕਰਾ ਲਿਆ।

ਇਸ ਦਾ ਮੁੱਖ ਕਾਰਨ ਇਹੋ ਹੈ ਕਿ ਉਨ੍ਹਾਂ ਨੂੰ ‘ਬਾਹਰਲੇ’ ਖਿਡਾਰੀ ਨਹੀਂ ਮੰਗਾਉਣੇ ਪਏ। ਉਨ੍ਹਾਂ ਨੇ ਸਥਾਨਕ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਤੇ ਕੈਨੇਡੀਅਨ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ। ਉਨ੍ਹਾਂ ਨੇ ਆਪਣੇ ਇਸ਼ਤਿਹਾਰ ਵਿੱਚ ਵੀ ਇਹੋ ਪਰਚਾਰਿਆ ਕਿ ਉਨ੍ਹਾਂ ਦਾ ਟੂਰਨਾਮੈਂਟ ਇੰਡੋ-ਕਨੇਡੀਅਨ ਖਿਡਾਰੀਆਂ ਨੂੰ ਸਮਰਪਿਤ ਹੈ। ਇਹ ਉਨ੍ਹਾਂ ਦਾ ਪਹਿਲਾ ਉਪਰਾਲਾ ਸੀ ਜੋ ਸਫਲ ਰਿਹਾ। ਉਮੀਦ ਹੈ ਇਸ ਟੂਰਨਾਮੈਂਟ ਦੀ ਰੀਸ ਅੱਗੇ ਤੁਰੇਗੀ ਤੇ ਹੋਰ ਅਦਾਰੇ ਵੀ ਇੰਡੋ-ਕੈਨੇਡੀਅਨ ਖਿਡਾਰੀਆਂ ਨੂੰ ਆਪਣੇ ਖੇਡ ਮੇਲਿਆਂ ਵਿੱਚ ਭਾਗ ਲੈਣ ਦੇ ਵਧੇਰੇ ਮੌਕੇ ਮੁਹੱਈਆ ਕਰਨਗੇ।

ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਲੱਖਾਂ ਦੀ ਗਿਣਤੀ ਵਿੱਚ ਹੋ ਚੁੱਕੀ ਹੈ। ਨਗਰ ਕੀਰਤਨ ਤੇ ਪੰਜਾਬੀ ਮੇਲਿਆਂ ਉਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਲੱਖਾਂ ਲੋਕਾਂ ਵਿਚੋਂ ਵੱਖ ਵੱਖ ਖੇਡਾਂ ਦੇ ਸੈਂਕੜੇ ਖਿਡਾਰੀ ਤਿਆਰ ਕਰਨੇ ਕੋਈ ਮੁਸ਼ਕਲ ਕਾਰਜ ਨਹੀਂ। ਕਬੱਡੀ ਕੈਨੇਡਾ ਵਿੱਚ ਤੀਹ ਪੈਂਤੀ ਸਾਲਾਂ ਤੋਂ ਖੇਡੀ ਜਾ ਰਹੀ ਹੈ ਤੇ ਨਿਰੋਲ ਕੈਨੇਡੀਅਨ ਖਿਡਾਰੀਆਂ ਦੀਆਂ ਕਬੱਡੀ ਟੀਮਾਂ ਵਿਦੇਸ਼ਾਂ ਵਿੱਚ ਜਾ ਕੇ ਖੇਡਦੀਆਂ ਰਹੀਆਂ ਹਨ। ਫਿਰ ਕੀ ਕਾਰਨ ਹੈ ਕਿ ਕੈਨੇਡਾ ਦੇ ਕਬੱਡੀ ਕਲੱਬਾਂ ਦਾ ਹੁਣ ਬਾਹਰਲੇ ਖਿਡਾਰੀ ਪਾਏ ਬਿਨਾਂ ਕਿਉਂ ਨਹੀਂ ਸਰਦਾ? ਚਾਹੀਦਾ ਤਾਂ ਇਹ ਹੈ ਕਿ ਬਾਹਰਲੇ ਖਿਡਾਰੀ ਆਪਣੀਆਂ ਟੀਮਾਂ ਬਣਾ ਕੇ ਆਉਣ ਤੇ ਕੈਨੇਡੀਅਨ ਕਲੱਬਾਂ ਦੀਆਂ ਟੀਮਾਂ ਦਾ ਮੁਕਾਬਲਾ ਕਰਨ। ਪਤਾ ਲੱਗੇ ਪਈ ਕੈਨੇਡਾ ਦੇ ਕਲੱਬਾਂ ਦੀਆਂ ਟੀਮਾਂ ਤਕੜੀਆਂ ਹਨ ਜਾਂ ਪੰਜਾਬ ਦੇ ਕਲੱਬਾਂ ਦੀਆਂ?

ਹੁਣ ਤਾਂ ਹਾਲਤ ਇਹ ਹੈ ਕਿ ਕੈਨੇਡੀਅਨ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਹੀ ਨਹੀਂ ਦਿੱਤੇ ਜਾ ਰਹੇ ਤੇ ਬਾਹਰਲੇ ਖਿਡਾਰੀ ਖਰੀਦ ਕੇ ਕਬੱਡੀ ਟੂਰਨਾਮੈਂਟ ਕਰਾ ਲਏ ਜਾਂਦੇ ਹਨ। ਪਰ ਢੰਡੋਰਾ ਫੇਰਿਆ ਜਾ ਰਿਹੈ ਕਿ ਕੈਨੇਡਾ ਵਿੱਚ ਕਬੱਡੀ ਪ੍ਰਮੋਟ ਜਾ ਰਹੀ ਹੈ! ਜੇ ਕੈਨੇਡਾ ਦੇ ਲੱਖਾਂ ਪੰਜਾਬੀਆਂ `ਚੋਂ ਕਬੱਡੀ ਦੀਆਂ ਆਪਣੀਆਂ ਟੀਮਾਂ ਨਹੀਂ ਤਿਆਰ ਜਾ ਸਕਦੀਆਂ ਤਾਂ ਕੈਨੇਡਾ `ਚ ਕਬੱਡੀ ਦਾ ਕਾਹਦਾ ਵਿਕਾਸ ਹੈ? ਪੰਜਾਬ ਤੋਂ ਖਿਡਾਰੀ ਮੰਗਵਾ ਕੇ ਤਾਂ ਉਹ ਮੁਲਕ ਵੀ ਕਬੱਡੀ ਦੇ ਟੂਰਨਾਮੈਂਟ ਕਰਵਾ ਸਕਦੇ ਨੇ ਜਿਥੇ ਪੰਜਾਬੀਆਂ ਦੀ ਵਸੋਂ ਕੁੱਝ ਹਜ਼ਾਰਾਂ ਵਿੱਚ ਹੀ ਹੋਵੇ। ਜਿਥੇ ਪੰਜਾਬੀਆਂ ਦੇ ਬੱਚੇ ਤੇ ਨੌਜੁਆਨ ਹੋਣ ਹੀ ਨਾ। ਕੈਨੇਡਾ ਦੇ ਲੱਖਾਂ ਪੰਜਾਬੀ ਜੇ ਅਜੇ ਵੀ ਆਪਣੇ ਗਭਰੂ ਪੁੱਤਾਂ ਨੂੰ ਕਬੱਡੀ ਖੇਡਣ ਜੋਗੇ ਨਹੀਂ ਕਰ ਸਕੇ ਤਾਂ ਭੁੱਲ ਜਾਣ ਕਿ ਕੈਨੇਡਾ ਵਿੱਚ ਕਬੱਡੀ ਦਾ ਕੋਈ ਭਵਿੱਖ ਹੋਵੇਗਾ। ਫਿਰ ਤਾਂ ਕਬੱਡੀ ਦੇ ਸਰਕਸੀ ਸ਼ੋਅ ਹੀ ਹੋਣਗੇ ਜਿਵੇਂ ਹੁਣ ਵੀ ਕਈ ਥਾਂਈਂ ਹੋ ਰਹੇ ਹਨ। ਫਿਰ ਤਾਂ ਕਬੱਡੀ ਫੈਡਰੇਸ਼ਨ ਜਾਂ ਐਸੋਸੀਏਸ਼ਨ ਵੀ ਸਰਕਸੀ ਕੰਪਨੀਆਂ ਵਰਗੀ ਕੰਪਨੀ ਹੀ ਹੋਈ! ਫਿਰ ਕਬੱਡੀ ਟੂਰਨਾਮੈਂਟਾਂ ਤੇ ਬਾਹਰੋਂ ਸੱਦੇ ਗਾਇਕਾਂ ਦੇ ਗਾਉਣ ਮੇਲਿਆਂ `ਚ ਕੀ ਫਰਕ ਰਹਿ ਗਿਆ?

ਜਦ ਮੈਂ ਮਈ `ਚ ਖਾਲਸਾ ਦੀਵਾਨ ਸੁਸਾਇਟੀ ਦੇ ਰੌਸ ਸਟਰੀਟ ਗੁਰੂਘਰ ਦੇ ਖੇਡ ਮੇਲੇ `ਤੇ ਗਿਆ ਸਾਂ ਤਾਂ ਇਹ ਵੇਖ ਕੇ ਬਹੁਤ ਖ਼ੁਸ਼ ਹੋਇਆ ਸਾਂ ਕਿ ਇੰਡੋ-ਕੈਨੇਡੀਅਨ ਬੱਚਿਆਂ ਤੇ ਨੌਜੁਆਨਾਂ ਦੀਆਂ ਢਾਈ ਸੌ ਟੀਮਾਂ ਸੌਕਰ ਖੇਡ ਰਹੀਆਂ ਸਨ। ਉਦੋਂ ਹੀ ਮੈਨੂੰ ਸੁਖਸਾਗਰ ਗੁਰੂਘਰ ਦੇ ਸਰਗਰਮ ਸੱਜਣ ਸੋਢੀ ਸਿੰਘ ਸੋਢੀ ਮਿਲੇ ਤੇ ਕਹਿਣ ਲੱਗੇ, “ਅਸੀਂ ਸੁਖਸਾਗਰ ਗੁਰੂਘਰ ਵੱਲੋਂ ਨਿਰੋਲ ਇੰਡੋ-ਕੈਨੇਡੀਅਨ ਖਿਡਾਰੀਆਂ ਦਾ ਕਬੱਡੀ ਟੂਰਨਾਮੈਂਟ ਕਰਾਵਾਂਗੇ ਜਿਸ ਨੂੰ ਤੁਸੀਂ ਜ਼ਰੂਰ ਵੇਖਣ ਆਉਣਾ ਤੇ ਉਹਦੇ ਬਾਰੇ ਆਪਣੇ ਵਿਚਾਰ ਲਿਖਣੇ।” ਇਹ ਮੇਰੇ ਮਨ ਦੀ ਗੱਲ ਸੀ ਜਿਸ ਕਰਕੇ ਮੈਂ ਟੂਰਨਾਮੈਂਟ `ਤੇ ਪੁੱਜਣ ਦੀ ਹਾਮੀ ਭਰ ਦਿੱਤੀ।

ਸੁਖਸਾਗਰ ਕਬੱਡੀ ਟੂਰਨਾਮੈਂਟ 15 ਸਤੰਬਰ ਨੂੰ ਨਿਊ ਵੈੱਸਟਮਿਨਸਟਰ ਦੇ ਕੁਈਨਜ਼ਬੋਰੋ ਕਮਿਊਨਿਟੀ ਸੈਂਟਰ ਵਿਖੇ ਖੁੱਲ੍ਹੇ ਪਾਰਕ ਵਿੱਚ ਹੋਇਆ। ਮੈਂ ਇੱਕ ਦਿਨ ਪਹਿਲਾਂ ਹੀ ਟੋਰਾਂਟੋ ਤੋਂ ਹਵਾਈ ਜਹਾਜ਼ ਚੜ੍ਹਿਆ ਤੇ ਵੈਨਕੂਵਰ ਪੁੱਜ ਗਿਆ। ਅਗਾਂਹ ਖੇਡ ਸੰਸਾਰ ਦਾ ਮੈਨੇਜਿੰਗ ਐਡੀਟਰ ਸੰਤੋਖ ਸਿੰਘ ਮੰਡੇਰ ਮੇਰੀ ਉਡੀਕ ਕਰ ਰਿਹਾ ਸੀ। ਸ਼ਾਮ ਨੂੰ ਅਸੀਂ ਟੂਰਨਾਮੈਂਟ ਵਾਲੇ ਪਾਰਕ ਵਿੱਚ ਗੇੜਾ ਮਾਰਿਆ ਤਾਂ ਪ੍ਰਬੰਧਕ ਲਕੀਰਾਂ ਲਗਾ ਰਹੇ ਸਨ ਤੇ ਮੈਦਾਨ ਸ਼ਿੰਗਾਰ ਰਹੇ ਸਨ। ਕਬੱਡੀ ਦਾ ਦਾਇਰਾ ਸਫੈਦ ਲੀਕ ਦਾ ਸੀ ਤੇ ਦਰਸ਼ਕਾਂ ਦਾ ਦਾਇਰਾ ਲਾਲ ਲੀਕ ਦਾ। ਉਥੇ ਹੀ ਸੋਢੀ, ਰਾਜ ਬੱਧਨੀ, ਜੱਗਾ ਵੈਨਕੂਵਰੀਆ ਤੇ ਕਬੱਡੀ ਦਾ ਪੁਰਾਣਾ ਖਿਡਾਰੀ ਹਰਮਿੰਦਰ ਸਿੰਘ ਘੁੱਗਾ ਮਿਲੇ। ਘੁੱਗੇ ਸ਼ੰਕਰੀਏ ਨਾਲ ਕਬੱਡੀ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ। ਉਥੇ ਹੀ ਟੂਰਨਾਮੈਂਟ ਦਾ ਇਸ਼ਤਿਹਾਰ ਵੇਖਿਆ ਜਿਸ ਦਾ ਨਾਹਰਾ ਸੀ ਕਿ ਇਹ ਟੂਰਨਾਮੈਂਟ ਇੰਡੋ-ਕੈਨੇਡੀਅਨ ਪਾਇਨਰਜ਼ ਨੂੰ ਸਮਰਪਿਤ ਹੈ।

ਟੂਰਨਾਮੈਂਟ ਦੇ ਸਪਾਂਸਰਜ਼ ਲੌਂਗਸ਼ੋਰਮੈਨ ਇੰਪਲਾਈਜ਼, ਪੁਰੇਵਾਲ ਬਲਿਊਬੇਰੀ ਫਾਰਮਜ਼ ਦੇ ਮਲਕੀਤ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ ਅਤੇ ਐੱਸ ਆਰ ਐੱਸ ਦੇ ਰਾਹੁਲ ਤੇ ਅਮਨ ਗਿੱਲ ਸਨ। ਕੁਆਰਡੀਨੇਟਿੰਗ ਕਮੇਟੀ ਵਿੱਚ ਸੋਢੀ ਸਿੰਘ ਸੋਢੀ, ਮੋਨਾ ਸਿੰਘ ਸੰਧਰ, ਗੁਰਚਰਨ ਸਿੰਘ ਮਾਨ, ਗੁਰਜੀਤ ਸਿੰਘ ਪੁਰੇਵਾਲ, ਬਹਾਦਰ ਸਿੰਘ ਸੰਧੂ, ਗੁਰਬਖਸ਼ ਸਿੰਘ ਸੰਘੇੜਾ, ਹਰਮਿੰਦਰ ਸਿੰਘ ਘੁੱਗਾ, ਮੇਜਰ ਸਿੰਘ ਧਾਲੀਵਾਲ, ਕੈਲੇ, ਅਮਨ ਗਿੱਲ ਤੇ ਰੌਕੀ ਹਾਂਸ ਸਨ। ਮੈਨੂੰ ਤੇ ਤਰਸੇਮ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਿਆ ਗਿਆ ਸੀ। ਕਬੱਡੀ ਸੋਲਾਂ ਸਾਲ ਤੋਂ ਘੱਟ ਉਮਰ ਦੇ ਪਠੀਰਾਂ ਦੀ, ਅਠਾਰਾਂ ਸਾਲ ਤਕ ਦੀ ਤੇ ਓਪਨ ਤੋਂ ਬਿਨਾਂ ਬਾਸਕਟਬਾਲ, ਰੱਸਾਕਸ਼ੀ, ਕੁਸ਼ਤੀਆਂ ਤੇ ਗਤਕੇ ਦੇ ਮੁਕਾਬਲੇ ਵੀ ਹੋਣੇ ਸਨ।

ਟੂਰਨਾਮੈਂਟ ਦਾ ਦਿਨ ਕੁਦਰਤ ਵੱਲੋਂ ਚਮਕਦੀ ਧੁੱਪ ਵਾਲਾ ਚੜ੍ਹਿਆ। ਅਸੀਂ ਪਾਰਕ ਵੱਲ ਗਏ ਤਾਂ ਮੈਦਾਨ ਝੰਡੇ ਝੰਡੀਆਂ ਤੇ ਗ਼ੁਬਾਰਿਆਂ ਨਾਲ ਸ਼ਿੰਗਾਰਿਆ ਹੋਇਆ ਸੀ। ਇੱਕ ਬੰਨੇ ਕਾਫੀ ਉੱਚਾ ਸਟੇਜ ਬਣਾਇਆ ਗਿਆ ਸੀ ਜਿਸ ਉਪਰ ਖਾਲਸਈ ਝੰਡੇ ਝੂਲ ਰਹੇ ਸਨ ਤੇ ਸਾਹਮਣੇ ਕੈਨੇਡਾ ਦਾ ਪਰਚਮ ਲਹਿਰਾ ਰਿਹਾ ਸੀ। ਪਹਿਲਾਂ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ ਤੇ ਫਿਰ ਹਾਲ ਅੰਦਰ ਬਾਸਕਟਬਾਲ ਤੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਬੱਡੀ ਦੇ ਮੈਚ ਸ਼ੁਰੂ ਹੋ ਗਏ। ਕਬੱਡੀ ਦਾ ਪਹਿਲਾ ਮੈਚ ਸ਼ਹੀਦ ਮੇਵਾ ਸਿੰਘ ਸੁਸਾਇਟੀ ਤੇ ਯੰਗ ਕਲੱਬ ਦੇ ਸੋਲਾਂ ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਬਹੁਤ ਤੇਜ਼ਤਰਾਰ ਰਿਹਾ। ਇਨ੍ਹਾਂ ਖਿਡਾਰੀਆਂ ਨੇ ਹੀ ਭਲਕ ਦੇ ਫਿੱਡੂ ਤੇ ਹਰਜੀਤ ਬਾਜਾਖਾਨਾ ਬਣਨਾ ਹੈ। ਸੁਸਾਇਟੀ ਦੀ ਟੀਮ ਨੇ ਯੰਗ ਦੀ ਟੀਮ ਨੂੰ 53-28 ਅੰਕਾਂ ਦੇ ਫਰਕ ਨਾਲ ਹਰਾਇਆ। ਕਬੱਡੀ ਦੇ ਪੁਰਾਣੇ ਖਿਡਾਰੀ ਗੁਰਦੇਵ ਸਿੰਘ ਬਰਾੜ ਆਲਮਵਾਲੀਏ ਨੇ ਮੈਚ ਦੀ ਕੁਮੈਂਟਰੀ ਕੀਤੀ। ਜਦੋਂ ਕੋਈ ਖਿਡਾਰੀ ਕਿਸੇ ਨੂੰ ਧੂੰਹਦਾ ਤਾਂ ਉਹ ਆਖਦਾ-ਆਹ ਪਾ ਲਿਆ ਟੋਚਣ! ਤੇ ਜਦੋਂ ਕੋਈ ਲੱਤਾਂ ਫੜਦਾ ਤਾਂ ਕਹਿੰਦਾ-ਆਹ ਲਾਤਾ ਨਿਓਲ! !

ਦੂਜਾ ਮੈਚ ਹਰਜੀਤ ਕਲੱਬ ਤੇ ਟੌਪ ਕੈਨੇਡੀਅਨ ਕਲੱਬ ਦੀਆਂ ਓਪਨ ਟੀਮਾਂ ਦਰਮਿਆਨ ਹੋਇਆ ਜੋ ਹਰਜੀਤ ਕਲੱਬ ਨੇ ਜਿੱਤਿਆ। ਤਦ ਤਕ ਮੈਰਾਥਨ ਦੌੜ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਵੀ ਖੇਡ ਮੇਲੇ ਵਿੱਚ ਪਹੁੰਚ ਚੁੱਕਾ ਸੀ। ਕਬੱਡੀ ਦਾ ਮਸ਼ਹੂਰ ਖਿਡਾਰੀ ਦੇਵੀ ਦਿਆਲ ਵੀ ਆ ਗਿਆ ਤੇ ਐਕਟਰ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਨੇ ਵੀ ਆ ਦਰਸ਼ਨ ਦਿੱਤੇ। ਕਬੱਡੀ ਦਾ ਪੁਰਾਣਾ ਖਿਡਾਰੀ ਬਲਦੇਵ ਸਿੰਘ ਸਿਮਰੂ ਆਪਣੇ ਉੱਚੇ ਲੰਮੇ ਕੱਦ ਨਾਲ ਦੂਰੋਂ ਹੀ ਧਿਆਨ ਖਿੱਚ ਰਿਹਾ ਸੀ। ਉਥੇ ਮੀਡੀਏ ਦੇ ਵੀ ਕਈ ਸੱਜਣ ਹਾਜ਼ਰ ਸਨ। ਕਬੱਡੀ ਦੇ ਮੈਚ ਵੇਖਣ ਲਈ ਕੋਈ ਟਿਕਟ ਨਾ ਰੱਖੀ ਹੋਣ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਢੁੱਕੇ। ਕਈ ਬੀਬੀਆਂ ਮਾਈਆਂ ਵੀ ਆਪਣੇ ਵੀਰਾਂ ਤੇ ਪੁੱਤਰਾਂ ਨੂੰ ਖੇਡਦਿਆਂ ਵੇਖਣ ਆਈਆਂ। ਵਗਦੀ `ਵਾ ਵਿੱਚ ਬਜ਼ੁਰਗ ਬਾਬਿਆਂ ਦੀਆਂ ਦਾੜ੍ਹੀਆਂ ਝੂਲ ਰਹੀਆਂ ਸਨ ਤੇ ਬੀਬੀਆਂ ਦੀਆਂ ਚੁੰਨੀਆਂ ਦੇ ਪੱਲੇ ਲਹਿਰਾ ਰਹੇ ਸਨ। ਢੋਲ ਵੱਜ ਰਿਹਾ ਸੀ ਤੇ ਮਾਹੌਲ ਪੰਜਾਬ ਦੇ ਕਿਸੇ ਪਿੰਡ ਵਿੱਚ ਪਿੱਪਲਾਂ ਤੇ ਟਾਹਲੀਆਂ ਕੋਲ ਮਨਾਏ ਜਾ ਰਹੇ ਮੇਲੇ ਵਰਗਾ ਸੀ। ਇੱਕ ਬੰਨੇ ਚਾਹ, ਪਕੌੜਿਆਂ ਤੇ ਜਲੇਬੀਆਂ ਦਾ ਸਟਾਲ ਸੀ।

ਬਾਬਾ ਫੌਜਾ ਸਿੰਘ ਦੇ ਖੇਡ ਮੇਲੇ ਵਿੱਚ ਪੁੱਜ ਜਾਣ ਨਾਲ ਮੇਲੇ ਦੀ ਰੌਣਕ ਨੂੰ ਚਾਰ ਚੰਦ ਲੱਗ ਗਏ ਸਨ। ਹੁਣ ਉਹ 96 ਸਾਲ ਦਾ ਹੋ ਗਿਐ ਤੇ ਜੁੱਸੇ `ਚ ਕੋਈ ਕਾਣ ਨਹੀਂ ਦਿਸਦੀ। ਅਜੇ ਵੀ ਦਾੜ੍ਹੀ `ਚ ਕੋਈ ਕੋਈ ਕਾਲਾ ਵਾਲ ਹੈ। ਉੱਦਣ ਉਹ ਗੁਰਗਾਬੀ ਤੋਂ ਲੈ ਕੇ ਪੱਗ ਤਕ ਕਰੀਮ ਰੰਗੀ ਪੁਸ਼ਾਕ ਵਿੱਚ ਸਜਿਆ ਹੋਇਆ ਸੀ। ਮੈਂ ਉਸ ਨਾਲ ਲੰਡਨ, ਵੁਲਵਰਹੈਂਪਟਨ ਤੇ ਟੋਰਾਂਟੋ ਵਿੱਚ ਮੁਲਾਕਾਤਾਂ ਕੀਤੀਆਂ ਹੋਈਆਂ ਸਨ ਤੇ ਉਹਦੇ ਬਾਰੇ ਆਰਟੀਕਲ ਲਿਖੇ ਸਨ। ਉਸ ਨੇ ਅੱਸੀ ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ ਮੈਰਾਥਨ ਦੌੜ ਦਾ ਵਿਸ਼ਵ ਰਿਕਾਰਡ ਰੱਖਿਆ ਹੈ। ਐਡੀਦਾਸ ਕੰਪਨੀ ਨੇ ਆਪਣੇ ਦੌੜਨ ਵਾਲੇ ਬੂਟਾਂ ਦੀ ਮਸ਼ਹੂਰੀ ਫੌਜਾ ਸਿੰਘ ਦੇ ਨਾਂ ਨਾਲ ਕੀਤੀ ਹੈ। ਉਹ ਅਜੇ ਵੀ ਹਰ ਰੋਜ਼ ਦਸ ਕੁ ਮੀਲ ਤੁਰਨ ਤੇ ਦੌੜਨ ਦਾ ਅਭਿਆਸ ਕਰਦਾ ਹੈ। ਉਸ ਦਾ ਨਾਹਰਾ ਹੈ-ਘੱਟ ਖਾਓ ਵੱਧ ਤੁਰੋ। ਉਹ ਦਵਾਈ ਦੀ ਥਾਂ ਖਾਣ ਪੀਣ `ਚ ਪ੍ਰਹੇਜ਼ ਨੂੰ ਪਹਿਲ ਦਿੰਦਾ ਹੈ। ਉਸ ਦਾ ਨਿਸ਼ਾਨਾ ਹੈ ਕਿ ਅਠੰਨਵੇਂ ਸਾਲ ਦੀ ਉਮਰ `ਚ ਉਹ ਫਿਰ ਮੈਰਾਥਨ ਲਾਵੇਗਾ ਤੇ ਅਠੰਨਵੇਂ ਸਾਲ ਦੇ ਗੋਰੇ ਦਾ ਰੱਖਿਆ ਰਿਕਾਰਡ ਤੋੜੇਗਾ।

ਮੈਂ ਮਾਈਕ ਫੜ ਕੇ ਫੌਜਾ ਸਿੰਘ ਦੀ ਜਾਣ ਪਛਾਣ ਕਰਾਈ ਤੇ ਦਾਇਰੇ ਦਾ ਚੱਕਰ ਲਾਇਆ। ਨਾਲ ਦਰਸ਼ਕਾਂ ਨੂੰ ਕਿਹਾ ਕਿ ਆਓ ਅਰਦਾਸ ਕਰੀਏ ਬਈ ਫੌਜਾ ਸਿੰਘ ਸੈਂਚਰੀ ਮਾਰੇ। ਜਦੋਂ ਬਾਬਾ ਸੌ ਸਾਲ ਦਾ ਹੋ ਜਾਵੇ ਫਿਰ ਵੇਖਾਂਗੇ ਹੋਰ ਕਿੰਨੇ ਸਾਲ ਮੰਗਣੇ ਨੇ? ਬਾਬਾ ਫੌਜਾ ਸਿੰਘ ਨੇ ਹਾਲ ਅੰਦਰ ਜਾ ਕੇ ਬਾਸਕਟਬਾਲ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਨਾਲ ਫੋਟੋ ਖਿਚਵਾਏ। ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਕੁਲਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੇ ਫੌਜਾ ਸਿੰਘ ਤੇ ਮੈਨੂੰ ਅਗਲੇ ਦਿਨ ਰੇਡੀਓ `ਤੇ ਗੱਲ ਬਾਤ ਲਈ ਸੱਦਿਆ ਜਿਥੇ ਅਸੀਂ ਖੁੱਲ੍ਹੀਆਂ ਗੱਲਾਂ ਕੀਤੀਆਂ।

ਕਬੱਡੀ ਦਾ ਤੀਜਾ ਮੈਚ ਟਾਪ ਕਨੇਡੀਅਨਜ਼ ਨੇ ਸ਼ਹੀਦ ਮੇਵਾ ਸਿੰਘ ਸੁਸਾਇਟੀ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ ਸੀ। ਅਠਾਰਾਂ ਸਾਲ ਤੋਂ ਘੱਟ ਉਮਰ ਦੇ ਕਬੱਡੀ ਖਿਡਾਰੀਆਂ ਨੇ ਬੜੀ ਹੋਣਹਾਰੀ ਵਿਖਾਈ ਤੇ ਵਿਸ਼ਵਾਸ ਬੰਨ੍ਹਾ ਦਿੱਤਾ ਕਿ ਉਨ੍ਹਾਂ ਨੂੰ ਖੇਡਣ ਦੇ ਮੌਕੇ ਦਿੱਤੇ ਜਾਣ ਤਾਂ ਉਹ ਕਿਸੇ ਨਾਲੋਂ ਘੱਟ ਨਹੀਂ। ਬਿਹਾਰੀਪੁਰ ਦੇ ਗੁਰਮੀਤ ਸਿੰਘ ਨੇ ਮੂੰਗਲੀਆਂ ਫੇਰਨ ਦਾ ਜਲਵਾ ਵਿਖਾਇਆ। ਉਹਦੀਆਂ ਮੂੰਗਲੀਆਂ ਤੋਪ ਦੇ ਗੋਲਿਆ ਵਰਗੀਆਂ ਸਨ ਜਿਨ੍ਹਾਂ ਉਤੇ ਇੱਕ ਹੋਰ ਬਜ਼ੁਰਗ ਨੇ ਵੀ ਹੱਥ ਅਜ਼ਮਾਏ। ਇੱਕ ਸਕੂਲੀ ਬੱਚਾ ਢੋਲ ਵਜਾਉਣ ਦਾ ਨਜ਼ਾਰਾ ਬੰਨ੍ਹਦਾ ਰਿਹਾ।

ਕਬੱਡੀ ਦੇ ਚਾਰ ਮੈਚਾਂ ਬਾਅਦ ਕੁਸ਼ਤੀਆਂ ਸ਼ੁਰੂ ਹੋਈਆਂ। ਦਾਇਰੇ ਦੇ ਵਿਚਕਾਰ ਨੀਲਾ ਮੈਟ ਵਿਛਾਇਆ ਗਿਆ ਤੇ ਮਾਈਕ ਬਲਬੀਰ ਸਿੰਘ ਢੇਸੀ ਉਰਫ਼ ਸ਼ੀਰੀ ਪਹਿਲਵਾਨ ਨੇ ਫੜ ਲਿਆ। ਸ਼ੀਰੀ ਪਹਿਲਵਾਨ ਜੋ ਖਾਲਸਾ ਰੈਸਲਿੰਗ ਕਲੱਬ ਦਾ ਅਖਾੜਾ ਚਲਾ ਰਿਹਾ ਹੈ ਫੌਜਾ ਸਿੰਘ ਦੇ ਪਿੰਡ ਬਿਆਸ ਦਾ ਹੀ ਹੈ। ਛੇ ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ `ਚ ਐਵਨ ਤੇ ਅਕਾਸ਼ਦੀਪ ਪਹਿਲੇ ਤੇ ਦੂਜੇ ਸਥਾਨ `ਤੇ ਰਹੇ। ਅੱਠ ਸਾਲ ਤਕ ਦੀ ਉਮਰ ਦਾ ਕਰਨ ਸ਼ੇਰਗਿੱਲ ਫਸਟ ਤੇ ਕਰਨ ਬਸਰਾ ਸੈਕੰਡ ਰਿਹਾ। ਦਸ ਸਾਲ ਦੇ ਬਿੱਲੇ ਢੇਸੀ ਨੇ ਹਰਜੀਤ ਮਾਂਗਟ ਨੂੰ ਹਰਾਇਆ। ਬਾਰਾਂ ਸਾਲ `ਚ ਅਮਰ ਢੇਸੀ ਨੇ ਸੋਢੀ ਦੀ ਕੰਡ ਲਾਈ। ਚੌਦਾਂ ਸਾਲ `ਚ ਸੰਨੀ ਢੀਂਡਸਾ ਪ੍ਰਥਮ ਰਿਹਾ। ਸੋਲਾਂ ਸਾਲਾਂ ਦੇ ਸਤਿੰਦਰ ਵਿਰਕ ਨੇ ਸੱਨੀ ਢੀਂਡਸੇ ਨੂੰ ਢਾਹਿਆ। ਅਠਾਰਾਂ ਸਾਲ ਦੇ ਉਮਰ ਵਰਗ ਵਿੱਚ ਗੁਰਜੋਤ ਕੂਨਰ ਪਹਿਲੇ ਤੇ ਪਰਦੀਪ ਰੇਖੀ ਦੂਜੇ ਸਥਾਨ `ਤੇ ਰਿਹਾ। ਵੀਹ ਸਾਲ ਦੇ ਗੁਰਦੀਪ ਬੀਸਲੇ ਨੇ ਝੰਡੀ ਪੁੱਟੀ ਤੇ ਕੁਸ਼ਤੀ ਦੀ ਮਾਲੀ ਪਹਿਲਵਾਨ ਜਗਰੂਪ ਭੁੱਲਰ ਨੇ ਗੁਰਦੀਪ ਬੀਸਲੇ ਨੂੰ ਹਰਾ ਕੇ ਹਾਸਲ ਕੀਤੀ।

ਕਬੱਡੀ ਦਾ ਪਹਿਲਾ ਸੈਮੀ ਫਾਈਨਲ ਮੈਚ ਹਰਜੀਤ ਕਲੱਬ ਤੇ ਯੰਗ ਕਲੱਬ ਵਿਚਕਾਰ ਖੇਡਿਆ ਗਿਆ। ਦੋਹਾਂ ਟੀਮਾਂ ਵਿੱਚ ਕੈਨੇਡਾ ਦੇ ਤਕੜੇ ਕੌਡਿਆਲ ਖੇਡ ਰਹੇ ਸਨ। ਇਸ ਮੈਚ ਵਿੱਚ ਕਈ ਯਾਦਗਾਰੀ ਜੱਫੇ ਲੱਗੇ। ਰੇਡਾਂ ਵਿੱਚ ਰਣਜੀਤ ਮਹੇੜੂ ਤੇ ਜੱਫਿਆਂ ਵਿੱਚ ਗੀਚੇ ਗੱਜਣਵਾਲੀਏ ਦੀ ਗੁੱਡੀ ਚੜ੍ਹੀ ਰਹੀ। ਹਰਜੀਤ ਕਲੱਬ ਨੇ ਇਹ ਮੈਚ 41-27 ਅੰਕਾਂ ਨਾਲ ਜਿੱਤਿਆ। ਦੂਜਾ ਸੈਮੀ ਫਾਈਨਲ ਟੀ.ਟੀ.ਸੀ.ਤੇ ਟੌਪ ਕੈਨੇਡੀਅਨਜ਼ ਦੀਆਂ ਟੀਮਾਂ ਵਿਚਾਲੇ ਹੋਇਆ। ਇਸ ਮੈਚ ਵਿੱਚ ਵਿਸਲ ਰੇਡੀਓ ਹੋਸਟ ਪ੍ਰੋ.ਗੁਰਦੇਵ ਸਿੰਘ ਨੂੰ ਫੜਾਈ ਗਈ ਜੋ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਰੀਰਕ ਸਿੱਖਿਆ ਦਾ ਲੈਕਚਰਾਰ ਸੀ। ਅਚਾਨਕ ਉਹ ਖਿਡਾਰੀਆਂ ਦੀ ਫੇਟ ਵਿੱਚ ਆ ਗਿਆ ਤੇ ਉਹਦੀ ਪੱਗ ਲਹਿ ਕੇ ਡਿੱਗ ਪਈ। ਇੰਜ ਹੀ ਇੱਕ ਵਾਰ ਢੁੱਡੀਕੇ ਦੇ ਖੇਡ ਮੇਲੇ ਵਿੱਚ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਹੋਈ ਸੀ। ਉਹ ਆਪ ਭਾਵੇਂ ਡਿੱਗ ਪਏ ਸਨ ਪਰ ਮੂੰਹ `ਚੋਂ ਵਿਸਲ ਨਹੀਂ ਸੀ ਡਿੱਗਣ ਦਿੱਤੀ। ਦੂਜਾ ਸੈਮੀ ਫਾਈਨਲ ਟੀ.ਟੀ.ਸੀ.ਦੀ ਟੀਮ ਨੇ ਜਿੱਤਿਆ।

ਪਰਛਾਵੇਂ ਢਲ ਗਏ ਸਨ ਜਦੋਂ ਕਬੱਡੀ ਦਾ ਫਾਈਨਲ ਮੈਚ ਸ਼ੁਰੂ ਹੋ ਸਕਿਆ। ਕੁਸ਼ਤੀਆਂ ਦੇ ਜੋੜ ਦੋ ਘੰਟੇ ਤੋਂ ਵੀ ਵੱਧ ਸਮਾਂ ਲੈ ਗਏ ਸਨ। ਰੱਸਾ ਖਿੱਚਣ ਦਾ ਮੁਕਾਬਲਾ ਪੰਜਾਬ ਸਪੋਰਟਸ ਕਲੱਬ ਦੇ ਖਿਚਾਵਿਆਂ ਨੇ ਸੱਰੀ ਸਪੋਰਟਸ ਕਲੱਬ ਦੇ ਖਿਚਾਵਿਆਂ ਨੂੰ ਧੂਹ ਕੇ ਜਿੱਤਿਆ। ਕਬੱਡੀ ਦੇ ਫਾਈਨਲ ਮੈਚ ਵਿੱਚ ਹਰਜੀਤ ਕਲੱਬ ਨੇ ਅੱਧੇ ਸਮੇਂ ਤਕ ਕਾਫੀ ਲੀਡ ਲੈ ਲਈ। ਦਿਨ ਛਿਪ ਗਿਆ ਸੀ ਤੇ ਲੱਗਦਾ ਨਹੀਂ ਸੀ ਕਿ ਲੀਡ ਘਟੇਗੀ। ਟੀ.ਟੀ.ਸੀ.ਕਲੱਬ ਨੇ ਮੈਚ ਦੇ ਵਿਚਕਾਰੋਂ ਹੀ ਹਾਰ ਮੰਨ ਲਈ ਤੇ ਮੈਚ ਸਮਾਪਤ ਕਰ ਦਿੱਤਾ ਗਿਆ। ਹਰਜੀਤ ਕਲੱਬ ਨੇ ਕੱਪ ਦੇ ਨਾਲ ਨਕਦ ਇਨਾਮ ਵੀ ਜਿੱਤਿਆ।

ਅਗਲੇ ਦਿਨ ਗੁਰਦਵਾਰਾ ਸਾਹਿਬ ਸੁਖਸਾਗਰ ਵਿਖੇ ਦੀਵਾਨ ਸਜਿਆ ਜਿਥੇ ਜੇਤੂ ਟੀਮਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਉਥੇ ਬਾਬਾ ਫੌਜਾ ਸਿੰਘ ਤੇ ਕੁੱਝ ਹੋਰ ਸੱਜਣਾਂ ਨੂੰ ਸਿਰੋਪੇ ਬਖ਼ਸ਼ੇ ਗਏ। ਗੁਰੂਘਰ ਦਾ ਲੰਗਰ, ਸਾਫ ਸਫਾਈ, ਸੰਗਤ ਤੇ ਪ੍ਰਬੰਧ ਸਭ ਕੁੱਝ ਸਲਾਹੁਣਯੋਗ ਸੀ। ਨੌਜੁਆਨ ਪ੍ਰਬੰਧਕਾਂ ਨੇ ਮੈਨੂੰ ਵਿਦਾ ਕਰਦਿਆਂ ਕਿਹਾ, “ਐਤਕੀਂ ਪਹਿਲਾ ਯਤਨ ਹੋਣ ਕਾਰਨ ਕੁੱਝ ਕਮੀਆਂ ਰਹਿ ਗਈਆਂ ਹੋਣਗੀਆਂ, ਆਉਂਦੇ ਸਾਲ ਅਸੀਂ ਹੋਰ ਵੀ ਵਧ ਚੜ੍ਹ ਕੇ ਕੈਨੇਡਾ ਦੇ ਜੰਮਪਲ ਖਿਡਾਰੀਆਂ ਦਾ ਖੇਡ ਮੇਲਾ ਕਰਾਵਾਂਗੇ।” ਵੇਖਾਂਗੇ ਅਗਲੇ ਸਾਲ ਕਿਹੋ ਜਿਹਾ ਖੇਡ ਮੇਲਾ ਹੁੰਦੈ?

ਦੁਨੀਆਂ ਹੋ ਹੋ ਤੁਰੀ ਜਾਂਦੀ ਹੈ। ਪੰਜਾਹ ਕਿਲੋਮੀਟਰ ਵਾਕ ਦਾ ਚੈਂਪੀਅਨ ਜ਼ੋਰਾ ਸਿੰਘ ਸਦਾ ਲਈ ਤੁਰ ਗਿਆ ਹੈ। ਉਹਦੇ ਅਕਾਲ ਚਲਾਣੇ ਦਾ ਪਤਾ ਮੈਨੂੰ ਕਈ ਮਹੀਨੇ ਬਾਅਦ ਲੱਗਾ। ਅਜਿਹੇ ਵਿਲੱਖਣ ਅਥਲੀਟ ਦੀ ਯਾਦ ਖੇਡ ਜਗਤ ਨਾਲ ਸਾਂਝੀ ਕਰਨੀ ਬਣਦੀ ਹੈ। ਸਾਡੇ ਬਹੁਤ ਸਾਰੇ ਖਿਡਾਰੀ ਆਪਣੀ ਖੇਡ ਸਮੇਂ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹੁੰਦੇ ਹਨ ਪਰ ਬਾਅਦ ਵਿੱਚ ਉਹ ਭੁੱਲ ਭੁਲਾ ਜਾਂਦੇ ਹਨ। ਕਈਆਂ ਦਾ ਬੁਢਾਪਾ ਇਕਲਾਪੇ ਤੇ ਗੁੰਮਨਾਮੀ ਵਿੱਚ ਗੁਜ਼ਰਦਾ ਹੈ ਤੇ ਉਨ੍ਹਾਂ ਦੇ ਪਰਲੋਕ ਸਿਧਾਰ ਜਾਣ ਦਾ ਵੀ ਪਤਾ ਨਹੀਂ ਲੱਗਦਾ।

ਡਿਸਕਸ ਸੁੱਟਣ ਵਿੱਚ ਏਸ਼ੀਆ ਦੇ ਚੈਂਪੀਅਨ ਬਲਕਾਰ ਸਿੰਘ ਦੇ ਗੁਜ਼ਰ ਜਾਣ ਦਾ ਵੀ ਮੈਨੂੰ ਬੜੀ ਦੇਰ ਬਾਅਦ ਪਤਾ ਲੱਗਾ ਸੀ। ਉਸ ਨੇ ਚਾਰ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਤੇ ਤਮਗ਼ੇ ਜਿੱਤੇ ਸਨ। ਗੋਲਾ ਸੁੱਟਣ ਵਿੱਚ ਏਸ਼ੀਆ ਦਾ ਚੈਂਪੀਅਨ ਤੇ ਭਾਰਤ ਲਈ ਪੰਜ ਤਮਗ਼ੇ ਜਿੱਤਣ ਵਾਲਾ ਪ੍ਰਦੁੱਮਣ ਸਿੰਘ ਪਿਛਲੇ ਸਿਆਲ ਮੰਜੇ ਉਤੇ ਪਿਆ ਸੀ ਜੋ ਪਿੱਛੇ ਜਿਹੇ ਚਲਾਣਾ ਕਰ ਗਿਆ ਹੈ। ਉਸ ਦੇ ਪਿੰਡ ਭਗਤੇ ਮੈਂ ਉਸ ਨੂੰ ਮਿਲ ਆਇਆ ਸਾਂ। ਜ਼ੋਰਾ ਸਿੰਘ ਦੀ ਮ੍ਰਿਤੂ ਬਾਰੇ ਵੀ ਮੈਨੂੰ ਅਜੇ ਪਤਾ ਨਾ ਲੱਗਦਾ ਜੇਕਰ ਟੋਰਾਂਟੋ ਵਿੱਚ ਵਸਦਾ ਉਸ ਦਾ ਸ਼ਗਿਰਦ ਅਥਲੀਟ ਪਵਨਜੀਤ ਸਿੰਘ ਨਾ ਦੱਸਦਾ।

ਜ਼ੋਰਾ ਸਿੰਘ ਨੇ 1959 ਵਿੱਚ ਉਸ ਸਮੇਂ ਦੇ ਓਲੰਪਿਕ ਰਿਕਾਰਡ ਨਾਲੋਂ ਬਿਹਤਰ ਸਮਾਂ ਕੱਢ ਦਿੱਤਾ ਸੀ। ਉਦੋਂ ਪੰਜਾਹ ਕਿਲੋਮੀਟਰ ਵਗਣ ਦਾ ਓਲੰਪਿਕ ਰਿਕਾਰਡ 4 ਘੰਟੇ 28 ਮਿੰਟ 7.8 ਸੈਕੰਡ ਸੀ। ਜ਼ੋਰਾ ਸਿੰਘ ਨੇ ਪੰਜਾਹ ਕਿਲੋਮੀਟਰ ਦੀ ਵਾਕ 4 ਘੰਟੇ 26 ਮਿੰਟ 8.4 ਸੈਕੰਡ ਵਿੱਚ ਮੁਕਾ ਕੇ ਦਰਸ਼ਕ ਦੰਗ ਕਰ ਦਿੱਤੇ ਸਨ। ਅਖ਼ਬਾਰਾਂ ਵਿੱਚ ਮੋਟੀਆਂ ਸੁਰਖ਼ੀਆਂ ਲੱਗੀਆਂ ਸਨ। ਏਸ਼ੀਆ ਦੀ ਧਰਤੀ ਤੋਂ ਅਥਲੈਟਿਕਸ ਦੀ ਇੱਕ ਨਵੀਂ ਉਮੀਦ ਪੈਦਾ ਹੋ ਗਈ ਸੀ ਤੇ ਦੁਨੀਆਂ ਦੇ ਕਹਿੰਦੇ ਕਹਾਉਂਦੇ ਵਾਕਰ ਭੈ ਭੀਤ ਹੋ ਗਏ ਸਨ। ਭਾਰਤ ਨੂੰ ਓਲੰਪਿਕ ਖੇਡਾਂ `ਚੋਂ ਮੈਡਲ ਮਿਲਣ ਦੀ ਆਸ ਬੱਝ ਗਈ ਸੀ। ਪਰ ਕਿਸਮਤ ਨੇ ਜ਼ੋਰਾ ਸਿੰਘ ਦਾ ਸਾਥ ਨਾ ਦਿੱਤਾ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਉਹ ਪਹਿਲੇ ਤੀਹ ਕਿਲੋਮੀਟਰ ਸਭ ਤੋਂ ਮੂਹਰੇ ਰਿਹਾ। ਫਿਰ ਇੰਗਲੈਂਡ ਦਾ ਥਾਮਸ ਤੇ ਸੋਵੀਅਤ ਰੂਸ ਦਾ ਵਾਕਰ ਇੱਕ ਕਿਲੋਮੀਟਰ ਬਰਾਬਰ ਖਹਿ ਕੇ ਅੱਗੇ ਨਿਕਲ ਗਏ। ਡੇਢ ਕਿਲੋਮੀਟਰ ਫਾਸਲਾ ਰਹਿਣ ਵੇਲੇ ਤਕ ਉਹ ਤੀਜੇ ਨੰਬਰ ਉਤੇ ਸੀ। ਫਿਰ ਇੱਕ ਟੋਲੀ ਹੀ ਉਸ ਤੋਂ ਮੂਹਰੇ ਨਿਕਲ ਗਈ ਤੇ ਉਸ ਨੂੰ ਅੱਠਵਾਂ ਸਥਾਨ ਮਿਲਿਆ। ਭਾਰਤ ਦੇ ਕਿਸੇ ਅਥਲੀਟ ਲਈ ਓਲੰਪਿਕ ਖੇਡਾਂ ਵਿੱਚ ਅੱਠਵਾਂ ਸਥਾਨ ਹਾਸਲ ਕਰਨਾ ਵੀ ਵੱਡੀ ਪ੍ਰਾਪਤੀ ਹੈ।

ਰੋਮ ਦੀਆਂ ਓਲੰਪਿਕ ਖੇਡਾਂ ਤਕ ਪੁੱਜਣ ਤੋਂ ਪਹਿਲਾਂ ਉਸ ਨੇ ਘੱਟੋਘੱਟ ਪੰਜਾਹ ਹਜ਼ਾਰ ਮੀਲ ਵਗਣ ਦਾ ਅਭਿਆਸ ਕੀਤਾ ਹੋਵੇਗਾ। ਕਈ ਸਾਲ ਉਹ ਹਰ ਰੋਜ਼ ਪੱਚੀ ਤੀਹ ਮੀਲ ਵਗਣ ਦੀ ਪ੍ਰੈਕਟਿਸ ਕਰਦਾ ਰਿਹਾ ਸੀ। ਰੁੜਕੀ ਦਾ ਆਲਾ ਦੁਆਲਾ ਉਹਦੀਆਂ ਪੈੜਾਂ ਨਾਲ ਗਾਹਿਆ ਪਿਆ ਸੀ। ਉਸ ਦਾ ਜਨਮ 15 ਜੂਨ 1928 ਨੂੰ ਤਲਵੰਡੀ ਖੁਰਦ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਉਹ ਸਿਰਫ ਛੇ ਜਮਾਤਾਂ ਪੜ੍ਹ ਸਕਿਆ ਸੀ ਤੇ ਥੋੜ੍ਹਾ ਚਿਰ ਖੇਤੀ ਦਾ ਕੰਮ ਕਰ ਕੇ ਬੰਗਾਲ ਇੰਜਨੀਅਰਿੰਗ ਸੈਂਟਰ ਰੁੜਕੀ ਵਿੱਚ ਭਰਤੀ ਹੋ ਗਿਆ ਸੀ। ਰੰਗਰੂਟੀ ਉਸ ਨੇ ਰੁੜਕੀ ਵਿੱਚ ਕੀਤੀ ਤੇ ਲੜਾਈ ਲੜਨ ਲਈ ਉਸ ਨੂੰ ਇਰਾਨ ਤੇ ਇਰਾਕ ਜਾਣਾ ਪਿਆ। ਉਹ ਇੱਕ ਸਾਧਾਰਨ ਕਿਸਾਨ ਅਰੂੜ ਸਿੰਘ ਦਾ ਪੁੱਤਰ ਸੀ। ਉਹ ਪੰਜ ਭਰਾ ਸਨ ਤੇ ਸਾਰਿਆਂ ਦਾ ਖੇਤੀ ਉਤੇ ਗ਼ੁਜ਼ਾਰਾ ਮੁਸ਼ਕਲ ਸੀ।

ਪਿੰਡ ਵਿੱਚ ਜ਼ੋਰਾ ਸਿੰਘ ਕਬੱਡੀ ਖੇਡਦਾ ਸੀ ਤੇ ਫੌਜ ਵਿੱਚ ਜਾ ਕੇ ਵਾਲੀਵਾਲ ਖੇਡਣ ਲੱਗਾ। ਫਿਰ ਉਹ ਦੌੜਨ ਲੱਗ ਪਿਆ। ਉਸ ਨੇ ਚਾਰ ਸੌ ਮੀਟਰ ਦੀ ਦੌੜ 52.3 ਸੈਕੰਡ ਵਿੱਚ ਲਾਈ। ਜਦੋਂ ਦੌੜਾਂ ਵਿੱਚ ਉਹ ਕੋਈ ਮਾਅ੍ਹਰਕਾ ਨਾ ਮਾਰ ਸਕਿਆ ਤਾਂ ਪੱਚੀ ਸਾਲ ਦੀ ਉਮਰ ਵਿੱਚ ਵਗਣ ਲੱਗ ਪਿਆ। ਵਗਦਿਆਂ ਹਰੇਕ ਕਦਮ ਦੀ ਅੱਡੀ ਜ਼ਮੀਨ `ਤੇ ਪਹਿਲਾਂ ਲਾਉਣੀ, ਖੁੱਚ ਸਿੱਧੀ ਕਰਨੀ ਤੇ ਹਰ ਸਮੇਂ ਇੱਕ ਪੈਰ ਦਾ ਧਰਤੀ ਨਾਲ ਲਗਾਓ ਜ਼ਰੂਰੀ ਹੁੰਦਾ ਹੈ। ਦੌੜਨਾ ਫ਼ਾਊਲ ਗਿਣਿਆ ਜਾਂਦਾ ਹੈ। ਜੇ ਕਿਤੇ ਇਹੋ ਈਵੈਂਟ ਉਹ ਆਰੰਭ ਵਿੱਚ ਅਪਨਾ ਲੈਂਦਾ ਤਾਂ ਵਧੇਰੇ ਕਾਮਯਾਬ ਰਹਿੰਦਾ।

ਪਹਿਲਾਂ ਉਸ ਨੇ ਪੰਜ ਕਿਲੋਮੀਟਰ ਦੀ ਵਾਕ ਵਿੱਚ ਹਿੱਸਾ ਲਿਆ। ਇਹ ਵਾਕ ਉਸ ਨੇ ਬਾਈ ਮਿੰਟ ਵਿੱਚ ਪੂਰੀ ਕੀਤੀ। ਫਿਰ ਉਹ ਵੀਹ ਕਿਲੋਮੀਟਰ ਦੀ ਵਾਕ ਕਰਨ ਲੱਗਾ। ਪੰਜਾਬ ਸੈਂਟਰ ਦਾ ਹਰਨੇਕ ਸਿੰਘ 20 ਕਿਲੋਮੀਟਰ ਦੀ ਵਾਕ ਦਾ ਨੈਸ਼ਨਲ ਚੈਂਪੀਅਨ ਸੀ। ਉਹ ਕਿਹਾ ਕਰਦਾ ਸੀ, “ਵੀਹ ਕਿਲੋਮੀਟਰ ਦੀ ਵਾਕ ਤਾਂ ਮੇਰੀ ਪੇ-ਬੁੱਕ `ਤੇ ਲਿਖੀ ਹੋਈ ਐ।”

ਜ਼ੋਰਾ ਸਿੰਘ ਨੇ ਕਿਹਾ, “ਪੁੱਤਰਾ, ਅਗਲੀ ਵਾਰ ਜ਼ੋਰੇ ਦੀ ਪੇ-ਬੁੱਕ `ਤੇ ਆਊ। ਲੈ ਤਕੜਾ ਰਹੀਂ।”

ਵਾਕ ਸ਼ੁਰੂ ਹੋਈ। ਵੀਹ ਕਿਲੋਮੀਟਰ ਦਾ ਪੰਧ ਤਹਿ ਕਰਦਿਆਂ ਜ਼ੋਰਾ ਸਿੰਘ ਹਰਨੇਕ ਸਿੰਘ ਤੋਂ ਬਹੁਤ ਅੱਗੇ ਨਿਕਲ ਗਿਆ। ਵਿਕਟਰੀ ਸਟੈਂਡ ਉਤੇ ਖੜ੍ਹਿਆਂ ਜ਼ੋਰਾ ਸਿੰਘ ਨੇ ਗੱਲ ਰੜਕਾਈ, “ਕਿਉਂ ਨੇਕਿਆ, ਕੱਟ `ਤੀ ਨਾ ਤੇਰੀ ਪੇ-ਬੁੱਕ ਤੋਂ ਵਾਕ?”

ਇਉਂ ਉਸ ਦੀ ਚੜ੍ਹਤ ਦਾ ਦੌਰ ਸ਼ੁਰੂ ਹੋਇਆ। ਫੌਜ ਦੇ ਮੁਕਾਬਲਿਆਂ ਤੋਂ ਲੈ ਕੇ ਦੇਸ਼ ਭਰ ਦੀਆਂ ਅਥਲੈਟਿਕ ਮੀਟਾਂ ਵਿੱਚ ਉਸ ਨੇ ਸਭਨੀਂ ਥਾਈਂ ਨਵੇਂ ਰਿਕਾਰਡ ਕਾਇਮ ਕਰ ਦਿੱਤੇ। ਉਸ ਦੇ ਅਭਿਆਸ ਦਾ ਇਹ ਹਾਲ ਸੀ ਕਿ ਕਈ ਵਾਰ ਉਸ ਨੇ ਚਾਲੀ ਪੰਜਾਹ ਮੀਲ ਲਗਾਤਾਰ ਵਗੇ ਜਾਣਾ। ਉਹਦੇ ਕੈਨਵਸ ਦੇ ਬੂਟ ਮਸਾਂ ਦਸ ਪੰਦਰਾਂ ਦਿਨ ਕੱਟਦੇ। ਅੱਡੀਆਂ ਤੇ ਪੰਜੇ ਘਸ ਜਾਂਦੇ। ਪੈਰਾਂ ਦੇ ਨਹੁੰ ਸੁੱਕ ਜਾਣ ਦੇ ਬਾਵਜੂਦ ਉਹ ਵਗਣੋਂ ਨਾ ਰੁਕਦਾ। ਮੀਹ ਹਨ੍ਹੇਰੀ ਦੀ ਪਰਵਾਹ ਕੀਤੇ ਉਹ ਆਪਣਾ ਨਿੱਤਨੇਮ ਜਾਰੀ ਰੱਖਦਾ। ਉਸ ਨੂੰ ਕੋਈ ਸਾਇੰਟੇਫਿਕ ਸਿਖਲਾਈ ਨਹੀਂ ਸੀ ਮਿਲ ਰਹੀ। ਬੱਸ ਅੰਦਰਲੀ ਲਗਨ ਤੇ ਵਿਸ਼ਵ ਜੇਤੂ ਬਣਨ ਦੀ ਰੀਝ ਉਹਨੂੰ ਤੋਰੀ ਫਿਰਦੀ ਸੀ। ਇਹੋ ਰੀਝ ਮਿਲਖਾ ਸਿੰਘ ਵਿੱਚ ਸੀ। ਸਾਰੇ ਫੌਜੀ ਅਥਲੀਟ ਜਾਨ ਮਾਰ ਕੇ ਮਿਹਨਤ ਕਰਨ `ਚ ਯਕੀਨ ਰੱਖਦੇ ਸਨ। ਉਦੋਂ ਭਾਰਤ ਦੇ ਚੈਂਪੀਅਨ ਅਥਲੀਟ ਆਮ ਕਰ ਕੇ ਫੌਜੀ ਹੀ ਹੁੰਦੇ ਸਨ।

1952 ਤੋਂ ਇਟਲੀ ਦੇ ਜੀ.ਦੋਰਦੋਨੀ ਦਾ ਪੰਜਾਹ ਕਿਲੋਮੀਟਰ ਵਾਕ ਦਾ ਓਲੰਪਿਕ ਰਿਕਾਰਡ ਤੁਰਿਆ ਆਉਂਦਾ ਸੀ। 1959 ਵਿੱਚ ਜ਼ੋਰਾ ਸਿੰਘ ਨੇ ਇੱਕ ਮੀਟ ਵਿੱਚ ਦੋਰਦੋਨੀ ਨਾਲੋਂ ਬਿਹਤਰ ਸਮਾਂ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜ਼ੋਰਾ ਸਿੰਘ ਨੇ ਫੌਜ ਦੀ ਮੀਟ ਵਿੱਚ ਅਜੇ ਅੱਧਾ ਪੰਧ ਈ ਤਹਿ ਕੀਤਾ ਸੀ ਕਿ ਇੱਕ ਜੱਜ ਨੇ ਕਿਹਾ, “ਜੇਕਰ ਇਹੋ ਸਪੀਡ ਜਾਰੀ ਰੱਖੇਂ ਤਾਂ ਵਿਸ਼ਵ ਰਿਕਾਰਡ ਤੋੜ ਸਕਦੈਂ।” ਉਹੀ ਗੱਲ ਹੋਈ। ਜ਼ੋਰਾ ਸਿੰਘ ਨੇ ਲਗਭਗ ਦੋ ਮਿੰਟ ਦੇ ਸਮੇਂ ਨਾਲ ਦੋਰਦੋਨੀ ਦੇ ਓਲੰਪਿਕ ਰਿਕਾਰਡ ਨੂੰ ਮਾਤ ਪਾ ਦਿੱਤਾ।

1960 ਦੀਆਂ ਓਲੰਪਿਕ ਖੇਡਾਂ ਲਈ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ। ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੇ ਜਰਮਨੀ ਤੇ ਯੂਰਪ ਦੇ ਹੋਰ ਮੁਲਕਾਂ ਦੀਆਂ ਅੱਠ ਮੀਟਾਂ ਵਿੱਚ ਭਾਗ ਲਿਆ ਤੇ ਅੱਠਾਂ ਵਿੱਚ ਹੀ ਅੱਵਲ ਆਇਆ। ਜਦੋਂ ਰੋਮ ਦੀ ਓਲੰਪਿਕ ਵਾਕ ਸ਼ੁਰੂ ਹੋਈ ਤਾਂ ਟੀਮ ਅਧਿਕਾਰੀ ਤੇ ਤਿੰਨ ਚਾਰ ਭਾਰਤੀ ਜ਼ੋਰਾ ਸਿੰਘ ਦਾ ਹੌਂਸਲਾ ਵਧਾਉਣ ਲਈ ਹਾਜ਼ਰ ਸਨ। ਸ਼ਾਮ ਦਾ ਸਮਾਂ ਸੀ। ਪੰਜਾਹ ਕਿਲੋਮੀਟਰ ਵਾਕ ਦਾ ਅੰਤ ਸਾਢੇ ਚਾਰ ਘੰਟਿਆਂ ਤਕ ਹੋਣਾ ਸੀ। ਭਾਰਤੀ ਟੀਮ ਦੇ ਅਧਿਕਾਰੀ ਕਿਤੇ ਖਾਣ ਪੀਣ ਜਾ ਬੈਠੇ। ਖਾਂਦਿਆਂ ਪੀਂਦਿਆਂ ਉਹ ਜ਼ੋਰਾ ਸਿੰਘ ਨੂੰ ਭੁੱਲ ਹੀ ਗਏ।

ਜਦੋਂ ਵਾਕ ਖ਼ਤਮ ਹੋਈ ਤਾਂ ਜ਼ੋਰਾ ਸਿੰਘ ਨੂੰ ਬੁਕਲ ਵਿੱਚ ਲੈਣ ਵਾਲਾ ਕੋਈ ਨਹੀਂ ਸੀ। ਮੁਕਾਬਲੇ ਦੇ ਅਥਲੀਟਾਂ ਨੂੰ ਉਨ੍ਹਾਂ ਦੇ ਕੋਚ ਤੇ ਸਾਥੀ ਸੰਭਾਲ ਰਹੇ ਸਨ ਪਰ ਜ਼ੋਰਾ ਸਿੰਘ ਹਰਫਲਿਆ ਫਿਰ ਰਿਹਾ ਸੀ। ਸਟੇਡੀਅਮ ਦੀਆਂ ਬੱਤੀਆ ਜਗ ਰਹੀਆਂ ਸਨ ਪਰ ਵਿਤੋਂ ਬਾਹਰਾ ਜ਼ੋਰ ਲਾਉਣ ਕਾਰਨ ਉਸ ਨੂੰ ਕੁੱਝ ਵੀ ਸਾਫ ਨਹੀਂ ਸੀ ਦਿਸ ਰਿਹਾ। ਉਹ ਬੌਰਿਆਂ ਵਾਂਗ ਡੋਲਦਾ ਫਿਰਦਾ ਸੀ। ਗਰਮੀ, ਪਿਆਸ ਤੇ ਥਕਾਵਟ ਨੇ ਉਸ ਨੂੰ ਅਧਮੋਇਆ ਕਰ ਦਿੱਤਾ ਸੀ। ਪੰਜਾਹ ਕਿਲੋਮੀਟਰ ਦੀ ਖਹਿਵੀਂ ਵਾਕ ਸਾਰੀ ਸੱਤਿਆ ਮੁਕਾ ਦਿੰਦੀ ਹੈ। ਸਰੀਰ ਦਾ ਕਣ ਕਣ ਮੁਰਝਾ ਜਾਂਦਾ ਹੈ। ਲੜਖੜਾਉਂਦਾ ਉਹ ਪਾਣੀ ਦੀ ਟੂਟੀ ਕੋਲ ਅਪੜਿਆ। ਜਿਵੇਂ ਕਿਵੇਂ ਬਟਨ ਦੱਬਿਆ ਤਾਂ ਪਾਣੀ ਦੀ ਧਾਰ ਉਛਲੀ। ਉਸ ਨੇ ਮੂੰਹ ਹੇਠਾਂ ਕਰ ਦਿੱਤਾ। ਉਤੋਂ ਧਾਰ ਪੈ ਰਹੀ ਸੀ ਤੇ ਹੇਠਾਂ ਜੂੜੇ ਵਾਲਾ ਅਥਲੀਟ ਮੂੰਹ ਟੱਡੀ ਖੜ੍ਹਾ ਸੀ। ਕੁੱਝ ਪਾਣੀ ਸੰਗੋਂ ਥੱਲੇ ਉਤਰ ਰਿਹਾ ਸੀ ਤੇ ਬਾਕੀ ਮੁੱਛਾਂ ਤੇ ਦਾੜ੍ਹੀ ਵਿੱਚ ਦੀ ਥੱਲੇ ਡੁੱਲ੍ਹ ਰਿਹਾ ਸੀ। ਫੋਟੋਗਰਾਫਰਾਂ ਲਈ ਇਹ ਅਜੀਬ ‘ਪੋਜ਼’ ਸੀ। ਇਸ ਪੋਜ਼ ਦੀਆਂ ਤੁਰੰਤ ਤਸਵੀਰਾਂ ਖਿੱਚੀਆਂ ਗਈਆਂ ਜੋ ਇਸ ਕੈਪਸ਼ਨ ਨਾਲ ਅਖ਼ਬਾਰਾਂ ਵਿੱਚ ਛਪੀਆਂ-ਪੰਜਾਹ ਕਿਲੋਮੀਟਰ ਵਗਣ ਪਿੱਛੋਂ ‘ਰੀਲੈਕਸ’ ਹੋ ਰਿਹਾ ਸਿੰਘ।

ਪਾਣੀ ਪੀ ਕੇ ਪਿੱਛੇ ਮੁੜਦੇ ਜ਼ੋਰਾ ਸਿੰਘ ਨੂੰ ਇੱਕ ਪੱਤਰਕਾਰ ਨੇ ਪੁੱਛਿਆ, “ਇਸ ਤਰ੍ਹਾਂ ਦੀ ਹਾਲਤ ਵਿੱਚ ਪਾਣੀ ਪੀਣਾ ਤੁਹਾਨੂੰ ਨੁਕਸਾਨ ਤਾਂ ਨਹੀਂ ਪੁਚਾਵੇਗਾ?” ਜ਼ੋਰਾ ਸਿੰਘ ਦਾ ਉੱਤਰ ਸੀ, “ਇਹ ਫੋਕਾ ਪਾਣੀ ਐਂ। ਫੋਕਾ ਪਾਣੀ ਕੀ ਨੁਕਸਾਨ ਕਰੇਗਾ?”

ਫਿਰ ਉਹ ਉਸ ਥਾਂ ਆਇਆ ਜਿਥੇ ਉਸ ਨੇ ਟਰੈਕ ਸੂਟ ਲਾਹਿਆ ਸੀ। ਉਸ ਨੂੰ ਉਥੇ ਆਪਣਾ ਟਰੈਕ ਸੂਟ ਨਾ ਲੱਭਾ। ਮੁਕਾਬਲੇ ਪਿੱਛੋਂ ਜ਼ਰੂਰੀ ਹੁੰਦਾ ਹੈ ਕਿ ਟਰੈਕ ਸੂਟ ਪਹਿਨ ਲਿਆ ਜਾਵੇ ਤੇ ਸਰੀਰ ਨੂੰ ਹੌਲੀ ਹੌਲੀ ਠੰਢਾ ਹੋਣ ਦਿੱਤਾ ਜਾਵੇ। ਪਰ ਜ਼ੋਰਾ ਸਿੰਘ ਭਿੱਜੇ ਹੋਏ ਕੱਛੇ ਬੁਨੈਣ ਨਾਲ ਏਧਰ ਓਧਰ ਆਪਣਾ ਟਰੈਕ ਸੂਟ ਲੱਭਦਾ ਖਪਦਾ ਰਿਹਾ। ਅਖ਼ੀਰ ਅੱਧੇ ਘੰਟੇ ਬਾਅਦ ਉਸ ਨੂੰ ਟਰੈਕ ਸੂਟ ਨਸੀਬ ਹੋਇਆ। ਜਦੋਂ ਉਹ ਓਲੰਪਿਕ ਪਿੰਡ ਵਿੱਚ ਗਿਆ ਤਾਂ ਉਹਦੇ ਭਾਰਤੀ ਭਾਈ ਉਹਦੀ ਚੰਗੀ ਕਾਰਗੁਜ਼ਾਰੀ ਦੇ ਜਸ਼ਨ ਮਨਾ ਰਹੇ ਸਨ। ਟੀਮ ਅਧਿਕਾਰੀ ਕਹਿ ਰਹੇ ਸਨ ਕਿ ਦੁਨੀਆ `ਚ ਅੱਠਵੇਂ ਨੰਬਰ `ਤੇ ਆਉਣਾ ਵੀ ਭਾਰਤੀਆਂ ਲਈ ਪਹਿਲੇ ਨੰਬਰ `ਤੇ ਆਉਣ ਵਾਂਗ ਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿਹੋ ਜਿਹਾ ਵਰਤਾਅ ਜ਼ੋਰਾ ਸਿੰਘ ਨਾਲ ਹੋਇਆ, ਇਹੋ ਜਿਹੀ ਹਾਲਤ ਵਿੱਚ ਪੰਜਾਹ ਕਿਲੋਮੀਟਰ ਵਾਕ ਪੂਰੀ ਕਰ ਲੈਣੀ ਹੀ ਜੇਤੂ ਬਣਨ ਬਰਾਬਰ ਸੀ।

1962 ਵਿੱਚ ਜਪਾਨੀਆਂ ਨੇ ਜ਼ੋਰਾ ਸਿੰਘ ਨੂੰ ਟੋਕੀਓ ਦੀ ਇੱਕ ਮੀਟ ਵਿੱਚ ਸ਼ਾਮਲ ਹੋਣ ਲਈ ਸੱਦਿਆ। ਉਥੇ ਉਸ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ। ਖੇਡਾਂ ਵਿੱਚ ਉਸ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀ ਸਦਕਾ ਪਹਿਲਾਂ ਉਸ ਨੂੰ ਹੌਲਦਾਰੀ ਮਿਲੀ ਤੇ ਪਿੱਛੋਂ ਸੂਬੇਦਾਰੀ। 1964 ਵਿੱਚ ਉਸ ਨੇ ਐੱਨ.ਆਈ.ਐੱਸ.ਪਟਿਆਲਾ ਤੋਂ ਕੋਚਿੰਗ ਦਾ ਕੋਰਸ ਪਾਸ ਕਰ ਲਿਆ। ਉਹ ਛੇ ਸਾਲ ਫੌਜੀ ਵਾਕਰਾਂ ਦਾ ਕੋਚ ਰਿਹਾ ਤੇ ਫੌਜ `ਚੋਂ ਰਿਟਾਇਰ ਹੋ ਕੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੀ ਨੌਕਰੀ ਕਰ ਲਈ। 1984 ਵਿੱਚ ਉਹ ਉਸ ਨੌਕਰੀ ਤੋਂ ਵੀ ਰਿਟਾਇਰ ਹੋ ਗਿਆ ਤੇ ਉਸੇ ਸਾਲ ਉਸ ਦੀ ਪਤਨੀ ਭਗਵਾਨ ਕੌਰ ਗੁਜ਼ਰ ਗਈ। ਜੀਵਨ ਦੀ ਸ਼ਾਮ ਉਸ ਨੇ ਤਲਵੰਡੀ ਵਿੱਚ ਗੁਜ਼ਾਰੀ। ਉਸ ਦੇ ਤਿੰਨ ਧੀਆਂ ਤੇ ਤਿੰਨ ਪੁੱਤਰ ਸਨ। ਵਿਚਕਾਰਲੇ ਪੁੱਤਰ ਮੱਖਣ ਸਿੰਘ ਦੀ ਜੁਆਨੀ ਵਿੱਚ ਹੀ ਮ੍ਰਿਤੂ ਹੋ ਗਈ। ਆਖ਼ਰ ਪਤਨੀ ਤੇ ਪੁੱਤਰ ਦੇ ਵਿਛੋੜੇ ਦਾ ਸੱਲ ਜ਼ੋਰਾ ਸਿੰਘ ਨੂੰ ਵੀ ਲੈ ਬੈਠਾ।

ਮੈਂ ਜਿੰਨੀ ਵਾਰ ਵੀ ਉਸ ਨੂੰ ਮਿਲਿਆ ਸਾਂ ਉਸ ਦੀ ਨਿਮਰਤਾ ਤੇ ਸਾਦਗੀ ਤੋਂ ਪ੍ਰਭਾਵਤ ਹੋਇਆ ਸਾਂ। ਰੁਕ ਰੁਕ ਕੇ ਬੋਲਦਿਆਂ ਉਸ ਦੀਆਂ ਰਗਾਂ ਫੁੱਲ ਜਾਂਦੀਆਂ ਤੇ ਉਹ ਜਜ਼ਬਾਤੀ ਹੋ ਜਾਂਦਾ। ਇੱਕ ਵਾਰ ਮੈਂ ਉਹਦੇ ਪਿੰਡ ਗਿਆ। ਤਲਵੰਡੀ ਖੁਰਦ ਨੂੰ ਉਸ ਇਲਾਕੇ ਦੇ ਲੋਕ ਨੀਵੀਂ ਤਲਵੰਡੀ ਕਹਿੰਦੇ ਹਨ। ਉੱਚੀ ਤਲਵੰਡੀ ਲੰਘ ਕੇ ਮੈਂ ਨੀਵੀਂ ਤਲਵੰਡੀ ਦੇ ਇੱਕ ਬੰਦੇ ਕੋਲੋਂ ਉਹਦਾ ਘਰ ਪੁੱਛਿਆ ਤਾਂ ਉਹ ਕਹਿਣ ਲੱਗਾ, “ਜ਼ੋਰਾ ਸਿੰਘ ਕੌਣ?” ਮੈਂ ਹੈਰਾਨ ਹੋਇਆ ਕਿ ਜਿਹੜਾ ਜ਼ੋਰਾ ਸਿੰਘ ਓਲੰਪੀਅਨ ਹੈ ਉਸ ਨੂੰ ਉਹਦਾ ਪੇਂਡੂ ਭਰਾ ਵੀ ਨਹੀਂ ਜਾਣਦਾ। ਮੈਂ ਜ਼ੋਰਾ ਸਿੰਘ ਦੇ ਖਿਡਾਰੀ ਹੋਣ ਬਾਰੇ ਦੱਸਿਆ ਤਾਂ ਵੀ ਉਸ ਨੂੰ ਕੋਈ ਸਮਝ ਨਾ ਲੱਗੀ। ਮੈਂ ਉਹਦੇ ਰਿਟਾਇਰ ਫੌਜੀ ਹੋਣ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, “ਹੱਛਾ ਉਹ ਨਾਂ ਕਟੀਆ ਜ਼ੋਰਾ? ਉਹਦਾ ਘਰ ਸਾਮ੍ਹਣੇ ਐ, ਹਰੇ ਤਖਤਿਆਂ ਵਾਲਾ।”

ਮੈਂ ਘਰ ਅੰਦਰ ਗਿਆ ਤਾਂ ਬੈਠਕ ਵਿੱਚ ਉਹਦੀਆਂ ਕੁੰਢੀਆਂ ਮੁੱਛਾਂ ਵਾਲੀ ਤਸਵੀਰ ਵੇਖੀ। ਕੁੰਢੀਆਂ ਮੁੱਛਾਂ ਤੋਂ ਇੰਗਲੈਂਡ ਵਾਲੀ ਗੱਲ ਯਾਦ ਆ ਗਈ। ਇੰਗਲੈਂਡ ਵਿੱਚ ਜ਼ੋਰਾ ਸਿੰਘ ਹੋਰੀਂ ਪ੍ਰੈਕਟਿਸ ਕਰ ਕੇ ਮੁੜੇ ਤਾਂ ਇੱਕ ਅੰਗਰੇਜ਼ ਦੇ ਘਰੋਂ ਪਾਣੀ ਪੀਣ ਲਈ ਮੰਗਿਆ। ਐਨ ਉਵੇਂ ਜਿਵੇਂ ਪੰਜਾਬ ਵਿੱਚ ਰਾਹੀ ਪਾਂਧੀ ਕਿਸੇ ਘਰੋਂ ਲੱਸੀ ਪਾਣੀ ਪੀ ਜਾਂਦੇ ਹਨ। ਅੰਗਰੇਜ਼ ਸੁਆਣੀ ਨੇ ਉਨ੍ਹਾਂ ਨੂੰ ਪਾਣੀ ਪਿਆਇਆ। ਉਸ ਦਾ ਛੋਟਾ ਜਿਹਾ ਬੱਚਾ ਹੈਰਾਨੀ ਨਾਲ ਜ਼ੋਰਾ ਸਿੰਘ ਦਾ ਜੂੜਾ ਤੇ ਕੁੰਢੀਆਂ ਮੁੱਛਾਂ ਵੇਖਦਾ ਰਿਹਾ। ਜ਼ੋਰਾ ਸਿੰਘ ਨੇ ਲਾਡ ਨਾਲ ਬੱਚੇ ਨੂੰ ਕੁੱਛੜ ਚੁੱਕਿਆ ਤੇ ਥਪਥਪਾਇਆ। ਬੱਚਾ ਮੁਸਕਰਾਉਣ ਦੀ ਥਾਂ ਉਹਦੀਆਂ ਕੁੰਢੀਆਂ ਮੁੱਛਾਂ ਤੋਂ ਡਰਦਾ ਡਾਡਾਂ ਮਾਰਨ ਲੱਗ ਪਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸ ਬੱਚੇ ਨੂੰ ਬੁਖ਼ਾਰ ਹੋ ਗਿਆ। ਜਦੋਂ ਵੀ ਜ਼ੋਰਾ ਸਿੰਘ ਹੋਰੀਂ ਉਹਨਾਂ ਦੇ ਘਰ ਅੱਗੋਂ ਦੀ ਲੰਘਣ ਤਾਂ ਬੱਚਾ ਡਰ ਜਿਆ ਕਰੇ। ਇਹ ਗੱਲ ਬੱਚੇ ਦੇ ਪਿਤਾ ਨੇ ਜ਼ੋਰਾ ਸਿੰਘ ਹੋਰਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਹੋਰ ਰਸਤਾ ਅਪਨਾ ਲਿਆ ਤੇ ਜ਼ੋਰਾ ਸਿੰਘ ਨੇ ਮੁੱਛਾਂ ਦੇ ਕੁੰਢ ਵੀ ਕੱਢ ਦਿੱਤੇ।

ਮੈਂ ਜ਼ੋਰਾ ਸਿੰਘ ਨੂੰ ਪੁੱਛਿਆ ਸੀ, “ਕੋਈ ਖ਼ੁਸ਼ੀ ਦੀ ਘੜੀ ਦੱਸੋ ਜੋ ਮੁੜ ਮੁੜ ਚੇਤੇ ਆਉਂਦੀ ਹੋਵੇ?”

ਜ਼ੋਰਾ ਸਿੰਘ ਨੇ ਹੇਠਲੇ ਬੁੱਲ੍ਹ ਦੀ ਸੱਜੀ ਕੰਨੀ ਪਿੱਛੇ ਨੂੰ ਖਿੱਚਦਿਆਂ ਕਿਹਾ ਸੀ, “ਖ਼ੁਸ਼ੀ ਦੇ ਬੜੇ ਮੌਕੇ ਆਏ। ਇੱਕ ਵਾਰ ਕਿਸੇ ਵੱਡੇ ਬੰਦੇ ਨੇ ਬਾਹਰੋਂ ਆਉਣਾ ਸੀ। ਪਾਲਮ ਦੇ ਹਵਾਈ ਅੱਡੇ ਤੋਂ ਰਾਸ਼ਟਰਪਤੀ ਭਵਨ ਤਕ ਰੰਗ ਬਰੰਗੇ ਝੰਡੇ ਲੱਗੇ ਹੋਏ ਸੀ। ਮੈਂ ਵਾਕ ਦੀ ਪ੍ਰੈਕਟਿਸ ਕਰਨ ਨਿਕਲਿਆ। ਜਦੋਂ ਮੈਂ ਝੰਡਿਆਂ ਵਾਲੀ ਸੜਕ `ਤੇ ਪਿਆ ਤਾਂ ਇਉਂ ਲੱਗਾ ਜਿਵੇਂ ਉਡਦਾ ਹੋਵਾਂ। ਪੈਰ ਆਪਣੇ ਆਪ ਉਠਣ ਤੇ ਫਰ ਫਰ ਕਰਦੇ ਝੰਡੇ ਪਿੱਛੇ ਭੱਜੇ ਜਾਣ। ਮੈਨੂੰ ਐਂ ਲੱਗੀ ਜਾਵੇ ਬਈ ਜੇ ਏਨੀ ਵਧੀਆ ਸੜਕ ਹੋਵੇ ਤੇ ਐਂ ਝੰਡੇ ਲੱਗੇ ਹੋਣ ਤਾਂ ਮੈਰਾਥਨ ਵਾਲਿਆਂ ਨੂੰ ਵੀ ਮੂਹਰੇ ਨਾ ਨਿਕਲਣ ਦੇਵਾਂ। ਓਦਣ ਚਿੱਤ ਬਹੁਤ ਖ਼ੁਸ਼ ਹੋਇਆ।”

ਖ਼ੁਰਾਕ ਬਾਰੇ ਪੁੱਛਣ `ਤੇ ਉਹਨੇ ਕਿਹਾ ਸੀ, “ਜਦੋਂ ਮੈਂ ਛੁੱਟੀ ਕੱਟ ਕੇ ਪਿੰਡੋਂ ਰੁੜਕੀ ਨੂੰ ਜਾਂਦਾ ਸੀ ਤਾਂ ਹਰ ਵਾਰ ਘਿਓ ਦਾ ਪੀਪਾ ਲੈ ਕੇ ਜਾਂਦਾ ਸੀ। ਘਰ ਵਾਲੇ ਕਹਿੰਦੇ ਸੀ, ਖੇਡ ਕਰਨੀ ਐਂ ਤਾਂ ਚੰਗੀ ਤਰ੍ਹਾਂ ਕਰ। ਹੋਰ ਵੀ ਖ਼ੁਰਾਕ ਮਿਲ ਜਾਂਦੀ ਸੀ। ਜ਼ੋਰ ਵੀ ਬਹੁਤ ਲੱਗਦਾ ਸੀ। ਖ਼ੁਰਾਕ ਨਾਂ ਹੋਵੇ ਤਾਂ ਵਾਕ ਵਾਲਾ ਹੱਡੀਆਂ ਦਾ ਪਿੰਜਰ ਬਣ ਜਾਂਦੈ। ਇਹ ਕੰਮ ਮਾੜੇ ਧੀੜੇ ਦੇ ਕਰਨ ਵਾਲਾ ਨੀ।”

ਲੰਮੀਆਂ ਵਾਟਾਂ ਦਾ ਪਾਂਧੀ ਹੋਣ ਕਾਰਨ ਉਹਦੀ ਤੋਰ ਹੀ ਆਮ ਆਦਮੀਆਂ ਨਾਲੋਂ ਵੱਖਰੀ ਸੀ। ਸੁਤੇ ਸਿੱਧ ਖੜ੍ਹਾ ਵੀ ਉਹ ਵਗਣ ਲਈ ਤਿਆਰ ਲੱਗਦਾ ਸੀ। ਆਖ਼ਰੀ ਵਾਰ ਮੈਂ ਉਹਦੇ ਦਰਸ਼ਨ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੀਤੇ ਸਨ। 2001 ਵਿੱਚ ਲੁਧਿਆਣੇ ਕੌਮੀ ਖੇਡਾਂ ਹੋਈਆਂ ਸਨ। ਉਹ ਪੁਰਾਣੇ ਖਿਡਾਰੀਆਂ ਦੀ ਕਤਾਰ ਵਿੱਚ ਬੈਠਾ ਸੀ। ਉਹਦਾ ਪੋਤਾ ਉਸ ਨੂੰ ਲੈ ਕੇ ਆਇਆ ਸੀ। ਉਸ ਦੀ ਹਾਲਤ ਮੰਦੀ ਜਾਪਦੀ ਸੀ। ਕਹਿਣ ਲੱਗਾ, “ਸੰਗਤ ਦਰਸ਼ਨ ਵੇਲੇ ਹੋਰਨਾਂ ਨੂੰ ਤਾਂ ਪੱਚੀ ਪੱਚੀ ਹਜ਼ਾਰ ਮਿਲ ਗਿਆ ਪਰ ਮੈਨੂੰ ਕਿਸੇ ਪੁੱਛਿਆ ਈ ਨੀ। ਤੁਸੀਂ ਅਖ਼ਬਾਰ ਵਿੱਚ ਲਿਖ ਦਿਓ ਸ਼ੈਂਤ ਮਿਲ ਜਾਣ।” ਲਿਖਣ ਨੂੰ ਤਾਂ ਮੈ ਲਿਖ ਦਿੱਤਾ ਪਰ ਮੈਨੂੰ ਨਹੀਂ ਪਤਾ ਉਸ ਬਿਰਧ ਚੈਂਪੀਅਨ ਨੂੰ ਪੱਚੀ ਹਜ਼ਾਰ ਮਿਲ ਗਿਆ ਸੀ ਜਾਂ ਨਹੀਂ? ਹੁਣ ਪਤਾ ਲੱਗਾ ਹੈ ਕਿ ਪਿੱਛੇ ਜਿਹੇ ਉਹਦੀ ਲੱਤ `ਚ ਚੀਸ ਪਈ ਤੇ ਉਹ ਮੁੱਲਾਂਪੁਰ ਡਾਕਟਰ ਕੋਲ ਚਲਾ ਗਿਆ। ਦਵਾਈ ਲੈਂਦਿਆਂ ਲੱਤ ਸੋਜ਼ ਨਾਲ ਲਾਲ ਹੋ ਗਈ ਤੇ ਪੰਜਵੇਂ ਦਿਨ 9 ਅਕਤੂਬਰ 2005 ਨੂੰ ਉਹ ਉਥੇ ਚਲਾ ਗਿਆ ਜਿਥੋਂ ਕੋਈ ਮੁੜ ਕੇ ਨਹੀਂ ਪਰਤਦਾ। ਭਾਰਤ ਦੇ ਬਹੁਤੇ ਚੈਂਪੀਅਨਾਂ ਦਾ ਅੰਤ ਇੰਜ ਹੀ ਹੁੰਦੈ। ਤੇ ਕੋਈ ਪਤਾ ਨਹੀਂ ਕਦੋ ਤਕ ਉਹ ਗੁੰਮਨਾਮੀ `ਚ ਜੀਂਦੇ ਤੇ ਮਰਦੇ ਰਹਿਣਗੇ?

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ ‘ਵਰਲਡ ਕੱਪ’ ਕਰਾਉਣ ਦਾ ਨਿਸ਼ਚਾ ਕਰੀ ਬੈਠੇ ਹਨ। ਉਨ੍ਹਾਂ ਨੇ ਮੈਨੂੰ ਤੇ ਕਬੱਡੀ ਦੇ ਪ੍ਰਸਿੱਧ ਖਿਡਾਰੀ ਦੇਵੀ ਦਿਆਲ ਨੂੰ ਸੱਦਾ ਦਿੱਤਾ ਕਿ ਅਸੀਂ ਐਡਮਿੰਟਨ ਕਬੱਡੀ ਮੇਲੇ ਦੇ ਮਹਿਮਾਨ ਬਣੀਏ। ਮੈਨੂੰ ਖੇਡ ਮੇਲਿਆਂ ਦੇ ਸੱਦੇ ਇਸ ਲਈ ਵੀ ਮਿਲ ਜਾਂਦੇ ਹਨ ਕਿ ਮੈਂ ਮੇਲਾ ਵੇਖ ਕੇ ਫਿਰ ਲਿਖਤ ਰਾਹੀਂ ਉਹ ਮੇਲਾ ਪਾਠਕਾਂ ਨੂੰ ਵੀ ਵਿਖਾ ਦਿੰਦਾ ਹਾਂ। ਖੇਡ ਮੇਲੇ ਨੂੰ ਅੱਖੀਂ ਵੇਖਣ ਵਾਲੇ ਕੁੱਝ ਹਜ਼ਾਰ ਹੁੰਦੇ ਹਨ ਜਦ ਕਿ ਪੜ੍ਹਨ ਵਾਲੇ ਬੇਸ਼ੁਮਾਰ ਹੁੰਦੇ ਹਨ।

ਇੰਦਰਜੀਤ ਤੇ ਗੁਰਚਰਨ ਧਾਲੀਵਾਲ ਹੋਰਾਂ ਨੂੰ ਮਸ਼ਹੂਰੀ ਕਰਨੀ ਕਰਾਉਣੀ ਆਉਂਦੀ ਹੈ। ਉਨ੍ਹਾਂ ਦੇ ਨਾਲ ਪੱਤਰਕਾਰ ਹਰਪ੍ਰੀਤ ਸਿੰਘ ਹੈ। ਉਹ ਸੁਰਮਾ ਪਾਉਂਦੇ ਵੀ ਹਨ ਤੇ ਸੁਰਮਾ ਮਟਕਾਉਣਾ ਵੀ ਜਾਣਦੇ ਹਨ। ਐਡਮਿੰਟਨ ਕਬੱਡੀ ਕੱਪ ਨੂੰ ਸਮੂਹ ਐਡਮਿੰਟਨ ਨਿਵਾਸੀਆਂ ਦਾ ਸਾਂਝਾ ਖੇਡ ਮੇਲਾ ਕਹਿ ਕੇ ਏਨਾ ਪਰਚਾਰਿਆ ਗਿਆ ਕਿ ਅਲਬਰਟਾ ਦੇ ਸਮੂਹ ਪੰਜਾਬੀ ਉਸ ਨੂੰ ਪੱਬਾਂ ਭਾਰ ਹੋ ਕੇ ਉਡੀਕਦੇ ਰਹੇ। ਅਜੋਕੇ ਜ਼ਮਾਨੇ ਵਿੱਚ ਪਰਚਾਰ ਦਾ ਬੜਾ ਰੋਲ ਹੈ। ਕਿਲਾ ਰਾਇਪੁਰ ਦੀਆਂ ਖੇਲ੍ਹਾਂ ਪਰਚਾਰ ਦੇ ਸਿਰ `ਤੇ ਪੇਂਡੂ ਓਲੰਪਿਕ ਖੇਡਾਂ ਕਹੀਆਂ ਜਾਂਦੀਆਂ ਹਨ। ਸਾਨੂੰ ਇਹ ਵੇਖ ਕੇ ਬੜੀ ਖ਼ੁਸ਼ੀ ਹੋਈ ਕਿ ਐਡਮਿੰਟਨ ਦਾ ਕਬੱਡੀ ਕੱਪ ਕੀਤੀ ਗਈ ਮਸ਼ਹੂਰੀ ਉਤੇ ਖਰਾ ਉਤਰਿਆ। ਉਥੇ ਕਬੱਡੀ ਦੇ ਮੈਚ ਵੀ ਬੜੇ ਤਕੜੇ ਹੋਏ, ਤੀਆਂ ਵੀ ਵਧੀਆ ਲੱਗੀਆਂ ਤੇ ਦਰਸ਼ਕ ਵੀ ਬੜੀ ਵੱਡੀ ਗਿਣਤੀ ਵਿੱਚ ਢੁੱਕੇ। ਪੀਣ ਖਾਣ ਵਾਲੇ ਵੀ ਜ਼ਾਬਤੇ ਵਿੱਚ ਰਹੇ। ਮੌਸਮ ਸਾਫ ਤੇ ਖੇਡ ਮੈਦਾਨ ਨਰਮ ਘਾਹ ਵਾਲਾ ਹੋਣ ਕਾਰਨ ਕਿਸੇ ਖਿਡਾਰੀ ਦੇ ਕੋਈ ਸੱਟ ਫੇਟ ਨਹੀਂ ਲੱਗੀ। ਅਜਿਹਾ ਖੇਡ ਮੇਲਾ ਵੇਖ ਕੇ ਹੋਰਨਾਂ ਸ਼ਹਿਰਾਂ ਦੇ ਖੇਡ ਪ੍ਰੇਮੀਆਂ ਦਾ ਵੀ ਖੇਡ ਮੇਲਾ ਮਨਾਉਣ ਨੂੰ ਦਿਲ ਕਰ ਆਉਂਦੈ।

ਟੋਰਾਂਟੋ ਤੋਂ ਅਸੀਂ ਸਵੱਖਤੇ ਈ ਕੈਲਗਰੀ ਨੂੰ ਹਵਾਈ ਜਹਾਜ਼ ਚੜ੍ਹਨਾ ਸੀ। ਉਸ ਵੇਲੇ ਕੰਮਾਂ ਕਾਰਾਂ `ਤੇ ਜਾਣ ਵਾਲੀਆਂ ਸਵਾਰੀਆਂ ਦੀਆਂ ਕਤਾਰਾਂ ਬੱਝੀਆਂ ਖੜ੍ਹੀਆਂ ਸਨ। ਫਰਕ ਏਨਾ ਹੀ ਸੀ ਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਵਾਂਗ ਧੱਕਾ ਨਹੀਂ ਪੈ ਰਿਹਾ। ਲੁਧਿਆਣੇ ਬਾਰੇ ਤਾ ਮੱਖਣ ਸਿੰਘ ਵੀ ਕੁਮੈਂਟਰੀ ਕਰਦਿਆ ਕਹਿੰਦਾ ਹੈ-ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ ਲਧਿਆਣੇ ਟੇਸਣ `ਤੇ। ਅਸੀਂ ਮਸ਼ੀਨ ਦੇ ਬਟਨ ਦੱਬ ਕੇ ਆਪਣੇ ਬੋਰਡਿੰਗ ਕਾਰਡ ਕੱਢੇ। ਹਰ ਕੋਈ ਕਾਹਲਾ ਪਿਆ ਲੱਗਦਾ ਸੀ। ਹਵਾਈ ਜਹਾਜ਼ ਪੱਛਮੀ ਮੁਲਕਾਂ ਵਿੱਚ ਅਸਮਾਨੀ ਟੈਕਸੀਆਂ ਬਣੇ ਪਏ ਹਨ। ਮੈਂ ਇੰਦਰਜੀਤ ਹੋਰਾਂ ਨੂੰ ਦੱਸ ਦਿੱਤਾ ਸੀ ਕਿ ਤੀਹ ਜੂਨ ਨੂੰ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਵੇਖਣਾ ਹੈ, ਇੱਕ ਜੁਲਾਈ ਨੂੰ ਕੈਲਗਰੀ ਦੇ ਕਬੱਡੀ ਟੂਰਨਾਮੈਂਟ ਵਿੱਚ ਹਾਜ਼ਰੀ ਲੁਆਉਣੀ ਹੈ ਤੇ ਦੋ ਜੁਲਾਈ ਨੂੰ ਐਡਮਿੰਟਨ ਦਾ ਕਬੱਡੀ ਮੇਲਾ ਵੇਖਾਂਗੇ। ਉਨ੍ਹਾਂ ਨੇ ਮੇਰੀ ਤੇ ਦੇਵੀ ਦਿਆਲ ਦੀ ਟਿਕਟ ਵਾਇਆ ਕੈਲਗਰੀ ਬਣਵਾ ਦਿੱਤੀ ਸੀ।

ਟੋਰਾਂਟੋ ਦੇ ਹਵਾਈ ਉਤੇ ਸਾਡੇ ਵਾਲੀ ਉਡਾਣ ਵਿੱਚ ਕੈਲਗਰੀ ਜਾ ਰਹੀ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ਮਿਲ ਪਈ ਜਿਸ ਨੇ ਸਿਰ ਦੇ ਵਾਲਾਂ ਦਾ ਸਟਾਈਲ ਮੁੰਡਿਆਂ ਵਰਗਾ ਬਣਾ ਲਿਆ ਹੋਇਆ ਸੀ। ਉਹ ‘ਕਲਮਾਂ ਦੇ ਕਾਫ਼ਲੇ’ ਦੀ ਸਰਗਰਮ ਮੈਂਬਰ ਹੈ ਤੇ ਟੀ.ਵੀ.`ਤੇ ਆਉਂਦੀ ਰਹਿੰਦੀ ਹੈ। ਗੁੱਤ ਦੀ ਥਾਂ ਉਹਦੇ ਪਟੇ ਸ਼ੋਭ ਰਹੇ ਸਨ। ਸਿਰ ਦੇ ਵਾਲਾਂ ਤੋਂ ਉਹ ਤ੍ਰੇਹਟ ਸਾਲਾਂ ਦੀ ਥਾਂ ਤਰਤਾਲੀ ਸਾਲਾਂ ਦੀ ਦਿਸਣ ਲੱਗੀ ਸੀ। ਉਸ ਨੂੰ ਲਿਖਾਰੀ ਸਭਾ ਕੈਲਗਰੀ ਵੱਲੋਂ ਇਕਬਾਲ ਅਰਪਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ। ਉਹ ਦੁਆਬੇ ਦੇ ਪਿੰਡ ਮੁਕੰਦਪੁਰ ਦੀ ਜੰਮੀ ਜਾਈ ਹੈ ਜਿਥੋਂ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿੱਚ ਮੈਂ ਪ੍ਰਿੰਸੀਪਲ ਰਿਹਾ ਸਾਂ। ਉਹਦੇ ਨਾਲ ਮੁਕੰਦਪੁਰ ਦੀਆਂ ਗੱਲਾਂ ਹੁੰਦੀਆਂ ਗਈਆਂ ਤੇ ਮੁਕੰਦਪੁਰ ਦੀਆਂ ਬੀਹੀਆਂ ਤੇ ਖੇਤ ਮੁੜ-ਮੁੜ ਅੱਖਾਂ ਅੱਗੇ ਆਉਂਦੇ ਗਏ।

ਹਵਾਈ ਸਫ਼ਰ ਦੌਰਾਨ ਮੈਂ ਸਵਾਰੀਆਂ ਦੇ ਚਿਹਰੇ ਮੋਹਰੇ ਨਿਹਾਰਦਾ ਰਹਿੰਦਾ ਹਾਂ। ਉਨ੍ਹਾਂ ਦੀ ਚੁੱਪ, ਉਦਾਸੀ ਤੇ ਤੱਕਣੀ ਤੋਂ ਸੋਚੀਦੈ ਪਈ ਉਹ ਕੀ ਸੋਚਦੀਆਂ ਹੋਣਗੀਆਂ? ਇੰਜ ਖੇਡ ਪਏ ਰਹੀਦਾ ਜਿਸ ਨਾਲ ਸਫਰ ਦਾ ਪਤਾ ਨਹੀਂ ਲੱਗਦਾ। ਕਈ ਸਵਾਰੀਆਂ ਪੜ੍ਹਨ ਵਿੱਚ ਮਗਨ ਹੁੰਦੀਆਂ ਨੇ ਤੇ ਕਈ ਟੀ.ਵੀ.ਵੇਖਣ ਜਾਂ ਸੰਗੀਤ ਸੁਣਨ ਵਿੱਚ ਰੁੱਝੀਆਂ ਹੁੰਦੀਆਂ ਨੇ। ਮੈਂ ਵੇਖਿਆ ਇੱਕ ਮੇਮ ਦੇਵੀ ਦਿਆਲ ਦੇ ਗੁੰਦੇ ਹੋਏ ਡੌਲੇ ਨਿਹਾਰ ਰਹੀ ਸੀ। ਦੇਵੀ ਦਿਆਲ ਵੀਹ ਵਰ੍ਹੇ ਕਬੱਡੀ ਖੇਡਿਆ ਪਰ ਉਸ ਨੇ ਆਪਣੇ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੱਤੀ। ਉਹ ਸਹੇ ਵਾਂਗ ਛਾਲਾਂ ਮਾਰਦਾ ਤੇ ਸਕਿੰਟਾਂ `ਚ ਅਹੁ ਜਾਂਦਾ। ਆਪਣੇ ਸਮੇਂ ਦਾ ਉਹ ਦਰਸ਼ਨੀ ਖਿਡਾਰੀ ਸੀ ਤੇ ਹੁਣ ਸੱਠ ਸਾਲ ਦੀ ਉਮਰ ਵਿੱਚ ਵੀ ਏਨਾ ਕੁ ਬਣਦਾ ਫੱਬਦਾ ਹੈ ਕਿ ਮੇਮ ਮੁੜ-ਮੁੜ ਉਹਦੇ ਵੱਲ ਵੇਖ ਰਹੀ ਸੀ। ਇਹ ਉਹਦੀਆਂ ਖਾਧੀਆਂ ਦੇਸੀ ਖੁਰਾਕਾਂ, ਮਾਰੀਆਂ ਮਿਹਨਤਾਂ ਤੇ ਖੇਡੀਆਂ ਕਬੱਡੀਆਂ ਦਾ ਫਲ ਹੈ ਕਿ ਉਹ ਅਜੇ ਵੀ ਪੂਰਾ ਫਿੱਟ ਹੈ। ਉਹ ਹੁਣ ਵੀ ਡੰਡ ਬੈਠਕਾਂ ਕੱਢਦਾ ਤੇ ਜਿਮ ਜਾਂਦਾ ਹੈ। ਪਰ ਅੱਜ ਕੱਲ੍ਹ ਦੇ ਕਈ ਕਬੱਡੀ ਖਿਡਾਰੀ ਕੈਪਸੂਲਾਂ ਤੇ ਟੀਕਿਆਂ ਨਾਲ ਮੱਸਲ ਬਣਾਉਣ ਲੱਗ ਪਏ ਹਨ ਜਿਨ੍ਹਾਂ ਦੀ ਫੂਕ ਬੜੀ ਛੇਤੀ ਨਿਕਲ ਜਾਣੀ ਹੈ। ਸੱਠ ਸਾਲ ਦੇ ਹੋ ਕੇ ਤਾਂ ਸ਼ਾਇਦ ਉਹ ਉੱਠਣ ਬੈਠਣ ਜੋਗੇ ਹੀ ਨਾ ਰਹਿਣ। ਅਸੀਂ ਕਬੱਡੀ ਦੀਆਂ ਗੱਲਾਂ ਕਰਦੇ ਕੈਲਗਰੀ ਅੱਪੜੇ ਜਿਥੇ ਦੇਵੀ ਦੇ ਪਿੰਡ ਕੁੱਬਿਆਂ ਦਾ ਜੱਸੀ ਸਾਨੂੰ ਪਹਿਲਾਂ ਹੀ ਲੈਣ ਆਇਆ ਖੜ੍ਹਾ ਸੀ।

ਅਗਲੇ ਦਿਨ ਅਸੀਂ ਵਾਈਟਹਾਰਨ ਦੇ ਕਮਿਊਨਿਟੀ ਹਾਲ ਵਿੱਚ ਗਏ ਜਿਥੇ ਲਿਖਾਰੀ ਸਭਾ ਕੈਲਗਰੀ ਆਪਣਾ ਸਾਲਾਨਾ ਸਮਾਗਮ ਕਰ ਰਹੀ ਸੀ। ਮੈਂ ਦੇਸ਼ ਦੀਆਂ ਅਨੇਕਾਂ ਸਾਹਿਤ ਸਭਾਵਾਂ ਦੇ ਸਮਾਗਮ ਵੇਖੇ ਹਨ। ਕਈ ਸਮਾਗਮਾਂ ਦੀ ਰੌਣਕ ਵਧਾਉਣ ਲਈ ਸਾਨੂੰ ਵਿਦਿਆਰਥੀ ਵੀ ਲਿਜਾਣੇ ਪੈਂਦੇ ਸਨ। ਪੰਜਾਬ ਦੇ ਸਾਹਿਤ ਸਮਾਗਮਾਂ ਵਿੱਚ ਹੁਣ ਪਹਿਲਾਂ ਜਿੰਨਾ `ਕੱਠ ਨਹੀਂ ਹੁੰਦਾ। ਕਈ ਵਾਰ ਲੁਧਿਆਣੇ ਦੇ ਪੰਜਾਬੀ ਭਵਨ ਦਾ ਸੈਮੀਨਾਰ ਹਾਲ ਅੱਧਾ ਵੀ ਨਹੀਂ ਭਰਦਾ। ਪਰ ਕੈਲਗਰੀ ਵਿੱਚ ਡੇਢ ਦੋ ਸੌ ਸਾਹਿਤ ਪ੍ਰੇਮੀ ਜੁੜੇ ਬੈਠੇ ਸਨ। ਉਥੋਂ ਦੀ ਲਿਖਾਰੀ ਸਭਾ ਮਰਹੂਮ ਇਕਬਾਲ ਅਰਪਨ ਦੇ ਉੱਦਮ ਨਾਲ ਹੋਂਦ ਵਿੱਚ ਆਈ ਸੀ। ਉਸ ਦੀ ਯਾਦ ਵਿੱਚ ਹੀ ਬਲਬੀਰ ਕੌਰ ਨੂੰ ਅਵਾਰਡ ਦਿੱਤਾ ਜਾ ਰਿਹਾ ਸੀ। ਮੇਰੀ ਬੋਲਣ ਦੀ ਵਾਰੀ ਆਈ ਤਾਂ ਮੈਂ ਅਵਾਰਡ ਦੀ ਵਧਾਈ ਦੇਣ ਦੇ ਨਾਲ ਲਿਖਾਰੀ ਸਭਾ ਦੀ ਯਥਾਯੋਗ ਪਰਸੰਸਾ ਕੀਤੀ। ਆਖਿਆ ਕਿ ਇਹ ਸਭਾ ਹੋਰਨਾਂ ਸਾਹਿਤ ਸਭਾਵਾਂ ਲਈ ਮਾਡਲ ਹੋ ਸਕਦੀ ਹੈ।

ਸਮਾਗਮ ਵਿੱਚ ਜੋ ਕਵਿਤਾਵਾਂ, ਗੀਤ, ਚੁਟਕਲੇ ਤੇ ਵਿਚਾਰ ਪੇਸ਼ ਕੀਤੇ ਗਏ ਉਹ ਉੱਚ ਮਿਆਰ ਦੇ ਸਨ। ਰਾਤ ਦੇ ਖਾਣੇ ਸਮੇਂ ਜਿਹੜਾ ਕਵੀ ਦਰਬਾਰ ਹੋਇਆ ਉਹ ਵੀ ਕਮਾਲ ਦਾ ਸੀ। ਅੱਗੇ ਕਿਹਾ ਜਾਂਦਾ ਸੀ ਕਿ ਪਰਵਾਸੀ ਲੇਖਕਾਂ ਦੀਆਂ ਸਭਾਵਾਂ ਨੂੰ ਪੰਜਾਬ ਦੀਆਂ ਲੇਖਕ ਸਭਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਕੈਲਗਰੀ ਦੀ ਸਭਾ ਵੇਖ ਕੇ ਕਿਹਾ ਜਾ ਸਕਦੈ ਕਿ ਹੁਣ ਪੰਜਾਬ ਦੀਆਂ ਸਾਹਿਤ ਸਭਾਵਾਂ ਨੂੰ ਪਰਵਾਸੀਆਂ ਦੀਆਂ ਸਾਹਿਤ ਸਭਾਵਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਹੁਣ ਵਿਦੇਸ਼ਾਂ ਵਿੱਚ ਵੀ ਚੰਗਾ ਪੰਜਾਬੀ ਸਾਹਿਤ ਰਚਿਆ ਜਾ ਰਿਹੈ। ਉਥੇ ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਵੀ ਆਪਣੀਆਂ ਪ੍ਰਕਾਸ਼ਨਾਂ ਲੈ ਕੇ ਹਾਜ਼ਰ ਸੀ ਜਿਸ ਦੀਆਂ ਕਾਫੀ ਕਿਤਾਬਾਂ ਮੌਕੇ ਉਤੇ ਹੀ ਵਿਕ ਗਈਆਂ।

ਇਕ ਜੁਲਾਈ ਦਾ ਦਿਨ ਨਿੱਖਰੀ ਧੁੱਪ ਵਾਲਾ ਚੜ੍ਹਿਆ ਜਿਹੜਾ ਕਿ ਕੈਨੇਡਾ ਦਿਵਸ ਵੀ ਸੀ। ਕੰਮਾਂ ਦੇ ਭੰਨੇ ਲੋਕ ਛੁੱਟੀ ਦਾ ਜਸ਼ਨ ਮਨਾ ਰਹੇ ਸਨ। ਛੁੱਟੀ ਦੀ ਕਦਰ ਉਸੇ ਨੂੰ ਹੁੰਦੀ ਹੈ ਜਿਸ ਨੂੰ ਕੰਮਾਂ ਕਾਰਾਂ `ਚੋਂ ਮਸਾਂ ਵਿਹਲ ਮਿਲੇ। ਪੱਛਮੀ ਮੁਲਕਾਂ ਵਿੱਚ ਤਦੇ ਤਾਂ ਸੁਆਣੀਆਂ ਕਹਿੰਦੀਆਂ ਹਨ-ਐਤਵਾਰਾ ਆਈਂ ਵੇ ਸਾਨੂੰ ਸਾਹ ਦੁਆਈਂ ਵੇ। ਸਾਹ ਤਾਂ ਖ਼ੈਰ ਐਤਵਾਰ ਵੀ ਨਹੀਂ ਲੈਣ ਦਿੰਦਾ ਕਿਉਂਕਿ ਸਾਰੇ ਹਫ਼ਤੇ ਦਾ ਘਰੇਲੂ ਕੰਮ ਉਸੇ ਦਿਨ ਕਰਨਾ ਹੁੰਦੈ। ਪੰਜਾਬ ਵਿੱਚ ਛੁੱਟੀ ਦਾ ਉਹ ਅਹਿਸਾਸ ਨਹੀਂ ਜੋ ਪੱਛਮੀ ਮੁਲਕਾਂ ਵਿੱਚ ਹੈ। ਉਥੇ ਤਾਂ ਸਦਾ ਹੀ ਛੁੱਟੀਆਂ ਹਨ ਤੇ ਡੇਰਿਆਂ ਦੀ ਬਹਾਰ ਵੀ ਸਦਾਬਹਾਰ ਛੁੱਟੀਆਂ ਕਰਕੇ ਹੀ ਹੈ। ਪੰਜਾਬ ਏਨਾ ਵਿਹਲਾ ਨਾ ਹੋਵੇ ਤਾਂ ਨੌਂ ਹਜ਼ਾਰ ਡੇਰਿਆਂ ਤੇ ਛੱਤੀ ਹਜ਼ਾਰ ਗੁਰਦੁਆਰਿਆਂ ਨੂੰ ਸੰਗਤ ਕਿਥੋਂ ਮਿਲੇ? ਤੀਰਥਾਂ ਦੀ ਯਾਤਰਾ ਤੇ ਲੱਖਾਂ ਲੋਕਾਂ ਦੀਆਂ ਰੈਲੀਆਂ ਕਿਵੇਂ ਹੋਣ?

