You are here:ਮੁਖ ਪੰਨਾ»ਇਕਬਾਲ ਰਾਮੂਵਾਲੀਆ
ਇਕਬਾਲ ਰਾਮੂਵਾਲੀਆ

ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।

ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ ਲਈ ਸੀ, ਤਾਂ ਬਲਵੰਤ ਡੀ ਐਮ ਕਾਲਜ ਮੋਗੇ ਵਿੱਚ ਬੀ ਏ ਕਰ ਰਿਹਾ ਸੀ। ਉਨ੍ਹੀ ਦਿਨੀਂ ਦਸਵੀਂ (ਮੈਟਰਿਕ) ਕਰਨ ਤੋਂ ਬਾਅਦ ਕਾਲਜ ਜਾਈਦਾ ਸੀ ਜਿੱਥੇ ਦੋ ਸਾਲ ‘ਚ ਐਫ ਏ ਤੇ ਅਗਲੇ ਦੋ-ਸਾਲਾ ਕੋਰਸ ਰਾਹੀਂ ਬੀ ਏ ਮੁਕੰਮਲ ਕੀਤੀ ਜਾਂਦੀ ਸੀ। ਗਾਇਕੀ ਲਈ ਬੁੱਕਿੰਗ ਦਾ ਹੜ੍ਹ ਹੀ ਆ ਜਾਣ ਕਰ ਕੇ ਮੇਰੇ ਅਤੇ ਰਛਪਾਲ ਲਈ ਸਕੂਲ ਜਾਰੀ ਰੱਖਣਾ ਉੱਕਾ ਹੀ ਨਾ-ਮੁਮਕਿਨ ਹੋ ਗਿਆ। ਬਲਵੰਤ ਨੇ ਆਪਣੇ ਪ੍ਰੋਫ਼ੈਸਰਾਂ ਦੀ ਹਮਦਰਦੀ ਇਹ ਆਖ ਕੇ ਹਾਸਲ ਕਰ ਲਈ ਸੀ ਕਿ ਘਰ ਦੀਆਂ ਆਰਥਿਕ ਤੰਗੀਆਂ ਨਾਲ਼ ਜੂਝਣ ਲਈ ਉਸ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਗਾਇਕੀ ਵੀ ਕਰਨੀ ਪੈਣੀ ਹੈ। ਪ੍ਰੋਫ਼ੈਸਰ ਉਸ ਦੇ ਲੈਕਚਰ ਪੂਰੇ ਕਰ ਕੇ ਉਸ ਨੂੰ ਇਮਤਿਹਾਨ ਲਈ ਯੋਗ ਕਰਾਰ ਦੇਈ ਰਖਦੇ। ਹਫ਼ਤੇ ‘ਚ ਤਿੰਨ-ਤਿੰਨ, ਚਾਰ-ਚਾਰ ਦਿਨ ਦੂਰ-ਦੂਰ ਗਾਇਕੀ ਕਰਨ ਜਾਣ ਕਾਰਨ, ਬਾਪੂ ਨੂੰ ਮੇਰੀ ਤੇ ਰਛਪਾਲ ਦੀ ਪੜ੍ਹਾਈ ਵਿੱਚ ਪੈ ਰਹੇ ਅਟਕਾਅ ਦਾ ਫ਼ਿਕਰ ਤਾਂ ਸੀ, ਪਰ ਨਾਲ਼ ਹੀ, ਪੜ੍ਹਾਈ ਜਾਰੀ ਰੱਖਣ ਦੀ ਸੂਰਤ ‘ਚ, ਸਾਡੇ ਵੱਲੋਂ ਕਮਾਏ ਜਾਣ ਵਾਲ਼ੇ ਹਜ਼ਾਰਾਂ ਰੁਪਏ (ਜੋ ਅੱਜ ਦੇ ਲੱਖਾਂ ਦੇ ਬਰਾਬਰ ਸਨ) ਗੁਆਚਦੇ ਵੀ ਨਜ਼ਰ ਆ ਰਹੇ ਸਨ। ਇਸ ਲਈ ਬਾਪੂ, ਸਾਡੇ ਵੱਲੋਂ ਗਾਇਕੀ ਰਾਹੀਂ ਕਮਾਏ ਰੁਪਿਆਂ ਦੇ ਥੱਬੇ ਦੇਖ ਕੇ ਖਿੜ ਉੱਠਦਾ, ਪਰ ਤੁਰਤ ਹੀ ਸਾਡੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਸੋਚਦਿਆਂ ਡੂੰਘੀ ਚਿੰਤਾ ‘ਚ ਵੀ ਲਹਿ ਜਾਂਦਾ।

ਇਨ੍ਹੀ ਦਿਨੀਂ ਹੀ ਉਸ ਨੂੰ ਕਿਸੇ ਨੇ ਪੱਟੀ ਪੜ੍ਹਾ ਦਿੱਤੀ ਪਈ ਇਕਬਾਲ-ਰਛਪਾਲ ਆਪਣੀ ਪੜ੍ਹਾਈ ਤਾਂ ਦੋ-ਚਾਰ ਸਾਲ ਅਟਕ ਕੇ ਵੀ ਕਰ ਸਕਦੇ ਨੇ, ਪ੍ਰੰਤੂ ਉਨ੍ਹਾਂ ਦੀਆਂ ਛੋਟੀਆਂ ਉਮਰਾਂ ਕਾਰਨ ਉਨ੍ਹਾਂ ਨੂੰ ਮਿਲ਼ ਰਹੀ ਅੰਤਾਂ ਦੀ ਸ਼ੋਹਰਤ ਸ਼ਾਇਦ ਬਹੁਤਾ ਚਿਰ ਜੀਵਤ ਨਾ ਰਹਿ ਸਕੇ। ਇਸ ਲਈ ਚੋਟੀ ‘ਤੇ ਪਹੁੰਚੀ ਇਨ੍ਹਾਂ ਦੀ ਮਕਬੂਲੀਅਤ ਦਾ ਆਰਥਿਕ ਲਾਹਾ ਲੈ ਲੈਣਾ ਚਾਹੀਦਾ ਹੈ। ਬਾਪੂ ਕਹੇ ਮੈਂ ਮੁੰਡਿਆਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਫ਼ਸਰ ਬਣਾਉਣ ਦਾ ਸੁਪਨਾ ਪਾਲ਼ੀ ਬੈਠਾ ਆਂ, ਪਰ ਦੱਸਣ ਵਾਲ਼ੇ ਨੇ ਇਹ ਚਕੂੰਧਰ ਵੀ ਛੱਡ ਦਿੱਤੀ ਪਈ ਸਕੂਲਾਂ ‘ਚ ਪੜ੍ਹਾਉਣ ਦੀ ਥਾਂ ਮੁੰਡਿਆਂ ਨੂੰ ਪ੍ਰਾਈਵੇਟ ਹੀ ‘ਬੁੱਧੀਮਾਨੀ’ ਤੇ ‘ਗਿਆਨੀ’ ਕਰਾ ਕੇ ‘ਲੁਕਵੀਆਂ ਗਲ਼ੀਆਂ’ ਰਾਹੀਂ ਬੀ ਏ ਕਰਨ ਵੱਲ ਵਧਾਇਆ ਜਾ ਸਕਦਾ ਹੈ। ਫ਼ੈਸਲਾ ਹੋਇਆ ਕਿ ਦੋ ਤਿੰਨ ਸਾਲਾਂ ਲਈ ਸਕੂਲ ਤਿਆਗ ਕੇ ਗਾਇਕੀ ਲਈ ਧੜਾ-ਧੜ ਆ ਰਹੀ ਬੁੱਕਿੰਗ ਦਾ ਲਾਭ ਉਠਾਅ ਲਿਆ ਜਾਵੇ ਤੇ ਨਾਲ਼ ਦੀ ਨਾਲ਼ ‘ਬੁੱਧੀਮਾਨੀ’ ਦੀਆਂ ਕਿਤਾਬਾਂ ਪੜ੍ਹ ਕੇ ‘ਗਿਆਨੀ’ ਪਾਸ ਕਰਨ ਦਾ ਰੂਟ ਅਖ਼ਤਿਆਰ ਕਰ ਲਿਆ ਜਾਵੇ।

ਮੇਰੇ ਤੇ ਰਛਪਾਲ ਦੇ ਬਸਤਿਆਂ ਉੱਪਰ ਧੂੜ ਜੰਮਣ ਲੱਗੀ। ਸਿਆਹੀ ਵਾਲ਼ੀ ਦਵਾਤ ਸੁੱਕਣ ਲੱਗੀ। ਪੈੱਨਾਂ ਦੀਆਂ ਨਿੱਬਾਂ ਖ਼ਾਮੋਸ਼ ਹੋ ਗਈਆਂ। ਮੋਗੇ ਦੇ ਕਰਤਾਰ ਬੁੱਕ ਡਿਪੋ ਤੋਂ ਬੁੱਧੀਮਾਨੀ ਦੀਆਂ ‘ਸੈਕੰਡ-ਹੈਂਡ’ ਕਿਤਾਬਾਂ ਖ਼ਰੀਦ ਲਈਆਂ ਗਈਆਂ। ਉਨ੍ਹਾਂ ਦਿਨਾਂ ‘ਚ ਕਾਰਾਂ ਐਵੇਂ ਵਿਰਲੀਆਂ-ਵਿਰਲੀਆਂ ਤੇ ਸਿਰਫ਼ ਅਮੀਰ ਟੱਬਰਾਂ ਦੀ ਪਹੁੰਚ ਵਿੱਚ ਹੀ ਹੁੰਦੀਆਂ ਸਨ, ਇਸ ਲਈ ਗਾਇਕੀ ਦੇ ਨੇੜੇ-ਨੇੜੇ ਦੇ ਪ੍ਰੋਗਰਾਮਾਂ ਲਈ ਅਸੀਂ ਸਾਈਕਲਾਂ ਨੂੰ ਥਾਪੀ ਦੇਂਦੇ, ਅਤੇ ਦੂਰ ਦਾ ਸਫ਼ਰ ਬਸਾਂ ਜਾਂ ਰੇਲ-ਗੱਡੀਆਂ ਰਾਹੀਂ ਕਰਦੇ। ਬਾਪੂ ਨੇ ਹੁਕਮ ਕੀਤਾ: ਬਸਾਂ-ਰੇਲਾਂ ਦੇ ਸਫ਼ਰ ‘ਚ ਵਿਹਲੇ ਬੈਠਣ ਦੀ ਥਾਂ ਕਿਤਾਬਾਂ ਪੜ੍ਹੋ; ਗਾਇਕੀ ਦਾ ਪ੍ਰੋਗਰਾਮ ਤਾਂ ਦਿਨ ‘ਚ ਵੱਧ ਤੋਂ ਵੱਧ ਤਿੰਨ ਘੰਟੇ ਲਈ ਕਰਨਾ ਹੁੰਦਾ ਹੈ, ਇਸ ਲਈ, ਅੱਗੋਂ-ਪਿੱਛੋਂ ਦੇ ਸਮੇਂ ਦੌਰਾਨ, ਕਿਤਾਬਾਂ ‘ਚ ਗੁਆਚੋ!

ਬਾਪੂ ਦਾ ਨੁਸਖ਼ਾ ਤਾਂ ਧਨੰਤਰੀ ਸੀ, ਪਰ ਅਪਨਾਉਣਾ ਏਨਾ ਸੌਖਾ ਨਹੀਂ ਸੀ। ਸਾਈਕਲਾਂ ਦੇ ਸਫ਼ਰ ਦੌਰਾਨ ਕਿਤਾਬਾਂ ਪੜ੍ਹਨ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਹਰੇਕ ਰੂਟ ‘ਤੇ ਘੰਟੇ, ਪੌਣੇ ਘੰਟੇ ਦੀ ਉਡੀਕ ਬਾਅਦ ਚੱਲਣ ਵਾਲ਼ੀਆਂ ਬਸਾਂ ਆਮ ਤੌਰ ‘ਤੇ ਤੂੜੀ ਵਾਲ਼ੇ ਟਰੱਕ ਵਾਂਗ ਸਵਾਰੀਆਂ ਨਾਲ਼ ਤੂੜੀਆਂ ਹੁੰਦੀਆਂ; ਬਹੁਤੀ ਵਾਰੀ ਤਾਂ ਬਸਾਂ ਦੀਆਂ ਛੱਤਾਂ ਨੀਵੀਆਂ ਹੋਣ ਕਾਰਨ ਕਈ ਕਈ ਮੀਲ ਕੁੱਬੇ ਹੋ ਕੇ ਹੀ ਖੜ੍ਹਨਾਂ ਪੈਂਦਾ। ਅਗਰ ਕਿਤੇ ਭੁੱਲ-ਭੁਲੇਖੇ ਸੀਟ ਨਸੀਬ ਹੋ ਜਾਂਦੀ ਤਾਂ ਵਾਰ ਵਾਰ ਰੁਕਦੀ-ਤੁਰਦੀ ਤੇ ਸੜਕ ਤੋਂ ਆਸੇ-ਪਾਸੇ ਬੁਰਕ ਮਾਰਦੀ ਬਸ ਦੇ ਡਿੱਕ-ਡੋਲਿਆਂ ਨਾਲ਼ ਕਿਤਾਬਾਂ, ਹੱਥਾਂ ‘ਚੋਂ ਖਿਸਕ ਕੇ, ਪੈਰਾਂ ‘ਚ ਜਾ ਡਿਗਦੀਆਂ। ਅਕਸਰ ਹੀ ਕੁੱਝ ਕੁ ਮੀਲ ਦੇ ਸਫ਼ਰ ਬਾਅਦ ਹੀ ਊਂਘ ਆਉਣ ਲੱਗ ਜਾਂਦੀ ਤੇ ਮੱਥਾ ਅਗਲੀ ਸੀਟ ਦੀ ਢੋਅ ਨਾਲ਼ ਜਾ ਵਜਦਾ। ਗਾਇਕੀ ਦੇ ਬਹੁਤੇ ਪ੍ਰੋਗਰਾਮ ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ‘ਚ ਦੂਰ-ਦੁਰੇਡੇ ਖਿੰਡੇ ਪਿੰਡਾਂ ‘ਚੋਂ ਆਉਂਦੇ। ਅਸੀਂ ਬਠਿੰਡੇ ਤੋਂ ਦੂਰ ਕਿਸੇ ਸਟੇਸ਼ਨ ‘ਤੇ ਉੱਤਰਦੇ ਜਿੱਥੋਂ ਅੱਗੇ ਪਿੰਡ ‘ਚ ਜਾਣ ਲਈ ਸਾਡੇ ਮੇਜ਼ਬਾਨਾਂ ਵੱਲੋਂ ਸਾਡੇ ਲਈ ਊਠ ਭੇਜੇ ਹੁੰਦੇ। ਊਠਾਂ ਦੀਆਂ ਕਾਠੀਆਂ ‘ਤੇ ਟੁੰਗੇ, ਰੇਤੇ ਅਤੇ ਟਿੱਬਿਆਂ ਦਾ ਕਈ ਕਈ ਕੋਹਾਂ ਦਾ ਰਸਤਾ ਮਾਪਦੇ, ਅਸੀਂ ਟਿਕਾਣੇ ਪਹੁੰਚਦੇ ਤੇ ਢਾਈ-ਤਿੰਨ ਘੰਟੇ ਲੰਮਾਂ ਗਾਇਕੀ ਦਾ ਪ੍ਰੋਗਰਾਮ ਕਰ ਕੇ, ਅੱਵਲ ਤਾਂ ਰਾਤ ਨੂੰ ਹੀ ਅਗਲੀ ਮੰਜ਼ਿਲ ਵੱਲ ਚਾਲੇ ਪਾ ਦਿੰਦੇ ਤੇ ਜਾਂ ਫਿਰ ਅਗਲੀ ਸਵੇਰ ਦੇ ਸੂਰਜ ਚੜ੍ਹਦੇ ਨੂੰ ਊਠਾਂ ਰਾਹੀਂ ਕਈ ਮੀਲਾਂ ਤੈਅ ਕਰਕੇ ਵਾਪਿਸ ਰੇਲਵੇ ਸਟਸ਼ਨ ‘ਤੇ ਆ ਸਿਰ ਕਢਦੇ। ਇਸ ਲਈ ਕੁੱਝ ਕੁ ਦਿਨਾਂ ‘ਚ ਹੀ ਬੁੱਧੀਮਾਨੀ ਦੀਆਂ ਕਿਤਾਬਾਂ, ਚਮੜੇ ਦੇ ਬੈਗ਼ਾਂ ‘ਚ ਪੱਕੇ ਤੌਰ ‘ਤੇ ਸੌਂ ਗਈਆਂ।

ਬੁੱਕਿੰਗ ਦੀ ਝੜੀ ਏਨੀ ਭਰਵੀਂ ਲੱਗਣ ਲੱਗ ਪਈ ਕਿ ਹਫ਼ਤੇ ਦਾ ਐਵੇਂ ਇੱਕ-ਅੱਧਾ ਦਿਨ ਹੀ ਖ਼ਾਲੀ ਰਹਿੰਦਾ। ਅੱਜ ਜੇ ਕੋਟਕਪੂਰੇ ਦੇ ਕਿਸੇ ਪਿੰਡ ‘ਚ ਗਾਇਕੀ ਹੋ ਰਹੀ ਹੁੰਦੀ ਤਾਂ ਅਗਲੇ ਦਿਨ ਬਰਨਾਲ਼ੇ ਦੇ ਆਸ-ਪਾਸ ਤੇ ਉਸ ਤੋਂ ਅਗਲੇਰੇ ਦਿਨ ਫ਼ੀਰੋਜ਼ਪੁਰ ਦੀ ਵੱਖੀ ‘ਚ। ਖ਼ਾਨਾਬਦੋਸ਼ੀ ਦੇ ਇਸ ਜੀਵਨ ‘ਚ ਸਫ਼ਰ ਹੀ ਸਫ਼ਰ ਸੀ।। ਬੈਗ਼ਾਂ ‘ਚ ਵੱਧ ਤੋਂ ਵੱਧ ਤਿੰਨ ਕੁੜਤੇ-ਪਜਾਮੇ ਹੀ ਸਮਾਉਂਦੇ ਸਨ, ਇਸ ਲਈ ਇੱਕੋ ਹੀ ਕੁੜਤਾ ਉਦੋਂ ਤੀਕ ਸਰੀਰ ਨੂੰ ਅਲਵਿਦਾ ਨਾ ਕਹਿੰਦਾ ਜਦ ਤੀਕ ਮੈਲ਼ ਉਸ ਦੇ ਕਾਲਰਾਂ ‘ਚੋਂ ਦੁਹਾਈਆਂ ਪਾਉਣ ਨਾ ਲੱਗ ਜਾਂਦੀ। ਕਈ ਵਾਰ ਦੋ ਦੋ ਹਫ਼ਤੇ ਪਿੰਡ ਜਾਣ ਦੀ ਫ਼ੁਰਸਤ ਨਾ ਮਿਲ਼ਦੀ, ਤੇ ਬੇਬੇ ਕਾਲ਼ਜਾ ਫੜ ਕੇ ਸਾਨੂੰ ਉਡੀਕਦੀ ਰਹਿੰਦੀ।

ਅਕਸਰ ਹੀ ਰਾਤ ਦਾ ਵਿਸਰਾਮ ਬਠਿੰਡੇ ਕਰਨਾ ਪੈਂਦਾ। ਉੱਥੇ ਰੇਲਵੇ ਸਟੇਸ਼ਨ ਦੇ ਨੇੜੇ ਹੀ, ਇੱਕ ਢਾਬੇ ਉੱਪਰਲੇ ਇੱਕ ਵਿਸ਼ਾਲ ਚੌਬਾਰੇ ‘ਚ ‘ਹਿੰਮਤ’ ਨਾਮ ਦਾ ਵਿਅਕਤੀ ਇੱਕ ਸਰਾਂ ਚਲਾਉਂਦਾ ਸੀ। ਛੋਟੀ ਉਮਰ ‘ਚ ਹੀ ਕਿਰ ਗਏ ਸਾਰਿਆਂ ਦੰਦਾਂ ਵਾਲ਼ੇ, ਅੱਧਖੜ ਉਮਰ ਵਾਲ਼ੇ ਇਸ ਬਾਣੀਏਂ ਨੇ ਇਸ ਵੱਡ-ਅਕਾਰੀ ਚੌਬਾਰੇ ਨੂੰ, ਪਲਾਈ ਦੀਆਂ ਚਾਦਰਾਂ ਨਾਲ਼ ਵੀਹ-ਬਾਈ ਨਿੱਕੇ ਨਿੱਕੇ ਕੈਬਨਾਂ ਵਿੱਚ ਵੰਡ ਕੇ ਉਨ੍ਹਾਂ ‘ਚ ਇੱਕ, ਇੱਕ ਮੰਜਾ ਡਹਿਆ ਹੋਇਆ ਸੀ। ਕੈਬਨਾਂ ਉੱਪਰ ਛੱਤਾਂ ਦੀ ਅਣਹੋਂਦ ਕਾਰਨ ਚੌਬਾਰੇ ਦੀਆਂ ਛੱਤਾਂ ਨਾਲ਼ ਲਮਕਦੇ ਵੱਡੇ-ਵੱਡੇ ਫਰਾਂ ਵਾਲ਼ੇ ਤਿੰਨ, ਚਾਰ ਮੁੱਦਤ-ਪੁਰਾਣੇ ਪੱਖੇ ਕੈਬਨਾਂ ‘ਚ ਠਹਿਰੇ ਮੁਸਾਫ਼ਰਾਂ ਨੂੰ ਹਵਾ ਦੇਣ ਦੇ ਨਾਲ਼ ਖੜੱਕ ਖੜੱਕ ਦੀ ਅਵਾਜ਼ ਵੀ ਸੁਣਾਉਂਦੇ ਸਨ। ਕੈਬਿਨਾਂ ਵਿਚਕਾਰਲੀ ਪਲਾਈ ਏਨੀ ਮਹੀਨ ਸੀ ਕਿ ਨਾਲ਼ ਦੇ ਕੈਬਿਨ ‘ਚ ਸੁੱਤੇ ਮੁਸਾਫ਼ਰ ਦਾ ਸਾਹ ਵੀ ਸਾਫ਼ ਸੁਣਾਈ ਦੇਂਦਾ ਸੀ। ਗਰਮੀਆਂ ਦੇ ਦਿਨੀਂ ਉੱਪਰ ਲੈਣ ਲਈ ਮੈਲ਼ੀਆਂ-ਕੁਚੈਲ਼ੀਆਂ ਚਾਦਰਾਂ ਮਿਲ਼ਦੀਆਂ ਤੇ ਸਰਦੀਆਂ ਨੂੰ ਫਟੇ-ਪੁਰਾਣੇ ਕੰਬਲ਼। ਚੌਬਾਰੇ ਦੇ ਅੰਦਰ ਹੀ ਇੱਕ ਨੁੱਕਰੇ ਕੈਬਿਨ ਉਸਾਰ ਕੇ ਛੇ, ਸੱਤ ਚੁਲ੍ਹਾਨੁਮਾ ਟੱਟੀਆਂ ਬਣਾਈਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਉੱਠਦੀ, ਮਲ਼ਮੂਤਰ ਦੀ ਦੁਰਗੰਧ, ਸਾਰੇ ਚੌਬਾਰੇ ਵਿੱਚ ਫੈਲੀ ਹੁੰਦੀ। ਹਿੰਮਤ ਕੈਬਿਨ ਦਾ ਕਿਰਾਇਆ ਪੰਜ ਰੁਪਏ ਫੀ ਮੁਸਾਫ਼ਿਰ ਝਾੜਦਾ ਸੀ, ਪ੍ਰੰਤੂ ਅਸੀਂ ਕਿਉਂਕਿ ਇੱਕ ਤਾਂ ਹਰ ਹਫ਼ਤੇ, ਦੋ-ਹਫ਼ਤੇ ਬਾਅਦ ਉਸ ਦੀ ਸਰਾਂ ‘ਚ ਆਉਣ ਵਾਲ਼ੇ ਉਸ ਦੇ ਬਾਕਾਇਦਾ ਗਾਹਕ ਬਣ ਗਏ ਸਾਂ, ਤੇ ਦੂਸਰਾ ਅਸੀਂ ਤਿੰਨੇਂ ਦੋ ਜਾਂ ਤਿੰਨ ਮੰਜਿਆਂ ਦੀ ਥਾਂ ਇੱਕੋ ਉੱਤੇ ਹੀ ਇੱਕ-ਦੂਜੇ ‘ਚ ਘੁਸੜ ਕੇ ਸੌਣ ਗਿੱਝ ਗਏ ਸਾਂ, ਇਸ ਲਈ ਸਾਨੂੰ ਤਿੰਨਾਂ ਨੂੰ ਉਹ ਇੱਕੋ ਮੰਜੇ ਵਾਲ਼ਾ ਕੈਬਿਨ ਪੰਦਰਾਂ ਦੀ ਬਜਾਏ ਦਸ ਰੁਪੈਆਂ ‘ਚ ਹੀ ਦੇ ਦੇਂਦਾ ਸੀ।

ਇਸ ਸਾਲ ਸਿਆਲ਼ੋ-ਸਿਆਲ਼ ਸ਼ਾਦੀਆਂ ਦੇ ਸਮਾਗਮਾਂ ਅਤੇ ਧਾਰਮਿਕ ਦੀਵਾਨਾਂ ‘ਚ ਗਾਇਕੀ ਕਰਦਿਆਂ ਅਸੀਂ ਰੁੱਗਾਂ ਦੇ ਰੁੱਗ ਪੈਸਾ ਕਮਾ ਲਿਆ। ਗਹਿਣੇ ਦੇ ਪ੍ਰੋਨੋਟਾਂ ‘ਚ ਲਿਪਟੀ ਰਹਿ ਗਈ ਜ਼ਮੀਨ ‘ਚੋਂ ਅੱਧ-ਪਚੱਧ ਭੋਰ ਕੇ ਬਾਪੂ ਦੀ ਮੁੱਠੀ ‘ਚ ਕਰ ਦਿੱਤੀ ਗਈ। ਅਪਰੈਲ ਮਈ ‘ਚ ਪੇਂਡੂ ਲੋਕ ਕਣਕਾਂ ਦੀ ਵਢਾਈ ਤੇ ਗਹਾਈ ਰੁੱਝੇ ਹੋਣ ਕਾਰਨ ਗਾਇਕੀ ਦਾ ਕੰਮ ਮੱਠਾ ਹੋ ਗਿਆ, ਪਰ ਜੂਨ ਚੜ੍ਹਦਿਆਂ ਹੀ ਵਿਆਹਾਂ ਦਾ ਜ਼ੋਰ ਸਾਉਣ ਦੀਆਂ ਘਟਾਵਾਂ ਵਾਂਗ ਆ ਚੜ੍ਹਿਆ। ਸਾਰਾ ਜੂਨ, ਜੁਲਾਈ ਤੇ ਅਗਸਤ ਗਾਇਕੀ ਦੀ ਚੱਲ-ਸੋ-ਚੱਲ ਰਹੀ: ਅਧਿਓਂ ਬਹੁਤੀਆਂ ਤਾਰੀਖ਼ਾਂ ਦੋ ਦੋ ਮਹੀਨੇ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹੁੰਦੀਆਂ। ਜਿੱਥੇ ਵੀ ਗਾਇਕੀ ਕਰਨੀ ਹੁੰਦੀ, ਓਥੇ ਨੇੜੇ ਤੇੜੇ ਦੇ ਪਿੰਡਾਂ ‘ਚੋਂ ਆਏ ਹਜ਼ਾਰ ਹਜ਼ਾਰ ਲੋਕਾਂ ਦਾ ਇਕੱਠ ਹੋਇਆ ਹੁੰਦਾ। ਸ੍ਰੋਤੇ ਟਿਕਟਿਕੀ ਲਾ ਕੇ ਸਾਡੀ ਗਾਇਕੀ ਸੁਣਦੇ। ਨੋਟ ਵਰ੍ਹਦੇ। ਬੱਲੇ ਬੱਲੇ ਹੁੰਦੀ। ਗਾਇਕੀ ਦੇ ਸੈਸ਼ਨ ਦੇ ਖ਼ਾਤਮੇ ‘ਤੇ ਸਾਡੇ ਉਦਾਲ਼ੇ ਪ੍ਰਸੰਸਕਾਂ ਦਾ ਝੁਰਮਟ ਬੱਝ ਜਾਂਦਾ। ਰਾਤ ਨੂੰ ਸਾਡੇ ਉਤਾਰੇ ਵਾਲ਼ੇ ਘਰ ‘ਚ ਸਾਡੇ ਲਈ ਮੁਰਗ਼ੇ ਰਿਝਦੇ ਤੇ ਬੋਤਲਾਂ ਦੇ ਡੱਟ ਕੜੱਕ ਕੜੱਕ ਕਰਦੇ।

ਗਾਇਕੀ ਦੇ ਅਮੁੱਕ ਸਫ਼ਰ ਦੇ ਸਿੱਟੇ ਵਜੋਂ, ਪੜ੍ਹਾਈ-ਲਿਖਾਈ ‘ਚ ਮੇਰਾ ਸ਼ੌਕ ਲੁੜਕ ਕੇ ਰਹਿ ਗਿਆ। ‘ਬੁੱਧੀਮਾਨੀ’ ਦੀਆਂ ਕਿਤਾਬਾਂ ਬੈਗਾਂ ‘ਚੋਂ ਛਾਲ਼ਾਂ ਮਾਰ ਕੇ ਰੇਡੀਓ ਵਾਲ਼ੀ ਬੈਠਕ ‘ਚ ਬਣੀ ਅਲਮਾਰੀ ‘ਚ ਜਾ ਬਿਰਾਜੀਆਂ।

ਇਨ੍ਹੀ ਦਿਨੀਂ ਹੀ ਬਾਪੂ ਦੇ ਦਿਮਾਗ਼ ‘ਚ ਇੱਕ ਨਵਾਂ ਈ ਖ਼ਿਆਲ ਮੰਡਰਾਉਣ ਲੱਗਾ: ਅਖ਼ੇ ਪਾਸਪੋਰਟ ਬਣਵਾਓ ਤੇ ਸਿੰਘਾਪੁਰ ਮਲੇਸ਼ੀਆ ਨਿੱਕਲ਼ ਜਾਓ! ਓਥੇ ਕੋਈ ਢਾਡੀ-ਕਵੀਸ਼ਰ ਕਦੇ ਨਹੀਂ ਜਾਂਦਾ; ਇਸ ਲਈ ਓਥੇ ਦੇ ਪੰਜਾਬੀਆਂ ਨੂੰ ਗਾਇਕੀ ਦੀ ਡਾਢੀ ਭੁੱਖ ਹੋਵੇਗੀ। ਜੇ ਤੁਸੀਂ ਓਥੇ ਚਲੇ ਗਏ, ਓਥੋਂ ਦੇ ਪੰਜਾਬੀ ਤੁਹਾਡੀ ਕਵੀਸ਼ਰੀ ਸੁਣ ਕੇ ਤੁਹਾਡੀਆਂ ਜੇਬਾਂ ਭਰ ਦੇਣਗੇ।

ਬਲਵੰਤ ਨੇ ਇਸੇ ਸਾਲ ਜਦੋਂ ਗਾਇਕੀ ਕਰਦਿਆਂ, ਕਰਦਿਆਂ ਬੀ ਏ ਦੀ ਡਿਗਰੀ ਵੀ ਹਾਸਲ ਕਰ ਲਈ ਤਾਂ ਬਾਪੂ ਗਦ-ਗਦ ਹੋਇਆ ਫਿਰੇ ਕਿਉਂਕਿ ਉਨ੍ਹਾਂ ਵਕਤਾਂ ‘ਚ ਸਾਡੇ ਉਦਾਲ਼ੇ-ਪਦਾਲ਼ੇ ਦੇ ਪਿੰਡਾਂ ‘ਚ ਬੀ ਏ ਦਾ ਡਿਗਰੀ ਹੋਲਡਰ ਕੋਈ ਟਾਵਾਂ-ਟਾਵਾਂ ਹੀ ਹੋਵੇਗਾ। ਬਲਵੰਤ ਕੋਲ਼ ਹੁਣ ਦੋ ਰਸਤੇ ਸਨ: ਇੱਕ ਤਾਂ ਇਹ ਕਿ ਮੋਗੇ ਦੇ ਡੀ ਐਮ ਕਾਲਜ ‘ਚੋਂ ਟੀਚਿੰਗ ਦੀ ਡਿਗਰੀ (ਬੀ ਟੀ) ਲੈ ਕੇ ਕਿਤੇ ਅਧਿਆਪਕ ਲੱਗ ਜਾਵੇ, ਤੇ ਦੂਸਰਾ ਇਹ ਕਿ ਦੂਰ-ਦੂਰ ਫੈਲੀ ਸਾਡੇ ਕਵੀਸ਼ਰੀ ਜੱਥੇ ਦੀ ਪ੍ਰਸਿੱਧੀ ਦਾ ਲਾਹਾ ਲੈਣ ਲਈ ਗਾਇਕੀ ਦਾ ਕੰਮ ਹੀ ਚਲਾਈ ਜਾਵੇ। ਬੀ ਟੀ ਟੀਚਰ ਦੀ ਮਹੀਨੇ ਦੀ ਤਨਖਾਹ ਓਦੋਂ ਸੌ, ਸਵਾ-ਕੁ ਸੌ ਰੁਪਏ ਹੋਵੇਗੀ, ਪ੍ਰੰਤੂ ਏਨੇ ਪੈਸੇ ਤਾਂ ਗਾਇਕੀ ਰਾਹੀਂ ਅਸੀਂ ਇੱਕ ਦਿਨ ‘ਚ ਹੀ ਕਮਾ ਲੈਂਦੇ ਸਾਂ।

ਅਕਤੂਬਰ 1962 ‘ਚ ਜਦੋਂ ਚੀਨ ਨੇ ਭਾਰਤ ਉੱਪਰ ਹਮਲਾ ਕੀਤਾ, ਮੈਂ ਉਮਰ ਦੇ ਸਤ੍ਹਾਰਵੇਂ ਵਰ੍ਹੇ ਦਾ ਪਹਿਲਾ ਅੱਧ ਪੂਰਾ ਕਰ ਲਿਆ ਸੀ। ਕੱਤੇ ਦੀ ਬਿਜਾਈ ਜ਼ੋਰਾਂ ‘ਤੇ ਹੋਣ ਕਾਰਨ, ਪੇਂਡੂ ਲੋਕ ਗਲ਼-ਗਲ਼ ਤੀਕ ਕੰਮ ਵਿੱਚ ਰੁੱਝੇ ਹੋਏ ਸਨ। ਗਾਇਕੀ ਵੱਲੋਂ ਬਿਲਕੁਲ ਵਿਹਲੇ ਹੋਣ ਕਰ ਕੇ ਮੈਂ ਤੇ ਰਛਪਾਲ ਆਪਣੇ ਘਰ ਹੀ ਹੋਇਆ ਕਰਦੇ ਸਾਂ। ਅਸੀਂ ਸਵੇਰੇ ਉੱਠਦੇ ਤੇ ਚੁਲ੍ਹੇ ਉੱਪਰ ਪਤੀਲੇ ‘ਚ ਚਾਹ ਬਣਾ ਰਹੀ ਬੇਬੇ ਦੇ ਸਾਹਮਣੇ ਬੈਠ ਜਾਂਦੇ। ਬੇਬੇ ਨਾਸ਼ਤੇ ਦੇ ਪਰਾਉਠਿਆਂ ਲਈ ਆਟਾ ਗੁੰਨ੍ਹਦੀ ਤੇ, ਤਾਜ਼ੀ ਕੱਢੀ ਮੱਖਣੀ, ਦਹੀਂ ਵਾਲ਼ੇ ਕਟੋਰਿਆਂ ‘ਚ ਸੁੱਟਕੇ ਸਾਡੇ ਅਗਾੜੀ ਰੱਖ ਦਿੰਦੀ। ਮੈਂ ਅਤੇ, ਅੱਠਵੀਂ ਜਮਾਤ ‘ਚੋਂ ਹਟਾਇਆ ਰਛਪਾਲ, ਦਿਨ ਭਰ ਚਾਰਾ ਵੱਢਣ-ਕੁਤਰਨ, ਮੱਝਾਂ ਨੁਹਾਉਣ, ਸੰਨ੍ਹੀਆਂ ਕਰਨ ਅਤੇ ਗੋਹਾ ਹਟਾਉਣ ਵਰਗੇ ਨਿੱਕੇ-ਮੋਟੇ ਕੰਮਾਂ ‘ਚ ਰੁੱਝੇ ਰਹਿੰਦੇ। ਕਦੇ ਕਦੇ ਚਾਹ-ਗੁੜ, ਖੰਡ ਤੇ ਦਾਲ਼ਾਂ-ਮਸਾਲੇ ਆਦਿਕ ਖ਼ਰੀਦਣ ਲਈ ਇੱਕੋ ਸਾਈਕਲ ‘ਤੇ ਅਸੀਂ ਮੋਗੇ ਸ਼ਹਿਰ ਨੂੰ ਨਿੱਕਲ਼ ਜਾਂਦੇ। ਵਿਹਲੇ ਸਮੇਂ ‘ਚ ਖੁੱਤੀ ਉਦਾਲ਼ੇ ਬਾਂਟਿਆਂ ਨਾਲ਼ ਖੇਡ ਛੱਡਦੇ। ਲੁਧਿਆਣੇ ਜ਼ਿਲੇ ਦੇ ਪਿੰਡ ਬਾੜੇਵਾਲ ਦਾ ਵਸਨੀਕ, ਮੇਰੀ ਵੱਡੀ ਭਰਜਾਈ ਦਾ ਭਰਾ, ਮਾਸਟਰ ਭਰਪੂਰ ਸਿੰਘ ਇਨ੍ਹੀ ਦਿਨੀਂ ਕਿਤਾਬਾਂ ਦਾ ਝੋਲ਼ਾ ਭਰ ਕੇ ਸਾਡੇ ਪਿੰਡ ਆ ਬਿਰਾਜਿਆ। ਉਹ ਨੌਕਰੀ ਕਰਨ ਦੇ ਨਾਲ਼ ਨਾਲ਼ ਪ੍ਰਾਈਵੇਟਲੀ ਬੀ ਏ ਦੀ ਅੰਗਰੇਜ਼ੀ ਅਤੇ ਹਿਸਟਰੀ ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ। ਉਹ ਸਵਖ਼ਤੇ ਉੱਠਦਾ, ਤੇ ਨਹਾ-ਧੋ ਕੇ, ਦਾਹੜੀ ਦੇ ਹੇਠਲੇ ਪਾਸਿਓਂ ਕੰਨਾਂ ਕੋਲ਼ ਦੀ ਸਿਰ ਵੱਲ ਨੂੰ ਜਾਂਦੀ ਇੱਕ ਡੋਰੀ ਦੀ ਗੰਢ ਸਿਰ ਦੇ ਐਨ ਵਿਚਾਲ਼ੇ ਦੇ ਦੇਂਦਾ। ਫਿਰ ਉਹ ਆਪਣੇ ਝੋਲ਼ੇ ‘ਚੋਂ ਲੋਹੇ ਦੀ ਇੱਕ ਪਤਲੀ ਜਿਹੀ ਕਿੱਲੀ (ਬਾਜ) ਕਢਦਾ ਜਿਸ ਦੀ ਸਲੀਕੇਦਾਰ ਮੱਦਦ ਨਾਲ਼, ਉਹ ਆਪਣੀ ਦਾਹੜੀ ਨੂੰ ਡੋਰੀ ਦੇ ਹੇਠ ਥੁੰਨ ਲੈਂਦਾ। ਦੁਪਹਿਰ ਹੋਣ ਤੀਕ ਉਹ ਕਿਤਾਬਾਂ-ਕਾਪੀਆਂ ‘ਚ ਰੁੱਝਿਆ ਰਹਿੰਦਾ।

ਦੁਪਹਿਰ ਦੀ ਰੋਟੀ ਖਾ ਕੇ ਉਹ ਘੰਟੇ ਕੁ ਲਈ ਬਿਸਤਰੇ ਦੇ ਗਲ਼ ਲੱਗ ਜਾਂਦਾ। ਸੂਰਜ ਦੇ ਅਸਤਣ ਤੋਂ ਘੰਟਾ ਕੁ ਪਹਿਲਾਂ ਸਾਡੀ ਭਰਜਾਈ ਦਾ ਇਹ ਭਰਾ ਮੈਨੂੰ ਤੇ ਰਛਪਾਲ ਨੂੰ ਨਾਲ਼ ਲੈ ਕੇ ਸਾਡੇ ਖੇਤ ਵੱਲ ਨੂੰ ਨਿੱਕਲ਼ ਤੁਰਦਾ। ਖੇਤ ‘ਚ ਏਧਰ ਔਧਰ ਗੇੜੇ ਕੱਢਣ ਤੋਂ ਬਾਅਦ, ਮੁੜਦੇ ਵਕਤ ਅਸੀਂ ਅਗਲੀ ਸਵੇਰ ਲਈ ਸਾਰੇ ਟੱਬਰ ਵਾਸਤੇ ਕਿੱਕਰਾਂ ਤੋਂ ਦਾਤਣਾਂ ਵੀ ਲਾਹ ਲਿਆਉਂਦੇ।

ਸ਼ਾਮ ਦਾ ਰੰਗ ਸਾਂਵਲ਼ਾ  ਹੁੰਦਿਆਂ ਹੀ ਉਹ ਬਾਪੂ ਦੀ ਸ਼ਰਾਬ ਦੀਆਂ ਬੋਤਲਾਂ ਵਾਲ਼ੀ ਅਲਮਾਰੀ ਨਾਲ਼ ਗੁਫ਼ਤਗੂ ਕਰ ਕੇ ਇੱਕ ਬੋਤਲ ਉਠਾਅ ਲਿਆਉਂਦਾ। ਪਹਿਲਾ ਹਾੜਾ ਘੁੱਟ, ਘੁੱਟ ਕਰ ਕੇ ਨਿਘਾਰਨ ਤੋਂ ਬਾਅਦ ਉਹ ਮੈਨੂੰ ਤੇ ਰਛਪਾਲ ਨੂੰ ਕਵੀਸ਼ਰੀ ਸੁਣਾਉਣ ਲਈ ਆਖਦਾ। ਅਸੀਂ ਤੂੰਬੀ ਨੂੰ ਜਗਾ ਲੈਂਦੇ, ਤੇ ਸ਼ਾਹਣੀ ਕੌਲਾਂ, ਮਿਰਜ਼ਾ, ਜਾਂ ਕੋਈ ਹੋਰ ਕਿੱਸਾ ਛੋਹ ਲੈਂਦੇ। ਅਸੀਂ ਗਾਇਕੀ ਕਰਦੇ ਤਾਂ ਉਸ ਦੀਆਂ ਮੋਟੇ ਸ਼ੀਸ਼ਿਆ ਵਾਲ਼ੀਆਂ ਐਨਕਾਂ ਦੇ ਪਿਛਵਾੜਿਓਂ ਉਸ ਦੀਆਂ ਅੱਖਾਂ ‘ਚ ਸਰੂਰ ਟਪਕਣ ਲਗਦਾ। ਇੱਕ-ਦੂਜੀ ‘ਚ ਪੂਰੀ ਤਰ੍ਹਾਂ ਇੱਕਸਾਰ ਹੋਈਆਂ ਆਵਾਜ਼ਾਂ ‘ਚ ਜਦੋਂ ਅਸੀਂ ਲੰਮੀ ਹੇਕ ਲਾਉਂਦੇ ਤਾਂ ਉਹ ‘ਬਹੁਤ ਖ਼ੂਬ! ਬਹੁਤ ਖ਼ੂਬ’ ਆਖ ਕੇ ਆਪਣਾ ਸੱਜਾ ਹੱਥ ਸਾਡੇ ਵੱਲ ਵਧਾਅ ਦੇਂਦਾ। ਤੀਜੇ ਹਾੜੇ ਦੇ ਮੁੱਕਣ ਵੇਲ਼ੇ ਉਸ ਦੀਆਂ ਅੱਖਾਂ ‘ਚ ਅੱਥਰੂ ਟਪਕ ਉੱਠਦੇ।

ਇੱਕ ਦਿਨ ਜਦੋਂ ਅਸੀਂ ਖੇਤ ਗੇੜਾ ਮਾਰ ਰਹੇ ਸਾਂ ਤਾਂ ਭਰਪੂਰ ਸਿੰਘ ਕਹਿਣ ਲੱਗਾ: ਓਏ ਮੁੰਡਿਓ, ਤੁਸੀਂ ਗਾਉਂਦੇ ਤਾਂ ਵਧੀਆ ਓਂ, ਪਰ … ਸਕੂਲ ਕਿਓਂ ਛੱਡ ’ਤਾ?

-ਬਾਪੂ ਜੀ ਕਹਿੰਦੇ ਐ ਬਈ ਸਕੂਲ ਦਾ ਕੋਈ ਬਹੁਤਾ ਫ਼ਾਇਦਾ ਨੀ … ਤੁਸੀਂ ਸਿੰਘਾਪੁਰ ਮਲੇਸ਼ੀਆ ਚਲੇ ਜਾਓ ਤੇ ਰੱਜ ਕੇ ਪੈਸੇ ਕਮਾਓ, ਸਾਡਾ ਜਵਾਬ ਸੀ। –ਕਹਿੰਦੇ ਓਥੋਂ ਅੱਗੇ ਇੰਗਲੈਂਡ ਨੂੰ ਨਿੱਕਲ਼ ਜਾਇਓ।

-ਪਰ … ਸਿੰਘਾਪੁਰ ਮਲੇਸ਼ੀਆ ਤੁਸੀਂ ਸਾਰੀ ਉਮਰ ਤਾਂ ਨੀ ਗਾਈ ਜਾਓਂਗੇ … ਪਹਿਲੀ ਗੱਲ ਤਾਂ ਸਿੰਘਾਪੁਰ ਮਲੇਸ਼ੀਆ ਜਾਣਾ ਈ ਔਖੈ, ਤੇ ਇੰਗਲੈਂਡ ਪਹੁੰਚਣਾ ਤਾਂ ਓਦੂੰ ਵੀ ਮੁਹਾਲ ਐ … ਨਾਲ਼ੇ ਜੇ ਪੜ੍ਹਾਈ-ਲਿਖਾਈ ਪੱਲੇ ਨਾ ਹੋਈ ਤਾਂ ਇੰਗਲੈਂਡ ‘ਚ ਸਾਰੀ ਉਮਰ ਮਜ਼ਦੂਰੀ ਹੀ ਕਰੋਂਗੇ … ਜਾਂ ਵੱਧ ਤੋਂ ਵੱਧ ਕਿਸੇ ਗੁਰਦਵਾਰੇ ‘ਚ ਗ੍ਰੰਥੀ ਬਣ ਕੇ ਵਾਜੇ ਵਜਾਈ ਜਾਵੋਂਗੇ …

ਅਸੀਂ ਚੁੱਪ ਸਾਂ।

-ਮੈਂ ਤੁਹਾਨੂੰ ਦੱਸਾਂ ਇੱਕ ਗੱਲ? ਮਾਸਟਰ ਭਰਪੂਰ ਸਿੰਘ ਸੰਜੀਦਾ ਹੁੰਦਿਆਂ ਬੋਲਿਆ। –ਅੱਜ ਤਾਂ ਤੁਸੀਂ ਨਿਆਣੇ ਓਂ … ਭੋਲ਼ੇ-ਭਾਲ਼ੇ ਤੇ ਮਸੂਮ ਜਿਹੇ ਜਾਪਦੇ ਨੇ ਤੁਹਾਡੇ ਚਿਹਰੇ … ਇਸ ਲਈ ਲੋਕ ਤੁਹਾਨੂੰ ਹੱਥਾਂ ‘ਤੇ ਉਠਾਈ ਫਿਰਦੇ ਨੇ … ਪਰ ਜਦੋਂ ਤੁਸੀਂ 19-20 ਸਾਲ ਤੋਂ ਟੱਪ ਗਏ ਤਾਂ ਅੱਜ ਵਾਲ਼ੀ ਸ਼ੋਹਰਤ ਕਾਇਮ ਨੲ੍ਹੀਂ ਰਹਿਣੀ … ਹੋ ਸਕਦੈ ਓਦੋਂ ਨੂੰ ਤੁਹਾਡੇ ਵਰਗਾ ਈ ਕੋਈ ਨਵਾਂ ਗਵੱਈਆ ਉੱਠ ਖੜ੍ਹੇ … ਲੋਕਾਂ ਦੀ ਫ਼ਿਤਰਤ ਐ ਬਈ ਇਹ ਨਵੀਂ ਚੀਜ਼ ਨੂੰ ਟੁੱਟ ਕੇ ਪੈਂਦੇ ਐ … ਹੋ ਸਕਦੈ ਕੋਈ ਨਵਾਂ ਗਾਇਕ ਹੂੰਝਾ ਈ ਫੇਰ ਦੇਵੇ ਜਿਵੇਂ ਤੁਸੀਂ ਨਿੱਕਿਆਂ ਨਿੱਕਿਆਂ ਨੇ ਵੱਡੇ ਵੱਡੇ ਗਾਇਕਾਂ ਨੂੰ ਪਛਾੜ ਦਿੱਤੈ … ਪਰ ਜੇ ਪੜ੍ਹਾਈ ਛੱਡ ਦਿੱਤੀ ਤਾਂ ਕੀ ਕਰੋਂਗੇ ਉਸ ਵਕਤ ਜਦੋਂ ਤੁਹਾਡੀ ਗਾਇਕੀ ਦਾ ਕੰਮ ਉੱਕਾ ਈ ਮੱਠਾ ਪੈ ਗਿਆ? ਖੇਤੀ ਕਰਨ ਜੋਗੇ ਰਹਿਜੋਂਗੇ … ਕੀ ਪਿਐ ਖੇਤੀ ‘ਚ … ਮਿੱਟੀ ਨਾਲ਼ ਮਿੱਟੀ ਹੋਣ ਤੋਂ ਸਿਵਾ?

-ਬਾਈ ਜੀ ਸਾਨੂੰ ਤਾਂ ਪਤਾ ਨੀ … ਸਾਨੂੰ ਤਾਂ ਬਾਪੂ ਜੀ ਨੇ ਹਟਾਇਐ ਪੜ੍ਹਨੋਂ …

-ਮੈਂ ਕਰੂੰਗਾ ਮਾਸੜ ਜੀ (ਬਾਪੂ ਜੀ) ਨਾਲ਼ ਗੱਲ ਤੁਹਾਡੀ ਹਾਜ਼ਰੀ ‘ਚ ਈ … ਤੁਸੀਂ ਵੀ ਅਖਿਓ ਬਈ ਅਸੀਂ ਤਾਂ ਪੜ੍ਹਨ ਲੱਗਣੈ।

ਸ਼ਾਮ ਨੂੰ ਬਾਪੂ ਜੀ ਤੇ ਬਲਵੰਤ ਵੀ ਆ ਧਮਕੇ। ਮੈਂ ਤੇ ਰਛਪਾਲ ਆਂਡੇ ਉਬਾਲ਼ ਕੇ ਉਨ੍ਹਾਂ ਦੇ ਛਿਲਕੇ ਉਤਾਰਨ ਲੱਗੇ। ਕੁੱਕੜ ਦੀ ‘ਕਿਆਕੋ-ਕਿਆਕੋ’ ਕਰਾਉਣ ਤੋਂ ਬਾਅਦ, ਬਲਵੰਤ ਪਤੀਲੇ ‘ਚ ਕੜਛੀ ਮਾਰ ਰਿਹਾ ਸੀ। ਬੇਬੇ ਕੁੱਕੜ ਦੇ ਖੰਭ ਤੇ ਚਮੜੀ ਸਮੇਟ ਰਹੀ ਸੀ। ਬਾਪੂ ਨੇ ਆਪਣੇ ਲਈ ਤੇ ਮਾਸਟਰ ਭਰਪੂਰ ਲਈ ਦੋ ਗਲਾਸਾਂ ‘ਚ ਰੰਗੀਨੀਂ ਉਲੱਦ ਦਿੱਤੀ। ਸਾਨੂੰ ਪਾਣੀ ਦੀ ਗੜਵੀ ਲਿਆਉਣ ਦਾ ਹੁਕਮ ਹੋਇਆ। ਬਠਿੰਡੇ ਜ਼ਿਲ੍ਹੇ ‘ਚ ਪੈਂਦੇ ਮੰਡੀ ਕਲਾਂ ਪਿੰਡ ਦਾ, ਬਾਪੂ ਦਾ ਨਵਾਂ ਸਜਿਆ ਚੇਲਾ, ਕਰਤਾਰ ਗਿਆਨੀ, ਓਸ ਦਿਨ ਆਪਣੇ ਇੱਕ ਹੋਰ ਸਾਥੀ, ਗੁਰਦੇਵ ਸਿੰਘ ਰਾਮ ਨਿਵਾਸੀਏ ਨੂੰ, ਬਾਪੂ ਦੇ ‘ਚਰਨੀਂ’ ਲੁਆਉਣ ਲਈ ਆਇਆ ਹੋਇਆ ਸੀ। ਗਲਾਸ ਖ਼ਾਲੀ ਹੋਣ ਤੋਂ ਬਾਅਦ ਬਾਪੂ ਦੀਆਂ ਅੱਖਾਂ ‘ਚ ਜਿਓਂ ਹੀ ਗੁਲਾਬੀ ਸੁਰਮਾ ਟਪਕਣ ਲੱਗਾ, ਬਾਪੂ, ਗਿਆਨੀ ਕਰਤਾਰ ਵੱਲੀਂ, ਟੀਰੀਆ-ਅੰਦਾਜ਼ ‘ਚ ਝਾਕਿਆ। –ਹੋ ਜੇ ਫਿਰ ‘ਚਹੁੰ ਕੁ ਦਿਨਾਂ ਦਾ ਮੇਲਾ’, ਬਾਪੂ ਬੁਲ੍ਹ ਸੰਗੋੜ ਕੇ ਬੋਲਿਆ। ਗਿਆਨੀ ਗਲ਼ਾ ਸਾਫ਼ ਕਰਨ ਲਈ ਖੰਘੂਰਿਆ ਤੇ ਅਗਲੇ ਹੀ ਪਲ ਆਪਣਾ ਖੱਬਾ ਹੱਥ ਆਪਣੀ ਛਾਤੀ ‘ਤੇ ਟਿਕਾ ਕੇ ਅਤੇ ਸੱਜੇ ਹੱਥ ਨੂੰ ਹਵਾ ਹਵਾਲੇ ਕਰ ਕੇ ਉਸ ਨੇ ‘ਹੋਅਅਅਅਅਅ’ ਦੀ ਲੰਮੀ ਹੇਕ ਲਗਾ ਦਿੱਤੀ। ਉਸ ਦੀ ਕੜਕਦੀ ਆਵਾਜ਼ ਸਾਡੇ ਘਰ ਦੀਆਂ ਕੱਚੀਆਂ ਕੰਧਾਂ ਦੇ ਲਿਓੜ ਉਤਾਰਨ ਲੱਗੀ: ਉੱਠ ਜਾਗ ਮੁਸਾਫ਼ਿਰ ਤੂੰ, ਹੋਈ ਭੋਰ ਨਗਾਰੇ ਵੱਜੇ/ ਅੱਜ ਕਰਨਾ ਅੱਬ ਕਰਲਾ, ਕਰਨਾ ਕੱਲ੍ਹ ਸੋ ਕਰਲੈ ਅੱਜੇ

ਮੈਂ ਹਾਲੇ ਵੀ ਚੁਲ੍ਹੇ ਕੋਲ਼ ਬੈਠਾ ਸਾਂ। ਕਰਤਾਰ ਦਾ ਲੰਮੇਰੀ ਹੇਕ ‘ਚ ਲਾਇਆ ‘ਹੋਅਅਅਅ’ ਉੱਭਰਦਿਆਂ ਹੀ ਮੇਰੇ ਕਾਲਜੇ ‘ਚ ਤਿਤਲੀਆਂ ਉੱਡਣ ਲੱਗ ਪਈਆਂ ਸਨ, ਤੇ ਕੜਛੀ ਬਲਵੰਤ ਦੇ ਹੱਥੋਂ ਲੁਟਕ ਕੇ ਪਤੀਲੇ ਦੇ ਹਵਾਲੇ ਹੋ ਗਈ ਸੀ। ਕਰਤਾਰ ਅਜੇ ਆਪਣੀ ਪੰਗਤੀ ਦੇ ਅੱਧ ‘ਚ ਹੀ ਸੀ ਕਿ ਮੈਂ ਤੇ ਬਲਵੰਤ ਚੁੱਲ੍ਹੇ ਕੋਲ਼ੋਂ ਉੱਠ ਕੇ ਵਿਹੜੇ ‘ਚ ਲਾਈ ਬਾਪੂ ਪਾਰਸ ਦੀ ਮਹਿਫ਼ਲ ਕੋਲ਼ ਜਾ ਖਲੋਤੇ। ਕਰਤਾਰ ਨੇ ਜਿਓਂ ਹੀ ਆਪਣੀਆਂ ਦੋ ਸਤਰਾਂ ਮੁਕਾਈਆਂ, ਮੈਂ ਤੇ ਬਲਵੰਤ ਨੇ ਇੱਕ ਦੂਜੇ ਵੱਲ ਝਾਕ ਕੇ ਅਗਲੀਆਂ ਸਤਰਾਂ ਉਠਾਅ ਲਈਆਂ: ਗ਼ਫ਼ਲਤ ਵਿੱਚ ਬੀਤ ਗਿਆ, ਮੁੜ ਕੇ ਹੱਥ ਨੀ ਆਉਣਾ ਵੇਲਾ/ ਹੈ ਆਉਣ-ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ।

ਰਛਪਾਲ ਨੇ ਕਰਦ ਨਾਲ ਫਾੜੀਆਂ ਕੀਤੇ ਆਂਡਿਆਂ ਨੂੰ ਪਲੇਟ ‘ਚ ਚਿਣ ਕੇ ਦੋ ਮੰਜਿਆਂ ਵਿਚਕਾਰ, ਸਿਰ ‘ਤੇ ਬੋਤਲ ਅਤੇ ਗਲਾਸ ਚੁੱਕੀ ਖਲੋਤੇ ਮੇਜ਼ ‘ਤੇ ਟਿਕਾਅ ਦਿੱਤਾ। ਦੋ-ਦੋ ਸਤਰਾਂ ਗਾਉਂਦੇ ਮੈਂ, ਬਲਵੰਤ ਤੇ ਕਰਤਾਰ, ਛੰਦ ਨੂੰ ਸਿਖ਼ਰ ਵੱਲ ਨੂੰ ਵਧਾਉਣ ਲੱਗੇ। ਹਾਲੇ ਅਸੀਂ ਛੰਦ ਦੇ ਅੱਧ-ਵਿਚਕਾਰ ਹੀ ਪਹੁੰਚੇ ਸਾਂ ਕਿ ਸਰੂਰ ਵਿੱਚ ਆਏ ਬਾਪੂ ਦੇ ਦੋਵੇਂ ਹੱਥ ਸੱਜੀਆਂ-ਖੱਬੀਆਂ ਕੱਛਾਂ ‘ਚ ਜਾ ਬਿਰਾਜੇ ਤੇ ਉਹ ਮੋਢਿਆਂ ਨੂੰ ਉਤਾਹਾਂ ਨੂੰ ਅਗਾਸ ਕੇ ਆਪਣੇ ਸਿਰ ਨੂੰ ਖੱਬੇ-ਸੱਜੇ ਹਿਲਾਉਣ ਲੱਗਾ। ਛੰਦ ਦੀਆਂ ਅਖ਼ੀਰਲੀਆਂ ਦੋ ਸਤਰਾਂ ਗਾਉਣ ਵੇਲ਼ੇ ਕਰਤਾਰ, ਬਲਵੰਤ ਅਤੇ ਮੇਰੀਆਂ ਆਵਾਜ਼ਾਂ ਪਾਣੀ ‘ਚ ਪਾਣੀ ਵਾਂਗ ਘੁਲ਼ ਗਈਆਂ। ਏਨੇ ਨੂੰ ਰਛਪਾਲ ਕਮਰੇ ‘ਚੋਂ ਢੱਡਾਂ ਤੇ ਤੂੰਬੀ ਚੁੱਕ ਲਿਆਇਆ। ਤੂੰਬੀ ਤੁਣਕੀ ਤੇ ਢੱਡਾਂ ਹਿਣਕਿਣ ਲੱਗੀਆਂ। ਪਲਾਂ ‘ਚ ਹੀ ਸਾਡੇ ਵਿਹੜੇ ‘ਚ ਛਪਾਰ ਦਾ ਮੇਲਾ ਉੱਤਰ ਆਇਆ। ਸਾਡਿਆਂ ਗਲ਼ਿਆਂ ‘ਚੋਂ ਇੱਕ ਤੋਂ ਦੂਜੀ ਆਈਟਮ ਕਿਰਦੀ ਗਈ ਤੇ ਮਾਸਟਰ ਭਰਪੂਰ ਸਿੰਘ ਵਾਰ ਵਾਰ ‘ਵਾਹ! ਵਾਹ!’ ਕਰਦਾ ਗਿਆ।

-ਰੋਟੀ ਖਾ ਲੋ ਹੁਣ, ਚੁਲ੍ਹੇ ਕੋਲ਼ੋਂ ਬੇਬੇ ਦੀ ਅਵਾਜ਼ ਆਈ

-ਖਾਨੇ ਆਂ ਮਾਸੀ ਜੀ, ਮਾਸਟਰ ਭਰਪੂਰ ਬੋਲਿਆ। –ਪਹਿਲਾਂ ਮੈਂ ਮਾਸੜ ਜੀ ਨਾਲ਼ ਇੱਕ ਗੱਲ ਕਰਨੀ ਐਂ।

ਭਰਪੂਰ ਦਾ ਜਵਾਬ ਸੁਣਦਿਆਂ ਬਾਪੂ ਨੇ ਆਪਣੀ ਧੌਣ ਨੂੰ ਝਟਕਾ ਮਾਰਿਆ ਅਤੇ ਆਪਣੀਆਂ ਗੜੂੰਦ ਹੋਈਆਂ ਅੱਖਾਂ ਭਰਪੂਰ ਦੇ ਚਿਹਰੇ ‘ਤੇ ਗੱਡ ਦਿੱਤੀਆਂ। –ਸੁਖ ਤਾਂ ਹੈ, ਮਾਸਟਰ ਜੀ? ਬਾਪੂ ਬੁੜਬੁੜਾਇਆ।

-ਸੁਖ ਈ ਐ, ਭਰਪੂਰ ਸੰਜੀਦਾ ਲਹਿਜੇ ‘ਚ ਬੋਲਿਆ। –ਮੈਨੂੰ ਇਕਬਾਲ ਤੇ ਰਛਪਾਲ ਦਾ ਫਿਕਰ ਲੱਗਿਆ ਹੋਇਐ … ਬਲਵੰਤ ਤਾਂ ਬੀ ਏ ਕਰ ਗਿਐ, ਪਰ ਇਹ ਦੋਵੇਂ ਤੁਸੀਂ ਸਕੂਲੋਂ ਕਿਓਂ ਹਟਾਅ ਲਏ ਨੇ?

ਬਾਪੂ ਦੇ ਦੰਦਾਂ ਦੇ ਪਿਛਵਾੜੇ ਬਰਫ਼ ਜੰਮਣ ਲੱਗੀ। ਤੂੰਬੀ ਸਹਿਮ ਗਈ। ਢੱਡਾਂ ਸੁੰਗੜ ਕੇ ਝੋਲ਼ੇ ‘ਚ ਦੜ ਗਈਆਂ। ਬਾਪੂ ਦੀਆਂ ਅੱਖਾਂ ਅਹਿੱਲ ਹੋ ਗਈਆਂ।

-ਬੱਸ ਹਟਾ ਲੇ, ਲੰਮੀ ਹੋ ਗਈ ਚੁੱਪ ਨੂੰ ਤ੍ਰੇੜਣ ਲਈ ਬਾਪੂ ਬੁੜਬੁੜਾਇਆ।

-ਮੇਰੇ ਖ਼ਿਆਲ ‘ਚ ਇਹ ਕੋਈ ਚੰਗਾ ਫ਼ੈਸਲਾ ਨਹੀਂ, ਮਾਸਟਰ ਭਰਪੂਰ ਰੁਸੇਵੇਂ ਅੰਦਾਜ਼ ‘ਚ ਬੋਲਿਆ। –ਠੀਕ ਐ ਅੱਜ ਮੋਟੀ ਕਮਾਈ ਕਰ ਕੇ ਘਰ ਦਾ ਮੂੰਹ-ਮੁਹਾਂਦਰਾ ਬਦਲ ਸੁੱਟਿਐ ਇਨ੍ਹਾਂ ਨੇ, ਪਰ ਮੁੰਡਿਆਂ ਦਾ ਫ਼ਿਊਚਰ ਕੀ ਐ ਗਾਇਕੀ ‘ਚ?

-ਮੈਨੂੰ ਕਿਸੇ ਨੇ ਦੱਿਸਐ ਪਈ ‘ਬੁੱਧੀਮਾਨੀ’ …

-ਓ ਛੱਡੇ ਪਰ੍ਹੇ ਮਾਸੜ ਜੀ, ਬਾਪੂ ਦੇ ਵਾਕ ਨੂੰ ਅੱਧ-ਵਿਚਾਲ਼ਿਓਂ ਕੱਟਦਿਆਂ ਭਰਪੂਰ ਖਿਝ ਕੇ ਬੋਲਿਆ। –ਬੁੱਧੀਮਾਨੀਆਂ ਗਿਆਨੀਆਂ ਤਾਂ ਉਮਰੋਂ ਟੱਪੇ ਵਿਅਕਤੀਆਂ ਦਾ ਰੂਟ ਐ … ਇਨ੍ਹਾਂ ਦੋਹਾਂ ਨੂੰ ਕੱਲ ਤੋਂ ਸਕੂਲ ਘੱਲਣ ਲੱਗੋ …

-ਠੀਕ ਐ ਬਾਪੂ ਜੀ, ਬਲਵੰਤ ਮਿਆਂਕਿਆ। –ਮੇਰਾ ਵੀ ਇਹੀ ਖ਼ਿਆਲ ਐ ਬਈ ਮੈਂ ਆਹ ਕਰਤਾਰ ਤੇ ਗੁਰਦੇਵ ਨੂੰ ਨਾਲ਼ ਲਾ ਕੇ ਦੋ ਤਿੰਨ ਸਾਲ ਜੱਥਾ ਚਲਾ ਲੈਨੈ, ਤੇ ਆਪਾਂ ਇਕਬਾਲ ਰਛਪਾਲ ਨੂੰ ਗਾਇਕੀ ਤੋਂ ਛੁੱਟੀ ਕਰ ਦੇਈਏ

ਅਗਲੀ ਸਵੇਰ ਚਾਹ ਦੀ ਗੜਵੀ ਮੇਜ਼ ਤੋਂ ਉਠਾਉਂਦਿਆਂ ਭਰਪੂਰ ਨੇ ਸਾਡੇ ਸਕੂਲ ਜਾਣ ਦੀ ਗੱਲ ਫੇਰ ਛੋਹ ਲਈ। ਬਾਪੂ ਨੇ ਖੀਸੇ ‘ਚ ਹੱਥ ਮਾਰਿਆ ਤੇ ਰੁਮਾਲ ‘ਚ ਲਪੇਟੀ ਨੋਟਾਂ ਦੀ ਥੱਬੀ ‘ਚੋਂ ਦਸ-ਦਸ ਦੇ ਦੋ ਨੋਟ ਭਰਪੂਰ ਵੱਲ ਵਧਾਅ ਦਿੱਤੇ।

-ਇਹ ਕਾਹਦੇ ਲਈ, ਹੈਰਾਨ ਹੋਇਆ ਭਰਪੂਰ ਬੋਲਿਆ।

-ਇਹ ਤੇਰੇ ਲਈ … ਇਕਬਾਲ ਨੂੰ ਅੱਜ ਮੋਗੇ ਲੈ ਜਾ ਤੇ ਦਸਵੀਂ ਦੀਆਂ ਕਿਤਾਬਾਂ ਖ਼ਰੀਦ ਦੇ … ਕੱਲ੍ਹ ਨੂੰ ਇਹਨੂੰ ਬੁੱਟਰ ਹਾਈ ਸਕੂਲ ‘ਚ ਦਾਖ਼ਲ ਕਰਾ ਦੇਵੀਂ …

-ਸਕੂਲ ਵਾਲ਼ਿਆਂ ਨੇ ਹੁਣ ਇਕਬਾਲ ਨੂੰ ਦਸਵੀਂ ‘ਚ ਲੈਣਾ ਨੲ੍ਹੀਂ … ਇਹਨੂੰ ਹੁਣ ਪ੍ਰਾਈਵੇਟ ਈ ਪੜ੍ਹਨਾ ਪੈਣੈ ਤੇ ਪ੍ਰਾਈਵੇਟ ਕੈਂਡੀਡੇਟ ਦੇ ਤੌਰ ‘ਤੇ ਈ ਦਾਖ਼ਲਾ ਘੱਲਣਾ ਪੈਣੈ …

-ਫਿਰ ਏਹਨੂੰ ਪੜ੍ਹਾਊ ਕੌਣ? ਬਾਪੂ ਨੇ ਸਵਾਲੀਆ ਨਜ਼ਰਾਂ ਭਰਪੂਰ ਮਾਸਟਰ ਦੇ ਮੱਥੇ ‘ਚ ਗੱਡ ਦਿੱਤੀਆਂ।

-ਅੰਗਰੇਜ਼ੀ ਤੇ ਹਿਸਾਬ ਮੈਂ ਪੜ੍ਹਾਦੂੰ … ਬਾਕੀ ਮਜ਼ਮੂਨਾਂ ਦੀਆਂ ਗਾਈਡਾਂ ਨਾਲ਼ ਕੰਮ ਸਰ ਜੂ …

ਉਸੇ ਦਿਨ ਰਛਪਾਲ ਨੂੰ ਪਿੰਡ ਵਾਲ਼ੇ ਸਕੂਲ ‘ਚ ਅੱਠਵੀਂ ਵਿੱਚ ਬਿਠਾਅ ਦਿੱਤਾ ਗਿਆ।

ਭਰਪੂਰ ਮੈਨੂੰ ਸੂਰਜ ਦੇ ਉੱਠਣ ਤੋਂ ਢੇਰ ਪਹਿਲਾਂ ਉਠਾਉਂਦਾ ਤੇ ਅੰਗਰੇਜ਼ੀ ਪੜ੍ਹਾਉਂਦਾ। ਉਹ ਮੈਨੂੰ ਮੋਗਿਓਂ ਲਿਆਂਦੀਆਂ ਗਾਈਡਾਂ (ਜਿੰਨ੍ਹਾਂ ‘ਚ ਸਰਲ ਭਾਸ਼ਾ ਵਿੱਚ ਦਸਵੀਂ ਦੇ ਹਰ ਮਜ਼ਮੂਨ ਲਈ ਸਵਾਲ ਅਤੇ ਜਵਾਬ ਦਿੱਤੇ ਹੋਏ ਸਨ) ਪੜ੍ਹਨ ਲਈ ਆਖਦਾ ਤੇ ਮੈਂ ਉਸ ਤੋਂ ਉਨ੍ਹਾਂ ਸਵਾਲਾਂ-ਜਵਾਬਾਂ ਦੀ ਵਿਆਖਿਆ ਸਮਝ ਲੈਂਦਾ ਜਿਹੜੇ ਮੇਰੇ ਦਿਮਾਗ਼ ਦੇ ਰੇਡਾਰ ਵਿੱਚ ਫ਼ਸਣ ਤੋਂ ਬਗ਼ਾਵਤੀ ਹੋਏ ਹੁੰਦੇ। ਮੇਰੇ ਲਈ ਸਭ ਤੋਂ ਵੱਡੀ ਚੁਣਾਉਤੀ ਹਿਸਾਬ ਦੇ ਦੋ ਪੇਪਰ ਸਨ। ਮਾਸਟਰ ਭਰਪੂਰ ਮੈਨੂੰ ਅਲਜਬਰਾ ਸਮਝਾਉਣ ਦੀ ਲੱਖ ਕੋਸ਼ਿਸ਼ ਕਰਦਾ ਪ੍ਰੰਤੂ ਅਲਜਬਰੇ ਦੇ ਫ਼ਾਰਮੂਲੇ ਮੇਰੇ ਲਈ ਕੀੜਿਆਂ ਦਾ ਭੌਣ ਹੋ ਨਿੱਬੜਦੇ। ਕੋਈ ਕਿਧਰ ਨਿੱਕਲ਼ ਜਾਂਦਾ ਤੇ ਕੋਈ ਕਿਧਰੇ। ਮੈਂ ਇੱਕ ਦੀ ਸ਼ਨਾਖ਼ਤ ਕਰਨ ਲਗਦਾ ਤਾਂ ਦੂਸਰੇ ਦੀ ਭੁੱਲ ਜਾਂਦਾ।

ਇਮਤਿਹਾਨ ਤੋਂ ਡੇਢ ਕੁ ਮਹੀਨਾ ਪਹਿਲਾਂ ਭਰਪੂਰ ਨੇ ਮੇਰੀ ਵੱਖ-ਵੱਖ ਮਜ਼ਮੂਨਾਂ ਉੱਪਰ ਪਕੜ ਦਾ ਗ਼ੈਰ-ਰਸਮੀਂ ਲੇਖਾ-ਜੋਖਾ ਕੀਤਾ। ਅੰਗਰੇਜ਼ੀ ਦੀਆਂ ਕਹਾਣੀਆਂ ਨੂੰ ਘੋਟਾ ਸੁਣ ਕੇ ਉਸ ਦੇ ਚਿਹਰੇ ‘ਤੇ ਖੇੜਾ ਟਪਕਣ ਲੱਗਾ। ਸਮਾਜਕ ਦੇ ਸਵਾਲਾਂ ਦੇ ਜੁਆਬ ਮੇਰੇ ਬੁੱਲ੍ਹਾਂ ‘ਚੋਂ ਨਲ਼ਕੇ ਦੇ ਪਾਣੀ ਵਾਂਗ ਗਿੜਨ ਲੱਗੇ। ਹਿਸਾਬ ਦੇ ਸਵਾਲਾਂ ਦੇ ਉੱਤਰਾਂ ‘ਚ ਕਾਣੋਂ ਦੇਖ ਕੇ ਉਹ ਉਦਾਸ ਹੋ ਗਿਆ। ਕਹਿਣ ਲੱਗਾ: ਬਾਕੀ ਸਭ ਤਾਂ ਠੀਕ ਲਗਦੈ … ਪਰ ਹਿਸਾਬ ਦਾ ਕੰਮ ਢਿੱਲਾ ਐ … ਜੇ ਹਿਸਾਬ ‘ਚੋਂ ਫੇਲ੍ਹ ਹੋ ਗਿਆ ਤਾਂ ਸਮਝ ਲੈ ਸਾਰਿਆਂ ‘ਚੋਂ ਈ ਫੇਲ੍ਹ … ਪਾਸ ਹੋਣ ਲਈ ਤੈਨੂੰ ਹਿਸਾਬ ਦੇ ਦੋਹਾਂ ਪੇਪਰਾਂ ਦਾ ਜੋੜ 66 ਫੀ ਸਦੀ ਲੈਣਾ ਪੈਣੈ … ਪਹਿਲਾ ਪੇਪਰ ਸਾਰਾ ਈ ਗਣਿਤ ਦਾ ਹੁੰਦੈ ਯਾਨੀ ਕਿ ਅਰਿਥਮੈਟਿਕ … ਤੇ ਦੂਸਰੇ ‘ਚ ਅੱਧੀ ਜੀਆਮੈਟਰੀ ਤੇ ਅੱਧਾ ਐਲਜਬਰਾ …

-ਪਰ ਬਾਈ ਜੀ, ਮੈਂ ਉਦਾਸ ਹੋ ਕੇ ਬੋਲਿਆ, ਐਲਜਬਰਾ ਤਾਂ ਮੇਰੇ ਸਮਝ ‘ਚ ਈ ਨੀ ਪੈਂਦਾ …

-ਜੇ ਤੂੰ ਪਾਸ ਹੋਣੈ ਹਿਸਾਬ ‘ਚੋਂ ਫਿਰ ਤੂੰ ਸਾਰਾ ਜ਼ੋਰ ਅਰਿਥਮੈਟਿਕ ਤੇ ਜੀਆਮੈਟਰੀ ‘ਤੇ ਲਾ ਦੇ … ਜਿਵੇਂ ਤੇਰੀ ਅਰਿਥਮੈਟਿਕ ‘ਤੇ ਪਕੜ ਚੰਗੀ ਐ, ਤੂੰ ਸੌ ‘ਚੋਂ ਪੰਜਾਹ ਨੰਬਰ ਨੀ ਛਡਦਾ … ਜੀਆਮੈਟਰੀ ‘ਚੋਂ ਜੇ ਤੂੰ ਪੰਜਾਹਾਂ ‘ਚੋਂ ਸੋਲਾਂ ਨੰਬਰ ਵੀ ਲੈ ਜੇਂ ਤਾਂ ਕੁੱਲ ਜੋੜ 66 ਹੋ ਜਾਵੇਗਾ, ਤੇ ਤੂੰ ਪਾਸ!

ਅਗਲੇ ਦਿਨ ਤੋਂ ਮੇਰੇ ਚਾਬੀ ਵਾਲ਼ੇ ਕਲਾਕ ਦਾ ਅਲਾਰਮ ਸਵੇਰੇ ਪੰਜ, ਸਾਢੇ ਪੰਜ ਦੀ ਬਜਾਏ, ਤੜਕਿਓਂ ਤਿੰਨ ਵਜੇ ਕੁੜਕਣ ਲੱਗਾ। ਜੀਆਮੈਟਰੀ ਤੇ ਅਰਿਥਮੈਟਿਕ ਮੇਰੇ ਲਈ ਨਿੱਤਨੇਮ ਬਣ ਕੇ ਖੁਲ੍ਹ ਜਾਂਦੇ। ਦਿਨਾਂ ‘ਚ ਹੀ ਜੀਆਮੈਟਰੀ ਦੀ ਸਾਰੀ ਕਿਤਾਬ ਮੇਰੇ ਪੋਟਿਆਂ ‘ਤੇ ਵਿਛ ਗਈ। ਸੁਪਨਿਆਂ ਵਿੱਚ ਵੀ ਤ੍ਰਿਕੋਣਾਂ, ਚਹੁ-ਭੁਜੀਆਂ ਤੇ ਥੀਓਰਮਾਂ ਤੈਰਨ ਲੱਗੀਆਂ। ਦਿਨੇਂ ਅੰਗਰੇਜ਼ੀ ਨੂੰ ਘੋਟੇ ਲਗਦੇ ਤੇ ਸਾਇੰਸ ਦੇ ਸਵਾਲਾਂ ਨਾਲ਼ ਮੱਥਾ ਲੱਗਾ ਰਹਿੰਦਾ। ਜਦੋਂ ਨੂੰ ਪੇਪਰਾਂ ਦੇ ਵਕਤ ਨੇ ਮੇਰੇ ਮੱਥੇ ਨੂੰ ਠੁੰਗੇਰਿਆ, ਅੰਗਰੇਜ਼ੀ ਦੇ ਦਸ ਸਾਲੇ ਪੇਪਰ ਮੇਰੀ ਜੀਭ ਦੇ ਉਦਾਲ਼ੇ ਲਿਪਟੇ ਪਏ ਸਨ।

ਉਨ੍ਹੀਂ ਦਿਨੀਂ ਦਸਵੀਂ, ਯਾਨੀ ਮੈਟਰਿਕੂਲੇਸ਼ਨ, ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ ਕਿਉਂਕਿ ਅੱਜ ਵਾਲ਼ਾ ਪੰਜਾਬ ਸਿੱਖਿਆ ਬੋਰਡ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ। ਦਸਵੀਂ ਦਾ ਰੀਜ਼ਲਟ ਵੀ ਅੰਗਰੇਜ਼ੀ ਦੇ ਅਖ਼ਬਾਰ ਦ ਟ੍ਰਿਬਿਊਨ ਵਿੱਚ ਛਪਿਆ ਕਰਦਾ ਸੀ। ਆਖ਼ਰੀ ਪਰਚੇ ਤੋਂ ਡੇਢ ਕੇ ਮਹੀਨੇ ਬਾਅਦ ਮੈਨੂੰ ਰੀਜ਼ਲਟ ਦੀ ਉਡੀਕ ਸਤਾਉਣ ਲੱਗ ਪਈ। ਮੈਂ ਹਰ ਰੋਜ਼ ਸਵਰੇ ਸਾਈਕਲ ਚੁੱਕਦਾ ਤੇ ਮੋਗੇ ਅਖ਼ਬਾਰਾਂ ਵਾਲ਼ੀ ਦੁਕਾਨ ‘ਤੇ ਜਾ ਧਮਕਦਾ। ਆਖ਼ਿਰ ਉਹ ਦਿਨ ਵੀ ਆ ਗਿਆ ਜਿਸ ਨੂੰ ਮੈਂ ਬੜੇ ਹੀ ਸਹਿਮ ਪਰ ਬੜੀ ਹੀ ਤੀਬਰਤਾ ਨਾਲ਼ ਉਡੀਕ ਰਿਹਾ ਸਾਂ। ਅਖ਼ਬਾਰ ਖ਼ਰੀਦਿਆ, ਫਰੋਲ਼ਿਆ, ਤੇ ਘਰ ਲੈ ਆਂਦਾ। ਚਾਈਂ-ਚਾਈਂ ਬਾਪੂ ਜੀ ਦੇ ਬੈਗ਼ ਵਿੱਚੋਂ ਇੱਕ ਪੋਸਟਕਾਰਡ ਕੱਢਿਆ ਤੇ ਮਾਸਟਰ ਭਰਪੂਰ ਨੂੰ ਚਿੱਠੀ ਲਿਖੀ: ਸਤਿਕਾਰਯੋਗ ਵੀਰ ਜੀ, ਤੁਹਾਡੀ ਅਸ਼ੀਰਵਾਦ ਅਤੇ ਹੱਲਾਸ਼ੇਰੀ ਨਾਲ਼ ਮੈਂ ਮਿਹਨਤ ਕੀਤੀ। ਅੱਜ ਰੀਜ਼ਲਟ ਆ ਗਿਆ ਹੈ, ਅਤੇ ਮੈਂ ਪਾਸ ਹੋ ਗਿਆ ਹਾਂ। ਡਿਵਿਯਨ ਵੀ ਸੈਕੰਡ ਆਈ ਹੈ। ਬਾਪੂ ਜੀ ਨੇ ਅੱਗੋਂ ਕਾਲਜ ਵਿੱਚ ਪੜ੍ਹਨ ਦੀ ਸਹਿਮਤੀ ਦੇ ਦਿੱਤੀ ਹੈ!