ਪੰਜਾਬ ਦਾ ਕਲਿਆਣ ਆਖ਼ਰਕਾਰ ਵਿਹਲੜਾਂ ਨੂੰ ਕੰਮ ਲਾਉਣ ਨਾਲ ਈ ਹੋਣੈ ਨਾ ਕਿ ਮੁਫ਼ਤ ਦੀਆਂ ਸਹੂਲਤਾਂ ਦੇਣ ਨਾਲ। ਹੁਣ ਤਾਂ ਹਾਲਤ ਇਹ ਹੈ ਕਿ ਕੰਮ ਭੱਈਏ ਕਰਦੇ ਹਨ ਤੇ ਸਾਡੇ ਬੇਲੀ ਨਸ਼ੇ ਕਰਦੇ ਤੇ ਚੌਂਕੀਆਂ ਭਰਦੇ ਹਨ। ਜਿੰਨਾ ਤੇ ਜਿਹੋ ਜਿਹਾ ਕੰਮ ਪੰਜਾਬੀ ਬਾਹਰ ਜਾ ਕੇ ਕਰਦੇ ਹਨ ਜੇਕਰ ਉਨਾ ਪੰਜਾਬ ਵਿੱਚ ਕਰਨ ਲੱਗ ਪੈਣ ਤਾਂ ਕਿਸੇ ਗੱਲ ਦਾ ਘਾਟਾ ਨਾ ਰਹੇ। ਆਹ ਜਿਹੜੇ ਡੇਰਿਆਂ, ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਦੇ ਨਾਂ `ਤੇ ਬੇਲੋੜੇ ਬਖੇੜੇ ਪੈਂਦੇ ਹਨ ਉਹਨਾਂ ਤੋਂ ਵੀ ਮੁਕਤੀ ਮਿਲੇ। ਫਿਰ ਚੁਰਾਸੀ ਵੀ ਆਪਣੇ ਆਪ ਹੀ ਕੱਟੀ ਜਾਵੇ। ਇਹ ਵਾਧੂ ਦੀ ਵਿਹਲ ਹੀ ਹੈ ਜਿਹੜੀ ਇਨਸਾਨਾਂ ਨੂੰ ਸ਼ੈਤਾਨ ਦੇ ਚਰਖੇ ਬਣਾਈ ਫਿਰਦੀ ਹੈ।

ਗੁਰਦਵਾਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਦੇ ਨਾਲ ਲੱਗਵੇਂ ਗਰਾਊਂਡ ਉਤੇ ਅੰਬੀ ਹਠੂਰ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ। ਅਮਰਜੀਤ ਅੰਬੀ ਕੈਨੇਡਾ ਵਿੱਚ ਕਬੱਡੀ ਖੇਡਦਿਆਂ ਪਰਲੋਕ ਸਿਧਾਰ ਗਿਆ ਸੀ। ਉਹ ਬੜਾ ਦਰਸ਼ਨੀ ਜੁਆਨ ਸੀ ਤੇ ਕਬੱਡੀ ਜਗਤ ਨੂੰ ਉਹਦੇ `ਤੇ ਬੜੀਆਂ ਆਸਾਂ ਸਨ। ਪਹਿਲਾਂ ਹਰਜੀਤ, ਤਲਵਾਰ ਤੇ ਕੇਵਲ ਹੋਰੀਂ ਹਾਦਸੇ `ਚ ਮਾਰੇ ਗਏ, ਫਿਰ ਮੋਹਣਾ ਸੁੱਤੇ ਦਾ ਸੁੱਤਾ ਰਹਿ ਗਿਆ, ਫਿਰ ਜੈਲਾ ਜਾਂਦਾ ਰਿਹਾ ਤੇ ਮਗਰੇ ਅੰਬੀ ਤੁਰ ਗਿਆ। ਮੌਤ ਕਬੱਡੀ ਖਿਡਾਰੀਆਂ ਪਿੱਛੇ ਹੱਥ ਧੋ ਕੇ ਪਈ ਜਾਪਦੀ ਹੈ। ਕੋਈ ਵਡੇਰੀ ਉਮਰ `ਚ ਮਰੇ ਤਾਂ ਉਨਾ ਕਸ਼ਟ ਨਹੀਂ ਹੁੰਦਾ ਪਰ ਜੁਆਨ ਜਹਾਨ ਖਿਡਾਰੀਆਂ ਦੀ ਮੌਤ ਭੁੱਲਣ ਵਾਲੀ ਨਹੀਂ। ਇਹ ਵੀ ਸੋਚਣਾ ਚਾਹੀਦੈ ਕਿ ਕਬੱਡੀ ਖਿਡਾਰੀ ਜੁਆਨ ਉਮਰੇ ਕਿਉਂ ਮਰ ਰਹੇ ਨੇ?

ਅਸੀਂ ਕਬੱਡੀ ਦੇ ਦਾਇਰੇ `ਚ ਗਏ ਤਾਂ ਮਾਈਕ ਤੋਂ ਸਾਡਾ ਸਵਾਗਤ ਕੀਤਾ ਗਿਆ। ਮੱਖਣ ਸਿੰਘ ਤੇ ਮੱਖਣ ਅਲੀ ਕੁਮੈਂਟਰੀ ਕਰ ਰਹੇ ਸਨ। ਕਬੱਡੀ ਦੀਆਂ ਦਸ ਟੀਮਾਂ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਸਨ ਜਿਨ੍ਹਾਂ ਦੇ ਨਾਂ ਯੰਗ ਕਲੱਬ, ਸ਼ਾਨੇ ਪੰਜਾਬ, ਰਾਜੂ, ਆਜ਼ਾਦ, ਫਰੇਜ਼ਰ ਵੈੱਲੀ, ਹਰਜੀਤ, ਰਿਚਮੰਡ, ਪ੍ਰਿੰਸ ਜਾਰਜ, ਐਬਸਫੋਰਡ ਤੇ ਕੈਲਗਰੀ ਕਲੱਬ ਸਨ। ਇਨ੍ਹਾਂ ਵਿੱਚ ਸੱਠ ਪੈ੍ਹਂਟ ਖਿਡਾਰੀ ਪੰਜਾਬ ਤੋਂ ਆਏ ਹੋਏ ਸਨ। ਪਿਛਲੇ ਸਾਲ ਸੌ ਆ ਗਏ ਸਨ ਪਰ ਕੁੱਝ ਖਿਡਾਰੀਆਂ ਦੇ ਕਬੂਤਰ ਬਣ ਜਾਣ ਕਾਰਨ ਐਤਕੀ ਵੀਜ਼ੇ ਬੜੇ ਔਖੇ ਮਿਲੇ। ਪਹਿਲਾ ਸੈਮੀ ਫਾਈਨਲ ਮੈਚ ਪ੍ਰਿੰਸ ਜਾਰਜ ਤੇ ਰਿਚਮੰਡ ਦੀਆਂ ਕਲੱਬਾਂ ਵਿਚਕਾਰ ਖੇਡਿਆ ਗਿਆ ਜੋ ਰਿਚਮੰਡ ਨੇ 44-40 ਅੰਕਾਂ ਨਾਲ ਜਿੱਤਿਆ। ਦੂਜਾ ਸੈਮੀ ਫਾਈਨਲ ਹਰਜੀਤ ਤੇ ਯੰਗ ਕਲੱਬ ਦਰਮਿਆਨ ਹੋਇਆ ਜੋ ਹਰਜੀਤ ਕਲੱਬ ਨੇ ਜਿੱਤ ਕੇ ਫਾਈਨਲ ਮੈਚ ਵੀ ਜਿੱਤ ਲਿਆ। ਕਿੰਦੇ ਬਿਹਾਰੀਪੁਰੀਏ ਨੂੰ ਸਰਵੋਤਮ ਧਾਵੀ ਐਲਾਨਿਆ ਗਿਆ ਤੇ ਚੰਗੇ ਚੋਖੇ ਡਾਲਰਾਂ ਨਾਲ ਸਨਮਾਨਿਆ ਗਿਆ। ਕਿੰਦਾ ਬਰੈਂਪਟਨ ਵਿੱਚ ਮੇਰੇ ਗੁਆਂਢ ਹੀ ਰਹਿੰਦਾ ਹੈ। ਪਿਛਲੇ ਦਸਾਂ ਸਾਲਾਂ ਤੋਂ ਉਹਦਾ ਕਿੱਤਾ ਕਬੱਡੀ ਖੇਡਣਾ ਹੀ ਹੈ। ਐਤਕੀਂ ਦਾ ਸੀਜ਼ਨ ਉਹਦਾ ਪਿਛਲੇ ਸਾਲਾਂ ਨਾਲੋਂ ਚੰਗਾ ਲੱਗ ਰਿਹੈ ਤੇ ਬੱਲੇ ਬੱਲੇ ਵੀ ਵੱਧ ਹੋ ਰਹੀ ਹੈ।

ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲੇ ਮੇਜਰ ਸਿੰਘ ਬਰਾੜ, ਗੈਰੀ ਗਿੱਲ, ਬੱਬੀ ਮੱਦੋਕੇ, ਨਿਰਮਲ ਘੋਲੀਆ, ਕਰਮਪਾਲ ਸਿੱਧੂ, ਰਾਮ ਸਿੰਘ ਸੋਹੀ ਤੇ ਪੰਮੀ ਸਿੱਧੂ ਸਮੇਤ ਬਹੁਤ ਸਾਰੇ ਸਾਥੀ ਸਨ। ਉਨ੍ਹਾਂ ਨੇ ਮੋਗੇ ਦੇ ਨਾਲ ਲੱਗਵੇਂ ਪਿੰਡ ਲੰਢੇਕੇ ਵਿੱਚ ਵੀ ਵਧੀਆ ਟੂਰਨਾਮੈਂਟ ਕਰਵਾਇਆ ਸੀ ਜਿਥੇ ਖਿਡਾਰੀਆਂ ਨੂੰ ਮੋਟਰ ਸਾਈਕਲਾਂ ਤੇ ਸੋਨ-ਮੈਡਲਾਂ ਨਾਲ ਸਨਮਾਨਿਆਂ ਗਿਆ ਸੀ। ਕੇ.ਐੱਸ.ਬੀ.ਟ੍ਰੱਕਿੰਗ ਵਾਲੇ ਕਬੱਡੀ ਦੇ ਸ਼ੌਕੀਨ ਕਰਮ ਸਿੱਧੂ ਨੇ ਖਿਡਾਰੀਆਂ ਦੀ ਖੇਡ ਉਤੇ ਡਾਲਰਾਂ ਦਾ ਮੀਂਹ ਵਰ੍ਹਾਇਆ ਤੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਕਬੱਡੀ ਦੇ ਸਟਾਰ ਖਿਡਾਰੀ ਲੱਖੇ ਦੀ ਮਾਤਾ ਦਾ ਇਕਵੰਜਾ ਸੌ ਡਾਲਰ ਨਾਲ ਸਨਮਾਨ ਕਰੇਗਾ। ਸਾਨੂੰ ਉਸ ਨੇ ਅਗਾਊਂ ਸੱਦਾ ਦਿੱਤਾ ਕਿ ਉਸ ਦੇ ਪਿੰਡ ਸਿੱਧਵਾਂ ਬੇਟ ਦੇ ਕਬੱਡੀ ਟੂਰਨਾਮੈਂਟ `ਤੇ ਜ਼ਰੂਰ ਪੁੱਜੀਏ। ਸਿਆਲ `ਚ ਵੇਖਾਂਗੇ ਉਹ ਕਿਹੋ ਜਿਹਾ ਖੇਡ ਮੇਲਾ ਕਰਾਉਂਦੈ?

ਮੁੱਲਾਂਪੁਰ ਦਾ ਇੰਦਰਜੀਤ ਤੇ ਰਣਸੀਂਹ ਦਾ ਗੁਰਚਰਨ ਧਾਲੀਵਾਲ ਸਾਨੂੰ ਐਡਮਿੰਟਨ ਲਿਜਾਣ ਲਈ ਕੈਲਗਰੀ ਪਹੁੰਚ ਗਏ ਸਨ। ਕੈਲਗਰੀ ਵਿੱਚ ਰਿਸ਼ਤੇਦਾਰ, ਢੁੱਡੀਕਿਆਂ ਵਾਲੇ ਤੇ ਮੇਰੇ ਪੁਰਾਣੇ ਵਿਦਿਆਰਥੀ ਚਾਹੁੰਦੇ ਸਨ ਕਿ ਅਸੀਂ ਇੱਕ ਰਾਤ ਹੋਰ ਉਨ੍ਹਾਂ ਪਾਸ ਰਹੀਏ ਪਰ ਸਾਡਾ ਐਡਮਿੰਟਨ ਜਾਣਾ ਬਣਦਾ ਸੀ। ਕਾਰ ਰਾਹੀਂ ਢਾਈ ਤਿੰਨ ਘੰਟੇ ਲੱਗਣੇ ਸਨ। ਸੂਰਜ ਅਜੇ ਖੜ੍ਹਾ ਸੀ ਤੇ ਸਾਡੀ ਵੈਨ ਮਿਰਜ਼ੇ ਦੀ ਬੱਕੀ ਬਣੀ ਜਾ ਰਹੀ ਸੀ। ਦੇਵੀ ਦਿਆਲ ਤੇ ਮੈਂ ਕਬੱਡੀ ਦੀਆਂ ਨਵੀਆਂ ਤੇ ਪੁਰਾਣੀਆਂ ਗੱਲਾਂ ਦੋਸਤਾਂ ਨੂੰ ਦੱਸ ਰਹੇ ਸਾਂ। ਵਿਚੇ ਫਿੱਡੂ ਹੋਰਾਂ ਦੀਆਂ ਚੁਗਲੀਆਂ ਹੋ ਰਹੀਆਂ ਸਨ ਤੇ ਵਿਚੇ ਉਨ੍ਹਾਂ ਖਿਡਾਰੀਆਂ ਦੀਆਂ ਜਿਹੜੇ ਮੱਸਲ ਬਣਾਉਣ ਲਈ ਘੋੜਿਆਂ ਨੂੰ ਲੱਗਣ ਵਾਲੇ ਟੀਕੇ ਲੁਆ ਰਹੇ ਹਨ। ਨਵੇਂ ਮੁੰਡੇ ਕਹਿੰਦੇ ਸੁਣੇ ਹਨ, “ਟੀਕੇ ਲੁਆ ਕੇ `ਕੇਰਾਂ ਬਹਿਜਾ ਬਹਿਜਾ ਹੋਜੇ ਫੇਰ ਭਾਵੇਂ ਜਾਨ ਈ ਨਿਕਲਜੇ!”

ਕੈਲਗਰੀ ਤੋਂ ਐਡਮਿੰਟਨ ਤਕ ਆਲੇ ਦੁਆਲੇ ਪੱਧਰੇ ਵਿਸ਼ਾਲ ਖੇਤ ਵਿਛੇ ਪਏ ਸਨ। ਨੀਲੇ ਆਕਾਸ਼ ਹੇਠਾਂ ਦੂਰ ਦਿਸਹੱਦਿਆਂ ਤਕ ਹਰਿਆਵਲ ਪਸਰੀ ਹੋਈ ਸੀ ਤੇ ਰੁੱਖ ਝੂੰਮ ਰਹੇ ਸਨ। ਛਿਪਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਧਰਤੀ ਨੂੰ ਰੂਪ ਚਾੜ੍ਹ ਰੱਖਿਆ ਸੀ। ਵੈਨ ਵਿੱਚ ਮਾਂ ਬੋਲੀ ਦੇ ਮਧੁਰ ਗੀਤ ਗੂੰਜ ਰਹੇ ਸਨ। ਮੈਂ ਅੱਗੇ ਵੀ ਇੱਕ ਵਾਰ ਕਾਰ ਰਾਹੀਂ ਕੈਲਗਰੀ ਤੋਂ ਐਡਮਿੰਟਨ ਗਿਆ ਸਾਂ ਪਰ ਉਦੋਂ ਰਾਤ ਦੇ ਹਨ੍ਹੇਰੇ ਕਾਰਨ ਪ੍ਰਕਿਰਤੀ ਦੇ ਨਜ਼ਾਰੇ ਨਹੀਂ ਸਾਂ ਮਾਣ ਸਕਿਆ। ਕੁਦਰਤ ਅੰਤਾਂ ਦੀ ਸੁਨੱਖੀ ਹੈ ਪਰ ਕਈਆਂ ਕੋਲ ਵੇਖਣ ਵਾਲੀ ਅੱਖ ਨਹੀਂ। ਖਿੜੇ ਹੋਏ ਫੁੱਲ ਮਨਾਂ ਦੀਆਂ ਉਦਾਸੀਆਂ ਦੂਰ ਕਰ ਸਕਦੇ ਹਨ ਤੇ ਹਮੇਸ਼ਾਂ ਖਿੜੇ ਰਹਿਣਾ ਸਿਖਾ ਸਕਦੇ ਹਨ। ਕਈ ਦੁੱਖਾਂ ਦਾ ਹੀ ਰੋਣਾ ਰੋਂਦੇ ਰਹਿੰਦੇ ਹਨ ਪਰ ਕਈ ਬੂ ਦੁਹਾਈਆਂ ਪਾਉਣ ਦੀ ਥਾਂ ਖਿੜੇ ਮੱਥੇ ਜੀਵਨ ਗੁਜ਼ਾਰ ਜਾਂਦੇ ਹਨ। ਉਹ ਮਾੜੀਆਂ ਮੋਟੀਆਂ ਆਫ਼ਤਾਂ ਨੂੰ ‘ਕੋਈ ਆਖ਼ਰ ਨਹੀਂ ਆ ਚੱਲੀ’ ਕਹਿ ਕੇ ਚੜ੍ਹਦੀ ਕਲਾ ਵਿੱਚ ਵਿਚਰਦੇ ਹਨ ਤੇ ਖ਼ੁਸ਼ੀਆਂ ਵੰਡਦੇ ਤੁਰੇ ਜਾਂਦੇ ਹਨ।

ਦਿਨ ਛਿਪ ਗਿਆ ਸੀ ਜਦੋਂ ਅਸੀਂ ਐਡਮਿੰਟਨ ਦੀਆਂ ਬਰੂਹਾਂ ਵਿੱਚ ਪਹੁੰਚੇ। ਬੱਤੀਆਂ ਜਗ ਪਈਆਂ ਸਨ ਜਿਨ੍ਹਾਂ ਦੇ ਚਾਨਣ ਵਿੱਚ ਸੜਕਾਂ ਤੇ ਇਮਾਰਤਾਂ ਲਿਸ਼ਕਾਂ ਮਾਰ ਰਹੀਆਂ ਸਨ। ਪਹਿਲਾਂ ਅਸੀਂ ਦਾਅਵਤ ਰੈਸਟੋਰੈਂਟ ਵਿੱਚ ਪ੍ਰਬੰਧਕਾਂ ਕੋਲ ਹਾਜ਼ਰੀ ਲੁਆਈ ਜਿਥੋਂ ਫਿਰ ਆਪਣੇ ਵਿਦਿਆਰਥੀ ਜਗਜੀਤ ਮੱਦੋਕੇ ਦੇ ਨਵੇਂ ਘਰ ਦੀ ਚੱਠ `ਤੇ ਜਾਣਾ ਸੀ। ਉਥੇ ਢੁੱਡੀਕੇ ਕਾਲਜ ਦੇ ਮੇਰੇ ਸਾਥੀ ਭਿੰਦਰ ਸਿੰਘ ਸੋਹੀ ਤੇ ਹੋਰ ਕਈ ਪਰਿਵਾਰ ਸਾਡੀ ਉਡੀਕ ਕਰ ਰਹੇ ਸਨ। ਢੁੱਡੀਕੇ ਤੇ ਸਮਰਾਲੇ ਕਾਲਜ ਦੀਆਂ ਗੱਲਾਂ ਕਰਦਿਆਂ ਸੂਈ ਕਬੱਡੀ ਵਿੱਚ ਡਰੱਗ ਦੀ ਵਰਤੋਂ ਉਤੇ ਆ ਰੁਕੀ ਤੇ ਪਤਾ ਹੀ ਨਾ ਲੱਗਾ ਕਦੋਂ ਰਾਤ ਬੀਤ ਗਈ।

ਐਡਮਿੰਟਨ ਵਿੱਚ ਪੰਜਾਬੀਆਂ ਦੀ ਵਸੋਂ ਵੀਹ ਕੁ ਹਜ਼ਾਰ ਦੇ ਕਰੀਬ ਹੈ। ਦੋ ਜੁਲਾਈ ਨੂੰ ਇੰਜ ਲੱਗਦਾ ਸੀ ਜਿਵੇਂ ਉਨ੍ਹਾਂ `ਚੋਂ ਅੱਧੇ ਟੀ.ਡੀ.ਬੇਕਰ ਸਕੂਲ ਦੀਆਂ ਗਰਾਊਂਡਾਂ ਵਿੱਚ ਆ ਗਏ ਹੋਣ। ਕਿਧਰੇ ਕਬੱਡੀ ਹੋ ਰਹੀ ਸੀ, ਕਿਧਰੇ ਸਾਕਰ ਤੇ ਵਾਲੀਬਾਲ ਖੇਡੀ ਜਾ ਰਹੀ ਸੀ। ਕਿਧਰੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਲੱਗ ਰਹੀਆਂ ਸਨ ਤੇ ਕਿਧਰੇ ਪੰਜਾਬਣਾਂ ਤੀਆਂ ਮਨਾ ਰਹੀਆਂ ਸਨ। ਉਥੇ ਮਿੰਨੀ ਪੰਜਾਬ ਵਸਿਆ ਪਿਆ ਸੀ ਤੇ ਲੱਗਦਾ ਹੀ ਨਹੀਂ ਸੀ ਕਿ ਪਰਦੇਸ ਵਿੱਚ ਹੋਈਏ। ਅਸੀਂ ਮੇਲੇ ਵਿੱਚ ਅੱਪੜੇ ਤਾਂ ਸਟੇਜ ਲਾਗੇ ਫੁੱਲਾਂ ਨਾਲ ਸਜੇ ਹੋਏ ਦੁਆਰ ਉਤੇ ਸਾਡਾ ਸਵਾਗਤ ਕੀਤਾ ਗਿਆ। ਮੱਖਣ ਸਿੰਘ ਤੇ ਮੱਖਣ ਅਲੀ ਮੇਰੀ ਵਡੇਰੀ ਉਮਰ ਕਰਕੇ ਮੈਨੂੰ ਉਸਤਾਦ ਜੀ ਕਹਿਣ ਦਾ ਮਾਣ ਬਖਸ਼ ਰਹੇ ਸਨ। ਉਨ੍ਹਾਂ ਨੇ ਕਬੱਡੀ ਦੀ ਕੁਮੈਂਟਰੀ ਵਿੱਚ ਨਵੇਂ ਰੰਗ ਭਰੇ ਹਨ ਜਿਸ ਨਾਲ ਕਬੱਡੀ ਮੈਚਾਂ ਦਾ ਦੂਣਾ ਸੁਆਦ ਆਉਂਦਾ ਹੈ। ਉਨ੍ਹਾਂ ਨੇ ਉਹ ਗੱਲ ਕੀਤੀ ਹੈ ਪਈ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ।

ਅਸੀਂ ਸਟੇਜ `ਤੇ ਬਹਿ ਕੇ ਚਾਰ ਚੁਫੇਰਾ ਨਿਹਾਰਿਆ ਤਾਂ ਵਿਸ਼ਾਲ ਹਰਾ ਭਰਾ ਮੈਦਾਨ ਨਜ਼ਰੀਂ ਪਿਆ। ਵਿਚੇ ਘਾਹ ਵਾਲੀਆਂ ਟਿੱਬੀਆਂ ਸਨ। ਇੱਕ ਪਾਸੇ ਸਕੂਲ ਦੀ ਗੇਰੂ ਰੰਗੀ ਇਮਾਰਤ ਸੀ ਤੇ ਦੂਜੇ ਪਾਸੇ ਸੀਮੈਂਟ ਰੰਗੇ ਮਕਾਨ ਸਨ। ਪਰਲੇ ਬੰਨੇ ਸੰਘਣੇ ਰੁੱਖਾਂ ਦੀ ਰੱਖ ਸੀ। ਸੱਜੇ ਬੰਨੇ ਸਿੱਖ ਹੈਰੀਟੇਜ ਦੀ ਸੰਸਥਾ ਵੱਲੋਂ ਲੰਗਰ ਚੱਲ ਰਿਹਾ ਸੀ ਤੇ ਫਰਲਾਂਗ ਕੁ ਦੀ ਵਿੱਥ ਉਤੇ ਬੀਬੀਆਂ ਤੀਆਂ ਮਨਾ ਰਹੀਆਂ ਸਨ। ਉਨ੍ਹਾਂ ਦੀਆਂ ਚੁੰਨੀਆਂ ਦੇ ਪੱਲੇ ਉਡ ਰਹੇ ਸਨ ਤੇ ਗੋਟਾ ਕਿਨਾਰੀਆਂ ਚਮਕ ਰਹੀਆਂ ਸਨ। ਧੁੱਪ ਤੋਂ ਬਚਣ ਲਈ ਚਿੱਟੇ ਤੰਬੂਆਂ ਦਾ ਪੰਡਾਲ ਲਾਇਆ ਹੋਇਆ ਸੀ ਤੇ ਬੱਚਿਆਂ ਨੂੰ ਪਰਚਾਈ ਰੱਖਣ ਲਈ ਝੂਲੇ ਸਨ। ਸਾਨੂੰ ਦੱਸਿਆ ਗਿਆ ਕਿ ਮਲਕਾ, ਜੋਤੀ, ਹਰਮਨਦੀਪ, ਸੁੱਖੀ ਬਰਾੜ, ਅਤਰੋ, ਕਾਜਲ ਤੇ ਹੋਰ ਹਰਮਨ ਪਿਆਰੀਆਂ ਗਾਇਕਾਂ ਉਨ੍ਹਾਂ ਦਾ ਮਨੋਰੰਜਨ ਕਰ ਰਹੀਆਂ ਹਨ। ਅਜਿਹਾ ਦਿਨ ਤਾਂ ਕੰਮਾਂ ਕਾਰਾਂ ਦੀਆਂ ਭੰਨੀਆਂ ਹੋਈਆਂ ਪੰਜਾਬਣਾਂ ਨੂੰ ਰੱਬ ਦੇਵੇ! ਇਹੋ ਜਿਹੇ ਦਿਨ ਈ ਤਾਂ ਉਹ ਕਢਾਈ ਵਾਲੇ ਸੂਟ ਤੇ ਗਹਿਣੇ ਗੱਟੇ ਪਾ ਸਕਦੀਆਂ ਸਨ। ਇਹ ਕਮਾਲ ਦਾ ਮੇਲ ਸੀ ਕਿ ਇੱਕ ਬੰਨੇ ਗਭਰੂਆਂ ਦੀ ਕੌਡੀ ਬਾਡੀ ਹੋ ਰਹੀ ਸੀ ਤੇ ਦੂਜੇ ਬੰਨੇ ਮੁਟਿਆਰਾਂ ਦਾ ਗਿੱਧਾ ਪੈ ਰਿਹਾ ਸੀ।

ਕਬੱਡੀ ਦੇ ਦਾਇਰੇ ਦੁਆਲੇ ਵਡੇਰੀ ਉਮਰ ਦੇ ਦਰਸ਼ਕਾਂ ਲਈ ਕੁਰਸੀਆਂ ਡਾਹੀਆਂ ਹੋਈਆਂ ਸਨ ਜਿਨ੍ਹਾਂ ਉਤੇ ਝੂਲਦੀਆਂ ਦਾੜ੍ਹੀਆਂ ਵਾਲੇ ਬਾਬੇ ਬਿਰਾਜਮਾਨ ਸਨ। ਕਈਆਂ ਕੋਲ ਖੂੰਡੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੂੰ ਜੁਆਨਾਂ ਦੀਆਂ ਕਬੱਡੀਆਂ ਵੇਖ ਕੇ ਆਪਣੀ ਜੁਆਨੀ ਦੇ ਦਿਨ ਯਾਦ ਆ ਰਹੇ ਸਨ। ਦਾਇਰੇ ਦੁਆਲੇ ਰੱਸਾ ਵਲਿਆ ਹੋਇਆ ਸੀ ਜਿਸ ਨੂੰ ਰੰਗ ਬਰੰਗੀਆਂ ਝੰਡੀਆਂ ਨਾਲ ਸ਼ਿੰਗਾਰਿਆ ਗਿਆ ਸੀ। ਕਬੱਡੀ ਸਟਾਰ ਲੱਖਾ ਗਾਜ਼ੀਪੁਰੀਆ ਛੋਹਲੇ ਕਦਮਾਂ ਨਾਲ ਕੌਡੀ ਪਾ ਰਿਹਾ ਸੀ ਤੇ ਉਹਦੇ ਵਿੱਚ ਅਜੇ ਵੀ ਕਸ਼ਿਸ਼ ਸੀ। ਸੰਦੀਪ ਲੱਲੀਆਂ ਵਾਲਾ ਜ਼ਖ਼ਮੀ ਹੋਣ ਕਾਰਨ ਖੇਡ ਨਹੀਂ ਸੀ ਰਿਹਾ ਪਰ ਪਾਣੀ ਦੀ ਬੋਤਲ ਲਈ ਖੜ੍ਹਾ ਸੀ।

ਕਿੰਦਾ ਬਿਹਾਰੀਪੁਰੀਆ ਪੈ੍ਹਂਟ ਲੈਂਦਾ ਤਾਂ ਖੱਬੀ ਬਾਂਹ ਖੜ੍ਹੀ ਕਰ ਕੇ ਦਰਸ਼ਕਾਂ ਤੋਂ ਤਾੜੀਆਂ ਵਜਵਾਉਂਦਾ। ਦੁੱਲੇ ਸੁਰਖਪੁਰੀਏ ਬਾਰੇ ਕਿਹਾ ਜਾ ਰਿਹਾ ਸੀ-ਤਖਤ ਲਾਹੌਰ ਨੂੰ ਜਿਹੜਾ ਵੰਗਾਰਦਾ, ਸੂਰਮਾ ਜੁਆਨ ਸੀ ਉਹ ਦੁੱਲਾ ਬਾਰ ਦਾ …। ਬੀਰ੍ਹਾ ਸਿੱਧਵਾਂ ਵਾਲਾ ਧਾਵੀ ਨੂੰ ਹੰਧਿਆ ਨੇੜੇ ਲੈ ਆਉਂਦਾ ਸੀ ਤੇ ਫਿਰ ਝਕਾਨੀ ਨਹੀਂ ਸੀ ਦੇਣ ਦਿੰਦਾ। ਗਾਲਿਬ ਵਾਲਾ ਮੰਦਰ ਰੈਫਰੀ ਬਣਿਆ ਹੋਇਆ ਸੀ। ਬੀ.ਸੀ.ਦੀ ਕਬੱਡੀ ਐਸੋਸੀਏਸ਼ਨ ਵਾਲੇ ਰਾਜ ਬੱਧਨੀ, ਸੰਤੋਖ ਢੇਸੀ ਤੇ ਸੱਨੀ ਸਹੋਤੇ ਹੋਰੀਂ ਪਹਿਰੇਦਾਰ ਬਣੇ ਖੜ੍ਹੇ ਸਨ। ਪੰਜਾਬ ਤੋਂ ਆਏ ਨਵੇਂ ਮੁੰਡਿਆਂ ਦੀ ਖੇਡ ਵੇਖਣ ਵਾਲੀ ਸੀ। ਉਨ੍ਹਾਂ ਦੇ ਜੁੱਸੇ ਭਰੇ ਹੋਏ ਸਨ ਪਰ ਡਰ ਇਕੋ ਗੱਲ ਦਾ ਸੀ ਕਿ ਕੋਈ ਖਿਡਾਰੀ ਡਰੱਗ ਦੀ ਵਰਤੋਂ ਨਾ ਕਰਦਾ ਹੋਵੇ।

ਕਬੱਡੀ ਟੂਰਨਾਮੈਂਟ ਵਿੱਚ ਦਸ ਕਲੱਬਾਂ ਨੇ ਭਾਗ ਲਿਆ। ਇਹ ਉਹੀ ਖਿਡਾਰੀ ਸਨ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਕੈਲਗਰੀ ਦਾ ਕਬੱਡੀ ਟੂਰਨਾਮੈਂਟ ਨੇਪਰੇ ਚਾੜ੍ਹਿਆ ਸੀ। ਪੱਛਮੀ ਮੁਲਕਾਂ ਵਿੱਚ ਕਬੱਡੀ ਖਿਡਾਰੀਆਂ ਨੂੰ ਆਮ ਕਰ ਕੇ ਹਫ਼ਤੇ ਦਾ ਇੱਕ ਟੂਰਨਾਮੈਂਟ ਮਿਲਦਾ ਹੈ ਪਰ ਜੇ ਦੋ ਮਿਲ ਜਾਣ ਤਾਂ ਉਹ ਵਧੇਰੇ ਖ਼ੁਸ਼ ਹੁੰਦੇ ਹਨ ਜਿਵੇਂ ਦੇਸੀ ਕਾਮੇ ਓਵਰ ਟਾਈਮ ਮਿਲ ਜਾਣ `ਤੇ ਬਾਗੋ ਬਾਗ ਹੋ ਜਾਂਦੇ ਹਨ। ਖਿਡਾਰੀ ਤਾਂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਾਂਗ ਹਰ ਰੋਜ਼ ਕਬੱਡੀ ਦੇ ਟੂਰਨਾਮੈਂਟ ਮਿਲਣ ਤਾਂ ਕਿ ਉਨ੍ਹਾਂ ਦਾ ਇਨਾਮ ਵਧੇਰੇ ਬਣ ਸਕੇ ਪਰ ਪੱਛਮੀ ਮੁਲਕਾਂ ਦੀ ਮਜਬੂਰੀ ਹੈ ਕਿ ਉਥੇ ਖੇਡਾਂ ਦੇ ਟੂਰਨਾਮੈਂਟ ਤੇ ਹੋਰ ਮੇਲੇ ਵੀਕ ਐਂਡ `ਤੇ ਹੀ ਹੋ ਸਕਦੇ ਹਨ। ਮੀਂਹ ਪੈ ਜਾਵੇ ਤਾਂ ਟੂਰਨਾਮੈਂਟ ਸੋਮਵਾਰ ਦੇ ਦਿਨ `ਤੇ ਨਹੀਂ ਪਾਇਆ ਜਾ ਸਕਦਾ ਤੇ ਸਾਰੀ ਕੀਤੀ ਕਤਰੀ ਉਤੇ ਪਾਣੀ ਫਿਰ ਜਾਂਦੈ।

ਸਾਡੇ ਸਾਹਮਣੇ ਹੀ ਮੇਜ਼ ਉਤੇ ਇੱਕ ਸੁਨਹਿਰੀ, ਇੱਕ ਚਾਂਦੀ ਰੰਗਾ ਤੇ ਦੋ ਛੋਟੇ ਕੱਪ ਲਿਸ਼ਕਾਂ ਮਾਰ ਰਹੇ ਸਨ ਜੋ ਜੇਤੂ ਟੀਮਾਂ ਅਤੇ ਵਧੀਆ ਜਾਫੀ ਤੇ ਧਾਵੀ ਨੂੰ ਦਿੱਤੇ ਜਾਣੇ ਸਨ। ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਢੇਸੀ ਤੇ ਸੈਕਟਰੀ ਲਖਵਿੰਦਰ ਸਿੰਘ ਅਟਵਾਲ ਸਟੇਜ ਦੀ ਕਾਰਵਾਈ ਚਲਾ ਰਹੇ ਸਨ। ਅਵਤਾਰ ਸਿੰਘ ਮੋਹੀ, ਪਰਮਜੀਤ ਸਿੰਘ ਉੱਭੀ, ਤਲਵਿੰਦਰ ਸਿੰਘ ਪਨੇਸਰ ਤੇ ਨਿਰਭੈ ਸਿੰਘ ਗਰੇਵਾਲ ਆਪੋ ਆਪਣੀਆਂ ਡਿਊਟੀਆਂ ਵਿੱਚ ਮਸਰੂਫ਼ ਸਨ। ਮੇਲੇ ਦੀ ਮਾਇਕ ਮਦਦ ਕਰਨ ਵਾਲੇ ਸੱਜਣਾਂ ਨੂੰ ਪਲੇਕਾਂ ਨਾਲ ਸਨਮਾਨਿਆ ਜਾ ਰਿਹਾ ਸੀ। ਪਰਮਜੀਤ ਸੰਧੂ ਹਰ ਇੱਕ ਨੂੰ ਜੀ ਆਇਆਂ ਕਹਿ ਰਿਹਾ ਸੀ। ਕਬੱਡੀ ਦਾ ਪਹਿਲਾ ਇਨਾਮ ਸਵੈਗ ਦਿਓਲ ਵੱਲੋਂ ਸੀ, ਦੂਜਾ ਜਗ ਗਰੇਵਾਲ ਤੇ ਤੀਜਾ ਡਰੀਮ ਇਲੈਕਟ੍ਰੀਕਲ ਵਾਲਿਆਂ ਵੱਲੋਂ ਸੀ। ਪ੍ਰਬੰਧਕਾਂ ਨੇ ਮੇਲੇ ਦਾ ਹਰੇਕ ਖਰਚਾ ਕਿਸੇ ਨਾ ਕਿਸੇ ਬਿਜ਼ਨਿਸ ਅਦਾਰੇ ਤੋਂ ਸਪਾਂਸਰ ਕਰਵਾ ਲਿਆ ਸੀ। ਇੰਦਰਜੀਤ ਹੋਰਾਂ ਦਾ ਕਹਿਣਾ ਹੈ ਕਿ ਅਗਲੇ ਮੇਲੇ ਉਤੇ ਖੇਡ ਸਾਹਿਤ ਵੀ ਕਿਸੇ ਕੋਲੋਂ ਸਪਾਂਸਰ ਕਰਵਾਇਆ ਜਾਵੇਗਾ। ਸਪਾਂਸਰਾਂ ਦੀ ਮਸ਼ਹੂਰੀ ਬੈਨਰ ਤੇ ਇਸ਼ਤਿਹਾਰ ਲਾ ਕੇ ਕੀਤੀ ਗਈ ਸੀ। ਕਬੱਡੀ ਦੇ ਮੇਲੇ ਹੁਣ ਸਪਾਂਸਰਾਂ ਦੇ ਸਿਰ `ਤੇ ਹੀ ਚਲਦੇ ਹਨ।

ਕੈਨੇਡਾ `ਚ ਕਬੱਡੀ ਮੇਲੇ ਦਾ ਖਰਚਾ ਹੁਣ ਇੱਕ ਲੱਖ ਡਾਲਰ ਤੋਂ ਤਿੰਨ ਲੱਖ ਡਾਲਰ ਤਕ ਚਲਿਆ ਜਾਂਦੈ। ਗੁਰਚਰਨ ਧਾਲੀਵਾਲ ਨੇ ਦੱਸਿਆ ਕਿ ਸੱਠ ਹਜ਼ਾਰ ਡਾਲਰ ਦੇ ਕਰੀਬ ਤਾਂ ਉਨ੍ਹਾਂ ਨੂੰ ਕਬੱਡੀ ਖਿਡਾਰੀਆਂ ਤੇ ਅਧਿਕਾਰੀਆਂ ਦੀਆਂ ਹਵਾਈ ਟਿਕਟਾਂ ਦੇ ਹੀ ਦੇਣੇ ਪਏ। ਹੋਟਲ, ਖਾਣ ਪੀਣ, ਇਨਾਮ, ਗਰਾਊਂਡ, ਸਕਿਉਰਿਟੀ, ਟੈਂਟ, ਐਡ ਤੇ ਹੋਰ ਵੀਹ ਤਰ੍ਹਾਂ ਦੇ ਖਰਚੇ ਹਨ। ਕੈਨੇਡਾ `ਚ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਸੁਖਾਲਾ ਨਹੀਂ। ਪ੍ਰਬੰਧਕਾਂ ਦੀ ਚਾਲ ਨਿਕਲ ਜਾਂਦੀ ਹੈ ਜਦ ਕਿ ਵੇਖਣ ਵਾਲੇ ਮੁਫ਼ਤ `ਚ ਵੇਖ ਜਾਂਦੇ ਹਨ। ਕਈ ਖਿਡਾਰੀ ਨਿੱਕੀ ਜਿਹੀ ਗੱਲ `ਤੇ ਰੁੱਸ ਬਹਿੰਦੇ ਹਨ ਤੇ ਉਹ ਇਹ ਨਹੀਂ ਸਮਝਦੇ ਕਿ ਪ੍ਰਬੰਧਕ ਉਨ੍ਹਾਂ ਲਈ ਕਿੰਨਾ ਜੱਫਰ ਜਾਲ ਰਹੇ ਹਨ। ਕਈ ਤਾਂ ਖੇਡਣ ਲਈ ਟੀਕੇ ਵੀ ਕਲੱਬਾਂ ਕੋਲੋਂ ਭਾਲਦੇ ਹਨ। ਕਹਿੰਦੇ ਹਨ, “ਕਨੇਡਾ `ਚ ਟੀਕੇ ਤੇ ਕੈਪਸੂਲ ਤਾਂ ਮਹਿੰਗੇ ਈ ਬਹੁਤ ਹਨ! ਅੱਧਾ ਇਨਾਮ ਤਾਂ ਓਧਰ ਈ ਨਿਕਲ ਜਾਂਦੈ! !” ਇਹ ਤਾਂ ਉਹ ਗੱਲ ਹੈ ਜਿਵੇਂ ਕੋਈ ਪਾਠ ਦੀ ਰੌਲ ਲਾਉਣ ਵਾਲਾ ਪਾਠੀ ਫੀਮ ਦੇ ਮਾਵੇ ਦੀ ਮੰਗ ਕਰੇ। ਆਖੇ ਅੱਧੀ ਭੇਟਾ ਤਾਂ ਫੀਮ ਦੇ ਲੇਖੇ ਈ ਲੱਗ ਜਾਂਦੀ ਹੈ!

ਜਿਨ੍ਹਾਂ ਖਿਡਾਰੀਆਂ ਨੇ ਐਡਮਿੰਟਨ ਦੇ ਕਬੱਡੀ ਕੱਪ ਵਿੱਚ ਵਧੀਆ ਖੇਡ ਦਾ ਮੁਜਾਹਰਾ ਕੀਤਾ ਉਨ੍ਹਾਂ `ਚੋਂ ਕੁੱਝ ਤਰਦੇ ਤਰਦੇ ਨਾਂ ਚੇਤੇ ਆ ਰਹੇ ਹਨ। ਵੈੱਲੀ, ਉਪਕਾਰ, ਕੀਪਾ, ਸੋਨੀ ਸੁਨੇਤ, ਜਗਤਾਰ ਤੇ ਮੀਕ ਰਿਚਮੰਡ ਕਲੱਬ ਵੱਲੋਂ ਖੇਡ ਰਹੇ ਸਨ। ਸੰਦੀਪ, ਕਮਲਜੀਤ, ਕਾਲਾ ਤੇ ਸੁੱਖਾ ਪ੍ਰਿੰਸ ਜਾਰਜ ਦੀ ਟੀਮ ਵਿੱਚ ਸਨ। ਰਾਜੂ ਕਲੱਬ `ਚ ਇੰਦਰਜੀਤ, ਜੋਧਾ, ਬਲਜੀਤ ਤੇ ਸ਼ੁਰ੍ਹਲੀ ਸੀ। ਸ਼ੁਰ੍ਹਲੀ ਅਜੇ ਬੱਚਾ ਹੈ ਵੱਡਾ ਹੋ ਕੇ ਸੰਭਵ ਹੈ ਬੰਬ ਬਣ ਜਾਵੇ। ਅਜ਼ਾਦ ਕਲੱਬ `ਚ ਸੰਦੀਪ ਲੱਲੀਆਂ, ਗੋਵਿੰਦਾ, ਸੁੱਖੀ, ਪੰਮਾ ਤੇ ਗੋਗੋ ਖੇਡ ਰਹੇ ਸਨ। ਓਧਰ ਕੁਮੈਂਟਰੀ ਕਰਨ ਵਾਲੇ ਕਹੀ ਜਾ ਰਹੇ ਸਨ-ਰਹਿਣ ਖੇਡਦੇ ਕਬੱਡੀ ਸਦਾ ਗਭਰੂ, ਲੱਗੇ ਨਾ ਤੱਤੀ ਵਾ ਮਿੱਤਰੋ। ਕਬੱਡੀ ਦਾ ਇੱਕ ਗੀਤ ਬੜਾ ਚੱਲਿਐ-ਚੁੰਘਦੇ ਨੇ ਬੂਰੀਆਂ ਤੇ ਖੇਡਦੇ ਕਬੱਡੀਆਂ …। ਕਾਸ਼ ਸਾਡੇ ਕਬੱਡੀ ਦੇ ਜੋਧੇ ਬੂਰੀਆਂ ਹੀ ਚੁੰਘਣ ਤੇ ਬੂਰੀਆਂ ਦਾ ਦੁੱਧ ਲਾਹੁਣ ਵਾਲੇ ਟੀਕਿਆਂ ਤੋਂ ਬਚਣ! ਨਹੀਂ ਤਾਂ ਇਹ ਕਥਿਤ ‘ਤਾਕਤ ਵਧਾਊ’ ਟੀਕੇ ਉਨ੍ਹਾਂ ਨੂੰ ਲੈ ਬਹਿਣਗੇ।

ਕਬੱਡੀ ਤੇ ਪੰਜਾਬਣਾਂ ਦੇ ਮੇਲੇ ਦੇ ਖਿੱਚਪਾਊ ਦ੍ਰਿਸ਼ਾਂ ਨੂੰ ਵਤਨੋਂ ਦੂਰ ਵਾਲਾ ਸੁੱਖੀ ਕੈਮਰੇ `ਚ ਬੰਦ ਕਰ ਰਿਹਾ ਸੀ ਜੋ ਉਸ ਨੇ ਵੀਕ ਐਂਡ `ਤੇ ਵਿਖਾਉਣੇ ਸਨ। ਮਾਈਕ ਤੋਂ ਸੂਚਨਾ ਦਿੱਤੀ ਜਾ ਰਹੀ ਸੀ ਕਿ ਰੋਟੀ ਦਾ ਲੰਗਰ ਤਿੰਨ ਵਜੇ ਬੰਦ ਹੋ ਜਾਵੇਗਾ ਪਰ ਚਾਹ, ਜਲੇਬੀਆਂ ਤੇ ਪਕੌੜੇ ਅਖ਼ੀਰ ਤਕ ਵਰਤਦੇ ਰਹਿਣਗੇ। ਸਿੱਖਾਂ ਦੀ ਲੰਗਰ ਲਾਉਣ ਦੀ ਖ਼ੂਬੀ ਕਮਾਲ ਦੀ ਹੈ। ਧਾਰਮਿਕ ਸਮਾਗਮਾਂ `ਚ ਤਾਂ ਲੰਗਰ ਲੱਗਦੇ ਹੀ ਹਨ ਉਹ ਖੇਡ ਮੇਲਿਆਂ ਵਿੱਚ ਵੀ ਲੰਗਰ ਲਾਉਂਦੇ ਹਨ ਤੇ ਲਾਉਂਦੇ ਵੀ ਲੱਡੂ ਜਲੇਬੀਆਂ ਤੇ ਪਕੌੜਿਆਂ ਤਕ ਦੇ ਹਨ। ਪਰ੍ਹਾਂ ਅਤਰੋ ਹਾਸੇ ਖੇੜੇ ਦਾ ਲੰਗਰ ਲਾਈ ਜਾਂਦੀ ਸੀ ਤੇ ਸੁੱਖੀ ਬਰਾੜ ਸਾਫ ਸੁਥਰੀ ਗਾਇਕੀ ਦਾ ਸੁਨੇਹਾ ਦੇ ਰਹੀ ਸੀ।

ਕਬੱਡੀ ਦੇ ਅਖਾੜੇ ਵਿੱਚ ਭੰਗੜਾ ਵੀ ਪਿਆ ਤੇ ਰੱਸਾ ਵੀ ਖਿੱਚਿਆ ਗਿਆ। ਲੱਖੇ ਤੇ ਦੁੱਲੇ ਦਾ ਉਚੇਚਾ ਮਾਣ ਸਨਮਾਨ ਹੋਇਆ। ਵਿਚੇ ਕਾਲੀਆਂ ਵਰਦੀਆਂ ਵਾਲੇ ਸਕਿਉਰਿਟੀ ਗਾਰਡ ਗੇੜੇ ਕੱਢਦੇ ਰਹੇ ਤੇ ਵਿਚੇ ਯਾਰ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਗੇੜੇ ਮਾਰਦੇ ਰਹੇ। ਸੁਰ ਸੰਗਮ ਰੇਡੀਓ ਵਾਲੇ ਗੁਰਸ਼ਰਨ ਬੁੱਟਰ ਨੇ ਸਰਵੋਤਮ ਖਿਡਾਰੀਆਂ ਨੂੰ ਸੋਨੇ ਦੀਆਂ ਚੇਨੀਆਂ ਭੇਟ ਕੀਤੀਆਂ। ਵੇਖਣ ਨੂੰ ਗੁਰਸ਼ਰਨ ਸਿੰਘ ਵੀ ਆਪਣੇ ਸਵਾ ਕੁਇੰਟਲ ਦੇ ਜੁੱਸੇ ਨਾਲ ਕਬੱਡੀ ਦਾ ਖਿਡਾਰੀ ਹੀ ਲੱਗਦਾ ਹੈ। ਉਥੇ ਵਾਲੀਬਾਲ ਦੀ ਪ੍ਰਸਿੱਧ ਖਿਡਾਰਨ ਇੰਦਰਾ ਸਰੋਇਆ ਨੇ ਵੀ ਖੇਡ ਮੇਲੇ ਦੀ ਰੌਣਕ ਵਧਾਈ।

ਕਬੱਡੀ ਦਾ ਪਹਿਲਾਂ ਸੈਮੀ ਫਾਈਨਲ ਮੈਚ ਹਰਜੀਤ ਕਲੱਬ ਤੇ ਅੰਬੀ ਹਠੂਰ ਕਲੱਬ ਕੈਲਗਰੀ ਵਿਚਕਾਰ ਹੋਇਆ। ਕੈਲਗਰੀ ਕਲੱਬ ਵੱਲੋਂ ਸੁੱਖੀ ਤੇ ਰਣਜੀਤ ਹੋਰੀਂ ਕਬੱਡੀਆਂ ਪਾ ਰਹੇ ਸਨ ਤੇ ਗੀਚੇ ਗੱਜਣਵਾਲੀਏ ਵਰਗੇ ਜੱਫੇ ਲਾ ਰਹੇ ਸਨ। ਤਖਤੂਪੁਰੇ ਵਾਲਾ ਸ਼ੇਰ ਸਿੰਘ ਧਾਲੀਵਾਲ ਡਾਲਰਾਂ ਦੀ ਵਰਖਾ ਕਰ ਰਿਹਾ ਸੀ। ਉਸ ਨੇ ਮੈਨੂੰ ਤਖਤੂਪੁਰੇ ਦਾ ਮੇਲਾ ਯਾਦ ਕਰਾ ਦਿੱਤਾ ਸੀ ਜਿਹੜਾ ਮੈਂ ਬਚਪਨ `ਚ ਵੇਖਿਆ ਕਰਦਾ ਸੀ। ਉਸ ਮੇਲੇ ਦੀਆਂ ਅਨੇਕਾਂ ਯਾਦਾਂ ਮੇਰੇ ਚੇਤੇ `ਚ ਸੱਜਰੀਆਂ ਹਨ। ਸ਼ੇਰ ਸਿੰਘ ਦਾ ਸੱਦਾ ਸੀ ਕਿ ਸਿਆਲਾਂ ਵਿੱਚ ਅਸੀਂ ਤਖਤੂਪੁਰੇ ਦੇ ਮੇਲੇ `ਤੇ ਜ਼ਰੂਰ ਪੁੱਜੀਏ। ਉਸ ਮੇਲੇ `ਚ ਪੰਜਾਹ ਸਾਲ ਪਹਿਲਾਂ ਖੇਡਣ ਵਾਲੇ ਬਲਦੇਵ ਪੱਤੋ, ਜਗਰਾਜ ਮਾਛੀਕੇ ਤੇ ਅੜਿੱਕਾ ਮਧੇਅ ਵਾਲਾ ਮੈਨੂੰ ਯਾਦ ਆ ਗਏ। ਕਦੇ ਉਹ ਸਾਡੇ ਹੀਰੋ ਹੁੰਦੇ ਸਨ। ਪਹਿਲਾ ਸੈਮੀ ਫਾਈਨਲ ਕੈਲਗਰੀ ਦੀ ਕਲੱਬ ਨੇ ਹਰਜੀਤ ਕਲੱਬ ਨੂੰ 43-40 ਅੰਕਾਂ ਉਤੇ ਹਰਾ ਕੁ ਜਿੱਤਿਆ ਤੇ ਦੂਜੇ ਸੈਮੀ ਫਾਈਨਲ ਵਿੱਚ ਯੰਗ ਕਲੱਬ ਨੇ ਰਿਚਮੰਡ ਨੂੰ ਹਰਾ ਦਿੱਤਾ।

ਫਾਈਨਲ ਮੈਚ ਕੈਲਗਰੀ ਤੇ ਯੰਗ ਕਲੱਬ ਦਰਮਿਆਨ ਹੋਇਆ। ਇੱਕ ਇਕ ਕਬੱਡੀ ਉਤੇ ਬੁਰਦਾਂ ਲੱਗੀਆਂ ਹੋਈਆਂ ਸਨ। ਯੰਗ ਦਾ ਲੱਖਾ, ਦੁੱਲਾ ਤੇ ਵਿੱਕਾ ਰੇਡਾਂ ਦੇ ਤੇ ਬਿੱਟੂ ਦੁਗਾਲ, ਤੀਰਥ, ਤੁੰਨਾ ਤੇ ਭਲਵਾਨ ਜੱਫਿਆਂ ਦੇ ਪੈਂਟ੍ਹ ਬਟੋਰ ਰਹੇ ਸਨ। ਗੀਚੇ ਨੇ ਇੱਕ ਵਾਰ ਲੱਖੇ ਨੂੰ ਡੱਕ ਕੇ ਬਹਿਜਾ ਬਹਿਜਾ ਕਰਵਾ ਦਿੱਤੀ। ਧੂੜਕੋਟੀਏ ਗੋਪੀ ਦੇ ਕਈ ਜੱਫੇ ਕਾਮਯਾਬ ਰਹੇ ਤੇ ਉਸ ਨੇ ਵੀ ਲੱਖੇ ਦੀ ਗੋਡੀ ਲਵਾ ਦਿੱਤੀ। ਆਖ਼ਰ ਉਹ ਮੈਚ ਯੰਗ ਕਲੱਬ ਨੇ 43-33 ਅੰਕਾਂ ਨਾਲ ਜਿੱਤ ਲਿਆ। ਬੈੱਸਟ ਧਾਵੀ ਦਾ ਖ਼ਿਤਾਬ ਕਾਲੂ ਰਸੂਲਪੁਰੀਏ ਨੂੰ ਤੇ ਅੱਵਲ ਜਾਫੀ ਦਾ ਅਵਾਰਡ ਬਿੱਟੂ ਦੁਗਾਲ ਨੂੰ ਮਿਲਿਆ। ਐਡਮਿੰਟਨੀਆਂ ਦਾ ਅਨੁਸਾਸ਼ਨ ਏਨਾ ਚੰਗਾ ਸੀ ਕਿ ਇੱਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਨਾਲ ਕੋਈ ਬੇਸੁਆਦੀ ਹੋਈ ਹੋਵੇ। ਤੀਆਂ ਤੋਂ ਬਾਅਦ ਕਈ ਬੀਬੀਆਂ ਨੇ ਵੀ ਕਬੱਡੀ ਦਾ ਫਾਈਨਲ ਮੈਚ ਵੇਖਿਆ।

ਅਗਲੇ ਦਿਨ ਅਸੀਂ ਵਾਪਸ ਮੁੜਨਾ ਸੀ। ਸਾਨੂੰ ਦੱਸਿਆ ਗਿਆ ਕਿ ਐਡਮਿੰਟਨ ਵਿੱਚ ਪੰਜਾਬੀ ਬਜ਼ੁਰਗਾਂ ਨੇ ਆਪਣੇ ਬਹਿਣ ਉੱਠਣ ਲਈ ਕਮਿਉਨਿਟੀ ਸੈਂਟਰ ਬਣਾਇਆ ਹੋਇਆ ਹੈ। ਅਸੀਂ ਸੀਨੀਅਰ ਸ਼ਹਿਰੀਆਂ ਦੇ ਦਰਸ਼ਨ ਕਰਨ ਵੀ ਗਏ। ਉਹ ਐਡਮਿੰਟਨ ਵਿੱਚ ਆਪਣੀ ਸੋਹਣੀ ਸੱਥ ਬਣਾਈ ਬੈਠੇ ਸਨ ਤੇ ਬੜਾ ਸੋਹਣਾ ਸਮਾਂ ਗ਼ੁਜ਼ਾਰ ਰਹੇ ਸਨ। ਉਨ੍ਹਾਂ ਨੇ ਆਪਣੀ ਲਾਇਬ੍ਰੇਰੀ ਵੀ ਬਣਾਈ ਹੋਈ ਸੀ ਤੇ ਜਿਮ ਵਿੱਚ ਵੀ ਕਸਰਤੀ ਮਸ਼ੀਨਾਂ ਰੱਖੀਆਂ ਹੋਈਆਂ ਸਨ। ਪਚਵੰਜਾ ਸਾਲ ਤੋਂ ਵਡੇਰਾ ਬੰਦਾ ਹੀ ਉਨ੍ਹਾਂ ਦਾ ਮੈਂਬਰ ਸੀ ਜਿਨ੍ਹਾਂ ਦੀ ਗਿਣਤੀ ਤਿੰਨ ਸੌ ਤੋਂ ਵੱਧ ਸੀ। ਜਹਾਜ਼ ਫੜਨ ਦੀ ਕਾਹਲ ਨਾ ਹੁੰਦੀ ਤਾਂ ਅਸੀਂ ਉਸ ਰੌਣਕ ਮੇਲੇ `ਚੋਂ ਕਦ ਨਿਕਲਣਾ ਸੀ? ਹਵਾਈ ਅੱਡੇ `ਤੇ ਪੁੱਜੇ ਤਾਂ ਸਕਿਉਰਿਟੀ ਦੀ ਡਿਊਟੀ ਦੇ ਰਹੇ ਇੱਕ ਸਰਦਾਰ ਨੇ ਆਵਾਜ਼ ਮਾਰੀ, “ਪ੍ਰਿੰਸੀਪਲ ਸਾਹਿਬ ਐਧਰ ਦੀ ਲੰਘੋ।” ਇਹ ਆਵਾਜ਼ ਅਏਂ ਆਈ ਸੀ ਜਿਵੇਂ ਮੈਂ ਜਗਰਾਵਾਂ ਦੇ ਅੱਡੇ `ਤੇ ਹੋਵਾਂ। ਸੱਚੀ ਗੱਲ ਹੈ ਕੈਨੇਡਾ ਹੁਣ ਮੋਗਾ ਜਗਰਾਵਾਂ ਹੀ ਤਾਂ ਬਣਿਆ ਪਿਆ ਹੈ।

ਜਿਵੇਂ ਹਾਕੀ ਵਿੱਚ ਬਲਬੀਰ ਸਿੰਘ ਨਾਂ ਨੂੰ ਬਖ਼ਸ਼ ਹੈ ਤਿਵੇਂ ਅਥਲੈਟਿਕਸ ਵਿੱਚ ਮਹਿੰਦਰ ਸਿੰਘ ਨਾਂ ਦੀ ਗੁੱਡੀ ਚੜ੍ਹੀ ਰਹੀ ਹੈ। ਤਿੰਨ ਮਹਿੰਦਰ ਸਿੰਘ ਟੋਕੀਓ, ਜਕਾਰਤਾ ਤੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਦੇ ਚੈਂਪੀਅਨ ਬਣੇ ਹਨ। 1958 ਵਿੱਚ ਟੋਕੀਓ ਦੀਆਂ ਤੀਜੀਆਂ ਏਸ਼ਿਆਈ ਖੇਡਾਂ `ਚੋਂ ਖਾਨਖਾਨੇ ਦੇ ਮਹਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਚਾਰ ਸਾਲ ਬਾਅਦ ਜਕਾਰਤਾ ਦੀਆਂ ਏਸ਼ਿਆਈ ਖੇਡਾਂ `ਚ ਜ਼ਿਲ੍ਹਾ ਜਲੰਧਰ ਦਾ ਇੱਕ ਹੋਰ ਮਹਿੰਦਰ ਸਿੰਘ 1500 ਮੀਟਰ ਦੀ ਦੌੜ ਨੂੰ ਪੈ ਗਿਆ ਸੀ। 1970 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ `ਚ ਫੋਲੜੀਵਾਲ ਦੇ ਮਹਿੰਦਰ ਸਿੰਘ ਗਿੱਲ ਨੇ ਤੀਹਰੀ ਛਾਲ ਵਿੱਚ ਨਵਾਂ ਏਸ਼ਿਆਈ ਰਿਕਾਰਡ ਰੱਖਿਆ ਸੀ। ਉਸ ਬਾਰੇ ਲਿਖੇ ਆਰਟੀਕਲ ਦਾ ਨਾਂ ਪਹਿਲਾਂ ਮੈਂ ਅਲਸੀ ਦਾ ਫੁੱਲ ਰੱਖਿਆ ਸੀ ਤੇ ਬਾਅਦ ਵਿੱਚ ਹੀਰਾ ਹਿਰਨ ਲਿਖ ਦਿੱਤਾ। ਇਸ ਲੇਖ `ਚ ਸਭ ਤੋਂ ਵੱਡੇ ਮਹਿੰਦਰ ਸਿੰਘ ਦੀ ਗੱਲ ਕਰਦੇ ਹਾਂ।

ਵੱਡੇ ਮਹਿੰਦਰ ਸਿੰਘ ਨੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿੱਚ 15.62 ਮੀਟਰ ਟ੍ਰਿਪਲ ਜੰਪ ਕਰ ਕੇ ਗੋਲਡ ਮੈਡਲ ਜਿੱਤਣ ਦੇ ਨਾਲ ਏਸ਼ੀਆ ਦਾ ਨਵਾਂ ਰਿਕਾਰਡ ਕਰ ਦਿੱਤਾ ਸੀ। ਉਹ ਰਿਕਾਰਡ ਫਿਰ ਨਾ ਜਕਾਰਤਾ ਵਿੱਚ ਟੁੱਟਾ ਤੇ ਨਾ ਉਸ ਤੋਂ ਅਗਲੀਆਂ ਏਸ਼ਿਆਈ ਖੇਡਾਂ ਵਿੱਚ ਟੁੱਟਾ। ਉਹ ਆਖ਼ਰ ਉਹਦੇ ਹੀ ਸਿਰਨਾਵੀਏਂ ਤੇ ਉਹਦੇ ਹੀ ਜ਼ਿਲ੍ਹੇ ਦੇ ਮਹਿੰਦਰ ਸਿੰਘ ਗਿੱਲ ਨੇ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਬਿਹਤਰ ਕੀਤਾ। ਵੱਡਾ ਮਹਿੰਦਰ ਸਿੰਘ ਫੌਜ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਐੱਨ.ਆਈ.ਐੱਸ.ਦਾ ਕੋਚ ਬਣ ਗਿਆ ਸੀ ਤੇ ਛੋਟਾ ਮਹਿੰਦਰ ਸਿੰਘ ਛਾਲਾਂ ਦੀ ਵਿਸ਼ੇਸ਼ ਸਿਖਲਾਈ ਲੈਣ ਅਮਰੀਕਾ ਚਲਾ ਗਿਆ ਸੀ। ਬਾਅਦ ਵਿੱਚ ਉਹ ਉਥੋਂ ਦਾ ਹੀ ਪੱਕਾ ਵਸਨੀਕ ਬਣ ਗਿਆ ਤੇ ਅੱਜ ਕੱਲ੍ਹ ਕੈਲੇਫੋਰਨੀਆਂ ਦੇ ਸ਼ਹਿਰ ਟਰਲੱਕ ਵਿੱਚ ਖੇਡ ਸਮਾਨ ਦਾ ਬਿਜ਼ਨਸ ਕਰਦਾ ਹੈ। ਵੱਡਾ ਮਹਿੰਦਰ ਸਿੰਘ ਛੋਟੇ ਮਹਿੰਦਰ ਸਿੰਘ ਕਹਿੰਦਾ ਰਹਿੰਦਾ ਸੀ, “ਛੋਟੇ ਭਾਈ, ਸਾਨੂੰ ਵੀ ਕਦੇ ਸੱਦ ਲੈ ਅਮਰੀਕਾ।”

ਮਹਿੰਦਰ ਸਿੰਘ ਸੀਨੀਅਰ ਦਾ ਜਨਮ 30 ਜਨਵਰੀ 1933 ਨੂੰ ਪਿੰਡ ਖਾਨਖਾਨਾ ਜਿਲ੍ਹਾ ਜਲੰਧਰ ਵਿੱਚ ਹੋਇਆ ਸੀ। ਇਹ ਪਿੰਡ ਹੁਣ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਹੈ। ਉਸ ਨੇ ਖਾਲਸਾ ਹਾਈ ਸਕੂਲ ਚਰਨ ਕੰਵਲ ਬੰਗਾ ਤੋਂ ਦਸਵੀਂ ਪਾਸ ਕੀਤੀ ਸੀ। ਉਦੋਂ ਨੌਜੁਆਨਾਂ ਨੂੰ ਸਿਹਤ ਬਣਾਉਣ ਦਾ ਸ਼ੌਕ ਸੀ ਤੇ ਹੁਣ ਵਾਂਗ ਨਸ਼ੇ ਪੱਤਿਆਂ ਵਿੱਚ ਨਹੀਂ ਸਨ ਪਏ। ਮਹਿੰਦਰ ਸਿੰਘ ਕੱਦ ਕਾਠ ਦਾ ਚੰਗਾ ਜੁਆਨ ਹੋਣ ਕਾਰਨ 1951 ਵਿੱਚ ਸਿੱਖ ਰਜਮੈਂਟ `ਚ ਭਰਤੀ ਹੋ ਗਿਆ। ਭਰਤੀ ਹੋਣ ਵੇਲੇ ਉਸ ਦਾ ਕੱਦ 5 ਫੁੱਟ ਸਾਢੇ ਗਿਆਰਾਂ ਇੰਚ ਮਿਣਿਆ ਗਿਆ ਸੀ। ਸਕੂਲ ਵਿੱਚ ਉਹ ਹਾਕੀ ਖੇਡਦਾ ਸੀ। ਅੰਬਾਲੇ ਰਕਰੂਟੀ ਕਰਦਿਆਂ ਉਸ ਨੂੰ ਅਥਲੈਟਿਕਸ ਕਰਨ ਦਾ ਸ਼ੌਕ ਹੋ ਗਿਆ ਤੇ ਉਹ ਉੱਚੀ ਛਾਲ ਲਾਉਣ ਲੱਗ ਪਿਆ। ਸਾਲ ਕੁ ਪਿੱਛੋਂ ਉਸ ਨੇ ਸਾਰੀ ਫੌਜ ਦੀ ਅਥਲੈਟਿਕ ਮੀਟ ਵਿੱਚ ਭਾਗ ਲਿਆ ਤੇ ਉੱਚੀ ਛਾਲ ਲਾਉਣ `ਚ ਦੂਜੇ ਨੰਬਰ `ਤੇ ਆਇਆ।

ਫਿਰ ਬਰਗੇਡੀਅਰ ਕਰਨੈਲ ਸਿੰਘ ਨੇ ਉਸ ਨੂੰ ਸੰਭਾਲ ਲਿਆ ਤੇ ਉੱਚੀ ਛਾਲ ਦੀ ਥਾਂ ਲੰਮੀ ਛਾਲ ਲਾਉਣ ਦੀ ਪ੍ਰੈਕਟਿਸ ਕਰਵਾਈ। 1954 ਵਿੱਚ ਉਸ ਨੇ ਲੰਮੀ ਛਾਲ ਲਾਉਂਦਿਆਂ ਵੀਹ ਸਾਲ ਪਹਿਲਾਂ ਦਾ ਰੱਖਿਆ ਨੈਸ਼ਨਲ ਰਿਕਾਰਡ ਤੋੜ ਦਿੱਤਾ। 12 ਅਗੱਸਤ 1908 ਨੂੰ ਪਿੰਡ ਮਜ਼ਾਰਾ ਡੀਂਗਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜੰਮੇ ਕੈਪਟਨ ਨਿਰੰਜਣ ਸਿੰਘ ਨੇ 1934 ਵਿੱਚ 22 ਫੁੱਟ ਸਾਢੇ ਦਸ ਇੰਚ ਲੰਮੀ ਛਾਲ ਲਾਈ ਸੀ। ਵੀਹ ਸਾਲ ਕੋਈ ਹੋਰ ਭਾਰਤੀ ਅਥਲੀਟ ਏਨੀ ਲੰਮੀ ਛਾਲ ਨਾ ਲਾ ਸਕਿਆ। ਆਖ਼ਰ ਮਹਿੰਦਰ ਸਿੰਘ ਨੇ 22 ਫੁੱਟ ਸਾਢੇ ਗਿਆਰਾਂ ਇੰਚ ਲੰਮੀ ਛਾਲ ਲਾ ਕੇ ਨੈਸ਼ਨਲ ਰਿਕਾਰਡ ਬਿਹਤਰ ਕੀਤਾ। ਇਸ ਛਾਲ ਨੇ ਉਸ ਨੂੰ ਸਿਪਾਹੀ ਤੋਂ ਲੈਸ ਨੈਕ ਬਣਾ ਦਿੱਤਾ। 1955 ਵਿੱਚ ਉਸ ਨੇ 23 ਫੁੱਟ ਸਾਢੇ ਸੱਤ ਇੰਚ ਲੰਮੀ ਛਾਲ ਲਾਈ। ਫਿਰ ਲੰਮੀ ਛਾਲ ਦੇ ਪੁਰਾਣੇ ਏਸ਼ਿਆਈ ਚੈਂਪੀਅਨ ਬਲਦੇਵ ਸਿੰਘ ਨੇ ਉਸ ਨੂੰ ਤੀਹਰੀ ਛਾਲ ਲਾਉਣ ਲਈ ਪ੍ਰੇਰਿਆ ਤੇ ਉਸ ਨੇ ਕਈ ਸਾਲ ਪਹਿਲਾਂ ਦਾ ਰੱਖਿਆ ਰਬੈਲੋ ਦਾ ਨੈਸ਼ਨਲ ਰਿਕਾਰਡ ਤੋੜ ਦਿੱਤਾ।

1955 ਵਿੱਚ ਉਹ ਲੰਮੀ ਛਾਲ ਦੇ ਨਾਲ ਹਾਪ ਸਟੈੱਪ ਜੰਪ ਵੀ ਲਾਉਣ ਲੱਗਾ ਤੇ ਪਟਿਆਲੇ ਦੀਆਂ ਨੈਸ਼ਨਲ ਖੇਡਾਂ ਵਿੱਚ ਦੂਜੇ ਸਥਾਨ ਉਤੇ ਆਇਆ। 1956 ਵਿੱਚ ਉਸ ਨੇ ਇੰਡੋ-ਪਾਕਿ ਮੀਟ ਵਿੱਚ ਹਿੱਸਾ ਲਿਆ ਤੇ ਮੈੱਲਬੌਰਨ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ। ਆਸਟ੍ਰੇਲੀਆ ਦੇ ਸ਼ਹਿਰ ਬੈਂਡੀਗੋ ਵਿੱਚ ਹੋਈਆਂ ਪ੍ਰੀ ਓਲੰਪਿਕ ਖੇਡਾਂ ਵਿੱਚ ਉਸ ਨੇ 50 ਫੁੱਟ ਪੌਣੇ ਛੇ ਇੰਚ ਤੀਹਰੀ ਛਾਲ ਲਾ ਕੇ ਚੰਗੀ ਹੋਣਹਾਰੀ ਵਿਖਾਈ। ਉਸ ਨੇ 1958 ਵਿੱਚ ਕਾਰਡਿਫ਼ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਵੀ ਭਾਗ ਲਿਆ ਪਰ ਕੋਈ ਮੈਡਲ ਨਾ ਜਿੱਤ ਸਕਿਆ। ਉਸ ਦੀ ਅਸਲੀ ਬੱਲੇ ਬੱਲੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿੱਚ ਹੋਈ ਜਿਥੇ ਉਹ ਨਵੇਂ ਰਿਕਾਰਡ ਨਾਲ ਏਸ਼ੀਆ ਦਾ ਚੈਂਪੀਅਨ ਬਣਿਆ। ਟੋਕੀਓ ਵਿੱਚ ਭਾਰਤ ਨੇ ਕੁਲ ਪੰਜ ਸੋਨ ਤਮਗ਼ੇ ਜਿੱਤੇ। ਇਹ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਪੰਜੇ ਸੋਨ ਤਮਗ਼ੇ ਸਿੱਖ ਖਿਡਾਰੀਆਂ ਰਾਹੀਂ ਜਿੱਤੇ ਗਏ। ਜਿਵੇਂ ਸੁਤੰਤਰਤਾ ਸੰਗਰਾਮ ਵਿੱਚ ਸਿੱਖ ਸਭ ਤੋਂ ਵੱਧ ਫਾਂਸੀ ਚੜ੍ਹੇ ਉਵੇਂ ਖੇਡ ਖੇਤਰ ਵਿੱਚ ਵੀ ਸਿੱਖ ਖਿਡਾਰੀਆਂ ਨੇ ਭਾਰਤ ਲਈ ਸਭ ਤੋਂ ਬਹੁਤੇ ਤਮਗ਼ੇ ਜਿੱਤੇ ਹਨ।

ਟੋਕੀਓ ਦੀਆਂ ਏਸ਼ਿਆਈ ਖੇਡਾਂ ਤਕ ਮਹਿੰਦਰ ਸਿੰਘ ਕਈ ਮੁਲਕਾਂ ਵਿੱਚ ਛਾਲਾਂ ਲਾ ਆਇਆ ਸੀ ਤੇ ਤਜਰਬੇਕਾਰ ਅਥਲੀਟ ਬਣ ਗਿਆ ਸੀ। ਇਹਦੇ ਨਾਲ ਉਹਦੇ ਵਿਸ਼ਵਾਸ ਵਿੱਚ ਵਾਧਾ ਹੋ ਗਿਆ ਸੀ। ਟੋਕੀਓ ਵਿੱਚ 51 ਫੁੱਟ ਸਾਢੇ ਚਾਰ ਇੰਚ ਤੀਹਰੀ ਛਾਲ ਲਾ ਕੇ ਉਸ ਨੇ ਸਹਿਜ ਨਾਲ ਹੀ ਸੋਨ ਤਮਗ਼ਾ ਜਿੱਤ ਲਿਆ। ਉਂਜ ਉਸ ਦਾ ਕਹਿਣਾ ਸੀ ਕਿ ਉਹਦੀ ਵਧੀਆ ਛਾਲ ਪ੍ਰੀ ਓਲੰਪਿਕ ਖੇਡਾਂ ਵਿੱਚ 52 ਫੁੱਟ ਸਾਢੇ ਛੇ ਇੰਚ ਲੱਗੀ ਸੀ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ 52 ਫੁੱਟ ਦਾ ਸਟੈਂਡਰਡ ਮਿਥਿਆ ਗਿਆ ਸੀ। ਪਰ ਟਰਾਇਲਾਂ ਵਿੱਚ ਅੱਧੀ ਇੰਚ ਪਿੱਛੇ ਰਹਿ ਜਾਣ ਕਾਰਨ ਉਹ ਰੋਮ ਨਾ ਜਾ ਸਕਿਆ। ਉਹ 1962 ਤਕ ਨੈਸ਼ਨਲ ਚੈਂਪੀਅਨ ਬਣਦਾ ਰਿਹਾ।

1962 ਵਿੱਚ ਉਹ 25 ਫੁੱਟ ਲੰਮੀ ਤੇ 51 ਫੁੱਟ ਤੀਹਰੀ ਛਾਲ ਲਾ ਰਿਹਾ ਸੀ ਕਿ ਉਸ ਦਾ ਖੱਬਾ ਗੋਡਾ ਮਰੋੜਾ ਖਾ ਗਿਆ। ਗੋਡੇ ਦੀ ਸੱਟ ਉਹਦੀਆਂ ਛਾਲਾਂ ਨੂੰ ਹਮੇਸ਼ਾਂ ਲਈ ਲੈ ਬੈਠੀ। ਫਿਰ ਉਸ ਨੇ ਪਟਿਆਲੇ ਦੇ ਐੱਨ.ਆਈ.ਐੱਸ.ਤੋਂ ਅਥਲੈਟਿਕਸ ਦਾ ਕੋਚਿੰਗ ਕੋਰਸ ਕਰ ਲਿਆ ਤੇ ਫੌਜੀ ਅਥਲੀਟਾਂ ਨੂੰ ਕੋਚਿੰਗ ਦੇਣ ਲੱਗਾ। 1974 ਵਿੱਚ ਉਹ ਫੌਜ ਤੋਂ ਰਿਟਾਇਰ ਹੋਇਆ। ਫਿਰ ਉਸ ਨੇ ਐੱਨ.ਆਈ.ਐੱਸ.ਦੀ ਕੋਚਿੰਗ ਸਕੀਮ ਅਧੀਨ ਕੁੱਝ ਸਮਾਂ ਬੰਗਲੌਰ ਤੇ ਰਿਟਾਇਰਮੈਂਟ ਤਕ ਦਾ ਬਾਕੀ ਸਮਾਂ ਜਲੰਧਰ ਵਿੱਚ ਕੋਚਿੰਗ ਦਿੱਤੀ।

1982 ਵਿੱਚ ਦਿੱਲੀ ਦੀਆਂ ਨੌਵੀਆਂ ਏਸ਼ਿਆਈ ਖੇਡਾਂ ਸਮੇਂ ਟ੍ਰਿਪਲ ਜੰਪ ਦਾ ਮੁਕਾਬਲਾ ਮੈਂ ਦੋਹਾਂ ਮਹਿੰਦਰ ਸਿੰਘਾਂ ਦੇ ਵਿਚਕਾਰ ਬਹਿ ਕੇ ਵੇਖਿਆ ਸੀ। ਏਸ਼ੀਆਂ ਦੇ ਸਾਬਕਾ ਚੈਂਪੀਅਨਾਂ ਨਾਲ ਉਨ੍ਹਾਂ ਦੇ ਈਵੈਂਟ ਨੂੰ ਵੇਖਣ ਦਾ ਆਪਣਾ ਅਨੰਦ ਸੀ। ਦਰਸ਼ਕਾਂ ਨਾਲ ਜਵਾਹਰ ਲਾਲ ਸਟੇਡੀਅਮ ਭਰਿਆ ਹੋਇਆ ਸੀ। ਮਹਿੰਦਰ ਸਿੰਘ ਗਿੱਲ ਸਾਨੂੰ ਘੇਰ ਕੇ ਛਾਲਾਂ ਦੇ ਅਖਾੜੇ ਕੋਲ ਲੈ ਗਿਆ ਸੀ ਅਖੇ ਕੋਲ ਬਹਿ ਕੇ ਵੇਖਣ ਦਾ ਵੱਧ ਨਜ਼ਾਰਾ ਆਵੇਗਾ। ਸੱਚਮੁੱਚ ਨਜ਼ਾਰਾ ਆਇਆ ਵੀ ਵੱਧ। ਉਥੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦੇ ਦੋ ਤਮਗ਼ੇ ਜਿੱਤਣ ਵਾਲਾ ਹਰੀ ਚੰਦ ਵੀ ਬੈਠਾ ਸੀ। ਉਹਦਾ ਕੱਦ ਨਿੱਕਾ ਸੀ ਤੇ ਮੁੱਛਾਂ ਲੰਮੀਆਂ ਸਨ। ਬੈਂਕਾਕ ਵਿੱਚ ਬਾਜ਼ੀਗਰਾਂ ਦੇ ਪੁੱਤਰ ਨੇ ਕਮਾਲ ਕਰ ਵਿਖਾਈ ਸੀ। ਪਹਿਲਵਾਨ ਮਾਧੋ ਸਿੰਘ ਵੀ ਹਾਜ਼ਰ ਸੀ ਤੇ ਲੰਮੀ ਛਾਲ ਵਾਲਾ ਯੋਹਾਨਨ ਵੀ ਪੱਬਾਂ ਭਾਰ ਹੋਇਆ ਫਿਰਦਾ ਸੀ। ਬਿਸ਼ਨ ਸਿੰਘ ਬੇਦੀ ਅਰਜਨ ਅਵਾਰਡੀਆਂ ਨੂੰ ਮੀਟਿੰਗ ਲਈ ਸੱਦਾ ਪੱਤਰ ਦੇ ਰਿਹਾ ਸੀ। ਪੱਗ ਹੇਠਾਂ ਉਹਦੀ ਫਿਫਟੀ ਚਮਕ ਰਹੀ ਸੀ। ਖੇਡਣ ਸਮੇਂ ਉਹ ਪਟਕਾ ਬੰਨ੍ਹਦਾ ਸੀ ਜਿਸ ਕਰਕੇ ਪਟਕੇ ਵਾਲਾ ਸਰਦਾਰ ਵੱਜਣ ਲੱਗ ਪਿਆ ਸੀ। ਚਾਰ ਸੌ ਮੀਟਰ ਵਾਲਾ ਅਜਮੇਰ ਸਿੰਘ ਮਜ਼ਾਕ ਕਰਦਾ ਹੱਸ ਰਿਹਾ ਸੀ।

ਮੈਂ ਮਾਧੋ ਸਿੰਘ ਨਾਲ ਹੱਥ ਮਿਲਾਇਆ ਤਾਂ ਉਹਦੇ ਹੱਥਾਂ ਦੇ ਰੱਟਣ ਮੈਨੂੰ ਰੜਕੇ। ਵੱਡਾ ਮਹਿੰਦਰ ਸਿੰਘ ਵੀ ਉਹਦੇ ਨਾਲ ਹੀ ਬੈਠਾ ਸੀ ਜੋ ਕਹਿਣ ਲੱਗਾ, “ਇਸ ਭਲੇ ਲੋਕ ਦੀ ਵੀ ਸੁਣ ਲਓ। ਇਹ ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਸੈਮੀ ਫਾਈਨਲ ਤਕ ਪੁੱਜ ਚੱਲਿਆ ਸੀ। ਮਿਲਖਾ ਸਿੰਘ ਚੌਥੇ ਨੰਬਰ `ਤੇ ਆਇਆ ਤਾਂ ਉਹਦੀ ਗੁੱਡੀ ਅਸਮਾਨੀ ਚੜ੍ਹ ਗਈ ਪਰ ਮਾਧੋ ਸਿੰਘ ਨੂੰ ਪੰਜਵਾਂ ਨੰਬਰ ਲੈਣ ਦੇ ਬਾਵਜੂਦ ਕਿਸੇ ਨੇ ਪੁੱਛਿਆ ਈ ਨਹੀਂ। ਹੁਣ ਕਿਥੇ ਮਿਲਖਾ ਸਿੰਘ ਤੇ ਕਿਥੇ ਮਾਧੋ ਸਿੰਘ? ਉਹ ਡਾਇਰੈਕਟਰ ਹੈ ਤੇ ਇਹ ਵਿਚਾਰਾ ਹਲ ਵਾਹ ਕੇ ਮਸੀਂ ਗੁਜ਼ਾਰਾ ਕਰਦੈ।”

ਮਹਿੰਦਰ ਸਿੰਘ ਨੂੰ ਖ਼ੁਦ ਰੰਜ ਸੀ ਕਿ ਭਾਰਤੀ ਅਥਲੀਟਾਂ ਨੂੰ ਪਿਛਲੇ ਡੇਢ ਸਾਲ ਤੋਂ ਕੋਚਿੰਗ ਉਹ ਦਿੰਦਾ ਆ ਰਿਹਾ ਸੀ ਪਰ ਏਸ਼ਿਆਈ ਖੇਡਾਂ ਵੇਲੇ ਟੀਮ ਨਾਲ ਆਫੀਸ਼ਲ ਕੋਚ ਕਿਸੇ ਹੋਰ ਨੂੰ ਲਾ ਦਿੱਤਾ ਗਿਆ ਸੀ। ਸਿਰਫ ਇਸ ਲਈ ਕਿ ਉਸ ਨੇ ਅਧਿਕਾਰੀਆਂ ਦੀ ਚਮਚਾਗੀਰੀ ਨਹੀਂ ਸੀ ਕੀਤੀ। ਮਹਿੰਦਰ ਸਿੰਘ ਗਿੱਲ ਨੇ ਗ਼ਿਲਾ ਪ੍ਰਗਟ ਕੀਤਾ ਕਿ ਉਹ ਅਮਰੀਕਾ ਤੋਂ ਏਸ਼ੀਅਨ ਖੇਡਾਂ ਵੇਖਣ ਦਿੱਲੀ ਆਇਆ ਸੀ ਪਰ ਇਥੇ ਉਸ ਨੂੰ ਕੋਈ ਸਿਆਣਦਾ ਈ ਨਹੀਂ। ਪੁਰਾਣੇ ਚੈਂਪੀਅਨਾਂ ਦੀ ਕੋਈ ਪੁੱਛ ਗਿੱਛ ਨਹੀਂ। ਏਦੂੰ ਤਾਂ ਮੈਂ ਨਾ ਆਉਂਦਾ ਤਾਂ ਚੰਗਾ ਰਹਿੰਦਾ। ਉਸ ਨੇ ਹੋਰ ਕਿਹਾ, “ਇਹ ਕਿਹੋ ਜਿਹਾ ਮੁਲਕ ਆ ਜਿਥੇ ਮਾਮੂਲੀ ਪਾਲੇਟੀਸ਼ਨ ਟੀਸੀ `ਤੇ ਚੜ੍ਹਾਏ ਆ ਤੇ ਓਲੰਪੀਅਨਾਂ ਤੇ ਏਸ਼ੀਆ ਦੇ ਚੈਂਪੀਅਨਾਂ ਨੂੰ ਗੇਟ ਵੀ ਨ੍ਹੀਂ ਲੰਘਣ ਦਿੱਤਾ ਜਾਂਦਾ।”

ਜਦੋਂ ਟ੍ਰਿਪਲ ਜੰਪ ਦਾ ਮੁਕਾਬਲਾ ਸ਼ੁਰੂ ਹੋਇਆ ਤਾਂ ਦੋਵੇਂ ਮਹਿੰਦਰ ਸਿੰਘ ਗ਼ਿਲੇ ਸ਼ਿਕਵੇ ਭੁੱਲ ਗਏ ਤੇ ਲੱਗ ਰਹੀਆਂ ਛਾਲਾਂ ਉਤੇ ਤਬਸਰਾ ਕਰਨ ਲੱਗੇ। ਕਿਸੇ ਦਾ ਸਟੈੱਪ ਸਲਾਹਿਆ ਜਾਣ ਲੱਗਾ, ਕਿਸੇ ਦਾ ਹਾਪ ਤੇ ਕਿਸੇ ਦਾ ਜੰਪ। ਕਿਸੇ ਦੀ ਨੁਕਤਾਚੀਨੀ ਹੁੰਦੀ ਕਿ ਫਲਾਣੇ ਦੀ ਬਾਡੀ ਸਟਿੱਫ਼ ਹੈ ਜਿਸ ਕਰਕੇ ਉਸ ਤੋਂ ਹਾਈਟ ਈ ਨਹੀਂ ਲਈ ਗਈ। ਫਲਾਣੇ ਦਾ ਪੈਰ ਈ ਫੱਟੀ `ਤੇ ਠੀਕ ਨਹੀਂ ਆ ਰਿਹਾ। ਵੱਡੇ ਮਹਿੰਦਰ ਸਿੰਘ ਨੇ ਦੱਖਣੀ ਭਾਰਤ ਦੇ ਇੱਕ ਜੰਪਰ ਦਾ ਭੇਤ ਖੋਲ੍ਹਿਆ, “ਨਾ ਇਹ ਸ਼ਰਾਬ ਛੱਡੇ, ਨਾ ਤੀਵੀਂ। ਇਹਦਾ ਵੀ ਕਿਹਰੇ ਆਲਾ ਕੰਮ ਆਂ। ਜੇ ਇਹ ਸਹੀ ਰਹਿੰਦਾ ਤਾਂ ਹੁਣ ਨੂੰ ਕਿਥੇ ਦਾ ਕਿਥੇ ਪਹੁੰਚਿਆ ਹੁੰਦਾ। ਚੀਨੇ ਜਪਾਨੀਆਂ ਨੂੰ ਇਹ ਕਿਥੇ ਦਿਵਾਲ ਸੀ?”

ਇਕ ਹੋਰ ਨੇ ਬੈਠੇ ਬੈਠੇ ਤੋਪਾ ਭਰ ਦਿੱਤਾ, “ਸੈਣੀ ਦੀਆਂ ਲੱਤਾਂ ਤਾਂ ਸਿੱਧੀਆਂ ਨ੍ਹੀਂ ਹੁੰਦੀਆਂ ਤੇ ਊਂ ਚੀਫ ਕੋਚ ਬਣਿਆ ਫਿਰਦਾ!” “ਲੱਤਾਂ ਤਾਂ ਉਹੋ ਜੀਆਂ ਈ ਰਹਿਣੀਆਂ ਭਾਵੇਂ ਚੀਫ ਮਨਿਸਟਰ ਬਣ ਜੇ। ਜਮਾਂਦਰੂ ਵਿੰਗੀਆਂ ਲੱਤਾਂ ਵੀ ਕਦੇ ਸਿੱਧੀਆਂ ਹੋਈਆਂ?” ਕੋਲ ਬੈਠੇ ਗੋਲੇ ਦੇ ਏਸ਼ੀਆ ਚੈਂਪੀਅਨ ਜੋਗਿੰਦਰ ਸਿੰਘ ਨੇ ਤੋੜਾ ਝਾੜਿਆ।

ਮਹਿੰਦਰ ਗਿੱਲ ਨੇ ਚੈਂਪੀਅਨ ਬਣਨ ਵਾਲੇ ਚੀਨੇ ਜੰਪਰ ਨੂੰ ਪੰਜਾਬੀ ਵਿੱਚ ਉੱਚੀ ਦੇਣੀ ਕਿਹਾ, “ਹੁਣ ਦੇਖਦਾ ਕੀ ਆਂ? ਹਵਾ ਪਿਛਲੀ ਆ, ਛੇਤੀ ਜੰਪ ਲਾ ਜਾ।” ਚੀਨੇ ਨੂੰ ਪੰਜਾਬੀ ਤਾਂ ਕੀ ਸਮਝ ਆਉਣੀ ਸੀ ਪਰ ਉਹਨੇ ਟੇਕ ਆਫ਼ ਬੋਰਡ ਕੋਲ ਟੰਗੀ ਗੁਥਲੀ ਅੱਗੇ ਨੂੰ ਝੂਲਦੀ ਵੇਖ ਕੇ ਤੁਰਤ ਛਾਲ ਲਾਈ ਤੇ ਏਸ਼ੀਆ ਦਾ ਨਵਾਂ ਰੱਖ ਗਿਆ। ਬੋਰਡ ਉਤੇ ਉਹਦੀ ਛਾਲ ਦੀ ਦੂਰੀ ਅੰਕਿਤ ਹੋਈ ਤਾਂ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਹਦਾ ਹੌਂਸਲਾ ਵਧਾਇਆ।

ਮੈਂ ਦੋ ਢਾਈ ਘੰਟੇ ਦੋਹਾਂ ਮਹਿੰਦਰ ਸਿੰਘਾਂ ਸੰਗ ਬਿਤਾਏ ਤੇ ਪ੍ਰਭਾਵ ਲਿਆ ਕਿ ਉਨ੍ਹਾਂ ਨੂੰ ਬੀਤ ਗਏ ਦਿਨਾਂ ਦਾ ਝੋਰਾ ਹੈ। ਉਹ ਸ਼ਿਕਵੇ ਸ਼ਿਕਾਇਤਾਂ ਨਾਲ ਭਰੇ ਪਏ ਹਨ। ਵੱਡੇ ਮਹਿੰਦਰ ਸਿੰਘ ਦੀ ਛੋਟੇ ਮਹਿੰਦਰ ਸਿੰਘ ਨੂੰ ਕਹੀ ਗੱਲ ਮੈਨੂੰ ਹੁਣ ਤਕ ਯਾਦ ਹੈ, “ਤੂੰ ਤਾਂ ਅਮਰੀਕਾ ਵਿੱਚ ਮੌਜਾਂ ਕਰਦਾ ਹੋਵੇਂਗਾ। ਮੈਨੂੰ ਵੀ ਕਿਸੇ ਤਰ੍ਹਾਂ ਸੱਦ ਲੈ। ਉਥੇ ਕਿਸੇ ਫੈਕਟਰੀ ਵਿੱਚ ਈ ਲੁਆ ਦਈਂ, ਤੇਰਾ ਜਸ ਗਾਇਆ ਕਰਾਂਗੇ। ਐਥੇ ਸਾਡੀ ਜੂੰਨ ਬੜੀ ਮਾੜੀ ਆ।”

ਮੈਂ ਇਹ ਵੀ ਨੋਟ ਕੀਤਾ ਕਿ ਨਵੇਂ ਜੇਤੂਆਂ ਦੁਆਲੇ ਫੋਟੋਗਰਾਫਰਾਂ ਦੀਆਂ ਭੀੜਾਂ ਸਨ ਤੇ ਪੱਤਰ ਪ੍ਰੇਰਕਾਂ ਦੇ ਝੁਰਮਟ ਸਨ ਜਦ ਕਿ ਪੁਰਾਣੇ ਜੇਤੂ ਅਣਗੌਲੇ ਫਿਰਦੇ ਸਨ। ਸੱਚੀ ਗੱਲ ਹੈ ਖੇਡਾਂ ਦੇ ਪਿੜ ਵਿੱਚ ਵੀ ਰਾਜਨੀਤੀ ਦੇ ਖੇਤਰ ਵਾਂਗ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਹੁੰਦੀਆਂ ਹਨ ਤੇ ਢਲ ਗਏ ਸੂਰਜਾਂ ਨੂੰ ਕੋਈ ਨਹੀਂ ਪੁੱਛਦਾ।

ਸੋਲਾਂ ਤੇ ਸਤਾਰਾਂ ਜੂਨ ਨੂੰ ਮਾਲਟਨ ਦਾ ਵਇਲਡਵੁੱਡ ਪਾਰਕ ਛਪਾਰ ਦਾ ਮੇਲਾ ਬਣਿਆ ਰਿਹਾ। ਕਿਧਰੇ ਕਬੱਡੀਆਂ ਪਈਆਂ, ਕਿਧਰੇ ਬਾਸਕਟਬਾਲ ਦੇ ਮੈਚ ਹੋਏ ਤੇ ਕਿਧਰੇ ਵਾਲੀਬਾਲ ਤੇ ਸੌਕਰ ਖੇਡੀ ਜਾਂਦੀ ਰਹੀ। ਕੁੱਝ ਅਥਲੈਟਿਕਸ ਦੇ ਈਵੈਂਟ ਵੀ ਹੋਏ ਤੇ ਮੈਚਾਂ ਦੀ ਕੁਮੈਂਟਰੀ ਦੇ ਨਾਲ ਖੇਡ ਸੱਭਿਆਚਾਰ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਲੰਗਰ ਚਲਾਉਣ ਵਾਲੇ ਲੰਗਰ ਵਰਤਾਉਂਦੇ ਰਹੇ ਤੇ ਕਈ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਵੀ ਗੇੜੇ ਮਾਰਨੋ ਨਹੀਂ ਹਟੇ। ਪੰਜਾਬੀਆਂ ਨੂੰ ਮੇਲੇ `ਚ `ਕੱਠੇ ਕਰਨ ਦਾ ਸਬੱਬ ਬਣਾਇਆ ਦੇਸ਼ਭਗਤ ਸਪੋਰਟਸ ਕਲੱਬ ਨੇ ਜਿਸ ਦਾ ਇਹ ਤੇਤੀਵਾਂ ਖੇਡ ਮੇਲਾ ਸੀ ਜੋ ਐਤਕੀਂ ਸ਼ਹੀਦ ਭਗਤ ਸਿੰਘ ਦੇ ਸੌਵੇਂ ਜਨਮ ਸਾਲ ਨੂੰ ਸਮਰਪਿਤ ਸੀ। ਇਸੇ ਕਲੱਬ ਨੇ 1975 ਵਿੱਚ ਪੰਜਾਬੀਆਂ ਦੀਆਂ ਖੇਡਾਂ ਦਾ ਪਹਿਲਾ ਟੂਰਨਾਮੈਂਟ ਸ਼ੁਰੂ ਕੀਤਾ ਸੀ। ਟੋਰਾਂਟੋ ਦਾ ਪਹਿਲਾ ਵਰਲਡ ਕਬੱਡੀ ਕੱਪ ਕਰਾਉਣ ਦੀ ਪਹਿਲ ਮੈਟਰੋ ਸਪੋਰਟਸ ਕਲੱਬ ਨੇ ਕੀਤੀ ਸੀ।

ਦੇਸ਼ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਦਾ ਉਦੇਸ਼ ਹੈ ਕਿ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ਨਾਲ ਲੋਕਾਂ ਨੂੰ ਬਿਹਤਰ ਜੀਵਨ ਜੀਣ ਦਾ ਸੰਦੇਸ਼ ਦਿੱਤਾ ਜਾਵੇ। ਲੋਕਾਂ ਦਾ ਚੰਗੇਰਾ ਮਨੋਰੰਜਨ ਕੀਤਾ ਜਾਵੇ ਤਾਂ ਕਿ ਉਹ ਭੈੜੇ ਤੇ ਮਾੜੇ ਮਨੋਰੰਜਨ ਤੋਂ ਬਚ ਸਕਣ। ਬਿਨਾਂ ਸ਼ੱਕ ਖੇਡਾਂ ਖਿਡਾਉਣਾ ਸਿਹਤਮੰਦ ਮਨੋਰੰਜਨ ਹੈ ਤੇ ਜੇ ਇਸ ਵਿੱਚ ਕਿਸੇ ਪਾਸੇ ਤੋਂ ਕਮੀ ਆਉਂਦੀ ਹੋਵੇ ਤਾਂ ਉਸ ਨੂੰ ਦੂਰ ਕਰਨਾ ਸਾਡਾ ਸਭਨਾਂ ਦਾ ਸਾਂਝਾ ਫਰਜ਼ ਹੈ। ਮੈਂ ਇਹ ਖੇਡ ਮੇਲਾ ਅੱਖੀਂ ਵੇਖਿਆ ਹੈ ਤੇ ਇਸ ਦਾ ਅਨੁਸਾਸ਼ਨ ਵੇਖ ਕੇ ਮਨ ਖ਼ੁਸ਼ ਹੋਇਆ ਹੈ। ਪੰਜਾਬੀ ਦਰਸ਼ਕਾਂ ਨੇ ਜਿਸ ਜ਼ਾਬਤੇ ਦਾ ਸਬੂਤ ਦਿੱਤਾ ਇਹ ਹੋਰਨਾਂ ਖੇਡ ਮੇਲਿਆਂ ਲਈ ਵੀ ਮਿਸਾਲ ਹੈ। ਇਸ ਗੱਲੋਂ ਪ੍ਰਬੰਧਕ ਵੀ ਵਧਾਈ ਦੇ ਹੱਕਦਾਰ ਹਨ ਤੇ ਦਰਸ਼ਕ ਉਨ੍ਹਾਂ ਤੋਂ ਵੀ ਵੱਧ ਪਰਸੰਸਾ ਦੇ ਪਾਤਰ ਹਨ। ਕੋਈ ਖੇਡ ਮੇਲਾ ਤਦ ਹੀ ਕਾਮਯਾਬ ਹੁੰਦੈ ਜੇਕਰ ਦਰਸ਼ਕ ਵੀ ਅਨੁਸਾਸ਼ਨ ਵਿੱਚ ਰਹਿ ਕੇ ਮਿਲਵਰਤਣ ਦੇਣ।

ਉਂਜ ਤਾਂ ਸਾਰੀਆਂ ਹੀ ਖੇਡਾਂ ਵਿੱਚ ਖਿਡਾਰੀਆਂ ਦੀ ਭਰਵੀਂ ਸ਼ਮੂਲੀਅਤ ਸੀ ਪਰ ਕਬੱਡੀ ਮੈਚਾਂ ਨੇ ਹਮੇਸ਼ਾਂ ਵਾਂਗ ਵਧੇਰੇ ਦਰਸ਼ਕਾਂ ਨੂੰ ਖਿੱਚ ਪਾਈ। ਇਸ ਖੇਡ ਮੇਲੇ ਵਿੱਚ ਟੋਰਾਂਟੋ ਦੇ ਪਹਿਲੇ ਤਿੰਨ ਖੇਡ ਮੇਲਿਆਂ ਤੋਂ ਵਧੇਰੇ `ਕੱਠ ਹੋਇਆ। ਇਹਦਾ ਕਾਰਨ ਇਹ ਵੀ ਹੋ ਸਕਦੈ ਕਿ ਟਿਕਟ ਕੋਈ ਨਹੀਂ ਸੀ ਤੇ ਪਾਰਕ ਪੰਜਾਬੀਆਂ ਦੀ ਭਰਵੀਂ ਵਸੋਂ ਦੇ ਕੋਲ ਸੀ। ਵਾਇਲਡਵੁੱਡ ਪਾਰਕ ਵਿਚਲੇ ਖੇਡ ਮੇਲੇ ਹਮੇਸ਼ਾਂ ਹੀ ਵਧੇਰੇ ਭਰਦੇ ਹਨ। ਸ਼ਨੀਵਾਰ ਦਾ ਦਿਨ ਹੋਣ ਦੇ ਬਾਵਜੂਦ ਚਾਰ ਹਜ਼ਾਰ ਦੇ ਕਰੀਬ ਦਰਸ਼ਕ ਕਬੱਡੀ ਦੇ ਮੈਚ ਵੇਖਣ ਢੁੱਕੇ। ਕਬੱਡੀ ਦੇ ਟੂਰਨਾਮੈਂਟ ਵਿੱਚ ਅੱਠ ਕਲੱਬ ਆਪਣੀਆਂ ਟੀਮਾਂ ਲੈ ਕੇ ਆਏ ਜਿਨ੍ਹਾਂ ਵਿੱਚ ਚਾਲੀ ਕੁ ਖਿਡਾਰੀ ਪੰਜਾਬ ਤੋਂ ਮੰਗਾਏ ਹੋਏ ਸਨ ਤੇ ਬਾਕੀ ਕੈਨੇਡਾ ਤੇ ਅਮਰੀਕਾ ਦੇ ਪੱਕੇ ਬਸ਼ਿੰਦੇ ਸਨ। ਇੱਕੀ ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਚਾਰ ਟੀਮਾਂ ਸਨ ਤੇ ਛੋਟੇ ਬੱਚਿਆਂ ਦੀਆਂ ਦੋ ਟੀਮਾਂ। ਕਬੱਡੀ ਦੇ ਕੁੱਲ ਗਿਆਰਾਂ ਮੈਚ ਖੇਡੇ ਗਏ।

ਗਿਆਰਾਂ ਵਜੇ ਸ਼ੁਰੂ ਹੋਏ ਪਹਿਲੇ ਦੌਰ ਦੇ ਕਬੱਡੀ ਮੈਚਾਂ ਵਿਚੋਂ ਆਜ਼ਾਦ, ਮੈਗਾ ਸਿਟੀ, ਟੋਰਾਂਟੋ ਪੰਜਾਬੀ ਤੇ ਹੈਮਿਲਨਟਨ ਪੰਜਾਬੀ ਕਲੱਬਾਂ ਆਪੋ ਆਪਣੇ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਸੈਮੀ ਫਾਈਨਲ ਮੈਚਾਂ ਵਿੱਚ ਇੰਟਰਨੈਸ਼ਨਲ ਕਲੱਬ ਨੇ ਮੈਟਰੋ ਕਲੱਬ ਨੂੰ 37-35 ਅਤੇ ਯੰਗ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਨੂੰ 44-32 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਕਲੱਬ ਨੇ ਯੰਗ ਕਲੱਬ ਨੂੰ 42-34 ਅੰਕਾਂ ਨਾਲ ਪਿਛਾੜ ਕੇ ਲਗਾਤਾਰ ਤੀਜੀ ਵਾਰ ਜਿੱਤਿਆ ਤੇ ਹੈਟ ਟ੍ਰਿੱਕ ਮਾਰਿਆ। ਸੰਦੀਪ ਨੂੰ ਸਰਵੋਤਮ ਧਾਵੀ ਤੇ ਗੋਪੀ ਨੂੰ ਅੱਵਲ ਜਾਫੀ ਐਲਾਨਿਆ ਗਿਆ। ਦਾਰਾ ਸਿੰਘ ਗਰੇਵਾਲ, ਮੱਖਣ ਸਿੰਘ, ਮੱਖਣ ਅਲੀ, ਇਕਬਾਲ ਸੁੰਬਲ, ਮੱਖਣ ਬਰਾੜ ਤੇ ਮੈਂ ਮਾਈਕ ਤੋਂ ਵਾਰੀਆਂ ਲੈਂਦੇ ਰਹੇ ਪਰ ਹਸਾਉਣੇ ਸੁਖਚੈਨ ਬਰਾੜ ਦੀ ਵਾਰੀ ਨਾ ਆ ਸਕੀ। ਘੁੱਗੀ ਗਰੇਵਾਲ ਦਾਰੇ ਦੇ ਅੰਗ ਸੰਗ ਰਿਹਾ। ਰਛਪਾਲ ਬਰਾੜ ਫੋਟੂ ਖਿੱਚੀ ਗਿਆ ਤੇ ਬੱਬੀ ਮੰਡੇਰ ਲਿਖਣ ਲਈ ਨੁਕਤੇ ਨੋਟ ਕਰਦਾ ਰਿਹਾ। ਪੰਜਾਬ ਤੋਂ ਕਬੱਡੀ ਦਾ ਸਾਬਕਾ ਖਿਡਾਰੀ ਮੱਖਣ ਸਿੰਘ ਡੀਪੀ, ਪਾਕਿਸਤਾਨ ਤੋਂ ਇਕਬਾਲ ਮਲਿਕ ਤੇ ਇੰਗਲੈਂਡ ਤੋਂ ਕਬੱਡੀ ਪ੍ਰਮੋਟਰ ਅਮਰਜੀਤ ਸਿੰਘ ਹੰਸਰਾ ਉਚੇਚੇ ਪੁੱਜੇ। ਗੁਰਬਖਸ਼ ਸਿੰਘ ਮੱਲ੍ਹੀ, ਵਿੱਕ ਢਿੱਲੋਂ ਤੇ ਵਿੱਕੀ ਢਿੱਲੋਂ ਅਤੇ ਵੱਖ ਵੱਖ ਸ਼ੋਹਬਿਆਂ ਦੇ ਬਹੁਤ ਸਾਰੇ ਮੋਹਤਬਰ ਸੱਜਣਾਂ ਨੇ ਖੇਡ ਮੇਲੇ ਦੀ ਰੌਣਕ ਵਧਾਈ ਜਿਨ੍ਹਾਂ ਨੂੰ ਜੀ ਆਇਆਂ ਵੀ ਕਿਹਾ ਜਾਂਦਾ ਰਿਹਾ ਤੇ ਧੰਨਵਾਦ ਵੀ ਕੀਤਾ ਜਾਂਦਾ ਰਿਹਾ।

ਕਬੱਡੀ ਮੈਚਾਂ ਦੇ ਕਈ ਐਸੇ ਜੱਫੇ ਹੁੰਦੇ ਨੇ ਜਿਹੜੇ ਲੰਮਾ ਸਮਾਂ ਨਹੀਂ ਭੁੱਲਦੇ। ਕਬੱਡੀ ਦੇ ਆਸ਼ਕ ਫਿਰ ਉਹਨਾਂ ਜੱਫਿਆਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਕਿਰਪਾਲ ਸਾਧ ਤੇ ਬਿੱਲੂ ਰਾਜੇਆਣੀਏਂ ਦੇ ਗੁੱਟ ਦੀ ਫੜਾਈ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਹਨ। ਹਠੂਰ ਦੇ ਛਾਂਗੇ ਦਾ ਸ਼ੁਰੂ ਕੀਤਾ ਕੈਂਚੀ ਮਾਰਨ ਦਾ ਦਾਅ ਅੱਜ ਵੀ ਕਬੱਡੀ ਦਾ ਸਭ ਤੋਂ ਤਕੜਾ ਦਾਅ ਮੰਨਿਆ ਜਾਂਦੈ। ਤੋਖੀ ਦੀ ਬੰਦਾ ਟੱਪ ਜਾਣ ਦੀ ਛਾਲ ਦਾ ਵੀ ਕੋਈ ਲੇਖਾ ਨਹੀਂ ਸੀ ਤੇ ਹਰਜੀਤ ਕਿਤੇ ਹੱਥ ਨਹੀਂ ਸੀ ਪੈਣ ਦਿੰਦਾ। ਕੋਈ ਜਾਫੀ ਲੱਤਾਂ ਫੜਦੈ, ਕੋਈ ਬਗਲਾਂ ਭਰਦੈ ਤੇ ਕੋਈ ਗੁੱਟ ਫੜ ਕੇ ਕੈਂਚੀ ਮਾਰਦੈ। ਕਈ ਧਾਵੀ ਨੂੰ ਧੱਕੇ ਨਾਲ ਹੇਠਾਂ ਸੁੱਟ ਕੇ ਉਤੇ ਬਹਿ ਜਾਂਦੇ ਨੇ। ਦੇਸ਼ਭਗਤ ਕਲੱਬ ਦੇ ਕਬੱਡੀ ਟੂਰਨਾਮੈਂਟ ਦਾ ਸਭ ਤੋਂ ਤਕੜਾ ਜੱਫਾ ਕਾਕੇ ਘਣੀਵਾਲ ਦਾ ਰਿਹਾ ਜਿਸ ਨੇ ਕਈ ਦਾਅ ਮਾਰ ਕੇ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਲੱਲੀਆਂ ਨੂੰ ਡੱਕਿਆ ਤੇ ਦਰਸ਼ਕਾਂ ਨੇ ਤਾੜੀਆਂ ਨਾਲ ਸਾਰਾ ਪਾਰਕ ਗੁੰਜਾ ਦਿੱਤਾ।

ਇੰਟਰਨੈਸ਼ਨਲ ਕਲੱਬ ਤੇ ਯੰਗ ਕਲੱਬ ਦਰਮਿਆਨ ਫਾਈਨਲ ਮੈਚ ਸਮੇਂ ਯੰਗ ਕਲੱਬ ਨੇ ਆਪਣੇ ਜਾਫੀਆਂ ਲਈ ਹਰੇਕ ਜੱਫੇ ਦਾ ਪੰਜ ਸੌ ਡਾਲਰ ਇਨਾਮ ਐਲਾਨ ਦਿੱਤਾ ਸੀ। ਯੰਗ ਦੇ ਚਾਰ ਜੱਫੇ ਲੱਗੇ ਪਰ ਇੰਟਰਨੈਸ਼ਨਲ ਦੇ ਜਾਫੀ ਅੱਠ ਜੱਫੇ ਲਾ ਕੇ ਜੇਤੂ ਰਹੇ। ਨੋਟਾਂ ਦੀਆਂ ਗੁੱਥੀਆਂ ਨਾਲ ਖੇਡਣ ਤੇ ਖਿਡਾਉਣ ਵਾਲੇ ਇੰਟਰਨੈਸ਼ਨਲ ਕਲੱਬ ਨੇ ਟੋਰਾਂਟੋ ਦੇ ਚਾਰ ਟੂਰਨਾਮੈਂਟਾਂ `ਚੋਂ ਤਿੰਨ ਕੱਪ ਜਿੱਤ ਲਏ ਹਨ। ਉਨ੍ਹਾਂ ਨੇ ਮੰਨੇ ਦੰਨੇ ਜਾਫੀ ਬਿੱਟੂ ਦੁਗਾਲ ਨੂੰ ਵੀ ਵੀਜ਼ਾ ਲੁਆ ਲਿਆ ਹੈ ਤੇ ਉਹ ਵੀ ਹੁਣ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਹੋ ਗਿਆ ਹੈ।

ਅੱਜ ਕੱਲ੍ਹ ਇੱਕ ਗੀਤ ਗੂੰਜਦੈ-ਕੱਪ ਓਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਨਾਂ। ਹੁਣ ਕਿਸੇ ਨੂੰ ਇਹ ਵੀ ਲਿਖਣਾ ਪਵੇਗਾ ਕਿ ਡੌਲਿਆਂ ਤੇ ਪੱਟਾਂ ਵਿੱਚ ਜਾਨਾਂ ਵਾਲੇ ਖਿਡਾਰੀ ਓਹੀ ਕਲੱਬ ਖਰੀਦ ਸਕਣਗੇ ਜਿਨ੍ਹਾਂ ਦੀਆਂ ਜ਼ੇਬਾਂ ਵਿੱਚ ਵੀ ਜਾਨ ਹੋਈ। ਪਤਾ ਨਹੀਂ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਪਰ ਦੱਸਣ ਵਾਲੇ ਨੇ ਦਾਅਵੇ ਨਾਲ ਦੱਸਿਆ ਹੈ ਕਿ ਇੰਟਰਨੈਸ਼ਨਲ ਦੇ ਤਿੰਨ ਰੇਡਰ ਸੰਦੀਪ, ਦੁੱਲਾ ਤੇ ਕਿੰਦਾ ਐਤਕੀਂ ਲੱਖ ਡਾਲਰ `ਚ ਪਏ ਹਨ। ਜੇ ਉਹ ਲੱਖ `ਚ ਪਏ ਹਨ ਤਾਂ ਬਾਕੀ ਕਿਹੜਾ ਘੱਟ ਹੋਣਗੇ?

ਇਹ ਵੀ ਪਤਾ ਲੱਗਾ ਹੈ ਕਿ ਟੋਰਾਂਟੋ ਦੇ ਕਬੱਡੀ ਮੇਲਿਆਂ ਦਾ ਕੁਲ ਖਰਚਾ ਵੀਹ ਲੱਖ ਡਾਲਰ ਨੂੰ ਢੁੱਕਣ ਵਾਲੈ। ਹੈਰਾਨੀ ਦੀ ਗੱਲ ਹੈ ਕਿ ਏਨਾ ਪੈਸਾ ਖਰਚਣ ਦੇ ਬਾਵਜੂਦ ਵੀ ਕਲੱਬਾਂ ਵਾਲੇ ਕਬੱਡੀ ਦੇ ਖਿਡਾਰੀਆਂ ਦਾ ਡੋਪ ਟੈਸਟ ਕਰਨ ਤੋਂ ਝਿਜਕ ਰਹੇ ਹਨ। ਆਖਦੇ ਹਨ ਕਿ ਟੈੱਸਟ ਕਰਨ ਨਾਲ ਖਿਡਾਰੀ ਨਾਰਾਜ਼ ਹੋ ਜਾਣਗੇ। ਓ ਭਲੇ ਲੋਕੋ! ਨਾਰਾਜ਼ ਤਾਂ ਓਹੀ ਹੋਣਗੇ ਜਿਹੜੇ ਵਰਜਿਤ ਡਰੱਗਾਂ ਲੈਂਦੇ ਹੋਣਗੇ, ਦੂਜੇ ਤਾਂ ਸਗੋਂ ਖ਼ੁਸ਼ ਹੋਣਗੇ। ਡੋਪ ਟੈੱਸਟ ਉਨ੍ਹਾਂ ਖਿਡਾਰੀਆਂ ਦੀ ਵੀ ਮੰਗ ਹੈ ਜਿਹੜੇ ਬਿਨਾਂ ‘ਬੂਸਟਰਾਂ’ ਦੇ ਦੇਸੀ ਖੁਰਾਕਾਂ ਖਾ ਕੇ ਖੇਡਦੇ ਨੇ। ਓਧਰ ਫੈਡਰੇਸ਼ਨਾਂ ਐਲਾਨ ਕਰੀ ਜਾਂਦੀਆਂ ਨੇ ਤੇ ਸਾਡੇ ਵਰਗਿਆਂ ਕੋਲੋਂ ਲਿਖਵਾਈ ਜਾਂਦੀਆਂ ਨੇ ਪਈ ਡੋਪ ਟੈੱਸਟ ਜ਼ਰੂਰ ਕਰਾਂਗੇ ਪਰ ਅਮਲ ਅਜੇ ਤਕ ਮੁਲਤਵੀ ਹੋਈ ਜਾਂਦੈ। ਕਥਿਤ ‘ਤਾਕਤ ਵਧਾਊ’ ਪਰ ਸਿਹਤ ਲਈ ਘਾਤਕ ਦਵਾਈਆਂ ਵਰਤਣ ਵਾਲੇ ਖਿਡਾਰੀਆਂ ਨੂੰ ਆਪਣੇ ਕਲੱਬਾਂ ਵੱਲੋਂ ਖਿਡਾਈ ਜਾਣ ਨਾਲ ਕਬੱਡੀ ਦੀ ਕੋਈ ਪ੍ਰਮੋਸ਼ਨ ਨਹੀਂ ਹੋਣੀ ਸਗੋਂ ਕਬੱਡੀ ਦਾ ਨੁਕਸਾਨ ਹੀ ਹੋਣਾ ਹੈ। ਓਲੰਪਿਕ ਖੇਡਾਂ ਦੇ ਮੈਡੀਕਲ ਕਮਿਸ਼ਨ ਨੇ ਖਿਡਾਰੀਆਂ ਲਈ ਵਰਜਿਤ ਦਵਾਈਆਂ ਦੀ ਸੂਚੀ ਛਾਪੀ ਹੋਈ ਹੈ ਤੇ ਦੁਨੀਆਂ ਦੇ ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ `ਚ ਉਸ ਖਿਡਾਰੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਜੀਹਨੇ ਉਨ੍ਹਾਂ `ਚੋਂ ਕਿਸੇ ਇੱਕ ਦਵਾਈ ਦੀ ਵੀ ਵਰਤੋਂ ਕੀਤੀ ਹੋਵੇ।

ਕਈਆਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਐਨਾਬੌਲਿਕ ਸਟੇਰੌਇਡਜ਼ ਦੀ ਮੁੱਖ ਕਿਸਮ ਟੈੱਸਟੋਸਟੈਰੌਨ ਲੈਣ ਨਾਲ ਪੱਠੇ ਤਾਂ ਮਜ਼ਬੂਤ ਹੁੰਦੇ ਹਨ ਪਰ ਇਸ ਦੇ ਸਾਈਡ ਈਫੈਕਟ ਬਹੁਤ ਬੁਰੇ ਹਨ। ਇਸ ਨਾਲ ਮੁੰਡਿਆਂ ਦੇ ਮੰਮੇ ਵਧ ਸਕਦੇ ਹਨ, ਪਤਾਲੂ ਸੁੰਗੜ ਸਕਦੇ ਹਨ ਤੇ ਉਹ ਸਪਰਮ ਭਾਵ ਬੱਚੇ ਦਾ ਬੀਜ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਗੰਜ ਪੈ ਸਕਦੈ ਤੇ ਸਰੀਰ ਦੇ ਵਾਲ ਵਧ ਜਾਂ ਝੜ ਸਕਦੇ ਹਨ। ਭੁੱਖ ਵਧ ਸਕਦੀ ਹੈ ਤੇ ਮਰ ਸਕਦੀ ਹੈ। ਮੂੰਹ `ਤੇ ਫਿਣਸੀਆਂ ਹੋ ਸਕਦੀਐਂ, ਜਿਗਰ ਖਰਾਬ ਹੋ ਸਕਦੈ ਤੇ ਜਿਗਰ ਦਾ ਕੈਂਸਰ ਵੀ ਹੋ ਸਕਦੈ। ਮਾੜਾ ਕਲੈੱਸਟਰੋਲ ਵਧ ਸਕਦੈ ਅਤੇ ਬੰਦਾ ਗੁੱਸੇਖੋਰਾ ਤੇ ਧਕੜ ਬਣ ਸਕਦੈ। ਉਹ ਗੁੰਮ ਸੁੰਮ ਵੀ ਹੋ ਸਕਦੈ ਤੇ ਸਦਾ ਲਈ ਡਰੱਗ ਦਾ ਗ਼ੁਲਾਮ ਵੀ ਹੋ ਸਕਦੈ।

ਟੀਕੇ ਲਈ ਸਰਿੰਜ ਦੀ ਗ਼ਲਤ ਵਰਤੋਂ ਨਾਲ ਲਾਗ ਦੀ ਬਿਮਾਰੀ ਵੀ ਲੱਗ ਸਕਦੀ ਐ ਜੀਹਦੇ ਨਾਲ ਏਡਜ਼ ਤੇ ਹੈਪੀਟਾਈਟਸ ਵੀ ਹੋ ਸਕਦੀ ਹੈ। ਕਰੀਏਟੀਨ ਹਾਈਡਰੇਟ ਪੱਠਿਆਂ `ਚ ਤਾਕਤ ਤਾਂ ਭਰਦਾ ਹੈ ਪਰ ਢਿੱਡ `ਚ ਖੱਲੀਆਂ ਪਾ ਸਕਦੈ ਅਤੇ ਉਲਟੀਆਂ ਤੇ ਜੁਲਾਬ ਵੀ ਲਾ ਸਕਦੈ। ਅਚਾਨਕ ਪੱਠੇ ਖਿੱਚੇ ਜਾਣ `ਤੇ ਖਿਡਾਰੀ ਬਹੁੜੀਆਂ ਪਾਉਣ ਲੱਗਦੈ। ਏਨੀਆਂ ਚੰਦਰੀਆਂ ਅਲਾਮਤਾਂ ਦਾ ਵੀ ਕਈ ਖਿਡਾਰੀ ਡਰ ਨਹੀਂ ਮੰਨਦੇ ਤੇ ਜਿਥੇ ਠਹਿਰਦੇ ਹਨ ਉਥੋਂ ਟੀਕੇ ਲਾਉਣ ਦੀਆਂ ਸਰਿੰਜਾਂ ਤੇ ਖਾਲੀ ਸ਼ੀਸ਼ੀਆਂ ਲੱਭੀਆਂ ਜਾ ਸਕਦੀਆਂ ਹਨ। ਭੇਤੀ ਬੰਦੇ ਦਸਦੇ ਹਨ ਕਿ ਕਈ ਖਿਡਾਰੀ ਘੋੜਿਆਂ ਨੂੰ ਲੱਗਣ ਵਾਲੇ ਟੀਕੇ ਲੁਆ ਬਹਿੰਦੇ ਹਨ ਤੇ ਬੰਦਿਆਂ ਤੋਂ ਘੋੜੇ ਬਣ ਜਾਂਦੇ ਹਨ। ਵਰਜਿਤ ਦਵਾਈਆਂ ਖਿਡਾਰੀਆਂ ਤੇ ਕਲੱਬਾਂ ਨੂੰ ਪੈਂਦੀਆਂ ਵੀ ਬੜੀਆਂ ਮਹਿੰਗੀਆਂ ਹਨ। ਇੱਕ ਟੀਕਾ ਹੀ ਦੱਸਦੇ ਹਨ ਕਿ ਸੌ ਡਾਲਰ `ਚ ਠੁਕਦੈ।

ਕਬੱਡੀ ਦੇ ਧਨੰਤਰ ਖਿਡਾਰੀ ਡੀਪੀ ਮੱਖਣ ਸਿੰਘ ਨਾਲ ਗੱਲਾਂ ਹੋਈਆਂ ਤਾਂ ਉਸ ਨੇ ਅੰਦਰਲੀ ਗੱਲ ਦੱਸੀ। ਅਖੇ ਕਈ ਖਿਡਾਰੀ ਕਹਿੰਦੇ ਹਨ, ਟੀਕਿਆਂ ਨਾਲ ਭਾਵੇਂ ਜਾਨ ਨਿਕਲਜੇ ਪਰ ਧੰਨ ਧੰਨ ਹੋਜੇ `ਕੇਰਾਂ। ਬਾਹਰੋਂ ਡਾਲਰਾਂ ਤੇ ਪੌਂਡਾਂ ਦੀਆਂ ਝੋਲੀਆਂ ਭਰ ਕੇ ਮੁੜੀਏ। ਇਹ ਤਾਂ ਹੋਰ ਵੀ ਖ਼ਤਰਨਾਕ ਹੈ ਕਿ ਕਬੱਡੀ ਦੇ ਕੁੱਝ ਖਿਡਾਰੀ ਜਾਨ ਦਾ ਰਿਸਕ ਲੈਣ ਲਈ ਵੀ ਤਿਆਰ ਹਨ ਤੇ ਕੁੱਝ ਕਲੱਬ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰ ਰਹੇ ਹਨ! ਕੱਲ੍ਹ ਨੂੰ ਕੋਈ ਅਪਾਹਜ ਹੋ ਗਿਆ ਜਾਂ ਵੱਡਾ ਭਾਣਾ ਵਰਤ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਕਿਹੜੇ ਨੀਮ ਹਕੀਮ ਤੇ ਦਵਾਖਾਨੇ ਹਨ ਜੋ ਵਰਜਿਤ ਦਵਾਈਆਂ ਯੋਗ ਡਾਕਟਰ ਦੀ ਪਰਚੀ ਤੋਂ ਬਿਨਾਂ ਹੀ ਦੇਈ ਜਾਂਦੇ ਹਨ? ਕਬੱਡੀ ਪ੍ਰੇਮੀਆਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦੈ। ਕੱਪ ਜਿੱਤਣ ਲਈ ਸਿਹਤ ਦੀ ਬਲੀ ਨਹੀਂ ਦਿੱਤੀ ਜਾਣ ਦੇਣੀ ਚਾਹੀਦੀ। ਕੱਪ ਜਿੱਤਣ ਵਾਲੇ ਖਿਡਾਰੀਆਂ ਦੇ ਡੋਪ ਟੈੱਸਟ ਤਾਂ ਹਰ ਹਾਲਤ ਵਿੱਚ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਹੀ ਖੁਰਾਕ ਖਾ ਕੇ ਤੇ ਮਿਹਨਤਾਂ ਮਾਰ ਕੇ ਜੇਤੂ ਬਣੇ ਹਨ ਜਾਂ ਟੀਕੇ ਲੁਆ ਕੇ? ਕਬੱਡੀ ਦੇ ਪੁਰਾਣੇ ਖਿਡਾਰੀ ਦੇਸੀ ਖੁਰਾਕਾਂ ਖਾ ਕੇ ਵੀਹ ਵੀਹ ਸਾਲ ਵਧੀਆ ਕਬੱਡੀ ਖੇਡਦੇ ਰਹੇ ਹਨ ਤੇ ਹੁਣ ਬੁੱਢੇਵਾਰੇ ਵੀ ਕਾਇਮ ਹਨ। ਨਵਿਆਂ ਨੂੰ ਉਨ੍ਹਾਂ ਤੋਂ ਹੀ ਕੁੱਝ ਸਿੱਖ ਲੈਣਾ ਚਾਹੀਦੈ।

ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਇਸ ਵਿੱਚ ਪੰਜਾਬ ਨੇ ਕਈ ਰੁਸਤਮੇ ਜ਼ਮਾਂ ਪੈਦਾ ਕੀਤੇ ਹਨ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਮੱਲ ਅਖਾੜੇ ਦੀ ਨੀਂਹ ਰੱਖੀ ਸੀ ਜਿਸ ਦੀ ਯਾਦ ਵਿੱਚ ਗੁਰਦਵਾਰਾ ਮੱਲ ਅਖਾੜਾ ਸੁਭਾਇਮਾਨ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਦੇ ਬੜੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਪਹਿਲਵਾਨ ਪਾਲ ਰੱਖੇ ਸਨ ਤੇ ਉਨ੍ਹਾਂ ਦੇ ਘੋਲ ਕਰਵਾਇਆ ਕਰਦੇ ਸਨ। ਉਹ ਖ਼ੁਦ ਵੀ ਸਰੀਰਕ ਤੌਰ `ਤੇ ਬੜੇ ਬਲਵਾਨ ਸਨ ਤੇ ਸਿੱਖਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ। ਪੈਂਦੇ ਖਾਂ ਪਠਾਣ ਤੋਂ ਲੈ ਕੇ ਕਰੀਮ ਬਖ਼ਸ਼, ਕਿੱਕਰ ਸਿੰਘ, ਗੋਬਰ, ਗ਼ੁਲਾਮ, ਗਾਮਾ, ਕੱਲੂ ਤੇ ਅਜੋਕੇ ਦੌਰ ਦੇ ਦਾਰਾ ਸਿੰਘ ਤੇ ਕਰਤਾਰ ਸਿੰਘ ਤਕ ਕਹਿੰਦੇ ਕਹਾਉਂਦੇ ਅਨੇਕਾਂ ਪਹਿਲਵਾਨ ਹੋਏ ਹਨ। ਪੰਜਾਬ ਪਹਿਲਵਾਨਾਂ ਦਾ ਘਰ ਹੈ ਤੇ ਪੰਜਾਬੀ ਜਿਥੇ ਵੀ ਗਏ ਹਨ ਕੁਸ਼ਤੀ `ਚ ਦਿਲਚਸਪੀ ਰੱਖਦੇ ਹਨ। ਇੰਗਲੈਂਡ ਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਛਿੰਝਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਵੈਨਕੂਵਰ ਲਾਗੇ ਸੱਰੀ ਦੇ ਗਿਲਡਫੋਰਡ ਰੈੱਕਰੀਸ਼ਨ ਸੈਂਟਰ ਵਿੱਚ 2-3 ਨਵੰਬਰ 2007 ਨੂੰ ਗੁਰੂ ਹਰਗੋਬਿੰਦ ਕੌਮਾਂਤਰੀ ਕੁਸ਼ਤੀ ਮੁਕਾਬਲੇ ਹੋਏ ਹਨ ਜਿਨ੍ਹਾਂ ਦਾ ਪ੍ਰਬੰਧ ਹਰਗੋਬਿੰਦ ਰੈਸਲਿੰਗ ਕਲੱਬ ਸੱਰੀ ਨੇ ਕੀਤਾ। ਇਸ ਵਿੱਚ ਦੇਸ਼ ਵਿਦੇਸ਼ ਦੇ 220 ਪਹਿਲਵਾਨਾਂ ਨੇ ਭਾਗ ਲਿਆ। ਜੇਤੂਆਂ ਨੂੰ ਤੀਹ ਹਜ਼ਾਰ ਡਾਲਰ ਤੋਂ ਵੱਧ ਦੇ ਨਕਦ ਇਨਾਮ ਤੇ ਮੈਡਲ ਦਿੱਤੇ ਗਏ। ਇਨ੍ਹਾਂ ਪਹਿਲਵਾਨਾਂ ਵਿੱਚ 131 ਪੁਰਸ਼ ਤੇ 89 ਔਰਤਾਂ ਸਨ। ਕੈਨੇਡਾ ਦੇ ਪਹਿਲਵਾਨਾਂ ਦੀ ਗਿਣਤੀ 142, ਅਮਰੀਕਾ ਦੀ 61, ਭਾਰਤ 8, ਮੈਕਸੀਕੋ 2, ਬਰਤਾਨੀਆਂ 1, ਦੱਖਣੀ ਅਫਰੀਕਾ 1 ਤੇ ਹੈਟੀ 1 ਸੀ। ਕੁੱਝ ਪਹਿਲਵਾਨ ਸੁਤੰਤਰ ਸਨ। ਇਨ੍ਹਾਂ ਤੋਂ ਬਿਨਾਂ 44 ਕਾਲਜੀਏਟ ਪਹਿਲਵਾਨ ਸਨ। ਇਹ ਕੁਸ਼ਤੀ ਮੁਕਾਬਲੇ ਫਿੱਲਾ ਯਾਨੀ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਦੇ ਨਿਯਮਾਂ ਤੇ ਸਰਪ੍ਰਸਤੀ ਅਧੀਨ ਕਰਵਾਏ ਗਏ ਜਿਨ੍ਹਾਂ ਦਾ ਨਾਂ 2007 ਹਰਗੋਬਿੰਦ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪਸ ਰੱਖਿਆ ਗਿਆ।

ਕੈਨੇਡਾ ਦੇ ਵੈਨਕੂਵਰ ਵਾਲੇ ਪਾਸੇ ਪੰਜਾਬੀਆਂ ਨੇ ਕੁਸ਼ਤੀ ਦੇ ਕਈ ਅਖਾੜੇ ਚਲਾਏ ਹੋਏ ਹਨ। ਪਿਛਲੇ ਦਿਨੀਂ ਮੈਨੂੰ ਐਬਸਫੋਰਡ ਦੇ ਗੁਰੂ ਗੋਬਿੰਦ ਸਿੰਘ ਅਖਾੜੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜਿਸ ਨੂੰ ਪਹਿਲਵਾਨ ਬੂਟਾ ਸਿੰਘ ਢੀਂਡਸਾ ਆਪਣੇ ਹੋਰ ਸਾਥੀਆਂ ਨਾਲ ਗੁਰਦਵਾਰਾ ਖਾਲਸਾ ਦਰਬਾਰ ਦੇ ਸਹਿਯੋਗ ਨਾਲ ਚਲਾ ਰਹੇ ਹਨ। ਉਥੋਂ ਦੇ ਆਲੀਸ਼ਾਨ ਸਟੇਡੀਅਮ ਨਾਲ ਲੱਗਦੇ ਜਿਮ ਵਿੱਚ ਸੌ ਦੇ ਕਰੀਬ ਪਠੀਰ ਉਮਰ ਦੇ ਪੱਠੇ ਪਹਿਲਵਾਨੀ ਦਾ ਅਦਬ ਅਦਾਬ ਤੇ ਕੁਸ਼ਤੀ ਦੇ ਦਾਅ ਪੇਚ ਸਿੱਖ ਰਹੇ ਸਨ। ਉਨ੍ਹਾਂ ਮਾਪਿਆਂ ਨੂੰ ਵਧਾਈ ਦੇਣੀ ਬਣਦੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ ਤੇ ਨਰੋਏ ਖੇਡ ਸੱਭਿਆਚਾਰ ਦੇ ਲੜ ਲਾ ਰਹੇ ਹਨ। ਨਿੱਕੇ ਬੱਚਿਆਂ ਤੇ ਨੌਜੁਆਨਾਂ ਨੂੰ ਕਸਰਤਾਂ ਕਰਦੇ ਵੇਖ ਕੇ ਮਨ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਦਾ ਵਿਹਲਾ ਸਮਾਂ ਵੀ ਬੜਾ ਸੋਹਣਾ ਲੰਘ ਰਿਹਾ ਸੀ।

ਉਥੇ ਮੈਨੂੰ ਲੋਪੋਂ ਦੇ ਗੁਰਮੀਤ ਸਿੰਘ ਦਾ ਲੜਕਾ ਹਰਬ ਧਾਲੀਵਾਲ ਤੇ ਹਾਕਮ ਸਿੰਘ ਢੁੱਡੀਕੇ ਦਾ ਪੁੱਤਰ ਮਨਦੀਪ ਸਿੰਘ ਮਿਲਾਏ ਗਏ ਜਿਨ੍ਹਾਂ ਨੇ ਸਕੂਲ ਪੱਧਰ `ਤੇ ਬੜੀ ਹੋਣਹਾਰੀ ਵਿਖਾਈ ਹੈ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਕਈ ਮੈਡਲ ਜਿੱਤ ਲਏ ਹਨ। ਮਨਦੀਪ ਗਿੱਲ ਗਦਰੀ ਬਾਬੇ ਪਾਲਾ ਸਿੰਘ ਦਾ ਪੋਤਾ ਹੈ। ਗੁਰੂਘਰ ਦੇ ਪ੍ਰਧਾਨ ਸਵਰਨ ਸਿੰਘ ਢੁੱਡੀਕੇ ਖ਼ੁਦ ਖੇਡਾਂ ਵਿੱਚ ਦਿਲਚਸਪੀ ਲੈ ਰਹੇ ਹਨ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ, ਕਾਮਨਵੈੱਲਥ ਖੇਡਾਂ ਤੇ ਓਲੰਪਿਕ ਚੈਂਪੀਅਨ ਪੈਦਾ ਕਰਨ ਦਾ ਹੈ।

ਪੰਜਾਬੀਆਂ ਦੇ ਕੁਸ਼ਤੀ ਕਲੱਬਾਂ ਵਿੱਚ ਹਰਗੋਬਿੰਦ ਰੈਸਲਿੰਗ ਕਲੱਬ ਦਾ ਵਿਸ਼ੇਸ਼ ਸਥਾਨ ਹੈ। ਇਸ ਦਾ ਮੁੱਢ ਆਪਣੇ ਸਮੇਂ ਦੇ ਪਹਿਲਵਾਨ ਸਤਨਾਮ ਸਿੰਘ ਜੌਹਲ ਨੇ 1986 ਵਿੱਚ ਵਿਲੀਅਮ ਲੇਕ ਵਿਖੇ ਬੰਨ੍ਹਿਆਂ ਸੀ। ਹਕੀਮਪੁਰ ਦੇ ਪੁਰੇਵਾਲ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਨੇ ਇਸ ਵਿੱਚ ਬੜਾ ਯੋਗਦਾਨ ਪਾਇਆ। ਮਲਕੀਤ ਸਿੰਘ ਖ਼ੁਦ ਭਾਰਤੀ ਯੂਨੀਵਰਸਿਟੀਆਂ ਦਾ ਚੈਂਪੀਅਨ ਪਹਿਲਵਾਨ ਰਿਹਾ ਸੀ। ਤਿੰਨੇ ਭਰਾ ਕਬੱਡੀ ਦੇ ਵੀ ਤਕੜੇ ਖਿਡਾਰੀ ਸਨ ਜਿਨ੍ਹਾਂ ਨੇ ਕੈਨੇਡਾ ਵਿੱਚ ਕਬੱਡੀ ਦਾ ਮੁੱਢ ਬੰਨ੍ਹਿਆਂ। ਵਿਲੀਅਮ ਲੇਕ ਵਿੱਚ ਸਤਨਾਮ ਸਿੰਘ ਜੌਹਲ ਨੇ ਆਪਣੇ ਹੀ ਘਰ ਵਿੱਚ ਨਵੇਂ ਉੱਠ ਰਹੇ ਪਹਿਲਵਾਨ ਰਣਦੀਪ ਸਿੰਘ ਸੋਢੀ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਨੇ ਅੱਗੇ ਜਾ ਕੇ ਬੜੀਆਂ ਮੱਲਾਂ ਮਾਰੀਆਂ। ਰਵੀ ਸੋਢੀ ਹੁਣ ਹਰਗੋਬਿੰਦ ਕਲੱਬ ਦਾ ਪ੍ਰੋਗਰਾਮ ਡਾਇਰੈਕਟਰ ਹੈ। ਉਸ ਨੇ ਹੋਰ ਕਈ ਖ਼ਿਤਾਬਾਂ ਦੇ ਨਾਲ 1997 ਵਿੱਚ ਕੁਸ਼ਤੀ ਦੀ ਕਾਮਨਵੈੱਲਥ ਚੈਂਪੀਅਨਸ਼ਿਪ ਜਿੱਤੀ।

ਹਰਗੋਬਿੰਦ ਰੈਸਲਿੰਗ ਕਲੱਬ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਨਾਈਜੇਰੀਆ ਦੇ ਪਹਿਲਵਾਨ ਡੇਨੀਅਲ ਇਗਾਲੀ ਨੂੰ ਓਲੰਪਿਕ ਖੇਡਾਂ ਦੀਆਂ ਬੁਲੰਦੀਆਂ ਤਕ ਪੁਚਾਉਣਾ ਹੈ। ਉਹ ਵਿਕਟੋਰੀਆ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਭਾਗ ਲੈਣ ਆਇਆ ਕੈਨੇਡਾ ਵਿੱਚ ਹੀ ਰਹਿ ਗਿਆ ਸੀ ਤੇ ਘਰੋਂ ਗ਼ਰੀਬ ਸੀ। ਹਰਗੋਬਿੰਦ ਕਲੱਬ ਦੇ ਸਪਾਂਸਰਾਂ ਨੇ ਉਹਦੀ ਮਾਲੀ ਮਦਦ ਕਰਨ ਦੇ ਨਾਲ ਉਸ ਨੂੰ ਪਹਿਲਵਾਨੀ ਦੀ ਵਿਸ਼ੇਸ਼ ਸਿਖਲਾਈ ਦੁਆਈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਸਿਡਨੀ ਦੀਆਂ ਓਲੰਪਿਕ ਖੇਡਾਂ ਵਿੱਚ 69 ਕਿਲੋਗਰਾਮ ਵਰਗ `ਚੋਂ ਸੋਨੇ ਦਾ ਤਮਗ਼ਾ ਜਿੱਤ ਗਿਆ। ਉਸ ਨੇ ਕਾਮਨਵੈੱਲਥ ਖੇਡਾਂ ਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ `ਚੋਂ ਵੀ ਗੋਲਡ ਮੈਡਲ ਜਿੱਤੇ।

ਪੁਰੇਵਾਲ ਭਰਾਵਾਂ ਨੇ ਡੇਨੀਅਲ ਇਗਾਲੀ ਨੂੰ ਪੰਜਾਬ ਦੀ ਦੇਸੀ ਖੇਡ ਕਬੱਡੀ ਵੀ ਖਿਡਾਈ ਤੇ ਲੋਕਾਂ ਨੇ ਉਸ ਦਾ ਨਾਂ ਤੂਫ਼ਾਨ ਸਿੰਘ ਰੱਖ ਲਿਆ। ਤੂਫ਼ਾਨ ਸਿੰਘ ਬਣ ਕੇ ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਵੀ ਕਬੱਡੀ ਖੇਡਿਆ। ਮੈਂ ਉਦੋਂ ਤੂਫ਼ਾਨ ਸਿੰਘ ਦੇ ਮੈਚ ਦੀ ਆਲ ਇੰਡੀਆ ਰੇਡੀਓ ਜਲੰਧਰ ਲਈ ਕੁਮੈਂਟਰੀ ਕੀਤੀ ਸੀ। ਉਹ ਪੰਦਰਾਂ ਸਕਿੰਟਾਂ ਵਿੱਚ ਹੀ ਆਪਣੀ ਟੀਮ ਲਈ ਪੈਂਟ੍ਹ ਲੈ ਕੇ ਮੁੜ ਆਉਂਦਾ ਸੀ। ਉਹ ਅਫਰੀਕੀ ਨਸਲ ਦਾ ਖਿਡਾਰੀ ਏਨਾ ਤੇਜ਼ਤਰਾਰ ਸੀ ਕਿ ਕਿਸੇ ਹੱਥ ਨਹੀਂ ਸੀ ਆ ਰਿਹਾ। ਬਾਅਦ ਵਿੱਚ ਉਹ ਪੰਜਾਬੀਆਂ ਦੇ ਗੜ੍ਹ ਸੱਰੀ ਵਿੱਚ ਬੀ.ਸੀ.ਪਾਰਲੀਮੈਂਟ ਦੀ ਚੋਣ ਵੀ ਲੜਿਆ। ਇਹ ਵੱਖਰੀ ਗੱਲ ਹੈ ਕਿ ਕੁਸ਼ਤੀ ਤੇ ਕਬੱਡੀ ਵਾਂਗ ਉਸ ਨੂੰ ਸਿਆਸੀ ਦੰਗਲ ਵਿੱਚ ਜਿੱਤ ਨਸੀਬ ਨਾ ਹੋਈ।

ਸਤਨਾਮ ਸਿੰਘ ਜੌਹਲ ਦੇ ਵਿਲੀਅਮ ਲੇਕ ਤੋਂ ਸੱਰੀ ਵਿੱਚ ਆ ਜਾਣ ਕਾਰਨ ਹਰਗੋਬਿੰਦ ਕਲੱਬ ਦੀਆਂ ਸਰਗਰਮੀਆਂ ਵੈਨਕੂਵਰ ਦੇ ਇਲਾਕੇ ਵਿੱਚ ਸ਼ੁਰੂ ਹੋ ਗਈਆਂ ਸਨ। ਇਸ ਨੂੰ ਸਮੇਂ ਸਮੇਂ ਕੁਲਵੰਤ ਸਿੰਘ ਨਿੱਝਰ, ਫਤਿਹ ਸਿੰਘ, ਮੁਹੰਮਦ ਕਿਯੂਮ, ਨਜ਼ੀਰ ਲਾਲ ਤੇ ਲੈਮ੍ਹਸੁਰੈਨ ਨੈਡਲ ਵਰਗੇ ਕੋਚ ਮਿਲਦੇ ਰਹੇ। ਸਤਨਾਮ ਜੌਹਲ, ਰਵੀ ਸੋਢੀ ਤੇ ਪਾਰ ਬਧੇਸ਼ਾ ਇਸ ਕਲੱਬ ਦੇ ਥੰਮ੍ਹ ਹਨ। ਇਸ ਵੇਲੇ ਇਹ ਅਖਾੜਾ 12876, 85 ਐਵੀਨਿਊ ਸੱਰੀ ਵਿੱਚ ਚੱਲ ਰਿਹੈ। ਇਸ ਰਾਹੀਂ ਤਿਆਰ ਕੀਤੇ ਉੱਘੇ ਪਹਿਲਵਾਨਾਂ ਵਿੱਚ ਡੇਨੀਅਲ ਇਗਾਲੀ, ਰਵੀ ਸੋਢੀ, ਨਜ਼ੀਰ ਲਾਲ, ਰਜ਼ੀ ਗ਼ੁਲ, ਐੱਮ ਹੇਅਰ, ਮੁਹੰਮਦ ਸਾਦਿਕ ਕਿਯੂਮ, ਜਸ ਸੰਘੇੜਾ, ਪੈਰੀ ਪੁਰੇਵਾਲ ਤੇ ਟੈਰੀ ਪੁਰੇਵਾਲ ਦੇ ਨਾਂ ਗਿਣਾਏ ਜਾ ਸਕਦੇ ਹਨ। ਅਨੇਕਾਂ ਪੱਠੇ ਇਸ ਅਖਾੜੇ ਦਾ ਫਾਇਦਾ ਉਠਾ ਰਹੇ ਹਨ।

ਕਿਸੇ ਪੰਜਾਬੀ ਕੁਸ਼ਤੀ ਕਲੱਬ ਵੱਲੋਂ ਇਹ ਪਹਿਲੀ ਵਾਰ ਹੋਇਆ ਕਿ ਉਸ ਨੇ ਕੈਨੇਡਾ ਵਿੱਚ ਕੌਮਾਂਤਰੀ ਪੱਧਰ ਦੀਆਂ ਕੁਸ਼ਤੀਆਂ ਕਰਵਾਈਆਂ। ਇਹਦੇ ਲਈ ਦੋ ਦਰਜਨ ਤੋਂ ਵੱਧ ਸਪਾਂਸਰ ਲੱਭੇ ਗਏ ਤੇ ਕੁਸ਼ਤੀ ਕਰਦੇ ਪਹਿਲਵਾਨਾਂ ਦੀਆਂ ਤਸਵੀਰਾਂ ਵਾਲਾ ਰੰਗੀਨ ਇਸ਼ਤਿਹਾਰ ਕੱਢਿਆ ਗਿਆ। ਮੀਡੀਏ ਰਾਹੀਂ ਇਸ ਦਾ ਪ੍ਰਚਾਰ ਵੀ ਖ਼ੂਬ ਕੀਤਾ ਗਿਆ। ਮੈਂ ਸਬੱਬ ਨਾਲ ਹੀ ਵੈਨਕੂਵਰ ਵੱਲ ਗਿਆ ਸਾਂ ਜਿਸ ਕਰਕੇ ਇਹ ਕੌਮਾਂਤਰੀ ਕੁਸ਼ਤੀ ਮੁਕਾਬਲੇ ਵੇਖਣ ਦਾ ਮੌਕਾ ਮਿਲ ਗਿਆ। ਸਤਨਾਮ ਜੌਹਲ ਦੇ ਸੱਦੇ `ਤੇ ਕੈਮਰਿਆਂ ਨਾਲ ਲੈਸ ਸੰਤੋਖ ਮੰਡੇਰ, ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ, ਸੈਕਰਾਮੈਂਟੋ ਤੋਂ ਆਇਆ ਪੱਤਰਕਾਰ ਗੁਰਜਤਿੰਦਰ ਰੰਧਾਵਾ ਤੇ ਮੈਂ ਗਿਲਡਫੋਰਡ ਸੈਂਟਰ ਪੁੱਜੇ ਤਾਂ ਫਿੱਲਾ ਦੇ ਅਧਿਕਾਰੀਆਂ ਵੱਲੋਂ ਕੁਸ਼ਤੀ ਕਲਿਨਿਕ ਚੱਲ ਰਿਹਾ ਸੀ। ਸਾਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਉਹਦੇ ਵਿੱਚ ਪੰਜਾਬੀ ਆਫੀਸ਼ਲ ਨਾ ਮਾਤਰ ਸਨ ਜਦ ਕਿ ਅਜਿਹੇ ਮੌਕੇ ਦਾ ਪੰਜਾਬੀ ਕੁਸ਼ਤੀ ਕੋਚਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਸੀ। ਮੈ ਅਕਸਰ ਵੇਖਿਆ ਹੈ ਕਿ ਹੋਰਨਾਂ ਖੇਡਾਂ ਦੇ ਟੈਕਨੀਕਲ ਸੈਸ਼ਨਾਂ ਵਿੱਚ ਵੀ ਪੰਜਾਬੀ ਘੱਟ ਹੀ ਭਾਗ ਲੈਂਦੇ ਹਨ।

ਦੋ ਨਵੰਬਰ ਨੂੰ ਸ਼ਾਮੀ ਛੇ ਵਜੇ ਮੁਕਾਬਲੇ ਸ਼ੁਰੂ ਹੋਏ ਤਾਂ ਆਰੰਭ ਵਿੱਚ ਦਰਸ਼ਕਾਂ ਦੀ ਗਿਣਤੀ ਘੱਟ ਸੀ ਜੋ ਬਾਅਦ ਵਿੱਚ ਵਧ ਗਈ। ਬਾਹਰ ਮੌਸਮ ਠੰਢਾ ਸੀ ਪਰ ਅੰਦਰ ਨਿੱਘ ਸੀ। ਵੱਡੇ ਹਾਲ ਵਿੱਚ ਕੁਸ਼ਤੀ ਮੁਕਾਬਲਿਆਂ ਲਈ ਚਾਰ ਮੈਟ ਸਨ। ਚਾਰ ਚਾਰ ਜੋੜ ਇਕੋ ਸਮੇਂ ਚਲਦੇ ਗਏ ਤੇ ਦਸ ਵਜੇ ਤਕ ਪਹਿਲੇ ਦਿਨ ਉਲੀਕੀਆਂ ਸਾਰੀਆਂ ਕੁਸ਼ਤੀਆਂ ਭੁਗਤ ਗਈਆਂ। ਇਨ੍ਹਾਂ ਕੁਸ਼ਤੀਆਂ ਸਮੇਂ ਕੋਈ ਖ਼ਾਸ ਰਸਮ ਰੀਤ ਨਹੀਂ ਕੀਤੀ ਗਈ। ਕੋਈ ਅਨਾਊਂਸਰ ਵੀ ਨਹੀਂ ਸੀ।

ਤਿੰਨ ਨਵੰਬਰ ਨੂੰ ਸਵੇਰੇ ਨੌਂ ਵਜੇ ਕੁਸ਼ਤੀਆਂ ਆਰੰਭ ਹੋਈਆਂ ਜੋ ਲਗਾਤਾਰ ਰਾਤ ਦੇ ਅੱਠ ਵਜੇ ਤਕ ਚੱਲਦੀਆਂ ਰਹੀਆਂ। ਦੂਜੇ ਦਿਨ ਹਾਲ ਨੱਕੋਨੱਕ ਭਰਿਆ ਰਿਹਾ। ਦਰਸ਼ਕ ਲਗਭਗ ਸਾਰੇ ਹੀ ਪੰਜਾਬੀ ਸਨ ਪਰ ਪੰਜਾਬੀ ਦਾ ਕੋਈ ਅਨਾਊਂਸਰ ਨਹੀਂ ਸੀ ਜੋ ਆਮ ਦਰਸ਼ਕਾਂ ਨੂੰ ਕੁਸ਼ਤੀਆਂ ਦੇ ਨਵੇਂ ਨਿਯਮ ਦੱਸਦਿਆਂ ਨਾਲ ਦੀ ਨਾਲ ਨਜ਼ਾਰੇ ਬੰਨ੍ਹੀ ਜਾਂਦਾ। ਮੈਂ ਮਹਿਸੂਸ ਕੀਤਾ ਕਿ ਘੱਟ ਵਜ਼ਨ ਦੇ ਪਹਿਲਵਾਨ ਬੜੀ ਤੇਜ਼ੀ ਨਾਲ ਕੁਸ਼ਤੀ ਲੜਦੇ ਹਨ ਜਦ ਕਿ ਭਾਰੇ ਪਹਿਲਵਾਨਾਂ ਦੀ ਕੁਸ਼ਤੀ ਧੱਕੋ ਧੱਕੀ ਵਾਲੀ ਕੁੱਝ ਧੀਮੀ ਹੁੰਦੀ ਹੈ। ਭਾਰੇ ਪਹਿਲਵਾਨਾਂ ਦੀ ਥਾਂ ਹੌਲੇ ਪਹਿਲਵਾਨਾਂ ਦੀ ਕੁਸ਼ਤੀ ਵੇਖਣ ਦਾ ਵੱਧ ਸੁਆਦ ਆਉਂਦੈ। ਉਹ ਦੋ ਮਿੰਟਾਂ ਦੇ ਰਾਊਂਡ ਵਿੱਚ ਕਈ ਕਈ ਦਾਅ ਮਾਰਦੇ ਹਨ ਤੇ ਨਜ਼ਾਰਾ ਬੰਨ੍ਹ ਦਿੰਦੇ ਹਨ।

ਕੁਸ਼ਤੀਆਂ ਵਿੱਚ ਹੁਣ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਉਹ ਵੀ ਮਰਦ ਪਹਿਲਵਾਨਾਂ ਵਾਂਗ ਤੇਜ਼ ਤੇ ਧੱਕੇ ਵਾਲੀ ਕੁਸ਼ਤੀ ਲੜਦੀਆਂ ਹਨ। ਬਹੁਤੀਆਂ ਤਾਂ ਲੱਗਦੀਆਂ ਵੀ ਮੁੰਡਿਆਂ ਵਰਗੀਆਂ ਹਨ। ਕਿਸੇ ਕਿਸੇ ਦੀ ਗੁੱਤ ਤੋਂ ਹੀ ਪਛਾਣ ਹੁੰਦੀ ਹੈ ਕਿ ਉਹ ਲੜਕੀ ਹੈ। ਜਦ ਕੁਸ਼ਤੀ ਸ਼ੁਰੂ ਹੁੰਦੀ ਤਾਂ ਰੈਫਰੀ ਪਹਿਲਵਾਨਾਂ ਦੇ ਨਹੁੰ ਤੇ ਜੁੱਸੇ ਨੂੰ ਚੰਗੀ ਤਰ੍ਹਾਂ ਪੜਤਾਲਦਾ ਕਿ ਕੋਈ ਐਸੀ ਚੀਜ਼ ਨਾ ਹੋਵੇ ਜੋ ਵਿਰੋਧੀ ਪਹਿਲਵਾਨ ਨੂੰ ਨੁਕਸਾਨ ਪੁਚਾ ਸਕੇ। ਕੜਾ, ਛਾਪ ਜਾਂ ਤਵੀਤ ਬਗੈਰਾ ਪਾ ਕੇ ਕਿਸੇ ਨੂੰ ਕੁਸ਼ਤੀ ਨਹੀਂ ਲੜਨ ਦਿੱਤੀ ਜਾਂਦੀ। ਲਿਖਤੀ ਤੌਰ `ਤੇ ਅਜਿਹਾ ਕੁੱਝ ਪਹਿਨ ਕੇ ਕਬੱਡੀ ਖੇਡਣਾ ਵੀ ਮਨ੍ਹਾਂ ਹੈ ਪਰ ਉਥੇ ਕਈ ਵਾਰ ਨਿਯਮਾਂ `ਤੇ ਪੂਰਾ ਪਹਿਰਾ ਨਹੀਂ ਦਿੱਤਾ ਜਾਂਦਾ। ਕਈ ਖਿਡਾਰੀ, ਗਾਨੀਆਂ, ਤਵੀਤ ਤੇ ਤਵੀਤੜੀਆਂ ਪਾ ਕੇ ਖੇਡੀ ਜਾਂਦੇ ਹਨ ਭਾਵੇਂ ਕਿਸੇ ਦਾ ਹੱਥ ਚੀਰਿਆ ਜਾਵੇ। ਗਲ ਦੇ ਤਵੀਤ `ਚ ਹੱਥ ਆ ਜਾਵੇ ਤਾਂ ਗਲ ਵੀ ਵਲੂੰਧਰਿਆ ਜਾ ਸਕਦੈ। ਤਵੀਤਾਂ ਦਾ ਐਵੇਂ ਵਹਿਮ ਹੀ ਹੁੰਦੈ ਇਨ੍ਹਾਂ ਵਿੱਚ ਹੋਰ ਕੁੱਝ ਨਹੀਂ ਹੁੰਦਾ।

ਦੂਜੇ ਦਿਨ ਗਿਲਡਫੋਰਡ ਸੈਂਟਰ ਰੌਣਕਾਂ ਨਾਲ ਭਰਪੂਰ ਰਿਹਾ। ਉਥੇ ਪਹਿਲਵਾਨਾਂ ਤੇ ਕੁਸ਼ਤੀ ਦੇ ਪ੍ਰੇਮੀਆਂ ਨੇ ਤਾਂ ਆਉਣਾ ਹੀ ਸੀ ਲੱਖੇ ਵਰਗੇ ਕਬੱਡੀ ਦੇ ਸਟਾਰ ਖਿਡਾਰੀ ਵੀ ਕੁਸ਼ਤੀਆਂ ਦਾ ਅਨੰਦ ਮਾਣਦੇ ਰਹੇ। ਮੈਨੂੰ ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਨੂੰ ਮੈਂ ਹੈਲੋ ਤੂਫਾਨ ਸਿੰਘ ਕਹਿ ਕੇ ਬੁਲਾਇਆ ਤੇ ਉਸ ਨੇ ਵੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹਦੀ ਹੱਥਘੁੱਟਣੀ `ਚ ਨਿੱਘ ਸੀ ਤੇ ਜਦ ਉਹ ਹੱਸਦਾ ਤਾਂ ਕਾਲੇ ਰੰਗ `ਚ ਚਿੱਟੇ ਦੰਦ ਇੰਜ ਚਮਕਦੇ ਜਿਵੇਂ ਹਨ੍ਹੇਰੇ `ਚ ਬੈਟਰੀ ਜਗਦੀ ਹੋਵੇ। ਉਥੇ ਭਾਰਤ ਦੇ ਵੀ ਕਈ ਮੱਲ ਮਿਲੇ ਪਰ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਨਹੀਂ ਸੀ ਆ ਸਕਿਆ। ਕਬੱਡੀ ਤੇ ਕੁਸ਼ਤੀ ਦਾ ਆਸ਼ਕ ਗੁਰਜੀਤ ਸਿੰਘ ਪੁਰੇਵਾਲ ਮਿਲਿਆ ਜਿਸ ਨੇ ਦੱਸਿਆ ਕਿ ਹਕੀਮਪੁਰ ਦਾ ਪੁਰੇਵਾਲ ਖੇਡ ਮੇਲਾ ਐਤਕੀਂ ਤੇਈ ਚੌਵੀ ਫਰਵਰੀ ਨੂੰ ਮਨਾਇਆ ਜਾਵੇਗਾ ਤੇ ਇਥੋਂ ਵੀ ਕੁੱਝ ਪਹਿਲਵਾਨ ਉਸ ਵਿੱਚ ਭਾਗ ਲੈਣ ਜਾਣਗੇ।

ਜਿਹੜੇ 220 ਪਹਿਲਵਾਨ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਮਲ ਹੋਏ ਉਹ ਅੱਠ ਮੁਲਕਾਂ ਦੇ ਚੌਂਤੀ ਅਖਾੜਿਆਂ ਨਾਲ ਸੰਬੰਧਿਤ ਸਨ। 65 ਕਿਲੋ ਵਜ਼ਨ ਵਿੱਚ ਸਿਮਨਜ਼, 60 ਕਿਲੋ `ਚ ਰਾਬਰਟਸਨ, 66 `ਚ ਫਰੇਅਰ, 74 ਬੇਨ ਅਸਕਰਿਨ, 84 ਪੈਡਨ, 96 ਮੋ ਲਾਵਲ ਤੇ 120 ਕਿਲੋਗਰਾਮ ਵਿੱਚ ਸਟੀਵ ਮੋਕੋ ਜੇਤੂ ਰਹੇ। ਔਰਤ ਪਹਿਲਵਾਨਾਂ ਵਿੱਚ 48 ਕਿਲੋ `ਚ ਹੁਆਨ ਕਰੋਲ, 51 ਕਿਲੋ `ਚ ਐਰਕਾ ਸ਼ਾਰਪ, 55 `ਚ ਟੋਨੀਆ ਵਰਬੀਕ, 59 `ਚ ਸੇਲੀ ਰਾਬਰਟਸ, 63 ਜਸਟਰ ਬੁਚਰਡ, 67 ਮੇਗਾ ਬੁਡਨਜ਼, 72 ਅਕੱਫੋ ਤੇ 80 ਕਿਲੋਗਰਾਮ ਵਜ਼ਨ ਵਿੱਚ ਲੀਹ ਕਲਾਹਨ ਪ੍ਰਥਮ ਰਹੀਆਂ। ਭਾਰਤ ਦੀ ਅਲਕਾ ਤੋਮਰ 55 ਕਿਲੋਗਰਾਮ ਵਿੱਚ ਦੂਜੇ ਸਥਾਨ `ਤੇ ਰਹੀ। ਪੰਜ ਹਜ਼ਾਰ ਡਾਲਰ ਨਕਦ ਇਨਾਮ ਵਾਲੀ ਚੈਲੰਜ ਕੁਸ਼ਤੀ ਸਟੀਵ ਮੋਕੋ ਨੇ ਜਿੱਤੀ।

ਹਰਗੋਬਿੰਦ ਕੁਸ਼ਤੀ ਕਲੱਬ ਸੱਰੀ ਦਾ ਏਡੇ ਵੱਡੇ ਮੁਕਾਬਲੇ ਕਰਾਉਣ ਦਾ ਇਹ ਪਹਿਲਾ ਯਤਨ ਸੀ ਜੋ ਕਾਮਯਾਬ ਰਿਹਾ। ਇਸ ਨੂੰ ਸਪਾਂਸਰਾਂ ਤੋਂ ਬਿਨਾਂ ਹੋਰਨਾਂ ਕੁਸ਼ਤੀ ਅਖਾੜਿਆਂ ਤੇ ਦਰਸ਼ਕਾਂ ਦਾ ਵੀ ਭਰਵਾਂ ਸਹਿਯੋਗ ਮਿਲਿਆ। ਕੋਈ ਐਸੀ ਘਟਨਾ ਨਹੀਂ ਵਾਪਰੀ ਜਿਸ ਨਾਲ ਕਿਸੇ ਤਰ੍ਹਾਂ ਦੀ ਬਦਮਜ਼ਗੀ ਹੋਈ ਹੋਵੇ। ਵੈਨਕੂਵਰ ਇਲਾਕੇ ਦੇ ਨਵੇਂ ਪਹਿਲਵਾਨਾਂ ਨੂੰ ਘਰ ਬੈਠਿਆਂ ਹੀ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਣ ਨੂੰ ਮਿਲ ਗਈਆਂ। ਇਹਦੇ ਨਾਲ ਉਨ੍ਹਾਂ ਨੂੰ ਹੋਰ ਵੀ ਬਲ ਮਿਲੇਗਾ। ਦਰਜਨ ਤੋ ਵੱਧ ਪੰਜਾਬੀ ਪਹਿਲਵਾਨਾਂ ਨੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਹ ਕਿੰਨੇ ਕੁ ਪਾਣੀ `ਚ ਹਨ?

ਹੋ ਸਕਦੈ ਕਿਸੇ ਕੁਸ਼ਤੀ ਕਲੱਬ ਨੂੰ ਕੇਵਲ ਪੰਜਾਬੀ/ਭਾਰਤੀ/ਸਾਊਥ ਏਸ਼ੀਅਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਣ ਦਾ ਵਿਚਾਰ ਵੀ ਆ ਜਾਵੇ ਤੇ ਆਉਂਦੇ ਸਮੇਂ `ਚ ਉਹ ਕੋਈ ਅਜਿਹਾ ਕਦਮ ਚੁੱਕਣ। ਇੰਜ ਕਰਨ ਨਾਲ ਪੰਜਾਬੀ ਪਹਿਲਵਾਨਾਂ ਨੂੰ ਵੀ ਚਮਕਣ ਦਾ ਮੌਕਾ ਮਿਲ ਸਕਦੈ ਭਾਵੇਂ ਕਿ ਅੱਗੇ ਵੱਧ ਕੇ ਉਨ੍ਹਾਂ ਨੂੰ ਵੱਡੇ ਪਹਿਲਵਾਨਾਂ ਨਾਲ ਹੀ ਟੱਕਰਨਾ ਪਵੇਗਾ। ਇੰਜ ਕਰਨ ਨਾਲ ਉਹ ਛੋਟੇ ਮੁਕਾਬਲਿਆਂ ਤੋਂ ਵੱਡੇ ਮੁਕਾਬਲਿਆਂ ਵੱਲ ਵਧ ਸਕਦੇ ਹਨ।

ਕੁਸ਼ਤੀ ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਪਹਿਲਵਾਨਾਂ ਨੂੰ ਜਿੱਤ ਮੰਚ ਉਤੇ ਮੈਡਲ ਪਹਿਨਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪਹਿਲਵਾਨਾਂ, ਸਪਾਂਸਰਾਂ ਤੇ ਖੇਡ ਅਧਿਕਾਰੀਆਂ ਨੂੰ ਰਾਤਰੀ ਭੋਜ ਦਿੱਤਾ ਗਿਆ। ਡਿਨਰ ਸਮਾਗਮ ਉਤੇ ਵਿਸ਼ੇਸ਼ ਵਿਅਕਤੀਆਂ ਦਾ ਮਾਣ ਸਨਮਾਨ ਕਰਨ ਦੇ ਨਾਲ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਮੀਦ ਹੈ ਗੁਰੂ ਹਰਗੋਬਿੰਦ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਦੀ ਲੜੀ ਜਾਰੀ ਰਹੇਗੀ ਤੇ ਵੇਖਾਂਗੇ ਕਿ ਆਉਂਦੇ ਸਮੇਂ `ਚ ਇਹ ਮੁਕਾਬਲੇ ਕਿਥੋਂ ਤਕ ਪੁੱਜਦੇ ਹਨ?

2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ ਈ ਨਾ ਲਾ ਦੇਣ! ਸਟਾਰ ਕਹੇ ਜਾਂਦੇ ਖਿਡਾਰੀ ਆਪੋ ਆਪਣੇ ਘਰੀਂ ਲੁਕ ਛਿਪ ਕੇ ਆਏ। ਥਾਂ ਪੁਰ ਥਾਂ ਉਨ੍ਹਾਂ ਨੂੰ ਲ੍ਹਾਅਣਤਾਂ ਪਾਈਆਂ ਗਈਆਂ। ਉਨ੍ਹਾਂ ਦੀਆਂ ਬੋਰਡਾਂ `ਤੇ ਲੱਗੀਆਂ ਤਸਵੀਰਾਂ ਪਾੜ ਦਿੱਤੀਆਂ, ਪੁਤਲੇ ਸਾੜੇ ਗਏ ਤੇ ਮੁਰਦਾਬਾਦ ਕੀਤੀ ਗਈ। ਅਜਿਹਾ ਮਾੜਾ ਸਲੂਕ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਖੇਡਾਂ ਵਿੱਚ ਜਿੱਤ ਤੇ ਹਾਰ ਖੇਡ ਦੀ ਭਾਵਨਾ ਨਾਲ ਹੀ ਲੈਣੀ ਚਾਹੀਦੀ ਹੈ। ਕਿਸੇ ਵੀ ਟੂਰਨਾਮੈਂਟ ਵਿੱਚ ਆਖ਼ਰ ਨੂੰ ਇੱਕ ਟੀਮ ਹੀ ਜਿੱਤਦੀ ਹੈ ਜਦ ਕਿ ਬਾਕੀ ਸਭ ਟੀਮਾਂ ਹਾਰਦੀਆਂ ਹਨ।

ਉਹਨੀਂ ਦਿਨੀਂ ਮੈ ਇੱਕ ਆਰਟੀਕਲ ਲਿਖਿਆ ਸੀ-ਕ੍ਰਿਕਟ ਦਾ ਕਹਿਰ। ਲਿਖਿਆ ਸੀ ਕਿ ਚੰਗਾ ਹੋਇਆ ਭਾਰਤ ਦੀ ਕ੍ਰਿਕਟ ਟੀਮ ਹਾਰ ਗਈ। ਜਿੱਤ ਜਾਂਦੀ ਤਾਂ ਭਾਰਤ ਵਿੱਚ ਕਹਿਰ ਆ ਜਾਂਦਾ। ਕੰਮ ਦੇ ਅਰਬਾਂ ਘੰਟੇ ਬਰਬਾਦ ਹੁੰਦੇ। ਵਿਦਿਆਰਥੀ ਪੜ੍ਹਾਈਆਂ ਛੱਡ ਕੇ ਟੀ.ਵੀ.ਮੂਹਰੇ ਬੈਠੇ ਕ੍ਰਿਕਟ ਦੇ ਲੰਮੇ ਮੈਚ ਵੇਖਦੇ ਰਹਿੰਦੇ ਤੇ ਇਮਤਿਹਾਨਾਂ `ਚ ਫੇਲ੍ਹ ਹੁੰਦੇ। ਦਫਤਰਾਂ ਦੇ ਪਛੜੇ ਕੰਮ ਹੋਰ ਪਛੜ ਜਾਂਦੇ ਤੇ ਗੁੱਠੇ ਲੱਗੀਆਂ ਦੇਸ਼ ਦੀਆਂ ਹੋਰ ਖੇਡਾਂ ਹੋਰ ਗੁੱਠੇ ਲੱਗ ਜਾਂਦੀਆਂ। ਕਾਰਪੋਰੇਟ ਅਦਾਰਿਆਂ ਨੇ ਮੀਡੀਏ ਦੀ ਮਿਲੀਭੁਗਤ ਨਾਲ ਕ੍ਰਿਕਟ ਦਾ ਜਨੂੰਨ ਜਿਸ ਤਰ੍ਹਾਂ ਭਾਰਤੀਆਂ ਦੇ ਸਿਰਾਂ `ਤੇ ਸਵਾਰ ਕੀਤਾ ਹੈ ਹਾਰਨ ਨਾਲੋਂ ਜਿੱਤਣ ਨਾਲ ਇਸ ਨੇ ਹੋਰ ਵੀ ਕਹਿਰ ਵਰਤਾਉਣਾ ਸੀ!

ਆਖ਼ਰ ਉਹ ਕਹਿਰ ਸਤੰਬਰ 2007 ਵਿੱਚ ਵੀਹ ਓਵਰਾਂ ਵਾਲੇ ਵਰਲਡ ਕ੍ਰਿਕਟ ਕੱਪ ਦੀ ਜਿੱਤ ਨੇ ਵਰਤਾ ਦਿੱਤਾ। ਕਰੋੜਾਂ ਭਾਰਤੀ ਕਈ ਦਿਨ ਹਾਕਲ ਬਾਕਲ ਹੋਏ ਰਹੇ। ਜਿੱਤ ਦੇ ਅਫਰੇਵੇਂ ਨਾਲ ਮੂੰਹਾਂ `ਚੋਂ ਝੱਗ ਸੁੱਟਣ ਤਕ ਗਏ। ਮੀਡੀਏ ਨੇ ਕ੍ਰਿਕਟ ਨੂੰ ਭਾਰਤ ਦਾ ਧਰਮ ਕਿਹਾ ਤੇ ਕ੍ਰਿਕਟ ਦੇ ਫਾਈਨਲ ਮੈਚ ਨੂੰ ਹਿੰਦ-ਪਾਕਿ ਦੀ ਜੰਗ! ਰਤਾ ਸੋਚੋ ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਫਾਈਨਲ ਮੈਚ ਸਮੇਂ ਆਖ਼ਰੀ ਦੋ ਓਵਰ ਸੁੱਟੇ ਜਾ ਰਹੇ ਸਨ ਤਾਂ ਸਥਿਤੀ ਕੀ ਸੀ?

ਪਾਕਿਸਤਾਨ ਦੇ ਮਿਸਬਾ-ਉਲ-ਹੱਕ ਤੇ ਗੁਲ ਨੇ ਦੋ ਓਵਰਾਂ ਵਿੱਚ ਵੀਹ ਦੌੜਾਂ ਬਣਾਉਣੀਆਂ ਸਨ। ਇਹ ਸੰਭਵ ਜਾਪਦੀਆਂ ਸਨ ਕਿਉਂਕਿ ਭਾਰਤੀ ਬੱਲੇਬਾਜ਼ਾਂ ਨੇ ਆਖ਼ਰੀ ਦੋ ਓਵਰਾਂ ਵਿੱਚ ਵਧੇਰੇ ਦੌੜਾਂ ਬਣਾਈਆਂ ਸਨ। ਪਰ ਆਰ.ਪੀ.ਸਿੰਘ ਨੇ 19ਵੇਂ ਓਵਰ ਵਿੱਚ ਕੇਵਲ ਸੱਤ ਦੌੜਾਂ ਬਣਨ ਦਿੱਤੀਆਂ ਤੇ ਗੁਲ ਨੂੰ ਬੋਲਡ ਆਊਟ ਕਰ ਦਿੱਤਾ। ਗੁਲ ਦੀ ਥਾਂ ਆਖ਼ਰੀ ਬੱਲੇਬਾਜ਼ ਆ ਗਿਆ। ਆਖ਼ਰੀ ਓਵਰ ਵਿੱਚ ਪਾਕਿਸਤਾਨੀਆਂ ਨੂੰ ਮੈਚ ਬਰਾਬਰ ਕਰਨ ਲਈ 12 ਤੇ ਜਿੱਤਣ ਲਈ 13 ਦੌੜਾਂ ਦੀ ਲੋੜ ਸੀ। ਜੋਗਿੰਦਰ ਸ਼ਰਮਾ ਵੱਲੋਂ ਸੁੱਟੀ 20ਵੇਂ ਓਵਰ ਦੀ ਪਹਿਲੀ ਗੇਂਦ ਵਾਈਡ ਹੋ ਗਈ। ਇੱਕ ਦੌੜ ਮੁਫ਼ਤ ਜਾਂਦੀ ਰਹੀ। ਪਹਿਲੀ ਸਹੀ ਗੇਂਦ ਉਤੇ ਫਿਰ ਇੱਕ ਦੌੜ ਦਿੱਤੀ ਗਈ। ਦੂਜੀ ਗੇਂਦ ਉਤੇ ਮਿਸਬਾ-ਉਲ ਦਾ ਛੱਕਾ ਲੱਗ ਗਿਆ! ਭਾਰਤੀਆਂ ਦਾ ਸਾਹ ਅੰਦਰ ਦਾ ਅੰਦਰ ਤੇ ਬਾਹਰ ਦਾ ਬਾਹਰ ਰਹਿ ਗਿਆ! !

ਪਿੱਛੇ ਗੇਂਦਾਂ ਰਹਿ ਗਈਆਂ ਚਾਰ ਤੇ ਦੌੜਾਂ ਬਣਾਉਣੀਆਂ ਸਨ ਛੇ। ਹੁਣ ਹੋਰ ਸੋਚੋ। ਕੀ ਫਰਕ ਸੀ ਦੋਹਾਂ ਟੀਮਾਂ ਵਿਚ? ਕਿਹੜੀ ਤਕੜੀ ਸੀ ਤੇ ਕਿਹੜੀ ਮਾੜੀ? ਜੋਗਿੰਦਰ ਸ਼ਰਮਾ ਨੇ ਤੀਜੀ ਗੇਂਦ ਸੁੱਟੀ ਜੋ ਮਿਸਬਾ-ਉਲ ਨੇ ਛੱਕੇ ਲਈ ਉਪਰ ਚੁੱਕ ਦਿੱਤੀ। ਗੇਂਦ ਬਾਹਰਲੀ ਲਾਈਨ ਤੋਂ ਬਾਹਰ ਵੀ ਜਾ ਸਕਦੀ ਸੀ ਤੇ ਉਰੇ ਵੀ ਡਿੱਗ ਸਕਦੀ ਸੀ। ਬਾਹਰ ਡਿੱਗਣ ਨਾਲ ਪਾਕਿਸਤਾਨੀ ਟੀਮ ਨੇ ਜਿੱਤ ਜਾਣਾ ਸੀ ਤੇ ਅੰਦਰ ਬੁੱਚੀ ਜਾਣ ਨਾਲ ਭਾਰਤੀ ਟੀਮ ਨੇ। ਚਾਨਸ ਨਾਲ ਗੇਂਦ ਬਾਹਰਲੀ ਲਾਈਨ ਤੋਂ ਕੁੱਝ ਹੱਥ ਪਿੱਛੇ ਰਹਿ ਗਈ ਜੋ ਸ਼੍ਰੀਸਾਂਥ ਦੇ ਹੱਥਾਂ ਵਿੱਚ ਆ ਗਈ! ਬੱਸ ਏਨਾਂ ਹੀ ਫਰਕ ਸੀ ਦੋਹਾਂ ਟੀਮਾਂ ਵਿਚ। ਦੋਵੇਂ ਟੀਮਾਂ ਬਰਾਬਰ ਸਨ। ਚਾਨਸ ਨਾਲ ਕੋਈ ਵੀ ਟੀਮ ਜਿੱਤ-ਹਾਰ ਸਕਦੀ ਸੀ। ਦੋਹਾਂ ਟੀਮਾਂ ਵਿੱਚ ਕਿਸੇ ਨੂੰ ਬਹੁਤੀ ਵਡਿਆਉਣ ਜਾਂ ਛੁਟਿਆਉਣ ਵਾਲੀ ਕੋਈ ਗੱਲ ਨਹੀਂ ਸੀ। ਖੇਡ ਭਾਵਨਾ ਨਾਲ ਜਿੱਤ-ਹਾਰ ਇਕੋ ਜਿਹੀ ਜਾਣਨੀ ਬਣਦੀ ਸੀ। ਮੁੱਢਲੇ ਇੱਕ ਮੈਚ ਵਿੱਚ ਵੀ ਹਿੰਦ-ਪਾਕਿ ਟੀਮਾਂ ਦੀਆਂ ਦੌੜਾਂ 141-141 ਸਨ।

ਹੁਣ ਗੰਭੀਰ ਹੋ ਕੇ ਸੋਚੋ। ਜੇ ਮਿਸਬਾ ਦੀ ਉਛਾਲੀ ਗੇਂਦ ਕੁੱਝ ਹੱਥ ਅਗਾਂਹ ਜਾ ਡਿਗਦੀ ਤਾਂ ਭਾਰਤ ਵਿੱਚ ਕੀ ਹੁੰਦਾ? ਕੋਈ ਪਤਾ ਨਹੀਂ ਕਿੰਨਿਆਂ ਨੂੰ ਦਿਲ ਦੇ ਦੌਰੇ ਪੈਂਦੇ ਤੇ ਕਿਹੜੇ ਕਿਹੜੇ ਖਿਡਾਰੀ ਦਾ ਪੁਤਲੇ ਸਾੜੇ ਜਾਂਦੇ? ਹਾਰ ਤੇ ਉਹ ਵੀ ਪਾਕਿਸਤਾਨੀਆਂ ਹੱਥੋਂ ਹਾਰ ਨੂੰ ਮਜ਼੍ਹਬੀ ਤੁਅੱਸਬ ਵਾਲੇ ਪਤਾ ਨਹੀਂ ਕਿਵੇਂ ਲੈਂਦੇ? ਕੀਹਦੀ ਕੀਹਦੀ ਮੁਰਦਾਬਾਦ ਕਰਦੇ? ਕੀਹਦੇ ਕੀਹਦੇ ਘਰ `ਤੇ ਇੱਟਾਂ ਰੋੜੇ ਮਾਰਦੇ? ਸ਼ਾਇਦ ਕਿਸੇ ਖਿਡਾਰੀ ਨੂੰ ਪਾਕਿਸਤਾਨ ਨਾਲ ਰਲਿਆ ਈ ਗਰਦਾਨ ਦਿੰਦੇ ਜਿਵੇਂ 1982 ਦੀਆਂ ਏਸ਼ਿਆਈ ਖੇਡਾਂ `ਚ ਹਾਕੀ ਦਾ ਮੈਚ ਹਾਰ ਜਾਣ ਉਤੇ ਗੋਲਚੀ ਮੀਰ ਚੰਦਨ ਨੇਗੀ ਨੂੰ ਗਰਦਾਨਿਆ ਸੀ। ਉਸੇ ਘਟਨਾ `ਤੇ ਆਧਾਰਿਤ ਫਿਰ `ਚੱਕ ਦੇ ਇੰਡੀਆ’ ਫਿਲਮ ਬਣੀ ਜਿਸ ਨੇ ਬਾਕਸ ਆਫਿਸ `ਤੇ ਫੱਟੇ ਚੱਕ ਦਿੱਤੇ। ਭਾਰਤੀ ਟੀਮ ਦੇ ਹਾਰ ਜਾਣ ਉਤੇ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਨੇ ਪੂਰਾ ਪਿੱਟ ਸਿਆਪਾ ਕਰਨਾ ਸੀ।

ਦੱਖਣੀ ਅਫਰੀਕਾ ਦੇ ਕ੍ਰਿਕਟ ਸਟੇਡੀਅਮ ਵਿੱਚ ਗੇਂਦ ਦੇ ਕੁੱਝ ਹੱਥ ਪਿਛਾਂਹ ਡਿੱਗਣ ਨਾਲ ਖੇਡਾਂ ਦੇ ਵਪਾਰੀਆਂ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਪਾ ਦਿੱਤਾ ਗਿਆ। ਜੇ ਨੀਝ ਨਾਲ ਵੇਖਿਆ ਜਾਵੇ ਤਾਂ ਖਿਡਾਰੀ ਵੀ ਇਕੋ ਜਿਹੇ ਸਨ ਤੇ ਮੈਚ ਵੀ ਲਗਭਗ ਬਰਾਬਰ ਸੀ। ਪਰ ਮਿਸਬਾ ਦੀ ਉਠਾਈ ਗੇਂਦ ਕੁੱਝ ਹੱਥ ਪਿੱਛੇ ਰਹਿ ਜਾਣ ਕਾਰਨ ਭਾਰਤੀ ਖਿਡਾਰੀ ਕਰੋੜਾਂ ਦੇ ਇਨਾਮ ਲੈ ਗਏ ਤੇ ਪਾਕਿਸਤਾਨੀ ਖਿਡਾਰੀਆਂ ਦੇ ਪੱਲੇ ਲਾਅ੍ਹਣਤ ਤੇ ਨਮੋਸ਼ੀ ਪਈ। ਖੇਡਾਂ `ਚ ਅਜਿਹਾ ਵਰਤਾਰਾ ਜਾਇਜ਼ ਨਹੀਂ। ਭਾਰਤੀ ਖਿਡਾਰੀਆਂ ਉਪਰ ਭਾਰਤੀ ਕ੍ਰਿਕਟ ਬੋਰਡ ਨੇ ਤਾਂ ਨੋਟਾਂ ਦੀ ਵਰਖਾ ਕਰਨੀ ਹੀ ਸੀ, ਕਈ ਸੂਬਾਈ ਸਰਕਾਰਾਂ ਨੇ ਵੀ ਜਨਤਾ ਦੇ ਖ਼ਜ਼ਾਨੇ `ਚੋਂ ਕ੍ਰਿਕਟ ਖਿਡਾਰੀਆਂ ਉਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ! ਯਾਨੀ ਕਿ ਰੱਜੇ ਹੋਇਆਂ ਦੇ ਉਤੋਂ ਦੀ ਡੋਲ੍ਹ ਦਿੱਤਾ।

ਜਦੋਂ ਦਸ ਬਾਰਾਂ ਮੁਲਕਾਂ ਦੀ ਖੇਡ ਕ੍ਰਿਕਟ ਦੇ ਖਿਡਾਰੀਆਂ ਉਤੇ ਕਰੋੜਾਂ ਰੁਪਿਆਂ ਦਾ ਮੀਂਹ ਵਰ੍ਹਦਾ ਵੇਖਿਆ ਤਾਂ ਸੌ ਸਵਾ ਸੌ ਮੁਲਕਾਂ ਦੀ ਓਲੰਪਿਕ ਖੇਡ ਹਾਕੀ ਦੇ ਖਿਡਾਰੀਆਂ ਨੂੰ ਆਪਣਾ ਸੋਕਾ ਯਾਦ ਗਿਆ। ਰੱਜਿਆਂ ਨੂੰ ਹੋਰ ਰਜਾਉਣ ਵਾਲੇ ਭਾਰਤੀ ਸਿਸਟਮ ਵਿੱਚ ਜਿਵੇਂ ਭੁੱਖੇ ਲੋਕ ਭੁੱਖ ਹੜਤਾਲਾਂ ਕਰਦੇ ਹਨ ਉਵੇਂ ਏਸ਼ੀਆ ਦਾ ਹਾਕੀ ਕੱਪ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀਆਂ ਨੇ ਭੁੱਖ ਹੜਤਾਲ ਦੀ ਧਮਕੀ ਦੇ ਦਿੱਤੀ। ਮਗਰੇ ਹੋਰ ਖਿਡਾਰੀ ਤੇ ਕੋਚ ਕੂਕ ਉੱਠੇ। ਭਾਰਤੀ ਓਲੰਪਿਕ ਕਮੇਟੀ ਨੇ ਵੀ ਹਾਕੀ ਖਿਡਾਰੀਆਂ ਲਈ ਹਾਅ ਦਾ ਨਾਅ੍ਹਰਾ ਮਾਰਿਆ। ਇੱਕ ਵਾਰ ਫਿਰ ਸਭ ਨੂੰ ਪਤਾ ਲੱਗ ਗਿਆ ਕਿ ਭਾਰਤ ਵਿੱਚ ਕ੍ਰਿਕਟ ਦੇ ਮੁਕਾਬਲੇ ਹਾਕੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹੈ। ਕੁੱਝ ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ-ਭਾਰਤ ਵਿੱਚ ਹਾਕੀ ਬਨਾਮ ਕ੍ਰਿਕਟ। ਉਹ ਮੇਰੀ ਪੁਸਤਕ ‘ਖੇਡ ਪਰਿਕਰਮਾ’ ਵਿੱਚ ਸ਼ਾਮਲ ਹੈ। ਉਸ ਵਿੱਚ ਵੇਰਵੇ ਸਹਿਤ ਦੱਸਿਆ ਹੈ ਕਿ ਕਿਵੇਂ ਵਿਹਲੜ ਲਾਰਡਾਂ ਦੀ ਖੇਡ ਹਿੰਦ ਮਹਾਂਦੀਪ ਦੇ ਗ਼ਰੀਬ ਮੁਲਕਾਂ ਦੀ ਪਟਰਾਣੀ ਬਣੀ? ਕਿਵੇਂ ਕ੍ਰਿਕਟ ਰਾਹੀਂ ਹਿੰਦੋਸਤਾਨ ਨੂੰ ਧਰਮਾਂ ਵਿੱਚ ਵੰਡਣ ਦੀ ਚਾਲ ਚੱਲੀ ਗਈ ਤੇ ਹੁਣ ਲੋਕਾਂ ਨੂੰ ਵਿਹਲੜ ਬਣਾਇਆ ਜਾ ਰਿਹੈ?

ਖੇਡਾਂ ਦੇ ਮਾਹਿਰ ਕਹਿੰਦੇ ਹਨ ਕਿ ਬੱਚੇ ਨੂੰ ਉਹਦੀ ਰੁਚੀ ਤੇ ਸਰੀਰਕ ਬਣਤਰ ਦੇ ਅਨਕੂਲ ਖੇਡ ਵਿੱਚ ਪਾਇਆ ਜਾਵੇ। ਪਰ ਖੇਡਾਂ ਦੀ ਖੁੱਲ੍ਹੀ ਤੇ ਬੇਮੁਹਾਰੀ ਮੰਡੀ ਨੇ ਸਾਰਾ ਮਾਮਲਾ ਹੀ ਗੜਬੜ ਕਰ ਦਿੱਤਾ ਹੈ। ਹੁਣ ਭਾਰਤ ਵਿੱਚ ਕੁੱਝ ਖੇਡਾਂ ਭੁੱਖੇ ਮਾਰਨ ਵਾਲੀਆਂ ਹਨ ਤੇ ਕੁੱਝ ਰੱਜੇ ਰੱਖਣ ਵਾਲੀਆਂ ਹਨ। ਕਿਤੇ ਡੋਬਾ ਹੈ ਕਿਤੇ ਸੋਕਾ। ਕ੍ਰਿਕਟ, ਟੈਨਿਸ ਤੇ ਗੌਲਫ਼ `ਚ ਪੈਸਾ ਸਭ ਤੋਂ ਵੱਧ ਹੈ। ਸੁਭਾਵਿਕ ਹੈ ਕਿ ਅਮੀਰਾਂ ਤੇ ਸਰਦਿਆਂ ਪੁੱਜਦਿਆਂ ਦੇ ਬੱਚੇ ਇਹੋ ਜਿਹੀਆਂ ਖੇਡਾਂ ਹੀ ਖੇਡਣ ਲੱਗਦੇ ਹਨ। ਅਥਲੈਟਿਕਸ, ਹਾਕੀ ਤੇ ਹੋਰ ਕਈ ਖੇਡਾਂ ਵਿੱਚ ਨਿਰੀ ਭੁੱਖ ਨੰਗ ਹੈ।

ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਪਤਾ ਸੀ ਕਿ ਜੇ ਉਸ ਨੇ ਆਪਣੇ ਪੁੱਤਰ ਚਿਰੰਜੀਵ ਸਿੰਘ ਨੂੰ ਦੌੜਾਂ `ਚ ਪਾਇਆ ਤਾਂ ਉਹ ਭੁੱਖ ਨੰਗ ਨਾਲ ਹੀ ਦੌੜੇਗਾ। ਉਸ ਨੇ ਖ਼ੁਦ ਦੌੜਾਂ `ਚੋਂ ਉਨਾ ਧਨ ਨਹੀਂ ਕਮਾਇਆ ਜਿੰਨਾ ਉਸ ਦੇ ਪੁੱਤਰ ਜੀਵ ਮਿਲਖਾ ਸਿੰਘ ਨੂੰ ਗੌਲਫ਼ `ਚੋਂ ਸ਼ੁਰੂ ਵਿੱਚ ਹੀ ਮਿਲ ਚੁੱਕੈ। ਬਲਬੀਰ ਸਿੰਘ ਵਰਗੇ ਹਾਕੀ ਖਿਡਾਰੀ ਓਲੰਪਿਕ ਖੇਡਾਂ ਦੇ ਤਿੰਨ ਤਿੰਨ ਗੋਲਡ ਮੈਡਲ ਜਿੱਤ ਕੇ ਵੀ ਲੱਖ ਰੁਪਏ ਦਾ ਇਨਾਮ ਨਹੀਂ ਲੈ ਸਕੇ। ਸ਼ਾਇਦ ਇਸੇ ਕਾਰਨ ਬਲਬੀਰ ਸਿੰਘ ਨੇ ਆਪਣਾ ਕੋਈ ਪੁੱਤਰ ਹਾਕੀ ਖੇਡਣ ਨਹੀਂ ਲਾਇਆ। ਯੁਵਰਾਜ ਸਿੰਘ ਨੂੰ ਛੇ ਛੱਕਿਆਂ ਦਾ ਕਰੋੜ ਰੁਪਿਆ ਮਿਲ ਗਿਆ ਹੈ। ਕੌਣ ਹੈ ਜੀਹਦਾ ਬੱਚਾ ਕ੍ਰਿਕਟ ਖੇਡਣ ਲਈ ਨਹੀਂ ਤਾਂਘੇਗਾ?

ਏਸ਼ਿਆਈ ਖੇਡਾਂ ਵਿੱਚ ਅਥਲੈਟਿਕਸ ਤੇ ਓਲੰਪਿਕ ਖੇਡਾਂ ਵਿੱਚ ਹਾਕੀ `ਚੋਂ ਸੋਨੇ ਦੇ ਮੈਡਲ ਜਿੱਤਣ ਵਾਲਿਆਂ ਨੂੰ ਵੀ ਕਦੇ ਵੱਡੇ ਇਨਾਮਾਂ ਨਾਲ ਨਹੀਂ ਸਨਮਾਨਿਆ ਗਿਆ। ਜਿਹੜੇ ਮਾੜੇ ਮੋਟੇ ਇਨਾਮ ਐਲਾਨੇ ਜਾਂਦੇ ਰਹੇ ਉਹ ਵੀ ਕਈਆਂ ਨੂੰ ਨਹੀਂ ਮਿਲੇ। ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਜੋਗਿੰਦਰ ਸਿੰਘ ਵਰਗੇ ਸੁਟਾਵੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜਿੱਤ ਕੇ ਵੀ ਅਣਗੌਲੇ ਤੁਰਦੇ ਬਣੇ। ਪ੍ਰਿਥੀਪਾਲ ਸਿੰਘ ਨੇ ਤਾਂ 1982 ਵਿੱਚ ਸ਼ਰ੍ਹੇਆਮ ਐਲਾਨ ਕੀਤਾ ਸੀ ਕਿ ਜੇ ਪੰਜਾਬ ਸਰਕਾਰ ਆਪਣੇ ਹੀ ਐਲਾਨ ਕੀਤੇ ਇਨਾਮ ਹਾਕੀ ਦੇ ਖਿਡਾਰੀਆਂ ਨੂੰ ਦੇ ਦੇਵੇ ਤਾਂ ਉਹ ਆਪਣਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੱਖ ਮੰਤਰੀ ਨੂੰ ਦੇ ਦੇਵੇਗਾ।

ਸਾਨੀਆ ਮਿਰਜ਼ਾ ਟੈਨਿਸ ਦੀ ਦੁਨੀਆਂ ਦੇ ਦਰਜਨਾਂ ਖਿਡਾਰੀਆਂ ਤੋਂ ਪਿੱਛੇ ਰਹਿਣ ਦੇ ਬਾਵਜੂਦ ਵੀ ਭਾਰਤੀ ਮੀਡੀਏ ਵਿੱਚ ਚੋਟੀ ਦੀ ਖਿਡਾਰਨ ਪਰਚਾਰੀ ਜਾਂਦੀ ਹੈ। ਜੇ ਉਹ 400 ਮੀਟਰ ਦੀ ਦੌੜ ਲਾਉਂਦੀ ਹੁੰਦੀ ਤਾਂ ਸ਼ਾਇਦ ਏਸ਼ੀਆ ਦੀ ਚੈਂਪੀਅਨ ਮਨਜੀਤ ਕੌਰ ਦਾ ਮੁਕਾਬਲਾ ਨਾ ਕਰ ਸਕਦੀ। ਹੁਣ ਪੈਸਿਆਂ ਤੇ ਮਸ਼ਹੂਰੀ ਪੱਖੋਂ ਵੇਖ ਲਓ ਕਿਥੇ ਸਾਨੀਆ ਤੇ ਕਿਥੇ ਵਿਚਾਰੀ ਮਨਜੀਤ! ਖੇਡਾਂ ਦੇ ਵਪਾਰੀਆਂ ਨੇ ਵੱਖ ਵੱਖ ਖੇਡਾਂ ਨੂੰ ਸਾਵਾਂ ਨਹੀਂ ਰਹਿਣ ਦਿੱਤਾ। ਕਿਸੇ ਖੇਡ ਨੂੰ ਉਤਾਂਹ ਚੁੱਕਿਆ ਹੋਇਐ ਤੇ ਕਿਸੇ ਨੂੰ ਹਿਠਾਂਹ ਸੁੱਟਿਆ ਹੋਇਐ। ਖੇਡਾਂ ਦੇ ਖੇਤਰ ਵਿੱਚ ਅਜਿਹਾ ਵਿਤਕਰਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਘੱਟੋ ਘੱਟ ਸਰਕਾਰਾਂ ਤੇ ਸਾਂਝੀਆਂ ਖੇਡ ਸੰਸਥਾਵਾਂ ਨੂੰ ਤਾਂ ਅਜਿਹੇ ਪੱਖ ਪਾਤੀ ਵਰਤਾਰੇ ਤੋਂ ਲਾਜ਼ਮੀ ਗੁਰੇਜ਼ ਕਰਨਾ ਚਾਹੀਦੈ। ਲੋਕਾਂ ਤੋਂ ਟੈਕਸਾਂ ਰਾਹੀਂ `ਕੱਠੇ ਕੀਤੇ ਪੈਸੇ ਸਾਰੀਆਂ ਖੇਡਾਂ ਲਈ ਬਰਾਬਰੀ ਦੇ ਅਧਾਰ `ਤੇ ਵੰਡਣੇ ਚਾਹੀਦੇ ਹਨ।

ਕਿਹਾ ਜਾਂਦੈ ਕਿ ਰੋਏ ਬਿਨਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ। ਹਾਕੀ ਦੇ ਖਿਡਾਰੀਆਂ ਦਾ ਹੁਣ ਰੋਣ ਨਿਕਲ ਗਿਆ ਹੈ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਬੜੀ ਹੁੱਬ ਨਾਲ ਏਸ਼ੀਆ ਦਾ ਹਾਕੀ ਕੱਪ ਜਿੱਤਿਆ ਸੀ ਪਰ ਉਨ੍ਹਾਂ ਨੂੰ ਕੋਈ ਖਾਸ ਇਨਾਮ ਸਨਮਾਨ ਨਹੀਂ ਸੀ ਮਿਲਿਆ। ਇੱਕ ਗੋਲ ਕਰਨ ਬਦਲੇ ਇੱਕ ਹਜ਼ਾਰ ਰੁਪਏ ਯਾਨੀ ਪੱਚੀ ਡਾਲਰ ਦਾ ਇਨਾਮ ਹੀ ਮਿਲਿਆ ਸੀ। ਉਹਦੇ ਵਿਚੋਂ ਵੀ ਗੋਲ ਕਰਾਉਣ ਦੇ ਕੱਟੇ ਜਾਣੇ ਸਨ। ਕਿਥੇ ਹਾਕੀ ਦੇ ਗੋਲ ਦਾ ਇੱਕ ਹਜ਼ਾਰ ਰੁਪਿਆ ਤੇ ਕਿਥੇ ਕ੍ਰਿਕਟ ਦੇ ਛੱਕਿਆਂ ਦਾ ਕਰੋੜ ਰੁਪਿਆ?

ਕ੍ਰਿਕਟ ਦੇ ਕਰੋੜਾਂ ਰੁਪਿਆਂ ਨੇ ਹਾਕੀ ਤੇ ਹੋਰਨਾਂ ਖੇਡਾਂ ਵਾਲਿਆਂ ਨੂੰ ਇੱਕ ਵਾਰ ਫਿਰ ਅਹਿਸਾਸ ਕਰਵਾ ਦਿੱਤਾ ਹੈ ਕਿ ਭਾਰਤ ਵਿੱਚ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹੈ। ਉਨ੍ਹਾਂ ਦੇ ਰੋਸ ਨੇ ਕੁੱਝ ਸਰਕਾਰਾਂ ਨੂੰ ਅਹਿਸਾਸ ਕਰਾਇਆ ਹੈ ਤੇ ਉਹ ਏਸ਼ੀਆ ਕੱਪ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੂੰ ਵੀ ਇਨਾਮ ਦੇਣ ਲਈ ਮਜਬੂਰ ਹੋਏ ਹਨ। ਕੋਈ ਮੁੱਖ ਮੰਤਰੀ ਇੱਕ ਲੱਖ ਰੁਪਏ ਦਾ ਐਲਾਨ ਕਰ ਰਿਹੈ, ਕੋਈ ਦੋ ਲੱਖ ਦਾ ਤੇ ਕੋਈ ਪੰਜ ਲੱਖ ਦਾ। ਇਹ ਹੁਣ ਖੇਡਾਂ ਤੋਂ ਅਗਾਂਹ ਖਿਡਾਰੀਆਂ ਵਿੱਚ ਵਿਤਕਰੇ ਵਾਲੀ ਗੱਲ ਹੈ। ਇਕੋ ਟੀਮ ਵਿੱਚ ਖੇਡਣ ਵਾਲੇ ਪੰਜਾਬ ਦੇ ਖਿਡਾਰੀ ਨੂੰ ਇੱਕ ਲੱਖ ਮਿਲੇ ਤੇ ਕਿਸੇ ਹੋਰ ਸੂਬੇ ਦਾ ਖਿਡਾਰੀ ਪੰਜ ਲੱਖ ਲੈ ਜਾਵੇ ਇਹ ਵੀ ਕੋਈ ਇਨਸਾਫ਼ ਨਹੀਂ।

ਭਾਵੇਂ ਖੇਡਾਂ ਤੇ ਖਿਡਾਰੀਆਂ ਨੂੰ ਬਰਾਬਰੀ ਦੇ ਆਧਾਰ `ਤੇ ਰੱਖਣਾ ਤੇ ਇਕੋ ਪੱਲੜੇ ਵਿੱਚ ਤੋਲਣਾ ਗੁੰਝਲਦਾਰ ਕਾਰਜ ਹੈ ਪਰ ਖੇਡਾਂ ਤੇ ਖਿਡਾਰੀਆਂ ਵਿਚਕਾਰ ਸਾਫ ਦਿਸਦੇ ਵਿਤਕਰੇ ਨੂੰ ਜੇ ਚਾਹੀਏ ਤਾਂ ਘਟਾਇਆ ਜ਼ਰੂਰ ਜਾ ਸਕਦੈ। ਨਕਦ ਇਨਾਮਾਂ ਬਾਰੇ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਕੋਈ ਅਜਿਹਾ ਫਾਰਮੂਲਾ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਸਾਰੀਆਂ ਖੇਡਾਂ ਵਿਕਸਤ ਹੋਣ ਤੇ ਹਰੇਕ ਖੇਡ ਦੇ ਖਿਡਾਰੀਆਂ ਨੂੰ ਯੋਗ ਮਾਨ ਸਨਮਾਨ ਮਿਲ ਸਕੇ।

ਜਿਸ ਤਰ੍ਹਾਂ ਭਾਰਤ ਵਿੱਚ ਹਾਕੀ ਦੇ ਖਿਡਾਰੀਆਂ ਨੇ ਰੋਸ ਪ੍ਰਗਟ ਕੀਤਾ ਹੈ ਉਸੇ ਤਰ੍ਹਾਂ ਕੈਨੇਡਾ ਦੇ ਹਾਕੀ ਖਿਡਾਰੀ ਵੀ ਆਪਣਾ ਰੋਸ ਜਤਾ ਸਕਦੇ ਹਨ। ਕੈਨੇਡਾ ਦਾ ਪੰਜਾਬੀ ਭਾਈਚਾਰਾ ਕੇਵਲ ਕਬੱਡੀ ਦੇ ਖਿਡਾਰੀਆਂ `ਤੇ ਹੀ ਡਾਲਰ ਲਾ ਰਿਹੈ ਜਦ ਕਿ ਆਪਣੇ ਫੀਲਡ ਹਾਕੀ ਦੇ ਖਿਡਾਰੀਆਂ ਨੂੰ ਅੱਖੋਂ ਉਹਲੇ ਰੱਖ ਰਿਹੈ। ਬਰੈਂਪਟਨ ਹਾਕੀ ਕਲੱਬ ਦੀ ਨਿਰੋਲ ਪੰਜਾਬੀ ਖਿਡਾਰੀਆਂ ਦੀ ਟੀਮ ਨੇ ਦੋ ਵਾਰ ਕੈਨੇਡਾ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਪਰ ਕਿਸੇ ਪੰਜਾਬੀ ਅਦਾਰੇ ਨੇ ਕੋਈ ਮਾਨ ਸਨਮਾਨ ਨਹੀਂ ਦਿੱਤਾ। ਪੰਜਾਬੀ ਮੂਲ ਦੇ ਖਿਡਾਰੀ ਕੈਨੇਡਾ ਦੀਆਂ ਨੈਸ਼ਨਲ ਟੀਮਾਂ ਵਿੱਚ ਕਾਫੀ ਦੇਰ ਤੋਂ ਖੇਡਦੇ ਆ ਰਹੇ ਹਨ। ਉਹ ਓਲੰਪਿਕ ਵੀ ਖੇਡੇ ਹਨ ਤੇ ਵਰਲਡ ਹਾਕੀ ਕੱਪ ਵੀ ਖੇਡੇ ਹਨ।

ਕੈਨੇਡਾ ਦੀ ਫੀਲਡ ਹਾਕੀ ਟੀਮ ਪਾਨ ਅਮੈਰਕਿਨ ਹਾਕੀ ਚੈਂਪੀਅਨਸ਼ਿਪ ਜਿੱਤ ਕੇ 2008 ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੀ ਹੈ। ਭਾਰਤੀ ਹਾਕੀ ਟੀਮ ਨੇ ਅਜੇ ਪਤਾ ਨਹੀਂ ਕਰ ਸਕਣਾ ਹੈ ਕਿ ਨਹੀਂ? ਇਸ ਸਮੇਂ ਤਿੰਨ ਪੰਜਾਬੀ ਖਿਡਾਰੀ ਕੈਨੇਡਾ ਦੀ ਹਾਕੀ ਟੀਮ ਵਿੱਚ ਖੇਡਦੇ ਹਨ। ਜੇਕਰ ਕਬੱਡੀ ਖਿਡਾਰੀਆਂ ਜਿੰਨਾ ਥਾਪੜਾ ਕੈਨੇਡਾ ਦੇ ਹਾਕੀ ਖਿਡਾਰੀਆਂ ਨੂੰ ਵੀ ਮਿਲੇ ਤਾਂ ਹੋਰ ਵੀ ਪੰਜਾਬੀ ਖਿਡਾਰੀ ਕੈਨੇਡਾ ਦੀ ਟੀਮ ਦੇ ਮੈਂਬਰ ਬਣ ਕੇ ਓਲੰਪਿਕ ਖੇਡ ਸਕਦੇ ਹਨ ਤੇ ਕਿਸੇ ਦਿਨ ਮੈਡਲ ਵੀ ਜਿੱਤ ਸਕਦੇ ਹਨ। ਖੇਡ ਪ੍ਰੇਮੀਆਂ ਤੇ ਸਰਕਾਰਾਂ ਨੂੰ ਸਾਰੀਆਂ ਹੀ ਖੇਡਾਂ ਦੇ ਖਿਡਾਰੀਆਂ ਲਈ ਸੰਤੁਲਤ ਪਹੁੰਚ ਅਪਨਾਉਣੀ ਚਾਹੀਦੀ ਹੈ।

ਟੋਰਾਂਟੋ ਵਿੱਚ 6 ਅਗੱਸਤ 2006 ਤੋਂ ਲੱਗੀ ਕਬੱਡੀ ਦੀ ਔੜ 27 ਮਈ 2007 ਨੂੰ ਟੁੱਟੀ। ਟੁੱਟੀ ਵੀ ਅਜਿਹੀ ਕਿ ਨਾਲ ਮੀਂਹ ਵੀ ਲੈ ਆਈ। ਮੀਂਹ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਤਾਂ ਨਾ ਪਹੁੰਚ ਸਕੇ ਪਰ ਜਿਹੜੇ ਪਹੁੰਚੇ ਉਨ੍ਹਾਂ ਨੇ ਟਿਕਟਾਂ ਲੈ ਕੇ ਵੇਖੀ ਕਾਂਟੇਦਾਰ ਕਬੱਡੀ ਦਾ ਪੂਰਾ ਅਨੰਦ ਮਾਣਿਆਂ। ਕਬੱਡੀ ਪ੍ਰੇਮੀਆਂ ਨੂੰ ਖ਼ਦਸ਼ਾ ਸੀ ਕਿ ਐਤਕੀਂ ਪੰਜਾਬ ਦੇ ਖਿਡਾਰੀਆਂ ਨੂੰ ਵੀਜ਼ੇ ਘੱਟ ਮਿਲੇ ਹੋਣ ਕਾਰਨ ਸ਼ਾਇਦ ਕਬੱਡੀ ਮੈਚ ਓਨੇ ਨਜ਼ਾਰੇਦਾਰ ਨਾ ਹੋਣ। ਪਰ ਜਿੰਨੇ ਵੀ ਮੈਚ ਖੇਡੇ ਗਏ ਉਹ ਬੜੇ ਫਸਵੇਂ ਹੋਏ ਤੇ ਦਰਸ਼ਕਾਂ ਨੂੰ ਕਬੱਡੀ ਦੀ ਖੇਡ ਵੇਖਣ ਦਾ ਪੂਰਾ ਸਰੂਰ ਆਇਆ।

ਪਿਛਲੇ ਸਾਲ ਕੁੱਝ ਕਬੱਡੀ ਖਿਡਾਰੀਆਂ ਨੇ ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਨੂੰ ਚੋਰ ਭੁਲਾਈ ਨਾ ਦਿੱਤੀ ਹੁੰਦੀ ਤਾਂ ਇਸ ਵਾਰ ਭਾਵੇਂ ਸੌ ਤੋਂ ਵੱਧ ਖਿਡਾਰੀ ਕੈਨੇਡਾ ਦੇ ਵੀਜ਼ੇ ਲੈ ਲੈਂਦੇ। ਪਰ ਅਜੇ ਤਕ ਪੈਂਤੀ ਕੁ ਖਿਡਾਰੀਆਂ ਨੂੰ ਵੀਜ਼ੇ ਮਿਲੇ ਹਨ। ਕਬੱਡੀ ਦੇ ਕੁੱਝ ਖਿਡਾਰੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੇ ਆਪ ਹੀ ਆਪਣੇ ਠੂਠੇ ਲੱਤ ਮਾਰੀ ਹੈ ਅਤੇ ਕਈਆਂ ਦਾ ਅੱਗਾ ਮਾਰਨ ਵਿੱਚ ਵੀ ਕਸਰ ਨਹੀਂ ਛੱਡੀ। ਵੈਸੇ ਕੈਨੇਡਾ ਕੋਲ ਆਪਣੇ ਤੀਹ ਪੈਂਤੀ ਸਰਗਰਮ ਕਬੱਡੀ ਖਿਡਾਰੀ ਮੌਜੂਦ ਹਨ ਜਿਨ੍ਹਾਂ `ਚੋਂ ਬਹੁਤੇ ਵਿਆਹ ਸ਼ਾਦੀਆਂ ਦੇ ਜ਼ਰੀਏ ਪੱਕੇ ਹੋਏ ਹਨ। ਪੰਦਰਾਂ ਕੁ ਖਿਡਾਰੀ ਟੋਰਾਂਟੋ ਵੱਲ ਦੇ ਹਨ ਤੇ ਪੰਦਰਾਂ ਵੀਹ ਵੈਨਕੂਵਰ ਤੇ ਕੈਲਗਰੀ ਵੱਲ ਦੇ। ਜੇਕਰ ਪੰਜਾਹ ਕੁ ਖਿਡਾਰੀ ਹਰ ਸਾਲ ਪੰਜਾਬ ਤੋਂ ਆਉਂਦੇ ਜਾਂਦੇ ਰਹਿਣ ਤਾਂ ਕਬੱਡੀ ਦੀਆਂ ਅੱਠ ਦਸ ਤਕੜੀਆਂ ਟੀਮਾਂ ਬਣਦੀਆਂ ਰਹਿ ਸਕਦੀਆਂ ਹਨ। ਕੈਨੇਡਾ ਦੇ ਕਬੱਡੀ ਟੂਰਨਾਮੈਂਟਾਂ ਲਈ ਏਦੂੰ ਵੱਧ ਟੀਮਾਂ ਦੀ ਲੋੜ ਵੀ ਨਹੀਂ ਪੈਂਦੀ। ਕਬੱਡੀ ਦੇ ਨਾਂ `ਤੇ ਦੋ ਨੰਬਰ ਦੇ ਖਿਡਾਰੀ ਕਬੂਤਰ ਬਣਾ ਕੇ ਲਿਆਉਣੇ ਕਬੱਡੀ ਨੂੰ ਕਲੰਕ ਲਾਉਣਾ ਹੈ।

ਹੁਣ ਤਕ ਪੰਜਾਬ ਤੋਂ ਜਿਹੜੇ ਕਬੱਡੀ ਖਿਡਾਰੀ ਕੈਨੇਡਾ ਪਹੁੰਚੇ ਹਨ ਉਨ੍ਹਾਂ ਦੇ ਨਾਂ ਇਸ ਪਰਕਾਰ ਹਨ। ਦੁੱਲਾ ਸੁਰਖਪੁਰੀਆ, ਬਲਜੀਤ ਸੈਦੋਕੇ, ਗੋਪੀ ਧੂਲਕੋਟੀਆ, ਬਿੰਟੂ ਸੁਨੇਤ, ਲਾਡੀ ਉਟਾਲਾ, ਕੁਲਜੀਤਾ ਮਲਸੀਹਾਂ, ਕਿੰਦਾ ਕਕਰਾਲਾ, ਘੁੱਦਾ, ਕਰਮੀ, ਮੰਗੀ, ਸੋਨੂੰ ਜੰਪ, ਸ਼ੀਰਾ ਹਠੂਰ, ਨੀਲਾ, ਏਕਮ, ਮੱਖਣ ਸੈਦੋਕੇ, ਬਬਲੀ ਚੜਿੱਕ, ਅਮਨ ਕੁੰਡੀ, ਨਿੱਕਾ, ਕਾਲਾ, ਸੋਨੂੰ ਚੱਕਵਾਲਾ, ਪੰਮਾ ਭਲਵਾਨ, ਮਨਜੀਤ, ਕਾਲੂ ਰਸੂਲਪੁਰੀਆ, ਕੀਪਾ ਬੱਧਨੀ, ਲਾਲੀ ਅੜੈਚਾਂ, ਗੱਗੀ ਲੋਪੋਂ, ਜੱਸਾ ਸਿੱਧਵਾਂ, ਸੁੱਖੀ ਲੱਖਣਕੇ ਪੱਡੇ, ਗਾਮਾ, ਜਿੰਦੂ, ਗੋਗੋ ਰੁੜਕੀ, ਡਮਰੂ, ਸੋਹਣ ਤੇ ਸਿਕੰਦਰ ਕਾਂਜਲੀ ਹਨ।

ਚੰਗਾ ਹੋਵੇ ਜੇਕਰ ਕੈਨੇਡਾ ਦੇ ਕਬੱਡੀ ਕਲੱਬ ਖ਼ੁਦ ਆਪਣੇ ਖਿਡਾਰੀ ਤਿਆਰ ਕਰਨ। ਹੁਣ ਤਾਂ ਕੈਨੇਡਾ `ਚ ਪੰਜਾਬੀਆਂ ਦੀ ਵਸੋਂ ਵੀ ਚੋਖੀ ਹੈ। ਉਹ ਆਪਣੇ ਖੇਡ ਮੇਲਿਆਂ ਲਈ ਹੋਰ ਕਿੰਨਾ ਕੁ ਚਿਰ ਪੰਜਾਬ ਦੇ ਖਿਡਾਰੀਆਂ `ਤੇ ਨਿਰਭਰ ਰਹਿਣਗੇ? ਪੰਜਾਬ ਤੋਂ ਵੱਖੋ ਵੱਖਰੇ ਖਿਡਾਰੀ ਸੱਦਣ ਦੀ ਥਾਂ ਕਬੱਡੀ ਟੀਮਾਂ ਸੱਦਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਬਤੌਰ ਟੀਮ ਖਿਡਾਉਣਾ ਚਾਹੀਦੈ। ਕੁੱਝ ਦਿਨ ਪਹਿਲਾਂ ਨਿਊਯਾਰਕ ਵਾਲਿਆਂ ਨੇ ਇਸ ਤਰ੍ਹਾਂ ਹੀ ਕੀਤਾ ਸੀ। ਪੂਰੀ ਦੀ ਪੂਰੀ ਟੀਮ ਆਈ ਤੇ ਖੇਡ ਕੇ ਵਾਪਸ ਮੁੜ ਗਈ।

ਟੋਰਾਂਟੋ ਦਾ ਪਹਿਲਾ ਕਬੱਡੀ ਟੂਰਨਾਮੈਂਟ ਐਤਕੀਂ ਸਪਰਿੰਗਡੇਲ ਸਪੋਰਟਸ ਕਲੱਬ ਵੱਲੋਂ ਪਾਵਰੇਡ ਸੈਂਟਰ ਦੇ ਖੁੱਲ੍ਹੇ ਪਾਰਕ ਵਿੱਚ ਆਰਜ਼ੀ ਸਟੇਡੀਅਮ ਬਣਾ ਕੇ ਕਰਵਾਇਆ ਗਿਆ। ਦੋ ਪਾਸੀਂ ਸਟੈਂਡ ਲਾਏ ਗਏ ਸਨ ਤੇ ਦੋ ਪਾਸੀਂ ਘਾਹ ਵਾਲੀਆਂ ਢਲਾਣਾਂ ਸਨ। ਕਬੱਡੀ ਦੇ ਦਾਇਰੇ ਦੁਆਲੇ ਜੰਗਲਾ ਲਾਇਆ ਹੋਇਆ ਸੀ। ਲੱਗਦਾ ਸੀ ਖਰਚ ਵਾਹਵਾ ਹੀ ਆਇਆ ਹੋਵੇਗਾ। ਅੰਦਰ ਜਾਣ ਦੀ ਟਿਕਟ ਪੰਦਰਾਂ ਡਾਲਰ ਸੀ ਪਰ ਬੱਚਿਆਂ ਤੇ ਬਜ਼ੁਰਗਾਂ ਲਈ ਦਾਖਲਾ ਮੁਫ਼ਤ ਸੀ। ਇਹ ਗੱਲ ਸਪਰਿੰਗਡੇਲ ਕਲੱਬ ਨੇ ਵਧੀਆ ਕੀਤੀ ਕਿਉਂਕਿ ਸਰਫੇਹੱਥੇ ਬਾਬੇ ਪੈਨਸ਼ਨ ਲੈਣ ਦੇ ਬਾਵਜੂਦ ਵੀ ਟਿਕਟ ਨਹੀਂ ਲੈਂਦੇ। ਉਂਜ ਕਬੱਡੀ ਮੇਲੇ ਦੀ ਰੌਣਕ ਵੀ ਬਾਬਿਆਂ ਨੇ ਹੀ ਵਧਾਉਣੀ ਹੁੰਦੀ ਹੈ। ਕਬੱਡੀ ਦੇ ਅਸਲੀ ਪ੍ਰੇਮੀ ਹੈਨ ਵੀ ਓਹੀ। ਹੈਮਿਲਟਨ ਦਾ ਖੂੰਡੇ ਵਾਲਾ ਲਾਹੌਰੀਆ ਚਾਚਾ ਕੋਈ ਖੇਡ ਮੇਲਾ ਨਹੀਂ ਛੱਡਦਾ। ਉਹਦੇ ਟੌਰਾ ਰੱਖਿਆ ਹੁੰਦੈ, ਚਿੱਟਾ ਚਾਦਰਾ ਲਾਇਆ ਹੁੰਦੈ, ਕੱਢਵੀਂ ਜੁੱਤੀ ਪਾਈ ਹੁੰਦੀ ਐ ਤੇ ਗਾਨੀ ਨਾਲ ਸੁਰਮਾ ਵੀ ਪਾਇਆ ਹੁੰਦੈ। ਸੋਨੇ ਦਾ ਦੰਦ ਤੇ ਮੱਥੇ `ਤੇ ਚੰਦ ਵੀ ਖੁਣਵਾਇਆ ਹੁੰਦੈ। ਘੁੱਟ ਲਾਉਂਦਾ ਵੀ ਹੋਵੇ ਤਾਂ ਉਹਦਾ ਪਤਾ ਨਹੀਂ ਲੱਗਣ ਦਿੰਦਾ। ਕੈਨੇਡਾ `ਚ ਬਥੇਰੇ ਬਾਬੇ ਨੇ ਜਿਹੜੇ ਡੱਬ `ਚ ਮਾਲ ਰੱਖਦੇ ਨੇ।

ਟੂਰਨਾਮੈਂਟ ਦਾ ਪਹਿਲਾ ਮੈਚ ਕਿਣਮਿਣ ਵਿੱਚ ਮੈਟਰੋ ਤੇ ਹੈਮਿਲਟਨ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਮੈਟਰੋ ਕਲੱਬ ਨੇ 32-26 ਅੰਕਾਂ ਨਾਲ ਜਿੱਤ ਲਿਆ। ਮੈਟਰੋ ਦੀ ਟੀਮ ਵਿੱਚ ਮੁਗਦਰ ਵਰਗਾ ਲਾਲੀ, ਲਟੈਣ ਵਰਗਾ ਲਾਡੀ, ਥੰਮ੍ਹਲੇ ਵਰਗਾ ਕੁਲਜੀਤਾ ਤੇ ਸ਼ਤੀਰਾਂ ਵਰਗੇ ਜਾਫੀ ਕਿੰਦਾ ਕਕਰਾਲਾ, ਫਿੰਡੀ, ਬਾਜ, ਮੰਗੀ ਤੇ ਘੁੱਦਾ ਮੌਜੂਦ ਸਨ। ਅਖ਼ੀਰ ਵਿੱਚ ਇਸੇ ਟੀਮ ਨੇ ਟੂਰਨਾਮੈਂਟ ਦਾ ਕੱਪ ਚੁੰਮਿਆ। ਦੂਜਾ ਮੈਚ ਯੰਗ ਸਪੋਰਟਸ ਕਲੱਬ ਤੇ ਇੰਟਰਨੈਸ਼ਨਲ ਕਲੱਬ ਵਿਚਾਲੇ ਖੇਡਿਆ ਗਿਆ ਜੋ ਯੰਗ ਕਲੱਬ ਨੇ 36-32 ਅੰਕਾਂ ਨਾਲ ਹੂੰਝਿਆ। ਯੰਗ ਕਲੱਬ ਦੀ ਟੀਮ ਵਿੱਚ ਸਵਰਨਾ ਵੈੱਲੀ, ਉਪਕਾਰ, ਸੰਦੀਪ ਸੁਰਖਪੁਰੀਆ, ਤੀਰਥ ਗਾਖਲ, ਮਾਣ੍ਹਾ, ਬੀਰ੍ਹਾ ਸਿੱਧਵਾਂ ਤੇ ਸੋਨੀ ਸੁਨੇਤ ਸਨ। ਇੰਟਰਨੈਸ਼ਨਲ ਕਲੱਬ `ਚ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਦੁੱਲਾ, ਮੀਕਾ, ਠਾਣੇਦਾਰ, ਕੀਪਾ ਤੇ ਬਲਜੀਤ ਹੋਰੀਂ ਖੇਡੇ।

ਟੂਰਨਾਮੈਂਟ ਦਾ ਸਭ ਤੋਂ ਦਿਲਚਸਪ ਮੈਚ ਮੈਗਾ ਸਿਟੀ ਤੇ ਇੰਟਰਨੈਸ਼ਨਲ ਕਲੱਬਾਂ ਵਿਚਾਲੇ ਸੀ। ਪੂਰੇ ਸਮੇਂ ਤਕ ਦੋਵੇਂ ਟੀਮਾਂ ਦੇ ਅੰਕ ਬਰਾਬਰ ਸਨ। ਅੱਗੇ ਤਾਂ ਪਹਿਲਾ ਪੈ੍ਹਂਟ ਹਾਸਲ ਕਰਨ ਵਾਲੀ ਟੀਮ ਨੂੰ ਅੱਧੇ ਅੰਕ ਦਾ ਵਾਧਾ ਦੇ ਕੇ ਜੇਤੂ ਕਰਾਰ ਦੇ ਦਿੱਤਾ ਜਾਂਦਾ ਸੀ ਪਰ ਐਤਕੀਂ ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ। ਹਾਕੀ ਵਿੱਚ ਪੈਨਲਟੀ ਸਟਰੋਕਾਂ ਵਾਂਗ ਦੋਹਾਂ ਟੀਮਾਂ ਦੇ ਤਿੰਨ ਤਿੰਨ ਖਿਡਾਰੀਆਂ ਦੀਆਂ ਕਬੱਡੀਆਂ, ਫਿਰ ਦੋ ਦੋ ਕਬੱਡੀਆਂ, ਜੇਕਰ ਅੰਕ ਫਿਰ ਵੀ ਬਰਾਬਰ ਰਹਿ ਜਾਣ ਤਾਂ ਇੱਕ ਇਕ ਕਬੱਡੀ ਉਦੋਂ ਤਕ ਪੈਂਦੀ ਰਹਿਣੀ ਸੀ ਜਦ ਤਕ ਟਾਈ ਨਾ ਟੁੱਟੇ। ਜਿਸ ਖਿਡਾਰੀ ਨੇ ਇੱਕ ਵਾਰ ਕਬੱਡੀ ਪਾਈ ਹੋਵੇ ਉਹ ਪੂਰੀ ਟੀਮ ਭੁਗਤ ਜਾਣ ਤੋਂ ਪਹਿਲਾਂ ਦੂਜੀ ਕਬੱਡੀ ਨਹੀਂ ਸੀ ਪਾ ਸਕਦਾ। ਇਹ ਬੜਾ ਦਿਲਚਸਪ ਮੁਕਾਬਲਾ ਸੀ ਜਿਸ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆਂ। ਤਿੰਨ ਤਿੰਨ ਕਬੱਡੀਆਂ ਪਾ ਕੇ ਜਦੋਂ ਫਿਰ ਵੀ ਅੰਕ ਬਰਾਬਰ ਰਹੇ ਤਾਂ ਦੋ ਦੋ ਕਬੱਡੀਆਂ ਹੋਰ ਪਾਈਆਂ ਗਈਆਂ। ਇੱਕ ਇਕ ਕਬੱਡੀ ਪੈਣ ਲੱਗੀ ਤਾਂ ਉਪਰੋਂ ਮੋਹਲੇਧਾਰ ਮੀਂਹ ਵੀ ਆ ਗਿਆ। ਏਨੇ ਨੂੰ ਇੰਟਰਨੈਸ਼ਨਲ ਕਲੱਬ ਨੇ 39-38 ਅੰਕਾਂ ਨਾਲ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਮੈਗਾ ਸਿਟੀ ਕਲੱਬ ਵਿੱਚ ਸੁੱਖੀ ਲੱਖਣਕੇ ਪੱਡੇ, ਜੱਸਾ ਸਿੱਧਵਾਂ, ਸਿਕੰਦਰ, ਸੋਹਣ ਤੇ ਗੋਗੋ ਹੋਰੀਂ ਖੇਡੇ।