1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ ਜ਼ੁਬਾਨ `ਚ ‘ਖਵਰਾਂ ਆਲ਼ਾ ਰੇੜੂਆ’ ਦੇ ਨਾਮ ਨਾਲ਼ ਜਾਣਿਆਂ ਜਾਣ ਲੱਗ ਪਿਆ ਸੀ। ਕਿਸੇ ਘਰ `ਚ ਖ਼ਬਰਾਂ ਵਾਲਾ ‘ਰੇੜੂਆ’ ਹੋਣਾ ਉਨ੍ਹਾਂ ਵਕਤਾਂ `ਚ ਆਰਥਿਕ ਪੱਖੋਂ ਰੱਜੇ-ਪੁੱਜੇ ਅਤੇ ਦੁਨਿਆਵੀ ਤੌਰ `ਤੇ ਆਂਢੀਆਂ-ਗਵਾਂਢੀਆਂ ਨਾਲ਼ੋਂ ਅੱਗੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।

ਚਿੱਕੜ `ਚ ਲਿਪਟੀਆਂ ਸਾਡੇ ਪਿੰਡ ਦੀਆਂ ਭੀੜੀਆਂ-ਕੱਚੀਆਂ ਗਲ਼ੀਆਂ ਰਾਹੀਂ ਸਾਡੇ ਨਿਆਈਂ ਵਾਲ਼ੇ ਖੇਤ ਨੂੰ ਜਾਂਦਿਆਂ ਇੱਕ ਪੱਕਾ, ਹਵੇਲੀਨੁਮਾ ਘਰ ਉਜਾਗਰ ਸਿੰਘ ਨਾਮੀ ਉਸ ਬਜ਼ੁਰਗ ਦਾ ਵੀ ਸੀ ਜਿਹੜਾ ਦੂਜੀ ਸੰਸਾਰ ਜੰਗ ਦੌਰਾਨ ਬਰਤਾਨਵੀ ਫ਼ੌਜ `ਚ ‘ਕੰਪਾਊਂਡਰ’ ਭਰਤੀ ਹੋ ਕੇ ਕਈ ਵਰ੍ਹੇ ਬਰ੍ਹਮਾ `ਚ ਰਿਹਾ ਸੀ। ਜੰਗਬੰਦੀ ਤੋਂ ਬਾਅਦ, ਫ਼ੌਜ ਤੋਂ ਪੈਨਸ਼ਨ ਲੈ ਕੇ ਉਹ ਪਿੰਡ ਰਹਿਣ ਲੱਗ ਪਿਆ ਅਤੇ ਸਿਰ-ਦਰਦ, ਬੁਖ਼ਾਰ, ਉਲ਼ਟੀਆਂ, ਤੇ ਦਸਤ-ਮਰੋੜ ਵਰਗੀਆਂ ਨਿੱਕੀਆਂ-ਮੋਟੀਆਂ ਬੀਮਾਰੀਆਂ ਲਈ ਦਵਾਈ-ਬੂਟੀ ਦੇਣ ਲੱਗ ਪਿਆ ਸੀ, ਇਸ ਲਈ ਸਾਰਾ ਪਿੰਡ ਉਸ ਨੂੰ ‘ਡਾਕਟਰ’ ਉਜਾਗਰ ਸਿੰਘ ਦੇ ਨਾਮ ਨਾਲ਼ ਪੁਕਾਰਨ ਲੱਗ ਪਿਆ ਸੀ। ਵਧੇ-ਹੋਏ ਪੇਟ ਤੀਕਰ ਫੈਲਰੀ ਸੰਘਣੀ ਸਫ਼ੈਦ ਦਾਹੜੀ ਅਤੇ ਉੱਚੇ-ਲੰਮੇ ਚੁਗਾਠੇ ਵਾਲ਼ਾ ਚਿੱਟ-ਕੱਪੜੀਆ ਡਾਕਟਰ ਉਜਾਗਰ ਸਿੰਘ ਮੂੰਹ ਦਾ ਜਿੰਨਾਂ ਕੱਬਾ ਸੀ, ਦਿਲ ਦਾ ਓਨਾ ਹੀ ਨਰਮ ਵੀ ਸੀ। ਆਪਣੇ ਭਾਰੇ ਸਰੀਰ ਕਾਰਨ ਉਹ ਬੋਚ-ਬੋਚ ਕੇ ਤੁਰਦਾ। ਅੰਬਾਲ਼ੇ ਤੋਂ ਡਾਕ ਰਾਹੀਂ ਦੂਜੇ-ਤੀਜੇ ਦਿਨ ਸਾਡੇ ਪਿੰਡ ਉਸ ਦੇ ਘਰ ਦਸਤਕ ਦੇਂਦੇ, ਅੰਗਰੇਜ਼ੀ ਦੇ ਅਖ਼ਬਾਰ ‘ਦ ਟਰਬਿਊਨ’ ਨੂੰ, ਡਾਕੀਏ ਦੇ ਹੱਥ `ਚ ਦੇਖਦਿਆਂ ਉਸ ਦੇ ਚਿਹਰੇ `ਤੇ ਪੁੰਨਿਆਂ ਖਿੜ ਪੈਂਦੀ ਜਾਂਦੀ।

ਡਾਕਟਰ ਬਾਬਾ ਜੀ ਦੇ ਘਰ ਦੇ ਦੈਂਤ-ਕੱਦੇ ਮੁੱਖ-ਦਵਾਰ ਨੂੰ ਕਿਸੇ ਨੇ ਕਦੇ ਖੁਲ੍ਹਦਾ ਨਹੀਂ ਸੀ ਦੇਖਿਆ। ਇਸ ਮੁੱਖ-ਦੀਵਾਰ `ਚੋਂ ਇੱਕ ਪਤਲੀ ਜਿਹੀ ਖਿੜਕੀ ਘਰ ਦੇ ਅੰਦਰ ਵੱਲ ਨੂੰ ਖੁਲ੍ਹਦੀ ਸੀ। ਬਾਹਰੋਂ ਇਸ ਦਰਵਾਜ਼ੇ ਨੂੰ ਖੜਕਾਉਣ ਜਾਂ ਅਵਾਜ਼ ਮਾਰਨ `ਤੇ ਡਾਕਟਰ ਪ੍ਰਵਾਰ ਦਾ ਨੌਕਰ ਖਿੜਕੀ ਨੂੰ ਖੋਲ੍ਹਦਾ ਤੇ ਬਿਨਾਂ ਕੁੱਝ ਬੋਲਿਆਂ ਝੱਟ-ਪੱਟ ਅੰਦਰ ਪਰਤ ਜਾਂਦਾ। ਉਸ ਨੂੰ ਪਤਾ ਸੀ ਕਿ ਇਸ ਘਰ `ਚ ਬੀਮਾਰਾਂ ਤੋਂ ਬਗ਼ੈਰ ਹੋਰ ਕੋਈ ਇਨਸਾਨ ਕਦੇ-ਕਦਾਈਂ ਹੀ ਆਉਂਦਾ ਸੀ। ਆਉਣ ਵਾਲਾ ਵਿਅਕਤੀ ਜਿਓਂ ਹੀ ਘਰ `ਚ ਦਾਖ਼ਲ ਹੁੰਦਾ ਤਾਂ ਇੱਕ ਵਿਸ਼ਾਲ ਵੇਹੜਾ ਉਸ ਨੂੰ ਕਿਸੇ ਸੁੰਨ-ਸਾਨ ਕਿਲੇ ਵਾਂਗ ਆਪਣੇ `ਚ ਸਮੋਣ ਲਗਦਾ। ਘਰ `ਚ ਦਾਖ਼ਲ ਹੋਣ ਵਾਲ਼ਾ ਵਿਅਕਤੀ ਸਹਿਮੇ ਹੋਏ ਚਿਹਰੇ ਨਾਲ਼ ਜਿਓਂ ਹੀ ਵਿਹੜੇ `ਚੋਂ ਖੱਬੇ ਪਾਸੇ ਵੱਲ ਝਾਕਦਾ ਤਾਂ ਇੱਕ ਟੀਪਦਾਰ, ਆਦਮ-ਕੱਦ ਕੰਧ ਦੇ ਪਾਰੋਂ, ਪਲਸਤਰੀ ਕੰਧਾਂ ਉੱਤੇ ਬਿਰਾਜੀਆਂ ਉੱਚੀਆਂ ਛੱਤਾਂ ਵਾਲ਼ੇ ਕਈ ਕਮਰੇ ਅਤੇ ਉਨ੍ਹਾਂ ਕਮਰਿਆਂ ਉੱਪਰ ਤਿਊੜਦਾਰ ਚੌਬਾਰਿਆਂ ਦਾ ਝੁਰਮਟ ਉਸ ਨੂੰ ਡਰਾਉਂਦਾ। ਇਸ ਰਹਾਇਸ਼ੀ ਕੰਪਲੈਕਸ ਦੇ ਐਨ ਉਲ਼ਟ, ਵਿਹੜੇ ਦੇ ਸੱਜੇ ਪਾਸੇ, ਇੱਕ ਵਰਾਂਡੇਦਾਰ ਬੈਠਕ ਸੀ ਜਿਸ ਦੀ ਇੱਕ ਅਲਮਾਰੀ `ਚ ਦਵਾਈ ਵਾਲ਼ੀਆਂ ਸ਼ੀਸ਼ੀਆਂ, ਟੀਕੇ, ਮਰ੍ਹਮ-ਪੱਟੀ, ਸਰਿੰਜਾਂ-ਸੂਈਆਂ ਤੇ ਡਾਕਟਰੀ ਨਾਲ਼ ਸਬੰਧਤ ਹੋਰ ਨਿੱਕ-ਸੁੱਕ ਚਿਣਿਆਂ ਹੋਇਆ ਸੀ। ਬਾਬਾ ਜੀ ਦੀ ਬੈਠਕ `ਚ ਖਿੱਲਰੀਆਂ ਹੋਈਆਂ ਦਵਾਈਆਂ, ਸਪਿਰਿਟ ਤੇ ਫਰਨੈਲ ਦੀ ਗੰਧ ਵਰਾਂਡੇ `ਚ ਬੈਠਿਆਂ ਦੇ ਨੱਕਾਂ ਅੰਦਰ ਵੀ ਜਲੂਣ ਕਰਨ ਲਗਦੀ। ਦਵਾਈਆਂ ਵਾਲ਼ੀ ਅਲਮਾਰੀ ਦੇ ਨਾਲ਼ ਹੀ ਅੰਗੀਠੀ ਉੱਤੇ ਇੱਕ ਵੱਡ-ਅਕਾਰੀ, ਚੌਰਸ ਬੈਟਰੀ ਅਤੇ ਕੱਪੜੇ ਦੇ ਗਿਲਾਫ਼ ਵਿੱਚ ਲਿਪਟਿਆ ਇੱਕ ਰੇਡੀਓ ਹੁੰਦਾ ਸੀ ਜਿਸ ਦਾ ਘੁੰਡ ਮਰਜ਼ੀ ਨਾਲ਼ ਉੱਪਰ-ਹੇਠਾਂ ਖਿਸਕਾਇਆ ਜਾ ਸਕਦਾ ਸੀ। ਮੈਨੂੰ ਏਸ ਗੱਲ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਸਜਾਵਟ ਦੇ ਨਾਲ਼ ਨਾਲ਼, ਰੰਗਦਾਰ ਕੱਪੜੇ ਨਾਲ਼ ਬਣਾਏ ਗ਼ਿਲਾਫ਼ ਦਾ ਮਕਸਦ ਰੇਡੀਓ ਨੂੰ ਧੂੜ ਤੋਂ ਬਚਾਉਣਾ ਵੀ ਸੀ।

ਬਾਬਾ ਜੀ ਸਵੇਰੇ ਤੇ ਸ਼ਾਮੀ ਮਰੀਜ਼ਾਂ ਨੂੰ ਦੇਖਦੇ, ਦੁਪਹਿਰੇ ਰਹਾਇਸ਼ੀ ਕੰਪਲੈਕਸ `ਚ ਆਰਾਮ ਕਰਦੇ, ਤੇ ਦਿਨ ਦੇ ਛਿਪਾਅ ਵੇਲੇ ਬੈਠਕ ਵਿੱਚ ਬੈਠ ਕੇ ਰੇਡੀਓ ਸੁਣਨ ਦੇ ਨਾਲ਼ ਨਾਲ਼ ਪੀਲ਼ੇ ਰੰਗ ਦੀ ਸ਼ਰਾਬ ਦੀਆਂ ਚੁਸਕੀਆਂ ਵੀ ਲੈਂਦੇ। ਗਰਮੀਆਂ ਦੇ ਦਿਨੀਂ ਸ਼ਾਮ ਦੇ ਵਕਤ ਬਾਬਾ ਜੀ ਆਪਣੇ ਘਰ ਦੇ ਮੁੱਖ-ਦਵਾਰ ਦੇ ਸਾਹਮਣੇ, ਵੀਹੀ `ਚ, ਆਪਣੇ ਸੀਰੀ ਤੋਂ ਪਾਣੀ ਦਾ ਛਿੜਕਾਅ ਕਰਾਉਂਦੇ। ਗਿੱਲੀ ਹੋ ਗਈ ਕੱਚੀ ਮਿੱਟੀ ਦੇ ਆਠਰਦਿਆਂ ਹੀ ਬਾਬਾ ਜੀ ਲਈ ਬਾਂਹੋਂ-ਸੱਖਣੀ ਇੱਕ ਕੁਰਸੀ ਹਾਜ਼ਰ ਹੋ ਜਾਂਦੀ। ਕੁਰਸੀ ਦੇ ਸਾਹਮਣੇ ਡਾਹਿਆ ਸਟੂਲ, ਬੋਤਲ ਤੇ ਗਲਾਸ ਦੀ ਉਡੀਕ ਕਰਨ ਲਗਦਾ। ਗਲ਼ੀ `ਚੋਂ ਗੁਜ਼ਰਦਾ ਹਰ ਵਿਅਕਤੀ ਬਾਬਾ ਜੀ ਨੂੰ ‘ਸਾਸਰੀ`ਕਾਲ’ ਬੁਲਾਉਂਦਾ, ਤੇ ਬਾਬਾ ਜੀ ਆਪਣੀ ਮੋਟੀ, ਖਰ੍ਹਵੀ ਅਵਾਜ਼ `ਚ ਜਵਾਬ ਦਿੰਦੇ: ਸਾਸਰੀ `ਕਾਲ ਬਈ ਫਲਾਣਾ ਸਿੰਅ੍ਹਾਂ! ਕੀ ਹਾਲ ਐ ਤੇਰਾ?

ਸ਼ਾਮ ਦੇ ਸਾਢੇ ਕੁ ਛੇ ਵਜਦੇ ਨੂੰ ਅਸੀਂ ਛੇ-ਸੱਤ ਮੁੰਡੇ ਬਾਬਾ ਜੀ ਦੇ ਦਰਬਾਰ `ਚ ਹਾਜ਼ਰ ਹੋ ਜਾਂਦੇ ਕਿਉਂਕਿ ਪੌਣੇ ਸੱਤ ਵਜੇ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣਾ ਹੁੰਦਾ ਸੀ ਜਿਸ `ਚ ਠੁਣੀਆਂ ਰਾਮ, ਸੰਤ ਰਾਮ ਅਤੇ ਚਾਚਾ ਕੁਮੇਦਾਨ ਦੀ ਰੌਚਿਕ ਟਿੱਚਰਬਾਜ਼ੀ ਤੇ ਨੋਕ-ਝੋਕ ਨੂੰ ਸੁਣਨ ਲਈ ਸਾਡੇ ਨਾਲ਼ ਨਾਲ਼ ਬਾਬਾ ਜੀ ਵੀ, ਦੁਪਹਿਰ ਢਲ਼ਦਿਆਂ ਹੀ ਉਤਸੁਕ ਹੋ ਜਾਂਦੇ। ਸਾਡੇ ਪਹੁੰਚਦਿਆਂ ਹੀ ਡਾਕਟਰ ਬਾਬਾ ਜੀ ਆਪਣੇ ਗਲਾਸ ਨੂੰ ਖ਼ਾਲੀ ਕਰਦੇ ਤੇ, ਬਿਨਾ ਕੁੱਝ ਉਚਰਿਆਂ, ਆਪਣੇ ਭਾਰੇ ਸਰੀਰ ਨੂੰ ਦਰਵਾਜ਼ੇ ਵੱਲ ਨੂੰ ਰੋੜ੍ਹ ਲੈਂਦੇ। ਤੁਰਨ ਵੇਲ਼ੇ ਜਿਹੜੇ ਪੈਰ `ਤੇ ਉਹ ਭਾਰ ਪਾਉਂਦੇ, ਉਹਨਾਂ ਦਾ ਧੜ ਤੇ ਸਿਰ ਉਸੇ ਪਾਸੇ ਵੱਲ ਉੱਲਰ ਜਾਂਦਾ। ਉਹ ਆਪਣੇ ਕੰਬਦੇ ਹੱਥ ਦਰਵਾਜ਼ੇ ਨੂੰ ਜਾ ਜੋੜਦੇ ਤੇ ਦੈਂਤ-ਕੱਦ ਦਰਵਾਜ਼ੇ ਦੀ ਪਤਲੀ ਜਿਹੀ ਬਾਰੀ ਨਾਲ਼ ਖਹਿੰਦਾ ਉਨ੍ਹਾਂ ਦਾ ਬੋਝਲ਼ ਸਰੀਰ ਖਿੜਕੀਓਂ ਅੰਦਰ ਹੋ ਜਾਂਦਾ। ਅਸੀਂ ਬਾਬਾ ਜੀ ਦੀ ਬੋਤਲ ਤੇ ਗਲਾਸ ੳਠਾਉਂਦੇ, ਕੁਰਸੀ ਨੂੰ ਪੁੱਠੇ-ਰੁਖ਼ ਸਿਰ `ਤੇ ਕਰਦੇ ਤੇ ਬਾਬਾ ਜੀ ਦੇ ਮਗਰ ਮਗਰ ਬੈਠਕ ਵਿੱਚ ਆ ਜਾਂਦੇ। ਬਾਬਾ ਜੀ ਬਿਨਾ ਕੁੱਝ ਉਚਰਿਆਂ ਅੰਗੀਠੀ ਕੋਲ਼ ਜਾਂਦੇ, ਰੇਡੀਓ ਦਾ ਪਲੱਗ ਬੈਟਰੀ ਦੇ ਸਿਰ `ਚ ਫਸਾਉਂਦੇ, ਤੇ ਬੇਸੁਰਤ ਰੇਡੀਓ `ਚ ਜਾਨ ਪਾ ਦਿੰਦੇ। ਅਸੀਂ ਚੌਂਕੜੀਆਂ ਮਾਰ ਕੇ ਫ਼ਰਸ਼ `ਤੇ ਬੈਠ ਜਾਂਦੇ ਤੇ ਘੰਟਾ ਭਰ ਦਿਹਾਤੀ ਪ੍ਰੋਗਰਾਮ ਦਾ ਹਾਸਾ-ਠੱਠਾ ਤੇ ਗਾਣੇ ਸੁਣੀ ਜਾਂਦੇ।

ਫਿਰ ਕਲਕੱਤਿਓਂ ਮੁੜੇ ਬਾਪੂ ਪਾਰਸ ਨੇ ‘ਖ਼ਬਰਾਂ ਵਾਲ਼ਾ ਰੇੜੂਆ’ ਸਾਨੂੰ ਵੀ ਲਿਆ ਦਿੱਤਾ। ਬਾਪੂ ਤੋਂ ਚੋਰੀਓਂ ਕਵੀਸ਼ਰੀ ਗਾਉਣੀ ਅਸੀਂ ਵੀ ਸ਼ੁਰੂ ਕਰ ਦਿੱਤੀ। ਬਾਪੂ ਪਾਰਸ ਦਾ ਕਵੀਸ਼ਰੀ ਜੱਥਾ ਹਰ ਮਹੀਨੇ, ਸਵਾ-ਮਹੀਨੇ ਬਾਅਦ ਦਿਹਾਤੀ ਪ੍ਰੋਗਰਾਮ ਵਿੱਚ ਕਵੀਸ਼ਰੀ ਗਾਉਂਦਾ। ਅਸੀਂ ਤਿੰਨੇ ਭਰਾ ਜਦੋਂ ਬਾਪੂ ਦੇ ਜੱਥੇ ਦੀ ਕਵੀਸ਼ਰੀ ਅਤੇ ਹੋਰ ਗਾਇਕਾਂ ਦੀਆਂ ਸੁਰੀਲੀਆਂ ਅਵਾਜ਼ਾਂ ਤੇ ਤੂੰਬੇ-ਸਰੰਗੀਆਂ ਰੇਡੀਓ ਤੋਂ ਸੁਣਦੇ ਤਾਂ ਸਾਡੇ ਮਨਾਂ `ਚ ਰੇਡੀਓ ਤੋਂ ਗਾਉਣ ਲਈ ਲੂਹਰੀਆਂ ਉੱਠਦੀਆਂ। ਸਾਡਾ ਦਿਲ ਕਰਦਾ ਸਾਡੀ ਤੂੰਬੀ ਵੀ ਰੇਡੀਓ ਤੇ ਤੁਣ-ਤੁਣਾਵੇ, ਢੱਡਾਂ ‘ਢੁੰਮ-ਢੁੰਮ’ ਕਰਕੇ ਤਾਲ ਦੇਵਣ, ਤੇ ਸਾਡੀਆਂ ਤਿੱਖੀਆਂ ਅਵਾਜ਼ਾਂ ਨੂੰ ਸੁਣ ਕੇ ਸਾਰਾ ਪੰਜਾਬ ਝੂੰਮ ਉੱਠੇ। ਪਰ ‘ਰੇਡੀਓ ਸਿੰਗਰ’ ਬਣਨ ਲਈ ਰੇਡੀਓ `ਤੇ ਬਾਕਾਇਦਾ ਟੈਸਟ ਦੇਣਾ ਪੈਣਾ ਸੀ ਜਿੱਥੇ ਰੇਡੀਓ ਦੇ ਵੱਡੇ ਅਧਿਕਾਰੀ, ਟੈਸਟ ਦੇਣ ਲਈ ਆਏ ਗਾਇਕਾਂ ਦੇ ਹੁਨਰ ਦਾ, ਖੁਰਚਵਾਂ ਐਕਸਰੇ ਕਰਦੇ ਸਨ। ਉਨ੍ਹਾਂ ਦਿਨਾਂ `ਚ ‘ਰੇਡੀਓ ਆਰਟਿਸਟ’ ਹੋਣਾ ਅੱਜ ਦੇ ਪਲੇਅਬੈਕ ਸਿੰਗਰ ਹੋਣ ਦੇ ਬਰਾਬਰ ਸੀ। ਉਸ ਸਮੇਂ ਦੇ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਨਰਿੰਦਰ ਬੀਬਾ, ਤੇ ਜਗਤ ਸਿੰਘ ਜੱਗਾ ਜਿਹੇ ‘ਰੇਡੀਓ’ ਆਰਟਿਸਟਾਂ ਦੀ ਲੋਕੀਂ ਇੱਕ ਝਲਕ ਦੇਖਣ ਲਈ ਤਰਸਦੇ ਰਹਿੰਦੇ ਸਨ।

ਦੋ-ਢਾਈ ਕੁ ਸਾਲਾਂ ਬਾਅਦ, ਇੱਕ ਦਿਨ ਬੈਠਿਆਂ-ਬੈਠਿਆਂ ਅਸੀਂ ਇੱਕ ਪੋਸਟਕਾਰਡ ਜਲੰਧਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਨੂੰ ਇਹ ਲਿਖ ਕੇ ਪਾ ਦਿੱਤਾ ਕਿ ਅਸੀਂ ਰੇਡੀਓ `ਤੇ ਗਾਇਕੀ ਕਰਨਾ ਲੋਚਦੇ ਹਾਂ। ਦੋ ਕੁ ਹਫ਼ਤੇ ਬਾਅਦ ਡਾਕ ਰਾਹੀਂ ਆਏ ਇੱਕ ਫ਼ੌਰਮ ਨੂੰ ਭਰ ਕੇ ਅਸੀਂ ਵਾਪਿਸ ਭੇਜ ਦਿੱਤਾ। ਇਸ ਫ਼ੌਰਮ `ਚ ਸਾਡੇ ਜੱਥੇ ਦਾ ਨਾਮ, ਸਿਰਨਾਵਾਂ, ਅਤੇ ਕੀ ਗਾਉਂਦੇ ਹਾਂ ਬਾਰੇ ਸੰਖੇਪ ਜਾਣਕਾਰੀ ਮੰਗੀ ਹੋਈ ਸੀ। ਪਰ ਕੁੱਝ ਕੁ ਹਫ਼ਤਿਆਂ `ਚ ਹੀ, ਰੇਡੀਓ `ਤੇ ਗਾਇਕੀ ਕਰਨ ਦੀ ਪ੍ਰਬਲ ਇੱਛਾ ਪੜ੍ਹਾਈ ਦੇ ਹੋਮਵਰਕ, ਖੇਤੀ ਦੇ ਨਿੱਕੇ-ਨਿੱਕੇ ਕੰਮਾਂ ਅਤੇ ਗਾਇਕੀ ਦੇ ਦਬਾਅ ਹੇਠ ਪਿਚਕਣ ਲੱਗੀ। ਮਨ `ਚ ਇਹ ਵੀ ਆਉਣ ਲੱਗਾ ਕਿ ਰੇਡੀਓ ਸਟੇਸ਼ਨ ਨੂੰ ਭੇਜਿਆ ਸਾਡਾ ਫ਼ੌਰਮ ਸ਼ਾਇਦ ਕਿਤੇ ਡਾਕ ਵਿੱਚ ਹੀ ਰੁਲ਼ ਗਿਆ ਹੋਵੇ। ਪਰ ਦੋ ਕੁ ਮਹੀਨੇ ਬਾਅਦ, ਇੱਕ ਦਿਨ ਅਚਾਨਕ ਹੀ ਇੱਕ ਚਾਹ-ਰੰਗਾ ਲਿਫ਼ਾਫ਼ਾ ਡਾਕ ਰਾਹੀਂ ਸਾਡੇ ਘਰ ਆ ਬਿਰਾਜਿਆ। ਇਹ ਜਲੰਧਰ ਰੇਡੀਓ ਸਟਰੇਸ਼ਨ ਦੀ ਚਿੱਠੀ ਸੀ ਜਿਸ ਰਾਹੀਂ, ਜਲੰਧਰ ਰੇਡੀਓ ਸਟੇਸ਼ਨ ਵੱਲੋਂ ਸਾਡੇ ਭੁਯੰਗੀ ਜੱਥੇ ਨੂੰ ਅਵਾਜ਼ ਤੇ ਗਾਇਕੀ ਦਾ ਟੈਸਟ ਦੇਣ ਲਈ ਬੁਲਾਵਾ ਭੇਜਿਆ ਸੀ।

ਸੱਦਾ-ਪੱਤਰ ਦੀ ਆਮਦ ਤੋਂ ਬਾਅਦ, ਸਾਡੀਆਂ ਅੱਖਾਂ `ਚ ਫੁਲ-ਝੜੀਆਂ ਖਿੜਨ ਲੱਗੀਆਂ। ਰੇਡੀਓ ਸਟੇਸ਼ਨ ਵੱਲੋਂ ਆਈ ਇਸ ਚਿੱਠੀ ਨੂੰ ਅਸੀਂ ਵਾਰ ਵਾਰ ਦੇਖਦੇ ਤੇ ਸਾਂਭ ਸਾਂਭ ਰਖਦੇ। ਚਾਰ ਹਫ਼ਤੇ ਬਾਅਦ ਹੋਣ ਵਾਲ਼ੇ ਇਸ ਟੈਸਟ ਦੇ ਸੁਪਨੇ ਸਾਨੂੰ ਹਰ ਰੋਜ਼ ਆਉਣ ਲੱਗੇ। ਮੈਂ ਅਲਮਾਰੀ `ਚ ਰੱਖੇ ਸਾਡੇ ਰੇਡੀਓ ਦੇ ਮੂਹਰੇ ਜਾਂਦਾ ਤਾਂ ਰੇਡੀਓ `ਚੋਂ ਮੈਨੂੰ ਸਾਡੀ ਤੂੰਬੀ ਦੀ ਤੁਣ-ਤੁਣ ਸੁਣਾਈ ਦੇਣ ਲਗਦੀ: ਢੱਡਾਂ ਦਣ-ਦਣਾਉਂਦੀਆਂ, ਤੇ ਅਸੀਂ ਉੱਚੀ ਸੁਰ `ਚ ਅਲਾਪ ਲੈਂਦੇ ਸੁਣਦੇ! ਮੇਰੀ ਸੁਰਤ `ਚ ਮੋਗੇ ਸ਼ਹਿਰ ਦਾ ਬਜ਼ਾਰ ਉਦੇ ਹੋ ਜਾਂਦਾ ਜਿਸ `ਚੋਂ ਸਾਈਕਲ ਉੱਤੇ ਗੁਜ਼ਰਦਿਆਂ, ਹਰ ਢਾਬੇ `ਚ ਜਲੰਧਰ ਰੇਡੀਓ ਤੋਂ ਚੱਲ ਰਿਹਾ ਰਫ਼ੀ ਸਾਹਿਬ ਜਾਂ ਲਤਾ ਜੀ ਦਾ ਇੱਕੋ ਹੀ ਨਗ਼ਮਾ ਮੈਂ ਅਨੇਕਾਂ ਵਾਰ ਸੁਣਿਆਂ ਸੀ। ਮੈਂ ਸੋਚਦਾ ਜਦੋਂ ਸਾਡੀ ਗਾਇਕੀ ਰੇਡੀਓ ਤੋਂ ਬਰਾਡਕਾਸਟ ਹੋਵੇਗੀ ਤਾਂ ਮੋਗੇ ਦਾ ਸਾਰਾ ਬਜ਼ਾਰ ਸਾਡੀ ਤੂੰਬੀ ਅਤੇ ਢੱਡਾਂ ਨਾਲ਼ ਵੀ ਗੂੰਜ ਉੱਠੇਗਾ। ਪਰ ਟੈਸਟ ਵਾਲ਼ੇ ਦਿਨ ਦਾ ਚਾਰ ਹਫ਼ਤੇ ਦਾ ਸਮਾਂ ਮੁੱਕਣ `ਚ ਹੀ ਨਾ ਆਵੇ।

ਬਾਪੂ ਪਾਰਸ ਨੇ ਸਾਨੂੰ ਦੱਸਿਆ ਪਈ ਟੈਸਟ ਵਾਲ਼ੀ ਟੀਮ ਸਾਨੂੰ ਹੀਰ, ਮਿਰਜ਼ਾ, ਪੂਰਨ, ਕੌਲਾਂ ਆਦਿਕ ਲੋਕ-ਗਾਥਾਵਾਂ ਗਾਉਣ ਲਈ ਆਖੇਗੀ। ਇਸ ਲਈ ਅਸੀਂ ਬਾਪੂ ਪਾਰਸ ਵੱਲੋਂ ਕਵੀਸ਼ਰੀ-ਅੰਦਾਜ਼ `ਚ ਲਿਖੀਆਂ ਲੋਕ-ਗਾਥਾਵਾਂ ਵਿਚੋਂ ਵੱਖ ਵੱਖ ਤਰਜ਼ਾਂ ਵਾਲ਼ੀਆਂ ਦਸ ਆਈਟਮਾਂ ਨੂੰ ਤੂੰਬੀ ਅਤੇ ਢੱਡਾਂ ਦੀ ਸੰਗਤ ਵਿੱਚ ਗਾਉਣ ਲਈ ਚੁਣ ਲਿਆ। ਹਰ ਰੋਜ਼ ਉਨ੍ਹਾਂ ਹੀ ਦਸਾਂ ਕਵੀਸ਼ਰੀਆਂ ਦਾ ਬਾਕਾਇਦਾ ਰਿਆਜ਼ ਸਵੇਰੇ ਤੇ ਸ਼ਾਮੀ, ਪੇਟੀਆਂ ਵਾਲ਼ੇ ਕੋਠੇ `ਚ ਹੋਣ ਲੱਗਾ। ਤੜਕਸਾਰ ਤੂੰਬੀ ਤੁਣਕਦੀ, ਢੱਡਾਂ ਖੌਰੂ ਪਾਉਂਦੀਆਂ ਅਤੇ ਅਸੀਂ ਤਿੰਨੇਂ ਇੱਕੋ ਸੁਰ `ਚ ਇਕੱਠੇ ਹੋ ਕੇ, ਉੱਚੀ ਸੁਰ `ਚ, ਜਦੋਂ ‘ਹੋਅਅਅ’ ਦੀ ਲੰਮੀ ਹੇਕ ਲਾਉਂਦੇ ਤਾਂ ਕੱਪੜਿਆਂ ਨਾਲ ਭਰੀ ਟੀਨ ਦੀ ਪੇਟੀ `ਚ ਥਰਥਰਾਹਟ ਉਬਲਣ ਲਗਦੀ। ਸਾਹਮਣੇ ਬੈਠ ਕੇ ਸਾਨੂੰ ਨੀਝ ਨਾਲ਼ ਸੁਣ ਰਹੇ ਬਾਪੂ ਦਾ ਉੱਪਰਲਾ ਬੁਲ੍ਹ ਹੇਠਲੇ ਦੇ ਪਿਛਾੜੀ ਹੋ ਜਾਂਦਾ ਤੇ ਸਹਿਜੇ-ਸਹਿਜੇ ਉਸ ਦੀਆਂ ਦੋਨੋ ਵਰਾਛਾਂ ਪਾਸਿਆਂ ਵੱਲ ਨੂੰ ਖਿੱਚੀਆਂ ਜਾਂਦੀਆਂ। ਅਗਲੇ ਪਲੀਂ ਉਸ ਦੀ ਠੋਡੀ ਉਸ ਦੀ ਛਾਤੀ ਨਾਲ਼ ਜਾ ਲਗਦੀ ਅਤੇ ਉਸ ਦੀਆਂ ਅੱਖਾਂ `ਚ, ਗੜੂੰਦ ਹੋਇਆ ਟੀਰ ਉੱਤਰ ਆਉਂਦਾ। ਚਾਰ ਕੁ ਦਿਨਾਂ ਬਾਅਦ ਉਹ ਮੋਗਿਓਂ ਬਦਾਮ ਰੋਗ਼ਨ ਦੀ ਬੋਤਲ ਖ਼ਰੀਦ ਲਿਆਇਆ। ਉਸ ਦਾ ਖ਼ਿਆਲ ਸੀ ਬਦਾਮ ਰੋਗ਼ਨ ਨਾਲ ਗਲ਼ਾ ਤਰ ਰਹਿੰਦਾ ਹੈ। ਗਾਉਣ ਦਾ ਰਿਆਜ਼ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਲਈ ਦੁੱਧ ਉਬਾਲ਼ਿਆ ਜਾਂਦਾ ਜਿਸ `ਚ ਚਾਰ ਪੰਜ ਚਮਚੇ ਬਦਾਮ ਰੋਗ਼ਨ ਘੋਲ਼ ਦਿੱਤਾ ਜਾਂਦਾ। ਰਿਆਜ਼ ਦੀ ਆਖ਼ਰੀ ਆਈਟਮ ਮੁੱਕਣ ਤੀਕ ਸਾਡੇ ਤਿੰਨਾਂ ਦੇ ਕੱਪੜੇ ਪਸੀਨੇ `ਚ ਗੜੁੱਚ ਹੋਏ ਹੁੰਦੇ। ਏਸ ਤੋਂ ਮਗਰੋਂ ਤੂੰਬੀ ਗ਼ਿਲਾਫ਼ ਨੂੰ ਓੜ ਲੈਂਦੀ ਤੇ ਢੱਡਾਂ ਝੋਲ਼ੇ `ਚ ਗੁੱਛਾ-ਮੁੱਛਾ ਹੋ ਜਾਂਦੀਆਂ। ਦੂਜੀ-ਚੌਥੀ ਸ਼ਾਮ ਸਾਡੇ ਵਿਹੜੇ `ਚ ਵਿਲਕਦੀ ਮੁਰਗੇ ਦੀ ‘ਕਿਆਂ-ਕਿਆਂ’ ਆਢ-ਗੁਆਂਢ ਤੀਕਰ ਖਿੱਲਰਦੀ ਤੇ, ਠੇਕੇ ਦੀ, ‘ਬੋਤਾ-ਮਾਰਕਾ’ ਸ਼ਰਾਬ ਬਾਪੂ ਦੀਆਂ ਅੱਖਾਂ `ਚੋਂ ਉੱਛਲ਼-ਉੱਛਲ਼ ਪੈਂਦੀ।

ਟੈਸਟ ਵਾਲ਼ੇ ਦਿਨ ਤੜਕਿਓਂ ਹੀ ਬਾਪੂ ਦੀ ਫ਼ਲੈਸ਼-ਲਾਈਟ (ਬੈਟਰੀ) ਵਿਹੜੇ `ਚ ਡੱਠੇ ਸਾਡੇ ਮੰਜਿਆਂ ਦੀ ਤਲਾਸ਼ੀ ਲੈਣ ਲੱਗੀ।

–ਉੱਠੋ ਮੁੰਡਿਓ! ਸਿਰ ਉੱਪਰ ਖਿੜੇ ਹੋਏ ਸਿਲ੍ਹੇ-ਸਿੱਲ੍ਹੇ ਤਾਰਿਆਂ ਨਾਲ਼ ਅੱਖ-ਮੁਟੱਕਾ ਕਰਨ ਤੋਂ ਬਾਅਦ, ਬਾਪੂ ਗੜ੍ਹਕਵੀਂ ਸੁਰ `ਚ ਬੋਲਿਆ। -ਬੱਦਲ ਗੜ੍ਹਕਦੈ ਪੱਛੋਂ `ਚ … ਭਾਦੋਂ ਦੇ ਮਹੀਨੇ ਮੀਂਹ ਦਾ ਕੋਈ ਭਰੋਸਾ ਨੲ੍ਹੀਂ ਕਦੋਂ ਆਣ ਲੱਥੇ! ਮੀਂਹ ਵਰ੍ਹਨ ਤੋਂ ਪਹਿਲਾਂ ਪਹਿਲਾਂ ਮੋਗੇ ਅੱਪੜ ਜੀਏ ਤਾਂ ਚੰਗੈ।

ਅਸੀਂ ਅੱਖਾਂ ਮਲ਼ਦੇ-ਮਲ਼ਦੇ ਉੱਠੇ, ਖੁਲ੍ਹ ਗਏ ਜੂੜਿਆਂ ਨੂੰ ਸੰਵਾਰਿਆ, ਰਾਤ ਦੀ ਤ੍ਰੇਲ਼ ਨਾਲ਼ ਭਿੱਜ ਗਏ ਖੇਸਾਂ ਨੂੰ ਤਹਿ ਕੀਤਾ, ਤੇ ਖੂੰਜੇ `ਚ ਚੁੱਪ-ਚਾਪ ਖਲੋਤੇ ਨਲ਼ਕੇ ਨੂੰ ਜਾ ਥਾਪੜਿਆ। ਇਸ਼ਨਾਨ ਤੋਂ ਬਾਅਦ, ਬੈਠਕ `ਚ ਸਾਨੂੰ ਉਡੀਕਦੇ ਕੁੜਤੇ-ਪਜਾਮਿਆਂ ਦੀਆਂ ਤਹਿਆਂ ਖੁਲ੍ਹਣ ਲੱਗੀਆਂ। ਬਲਵੰਤ ਇੱਕ ਪਰਨੇ ਦੀ ਤਹਿ ਮਾਰ ਕੇ ਸਾਈਕਲਾਂ ਦੀਆਂ ਕਾਠੀਆਂ ਉੱਪਰ ਜਮ੍ਹਾਂ ਹੋਈ ਤ੍ਰੇਲ਼ ਨਾਲ਼ ਜੂਝਣ ਲੱਗਾ। ਟਾਇਰਾਂ `ਚ ਹਵਾ ਚੈੱਕ ਕੀਤੀ। ਤੂੰਬੀ ਰਛਪਾਲ ਦੇ ਹੱਥ `ਚ ਫੜਾਈ, ਤੇ ਮੈਂ ਢੱਡਾਂ ਵਾਲ਼ੇ ਝੋਲ਼ੇ ਨੂੰ ਥਾਪਣਾ ਦਿੱਤਾ।

ਦਰੋਂ ਬਾਹਰ ਹੋਏ ਤਾਂ ਘੂਕ ਸੁੱਤੇ ਹਨੇਰੇ `ਚ, ਗਲ਼ੀਆਂ ਦੇ ਵਿਚਾਲ਼ੇ, ਮੋਟੇ ਮੱਛਰਾਂ ਨੂੰ ਓੜ੍ਹ ਕੇ, ਬੇਸੁਰਤ ਪਿਆ ਚਿੱਕੜ ਹੋਰ ਵੀ ਸੰਘਣਾ ਜਾਪਿਆ। ਬਰਸਾਤਾਂ ਦੇ ਦਿਨੀਂ ਕੱਚੀਆਂ ਗਲ਼ੀਆਂ ਦਾ ਚਿੱਕੜ, ਕੰਧਾਂ ਦੇ ਗਿੱਟਿਆਂ ਤੀਕ ਚੜ੍ਹ ਆਉਂਦਾ ਸੀ, ਇਸ ਲਈ ਫਿਰਨੀ `ਤੇ ਅਪੜਣ ਤੀਕਰ ਬਾਪੂ ਤੇ ਬਲਵੰਤ ਸਾਈਕਲਾਂ ਨੂੰ ਚਿੱਕੜ ਤੋਂ ਬਚਾਉਂਦੇ ਪੈਦਲ ਹੀ ਰੇੜ੍ਹੀ ਗਏ। ਮੈਂ ਤੇ ਰਛਪਾਲ, ਗਊਆਂ ਦੇ ਵਛਰੂਆਂ ਵਾਂਗ ਕੰਧਾਂ ਦੇ ਕੋਲ਼ ਕੋਲ਼ ਦੀ ਉਨ੍ਹਾਂ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਸਾਂ। ਬਾਪੂ ਤੇ ਬਲਵੰਤ ਰਾਤਾਂ ਦੇ ਹਨੇਰੇ `ਚ ਮੋਗੇ ਨੂੰ ਜਾਣ ਵਾਲ਼ੇ ਇਸ ਰਸਤਿਓਂ ਸੈਂਕੜੇ ਵਾਰ ਗੁਜ਼ਰ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਇਸ ਕੱਚੇ ਰਸਤੇ ਦਾ ਹਰ ਮੋੜ-ਘੋੜ, ਉਚਾਣ-ਨਿਵਾਣ, ਤੇ ਰੇਤ-ਰੜਾ, ਵਾਰ ਵਾਰ ਸੁਣੀ ‘ਅਲੀ ਬਾਬਾ ਤੇ ਚਾਲ਼ੀ ਚੋਰ’ ਦੀ ਬਾਤ ਵਾਂਗਰਾਂ ਯਾਦ ਸੀ। ਮੈਂ ਬਾਪੂ ਦੇ ਸਾਈਕਲ ਦੇ ਅਗਲੇ ਡੰਡੇ `ਤੇ ਅਤੇ ਰਛਪਾਲ ਬਲਵੰਤ ਦੇ ਸਾਈਕਲ ਦੇ ਮੂਹਰਲੇ ਡੰਡੇ `ਤੇ ਸਵਾਰ ਸਾਂ। ਤਿੰਨ ਕੁ ਮੀਲ ਦੀ ਦੂਰੀ `ਤੇ ਆਉਂਦੇ ਪਿੰਡ ਮਹਿਰੋਂ ਦੀ ਜੂਹ `ਚ ਵੜਦਿਆਂ ਨੂੰ ਪੱਛੋਂ `ਚ ਗੜ੍ਹਕਦਾ ਬੱਦਲ ਸੰਘਣਾ ਚੰਦੋਆ ਬਣ ਕੇ ਸਾਡੇ ਸਿਰਾਂ `ਤੇ ਡਿਗੂੰ-ਡਿਗੂੰ ਕਰਨ ਲੱਗਾ। ਮੋਗੇ ਅੱਪੜਣ ਤੀਕਰ ਬਚਦੇ ਪੰਜ-ਛੇ ਮੀਲ ਸਾਡੇ ਚਹੁੰਆਂ ਦੇ ਸਿਰਾਂ `ਚ ਚੁੰਝਾਂ ਮਾਰਨ ਲੱਗੇ। ਅਗਲੇ ਪਿੰਡ ਬਹੋਨੇ ਪਹੁੰਚਦਿਆਂ ਨੂੰ ਹਲਕੀ ਹਲਕੀ ਭੂਰ ਨਾਲ ਸਾਡੀਆਂ ਪੱਗਾਂ ਦਾ ਅਕੜਾਅ ਢਿੱਲਾ ਪੈਣ ਲੱਗਾ। ਬਹੋਨੇ ਤੇ ਮੋਗੇ ਦੇ ਸੰਨ੍ਹ ਵਿਚਲੀ ਝਿੜੀ ਤੀਕ ਅਪੜਿਆਂ ਸਾਡੇ ਕਮੀਜ਼ ‘ਸਿਲ੍ਹੇ’ ਤੋਂ ‘ਗਿੱਲੇ’ ਦਾ ਵਿਸ਼ੇਸ਼ਣ ਸੁੰਘਣ ਲੱਗੇ। ਟਾਇਰਾਂ ਨਾਲ਼ ਚਿੰਬੜ ਕੇ ਮਡਗਾਰਡਾਂ `ਚ ਫਸ ਰਹੀ ਗਿੱਲੀ ਮਿੱਟੀ ਨਾਲ਼ ਸਾਈਕਲਾਂ ਦੇ ਪੈਡਲ, ਬਾਪੂ ਤੇ ਬਲਵੰਤ ਤੋਂ ਵਧੇਰੇ ਜ਼ੋਰ ਦੀ ਮੰਗ ਕਰਨ ਲੱਗੇ। ਬਾਪੂ ਨੇ ਝਿੜੀ ਲਾਗਲੇ ਨਲ਼ਕੇ `ਤੇ ਸਾਈਕਲ ਨੂੰ ਬ੍ਰੇਕ ਮਾਰੇ ਤੇ ਉਹ ਪਰਲੇ ਪਾਸਿਓਂ ਇੱਕ ਮੋਟਾ ਕਾਨਾ ਪੱਟ ਲਿਆਇਆ। ਕਾਨੇ ਨਾਲ਼ ਦੋਹਾਂ ਸਾਈਕਲਾਂ ਦੇ ਮਡਗਾਰਡਾਂ ਨੂੰ ਖੁਰਲ-ਖੁਰਲ ਕੇ ਢੇਰ ਸਾਰੀ ਮਿੱਟੀ ਝਾੜ ਦਿੱਤੀ ਗਈ। ਮੋਗਾ ਹੁਣ ਦੋ ਕੁ ਮੀਲ ਰਹਿ ਗਿਆ ਸੀ। ਦਸ, ਸਾਢੇ-ਦਸ ਵਜਦੇ ਨੂੰ ਜਲੰਧਰ ਪਹੁੰਚਣ ਲਈ ਇਹ ਜ਼ਰੂਰੀ ਸੀ ਕਿ ਸਵੇਰੇ ਛੇ ਵਜੇ ਮੋਗੇ ਤੋਂ ਲੁਧਿਆਣੇ ਨੂੰ ਤੁਰਨ ਵਾਲ਼ੀ ਬੱਸ `ਚ ਸਵਾਰ ਹੋਇਆ ਜਾਵੇ, ਪਰੰਤੂ ਬਾਪੂ ਨੂੰ ਮੋਗੇ ਤੋਂ ਲੁਧਿਆਣੇ ਨੂੰ ਚੱਲਣ ਵਾਲ਼ੀ ਇਹ ਬੱਸ ਸਾਡੇ ਸਿਰਾਂ `ਤੇ ਸੰਘਣੇ ਹੋ ਰਹੇ ਬੱਦਲ਼ਾਂ `ਚ ਡੁਬਦੀ ਨਜ਼ਰ ਆਉਣ ਲੱਗੀ। ਪੱਛੋਂ `ਚ ਵੈਲਡਿੰਗ ਦੇ ਚੰਗਿਆੜਿਆਂ ਵਾਂਗ ਵਜਦੇ ਬਿਜਲੀ ਦੇ ਅੱਖ-ਮੁਟੱਕੇ ਹੁਣ ਸਾਡੇ ਸਿਰਾਂ ਦੇ ਐਨ ਉੱਪਰ ਮੰਡਰਾਉਣ ਲੱਗ ਪਏ ਸਨ। ਪੱਛੋਂ ਵਾਲ਼ੇ ਗਾਹੜੇ ਬੱਦਲ ਦਾ ਫੈਲਾਅ ਹੁਣ ਬਾਕੀ ਤਿੰਨਾਂ ਕੂਟਾਂ ਨੂੰ ਜੱਫਾ ਮਾਰ ਚੁੱਕਿਆ ਸੀ। ਜਦੋਂ ਨੂੰ ਅਸੀਂ ਸੇਮ ਨਾਲ਼ੇ ਦੇ ਨਜ਼ਦੀਕ ਅੱਪੜੇ, ਬਿਜਲੀ ਦੀ ਇੱਕ ਚੁੰਧਿਆਊ ਤਰੇੜ ਨੇ ਇੱਕ ਪਲ ਲਈ ਆਲ਼ੇ-ਦੁਆਲੇ `ਚ ਅੱਗ ਦੀ ਕੂਚੀ ਫੇਰ ਦਿੱਤੀ। ਪੰਜ ਕੁ ਸਕਿੰਟਾਂ ਬਾਅਦ ਕੰਨ-ਪਾੜਵੀਂ ਦਰੜ-ਦਰੜ ਹੋਈ ਤੇ ਮੀਂਹ ਦਾ ਇੱਕ ਭਰਵਾਂ ਛੜਾਕਾ ਸਾਡੇ ਸਿਰਾਂ `ਤੇ ਇੰਝ ਆਣ ਲੱਥਾ ਜਿਵੇਂ ਪੁਰਾਣੇ ਘਰ ਦੀ ਵਿਚਕਾਰਲੀ ਲਟੈਣ ਟੁੱਟਣ ਨਾਲ਼ ਸਾਰੀ ਦੀ ਸਾਰੀ ਛੱਤ ਧੜੰਮ ਕਰ ਕੇ ਹੇਠਾਂ ਫ਼ਰਸ਼ `ਤੇ ਆ ਗਿਰਦੀ ਹੈ। ਮੋਟੀਆਂ ਮੋਟੀਆਂ ਕਣੀਆਂ ਸਾਡੇ ਮੱਥਿਆਂ, ਗੱਲ੍ਹਾਂ, ਅਤੇ ਨੱਕਾਂ `ਤੇ ਪਿੜ-ਪਿੜ ਵਰ੍ਹਨ ਲੱਗੀਆਂ। ਸਾਡੇ ਮੱਥੇ ਘੂਰੀਆਂ ਵਿੱਚ ਬਦਲ ਗਏ। ਅੱਖਾਂ ਪਿਚਕ ਗਈਆਂ। ਪੱਗਾਂ ਢਿਲ਼ਕ ਗਈਆਂ। ਪਾਣੀ `ਚ ਗੜੁੱਚ ਹੋਏ ਸਾਡੇ ਕੁੜਤੇ-ਪਜਾਮੇ ਸਾਡੀ ਚਮੜੀ ਨਾਲ ਚਿੰਬੜ ਗਏ। ਤਲ਼ਿਆਂ `ਚ ਪਾਣੀ ਭਰ ਜਾਣ ਕਾਰਨ ਜੁੱਤੀਆਂ ਵੀ ਲਹੂੰ-ਲਹੂੰ ਕਰਨ ਲੱਗੀਆਂ। ਢੱਡਾਂ ਵਾਲ਼ਾ ਝੋਲ਼ਾ ਚੋਣ ਲੱਗਾ। ਤੂੰਬੀ ਦਾ ਗ਼ਿਲਾਫ਼ ਤੂੰਬੀ ਦੇ ਡੰਡੇ ਨਾਲ਼ ਚਿੰਬੜ ਗਿਆ। ਮੇਰੇ ਦੋਹਾਂ ਹੱਥਾਂ `ਚ ਹਲਕੀ ਹਲਕੀ ਕੰਬਣੀ ਉੱਗਣ ਲੱਗੀ। ਆਲੇ-ਦੁਆਲ਼ੇ ਨਾ ਕੋਈ ਦਰਖ਼ਤ ਸੀ, ਨਾ ਛੱਪਰ ਤੇ ਨਾ ਹੀ ਕੋਈ ਢਾਰਾ। ਭੀੜੇ ਰਸਤੇ ਦੇ ਦੋਹੀਂ ਪਾਸੀਂ ਖਲੋਤਾ ਉੱਚੇ-ਉੱਚੇ ਕਾਨਿਆਂ ਦਾ ਝੱਲ, ਫਰਾਟੇਦਾਰ ਹਵਾ ਨਾਲ਼ ਸ਼ੂੰ-ਸ਼ੂੰ ਕਰ ਰਿਹਾ ਸੀ। ਅਸੀਂ ਰੁਕਣਾ ਚਹੁੰਦਿਆਂ ਵੀ ਕਿਤੇ ਰੁਕ ਨਾ ਸਕੇ। ਮੂਹਰਲੀ ਵਾਛੜ ਨੂੰ ਚੀਰਨ ਲਈ ਬਾਪੂ ਦਾ ਸਰੀਰ ਕਮਾਣ ਵਾਂਗ ਝੁਕ ਕੇ ਮੇਰੇ ਮੌਰਾਂ ਨਾਲ਼ ਖਹਿਣ ਲੱਗਿਆ। ਕਦੇ ਖੱਬੇ ਨੂੰ ਝੋਲਾ ਖਾਂਦੇ ਤੇ ਕਦੇ ਸੱਜੇ ਨੂੰ ਲੁਟਕਣ ਲਗਦੇ ਸਾਈਕਲ ਨੂੰ ਦਵੱਲਦਾ ਹੋਇਆ ਬਾਪੂ ਸਾਹੋ-ਸਾਹ ਹੋਇਆ ਪਿਆ ਸੀ।

ਮੋਗੇ ਦੀਆਂ ਵਿੰਗ-ਵਲ਼ੇਵੇਂ ਖਾਂਦੀਆਂ, ਤੰਗ ਗਲ਼ੀਆਂ, ਅਚਾਨਕ ਹੀ ਲਹਿ ਪਏ ਮੀਂਹ ਨਾਲ਼ ਹੜ੍ਹਿਆਈਆਂ ਪਈਆਂ ਸਨ। ਲਗਾਤਾਰ ਚੱਲ ਰਹੀ ‘ਗਰਰ-ਗਰਰ’ ਦੀ ਅਵਾਜ਼ ਨਾਲ਼, ਛੱਤਾਂ-ਚੌਬਾਰਿਆਂ `ਚੋਂ ਪਾਣੀ ਹੇਠਾਂ ਸੁੱਟ ਰਹੇ ਪਰਨਾਲ਼ਿਆਂ ਕੋਲ਼ ਦੀ ਗੁਜ਼ਰਦੇ, ਅਸੀਂ ਮੇਨ ਬਜ਼ਾਰ ਵੱਲ ਵਧ ਰਹੇ ਸਾਂ। ਕੋਟਕਪੂਰੇ ਵਾਲ਼ੇ ਪੁਰਾਣੇ ਅੱਡੇ `ਚ ਇੱਕਾ-ਦੁੱਕਾ ਦੁਕਾਨਾਂ ਦੀਆਂ ਭੱਠੀਆਂ ਨੇ ਅੱਖਾਂ ਪੱਟ ਲਈਆਂ ਸਨ, ਤੇ ਉਨ੍ਹਾਂ `ਚੋਂ ਨਿੱਕਲ਼ ਰਿਹਾ, ਪੱਥਰ ਦੇ ਕੋਲੇ ਦਾ ਧੂੰਆਂ, ਮੋਟੀਆਂ-ਮੋਟੀਆਂ ਕਣੀਆਂ ਦੁਆਰਾ ਝੰਬਿਆ ਜਾ ਰਿਹਾ ਸੀ। ਦੁਕਾਨਾਂ ਦੇ ਮੂਹਰਲੇ ਪਾਸੇ ਤਾਣੀਆਂ ਤਰਪਾਲ਼ਾਂ ਦੇ ਦੋਹੀਂ ਪਾਸੀਂ ਮੀਂਹ ਦਾ ਪਾਣੀ ਚੋਅ ਰਿਹਾ ਸੀ। ਇੱਕਾ-ਦੁੱਕਾ ਰਿਕਸ਼ਾ-ਚਾਲਕ, ਸਿਰਾਂ `ਤੇ ਬੋਰੀਆਂ ਦੇ ਝੁੰਬ ਓੜੀ ਸਵਾਰੀਆਂ ਦੀ ਉਡੀਕ ਵਿੱਚ ਖਲੋਤੇ ਸਨ। ਲੁਧਿਆਣੇ ਵਾਲੀ ਬੱਸ, ਅਸੀਂ ਅੱਡਾ-ਕੋਟਕਪੂਰਾ ਤੋਂ ਕਚਹਿਰੀਆਂ ਵੱਲ ਨੂੰ ਮੀਲ ਕੁ ਦੇ ਫ਼ਾਸਲੇ `ਤੇ, ਮੋਗੇ ਦੇ ਟਾਊਨ ਹਾਲ ਦੇ ਮੋਢੇ ਕੋਲ਼ ਬਣੇ, ਪੰਜਾਬ ਰੋਡਵੇਜ਼ ਦੇ ਅੱਡੇ ਤੋਂ ਫੜਨੀ ਸੀ। ਪੰਜਾਬ ਰੋਡਵੇਜ਼ ਦੇ ਅੱਡੇ ਵੱਲ ਨੂੰ ਵਧਦਿਆਂ ਖੱਬੇ ਪਾਸੇ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰੇ ਦਾ ਗੇਟ ਖੁਲ੍ਹਾ ਦੇਖਦਿਆਂ ਹੀ, ਬਾਪੂ ਪਾਰਸ ਨੇ ਸਾਈਕਲ ਗੁਰਦਵਾਰੇ ਵੱਲ ਨੂੰ ਮੋੜ ਲਿਆ। ਬਹੁਕਰਾਂ ਨਾਲ਼ ਗੁਰਦਵਾਰੇ ਦੇ ਵਿਹੜੇ `ਚੋਂ, ਪਾਣੀ ਨੂੰ ਨਾਲ਼ੀਆਂ ਵੱਲ ਨੂੰ ਧੱਕ ਰਹੇ ਸੇਵਾਦਾਰ, ਮੀਂਹ `ਚ ਗੜੁੱਚ ਹੋਏ ਬਾਪੂ ਨੂੰ ਦੇਖ ਕੇ ਇੱਕ-ਦਮ ਉੱਠ ਖਲੋਤੇ: ਐਨੀ ਸਵਖਤੇ ਕਿੱਥੋਂ ਪਧਾਰੇ, ਪਾਰਸ ਜੀ?

ਗੁਰਦਵਾਰੇ ਦੇ ਕਿਚਨ `ਚ ਅਸੀਂ ਆਪਣੇ ਕੁੜਤੇ ਪਜਾਮੇ ਉਤਾਰੇ ਤੇ ਨਿਚੋੜ ਕੇ ਮੁੜ ਪਹਿਨ ਲਏ। ਚਾਹ ਦਾ ਅੱਧਾ-ਅੱਧਾ ਗਲਾਸ ਸੰਘੋਂ ਹੇਠਾਂ ਉੱਤਰਦਿਆਂ ਹੀ ਸਰੀਰਾਂ `ਚ ਗਰਮਾਇਸ਼ ਖਿਲਾਰਨ ਲੱਗਾ। ਬਾਰਸ਼ ਥੰਮ ਗਈ ਸੀ, ਤੇ ਸਾਈਕਲਾਂ ਨੂੰ ਸੇਵਾਦਾਰਾਂ ਦੇ ਹਵਾਲੇ ਕਰ ਕੇ ਅਸੀਂ ਲੁਧਿਆਣੇ ਵਾਲ਼ੇ ਅੱਡੇ ਪਹੁੰਚਣ ਲਈ ਦੋ ਰਿਕਸ਼ਿਆਂ `ਚ ਸਵਾਰ ਹੋ ਗਏ।

ਮੋਗੇ ਤੋਂ ਲੁਧਿਆਣੇ ਵਾਲ਼ੀ ਬੱਸ `ਚ ਦਸ-ਪੰਦਰਾਂ ਕੁ ਸਵਾਰੀਆਂ ਹੀ ਸਨ। ਬੱਸ ਜਿਓਂ ਹੀ ਸ਼ਹਿਰ ਤੋਂ ਬਾਹਰ ਹੋਈ, ਤਾਂ ਖੇਤਾਂ `ਚ ਮੱਕੀਆਂ ਦੇ ਸੰਘਣੇ ਟਾਂਡੇ ਤੇ ਕਪਾਹਾਂ ਦੇ ਲੁਟਕੇ ਹੋਏ ਬੂਟੇ ਨਜ਼ਰ ਪੈਣ ਲੱਗ ਪਏ। ਫ਼ਰਾਟੇਦਾਰ ਹਵਾ ਨੇ ਚਰ੍ਹੀਆਂ ਨੂੰ ਮਧੋਲ਼ਿਆ ਹੋਇਆ ਸੀ। ਨਿੱਕੀ-ਨਿੱਕੀ ਕਣੀ `ਚ, ਨੰਗ-ਪੈਰੇ ਕਿਸਾਨ ਸਿਰਾਂ `ਤੇ ਬੋਰੀਆਂ ਦੇ ਝੁੰਬ ਓੜ੍ਹੀਂ ਤੇ ਕਹੀਆਂ ਨੂੰ ਮੋਢਿਆਂ `ਤੇ ਰੱਖੀ ਖੇਤਾਂ ਵੱਲ ਨੂੰ ਤੁਰੇ ਜਾ ਰਹੇ ਸਨ। ਮੋਗੇ ਤੋਂ ਲੁਧਿਆਣੇ ਵਾਲ਼ੀ ਸੜਕ ਉਨ੍ਹੀ ਦਿਨੀਂ, ਲੁੱਕ ਤੇ ਰੋੜੀ ਦੀ ਇੱਕ ਪਤਲੀ ਜੲ੍ਹੀ ਪੱਟੀ ਹੀ ਹੋਇਆ ਕਰਦੀ ਸੀ। ਲੁਧਿਆਣਿਓਂ ਜਲੰਧਰ ਤੀਕ ਕਦੇ ਕਿਣ-ਮਿਣੀ ਤੇ ਕਦੇ ਛੜਾਕੇਦਾਰ ਮੀਂਹ ਵਰ੍ਹਦਾ ਰਿਹਾ। ਸਾਡੇ ਜਲੰਧਰ ਪਹੁੰਚਦਿਆਂ ਨੂੰ ਬੱਦਲ਼ਾਂ `ਚ ਮਘੋਰੇ ਹੋਣੇ ਸ਼ੁਰੂ ਹੋ ਗਏ।

ਰੇਡੀਓ ਸਟੇਸ਼ਨ ਇੱਕ ਇੱਕ-ਛੱਤੀ ਕੋਠੀ-ਨੁਮਾ ਦੀ ਬਿਲਡਿੰਗ `ਚ ਸਥਿਤ ਸੀ ਜਿਸ ਦੇ ਵਾਗਲ਼ੇ ਵਾਲ਼ੀ ਕੰਧ ਦੇ ਦੋ ਮੁੱਖ-ਗੇਟ ਸਨ। ਇੱਕ ਗੇਟ ਰਾਹੀਂ ਕਾਰਾਂ ਕੋਠੀ ਦੇ ਅੰਦਰ ਜਾਂਦੀਆਂ ਤੇ ਗੋਲਾਈਦਾਰ ਅਕਾਰ ਦੀ ਸੜਕ ਦਾ ਭਰਮਣ ਕਰ ਕੇ ਦੂਸਰੇ ਗੇਟੋਂ ਬਾਹਰ ਹੋ ਜਾਂਦੀਆਂ। ਗੇਟੋਂ ਅੰਦਰ, ਇਸ ਕੋਠੀ ਦੇ ਸਾਹਮਣੇ, ਗੋਲਾਈਦਾਰ ਸੜਕ ਦੇ ਅੰਦਰਲੇ ਪਾਸੇ ਵੱਲ ਸੰਘਣੇ ਘਾਹ ਵਾਲ਼ੇ ਲਾਅਨ `ਚ, ਟੈਸਟ ਦੇਣ ਆਏ ਆਰਟਿਸਟਾਂ ਦੀ ਖ਼ੂਬ ਗਹਿਮਾ-ਗਹਿਮੀ ਸੀ। ਕਿਸੇ ਹੱਥ ਤੂੰਬੀ, ਕਿਸੇ ਹੱਥ ਸਰੰਗੀ, ਤੇ ਕਿਸੇ ਦੇ ਬੋਝੇ `ਚ ਅਲਗੋਜ਼ੇ। ਦੋ-ਚਹੁੰ ਕੋਲ਼ ਬੈਂਜੋ ਵੀ ਸੀ। ਇਨ੍ਹਾਂ ਸਾਰਿਆਂ `ਚੋਂ ਸਾਡਾ ਜੱਥਾ ਸਭ ਤੋਂ ਛੋਟੀ ਉਮਰ ਵਾਲ਼ਿਆਂ ਦਾ ਸੀ। ਆਰਟਿਸਟਾਂ ਦੇ ਏਡੇ ਸੰਘਣੇ ਇਕੱਠ ਨੂੰ ਦੇਖ ਕੇ ਮੇਰੇ ਅੰਦਰ ਭੈਅ ਦਾ ਅਹਿਸਾਸ ਉੱਗਣ ਲੱਗਾ। ਮੈਨੂੰ ਜਾਪੇ ਕਿ ਸਾਡੇ ਬਾਲੜੇ ਜੇਹੇ ਮੂੰਹਾਂ ਵਾਲ਼ਿਆਂ ਦੀਆਂ ਮੀਂਹ ਕਾਰਨ ਢਿਲ਼ਕੀਆਂ ਪੱਗਾਂ ਅਤੇ ਸਿਲ੍ਹੇ ਕਮੀਜ਼-ਪਜਾਮਿਆਂ ਨੂੰ ਟੇਢੀਆਂ ਨਜ਼ਰਾਂ ਨਾਲ਼ ਦੇਖ ਕੇ ਹਰ ਆਰਟਿਸਟ ਅੰਦਰੋ-ਅੰਦਰੀ ਸਾਡੀ ਖ਼ਸਤਾ ਹਾਲਤ `ਤੇ ਹੱਸ ਰਿਹਾ ਸੀ। ਮੇਰਾ ਜੀ ਕਰੇ ਮੈਂ ਬਾਪੂ ਪਾਰਸ ਤੋਂ ਚੋਰੀਓਂ ਇਸ ਵੱਡੀ ਭੀੜ ਦਾ ਫ਼ਾਇਦਾ ਉਠਾਲ਼ ਕੇ ਏਥੋਂ ਖਿਸਕ ਜਾਵਾਂ।

ਗਿਆਰਾਂ ਕੁ ਵਜਦੇ ਨੂੰ, ਲੰਬੂਤਰੇ ਕੱਦ ਵਾਲ਼ਾ ਇੱਕ ਮਾੜਕੂ ਜਿਹਾ ਘੋਨ-ਮੋਨ ਬਜ਼ੁਰਗ ਰੇਡੀਓ-ਸਟੇਸ਼ਨ ਦੀ ਕੋਠੀ ਦੀ ਦੋ ਕੁ ਪੌੜੀਆਂ ਉੱਚੀ ਲਾਬੀ ਵਿੱਚ ਆ ਪ੍ਰਗਟ ਹੋਇਆ। ਉਸ ਦੇ ਐਨ੍ਹ ਪਿਛਲੇ ਪਾਸੇ ਦੋ ਚੌੜੇ-ਚੌੜੇ ਦਰਵਾਜ਼ੇ ਸਨ ਜਿਨ੍ਹਾਂ `ਚੋਂ ਅੰਦਰ ਲੰਘਿਆਂ ਉਸ ਕੋਠੀ ਦੇ ਨੂੰ ਵਿਚਕਾਰੋਂ ਚੀਰਦੇ ਇੱਕ ਹਾਲਵੇਅ `ਚ ਦਾਖ਼ਲ ਹੋ ਜਾਈਦਾ ਸੀ। ਸਾਨੂੰ ਇਹ ਇਲਮ ਸਾਡਾ ਟੈਸਟ ਹੋਣ ਵੇਲ਼ੇ ਹੋਇਆ ਕਿ ਹਾਲਵੇਅ ਦੇ ਖੱਬੇ-ਸੱਜੇ ਚਾਰ-ਪੰਜ ਚੌੜੇ ਦਰਵਾਜ਼ੇ ਸਨ ਜਿਹੜੇ ਇਸ ਹਾਲਵੇਅ ਨਾਲ਼ ਜੁੜੇ ਚਾਰ-ਪੰਜ ਸਟੂਡੀਓਜ਼ ਵੱਲ ਨੂੰ ਖੁਲ੍ਹਦੇ ਸਨ। ਬਜ਼ੁਰਗ ਦੇ ਹੱਥ ਵਿਚਲਾ ਕਾਗਜ਼ਾਂ ਦਾ ਥੱਬਾ ਉਸ ਦੀਆਂ ਸੁੱਕੀਆਂ ਜਿਹੀਆਂ ਉਂਗਲ਼ਾਂ `ਚੋਂ ਡਿਗੂੰ-ਡਿਗੂੰ ਕਰ ਰਿਹਾ ਸੀ। ਉਸ ਦੀ ਅੱਧੀਆਂ-ਬਾਹਾਂ ਵਾਲ਼ੀ ਟੀ-ਸ਼ਰਟ ਵਿੱਚੋਂ ਉਸ ਦੇ ਮਾਸ-ਰਹਿਤ ਡੌਲ਼ੇ ਇੰਝ ਜਾਪ ਰਹੇ ਸਨ ਜਿਵੇਂ ਕੋਈ ਲੰਮੀ ਪੈਨਸਿਲ ਜੁਰਾਬ `ਚ ਪਾ ਦੇਵੇ। ਲੰਬੂਤਰੇ ਨੱਕ `ਤੋਂ ਡਿਗੂੰ ਡਿਗੂੰ ਕਰਦੀਆਂ ਉਸ ਦੀਆਂ ਗੋਲ਼ਾਈਦਾਰ ਐਨਕਾਂ ਤੋਂ ਉਹ ਕਿਸੇ ਆੜ੍ਹਤੀ ਦਾ ਮੁਨੀਮ ਜਾਪਦਾ ਸੀ।

–ਇਹ ਚਾਚਾ ਕੁਮੇਦਾਨ ਐ, ਬਾਪੂ ਪਾਰਸ ਸਾਡੇ ਵੱਲੀਂ ਝੁਕ ਕੇ ਬੋਲਿਆ।

ਉਸ ਬਜ਼ੁਰਗ ਦਾ ਉੱਭਰਿਆ ਹੱਥ ਦੇਖਦਿਆਂ ਹੀ ਆਰਟਿਸਟਾਂ ਦੀ ਭੀੜ ਲਾਬੀ ਦੇ ਸਾਹਮਣੇ ਇਕੱਠੀ ਹੋਣ ਲੱਗੀ।

–ਤੂੰਬੀ ਵਾਲ਼ੇ ਕਿੰਨੇ ਆ ਬਈ? ਉਹ ਸਾਰਾ ਜ਼ੋਰ ਲਾ ਕੇ, ਸਿਗਰਟਾਂ-ਖਾਧੇ ਆਪਣੇ ਫੇਫੜਿਆਂ `ਚੋਂ, ਆਪਣੀ ਡੂੰਘੀ ਨਾਕੂ ਆਵਾਜ਼ `ਚ ਬੋਲਿਆ। –ਹੱਥ ਖੜ੍ਹੇ ਕਰੋ ਬਈ ਤੂੰਬੀ ਵਾਲ਼ੇ!

ਤੂੰਬੀ ਵਾਲੇ ਡੇਢ ਕੁ ਦਰਜਣ ਹੱਥ ਖੜ੍ਹੇ ਦੇਖ ਕੇ, ਮੁਨੀਮ-ਸ਼ਕਲ ਬਜ਼ੁਰਗ ਮੁਸਕਰਾਇਆ। ਉਸ ਦੇ ਅਰਧ-ਬੋੜੇ ਮੂੰਹ `ਚ ਉਸ ਦੀ ਜੀਭ ਹਿਲਦੀ ਨਜ਼ਰ ਆਉਣ ਲੱਗੀ। –ਪਹਿਲਾਂ ਤੂੰਬੀ ਵਾਲਿਆਂ ਦਾ ਟੈਸਟ ਹੋਵੇਗਾ, ਬਜ਼ੁਰਗ ਡਿਗੂੰ-ਡਿਗੂੰ ਕਰਦੀ ਆਵਾਜ਼ `ਚ ਬੋਲਿਆ। –ਹੁਣ ਤੋਂ ਠੀਕ ਪੰਤਾਲ਼ੀ ਮਿੰਟਾਂ ਨੂੰ … ਆਪਣੀਆਂ ਤੂੰਬੀਆਂ ਕਸ ਲੋ, ਸੁਰ `ਚ ਕਰ ਲੋ। ਪੰਤਾਲ਼ੀ ਮਿੰਟ ਨੂੰ ਐਸ ਕਮਰੇ `ਚ ਹਾਜ਼ਰ ਹੋਣੈ, ਉਸ ਨੇ ਲਾਬੀ ਦੇ ਸੱਜੇ ਪਾਸੇ ਵਾਲ਼ੇ ਵੇਟਿੰਗਰੂਮ ਵੱਲ ਇਸ਼ਾਰਾ ਕੀਤਾ।

ਬਾਪੂ ਸਮੇਤ ਅਸੀਂ ਤਿੰਨੇ ਭਰਾ ਸਟੇਸ਼ਨ ਦੀ ਕੋਠੀ ਤੋਂ ਬਾਹਰ ਆ ਗਏ। –ਪਹਿਲਾਂ ਚਾਹ ਪੀ ਲੀਏ…ਨਾਲ਼ੇ ਤੂੰਬੀ ਨੂੰ ਕੱਸ ਲੋ, ਬਾਪੂ ਸਟੇਸ਼ਨ ਦੇ ਸੱਜੇ ਪਾਸੇ ਵਾਲ਼ੇ ਚਾਹ ਦੇ ਖੋਖੇ ਵੱਲ ਝਾਕਿਆ।

ਗਿੱਲੇ ਗ਼ਿਲਾਫ਼ `ਚੋਂ ਤੂੰਬੀ ਉਦੇ ਹੋਈ। ਬਲਵੰਤ ਨੇ ਤੂੰਬੀ ਦੀ ਘੋੜੀ (ਬ੍ਰਿੱਜ) ਨੂੰ ਦੋਹਾਂ ਤਾਰਾਂ ਅਤੇ ਮੜ੍ਹ ਦੇ ਵਿਚਕਾਰ ਜਿਓਂ ਹੀ ਫਸਾਇਆ, ਤਾਂ ਮੀਂਹ ਨਾਲ਼ ਤਰ ਹੋਇਆ ਤੂੰਬੀ ਦਾ, ਬੱਕਰੇ ਦੀ ਖੱਲ ਤੋਂ ਬਣਿਆਂ ਮੜ੍ਹ ਹੇਠਾਂ ਨੂੰ ਲਿਫ਼ ਗਿਆ। ਤਾਰ `ਤੇ ਉਂਗਲ਼ੀ ਮਾਰੀ ਤਾਂ ਡੂੰਘੀ ਅਵਾਜ਼ `ਚ ਤੂੰਬੀ ਇੰਝ ਤੁਣਕੀ ਜਿਵੇਂ ਕਈ ਹਫ਼ਤਿਆਂ ਤੋਂ ਬੀਮਾਰ ਪਈ ਹੋਵੇ।

-ਮੜ੍ਹ ਤਾਂ ਗਿੱਲਾ ਹੋ ਗਿਐ ਬਾਪੂ ਜੀ, ਬਲਵੰਤ ਉਦਾਸ ਅੰਦਾਜ਼ `ਚ ਬੋਲਿਆ।

ਬਾਪੂ ਦੇ ਬੁਲ੍ਹ ਢਿਲ਼ਕ ਗਏ ਤੇ ਅੱਖਾਂ ਟੱਡੀਆਂ ਗਈਆਂ। ਮੈਂ ਤੇ ਰਛਪਾਲ ਨੇ ਆਪਣੀਆਂ ਘਬਰਾਈਆਂ ਨਜ਼ਰਾਂ ਤੂੰਬੀ `ਤੇ ਕੇਂਦਰਤ ਕਰ ਲਈਆਂ।

ਚਾਰ-ਚੁਫ਼ੇਰੇ ਕੁੱਝ ਭਾਲ਼ਦੀ ਤੇ ਕੁੱਝ ਸੋਚਦੀ ਹੋਈ ਬਾਪੂ ਦੀ ਨਜ਼ਰ ਘੁੰਮਦੀ-ਘੁੰਮਦੀ ਖੋਖੇ ਮੂਹਰੇ ਮਘੀ ਹੋਈ ਅੰਗੀਠੀ `ਤੇ ਜਾ ਅਟਕੀ। ਅੰਗੀਠੀ `ਤੇ ਨਜ਼ਰ ਪੈਂਦਿਆਂ ਹੀ ਬਾਪੂ ਦਾ ਚਿਹਰਾ ਖਿੜ ਉੱਠਿਆ।

-ਇਉਂ ਕਰ … ਉਹ ਬਲਵੰਤ ਵੱਲੀਂ ਨਜ਼ਰਾਂ ਘੁਮਾਅ ਕੇ ਬੋਲਿਆ। –ਤੂੰਬੀ ਨੂੰ ਅੰਗੀਠੀ ਦੇ ਨੇੜੇ ਕਰ … ਪੰਜਾਂ ਮਿੰਟਾਂ `ਚ ਮੜ੍ਹ ਸੁੱਕ ਜੂ ਗਾ! ਫੇਰ ਦੇਖੀਂ ਕਿਵੇਂ ਗੜ੍ਹਕਦੀ ਐ!

ਬਲਵੰਤ ਤੂੰਬੀ ਚੁੱਕ ਕੇ, ਪੂਰੇ ਜਲਾਲ `ਚ ਮਘ ਚੁੱਕੀ ਅੰਗੀਠੀ ਦੇ ਨਜ਼ਦੀਕ ਹੋਇਆ। ਉੱਥੇ ਉਹ ਗੁੱਸੇ `ਚ ਲਾਲ ਹੋਏ ਕੋਲਿਆਂ ਵੱਲ ਝਾਕਿਆ ਤੇ ਤੂੰਬੀ ਨੂੰ ਮੜ੍ਹ ਵਾਲੇ ਪਾਸਿਓਂ ਭੱਠੀ ਦੇ ਨੇੜੇ ਕਰ ਦਿੱਤਾ। ਅੱਧੇ ਕੁ ਮਿੰਟ ਬਾਅਦ ਉਸ ਨੇ ਮੜ੍ਹ `ਤੇ ਹੱਥ ਫੇਰਿਆ ਜਿਹੜਾ ਭੱਠੀ ਦੇ ਸੇਕ ਨਾਲ਼ ਗਰਮ ਹੋ ਚੁੱਕਿਆ ਸੀ।

-ਅੱਧਾ ਕੁ ਮਿੰਟ ਹੋਰ ਸੇਕ ਲੈ, ਪਾਰਸ ਬਾਪੂ ਨੇ ਸੁਝਾਓ ਦਿੱਤਾ।

-ਮੈਂ ਕਹਿਨਾ ਬਹੁਤ ਸੇਕ ਲਿਆ, ਬਲਵੰਤ ਜਕਦਿਆਂ-ਜਕਦਿਆਂ ਬੋਲਿਆ।

-ਥੋੜ੍ਹੀ ਜ੍ਹੀ ਹੋਰ ਸੁਕਾਅ ਲਾ … ਚੰਗਾ ਤੁਣਕੂਗੀ, ਪਾਰਸ ਨੇ ਜ਼ਿਦ ਕੀਤੀ।

ਬਲਵੰਤ ਨੇ ਨਾ-ਚਹੁੰਦਿਆਂ ਵੀ ਤੂੰਬੀ ਨੂੰ ਦੋਬਾਰਾ ਭੱਠੀ ਦੇ ਸੇਕ ਦੇ ਹਵਾਲੇ ਕਰ ਦਿੱਤਾ। ਵੀਹ ਕੁ ਸਕਿੰਟਾਂ ਬਾਅਦ ਉਸ ਨੇ ਆਪਣਾ ਹੱਥ ਮੜ੍ਹ `ਤੇ ਫੇਰਿਆ। ਥੋੜ੍ਹਾ ਹੋਰ ਸੇਕ ਲਵਾਉਣ ਦੀ ਮਨਸ਼ਾ ਨਾਲ਼ ਇੱਕ ਵਾਰ ਫੇਰ ਤੂੰਬੀ ਨੂੰ ਭੱਠੀ ਦੇ ਕਲ਼ਾਵੇ `ਚ ਕੀਤਾ। ਅਗਲੇ ਹੀ ਪਲ ‘ਖੜੱਕ’ ਦਾ ਖੜਕਾ ਹੋਇਆ ਤੇ ਅੱਧਾ ਮੜ੍ਹ ਮਰੋੜਾ ਖਾ ਕੇ ਤੂੰਬੀ ਦੇ ਕਿਨਾਰੇ ਨਾਲ਼ੋਂ ਵੱਖਰਾ ਹੋ ਗਿਆ। ਬਾਪੂ ਦੇ ਚਿਹਰੇ `ਤੇ ਲਿਸ਼ਕਦਾ ਨੂਰ ਪਲਾਂ `ਚ ਹੀ ਦਲਦਲ `ਚ ਬਦਲ ਗਿਆ। ਅੱਧੇ ਘੰਟੇ ਬਾਅਦ ਸ਼ੁਰੂ ਹੋਣ ਵਾਲ਼ਾ ਟੈਸਟ ਬਾਪੂ ਦੀ ਖੋਪੜੀ `ਚ ਝਰੀਟਾਂ ਮਾਰਨ ਲੱਗਾ।

-ਹੁਣ ਕੀ ਕਰਾਂਗੇ? ਬਾਪੂ ਕੰਬਦੀ ਅਵਾਜ਼ `ਚ ਬੋਲਿਆ।

ਸਾਡੇ ਤਿੰਨਾਂ ਭਰਾਵਾਂ ਦੇ ਚਿਹਰੇ ਢਿਲ਼ਕ ਗਏ। ਬੁਲ੍ਹ ਹੇਠਾਂ ਨੂੰ ਲਮਕ ਗਏ। ਕਦੇ ਅਸੀਂ ਤੂੰਬੀ ਵੱਲੀਂ ਝਾਕੀਏ, ਕਦੇ ਭੱਠੀ ਵੱਲੀਂ, ਤੇ ਕਦੇ ਬਾਪੂ ਦੇ ਪ੍ਰੇਸ਼ਾਨ ਚਿਹਰੇ ਵੱਲੀਂ! ਭਰਾੜ ਹੋ ਗਈ ਤੂੰਬੀ ਵਿੱਚੋਂ ਰੇਡੀਓ `ਤੇ ਗਾਉਣ ਦੇ ਸੁਪਨੇ ਕਿਰਨ ਲੱਗੇ। ਬਾਪੂ ਨੇ ਆਪਣੇ ਕੰਬਦੇ ਹੱਥ ਨਾਲ਼ ਆਪਣੇ ਖੱਬੇ ਕਫ਼ ਨੂੰ ਉਤਾਂਹ ਵੱਲ ਕਰ ਕੇ ਘੜੀ `ਤੇ ਇੱਕ ਹੋਰ ਨਜ਼ਰ ਮਾਰੀ। ਦਾਹੜੀ ਨੂੰ ਬਿਨਾ-ਵਜ੍ਹਾ ਖੁਰਕਦਿਆਂ ਉਹ ਸੋਚਾਂ ਵਿੱਚ ਡੂੰਘਾ ਉੱਤਰ ਗਿਆ। ਫਿਰ ਉਹ ਖੋਖੇ ਵਾਲੇ ਕੋਲ਼ ਗਿਆ ਤੇ ਬੋਲਿਆ: ਸਾਜ਼ਾਂ ਦੀ ਦੁਕਾਨ ਹੈ ਕੋਈ ਨੇੜੇ-ਤੇੜੇ?

ਖੋਖੇ ਵਾਲ਼ਾ ਭਾਈ ਸਿਗਰਟ ਤੋਂ ਰਾਖ਼ ਝਾੜ ਕੇ ਬੋਲਿਆ: ਕਾਫ਼ੀ ਦੂਰ ਐ … ਸ਼ਹਿਰ `ਚ!

-ਕਿੰਨੀ ਕੁ ਦੂਰ?

-ਲੱਗ ਈ ਜਾਊ ਅੱਧਾ ਘੰਟਾ ਓਥੇ ਜਾਣ ਲਈ … ਰਿਕਸ਼ੇ `ਤੇ!

-ਫੇਰ ਤਾਂ ਗੱਲ ਨੀ ਬਣਨੀ!

ਬਾਪੂ ਨੇ ਤੂੰਬੀ ਨੂੰ ਹੱਥ `ਚ ਫੜਿਆ ਤੇ ਤੂੰਬੀ ਦੇ ਅੰਦਰ ਵੱਲ ਨੂੰ ਮੁੜ ਗਏ ਮੜ੍ਹ ਨੂੰ ਗਹੁ ਨਾਲ਼ ਦੇਖਣ ਲੱਗਾ। –ਕਿਸੇ ਤਰ੍ਹਾਂ ਜੋੜਿਆ ਵੀ ਨੀਂ ਜਾ ਸਕਦਾ, ਉਹ ਬੁੜਬੁੜਾਇਆ।

ਏਨੇ ਨੂੰ ਵੱਡੇ ਤੂੰਬੇ ਵਾਲ਼ੇ ਦੋ ਜਣੇ ਤੇ ਇੱਕ ਅਲਗੋਜ਼ਾ-ਨਵਾਜ਼ ਆਪਣੇ ਚਿੱਟੇ ਕੁੜਤੇ ਚਾਦਰਿਆਂ ਨੂੰ ਝਾੜਦੇ ਹੋਏ ਖੋਖੇ ਦੇ ਅੰਦਰ ਜਾ ਵੜੇ। ਦੋ ਕੁ ਮਿੰਟਾਂ ਬਾਅਦ ਖੋਖੇ `ਚੋਂ ਤੁਣ-ਤੁਣ ਦੀ ਅਵਾਜ਼ ਉੱਭਰਨ ਲੱਗੀ। ਅਗਲੇ ਪਲੀਂ ਅਲਗੋਜ਼ਿਆਂ ਦੀ ਮਿੱਠੀ-ਮਿੱਠੀ ‘ਪੂੰ-ਪੂੰ, ਫੁਕ-ਫੁਕ’ ਸੁਣਾਈ ਦੇਣ ਲੱਗੀ। ਤੂੰਬੇ ਵਾਲ਼ੇ ਨੇ ਤੂੰਬੇ ਦੀ ਤਾਰ ਨੂੰ ਕੱਸਿਆ, ਢਿੱਲੀ ਕੀਤਾ ਤੇ ਫੇਰ ਕੱਸਿਆ। ਤੁਣ-ਤੁਣ ਤੇ ਫੁਕ-ਫੁਕ ਜਿਓਂ ਹੀ ਇਕਸਾਰ ਹੋਈਆਂ ਤਾਂ ਤੀਸਰੇ, ਸਾਜ਼-ਵਿਹੂਣੇ ਨੇ ਬੋਲ ਚੁੱਕ ਲਿਆ: ਮੇਰੀ ਚੁੱਕ ਲੋ ਕੋਹਾਰੇ ਡੋਲੀ, ਵੇ ਰੋਂਦੀਆਂ ਨੂੰ ਰੋਣ ਦਿਓ…

ਪਾਟੀ ਹੋਈ ਤੂੰਬੀ ਪਕੜੀ ਪਾਰਸ ਬਾਪੂ ਖੋਖੇ ਦੇ ਅੰਦਰ ਵੱਲ ਨੂੰ ਹੋ ਤੁਰਿਆ। ਬਾਪੂ ਨੂੰ ਦੇਖਦਿਆਂ ਹੀ ਸਾਜ਼ੀਆਂ ਨੇ ਸਾਜ਼ ਥੰਮ ਲਏ। ਤਿੰਨਾਂ ਦੀਆਂ ਨਜ਼ਰਾਂ ਪਾਟੇ ਹੋਏ ਮੜ੍ਹ `ਤੇ ਕੇਂਦਰਤ ਹੋ ਗਈਆਂ।

-ਟੈਸਟ `ਤੇ ਆਈ ਐ ਪਾਰਟੀ?

-ਜੀ ਹਾਂ, ਸਾਜ਼-ਵਿਹੂਣਾ ਮੁਸਕ੍ਰਾਅ ਕੇ ਬੋਲਿਆ।

-ਇੱਕ … ਬੇਨਤੀ … ਕਰਨੀ ਸੀ, ਬਾਪੂ ਅਟਕ-ਅਟਕ ਕੇ ਬੋਲਿਆ। –ਜੇ ਆਗਿਆ ਹੋਵੇ ਤਾਂ …

-ਕਰੋ ਹੁਕਮ ਸਰਦਾਰ ਜੀ!

-ਔਹ ਮੇਰੇ ਮੁੰਡੇ ਆ ਬਾਹਰ ਬੈਠੇ … ਉਨ੍ਹਾਂ ਦਾ ਟੈਸਟ ਐ ਅੱਜ ਤੁਹਾਡੇ ਆਂਗੂੰ ਈ … ਪਰ ਆਹ ਤੂੰਬੀ ਦਾ ਮੜ੍ਹ ਪਾਟ ਗਿਆ … ਜੇ ਆਪਣਾ ਤੂੰਬਾ ਦਸ ਕੁ ਮਿੰਟ ਲਈ ਸਾਨੂੰ ਮੁੰਡਿਆਂ ਨੂੰ ਉਧਾਰਾ ਦੇਣ ਦੀ ਮੇਹਰਬਾਨੀ ਕਰ ਦਿਓਂ …

ਚਿੱਟ-ਕੱਪੜੀਆਂ ਦੀਆਂ ਨਜ਼ਰਾਂ ਇੱਕ-ਦੂਜੇ ਨਾਲ਼ ਟੱਕਰਾਈਆਂ। ਅਲਗੋਜ਼ੀਏ ਨੇ ਸਾਜ਼ਾਂ ਦੀ ਜੋੜੀ ਦੇ ਮੂੰਹਾਂ ਨੂੰ ਪਰਨੇ ਦੀ ਕੰਨੀਂ ਨਾਲ਼ ਪੂੰਝਿਆ। ਤੂੰਬੀਆ ਆਪਣੇ ਤੂੰਬੇ ਦੀ ਗੋਲ਼ਾਈ ਨੂੰ ਪਲੋਸਣ ਲੱਗਾ। ਲੰਮੀ ਹੋਣ ਲੱਗੀ ਚੁੱਪ ਨੂੰ ਠੰਗੋਰਦਿਆਂ ਤੂੰਬੇ ਵਾਲ਼ੇ ਨੇ ਗਲ਼ਾ ਸਾਫ਼ ਕੀਤਾ। –ਗੱਲ ਤਾਂ ਮਾੜੀ ਹੋਈ, ਸਰਦਾਰਾ … ਪਰ … ਅਸੀਂ ਕਦੇ … ਆਪਣਾ ਸਾਜ਼ ਕਿਸੇ ਨੂੰ ਉਧਾਰਾ ਨੲਹੀਂ ਦਿੱਤਾ ਅੱਜ ਤਾਈਂ … ਇਹ ਸਾਡੀ ਮਰਿਆਦਾ ਆ।

-ਮਰਿਆਦਾ ਤਾਂ ਠੀਕ ਆ, ਬਾਪੂ ਪਾਰਸ ਠਰੰਮੇ ਨਾਲ਼ ਬੋਲਿਆ, ਪਰ … ਮਜਬੂਰੀ `ਚ ਫਸੇ ਦੀ ਮੱਦਦ ਕਰਨੀ ਵੀ ਪੁੰਨ ਦਾ ਕੰਮ ਹੁੰਦੈ।

ਬਾਪੂ ਦੀ ਧੀਮੀ ਆਵਾਜ਼ ਖੋਖੇ `ਚ ਗੁੰਮ ਹੋ ਗਈ। ਅਲਗੋਜ਼ੇ ਵਾਲ਼ੇ ਨੇ ਅਲਗੋਜ਼ਿਆਂ ਨੂੰ ਆਪਣੇ ਬੁਲ੍ਹਾਂ ਨਾਲ਼ ਜੋੜਿਆ ਤੇ ਤੂੰਬਾ ਮਿੱਠੀ-ਮਿੱਠੀ ਤੁਣ-ਤੁਣ ਕਰਨ ਲੱਗਿਆ।

ਸੋਚਾਂ `ਚ ਡੁੱਬਿਆ ਬਾਪੂ ਬਾਹਰ ਡੱਠੇ ਮੰਜੇ `ਤੇ ਸਾਡੇ ਕੋਲ਼ ਆ ਕੇ ਬੈਠ ਗਿਆ। –ਕਿਵੇਂ ਕਰੀਏ ਹੁਣ? ਉਸ ਨੇ ਆਪਣੇ ਆਪ ਨੂੰ ਪੁੱਛਿਆ।

ਏਨੇ ਨੂੰ ਪਾਣੀ ਦੀਆਂ ਨੰਨ੍ਹੀਆਂ-ਨੰਨ੍ਹੀਆਂ ਛਪੜੀਆਂ ਨੂੰ ਮਿਧਦਾ ਇੱਕ ਰਿਕਸ਼ਾ ਸਾਡੇ ਸਾਹਮਣੇ ਆ ਖਲੋਇਆ। ਬਾਪੂ ਪਾਰਸ ਹਾਲੇ ਵੀ ਤੂੰਬੀ ਦੇ ਫਟੇ ਹੋਏ ਮੜ੍ਹ ਨੂੰ ਟਿਕਟਿਕੀ ਲਗਾ ਕੇ ਦੇਖੀ ਜਾ ਰਿਹਾ ਸੀ। ਰਿਕਸ਼ੇ `ਚੋ ਉੱਤਰੇ, ਟੀ-ਸ਼ਰਟਾਂ ਤੇ ਪੈਂਟਾਂ ਵਾਲ਼ੇ ਦੋ ਸੱਜਣਾਂ `ਚੋਂ ਪਗੜੀ ਵਾਲ਼ੇ ਦੇ ਭਰਵੀਂ ਸਿਆਹ ਦਾਹੜੀ ਸੀ ਤੇ ਦੂਸਰਾ ਘੋਨ-ਮੋਨ। ਦਾਹੜੀ ਵਾਲ਼ੇ ਵਿਅਕਤੀ ਨੇ ਤੂੰਬੀ ਦੇ ਫ਼ਿਕਰ `ਚ ਡੁੱਬੇ ਬਾਪੂ ਪਾਰਸ ਦੇ ਮੋਢੇ ਨੂੰ ਥਪਥਪਾਇਆ। ਬਾਪੂ ਉਤਾਂਹ ਝਾਕਣ ਸਾਰ ਹੀ ਦਾਹੜੀ ਵਾਲ਼ੇ ਨਾਲ਼ ਬਗ਼ਲਗ਼ੀਰ ਹੋ ਗਿਆ।

-ਆ ਬਈ ਬਖ਼ਸ਼ੀਸ਼ ਸਿਅ੍ਹਾਂ!