ਮੀਂਹ ਹਟਿਆ ਤਾਂ ਘੰਟੇ ਕੁ ਪਿੱਛੋਂ ਪਹਿਲਾ ਸੈਮੀ ਫਾਈਨਲ ਮੈਟਰੋ ਤੇ ਯੰਗ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਅੱਧੇ ਸਮੇਂ ਤਕ ਯੰਗ ਦੇ 17 ਅੰਕ ਬਣੇ ਤੇ ਮੈਟਰੋ ਵਾਲੇ 22 ਅੰਕ ਲੈ ਗਏ। ਮੈਚ ਮੁੱਕਣ ਦੀ ਵਿਸਲ ਵੱਜੀ ਤਾਂ ਮੈਟਰੋ ਕਲੱਬ 39-30 ਅੰਕਾਂ ਨਾਲ ਜੇਤੂ ਰਿਹਾ। ਦੂਜਾ ਸੈਮੀ ਫਾਈਨਲ ਇੰਟਰਨੈਸ਼ਨਲ ਕਲੱਬ ਨੇ ਹੈਮਿਲਟਨ ਪੰਜਾਬੀ ਕਲੱਬ ਨੂੰ 38-32 ਅੰਕਾਂ ਨਾਲ ਹਰਾ ਕੇ ਜਿੱਤ ਲਿਆ। ਹੈਮਿਲਟਨ ਦੀ ਟੀਮ ਵਿੱਚ ਹਠੂਰ ਵਾਲਾ ਸ਼ੀਰਾ, ਰਾਜਾ, ਬੱਬੂ, ਗੋਵਿੰਦਾ, ਸ਼ਿੰਦਾ, ਅਮਨ ਤੇ ਏਕਮ ਹੋਰੀਂ ਖੇਡੇ। ਇਸ ਮੈਚ ਵਿੱਚ ਮੱਖਣ ਸਿੰਘ ਨੂੰ ਸਾਹ ਦੁਆਉਣ ਲਈ ਮੈਂ ਵੀ ਮਾਈਕ ਫੜਿਆ ਤੇ ਪੁਰਾਣੇ ਖਿਡਾਰੀਆਂ ਨੂੰ ਯਾਦ ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਸਵਰਨੇ ਬਾਰੇਆਲੀਏ ਤੇ ਅੰਗਰੇਜ਼ ਬਿੱਲੇ ਹੋਰਾਂ ਦੇ ਤਿਆਰ ਕੀਤੇ ਨਿੱਕੇ ਬੱਚਿਆਂ ਦਾ ਕਬੱਡੀ ਮੈਚ ਖਿਡਾਇਆ ਗਿਆ। ਉਨ੍ਹਾਂ ਨੇ ਹੀ ਭਲਕ ਦੇ ਹਰਜੀਤ ਬਾਜਾਖਾਨਾ ਤੇ ਬਲਵਿੰਦਰ ਫਿੱਡੂ ਬਣਨਾ ਹੈ। ਕੌਂਸਲਰ ਵਿੱਕੀ ਢਿੱਲੋਂ ਨੇ ਐਲਾਨ ਕੀਤਾ ਕਿ ਬਰੈਂਪਟਨ ਦੇ ਸਿਟੀ ਸੈਂਟਰ ਵਿੱਚ ਕਬੱਡੀ ਦੇ ਬਾਲ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਥੇ ਗੁਰਬਖ਼ਸ਼ ਸਿੰਘ ਮੱਲ੍ਹੀ ਐੱਮ.ਪੀ.ਤੇ ਵਿੱਕ ਢਿੱਲੋਂ ਐੱਮ.ਪੀ.ਪੀ.ਨੇ ਵੀ ਹਾਜ਼ਰੀ ਲੁਆਈ। ਸਪਰਿੰਗਡੇਲ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਰੁਪਿੰਦਰ ਸਿੰਘ ਮੱਲ੍ਹੀ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ। ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਭਰਵਾਂ ਖੇਡ ਮੇਲਾ ਲੁਆਉਣ ਵਾਲਾ ਇੰਦਰਜੀਤ ਸਿੰਘ ਸੇਖੋਂ ਵੀ ਐਡਮਿੰਟਨ ਤੋਂ ਟੋਰਾਂਟੋ ਦੇ ਖੇਡ ਮੇਲੇ `ਚ ਅੱਪੜ ਗਿਆ। ਉਸ ਨੇ ਐਲਾਨ ਕਰਵਾਇਆ ਕਿ 2 ਜੁਲਾਈ ਨੂੰ ਐਡਮਿੰਟਨ ਵਿੱਚ ਕਬੱਡੀ ਮੇਲਾ ਭਰੇਗਾ ਤੇ ਅਗਲੇ ਸਾਲ ਉਥੇ ਕਬੱਡੀ ਦਾ ਵਰਲਡ ਕੱਪ ਵੀ ਕਰਵਾਇਆ ਜਾਵੇਗਾ।

ਸਪਰਿੰਗਡੇਲ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਮੈਟਰੋ ਤੇ ਇੰਟਰਨੈਸ਼ਨਲ ਕਲੱਬ ਦੀਆਂ ਟੀਮਾਂ ਵਿਚਕਾਰ ਸ਼ਾਮ ਦੇ ਸਾਢੇ ਸੱਤ ਵਜੇ ਸ਼ੁਰੂ ਹੋਇਆ। ਤਦ ਤਕ ਮੇਲੀ ਗੇਲੀ ਕਬੱਡੀ ਦੇ ਪੁਰਾਣੇ ਖਿਡਾਰੀ ਗੁਰਦਿਲਬਾਗ ਬਾਘੇ ਦੇ ‘ਬਾਘਾ ਫਿਸ਼ ਐਂਡ ਚਿਕਨ ਕਾਰਨਰ’ ਤੋਂ ਗਰਮਾ ਗਰਮ ਮੱਛੀ ਤੇ ਭੁੰਨੇ ਹੋਏ ਮੁਰਗੇ ਖਾ ਕੇ ਤਰਾਰੇ `ਚ ਹੋ ਚੁੱਕੇ ਸਨ। ਫਾਈਨਲ ਮੈਚ ਵਿੱਚ ਕਿੰਦਾ ਵੀ ਡੱਕਿਆ ਗਿਆ, ਲਾਲੀ ਵੀ, ਕੁਲਜੀਤਾ ਵੀ ਤੇ ਇੱਕ ਵਾਰ ਸੰਦੀਪ ਲੱਲੀਆਂ ਵੀ। ਜੱਫਿਆਂ ਨਾਲ ਕਬੱਡੀ ਦਾ ਮੈਚ ਹੋਰ ਵੀ ਦਿਲਚਸਪ ਹੋ ਜਾਂਦਾ ਹੈ। ਦੁੱਲਾ ਬਿਮਾਰ ਹੋ ਜਾਣੇ ਕੋਈ ਕਬੱਡੀ ਨਾ ਪਾ ਸਕਿਆ ਜਿਸ ਕਰਕੇ ਇੰਟਰਨੈਸ਼ਨਲ ਕਲੱਬ ਦੀ ਟੀਮ 33-42 ਅੰਕਾਂ ਉਤੇ ਹਾਰ ਗਈ। ਸੰਦੀਪ ਨੂੰ ਉੱਤਮ ਧਾਵੀ, ਘੁੱਦੇ ਨੂੰ ਉੱਤਮ ਜਾਫੀ ਤੇ ਕੁਲਜੀਤ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ।

ਟੋਰਾਂਟੋ ਦਾ ਦੂਜਾ ਕਬੱਡੀ ਟੂਰਨਾਮੈਂਟ ਇੰਟਰਨੈਸ਼ਨਲ ਕਲੱਬ ਨੇ 3 ਜੂਨ ਨੂੰ ਫਿਰ ਪਾਵਰੇਡ ਸੈਂਟਰ ਵਿੱਚ ਹੀ ਕਰਵਾਇਆ। ਇਸ ਵਾਰ ਟੀਮਾਂ ਤੇ ਮੈਚਾਂ ਦੀ ਗਿਣਤੀ ਵਧ ਗਈ ਤੇ ਪੰਜਾਬ ਤੋਂ ਕੁੱਝ ਨਵੇਂ ਖਿਡਾਰੀ ਵੀ ਪਹੁੰਚ ਗਏ। ਗਿਆਰਾਂ ਵਜੇ ਪਹਿਲਾ ਕਬੱਡੀ ਮੈਚ ਸ਼ੁਰੂ ਹੋਇਆ ਤੇ ਕੁਲ ਨੌਂ ਮੈਚ ਖੇਡੇ ਗਏ। ਫਾਈਨਲ ਮੈਚ ਫਿਰ ਇੰਟਰਨੈਸ਼ਨਲ ਕਲੱਬ ਤੇ ਮੈਟਰੋ ਸਪੋਰਟਸ ਕਲੱਬਾਂ ਦੀਆਂ ਟੀਮਾਂ ਦਰਮਿਆਨ ਪੈ ਗਿਆ। ਸੰਦੀਪ ਦੀਆਂ ਤਿੰਨ ਰੇਡਾਂ `ਤੇ 1350 ਡਾਲਰ ਲੱਗ ਗਏ ਜੋ ਉਸ ਨੇ ਲਗਾਤਾਰ ਤਿੰਨ ਰੇਡਾਂ ਕੱਢ ਕੇ ਜਿੱਤ ਲਏ। ਨਾ ਸੰਦੀਪ ਰੁਕਿਆ ਤੇ ਨਾ ਹੀ ਕਿੰਦਾ ਜਦ ਕਿ ਦੁੱਲੇ ਨੂੰ ਫਿੰਡੀ ਤੇ ਮੰਗੀ ਦੇ ਜੱਫੇ ਲੱਗ ਗਏ। ਲਾਲੀ ਰਾਣੀਪੁਰੀਆ ਵੀ ਦੋ ਜੱਫੇ ਖਾ ਗਿਆ। ਕੁਲਜੀਤੇ ਨੂੰ ਬਲਜੀਤ ਨੇ ਜੱਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ। ਸੰਦੀਪ ਲੱਲੀਆਂ ਨੂੰ ਉੱਤਮ ਧਾਵੀ ਤੇ ਗੋਪੀ ਧੂਲਕੋਟੀਏ ਨੂੰ ਉੱਤਮ ਜਾਫੀ ਐਲਾਨਿਆ ਗਿਆ।

ਇਸ ਟੂਰਨਾਮੈਂਟ ਵਿੱਚ ਵੀ ਯੰਗ ਸਪੋਰਟਸ ਕਲੱਬ ਤੇ ਟੋਰਾਂਟੋ ਸਪੋਰਟਸ ਕਲੱਬ ਦਾ ਮੈਚ ਪੂਰੇ ਸਮੇਂ ਉਤੇ ਬਰਾਬਰ ਰਹਿ ਗਿਆ ਸੀ। ਤਿੰਨ ਤਿੰਨ ਕਬੱਡੀਆਂ ਪਾਉਣ ਪਿਛੋਂ ਵੀ ਬਰਾਬਰ ਰਿਹਾ ਤਾਂ ਜਾਫੀਆਂ ਨੂੰ ਕਬੱਡੀਆਂ ਪਾਉਣੀਆਂ ਪਈਆਂ। ਯੰਗ ਦੇ ਜਾਫੀ ਸੋਨੀ ਸੁਨੇਤ ਨੇ ਕਬੱਡੀ ਪਾਈ ਤਾਂ ਟੋਰਾਂਟੋ ਦੇ ਧਾਵੀ ਸੋਨੂੰ ਜੰਪ ਨੇ ਜੱਫਾ ਲਾ ਦਿੱਤਾ ਤੇ ਆਪਣੀ ਟੀਮ ਨੂੰ ਸੈਮੀ ਫਾਈਨਲ ਵਿੱਚ ਲੈ ਗਿਆ। ਇੱਕ ਮੈਚ ਕੈਨੇਡਾ ਦੇ ਜੰਮਪਲ ਜੂਨੀਅਰ ਖਿਡਾਰੀਆਂ ਵਿਚਕਾਰ ਕਰਵਾਇਆ ਗਿਆ। ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ ਪੰਦਰਾਂ ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤਿਆ। ਇਹਦਾ ਇੱਕ ਕਾਰਨ ਇਹ ਵੀ ਰਿਹਾ ਕਿ ਇੰਟਰਨੈਸ਼ਨਲ ਕਲੱਬ ਵਿੱਚ ਪੰਜਾਬ ਤੋਂ ਬਿੱਟੂ ਤੇ ਗੋਪੀ ਦੋ ਹੋਰ ਤਕੜੇ ਖਿਡਾਰੀ ਆ ਰਲੇ ਸਨ।

ਟੋਰਾਂਟੋ ਦਾ ਅਗਲਾ ਕਬੱਡੀ ਟੂਰਨਾਮੈਂਟ 10 ਜੂਨ ਨੂੰ ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਨੇ ਹੈਮਿਲਟਨ ਦੇ ਖੁੱਲ੍ਹੇ ਸਟੇਡੀਅਮ ਵਿੱਚ ਕਰਵਾਇਆ ਜਿਸ ਦਾ ਕੱਪ ਫਿਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਹੀ ਜਿੱਤਿਆ। ਉਸ ਤੋਂ ਅਗਲੇ ਹਫ਼ਤੇ ਦਾ ਟੂਰਨਾਮੈਂਟ 16, 17 ਜੂਨ ਨੂੰ ਦੇਸ਼ਭਗਤ ਸਪੋਰਟਸ ਕਲੱਬ ਵੱਲੋਂ ਮਾਲਟਨ ਦੇ ਵਾਈਲਡਵੁੱਡ ਪਾਰਕ ਵਿੱਚ ਕਰਵਾਇਆ ਜਾ ਰਿਹੈ। ਓਧਰ ਨਾਲ ਹੀ ਰਿਚਮੰਡ ਦਾ ਕਬੱਡੀ ਟੂਰਨਾਮੈਂਟ ਹੋਵੇਗਾ ਅਤੇ ਐਬਟਸਫੋਰਡ, ਕੈਲਗਰੀ, ਐਡਮਿੰਟਨ, ਕਲ੍ਹੋਨਾ, ਸੱਰੀ ਤੇ ਵਿਨੀਪੈੱਗ ਦੇ ਟੂਰਨਾਮੈਂਟਾਂ ਦੀ ਚੱਲ ਸੋ ਚੱਲ ਹੋ ਜਾਵੇਗੀ।

ਸੰਸਾਰ ਵਿੱਚ ਸੈਂਕੜੇ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਖੇਡਾਂ ਕਈ ਕਈ ਮੁਲਕਾਂ ਵਿੱਚ ਮਕਬੂਲ ਹਨ। ਉਹਨਾਂ ਦੇ ਖੇਡ ਮੁਕਾਬਲਿਆਂ ਦਾ ਬਾਕਾਇਦਾ ਸਿਸਟਮ ਹੈ। ਵਿਸ਼ਵ ਪੱਧਰ ਉਤੇ ਖੇਡਾਂ ਤੇ ਖਿਡਾਰੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਕ ਐਮੇਚਿਓਰ ਯਾਨੀ ਸ਼ੌਕੀਆ ਤੇ ਦੂਜੇ ਪ੍ਰੋਫੈਸ਼ਨਲ ਯਾਨੀ ਪੇਸ਼ਾਵਰ। ਸ਼ੌਕੀਆ ਖਿਡਾਰੀ ਉਹ ਗਿਣੇ ਜਾਂਦੇ ਹਨ ਜਿਹੜੇ ਖੇਡ ਦੇ ਪੈਸੇ ਨਾ ਵੱਟਣ ਤੇ ਕੇਵਲ ਸ਼ੌਕ ਲਈ ਖੇਡਾਂ `ਚ ਭਾਗ ਲੈਣ। ਕੇਵਲ ਮਨੋਰੰਜਨ ਲਈ ਜਾਂ ਐਕਸੇਲੈਂਸ ਹਾਸਲ ਕਰਨ ਲਈ ਖੇਡ ਮੁਕਾਬਲਿਆਂ `ਚ ਜੂਝਣ। ਖੇਡ ਦਾ ਕੋਈ ਇਵਜ਼ਾਨਾ ਨਾ ਲੈਣ। ਇਸ ਦੇ ਉਲਟ ਪੇਸ਼ਾਵਰ ਖਿਡਾਰੀ ਪੈਸਿਆਂ ਜਾਂ ਹੋਰ ਲੋਭ ਲਾਲਚਾਂ ਪਿੱਛੇ ਖੇਡਾਂ ਖੇਡਦੇ ਹਨ। ਉਂਜ ਦਿਨੋ ਦਿਨ ਸ਼ੌਕੀਆ ਤੇ ਪੇਸ਼ਾਵਰ ਖਿਡਾਰੀਆਂ ਵਿਚਕਾਰ ਲਕੀਰ ਕੱਢਣੀ ਔਖੀ ਹੋ ਰਹੀ ਹੈ। ਸ਼ੌਕੀਆ ਖਿਡਾਰੀਆਂ ਨੂੰ ਖੇਡਾਂ ਬਦਲੇ ਸਿੱਧੇ ਪੈਸੇ ਦੇਣ ਦੀ ਥਾਂ ਵਿੰਗੇ ਟੇਢੇ ਢੰਗ ਨਾਲ ਨਕਦ ਇਨਾਮਾਂ ਰਾਹੀਂ ਦਿੱਤੇ ਜਾਣ ਲੱਗ ਪਏ ਹਨ।

ਕਈਆਂ ਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਵਿਸ਼ਵ ਦੀਆਂ ਸਰਵੋਤਮ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਸੋਨੇ ਦਾ ਮੈਡਲ ਨਹੀਂ ਹੁੰਦਾ। ਉਹ ਸਾਧਾਰਨ ਧਾਤ ਦਾ ਮੈਡਲ ਹੁੰਦਾ ਹੈ ਜਿਸ ਉਤੇ ਸੁਨਹਿਰੀ ਝਾਲ ਫੇਰੀ ਹੁੰਦੀ ਹੈ। ਜੇ ਉਹ ਕਿਸੇ ਸੁਨਿਆਰੇ ਨੂੰ ਵੇਚਿਆ ਜਾਵੇ ਤਾਂ ਤਾਂਬੇ ਦਾ ਭਾਅ ਵੀ ਮਸੀਂ ਮਿਲਦਾ ਹੈ। ਖੇਡਾਂ ਕਰਾਉਣ ਵਾਲੀ ਕੌਮਾਂਤਰੀ ਓਲੰਪਿਕ ਕਮੇਟੀ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਕੋਈ ਨਕਦ ਇਨਾਮ ਨਹੀਂ ਦਿੰਦੀ। ਉਹ ਤਾਂ ਜੇਤੂਆਂ ਦੇ ਸਮੱਰਥਕ ਹੀ ਹੁੰਦੇ ਹਨ ਜਿਹੜੇ ਵਿੰਗੇ ਟੇਢੇ ਢੰਗ ਨਾਲ ਜੇਤੂਆਂ ਦੀ ਮਾਲੀ ਮਦਦ ਕਰਦੇ ਹਨ।

ਇਕ ਸਮਾਂ ਸੀ ਜਦੋਂ ਮਹਾਨ ਅਥਲੀਟ ਜਿਮ ਥੋਰਪੇ ਨੂੰ ਪੇਸ਼ਾਵਰ ਖਿਡਾਰੀ ਗਰਦਾਨ ਕੇ ਉਸ ਦੇ ਜਿੱਤੇ ਹੋਏ ਓਲੰਪਿਕ ਖੇਡਾਂ ਦੇ ਸੋਨ ਤਮਗ਼ੇ ਵਾਪਸ ਲੈ ਲਏ ਗਏ ਸਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂ ਮੇਟ ਦਿੱਤਾ ਗਿਆ ਸੀ। ਅਮਰੀਕਾ ਦੇ ਉਸ ਅਥਲੀਟ ਨੇ 1912 ਦੀਆਂ ਓਲੰਪਿਕ ਖੇਡਾਂ ਦੇ ਪੈਂਟੈਥਲੋਨ ਤੇ ਡਿਕੈਥਲੋਨ ਮੁਕਾਬਲਿਆਂ `ਚੋਂ ਸੋਨੇ ਦੇ ਦੋ ਤਮਗ਼ੇ ਜਿੱਤੇ ਸਨ। ਉਸ ਨੂੰ ਦੁਨੀਆਂ ਦਾ ਸਭ ਤੋਂ ਤਕੜਾ ਅਥਲੀਟ ਮੰਨਿਆ ਗਿਆ ਸੀ। ਪਰ ਬਾਅਦ ਵਿੱਚ ਕਿਸੇ ਮੁਖ਼ਬਰ ਨੇ ਮੁਖ਼ਬਰੀ ਕਰ ਦਿੱਤੀ ਕਿ ਜਿਮ ਥੋਰਪੇ ਦੋ ਸਾਲ ਪਹਿਲਾਂ ਕਿਤੇ ਕੁੱਝ ਪੈਸਿਆਂ ਬਦਲੇ ਬੇਸਬਾਲ ਖੇਡੀ ਸੀ।

ਜਿਮ ਥੋਰਪੇ ਨੇ ਬਥੇਰੇ ਵਾਸਤੇ ਪਾਏ ਕਿ ਉਦੋਂ ਉਸ ਨੂੰ ਪਤਾ ਨਹੀਂ ਸੀ ਕਿ ਇੰਜ ਕਰਨ ਨਾਲ ਉਹ ਪੇਸ਼ਾਵਰ ਖਿਡਾਰੀ ਗਿਣਿਆ ਜਾਵੇਗਾ। ਅੱਗੋਂ ਤੋਂ ਉਹ ਸੁਚੇਤ ਰਹੇਗਾ। ਪਰ ਉਹਨੀਂ ਦਿਨੀਂ ਸ਼ੌਕੀਆ ਖਿਡਾਰੀ ਵਾਲਾ ਨਿਯਮ ਏਨੀ ਸਖਤੀ ਨਾਲ ਲਾਗੂ ਕੀਤਾ ਗਿਆ ਕਿ ਜੁਆਨ ਹੋ ਰਹੇ ਜਿਮ ਦੇ ਜਿੱਤੇ ਹੋਏ ਤਮਗ਼ੇ ਵਾਪਸ ਲੈ ਲਏ ਗਏ ਉਹਦਾ ਨਾਂ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ। ਫਿਰ ਉਹ ਮੰਦੇ ਹਾਲ ਜੀਵਿਆ ਤੇ ਸ਼ਿਕਾਰੀ ਕੁੱਤਿਆਂ ਬਰਾਬਰ ਦੌੜ ਕੇ ਚਾਰ ਪੈਸੇ ਕਮਾਉਂਦਾ ਰਿਹਾ। ਕਦੇ ਉਸ ਨੇ ਖੇਤਾਂ `ਚ ਦਿਹਾੜੀਆਂ ਕੀਤੀਆਂ ਤੇ ਕਦੇ ਰਾਤਾਂ ਦੀ ਚੌਕੀਦਾਰੀ ਕੀਤੀ। 1932 `ਚ ਜਦੋਂ ਲਾਸ ਏਂਜਲਸ ਵਿੱਚ ਓਲੰਪਿਕ ਖੇਡਾਂ ਹੋਈਆਂ ਤਾਂ ਉਸ ਕੋਲ ਟਿਕਟ ਲੈਣ ਜੋਗੇ ਪੈਸੇ ਨਹੀਂ ਸਨ। ਅਖ਼ੀਰ ਉਹ ਸ਼ਰਾਬੀ ਹੋ ਕੇ ਮਰਿਆ।

ਉਹਦੇ ਮਰਨ ਤੋਂ ਕਈ ਵਰ੍ਹੇ ਪਿੱਛੋਂ 1983 ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣਾ ਪਹਿਲਾ ਫੈਸਲਾ ਬਦਲਦਿਆਂ ਉਹਦੇ ਜਿੱਤੇ ਹੋਏ ਮੈਡਲ ਉਹਦੇ ਪਰਿਵਾਰ ਨੂੰ ਵਾਪਸ ਕਰ ਦਿੱਤੇ ਤੇ ਜਿਮ ਥੋਰਪੇ ਦਾ ਨਾਂ ਮੁੜ ਜੇਤੂਆਂ ਦੀ ਸੂਚੀ ਵਿੱਚ ਚਾੜ੍ਹ ਦਿੱਤਾ ਗਿਆ।

ਪਰ ਹੁਣ ਤਾਂ ਗੱਲਾਂ ਹੀ ਹੋਰ ਹਨ। ਹੁਣ ਖਿਡਾਰੀ ਲੱਖਾਂ ਰੁਪਿਆਂ ਦੇ ਇਨਾਮ ਹਾਸਲ ਕਰਦੇ ਹਨ ਤੇ ਫਿਰ ਵੀ ਆਪਣੇ ਆਪ ਨੂੰ ਸ਼ੌਕੀਆ ਖਿਡਾਰੀ ਅਖਵਾਉਂਦੇ ਹਨ। ਇਸ ਤੋਂ ਤਾਂ ਇਹੋ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ੌਕੀਆ ਤੇ ਪੇਸ਼ਾਵਰ ਖਿਡਾਰੀਆਂ ਵਿਚਕਾਰਲੀ ਲੀਕ ਅਸਲੋਂ ਮੇਟ ਦਿੱਤੀ ਜਾਵੇਗੀ।

ਸ਼ੌਕੀਆ ਖਿਡਾਰੀਆਂ ਦੀਆਂ ਖੇਡਾਂ ਸੰਬੰਧੀ ਵਿਸ਼ਵ ਪੱਧਰ ਉਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਸਰਬਉੱਚ ਜਥੇਬੰਦੀ ਹੈ। ਇਹੋ ਜਥੇਬੰਦੀ ਕੁਲ ਦੁਨੀਆਂ ਦੀਆਂ ਖੇਡਾਂ ਯਾਨੀ ਓਲੰਪਿਕ ਖੇਡਾਂ ਕਰਵਾਉਂਦੀ ਹੈ। ਪੇਸ਼ਾਵਰ ਖਿਡਾਰੀਆਂ ਦੀਆਂ ਆਪਣੀ ਕਲੱਬਾਂ, ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਹਨ। ਜਿਹੜੇ ਖਿਡਾਰੀ ਪੇਸ਼ਾਵਰ ਬਣ ਜਾਣ ਉਨ੍ਹਾਂ ਨੂੰ ਫਿਰ ਓਲੰਪਿਕ ਖੇਡਾਂ ਵਿੱਚ ਭਾਗ ਨਹੀਂ ਲੈਣ ਦਿਤਾ ਜਾਂਦਾ। ਬਥੇਰੇ ਮੁੱਕੇਬਾਜ਼, ਪਹਿਲਵਾਨ ਤੇ ਲਾਅਨ ਟੈਨਿਸ ਬਗ਼ੈਰਾ ਦੇ ਖਿਡਾਰੀ ਹਨ ਜਿਹੜੇ ਓਲੰਪਿਕ ਖੇਡਾਂ `ਚ ਭਾਗ ਲੈਣੋਂ ਵੰਚਿਤ ਰਹੇ। ਪਿਛਲੇ ਕੁੱਝ ਸਾਲਾਂ ਤੋਂ ਕੌਮਾਂਤਰੀ ਓਲੰਪਿਕ ਕਮੇਟੀ ਪੇਸ਼ਾਵਰ ਖਿਡਾਰੀਆਂ ਬਾਰੇ ਕਾਫੀ ਲਚਕਦਾਰ ਹੋਈ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ 23 ਜੂਨ 1894 ਨੂੰ ਹੋਂਦ ਵਿੱਚ ਆਈ ਸੀ। ਫਰਾਂਸ ਦਾ ਬੈਰਿਨ ਦਿ ਕੂਬਰਤਿਨ ਇਸ ਦਾ ਬਾਨੀ ਪ੍ਰਧਾਨ ਸੀ। ਉਸ ਦਾ ਉਦੇਸ਼ ਸੀ ਕਿ ਖੇਡਾਂ ਰਾਹੀਂ ਸਾਰੀ ਦੁਨੀਆਂ ਦੇ ਮੁਲਕਾਂ ਨੂੰ ਇੱਕ ਲੜੀ ਵਿੱਚ ਪਰੋਇਆ ਜਾਵੇ ਜਿਸ ਨਾਲ ਆਪਣੀ ਪ੍ਰੇਮ ਤੇ ਭਾਈਚਾਰਕ ਸਾਂਝ ਵਧੇ। ਉਸ ਦਾ ਕਥਨ ਸੀ, “ਖਿਡਾਰੀਆਂ ਦਾ ਆਦਾਨ ਪਰਦਾਨ ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੈ। ਖਿਡਾਰੀ ਦੇਸ਼ਾਂ ਦੇ ਸਭ ਤੋਂ ਵਧੀਆ ਦੂਤ ਸਿੱਧ ਹੋ ਸਕਦੇ ਹਨ।”

ਕੂਬਰਤਿਨ ਦਾ ਮੱਤ ਸੀ ਕਿ ਖੇਡਾਂ `ਚ ਨਾਮਣਾ ਖੱਟਣ ਲਈ ਨੌਜੁਆਨ ਉਸਾਰੂ ਮੁਕਾਬਲੇ ਦੀ ਭਾਵਨਾ ਨਾਲ ਆਪਣੇ ਆਪ ਨੂੰ ਹੋਰ ਤਕੜੇ ਕਰਨਗੇ। ਇੰਜ ਦੁਨੀਆਂ ਦਿਨੋ ਦਿਨ ਹੋਰ ਤਕੜੀ, ਸੁੰਦਰ ਤੇ ਪ੍ਰੇਮ ਭਾਵਨਾ ਵਾਲੀ ਬਣਦੀ ਜਾਵੇਗੀ। ਇਸ ਨੇਕ ਉਦੇਸ਼ ਨੂੰ ਮੁੱਖ ਰੱਖਦਿਆਂ ਵੱਖ ਵੱਖ ਮੁਲਕਾਂ ਵਿੱਚ ਓਲੰਪਿਕ ਲਹਿਰ ਫੈਲਣੀ ਸ਼ੁਰੂ ਹੋ ਗਈ।

ਭਾਰਤ ਵਿੱਚ ਓਲੰਪਿਕ ਲਹਿਰ ਵੀਹਵੀਂ ਸਦੀ ਦੇ ਵੀਹਵਿਆਂ ਵਿਚਕਾਰ ਆਈ। 1927 ਵਿੱਚ ਕਲਕੱਤੇ ਅੰਤਰਸੂਬਾਈ ਅਥਲੈਟਿਕ ਮੀਟ ਹੋਈ ਜਿਥੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਸਰ ਦੋਰਾਬ ਟਾਟਾ ਇਸ ਦੇ ਪਹਿਲੇ ਪ੍ਰਧਾਨ ਤੇ ਏ.ਜੀ.ਨੋਹਰੀਨ ਪਹਿਲੇ ਆਨਰੇਰੀ ਸਕੱਤਰ ਬਣੇ। ਉਸੇ ਸਾਲ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਵੱਲੋਂ ਮਾਨਤਾ ਮਿਲ ਗਈ। ਹੌਲੀ ਹੌਲੀ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਤੇ ਰਿਆਸਤਾਂ ਵਿੱਚ ਸੂਬਾਈ ਓਲੰਪਿਕ ਐਸੋਸੀਏਸ਼ਨਾਂ ਹੋਂਦ ਵਿੱਚ ਆਉਂਦੀਆਂ ਗਈਆਂ ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਨਾਲ ਜੁੜਦੀਆਂ ਗਈਆਂ।

1928 ਵਿੱਚ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਇੰਡੀਅਨ ਓਲੰਪਿਕ ਸਭਾ ਦੇ ਪ੍ਰਧਾਨ ਤੇ ਪ੍ਰੋ.ਗੁਰੂ ਦੱਤ ਸੋਂਧੀ ਆਨਰੇਰੀ ਸਕੱਤਰ ਚੁਣੇ ਗਏ। ਪਟਿਆਲੇ ਦੇ ਸ਼ਾਹੀ ਘਰਾਣੇ ਦੀ ਦੇਸ਼ ਦੇ ਖੇਡ ਪ੍ਰਬੰਧ ਨੂੰ ਵਿਸ਼ੇਸ਼ ਦੇਣ ਹੈ। 1938 ਵਿੱਚ ਮਹਾਰਾਜਾ ਭੂਪਿੰਦਰ ਸਿੰਘ ਦੇ ਪਰਲੋਕ ਸਿਧਾਰ ਜਾਣ ਪਿੱਛੋਂ ਉਹਨਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਆਪਣੇ ਪਿਤਾ ਦੀ ਥਾਂ ਪ੍ਰਧਾਨ ਬਣੇ। ਉਹ ਬਾਅਦ ਵਿੱਚ ਏਸ਼ਿਆਈ ਖੇਡ ਸੰਘ ਦੇ ਵੀ ਪ੍ਰਧਾਨ ਰਹੇ। 1960 ਵਿੱਚ ਭਾਰਤ ਸਰਕਾਰ ਨੇ ਖੇਡਾਂ ਵਿਕਾਸ ਲਈ ਸਰਬ ਭਾਰਤੀ ਖੇਡ ਕੌਂਸਲ ਦੀ ਸਿਰਜਣਾ ਕਰ ਕੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਉਸ ਦਾ ਚੇਅਰਮੈਨ ਥਾਪ ਦਿੱਤਾ। ਨਵਾਂ ਅਹੁਦਾ ਸੰਭਾਲਣ ਲਈ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਅਸਤੀਫ਼ਾ ਦੇਣਾ ਪਿਆ ਤੇ ਉਹਨਾਂ ਦੀ ਥਾਂ ਉਹਦੇ ਭਰਾ ਰਾਜਾ ਭਲਿੰਦਰ ਸਿੰਘ ਪਰਧਾਨ ਚੁਣੇ ਗਏ। ਅੱਜ ਕੱਲ੍ਹ ਸੁਰੇਸ਼ ਕਲਮਾਦੀ ਪ੍ਰਧਾਨ ਹੈ ਤੇ ਰਾਜਾ ਭਲਿੰਦਰ ਦਾ ਲੜਕਾ ਰਣਧੀਰ ਸਿੰਘ ਆਨਰੇਰੀ ਸਕੱਤਰ ਹੈ।

ਦੁਨੀਆਂ ਦੇ ਖੇਡ ਪ੍ਰਬੰਧ ਦਾ ਸਹੀ ਜਾਇਜ਼ਾ ਲੈਣ ਲਈ ਓਲੰਪਿਕ ਐਸੋਸੀਏਸ਼ਨਾਂ ਤੇ ਖੇਡ ਫੈਡਰੇਸ਼ਨਾਂ ਦੇ ਰੋਲ ਨੂੰ ਸਮਝਣਾ ਪਵੇਗਾ। ਕੌਮਾਂਤਰੀ ਓਲੰਪਿਕ ਕਮੇਟੀ ਦੀਆਂ ਸ਼ਾਖਾਵਾਂ ਹੇਠਾਂ ਨਗਰ ਪੱਧਰ ਤਕ ਹੁੰਦੀਆਂ ਹਨ। ਕਿਸੇ ਨਗਰ ਦੇ ਖੇਡ ਪ੍ਰੇਮੀ ਸਥਾਨਕ ਪੱਧਰ `ਤੇ ਓਲੰਪਿਕ ਖੇਡ ਸਭਾ ਬਣਾਉਂਦੇ ਹਨ। ਅਜਿਹੀਆਂ ਖੇਡ ਇਕਾਈਆਂ ਫਿਰ ਜ਼ਿਲ੍ਹਾ ਪੱਧਰ ਦੀ ਓਲੰਪਿਕ ਸਭਾ ਬਣਾਉਂਦੀਆਂ ਹਨ ਜਿਸ ਦਾ ਪ੍ਰਧਾਨ ਆਮ ਕਰ ਕੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ। ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਮਿਲ ਕੇ ਸੂਬਾਈ ਪੱਧਰ ਦੀ ਓਲੰਪਿਕ ਐਸੋਸੀਏਸ਼ਨ ਚੁਣਦੀਆਂ ਹਨ। ਜਿਵੇਂ ਪੰਜਾਬ ਓਲੰਪਿਕ ਐਸੋਸੀਏਸ਼ਨ ਜਾਂ ਓਨਟਾਰੀਓ ਓਲੰਪਿਕ ਐਸੋਸੀਏਸ਼ਨ। ਫਿਰ ਰਾਜਾਂ ਦੀਆਂ ਓਲੰਪਿਕ ਸਭਾਵਾਂ ਮੁਲਕ ਦੀ ਓਲੰਪਿਕ ਸਭਾ ਚੁਣਦੀਆਂ ਹਨ। ਅੱਗੋਂ ਮੁਲਕੀ ਓਲੰਪਿਕ ਐਸੋਸੀਏਸ਼ਨਾਂ ਦੇ ਨੁਮਾਇੰਦੇ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਦੀ ਚੋਣ ਕਰਦੇ ਹਨ। ਇਸ ਸਮੇਂ ਕੌਮਾਂਤਰੀ ਓਲੰਪਿਕ ਕਮੇਟੀ ਦੇ ਲਗਭਗ ਦੋ ਸੌ ਮੈਂਬਰ ਹਨ।

ਜਿਵੇਂ ਕੌਮਾਂਤਰੀ ਓਲੰਪਿਕ ਕਮੇਟੀ ਦੁਨੀਆਂ ਦੀ ਸਰਬਉੱਚ ਖੇਡ ਜਥੇਬੰਦੀ ਹੈ ਉਵੇਂ ਓਲੰਪਿਕ ਐਸੋਸੀਏਸ਼ਨਾਂ ਆਪੋ ਆਪਣੇ ਖੇਤਰ ਵਿੱਚ ਸਰਬਉੱਚ ਹਨ। ਖੇਡ ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਉਹਨਾਂ ਦੇ ਅਧੀਨ ਹੁੰਦੀਆਂ ਹਨ। ਜਾਂ ਇਓਂ ਕਹਿ ਲਓ ਕਿ ਖੇਡ ਜਥੇਬੰਦੀਆਂ ਦੀ ਨੱਥ ਓਲੰਪਿਕ ਸਭਾਵਾਂ ਦੇ ਹੱਥ ਹੁੰਦੀ ਹੈ।

ਵੱਖ ਵੱਖ ਖੇਡਾਂ ਦੀਆਂ ਵਿਸ਼ਵ ਪੱਧਰ ਉਤੇ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਬਣੀਆਂ ਹੁੰਦੀਆਂ ਹਨ ਜਿਵੇਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਜਾਂ ਫੁਟਬਾਲ ਜਾਂ ਵਾਲੀਬਾਲ ਆਦਿ ਫੈਡਰੇਸ਼ਨਾਂ। ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨਾਲ ਮੁਲਕੀ ਖੇਡ ਫੈਡਰੇਸ਼ਨਾਂ ਤੇ ਮੁਲਕੀ ਖੇਡ ਫੈਡਰੇਸ਼ਨਾਂ ਨਾਲ ਸੂਬਾਈ ਖੇਡ ਐਸੋਸੀਏਸ਼ਨਾਂ ਸੰਬੰਧਿਤ ਹੁੰਦੀਆਂ ਹਨ। ਸਾਰੀਆਂ ਕੌਮਾਂਤਰੀ ਖੇਡ ਫੈਡਰੇਸ਼ਨਾਂ ਕੌਮਾਂਤਰੀ ਓਲੰਪਿਕ ਕਮੇਟੀ ਦੇ ਅਧੀਨ ਕੰਮ ਕਰਦੀਆਂ ਹਨ। ਕੌਮਾਂਤਰੀ ਓਲੰਪਿਕ ਕਮੇਟੀ ਇੱਕ ਖ਼ੁਦਮੁਖਤਾਰ ਸੰਗਠਨ ਹੈ। ਇਹਦਾ ਦਰਜਾ ਯੂ.ਐੱਨ.ਓ.ਵਰਗਾ ਹੈ।

ਕਿਸੇ ਕੌਮਾਂਤਰੀ ਖੇਡ ਫੈਡਰੇਸ਼ਨ ਦਾ ਕੰਮ ਸੰਬੰਧਿਤ ਖੇਡ ਨਾਲ ਜੁੜਿਆ ਹੁੰਦਾ ਹੈ। ਸੰਬੰਧਿਤ ਖੇਡ ਦਾ ਵਿਕਾਸ ਕਰਨਾ, ਖੇਡ ਦੇ ਨਿਯਮ ਬਣਾਉਣੇ, ਬਦਲਣੇ, ਲਾਗੂ ਕਰਨੇ, ਕੌਮਾਂਤਰੀ ਪੱਧਰ ਦੀਆਂ ਖੇਡ ਚੈਂਪੀਅਨਸ਼ਿਪਾਂ ਕਰਾਉਣੀਆਂ, ਰੈਫਰੀ, ਜੱਜ ਤੇ ਅੰਪਾਇਰ ਤਿਆਰ ਕਰਨੇ, ਉਨ੍ਹਾਂ ਦਾ ਟੈੱਸਟ ਲੈਣਾ ਤੇ ਖੇਡ ਸੰਬੰਧੀ ਪਏ ਝਗੜੇ ਝੇੜੇ ਸੁਲਝਾਉਣੇ ਆਦਿ ਕਾਰਜ ਹੁੰਦੇ ਹਨ। ਇੰਜ ਹੀ ਮੁਲਕੀ ਖੇਡ ਫੈਡਰੇਸ਼ਨਾਂ ਮੁਲਕ ਪੱਧਰ ਉਤੇ ਅਤੇ ਸੂਬਾਈ ਖੇਡ ਐਸੋਸੀਏਸ਼ਨਾਂ ਸੂਬਾ ਪੱਧਰ ਉਤੇ ਅਜਿਹੇ ਕਾਰਜ ਕਰਦੀਆਂ ਹਨ। ਜਿਸ ਪੱਧਰ ਦੀ ਖੇਡ ਐਸੋਸੀਏਸ਼ਨ ਜਾਂ ਫੈਡਰੇਸ਼ਨ ਹੁੰਦੀ ਹੈ ਉਸੇ ਪੱਧਰ ਦੀ ਓਲੰਪਿਕ ਐਸੋਸੀਏਸ਼ਨ ਜਾਂ ਕਮੇਟੀ ਉਸ ਦੀ ਨਿਗਰਾਨੀ ਕਰਦੀ ਹੈ। ਉਹ ਉਸ ਨੂੰ ਬੇਨਿਯਮੀ ਨਹੀਂ ਕਰਨ ਦਿੰਦੀ।

ਕੌਮਾਂਤਰੀ ਓਲੰਪਿਕ ਕਮੇਟੀ ਤੋਂ ਥੱਲੇ ਮਹਾਂਦੀਪਾਂ ਦੇ ਓਲੰਪਿਕ ਸੰਘ ਹਨ ਜੋ ਏਸ਼ਿਆਈ, ਯੂਰਪੀ, ਪਾਨ-ਅਮੈਰੀਕਨ, ਓਸ਼ਨੀਆਂ ਤੇ ਅਫਰੀਕੀ ਖੇਡਾਂ ਕਰਾਉਂਦੇ ਹਨ।

ਓਲੰਪਿਕ ਸਭਾਵਾਂ ਕਿਉਂਕਿ ਖ਼ੁਦਮੁਖਤਾਰ ਸਭਾਵਾਂ ਹੁੰਦੀਆਂ ਹਨ ਇਸ ਲਈ ਸੰਬੰਧਿਤ ਸਰਕਾਰਾਂ ਨੂੰ ਉਹਨਾਂ ਦੀ ਬਣਤਰ ਤੇ ਕੰਮ ਕਾਜ ਵਿੱਚ ਦਖਲ ਦੇਣਾ ਵਰਜਿਤ ਹੁੰਦਾ ਹੈ। ਇਹੋ ਕਾਰਨ ਸੀ ਕਿ ਕਈ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੇ ਬਾਵਜੂਦ ਉਥੋਂ ਦੀਆਂ ਓਲੰਪਿਕ ਐਸੋਸੀਏਸ਼ਨਾਂ ਨੇ ਆਪਣੇ ਖਿਡਾਰੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਮਾਸਕੋ ਭੇਜੇ। ਮਿਸਾਲ ਵਜੋਂ ਬਰਤਾਨੀਆਂ ਦੀ ਸਰਕਾਰ ਨੇ ਬਰਤਾਨਵੀ ਓਲੰਪਿਕ ਐਸੋਸੀਏਸ਼ਨ ਨੂੰ ਸਲਾਹ ਦਿੱਤੀ ਸੀ ਕਿ ਦੇਸ਼ ਦੀ ਰਾਜਨੀਤੀ ਅਨੁਸਾਰ ਬਰਤਾਨੀਆਂ ਦੇ ਖਿਡਾਰੀ ਮਾਸਕੋ ਨਾ ਜਾਣ। ਪਰ ਐਸੋਸੀਏਸ਼ਨ ਨੇ ਖਿਡਾਰੀ ਮਾਸਕੋ ਭੇਜੇ ਤੇ ਉਹ ਮੈਡਲ ਵੀ ਜਿੱਤੇ। ਇਹ ਵੱਖਰੀ ਗੱਲ ਹੈ ਬਰਤਾਨੀਆਂ ਦਾ ਝੰਡਾ ਨਾ ਲਹਿਰਾਇਆ ਗਿਆ ਤੇ ਉਹਦੀ ਓਲੰਪਿਕ ਪਰਚਮ ਲਹਿਰਾਇਆ ਗਿਆ।

ਮੁਲਕੀ ਸਰਕਾਰਾਂ ਖੇਡਾਂ ਦੀ ਤਰੱਕੀ ਲਈ ਆਪਣੀਆਂ ਖੇਡ ਕੌਂਸਲਾਂ ਬਣਾ ਲੈਂਦੀਆਂ ਹਨ ਜੋ ਸਰਕਾਰਾਂ ਤੇ ਓਲੰਪਿਕ ਐਸੋਸੀਏਸ਼ਨਾਂ ਵਿਚਾਲੇ ਤਾਲ ਮੇਲ ਰੱਖਦੀਆਂ ਹਨ। ਖੇਡ ਕੌਂਸਲਾਂ ਰਾਹੀਂ ਸਰਕਾਰਾਂ ਓਲੰਪਿਕ ਐਸੋਸੀਏਸ਼ਨਾਂ ਨੂੰ ਮਾਲੀ ਤੇ ਹੋਰ ਕਈ ਪਰਕਾਰ ਦੀ ਸਹਾਇਤਾ ਜ਼ਰੂਰ ਦਿੰਦੀਆਂ ਰਹਿੰਦੀਆਂ ਹਨ ਪਰ ਦਖਲ ਨਹੀਂ ਦੇ ਸਕਦੀਆਂ।

ਕੌਮਾਂਤਰੀ ਓਲੰਪਿਕ ਕਮੇਟੀ ਵੱਲੋਂ ਓਲੰਪਿਕ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਕਿਸੇ ਮੁਲਕ ਨੂੰ ਨਹੀਂ ਸਗੋਂ ਕਿਸੇ ਸ਼ਹਿਰ ਨੂੰ ਸੌਂਪੀ ਜਾਂਦੀ ਹੈ ਜਿਸ ਦਾ ਮੁਖੀ ਸ਼ਹਿਰ ਦਾ ਮੇਅਰ ਹੁੰਦਾ ਹੈ। ਉਸ ਸ਼ਹਿਰ ਦੀ ਪ੍ਰਬੰਧਕ ਕਮੇਟੀ ਸਰਕਾਰ ਦੇ ਸਹਿਯੋਗ ਨਾਲ ਖੇਡਾਂ ਨੂੰ ਨੇਪਰੇ ਚਾੜ੍ਹਦੀ ਹੈ। ਦੁਨੀਆਂ ਦੇ ਅਜਿਹੇ ਖੇਡ ਪ੍ਰਬੰਧ ਦੀ ਬੁਨਿਆਦੀ ਗੱਲ ਇਹ ਹੈ ਕਿ ਓਲੰਪਿਕ ਲਹਿਰ ਸਰਕਾਰਾਂ ਤੋਂ ਆਜ਼ਾਦ ਹੈ। ਸਰਕਾਰਾਂ ਇਸ ਨੂੰ ਸਹਿਯੋਗ ਤਾਂ ਦੇ ਸਕਦੀਆਂ ਹਨ ਪਰ ਇਸ ਦੇ ਕੰਮ ਕਾਰ ਤੇ ਨਿਯਮਾਂ ਵਿੱਚ ਦਖਲ ਨਹੀਂ ਦੇ ਸਕਦੀਆਂ।

ਪੰਜਾਬ ਦੀ ਦੇਸੀ ਖੇਡ ਕਬੱਡੀ ਖਿਡਾਉਣ ਵਾਲੇ ਅਕਸਰ ਕਹਿੰਦੇ ਹਨ ਕਿ ਉਹ ਕਬੱਡੀ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾ ਦੇਣਗੇ। ਅਜਿਹਾ ਕਰਨਾ ਹੈ ਤਾਂ ਉਨ੍ਹਾਂ ਨੂੰ ਕਬੱਡੀ ਨੈਸ਼ਨਲ ਸਟਾਈਲ ਵਾਂਗ ਸੂਬਾਈ ਕਬੱਡੀ ਐਸੋਸੀਏਸ਼ਨਾਂ, ਮੁਲਕੀ ਕਬੱਡੀ ਫੈਡਰੇਸ਼ਨਾਂ ਤੇ ਕੌਮਾਂਤਰੀ ਕਬੱਡੀ ਫੈਡਰੇਸ਼ਨ ਬਣਾਉਣ ਦੀ ਲੋੜ ਪਵੇਗੀ। ਇਨ੍ਹਾਂ ਨੂੰ ਸੰਬੰਧਿਤ ਸੂਬਾਈ ਓਲੰਪਿਕ ਸਭਾਵਾਂ ਤੇ ਮੁਲਕੀ ਓਲੰਪਿਕ ਐਸੋਸੀਏਸ਼ਨਾਂ ਨਾਲ ਜੋੜਨਾ ਤੇ ਉਨ੍ਹਾਂ ਦੀ ਨਿਗਰਾਨੀ ਵਿੱਚ ਕਾਰਜ ਕਰਨਾ ਪਵੇਗਾ। ਕਬੱਡੀ ਦੇ ਖਿਡਾਰੀ ਜਾਂ ਕਲੱਬ ਜੋ ਆਪਣੀਆਂ ਟੀਮਾਂ ਦੇ ਨਾਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇੰਡੀਆ, ਪਾਕਿਸਤਾਨ, ਨਾਰਵੇ, ਇਟਲੀ, ਯੂ.ਕੇ.ਆਦਿ ਵਰਤ ਰਹੇ ਹਨ ਇਹ ਗ਼ਲਤ ਹਨ। ਮੁਲਕ ਦਾ ਨਾਂ ਵਰਤਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ। ਕਿਸੇ ਵੀ ਦੇਸ਼ ਦਾ ਨਾਂ ਵਰਤਣ ਦਾ ਅਧਿਕਾਰ ਉਥੋਂ ਦੀ ਮੁਲਕੀ ਓਲੰਪਿਕ ਐਸੋਸੀਏਸ਼ਨ ਤੇ ਮੁਲਕੀ ਖੇਡ ਫੈਡਰੇਸ਼ਨ ਕੋਲ ਹੈ। ਜੇ ਕਬੱਡੀ ਵਾਲੇ ਵੀਰ ਪੰਜਾਬ ਦੀ ਸਭ ਤੋਂ ਮਕਬੂਲ ਖੇਡ ਨੂੰ ਮੁਲਕੀ, ਮਹਾਂਦੀਪੀ ਤੇ ਕੌਮਾਂਤਰੀ ਪੱਧਰ ਦੀ ਖੇਡ ਬਣਾਉਣੀ ਚਾਹੁੰਦੇ ਹਨ ਤਾਂ ਉਨ੍ਹਾਂ ਦੁਨੀਆਂ ਦਾ ਖੇਡ ਪ੍ਰਬੰਧ ਜ਼ਰੂਰ ਜਾਣ ਲੈਣਾ ਚਾਹੀਦੈ। ਉਹ ਇਹ ਵੀ ਨਿਰਣਾ ਕਰ ਲੈਣ ਕਿ ਕਬੱਡੀ ਨੂੰ ਸ਼ੌਕੀਆ ਖੇਡ ਰੱਖਣਾ ਹੈ ਜਾਂ ਡਬਲਯੂ ਡਬਲਯੂ ਕੁਸ਼ਤੀਆਂ ਵਾਂਗ ਪੇਸ਼ਾਵਰ ਖੇਡ ਬਣਾਉਣਾ ਹੈ।

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ।

ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, ਖ਼ਾਸ ਕਰ ਕੇ ਰੱਜੇ ਪੱਜੇ ਰਤਾ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ ਫਿਰਨ ਦੀਆਂ ਨਿਹਮਤਾਂ ਤੋਂ ਵਾਂਝੇ ਹੋ ਰਹੇ ਹਨ। ਤੁਰਨਾ ਛੱਡ ਕੇ ਬਹੁਤੇ ਬੰਦਿਆਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ।

ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ ਤੇ ਅੱਖਾਂ ਗਈਆਂ ਤਾਂ ਜਹਾਨ ਗਿਆ। ਕਹਿਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਬੰਦਾ ਸਮਝੋ ਜਹੰਨਮ ਗਿਆ! ਹੈਰਾਨੀ ਦੀ ਗੱਲ ਹੈ ਕਿ ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਸਰਦੇ ਬਰਦੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ। ਸੌ `ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।

ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ ਤੇ ਕੋਠੀਆਂ ਬੰਗਲਿਆਂ ਵਿੱਚ ਬਿਰਾਜਮਾਨ ਰਹਿੰਦੇ ਹਨ। ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ। ਬੈਠੇ ਬੈਠਿਆਂ ਦੇ ਫਿਰ ਢਿੱਡ ਵਧੀ ਜਾਂਦੇ ਹਨ ਤੇ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ। ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨ ਦਾ ਅਨੰਦ ਮਾਣਨਾ ਬਹੁਤ ਜ਼ਰੂਰੀ ਹੈ। ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ ਮੋਟੀ ਕਲਪਨਾ ਦੀ ਹੀ ਲੋੜ ਹੈ। ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸੁੱਥਰੀ ਮਿਲੇਗੀ, ਭੀੜ ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ `ਤੇ ਭਾਰ ਵੀ ਨਹੀਂ ਬਣਨਾ ਪਵੇਗਾ। ਇੱਕ ਪੰਥ ਕਈ ਕਾਜ ਵਾਲੀ ਗੱਲ ਹੋਵੇਗੀ। ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ ਸੁਹਾਗਾ ਹੋਵੇਗਾ।

ਤੁਰਨਾ, ਸਹਿਜ, ਸੁਭਾਵਿਕ, ਸੌਖੀ ਤੇ ਸਭ ਤੋਂ ਵਧੀਆ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜ਼ਿਸ਼ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ? ਕੁਦਰਤ ਨੇ ਲੱਤਾਂ ਤੇ ਪੈਰ ਦਿੱਤੇ ਹੀ ਇਸ ਲਈ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਸੰਭਾਲਦਿਆ ਹੋਇਆਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ।

ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵਿਚਾਰਾ ਵੇਖਦਾ ਰਹਿ ਜਾਂਦਾ ਹੈ। ਇਸ ਲਈ ਜੀਂਦੇ ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਸਕੇ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦੇਵੇ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ `ਤੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ ਬਖ਼ਸ਼ਦੀ ਹੈ।

ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ। ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ। ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ ਪੈਰ ਦੁਖਦੇ ਹਨ, ਤੁਰਨ ਵਾਲੇ ਸ਼ੂਅ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਂਕਦੇ ਹਨ। ਹਨ੍ਹੇਰੇ ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ। ਹੋਰ ਤਾਂ ਹੋਰ ਆਂਢੀ ਗੁਆਂਢੀ ਤੇ ਰਾਹ ਖਹਿੜੇ ਮਿਲਣ ਵਾਲੇ ਕੀ ਕਹਿਣਗੇ? ਲਓ ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ। ਜੱਗ ਜ਼ਮਾਨੇ ਦਾ ਸੂਮ! ਹੱਦ ਦਰਜੇ ਦਾ ਕੰਜੂਸ! ! ਕੋਈ ਪੁੱਛੇ, ਤੁਰਨ ਵਾਲਾ ਉਹਨਾਂ ਦੀ ਕੁੜੀ ਤਾਂ ਨ੍ਹੀ ਕੱਢੀ ਜਾ ਰਿਹਾ ਬਈ ਉਹ ਏਨੀਆਂ ਗੱਲਾਂ ਕਰਨਗੇ?

ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ `ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ। ਪੱਛਮੀ ਮੁਲਕਾਂ ਵਿੱਚ ਮੇਮਾਂ ਨੇ ਤੁਰਨ ਫਿਰਨ ਦਾ ਗਾਹ ਪਾਇਆ ਹੋਇਐ। ਜਦੋਂ ਉਹ ਸਾਹਬ ਲੋਕ ਸੜਕਾਂ `ਤੇ ਪਾਰਕਾਂ ਵਿੱਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ। ਮੈਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਪਾਰਕਾਂ ਕੋਲ ਕਾਰਾਂ ਦੇ ਝੁੰਡ ਪਾਰਕ ਹੋਏ ਵੇਖੇ ਹਨ। ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ ਪਏ ਹੁੰਦੇ ਨੇ। ਉਹ ਹਰ ਮਿਲਣ ਵਾਲੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਰਦੇ ਨੇ। ਮੇਮਾਂ ਦੀਆਂ ਤੁਰ ਫਿਰ ਕੇ ਬਣਾਈਆਂ ਗੋਰੀਆਂ ਸਡੌਲ ਲੱਤਾਂ ਵੇਖਣ ਵਾਲੀਆਂ ਹੁੰਦੀਆਂ ਨੇ। ਉਨ੍ਹਾਂ ਦੇ ਲੱਕ ਲਚਕਾਰੇ ਮਾਰਦੇ ਨੇ ਕਿਉਂਕਿ ਉਨ੍ਹਾਂ ਉਤੇ ਵਾਧੂ ਮਾਸ ਦੀਆਂ ਤੈਹਾਂ ਨਹੀਂ ਚੜ੍ਹੀਆਂ ਹੁੰਦੀਆਂ। ਉਹ ਜੁਆਨ ਰਹਿਣ ਤੇ ਸਰੀਰ ਸਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੀਆਂ ਫਿਰਦੀਆਂ ਨੇ। ਕੋਈ ਕੀ ਕਹੇਗਾ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਵਾਧੂ ਦੀ ਟੀਕਾ ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ।

ਅਮਰੀਕਾ ਕੈਨੇਡਾ ਕਾਰਾਂ ਗੱਡੀਆਂ ਦੇ ਦੇਸ਼ ਹਨ। ਸੜਕਾਂ `ਤੇ ਤਿੰਨ ਤਿੰਨ ਚਾਰ ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਬੰਦੇ ਨਹੀਂ ਤਾਂ ਹਰ ਪਰਿਵਾਰ ਕੋਲ ਮੋਟਰ ਕਾਰ ਹੈ। ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਪਹਿਲ ਮੈਂ ਸੜਕ ਕੰਢੇ ਖੜ੍ਹ ਕੇ ਆਸੇ ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ ਜਾਣ ਬੰਦ ਹੋਵੇ ਤਾਂ ਮੈਂ ਸੜਕ ਪਾਰ ਕਰਾਂ। ਦੇਸ਼ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਪਰ ਅਮਰੀਕਾ ਕੈਨੇਡਾ ਵਿੱਚ ਮੈਂ ਹੈਰਾਨ ਹੋਣਾ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ। ਬਾਅਦ ਵਿੱਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ।

ਬਹਾਨੇਬਾਜ਼, ਆਲਸੀ ਤੇ ਫੋਕੇ ਵੇਖਵਿਖਾਵੇ ਕਰਨ ਵਾਲਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਭਲਕ ਤੋਂ ਹੀ ਥੋੜ੍ਹਾ ਬਹੁਤਾ ਤੁਰਨ ਦਾ ਪ੍ਰੋਗਰਾਮ ਬਣਾ ਲੈਣ। ਕਿਵੇਂ ਬਣੇਗਾ? ਇਹ ਵੀ ਭਲੀ ਪੁੱਛੀ। ਇਹ ਕੋਈ ਡੈਮ ਬਣਾਉਣ ਜਾਂ ਛਾਉਣੀ ਪਾਉਣ ਦਾ ਪ੍ਰੋਜੈਕਟ ਨਹੀਂ। ਤੇ ਨਾ ਹੀ ਇਹਦੇ ਲਈ ਮਹੂਰਤ ਦਾ ਦਿਨ ਕਢਾਉਣ ਦੀ ਲੋੜ ਹੈ। ਮਾਮੂਲੀ ਉੱਦਮ ਨਾਲ ਪਹਿਲਾਂ ਨਾਲੋਂ ਕੁੱਝ ਮਿੰਟ ਪਹਿਲਾਂ ਮੰਜੇ ਤੋਂ ਉਠਿਆ ਜਾ ਸਕਦੈ। ਵਿਹੜਾ, ਬੀਹੀ, ਫਿਰਨੀ, ਸੜਕ, ਖੇਡ ਮੈਦਾਨ, ਪਾਰਕ, ਪਟੜੀ, ਪਹੇ ਤੇ ਡੰਡੀਆਂ ਕਿਤੇ ਵੀ ਤੁਰਿਆ ਜਾ ਸਕਦੈ। ਜੀਹਦੇ ਘਰ ਪੌੜੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਉਤੇ ਵੀਹ ਪੰਜਾਹ ਵਾਰ ਚੜ੍ਹਿਆ ਉਤਰਿਆ ਜਾ ਸਕਦੈ। ਕੇਵਲ ਛੱਤ ਹੋਵੇ ਤਾਂ ਛੱਤ ਉਤੇ ਹੀ ਅੱਧਾ ਘੰਟਾ ਚਹਿਲ ਕਦਮੀ ਕੀਤੀ ਜਾ ਸਕਦੀ ਹੈ। ਅਖ਼ਬਾਰ ਪੈ ਕੇ ਜਾਂ ਬਹਿ ਕੇ ਨਹੀਂ ਖੜ੍ਹ ਕੇ ਜਾਂ ਟਹਿਲਦੇ ਹੋਏ ਪੜ੍ਹ ਲੈਣਾ ਚਾਹੀਦੈ। ਸਬਜ਼ੀ ਭਾਜੀ ਤੁਰ ਕੇ ਲਿਆਂਦੀ ਜਾ ਸਕਦੀ ਹੈ। ਬੱਸ ਅੱਡੇ, ਦੁਕਾਨ ਤੇ ਦਫਤਰ ਤੁਰ ਕੇ ਜਾਇਆ ਜਾ ਸਕਦੈ। ਬਹਿ ਕੇ ਕੰਮ ਕਰਨ ਵਾਲੇ ਵਿਚੋਂ ਉੱਠ ਵੀ ਖੜ੍ਹੇ ਹੋਣ ਤੇ ਸਰੀਰ ਦੇ ਅੰਗ ਹਿਲਾਉਣ ਦੀ ਥੋੜ੍ਹੀ ਜਿੰਨੀ ਕਸਰਤ ਕਰ ਲੈਣ। ਸੌ ਨਹੀਂ ਹਜ਼ਾਰ ਰਾਹ ਕੱਢਿਆ ਜਾ ਸਕਦੈ। ਬੱਸ ਤੁਰਨ ਤੇ ਕਸਰਤ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ।

ਤੁਰਨ ਫਿਰਨ ਦੀ ਮਾੜੀ ਮੋਟੀ ਕਸਰਤ ਨਾਲ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਰਹਿੰਦਾ ਹੈ, ਭੱਸ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਕੰਮ ਕਾਰ ਜੀਅ ਲਾ ਕੇ ਕਰਦਾ ਹੈ ਤੇ ਛੇਤੀ ਕੀਤਿਆਂ ਨਿੱਕੀ ਮੋਟੀ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਤਿੱਖੀਆਂ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਤੋਰਾਂ ਦੀ ਨੀਂਦ ਕਿਤੇ ਵੱਧ ਸੁਖਦਾਈ ਹੁੰਦੀ ਹੈ।

ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੈਰੀਂ ਤੁਰਨਾ ਸਾਰੀਆਂ ਬਿਮਾਰੀਆਂ ਜਾਂ ਮੁਸ਼ਕਲਾਂ ਦਾ ਹੱਲ ਹੈ। ਹਾਂ ਇਹ ਜ਼ਰੂਰ ਕਹਿੰਦਾ ਹਾਂ ਕਿ ਲੱਤਾਂ ਤੇ ਪੈਰ ਤੁਰਨ ਲਈ ਹਨ ਤੇ ਜਿਹੜਾ ਕੁਦਰਤ ਦਾ ਜੀਅ ਇਹਨਾਂ ਤੋਂ ਕੰਮ ਲੈਂਦਾ ਰਹੇਗਾ ਉਹ ਬਹੁਤ ਸਾਰੀਆਂ ਬਿਮਾਰੀਆਂ ਤੇ ਮੁਸ਼ਕਲਾਂ ਤੋਂ ਬਚਿਆ ਰਹੇਗਾ। ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ ਉਨ੍ਹਾਂ ਦਾ ਮਾਸ ਥਲਥਲ ਹੀ ਕਰਨਾ ਹੈ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਰੰਗ ਰੋਗਣ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸਡੌਲਤਾ ਵਿੱਚ ਢਾਲਿਆ ਗਿਆ। ਜੁੱਸੇ ਨੂੰ ਛਾਂਟਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ।

ਬੰਦੇ ਦੇ ਸਰੀਰ ਵਿੱਚ ਏਨੀ ਸਮਰੱਥਾ ਹੈ ਕਿ ਉਹ ਦੋ ਚਾਰ ਮੀਲ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਮੀਲ ਲਗਾਤਾਰ ਤੁਰਦਾ ਰਹਿ ਸਕਦਾ ਹੈ। ਗੱਲ ਸਾਰੀ ਹਿੰਮਤ ਦੀ ਹੈ। ਸਾਡੇ ਵੱਡਵਡੇਰੇ ਪੰਜਾਬ ਕੋਹਾਂ ਦਾ ਪੈਂਡਾ ਕੇਵਲ ਲੱਤਾਂ ਹਿਲਾਣ ਲਈ ਮਾਰਦੇ ਰਹੇ ਹਨ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ ਉਹ ਤੁਰ ਕੇ ਜਾਂਦੇ ਸਨ। ਉਹ ਪਹੁਫੁਟਾਲੇ ਨਾਲ ਤੁਰਦੇ ਤੇ ਲੰਮੀਆਂ ਮੰਜ਼ਲਾਂ ਮਾਰਨ ਪਿੱਛੋਂ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨਾ ਆਉਂਦਾ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।

ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਐਵੇਂ ਹੀ ਤ੍ਰਹਿੰਦੇ ਤੇ ਹਾਏ ਹਾਏ ਕਰਦੇ ਹਨ ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਹੋਰਨਾਂ ਵਾਂਗ ਕੁਦਰਤ ਨੇ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ ਛੇ ਵਾਰ ਜਿੱਤੇ। ਉਹ ਅਭਿਆਸ ਵਜੋਂ ਕੁਲ ਕਿੰਨੇ ਮੀਲ ਵਗਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾ ਸਕਿਆ। ਉਂਜ ਅਨੁਮਾਨ ਹੈ ਕਿ ਉਹ ਘੱਟੋਘੱਟ ਦੋ ਲੱਖ ਮੀਲ ਤਾਂ ਵਗਿਆ ਹੀ ਹੋਵੇਗਾ। ਵੈਸੇ 315 ਮੀਲ ਲੰਮੀ ਵਾਟ ਤੇਜ਼ ਤੋਂ ਤੇਜ਼ ਵਗਣ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਹੈ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸਕਿੰਟ ਵਿੱਚ ਤਹਿ ਕੀਤੀ ਸੀ। ਇੰਜ ਉਸ ਦੀ ਵਗਣ ਰਫਤਾਰ ਸਵਾ ਪੰਜ ਮੀਲ ਪ੍ਰਤੀ ਘੰਟਾ ਪਈ।

ਚੌਵੀ ਘੰਟਿਆਂ ਵਿੱਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਜੈਸੀ ਕਾਸਟਾਨੇਡਾ ਕਰਦਾ ਰਿਹਾ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆਂ ਦੇ ਹਿਊ ਨੈਲਸਨ ਦਾ ਹੈ। ਜੈਸੀ ਦਾ ਕਹਿਣਾ ਹੈ ਕਿ ਉਹ ਨਿਊ ਮੈਕਸੀਕੋ ਦੇ ਇੱਕ ਮੇਲੇ ਵਿੱਚ ਚੌਵੀ ਘੰਟਿਆਂ `ਚ 142 ਮੀਲ 448 ਗਜ਼ ਵਗਿਆ। ਔਰਤਾਂ ਦਾ ਇਹ ਰਿਕਾਰਡ ਬਰਤਾਨੀਆਂ ਦੀ ਐੱਨ ਸਾਬੇਰ ਦਾ ਹੈ। ਉਸ ਨੇ ਚੌਵੀ ਘੰਟਿਆਂ ਵਿੱਚ 118.5 ਮੀਲ ਪੰਧ ਤਹਿ ਕੀਤਾ ਸੀ।

ਫਰਾਂਸ ਦੇ ਵਗਣ ਵਾਲਿਆਂ ਦੀ ਇੱਕ ਕਲੱਬ ਵੱਲੋਂ 1 ਅਪਰੈਲ 1910 ਨੂੰ 62137 ਯਾਨੀ ਇੱਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿੱਚ ਦੋ ਸੌ ਵਗਣ ਵਾਲਿਆਂ ਨੇ ਭਾਗ ਲਿਆ ਤੇ ਰੁਮਾਨੀਆਂ ਦਾ ਦਮਿਤਰੀ ਡਾਨ ਪ੍ਰਥਮ ਆਇਆ।

ਖ਼ੈਰ ਅਜਿਹੇ ਮਾਅਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਪਾਂ ਤਾਂ ਏਨਾ ਹੀ ਉੱਦਮ ਕਰ ਲਈਏ ਕਿ ਮੀਂਹ ਜਾਵੇ, ਨ੍ਹੇਰੀ ਜਾਵੇ, ਪੰਜ ਸੱਤ ਕਿਲੋਮੀਟਰ ਤੁਰਨਾ ਹੀ ਹੈ। ਤੇ ਏਨਾ ਕੁ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ ਵਿੱਚ ਧਾਰ ਲਵੇ ਕਿ ਐਵੇਂ ਹੀ ਰਿਕਸ਼ਿਆਂ ਟੈਂਪੂਆਂ `ਤੇ ਚੜ੍ਹੀ ਜਾਣਾ ਗੁਨਾਹ ਹੈ, ਖੱਜਲ ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ `ਚੋਂ ਕੱਢ ਦੇਈਏ ਕਿ ਲੋਕ ਕੀ ਆਖਦੇ ਹਨ? ਲੋਕਾਂ ਨੇ ਕੀ ਆਖਣਾ ਹੈ? ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ, ਚੋਰੀ ਯਾਰੀ ਨਹੀਂ ਤੇ ਨਾ ਹੀ ਕੋਈ ਠੱਗੀ ਠੋਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ?

ਜਿਹੜੇ ਲੋਕ ਟੋਲੀਆਂ ਬਣਾ ਕੇ ਤੁਰਨ ਦੇ ਟੂਰ ਲਗਾ ਸਕਦੇ ਹਨ, ਸਾਥੀ ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਤੁਰਦੇ ਹੋਏ ਕਲੋਲਾਂ ਕਰਦਿਆਂ ਵਾਟਾਂ ਨਬੇੜ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਇਥੇ ਹੀ ਹੈ। ਬੁੱਢੇ ਬੁੱਢੀਆਂ ਨੂੰ ਤੁਰਦਿਆਂ ਜੁਆਨੀ ਚੜ੍ਹ ਸਕਦੀ ਹੈ। ਇਕੱਲ ਵਿੱਚ ਤੁਰਦਿਆਂ ਕਲਪਨਾ ਦੇ ਉਹ ਹੁਲਾਰੇ ਲਏ ਜਾ ਸਕਦੇ ਹਨ ਜਿਹੜੇ ਸਿਰਫ ਕਵੀਆਂ ਦੀ ਅਮਾਨਤ ਸਮਝੇ ਗਏ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਨਸ਼ਾ ਹੈ, ਕਿਹੋ ਜਿਹਾ ਅਨੰਦ ਹੈ!

ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ ਟਾਰਜਨ ਕਰ ਕੇ ਹੀ ਜਾਣਦੇ ਹਨ ਓਲੰਪਿਕ ਖੇਡਾਂ ਦੇ ਪੰਜ ਗੋਲਡ ਮੈਡਲ ਜਿੱਤਣ ਕਰਕੇ ਨਹੀਂ।

ਜਾਨ੍ਹੀ ਵੇਜਮੂਲਰ ਦਾ ਜਨਮ ਆਸਟਰੀਆ ਵਿੱਚ ਵਿੰਡਵਰ ਵਿਖੇ 2 ਜੂਨ 1904 ਨੂੰ ਹੋਇਆ ਸੀ। ਉਸ ਦਾ ਪਿਤਾ ਕੋਲਾ ਖਾਣ ਵਿੱਚ ਕੰਮ ਕਰਦਾ ਸੀ ਤੇ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਫਿਰ ਉਹ ਆਸਟਰੀਆ ਤੋਂ ਅਮਰੀਕਾ ਜਾ ਵਸੇ। ਵੇਜਮੂਲਰ ਬਚਪਨ ਵਿੱਚ ਅਕਸਰ ਹੀ ਬਿਮਾਰ ਹੋ ਜਾਂਦਾ ਤੇ ਕਮਜ਼ੋਰ ਪੈ ਜਾਂਦਾ। ਉਸ ਨੂੰ ਇੱਕ ਡਾਕਟਰ ਨੇ ਦੱਸਿਆ ਕਿ ਜੇ ਉਹ ਐਰਨ ਦੀ ਕਸਰਤ ਕਰਿਆ ਕਰੇ ਤਾਂ ਬਿਮਾਰ ਹੋਣ ਤੋਂ ਬਚ ਸਕਦਾ ਹੈ। ਨੇੜੇ ਹੀ ਮਿਸ਼ੀਗਨ ਲੇਕ ਸੀ। ਵੇਜਮੂਲਰ ਉਸ ਝੀਲ ਵਿੱਚ ਤੈਰਨ ਦੀ ਕਸਰਤ ਕਰਨ ਲੱਗਾ। ਇੱਕ ਦਿਨ ਉਹ ਤੈਰਾਕੀ ਦੇ ਪ੍ਰਸਿੱਧ ਕੋਚ ਵਿਲੀਅਮ ਬਾਕਰਚ ਦੀ ਨਜ਼ਰੀਂ ਪੈ ਗਿਆ ਤੇ ਉਸ ਨੇ ਉਹਦੇ ਅੰਦਰ ਹੋਣਹਾਰ ਤੈਰਾਕ ਨੂੰ ਪਛਾਣ ਕੇ ਉਸ ਨੂੰ ਆਪਣਾ ਸ਼ਗਿਰਦ ਬਣਾ ਲਿਆ। ਉਸ ਨੂੰ ਗ਼ਲਤ ਤਰ੍ਹਾਂ ਤੈਰਨੋਂ ਹਟਾ ਕੇ ਠੀਕ ਤਰ੍ਹਾਂ ਤੈਰਨ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

ਵੇਜਮੂਲਰ ਦਾ ਕੱਦ ਛੇ ਫੁੱਟ ਤਿੰਨ ਇੰਚ ਉੱਚਾ ਨਿਕਲ ਗਿਆ ਤੇ ਉਹ ਲੰਮੀਆਂ ਬਾਹਾਂ ਨਾਲ ਪਾਣੀ ਉਤੇ ਸ਼ੁਕਾਟ ਪਾਉਂਦਾ ਤੈਰਨ ਲੱਗਾ। ਉਹਦੇ ਤੈਰਨ ਦਾ ਤਰੀਕਾ ਵੀ ਨਿਆਰਾ ਸੀ। ਉਹ ਆਪਣੇ ਸਰੀਰ ਨੂੰ ਪਾਣੀ ਵਿੱਚ ਡੋਬਣ ਦੀ ਥਾਂ ਉਹਦੇ ਉਪਰ ਹੀ ਤੈਰਨ ਦਾ ਅਭਿਆਸ ਕਰਨ ਲੱਗਾ। ਇੰਜ ਪਾਣੀ ਉਹਦੀ ਗਤੀ ਨੂੰ ਘੱਟ ਰੋਕ ਸਕਦਾ ਸੀ। ਫਰੀ ਸਟਾਈਲ ਤੈਰਦਿਆਂ ਉਹ ਆਪਣਾ ਸਿਰ ਬਾਜ਼ੂਆਂ ਨਾਲ ਸੱਜੇ ਖੱਬੇ ਘੁੰਮਾਉਂਦਾ। ਇੰਜ ਉਸ ਨੂੰ ਦੂਜੇ ਤੈਰਾਕਾਂ ਦੇ ਅੱਗੇ ਪਿੱਛੇ ਹੋਣ ਦਾ ਆਪ ਮੁਹਾਰੇ ਪਤਾ ਲੱਗਦਾ ਰਹਿੰਦਾ। ਤੈਰਾਕੀ ਵਿੱਚ ਉਹ ਅਜਿਹਾ ਚੱਲਿਆ ਕਿ ਉਸ ਨੇ ਸਤਾਰਾਂ ਸਾਲ ਦੀ ਉਮਰ ਵਿੱਚ ਹੀ 100 ਮੀਟਰ ਫਰੀ ਸਟਾਈਲ ਤਾਰੀ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ।

1924 `ਚ ਹੋਈਆਂ ਪੈਰਿਸ ਦੀਆਂ ਓਲੰਪਿਕ ਖੇਡਾਂ ਜਿਥੇ ਅਥਲੈਟਿਕਸ ਵਿੱਚ ਪਾਵੋ ਨੁਰਮੀ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ ਉਥੇ ਤੈਰਾਕੀ ਵਿੱਚ ਇਨ੍ਹਾਂ ਨੂੰ ਜਾਨ੍ਹੀ ਵੇਜਮੂਲਰ ਦੀਆਂ ਖੇਡਾਂ ਦਾ ਨਾਂ ਦਿੱਤਾ ਗਿਆ ਹੈ। ਪੈਰਿਸ ਵਿੱਚ 100 ਮੀਟਰ ਫਰੀ ਸਟਾਈਲ ਤਾਰੀ ਦਾ ਅਸਲ ਮੁਕਾਬਲਾ ਤਿੰਨੇ ਅਮਰੀਕੀ ਤੈਰਾਕਾਂ ਵਿਚਾਲੇ ਸੀ। ਡਿਊਕ ਕਾਹਨਾਮੋਕੂ 1912 ਤੇ 1920 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਸੀ ਤੇ ਤੀਜੀ ਵਾਰ ਲਗਾਤਾਰ ਜਿੱਤ ਕੇ ਹੈਟ ਟ੍ਰਿਕ ਮਾਰਨਾ ਚਾਹੁੰਦਾ ਸੀ। ਤਾਰੀ ਸ਼ੁਰੂ ਹੋਈ ਤਾਂ 75 ਮੀਟਰ ਤਕ ਡਿਊਕ ਹੀ ਅੱਗੇ ਰਿਹਾ ਪਰ ਅਖ਼ੀਰਲੇ ਪੱਚੀ ਮੀਟਰਾਂ ਵਿੱਚ ਵੇਜਮੂਲਰ ਉਸ ਨੂੰ ਪੈ ਗਿਆ ਤੇ ਨਾਲ ਦੀ ਨਾਲ ਉਹਨੇ ਇੱਕ ਮਿੰਟ ਸਮੇਂ ਦੀ ਹੱਦ ਵੀ ਤੋੜ ਦਿੱਤੀ। ਉਸ ਨੇ 59 ਸੈਕੰਡ ਦੇ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ। ਦੂਜਾ ਗੋਲਡ ਮੈਡਲ ਉਸ ਨੇ 400 ਮੀਟਰ ਦੀ ਫਰੀ ਸਟਾਈਲ ਤਾਰੀ ਵਿਚੋਂ ਹਾਸਲ ਕੀਤਾ। ਤੀਜਾ ਸੋਨੇ ਦਾ ਤਮਗ਼ਾ ਉਸ ਨੂੰ 4+200 ਮੀਟਰ ਰਿਲੇਅ ਤਾਰੀ ਵਿਚੋਂ ਮਿਲਿਆ। ਕੁਲ ਮਿਲਾ ਕੇ ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਦਾ ਸਭ ਤੋਂ ਤਕੜਾ ਤੈਰਾਕ ਸਿੱਧ ਹੋਇਆ।

ਚਾਰ ਸਾਲ ਬਾਅਦ ਐਮਸਟਰਡਮ ਦੀਆਂ ਓਲੰਪਿਕ ਖੇਡਾਂ ਸਮੇਂ ਵੀ ਉਹ ਪੂਰੀ ਤਿਆਰੀ ਵਿੱਚ ਸੀ। ਅਮਰੀਕਾ ਦੇ ਤੈਰਾਕਾਂ ਦੀ ਉਂਜ ਵੀ ਗੱਡੀ ਚੜ੍ਹੀ ਹੋਈ ਸੀ। ਬਾਕੀ ਮੁਲਕਾਂ ਦੇ ਤੈਰਾਕ ਉਨ੍ਹਾਂ ਤੋਂ ਕੰਨ ਭੰਨਦੇ ਸਨ। ਐਮਸਟਰਡਮ ਵਿੱਚ ਉਹ 100 ਮੀਟਰ ਫਰੀ ਸਟਾਈਲ ਤਾਰੀ ਫਿਰ ਨਵੇਂ ਓਲੰਪਿਕ ਰਿਕਾਰਡ 58.6 ਸਕਿੰਟ ਵਿੱਚ ਲਾ ਕੇ ਜੇਤੂ ਰਿਹਾ। ਆਪਣਾ ਪੰਜਵਾਂ ਸੋਨ ਤਮਗ਼ਾ ਉਸ ਨੇ 4+200 ਮੀਟਰ ਰਿਲੇਅ ਤਾਰੀ ਵਿਚੋਂ ਜਿੱਤਿਆ। 1924 ਦੀਆਂ ਓਲੰਪਿਕ ਖੇਡਾਂ ਵਿੱਚ ਇੱਕ ਤਾਂਬੇ ਦਾ ਤਮਗ਼ਾ ਉਸ ਨੇ ਵਾਟਰ ਪੋਲੋ ਵਿਚੋਂ ਜਿੱਤਿਆ ਸੀ।

ਜਾਨ੍ਹੀ ਵੇਜਮੂਲਰ 1932 ਵਿਚਲੀਆਂ ਲਾਸ ਏਂਜਲਸ ਦੀਆਂ ਓਲਮਪਿਕ ਖੇਡਾਂ ਲਈ ਤਿਆਰ ਹੋ ਰਿਹਾ ਸੀ ਕਿ ਉਹਦਾ ਕੱਦਾਵਰ ਤੇ ਸਡੌਲ ਗੁੰਦਵਾਂ ਜੁੱਸਾ ਹਾਲੀਵੁੱਡ ਫਿਲਮਾਂ ਦੇ ਇੱਕ ਨਿਰਮਾਤਾ ਦੀ ਨਜ਼ਰੀਂ ਪੈ ਗਿਆ। ਤੈਰਾਕੀ ਦੀ ਪੁਸ਼ਾਕ ਵਿੱਚ ਉਹ ਫਿਲਮ ਨਿਰਮਾਤਾ ਨੂੰ ਬਹੁਤ ਸੁਨੱਖਾ ਤੇ ਬੇਹੱਦ ਸ਼ਕਤੀਸ਼ਾਲੀ ਪੁਰਸ਼ ਦਿਸਿਆ। ਉਸ ਨੂੰ ਉਹਦਾ ਜੁੱਸਾ ਜੱਚ ਗਿਆ। ਉਹ ਟਾਰਜਨ ਦਾ ਰੋਲ ਕਰਾਉਣ ਲਈ ਕਿਸੇ ਅਜਿਹੇ ਮਰਦ ਦੀ ਹੀ ਭਾਲ ਵਿੱਚ ਸੀ। ਟਾਰਜਨ ਦੇ ਅਦਾਕਾਰ ਤੋਂ ਸੁਪਰਮੈਨ ਦਾ ਰੋਲ ਅਦਾ ਕਰਾਉਣਾ ਸੀ। ਫਿਲਮ ਨਿਰਮਾਤਾ ਨੇ ਵੇਜਮੂਲਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਓਲੰਪਿਕ ਚੈਂਪੀਅਨ ਟਰਜਨ ਦਾ ਰੋਲ ਅਦਾ ਕਰਨ ਲਈ ਤਿਆਰ ਹੋ ਗਿਆ।

ਟਾਰਜਨ ਦੇ ਰੂਪ ਵਿੱਚ ਫਿਰ ਉਸ ਨੇ ਮਗਰਮੱਛਾਂ ਨਾਲ ਘੋਲ ਕੀਤੇ, ਜੰਗਲਾਂ ਵਿੱਚ ਜੰਗਲੀ ਜਾਨਵਰਾਂ ਨਾਲ ਭਿੜਿਆ ਤੇ ਪਾਣੀ ਦੇ ਹੇਠਾਂ ਹੈਰਾਨਕੁਨ ਕਰਤਬ ਵਿਖਾਏ। ਉਹ ਫਿਲਮੀ ਦਰਸ਼ਕਾਂ ਦਾ ਸਭ ਤੋਂ ਮਨਭਾਉਂਦਾ ਹੀਰੋ ਬਣ ਗਿਆ। ਉਹਨੀਂ ਦਿਨੀਂ ਓਲੰਪਿਕ ਚੈਂਪੀਅਨ ਨੂੰ ਕੋਈ ਮਾਇਕ ਇਨਾਮ ਨਹੀਂ ਸੀ ਦਿੱਤਾ ਜਾ ਸਕਦਾ। ਉਹ ਨਿਰੋਲ ਸ਼ੌਕੀਆ ਖਿਡਾਰੀ ਹੁੰਦੇ ਸਨ। ਟਾਰਜਨ ਦਾ ਰੋਲ ਅਦਾ ਕਰਨ ਨਾਲ ਵੇਜਮੂਲਰ ਦੀ ਕਦਰ ਕੀਮਤ ਲੱਖਾਂ ਡਾਲਰਾਂ ਤਕ ਅੱਪੜ ਗਈ। ਉਸ ਦੀ ਮਾਲੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਤਿੰਨ ਹੋਰ ਓਲੰਪੀਅਨ ਬਸਟਰ ਕਰੈਬ, ਹਰਮਨ ਬਰਿਕਸ ਤੇ ਗਲੈੱਨ ਮੌਰਿਸ ਵੀ ਟਾਰਜਨ ਦਾ ਰੋਲ ਅਦਾ ਕਰਨ ਲੱਗੇ।

ਜਾਨ੍ਹੀ ਵੇਜਮੂਲਰ ਨੇ ਆਪਣੇ ਤੇਰਨ ਦੇ ਦਿਨਾਂ ਵਿੱਚ ਕੁਲ ਜੋੜ ਕੇ 67 ਵਾਰ ਵਿਸ਼ਵ ਰਿਕਾਰਡ ਰੱਖੇ ਜੋ ਆਪਣੇ ਆਪ ਵਿੱਚ ਵਿਸ਼ਵ ਰਿਕਾਰਡ ਹੈ। ਉਸ ਨੇ ਪੰਜ ਵਾਰ ਆਪਣਾ ਅਸਲੀ ਵਿਆਹ ਕਰਾਇਆ ਤੇ ਫਿਲਮੀ ਵਿਆਹਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਇਸ ਪਾਸੇ ਵੀ ਉਸ ਰਿਕਾਰਡ ਰੱਖਣ ਵਾਲਿ ਗੱਲ ਕੀਤੀ। ਅਖ਼ੀਰ ਉਹ 20 ਜਨਵਰੀ 1984 ਨੂੰ ਮੈਕਸੀਕੋ ਵਿੱਚ ਮਰਿਆ ਤੇ ਹੁਣ ਸਾਡੇ ਕੋਲ ਉਹਦੇ ਲਾਸਾਨੀ ਕਾਰਨਾਮਿਆਂ ਦੀਆਂ ਗੱਲਾਂ ਹੀ ਰਹਿ ਗਈਆਂ ਹਨ।

ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਿਆ ਗਿਆ ਸੀ ਤੇ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਬਹੁਤੇ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਕਈ ਵਾਰ ਉਹ ਨੈੱਟ ਪਾੜ ਕੇ ਲੰਘ ਜਾਂਦੀ ਸੀ। ਉਸ ਦੀ ਖ਼ਤਰਨਾਕ ਹਿੱਟ `ਤੇ ਕਾਬੂ ਪਾਉਣ ਲਈ ਐੱਫ.ਆਈ.ਐੱਚ.ਨੇ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲ ਦਿੱਤੇ ਸਨ।

ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ ਪੋਸਟ ਦੇ ਨੈੱਟ ਵਿੱਚ ਵੀ ਜਾ ਲੱਗੇ ਤਾਂ ਗੋਲ ਗਿਣਿਆ ਜਾਂਦਾ ਸੀ। ਫਿਰ ਨਿਯਮ ਬਣ ਗਿਆ ਕਿ ਪੈਨਲਟੀ ਕਾਰਨਰ ਦੀ ਹਿੱਟ ਜੇਕਰ ਗੋਲ ਪੋਸੇ ਦੇ ਫੱਟੇ ਵਿੱਚ ਹੀ ਵੱਜੇ ਤਦ ਹੀ ਗੋਲ ਗਿਣਿਆ ਜਾਵੇਗਾ ਵਰਨਾ ਹਿੱਟ ਅੰਡਰ ਕੱਟ ਕਰਾਰ ਦੇ ਦਿੱਤੀ ਜਾਵੇਗੀ। ਜਦੋਂ ਇਹ ਨਿਯਮ ਬਣਿਆ ਤਾਂ ਅਖ਼ਬਾਰਾਂ `ਚ ਚਰਚਾ ਸੀ ਕਿ ਪ੍ਰਿਥੀਪਾਲ ਸਿੰਘ ਦੀ ਹਿੱਟ ਤੋਂ ਡਰਦਿਆਂ ਖੇਡ ਦਾ ਨਿਯਮ ਬਦਲਿਆ ਗਿਆ ਹੈ।

ਨਿਊਜ਼ੀਲੈਂਡ ਦੇ ਇੱਕ ਅਖ਼ਬਾਰ ਨੇ ਤਾਂ ਪ੍ਰਿਥੀਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਬੰਬ ਲਿਖ ਦਿੱਤਾ ਸੀ, ਸਭ ਤੋਂ ਖ਼ਤਰਨਾਕ ਹਥਿਆਰ। ਉਸ ਨੇ ਗੋਲਕੀਪਰਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਦੀ ਹਿੱਟ ਰੋਕਣ ਤੇ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਦੀ ਥਾਂ ਬਿਹਤਰ ਹੋਵੇਗਾ ਉਹ ਗੋਲ ਹੀ ਖਾਲੀ ਛੱਡ ਦੇਣ। ਇਹੋ ਜਿਹੀ ਸੀ ਪ੍ਰਿਥੀਪਾਲ ਸਿੰਘ ਦੀ ਦਹਿਸ਼ਤ!

ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਫਾਈਨਲ ਮੈਚ ਖੇਡਦਿਆਂ ਭਾਰਤ ਨੇ ਪਾਕਿਸਤਾਨ ਸਿਰ ਇੱਕ ਗੋਲ ਕਰ ਦਿੱਤਾ ਸੀ। ਪਾਕਿਸਤਾਨ ਦਾ ਫੁੱਲ ਬੈਕ ਤਨਵੀਰ ਆਪਣੇ ਫਾਰਵਰਡ ਖਿਡਾਰੀ ਬੋਲੇ ਨੂੰ ਕਹਿਣ ਲੱਗਾ, “ਬੋਲਿਆ ਮਰ ਅਗਾਂਹ ਤੇ ਗੋਲ ਉਤਾਰ।” ਭੋਲਾ ਪ੍ਰਿਥੀਪਾਲ ਵੱਲ ਹੱਥ ਕਰ ਕੇ ਬੋਲਿਆ, “ਅਗਾਂਹ ਤੇਰਾ ਪਿਓ ਖੜ੍ਹਾ, ਇਹ ਨ੍ਹੀਂ ਲੰਘਣ ਦਿੰਦਾ ਹੁਣ। ਬਹੁਤਾ ਔਖੈਂ ਤਾਂ ਆਪ ਅਗਾਂਹ ਹੋ ਕੇ ਦੇਖ ਲੈ।”

ਪ੍ਰਿਥੀਪਾਲ ਸਿੰਘ ਨੂੰ ਚੀਨ ਦੀ ਕੰਧ ਵੀ ਕਿਹਾ ਜਾਂਦਾ ਸੀ। ਭਾਰਤੀ ਹਾਕੀ ਦਾ ਥੰਮ੍ਹ ਸੀ ਉਹ। ਮੈਂ ਜਦੋਂ ਪਹਿਲੀ ਵਾਰ ਉਹਦੇ ਬਾਰੇ ਆਰਟੀਕਲ ਲਿਖਿਆ ਤਾਂ ਉਸ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ ਸੀ। ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ। ਉਥੋਂ ਦੇ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਉਸ ਦੇ ਪਿਤਾ ਜੀ ਮਾਸਟਰ ਸਨ ਤੇ ਪ੍ਰਿਥੀਪਾਲ ਦਾ ਖੇਡ ਕੈਰੀਅਰ ਉਸ ਸਕੂਲ ਦੇ ਖੇਡ ਮੈਦਾਨਾਂ `ਚੋਂ ਸ਼ੁਰੂ ਹੋਇਆ ਸੀ। ਪਹਿਲਾਂ ਉਹ ਫੁਟਬਾਲ ਖੇਡਣ ਲੱਗਾ ਸੀ।

1969 ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਮੈਂ ਨਨਕਾਣਾ ਸਾਹਿਬ ਗਿਆ ਤਾਂ ਪ੍ਰਿਥੀਪਾਲ ਦੇ ਦਿੱਤੇ ਸੁਨੇਹੇ ਮੁਤਾਬਿਕ ਉਹਦੇ ਖੇਡਣ ਵਾਲਾ ਪਹਿਲਾ ਖੇਡ ਮੈਦਾਨ ਵੇਖ ਕੇ ਆਇਆ। ਮੁੜ ਕੇ ਲੁਧਿਆਣੇ ਦੀ ਜ਼ਰਾਇਤੀ ਯੂਨੀਵਰਸਿਟੀ ਵਿੱਚ ਪ੍ਰਿਥੀਪਾਲ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਪਿੰਡ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ ਸੀ। ਦੱਸਿਆ ਸੀ ਕਿ ਉਨ੍ਹਾਂ ਦੇ ਘਰ ਵਿੱਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਸਲਾਮ ਭੇਜੀ ਹੈ। ਉਸ ਹੱਟੀ ਦਾ ਜ਼ਿਕਰ ਵੀ ਛਿੜਿਆ ਜਿਹੜੀ ਸ਼ਰਾਰਤੀ ਖਿਡਾਰੀਆਂ ਨੇ ਰਲ ਕੇ ਰਾਤ ਦੇ ਹਨ੍ਹੇਰੇ ਵਿੱਚ ਭੰਨੀ ਸੀ ਤੇ ਖਾਣ ਪੀਣ ਵਾਲੀਆਂ ਵਸਤਾਂ ਖਾ ਪੀ ਲਈਆਂ ਸਨ।

ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ਸਿੰਮ ਆਏ ਹੰਝੂਆਂ ਨਾਲ ਤਰ ਹੋ ਗਈਆਂ ਸਨ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ! ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦਾ ਬਚਪਨ ਭਾਵੇਂ ਕਿੰਨੀਆਂ ਵੀ ਤੰਗੀਆਂ ਵਾਲਾ ਕਿਉਂ ਨਾ ਗੁਜ਼ਰਿਆ ਹੋਵੇ, ਬਚਪਨ ਨੂੰ ਯਾਦ ਕਰਦਿਆਂ ਹਰ ਕੋਈ ਅਕਹਿ ਨਸ਼ੇ ਜਿਹੇ ਵਿੱਚ ਗੁਆਚ ਜਾਂਦੈ। ਹੁਲਾਰਾ ਜਿਹਾ ਆ ਜਾਂਦੈ ਬਚਪਨ ਨੂੰ ਯਾਦ ਕਰ ਕੇ। ਪ੍ਰਿਥੀਪਾਲ ਸਿੰਘ ਵੀ ਬਚਪਨ ਦੀੳਾਂ ਗੱਲਾਂ ਕਰਦਾ ਆਪਣੇ ਆਪ ਵਿੱਚ ਖੋ ਜਾਂਦਾ ਸੀ। ਹੁਣ ਤਾਂ ਉਸ ਨੂੰ ਪਰਲੋਕ ਸਿਧਾਰਿਆਂ ਵੀ ਪੌਣੀ ਸਦੀ ਹੋ ਗਈ ਹੈ। ਪਿੱਛੇ ਉਹਦੀਆਂ ਯਾਦਾਂ ਹੀ ਰਹਿ ਗਈਆਂ ਹਨ ਤੇ ਜਾਂ ਖੇਡ ਖੇਤਰ ਵਿੱਚ ਕੀਤੀਆਂ ਹੋਈਆਂ ਪੈੜਾਂ।

ਮੇਰਾ ਪ੍ਰਿਥੀਪਾਲ ਸਿੰਘ ਵੱਲ ਵਾਹਵਾ ਜਾਣ ਆਉਣ ਸੀ। ਮੈਂ ਉਸ ਨੂੰ ਪਹਿਲੀ ਵਾਰ ਦਿੱਲੀ ਸ਼ਿਵਾ ਜੀ ਸਟੇਡੀਅਮ ਵਿੱਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿੱਚ ਉਸ ਕੋਲ ਇੱਕ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਿਆ ਤਾਂ ਅਕਸਰ ਹੀ ਮੇਲ ਮਿਲਾਪ ਹੋਣ ਲੱਗਾ। ਉਹ ਮੇਰੇ ਪਿੰਡ ਚਕਰ ਤੇ ਸਾਡੇ ਕਾਲਜ ਢੁੱਡੀਕੇ ਜਾ ਆਇਆ ਸੀ ਪਰ ਮੈਂ ਉਸ ਦਾ ਦੇਸ਼ ਵੰਡ ਤੋਂ ਬਾਅਦ ਦਾ ਪਿੰਡ ਭੱਟ ਮਾਜਰਾ ਉਹਦੇ ਜੀਂਦੇ ਜੀਅ ਨਹੀਂ ਸਾਂ ਵੇਖ ਸਕਿਆ। 1947 ਦੇ ਬਟਵਾਰੇ ਪਿੱਛੋਂ ਪ੍ਰਿਥੀਪਾਲ ਹੋਰਾਂ ਦਾ ਪਰਿਵਾਰ ਨਨਕਾਣਾ ਸਹਿਬ ਤੋਂ ਉੱਜੜ ਪੁੱਜੜ ਕੇ ਬਹਾਦਰਗੜ੍ਹ ਨੇੜੇ ਅਲਾਟ ਹੋਈ ਪੱਚੀ ਏਕੜ ਜ਼ਮੀਨ ਉਤੇ ਪਿੰਡ ਭੱਟ ਮਾਜਰੇ ਆ ਬੈਠਾ।

ਪ੍ਰਿਥੀਪਾਲ ਸਿੰਘ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਿਆ, ਖੇਡਿਆ ਤੇ ਐੱਮ.ਐੱਸ ਸੀ.ਕਰਨ ਪਿੱਛੋਂ ਹਾਕੀ ਖੇਡ ਲਈ ਪੰਜਾਬ ਪੁਲਿਸ ਵਿੱਚ ਠਾਣੇਦਾਰ ਭਰਤੀ ਹੋ ਗਿਆ। ਫਿਰ ਰੇਲਵੇ ਦੀ ਨੌਕਰੀ ਵਿੱਚ ਚਲਾ ਗਿਆ ਤੇ ਗੇੜੇ ਖਾਂਦਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਸਟੂਡੈਂਟਸ ਵੈੱਲਫੇਅਰ ਵਿਭਾਗ ਦਾ ਡਾਇਰੈਕਟਰ ਬਣ ਗਿਆ। ਉਸ ਦੀ ਡਾਇਰੈਕਟਰੀ ਜੋਬਨ ਉਤੇ ਸੀ ਜਦੋਂ ਯੂਨੀਵਰਸਿਟੀ ਕੈਂਪਸ ਵਿੱਚ ਹੀ ਉਸ ਦਾ ਕਤਲ ਹੋ ਗਿਆ। ਪਿੱਛੇ ਉਸ ਦੀ ਵਿਧਵਾ, ਗੋਦ ਲਈ ਬੱਚੀ ਤੇ ਭਤੀਜੇ ਭਤੀਜੀਆਂ ਰਹਿ ਗਏ। ਪ੍ਰਿਥੀਪਾਲ ਜੋੜੇ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਦੇ ਵੱਡੇ ਭਰਾ ਦਾ ਪਹਿਲਾਂ ਹੀ ਇੱਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ।

ਪ੍ਰਿਥੀਪਾਲ ਸਿੰਘ ਮੈਨੰ ਅਕਸਰ ਚੇਤੇ ਆਉਂਦਾ ਰਹਿੰਦਾ ਹੈ। ਕੁੱਝ ਉਹਦੀ ਲਾਜਵਾਬ ਖੇਡ ਸਦਕਾ ਤੇ ਕੁੱਝ ਉਹਦੇ ਨਾਲ ਹੋਏ ਮੇਲ ਮਿਲਾਪ ਸਦਕਾ। 1982 ਵਿੱਚ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਲੁਧਿਆਣੇ ਹੋਈ ਮੁਲਾਕਾਤ ਮੁੜ ਮੁੜ ਯਾਦ ਆ ਜਾਂਦੀ ਹੈ। ਉਦੋਂ ਉਸ ਨੇ ਮੈਨੂੰ ਉਸ ਪੱਤਰ ਦੀ ਫੋਟੋ ਕਾਪੀ ਦਿੱਤੀ ਸੀ ਜੋ ਉਸ ਨੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖਿਆ ਸੀ। ਉਸ ਵਿੱਚ ਦੱਸਿਆ ਗਿਆ ਸੀ ਕਿ ਏਸ਼ੀਆਡ ਦੇ ਪ੍ਰਬੰਧਕਾਂ ਨੇ ਭਾਰਤ ਲਈ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ ਖੇਡਾਂ ਵੇਖਣ ਲਈ ਸੱਦਾ ਪੱਤਰ ਨਹੀਂ ਸਨ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਾ। ਪਾਕਿਸਤਾਨ ਦੇ ਇੱਕ ਹਾਕੀ ਖਿਡਾਰੀ ਨੇ ਲੁਧਿਆਣੇ ਆ ਕੇ ਉਸ ਨੂੰ ਕਿਹਾ ਸੀ ਕਿ ਉਸ ਦੇ ਪਾਸ ਉਤੇ ਉਹ ਦਿੱਲੀ ਚੱਲਿਆ ਚੱਲੇ।

ਲੁਧਿਆਣੇ ਅਸੀਂ ਉਸ ਦੇ ਦਫਤਰ ਵਿੱਚ ਬੈਠੇ ਸਾਂ ਤੇ ਭਾਰਤ ਦੇ ਖੇਡਾਂ ਵਿੱਚ ਮੰਦੇ ਹਾਲ ਦੀ ਚਰਚਾ ਚੱਲ ਰਹੀ ਸੀ। ਚਰਚਾ ਚਲਦੀ ਹੋਈ 1964 ਦੀਆਂ ਓਲੰਪਿਕ ਖੇਡਾਂ ਦੇ ਹਾਕੀ ਜੇਤੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਵੱਲੋਂ ਚੰਡੀਗੜ੍ਹ ਵਿੱਚ ਕਨਾਲ ਕਨਾਲ ਦੇ ਪਲਾਟ ਅਲਾਟ ਕੀਤੇ ਜਾਣ ਦੀ ਗੱਲ ਛਿੜ ਪਈ। ਮੈਂ ਪੁੱਛਿਆ ਸੀ, “ਉਨ੍ਹਾਂ ਪਲਾਟਾਂ ਦਾ ਕੀ ਬਣਿਆ ਫੇਰ?”

ਪ੍ਰਿਥੀਪਾਲ ਸਿੰਘ ਨੇ ਦੱਸਿਆ ਸੀ ਕਿ ਅਜਿਹੇ ਐਲਾਨ ਸਿਰਫ ਐਲਾਨ ਈ ਹੁੰਦੇ ਨੇ। ਅਮਲ ਇਨ੍ਹਾਂ ਉਤੇ ਕੋਈ ਭੜੂਆ ਨਹੀਂ ਕਰਦਾ।

ਉਥੇ ਬੈਠਿਆਂ ਹੀ ਪ੍ਰਿਥੀਪਾਲ ਸਿੰਘ ਨੇ ਪੇਸ਼ਕਸ਼ ਕੀਤੀ, “ਆਹ ਹੁਣ 82 ਦੀਆਂ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟਾਂ ਨੂੰ ਵੀ ਜੇ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕੀਤੇ ਇਨਾਮ ਦੇ ਜਾਵੇ ਤਾਂ ਮੈਂ ਆਪਣਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੱਖ ਮੰਤਰੀ ਨੂੰ ਦੇ ਦਊਂ।” ਉਨ੍ਹਾਂ ਦਿਨਾਂ ਵਿੱਚ ਉਸ ਗੋਲਡ ਮੈਡਲ ਦੀ ਤਸਵੀਰ ਨਾਲ ਮੈਂ ਇੱਕ ਆਰਟੀਕਲ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਵਾਇਆ ਸੀ ਕਿ ਵੇਖਦੇ ਆਂ ਪੰਜਾਬ ਦਾ ਮੁੱਖ ਮੰਤਰੀ ਪ੍ਰਿਥੀਪਾਲ ਸਿੰਘ ਵਾਲਾ ਗੋਲਡ ਮੈਡਲ ਜਿੱਤ ਸਕਦੈ ਕਿ ਨਹੀਂ?”