-ਅੱਜ ਕਿਵੇਂ ਪਾਰਸਾ ਏਥੇ? ਘੋਨ-ਮੋਨ ਬੋਲਿਆ। –ਰੇਡੀਓ ਤੇ ਗਾਇਕੀ ਤਾਂ ਅੱਜ ਸਾਡੀ ਹੋਣੀ ਐਂ!

-ਓ ਯਾਰ ਆਹ ਮੁੰਡੇ ਆ ਮੇਰੇ … ਇਨ੍ਹਾਂ ਦਾ ਅੱਜ ਟੈਸਟ ਐ ਰੇਡੀਓ ਲਈ … ਆ ਪਰ ਆਹ ਤੂੰਬੀ ਜਵਾਬ ਦੇ ਗੀ … ਨੇੜਿਓਂ ਤੇੜਿਓਂ ਕਿਤੋਂ ਮਿਲਣੀ ਵ ਨੀ।

ਹੁਣ ਪਾਰਸ ਸਾਡੇ ਵੱਲੀਂ ਝਾਕਿਆ। –ਬੁਲਾਓ ਸਾਸਰੀ `ਕਾਲ ਮੁੰਡਿਓ … ਇਹ ਖੰਨੇ ਆਲ਼ੇ ਬਖ਼ਸ਼ੀ ਤੇ ਸ਼ਾਦੀ ਐ … ਸੁਣਦੇ ਹੁੰਨੇ ਐਂ ਨਾ ਰੇਡੀਓ `ਤੇ ‘ਪੱਕਾ ਘਰ ਟੋਲ਼ੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ’ … ਇਹ ਆ ਬਖ਼ਸ਼ੀਸ਼ ਬਖ਼ਸ਼ੀ, ਦਸਤਾਰੀਏ ਵੱਲ ੳਂਗਲ਼ੀ ਸੇਧਦਿਆਂ ਬਾਪੂ ਪਾਰਸ ਬੋਲਿਆ। –ਤੇ ਆਹ ਐ ਸ਼ਾਦੀ ਰਾਮ …

ਘੋਨ-ਮੋਨ ਸਾਡੇ ਵੱਲੀਂ ਦੇਖ ਕੇ ਮੁਸਕ੍ਰਾਇਆ।

-ਕੀ ਹੋ ਗਿਆ ਤੂੰਬੀ ਨੂੰ? ਬਖ਼ਸ਼ੀਸ਼ ਨੇ ਪੁੱਛਿਆ।

-ਗਿੱਲੀ ਹੋ ਗੀ ਸੀ ਮੀਂਹ `ਚ … ਮੈਂ ਕਹਿ`ਤਾ ਭੱਠੀ `ਤੇ ਸੇਕ ਲੋ … ਤੇ ਇਹਦਾ ਵਿਚਾਰੀ ਦਾ ਮੜ੍ਹ ਹੀ ਪਾਟ ਗਿਆ ਸੇਕ ਨਾਲ਼ …

ਸ਼ਾਦੀ ਰਾਮ ਨੇ ਤੂੰਬੀ ਨੂੰ ਹੱਥਾਂ `ਚ ਪਕੜਿਆ ਤੇ ਮੜ੍ਹ ਨੂੰ ਨਿਰਖਿਆ। –ਇਹ ਤਾਂ ਹੁਣ ਨਾਕਾਰਾ ਹੋ ਗੀ ਐ, ਉਹ ਗਹਿਰੇ ਦੁੱਖ ਨਾਲ਼ ਬੋਲਿਆ।

-ਫੇਰ ਕੀ ਹੋਇਆ? ਬਖ਼ਸ਼ੀਸ਼ ਦਾਹੜੀ ਨੂ ਥਪਥਪਾਉਂਦਾ ਬੋਲਿਆ। –ਕੱਢ ਆਪਣੇ ਆਲ਼ੀ, ਸ਼ਾਦੀ ਰਾਮਾ, ਤੇ ਫੜਾ ਮੁੰਡਿਆਂ ਨੂੰ।

***

ਚਾਹ ਵਾਲ਼ੇ ਖੋਖੇ `ਚ ਹੀ ਬਖ਼ਸ਼ੀਸ਼ ਬਖ਼ਸ਼ੀ ਹੋਰਾਂ ਦੀ ਤੂੰਬੀ `ਤੇ ਪੰਜ-ਸੱਤ ਮਿੰਟ ਤੁਣ-ਤੁਣਾ-ਤੁਣ-ਤੁਣ-ਤੁਣ-ਤੁਣ ਕਰਨ ਤੋਂ ਬਾਅਦ, ਮਿਥੇ ਵਕਤ ਉੱਤੇ ਅਸੀਂ ਜਿਓਂ ਹੀ ਰੇਡੀਓ ਸਟੇਸ਼ਨ ਦੀ ਲਾਬੀ ਵਾਲ਼ੇ ਕਮਰੇ `ਚ ਪਹੁੰਚੇ ਤਾਂ ਓਥੇ ਭਿੱਜੀਆਂ ਹੋਈਆਂ ਚਿੱਟੀਆਂ ਪੁਸ਼ਾਕਾਂ ਵਾਲ਼ੇ ਤੂੰਬੀਆਂ ਵਾਲ਼ਿਆਂ ਦੀ ਭਾਰੀ ਗਹਿਮਾ-ਗਹਿਮੀ ਸੀ। ਕਈ ਆਰਟਿਸਟ ਇਸ ਕਮਰੇ ਦੀਆਂ ਕੰਧਾਂ ਨਾਲ ਪਿੱਠ ਕਰੀ ਖਲੋਤੀਆਂ ਕੁਰਸੀਆਂ `ਤੇ ਬਿਰਾਜਮਾਨ ਸਨ, ਤੇ ਬਾਕੀ ਏਧਰ-ਓਧਰ ਖਲੋਤੇ ਸਨ। ਸਾਡੀ ਉਡੀਕ ਵਿੱਚ ਕੋਈ ਕੁਰਸੀ ਖ਼ਾਲੀ ਨਹੀਂ ਸੀ। ਏਨੇ ਨੂੰ ਚਾਚਾ ਕੁਮੇਦਾਨ ਲਾਬੀ `ਚ ਆ ਪ੍ਰਗਟ ਹੋਇਆ। ਚਾਚੇ ਨੂੰ ਦੇਖਦਿਆਂ ਹੀ ਬਾਪੂ ਪਾਰਸ ਸਾਡੇ ਵਾਲ਼ੇ ਕਮਰੇ `ਚੋਂ ਉੱਠ ਕੇ ਲਾਬੀ ਵੱਲ ਨੂੰ ਹੋ ਲਿਆ। ਬਾਪੂ ਨੂੰ ਦੇਖਦਿਆਂ ਚਾਚਾ ਸਾਡੇ ਵਾਲ਼ੇ ਕਮਰੇ ਵੱਲ ਨੂੰ ਵਧਿਆ। –ਤੂੰ ਕਿਵੇਂ ਅੱਜ ਕਰਨੈਲ? ਚਾਚੇ ਨੇ ਬਾਪੂ ਪਾਰਸ ਵੱਲੀਂ ਹੱਥ ਵਧਾਇਆ। –ਮੇਰੇ ਮੁੰਡੇ ਆਏ ਆ ਟੈਸਟ ਦੇਣ, ਬਾਪੂ ਸਾਡੇ ਵੱਲ ਇਸ਼ਾਰਾ ਕਰਦਿਆਂ ਬੋਲਿਆ। ਅਸੀਂ ਅਦਬ ਨਾਲ਼ ਫ਼ਰਸ਼ ਤੋਂ ਉੱਠ ਕੇ ਖਲੋ ਗਏ ਤਾਂ ਚਾਚਾ ਕਹਿਣ ਲੱਗਾ: ਬੈਠੋ ਰਹੋ, ਪੁੱਤਰੋ!

ਚਾਚਾ ਕੁਮੇਦਾਨ ਦਸੀਂ ਕੁ ਮਿੰਟੀਂ ਚੌੜੇ-ਚੌੜੇ ਡਬਲ ਦਰਵਾਜ਼ਿਆਂ ਨੂੰ ਧੱਕ ਕੇ ਅੰਦਰਲੇ ਪਾਸਿਓਂ ਬਾਹਰ ਆਉਂਦਾ ਤੇ ਅਗਲੇ ਆਰਟਿਸਟ ਦਾ ਨਾਮ ਪੁਕਾਰ ਕੇ ਉਸ ਨੂੰ ਡਬਲ ਦਰਵਾਜ਼ਿਆਂ ਰਾਹੀਂ ਅੰਦਰ ਲੈ ਜਾਂਦਾ। ਚਾਚਾ ਕੁਮੇਦਾਨ ਜਿਓਂ ਹੀ ਸਾਡੇ ਵਾਲ਼ੇ ਵੇਟਿੰਗਰੂਮ `ਚ ਦਾਖ਼ਲ ਹੁੰਦਾ ਮੇਰਾ ਦਿਲ ਡੁੱਬਣ ਲਗਦਾ। ਪੰਜਾਂ-ਸੱਤਾਂ ਆਰਟਿਸਟਾਂ ਬਾਅਦ, ਆਪਣੀਆਂ ਐਣਕਾਂ ਉੱਪਰੋਂ ਦੀ ਸਾਡੇ ਚਿਹਰਿਆਂ `ਤੇ ਮੁਸਕਰਾਉਂਦੀ ਨਜ਼ਰ ਸੁਟਦਿਆਂ ਚਾਚਾ ਕੁਮੇਦਾਨ ਆਪਣੀ ਨਾਕੂ ਅਵਾਜ਼ `ਚ ਬੋਲਿਆ: ਆ ਜੋ ਬਈ ਰਾਮੂਵਾਲੀਓ ਪਹਿਲਾਂ ਥੋਨੂੰ ਭੁਗਤਾਅ ਦੇਈਏ।

ਚਾਚੇ ਦੇ ਮਗਰ ਮਗਰ, ਕੋਠੀ ਦੇ ਮੁੱਖ-ਦਵਾਰ `ਤੇ, ਅੰਦਰ-ਬਾਹਰ ਦੋਵੇਂ ਪਾਸਿਆਂ ਵੱਲ ਨੂੰ ਖੁਲ੍ਹਦੇ ਮੁੱਖ-ਦਰਵਾਜ਼ਿਆਂ ਰਾਹੀਂ, ਅਸੀਂ ਜਿਓਂ ਹੀ ਹਾਲਵੇਅ `ਚ ਦਾਖ਼ਲ ਹੋਏ ਤਾਂ ਅਜੀਬ ਕਿਸਮ ਦੀ ਸੁਗੰਧੀ ਨੇ ਸਾਡੀਆਂ ਨਾਸਾਂ ਨੂੰ ਠਾਰ ਦਿੱਤਾ। ਅੰਦਰ ਲੰਘਦਿਆਂ ਹੀ ਠੰਡ ਨਾਲ਼ ਮੇਰੀ ਚਮੜੀ `ਤੇ ਲੂੰ-ਕੰਡਿਆਈ ਪ੍ਰਗਟ ਹੋ ਗਈ। ਇਹ ਸੁਗੰਧੀ ਏਅਰ-ਕੰਡੀਸ਼ਨ ਦੀ ਸੀ ਜਾਂ ਕਿਸੇ ਹੋਰ ਵਰਤਾਰੇ ਦੀ, ਇਸ ਗੱਲ ਦਾ ਇਲਮ ਮੈਨੂੰ ਅਜੇ ਤੀਕ ਨਹੀਂ ਹੋਇਆ। ਬਾਹਰ ਮੀਂਹ ਨਾਲ਼ ਤਪਸ਼ `ਚ ਆਈ ਗਿਰਾਵਟ ਦੇ ਬਾਵਜੂਦ, ਬਾਹਰਲੀ ਤਪਸ਼ ਅਤੇ ਅੰਦਰ ਦੀ ਠੰਡ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਚਾਚੇ ਨੇ ਸੱਜੇ ਪਾਸੇ ਵਾਲ਼ੇ ਪਹਿਲੇ ਸਟੂਡੀਓ ਦਾ ਚੌੜਾ ਦਰਵਾਜ਼ਾ ਧੱਕਿਆ ਤੇ ਉਸ ਨੂੰ ਪਿੱਠ ਲਾ ਕੇ ਰੋਕ ਲਿਆ। ‘ਆ ਜੋ ਅੰਦਰ ਪੁੱਤਰੋ!’ ਕਹਿ ਕੇ ਉਸ ਨੇ ਸਾਨੂੰ ਇੱਕ ਦਰੀ ਉੱਪਰ ਬੈਠਣ ਦਾ ਇਸ਼ਾਰਾ ਕਰ ਦਿੱਤਾ। ਦਰੀ ਦੇ ਵਿਚਕਾਰ, ਸਟੀਲ ਦੀਆਂ ਮੋਟੀਆਂ ਸੁਲਾਖ਼ਾਂ ਨਾਲ ਬਣੇ ਭਾਰੇ ਥੱਲੇ ਵਾਲ਼ੇ ਦੋ ਸਟੈਂਡਾਂ ਉੱਪਰ ਮੋਟੇ ਮੋਟੇ ਦੋ ਮਾਈਕਰੋਫ਼ੋਨ ਲਟਕਾਏ ਹੋਏ ਸਨ। –ਟੈਸਟ ਵਾਲ਼ੀ ਟੀਮ ਪਰਲੇ ਪਾਸੇ ਵਾਲ਼ੇ ਸਟੂਡੀਓ `ਚ ਬੈਠੀ ਐ … ਉਹ ਏਥੋਂ ਦਿਖਾਈ ਨਹੀਂ ਦੇਣਗੇ … ਉਹ ਉਥੋਂ ਤੁਹਾਡੇ ਨਾਲ਼ ਸਪੀਕਰ ਰਾਹੀਂ ਗੱਲਾਂ ਬਾਤਾਂ ਕਰਨਗੇ ਤੇ ਤੁਹਾਡੀ ਗਾਇਕੀ ਸੁਣਨਗੇ। ਤੁਸੀਂ ਤਿਆਰ ਹੋ ਕੇ ਬੈਠੋ।

ਸਾਨੂੰ ਹਦਾਇਤਾਂ ਦੇ ਕੇ ਚਾਚਾ ਕੁਮੇਦਾਨ ਜਿਓਂ ਹੀ ਬਾਹਰ ਨਿੱਕਲ਼ਿਆ, ਸਾਡੀਆਂ ਚਕਚੋਂਧ ਹੋਈਆਂ ਅੱਖਾਂ ਚਾਰ-ਚੁਫ਼ੇਰੇ ਦਾ ਜਾਇਜ਼ਾ ਲੈਣ ਲੱਗੀਆਂ। ਮਾਈਕਰੋਫ਼ੋਨਾਂ ਦੇ ਪਿਛਲੇ ਪਾਸੇ ਇੱਕ ਸਿਤਾਰ, ਇੱਕ ਕਲੈਅਰਨੈੱਟ ਤੇ ਇੱਕ ਢੋਲਕੀ ਪਈਆਂ ਸਨ। ਪਰਲੇ ਪਾਸੇ ਤਬਲੇ ਦੀ ਜੋੜੀ ਆਪਣੇ ਈਨੂੰਆਂ `ਤੇ ਬਿਰਾਜਮਾਨ ਸੀ। ਢੋਲਕੀ ਦੇ ਨਾਲ਼ ਹੀ ਗੁੱਛੇ `ਚ ਬੰਨ੍ਹੇ ਘੁੰਗਰੂ ਤੇ ਖੜਕਣ ਵਾਲ਼ੀਆਂ ਖੜਤਾਲ਼ਾਂ ਆਦਿਕ ਹੋਰ ਸਾਜ਼ਾਂ ਦਾ ਨਿੱਕਾ ਜਿਹਾ ਟੱਬਰ ਇਕੱਤਰ ਹੋਇਆ ਬੈਠਾ ਸੀ।

ਅੱਧੇ ਕੁ ਮਿੰਟ ਬਾਅਦ, ਅੱਧਖੜ੍ਹ ਉਮਰ ਦਾ ਇੱਕ ਘੋਨ-ਮੋਨ ਵਿਅਕਤੀ ਅੰਦਰ ਆਇਆ ਤੇ ਸਾਡੇ ਵੱਲ ਸੰਪੂਰਨ ਬੇਰੁਖੀ ਦਿਖਾਉਂਦਿਆਂ ਕੰਧ ਕੋਲ਼ ਪਈ ਢੋਲਕੀ ਨਾਲ਼ ਚੋਲ੍ਹ-ਮੋਲ੍ਹ ਕਰਨ ਵਿੱਚ ਰੁਝ ਗਿਆ: ਡੁੱਕ-ਡੁੱਕ; ਟੱਕ-ਟੱਕ; ਧੰ-ਧੰਮ। ਸਟੂਡੀਓ ਦੇ ਖੂੰਜਿਆਂ ਨੂੰ ਪਲਾਈ ਨਾਲ਼ ਗੋਲਾਈ `ਚ ਕੀਤਾ ਹੋਇਆ ਸੀ। ਚਾਰੇ ਕੰਧਾਂ ਅਤੇ ਛੱਤ, ਉੱਪਰੋਂ ਹੇਠਾਂ ਤੇ ਸੱਜਿਓਂ ਖੱਬੇ ਨੂੰ ਕਟਦੀਆਂ ਲਾਈਨਾਂ `ਚ, ਹਜ਼ਾਰਾਂ ਸੁਰਾਖ਼ਾਂ ਨਾਲ਼ ਛਣਨੀ ਕੀਤੀ ਪਲਾਈ ਨਾਲ਼ ਭਰੀਆਂ ਪਈਆਂ ਸਨ। ਏਸ ਹਕੀਕਤ ਦਾ ਪਤਾ ਸਾਨੂੰ ਬਹੁਤ ਦੇਰ ਬਾਅਦ ਲੱਗਿਆ ਕਿ ਪਲਾਈ ਵਾਲੀਆਂ ਕੰਧਾਂ `ਚ ਹਜ਼ਾਰਾਂ ਛੇਕ ਇਸ ਲਈ ਕੀਤੇ ਗਏ ਸਨ ਤਾਂ ਕਿ ਬੋਲਣ ਵਾਲ਼ਿਆਂ ਦੀਆਂ ਅਵਾਜ਼ਾਂ ਕੰਧਾਂ ਤੇ ਛੱਤ ਦੇ ਸੀਮੈਂਟੀਂ ਪਲਸਤਰ ਨਾਲ਼ ਟਕਰਾਅ ਕੇ ਗੂੰਜਣ ਨਾ।

-ਤਿਆਰ ਐ ਪਾਰਟੀ? ਇੱਕ ਭਰੜੀ ਹੋਈ ਆਵਾਜ਼ ਕਮਰੇ `ਚ ਗੂੰਜੀ। ਇਹ ਆਵਾਜ਼ ਕਿੱਥੋਂ ਆ ਰਹੀ ਸੀ, ਸਾਨੂੰ ਕੋਈ ਪਤਾ ਨਾ ਚੱਲਿਆ ਕਿਉਂਕਿ ਸਪੀਕਰ ਨੂੰ ਛੇਕਾਂ ਵਾਲ਼ੀ ਪਲਾਈ ਦੇ ਕਿਤ ਪਿੱਛੇ ਲੁਕਾਇਆ ਹੋਇਆ ਸੀ।

-ਜੀ ਹਾਂ, ਬਲਵੰਤ ਨੇ ਜਵਾਬ ਦਿੱਤਾ।

-ਕੀ ਗਾਉਂਦੇ ਓ?

-ਕਵੀਸ਼ਰੀ ਗਾਉਂਦੇ ਆਂ ਤੂੰਬੀ `ਤੇ!

-ਕੀ ਗਾਓਂਗੇ ਪਹਿਲਾਂ?

-ਪੂਰਨ ਭਗਤ ਸੁਣਾਈਏ?

-ਕਰੋ ਸ਼ੁਰੂ!

ਬਲਵੰਤ ਨੇ ਤੂੰਬੀ ਨੂੰ ਤੁਣਤੁਣਾਇਆ। ਮੈਂ ਤੇ ਰਛਪਾਲ ਨੇ ਸਿੱਲ੍ਹੀਆਂ ਢੱਡਾਂ ਨੂੰ ਡੁਗ-ਡੁਗਾਇਆ। ਵਿਚਾਰੀਆਂ ਦੇ ਗਲ਼ੇ ਬੁਰੀ ਤਰ੍ਹਾਂ ਬੈਠੇ ਹੋਏ ਸਨ। ਢੱਡਾਂ ਦਾ ਬੈਠਿਆ ਹੋਇਆ ਬੋਲ ਸੁਣ ਕੇ ਮੈਂ ਤੇ ਰਛਪਾਲ ਨੇ ਇੱਕ ਦੂਜੇ ਨਾਲ਼ ਅੱਖਾਂ ਟੱਕਰਾਈਆਂ। ਤਾਲ ਤੋਂ ਬਗ਼ੈਰ ਨਾ ਤਾਂ ਗਾਉਣ ਵਾਲ਼ੇ ਨੂੰ ਅਨੰਦ ਆਉਂਦਾ ਹੈ ਤੇ ਨਾ ਹੀ ਸੁਣਨ ਵਾਲ਼ੇ ਨੂੰ। ਤੁਣ-ਤੁਣ ਸੁਣਦਿਆਂ ਹੀ ਢੋਲਕੀ ਵਾਲ਼ਾ ਬੇਰੁਖ਼ਾ ਭਾਈ ਸਿਰ ਘੁੰਮਾਉਣ ਲੱਗਾ ਤੇ ਨਾਲ਼ ਹੀ ਢੋਲਕੀ ਵਿੱਚੋਂ ਡੁੱਗ-ਡੁੱਗ, ਟੁੱਕ-ਟੁੱਕ ਦੀ ਅਵਾਜ਼ ਉਦੇ ਹੋਣ ਲੱਗੀ। ਤੂੰਬੀ ਦੀ ਤੁਣ-ਤੁਣ ਨਾਲ਼ ਢੋਲਕੀ ਦਾ ਤਾਲ ਜਿਓਂ ਹੀ ਇੱਕਸਾਰ ਹੋਇਆ, ਸਟੂਡੀਓ `ਚ ਛਪਾਰ ਦਾ ਮੇਲਾ ਖਿੜਨ ਲੱਗਾ। ਅਸਾਂ ਤਿੰਨਾਂ ਨੇ ਇਕੱਠਿਆਂ ਹੀ ਉੱਚੀਆਂ ਅਵਾਜ਼ਾਂ `ਚ ‘ਹੋਅਅਅ’ ਦਾ ਲੰਮਾਂ ਅਲਾਪ ਲਿਆ। ਅਲਾਪ ਖ਼ਤਮ ਹੁੰਦਿਆਂ, ਮੱਧਮ ਹੋ ਗਈਆਂ ਤੂੰਬੀ ਤੇ ਢੋਲਕੀ ਨੇ ਆਪਣੇ ਜਲਾਲ `ਚ ਖੜਕਣ ਲੱਗੀਆਂ। ਪੰਜ ਕੁ ਸੈਕੰਡ ਬਾਅਦ ਸਾਡੀਆਂ ਆਵਾਜ਼ਾਂ `ਚ ਪੂਰਨ ਦੇ ਕਿੱਸੇ ਚੋਂ ਇੱਕ ਸਥਾਈ ਸਟੂਡੀਓ `ਚ ਗੂੰਜਣ ਲੱਗੀ: ਪੁੱਤ ਪੂਰਨਾ, ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇਅ … ਪੁੱਤ ਪੂਰਨਾ, ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇਅ!

ਸਥਾਈ ਮੁਕਦਿਆਂ ਢੋਲਕੀ ਤੇ ਤੂੰਬੀ ਇੱਕ-ਦੂਜੀ ਨਾਲ਼ ਇੱਕ-ਜਾਨ ਹੋ ਕੇ ਵੱਜ ਰਹੀਆਂ ਸਨ ਕਿ ਗੁਪਤ ਸਪੀਕਰ ਰਾਹੀਂ ਮੋਟੀ ਅਵਾਜ਼ ਭਰੜਾਈ: ਮਿਰਜ਼ੇ ਦੀ ਗਾਥਾ ਆਉਂਦੀ ਐ?

- ‘ਜੀ ਹਾਂ’ ਕਹਿ ਕੇ ਬਲਵੰਤ ਨੇ ਤੂੰਬੀ ਨੂੰ ਤੁਣਤੁਣਾਇਆ।

ਮਿਰਜ਼ੇ ਦੀਆਂ ਹਾਲੇ ਅਸਾਂ ਤਿੰਨ ਕੁ ਸਤਰਾਂ ਹੀ ਗਾਈਆਂ ਸਨ ਕਿ ਗ਼ੈਬੀ ਅਵਾਜ਼ ਫੇਰ ਕੜਕ ਉੱਠੀ: ਧਾਰਮਿਕ ਪ੍ਰਸੰਗ ਦੀ ਕੋਈ ਵੰਨਗੀ ਸੁਣਾਓ!

ਤੂੰਬੀ ਤੁਣ-ਤੁਣਾਈ। ਢੋਲਕੀ ਵਜਦ ਵਿੱਚ ਆਈ। ਅਸੀਂ ਇੱਕ ਆਵਾਜ਼ ਬੋਲੇ: ਨਾ ਮੌਤੋਂ ਬਿਲਕੁਲ ਡਰਦੇ ਆਂ, ਨਾ ਈਨ ਕਿਸੇ ਦੀ … ਤੁਣ ਤੁਣ ਤੁਣ, ਨਾ ਈਨ ਕਿਸੇ ਦੀ ਭਰਦੇ ਆਂ, ਅਸੀਂ ਬੇਟੇ ਕਲਗੀ … ਤੁਣ ਤੁਣ ਤੁਣ, ਅਸੀਂ ਬੇਟੇ ਕਲਗੀਧਰ ਦੇ ਆਂ … ਜੀਦ੍ਹਾ ਜੱਗ ਵਿੱਚ ਤੇਜ ਨਿਆਰਾ ਹੈ, ਸਾਨੂੰ ਸਿਰ ਨਾਲ਼ੋਂ ਸਿਦਕ, ਤੁਣ-ਤੁਣ-ਤੁਣ, ਸਾਨੂੰ ਸਿਰ ਨਾਲ਼ੋਂ ਸਿਦਕ ਪਿਆਰਾ ਹੈ … ਤੁਣ-ਤੁਣ-ਤੁਣ

ਭਰੜਾਉਂਦੀ ਅਵਾਜ਼ ਨੇ ਸਾਨੂੰ ਵਿਚਕਾਰੋਂ ਹੀ ਕੱਟ ਮਾਰਿਆ: ‘ਕਿੰਨੀ ਉਮਰ ਐ ਤੁਹਾਡੀ?’

-ਮੈਂ ਸਤਾਰਾਂ ਸਾਲ ਦਾ ਆਂ, ਬਲਵੰਤ ਨੇ ਜਵਾਬ ਦਿੱਤਾ।

-ਦੂਸਰਾ ਸਾਥੀ?

-ਮੈਂ ਜੀ ਚੌਦਾਂ ਦਾ, ਇਹ ਮੈਂ ਸੀ।

-ਅਗਲਾ?

-ਮੈਂ ਬਾਰਾਂ ਸਾਲ ਦਾ, ਰਛਪਾਲ ਮਿਣਮਿਣੀ ਅਵਾਜ਼ `ਚ ਬੋਲਿਆ।

-ਨਾਲ਼ ਆਇਐ ਕੋਈ ਤੁਹਾਡੇ? ਮੋਟੀ ਰਗੜਵੀਂ ਅਵਾਜ਼ ਗੂੰਜੀ।

-ਸਾਡੇ ਪਿਤਾ ਜੀ ਆਏ ਆ, ਬਲਵੰਤ ਨੇ ਜਵਾਬ ਦਿੱਤਾ।

ਏਸ ਤੋਂ ਬਾਅਦ ਕਮਰੇ `ਚ ਚੁੱਪ ਛਾ ਗਈ। ਤੂੰਬੀ ਖ਼ਾਮੋਸ਼ ਹੋ ਗਈ, ਤੇ ਢੋਲਕੀ ਵਾਲ਼ਾ ਕੰਧ ਨੂੰ ਢੋਅ ਲਾ ਕੇ ਬੈਠ ਗਿਆ। ਮੈਨੂੰ ਪੱਕਾ ਯਕੀਨ ਸੀ ਕਿ ਸਾਡੀ ਪਾਰਟੀ ਨੂੰ ਪਾਸ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਡੀ ਤਾਂ ਕਿਸੇ ਵੀ ਆਈਟਮ ਦੀਆਂ ਦੋ-ਤਿੰਨ ਤੋਂ ਵੱਧ ਤੁਕਾਂ ਵੀ ਪੂਰੀਆਂ ਨਹੀ ਸਨ ਹੋਣ ਦਿੱਤੀਆਂ। ਫੇਰ ਮੈਂ ਸੋਚਣ ਲੱਗਾ ਕਿ ਇਹ ਲੋਕ ਤਾਂ ਸੰਗੀਤ ਦੇ ਪਾਰਖੂ ਹੁੰਦੇ ਨੇ ਤੇ ਦੋ ਕੁ ਤੁਕਾਂ ਵਿੱਚ ਹੀ ਜਾਣ ਜਾਂਦੇ ਨੇ ਕਿ ਆਵਾਜ਼ਾਂ ਸੁਰ `ਚ ਨੇ ਜਾਂ ਨਹੀਂ ਤੇ ਗਾਇਕੀ ਗੁਣੀਏਂ `ਚ ਹੈ ਕਿ ਨਹੀਂ।

-ਬਾਹਰ ਬੈਠੋ, ਮੋਟੀ ਅਵਾਜ਼ ਫਿਰ ਭਰੜਾਈ। -ਵਾਪਿਸ ਨਹੀਂ ਜਾਣਾ ਹਾਲੇ … ਸਾਰੇ ਟੈਸਟ ਹੋਣ ਤੋਂ ਬਾਅਦ ਥੋਨੂੰ ਬੁਲਾਵਾਂਗੇ।

ਅਗਲੇ ਘੰਟੇ `ਚ ਤੂੰਬੀਆਂ ਵਾਲ਼ੇ ਤੁਮਾਮ ਆਰਟਿਸਟ ਭੁਗਤ ਗਏ।

ਵੇਟਿੰਗਰੂਮ ਖ਼ਾਲੀ ਹੋ ਗਿਆ, ਸਿਰਫ਼ ਅਸੀਂ ਤਿੰਨ ਭਰਾ ਤੇ ਬਾਪੂ ਪਾਰਸ ਰਹਿ ਗਏ ਸਾਂ। ਅਸੀਂ ਵਾਰ-ਵਾਰ ਉਬਾਸੀਆਂ ਲੈਂਦੇ ਤੇ ਇੱਕ-ਦੂਜੇ ਵੱਲ ਬਿਟਰ-ਬਿਟਰ ਤਕਦੇ। ਕਦੇ-ਕਦੇ ਅੱਖਾਂ ਮੀਚ ਕੇ ਊਂਘਣ ਦੀ ਕੋਸ਼ਿਸ਼ ਕਰਦੇ। ਬਾਪੂ ਬਿੰਦੇ-ਬਿੰਦੇ ਉਠਦਾ, ਵੇਟਿੰਗਰੂਮ ਦੇ ਦਰ `ਤੇ ਜਾਂਦਾ, ਤੇ ਪਰਤ ਆਉਂਦਾ। ਅਗਲੇ ਗੇੜੇ ਉਹ ਸਟੂਡੀਓ ਵੱਲ ਨੂੰ ਜਾਂਦੇ ਚੌੜੇ ਦਰਵਾਜ਼ਿਆਂ ਦਾ ਭਰਮਣ ਕਰਦਾ, ਦਰਵਾਜ਼ਿਆਂ `ਚ ਲੱਗੇ ਗੋਲਾਈਦਾਰ, ਪਾਰਦਰਸ਼ੀ ਸ਼ੀਸ਼ਿਆਂ ਰਾਹੀਂ ਅੰਦਰ ਝਾਤੀ ਮਾਰਦਾ, ਤੇ ਬਿਨਾ-ਵਜ੍ਹਾ ਦਾਹੜੀ ਖੁਰਕਦਾ ਵਾਪਿਸ ਆ ਜਾਂਦਾ। ਕੁਰਸੀ `ਤੇ ਬੈਠਾ ਉਹ ਲੱਤਾਂ ਨੂੰ ਦੂਰ ਤੀਕ ਨਿਸਾਲ਼ਦਾ, ਸੱਜੇ ਪੈਰ ਨੂੰ ਖੱਬੇ `ਤੇ ਰਖਦਾ ਤੇ ਸੱਜੇ ਪੰਜੇ ਨੂੰ ਹਿਲਾਉਣ ਲਗਦਾ। ਫਿਰ ਉਹ ਬਿਨਾ-ਵਜ੍ਹਾ ਹੀ ਗੋਡੇ ਕੋਲ਼ੋਂ ਪਜਾਮੇ ਨੂੰ ਉਤਾਂਹ ਵੱਲ ਨੂੰ ਖਿਚਦਾ ਤੇ ਛਾਤੀ ਕੋਲ਼ੋਂ ਕਮੀਜ਼ ਨੂੰ ਝਾੜਦਾ।

ਵੇਟਿੰਗਰੂਮ `ਚ ਬੈਠਿਆਂ, ਬਾਪੂ ਦੀ ਨਜ਼ਰ ਵਾਰ ਵਾਰ ਸਟੂਡੀਓ ਵੱਲ ਨੂੰ ਖੁਲ੍ਹਦੇ ਦਰਵਾਜ਼ਿਆਂ ਵੱਲ ਸੇਧਿਤ ਹੋ ਜਾਂਦੀ। ਦਰਵਾਜ਼ਾ ਬਾਹਰ ਵੱਲ ਨੂੰ ਖੁਲ੍ਹਦਾ ਤਾਂ ਬਾਪੂ ਦੀ ਧੌਣ ਤੇ ਧੜ ਉੱਪਰ ਵੱਲ ਨੂੰ ਹਿਜੋਕਾ ਮਾਰਦੇ। ਹਰ ਵਾਰ ਕਦੇ ਕੋਈ ਸਾੜ੍ਹੀਆ ਔਰਤ ਬਾਹਰ ਆ ਸਿਰ ਕਢਦੀ ਤੇ ਕਦੇ ਕੋਈ ਮੋਨਾ ਬਾਬੂ ਪਰਗਟ ਹੋ ਜਾਂਦਾ। ਅਖ਼ੀਰ ਚਾਚਾ ਕੁਮੇਦਾਨ ਵੀ ਅੰਦਰਲੇ ਪਾਸਿਓਂ ਆ ਨਿੱਕਲ਼ਿਆ। ਉਹ ਕਾਹਲ਼ੇ ਕਦਮੀ ਸਿੱਧਾ ਵੇਟਿੰਗਰੂਮ ਵਿੱਚ ਸਾਡੇ ਵੱਲ ਨੂੰ ਵਧਿਆ।

-ਬੈਠਾ ਰਹਿ ਕਰਨੈਲ ਸਿਅ੍ਹਾਂ, ਬਾਪੂ ਨੂੰ ਉੱਠਣ ਲਈ ਔਹਲ਼ਦਾ ਦੇਖ ਕੇ ਕੁਮੇਦਾਨ ਬੋਲਿਆ।

ਨਾਲ਼ ਦੀ ਕੁਰਸੀ `ਤੇ ਬੈਠਦਿਆਂ ਚਾਚਾ ਕੁਮੇਦਾਨ ਸਾਡੇ ਤਿੰਨਾਂ ਭਰਾਵਾਂ ਉੱਪਰ ਝਾਤ ਮਾਰ ਕੇ ਮੁਸਕ੍ਰਾਇਆ। ਬਾਪੂ ਨੇ ਉਸ ਵੱਲ ਸਵਾਲੀਆ-ਨਜ਼ਰ ਸੁੱਟੀ।

-ਮੁੰਡੇ ਤੇਰੇ ਅਸਤਰ ਐ, ਕਰਨੈਲ, ਅਸਤਰ, ਕੁਮੇਦਾਨ ਦੇ ਬੁਲ੍ਹ ਪਾਸਿਆਂ ਵੱਲ ਨੂੰ ਵਧ ਕੇ ਉਸ ਦੇ ਪਿਚਕੇ ਹੋਏ ਮੂੰਹ `ਚ ਬਚਦੇ ਚਾਰ ਕੁ ਦੰਦਾਂ ਨੂੰ ਨੰਗਾ ਕਰ ਗਏ। – ਅਵਾਜ਼ਾਂ ਤਿੱਖੀਆਂ ਤੇ ਉਹ ਵੀ ਸੁਰ-ਤਾਲ `ਚ … ਖ਼ੁਸ਼ ਹੋ ਗੇ ਆਡੀਸ਼ਨਰਜ਼ (ਸੁਣਨ ਵਾਲੇ)!

-ਪਾਸ ਕਿ ਫੇਲ੍ਹ? ਬਾਪੂ ਨੇ ਦੋ ਟੁਕ ਜਵਾਬ ਮੰਗਿਆ।

ਚਾਚੇ ਦੇ ਬੁੱਲ੍ਹ ਜੁੜੇ, ਉੱਪਰ ਵੱਲ ਨੂੰ ਉੱਠੇ, ਤੇ ਪਿਚਕੀਆਂ ਗੱਲ੍ਹਾਂ `ਚ ਉਭਾਰ ਆ ਗਿਆ।

-ਪਾਸ ਵੀ ਤੇ ਫੇਲ੍ਹ ਵੀ!

-ਉਹ ਕਿਵੇਂ?

-ਪਾਸ ਇਸ ਲਈ ਪਈ ਇਨ੍ਹਾਂ ਦੀ ਗਾਇਕੀ `ਚ ਕੋਈ ਕਸਰ ਨੲ੍ਹੀਂ; ਫੇਲ੍ਹ ਇਸ ਲਈ ਪਈ ਛੋਟੇ ਉਮਰ ਦੇ ਨਾਬਾਲਗ਼ ਐ!

-ਉਮਰ? ਬਾਪੂ ਦੀਆਂ ਭਵਾਂ ਨੇ ਉਤ੍ਹਾਂ ਨੂੰ ਛੜੱਪਾ ਮਾਰਿਆ। –ਇਨ੍ਹਾਂ ਤੋਂ ਗਾਇਕੀ ਕਰਾਉਣੀ ਐ ਕਿ ਇਨ੍ਹਾਂ ਨੂੰ ਭਰਤੀ ਕਰਨੈ?

-ਗੱਲ ਤੇਰੀ ਜਾਇਜ਼ ਐ, ਕਰਨੈਲ! ਮੈਂ ਬਥੇਰਾ ਮਗ਼ਜ਼ ਮਾਰ ਆਇਐਂ, ਪਰ ਸਟੇਸ਼ਨ ਡਰੈਕਟਰ ਪੈਰਾਂ `ਤੇ ਪਾਣੀ ਨੀ ਪੈਣ ਦਿੰਦਾ … ਕਹਿੰਦਾ ਅਗਰ ਸਟੇਸ਼ਨ `ਤੇ ਗਾਉਣ ਆਇਆਂ ਇਨ੍ਹਾਂ ਨਾਬਾਲਗ਼ਾਂ ਨੂੰ ਕੁੱਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊ!

-ਚਾਚਾ, ਤੂੰ ਮੈਨੂੰ ਛੇ ਸਾਲਾਂ ਦਾ ਜਾਣਦੈਂ; ਤੇਰੀ ਮੇਰੀ ਪਿਆਲੇ ਦੀ ਸਾਂਝ ਐ! ਤੂੰ ਕਿਓਂ ਨ੍ਹੀਂ ਜ਼ਿੰਮੇਵਾਰੀ ਲੈਂਦਾ ਆਵਦੇ ਭਤੀਜਿਆਂ ਦੀ?

ਚਾਚੇ ਦਾ ਮੂੰਹ ਖਿੜ ਉੱਠਿਆ।

–ਹਾਅ ਤਾਂ ਮੇਰੇ ਦਿਮਾਗ਼ `ਚ ਈ ਨੀ ਆਇਆ … ਇਓਂ ਕਰੋ, ਤੁਸੀਂ ਪਿੰਡ ਪਹੁੰਚਣੈ … ਦੂਰ ਦੀ ਵਾਟ ਐ ਤੇ ਮੀਂਹ-ਕਣੀ ਦਾ ਵਸਾਹ ਨੀ … ਲੇਟ ਨਾ ਹੋ ਜਿਓ … ਤੁਸੀਂ ਮੋਗੇ ਨੂੰ ਚਾਲੇ ਪਾਓ … ਮੈਂ ਕਹਿਨੈਂ ਡਰੈਕਟਰ ਨੂੰ ਪਈ ਮੈਂ ਜ਼ਿੰਮੇਵਾਰ ਆਂ ਇਨ੍ਹਾਂ ਨਿਆਣਿਆਂ ਦਾ।

ਦੋ ਕੁ ਹਫ਼ਤੇ ਬਾਅਦ ਡਾਕੀਏ ਨੇ ਇੱਕ ਚਾਹ-ਰੰਗਾ ਲਿਫ਼ਾਫ਼ਾ ਸਾਡੇ ਘਰ ਲਿਆ ਫੜਾਇਆ। ਲਿਫ਼ਾਫ਼ੇ ਦੇ ਬਾਹਰ ‘ਬਲਵੰਤ ਸਿੰਘ ਰਾਮੂਵਾਲੀਆ ਐਂਡ ਪਾਰਟੀ’ ਲਿਖਿਆ ਹੋਇਆ ਸੀ ਅਤੇ ਲਿਫ਼ਾਫ਼ੇ ਦੇ ਪਿਛਲੇ ਪਾਸੇ ‘ਆਲ ਇੰਡੀਆ ਰੇਡੀਓ ਜਲੰਧਰ’ ਦੀ ਨੀਲੀ ਸਿਆਹੀ `ਚ ਮੋਹਰ ਲੱਗੀ ਹੋਈ ਸੀ।

ਅਗਲੇ ਮਹੀਨੇ ਦੀ ਕਿਸੇ ਤਾਰੀਖ਼ ਨੂੰ ਜਲੰਧਰ ਰੇਡੀਓ ਤੋਂ ਸਾਡੀਆਂ ਤਿੰਨਾਂ ਭਰਾਵਾਂ ਦੀਆਂ ਅਵਾਜ਼ਾਂ ਪੰਜਾਬ ਭਰ ਦੇ ਰੇਡੀਓ ਸੈੱਟਾਂ `ਚ ਖੌਰੂ ਪਾ ਰਹੀਆਂ ਸਨ!

ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ ਡਹਿਣ ਸਾਰ, ਘਰ `ਚ ਹੀ ਬੁਣੀਆਂ ਦਰੀਆਂ, ਪੇਟੀਆਂ `ਚੋਂ ਬਾਹਰ ਨਿੱਕਲ਼ ਕੇ ਖਿੜਨ ਲਗਦੀਆਂ। ਗਰਮੀਆਂ ਦੇ ਦਿਨੀਂ, ਹੱਥ ਨਾਲ਼ ਘੁੰਮਣ ਵਾਲੀਆਂ ਪੱਖੀਆਂ ਸਿਰਹਾਣਿਆਂ ਦੇ ਲਾਗੇ ਟਿਕਾਈਆਂ ਹੁੰਦੀਆਂ। ਬੈਠਕਾਂ-ਚੌਬਾਰਿਆਂ ਦੀਆਂ ਕੰਧਾਂ ਉੱਤੇ ਸਿੱਖ ਗੁਰੂਆਂ ਜਾਂ ਉਸ ਵਕਤ ਦੇ ਨਾਮਵਰ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਉਘੜ-ਦੁਘੜੀਆਂ ਮੇਖਾਂ ਨਾਲ਼ ਲਟਕੇ ਹੁੰਦੇ। ਕਿਸੇ ਕਿਸੇ ਘਰ `ਚ, ਅੰਗੀਠੀ ਉੱਤੇ ਟਿਕਾਏ ਮਿੱਟੀ ਦੇ ਤੋਤੇ, ਚਿੜੀਆਂ, ਜਾਂ ਕਬੂਤਰ, ਪਰਵਾਰ ਦੀ ਮਸੂਮੀਅਤ ਦੀ ਗਵਾਹੀ ਭਰਦੇ। ਵਿਰਲੇ-ਵਿਰਲੇ ਬੈਠਕ-ਚੁਬਾਰੇ `ਚ, ਨਸ਼ੇੜੀ ਵਾਂਗ ਝੋਲੇ ਖਾਂਦਾ ਇੱਕ ਅੱਧਾ ਸਟੂਲ ਹੁੰਦਾ ਜਿਸ ਉੱਪਰ ਲਾਲਟਣ, ਜਾਂ ਕੋਈ ਬਾਲਕਾ ਜਿਹਾ ਮਿੱਟੀ ਜਾਂ ਸਰ੍ਹੋਂ ਦੇ ਤੇਲ ਵਾਲਾ ਲੈਂਪ ਬਿਠਾਇਆ ਹੁੰਦਾ। ਸਰ੍ਹੋਂ ਦੇ ਤੇਲ ਵਾਲ਼ੇ ਦੀਵਿਆਂ/ਲੈਂਪਾਂ `ਚੋਂ ਸਟੂਲ ਉੱਪਰ ਸਿੰਮੀ/ਡੁਲ੍ਹੀ ਥੰਧਿਆਈ ਉੱਤੇ ਜੰਮੀ ਧੂੜ ਦੀ ਮੋਟੀ ਤਹਿ ਕਾਲ਼ੋਂ ਫੜ ਰਹੀ ਹੁੰਦੀ।

ਬਾਪੂ ਪਾਰਸ ਨੂੰ ਆਪਣੇ ਤਜਰਬੇ ਤੋਂ ਇਸ ਹਕੀਕਤ ਦਾ ਪੂਰਾ ਇਲਮ ਸੀ ਕਿ ਪਿੰਡਾਂ ਦੇ ਘਰਾਂ `ਚ ਬਹੁਤੀ ਵਾਰ ਥੁੜਾਂ ਦਾ ਅਦਿਸਦਾ ਪਹਿਰਾ ਹੁੰਦਾ ਸੀ। ਇੱਕ ਦਿਨ ਬਾਪੂ ਨੇ ਸਾਨੂੰ ਆਪਣੇ ਸਾਹਮਣੇ ਬਿਠਾਇਆ ਤੇ ਕਹਿਣ ਲੱਗਾ: -ਜਦੋਂ ਕਿਸੇ ਦੇ ਘਰ ਤੁਹਾਡਾ ਉਤਾਰਾ ਹੋਵੇ, ਤਾਂ ਘਰ ਵਾਲ਼ਿਆਂ ਤੋਂ ਕਿਸੇ ਉਚੇਚ ਦੀ ਨਾ ਤਾਂ ਆਸ ਰੱਖਣੀ ਐ ਤੇ ਨਾ ਹੀ ਮੰਗ ਹੀ ਕਰਨੀ ਹੈ … ਅਗਰ ਦਰੀਆਂ, ਸਿਰਹਾਣੇ ਜਾਂ ਚਾਦਰਾਂ ਤੁਹਾਡੇ ਤੀਕ ਨਹੀਂ ਆਈਆਂ ਤਾਂ ਮੰਗਣੀਆਂ ਨਹੀਂ … ਰੋਟੀ ਦਾਲ਼ ਜਿਹੜੀ ਇੱਕ ਵਾਰ ਆ ਗਈ ਉਸੇ `ਤੇ ਹੀ ਸਬਰ ਕਰਨੈ; ਜੇ ਘਰ ਵਾਲੇ ਆਖਣ ਬਈ ਹੋਰ ਫੁਲਕਾ ਲੈ ਲੋ ਜਾਂ ਹੋਰ ਦਾਲ਼ ਲੈ ਲੋ, ਤਦ ਹੀ ਉਨ੍ਹਾਂ ਦੀ ਪੇਸ਼ਕਸ਼ ਨੂੰ ਪਰਵਾਨ ਕਰਨੈ, ਨਹੀਂ ਤਾਂ ਚੁੱਪ ਰਹਿਣੈ; ਕੀ ਪਤੈ ਦਾਲ਼ ਘਰ `ਚ ਓਨੀ ਕੁ ਈ ਹੋਵੇ ਜਿੰਨੀ ਅਗਲਿਆਂ ਤੁਹਾਨੂੰ ਪਰੋਸ ਦਿੱਤੀ … ਗੰਢਾ ਅਚਾਰ ਬਿਲਕੁਲ ਨਹੀਂ ਮੰਗਣਾ … ਕੀ ਪਤੈ ਘਰ `ਚ ਇਨ੍ਹਾਂ ਦੋਹਾਂ ਚੀਜ਼ਾਂ ਦਾ ਵਜੂਦ ਈ ਨਾ ਹੋਵੇ! ਸਾਦਗੀ `ਚ ਰਹਿਣੈ … ਫੁਕਰਿਆਂ ਵਾਲੇ ਕੱਪੜੇ ਨਹੀਂ ਪੌਣੇ … ਹੰਕਾਰ ਤੋਂ ਬਚਣੈ … ਸਤਿਕਾਰ ਖੱਟਣ ਲਈ ਹਲੀਮੀ ਤੇ ਨਿਮਰਤਾ ਵਰਗਾ ਹਥਿਆਰ ਦੁਨੀਆਂ `ਚ ਹਾਲੇ ਤੀਕ ਪੈਦਾ ਨਹੀਂ ਹੋਇਆ … ਪੈਸਾ ਜ਼ਿੰਦਗ਼ੀ ਦੀਆਂ ਖੜਾਵਾਂ ਵਾਂਗਰ ਹੁੰਦਾ ਹੈ, ਪਰ ਨਾ ਤਾਂ ਕੰਜੂਸੀ ਕਰਨੀ ਐ ਤੇ ਨਾ ਈ ਫ਼ਜ਼ੂਲਖ਼ਰਚੀ! ਸਾਫ਼-ਸੁਥਰਾ ਪਹਿਨੋ, ਸਾਫ਼-ਸੁਥਰਾ ਖਾਓ-ਪੀਓ … ਮਿਹਨਤੀ ਬਿਰਤੀ ਵਾਲ਼ੇ ਲੋੜਵੰਦ ਦੀ ਮੱਦਦ ਕਰਨੀ ਐ, ਨਖੱਟੂ ਨੂੰ ਕੰਨ ਦੀ ਮੈਲ਼ ਵੀ ਨਹੀਂ ਦੇਣੀਂ! ਮੱਦਦ ਕੇਵਲ ਪੈਸੇ ਦੀ ਈ ਨਹੀਂ ਹੁੰਦੀ, ਬਹੁਤੀ ਵਾਰ ਪੇਤਲੀ ਜਿਹੀ ਹੱਲਾਸ਼ੇਰੀ ਵੀ ਡਿੱਗੇ ਪਏ ਬੰਦੇ ਨੂੰ ਗਾਡਰ ਬਣਾ ਦੇਂਦੀ ਐ!

45-46 ਸਾਲ ਪਹਿਲਾਂ, ਬਾਪੂ ਵੱਲੋਂ ਦਿੱਤੀਆਂ ਇਹ ਹਦਾਇਤਾਂ ਹਾਲੇ ਵੀ ਮੇਰੀ ਸਿਮਰਤੀ `ਚ ਟਿਮਕਦੀਆਂ ਨੇ। ਖਾਣ-ਪਹਿਨਣ ਦੀ ਸਾਦਗੀ, ਲੋੜਵੰਦਾਂ ਦੀ ਸਹਾਇਤਾ ਤੇ ਅਜਨਬੀਆਂ ਨੂੰ ਵੀ ਮਿੱਠਤ ਨਾਲ਼ ਪੇਸ਼ ਆਉਣ ਵਰਗੇ ਗੁਣ ਮੈਂ ਬਾਪੂ ਪਾਰਸ ਦੀ ਜੀਵਨਜਾਚ `ਚੋਂ ਹੀ ਨਿਤਾਰੇ ਨੇ।

ਆਪਣੇ ਸਮਕਾਲ ਦੇ ਇੱਕ ਤਰਕਸ਼ੀਲ ਪੰਜਾਬੀ ਮਾਸਕ ਪੱਤਰ, ਪ੍ਰੀਤ ਲੜੀ, ਦਾ ਨਿੱਤਨੇਮੀ ਪਾਠਕ ਹੋਣ ਕਾਰਨ, ਬਾਪੂ ਪਾਰਸ ਟੂਣੇ-ਟਾਮਣਾਂ, ਰੂਹਾਂ, ਭੂਤਾਂ, ਦੈਵੀ ਸ਼ਕਤੀਆਂ ਅਤੇ ਨਰਕ-ਸੁਰਗ ਵਰਗੇ ਕਲਪਿਤ ਵਿਸ਼ਵਾਸ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ। ਜਦੋਂ ਮੈਂ ਹਾਲੇ ਛੇਵੀਂ-ਸੱਤਵੀਂ ਦੀਆਂ ਕਿਤਾਬਾਂ ਵਿੱਚ ਰੁਲ਼ਿਆ ਹੋਇਆ ਸਾਂ, ਤਾਂ ਉਹ ਸਾਨੂੰ ਅਕਸਰ ਆਖਦਾ: -ਕਿਸੇ ਚੁਰਸਤੇ `ਚ ਅਗਰ ਕਿਸੇ ਟੂਣੇ-ਟਾਮਣੀ ਨੇ ਕੁੱਕੜ ਜਾਂ ਬੱਕਰਾ ਛੱਡਿਆ ਹੋਵੇ ਤਾਂ ਬੇਝਿਜਕ ਹੋ ਕੇ ਚੁੱਕ ਲਿਆਉਣੈ। ਟੂਣੇ `ਚੋਂ ਛੁਹਾਰੇ, ਖੋਪਾ, ਪਤਾਸੇ ਆਦਿਕ ਚੁੱਕ ਕੇ ਕਦੇ ਨਹੀਂ ਖਾਣੇ ਕਿਉਂਕਿ ਉਨ੍ਹਾਂ `ਚ ਕਿਸੇ ਕਿਸਮ ਦੀ ਖ਼ਤਰਨਾਕ ਮਿਲਾਵਟ ਹੋ ਸਕਦੀ ਹੈ, ਪਰ ਅਗਰ ਟੂਣੇ `ਚ ਪੈਸੇ ਪਏ ਹੋਣ ਤਾਂ ਚੁੱਕਣ ਤੋਂ ਡਰਨਾ ਨਹੀਂ। ਪੈਸਿਆਂ `ਤੇ ਭੁੱਕਿਆ ਸੰਧੂਰ ਨਲ਼ਕੇ ਹੇਠ ਕਰ ਕੇ ਧੋਵੋ, ਤੇ ਮੁਕੰਦ ਲਾਲ ਦੀ ਹੱਟੀ ਤੋਂ ਰਿਊੜੀਆਂ ਲੈ ਕੇ ਛਕੋ!

ਸਾਡੇ ਦਿਮਾਗ਼ਾਂ ਵਿੱਚੋਂ ਭੂਤਾਂ-ਪ੍ਰੇਤਾਂ ਦਾ ਭਰਮ ਕਾਫ਼ੂਰ ਕਰਨ ਲਈ ਬਾਪੂ ਨੇ, ਸਾਡੇ ਘਰ ਦੇ ਬਿਲਕੁਲ ਸਾਹਮਣੇ ਪੈਂਦੇ ਚੁਰਸਤੇ `ਚੋਂ ਖੰਮਣੀਆਂ ਨਾਲ਼ ਨੂੜੇ ਅਨੇਕਾਂ ਕੁੱਕੜ, ਡਿੱਗੇ ਪਏ ਬਟੂਏ ਵਾਂਗ ਉਠਾਏ, ਘਰ ਲਿਆ ਕੇ ਝਟਕਾਏ ਤੇ ਸਾਨੂੰ ਖੁਆਏ। ਉਹ ਆਖਦਾ: ਮੁੰਡਿਓ, ਭੂਤਾਂ ਸਿਰਫ਼ ਉਨ੍ਹਾਂ ਮਾਨਸਿਕ ਰੋਗੀਆਂ ਨੂੰ ਦਿਸਦੀਐਂ ਜਿਹੜੇ ਭੂਤਾਂ ਤੋਂ ਡਰਦੇ ਐ ਕਿਉਂਕਿ ਭੂਤਾਂ ਅਸਲ `ਚ ਮਨੁੱਖ ਦੇ ਮਨ ਦੀ ਉਪਜ ਹੁੰਦੀਐਂ। ਉਹ ਕਹਿੰਦਾ: ਮੈਂ ਅੱਧੀ-ਅੱਧੀ ਰਾਤੀਂ ਸਾਈਕਲ ਉੱਤੇ ਹਜ਼ਾਰਾਂ ਕੋਹਾਂ ਦੇ ਸਫ਼ਰ ਇਕੱਲਿਆਂ ਹੀ ਤੈਅ ਕੀਤੇ ਐ; ਇਨ੍ਹਾਂ ਸਫ਼ਰਾਂ ਦੌਰਾਨ ਪਤਾ ਨਹੀਂ ਕਿੰਨੀ ਵਾਰੀ ਸੁੰਨੇ ਪੁਲ਼ਾਂ, ਕਬਰਾਂ, ਤੇ ਉਜਾੜਾਂ `ਚੋਂ ਗੁਜ਼ਰਿਆ ਆਂ। ਪਤਾ ਨਹੀਂ ਕਿੰਨੀ ਵਾਰੀ ਮੈਂ ਆਪਣੇ ਚਿਹਰੇ ਤੇ ਹੱਥਾਂ ਦੀ ਠਾਰੀ, ਬਲ਼ਦੇ ਸਿਵੇ ਸੇਕ-ਸੇਕ ਕੇ ਹਟਾਈ ਐ; ਮੈਨੂੰ ਤਾਂ ਅੱਜ ਤੀਕ ਕਿਸੇ ਭੂਤ, ਚੁੜੇਲ ਜਾਂ ਪ੍ਰੇਤ ਨੇ ਘੇਰਿਆ ਨ੍ਹੀਂ।

ਪਰ ਇਸ ਸਭ ਕੁੱਝ ਦੇ ਬਾਵਜੂਦ ਸਾਡੇ ਨਿਆਣੇ ਮਨਾਂ ਦੀਆਂ ਡੂੰਘੀਆਂ ਤਹਿਆਂ `ਚੋਂ ਭੂਤਾਂ-ਪ੍ਰੇਤਾਂ ਦਾ ਖ਼ੌਫ਼ ਹਾਲੇ ਕਾਫ਼ੂਰ ਨਹੀਂ ਸੀ ਹੋਇਆ। ਅਸੀਂ ਸਾਡੇ ਪਿੰਡ ਦੀਆਂ ਮਸਾਣਾਂ ਕੋਲ਼ ਦੀ ਗੁਜ਼ਰਦੇ ਤਾਂ ਕੰਬਣ ਲੱਗ ਜਾਂਦੇ। ਇਓਂ ਜਾਪਣਾ ਜਿਵੇਂ ਕੁੱਝ ਵਾਪਰਿਆ ਕਿ ਵਾਪਰਿਆ! ਸਾਡੇ ਪਿੰਡ, ਕਈ ਸੌ ਸਾਲ ਪਹਿਲਾਂ ਹੋਏ ਕਿਸੇ ਬਾਬਾ ਪੂਰਨ ਦਾਸ ਨਾਮ ਦੇ ਸੰਤ ਦੀ ਮਟੀ ਹੁੰਦੀ ਸੀ ਜਿਸ ਦੇ ਲਾਗਿਓਂ ਗੁਜ਼ਰਦਿਆਂ ਸਾਡੇ ਹੱਥ ਮੱਲੋ-ਮੱਲੀ ਜੋੜੇ ਜਾਂਦੇ ਤੇ ਮੱਥੇ ਝੁਕ ਜਾਂਦੇ। ਸਾਡੇ ਜਨਮ ਤੋਂ ਬਹੁਤ ਪਹਿਲਾਂ ਸਾਡੇ ਹੀ ਪਿੰਡ ਦੀ ਇੱਕ ਔਰਤ ਨੇ ਸਾਡੇ ਖੇਤ `ਚ ਨਿੱਕੀ ਇੱਟ ਨਾਲ਼ ਬਣੇ ਸੌ ਕੁ ਸਾਲ ਪੁਰਾਣੇ ਖੂਹ `ਚ, ਬੱਚਿਆਂ ਸਮੇਤ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿੰਡ `ਚ ਇਹ ਆਮ ਵਿਸ਼ਵਾਸ਼ ਸੀ ਕਿ ਖ਼ੁਦਕੁਸ਼ੀ ਕਰਨ ਵਾਲੀ ਔਰਤ ਅੱਧੀ ਰਾਤ ਨੂੰ ਇਸ ਖੂਹ ਦੇ ਉਦਾਲ਼ੇ ਆਪਣੇ ਬੱਚਿਆਂ ਸਮੇਤ ਘੁੰਮਦੀ ਹੈ। ਮੈਂ ਤੇ ਮੈਥੋਂ ਛੋਟਾ ਭਰਾ ਰਛਪਾਲ, ਇਸ ਖੂਹ `ਤੇ ਸਾਡੇ ਬਾਪੂ ਵੱਲੋਂ ਨਵੀਂ-ਨਵੀਂ ਉਸਰਾਈ ਬੈਠਕ ਵਿੱਚ ਰਾਤਾਂ ਨੂੰ ਆਪਣੇ ਇੱਕ-ਦੋ ਦੋਸਤਾਂ ਸਮੇਤ ਪੜ੍ਹਦੇ ਤੇ ਉੱਥੇ ਹੀ ਇੱਕ-ਦੂਜੇ ਦੇ ਗੋਡਿਆਂ ਨਾਲ਼ ਗੋਡੇ ਜੋੜ ਕੇ ਸੌਂਦੇ। ਗੱਪ-ਸ਼ੱਪ ਲਾਉਂਦਿਆਂ, ਸਾਡੇ `ਚੋਂ ਕੋਈ ਜਣਾ ਜਦ ਕਦੇ ਅਚਾਨਕ ਹੀ, ਇਸ ਖੂਹ `ਚ ਹੋਈਆਂ ਖ਼ੁਦਕੁਸ਼ੀਆਂ ਦੀ ਗੱਲ ਯਾਦ ਕਰਾ ਬਹਿੰਦਾ ਤਾਂ ਉਹ ਖ਼ੁਦਕੁਸ਼ਤ, ਸੁਪਨਿਆਂ `ਚ, ਸਾਨੂੰ ਅਕਸਰ ਹੀ ਟੱਕਰਦੇ, ਤੇ ਅਸੀਂ ਡਰ ਨਾਲ ਬਰੜਾਅ-ਬਰੜਾਅ ਕੇ ਉਠਦੇ। ਬੈਠਕ ਤੋਂ ਪੰਜ-ਸੱਤ ਏਕੜ ਦੀ ਵਾਟ `ਤੇ ਵਿਛੇ ਛੱਪੜ ਦੇ ਪਾਰਲੇ ਪਾਸੇ ਜਦੋਂ ਕਦੇ ਚਿਖ਼ਾ ਬਲਦੀ ਹੁੰਦੀ, ਅਸੀਂ ਉਸ ਪਾਸੇ ਚਿਹਰਾ ਘੁੰਮਾਉਣ ਤੋਂ ਤ੍ਰਭਕਦੇ।

ਇੱਕ ਵਾਰ ਸਾਡੇ ਪਿੰਡ ਤੋਂ ਦਸ ਕੁ ਮੀਲ ਦੇ ਫ਼ਾਸਲੇ `ਤੇ ਵਸੇ ਕਸਬੇ, ਬੱਧਣੀ ਕਲਾਂ, `ਚ ਕਿਸੇ ਪਰਵਾਰ ਵਿੱਚ ਲੜਕੇ ਦੇ ਜਨਮ ਦੀ ਖ਼ੁਸ਼ੀ `ਚ, ਇੱਕ ਧਰਮਸ਼ਾਲਾ ਵਿੱਚ, ਸ਼ਾਮ ਦੇ ਵਕਤ ਸਾਡੀ ਗਾਇਕੀ ਦਾ ਪ੍ਰੋਗਰਾਮ ਹੋਣਾ ਸੀ। ਬੱਧਣੀ ਸਾਡੇ ਪਿੰਡੋਂ ਬਹੁਤੀ ਦੂਰ ਨਾ ਹੋਣ ਕਾਰਨ, ਅਸੀਂ ਬਾਅਦ ਦੁਪਹਿਰ ਦੋ-ਢਾਈ ਵਜੇ ਘਰੋਂ ਚਾਲੇ ਪਾਏ। ਸਾਡੇ ਬੱਧਣੀ ਅੱਪੜਦਿਆਂ ਨੂੰ, ਸਾਡੀ ਗਾਇਕੀ ਨੂੰ ਸੁਣਨ ਲਈ, ਇੱਕ ਵਾਗਲ਼ੇਦਾਰ ਧਰਮਸ਼ਾਲਾ `ਚ, ਸੈਂਕੜੇ ਸ੍ਰੋਤੇ ਸਾਡੀ ਉਡੀਕ `ਚ ਖਲੋਤੇ ਸਨ। ਚੌਲ਼ਾਂ ਦਾ ਭੰਡਾਰਾ ਵਰਤਾਏ ਜਾਣ ਤੋਂ ਬਾਅਦ, ਕੜਾਹੇ ਮਾਂਜੇ ਜਾ ਚੁੱਕੇ ਸਨ ਤੇ ਵਿਹੜੇ `ਚ ਪਰਲੇ ਪਾਸੇ ਖੋਦੀਆਂ ਆਰਜ਼ੀ ਚੁਰਾਂ ਮੁੰਦੀਆਂ ਜਾ ਚੁੱਕੀਆਂ ਸਨ। ਕੁੱਝ ਕੁ ਅਵਾਰਾ ਕੁੱਤੇ, ਐਧਰ-ਓਧਰ ਖਿੰਡੇ ਚੌਲ਼ਾਂ ਦੇ ਭੋਰ-ਚੋਰ ਉੱਪਰ ਜੀਭਾਂ ਮਾਰਦੇ ਫਿਰਦੇ ਸਨ। ਧਰਮਸ਼ਾਲਾ ਦੀ ਛੱਤ `ਤੇ ਮੰਜਿਆਂ ਦੇ ਸਿਰ ਜੋੜ ਕੇ ਬੰਨ੍ਹੇ ਬਾਲਟੀ-ਨੁਮਾ ਸਪੀਕਰਾਂ `ਚੋਂ, ਢੱਡ-ਸਰੰਗੀ ਦੇ ਰੈਕਡ (ਤਵੇ) ਹਵਾ ਦੀਆਂ ਲੀਰਾਂ ਕਰੀ ਜਾ ਰਹੇ ਸਨ। ਸਾਈਕਲ ਨੂੰ ਧਰਮਸ਼ਾਲਾ ਦੇ ਬਾਹਰਲੇ ਪਾਸੇ ਹੀ ਸਟੈਂਡ ਉੱਪਰ ਕਰ ਕੇ, ਬਲਵੰਤ ਨੇ ਪਿਛਲੇ ਕੈਰੀਅਰ ਦੇ ਹੇਠਾਂ ਲੁਕੇ ਹੋਏ ਜਿੰਦਰੇ ਦੀ ਸ਼ਾਫ਼ਟ ਘੁੰਮਾਈ। ਕਲਿੱਕ ਦੀ ਆਵਾਜ਼ ਹੁੰਦਿਆਂ ਹੀ ਚਾਬੀ ਢਿਲ਼ਕ ਕੇ ਬਾਹਰ ਨੂੰ ਹੋ ਗਈ। ਸਾਨੂੰ ਦੇਖਦਿਆਂ ਹੀ ਤੀਬਰਤਾ ਨਾਲ਼ ਸਾਡੀ ਉਡੀਕ ਕਰ ਰਿਹਾ, ਨਵਜਨਮੇ ਲੜਕੇ ਦਾ ਪਰਿਵਾਰ ਇੱਕ ਦਮ ਹਰਕਤ `ਚ ਆ ਗਿਆ। ਚਾਰੇ ਪਾਸੇ ‘ਆਗੇ ਵਈ, ਆਗੇ ਵਈ’ ਹੋਣ ਲੱਗੀ। ਧਰਮਸ਼ਾਲਾ ਦੇ ਇੱਕ ਨਿੱਕੇ ਜਿਹੇ ਕਮਰੇ `ਚ, ਜਿੱਥੇ ਸੰਗਤਰੀ ਰੰਗ ਦੀ ਸ਼ਰਾਬ ਦੀਆਂ ਬੋਤਲਾਂ ਦੀਆਂ ਚੇਣਾਂ ਦੋ ਮੰਜਿਆਂ ਹੇਠ ਅਤੇ ਟਾਣ ਉੱਪਰ ਲਾਈਆਂ ਹੋਈਆਂ ਸਨ, ਚਾਹ ਪਿਲਾਉਣ ਤੋਂ ਬਾਅਦ ਸਾਨੂੰ ਸਟੇਜ ਵੱਲ ਲਿਜਾਇਆ ਗਿਆ। ਬਲਵੰਤ ਨੇ ਤੂੰਬੀ ਨੂੰ ਗਿਲਾਫ਼ ਤੋਂ ਮੁਕਤ ਕੀਤਾ ਤੇ ਮਾਈਕਰੋਫ਼ੋਨ ਦੇ ਲਾਗੇ ਲਿਜਾ ਕੇ ‘ਤੁਣ-ਤੁਣ, ਤੁਣ-ਤੁਣ’ ਕਰਾਈ। ਮੈਂ ਤੇ ਰਛਪਾਲ ਨੇ ਕੱਪੜੇ ਦੇ ਝੋਲ਼ੇ `ਚੋਂ ਢੱਡਾਂ ਬਾਹਰ ਕੱਢੀਆਂ, ਅਤੇ ਉਨ੍ਹਾਂ ਨੂੰ ਮਾਈਕਰੋਫ਼ੋਨ ਵੱਲ ਵਧਾਅ ਕੇ ਉਂਗਲਾਂ ਨੂੰ ਹਰਕਤ `ਚ ਲਿਆਂਦਾ: ‘ਡੁੱਗ-ਡੁੱਗ, ਡੁੱਗ; ਢੁੰਮ-ਢੁੰਮ ਢੁੰਮ; ਡੁੱਗ-ਡੁੱਗ, ਢੁੰਮ-ਢੁੰਮ’ ਦੀਆਂ ਅਵਾਜ਼ਾਂ ਹਾਲੇ ਦਸ ਕੁ ਸੈਕੰਡ ਹੀ ਨਿੱਕਲ਼ੀਆਂ ਹੋਣਗੀਆਂ ਕਿ ਸਾਡੇ ਸਾਹਮਣੇ ‘ਕਿਆਂ-ਕਿਆਂ’ ਕਰਦੀ ਭੀੜ ਸ਼ਾਂਤ ਹੋ ਕੇ ਧਰਮਸ਼ਾਲਾ ਦੇ ਕੱਚੇ ਫ਼ਰਸ਼ `ਤੇ ਬਿਰਾਜਮਾਨ ਹੋਣ ਲੱਗੀ। ਹਰ ਅੱਖ ਹੁਣ ਸਾਡੇ `ਤੇ ਕੇਂਦਰਤ ਸੀ। ਧਰਮਸ਼ਾਲਾ ਦੇ ਵਿਹੜੇ `ਚ ਐਨ ਵਿਚਾਲੇ ਖਲੋਤਾ ਪਿੱਪਲ਼ ਦਾ ਰੁੰਡ-ਮਰੁੰਡ ਬਰੋਟਾ ਪੂਰੀ ਤਰ੍ਹਾਂ ਖ਼ਾਮੋਸ਼ ਸੀ। ਤੂੰਬੀ ਸੁਰ `ਚ ਸੀ, ਤੇ ਢੱਡਾਂ ਵੀ ਵਛੇਰੀਆਂ ਵਾਂਗ ਹਿਣਕਣ ਲਈ ਤਤਪਰ ਸਨ। ਤੂੰਬੀ `ਚੋਂ ਮੰਗਲ਼ਾਚਰਨ ਦੀ ਤਰਜ਼ ਤੁਣਕਣ ਲੱਗੀ। ਢੱਡਾਂ, ਤੂੰਬੀ ਦੀ ਤੁਣ-ਤੁਣ ਨਾਲ਼ ਤਾਲ ਮਿਲਾਉਣ ਲੱਗੀਆਂ। ਬਾਪੂ ਨੇ ਸਾਡੇ ਲਈ ਮੰਗਲ਼ਾਚਰਨ ਵੀ ਅਲਹਿਦਾ ਜਿਹੀ ਕਿਸਮ ਦਾ ਲਿਖਿਆ ਸੀ। ਪੌਣੇ ਕੁ ਮਿੰਟ ਦੀ ‘ਤੁਣ-ਤੁਣ’ ਤੋਂ ਬਾਅਦ, ਮੈਂ ਉੱਚੀ ਅਵਾਜ਼ `ਚ ਇੱਕ ਲੰਮੀ ਹੇਕ ਕੱਤਣ ਲੱਗਾ। ਹੇਕ ਖ਼ਤਮ ਹੁੰਦਿਆਂ ਹੀ ਰਛਪਾਲ ਤੇ ਬਲਵੰਤ ਦੀ ਜੋੜੀ ਇੱਕ-ਸੁਰ ਹੋ ਗਾਉਣ ਲੱਗੀ: -ਤੇਰੀ ਰਜ਼ਾ ਵਿੱਚ ਦਾਤਿਆ, ਸੁਖੀ ਵਸੇ ਸਰਬੱਤ! ਤੇਰੀ ਰਜ਼ਾ ਵਿੱਚ ਦਾਤਿਆ, ਸੁਖੀ ਵਸੇ ਸਰਬੱਤ!

ਫ਼ਿਰ ਮੇਰੇ ਗਲ਼ੇ `ਚੋਂ ਛੰਦ ਦੀਆਂ ਪਹਿਲੀਆਂ ਸਤਰਾਂ ਉਧੜਣ ਲੱਗੀਆਂ: ਹੋਵੇ ਕੁੱਲ ਸੰਸਾਰ `ਤੇ, ਦੁਸ਼ਮਣ ਦਾ ਵੀ ਭਲਾ; ਟਲ਼ੇ ਗਵਾਂਢੀ ਤੋਂ ਸਦਾ, ਕੋਹਾਂ ਦੂਰ ਬਲਾਅ!

ਰਛਪਾਲ-ਬਲਵੰਤ ਦੀ ਜੋੜੀ ਨੇ ਅਗਲੀਆਂ ਸਤਰਾਂ ਚੁੱਕ ਲਈਆਂ: ਰੱਖੀਂ ਮਰਦਿਆਂ ਤੀਕ ਤੂੰ, ਸਭ ਦੀ ਉੱਜਲੀ ਪੱਤ; ਤੇਰੀ ਰਜ਼ਾ ਵਿੱਚ ਦਾਤਿਆ, ਸੁੱਖੀ ਵਸੇ ਸਰਬੱਤ!

ਕਵੀਸ਼ਰੀ ਦੇ ਚਾਰ-ਪੰਜ ਬੰਦਾਂ `ਚ ਲਪੇਟੇ ਮੰਗਲ਼ਾਚਰਨ ਦੇ ਖ਼ਾਤਮੇ `ਤੇ ਬਲਵੰਤ ਨੇ ਦਹੂਦ ਬਾਦਸ਼ਾਹ ਦੇ ਕਿੱਸੇ ਦੇ ਛਿਲਕੇ ਉਤਾਰਨੇ ਸ਼ੁਰੂ ਕਰ ਦਿੱਤੇ: ਆਪਣੇ ਸ਼ਾਹੀ ਪਿਛੋਕੜ ਤੋਂ ਅਣਜਾਣ, ਲੋਕਾਂ ਦੇ ਡੰਗਰ ਚਾਰਦਾ ਦਹੂਦ, ਤੇਲੀਆਂ ਦੇ ਮੁੰਡੇ ਨੂੰ ਕੁੱਟ ਬੈਠਾ; ਅੱਗ-ਬਬੂਲ਼ਾ ਹੋਈ ਤੇਲਣ ਦਹੂਦ ਦੇ ਦਰ `ਤੇ ਆ ਕੇ ਅਵਾ-ਤਵਾ ਬੋਲਣ ਲੱਗੀ: ਮੇਰਾ ਮੁੰਡਾ ਕਹਾਤੋਂ ਕੁੱਟਿਆ ਦਹੂਦਾ ਵੇ? ਤੇਰਾ ਕੀ ਵਿਗਾੜਦਾ ਸੀ ਮਰਦੂਦਾ ਵੇ, ਸਾਡੇ ਜ਼ਿੰਮੇ ਕਾਹਤੋਂ ਪਾਈ ਕੰਗ ਆਪਦੀ, ਵੱਡਾ ਸੂਰਮਾ ਵਿਆਹ ਲਾ ਮੰਗ ਆਪਦੀ! ਅਗਲੇ ਛੰਦ `ਚ, ਤੇਲਣ ਵੱਲੋਂ ਖੋਲ੍ਹੇ ਭੇਤ ਕਾਰਨ ਚਕਿਰਤ ਕੀਤਾ ਦਹੂਦ ਆਪਣੀ ਮਾਂ ਹੰਸਾਂ ਦੇ ਉਦਾਲ਼ੇ ਹੋ ਗਿਆ: ਹੰਸਾਂ ਮਾਤਾ ਮੇਰੀਏ, ਕਿਉਂ ਰੱਖਿਆ ਓਹਲਾ? ਕੈਸੇ ਸਾਡੀ ਮਾਰ ਗਿਆ ਕਿਸਮਤ ਨੂੰ ਝੋਲਾ? ਤੂੰ ਨੌਕਰਾਣੀ ਬਣ ਗਈ ਮੈਂ ਲੱਗਿਆ ਗੋਲਾ! ਕਿਵੇਂ ਅਸਾਂ ਸੰਗ ਵਰਤਿਆ ਚਾਚਿਆਂ ਦਾ ਟੋਲਾ? ਦੱਸ ਮਾਂ, ਤੇਲਣ ਕੀ ਕਹਿੰਦੀ ਸੀ? ਮਾਂ ਕੋਲ਼ ਅਤੀਤ ਦੀਆਂ ਤਹਿਆਂ ਖੋਲ੍ਹਣ ਤੋਂ ਸਿਵਾ ਚਾਰਾ ਨਾ ਰਿਹਾ: ਤੈਨੂੰ ਮੰਗੀ ਵੀ ਸੀ ਰਾਜੇ ਰੂਮ ਸ਼ਾਮ ਦੀ ਬੇਟੀ! ਤੇਰਾ ਪਿਤਾ ਜਨੇਜ਼ ਬਾਦਸ਼ਾਹ, ਜਦ ਫ਼ਰਮਾਅ ਗਿਆ ਰੋਹਲਤ (ਯਾਨੀ ਪ੍ਰਾਣ ਤਿਆਗ ਗਿਆ), ਫ਼ੌਰਨ ਹੋਣੀ ਹੱਲਾ ਕੀਤਾ, ਜ਼ਰਾ ਨਾ ਦਿੱਤੀ ਮੋਹਲਤ! ਸੋਨਾ ਸੁਆਹ ਪਲਾਂ ਵਿੱਚ ਕਰ ਗਈ ਪਈ ਲਿਖੇ ਦੀ ਫੇਟੀ, ਤੈਨੂੰ ਮੰਗੀ ਵੀ ਸੀ ਰਾਜੇ ਰੂਮ ਸ਼ਾਮ ਦੀ ਬੇਟੀ! ਮਾਂ ਦਸਦੀ ਗਈ ਪਈ ਦਹੂਦ ਦੇ ਪਿਤਾ ਦੇ ਫ਼ੌਤ ਹੁੰਦਿਆਂ ਹੀ ਉਸ ਦੇ ਭਰਾਵਾਂ ਨੇ ਉਨ੍ਹਾਂ ਦੇ ਰਾਜ `ਤੇ ਕਬਜ਼ਾ ਕਰ ਲਿਆ, ਤੇ ਰਾਜਾ ਰੂਮ ਸ਼ਾਮ, ਦਹੂਦ ਨਾਲ਼ ਕੀਤੇ ਆਪਣੀ ਧੀ ਦੇ ਰਿਸ਼ਤੇ ਤੋਂ, ਮੁੱਕਰ ਗਿਆ। ਦਹੂਦ ਆਪਣੀ ਮਾਂ ਤੋਂ ਸੁਣੇ ਆਪਣੇ ਪਿਛੋਕੜ ਦੇ ਭੇਤਾਂ `ਚ ਹਾਲੇ ਗੁੰਮ-ਸੁੰਮ ਹੋਇਆ ਖਲੋਤਾ ਸੀ ਕਿ ਨਵ-ਜਨਮੇ ਬੱਚੇ ਦੇ ਪਿਓ ਅਤੇ ਤਾਏ-ਚਾਚੇ, ਮੰਜਿਆਂ `ਤੇ ਬਿਰਾਜੇ ਨਜ਼ਦੀਕੀਆਂ ਤੇ ਬਾਹਰੋਂ ਆਏ ਮਹਿਮਾਨਾਂ ਲਈ, ਬੋਤਲਾਂ ਦੇ ਡੱਟ ਖੋਲ੍ਹਣ ਲੱਗੇ। ਪਿੱਤਲ਼ ਦੇ ਜੱਗਾਂ ਤੇ ਗੜਵੀਆਂ `ਚ ਪਾਣੀ ਉੱਛਾਲ਼ੇ ਮਾਰਨ ਲੱਗਾ, ਤੇ ਅੰਦਰੋਂ ਕਲੀ ਕੀਤੇ ਪਿੱਤਲ਼ ਦੇ ਗਲਾਸ ਸੰਤਰੀ ਰੰਗ `ਚ ਰੰਗੇ ਜਾਣ ਲੱਗੇ। ਬੋਤਲਾਂ, ਢਾਣੀਆਂ `ਚ ਵਟ ਗਏ ਮਹਿਮਾਨਾਂ ਦੇ ਵਿਚਕਾਰ ਉੱਤਰਦੀਆਂ ਤੇ ਪੰਜਾਂ ਕੁ ਮਿੰਟਾਂ `ਚ ਹੀ ਅੱਧੀਓਂ ਥੱਲੇ ਹੋ ਜਾਂਦੀਆਂ। ਅੱਧੇ-ਪੌਣੇ ਘੰਟੇ ਬਾਅਦ, ਜਦੋਂ ਨੂੰ ਦਹੂਦ ਆਪਣੇ ਪਿਤਾ ਦੇ ਦੋਸਤ, ਸ਼ਾਹ ਅਲੀ ਨੂੰ ਨਾਲ਼ ਲੈ ਕੇ, ਆਪਣੀ ਮੰਗੇਤਰ ਦੇ ਸ਼ਹਿਰ ਅੱਪੜਿਆ ਤਾਂ ਚਿੱਘੀ-ਲਾ-ਕੇ ਇੱਕੋ ਸਾਹ ਪੂਰੇ ਦਾ ਪੂਰਾ ਹਾੜਾ ਬੰਨੇ ਮਾਰ ਰਹੇ, ਸਟੇਜ ਦੇ ਬਿਲਕੁਲ ਨਜ਼ਦੀਕ ਬੈਠੇ, 25-30 ਵਿਸ਼ੇਸ਼-ਸ੍ਰੋਤਿਆਂ ਦੀਆਂ ਭਵਾਂ ਉਤਾਹਾਂ ਨੂੰ ਖਿੱਚੀਆਂ ਜਾਣ ਲੱਗੀਆਂ। ਉਨ੍ਹਾਂ ਦੀਆਂ ਲਾਲੀ-ਫੜ-ਗਈਆਂ-ਅੱਖਾਂ `ਚ ਧਤੂਰੇ ਦੇ ਫੁੱਲ ਖਿੜਨ ਲੱਗੇ। ਨਸ਼ੇ ਨਾਲ਼ ਬੋਝਲ਼ ਹੋਏ ਉਨ੍ਹਾਂ ਦੇ ਡੇਲੇ ਡਿਗੂੰ-ਡਿਗੂੰ ਕਰਨ ਲੱਗੇ। ਉਨ੍ਹਾਂ ਦੀਆਂ ਮੁੱਛਾਂ ਦੇ ਕੁੰਢ ਫਰਕੇ, ਤੇ ਲਫ਼ਜ਼ ਉਨ੍ਹਾਂ ਦੀਆਂ ਜੀਭਾਂ `ਤੇ ਤਿਲਕਣ ਲੱਗੇ। ਉਨ੍ਹਾਂ ਦੇ ਸਿਰ ਵਾਰ ਵਾਰ ਹੇਠਾਂ ਨੂੰ ਝੁਕਦੇ ਤੇ ਇੱਕ ਤੁਣਕਾ ਜਿਹਾ ਸਿਰਜ ਕੇ ਮੁੜ ਉੱਪਰ ਨੂੰ ਟਿਕਾਣੇ ਸਿਰ ਹੋ ਜਾਂਦੇ। ਕਦੇ ਉਹ ਖੱਬੇ-ਸੱਜੇ ਝੂੰਮਦੇ ਤੇ ਤੁਣਕਾ ਵੱਜ ਕੇ ਫੇਰ ਸਿੱਧੇ ਹੋ ਜਾਂਦੇ। ਸਾਡੇ ਆਲ਼ੇ-ਦੁਆਲ਼ੇ ‘ਤੂੰ ਬਾਈ ਮੈਂ ਬਾਈ, ਤੇ ਮੈਂ ਬਾਈ ਤੂੰ ਬਾਈ! ’ ਦੀ ਥਥਲਾਉਂਦੀ ਘੁਸਰ-ਮੁਸਰ, ਮਿੰਟਾਂ `ਚ ਹੀ ‘ਗਾ … ਗਾ … ਗਾ … ਗਾ, ਬਾ … ਬਾ … ਬਾ … ਬਾ’ `ਚ ਬਦਲਣ ਲੱਗੀ। ਰੂਮ ਸ਼ਾਮ ਦੇ ਸ਼ਹਿਰ ਪਹੁੰਚੇ ਦਹੂਦ ਤੇ ਸ਼ਾਹ ਅਲੀ ਨਾਲ਼ ਅੱਗੇ ਕੀ ਵਾਪਰਿਆ, ਇਹ ਜਾਨਣ ਦੀ ਉਤਸੁਕਤਾ `ਚ ਭਿੱਜੇ ਬਾਕੀ ਸ੍ਰੋਤੇ, ਪੱਬਾਂ ਭਾਰ ਹੋਣ ਲੱਗੇ। ਲੰਮਾਂ ਪੈਂਡਾ ਤੈਅ ਕਰਨ ਤੋਂ ਬਾਅਦ, ਸ਼ਾਮ ਦੇ ਵਕਤ ਜਦੋਂ ਨੂੰ, ਆਪਣੇ ਘੋੜਿਆਂ ਸਮੇਤ, ਸ਼ਾਹ ਅਲੀ ਅਤੇ ਦਹੂਦ, ਦਹੂਦ ਦੀ ਮੰਗੇਤਰ ਦੇ ਬਾਗ਼ `ਚ ਪਹੁੰਚੇ ਤਦੋਂ ਨੂੰ ਬੱਧਣੀ ਦੀ ਉਹ ਧਰਮਸ਼ਾਲਾ ਵੀ ਹਲਕੇ-ਹਲਕੇ ਹਨੇਰੇ `ਚ ਲਿਪਟ ਚੱਲੀ ਸੀ। ਘੁਸਮੁਸਾ ਹੁੰਦੇ ਤੀਕ ਨਵ-ਜਨਮੇਂ ਦੇ ਤਾਏ-ਚਾਚੇ ਵੀ ਉਲ਼ਲ਼-ਉਲ਼ਲ਼ `ਤੇ ਉੱਤਰ ਆਏ। ਦਹੂਦ ਦੇ ਕਿੱਸੇ ਦਾ ਅੰਤਲਾ ਛੰਦ ਖ਼ਤਮ ਕਰ ਕੇ ਅਸੀਂ ਜਦੋਂ ਮਾਈਕਰੋਫ਼ੋਨ ਤੋਂ ਪਿੱਛੇ ਹਟੇ, ਤਾਂ ਪ੍ਰਸੰਸਕਾਂ ਦੀ ਸੰਘਣੀ ਭੀੜ ਤਾਂ ਸਾਡੇ ਉਦਾਲ਼ੇ ਜੁੜ ਗਈ ਸੀ, ਪ੍ਰੰਤੂ ਰਾਤ ਕੱਟਣ ਲਈ ਸਾਨੂੰ ਸਾਡੇ ਉਤਾਰੇ `ਤੇ ਲਿਜਾਣ ਵਾਲ਼ਾ ਕੋਈ ਨਹੀਂ ਸੀ। ਹੌਲ਼ੀ ਹੌਲ਼ੀ ਪਰਸੰਸਕਾਂ ਦੀ ਭੀੜ ਵੀ ਵਿਰਲੀ ਹੋਣ ਲੱਗੀ। ਖ਼ਾਸ ਮਹਿਮਾਨਾਂ ਨੂੰ ਬੋਤਲਾਂ ਤੇ ਪਕੌੜੀਆਂ ਪ੍ਰੋਸ ਰਹੇ ਪਰਵਾਰਕ ਮੈਂਬਰਾਂ `ਚੋਂ ਜਿਸ ਨੂੰ ਵੀ ਅਸੀਂ, ਸਾਨੂੰ ਸਾਡੇ ਉਤਾਰੇ `ਚ ਛੱਡ ਆਉਣ ਬਾਰੇ ਬੇਨਤੀ ਕਰਦੇ, ਉਹੋ ਹੀ ਆਪਣੀਆਂ ਗੜੂੰਦ ਅੱਖਾਂ `ਚ ਨਸ਼ਈ ਅਪਣੱਤ ਭਰ ਕੇ ਥਥਲਾਉਂਦਾ: ਕੋਈ ਫਿਕਰ ਨੀ ਕਰਨਾ ਜਾਰੋ! ਰੌਣਕਾਂ ਲਾ ਕੇ ਬੱਧਣੀ `ਚ ਧੰਨ ਧੰਨ ਕਰਾਤੀ ਅੱਜ ਤਾਂ … ਹੁਣੇ ਚਲਦੇ ਆਂ ਤੁਹਾਨੂੰ ਚਵਾਰੇ `ਚ ਸ਼ੱਡਣ! ਬਾਈ ਜੀ, ਦਾਰੂ ਵੀ ਮਿਲ਼ੂ … ਤੇ ਮੀਟ-ਮੁਰਗਾ ਵੀ! ਪਹਿਲਾਂ ਪੈੱਗ ਲਾਓ ਤੇ ਕਰਾਰ `ਚ ਆਓ!