ਆਮ ਲੋਕ ਇਹ ਸਮਝ ਬਹਿੰਦੇ ਹਨ ਕਿ ਐਲਾਨੀ ਹੋਈ ਰਕਮ ਜਾਂ ਪਲਾਟ ਮੁਫ਼ਤ ਮਿਲ ਜਾਣ ਨਾਲ ਖਿਡਾਰੀ ਬਹੁਤ ਅਮੀਰ ਹੋ ਜਾਂਦੇ ਹੋਣਗੇ ਪਰ ਇੰਜ ਬੜਾ ਘੱਟ ਹੁੰਦੈ। ਬਹੁਤ ਸਾਰੇ ਸਰਕਾਰੀ ਐਲਾਨ ਮਹਿਜ਼ ਫੋਕੇ ਐਲਾਨ ਹੀ ਰਹਿ ਜਾਂਦੇ ਨੇ। ਪੁਰਾਣੇ ਜੇਤੂਆਂ ਨੂੰ ਐਲਾਨੇ ਹੋਏ ਪਲਾਟ ਨਹੀਂ ਸਨ ਮਿਲ ਸਕੇ ਤੇ ਏਸ਼ੀਆਡ ਦੇ ਜੇਤੂ ਲੱਖ ਲੱਖ ਦੇ ਇਨਾਮ ਉਡੀਕਦੇ ਰਹੇ। ਹੋਰ ਤਾਂ ਹੋਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਕਈ ਕਈ ਸਾਲ ਨਹੀਂ ਮਿਲਦੇ ਰਹੇ। ਏਸ਼ੀਆ ਵਿੱਚ ਅੱਵਲ ਨੰਬਰ ਗੋਲੇ ਦਾ ਸੁਟਾਵਾ ਜੋਗਿੰਦਰ ਸਿੰਘ ਵਾਰ ਵਾਰ ਕਹਿੰਦਿਆਂ ਦਿਲ ਦੇ ਦੌਰੇ ਨਾਲ ਮਰ ਗਿਆ ਕਿ ਪੰਜਾਬ ਵਾਲੇ ਉਸ ਨੂੰ ਪੰਜਾਬ ਦਾ ਖਿਡਾਰੀ ਨਹੀਂ ਸਨ ਮੰਨਦੇ ਤੇ ਫੌਜ ਵਾਲੇ ਕਹਿੰਦੇ ਸਨ ਕਿ ਉਸ ਨੂੰ ਇਨਾਮ ਹੀ ਪੰਜਾਬ ਸਰਕਾਰ ਵੱਲੋਂ ਦੇਣੇ ਬਣਦੇ ਹਨ। ਫੌਜ ਵਿੱਚ ਤਾਂ ਉਹ ਨੌਕਰੀ ਹੀ ਕਰਦਾ ਹੈ ਜਦ ਕਿ ਪਿੰਡ ਉਸ ਦਾ ਪੰਜਾਬ ਵਿੱਚ ਹੈ।

ਗੱਲ ਕਰ ਰਹੇ ਸਾਂ ਪ੍ਰਿਥੀਪਾਲ ਦੀ। ਮੈਂ ਟੋਰਾਂਟੋ ਤੋਂ ਪੰਜਾਬ ਗਿਆ ਹੋਇਆ ਸਾਂ ਕਿ ਇੱਕ ਦਿਨ ਫੋਨ ਆਇਆ। ਫੋਨ ਕਰਨ ਵਾਲਾ ਪ੍ਰਿਥੀਪਾਲ ਸਿੰਘ ਦਾ ਭਤੀਜਾ ਤਰਲੋਚਣ ਸਿੰਘ ਸੀ। ਉਹਦੇ ਬੋਲਾਂ ਨਾਲ ਉਹਦੇ ਚਾਚੇ ਦੀਆਂ ਯਾਦਾਂ ਫਿਰ ਸੱਜਰੀਆਂ ਹੋ ਗਈਆਂ। ਤਰਲੋਚਣ ਸਿੰਘ ਹੋਰਾਂ ਦਾ ਸੱਦਾ ਸੀ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ। ਉਨ੍ਹਾਂ ਨੇ ਆਪਣੇ ਪਿੰਡ ਭੱਟ ਮਾਜਰੇ ਵਿੱਚ ਪਬਲਿਕ ਸਕੂਲ ਖੋਲ੍ਹਿਆ ਹੈ ਅਤੇ ਪ੍ਰਿਥੀਪਾਲ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਬਣਾਇਆ ਹੈ। ਉਨ੍ਹਾਂ ਨੇ ਪ੍ਰਿਥੀਪਾਲ ਸਿੰਘ ਦੀ ਯਾਦ ਵਿੱਚ ਖੇਡ ਮੇਲਾ ਵੀ ਕਰਾਇਆ ਸੀ ਪਰ ਮੈਂ ਉਦੋਂ ਪਹੁੰਚ ਨਹੀਂ ਸਾਂ ਸਕਿਆ ਜਿਸ ਦਾ ਮੈਨੂੰ ਦਿਲੀ ਅਫਸੋਸ ਸੀ।

ਫੱਗਣ 2006 ਦੀ ਸੰਗਰਾਂਦ ਆਈ ਤਾਂ ਮੈਨੂੰ ਪ੍ਰਿਥੀਪਾਲ ਸਿੰਘ ਦੇ ਪਿੰਡ ਦੀ ਯਾਤਰਾ ਕਰਨੀ ਨਸੀਬ ਹੋਈ। ਤਰਲੋਚਣ ਸਿੰਘ ਹੋਰਾਂ ਦਾ ਸੁਝਾਅ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਅੱਗੇ ਪੁੱਜ ਤੇ ਉਥੋਂ ਉਹ ਮੈਨੂੰ ਆਪੇ ਨਾਲ ਲੈ ਜਾਣਗੇ। ਮੈਂ ਲੁਧਿਆਣੇ ਤੋਂ ਲਾਹੌਰ ਬੁੱਕ ਸ਼ਾਪ ਵਾਲੇ ਪਬਲਿਸ਼ਰ ਤੇਜਿੰਦਰਬੀਰ ਸਿੰਘ ਨੂੰ ਨਾਲ ਲਿਆ ਤੇ ਮਿਥੇ ਸਮੇਂ ਪਟਿਆਲੇ ਪੁੱਜ ਗਿਆ। ਤਰਲੋਚਣ ਸਿੰਘ ਹੋਰੀਂ ਪਹਿਲਾਂ ਹੀ ਉਡੀਕ ਰਹੇ ਸਨ। ਉਥੋਂ ਅਸੀਂ ਬਹਾਦਰਗੜ੍ਹ ਵਿੱਚ ਦੀ ਅੱਗੇ ਭੱਟ ਮਾਜਰਾ ਗਏ ਜੋ ਪੰਜਾਬੀ ਯੂਨੀਵਰਸਿਟੀ ਤੋਂ ਦਸ ਬਾਰਾਂ ਕਿਲੋਮੀਟਰ ਹੈ।

ਸੰਗਰਾਂਦ ਦਾ ਦਿਨ ਹੋਣ ਕਾਰਨ ਭੱਟ ਮਾਜਰੇ ਦੇ ਗੁਰਦਵਾਰੇ ਵਿੱਚ ਸੰਗਤ ਜੁੜੀ ਹੋਈ ਸੀ। ਪ੍ਰਿਥੀਪਾਲ ਸਿੰਘ ਪਬਲਿਕ ਸਕੂਲ ਦੇ ਬੱਚੇ ਸਵਾਗਤ ਲਈ ਖੜ੍ਹੇ ਸਨ ਜਿਨ੍ਹਾਂ ਦੇ ਭੋਲੇ ਭਾਲੇ ਚਿਹਰਿਆਂ ਤੋਂ ਮੈਂ ਪ੍ਰਿਥੀਪਾਲ ਦੇ ਨਕਸ਼ ਤਲਾਸ਼ਣ ਲੱਗਾ। ਮੈਂ ਉਸ ਪਿੰਡ ਦੀ ਮਿੱਟੀ ਨੂੰ ਸਿਜਦਾ ਕੀਤਾ ਜਿਥੇ ਹਾਕੀ ਦੇ ਮਹਾਨ ਖਿਡਾਰੀ ਦੀਆਂ ਪੈੜਾਂ ਸਨ। ਜਿਥੋਂ ਦੀਆਂ ਗਲੀਆਂ ਵਿੱਚ ਉਹ ਤੁਰਦਾ ਫਿਰਦਾ ਸੀ। ਗੁਰਦਵਾਰੇ ਦੇ ਸਮਾਗਮ ਤੋਂ ਬਾਅਦ ਮੈਂ ਪ੍ਰਿਥੀਪਾਲ ਸਿੰਘ ਦਾ ਘਰ ਵੇਖਣਾ ਚਾਹਿਆ। ਮੇਰੇ ਮਨ ਵਿੱਚ ਉਹਦੀ ਤੀਰਥ ਵਾਂਗ ਯਾਤਰਾ ਕਰਨ ਦਾ ਸੰਕਲਪ ਸੀ। ਪਿੰਡ ਦੀ ਫਿਰਨੀ ਤੇ ਗਲੀਆਂ ਵਿੱਚ ਦੀ ਲੰਘਦਿਆਂ ਮੈਂ ਮਹਿਸੂਸ ਕਰਦਾ ਰਿਹਾ ਜਿਵੇਂ ਪ੍ਰਿਥੀਪਾਲ ਸਿੰਘ ਸਾਡੇ ਅੰਗ ਸੰਗ ਹੋਵੇ। ਉਸ ਦੇ ਸਕੇ ਸੋਧਰੇ ਮੈਨੂੰ ਉਸ ਜਿਹੇ ਹੀ ਲੱਗ ਰਹੇ ਸਨ।

ਅਸੀਂ ਘਰ ਵਿੱਚ ਦਾਖਲ ਹੋਏ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ। ਫੱਗਣ ਦੇ ਨਿੱਘੇ ਦੁਪਹਿਰੇ ਉਹ ਅੱਖਾਂ ਮੀਟੀ ਜੁਗਾਲੀ ਕਰ ਰਹੀਆਂ ਸਨ। ਇੱਕ ਬੰਨੇ ਖੁਰਲੀਆਂ ਬਣੀਆਂ ਹੋਈਆਂ ਸਨ ਤੇ ਖੇਤੀਬਾੜੀ ਦੇ ਸੰਦ ਪਏ ਸਨ। ਸਾਧਾਰਨ ਕਿਸਾਨਾਂ ਵਰਗਾ ਕੱਚਾ ਪੱਕਾ ਘਰ ਸੀ। ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਸਵਾਗਤ ਕਰ ਰਹੇ ਸਨ। ਪ੍ਰਿਥੀਪਾਲ ਦੀ ਬੈਠਕ ਜਿਥੇ ਵੱਡੇ ਵੱਡੇ ਖਿਡਾਰੀ ਤੇ ਅਫਸਰ ਆਉਂਦੇ ਜਾਂਦੇ ਰਹੇ ਸਨ ਹੁਣ ਵੀਰਾਨ ਪਈ ਸੀ। ਉਹਦੇ ਵਿੱਚ ਕੁੱਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਉਂਦੀਆਂ ਸਨ ਕਿ ਇਹ ਹਾਕੀ ਦੇ ਬਾਦਸ਼ਾਹ ਦੀ ਬੈਠਕ ਸੀ। ਤਰਲੋਚਣ ਸਿੰਘ ਨੇ ਦੱਸਿਆ ਕਦੇ ਇਹ ਬੈਠਕ ਕੱਪਾਂ, ਸ਼ੀਲਡਾਂ ਤੇ ਓਲੰਪਿਕ ਖੇਡਾਂ ਦੀਆਂ ਨਿਸ਼ਾਨੀਆਂ ਨਾਲ ਨੱਕੋ ਨੱਕ ਭਰੀ ਹੁੰਦੀ ਸੀ ਪਰ ਹੁਣ ਖਾਲੀ ਵਰਗੀ ਹੈ। ਸਾਹਮਣੇ ਭਤੀਜਿਆਂ ਦਾ ਮਕਾਨ ਸੀ ਜਿਨ੍ਹਾਂ ਦੇ ਪਿਤਾ ਹਾਦਸੇ ਵਿੱਚ ਗੁਜ਼ਰ ਗਏ ਸਨ। ਉਦੋਂ ਭਤੀਜੇ ਭਤੀਜੀਆਂ ਦੇ ਸਿਰ ਉਤੇ ਹੱਥ ਪ੍ਰਿਥੀਪਾਲ ਸਿੰਘ ਨੇ ਹੀ ਰੱਖਿਆ ਸੀ। ਉਥੇ ਪ੍ਰਿਥੀਪਾਲ ਦੀਆਂ ਕਈ ਨਿਸ਼ਾਨੀਆਂ ਮੌਜੂਦ ਸਨ।

ਸਾਡੇ ਲੋਕਾਂ ਵਿੱਚ ਅਜੇ ਇਹ ਰੀਤ ਨਹੀਂ ਤੁਰੀ ਕਿ ਅਸੀਂ ਆਪਣੇ ਮਹਾਨ ਖਿਡਾਰੀਆਂ ਦੀਆਂ ਨਿਸ਼ਾਨੀਆਂ ਸਾਂਭ ਸਾਂਭ ਰੱਖੀਏ। ਹਿੱਕ ਨਾਲ ਲਾਈਏ ਤੇ ਉਨ੍ਹਾਂ ਦੀਆਂ ਯਾਦਗਾਰਾਂ ਕਾਇਮ ਕਰੀਏ। ਉਨ੍ਹਾਂ ਦੇ ਨਾਵਾਂ ਉਤੇ ਮੇਲੇ ਲਾਈਏ, ਅਵਾਰਡ ਰੱਖੀਏ ਤੇ ਉਨ੍ਹਾਂ ਦੀ ਮਹਾਨਤਾ ਦੀਆਂ ਵਾਰਾਂ ਗਾਈਏ। ਬਰਾਜ਼ੀਲ ਦੇ ਪੇਲੇ ਦੀਆਂ ਜਰਸੀਆਂ ਤੇ ਬੂਟ ਉਹਦੇ ਜੀਂਦੇ ਜੀਅ ਹੀ ਲੱਖਾਂ `ਚ ਵਿਕਦੇ ਹਨ। ਫੁਟਬਾਲ ਦੇ ਦੀਵਾਨੇ ਪੇਲੇ ਵਰਗਿਆਂ ਵੱਲੋਂ ਪਹਿਨੀਆਂ ਪੁਸ਼ਾਕਾਂ ਦੀਆਂ ਲੀਰਾਂ ਸਾਂਭੀ ਫਿਰਦੇ ਹਨ। ਸਾਡਾ ਪ੍ਰਿਥੀਪਾਲ ਸਿੰਘ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਅਸੀਂ ਤਾਂ ਉਹਦੀ ਉਹ ਹਾਕੀ ਵੀ ਨਹੀਂ ਸੰਭਾਲੀ ਜੀਹਦੇ ਨਾਲ ਉਹਨੇ ਓਲੰਪਿਕ ਖੇਡਾਂ ਵਿੱਚ ਸਭ ਤੋਂ ਬਹਤੇ ਗੋਲ ਕੀਤੇ ਸਨ। ਪਤਾ ਨਹੀਂ ਕਦੋਂ ਸਾਡੀ ਘਰ ਦੇ ਜੋਗੀਆਂ ਨੂੰ ਜੋਗੜੇ ਤੇ ਬਾਹਰਲੇ ਜੋਗੀਆਂ ਨੂੰ ਸਿੱਧ ਸਮਝਣ ਵਾਲੀ ਸੋਚ ਪਾਸਾ ਪਰਤੇਗੀ?

ਪਿਆਰੇ ਪ੍ਰਵੇਜ਼ ਇਲਾਹੀ ਸਾਹਿਬ, ਮੁੱਖ ਮੰਤਰੀ ਪੰਜਾਬ, ਲਾਹੌਰ। ਆਦਾਬ ਸਲਾਮ ਦੇ ਨਾਲ ਗ਼ੁਜ਼ਾਰਿਸ਼ ਏ ਕਿ ਕਦ ਆਈਏ ਲਾਹੌਰ ਦੀਆਂ ਦੂਜੀਆਂ ਇੰਡੋ-ਪਾਕਿ ਪੰਜਾਬ ਖੇਡਾਂ ਵੇਖਣ? ਦਸੰਬਰ 2004 ਵਿੱਚ ਪਟਿਆਲੇ ਦੀਆਂ ਪਹਿਲੀਆਂ ਦੁਵੱਲੀਆਂ ਪੰਜਾਬ ਖੇਡਾਂ `ਚ ਸ਼ਾਮਲ ਹੋ ਕੇ ਤੁਸੀਂ ਸੱਦਾ ਦੇ ਗਏ ਸੌ ਪਈ ਅਗਲੇ ਸਾਲ ਤੁਸੀਂ ਵੀ ਲਾਹੌਰ ਦੀਆਂ ਖੇਡਾਂ `ਤੇ ਹੁੰਮ ਹੁੰਮਾ ਕੇ ਆਇਆ ਜੇ। ਨੇਂਦੇ ਭਾਜੀ ਵਜੋਂ ਸਾਡਾ ਏਧਰਲੇ ਪੰਜਾਬੀਆਂ ਦਾ ਓਧਰ ਜਾਣਾ ਵੀ ਬਣਦਾ ਏ। ਸਿਆਲਕੋਟੀਏ ਸ਼ਾਇਰ ਧਨੀ ਰਾਮ ਚਾਤ੍ਰਿਕ ਦੇ ਕਹਿਣ ਅਨੁਸਾਰ ਅਸੀਂ ਤਾਂ ਮੇਲੇ ਜਾਣ ਵਾਲੇ ਜੱਟਾਂ ਵਾਂਗ ਪੱਗ, ਝੱਗੇ ਚਾਦਰੇ ਨਵੇਂ ਸਿਵਾਏ ਕੇ … ਦਮਾਮੇ ਮਾਰਦੇ ਲਾਹੌਰ ਜਾਣ ਲਈ ਤੁਹਾਡੇ ਵੱਲੋਂ ਤਰੀਕ ਪਏ ਉਡੀਕਦੇ ਆਂ। ਸਾਡੇ ਸ਼ਾਇਰ ਸੁਰਜੀਤ ਪਾਤਰ ਨੇ ਪਟਿਆਲੇ ਦਾ ਖੇਡ ਮੇਲਾ ਵਿਛੜਨ ਸਮੇਂ ਸਾਡੇ ਸਾਰਿਆਂ ਵੱਲੋਂ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਮੋਹ ਭਿੱਜੀ ਸਲਾਮ ਭੇਜੀ ਸੀ। ਆਖਿਆ ਸੀ:

… ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ,

ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ …।

ਆਪਣੀ ਸਭ ਦੀ ਖ਼ੈਰ ਇਹਦੇ ਵਿੱਚ ਈ ਏ ਪਈ ਆਪਾਂ ਮਿਲਣ ਗਿਲਣ ਦੇ ਬੂਹੇ ਖੁੱਲ੍ਹੇ ਰੱਖੀਏ ਤੇ ਮਿਲਦੇ ਗਿਲਦੇ ਵੀ ਰਹੀਏ। ਬੜੀ ਦੇਰ ਇਹ ਬੂਹੇ ਢੋਈ ਰੱਖੇ ਨੇ ਜੀਹਦੇ ਨਾਲ ਇੱਕ ਦੂਜੇ ਨੂੰ ਦੁੱਖ ਈ ਮਿਲਿਆ ਏ, ਦੁੱਖ ਵੰਡਾਇਆ ਨਹੀਂ ਗਿਆ। ਸਿਆਣੇ ਆਂਹਦੇ ਨੇ ਪਈ ਭੱਜੀਆਂ ਬਾਂਹੀਂ ਗਲ ਨੂੰ ਆਉਂਦੀਆਂ ਨੇ। ਜਰਮਨਾਂ ਨੂੰ ਵੰਡਣ ਵਾਲੀ ਬਰਲਿਨ ਦੀ ਦਿਵਾਰ ਢਹਿ ਗਈ ਏ ਅਤੇ ਉੱਤਰੀ ਤੇ ਦੱਖਣੀ ਕੋਰੀਆ ਇੱਕ ਦੂਜੇ ਨੂੰ ਜੱਫੀਆਂ ਪਾਣ ਡਹੇ ਨੇ। 2002 `ਚ ਬੂਸਾਨ ਦੀਆਂ ਏਸ਼ਿਆਈ ਖੇਡਾਂ ਸਮੇਂ ਲੰਮੀ ਜੁਦਾਈ ਬਾਅਦ ਦੋਹਾਂ ਕੋਰੀਆਂ ਦੇ ਖਿਡਾਰੀ `ਕੱਠੇ ਹੋਏ ਤਾਂ ਸਮੁੱਚੇ ਕੋਰਿਆਈ ਲੋਕਾਂ ਨੂੰ ਅਥਾਹ ਖ਼ੁਸ਼ੀ ਹੋਈ ਸੀ। ਗੱਲ ਏਹੋ ਸੀ ਪਈ ਦੱਖਣੀ ਕੋਰੀਆ ਨੇ ਬੂਸਾਨ ਢੁੱਕਣ ਲਈ ਦਿਲੋਂ ਸੱਦਾ ਦਿੱਤਾ ਤੇ ਉੱਤਰੀ ਕੋਰੀਆ ਨੇ ਦਿਲੋਂ ਪਰਵਾਨ ਕੀਤਾ। ਦਿਲ ਮਿਲਦਿਆਂ ਨੂੰ ਕੋਈ ਕਦੋਂ ਕੁ ਤਕ ਰੋਕ ਸਕਦੈ? ਆਪਾਂ ਨੂੰ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਤੇ ਅਵਾਮ ਨੂੰ ਇੱਕ ਦੂਜੇ ਨਾਲ ਮਿਲਾਉਣ ਦੇ ਢੋਅ ਢੁਕਾਉਂਦੇ ਰਹਿਣਾ ਚਾਹੀਦੈ।

ਬੂਸਾਨ ਵਿੱਚ ਚੜ੍ਹਦੇ ਪੰਜਾਬ ਤੋਂ ਰਾਜਾ ਰਣਧੀਰ ਸਿੰਘ ਤੇ ਲਹਿੰਦੇ ਪੰਜਾਬ ਤੋਂ ਮੁਹੰਮਦ ਲਤੀਫ ਭੱਟ ਵੀ ਖੇਡ ਅਧਿਕਾਰੀਆਂ ਵਜੋਂ ਹਾਜ਼ਰ ਸਨ। ਦੋਹੇਂ ਆਪੋ ਆਪਣੇ ਮੁਲਕਾਂ ਦੀਆਂ ਓਲੰਪਿਕ ਐਸੋਸੀਏਸ਼ਨਾਂ ਦੇ ਸਕੱਤਰ ਜਨਰਲ ਸਨ ਤੇ ਹੁਣ ਵੀ ਹਨ। ਉੱਤਰੀ ਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੂੰ ਮਿਲਦਿਆਂ ਵੇਖ ਕੇ ਉਨ੍ਹਾਂ ਦੇ ਮਨ `ਚ ਵਿਚਾਰ ਆਇਆ, ਕਿਉਂ ਨਾ ਭਾਰਤ ਤੇ ਪਾਕਿਸਤਾਨ ਨੂੰ ਇੰਡੋ-ਪਾਕਿ ਖੇਡਾਂ ਦੇ ਜ਼ਰੀਏ ਇੱਕ ਦੂਜੇ ਦੇ ਹੋਰ ਨੇੜੇ ਲਿਆਂਦਾ ਜਾਵੇ ਤੇ ਦੋਹਾਂ ਦੇਸ਼ਾਂ ਵਿਚਕਾਰ ਅਮਨ ਨੂੰ ਹੋਰ ਪੱਕਾ ਕੀਤਾ ਜਾਵੇ? ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਦੀ ਜਿੰਨੀ ਲੋੜ ਪੰਜਾਬੀਆਂ ਨੂੰ ਏ ਉਨੀ ਸ਼ਾਇਦ ਹੀ ਕਿਸੇ ਹੋਰ ਨੂੰ ਹੋਵੇ। ਜਦ ਦੋਹਾਂ ਮੁਲਕਾਂ ਵਿੱਚ ਲੜਾਈ ਝਗੜਾ ਹੁੰਦਾ ਏ ਤਾਂ ਸਭ ਤੋਂ ਵੱਧ ਸੇਕ ਦੋਹਾਂ ਪੰਜਾਬਾਂ ਨੂੰ ਈ ਲੱਗਦਾ ਏ।

ਫਿਰ ਪਤਾ ਈ ਏ ਪਈ ਭਾਰਤ ਤੇ ਪਾਕਿਸਤਾਨ ਦੀਆਂ ਓਲੰਪਿਕ ਐਸੋਸੀਏਸ਼ਨਾਂ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਸਹਿਮਤੀ ਹੋਈ। ਪਿੱਛੋਂ ਦੋਹਾਂ ਪੰਜਾਬਾਂ ਦੇ ਮੁੱਖ ਮੰਤਰੀਆਂ ਤੇ ਖੇਡ ਅਦਾਰਿਆਂ ਨੇ ਭਰਪੂਰ ਯਤਨ ਕੀਤੇ ਅਤੇ ਦੋਹਾਂ ਪੰਜਾਬਾਂ ਦਰਮਿਆਨ ਦੁਵੱਲੀਆਂ ਖੇਡਾਂ ਕਰਾਉਣੀਆਂ ਸੰਭਵ ਹੋ ਸਕੀਆਂ। ਓਧਰ ਸਾਡੇ ਵਰਗੇ ਕਾਲਮਨਵੀਸ ਕਦੋਂ ਦੇ ਲਿਖਣ ਡਹੇ ਸਨ ਪਈ ਫਿਰ ਆਵੇਗਾ ਸੁਆਦ ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀ ਆਪਸ ਵਿੱਚ ਖੇਡੇ। ਜਦੋਂ ਇਕੋ ਬੋਲੀ ਬੋਲਣ ਵਾਲੇ ਦੋ ਮੁਲਕਾਂ ਦੇ ਖਿਡਾਰੀਆਂ ਨੇ ‘ਲਈਂ ਨੂਰਿਆ’ ਤੇ ‘ਦੇਈਂ ਬੀਰਿਆ’ ਕਹਿੰਦਿਆਂ ਗੇਂਦਾਂ ਲਈਆਂ ਦਿੱਤੀਆਂ ਤੇ ਫੱਟੇ ਖੜਕਾਏ। ਜਦੋਂ ਪੰਜਾਹਵਿਆਂ `ਚ ਹੋਏ ਦੋਹਾਂ ਪੰਜਾਬਾਂ ਦੇ ਕਬੱਡੀ ਮੈਚਾਂ ਅਤੇ ਪਹਿਲਵਾਨ ਗਾਮੇ, ਗ਼ੁਲਾਮ, ਕੱਲੂ ਤੇ ਕਿੱਕਰ ਸਿੰਘ ਹੋਰਾਂ ਵਾਲੇ ਦਿਨ ਯਾਦ ਆਏ।

ਉਨ੍ਹਾਂ ਦਿਨਾਂ ਦੀ ਉਡੀਕ ਕਰਦਿਆਂ ਮੈਂ ਆਪਣੀ ਕਿਤਾਬ ‘ਖੇਡ ਦਰਸ਼ਨ’ ਵਿੱਚ ਲਿਖਿਆ ਸੀ, “ਇਕ ਬੰਨੇ ਲਾਹੌਰੀਏ ਤੇ ਲਾਇਲਪੁਰੀਏ ਹੋਣਗੇ ਤੇ ਦੂਜੇ ਬੰਨੇ ਜਲੰਧਰੀਏ ਤੇ ਅੰਬਰਸਰੀਏ। ਸਿਆਲਕੋਟੀਆਂ ਤੇ ਸ਼ੇਖ਼ੂਪੁਰੀਆਂ ਅਤੇ ਫਰੀਦਕੋਟੀਆਂ ਤੇ ਫਿਰੋਜ਼ਪੁਰੀਆਂ ਵਿਚਕਾਰ ਬੁਰਦਾਂ ਲੱਗਣਗੀਆਂ। ਮਿੰਟਗੁੰਮਰੀਏ ਤੇ ਸੰਗਰੂਰੀਏ ਇੱਕ ਦੂਜੇ ਨੂੰ ਵੰਗਾਰਨਗੇ ਵੀ ਤੇ ਪਿਆਰਨਗੇ ਵੀ। ਦਰਸ਼ਕ ਦੋਹਾਂ ਪੰਜਾਬਾਂ ਦੇ ਚੋਬਰਾਂ ਨੂੰ ਹੱਲਾਸ਼ੇਰੀ ਦੇਣਗੇ। ਅਜਿਹੇ ਖੇਡ ਮੇਲੇ ਓੜਕਾਂ ਦੇ ਭਰਨਗੇ। ਕੀ ਇਹ ਸੁਫ਼ਨਾ ਕਦੇ ਸੱਚ ਹੋਵੇਗਾ?”

ਇਹ ਸੁਫ਼ਨਾ ਸੱਚ ਹੋ ਗਿਆ ਜਦੋਂ ਲਾਹੌਰੋਂ ਜਗਾਈ ਅਮਨ ਦੀ ਮਿਸ਼ਾਲ 5 ਦਸੰਬਰ 2004 ਨੂੰ ਪਟਿਆਲੇ ਦੇ ਯਾਦਵਿੰਦਰਾ ਸਟੇਡੀਅਮ ਵਿੱਚ ਪੁੱਜੀ। ਸਟੇਡੀਅਮ ਖ਼ਲਕਤ ਨਾਲ ਭਰਿਆ ਹੋਇਆ ਸੀ ਤੇ ਦੂਧੀਆ ਰੌਸ਼ਨੀ ਨਾਲ ਜਗਮਗਾ ਰਿਹਾ ਸੀ। ਚੌਧਰੀ ਸਾਹਿਬ ਤੁਸੀਂ ਮੇਲੇ ਦੇ ਮੁੱਖ ਮਹਿਮਾਨ ਸੌ ਤੇ ਏਧਰਲੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੇਜ਼ਬਾਨ ਸੀ। ਯਾਦ ਜੇ ਨਾ ਜਿਹੜੇ ਮੋਹ ਭਰੇ ਅਲਫਾਜ਼ ਕੈਪਟਨ ਨੇ ਕਹੇ ਸਨ-ਇਕ ਦਿਨ ਇਹ ਬਾਡਰ ਸ਼ਾਡਰ ਮਿਟ ਜਾਣਗੇ ਤੇ ਗੇਟ ਸ਼ੇਟ ਸਭ ਖੁੱਲ੍ਹ ਜਾਣਗੇ। ਜੇਕਰ ਸਾਡੇ ਸੰਬੰਧ ਇੰਜ ਹੀ ਮਿੱਠੜੇ ਹੁੰਦੇ ਗਏ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਵਿਛੜੇ ਭਰਾਵਾਂ ਨੂੰ ਮਿਲਣੋਂ ਰੋਕ ਨਹੀਂ ਸਕੇਗੀ। ਤੇ ਤੁਸੀਂ ਵੀ ਓਨੇ ਹੀ ਮੋਹ ਨਾਲ ਕਿਹਾ ਸੀ-ਆਪਾਂ ਮੇਲ ਮਿਲਾਪ ਤੇ ਅਮਨ ਦੀ ਮੰਜ਼ਲ ਲਈ ਰਾਹ ਲੱਭ ਲਿਆ ਏ। ਲੋੜ ਸਿਰਫ਼ ਇਸ `ਤੇ ਇੱਕ ਜੁੱਟ ਹੋ ਕੇ ਤੁਰਨ ਦੀ ਏ। ਨਾਲ ਹੀ ਤੁਸਾਂ ਸੱਦਾ ਦਿੱਤਾ ਸੀ ਪਈ ਅਗਲੇ ਸਾਲ ਇਹੋ ਖੇਡਾਂ ਦੂਜੀ ਪਾਰੀ ਵਜੋਂ ਲਾਹੌਰ `ਚ ਹੋਣਗੀਆਂ ਤੇ ਤੁਸੀਂ ਹੁੰਮ ਹੁੰਮਾ ਕੇ ਆਇਆ ਜੇ।

ਇਕ ਸਾਲ `ਤੇ ਮੰਨਿਆਂ ਪਈ ਪਾਕਿਸਤਾਨ ਤੇ ਕਸ਼ਮੀਰ `ਚ ਭੁਚਾਲ ਆ ਜਾਣ ਕਾਰਨ ਖੇਡਾਂ ਅਗਲੇ ਸਾਲ ਤਕ ਮੁਲਤਵੀ ਕਰਨੀਆਂ ਪਈਆਂ। ਹੁਣ `ਤੇ ਤੀਜਾ ਸਾਲ ਪਿਆ ਜਾਂਦਾ ਏ। ਸੁੱਖ ਨਾਲ ਫਸਲ ਵਾੜੀ ਦੋਹੀਂ ਪਾਸੀਂ ਵਾਹਵਾ ਹੋ ਰਹੀ ਏ ਤੇ ਰਾਜ ਵੀ ਅਮਨ ਅਮਾਨ ਨਾਲ ਈ ਚੱਲ ਰਹੇ ਨੇ। ਏਧਰਲੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਖੇਡਾਂ ਦੇ ਬੜੇ ਪ੍ਰੇਮੀ ਨੇ। ਸਿਆਸਤ ਦਾ ਓਲੰਪੀਅਨ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਦੀ ਸੱਜੀ ਬਾਂਹ ਏ। ਹੁਣ ਦੋਹਾਂ ਪੰਜਾਬਾਂ ਦੇ ਖਿਡਾਰੀਆਂ ਵਿਚਕਾਰ ਖੇਡਾਂ ਕਰਾਉਣ ਦਾ ਕੀ ਅੜਿੱਕਾ ਏ? ਪੰਜਾਬ ਵਿੱਚ ਖੇਡਾਂ ਕਰਾਉਣ ਲਈ ਸਿਆਲ ਦੀ ਰੁੱਤ ਸਭ ਤੋਂ ਵਧੀਆ ਗਿਣੀ ਜਾਂਦੀ ਏ। ਹਾਲੇ ਪੰਜ ਛੇ ਮਹੀਨੇ ਪਏ ਨੇ ਸਿਆਲ ਆਉਣ `ਚ। ਏਨਾ ਸਮਾਂ ਬਹੁਤ ਹੁੰਦਾ ਏ ਖੇਡ ਮੇਲਾ ਕਰਾਉਣ ਦੀਆਂ ਤਿਆਰੀਆਂ ਲਈ। ਓਧਰ ਤੁਸੀਂ ਤੇ ਏਧਰ ਬਾਦਲ ਸਾਹਿਬ, ਏਧਰ ਰਾਜਾ ਰਣਧੀਰ ਸਿੰਘ ਤੇ ਓਧਰ ਮੁਹੰਮਦ ਲਤੀਫ ਭੱਟ ਮੁੜ ਤਾਰਾਂ ਮਿਲਾਓ ਤੇ ਲਾਹੌਰ ਦੀਆਂ ਦੂਜੀਆਂ ਭਾਰਤ-ਪਾਕਿ ਪੰਜਾਬ ਖੇਡਾਂ ਲਈ ਤਾਰੀਕ ਪੱਕੀ ਕਰੋ ਤਾਂ ਜੋ ਖਿਡਾਰੀ ਤੇ ਖੇਡ ਪ੍ਰੇਮੀ ਆਪਣਾ ਪ੍ਰੋਗਰਾਮ ਓਸੇ ਮੁਤਾਬਿਕ ਬਣਾਉਣ।

2008 ਓਲੰਪਿਕ ਖੇਡਾਂ ਦਾ ਵਰ੍ਹਾ ਏ। ਅੱਲਾ ਖ਼ੈਰ ਕਰੇ ਕਿ ਪੰਜਾਬ ਦੀ ਧਰਤੀ ਦਾ ਜਾਇਆ ਕੋਈ ਜੁਆਨ ਓਲੰਪਿਕ ਖੇਡਾਂ ਦੇ ਜਿੱਤ-ਮੰਚ ਉਤੇ ਚੜ੍ਹ ਸਕੇ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਹਰ ਸਾਲ ਦੋਹਾਂ ਪੰਜਾਬਾਂ ਵੱਲੋਂ ਵਾਰੋ ਵਾਰੀ ਸਾਂਝੀਆਂ ਪੰਜਾਬ ਖੇਡਾਂ ਉਤੇ ਸੱਦਣ ਨਾਲ ਜਿਥੇ ਇਸ ਖਿੱਤੇ ਵਿੱਚ ਅਮਨ ਤੇ ਪਿਆਰ ਬਰਕਰਾਰ ਰਹੇਗਾ ਉਥੇ ਹੋਰ ਵੀ ਕਈ ਫਾਇਦੇ ਹੋਣਗੇ। ਦੋਹਾਂ ਪੰਜਾਬਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਵਪਾਰ ਤੇ ਆਰਥਿਕ ਵਿਕਾਸ ਦੀਆਂ ਬੜੀਆਂ ਸੰਭਾਵਨਾਵਾਂ ਹਨ। ਮਾਨਯੋਗ ਮੁੱਖ ਮੰਤਰੀ ਜੀਓ, ਆਪਣੇ ਰਾਜਸੀ ਰੁਝੇਵਿਆਂ ਵਿਚੋਂ ਕੁੱਝ ਸਮਾਂ ਕੱਢੋ ਤੇ ਜਿਹੜੇ ਅਲਫਾਜ਼ ਪਹਿਲੀਆਂ ਪੰਜਾਬ ਖੇਡਾਂ ਸਮੇਂ ਪਟਿਆਲੇ `ਚ ਕਹੇ ਸਨ ਉਹਨਾਂ `ਤੇ ਗ਼ੌਰ ਫੁਰਮਾਓ। ਕੀ ਪਤਾ ਇਹ ਖੇਡਾਂ ਕਿਸੇ ਦਿਨ ‘ਪੰਜਾਬੀ ਓਲੰਪਿਕਸ’ ਦਾ ਰੂਪ ਧਾਰ ਲੈਣ ਤੇ ਕੁੱਲ ਦੁਨੀਆਂ `ਚ ਵਸਦੇ ਪੰਜਾਬੀ ਇਨ੍ਹਾਂ ਵਿੱਚ ਸ਼ਾਮਲ ਹੋਣ ਲੱਗ ਪੈਣ!

ਖਾਲਸਾ ਦੀਵਾਨ ਸੁਸਾਇਟੀ ਦਾ ਬਤਾਲੀਵਾਂ ਖੇਡ ਮੇਲਾ ਸੀ। ਬਤਾਲੀ ਸਾਲ ਕਹਿ ਦੇਣੀ ਗੱਲ ਹੈ। ਏਨੇ ਸਮੇਂ `ਚ ਦੋ ਪੀੜ੍ਹੀਆਂ ਬੀਤ ਜਾਂਦੀਆਂ ਹਨ। ਪਹਿਲੀ ਵਾਰ ਇਹ ਖੇਡ ਮੇਲਾ ਮੈਂ 1990 ਵਿੱਚ ਵੇਖਿਆ ਸੀ ਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਵੀ ਕੀਤਾ ਸੀ। ਉਹ ਸਫ਼ਰਨਾਮਾ ਬੀ.ਏ.ਦੀ ਪੰਜਾਬੀ ਜਮਾਤ ਨੂੰ ਪੜ੍ਹਾਇਆ ਜਾਂਦਾ ਰਿਹਾ। ਉਦੋਂ ਮੈਂ ਤੇ ਸੰਤੋਖ ਮੰਡੇਰ ਨੇ ਵਿਸਲਾਂ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਸਨ। ਰੌਲਾ ਪੈਣ ਵਾਲੇ ਮੈਚਾਂ ਸਮੇਂ ਪ੍ਰਬੰਧਕ ਅਕਸਰ ਮੈਨੂੰ ਵਿਸਲ ਫੜਾ ਦਿੰਦੇ ਸਨ ਤੇ ਖਿਡਾਰੀ ਇਸੇ ਡਰੋਂ ਸਾਊ ਬਣੇ ਰਹਿੰਦੇ ਸਨ ਕਿ ਰੋਂਦ ਮਾਰਨ ਵਾਲਿਆਂ ਦੀ ਭੰਡੀ ਅਖ਼ਬਾਰਾਂ ਵਿੱਚ ਵੀ ਹੋ ਜਾਵੇਗੀ। ਦੇਸ ਪਰਦੇਸ ਦਾ ਐਡੀਟਰ ਤਰਸੇਮ ਪੁਰੇਵਾਲ ਤੇ ਰੇਸ਼ਮ ਸਿੰਘ ਮੰਡੇਰ ਇੰਗਲੈਂਡ ਤੋਂ ਕਬੱਡੀ ਦੀ ਟੀਮ ਲੈ ਕੇ ਆਏ ਸਨ। ਉਹ ਦੋਵੇਂ ਪਰਲੋਕ ਸਿਧਾਰ ਚੁੱਕੇ ਹਨ ਤੇ ਪਿੱਛੇ ਉਨ੍ਹਾਂ ਦੀਆਂ ਯਾਦਾਂ ਹੀ ਬਚੀਆਂ ਹਨ। ਤਰਸੇਮ ਪੁਰੇਵਾਲ ਕਬੱਡੀ ਦੇ ਖਿਡਾਰੀਆਂ ਵਾਂਗ ਹੀ ਭੱਜਦਾ ਤੇ ਵਿੰਗਾ ਸਿੱਧਾ ਹੁੰਦਾ ਕੈਮਰੇ ਨਾਲ ਕਬੱਡੀਆਂ ਪਾ ਰਿਹਾ ਸੀ। ਪੰਜਾਬ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਬਲਬੀਰ ਸਿੰਘ ਕਾਲੀਆਂ ਐਨਕਾਂ ਲਾਈ ਉਹਨੂੰ ਹੱਲਾਸ਼ੇਰੀ ਦੇ ਰਿਹਾ ਸੀ। ਬਲਵਿੰਦਰ ਫਿੱਡਾ ਕਿਸੇ ਤੋਂ ਵੀ ਡੱਕਿਆ ਨਹੀਂ ਸੀ ਜਾ ਰਿਹਾ। ਮੈਨੂੰ ਉਹ ਦ੍ਰਿਸ਼ ਅੱਜ ਵੀ ਚੇਤੇ ਹੈ ਜਦੋਂ ਇੱਕ ਬਜ਼ੁਰਗ ਦਾਰੂ ਖੇੜਦਾ ਰੁੱਖ ਨੂੰ ਜੱਫੇ ਪਾਉਂਦਾ ਕਹਿ ਰਿਹਾ ਸੀ, “ਮੈਂ ਆਪਣੇ ਮੁੰਡੇ ਨੂੰ ਮਣ ਘਿਓ ਖੁਆਊਂ ਤੇ ਅਗਲੇ ਸਾਲ ਫਿੱਡੂ ਨੂੰ ਅਏਂ ਜੱਫੇ ਲੁਆਊਂ।”

ਬੱਬਰ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਇਸ ਖੇਡ ਮੇਲੇ ਦੀ ਵਿਲੱਖਣ ਪਛਾਣ ਬਣ ਚੁੱਕੀ ਹੈ। ਇਹ ਮੇਲਾ ਹਰ ਸਾਲ ਮਈ ਦੇ ਲੌਂਗ ਵੀਕਐਂਡ ਉਤੇ ਭਰਦਾ ਹੈ। ਇਹਦੇ ਨਾਲ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਦਾ ਬਤਾਲੀਵਾਂ ਸਾਲਾਨਾ ਖੇਡ ਮੇਲਾ 19, 20 ਤੇ 21 ਮਈ ਨੂੰ ਪਹਿਲਾਂ ਵਾਂਗ 8000 ਰੌਸ ਸਟਰੀਟ ਗੁਰਦਵਾਰੇ ਦੇ ਕੋਲ ਹੀ ਸਾਊਥ ਮੈਮੋਰੀਅਲ ਪਾਰਕ ਵਿੱਚ ਭਰਿਆ। ਜਦੋਂ ਇਹ ਖੇਡ ਮੇਲਾ ਸ਼ੁਰੂ ਹੋਇਆ ਸੀ ਤਾਂ ਸੌ ਤੋਂ ਵੀ ਘੱਟ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਪਰ ਹੁਣ ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਲਗਭਗ ਪੰਜ ਹਜ਼ਾਰ ਖਿਡਾਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੁੰਦੇ ਹਨ। ਐਤਕੀਂ ਸੌਕਰ ਦੀਆਂ ਦੋ ਸੌ ਤੋਂ ਵੱਧ ਟੀਮਾਂ ਸਨ ਤੇ ਦੋ ਸਪਤਾਹ ਅੰਤਾਂ ਉਤੇ ਅਨੇਕਾਂ ਖੇਡ ਮੈਦਾਨਾਂ ਵਿੱਚ ਸੌਕਰ ਦੇ ਮੈਚ ਕਰਾਏ ਗਏ। ਬੱਚਿਆਂ ਤੇ ਜੁਆਨਾਂ ਦੀ ਹੌਂਸਲਾ ਅਫਜ਼ਾਈ ਲਈ ਦੋ ਹਜ਼ਾਰ ਤੋਂ ਵੱਧ ਟਰਾਫੀਆਂ ਵੰਡੀਆਂ ਗਈਆਂ। ਪੰਜਾਬੀ ਮੂਲ ਦੇ ਹਜ਼ਾਰਾਂ ਬੱਚਿਆਂ ਨੂੰ ਸੌਕਰ ਦੇ ਮੈਦਾਨ ਵਿੱਚ ਲੈ ਆਉਣਾ ਬੜੀ ਵੱਡੀ ਗੱਲ ਹੈ। ਇਸ ਤੋਂ ਆਸ ਰੱਖੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਭਾਰਤੀ ਭਾਈਚਾਰੇ ਦੇ ਖਿਡਾਰੀ ਕੈਨੇਡੀਅਨ ਟੀਮਾਂ ਦੀਆਂ ਵਰਦੀਆਂ ਵੀ ਪਾ ਸਕਦੇ ਹਨ।

ਮੇਲੇ ਤੋਂ ਹਫ਼ਤਾ ਕੁ ਪਹਿਲਾਂ ਮੈਨੂੰ ਟੂਰਨਾਮੈਂਟ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਹੋਰਾਂ ਦਾ ਸੱਦਾ ਮਿਲਿਆ ਕਿ ਵੈਨਕੂਵਰ ਵਿੱਚ ਉਨ੍ਹਾਂ ਦਾ ਖੇਡ ਮੇਲਾ ਵੇਖਾਂ ਤੇ ਉਹਦਾ ਜ਼ਿਕਰ ਆਪਣੀ ਕਲਮ ਨਾਲ ਕਰਾਂ। ਮੇਰੀ ਉਮਰ ਭਾਵੇਂ ਕੁੱਝ ਵਡੇਰੀ ਹੋ ਗਈ ਹੈ ਪਰ ਮੈਂ ਖੇਡ ਮੇਲੇ ਵੇਖਣ ਅਤੇ ਖੇਡਾਂ ਤੇ ਖਿਡਾਰੀਆਂ ਬਾਰੇ ਬੋਲਣ ਤੇ ਲਿਖਣ ਦਾ ਸ਼ੌਕ ਨਹੀਂ ਤਿਆਗਿਆ। ਜਿਥੇ ਕੋਈ ਸੱਜਣ ਮਿੱਤਰ ਸੱਦੇ ਅਜੇ ਵੀ ਪਹੁੰਚ ਜਾਈਦੈ। ਕਦੇ ਕਦੇ ਲੱਗਦੈ ਕਿ ਖੇਡ ਮੇਲਿਆਂ ਨੇ ਹੀ ਮੈਨੂੰ ਕਾਇਮ ਰੱਖਿਆ ਹੋਇਐ। ਪੈਂਤੀ ਸਾਲ ਕਾਲਜਾਂ ਵਿੱਚ ਪੜ੍ਹਾਉਣ ਤੇ ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋਣ ਪਿੱਛੋਂ ਹਰ ਸਾਲ ਖੇਡਾਂ ਤੇ ਖਿਡਾਰੀਆਂ ਬਾਰੇ ਇੱਕ ਨਵੀਂ ਕਿਤਾਬ ਲਿਖੀ ਜਾ ਰਿਹਾਂ। 2000 ਵਿੱਚ ਰਿਟਾਇਰ ਹੋਇਆ ਸਾਂ ਤੇ ਸੱਤਾਂ ਸਾਲਾਂ ਵਿੱਚ ਅੱਠ ਕਿਤਾਬਾਂ, ਖੇਡ ਜਗਤ ਦੀਆਂ ਬਾਤਾਂ, ਓਲੰਪਿਕ ਖੇਡਾਂ ਦੀ ਸਦੀ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਪੰਜਾਬ ਦੇ ਚੋਣਵੇਂ ਖਿਡਾਰੀ, ਕਬੱਡੀ ਕਬੱਡੀ ਕਬੱਡੀ ਤੇ ਫੇਰੀ ਵਤਨਾਂ ਦੀ ਛਾਪ ਦਿੱਤੀਆਂ ਹਨ। ਅਗਲੇ ਸਾਲ ਉਮੀਦ ਹੈ ‘ਮੇਰੀ ਖੇਡ ਕਥਾ’ ਨਾਂ ਦੀ ਸਵੈਜੀਵਨੀ ਪਾਠਕਾਂ ਦੇ ਦਰਾਂ `ਤੇ ਦਸਤਕ ਦੇਵੇਗੀ। ਬੰਦਾ ਆਹਰੇ ਲੱਗਾ ਰਹੇ ਤਾਂ ਬੁੱਢਾ ਹੋਣ ਤੋਂ ਬਚਿਆ ਰਹਿੰਦੈ। ਰਿਟਾਇਰ ਹੋਣ ਪਿੱਛੋਂ ਮੈਂ ਖੇਡ ਮੇਲਿਆਂ `ਤੇ ਜਾਣਾ ਤੇ ਖੇਡਾਂ ਬਾਰੇ ਲਿਖਣਾ ਹੀ ਆਪਣੀ ਨਵੀਂ ਨੌਕਰੀ ਸਮਝ ਲਈ ਹੈ।

ਵੈਨਕੂਵਰ ਆਉਣ ਜਾਣ ਬਣਿਆ ਹੋਣ ਕਾਰਨ ਹੁਣ ਮੈਨੂੰ ਦੂਰ ਨਹੀਂ ਲੱਗਦਾ ਤੇ ਉਥੇ ਮੇਰੇ ਯਾਰ ਬੇਲੀ ਵੀ ਬੜੇ ਨੇ। ਐਬਟਸਫੋਰਡ ਰਹਿੰਦਾ ਮੇਰਾ ਜਿਗਰੀ ਯਾਰ ਬੰਤ ਸਿੰਘ ਸਿੱਧੂ ਬੇਸ਼ਕ ਚਲਾਣਾ ਕਰ ਗਿਐ ਪਰ ਹੁਣ ਹੋਰ ਨਵੀਆਂ ਠਾਹਰਾਂ ਬਣ ਗਈਆਂ ਨੇ। ਟੋਰਾਂਟੋ ਤੋਂ ਉਡਿਆ ਜਹਾਜ਼ ਮੈਨੂੰ ਸਾਢੇ ਚਹੁੰ ਘੰਟਿਆਂ ਵਿੱਚ ਵੈਨਕੂਵਰ ਲੈ ਗਿਆ। ਹਵਾ ਵਿੱਚ ਇਹ ਫਾਸਲਾ ਚੌਂਤੀ ਸੌ ਕਿਲੋਮੀਟਰ ਦੇ ਕਰੀਬ ਹੈ। ਟਰੱਕਾਂ ਵਾਲਿਆਂ ਨੂੰ ਤਾਂ ਸੜਕਾਂ ਉਤੇ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਪੈਂਦੈ। ਜਹਾਜ਼ ਧਰਤੀ ਤੋਂ ਦਸ ਕੁ ਕਿਲੋਮੀਟਰ ਉੱਚਾ ਉੱਡ ਰਿਹਾ ਸੀ ਤੇ ਉਹਦੀ ਪਰਵਾਜ਼ ਨੌਂ ਕੁ ਸੌ ਕਿਲੋਮੀਟਰ ਪ੍ਰਤੀ ਘੰਟਾ ਸੀ। ਉਪਰਲਾ ਤਾਪਮਾਨ ਧਰਤੀ ਦੇ ਤਾਪਮਾਨ ਤੋਂ ਕਿਤੇ ਠੰਢਾ ਸੀ ਪਰ ਜਹਾਜ਼ ਦੇ ਏ.ਸੀ.ਨੇ ਸਵਾਰੀਆਂ ਨੂੰ ਸੁਖਾਵੇਂ ਨਿੱਘ ਵਿੱਚ ਬਿਠਾਇਆ ਹੋਇਆ ਸੀ। ਬਾਰੀ ਵਿੱਚ ਦੀ ਬਾਹਰ ਨੀਲਾ ਅੰਬਰ ਤੇ ਹੇਠਾਂ ਰੂ ਦੇ ਗੋੜ੍ਹਿਆਂ ਵਰਗੇ ਬੱਦਲ ਦਿਸਦੇ ਸਨ। ਉਥੇ ਕੋਈ ਚਿੜੀ ਜਨੌਰ ਨਜ਼ਰੀਂ ਨਹੀਂ ਸੀ ਪੈਂਦਾ। ਟੋਰਾਂਟੋ ਤੋਂ ਚੱਲਿਆ ਤਾਂ ਮੀਂਹ ਵਰ੍ਹ ਰਿਹਾ ਸੀ ਪਰ ਵੈਨਕੂਵਰ `ਚ ਧੁੱਪ ਖਿੜੀ ਹੋਈ ਸੀ। ਅੱਗੇ ਮੇਰਾ ਮੇਜ਼ਬਾਨ ਸੰਤੋਖ ਮੰਡੇਰ ਮੈਨੂੰ ਲੈਣ ਆਇਆ ਖੜ੍ਹਾ ਸੀ। ਉਥੇ ਹੀ ਹਕੀਮਪੁਰੀਆ ਚਰਨ ਸਿੰਘ ਪੁਰੇਵਾਲ ਮਿਲ ਗਿਆ ਜਿਸ ਨੇ ਪਿਟਮੀਡੋਜ਼ ਦੇ ਪੁਰੇਵਾਲ ਫਾਰਮ ਦੀਆਂ ਰੌਣਕਾਂ ਵਿਖਾਉਣ ਦਾ ਸੱਦਾ ਦੇ ਦਿੱਤਾ।

19 ਮਈ ਦਾ ਦਿਨ ਬੱਦਲਵਾਈ ਵਾਲਾ ਚੜ੍ਹਿਆ। ਅਸੀਂ ਮੈਮੋਰੀਅਲ ਪਾਰਕ ਪਹੁੰਚੇ ਤਾਂ ਹਰਿਆਲੇ ਲਾਅਨ ਤੇ ਨਿੰਮਾਂ ਵਰਗੇ ਰੁੱਖ ਵਿਖਾਈ ਦਿੱਤੇ। ਕੁਦਰਤ ਵੈਨਕੂਵਰ ਦੇ ਬਾਗਾਂ ਤੇ ਪਾਰਕਾਂ ਉਤੇ ਬਲਿਹਾਰ ਸੀ। ਟੀਮਾਂ ਸੌਕਰ ਖੇਡ ਰਹੀਆਂ ਸਨ, ਮੇਲੀ ਗੇਲੀ ਟਹਿਲ ਰਹੇ ਸਨ ਅਤੇ ਇੱਕ ਬੰਨੇ ਬੱਚਿਆਂ ਦਾ ਭੰਗੜਾ ਤੇ ਗਿੱਧਾ ਪੈ ਰਿਹਾ ਸੀ। ਅਸੀਂ ਭੰਗੜੇ ਦੀ ਸਟੇਜ ਵੱਲ ਗਏ ਤਾਂ ਬਿਕਰ ਸਿੰਘ ਢਿੱਲੋਂ ਹੋਰੀਂ ਚਾਹ ਤੇ ਜਲੇਬੀਆਂ ਦਾ ਲੰਗਰ ਵਰਤਾਉਂਦੇ ਮਿਲੇ। ਕਸ਼ਮੀਰ ਸਿੰਘ ਨੇ ਜੀ ਆਇਆਂ ਕਿਹਾ ਤੇ ਅਸੀਂ ਸਕੂਲੀ ਬੱਚਿਆਂ ਦੇ ਗਿੱਧੇ ਭੰਗੜੇ ਦਾ ਅਨੰਦ ਮਾਣਨ ਲੱਗੇ। ਬੱਚਿਆਂ ਦਾ ਚਾਅ ਨਹੀਂ ਸੀ ਮਿਓਂਦਾ ਤੇ ਉਹ ਅਣਮੁੱਲੀਆਂ ਮੁਸਕਰਾਹਟਾਂ ਵੰਡ ਰਹੇ ਸਨ। ਬਹੁਤ ਸਾਰੇ ਸੇਵਾਦਾਰ ਨਿਸ਼ਕਾਮ ਸੇਵਾ ਵਿੱਚ ਮਗਨ ਸਨ। ਬੜੇ ਪਿੰਡ ਵਾਲਾ ਸਨੀ ਸਹੋਤਾ ਤੇ ਲਾਲੀ ਢੇਸੀ ਊਰੀ ਵਾਂਗ ਘੁੰਮ ਰਹੇ ਸਨ। ਸਨਕੀ ਬੰਦਿਆਂ ਨੂੰ ਸਾਡੇ ਲੋਕਾਂ ਦੇ ਸਿਰਫ਼ ਐਬ ਵੇਖਣ ਦੀ ਹੀ ਆਦਤ ਹੈ ਪਰ ਉਹ ਇਹ ਨਹੀਂ ਵੇਖਦੇ ਕਿ ਲੰਗਰ ਲਾਉਣ, ਮੇਲੇ ਮਨਾਉਣ, ਮਹਿਮਾਨ ਨਿਵਾਜ਼ੀ ਤੇ ਦਾਨ ਪੁੰਨ ਕਰਨ ਵਿੱਚ ਸਾਡੇ ਭਾਈਚਾਰੇ ਦਾ ਕੋਈ ਸਾਨੀ ਨਹੀਂ।

ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 1906 ਵਿੱਚ ਹੋਈ ਸੀ। ਸੌ ਸਾਲਾਂ ਦੇ ਸਮੇਂ ਵਿੱਚ ਇਸ ਨੇ ਇੰਡੋ-ਕੈਨੇਡੀਅਨ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਹਨ। ਸੁਸਾਇਟੀ ਭਾਈਚਾਰੇ ਦੀ ਭਲਾਈ ਲਈ ਰਾਜਨੀਤਕ, ਆਰਥਿਕ, ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਫਰੰਟਾਂ ਉਤੇ ਲਗਾਤਾਰ ਜੂਝਦੀ ਆ ਰਹੀ ਹੈ। ਸੁਸਾਇਟੀ ਦਾ ਸੰਵਿਧਾਨ ਲਿਖਣ ਵਾਲੇ ਪ੍ਰੋ: ਤੇਜਾ ਸਿੰਘ ਨੇ ਜਿਥੇ ਸਿੱਖ ਭਾਈਚਾਰੇ ਦੀ ਭਲਾਈ ਦੇ ਕਈ ਉਦੇਸ਼ ਉਲੀਕੇ ਸਨ ਉਥੇ ਸਿਹਤ ਸੰਭਾਲ ਦਾ ਉਦੇਸ਼ ਵੀ ਮਿਥਿਆ ਸੀ। ਕਿਸੇ ਵਿਅਕਤੀ ਦੀ ਅਸਲੀ ਦੌਲਤ ਮਹਿਲ ਮਾੜੀਆਂ ਜਾਂ ਜ਼ਮੀਨਾਂ ਜਾਇਦਾਦਾਂ ਨਹੀਂ ਹੁੰਦੀ ਸਗੋਂ ਨਰੋਈ ਸਿਹਤ ਹੁੰਦੀ ਹੈ। ਨਰੋਏ ਮਨ ਤੇ ਨਰੋਏ ਜੁੱਸੇ ਨਾਲ ਹੀ ਜ਼ਿੰਦਗੀ ਜੀਣ ਜੋਗੀ ਲੱਗਦੀ ਹੈ। ਗੁਰੂਘਰਾਂ ਵਿੱਚ ਸੰਗਤ ਜੁੜਦੀ ਤਾਂ ਕਥਾ ਕੀਰਤਨ ਦੇ ਨਾਲ ਮਨ ਨੂੰ ਨਿਰਮਲ ਰੱਖਣ ਅਤੇ ਸਰੀਰ ਨੂੰ ਨਰੋਆ ਰੱਖਣ ਦੀਆਂ ਵਿਚਾਰਾਂ ਵੀ ਹੁੰਦੀਆਂ। ਸੰਗਤ ਨੇ ਮਤਾ ਪਕਾਇਆ ਕਿ ਬੱਚਿਆਂ ਤੇ ਨੌਜੁਆਨਾਂ ਦੇ ਖੇਡ ਮੁਕਾਬਲੇ ਕਰਾਏ ਜਾਣ। ਸਬੱਬ ਨਾਲ ਖੇਡਾਂ ਦਾ ਪ੍ਰੇਮੀ ਸੋਹਣ ਸਿੰਘ ਦਿਓ ਮਾਹਲਪੁਰ ਤੋਂ ਕੈਨੇਡਾ ਆ ਪੁੱਜਾ। ਉਸ ਦਾ ਖਾਲਸਾ ਦੀਵਾਨ ਸੁਸਾਇਟੀ ਨਾਲ ਮੇਲ ਹੋ ਗਿਆ ਤੇ ਸੁਸਾਇਟੀ ਨੇ ਉਹਦੇ ਜ਼ਿੰਮੇ ਖੇਡਾਂ ਕਰਾਉਣ ਦੀ ਡਿਊਟੀ ਲਾ ਦਿੱਤੀ। ਪਰਲਾਦ ਸਿੰਘ ਗਿੱਲ ਪਹਿਲਾਂ ਹੀ ਸਰਗਰਮ ਸੀ। ਸੁਸਾਇਟੀ ਨੇ ਬੱਬਰ ਸ਼ਹੀਦਾਂ ਦੀ ਯਾਦ ਵਿੱਚ ਆਪਣਾ ਪਹਿਲਾ ਖੇਡ ਮੇਲਾ 1965 ਵਿੱਚ ਮਨਾਇਆ ਤੇ ਫਿਰ ਚੱਲ ਸੋ ਚੱਲ ਹੋ ਗਈ।

ਇਸ ਵਾਰ ਦੇ ਖੇਡ ਮੇਲੇ ਵਿੱਚ ਕਬੱਡੀ ਓਪਨ, ਸੌਕਰ ਓਪਨ, ਸੌਕਰ ਚਾਲੀ ਸਾਲਾ, ਸੌਕਰ ਜੂਨੀਅਰ, ਸੌਕਰ ਕੁੜੀਆਂ, ਘੋਲ, ਭਾਰ ਚੁੱਕਣ, ਰੱਸੇ ਤੇ ਅਥਲੈਟਿਕਸ ਦੇ ਮੁਕਾਬਲੇ ਰੱਖੇ ਗਏ ਸਨ। ਨਾਲ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਦਾ ਮੁਕਾਬਲਾ ਸੀ। ਕਬੱਡੀ ਦੀਆਂ 16 ਟੀਮਾਂ, ਸੌਕਰ ਦੀਆਂ 235 ਟੀਮਾਂ, 200 ਪਹਿਲਵਾਨਾਂ ਤੇ ਸੈਂਕੜੇ ਅਥਲੀਟਾਂ ਨੇ ਖੇਡ ਮੇਲੇ ਵਿੱਚ ਭਾਗ ਲਿਆ। ਦੋ ਤਿੰਨ ਸੌ ਬੱਚੇ ਗਿੱਧਾ ਤੇ ਭੰਗੜਾ ਪਾਉਣ ਵਾਲੇ ਸਨ। ਖੇਡ ਮੁਕਾਬਲੇ ਕਰਾਉਣ ਵਾਲੇ ਰੈਫਰੀਆਂ ਦਾ ਕੋਈ ਲੇਖਾ ਨਹੀਂ ਸੀ। ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਸੋਹਣ ਸਿੰਘ ਦਿਓ ਤੇ ਸਹਾਇਕ ਸਰਪ੍ਰਸਤ ਦਰਸ਼ਨ ਸਿੰਘ ਸੰਧੂ ਸਨ। ਚੇਅਰਮੈਨ ਸਲਵਿੰਦਰ ਸਿੰਘ ਉੱਪਲ, ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਤੇ ਸਹਾਇਕ ਚੇਅਰਮੈਨ ਸੁਖਚੈਨ ਸਿੰਘ ਗਿੱਲ ਸੀ। ਕਮੇਟੀ ਵਿੱਚ ਰਣਜੀਤ ਸਿੰਘ ਗਿੱਲ, ਗੁਰਪਾਲ ਸਿੰਘ ਵਿਰਕ, ਮਲਕੀਤ ਸਿੰਘ ਸਮਰਾ, ਸਰਵਣ ਸਿੰਘ ਰੰਧਾਵਾ, ਸਨੀ ਸਹੋਤਾ ਤੇ ਬਲਜੀਤ ਸਿੰਘ ਗਿੱਲ ਸ਼ਾਮਲ ਸਨ। ਸਲਾਹਕਾਰ ਕਮੇਟੀ ਵਿੱਚ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਗੁਰਦੀਪ ਸਿੰਘ ਗਿੱਲ, ਜਰਨੈਲ ਸਿੰਘ ਭੰਡਾਲ, ਬਲਵੰਤ ਸਿੰਘ ਗਿੱਲ, ਗੁਰਦਰਸ਼ਨ ਸਿੰਘ ਸਿੱਧੂ, ਅਵਤਾਰ ਗੋਸਲ, ਰਤਨ ਸਿੰਘ ਗਿਰਨ, ਬਿੱਲ ਬਸਰਾ, ਅਮਰੀਕ ਸਿੰਘ, ਹਰਜਿੰਦਰ ਸਿੰਘ ਢਿੱਲੋਂ ਤੇ ਤਰਲੋਕ ਸਿੰਘ ਗਿੱਧਾ ਸਨ। ਲੰਗਰ ਦੀ ਸੇਵਾ ਜਰਨੈਲ ਸਿੰਘ ਰੰਧਾਵਾ, ਬਲਜੀਤ ਸਿੰਘ ਗਿੱਲ, ਮਹਿੰਦਰ ਸਿੰਘ ਸਿੱਧੂ ਤੇ ਚੂਹੜ ਸਿੰਘ ਢਿੱਲੋਂ ਨੇ ਸੰਭਾਲੀ ਸੀ। ਫਸਟ ਏਡ ਦੀ ਸੇਵਾ ਗੁਰਦਿਆਲ ਸਿੰਘ ਕਲੇਰ, ਜੋਗਿੰਦਰ ਸਿੰਘ ਸੁੰਨੜ ਤੇ ਦਵਿੰਦਰ ਸਿੰਘ ਬੈਂਸ ਦੇ ਜ਼ਿੰਮੇ ਸੀ।

19 ਮਈ ਬੇਸ਼ਕ ਮੀਂਹ ਕਣੀ ਦਾ ਦਿਨ ਸੀ ਪਰ ਮਿਥੇ ਹੋਏ ਮੈਚ ਫਿਰ ਵੀ ਖੇਡੇ ਗਏ। ਕਬੱਡੀ ਦੇ ਮੈਚਾਂ ਤੇ ਘੋਲਾਂ ਨੇ ਦੂਰੋਂ ਨੇੜਿਓਂ ਆਏ ਦਰਸ਼ਕਾਂ ਦਾ ਦਿਲ ਰਾਜ਼ੀ ਕਰ ਦਿੱਤਾ। ਪਹਿਲਾ ਮੈਚ ਰਾਜੂ ਤੇ ਆਜ਼ਾਦ ਕਲੱਬ ਵਿਚਕਾਰ ਖੇਡਿਆ ਗਿਆ ਅਤੇ ਦੂਜਾ ਯੰਗ ਤੇ ਐਬਟਸਫੋਰਡ ਕਲੱਬਾਂ ਵਿਚਾਲੇ ਹੋਇਆ। ਤੀਜਾ ਮੈਚ ਕੈਲਗਰੀ ਤੇ ਪ੍ਰਿੰਸ ਜਾਰਜ ਦੀਆਂ ਕਲੱਬਾਂ ਨੇ ਖੇਡਿਆ ਅਤੇ ਚੌਥਾ ਮੈਚ ਸ਼ਾਨੇ ਪੰਜਾਬ ਤੇ ਹਰਜੀਤ ਕਲੱਬ ਦਰਮਿਆਨ ਹੋਇਆ। ਪਹਿਲੇ ਰਾਊਂਡ ਵਿੱਚ ਆਜ਼ਾਦ, ਕੈਲਗਰੀ, ਐਬਟਸਫੋਰਡ ਤੇ ਹਰਜੀਤ ਕਲੱਬ ਦੀਆਂ ਟੀਮਾਂ ਜੇਤੂ ਰਹੀਆਂ। ਕਬੱਡੀ ਐਸੋਸੀਏਸ਼ਨ ਵਾਲੇ ਰਾਜ ਬੱਧਨੀ, ਸੈਂਡੀ ਪਵਾਰ, ਸੰਤੋਖ ਢੇਸੀ ਤੇ ਉਨ੍ਹਾਂ ਦੇ ਸਾਥੀ ਮੈਦਾਨ ਵਿੱਚ ਹਾਜ਼ਰ ਰਹੇ। ਹਕੀਮਪੁਰੀਏ ਮੱਖਣ ਸਿੰਘ ਨੇ ਕਬੱਡੀ ਦੀ ਕੁਮੈਂਟਰੀ ਦਾ ਜਲਵਾ ਵਿਖਾਇਆ। ਉਸ ਨੂੰ ਸਾਹ ਦੁਆਉਣ ਲਈ ਮੈਂ ਵੀ ਮਾਈਕ ਫੜਿਆ ਅਤੇ ਸਟੇਜ ਤੋਂ ਕਸ਼ਮੀਰ ਸਿੰਘ ਤੇ ਗੁਰਦੇਵ ਸਿੰਘ ਬਰਾੜ ਆਲਮਵਾਲਾ ਸੂਚਨਾਵਾਂ ਦਿੰਦੇ ਰਹੇ। ਗੁਰਦੇਵ ਬਰਾੜ ਖ਼ੁਦ ਕਬੱਡੀ ਦਾ ਤਕੜਾ ਖਿਡਾਰੀ ਰਿਹਾ ਹੈ ਤੇ ਅਖ਼ਬਾਰਾਂ ਲਈ ਲਿਖਦਾ ਵੀ ਹੈ। ਕਸ਼ਮੀਰ ਸਿੰਘ ਮੀਟ ਦੀ ਦੁਕਾਨ ਚਲਾ ਰਹੇ ਆਪਣੇ ਮਿੱਤਰ ਨੂੰ ਮਾਈਕ ਤੋਂ ਮਖੌਲ ਕਰਦਾ ਰਿਹਾ ਅਖੇ ਉਹ ਜਿਹੜੇ ਭਾਅ ਮੀਟ ਲਿਆਉਂਦੈ ਓਸੇ ਭਾਅ ਗਾਹਕਾਂ ਨੂੰ ਵੇਚਦੈ। ਬੱਸ ਮਾੜਾ ਜਿਹਾ ਪਾਣੀ ਓ ਲਾਉਂਦਾ ਤੇ ਓਸੇ ਨਾਲ ਨਿੱਕੇ ਨਿਆਣੇ ਪਾਲਦੈ। ਪਾਣੀ ਈ ਉਹਦਾ ਪਾਸਕੂ ਐ!

20 ਮਈ ਨੂੰ ਸਾਰਾ ਦਿਨ ਮੀਂਹ ਪੈਂਦਾ ਰਿਹਾ ਜਿਸ ਕਰਕੇ ਕਬੱਡੀ ਦੇ ਮੈਚ ਨਾ ਹੋ ਸਕੇ ਪਰ ਸੌਕਰ ਖੇਡੀ ਜਾਂਦੀ ਰਹੀ। ਕੈਨੇਡਾ ਵਿੱਚ ਕਿਹਾ ਜਾਂਦੈ ਕਿ ਤਿੰਨ ਡਬਯੂਆਂ ਯਾਨੀ ਵਰਕ, ਵੋਮੈੱਨ ਤੇ ਵੈਦਰ ਦਾ ਕੋਈ ਵਿਸਾਹ ਨਹੀਂ ਕਦੋਂ ਬਦਲ ਜਾਣ। ਸਿਆਟਲ ਤੋਂ ਆਏ ਚੰਨੇ ਆਲਮਗੀਰੀਏ, ਕੁਲਵੰਤ ਸ਼ਾਹ ਤੇ ਉਹਨਾਂ ਦੇ ਸਾਥੀਆਂ ਨੂੰ ਬਿਨਾਂ ਮੈਚ ਵੇਖੇ ਵਾਪਸ ਮੁੜਨਾ ਪਿਆ। 21 ਮਈ ਵੀ ਛੁੱਟੀ ਦਾ ਦਿਨ ਸੀ ਤੇ ਮੀਂਹ ਹਟ ਚੁੱਕਾ ਸੀ। ਅਸੀਂ ਪਹਿਲਾਂ ਰੌਸ ਸਟਰੀਟ ਗੁਰੂਘਰ ਗਏ ਜਿਥੇ ਜੇਤੂਆਂ ਨੂੰ ਇਨਾਮ ਵੰਡੇ ਜਾਣੇ ਸਨ। ਟਰਾਫੀਆਂ ਦੇ ਢੇਰ ਲੱਗੇ ਹੋਏ ਸਨ ਤੇ ਬੱਚੇ ਉਨ੍ਹਾਂ ਨੂੰ ਪ੍ਰਾਪਤ ਕਰ ਕੇ ਖ਼ੁਸ਼ ਹੋ ਰਹੇ ਸਨ। ਇਨਾਮ ਵੰਡ ਤੋਂ ਬਾਅਦ ਅਸੀਂ ਮੈਮੋਰੀਅਲ ਪਾਰਕ ਨੂੰ ਚਾਲੇ ਪਾਏ ਜਿਥੇ ਕਬੱਡੀ ਦੇ ਮੈਚ ਤੇ ਘੋਲ ਚੱਲ ਰਹੇ ਸਨ। ਮੱਖਣ ਸਿੰਘ ਦੀ ਕਰਾਰੀ ਕੁਮੈਂਟਰੀ ਗੂੰਜਾਂ ਪਾ ਰਹੀ ਸੀ ਤੇ ਦਰਸ਼ਕ ਬਹੁਤ ਵੱਡੀ ਗਿਣਤੀ ਵਿੱਚ ਦਾਇਰਾ ਬੰਨ੍ਹੀ ਖੜ੍ਹੇ ਸਨ। ਐਬਟਸਫੋਰਡ ਤੇ ਸ਼ਾਨੇ ਪੰਜਾਬ ਕਲੱਬ ਦਾ ਮੈਚ ਹੋ ਰਿਹਾ ਸੀ। ਸ਼ਿੰਦਾ ਅੱਚਵਾਲੀਆ ਆਪਣੇ ਕਲੱਬ ਦੇ ਖਿਡਾਰੀਆਂ ਨੂੰ ਪਾਣੀ ਪਿਆ ਰਿਹਾ ਸੀ ਤੇ ਗੋਲੇਵਾਲੇ ਦਾ ਪੰਮੀ ਸਿੱਧੂ ਤਕੜੇ ਖਿਡਾਰੀਆਂ ਤੋਂ ਸੌ ਸੌ ਡਾਲਰ ਦੇ ਨੋਟ ਵਾਰ ਰਿਹਾ ਸੀ। ਸ਼ਹੀਦ ਮੇਵਾ ਸਿੰਘ ਸੁਸਾਇਟੀ ਨੇ ਪੰਜ ਸੌ ਡਾਲਰ ਕਬੱਡੀ ਦੇ ਕੁਮੈਂਟੇਟਰਾਂ ਲਈ ਐਲਾਨ ਦਿੱਤੇ।

ਮੇਲੇ ਵਿੱਚ ਕਬੱਡੀ ਦੇ ਕਈ ਪੁਰਾਣੇ ਖਿਡਾਰੀਆਂ ਦੇ ਦਰਸ਼ਨ ਹੋਏ ਜਿਨ੍ਹਾਂ ਵਿੱਚ ਸਿਮਰੂ, ਮੱਘਰ, ਘੁੱਗਾ, ਸ਼ਿੰਦਾ, ਮੰਦਰ ਤੇ ਹੋਰ ਬਹੁਤ ਸਾਰੇ ਸਨ। ਕਬੱਡੀ ਦੇ ਪੁਰਾਣੇ ਸਰਪ੍ਰਸਤ ਗੁਰਦੇਵ ਸਿੰਘ ਜੌਹਲ ਵੀ ਖੂੰਡੀ ਦੇ ਸਹਾਰੇ ਹਾਜ਼ਰ ਸਨ ਤੇ ਸਾਧੂ ਸਿੰਘ ਸਮਰਾ ਇਕਹਿਰੇ ਜੁੱਸੇ ਨਾਲ ਵੈਟਰਨ ਅਥਲੀਟ ਲੱਗਦਾ ਸੀ। ਗੁਰਪਾਲ ਸਿੱਧੂ, ਬਲਜੀਤ ਗਿੱਲ, ਸੁੱਖੀ ਵਾਇਰਨ, ਬੌਬ ਸਿੱਧੂ, ਬਿੱਟੂ ਸੰਧੂ, ਸੰਤੋਖ ਢੇਸੀ, ਮਨਜੀਤ ਬਾਸੀ, ਰਾਣਾ ਗਿੱਲ, ਗੱਲ ਕੀ ਕਹਿੰਦੇ ਕਹਾਉਂਦੇ ਸੇਵਾਭਾਵੀ ਸੱਜਣ ਪੁੱਜੇ ਹੋਏ ਸਨ। ਮੱਖਣ ਸਿੰਘ ਬੀਲ੍ਹੇ ਵਾਲੇ ਪਰਮ ਗਰੇਵਾਲ ਤੇ ਵਿੰਦਰ ਨੂੰ ਜੀਅ ਆਇਆਂ ਕਹਿ ਰਿਹਾ ਸੀ। ਭਰੇ ਮੇਲੇ ਵਿੱਚ ਜੀਹਦਾ ਨਾਂ ਬੋਲ ਦਿੱਤਾ ਜਾਂਦਾ ਉਹਦਾ ਖ਼ੁਸ਼ ਹੋਣਾ ਸੁਭਾਵਿਕ ਸੀ। ਭਾਈ ਵੀਰ ਸਿੰਘ ਵਾਂਗ ਭਾਵੇਂ ਕੋਈ ਲੱਖ ਕਹੀ ਜਾਵੇ-ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ … ਪਰ ਆਪਣੇ ਨਾਂ ਦਾ ਵਾਜਾ ਹਰ ਕੋਈ ਵਜਵਾਉਣਾ ਚਾਹੁੰਦੈ। ਇਹ ਵੱਖਰੀ ਗੱਲ ਐ ਕਿ ਕਈਆਂ ਦਾ ਵਾਜਾ ਵੱਜਣੋਂ ਫਿਰ ਵੀ ਰਹਿ ਜਾਂਦੈ। ਰੇਡੀਓ ਹੋਸਟ ਤੇ ਢੁੱਡੀਕੇ ਕਾਲਜ ਦਾ ਸਾਡਾ ਪੁਰਾਣਾ ਵਿਦਿਆਰਥੀ ਹਰਜਿੰਦਰ ਸਿੰਘ ਥਿੰਦ ਵੀ ਕਬੱਡੀ ਦੀਆਂ ਪਕੜਾਂ ਵੇਖ ਰਿਹਾ ਸੀ ਤੇ ਗਾਇਕ ਜੈਜੀ ਬੈਂਸ ਵੀ ਗੇੜਾ ਮਾਰ ਗਿਆ ਸੀ। ਮੇਲੇ ਵਿੱਚ ਕਈਆਂ ਦੇ ਨਿਆਣੇ ਨਿੱਖੜ ਜਾਂਦੇ ਤੇ ਮਾਈਕ ਤੋਂ ਹੋਕਾ ਦੇ ਕੇ ਉਨ੍ਹਾਂ ਦੇ ਮਾਪੇ ਲੱਭਣੇ ਪੈਂਦੇ।

ਕਬੱਡੀ ਦੇ ਟੂਰਨਾਮੈਂਟ ਵਿੱਚ ਦਸ ਓਪਨ ਟੀਮਾਂ, ਪੰਜ 155 ਪੌਂਡ ਭਾਰ ਵਾਲੀਆਂ ਤੇ ਇੱਕ ਛੋਟੇ ਬੱਚਿਆਂ ਦੀ ਟੀਮ ਨੇ ਕਬੱਡੀ ਦੇ ਕੌਤਕ ਵਿਖਾਏ। ਹਰਜੀਤ ਕਲੱਬ ਨੇ ਫਾਈਨਲ ਮੈਚ ਵਿੱਚ ਐਬਟਸਫੋਰਡ ਕਲੱਬ ਨੂੰ ਹਰਾ ਕੇ ਕਬੱਡੀ ਦਾ ਕੱਪ ਜਿੱਤਿਆ। ਬੱਚਿਆਂ ਦਾ ਮੈਚ ਐਬਟਸਫੋਰਡ ਕਲੱਬ ਨੇ ਜਿੱਤ ਲਿਆ ਤੇ ਵਜ਼ਨ ਵਾਲੀ ਕਬੱਡੀ ਵਿੱਚ ਐਬਟਸਫੋਰਡ ਤੇ ਆਜ਼ਾਦ ਕਲੱਬ ਦੇ ਪੈਂਟ੍ਹ ਬਰਾਬਰ ਰਹੇ। ਟੂਰਨਾਮੈਂਟ ਦਾ ਸਭ ਤੋਂ ਖਹਿਵਾਂ ਮੈਚ ਹਰਜੀਤ ਕਲੱਬ ਤੇ ਰਿਚਮੰਡ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਦੋਹਾਂ ਟੀਮਾਂ ਦੇ 27-27 ਅੰਕ ਬਣੇ। ਅੰਕ ਬਰਾਬਰ ਰਹਿ ਜਾਣ ਉਤੇ ਅੱਗੇ ਪਹਿਲਾ ਪੈਂਟ੍ਹ ਲੈਣ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਸੀ ਪਰ ਵੈਨਕੂਵਰ ਵਿੱਚ ਐਤਕੀਂ ਪਹਿਲਾ ਜੱਫਾ ਲਾਉਣ ਵਾਲੀ ਟੀਮ ਨੂੰ ਅੱਧੇ ਅੰਕ ਦਾ ਵਾਧਾ ਦੇਣ ਦਾ ਨਵਾਂ ਨਿਯਮ ਲਾਗੂ ਕੀਤਾ ਗਿਆ। ਸਭ ਤੋਂ ਤੇਜ਼ਤਰਾਰ ਮੈਚ ਐਬਟਸਫੋਰਡ ਤੇ ਕੈਲਗਰੀ ਦੀਆਂ ਕਲੱਬਾਂ ਵਿਚਾਲੇ ਹੋਇਆ ਜੋ ਐਬਟਸਫੋਰਡ ਕਲੱਬ ਨੇ 52-51 ਅੰਕਾਂ ਨਾਲ ਜਿੱਤਿਆ। ਕੈਲਗਰੀ ਤੋਂ ਮੇਜਰ ਸਿੰਘ ਭਲੂਰ ਤੇ ਰਾਮ ਸਿੰਘ ਸੋਹੀ ਟੀਮ ਲੈ ਕੇ ਆਏ ਸਨ।

ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਉਪਕਾਰ, ਕੁਲਜੀਤਾ, ਵੈੱਲੀ, ਬਾਜ, ਮੰਗੀ, ਬੀਰ੍ਹਾ, ਸੋਨੀ ਸੁਨੇਤ, ਮੀਕਾ, ਕਿੰਦਾ ਕਕਰਾਲਾ, ਥਾਂਦੀ, ਗਾਮਾ, ਜਿੰਦੂ, ਲਾਡੀ, ਜਤਿੰਦਰ, ਭੂਰਾ, ਤਾਰਾ, ਰਣਜੀਤ, ਜਗਰੂਪ, ਗੀਚਾ, ਫੌਜੀ, ਜੀਤਾ, ਜੋਗਾ, ਦਾਰਾ, ਸ਼ਿੰਦਰ, ਸੁੱਖਾ, ਸਾਹਬੀ, ਇੰਦਰਜੀਤ, ਗੁਰਜੀਤ, ਦੁੱਲਾ, ਮੀਕਾ, ਸ਼ਿੰਦਾ, ਵਿੰਦਰ, ਜੰਟਾ, ਕਾਲਾ ਤੇ ਰੌਕੀ ਵਰਗੇ ਸੌ ਦੇ ਕਰੀਬ ਕਬੱਡੀ ਖਿਡਾਰੀਆਂ ਨੇ ਕਬੱਡੀਆਂ ਪਾਈਆਂ ਤੇ ਜੱਫੇ ਲਾਏ। ‘ਖੇਡ ਸੰਸਾਰ’ ਮੈਗਜ਼ੀਨ ਦਾ ਐਡੀਟਰ ਤੇ ਫੋਟੋਗਰਾਫਰ ਸੰਤੋਖ ਸਿੰਘ ਮੰਡੇਰ ਕੈਮਰੇ ਨੂੰ ਏ.ਕੇ.ਸੰਤਾਲੀ ਵਾਂਗ ਚਲਾਉਂਦਾ ਰਿਹਾ। ਲੱਗਦਾ ਸੀ ਸੁਸਾਇਟੀ ਵਾਲਿਆਂ ਨੇ ਉਹਦੇ ਕੈਮਰੇ ਦੀਆਂ ਬੈਟਰੀਆਂ ਤਾਜ਼ੀਆਂ ਹੀ ਭਰੀਆਂ ਹੋਣਗੀਆਂ।

ਵੈਨਕੂਵਰ ਵੱਲ ਪੰਜਾਬੀ ਮੂਲ ਦੇ ਬੱਚਿਆਂ ਨੂੰ ਕੁਸ਼ਤੀਆਂ ਦੇ ਲੜ ਲਾਉਣ ਲਈ ਪੰਜ ਅਖਾੜੇ ਚੱਲ ਰਹੇ ਹਨ। ਉਨ੍ਹਾਂ ਸਭਨਾਂ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਕੋਚਾਂ ਦੀ ਅਗਵਾਈ ਵਿੱਚ ਖੇਡ ਮੇਲੇ ਨੂੰ ਰੰਗ ਭਾਗ ਲਾਏ। ਉਥੇ ਬਲਬੀਰ ਸਿੰਘ ਸ਼ੀਰੀਂ ਪਹਿਲਵਾਨ ਵੀ ਹਾਜ਼ਰ ਸੀ, ਸਤਨਾਮ ਸਿੰਘ ਜੌਹਲ ਵੀ ਤੇ ਬੂਟਾ ਪਹਿਲਵਾਨ ਵੀ। ਪਹਿਲਵਾਨ ਅਵਤਾਰ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਲ ਕੇਸਰੀ ਦਾ ਪਟਕਾ ਗੁਰਦੀਪ ਬੀਸਲਾ ਨੇ ਜਿੱਤਿਆ ਤੇ ਵੱਡੀ ਕੁਸ਼ਤੀ ਦੀ ਝੰਡੀ ਜਗਰੂਪ ਭੁੱਲਰ ਨੇ ਮਨਵੀਰ ਸਹੋਤੇ ਨੂੰ ਢਾਹ ਕੇ ਜਿੱਤੀ। ਕਈ ਸਾਲ ਪਹਿਲਾਂ ਦਰਸ਼ਨ ਸਿੰਘ ਸੰਧੂ ਨੇ ਵੈਨਕੂਵਰ ਵਿੱਚ ਕੁਸ਼ਤੀਆਂ ਦਾ ਮੁੱਢ ਬੰਨ੍ਹਿਆ ਸੀ। ਪਿਟਮੀਡੋਜ਼ ਦੇ ਪੁਰੇਵਾਲ ਭਰਾਵਾਂ ਦਾ ਵੀ ਕੁਸ਼ਤੀਆਂ ਵਿੱਚ ਬੜਾ ਯੋਗਦਾਨ ਹੈ। ਗੁਰਜੀਤ ਸਿੰਘ ਪੁਰੇਵਾਲ ਦੇ ਪੁੱਤਰ ਤੇਜਿੰਦਰ ਪੁਰੇਵਾਲ ਦਾ ਭਾਰਤ ਕੁਮਾਰ ਟਾਈਟਲ ਜਿੱਤਣ ਕਰਕੇ ਵੈਨਕੂਵਰ ਦੇ ਖੇਡ ਮੇਲੇ ਵਿੱਚ ਉਚੇਚਾ ਸਨਮਾਨ ਕੀਤਾ ਗਿਆ।

ਕੁਸ਼ਤੀਆਂ ਕਰਾਉਣ ਵਿੱਚ ਪਹਿਲਵਾਨ ਕਰਤਾਰ ਸਿੰਘ ਦੇ ਭਰਾ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਨੇ ਵੀ ਪ੍ਰਬੰਧਕਾਂ ਦਾ ਸਾਥ ਦਿੱਤਾ ਤੇ ਉਸ ਦਾ ਵੀ ਮਾਣ ਸਨਮਾਨ ਹੋਇਆ। ਅਜਿਹੇ ਖੇਡ ਮੇਲੇ ਜਿਥੇ ਬੱਚਿਆਂ ਤੇ ਜੁਆਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਦੇ ਹਨ ਉਥੇ ਪੱਛਮ ਦੇ ਮਸ਼ੀਨੀ ਜੀਵਨ ਵਿੱਚ ਆਏ ਤਣਾਅ ਨੂੰ ਵੀ ਘਟਾਉਂਦੇ ਤੇ ਜ਼ਿੰਦਗੀ ਵਿੱਚ ਰਸ ਭਰਦੇ ਹਨ। ਖੇਡਾਂ ਦੀ ਸਦਵਰਤੋਂ ਨਾਲ ਜੀਵਨ ਨੂੰ ਸਿਹਤਮੰਦ, ਸੋਹਣਾ, ਨੇਕ, ਫਿੱਟ, ਫੁਰਤੀਲਾ ਅਤੇ ਮਿਲਵਰਤਣ ਤੇ ਮੁਕਾਬਲੇ ਵਾਲਾ ਬਣਾਇਆ ਜਾ ਸਕਦੈ। ਇਨ੍ਹਾਂ ਗੁਣਾਂ ਦੀ ਸਫਲ ਜੀਵਨ ਲਈ ਹਮੇਸ਼ਾਂ ਹੀ ਲੋੜ ਹੈ। ਆਸ ਹੈ 43ਵਾਂ ਖੇਡ ਮੇਲਾ ਹੋਰ ਵੀ ਸ਼ਿੱਦਤ ਨਾਲ ਮਨਾਇਆ ਜਾਵੇਗਾ।

ਬੁਧੀਆ ਸਿੰਘ ਪੰਜ ਛੇ ਸਾਲ ਦਾ ਹੈ ਤੇ ਫੌਜਾ ਸਿੰਘ ਚੁਰੰਨਵੇਂ ਪਚੰਨਵੇਂ ਸਾਲਾਂ ਦਾ। ਬੁਧੀਆ ਸੱਤ ਘੰਟੇ ਦੋ ਮਿੰਟਾਂ ਵਿੱਚ ਪੈਂਟ੍ਹ ਕਿਲੋਮੀਟਰ ਦੌੜਿਆ ਤੇ ਫੌਜਾ ਸਿੰਘ ਨੇ 42.2 ਕਿਲੋਮੀਟਰ ਦੀ ਮੈਰਾਥਨ ਪੰਜ ਘੰਟੇ ਚਾਲੀ ਮਿੰਟਾਂ `ਚ ਲਾਈ ਹੈ। ਉਮਰ ਦੇ ਹਿਸਾਬ ਦੋਹਾਂ ਨੇ ਵਿਸ਼ਵ ਰਿਕਾਰਡ ਰੱਖੇ ਹਨ। ਉਹ ਖ਼ਬਰਾਂ ਵਿੱਚ ਨਾ ਹੁੰਦੇ ਤੇ ਨਾ ਰਿਕਾਰਡਾਂ ਦੀਆਂ ਕਿਤਾਬਾਂ ਉਤੇ, ਜੇ ਬੁਧੀਆ ਬਾਲਕਾਂ ਵਾਂਗ ਸ਼ਰਾਰਤਾਂ ਕਰੀ ਜਾਂਦਾ ਤੇ ਫੌਜਾ ਸਿੰਘ ਬਿਰਧਾਂ ਵਾਂਗ ਮੰਜੇ `ਤੇ ਪਿਆ ਰਹਿੰਦਾ। ਫਿਰ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ। ਮਸ਼ਹੂਰੀ ਉਨ੍ਹਾਂ ਦੀ ਕਾਹਦੀ ਹੁੰਦੀ? ਉਹ ਸਾਧਾਰਨ ਬਾਲਕਾਂ ਤੇ ਬੁੱਢਿਆਂ ਦੀ ਭੀੜ ਵਿੱਚ ਰਲੇ ਰਹਿੰਦੇ ਤੇ ਉਨ੍ਹਾਂ ਦੀ ਕੋਈ ਵੱਖਰੀ ਪਛਾਣ ਨਾ ਬਣਦੀ। ਉਨ੍ਹਾਂ ਦੀ ਪਛਾਣ ਬਣਾਈ ਹੈ ਲੰਮੀਆਂ ਦੌੜਾਂ ਨੇ ਜੋ ਉਹ ਜਾਨਾਂ ਹੂਲ ਕੇ ਦੌੜੇ। ਉਨ੍ਹਾਂ ਨੇ ਉਹ ਕ੍ਰਿਸ਼ਮਾ ਕਰ ਵਿਖਾਇਆ ਕਿ ਕੰਪਨੀਆਂ ਉਨ੍ਹਾਂ ਦੀ ਮਸ਼ਹੂਰੀ ਨਾਲ ਆਪਣੇ ਮਾਲ ਦੀ ਮਸ਼ਹੂਰੀ ਕਰਨ ਲੱਗੀਆਂ ਹਨ। ਫੌਜਾ ਸਿੰਘ ਦੀ ਐਡ ਲੱਗ ਗਈ ਹੈ ਤੇ ਲੱਗਦੈ ਬੁਧੀਏ ਦੀ ਵੀ ਲੱਗੇਗੀ।

ਖੇਡਾਂ ਦਾ ਸਮਾਨ ਬਣਾਉਣ ਵਾਲੀ ਕੰਪਨੀ ਐਡੀਦਾਸ ਨੇ ਮੈਰਾਥਨ ਦੌੜਨ ਲਈ ਬਣਾਏ ਬੂਟਾਂ ਦਾ ਨਾਂ ਫੌਜਾ ਸਿੰਘ ਰੱਖ ਦਿੱਤਾ ਹੈ। ਇੱਕ ਬੂਟ ਉਤੇ ‘ਫੌਜਾ’ ਲਿਖਿਆ ਹੈ ਤੇ ਦੂਜੇ ਉਤੇ ‘ਸਿੰਘ’। ਵੈਸੇ ਉਹਦੇ ਨਾਂ ਨਾਲ ਅਲਸੀ ਦੀਆਂ ਪਿੰਨੀਆਂ ਬੜੀਆਂ ਵੇਚੀਆਂ ਜਾ ਸਕਦੀਆਂ ਕਿਉਂਕਿ ਉਹ ਸੱਚੀਂ ਮੁੱਚੀਂ ਅਲਸੀ ਦੀ ਪਿੰਨੀ ਖਾਂਦਾ ਤੇ ਅਦਰਕ ਦੀ ਤਰੀ ਪੀਂਦਾ ਹੈ। ਮੈਨੂੰ ਲੱਗਦੈ ਕਿ ਇਹ ਗੁਰ ਕਿਸੇ ਦੇਸੀ ਵਪਾਰੀ ਨੇ ਜ਼ਰੂਰ ਵਰਤ ਲੈਣੈ। ਜ਼ੋਰ ਫੌਜਾ ਸਿੰਘ ਦਾ ਲੱਗੇਗਾ ਪਰ ਪਿੰਨੀਆਂ ਉਸ ਵਪਾਰੀ ਦੀਆਂ ਵਿਕਣਗੀਆਂ। ਬੱਚਿਆਂ ਦੇ ਸੀਰੀਅਲ ਤੇ ਸਾਫਟ ਡਰਿੰਕ ਵੇਚਣ ਵਾਲੇ ਬੁਧੀਆ ਸਿੰਘ ਦੇ ਚੱਬੇ ਦਾਣੇ ਤੇ ਪੀਤੀ ਲੱਸੀ ਵੇਚ ਸਕਦੇ ਹਨ। ਉਹ ਪਰਚਾਰ ਕਰ ਸਕਦੇ ਨੇ ਕਿ ਇਨ੍ਹਾਂ ਦੇ ਖਾਣ ਪੀਣ ਨਾਲ ਤਾਕਤ ਵਧਦੀ, ਦਮ ਪੱਕਦਾ ਤੇ ਸਰੀਰ ਦੀ ਹੰਢਣਸਾਰੀ ਹੋਰ ਤਕੜੀ ਹੁੰਦੀ ਹੈ। ਬੁਧੀਆ ਸਿੰਘ ਨੂੰ ਵੇਖ ਲਓ ਇਹੋ ਕੁੱਝ ਖਾ ਪੀ ਕੇ ਪੈ੍ਹਂਟ ਕਿਲੋਮੀਟਰ ਦੌੜਿਆ! ਜਿਵੇਂ ਐਡੀਦਾਸ ਵਾਲੇ ਕਹਿੰਦੇ ਨੇ ਕਿ ਉਹਨਾਂ ਦੇ ਬਣਾਏ ਦੌੜਨ ਵਾਲੇ ਬੂਟ ਪਾ ਕੇ ਵੇਖੋ ਬੁੱਢਾ ਫੌਜਾ ਸਿੰਘ ਵੀ ਉਡਿਆ ਜਾਂਦੈ! !

ਬੁਧੀਆ ਸਿੰਘ ਦੀ ਲੰਮੀ ਦੌੜ ਨੇ ਮੀਡੀਏ ਦਾ ਧਿਆਨ ਵੱਡੀ ਪੱਧਰ ਉਤੇ ਖਿੱਿਚਆ ਹੈ। ਜਦੋਂ ਵੀ ਕੋਈ ਜਾਨ ਜੋਖੋਂ ਵਾਲਾ ਅਦਭੁੱਤ ਕਾਰਨਾਮਾ ਕਰ ਵਿਖਾਉਂਦਾ ਹੈ ਤਾਂ ਉਹ ਲੋਕਾਂ ਦਾ ਧਿਆਨ ਖਿੱਚ ਹੀ ਲੈਂਦਾ ਹੈ। ਮਾਊਂਟ ਐਵਰੈੱਸਟ ਉਤੇ ਚੜ੍ਹਨ ਵਾਲੇ ਵੀ ਖਿੱਚਦੇ ਰਹੇ ਨੇ ਤੇ ਚੰਦ ਉਤੇ ਚੜ੍ਹਨ ਵਾਲੇ ਵੀ। ਸਰਕਸ ਦੇ ਉਹੀ ਸ਼ੋਅ ਬਹੁਤੇ ਲੋਕ ਵੇਖਦੇ ਨੇ ਜਿਨ੍ਹਾਂ ਵਿੱਚ ਵਧੇਰੇ ਜਾਨ ਜੋਖੋਂ ਵਾਲੇ ਕਰਤਬ ਵਿਖਾਏ ਜਾਂਦੇ ਨੇ। ਪੰਜਾਬ ਦੇ ਪਿੰਡਾਂ ਵਿੱਚ ਪੈਂਦੀਆਂ ਬਾਜ਼ੀਆਂ ਸਮੇਂ ਸੂਲੀ ਦੀ ਛਾਲ ਸਭ ਤੋਂ ਵੱਧ ਖਿੱਚਪਾਊ ਸੀ ਕਿਉਂਕਿ ਉਸ ਛਾਲ `ਚ ਬਾਜ਼ੀਗਰ ਦੀ ਜਾਨ ਦਾ ਜੋਖਮ ਸੀ। ਕਈ ਪਿੰਡਾਂ ਵਾਲੇ ਬਾਜ਼ੀਗਰ ਨੂੰ ਇਹ ਛਾਲ ਨਹੀਂ ਸਨ ਲਾਉਣ ਦਿੰਦੇ ਤੇ ਪਟੜੀ ਉਤੇ ਖੜ੍ਹੇ ਨੂੰ ਹੀ ਕੈਂਠਾ ਇਨਾਮ ਦੇ ਕੇ ਭੁੰਜੇ ਉਤਾਰ ਲੈਂਦੇ ਸਨ। ਪਰ ਇੰਜ ਕਰਨ ਨਾਲ ਉਹਦੀ ਉਹ ਪੈ੍ਹਂਠ ਨਹੀਂ ਸੀ ਬੱਝਦੀ ਜਿਹੜੀ ਸੂਲੀ ਦੀ ਛਾਲ ਲਾ ਕੇ ਬੱੜਦੀ ਸੀ। ਬਾਜ਼ੀਗਰਾਂ ਜਿੱਦ ਕਰਦੇ ਸਨ ਕਿ ਅਸੀਂ ਬਾਜ਼ੀਗਰ ਕਾਹਦੇ ਹੋਏ ਜੇ ਸੂਲੀ ਦੀ ਛਾਲ ਲਾ ਕੇ ਨਾ ਵਿਖਾਈ? ਅਸਲੀ ਖਿੱਚ ਹੀ ਖ਼ਤਰੇ ਭਰੇ ਅਨੋਖੇ ਕਰਤਬ ਦੀ ਹੁੰਦੀ ਹੈ।

ਆਓ ਪਹਿਲਾਂ ਫੌਜਾ ਸਿੰਘ ਦੀਆਂ ਦੌੜਾਂ ਦੀ ਗੱਲ ਕਰੀਏ ਤੇ ਫਿਰ ਬੁਧੀਆ ਸਿੰਘ ਦੀ ਕਰਾਂਗੇ। ਫੌਜਾ ਸਿੰਘ ਨੂੰ ਮੈਂ ਲੰਡਨ, ਬਰਮਿੰਘਮ, ਟੋਰਾਂਟੋ ਤੇ ਵੈਨਕੂਵਰ ਵਿੱਚ ਮਿਲ ਚੁੱਕਾਂ ਤੇ ਉਹਦੀਆਂ ਕਈ ਗੱਲਾਂ ਨੋਟ ਕੀਤੀਆਂ ਹਨ। ਵੇਖਣ ਨੂੰ ਉਹ ਅਜਿਹਾ ਨਹੀਂ ਲੱਗਦਾ ਕਿ ਲਗਾਤਾਰ ਛੱਬੀ ਮੀਲ ਦੌੜ ਸਕਦਾ ਹੋਵੇਗਾ। ਮਾੜੂਆ ਜਿਹਾ ਬੁਢੜਾ ਹੈ ਉਹ। ਲੱਤਾਂ ਉਹਦੀਆਂ ਡੰਡਿਆਂ ਵਰਗੀਆਂ ਹਨ। ਪਿੰਡ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਅੱਲ ਈ ‘ਡੰਡੇ’ ਪਈ ਹੋਈ ਹੈ। ਮੈਂ ਉਸ ਬਾਰੇ ਲੰਮਾ ਲੇਖ ਲਿਖ ਚੁੱਕਾਂ ਜੋ ਮੇਰੀ ਪੁਸਤਕ ‘ਖੇਡ ਮੇਲੇ ਵੇਖਦਿਆਂ’ ਵਿੱਚ ਸ਼ਾਮਲ ਹੈ। ਉਸ ਵਿਚਲਾ ਇੱਕ ਪੈਰਾ ਹੈ:

-ਉਹ ਕਮਾਲ ਦੀ ਸ਼ੈਅ ਹੈ। ਇੱਕ ਅਜੂਬਾ, ਕੁਦਰਤ ਦਾ ਕ੍ਰਿਸ਼ਮਾ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਬੁੱਢਿਆਂ ਦਾ ਉਹ ਰੋਲ ਮਾਡਲ ਹੋ ਸਕਦਾ ਹੈ। ਰਤਾ ਸੋਚੋ, ਕੋਈ ਬੰਦਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਾ ਜੰਮਿਆ ਹੋਵੇ, ਕਿਰਤੀ ਕਿਸਾਨ ਹੋਵੇ, ਕੋਰਾ ਅਨਪੜ੍ਹ ਤੇ ਕੁਲ ਦਸ ਗਿਣਨ ਜਾਣਦਾ ਹੋਵੇ। ਸਰੀਰਕ ਵਜ਼ਨ ਸਿਰਫ ਬਵੰਜਾ ਕਿਲੋਗਰਾਮ ਹੋਵੇ ਪਰ ਭੱਜਣ ਲੱਗਾ ਲੁਧਿਆਣੇ ਤੋਂ ਫਗਵਾੜਾ ਲੰਘ ਕੇ ਖੜ੍ਹੇ ਤੇ ਅਗਲੀ ਝੁੱਟੀ ਆਪਣੇ ਪਿੰਡ ਬਿਆਸ ਜਾ ਅਪੜੇ। ਕੌਣ ਐ ਜਿਹੜਾ ਫਿਰ ਅਜਿਹੇ ਅਫਲਾਤੂਨ ਨੂੰ ਸਲਾਮ ਨਾ ਕਰੇ?

ਫੌਜਾ ਸਿੰਘ ਲੰਡਨ, ਟੋਰਾਂਟੋ, ਨਿਊਯਾਰਕ, ਲਾਹੌਰ ਤੇ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਦੀਆਂ ਮੈਰਾਥਨਾਂ ਦੌੜਿਆ ਹੈ। ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ। ਉਹ ਦੌੜਦਿਆਂ ਖੱਬੀ ਲੱਤ ਉਤੇ ਘੱਟ ਭਾਰ ਦਿੰਦਾ ਹੈ। ਢਾਲ ਅਤੇ ਚੜ੍ਹਾਈ ਉਤੇ ਔਖਾ ਦੌੜਦਾ ਹੈ ਤੇ ਪੱਧਰੇ ਉਤੇ ਸੌਖਾ। ਪਹਿਲੇ ਪੰਦਰਾਂ ਮੀਲ ਸੌਖੇ ਦੌੜ ਲੈਂਦਾ ਹੈ, ਪੰਜ ਮੀਲ ਔਖੇ ਤੇ ਅਖ਼ੀਰਲੇ ਛੇ ਮੀਲਾਂ `ਚ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਜੁੱਸਾ ਆਰੀ ਨਾਲ ਚੀਰਿਆ ਜਾ ਰਿਹਾ ਹੋਵੇ। ਉਸ ਦੇ ਪੈਰਾਂ ਦੇ ਨਹੁੰ ਸੁੱਕ ਗਏ ਸਨ ਪਰ ਹੁਣ ਫਿਰ ਉੱਗ ਆਏ ਹਨ। ਕਹਿੰਦਾ ਹੈ ਜੇ ਜੀਂਦਾ ਰਿਹਾ ਅਠੰਨਵੇਂ ਸਾਲ ਦੀ ਉਮਰ ਵਿੱਚ ਲੰਡਨ ਦੀ ਮੈਰਾਥਨ ਫਿਰ ਲਾਵਾਂਗਾ ਭਾਵੇਂ ਰਾਹ `ਚ ਈ ਪੂਰਾ ਹੋ ਜਾਂ। ਉਸ ਦੇ ਇਸ ਜਜ਼ਬੇ ਬਾਰੇ ਕੀ ਕਿਹਾ ਜਾਵੇ? ਡਾਕਟਰ ਤੇ ਹੋਰ ਲੋਕ ਉਸ ਨੂੰ ਸਲਾਹ ਦੇਣਗੇ ਕਿ ਉਹ ਬੁੱਢੇਬਾਰੇ ਏਨਾ ਔਖਾ ਨਾ ਹੋਵੇ ਤੇ ਆਪਣੀ ਜਾਨ ਜੋਖਮ ਵਿੱਚ ਨਾ ਪਾਵੇ। ਕੀ ਉਹ ਅਜਿਹੀ ਸਲਾਹ ਮੰਨ ਲਵੇਗਾ ਤੇ ਚੁੱਪ ਕਰ ਕੇ ਘਰ ਬਹਿ ਜਾਵੇਗਾ? ਲੱਗਦਾ ਹੈ ਉਹ ਅਜਿਹਾ ਨਹੀਂ ਕਰੇਗਾ। ਫਿਰ ਉਹ ਬੁੱਢਿਆਂ ਦਾ ਰੋਲ ਮਾਡਲ ਨਹੀਂ ਰਹੇਗਾ। ਸਾਧਾਰਨ ਬਜ਼ੁਰਗ ਹੋਵੇਗਾ ਜਿਸ ਦੇ ਚਲਾਣਾ ਕਰ ਜਾਣ ਦਾ ਵੀ ਲੋਕਾਂ ਨੂੰ ਪਤਾ ਨਹੀਂ ਲੱਗੇਗਾ।

ਅਸੀਂ ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਦੇ ਮੁਕਾਬਲੇ ਵੇਖਦਿਆਂ ਅਕਸਰ ਵੇਖਦੇ ਹਾਂ ਕਿ ਕਈ ਖਿਡਾਰੀ ਵਿਤੋਂ ਬਾਹਰਾ ਜ਼ੋਰ ਲਾ ਕੇ ਡਿੱਗ ਪੈਂਦੇ ਹਨ ਤੇ ਬੇਹੋਸ਼ ਵੀ ਹੋ ਜਾਂਦੇ ਹਨ। ਮਿਲਖਾ ਸਿੰਘ ਦੱਸਦਾ ਹੈ ਕਿ ਦੌੜਨ ਦਾ ਸਖਤ ਅਭਿਆਸ ਕਰਦਿਆਂ ਉਹ ਕਈ ਵਾਰ ਬੇਹੋਸ਼ ਹੋ ਕੇ ਡਿੱਗਿਆ ਸੀ। ਖੂਨ ਦੀਆਂ ਉਲਟੀਆਂ ਵੀ ਆ ਜਾਂਦੀਆਂ ਸਨ। ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ 1960 ਦੀਆਂ ਨੈਸ਼ਨਲ ਖੇਡਾਂ ਸਮੇਂ ਉਹ 400 ਮੀਟਰ ਦੀ ਦੌੜ ਨਵੇਂ ਨੈਸ਼ਨਲ ਰਿਕਾਰਡ ਨਾਲ ਜਿੱਤ ਕੇ ਬੇਹੋਸ਼ ਹੋਇਆ ਤਾਂ ਉਹਦੀ ਭੈਣ ਰੋਣ ਕੁਰਲਾਉਣ ਲੱਗੀ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਉਸ ਦੀ ਭੈਣ ਕਹਿਣ ਲੱਗੀ, “ਵੀਰਾ ਦੌੜਨਾ ਛੱਡ ਦੇ। ਮੈਂ ਤੈਨੂੰ ਏਨਾ ਔਖਿਆਂ ਹੁੰਦਿਆਂ ਨਹੀਂ ਵੇਖ ਸਕਦੀ।” ਮਿਲਖਾ ਸਿੰਘ ਦਾ ਉੱਤਰ ਸੀ, “ਭੈਣੇ ਜੇ ਮੈਂ ਦੌੜਨਾ ਛੱਡ ਦਿਆਂ ਤਾਂ ਮੈਨੂੰ ਕੌਣ ਵੇਖੇਗਾ? ਹੁਣ ਵੇਖ ਲੈ ਕਿੰਨੇ ਲੋਕ ਮੇਰੀ ਦੌੜ ਵੇਖਣ ਆਏ ਨੇ?”