ਅਖ਼ੀਰ ਪਤਾ ਨਹੀਂ ਕਿਧਰੋਂ ਘਰ ਵਾਲਿਆਂ ਦਾ ਇੱਕ ਸੀਰੀ ਜਗਦੀ ਹੋਈ ਲਾਲਟੈਣ ਲੈ ਆਇਆ। ਲਾਲਟੈਣ ਦੇ ਮੱਧਮ ਜਿਹੇ ਚਾਨਣ `ਚ ਧਰਮਸ਼ਾਲ਼ਾ ਦੀਆਂ ਕੰਧਾਂ `ਚ ਜਾਨ ਪੈਣ ਲੱਗੀ। ਬਲਵੰਤ ਨੇ ਉਸ ਨੂੰ ਸਾਨੂੰ ਸਾਡੇ ਉਤਾਰੇ `ਚ ਪਹੁੰਚਾਉਣ ਦੀ ਬੇਨਤੀ ਕੀਤੀ। ਸੀਰੀ ਨੇ ਲਾਲਟੈਣ ਇੱਕ ਕਿੱਲੀ ਨਾਲ਼ ਟੁੰਗ ਦਿੱਤੀ ਤੇ ਸਾਨੂੰ ਉਸ ਚੁਬਾਰੇ ਵੱਲੀਂ ਲੈ ਤੁਰਿਆ ਜਿੱਥੇ ਸਾਡੇ ਰਾਤ ਕੱਟਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਓਦੋਂ ਬਿਜਲੀ ਨੇ ਬੱਧਣੀ `ਚ ਹਾਲੇ ਆਪਣੇ ਚਰਨ ਨਹੀਂ ਸਨ ਪਾਏ, ਇਸ ਲਈ ਸੰਘਣੇ ਹੋ ਰਹੇ ਹਨੇਰੇ `ਚ ਚਿੱਕੜ ਤੋਂ ਬਚਣ ਲਈ ਕੰਧਾਂ ਦੇ ਨਜ਼ਦੀਕ ਹੋ ਕੇ ਤੁਰਦੇ ਤੁਰਦੇ ਅਸੀਂ ਕਈ ਮੋੜ ਤੇ ਕਈ ਚੁਰਸਤੇ ਪਾਰ ਕਰ ਗਏ। ਅੰਤ ਅਸੀਂ ਇੱਕ ਫਾਟਕ ਦੇ ਸਾਹਮਣੇ ਖਲੋਤੇ ਸਾਂ। ਤਾਰਿਆਂ ਦੀ ਲੋਅ ਹੇਠਾਂ ਇਸ ਫਾਟਕ ਦੀਆਂ ਫੱਟੀਆਂ ਧੁੰਦਲ਼ੀਆਂ ਜਿਹੀਆਂ ਨਜ਼ਰ ਆਈਆਂ। ਸੀਰੀ ਨੇ ਲੱਕੜ ਦੀ ਅਰਲ ਨੂੰ ਜਗਾਇਆ ਤੇ ਫਾਟਕ ਨੂੰ ਅੰਦਰ ਵੱਲ ਨੂੰ ਧੱਕ ਦਿੱਤਾ। ਫਾਟਕ ਦੀ ਚਿਰੜ-ਚਿਰੜ ਸੁਣਦਿਆਂ ਹੀ ਚੌਬਾਰੇ ਹੇਠਲੇ ਦਲਾਨ-ਜਾਪਦੇ ਕਮਰੇ `ਚ ‘ਮਿਮਣ-ਮਿਮਣ’ ਤੇ ‘ਦਗੜ-ਦਗੜ’ ਹੋਣ ਲੱਗੀ। ਮੀਂਗਣਾਂ ਦੀ ਦੁਰਗੰਧ ਨਾਲ਼ ਸਾਡੀਆਂ ਨਾਸਾਂ `ਚ ਸ਼ੁਰੂ ਹੋਈ ਜਲੂਣ ਤੋਂ ਅਸੀਂ ਸਮਝ ਗਏ ਕਿ ਅਸੀਂ ਬੱਕਰੀਆਂ ਲਈ ਬਣੇ ਇੱਕ ਵਾੜੇ `ਚ ਖਲੋਤੇ ਸਾਂ। ਬੱਕਰੀਆਂ ਵਾਲ਼ੇ ਦਲਾਨ ਦੇ ਉੱਪਰ, ਕੱਚੀ ਇੱਟ ਨਾਲ਼ ਉਸਾਰੇ ਚੁਬਾਰੇ `ਚ ਜਾਣ ਲਈ ਖੱਬੇ ਪਾਸੇ ਲੱਕੜ ਦੀ ਇੱਕ ਪੌੜੀ ਤਿਰਛੇ ਆਸਣ `ਚ ਕੰਧ ਨਾਲ਼ ਲੱਗੀ ਖਲੋਤੀ ਸੀ ਜਿਸ ਦਾ ਸਾਨੂੰ ਬੱਸ ਝਾਉਲ਼ਾ ਜਿਹਾ ਹੀ ਨਜ਼ਰ ਆਉਂਦਾ ਸੀ।

-ਚੜ੍ਹ ਜੋ ਪੌੜੀ, ਪੌੜੀ ਵੱਲ ਨੂੰ ਵਧਦਿਆਂ ਸੀਰੀ ਬੁੜਬੁੜਾਇਆ। –ਪਰ ਚੜ੍ਹਿਓ ਬਚ ਕੇ … ਵਿਚਾਲ਼ੇ ਇੱਕ ਡੰਡਾ ਥੋੜਾ ਜਿਅ੍ਹਾ ਟੇਢਾ ਐ!

ਮੈਂ ਢੱਡਾਂ ਵਾਲ਼ਾ ਝੋਲ਼ਾ ਮੋਢੇ `ਤੇ ਲਟਕਾਇਆ ਤੇ ਬੋਚ ਬੋਚ ਕੇ ਪੈਰ ਧਰਦਿਆਂ ਪੌੜੀ ਵੱਲ ਨੂੰ ਵਧ ਰਹੇ ਬਲਵੰਤ ਦੇ ਮਗਰ ਹੋ ਲਿਆ। ਤੂੰਬੀ ਨੂੰ ਮੋਢੇ `ਤੇ ਲਟਕਾਅ ਕੇ ਤੇ ਚਮੜੇ ਦੇ ਬੈਗ਼ ਨੂੰ ਇੱਕ ਹੱਥ `ਚ ਸੰਭਾਲ਼ਦਿਆਂ, ਬਲਵੰਤ ਨੇ ਦੋਹਾਂ ਹੱਥਾਂ ਨਾਲ਼ ਪੌੜੀ ਦੀਆਂ ਬਾਹੀਆਂ ਨੂੰ ਹਲੂਣਾ ਦੇ ਕੇ, ਪੌੜੀ ਦੀ ਜਕੜ ਨੂੰ ਪਰਖਿਆ। ਹੌਲ਼ੀ ਹੌਲ਼ੀ ਉੱਪਰ ਨੂੰ ਚੜ੍ਹਦਾ ਬਲਵੰਤ ਜਦੋਂ ਵਿਚਕਾਰ ਜਿਹੇ ਅੱਪੜਿਆ ਤਾਂ ਪੌੜੀ ਦੇ ਬਾਂਸ (ਬਾਹੀਆਂ) ਲਿਫ਼ ਕੇ ਡੋਲਣ ਲੱਗੇ। –ਅਜੇ ਨਾ ਚੜ੍ਹਿਓ ਮੁੰਡਿਓ, ਬਲਵੰਤ ਕੰਬਦੀ ਅਵਾਜ਼ ਵਿੱਚ ਬੋਲਿਆ। –ਪਹਿਲਾਂ ਮੈਨੂੰ ਸਿਰੇ `ਤੇ ਜਾ ਲੈਣ ਦਿਓ, ਤੇ ਮਗਰੋਂ ਤੁਸੀਂ `ਕੱਲੇ-`ਕੱਲੇ ਆਇਓ!

ਸਿਰੇ `ਤੇ ਜਾ ਕੇ ਬਲਵੰਤ ਨੇ ਪੌੜੀ ਦੇ ਸਿੰਗ ਆਪਣੇ ਹੱਥਾਂ `ਚ ਪਕੜ ਕੇ ਪੌੜੀ ਦੀ ਜਕੜ ਮਜ਼ਬੂਤ ਕਰ ਲਈ। –ਪਹਿਲਾਂ ਰਛਪਾਲ ਨੂੰ ਚੜ੍ਹਾ ਦੇ, ਬਲਵੰਤ ਨੇ ਹੁਕਮ ਕੀਤਾ। ਰਛਪਾਲ ਦੇ ਸਿਰੇ ਅਪੜਦਿਆਂ ਹੀ ਮੈਂ ਆਪਣੀ ਚੜ੍ਹਾਈ ਸ਼ੁਰੂ ਕਰ ਦਿੱਤੀ।

ਸਾਨੂੰ ਤਿੰਨਾਂ ਨੂੰ ਕੋਠੇ `ਤੇ ਚੜ੍ਹਾਉਣ ਤੋਂ ਬਾਅਦ, ਸੀਰੀ ਬੋਲਿਆ, -ਮੈਂ ਤਾਂ ਫੇ’ ਚਲਦਾਂ ਬਾਈ!

ਵਾਗਲ਼ੇ-ਰਹਿਤ ਕੋਠੇ `ਤੇ, ਚੁਬਾਰੇ ਦੇ ਸਾਹਮਣੇ ਖਲੋਤਿਆਂ ਅਸਾਂ ਸੱਜੇ-ਖੱਬੇ ਨਜ਼ਰ ਘੁੰਮਾਈ। ਆਸ-ਪਾਸ ਦੇ ਵਿਹੜਿਆਂ `ਚ ਹਨੇਰਾ ਸੀ, ਤੇ ਸਰਦੀ ਹੋਣ ਕਾਰਨ ਬਹੁਤੀਆਂ ਔਰਤਾਂ ਖਾ-ਪਕਾਅ ਕੇ ਅੰਦਰ ਵੜ ਚੁੱਕੀਆਂ ਸਨ। ਵਿਰਲੇ-ਵਿਰਲੇ ਤਖ਼ਤਿਆਂ ਦੀਆਂ ਝੀਥਾਂ ਵਿੱਚੋਂ, ਅੰਦਰ ਜਗਦੀਆਂ ਲਾਲਟੈਣਾਂ ਦੇ ਚਾਨਣ ਦੀਆਂ ਲੀਕਾਂ ਜਿਹੀਆਂ ਨਜ਼ਰ ਪੈ ਰਹੀਆਂ ਸਨ।

ਬੈਗ਼ ਨੂੰ ਚੁਬਾਰੇ ਦੀ ਚੁਗਾਠ ਦੇ ਪੈਰਾਂ `ਚ ਰੱਖ ਕੇ ਬਲਵੰਤ ਨੇ ਚੌਬਾਰੇ ਦੇ ਦਰਵਾਜ਼ੇ ਨੂੰ ਨਿਰਖਿਆ। ਫਿਰ ਉਹ ਹੱਥ ਨੂੰ ਤਖਤਿਆਂ ਉੱਪਰ ਐਧਰ-ਓਧਰ ਫੇਰ ਕੇ ਦਰਵਾਜ਼ੇ ਦਾ ਕੁੰਡਾ ਤਲਾਸ਼ਣ ਲੱਗਾ। ਹੁਣ ਉਸ ਨੇ ਆਪਣੇ ਹੱਥ ਨੂੰ ਉੱਪਰ ਵੱਲ ਨੂੰ ਤੋਰ ਕੇ, ਚੁਗਾਠ ਦੇ ਮੱਥੇ ਉੱਤੇ ਗੱਡੇ ਕੁੰਡੇ ਵਿੱਚ ਫ਼ਸਾਈ ਸੰਗਲ਼ੀ ਨੂੰ ਟੋਹਿਆ, ਤੇ ਰਤਾ ਕੁ ਟਟੋਲਣ ਤੋਂ ਬਆਦ, ਸੰਗਲ਼ੀ ਨੂੰ ਕੁੰਡੇ ਨਾਲ਼ੋਂ ਵੱਖ ਕਰ ਦਿੱਤਾ। ਦਰਵਾਜ਼ਿਆਂ ਨੂੰ ਅੰਦਰ ਵੱਲ ਨੂੰ ਧੱਕਣ ਤੋਂ ਮਗਰੋਂ ਅੰਦਰ ਦੇ ਘੁੱਪ ਹਨੇਰੇ `ਚ ਨਜ਼ਰਾਂ ਚੋਭ ਕੇ ਹੁਣ ਉਹ ਕਮਰੇ ਦਾ ਮੁਹਾਂਦਰਾ ਪੜ੍ਹਨ ਦੀ ਅਸਫ਼ਲ ਕੋਸ਼ਿਸ਼ ਕਰਨ ਲੱਗਾ। –ਬਾਹਲ਼ਾ ਈ `ਨੇਰ੍ਹਾ ਐ ਅੰਦਰ ਤਾਂ ਮੱਲੋ! ਉਹ ਬੁੜਬੁੜਾਇਆ। –ਕੱਖ ਨੀ ਦਿਸਦਾ!

ਅੰਦਰ ਵੜਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਸੀ ਕਿ ਅੰਦਰ ਕੋਈ ਮੰਜਾ ਜਾਂ ਪੀੜ੍ਹੀ ਵੀ ਹੈ ਕਿ ਨਹੀਂ; ਅਗਰ ਕੋਈ ਮੰਜਾ ਹੈ ਵੀ ਤਾਂ ਉਹ ਕਿਹੜੇ ਰੁਖ਼ ਪਿਆ ਹੈ। ਉਹ ਝਿਜਕਦਾ-ਝਿਜਕਦਾ ਅੰਦਰ ਵੱਲ ਨੂੰ ਵਧਿਆ, ਪਰ ਕੁੱਝ ਪਲਾਂ ਬਾਅਦ ਹੀ ਝਟਾ-ਪੱਟ ਬਾਹਰ ਆ ਗਿਆ। ਮੈਂ ਸਮਝਿਆ ਉਹ ਚੁਬਾਰੇ `ਚ ਪੱਸਰੇ ਹਨੇਰੇ ਦੇ ਚਿੱਕੜ `ਚ ਖੁੱਭਣ ਤੋਂ ਤ੍ਰਭਕ ਗਿਆ ਸੀ। ਪਰ ਬਾਹਰ ਆ ਕੇ ਉਸ ਨੇ ਚਮੜੇ ਦੇ ਬੈਗ਼ ਨੂੰ ਫ਼ਰਸ਼ ਤੋਂ ਉਠਾਇਆ ਤੇ ਉਸ ਵਿੱਚੋਂ ਫ਼ਲੈਸ਼ਲਾਈਟ ਟਟੋਲਣ ਲੱਗਾ। ਫ਼ਲੈਸ਼ਲਾਈਟ `ਚੋਂ ਚਾਨਣ ਦੀ ਤਿੱਖੀ ਧਾਰ ਸਾਹਮਣੀ ਕੰਧ `ਤੇ ਵਜਦਿਆਂ ਹੀ ਚੌਬਾਰਾ ਅੱਭੜਵਾਹੇ ਜਾਗ ਉੱਠਿਆ। ਸਾਹਮਣੀ ਆਲ਼ੇ `ਚ ਖਲੋਤੀ ਅੱਧਜਲ਼ੀ ਮੋਮਬੱਤੀ ਨੂੰ ਦੇਖਦਿਆਂ ਬਲਵੰਤ ਨੇ ਫ਼ਲੈਸ਼ਲਾਈਟ ਨੂੰ ਫ਼ਰਸ਼ `ਤੇ ਟਿਕਾਇਆ, ਅਤੇ ਚਮੜੇ ਦੇ ਬੈਗ਼ `ਚੋਂ ਤੀਲਾਂ ਵਾਲ਼ੀ ਡੱਬੀ ਟਟੋਲ਼ ਕੇ ਤੀਲੀ ਨੂੰ ਡੱਬੀ ਦੇ ਮਸਾਲੇ `ਤੇ ਘਸਾਇਆ। ਮੋਮਬੱਤੀ ਦੇ ਮੂਲੋਂ ਹੀ ਘਸਮੈਲ਼ੇ ਜਿਹੇ ਚਾਨਣ’ ਚ, ਮੈਂ ਤੇ ਰਛਪਾਲ ਡਰਦੇ ਡਰਦੇ ਅੰਦਰ ਵੱਲ ਨੂੰ ਹੋ ਤੁਰੇ। ਬਲਵੰਤ ਨੇ ਫ਼ਲੈਸ਼ਲਾਈਟ ਨੂੰ ਖੱਬੇ ਪਾਸੇ ਨੂੰ ਘੁਮਾਇਆ ਤਾਂ ਅਸੀਂ ਤਿੰਨੇ ਹੀ ਠਠੰਬਰ ਗਏ। ਸਾਹਮਣੇ ਕਿੱਲੀ ਉੱਤੇ ਟੰਗਿਆ ਮਨੁੱਖੀ ਖੋਪਰੀਆਂ ਦਾ ਇੱਕ ਗੁੱਛਾ ਤੇ ਖੋਪਰੀਆਂ ਦੇ ਦੰਦਾਂ `ਚ ਲੱਗਿਆ ਸੰਧੂਰ ਸਾਨੂੰ ਘੂਰ ਰਿਹਾ ਸੀ। ਖੋਪਰੀਆਂ ਦੇ ਹੇਠਾਂ ਇੱਕ ਰੰਗਬਰੰਗੀ ਡੋਰ `ਚ ਰੀਠੜਿਆਂ ਵਰਗੇ ਮੋਟੇ-ਮੋਟੇ ਦਾਣੇ ਪ੍ਰੋਅ ਕੇ ਲਟਕਾਏ ਹੋਏ ਸਨ। ਬਲਵੰਤ ਦੇ ਹੱਥ `ਚ ਥਿੜਕਦੀ ਫ਼ਲੈਸ਼ਲਾਈਟ ਦੀ ਧਾਰ ਜਿਓਂ ਹੀ ਖੱਬੇ ਪਾਸੇ ਹੇਠਾਂ ਨੁੱਕਰ `ਤੇ ਡਿੱਗੀ, ਉਥੇ ਲੱਕੜ ਦੇ ਇੱਕ ਛੇ ਕੁ ਉਂਗਲ਼ਾਂ ਉੱਚੇ ਪਟੜੇ ਲਾਗੇ, ਸੁਆਹ ਦੀ ਇੱਕ ਵੱਡੀ ਸਾਰੀ ਢੇਰੀ ਸਾਡੀਆਂ ਨਜ਼ਰਾਂ ਸਾਹਵੇਂ ਉਦੇ ਹੋ ਉੱਠੀ। ਨਾਲ਼ ਹੀ ਪਾਥੀਆਂ ਦੀ ਢੇਰੀ `ਤੇ ਪਿਆ ਇੱਕ ਭਾਰਾ ਚਿਮਟਾ ਮੇਰੇ ਤਸੱਵਰ `ਚ ਕੜਾਕ-ਕੜਾਕ ਖੜਕਣ ਲੱਗਾ। ਬਿਲਕੁਲ ਇਹੋ ਜਿਹਾ ਚਿਮਟਾ ਹੀ ਸਾਡਾ ਗੁਆਂਢੀ, ਚਾਚਾ ਸ਼ੇਰਾ, ਵੀਰਵਾਰ ਦੀ ਰਾਤ ਨੂੰ ‘ਭੂਤਾਂ ਕੱਢਣ’ ਵੇਲੇ ਖੜਕਾਅ ਕੇ ਆਪਣੇ ਚੇਲਿਆਂ ਦਿਆਂ ਮੌਰਾਂ `ਤੇ ਪੜਾਕ-ਪੜਾਕ ਜੜਿਆ ਕਰਦਾ ਸੀ। ਚਾਚੇ ਸ਼ੇਰੇ ਦੇ ਚਿਮਟੇ ਦੇ ਵਾਰ ਖਾ ਖਾ ਕੇ ਧਰਤੀ `ਤੇ ਡਿਗਦੀਆਂ ਚਾਚੇ ਦੀਆਂ ਚੇਲੀਆਂ ਮੇਰੀ ਖੋਪੜੀ `ਚ ਲੇਰਾਂ ਮਾਰਨ ਲੱਗੀਆਂ। ਚੌਬਾਰੇ ਵਾਲ਼ੇ ਚਿਮਟੇ ਦੇ ਪਿਛਲੇ ਪਾਸੇ ਵੀ ਚਾਚੇ ਸ਼ੇਰੇ ਦੇ ਚਿਮਟੇ ਵਾਂਗਣਾਂ ਹੀ ਰੰਗ-ਬਰੰਗੀਆਂ ਲੀਰਾਂ ਬੰਨ੍ਹੀਆਂ ਹੋਈਆਂ ਸਨ। ਫ਼ਲੈਸ਼ਲਾਈਟ ਹੁਣ ਪਟੜੇ ਤੋਂ ਉੱਪਰ ਵੱਲ ਨੂੰ ਉੱਠੀ ਜਿੱਥੇ ਇੱਕ ਵੱਡ-ਅਕਾਰੀ ਕੈਲੰਡਰ ਉੱਪਰਲੀ ਤਸਵੀਰ ਵਿੱਚ ਇੱਕ ਕੜਾਹੇ ਉਦਾਲ਼ੇ ਖਲੋਤੇ ਕੁਹਾੜੀ-ਦੰਦਾਂ ਵਾਲ਼ੇ ਜਮਦੂਤ ਧਰਤੀ ਤੋਂ ‘ਨਰਕ’ `ਚ ਧੱਕੇ ‘ਪਾਪੀਆਂ’ ਨੂੰ ਤੇਲ ਵਿੱਚ ਤਲ਼ ਰਹੇ ਸਨ। ਜਮਦੂਤਾਂ ਦੇ ਕੜਾਹੇ `ਚੋਂ ਨਿੱਕਲ਼ ਰਹੀ ਭਾਫ਼ ਨਾਲ਼ ਮੈਂ ਪਸੀਨੋ-ਪਸੀਨੀ ਹੋ ਗਿਆ। ਨਾਲ਼ ਦੇ ਕਲੰਡਰ `ਤੇ ‘ਪਾਪੀ’ ਪੁੱਠੇ ਲਟਕਾਏ ਹੋਏ ਸਨ, ਤੇ ਖਿੱਚ ਕੇ ਲੰਬੂਤਰੇ ਕੀਤੇ, ਸ਼ਿਕਾਰੀ ਕੁੱਤਿਆਂ ਵਰਗੇ ਆਪਣੇ ਮੂੰਹਾਂ ਨਾਲ਼ ਜਮਦੂਤ, ਲਟਕਾਏ ਹੋਏ ‘ਪਾਪੀਆਂ’ ਦੀ ਚਮੜੀ ਨੋਚ ਰਹੇ ਸਨ। ਅਗਲੇ ਕਲੰਡਰ `ਚ ਅਨੇਕਾਂ ਹੱਥਾਂ ਵਾਲ਼ੀ ਇੱਕ ਕਾਲ਼ੀ ਔਰਤ ਦੀ ਤਸਵੀਰ ਵਿੱਚ ਔਰਤ ਦੇ ਗਲ਼ `ਚ ਖੋਪੜੀਆਂ ਦੀ ਮਾਲ਼ਾ ਪਾਈ ਹੋਈ ਸੀ ਤੇ ਉਸ ਦੇ ਹੱਥਾਂ `ਚ ਲਹੂ ਨਾਲ਼ ਨੁੱਚੜਦੀਆਂ ਕਿਰਪਾਨਾਂ ਤੇ ਟੋਕੀਆਂ ਫੜੀਆਂ ਹੋਈਆਂ ਸਨ। ਉਹਦੇ ਦੰਦਾਂ `ਚ ਜਕੜਿਆ ਹੋਇਆ ਬੱਚਾ ਮੇਰੀ ਸੁਰਤੀ `ਚ ਮਿਆਂਕਣ ਲੱਗਾ ਤੇ ਉਸਦੀਆਂ ਵਰਾਛਾਂ `ਚੋਂ ਚੋਂਦਾ ਲਹੂ ਚੌਬਾਰੇ ਦੀ ਕੰਧ `ਤੇ ਹੇਠਾਂ ਵੱਲ ਨੂੰ ਸਰਕਣ ਲੱਗਾ। ਏਸ ਤੋਂ ਅੱਗੇ ਕਈ ਕਿੱਲੀਆਂ ਉੱਪਰ ਰੱਸੀਆਂ ਨਾਲ਼ ਬੰਨ੍ਹ ਕੇ ਪੰਛੀਆਂ ਦੇ ਪੰਜੇ, ਗਿਰਝਾਂ ਦੀਆਂ ਚੁੰਝਾਂ, ਤੇ ਅਣਪਛਾਤੇ ਚਿੜੀਆਂ-ਜਨੌਰਾਂ ਦੇ ਪਿੰਜਰ ਲਟਕਾਏ ਹੋਏ ਸਨ। ਏਡੀਆਂ ਖ਼ੌਫ਼ਨਾਕ ਚੀਜ਼ਾਂ-ਵਸਤਾਂ ਦੇਖ ਕੇ ਅਸੀਂ ਪਿੱਛੇ ਨੂੰ ਹਟ ਗਏ। ਮੇਰਾ ਜੀ ਕਰੇ ਮੈਂ ਛਾਲ਼ ਮਾਰ ਕੇ ਹੇਠਾਂ ਜਾ ਡਿੱਗਾਂ। ਬਲਵੰਤ ਨੇ ਫ਼ਲੈਸ਼ਲਾਈਟ ਸੱਜੇ ਪਾਸੇ ਵਾਲ਼ੀ ਕੰਧ ਵੱਲੀਂ ਘੁਮਾਈ ਜਿੱਥੇ ਢਿਲਕੜੇ ਜਿਹੇ ਇੱਕ ਮੰਜੇ `ਤੇ ਬੈਠੀ, ਕਾਲ਼ੇ ਰੰਗ ਦੀ ਇੱਕ ਬਿੱਲੀ ਫੁਰਤੀ ਨਾਲ਼ ਛਾਲ਼ ਮਾਰ ਕੇ ਬਾਹਰ ਨੂੰ ਦੌੜ ਗਈ। ਬਲਵੰਤ ਨੇ ਫ਼ਲੈਸ਼ਲਾਈਟ ਬੁਝਾਈ ਤੇ ਮੇਰੇ ਹੱਥ `ਚ ਫੜਾ ਦਿੱਤੀ। ਮੈਨੂੰ ਆਈ ਕੰਬਣੀ ਦੂਜਿਆਂ ਦੋਹਾਂ ਨੇ ਵੀ ਭਾਂਪ ਲਈ ਹੋਵੇਗੀ। ਚਕਾਚੂੰਧ ਤੇ ਦਹਿਲੇ ਹੋਏ ਅਸੀਂ ਅਹਿੱਲ ਖਲੋਤੇ ਸਾਂ। ਆਖ਼ਿਰ ਬਲਵੰਤ ਨੇ ਹੌਸਲਾ ਕੀਤਾ ਤੇ ਢਿਲ਼ਕੇ ਜੇਹੇ ਉਸ ਵਾਣ ਦੇ ਮੰਜੇ ਨੂੰ ਟੇਢਾ ਕਰ ਕੇ ਗੋਡੇ ਨਾਲ਼ ਝਾੜਿਆ। ਮੰਜਾ ਮੁੜ ਕੇ ਆਪਣੇ ਟਿਕਾਣੇ `ਤੇ ਆ ਗਿਆ। ਠੰਡ ਤੋਂ ਬਚਣ ਲਈ ਦਰਵਾਜ਼ੇ ਨੂੰ ਭੇੜ ਕੇ ਅਸਾਂ ਤੂੰਬੀ ਨੂੰ, ਢੱਡਾਂ ਵਾਲ਼ੇ ਝੋਲ਼ੇ ਨੂੰ ਤੇ ਚਮੜੇ ਦੇ ਬੈਗ਼ ਨੂੰ ਕੰਧ ਨਾਲ਼ ਲਾ ਕੇ ਫ਼ਰਸ਼ `ਤੇ ਬਿਠਾਅ ਦਿੱਤਾ।

ਹੁਣ ਸਿਰਫ਼ ਉਹ ਬਾਲੜੀ ਜਿਹੀ ਮੋਮਬੱਤੀ ਜਗ ਰਹੀ ਸੀ ਜਿਸ ਦੇ ਅੰਨ੍ਹੇ ਚਾਨਣ `ਚ ਖੌਫ਼ਨਾਕ ਕੰਧਾਂ ਹੋਰ ਡਰਾਉਣੀਆਂ ਹੋ ਗਈਆਂ। –ਬਹਿ ਜੋ ਮੰਜੇ `ਤੇ, ਕਹਿ ਕੇ ਬਲਵੰਤ ਦਰਵਾਜ਼ੇ ਵੱਲ ਨੂੰ ਹੋ ਤੁਰਿਆ। –ਮੈਂ ਦੇਖਦਾਂ, ਕੀ ਕੋਈ ਹੋਵੇ ਹੇਠਾਂ ਬੱਕਰੀਆਂ ਕੋਲ਼ੇ।

ਉਹ ਬਾਹਰ ਹੋਇਆ ਅਤੇ ਪੌੜੀ ਕੋਲ਼ ਝੁਕ ਕੇ ਉੱਚੀ ਅਵਾਜ਼ `ਚ ਬੋਲਿਆ: ਬਈ ਹੈ ਕੋਈ ਥੱਲੇ!

ਪਰ ਉਸ ਦੇ ਬੋਲ, ਹੇਠਾਂ ਖਲੋਤੇ ਸਾਈਕਲ ਨਾਲ਼ ਟਕਰਾਅ ਕੇ, ਵਿਹੜੇ `ਚ ਫੈਲਰੀ ਕਾਲ਼ੀ-ਬੋਲ਼ੀ ਚੁੱਪ `ਚ ਗਵਾਚ ਗਏ।

–ਭੁੱਖ ਲੱਗੀ ਆ, ਛੋਟਾ ਰਛਪਾਲ ਧੀਮੀ ਅਵਾਜ਼ `ਚ ਬੁੜਬੁੜਾਇਆ।

-ਸ਼ਾਇਦ ਕੋਈ ਆ ਈ ਜਾਵੇ ਰੋਟੀ ਲੈ ਕੇ! ਬਲਵੰਤ, ਰਛਪਾਲ ਨੂੰ ਤਸੱਲੀ ਦੇਣ ਲਈ ਬੋਲਿਆ। –ਓਨਾ ਚਿਰ ਪੈ ਜੀਏ ਮੰਜੇ `ਤੇ।

ਮੈਂ ਤੇ ਰਛਪਾਲ ਸਿਰਹਾਣੇ ਵਾਲ਼ੇ ਪਾਸੇ ਸਿਰ ਕਰ ਕੇ ਬਰੋ-ਬਰੋਬਰ ਲੇਟ ਗਏ, ਤੇ ਬਲਵੰਤ ਨੇ ਪੈਂਦ ਵਾਲੇ ਪਾਸੇ ਸਿਰ ਕਰ ਕੇ ਆਪਣੀਆਂ ਲੱਤਾਂ ਮੇਰੇ ਅਤੇ ਰਛਪਾਲ ਦੇ ਵਿਚਕਾਰ ਵਿਛਾਅ ਦਿੱਤੀਆਂ। ਸਾਡੇ ਮੂੰਹ ਕੋਲ਼ ਆ ਗਏ ਉਹਦੇ ਪੈਰਾਂ ਦੀ ਦੁਰਗੰਧ ਤੋਂ ਬਚਣ ਲਈ, ਮੈਂ ਆਪਣਾ ਚਿਹਰਾ ਓਸ ਕੰਧ ਵੱਲੀਂ ਕਰ ਲਿਆ ਜਿਹੜੀ ਡਰਾਉਣੇ ਚਿੱਤਰਾਂ ਅਤੇ ਬਾਕੀ ਸੁਆਹ-ਖੇਹ ਤੋਂ ਮੁਕਤ ਸੀ। ਪਲਾਂ `ਚ ਹੀ ਠੰਢ ਨਾਲ਼ ਠੁਰਕਦਾ ਮੇਰਾ ਸਰੀਰ ਸੁੰਗੜਨ ਲੱਗਾ। ਮੁੱਕੀਆਂ ਬਣ ਗਏ ਮੇਰੇ ਹੱਥ ਆਪਣੇ ਆਪ ਹੀ ਇੱਕ ਦੂਜੇ ਨਾਲ਼ ਜੁੜ ਕੇ ਮੇਰੀ ਠੋਡੀ ਨਾਲ਼ ਚਿੰਬੜ ਗਏ, ਤੇ ਮੇਰੀਆਂ ਕੂਹਣੀਆਂ, ਲੱਤਾਂ ਦੇ ਇਕੱਠੇ ਹੋਣ ਨਾਲ਼ ਉੱਪਰ ਵੱਲ ਨੂੰ ਵਧ ਆਏ ਮੇਰੇ ਗੋਡਿਆਂ ਨਾਲ਼ ਲੱਗ ਗਈਆਂ। ਸਾਨੂੰ ਠੰਢ ਨਾਲ਼ ਚਾਕੂ ਵਾਂਗੂੰ ਇਕੱਠੇ ਹੋਇਆਂ ਨੂੰ ਦੇਖ ਕੇ ਬਲਵੰਤ ਹਿੰਮਤ ਕਰ ਕੇ ਉੱਠਿਆ ਤੇ ਜਾਨਵਰਾਂ ਦੇ ਪਿੰਜਰਾਂ ਵਾਲ਼ੇ ਪਾਸੇ ਹੋ ਗਿਆ। ਖੂੰਜੇ ਵੱਲ ਨੂੰ ਵਧਦਿਆਂ ਉਸ ਦੇ ਨੰਗੇ ਪੈਰਾਂ ਨੂੰ ਮਹਿਸੂਸ ਹੋਇਆ ਕਿ ਲੱਕੜ ਦਾ ਪਟੜਾ ਇੱਕ ਦਰੀ ਉੱਤੇ ਟਿਕਿਆ ਹੋਇਆ ਸੀ। ਬਾਹੀ ਹੇਠ ਹੱਥ ਪਾ ਕੇ ਉਸ ਨੇ ਪਟੜੇ ਨੂੰ ਉੱਪਰ ਨੂੰ ਉਭਾਰਿਆ ਤੇ ਮੰਜੇ ਦੇ ਆਕਾਰ ਦੀ ਦਰੀ ਨੂੰ ਖਿੱਚ ਕੇ ਸਾਡੇ ਉੱਪਰ ਵਿਛਾਅ ਦਿੱਤਾ। ਘੰਟਾ, ਡੇਢ ਘੰਟਾ ਮੈਂ ਚਿੱਤਰਾਂ ਤੋਂ ਮੁਕਤ ਕੰਧ ਵੱਲੀਂ ਦੇਖਦਾ ਰਿਹਾ ਜਿੱਥੇ ਆਲ਼ੇ `ਚ ਖਲੋਤੀ ਮੋਮਬੱਤੀ ਦੁਆਰਾ ਸਿਰਜਤ ਪਾਛਾਵਾਂ, ਮੇਰੀਆਂ ਅੱਖਾਂ `ਚ ਕਈ ਕਿਸਮ ਦੇ ਕੁੰਡਲ਼ ਜਿਹੇ ਉਸਾਰੀ ਜਾ ਰਿਹਾ ਸੀ। ਕੁੱਝ ਪਲਾਂ ਬਾਅਦ ਹੀ, ਦੀਵਾਰਾਂ `ਤੇ ਲਟਕਦੀਆਂ ਖੋਪਰੀਆਂ ਤੇ ਹੋਰ ਸਮਾਨ ਮੇਰੀ ਸੋਚ ਨੂੰ ਝਰੀਟਣ ਲੱਗੇ। ਇਨ੍ਹਾਂ ਝਰੀਟਾਂ ਨੂੰ ਮਨ ਤੋਂ ਪਾਸੇ ਕਰਨ ਲਈ ਮੈਂ ਘੰਟਾ ਕੁ ਪਹਿਲਾਂ ਮੁਕਾਈ ਗਾਇਕੀ ਬਾਰੇ ਸੋਚਣ ਲੱਗਾ: ਤੂੰਬੀ ਮੇਰੀ ਖੋਪੜੀ `ਚ ਖੜਕਣ ਲੱਗੀ, ਤੇ ਢੱਡਾਂ ਮੇਰੇ ਕੰਨਾਂ `ਚ ਡੁਗ-ਡੁਗਾਣ ਲੱਗੀਆਂ। ਮੇਰੀਆਂ ਤਿੱਖੀ ਅਵਾਜ਼ `ਚ ਲਾਈਆਂ ਹੇਕਾਂ ਤੇ ਸ੍ਰੋਤਿਆਂ ਦੀ ਖ਼ਾਮੋਸ਼ੀ ਦੀ ਯਾਦ ਆਉਣ `ਤੇ ਮੈਂ ਮੁਸਕ੍ਰਾਉਣ ਲੱਗਾ। ਘੰਟਾ, ਪੌਣਾ-ਘੰਟਾ ਮੇਰਾ ਮਨ ਗਾਇਕੀ ਦੀ ਯਾਦ ਵਿੱਚ ਖੁੱਭਿਆ ਰਿਹਾ। ਫਿਰ ਮੇਰੀਆਂ ਅੱਖਾਂ ਮਿਚਣ ਲੱਗੀਆਂ। ਅੱਖਾਂ ਮਿਚਦਿਆਂ ਹੀ ਕੰਧਾਂ `ਤੇ ਲਟਕਦੀਆਂ ਮਨੁੱਖੀ ਖੋਪੜੀਆਂ ਤੇ ਜਾਨਵਰਾਂ ਦੀਆਂ ਹੱਡੀਆਂ ਮੇਰੇ ਦਿਮਾਗ਼ `ਚ ਉਥਲਣ-ਪੁਥਲਣ ਲੱਗੀਆਂ। ਕਲੰਡਰਾਂ `ਚ ਚਿਤਰੇ, ਕਸਾਈਖਾਨੇ `ਚ ਲਟਕਦੇ ਬੱਕਰਿਆਂ ਵਾਂਗ ਲਟਕਾਏ ‘ਪਾਪੀ’ ਤੇ ਉਨ੍ਹਾਂ ਦੀ ਖੱਲ ਲਾਹ ਰਹੇ ਜਮਦੂਤ ਮੇਰੇ ਜ਼ਿਹਨ `ਚ ਪ੍ਰੇਡਾਂ ਕਰਨ ਲੱਗੇ। ਜਿਓਂ ਜਿਓਂ ਮੇਰੀਆਂ ਅੱਖਾਂ `ਚ ਨੀਂਦ ਦੇ ਹੁਲਾਰੇ ਗੂਹੜੇ ਹੋਣ ਲੱਗੇ, ਜਮਦੂਤਾਂ ਦੀਆਂ ਕਿਰਪਾਨਾਂ, ਛੁਰੀਆਂ ਅਤੇ ਚੰਮ ਉਤਾਰਨ ਵਾਲ਼ੀਆਂ ਰੰਬੀਆਂ ਇੱਕ-ਦੂਜੇ `ਚ ਵੱਜ-ਵੱਜ ਖੜਕਣ ਲੱਗੇ। ਫਿਰ ਇੱਕ ਦਮ ਮੇਰੇ ਉਦਾਲ਼ੇ ਜਮਦੂਤਾਂ ਦਾ ਇੱਕ ਭਰਵਾਂ ਮੇਲਾ ਹੀ ਲੱਗ ਗਿਆ। ਅਗਲੇ ਪਲੀਂ, ਪਾਥੀਆਂ `ਤੇ ਲੇਟਿਆ ਚਿਮਟਾ ਕੱਚੇ ਫ਼ਰਸ਼ `ਤੇ ਏਧਰ ਓਧਰ ਘੁੰਮਣ ਲੱਗਾ। ਅਨੇਕਾਂ ਹੱਥਾਂ ਵਾਲ਼ੀ ਕਾਲ਼ੀ ਦੇਵੀ ਦੇ ਮੂੰਹ `ਚ ਵਿਲਕਦਾ ਬੱਚਾ ਏਧਰ-ਓਧਰ ਲੱਤਾਂ-ਬਾਹਾਂ ਮਾਰਨ ਲੱਗਾ। ਮਨੁੱਖੀ ਸਰੀਰਾਂ ਉੱਪਰ ਟਿਕੇ ਕੁੱਤਿਆਂ ਵਰਗੇ ਲੰਬੂਤਰੇ ਮੂੰਹਾਂ ਵਾਲ਼ੇ ਜਮਦੂਤ, ‘ਪਾਪੀਆਂ’ ਨੂੰ ਕਲੰਡਰਾਂ ਤੋਂ ਲਾਹ ਕੇ ਪੱਠੇ ਕੁਤਰਨ ਵਾਲ਼ੀਆਂ ਮਸ਼ੀਨਾਂ ਦੇ ਪਰਨਾਲ਼ਿਆਂ `ਚ ਸੁੱਟਣ ਲੱਗੇ। ਅਗਲੇ ਛਿਣੀਂ, ਮਸ਼ੀਨਾਂ ਗਿੜਨ ਲੱਗੀਆ ਤੇ ਮਨੁੱਖੀ ਸਰੀਰ, ਚਰ੍ਹੀ ਦੀਆਂ ਭਰੀਆਂ ਵਾਂਗ ਮਸ਼ੀਨ ਦੀਆਂ ਚਕਲ਼ੀਆਂ ਵਿਚਦੀ ਲੰਘਣ ਲੱਗੇ। ਮਸ਼ੀਨ ਦਾ ਚੱਕਰ ਤੇਜ਼ੀ ਫੜ ਗਿਆ ਤੇ ਮਾਸ ਦੇ ਟੁਕੜੇ ਅਤੇ ਖ਼ੂਨ ਦੇ ਛਿੱਟੇ ਚਾਰ-ਚੁਫ਼ੇਰੇ ਉੱਡਣ ਲੱਗੇ। ਕੁੱਝ ਜਮਦੂਤ ਮਾਸ ਦੇ ਟੁਕੜਿਆਂ ਦੀਆਂ ਟੋਕਰੀਆਂ ਭਰ ਕੇ, ਉਨ੍ਹਾਂ ਨੂੰ ਵੱਡ-ਅਕਾਰ ਚੁਰਾਂ `ਤੇ ਟਿਕਾਏ, ਉੱਬਲ਼ਦੇ ਤੇਲ ਵਾਲ਼ੇ ਕੜਾਹਿਆਂ `ਚ, ਸੁੱਟਣ ਲੱਗੇ। ਅਗਲੇ ਹੀ ਪਲ ‘ਖਾ ਲੋ ਰੱਜ ਕੇ! ਖਾ ਲੋ ਰੱਜ ਕੇ!’ ਦੇ ਅਵਾਜ਼ੇ ਉੱਭਰਨ ਲੱਗੇ ਤੇ ਮਨੁੱਖੀ ਮਾਸ ਦੇ ਟੁਕੜਿਆਂ ਦਾ ਜੱਗ ਸ਼ੁਰੂ ਹੋ ਗਿਆ। ਏਨੇ ਨੂੰ ਇੱਕ ਜਮਦੂਤ ਕੁਤਬਮੀਨਾਰੀ ਅਕਾਰ ਦਾ ਇੱਕ ਵੱਡਾ ਪਹੀਆ ਰੇੜ੍ਹ ਕੇ ਮੇਰੇ ਵੱਲ ਨੂੰ ਲੈ ਆਇਆ। ਜਮਦੂਤ ਨੇ ਮੈਨੂੰ ਚਿੜੀ ਦੇ ਬੋਟ ਵਾਂਗ ਆਪਣੀਆਂ ਉਂਗਲਾਂ `ਚ ਟੁੰਗਿਆ ਤੇ ਬੁਲਡੋਜ਼ਰ ਦੇ ਪਹੀਏ ਵਾਂਗ ਰੁੜ੍ਹ ਰਹੇ ਕੁਤਬਮੀਨਾਰੀ ਪਹੀਏ ਦੇ ਅਗਲੇ ਪਾਸੇ ਵਗਾਹ ਮਾਰਿਆ। ਕੁਤਬਮੀਨਾਰੀ ਪਹੀਏ ਨੇ ਮੇਰੇ ਸਰੀਰ ਨੂੰ ਜਿਓਂ ਹੀ ਦਰੜਿਆ, ਮੇਰੀ ਲੇਰ ਨਿੱਕਲ਼ ਗਈ। ਬਲਵੰਤ ਤ੍ਰਭਕ ਕੇ ਉੱਠਿਆ ਤੇ ਮੇਰੇ ਮੋਢਿਆਂ ਨੂੰ ਆਪਣੇ ਹੱਥਾਂ `ਚ ਜਕੜ ਕੇ ਮੈਨੂੰ ਹਲੂਣਨ ਲੱਗਿਆ। ਪਸੀਨੋ-ਪਸੀਨੋ ਹੋਏ ਮੇਰੇ ਚਿਹਰੇ `ਤੇ ਹੱਥ ਘਸਾਉਂਦਿਆਂ ਮੈ ਕੰਬਿਆ।

-ਕੀ ਹੋਇਐ ਤੈਨੂੰ? ਬਲਵੰਤ ਸਹਿਮੀ ਹੋਈ ਅਵਾਜ਼ `ਚ ਬੋਲਿਆ।

ਡੌਰ ਭੌਰ ਹੋਇਆ ਮੈਂ ਦਹਿਸ਼ਤਜ਼ਦਾ ਗਾਲ੍ਹੜ ਵਾਂਗ ਸਿਰ ਏਧਰ-ਓਧਰ ਘੁਮਾਅ ਕੇ, ਆਲ਼ੇ-ਦੁਆਲ਼ੇ ਨੂੰ ਅਰਥਣ ਲੱਗਾ।

-ਕਿੱਥੇ ਆਂ ਆਪਾਂ? ਮੈਂ ਬੁੜਬੁੜਾਇਆ। –ਭੂਤ … ਮੈਂ ਡੂੰਘੇ ਸਾਹ ਲੈਣ ਲੱਗਿਆ। –ਭੂਤ ਦਿਸਦੇ ਐ ਮੈਨੂੰ!

ਬਲਵੰਤ ਨੇ ਮੈਨੂੰ ਹੋਰ ਜ਼ੋਰ ਨਾਲ਼ ਝੰਜੋੜਿਆ: ਸੁਰਤ ਕਰ, ਢੋਲਾ! ਕੋਈ ਭੂਤ ਨ੍ਹੀ ਏਥੇ! ਸੁਰਤ ਫੜ ਸੁਰਤ!

-ਮੈਨੂੰ ਤਾਂ ਡਰ ਲਗਦੈ, ਮੈਂ ਕੰਬਦੀ ਅਵਾਜ਼ `ਚ ਬੋਲਿਆ।

ਸਾਡੀ ਵਾਰਤਾ ਲਾਪ ਨੇ ਰਛਪਾਲ ਨੂੰ ਜਗਾਅ ਦਿੱਤਾ। ਆਲ਼ੇ `ਚ ਮੋਮ ਦਾ ਚਿੱਕੜ ਬਣ ਕੇ ਜੰਮ ਗਈ ਮੋਮਬੱਤੀ ਕਦੋਂ ਦੀ ਆਖ਼ਰੀ ਸਾਹ ਲੈ ਕੇ ਸਦਾ ਦੀ ਨੀਂਦ ਸੌਂ ਚੁੱਕੀ ਸੀ। ਅੰਦਰਲੇ ਹਨੇਰੇ `ਚ ਦਰਵਾਜ਼ਾ ਵਜੂਦਹੀਣ ਹੋ ਗਿਆ ਸੀ। ਬਲਵੰਤ ਨੇ ਸਿਰਹਾਣਿਓਂ ਚਮੜੇ ਦਾ ਬੈਗ਼ ਖੋਲ੍ਹਿਆ ਤੇ ਫ਼ਲੈਸ਼ਲਾਈਟ ਦੀ ਸਵਿੱਚ ਨੱਪ ਦਿੱਤੀ। ਫ਼ਲੈਸ਼ਲਾਈਟ ਦੇ ਚਾਨਣ `ਚ, ਕੰਧ `ਤੇ ਟੁੰਗੀਆਂ ਖੋਪੜੀਆਂ ਜਾਗ ਪਈਆਂ, ਰੰਬੀਆਂ ਵਾਲ਼ੇ ਜਮਦੂਤ ਕਲੰਡਰਾਂ `ਤੇ ਸੁੰਨ ਹੋ ਗਏ, ਤੇ ਚਿਮਟਾ ਆਪਣੇ ਟਿਕਾਣੇ `ਤੇ ਜਾ ਬੈਠਿਆ। ਅਨੇਕ ਹੱਥਾਂ ਵਾਲ਼ੀ ਔਰਤ ਦੇ ਮੂੰਹ ਟੁੰਗਿਆ ਬੱਚਾ ਖ਼ਾਮੋਸ਼ ਹੋ ਗਿਆ।

-ਉੱਠੋ ਮੁੰਡਿਓ! ਮੈਨੂੰ ਵ`ਨੀ ਨੀਂਦ ਆਉਣੀ ਏਥੇ, ਬਲਵੰਤ ਡਰੀ ਹੋਈ ਅਵਾਜ਼ `ਚ ਬੋਲਿਆ। –ਮੇਰੀਆਂ ਅੱਖਾਂ `ਚ ਵੀ ਭੂਤਾਂ ਨੱਚੀ ਜਾਂਦੀਐਂ।

ਅਸੀਂ ਜੁੱਤੀਆਂ ਪਾਈਆਂ, ਗਿਲਾਫ਼ `ਚ ਸੁੱਤੀ ਤੂੰਬੀ ਨੂੰ ਹਲੂਣਿਆਂ, ਤੇ ਢੱਡਾਂ ਵਾਲ਼ਾ ਝੋਲ਼ਾ ਰਛਪਾਲ ਦੇ ਮੋਢੇ `ਤੇ ਲਟਕ ਗਿਆ।

ਚੌਬਰਿਓਂ ਬਾਹਰ ਹੋਏ ਤਾਂ ਚਾਰੇ ਪਾਸੇ ਸੁੰਨ ਮਸਾਣ ਸੀ। ਪੋਲੇ ਪੈਰੀਂ ਅਸੀਂ ਪੌੜੀ ਵੱਲ ਹੋਏ। ਝੋਲੇ ਖਾਂਦੀ ਪੌੜੀਓਂ ਵਾਰੋ ਵਾਰੀ ਉੱਤਰ ਕੇ ਸਾਈਕਲ ਦਾ ਜਿੰਦਰਾ ਖੋਲ੍ਹਿਆ। ਠੰਡ ਨਾਲ਼ ਕੁੰਗੜੀਆਂ ਬੱਕਰੀਆਂ ਬਾਹਰਲੇ ਖੜਕੇ ਤੋਂ ਬੇਖ਼ਬਰ ਰਹੀਆਂ। ਬਾਹਰਲਾ ਫਾਟਕ ਰਤਾ ਕੁ ਚੀਕਿਆ, ਅਤੇ ਅਸੀਂ ਸਾਈਕਲ ਸਮੇਤ ਗਲ਼ੀ ਵਿੱਚ ਆ ਗਏ।

-ਸੜਕ ਪਤਾ ਨੀ ਕਿਹੜੇ ਪਾਸੇ ਐ, ਬਲਵੰਤ ਬੁੜਬੁੜਾਇਆ। ਉਸ ਨੇ ਫ਼ਲੈਸ਼ਲਾਈਟ ਨੂੰ ਗਲ਼ੀ `ਚ ਘੁੰਮਾਇਆ ਤਾਂ ਪਰਲੇ ਪਾਸੇ ਸੱਜੇ ਹੱਥ ਨੂੰ ਮੁੜਦੀ ਇੱਕ ਗਲ਼ੀ ਨਜ਼ਰ ਆਈ। ਅਸੀਂ ਉਸ ਗਲ਼ੀ ਵੱਲ ਨੂੰ ਮੁੜੇ ਤਾਂ ਪੰਦਰਾਂ ਕੁ ਘਰਾਂ ਦੀ ਵਿੱਥ `ਤੇ ਇੱਕ ਟਰੱਕ ਘੂੰ ਕਰਦਾ ਸਾਡੇ ਸਾਹਮਣਿਓਂ ਸੱਜੇ ਪਾਸੇ ਨੂੰ ਗੁਜ਼ਰ ਗਿਆ।

-ਔਹ ਆ ਗੀ ਸੜਕ ਮੱਲੋ! ਬਲਵੰਤ ਖ਼ੁਸ਼ੀ `ਚ ਬੁੜਬੁੜਾਇਆ।

ਸੜਕ `ਤੇ ਪਹੁੰਚਦਿਆਂ ਅਸੀਂ ਦੋਹੀਂ ਪਾਸੀਂ ਦੇਖਿਆ। ਤਾਰਿਆਂ ਦੀ ਪੇਤਲੀ ਜਿਹੀ ਲੋਅ `ਚ ਸੁੱਤੀਆਂ ਦੁਕਾਨਾਂ ਦੇ ਐਵੇਂ ਧੁੰਦਲ਼ੇ ਜਿਹੇ ਅਕਾਰ ਹੀ ਨਜ਼ਰ ਆ ਰਹੇ ਸਨ। ਸਾਹਮਣੇ ਢਾਬੇ ਦੀ ਭੱਠੀ ਲਾਗਿਓਂ ਠੰਡ ਨਾਲ਼ ਕੁੰਗੜੇ ਕੁੱਤਿਆਂ ਨੇ ਹਲਕੀ ਜਿਹੀ ਘੁਰਰ-ਘੁਰਰ ਕੀਤੀ ਤੇ ਉਨ੍ਹਾਂ ਦੀਆਂ ਬੂਥੀਆਂ ਮੋੜ ਕੇ, ਉਨ੍ਹਾਂ ਦੇ ਗੁੱਛਾ-ਮੁੱਛਾ ਹੋਏ ਸਰੀਰਾਂ ਵਿੱਚ ਗੁੰਮ ਹੋ ਗਈਆਂ। ਸਾਈਕਲ ਨੂੰ ਸਾਡੇ ਪਿੰਡ ਦੇ ਰੁਖ਼ ਮੋੜ ਕੇ, ਬਲਵੰਤ ਨੇ ਰਛਪਾਲ ਨੂੰ ਮੂਹਰਲੇ ਡੰਡੇ `ਤੇ ਬਿਠਾਇਆ। ਉਸ ਦਾ ਖੱਬਾ ਪੈਰ ਖ਼ੁਦ-ਬਾਖ਼ੁਦ ਹੀ ਪੈਡਲ `ਤੇ ਜਾ ਟਿਕਿਆ। ਸੱਜੀ ਲੱਤ ਨੂੰ ਘੁਮਾਅ ਕੇ ਉਸ ਨੇ ਕਾਠੀ ਦੇ ਉੱਪਰ ਦੀ ਕੀਤਾ। ਸਾਈਕਲ ਜਿਓਂ ਹੀ ਰਫ਼ਤਾਰ ਫੜਨ ਲੱਗਾ, ਮੈਂ ਪਲਾਕੀ ਮਾਰ ਕੇ ਪਿਛਲੀ ਕਾਠੀ `ਤੇ ਸਵਾਰ ਹੋ ਗਿਆ।

34-35 ਵਰ੍ਹੇ ਕੈਨਡਾ `ਚ ਰਹਿੰਦਿਆਂ ਮੈਂ ਕਦੇ ਵੀ ਸਾਈਕਲ ਦੀ ਸਵਾਰੀ ਨਹੀਂ ਕੀਤੀ, ਮਗਰ ਸਾਈਕਲਾਂ ਦੇ ਸੁਪਨਿਆਂ ਦੀ ਸਵਾਰੀ ਮੇਰੀ ਨੀਂਦਰ ਅੱਜ ਵੀ ਕਰਦੀ ਰਹਿੰਦੀ ਹੈ। ਕਦੀ ਮੈਂ ਆਪਣੇ ਵੱਡੇ ਭਰਾ ਬਲਵੰਤ ਦੇ ਸਾਈਕਲ ਦੇ ਪਿੱਛੇ ਬੈਠਾ ਹੁੰਦਾ ਹਾਂ ਤੇ ਕਦੇ ਪੰਕਚਰ ਹੋਏ ਚੱਕਿਆਂ ਲਈ ਮੈਂ ਸਾਈਕਲ-ਮੁਰੰਮਤੀ ਦੁਕਾਨਾਂ ਲਭਦਾ ਫਿਰਦਾ ਹੁੰਦਾ ਹਾਂ। ਕਦੇ ਮੇਰੇ ਸਾਈਕਲ ਦੀ ਚੇਨ ਟੁੱਟ ਜਾਂਦੀ ਹੈ ਤੇ ਕਦੇ ਕਿਸੇ ਸਾਈਕਲ-ਸਟੈਂਡ `ਤੇ ਖਲ੍ਹਿਆਰਿਆ ਮੇਰਾ ਸਾਈਕਲ, ਮੈਨੂੰ ਲਭਦਾ ਹੀ ਨਹੀਂ। ਚੱਕਿਆਂ ਦੀਆਂ ਤਾਰਾਂ ਦਾ ਟੁੱਟਣਾ ਤਾਂ ਮੇਰੇ ਸੁਪਨਿਆਂ `ਚ ਵਾਰ-ਵਾਰ ਵਾਪਰਨ ਵਾਲ਼ਾ ਥੀਮ ਬਣ ਗਿਆ ਹੈ। ਦਰਅਸਲ, ਸਾਈਕਲ ਮੇਰੀ ਜ਼ਿੰਦਗੀ ਨਾਲ਼ ਮੇਰੇ ਬਚਪਨ ਵਿੱਚ ਹੀ ਜੁੜ ਗਿਆ ਸੀ। ਸੰਨ 1959-60 `ਚ ਮੈਂ ਅੱਠਵੀਂ ਜਮਾਤ ਵਿੱਚ ਸੀ, ਛੋਟਾ ਰਛਪਾਲ ਛੇਵੀਂ `ਚ ਤੇ ਵੱਡਾ ਭਰਾ ਬਲਵੰਤ ਮੋਗੇ ਦੇ ਡੀ ਐਮ ਕਾਲਜ ਵਿੱਚ ਬਾਰ੍ਹਵੀਂ ਦਾ ਵਿਦਿਆਰਥੀ। ਢੱਡ-ਤੂੰਬੀ ਦੀ ਸੰਗਤ ਵਿੱਚ, ਕਵੀਸ਼ਰੀ ਨੂੰ, ਚੱਲ ਰਹੀ ਧਾਰਾ ਤੋਂ ਹਟਵੇਂ ਅੰਦਾਜ਼ ਵਿੱਚ ਗਾਉਣ ਵਾਲ਼ੇ ਸਾਡੇ ‘ਭਯੰਗੀ ਜੱਥੇ’ ਦੀ ਧਾਂਕ ਮੋਗੇ ਦੇ ਆਲ਼ੇ-ਦੁਆਲ਼ਿਓਂ ਵਾਵਰੋਲ਼ੇ ਵਾਂਗ ਉੱਠ ਕੇ ਮਾਲਵੇ ਦੇ ਕੋਟਕਪੂਰੇ, ਬਠਿੰਡੇ, ਸੰਗਰੂਰ ਤੇ ਲੁਧਿਆਣੇ ਦੇ ਇਲਾਕਿਆਂ ਤੀਕ ਫੈਲ ਚੁੱਕੀ ਸੀ। ਗਾਇਕੀ ਲਈ ਜਿੰਨੀ ਬੁੱਕਿੰਗ ਬਾਪੂ ਦੇ ਜੱਥੇ ਦੀ ਹੁੰਦੀ, ਸਾਡੀ ਬੁੱਕਿੰਗ ਉਸ ਦੇ ਬਰਾਬਰ ਢੁੱਕਣ ਲੱਗ ਪਈ ਸੀ। ਘਰ `ਚ, ਕਮਾਈ ਦਾ ਤੇ ਸ਼ੋਹਰਤ ਦਾ ਦੁ-ਵਿੱਢਾ ਖੂਹ ਗਿੜਨ ਲੱਗਾ। ਗਾਇਕੀ ਦੇ ਪ੍ਰੋਗਰਾਮਾਂ ਰਾਹੀਂ, ਸਾਡੇ ਘਰ `ਚ ਗੜਿਆਂ ਦੇ ਛੜਾਕਿਆਂ ਵਾਂਗ ਡਿੱਗ ਰਹੀ ਮਾਇਆ ਨੇ, ਗਹਿਣੇ ਪਈ ਸਾਡੀ ਓਰਾ-ਓਰਾ ਜ਼ਮੀਨ ਨੂੰ, ਦਿਨਾਂ `ਚ ਹੀ ਪ੍ਰੋਨੋਟਾਂ ਤੋਂ ਮੁਕਤ ਕਰ ਮਾਰਿਆ।

ਜਿਸ ਦਿਨ ਅਸੀਂ ਤਿੰਨੇ ਭਰਾ ਤੇ ਸਾਡਾ ਬਾਪੂ ਪਾਰਸ ਸਬੱਬ ਨਾਲ਼ ਪਿੰਡ ਹੁੰਦੇ, ਬਾਪੂ ਸਾਡੇ ਸੀਰੀ ਨੂੰ ਪਿੰਡ ਦਾ ਭਰਮਣ ਕਰਨ ਦਾ ਇਸ਼ਾਰਾ ਕਰਦਾ। ਸੀਰੀ ਸਿੱਖ ਗਿਆ ਸੀ ਕਿ ਮੁਰਗੇ ਦੀਆਂ ਖਾਰਾਂ ਤੇ ਨਹੁੰਦਰਾਂ ਦੀ ਦਿੱਖ ਤੋਂ ਉਸ ਦੀ ਉਮਰ ਕਿਵੇਂ ਪਛਾਨਣੀ ਹੈ। ਅੱਧੇ, ਪੌਣੇ ਘੰਟੇ ਬਾਅਦ ਹੀ, ਸੱਜੀ ਕੱਛ `ਚ ‘ਕੜ-ਕੜੈਂ, ਕੜ-ਕੜੈਂ’ ਕਰਦਾ ਕੁੱਕੜ ਅੜਾਈ, ਸਾਡਾ ਸੀਰੀ ਸਾਡੇ ਵਿਹੜੇ `ਚ ਦਾਖ਼ਲ ਹੁੰਦਾ। ਸਾਡੀਆਂ ਅੱਖਾਂ `ਚ ਇੱਕ ਦਮ ਸੌ ਸੌ ਵਾਟ ਦੇ ਬਲਬ ਜਗ ਉੱਠਦੇ, ਤੇ ਸਾਡੀਆਂ ਗੱਲ੍ਹਾਂ, ਭਰੇ-ਹੋਏ ਭੁਕਾਨੇ ਬਣ ਜਾਂਦੀਆਂ। ਕੁੱਕੜ ਨੂੰ ਦੇਖਦਿਆਂ ਹੀ ਬਲਵੰਤ ਕੁੜਤੇ ਦੇ ਕਫ਼ ਚੜ੍ਹਾਉਣ ਲਗਦਾ ਤੇ ਕਰਦ `ਤੇ ਰੇਤੀ ਫੇਰ ਕੇ ਕੁੱਕੜ ਦੇ ਉਦਾਲ਼ੇ ਹੋ ਜਾਂਦਾ। ਹੁਣ ਕੁੱਕੜ ਦੀ ਧੌਣ ਖੱਬੇ ਹੱਥ `ਚ ਜਕੜ ਕੇ, ਗਿੱਲਾ ਕੱਪੜਾ ਨਿਚੋੜਨ ਵਾਂਗ ਉਹ ਉਸ ਦੀ ਸਿਰੀ ਨੂੰ ਮਰੋੜਦਾ, ਤੇ ਮਿਆਨ `ਚੋਂ ਤਲਵਾਰ ਨੂੰ ਧੂਹਣ ਵਾਂਗ ਸਿਰੀ ਨੂੰ ਖਿੱਚ ਕੇ, ਧੌਣ ਨਾਲ਼ੋਂ ਸਕਿੰਟਾਂ `ਚ ਵੱਖ ਕਰ ਦੇਂਦਾ। ਤੜਫ਼ ਰਹੇ ਕੁੱਕੜ ਦੇ ਖੰਭ ਲਗਾਤਾਰ ਫੜਕਦੇ ਜਿਵੇਂ ਉਹ ਉਡਾਰੀ ਮਾਰਨ ਲਈ ਤਾਂਘ ਰਿਹਾ ਹੋਵੇ। ਬਲਵੰਤ ਸੀਸ-ਰਹਿਤ ਕੁੱਕੜ ਨੂੰ, ਅੱਗੇ ਨੂੰ ਵਧਾਏ ਆਪਣੇ ਸੱਜੇ ਹੱਥ `ਚ ਓਨੀ ਦੇਰ ਪਕੜੀ ਰਖਦਾ ਜਦ ਤੀਕ ਅੰਨ੍ਹੇ-ਵਾਹ ਖੰਭ ਫੜਕਾਉਂਦਾ ਕੁੱਕੜ ਪੂਰੀ ਤਰ੍ਹਾਂ ਨਿਰਜਿੰਦ ਨਾ ਹੋ ਜਾਂਦਾ। ਠੰਡੇ ਹੋ ਗਏ ਕੁੱਕੜ ਨੂੰ ਨਲ਼ਕੇ ਦੇ ਲਾਗੇ ਇੱਕ ਟੋਕਰੀ `ਚ ਸੁੱਟ ਕੇ, ਉਹ ਮੈਨੂੰ ਜਾਂ ਰਛਪਾਲ ਨੂੰ ਪਾਣੀ ਨਾਲ਼ ਬਾਲਟੀ ਭਰਨ ਦਾ ਇਸ਼ਾਰਾ ਕਰਦਾ। ਹੁਣ ਉਹ ਕੁੱਕੜ ਦੇ ਪੌਂਚਿਆਂ ਨੂੰ ਨਹੁੰਦਰਾਂ ਕੋਲ਼ੋਂ ਪਕੜ ਕੇ ਪਾਸਿਆਂ ਵੱਲ ਨੂੰ ਖਿਚਦਾ ਤੇ, ਕੁੱਕੜ ਦੀਆਂ ਟੰਗਾਂ ਵਿਚਕਾਰ, ਉੱਪਰ ਵੱਲ ਨੂੰ ਉੱਭਰ ਆਈ, ਉਸ ਦੇ ਖੰਭਾਂ ਹੇਠਲੀ ਚਮੜੀ ਉੱਪਰ ਟੱਕ ਲਾਉਣ ਲਈ ਮੈਨੂੰ ਹੁਕਮ ਕਰਦਾ। ਚਮੜੀ ਉੱਤੇ ਛੋਟਾ ਜਿਹਾ ਚੀਰਾ ਲਗਦਿਆਂ ਹੀ ਉਹ ਟੰਗਾਂ ਨੂੰ ਵਿਰੋਧੀ ਦਿਸ਼ਾਵਾਂ ਵੱਲ ਪੂਰੇ ਜ਼ੋਰ ਨਾਲ਼ ਖਿਚਦਾ ਤਾਂ ਚਮੜੀ, ਕੁੱਕੜ ਦੀ ਛਾਤੀ ਤੀਕ, ‘ਫੁਰਕ’ ਕਰ ਕੇ ਪਾਟ ਜਾਂਦੀ। ਹੁਣ ਉਹ ਪਾਟੀ ਹੋਈ ਚਮੜੀ ਦੇ ਹੇਠ ਅੰਗੂਠੇ ਖੁਭਾਉਂਦਾ ਤੇ ਸਾਰੀ ਚਮੜੀ ਨੂੰ ਬੁਨਾਇਣ ਵਾਂਗ ਉਤਾਰ ਕੇ, ਟੋਕਰੀ `ਚ ਸੁੱਟ ਦਿੰਦਾ।

ਸਾਹਮਣੇ ਮੰਜੇ `ਤੇ ਬੈਠਾ ਬਾਪੂ, ਅਖ਼ਬਾਰ ਸਮੇਟਣ ਲਗਦਾ ਤੇ ਪਤੀਲੇ `ਚ ਰਿੱਝ ਰਹੀਆਂ ਬਾਂਗਾਂ ਦੀ ਗੰਧ ਸੁੰਘਦਿਆਂ ਹੀ ਬੈਠਕ ਵਿੱਚੋਂ ਪੀਲ਼ੇ ਰੰਗ ਦੀ ਰਸਭਰੀ ਨਾਲ਼ ਭਰਪੂਰ ਬੋਤਲ ਨੂੰ ਉਠਾਅ ਲਿਆਉਂਦਾ। ਕੱਚ ਦੇ ਗਲਾਸ `ਚ ਕਲ਼-ਕਲ਼ ਜਾਗ ਉਠਦੀ, ਤੇ ਦਸ ਕੁ ਮਿੰਟਾਂ `ਚ ਬਾਪੂ ਦੀਆਂ ਅੱਖਾਂ `ਚ ਗੁਲਾਬੀ ਅਸਮਾਨ ਉੱਤਰਨ ਲਗਦਾ।

ਜਦੋਂ ਨੂੰ ਮੈਂ ਨੌਵੀਂ `ਚ ਹੋਇਆ, ਸਾਡੀ ਗਾਇਕੀ ਦੀਆਂ ਧੁੰਮਾਂ ਤਰਨਤਾਰਨ, ਪੱਟੀ ਤੇ ਖੇਮਕਰਨ ਦੇ ਨਾਲ਼-ਨਾਲ਼ ਦੁਆਬੇ ਤੀਕ ਵਧਣ ਲੱਗੀਆਂ। ਮਹੀਨੇ `ਚੋਂ ਪੰਦਰਾਂ-ਵੀਹ ਦਿਨ ਗਾਇਕੀ ਦੇ ਪ੍ਰੋਗਰਾਮ ਸਾਨੂੰ ਸਾਡੇ ਸਕੂਲਾਂ ਤੋਂ ਨਿਖੇੜੀ ਰਖਦੇ। ਨਿੱਤ-ਨਿੱਤ ਦੀਆਂ ਗ਼ੈਰਹਾਜ਼ਰੀਆਂ ਤੋਂ ਤੰਗ ਆਏ ਟੀਚਰਾਂ ਦਾ ਸਾਡੇ ਵੱਲ ਵਤੀਰਾ ਸਖ਼ਤੀ ਫੜਨ ਲੱਗਾ। ਹਫ਼ਤੇ `ਚ ਤਿੰਨ-ਤਿੰਨ, ਚਾਰ-ਚਾਰ ਦਿਨਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ ਮੈਂ ਤੇ ਰਛਪਾਲ ਜਦੋਂ ਸਕੂਲ ਜਾਂਦੇ ਤਾਂ ਮਾਸਟਰਾਂ ਦੀਆਂ ਤਿਓੜੀਆਂ ਸਾਡੀਆਂ ਅੱਖਾਂ `ਚ ਖੁੱਭ ਜਾਣ ਨੂੰ ਤਿਆਰ ਹੁੰਦੀਆਂ। ਕਈ ਦਿਨਾਂ ਦੀ ਗ਼ੈਰਹਾਜ਼ਰੀ ਕਾਰਨ ਪਿੱਛੇ ਪੈ ਗਏ ਹੋਮ-ਵਰਕ ਦੇ ਬਹਾਨੇ ਮਾਸਟਰਾਂ ਦੇ ਡੰਡੇ ਸਾਡੀਆਂ ਤਲ਼ੀਆਂ `ਚ ਲਾਸਾਂ ਉੱਕਰ ਦੇਂਦੇ। ਕਦੇ-ਕਦੇ ਕੰਨਾਂ ਨੂੰ ਮਾਸਟਰਾਂ ਦੀਆਂ ਉਂਗਲ਼ਾਂ ਤੇ ਅੰਗੂਠਿਆਂ ਵਿਚਕਾਰ ਪਿਸਣਾਂ ਪੈਂਦਾ। ਹੱਥਾਂ ਨੂੰ, ਟੰਗਾਂ ਦੇ ਪਿਛਲੇ ਪਾਸਿਓਂ ਦੀ ਨਿੱਕਾਲ਼ ਕੇ ਕੰਨ ਫੜਨ ਵਿੱਚ ਮੁਸ਼ਕਿਲ ਏਨੀ ਨਹੀਂ ਸੀ ਆਉਂਦੀ ਪਰ ਜਿਓਂ ਹੀ ਮੁਰਗ਼ਾ ਬਣੀਆਂ ਸਾਡੀਆਂ ਪਿੱਠਾਂ ਰਤਾ ਕੁ ਹੇਠਾਂ ਨੂੰ ਹੋਣ ਦਾ ਗੁਨਾਂਹ ਕਰਦੀਆਂ, ਮਾਸਟਰ ਦਾ ਡੰਡਾ ਸਾਡੇ ਚਿੱਤੜਾਂ `ਤੇ ਆਣ ਪੈਂਦਾ। ਅਸੀਂ ਘਰ ਆ ਕੇ ਬੇਬੇ ਦੇ ਗਲ਼ ਲੱਗ ਕੇ ਰੋਂਦੇ ਤੇ ਸਕੂਲ ਵਿੱਚ ਸਹੀ ਜ਼ਿੱਲਤ ਅਤੇ ਕੁੱਟ ਦਾ ਜ਼ਿਕਰ ਕਰਦੇ। ਬੇਬੇ ਨੇ ਬਾਪੂ `ਤੇ ਜ਼ੋਰ ਪਾਇਆ ਕਿ ਜਾਂ ਤਾਂ ਨਿਆਣਿਆਂ ਨੂੰ ਪੜ੍ਹਨੋ ਹਟਾ ਲਿਆ ਜਾਵੇ ਤੇ ਜਾਂ ਗਾਇਕੀ ਦੇ ਪ੍ਰੋਗਰਾਮਾਂ ਤੋਂ। ਬਾਪੂ ਪਾਰਸ ਨੂੰ ਪਤਾ ਸੀ ਕਿ ਗਾਇਕੀ ਸਾਥੋਂ ਉਹ ਘਰ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਹੀ ਕਰਾ ਰਿਹਾ ਸੀ, ਇਸ ਲਈ ਪੜ੍ਹਨ ਦੇ ਨਾਲ ਨਾਲ ਗਾਇਕੀ ਨੂੰ ਜਾਰੀ ਰੱਖਣ ਦਾ ਹੁਕਮ ਹੋ ਗਿਆ।

ਜਦ ਤੀਕ ਸਾਡੀ ਪ੍ਰਸਿੱਧੀ ਸਾਡੇ ਇਲਾਕੇ ਤੀਕਰ ਸੀਮਤ ਸੀ, ਤਦ ਤੀਕ ਸਾਡੀ ਕੋਸ਼ਿਸ ਹੁੰਦੀ ਸੀ ਕਿ ਸ਼ਾਮ ਨੂੰ ਗਾਇਕੀ ਦਾ ਪ੍ਰੋਗਰਾਮ ਖ਼ਤਮ ਕਰ ਕੇ, ਸਾਈਕਲ ਦੇ ਜ਼ਰ੍ਹੀਏ ਰਾਤੋ-ਰਾਤ ਪਿੰਡ ਪਹੁੰਚਿਆ ਜਾਵੇ। ਉਨ੍ਹੀ ਦਿਨੀਂ, ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਜੋੜਦੀਆਂ ਅੱਜ ਵਾਲ਼ੀਆਂ ਬਹੁ-ਲੇਨੀਆਂ ਸੜਕਾਂ ਏਨੀਆਂ ਪਿਚਕੀਆਂ ਹੋਈਆਂ ਹੁੰਦੀਆਂ ਸਨ ਕਿ ਅੱਗਿਓਂ ਆ ਰਹੇ ਟਾਂਗੇ, ਟਰੱਕ ਜਾਂ ਬੱਸ ਕੋਲ਼ੋਂ ਗੁਜ਼ਰਨ ਲਈ ਅੱਧੀ ਗੱਡੀ ਨੂੰ ਲੁੱਕਦਾਰ ਸੜਕ ਤੋਂ ਹੇਠਾਂ ਉਤਾਰਨਾ ਪੈਂਦਾ ਸੀ। ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਨ ਵਾਲੀਆਂ ਅੱਜ ਦੀਆਂ ਲਿੰਕ ਸੜਕਾਂ ਦਾ ਓਦੋਂ ਹਾਲੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਸੀ। ਇਸ ਲਈ ਲਾਗੇ-ਸ਼ਾਗੇ ਦੇ ਪਿੰਡਾਂ `ਚ ਜਾਣ ਲਈ, ਸਾਡੇ ਤਿੰਨਾਂ ਲਈ ਰਾਖਵਾਂ ਰੱਖਿਆ ਇੱਕੋ-ਇੱਕ ਸਾਈਕਲ ਹੀ, ਸਾਡੇ ਲਈ ਲੋਹੇ ਦੀ ਬੱਕੀ ਦਾ ਕੰਮ ਦਿੰਦਾ ਸੀ। ਜੇ ਕਿਤੇ ਦੂਰ ਤੋਂ ਸੱਦਾ ਆ ਜਾਂਦਾ ਤਾਂ ਮੋਗਿਓਂ ਬੱਸ ਪਕੜ ਕੇ ਸਾਈਕਲ ਨੂੰ ਬੱਸ ਦੇ ਸਿਰ `ਤੇ ਸਵਾਰ ਕਰ ਲਿਆ ਜਾਂਦਾ।

ਸਾਡੇ ਇਸ ਇੱਕੋ-ਇੱਕ ਸਾਈਕਲ ਦੇ ਮੂਹਰਲੇ ਡੰਡੇ `ਤੇ ਰਛਪਾਲ ਨੂੰ ਸਵਾਰ ਕਰ ਕੇ ਤੇ ਪਿਛਲੀ ਕਾਠੀ ਉੱਤੇ ਮੈਨੂੰ ਲੱਦ ਕੇ ਬਲਵੰਤ ਸਾਨੂੰ ਦੂਰ-ਦੂਰ ਤੀਕ ਘੁਮਾਅ ਲਿਆਉਂਦਾ। ਇਹ ਸਾਈਕਲ ਆਪਣੀ ਬਜ਼ੁਰਗੀ ਵੱਲ ਵਧ ਰਿਹਾ ਸੀ ਲੇਕਿਨ ਬੜਾ ਸ਼ਰਾਰਤੀ ਹੋ ਗਿਆ ਸੀ। ਬਲਵੰਤ ਦੇ ਪਜਾਮੇ ਦੀ ਮੂਹਰੀ ਕਦੇ ਚੇਨ ਕਵਰ `ਚ ਉਲਝਾਅ ਲੈਂਦਾ ਤੇ ਕਦੇ ਪੈਡਲ ਦੀ ਸ਼ਾਫ਼ਟ ਉਦਾਲ਼ੇ ਲਪੇਟ ਕੇ ਫੱਟੜ ਕਰ ਸੁੱਟਦਾ। ਪਜਾਮੇ ਨੂੰ ਚੇਨ-ਕਵਰ ਤੇ ਪੈਡਲ-ਸ਼ਾਫ਼ਟ ਦੀਆਂ ਸ਼ਰਾਰਤਾਂ ਤੋਂ ਬਚਾਉਣ ਲਈ ਬਲਵੰਤ ਆਪਣੇ ਪਜਾਮੇਂ ਦੀਆਂ ਮੂਹਰੀਆਂ ਉਦਾਲ਼ੇ ਸੇਬੇ ਬੰਨ੍ਹਣ ਲੱਗ ਪਿਆ। ਉਧਰ ਸਾਈਕਲ ਦੀ ਕਾਠੀ ਜਿਓਂ ਜਿਓਂ ਪੁਰਾਣੀ ਹੁੰਦੀ ਜਾਂਦੀ, ਤਿਓਂ ਤਿਓਂ ਉਸ ਨੂੰ ਬਲਵੰਤ ਦੇ ਪੱਟਾਂ ਦੇ ਅੰਦਰਲੇ ਪਾਸੇ ਚੂੰਢੀਆਂ ਭਰਨ ਦਾ ਭੁਸ ਪੈਣ ਲਗਦਾ। ਕਾਠੀ ਦੀਆਂ ਚੂੰਢੀਆਂ ਜਦੋਂ ਬਹੁਤੀਆਂ ਹੀ ‘ਵਿਗੜ’ ਜਾਂਦੀਆਂ ਤਾਂ ਬਲਵੰਤ ਕਾਠੀ ਉਦਾਲ਼ੇ ਇੱਕ ਪਰਨਾ ਲਪੇਟ ਲੈਂਦਾ।

ਮੂਹਰਲੇ ਪਾਸੇ ਬੈਠੇ ਰਛਪਾਲ ਦੇ ਹੱਥ `ਚ ਗਿਲਾਫ਼ ਵਿੱਚ ਲਪੇਟੀ ਤੂੰਬੀ ਫੜੀ ਹੁੰਦੀ, ਸਾਈਕਲ ਦੇ ਹੈਂਡਲ ਨਾਲ਼ ਲਟਕਦੇ ਕੱਪੜੇ ਦੇ ਝੋਲ਼ੇ `ਚ ਢੱਡਾਂ, ਤੇ ਹੱਥਾਂ ਵਿੱਚ ਚਮੜੇ ਦਾ, ਤਿੰਨ-ਤਹੀਆ, ਇੱਕ ਬੈਗ਼ ਪਕੜੀ ਮੈਂ ਪਿਛਲੀ ਕਾਠੀ `ਤੇ ਬੈਠਾ ਹੁੰਦਾ। ਬੈਗ਼ ਦੀ ਇੱਕ ਤਹਿ `ਚ ਸਾਈਕਲ ਦੀਆਂ ਦੋ-ਤਿੰਨ ਟਿਊਬਾਂ ਦੇ ਨਾਲ਼ ਨਾਲ਼, ਤਿੰਨ-ਚਾਰ ਰੈਂਚ, ਇੱਕ ਪੇਚਕਸ, ਬੌਣੀ ਜਿਹੀ ਇੱਕ ਹਥੌੜੀ, ਪੰਕਚਰ ਲਈ ਸਲਿਊਸ਼ਨ ਤੇ ਰੇਗਮਾਰ (ਸੈਂਡਪੇਪਰ), ਤੇ ਇੱਕ ਮੋਟੇ ਬਲੇਡ ਵਾਲ਼ਾ ਪੱਕੇ ਲੋਹੇ ਦਾ ਗਿੱਠ ਕੁ ਲੰਬਾਂ ਚਾਕੂ ਹੁੰਦਾ। ਵਿਚਕਾਰਲੀ ਤਹਿ `ਚ ਇੱਕ ਅਖ਼ਬਾਰ ਵਿੱਚ ਲਪੇਟ ਕੇ ਰੱਖੀ ਫਲੈਸ਼ਲਾਈਟ ਅਤੇ ਟਾਇਰਾਂ `ਚ ਹਵਾ ਭਰਨ ਲਈ, ਲੀਰਾਂ `ਚ ਲਿਪਟਿਆ ਹੋਇਆ ਪੰਪ।