1978 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਹਾਕਮ ਸਿੰਘ ਨੇ ਵੀਹ ਕਿਲੋਮੀਟਰ ਦੀ ਵਾਕ ਜਿੱਤਣ ਲਈ ਏਨਾ ਜ਼ੋਰ ਲਾਇਆ ਕਿ ਉਸ ਨੂੰ ਉਲਟੀ ਵੀ ਆਈ ਤੇ ਉਹ ਬੇਹੋਸ਼ ਵੀ ਹੋਇਆ। ਉਸ ਨੂੰ ਤੁਰਤ ਡਾਕਟਰੀ ਸਹਾਇਤਾ ਦਿੱਤੀ ਗਈ। ਵੀਹ ਮਿੰਟਾਂ ਬਾਅਦ ਹੋਸ਼ ਪਰਤੀ ਤਾਂ ਉਸ ਨੇ ਜਾਣਨਾ ਚਾਹਿਆ, “ਫਸਟ ਕੌਣ ਆਇਆ?” ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਫਸਟ ਹੈ ਤਾਂ ਉਸ ਨੂੰ ਜਾਨ ਦਾ ਖ਼ਤਰਾ ਸਹੇੜਨਾ ਵੀ ਮਾੜਾ ਨਾ ਲੱਗਾ। ਖੇਡ ਖੇਤਰ ਦੀਆਂ ਸੈਂਕੜੇ ਮਿਸਾਲਾਂ ਹਨ ਜਿਨ੍ਹਾਂ ਵਿੱਚ ਖਿਡਾਰੀਆਂ ਨੇ ਜਾਨ ਦੀਆਂ ਬਾਜ਼ੀਆਂ ਲਾਈਆਂ। ਉਹ ਜਿੱਤੇ ਵੀ ਤੇ ਹਾਰੇ ਵੀ। ਪਰ ਖ਼ਤਰੇ ਸਹੇੜਨ ਤੋਂ ਤੋਬਾ ਨਹੀਂ ਕੀਤੀ।

ਸਪੇਨ ਦੀ ਇੱਕ ਖੇਡ ਵਿੱਚ ਬੰਦੇ ਤੇ ਭੂਸਰੇ ਸਾਨ੍ਹ ਦਾ ਟਾਕਰਾ ਹੁੰਦਾ ਹੈ ਤੇ ਕਈ ਵਾਰ ਬੰਦਾ ਜ਼ਖਮੀ ਹੋ ਜਾਂਦਾ ਹੈ। ਮੌਤ ਹੁੰਦੀ ਵੀ ਸੁਣੀ ਹੈ। ਪਰ ਇਹ ਖੇਡ ਅਜੇ ਵੀ ਚੱਲੀ ਜਾਂਦੀ ਹੈ। ਸੁਰੱਖਿਆ ਜ਼ਰੂਰ ਵਧਾਈ ਗਈ ਹੈ। ਪੁਰਾਤਨ ਓਲੰਪਿਕ ਖੇਡਾਂ ਵਿੱਚ ਪੰਕਰਾਸ਼ਨ ਨਾਂ ਦੀ ਕੁਸ਼ਤੀ ਵਿੱਚ ਉਦੋਂ ਤਕ ਕੋਈ ਪਹਿਲਵਾਨ ਢੱਠਾ ਨਹੀਂ ਸੀ ਮੰਨਿਆਂ ਜਾਂਦਾ ਜਦੋਂ ਤਕ ਉਹ ਹੱਥ ਉਠਾ ਕੇ ਹਾਰ ਨਾ ਮੰਨਦਾ। ਇੱਕ ਵਾਰ ਦੋ ਮੱਲ ਅਜਿਹੇ ਗੁਥਮਗੁੱਥਾ ਹੋਏ ਕਿ ਇੱਕ ਮੱਲ ਮਰ ਗਿਆ। ਦੂਜੇ ਦੀ ਜਾਨ ਨਿਕਲਣ ਲੱਗੀ ਤਾਂ ਉਸ ਨੇ ਹੱਥ ਉਠਾ ਦਿੱਤਾ। ਜਦੋਂ ਉਨ੍ਹਾਂ ਦੀ ਕੁਸ਼ਤੀ ਛੁਡਾਈ ਗਈ ਤਾਂ ਅਰੈਸ਼ਨ ਨਾਂ ਦਾ ਪਹਿਲਵਾਨ ਮਰ ਚੁੱਕਾ ਸੀ। ਕਿਉਂਕਿ ਉਸ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ ਇਸ ਲਈ ਮੋਏ ਮੱਲ ਨੂੰ ਹੀ ਜੇਤੂ ਕਰਾਰ ਦਿੱਤਾ ਗਿਆ ਤੇ ਉਹਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ। ਕਈ ਐਸੇ ਸਿਰੜੀ ਹੁੰਦੇ ਹਨ ਕਿ ਉਹ ਹਾਰ ਕੇ ਵੀ ਨਹੀਂ ਹਾਰਦੇ ਤੇ ਅੰਤਲੇ ਸਾਹ ਤਕ ਜੂਝਦੇ ਰਹਿੰਦੇ ਹਨ। ਅਰਨੈਸਟ ਹੈਮਿੰਗਵੇ ਦਾ ਨਾਵਲ ‘ਬੁੱਢਾ ਤੇ ਸਮੁੰਦਰ’ ਇਹੋ ਸੰਦੇਸ਼ ਦਿੰਦਾ ਹੈ।

ਆਓ ਹੁਣ ਬੁਧੀਆ ਸਿੰਘ ਦੀ ਗੱਲ ਕਰੀਏ। ਖ਼ਬਰਾਂ ਅਨੁਸਾਰ ਉਹ ਉੜੀਸਾ ਦੇ ਗਰੀਬ ਮਾਪਿਆਂ ਦਾ ਬੱਚਾ ਹੈ ਜੀਹਨੂੰ ਉਨ੍ਹਾਂ ਨੇ ਮਜਬੂਰੀ ਵੱਸ ਵੇਚ ਦਿੱਤਾ ਸੀ। ਉੜੀਸਾ ਦੇ ਇੱਕ ਫਿਜ਼ੀਕਲ ਟ੍ਰੇਨਰ ਅਥਵਾ ਕੋਚ ਨੇ ਉਸ ਨੂੰ ਲੰਮੀ ਦੌੜ ਲਈ ਤਿਆਰ ਕੀਤਾ। ਇਹੋ ਜਿਹੇ ਬੱਚਿਆਂ ਤੋਂ ਆਮ ਕਰ ਕੇ ਭਾਂਡੇ ਮੰਜਵਾਏ ਜਾਂਦੇ ਹਨ ਤੇ ਗੋਹਾ ਕੂੜਾ ਕਰਵਾਇਆ ਜਾਂਦਾ ਹੈ। ਦੌੜਾਂ ਦੌੜਨ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਕੋਈ ਉਨ੍ਹਾਂ ਅੰਦਰ ਛਿਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਸ ਕੋਚ ਨੇ ਕੋਸ਼ਿਸ਼ ਕੀਤੀ ਤੇ ਉਹ ਕਾਮਯਾਬ ਵੀ ਹੋਇਆ। ਸੱਤਰ ਕਿਲੋਮੀਟਰ ਦੀ ਦੌੜ ਵਿੱਚ ਉਸ ਦਾ ਚੰਡਿਆ ਬਾਲ ਪੈ੍ਹਂਟ ਕਿਲੋਮੀਟਰ ਦੌੜ ਕੇ ਡਿੱਗ ਪਿਆ ਜਿਵੇਂ ਲੰਮੀਆਂ ਦੌੜਾਂ ਦੇ ਮੁਕਾਬਲਿਆਂ ਵਿੱਚ ਕਦੇ ਕਦੇ ਜੁਆਨ ਦੌੜਾਕ ਵੀ ਡਿੱਗ ਪੈਂਦੇ ਹਨ। ਸਪੱਸ਼ਟ ਹੈ ਕਿ ਦੌੜ ਪੂਰੀ ਕਰਨ ਤੇ ਰਿਕਾਰਡ ਰੱਖਣ ਲਈ ਉਸ ਨੇ ਵਿਤੋਂ ਵੱਧ ਜ਼ੋਰ ਲਾਇਆ ਹੋਵੇਗਾ। ਇਹ ਵੀ ਹਕੀਕਤ ਹੈ ਕਿ ਉਸ ਦਾ ਵਿਤੋਂ ਵੱਧ ਲੱਗਾ ਜ਼ੋਰ ਹੀ ਉਸ ਨੂੰ ਹੀਰੋ ਬਣਾ ਸਕਿਆ ਹੈ। ਜੇ ਉਹ ਦੌੜਦਾ ਹੀ ਨਾ ਜਾਂ ਰਤਾ ਕੁ ਥੱਕਣ ਨਾਲ ਈ ਰੁਕ ਜਾਂਦਾ ਤਾਂ ਉਹ ਜ਼ੀਰੋ ਬਣਿਆ ਰਹਿੰਦਾ।

ਦੌੜ ਤੋਂ ਬਾਅਦ ਸੁਆਲ ਉਠਾਇਆ ਗਿਆ ਹੈ ਕਿ ਕੋਚ ਨੇ ਛੋਟੇ ਜਿਹੇ ਬੱਚੇ ਨੂੰ ਲੰਮੀ ਦੌੜ ਦੌੜਾ ਕੇ ਉਹਦੀ ਸਿਹਤ ਨਾਲ ਖਿਲਵਾੜ ਕੀਤਾ ਹੈ। ਦੌੜ ਦੇ ਪ੍ਰਬੰਧਕਾਂ ਨੇ ਵੀ ਨਹੀਂ ਵੇਖਿਆ ਕਿ ਏਨਾ ਛੋਟਾ ਬੱਚਾ ਏਨੀ ਲੰਮੀ ਦੌੜ ਕਿਵੇਂ ਦੌੜੇਗਾ? ਡਾਕਟਰਾਂ ਨੇ ਬੱਚੇ ਦਾ ਮੈਡੀਕਲ ਟੈੱਸਟ ਕਰ ਕੇ ਉਸ ਦੇ ਲੰਮੀ ਦੌੜ ਦੌੜਨ ਉਤੇ ਪਾਬੰਦੀ ਲਾ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਦੇ ਖੇਡ ਪ੍ਰੇਮੀਆਂ ਨੇ ਉਸ ਨੂੰ ਉਚੇਚੀ ਸਿਖਲਾਈ ਦੇਣ ਤੇ ਉਮਰ ਭਰ ਦੀਆਂ ਰੋਟੀਆਂ ਪ੍ਰੋਸਣ ਦੀ ਪੇਸ਼ਕਸ਼ ਕੀਤੀ ਹੈ। ਪੀ.ਟੀ.ਊਸ਼ਾ ਕਹਿੰਦੀ ਹੈ ਕਿ ਇਹ ਬੱਚਾ ਦੌੜ ਦੇ ਭਵਿੱਖ ਦੀ ਦੌਲਤ ਹੈ ਇਹਨੂੰ ਸੰਭਾਲ ਕੇ ਰੱਖਣਾ ਚਾਹੀਦੈ। ਕੋਚ ਕਹਿੰਦਾ ਹੈ ਮੈਂ ਸੰਭਾਲ ਹੀ ਤਾਂ ਰਿਹਾਂ ਤੇ ਸਾਣ ਉਤੇ ਵੀ ਚਾੜ੍ਹ ਰਿਹਾਂ। ਬੱਚਿਆਂ ਦੇ ਹੱਕਾਂ ਲਈ ਬਣੀ ਇੱਕ ਸਭਾ ਨੇ ਕੋਚ ਉਤੇ ਕੇਸ ਕਰ ਦਿੱਤਾ ਹੈ। ਮਾਮਲਾ ਅਦਾਲਤ ਵਿੱਚ ਹੈ। ਕੋਚ ਕਹਿੰਦਾ ਹੈ ਕਿ ਬੱਚੇ `ਚ ਦਮ ਸੀ ਤਦ ਹੀ ਉਹ ਪੈ੍ਹਂਟ ਕਿਲੋਮੀਟਰ ਦੌੜ ਸਕਿਆ। ਮੈਂ ਉਸ ਦਾ ਦਮ ਹੋਰ ਵੀ ਪਕਾਵਾਂਗਾ ਤਾਂ ਜੋ ਉਹ ਹੋਰ ਵੀ ਲੰਮੀ ਦੌੜ ਦੌੜ ਸਕੇ ਤੇ ਹੋਰ ਵੱਡੇ ਰਿਕਾਰਡ ਰੱਖ ਸਕੇ। ਜੇ ਉੜੀਸਾ ਵਿੱਚ ਰੋਕ ਲੱਗੇਗੀ ਤਾਂ ਮੈਂ ਬੱਚੇ ਨੂੰ ਲੈ ਕੇ ਕਿਤੇ ਹੋਰ ਚਲਾ ਜਾਵਾਂਗਾ।

ਮਾਮਲਾ ਪੇਚੀਦਾ ਹੈ। ਸੁਆਲ ਐ ਕਿ ਇੱਕ ਬੱਚੇ ਨੂੰ ਕਿਥੇ ਤਕ ਦੌੜਨ ਦੀ ਆਗਿਆ ਹੋਵੇ ਤੇ ਨਾਲ ਹੀ ਇੱਕ ਬੁੱਢੇ ਨੂੰ ਵੀ? ਅੱਜ ਬੁਧੀਏ ਨੂੰ ਲੰਮੀਆਂ ਦੌੜਾਂ ਤੋਂ ਰੋਕਿਆ ਗਿਆ ਤਾਂ ਕੱਲ੍ਹ ਨੂੰ ਫੌਜਾ ਸਿੰਘ ਨੂੰ ਵੀ ਰੋਕਣਾ ਪਵੇਗਾ। ਜੇਕਰ ਬਾਲਕ ਦੀ ਸਿਹਤ ਨਾਲ ਖਿਲਵਾੜ ਹੈ ਤਾਂ ਬਿਰਧ ਨਾਲ ਕਿਹੜਾ ਘੱਟ ਹੈ? ਜਾਨ ਜੋਖੋਂ ਵਾਲੇ ਸਾਰੇ ਹੀ ਕਰਤਬ ਰੋਕਣੇ ਪੈ ਸਕਦੇ ਹਨ। ਜਿਹੜਾ ਵੀ ਅਥਲੀਟ ਜਾਂ ਖਿਡਾਰੀ ਬੇਹੋਸ਼ ਹੋ ਕੇ ਡਿੱਗੇ ਉਹਦੇ ਮੁੜ ਦੌੜਨ ਜਾਂ ਖੇਡਣ ਉਤੇ ਪਾਬੰਦੀ ਲਗਾਉਣੀ ਪੈ ਸਕਦੀ ਹੈ। ਕੀ ਇਹ ਕੁੱਝ ਕਰਨਾ ਸੰਭਵ ਹੋਵੇਗਾ? ਦੌੜਨ ਵਿੱਚ ਤਾਂ ਏਨਾ ਖ਼ਤਰਾ ਨਹੀਂ ਜਿੰਨਾ ਹੋਰਨਾਂ ਖੇਡਾਂ ਤੇ ਕਰਤਬਾਂ ਵਿੱਚ ਹੈ। ਦੌੜਨ ਨਾਲ ਤਾਂ ਕੋਈ ਥੱਕ ਕੇ ਡਿੱਗੇਗਾ ਹੀ ਤੇ ਕੁੱਝ ਸਮੇਂ ਪਿੱਛੋਂ ਫਿਰ ਖੜ੍ਹਾ ਹੋ ਜਾਵੇਗਾ ਜਿਵੇਂ ਬੁਧੀਆ ਹੋਇਆ ਹੈ। ਅਨੇਕਾਂ ਖੇਡਾਂ ਹਨ ਜਿਹੜੀਆਂ ਸੱਟਾਂ ਫੇਟਾਂ ਦੇ ਖ਼ਤਰਿਆਂ ਨਾਲ ਭਰੀਆਂ ਪਈਆਂ ਹਨ। ਪੰਜਾਬ ਦੀ ਦੇਸੀ ਖੇਡ ਕਬੱਡੀ ਬਾਰੇ ਕੀ ਕਿਹਾ ਜਾਵੇ?

ਬੁਧੀਆ ਪੈ੍ਹਂਟ ਕਿਲੋਮੀਟਰ ਦੌੜ ਕੇ ਤੁਰਿਆ ਫਿਰਦਾ ਹੈ ਤੇ ਬਿਮਾਰ ਨਹੀਂ ਹੋਇਆ। ਉਹ ਹੋਰ ਵੀ ਲੰਮੀ ਦੌੜ ਦੌੜਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਫੌਜਾ ਸਿੰਘ ਕਹਿੰਦਾ ਹੈ ਜੇ ਮੈਂ ਜੀਂਦਾ ਰਿਹਾ ਤਾਂ ਅਠੰਨਵੇਂ ਸਾਲ ਦੀ ਉਮਰ ਵਿੱਚ ਫਿਰ ਮੈਰਾਥਨ ਲਾਵਾਂਗਾ। ਅਠੰਨਵੇਂ ਸਾਲ ਦੀ ਉਮਰ ਪਿਛੋਂ ਉਹ ਕਹਿ ਸਕਦੈ ਕਿ ਮੈਂ ਸੌ ਸਾਲ ਦੀ ਉਮਰ ਵਿੱਚ ਵੀ ਦੌੜਾਂਗਾ। ਕਲਪਨਾ ਚਾਵਲਾ ਪੁਲਾੜ ਵਿੱਚ ਉਡਦੀ ਹੋਈ ਮੁੱਕ ਗਈ। ਪਰ ਪੁਲਾੜ ਯਾਤਰੀਆਂ ਦਾ ਚੰਦ ਤਾਰਿਆਂ ਵੱਲ ਉਡਣ ਦਾ ਜਜ਼ਬਾ ਮਾਂਦਾ ਨਹੀਂ ਪਿਆ। ਅਨੇਕਾਂ ਲੋਕ ਹਨ ਜੋ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣ ਲਈ ਅਹੁਲ ਰਹੇ ਹਨ। ਜਾਨ ਜੋਖੋਂ ਵਾਲੇ ਕਾਰਨਾਮੇ ਕਰਨ ਵਾਲਿਆਂ ਨੂੰ ਰੋਕਣ ਦੀ ਨਹੀਂ ਸਗੋਂ ਸੁਰੱਖਿਆ ਦੇਣ ਦੀ ਲੋੜ ਹੈ। ਕਈ ਬੱਚਿਆਂ ਦੇ ਮਨ ਮਚਲਦੇ ਹੋਣਗੇ ਕਿ ਅਸੀਂ ਬੁਧੀਆ ਸਿੰਘ ਤੋਂ ਵੀ ਵੱਧ ਦੌੜੀਏ ਤੇ ਉਹਦਾ ਰਿਕਾਰਡ ਤੋੜੀਏ। ਤੇ ਬੁਧੀਆ ਸਿੰਘ ਦੀ ਵੀ ਕਿਹੜਾ ਬੱਸ ਹੈ?

ਬੁਧੀਏ ਤੇ ਫੌਜਾ ਸਿੰਘ ਦੀਆਂ ਮਾਰੀਆਂ ਮੱਲਾਂ ਨੇ ਦਰਸਾ ਦਿੱਤਾ ਹੈ ਕਿ ਬਾਲਕਾਂ ਤੇ ਬੁੱਢਿਆਂ ਵਿੱਚ ਅਸੀਮ ਸੰਭਾਵਨਾਵਾਂ ਹਨ। ਭਾਰਤ ਵਰਗੇ ਪੱਛੜੇ ਮੁਲਕ ਦੇ ਪੱਛੜੇ ਇਲਾਕਿਆਂ ਵਿੱਚ ਅਨੇਕਾਂ ਬੁਧੀਏ ਤੇ ਫੌਜੇ ਪਏ ਹਨ। ਲੋੜ ਉਨ੍ਹਾਂ ਨੂੰ ਪਛਾਣਨ ਦੀ ਹੈ। ਉਨ੍ਹਾਂ ਨੂੰ ਪਾਲਣ, ਸੰਭਾਲਣ ਤੇ ਸਿਖਿਅਤ ਕਰਨ ਦੀ ਹੈ। ਜੇਕਰ ਉਹ ਆਪਣੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਉਮਰ ਵਾਲਿਆਂ ਵਿੱਚ ਵਿਸ਼ਵ ਰਿਕਾਰਡ ਰੱਖ ਸਕਦੇ ਹਨ ਤਾਂ ਉਹ ਯੋਗ ਸਿਖਲਾਈ ਨਾਲ ਜੁਆਨੀ ਵਿੱਚ ਵੀ ਵਿਸ਼ਵ ਵਿਜੇਤਾ ਬਣ ਸਕਦੇ ਹਨ। ਭਾਰਤ ਵਿੱਚ ਪ੍ਰਤਿਭਾ ਦਾ ਘਾਟਾ ਨਹੀਂ। ਘਾਟਾ ਉਸ ਪ੍ਰਤਿਭਾ ਨੂੰ ਨਿਖਾਰਨ ਤੇ ਸਾਣ ਚਾੜ੍ਹਨ ਵਾਲਿਆਂ ਦਾ ਹੈ। ਵੇਖਦੇ ਆਂ ਇਹ ਘਾਟਾ ਕਦੋਂ ਦੂਰ ਹੋਵੇਗਾ?

ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ ਪਰ ਵੱਜਦਾ ਉਹ ਬੰਗਾਲ ਦਾ ਹੈ। ਬੰਗਾਲ ਲਈ ਉਹ ਲਗਾਤਾਰ ਪੰਦਰਾਂ ਵਰ੍ਹੇ ਹਾਕੀ ਖੇਡਿਆ। ਜਿੰਨਾ ਨਾਮਣਾ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਕਮਾਇਆ ਉਨਾ ਹੀ ਜੱਸ ਗੁਰਬਖ਼ਸ਼ ਸਿੰਘ ਨੇ ਹਾਕੀ ਖੇਡ ਕੇ ਖੱਟਿਆ। ਸੱਠਵਿਆਂ ਵਿੱਚ ਉਹਦੀ ਗੁੱਡੀ ਸਿਖ਼ਰ ਉੱਤੇ ਸੀ ਤੇ ਕੋਈ ਵੀ ਭਾਰਤੀ ਹਾਕੀ ਟੀਮ ਗੁਰਬਖ਼ਸ਼ ਸਿੰਘ ਦੀ ਸ਼ਮੂਲੀਅਤ ਤੋਂ ਬਿਨਾਂ ਮੁਕੰਮਲ ਨਹੀਂ ਸੀ ਸਮਝੀ ਜਾਂਦੀ। ਉਦੋਂ ਉਹ ਪ੍ਰਿਥੀਪਾਲ ਸਿੰਘ ਨਾਲ ਹਾਕੀ ਦਾ ਦੂਜਾ ਫੁੱਲ ਬੈਕ ਹੁੰਦਾ ਸੀ। 1968 ਦੀਆਂ ਓਲੰਪਿਕ ਖੇਡਾਂ ਸਮੇਂ ਉਹ ਤੇ ਪ੍ਰਿਥੀਪਾਲ ਸਿੰਘ ਜੁੜਵੇਂ ਕਪਤਾਨ ਸਨ।

ਹਾਕੀ ਦੀ ਖੇਡ ਨਾਲ ਜਿੰਨੇ ਪਾਸਿਆਂ ਤੋਂ ਗੁਰਬਖ਼ਸ਼ ਸਿੰਘ ਜੁੜਿਆ ਆ ਰਿਹਾ ਹੈ ਉਨੇ ਪਾਸਿਆਂ ਤੋਂ ਸ਼ਾਇਦ ਹੀ ਕੋਈ ਹੋਰ ਖਿਡਾਰੀ ਜੁੜਿਆ ਹੋਵੇ। ਉਹ ਫਾਰਵਰਡ ਵੀ ਖੇਡਿਆ, ਹਾਫ਼ ਬੈਕ ਵੀ ਤੇ ਫੁੱਲ ਬੈਕ ਵੀ ਖੇਡਿਆ। ਭਾਰਤੀ ਹਾਕੀ ਟੀਮਾਂ ਦਾ ਮੈਂਬਰ ਬਣਨ ਤੇ ਟੀਮਾਂ ਦੀਆਂ ਕਪਤਾਨੀਆਂ ਕਰਨ ਪਿੱਛੋਂ ਉਹ ਭਾਰਤੀ ਹਾਕੀ ਟੀਮਾਂ ਦਾ ਕੋਚ ਵੀ ਬਣਿਆਂ ਤੇ ਮੈਨੇਜਰ ਵੀ ਰਿਹਾ। ਉਹਨੇ ਕੌਮੀ ਤੇ ਕੌਮਾਂਤਰੀ ਪੱਧਰ `ਤੇ ਅੰਪਾਇਰ ਬਣ ਕੇ ਮੈਚ ਵੀ ਖਿਡਾਏ। ਉਹ ਦੋ ਵਾਰ ਛੇ ਛੇ ਮਹੀਨਿਆਂ ਲਈ ਫਰਾਂਸ ਦੀ ਹਾਕੀ ਟੀਮ ਨੂੰ ਕੋਚਿੰਗ ਦੇਣ ਵੀ ਗਿਆ ਤੇ ਦਿਲਚਸਪ ਗੱਲ ਹੈ ਕਿ ਉਹਨੇ ਪੱਤਰਕਾਰ ਬਣ ਕੇ ਮਿੳਨਿਖ਼ ਦੀਆਂ ਓਲੰਪਿਕ ਖੇਡਾਂ ਦੇ ਹਾਕੀ ਮੈਚ ਕਲਕੱਤੇ ਦੇ ਅਖ਼ਬਾਰਾਂ ਲਈ ਕਵਰ ਕੀਤੇ। ਜਦੋਂ ਮੈਂ 1981 ਵਿੱਚ ਬੰਬਈ ਦਾ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਪੰਜਾਬੀ ਟ੍ਰਿਬਿਊਨ ਲਈ ਕਵਰ ਕਰਨ ਗਿਆ ਤਾਂ ਉਹ ਸਪੋਰਟਸ ਵੀਕ ਦਾ ਨੁਮਾਇੰਦਾ ਬਣ ਕੇ ਆਪਣੀ ਟਿੱਪਣੀਆਂ ਭੇਜ ਰਿਹਾ ਸੀ।

ਬੰਬਈ ਵਿੱਚ ਉਹ ਕਈ ਫਰੰਟਾਂ `ਤੇ ਕੰਮ ਕਰ ਰਿਹਾ ਸੀ। ਕਦੇ ਉਹ ਮੈਦਾਨ `ਚ ਦਿਸਦਾ, ਕਦੇ ਖੇਡ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ, ਕਦੇ ਕੋਚਾਂ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹੁੰਦਾ ਤੇ ਕਦੇ ਕੁਮੈਂਟਰੀ ਬੌਕਸ ਵਿੱਚ ਵਿਸ਼ੇਸ਼ਗ ਵਜੋਂ ਬੋਲਦਾ। ਕਦੇ ਕੰਟੀਨ `ਚ ਹੁੰਦਾ, ਕਦੇ ਖਿਡਰੀਆਂ ਦੇ ਰਿਹਾਇਸ਼ੀ ਹੋਟਲਾਂ `ਚ ਤੇ ਕਦੇ ਉਹ ਸਾਡੇ ਕੋਲ ਪ੍ਰੈੱਸ ਸੈਂਟਰ ਵਿੱਚ ਓਕੜੂ ਜਿਹਾ ਖੜ੍ਹਾ ਹੁੰਦਾ। ਨਿੱਠ ਕੇ ਬੈਠਾਂ ਤਾਂ ਮੈਂ ਉਹਨੂੰ ਕਦੇ ਵੇਖਿਆ ਈ ਨਹੀਂ ਸੀ। ਪਲ `ਚ ਇਥੇ ਪਲ `ਚ ਉਥੇ, ਐਨ ਉਵੇਂ ਜਿਵੇਂ ਹਾਕੀ ਖੇਡਦਿਆਂ ਹਾਕੀ ਦੇ ਗਰਾਊਂਡ ਵਿੱਚ ਘੁੰਮਦਾ ਹੁੰਦਾ ਸੀ। ਪੰਦਰਾਂ ਦਿਨ ਮੈਂ ਉਹਨੂੰ ਪੱਬਾਂ ਭਾਰ ਈ ਵੇਖਿਆ ਤੇ ਆਪਣੇ ਇੱਕ ਤਬਸਰੇ ਵਿੱਚ ਲਿਖਿਆ, “ਗੁਰਬਖ਼ਸ਼ ਸਿੰਘ ਇਥੇ ਵਿਆਹ `ਚ ਨੈਣ ਵਾਂਗ ਫਿਰਦਾ ਹੈ।”

ਗੁਰਬਖ਼ਸ਼ ਸਿੰਘ ਉਂਜ ਦੇਖਣੀ ਪਾਖਣੀ `ਚ ਖਿਡਾਰੀ ਨਹੀਂ ਲੱਗਦਾ। ਐਨਕਾਂ ਲਾਈ ਉਹ ਕਿਸੇ ਦਫ਼ਤਰ ਦਾ ਬਾਬੂ ਪਰਤੀਤ ਹੁੰਦਾ ਹੈ। ਕੱਦ ਤਾਂ ਵਾਹਵਾ ਲੰਮਾ ਹੈ ਪਰ ਜੁੱਸਾ ਇਕਹਿਰਾ ਜਿਹਾ ਹੀ ਹੈ ਜਿਵੇਂ ਅਮਲੀ ਹੋਵੇ। ਉਸ ਦਾ ਕੱਦ ਪੰਜ ਫੁੱਟ ਦਸ ਇੰਚ ਹੈ ਪਰ ਸਰੀਰਕ ਵਜ਼ਨ ਚੌ੍ਹਂਟ ਕਿਲੋਗਰਾਮ ਹੀ ਹੈ। ਵਿਰਲੀ ਜਿਹੀ ਦਾੜ੍ਹੀ ਹੈ ਤੇ ਉਹ ਵੀ ਡੋਰੀ ਪਾ ਕੇ ਕਸੀ ਤੇ ਫਿਕਸੋ ਨਾਲ ਜਮਾਈ ਹੁੰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਸ਼ਰਧਾਵਾਨ ਗੁਰਸਿੱਖ ਹੈ। ਜਿੰਨੀ ਕਾਮਯਾਬੀ ਉਸ ਨੂੰ ਮਿਲੀ ਉਸ ਬਾਰੇ ਉਸ ਦਾ ਇਹੋ ਕਹਿਣਾ ਹੁੰਦਾ ਸੀ, “ਸਭ ਵਾਹਿਗੁਰੂ ਦੀ ਕਿਰਪਾ।”

ਹਾਕੀ ਦੀ ਖੇਡ ਵਿੱਚ ਉਹ ਉੱਚ ਕੋਟੀ ਦਾ ਸ਼ਾਇਦ ਇਕੋ ਇੱਕ ਖਿਡਾਰੀ ਹੈ ਜੋ ਹਮੇਸ਼ਾਂ ਐਨਕਾਂ ਲਾ ਕੇ ਖੇਡਿਆ ਹੋਵੇ। ਸ਼ੁਰੂ ਸ਼ੁਰੂ ਵਿੱਚ ਅਸੀਂ ਜਦੋਂ ਉਸ ਨੂੰ ਐਨਕਾਂ ਲਈ ਹਾਕੀ ਖੇਡਦਾ ਵੇਖਦੇ ਤਾਂ ਆਪਸ ਵਿੱਚ ਗੱਲਾਂ ਕਰਦੇ, “ਜੇ ਬਾਲ ਸਿੱਧੀ ਐਨਕਾਂ `ਤੇ ਵੱਜੇ, ਫੇਰ ਕੀ ਹੋਵੇ?” ਪਰ ਉਹਦੇ ਵੀਹ ਸਾਲਾਂ ਦੇ ਹਾਕੀ ਕੈਰੀਅਰ ਵਿੱਚ ਇੱਕ ਵਾਰ ਵੀ ਹਾਕੀ ਜਾਂ ਗੇਂਦ ਉਹਦੀਆਂ ਐਨਕਾਂ `ਚ ਨਹੀਂ ਵੱਜੀ।

ਗੁਰਬਖ਼ਸ਼ ਸਿੰਘ ਦੀ ਗਰਦਨ ਪਤਲੀ ਹੈ ਤੇ ਉਹਦੀ ਘੰਡੀ ਗੇਂਦ ਵਾਂਗ ਗੇੜੇ ਖਾਂਦੀ ਦਿੱਸਦੀ ਹੈ। ਰੰਗ ਕਣਕਵੰਨਾ ਹੈ ਤੇ ਪੱਗ ਦਾ ਬੰਨ੍ਹੇਜ ਭਾਪਿਆਂ ਵਾਲਾ। ਉਹ ਕਸਵੀਂ ਟੂਟੀਦਾਰ ਪੱਗ ਬੰਨ੍ਹਦਾ ਹੈ। ਗੱਲ ਬਾਤ ਦਾ ਲਹਿਜਾ ਪੋਠੋਹਾਰੀ ਹੈ। ਉਹਦਾ ਜੱਦੀ ਪਿੰਡ ਜ਼ਿਲ੍ਹਾ ਜਿਹਲਮ ਵਿੱਚ ਮੰਗਵਾਲ ਸੀ। ਉਹਦੇ ਪਿਤਾ ਸ.ਕਰਤਾਰ ਸਿੰਘ ਫੌਜ ਵਿੱਚ ਮੇਜਰ ਸਨ। ਜਦੋਂ ਉਹ ਪਿਸ਼ਾਵਰ ਵਿੱਚ ਤਾਇਨਾਤ ਸਨ ਤਾਂ ਉਥੇ 11 ਫਰਵਰੀ 1936 ਨੂੰ ਗੁਰਬਖ਼ਸ਼ ਸਿੰਘ ਦਾ ਜਨਮ ਹੋਇਆ ਸੀ। ਮੇਜਰ ਕਰਤਾਰ ਸਿੰਘ ਖ਼ੁਦ ਹਾਕੀ ਦੇ ਤਕੜੇ ਖਿਡਾਰੀ ਸਨ ਤੇ ਉਹ ਵੀ ਫੁੱਲ ਬੈਕ ਖੇਡਦੇ ਸਨ।

ਦੇਸ਼ ਦੀ ਵੰਡ ਪਿੱਛੋਂ ਕਰਤਾਰ ਸਿੰਘ ਦੇ ਪਰਿਵਾਰ ਨੂੰ ਲਖਨਊ ਆਉਣਾ ਪਿਆ ਜਿਥੇ ਗੁਰਬਖ਼ਸ਼ ਪੜ੍ਹਨ ਲੱਗਾ ਤੇ ਆਪਣੇ ਸਕੂਲ ਦੀ ਹਾਕੀ ਟੀਮ ਵਿੱਚ ਚੁਣਿਆ ਗਿਆ। ਸਕੂਲ ਦੀ ਟੀਮ `ਚ ਉਹ ਕਦੇ ਰਾਈਟ ਇਨ ਤੇ ਕਦੇ ਲੈਫਟ ਇਨ ਖੇਡਦਾ ਸੀ। ਫਿਰ ਇੰਦੌਰ ਕਾਲਜ ਵਿੱਚ ਪੜ੍ਹਨ ਲੱਗਾ ਤੇ ਆਗਰਾ ਯੂਨੀਵਰਸਿਟੀ ਵੱਲੋਂ ਫੁੱਲ ਬੈਕ ਖੇਡਿਆ। ਬੀ.ਏ.ਦਾ ਇਮਤਿਹਾਨ ਉਸ ਨੇ ਪ੍ਰਾਈਵੇਟ ਵਿਦਿਆਰਥੀ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤਾ। 1957 ਵਿੱਚ ਉਹ ਮੋਟਰ ਪਾਰਟਸ ਦਾ ਕੰਮ ਸਿੱਖਣ ਲਈ ਕਲਕੱਤੇ ਚਲਾ ਗਿਆ ਤੇ ਉਥੇ ਵਿਆਹ ਕਰਵਾ ਕੇ ਉਥੋਂ ਦਾ ਹੀ ਹੋ ਗਿਆ। ਕਲਕੱਤੇ ਉਸ ਨੇ ਪਹਿਲੇ ਅੱਠ ਸਾਲ ਕਸਟਮ ਦੀ ਨੌਕਰੀ ਕੀਤੀ ਤੇ ਕਸਟਮ ਦੀ ਹਾਕੀ ਟੀਮ ਬਣਾਈ। 1965 ਵਿੱਚ ਕਸਟਮ ਦੀ ਨੌਕਰੀ ਛੱਡ ਕੇ ਆਪਣੇ ਸਹੁਰਿਆਂ ਦਾ ਮੋਟਰ ਪਾਰਟਸ ਦਾ ਕਾਰੋਬਾਰ ਸੰਭਾਲ ਲਿਆ। ਹੁਣ ਉਹ ਸਫਲ ਵਪਾਰੀ ਹੈ ਤੇ ਆਪਣੇ ਬੱਚਿਆਂ ਦੇ ਰਿਸ਼ਤੇ ਨਾਤੇ ਨਿਊਯਾਰਕ ਤਕ ਬਣਾਈ ਬੈਠਾ ਹੈ। ਉਸ ਦੇ ਚਾਰ ਧੀਆਂ ਹਨ ਤੇ ਇੱਕ ਪੁੱਤਰ ਹੈ।

1959 ਵਿੱਚ ਅਫਰੀਕਾ ਦੇ ਟੂਰ ਲਈ ਭਾਰਤੀ ਹਾਕੀ ਟੀਮ ਦਾ ਕੋਚਿੰਗ ਕੈਂਪ ਲੱਗਾ ਤਾਂ ਗੁਰਬਖ਼ਸ਼ ਸਿੰਘ ਨੂੰ ਸਟੈਂਡ ਬਾਈ ਰੱਖਿਆ ਗਿਆ। ਰੋਮ ਦੀਆਂ ਓਲੰਪਿਕ ਖੇਡਾਂ ਲਈ ਉਹਦਾ ਦਾਅ ਨਾ ਲੱਗਾ। ਉਦੋਂ ਬੰਗਾਲ ਦਾ ਹੀ ਕਲਾਡੀਅਸ ਭਾਰਤੀ ਟੀਮ ਦਾ ਕਪਤਾਨ ਬਣਿਆ। 1961 ਵਿੱਚ ਨਿਊਜ਼ੀਲੈਂਡ ਦੇ ਟੂਰ ਸਮੇਂ ਉਹ ਪਹਿਲੀ ਵਾਰ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਿਆਂ। 1962 ਵਿੱਚ ਉਹ ਅਹਿਮਦਾਬਾਦ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਿਆ। ਉਦੋਂ ਉਹਦੇ ਨਾਲ ਪ੍ਰਿਥੀਪਾਲ ਸਿੰਘ ਤੇ ਝਮਨ ਲਾਲ ਫੁੱਲ ਬੈਕ ਸਨ। 1963 ਵਿੱਚ ਉਹ ਲਿਓਂਸ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਣ ਗਿਆ ਜਿਥੇ ਭਾਰਤੀ ਟੀਮ ਜੇਤੂ ਰਹੀ।

1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਵਿੱਚ ਲੈਫਟ ਹਾਫ਼ ਖੇਡਿਆ। ਪ੍ਰਿਥੀਪਾਲ ਸਿੰਘ ਨਾਲ ਦੂਜਾ ਫੁੱਲ ਬੈਕ ਧਰਮ ਸਿੰਘ ਸੀ। ਫਾਈਨਲ ਮੈਚ ਪਾਕਿਸਤਾਨ ਦੀ ਟੀਮ ਵਿਰੁੱਧ ਖੇਡਿਆ ਗਿਆ ਜੋ ਭਾਰਤੀ ਟੀਮ ਨੇ 1-0 ਗੋਲ ਨਾਲ ਜਿੱਤਿਆ। ਚਾਰ ਸਾਲ ਪਹਿਲਾਂ ਰੋਮ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਟੀਮ ਨੂੰ 1-0 ਗੋਲ ਨਾਲ ਹਰਾਇਆ ਸੀ।

ਉਹਨੀਂ ਦਿਨੀਂ ਭਾਰਤ-ਪਾਕਿ ਹਾਕੀ ਮੈਚਾਂ ਵਿੱਚ ਜਿਹੜਾ ਮੁਲਕ ਜਿੱਤ ਜਾਂਦਾ ਉਹ ਏਨੀ ਖ਼ੁਸ਼ੀ ਮਨਾਉਂਦਾ ਜਿਵੇਂ ਜੰਗ ਜਿੱਤ ਗਿਆ ਹੋਵੇ।

ਟੋਕੀਓ ਵਿੱਚ ਗੁਰਬਖ਼ਸ਼ ਸਿੰਘ ਹੋਰਾਂ ਦੀ ਜਿੱਤ ਉਤੇ ਭਾਰਤਵਾਸੀ ਏਨੇ ਖ਼ੁਸ਼ ਹੋਏ ਕਿ ਜੇਤੂ ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਐਲਾਨੇ ਗਏ। ਇਹ ਵੱਖਰੀ ਗੱਲ ਹੈ ਕਿ ਕਈ ਐਲਾਨਾਂ ਉਤੇ ਹੁਣ ਤਕ ਅਮਲ ਨਹੀਂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਨੇ ਜੇਤੂ ਖਿਡਾਰੀਆਂ ਨੂੰ ਚੰਡੀਗੜ੍ਹ ਵਿੱਚ ਪਲਾਟ ਅਲਾਟ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਿਥੀਪਾਲ ਸਿੰਘ ਹੋਰੀਂ ਪਲਾਟ ਉਡੀਕਦੇ ਇਸ ਜਹਾਨ ਤੋਂ ਕੂਚ ਕਰ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਕੀਹਨੇ ਪਲਾਟ ਦੇਣੇ ਹਨ? ਸ.ਦਰਬਾਰਾ ਸਿੰਘ ਦੀ ਸਰਕਾਰ ਨੇ ਵੀ 1982 ਵਿੱਚ ਦਿੱਲੀ ਦੀਆਂ ਏਸ਼ਿਆਈ ਖੇਡਾਂ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਲੱਖ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਸੀ ਜੋ ਅੱਧ ਪਚੱਧ ਹੀ ਪੂਰਾ ਹੋ ਸਕਿਆ। ਅਕਸਰ ਵੇਖਿਆ ਗਿਆ ਹੈ ਕਿ ਮੁੱਖ ਮੰਤਰੀ ਤੇ ਮੰਤਰੀ ਐਲਾਨ ਤਾਂ ਵੱਡੇ ਵੱਡੇ ਕਰ ਦਿੰਦੇ ਹਨ ਪਰ ਅਮਲ ਕਰਨਾ ਭੁੱਲ ਜਾਂਦੇ ਹਨ।

1966 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਗੁਰਬਖ਼ਸ਼ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਮੀਤ ਕਪਤਾਨ ਬਣਾਇਆ ਗਿਆ। ਇਸ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਇਹ ਟੀਮ ਲਗਭਗ ਸਾਰੀ ਹੀ ਸਰਦਾਰ ਖਿਡਾਰੀਆਂ ਨਾਲ ਲੈਸ ਸੀ ਜਿਨ੍ਹਾਂ ਦੇ ਜੂੜਿਆਂ ਉਤੇ ਸਫੈਦ ਰੁਮਾਲ ਸੋਂਹਦੇ ਸਨ। ਇਸ ਪ੍ਰਾਪਤੀ ਉਤੇ ਭਾਰਤ ਸਰਕਾਰ ਨੇ ਗੁਰਬਖ਼ਸ਼ ਸਿੰਘ ਨੂੰ ਦੇਸ਼ ਦੇ ਸਰਵੋਤਮ ਖੇਡ ਪੁਰਸਕਾਰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ।

1966 ਵਿੱਚ ਹੀ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਹਾਕੀ ਦਾ ਕੌਮਾਂਤਰੀ ਟੂਰਨਾਮੈਂਟ ਹੋਇਆ। ਗੁਰਬਖ਼ਸ਼ ਸਿੰਘ ਨੂੰ ਉਸ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸੇ ਸਾਲ ਜਪਾਨ ਦੇ ਟੂਰ ਸਮੇਂ ਵੀ ਭਾਰਤੀ ਹਾਕੀ ਟੀਮ ਦੀ ਅਗਵਾਈ ਗੁਰਬਖ਼ਸ਼ ਸਿੰਘ ਨੂੰ ਹੀ ਸੌਂਪੀ ਗਈ। ਫਿਰ ਸ੍ਰੀਲੰਕਾ ਦੇ ਟੂਰ ਵੇਲੇ ਵੀ ਉਹ ਕਪਤਾਨ ਬਣਿਆਂ। 1967 ਵਿੱਚ ਉਹ ਲੰਡਨ ਦਾ ਪ੍ਰੀ ਓਲੰਪਿਕ ਹਾਕੀ ਟੂਰਨਾਮੈਂਟ ਖੇਡਿਆ।

 

1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਸਥਿਤੀ ਅਜਿਹੀ ਬਣੀ ਕਿ ਦੋ ਸੀਨੀਅਰ ਖਿਡਾਰੀਆਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਦੋਹਾਂ ਨੂੰ ਭਾਰਤੀ ਹਾਕੀ ਟੀਮ ਦੇ ਜਾਇੰਟ ਕਪਤਾਨ ਬਣਾਉਣਾ ਪਿਆ। ਅਜਿਹਾ ਪਹਿਲੀ ਵਾਰ ਹੋਇਆ। ਗੱਲ ਵਿਚੋਂ ਇਹ ਸੀ ਕਿ ਦੋਵੇਂ ਖਿਡਾਰੀ ਮੈਰਿਟ ਪੱਖੋਂ ਓਲੰਪਿਕ ਖੇਡਾਂ ਦੀ ਕਪਤਾਨੀ ਕਰਨ ਦੇ ਹੱਕਦਾਰ ਸਨ ਪਰ ਉਮਰ ਪੱਖੋਂ ਅਗਲੀ ਓਲੰਪਿਕਸ ਖੇਡ ਸਕਣਾ ਦੋਹਾਂ ਲਈ ਹੀ ਮੁਸ਼ਕਲ ਸੀ। ਸੋ ਦੋਹਾਂ ਨੂੰ ਹੀ ਕਪਤਾਨ ਬਣਾ ਦਿੱਤਾ ਗਿਆ ਤੇ ਟੀਮ ਮਸੀਂ ਤਾਂਬੇ ਦਾ ਤਮਗ਼ਾ ਜਿੱਤ ਸਕੀ।

ਮੈਕਸੀਕੋ ਖੇਡ ਕੇ ਗੁਰਬਖ਼ਸ਼ ਸਿੰਘ ਕੌਮਾਂਤਰੀ ਹਾਕੀ ਤੋਂ ਰਿਟਾਇਰ ਹੋ ਗਿਆ ਪਰ ਕੌਮੀ ਪੱਧਰ `ਤੇ ਬੰਗਾਲ ਵੱਲੋਂ 1972 ਤਕ ਖੇਡਦਾ ਰਿਹਾ। ਬੰਗਾਲ ਵਿੱਚ ਉਹ ਕਸਟਮਜ਼, ਮੋਹਨ ਬਾਗਾਨ ਤੇ ਈਸਟ ਬੰਗਾਲ ਕਲੱਬਾਂ ਦੀਆਂ ਟੀਮਾਂ ਦਾ ਮੈਂਬਰ ਰਿਹਾ। 1973 ਵਿੱਚ ਉਹਨੂੰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਟੀਮ ਦੀ ਮੈਨੇਜਰੀ ਵੀ ਸੌਂਪੀ ਗਈ। 1974 ਤੇ 75 ਵਿੱਚ ਉਹ ਛੇ ਛੇ ਮਹੀਨਿਆਂ ਲਈ ਫਰਾਂਸ ਦੀ ਕੌਮੀ ਟੀਮ ਨੂੰ ਕੋਚਿੰਗ ਦੇਣ ਜਾਂਦਾ ਰਿਹਾ।

1976 ਵਿੱਚ ਮਾਂਟਰੀਅਲ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਦਾ ਕੋਚ ਸੀ। 1980 ਤੋਂ 84 ਤਕ ਉਹ ਫੇਰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਰਿਹਾ। 1983 ਵਿੱਚ ਉਹ ਕਰਾਚੀ ਦੀ ਚੈਂਪੀਅਨਜ਼ ਟਰਾਫੀ ਸਮੇਂ ਫਿਰ ਭਾਰਤੀ ਟੀਮ ਦਾ ਮੈਨੇਜਰ ਸੀ। 1973 ਵਿੱਚ ਉਹ ਨੈਸ਼ਨਲ ਅੰਪਾਇਰ ਬਣਿਆਂ ਸੀ ਤੇ 1981 ਵਿੱਚ ਇੰਟਰਨੈਸ਼ਨਲ ਅੰਪਾਇਰ ਬਣ ਗਿਆ ਸੀ। 1982 ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੇ ਕਈ ਮੈਚ ਖਿਡਾਏ।

ਇਕ ਵਾਰ ਅਸੀਂ ਦਿੱਲੀ ਦੇ ਨਹਿਰੂ ਹਾਕੀ ਟੂਰਨਾਮੈਂਟ ਉਤੇ `ਕੱਠੇ ਹੋਏ ਤਾਂ ਪੰਜਾਬ ਪੁਲਿਸ ਦਾ ਮੈਚ ਦੱਖਣ ਵੱਲ ਦੀ ਕਿਸੇ ਟੀਮ ਨਾਲ ਚੱਲ ਰਿਹਾ ਸੀ। ਪੰਜਾਬੀ ਹਾਕੀ ਖਿਡਾਰੀਆਂ ਦੇ ਢਿੱਲੇ ਪੈ ਜਾਣ `ਤੇ ਉਸ ਨੇ ਦਿਲੀ ਦੁੱਖ ਪਰਗਟ ਕੀਤਾ। ਉਸ ਨੇ ਕਿਹਾ, “ਸਾਡੇ ਨਵੇਂ ਮੁੰਡਿਆਂ ਦੀ ਖੇਡ ਵਿੱਚ ਉਹ ਜਾਨ ਨਹੀਂ ਰਹੀ ਜਿਹੜੀ ਹੋਣੀ ਚਾਹੀਦੀ ਏ। ਇਹਨਾਂ `ਚੋਂ ਵਧੇਰੇ ਨਸ਼ਿਆਂ ਵੱਲ ਪੈ ਗਏ ਨੇ। ਸਾਡੇ ਵੇਲੇ ਪੰਜਾਬੀ ਖਿਡਾਰੀ ਮੁਲਕ ਦੀ ਹਰੇਕ ਟੀਮ ਵਿੱਚ ਸਨ। ਪੰਜਾਬ ਹਾਕੀ ਦਾ ਘਰ ਏ ਤੇ ਉਥੋਂ ਹੋਰ ਚੰਗੇ ਖਿਡਾਰੀ ਉੱਠਣੇ ਚਾਹੀਦੇ ਨੇ।”

ਮੈਂ ਪੁੱਛਿਆ, “ਕੀ ਸਾਡੇ ਖਿਡਾਰੀ ਹੀ ਮਾਂਦੇ ਪੈ ਗਏ ਨੇ ਜਾਂ ਹੋਰ ਦੁਨੀਆਂ ਤਕੜੀ ਹੋ ਗਈ ਐ?” ਗੁਰਬਖ਼ਸ਼ ਸਿੰਘ ਨੇ ਆਖਿਆ, “ਇਹ ਠੀਕ ਏ ਕਿ ਦੂਜੇ ਮੁਲਕਾਂ ਦੇ ਖਿਡਾਰੀ ਹਾਕੀ ਖੇਡਣ `ਚ ਪਹਿਲਾਂ ਨਾਲੋਂ ਵਧੇਰੇ ਮਾਹਿਰ ਹੋ ਗਏ ਨੇ ਪਰ ਸਾਡੇ ਖਿਡਾਰੀਆਂ ਨੂੰ ਵੀ ਬਦਲਦੇ ਸਮੇਂ ਨਾਲ ਆਪਣੀ ਟੈਕਨੀਕ `ਚ ਸੁਧਾਰ ਲਿਆਉਂਦੇ ਰਹਿਣਾ ਚਾਹੀਦੈ। ਸਾਡੇ ਮੁੰਡੇ ਹਾਲਾਂ ਵੀ ਗਰਾਸ ਹਾਕੀ ਖੇਡਦੇ ਨੇ ਤੇ ਐਸਟਰੋ ਟਰਫ ਦੀ ਟੈਕਨੀਕ ਨੂੰ ਨਹੀਂ ਅਪਨਾ ਰਹੇ। ਇਹੋ ਵਜ਼ਾ ਏ ਕਿ ਇੰਟਰਨੈਸ਼ਨਲ ਮੈਚਾਂ `ਚ ਹਾਰ ਖਾਂਦੇ ਨੇ।”

ਮੈਂ ਬੱਚਿਆਂ ਨੂੰ ਕੋਈ ਸੰਦੇਸ਼ ਦੇਣ ਲਈ ਕਿਹਾ ਤਾਂ ਉਸ ਨੇ ਆਖਿਆ, “ਬੱਚਿਆਂ ਨੂੰ ਖੇਡਾਂ ਸ਼ਿੱਦਤ ਨਾਲ ਅਪਨਾਉਣੀਆਂ ਚਾਹੀਦੀਆਂ ਨੇ। ਖੇਡਾਂ ਦੀ ਲਗਨ ਵਿਦਿਆਰਥੀ ਜੀਵਨ ਵਿੱਚ ਈ ਲੱਗੇ ਤਦ ਹੀ ਚੰਗੇ ਨਤੀਜੇ ਨਿਕਲ ਸਕਦੇ ਨੇ। ਕਿਸੇ ਵੀ ਖੇਡ `ਚ ਮਾਹਿਰ ਹੋਣ ਲਈ ਲਗਨ ਤੇ ਸਿਰੜ ਦੀ ਲੋੜ ਏ। ਜੀਹਦੇ ਵਿੱਚ ਲਗਨ ਤੇ ਸਿਰੜ ਐ ਉਹ ਜ਼ਰੂਰ ਕੁੱਝ ਨਾ ਕੁੱਝ ਕਰ ਕੇ ਈ ਦਮ ਲਵੇਗਾ।”

ਮੈਂ ਪੁੱਛਿਆ, “ਤੁਹਾਨੂੰ ਅਕਸਰ ਹੀ ਹਾਕੀ ਟੂਰਨਾਮੈਂਟਾਂ ਉਤੇ ਤੁਰੇ ਫਿਰਦੇ ਵੇਖੀਦਾ। ਪਿੱਛੇ ਤੁਹਾਡਾ ਕਾਰੋਬਾਰ ਕਿਵੇਂ ਚੱਲਦੈ। ਬਿਜ਼ਨਸ ਸਫਰ ਨਹੀਂ ਕਰਦਾ?”

ਗੁਰਬਖ਼ਸ਼ ਸਿੰਘ ਨੇ ਮੁਸਕਰਾਉਂਦਿਆਂ ਕਿਹਾ, “ਬਿਜ਼ਨਸ ਤਾਂ ਜ਼ਰੂਰ ਸਫਰ ਕਰਦਾ ਪਰ ਤੁਹਾਨੂੰ ਪਤਾ ਈ ਏ ਪਈ ਇੱਕ ਵਾਰ ਜਿਹੜਾ ਝੱਸ ਬੰਦੇ ਨੂੰ ਪੈ ਜਾਏ ਉਹ ਮਰਦੇ ਦਮ ਤਕ ਛੁੱਟਦਾ ਵੀ ਤੇ ਨਹੀਂ। ਇਹ ਹਾਕੀ ਵਾਲਾ ਸ਼ੌਕ ਤਾਂ ਹੁਣ ਉਮਰ ਭਰ ਈ ਰਹੇਗਾ ਭਾਵੇਂ ਕਿੰਨੇ ਘਾਟੇ ਪਈ ਜਾਣ।”

ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ ਲੱਗਦੀਆਂ ਹਨ ਪਰ ਸੁਮੋ ਖੜ੍ਹੇ ਪੈਰਾਂ ਦੀ ਖੇਡ ਹੈ।

ਆਮ ਕੁਸ਼ਤੀਆਂ ਵਿੱਚ ਵਿਰੋਧੀ ਖਿਡਾਰੀ ਦੀ ਕੰਡ ਲਾਉਣੀ ਹੁੰਦੀ ਹੈ ਪਰ ਸੁਮੋ ਕੁਸ਼ਤੀ `ਚ ਜੇ ਕੋਈ ਪਹਿਲਵਾਨ ਆਪਣੇ ਵਿਰੋਧੀ ਨੂੰ ਅਖਾੜੇ `ਚੋਂ ਬਾਹਰ ਕੱਢ ਦੇਵੇ ਤਾਂ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ। ਇਥੋਂ ਤਕ ਕਿ ਪੈਰਾਂ ਦੀਆਂ ਤਲੀਆਂ ਤੋਂ ਬਿਨਾਂ ਸਰੀਰ ਦਾ ਕੋਈ ਵੀ ਅੰਗ ਭੁੰਜੇ ਲੱਗ ਜਾਵੇ ਜਾਂ ਉਂਗਲ ਤਕ ਵੀ ਦਾਇਰੇ ਤੋਂ ਬਾਹਰ ਨਿਕਲ ਜਾਵੇ ਤਾਂ ਪਹਿਲਵਾਨ ਦੀ ਹਾਰ ਗਿਣੀ ਜਾਂਦੀ ਹੈ। ਇਸ ਕੁਸ਼ਤੀ ਦੇ ਨਿਰਣੇ ਵਿੱਚ ਕਈ ਵਾਰ ਦੋ ਸਕਿੰਟ ਵੀ ਨਹੀਂ ਲੱਗਦੇ ਤੇ ਵੱਧ ਤੋਂ ਵੱਧ ਪੰਜ ਮਿੰਟ ਦਾ ਸਮਾਂ ਹੁੰਦਾ ਹੈ। ਸੁਮੋ ਕੁਸ਼ਤੀਆਂ ਦਾ ਔਸਤ ਸਮਾਂ ਦਸ ਤੋਂ ਪੰਦਰਾਂ ਸਕਿੰਟ ਹੈ।

ਜਪਾਨੀਆਂ ਦਾ ਸਭਿਆਚਾਰ ਉਨੀ ਤੇਜ਼ੀ ਨਾਲ ਨਹੀਂ ਬਦਲ ਰਿਹਾ ਜਿੰਨਾ ਤੇਜ਼ ਉਥੋਂ ਦਾ ਜੀਵਨ ਹੈ। ਉਥੇ ਟੈਕਸੀਆਂ ਤੇ ਰੇਲ ਗੱਡੀਆਂ ਤੇਜ਼ ਚਲਦੀਆਂ ਹਨ। ਪੈਸੇ ਧੇਲੇ ਦੀ ਚੱਲ ਚਲਾਈ ਵੀ ਤੇਜ਼ ਹੈ ਪਰ ਸਭਿਆਚਾਰਕ ਤਬਦੀਲੀ ਬਹੁਤ ਮੱਠੀ ਹੈ। ਇਹੋ ਕਾਰਨ ਹੈ ਕਿ ਅੱਠਵੀਂ ਸਦੀ ਵਿੱਚ ਪ੍ਰਚੱਲਤ ਹੋਈ ਸੁਮੋ ਕੁਸ਼ਤੀ ਜਪਾਨ ਦੀ ਅੱਜ ਵੀ ਹਰਮਨ ਪਿਆਰੀ ਖੇਡ ਹੈ ਤੇ ਲੱਖਾਂ ਕਰੋੜਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੈ। ਉਥੇ ਸੁਮੋ ਦਾ ਕੌਮੀ ਚੈਂਪੀਅਨ ਹੋਣਾ ਵੱਡੇ ਤੋਂ ਵੱਡੇ ਰਾਜਸੀ ਨੇਤਾ ਤੋਂ ਵੀ ਵਧੇਰੇ ਮਕਬੂਲ ਹੋਣਾ ਹੈ।

ਸੁਮੋ ਦੇ ਮਹਾਨ ਜੇਤੂ ਟਕਾਨੋਹਾਨਾ ਨੇ ਜਦੋਂ ਜਪਾਨ ਦੀ ਇੱਕ ਹੁਸੀਨ ਟੀ.ਵੀ.ਸਟਾਰ ਨਾਲ ਵਿਆਹ ਕਰਵਾਇਆ ਤਾਂ ਉਨ੍ਹਾਂ ਹਜ਼ਾਰਾਂ ਮੁਟਿਆਰਾਂ ਦੇ ਦਿਲ ਟੁੱਟ ਗਏ ਜਿਹੜੀਆਂ ਮਨੋ ਮਨੀ ਉਸ ਨੂੰ ਆਪਣਾ ਸੰਭਾਵੀ ਕੰਤ ਚਿਤਵੀ ਬੈਠੀਆਂ ਸਨ। ਏਨੀ ਕਦਰ ਕੀਮਤ ਹੈ ਜਪਾਨ ਵਿੱਚ ਸੁਮੋ ਪਹਿਲਵਾਨ ਦੀ।

ਸੁਮੋ ਪਹਿਲਵਾਨ ਬਹੁਤ ਖਾਂਦੇ ਹਨ ਤੇ ਬਹੁਤ ਪੀਂਦੇ ਹਨ। ਚੌਲਾਂ ਦੀ ਜਪਾਨੀ ਸ਼ਰਾਬ ਦੀਆਂ ਤਿੰਨ ਤਿੰਨ ਵੱਡੀਆਂ ਬੋਤਲਾਂ `ਕੱਲਾ `ਕੱਲਾ ਪਹਿਲਵਾਨ ਡਕਾਰ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਖਾ ਤੇ ਪਚਾ ਸਕੇ। ਇਹ ਵੀ ਕਿ ਉਹ ਹਮੇਸ਼ਾਂ ਚਿੰਤਾ ਮੁਕਤ ਰਹੇ। ਸੁਮੋ ਪਹਿਲਵਾਨਾਂ ਦੇ ਦਿਮਾਗ਼ ਵਧੇਰੇ ਤੇਜ਼ ਨਹੀਂ ਹੋਣ ਦਿੱਤੇ ਜਾਂਦੇ ਮਤਾਂ ਜੁੱਸਾ ਹੌਲਾ ਪੈ ਜਾਵੇ।

ਸੁਮੋ ਅਸਲ ਵਿੱਚ ਮੋਟਿਆਂ ਦੀ ਕੁਸ਼ਤੀ ਹੈ। ਪਤਲੇ ਪਹਿਲਵਾਨ ਨੂੰ ਤਾਂ ਦਰਸ਼ਕ ਉਂਜ ਈ ਟਿੱਚਰਾਂ ਕਰ ਕੇ ਭਜਾ ਦਿੰਦੇ ਹਨ। ਸੁਮੋ ਪਹਿਲਵਾਨਾਂ ਦੇ ਆਮ ਕਰ ਕੇ ਕੇਸ ਰੱਖੇ ਤੇ ਸਿਰਾਂ ਉਤੇ ਜੂੜੇ ਕੀਤੇ ਹੁੰਦੇ ਹਨ। ਜੇਕਰ ਘੁਲਦਿਆਂ ਜੂੜਾ ਖੁੱਲ੍ਹ ਜਾਵੇ ਤਾਂ ਕੁਸ਼ਤੀ ਰੋਕ ਦਿੱਤੀ ਜਾਂਦੀ ਹੈ ਤੇ ਜੂੜਾ ਬੰਨ੍ਹਣ ਪਿੱਛੋਂ ਮੁੜ ਉਸੇ ਪੁਜ਼ੀਸ਼ਨ ਵਿੱਚ ਸ਼ੁਰੂ ਕਰਵਾਈ ਜਾਂਦੀ ਹੈ। ਉਹ ਕਮਰਬੰਦ ਲਾ ਕੇ ਅਖਾੜੇ ਵਿੱਚ ਉਤਰਦੇ ਹਨ। ਬਾਕੀ ਧੜ ਉਤੇ ਕੋਈ ਵਸਤਰ ਨਹੀਂ ਹੁੰਦਾ। ਜਦੋਂ ਕਦੇ ਕਮਰਬੰਦ ਖੁੱਲ੍ਹ ਜਾਂਦਾ ਹੈ ਤਾਂ ਦਰਸ਼ਕਾਂ ਵਿੱਚ ਹਾਸੇ ਦੀਆਂ ਲਹਿਰਾਂ ਦੌੜ ਜਾਂਦੀਆਂ ਹਨ। ਅਜਿਹੇ ਮੌਕੇ ਤੀਵੀਆਂ ਨੀਵੀਂ ਪਾ ਕੇ ਹੱਸਦੀਆਂ ਹਨ।

ਆਮ ਕਰ ਕੇ ਤੇਰਾਂ ਚੌਦਾਂ ਸਾਲਾਂ ਦੇ ਪੱਠਿਆਂ ਨੂੰ ਅਖਾੜਿਆਂ ਵਿੱਚ ਦਾਖਲ ਕੀਤਾ ਜਾਂਦਾ ਹੈ। ਇਨ੍ਹਾਂ ਅਖਾੜਿਆਂ ਨੂੰ ਸਾਬਕਾ ਸੁਮੋ ਚੈਂਪੀਅਨ ਚਲਾਉਂਦੇ ਹਨ। ਦਾਨੀਆਂ ਵੱਲੋਂ ਧਨ ਦੌਲਤ ਦੀ ਕੋਈ ਟੋਟ ਨਹੀਂ ਆਉਣ ਦਿੱਤੀ ਜਾਂਦੀ। ਪਹਿਲਵਾਨ ਪੱਠਿਆਂ ਨੂੰ ਰਹਾਇਸ਼, ਖੁਰਾਕ ਤੇ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ। ਨਵੇਂ ਪਹਿਲਵਾਨ ਮਾੜੇ ਮੋਟੇ ਉਡਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਹੇਠਲੇ ਵਰਗ ਮੈਕੂਚੀ ਵਿੱਚ ਕੁਸ਼ਤੀ ਲੜਾਈ ਜਾਂਦੀ ਹੈ। ਉਸ ਤੋਂ ਉਪਰਲਾ ਵਰਗ ਮੀਗਾਸ਼ੀਰਾ ਹੈ, ਫਿਰ ਕੋਮੋਸੂਬੀ, ਸੇਕੀਵੇਕ ਤੇ ਓਜੇਕੀ ਹਨ। ਸਭ ਤੋਂ ਉਪਰਲਾ ਵਰਗ ਯੇਕੋਜ਼ੂਨਾ ਹੈ। ਸੁਮੋ ਦਾ ਜਿਹੜਾ ਪਹਿਲਵਾਨ ਸਭ ਵਰਗਾਂ ਤੋਂ ਉਪਰਲੇ ਵਰਗ ਵਿੱਚ ਜਿੱਤੇ ਉਹਨੂੰ ਮਹਾਨ ਜੇਤੂ ਦਾ ਖ਼ਿਤਾਬ ਦੇ ਦਿੱਤਾ ਜਾਂਦਾ ਹੈ। ਜਪਾਨ ਦੇ ਹਜ਼ਾਰਾਂ ਪਹਿਲਵਾਨ ਮਹਾਨ ਜੇਤੂ ਬਣਨ ਲਈ ਲੰਮਾ ਸਮਾਂ ਸ਼ੰਘਰਸ਼ ਕਰਦੇ ਹਨ। ਜਿਹੜਾ ਇੱਕ ਵਾਰ ਇਹ ਖ਼ਿਤਾਬ ਜਿੱਤ ਜਾਵੇ ਉਸ ਨੂੰ ਉਮਰ ਭਰ ਲਈ ਐਸ਼ ਆਰਾਮ ਦਾ ਜੀਵਨ ਮਿਲ ਜਾਂਦਾ ਹੈ।

ਜਪਾਨ ਵਿੱਚ ਸੁਮੋ ਕੁਸ਼ਤੀਆਂ ਦੀ ਸਾਲ `ਚ ਛੇ ਵਾਰ ਚੈਂਪੀਅਨਸ਼ਿਪ ਹੁੰਦੀ ਹੈ। ਦੋ ਵਾਰ ਟੋਕੀਓ ਵਿੱਚ ਸੁਮੋ ਦੀ ਛਿੰਝ ਪੈਂਦੀ ਹੈ। ਤੇੜ ਤੌਲੀਏ ਜਿਹੇ ਬੰਨ੍ਹੀ ਤੇ ਉਪਰੋਂ ਨੰਗੇ ਧੜ ਮੋਟੇ ਤਾਜ਼ੇ ਮੱਲ ਅਖਾੜੇ ਦੀ ਫੇਰੀ ਲਾਉਂਦੇ ਹਨ। ਫਿਰ ਪਹਿਲਵਾਨ ਦੋ ਦਲਾਂ ਵਿੱਚ ਵੰਡੇ ਜਾਂਦੇ ਹਨ। ਇੱਕ ਨੂੰ ਪੂਰਬੀ ਕਿਹਾ ਜਾਂਦਾ ਹੈ ਤੇ ਦੂਜੇ ਨੂੰ ਪੱਛਮੀ। ਇੱਕ ਛਿੰਝ ਪੰਦਰਾਂ ਦਿਨ ਚਲਦੀ ਹੈ ਜਿਸ ਵਿੱਚ ਤੀਹ ਪਹਿਲਵਾਨ ਭਾਗ ਲੈਂਦੇ ਹਨ। ਹਰੇਕ ਪਹਿਲਵਾਨ ਰੋਜ਼ਾਨਾ ਇੱਕ ਕੁਸ਼ਤੀ ਘੁਲਦਾ ਹੈ।

ਸਭ ਤੋਂ ਪਹਿਲਾਂ ਨਿੱਕੇ ਜੋੜ ਅਖਾੜੇ ਵਿੱਚ ਉਤਰਦੇ ਹਨ। ਉਹ ਰਿੰਗ ਵਿੱਚ ਆਪੋ ਆਪਣੀ ਥਾਂ ਖੜ੍ਹੇ ਪਹਿਲਾਂ ਲੱਕੜ ਦੀ ਬਾਲਟੀ `ਚੋਂ ਲੱਕੜ ਦੇ ਚਮਚੇ ਨਾਲ ਪਾਣੀ ਲੈ ਕੇ ਚੁੱਲੀ ਕਰਦੇ ਹਨ। ਫਿਰ ਉਹ ਇੱਕ ਦੂਜੇ ਨੂੰ ਜੋਹਣ ਲਈ ਤਿੰਨ ਚਾਰ ਫਾਊਲ ਝਪਟਾਂ ਲੈਂਦੇ ਹਨ। ਇਹ ਸਲਾਮੀਆਂ ਲੈਣ ਵਰਗਾ ਕਾਰਜ ਹੈ ਤੇ ਸੁਮੋ ਦੀ ਪਰੰਪਰਾ ਹੈ। ਹਰ ਗ਼ਲਤ ਸ਼ੁਰੂਆਤ ਪਿੱਛੋਂ ਉਹ ਇੱਕ ਦੂਜੇ ਸਾਹਵੇਂ ਝੁਕਦੇ ਤੇ ਆਪੋ ਆਪਣੇ ਸਥਾਨ `ਤੇ ਜਾ ਕੇ ਬਾਲਟੀ `ਚੋਂ ਲੂਣ ਦੀਆਂ ਲੱਪਾਂ ਭਰ ਕੇ ਖਿਲਾਰਦੇ ਹਨ।

ਇਹ ਰਸਮ ਹੋ ਜਾਣ ਪਿੱਛੋਂ ਕੁੱਲੇ ਵਾਲੀ ਟੋਪੀ ਤੇ ਚਮਕਣੀ ਪੁਸ਼ਾਕ ਪਾਈ ਅਧਖੜ੍ਹ ਉਮਰ ਦਾ ਮੁਨਸਿਫ਼ ਸਹੀ ਕੁਸ਼ਤੀ ਸ਼ੁਰੂ ਕਰਨ ਦਾ ਇਸ਼ਾਰਾ ਕਰਦਾ ਹੈ। ਦੋਵੇਂ ਪਹਿਲਵਾਨ ਜੱਫੋ ਜੱਫੀ ਹੋ ਜਾਂਦੇ ਹਨ। ਦਰਸ਼ਕ ਚਾਂਘਰਾਂ ਮਾਰਦੇ ਹਨ। ਪਈ ਲਾ-ਲਾ ਲਾ-ਲਾ ਹੁੰਦੀ ਹੈ। ਪਹਿਲਵਾਨਾਂ ਜਿੰਨਾ ਜ਼ੋਰ ਹੀ ਦਰਸ਼ਕਾਂ ਦਾ ਲੱਗਦੈ। ਇਓਂ ਲੱਗਦੈ ਜਿਵੇਂ ਛਿੰਝ `ਚ ਭੁਚਾਲ ਆ ਗਿਆ ਹੋਵੇ। ਕਈ ਵਾਰ ਭਾਰੀ ਭਰਕਮ ਪਹਿਲਵਾਨ ਬਹੁਤ ਜ਼ੋਰ ਤੇ ਵੇਗ ਨਾਲ ਵਿਰੋਧੀ ਵੱਲ ਝਪਟਦਾ ਹੈ। ਅੱਗੋਂ ਤਿੱਖਾ ਵਿਰੋਧੀ ਝਕਾਨੀ ਦੇ ਕੇ ਪਾਸੇ ਹੋ ਜਾਵੇ ਤਾਂ ਭਾਰਾ ਮੱਲ ਆਪਣੇ ਜ਼ੋਰ ਨਾਲ ਹੀ ਦਾਇਰੇ `ਚੋਂ ਬਾਹਰ ਨਿਕਲ ਜਾਂਦਾ ਹੈ। ਅਜਿਹੀ ਹਾਰ ਨਾਲ ਉਸ ਦੀ ਬੜੀ ਨਮੋਸ਼ੀ ਹੁੰਦੀ ਹੈ ਤੇ ਦਰਸ਼ਕ ਵੱਖ ਮਖੌਲ ਕਰਦੇ ਹਨ।

ਸੁਮੋ ਨੂੰ ਟੀ.ਵੀ.ਉਤੇ ਵੇਖਣਾ ਜਪਾਨੀਆਂ ਦਾ ਹਰਮਨ ਪਿਆਰਾ ਸ਼ੁਗਲ ਹੈ। ਟੀ.ਵੀ.ਸੈੱਟ ਜਪਾਨ `ਚ ਸਸਤੇ ਵੀ ਬਹੁਤ ਹਨ। ਕਿਸੇ ਹੋਟਲ ਵਿੱਚ ਖਾਣਾ ਖਾਣ ਜਿੰਨੇ ਪੈਸਿਆਂ ਨਾਲ ਡੰਗ ਸਾਰੂ ਟੀ.ਵੀ.ਸੈੱਟ ਆ ਜਾਂਦੈ। ਟੀ.ਵੀ.ਕੰਪਨੀਆਂ ਵਾਲੇ ਸੁਮੋ ਤੋਂ ਕਮਾਈਆਂ ਵੀ ਬੜੀਆਂ ਕਰਦੇ ਹਨ। ਜਪਾਨੀਆਂ ਨੇ ਹਰ ਸ਼ੈਅ ਦਾ ਵਪਾਰੀਕਰਨ ਕਰ ਛੱਡਿਆ ਹੈ। ਸੁਮੋ ਕੁਸ਼ਤੀਆਂ ਦੌਰਾਨ ਜੇਤੂ ਮੱਲਾਂ ਦਾ ਨਾਂ ਵਰਤ ਕੇ ਸ਼ਰਾਬਾਂ ਤੇ ਹੋਰ ਖਾਧ ਪਦਾਰਥਾਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਹਨ। ਸੁਮੋ ਦਾ ਮਹਾਨ ਜੇਤੂ ਤਾਂ ਜੇ ਜ਼ਹਿਰ ਖਾਣ ਦੀ ਵੀ ਸਿਫ਼ਾਰਸ਼ ਕਰ ਦੇਵੇ ਤਾਂ ਜ਼ਹਿਰ ਖਾਣ ਲਈ ਵੀ ਜਪਾਨੀਆਂ ਦੀਆਂ ਕਤਾਰਾਂ ਲੱਗ ਜਾਣ!

ਸੁਮੋ ਦੀ ਛਿੰਝ ਉਤੇ ਜਪਾਨੀ ਸ਼ਰਾਬ ਸੇਕ ਦਾ ਦਰਿਆ ਵਗ ਤੁਰਦਾ ਹੈ। ਦਰਸ਼ਕ ਖਾਣ ਪੀਣ ਦੀਆਂ ਚੀਜ਼ਾਂ ਦੇ ਟਿਫਨ ਭਰ ਕੇ ਲਿਆਉਂਦੇ ਹਨ ਤੇ ਖਾ ਪੀ ਕੇ ਗੁਲਸ਼ਰੇ ਉਡਾਉਂਦੇ ਹਨ। ਬੱਚੇ ਚਾਂਭਲ ਜਾਂਦੇ ਹਨ ਤੇ ਮਰਦਾਂ ਦੀਆਂ ਅੱਖਾਂ ਵਿੱਚ ਮਸਤੀ ਉੱਤਰ ਆਉਂਦੀ ਹੈ। ਔਰਤਾਂ ਦੀ ਸੰਗ ਲੱਥ ਜਾਂਦੀ ਹੈ ਤੇ ਫਿਕਰ ਫਾਕੇ ਭੁੱਲ ਜਾਂਦੇ ਹਨ। ਜਿਥੇ ਸੁਮੋ ਦੀ ਛਿੰਝ ਉਤੇ ਦਰਸ਼ਕ ਹੋ ਹੱਲਾ ਕਰਦੇ ਹਨ ਉਥੇ ਪਹਿਲਵਾਨ ਤੇ ਨਿਰਣਾਇਕ ਟੱਸ ਤੋਂ ਮੱਸ ਨਹੀਂ ਹੁੰਦੇ। ਉਨ੍ਹਾਂ ਦੇ ਚਿਹਰੇ ਅਸਲੋਂ ਭਾਵ ਰਹਿਤ ਰਹਿੰਦੇ ਹਨ ਜਿਵੇਂ ਪੱਥਰ ਦੇ ਬੁੱਤ ਹੋਣ। ਮੁਨਸਿਫ਼ ਰਿੰਗ ਵਿੱਚ ਜੋਕਰ ਵਾਂਗ ਛਾਲਾਂ ਮਾਰਦਾ ਫਿਰਦਾ ਹੈ ਪਰ ਉਸ ਦੀ ਤਿੱਖੀ ਨਜ਼ਰ ਲਗਾਤਾਰ ਪਹਿਲਵਾਨਾਂ ਦੀਆਂ ਹਰਕਤਾਂ `ਤੇ ਟਿਕੀ ਰਹਿੰਦੀ ਹੈ। ਇੱਕ ਪਾਸੇ ਰਵਾਇਤੀ ਹਕਾਟੇ ਪਾਈ ਪੱਕੇ ਪੀਡੇ ਮੂੰਹ ਕਰੀ ਨਿਰਣਾਇਕਾਂ ਦੀ ਕਤਾਰ ਬੈਠੀ ਹੁੰਦੀ ਹੈ। ਉਨ੍ਹਾਂ ਦੇ ਨਿਰਣੇ ਏਨੇ ਨਿਰਪੱਖ ਤੇ ਸਹੀ ਹੁੰਦੇ ਹਨ ਕਿ ਸੰਸਾਰ ਦੀ ਸ਼ਾਇਦ ਹੀ ਕਿਸੇ ਹੋਰ ਕੁਸ਼ਤੀ ਵਿੱਚ ਹੁੰਦੇ ਹੋਣ। ਹਾਰ ਭਾਵੇਂ ਕਿੰਨੀ ਵੀ ਨਸੋਸ਼ੀ ਭਰੀ ਕਿਉਂ ਨਾ ਹੋਵੇ ਹਾਰਿਆ ਪਹਿਲਵਾਨ ਆਪਣੇ ਆਪ ਉਤੇ ਮੁਕੰਮਲ ਜ਼ਬਤ ਰੱਖ ਕੇ ਜੇਤੂ ਪਹਿਲਵਾਨ ਨੂੰ ਝੁਕ ਕੇ ਸਲਾਮ ਕਰਦਾ ਹੈ। ਬਾਅਦ ਵਿੱਚ ਜੇਤੂ ਪਹਿਲਵਾਨ ਵੀ ਉਸੇ ਵਾਂਗ ਝੁਕਦਾ ਹੈ। ਇਹ ਜਪਾਨੀਆਂ ਦਾ ਆਦਰ ਸਤਿਕਾਰ ਦਾ ਦਸਤੂਰ ਹੈ।

ਹਵਾਈ ਟਾਪੂ ਵਾਲੇ ਸੁਮੋ ਦੇ ਮਹਾਨ ਜੇਤੂ ਟਕਾਈਯਾਮਾ ਦਾ ਵਜ਼ਨ 350 ਪੌਂਡ ਤੇ ਕੱਦ 6 ਫੁਟ 4 ਇੰਚ ਹੈ। ਆਮ ਜਪਾਨੀ ਉਸ ਦੇ ਸ਼ੈਦਾਈ ਹਨ ਤੇ ਪਿਆਰ ਨਾਲ ਉਸ ਨੂੰ ਜੈਸੀ ਕਹਿੰਦੇ ਹਨ। ਉਸ ਵਿੱਚ ਇਕੋ ਕਾਣ ਹੈ ਕਿ ਉਪਰਲੇ ਜੁੱਸੇ ਦੀ ਨਿਸਬਤ ਲੱਤਾਂ ਕੁੱਝ ਪਤਲੀਆਂ ਹਨ ਜਿਸ ਕਾਰਨ ਕਈ ਵਾਰ ਉਹ ਸਰੀਰ ਦਾ ਬੋਝ ਸਹੀ ਢੰਗ ਨਾਲ ਨਹੀਂ ਸੰਭਾਲ ਸਕਦੀਆਂ। ਇੱਕ ਵਾਰ ਉਹ ਵਿਰੋਧੀ ਪਹਿਲਵਾਨ ਦੇ ਗਫੂਏ ਵਿੱਚ ਅਜਿਹਾ ਆਇਆ ਕਿ ਉਹਦੀ ਘੰਡੀ ਨੁਕਸਾਨੀ ਗਈ ਤੇ ਉਹ ਆਪਣੀ ਆਵਾਜ਼ ਗੁਆ ਬੈਠਾ। ਫਿਰ ਵੀ ਉਸ ਦੀਆਂ ਭਰੜਾਈਆਂ ਚੀਕਾਂ ਬੱਚਿਆਂ ਨੂੰ ਪਿਆਰੀਆਂ ਲੱਗਦੀਆਂ ਹਨ ਤੇ ਉਹ ਜੈਸੀ ਬਣਨ ਦੇ ਸੁਫ਼ਨੇ ਲੈਂਦੇ ਹਨ।

ਸੁਮੋ ਦੀ ਜਪਾਨੀ ਲੋਕ ਪੁਰਾਣੀ ਸ਼ਰਾਬ ਨਾਲ ਤੁਲਨਾ ਕਰਦੇ ਹਨ। ਜਿਵੇਂ ਜਿਵੇਂ ਇਸ ਖੇਡ ਦੀ ਉਮਰ ਵੱਧ ਰਹੀ ਹੈ ਪੁਰਾਣੀ ਸ਼ਰਾਬ ਵਾਂਗ ਇਸ ਦੀ ਕਦਰ ਹੋਰ ਵਧਦੀ ਜਾਂਦੀ ਹੈ। ਜਪਾਨੀ ਆਮ ਕਰ ਕੇ ਸੰਜੀਦਾ ਸੁਭਾਅ ਦੇ ਮਾਲਕ ਹਨ, ਗੰਭੀਰ ਤੇ ਚੁੱਪ ਕੀਤੇ ਰਹਿੰਦੇ ਹਨ। ਜਪਾਨ ਵਿੱਚ ਉੱਚਾ ਹਾਸਾ ਤੇ ਸ਼ੋਰ ਘੱਟ ਹੈ। ਉਥੇ ਮੁਸਕ੍ਰਾਹਟਾਂ ਤੇ ਆਦਰ ਭਾਵ ਦਾ ਵਾਤਾਵਰਣ ਵਧੇਰੇ ਹੈ। ਅਜਿਹਾ ਵਾਤਾਵਰਣ ਸਿਰਜਣ ਵਿੱਚ ਸੁਮੋ ਦਾ ਵੀ ਰੋਲ ਹੈ। ਇਸ ਖੇਡ ਰਾਹੀਂ ਜਪਾਨੀਆਂ ਦੇ ਮਨਾਂ ਦੀਆਂ ਗੰਢਾਂ ਖੁੱਲ੍ਹ ਜਾਂਦੀਆਂ ਹਨ ਤੇ ਭਾਵਾਂ ਦਾ ਨਿਕਾਸ ਹੋ ਜਾਂਦਾ ਹੈ।

ਸੁਮੋ ਦੀਆਂ ਛਿੰਝਾਂ ਉਤੇ ਰੌਲੇ ਗੌਲੇ ਦੀਆਂ ਰੌਆਂ ਵਗਣ ਪਿੱਛੋਂ ਸ਼ਾਂਤੀ ਵਰਤ ਜਾਂਦੀ ਹੈ। ਐਨ ਉਵੇਂ ਜਿਵੇਂ ਝੱਖੜ ਝਾਂਬੇ ਪਿੱਛੋਂ ਮੰਦ ਮੰਦ ਹਵਾ ਰੁਮਕਣ ਲੱਗ ਪਵੇ। ਜਾਂ ਛੜਾਕੇ ਪਿੱਛੋਂ ਅਕਾਸ਼ ਨਿਰਮਲ ਹੋ ਜਾਵੇ। ਧਰਤੀ `ਤੇ ਭੁਚਾਲ ਨਾ ਆਵੇ ਤਾਂ ਧਰਤੀ ਦੇ ਸ਼ਾਂਤ ਰਹਿਣ ਦਾ ਪਤਾ ਨਹੀਂ ਲੱਗਦਾ। ਦੁਸ਼ਮਣ ਨਾ ਹੋਣ ਤਾਂ ਦੋਸਤਾਂ ਦੀ ਪਛਾਣ ਹੀ ਨਾ ਹੋਵੇ। ਧੁੱਪ ਨਾਲ ਹੀ ਛਾਂ ਹੈ। ਕੋਈ ਮੰਨੇ ਨਾ ਮੰਨੇ, ਜੇ ਸੁਮੋ ਵਰਗੀ ਹੱਲੇ ਗੁੱਲੇ ਕੁਸ਼ਤੀ ਨਾ ਹੁੰਦੀ ਤਾਂ ਜਪਾਨੀ ਏਨੇ ਸਲੀਕੇ ਵਾਲੇ ਨਾ ਹੁੰਦੇ। ਉਨ੍ਹਾਂ ਦੀ ਦਿਲਾਂ ਨੂੰ ਖੱਸ ਲੈਣ ਵਾਲੀ ਮੁਸਕਾਨ, ਪਿਆਰੇ ਬੋਲ ਤੇ ਕੂਲੀਆਂ ਅਦਾਵਾਂ ਪਿੱਛੇ ਸੁਮੋ ਵਰਗੀ ਧੱਕੜ ਖੇਡ ਦਾ ਵੀ ਯੋਗਦਾਨ ਹੈ।

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ!

ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਕਿਰਤੀ ਕਿਸਾਨਾਂ ਤੇ ਸੂਰਮਿਆਂ ਦੀ ਧਰਤੀ ਹੈ। ਇਹ ਉਹਨਾਂ ਚੰਚਲ ਮਨਾਂ ਵਾਲੇ ਲੋਕਾਂ ਨੂੰ ਜਨਮ ਦਿੰਦੀ ਹੈ ਜਿਹੜੇ ਜਾਣ ਬੁੱਝ ਕੇ ਆਫ਼ਤਾਂ ਛੇੜਦੇ ਹਨ ਤੇ ਵਾਹੀਆਂ ਛੱਡ ਬੰਜਰਾਂ ਆਬਾਦ ਕਰਨ ਤੁਰ ਪੈਂਦੇ ਹਨ। ਘਰਾਂ ਦੇ ਸੁਖ ਤਿਆਗ ਪਰਦੇਸੀ ਜਾ ਬਣਦੇ ਹਨ। ਉਹਨਾਂ ਅੰਦਰ ਕੋਈ ਅਜਬ ਭਟਕਣ ਹੈ, ਅਲੋਕਾਰ ਪ੍ਰਤਿਭਾ ਜੋ ਉਨ੍ਹਾਂ ਨੂੰ ਟੇਕ ਨਹੀਂ ਆਉਣ ਦਿੰਦੀ। ਉਹ ਧੱਕੇ ਵਾਲੀਆਂ ਤੇ ਜੱਫੋਜੱਫੀ ਹੋਣ ਵਾਲੀਆਂ ਖੇਡਾਂ ਦੇ ਵਧੇਰੇ ਸ਼ੁਕੀਨ ਹਨ ਤੇ ਖੜ੍ਹੇ ਖੜੋਤੇ ਸਿੱਧ-ਪੁੱਠ ਕਰਨਾ ਲੋਚਦੇ ਹਨ।

ਕਬੱਡੀ ਤੇ ਕੁਸ਼ਤੀ ਪੰਜਾਬੀਆਂ ਦੀਆਂ ਵਧੇਰੇ ਮਨਪਸੰਦ ਖੇਡਾਂ ਹਨ। ਕੁਸ਼ਤੀਆਂ ਵਿੱਚ ਪੰਜਾਬ ਨੇ ਕਈ ਜਗਤਜੇਤੂ ਪੈਦਾ ਕੀਤੇ ਹਨ। 1892 ਵਿੱਚ ਪੰਜਾਬੀ ਪਹਿਲਵਾਨ ਕਰੀਮ ਬਖ਼ਸ਼ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਵਰਲਡ ਚੈਂਪੀਅਨ ਬਣਿਆ ਸੀ। 1900 ਵਿੱਚ ਪੰਜਾਬ ਦਾ ਇੱਕ ਹੋਰ ਪਹਿਲਵਾਨ, ਗ਼ੁਲਾਮ, ਪੰਡਤ ਮੋਤੀ ਲਾਲ ਨਹਿਰੂ ਨਾਲ ਪੈਰਿਸ ਗਿਆ ਤੇ ਤੁਰਕੀ ਦੇ ਕਾਦਰ ਅਲੀ ਨੂੰ ਢਾਹ ਕੇ ਵਿਸ਼ਵ ਜੇਤੂ ਬਣਿਆ। ਕਿੱਕਰ ਸਿੰਘ, ਗਾਮਾ ਤੇ ਗੋਬਰ ਵੀ ਬੜੇ ਮਸ਼ਹੂਰ ਪਹਿਲਵਾਨ ਹੋਏ ਜਿਨ੍ਹਾਂ ਦਾ ਲੋਹਾ ਕੁਲ ਦੁਨੀਆ ਨੇ ਮੰਨਿਆ। 1921 ਵਿੱਚ ਗੋਬਰ ਨੇ ਸਾਨ ਫਰਾਂਸਿਸਕੋ ਵਿੱਚ ਆਦਸ਼ੰਤੂ ਨੂੰ ਚਿੱਤ ਕਰ ਕੇ ਆਲਮੀ ਗੁਰਜ ਹਾਸਲ ਕੀਤੀ। ਗਾਮੇ ਨੇ ਵਿਸ਼ਵ ਵਿਜੇਤਾ ਪਹਿਲਵਾਨ ਜ਼ਬਿਸਕੋ ਨੂੰ ਪਟਿਆਲੇ ਵਿੱਚ ਪਟਕਾ ਕੇ ਰੁਸਤਮੇ ਜ਼ਮਾਂ ਦਾ ਖ਼ਿਤਾਬ ਜਿੱਤਿਆ।

1928 ਤੋਂ ਇੰਡੀਆ ਦੀ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲੱਗੀ ਤਾਂ ਪੰਜਾਬੀ ਖਿਡਾਰੀ ਓਲੰਪਿਕ ਚੈਂਪੀਅਨ ਬਣਨ ਲੱਗੇ। ਪਰ ਸੱਠਵਿਆਂ ਤਕ ਪੰਜਾਬੀ ਲਿਖਤਾਂ ਵਿੱਚ ਉਨ੍ਹਾਂ ਆਲਮੀ ਜੇਤੂਆਂ ਦਾ ਜ਼ਿਕਰ ਕਿਤੇ ਵੀ ਨਹੀਂ ਮਿਲਦਾ। ਕੁੱਝ ਮੂੰਹ ਜ਼ਬਾਨੀ ਜੋੜੇ ਛੰਦ ਜ਼ਰੂਰ ਸੁਣ ਪੈਂਦੇ ਸਨ। ਕਿਹਾ ਜਾਂਦੈ ਕਿ ਪੰਜਾਬੀ ਲੋਕ ਮੱਲਾਂ ਤਾਂ ਬੜੀਆਂ ਮਾਰ ਲੈਂਦੇ ਨੇ ਪਰ ਉਨ੍ਹਾਂ ਦਾ ਰਿਕਾਰਡ ਨਹੀਂ ਰੱਖਦੇ। ਨਾ ਹੀ ਉਹ ਪੁਰਾਣੀਆਂ ਵਿਰਾਸਤੀ ਵਸਤਾਂ ਨੂੰ ਸੰਭਾਲਣਾ ਜਾਣਦੇ ਨੇ। ਇਹੋ ਕਾਰਨ ਹੈ ਕਿ ਜਿਨ੍ਹਾਂ ਪੰਜਾਬੀ ਮੱਲਾਂ ਨੇ ਕੁਲ ਦੁਨੀਆਂ ਉਤੋਂ ਦੀ ਲੱਤ ਫੇਰੀ ਉਹ ਵੀ ਲਿਖਤਾਂ ਵਿੱਚ ਨਾ ਆਏ ਤੇ ਪੰਜਾਬੀਆਂ ਦੇ ਯਾਦ ਚਿੱਤ ਨਾ ਰਹੇ। ਕਿੱਕਰ ਸਿੰਘ, ਗ਼ੁਲਾਮ, ਗਾਮਾ, ਕੱਲੂ, ਬੂਟਾ, ਫਤਿਹ ਸਿੰਘ, ਅਲੀਆ, ਗਾਮੂੰ, ਅਮਾਮ ਬਖ਼ਸ਼, ਸੋਹਣੀ, ਗੁੰਗਾ, ਗੰਡਾ ਜੌਹਲ, ਹਮੀਦਾ, ਹਰਬੰਸ, ਪੂਰਨ ਤੇ ਗੁਰਦਾਵਰ ਹੋਰੀਂ ਹੌਲੀ ਹੌਲੀ ਚੇਤਿਆਂ `ਚੋਂ ਵਿਸਰਦੇ ਗਏ।

1964 ਵਿੱਚ ਬਲਬੀਰ ਸਿੰਘ ਕੰਵਲ ਨੇ ਭਾਰਤ ਦੇ ਪਹਿਲਵਾਨ ਨਾਂ ਦੀ ਪੁਸਤਕ ਪ੍ਰਕਾਸ਼ਤ ਕੀਤੀ ਜਿਸ ਨੂੰ ਪੰਜਾਬੀ ਦੀ ਪਹਿਲੀ ਖੇਡ ਪੁਸਤਕ ਕਿਹਾ ਜਾ ਸਕਦੈ। 1966 ਤੋਂ ਇਸ ਪੁਸਤਕ ਦਾ ਲੇਖਕ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ ਜੋ ਹੁਣ ਤਕ ਲਿਖੀ ਜਾ ਰਿਹੈ। ਉਸ ਦੀਆਂ ਖੇਡ ਪੁਸਤਕਾਂ ਦੀ ਗਿਣਤੀ ਦਰਜਨ ਤੋਂ ਟੱਪ ਗਈ ਹੈ ਜਿਨ੍ਹਾਂ ਦੇ ਨਾਂ ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿੱਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ `ਚੋਂ, ਓਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਓਲੰਪਿਕ ਖੇਡਾਂ ਦੀ ਸਦੀ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਕਬੱਡੀ ਕਬੱਡੀ ਕਬੱਡੀ, ਖੇਡਾਂ ਦੀ ਦੁਨੀਆਂ ਤੇ ਪੰਜਾਬ ਦੇ ਚੋਣਵੇਂ ਖਿਡਾਰੀ ਹਨ। ਮੇਰੀ ਖੇਡ ਕਥਾ ਤੇ ਏਸ਼ਿਆਈ ਖੇਡਾਂ ਛਪਾਈ ਅਧੀਨ ਹਨ। ਬਲਬੀਰ ਸਿੰਘ ਕੰਵਲ ਨੇ ਇੱਕ ਹੋਰ ਪੁਸਤਕ ਆਲਮੀ ਕਬੱਡੀ ਦਾ ਇਤਿਹਾਸ ਲਿਖੀ ਹੈ। ਉਸ ਤੋਂ ਪਹਿਲਾਂ ਪੰਜਾਬ ਕਬੱਡੀ ਦਾ ਇਤਿਹਾਸ ਲਿਖੀ ਸੀ।

ਖੇਡਾਂ ਤੇ ਖਿਡਾਰੀਆਂ ਬਾਰੇ ਪੰਜਾਬੀ ਵਿੱਚ ਪੰਜਾਹ ਕੁ ਕਿਤਾਬਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿੱਚ ਜੀਵਨੀਆਂ, ਸਵੈਜੀਵਨੀਆਂ, ਖਿਡਾਰੀਆਂ ਦੇ ਰੇਖਾ ਚਿੱਤਰ, ਖੇਡਾਂ ਦਾ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡਾਂ ਦੀ ਜਾਣ ਪਛਾਣ, ਖੇਡ ਨਿਯਮ, ਖੇਡਾਂ ਦੀਆਂ ਬਾਤਾਂ, ਪੰਜਾਬ ਦੀਆਂ ਦੇਸੀ ਖੇਡਾਂ ਤੇ ਖਿਡਾਰੀਆਂ ਦੀਆਂ ਗਲਪੀ ਕਹਾਣੀਆਂ ਆਦਿ ਕਈ ਤਰ੍ਹਾਂ ਦੀਆਂ ਵੰਨਗੀਆਂ ਹਨ। ਕਿਹਾ ਜਾ ਸਕਦੈ ਕਿ ਪੰਜਾਬੀ ਖੇਡ ਸਾਹਿਤ ਦੀ ਵੱਖਰੀ ਪਛਾਣ ਕਾਇਮ ਹੋ ਚੁੱਕੀ ਹੈ ਤੇ ਆਉਂਦੇ ਸਮੇਂ `ਚ ਖਿਡਾਰੀਆਂ ਦੇ ਜੀਵਨ ਬਾਰੇ ਅਫ਼ਸਾਨੇ ਤੇ ਨਾਵਲ ਵੀ ਪੜ੍ਹਨ ਨੂੰ ਮਿਲਣਗੇ।

ਖਿਡਾਰੀਆਂ ਦੀਆਂ ਸਵੈਜੀਵਨੀਆਂ ਵਿੱਚ ਪ੍ਰਮੁੱਖ ਫਲਾਈਂਗ ਸਿੱਖ ਮਿਲਖਾ ਸਿੰਘ ਹੈ ਜੋ ਸੱਤਰਵਿਆਂ ਵਿੱਚ ਛਪੀ ਸੀ। ਮਿਲਖਾ ਸਿੰਘ ਇੰਗਲੈਂਡ ਵਿੱਚ ਕਾਮਨਵੈੱਲਥ ਖੇਡਾਂ ਦਾ ਮਹਿਮਾਨ ਬਣ ਕੇ ਗਿਆ ਸੀ। ਉਥੇ ਉਸ ਨੂੰ ਦੇਸ ਪ੍ਰਦੇਸ ਦਾ ਐਡੀਟਰ ਤਰਸੇਮ ਪੁਰੇਵਾਲ ਮਿਲਿਆ ਜਿਸ ਨੇ ਮਿਲਖਾ ਸਿੰਘ ਨੂੰ ਆਪਣੇ ਜੀਵਨ ਬਾਰੇ ਕਿਤਾਬ ਲਿਖਣ ਲਈ ਪ੍ਰੇਰਿਆ। ਉਸ ਨੇ ਕਿਹਾ, “ਤੁਸੀਂ ਆਪਣੀ ਜੀਵਨ ਕਹਾਣੀ ਪਾਸ਼ ਨੂੰ ਸੁਣਾਉਂਦੇ ਜਾਣਾ, ਉਹ ਲਿਖ ਦੇਵੇਗਾ।” ਇੰਜ ਪੁਰੇਵਾਲ ਨੇ ਪੰਜਾਬੀ ਦੇ ਪ੍ਰਸਿੱਧ ਕਵੀ ਪਾਸ਼ ਨੂੰ ਮਿਲਖਾ ਸਿੰਘ ਨਾਲ ਮਿਲਾਇਆ ਜਿਸ ਨੇ ਉਸ ਦੀ ਜੀਵਨੀ ਕਲਮਬੱਧ ਕੀਤੀ। ਉਸ ਉਤੇ ਪਾਸ਼ ਨੇ ਆਪਣੇ ਨਾਂ ਦੀ ਥਾਂ ਮਿਲਖਾ ਸਿੰਘ ਦਾ ਨਾਂ ਲਿਖਿਆ ਤਾਂ ਕਿ ਉਹ ਪੁਸਤਕ ਸਵੈਜੀਵਨੀ ਵਜੋਂ ਪੜ੍ਹੀ ਜਾਵੇ। ਪਾਸ਼ ਦੇ ਇਸ ਭੇਤ ਦਾ ਕੁੱਝ ਗਿਣਤੀ ਦੇ ਬੰਦਿਆਂ ਨੂੰ ਹੀ ਪਤਾ ਸੀ।

ਦੂਜੀ ਸਵੈਜੀਵਨੀ ਪਹਿਲਵਾਨ ਦਾਰਾ ਸਿੰਘ ਦੀ ਮੇਰੀ ਆਤਮ ਕਥਾ ਹੈ। ਮਝੈਲ ਦਾਰਾ ਸਿੰਘ ਦਾ ਤਰਜ਼ੇ ਬਿਆਨ ਕਮਾਲ ਦਾ ਹੈ। ਉਸ ਨੇ ਬੜੀ ਸਾਦਗੀ ਤੇ ਸਾਫ਼ਗੋਈ ਨਾਲ ਆਪਣੀਆਂ ਕਮੀਆਂ ਕਮਜ਼ੋਰੀਆਂ ਤੇ ਪ੍ਰਾਪਤੀਆਂ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਸੀ। ਉਹ ਲਿਖਦਾ ਹੈ ਕਿ ਜਦ ਉਹਦੀ ਬਰਾਤ ਚੜ੍ਹੀ ਤਾਂ ਇਹ ਭਾਣਾ ਸਹੁਰੀਂ ਜਾ ਕੇ ਵੀ ਵਰਤ ਗਿਆ! ਭਾਵੇਂ ਜਾਨੀਆਂ ਦੇ ਜੰਗਲ ਪਾਣੀ ਜਾਣ ਸਮੇਂ ਉਹਦੀ ਗਿੱਲੀ ਤਲਾਈ ਕਿਸੇ ਹੋਰ ਦੇ ਮੰਜੇ `ਤੇ ਵਿਛਾ ਕੇ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਗਿਆ ਪਰ ਉਸ ਨੇ ਆਪਣੀ ਆਤਮ ਕਥਾ ਵਿੱਚ ਇਹ ਗੱਲ ਆਪ ਹੀ ਜੱਗ ਜ਼ਾਹਿਰ ਕਰ ਦਿੱਤੀ। ਪਹਿਲੀ ਵਾਰ ਵਹੁਟੀ ਨੂੰ ਲੈਣ ਸਹੁਰੀਂ ਗਿਆ ਤਾਂ ਪਿਸ਼ਾਬ ਨਿਕਲ ਜਾਣ ਦੇ ਡਰੋਂ ਚੱਜ ਨਾਲ ਸੌਂ ਵੀ ਨਾ ਸਕਿਆ। ਮੁੜਦਿਆਂ ਸਾਈਕਲ ਉਤੇ ਵਹੁਟੀ ਨੂੰ ਬਿਠਾਇਆ ਤਾਂ ਸਾਈਕਲ ਪਾਸ ਵੱਜ ਗਿਆ! ਉਸ ਦੀ ਇਹ ਪੁਸਤਕ ਬਹੁਤ ਦਿਲਚਸਪ ਹੈ।

ਗੋਲਾ ਸੁੱਟਣ ਵਿੱਚ ਏਸ਼ੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਨੇ ਵੀ ਆਪਣੀ ਸਵੈਜੀਵਨੀ ‘ਜੱਗ ਦਾ ਜੋਗੀ’ ਪ੍ਰਕਾਸ਼ਤ ਕੀਤੀ ਸੀ। ਉਸ ਨੇ ਲਿਖਿਆ, “ਇਕ ਵਾਰ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਤਾਂ ਉਹਦੇ ਦੋਸਤ ਨੂੰ ਸ਼ੇਰ ਨੇ ਢਾਹ ਲਿਆ। ਉਸ ਨੇ ਸੋਚਿਆ, ਜੇ ਦੋਸਤ ਨੂੰ ਛੱਡ ਕੇ ਜਾਨਾਂ ਤਾਂ ਆਪਣੀਆਂ ਤੇ ਦੁਨੀਆਂ ਦੀਆਂ ਨਜ਼ਰਾਂ `ਚ ਮਰਦਾਂ। ਜੇ ਦੋਸਤ ਨੂੰ ਸ਼ੇਰ ਦੇ ਪੰਜਿਆਂ `ਚੋਂ ਛਡਾਉਨਾਂ ਤਾਂ ਸ਼ੇਰ ਹੱਥੋਂ ਮਰਦੈਂ। ਮੈਂ ਮਨ `ਚ ਸੋਚਿਆ ਬਈ ਮੌਤ ਤਾਂ ਜੋਗਿੰਦਰਾ ਹੁਣ ਦੋਹੀਂ ਪਾਸੀਂ ਆ, ਚਲੋ ਸ਼ੇਰ ਵੱਲ ਈ ਚੱਲਦੇ ਐਂ। ਮੈਂ ਦੋਸਤ ਨੂੰ ਸ਼ੇਰ ਕੋਲੋਂ ਖਿੱਚ ਕੇ ਕੰਧਾੜੇ ਚੁੱਕ ਲਿਆ ਤੇ ਸ਼ੇਰ ਬਿੱਟ ਬਿੱਟ ਖੜ੍ਹਾ ਦੇਖਦਾ ਰਿਹਾ। ਓਦੋਂ ਤੋਂ ਮੈਂ ਸਮਝਦਾਂ ਕਿ ਜਾਨਵਰ ਵੀ ਬੰਦਾ ਕੁਬੰਦਾ ਦੇਖ ਲੈਂਦਾ। ਜੇ ਮੈਂ ਓਥੋਂ ਭੱਜ ਨਿਕਲਦਾ ਤਾਂ ਸ਼ਾਇਦ ਸ਼ੇਰ ਮੈਨੂੰ ਨਿਕਲਣ ਨਾ ਦਿੰਦਾ।”

ਹਾਕੀ ਵਾਲੇ ਬਲਬੀਰ ਸਿੰਘ ਨੇ ਆਪਣੀ ਸਵੈਜੀਵਨੀ ਗੋਲਡਨ ਹੈਟ ਟ੍ਰਿਕ ਪਹਿਲਾਂ ਅੰਗਰੇਜ਼ੀ ਵਿੱਚ ਛਪਵਾਈ ਸੀ ਜਿਸ ਦਾ ਪੰਜਾਬੀ ਰੂਪ ਵੀ ਤਿਆਰ ਹੈ। ਵੈਟਰਨ ਖਿਡਾਰੀ ਤਰਲੋਕ ਸਿੰਘ ਨੇ ਵੀ ਆਪਣੀ ਸਵੈਜੀਵਨੀ ਛਪਾਈ ਹੈ। ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ਕੁਸ਼ਤੀ ਦਾ ਧਰੂ ਤਾਰਾ ਲਿਖੀ ਹੈ। ਇਸ ਜੀਵਨੀ ਦਾ ਸਮੁੱਚੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹੈ। ਫੁਟਬਾਲ ਦੇ ਪ੍ਰਸਿੱਧ ਖਿਡਾਰੀ ਜਰਨੈਲ ਸਿੰਘ ਪਨਾਮ ਦੀ ਜੀਵਨੀ ਡਾ.ਚਰਨਜੀਤ ਸਿੰਘ ਪੱਡਾ ਵੱਲੋਂ ਲਿਖੀ ਮਿਲਦੀ ਹੈ। ਹਾਕੀ ਖਿਡਾਰੀ ਧਿਆਨ ਚੰਦ ਦੀ ਜੀਵਨੀ ਦਾ ਪੰਜਾਬੀ ਅਨੁਵਾਦ ਮਿਲਦੈ। ਡਾ.ਬਿੱਲੂ ਰਾਏਸਰ ਨੇ ਕਬੱਡੀ ਖਿਡਾਰੀ ਅੰਬੀ ਹਠੂਰ ਦੀ ਜੀਵਨੀ ਲਿਖੀ ਹੈ। ਸੰਭਵ ਹੈ ਕੁੱਝ ਹੋਰ ਵੀ ਜੀਵਨੀਆਂ ਤੇ ਸਵੈਜੀਵਨੀਆਂ ਛਪੀਆਂ ਹੋਣ ਜੋ ਮੇਰੀ ਨਜ਼ਰੋਂ ਨਾ ਲੰਘੀਆਂ ਹੋਣ।

ਬਲਿਹਾਰ ਸਿੰਘ ਰੰਧਾਵਾ ਨੇ ਕਬੱਡੀ ਦੇ ਅੰਗ ਸੰਗ ਤੇ ਖੇਡ ਮੇਲਿਆਂ ਦੇ ਅੰਗ ਸੰਗ ਦੋ ਪੁਸਤਕਾਂ ਕਬੱਡੀ ਦੀ ਖੇਡ ਬਾਰੇ ਲਿਖੀਆਂ ਹਨ। ਇਨ੍ਹਾਂ ਵਿੱਚ ਦਰਜਨਾਂ ਖੇਡ ਮੇਲਿਆਂ ਤੇ ਸੈਂਕੜੇ ਕਬੱਡੀ ਖਿਡਾਰੀਆਂ ਦੀ ਜਾਣ ਪਛਾਣ ਹੈ। ਸੋਹਣ ਸਿੰਘ ਚੀਮਾ ਦੀ ਸਵੈਜੀਵਨੀ ਨੁਮਾ ਪੁਸਤਕ ਖੇਡ ਮੈਦਾਨ `ਚ ਅੱਧੀ ਸਦੀ ਹੈ ਜਿਸ ਵਿੱਚ ਇੰਗਲੈਂਡ ਦੇ ਪੰਜਾਬੀਆਂ ਦੀ ਕਬੱਡੀ ਤੇ ਕਬੱਡੀ ਟੂਰਨਾਮੈਂਟਾਂ ਦਾ ਭਰਪੂਰ ਵਰਣਨ ਹੈ। ਲਾਭ ਸਿੰਘ ਸੰਧੂ ਨੇ ਗਭਰੂ ਪੁੱਤ ਪੰਜਾਬ ਦੇ ਵਿੱਚ ਚਾਰ ਦਰਜਨ ਖਿਡਾਰੀਆਂ ਦੇ ਰੇਖਾ ਚਿੱਤਰ ਪੇਸ਼ ਕੀਤੇ ਹਨ। ਇਹ ਤਸਵੀਰਾਂ ਵਾਲੀ ਦਰਸ਼ਨੀ ਪੁਸਤਕ ਹੈ। ਤਸਵੀਰਾਂ ਵਾਲੀ ਸਭ ਤੋਂ ਵੱਡੀ ਪੁਸਤਕ ਸਤਵਿੰਦਰ ਸਿੰਘ ਸੁਹੇਲਾ ਦੀ ਰੁਸਤਮ-ਏ-ਕਬੱਡੀ ਬਲਵਿੰਦਰ ਸਿੰਘ ਫਿੱਡਾ ਹੈ ਜਿਸ ਨੂੰ ਮੋਟੇ ਅੱਖਰਾਂ ਵਿੱਚ ਛਾਪਿਆ ਗਿਐ। ਲਾਭ ਸਿੰਘ ਸੰਧੂ ਨੇ ਇੱਕ ਪੁਸਤਕ ਚੰਨ ਮਾਹੀ ਦੀਆਂ ਬਾਤਾਂ ਛਪਾਈ ਹੈ ਜਿਸ ਵਿੱਚ ਖਿਡਾਰੀਆਂ ਦੀਆਂ ਪਤਨੀਆਂ ਨਾਲ ਕੀਤੇ ਇੰਟਰਵਿਊ ਦਰਜ ਹਨ।

ਰਾਜਿੰਦਰ ਸਿੰਘ ਦੀਆਂ ਤਿੰਨ ਪੁਸਤਕਾਂ ਕ੍ਰਿਕਟ ਕਿਵੇਂ ਖੇਡੀਏ, ਵਾਲੀਬਾਲ ਕਿਵੇਂ ਖੇਡੀਏ ਤੇ ਭਾਰਤ ਦੇ ਪ੍ਰਸਿੱਧ ਖਿਡਾਰੀ ਮਿਲਦੀਆਂ ਹਨ। ਪ੍ਰਿੰ.ਤਰਲੋਚਨ ਸਿੰਘ ਭਾਟੀਆ ਨੇ 1982 ਦੀਆਂ ਏਸ਼ਿਆਈ ਖੇਡਾਂ ਮੌਕੇ ਏਸ਼ੀਆਡ ਛਪਵਾਈ ਸੀ। ਚੋਟੀ ਤੋਂ ਚੋਟੀ, ਕ੍ਰਿਕਟ, ਭਾਰਤ ਵਿੱਚ ਹਾਕੀ, ਓਲੰਪਿਕ ਖੇਡਾਂ ਦੇ ਮਹਾਨ ਖਿਡਾਰੀ ਤੇ ਅਥਲੈਟਿਕਸ ਵਿੱਚ ਸੋਨੇ ਦਾ ਤਮਗ਼ਾ ਕਿਵੇਂ ਪ੍ਰਾਪਤ ਕਰੀਏ ਨੈਸ਼ਨਲ ਬੁੱਕ ਟ੍ਰੱਸਟ ਨੇ ਪ੍ਰਕਾਸ਼ਤ ਕੀਤੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬ ਦੇ ਪ੍ਰਸਿੱਧ ਖਿਡਾਰੀ ਤੋਂ ਬਿਨਾਂ ਵੱਖ ਵੱਖ ਖੇਡਾਂ ਦੀ ਜਾਣ ਪਛਾਣ ਦੇ ਕਿਤਾਬਚੇ ਛਾਪੇ ਹਨ। ਸਰੀਰਕ ਸਿੱਖਿਆ ਤੇ ਖੇਡਾਂ ਦੇ ਨਿਯਮਾਂ ਬਾਰੇ ਕਈ ਅਦਾਰਿਆਂ ਦੀਆਂ ਕਿਤਾਬਾਂ ਮਿਲਦੀਆਂ ਹਨ। ਇਸ ਪਾਸੇ ਸੁਜਾਨ ਸਿੰਘ ਦੀ ਬੜੀ ਘਾਲਣਾ ਹੈ। ਜੋਗਿੰਦਰ ਜੋਗੀ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਕੁੱਝ ਕਿਤਾਬਚੇ ਭਾਸ਼ਾ ਵਿਭਾਗ ਪੰਜਾਬ ਲਈ ਲਿਖੇ। ਬਲਜਿੰਦਰ ਮਾਨ ਨੇ ਫੁਟਬਾਲ ਜਗਤ ਮਾਹਲਪੁਰ ਲਿਖੀ ਹੈ।

ਪਿਆਰਾ ਸਿੰਘ ਰਛੀਨ ਨੇ ਕੁਛ ਕਿਤਾਬਾਂ ਪਹਿਲਵਾਨੀ ਬਾਰੇ ਲਿਖੀਆਂ ਹਨ ਜਿਨ੍ਹਾਂ `ਚ ਇੱਕ ਕੁਸ਼ਤੀ ਅਖਾੜੇ ਹੈ। ਪਹਿਲਵਾਨਾਂ ਬਾਰੇ ਇੱਕ ਹੋਰ ਕਿਤਾਬ ਐੱਚ.ਆਰ.ਬਿਲਗਾ ਤੇ ਪੀ.ਆਰ.ਸੋਂਧੀ ਨੇ ਕੁਸ਼ਤੀ ਅੰਬਰ ਦੇ ਤਾਰੇ ਛਾਪੀ ਹੈ। ਗੁਰਮੇਲ ਮਡਾਹੜ ਨੇ ਸੰਸਾਰ ਪ੍ਰਸਿੱਧ ਖੇਡ ਕਹਾਣੀਆਂ ਨਾਂ ਦੀ ਕਿਤਾਬ ਅਨੁਵਾਦ ਰੂਪ ਵਿੱਚ ਦਿੱਤੀ ਹੈ। ਉਸ ਵਿੱਚ ਵੱਖ ਵੱਖ ਭਾਸ਼ਾਵਾਂ ਦੀਆਂ ਸਤਾਰਾਂ ਕਹਾਣੀਆਂ ਦਾ ਅਨੁਵਾਦ ਹੈ। ਪ੍ਰੋ.ਬਲਦੀਪ ਸਿੰਘ ਦੀ ਇੱਕ ਪੁਸਤਕ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਕਿਵੇਂ ਜਿੱਤੀਏ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਮਰੀਕ ਸਿੰਘ ਰਾਹੀਂ ਅਨੁਵਾਦਤ ਪੁਸਤਕ ਸਕੂਲਾਂ ਵਿੱਚ ਅਥਲੈਟਿਕਸ ਛਾਪੀ ਹੈ। ਜੋਗਿੰਦਰ ਸਿੰਘ ਆਹਲੂਵਾਲੀਆ ਦੀ ਕਿਤਾਬ ਹਾਕੀ ਦਾ ਖੇਲ ਹੈ। ਇੱਕ ਕਿਤਾਬ ਗਿਆਨ ਸਿੰਘ ਨੇ ਵੀ ਹਾਕੀ ਬਾਰੇ ਲਿਖੀ ਹੈ। ਸੁਖਦੇਵ ਮਾਦਪੁਰੀ ਦੀਆਂ ਦੋ ਕਿਤਾਬਾਂ ਪੰਜਾਬ ਦੀਆਂ ਲੋਕ ਖੇਡਾਂ ਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ। ਰਣਜੀਤ ਸਿੰਘ ਪ੍ਰੀਤ ਦੀ ਪੁਸਤਕ ਖੇਡ ਦਰਪਣ ਹੈ।

ਸੋਸ਼ਲਿਸਟ ਦੇਸ਼ਾਂ ਵਿੱਚ ਖੇਡਾਂ, ਓਲੰਪਿਕ -80 ਮਾਸਕੋ ਆਵੋ ਤੇ ਸੋਵੀਅਤ ਖੇਡਾਂ ਪ੍ਰਗਤੀ ਪ੍ਰਕਾਸ਼ਨ ਦੇ ਕਿਤਾਬਚੇ ਹਨ। ਰੂਸੀ ਮੋਦੀ ਦੀ ਕਿਤਾਬ ਭਾਰਤ ਦੇ ਕ੍ਰਿਕਟ ਖਿਡਾਰੀ ਪੰਜਾਬੀ ਵਿੱਚ ਵੀ ਮਿਲਦੀ ਹੈ। ਪਰਮਵੀਰ ਸਿੰਘ ਬਾਠ ਨੇ ਗੱਲਾਂ ਖੇਡ ਮੈਦਾਨ ਦੀਆਂ ਛਪਵਾਈ ਹੈ। ਸੁਖਦਰਸ਼ਨ ਸਿੰਘ ਚਹਿਲ ਦੀ ਕਿਤਾਬ ਜਦੋਂ ਖੇਡੇ ਪੰਜੇ ਆਬ ਭਾਰਤ-ਪਾਕਿ ਪੰਜਾਬ ਖੇਡਾਂ ਬਾਰੇ ਹੈ। ਨਵਦੀਪ ਗਿੱਲ ਨੇ ਖੇਡ ਅੰਬਰ ਦੇ ਪੰਜਾਬੀ ਸਿਤਾਰੇ ਲਿਖੀ ਹੈ ਜਿਸ ਵਿੱਚ ਚਾਲੀ ਕੁ ਪੰਜਾਬੀ ਖਿਡਾਰੀਆਂ ਦੇ ਸ਼ਬਦ ਚਿੱਤਰ ਹਨ। ਨੱਥਾ ਸਿੰਘ ਦੀ ਪੁਸਤਕ ਕਬੱਡੀ ਦੇ ਹੀਰੇ ਹੈ ਜਿਸ ਵਿੱਚ ਕਬੱਡੀ ਖਿਡਾਰੀਆਂ ਦਾ ਬਾਇਓ ਡਾਟਾ ਦਿੱਤਾ ਗਿਐ।

ਮੇਰੀ ਸਚਿੱਤਰ ਪੁਸਤਕ ਪੰਜਾਬ ਦੀਆਂ ਦੇਸੀ ਖੇਡਾਂ ਹੈ ਜਿਸ ਵਿੱਚ ਪੰਜਾਬੀਆਂ ਦੀਆਂ ਸਤਾਸੀ ਦੇਸੀ ਖੇਡਾਂ ਦਾ ਵੇਰਵਾ ਦਰਜ ਹੈ। ਇਨ੍ਹਾਂ ਵਿਚੋਂ ਕਈ ਅਲੋਪ ਹੋ ਚੁੱਕੀਆਂ ਹਨ, ਕੁੱਝ ਅਲੋਪ ਹੋ ਰਹੀਆਂ ਹਨ ਤੇ ਬਾਕੀਆਂ ਦੇ ਅਲੋਪ ਹੋ ਜਾਣ ਦਾ ਡਰ ਹੈ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ। ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ਮੇਰੀ ਇੱਕ ਹੋਰ ਅਹਿਮ ਪੁਸਤਕ ਪੰਜਾਬ ਦੇ ਚੋਣਵੇਂ ਖਿਡਾਰੀ ਪ੍ਰਕਾਸ਼ਤ ਕੀਤੀ ਗਈ ਹੈ ਜਿਸ ਵਿੱਚ ਪੰਜਾਸੀ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਇਹ ਉਹ ਖਿਡਾਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਖੇਡ ਮੁਕਾਬਲਿਆਂ `ਚੋਂ ਇੰਡੀਆ ਲਈ ਮੈਡਲ ਜਿੱਤੇ ਹਨ। ਬਲਬੀਰ ਸਿੰਘ ਕੰਵਲ ਦੀ ਪੁਸਤਕ ਭਾਰਤ ਦੇ ਪਹਿਲਵਾਨ ਦੀ ਪਾਕਿਸਤਾਨ ਵਿੱਚ ਵੀ ਮੰਗ ਹੈ।

ਉਪ੍ਰੋਕਤ ਪੁਸਤਕਾਂ ਤੋਂ ਬਿਨਾਂ ਕੁੱਝ ਹੋਰ ਖੇਡ ਪੁਸਤਕਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਦਾ ਮੈਨੂੰ ਪਤਾ ਨਾ ਲੱਗਾ ਹੋਵੇ। ਅਖ਼ਬਾਰਾਂ ਰਸਾਲਿਆਂ ਵਿੱਚ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਆਰਟੀਕਲ ਛਪਦੇ ਰਹਿੰਦੇ ਹਨ। ਲਗਭਗ ਸਾਰੇ ਹੀ ਪੰਜਾਬੀ ਅਖ਼ਬਾਰਾਂ ਵਿੱਚ ਖੇਡਾਂ ਦਾ ਪੰਨਾ ਹੈ। ਰੁਸਤਮ ਪੰਜਾਬੀ ਦਾ ਪਹਿਲਾ ਖੇਡ ਰਸਾਲਾ ਸੀ ਤੇ ਹੁਣ ਬਹੁਰੰਗਾ ਕੌਮਾਂਤਰੀ ਮੈਗਜ਼ੀਨ ਖੇਡ ਸੰਸਾਰ ਨਿਕਲਣ ਲੱਗਾ ਹੈ। ਇਹ ਪੰਜਾਬੀ ਖੇਡ ਅਦਬ ਦਾ ਅੱਜ ਹੈ, ਉਮੀਦ ਹੈ ਭਲਕ ਭਵਿੱਖ ਦੇ ਖੇਡ ਲੇਖਕਾਂ ਨਾਲ ਹੋਰ ਭਰਪੂਰ ਹੋਵੇਗਾ।

ਨਿਊਯਾਰਕ ਦੇ ਕਬੱਡੀ ਮੇਲੇ ਨਾਲ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਐਤਕੀਂ ਇਹ ਮੇਲਾ 6 ਮਈ 2007 ਦੇ ਦਿਨ ਭਰਿਆ। ਇਹ ਏਨਾ ਭਰਵਾਂ ਰਿਹਾ ਕਿ ਪਹਿਲੇ ਸਾਰੇ ਰਿਕਾਰਡ ਟੁੱਟ ਗਏ। ਇਹਦਾ ਮੁੱਖ ਕਾਰਨ ਸੀ ਭਾਰਤ ਤੋਂ ਤਕੜੀ ਕਬੱਡੀ ਟੀਮ ਦਾ ਆਉਣਾ ਤੇ ਉਹਦਾ ਕੱਪ ਜਿੱਤਣਾ। ਪਿਛਲੇ ਕੁੱਝ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੇ ਕੱਪ ਟੋਰਾਂਟੋ ਦੀ ਟੀਮ ਜਿੱਤ ਰਹੀ ਸੀ। ਨਿਊਯਾਰਕ ਦੇ ਕਬੱਡੀ ਪ੍ਰੇਮੀ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਰਤ ਤੋਂ ਕੋਈ ਏਨੀ ਤਕੜੀ ਟੀਮ ਆਵੇ ਜਿਹੜੀ ਟੋਰਾਂਟੋ ਦੀ ਟੀਮ ਦਾ ਕੱਪ ਨੂੰ ਪਿਆ ਜੱਫਾ ਛੁਡਾਵੇ। ਆਖ਼ਰ ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਤੇ ਉਹ ਰਿਚਮੰਡ ਹਿੱਲ ਦੇ ਸਮੋਕੀ ਓਵਲ ਪਾਰਕ ਵਿੱਚ ਭਾਰਤੀ ਟੀਮ ਦੀ ਜਿੱਤ ਉਤੇ ਦੇਰ ਤਕ ਖ਼ੁਸ਼ੀਆਂ ਮਨਾਉਂਦੇ ਤੇ ਭੰਗੜੇ ਪਾਉਂਦੇ ਰਹੇ। ਪੰਜਾਬੀਆਂ ਦੀਆਂ ਕਿਲਕਾਰੀਆਂ ਨਾਲ ਉਹ ਪਾਰਕ ਉੱਦਣ ਨਿਊਯਾਰਕ ਦੀ ਥਾਂ ਛਪਾਰ ਦਾ ਮੇਲਾ ਬਣਿਆ ਰਿਹਾ।

ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਆਫ਼ ਪੰਜਾਬ ਨਿਊਯਾਰਕ ਵਿੱਚ ਸੱਤ ਸਾਲਾਂ ਤੋਂ ਕਬੱਡੀ ਦਾ ਸ਼ਾਨਦਾਰ ਟੂਰਨਾਮੈਂਟ ਕਰਵਾਉਂਦੀ ਆ ਰਹੀ ਹੈ। ਇਸ ਦੇ ਪ੍ਰਧਾਨ ਅਨੂਪ ਸਿੰਘ ਹਨ ਤੇ ਚੇਅਰਮੈਨ ਸੰਤੋਖ ਸਿੰਘ। ਰਾਜਕਰਮਬੀਰ ਸਿੰਘ ਜਨਰਲ ਸਕੱਤਰ ਹੈ ਤੇ ਇਨ੍ਹਾਂ ਦੀ ਟੀਮ ਵਿੱਚ ਰਾਜ ਕੁਮਾਰ, ਤਰਸੇਮ ਲਾਲ, ਸੁਭਾਸ਼ ਥਾਪਰ, ਜਸਵੰਤ ਜੱਸਾ, ਦਲਜੀਤ ਸਿੰਘ, ਗੁਰਮੀਤ ਮੀਤਾ, ਭੂਪਿੰਦਰ ਸਿੰਘ ਗੋਗੀ, ਸੁਖਦੇਵ ਸਿੰਘ ਤੇ ਤਰਸੇਮ ਸਿੰਘ ਹੋਰੀਂ ਸ਼ਾਮਲ ਹਨ। ਕਲੱਬ ਨੂੰ ਸਥਾਨਕ ਗੁਰੂਘਰਾਂ ਤੇ ਸਭਾ ਸੁਸਾਇਟੀਆਂ ਦਾ ਸਹਿਯੋਗ ਹਾਸਲ ਹੈ। ਅਜਿਹੇ ਅਦਾਰਿਆਂ ਦੀ ਗਿਣਤੀ ਪੱਚੀ ਦੇ ਕਰੀਬ ਹੈ। ਨਿਊਯਾਰਕ ਦੇ ਕਾਰੋਬਾਰੀ ਸੱਜਣ ਕਬੱਡੀ ਮੇਲਿਆਂ ਦੀ ਲੋੜੀਂਦੀ ਮਾਇਕ ਸਹਾਇਤਾ ਕਰਦੇ ਰਹਿੰਦੇ ਹਨ। ਦੇਸ਼ ਵਿਦੇਸ਼ ਤੋਂ ਟੀਮਾਂ ਸੱਦਣੀਆਂ, ਇਨਾਮ ਦੇਣੇ, ਖੇਡ ਮੈਦਾਨ ਕਿਰਾਏ `ਤੇ ਲੈਣਾ, ਹਵਾਈ ਟਿਕਟਾਂ, ਹੋਟਲ, ਖਾਣ ਪੀਣ, ਵੀਡੀਓ, ਫੋਟੋ, ਟਰਾਫੀਆਂ, ਸਟੇਜ, ਸਕਿਉਰਿਟੀ ਤੇ ਮੀਡੀਏ ਦੇ ਖਰਚੇ ਬਹੁਤ ਹੁੰਦੇ ਹਨ ਜਿਹੜੇ ਦਾਨੀਆਂ ਦੇ ਖੁੱਲ੍ਹੇ ਦਿਲ ਨਾਲ ਪਾਏ ਯੋਗਦਾਨ ਨਾਲ ਹੀ ਪੂਰੇ ਹੋ ਸਕਦੇ ਹਨ। ਇੱਕ ਖੇਡ ਮੇਲੇ ਦਾ ਬਜਟ ਦੋ ਲੱਖ ਡਾਲਰ ਦੇ ਕਰੀਬ ਸਹਿਜੇ ਹੀ ਪੁੱਜ ਜਾਂਦਾ ਹੈ।

ਮਈ ਦੇ ਮਹੀਨੇ ਦਾ ਪਹਿਲਾ ਐਤਵਾਰ ਨਿਊਯਾਰਕ ਦੇ ਕਬੱਡੀ ਟੂਰਨਾਮੈਂਟ ਦਾ ਰਾਖਵਾਂ ਦਿਨ ਹੁੰਦਾ ਹੈ। ਮੈਂ ਅਜੇ ਪੰਜਾਬ ਵਿੱਚ ਹੀ ਸਾਂ ਜਦੋਂ ਨਿਊਯਾਰਕ ਤੋਂ ਅਨੂਪ ਸਿੰਘ ਹੋਰਾਂ ਦੇ ਟੈਲੀਫੋਨ ਖੜਕਣ ਲੱਗ ਪਏ। ਉਸ ਨੇ ਆਪਣੇ ਸਾਥੀਆਂ ਦੇ ਸਹਿਯੋਗ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦੀ ਕਾਨੂੰਨੀ ਮਦਦ ਤੇ ਅਮਰੀਕੀ ਸੈਨੇਟਰ ਦੀ ਸਿਫਾਰਸ਼ ਨਾਲ ਭਾਰਤ ਦੀ ਕਬੱਡੀ ਟੀਮ ਨੂੰ ਵੀਜ਼ੇ ਲੁਆਉਣ ਦਾ ਕਾਰਜ ਆਰੰਭ ਕਰ ਲਿਆ। ਪੰਜਾਬ ਵਿੱਚ ਕਬੱਡੀ ਕਲੱਬਾਂ ਦੇ ਦੋਹਾਂ ਧੜਿਆਂ `ਚੋਂ ਚੋਟੀ ਦੇ ਖਿਡਾਰੀ ਚੁਣੇ ਗਏ ਤੇ ਟੂਰਨਾਮੈਂਟ ਤੋਂ ਪਿੱਛੋਂ ਵਾਪਸ ਮੋੜਨ ਦੀ ਗਰੰਟੀ ਨਾਲ ਵੀਜ਼ੇ ਲਗਵਾਏ ਗਏ। ਇਹ ਖਿਡਾਰੀ ਮੁਖਤਾਰ ਸਿੰਘ ਪੱਪੂ ਦੀ ਅਗਵਾਈ ਵਿੱਚ 4 ਮਈ ਨੂੰ ਨਿਊਯਾਰਕ ਪੁੱਜੇ। ਜਿਵੇਂ ਹੀ ਭਾਰਤੀ ਟੀਮ ਦੇ ਨਿਊਯਾਰਕ ਪੁੱਜਣ ਦਾ ਲੋਕਾਂ ਨੂੰ ਪਤਾ ਲੱਗਾ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਕਬੱਡੀ ਮੇਲਾ ਵੇਖਣ ਦੀਆਂ ਤਿਆਰੀਆਂ ਖਿੱਚ ਲਈਆਂ।

ਤਦ ਤਕ ਮੈਂ ਵੀ ਪੰਜਾਬ ਤੋਂ ਟੋਰਾਂਟੋ ਆ ਗਿਆ ਸਾਂ। ਮੈਨੂੰ ਤੇ ਮੱਖਣ ਸਿੰਘ ਨੂੰ ਸੱਦਾ ਸੀ ਕਿ ਕਬੱਡੀ ਮੈਚਾਂ ਦੀ ਕੁਮੈਂਟਰੀ ਤੇ ਲਿਖਤੀ ਤੌਰ `ਤੇ ਮੇਲਾ ਕਵਰ ਕਰਨ ਲਈ ਨਿਊਯਾਰਕ ਪੁੱਜੀਏ। ਟੋਰਾਂਟੋ ਤੋਂ ਨਿਊਯਾਰਕ ਜਾਣ ਦੇ ਮੈਨੂੰ ਹਰ ਵਾਰ ਨਵੇਂ ਅਨੁਭਵ ਹੁੰਦੇ ਹਨ। ਹਵਾਈ ਅੱਡੇ ਉਤੇ ਸਕਿਉਰਿਟੀ ਦਾ ਦਰ ਲੰਘਦਿਆਂ ਪਿਛਲੀ ਵਾਰ ਫੀਨੇ ਨੱਕ ਵਾਲੇ ਫਿਲਪੀਨੇ ਗਾਰਡ ਨੇ ਮੇਰੇ ਖਰਖਰਾ ਜਿਹਾ ਫੇਰਿਆ ਸੀ ਜਿਸ ਨੇ ਕੜੇ ਤੇ ਘੜੀ ਉਤੋਂ ਦੀ ਲੰਘਦਿਆਂ ਟੀਂ ਟੀਂ ਕੀਤੀ ਸੀ। ਟੀਂ ਟੀਂ ਹੋ ਜਾਣ ਕਾਰਨ ਮੇਰੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਸੀ। ਐਤਕੀਂ ਮੈਂ ਘੜੀ ਤੇ ਬੈੱਲਟ ਲਾਹ ਕੇ ਪਹਿਲਾਂ ਹੀ ਪਾੜਛੇ ਜਿਹੇ ਵਿੱਚ ਪਾ ਦਿੱਤੀ ਪਰ ਕੜਾ ਤੰਗ ਹੋਣ ਕਾਰਨ ਲਹਿ ਨਾ ਸਕਿਆ। ਮੇਰੇ ਬੂਟ ਵੀ ਲੁਹਾ ਲਏ ਗਏ ਤੇ ਕੋਟ ਵੀ ਲਾਹੁਣ ਲਈ ਕਿਹਾ ਗਿਆ। ਹਵਾਈ ਸਕਿਉਰਿਟੀ ਦਾ ਇਹ ਹਾਲ ਹੈ ਕਿ ਹੁਣ ਤਾਂ ਮੁਸਾਫ਼ਿਰਾਂ ਦੀਆਂ ਪੈਂਟਾਂ ਲੁਹਾਣੀਆਂ ਹੀ ਬਾਕੀ ਹਨ। ਸੰਭਵ ਹੈ ਕਿਸੇ ਦਿਨ ਯਾਤਰੀ ਕਬੱਡੀ ਦੇ ਖਿਡਾਰੀਆਂ ਵਾਂਗ `ਕੱਲੇ ਕੱਛੇ ਨਾਲ ਹੀ ਬਾਹਾਂ ਖੜ੍ਹੀਆਂ ਕਰ ਕੇ ਲੰਘਿਆ ਕਰਨ। ਖ਼ਬਰਾਂ ਮਿਲ ਰਹੀਆਂ ਹਨ ਕਿ ਕਈ ਥਾਂਈਂ ਪੱਗਾਂ ਲੁਹਾਈਆਂ ਜਾਣ ਲੱਗੀਆਂ ਹਨ। ਨੰਗੇ ਪੈਰੀਂ ਮਹਾਰਾਜ ਨੂੰ ਮੱਥਾ ਟੇਕਣ ਵਾਂਗ ਜਦੋਂ ਮੈਂ ਮੈਟਲ ਡਿਟੈਕਟਰ ਦੇ ਚੌਖਟੇ ਵਿੱਚ ਦੀ ਲੰਘਿਆ ਤਾਂ ਕੜੇ ਨੇ ਫਿਰ ਟੀਂ ਟੀਂ ਬੁਲਾ ਦਿੱਤੀ ਤੇ ਸਕਿਉਰਿਟੀ ਵਾਲਿਆਂ ਨੂੰ ਮੁੜ ਖਰਖਰੇ ਵਰਗਾ ਸੰਦ ਮੇਰੀਆਂ ਲੱਤਾਂ ਬਾਹਾਂ ਉਪਰ ਦੀ ਘੁੰਮਾਉਣਾ ਪਿਆ।

ਟੋਰਾਂਟੋ ਤੋਂ ਨਿਊਯਾਰਕ ਦੀ ਉਡਾਣ ਉਂਜ ਤਾਂ ਸਵਾ ਕੁ ਘੰਟੇ ਦੀ ਹੈ ਪਰ ਇੰਮੀਗਰੇਸ਼ਨ ਤੇ ਸਕਿਉਰਿਟੀ ਕਾਰਨਾਂ ਕਰਕੇ ਢਾਈ ਤਿੰਨ ਘੰਟੇ ਪਹਿਲਾਂ ਹੀ ਹਵਾਈ ਅੱਡੇ `ਤੇ ਪਹੁੰਚਣਾ ਪੈਂਦੈ। ਦਹਿਸ਼ਤਗਰਦਾਂ ਨੇ ਹਵਾਈ ਮੁਸਾਫ਼ਿਰਾਂ ਨੂੰ ਇਹ ਬਹੁਤ ਵੱਡੀ ਸਜ਼ਾ ਦਿੱਤੀ ਹੋਈ ਹੈ। ਜਹਾਜ਼ ਉਡਿਆ ਤਾਂ ਹੇਠਾਂ ਟੋਰਾਂਟੋ ਦਾ ਸੀ.ਐੱਨ.ਟਾਵਰ ਤੇ ਸਕਾਈਡੋਮ ਵਿਖਾਈ ਦਿੱਤੇ। ਉਪਰੋਂ ਇਹ ਬਹੁਤੇ ਉੱਚੇ ਨਹੀਂ ਲੱਗਦੇ ਸਗੋਂ ਮਧਰੇ ਜਿਹੇ ਜਾਪਦੇ ਹਨ। ਸਵੇਰ ਦੇ ਨੌਂ ਵਜੇ ਦਾ ਸਮਾਂ ਸੀ ਤੇ ਦਿਨ ਨਿੱਖਰਿਆ ਹੋਇਆ ਸੀ। ਟੋਰਾਂਟੋ ਦੇ ਬਹੁਮੰਜ਼ਲੇ ਮਕਾਨ, ਖੇਡ ਮੈਦਾਨ ਤੇ ਪਾਰਕ ਦਿਸ ਰਹੇ ਸਨ। ਫਿਰ ਨਿੱਕੀਆਂ ਵੱਡੀਆਂ ਝੀਲਾਂ, ਪਹਾੜੀਆਂ ਤੇ ਰੁੱਖਾਂ ਦੇ ਝੁੰਡ ਵਿਖਾਈ ਦੇਣ ਲੱਗੇ। ਦਰੱਖਤਾਂ ਦੀ ਹਰਿਆਵਲ ਨਾਲ ਨੀਲੀਆਂ ਝੀਲਾਂ ਵਿੱਚ ਹਰੇਵਾਈ ਦੀ ਛਾਂ ਪੈ ਰਹੀ ਸੀ। ਧੁੱਪ ਦੀ ਲਿਸ਼ਕੋਰ ਨਾਲ ਘਰਾਂ ਦੀਆਂ ਛੱਤਾਂ ਤੇ ਕਾਰਾਂ ਚਿਲਕ ਰਹੀਆਂ ਸਨ ਤੇ ਕਿਤੇ ਕਿਤੇ ਕੋਈ ਚਿਮਨੀ ਧੂੰਆਂ ਛੱਡ ਰਹੀ ਸੀ। ਰੂੰ ਦੇ ਫੰਬਿਆਂ ਵਰਗੇ ਬੱਦਲ ਤੈਰ ਰਹੇ ਸਨ। ਹੇਠਾਂ ਈ ਕਿਤੇ ਨਿਆਗਰਾ ਫਾਲਜ਼ ਸੀ ਜੋ ਮੈਨੂੰ ਵਿਖਾਈ ਨਾ ਦਿੱਤਾ। ਜਹਾਜ਼ ਦੇ ਇੰਜਣਾਂ ਦਾ ਸ਼ੋਰ ਘਰਾਟ ਦੀ ਆਵਾਜ਼ ਵਰਗਾ ਸੀ। ਨੀਲੇ ਆਕਾਸ਼ ਦੀਆਂ ਕੰਨੀਆਂ ਚਿੱਟੀ ਭਾਅ ਮਾਰ ਰਹੀਆਂ ਸਨ ਜਿਵੇਂ ਅੰਬਰ ਦੇ ਅਸਮਾਨੀ ਲਹਿੰਗੇ ਨੂੰ ਘਿਉ-ਰੰਗੀ ਝਾਲਰ ਲਾਈ ਹੋਵੇ। ਮੇਰੇ ਨਾਲ ਦੀਆਂ ਸਵਾਰੀਆਂ ਪੜ੍ਹਨ ਵਿੱਚ ਮਘਨ ਸਨ ਪਰ ਮੈਂ ਬਾਰੀ ਥਾਣੀ ਬਾਹਰ ਦੇ ਨਜ਼ਾਰੇ ਨੋਟ ਕਰ ਰਿਹਾ ਸਾਂ। ਮੈਂ ਨੋਟ ਕੀਤਾ ਕਿ ਸ਼ਾਹਰਾਹ ਲੰਮੀਆਂ ਲਕੀਰਾਂ ਵਰਗੇ ਦਿਸਦੇ ਹਨ ਅਤੇ ਝੀਲਾਂ, ਪਹਾੜੀਆਂ ਤੇ ਦਰੱਖਤਾਂ ਨਾਲ ਸ਼ਿੰਗਾਰੀ ਧਰਤੀ ਭੂਰੇ, ਨੀਲੇ ਤੇ ਹਰੇ ਰੰਗਾਂ ਦੀ ਵਿਸ਼ਾਲ ਪੇਂਟਿੰਗ ਜਾਪਦੀ ਹੈ।

ਜਹਾਜ਼ ਨਿਊਯਾਰਕ ਦੇ ਅਸਮਾਨ `ਤੇ ਪੁੱਜਾ ਤਾਂ ਹੇਠਾਂ ਉੱਚੀਆਂ ਇਮਾਰਤਾਂ ਡੱਬੇ ਡੱਬੀਆਂ ਵਾਂਗ ਦਿਸਣ ਲੱਗੀਆਂ। ਸਮੁੰਦਰ ਤੇ ਦਰਿਆਵਾਂ ਦੇ ਅਨੇਕਾਂ ਪਾਟ ਸਨ ਜਿਨ੍ਹਾਂ ਉਤੇ ਥਾਂ ਪੁਰ ਥਾਂ ਪੁਲ ਬਣੇ ਹੋਏ ਸਨ। ਨਿਊਯਾਰਕ ਨੂੰ ਉਪਰੋਂ ਵੇਖੀਏ ਤਾਂ ਇਹ ਪਾਣੀਆਂ ਵਿੱਚ ਘਿਰੇ ਟਾਪੂਆਂ ਵਰਗਾ ਲੱਗਦਾ ਹੈ। ਮੇਰੇ ਬਰਾਬਰ ਬੈਠੀ ਗੋਰੀ ਲੜਕੀ ਨੇ ਫੈਸ਼ਨਵੱਸ ਆਪਣੇ ਕੇਸ ਕਾਲਿਓਂ ਚਿੱਟੇ ਕੀਤੇ ਹੋਏ ਸਨ ਪਰ ਉਹਨਾਂ ਦੀਆਂ ਜੜ੍ਹਾਂ ਕਾਲੀਆਂ ਸਨ। ਐਨ ਉਵੇਂ ਜਿਵੇਂ ਸਾਡੇ ਵਸਮਾ ਲਾਉਣ ਵਾਲੇ ਵੀਰਾਂ ਦੀਆਂ ਕਾਲੀਆਂ ਦਾੜ੍ਹੀਆਂ ਹੇਠਾਂ ਵਾਲਾਂ ਦੀਆਂ ਜੜ੍ਹਾਂ ਬੱਗੀਆਂ ਹੁੰਦੀਆਂ ਹਨ। ਪਿਛਲੀ ਵਾਰ ਮੈਨੂੰ ਸਮੁੰਦਰ `ਚ ਖਲੋਤਾ ਆਜ਼ਾਦੀ ਦੀ ਦੇਵੀ ਦਾ ਬੁੱਤ ਵਿਖਾਈ ਦੇ ਗਿਆ ਸੀ ਪਰ ਐਤਕੀਂ ਉਹ ਮੇਰੀ ਨਜ਼ਰ ਨਹੀਂ ਪਿਆ। ਨਾ ਹੀ ਮੈਂ ਮਨਹਟਨ ਟਾਪੂ `ਚ ਢਾਹੇ ਉੱਚੇ ਬੁਰਜਾਂ ਵਾਲੀ ਜਗ੍ਹਾ ਵੇਖ ਸਕਿਆ। ਸੰਭਵ ਹੈ ਜਹਾਜ਼ ਨੇ ਰੁਖ਼ ਬਦਲ ਲਿਆ ਹੋਵੇ ਜਾਂ ਮੈਂ ਹੀ ਜਹਾਜ਼ ਦੇ ਦੂਜੇ ਪਾਸੇ ਬੈਠਾਂ ਹੋਵਾਂ। ਉਹਨਾਂ ਦੀ ਥਾਂ ਮੈਨੂੰ ਵੱਡੇ ਕਬਰਸਥਾਨ ਦੇ ਲੰਮੀਆਂ ਕਤਾਰਾਂ `ਚ ਲੱਗੇ ਯਾਦਗਾਰੀ ਪੱਥਰ ਵਿਖਾਈ ਦਿੱਤੇ। ਕਹਿੰਦੇ ਹਨ ਕਿ ਹੁਣ ਨਿਊਯਾਰਕ ਵਿੱਚ ਕਬਰਾਂ ਲਈ ਥਾਂ ਲੱਭਣੀ ਔਖੀ ਹੋ ਰਹੀ ਹੈ ਤੇ ਥਾਂ ਕਈ ਸਾਲ ਪਹਿਲਾਂ ਰਿਜ਼ਰਵ ਕਰਾਉਣੀ ਪੈਂਦੀ ਹੈ।

ਸਾਡੇ ਠਹਿਰਨ ਦਾ ਪ੍ਰਬੰਧ ਲਾਗਾਰਡੀਆ ਹਵਾਈ ਅੱਡੇ ਦੇ ਕੋਲ ਹੀ ਕਲੈਰੀਅਨ ਹੋਟਲ ਵਿੱਚ ਕੀਤਾ ਹੋਇਆ ਸੀ। ਮੈਂ ਆਪਣਾ ਛੋਟਾ ਅਟੈਚੀ ਰੇੜ੍ਹਿਆ ਤੇ ਤੁਰ ਕੇ ਹੀ ਦਸਾਂ ਮਿੰਟਾਂ ਵਿੱਚ ਹੋਟਲ ਜਾ ਪੁੱਜਾ। ਹੋਟਲ ਦੇ ਭੋਰੇ ਵਿੱਚ ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੂੰ ਪਰੌਂਠੇ ਉਡੀਕ ਰਹੇ ਸਨ। ਆਇਆਂ ਗਿਆਂ ਦੀ ਮਹਿਫ਼ਲ ਲੱਗੀ ਹੋਈ ਸੀ ਤੇ ਪੰਜਾਬ ਦੇ ਪਿੰਡਾਂ ਵਾਲਾ ਮਾਹੌਲ ਬਣਿਆਂ ਹੋਇਆ ਸੀ। ਕਦੇ ਕੋਈ ਇੰਗਲੈਂਡ ਤੋਂ ਆ ਜਾਂਦਾ, ਕਦੇ ਕੈਲੇਫੋਰਨੀਆਂ ਤੋਂ ਤੇ ਕਦੇ ਵੈਨਕੂਵਰ ਤੋਂ। ਪੰਜਾਬ ਤੋਂ ਚੌਦਾਂ ਖਿਡਾਰੀ ਪਹਿਲਾਂ ਹੀ ਆਏ ਬੈਠੇ ਸਨ। ਪ੍ਰਬੰਧਕਾਂ ਵੱਲੋਂ ਸੇਵਾ ਦੀ ਕੋਈ ਕਸਰ ਨਹੀਂ ਸੀ ਛੱਡੀ ਜਾ ਰਹੀ। ਮੈਨੂੰ ਪੰਜਾਬ ਤੋਂ ਆਏ ਖਿਡਾਰੀਆਂ ਦੇ ਨਾਂਵਾਂ ਦੀ ਸੂਚੀ ਦਿੱਤੀ ਗਈ ਜਿਸ ਵਿੱਚ ਕਾਕਾ ਕਾਹਰੀ ਸਾਰੀ, ਦੁੱਲਾ ਸੁਰਖਪੁਰੀਆ, ਗੁਰਲਾਲ ਘਨੌਰ, ਜੱਸਾ ਸਿੱਧਵਾਂ, ਸੰਦੀਪ, ਸੁੱਖੀ ਲੱਖਣ ਕੇ ਪੱਡੇ, ਸੋਨੂੰ ਜੰਪ, ਮੱਤਾ ਗੁਰਦਾਸਪੁਰੀਆ, ਗੋਗੋ ਰੁੜਕੀ, ਜੱਸੀ ਲੇਹਲਾਂ, ਇੰਦਰਜੀਤ ਤੁੰਨਾ, ਗੁਰਵਿੰਦਰ ਭਲਵਾਨ, ਸੁੱਖਾ ਭੰਡਾਲ ਤੇ ਮਿੰਦੂ ਗੁਰਦਾਸਪੁਰੀਆ ਸਨ। ਉਨ੍ਹਾਂ ਦੇ ਪਾਸਪੋਰਟ ਪ੍ਰਬੰਧਕਾਂ ਨੇ ਪਹਿਲਾਂ ਹੀ ਸੰਭਾਲ ਲਏ ਸਨ ਤਾਂ ਕਿ ਕੋਈ ਕਬੂਤਰਬਾਜ਼ ਕਿਸੇ ਨੂੰ ਕਬੂਤਰ ਬਣਨ ਦਾ ਚੋਗਾ ਨਾ ਪਾ ਸਕੇ। ਤਸੱਲੀ ਦੀ ਗੱਲ ਹੈ ਕਿ ਟੂਰਨਾਮੈਂਟ ਪਿਛੋਂ ਪੰਜਾਬ ਤੋਂ ਮੰਗਾਏ ਸਾਰੇ ਖਿਡਾਰੀ ਵਾਪਸ ਪੰਜਾਬ ਮੁੜ ਗਏ ਹਨ ਤੇ ਇਹਦੀ ਇਤਲਾਹ ਦਿੱਲੀ ਅਮਰੀਕੀ ਸਫਾਰਤਖਾਨੇ ਨੂੰ ਦੇ ਦਿੱਤੀ ਹੈ।

ਛੇ ਮਈ ਦਾ ਦਿਨ ਖਿੜੀ ਹੋਈ ਧੁੱਪ ਵਾਲਾ ਚੜ੍ਹਿਆ। ਪੱਛਮੀ ਮੁਲਕਾਂ ਦੇ ਸਾਰੇ ਹੀ ਕਬੱਡੀ ਮੇਲੇ ਵਾਰ ਐਤਵਾਰ ਨੂੰ ਲੱਗਦੇ ਹਨ। ਦਿਨ ਮੀਂਹ ਵਾਲਾ ਹੋਵੇ ਤਾਂ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ। ਪ੍ਰਬੰਧਕ ਅਰਦਾਸਾਂ ਕਰਦੇ ਹਨ ਕਿ ਟੂਰਨਾਮੈਂਟ ਦਾ ਦਿਨ ਸੁੱਕਾ ਰਹੇ। ਉਥੇ ਐਤਵਾਰ ਦੇ ਮੈਚ ਸੋਮਵਾਰ `ਤੇ ਨਹੀਂ ਪਾਏ ਜਾ ਸਕਦੇ। ਵੱਡੀ ਬੱਸ ਤੇ ਵੈਨਾਂ ਰਾਹੀਂ ਖਿਡਾਰੀਆਂ ਨੂੰ ਹੋਟਲ ਤੋਂ ਸਮੋਕੀ ਓਵਲ ਪਾਰਕ ਲਿਜਾਇਆ ਗਿਆ। ਪਾਰਕ ਦੁਆਲੇ ਟਾਹਲੀਆਂ ਵਰਗੇ ਰੁੱਖ ਨਵੇਂ ਹੀ ਫੁੱਟੇ ਸਨ ਤੇ ਅੰਦਰ ਪੌੜੀਆਂ ਵਾਲੇ ਬੈਂਚ ਜੋੜ ਕੇ ਆਰਜ਼ੀ ਸਟੇਡੀਅਮ ਬਣਾਇਆ ਹੋਇਆ ਸੀ। ਝੰਡੇ ਝੂਲ ਰਹੇ ਸਨ ਤੇ ਠੰਡੀ `ਵਾ ਵਗ ਰਹੀ ਸੀ। ਮਦਨ ਮੱਦੀ ਤੇ ਜਰਨੈਲ ਸਿੰਘ ਭੰਗੜੇ ਵਾਲੀਆਂ ਪੁਸ਼ਾਕਾਂ ਪਹਿਨੀ ਫੁੰਮਣਾਂ ਵਾਲੇ ਢੋਲ ਵਜਾਉਂਦੇ ਹੋਏ ਅਖਾੜਾ ਬੰਨ੍ਹ ਰਹੇ ਸਨ। ਮਾਈਕ ਤੋਂ ਮਝੈਲ ਰਾਜਕਰਮਬੀਰ ਤੇ ਨਰਿੰਦਰ ਪੰਡਤ ਨੇ ਹਾਸੇ ਠੱਠੇ ਦੀਆਂ ਫੁੱਲਝੜੀਆਂ ਚਲਾਈਆਂ ਹੋਈਆਂ ਸਨ। ਫਿਰ ਟੀਮਾਂ ਦਾ ਮਾਰਚ ਪਾਸਟ ਸ਼ੁਰੂ ਹੋਇਆ ਜਿਸ ਵਿੱਚ ਭਾਰਤ, ਅਮਰੀਕਾ, ਇੰਗਲੈਂਡ, ਉੱਤਰੀ ਕੈਨੇਡਾ ਤੇ ਪੱਛਮੀ ਕੈਨੇਡਾ ਦੀਆਂ ਟੀਮਾਂ ਸ਼ਾਮਲ ਹੋਈਆਂ। ਟੀਮਾਂ ਦੇ ਅੱਗੇ ਅੱਗੇ ਢੋਲ ਵੱਜ ਰਹੇ ਸਨ ਤੇ ਭੰਗੜਾ ਟੀਮ ਭੰਗੜਾ ਪਾ ਰਹੀ ਸੀ ਜਿਸ ਦੀ ਅਗਵਾਈ ਨਰਿੰਦਰ ਪੰਡਤ ਕਰ ਰਿਹਾ ਸੀ। ਦਰਸ਼ਕ ਤਾੜੀਆਂ ਮਾਰ ਰਹੇ ਸਨ।

ਪਹਿਲਾਂ ਮੈਚ ਭਾਰਤ ਤੇ ਕੈਨੇਡਾ ਵੈੱਸਟ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਵੈਨਕੂਵਰ ਦੀ ਟੀਮ ਵਿੱਚ ਲੱਕੀ ਕੁਰਾਲੀ, ਜੱਗਾ ਨਕੋਦਰੀਆ, ਸੋਨੀ ਸਵੱਦੀ, ਰਣਜੀਤ ਮਹੇੜੂ, ਸ਼ਿੰਦਾ ਲੋਪੋਂ, ਕੌਰਾ ਬੱਸੀਆਂ, ਜਗਦੀਪ ਕੌਂਕੇ, ਜਿੰਦਰ ਬੋਪਾਰਾਏ, ਬੱਲੀ ਘੜੂੰਆਂ ਤੇ ਗੀਚਾ ਗੱਜਣਵਾਲੀਆਂ ਖੇਡੇ। ਦੂਜਾ ਮੈਚ ਅਮਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਅਮਰੀਕਾ ਦੀ ਟੀਮ ਜੇਤੂ ਰਹੀ। ਅਮਰੀਕਾ ਵੱਲੋਂ ਜੋਗੀ, ਸੋਨੂੰ ਜੰਪ, ਸੱਨੀ, ਤਾਰੀ, ਮਿੰਦੂ, ਤੀਰਥ, ਮੀਕਾ, ਠਾਣੇਦਾਰ ਤੇ ਅਰਸ਼ੀ ਖੇਡ ਰਹੇ ਸਨ। ਇੰਗਲੈਂਡ ਦੀ ਟੀਮ ਵਿੱਚ ਕੁਲਵਿੰਦਰ, ਅਮਰਜੀਤ, ਰਜਵੰਤ, ਜਸਪਾਲ ਵਡਾਲਾ, ਥਾਂਦੀ, ਜੈੱਟ, ਸੀਤਾ, ਜਸਪਾਲ ਖਹਿਰਾ, ਮਨਪ੍ਰੀਤ ਤੇ ਬਾਬੇ ਘੁਰਲੀ ਦਾ ਪੋਤਾ ਅਮਨਦੀਪ ਸ਼ਾਮਲ ਸਨ।

ਤੀਜਾ ਮੈਚ ਕੈਨੇਡਾ ਈਸਟ ਤੇ ਕੈਨੇਡਾ ਵੈੱਸਟ ਯਾਨੀ ਟੋਰਾਂਟੋ ਤੇ ਵੈਨਕੂਵਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਕਈ ਸਾਲਾਂ ਤੋਂ ਜੇਤੂ ਰਹੀ ਟੋਰਾਂਟੋ ਦੀ ਟੀਮ ਵਿੱਚ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਵੈੱਲੀ ਚੂਹੜਚੱਕੀਆ, ਉਪਕਾਰ ਬੁਚਕਰ ਤੇ ਤੋਚੀ ਕਾਲਾ ਸੰਘਿਆਂ ਕਬੱਡੀਆਂ ਪਾਉਣ ਵਾਲੇ ਸਨ ਅਤੇ ਸੋਨੀ ਸੁਨੇਤ, ਬੀਰ੍ਹਾ ਸਿੱਧਵਾਂ, ਜਤਿੰਦਰ ਡਡਵਿੰਡੀ, ਮਾਣ੍ਹਾ ਤੇ ਫਿੰਡੀ ਜੱਫੇ ਲਾਉਣ ਵਾਲੇ ਸਨ। ਤਦ ਤਕ ਦਰਸ਼ਕਾਂ ਦੀਆਂ ਬੈਂਚਾਂ ਦੇ ਅੱਗੇ ਪਿੱਛੇ ਕਈ ਕਈ ਤੈਹਾਂ ਲੱਗ ਚੁੱਕੀਆਂ ਸਨ। ਸਟੇਜ `ਤੇ ਵਿਸ਼ੇਸ਼ ਵਿਅਕਤੀ ਆਈ ਜਾਂਦੇ ਤੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਜਾਂਦਾ। ਪੰਜਾਬ ਤੋਂ ਕੈਬੀਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਆਇਆ ਤੇ ਨਿਊਯਾਰਕ ਦਾ ਮਾਣ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵੀ ਆਇਆ। ਪਰਮਿੰਦਰ ਸਿੰਘ ਢੀਂਡਸਾ ਨੇ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਖੇਡ ਪ੍ਰੇਮੀਆਂ ਦੇ ਰੂਬਰੂ ਕੀਤੀ ਤੇ ਕਬੱਡੀ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਦਰਸ਼ਕਾਂ ਵਿੱਚ ਮਾਈਆਂ ਬੀਬੀਆਂ ਵੀ ਕਾਫੀ ਗਿਣਤੀ ਵਿੱਚ ਸਨ ਜਿਨ੍ਹਾਂ ਲਈ ਇੱਕ ਬਲਾਕ ਰਾਖਵਾਂ ਰੱਖਿਆ ਗਿਆ ਸੀ। ਟੋਰਾਂਟੋ ਦੀ ਟੀਮ ਵੈਨਕੂਵਰ ਦੀ ਟੀਮ ਨੂੰ 50-30 ਅੰਕਾਂ ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਈ।

ਸੈਮੀ ਫਾਈਨਲ ਮੈਚਾਂ ਤੋਂ ਪਹਿਲਾਂ ਰਿਚਮੰਡ ਹਿੱਲ ਤੇ ਜੈਕਸਨ ਹਾਈਡ ਦੀਆਂ ਜੂਨੀਅਰ ਟੀਮਾਂ ਦਰਮਿਆਨ ਮੈਚ ਹੋਇਆ ਜੋ ਜੈਕਸਨ ਹਾਈਡ ਦੀ ਟੀਮ ਨੇ ਜਿੱਤਿਆ। ਪ੍ਰਸਿੱਧ ਪਹਿਲਵਾਨ ਬੁਧ ਸਿੰਘ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ ਤੇ ਦਾਨੀ ਵੀਰਾਂ ਨੂੰ ਟਰਾਫੀਆਂ ਨਾਲ ਨਿਵਾਜਿਆ ਗਿਆ। ਸਵੇਰ ਦੀ ਠੰਢੀ ਹਵਾ ਹੁਣ ਨਿੱਘੀ ਹੋ ਗਈ ਸੀ ਤੇ ਗੁਰੂ ਘਰਾਂ ਦਾ ਲੰਗਰ ਅਤੁੱਟ ਵਰਤ ਰਿਹਾ ਸੀ। ਇੱਕ ਪਾਸੇ ਭਾਫਾਂ ਛਡਦੀ ਚਾਹ ਦੀ ਛਬੀਲ ਲੱਗੀ ਹੋਈ ਸੀ। ਟੀਵੀ ਰਾਵੀ ਚੈਨਲ ਦਾ ਕਲਾਕਾਰ ਹਰਵਿੰਦਰ ਰਿਆੜ ਸਟੇਜ ਨੂੰ ਰੰਗ ਭਾਗ ਲਾ ਰਿਹਾ ਸੀ। ਅਸੀਂ ਮੈਚਾਂ ਦੀ ਕੁਮੈਂਟਰੀ ਕਰਦਿਆਂ ਵਿਚੇ ਕਬੱਡੀ ਦਾ ਇਤਿਹਾਸ ਦੁਹਰਾਈ ਜਾਂਦੇ ਤੇ ਵਿਚੇ ਖਿਡਾਰੀਆਂ ਨੂੰ ਵਡਿਆਉਂਦੇ ਹੋਏ ਜ਼ਮੀਨ ਅਸਮਾਨ ਦੇ ਕੁੰਡੇ ਮੇਲੀ ਜਾਂਦੇ। ਵਿਚੇ ਛੜਿਆਂ ਬਾਰੇ ਜੋੜੇ ਟੱਪੇ ਸੁਣਾਈ ਜਾਂਦੇ-ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ ਛੜਿਆਂ ਨੂੰ ਵਖਤ ਪਿਆ। ਛੜਿਆਂ ਦਾ ਸੌਂਕ ਬੁਰਾ ਕੱਟਾ ਮੁੰਨ ਕੇ ਝਾਂਜਰਾਂ ਪਾਈਆਂ। ਰਾਜ ਕਹਿਣ ਲੱਗਾ-ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ ਛੜਿਆਂ ਦੀ ਅੱਗ ਨਾ ਬਲੇ। ਪੰਡਤ ਨੇ ਤੋਪਾ ਭਰਿਆ-ਰੰਨਾਂ ਵਾਲਿਆਂ ਨੂੰ ਰੋਣ ਨਿਆਣੇ ਛੜਿਆਂ ਨੂੰ ਰੋਣ ਬਿੱਲੀਆਂ …। ਕਬੱਡੀ ਪਾ ਕੇ ਭੱਜੇ ਜਾਂਦੇ ਖਿਡਾਰੀ ਬਾਰੇ ਕਹਿੰਦੇ, “ਇਹਦੇ ਮਗਰ ਤਾਂ ਭਾਵੇਂ ਘੋੜੀਆਂ ਲਾ ਦਿਓ ਇਹ ਨੀ ਫੜੀਦਾ ਹੁਣ।” ਪੰਡਤ ਪੱਚਰ ਲਾਉਂਦਾ, “ਇਹਨੂੰ ਤਾਂ ਹੁਣ ਨਿਊਯਾਰਕ ਦੀ ਪੁਲਿਸ ਈ ਫੜੂ!”

ਪਹਿਲਾ ਸੈਮੀ ਫਾਈਨਲ ਮੈਚ ਇੰਡੀਆ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਇੰਡੀਆ ਦੀ ਟੀਮ ਨੇ ਚੋਖੇ ਅੰਕਾਂ ਨਾਲ ਜਿੱਤ ਲਿਆ। ਗੋਗੋ ਤੇ ਜੱਸੀ ਹੋਰਾਂ ਨੇ ਇੰਗਲੈਂਡ ਦੇ ਧਾਵੀ ਬੰਨ੍ਹ ਕੇ ਖੜ੍ਹਾ ਦਿੱਤੇ। ਦੂਜਾ ਸੈਮੀ ਫਾਈਨਲ ਅਮਰੀਕਾ ਤੇ ਟੋਰਾਂਟੋ ਦੀਆਂ ਟੀਮਾਂ ਵਿਚਾਲੇ ਬੜਾ ਫਸ ਕੇ ਹੋਇਆ। ਅੱਧੇ ਸਮੇਂ ਤਕ ਅਮਰੀਕਾ ਦੇ ਵੀਹ ਅੰਕ ਸਨ ਤੇ ਕੈਨੇਡਾ ਈਸਟ ਦੇ ਚੌਵੀ। ਦੂਜਾ ਅੱਧ ਸ਼ੁਰੂ ਹੋਇਆ ਤਾਂ ਇੱਕ ਸਟੇਜ ਉਤੇ ਅਮਰੀਕਾ ਦੀ ਟੀਮ ਦੇ ਇਕੱਤੀ ਅੰਕ ਹੋ ਗਏ ਤੇ ਟੋਰਾਂਟੋ ਦੀ ਟੀਮ ਦੇ ਤੀਹ ਅੰਕ ਰਹਿ ਗਏ। ਫਿਰ ਇੱਕ ਇਕ ਪੈਂਟ੍ਹ ਲਈ ਲਹੂ ਡੋਲ੍ਹਵਾਂ ਸੰਘਰਸ਼ ਹੋਇਆ ਤੇ ਆਖ਼ਰਕਾਰ ਟੋਰਾਂਟੋ ਦੀ ਟੀਮ 44-40 ਅੰਕਾਂ ਨਾਲ ਫਾਈਨਲ ਵਿੱਚ ਪੁੱਜ ਗਈ।

ਇੰਡੀਆ ਤੇ ਕੈਨੇਡਾ ਈਸਟ ਦੇ ਫਾਈਨਲ ਮੈਚ ਸਮੇਂ ਸਾਰੇ ਦਰਸ਼ਕ ਪੱਬਾਂ ਭਾਰ ਹੋ ਗਏ। ਬਹੁਤੇ ਦਰਸ਼ਕਾਂ ਦੀ ਹੱਲਾਸ਼ੇਰੀ ਭਾਰਤ ਦੇ ਖਿਡਾਰੀਆਂ ਨਾਲ ਸੀ। ਗੋਗੋ ਨੇ ਵੈੱਲੀ ਨੂੰ ਤੇ ਜੱਸੀ ਨੇ ਸੰਦੀਪ ਨੂੰ ਜੱਫਾ ਲਾਇਆ ਤਾਂ ਜੱਬਰ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਪੰਜ ਪੰਜ ਸੌ ਡਾਲਰ ਦੇ ਇਨਾਮ ਦਿੱਤੇ। ਫਿਰ ਉਹ ਤੇ ਮੱਖਣ ਜੋਧਾਂ ਹਰੇਕ ਜੱਫੇ `ਤੇ ਹੀ ਪੰਜ ਪੰਜ ਸੌ ਡਾਲਰ ਦੇਣ ਲੱਗ ਪਏ। ਗੋਗੋ ਨੇ ਸਾਰੇ ਧਾਵੀ ਡੱਕ ਲਏ ਤੇ ਅੱਧੇ ਸਮੇਂ ਤਕ ਇੰਡੀਆ ਦੀ ਟੀਮ 24-20 ਅੰਕਾਂ ਨਾਲ ਅੱਗੇ ਨਿਕਲ ਗਈ। ਦੂਜਾ ਅੱਧ ਸ਼ੁਰੂ ਹੋਇਆ ਤਾਂ ਭਾਰਤ ਦੀ ਟੀਮ ਨੇ ਲਗਾਤਾਰ ਚਾਰ ਅੰਕ ਲੈ ਲਏ ਤੇ ਫਰਕ ਅੱਠ ਅੰਕਾਂ ਦਾ ਹੋ ਗਿਆ। ਦਰਸ਼ਕ ਏਨੇ ਖ਼ੁਸ਼ ਸਨ ਕਿ ਉਹ ਜੱਫਾ ਲੱਗਣ ਸਮੇਂ ਬਾਘੀਆਂ ਪਾਉਂਦੇ ਮੈਦਾਨ ਅੰਦਰ ਆ ਜਾਂਦੇ। ਕਈਆਂ ਦੀ ਮਾੜੀ ਮੋਟੀ ਪੀਤੀ ਖਿੜ ਵੀ ਰਹੀ ਸੀ। ਟੋਰਾਂਟੋ ਦੀ ਟੀਮ ਦਾ ਜ਼ੋਰ ਵਿਤੋਂ ਵੱਧ ਲੱਗ ਚੁੱਕਾ ਸੀ। ਉਸ ਨੇ ਖੜ੍ਹੇ ਖੜੋਤੇ ਹੀ ਹਾਰ ਮੰਨ ਲਈ ਤੇ ਮੈਚ ਵਿਚਾਲੇ ਛੱਡ ਦਿੱਤਾ।

ਕਈ ਸਾਲਾਂ ਬਾਅਦ ਪਹਿਲੀ ਵਾਰ ਹੋਇਆ ਕਿ ਟੋਰਾਂਟੋ ਦੀ ਟੀਮ ਨਿਊਯਾਰਕ ਦਾ ਕਬੱਡੀ ਕੱਪ ਨਾ ਜਿੱਤ ਸਕੀ। ਨਿਊਯਾਰਕ ਦੇ ਦਰਸ਼ਕ ਇਸ ਸਥਿਤੀ ਉਤੇ ਬਾਗੋਬਾਗ ਸਨ ਤੇ ਉਹ ਮੈਚ ਮੁੱਕਣ ਬਾਅਦ ਦੇਰ ਤਕ ਖ਼ੁਸ਼ੀ ਵਿੱਚ ਨੱਚਦੇ ਤੇ ਬੱਕਰੇ ਬੁਲਾਉਂਦੇ ਰਹੇ। ਭਾਰਤੀ ਟੀਮ ਦੇ ਧਾਵੀ ਦੁੱਲੇ ਨੂੰ ਬੈੱਸਟ ਰੇਡਰ ਤੇ ਗੋਗੋ ਨੂੰ ਬੈੱਸਟ ਜਾਫੀ ਐਲਾਨਿਆ ਗਿਆ ਅਤੇ ਉਨ੍ਹਾਂ ਦੇ ਗਲਾਂ ਵਿੱਚ ਸੋਨ ਮੈਡਲ ਪਹਿਨਾਏ ਗਏ। ਇਸ ਖੇਡ ਮੇਲੇ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਰਤੀ ਖਿਡਾਰੀਆਂ ਨੂੰ ਅਮਰੀਕਾ ਦੇ ਵੀਜ਼ੇ ਲੁਆਉਣ ਦੀ ਰਹੀ। ਉਮੀਦ ਹੈ ਅਮਰੀਕਾ ਦੇ ਅਗਲੇ ਕਬੱਡੀ ਮੇਲਿਆਂ ਵਿੱਚ ਵੀ ਪੰਜਾਬ ਤੋਂ ਖਿਡਾਰੀ ਆਉਣਗੇ ਤੇ ਮੈਚ ਹੋਰ ਵੀ ਖਹਿਵੇਂ ਤੇ ਫਸਵੇਂ ਹੋਣਗੇ।

ਅੱਜ ਇੱਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ ਲਿਖੀ ਸੀ ਕਿ ਉਹ ਆਰਟੀਕਲ ਕੱਟ ਕੇ ਉਸ ਨੇ ਆਪਣੇ ਮੇਜ਼ ਦੇ ਸਾਹਮਣੇ ਚਿਪਕਾ ਲਿਆ ਹੈ ਤਾਂ ਕਿ ਤੁਰਨਾ ਸਦਾ ਯਾਦ ਰਹੇ। ਉਨ੍ਹਾਂ ਦਿਨਾਂ ਵਿੱਚ ਮੈਂ ਖ਼ੁਦ ਲੰਮੀਆਂ ਤੋਰਾਂ ਦਾ ਅਭਿਆਸ ਕੀਤਾ ਸੀ ਤੇ ਤੁਰਨ ਦਾ ਅਨੰਦ ਮਾਣਨ ਦੇ ਨਾਲ ਮਨਇੱਛਤ ਫਲ ਪਾਇਆ ਸੀ। ਮੈਂ ਚਾਹੁੰਦਾ ਸਾਂ ਕਿ ਮੇਰਾ ਭਾਰ ਅੱਸੀ ਕਿੱਲੋ ਤੋਂ ਕਦੇ ਨਾ ਵਧੇ। ਪਰ ਉਹ ਵਧ ਗਿਆ ਸੀ ਤੇ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ।

ਵਧੇਰੇ ਖਾਣ ਦੀ ਬਾਣ ਮੈਨੂੰ ਬਚਪਨ ਤੋਂ ਹੀ ਪਈ ਹੋਈ ਸੀ ਤੇ ਉਹ ਮੈਥੋਂ ਛੱਡੀ ਨਹੀਂ ਸੀ ਜਾਂਦੀ। ਮੈਂ ਉਦੋਂ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਂਦਾ ਸਾਂ ਜਿਥੇ ਖਾਣ ਪੀਣ ਵਾਧੂ ਸੀ। ਪਿੰਡੋਂ ਦੇਸੀ ਘਿਉ ਆ ਜਾਂਦਾ ਸੀ ਤੇ ਗੁਆਂਢੋਂ ਮੱਝਾਂ ਦਾ ਦੁੱਧ ਮਿਲਦਾ ਰਹਿੰਦਾ ਸੀ। ਦਾਲ ਸਬਜ਼ੀ `ਚ ਮੱਖਣ ਘਿਓ ਪਾਏ ਬਿਨਾਂ ਰੋਟੀ ਸੁਆਦ ਨਹੀਂ ਸੀ ਲੱਗਦੀ। ਭਾਰ ਵਧਦਾ ਨਾ ਤਾਂ ਹੋਰ ਕੀ ਕਰਦਾ?

ਅਸੀਂ ਪੰਜ ਭਰਾ ਹਾਂ। ਮੈਥੋਂ ਬਿਨਾਂ ਸਾਰੇ ਹੀ ਨੱਬੇ ਕਿੱਲੋ ਤੋਂ ਉਤੇ ਹਨ ਤੇ ਮੈਥੋਂ ਵੱਡਾ ਤਾਂ ਕੁਇੰਟਲ ਤੋਂ ਵੀ ਉਤੇ ਹੈ। ਉਹ ਸਮਝਦੇ ਹਨ ਕਿ ਸਾਨੂੰ ਵਿਰਾਸਤ ਹੀ ਭਾਰੇ ਹੋਣ ਦੀ ਮਿਲੀ ਹੈ। ਪਰ ਵੱਡੇ ਭਰਾ ਨੂੰ ਵੇਖ ਕੇ ਮੈਂ ਸੁਚੇਤ ਸਾਂ ਕਿਤੇ ਮੈਂ ਵੀ ਕੁਇੰਟਲ ਤੋਂ ਟੱਪ ਨਾ ਜਾਵਾਂ। ਮੈਂ ਤਾਂ ਕਾਲਜ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਸਾਹਮਣੇ ਵੀ ਵਿਚਰਨਾ ਸੀ। ਅੱਸੀ ਕਿੱਲੋ ਤਕ ਤਾਂ ਮੈਂ ਤੀਹ ਸਾਲ ਦੀ ਉਮਰ `ਚ ਹੀ ਅੱਪੜ ਗਿਆ ਸਾਂ। ਫਿਰ ਮੈਂ ਭਾਰ ਵਧਣ ਦਾ ਫਿਕਰ ਕਰਨ ਲੱਗਾ। ਕਸਰਤ ਵਧਾਈ ਗਿਆ ਪਰ ਖੁਰਾਕ ਨਾ ਘਟਾਈ। ਕਸਰਤ ਕਰਦਾ ਮਹੀਨੇ `ਚ ਸੌ ਮੀਲ ਦੌੜਨ ਦੀ ਔਸਤ ਪਾ ਜਾਂਦਾ। ਕਈ ਸਾਲ ਭਾਰ ਅੱਸੀ ਕਿੱਲੋ ਦੇ ਆਲੇ ਦੁਆਲੇ ਘੁੰਮਦਾ ਰਿਹਾ।

ਉਮਰ ਪੰਤਾਲੀ ਛਿਆਲੀ ਸਾਲ ਦੀ ਹੋਈ ਤਾਂ ਸੂਈ ਚੁਰਾਸੀ ਪੰਜਾਸੀ ਕਿੱਲੋ ਤਕ ਜਾਣ ਲੱਗ ਪਈ। ਉਹਨੀਂ ਦਿਨੀ ਮੈ ‘ਸੀਕਰਟ ਆਫ਼ ਸਲਿੰਮਿੰਗ’ ਨਾਂ ਦੀ ਇੱਕ ਕਿਤਾਬ ਪੜ੍ਹੀ ਜਿਸ ਦਾ ਤੱਤਸਾਰ ਸੀ ਕਿ ਪਹਿਲਾਂ ਨਾਲੋਂ ਖੁਰਾਕ ਤੀਜਾ ਹਿੱਸਾ ਘਟਾਓ ਤੇ ਕਸਰਤ ਡੇਢੀ ਕਰ ਲਓ। ਮਤਲਬ ਜੇ ਤਿੰਨ ਹਜ਼ਾਰ ਕਲੋਰੀਆਂ ਢਿੱਡ `ਚ ਪਾਉਂਦੇ ਹੋ ਤਾਂ ਦੋ ਹਜ਼ਾਰ ਕਰ ਲਓ ਤੇ ਜੇ ਦੋ ਹਜ਼ਾਰ ਕਲੋਰੀਆਂ ਬਾਲਦੇ ਓ ਤਾਂ ਤਿੰਨ ਹਜ਼ਾਰ ਬਾਲਣ ਲੱਗ ਪਓ। ਜਦੋਂ ਭਾਰ ਮਿਥੇ ਟੀਚੇ `ਤੇ ਆ ਟਿਕੇ ਤਾਂ ਓਨੀਆਂ ਕਲੋਰੀਆਂ ਈ ਢਿੱਡ `ਚ ਪਾਓ ਜਿੰਨੀਆਂ ਬਾਲ ਸਕੋ।

ਮੈਨੂੰ ਨੁਸਖ਼ਾ ਲੱਭ ਗਿਆ। ਭਾਰ ਹਵਾ ਨਾਲ ਤਾਂ ਵਧਦਾ ਨਹੀਂ, ਖਾਧੇ ਪੀਤੇ ਹੀ ਵਧਦਾ। ਮੈਂ ਸਮਝ ਗਿਆ ਕਿ ਹੁਣ ਘਟੂ ਵੀ ਖੁਰਾਕ ਘਟਾ ਕੇ, ਤੁਰ ਫਿਰ ਕੇ ਤੇ ਨੱਠ ਭੱਜ ਕੇ। ਮੈਂ ਬੈਠ ਕੇ ਜਾਂ ਲੇਟ ਕੇ ਪੜ੍ਹਨ ਦੀ ਥਾਂ ਵਿਹੜੇ `ਚ ਤੁਰ ਫਿਰ ਕੇ ਪੜ੍ਹਨ ਲੱਗਾ ਤੇ ਕਾਲਜ ਵੀ ਤੁਰ ਕੇ ਜਾਣ ਲੱਗ ਪਿਆ। ਜਮਾਤ ਨੂੰ ਪੜ੍ਹਾਉਣ ਵੇਲੇ ਵੀ ਮੈਂ ਕਮਰੇ `ਚ ਟਹਿਲਦਾ ਰਹਿੰਦਾ। ਕਾਲਜ ਦੀ ਕੰਟੀਨ ਤੋਂ ਚਾਹ ਦੇ ਤਿੰਨ ਚਾਰ ਕੱਪ ਪੀ ਜਾਂਦਾ ਸਾਂ ਉਹ ਵੀ ਕੁੱਝ ਘਟਾਏ। ਪਰ ਭਾਰ ਫਿਰ ਵੀ ਘਟ ਨਹੀਂ ਸੀ ਰਿਹਾ। ਇਹ ਅਪਰੈਲ 1986 ਦੀ ਗੱਲ ਹੈ। ਉਹਨੀਂ ਦਿਨੀਂ ਮੇਰੀ ਡਿਊਟੀ ਸਾਇੰਸ ਕਾਲਜ ਜਗਰਾਓਂ ਦੇ ਇਮਤਿਹਾਨੀ ਕੇਂਦਰ ਵਿੱਚ ਲੱਗ ਗਈ। ਮੈਂ ਮਿਥ ਲਿਆ ਕਿ ਢੁੱਡੀਕੇ ਤੋਂ ਬੱਸ `ਤੇ ਜਾਇਆ ਕਰਾਂਗਾ ਤੇ ਮੁੜਦਿਆਂ ਤੁਰ ਕੇ ਆਇਆ ਕਰਾਂਗਾ। ਮੈਂ ਆਪਣੀਆਂ ਸਾਰੀਆਂ ਡਿਊਟੀਆਂ ਦੋ ਤੋਂ ਪੰਜ ਵਜੇ ਵਾਲੇ ਸ਼ਾਮ ਦੇ ਸੈਸ਼ਨ ਵਿੱਚ ਲੁਆ ਲਈਆਂ। ਲਗਭਗ ਇੱਕ ਮਹੀਨਾ ਇਮਤਿਹਾਨ ਚੱਲਣਾ ਸੀ ਤੇ ਮੈਨੂੰ ਵੀਹ ਪੱਚੀ ਵਾਰ ਲੰਮੀਆਂ ਤੋਰਾਂ ਤੁਰਨ ਦਾ ਮੌਕਾ ਮਿਲ ਜਾਣਾ ਸੀ। ਇਹ ਮੇਰੇ ਭਾਰ ਘਟਾਉਣ ਦਾ ਵੀ ਇਮਤਿਹਾਨ ਹੋਣਾ ਸੀ।

ਮੈਂ ਪਰਾਉਂਠੇ ਖਾਣੇ ਬੰਦ ਕਰ ਦਿੱਤੇ ਤੇ ਨਾਸ਼ਤਾ ਦੁੱਧ ਦੇ ਗਲਾਸ `ਤੇ ਲੈ ਆਇਆ। ਦੁੱਧ ਵੀ ਮਲਾਈ ਰਹਿਤ ਕਰ ਲਿਆ। ਦਾਲ ਸਬਜ਼ੀ `ਚ ਮੱਖਣ ਘਿਓ ਪਾਉਣਾ ਛੱਡ ਦਿੱਤਾ। ਚਾਹ ਫਿੱਕੀ ਕਰ ਲਈ। ਲੂਣ ਮਿੱਠੇ ਤੋਂ ਪ੍ਰਹੇਜ਼ ਕਰ ਲਿਆ। ਦੁੱਧ ਦੀ ਜਿਹੜੀ ਗੜਬੀ ਸਿਰ੍ਹਾਣੇ ਰੱਖ ਕੇ ਸੌਂਦਾ ਸੀ ਉਹ ਚੁਕਾ ਦਿੱਤੀ। ਰੋਟੀਆਂ ਪੰਜਾਂ ਤੋਂ ਤਿੰਨਾਂ `ਤੇ ਆ ਗਿਆ ਪਰ ਆਇਆ ਬੜੇ ਸਿਦਕ ਨਾਲ। ਹਰ ਵੇਲੇ ਲੱਗੀ ਜਾਂਦਾ ਜਿਵੇਂ ਭੁੱਖ ਲੱਗੀ ਹੋਈ ਐ। ਚਾਰਟ ਤੋਂ ਪਤਾ ਲੱਗ ਜਾਂਦਾ ਸੀ ਕਿ ਕਿੰਨੀਆਂ ਕਲੋਰੀਆਂ ਪੇਟ `ਚ ਪਾਈਆਂ ਨੇ ਤੇ ਕਸਰਤ ਨਾਲ ਕਿੰਨੀਆਂ ਬਾਲੀਆਂ ਨੇ? ਨਿੱਤ ਕਲੋਰੀਆਂ ਬਾਲਣ ਵਾਲਾ ਪਲੜਾ ਨੀਵਾਂ ਰੱਖਦਾ। ਜਗਰਾਓਂ ਤੋਂ ਢੁੱਡੀਕੇ ਤਕ ਤੁਰ ਕੇ ਆਉਣ ਨਾਲ ਵਾਹਵਾ ਕਸਰਤ ਹੋਣੀ ਸੀ। ਮੈਂ ਹਿਸਾਬ ਲਾਇਆ ਕਿ ਦੋ ਹਜ਼ਾਰ ਕਲੋਰੀਆਂ ਤਾਂ ਮੈਂ ਰਾਹ `ਚ ਈ ਬਾਲ ਦਿਆਂ ਕਰਾਂਗਾ।

ਪੰਜ ਵਜੇ ਇਮਤਿਹਾਨ ਮੁੱਕਦਾ ਤਾਂ ਮੈਂ ਸਾਇੰਸ ਕਾਲਜ ਦੀ ਚਾਰ ਫੁੱਟੀ ਕੰਧ ਟੱਪ ਕੇ ਚੂਹੜਚੱਕ ਵੱਲ ਜਾਂਦੇ ਸੂਏ ਪੈ ਜਾਂਦਾ। ਪੱਕੇ ਸੂਏ ਦੇ ਤੇਜ਼ ਵਗਦੇ ਪਾਣੀ ਨਾਲ ਮੈਂ ਵੀ ਵਗਿਆ ਜਾਂਦਾ ਤੇ ਮੇਰੇ ਨਾਲ ਈ ਵਗੀ ਜਾਂਦੇ ਪਾਣੀ `ਚ ਡਿੱਗੇ ਕੱਖ ਕਾਣ। ਕਦੇ ਕਦੇ ਪੈਰ ਠੰਢੇ ਕਰਨ ਲਈ ਪਾਣੀ `ਚ ਪੈਰ ਲਮਕਾਉਂਦਾ। ਅੱਖਾਂ `ਚ ਛਿੱਟੇ ਮਾਰਦਾ। ਸ਼ਾਮ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪਾਣੀ ਨਾਲ ਕਲੋਲਾਂ ਕਰਦੀਆਂ ਦਿਸਦੀਆਂ। ਮੇਰੀ ਕਲਪਣਾ ਨੂੰ ਖੰਭ ਲੱਗ ਜਾਂਦੇ। ਪਾਣੀ `ਚ ਚੁੰਝਾਂ ਡੁਬੋਅ ਕੇ ਖੰਭ ਫਟਕਾਉਂਦੀਆਂ ਘੁੱਗੀਆਂ ਗੁਟਾਰਾਂ ਮੇਰੀਆਂ ਨਜ਼ਰਾਂ ਬੰਨ੍ਹ ਲੈਂਦੀਆਂ। ਉਹਨਾਂ ਦੀ ਗੁਟਰਗੂੰ ਮੈਨੂੰ ਕਵੀਸ਼ਰੀ ਕਰਦੀ ਲੱਗਦੀ। ਝੂੰਮਦੇ ਹੋਏ ਕਾਹ ਦੇ ਬੂਝੇ ਮੇਰਾ ਸਵਾਗਤ ਕਰਦੇ ਲੱਗਦੇ। ਖੇਤਾਂ `ਚ ਖਿਲਰੇ ਦਾਣੇ ਚੁਗ ਕੇ ਉਡਦੀਆਂ ਚਿੜੀਆਂ ਹੋਰ ਵੀ ਪਿਆਰੀਆਂ ਲੱਗਦੀਆਂ। ਸੂਏ ਦੀ ਪਟੜੀ `ਤੇ ਤੁਰਨ ਦਾ ਅਨੰਦ ਆਉਣ ਲੱਗਦਾ।

ਉਦੋਂ ਮੈਨੂੰ ਇਕੋ ਈ ਡਰ ਮਾਰਦਾ ਸੀ ਕਿ ਕੋਈ ਮੇਰਾ ਜਾਣੂੰ ਮੈਨੂੰ ਜਗਰਾਵਾਂ ਤੋਂ ਢੁੱਡੀਕੇ ਤਕ ਤੁਰਦਿਆਂ ਨਾ ਵੇਖ ਲਵੇ ਤੇ ਚੰਗੇ ਭਲੇ ਪ੍ਰੋਫੈਸਰ ਦਾ ਦਿਮਾਗ਼ ਹਿੱਲਿਆ ਨਾ ਸਮਝ ਬਹੇ! ਰਾਹ `ਚ ਜਿਥੇ ਪੁਲ ਆਉਂਦਾ ਮੈਂ ਆਸੇ ਪਾਸੇ ਵੇਖ ਕੇ ਤੇਜ਼ੀ ਨਾਲ ਲੰਘਦਾ ਕਿ ਕੋਈ ਵੇਖ ਨਾ ਲਵੇ। ਇੱਕ ਪੁਲ ਡੱਲੇ ਨੂੰ ਜਾਂਦੀ ਸੜਕ ਦਾ ਸੀ ਤੇ ਦੋ ਪੁਲ ਕੌਂਕਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਸਨ। ਚੂਹੜਚੱਕ ਵਾਲੇ ਪੁਲ ਤੋਂ ਪਹਿਲਾਂ ਈ ਮੈਂ ਕੱਚੇ ਰਾਹ ਉੱਤਰ ਪੈਂਦਾ ਸੀ। ਅਗਾਂਹ ਕੋਈ ਮਿਲਦਾ ਤਾਂ ਆਖਦਾ, “ਐਥੋਂ ਚੂਹੜਚੱਕੋਂ ਈ ਆਇਆਂ।”

ਉਦੋਂ ਸਕੂਟਰ ਹੁੰਦਿਆਂ ਤੁਰਨ ਦੀ ਨਵੀਂ ਨਵੀਂ ਸੰਗ ਸੀ ਜੋ ਹੌਲੀ ਹੌਲੀ ਖੁੱਲ੍ਹੀ। ਆਹ ਐਥੇ ਟੋਰਾਂਟੋ `ਚ ਤਾਂ ਕਾਰਾਂ ਵਾਲੀਆਂ ਤੀਵੀਆਂ ਵੀ ਗੋਰੇ ਪੱਟ ਕੱਢੀ ਫੁੱਟਪਾਥਾਂ `ਤੇ ਨਿਸ਼ੰਗ ਦੌੜੀਆਂ ਫਿਰਦੀਆਂ ਹਨ। ਮੈਂ ਆਪਣੇ ਪੇਂਡੂਆਂ ਦੀਆਂ ਨਜ਼ਰਾਂ ਸਾਹਮਣੇ ਇਸ ਲਈ ਵੀ ਤੁਰਨੋਂ ਝਕਦਾ ਸਾਂ ਕਿ ਕੋਈ ਮੈਨੂੰ ਬੱਸ ਦਾ ਕਿਰਾਇਆ ਬਚਾਉਣ ਵਾਲਾ ਚੀਪੜ ਹੀ ਨਾ ਸਮਝ ਲਵੇ? ਕਦੇ ਕਦੇ ਮੈਂ ਮਨ ਨੂੰ ਸਮਝਾਉਂਦਾ, “ਸ਼ਰਮ ਕਾਹਦੀ ਮੰਨਦੈਂ? ਆਪਾਂ ਯਾਰ ਆਪ ਦੇ ਪੈਰੀਂ ਤੁਰਦੇ ਆਂ, ਕੋਈ ਚੋਰੀ ਯਾਰੀ ਤਾਂ ਨ੍ਹੀ ਕਰਦੇ? ਐਵੇਂ ਈ ਕਿਸੇ ਤੋਂ ਸੰਗਣ ਝਿਜਕਣ ਦਾ ਕੀ ਮਤਲਬ?”

ਪਹਿਲੇ ਦਿਨ ਮੈਂ ਪੌਣੇ ਤਿੰਨ ਘੰਟਿਆਂ `ਚ ਘਰ ਪੁੱਜਾ। ਫਿਰ ਤੋਰ ਹੋਰ ਤੇਜ਼ ਕਰ ਲਈ ਤੇ ਢਾਈ ਘੰਟਿਆਂ `ਚ ਸੋਲਾਂ ਕਿਲੋਮੀਟਰ ਤੁਰਨ ਲੱਗ ਪਿਆ। ਸਾਇੰਸ ਕਾਲਜ ਤੋਂ ਸੜਕ ਰਾਹੀਂ ਵਾਟ ਵੀਹ ਕਿਲੋਮੀਟਰ ਬਣਦੀ ਸੀ ਪਰ ਸੂਏ ਪੈ ਕੇ ਸਿੱਧੀ ਇਹ ਸੋਲਾਂ ਕਿਲੋਮੀਟਰ ਈ ਸੀ। ਉਹਨੀਂ ਦਿਨੀਂ ਸਾਢੇ ਸੱਤ ਵਜੇ ਟੀ.ਵੀ.`ਤੇ ਖ਼ਬਰਾਂ ਆਉਂਦੀਆਂ ਸਨ ਤੇ ਮੈਂ ਖ਼ਬਰਾਂ ਵੇਲੇ ਨੂੰ ਘਰ ਆ ਪਹੁੰਚਦਾ ਸੀ। ਮਹੀਨੇ ਮਗਰੋਂ ਭਾਰ ਤੋਲਿਆ ਤਾਂ ਮੈਂ ਸੱਚਮੁੱਚ ਹੀ ਅੱਸੀ ਕਿਲੋਗਰਾਮ `ਤੇ ਆ ਗਿਆ ਸਾਂ। ਫਿਰ ਮੈਂ ਆਰਟੀਕਲ ਲਿਖਿਆ-ਪੈਰੀਂ ਤੁਰਨ ਦਾ ਅਨੰਦ।

ਮੈਂ ਕਈ ਵਾਰ ਸੋਚਿਆ ਕਿ ਉਸ ਆਰਟੀਕਲ ਨੂੰ ਸੋਧ ਕੇ ਲਿਖਾਂ ਕਿਉਂਕਿ ਵੀਹ ਸਾਲਾਂ `ਚ ਮੈਂ ਹੋਰ ਬਹੁਤ ਕੁੱਝ ਪੜ੍ਹ ਲਿਆ ਹੈ। ਚੰਗੀ ਗੱਲ ਹੋਰਨਾਂ ਨੂੰ ਵੀ ਦੱਸਣੀ ਚਾਹੀਦੀ ਹੈ ਜੀਹਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋਵੇ। ਮੈਂ ਸ਼ਾਇਦ ਘੌਲ ਈ ਕਰੀ ਜਾਂਦਾ ਜੇਕਰ ਅੱਜ ਦੇ ਅਖ਼ਬਾਰ ਵਿੱਚ ਉਨਟਾਰੀਓ ਸਰਕਾਰ ਦਾ ਇਸ਼ਤਿਹਾਰ ਨਾ ਪੜ੍ਹਦਾ। ਇਸ ਇਸ਼ਤਿਹਾਰ ਦਾ ਸਿਰਲੇਖ ਹੈ-ਵਾਕ ਇਨਟੂ ਹੈੱਲਥ। ਅੱਗੇ ਲਿਖਿਆ ਹੈ, “ਸਡੌਲਤਾ ਤੇ ਸਿਹਤਯਾਬੀ ਲਈ ਤੁਰਨਾ ਸਭ ਤੋਂ ਸੁਖਾਲਾ ਤਰੀਕਾ ਹੈ। ਹਰ ਕਦਮ ਮਹੱਤਵਪੂਰਨ ਹੈ। ਤੁਸੀਂ ਲਾਏਬ੍ਰੇਰੀਆਂ `ਚੋਂ ਪੀਡੋਮੀਟਰ ਇਸ਼ੂ ਕਰਵਾ ਸਕਦੇ ਓ।” ਪੀਡੋਮੀਟਰ ਉਸ ਜੰਤਰ ਦਾ ਨਾਂ ਹੈ ਜਿਹੜਾ ਕਦਮਾਂ ਦੀ ਗਿਣਤੀ ਤੇ ਕਲੋਰੀਆਂ ਬਲਣ ਦਾ ਹਿਸਾਬ ਕਿਤਾਬ ਦੱਸਦਾ ਹੈ। ਕੁਦਰਤ ਨੇ ਮਨੁੱਖ ਨੂੰ ਲੱਤਾਂ ਤੇ ਪੈਰ ਤੁਰਨ ਲਈ ਦਿੱਤੇ ਹਨ ਪਰ ਉਹ ਪਹੀਆਂ `ਤੇ ਸਵਾਰ ਹੋਇਆ ਤੁਰਨਾ ਭੁੱਲੀ ਜਾਂਦਾ ਹੈ ਤੇ ਉਹਦੀ ਸਿਹਤ ਦਿਨੋ ਦਿਨ ਵਿਗੜੀ ਜਾਂਦੀ ਹੈ।

ਪਹੀਆਂ ਦੀ ਸਵਾਰੀ ਕਰਨ ਲਈ ਬਹੁਤ ਕੁੱਝ ਚਾਹੀਦਾ ਹੈ ਜਦ ਕਿ ਤੁਰਨ `ਤੇ ਕੁੱਝ ਵੀ ਨਹੀਂ ਲੱਗਦਾ। ਸਿਰਫ ਦੌੜਨ ਵਾਲੇ ਬੂਟ ਹੀ ਚਾਹੀਦੇ ਹਨ ਜੋ ਇੱਕ ਵਾਰ ਲਏ ਕਾਫੀ ਸਮਾਂ ਕਢਾਅ ਦਿੰਦੇ ਹਨ। ਪੰਜਾਹ ਸਾਲ ਪਹਿਲਾਂ ਲੋਕ ਹੁਣ ਨਾਲੋਂ ਦਸ ਗੁਣਾਂ ਵੱਧ ਤੁਰਦੇ ਸਨ ਤੇ ਬਿਮਾਰੀਆਂ ਹੁਣ ਨਾਲੋਂ ਦਸਵਾਂ ਹਿੱਸਾ ਵੀ ਨਹੀਂ ਸਨ। ਪੰਜ ਹਜ਼ਾਰ ਦੀ ਆਬਾਦੀ ਵਾਲੇ ਸਾਡੇ ਪਿੰਡ `ਚ ਦਸ ਬੰਦੇ ਵੀ ਨਹੀਂ ਸਨ ਹੁੰਦੇ ਜਿਨ੍ਹਾਂ ਦਾ ਭਾਰ ਦੋ ਮਣ ਤੋਂ ਉਤੇ ਹੋਵੇ। ਹੁਣ ਸੌ ਹੋਣਗੇ ਜਿਨ੍ਹਾਂ ਦਾ ਭਾਰ ਕੁਇੰਟਲ ਦੇ ਗੇੜ `ਚ ਹੋਵੇਗਾ। ਦੋ ਦੋ ਮਣ ਦੀਆਂ ਤਾਂ ਜ਼ਨਾਨੀਆਂ ਹੀ ਹੋਈਆਂ ਪਈਆਂ ਹਨ। ਚੱਕੀ, ਚਰਖਾ, ਮਧਾਣੀ ਤੇ ਖੇਤ ਰੋਟੀ ਲੈ ਕੇ ਜਾਣ ਦੀਆਂ ਕਸਰਤਾਂ ਕਦੋਂ ਦੀਆਂ ਮੁੱਕ ਚੁੱਕੀਆਂ ਹਨ। ਪੱਠੇ ਹੁਣ ਕੋਈ ਹੱਥੀਂ ਨਹੀਂ ਕੁਤਰਦਾ। ਕਈਆਂ ਤੋਂ ਬੈਠ ਕੇ ਪੱਠੇ ਵੱਢ ਹੀ ਨਹੀਂ ਹੁੰਦੇ।

ਬੇਲੋੜੇ ਸਰੀਰਕ ਭਾਰ ਨਾਲ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦੇ ਦਰਦ, ਪੇਟ ਤੇ ਦਿਲ ਦੇ ਰੋਗਾਂ ਦਾ ਕੋਈ ਅੰਤ ਨਹੀਂ। ਹਰੇਕ ਘਰ ਦਾ ਦਵਾਈਆਂ ਦਾ ਖਰਚਾ ਈ ਸੈਂਕੜੇ ਹਜ਼ਾਰਾਂ ਵਿੱਚ ਹੈ। ਉਨ੍ਹਾਂ ਨੂੰ ਕੌਣ ਦੱਸੇ ਕਿ ਭਾਰ ਘਟਾਉਣ ਤੇ ਸਰੀਰ ਨੂੰ ਹੌਲਾ ਫੁੱਲ ਬਣਾਈ ਰੱਖਣ ਲਈ ਲੰਮੀਆਂ ਤੇ ਤੇਜ਼ ਤੋਰਾਂ ਬੜੀਆਂ ਕਾਰਗਰ ਸਿੱਧ ਹੋ ਸਕਦੀਆਂ ਹਨ। ਸ਼ਹਿਰਾਂ ਦੀਆਂ ਸੁਆਣੀਆਂ ਬੈਠੀਆਂ ਬਰਫੀਆਂ ਪਕੌੜੇ ਤੇ ਚਾਟ ਭੱਲੇ ਖਾਈ ਜਾਂਦੀਆਂ ਹਨ। ਫਿਰ ਭੱਸ ਡਕਾਰ ਤੇ ਔਖੇ ਸਾਹ ਲੈਂਦੀਆਂ ਹਨ। ਨਾਲ ਦੇ ਮਹੱਲੇ ਵੀ ਜਾਣਾ ਹੋਵੇ ਤਾਂ ਕਾਰ ਜਾਂ ਰਿਕਸ਼ਾ ਭਾਲਦੀਆਂ ਹਨ। ਜੇਕਰ ਉਹ ਪੇਟ `ਚ ਕਲੋਰੀਆਂ ਗਿਣ ਮਿਥ ਕੇ ਪਾਉਣ ਤੇ ਤੁਰ ਫਿਰ ਕੇ ਬਾਲੀ ਜਾਣ ਤਾਂ ਉਨ੍ਹਾਂ ਦੀ ਜਾਨ ਸੁਖਾਲੀ ਹੋ ਸਕਦੀ ਹੈ। ਅੰਗਰੇਜ਼ੀ ਦੇ ਲਫ਼ਜ਼ ‘ਕਲੋਰੀ ਕਾਨਸ਼ੈੱਸ਼’ ਹੋਣਾ ਹਰ ਵਿਅਕਤੀ ਦੀ ਲੋੜ ਹੈ।

ਕਈ ਬੰਦੇ ਬਹਾਨੇ ਈ ਮਾਰਦੇ ਰਹਿੰਦੇ ਹਨ ਕਿ ਉਨ੍ਹਾਂ ਕੋਲ ਤੁਰਨ ਜਾਂ ਕਸਰਤ ਕਰਨ ਦਾ ਕੋਈ ਵਕਤ ਨਹੀਂ। ਕੀ ਉਹਨਾਂ ਕੋਲ ਸੱਚਮੁੱਚ ਈ ਸਿਹਤ ਲਈ ਵਕਤ ਨਹੀਂ? ਕਸਰਤ ਜੋਗਾ ਸਮਾਂ ਤਾਂ ਉਹ ਨ੍ਹਾਉਣ ਧੌਣ ਤੇ ਵਾਧੂ ਦੀ ਸ਼ੁਕੀਨੀ ਲਾਉਣ `ਚੋਂ ਹੀ ਬਚਾ ਸਕਦੇ ਹਨ। ਸਮਾਂ ਸੱਚਮੁੱਚ ਹੀ ਘੱਟ ਹੋਵੇ ਤਾਂ ਤੇਜ਼ ਤੁਰਿਆ ਜਾ ਸਕਦੈ, ਤੁਰਦਿਆਂ ਡੂੰਘੇ ਸਾਹ ਲਏ ਜਾ ਸਕਦੇ ਹਨ। ਧੌਣ, ਮੋਢੇ, ਬਾਹਾਂ ਤੇ ਲੱਕ ਦੀਆਂ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ। ਘਰ ਦੋ ਛੱਤਾ ਹੋਵੇ ਤਾਂ ਵੀਹ ਤੀਹ ਵਾਰ ਪੌੜੀਆਂ ਚੜ੍ਹਿਆ ਜਾ ਸਕਦੈ। ਸੌ ਕੁ ਵਾਰ ਰੱਸੀ ਟੱਪੀ ਜਾ ਸਕਦੀ ਐ। ਖੜ੍ਹੇ ਖੜ੍ਹੇ ਦੋ ਮਿੰਟ ਦੀ ਤੇਜ਼ ਦੌੜ ਪਾਣੀ ਕੱਢ ਦਿੰਦੀ ਹੈ। ਨਹੀਂ ਯਕੀਨ ਤਾਂ ਕੋਈ ਕਰ ਕੇ ਵੇਖ ਲਵੇ।

ਗੱਲ ਤਾਂ ਖਾਧੀਆਂ ਪੀਤੀਆਂ ਕਲੋਰੀਆਂ ਬਾਲਣ ਦੀ ਹੈ। ਕਲੋਰੀ ਕਾਨਸੈ਼ੱਸ਼ ਹੋਣ ਦੀ ਹੈ। ਜਿਥੇ ਘਰ ਬਾਰ ਹੋਰ ਸਾਮਾਨ ਨਾਲ ਤੂੜੇ ਪਏ ਹਨ ਉਥੇ ਬੂਹੇ ਜਾਂ ਬਾਥ ਰੂਮ `ਚ ਭਾਰ ਤੋਲਣ ਵਾਲੀ ਨਿੱਕੀ ਜਿਹੀ ਮਸ਼ੀਨ ਵੀ ਰੱਖ ਲੈਣੀ ਚਾਹੀਦੀ ਹੈ। ਭਾਰ ਦੋਂਹ ਚਹੁੰ ਦਿਨਾਂ ਵਿੱਚ ਨਹੀਂ ਵਧਦਾ। ਬੰਦਾ ਦੋ ਚਾਰ ਦਿਨਾਂ ਬਾਅਦ ਈ ਮਸ਼ੀਨ `ਤੇ ਚੜ੍ਹਦਾ ਰਹੇ ਤਾਂ ਵੀ ਆਪਣੇ ਭਾਰ ਤੋਂ ਸੁਚੇਤ ਰਹਿ ਸਕਦੈ। ਜਿੱਦਣ ਸੂਈ ਅੱਗੇ ਨੂੰ ਵਧੇ ਉੱਦਣ ਘੱਟ ਖਾਵੇ ਤੇ ਵੱਧ ਕਸਰਤ ਕਰੇ।

ਕੁਦਰਤ ਦਾ ਅਸੂਲ ਹੈ ਕਿ ਜਿਨ੍ਹਾਂ ਅੰਗਾਂ ਨੂੰ ਚਲਾਉਂਦੇ ਰਹੀਏ ਉਹ ਚਲਦੇ ਰਹਿੰਦੇ ਨੇ ਤੇ ਜਿਨ੍ਹਾਂ ਅੰਗਾਂ ਦੀ ਵਰਤੋਂ ਨਾ ਕਰੀਏ ਉਹ ਜਾਮ ਹੋ ਜਾਂਦੇ ਨੇ। ਚਲਦੀ ਦਾ ਨਾਂ ਗੱਡੀ ਐਵੇਂ ਨਹੀਂ ਕਿਹਾ ਜਾਂਦੈ। ਜਿਹੜੇ ਬੰਦੇ ਗਿੱਟੇ ਗੋਡਿਆਂ ਦੇ ਖੜ੍ਹ ਜਾਣ ਦਾ ਰੋਣਾ ਰੋਂਦੇ ਨੇ ਉਹਨਾਂ `ਚੋਂ ਬਹੁਤਿਆਂ ਨੇ ਤੋਰਾ ਫੇਰਾ ਆਪ ਹੀ ਛੱਡਿਆ ਹੁੰਦੈ। ਯੋਗਾ ਕਰਾਉਣ ਵਾਲੇ ਭਰਵਾਂ ਸਾਹ ਲੈਣ, ਪੂਰਾ ਸਾਹ ਬਾਹਰ ਕੱਢਣ ਅਤੇ ਹੱਡੀਆਂ ਤੇ ਪੱਠਿਆਂ ਨੂੰ ਲਚਕਦਾਰ ਬਣਾਈ ਰੱਖਣ ਉਤੇ ਜ਼ੋਰ ਦਿੰਦੇ ਹਨ। ਜਦੋਂ ਤਕ ਸਰੀਰ ਵਿੱਚ ਲਚਕ ਹੈ ਬੰਦਾ ਜੁਆਨ ਹੈ ਤੇ ਜਦੋਂ ਤਕ ਕੋਈ ਭਰਵਾਂ ਸਾਹ ਲੈ ਰਿਹੈ ਉਹ ਸਮਝੋ ਵਧੇਰੇ ਆਕਸੀਜ਼ਨ ਲੈ ਰਿਹੈ।

ਆਕਸੀਜ਼ਨ ਹੀ ਸਰੀਰ ਦੇ ਗੰਦ ਮੰਦ ਨੂੰ ਬਾਲਦੀ ਤੇ ਚਰਬੀ ਨੂੰ ਢਾਲਦੀ ਹੈ। ਜਦੋਂ ਤਕ ਕੋਈ ਆਪਣੇ ਅੰਦਰਲੇ ਅੰਗਾਂ ਨੂੰ ਸੰਗੋੜ ਕੇ ਸਾਹ ਬਾਹਰ ਕੱਢ ਰਿਹੈ ਉਹ ਅੰਦਰਲੇ ਅੰਗਾਂ ਦੀ ਵਰਜਿਸ਼ ਕਰਵਾ ਰਿਹੈ ਤੇ ਅੰਦਰਲੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਿਹੈ। ਪ੍ਰਾਣਾਯਾਮ ਤੇ ਕਪਾਲਭਾਤੀ ਨਾਲ ਇਹੋ ਕੁੱਝ ਹੁੰਦੈ। ਯੋਗਾ ਦੇ ਇਹ ਆਸਣ ਕਰਨ ਲਈ ਕਿਸੇ ਕੋਲ ਵਿਹਲ ਨਾ ਹੋਵੇ ਤਾਂ ਇਹ ਕੁਰਸੀ `ਤੇ ਬੈਠੇ, ਮੰਜੇ `ਤੇ ਲੇਟੇ ਤੇ ਤੁਰਦੇ ਫਿਰਦੇ ਵੀ ਕੀਤੇ ਜਾ ਸਕਦੇ ਨੇ। ਸਾਹ ਦੀਆਂ ਕਸਰਤਾਂ ਤਾਂ ਕੋਈ ਕਿਤੇ ਵੀ ਖੜ੍ਹੇ ਬੈਠਿਆਂ ਕਰ ਸਕਦੈ।

ਸਭ ਤੋਂ ਸੌਖਾ ਤਰੀਕਾ ਹੈ ਕਿ ਕਬੱਡੀ ਕਬੱਡੀ ਉਦੋਂ ਤਕ ਕਹਿੰਦੇ ਜਾਓ ਜਦੋਂ ਤਕ ਸਾਹ ਨਹੀਂ ਟੁੱਟਦਾ। ਵੀਹ ਸਾਹਾਂ ਦੀ ਕਬੱਡੀ ਨਾਲ ਫੇਫੜਿਆਂ ਤੇ ਅੰਦਰਲੇ ਅੰਗਾਂ ਦੀ ਪੂਰੀ ਕਸਰਤ ਕੀਤੀ ਜਾ ਸਕਦੀ ਹੈ। ਤੇ ਜੇ ਭੱਜ ਨੱਠ ਕੇ ਵੀਹ ਕਬੱਡੀਆਂ ਪਾ ਲਈਆਂ ਜਾਣ ਤਾਂ ਸੋਨੇ `ਤੇ ਸੁਹਾਗਾ ਹੈ। ਸੁਆਲ ਤਾਜ਼ੀ ਨਰੋਈ ਹਵਾ ਨੂੰ ਵੱਧ ਤੋਂ ਵੱਧ ਅੰਦਰ ਖਿੱਚਣ ਤੇ ਅੰਦਰਲੀ ਗੰਦੀ ਹਵਾ ਨੂੰ ਬਾਹਰ ਕੱਢਦਿਆਂ ਅੰਦਰਲੇ ਅੰਗ ਨਿਚੋੜ ਕੇ ਉਨ੍ਹਾਂ ਦੀ ਕਸਰਤ ਕਰਾਉਣ ਦਾ ਹੈ। ਇੰਜ ਕਰਦਿਆਂ ਲਹੂ ਦਾ ਦੌਰਾ ਵੀ ਤੇਜ਼ ਹੁੰਦਾ ਹੈ। ਹੱਡੀਆਂ ਨੂੰ ਲਿਫਾਉਣ ਝੁਕਾਉਣ ਨਾਲ ਉਹ ਲਚਕਦਾਰ ਬਣੀਆਂ ਰਹਿੰਦੀਆਂ ਹਨ। ਇਹੋ ਯੋਗਾ ਦੀ ਕਰਾਮਾਤ ਹੈ। ਜਿਹੜਾ ਬੰਦਾ ਤੁਰਦਾ, ਵਗਦਾ ਤੇ ਨੱਠਦਾ ਹੈ ਉਹਦੇ ਲਹੂ ਤੇ ਸਾਹ ਦਾ ਦੌਰਾ ਆਪਣੇ ਆਪ ਹੀ ਤੇਜ਼ ਹੁੰਦਾ ਰਹਿੰਦਾ ਹੈ। ਇਸ ਲਈ ਕੁਦਰਤ ਵੱਲੋਂ ਬਖ਼ਸ਼ੀ ਤੋਰ ਤੁਰਨ ਤੋਂ ਕਿਸੇ ਨੂੰ ਵੀ ਮੁੱਖ ਨਹੀਂ ਮੋੜਨਾ ਚਾਹੀਦਾ।

ਕੋਈ ਚਾਹੇ ਤਾਂ `ਕੱਲਾ ਵੀ ਤੁਰ ਸਕਦਾ ਹੈ ਤੇ ਤੁਰਦਿਆਂ ਸੰਗੀਤ ਦਾ ਅਨੰਦ ਵੀ ਮਾਣ ਸਕਦਾ ਹੈ। ਉਹ ਕਲਪਣਾ ਦੀਆਂ ਉਡਾਰੀਆਂ ਭਰ ਸਕਦਾ ਹੈ। ਮੈਂ ਲਿਖਣ ਵਾਲੀਆਂ ਬਹੁਤੀਆਂ ਗੱਲਾਂ ਸੈਰ ਕਰਦਿਆਂ ਹੀ ਚਿਤਵਦਾ ਰਿਹਾ ਹਾਂ। ਦੋ ਜਣੇ ਗੱਲਾਂ ਕਰਦਿਆਂ ਵਧੀਆ ਸੈਰ ਕਰ ਸਕਦੇ ਹਨ ਤੇ ਵਿਚਾਰ ਵਟਾਂਦਰਾ ਵੀ ਕੀਤਾ ਜਾ ਸਕਦੈ। ਟੋਲੀਆਂ ਵਿੱਚ ਹੱਸਦਿਆਂ ਖੇਡਦਿਆਂ ਵੀ ਸੈਰਾਂ ਕੀਤੀਆਂ ਜਾ ਸਕਦੀਆਂ ਹਨ। ਸੈਲਾਨੀ ਕਈ ਤਰ੍ਹਾਂ ਦੇ ਟੂਰ ਉਲੀਕ ਸਕਦੇ ਹਨ, ਉਹ ਸਾਈਕਲ ਚਲਾਉਣ ਜਾਂ ਪੈਦਲ ਚੱਲਣ ਦੇ ਟੂਰ ਵੀ ਵਿਓਂਤ ਸਕਦੇ ਹਨ। ਆਲਡੈਕਸ ਹਕਸਲੇ ਨੇ ‘ਵਾਕਿੰਗ ਟੂਰਜ਼’ ਨਾਂ ਦਾ ਬੜਾ ਵਧੀਆ ਲੇਖ ਲਿਖਿਆ ਸੀ ਜੋ ਸਾਡੀ ਕਾਲਜ ਦੀ ਇੱਕ ਪਾਠ ਪੁਸਤਕ ਵਿੱਚ ਸ਼ਾਮਲ ਸੀ। ਲਿਖਿਆ ਸੀ ਕਿ ਤੁਰਦਿਆਂ ਕੁਦਰਤ ਦੇ ਨਜ਼ਾਰੇ ਲਏ ਜਾ ਸਕਦੇ ਹਨ। ਸਾਨੂੰ ਤਾਂ ਸਾਡੇ ਪ੍ਰੋਫੈਸਰ ਨੇ ਪੜ੍ਹਾ ਕੇ ਈ ਨਜ਼ਾਰੇ ਲਿਆ ਦਿੱਤੇ ਸਨ।

ਕਈ ਕਹਿੰਦੇ ਹਨ ਕਿ ਤੁਰਨ ਨੂੰ ਥਾਂ ਨਹੀਂ ਲੱਭਦੀ। ਭਲੇ ਲੋਕੋ ਤੁਰਨ ਨੂੰ ਤਾਂ ਵਿਹੜੇ ਵਿੱਚ ਈ ਗੇੜੇ ਕੱਢੇ ਜਾ ਸਕਦੇ ਨੇ, ਛੱਤ ਉਤੇ ਘੁੰਮਿਆ ਜਾ ਸਕਦੈ ਤੇ ਕਮਰੇ `ਚ ਈ ਮਸ਼ੀਨ ਦੇ ਪਟੇ ਉਤੇ ਜਿੰਨੇ ਮੀਲ ਕੋਈ ਤੁਰਨਾ ਚਾਹੇ ਤੁਰ ਸਕਦੈ। ਤੁਰਿਆ ਛੱਡ ਕੇ ਦੌੜਿਆ ਵੀ ਜਾ ਸਕਦੈ। ਵੈਸੇ ਤੁਰਨ ਦਾ ਜੋ ਅਨੰਦ ਹਰੇ ਪਾਰਕਾਂ, ਬਾਗਾਂ, ਕੱਚੇ ਪਹਿਆਂ, ਖੇਤਾਂ, ਪਗਡੰਡੀਆਂ, ਰਜਬਾਹਿਆਂ ਤੇ ਨਹਿਰਾਂ ਦੀਆਂ ਪਟੜੀਆਂ ਉਤੇ ਆੳਂੁਦੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਵੇਰੇ ਸਾਹਝਰੇ ਉੱਠ ਕੇ ਤੁਰਨ ਲਈ ਥੋੜ੍ਹੀ ਜਿਹੀ ਹਿੰਮਤ ਹੀ ਚਾਹੀਦੀ ਹੈ। ਉਹੀ ਵੇਲਾ ਜਿਸ ਬਾਰੇ ਵਾਰਸ ਸ਼ਾਹ ਨੇ ਲਿਖਿਐ-ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੇ …। ਉਦੋਂ ਰੁੱਖਾਂ ਉਤੇ ਪੰਛੀ ਚਹਿਚਹਾਉਂਦੇ ਹੁੰਦੇ ਨੇ, ਪੈਲੀਆਂ `ਚੋਂ ਤਿੱਤਰ ਸੁਬਹਾਨ ਤੇਰੀ ਕੁਦਰਤ ਦੇ ਗੀਤ ਗਾਉਂਦੇ ਜਾਪਦੇ ਨੇ ਤੇ ਪੂਰਬ ਦੀ ਕੁੱਖ ਚੋਂ ਸੋਨਰੰਗਾ ਸੂਰਜ ਉਗਮ ਰਿਹਾ ਹੁੰਦੈ। ਉਹਦੀਆਂ ਸੁਨਹਿਰੀ ਕਿਰਨਾਂ `ਚ ਬਨਸਪਤੀ `ਤੇ ਪਏ ਤ੍ਰੇਲ ਤੁਪਕੇ ਹੀਰੇ ਮੋਤੀਆਂ ਵਾਂਗ ਚਮਕਣ ਲੱਗ ਪੈਂਦੇ ਨੇ ਤੇ ਸਵੇਰ ਦੀ ਸੱਜਰੀ ਹਵਾ ਦੇ ਬੁੱਲੇ ਉਨ੍ਹਾਂ ਦਾ ਸਿਰ ਪਲੋਸਦੇ ਲੱਗਦੇ ਨੇ। ਤੁਸੀਂ ਤੁਰਨ ਦਾ ਤਹੱਈਆ ਕਰੋ ਚੰਗੇਰੀ ਸਿਹਤ ਤੁਹਾਨੂੰ `ਵਾਜ਼ਾਂ ਪਈ ਮਾਰਦੀ ਏ। ਬੱਚਾ, ਬੁੱਢਾ, ਜੁਆਨ ਕੋਈ ਵੀ ਹੋਵੇ ਉਹ ਤੁਰ ਕੇ ਤੰਦਰੁਸਤੀ ਤਕ ਪਹੁੰਚ ਸਕਦੈ। ਹੱਸ ਸਕਦੈ, ਖੇਡ ਸਕਦੈ ਤੇ ਖ਼ੁਸ਼ੀ ਦੇ ਮੌਕੇ `ਤੇ ਨੱਚ ਟੱਪ ਵੀ ਸਕਦੈ। ਚੰਗੀ ਸਿਹਤ ਹੀ ਜੀਵਨ ਦੀ ਅਸਲੀ ਦੌਲਤ ਹੈ। ਬੰਦਾ ਬਿਮਾਰ ਰਵ੍ਹੇ ਤਾਂ ਕੁੱਝ ਵੀ ਚੰਗਾ ਨਹੀਂ ਲੱਗਦਾ। ਵਿਗੜੀ ਸਿਹਤ ਨਾਲ ਤਾਂ ਮਾਇਆ ਦੀਆਂ ਤਿਜੌਰੀਆਂ ਵੀ ਮਿੱਟੀ ਲੱਗਦੀਆਂ ਹਨ।

ਕਬੱਡੀ ਪੰਜਾਬੀਆਂ `ਚ ਸਭ ਤੋਂ ਵੱਧ ਮਕਬੂਲ ਖੇਡ ਹੈ ਪਰ ਇਸ ਵਿੱਚ ਆਪਾਧਾਪੀ ਵੀ ਬਹੁਤ ਹੈ। ਅਨੁਸ਼ਾਸਨ ਦੀਆਂ ਜਿੰਨੀਆਂ ਧੱਜੀਆਂ ਇਸ ਖੇਡ ਵਿੱਚ ਉਡਾਈਆਂ ਜਾਂਦੀਆਂ ਹਨ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਉਡਾਈਆਂ ਜਾਂਦੀਆਂ ਹੋਣ। ਜੇ ਕੋਈ ਕਬੱਡੀ ਵਿੱਚ ਅਨੁਸ਼ਾਸਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉਲਟ ਇੱਕ ਹੋਰ ਗਰੁੱਪ ਖੜ੍ਹਾ ਕਰ ਲਿਆ ਜਾਂਦਾ ਹੈ। ਕਬੱਡੀ ਦਾ ਹਾਲ ਬਹੁਤ ਸਾਰੇ ਗੁਰਦੁਆਰਿਆਂ ਦੇ ਰੌਲੇ ਗੌਲੇ ਵਰਗਾ ਹੈ। ਸਿੱਖ ਜਿਥੇ ਵੀ ਗਏ ਹਨ ਉਹ ਗੁਰਦੁਆਰੇ ਤੇ ਕਬੱਡੀ ਆਪਣੇ ਨਾਲ ਲੈ ਗਏ ਹਨ। ਨਾ ਉਨ੍ਹਾਂ ਨੂੰ ਗੁਰਦਵਾਰਾ ਬਣਾਏ ਬਿਨਾਂ ਟਿਕਾਅ ਆਉਂਦੈ ਤੇ ਨਾ ਕਬੱਡੀ ਖਿਡਾਏ ਬਿਨਾਂ ਚਿੱਤ ਖ਼ੁਸ਼ ਹੁੰਦੈ। ਉਹ ਜਿਥੇ ਵੀ ਜਾਂਦੇ ਹਨ ਜਾਣ ਸਾਰ ਗੁਰੂਘਰ ਦਾ ਨਿਸ਼ਾਨ ਸਾਹਿਬ ਗੱਡ ਦਿੰਦੇ ਹਨ ਤੇ ਨਾਲ ਹੀ ਕਬੱਡੀ ਦਾ ਟੂਰਨਾਮੈਂਟ ਰੱਖ ਲੈਂਦੇ ਹਨ। ਫਿਰ ਜਿਵੇਂ ਗੁਰਦਵਾਰੇ ਦੀ ਗੋਲਕ ਲਈ ਖੰਡੇ ਖੜਕਦੇ ਹਨ ਉਵੇਂ ਕਬੱਡੀ ਦੀ ਖੇਡ ਉਤੇ ਵੀ ਬੋਤਲਾਂ ਦੀ ਰੇਡ ਹੁੰਦੀ ਹੈ।

ਗੁਰਦੁਆਰਿਆਂ ਤੇ ਕਬੱਡੀ ਦਾ ਏਨਾ ਗੂੜ੍ਹਾ ਸੰਬੰਧ ਹੈ ਕਿ ਵਿਦੇਸ਼ਾਂ ਵਿੱਚ ਕਬੱਡੀ ਦੇ ਟੂਰਨਾਮੈਂਟ ਗੁਰੂਘਰਾਂ ਦੇ ਸਹਿਯੋਗ ਨਾਲ ਹੀ ਸ਼ੁਰੂ ਹੁੰਦੇ ਰਹੇ ਹਨ। ਕਬੂਤਰਬਾਜ਼ੀ ਗੁਰੂਘਰਾਂ ਰਾਹੀਂ ਵੀ ਹੁੰਦੀ ਰਹੀ ਹੈ ਤੇ ਕਬੱਡੀ ਰਾਹੀਂ ਵੀ ਚਲਦੀ ਰਹੀ ਹੈ। ਜਿਵੇਂ ਗੁਰੂ ਘਰਾਂ ਦੇ ਪ੍ਰਬੰਧਕਾਂ ਵਿੱਚ ਪਾਟਕ ਪਿਆ ਰਹਿੰਦੈ ਉਵੇਂ ਕਬੱਡੀ ਦੇ ਕਲੱਬ ਵੀ ਇਕਸੁਰ ਨਹੀਂ ਹੁੰਦੇ। ਅਮਰੀਕਾ ਵਿੱਚ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਦੋ ਮਾਂ-ਧੜੇ ਹਨ। ਇੱਕ ਜੌਨ੍ਹ ਸਿੰਘ ਗਿੱਲ ਵਾਲਾ ਤੇ ਦੂਜਾ ਲੱਛਰਾਂ ਵਾਲਾ। ਯੂ.ਕੇ.ਕਬੱਡੀ ਫੈਡਰੇਸ਼ਨ ਦੇ ਵੀ ਕਦੇ ਦੋ ਧੜੇ ਬਣ ਜਾਂਦੇ ਹਨ ਤੇ ਕਦੇ ਇਕੋ ਨਾਲ ਡੰਗ ਸਾਰ ਲਿਆ ਜਾਂਦੈ। ਪੰਜਾਬ ਵਿੱਚ ਵੀ ਕਬੱਡੀ ਦੇ ਦੋ ਗਰੁੱਪ ਹਨ ਤੇ ਉਨ੍ਹਾਂ ਦਾ ਇੱਕ ਦੂਜੇ ਵੱਲ ਮਾਰਨਖੰਡੇ ਸਾਹਨਾਂ ਵਾਲਾ ਸਿਲਸਿਲਾ ਹੈ। ਕਦੇ ਉਹ ਆਪਸ ਵਿੱਚ `ਕੱਠੇ ਹੁੰਦੇ ਸਨ ਤੇ `ਕੱਠੇ ਖਾਂਦੇ ਪੀਂਦੇ ਸਨ। ਕੀ ਪਤਾ ਉਹ ਫਿਰ `ਕੱਠੇ ਹੋ ਜਾਣ? ਐਨ ਉਵੇਂ ਜਿਵੇਂ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਕਦੇ ਅੱਡ ਹੋ ਕੇ ਮਿਹਣੋ ਮਿਹਣੀ ਹੋ ਜਾਂਦੇ ਸੀ ਤੇ ਕਦੇ `ਕੱਠੇ ਹੋ ਕੇ ਘਿਉ ਖਿਚੜੀ ਹੋ ਜਾਂਦੇ ਸੀ। ਲੱਗਦੈ `ਕੱਠੇ ਹੋਣ ਤੇ ਅੱਡ ਹੋਣ ਦੀ ਸਿੱਖਾਂ ਨੂੰ ਅਕਾਲ ਪੁਰਖ ਵੱਲੋਂ ਬਖ਼ਸ਼ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਜੇ ਤਕ ਉਨ੍ਹਾਂ ਨੂੰ ਸਮਝ ਨਹੀਂ ਆਈ ਪਈ ਜਦੋਂ `ਕੱਠੇ ਹੋਏ ਬਿਨਾਂ ਸਰਨਾ ਨਹੀਂ ਤਾਂ ਅੱਡੋ ਅੱਡ ਕਿਉਂ ਹੁੰਦੇ ਹਨ?