ਇੱਕ ਦਿਨ ਅਸੀਂ, ਸਾਡੇ ਪਿੰਡੋਂ 20-22 ਮੀਲ ਦੀ ਦੂਰੀ `ਤੇ, ਬੱਧਣੀ-ਬਿਲਾਸਪੁਰ ਦੇ ਨੇੜਲੇ ਇੱਕ ਮਸ਼ਹੂਰ ਪਿੰਡ ਲੱਖਾ ਵਿਖੇ ਬਾਅਦ-ਦਪਹਿਰ ਦੀ ਗਾਇਕੀ ਕਰਨ ਗਏ ਹੋਏ ਸਾਂ। ਸਾਡਾ ਖ਼ਿਆਲ ਸੀ ਕਿ ਦਿਨ ਛਿਪਣ ਤੋਂ ਕਾਫ਼ੀ ਸਮਾਂ ਪਹਿਲਾਂ ਗਾਇਕੀ ਬੰਦ ਕਰ ਕੇ ਅਸੀਂ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਲਵਾਂਗੇ ਤੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ, ਬਾਰਾਂ ਕੁ ਮੀਲ ਦੇ ਫ਼ਾਸਲੇ `ਤੇ ਵਗਦੀ ਮੋਗਾ-ਬਰਨਾਲ਼ਾ ਸੜਕ `ਤੇ ਜਾ ਚੜ੍ਹਾਂਗੇ, ਪ੍ਰੰਤੂ ਸ੍ਰੋਤੇ ਸਾਡੀ ਗਾਇਕੀ `ਚ ਏਨੇ ਗੜੁੱਚ ਹੋ ਗਏ ਕਿ ਗਾਇਕੀ ਲਮਕਦੀ ਹੀ ਤੁਰੀ ਗਈ। ਆਖ਼ਰ ਜਦੋਂ ਗਾਇਕੀ ਦਾ ਭੋਗ ਪਿਆ ਤਾਂ ਸੂਰਜ ਹੋਰੀਂ ਧਰਤੀ ਦੇ ਪੁਆਂਦੀਂ ਚੁੱਭੀ ਮਾਰਨ ਦੀ ਤਿਆਰੀ `ਚ ਸਨ। ਲੱਖੇ ਤੋਂ ਤੁਰਨ ਤੀਕਰ ਮੂੰਹ-ਹਨੇਰਾ ਉੱਤਰ ਆਇਆ ਸੀ ਜਿਸ ਵਿੱਚ ਹਲਕੀ ਹਲਕੀ ਠੰਡ, ਤੇਜ਼-ਹੋ-ਗਈ ਹਵਾ ਨਾਲ਼ ਗਹਿਰਾਈ ਫੜਦੀ ਜਾ ਰਹੀ ਸੀ। ਬਲਵੰਤ ਨੇ ਸਾਈਕਲ ਨੂੰ ਥਾਪੀ ਦਿੱਤੀ ਤੇ ਚਿੱਕੜ-ਭਰੀਆਂ ਗਲੀਆਂ ਵਿਚਦੀ, ਲਿਬੜਣ ਤੋਂ ਬਚਦੇ ਬਚਦੇ, ਅਸੀਂ ਪਿੰਡ ਲੱਖਾ ਦੀ ਫਿਰਨੀ `ਤੇ ਆ ਨਿੱਕਲ਼ੇ। ਸਰਦੀਆਂ ਦਾ ਮੌਸਮ ਹੋਣ ਕਾਰਨ ਘਰਾਂ ਦੇ ਦੀਵੇ, ਲਾਲਟੈਣਾਂ, ਤੇ ਲੈਂਪ ਵੀ ਕੋਠਿਆਂ ਦੇ ਅੰਦਰ ਛੁਪੇ ਬੈਠੇ ਸਨ। ਲੱਖੇ ਤੋਂ ਬੱਧਣੀ ਅੱਪੜਣ ਲਈ ਪਿੰਡ ਚਕਰ ਨੂੰ ਜਾਣਾ ਪੈਣਾ ਸੀ ਜਿੱਥੋਂ ਲੋਪੋ ਵਿਚਦੀ ਹੁੰਦੇ ਹੋਏ ਅਸੀਂ ਬੱਧਣੀ ਵਾਲੀ ਸੜਕ `ਤੇ ਚੜ੍ਹਨਾ ਸੀ। ਗਾਇਕੀ ਵਾਲੀ ਧਰਮਸ਼ਾਲਾ ਤੋਂ ਸਾਡੇ ਨਾਲ਼ ਨਾਲ਼ ਆ ਰਹੇ ਸਾਡੇ ਪ੍ਰਸੰਸਕਾਂ ਨੇ ਚਕਰ ਦੇ ਰਾਹ `ਤੇ ਆ ਕੇ ਸਾਨੂੰ ਅਲਵਿਦਾ ਆਖੀ ਤੇ ਬਲਵੰਤ ਨੇ ਰਛਪਾਲ ਨੂੰ ਸਾਈਕਲ ਦੇ ਮੂਹਰਲੇ ਡੰਡੇ `ਤੇ ਸਵਾਰ ਕਰ ਲਿਆ। ਜਿਓਂ ਹੀ ਖੱਬੇ ਪੈਡਲ `ਤੇ ਆਪਣਾ ਖੱਬਾ ਪੈਰ ਧਰਕੇ ਉਹ ਉੱਪਰਲੀ ਕਾਠੀ `ਤੇ ਹੋਇਆ, ਮੈਂ ਛਾਲ਼ ਮਾਰ ਕੇ ਪਿਛਲੇ ਕੈਰੀਅਰ `ਤੇ ਬੈਠ ਗਿਆ। ਆਲ਼ੇ-ਦੁਆਲ਼ੇ ਵਾਹਵਾ ਹਨੇਰਾ ਸੀ ਪ੍ਰੰਤੂ ਹਨੇਰੇ ਦਾ ਵੀ ਆਪਣਾ ਇੱਕ ਮੱਧਮ ਜਿਹਾ ਚਾਨਣ ਹੁੰਦਾ ਹੈ, ਜਾਂ ਸ਼ਾਇਦ ਅੱਖਾਂ ਦਾ ਆਪਣਾ ਇੱਕ ਸਿਸਟਮ ਹੁੰਦਾ ਹੈ ਜਿਸ ਤਹਿਤ ਉਹ, ਘੁੱਪ ਹਨੇਰੇ ਵਿੱਚ ਵੀ ਧੁੰਦਲ਼ਾ ਜਿਹਾ ਦੇਖ ਸਕਣ ਦੀ ਸ਼ਕਤੀ ਹਾਸਲ ਕਰ ਲੈਂਦੀਆਂ ਨੇ। ਕੱਚੇ ਤੇ ਖਾਭਿਆਂ-ਭਰੇ ਰਾਹ `ਤੇ ਕਦੇ-ਕਦੇ ਲੜਖੜਾ ਜਾਂਦੇ ਸਾਈਕਲ ਨੂੰ ਕਾਬੂ `ਚ ਰੱਖ ਰਿਹਾ ਬਲਵੰਤ ਸਾਹੋ-ਸਾਹ ਹੋਇਆ ਸਾਈਕਲ ਚਲਾਈ ਜਾ ਰਿਹਾ ਸੀ ਤੇ ਨਾਲ਼ ਨਾਲ਼ ਉਸ ਦਿਨ ਦੀ ਗਾਇਕੀ ਦੀਆਂ ਤਾਰੀਫ਼ਾਂ ਤੇ ਰਹਿ-ਗਈਆਂ ਕਮਜ਼ੋਰੀਆਂ ਦੀ ਅਲੋਚਨਾ ਕਰੀ ਜਾ ਰਿਹਾ ਸੀ। ਅਚਾਨਕ ਹੀ ਉਸ ਨੂੰ ਰੁਪਈਆਂ ਨਾਲ਼ ਉਸ ਦਾ ਭਰਿਆ ਖੀਸਾ ਯਾਦ ਆਇਆ। –ਆਪਾਂ ਨੂੰ ਕਾਫ਼ੀ ਸਵਖਤੇ ਤੁਰਨਾ ਚਾਹੀਦਾ ਸੀ, ਉਹ ਬੁੜਬੁੜਾਇਆ। –ਜੇ ਭਲਾ ਕੋਈ ਲੁਟੇਰਾ ਆਪਾਂ ਨਿਆਣਿਆਂ ਨੂੰ ਹਨੇਰੇ `ਚ ਰੋਕ ਲਵੇ ਤਾਂ ਕੀ ਕਰਲਾਂਗੇ ਆਪਾਂ! ਨਾਲ਼ੇ ਤਾਂ ਅਗਲਾ ਆਪਣਾ ਸਾਈਕਲ ਖੋਹ ਕੇ ਲੈ ਜੂ ਤੇ ਨਾਲ਼ ਆਹ ਸੌ, ਸਵਾ ਸੌ ਰੁਪਈਏ ਲੁੱਟ ਕੇ ਚਲਦਾ ਬਣੂ।

ਧਿੱਬੜ-ਧੋੜਿਆਂ ਤੇ ਰੇਤੇ-ਚਿਕੱੜ `ਚ ਲਿਪਟੇ, ਪੰਜ ਛੇ ਮੀਲ ਮੀਲ ਦੇ ਲੰਮੇ ਹਨੇਰੇ ਸਫ਼ਰ ਤੋਂ ਬਾਅਦ, ਅਸੀਂ ਪਿੰਡ ਚਕਰ ਦੀ ਜੂਹ `ਚ ਸਾਂ। ਲੱਖੇ ਵਾਲਾ ਰਸਤਾ ਅੰਤ ਚਕਰ ਦੀ ਫਿਰਨੀ ਤੇ ਜਾ ਕੇ ਘਰਾਂ ਨਾਲ਼ ਜਾ ਟਕਰਾਇਆ। ਉਥੋਂ ਫਿਰਨੀ ਖੱਬੇ ਨੂੰ ਵੀ ਜਾਂਦੀ ਸੀ ਤੇ ਸੱਜੇ ਨੂੰ ਵੀ।

–ਉੱਤਰੀਂ ਢੋਲਾ, ਕਹਿ ਕੇ ਬਲਵੰਤ ਨੇ ਸਾਈਕਲ ਨੂੰ ਬਰੇਕ ਮਾਰੇ। (ਮੈਨੂੰ ਨਿੱਕੇ ਹੁੰਦਿਆਂ ਘਰ ਵਿੱਚ ਉਪਨਾਮ ‘ਢੋਲ’ ਨਾਲ਼ ਵੀ ਪੁਕਾਰਿਆ ਜਾਂਦਾ ਸੀ) ਬਰੇਕ ਨਾਲ਼ ਹੋਈ ਕਿਰੜ-ਕਿਰੜ ਸੁਣਦਿਆਂ ਹੀ ਸਾਹਮਣੀ ਕੰਧ ਦੇ ਮੁੱਢ ਕੁੰਗੜ ਕੇ ਬੈਠੇ ਪੰਜ ਛੇ ਕੁੱਤੇ ਇੱਕ ਦਮ ਹਰਕਤ `ਚ ਆ ਗਏ। ਉਹਨਾਂ ਦੇ ਭੌਕਣ ਨਾਲ ਘੂਕ ਸੁੱਤੀ ਰਾਤ ਕੰਬਣ ਲੱਗੀ। ਇੱਕ ਮੋਟਾ ਜਿਹਾ ਕੁੱਤਾ ਸੱਜੇ ਪਾਸੇ ਬੜੀ ਦੂਰ ਤੋਂ ਭੌਂਕਦਾ ਹੋਇਆ ਤੀਰ ਵਾਂਗ ਸਾਡੇ ਵੱਲ ਵਧਿਆ ਤੇ ਪਲ ਹੀ `ਚ ‘ਕੜਾਕ’ ਦੇ ਖੜਾਕ ਤੋਂ ਬਾਅਦ ਚਊਂ-ਚਊਂ ਕਰਦਾ ਪਰਲੇ ਪਾਸੇ ਨੂੰ ਦੌੜ ਗਿਆ। ਉਹ ਵਿਚਾਰਾ ਸਾਨੂੰ ਪੈਦਲ ਸਮਝ ਕੇ ਸਾਨੂੰ ਬੁਰਕ ਮਾਰਨ ਲਈ ਦੌੜਦਾ ਹੋਇਆ ਆਇਆ ਸੀ ਤੇ ਅਣਜਾਣੇ `ਚ ਹੀ ਮੂਹਰਲੇ ਚੱਕੇ ਨਾਲ਼ ਪੂਰੇ ਜ਼ੋਰ ਨਾਲ਼ ਆ ਟੱਕਰਾਇਆ ਸੀ। ਉਹਦਾ ਚਉਂਕਣਾ ਤੇ ਦੌੜਨਾ ਸੁਣ ਕੇ ਬਾਕੀ ਦੀ ਕੁਤੀੜ੍ਹ ਵੀ ਟੌਂਕਦੀ ਟੌਂਕਦੀ ਉਹਦੇ ਮਗਰੇ ਦੌੜ ਗਈ।

ਬਲਵੰਤ ਨੂੰ ਹੁਣ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਫਿਰਨੀ ਉੱਪਰ ਸੱਜੇ ਨੂੰ ਮੁੜਨਾ ਹੈ ਜਾਂ ਖੱਬੇ ਨੂੰ। –ਆਪਣੇ ਪਿੰਡੋਂ ਜਦੋਂ ਆਪਾਂ ਐਸ ਥਾਂ `ਤੇ ਅੱਪੜੇ ਸੀ ਤਾਂ ਭਲਾ ਐਧਰੋਂ ਆਏ ਸੀ ਜਾਂ ਔਧਰੋਂ, ਸੱਜੇ-ਖੱਬੇ ਹੱਥ ਘੁਮਾਉਂਦਿਆਂ ਉਹ ਸੋਚਣ ਲੱਗਾ। ਮੈਂ ਤੇ ਰਛਪਾਲ ਚੁੱਪ ਸਾਂ। ਕੁੱਝ ਪਲਾਂ ਬਾਅਦ, ਰਛਪਾਲ ਨੂੰ ਮੂਹਰਲੇ ਡੰਡੇ `ਤੇ ਬਿਠਾਈ, ਉਸ ਨੇ ਸਾਈਕਲ ਸੱਜੇ ਪਾਸੇ ਨੂੰ ਤੋਰ ਲਿਆ। ਫਿਰਨੀ `ਤੇ ਰੁੜ੍ਹਦਾ ਸਾਈਕਲ ਕਦੇ ਚਿੱਕੜ ਨਾਲ਼ ਲਿੱਬੜ ਜਾਵੇ ਤੇ ਕਦੇ ਕਿਸੇ ਵੱਟ ਜਿਹੀ `ਤੇ ਚੜ੍ਹ ਜਾਵੇ। ਹਨੇਰੇ `ਚ ਖਲੋਤੇ ਦਰਖ਼ਤ ਜਿਵੇਂ ਕਾਲੀਆਂ ਚਾਦਰਾਂ `ਚ ਲਪੇਟੇ ਹੋਏ ਹੋਵਣ। ਇੱਕ ਕੰਧ ਮੁਕਦੀ ਤੇ ਦੂਸਰੀ ਸ਼਼ੁਰੂ ਹੋ ਜਾਂਦੀ। ਥੋੜੀ ਥੋੜੀ ਦੂਰੀ ਬਾਅਦ ਪਤਲੀਆਂ-ਪਤਲੀਆਂ ਗਲ਼ੀਆਂ ਪਿੰਡ ਵਾਲੇ ਪਾਸੇ ਨੂੰ ਜਾਂਦੀਆਂ ਨਜ਼ਰ ਪੈਂਦੀਆਂ। ਚਕਰ ਪਿੰਡ ਦੀ ਫਿਰਨੀ ਤੋਂ ਲੋਪੋ ਵੱਲ ਨੂੰ ਕਿਹੜੇ ਰਾਹ ਮੁੜਨਾ ਸੀ, ਇਸ ਦਾ ਸਾਨੂੰ ਕੋਈ ਇਲਮ ਨਹੀਂ ਸੀ। ਦੋ ਕੁ ਮਿੰਟ ਬਾਅਦ ਇੱਕ ਖਸਤਾ ਜਿਹਾ ਰਸਤਾ ਸੱਜੇ ਪਾਸੇ ਕਿਸੇ ਪਿੰਡ ਵੱਲ ਨੂੰ ਮੁੜਦਾ ਦਿਸਿਆ। ਬਲਵੰਤ ਰੁਕ ਗਿਆ ਤੇ ਰਾਹ ਬਾਰੇ ਸੋਚਣ ਲੱਗਾ। –ਕਿਸੇ ਤੋਂ ਪੁੱਛਣਾ ਪੈਣੈ, ਉਹ ਬੁੜਬੁੜਾਇਆ। ਪਰ ਹਨੇਰੇ `ਚ ਡੁੱਬੇ ਸਾਰੇ ਪਿੰਡ ਦੀਆਂ ਤਾਂ ਕੰਧਾਂ ਵੀ ਸੁੱਤੀਆਂ ਪਈਆਂ ਸਨ। ਸੱਜੇ ਪਾਸੇ ਵੱਲ ਮੁੜਦੇ ਰਾਹ ਦੇ ਨਾਲ਼ ਹੀ ਅੱਧ ਕੁ ਏਕੜ ਕੁ ਦੀ ਵਾਟ ਉੱਤੇ ਦੋ-ਤਿੰਨ ਸੰਘਣੇ ਜਿਹੇ ਦਰਖ਼ਤਾਂ ਦਾ ਝਾਉਲਾ ਨਜ਼ਰ ਆਉਣ ਲੱਗਾ। ਬਲਵੰਤ ਨੇ ਰਛਪਾਲ ਨੂੰ ਸਾਈਕਲ ਤੋਂ ਉਤਾਰਿਆ ਤੇ ਸਾਈਕਲ ਮੇਰੇ ਹੱਥਾਂ `ਚ ਕਰ ਕੇ ਉਹ ਦਰਖ਼ਤਾਂ ਹੇਠ ਨਿੰਮੀ-ਨਿੰਮੀ ਜਲ਼ ਰਹੀ ਅੱਗ ਵੱਲ ਵਧਿਆ। ਉਸ ਦਾ ਖ਼ਿਆਲ ਸੀ ਕਿ ਪਿੰਡ ਦੇ ਵਿਹਲੜ ਮੁੰਡੇ ਦਰਖ਼ਤਾਂ ਹੇਠ ਧੂਣੀ ਲਾ ਕੇ ਅੱਗ ਸੇਕ ਰਹੇ ਹੋਣਗੇ; ਉਨ੍ਹਾਂ ਤੋਂ ਚਕਰ ਵਾਲਾ ਰਸਤਾ ਪੁੱਛਿਆ ਜਾ ਸਕਦਾ ਹੈ। ਪ੍ਰੰਤੂ ਮਿੰਟ ਕੁ ਬਾਅਦ ਉਨ੍ਹਾਂ ਦਰਖ਼ਤਾਂ ਉੱਤੋਂ ਗਿਰਝਾਂ ਦੇ ਕਰੀਚਣ ਤੇ ਫੜਫੜਾਉਣ ਦੀ ਆਵਾਜ਼ ਆਈ ਤੇ ਉਹ ਹਫ਼ਿਆ ਹੋਇਆ ਸਾਡੇ ਕੋਲ਼ ਅੱਪੜ ਗਿਆ।

–ਕੀ ਹੋ ਗਿਆ? ਮੈਂ ਕਾਹਲ਼ੀ ਨਾਲ਼ ਪੁੱਛਿਆ।

–ਓਥੇ ਤਾਂ ਯਾਰ ਸਿਵਾ ਜਲ਼ਦਾ ਐ, ਮੈਂ ਤਾਂ ਡਰਦਾ ਮਾਰਾ ਦੌੜ ਆਇਆਂ ਓਥੋਂ।

ਹੋ ਸਕਦਾ ਹੈ ਮਸਾਣਾਂ ਕੋਲ਼ ਦੀ ਗੁਜ਼ਰਦਾ ਇਹੀ ਰਸਤਾ ਹੀ ਲੋਪੋ ਨੂੰ ਜਾਂਦਾ ਹੋਵੇ, ਪ੍ਰੰਤੂ ਏਸ ਰਸਤੇ `ਤੇ ਜਾਣਾ ਤਾਂ ਕੀ ਸਾਡਾ ਤਾਂ ਏਸ ਰਸਤੇ ਵੱਲ ਝਾਕਣ ਨੂੰ ਜੀ ਵੀ ਨਹੀਂ ਸੀ ਕਰ ਰਿਹਾ। ਅਸੀਂ ਕਾਹਲੀ ਨਾਲ਼ ਫਿਰਨੀ ਉੱਤੇ ਹੀ ਅੱਗੇ ਵਧਣ ਲੱਗੇ। ਕੁੱਝ ਕਦਮਾਂ ਦੀ ਵਿੱਥ `ਤੇ ਇੱਕ ਭੀੜੀ ਜਹੀ ਵੀਹੀ ਖੱਬੇ ਪਾਸੇ ਪਿੰਡ ਦੇ ਅੰਦਰ ਵੱਲ ਨੂੰ ਝਾਕਦੀ ਦਿਸੀ। ਬਲਵੰਤ ਨੇ ਸਾਈਕਲ ਨੂੰ ਉਸ ਵੀਹੀ ਵੱਲ ਨੂੰ ਮੋੜ ਲਿਆ। ਸਾਈਕਲ ਦੀ ਸ਼ੂੰ-ਸ਼ੂੰ ਤੇ ਸਾਡੀ ਪੈਰ-ਚਾਪ ਨਾਲ਼, ਸੁੰਨਸਾਨ ਵੀਹੀ ਦੀ ਨੀਂਦ ਉਖੜਣ ਲੱਗੀ। ਹਰ ਘਰ ਦਾ ਦਰਵਾਜ਼ਾ ਬੰਦ ਸੀ ਤੇ ਹਰ ਰੌਸ਼ਨਦਾਨ `ਚ ਹਨੇਰੇ ਦੀਆਂ ਮੋਰੀਆਂ ਨਜ਼ਰ ਆ ਰਹੀਆਂ ਸਨ। ਹੁਣ ਵੀਹੀ ਇੱਕ ਚੁਰਸਤੇ `ਚ ਬਦਲ ਗਈ ਤੇ ਜੱਕੋ-ਤੱਕੀ ਕਰਦੇ ਅਸੀਂ ਸੱਜੇ ਪਾਸੇ ਨੂੰ ਮੁੜ ਗਏ। ਕਾਫ਼ੀ ਕਦਮ ਤੁਰਨ ਤੋਂ ਬਾਅਦ ਇੱਕ ਰੌਸ਼ਨਦਾਨ ਦੀਆਂ ਮੋਰੀਆਂ `ਚ ਹਲਕਾ ਜਿਹਾ ਚਾਨਣ ਦਿਸਿਆ। ਅਸੀਂ ਸਾਈਕਲ ਨੂੰ ਥੰਮਿਆਂ ਤੇ ਰੌਸ਼ਨਦਾਨ ਦੇ ਹੇਠ ਬੰਦ ਖਲੋਤੇ ਦਰਵਾਜ਼ੇ ਕੋਲ਼ ਚਲੇ ਗਏ। ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ, ਬਲਵੰਤ ਨੇ ਆਪਣਾ ਕੰਨ ਦਰਵਾਜ਼ੇ ਨੂੰ ਜੋੜ ਦਿੱਤਾ। ਅੰਦਰ ਚੁੱਪ-ਚਾਂ ਸੀ। ਬਲਵੰਤ ਨੇ ਆਪਣੀ ਮੂਹਰਲੀ ਉਂਗਲ਼ ਦੇ ਸਿਰੇ ਨੂੰ ਆਪਣੇ ਅੰਗੂਠੇ ਨਾਲ਼ ਜੋੜਿਆ ਤੇ ਉਂਗਲ਼ ਦੀ ਪਿੱਠ ਨਾਲ਼ ਇੱਕ ਪੋਲੀ ਜਿਹੀ ਠੱਕ-ਠੱਕ ਦਰਵਾਜ਼ੇ `ਤੇ ਜੜ ਦਿੱਤੀ। ਕੰਨ ਨੂੰ ਦੋਬਾਰਾ ਦਰਵਾਜ਼ੇ ਨਾਲ਼ ਜੋੜ ਕੇ ਹੁਣ ਉਹ ਅੰਦਰ ਦੀ ਘੁਸਰ-ਮੁਸਰ ਸੁਣਨ ਲੱਗਾ। ਅੰਦਰ ਦੀ ਚੁੱਪ ਅਟੁੱਟ ਰਹੀ। 15-20 ਕੁ ਸਕਿੰਟਾਂ ਬਾਅਦ ਬਲਵੰਤ ਨੇ ਦਰਵਾਜ਼ੇ ਨੂੰ ਦੁਬਾਰਾ ਜ਼ਰਾ ਜ਼ੋਰ ਨਾਲ਼ ਠੰਗੋਰਿਆ ਤਾਂ ਅੰਦਰੋਂ ਆਵਾਜ਼ ਆਈ: ਕੌਣ ਐ ਵਈ?

-ਅਸੀਂ ਬਾਈ ਜੀ ਰਾਹੀ ਆਂ ਤੇ ਰਸਤਾ ਭੁੱਲ ਗਏ ਆਂ।

-ਕਾਦ੍ਹਾ ਰਸਤਾ? ਕਿੱਧਰ ਚਲੇ ਓਂ ਤੁਸੀਂ ਐਡੀ ਰਾਤ ਗਏ?

-ਅਸੀਂ ਬਾਈ ਜੀ ਲੋਪੋ ਨੂੰ ਜਾਣੈ, ਪਰ ਸਾਨੂੰ ਰਾਹ ਨੀ ਲੱਭ ਰਿਹਾ।

ਅਗਲੇ ਹੀ ਪਲ ਦਰਵਾਜ਼ੇ ਦੇ ਅੰਦਰੋਂ ਕੁੰਡੀ ਦੇ ਮਰੋੜਾ ਖਾਣ ਅਤੇ ਕੜੱਕ ਕਰ ਕੇ ਖੁਲ੍ਹਣ ਦੀ ਅਵਾਜ਼ ਆਈ ਤੇ ਦੋਵੇਂ ਦਰਵਾਜ਼ੇ ਮਲਕੜੇ ਜੇਹੇ ਪਿੱਛੇ ਨੂੰ ਹਟ ਕੇ ਇੱਕ ਦੂਸਰੇ ਤੋਂ ਗਿੱਠ ਕੁ ਦੂਰੀ `ਤੇ ਚਲੇ ਗਏ। ਅੰਦਰਲੇ ਵਿਅਕਤੀ ਨੇ ਆਪਣੇ ਹੱਥ `ਚ ਫੜੀ ਫ਼ਲੈਸ਼ਲਾਈਟ ਦੀ ਸਵਿੱਚ ਨੱਪੀ ਕੀਤੀ ਤੇ ਚਾਨਣ ਦੀ ਇੱਕ ਤਿੱਖੀ ਪਿਚਕਾਰੀ ਬਲਵੰਤ ਦੀਆਂ ਅੱਖਾਂ `ਚ ਚੋਭ ਦਿੱਤੀ।

ਅੱਖਾਂ ਨੂੰ ਸੁੰਗੇੜਦਿਆਂ ਬਲਵੰਤ ਨੇ ਦੋਵੇਂ ਹੱਥ ਜੋੜ ਦਿੱਤੇ: ਸਾਸਰੀ ‘ਕਾਲ ਜੀ!

ਫ਼ਲੈਸ਼ਲਾਈਟ ਹੁਣ ਮੇਰੀਆਂ ਅੱਖਾਂ ਵੱਲ ਮੁੜ ਕੇ ਛੋਟੇ ਰਛਪਾਲ ਦੇ ਚਿਹਰੇ `ਤੇ ਗੱਡੀ ਗਈ।

-ਹਾਅ ਕੀ ਐ ਤੇਰੇ ਕੋਲ਼ ਕੱਪੜੇ `ਚ ਲਪੇਟਿਆ ਹੋਇਆ … ਫ਼ਲੈਸ਼ਲਾਈਟ ਨੂੰ ਰਛਪਾਲ ਦੇ ਹੱਥਾਂ `ਤੇ ਉੱਪਰ-ਥੱਲੇ ਕਰਦਿਆਂ ਉਹ ਬੋਲਿਆ। –ਕਿਤੇ ਬੰਦੂਕ ਤਾਂ ਨੀ ਲਕੋਈ ਫਿਰਦੇ?

-ਨੲ੍ਹੀਂ ਬਾਈ ਜੀ, ਬਲਵੰਤ ਮੁਸਕੜੀਂ ਬੋਲਿਆ। -ਇਹ ਤਾਂ ਤੂੰਬੀ ਐ, ਗਿਲਾਫ਼ `ਚ ਲਿਪਟੀ ਹੋਈ।

-ਅੱਛਾ …! ਕੀ ਭੀੜ ਪੈਗੀ ਐਸ ਵੇਲੇ ਮੁੰਡਿਓ? ਸੁੱਖ ਤਾਂ ਹੈ?

-ਅਸੀਂ ਬਾਈ ਜੀ ਗਾਇਕੀ ਕਰ ਕੇ ਆਏ ਆਂ, ਲੱਖੇ ਤੋਂ।

-ਕਿਹੜੇ ਨੱਗਰ ਤੋਂ ਐਂ ਤੁਸੀਂ?

-ਰਾਮੂਵਾਲਾ ਪਿੰਡ ਐ ਸਾਡਾ।

-ਕਿਤੇ ਕਰਨੈਲ ਕਵੀਸ਼ਰ ਦੇ ਮੁੰਡੇ ਤਾਂ ਨ੍ਹੀਂ ਤੁਸੀਂ?

-ਹਾਂ ਜੀ!

ਬਲਵੰਤ ਦੀ ‘ਹਾਂ ਜੀ’ ਸੁਣਦਿਆਂ ਹੀ ਅੰਦਰਲੇ ਵਿਅਕਤੀ ਨੇ ਦਰਵਾਜ਼ਿਆਂ ਨੂੰ ਤਹਿ-ਮਾਰੀ ਚਾਦਰ ਵਾਂਗ ਖੋਲ੍ਹ ਦਿੱਤਾ। –ਸਾਈਕਲ ਕੰਧ ਨਾਲ਼ ਲਾ ਕੇ ਅੰਦਰ ਆ ਜੋ!

ਅੰਦਰ ਇੱਕ ਮੇਜ਼ ਉੱਤੇ ਜਗ ਰਹੀ ਲਾਲਟੈਣ ਵਿੱਚੋਂ ਨਿੱਕਲ ਰਿਹਾ ਕਮਜ਼ੋਰ ਜਿਹਾ ਚਾਨਣ ਕਮਰੇ ਦੀਆਂ ਮੋਟੀਆਂ ਮੋਟੀਆਂ ਚੀਜ਼ਾਂ ਉੱਤੇ ਡੁਲ੍ਹ ਰਿਹਾ ਸੀ। ਲਾਲਟੈਣ ਦੇ ਲਾਗੇ ਹੀ ਪਈ ਸ਼ੀਸ਼ੀ `ਚ ਲਾਲ ਰੰਗ ਦਾ ਤਰਲ ਪਦਾਰਥ ਦੇਖ ਕੇ ਅਤੇ ਮੰਜੇ `ਤੇ ਪਈ ਔਰਤ ਦੇ ਗਲ਼ੇ `ਚੋਂ ਵਾਰ ਵਾਰ ਨਿੱਕਲ਼ ਰਹੀ ‘ਆਹ, ਆਹ’ ਤੋਂ ਅਸੀਂ ਅੰਦਾਜ਼ ਲਿਆ ਕਿ ਔਰਤ ਬੀਮਾਰ ਸੀ।

-ਢਿੱਲੇ ਆ ਬੀਬੀ ਜੀ? ਪਰਲੇ ਮੰਜੇ `ਤੇ, ਝਿਜਕਦਿਆਂ ਜਿਹਿਆਂ ਬੈਠਦਾ ਬਲਵੰਤ, ਨੀਵੀਂ ਸੁਰ `ਚ ਬੋਲਿਆ।

-ਹਾਂ, ਕਾਕਾ; ਇਹਨਾਂ ਨੂੰ ਕਈਆਂ ਦਿਨਾਂ ਤੋਂ ਬੁਖ਼ਾਰ ਚੜ੍ਹੀ ਜਾਂਦੈ … ਟੀਕੇ ਵੀ ਲੱਗੇ ਐ ਪਰ ‘ਰਾਮ ਨਹੀਂ ਆ ਰਿਹਾ।

ਫਿਰ ਉਹ ਵਿਅਕਤੀ ਉੱਠ ਕੇ ਵਿਹੜੇ ਵਿੱਚ ਚਲਾ ਗਿਆ। ਜਦੋਂ ਦੋ ਕੁ ਮਿੰਟਾਂ ਬਾਅਦ ਉਹ ਪਰਤਿਆ ਤਾਂ ਉਸ ਦੇ ਹੱਥਾਂ `ਚ ਇੱਕ ਗੜਵੀ ਤੇ ਇੱਕ-ਦੂਜੇ `ਚ ਫਸਾਏ ਤਿੰਨ ਪਿੱਤਲ਼ ਦੇ ਗਲਾਸ ਦੇਖ ਕੇ ਅਸੀਂ ਸੁਖ ਦਾ ਸਾਹ ਲਿਆ।

-ਚਾਹ ਤਾਂ ਮੈਂ ਆਵਦੇ ਲਈ ਧਰੀ ਸੀ, ਪਰ ਬਾਹਰੋਂ ਠੰਡ `ਚੋਂ ਆਏ ਓਂ ਤੁਸੀਂ, ਇਸ ਲਈ ਪਹਿਲਾਂ ਚਾਹ ਪੀਓ ਤੇ ਗਰਮੈਸ਼ `ਚ ਆਵੋ!

ਚਾਹ ਦੀਆਂ ਸੰਗਦੀਆਂ ਜਿਹੀਆਂ ਚੁਸਕੀਆਂ ਦੌਰਾਨ ਉਸ ਵਿਅਕਤੀ ਨੇ ਦੱਸਿਆ ਕਿ ਉਸ ਨੇ ਸਾਡੇ ਬਾਪ ਦੀ ਕਵੀਸ਼ਰੀ ਅਨੇਕਾਂ ਵਾਰ ਰੇਡੀਓ ਅਤੇ ਮੇਲਿਆਂ `ਤੇ ਸੁਣੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਸਾਡੇ ਭਯੰਗੀ ਜੱਥੇ ਦੀ ਮਹਿਮਾ ਵੀ ਸੁਣੀ ਸੀ ਤੇ ਉਸ ਨੂੰ ਅੰਦਰ ਸਾਡੀ ਗਾਇਕੀ ਨੂੰ ਸੁਣਨ ਦੀ ਤਮੰਨਾ ਵੀ ਜਾਗੀ ਹੋਈ ਸੀ।

ਚਾਹ ਮੁਕਦਿਆਂ ਹੀ ਉਸ ਨੇ ਸਿਰ `ਤੇ ਪਰਨਾ ਲਪੇਟਿਆ ਤੇ ਸਾਨੂੰ ਫਿਰਨੀਓਂ-ਫਿਰਨੀ ਤੋਰ ਕੇ ਲੋਪੋ ਦੇ ਰਾਹ `ਤੇ ਲੈ ਆਇਆ।

-ਆਹ ਰਾਹ ਸਿੱਧੇ ਚਲੀ ਜਾਣੈ, ਕਿਸੇ ਪਾਸੇ ਨੂੰ ਮੁੜਨਾਂ! ਜਦੋਂ ਲੋਪੋ ਆ ਜਾਵੇ ਤਾਂ ਫਿਰਨੀ `ਤੇ ਐਸ ਪਾਸੇ ਨੂੰ ਘੁੰਮ ਕੇ ਅਗਾਹਾਂ ਖੱਬੇ ਪਾਸੇ ਨੂੰ ਮੁੜ ਜਾਣੈ।

 

****

 

ਕੁਝ ਕੁ ਮਹੀਨਿਆਂ ਬਾਅਦ ਬਿਲਾਸਪੁਰ-ਹਠੂਰ ਦੇ ਨੇੜਲੇ ਪਿੰਡ ਛੀਨੀਵਾਲ਼ ਤੋਂ ਪਿੰਡ ਦੀ ਪੰਚਾਇਤ ਦਾ ਇੱਕ ਨੁਮਾਇੰਦਾ ਗੁਰਦਵਾਰੇ `ਚ ਹੋਣ ਵਾਲੇ ਇੱਕ ਧਾਰਮਿਕ ਦੀਵਾਨ ਲਈ ਬੁੱਕਿੰਗ ਕਰਵਾ ਗਿਆ। ਦੀਵਾਨ ਦੇ ਦਿਨ ‘ਤੋਂ ਪਹਿਲੀ ਸ਼ਾਮ ਬਲਵੰਤ ਨੇ ਲੋਹੇ ਦੀ ਬੱਕੀ ਨੂੰ ਪੁਚਕਾਰਿਆ। ਅਗਲੇ ਹੀ ਪਲ ਉਸ ਨੇ ਟੱਲੀ ਨੂੰ ਘੁਮਾਇਆ ਤੇ ਸਰ੍ਹੋਂ ਦੇ ਤੇਲ ਦਾ ਫੰਭਾ ਟੱਲੀ ਅੰਦਰਲੇ ਸਪਰਿੰਗ ਉੱਤੇ ਨਿਚੋੜ ਦਿੱਤਾ। ਘੰਟੀ ਦੀ ਟੱਲੀ `ਚ ਵੱਜ ਕੇ ‘ਟਣਨ-ਟਣਨ’ ਸਿਰਜਣ ਵਾਲ਼ੀ ਜੀਭ ਉੱਪਰ ਜੰਮੀ ਹੋਈ ਕਾਲਖ਼ ਨੂੰ ਖੁਰਚਿਆ। ਫੇਰ ਉਸ ਨੇ ਬਰੇਕਾਂ ਨੂੰ ਤੇਲ ਸੁੰਘਾਇਆ, ਤੇ ਚੇਨ ਦੀਆਂ ਕੜੀਆਂ ਉੱਪਰ ਗਰੀਸ ਦਾ ਪੇਤਲਾ, ਪੇਤਲਾ ਲੇਪ ਕੀਤਾ। ਇੱਕ ਸੋਟੀ ਨੂੰ ਚੱਕਿਆ ਅਤੇ ਮਡਗਾਰਡਾਂ `ਚ ਫਸਾਅ ਕੇ, ੳਨ੍ਹਾਂ `ਚ ਜੰਮਿਆਂ ਹੋਇਆ ਗਾਰਾ ਝਾੜਿਆ। ਪੰਪ ਨਾਲ਼ ਹਵਾ ਦੀਆਂ ਪਿਚਕਾਰੀਆਂ ਨੂੰ ਦੋਹਾਂ ਟਾਇਰਾਂ `ਚ ਦਾਖ਼ਲ ਕਰ ਕੇ ਉਨ੍ਹਾਂ ਨੂੰ “ਟੈਟ” ਕੀਤਾ।

ਸਵੇਰੇ ਸਾਨੂੰ ਸਵਖ਼ਤੇ ਉਠਾਇਆ, ਇਸ਼ਨਾਨ ਕਰਵਾਇਆ ਤੇ ਲੋਹੇ ਦੀ ਬੱਕੀ `ਤੇ ਲੱਦ ਕੇ ਦਿਨ ਚੜ੍ਹਦੇ ਨੂੰ ਤਿੰਨ ਚਾਰ ਮੀਲ ਦਾ ਸਫ਼ਰ ਤੈਅ ਕਰ ਕੇ ਬੁੱਟਰ ਦੇ ਬੱਸ ਅੱਡੇ `ਚ ਜਾ ਸਿਰ ਕੱਢਿਆ। ਬੱਧਣੀ ਅੱਪੜਦਿਆਂ ਨੂੰ ਸੂਰਜ ਮੱਥੇ `ਚ ਵੱਜਣ ਲੱਗਾ। ਅਗਾਹਾਂ ਸੜਕ ਅਰਧ-ਕੱਚੀ ਹੋਣ ਕਾਰਨ, ਬਿਲਾਸਪੁਰ ਤੀਕ ਦਾ ਅੱਠ ਨੌਂ ਮੀਲ ਦਾ ਪੰਧ ਸੁਖਾਲ਼ਾ ਹੀ ਸੀ। ਬਿਲਾਸਪੁਰੋਂ ਖੱਬੀ ਦਿਸ਼ਾ ਮੁੜ ਕੇ ਪਿੰਡ ਦੀਵਾਨੇ ਤੀਕ ਅੱਪੜਦਿਆਂ, ਧੁੱਧਲ਼ ਨਾਲ਼ ਭਰੇ, ਕੱਚੇ ਰਾਹ `ਤੇ ਸਾਈਕਲ ਚਲਾਉਂਦਾ ਬਲਵੰਤ ਪਸੀਨੋ-ਪਸੀਨੀ ਹੋ ਗਿਆ। ਵਿਚ-ਵਿਚ ਨਿੱਕੀਆਂ-ਨਿੱਕੀਆਂ ਟਿੱਬੀਆਂ ਜਾਂ ਸੁਧਾ ਰੇਤਾ ਆ ਜਾਂਦਾ ਤਾਂ ਅਸੀਂ ਸਾਈਕਲ ਤੋਂ ਉੱਤਰ ਕੇ ਪੈਦਲ ਤੁਰਨ ਲੱਗ ਜਾਂਦੇ। ਛੀਨੀਵਾਲ਼ ਤੋਂ ਡੇਢ ਕੁ ਮੀਲ ਉਰੇ ਸਾਨੂੰ ਇੱਕ ਉੱਚਾ ਟਿੱਬਾ ਉੱਭਰਦਾ ਨਜ਼ਰ ਆਇਆ ਜਿਸ ਉੱਤੋਂ ਦੀ ਸਾਡੇ ਰਸਤੇ ਨੇ ਲੰਘਣਾ ਸੀ।

–ਆਹ ਤਾਂ ਸਾਲ਼ਾ ਪਹਾੜ ਈ ਉੱਗਿਆ ਪਿਐ, ਬਲਵੰਤ ਬੁੜਬੁੜਾਇਆ। ਉਹਨੂੰ ਸਾਈਕਲ ਸਮੇਤ ਟਿੱਬੇ `ਤੇ ਚੜ੍ਹਨ ਤੇ ਫਿਰ ਅੱਗੇ ਉੱਤਰਨ ਦਾ ਸੰਸਾ ਵੱਢਣ ਲੱਗ ਪਿਆ ਸੀ। ਟਿੱਬੇ ਦਾ ਰੇਤਾ ਸ਼ੁਰੂ ਹੋਣ ਤੀਕ ਸਾਈਕਲ ਦੀ ਸਵਾਰੀ ਕੀਤੀ ਜਾ ਸਕਦੀ ਸੀ ਪ੍ਰੰਤੂ ਬਲ਼ਦੇ-ਹੋਏ ਦੁਪਹਿਰੇ `ਚ, ਲਗਾਤਾਰ ਸੰਘਣੇ ਹੋਣ ਵਾਲ਼ੇ ਰੇਤੇ ਨੂੰ ਪਾਰ ਕਰਨ ਲਈ, ਸਾਈਕਲ ਨੂੰ ਰੇੜ੍ਹਨ ਦਾ ਕੰਮ ਕਾਫ਼ੀ ਜੋਖ਼ਮੀ ਸੀ। ਏਨੇ ਨੂੰ ਸੱਜੇ ਪਾਸੇ ਇੱਕ ਦਰਖ਼ਤ ਹੇਠ ਖਲੋਤਾ ਇੱਕ ਨਲ਼ਕਾ ਨਜ਼ਰ ਆਉਣ ਲੱਗਾ। –ਪਾਣੀ ਪੀ ਲੀਏ! ਕਹਿਕੇ, ਬਲਵੰਤ ਨੇ ਝਟਾ-ਪੱਟ ਬਰੇਕ ਮਾਰੇ ਤਾਂ ਮੂਹਰਲਾ ਚਿਮਟਾ ਓਸ ਥਾਂ ਤੋਂ ‘ਜਰਕ’ ਕਰਕੇ ਜੁਦਾ ਹੋ ਗਿਆ ਜਿੱਥੇ ਇਹ ਹੈਂਡਲ ਵਾਲੀ ਸ਼ਾਫ਼ਟ ਕੋਲ਼ ਸਿਰ ਵਾਂਗ ਜੁੜਿਆ ਹੋਇਆ ਸੀ। ਚਿਮਟਾ ਟੁਟਦਿਆਂ ਹੀ ਮੂਹਰਲਾ ਚੱਕਾ ਚਿਮਟੇ ਸਮੇਤ ਖੱਬੇ ਪਾਸੇ ਨੂੰ ਟੇਢਾ ਹੋ ਗਿਆ, ਅਤੇ ਬਾਕੀ ਦਾ ਸਾਈਕਲ, ਹੈਂਡਲ ਨਾਲ਼ ਟੰਗੀਆਂ ਢੱਡਾਂ ਸਮੇਤ, ਹੇਠਾਂ ਨੂੰ ਗੋਡਣੀ ਜਿਹੀ ਮਾਰ ਕੇ ਖੱਬੇ ਪਾਸੇ ਨੂੰ ਲੁੜਕ ਗਿਆ। ਸਾਈਕਲ ਛੱਡ ਕੇ ਦੋ ਕੁ ਕਦਮ ਦੀ ਦੂਰੀ `ਤੇ ਜਾ ਖਲੋਤੇ ਬਲਵੰਤ ਦੇ ਦੋਵੇਂ ਹੱਥ ਆਪਣੇ ਆਪ ਉਸ ਦੀਆਂ ਢਾਕਾਂ `ਤੇ ਜਾ ਬਿਰਾਜੇ ਤੇ ਡਿੱਗ-ਚੁੱਕੇ ਸਾਈਕਲ `ਚ ਤੂੰਬੀ ਸਮੇਤ ਉਲਝਿਆ ਰਛਪਾਲ ਬਾਹਰ ਨਿਕਲਣ ਲਈ ਹੱਥ-ਪੈਰ ਮਾਰਨ ਲੱਗਾ। ਪਰੇਸ਼ਾਨ ਬਲਵੰਤ ਸਟੇਸ਼ਨ `ਤੇ ਖਲੋਤੇ ਉਸ ਮੁਸਾਫ਼ਰ ਵਾਂਗ ਬੇਵੱਸ ਹੋਇਆ ਝਾਕ ਰਿਹਾ ਸੀ ਜਿਸ ਦਾ ਖੀਸਾ ਕੱਟ ਕੇ ਕੋਈ ਜੇਬਕਤਰਾ ਭੀੜ ਵਿੱਚ ਗੁੰਮ ਹੋ ਗਿਆ ਹੋਵੇ। ਏਸ ਟਿੱਬੇ ਤੋਂ ਡੇਢ ਕੁ ਮੀਲ ਦੇ ਫ਼ਾਸਲੇ `ਤੇ ਸਾਨੂੰ ਉਡੀਕ ਰਹੇ ਪਿੰਡ ਤਾਂ ਪੈਦਲ ਵੀ ਪਹੁੰਚਿਆ ਜਾ ਸਕਦਾ ਸੀ, ਪ੍ਰੰਤੂ ਦੋ ਫਾੜੀਆਂ ਹੋ ਗਏ ਸਾਈਕਲ ਨੂੰ ਟਿੱਬੇ ਉੱਤੇ ਦੀ ਕਿਵੇਂ ਲੰਘਾਇਆ ਜਾਵੇ?

ਅਖ਼ੀਰ ਬਲਵੰਤ ਨੇ ਸਾਈਕਲ ਨਾਲ਼ੋਂ ਵੱਖ ਹੋ ਗਏ ਚੱਕੇ-ਚਿਮਟੇ ਨੂੰ ਚੁੱਕਿਆ ਅਤੇ ਬਾਕੀ ਦੇ ਡਿੱਗੇ ਪਏ ਸਾਈਕਲ ਕੋਲ਼ ਲਿਜਾ ਕੇ, ਚਿਮਟੇ ਨੂੰ ਉਸ ਦੇ ਧੜ ਨਾਲ ਜੋੜ ਦਿੱਤਾ। ਫਿਰ ਉਸ ਨੇ ਝੋਲ਼ੇ `ਚੋਂ ਪਰਨਾ ਕੱਢਿਆ ਤੇ ਸਾਈਕਲ ਦੇ ਧੜ ਤੇ ਚਿਮਟੇ ਨੂੰ ਆਪਸ ਵਿੱਚ ਪਰਨੇ ਨਾਲ਼ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪਰਨੇ ਨਾਲ਼ ਬੰਨ੍ਹੇ ਚਿਮਟੇ ਵਾਲ਼ੇ ਸਾਈਕਲ ਨੂੰ ਖੜ੍ਹਾ ਕਰ ਕੇ ਜਿਓਂ ਹੀ ਰੋੜ੍ਹਿਆ ਗਿਆ, ਸਾਈਕਲ ਕੱਟੀਆਂ ਲੱਤਾਂ ਵਾਲ਼ੇ ਕੱਟਰੂ ਵਾਂਗ ਧੜੰਮ ਕਰ ਕੇ ਫੇਰ ਹੇਠਾਂ ਨੂੰ ਲੁੜਕ ਗਿਆ। ਅਸੀਂ ਇੱਕ-ਦੂਜੇ ਦੇ ਡੌਰ-ਭੌਰ ਹੋਏ ਚਿਹਰਿਆਂ ਵੱਲ ਝਾਕੇ।

-ਇਹਨੂੰ ਤਾਂ ਹੁਣ ਸਿਰਾਂ `ਤੇ ਉਠਾਅ ਕੇ ਈ ਲਿਜਾਣਾ ਪਊ! ਬਲਵੰਤ ਬੋਲਿਆ।

ਅਗਲੇ ਪਲਾਂ `ਚ ਉੱਖੜ ਕੇ ਪਾਸੇ ਹੋਇਆ ਚਿਮਟਾ ਰਛਪਾਲ ਦੇ ਸਿਰ `ਤੇ ਸਵਾਰ ਹੋ ਗਿਆ। ਬਾਕੀ ਦੇ ਸਾਈਕਲ ਦੇ ਹੈਂਡਲ ਨੂੰ ਸਾਈਕਲ ਦੇ ਇੱਕ ਪਾਸਿਓਂ ਬਲਵੰਤ ਨੇ ਤੇ ਦੂਸਰੇ ਪਾਸਿਓਂ ਮੈਂ ਇਸ ਤਰ੍ਹਾਂ ਉਠਾਲ਼ ਲਿਆ ਜਿਵੇਂ ਗੱਡੇ ਦੇ ਜੂਲ਼ੇ ਦੇ ਦੋਹੀਂ ਪਾਸੀਂ ਦੋ ਬੌਲ਼ਦ ਜੁੜੇ ਹੋਏ ਹੁੰਦੇ ਨੇ। ਜਿਓਂ ਹੀ ਅਸੀਂ ਸਾਈਕਲ ਸਮੇਤ ਟਿੱਬੇ ਵੱਲ ਜਾਂਦੀ ਰੇਤਲੀ ਚੜ੍ਹਾਈ ਚੜ੍ਹਨ ਲੱਗੇ, ਸਾਈਕਲ ਦਾ ਪਿੱਛਲਾ ਪਾਸਾ ਕਦੇ ਸੱਜੇ ਨੂੰ ਝੋਲਾ ਖਾ ਜਾਵੇ ਤੇ ਕਦੇ ਖੱਬੇ ਨੂੰ। ਪੰਜਾਹ ਸੱਠ ਕਦਮਾਂ ਤੁਰਨ ਤੋਂ ਬਾਅਦ ਅਸੀਂ ਦੇਖਿਆ ਕਿ ਸਾਡੇ ਮੱਥੇ ਅਤੇ ਕੱਛਾਂ ਪਸੀਨੇ ਨਾਲ਼ ਤਰ ਹੋ ਗਏ ਸਨ ਤੇ ਜੁੱਤੀਆਂ ਵਿੱਚ ਰੇਤਾ ਭਰ ਗਿਆ ਸੀ।

-ਦਮ ਲੈ ਲੀਏ, ਮੈਂ ਹਫ਼ੀ ਹੋਈ ਆਵਾਜ਼ ਵਿੱਚ ਬੋਲਿਆ।

ਅਗਲੇ ਪਲ ਸਾਈਕਲ ਰੇਤੇ `ਤੇ ਲਿਟਿਆ ਪਿਆ ਸੀ ਅਤੇ ਮੈਂ ਤੇ ਬਲਵੰਤ, ਲੱਤਾਂ ਨਿਸਾਲ਼ੀ, ਤੇ ਧੜ ਨੂੰ ਪਿਛਲੇ ਪਾਸੇ ਵੱਲ ਨੂੰ ਝੁਕਾ ਕੇ ਹੱਥਾਂ ਦੀਆਂ ਤਲ਼ੀਆਂ ਨੂੰ ਰੇਤੇ `ਚ ਖੋਭੀ, ਲੰਮੇ ਲੰਮੇ ਸਾਹ ਲੈਂਦੇ, ਸਾਈਕਲ ਉਦਾਲ਼ੇ ਬੈਠੇ ਹੋਏ ਸਾਂ। ਮੈਂ ਟਿੱਬੇ ਵੱਲ ਝਾਕਿਆ; ਟਿੱਬੇ ਦਾ ਸਿਖ਼ਰ ਕਈ ਕੋਹ ਦੂਰ ਖਲੋਤਾ ਜਾਪਿਆ। ਪਲਾਂ `ਚ ਭੱਠੀ ਵਾਂਗ ਭਖ਼ਦਾ ਰੇਤਾ ਸਾਡੇ ਹੱਥਾਂ ਪੈਰਾਂ ਤੇ ਲੱਤਾਂ ਨੂੰ ਸਾੜਨ ਲੱਗਾ। ਮਗਰ ਸਾਡੇ ਅੰਦਰ ਉੱਠ ਖਲੋਣ ਦੀ ਹਿੰਮਤ ਬਾਕੀ ਨਹੀਂ ਸੀ ਰਹੀ।

ਪੰਜ ਕੁ ਮਿੰਟ ਦੇ ਸਾਹ-ਦੁਆਵੇ ਤੋਂ ਬਾਅਦ, ਸਾਈਕਲ ਦਾ ਹੈਂਡਲ ਦੋਬਾਰਾ ਸਾਡੇ ਮੋਢਿਆਂ ਉੱਤੇ ਸੀ। ਅਗਲੇ ਪੰਜਾਹ-ਸੱਠ ਕਦਮ ਚੱਲਣ ਤੋਂ ਬਾਅਦ ਮੇਰਾ ਜੀਅ ਕੀਤਾ ਕਿ ਦਮ ਲੈ ਲਿਆ ਜਾਵੇ।

-ਚੜ੍ਹ ਜਾ ਸਿਖ਼ਰ ਤੱਕ ਹਿੰਮਤ ਕਰ ਕੇ, ਬਲਵੰਤ ਨੇ ਹੱਲਾ-ਸ਼ੇਰੀ ਦਿੱਤੀ। –ਉੱਤੇ ਜਾ ਕੇ ਦਮ ਲਵਾਂਗੇ।

ਰਛਪਾਲ, ਟੁੱਟੇ ਹੋਏ ਚਿਮਟੇ ਨੂੰ ਸਿਰ `ਤੇ ਚੁੱਕੀ ਸਾਡੇ ਸਾਹਮਣੇ ਢੀਚਕਾਂ ਮਾਰਦਾ ਤੁਰਿਆ ਜਾ ਰਿਹਾ ਸੀ। ਉਹਦੇ ਮੋਢੇ `ਤੇ ਲਟਕਦੀ ਤੂੰਬੀ ਢਿਲ਼ਕ ਕੇ ਹੇਠ ਨੂੰ ਖਿਸਕ ਜਾਂਦੀ ਤੇ ਉਹ ਸੱਜੇ ਹੱਥ ਨੂੰ ਚਿਮਟੇ-ਚੱਕੇ ਨਾਲ਼ੋਂ ਤੋੜ ਕੇ ਤੂੰਬੀ ਨੂੰ ਮੋਢੇ `ਤੇ ਸੂਤ-ਥਾਂ ਕਰਦਾ ਤਾਂ ਚਿਮਟਾੋ ਚੱਕਾ ਹਲੋਰਾ ਖਾ ਜਾਂਦਾ। ਚਿਮਟੇ ਦੇ ਭਾਰ, ਅਤੇ ਉਸ ਦੇ ਖੱਬੇ-ਸੱਜੇ ਝੋਅਲਾ ਖਾ ਜਾਣ ਕਾਰਨ, ਰਛਪਾਲ ਦੀ ਪਗੜੀ ਖੱਬੇ-ਸੱਜੇ ਦੋਹੀਂ ਪਾਸੀਂ ਹੇਠਾਂ ਨੂੰ ਖਿਸਕ ਚੁੱਕੀ ਸੀ। ਮੇਰੇ ਅਤੇ ਬਲਵੰਤ ਦੇ ਬੁੱਲ੍ਹ ਪਿਆਸ ਨਾਲ਼ ਤੰਦੂਰ ਦੀ ਰੋਟੀ ਵਾਂਗ ਖੁਸ਼ਕ ਹੋ ਚੁੱਕੇ ਸਨ। ਹਫ਼ਦੇ-ਹਫ਼ਾਉਂਦੇ ਤੇ ਡਿੱਗਣ ਤੋਂ ਬਚਦੇ ਆਖ਼ਿਰ ਅਸੀਂ ਟਿੱਬੇ ਦੇ ਸਿਖ਼ਰ `ਤੇ ਅੱਪੜ ਗਏ। ਮੋਢਿਆਂ `ਤੇ ਟਿਕਿਆ ਹੈਂਡਲ ਛਪਾਲ਼ ਦੇਣੇ ਰੇਤੇ `ਤੇ ਢੇਰੀ ਹੋ ਗਿਆ ਅਤੇ ਅਸੀਂ ਦੋਨੋਂ ਜਾਣੇ ਜੜੋਂ-ਵੱਢੇ-ਕੇਲੇ ਦੇ ਦਰਖ਼ਤ ਵਾਂਗੂੰ ਰੇਤੇ `ਤੇ ਲਿਟ ਗਏ। ਨਾਲ ਹੀ ਖਲੋਤਾ ਰਛਪਾਲ ਸਾਡੀ ਘਰਕਣੀ ਸੁਣ ਕੇ ਡਰ ਗਿਆ। ਉਹਨੇ ਵੀ ਆਪਣੇ ਸਿਰ `ਤੇ ਟਿਕਿਆ ਚੱਕਾ-ਚਿਮਟਾ ਫੜਾਕ ਕਰਕੇ ਰੇਤੇ `ਤੇ ਵਗਾਹ ਮਾਰਿਆ। ਜਿਧਰੋਂ ਅਸੀਂ ਘਰਕਦੇ ਹੋਏ ਆਏ ਸਾਂ, ਉਧਰ ਨਜ਼ਰ ਮਾਰਦਿਆਂ ਉਹ ਇੱਕ-ਦਮ ਚੌਂਕ ਉੱਠਿਆ: ਮੱਲੋ, ਟਰੈਕਟਰ ਆਉਂਦੈ ਐਧਰ ਨੂੰ।

ਰਛਪਾਲ ਦਾ ਚੌਂਕਣਾ ਸੁਣ ਕੇ ਅਸੀਂ ਇੱਕ ਦਮ ਉੱਠ ਕੇ ਬੈਠ ਗਏ, ਤੇ ਟਿੱਬੇ ਉੱਪਰ ਨੂੰ ਚੜ੍ਹ ਰਹੇ ਟਰੈਕਟਰ ਵੱਲ ਦੇਖਣ ਲੱਗੇ। ਨੀਵੇਂ ਗੀਅਰ `ਚ ਰੇਤੇ ਨੂੰ ਦਰੜਦੇ ਆ ਰਹੇ, ਡੁੱਗ-ਡੁੱਗ-ਡੁੱਗ-ਡੁੱਗ ਕਰ ਰਹੇ ਟਰੈਕਟਰ ਦੇ ਡਰਾਇਵਰ ਨੇ ਸਾਡੇ ਨਜ਼ਦੀਕ ਪਹੁੰਚ ਕੇ ਜਿਓਂ ਹੀ ਸਾਨੂੰ ਤੇ ਦੋ-ਫਾੜ ਹੋਏ ਸਾਈਕਲ ਨੂੰ ਦੇਖਿਆ, ਉਸ ਨੇ ਗੀਅਰ ਨੂੰ ਨਿਊਨਟਰਲ `ਚ ਬਦਲ ਦਿੱਤਾ। -ਕਿੱਥੇ ਜਾਣੈ ਮੱਲੋ? ਉਹ ਸਾਡੇ ਵੱਲ ਨੂੰ ਨਿੰਵ ਕੇ ਬੋਲਿਆ। ਸੱਤਹੀਣ ਹੋਇਆ ਬਲਵੰਤ ਹਿੰਮਤ ਕਰਕੇ ਉੱਠਿਆ ਤੇ ਡਰਾਇਵਰ ਵੱਲ ਨੂੰ ਵਧਿਆ: ਛੀਨੀਆਲ਼ ਜਾਣੈ ਅਸੀਂ!

-ਕੀ ਹੋ ਗਿਆ ਸ਼ੈਂਕਲ਼ ਨੂੰ?

-ਚਿਮਟਾ ਟੁੱਟ ਗਿਆ, ਬਲਵੰਤ ਬੋਲਿਆ।

-ਲੱਦੋ ਸਾਇਕਲ ਨੂੰ ਟਰਾਲੀ `ਚ ਹਿੰਮਤ ਕਰਕੇ!

ਇਹ ਆਖ ਕੇ ਉਹ ਟਰੈਕਟਰ ਤੋਂ ਉੱਤਰਿਆ ਤੇ ਮਰੀ ਪਈ ‘ਲੋਹੇ ਦੀ ਬੱਕੀ’ ਨੂੰ ਇਕੱਠੀ ਕਰਨ ਲੱਗਾ। –ਚੁੱਕੋ ਮੁੰਡਿਓ ਏਹਨੂੰ ਪਿਛਲੇ ਪਾਸਿਓਂ! ਉਹ ਮੈਨੂੰ ਤੇ ਬਲਵੰਤ ਨੂੰ ਹੌਸਲਾ ਦੇਣ ਲਈ ਬੋਲਿਆ।

ਏਨੇ ਨੂੰ ਰਛਪਾਲ ਆਪਣੇ ਹਿੱਸੇ ਦੇ ਸਾਈਕਲ ਨੂੰ ਟਰਾਲੀ ਦੇ ਪਿਛਲੇ ਪਾਸੇ ਵੱਲ ਨੂੰ ਧੂਹ ਲਿਆਇਆ। ਡਰਾਇਵਰ ਨੇ ਚਿਮਟਾ-ਚੱਕਾ ਵੀ ਟਰਾਲੀ `ਚ ਸੁੱਟ ਲਿਆ। –ਮੁੰਡਿਓ, ਚੜ੍ਹ ਜੋ ਟਰਾਲੀ `ਚ! ਸਾਡੇ ਵੱਲੀਂ ਦੇਖ ਕੇ ਉਹ ਬੋਲਿਆ।

ਟਰਾਲੀ ਤੇ ਟਰੈਕਟਰ ਦੇ ਵਿਚਕਾਰ, ਟਰਾਲੀ ਦੀ ਹੁੱਕ `ਤੇ ਪੈਰ ਧਰ ਕੇ ਅਸੀਂ ਟਰਾਲੀ `ਚ ਛਾਲ਼ਾਂ ਮਾਰ ਦਿੱਤੀਆਂ। ਡੁੱਗ-ਡੁੱਗ ਕਰਦਾ ਟਰੈਕਟਰ ਰੇਤਾ ਉਡਾਉਂਦਾ ਹੋਇਆ ਛੀਨੀਵਾਲ਼ ਵੱਲ ਉੱਤਰਾਈ ਉੱਤਰਨ ਲੱਗਾ।

ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ ਚੁੱਲ੍ਹੇ ‘ਤੇ ਰਿਝਦਾ ਚਾਹ ਦਾ ਪਤੀਲਾ, ਸਾਡੇ ਛੇ ਭੈਣ-ਭਰਾਵਾਂ ਦੇ ਭਰਵੇਂ ਪਰਵਾਰ ਤੇ ਦੋ-ਤਿੰਨ ਮਹਿਮਾਨਾਂ ਨੂੰ ਆਵਾਜ਼ਾਂ ਮਾਰਨ ਲਗਦਾ। ਅਸੀਂ ਸਾਰੇ, ਸਾਡੇ ਦੰਦਾਂ ‘ਤੇ ਘਸਦੀਆਂ ਦਾਤਣਾਂ ਨੂੰ ਅਲਵਿਦਾ ਆਖਦੇ, ਤੇ ਪਿੱਤਲ਼ ਦੇ ਗਲਾਸਾਂ ‘ਚੋਂ ਭਾਫ਼ਾਂ ਮਾਰਦੀ ਚਾਹ ਦੀਆਂ ਚੁਸਕੀਆਂ ‘ਚ ਗਵਾਚ ਜਾਂਦੇ। ਲੌਂਗ-ਲਾਚੀਆਂ ਨਾਲ਼ ਇੱਕ-ਮਿੱਕ ਹੋਈ ਚਾਹ, ਸਰੀਰ ਵਿੱਚ ਦਾਖ਼ਲ ਹੋਣ ਸਾਰ ਹੀ, ਪੇਟ ‘ਚ ਉਬਾਲ਼ਾ ਘੋਲ਼ਣ ਲਗਦੀ। ਉਨ੍ਹਾਂ ਦਿਨਾਂ ‘ਚ, ਪਿੰਡਾਂ ਵਿੱਚ, ਪਖ਼ਾਨੇ ਦੀ ਹਾਜਤ ਲਈ ਘਰਾਂ ਅੰਦਰ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ; ਇਸ ਲਈ ਬਾਪੂ ਤੇ ਉਸ ਦੇ ਸਾਥੀਆਂ ਸਮੇਤ, ਅਸੀਂ ਤਿੰਨੇ ਭਰਾ ਢਾਣੀ ਬਣਾ ਕੇ ਖੇਤਾਂ ਵੱਲ ਨੂੰ ਹੋ ਤੁਰਦੇ।

ਘਰ ਦੇ ਦਹੀਂ-ਮੱਖਣ ਤੇ ਲੱਸੀ-ਪਰਾਉਠਿਆਂ ਦੇ ਦੌਰ ਤੋਂ ਬਾਅਦ, ਕਵੀਸ਼ਰੀ ਦਾ ਰਿਆਜ਼ ਕਰਨ ਲਈ, ਬਾਪੂ ਦੇ ਸਾਥੀ ਦਲਾਨ ‘ਚ ਡੱਠੇ ਮੰਜਿਆਂ ਉੱਤੇ ਆਪਣੇ ਮੋਰਚੇ ਸੰਭਾਲ਼ ਲੈਂਦੇ। ਰਣਜੀਤ ਆਪਣੀ ਕੜਕਵੀਂ ਆਵਾਜ਼ ਵਿੱਚ ਕਿਸੇ ਪਰਸੰਗ ਦਾ ਪਹਿਲਾ ਛੰਦ ਸ਼ੁਰੂ ਕਰਦਾ। ਉਸ ਦੇ ਹਿੱਸੇ ਦੀਆਂ ਸਤਰਾਂ ਮੁਕਦਿਆਂ ਹੀ ਬਾਪੂ ਪਾਰਸ ਤੇ ਚੰਦ ਜੰਡੀ ਆਪਣੀਆਂ ਆਵਾਜ਼ਾਂ ਨੂੰ ਇੱਕ-ਮਿੱਕ ਕਰ ਕੇ ਆਪਣੀਆਂ ਸਤਰਾਂ ਦਾ ਗਾਇਨ ਕਰਦੇ। ਵਿੱਚ-ਵਿੱਚ ਬਾਪੂ ਗਾਇਨ ਕਾਰਜ ਨੂੰ ਰੋਕ ਦੇਂਦਾ, ਅਤੇ ਗਾਇਨ ਦੇ ਉਤਰਾਅ-ਚੜਾ੍ਹਅ ਤੇ ਸ਼ਬਦਾਂ ਦੇ ਸਹੀ ਉਚਾਰਣ ਦੀ ਸਿੱਖਿਆ ਦੇਂਦਾ।

ਸਾਡੇ ਪਿੰਡ ਤੋਂ ਚਾਰ ਕੁ ਮੀਲ ਦੀ ਦੂਰੀ ‘ਤੇ ਪਿੰਡ ਚੜਿੱਕ ਹੈ ਜਿੱਥੇ ਮਧਰੇ ਕੱਦ ਤੇ ਪੈਨਸਲੀ-ਸਰੀਰ ਵਾਲ਼ਾ ਇੱਕ ਸਰੰਗੀ-ਵਾਦਕ, ਫੁੱਮਣ ਸਿੰਘ, ਰਹਿੰਦਾ ਸੀ। ਅੰਦਰ ਵੱਲ ਨੂੰ ਧੱਸੀਆਂ ਹੋਈਆਂ ਉਸ ਦੀਆਂ ਜਾਭਾਂ ਉਦਾਲ਼ੇ ਤੇ ਤਿੱਖੇ ਨੱਕ ਹੇਠ ਉੱਗੇ ਗਿਣਤੀ ਕੁ ਦੇ ਚਿੱਟੇ ਵਾਲ਼ਾਂ ਉੱਪਰ ਉਹ ਵਾਰ-ਵਾਰ ਹੱਥ ਫੇਰਦਾ, ਜਿਵੇਂ ਉਹ ਵਾਲ਼ਾਂ ਦੇ ਉਥੇ ਹੋਣ ਦੀ ਤਸੱਲੀ ਕਰ ਰਿਹਾ ਹੋਵੇ। ਉਹ ਬਾਪੂ ਦੀ ਕਵੀਸ਼ਰੀ ਦਾ ਦੀਵਾਨਾ ਸੀ। ਸਾਈਕਲ ਦਾ ਉਹ, ਜਿੰ਼ਦਗੀ ਭਰ, ਹੈਰਤ ਭਰੀ ਦੂਰੀ ਤੋਂ, ਸਿਰਫ਼ ਮੁਹਾਂਦਰਾ ਹੀ ਦੇਖਦਾ ਰਿਹਾ; ਨਾ ਸਾਈਕਲ ਉਹ ਆਪ ਚਲਾਉਂਦਾ ਸੀ ਤੇ ਨਾ ਹੀ ਕਿਸੇ ਦੇ ਨਾਲ਼ ਸਾਈਕਲ ‘ਤੇ ਬੈਠ ਕੇ ਉਹ ਸਵਾਰੀ ਹੀ ਕਰਦਾ ਸੀ। ਦਸਵੇਂ-ਪੰਦਰਵੇਂ ਰੋਜ਼ ਜਦੋਂ ਉਸ ਅੰਦਰ ਬਾਪੂ ਪਾਰਸ ਨੂੰ ਮਿਲਣ ਦੀ ਤਾਂਘ ਅਸਹਿ ਹੋ ਉੱਠਦੀ, ਉਹ ਕੁੜਤੇ-ਚਾਦਰੇ ਵਾਲ਼ਾ ਚਿੱਟਾ ਲਿਬਾਸ ਤੇ ਟੌਅਰੇ ਵਾਲ਼ੀ ਚਿੱਟੀ ਦਸਤਾਰ ਪਹਿਨਦਾ, ਮੋਟੇ ਕੱਪੜੇ ਦੇ ਗਿਲਾਫ਼ ‘ਚ ਲਪੇਟੀ, ਬਾਲੜੀ ਜਿਹੀ ਸਰੰਗੀ ਨੂੰ ਮੋਢੇ ਲਟਕਾਉਂਦਾ, ਤੇ ਚਾਰ-ਪੰਜ ਮੀਲ ਦਾ ਪੈਂਡਾ ਪੈਦਲ ਹੀ ਤੈਅ ਕਰ ਕੇ ਸਾਡੇ ਘਰ ਦਾ ਬੂਹਾ ਆ ਠੰਗੋਰਦਾ। ਆਪਣੇ ਹੱਥ ‘ਚ ਫੜੀ ਗਿੱਠ ਕੁ ਉੱਚੀ ਹੁੱਕੀ ਨੂੰ ਮੰਜੇ ਦੇ ਪਾਵੇ ਕੋਲ਼ ਖਲਿਆਰ ਕੇ, ਉਹ ਮੰਜੇ ‘ਤੇ ਬਿਰਾਜਮਾਨ ਹੋ ਜਾਂਦਾ।

ਸ਼ਾਮ ਨੂੰ ਅਸੀਂ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਫੁੱਮਣ ਸਿਓਂ ਦੇ ਸਾਹਮਣੇ ਇੱਕ ਸਟੂਲ ‘ਤੇ ਟਿਕਾਅ ਦੇਂਦੇ। ਸ਼ਰਾਬ ਉਲੱਦ ਕੇ, ਉਹ ਕੱਚ ਦੇ ਗਲਾਸ ਨੂੰ ਕੁਝ ਪਲਾਂ ਲਈ ਨੀਝ ਨਾਲ਼ ਦੇਖਦਾ, ਉਸ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਖਿੜਦੀ, ਤੇ ਬਿਨਾ ਪਾਣੀ ਪਾਇਆਂ ਉਹ ਮੋਟਾ ਹਾੜਾ ਗੱਟ-ਗੱਟ ਕਰ ਕੇ ਨਿਘਾਰ ਜਾਂਦਾ। ਪਿਆਜ਼ ਦੀਆਂ ਫਾੜੀਆਂ ਚਬਦਾ-ਚਬਦਾ ਉਹ ਸਿਰ ਵੀ ਘੁਮਾਈ ਜਾਂਦਾ। ਨਸ਼ੇ ਦੀ ਛੱਲ ਜਿਓਂ ਹੀ ਉਸ ਦੇ ਲਹੂ ‘ਚ ਹੁੱਝ ਮਾਰਦੀ, ਉਹ, ਆਪਣੀ ਹੁੱਕੀ ਦੇ ਹੇਠਲੇ ਹਿੱਸੇ ਨਾਲ਼ ਜੁੜੀ, ਪਿੱਤਲ਼ ਦੀ ਨਿੱਕੀ ਜਿਹੀ ਅੰਡ-ਆਕਾਰ ਗੜਵੀ ਨੂੰ ਪਲੋਸਣ ਲਗਦਾ। ਉਸ ਦਾ ਇਸ਼ਾਰਾ ਸਮਝਣ ਸਾਰ, ਸਾਡੇ ‘ਚੋਂ ਇੱਕ ਜਣਾ, ਝਟਾ-ਪੱਟ ਚਿਮਟੇ ਦੀ ਚੁੰਝ ‘ਚ ਇੱਕ ਅੰਗਿਆਰ ਫਸਾ ਕੇ, ਫੁੱਮਣ ਦੀ ਚਿਲਮ ਵਿੱਚ ਟਿਕਾਅ ਦੇਂਦਾ। ਅੰਡ-ਆਕਾਰ ਗੜਵੀ ਵਿੱਚੋਂ ਸੱਪ ਦੀ ਧੌਣ ਵਾਂਗ ਫੁਟਦੀ ਇੱਕ ਪਤਲੀ ਜਿਹੀ ਨੜੀ ‘ਤੇ ਫੁੱਮਣ ਦੇ ਕਾਲ਼ੇ ਬੁੱਲ੍ਹ ਟਿਕਦਿਆਂ ਹੀ ਹੁੱਕੀ ਗੁੜ-ਗੁੜਾਉਂਦੀ, ਤੇ ਫੁੱਮਣ ਦੀਆਂ ਅੱਖਾਂ ਅਰਧ-ਮੁੰਦਣ ਦੀ ਮੁਦਰਾ ਅਖ਼ਤਿਆਰ ਕਰ ਲੈਂਦੀਆਂ। ਅਗਲਾ ਹਾੜਾ ਮੁਕਾਉਣ ਸਾਰ ਹੀ, ਫੁੱਮਣ ਦੀਆਂ ਉਂਗਲ਼ਾਂ, ਸਰੰਗੀ ਦੇ ਗਿਲਾਫ਼ ਦੇ ਉੱਪਰਲੇ ਪਾਸੇ ਗੰਢ ਮਾਰੀ ਬੈਠੇ ਨੇਫੇ ਨੂੰ ਟਟੋਲਣ ਲਗਦੀਆਂ। ਘਸਮੈਲ਼ੇ ਗਿਲਾਫ਼ ਵਿੱਚੋਂ ਸਰੰਗੀ ਅਹਿਸਤਾ-ਅਹਿਸਤਾ ਫੁਟਦੀ। ਵਿਰਲੀਆਂ ਦਾਹੜੀ-ਮੁੱਛਾਂ ਵਾਲ਼ੇ, ਫੁੱਮਣ ਦੇ ਚਿਹਰੇ ‘ਤੇ ਲਾਲੀ ਖਿੰਡਰਨ ਲਗਦੀ। ਉਹ ਸਰੰਗੀ ਨੂੰ ਮੱਥੇ ਨਾਲ਼ ਛੁਹਾਉਂਦਾ, ਤੇ ਸੁਨੱਖੇ ਸਾਜ਼ ਦੇ ਸਿਰ ‘ਚ, ਖੱਬੇ-ਸੱਜੇ ਖੁੱਭੀਆਂ, ਕੀਲੀਆਂ ਨਾਲੋਂ ਗਜ਼ ਨੂੰ ਵੱਖਰਾ ਕਰਦਾ; ਜਿਵੇਂ ਕੋਈ ਮਾਂ, ਘੂਕ ਸੁੱਤੇ ਆਪਣੇ ਤੋਤਲੇ ਬਾਲ ਨੂੰ ਆਪਣੀ ਛਾਤੀ ਨਾਲੋਂ ਨਿਖੇੜਦੀ ਹੋਵੇ । ਗਿਲਾਫ਼ ਦੀ ਇੱਕ ਨਿੱਕੀ ਜਹੀ ਜੇਬ ਵਿੱਚੋਂ ਬਰੋਜ਼ੇ ਦੀ ਡਲ਼ੀ ਫੁੱਮਣ ਦੀਆਂ ਪਤਲੀਆਂ ਉਂਗਲ਼ਾਂ ‘ਚ ਜਾ ਬੈਠਦੀ। ਗਜ਼ ਦੇ ਵਾਲ਼ ਬਰੋਜ਼ੇ ਉੱਪਰ ਮਲਕੜੇ-ਮਲਕੜੇ ਘਿਸਦੇ। ਬਾਲੜੇ ਅਕਾਰ ਦੀ ਸਰੰਗੀ ਫ਼ਿਰ ਉਸ ਦੀ ਗੋਦ ਵਿੱਚ ਲੇਟ ਜਾਂਦੀ। ਉਹ ਚਮੜੇ ਦੀਆਂ ਤਾਰਾਂ ਨੂੰ ਵਾਰੋ ਵਾਰੀ ਸੱਜੇ ਹੱਥ ਦੀ ਮੁਢਲੀ ਉਂਗਲ਼ ਨਾਲ਼ ਤੁਣਕਦਾ: ਤੁੰਮ… ਤੁੰਮ… ਤੁੰਮ…, ਤੇ ਚੇਹਰਾ ਹੇਠਾਂ ਵੱਲ ਨੂੰ ਨਿਵਾ ਕੇ ਆਪਣਾ ਖੱਬਾ ਕੰਨ ਸਾਰੰਗੀ ਨਾਲ ਜੋੜ ਦੇਂਦਾ। ਹੁਣ ਉਹ ਕਿੱਲੀਆਂ ਨੂੰ ਵਾਰ-ਵਾਰ ਕਸਦਾ-ਢਿਲ਼ਕਾਉਂਦਾ। ਜਦੋਂ ਦੋਹਾਂ ਤਾਰਾਂ ਦੀ ‘ਤੁੰਮ-ਤੁੰਮ’ ਇੱਕ-ਦੂਜੀ ਨਾਲ਼ ਇੱਕ-ਜਾਨ ਹੋਣ ਲੱਗ ਜਾਂਦੀ ਤਾਂ ਫੁੱਮਣ ਦੇ ਜੁੜੇ ਹੋਏ ਬੁੱਲ੍ਹ ‘ਤੁੰਮ-ਤੁੰਮ’ ਦੇ ਨਾਲ਼-ਨਾਲ਼ ਹੀ, ਉੱਪਰ-ਨੀਚੇ ਇੰਝ ਹੋਣ ਲਗਦੇ ਜਿਵੇਂ ਜੁੜੇ ਹੋਏ ਬੁੱਲ੍ਹਾਂ ਦੇ ਪਿੱਛੇ, ਮੂਹਰਲੇ ਦੰਦਾਂ ਨਾਲ਼, ਉਹ ਦਾਖਾਂ ਚਿੱਥ ਰਿਹਾ ਹੋਵੇ। ਇਸ ਤੋਂ ਬਾਅਦ ਸਰੰਗੀ ਉਸ ਦੇ ਖੱਬੇ ਪੱਟ ‘ਤੇ ਖਲੋਅ ਜਾਂਦੀ, ਤੇ ਉਸ ਦੇ ਸੱਜੇ ਹੱਥ ‘ਚ ਪਕੜਿਆ ਗਜ਼ ਸਰੰਗੀ ਦੀਆਂ ਚਮੜਈ ਤਾਰਾਂ ਨਾਲ਼ ਕਲੋਲ ਕਰਨ ਲਗਦਾ। ਸਰੰਗੀ ਦੀ ਚੀਂ-ਚੀਂ ਸਾਡੀਆਂ ਕੰਧਾਂ ਟੱਪ ਕੇ ਆਂਢ-ਗੁਆਂਢ ਨੂੰ ਦੱਸਣ ਲਗਦੀ ਪਈ ਫੁੱਮਣ ਸਿਓਂ ਪਹੁੰਚ ਗਿਆ ਹੈ। ਪਲਾਂ-ਛਿਣਾਂ ‘ਚ ਹੀ ਅੱਧਾ ਵਿਹੜਾ ਸ੍ਰੋਤਿਆਂ ਨਾਲ਼ ਭਰ ਜਾਂਦਾ। ਫੁੱਮਣ ਅਰਧ-ਮੀਟੀਆਂ ਅੱਖਾਂ ਨਾਲ਼ ਝੂੰਮਦਾ; ਉਸ ਦੇ ਸੱਜੇ ਹੱਥ ‘ਚ ਪਕੜਿਆ ਗਜ਼, ਕਦੇ ਖੱਬੇ ਤੇ ਕਦੇ ਸੱਜੇ ਪਾਸੇ ਨੂੰ ਖਿੱਚਿਆ ਜਾਂਦਾ। ਖੱਬੀਆਂ ਉਂਗਲ਼ਾਂ ਚਮੜਈ ਤਾਰਾਂ ਨਾਲ਼ ਜਿਓਂ ਹੀ ਉੱਪਰੋਂ ਥੱਲੇ ਵੱਲ ਨੂੰ ਘਸੜ ਕੇ ਤਿੱਖੇ ਸੁਰ ਵਾਲ਼ੀ ਚੀਂ ਚੀਂ ਸਿਰਜਦੀਆਂ, ਫੁੱਮਣ ਦਾ ਸਿਰ ਗੇੜਾ ਖਾ ਕੇ ਖੱਬੇ ਪਾਸੇ ਨੂੰ ਢਿਲ਼ਕ ਜਾਂਦਾ ਤੇ ਉਸ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਖਿੱਚੇ ਜਾਂਦੇ। ਉਸ ਬਾਲੜੀ ਉਮਰ ਤੋਂ ਅੱਧੀ ਸਦੀ ਦੀ ਵਿੱਥ ‘ਤੇ ਬੈਠਾ ਮੈਂ ਅੱਜ ਵੀ ਫੁੱਮਣ ਦੀ ਸਰੰਗੀ ਨੂੰ ਆਪਣੀ ਦੇਹੀ ‘ਚ ਵੱਜ ਰਹੀ ਸੁਣਦਾ ਹਾਂ।

ਦੇਹੜਕੇ ਵਾਲ਼ੇ ਦੀਵਾਨ ਤੋਂ ਦੋ ਕੁ ਹਫ਼ਤੇ ਬਾਅਦ ਇੱਕ ਮੋਟਰ-ਸਾਈਕਲ ਸਵਾਰ ਸਾਡੇ ਘਰ ਆ ਪਧਾਰਿਆ। ਕਹਿਣ ਲੱਗਾ: ਮੈਂ ਮੋਗੇ ਨਾਨਕ ਨਗਰੀ ‘ਚ ਰਹਿੰਦਾ ਆਂ ਤੇ ਸਾਡੀ ਗੱਡੀਆਂ ਠੀਕ ਕਰਨ ਵਾਲ਼ੀ ਵਰਕਸ਼ਾਪ ਐ… ਮੈਂ ਤੁਹਾਨੂੰ ਦੇਹੜਕੇ ਪਿੰਡ ‘ਚ ਦੀਵਾਨ ‘ਤੇ ਕਵੀਸ਼ਰੀ ਕਰਦਿਆਂ ਨੂੰ ਸੁਣਿਆਂ ਸੀ… ਸੰਗਤ ‘ਚ ਬੜੀ ਮਹਿਮਾ ਹੋਈ ਥੋਡੀ ਕਵੀਸ਼ਰੀ ਦੀ… ਧੰਨ-ਧੰਨ ਹੋ ਉੱਠੀ… ਅਸੀਂ ਅਗਲੇ ਤੋਂ ਅਗਲੇ ਐਤਵਾਰ ਆਪਣੀ ਵਰਕਸ਼ਾਪ ‘ਚ ਅਖੰਡ ਪਾਠ ਦਾ ਭੋਗ ਪਾਉਣੈ… ਭੋਗ ਉੱਤੇ ਤੁਹਾਡੀ ਕਵੀਸ਼ਰੀ ਲਵਾਉਣੀ ਐ… ਕਿੰਨੇ ਪੈਸੇ ਲਵੋਗੇ?

ਦੀਵਾਨ ਉੱਤੇ ਲਾਈ ਕਵੀਸ਼ਰੀ ਦੀ ਤਾਰੀਫ਼ ਸੁਣ ਕੇ ਤਾਂ ਸਾਡੇ ਚਿਹਰਿਆਂ ‘ਤੇ ਖੇੜਾ ਉੱਭਰ ਆਇਆ, ਪਰ ‘ਕਿੰਨੇ ਪੈਸੇ’ ਵਾਲ਼ਾ ਸਵਾਲ ਸਾਡੇ ਸਿਰਾਂ ‘ਚ ਅਚਾਨਕ ਡਿਗੀ ਇੱਟ ਵਾਂਗ ਵੱਜਿਆ। ਕਿੰਨੇ ਪੈਸੇ ਕਹੀਏ ਇਸ ਭਾਈ ਨੂੰ? ਸਾਨੂੰ ਤਾਂ ਖ਼ਿਆਲ ਵੀ ਹੀ ਨਹੀਂ ਸੀ ਕਿ ਕਵੀਸ਼ਰੀ ਗਾਉਣ ਲਈ ਸਾਡੇ ਨਾਲ਼ ਕੋਈ ਪੈਸਿਆਂ ਦਾ ਲੈਣ-ਦੇਣ ਵੀ ਕਾਰਮੇਗਾ। ਏਧਰ-ਓਧਰ ਝਾਕਣ ਤੇ ਕਾਫ਼ੀ ਜਕੋ-ਤੱਕੀ ਤੋਂ ਬਾਅਦ ਬਲਵੰਤ ਬੋਲਿਆ: ਪੈਸਿਆਂ ਵਾਲ਼ੀ ਕੋਈ ਗੱਲ ਨਹੀਂ, ਬਾਈ ਜੀ; ਬੱਸ ਅਸੀਂ ਆ ਜਾਵਾਂਗੇ ਤੇ ਪੰਦਰਾਂ ਵੀਹ ਮਿੰਟ ਕਵੀਸ਼ਰੀ ਗਾ ਦੇਵਾਂਗੇ।

ਇਨ੍ਹਾਂ ਦਿਨਾਂ ‘ਚ ਹੀ ਪਾਰਸ ਬਾਪੂ ਦੀਆ ਪੁਰਾਣੀਆਂ ਕਾਪੀਆਂ ਫਰੋਲ਼ਦਿਆਂ ਬਲਵੰਤ ਨੇ ਖ਼ੁਸ਼ੀ ਦੇ ਸਮਾਗਮਾਂ ਵਿੱਚ ਗਾਉਣ ਵਾਲੇ ਚਾਰ ਪੰਜ ਛੰਦ ਸਾਡੇ ਕੰਠ ਕਰਾ ਦਿੱਤੇ।

ਭੋਗ ਵਾਲ਼ੇ ਦਿਨ ਬਲਵੰਤ ਨੇ ਰਛਪਾਲ ਨੂੰ ਮੂਹਰਲੇ ਡੰਡੇ ‘ਤੇ ਅਤੇ ਮੈਨੂੰ ਪਿਛਲੀ ਕਾਠੀ ਉੱਤੇ ਲੱਦ ਲਿਆ, ਤੇ ਦਿਨ ਚੜ੍ਹਦਿਆਂ ਹੀ ਮੋਗੇ ਨੂੰ ਚਾਲੇ ਪਾ ਦਿੱਤੇ। ਦੇਹੜਕਿਆਂ ਨੂੰ ਜਾਣ ਵੇਲ਼ੇ ਠੰਡ ਨਾਲ਼ ਨਿੱਕਲ਼ੀਆਂ ਰਛਪਾਲ ਦੀਆਂ ਚੀਕਾਂ ਦੇ ਇਤਿਹਾਸ ਦੇ ਨੂੰ ਦੁਹਰਾਏ ਜਾਣ ਤੋਂ ਟਾਲਣ ਲਈ, ਬੇਬੇ ਨੇ ਸਾਡੇ ਉਦਾਲ਼ੇ ਖੇਸੀਆਂ ਲਪੇਟ ਦਿੱਤੀਆਂ ਗਈਆਂ। ਮੂਹਰਲੇ ਡੰਡੇ ‘ਤੇ ਬੈਠੇ ਰਛਪਾਲ ਦੇ ਹੱਥਾਂ ਉਦਾਲ਼ੇ ਪਰਨਾ ਵਗਲ਼ ਦਿੱਤਾ ਗਿਆ। ਪੁਰਾਣੇ ਅਖ਼ਬਾਰਾਂ ਦੀ ਢੇਰੀ ‘ਚੋਂ ਇੱਕ ਅਖ਼ਬਾਰ ਚੁੱਕਿਆ; ਰਸੋਈ ‘ਚੋਂ ਤੀਲਾਂ ਵਾਲ਼ੀ ਡੱਬੀ ਲੱਭ ਕੇ ਅਖ਼ਬਾਰ ਵਿੱਚ ਲਪੇਟੀ ਤੇ ਝੋਲ਼ੇ ਵਿੱਚ ਟਿਕਾਅ ਦਿੱਤੀ। ਬਹੋਨੇ ਵਾਲ਼ੇ ਸੂਏ ਤੀਕ ਅੱਪੜਦਿਆਂ ਰਛਪਾਲ ਦਾ ਦੰਦਕੜਾ ਵੱਜਣ ਲੱਗਾ, ਪਰ ਉਸ ਦੀ ਚੀਕ ਨਿੱਕਲਣ ਤੋਂ ਪਹਿਲਾਂ ਹੀ ਬਲਵੰਤ ਨੇ ਝੋਲ਼ੇ ‘ਚੋਂ ਅਖ਼ਬਾਰ ਨੂੰ ਖਿੱਚਿਆ ਤੇ ਸੂਏ ਦੇ ਕਿਨਾਰੇ ਉੱਗੇ ਸੰਘਣੇ ਸਲਵਾੜਾਂ ਦੀਆਂ ਜੜਾਂ ‘ਚ ਥੁੰਨ ਦਿੱਤਾ। ਸਿੱਲ੍ਹੇ ਅਖ਼ਬਾਰ ਨੇ ਤੀਲੀ ਦੀ ਲਾਟ ਨੂੰ ਜਕਦਿਆਂ-ਜਕਦਿਆਂ ਮਨਜ਼ੂਰਿਆ ਤੇ ਪਲਾਂ ‘ਚ ਹੀ ਸਲਵਾੜ ਲੱਟ-ਲੱਟ ਬਲਣ ਲੱਗਾ। ਦਸ ਕੁ ਮਿੰਟ ਅੱਗ ਸੇਕਣ ਨਾਲ਼ ਸਾਡਿਆਂ ਸਰੀਰਾਂ ‘ਚ ਜੰਮੀ ਠਾਰੀ ਪੂਰੀਤਰ੍ਹਾਂ ਪਿਘਲ਼ ਗਈ।

ਜੀ ਟੀ ਰੋਡ ਦੇ ਐਨ ਕਿਨਾਰੇ ‘ਤੇ ਵਾਕਿਆ ਵਰਕਸ਼ਾਪ ਦੇ ਬਾਹਰ, ਕਨਾਤਾਂ ਲਾ ਕੇ ਬਣਾਇਆ ਖੁੱਲ੍ਹਾ ਪੰਡਾਲ ਸੰਗਤਾਂ ਨਾਲ਼ ਭਰਿਆ ਹੋਇਆ ਸੀ। ਸਾਡੇ, ਪੰਡਾਲ ਅੰਦਰ ਦਾਖ਼ਲ ਹੁੰਦਿਆਂ ਨੂੰ, ਰਾਗੀ ਸਿੰਘ ਕੀਰਤਨ ਦੀਆਂ ਫੁਹਾਰਾਂ ਛਿੜਕ ਰਹੇ ਸਨ। ਤਬਲੇ ਦੀ ਡੁੱਗ-ਡੁੱਗ ਮੇਰੇ ਕੰਨਾਂ ‘ਚੋਂ ਗੁਜ਼ਰ ਕੇ ਛਾਤੀ ‘ਚ ਧਸਣ ਲੱਗੀ। ਹਾਰਮੋਨੀਅਮ ਦੀ ਪੀਂ-ਪੀਂ ਸੁਣ ਕੇ ਮੈਨੂੰ ਸਾਡੇ ਪਿੰਡ ਆਉਂਦੇ ਉਸ ਜੋਗੀ ਦਾ ਖ਼ਿਆਲ ਆ ਗਿਆ ਜਿਹੜਾ ਤੱਕੜੀ ਦੇ ਮੁਹਾਂਦਰੇ ਵਾਲ਼ੀ ਇੱਕ ਵਿਸ਼ਾਲ ਵਹਿੰਗੀ ਉਠਾਈ ਬੀਨ ਵਜਾਉਂਦਾ ਘਰ-ਘਰ ਮੰਗਣ ਜਾਂਦਾ ਸੀ।

ਭੋਗ ਦੀ ਅਰਦਾਸ ਤੋਂ ਬਾਅਦ ਇੱਕ ਸਿੰਘ ਨੇ ਕਿਓੜੇ ਦੇ ਛਿੱਟੇ ਦੇਣੇ ਸ਼ੁਰੂ ਕਰ ਦਿੱਤੇ ਤੇ ਸਟੇਜ ਸਕੱਤਰ ਨੇ ਸਾਡੇ ‘ਜੱਥੇ’ ਨੂੰ ਸਟੇਜ ਸੰਭਾਲ਼ ਦਿੱਤੀ। ਨਿੱਕੇ-ਨਿੱਕੇ ਨਿਆਣਿਆਂ ਨੂੰ ਦੇਖ ਕੇ ਪੰਡਾਲ ਵਿੱਚ ਚੁੱਪ ਪੱਸਰ ਗਈ। ਔਰਤਾਂ ਤੇ ਮਰਦਾਂ ਦੀਆਂ ਨਜ਼ਰਾਂ ਸਾਡੇ ਉੱਪਰ ਗੱਡੀਆਂ ਹੋਈਆਂ ਸਨ। ਬਲਵੰਤ ਨੇ ਅਖੰਡ ਪਾਠ ਵਾਲੇ ਪਰਵਾਰ ਨੂੰ ਵਧਾਈ ਦਿੱਤੀ ਅਤੇ ‘ਸੱਚੇ ਪਾਤਸ਼ਾਹ’ ਅੱਗੇ ਅਰਦਾਸ ਕੀਤੀ ਕਿ ਅਜੇਹੇ ‘ਭਾਗਾਂ-ਭਰੇ’ ਦਿਨ ਮੁੜ-ਮੁੜ ਆਉਂਦੇ ਰਹਿਣ। ਛੰਦ ਸ਼ੁਰੂ ਹੋਇਆ: ਲਗਦੇ ਰਹਿਣ ਖ਼ੁਸ਼ੀ ਦੇ ਮੇਲੇ, ਮਿਲ਼ਦੀਆਂ ਰਹਿਣ ਵਧਾਈਆਂ!

ਇਹ ਮੋਗਾ ਸ਼ਹਿਰ ਸੀ, ਤੇ ਸੰਗਤ ‘ਚ ਮੋਗੇ ਦੀਆਂ ਸੌ ਦੇ ਕਰੀਬ ਵਰਕਸ਼ਾਪਾਂ ਦੇ ਅਮੀਰ ਤੇ ‘ਸ਼ਰਧਾਵਾਨ’ ਮਾਲਕ ਬਿਰਾਜਮਾਨ ਸਨ। ਛੰਦ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਸਾਡੇ ਸਾਹਮਣੇ ਖਲੋਤੇ ਮੇਜ਼ ਉੱਪਰ ਰੁਪਿਆਂ ਦੀ ਢੇਰੀ ਉੱਭਰਨ ਲੱਗੀ। ਦੇਹੜਕਿਆਂ ਵਾਲੇ ਦੀਵਾਨ ਵਾਂਗ, ਸਮਾਗਮ ਦੇ ਖ਼ਾਤਮੇ ‘ਤੇ ਸਾਰੀ ਸੰਗਤ ਸਾਡੇ ਉਦਾਲ਼ੇ ਇਕੱਠੀ ਹੋ ਗਈ। ਤਾਰੀਫ਼ਾਂ, ਸ਼ਾਬਾਸ਼ ਤੇ ਅਸ਼ੀਰਬਾਦ ਦੀਆਂ ਆਵਾਜ਼ਾਂ ਸਾਨੂੰ ਭੁਕਾਨਿਆਂ ਵਾਂਗ ਫੁਲਾਉਣ ਲੱਗੀਆਂ।

ਅਗਲੇ ਦੋ ਕੁ ਹਫ਼ਤਿਆਂ ਦੌਰਾਨ ਮੋਗੇ ਵਾਲੇ ਅਖੰਡ ਪਾਠ ਤੋਂ ਬਣੇ ਸਾਡੇ ਕਈ ਪ੍ਰਸੰਸਕ, ਜੀਪਾਂ ਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸਾਡੇ ਪਿੰਡ ਆਉਣ ਲੱਗੇ, ਤੇ ਅਗਲੇ ਦੋ-ਤਿੰਨ ਮਹੀਨਿਆਂ ਦੇ ਸਾਰੇ ਐਤਵਾਰ ਮੋਗੇ ਦੇ ਅਖੰਡ ਪਾਠਾਂ ਲਈ ‘ਬੁੱਕ’ ਹੋਣੇ ਸ਼ੁਰੂ ਹੋ ਗਏ। ਹਰ ਨਵੇਂ ਸਮਾਗਮ ਤੋਂ ਦਰਜਣਾਂ ਹੀ ਹੋਰ ਨਵੇਂ ਪ੍ਰਸੰਸਕ ਨਿੱਕਲਣ ਲੱਗੇ: ਛੇਆਂ ਕੁ ਮਹੀਨਿਆਂ ‘ਚ ਹੀ ਸਾਡੇ ‘ਜੱਥੇ’ ਦੀ ਮਸ਼ਹੂਰੀ ਮੋਗੇ ਦੇ ਉਦਾਲ਼ੇ ਦੇ ਸੈਂਕੜੇ ਪਿੰਡਾਂ ‘ਚ ਫੈਲ ਗਈ। ਹਫ਼ਤੇ ਦੇ ਪੰਜ-ਛੇ ਦਿਨ ਅਸੀਂ ਪੜ੍ਹਾਈ ‘ਚ ਖੁੱਭੇ ਰਹਿੰਦੇ ਤੇ ਸ਼ਨੀਵਾਰ-ਐਤਵਾਰ ਨੂੰ ਜੇਬ ਭਰ ਕੇ ਪੈਸੇ ਕਮਾ ਲਿਆਉਂਦੇ। ਹਰ ਹਫ਼ਤੇ ਆਉਂਦੀ ਮਾਇਆ ਅਤੇ ਪ੍ਰੋਗਰਾਮ ਬੁੱਕ ਕਰਨ ਲਈ ਆਉਣ ਵਾਲ਼ਿਆਂ ਪ੍ਰਸੰਸਕਾਂ ਵੱਲੋਂ ਕੀਤੀਆਂ ਜਾਂਦੀਆਂ ਸਾਡੀਆਂ ਤਾਰੀਫ਼ਾ ਨੇ ਬੇਬੇ ਦੇ ਚਿਹਰੇ ‘ਤੇ ਲਾਲੀ ਝਗੜਨ ਲਾ ਦਿੱਤੀ। ਬਾਪੂ ਕਈ ਦਿਨਾਂ ਬਾਅਦ ਪਿੰਡ ਪਰਤਦਾ ਤੇ ਸਾਡੀ ਗਾਇਕੀ ਦੀਆਂ ਗੱਲਾਂ ਸੁਣ ਸੁਣ ਕੇ ਖੀਵਾ ਹੋ ਉਠਦਾ।

ਸਾਨੂੰ ਤਿੰਨਾਂ ਭਰਾਵਾਂ ਨੂੰ ਹੀ, ਹਰ ਸ਼ਾਮ ਜਲੰਧਰ ਰੇਡੀਓ ਤੋਂ ਪ੍ਰਸਾਰਤ ਹੁੰਦੇ ਇੱਕ ਘੰਟਾ ਲੰਮੇ ‘ਦਿਹਾਤੀ ਪ੍ਰੋਗਰਾਮ’ ਸੁਣਨ ਦਾ ਠਰਕ ਹੋ ਗਿਆ ਸੀ। ਚਾਚਾ ਕੁਮੇਦਾਨ ਤੇ ਠੁਣੀਆਂ ਰਾਮ ਦੀਆਂ ਟਿੱਚਰ-ਮਸ਼ਕਰੀਆਂ ਤੇ ਨੋਕ-ਝੋਕ ਸਾਡਾ ਦਿਲ ਲੁਆਉਂਦੀ। ਫ਼ਿਰ ਕਦੇ ਕੋਈ ਢਾਡੀ ਪ੍ਰਸੰਗ ਰੇਡੀਓ ਤੇ ਗਰਜਣ ਲੱਗ ਜਾਂਦਾ, ਤੇ ਕਦੇ ਅਲਗੋਜ਼ਿਆਂ ਵਾਲੇ ਆ ਗੜ੍ਹਕਦੇ: ਭਿੱਜ ਗਈਆਂ ਨਣਾਨੇ ਪੂਣੀਆਂ, ਨਾਲ਼ੇ ਭਿੱਜ ਗਏ ਚਰਖ਼ੇ!

ਤਿੰਨੀ ਚਹੁੰ ਹਫ਼ਤੀਂ ਇੱਕ ਤੂੰਬੀ ਇਸ ਪ੍ਰੋਗਰਾਮ ਵਿੱਚ ਟੁਣਕਦੀ ਤੇ ਇੱਕ ਕਰਾਰੀ ਜਿਹੀ ਆਵਾਜ਼ ‘ਓਅਅਅਅ…’ ਕਰ ਕੇ ਦਿਲ-ਵਿੰਨ੍ਹਵਾਂ, ਲੰਮਕਵਾਂ ਅਲਾਪ ਲੈਂਦੀ: ਅਲਾਪ ਤੋਂ ਬਾਅਦ ਕਦੇ ਸੱਸੀ ਦੀ ਲੋਕਗਾਥਾ, ਕਦੇ ਹੀਰ ਰਾਂਝੇ ਦੇ ਇਸ਼ਕ ਦਾ ਕੋਈ ਗੀਤ ਤੇ ਕਦੇ ਦੇਸ਼-ਪਿਆਰ ਦੀ ਰਚਨਾ ਉਸ ਟੁਣਕਦੀ ਆਵਾਜ਼ ਵਿੱਚ ਤੂੰਬੀ ਨਾਲ਼ ਇੱਕ-ਮਿੱਕ ਹੋ ਕੇ ਉਦੇ ਹੋ ਉਠਦੀ। ਸਾਡੇ ਨੇੜ ਹੀ ਹਰ ਛੇ ਮਹੀਨੀ ਲਗਦੇ ‘ਚੜਿੱਕ ਦੇ ਮੇਲੇ’ ‘ਚ ਮੈਂ ਅਲਗੋਜ਼ਿਆਂ ਤੇ ਤੂੰਬੇ ਵਾਲ਼ਿਆਂ ਦੇ ਅਨੇਕਾਂ ਗਾਉਣ ਸੁਣੇ ਸਨ, ਪਰ ਰੇਡੀਓ ‘ਤੇ ਕਦੇ ਕਦੇ ਟੁਣਕਦੀ ਇਸ ਤੂੰਬੀ ਦੀ ਤੁਣ-ਤੁਣ ਵੀ ਅਨੋਖੀ ਸੀ ਤੇ ਤੁਣ-ਤੁਣ ਦੇ ਸਾਥ ਵਿੱਚ ਗੁਟਕਦੀ ਇਹ ਆਵਾਜ਼ ਵੀ। ਮੈਂ ਇਸ ਆਵਾਜ਼ ਤੇ ਤੂੰਬੀ ਦਾ ਏਨਾ ਦੀਵਾਨਾ ਹੋ ਗਿਆ ਕਿ ਹਰ ਸ਼ਾਮ ਮੈਂ ਰੇਡੀਓ ਮੂਹਰੇ ਇਸੇ ਕਲਾਕਾਰ ਦੀ ਉਡੀਕ ਵਿੱਚ ਪੂਰਾ ਘੰਟਾ ਬੈਠਾ ਰਹਿਣ ਲੱਗਾ। ਰੇਡੀਓ ਵਾਲ਼ੇ, ਇਸ ਕਲਾਕਾਰ ਨੂੰ ‘ਲਾਲ ਚੰਦ’ ਦੇ ਨਾਮ ਨਾਲ਼ ਪੁਕਾਰਦੇ; ਤੇ ਇਹੀ ਕਲਾਕਾਰ ਬਾਅਦ ਵਿੱਚ ‘ਯਮਲਾ ਜੱਟ’ ਦੇ ਨਾਮ ਨਾਲ਼ ਪੰਜਾਬੀ ਗਾਇਕੀ ਦਾ ਧਰੂ-ਤਾਰਾ ਬਣ ਕੇ ਇੱਕ ਯੁੱਗ-ਸਿਰਜਕ ਲੋਕ-ਗਾਇਕ ਦੇ ਤੌਰ ‘ਤੇ ਚਮਕਿਆ। ਤੂੰਬੀ ਨਾਲ਼ ਮੈਨੂੰ ਏਨਾ ਸ਼ੈਦਾਅ ਹੋ ਗਿਆ ਕਿ ਸੁੱਤਿਆਂ-ਜਾਗਦਿਆਂ ਤੂੰਬੀ ਦੀ ਤੁਣ-ਤੁਣ ਮੇਰੇ ਕੰਨਾਂ ‘ਚ ਗੂੰਜਦੀ ਰਹਿੰਦੀ। ਇੱਕ ਦਿਨ ਮੈਂ ਤੀਲਾਂ ਵਾਲੀ ਡੱਬੀ ‘ਚ ਕਾਨਾ ਗੁੱਡ ਕੇ ਉਸ ਉੱਪਰ ਤਾਰ ਦੀ ਥਾਂ ਧਾਗਾ ਵਗਲ਼ ਲਿਆ। ਧਾਗੇ ਵਿੱਚੋਂ ਨਿਕਲਣ ਵਾਲ਼ੀ ਤੁਣ-ਤੁਣ ਏਨੀ ਮੁਲਾਇਮ ਸੀ ਕਿ ਉਸ ਨੂੰ ਸੁਣਨ ਲਈ ਮੈਨੂੰ ਆਪਣਾ ਕੰਨ, ਡੱਬੀ ਦੇ ਐਨ ਨੇੜੇ ਲਿਜਾਣਾ ਪਿਆ, ਪਰ ਆਪਣੇ ਹੱਥੀਂ ਤੂੰਬੀ ਬਣਾ ਲੈਣ ਦੀ ਜਿੱਤ ਉੱਤੇ ਮੈਂ ਖ਼ੁਸ਼ੀ ‘ਚ ਖੀਵਾ ਹੋਇਆ ਫਿਰਦਾ ਸਾਂ।

ਸੌਣ ਦੇ ਛੜਾਕਿਆਂ ਦੌਰਾਨ ਫੈਲਰ ਰਹੀਆਂ ਕੱਦੂ ਦੀਆਂ ਵੇਲਾਂ ਵਾਂਗ ਵਧ ਰਹੀ ਸਾਡੀ ਮਸ਼ਹੂਰੀ ਨੂੰ ਭਾਂਪਦਿਆਂ ਬਾਪੂ ਨੇ ਸਰਵਣ ਭਗਤ, ਪੂਰਨ ਭਗਤ, ਤੇ ਮਿਰਜ਼ਾ-ਸਾਹਿਬਾਂ ਦੇ ਕਿੱਸੇ ਤੋਂ ਇਲਾਵਾ ਅਨੇਕਾਂ ਧਾਰਮਿਕ ਪ੍ਰਸੰਗ ਸਾਡੇ ਭੱਥੇ ‘ਚ ਅੜੁੰਗ ਦਿੱਤੇ। ਅਗਰ ਕੋਈ ਸਾਨੂੰ ਬਾਰਾਤ ਵਿੱਚ ਗਾਇਕੀ ਲਈ ਬੁੱਕ ਕਰਦਾ ਤਾਂ ਉਥੇ ਇਸ਼ਕ ਮੁਹੱਬਤ ਵਾਲ਼ੀਆਂ ਲੋਕ-ਗਾਥਾਵਾਂ ਦੀ ਕਵੀਸ਼ਰੀ ਕਰ ਆਉਂਦੇ, ਤੇ ਅਗਰ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਗੁਰੂ ਇਤਿਹਾਸ ਦੀ ਕਵੀਸ਼ਰੀ ਦੀਆਂ ਧੂੜਾਂ ਪੱਟ ਆਉਂਦੇ। ਅਸੀਂ ਆਪਣੀਆਂ ਬੁਲੰਦ ਤੇ ਇੱਕ-ਸੁਰ ਆਵਾਜ਼ਾਂ ਅਤੇ ਵੰਨ-ਸੁਵੰਨੀਆਂ ਤਰਜ਼ਾਂ ‘ਚ ਗਾਈ ਕਵੀਸ਼ਰੀ ਨਾਲ਼, ਸ੍ਰੋਤਿਆਂ ਨੂੰ ਦੋ ਦੋ ਘੰਟੇ ਮੰਤਰ-ਮੁਘਧ ਕਰੀ ਰਖਦੇ। ਗਾਇਕੀ ਦਾ ਪ੍ਰੋਗਰਾਮ ਖ਼ਤਮ ਹੁੰਦਾ ਤਾਂ ਪ੍ਰਸੰਸਕ ਸਾਨੂੰ ਹੱਥਾਂ ‘ਤੇ ਚੁੱਕ ਲੈਂਦੇ।

ਇੱਕ ਵਾਰ ਅਸੀਂ ਕਿਸੇ ਪਿੰਡ ‘ਚ ਗਾਇਕੀ ਕਰ ਰਹੇ ਸਾਂ ਕਿ ਬਾਪੂ ਪਾਰਸ ਤੇ ਉਸ ਦੇ ਸਾਥੀ ਉਸੇ ਪਿੰਡ ‘ਚੋਂ ਸਾਈਕਲ ‘ਤੇ ਗੁਜ਼ਰ ਰਹੇ ਸਨ। ਸਾਡੀਆਂ ਵਛੇਰਿਆਂ ਵਾਂਗ ਹਿਣਕਦੀਆਂ ਆਵਾਜ਼ਾਂ ਸੁਣ ਕੇ ਉਹ ਸਾਡੇ ਵੱਲ ਨੂੰ ਮੁੜ ਪਏ, ਤੇ ਸਾਥੋਂ ਚੋਰੀਓਂ, ਗਾਇਕੀ ਵਾਲ਼ੇ ਮੁਕਾਮ ਤੋਂ ਨੇੜ ਹੀ, ਕਿਸੇ ਘਰ ‘ਚ ਖੜ੍ਹ ਕੇ ਸਾਡੀ ਕਵੀਸ਼ਰੀ ਸੁਣਦੇ ਰਹੇ। ਸਮਾਗਮ ਦੀ ਸਮਾਪਤੀ ‘ਤੇ, ਪ੍ਰਸੰਸਕਾਂ ਦੇ ਘੇਰੇ ਨੂੰ ਤੋੜ ਕੇ ਬਾਪੂ ਨੇ ਜਦੋਂ ਸਾਨੂੰ ਗਲਵਕੜੀ ‘ਚ ਲਿਆ ਤਾਂ ਅਸੀਂ ਪਸੀਨੇ ਨਾਲ਼ ਗੱਚੋ-ਗੱਚ ਹੋਏ ਪਏ ਸਾਂ। ਬਾਪੂ ਦੇ ਸਾਹ ‘ਚੋਂ ਉੱਭਰਦੀ ਸੌਂਫ਼ੀਆ ਹਮਕ ਮੇਰੀ ਗੱਲ੍ਹ ਨੂੰ ਸਿੱਲ੍ਹੀ ਕਰ ਗਈ।

ਅਗਲੀ ਸਵੇਰ ਬਾਪੂ ਨੇ ਸਾਨੂੰ ਆਪਣੇ ਸਾਹਮਣੇ ਬਿਠਾਅ ਲਿਆ। –ਤੁਸੀਂ ਨਿਆਣੇ ਓਂ, ਉਹ ਕਹਿਣ ਲੱਗਾ। -ਕਵੀਸ਼ਰੀ ‘ਚ, ਸਾਜ਼ਾਂ ਦੀ ਗ਼ੈਰਹਾਜ਼ਰੀ ਕਾਰਨ ਤੁਹਾਨੂੰ ਦਮ ਨਹੀਂ ਮਿਲ਼ਦਾ… ਕਵੀਸ਼ਰੀ ‘ਚ ਚੱਲ-ਸੋ-ਚੱਲ ਹੁੰਦੀ ਐ… ਏਸੇ ਲਈ ਕਵੀਸ਼ਰੀ ਗਾਉਣ ਵੇਲ਼ੇ ਤੁਸੀਂ ਪਸੀਨੋ-ਪਸੀਨੀ ਹੋ ਜਾਂਦੇ ਓ… ਮੈਂ ਹੁਣ ਥੋਨੂੰ ਤੂੰਬੀ ਲਿਆ ਕੇ ਦੇਊਂਗਾ… ਇੱਕ ਪੰਗਤੀ ਗਾਈ ਤੇ ਤੂੰਬੀ ਖੜਕਾਅ ਦਿੱਤੀ… ਪਾਕਿਸਤਾਨ ਬਣਨ ਤੋਂ ਪਹਿਲਾਂ ਜਗਰਾਵਾਂ ਵਾਲੇ ਟੁੰਡੇ ਦਾ ਜੱਥਾ ਮਸ਼ਹੂਰ ਹੁੰਦਾ ਸੀ… ਉਹ ਤੂੰਬੀ ਤੇ ਢੱਡਾਂ ਨਾਲ਼ ਗਾਉਂਦੇ ਹੁੰਦੇ ਸੀ… ਜਿੱਧਰ ਜਾਂਦੇ, ਲੋਕ ਪਲਕਾਂ ਨਾਲ਼ ਛਾਵਾਂ ਕਰ ਦੇਂਦੇ… ਪੰਜਾਬ ‘ਚ ਐਸ ਵੇਲ਼ੇ ਤੂੰਬੀਆਂ ਵਾਲ਼ੇ ਤਾਂ ਬਥੇਰੇ ਫਿਰਦੇ ਐ ਪਰ ਤੂੰਬੀ ਤੇ ਢੱਡਾਂ ਨਾਲ਼ ਕਵੀਸ਼ਰੀ ਕੋਈ ਗਵੱਈਆ ਨਹੀਂ ਗਾਉਂਦਾ… ਇਹ ਸੰਸਾਰ ਨਵੀਂ ਚੀਜ਼ ਨੂੰ ਟੁੱਟ ਕੇ ਪੈ ਜਾਂਦੈ… ਤੁਸੀਂ ਤਿੰਨੇ ਈ ਬੜੇ ਸੁਰੀਲੇ ਓਂ… ਦੇਖਣ-ਪਾਖਣ ਨੂੰ ਸੋਹਣੇ ਓਂ… ਤੇ ਹੈਂ ਵੀ ਹਾਲੇ ਨਿਆਣੇ… ਜਦੋਂ ਢੱਡ-ਤੂੰਬੀ ਤੇ ਕਵੀਸ਼ਰੀ ਵਾਲ਼ਾ ਨਵਾਂ ਮੁਹਾਂਦਰਾ ਲੈ ਕੇ ਜਾਓਂਗੇ, ਤਾਂ ਸ੍ਰੋਤੇ ਤੁਹਾਨੂੰ ਸਿਰਾਂ ‘ਤੇ ਬਿਠਾਅ ਲੈਣਗੇ…

ਇੱਕ ਦਿਨ ਹਲਕੀ-ਹਲਕੀ ਧੁੱਪ ਨੂੰ ਮਾਨਣ ਲਈ ਅਸੀਂ ਸਾਰਾ ਟੱਬਰ ਆਪਣੇ ਵਿਹੜੇ ‘ਚ ਮੰਜਿਆਂ ਉੱਤੇ ਬੈਠੇ ਸਾਂ। ਬਾਪੂ ਨੇ ਦਰਵਾਜ਼ੇ ‘ਤੇ ਸਾਈਕਲ ਦੀ ਟੱਲੀ ਆ ਖੜਕਾਈ। ਉਸ ਦੇ ਚਮੜੀਆ ਬੈਗ਼ ‘ਚੋਂ, ਅਖ਼ਬਾਰ ਵਿੱਚ ਲਿਪਟੀ ਹੋਈ ਇੱਕ ਲੰਬੂਤਰੀ ਜਿਹੀ ਡੰਡੀ ਬਾਹਰ ਨੂੰ ਝਾਕ ਰਹੀ ਸੀ ਜਿਸ ਦੇ ਉੱਪਰਲੇ ਸਿਰੇ ‘ਤੇ ਕਾਲ਼ੇ ਰੰਗ ਦੀਆਂ ਦੋ ਕਿੱਲੀਆਂ ਸਾਫ਼ ਦਿਖਾਈ ਦੇਂਦੀਆਂ ਸਨ। ਬਾਪੂ ਨੇ ਬੈਗ਼ ਖੋਲ੍ਹਿਆ। ਡੰਡੀ ਦੇ ਅੰਤ ਉੱਤੇ ਅਖ਼ਬਾਰ ‘ਚ ਲਿਪਟੀ ਗੋਲ-ਆਕਾਰ ਚੀਜ਼ ਨੂੰ ਦੇਖ ਕੇ ਅਸੀਂ ਸਾਰੇ ਉਤਸਕ ਹੋ ਉੱਠੇ। ਬਾਪੂ ਨੇ ਮਲਕੜੇ ਜੇਹੇ ਡੰਡੀ ਦੇ ਸਿਰਿਓਂ ਰੱਸੀ ਨੂੰ ਉਧੇੜਿਆ ਤੇ ਡੰਡੀ ਉਦਾਲ਼ੇ ਲਿਪਟੇ ਅਖ਼ਬਾਰ ਨੂੰ ਵੱਖਰਾ ਕਰ ਦਿੱਤਾ। ਵੱਡੇ ਢਿੱਡ ਤੇ ਲੰਮੀਂ ਡੰਡੀ ਵਾਲੀ, ਕਾਲ਼ੇ ਰੰਗ ਦੀ ਦੋ-ਤਾਰੀ ਕਿੰਗ (ਤੂੰਬੀ) ਸਾਡੇ ਸਾਹਮਣੇ ਸੀ!

-ਇਹ ਫ਼ਗਵਾੜੇ ਵਾਲੇ ਨੰਦ ਲਾਲ ਦੀ ਬਣਾਈ ਹੋਈ ਕਿੰਗ ਐ, ਬਾਪੂ ਗੁਮਾਨ ਨਾਲ਼ ਬੋਲਿਆ। -ਨੰਦ ਲਾਲ ਵਰਗੀ ਤੂੰਬੀ ਹਿੰਦੋਸਤਾਨ ‘ਚ ਕਿਤੇ ਨੀ ਬਣਦੀ!

ਤੂੰਬੀ ਦੇਖਦਿਆਂ ਹੀ ਮੇਰੇ ਅੰਦਰ ਤਿਤਲੀਆਂ ਉੱਡਣ ਲੱਗੀਆਂ। ਮੇਰੀਆਂ ਅੱਖਾਂ ਦਾ ਆਕਾਰ ਚੌੜਾ ਹੋ ਕੇ ਡੇਢਾ ਹੋਣ ਲੱਗਾ। ਤੂੰਬੀ ਦੀ ਕਾਲ਼ੀ ਡੰਡੀ ਉੱਤੇ ਚਿੱਟੀਆਂ ਮਛਲੀਆਂ। ਟਾਹਲੀ ਦੀ ਲੱਕੜ ਨੂੰ ਖ਼ਰਾਦ ਕੇ ਬਣਾਏ, ਤੂੰਬੀ ਦੇ ਗੋਲਾਈਦਾਰ ਪੇਟ ਨੂੰ ਹਾਥੀ-ਦੰਦ ਦੀਆਂ ਛਿਲਤਰਾਂ ਨਾਲ਼ ਖ਼ਰਬੂਜ਼ੇ ਵਾਂਗ ਫਾੜੀਆਂ ‘ਚ ਵੰਡਿਆ ਹੋਇਆ। ਤੂੰਬੀ ਦੇ ਪੇਟ ਦੇ ਉੱਪਰਲੇ ਪਾਸੇ ਵਾਲ਼ੇ ਗੋਲਾਈਦਾਰ ਕਿਨਾਰੇ ਨੂੰ ਚਾਰੇ ਪਾਸਿਓਂ ਹਾਥੀ-ਦੰਦ ਦੀ ਇੱਕ ਹੋਰ ਛਿਲਤਰ ਨਾਲ਼ ਸ਼ਿੰਗਾਰਿਆ ਹੋਇਆ। ਮੇਰੇ ਹੱਥ ਤੂੰਬੀ ਵੱਲੀਂ ਆਪ-ਮੁਹਾਰੇ ਹੀ ਉੱਲਰ ਗਏ। ਮੈਂ ਤੂੰਬੀ ਨੂੰ ਹੱਥਾਂ ਵਿੱਚ ਪਕੜ ਤਾਂ ਲਿਆ ਪਰ ਮੈਨੂੰ ਇਹ ਸਮਝ ਨਾ ਪਵੇ ਕਿ ਇਸ ਨੂੰ ਵਜਾਉਣਾ ਕੀਕਣ ਐ। ਬਾਪੂ ਨੇ ਕਿੰਗ ਨੂੰ ਮੇਰੇ ਹੱਥੋਂ ਆਪਣੇ ਹੱਥਾਂ ‘ਚ ਕਰ ਲਿਆ ਅਤੇ ਸੱਜੇ ਹੱਥ ਦੀ ਪਹਿਲੀ ਉਂਗਲ਼ ਨਾਲ਼ ਉਸ ਨੂੰ ਤੁਣਕਾਉਣ ਦੀ ਕੋਸ਼ਿਸ਼ ਕਰਨ ਲੱਗਾ। ਫਿਰ ਇਹ ਕਿੰਗ ਬਲਵੰਤ ਦੇ ਹਵਾਲੇ ਹੋ ਗਈ। ਉਸ ਨੂੰ ਵੀ ਇਸ ਦੇ ਜੁਗਰਾਫ਼ੀਏ ਦੀ ਕੋਈ ਥਾਹ ਨਾ ਲੱਗੀ। ਬੇਤਾਲੀ ਤੁਣਕ-ਤੁਣਕ ਸੁਣ ਕੇ ਕਈ ਆਂਢੀ-ਗਵਾਂਢੀ ਸਾਡੇ ਮੰਜਿਆਂ ਉਦਾ਼ਲ਼ੇ ਇਕੱਤਰ ਹੋ ਗਏ ਸਨ।

“ਪਿੱਲੂ ਨੂੰ ਲਿਆਂਓ!” ਇੱਕ ਜਣਾ ਬੋਲਿਆ। “ਉਹਨੂੰ ਆਉਂਦੀ ਐ ਤੂੰਬੀ ਖੜਕਾਉਣੀ!”

“ਹਾਂ, ਵਈ!” ਇੱਕ ਹੋਰ ਨੇ ਪਹਿਲੇ ਦੀ ਹਾਮੀ ਭਰੀ।

ਪਿੱਲੂ ਨੂੰ ਅਸੀਂ ‘ਤਾਇਆ ਪਿੱਲ’ ‘ਕਹਿ ਕੇ ਪੁਕਾਰਦੇ ਸਾਂ। 65-70 ਨੂੰ ਢੁੱਕਿਆ ਹੋਇਆ ਦਲਿਤ ਪਰਵਾਰ ਦਾ ਇਹ ਬਜ਼ੁਰਗ ਪਿੱਲੂ! ਗੁੱਟੀ ਕਰ ਕੇ ਬੰਨ੍ਹੀ ਹੋਈ ਅਰਧੋਂ-ਬਹੁਤੀ-ਬੱਗੀ ਦਾਹੜੀ, ਤੇ ਕਿਸੇ ਨਾਮੁਰਾਦ ਬੀਮਾਰੀ ਕਾਰਨ ਝੁਕ ਕੇ ਦੋਹਰੀ ਹੋ ਚੁੱਕੀ ਕਮਰ। ਵੀਰਵਾਰ ਦੀ ਸ਼ਾਮ ਨੂੰ ਉਹ ਦਲਿਤਾਂ ਦੀ ਧਰਮਸ਼ਾਲਾ ‘ਚ ਉਹ ਆਪਣਾ, ਕੱਦੂ ‘ਚ ਡੰਡੀ ਗੱਡ ਕੇ ਬਣਾਇਆ, ਤੂੰਬਾ ਖੜਕਾਉਂਦਾ ਤੇ ਮਾਨਸਿਕ ਰੋਗਾਂ ‘ਚ ਗਰੱਸੇ ਕਈ ਔਰਤਾਂ ਤੇ ਮਰਦ ਉਸ ਦੇ ਸਾਹਮਣੇ ਬੈਠ ਕੇ ਸਿਰ ਘੁੰਮਾਉਣ ਲੱਗ ਪੈਂਦੇ।

ਕਿੰਗ ਦੀ ਆਮਦ ਸੁਣ ਕੇ, ਸੋਟੀ ਦੇ ਸਾਹਰੇ ਆਪਣੇ ਕੁੱਬ ਨੂੰ ਸੰਭਾਲ਼ਦਾ, ਤਾਇਆ ਪਿੱਲੂ ਦੌੜਿਆ ਆਇਆ। ਉਹਨੇ ਮੰਜੇ ‘ਤੇ ਬੈਠਦਿਆਂ ਹੀ ਕਿੰਗ ਨੂੰ ਨਮਸਕਾਰ ਕੀਤੀ। ਉਸ ਦੀਆਂ ਵਰਾਛਾਂ ਕੰਨਾਂ ਵੱਲ ਨੂੰ ਖਿੱਚੀਆਂ ਗਈਆਂ ਤੇ ਅੱਖਾਂ ‘ਚ ਤਾਰੇ ਉੱਗਣ ਲੱਗੇ। ਹੁਣ ਉਸ ਨੇ ਬੜੇ ਹੀ ਅਦਬ ਨਾਲ਼ ਕਿੰਗ ਨੂੰ ਆਪਣੇ ਹੱਥਾਂ ‘ਚ ਕੀਤਾ। ਕਿੰਗ ਨੂੰ ਏਧਰ-ਓਧਰ ਘੁੰਮਾਅ ਕੇ ਚਾਰੇ ਪਾਸਿਆਂ ਤੋਂ ਨਿਹਾਰਿਆ। ਡੰਡੀ ‘ਤੇ ਖੁਣੀਆਂ ਚਿੱਟੀਆਂ ਮਛਲੀਆਂ ਉੱਪਰ ਉਂਗਲ਼ਾਂ ਇੰਝ ਫੇਰੀਆਂ ਜਿਵੇਂ ਮਛਲੀਆਂ ਦੇ ਪੋਲੀ-ਪੋਲੀ ਮਾਲ਼ਸ਼ ਕਰ ਰਿਹਾ ਹੋਵੇ। ਆਲ਼ੇ-ਦੁਆਲ਼ੇ ਬੈਠੇ ਦਰਸ਼ਕਾਂ ਦੀਆਂ ਨਜ਼ਰਾਂ ਪਿੱਲੂ ਤਾਏ ਦੀਆਂ ਹਰਕਤਾਂ ‘ਤੇ ਗੱਡੀਆਂ ਹੋਈਆਂ ਸਨ। ਹੁਣ ਉਸ ਨੇ ਉੱਪਰਲੀ ਕਿੱਲੀ ਨੂੰ ਮਰੋੜਿਆ ਤੇ ਆਪਣੀ ਅਵਾਜ਼ ਨੂੰ ਤੂੰਬੀ ਦੀ ਸੁਰ ਨਾਲ਼ ਇੱਕਸੁਰ ਕਰ ਕੇ ਲਮਕਵੀਂ “ਹੂੰਅਅਅਅ” ਦਾ ਅਲਾਪ ਸ਼ੁਰੂ ਕਰ ਦਿੱਤਾ। ਸ੍ਰੋਤਿਆਂ ‘ਚ ਚੁੱਪ ਛਾਅ ਗਈ। ਸਾਰੀਆਂ ਨਜ਼ਰਾਂ ਤਾਏ ਪਿੱਲੂ ਦੇ ਹੱਥਾਂ ‘ਤੇ ਕੇਂਦਰਤ ਹੋ ਗਈਆਂ। ਹੁਣ ਉਸ ਨੇ ਚੱਪਾ ਕੁ ਫ਼ਾਸਲੇ ‘ਤੇ ਠੁਕੀ ਹੇਠਲੀ ਕਿੱਲੀ ਨੂੰ ਮਰੋੜਿਆ ਅਤੇ ਉਸ ਦੀ ਸੁਰ ਟਿਕਾਣੇ ਸਿਰ ਕੀਤੀ। ਫਿਰ ਉਸ ਨੇ ਆਪਣਾ ਖੱਬਾ ਹੱਥ ਕਿੰਗ ਦੇ ਗੋਲਾਈਦਾਰ ਪੇਟ ਦੇ ਹੇਠਲੇ ਪਾਸੇ ਟਿਕਾਅ ਦਿੱਤਾ, ਤੇ ਸੱਜੇ ਹੱਥ ਨਾਲ਼ ਕਿੰਗ ਦੀ ਡੰਡੀ ਨੂੰ, ਗੋਲਾਈਦਾਰ ਪੇਟ ਦੇ ਨੇੜਿਓਂ ਕਰ ਕੇ ਪਕੜ ਲਿਆ। ਅਗਲੇ ਹੀ ਪਲ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’ ਦੀ ਆਵਾਜ਼ ਤੂੰਬੀ ‘ਚੋਂ ਉਦੇ ਹੋਣ ਲੱਗੀ। ਖੱਬੇ ਹੱਥ ਦੀ ਤੀਸਰੀ ਉਂਗਲ਼ ‘ਚ ਪਾਇਆ ਛੱਲਾ ਤੂੰਬੀ ਦੀ ਪਿੱਠ ‘ਤੇ ਵੱਜ-ਵੱਜ ਕੇ,  ‘ਤੁਣ, ਤੁਣ, ਤੁਣਾਅ’ ਨਾਲ਼ ਤਾਲ ਮਿਲਾ ਕੇ ‘ਠੁਕ, ਠੁਕ, ਠੁਕਾਅ; ਠਠੁਕ ਠੁਕ, ਠੁਕਾਅ’ ਦੀ ਆਵਾਜ਼ ਕੱਢਣ ਲੱਗਿਆ। ਮੈਂ ਤਾਏ ਪਿੱਲੂ ਦੀਆਂ ਹਰਕਤਾਂ ਨੂੰ ਬੜੇ ਗਹੁ ਨਾਲ਼ ਤੱਕ ਰਿਹਾ ਸਾਂ। ਚਾਰ, ਪੰਜ ਮਿੰਟ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’ ਕਰਨ ਤੋਂ ਬਾਅਦ ਤਾਏ ਪਿੱਲੂ ਨੇ ਸਦ ਲਾਈ: ਹੇਠ ਬਰੋਟੇ ਦੇ ਖੜ੍ਹੀ, ਭਜਨ ਕਰੇ ਸੁਨਿਆਰੀ! ਰਾਮ ਨਾਮ ਦਾ ਭਜਨ ਉਹਦੀ ਪਰ ਪਿੰਡ ਦੇ ਮੁੰਡੇ ਨਾਲ਼ ਯਾਰੀ!

ਚਾਰ-ਪੰਜ ਮਿੰਟ ਸਦ ਵਿੱਚ ਗੜੁੱਚ ਰਹਿਣ ਤੋਂ ਬਾਅਦ, ਤਾਏ ਪਿੱਲੂ ਨੇ ਅੱਖਾਂ ਖੋਲ੍ਹੀਆਂ ਤੇ ਤੂੰਬੀ ਬਲਵੰਤ ਦੇ ਹੱਥਾਂ ਵੱਲ ਵਧਾਅ ਦਿੱਤੀ। ਬਲਵੰਤ ਨੇ ਧੁੜਧੁੜੀ ਜਿਹੀ ਲਈ ਅਤੇ ਪਿੱਛੇ ਨੂੰ ਹਟ ਗਿਆ। ਤਾਏ ਨੇ ਸਮਝਾਇਆ: ਢੋਲਕੀ ਬੋਲਦੀ ਐ ਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ ! ਏਹ ਤੂੰਬੀ ਵੀ ਇਸੇ ਤਾਲ ‘ਚ ਬੋਲਣੀ ਚਾਹੀਦੀ ਆ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’; ’। ਸੋ ਕਰਨਾ ਕੀ ਐ ਪਈ ਸੱਜੀ ਹੱਥ ਦੀ ਪਹਿਲੀ ਉਂਗਲ਼ ਨੂੰ ਤਾਰ ਉੱਪਰ ਦੋ ਵਾਰ ਹੇਠਾਂ ਵਾਲੇ ਪਾਸੇ ਨੂੰ ਮਾਰ ਕੇ ‘ਤੁਣ ਤੁਣ’ ਦੀ ਆਵਾਜ਼ ਕੱਢਣੀ ਆ, ਤੇ ਫਿਰ ਤੀਜੀ ਵਾਰ ਉਂਗਲ਼ ਨੂੰ ਹੇਠਾਂ ਨੂੰ ਮਾਰ ਕੇ ਤੇਰੰਤ ਹੀ ਉੱਪਰਲੇ ਪਾਸੇ ਨੂੰ ਖੜਕਾਉਣਾ ਤਾਂ ਕਿ ‘ਤੁਣਾਅ’ ਦੀ ਆਵਾਜ਼ ਆਵੇ। ਲੈ ਦੇਖੋ ਜਰਾ! ਹੁਣ ਤਾਏ ਨੇ ਆਪਣੀ ਸੱਜੀ ਉਂਗਲ਼ ਨਾਲ਼ ਤਾਰ ਉੱਪਰ ਹੇਠਾਂ ਵਾਲੇ ਪਾਸੇ ਨੂੰ ਹੌਲੀ ਹੌਲੀ ਦੋ ਵਾਰ ਤੁਣਕਾ ਮਾਰਿਆ: ਤੁਣ, ਤੁਣ! ਤੀਸਰੀ ਵਾਰ ਉਸੇ ਤਾਲ ‘ਚ ਹੀ ਹੇਠਲੇ ਪਾਸੇ ਨੂੰ ਤੁਣਕਾ ਮਾਰ ਕੇ ਝੱਟ ਹੀ ਤੁਣਕਾ ਉੱਪਰਲੇ ਪਾਸੇ ਨੂੰ ਮਾਰ ਦਿੱਤਾ। ਅਗਲੀ ਵਾਰ ਉੱਪਰ ਨੂੰ ਤੁਣਕਾ ਮਾਰਕੇ ਨਾਲ਼ ਹੀ ਹੇਠਾਂ ਨੂੰ ਮਾਰਿਆ ਤੇ ‘ਤਤੁਣ’ ਦੀ ਆਵਾਜ਼ ਕੱਢ ਦਿੱਤੀ। ਮੈਨੂੰ ਜਾਪਿਆ ਮੈਨੂੰ ਤਾਏ ਦੀ ਜੁਗਤ ਦੀ ਸਮਝ ਪੈ ਗਈ ਸੀ। ਤਾਇਆ ਧੀਮੀ ਚਾਲੇ ‘ਤੁਣ… ਤੁਣ… ਤੁਣਾਅ; ਤਤੁਣ… ਤੁਣ… ਤੁਣਾਅ’ ਦੀ ਅਵਾਜ਼ ਤੂੰਬੀ ‘ਚੋਂ ਕੱਢੀ ਗਿਆ ਤੇ ਉਸ ਦੀ ਜੁਗਤ ਮੇਰੇ ਜ਼ਿਹਨ ‘ਚ ਧਸਦੀ ਗਈ।

ਮੈਂ ਜਕਦਿਆਂ-ਜਕਦਿਆਂ ਆਪਣਾ ਹੱਥ ਤਾਏ ਵੱਲ ਨੂੰ ਵਧਾਇਆ, ਤੇ ਤਾਏ ਨੇ ਤੂੰਬੀ ਮੇਰੇ ਹੱਥਾਂ ‘ਚ ਟਿਕਾਅ ਦਿੱਤੀ। ਮੈਂ ਤਾਏ ਦੀ ਨਕਲ ‘ਤੇ ਹੀ ਤੂੰਬੀ ਨੂੰ ਫੜਿਆ ਤੇ ਸੱਜੀ ਹੱਥ ਦੀ ਪਹਿਲੀ ਉਂਗਲ਼ ਤਾਰ ਉੱਤੇ ਰੱਖ ਦਿੱਤੀ। ‘ਮਾਰ ਥੱਲੇ ਨੂੰ ਦੋ ਵਾਰੀ!’ ਤਾਇਆ ਬੋਲਿਆ। ਮੈਂ ਤਾਏ ਦੇ ਹੁਕਮ ਦੀ ਤਾਮੀਲ ਕਰ ਦਿੱਤੀ। ‘ਹੁਣ ਇੱਕ ਫੇਰ ਹੇਠਾਂ ਨੂੰ ਤੇ ਨਾਲ਼ ਹੀ ਦੋ ਵਾਰੀ ਉੱਪਰ ਨੂੰ!’ ਤੇ ਤੂੰਬੀ ਵਿੱਚੋਂ ‘ਤਤੁਣ, ਤੁਣ, ਤੁਣਾਅ’ ਦੀ ਲੰਗੜੀ ਜਿਹੀ ਸੁਰ ਨਿੱਕਲਣ ਲੱਗੀ। ਕਈ ਵਾਰ ਉਹ ਲੰਗੜੀ ਜਿਹੀ ‘ਤਤੁਣ, ਤੁਣ, ਤੁਣਾਅ’ ਨਿਕਲ਼ਣ ਤੋਂ ਬਾਅਦ ਉਂਗਲੀ ਦਾ ਹੇਠਾਂ-ਉੱਤੇ ਕਰਨਾ ਮੇਰੀ ਸਮਝ ‘ਚ ਬੈਠਣ ਲੱਗਾ ਤੇ ਉਂਗਲ਼ੀ ਦਾ ਲੰਗੜਾਪਣ ਅਲੋਪ ਹੋਣ ਲੱਗਾ। ਜਿਓਂ ਮੇਰੀ ਉਂਗਲ਼ੀ ਤਾਲ ‘ਚ ਹੋਈ ਜਾਵੇ ਤਾਏ ਦੇ ਚਿਹਰੇ ‘ਚ ਰੌਸ਼ਨੀ ਉੱਗੀ ਜਾਵੇ। ‘ਵਾਹ ਸ਼ੇਰਾ!’ ਤਾਇਆ ਬੁੜਬੁੜਾਇਆ। ‘ਆ ਗਿਐਂ ਤਾਲ ‘ਚ!’

ਕੁਝ ਹੀ ਦਿਨਾਂ ‘ਚ ਮੇਰਾ ‘ਤੁਣ, ਤੁਣ, ਤੁਣਾਅ!’ ਬਿਲਕੁਲ ਗੁਣੀਏਂ ‘ਚ ਆ ਗਿਆ। ਇੱਕ ਦਿਨ ਜਦੋਂ ਮੇਰੇ ਸੱਜੇ ਹੱਥ ਦੀ ਉਂਗਲ਼ ‘ਤੁਣ ਤੁਣ ਤੁਣਾਅ’ ਕਰ ਰਹੀ ਸੀ, ਤਾਂ ਮੇਰਾ ਜੀਆ ਕੀਤਾ ਖੱਬੇ ਹੱਥ ਦੀ ਪਹਿਲੀ ਉਂਗਲ਼ੀ ਦੇ ਨਹੁੰ ਨੂੰ ਕੀਲੀ ਦੇ ਮੁੱਢਮ ਤੁਣ-ਤੁਣ ਕਰਦੀ ਤਾਰ ‘ਤੇ ਟਿਕਾਅ ਕੇ ਦੇਖਾਂ। ਜਿਓਂ ਹੀ ਨਹੁੰ, ਕੀਲੀ ਦੇ ਮੁੱਢ, ਤਾਰ ‘ਤੇ ਬਿਰਾਜਮਾਨ ਹੋਇਆ, ਤੁਣ-ਤੁਣ ਦੀ ਸੁਰ ਭਾਰੀ ਅਤੇ ਉੱਚੀ ਹੋ ਕੇ ‘ਦੁੰਮ ਦੁੰਮ’ ‘ਚ ਬਦਲ ਗਈ। ਤਾਏ ਪਿੱਲੂ ਦੀਆਂ ਵਰਾਛਾਂ ਛਤਰੀ ਵਾਂਗ ਖੁਲ੍ਹ ਗਈਆਂ। ‘ਓ ਵਾਹ ਪੁੱਤਰਾ!’ ਤਾਇਆ ਪਿੱਲੂ ਗੜ੍ਹਕਿਆ।

ਇਸ ਤੋਂ ਬਾਅਦ, ਮੇਰੀ ਇਹ ਤੂੰਬੀ ਸੈਂਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਦੇ ਇਕੱਠਾਂ ‘ਚ, ਪੰਜਾਬ ਤੋਂ ਲੈ ਕੇ ਦਿੱਲੀ, ਕਲਕੱਤੇ, ਕਸ਼ਮੀਰ, ਯੂ ਪੀ ਅਤੇ ਭਾਰਤ ਦੇ ਪਤਾ ਨਹੀਂ ਕਿੰਨੇ ਕੁ ਥਾਵਾਂ ‘ਤੇ ਖੜਕ ਚੁੱਕੀ ਹੈ। ਮੈਂ ਇਹ ਤੂੰਬੀ ਸੈਂਕੜੇ ਵਾਰ ਰੇਡੀਓ ਜਲੰਧਰ ‘ਤੇ ਵੀ ਖੜਕਾਈ ਹੈ। ਨਿੰਦਰ ਘੁਗਿਆਣਵੀ ਦੁਆਰਾ ਪ੍ਰਾਪਤ ਹੋਈ ਉਸਤਾਦ ਯਮਲਾ ਜੱਟ ਦੇ ਹੱਥਾਂ ਦੀ ਬਣੀ ਇੱਕ ਤੂੰਬੀ ਵੀ ਲੰਮਾਂ ਚਿਰ, ਬਰੈਂਪਟਨ ਵਾਲੇ ਮੇਰੇ ਘਰ ‘ਚ ਮਹਿਮਾਨ ਰਹਿ ਚੁੱਕੀ ਹੈ। ਛੋਟਾ ਭਰਾ ਰਛਪਾਲ, ਮੈਂ, ਤੇ ਬਲਵੰਤ ਮੇਰੇ ਘਰ ਜਦੋਂ ਵੀ ਇਕੱਠੇ ਹੁੰਦੇ ਹਾਂ, ਤਾਂ ਕਵੀਸ਼ਰੀ ਗਾਇਨ ਦੇ ਨਾਲ਼ ਨਾਲ਼ ਤੰੂਬੀ ਵੀ ਤੁਣਕਦੀ ਹੈ, ਪਰ ਜਦੋਂ ਵੀ ਮੈਂ ਤੂੰਬੀ ਦੇ ਸਨਮੱੁਖ ਹੁੰਦਾ ਹਾਂ, ਤਾਇਆ ਪਿੱਲੂ ਸਾਖ਼ਸ਼ਾਤ ਮੇਰੇ ਸਾਹਮਣੇ ਹੁੰਦਾ ਹੈ। ਉਸ ਦੀ ਤੁਣ, ਤੁਣ ਤੁਣਾਅ; ਤਤੁਣ, ਤੁਣ, ਤੁਣਾ ਤੇ ਉਸ ਦੇ ਖੱਬੇ ਹੱਥ ‘ਚ ਪਾਈ ਛਾਪ ਦਾ ਤੂੰਬੀ ਦੇ ਪੇਟ ‘ਤੇ ਠੱਕ ਠੱਕ ‘ਚ ਰਿਦਮਣਾ ਮੇਰੇ ਕੰਨਾਂ ‘ਚ ਹੁਣ ਵੀ ਗੂੰਜਦਾ ਹੈ। ਤਾਇਆ ਪਿੱਲੂ, ਧੁੱਪ ਸੇਕਦੇ ਸਾਡੇ ਵਿਹੜੇ ‘ਚ, ਤੂੰਬੀ ਫੜੀ ਬੈਠਾ ਹੁਣ ਵੀ ਉਂਝ ਦਾ ਉਂਝ ਹੀ ਗਾ ਰਿਹਾ ਦਿਸਦਾ ਹੈ: ਹੇਠ ਬਰੋਟੇ ਦੇ ਖੜ੍ਹੀ, ਭਜਨ ਕਰੇ ਸੁਨਿਆਰੀ! ਰਾਮ ਨਾਮ ਦਾ ਭਜਨ ਉਹਦੀ ਪਰ ਪਿੰਡ ਦੇ ਮੁੰਡੇ ਨਾਲ਼ ਯਾਰੀ!

ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ ਦੀ ਯਾਦ ਵਿੱਚ, ਸਿਰਹੰਦ, ਲੁਧਿਆਣੇ, ਅਤੇ ਜਗਰਾਓਂ ਆਦਿਕ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ `ਚ, ਅਖੰਡਪਾਠ, ਨਗਰ-ਕੀਰਤਨ ਅਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਸਨ। ਇਹ ਧਾਰਮਿਕ ਸਮਾਗਮ ਪੋਹ-ਮਾਘ (ਦਸੰਬਰ-ਜਨਵਰੀ) ਤੋਂ ਸ਼ੁਰੂ ਹੋ ਕੇ ਮਾਰਚ ਦੇ ਅਖ਼ੀਰ ਤੀਕ ਚਲਦੇ ਰਹਿੰਦੇ ਕਿਉਂਕਿ, ਅਕਤੂਬਰ-ਨਵੰਬਰ ਵਿੱਚ ਕਣਕਾਂ ਦੀਆਂ ਬਿਜਾਈਆਂ ਮੁੱਕ ਜਾਣ ਕਾਰਨ, ਪਿੰਡਾਂ ਦੇ ਲੋਕਾਂ ਲਈ, ਅਪਰੈਲ `ਚ ਹੋਣ ਵਾਲੀ ਵਾਢੀ ਤੀਕਰ, ਕੰਮ-ਧੰਦੇ ਕੁਝ ਰੈਲ਼ੇ ਹੁੰਦੇ ਸਨ। ਬਾਪੂ ਦੇ ਕਵੀਸ਼ਰੀ ਜੱਥੇ ਨੂੰ ਇਨ੍ਹਾਂ ਦਿਨਾਂ ‘ਚ ਹੋਣ ਵਾਲੇ ਧਾਰਮਿਕ ਸਮਾਗਮਾਂ ਲਈ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਿਆ ਜਾਂਦਾ ਸੀ।

ਨਵੰਬਰ ਦੇ ਆਖ਼ਰੀ ਦਿਨ ਸਨ ਜਾਂ ਦਸੰਬਰ ਦਾ ਚੜ੍ਹਦਾ ਪੱਖ ਕਿ ਦੁਪਹਿਰ ਵੇਲੇ ਦੋ ਸਾਈਕਲ ਸਵਾਰ ਸਿੰਘ ਸਾਡੇ ਵਿਹੜੇ ਵਿੱਚ ਆਣ ਲੱਥੇ। ਸਬੱਬ ਨਾਲ ਬਾਪੂ ਘਰ ਹੀ ਸੀ।

-ਆਓ ਭਾਈ, ਬੈਠੋ… ਰਸੋਈ ਦੀ ਕੰਧੋਲ਼ੀ ਦੇ ਲਾਗੇ, ਵਿਹੜੇ ਵਿੱਚ ਧੁੱਪ ਸੇਕ ਰਹੇ ਮੰਜੇ ਵੱਲ ਇਸ਼ਾਰਾ ਕਰਦਿਆਂ ਬਾਪੂ ਬੋਲਿਆ।

ਸਾਈਕਲਾਂ ਨੂੰ ਕੰਧਾਂ ਦੇ ਲੜ ਲਾ ਕੇ ਦੋਵੇਂ ਸਵਾਰ ਝਿਜਕਦੇ-ਝਿਜਕਦੇ ਮੰਜਿਆਂ ਉੱਤੇ ਬਿਰਾਜਮਾਨ ਹੋ ਗਏ।

-ਕਿਹੜੇ ਨੱਗਰ ਤੋਂ ਆਏ ਓਂ, ਬਈ ਜਵਾਨੋ! ਸਾਡੀ ਮਾਂ ਨੂੰ ਚਾਹ ਧਰਨ ਲਈ ਆਖਣ ਤੋਂ ਬਾਅਦ, ਬਾਪੂ ਮਹਿਮਾਨਾਂ ਨੂੰ ਸੰਬੋਧਤ ਹੋਇਆ।

-ਅਸੀਂ ਜੀ ਦੇਹੜਕੇ ਪਿੰਡ ਤੋਂ ਆਏ ਆਂ, ਜਗਰਾਵਾਂ ਦੇ ਲਾਗਿਓਂ!

-ਪਤੈ ਨੈਨੂੰ ਦੇਹੜਕਿਆਂ ਦਾ, ਬਾਪੂ ਨੇ ਯਕੀਨ ਨਾਲ਼ ਦੱੁਸਆ1 ਕਿਵੇਂ ਆਉਣੇ ਹੋਏ?

-ਆਏ ਤਾਂ ਜੀ ਇਓਂ ਆਂ ਬਈ ਦੀਵਾਨ ਸਜਣੇ ਐਂ ਸਾਡੇ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ‘ਚ, ਤੇ ਨਾਲ਼ੇ ਨਗਰ ਕੀਤਰਨ ਨਿੱਕਲਣੈ।

-ਕਿਹੜੀ ਤਾਰੀਖ਼ ਐ?

ਮਹਿਮਾਨਾਂ ਨੇ ਜਨਵਰੀ ਦੀ ਕਿਸੇ ਵਿਚਕਾਰਲੀ ਜਿਹੀ ਤਾਰੀਖ਼ ਦਾ ਨਾਮ ਲਿਆ।

-ਮੇਰਾ ਜੱਥਾ ਤਾਂ ਭਾਈਓ ਸਾਰੀ ਜਨਵਰੀ ਲਈ ਬੁੱਕ ਐ।

ਮਹਿਮਾਨ ਮੁਰਝਾਅ ਗਏ ਚਿਹਰਿਆਂ ਨੂੰ ਸਹਿਜ ਵਿੱਚ ਰੱਖਣ ਦੀ ਕੋਸ਼ਿਸ਼ ਕਰਨ ਲੱਗੇ।

-ਅਸੀਂ ਤਾਂ ਬੜੀ ਆਸ ਨਾਲ ਆਏ ਸੀ; ਐਤਕੀਂ ਸਾਰੇ ਨੱਗਰ ਦੀ ਮੰਗ ਸੀ ਪਈ ਰਾਮੂਵਾਲੀਏ ਜੱਥੇ ਨੂੰ ਈ ਬੁਲਾਉਣੈ, ਦਾਹੜੀ ਨੂੰ ਥਪਥਪਾਉਂਦਾ ਇੱਕ ਜਣਾ ਬੋਲਿਆ।

-ਗੱਲ ਅਸਲ ‘ਚ ਇਓਂ ਐ ਬਈ ਜਨਵਰੀ-ਫ਼ਰਵਰੀ ਤਾਂ ਹਰੇਕ ਸਾਲ ਈ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਹੋ ਜਾਂਦੀ ਐ, ਕਰੜ-ਬਰੜੀ ਦਾਹੜੀ ‘ਚ ਉਂਗਲਾਂ ਨਾਲ ਕੰਘੀ ਕਰਦਿਆਂ ਬਾਪੂ ਬੋਲਿਆ।

ਹਰੇ ਰੰਗ ਦਾ ਘਸਮੈਲ਼ਾ ਸਟੂਲ ਮਹਿਮਾਨਾਂ ਵਾਲੇ ਮੰਜੇ ਅਤੇ ਬਾਪੂ ਦੀ ਕੁਰਸੀ ਵਿਚਕਾਰ ਹਾਜ਼ਰ ਹੋ ਗਿਆ। ਕੱਚ ਦੇ ਗਲਾਸਾਂ ‘ਚੋਂ ਭਾਫਾਂ ਮਾਰਦੀ ਚਾਹ ਦੀ ਇੰਤਜ਼ਾਰ ਦੌਰਾਨ ਏਧਰ ਓਧਰ ਦੀਆਂ ਹੋਰ ਗੱਲਾਂ ਚਲਦੀਆਂ ਰਹੀਆਂ।

-ਕੋਈ ਹੋਰ ਜੱਥਾ ਵੀ ਏਨ੍ਹਾਂ ਦਿਨਾਂ ‘ਚ ਮਿਲਣਾ ਮੁਸ਼ਕਿਲ ਜਾਪਦੈ, ਚਾਹ ਦੀ ਪਹਿਲੀ ਘੁੱਟ ਨਿਘਾਰਨ ਬਾਅਦ ਦੋਹਾਂ ‘ਚੋਂ ਇੱਕ ਜਣਾ ਨਿਰਾਸ਼ਤਾ ਦੇ ਆਲਮ ‘ਚੋਂ ਬੋਲਿਆ।

ਮੰਜੇ ਉਦਾਲੇ ਸੰਘਣੀ ਚੁੱਪ ਜਮ੍ਹਾਂ ਹੋਣ ਲੱਗੀ।

ਲੰਮੇਰੀ ਹੋ ਰਹੀ ਚੁੱਪ ਨੂੰ ਤੋੜਦਿਆਂ ਬਾਪੂ ਬੋਲਿਆ: ਕਿਸੇ ਚੰਗੇ ਜੱਥੇ ਦਾ ਮਿਲਣਾਂ ਤਾਂ ਮੁਸ਼ਕਿਲ ਐ; ਉਹ ਤਾਂ ਅਗੇਤੇ ਈ ਬੁੱਕ ਹੋ ਜਾਂਦੇ ਐ।

-ਸਾਡਾ ਤਾਂ ਸਰਨਾ ਨੀ, ਪਾਰਸ ਜੀ! ਕੋਈ ਤਰਕੀਬ ਕੱਢੋ; ਕਿਸੇ ਮਾੜੇ ਮੋਟੇ ਕਵੀਸ਼ਰੀ ਜੱਥੇ ਦੀ ਦੱਸ ਈ ਪਾ ਦਿਓ, ਡੰਗ ਸਾਰਨ ਲਈ!

-ਕਿੰਨੇ ਦੀਵਾਨ ਲੱਗਣੇ ਆਂ?

- ਅਖੰਡ ਪਾਠ ਦੇ ਵਿਚਕਾਰਲੇ ਦਿਨ ਨਗਰ ਕੀਰਤਨ ਨਿੱਕਲਣੈ; ਨਗਰ ਕੀਤਰਨ ਲਈ ਤਾਂ ਇੰਤਜ਼ਾਮ ਹੋਜੂਗਾ ਕਿਸੇ ਰਾਗੀ ਦਾ, ਪਰ ਭੋਗ ਵਾਲੇ ਦਿਨ ਦੀਵਾਨ ਲਈ ਅਸੀਂ ਤਾਂ ਆਸ ਕਰਦੇ ਸੀ ਬਈ ਤੁਹਾਡਾ ਜੱਥਾ ਈ ਦਰਸ਼ਨ ਦੇਦੂਗਾ।

ਬਾਪੂ ਦੇ ਸੱਜੇ ਹੱਥ ਦਾ ਪੰਜਾ ਉਸ ਦੀ ਦਾਹੜੀ ਨੂੰ ਥਾਪੜਣ ਲੱਗ ਪਿਆ। ਆਪਣੀਆਂ ਉੱਪਰ ਨੂੰ ਉੱਠ ਗਈਆਂ ਭਵਾਂ ਨੂੰ ਅਹਿਸਤਾ ਅਹਿਸਤਾ ਹੇਠਾਂ ਉਤਾਰਦਿਆਂ ਉਹ ਬੋਲਿਆ: ਇੱਕ ਦੀਵਾਨ ਤਾਂ… ਜੇ ਥੋਡਾ ਇਰਾਦਾ ਬਣ ਜੇ… ਤਾਂ ਮੇਰੇ ਮੁੰਡੇ ਵੀ ਲਾ ਦੇਣਗੇ।

-ਤੁਹਾਡੇ ਮੁੰਡੇ? ਦੋਹਾਂ ਮਹਿਮਾਨਾਂ ‘ਚੋਂ ਇੱਕ ਦੇ ਬੁੱਲ੍ਹ ਫਰਕੇ।

-ਹਾਂ, ਮੇਰੇ ਮੁੰਡੇ… ਹੈ ਤਾਂ ਹਾਲੇ ਨਿੱਕੇ ਨਿੱਕੇ ਪਰ ਕਵੀਸ਼ਰੀ ਵਧੀਆ ਕਰ ਲੈਂਦੇ ਆ… ਸਬੱਬ ਨਾਲ਼ ਮੈਂ ਇਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਯਾਦ ਕਰਾ ਦਿੱਤੈ!

ਦੋਨਾਂ ਮਹਿਮਾਨਾਂ ਦੀਆਂ ਅੱਖਾਂ ਇੱਕ-ਦੂਜੇ ਨਾਲ ਟੱਕਰਾਈਆਂ ਤੇ ਇੱਕ ਗਹਿਰੀ ਚੁੱਪ ਦਾ ਪਾਸਾਰ ਕਰਨ ਲਈ ਸਟੂਲ ਉੱਤੇ ਜੰਮ ਗਈਆਂ।

ਦੋਹਾਂ ਦੇ ਚਿਹਰਿਆਂ ‘ਚ ਉਦੇ ਹੋਈ ਹਿਚਕਚਾਹਟ ਪੜ੍ਹਨ ਤੋਂ ਬਾਅਦ, ਬਾਪੂ ਦਾ ਚਿਹਰਾ ਉੱਤਰ ਗਿਆ।

-ਜਾਂ ਫਿਰ ਤੁਸੀਂ ਇਓਂ ਕਰੋ ਬਈ ਕਿਸੇ ਹੋਰ ਜੱਥੇ ਨੂੰ ਪੁੱਛ ਲਵੋ… ਮੋਗੇ ਆਲੇ ਬਿੱਕਰ ਪ੍ਰਦੇਸੀ ਦਾ ਢਾਡੀ ਜੱਥਾ ਵੀ ਮਾੜਾ ਨੀ…ਪਰ ਜੇ ਕੋਈ ਹੋਰ ਚਾਰਾ ਮੂਲ਼ੋਂ ਹੀ ਨਾ ਬਣਿਆਂ ਤਾਂ ਮੈਂ ਮੁੰਡਿਆਂ ਨੂੰ ਘੱਲ ਦੇਵਾਂਗਾ।

ਦੋਹਾਂ ਅਜਨਬੀਆਂ ਦੀਆਂ ਨਜ਼ਰਾਂ ਫੇਰ ਟੱਕਰਾਈਆਂ, ਤੇ ਚੁੱਪ ਦਾ ਇੱਕ ਹੋਰ ਆਲਮ ਉੱਭਰਨ ਲੱਗਾ।

-ਉਰੇ ਆਓ ਮੰੁਡਿਓ! ਬਾਪੂ ਦੀਆਂ ਉਂਗਲ਼ਾਂ ਸਾਡੇ ਵੱਲ ਉੱਲਰ ਕੇ ਅੱਗ-ਪਿੱਛੇ ਹਿੱਲੀਆਂ।

ਅਸੀਂ ਤਿੰਨੇ ਭਰਾ ਕਤਾਰ ਬਣਾ ਕੇ ਮੰਜੇ ਦੇ ਪੁਆਂਦ ਵੱਲੀਂ ਖਲੋ ਗਏ।

ਮੇਰੀ ਉਮਰ ਓਦੋਂ 12-13 ਸਾਲ ਦੀ ਸੀ, ਤੇ ਬਲੂੰਗੜਾ ਜਿਹਾ ਰਛਪਾਲ ਗਿਆਰਾਂ ਕੁ ਸਾਲ ਤੋਂ ਵੀ ਨਿੱਕਾ ਜਾਪਦਾ ਸੀ।

ਬਾਪੂ ਦੇ ਸੱਦਣ `ਤੇ, ਵੱਡੇ ਭਰਾ ਬਲਵੰਤ ਦੀ ਅਲੂੰਈਂ ਦਾਹੜੀ ਫੜ-ਫੜਾਉਣ ਲੱਗੀ।

-ਕਰ ਬਈ ਬਲਵੰਤ ਲੈਕਚਰ, ਬਾਪੂ ਚੁਟਕੀ ਮਾਰ ਕੇ ਬੋਲਿਆ। ਉਸ ਨੇ ਆਪਣੀ ਠੋਡੀ ਆਪਣੀ ਛਾਤੀ ਵੱਲ ਨੂੰ ਖਿੱਚੀ, ਤੇ ਆਪਣੀਆਂ ਨਜ਼ਰਾਂ ਬਲਵੰਤ ਦੇ ਚਿਹਰੇ ‘ਤੇ ਗੱਡ ਦਿੱਤੀਆਂ।

ਬਲਵੰਤ ਨੇ ਗਲ਼ਾ ਸਾਫ਼ ਕੀਤਾ ਤੇ ਧੌਣ ਨੂੰ ਜ਼ਰਾ ਕੁ ਉਤਾਂਹ ਨੂੰ ਖਿੱਚ ਕੇ ਇੱਕ ਦਮ ਬੋਲ ਉੱਠਿਆ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਤੇ ਪਰਵਾਰ ਸਮੇਤ ਅਨੰਦਪੁਰ ਦੇ ਕਿਲੇ ‘ਚ ਬਿਰਾਜਮਾਨ ਸਨ। ਹਜ਼ਾਰਾਂ ਦੀ ਤਾਦਾਦ ਵਿੱਚ ਮੁਗ਼ਲ ਫੌਜਾਂ ਨੇ ਕਿਲੇ ਨੂੰ ਘੇਰਾ ਘੱਤ ਲਿਆ। ਸਿੰਘਾਂ ਦੇ ਕਹਿਣ `ਤੇ ਰਾਤ ਦੇ ਹਨੇਰੇ ਦੀ ਓਟ ਵਿੱਚ ਗੁਰੂ ਜੀ ਨੇ ਆਪਣੇ ਪਰਵਾਰ ਨੂੰ ਕਿਲੇ ‘ਚੋਂ ਨਿੱਕਲ਼ ਜਾਣ ਦਾ ਹੁਕਮ ਦੇ ਦਿੱਤਾ। ਕਾਲ਼ੀ-ਬੋਲ਼ੀ ਰਾਤ, ਕਹਿਰ ਦੀ ਸਰਦੀ ਤੇ ਸ਼ੂੂਕਦਾ ਝੱਖੜ। ਗੰਗੂ ਰਸੋਈਏ ਸਮੇਤ ਗੁਰੂ ਜੀ ਦਾ ਪਰਵਾਰ ਤੇ ਅਨੇਕਾਂ ਸਿੰਘ ਅਨੰਦਪੁਰ ਤੋਂ ਸਿਰਹੰਦ ਵੱਲ ਨੰਗੇ ਪੈਰੀਂ ਰਵਾਨਾ ਹੋ ਗਏ। ਪਿੱਛੋਂ ਮੁਗ਼ਲ ਫੌਜ ਨੇ ਉਨ੍ਹਾਂ ‘ਤੇ ਚੜ੍ਹਾਈ ਕਰ ਦਿੱਤੀ। ਸਰਸਾ ਨਦੀ ‘ਤੇ ਆ ਕੇ ਸਾਰੇ ਪਰਵਾਰ ਦੇ ਖੇਰੂੰ ਖੇਰੂੰ ਖੇਰੂੰ ਹੋ ਜਾਣ ਦਾ ਹਾਲ ਕਵੀਸ਼ਰੀ ਜੱਥਾ ਇੰਝ ਬਿਆਨ ਕਰਦਾ ਹੈ।

ਮੈਂ ਆਪਣੀ ਧੌਣ ਨੂੰ ਘੁਮਾਇਆ ਤੇ ਜੀਭ ਨੂੰ ਥਿੜਕਦੇ ਹੋਏ ਬੁੱਲ੍ਹਾਂ ਉੱਤੇ ਫੇਰਿਆ। ਸਾਹ ਅੰਦਰ ਖਿਚਦਿਆਂ ਮੇਰੇ ਮੋਢੇ ਉੱਪਰ ਨੂੰ ਅਗਾਸੇ ਗਏ। ਮੈਂ ਆਪਣੇ-ਆਪ ਝਮਕਣ ਲੱਗੀਆਂ ਆਪਣੀਆਂ ਅੱਖਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ। ਫੁੱਲਿਆ ਹੋਇਆ ਲੁਆਬ ਮੇਰੇ ਗਲ਼ੇ ਵਿੱਚੋਂ ਦੀ ਖਹਿ ਕੇ ਗੁਜ਼ਰਿਆ, ਤੇ ਤਿੱਖੀ ਆਵਾਜ਼ ‘ਚ, ਬਿਨਾ ਅਲਾਪ ਲਿਆਂ, ਮੈਂ ਛੰਦ ਗਾਉਣਾ ਸ਼ੁਰੂ ਕਰ ਦਿੱਤਾ:

`ਕੱਠੇ ਰਹਿੰਦਿਆਂ ਨੂੰ ਬੀਤੀਆਂ ਸੀ ਸਦੀਆਂ

ਮਿਲਣਾ ਨ੍ਹੀ, ਚੱਲੀਆਂ ਵਿੱਛੜ ਨਦੀਆਂ।

ਬਲਵੰਤ ਦਾ ਸਿਰ ਉਸ ਤੋਂ ਬਹੁਤ ਹੀ ਨੀਵੇਂ ਕੱਦ ਵਾਲੇ ਰਛਪਾਲ ਦੇ ਸਿਰ ਵੱਲ ਨੂੰ ਉੱਲਰਿਆ, ਤੇ ਉਹਨਾਂ ਦੋਹਾਂ ਨੇ ਛੰਦ ਦੀਆਂ ਅਗਲੀਆਂ ਸਤਰਾਂ ਚੁੱਕ ਲਈਆਂ:

ਬੀਤਣਾ ਸੀ ਭਾਣਾ ਏਵੇਂ ਕਰਤਾਰ ਦਾ,

ਪੈ ਗਿਆ ਵਿਛੋੜਾ ਸਾਰੇ ਪਰਵਾਰ ਦਾ।

ਕਿੰਨੇ ਹਫ਼ਤਿਆਂ ਤੋਂ ਹਰ ਰੋਜ਼ ਚਲਦੇ ਆ ਰਹੇ ਰਿਆਜ਼ ਸਦਕਾ ਉਨ੍ਹਾਂ ਦੀਆਂ ਆਵਾਜ਼ਾਂ ਰੇਲ ਦੀ ਪਟੜੀ ਵਾਂਗ ਇੱਕਸਾਰ ਸਨ।

ਇਸ ਤੋਂ ਬਾਅਦ ਮੇਰੀ ਵਾਰੀ ਤੇ ਫਿਰ ਬਲਵੰਤ-ਰਛਪਾਲ ਦੀ ਜੋੜੀ ਦੀ: ਛੰਦ ਆਪਣੇ ਸਿਖ਼ਰ ਵੱਲ ਵਧਣ ਲੱਗਾ।

ਦੇਹੜਕੇ ਪਿੰਡ ਵਾਲੇ ਸੱਜਣਾਂ ਦੀਆਂ ਅੱਖਾਂ ਕਦੇ ਸਾਡੇ ਉੱਪਰ ਗੱਡੀਆਂ ਜਾਂਦੀਆਂ ਤੇ ਕਦੇ ਆਪਸ-ਵਿੱਚ ਟਕਰਾਅ ਕੇ ਚਮਕ ਉਠਦੀਆਂ।

ਛੰਦ ਦਾ ਗਾਇਨ ਖ਼ਤਮ ਹੋਇਆ ਤਾਂ ਬਾਪੂ ਪਾਰਸ ਦੀਆਂ ਸਵਾਲੀਆ ਨਜ਼ਰਾਂ ਮਹਿਮਾਨਾਂ ਵੱਲ ਘੁੰਮੀਆਂ। ਦੋਹਾਂ ਸੱਜਣਾਂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਖਿੱਚੇ ਹੋਏ ਸਨ।

-ਹਾਂ ਜੀ, ਕਿਵੇਂ ਲੱਗੇ ਮੁੰਡੇ?

ਮਹਿਮਾਨ ਫ਼ਿਰ ਇੱਕ-ਦੂਜੇ ਵੱਲ ਝਾਕੇ।

-ਕੀ ਅੰਤ ਐ! ਇੱਕ ਬੋਲਿਆ।

-ਕਮਾਲਾਂ ਈ ਕਰੀ ਜਾਂਦੇ ਐ! ਦੂਜੇ ਨੇ ‘ਹਾਂ’ `ਚ ‘ਹਾਂ’ ਮਿਲਾਈ।

ਪਾਰਸ ਬਾਪੂ ਦੇ ਚਿਹਰੇ ‘ਤੇ ਲਾਲੀ ਛਲਕਣ ਲੱਗੀ। ਉਸ ਦੀਆਂ ਅੱਖਾਂ ਕਦੇ ਸਾਡੇ ਵੱਲ ਝਾਤ ਮਾਰਦੀਆਂ ਤੇ ਕਦੇ ਮਹਿਮਾਨਾਂ ਵੱਲ।

-ਫ਼ੀਸ ਕੀ ਆ ਇਨ੍ਹਾਂ ਦੀ, ਪਾਰਸ ਜੀ?

ਬਾਪੂ ਸਿਰ ਘੁਮਾਅ ਕੇ ਮੁਸਕ੍ਰਾਇਆ।

-ਤੁਸੀਂ ਇਨ੍ਹਾਂ ਨਾਲ ਆਪਣਾ ਬੁੱਤਾ ਸਾਰੋ; ਇਨ੍ਹਾਂ ਕੋਲ਼ ਮਸਾਲਾ ਹਾਲੇ ਬੱਸ ਇੱਕ ਦੀਵਾਨ ਜੋਗਾ ਈ ਐ, ਐਵੇਂ ਡੇਢ ਕੁ ਘੰਟੇ ਕੁ ਜੋਗਾ। ਜੋ ਕੁਝ ਦੇਣਾ ਹੋਇਆ ਦੇ ਦਿਓ; ਨਹੀਂ ਦੇਣਾ ਤਾਂ ਨਾ ਦੇਇਓ! ਥੋਡਾ ਕੰਮ ਸਰ ਜੂ ਤੇ ਮੁੰਡਿਆਂ ਦਾ ਸ਼ੁਗਲ ਹੋ ਜੂ!

***

ਅਗਲੇ ਦਿਨ ਮੋਗੇ ਜਾਣ ਦੀ ਤਿਆਰੀ ਹੋ ਗਈ। ਮੈਨੂੰ ਬਾਪੂ ਦੇ ਸਾਈਕਲ ਦੇ ਕੈਰੀਅਰ ਉੱਪਰ ਤੇ ਰਛਪਾਲ ਨੂੰ ਬਲਵੰਤ ਵਾਲੇ ਸਾਈਕਲ ਦੇ ਕੈਰੀਅਰ ਉੱਪਰ ਬਿਠਾ ਲਿਆ ਗਿਆ। ਬਜਾਜ਼ੀ ਦੀ ਦੁਕਾਨ ਤੋਂ ਇੱਕੋ ਰੰਗ ਦੇ ਮੋਟੇ ਜਿਹੇ ਕੱਪੜੇ ਸਾਡੇ ਤਿੰਨਾਂ ਲਈ ਪੜਵਾਅ ਲਏ ਗਏ। ਉਸੇ ਦੁਕਾਨ ‘ਤੇ ਬੈਠੇ ਦਰਜ਼ੀ ਨੇ ਫੀਤਾ ਸਾਡੇ ਗਲ਼ਾਂ, ਬਾਹਾਂ, ਲੱਕਾਂ ਤੇ ਲੱਤਾਂ ਦੇ ਉਦਾਲੇ-ਪਦਾਲ਼ੇ ਘੁੰਮਾਇਆ ਤੇ ਚਾਰ ਪੰਜ ਦਿਨ ਦਾ ਇਕਰਾਰ ਦੇ ਕੇ ਕੱਪੜਾ ਆਪਣੇ ਪਿਛਾੜੀ ਰੱਖ ਦਿੱਤਾ। ਮੇਨ ਬਜ਼ਾਰ `ਚੋਂ ਸੂਟਾਂ ਦੇ ਕੱਪੜੇ ਨਾਲ ਮੇਲ਼ ਖਾਂਦੇ ਰੰਗ ਦੀਆਂ ਪੱਗਾਂ ਰੰਗਾਅ ਲਈਆਂ ਗਈਆਂ।

ਅਗਲੇ ਦਿਨ, ਕਈ ਦਿਨਾਂ ਦੀ ਲੰਮੀ ਗ਼ੈਰਹਾਜ਼ਰੀ `ਤੇ ਨਿਕਲਣ ਤੋਂ ਪਹਿਲਾਂ ਬਾਪੂ ਨੇ ਬੇਬੇ ਨੂੰ ਹਦਾਇਤਾਂ ਦੇ ਦਿੱਤੀਆਂ: ਮੁੰਡਿਆਂ ਨੂੰ ਹਰ ਰੋਜ਼ ਵਾਂਗ ਸਵੇਰੇ ਚਾਰ ਵਜੇ ਜਗਾ ਲੈਣੈ ਤੇ ਨਹਾਉਣੈ ਨਲ਼ਕੇ ਦੇ ਤਾਜ਼ੇ ਪਾਣੀ ਨਾਲ। ਉਸ ਤੋਂ ਬਾਅਦ ਚਾਹ ਤੇ ਪਿੰਨੀਆਂ ਤੇ ਫਿਰ ਇਨ੍ਹਾਂ ਦੀਆਂ ਚੌਂਕੜੀਆਂ ਪੇਟੀ ਉੱਤੇ। ਸਾਹਿਬਜ਼ਾਦਿਆਂ ਦਾ ਸਾਰਾ ਪ੍ਰਸੰਗ ਇਨ੍ਹਾਂ ਨੇ ਉੱਚੀ ਅਵਾਜ਼ ਵਿੱਚ ਗਾਉਣੈ, ਤੇ ਦਿਲਜੀਤ ਕੁਰੇ, ਤੂੰ ਸੁਣਨੈਂ! ਮੇਰੀਆਂ ਹਦਾਇਤਾਂ ‘ਚ ਕੋਈ ਕਮੀ-ਪੇਸ਼ੀ ਨਹੀਂ ਰਹਿਣੀ ਚਾਹੀਦੀ!