ਪਿਛਲੇ ਸਾਲ ਕੈਨੇਡਾ ਵਿੱਚ ਵੀ ਕਬੱਡੀ ਦੇ ਦੋ ਧੜੇ ਬਣ ਗਏ ਸਨ ਪਰ ਗੁਰੂ ਦੀ ਮਿਹਰ ਨਾਲ ਮੁੜ ਉਨ੍ਹਾਂ ਵਿੱਚ ਏਕਤਾ ਹੋ ਗਈ ਸੀ। ਉਨ੍ਹਾਂ ਨੇ 2006 ਦਾ ਕਬੱਡੀ ਸੀਜ਼ਨ ਖੇਡਣ ਲਈ ਪੰਜਾਬ ਤੋਂ ਸੌ ਦੇ ਕਰੀਬ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਲੁਆ ਕੇ ਕੈਨੇਡਾ ਮੰਗਵਾ ਲਿਆ ਸੀ। ਜੇਕਰ ਸਾਰੇ ਖਿਡਾਰੀ ਕਬੱਡੀ ਖੇਡ ਕੇ ਵਾਪਸ ਮੁੜ ਜਾਂਦੇ ਤਾਂ 2007 ਦਾ ਕਬੱਡੀ ਸੀਜ਼ਨ ਖੇਡਣ ਲਈ ਭਾਵੇਂ ਦੋ ਸੌ ਖਿਡਾਰੀ ਵੀਜ਼ੇ ਲੈ ਲੈਂਦੇ। 2005 `ਚ ਪੰਜਾਬੀਆਂ ਦੀ ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ 42 ਖਿਡਾਰੀ ਮੰਗਵਾਏ ਸਨ ਤੇ ਕਬੱਡੀ ਖੇਡਣ ਪਿੱਛੋਂ ਉਹ ਸਾਰੇ ਹੀ ਵਾਪਸ ਚਲੇ ਗਏ ਸਨ। ਉਹਦਾ ਅਸਰ ਇਹ ਪਿਆ ਕਿ 2006 ਵਿੱਚ ਖੁੱਲ੍ਹਦਿਲੀ ਨਾਲ ਕੈਨੇਡਾ ਦੇ ਵੀਜ਼ੇ ਮਿਲੇ। ਇੰਗਲੈਂਡ ਵਿੱਚ ਵੀ ਕਬੱਡੀ ਖੇਡਣ ਜਾਣ ਲਈ ਪੰਜਾਬ ਦੇ ਸੌ ਕੁ ਖਿਡਾਰੀਆਂ ਨੂੰ ਵੀਜ਼ੇ ਮਿਲ ਗਏ।

ਐਤਕੀਂ ਕਬੱਡੀ ਨੂੰ ਮਾਰ ਪੈਂਦੀ ਲੱਗਦੀ ਹੈ। ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ ਆਪਣੀ ਮੀਟਿੰਗ ਕਰ ਕੇ ਦੱਸਿਆ ਹੈ ਕਿ 2006 ਵਿੱਚ ਕਬੱਡੀ ਖੇਡਣ ਆਏ ਗਿਆਰਾਂ ਖਿਡਾਰੀ ਵਾਪਸ ਇੰਡੀਆ ਨਹੀਂ ਮੁੜੇ। ਉਨ੍ਹਾਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਕਰ ਦਿੱਤੇ ਹਨ ਜੋ ਲੱਭੀ, ਦੁਨਾਲੀ, ਰੰਗੀਆਂ ਵਾਲਾ ਪਹਿਲਵਾਨ, ਪੱਪੂ ਚੂਹੜਚੱਕ, ਗੁਰਤੇਜ ਬਰਾੜ, ਗਿੱਲ ਘਾਲੀ, ਸੁੱਖਾ ਰੰਧਾਵਾ, ਬਲਵਿੰਦਰ ਖਾਰਾ, ਭਾਊ ਜੈਤੋ, ਮਨਜੀਤ ਚੂਹੜਚੱਕ ਤੇ ਰੇਸ਼ਮ ਹਨ। ਉਨ੍ਹਾਂ ਉਤੇ ਕਬੱਡੀ ਖੇਡਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਜੇ ਇਨ੍ਹਾਂ ਖਿਡਾਰੀਆਂ ਨੂੰ ਕੋਈ ਕਲੱਬ ਕਬੱਡੀ ਖਿਡਾਵੇਗਾ ਤਾਂ ਖੇਡ ਵਿੱਚ ਅਨੁਸ਼ਾਸਨ ਕਿਥੋਂ ਆਵੇਗਾ? ਇਨ੍ਹਾਂ ਖਿਡਾਰੀਆਂ ਨੇ ਪਤਾ ਨਹੀਂ ਕਿੰਨਿਆਂ ਦਾ ਅੱਗਾ ਮਾਰ ਦੇਣਾ ਹੈ। ਹੁਣ ਵੀਜ਼ੇ ਮਿਲਣੇ ਹੋਰ ਵੀ ਔਖੇ ਹੋ ਜਾਣੇ ਹਨ। ਜੇ ਉਹ ਵਾਪਸ ਮੁੜ ਜਾਂਦੇ ਤਾਂ ਮੁੜ ਕੇ ਫਿਰ ਖੇਡਣ ਆ ਸਕਦੇ ਸੀ।

ਟੋਰਾਂਟੋ ਵਿੱਚ ਦੋ ਕਲੱਬਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਫੈਡਰੇਸ਼ਨ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੀ ਹੈ। ਟੋਰਾਂਟੋ ਦੇ ਪੰਜਾਬੀ ਰੇਡੀਓ ਵਾਲੇ ਵੀ ਕਬੱਡੀ ਦੇ ਕਬੂਤਰਾਂ ਦੀ ਚਰਚਾ ਕਰ ਰਹੇ ਹਨ। ਫੈਡਰੇਸ਼ਨ ਦੇ ਬੁਲਾਰੇ ਕਹਿੰਦੇ ਹਨ ਕਿ ਉਹ ਕਿਸੇ ਕਲੱਬ ਨੂੰ ਬਦਨਾਮ ਨਹੀਂ ਕਰ ਰਹੇ ਸਗੋਂ ਉਨ੍ਹਾਂ ਕਲੱਬਾਂ ਤੋਂ ਜਵਾਬਦੇਹੀ ਮੰਗ ਰਹੇ ਹਨ ਜਿਨ੍ਹਾਂ ਕਲੱਬਾਂ ਨੇ ਕਬੂਤਰ ਬਣਨ ਵਾਲੇ ਖਿਡਾਰੀ ਸੱਦੇ ਸਨ। ਦੋਵੇਂ ਕਲੱਬਾਂ ਦੇ ਬੁਲਾਰੇ ਇਹ ਤਾਂ ਮੰਨਦੇ ਹਨ ਕਿ ਕਬੂਤਰ ਬਣਨ ਵਾਲੇ ਕਬੱਡੀ ਦੇ ਖਿਡਾਰੀਆਂ ਨੂੰ ਬੈਨ ਕਰਨਾ ਵਾਜਬ ਹੈ ਪਰ ਉਹਨਾਂ ਦੋਹਾਂ ਕਲੱਬਾਂ ਵਾਲਾ ਪੈਮਾਨਾ ਹੋਰਨਾਂ ਕਲੱਬਾਂ `ਤੇ ਵੀ ਲਾਗੂ ਹੋਣਾ ਚਾਹੀਦੈ। ਜਿਨ੍ਹਾਂ ਨੇ ਜਾਅਲ੍ਹੀ ਵਿਆਹਾਂ ਦਾ ਡਰਾਮਾ ਕੀਤਾ ਉਨ੍ਹਾਂ ਦਾ ਵੀ ਭਾਂਡਾ ਭੱਜਣਾ ਚਾਹੀਦੈ। ਜੇ ਇਹ ਲਾਗੂ ਨਹੀਂ ਹੁੰਦਾ ਤਾਂ ਕੈਨੇਡਾ ਵਿੱਚ ਵੀ ਕਬੱਡੀ ਦੇ ਦੋ ਗਰੁੱਪ ਬਣਨ ਦੀ ਸੰਭਾਵਨਾ ਹੈ। ਵੇਖਦੇ ਹਾਂ ਓਨਟਾਰੀਓ ਦੀ ਸਪੋਰਟਸ ਫੈਡਰੇਸ਼ਨ ਤੇ ਬ੍ਰਿਟਿਸ਼ ਕੋਲੰਬੀਆ ਦੀ ਕਬੱਡੀ ਫੈਡਰੇਸ਼ਨ ਕੈਨੇਡਾ ਵਿੱਚ ਕਬੱਡੀ ਦੇ ਭਵਿੱਖ ਲਈ ਕਿਹੜਾ ਰਸਤਾ ਅਖ਼ਤਿਆਰ ਕਰਦੀਆਂ ਹਨ? ਹਾਲੇ ਤਾਂ ਉਨ੍ਹਾਂ ਨੇ ਕਬੱਡੀ ਨੂੰ ਡਰੱਗ ਤੋਂ ਬਚਾਉਣ ਲਈ ਖਿਡਾਰੀਆਂ ਦੇ ਡੋਪ ਟੈੱਸਟ ਵੀ ਕਰਨੇ ਹਨ।

ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 ਹੋਰ ਚੌੜਾ ਕੀਤਾ ਜਾ ਰਿਹੈ, ਰੇਲ ਗੱਡੀ ਚਲਾਈ ਜਾ ਰਹੀ ਹੈ ਤੇ ਖੇਡ ਭਵਨ ਉਸਾਰੇ ਜਾ ਰਹੇ ਹਨ। ਅਨੇਕਾਂ ਹੋਟਲ, ਮੋਟਲ ਤੇ ਰੈਸਟੋਰੈਂਟ ਵਜੂਦ ਵਿੱਚ ਆ ਰਹੇ ਹਨ। ਵੱਡੀ ਗਿਣਤੀ ਵਿੱਚ ਕਾਮਿਆਂ ਨੂੰ ਰੁਜ਼ਗਾਰ ਮਿਲਿਆ ਹੋਇਐ। 2008 ਤੋਂ ਵਲੰਟੀਅਰਾਂ ਦੀ ਭਰਤੀ ਵੀ ਸ਼ੁਰੂ ਹੋ ਜਾਵੇਗੀ। ਓਲੰਪਿਕ ਖੇਡਾਂ ਲਈ ਪੱਚੀ ਹਜ਼ਾਰ ਸੇਵਾਦਾਰਾਂ ਦੀ ਲੋੜ ਪਵੇਗੀ। ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਓਲੰਪਿਕ ਖੇਡਾਂ ਵੇਖਣ ਆਉਣਗੇ।

ਮੈਂ 1990 ਵਿੱਚ ਪਹਿਲੀ ਵਾਰ ਵਿਸਲਰ ਵੇਖਿਆ ਸੀ। ਕੈਲੇਫੋਰਨੀਆਂ ਤੋਂ ਮੇਰਾ ਭਰਾ ਭਜਨ ਸੰਧੂ ਮੈਨੂੰ ਤੇ ਮੇਰੀ ਪਤਨੀ ਨੂੰ ਕਾਰ ਰਾਹੀਂ ਕੈਨੇਡਾ ਲਿਆਇਆ ਸੀ। ਉਦੋਂ ਮੇਰਾ ਮਰਹੂਮ ਮਿੱਤਰ ਬੰਤ ਸਿੰਘ ਸਿੱਧੂ ਵੀ ਨਾਲ ਸੀ ਤੇ ਚਕਰ ਵਾਲਾ ਨਾਹਰ ਸਿੰਘ ਸਿੱਧੂ ਵੀ ਇੰਗਲੈਂਡ ਤੋਂ ਪਹੁੰਚਿਆ ਹੋਇਆ ਸੀ। ਐਬਟਸਫੋਰਡ ਤੋਂ ਦੌਧਰ ਦਾ ਜਗਤਾਰ ਸਿੰਘ ਤੇ ਤਲਵੰਡੀ ਦੁਸਾਂਝ ਦੇ ਚਰਨ ਸੰਘੇ ਹੋਰੀਂ ਪੂਰੀ ਵੈਨ ਭਰ ਕੇ ਚੱਲੇ ਸਨ। ਅਸੀਂ ਸਾਰਾ ਦਿਨ ਪਿਕਨਿਕ ਮਨਾਈ ਸੀ ਤੇ ਮੈਂ ਆਪਣੇ ਸਫਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ‘ਵਿਸਲਰ ਦੇ ਹੁਸੀਨ ਨਜ਼ਾਰੇ’ ਨਾਂ ਦਾ ਇੱਕ ਲੇਖ ਲਿਖਿਆ ਸੀ। ਲਿਖਿਆ ਸੀ:

-ਵਿਸਲਰ ਤੇ ਬਲੈਕੌਂਬ ਜੌੜੇ ਪਰਬਤ ਹਨ ਜਿਨ੍ਹਾਂ ਦੀ ਸੁੰਦਰਤਾ ਲਾਮਿਸਾਲ ਹੈ। ਇਨ੍ਹਾਂ ਦੀ ਕੁੱਖ ਵਿੱਚ ਵਿਸਲਰ ਨਾਂ ਦਾ ਪਿੰਡ ਵਸਿਆ ਹੋਇਆ ਹੈ। ਬ੍ਰਿਟਿਸ਼ ਕਲੰਬੀਆ ਦੇ ਇਸ ਪਹਾੜੀ ਪਿੰਡ ਦਾ ਇੱਕ ਹੁਸੀਨ ਸੈਰਗਾਹ ਵਜੋਂ ਵਿਕਾਸ ਕੀਤਾ ਗਿਆ ਹੈ। ਕੁਦਰਤ ਨੇ ਵਿਸਲਰ ਨੂੰ ਦੁੱਧ ਚਿੱਟੀਆਂ ਬਰਫ਼ਾਂ ਬਖਸ਼ੀਆਂ ਹਨ ਅਤੇ ਨੀਲੀਆਂ ਨਿਰਮਲ ਝੀਲਾਂ ਤੇ ਹਰੀਆਂ ਭਰੀਆਂ ਵਾਦੀਆਂ ਦਾ ਵਿਸਮਾਦ ਛਾਇਆ ਹੋਇਆ ਹੈ। ਮਨੁੱਖ ਦੀ ਕਾਰੀਗਰੀ ਨੇ ਕੁਦਰਤੀ ਹੁਸਨ ਨੂੰ ਆਪਣੀਆਂ ਛੋਹਾਂ ਨਾਲ ਹੋਰ ਵੀ ਹੁਸੀਨ ਬਣਾ ਦਿੱਤਾ ਹੈ। ਵਿਸਲਰ ਰਿਸਾਰਟ ਨਾਂ ਦੀ ਇਹ ਸੈਰਗਾਹ ਦੁਨੀਆਂ ਭਰ ਦੇ ਸੈਲਾਨੀਆਂ ਦਾ ਮੱਕਾ ਗਿਣੀ ਜਾਂਦੀ ਹੈ।

ਵਿਸਲਰ ਦੀ ਗੱਲ ਮੈਂ ਇਸ ਤਰ੍ਹਾਂ ਮੁਕਾਈ ਸੀ-ਵਿਸਲਰ ਵਿੱਚ ਬੜਾ ਕੁੱਝ ਵੇਖਣ ਵਾਲਾ ਸੀ। ਰੰਗ ਸਨ, ਤਮਾਸ਼ੇ ਸਨ, ਹੁਸਨ ਸੀ, ਖੇਡਾਂ ਸਨ ਤੇ ਪ੍ਰਕਿਰਤੀ ਦਾ ਗਦਰਾਇਆ ਹੋਇਆ ਜੋਬਨ ਸੀ। ਬਰਫ਼ਾਂ ਦੇ ਜਲਵੇ ਸਨ ਤੇ ਪਾਣੀਆਂ ਦੇ ਜਾਦੂ। ਵਿਸਲਰ ਵਿੱਚ ਕੋਈ ਟੂਣੇਹਾਰੀ ਖਿੱਚ ਸੀ। ਉਥੋਂ ਦੀਆਂ ਰੰਗੀਨੀਆਂ ਨੂੰ ਛੇਤੀ ਕੀਤੇ ਭੁਲਾਇਆ ਨਹੀਂ ਜਾ ਸਕਦਾ। ਵਿਸਲਰ ਦੀ ਸੈਰ ਸਤਰੰਗੀ ਪੀਂਘ ਦੇ ਝੂਟੇ ਵਰਗੀ ਸੀ, ਰੰਗ ਬਰੰਗੀ ਫੁੱਲਝੜੀ ਵਰਗੀ, ਮਤਾਬੀ ਡੱਬੀ ਦੇ ਚਾਨਣ ਵਰਗੀ ਤੇ ਸੁਫ਼ਨਿਆਂ `ਚ ਨੱਚਦੀਆਂ ਪਰੀਆਂ ਵਰਗੀ। ਇਹ ਸੈਰ ਦੇਰ ਤਕ ਚੇਤੇ ਰਹੇਗੀ।

ਉਦੋਂ ਸਾਡੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਕੁੱਝ ਸਾਲਾਂ ਬਾਅਦ ਇਸ ਪਿੰਡ ਵਿੱਚ ਸਿਆਲੂ ਓਲੰਪਿਕ ਖੇਡਾਂ ਹੋਣਗੀਆਂ। 2003 ਵਿੱਚ 2010 ਦੀਆਂ ਇੱਕੀਵੀਆਂ ਸਿਆਲੂ ਖੇਡਾਂ ਵਿਸਲਰ ਯਾਨੀ ਵੈਨਕੂਵਰ ਨੂੰ ਸੌਂਪੀਆਂ ਗਈਆਂ। ਜਦ ਪਰਾਗ ਵਿੱਚ ਓਲੰਪਿਕ ਖੇਡਾਂ ਵਿਸਲਰ ਨੂੰ ਅਲਾਟ ਕਰਨ ਦਾ ਐਲਾਨ ਹੋਇਆ ਤਦ ਵੈਨਕੂਵਰ ਦੇ ਜੀ.ਐੱਮ.ਪਲੇਸ ਵਿੱਚ ਜਸ਼ਨ ਸ਼ੁਰੂ ਹੋ ਗਏ ਸਨ। ਓਲੰਪਿਕ ਖੇਡਾਂ ਮਿਲ ਜਾਣ ਦੀ ਖ਼ੁਸ਼ੀ ਨੇ `ਕੇਰਾਂ ਤਾਂ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਵੀ ਮਾਤ ਪਾ ਦਿੱਤਾ ਸੀ। ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ ਉਰਫ਼ ਤੂਫ਼ਾਨ ਸਿੰਘ ਨੇ ਕਿਹਾ ਸੀ, “ਮੈਂ ਜਦੋਂ ਦਸ ਸਾਲ ਦਾ ਸਾਂ ਤਾਂ ਸੁਫ਼ਨਾ ਲਿਆ ਸੀ ਕਿ ਓਲੰਪਿਕ ਖੇਡਾਂ ਏਥੇ ਹੋਣ। ਅੱਜ ਮੇਰਾ ਸੁਫ਼ਨਾ ਪੂਰਾ ਹੋਇਆ ਹੈ ਤੇ ਮੈਂ ਬੇਹੱਦ ਖ਼ੁਸ਼ ਹਾਂ।”

ਗਰਮੀਆਂ ਦੀਆਂ ਨਵੀਨ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਜਦ ਕਿ ਸਰਦੀਆਂ ਦੀਆਂ ਬਰਫ਼ ਵਾਲੀਆਂ ਖੇਡਾਂ 1924 ਵਿੱਚ ਸ਼ੁਰੂ ਹੋਈਆਂ। ਉਦੋਂ ਤੋਂ ਇਹ ਹਰ ਚਾਰ ਸਾਲ ਬਾਅਦ ਹੁੰਦੀਆਂ ਆ ਰਹੀਆਂ ਹਨ। ਹੁਣ ਗਰਮੀਆਂ ਦੀਆਂ ਓਲੰਪਿਕ ਖੇਡਾਂ 2008 ਵਿੱਚ ਚੀਨ ਦੇ ਸ਼ਹਿਰ ਬੀਜਿੰਗ ਵਿੱਚ ਹੋਣਗੀਆਂ ਤੇ ਸਰਦੀਆਂ ਦੀਆਂ ਵਿਸਲਰ ਵਿਚ। ਕੁੱਝ ਸਾਲ ਪਹਿਲਾਂ ਵੈਨਕੂਵਰ ਬੀ.ਸੀ.ਦੀ ਨੁਮਾਇਸ਼ ਵੇਖਣ ਲਈ ਦੋ ਕਰੋੜ ਸੈਲਾਨੀ ਪੁੱਜੇ ਸਨ। ਆਸ ਕੀਤੀ ਜਾਂਦੀ ਹੈ ਕਿ 2010 ਦੀਆਂ ਓਲੰਪਿਕ ਖੇਡਾਂ ਵੇਲੇ ਵੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਦੇ ਖੇਡ ਪ੍ਰੇਮੀ ਕੈਨੇਡਾ ਆਉਣਗੇ। ਕੁਦਰਤੀ ਗੱਲ ਹੈ ਕਿ ਪੰਜਾਬ ਦੇ ਖੇਡ ਪ੍ਰੇਮੀ ਵੀ ਕੈਨੇਡਾ ਦੇ ਵਿਜ਼ਟਰ ਵੀਜ਼ੇ ਲੈਣ ਦੀ ਦੌੜ ਲਾਉਣਗੇ ਅਤੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਵੀ ਮਿਲ ਜਾਣਗੇ। ਸੰਭਵ ਹੈ ਪੰਜਾਬ ਦੇ ਕਬੂਤਰ ਵੀ ਉਡਾਰੀ ਮਾਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਖੇਡਾਂ ਦੀਆਂ ਟਿਕਟਾਂ ਲੈਣ ਦਾ ਪ੍ਰਬੰਧ ਕਰਨਾ ਪਵੇਗਾ। ਟਿਕਟਾਂ ਦੀ ਸੇਲ 2008 ਦੀ ਪਤਝੜ ਤੋਂ ਸ਼ੁਰੂ ਹੋਵੇਗੀ ਤੇ ਲੱਗਦਾ ਹੈ ਕਿ ਤੁਰਤ ਹੀ ਟਿਕਟਾਂ ਮੁੱਕ ਜਾਣਗੀਆਂ ਜਿਵੇਂ ਕਿ ਬੀਜਿੰਗ ਓਲੰਪਿਕਸ ਦੀਆਂ ਮੁੱਕ ਵੀ ਚੁੱਕੀਆਂ ਹਨ।

ਮੈਨੂੰ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਦਾ ਵੱਡਾ ਫਾਇਦਾ ਇਹ ਵੀ ਹੋਇਆ ਹੈ ਕਿ ਮੈਂ ਜਿਥੇ ਵੀ ਜਾਂਦਾ ਹਾਂ ਮੈਨੂੰ ਕੋਈ ਨਾ ਕੋਈ ਪੁਰਾਣਾ ਵਿਦਿਆਰਥੀ ਮਿਲ ਜਾਂਦਾ ਹੈ ਤੇ ਸੈਰ ਸਪਾਟਾ ਕਰਾਉਣ ਦੀ ਪੇਸ਼ਕਸ਼ ਕਰਦਾ ਹੈ। ਐਤਕੀਂ ਮੈਂ ਵੈਨਕੂਵਰ ਗਿਆ ਤਾਂ ਢੁੱਡੀਕੇ ਕਾਲਜ ਦੇ ਤਿੰਨ ਚਾਰ ਪੁਰਾਣੇ ਵਿਦਿਆਰਥੀ ਮਿਲੇ। ਦੌਧਰ ਦਾ ਕੰਵਰ ਸਿੰਘ ‘ਕੌਰਾ’ ਵਧੇਰੇ ਹੀ ਜ਼ੋਰ ਦੇਣ ਲੱਗਾ ਕਿ ਚਲੋ ਵਿਸਲਰ ਵਿਖਾ ਕੇ ਲਿਆਈਏ। ਖੇਡ ਲੇਖਕ ਲਈ ਏਦੂੰ ਢੁੱਕਵੀਂ ਥਾਂ ਹੋਰ ਕਿਹੜੀ ਹੋ ਸਕਦੀ ਸੀ? ਮੈਂ ਹਾਂ ਕਰ ਦਿੱਤੀ। ਸੁਆਲ ਹੁਣ ਮੌਸਮ ਦਾ ਸੀ। ਗਿੱਲ ਗਲੌਲੇ ਵਿੱਚ ਵਿਸਲਰ ਜਾਣ ਦਾ ਕੋਈ ਅਨੰਦ ਨਹੀਂ ਸੀ। ਮੇਰੇ ਕੋਲ ਤਿੰਨ ਦਿਨ ਸਨ। ਸਲਾਹ ਬਣੀ ਕਿ ਜਿੱਦਣ ਦਿਨ ਸਾਫ ਹੋਇਆ ਉੱਦਣ ਚੱਲਾਂਗੇ। ਕਰਨੀ ਕੁਦਰਤ ਦੀ ਕਿ ਅਗਲਾ ਹੀ ਦਿਨ ਚਮਕਦੀ ਧੁੱਪ ਵਾਲਾ ਸੀ। ਕੌਰਾ ਆਪਣੇ ਪੁੱਤਰਾਂ ਹਰਪ੍ਰੀਤ ਤੇ ਤਰਨਪ੍ਰੀਤ ਨੂੰ ਨਾਲ ਲੈ ਕੇ ਤੇ ਮੈਨੂੰ ਸੰਤੋਖ ਸਿੰਘ ਮੰਡੇਰ ਦੇ ਘਰੋਂ ਚੁੱਕ ਕੇ ਹਾਈਵੇ-99 ਉਤੇ ਜਾ ਚੜ੍ਹਿਆ। ਉਹਦੀ ਨਵੀਂ ਨੁੱਕ ਕਾਰ ਲਿਸ਼ਕਾਂ ਮਾਰ ਰਹੀ ਸੀ ਜਿਸ ਵਿੱਚ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਗੂੰਜ ਰਹੀਆਂ ਸਨ।

ਵੈਨਕੂਵਰ ਤੋਂ ਵਿਸਲਰ 135 ਕਿਲੋਮੀਟਰ ਹੈ। ਕੌਰੇ ਨੇ ਦਰਿਆ ਫਰੇਜ਼ਰ ਦਾ ਤਾਰਾਂ ਵਾਲਾ ਪੁਲ ਲੰਘ ਕੇ ਗੱਡੀ ਪੱਛਮੀ ਵੈਨਕੂਵਰ ਵੱਲ ਮੋੜੀ ਤੇ ਖਾੜੀ ਹਾਰਸ ਸ਼ੂਅ ਕੋਲ ਜਾ ਰੁਕਿਆ। ਇੱਕ ਬੰਨੇ ਪਹਾੜ ਸਨ ਜਿਨ੍ਹਾਂ ਦੇ ਪੱਥਰਾਂ ਵਿੱਚ ਵੀ ਰੁੱਖ ਉੱਗੇ ਹੋਏ ਸਨ। ਦੂਜੇ ਬੰਨੇ ਨੀਲ ਭਾਅ ਮਾਰਦੇ ਪਾਣੀ ਸਨ ਜਿਨ੍ਹਾਂ `ਚ ਟਾਪੂ ਵਿਖਾਈ ਦਿੰਦੇ ਸਨ। ਹਾਈਵੇ ਦੇ ਨਾਲ ਪਹਾੜੀਆਂ ਦੇ ਪੱਥਰਾਂ ਨੂੰ ਲੋਹੇ ਦੇ ਜਾਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਤਾਂ ਕਿ ਖਰਾਬ ਮੌਸਮ ਵਿੱਚ ਉਹ ਰੁੜ੍ਹ ਕੇ ਸੜਕ `ਤੇ ਨਾ ਆ ਡਿੱਗਣ। ਪਹਾੜੀਆਂ ਦੀ ਮਿੱਟੀ ਪਤਾ ਨਹੀਂ ਕਿਹੋ ਜਿਹੀ ਸੀ ਕਿ ਰੁੱਖ ਸਿਰ ਦੇ ਵਾਲਾਂ ਵਾਂਗ ਸੰਘਣੇ ਸਨ। ਥਾਂ ਪੁਰ ਥਾਂ ਸੜਕ ਦੇ ਕਾਮੇ ਕੰਮ ਲੱਗੇ ਹੋਏ ਸਨ ਜਿਸ ਕਰਕੇ ਕਿਤੇ ਕਿਤੇ ਟ੍ਰੈਫਿਕ ਹੌਲੀ ਹੋ ਜਾਂਦਾ ਸੀ।

ਕਾਰ ਦੇ ਸਟੀਰੀਓ ਉਤੇ ਕੀਰਤਨ ਤੋਂ ਪਿੱਛੋਂ ਪਾਪੂਲਰ ਹੋਇਆ ਰੁਮਾਂਟਿਕ ਗਾਣਾ ਵੱਜਣ ਲੱਗ ਪਿਆ ਸੀ-ਚੌਕੀਦਾਰ ਅਜੇ ਨਹੀਂ ਸੁੱਤਾ, ਨੀਂ ਸੋਹਣਾ ਆਉਣ ਨੂੰ ਫਿਰੇ …। ਖੋਲ੍ਹ ਚੁਬਾਰੇ ਵਾਲੀ ਬਾਰੀ, ਨੀਂ ਮੈਂ ਵੇਖਿਆ ਸੌ ਸੌ ਵਾਰੀ, ਗੇੜੇ ਮਾਰ ਗਿਆ ਚੰਨ ਚਾਲੀ, ਨੀਂ ਮੁੱਖ ਵਿਖਾਉਣ ਨੂੰ ਫਿਰੇ …। ਪੰਜਾਬੀ ਧੁਨਾਂ ਦਿਲਾਂ ਨੂੰ ਧੂਹਾਂ ਪਾ ਰਹੀਆਂ ਸਨ। ਵਿਚੇ ਕੌਰਾ ਹਾਸੇ ਮਖੌਲ ਦੀਆਂ ਕੁਤਕੁਤਾੜੀਆਂ ਕੱਢੀ ਜਾਂਦਾ ਸੀ ਤੇ ਦੌਧਰ ਦੇ ਅਮਲੀਆਂ ਦੀਆਂ ਛੱਡੀ ਜਾਂਦਾ ਸੀ। ਮੈਨੂੰ ਦੌਧਰ ਦੀ ਨਹਿਰ ਦੇ ਨਜ਼ਾਰੇ ਯਾਦ ਆ ਰਹੇ ਸਨ ਜਿਥੋਂ ਦੀ ਮੈਂ ਅਨੇਕਾਂ ਵਾਰ ਗੁਜ਼ਰਿਆ ਸਾਂ।

ਰਸਤੇ ਦੇ ਦ੍ਰਿਸ਼ ਤਾਂ ਬਥੇਰੇ ਹੁਸੀਨ ਸਨ ਪਰ ਵਿਸਲਰ ਪਹੁੰਚਣ ਦੀ ਤਾਂਘ ਵਿੱਚ ਕੌਰਾ ਗੱਡੀ ਦਾ ਐਕਸੀਲੇਟਰ ਦੱਬੀ ਗਿਆ। ਇੱਕ ਪਾਸੇ ਪਾਣੀ ਸੀ ਤੇ ਦੂਜੇ ਪਾਸੇ ਪਹਾੜੀਆਂ। ਕਿਤੇ ਕਿਤੇ ਸੈਲਾਨੀ ਮਦ ਮਸਤੀਆਂ ਕਰਦੇ ਵਿਖਾਈ ਦਿੰਦੇ। ਰਸਤੇ ਵਿੱਚ ਸ਼ਹਿਰ ਸੁਕੈਮਿਸ਼ ਆਇਆ ਜੋ ਲੱਕੜ ਦੀਆਂ ਮਿੱਲਾਂ ਕਾਰਨ ਪ੍ਰਸਿੱਧ ਹੈ। ਪਹਿਲਾਂ ਗਏ ਪੰਜਾਬੀਆਂ ਨੇ ਆਪਣਾ ਰੁਜ਼ਗਾਰ ਸੁਕੈਮਿਸ਼ ਦੀਆਂ ਲੱਕੜ ਮਿੱਲਾਂ `ਚੋਂ ਹੀ ਸ਼ੁਰੂ ਕੀਤਾ ਸੀ। ਮੇਰਾ ਇੱਕ ਵਿਦਿਆਰਥੀ ਸੁਰਿੰਦਰ ਸਿੰਘ ਦੌਧਰ ਹਾਲੇ ਵੀ ਉਥੇ ਹੀ ਕੰਮ ਕਰਦਾ ਹੈ। ਉਥੇ ਲਕੜੀ ਦਾ ਬੜਾ ਸੁੰਦਰ ਸੁਕੈਮਿਸ਼ ਐਡਵੈਂਚਰ ਸੈਂਟਰ ਉਸਾਰਿਆ ਗਿਆ ਹੈ ਜਿਸ ਦੀ ਸ਼ਾਨ ਨਿਰਾਲੀ ਹੈ। ਉਹਤੋਂ ਥੋੜ੍ਹੀ ਦੂਰ ਹੀ ਮਿਊਜ਼ਮ ਹੈ ਜਿਥੇ ਸੈਂਕੜੇ ਪ੍ਰਕਾਰ ਦੇ ਪੱਥਰਾਂ ਦੇ ਨਮੂਨੇ ਪਏ ਹਨ। ਅੱਗੇ ਵਧੇ ਤਾਂ ਇੱਕ ਪਾਸੇ ਐਲਿਸ ਲੇਕ ਸੀ ਤੇ ਨਾਲ ਬੜਾ ਸੁੰਦਰ ਪਾਰਕ ਸੀ। ਕਈ ਸੈਲਾਨੀ ਉਥੇ ਹੀ ਤੰਬੂ ਗੱਡੀ ਬੈਠੇ ਸਨ। ਮਨੁੱਖ ਦੇ ਮਨ ਪਰਚਾਵਿਆਂ ਦਾ ਵੀ ਕੋਈ ਅੰਤ ਨਹੀਂ। ਕੋਈ ਤੈਰ ਰਿਹਾ ਸੀ, ਕੋਈ ਧੁੱਪ ਸੇਕਦਾ ਤੇ ਕੋਈ ਬੈਠਾ ਮੱਛੀਆਂ ਫੜੀ ਜਾਂਦਾ ਸੀ। ਪਾਰਕ ਵਿੱਚ ਖਿੜੇ ਫੁੱਲਾਂ `ਚੋਂ ਸੁਗੰਧਾਂ ਆ ਰਹੀਆਂ ਸਨ ਤੇ ਝੂੰਮਦੇ ਹੋਏ ਰੁੱਖ ਸਵਾਗਤ ਕਰਦੇ ਜਾਪਦੇ ਸਨ।

ਅੱਗੇ ਗਏ ਤਾਂ ਹਾਈਵੇ ਦੇ ਨਾਲ ਹੀ ਲੰਮ ਸਲੰਮੀ ਡੇਜ਼ੀ ਲੇਕ ਆਈ। ਫਿਰ ਲਾਸਟ ਲੇਕ ਤੇ ਗਰੀਨ ਲੇਕ। ਅਸੀਂ ਦੁਪਹਿਰ ਤੋਂ ਪਹਿਲਾਂ ਵਿਸਲਰ ਪਹੁੰਚ ਗਏ। ਇਹ ਪਹਾੜਾਂ ਦੇ ਪੈਰਾਂ ਵਿੱਚ ਪੱਧਰੀ ਵਾਦੀ `ਚ ਪਸਰਿਆ ਬੜਾ ਪਿਆਰਾ ਪਿੰਡ ਹੈ। ਸਾਫ ਸੁਥਰੀਆਂ ਸੜਕਾਂ ਉਤੇ ਰੰਗ ਬਰੰਗੇ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਕੋਈ ਪੈਦਲ ਸੀ, ਕੋਈ ਸਾਈਕਲ ਉਤੇ, ਕੋਈ ਘੋੜੇ ਉਤੇ ਤੇ ਕੋਈ ਪੁਰਾਣੇ ਮਾਡਲ ਦੀ ਕਾਰ ਨਾਲ ਹੋਰਨਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਅਸੀਂ ਖੁੱਲ੍ਹੀ ਪਬਲਿਕ ਪਾਰਕਿੰਗ ਵੇਖ ਕੇ ਗੱਡੀ ਉਥੇ ਜਾ ਲਾਈ। ਹਰਪ੍ਰੀਤ ਨੂੰ ਉਥੇ ਹੀ ਕਿਸੇ ਦੀ ਡਿੱਗੀ ਚਾਬੀ ਦਿਸ ਪਈ। ਉਸ ਨੇ ਚਾਬੀ ਚੁੱਕੀ ਜਿਸ ਦੇ ਛੱਲੇ ਨਾਲ ਫੋਨ ਨੰਬਰ ਵੀ ਲਿਖਿਆ ਹੋਇਆ ਸੀ। ਉਸ ਨੇ ਉਸੇ ਵੇਲੇ ਆਪਣੇ ਸੈੱਲ ਫੋਨ ਤੋਂ ਨੰਬਰ ਡਾਇਲ ਕੀਤਾ। ਚਾਬੀ ਦਾ ਮਾਲਕ ਕਿਤੇ ਦੂਰ ਝੀਲ ਕੰਢੇ ਮੌਜ ਮੇਲਾ ਕਰ ਰਿਹਾ ਸੀ। ਉਸ ਨੇ ਧੰਨਵਾਦ ਸਹਿਤ ਬੇਨਤੀ ਕੀਤੀ ਕਿ ਚਾਬੀ ਪੁਲਿਸ ਸਟੇਸ਼ਨ `ਤੇ ਜਮ੍ਹਾਂ ਕਰਵਾ ਦਿੱਤੀ ਜਾਵੇ ਜੋ ਉਹ ਵਾਪਸੀ `ਤੇ ਹਾਸਲ ਕਰ ਲਵੇਗਾ। ਮੈਨੂੰ ਲੱਗਾ ਇਓਂ ਤਾਂ ਕਿਸੇ ਦੀ ਕੋਈ ਚੀਜ਼ ਗੁਆਚੇਗੀ ਹੀ ਨਹੀਂ!

ਸਭ ਤੋਂ ਪਹਿਲਾਂ ਅਸੀਂ ਓਲੰਪਿਕ ਖੇਡਾਂ ਦੇ ਸੂਚਨਾ ਕੇਂਦਰ ਵਿੱਚ ਗਏ ਤੇ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਸਾਨੂੰ ਦੱਸਿਆ ਗਿਆ ਕਿ ਰਿਚਮੰਡ ਤੋਂ ਵਿਸਲਰ ਤਕ 120 ਕਿਲੋਮੀਟਰ ਦਾ ਖੇਤਰ ਹੈ ਜਿਥੇ ਵੱਖ ਵੱਖ ਸਥਾਨਾਂ ਉਤੇ ਦਰਜਨਾਂ ਖੇਡਾਂ ਦੇ ਮੁਕਾਬਲੇ ਹੋਣਗੇ। ਬਰਫ਼ ਦੀਆਂ ਖੇਡਾਂ ਵਿੱਚ ਹਾਕੀ, ਸਕੇਟਿੰਗ, ਸਕੀਂਗ, ਸੱਕੀ ਜੰਪਿੰਗ, ਬੌਬ ਸਲੇਅ, ਕਰਲਿੰਗ ਤੇ ਕਰਾਸ ਕੰਟਰੀ ਆਦਿ ਅਨੇਕਾਂ ਖੇਡਾਂ ਹਨ ਜੋ ਬਰਫ਼ੀਲੇ ਮੁਲਕਾਂ ਵਿੱਚ ਬੜੀਆਂ ਹਰਮਨ ਪਿਆਰੀਆਂ ਹਨ। ਉਥੇ ਓਲੰਪਿਕ ਖੇਡਾਂ ਦੇ ਨਿਸ਼ਾਨ ਤੇ ਝੰਡਿਆਂ ਦੇ ਮੂਹਰੇ ਆਰਜ਼ੀ ਵਿਕਟਰੀ ਸਟੈਂਡ ਰੱਖਿਆ ਹੋਇਆ ਸੀ ਜਿਸ ਉਤੇ ਖੜ੍ਹ ਕੇ ਸੈਲਾਨੀ ਆਪੋ ਆਪਣੇ ਫੋਟੋ ਖਿਚਵਾ ਰਹੇ ਸਨ। ਕਈ ਓਲੰਪਿਕ ਖੇਡਾਂ ਦੇ ਸੋਵੀਨਾਰ ਯਾਨੀ ਨਿਸ਼ਾਨੀਆਂ ਖਰੀਦ ਰਹੇ ਸਨ।

ਉਥੋਂ ਅਸੀਂ ਉਦਘਾਟਨੀ ਰਸਮਾਂ ਵਾਲਾ ਸਟੇਡੀਅਮ ਉਸਰਦਾ ਵੇਖਿਆ ਜੋ ਅਗਲੇ ਸਾਲ ਤਕ ਤਿਆਰ ਹੋ ਜਾਵੇਗਾ। 2008 ਦੇ ਅੰਤ ਤਕ ਖੇਡ ਸਥਾਨ ਖੇਡਾਂ ਦੀ ਸਿਖਲਾਈ ਲਈ ਤਿਆਰ ਕੀਤੇ ਜਾਣ ਦਾ ਟਾਈਮ ਟੇਬਲ ਹੈ। ਦਸ ਹਜ਼ਾਰ ਮੀਡੀਆਕਾਰਾਂ ਲਈ ਐਕਰੀਡੇਸ਼ਨ ਦਾ ਕਾਰਜ ਵੀ 2008 ਤੋਂ ਸ਼ੁਰੂ ਹੋ ਜਾਵੇਗਾ। ਜਿਸ ਮੀਡੀਏ ਨੇ ਆਪਣੇ ਨੁਮਾਇੰਦੇ ਓਲੰਪਿਕ ਖੇਡਾਂ ਕਵਰ ਕਰਨ ਲਈ ਭੇਜਣੇ ਹਨ ਉਨ੍ਹਾਂ ਨੂੰ ਸਮੇਂ ਸਿਰ ਅਰਜ਼ੀਆਂ ਭੇਜਣੀਆਂ ਚਾਹੀਦੀਆਂ ਹਨ। ਖੇਡਾਂ ਦੇ ਮੁੱਖ ਕੇਂਦਰ ਸਪੀਡ ਸਕੇਟਿੰਗ ਓਵਲ ਰਿਚਮੰਡ, ਵਿਸਲਰ ਸਲਾਈਡਿੰਗ ਸੈਂਟਰ, ਵਿਸਲਰ ਕਰੀਕਸਾਈਡ, ਸਾਈਪ੍ਰੈੱਸ ਮਾਊਂਟੇਨ, ਕਲੱਗਨ ਵੈੱਲੀ ਤੇ ਨਾਰਡਿਕ ਵੀਨੂ ਹੋਣਗੇ। ਓਲੰਪਿਕ ਖੇਡਾਂ ਦੇ ਦਿਨਾਂ ਵਿੱਚ ਕੁਲ ਦੁਨੀਆਂ ਦੀਆਂ ਨਜ਼ਰਾਂ ਵੈਨਕੂਵਰ ਤੇ ਵਿਸਲਰ ਵੱਲ ਹੋਣਗੀਆਂ। ਵਿਸਲਰ ਵਿਸ਼ਵ ਦੀ ਸਭ ਤੋਂ ਹੁਸੀਨ ਸੈਰਗਾਹ ਮੰਨੀ ਹੀ ਗਈ ਹੈ ਤੇ ਇਸ ਸਾਲ ਵੈਨਕੂਵਰ ਨੂੰ ਵੀ ਵਿਸ਼ਵ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ ਗਿਆ ਹੈ।

ਵਿਸਲਰ ਦੀ ਸੈਰ ਕਰਦਿਆਂ ਜਿਥੇ ਅਸੀਂ ਸੁੰਦਰ ਪਾਰਕ, ਬਾਗ ਬਗੀਚੇ, ਅਜਾਇਬ ਘਰ ਤੇ ਮਸਤੀ `ਚ ਮੇਲ੍ਹਦੇ ਸੈਲਾਨੀ ਵੇਖੇ ਉਥੇ ਇੱਕ ਸਾਈਕਲ ਸਵਾਰ ਦੇ ਹੈਰਾਨਕੁਨ ਕਰਤਬ ਵੀ ਤੱਕੇ। ਉਹ ਸਾਈਕਲ ਦੀ ਸਵਾਰੀ ਕਰਦਿਆਂ ਉਹਦੀਆਂ ਬਾਚੀਆਂ ਪੁਆਉਂਦਾ ਸਾਈਕਲ ਦੀਆਂ ਛਾਲਾਂ ਮਰਵਾ ਰਿਹਾ ਸੀ ਜਿਵੇਂ ਜਿਮਨਾਸਟਿਕਸ ਕਰਦਾ ਹੋਵੇ। ਉਹਦਾ ਸਾਈਕਲ ਉਤੇ ਕੰਟਰੋਲ ਅਚੰਭੇ `ਚ ਪਾਉਣ ਵਾਲਾ ਸੀ। ਉਹ ਮਦਾਰੀਆਂ ਵਾਂਗ ਤਮਾਸ਼ਾ ਵਿਖਾ ਕੇ ਦਰਸ਼ਕਾਂ ਤੋਂ ਪੈਸੇ ਵੀ `ਕੱਠੇ ਕਰ ਰਿਹਾ ਸੀ। ਤੁਰਦਿਆਂ ਫਿਰਦਿਆਂ ਸਾਡੀ ਭੁੱਖ ਚਮਕ ਪਈ ਤੇ ਅਸੀਂ ਇੱਕ ਪੰਜਾਬੀ ਰੈਸਟੋਰੈਂਟ ਵਿੱਚ ਜਾ ਵੜੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਰੈਸਟੋਰੈਂਟ ਹਰ ਥਾਂ ਮਿਲ ਜਾਂਦੇ ਹਨ। ਇੱਕ ਹੁਸ਼ਿਆਰਪੁਰੀਆ ਨੌਜੁਆਨ ਕਾਊਂਟਰ ਪਿੱਛੇ ਖੜ੍ਹਾ ਸੀ ਤੇ ਉਹਦੇ ਪਿੱਛੇ ਭਾਰਤੀ ਵਿਸਕੀਆਂ ਤੇ ਬੀਅਰਾਂ ਦੀ ਲਾਈਨ ਲੱਗੀ ਹੋਈ ਸੀ। ਰਸੋਈ ਵਿਚੋਂ ਪਿਆਜ਼ ਤੇ ਧਨੀਏ ਦੇ ਤੜਕੇ ਦੀਆਂ ਮਹਿਕਾਂ ਆ ਰਹੀਆਂ ਸਨ। ਹੁਸ਼ਿਆਰਪੁਰੀਆ ਰੋਟੀ ਪਰੋਸਦਾ ਸਾਡੇ ਨਾਲ ਗੱਲਾਂ ਵੀ ਕਰੀ ਗਿਆ ਜਿਵੇਂ ਪੰਜਾਬੀ ਵਿੱਚ ਗੱਲਾਂ ਕਰਨ ਦੀ ਭੁੱਖ ਪੂਰੀ ਕਰਦਾ ਹੋਵੇ।

ਜਿਨ੍ਹਾਂ ਸੈਲਾਨੀਆਂ ਨੇ ਪਹਾੜਾਂ ਦੇ ਧੁਰ ਉਪਰ ਜਾ ਕੇ ਬਰਫ਼ਾਂ ਦੇ ਨਜ਼ਾਰੇ ਮਾਨਣੇ ਸਨ ਉਹ ਗੰਡੋਲਿਆਂ ਉਤੇ ਚੜ੍ਹ ਰਹੇ ਸਨ। ਮੈਂ ਕਿਉਂਕਿ ਪਹਿਲਾਂ ਹੀ ਗੰਡੋਲੇ ਉਤੇ ਝੂਟੇ ਲੈਣ ਦਾ ਅਨੰਦ ਮਾਣ ਚੁੱਕਾ ਸਾਂ ਇਸ ਲਈ ਦੁਬਾਰਾ ਝੂਟੇ ਲੈਣਾ ਫਜ਼ੂਲ ਖਰਚੀ ਸਮਝਿਆ। ਨਾਲੇ ਸਾਡੇ ਕੋਲ ਸਮੇਂ ਦੀ ਵੀ ਘਾਟ ਸੀ। ਸ਼ਾਮ ਨੂੰ ਕੌਰੇ ਨੇ ਢੁੱਡੀਕੇ ਕਾਲਜ ਦੇ ਕੁੱਝ ਪੁਰਾਣੇ ਵਿਦਿਆਰਥੀ ਮੈਨੂੰ ਮਿਲਾਉਣ ਲਈ ਆਪਣੇ ਘਰ ਬੁਲਾਏ ਸਨ। ਮੁੜਦਿਆਂ ਅਸੀਂ ਫਿਰ ਕੁਦਰਤ ਦੇ ਨਜ਼ਾਰੇ ਮਾਣਦੇ ਆਏ। ਪੱਛਮੀ ਮੁਲਕਾਂ ਵਿੱਚ ਸੈਰ ਸਪਾਟੇ ਦਾ ਬੜਾ ਸ਼ੌਕ ਹੈ। ਜਿਵੇਂ ਸਾਡੇ ਲੋਕ ਤੀਰਥਾਂ `ਤੇ ਜਾਂਦੇ ਹਨ ਉਵੇਂ ਗੋਰੇ ਲੋਕ ਸੈਲ ਸਪਾਟੇ `ਤੇ ਚੜ੍ਹੇ ਰਹਿੰਦੇ ਹਨ।

ਮੁੜਦਿਆਂ ਅਸੀਂ ਝੀਲਾਂ ਦੇ ਕੰਢਿਆਂ ਉਤੇ ਰੁਕਦੇ ਆਏ। ਵਿਸਲਰ ਦੇ ਆਲੇ ਦੁਆਲੇ ਪੰਜ ਨਿੱਕੀਆਂ ਵੱਡੀਆਂ ਝੀਲਾਂ ਹਨ। ਗਰੀਨ ਲੇਕ ਸਭ ਤੋਂ ਵੱਡੀ ਹੈ ਤੇ ਲਾਸਟ ਲੇਕ ਸਭ ਤੋਂ ਛੋਟੀ। ਉਥੇ ਮੱਛੀਆਂ ਫੜਨ ਤੇ ਝੀਲਾਂ ਦੇ ਪੱਤਣਾਂ ਉਤੇ ਇਸ਼ਨਾਨ ਕਰਨ ਵਾਲਿਆਂ ਨੇ ਕੰਢੇ ਮੱਲੇ ਹੋਏ ਸਨ। ਗੋਰੀਆਂ ਰੇਤੇ ਉਤੇ ਲੇਟੀਆਂ ਧੁੱਪ ਇਸ਼ਨਾਨ ਕਰ ਰਹੀਆਂ ਸਨ। ਜਿਵੇਂ ਪੰਜਾਬੀਆਂ ਨੂੰ ਗੋਰੇ ਹੋਣ ਦਾ ਚਾਅ ਹੈ ਉਵੇਂ ਗੋਰੀਆਂ ਮੇਮਾਂ ਨੂੰ ਸਾਂਵਲੀਆਂ ਹੋਣ ਦੀ ਰੀਝ ਹੈ। ਝੀਲਾਂ ਵਿੱਚ ਪਾਣੀਆਂ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਸਨ। ਕੋਈ ਮੋਟਰ ਕਿਸ਼ਤੀ ਲਈ ਫਿਰਦਾ ਸੀ ਤੇ ਕੋਈ ਬਾਦਵਾਨੀ ਕਿਸ਼ਤੀ। ਵਧੇਰੇ ਕਿਸ਼ਤੀਆਂ ਵਿੱਚ ਔਰਤ ਤੇ ਮਰਦ ਜੋੜਿਆਂ ਦੇ ਰੂਪ ਵਿੱਚ ਸਵਾਰ ਸਨ। ਇਹ ਤਾਂ ਰੱਬ ਜਾਣੇ ਕਿ ਉਹ ਪਤੀ ਪਤਨੀ ਸਨ ਜਾਂ ਦੋਸਤ ਸਹੇਲੀਆਂ? ਪਰ ਉਹ ਬੁੱਲੇ ਜ਼ਰੂਰ ਲੁੱਟ ਰਹੇ ਸਨ। ਉਨ੍ਹਾਂ ਦੀ ਤਾਂ ਉਹ ਗੱਲ ਸੀ-ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ …।

ਛਿਪਦੇ ਸੂਰਜ ਦੀ ਲਾਲੀ ਨੇ ਪਹਾੜੀਆਂ ਨੂੰ ਸੁਨਹਿਰੀ ਰੰਗ ਚਾੜ੍ਹ ਦਿੱਤਾ ਸੀ। ਸਾਹਮਣੇ ਵੈਨਕੂਵਰ ਦੀਆਂ ਉੱਚੀਆਂ ਇਮਾਰਤਾਂ ਵੀ ਸੂਰਜ ਦੀ ਲਿਸ਼ਕੋਰ ਨਾਲ ਰੰਗੀਆਂ ਗਈਆਂ ਸਨ। ਅਸੀਂ ਫਿਰ ਫਰੇਜ਼ਰ ਦਾ ਪੁਲ ਲੰਘੇ ਤੇ ਕੌਰੇ ਦੇ ਘਰ ਜਾ ਮੇਲਾ ਲਾਇਆ। ਕਹਿੰਦੇ ਹਨ:

-ਨਿੱਤ ਨਿੱਤ ਵਗਦੇ ਰਹਿਣਗੇ ਪਾਣੀ ਨਿੱਤ ਪੱਤਣ `ਤੇ ਮੇਲਾ,

ਬਚਪਨ ਨਿੱਤ ਜੁਆਨੀ ਬਣਸੀ ਨਿੱਤ ਕੱਤਣ ਦਾ ਵੇਲਾ,

ਜੋ ਪਾਣੀ ਅੱਜ ਪੱਤਣੋਂ ਲੰਘਿਆ ਉਹ ਫੇਰ ਨਾ ਆਵੇ ਭਲਕੇ,

ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਫੇਰ ਨਾ ਬੈਠਣ ਰਲ ਕੇ।

ਕੋਈ ਪਤਾ ਨਹੀਂ ਵਿਸਲਰ ਦੀ ਤੀਜੀ ਸੈਰ ਦਾ ਸਬੱਬ ਕਦ ਬਣੇ ਤੇ ਕਦ ਮੁੜ ਕੇ ਨਿਖੜੇ ਹੋਏ ਸਾਥੀ ਮਿਲਣ?

ਸੱਠਵਿਆਂ ਤਕ ਸਿੱਖ ਖਿਡਾਰੀ ਸਿੱਖ ਸਰੂਪ ਵਿੱਚ ਖੇਡਣਾ ਮਾਣ ਦੀ ਗੱਲ ਸਮਝਦੇ ਸਨ। ਉਦੋਂ ਕਿਸੇ ਸਿੱਖ ਖਿਡਾਰੀ ਦਾ ਮੂੰਹ ਸਿਰ ਮੁੰਨਿਆ ਹੋਣਾ ਘਾਟੇ ਦੀ ਗੱਲ ਸੀ। ਵਿਰੋਧੀ ਖਿਡਾਰੀ ਉਸ ਨੂੰ ਰੋਡਾ ਭੋਡਾ ਜਿਹਾ ਸਮਝ ਕੇ ਪੈ ਜਾਂਦੇ! ਉਦੋਂ ਭਾਰਤ ਵਿੱਚ ਕੇਸ ਦਾੜ੍ਹੀ ਵਾਲਿਆਂ ਨੂੰ ਹੀ ਖਿਡਾਰੀ ਮੰਨਿਆ ਜਾਂਦਾ ਸੀ। ਇਹਦੇ ਪਿੱਛੇ ਕੇਸ ਦਾੜ੍ਹੀ ਵਾਲੇ ਖਿਡਾਰੀਆਂ ਦੀਆਂ ਮਾਰੀਆਂ ਮੱਲਾਂ ਸਨ। 1951 `ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ `ਚੋਂ ਭਾਰਤ ਨੇ ਜਿੰਨੇ ਤਮਗ਼ੇ ਜਿੱਤੇ ਉਨ੍ਹਾਂ `ਚੋਂ ਨੱਬੇ ਫੀਸਦੀ ਕੇਸ ਦਾੜ੍ਹੀ ਵਾਲੇ ਖਿਡਾਰੀਆਂ ਦੇ ਸਨ। ਦੂਜੀਆਂ ਤੇ ਤੀਜੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦੇ ਤਮਗ਼ੇ ਜਿੱਤਣ ਵਾਲੇ ਸਾਰੇ ਭਾਰਤੀ ਜੇਤੂਆਂ ਦੇ ਸਿਰਾਂ ਉਤੇ ਜੂੜੇ ਸੋਂਹਦੇ ਸਨ।

1966 ਦੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਦਸ ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ। ਕੇਵਲ ਇੱਕ ਖਿਡਾਰੀ ਲਕਸ਼ਮਣ ਸਿਰ ਤੇ ਹੈਟ ਪਹਿਨੀ ਗੋਲਚੀ ਬਣਿਆਂ ਹੋਇਆ ਸੀ ਤੇ ਮੈਦਾਨ ਵਿੱਚ ਖੇਡਣ ਵਾਲੇ ਪ੍ਰਿਥੀਪਾਲ ਸਿੰਘ, ਧਰਮ ਸਿੰਘ, ਬਲਬੀਰ ਸਿੰਘ ਫੌਜ, ਜਗਜੀਤ ਸਿੰਘ, ਹਰਮੀਕ ਸਿੰਘ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਪੁਲਿਸ, ਹਰਬਿੰਦਰ ਸਿੰਘ, ਇੰਦਰ ਸਿੰਘ ਤੇ ਤਰਸੇਮ ਸਿੰਘ ਸਾਰੇ ਜੂੜਿਆਂ ਵਾਲੇ ਸਨ। ਉਹਨੀਂ ਦਿਨੀਂ ਕੀਨੀਆ ਦੀ ਹਾਕੀ ਟੀਮ ਵੀ ਪੂਰੀ ਦੀ ਪੂਰੀ ਜੂੜਿਆਂ ਵਾਲੇ ਖਿਡਾਰੀਆਂ ਨਾਲ ਲੈਸ ਸੀ।

ਮਿਲਖਾ ਸਿੰਘ ਦੀ ਮਸ਼ਹੂਰੀ ਪਿੱਛੇ ਇੱਕ ਤੱਥ ਇਹ ਵੀ ਸੀ ਕਿ ਉਹ ਓਲੰਪਿਕ ਖੇਡਾਂ ਦੀ ਦੌੜ ਜੂੜੇ ਨਾਲ ਦੌੜਿਆ ਸੀ ਤੇ ਹੋਰਨਾਂ ਨਾਲੋਂ ਨਿਆਰਾ ਵਿਖਾਈ ਦਿੰਦਾ ਸੀ। ਉਸ ਨੇ ਦੁਨੀਆਂ ਨੂੰ ਸਿੱਖ ਸਰੂਪ ਦੀ ਪਛਾਣ ਕਰਾਈ ਤੇ ਫਲਾਈਂਗ ਸਿੱਖ ਅਖਵਾਇਆ। ਬਿਸ਼ਨ ਸਿੰਘ ਬੇਦੀ ਬੱਧੀ ਦਾੜ੍ਹੀ ਤੇ ਪਟਕੇ ਨਾਲ ਕੁਲ ਦੁਨੀਆਂ `ਚ ਪਟਕੇ ਵਾਲਾ ਸਰਦਾਰ ਅਖਵਾਇਆ। ਬਲਬੀਰ ਸਿੰਘ ਤੇ ਊਧਮ ਸਿੰਘ ਹੋਰਾਂ ਨੇ ਓਲੰਪਿਕ ਖੇਡਾਂ ਦੇ ਤਿੰਨ ਤਿੰਨ ਗੋਲਡ ਮੈਡਲ ਜਿੱਤਦਿਆਂ ਸਿੱਖ ਸਰੂਪ ਦਾ ਜਿੱਤ-ਮੰਚਾਂ ਉਤੇ ਪ੍ਰਦਰਸ਼ਨ ਕੀਤਾ। ਪਹਿਲਾਂ ਪਹਿਲ ਸਿੱਖ ਫੌਜੀਆਂ ਤੇ ਸਿੱਖ ਖਿਡਾਰੀਆਂ ਨੇ ਹੀ ਇੱਕ ਸਿੱਖ ਦੇ ਚਿਹਰੇ ਮੋਹਰੇ ਦੀ ਸਿਆਣ ਬਾਕੀ ਦੁਨੀਆਂ ਨਾਲ ਕਰਵਾਈ ਸੀ।

1954 ਤੇ 56 ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਵਿਚਾਲੇ ਜਿਹੜੇ ਮੈਚ ਹੋਏ ਉਹ ਏਧਰਲੇ ਖਿਡਾਰੀਆਂ ਨੇ ਸਿੱਖ ਸਰੂਪ ਵਿੱਚ ਖੇਡੇ ਸਨ। ਉਦੋਂ ਕਬੱਡੀ ਦੇ ਖਿਡਾਰੀ ਮੂੰਹ ਸਿਰ ਨਹੀਂ ਸੀ ਮੁਨਾਇਆ ਕਰਦੇ ਤੇ ਜਾਂਘੀਏ ਲਾ ਕੇ ਹੀ ਕਬੱਡੀ ਖੇਡਦੇ ਸਨ। ਮਿੱਟੀ ਵਿੱਚ ਮਿੱਟੀ ਹੋਣ ਵਾਲੇ ਪਹਿਲਵਾਨਾਂ ਦੇ ਵੀ ਸਿਰਾਂ ਉਤੇ ਟੋਪੇ ਬੰਨ੍ਹੇ ਹੁੰਦੇ ਸਨ। ਕੇਸ ਦਾੜ੍ਹੀ ਨੂੰ ਕਿਸੇ ਨੇ ਖੇਡ ਵਿੱਚ ਅੜਿੱਕਾ ਨਹੀਂ ਸੀ ਸਮਝਿਆ।

ਪਰ ਅਜੋਕੇ ਸਾਲਾਂ `ਚ ਬਹੁਤ ਸਾਰੇ ਸਿੱਖ ਖਿਡਾਰੀਆਂ ਦਾ ਚਿਹਰਾ ਮੋਹਰਾ ਏਨਾ ਬਦਲ ਗਿਐ ਕਿ ਹੁਣ ਉਹ ਸਿੱਖ ਨਹੀਂ ਜਾਪਦੇ। ਉਨ੍ਹਾਂ ਦੇ ਨਾਵਾਂ ਨਾਲ ਸਿੰਘ ਜ਼ਰੂਰ ਲਿਖਿਆ ਹੁੰਦੈ ਪਰ ਇਹ ਪਤਾ ਨਹੀਂ ਲੱਗਦਾ ਕਿ ਉਹ ਹਰਿਆਣੇ, ਹਿਮਾਚਲ, ਰਾਜਸਥਾਨ ਜਾਂ ਮੱਧ ਭਾਰਤ ਦੇ ਸਿੰਘ ਹਨ ਜਾਂ ਪੰਜਾਬ ਦੇ ਸਿੰਘ ਹਨ। ਸ਼ਕਲ ਤੋਂ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੋਵੇਗੀ ਜਾਂ ਕੋਈ ਹੋਰ? ਕੇਸ ਦਾੜ੍ਹੀ ਤੋਂ ਇਹ ਪਛਾਣ ਪੱਕੀ ਹੋ ਜਾਂਦੀ ਹੈ ਕਿ ਖਿਡਾਰੀ ਸਿੱਖ ਹੈ ਤੇ ਇਹਦੇ ਨਾਲ ਪੰਜਾਬੀ `ਚ ਗੱਲ ਬਾਤ ਕੀਤੀ ਜਾ ਸਕਦੀ ਹੈ।

ਕੋਈ ਸੁਆਲ ਕਰ ਸਕਦੈ ਕਿ ਖੇਡ `ਚ ਕੀ ਫਰਕ ਪੈਂਦੈ ਜੇ ਕੋਈ ਸਿੱਖ ਖਿਡਾਰੀ ਕੇਸ ਦਾੜ੍ਹੀ ਨਾ ਵੀ ਰੱਖੇ? ਜੁਆਬ ਹੈ ਕਿ ਖੇਡ ਦੀ ਕਾਰਗੁਜ਼ਾਰੀ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਦਿੱਖ ਦਾ ਪ੍ਰਭਾਵ ਉਹਦੇ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰ ਪ੍ਰਭਾਵਤ ਕਰਦਾ ਹੈ। ਦੁਨੀਆਂ ਦੀ ਹਰ ਕੌਮੀਅਤ ਆਪਣੀ ਵਿਲੱਖਣ ਪਛਾਣ ਨੂੰ ਪਿਆਰ ਕਰਦੀ ਹੈ ਤੇ ਉਹਦਾ ਮਾਣ ਵੀ ਕਰਦੀ ਹੈ। ਸਿੱਖ ਪੱਗ ਦੀ ਖ਼ਾਤਰ ਐਵੇਂ ਤਾਂ ਨਹੀਂ ਮਰਦੇ ਖਪਦੇ।

ਮੈਂ ਕੋਈ ਧਰਮੀ ਬੰਦਾ ਨਹੀਂ ਪਰ ਖੁੱਲ੍ਹ-ਦਿਲਾ ਸਿੱਖ ਜ਼ਰੂਰ ਹਾਂ। ਸਮਝਦਾ ਹਾਂ ਕਿ ਖੇਡ ਦੇ ਮੈਦਾਨ ਵਿੱਚ ਕਿਸੇ ਧਰਮ, ਜਾਤੀ, ਨਸਲ ਜਾਂ ਰੰਗ ਦਾ ਕੋਈ ਭਿੰਨ ਭੇਦ ਨਹੀਂ ਹੁੰਦਾ। ਖੇਡ ਖੇਤਰ ਵਿੱਚ ਕੋਈ ਊਚ ਨੀਚ ਜਾਂ ਦੂਈ ਦਵੈਖ ਦੀ ਗੱਲ ਨਹੀਂ ਹੁੰਦੀ। ਗੱਲ ਖਿਡਾਰੀ ਦੇ ਵਿਰਸੇ ਦੀ ਨਵੇਕਲੀ ਦਿੱਖ ਦੀ ਹੈ। ਕੁੱਝ ਖਿਡਾਰੀ ਇਸ ਦਿੱਖ ਨੂੰ ਮਾਣ ਨਾਲ ਸੰਭਾਲੀ ਰੱਖਦੇ ਹਨ ਤੇ ਕੁੱਝ ਤਿਲਾਂਜਲੀ ਦੇ ਜਾਂਦੇ ਹਨ। ਸੁਆਲ ਹੈ ਕਿ ਐਵੇਂ ਹੀ ਤਿਲਾਂਜਲੀ ਦੇਈ ਜਾਣ ਵਾਲੇ ਖਿਡਾਰੀਆਂ ਨੂੰ ਉਹਦਾ ਭਾਈਚਾਰਾ ਕਿਵੇਂ ਆਪਣੇ ਵਿਰਸੇ ਨਾਲ ਜੋੜ ਸਕਦਾ ਹੈ?

ਕੁਝ ਸੱਜਣਾਂ ਨੇ ਇਸ ਪਾਸੇ ਯਤਨ ਕਰਨੇ ਸ਼ੁਰੂ ਕੀਤੇ ਹਨ। ਉਨ੍ਹਾਂ `ਚੋਂ ਕੈਲੇਫੋਰਨੀਆਂ `ਚ ਰਹਿੰਦੇ ਗੁਰਪਾਲ ਸਿੰਘ ਹੰਸਰਾ ਦਾ ਨਾਂ ਜ਼ਿਕਰਯੋਗ ਹੈ। ਉਸ ਦੇ ਪਿਤਾ ਪ੍ਰਿੰ: ਬਲਬੀਰ ਸਿੰਘ ਜਗਰਾਓਂ ਅਧਿਆਪਕ ਸਨ ਤੇ ਉਨ੍ਹਾਂ ਦਾ ਪਰਿਵਾਰ ਨਾਨਕਸਰ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸ਼ਰਧਾਲੂ ਹੈ। ਹੰਸਰਾ ਪਰਿਵਾਰ ਨੇ ਕੁੱਝ ਸਾਲ ਪਹਿਲਾਂ ਸੰਤ ਈਸ਼ਰ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਝੋਰੜਾਂ ਵਿਖੇ ਟੂਰਨਾਮੈਂਟ ਕਰਾਉਣਾ ਸ਼ੁਰੂ ਕੀਤਾ। ਉਸ ਵਿੱਚ ਕੇਸਾਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣ ਲੱਗੇ। ਇਸ ਤਰ੍ਹਾਂ ਹਰੇਕ ਸਾਲ ਕੇਸਾਧਾਰੀ ਖਿਡਾਰੀਆਂ ਦੀ ਗਿਣਤੀ ਵਧਣ ਲੱਗੀ।

ਫਰਵਰੀ 2007 ਵਿੱਚ ਗੁਰਪਾਲ ਸਿੰਘ ਹੰਸਰਾ ਨੇ ਝੋਰੜਾਂ ਵਿੱਚ ਸ਼ਾਨੇ ਪੰਜਾਬ ਨਾਂ ਦਾ ਕੇਵਲ ਕੇਸਾਧਾਰੀ ਖਿਡਾਰੀਆਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ। ਮੌਸਮ ਦੀ ਖਰਾਬੀ ਵਿੱਚ ਵੀ ਕੇਸਾਧਾਰੀ ਖਿਡਾਰੀਆਂ ਦੇ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਨੇ ਕੇਸਰੀ ਝੰਡੇ ਲੈ ਕੇ ਦੇਹੁ ਸ਼ਿਵਾ ਬਰ ਮੋਹੇ ਇਹੈ ਗਾਉਂਦੇ ਹੋਏ ਖਾਲਸਈ ਮਾਰਚ ਪਾਸਟ ਕੀਤਾ। ਕਬੱਡੀ ਟੀਮਾਂ ਦੇ ਨਾਂ ਮਾਝਾ, ਮਾਲਵਾ, ਦੁਆਬਾ ਤੇ ਪੈਪਸੂ ਸਨ। ਹਰੇਕ ਟੀਮ ਸਿੱਖ ਸਰੂਪ ਵਿੱਚ ਸਜੀ ਹੋਈ ਸੀ। ਇਹ ਨਜ਼ਾਰਾ ਮੁੜ ਕੇ ਸੱਠਵਿਆਂ ਦੇ ਖੇਡ ਨਜ਼ਾਰਿਆਂ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ।

ਹੰਸਰਾ ਨੇ ਦੱਸਿਆ ਕਿ ਉਹ ਸਿੱਖ ਖਿਡਾਰੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਜੋ ਨਹੀ ਸੋ ਕਰੇਗਾ। ਕੇਸਾਧਾਰੀ ਖਿਡਾਰੀਆਂ ਨੂੰ ਸੋਨੇ ਦੇ ਕੜਿਆਂ ਤੇ ਮੈਡਲਾਂ ਨਾਲ ਸਨਮਾਨਿਆ ਜਾਵੇਗਾ। ਆਲਮਵਾਲੇ ਦੇ ਮਨਜਿੰਦਰ ਸੀਪੇ ਨੇ ਚਾਲੀ ਪੰਜਾਹ ਬੱਚਿਆਂ ਨੂੰ ਜੂੜੇ ਰੱਖਵਾਏ ਹਨ ਤੇ ਬੱਚਿਆਂ ਦੀਆਂ ਕਬੱਡੀ ਟੀਮਾਂ ਲੈ ਕੇ ਖੇਡ ਮੇਲਿਆਂ `ਤੇ ਜਾਂਦਾ ਹੈ। ਲੱਗਦਾ ਹੈ ਇਹ ਲਹਿਰ ਜ਼ੋਰ ਫੜ ਰਹੀ ਹੈ। ਜਦੋਂ ਕੋਈ ਖਿਡਾਰੀ ਆਪਣੇ ਭਾਈਚਾਰੇ ਦੀ ਦਿੱਖ ਨਾਲ ਖੇਡਦਾ ਹੈ ਤਾਂ ਉਸ ਦੇ ਭਾਈਚਾਰੇ ਨੂੰ ਖ਼ੁਸ਼ੀ ਹੋਣੀ ਸੁਭਾਵਿਕ ਹੈ। ਮੌਂਟੀ ਪਨੇਸਰ ਭਾਵੇਂ ਇੰਗਲੈਂਡ ਵੱਲੋਂ ਕ੍ਰਿਕਟ ਖੇਡਦਾ ਹੈ ਪਰ ਕੇਸ ਦਾੜ੍ਹੀ ਕਾਰਨ ਉਹਦਾ ਸਮੁੱਚੇ ਸਿੱਖ ਭਾਈਚਾਰੇ ਨੂੰ ਮਾਣ ਹੈ।

ਅੰਤਰਰਾਸ਼ਟਰੀ ਪੱਧਰ ਦੇ ਸਿੱਖ ਖਿਡਾਰੀ, ਕਲਾਕਾਰ ਤੇ ਅਦਾਕਾਰ ਭਾਵੇਂ ਨਿੱਕੀ ਦਾੜ੍ਹੀ ਤੇ ਸਿਰ ਉਤੇ ਨਿੱਕਾ ਜੂੜਾ ਹੀ ਰੱਖਣ ਉਹ ਸਿੱਖ ਪਛਾਣ ਨੂੰ ਸਾਰੀ ਦੁਨੀਆਂ ਦੇ ਸਨਮੁੱਖ ਕਰ ਸਕਦੇ ਹਨ। ਜਿਹੜਾ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਨੂੰ ਵੀ ਪਿਆਰ ਨਹੀਂ ਕਰ ਸਕਦਾ। ਜੇ ਜਰਨੈਲ ਸਿੰਘ ਤੇ ਇੰਦਰ ਸਿੰਘ ਵਰਗੇ ਫੁਟਬਾਲਰ ਜੂੜੇ ਰੱਖ ਕੇ ਹੈੱਡਰ ਮਾਰਦੇ ਰਹੇ ਨੇ ਤੇ ਏਸ਼ੀਆ ਆਲ ਸਟਾਰ ਟੀਮਾਂ ਦੀਆਂ ਕਪਤਾਨੀਆਂ ਕਰ ਗਏ ਨੇ ਤਾਂ ਹੁਣ ਦੇ ਫੁਟਬਾਲਰਾਂ ਦੇ ਇਹ ਬਹਾਨੇ ਨਹੀਂ ਜੱਚਦੇ ਕਿ ਜੂੜਾ ਰੱਖ ਕੇ ਸਿਰ ਨਾਲ ਨਹੀਂ ਖੇਡਿਆ ਜਾ ਸਕਦਾ। ਵਿਦੇਸ਼ਾਂ ਵਿੱਚ ਕੇਸਾਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦੇਣ ਦਾ ਤੋਰਾ ਤੁਰ ਪਿਆ ਹੈ। ਗੁਰੂਘਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕੇਸਾਧਾਰੀ ਖਿਡਾਰੀਆਂ ਲਈ ਇਨਾਮ ਤੇ ਮਾਣ ਸਨਮਾਨ ਸ਼ੁਰੂ ਕਰਨੇ ਚਾਹੀਦੇ ਹਨ।

ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦਾ ਵੱਖਰਾ ਨਜ਼ਾਰਾ ਹੈ। ਉਥੇ ਉੱਚ ਪੱਧਰੀ ਕਬੱਡੀ ਤੇ ਕੁਸ਼ਤੀਆਂ ਦੇ ਨਾਲ ਅਨੇਕਾਂ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੌਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਵਿਖਾਵਾ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ ਦਿਸਦੀਆਂ ਹਨ। ਕੁੱਤਿਆਂ ਦੀਆਂ ਦੌੜਾਂ ਦੀ ਆਪਣੀ ਰੇਲ ਬਣੀ ਹੁੰਦੀ ਹੈ। ਰੰਗ ਬਰੰਗੇ ਪੰਡਾਲ ਲਿਸ਼ਕਾਂ ਮਾਰਦੇ, ਝੰਡੇ ਝੂਲਦੇ ਤੇ ਬੈਂਡ ਵਾਜੇ ਵੱਜਦੇ ਹਨ। ਬਾਜ਼ੀਗਰਾਂ ਦੇ ਜਾਨ ਹੂਲਵੇਂ ਕਰਤਬ ਤਿੰਨੇ ਦਿਨ ਮੇਲੀਆਂ ਨੂੰ ਮੁਗਧ ਕਰੀ ਰੱਖਦੇ ਹਨ। ਸਟੇਡੀਅਮ ਦੇ ਬਾਹਰ ਗੰਨਿਆਂ ਦੇ ਰਸ ਤੋਂ ਲੈ ਕੇ ਜ਼ਾਇਕੇਦਾਰ ਜਲੇਬੀਆਂ ਤੇ ਗਰਮ ਕਰਾਰੇ ਪਕੌੜਿਆਂ ਤਕ ਸਭ ਕੁੱਝ ਹੁੰਦਾ ਹੈ। ਇਸ ਖੇਡ ਮੇਲੇ ਦੀਆਂ ਗੱਲਾਂ ਮੇਲੇ ਤੋਂ ਪਹਿਲਾਂ ਵੀ ਹੁੰਦੀਆਂ ਹਨ ਤੇ ਮੇਲੇ ਤੋਂ ਮਗਰੋਂ ਵੀ ਸੱਥਾਂ ਵਿੱਚ ਚਲਦੀਆਂ ਰਹਿੰਦੀਆਂ ਹਨ।

2007 ਦਾ ਪੁਰੇਵਾਲ ਖੇਡ ਮੇਲਾ ਐਤਕੀਂ ਸਤਾਰ੍ਹਵੀਂ ਵਾਰ 7 ਤੋਂ 9 ਮਾਰਚ ਤਕ ਮਨਾਇਆ ਗਿਆ। ਪ੍ਰਬੰਧਕ ਦੱਸਦੇ ਹਨ ਕਿ ਇਸ ਮੇਲੇ ਦਾ ਬਜਟ ਚਾਲੀ ਲੱਖ ਰੁਪਏ ਤੋਂ ਉਪਰ ਹੈ। ਵੀਹ ਬਾਈ ਲੱਖ ਦੇ ਤਾਂ ਇਨਾਮ ਹੀ ਤਕਸੀਮ ਕਰ ਦਿੱਤੇ ਜਾਂਦੇ ਹਨ। ਮੀਡੀਏ ਨੇ ਇਸ ਨੂੰ ਲੱਖਾਂ ਦੇ ਇਨਾਮਾਂ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ। ਇਹ ਵੀ ਕਿਹਾ ਜਾਂਦੈ ਕਿ ਕਬੱਡੀ ਤੇ ਕੁਸ਼ਤੀਆਂ ਦੇ ਲੱਖ ਲੱਖ ਦੇ ਇਨਾਮਾਂ ਦਾ ਤੋਰਾ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡ ਮੇਲੇ ਤੋਂ ਤੁਰਿਆ। ਕਬੱਡੀ ਦੇ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਪੁਰੇਵਾਲ ਭਰਾਵਾਂ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦੈ ਜਿਨ੍ਹਾਂ ਦੀ ਬਦੌਲਤ ਉਹ ਪੈਸੇ ਧੇਲੇ ਵੱਲੋਂ ਸੌਖੇ ਹੋਏ। ਜਿਵੇਂ ਸੰਗੀਤ ਵਿੱਚ ਪਟਿਆਲਾ ਘਰਾਣੇ ਦਾ ਨਾਂ ਹੈ ਉਵੇਂ ਖੇਡਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਦਾ ਨਾਂ ਬਣ ਗਿਐ।

ਦਸਵੰਧ ਕੱਢਣ ਦਾ ਆਪੋ ਆਪਣਾ ਸਲੀਕਾ ਹੈ। ਹਕੀਮਪੁਰ ਦੇ ਜੰਮੇ ਜਾਏ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬਲਿਊਬੇਰੀ ਦੇ ਬਾਦਸ਼ਾਹ ਕਹੇ ਜਾਂਦੇ ਪੁਰੇਵਾਲ ਭਰਾ ਆਪਣੀ ਕਮਾਈ ਦਾ ਦਸਵੰਧ ਖੇਡਾਂ ਲਈ ਕੱਢਦੇ ਹਨ। ਅਸਲ ਵਿੱਚ ਉਹ ਆਪ ਤਕੜੇ ਖਿਡਾਰੀ ਰਹੇ ਹਨ। ਉਨ੍ਹਾਂ ਦਾ ਬਾਬਾ ਊਧਮ ਸਿੰਘ ਭਾਰੀਆਂ ਮੂੰਗਲੀਆਂ ਦਾ ਫਿਰਾਵਾ ਤੇ ਚੋਟੀ ਦਾ ਭਾਰਚੁਕਾਵਾ ਸੀ। ਉਹ ਗੱਡੇ ਉਤੇ ਭਾਰੇ ਵੱਟੇ ਤੇ ਵੇਲਣੇ ਲੱਦ ਕੇ ਮੇਲਿਆਂ ਵਿੱਚ ਭਾਰ ਚੁੱਕਣ ਦੀਆਂ ਝੰਡੀਆਂ ਕਰਦਾ ਤੇ ਰੁਮਾਲੀਆਂ ਜਿੱਤਦਾ। ਬਾਬੇ ਦੀਆਂ ਧੁੰਮਾਂ ਦੁੱਲੇ ਦੀ ਬਾਰ ਤਕ ਪਈਆਂ ਰਹੀਆਂ। ਪੁਰੇਵਾਲ ਭਰਾ ਯੂਨੀਵਰਸਿਟੀ ਤੇ ਇੰਟਰਵਰਸਿਟੀ ਚੈਂਪੀਅਨ ਬਣਦੇ ਰਹੇ ਅਤੇ ਕੈਨੇਡਾ ਵਿੱਚ ਆ ਕੇ ਕਬੱਡੀ ਦੇ ਮੋਹੜੀਗੱਡ ਬਣੇ। ਤਿੰਨੇ ਭਰਾ ਕੈਨੇਡਾ ਦੀ ਕਬੱਡੀ ਟੀਮ ਵਿੱਚ ਖੇਡੇ ਤੇ ਕੱਪ ਜਿੱਤੇ। ਉਨ੍ਹਾਂ ਦੇ ਪੁੱਤਰਾਂ ਨੇ ਵੀ ਅੱਗੋਂ ਕਬੱਡੀ ਤੇ ਕੁਸ਼ਤੀ ਵਿੱਚ ਚੰਗਾ ਨਾਮਣਾ ਖੱਟਿਆ। ਖੇਡ ਖੇਡਣੀ ਤੇ ਸਿਹਤ ਬਣਾਉਣੀ ਉਨ੍ਹਾਂ ਦੇ ਪਰਿਵਾਰ ਦਾ ਸ਼ੌਕ ਰਿਹਾ ਹੈ। ਉਹ ਕੰਮ ਵੀ ਡਟ ਕੇ ਕਰਦੇ ਹਨ ਤੇ ਦਾਤੇ ਨੇ ਉਨ੍ਹਾਂ ਦੀ ਕਮਾਈ ਵਿੱਚ ਬਰਕਤ ਵੀ ਬਹੁਤ ਪਾਈ ਹੈ। ਦਸਵੰਧ ਕੱਢਣ ਲੱਗਿਆਂ ਵੀ ਉਨ੍ਹਾਂ ਨੇ ਦਿਲ ਖੁੱਲ੍ਹਾ ਰੱਖਿਆ ਹੋਇਐ। ਅਸੀਂ ਉਨ੍ਹਾਂ ਦੇ ਘਰ ਵਿੱਚ ਤੇ ਕੈਨਰੀ ਉਤੇ ਚਲਦੇ ਲੰਗਰ ਵੇਖੇ ਹਨ ਅਤੇ ਅਨੇਕਾਂ ਲੋੜਵੰਦਾਂ ਨੂੰ ਰੁਜ਼ਗ਼ਾਰ ਦਿੰਦੇ ਵੇਖਿਆ ਹੈ। ਉਹ ਘਾਲ ਖਾਇ ਕਿਛ ਹੱਥੋਂ ਦੇਇ ਵਾਲੇ ਗੁਰਸਿੱਖੀ ਦੇ ਰਾਹ ਉਤੇ ਪਏ ਹੋਏ ਹਨ।

ਹਕੀਮਪੁਰ ਦੁਆਬੇ ਦਾ ਇਤਿਹਾਸਕ ਪਿੰਡ ਹੈ। ਇਸ ਦੀ ਮਿੱਟੀ ਨੂੰ ਸਿੱਖਾਂ ਦੇ ਤਿੰਨ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਗੁਰੂ ਨਾਨਕ ਦੇਵ ਜੀ ਆਏ, ਗੁਰੂ ਹਰਿ ਰਾਏ ਜੀ ਬਿਰਾਜੇ ਤੇ ਗੁਰੂ ਤੇਗ ਬਹਾਦਰ ਜੀ ਪਧਾਰੇ। ਉਨ੍ਹਾਂ ਦੀ ਯਾਦ ਵਿੱਚ ਇਥੇ ਸੁੰਦਰ ਗੁਰਦਵਾਰਾ ਬਣਿਆਂ ਹੋਇਐ। ਇਸ ਗੁਰਦਵਾਰੇ ਦੇ ਕੋਲ ਹੀ ਹੈ ਪੁਰੇਵਾਲਾਂ ਦਾ ਵਾੲ੍ਹੀਟ ਹਾਊਸ। ਪੁਰੇਵਾਲ ਖੇਡ ਮੇਲੇ ਤੋਂ ਕਈ ਦਿਨ ਪਹਿਲਾਂ ਇਹਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੇਡਾਂ ਦੇ ਕੋਚ, ਖੇਡ ਅਧਿਕਾਰੀ ਤੇ ਮੀਡੀਏ ਵਾਲੇ ਗੇੜੇ `ਤੇ ਗੇੜਾ ਮਾਰਨ ਲੱਗਦੇ ਹਨ। ਪੁਰੇਵਾਲ ਪ੍ਰਾਹੁਣਚਾਰੀ ਦੀ ਕੋਈ ਕਸਰ ਨਹੀਂ ਛੱਡਦੇ। ਚੁੱਲ੍ਹੇ ਹਰ ਵੇਲੇ ਮਘਦੇ ਰਹਿੰਦੇ ਹਨ। ਵਾੲ੍ਹੀਟ ਹਾਊਸ ਦੀ ਛੱਤ `ਤੇ ਚੜ੍ਹੀਏ ਤਾਂ ਸੱਜੇ ਹੱਥ ਮੁਕੰਦਪੁਰ ਦਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਤੇ ਖੱਬੇ ਹੱਥ ਜਗਤਪੁਰ ਦਾ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਦਿਸਦਾ ਹੈ। ਸਾਹਮਣੇ ਨਹਿਰ ਦੇ ਨਾਲ ਫਗਵਾੜੇ ਨੂੰ ਜਾਂਦੀ ਸੜਕ ਹੈ। ਕਾਲਜ ਤੋਂ ਸਟੇਡੀਅਮ ਤਕ ਨਹਿਰ ਪੈ ਕੇ ਜਾਣਾ ਮੇਰੀ ਸੈਰ ਦਾ ਰਾਹ ਰਿਹਾ ਹੈ। ਉਸ ਧਰਤੀ ਦੇ ਚੱਪੇ ਚੱਪੇ ਉਤੇ ਮੇਰੀਆਂ ਪੈੜਾਂ ਹੋਈਆਂ ਪਈਆਂ ਹਨ। ਕਮਾਦਾਂ ਦੀ ਮਹਿਕ, ਕਣਕਾਂ ਦੀ ਤ੍ਰੇਲ ਤੇ ਪੈਲੀਆਂ ਦੀ ਹਰਿਆਵਲ ਮੈਨੂੰ ਟੋਰਾਂਟੋ ਬੈਠਿਆਂ ਵੀ ਕੋਲ ਕੋਲ ਲੱਗਦੀ ਹੈ।

ਜਦੋਂ ਪੁਰੇਵਾਲ ਖੇਡ ਮੇਲਾ ਲੱਗਣਾ ਹੁੰਦਾ ਹੈ ਉਦੋਂ ਸੁੰਨੇ ਪਏ ਸਟੇਡੀਅਮ ਦੇ ਭਾਗ ਫਿਰ ਜਾਗ ਉਠਦੇ ਹਨ। ਪੰਜਾਬ ਦਾ ਉਹ ਪਹਿਲਾ ਪੇਂਡੂ ਸਟੇਡੀਅਮ ਜਗਤਪੁਰ ਦੀ ਪੰਚਾਇਤੀ ਜ਼ਮੀਨ ਵਿੱਚ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦੇ ਸੈਕਟਰੀ ਜਗਤਪੁਰੀਏ ਮੁਖਤਾਰ ਸਿੰਘ ਨੇ ਬਣਵਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਹ ਵਿਰਾਨ ਹੋ ਗਿਆ ਜਿਥੇ ਨਾ ਕੋਈ ਖੇਡਦਾ ਸੀ ਤੇ ਨਾ ਉਹਦੀ ਸੰਭਾਲ ਕਰਦਾ ਸੀ। ਆਖ਼ਰ ਪੁਰੇਵਾਲ ਭਰਾਵਾਂ ਨੇ ਉਹਦੀ ਸਾਰ ਲਈ ਤੇ ਹਰ ਸਾਲ ਉਹਦੀ ਸਾਫ ਸਫਾਈ ਤੇ ਮੁਰੰਮਤ ਕਰਵਾ ਕੇ ਉਸ ਨੂੰ ਖੇਡਾਂ ਕਰਾਉਣ ਦੇ ਯੋਗ ਬਣਾਉਂਦੇ ਆ ਰਹੇ ਹਨ। ਹੁਣ ਤਾਂ ਉਹਦੇ ਵਿੱਚ ਪਵੇਲੀਅਨ ਵੀ ਬਣਵਾ ਦਿੱਤਾ ਗਿਆ ਹੈ ਤੇ ਮੇਲੇ ਸਮੇਂ ਲਾਗਲੇ ਖੇਤਾਂ ਵਾਲਿਆਂ ਨੂੰ ਮੁਆਵਜ਼ਾ ਦੇ ਕੇ ਗੱਡੀਆਂ ਦੀ ਪਾਰਕਿੰਗ ਲਈ ਖੁੱਲ੍ਹੀ ਥਾਂ ਬਣਾ ਲਈ ਜਾਂਦੀ ਹੈ। ਪੰਜਾਬ ਦੇ ਖੇਡ ਵਿਭਾਗ ਨੂੰ ਚਾਹੀਦੈ ਕਿ ਉਥੇ ਸਥਾਈ ਕੋਚਿੰਗ ਕੇਂਦਰ ਬਣਾ ਕੇ ਉਸ ਸਟੇਡੀਅਮ ਦੀ ਸਾਰਾ ਸਾਲ ਸਦਵਰਤੋਂ ਕਰੇ। ਪੁਰੇਵਾਲ ਭਰਾ ਉਹਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਉਣ ਲਈ ਤਿਆਰ ਹਨ।

ਪੁਰੇਵਾਲ ਖੇਡ ਮੇਲਾ ਹੁਣ ਉੱਨੀ ਸਾਲਾਂ ਦਾ ਹੋ ਗਿਆ ਹੈ। ਇਸ ਨੂੰ ਸ਼ੁਰੂ ਕਰਨ ਵਾਲੇ ਤਿੰਨ ਪੁਰੇਵਾਲ ਭਰਾ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹਨ। ਮੇਲੇ ਦਾ ਸਾਰਾ ਖਰਚਾ ਉਹ ਖ਼ੁਦ ਕਰਦੇ ਹਨ। ਉਨ੍ਹਾਂ ਨੇ ਆਪਣੇ ਕਸਬੇ ਪਿਟਮੀਡੋਜ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀ ਅਖਾੜਾ ਕਾਇਮ ਕੀਤਾ ਹੋਇਐ। ਇਸ ਅਖਾੜੇ ਦਾ ਚੰਡਿਆ ਅਫਰੀਕੀ ਮੂਲ ਦਾ ਪਹਿਲਵਾਨ ਡੇਨੀਅਲ ਇਗਾਲੀ ਓਲੰਪਿਕ ਚੈਂਪੀਅਨ ਬਣਿਆ। ਉਹ ਕਬੱਡੀ ਵੀ ਖੇਡਦਾ ਰਿਹਾ ਤੇ ਪੰਜਾਬੀਆਂ ਨੇ ਉਹਦਾ ਨਾਂ ਤੂਫ਼ਾਨ ਸਿੰਘ ਰੱਖੀ ਰੱਖਿਆ। ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਕਬੱਡੀ ਖੇਡਣ ਤੇ ਕੁਸ਼ਤੀ ਲੜਨ ਵੀ ਗਿਆ। ਅਖਾੜੇ ਦਾ ਰੂਸੀ ਕੋਚ ਜੌਰਜ ਉਰਬੀ ਤੇ ਹੁਣ ਅਫਗ਼ਾਨੀ ਕੋਚ ਹਕੀਮਪੁਰ ਜਾਂਦੇ ਆਉਂਦੇ ਰਹੇ ਹਨ।

ਕੈਨੇਡਾ ਵਿੱਚ ਪੈਰ ਜਮਾ ਕੇ ਪੁਰੇਵਾਲ ਭਰਾ ਪਿੰਡ ਪਰਤੇ ਤੇ 1988 ਵਿੱਚ ਉਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਸ: ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿੱਚ ਖੇਡ ਮੇਲਾ ਲਵਾਉਣਾ ਸ਼ੁਰੂ ਕੀਤਾ। ਇਸ ਖੇਡ ਮੇਲੇ ਨੇ ਵੱਡੇ ਇਨਾਮਾਂ ਕਾਰਨ ਵੱਡੀ ਗਿਣਤੀ ਵਿੱਚ ਖਿਡਾਰੀਆਂ ਤੇ ਦਰਸ਼ਕਾਂ ਨੂੰ ਆਪਣੇ ਵੱਲ ਖਿਚਿਆ। ਕਈਆਂ ਨੇ ਇਸ ਨੂੰ ਪੁਰੇਵਾਲਾਂ ਦੀ ਪੇਂਡੂ ਓਲੰਪਿਕਸ ਕਹਿਣਾ ਸ਼ੁਰੂ ਕਰ ਦਿੱਤਾ। ਇਹ ਮੇਲਾ 1988 ਤੋਂ 2003 ਤਕ ਲਗਾਤਾਰ ਲੱਗਦਾ ਰਿਹਾ। ਪੁਰੇਵਾਲ ਪਰਿਵਾਰ `ਚ ਕੁੱਝ ਸੋਗੀ ਭਾਣੇ ਵਰਤ ਜਾਣ ਕਾਰਨ ਇਹ ਮੇਲਾ ਦੋ ਸਾਲ ਲੱਗ ਨਾ ਸਕਿਆ। 2006 ਵਿੱਚ ਇਹ ਮੇਲਾ ਸੋਲ੍ਹਵੀਂ ਵਾਰ ਭਰਿਆ ਤੇ ਐਤਕੀਂ ਸਤਾਰ੍ਹਵੀਂ ਵਾਰ ਹੋਰ ਵੀ ਹੁੱਬ ਨਾਲ ਮਨਾਇਆ ਗਿਆ। 18ਵਾਂ ਪੁਰੇਵਾਲ ਖੇਡ ਮੇਲਾ 2008 ਵਿੱਚ 22 ਤੋਂ 24 ਫਰਵਰੀ ਤਕ ਭਰੇਗਾ ਜਿਸ ਦਾ ਐਲਾਨ ਐਤਕੀਂ ਦੇ ਖੇਡ ਮੇਲੇ ਵਿੱਚ ਹੀ ਕਰ ਦਿੱਤਾ ਗਿਆ ਹੈ।

1996 ਵਿੱਚ ਜਦੋਂ ਮੈਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਬਣਿਆਂ ਉਦੋਂ ਦਾ ਇਸ ਖੇਡ ਮੇਲੇ ਦੇ ਅੰਗ ਸੰਗ ਵਿਚਰ ਰਿਹਾਂ। ਐਤਕੀਂ ਦਾ ਮੇਲਾ ਸਵਰਗਵਾਸੀ ਮਾਤਾ ਸੁਰਜੀਤ ਕੌਰ ਪੁਰੇਵਾਲ, ਇੰਦਰਜੀਤ ਸਿੰਘ ਚਾਹਲ, ਸੁਖਵਿੰਦਰ ਕੌਰ ਚਾਹਲ, ਮੱਖਣ ਸਿੰਘ ਟਿਵਾਣਾ ਤੇ ਕੁਮੈਂਟੇਟਰ ਮੱਖਣ ਸਿੰਘ ਹਕੀਮਪੁਰ ਦੇ ਪਿਤਾ ਬੰਤਾ ਸਿੰਘ ਨੂੰ ਸਮਰਪਿਤ ਸੀ। ਮੇਲੇ ਤੋਂ ਕਈ ਦਿਨ ਪਹਿਲਾਂ ਇਸ਼ਤਿਹਾਰ ਲੱਗ ਚੁੱਕੇ ਸਨ ਤੇ ਬੈਨਰ ਲਟਕ ਗਏ ਸਨ। ਮੀਡੀਏ ਨੇ ਮੇਲੇ ਦੀਆਂ ਧੁੰਮਾਂ ਪਾ ਛੱਡੀਆਂ ਸਨ। ਛੇ ਮਾਰਚ ਨੂੰ ਹੀ ਦਿੱਲੀ ਤਕ ਦੇ ਪਹਿਲਵਾਨ ਹਕੀਮਪੁਰ ਆ ਢੁੱਕੇ ਸਨ। ਮੈਂ ਸੈਰ ਨੂੰ ਨਿਕਲਿਆ ਤਾਂ ਮਿਹਨਤ ਕਰ ਕੇ ਮੁੜਦੀਆਂ ਪਹਿਲਵਾਨਾਂ ਦੀਆਂ ਟੋਲੀਆਂ ਟੱਕਰੀਆਂ। ਸ਼ਾਮ ਦੀ ਸੋਨ ਰੰਗੀ ਧੁੱਪ ਵਿੱਚ ਉਨ੍ਹਾਂ ਦੇ ਸਾਧੇ ਹੋਏ ਜੁੱਸੇ ਲਿਸ਼ਕ ਰਹੇ ਸਨ ਤੇ ਉਹ ਵਾੲ੍ਹੀਟ ਹਾਊਸ ਵੱਲ ਜਾ ਰਹੇ ਸਨ। ਉਥੇ ਉਨ੍ਹਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਸੀ।

ਸਟੇਡੀਅਮ ਵਿੱਚ ਪੰਡਾਲ ਲੱਗ ਚੁੱਕੇ ਸਨ ਤੇ ਝੰਡੇ ਲਹਿਰਾਅ ਰਹੇ ਸਨ। ਵਾਹੇ ਸੁਹਾਗੇ ਤੇ ਪਾਣੀ ਛਿੜਕ ਕੇ ਜਮਾਏ ਖੇਡ ਮੈਦਾਨ ਉਤੇ ਸਫੈਦ ਲੀਕਾਂ ਵਾਹੀਆਂ ਹੋਈਆਂ ਸਨ ਅਤੇ ਗੁਰਜੀਤ ਸਿੰਘ ਖ਼ੁਦ ਸਭ ਕਾਸੇ ਦੀ ਦੇਖ ਰੇਖ ਕਰ ਰਿਹਾ ਸੀ। ਰੰਗਦਾਰ ਕੁੱਜੇ ਕੁੱਜੀਆਂ ਨਾਲ ਟਰੈਕ ਤੇ ਕਬੱਡੀ ਮੈਦਾਨ ਦੇ ਦਾਇਰੇ ਸ਼ਿੰਗਾਰੇ ਹੋਏ ਸਨ। ਸਟੇਡੀਅਮ ਦੀਆਂ ਪੌੜੀਆਂ ਬੁਹਾਰੀਆਂ ਸੁਆਰੀਆਂ ਪਈਆਂ ਸਨ। ਤਿਆਰੀ ਵਾਕਿਆ ਈ ਪੇਂਡੂ ਓਲੰਪਿਕਸ ਕਰਾਉਣ ਵਰਗੀ ਸੀ।

ਪੁਰੇਵਾਲ ਕਬੱਡੀ ਕੱਪ ਦਾ ਪਹਿਲਾ ਇਨਾਮ ਟਰਾਫੀ ਦੇ ਨਾਲ ਇੱਕ ਲੱਖ ਇਕਵੰਜਾ ਹਜ਼ਾਰ ਰੁਪਏ ਦਾ ਸੀ। ਕੁਲ ਸੋਲਾਂ ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲੈਣਾ ਸੀ। ਪਹਿਲੇ ਰਾਊਂਡ ਵਿੱਚ ਹਾਰਨ ਵਾਲੀਆਂ ਅੱਠ ਟੀਮਾਂ ਲਈ ਵੀਹ ਵੀਹ ਹਜ਼ਾਰ ਦੇ ਹੌਂਸਲਾ ਵਧਾਊ ਇਨਾਮ ਰੱਖੇ ਸਨ। ਦੂਜੇ ਰਾਊਂਡ ਵਿੱਚ ਹਾਰਨ ਵਾਲੀਆਂ ਚਾਰ ਟੀਮਾਂ ਲਈ ਚਾਲੀ ਚਾਲੀ ਹਜ਼ਾਰ ਦੇ ਤੇ ਤੀਜੇ ਰਾਊਂਡ ਲਈ ਦੋ ਟੀਮਾਂ ਨੂੰ ਸੱਠ ਸੱਠ ਹਜ਼ਾਰ ਦੇ ਇਨਾਮ ਸਨ। ਦੂਜੇ ਨੰਬਰ `ਤੇ ਰਹਿਣ ਵਾਲੀ ਟੀਮ ਦਾ ਇਨਾਮ ਲੱਖ ਰੁਪਏ ਸੀ। ਵਧੀਆ ਜਾਫੀ ਤੇ ਵਧੀਆ ਧਾਵੀ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਆ ਜਾਣਾ ਸੀ। ਕੁਸ਼ਤੀਆਂ ਲਈ ਮੁਕਾਬਲੇ ਦੇ ਅੱਠ ਟਾਈਟਲ ਸਨ। ਮਹਾਂਭਾਰਤ ਕੇਸਰੀ ਹਕੀਮਪੁਰ ਟਾਈਟਲ ਦਾ ਇਨਾਮ ਗੁਰਜ ਦੇ ਨਾਲ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦਾ ਸੀ ਤੇ ਦੂਜਾ ਇਨਾਮ ਇਕਵੰਜਾ ਹਜ਼ਾਰ ਰੁਪਏ ਦਾ ਸੀ। ਤੀਜਾ ਇਕੱਤੀ ਹਜ਼ਾਰ ਤੇ ਚੌਥਾ ਪੰਦਰਾਂ ਹਜ਼ਾਰ ਦਾ ਸੀ। ਸ਼ੇਰੇ-ਹਿੰਦ, ਭਾਰਤ ਕੁਮਾਰ, ਆਫ਼ਤਾਬੇ-ਏ-ਹਿੰਦ, ਸਿਤਾਰਾ-ਏ-ਹਿੰਦ, ਸ਼ਾਨ-ਏ-ਹਿੰਦ ਅਤੇ ਲੜਕੀਆਂ ਦੇ ਮਹਾਂਭਾਰਤ ਕੇਸਰੀ ਤੇ ਮਹਾਂਭਾਰਤ ਕੁਮਾਰੀ ਦੇ ਟਾਈਟਲਾਂ ਲਈ ਵੀ ਚੋਖੇ ਇਨਾਮ ਰੱਖੇ ਗਏ ਸਨ। ਇੰਜ ਪੰਦਰਾਂ ਸੋਲਾਂ ਲੱਖ ਦੇ ਇਨਾਮ `ਕੱਲੀਆਂ ਕੁਸ਼ਤੀਆਂ ਤੇ ਕਬੱਡੀ ਦੇ ਹੀ ਸਨ।

ਲੱਖ ਰੁਪਏ ਦਾ ਇਨਾਮ ਹਲਟ ਤੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਸੀ। ਰੱਸਾਕਸ਼ੀ, ਘੋੜ ਦੌੜਾਂ ਤੇ ਅਥਲੈਟਿਕ ਖੇਡਾਂ ਦੇ ਇਨਾਮ ਵੀ ਬੜੇ ਦਿਲਕਸ਼ ਸਨ। ਨਿੱਜੀ ਕਰਤਬ ਵਿਖਾਉਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਵੀ ਹੋਣੀ ਸੀ। ਪੰਜ ਸੌ ਤੋਂ ਵੱਧ ਸਨਮਾਨ ਨਿਸ਼ਾਨੀਆਂ ਮੇਲੇ `ਚ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਲਈ ਬਣਵਾਈਆਂ ਗਈਆਂ ਸਨ। ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ ਪੁਰਸਕਾਰ ਪੱਚੀ ਹਜ਼ਾਰ ਦੀ ਥੈਲੀ ਨਾਲ ਅਥਲੀਟ ਸੁਰਜੀਤ ਕੌਰ ਨੂੰ ਦਿੱਤਾ ਜਾਣਾ ਸੀ। ਖੇਡ ਲੇਖਕ ਤੇ ਖੇਡ ਪੱਤਰਕਾਰ ਨਿਵਾਜੇ ਜਾਣੇ ਸਨ ਤੇ ਪੁਰਾਣੇ ਖਿਡਾਰੀਆਂ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਣਾ ਸੀ।

ਮੇਰੀ ਨਵੀਂ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਦੀਆਂ ਸੌ ਕਾਪੀਆਂ ਪੁਰੇਵਾਲ ਖੇਡ ਮੇਲੇ ਦੀ ਪਿਆਰ ਨਿਸ਼ਾਨੀ ਵਜੋਂ ਮਹਿਮਾਨਾਂ ਨੂੰ ਭੇਟਾ ਕੀਤੀਆਂ ਜਾਣੀਆਂ ਸਨ। ਤਿੰਨੇ ਦਿਨ ਲੰਗਰ ਚੱਲਣਾ ਸੀ ਤੇ ਗੱਡੀਆਂ ਘੁੰਮਣੀਆਂ ਸਨ। ਪੰਡਾਲ, ਕੁਰਸੀਆਂ, ਮੀਡੀਏ, ਸਾਊਂਡ, ਫੋਟੋ ਤੇ ਫਿਲਮਾਂ ਦੇ ਖਰਚੇ ਹੋਣੇ ਸਨ ਅਤੇ ਗੱਡੀਆਂ ਦੀ ਪਾਰਕਿੰਗ ਲਈ ਕਣਕਾਂ ਵਢਵਾ ਕੇ ਖਾਲੀ ਕਰਾਏ ਖੇਤਾਂ ਦਾ ਮੁਆਵਜ਼ਾ ਦੇਣਾ ਸੀ। ਖੇਡਾਂ ਦੇ ਰੈਫਰੀਆਂ ਤੇ ਅੰਪਾਇਰਾਂ ਦੇ ਡੀ.ਏ.ਟੀ.ਏ.ਸਨ ਅਤੇ ਫੁਟਕਲ ਖਰਚਿਆਂ ਦਾ ਕੋਈ ਅੰਤ ਨਹੀਂ ਸੀ। ਸਭ ਕਾਸੇ `ਤੇ ਚਾਲੀ ਲੱਖ ਰੁਪਏ ਤੋਂ ਵੱਧ ਦੇ ਖਰਚੇ ਆਉਣੇ ਹੀ ਸਨ ਅਤੇ ਮਿਹਨਤ ਤੇ ਸਮਾਂ ਵਾਧੂ ਦਾ ਲੱਗਣਾ ਸੀ। ਪਰ ਇਸ ਖਰਚ ਖੇਚਲ ਦੀ ਖੇਡਾਂ ਦੇ ਆਸ਼ਕ ਪੁਰੇਵਾਲਾਂ ਨੂੰ ਕੋਈ ਪਰਵਾਹ ਨਹੀਂ ਸੀ।

ਸੱਤ ਮਾਰਚ ਦੀ ਨਿੱਘੀ ਤੇ ਸੁਨਹਿਰੀ ਸਵੇਰ ਨੂੰ ਨਵਾਂਸ਼ਹਿਰ ਦੇ ਐੱਸ.ਐੱਸ.ਪੀ.ਸ੍ਰੀ ਸਿਨਹਾ ਨੇ ਸਵਰਗੀ ਹਰਬੰਸ ਸਿੰਘ ਪੁਰੇਵਾਲ ਦੀ ਤਸਵੀਰ ਤੋਂ ਪਰਦਾ ਹਟਾ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ। ਉਸ ਸਮੇਂ ਪੁਰੇਵਾਲ ਪਰਿਵਾਰ ਦੇ ਨਾਲ ਇਲਾਕੇ ਦੇ ਬਹੁਤ ਸਾਰੇ ਮੋਹਤਬਰ ਸੱਜਣ ਹਾਜ਼ਰ ਸਨ। ਆਕਾਸ਼ ਵਿੱਚ ਅਮਨ ਦੇ ਪਰਤੀਕ ਕਬੂਤਰ ਉਡਾਏ ਗਏ ਤੇ ਗ਼ੁਬਾਰੇ ਛੱਡੇ ਗਏ। ਢੋਲੀਆਂ ਨੇ ਢੋਲਾਂ `ਤੇ ਡੱਗੇ ਲਾਏ ਤੇ ਨਾਲ ਹੀ ਕੁਸ਼ਤੀਆਂ ਸ਼ੁਰੂ ਹੋ ਗਈਆਂ। ਦੂਰੋਂ ਨੇੜਿਓਂ ਆਏ ਪਹਿਲਵਾਨਾਂ ਦੀ ਗਿਣਤੀ ਏਨੀ ਜ਼ਿਆਦਾ ਸੀ ਕਿ ਦੋ ਥਾਵਾਂ ਉਤੇ ਵਿਛਾਏ ਗੱਦਿਆਂ `ਤੇ ਤਿੰਨ ਦਿਨਾਂ ਵਿੱਚ ਦੋ ਸੌ ਤੋਂ ਵੱਧ ਕੁਸ਼ਤੀਆਂ ਹੋਈਆਂ। ਭਾਰਤ ਕੁਮਾਰ ਦਾ ਟਾਈਟਲ ਗੁਰਜੀਤ ਸਿੰਘ ਪੁਰੇਵਾਲ ਦੇ ਹੋਣਹਾਰ ਫਰਜ਼ੰਦ ਤਜਿੰਦਰ ਸਿੰਘ ਟੈਰੀ ਨੇ ਜਿੱਤਿਆ। ਉਹ ਬੀ.ਸੀ.ਦੇ ਸਕੂਲਾਂ ਵਿੱਚ ਮੱਲਾਂ ਮਾਰ ਕੇ ਹਕੀਮਪੁਰ ਪੁੱਜਾ ਸੀ। ਮਹਾਂਭਾਰਤ ਕੇਸਰੀ ਦਾ ਸਭ ਤੋਂ ਵੱਡਾ ਖ਼ਿਤਾਬ ਰੁਸਤਮੇ ਹਿੰਦ ਕੇਸਰ ਸਿੰਘ ਦੇ ਪੋਤੇ ਤੇ ਦਰੋਣਾਚਾਰੀਆ ਅਵਾਰਡੀ ਸੁਖਵੰਤ ਸਿੰਘ ਪਹਿਲਵਾਨ ਦੇ ਪੁੱਤਰ ਪਲਵਿੰਦਰ ਸਿੰਘ ਚੀਮੇ ਨੇ ਜਿੱਤਿਆ। ਬਾਕੀ ਗੁਰਜਾਂ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਨੇ ਹੀ ਜਿੱਤੀਆਂ।

ਹਲਟ ਦੌੜਾਂ ਦੇ ਮੁਕਾਬਲੇ ਵਿੱਚ ਬਲਦਾਂ ਦੀਆਂ ਏਨੀਆਂ ਜੋੜੀਆਂ ਸਨ ਕਿ ਰਾਤ ਤਕ ਬਿਜਲੀ ਦੇ ਚਾਨਣ ਵਿੱਚ ਮੁਕਾਬਲੇ ਹੁੰਦੇ ਰਹੇ