***

ਸਾਈਕਲ ਉੱਤੇ ਦੇਹੜਕੇ ਪਿੰਡ ਪਹੁੰਚਣ ਦਾ ‘ਰੂਟ’ ਬਲਵੰਤ ਨੇ ਸਾਡੇ ਗਵਾਂਢੀ ਰਾਜੇ-ਸਿੱਖ ਤਾਇਆ ਨਗਿੰਦਰ ਸਿਓਂ ਤੋਂ ਪਹਿਲੀ ਰਾਤ ਹੀ ਪੁੱਛ ਲਿਆ ਸੀ। ਦੇਹੜਕੇ ਪਿੰਡ ਦਾ ਦੀਵਾਨ, ਅਖੰਡਪਾਠ ਦੇ ਭੋਗ ਤੋਂ ਬਾਅਦ, ਦੁਪਹਿਰ ਦੇ ਗਿਆਰਾਂ-ਬਾਰਾਂ ਵਜੇ ਅਰੰਭ ਹੋਣਾ ਸੀ, ਇਸ ਲਈ ਪੱਚੀ ਤੀਹ ਮੀਲ ਦੇ ਕੱਚੇ ਸਫ਼ਰ ਲਈ ਸਵਖ਼ਤੇ ਨਿੱਕਲਣਾ ਜ਼ਰੂਰੀ ਸੀ।

ਸੂਰਜ ਦੀ ਟਿੱਕੀ ਹਾਲੇ ਧਰਤੀ ਦੇ ਸਿਰਹਾਣੇ ਵਾਲ਼ੇ ਪਾਸੇ ਰਜ਼ਾਈ ‘ਚ ਮੂੰਹ ਲਪੇਟੀ ਪਈ ਸੀ ਕਿ ਬਲਵੰਤ ਨੇ ਸਾਈਕਲ ਦੇ ਟਾਇਰਾਂ ਦੀ ਨਬਜ਼ ਉਂਗਲ਼ਾਂ ਤੇ ਅੰਗੂਠੇ ਨਾਲ਼ ਟੋਹੀ। ਦੋਹਾਂ ਚੱਕਿਆਂ `ਚ ਹਵਾ ਪੂਰੀ ਸੀ। ਆਪਣੇ ਮੂੰਹ ਉੱਪਰ, ਨੱਕ ਤੀਕ ਮਾਰ ਕਰਦੀ ਢਾਠੀ ਬੰਨ੍ਹ ਲੈਣ ਤੋਂ ਬਾਅਦ, ਬਲਵੰਤ ਨੇ, ਸਾਈਕਲ ਦੀ ਕਾਠੀ ਨੂੰ ਹੈਂਡਲ ਨਾਲ਼ ਜੋੜਦੇ ਡੰਡੇ ਉਦਾਲ਼ੇ ਪੁਰਾਣੇ ਕੱਪੜੇ ਲਪੇਟ ਕੇ, ਉਨ੍ਹਾਂ ਉਦਾਲ਼ੇ ਇੱਕ ਰੱਸੀ ਘੁੱਟ ਕੇ ਬੰਨ੍ਹ ਦਿੱਤੀ। ਬੇਬੇ ਨੇ ਖੋਏ ਦੀਆਂ ਛੇ-ਸੱਤ ਪਿੰਨੀਆਂ ਇੱਕ ਪਰਨੇ ‘ਚ ਲਪੇਟ ਕੇ ਕੱਪੜੇ ਦੇ ਇੱਕ ਥੈਲੇ ‘ਚ ਬਿਰਾਜਮਾਨ ਕਰ ਦਿੱਤੀਆਂ। ਇਸ ਥੈਲੇ ਨੂੰ ਬਲਵੰਤ ਨੇ ਸਾਈਕਲ ਦੇ ਹੈਂਡਲ ਨਾਲ਼ ਲਟਕਾਅ ਦਿੱਤਾ।

ਝੋਲ਼ੀਦਾਰ ਪਜਾਮੇ, ਤੇ ਗੋਡਿਆਂ ਨੂੰ ਛੂੰਹਦੇ ਕਾਲਰਾਂ ਵਾਲ਼ੇ ਕੁੜਤੇ, ਸਾਡੇ ਸਰੀਰਾਂ ਉਦਾਲ਼ੇ ਲਿਪਟ ਗਏ। ਬੇਬੇ ਦੀਆਂ ਬੁਣੀਆਂ, ਮੋਟੀ ਉੱਨ ਦੀਆਂ ਸਵੈਟਰਾਂ ਸਾਡੇ ਸਿਰਾਂ ਨੂੰ ਪਲ਼ੋਸ ਕੇ ਸਾਡੇ ਕਮੀਜ਼ਾਂ ਦੇ ਉਦਾਲ਼ੇ ਲਿਪਟ ਗਈਆਂ। ਭੂਰੇ ਕੱਪੜੇ ਦੇ ਬਣੇ, ਰਬੜ ਦੇ ਤਲ਼ਿਆਂ ਵਾਲੇ ਬੂਟਾਂ ਦੇ ਤਸਮੇਂ ਕੱਸ ਲਏ ਗਏ। ਛੋਟਾ ਰਛਪਾਲ, ਜਿਹੜਾ ਆਪਣੇ ਪੰਜਵੀਂ ਦੇ ਹਮਜਮਾਤੀਆਂ ਵਿੱਚੋਂ ਕੱਦ ਅਤੇ ਉਮਰ ‘ਚ ਸ਼ਾਇਦ ਸਭ ਤੋਂ ਛੋਟਾ ਸੀ, ਨੂੰ ਕਾਠੀਓਂ ਮੂਹਰਲੇ ਡੰਡੇ ਦਿੱਤਾ ਉੱਪਰ ਬਿਠਾਅ ਦਿੱਤਾ ਗਿਆ। ਸੁੰਨਸਾਨ ਵਿਹੜੇ `ਚ ਪੱਸਰੀ ਗਾਹੜੀ ਧੁੰਦ ਕੰਧਾਂ ਨੂੰ ਲੁਕੋ ਰਹੀ ਸੀ।

ਦਰਵਾਜ਼ਿਓਂ ਬਾਹਰ ਨਿੱਕਲ਼ਦਿਆਂ ਹੀ ਬਲਵੰਤ ਨੇ ਸਾਈਕਲ ਦੇ ਪੈਡਲ ‘ਤੇ ਆਪਣਾ ਪੰਜਾ ਟਿਕਾਅ ਦਿੱਤਾ। ਸਾਈਕਲ ਨੇ ਜਿਓਂ ਹੀ ਸਪੀਡ ਫੜੀ, ਤਾਂ ਮੈਂ ਪਲਾਕੀ ਮਾਰ ਕੇ ਪਿਛਲੀ ਕਾਠੀ (ਕੈਰੀਅਰ) ‘ਤੇ ਬੈਠ ਗਿਆ। ਰਾਮੂਵਾਲ਼ੇ ਤੋਂ ਦੇਹੜਕੇ ਨੂੰ ਜਾਂਦਿਆਂ ਪਹਿਲਾ ਪਿੰਡ ਬੁੱਟਰ ਆਉਣਾ ਸੀ ਜਿੱਥੋਂ ਦੇ ਹਾਈ ਸਕੂਲ ਵਿੱਚੋਂ ਬਲਵੰਤ ਨੇ ਹਾਲੇ ਬੀਤੇ ਸਾਲ ਹੀ ਦਸਵੀਂ ਪਾਸ ਕੀਤੀ ਸੀ। ਇਸ ਲਈ ਬੁੱਟਰ ਤੀਕ ਦੇ ਰਸਤੇ ਦਾ ਕੁੱਲ ਵੇਰਵਾ ਉਸ ਨੂੰ ਕਵੀਸ਼ਰੀ ਦੇ ਦਰਜਣਾਂ ਵਾਰ ਗਾਏ ਕਿਸੇ ਬਿਰਤਾਂਤਕ ਛੰਦ ਵਾਂਗ ਯਾਦ ਸੀ: ਕਿੱਥੇ ਮੋੜ ਆਉਂਦਾ ਸੀ, ਕਿੱਥੇ ਡੰਡੀ ਜਿਹੀ ਬਣਦੀ ਸੀ, ਕਿੱਥੇ ਸੱਜੇ ਜਾਂ ਖੱਬੇ ਪਾਸੇ ਨੂੰ ਬੁਰਕ ਜਿਹਾ ਮਾਰ ਕੇ ਸਾਈਕਲ ਨੇ ਇੱਕ ਦਮ ਫੇਰ ਸਿੱਧੇ ਨਿੱਕਲਣਾ ਸੀ, ਤੇ ਕਿਹੜੇ ਥਾਂ `ਤੇ, ਰਸਤੇ ਨੂੰ ਚੀਰਦੀ ਕਿਸੇ ਆੜ ਜਾਂ ਖਾਲ਼ੇ ਕਾਰਨ, ਸਾਈਕਲ ਨੇ ਚੁੱਭੀ ਜਿਹੀ ਮਾਰਨੀ ਸੀ ਜਾਂ ਉੱਪਰ ਨੂੰ ਹਿਚਕੀ ਜਿਹੀ ਲੈਣੀ ਸੀ।

ਫਿਰਨੀਓਂ ਨਿੱਕਲ਼ ਕੇ ਬੁੱਟਰ ਦੇ ਰਾਹ ਚੜ੍ਹਦਿਆਂ ਹੀ ਬਲਵੰਤ ਨੇ ਸਾਈਕਲ ਨੂੰ ਰੇਲ-ਗੱਡੀ ਬਣਾ ਦਿੱਤਾ। ਸਾਈਕਲ ਸੰਘਣੀ ਧੁੰਦ ਨੂੰ ਤੀਰ ਵਾਂਗ ਚੀਰਦਾ ਜਾ ਰਿਹਾ ਸੀ। ਧੁੰਦ ਏਨੀ ਗਾਹੜੀ ਸੀ ਕਿ ਕੱਚੇ ਰਸਤੇ ਤੋਂ ਵੀਹ ਕਰਮਾਂ ਦੇ ਫ਼ਾਸਲੇ ‘ਤੇ ਫੈਲਰੀ ਹੱਡਾਰੋੜੀ ਪਾਰ ਕਰ ਜਾਣ ਦਾ ਅਹਿਸਾਸ ਵੀ ਸਾਨੂੰ ਹੱਡਾਂ ਦੇ ਮੁਸ਼ਕ ਨਾਲ਼ ਹੀ ਹੋਇਆ। ਰਛਪਾਲ ਨੇ ਸਾਈਕਲ ਦੇ ਹੈਂਡਲ ਨੂੰ ਵਿਚਕਾਰੋਂ ਜਹਿਓਂ ਦੋਹਾਂ ਹੱਥਾਂ ਨਾਲ਼ ਘੁੱਟ ਕੇ ਫੜਿਆ ਹੋਇਆ ਸੀ। ਬਲਵੰਤ ਚੁੱਪ ਸੀ ਕਿਉਂਕਿ ਉਸ ਦਾ ਸਾਰਾ ਧਿਆਨ, ਸਾਈਕਲ ਦੇ ਅਗਾੜੀ, ਦਸ-ਪੰਦਰਾਂ ਕਦਮਾਂ ਕੁ ਤੀਕ ਨਜ਼ਰ ਆਉਂਦੇ ਰਸਤੇ ਉੱਪਰ ਹੀ ਕੇਂਦਰਤ ਸੀ। ਦਸ-ਪੰਦਰਾਂ ਕਦਮਾਂ ਤੋਂ ਅੱਗੇ ਧੁੰਦ ਦੀ ਮੋਟੀ ਕੰਧ ਸੀ: ਜਿਓਂ ਜਿਓਂ ਸਾਈਕਲ ਅੱਗੇ ਵਧਦਾ, ਤਾਂ ਕੰਧ ਵੀ ਅੱਗੇ ਹੀ ਅੱਗੇ ਤੁਰਦੀ ਜਾ ਰਹੀ ਸੀ। ਸੀਤ ਹਵਾ ਨਾਲ਼ ਠਰ ਗਿਆ, ਬਲਵੰਤ ਦਾ ਨੱਕ ਸੁਰੜ-ਸੁਰੜ ਕਰਨ ਲੱਗਾ। ਧੁੰਦ ਨੇ ਸਾਡੇ ਕੱਪੜਿਆਂ `ਚ ਸਿੱਲ੍ਹ ਫੂਕਣੀ ਸ਼ੁਰੂ ਕਰ ਦਿੱਤੀ। ਬਲਵੰਤ ਬਿੰਦੇ ਬਿੰਦੇ ਸੱਜੇ ਹੱਥ ਨੂੰ ਹੈਂਡਲ ਤੋਂ ਲਹੁੰਦਾ ਤੇ ਅੱਖਾਂ ‘ਚੋਂ ਨਿੱਕਲ਼ ਰਹੇ ਪਾਣੀ ਨੂੰ ਸਾਫ਼ ਕਰ ਲੈਂਦਾ।

ਹਾਲੇ ਡੇਢ ਕੁ ਮੀਲ ਦਾ ਸਫ਼ਰ ਹੀ ਤੈਅ ਹੋਇਆ ਹੋਵੇਗਾ ਕਿ ਰਛਪਾਲ ਦੱਬਵੀਂ ਚੀਕ ‘ਚ ਰੋਣ ਲੱਗ ਪਿਆ।

ਬਲਵੰਤ ਨੇ ਬਰੇਕ ਮਾਰੇ ਤੇ ਮੈਂ ਇੱਕ ਦਮ ਛਾਲ਼ ਮਾਰ ਕੇ ਕੈਰੀਅਰ ਤੋਂ ਉੱਤਰ ਗਿਆ।

-ਕੀ ਹੋ ਗਿਆ? ਬਲਵੰਤ ਨੇ ਸਾਈਕਲ ਦੀ ਕਾਠੀ ਤੋਂ ਉੱਤਰ ਕੇ ਰਛਪਾਲ ਨੂੰ ਪੁੱਛਿਆ।

ਰਛਪਾਲ ਹੁਣ ਉੱਚੀ ਉੱਚੀ ਰੋਣ ਲੱਗਾ। ਬਲਵੰਤ ਨੇ ਉਸ ਨੂੰ ਡੰਡੇ ਤੋਂ ਉਤਾਰ ਲਿਆ।

-ਓਏ ਦੱਸ ਤਾਂ ਸਹੀ ਕੀ ਹੋ ਗਿਆ ਤੈਨੂੰ?

-ਉਂਗਲਾਂ… ਰਛਪਾਲ ਰੋਂਦਿਆਂ ਰੋਦਿਆਂ ਬੱਸ ਏਨਾ ਹੀ ਕਹਿ ਸਕਿਆ।

-ਕੀ ਹੋ ਗਿਆ ਤੇਰੀਆਂ ਉਂਗਲ਼ਾਂ ਨੂੰ?

-ਉਂਗਲ਼ਾਂ ‘ਚ ਕੰਡੇ ਚੁਭਦੇ ਐ! ਉਸ ਦੇ ਬੁੱਲ੍ਹ ਪਾਸਿਆਂ ਤੋਂ ਹੇਠਾਂ ਨੂੰ ਲੁੜਕੇ ਹੋਏ ਸਨ ਤੇ ਹੇਠਲੇ ਬੁੱਲ੍ਹ ਦਾ ਵਿਚਕਾਰਲਾ ਪਾਸਾ ਗੋਲਾਈ ਅਖ਼ਤਿਆਰ ਕਰ ਕੇ ਉਸ ਦੇ ਹੇਠਲੇ ਦੰਦਾਂ ‘ਤੇ ਛਤਰਧਾਰੀ ਹੋ ਗਿਆ ਸੀ।

ਬਲਵੰਤ ਨੇ ਰਛਪਾਲ ਦੀਆਂ ਉਂਗਲਾਂ ਨੂੰ ਆਪਣੇ ਹੱਥਾਂ ‘ਚ ਲਿਆ ਤੇ ਬੋਲਿਆ: ਓਏ ਕੁਸ਼ ਨੀ ਹੋਇਆ! ਉਂਗਲਾਂ ਠੰਡੀ ਹਵਾ ਨਾਲ਼ ਠਰ ਗਈਐਂ! ਹੁਣੇ ਠੀਕ ਕਰ ਦਿੰਨੇ ਆਂ!

ਉਸ ਨੇ ਰਛਪਾਲ ਦੇ ਇੱਕ ਹੱਥ ਨੂੰ ਆਪਣੇ ਯੱਖ ਹੋਏ ਹੱਥਾਂ ‘ਚ ਲੈ ਕੇ ਰਗੜਨਾ ਸ਼ੁਰੂ ਕਰ ਦਿੱਤਾ। ਮੈਂ ਉਸ ਦੇ ਦੂਸਰੇ ਹੱਥ `ਤੇ ਆਪਣਾ ਹੱਥ ਘਸਾਉਣ ਲੱਗਾ। ਰਛਪਾਲ ਦੇ ਲਗਾਤਾਰ ਨਿੱਕਲ਼ ਰਹੇ ਹਟਕੋਰੇ ਦੋ ਕੁ ਮਿੰਟਾਂ ਬਾਅਦ ਛਿੱਜਣ ਲੱਗੇ।

-ਠੀਕ ਐਂ ਹੁਣ? ਬਲਵੰਤ ਨੇ ਰਛਪਾਲ ਦਾ ਮੋਢਾ ਹਲੂਣਿਆਂ।

ਰਛਪਾਲ ਨੇ ਅੱਖਾਂ ਨੂੰ ਝਮਕ ਕੇ ਉਨ੍ਹਾਂ `ਚੋਂ ਨਮੀ ਝਾੜੀ ਤੇ ਚੁੱਪ-ਚਾਪ ਸਿਰ ਨੂੰ ਹੇਠਾਂ-ਉੱਪਰ ਕੀਤਾ।

ਬਲਵੰਤ ਨੇ ਝੋਲ਼ੇ `ਚੋਂ ਪਿੰਨੀਆਂ ਵਾਲ਼ਾ ਪਰਨਾ ਕੱਢਿਆ, ਤੇ ਪਿੰਨੀਆਂ ਨੂੰ ਝੋਲ਼ੇ ‘ਚ ਸੁੱਟ ਕੇ, ਪਰਨਾ ਰਛਪਾਲ ਦੇ ਹੱਥਾਂ ਉਦਾਲ਼ੇ ਲਪੇਟ ਦਿੱਤਾ।

ਸੂਰਜ ਨੇ ਭਾਵੇਂ ਸਿਰ ਉਠਾਅ ਲਿਆ ਸੀ, ਪਰ ਦੂਰ ਦੂਰ ਤੀਕ ਪੱਸਰੇ, ਧੁੰਦ ਦੇ ਮੋਟੇ ਤੰਬੂ ਕਾਰਨ, ਉਹ ਨਜ਼ਰ ਤੋਂ ਹਾਲੇ ਵੀ ਓਝਲ਼ ਸੀ। ਸੂਰਜ ਚੜ੍ਹ ਜਾਣ ਕਾਰਨ, ਹੁਣ ਆ਼ਲ਼ੇ-ਦੁਆਲ਼ੇ ‘ਚ ਸਿਰਫ਼ ਚਿੱਟਾ ਹਨੇਰਾ ਹੀ ਰਹਿ ਗਿਆ ਸੀ, ਤੇ ਦਿਸਣ-ਹੱਦ ਦਸ-ਪੰਦਰਾਂ ਕਦਮਾਂ ਤੋਂ ਵਧ ਕੇ ਵੀਹ ਕੁ ਕਦਮਾਂ `ਤੇ ਖਿਸਕ ਗਈ ਸੀ। ਹੁਣ ਆਲ਼ੇ-ਦੁਆਲ਼ੇ ‘ਚ ਖਲੋਤੇ ਘੋਨ-ਮੋਨ ਬਿਰਖਾਂ ਦੇ ਝਾਉਲ਼ੇ ਜਿਹੇ ਵੀ ਨਜ਼ਰੀਂ ਆਉਣ ਲੱਗ ਪਏ ਸਨ।

ਜਦੋਂ ਅਸੀਂ ਬੁੱਟਰ ਵਾਲ਼ੇ ਸੂਏ `ਤੇ ਅੱਪੜੇ, ਤਾਂ ਧੁੰਦ ਵਿੱਚੋਂ, ਸਿਰਾਂ ‘ਤੇ ਝੁੰਬ ਮਾਰੀ, ਖੇਤਾਂ ਵੱਲ ਨੂੰ ਜਾ ਰਹੇ ਲੋਕਾਂ ਦੇ ਭੂਤੀਆ-ਆਕਾਰ ਨਜ਼ਰੀਂ ਪੈਣ ਲੱਗੇ। ਬਲਵੰਤ ਦੇ ਮਗਰਲੇ ਪਾਸੇ ਬੈਠਾ ਹੋਣ ਕਰ ਕੇ, ਮੈਂ ਤਾਂ ਸੀਤ ਹਵਾ ਦੇ ਕਹਿਰ ਤੋਂ ਰਤਾ ਕੁ ਬਚਿਆ ਹੋਇਆ ਸਾਂ, ਪਰ ਰਛਪਾਲ ਦੇ ਨੱਕ ਦੀ ਕੋਂਪਲ਼ ਪਾਲ਼ੇ ਨਾਲ਼ ਠਰ ਕੇ ਨੀਲੀ ਹੋਈ ਪਈ ਸੀ।

ਸੂਏ ਦੇ ਪੁਲ਼ ‘ਤੇ, ਮੋਟੇ ਖੇਸ ਦੀ ਬੁੱਕਲ਼ ਮਾਰੀ, ਅੱਧ-ਖੜ ਉਮਰ ਦਾ ਇੱਕ ਵਿਅਕਤੀ ਸਿਗਰਟ ਦੇ ਸੂਟੇ ਲਾ ਰਿਹਾ ਸੀ। ਉਸ ਦੀ “ਲੈਂਪ” ਮਾਰਕਾ ਸਿਗਰਟ ਦੀ ਬੋਅ ਅਸੀਂ ਕਈ ਕਦਮ ਪਹਿਲਾਂ ਹੀ ਸੁੰਘ ਲਈ ਸੀ। ਉਸ ਦੇ ਨੇੜੇ ਅੱਪੜਦਿਆਂ ਬਲਵੰਤ ਨੇ ਸਾਈਕਲ ਹੌਲ਼ੀ ਕੀਤਾ ਤੇ ਮੈਨੂੰ ਪਿਛਲੇ ਕੈਰੀਅਰ ਤੋਂ ਉੱਤਰ ਜਾਣ ਲਈ ਕਿਹਾ।

-ਸਾਸਰੀ `ਕਾਲ…ਕਿਵੇਂ ਐ ਬਾਈ ਸਿੰਆਂ? ਬਲਵੰਤ, ਸਿਗਰਟੀ ਵਿਅਕਤੀ ਨੂੰ ਸੰਬੋਧਤ ਸੀ।

-ਤੂੰ ਸੁਣਾ ਬਈ ਚੋਬਰਾ! ਚੁਟਕੀ ਮਾਰ ਕੇ ਸਿਗਰਟ ਤੋਂ ਰਾਖ਼ ਝਾੜਦਿਆਂ ਸਿਗਰਟੀ ਬੋਲਿਆ।

-ਤੀਲਾਂ ਵਾਲੀ ਡੱਬੀ ਚਾਹੀਦੀ ਸੀ ਭੋਰਾ ਕੁ! ਬਲਵੰਤ ਦੇ ਬੋਲ ਦੀ ਕੰਬਣੀ ਸਿਗਰਟੀ ਨੇ ਜ਼ਰੂਰ ਭਾਂਪ ਲਈ ਹੋਵੇਗੀ।

-ਹੈਂਅ? ਉਹ ਤ੍ਰਭਕ ਕੇ ਬੋਲਿਆ। ਤੀਲਾਂ ਵਾਲ਼ੀ ਡੱਬੀ?

-ਹਾਂ, ਤੀਲਾਂ ਵਾਲ਼ੀ ਡੱਬੀ!

-ਕੀ ਕਰਨੀ ਆਂ?

-ਹੱਥ ਠਰਗੇ ਐ ਜੁਆਕਾਂ ਦੇ, ਬਲਵੰਤ ਸਾਡੇ ਵੱਲੀਂ ਝਾਕ ਕੇ ਮਿਮਕਿਆ। – ਮੇਰਾ `ਰਾਦਾ ਐ ਬਈ ਔਸ ਸਲਵਾੜ੍ਹ ਨੂੰ ਅੱਗ ਲਾ ਕੇ ਜ਼ਰਾ ਸੇਕ ਲਈਏ।

 

ਸਾਡੇ ਅੱਗ ਸੇਕਣ ਤੋਂ ਬਾਅਦ ਸਾਈਕਲ ਫੇਰ ਹਰਕਤ `ਚ ਆ ਗਿਆ। ਐਤਕੀਂ ਰਛਪਾਲ ਦੀ ਸੀਟ ਪਿਛਲੀ ਕਾਠੀ ਉੱਤੇ ਹੋ ਗਈ ਤੇ ਮੈਂ ਮੂਹਰਲੇ ਡੰਡੇ ‘ਤੇ ਸਵਾਰ ਹੋ ਗਿਆ। ਸੂਏ ਦੀ ਪਟੜੀ ‘ਤੇ ਸਾਈਕਲ ਧੂੜਾਂ ਪਟਦਾ ਜਾ ਰਿਹਾ ਸੀ। ਗਿੱਠ, ਗਿੱਠ ਦਾ ਕੱਦ ਕਰ ਗਈਆਂ ਕਣਕਾਂ ਉੱਪਰ ਪਈ ਤ੍ਰੇਲ ਸਾਫ਼ ਦਿਸਦੀ ਸੀ। ਕੱਚੇ ਰਸਤੇ ਦਾ ਰੇਤਾ ਤੇ ਮਿੱਟੀ ਸਿੱਲ੍ਹ ਨਾਲ਼ ਭਰੇ ਹੋਏ ਸਨ। ਪੱਤਿਆਂ ਤੋਂ ਬਗ਼ੈਰ ਪਿੰਜਰ ਜਾਪਦੇ, ਉਦਾਸ ਦ੍ਰਖ਼ਤਾਂ ਉੱਪਰ, ਆਪਣੇ ਖੰਭਾਂ ਨੂੰ ਮੋਢਿਆਂ ਵਾਂਗ ਸੁੰਗੇੜ ਕੇ ਬੈਠੇ ਹੋਏ ਕਾਂ ਉੱਡਣ ਦੀ ਹਿੰਮਤ ਗੁਆ ਬੈਠੇ ਸਨ।

ਪੰਜ ਛੇ ਮੀਲ ਚੱਲਣ ਤੋਂ ਬਾਅਦ, ਕਮਾਦ ਜਾਂ ਸਲਵਾੜ੍ਹਾਂ ਨਾਲ਼ ਢਕੀ, ਕਿਸੇ ਪਰਦੇ ਵਾਲ਼ੀ ਥਾਂ `ਤੇ ਅਸੀਂ ਸਾਈਕਲ ਤੋਂ ਉੱਤਰਦੇ ਤੇ ਪਿਸ਼ਾਬ ਕਰਨ ਦੇ ਬਹਾਨੇ ਬਲਵੰਤ ਨੂੰ ਦਮ ਦੁਆ ਦਿੰਦੇ। ਤੇਜ਼ ਹਵਾ ‘ਚ ਸਾਈਕਲ ਚਲਾਉਣ ਨਾਲ਼ ਬਲਵੰਤ ਦਾ ਜ਼ੋਰ ਲੱਗਣ ਕਾਰਨ ਨੌ ਕੁ ਵਜਦੇ ਨੂੰ ਉਸ ਦੇ ਪੇਟ ‘ਚ ਤਿਤਲੀਆਂ ਉੱਡਣ ਲੱਗੀਆਂ। ਸੁੰਨਸਾਨ ਥਾਂ ‘ਤੇ ਖਲੋਤੇ ਇੱਕ ਨਲ਼ਕੇ ਕੋਲ਼ ਉਸ ਨੇ ਸਾਈਕਲ ਰੋਕਿਆ ਤੇ ਦੋ ਤਿੰਨ ਪਿੰਨੀਆਂ ਨਿਘਾਰਨ ਬਾਅਦ ਪੇਟ ਪਾਣੀ ਨਾਲ਼ ਭਰ ਲਿਆ।

ਮੇਰੇ ਹੱਥ, ਪਰਨੇ ‘ਚ ਲਪੇਟੇ ਹੋਏ ਸਨ, ਇਸ ਲਈ ਠੰਡ ਸਿਰਫ਼ ਅੱਖਾਂ ਤੇ ਨੱਕ ‘ਤੇ ਹੀ ਮਾਰ ਕਰਦੀ ਸੀ। ਕਈਆਂ ਪਿੰਡਾਂ ਦੀਆਂ ਫਿਰਨੀਆਂ ਨਾਪਦੇ ਤੇ ਕਈ ਵਿੰਗ-ਤੜਿੰਗੇ ਰਸਤਿਆਂ ਦਾ ਭਰਮਣ ਕਰਦੇ ਕਰਦੇ, ਅਖ਼ੀਰ ਅਸੀਂ ਦੇਹੜਕੇ ਜਾ ਸਿਰ ਕੱਢਿਆ।

ਗੁਰਦਵਾਰੇ ਸਾਡਾ ਭਰਵਾਂ ਸਵਾਗਤ ਹੋਇਆ। ਗੁਰਦਵਾਰੇ ਦੀ ਇਮਾਰਤ ਛੋਟੀ ਹੋਣ ਕਰ ਕੇ, ਗੁਰਦਵਾਰੇ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਹੀ ਚਾਨਣੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਹੇਠ ਪੱਟੀਆਂ ਵਿਛੀਆਂ ਹੋਈਆਂ ਸਨ। ਗੁਰੂ ਗ੍ਰੰਥ ਸਾਹਿਬ ਦੀ ਬੀੜ, ਚਾਨਣੀ ਦੇ ਹੇਠ, ਗੁਰਦਵਾਰੇ ਦੇ ਮੁੱਖ ਗੇਟ ਦੇ ਨੇੜੇ ਜੇਹੇ ਸ਼ਸ਼ੋਭਤ ਸੀ। ਲੰਗਰ ਵਿੱਚੋਂ ਲੌਂਗ-ਲਾਚੀਆਂ ਤੇ ਭਰਵੇਂ ਮਿੱਠੇ ਵਾਲ਼ੀ ਚਾਹ ਛਕਾਉਣ ਤੋਂ ਬਾਅਦ ਜਦੋਂ ਸਾਨੂੰ ਦੀਵਾਨ ਵਿੱਚ ਲਿਆਂਦਾ ਗਿਆ, ਤਾਂ ਸਾਡੇ ਇੱਕੋ ਰੰਗ ਦੇ ਕੱਪੜਿਆਂ ਤੋਂ ਸਾਡੇ ਕਵੀਸ਼ਰ ਹੋਣ ਦਾ ਅੰਦਾਜ਼ਾ ਲਾ ਲੈਣ ਨਾਲ਼, ਸੰਗਤ ਵਿੱਚ ਘੁਸਰ-ਮੁਸਰ ਹੋਣ ਲੱਗੀ। ਸਾਰਾ ਪਿੰਡ ਦੀਵਾਨ ਵਿੱਚ ਹਾਜ਼ਰ ਹੋਣ ਕਾਰਨ, ਦੀਵਾਨ ਵਿੱਚ ਹਵਾ ਗੁਜ਼ਰਨ ਜੋਗਰੀ ਜਗਾ੍ਹ ਵੀ ਖ਼ਾਲੀ ਨਹੀਂ ਸੀ। ਏਡਾ ਵੱਡਾ ਇਕੱਠ ਦੇਖ ਕੇ ਮੇਰੇ ਅੰਦਰ ਝੁਣਝੁਣੀ ਫੁੱਟਣ ਲੱਗੀ।

ਸਟੇਜ ਸੈਕਟਰੀ ਨੇ ਆਪਣੇ ਸੰਖੇਪ ਭਾਸ਼ਣ ‘ਚ ਸਾਡੇ ਜੱਥੇ ਦੀ ਤਾਰੀਫ਼ ਕਰਦਿਆਂ ਇਹ ਭੇਤ ਵੀ ਖੋਲ੍ਹ ਦਿੱਤਾ ਕਿ ਧਾਰਮਿਕ ਸਥਾਨ `ਤੇ ਇਹ ਕਵੀਸ਼ਰੀ ਗਾਉਣ ਦਾ ਇਹ ਸਾਡਾ ਪਹਿਲਾ ਬਕਾਇਦਾ ਪ੍ਰੋਗਰਾਮ ਸੀ।

ਆਪਣੇ ਪਿੰਡ ਤੋਂ ਦੇਹੜਕੇ ਤੀਕ ਦੇ ਸਾਈਕਲੀ ਸਫ਼ਰ ਦਾ ਪਾਲ਼ਾ ਮੇਰੇ ਹੱਡਾਂ ਤੀਕ ਹਾਲੇ ਵੀ ਜੰਮਿਆਂ ਪਿਆ ਸੀ।

ਜਿਓਂ ਹੀ ਅਸੀਂ ਮਾਈਕਰੋਫ਼ੋਨ ਦੇ ਸਾਹਮਣੇ ਹੋਏ, ਸੰਗਤ ਉੱਪਰ ਖ਼ਾਮੋਸ਼ੀ ਧੂੜੀ ਗਈ। ਏਡੇ ਵੱਡੇ ਇਕੱਠ ਨੂੰ ਦੇਖ ਕੇ ਮੇਰੀਆਂ ਲੱਤਾਂ ਥਿੜਕੀਆਂ। ਛੋਟਾ ਰਛਪਾਲ ਡੌਰ ਭੌਰ ਹੋਇਆ ਖਲੋਤਾ ਸੀ।

ਬਲਵੰਤ ਨੇ ਫਤੇਹ ਬੁਲਾਈ ਤੇ ਉਹ ਸੰਗਤ ਨੂੰ ਸਰਸਾ ਨਦੀ ਉੱਤੇ ਲੈ ਗਿਆ। ਸਰਸਾ ਨਦੀ ਉੱਤੇ ਕਾਲ਼ੀ-ਬੋਲ਼ੀ ਸੀਤ ਰਾਤ ਵਿੱਚ ਕਹਿਰ ਦਾ ਝੱਖੜ ਝੁੱਲਣ ਲੱਗਾ। ਚਾਰ ਕੁ ਮਿੰਟਾਂ ਬਾਅਦ, ਗੁਰੂ ਜੀ ਦੇ ਪਰਵਾਰ ਦੇ ਖੇਰੂੰ-ਖੇਰੂੰ ਹੋ ਜਾਣ ਵਾਲ਼ਾ ਛੰਦ ਸਪੀਕਰ ਉੱਤੇ ਗੂੰਜਣ ਲੱਗਾ। ਤਿੱਖੀਆਂ ਆਵਾਜ਼ਾਂ ‘ਚ ਸਾਡੇ ਵੱਲੋਂ ਗਾਇਆ ਛੰਦ ਜਦੋਂ ਸਮਾਪਤ ਹੋਇਆ ਤਾਂ ਸਾਡੇ ਸਾਹਮਣੇ ਬੈਠੇ ਨਿਹੰਗ ਬਾਣੇ ਵਾਲ਼ੇ ਇੱਕ ਸਿੰਘ ਨੇ ‘ਬੋਲੇਅਅਅ ਸੋ ਨਿਹਾਲ’ ਦਾ ਲੰਮਾਂ ਜੈ-ਕਾਰਾ ਛੱਡ ਦਿੱਤਾ। ਸਾਰੀ ਸੰਗਤ ‘ਸਤਿ ਸ੍ਰੀ ਆਕਾਲ’ ਦੇ ਜਵਾਬ ਨਾਲ਼ ਗੂੰਜ ਉੱਠੀ।

ਜੈਕਾਰਾ ਮੁੱਕਦਿਆਂ ਹੀ ਸੰਗਤ ‘ਚੋਂ ਦਰਜਣਾਂ ਵਿਅਕਤੀ ਇੱਕ ਇੱਕ ਰੁਪੈਆ ਜੇਬਾਂ ‘ਚੋਂ ਕੱਢ ਕੇ ਸਾਡੇ ਵੱਲ ਵਧਣੇ ਸ਼ੁਰੂ ਹੋ ਗਏ। ਵੇਖਦਿਆਂ ਹੀ ਵੇਖਦਿਆਂ ਸਾਡੇ ਸਾਹਮਣੇ ਰੱਖੇ ਮੇਜ਼ ਉੱਪਰ ਮਾਇਆ ਦਾ ਢੇਰ ਲੱਗ ਗਿਆ।

ਰੂਪੈਆਂ ਵਾਲ਼ੇ ਲੋਕ ਜਿਓਂ ਹੀ ਆਪਣੀ ਆਪਣੀ ਜਗ੍ਹਾ `ਤੇ ਵਾਪਿਸ ਪਰਤੇ, ਬਲਵੰਤ, ਗੁਰੂ ਜੀ ਦੇ ਅਤਿਅੰਤ ਭਰੋਸੇਯੋਗ ਰਸੋਈਏ ਗੰਗੂ ਨੂੰ ਸਟੇਜ `ਤੇ ਲੈ ਆਇਆ। ਗੰਗੂ, ਗੁਰੂ ਜੀ ਦੀ ਮਾਤਾ ਗੁਜਰੀ ਨੂੰ, ਆਪਣੇ ਪਿੰਡ ਖੇੜੀ, ਆਪਣੇ ਘਰ ‘ਚ ਸ਼ਰਨ ਲੈਣ ਲਈ ਮਨਾਉਣ ਲੱਗਾ। ਮਾਤਾ ਜੀ ਤੇ ਸਾਹਿਬਜ਼ਾਦੇ ਮਾਇਆ ਦੀ ਗਠੜੀ ਸਮੇਤ ਗੰਗੂ ਦੇ ਚੌਬਾਰੇ ਵਿੱਚ ਚਲੇ ਗਏ। ਗੰਗੂ ਹੇਠਾਂ ਰਸੋਈ ‘ਚ ਆਟਾ ਗੁਨ੍ਹ ਰਹੀ ਆਪਣੀ ਮਾਤਾ ਨੂੰ ਕਹਿਣ ਲੱਗ ਪਿਆ: “ਆਖਾਂ ਮੈਂ ਝਿਜਕ, ਝਿਜਕ ਕੇ, ਇੱਕ ਗੱਲ ਜੇ ਮੰਨੇ ਮਾਂ; ਬਣਿਆਂ ਕੰਮ ਰੱਬ-ਸਬੱਬੀਂ, ਪਾਵੀਂ ਨਾ ਨੰਨੇ ਮਾਂ; ਦੌਲਤ ਤੱਕ ਅੱਖਾਂ ਮੀਟਣ, ਅਕਲ ਦੇ ਅੰਨ੍ਹੇ ਮਾਂ, ਆਈ ਹੈ ਮਸਾਂ ਅੜਿੱਕੇ, ਕਰੀਏ ਨਾ ਖ਼ੈਰ ਨਾ; ਮਾਰ ਦੇਈਏ ਦਾਦੀ ਪੋਤੇ, ਦੇ ਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਊ ਪੱਲੇ!” ਮਾਤਾ ਗੰਗੂ ਨੂੰ ਅਕ੍ਰਿਤਘਣ ਬਣਨ ‘ਤੇ ਲਾਅਣਤਾਂ ਪਾਉਣ ਲੱਗੀ: ਸੜਜੇ ਤੇਰੀ ਜੀਭਾ ਗੰਗੂ, ਫੁਰਨਾ ਕੀ ਫੁਰਿਆ ਵੇ; ਨਿਮਕ ਹਰਾਮੀ ਬਣ ਨਾ, ਜ਼ਾਲਮ ਬੇ-ਗੁਰਿਆ ਵੇ; ਜਿਸ ਨੇ ਬਣਾਇਆ ਪਾੜੇਂ, ਉਸ ਦਾ ਢਿੱਡ ਛੁਰਿਆ ਵੇ! ਯੂਸਫ਼ ਦੀ ਕੀਮਤ ਪਾ ਨਾ, ਸੂਤ ਦੀ ਅੱਟੀ ਵੇ; ਭਰਕੇ ਤੇ ਡੋਬੇ ਬੇੜਾ, ਪਾਪ ਦੀ ਖੱਟੀ ਵੇ; ਮਾਇਆ ਨੇ ਨਾਲ਼ ਨਾ ਜਾਣਾ!

ਸਾਹਿਬਜ਼ਾਦਿਆਂ ਨੂੰ ਕੰਧਾਂ ‘ਚ ਚਿਣੇ ਜਾਣ ਤੀਕਰ ਦੇ ਇਤਿਹਾਸ ਦੇ ਅਹਿਮ ਪੜਾਵਾਂ ਨੂੰ ਚਿਤਰਦੇ ਛੰਦ ਜਿਓਂ ਹੀ ਖ਼ਤਮ ਹੁੰਦੇ ਤਾਂ ਮਾਇਆ ਦੀ ਢੇਰੀ ਹੋਰ ਵੱਡੀ ਹੋਈ ਜਾਂਦੀ। ਸ਼ਹੀਦੀ ਪ੍ਰਸੰਗ ਜਦੋਂ ਮਾਸੂਮ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਵਾਲੇ ਪੜਾਅ ‘ਤੇ ਅੱਪੜਿਆ ਤਾਂ ਸੰਗਤ ਵਿੱਚ ਛਾਈ ਖ਼ਾਮੋਸ਼ੀ ਹੋਰ ਡੂੰਘੀ ਹੋ ਗਈ। ਔਰਤਾਂ ਵਾਲ਼ੇ ਪਾਸਿਓਂ ਸਿਸਕੀਆਂ ਸੁਣਾਈ ਦੇਣ ਲੱਗੀਆਂ, ਤੇ ਮਰਦਾਂ ਵਾਲ਼ੇ ਪਾਸੇ ਹੌਕੇ ਉੱਗਣ ਲੱਗੇ। ਉੱਚੀਆਂ ਅਵਾਜ਼ਾਂ ‘ਚ ਲਗਾਤਾਰ ਡੇਢ ਘੰਟਾ ਗਾਈ ਜਾਣ ਕਾਰਨ ਸਾਡੇ ਸਰੀਰ ਪਸੀਨੇ ‘ਚ ਤਰ ਹੋ ਗਏ, ਤੇ ਹੱਡਾਂ `ਚੋਂ ਸੇਕ ਨਿਕਲਣ ਲੱਗਾ।

ਦੀਵਾਨ ਦੀ ਸਮਾਪਤੀ ਜਿਓਂ ਹੀ ਹੋਈ, ਬੱਚਿਆਂ ਤੇ ਔਰਤਾਂ ਨੇ ਸਾਡੇ ਉਦਾਲ਼ੇ ਝੁਰਮਟ ਬੰਨ੍ਹ ਲਿਆ। ਕੋਈ ਔਰਤ ਸਾਨੂੰ ਬੁੱਕਲ਼ ‘ਚ ਲਵੇ, ਕੋਈ ਸਿਰ ਪਲ਼ੋਸੇ, ਤੇ ਕੋਈ ਮੋਢਿਆਂ ਨੂੰ ਥਾਪੜਾ ਦੇਈ ਜਾਵੇ: ਹਰ ਪਾਸਿਓਂ ਆਵਾਜ਼ਾਂ ਆਈ ਜਾਣ: ਜਿਓਂਦੇ ਰਹੋ! ਜੁਗ ਜੁਗ ਜੀਵੋ! ਧੰਨ ਤੁਹਾਡੀ ਮਾਂ, ਬੱਚਿਓ, ਜਿਸ ਨੇ ਏਡੇ ਹੋਣਹਾਰਾਂ ਨੂੰ ‘ਜਰਮ’ ਦਿੱਤਾ! ਦੇਖੋ ਨੀ ਨਿੱਕੇ ਨਿੱਕੇ ਜਵਾਕ ਕਮਾਲਾਂ ਈ ਕਰੀ ਜਾਂਦੇ ਐ!

ਏਨੀਆਂ ਤਾਰੀਫ਼ਾਂ ਸੁਣ ਕੇ ਉਸ ਸਵੇਰ ਝੱਲੀ ਕਹਿਰ ਦੀ ਠਾਰੀ ਦੀ ਯਾਦ ਦਿਮਾਗ਼ `ਚੋਂ ਨੁੱਚੜ ਗਈ।

ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ ਸਨ, ਪਰ ਮੇਰੇ ਜ਼ਿਹਨ ‘ਚ ਇਹ ਖ਼ਦਸ਼ਾ ਹਾਲੇ ਵੀ ਹੰਗਾਲ਼ੇ ਲੈ ਰਿਹਾ ਸੀ ਕਿ ਬਾਪੂ ਸਾਨੂੰ ਅੱਗੇ ਤੋਂ ਕਵੀਸ਼ਰੀ ਗਾਉਣ ਤੋਂ ਵਰਜੇਗਾ।

-ਅਖ਼ਬਾਰ ਇਕੱਠੇ ਕਰੋ ਤੇ ਔਸ ਕੋਨੇ ‘ਚ ਟਿਕਾਅ ਦਿਓ, ਐਨਕ ਦੇ ਫ਼ਰੇਮ ਉੱਪਰ ਦੀ ਆਪਣੀਆਂ ਨਜ਼ਰਾਂ ਸਾਡੇ ਵੱਲ ਸੇਧਦਿਆਂ, ਬਾਪੂ ਧੀਮੀ ਸੁਰ ‘ਚ ਬੋਲਿਆ। ਉਸ ਦੇ ਬੋਲਾਂ ‘ਚ ਨਾ ਤਲਖ਼ੀ ਸੀ, ਨਾ ਨਰਮੀ ਤੇ ਨਾ ਹੀ ਹੁਕਮ।

ਅਗਲੇ ਪਲ ਹਿੰਦੀ, ਪੰਜਾਬੀ, ਅਤੇ ਉਰਦੂ ਦੇ, ਏਧਰ ਓਧਰ ਖਿੱਲਰੇ ਪਏ ਅਖ਼ਬਾਰ, ਸਾਡੇ ਹੱਥਾਂ ‘ਚ ਚੜ੍ਹ-ਚੜ੍ਹ ਕੇ, ਇੱਕ ਦੂਜੇ ਨਾਲ਼ ਬਗ਼ਲਗੀਰ ਹੋਣ ਲੱਗੇ।

-ਬੈਠੋ ਮੇਰੇ ਸਾਹਮਣੇ, ਅਖ਼ਬਾਰ ਨੂੰ “ਪ੍ਰੀਤ ਲੜੀ” ਰਿਸਾਲੇ ਕੋਲ਼ ਰੱਖ ਕੇ ਥਾਪੜਦਿਆਂ ਬਾਪੂ ਬੁੜਬੁੜਾਇਆ।

-ਕਵੀਸ਼ਰੀ…

ਲਫ਼ਜ਼ ਦੇ ਆਖ਼ਰੀ ਹਿੱਸੇ ਨੂੰ ਲਮਕਾਉਂਦਿਆਂ ਬਾਪੂ ਨੇ ਆਪਣੀਆਂ ਭਵਾਂ ਉਤਾਂਹ ਵੱਲ ਖਿੱਚ ਲਈਆਂ। ਫਿਰ ਉਸ ਨੇ ਸਿਰ ਖੱਬੇ-ਸੱਜੇ ਹਿਲਾਇਆ, ਤੇ ਉਸ ਦੇ ਦੋਵੇਂ ਬੁੱਲ੍ਹ ਹੌਲੀ ਹੌਲੀ ਪਾਸਿਆਂ ਵੱਲ ਨੂੰ ਵਧਣ ਲੱਗੇ। ਉਸ ਦਾ ਹਲਕਾ ਜਿਹਾ ਟੀਰ ਸੰਘਣਾਂ ਹੋਣ ਲੱਗਿਆ।

-ਕਵੀਸ਼ਰੀ, ਮੁੰਡਿਓ, ਬਹੁਤ ਔਖਾ ਕਿੱਤਾ ਐ… ਮੇਰਾ ਥੋਨੂੰ ਏਸ ਕੰਮ ‘ਚ ਪਾਉਣ ਦਾ ਕੋਈ ਇਰਾਦਾ ਨੲ੍ਹੀਂ! ਮੈਂ ਚਹੁੰਨੈਂ… ਤੁਸੀਂ ਪੜ੍ਹਾਈਆਂ ਕਰੋਂ ਤੇ ਨੌਕਰੀਆਂ ‘ਤੇ ਲੱਗੋਂ!

ਬਾਪੂ ਦੇ ਮੂੰਹੋਂ ‘ਕਵੀਸ਼ਰੀ’ ਸ਼ਬਦ ਸੁਣਦਿਆਂ ਹੀ, ਸਾਡੇ ਪਿੰਡ ਵਾਲ਼ੇ ਸਾਡੇ ਦੋਸਤ ਗੁਰਦੇਵ ਦੀ ਭੈਣ ਦੇ ਵਿਆਹ ਵਾਲ਼ੇ ਬਰਾਤੀਆਂ ਦੀਆਂ ਢਾਣੀਆਂ ਮੇਰੇ ਦਿਮਾਗ਼ ‘ਚ ਉਦੇ ਹੋ ਉੱਠੀਆਂ ਸਨ। ਸਾਡੇ ਪਲੇਠੇ ‘ਕਵੀਸ਼ਰੀ ਸ਼ੋਅ’ ਨੂੰ ਸੁਣਨ ਆਏ, ਧਰਮਸ਼ਾਲਾ ਦੀਆਂ ਕੰਧਾਂ ‘ਤੇ ਬੈਠੇ ਅਣਗਿਣਤ ਸ੍ਰੋਤਿਆਂ ਦੀਆਂ, ਸਾਡੇ ਉੱਤੇ ਗੱਡੀਆਂ ਬੇਝਮਕ ਅੱਖਾਂ ਸਾਕਾਰ ਹੋ ਗਈਆਂ ਸਨ। ਮੇਜ਼ ਦੀ ਲੱਤ ਨਾਲ਼ ਕੱਸ ਕੇ ਨੂੜੀ ਸੋਟੀ ਦੇ ਉੱਪਰਲੇ ਸਿਰੇ ‘ਤੇ ਰੁਮਾਲ ਨਾਲ਼ ਬੰਨ੍ਹਿਆਂ, ਬਲੂੰਗੜੇ ਦੇ ਸਿਰ ਵਰਗਾ ਮਾਈਕ੍ਰੋਫ਼ੋਨ ਹੱਸਣ ਲੱਗਾ ਸੀ। ਪਰ ‘ਔਖਾ ਕਿੱਤਾ’ ਸੁਣਦਿਆਂ ਹੀ ਧਰਮਸ਼ਾਲਾ ਵਾਲੇ ਸ੍ਰੋਤੇ ਆਪਣੀਆਂ ਪਿੱਠਾਂ ਝਾੜਦੇ, ਆਪੋ-ਆਪਣੇ ਘਰਾਂ ਨੂੰ ਤੁਰਨ ਲੱਗੇ। ਬਰਾਤੀਆਂ ਦੇ ਮੰਜੇ ਖਾਲੀ ਹੋਣ ਲੱਗੇ ਅਤੇ ਮੰਜਿਆਂ ਹੇਠ ਪਈਆਂ ਸ਼ਰਾਬ ਦੀਆਂ ਬੋਤਲਾਂ ਬਾਹਰ ਵੱਲ ਨੂੰ ਰੁੜ੍ਹਨ ਲੱਗੀਆਂ। ਮਾਈਕ੍ਰੋਫ਼ੋਨ ਪਿਚਕਣ ਲੱਗਾ ਅਤੇ ਲਾਊਡਸਪੀਕਰ ਦੀ ਅਵਾਜ਼ ‘ਚ ਰੋੜ ਖੜਕਣ ਲੱਗੇ!

-ਹਾਂ, ਮੈਂ ਤੁਹਾਨੂੰ ਕਾਲਜਾਂ-ਯੂਨੀਵਰਸਿਟੀਆਂ ‘ਚ ਪੜ੍ਹਾਉਣਾ ਚਹੁੰਨਾ ਆਂ, ਉੱਚ ਵਿੱਦਿਆ, ਬਾਪੂ ਥੋੜੇ ਅਟਕਾਓ ਬਾਅਦ ਬੋਲਿਆ। -ਪਰ ਪੜ੍ਹਾਈ ਲਈ ਕਾਫ਼ੀ ਸਾਰੇ ਪੈਸਿਆਂ ਦੀ ਜ਼ਰੂਰਤ ਹੈ… ਤੇ ਜਿੰਨੀ ਕੁ ਆਪਣੇ ਕੋਲ਼ ਗੁੰਜਾਇਸ਼ ਐ, ਉਸ ਮੁਤਾਬਿਕ ਮੈਂ ਥੋਨੂੰ ਕਾਲਜਾਂ ਦਾ ਖ਼ਰਚਾ ਨੲ੍ਹੀਂ ਦੇ ਸਕਣਾ।

ਹੁਣ ਬਾਪੂ ‘ਪ੍ਰੀਤ ਲੜੀ’ ਦੇ ਵਰਕੇ ਅੱਗੇ-ਪਿੱਛੇ ਪਲਟਣ ਲੱਗਾ ਜਿਵੇਂ ਉਹ ਆਪਣੇ ਜ਼ਿਹਨ ਵਿੱਚ ਗੁਆਚ ਗਈ, ਕਵੀਸ਼ਰੀ ਦੀ ਕੋਈ ਸਤਰ, ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

-ਥੋਨੂੰ ਕਦੇ ਮੈਂ ਦੱਸਿਆ ਨੲ੍ਹੀਂ ਬਈ ਆਪਣੀ ਅੱਧੀਓਂ ਵੱਧ ਜ਼ਮੀਨ ਹਾਲੇ ਵੀ ਗਹਿਣੇ ਐ, ਬਾਪੂ, ‘ਪ੍ਰੀਤ ਲੜੀ’ ਨੂੰ ਅੱਗੇ-ਪਿੱਛੇ ਟਿਕਾਉਂਦਿਆਂ, ਬੋਲਿਆ। -ਮੇਰਾ ਪਿਓ ਅਫ਼ੀਮ ਦਾ ਤਕੜਾ ਅਮਲੀ ਸੀ; ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਆਖ਼ਰੀ ਸਿਆੜ ਵੀ ਗਹਿਣੇ ਕਰ ਮਾਰਿਆ ਸੀ… ਪਰ ਏਨਾ ਸ਼ੁਕਰ ਆ ਬਈ ਉਸ ਨੇ ਜ਼ਮੀਨ ਹਾਲੇ ਵੇਚਣੀ ਸ਼ੁਰੂ ਨਹੀਂ ਸੀ ਕੀਤੀ… ਮੈਂ ਓਦੋਂ 12 ਕੁ ਸਾਲ ਦਾ ਸਾਂ… ਅਗਲੇ ਵਰ੍ਹੇ ਮੇਰੀ ਮਾਂ ਵੀ ਤੁਰ ਗੀ… ਚਾਰ ਭੈਣਾਂ ਦਾ ਬੋਝ ਮੈਂ ‘ਕੱਲੇ ਨੇ ਉਠਾਇਆ…ਹੁਣ ਦੋ ਥੋਡੀਆਂ ਭੈਣਾਂ ਤੇ ਚਾਰ ਤੁਸੀਂ ਭਰਾ … ਕਬੀਲਦਾਰੀ ਖਾਸੀ ਵੱਡੀ ਆ… ਗਾਇਕੀ ‘ਚ ਭੱਜ-ਦੌੜ ਬਹੁਤ ਹੁੰਦੀ ਆ… ਇਸ ਲਈ ਮੈਂ ਤੁਹਾਨੂੰ ਪੜ੍ਹਾਉਣਾ ਈ ਚਹੁੰਦਾ ਆਂ…

ਕਮਰੇ ‘ਚ ਛਾਅ ਗਈ ਚੁੱਪ ਲੰਮੇਰੀ ਹੋਣ ਲੱਗੀ।

ਬਾਪੂ ਕਦੀ ਸਾਡੇ ਵੱਲ ਦੇਖਦਾ, ਕਦੇ ਰੇਡੀਓ ਵਾਲੀ ਅਲਮਾਰੀ ਵੱਲ, ਤੇ ਕਦੇ ‘ਪ੍ਰੀਤ ਲੜੀ’ ਵੱਲ।

-ਅਸੀਂ ਕਿਹੜਾ ਪੜ੍ਹਾਈ ਛੱਡਦੇ ਆਂ, ਸਾਥੋਂ ਦੋਹਾਂ ਤੋਂ ਵੱਡਾ, ਬਲਵੰਤ, ਆਖ਼ਿਰ ਹਿੰਮਤ ਕਰ ਕੇ ਬੋਲਿਆ। –ਅਸੀਂ ਤਾਂ ਬੱਸ ਐਵੇਂ ਸ਼ੌਕ ਨਾਲ ਈ ਗਾਇਆ ਸੀ।

ਹੁਣ ‘ਪ੍ਰੀਤ ਲੜੀ’ ਵਾਰ ਵਾਰ ਬਾਪੂ ਦੇ ਹੱਥਾਂ ‘ਚ ਚੜ੍ਹਨ-ਲੱਥਣ ਲੱਗੀ। ਉਹਦਾ ਦਾ ਸਿਰ ਵਾਰ ਵਾਰ ਸੱਜੇ-ਖੱਬੇ ਘੁੰਮਦਾ। ਲਗਾਤਾਰ ਉਸ ਦੀ ਦਾਹੜੀ ‘ਚ ਕੰਘੀ ਕਰ ਰਹੀਆਂ ਉਸ ਦੀਆਂ ਉਂਗਲ਼ਾਂ ਜਿਵੇਂ ਮੇਰੇ ਦਿਲ ‘ਤੇ ਘਸਰ ਰਹੀਆਂ ਹੋਵਣ। ਫੇਰ ਉਸ ਨੇ ਆਪਣੀਆਂ ਨਜ਼ਰਾਂ ਵਾਰੋ-ਵਾਰੀ ਸਾਡੇ ਚਿਹਰਿਆਂ ‘ਤੇ ਘਸਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਉਸ ਦੀਆਂ ਐਨਕਾਂ ਉਸ ਦੇ ਨੱਕ ਤੋਂ ਉੱਤਰ ਕੇ ਦਰੀ ‘ਤੇ ਬੈਠ ਗਈਆਂ। ਉਹਦੇ ਸੱਜੇ ਹੱਥ ਦੀਆਂ ਉਂਗਲ਼ਾਂ ਉਸ ਦੀਆਂ ਮੁੱਛਾਂ ਨਾਲ਼ ਗੁਫ਼ਤਗੂ ਕਰਨ ਲੱਗੀਆਂ: ਉਹ ਕਦੇ ਸੱਜੀ ਮੁੱਛ ‘ਤੇ ਜਾ ਬੈਠਦੀਆਂ ਤੇ ਕਦੇ ਖੱਬੀ ਉੱਤੇ। ਫੇਰ ਉਸ ਦੇ ਹੱਥ, ਕਲੰਘੜੀ ਬਣ ਕੇ ਉਸ ਦੇ ਸਿਰ ‘ਤੇ ਜਾ ਬਿਰਾਜੇ। ਮਿਕਾਫ਼ੀ ਦੇਰ ਬਆਦ ਉਸ ਦਾ ਮੂੰਹ ਰਤਾ ਕੁ ਖੁਲ੍ਹਿਆ, ਤੇ ਉਸ ਦੇ ਹੇਠਲੇ ਬੁਲ੍ਹ ਸਮੇਤ, ਉਸ ਦੇ ਮੂੰਹ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਖਿੱਚੀਆਂ ਗਈਆਂ।

-ਚੰਗਾ, ਇਓਂ ਕਰੋ, ਬਾਪੂ ਅਚਾਨਕ ਬੋਲਿਆ ਜਿਵੇਂ ਕਵੀਸ਼ਰੀ ਦੀ ਗਵਾਚੀ ਸਤਰ ਉਸ ਦੇ ਦਿਮਾਗ਼ ਪਰਤ ਆਈ ਹੋਵੇ। -ਕੱਲ੍ਹ ਵਾਲ਼ੀ ਕਵੀਸ਼ਰੀ ਇੱਕ ਵਾਰੀ ਫੇਰ ਸੁਣਾਓ!

ਅਗਲੇ ਹੀ ਪਲ, ਸ਼ਾਹਣੀ ਕੌਲਾਂ ਦੇ ਚ੍ਰਿਤਰ ‘ਤੇ ਸ਼ੱਕ ਹੋਣ ਬਾਅਦ, ਬੀਜੇ ਬਾਣੀਏਂ ਵੱਲੋਂ ਉਸ ਨੂੰ ਘਰੋਂ ਕੱਢਣ ਵਾਲ਼ਾ ਦ੍ਰਿਸ਼ ਚਿਤਰਦੀ, ਬਾਪੂ ਪਾਰਸ ਦੀ ਲਿਖੀ ਕਵੀਸ਼ਰੀ ਮੇਰੀ ਜ਼ੁਬਾਨ ‘ਤੇ ਖੁਰਕ ਕਰਨ ਲੱਗੀ। ਮੈਂ ਗਲ਼ਾ ਸਾਫ਼ ਕੀਤਾ ਤੇ ਮੇਰੀ ਬਾਲ-ਉਮਰੀ, ਤਿੱਖੀ ਅਵਾਜ਼ ਕਮਰੇ ‘ਚ ਗੂੰਜਣ ਲੱਗੀ: ਕੱਢ’ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!

ਰਛਪਾਲ ਤੇ ਬਲਵੰਤ ਦੇ ਸਿਰ ਇੱਕ-ਦੂਜੇ ਵੱਲ ਉੱਲਰੇ, ਤੇ ਉਹ ਇੱਕ-ਸੁਰ ਹੋ ਕੇ ਬੋਲੇ: ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ/ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!

ਬਲਵੰਤ ਤੇ ਰਛਪਾਲ ਚੌਸਤਰੀ ਪੰਗਤੀ ਦੀਆਂ ਪਿਛਲੀਆਂ ਦੋ ਸਤਰਾਂ ਮੁਕਾਉਂਦੇ ਤਾਂ ਮੈਂ ਅਗਲੀ ਪੰਗਤੀ ਦੀਆਂ ਪਹਿਲੀਆਂ ਦੋ ਸਤਰਾਂ ਚੁੱਕ ਲੈਂਦਾ; ਮੇਰੀਆਂ ਸਤਰਾਂ ਮੁਕਦਿਆਂ ਹੀ ਰਛਪਾਲ ਬਲਵੰਤ ਦੀ ਜੋੜੀ ਅਗਲੀਆਂ ਸਤਰਾਂ ਉਠਾਅ ਲੈਂਦੀ। ਜਿਓਂ ਜਿਓਂ ਛੰਦ ਆਪਣੀ ਬੁਲੰਦੀ ਵੱਲ ਵਧ ਰਿਹਾ ਸੀ, ਬਾਪੂ ਦਾ ਸਿਰ ਤੇ ਧੜ ਕਦੇ ਪਾਸਿਆਂ ਵੱਲ ਨੂੰ ਹਿਲਦੇ ਤੇ ਕਦੇ ਅੱਗੇ-ਪਿੱਛੇ। ਛੰਦ ਦੀਆਂ ਆਖ਼ਰੀ ਸਤਰਾਂ ਜਦੋਂ ਅਸੀਂ ਤਿੰਨਾਂ ਨੇ ਰਲ਼ ਕੇ ਸੰਪੂਰਨ ਕੀਤੀਆਂ, ਬਾਪੂ ਦੀਆਂ ਅੱਖਾਂ ‘ਚ ਫੁੱਲ-ਝੜੀਆਂ ਖਿੜ ਉੱਠੀਆਂ। ਭੁਕਾਨੇ ਵਾਂਗ ਫੁੱਲ ਗਈਆਂ ਉਸ ਦੀਆਂ ਗੱਲ੍ਹਾਂ ‘ਚ ਲਾਲੀ ਥਰਕਣ ਲੱਗੀ। ਠੋਡੀ ਨੂੰ ਛਾਤੀ ਵੱਲ ਨੂੰ ਖਿਚਦਿਆਂ, ਉਸ ਨੇ ਆਪਣੇ ਬੁੱਲ੍ਹਾਂ ਨੂੰ ਛਤਰੀ ਵਾਂਗ ਖੋਲ੍ਹ ਦਿੱਤਾ।  ਗੁਲਾਬੀ-ਫੁੱਲਾਂ ਦਾ ਗੁਲਦਸਤਾ ਬਣੇ ਆਪਣੇ ਚਿਹਰੇ ਨੂੰ ਉਸ ਨੇ ਚਾਰ-ਪੰਜ ਵਾਰ ਸੱਜੇ ਖੱਬੇ ਫੇਰਿਆ।

-ਵਾਹ ਉਏ ਮੁੰਡਿਓ! ਉਹ ਮੂੰਹ ਫੁਲਾਅ ਕੇ ਬੋਲਿਆ। -ਏਨੀ ਵਧੀਆ ਗਾਇਕੀ ਆਪਣੇ-ਆਪ ਈ ਕਿਵੇਂ ਸਿੱਖਗੇ?

# # #

ਸ਼ਾਮ ਦਾ ਘੁਸ-ਮੁਸਾ ਸੰਘਣਾ ਹੋਣ ਲੱਗਾ ਤਾਂ ਬੇਬੇ ਦਾ ਹੁਕਮ ਹੋਇਆ: ਚਿਮਨੀਆਂ ਸਾਫ਼ ਕਰੋ!

ਇੱਕ ਖਾਲੀ ਬੋਰੀ, ਰੇਡੀਓ ਵਾਲ਼ੇ ਕਮਰੇ ਦੇ ਸਾਹਮਣੇ, ਵਿਹੜੇ ‘ਚ ਵਿਛ ਗਈ, ਤੇ ਕਿੱਲੀਆਂ ‘ਤੇ ਲਟਕਦੀਆਂ ਲਾਲਟੈਣਾਂ ਤੇ ਰੇਡੀਓ ਵਾਲ਼ੇ ਕਮਰੇ ਦੀ ਅੰਗੀਠੀ ‘ਤੇ ਬੈਠਾ ਲੈਂਪ ਬੋਰੀ ‘ਤੇ ਉੱਤਰ ਆਏ। ਚਿਮਨੀਆਂ, ਲਾਲਟੈਣਾਂ ਦੀਆਂ ਪੱਸਲ਼ੀਆਂ ‘ਚੋਂ ਮਲਕੜੇ-ਮਲਕੜੇ ਨਿੱਕਲ਼ ਕੇ, ਸਾਡੇ ਨਿੱਕੇ ਨਿੱਕੇ ਹੱਥਾਂ ‘ਚ ਫੜੇ ਗਿੱਲੇ ਪੋਣਿਆਂ ਨਾਲ਼ ਸਾਫ਼ ਹੋਣ ਲੱਗੀਆਂ। ਮਿੱਟੀ ਦੇ ਤੇਲ ਵਾਲੀ ਪੀਪੀ ਹਰਕਤ ‘ਚ ਆਈ, ਤੇ ਲੈਂਪ-ਲਾਲਟੈਣਾਂ ਦੇ ਹੇਠਲੇ ਪਾਸੇ ਬਣੇ ਪੇਟਾਂ ‘ਚ ਛੱਲਾਂ ਵੱਜਣ ਲੱਗੀਆਂ। ਮਿੱਟੀ ਦੇ ਤੇਲ ਦੀ ਗੰਧ ਵਿਹੜੇ ‘ਚੋਂ ਫੈਲਦੀ ਫੈਲਦੀ ਕਮਰਿਆਂ ਤੀਕ ਅੱਪੜ ਗਈ।

ਰਸੋਈ ‘ਚ, ਮਿੱਟੀ ਦੀ ਅੰਗੀਠੀ ਉੱਤੇ ਉੱਬਲ਼ਦੇ ਆਂਡਿਆਂ ਦੀ ਗੁੜ-ਗੁੜ ਜਦੋਂ ਰੇਡੀਓ ਵਾਲ਼ੇ ਕਮਰੇ ਤੀਕ ਖੜਕਣ ਲੱਗੀ, ਤਾਂ ਬਾਪੂ ਨੇ ਅਲਮਾਰੀ ‘ਚੋਂ ਕੱਢ ਕੇ ਬੋਤਲ ਨੂੰ ਛਲਕਾਇਆ। ਕੱਚ ਦਾ ਗਲਾਸ, ਪਾਣੀ ਵਾਲ਼ੀ ਗੜਵੀ, ਤੇ ਕੱਟੇ ਹੋਏ ਗੰਢਿਆਂ ਦੀ ਪਲੇਟ, ਬਾਪੂ ਦੀ ਕੁਰਸੀ ਸਾਹਮਣੇ ਪਏ ਮੇਜ਼ ਉੱਪਰ ਉੱਤਰਨ ਲੱਗੇ। ਬਾਪੂ ਦੀਆਂ ਅੱਖਾਂ ‘ਚ ਤਾਰੇ ਖਿੜਨ ਲੱਗੇ।

-ਗੱਲ ਸੁਣੋ, ਮੁੰਡਿਓ! ਦੂਸਰਾ ਪੈੱਗ ਗਲਾਸ ‘ਚ ਪਾਉਂਦਿਆਂ ਬਾਪੂ ਬੋਲਿਆ। -ਆਓ ਥੋਡੀ ਕਵੀਸ਼ਰੀ ਦੀ ਗੱਲ ਮੁਕਾਈਏ।

ਆਂਡੇ ਛਿਲਦੇ ਸਾਡੇ ਹੱਥ ਥਾਂਏਂ ਸੁੰਨ ਹੋ ਗਏ। ਕਿਤੇ ਬਾਪੂ ਸਾਡੇ ਕਵੀਸ਼ਰੀ ਗਾਉਣ ‘ਤੇ ਪਬੰਦੀ ਹੀ ਨਾ ਲਾ ਦੇਵੇ!

-ਕਵੀਸ਼ਰੀ ‘ਚ ਮੈਂ ਤਕੜਾ ਨਾਮ ਕਮਾਇਐ; ਜਿੱਥੇ ਮੇਰੇ ਕਵੀਸ਼ਰੀ ਜੱਥੇ ਦਾ ਪ੍ਰੋਗਰਾਮ ਹੋਵੇ, ਲੋਕ ਦਸ ਦਸ ਕੋਹ ਤੋਂ ਵਹੀਰਾਂ ਘੱਤ ਕੇ ਸੁਣਨ ਆਉਂਦੇ ਆ। ਤੁਸੀਂ ਨਿਆਣੇ ਓਂ, ਤੇ ਗਾਉਂਦੇ ਵੀ ਚੰਗਾ ਓਂ; ਅਭਿਆਸ ਕਰਾ ਕੇ ਮੈਂ ਥੋਨੂੰ ਗੁਣੀਏਂ ‘ਚ ਲੈ ਆਊਂਗਾ। ਇਸ ਲਈ ਲੋਕ ਤੁਹਾਨੂੰ ਵੀ ਹੱਥਾਂ ‘ਤੇ ਚੁੱਕਣਗੇ। ਪਰ ਮੈਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਹੋਇਆ ਨਹੀਂ ਦੇਖਣਾ ਚਹੁੰਦਾ।

ਦੂਜਾ ਪੈੱਗ ਬਾਪੂ ਨੂੰ ਬੇਸਬਰੀ ਨਾਲ਼ ਉਡੀਕ ਰਿਹਾ ਸੀ।

-ਗਾਇਕੀ ਦਾ ਕੋਈ ਪ੍ਰੋਗਰਾਮ ਜੇ ਸਿਰਫ਼ ਸ਼ਨੀਚਰ ਜਾਂ ਐਤਵਾਰ ਨੂੰ ਹੋਵੇ ਤਾਂ ਤੁਸੀਂ ਜਾ ਸਕਦੇ ਹੋ।

ਅਗਲੀ ਸਵੇਰ, ਬਾਪੂ ਵੱਲੋਂ ਕਵੀਸ਼ਰੀ ‘ਚ ਚਿਤਰਿਆ, ਦਸਵੇਂ ਗੁਰੂ ਦੇ ਨੰਨ੍ਹੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ, ਸਾਡੇ ਹੱਥਾਂ ‘ਚ ਫੜਾਉਂਦਿਆਂ ਬਾਪੂ ਨੇ ਤਾਕੀਦ ਕੀਤੀ ਕਿ ਦੋ ਹਫ਼ਤੇ ‘ਚ ਉਸ ਪ੍ਰਸੰਗ ਦੇ ਤਕਰੀਬਨ ਪੰਦਰਾਂ-ਸੋਲਾਂ ਛੰਦ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ।

ਨਵੰਬਰ ਦੇ ਮੁਢਲੇ ਪੱਖ ਦੀ ਸਰਦੀ ਨੇ, ਟੀਨ ਦੀਆਂ ਪੇਟੀਆਂ ਅਤੇ ਲੱਕੜ ਦੇ ਸੰਦੂਕ ‘ਚ, ਨਿਸਲ਼ੇਵਾਂ ਹੰਢਾਉਂਦੀਆਂ ਰਜਾਈਆਂ ਨੂੰ ਧੂਹ ਕੇ ਮੰਜਿਆਂ ‘ਤੇ ਲੈ ਆਂਦਾ। ਮੰਜੇ ਦਿਨ ਵੇਲ਼ੇ ਧੁੱਪ ਸੇਕਦੇ, ਤੇ ਸੂਰਜ ਦੇ ਛਿਪਾਅ ਤੋਂ ਪਹਿਲਾਂ ਹੀ ਦਲਾਨ ਅਤੇ ਪੇਟੀ ਵਾਲ਼ੇ ਕਮਰੇ ‘ਚ ਜਾ ਖੜ੍ਹਦੇ।

ਸਾਡਾ ਤਿੰਨਾਂ ਭਰਾਵਾਂ ਦਾ ਡੇਰਾ, ਹੱਥਾਂ ਨਾਲ਼ ਗੇੜ ਕੇ ਪੱਠੇ ਕੁਤਰਨ ਵਾਲੀ ਮਸ਼ੀਨ ਕੋਲ ਸੀ ਜਿਹੜੀ ਆਪ ਓਸ ਪੜਛੱਤੇ ਦੇ ਇੱਕ ਪਾਸੇ ਸਾਰੀ ਦਿਹਾੜੀ ਚੁੱਪਚਾਪ ਖਲੋਤੀ ਰਹਿੰਦੀ ਜਿਸ ‘ਚ ਮੱਝਾਂ, ਕੱਟੀਆਂ ਤੇ ਗਾਈਆਂ ਦਾ ਵਸੇਬਾ ਸੀ। ਪੜਛੱਤੇ ਦੇ ਤਿੰਨ ਪਾਸੀਂ ਤਾਂ ਕੰਧਾਂ ਸਨ ਪਰ ਚੌਥਾ ਪਾਸਾ ਛਪਾਲ਼ ਖੁਲ੍ਹਾ ਸੀ। ਕੰਧੋਂ ਸੱਖਣੇ ਇਸ ਚੌਥੇ ਪਾਸੇ ‘ਤੇ, ਕਾਨਿਆਂ ਨਾਲ਼ ਬਣਾਇਆ ਇੱਕ ਪੜਦਾ, ਸਿਆਲ਼ੋ-ਸਿਆਲ਼, ਦਿਨ ਵੇਲ਼ੇ ਛੱਤ ਕੋਲ਼ ਲਿਪਟਿਆ ਰਹਿੰਦਾ ਅਤੇ ਸ਼ਾਮ ਨੂੰ ਪਸ਼ੂਆਂ ਦੀ, ਵਿਹੜੇ ਵਾਲ਼ੇ ਕਿੱਲਿਆਂ ਤੋਂ ਪੜਛੱਤੇ ਅੰਦਰ ਆਮਦ ਤੋਂ ਬਾਅਦ, ਖੁਲ੍ਹ ਕੇ, ਸੇਹਰੇ ਵਾਂਗ ਤਣ ਜਾਂਦਾ।

ਮਸ਼ੀਨ ਦੇ ਨਜ਼ਦੀਕ ਹੀ ਦੋ ਮੰਜਿਆਂ ਵਿਚਕਾਰ, ਸਿਰਹਾਣਿਆਂ ਦੇ ਨਜ਼ਦੀਕ, ਇੱਕ ਸਟੂਲ ਉੱਤੇ ਮਿੱਟੀ ਦੇ ਤੇਲ ਨਾਲ਼ ਜਗਣ ਵਾਲਾ ਲੈਂਪ ਹੁੰਦਾ ਸੀ, ਜੀਹਦੇ ਪੇਤਲੇ ਜੇਹੇ ਚਾਨਣ ‘ਚ ਅਸੀਂ ਤਿੰਨੇਂ ਭਰਾ ਹਿਸਾਬ ਦੇ ਸੁਆਲ ਕੱਢਣ ਦੇ ਨਾਲ਼ ਨਾਲ਼ ਸਾਹਿਬਜ਼ਾਦੀਆਂ ਦੀ ਸ਼ਹੀਦੀ ਦਾ ਕਵੀਸਰੀ ‘ਚ ਲਿਪਟਿਆ ਪ੍ਰਸੰਗ ਯਾਦ ਕਰਨ ਵਿੱਚ ਰੁੱਝ ਗਏ।

ਸਿਆਲ਼ੀ ਦਿਨਾਂ ‘ਚ, ਸ਼ਾਦੀਆਂ ਅਤੇ ਧਾਰਮਿਕ ਦੀਵਾਨਾਂ ਦਾ ਸੀਜ਼ਨ ਹੋਣ ਕਾਰਨ,  ਬਾਪੂ ਦਾ ਕਵੀਸ਼ਰੀ ਜੱਥਾ ਡਾਢਾ ਮਸਰੂਫ਼ ਹੁੰਦਾ ਸੀ, ਇਸ ਲਈ ਉਹ ਪੰਜਵੇਂ-ਸੱਤਵੇਂ ਦਿਨ ਹੀ ਪਿੰਡ ਪਰਤਦਾ। ਜਿਸ ਦਿਨ ਉਹ ਪਿੰਡ ਹੁੰਦਾ, ਸਾਨੂੰ ਤਿੰਨਾਂ ਨੂੰ ਤੜਕਸਾਰ ਤਿੰਨ ਚਾਰ ਵਜੇ ਅਵਾਜ਼ ਮਾਰ ਦਿੰਦਾ। ਨਿਆਣ-ਉਮਰੇ ਅਸੀਂ, ਰਜ਼ਾਈ ਦੇ ਨਿੱਘ ‘ਚੋਂ ਉੱਠਣ ਵੇਲੇ ਚੀਂ-ਚੀਂ ਕਰਦੇ, ਪਾਸੇ ਮਾਰਦੇ ਅਤੇ ਅੱਖਾਂ ਮਲ਼ਦੇ। ਸੋਚਦੇ ਬਾਪੂ ਸ਼ਾਇਦ ਸਾਨੂੰ ਅੱਜ ਛੁੱਟੀ ਹੀ ਬਖ਼ਸ਼ ਦੇਵੇ। ਪਰ ਉਹ ਅਸੂਲਾਂ ਦਾ ਪੱਕਾ ਸੀ। –ਉੱਠੋ! ਉੱਠੋ!, ਉਹ ਪ੍ਰੇਰਨਾ ਅਤੇ ਹੁਕਮ ਨੂੰ ਸ਼ਰਾਬ ਅਤੇ ਪਾਣੀ ਵਾਂਗ ਸੰਤੁਲਨ ‘ਚ ਕਰ ਕੇ ਬੋਲਦਾ। -ਪਹਿਲਾਂ ਨਹਾਓ ਤੇ ਫੁਰਤੀ ‘ਚ ਆਓ!

ਇੱਕ ਸਰਦੀ ਦੀ ਰੁੱਤ, ਦੂਸਰਾ ਤੜਕਸਾਰ ਦੀ ਠਾਰੀ, ਤੇ ਉੱਪਰੋਂ ਖੁੱਲ੍ਹੀ ਹਵਾ ‘ਚ ਖਲੋਤੇ ਨਲ਼ਕੇ ਹੇਠ ਨਹਾਉਣ ਦਾ ਹੁਕਮ!

ਸੀਤ ਤੜਕਸਾਰ ਦੇ ਕਾਲ਼ੇ ਅਕਾਸ਼ ‘ਚ ਟਿਮਟਿਮਾਂਦੇ ਤਾਰਿਆਂ ਹੇਠ ਖ਼ਾਮੋਸ਼ੀ ਧਾਰ ਕੇ ਸੁੱਤੇ ਵਿਹੜੇ ‘ਚ ਲੜਖੜਾਂਦੇ, ਅਸੀਂ ਹੱਥ ਨਾਲ਼ ਗਿੜਨ ਵਾਲ਼ੇ ਪੰਪ ਵੱਲ ਹੋ ਜਾਂਦੇ: ਸਾਡੇ ‘ਚੋਂ ਇੱਕ ਜਣਾ ਨਲ਼ਕਾ ਗੇੜਦਾ ਜਿਸ ਦੀ ਚੀਂ ਚੀਂ ਨਾਲ਼, ਖੁਲ੍ਹੇ ਅਕਾਸ਼ ਹੇਠ ਕੰਧ ਨਾਲ ਲਿਪਟੀ ਖੁਰਲੀ ਹੇਠ ਬਣੇ ਖੁੱਡੇ ‘ਚ, ਇੱਕ ਦੂਜੀ ਨਾਲ਼ ਘਸਰ ਕੇ ਸੁੱਤੀਆਂ ਕੁਕੜੀਆਂ ਕੁੜ-ਕੁੜਾਅ ਉਠਦੀਆਂ। ਦੂਸਰਾ ਜਣਾ, ਬਾਲ਼ਟੀ ‘ਚ ਗਿਰ ਰਹੇ ਪਾਣੀ ਦੇ ਮੱਗ ਭਰ ਭਰ ਕੇ ਪਿੰਡੇ ਨੂੰ ਤਰ ਕਰ ਲੈਂਦਾ। ਬਾਹਰ ਭਾਵੇਂ ਠੰਡ ਹੁੰਦੀ ਪਰ ਨਲ਼ਕੇ ਦਾ ਪਾਣੀ ਕੋਸਾ, ਕੋਸਾ ਮਹਿਸੂਸ ਹੁੰਦਾ। ਪਹਿਲਾਂ ਪਹਿਲਾਂ ਅਸੀਂ ਕਹਿਰ ਦੀ ਸਰਦੀ ‘ਚ ਠੰਡੇ ਪਾਣੀ ਨਾਲ਼ ਨਹਾਉਣ ਤੋਂ ਤ੍ਰਭਕਦੇ ਪਰੰਤੂ ਕੁਝ ਦਿਨਾਂ ‘ਚ ਹੀ ਇਹ ਸਮਝ ਲੱਗ ਗਈ ਕਿ ਪਿੰਡੇ ‘ਤੇ ਪੈਣ ਵਾਲ਼ੇ ਪਾਣੀ ਦੇ ਪਹਿਲੇ ਦੋ ਕੁ ਮੱਗ ਹੀ ਠੰਡੇ ਲਗਦੇ ਸਨ, ਬਾਕੀ ਦਾ ਇਸ਼ਨਾਨ ਤਾਂ ਬਿਨਾ ਤਕਲੀਫ਼ ਹੀ ਹੋ ਜਾਂਦਾ।

ਸ਼ੂੰ-ਸ਼ੂੰ ਬਲ਼ਦੇ ਸਟੋਵ ਉੱਤੇ ਬਾਪੂ ਵੱਲੋਂ ਬਣਾਈ ਚਾਹ ਦੇ ਸੁੜ੍ਹਾਕੇ ਵਜਦੇ ਤਾਂ ਸਾਡੇ ਨਰਮ ਜਿਹੇ ਸਰੀਰਾਂ ‘ਚ ਗਰਮੀ ਤੁਣਕਣ ਲਗਦੀ।

-ਚਲੋ ਬਈ ਪੇਟੀ ‘ਤੇ, ਬਾਪੂ ਇਸ਼ਾਰੇ ਨਾਲ਼ ਆਖਦਾ।

ਅਸੀਂ ਤਿੰਨੇਂ ਪੇਟੀਆਂ ਵਾਲ਼ੇ ਕੋਠੇ ‘ਚ ਪਈ ਮਧਰੀ ਜਿਹੀ ਪੇਟੀ ਦੇ ਉੱਪਰ ਇੱਕ ਕਤਾਰ ‘ਚ ਬੈਠ ਜਾਂਦੇ। ਮਿੱਟੀ ਦੇ ਤੇਲ ਵਾਲ਼ਾ ਲੈਂਪ ਸਾਡੇ ਸਾਹਮਣੇ ਸਜਿਆ ਹੁੰਦਾ। ਬਾਪੂ ਸਾਡੇ ਸਾਹਮਣੇ ਮੰਜੇ ਉੱਤੇ ਚੌਂਕੜਾ ਮਾਰ ਕੇ ਸਾਡੇ ਵੱਲ ਮੂੰਹ ਕਰ ਕੇ ਬਿਰਾਜਮਾਨ ਹੋ  ਜਾਂਦਾ।

-ਕਰੋ ਸ਼ੁਰੂ!

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਦੇ ਛੰਦ ਇੱਕ ਤੋਂ ਬਾਅਦ ਦੂਸਰਾ ਸਾਡੀਆਂ ਉੱਚੀਆਂ ਅਵਾਜ਼ਾਂ ‘ਚ ਉੱਧੜੀ ਜਾਂਦੇ।

ਵਿਚ ਵਿਚ ਬਾਪੂ ਸਾਨੂੰ ਰੋਕਦਾ; ਦਸਦਾ ਕਿ ਸ੍ਰੋਤੇ ਤੁਹਾਡੀਆਂ ਅਵਾਜ਼ਾਂ ਦੇ ਉਤਰਾਅ-ਚੜ੍ਹਾਅ, ਸੁਰੀਲਤਾ ਅਤੇ ਬੁਲੰਦੀ ਦੇ ਨਾਲ਼ ਨਾਲ਼, ਇਹ ਸੁਣਨਾਂ ਚਹੁੰਦੇ ਹੁੰਦੇ ਕਿ ਤੁਸੀਂ ਗਾਇਕੀ ‘ਚ ਕਹਿ ਕੀ ਰਹੇ ਹੋ; ਗਾਇਕੀ ਦੇ ਨਾਲ਼ ਨਾਲ਼, ਗਾਈ ਜਾ ਰਹੀ ਸ਼ਾਇਰੀ ਦਾ ਆਪਣਾ ਰਸ ਹੁੰਦਾ ਹੈ: ਇਸ ਲਈ ਹਰ ਲਫ਼ਜ਼ ਨਿਖਾਰ ਨਿਖਾਰ ਕੇ ਬੋਲਣਾ ਹੈ… ਨਾਲ਼ੇ ਸਟੇਜ ਉੱਤੇ ਬੁੱਤ ਬਣ ਕੇ ਨਹੀਂ ਖਲੋਣਾ ਸਗੋਂ ਕਵੀਸ਼ਰੀ ਦੇ ਪ੍ਰਸੰਗ ਮੁਤਾਬਿਕ ਚਿਹਰੇ ਉੱਪਰ ਅਤੇ ਅਵਾਜ਼ ਵਿੱਚ ਕਰੁਣਾ, ਉਦਾਸੀ, ਦਰਦ, ਗ਼ਮੀ ਅਤੇ ਖ਼ੁਸ਼ੀ ਆਦਿਕ ਦੇ ਹਾਵ-ਭਾਵ ਵੀ ਲਿਆਉਣੇ ਹਨ ਅਤੇ ਹੱਥਾਂ ਦੇ ਇਸ਼ਾਰੇ ਵੀ ਕਰਨੇ ਹਨ।

ਫਿਰ ਉਸ ਨੇ ਬੇਬੇ ਨੂੰ ਹੁਕਮ ਕਰ ਦਿੱਤਾ: ਦਿਲਜੀਤ ਕੁਰੇ, ਮੈਂ ਪਿੰਡ ਹੋਵਾਂ ਜਾਂ ਨਾ; ਤੂੰ ਏਹਨਾਂ ਨੂੰ ਅਲਾਰਮ ਲਾ ਕੇ ਤੜਕਿਓਂ ਤਿੰਨ ਵਜੇ ਉਠਾਉਣਾ ਹੈ। ਚਾਹ ਨਾਲ਼ ਖੋਏ ਦੀ ਇੱਕ ਇੱਕ ਪਿੰਨੀ ਦੇ ਕੇ ਇਨ੍ਹਾਂ ਨੂੰ ਐਸ ਪੇਟੀ ‘ਤੇ ਬਿਠਾਅ ਦੇਣਾ ਹੈ। ਜਿੰਨੀ ਪ੍ਰੈਕਟਿਸ ਇਹ ਵੱਧ ਕਰਨਗੇ, ਓਨਾ ਹੀ ਇਨ੍ਹਾਂ ਦੀ ਗਾਇਕੀ ‘ਚ ਨਿਖਾਰ ਆਵੇਗਾ। ਘੰਟਾ ਕਵੀਸ਼ਰੀ ਦਾ ਰਿਆਜ਼ ਤੇ ਉਸ ਤੋਂ ਬਾਅਦ ਸਕੂਲ ਦਾ ਕੰਮ।

ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ‎ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ‎ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ‎ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ‎ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ‎ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ‎ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ `ਤੇ ਕਵੀਸ਼ਰੀ ਕਰਨ ‎ਦੀ ਬੁਕਿੰਗ, ਜੱਥੇ ਦੇ ਕਲਕੱਤੇ ਵੱਲ ਨੂੰ ਚਾਲੇ ਪਾਉਣ ਤੋਂ ਢੇਰ ਚਿਰ ਪਹਿਲਾਂ ਹੀ ਹੋ ‎ਚੁੱਕੀ ਸੀ। ਇਸ ਲਈ ਜੇਠ ਦੇ ਮਹੀਨੇ ਦੀ ਪੂਛਲ਼ ਦਿਸਦਿਆਂ ਹੀ, ਸਹਿਮ ਤੇ ਭੈਅ ‎ਦੇ ਆਲਮ `ਚ ਅਸੀਂ ਤਿੰਨੇ ਭਰਾ, ਬਾਪੂ ਦੇ ਕਲਕੱਤਿਓਂ ਪਰਤਣ ਦੀ ਉਡੀਕ ਕਰਨ ‎ਲੱਗੇ।

ਪਿੰਡ ਆਈ ਬਰਾਤ ਲਈ ਕਵੀਸ਼ਰੀ ਗਾਉਣ ਵਾਲ਼ੇ ਸਾਡੇ ‘ਕੁੱਤੇ ਕੰਮ’ ਦਾ ‎ਇਲਮ ਹੋਣ ਤੋਂ ਬਾਅਦ, ਬੇਬੇ ਦੇ ਮੱਥੇ `ਤੇ ਇੱਕ ਦਮ ਉੱਭਰ ਆਈ ਮੇਖਾਂ ਦੀ ਗੁੱਛੀ ‎ਵਾਪਿਸ ਹੋਣ ਦਾ ਨਾਮ ਨਹੀਂ ਸੀ ਲੈ ਰਹੀ। ਉਸ ਦਾ ਹਲੀਮ, ਮਜ਼ਾਕੀਆ ਤੇ ‎ਹਸਮੁੱਖ ਸੁਭਾਅ ਹੁਣ ਮਿਰਚੀ ਤੇ ਅੱਗ-ਭਬੂਕੀ ਹੋ ਗਿਆ ਸੀ। ਉਹ ਨਿੱਕੀ ਨਿੱਕੀ ‎ਗੱਲ `ਤੇ ਖਿਝਣ ਲੱਗ ਪਈ ਸੀ। ਸਵੇਰੇ ਸਵਖ਼ਤੇ, ਰੁੱਖੇ ਅੰਦਾਜ਼ `ਚ, ਸਾਨੂੰ ਮੰਜੀਆਂ ‎ਤੋਂ ਝੰਜੋੜ ਕੇ ਉਠਾਉਂਦਿਆਂ, ਪਾੜਵੀਆਂ ਨਜ਼ਰਾਂ ਹੇਠ ਮੁੱਠੀ ਵਾਂਗ ਵੱਟੇ ਹੋਏ ਬੁੱਲ੍ਹਾਂ ‎ਨਾਲ, ਹੁਣ ਉਹ ਸਾਨੂੰ ਕੜਕ ਕੜਕ ਪੈਂਦੀ: ਪੱਠੇ ਥੋਡਾ ਪਿਓ ਵੱਢ ਕੇ ਲਿਆਊ? ਪਏ ‎ਓਂ ਸਰਾਲ਼ਾਂ ਵਾਂਗ ਮਸਤ ਹੋ ਕੇ! ਡੱਫੋ ਚਾਹ ਤੇ ਚੱਕੋ ਦਾਤੀਆਂ ਜੇ ਰਾਤ ਨੂੰ ਦੁੱਧ ਦੀ ‎ਤਿੱਪ ਪੀਣੀ ਐਂ!‎

ਸਾਡੇ ਪਲੇਠੇ ‘ਕਵੀਸ਼ਰੀ-ਸ਼ੋਅ’ ਵਾਲ਼ੇ ਦਿਨ ਬੋਲੇ ਉਸ ਦੇ ਚਿਤਾਵਨੀਏਂ ਬੋਲ, ‎‎‘ਆ ਜਾਣ ਦਿਓ ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ!’ , ਸਾਡੇ ‎ਮੱਥਿਆਂ `ਚ ਘਿਸਰਣ ਲੱਗੇ।

ਚਰ੍ਹੀ ਵੱਢਣ-ਕੁਤਰਨ ਅਤੇ ਛੱਪੜ ਉੱਤੇ ਮੱਝਾਂ ਨਹਾਉਣ ਦੌਰਾਨ, ਬਾਪੂ ਦੇ ‎ਕਲਕੱਤਿਓਂ ਪਰਤਣ `ਤੇ ਪੈਣ ਵਾਲ਼ੀਆਂ ਗਾਲ਼ਾਂ ਦੀ ਵਾਛੜ ਤੇ ਚੁਪੇੜਾਂ ਦੀ ਝੜੀ ਦਾ ‎ਡਰ ਸਾਡੀਆਂ ਸੋਚਾਂ `ਚ ਲਗਾਤਾਰ ਠੂੰਗੇ ਮਾਰਨ ਲੱਗਾ। ਸੰਦੂਕ `ਚ, ਜਿੰਦਰੇ ਓਹਲੇ, ‎ਟੀਨ ਦੀ ਜ਼ੰਗਾਲੀ ਹੋਈ ਸੰਦੂਕੜੀ `ਚ ਨਿਸਚਿੰਤ ਸੁੱਤੇ, ‘ਕੌਲਾਂ’ ਦੇ ਕਿੱਸੇ ਦਾ ਚੇਤਾ ‎ਆਉਂਦਿਆਂ ਹੀ ਮੇਰੇ ਕੰਨਾਂ `ਚੋਂ ਸੇਕ ਨਿੱਕਲਣ ਲਗਦਾ। ਰਾਤੀਂ ਕੋਠੇ `ਤੇ ਪਿਆਂ ‎ਤਾਰਿਆਂ ਦੇ ਝੁਰਮਟਾਂ ਨਾਲ਼ ਗੁਫ਼ਤਗੂ ਕਰਦਿਆਂ ਜਦੋਂ ਨੀਂਦ ਦਾ ਹਲਕਾ ਜਿਹਾ ਝੂਟਾ ‎ਆਉਂਦਾ, ਤਾਂ ਬਾਪੂ ਮੇਰੀ ਬਾਂਹ ਮਰੋੜ ਕੇ ਮੇਰੀ ਗਿੱਚੀ `ਚ ਮੁੱਕੇ ਜੜ ਜੜਨ ਲੱਗ ‎ਜਾਂਦਾ। ‘ਕੀਹਨੂੰ ਪੁੱਛ ਕੇ ਕਵੀਸ਼ਰੀ ਕਰਨ ਗਏ ਸੀ, ਉਏ ਕੁੱਤਿਓ ਕਿਸੇ ਥਾਂ ਦਿਓ?’ ‎ਬਾਪੂ ਕੜਕਦਾ, ਤੇ ਮੈਂ ਬੁੜ੍ਹਕ ਕੇ ਨੀਂਦਰ `ਚੋਂ ਬਾਹਰ ਜਾ ਡਿਗਦਾ।

ਉਸ ਦਿਨ ਸਿਖ਼ਰ ਦੁਪਹਿਰੇ, ਦਲਾਨ ਵਿੱਚ ਬੈਠੇ ਅਸੀਂ ਤਿੰਨੇ ਭਰਾ ਤੇ ਦੋਏ ‎ਭੈਣਾਂ ਤੰਦੂਰੀ ਰੋਟੀਆਂ ਦਾ ਅਨੰਦ ਕੜ੍ਹੀ ਨਾਲ਼ ਮਾਣ ਰਹੇ ਸਾਂ ਕਿ ਵਿਹੜੇ ਵੱਲ ਦੇ ‎ਦਰਵਾਜ਼ਿਓਂ ਇੱਕ ਓਪਰਾ ਬੰਦਾ, ਸਿਰ `ਤੇ ਗੱਤੇ ਦਾ ਇੱਕ ਵੱਡਾ ਬਕਸਾ ਟਿਕਾਈ ‎ਸਾਡੇ ਦਲਾਨ ਵਿੱਚ ਦਾਖ਼ਿਲ ਹੋ ਗਿਆ। ਅਸੀਂ ਅਜੇ ਉਸ ਦੇ ਹੁਲੀਏ ਤੋਂ ਉਸ ਦੀ ‎ਪਛਾਣ ਅੰਦਾਜ਼ਣ ਵਿੱਚ ਹੀ ਉਲਝੇ ਹੋਏ ਸਾਂ ਕਿ ਇੱਕ ਹੱਥ `ਚ ਚਮੜੇ ਦਾ ਬੈਗ਼ ਤੇ ‎ਦੂਸਰੇ `ਚ ਢਾਕ ਨਾਲ਼ ਲਾ ਕੇ ਅੰਬਾਂ ਦੀ ਟੋਕਰੀ ਚੁੱਕੀ ਦਲਾਨ ਵੱਲ ਨੂੰ ਵਧ ਰਿਹਾ ‎ਬਾਪੂ ਨਜ਼ਰ ਪੈ ਗਿਆ। ਉਸ ਦੀਆਂ ਚੜ੍ਹੀਆਂ ਸੇਹਲੀਆਂ ਹੇਠ ਸਰੂਰ `ਚ ਗੜੂੰਦ ‎ਅੱਖਾਂ ਵਿੱਚ ਹਲਕੀ ਜਿਹੀ ਲਾਲੀ ਸੀ ਤੇ ਅਰਧ-ਸਫ਼ੈਦੀ ਵੱਲ ਖਿਸਕ ਰਹੀ ਦਾਹੜੀ ‎‎`ਚੋਂ ਉੱਭਰਦੀਆਂ ਉਸ ਦੀਆਂ ਗੱਲ੍ਹਾਂ `ਚ ਟਮਾਟਰਾਂ ਦਾ ਭੁਲੇਖਾ ਟਪਕਦਾ ਸੀ। ਬਾਪੂ ‎ਨੂੰ ਦੇਖਦਿਆਂ ਹੀ ਸਾਡੇ ਹੱਥਾਂ `ਤੇ ਟਿਕੀਆਂ ਰੋਟੀਆਂ ਕੜ੍ਹੀ ਵਾਲ਼ੀਆਂ ਕੌਲੀਆਂ `ਤੇ ‎ਜਾ ਡਿੱਗੀਆਂ, ਤੇ ‘ਬਾਪੂ ਜੀ ਆ ਗੇ’ ਦੀਆਂ ਚੀਕਾਂ ਮਾਰਦੇ ਅਸੀ ਵਿਹੜੇ ਵੱਲ ਨੂੰ ‎ਭੱਜ ਉੱਠੇ। ਸਾਡੇ ਵੱਲੋਂ ਬਾਪੂ ਦੀਆਂ ਲੱਤਾਂ ਉਦਾਲ਼ੇ ਕਲੰਘੜੀਆਂ ਪਾਏ ਜਾਣ ਤੋਂ ‎ਪਹਿਲਾਂ, ਬਾਪੂ ਦਾ ਬੈਗ਼ ਧਰਤੀ `ਤੇ ਲੁੜਕ ਗਿਆ ਤੇ ਅੰਬਾਂ ਦਾ ਟੋਕਰਾ ਓਪਰੇ ਬੰਦੇ ‎ਦੇ ਹੱਥਾਂ ਵੱਲ ਹੋ ਗਿਆ। ਨਮ ਹੋਈਆਂ ਅੱਖਾਂ ਹੇਠ ਬਾਪੂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ‎ਫੈਲੇ, ਤੇ ਉਹ ਸਾਡੀਆਂ ਗੱਲ੍ਹਾਂ ਉੱਪਰ ਆਪਣੇ ਸਾਹਾਂ ਦੀ ‘ਸੌਂਫ਼ੀਆ’ ਸਿਲ੍ਹ ਖਿਲਾਰਨ ‎ਲੱਗਾ। ਬੇਬੇ ਦੇ ਮੱਥੇ `ਤੇ ਉੱਭਰੇ ਸਿਆੜਾਂ ਉੱਪਰ ਇੱਕ ਦਮ ਸੁਹਾਗਾ ਫਿਰ ਗਿਆ, ‎ਤੇ ਮੁੱਠੀ ਬਣੇ ਉਸ ਦੇ ਬੁੱਲ੍ਹ, ਅਚਾਨਕ ਪੈਣ ਲੱਗੀ ਬਰਸਾਤ ਹੇਠ ਰੰਗੀਨ ਛਤਰੀ ‎ਵਾਂਗ ਖੁਲ੍ਹ ਗਏ। ਓਪਰਾ ਬੰਦਾ ਆਪਣੇ ਟਾਂਗੇ ਤੋਂ ਅੰਬਾਂ ਦੀਆਂ ਬਾਕੀ ਟੋਕਰੀਆਂ ਤੇ ‎ਬਾਪੂ ਦਾ ਕੱਪੜਿਆਂ ਵਾਲ਼ਾ ਟਰੰਕ ਲਹੁਣ ਲਈ ਦਰਵਾਜ਼ਓਂ ਬਾਹਰ ਹੋ ਗਿਆ।

ਆਖ਼ਰੀ ਟੋਕਰੀ ਟਾਂਗਿਓਂ ਉਤਰਨ ਤੋਂ ਪਹਿਲਾਂ ਸਾਡਾ ਦਲਾਨ, ਸਾਡੇ ਸਾਰੇ ‎ਆਂਢ-ਗੁਆਂਢ ਦੇ ਬੱਚੇ, ਬੁੱਢੇ ਤੇ ਜਵਾਨ ਔਰਤਾਂ ਮਰਦਾਂ ਨਾਲ਼ ਭੀੜਤ ਸੀ। ਅਗਲੇ ‎ਹੀ ਪਲ ਇੱਕ-ਇੱਕ ਅੰਬ ਹਰੇਕ ਔਰਤ ਤੇ ਬੱਚੇ ਦੇ ਹੱਥਾਂ `ਚ ਸੀ। ਟਾਂਗੇ ਵਾਲ਼ਾ ‎ਭਾਈ ਹੁਣ ਇੱਕ ਭਾਰੀ ਗੱਟਾ (ਛੋਟੀ ਜਿਹੀ ਬੋਰੀ) ਲਾਹ ਲਿਆਇਆ। ਗੱਟੇ ਦਾ ‎ਮੂੰਹ ਖੁਲ੍ਹਦਿਆਂ ਹੀ ਸੌਂਫ਼ੀਆ ਸ਼ਰਾਬ ਦੀਆਂ ਬੋਤਲਾਂ, ਗੱਟੇ `ਚੋਂ ਨਿੱਕਲ਼ ਕੇ, ਥਮਲੇ ‎ਕੋਲ਼ ਖਲੋਤੇ ਮੇਜ਼ ਦੀਆਂ ਲੱਤਾਂ ਕੋਲ਼ ਇਕੱਤਰ ਹੋਣ ਲੱਗੀਆਂ। ਮੇਜ਼ ਲਾਗੇ ਬੋਤਲਾਂ ‎ਦੀ ਭੀੜ ਦੇਖਦਿਆਂ, ਔਰਤਾਂ ਤੇ ਬੱਚੇ ਦਲਾਨੋਂ ਬਾਹਰ ਖਿਸਕਣ ਲੱਗੇ। ਮਰਦਾਂ ਨੇ ‎ਦਲਾਨ ਦੀਆਂ ਕੰਧਾਂ ਨੂੰ ਢੋਅ ਲਾਈ ਖਲੋਤੇ ਮੰਜਿਆਂ ਦੇ ਮੋਢੇ ਹਲੂਣੇ। ਮੇਜ਼ ਨੂੰ ‎ਖਿਸਕਾਅ ਕੇ ਮੰਜਿਆਂ ਦੇ ਵਿਚਕਾਰ ਕਰ ਲਿਆ ਗਿਆ।

ਹੁਣ ਕੋਰੇ ਘੜੇ ਦਾ ਪਾਣੀ ਜੱਗ ਵਿੱਚ ਉਲਟਣ ਲੱਗਾ। ਤਕਰੀਬਨ ਦੋ ‎ਮਹੀਨਿਆਂ ਤੋਂ ਟਾਣ `ਤੇ ਸੁੱਤੇ ਕੰਚ ਦੇ ਗਲਾਸਾਂ `ਚ ਹਰਕਤ ਜਾਗ ਉੱਠੀ। ਬੋਤਲਾਂ ਦੇ ‎ਡੱਟਾਂ ਦੀਆਂ ਚੂੜੀਆਂ ਕੜਿੱਕ-ਕੜਿੱਕ ਕਰ ਕੇ ਟੁੁੱਟਣ ਲੱਗੀਆਂ। ਹੁਣ ਬੋਤਲਾਂ ‎ਟੇਢੀਆਂ ਹੋਈਆਂ, ਤੇ ਕੁੱਝ ਕੁ ਮਿੰਟਾਂ `ਚ ਹੀ ਸਾਰਾ ਦਲਾਨ ਸੌਂਫ਼ੀਆ ਗੰਧ `ਚ ਗੜੁੱਚ ‎ਹੋ ਗਿਆ। ਦੋ ਕੁ ਦਰਜਣ ਮਰਦਾਂ ਦੀਆਂ ਅੱਖਾਂ `ਚ ਸੁਰਮਈ ਵਿਸਮਾਦ ਛਲਕਣ ‎ਲੱਗਾ।

ਬੇਬੇ ਨੇ ਆਂਡਿਆਂ ਦੀ ਟੋਕਰੀ `ਚ ਹੱਥ ਮਾਰਿਆ। ਅਗਲੇ ਪਲ ਇੱਕ ਚਮਚੇ ‎ਦੀ ਮੱਦਦ ਨਾਲ਼ ਆਂਡਿਆਂ ਦੀ ਜ਼ਰਦੀ ਇੱਕ ਛੰਨੇ `ਚ ਆਪਣੇ ਉਦਾਲ਼ੇ ਲਿਪਟੀ ‎ਸਫ਼ੈਦੀ ਨਾਲ਼ ਇੱਕ-ਮਿੱਕ ਹੋਣ ਲੱਗੀ। ਚੁੱਲ੍ਹੇ `ਤੇ ਟਿਕੀ ਕੜਾਹੀ `ਚ ਭੁੱਜ ਰਹੇ ‎ਕੁਤਰਾ ਹੋਏ ਪਿਆਜ਼, ਮਿਰਚਾਂ, ਅਧਰਕ ਤੇ ਮਸਾਲੇ ਦੀ ਹਮਕ, ਸ਼ਰਾਬ ਦੀ ਸੌਂਫ਼ੀਆ ‎ਗੰਧ ਨਾਲ਼ ਗਲਵਕੜੀਆਂ ਪਾਉਣ ਲੱਗੀ। ਲੋਰ `ਚ ਆਇਆ ਬਾਪੂ ਕਲਕੱਤੇ `ਚ ‎ਗੁਜ਼ਾਰੇ ਦਿਨਾਂ ਦੀਆਂ ਕਹਾਣੀਆਂ ਨੂੰ ਤੁੜਕਾ ਲਾ ਲਾ ਕੇ ਸੁਣਾਅ ਰਿਹਾ ਸੀ। ਨਸ਼ੇ `ਚ ‎ਝੂੰਮਦੇ ਬਾਪੂ ਦੇ ਸ੍ਰੋਤੇ ਪੈੱਗ ਮੁਕਾਉਂਦੇ ਤੇ ਬਾਪੂ ਦੇ ਗੁਣਗਾਣ `ਚ ਲਹਿ ਜਾਂਦੇ।

ਅਗਲੇ ਦਿਨ ਗੱਤੇ ਦਾ ਬਕਸਾ ਖੋਲ੍ਹਿਆ ਗਿਆ: ਉਸ `ਚੋਂ ਨਿੱਕਲ਼ਿਆ, ਭੂਰੇ ‎ਰੰਗ ਦੀ ਚਮਕੀਲੀ ਭਾਅ ਮਾਰਦਾ ‘ਨੈਸ਼ਨਲ ਐਕੋ’ ਰੇਡੀਓ, ਸਾਡੀ ਅਰਧ-ਪੱਕੀ ‎ਬੈਠਕ ਦੀ ਅਲਮਾਰੀ ਦੇ ਵਿਚਕਾਰਲੇ ਖ਼ਾਨੇ `ਚ ਟਿਕਾਅ ਦਿੱਤਾ ਗਿਆ। ਸਾਡੇ ਪਿੰਡ ‎ਵਿੱਚ ਵੱਜਣ ਵਾਲ਼ਾ ਇਹ ਦੂਜਾ ਰੇਡੀਓ ਸੀ। ਪਹਿਲਾ ਰੇਡੀਓ, ਦੂਜੀ ਸੰਸਾਰ ਜੰਗ ‎ਦੌਰਾਨ ਬਰਮ੍ਹਾਂ `ਚ ਕੰਪਾਂਊਂਡਰੀ ਕਰ ਕੇ ਰੀਟਾਇਰ ਹੋਏ ਬਜ਼ੁਰਗ, ‘ਡਾਕਟਰ’ ‎ਉਜਾਗਰ ਸਿੰਘ, ਦੇ ਪੱਕੇ ਘਰ ਦੀ ਬਾਹਰਲੀ ਬੈਠਕ ਵਿੱਚ ਸੀ ਜਿਸ ਤੋਂ ਪਿੰਡ ਦੇ ‎ਮੁੰਡੇ ਢਾਣੀ ਬਣਾ ਕੇ, ਸ਼ਾਮ ਨੂੰ ਪੌਣੇ ਸੱਤ ਤੋਂ ਪੌਣੇ ਅੱਠ ਵਜੇ ਤੀਕ, ਪਿੰਡਾਂ ਦੇ ਸ੍ਰੋਤਿਆਂ ‎ਲਈ ਪ੍ਰਸਾਰਤ ਕੀਤਾ ਜਾਂਦਾ ‘ਦਿਹਾਤੀ ਪ੍ਰੋਗਰਾਮ’ ਸੁਣਿਆਂ ਕਰਦੇ ਸਨ। ਦੋ ਉੱਚੇ ‎ਉੱਚੇ ਬਾਂਸਾਂ ਨੂੰ ਦਲਾਨ ਦੇ ਬਨੇਰਿਆਂ `ਚ ਗੁੱਡ ਕੇ, ‘ਏਰੀਅਲ’ ਚਾਲੂ ਕਰ ਦਿੱਤਾ ‎ਗਿਆ। ‘ਅਰਥ’ ਦੇ ਨਾਮ ਨਾਲ਼ ਜਾਣੀਂ ਜਾਂਦੀ ਦੂਸਰੀ ਤਾਰ ਬਾਹਰਲੀ ਕੰਧ ਦੇ ਪੈਰਾਂ ‎‎`ਚ ਡੂੰਘੀ ਦਬਾਅ ਦਿੱਤੀ ਗਈ। ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ‎ਮੁੰਡਿਆਂ ਦੀ ਇੱਕ ਸੰਘਣੀ ਭੀੜ ਸਾਡੀ ਬੈਠਕ ਦੇ ਫ਼ਰਸ਼ `ਤੇ ਅਤੇ ਬੈਠਕ ਤੋਂ ਬਾਹਰ ‎ਵਿਹੜੇ `ਚ ਬੈਠੀ ਸੀ। ਬਾਪੂ ਦੇ ਹੱਥ `ਚ ਜਾਮ ਛਲਕ ਰਿਹਾ ਸੀ।

ਬੇਬੇ ਵੱਲੋਂ ਸਾਡੇ ‘ਕੁੱਤੇ ਕੰਮ’ ਦੀ ਚੁਗਲੀ ਬਾਪੂ ਕੋਲ਼ ਕਰਨ ਦੀ ਧਮਕੀ, ਬੀਤੇ ‎ਦਿਨ ਵਾਲ਼ੀ ਮਹਿਫ਼ਲ ਤੇ ਮਸਾਲੇ ਦੀ ਹਮਕ ਤੇ ਰੇਡੀਓ ਦੇ ਚਾਅ ਅਤੇ ਸ੍ਰੋਤਿਆਂ ਦੀ ‎ਅੱਜ ਵਾਲ਼ੀ ਭੀੜ `ਚ ਗੁਆਚ ਗਈ।

ਦਸ ਕੁ ਦਿਨਾਂ ਬਾਅਦ ਬਾਪੂ ਆਪਣੇ ਜੱਥੇ ਸਮੇਤ, ਬਾਜੇਖ਼ਾਨੇ ਵਾਲ਼ੇ ਸ਼ਾਦੀ ‎ਸਮਾਗਮ `ਚ, ਕਵੀਸ਼ਰੀ ਕਰਨ ਲਈ ਚਲਾ ਗਿਆ। ਅਸੀਂ ਤਿੰਨਾਂ ਭਰਾਵਾਂ ਨੇ ‎ਤੂਫ਼ਾਨ ਦੇ ਆਰਜ਼ੀ ਤੌਰ `ਤੇ ਟਲ਼ ਜਾਣ `ਤੇ ਸੁਖ ਦਾ ਸਾਹ ਲਿਆ।

ਬਾਜਾਖ਼ਾਨਾ ਵਿਖੇ, ਦੋ-ਢਾਈ ਘੰਟੇ ਦੇ ਕਵੀਸ਼ਰੀ-ਗਾਇਨ ਤੋਂ ਬਾਅਦ, ਬਾਪੂ ਦੇ ‎ਜੱਥੇ ਦੇ ਸਵਾਗਤ `ਚ, ਕਿਸੇ ਪ੍ਰਸੰਸਕ ਦੇ ਘਰ ਮਹਿਫ਼ਲ ਜੰਮੀ। ਜਦੋਂ ਦੋ-ਦੋ, ਢਾਈ-‎ਢਾਈ ਹਾੜੇ ਸਾਰੀ ਢਾਣੀ ਦੇ ਖ਼ੂਨ `ਚ ਖੁਰਗੋ ਕਰਨ ਲੱਗੇ, ਤਾਂ ਬਾਪੂ ਦਾ ਮੇਜ਼ਬਾਨ-‎ਪ੍ਰਸੰਸਕ ਕਹਿਣ ਲੱਗਾ: ਪਾਰਸ ਜੀ, ਅੱਜ ਕਲ੍ਹ ਇੱਕ ਪ੍ਰੋਗਰਾਮ ਦੀ ਕਿੰਨੀ ਭੇਟਾ ਲੈਂਦੇ ‎ਹੋ?‎

ਬਾਪੂ ਨੇ ਕਿਹਾ ਜਿੰਨੀ ਕੋਈ ਦੇ ਦੇਵੇ!‎

ਤੇ ਮੁੰਡਿਆਂ ਦੇ ਜੱਥੇ ਦਾ ਕੀ ਰੇਟ ਆ?‎

ਕਿਹੜੇ ਮੁੰਡਿਆਂ ਦੇ ਜੱਥੇ ਦਾ? ਬਾਪੂ ਦੀਆਂ ਭਵਾਂ ਅੰਦਰ ਵੱਲ ਨੂੰ ਖਿੱਚੀਆਂ ‎ਗਈਆਂ ਅਤੇ ਉਸ ਦੇ ਮੱਥੇ ਵਿਚਕਾਰ ਖੜ੍ਹਵੀਆਂ ਖੁੰਬਾਂ ਉੱਭਰ ਆਈਆਂ।

ਤੁਹਾਡੇ ਮੁੰਡਿਆਂ ਦੇ ਭੁਯੰਗੀ ਜੱਥੇ ਦਾ?‎

ਮੇਰੇ ਮੁੰਡੇ? ਭੰਬਲ਼ਭੂਸੇ `ਚ ਡੂੰਘਾ ਧਸ ਗਿਆ ਬਾਪੂ ਆਪਣੇ ਪ੍ਰਸੰਸਕ ਵੱਲ ਨੱਕ ‎ਸੁੰਗੇੜ ਕੇ ਬੋਲਿਆ। ਮੇਰੇ ਮੁੰਡੇ ਨਹੀਂ ਗਾਉਂਦੇ!‎

ਕਿਉਂ ਨਹੀਂ ਗਾਉਂਦੇ? ਪ੍ਰਸੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ‎ਤੁਹਾਡੇ ਪਿੰਡ!‎

ਸਾਡੇ ਪਿੰਡ? ਬਾਪੂ ਪਾਰਸ ਦੇ ਬੁੱਲ੍ਹਾਂ ਅਤੇ ਅੱਖਾਂ `ਚ ਮਰੋੜੀ ਉੱਤਰ ਆਈ।

ਹਾਂ, ਪਿਛਲੇ ਮਹੀਨੇ ਅਸੀਂ ਤੁਹਾਡੇ ਪਿੰਡ ਇੱਕ ਬਰਾਤ `ਚ ਗਏ ਸੀ, ਤੁਹਾਡੇ ‎ਮੁੰਡੇ ਤਾਂ ਕਵੀਸ਼ਰੀ ਦੀਆਂ ਧੂੜਾਂ ਪੱਟੀ ਜਾਂਦੇ ਸੀ!‎

ਅਗਲੇ ਰੋਜ਼ ਬਾਪੂ ਪਿੰਡ ਪਰਤਿਆ। ਸਾਈਕਲ ਨੂੰ ਕੰਧ ਦੀ ਵੱਖੀ ਦੇ ਹਵਾਲੇ ‎ਕਰ ਕੇ, ਸਿੱਧਾ ਦਲਾਨ `ਚ ਡੱਠੇ ਮੰਜੇ `ਤੇ ਬੈਠ ਗਿਆ। ਚਮੜੇ ਦਾ ਬੈਗ਼ ਸਾਈਕਲ ‎ਦੇ ਕੈਰੀਅਰ ਤੋਂ ਉੱਤਰ ਕੇ ਬੈਠਕ ਦੀ ਅਲਮਾਰੀ `ਚ ਜਾ ਬੈਠਾ।

ਪਾਣੀ ਦਾ ਗਲਾਸ ਮੁਕਾਅ ਕੇ ਬਾਪੂ ਬੋਲਿਆ: ਓ ਬਲਵੰਤ, ਐਧਰ ਆ, ਨਾਲ਼ੇ ‎ਲਿਆ ਦੋਹਾਂ ਛੋਟਿਆਂ ਨੂੰ ਵੀ!‎

ਅਖ਼ਬਾਰ `ਚ ਲਪੇਟ ਕੇ ਲਿਆਂਦੇ, ਬੱਕਰੇ ਦੇ ਕੱਚੇ ਮਾਸ ਨੂੰ ਚਿੰਬੜ ਗਏ ‎ਕਾਗ਼ਜ਼ ਨੂੰ ਪਾਣੀ ਲਾ, ਲਾ ਕੇ ਉਤਾਰ ਰਹੇ ਬਲਵੰਤ ਦੇ ਮੱਥੇ `ਤੇ ਪਸੀਨੇ ਦੀ ਝੀਲ ‎ਲਰਜ਼ਣ ਲੱਗੀ।

ਮੇਰੇ ਮੋਢੇ ਅੰਦਰ ਵੱਲ ਨੂੰ ਪਿਚਕ ਗਏ, ਤੇ ਮੇਰੀ ਕੱਛਣੀ ਦੇ ਮੂਹਰਲੇ ਪਾਸੇ ‎ਸਿਲ੍ਹ ਫੈਲਣ ਲੱਗੀ।

ਛੋਟਾ ਰਛਪਾਲ ਡੌਰ-ਭੌਰ ਹੋ ਗਿਆ। ਉਸ ਦੇ ਖੀਸੇ `ਚ ਖੜਕਦੇ ਬਾਂਟੇ ‎ਬੇਜ਼ੁਬਾਨ ਹੋ ਗਏ।

ਬਾਪੂ ਦੇ ਮੱਥੇ `ਤੇ ਪ੍ਰਚੰਡ ਹੋ ਗਏ ਕੱਸੇਵੇਂ ਨੇ ਸਾਡੇ ਚਿਹਰਿਆਂ `ਚੋਂ ਰੰਗ ਸੂਤ ‎ਸੁੱਟੇ।

ਬਲਵੰਤ ਦੀ ਜੀਭ ਉਸ ਦੇ ਬੁੱਲ੍ਹਾਂ `ਤੇ ਰੀਂਗਣ ਲੱਗੀ।

ਚੁਲ੍ਹੇ ਲਾਗੇ ਬੈਠੀ ਬੇਬੇ ਦੇ ਹੱਥ `ਚ ਚਾਹ ਵਾਲ਼ਾ ਗਲਾਸ ਥਿੜਕਣ ਲੱਗਾ। ਉਹ ‎ਜ਼ਰੂਰ, ਅਗਲੇ ਹੀ ਪਲ ਸਾਡੀਆਂ ਗੱਲ੍ਹਾਂ `ਤੇ ਵਰ੍ਹਨ ਵਾਲੀਆਂ ਚੁਪੇੜਾਂ, ਆਪਣੇ ‎ਜ਼ਿਹਨ `ਚ ਚਿਤਵਣ ਲੱਗੀ ਹੋਵੇਗੀ। ਬਾਪੂ ਦੇ ਤੌਰ ਨੂੰ ਭਾਂਪਦਿਆਂ ਉਹ ਬਾਪੂ ਵਾਲ਼ੇ ‎ਮੰਜੇ ਦੀ ਬਾਹੀ `ਤੇ ਆ ਬੈਠੀ।

ਕੀ ਹੋਇਐ ਤੁਹਾਨੂੰ ਅੱਜ? ਜ਼ੋਰ ਲਾ ਕੇ ਉਗਾਈ ਮੁਸਕਰਾਟ੍ਹ ਨੂੰ ਠੁੰਮਣਾ ਦੇਣ ਦੀ ‎ਕੋਸ਼ਿਸ਼ ਕਰਦਿਆਂ ਬੇਬੇ ਬੋਲੀ।

ਤੂੰ ਚੁੱਪ ਰਹਿ, ਦਲਜੀਤ ਕੁਰੇ! ਬਾਪੂ ਡਿਕਟੇਟਰੀ ਅੰਦਾਜ਼ `ਚ ਬੋਲਿਆ।

ਅਸੀਂ ਤਿੰਨੇਂ ਭਰਾ ਬਾਪੂ ਦੇ ਕਟਹਿਰੇ `ਚ ਹਾਜ਼ਰ ਸਾਂ।

ਕੀ ਕੀਤੈ ਮੇਰੀ ਗ਼ੈਰਹਾਜ਼ਰੀ `ਚ ਤੁਸੀਂ ਤਿੰਨਾਂ ਭਰਾਵਾਂ ਨੇ?‎

ਡਰੀਆਂ ਅੱਖਾਂ ਨਾਲ਼ ਇੱਕ-ਦੂਜੇ ਵੱਲ ਝਾਕ ਕੇ ਅਸੀਂ ਆਪਣੀਆਂ ਨਜ਼ਰਾਂ ‎ਜ਼ਮੀਨ `ਤੇ ਸੁੱਟ ਦਿੱਤੀਆਂ।

ਕੁਛ ਨੀ ਕਰਿਆ, ਲੰਮੀ ਹੋ ਗਈ ਚੁੱਪ ਨੂੰ ਠੰਗੋਰਦਿਆਂ ਬੇਬੇ ਬੋਲੀ। ਐਵੇਂ ਨਾ ‎ਜੁਆਕਾਂ ਨੂੰ ਘੂਰੀ ਜਾਓ!‎

ਬੋਲਦੇ ਨੀ? ਬਾਪੂ ਕੜਕਿਆ। ਕਵੀਸ਼ਰੀ ਗਾਈ ਸੀ ਕਿਸੇ ਬਰਾਤ `ਚ?‎

ਹਾਂ, ਬਲਵੰਤ ਫਿੱਸ ਪਿਆ।

ਕੀਹਨੇ ਕਿਹਾ ਸੀ ਥੋਨੂੰ ਬਈ ਕਵੀਸ਼ਰੀ ਗਾਵੋ?‎

ਫਲਾਣਿਆਂ ਦੇ ਗੁਰਦੇਵ ਦੀ ਭੈਣ ਦਾ ਵਿਆਹ ਸੀ, ਉਹ ਕਹਿੰਦਾ ਬਰਾਤ ਨੂੰ ‎ਕਵੀਸ਼ਰੀ ਈ ਸੁਣਾ ਦਿਓ!‎

ਕੀ ਗਾਇਆ ਤੁਸੀਂ?‎

ਕੌਲਾਂ ਦਾ ਕਿੱਸਾ!‎

ਵਿਆਖਿਆ ਤੂੰ ਕੀਤੀ?‎

ਬਲਵੰਤ ਦਾ ਸਿਰ ‘ਹਾਂ’ `ਚ ਹਿੱਲਿਆ।

ਆਗੂ ਕਿਸ ਨੇ ਗਾਇਆ?‎

ਇਕਬਾਲ ਨੇ!‎

ਬਾਪੂ ਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਪਈ ਕਿ ਪਾਛੂ ਗਾਇਕ-ਜੋੜੀ ‎ਬਲਵੰਤ ਤੇ ਰਛਪਾਲ ਦੀ ਸੀ।

ਠੋਡੀ ਨੂੰ ਘੰਡੀ ਵੱਲ ਨੂੰ ਖਿੱਚ ਕੇ ਬਾਪੂ ਨੇ ਸਾਡੇ ਡਰੇ ਹੋਏ ਚਿਹਰਿਆਂ ਨੂੰ ‎ਹਾੜਿਆ। ਉਹ ਵਾਰੀ ਵਾਰੀ ਸਾਡੇ ਤਿੰਨਾਂ ਦੀਆਂ ਅੱਖਾਂ `ਚ ਆਪਣੀਆਂ ਨਜ਼ਰਾਂ ‎ਗੱਡਦਾ ਰਿਹਾ, ਤੇ ਅੱਧੇ ਕੁ ਮਿੰਟ ਬਾਅਦ ਬੋਲਿਆ: ਸੁਣਾਓ ਮੈਨੂੰ ਕੀ ਗਾਇਆ ਸੀ।

ਬਲਵੰਤ ਦੀਆਂ ਨਜ਼ਰਾਂ ਮੇਰੇ ਵੱਲ ਘੁੰਮੀਆਂ, ਤੇ ਥਿੜਕਦੇ ਬੁੱਲ੍ਹਾਂ ਨਾਲ਼ ਉਹ ‎ਬੁੜਬੁੜਾਇਆ: ਕੌਲਾਂ ਰੋਂਦੀ ਜਾਂਦੀ!‎

ਵਾਰ ਵਾਰ ਆਪਣੇ-ਆਪ ਝਮਕ ਰਹੀਆਂ ਅੱਖਾਂ ਨੂੰ ਕਾਬੂ ਕਰਦਿਆਂ ਮੈਂ ਆਪਣਾ ‎ਗਲ਼ਾ ਸਾਫ਼ ਕੀਤਾ ਤੇ ਉਸ ਸੀਨ ਨੂੰ ਚਿਤਰਿਤ ਕਰਦਾ ਇੱਕ ਛੰਦ ਉੱਚੀ ਸੁਰ `ਚ ‎ਗਾਉਣਾ ਸ਼ੁਰੂ ਕਰ ਦਿੱਤਾ ਜਿਸ `ਚ ਬੀਜਾ ਬਾਣੀਆਂ ਆਪਣੀ ਸਿਦਕਵਾਨ ਬੀਵੀ, ‎ਕੌਲਾਂ, ਦੇ ਚਰਿਤਰ `ਤੇ ਸ਼ੱਕ ਕਰ ਕੇ ਉਸ ਨੂੰ ਘਰੋਂ `ਚੋਂ ਧਕੇਲ਼ ਦੇਂਦਾ ਹੈ:‎

ਕੱਢ ‘ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!‎

ਅਗਲੀਆਂ ਦੋ ਸਤਰਾਂ ਰਛਪਾਲ ਤੇ ਬਲਵੰਤ ਨੇ ਰਲ਼ ਕੇ ਗਾਈਆਂ:‎

ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ/ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!‎

ਪਹਿਲਾ ਬੰਦ ਪੂਰਾ ਹੁੰਦਿਆਂ ਬਾਪੂ ਦੇ ਬੁੱਲ੍ਹਾਂ `ਚ ਸਰਗਮ ਜਿਹੀ ਟਪਕਣ ‎ਲੱਗੀ। ਜਿਓਂ ਜਿਓਂ ਛੰਦ ਆਪਣੇ ਸਿਖ਼ਰ ਵੱਲ ਵਧ ਰਿਹਾ ਸੀ, ਬਾਪੂ ਦੇ ਮੱਥੇ ਦਾ ‎ਕੱਸੇਵਾਂ ਨਾਲ਼ੋ ਨਾਲ਼ ਢਿੱਲਾ ਹੋਈ ਜਾ ਰਿਹਾ ਸੀ। ਆਖ਼ਰੀ ਬੰਦ ਜਦੋਂ ਅਸੀਂ ਤਿੰਨਾਂ ਨੇ ‎ਰਲ਼ ਕੇ ਸਮਾਪਤ ਕੀਤਾ ਤਾਂ ਬਾਪੂ ਦੀਆਂ ਅੱਖਾਂ `ਚ ਇੱਕ ਝੀਲ ਛਲਕਣੀ ਸ਼ੁਰੂ ਹੋ ‎ਚੁੱਕੀ ਸੀ। ਉਹ ਛੜੱਪਾ ਮਾਰ ਕੇ ਮੰਜੇ ਦੀ ਬਾਹੀ ਤੋਂ ਉੱਠਿਆ ਤੇ ਸਾਡੇ ਨਜ਼ਦੀਕ ਆ ‎ਕੇ ਸਾਡੀਆਂ ਗੱਲ੍ਹਾਂ ਉੱਤੇ ਪੋਲੇ ਪੋਲੇ ਥਪੇੜੇ ਮਾਰਨ ਲੱਗ ਪਿਆ। ਫ਼ਿਰ ‘ਵਾਹ ਉਏ ‎ਪੁੱਤਰੋ!’ ਆਖ ਕੇ ਉਸ ਨੇ ਸਾਨੂੰ ਤਿੰਨਾਂ ਨੂੰ ਗਲਵਕੜੀ `ਚ ਲੈ ਲਿਆ।

ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ‎ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ‎ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ‎ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ ‎‎`ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ ‎‎`ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ‎ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ ‎ਦਿਹਾੜੀ ਉਸ ਦੇ ਹੱਥਾਂ `ਚ ਜਾਂ ਤਾਂ ਸਾਧੂ ਦਯਾ ਸਿੰਘ ਆਰਿਫ਼ ਦੇ ਗ੍ਰੰਥ ਅਤੇ ‎ਪੁਰਾਤਨ ਸ਼ਾਇਰਾਂ ਦੇ ਲਿਖੇ ਹੋਏ ਕਿੱਸੇ ਹੁੰਦੇ, ਜਾਂ ਹਿੰਦੀ, ਪੰਜਾਬੀ, ਉਰਦੂ ਦੇ ‎ਅਖ਼ਬਾਰ, ਤੇ ਜਾਂ ਫ਼ਿਰ ਸਿਆਹੀ ਨਾਲ ਰੱਜਿਆ ਹੋਇਆ ਪੈੱਨ। ਲਾਖੇ ਰੰਗ ਦੇ ‎ਕਾਗਜ਼ਾਂ ਉੱਤੇ ਉਸ ਦਾ ਪੈੱਨ ਸਾਰੀ ਦਿਹਾੜੀ ਕਵੀਸ਼ਰੀ ਦਾ ਕਸੀਦਾ ਕੱਢਦਾ ‎ਰਹਿੰਦਾ। ਵਿੱਚ ਵਿੱਚ ਜਦ ਉਹ ਲਿਖਣ ਤੋਂ ਰੁਕਦਾ, ਤਾਂ ਉਸ ਦੇ ਖੱਬੇ ਹੱਥ ਦੀਆਂ ‎ਉਂਗਲਾਂ ਉਸ ਦੀ ਦਾਹੜੀ ਨਾਲ਼ ਪ੍ਰੇਮ-ਲੀਲ੍ਹਾ ਕਰਨ ਲਗਦੀਆਂ ਅਤੇ ਉਸ ਦੀਆਂ ‎ਸੇਹਲੀਆਂ ਉੱਪਰ ਵੱਲ ਨੂੰ ਖਿੱਚੀਆਂ ਜਾਂਦੀਆਂ। ਅਰਧ-ਮੀਟੀਆਂ ਅੱਖਾਂ ਨਾਲ਼, ਇੰਝ ‎ਕਰਦਿਆਂ ਉਹ ਆਪਣੇ ਮੂੰਹ `ਚ ਹੀ ਕੁੱਝ ਬੁੜਬੁੜਾਉਂਦਾ। ਏਸ ਗੱਲ ਦੀ ਸਮਝ ‎ਮੈਨੂੰ ਕਈ ਵਰ੍ਹੇ ਬਾਅਦ, ਖ਼ੁਦ ਸ਼ਾਇਰੀ ਨਾਲ਼ ਪਲ਼ੋਸਾ-ਪਲ਼ਾਸੀ ਕਰਦਿਆਂ, ਆਈ ਕਿ ‎ਮੂੰਹ ਵਿੱਚ ਤਾਂ ਉਹ ਕਵੀਸ਼ਰੀ ਦੇ ਕਾਫ਼ੀਏ ਮੇਲ ਮੇਲ ਕੇ ਗੁਣਗੁਣਾਉਂਦਾ ਸੀ ਅਤੇ ‎ਕਾਫ਼ੀਆਂ ਨੂੰ ਸ਼ਾਇਰੀ `ਚ ਰੰਗਣ ਲਈ ਜਦੋਂ ਉਹ ਆਪਣੇ ਮੱਥੇ `ਚ ਉਡਾਰੀਆਂ ‎ਲਾਉਂਦਾ, ਤਾਂ ਉਸ ਦੀਆਂ ਭਵਾਂ ਦਾ ਉੱਪਰ ਵੱਲ ਨੂੰ ਉੱਠ ਜਾਣਾ ਸਹਿਜ-ਸੁਭਵਿਕ ਹੀ ‎ਸੀ।

ਪੰਦਰੀਂ-ਵੀਹੀਂ ਦਿਨੀਂ, ਬਾਪੂ ਦੇ ਦੋ ਸਾਥੀ, ਇੱਕ ਅਕਹਿਰੇ ਸਰੀਰ ਵਾਲ਼ਾ ‎ਰਣਜੀਤ ਸਿੱਧਵਾਂ ਤੇ ਦੂਸਰਾ ਗੋਗੜੀ ਪੇਟ ਵਾਲ਼ਾ ਚੰਦ ਜੰਡੀ, ਪੱਚੀ ਤੀਹ ਮੀਲ ਦਾ ‎ਸਾਈਕਲੀ ਸਫ਼ਰ ਤੈਅ ਕਰ ਕੇ ਆ ਧਮਕਦੇ। ਉਹ ਸਾਈਕਲਾਂ ਨੂੰ ਕੰਧਾਂ ਦੇ ਲੜ ਲਾ ‎ਦਿੰਦੇ ਅਤੇ ਸਾਨੂੰ ਬੱਚਿਆਂ ਨੂੰ ਜੱਫ਼ੀਆਂ `ਚ ਲੈ ਕੇ ਪਿਆਰ ਕਰਦੇ। ਉਨ੍ਹਾਂ ਦੇ ਪਸੀਨੇ ‎ਨਾਲ ਭਿੱਜੇ ਕੱਪੜਿਆਂ ਦੀ ਗੰਧ ਹੁਣ ਵੀ ਮੇਰੀਆਂ ਨਾਸਾਂ `ਚ ਉਭਰ ਆਉਂਦੀ ਹੈ।

ਸਾਰੀ ਦਿਹਾੜੀ ਸਾਡੇ ਵੱਡੇ ਦਲਾਨ `ਚ ਕਵੀਸ਼ਰੀ-ਗਾਇਨ ਦਾ ਅਭਿਆਸ ‎ਛਲਕਦਾ ਰਹਿੰਦਾ। ਰਣਜੀਤ ਦੀ ਬੁਲੰਦ ਆਵਾਜ਼ ਸੁਣਦਿਆਂ ਮੈਨੂੰ ਇੰਝ ਜਾਪਦਾ ‎ਜਿਵੇਂ ਹੜ੍ਹਿਆਏ ਦਰਿਆ ਦਾ ਪਾਣੀ ਕਿਸੇ ਬੰਨ੍ਹ ਨੂੰ ਤੋੜ ਕੇ ਕੱਖ-ਕਾਨਿਆਂ ਨੂੰ ਰੋੜ੍ਹੀ ‎ਜਾ ਰਿਹਾ ਹੋਵੇ। ਬਾਪੂ, ਕਵੀਸ਼ਰੀ ਗਾਇਨ ਦਾ ਅਭਿਆਸ ਕਰ ਰਹੇ ਆਪਣੇ ਸਾਥੀਆਂ ‎ਨੂੰ ਰੋਕ ਕੇ ਲਫ਼ਜ਼ਾਂ ਦਾ ਸ਼ੁੱਧ ਉਚਾਰਣ ਸਿਖਾਉਂਦਾ ਅਤੇ ਆਵਾਜ਼ `ਚ ਉੱਚਾਣ-ਨੀਵਾਣ ‎ਤੇ ਮੋੜੇ ਲਿਆਉਣ ਦਾ ਹਿਸਾਬ-ਕਿਤਾਬ ਸਮਝਾਅ ਕੇ ਹਦਾਇਤਕਾਰ ਹੋਣ ਦਾ ਰੋਲ ‎ਕਰਦਾ।

ਗਰਮੀਆਂ ਦੇ ਭਖ਼ਦੇ ਦੁਪਹਿਰੀਂ ਕਵੀਸ਼ਰੀ ਗਾਇਨ ਦੇ ਅਭਿਆਸ ਦੇ ਨਾਲ਼ ‎ਨਾਲ਼ ਕੂੰਡੇ `ਚ ਖ਼ਸ-ਖ਼ਾਸ, ਬਦਾਮ, ਮਿਸ਼ਰੀ, ਕਾਲ਼ੀਆਂ ਮਿਰਚਾਂ, ਤੇ ਚਾਰੇ ਮਗਜ਼ਾਂ ਦਾ ‎ਰਗੜਾਅ ਹੋ ਕੇ ਸ਼ਰਦਈ ਤਿਆਰ ਹੁੰਦੀ ਜਿਹੜੀ ਸਰੋਤਿਆਂ ਨੂੰ ਵੀ ਵਰਤਾਈ ‎ਜਾਂਦੀ।

ਅਭਿਆਸ ਖ਼ਤਮ ਹੁੰਦਾ ਤਾਂ ਰਣਜੀਤ ਹੋਰੀਂ ਸੌਂ ਜਾਂਦੇ। ਮੈਂ ਉਦੋਂ ਚੌਥੀ, ਪੰਜਵੀਂ ‎ਦੀਆਂ ਕਿਤਾਬਾਂ ਨਾਲ਼ ਅੱਖ-ਮਟੱਕੇ ਮਾਰ ਰਿਹਾ ਸਾਂ। ਮੈਂ ਸੁੱਤੇ ਪਏ ਰਣਜੀਤ ਦੇ ‎ਚਿਹਰੇ ਨੂੰ ਹੈਰਤ ਨਾਲ਼ ਦੇਖਦਾ ਤੇ ਸੋਚਦਾ ਕਿ ਆਵਾਜ਼ ਦਾ ਏਨਾ ਪ੍ਰਬਲ ਵਹਿਣ ਉਸ ‎ਦੇ ਗਲ਼ੇ `ਚੋਂ ਕਿੰਝ ਉੱਛਲ਼ਦਾ ਹੈ। ਰਣਜੀਤ ਦੀ ਸੁਰੀਲੀ ਤੇ ਪੁਖ਼ਤਾ ਆਵਾਜ਼ ਸੁਣ ਕੇ ‎ਮੇਰਾ ਮਨ ਕਰਦਾ ਸੀ ਮੈਂ ਉਸ ਦੀ ਬੁੱਕਲ਼ `ਚ ਬੈਠ ਜਾਵਾਂ। ਮੈਨੂੰ ਜਾਪਦਾ ਕਿ ‎ਰਣਜੀਤ ਦੀ ਭਰਵੀਂ ਅਵਾਜ਼ ਸ਼ਾਇਦ ਉਸ ਦੀ ਗੋਲਾਈਦਾਰ ਤੇ ਚੁੰਝਦਾਰ ਦਸਤਾਰ ‎ਕਾਰਨ ਉਪਜਦੀ ਹੈ। ਮੇਰਾ ਜੀਅ ਕਰਦਾ ਮੈਂ ਵੀ ਰਣਜੀਤ ਵਰਗੀ ਚੁੰਝਦਾਰ ‎ਦਸਤਾਰ ਸਜਾਉਣੀ ਸਿੱਖ ਜਾਵਾਂ। ਰਣਜੀਤ ਵਾਂਗ ਉੱਚੀ ਸੁਰ `ਚ ਗਾਉਣ ਦੀ ‎ਤਮੰਨਾ ਮੇਰੇ ਜ਼ਿਹਨ `ਚ ਵੀ ਬੇਚੈਨੀ ਬੀਜਣ ਲੱਗਦੀ।

ਸ਼ਾਮ ਨੂੰ ਅਲਮਾਰੀ `ਚ ਪਈ ਬੋਤਲ ਪਿਆਕੜਾਂ ਦੀ ਉਡੀਕ `ਚ ਬਿਹਬਲ ਹੋ ‎ਉੱਠਦੀ। ਦਿਨ ਛਿਪਦਿਆਂ ਹੀ, ਲਾਲਟੈਣ ਦੀ ਚਿਮਨੀ `ਚ ਅੱਗ ਦਾ, ਅੰਗੂਠੇ ਕੁ ‎ਜੇਡਾ, ਫੁੱਲ ਖਿੜਦਾ, ਤੇ ਉਸ ਦੀ ਫਿੱਕੀ ਫਿੱਕੀ ਰੌਸ਼ਨੀ ਕਮਰੇ ਨੂੰ ਜਗਾਅ ਦੇਂਦੀ। ‎ਮੇਜ਼ ਉੱਪਰ ਪੁਰਾਣੇ ਅਖ਼ਬਾਰ ਵਿਛਣ ਲਗਦੇ। ਸਾਹਮਣੀ ਕੰਧੋਲੀ ਦੇ ਅੰਦਰਲੇ ਪਾਸੇ, ‎ਚੁਲ੍ਹੇ `ਤੇ ਧਰੇ ਪਤੀਲੇ `ਚ ਬੱਕਰੇ ਦਾ ਮਾਸ ਗੁੜ-ਗੁੜਾਉਂਦਾ ਜਿਸ ਦੀ ਮਸਾਲੇਦਾਰ ‎ਗੰਧ ਆਂਢ-ਗੁਆਂਢ ਦੇ ਦਰਜਣਾਂ ਘਰਾਂ ਤੀਕਰ ਮਾਰ ਕਰਦੀ। ਮੈਂ, ਮੈਥੋਂ ਛੋਟਾ ‎ਰਛਪਾਲ, ਤੇ ਵੱਡਾ ਬਲਵੰਤ ਸੇਵਾਦਾਰਾਂ ਦਾ ਰੂਪ ਧਾਰ ਲੈਂਦੇ। ਅਸੀਂ ਮੇਜ਼ ਸਾਫ਼ ‎ਕਰਦੇ, ਗਲਾਸ ਧੋਂਦੇ, ਪਿਆਜ਼ ਕਟਦੇ, ਪਿਆਜ਼ ਦੀਆਂ ਫਾੜੀਆਂ ਉੱਪਰ ਨਿੰਬੂ ‎ਨਿਚੋੜਦੇ, ਬੋਤਲ `ਚ ਟਿਕਿਆ ਸਿਰਕਾ ਛਲਕਾਉਂਦੇ, ਅਤੇ ਆਤਮਾ ਰਾਮ ਦੀ ਹੱਟੀ ‎ਤੋਂ ਬਰਫ਼ ਦੇ ਘੇਪੇ ਤੇ ਸੋਢੇ ਦੀਆਂ ਬੋਤਲਾਂ ਲੈਣ ਤੁਰ ਜਾਂਦੇ। ਦਸਾਂ-ਪੰਦਰਾਂ ਮਿੰਟਾਂ `ਚ ‎ਹੀ ਬਾਪੂ ਦੀਆਂ ਅੱਖਾਂ `ਚ ਤਾਰੇ ਖਿੜਨ ਲਗਦੇ। ਉਹ ਸਾਨੂੰ ਬਗ਼ਲ `ਚ ਲੈ ਕੇ ‎ਘੁਟਦਾ, ਚੁੰਮਦਾ ਤੇ ਸਾਡੀਆਂ ਗੱਲ੍ਹਾਂ `ਤੇ ਪੋਲੇ ਪੋਲੇ ਥਪੇੜੇ ਮਾਰ ਕੇ ਸਰੂਰ `ਚ ‎ਮੁਸਕਰਾਉਂਦਾ।

ਸੰਨ ਸੱਵਤੰਜਾ ਦੀਆਂ ਗਰਮੀਆਂ ਬਹੁਤੇ ਲੋਕਾਂ ਲਈ ਆਮ ਵਰਗੀਆਂ ਹੀ ‎ਹੋਣਗੀਆਂ ਪਰ ਅਸਾਂ ਤਿੰਨਾਂ ਭਰਾਵਾਂ ਦੇ ਭਵਿਖ਼ਤ ਦੀਆਂ ਇਨ੍ਹਾਂ ਗਰਮੀਆ ਨੇ ‎ਤਾਸੀਰਾਂ, ਤਸਵੀਰਾਂ ਅਤੇ ਮੁਹਾਣ ਹੀ ਬਦਲ ਸੁੱਟੇ। ਮੈਂ ਛੇਵੀਂ `ਚ ਸਾਂ, ਛੋਟਾ ਰਛਪਾਲ ‎ਚੌਥੀ `ਚ ਤੇ ਬਲਵੰਤ ਗਿਆਰਵੀਂ `ਚ। ਉਸ ਸਮੇਂ ਘਰ ਦੀ ਖਸਤਾ ਆਰਥਿਕ ‎ਹਾਲਤ, ਪਿੰਡ ਵਿੱਚ ਹਾਈ ਸਕੂਲ ਦੀ ਅਣਹੋਂਦ, ਤੇ ਸ਼ਹਿਰ ਤੋਂ ਦਸ ਕਿਲੋਮੀਟਰ ਦੀ ‎ਬੇਸੜਕ, ਰੇਤਲੀ ਦੂਰੀ ਨੇ ਕੁੱਝ ਕੁ ਮਹੀਨਿਆਂ ਤੀਕਰ ਸਾਡੇ ਹੱਥਾਂ `ਚੋਂ ਕਿਤਾਬਾਂ ‎ਲਾਜ਼ਮੀ ਤੌਰ ਕੇਰ ਲੈਣੀਆਂ ਸਨ। ਸਾਡੀ ਅੱਧ ਤੋਂ ਵੱਧ ਗਹਿਣੇ ਟਿਕੀ ਜ਼ਮੀਨ ਸਾਨੂੰ ‎ਸਾਡੇ ਹਾਣੀਆਂ ਵਾਂਗਣ ਹੀ ਘਾਹ ਖੋਤਣ, ਫ਼ਸਲਾਂ ਉਗਾਉਣ ਤੇ ਮੱਝਾਂ ਦੇ ਚਰੇਵੇਂ `ਚ ‎ਉਲਝਾਉਣ ਲਈ ਉਡੀਕ ਰਹੀ ਸੀ। ਜਾਂ ਫ਼ਿਰ ਹਾਲਾਤ ਦੇ ਤਾਣੇ-ਬਾਣੇ ਨੇ ਸਾਨੂੰ ‎ਕਿਸੇ ਨਹਿਰ ਦੇ ਪੁਲ਼ `ਤੇ ਜਾ ਬਿਠਾਉਣਾ ਜਿੱਥੇ ਸਾਈਕਲਾਂ ਨੂੰ ਪੰਕਚਰ ਲਾਉਣੇ ਅਤੇ ‎ਖੋਖਾ ਉਸਾਰ ਕੇ ਆਉਂਦੇ-ਜਾਂਦੇ ਰਾਹੀਆਂ ਨੂੰ ਚਾਹ ਪਿਆਉਣੀ ਸਾਡੀ ਮੰਨਜ਼ਿਲ ਹੋ ‎ਨਿੱਬੜਣੀ ਸੀ।

ਬਾਪੂ ਕਿਉਂਕਿ ਉੱਦਮੀ ਅਤੇ ਨਵੀਆਂ ਲਕੀਰਾਂ ਖਿੱਚਣ ਦਾ ਸ਼ੌਕੀ ਸੀ, ਇਸ ਲਈ ‎ਉਹ ਸਧਾਰਨ ਤੁਕਬੰਦੀ ਵਾਲੀ ਰਵਾਇਤੀ ਕਵੀਸ਼ਰੀ ਨੂੰ ਅਣਛੋਹ ਅਤੇ ਤਾਜ਼ੀਆਂ ‎ਤਸ਼ਬੀਹਾਂ `ਚ ਰੰਗ ਕੇ ਉਸ ਦਾ ਮੁਹਾਂਦਰਾ ਬਦਲਣ `ਚ ਜੁਟਿਆ ਹੋਇਆ ਸੀ। ਫ਼ਿਰ ‎ਉਸ ਨੇ ਕਵੀਸ਼ਰੀ ਦੀ ਇੱਕੋ ਰਹਾਅ ਵਾਲੀ ਅਕਾਊ ਜਿਹੀ ਗਾਇਨ ਸ਼ੈਲੀ ਨੂੰ ਰੱਦ ਕੇ, ‎ਨਵੀਆਂ ਨਵੇਕਲ਼ੀਆਂ ਤਰਜ਼ਾਂ `ਚ ਢਾਲਣਾ ਸ਼ੁਰੂ ਕਰ ਦਿੱਤਾ, ਤਾਂ ਉਸ ਦੇ ਕਵੀਸ਼ਰੀ ‎ਜੱਥੇ ਦੀ ਧਾਂਕ ਆਲ਼ੇ-ਦੁਅਲ਼ੇ ਦੇ ਪਿੰਡਾਂ ਤੋਂ ਪਾਰ ਤੀਕ ਵਗਣ ਲੱਗੀ। ਇੱਕ ਦਿਨ ‎ਆਪਣੇ ਜੱਥੇ ਸਮੇਤ ਉਹ ਜਲੰਧਰ ਰੇਡੀਓ ਵਾਲਿਆਂ ਕੋਲ਼ ਜਾ ਧਮਕਿਆ: ਅਖੇ ਮੇਰੇ ‎ਜੱਥੇ ਦੀ ਕਵੀਸ਼ਰੀ ਰੇਡੀਓ ਤੋਂ ਬਰਾਡਕਾਸਟ ਕਰੋ। ਰੇਡੀਓ ਵਾਲੇ ਕਹਿਣ: ਪਹਿਲਾਂ ‎ਆਪਣੇ ਸਾਜ਼ ਦਿਖਾਓ। ਬਾਪੂ ਸਮਝਾਵੇ ਕਿ ਕਵੀਸ਼ਰੀ, ਸਾਜ਼ ਤੋਂ ਬਿਨਾ ਗਾਈ ਜਾਣ ‎ਵਾਲੀ, ਮਾਲਵੇ ਦੇ ਵਿਸ਼ਾਲ ਇਲਾਕੇ ਦੀ ਮਕਬੂਲ ਲੋਕ-ਗਾਇਕੀ ਹੈ ਜਿਸ ਨੂੰ ਪਿੰਡਾਂ ਦੇ ‎ਹਜ਼ਾਰਾਂ ਸ੍ਰੋਤੇ ਕਈ ਕਈ ਘੰਟੇ ਸਾਹ ਰੋਕ ਕੇ ਸੁਣਦੇ ਨੇ। ਪਰ, ਰੇਡੀਓ ਤੋਂ ਪਿੰਡਾਂ ਲਈ ‎ਕੀਤੇ ਜਾਂਦੇ ਇੱਕ ਘੰਟੇ ਦੇ ‘ਦਿਹਾਤੀ ਪ੍ਰੋਗਰਾਮ’ ਦੇ ਸ਼ਹਿਰੀ ‘ਬਾਬੂਆ-ਤਬੀਅਤ’ ‎ਪ੍ਰਬੰਧਕ, ਬਰਾਡਕਾਸਟਿੰਗ ਤਾਂ ਕੀ, ਬਾਪੂ ਪਾਰਸ ਨੂੰ ਰੇਡੀਓ ਦੇ ਸਟੂਡੀਓ ਦਾ ‎ਦਰਵਾਜ਼ਾ ਦਿਖਾਉਣ ਤੋਂ ਵੀ ਇਨਕਾਰੀ ਹੋ ਗਏ। ਪਰ ਮਾਯੂਸ ਹੋਏ ਬਾਪੂ ਨੇ ਹਿੰਮਤ ‎ਨੂੰ ਹੱਥਾਂ `ਚੋਂ ਖਿਸਕਣ ਨਹੀਂ ਦਿੱਤਾ। ਅਖ਼ੀਰ, ਮੋਗੇ ਇਲਾਕੇ `ਚ ਜੰਮਿਆਂ-ਪਲ਼ਿਆ, ‎ਇੱਕ ‘ਦਿਹਾਤੀ’ ਬਾਬੂ, ਸ਼ੰਭੂ ਨਾਥ ਸ਼ੇਸ਼, ਪ੍ਰਗਟ ਹੋ ਗਿਆ ਜਿਹੜਾ ਜਲੰਧਰ ਰੇਡੀਓ ‎ਦੇ ਸਟਾਫ਼ `ਚ ਕਿਸੇ ਚੰਗੇ ਅਹੁਦੇ `ਤੇ ਬਿਰਾਜਮਾਨ ਸੀ। ਉਸ ਦੀ ਅਤੇ ਨਾਮਵਰ ‎ਹਾਸਰਸ ਲੇਖਕ ਗੁਰਨਾਮ ਸਿੰਘ ਤੀਰ ਦੀ ਜ਼ਿਦੀ ਸਿਫ਼ਾਰਿਸ਼ ਸਦਕਾ ਜਲੰਧਰ ‎ਰੇਡੀਓ ਵਾਲਿਆਂ ਨੇ ਜਕਦਿਆਂ-ਜਕਦਿਆਂ ਬਾਪੂ ਦੇ ਜੱਥੇ ਨੂੰ ਰੇਡੀਓ ਤੋਂ ਦਸ ਕੁ ‎ਮਿੰਟ ਲਈ ਕਵੀਸ਼ਰੀ ਗਾਇਨ ਕਰਨ ਦਾ ਮੌਕਾ ‘ਬਖ਼ਸ਼’ ਦਿੱਤਾ ਤਾਂ ਸਾਜ਼ਾਂ ਤੋਂ ਬਿਨਾ, ‎ਬੁਲੰਦ ਆਵਾਜ਼ਾਂ `ਚ ਕਵੀਸ਼ਰੀ ਦਾ ਗਾਇਨ, ਪਹਿਲੀ ਵਾਰ, ਸੰਨ ਛਪੰਜਾ `ਚ ਰੇਡੀਓ ‎ਦੀਆਂ ਲਹਿਰਾਂ `ਤੇ ਅਸਵਾਰ ਹੋਇਆ। ਰੇਡੀਓ ਤੋਂ ਕਵੀਸ਼ਰੀ ਦਾ ਗਾਇਨ ਹੁੰਦਿਆਂ ‎ਹੀ ਬਾਪੂ ਦੀ ਕਵੀਸ਼ਰੀ ਦੀ ਧੁੰਮ ਪੂਰੇ ਪੰਜਾਬ ਦੇ ਪਿੰਡਾਂ `ਚ ਲਟ-ਲਟ ਮੱਚ ਉੱਠੀ। ‎ਰੇਡੀਓ ਸਟੇਸ਼ਨ ਵਾਲਿਆਂ ਦੀ ਮੇਜ਼ `ਤੇ, ਬਾਪੂ ਦੀ ਕਵੀਸ਼ਰੀ ਦੀ ਫ਼ਰਮਾਇਸ਼ `ਚ ‎ਆਈਆਂ ਚਿੱਠੀਆਂ ਦੀਆਂ ਢੇਰੀਆਂ ਲੱਗਣ ਲੱਗੀਆਂ। ਇੱਕ-ਦੂਜੇ ਤੋਂ ਅੰਦਰੋ-ਅੰਦਰੀ ‎ਤ੍ਰਭਕਦੇ ਰੇਡੀਓ ਅਧਿਕਾਰੀਆਂ ਨੇ ਸੁੱਖ ਦਾ ਸਾਹ ਹੀ ਨਹੀਂ ਲਿਆ ਸਗੋਂ ਬਾਪੂ ਦੇ ‎ਜੱਥੇ ਦੀ ਕਵੀਸ਼ਰੀ ਹੁਣ ਹਰ ਮਹੀਨੇ ਹੀ ਰੇਡੀਓ `ਤੇ ਗੂੰਜਣ ਲੱਗੀ, ਦਸ ਕੁ ਮਿੰਟ ‎ਨਹੀਂ, ਅੱਧਾ ਅੱਧਾ ਘੰਟਾ। ਉਧਰ ਗ੍ਰਾਮੋਫ਼ੋਨ ਕੰਪਨੀਆਂ ਵਾਲਿਆਂ ਦੇ ਕੰਨਾਂ `ਚ ‎ਕਵੀਸ਼ਰੀ ਦੀ, ਹਨੇਰੀ ਵਾਂਗ ਉੱਠੀ ਮਕਬੂਲੀਅਤ ਦੀ ਫ਼ੂਕ, ਪਤਾ ਨਹੀਂ ਕਿਸ ਨੇ ‎ਮਾਰ ਦਿੱਤੀ। ਪਿੰਡਾਂ ਦੀਆਂ ਸੱਥਾਂ `ਚ ਕਲੋਲਦੀ ਕਵੀਸ਼ਰੀ ਨੂੰ, ਰੇਡੀਓਈ ਲਹਿਰਾਂ ‎‎`ਤੇ ਅਸਵਾਰ ਕਰਨ ਤੋਂ ਬਾਅਦ, ਬਾਪੂ ਨੇ ਲੁਧਿਆਣਾ ਸਥਿਤ ਐਚ ਐਮ ਵੀ ‎ਗ੍ਰਾਮੋਫ਼ੋਨ ਕੰਪਨੀ ਦੇ ਅਧਿਕਾਰਤ ਵਿਕਰੇਤਾ, ‘ਖ਼ਾਲਸਾ ਟਰੇਡਿੰਗ ਕੰਪਨੀ’ ਰਾਹੀਂ, ‎ਹੁਣ ਗ੍ਰਾਮੋਫ਼ੋਨ ਰੀਕਾਰਡਾਂ ਦੇ ਸਿਆੜਾਂ `ਚ ਬੀਜ ਕੇ, ਉਸ ਨੂੰ ‘ਜੱਟੀ ਤੋਂ ਹੀਰ’ ‎ਬਣਾਉਣ ਦਾ ਮਾਅਰਕਾ ਕਰ ਮਾਰਿਆ। ਬਾਪੂ ਦੀ ਕਵੀਸ਼ਰੀ ਦਾ ਪਹਿਲਾ ਰੀਕਾਰਡ ‎ਮਾਰਕਿਟ `ਚ ਆਉਂਦਿਆਂ ਹੀ ਉਹ ਗ੍ਰਾਮੋਫ਼ੋਨ ਕੰਪਨੀ ਦੇ ਦਸਤਾਵੇਜ਼ਾਂ `ਚ ‘ਸਟਾਰ ‎ਆਰਟਿਸਟ’ ਦੇ ਤੌਰ `ਤੇ ਉੱਭਰ ਆਇਆ। ਹਰ ਪਿੰਡ, ਹਰ ਕਸਬੇ, ਹਰ ਸ਼ਹਿਰ ਤੇ ‎ਹਰ ਮੇਲੇ-ਮਸਾਵੇ `ਚ ਬਾਪੂ ਦਾ ਪਲੇਠਾ ਕਵੀਸ਼ਰੀ ਰੀਕਾਰਡ, `ਚਹੁੰ ਕੁ ਦਿਨਾਂ ਦਾ ‎ਮੇਲਾ’ ਅਤੇ ‘ਕਿਓਂ ਫ਼ੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ’ ਗੂੰਜਣ ਲੱਗਾ। ‎ਸ਼ਹਿਰਾਂ `ਚ ਰਿਕਸ਼ਿਆਂ ਉੱਪਰ ਸਪੀਕਰ ਲਗਾ ਕੇ ਦਵਾਈਆਂ ਦੀ ਮਸ਼ਹੂਰੀ ਕਰਨ ‎ਵਾਲੇ ਮਨਾਦੀਆਂ ਨੂੰ ਤਾਂ ਕਵੀਸ਼ਰੀ ਦਾ ਇਹ ਰੀਕਾਰਡ ਇੱਕ ਖ਼ਜ਼ਾਨੇ ਦੇ ਰੂਪ `ਚ ‎ਟੱਕਰਿਆ।

ਰੀਕਾਰਡ ਆਉਣ ਤੋਂ ਬਾਅਦ, ਬਾਪੂ ਦੀ ਧੁੰਮ ਹੁਣ ਮਾਲਵੇ, ਮਾਝੇ ਅਤੇ ਦੁਆਬੇ ‎ਦੀਆਂ ਹੱਦਾਂ ਤੋਂ ਤੇਜ਼ੀ ਨਾਲ਼ ਨਿਕਲ਼ ਕੇ, ਪੂਰੇ ਭਾਰਤ ਦੇ ਪੰਜਾਬੀਆਂ ਤੀਕਰ ਫੈਲ ‎ਗਈ। ਸੰਨ ਸਤਵੰਜਾ ਦੇ ਮਾਰਚ `ਚ, ਕਲਕੱਤੇ ਦੇ ਕਿਸੇ ਗੁਰਦਵਾਰੇ ਤੋਂ, ਹਰ ਸਾਲ ‎‎13 ਅਪਰੈਲ ਨੂੰ ਮਨਾਈ ਜਾਂਦੀ ਵਿਸਾਖੀ ਦੇ ਧਾਰਮਿਕ ਜਸ਼ਨਾਂ `ਚ ਕਵੀਸ਼ਰੀ ਕਰਨ ‎ਲਈ ਸੱਦਾ-ਪੱਤਰ ਆ ਗਿਆ। ਜਕੋ-ਤਕੀ ਕਰਦੇ ਪਾਰਸ ਨੇ ਆਪਣੇ ਜੱਥੇ ਸਮੇਤ ‎ਕਲਕੱਤੇ ਨੂੰ ਚਾਲੇ ਪਾ ਦਿੱਤੇ।

ਅੱਜ-ਕੱਲ੍ਹ ਪੰਜਾਬ ਦੀ ਸਿਆਸਤ `ਚ ਹਨੇਰੀ ਵਾਂਗ ਵਗ ਰਿਹਾ, ਮੈਥੋਂ ਵੱਡਾ ‎ਭਰਾ ਬਲਵੰਤ, ਬਚਪਨ ਤੋਂ ਹੀ ਜੁਗਾੜੀ ਅਤੇ ਜੋੜ-ਤੋੜੀਆ ਸੀ। ਉਸ ਨੇ ਜਿਓਂ ਹੀ ‎ਦਸਵੀਂ ਦਾ ਸਰਟੀਫ਼ਕੇਟ ਹਾਸਲ ਕੀਤਾ, ਬਾਪੂ ਉਸ ਨੂੰ ਫ਼ੀਰੋਜ਼ਪੁਰ ਸ਼ਹਿਰ `ਚ ਟੀਨ ‎ਦੇ ਟਰੰਕ-ਪੇਟੀਆਂ ਬਣਾਉਣ ਵਾਲ਼ੇ ਇੱਕ ਕਾਰਖਾਨੇ `ਚ ਛੱਡ ਆਇਆ ਜਿੱਥੋਂ ‎ਅੱਥਰਾ ਬਲਵੰਤ ਹਫ਼ਤੇ ਕੁ ਬਾਅਦ ਹੀ ਦੌੜ ਆਇਆ। ਘਰ ਆਉਂਦੇ ਨੂੰ ਬੇਬੇ ਦੀਆਂ ‎ਤਿਊੜੀਆਂ ਵੱਲੋਂ ਕੀਤੇ ਭਰਵੇਂ ਸਵਾਗਤ ਅਤੇ ਭਰਪੂਰ ਲਾਹ-ਪਾਹ ਤੋਂ ਵਿਹਲਾ ‎ਹੁੰਦਿਆਂ ਹੀ, ਬਲਵੰਤ ਨੇ ਸਾਡੇ ਘਰ `ਚ ਪਈ, ਇੱਕ ਅਰਧ-ਜ਼ੰਗਾਲੀ ਟਰੰਕੀ ਦੀ ‎ਫ਼ਰੋਲ਼ਾ-ਫ਼ਰਾਲੀ ਸ਼ੁਰੂ ਕਰ ਦਿੱਤੀ ਜਿੱਥੋਂ ਲੱਭੀ, ਵੱਡ-ਅਕਾਰੀ ਕਾਗਜ਼ਾਂ ਨੂੰ ‎ਚਮਿਅਕੰਧੂਈ ਨਾਲ਼ ਸੀਅ ਕੇ ਬਣਾਈ, ਇੱਕ ਮੋਟੀ ਕਾਪੀ `ਚ ਸੁੱਤਾ, ਬਾਪੂ ਪਾਰਸ ‎ਦਾ ਛੰਦਾ-ਬੰਦੀ `ਚ ਲਿਖਿਆ, ਕੌਲਾਂ ਭਗਤਣੀ ਦਾ ਕਿੱਸਾ, ਉਸ ਦੀ ਸੁਰਤ `ਚ ਲਹਿ ‎ਗਿਆ। ਉਨ੍ਹੇ ਚੌਥੀ `ਚ ਪੜ੍ਹਦੇ, ਮੈਥੋਂ ਛੋਟੇ ਭਰਾ ਰਛਪਾਲ ਨੂੰ ਤੇ ਮੈਨੂੰ ਆਪਣੇ ‎ਸਾਹਮਣੇ ਬਿਠਾਅ ਲਿਆ ਤੇ ਬਾਪੂ ਦਾ ਕਿੱਸਾ ਤਰੰਨਮ `ਚ ਪੜ੍ਹਨਾ ਸ਼ੁਰੂ ਕਰ ‎ਦਿੱਤਾ। ਸਭ ਤੋਂ ਪਹਿਲਾਂ ਮੁੱਖ ਪਾਤਰ ਰਾਜਾ ਰਸਾਲੂ, ਆਪਣੇ ਵਜ਼ੀਰ ਬੀਜਾ ਮੱਲ ‎ਦੀ ਬੀਵੀ, ਕੌਲਾਂ, ਦੀ ਸੁੰਦਰਤਾ `ਤੇ ਮੋਹਿਤ ਹੋ ਕੇ ਆਪਣੇ ਇੱਕ ਵਜ਼ੀਰ, ਤੋਤੇ ‎ਸੁੰਦਰ, ਨਾਲ਼ ਮਿਲ਼ ਕੇ, ਕੌਲਾਂ ਨੂੰ ਭੋਗਣ ਦੀ ਸਾਜ਼ਸ਼ ਰਚਣ ਲੱਗਾ। ਧਨ ਨਾਲ਼ ‎ਭਰੀਆਂ ਖੁਰਜੀਆਂ ਖੱਚਰਾਂ `ਤੇ ਲੱਦ ਕੇ, ਬੀਜੇ ਨੂੰ ਘੋੜੇ ਖ਼ਰੀਦਣ ਲਈ ਅਰਬ ਦੇ ‎ਰਸਤੇ ਤੋਰ ਦਿੱਤਾ ਗਿਆ। ਉਸੇ ਰਾਤ ਰਾਜੇ ਨੇ ਕੌਲਾਂ ਦਾ ਕੁੰਡਾ ਜਾ ਖੜਕਾਇਆ: ‎ਅਖੇ ਮੈਂ ਬੀਜਾ ਆਂ। ਬਾਪੂ ਦੇ ਇੱਕ ਛੰਦ `ਚ ਉਹ ਤਰਲੇ ਕਰਨ ਲੱਗਾ: ‘ਬੀਜਾ ‎ਬਾਹਰ ਖਲੋਤਾ ਭਿੱਜਿਆ ਬਾਰਸ਼ ਦਾ, ਬਾਰ ਖੋਲ੍ਹ ਦੇ ਕੌਲਾਂ ਮੇਰੀਏ! ’ ਡਰੀ ਹੋਈ ‎ਕੌਲਾਂ ਅੱਗੋਂ ਕਹਿਣ ਲੱਗੀ: ‘ਬਾਰ ਕਿਸ ਤਰ੍ਹਾਂ ਖੋਲ੍ਹਾਂ ਓਭੜ ਬੰਦੇ ਨੂੰ, ਤੂੰ ਕੋਈ ਠੱਗ, ‎ਚੋਰ, ਯਾਰ ਹੈਂ!’ ਰਸਾਲੂ ਜ਼ਿਦ ਕਰੇ ਕਿ ਮੈਂ ਬੀਜਾ ਈ ਆਂ, ਤੂੰ ਮੈਨੂੰ ਪਛਾਣਦੀ ਨਹੀਂ। ‎ਕੌਲਾਂ ਨੇ ਸ਼ਰਤ ਰੱਖ ਦਿੱਤੀ ਕਿ ਅਗਰ ਤੂੰ ਸੱਚ ਮੁੱਚ ਈ ਬੀਜਾ ਐਂ ਤਾਂ ਉਹ ਛਾਪ ‎ਝੀਥ ਰਾਹੀਂ ਅੰਦਰ ਸੁੱਟ ਜਿਹੜੀ ਮੈਂ ਤੈਨੂੰ ਸ਼ਾਦੀ ਸਮੇਂ ਪਾਈ ਸੀ! ਰਸਾਲੂ ਨੇ, ਚਾਲਾਕ ‎ਤੋਤੇ ਸੁੰਦਰ ਦੀ ਸਲਾਹ `ਤੇ, ਉਹ ਛਾਪ ਬੀਜੇ ਤੋਂ ਇਹ ਕਹਿ ਕੇ ਪਹਿਲਾਂ ਹੀ ਰੱਖ ‎ਲਈ ਸੀ ਕਿ ਤੇਰੇ ਬਾਅਦ ਤੇਰੀ ਯਾਦ ਵਿੱਚ ਇਸ ਛਾਪ ਨਾਲ ਹੀ ਦਿਲ ਲਾ ਲਿਆ ‎ਕਰਾਂਗਾ। ਉਧਰ ਬੀਜਾ ਇੱਕ ਆਜੜੀ ਤੋਂ ਅਰਬ ਦਾ ਰਾਹ ਪੁੱਛਦਾ ਹੈ ਤਾਂ ਆਜੜੀ ‎ਬੀਜੇ ਦੀ ਭੋਲ਼-ਭੰਡਾਰੀ ਡੀਲ-ਡੌਲ ਦੇਖ ਕੇ ਉਸ ਨੂੰ ਇਹ ਸਮਝਾਅ ਦਿੰਦਾ ਹੈ ਕਿ ‎ਕੌਲਾਂ ਅਤੇ ਰਸਾਲੂ ਨੇ ਸਾਜ਼ਸ਼ ਰਚ ਕੇ ਉਸ ਨਾਲ਼ ਧੋਖਾ ਕੀਤਾ ਹੈ। ਆਜੜੀ ‎ਖੁਰਜੀਆਂ `ਤੇ ਦਾਤੀ ਫ਼ੇਰਦਾ ਹੈ ਤਾਂ ਉਨ੍ਹਾਂ `ਚੋਂ ਸੋਨੇ ਦੀਆਂ ਮੋਹਰਾਂ ਦੀ ਥਾਂ ਰੋੜ ਤੇ ‎ਠੀਕਰੀਆਂ ਧਰਤੀ `ਤੇ ਢੇਰੀ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਗੁੱਸੇ `ਚ ਖੌਲਦਾ ‎ਬੀਜਾ ਘਰ ਪਰਤਦਾ ਹੈ ਤੇ ਆਪਣੀ ਵਫ਼ਦਾਰ ਬੀਵੀ ਨੂੰ ਸਾਜ਼ਸ਼ੀ ਗਰਦਾਨ ਕੇ ਘਰੋਂ ‎ਕੱਢ ਦੇਂਦਾ ਹੈ। ਘੋਰ ਤਕਲੀਫ਼ਾਂ `ਚੋਂ ਗੁਜ਼ਰਦੀ ਕੌਲਾਂ ਆਖ਼ਿਰ ਆਪਣਾ ਸੱਚ ‎ਉਜਾਗਰ ਕਰਨ ਵਿੱਚ ਸਫ਼ਲ ਹੋ ਜਾਂਦੀ ਹੈ।

ਅਸੀਂ ਦੋਵੇਂ ਭਰਾ ਤਕਰੀਬਨ ਹਰ ਰੋਜ਼ ਬਲਵੰਤ ਤੋਂ ਇਹ ਕਿੱਸਾ ਸੁਣਦੇ। ਹੌਲ਼ੀ ‎ਹੌਲੀ ਬਲਵੰਤ ਦੇ ਸ੍ਰੋਤਿਆਂ `ਚ ਉਸ ਦੇ ਹਾਣੀ ਮੁੰਡੇ ਵੀ ਸ਼ਾਮਲ ਹੋਣ ਲੱਗੇ। ਹਾਣੀਆਂ ‎‎`ਚੋਂ ਇੱਕ ਦੀ ਭੈਣ ਦੀ ਸ਼ਾਦੀ ਮਹੀਨੇ ਕੁ ਤੀਕਰ ਹੋਣ ਵਾਲੀ ਸੀ। ਪਤਾ ਨਹੀਂ ਕਿਸ ‎ਦੀ ਸਿਫ਼ਾਰਿਸ਼ `ਤੇ ਇਹ ਇਤਿਹਾਸਿਕ ਫ਼ੈਸਲਾ ਲੈ ਲਿਆ ਗਿਆ ਕਿ ਬਾਪੂ ਦੇ ਜੱਥੇ ‎ਦੀ ਤਰਜ਼ `ਤੇ ਹੀ ਕੌਲਾਂ ਦਾ ਕਿੱਸਾ ਗਾਅ ਕੇ ਬਰਾਤੀਆਂ ਦਾ ਮਨੋਰੰਜਨ ਕੀਤਾ ‎ਜਾਵੇਗਾ। ਮੇਰਾ ਰੋਲ ਸੀ ਰਣਜੀਤ ਸਿੱਧਵਾਂ ਵਾਂਗ ਉੱਚੀ ਆਵਾਜ਼ ਵਿੱਚ ਆਗੂ ਬਣ ਕੇ ‎ਹਰੇਕ ਛੰਦ ਦੀ ਅੱਧੀ ਪੰਗਤੀ ਗਾਉਣੀ, ਤੇ ਰਛਪਾਲ ਅਤੇ ਬਲਵੰਤ ਬਾਕੀ ਅੱਧੀ ਨੂੰ ‎ਰਲ਼ ਕੇ ਗਾਉਣ ਲੱਗੇ। ਹਰੇਕ ਛੰਦ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਵਿਆਖਿਆ ‎ਦਾ ਜ਼ਿੰਮਾ, ਗਿਆਰਵੀਂ `ਚ ਪੜ੍ਹਦੇ ਅਣਦਾੜ੍ਹੀਏ ਬਲਵੰਤ ਨੇ ਚੁੱਕ ਲਿਆ। ਆਉਣ ‎ਵਾਲ਼ੇ ਮਹਾਂ ਸਮਾਗਮ ਲਈ ਹਰ ਰੋਜ਼ ਰਿਆਜ਼ ਸ਼ੁਰੂ ਹੋ ਗਿਆ।

ਸਾਡੇ ਪਹਿਲ-ਪਲੇਠੇ ਗਾਇਕੀ ‘ਸ਼ੋਅ’ ਦੇ ਦਿਨ ਅਸੀਂ ਬਰਾਤੀਆਂ ਦੇ ਉਤਾਰੇ ‎ਵਾਲੀ ਧਰਮਸ਼ਾਲਾ `ਚ ਅੱਪੜੇ। ਪੈਰੀਂ ਕੁਰਮ ਦੀਆਂ ਜੁੱਤੀਆਂ ਤੇ ਤੇੜ ਫਾਂਟਾਂ ਵਾਲ਼ੇ ‎ਪਜਾਮੇ।

ਇੱਕ ਛੋਟਾ ਜਿਹਾ ਮੇਜ਼ ਹਾਜ਼ਰ ਹੋਇਆ। ਉਸ ਦੀ ਇੱਕ ਲੱਤ ਨੂੰ ਇੱਕ ਡਾਂਗ ‎ਬੰਨ੍ਹ ਕੇ, ਮਾਈਕਰੋਫ਼ੋਨ ਲਈ ਸਟੈਂਡ ਤਿਆਰ ਕਰ ਲਿਆ ਗਿਆ। ਮੰਜਿਆਂ ਉੱਪਰ ‎ਬੈਠੇ ਬਰਾਤੀ ਮੰਜਿਆਂ ਹੇਠ ਟਿਕਾਈਆਂ ਬੋਤਲਾਂ ਚੁੱਕਦੇ ਤੇ ਪਿੱਤਲ਼ ਦੇ ਇੱਕੋ ਗਲਾਸ ‎‎`ਚ ਉਲੱਦ ਕੇ, ਉਸ ਨੂੰ ਅੱਧਾ ਪੌਣਾ ਕਰ ਲੈਂਦੇ। ਨਾਲ਼ ਹੀ ਖਲੋਤੇ ਪਿੱਤਲ ਦੇ ਜੱਗ ‎‎`ਚ ਪਿਆ ਪਾਣੀ ਗਲਾਸ ਨੂੰ ਕਿਨਾਰਿਆਂ ਤੀਕ ਭਰ ਦੇਂਦਾ। ਭਰਿਆ ਗਲਾਸ ‎ਪਿਆਕੜ ਦੇ ਬੁੱਲ੍ਹਾਂ ਤੋਂ ਉਦੋਂ ਹੀ ਟੁੱਟਦਾ ਜਦੋਂ ਉਹ ਥੱਲੇ ਤੀਕ ਖਾਲੀ ਹੋ ਜਾਂਦਾ। ‎ਉਹੀ ਗਲਾਸ ਫ਼ਿਰ ਬਿਨਾ ਧੋਤਿਆਂ ਅਗਲੇ ਪਿਆਕੜ ਦੇ ਹੱਥਾਂ ਦੀ ਚੌਕੀ ਭਰਨ ‎ਲਗਦਾ, ਤੇ ਪਹਿਲੇ ਪਿਆਕੜ ਵਾਲਾ ਡਰਾਮਾ ਦੁਹਰਾਅ ਕੇ ਅਗਲੇਰੇ ਪਿਆਕੜ ਕੋਲ਼ ‎ਹਾਜ਼ਰ ਜੋ ਜਾਂਦਾ।

ਹੁਣ ਅਸੀਂ ਮਾਈਕਰੋਫ਼ੋਨ ਦੇ ਸਾਹਮਣੇ ਸਾਂ। ਬਲਵੰਤ ਨੇ ਅਰਥਾਕਾਰੀ ਸ਼ੁਰੂ ‎ਕੀਤੀ: ਉਹ ਕੀ ਬੋਲਿਆ, ਮੈਨੂੰ ਕੁੱਝ ਵੀ ਯਾਦ ਨਹੀ। ਮੈਨੂੰ ਤਾਂ ਸਿਰਫ਼ ਇਹੀ ਯਾਦ ‎ਹੈ ਕਿ ਜਦੋਂ ਮੈਂ ਕੌਲਾਂ ਦੇ ਕਿੱਸੇ ਦੇ ਪਹਿਲੇ ਛੰਦ ਦੀ ਪਹਿਲੀ ਹੀ ਪੰਗਤੀ ਤਿੱਖੀ ‎ਅਵਾਜ਼ ਵਿੱਚ ਉਚਾਰੀ, ਤਾਂ ਬਰਾਤੀਆਂ ਦੇ ਹੱਥਾਂ ਫੜੇ ਗਲਾਸ ਅਹਿੱਲ ਹੋ ਗਏ। ‎ਬੋਤਲਾਂ ਫ਼ਰੀਜ਼ ਹੋ ਗਈਆਂ। ਸ੍ਰੋਤਿਆਂ ਦੀਆਂ ਧੌਣਾਂ ਕੂੰਜਾਂ ਦੀਆਂ ਧੌਣਾਂ ਵਾਂਗ ਸਾਡੇ ‎ਵੱਲੀਂ ਖਿੱਚੀਆਂ ਗਈਆਂ। ਅਣਗਿਣਤ ਬੁੱਲ੍ਹਾਂ ਦੇ ਜੋੜੇ ਇੱਕ-ਦੂਜੇ ਨੂੰ ਤਿਆਗ ਕੇ ‎ਲਮਕਣ ਲੱਗੇ। ਸੈਆਂ ਅੱਖਾਂ ਸਾਡੇ ਵੱਲ ਉੱਲਰ ਕੇ ਬਰਫ਼ ਵਾਂਗ ਜੰਮ ਗਈਆਂ। ਛੰਦ ‎ਖ਼ਤਮ ਹੋਇਆ, ਤਾਂ ਵਾਹ ਵਾਹ ਦੇ ਨਾਲ਼ ਹੀ ਬਰਾਤੀਆਂ ਦੀਆਂ ਉਂਗਲਾਂ ਉਨ੍ਹਾਂ ਦੇ ‎ਖੀਸਿਆਂ `ਚ ਉੱਤਰਨ ਲੱਗੀਆਂ। ਬਰਾਤੀ ਮੰਜੇ ਛੱਡ ਕੇ ਮਾਈਕਰੋਫ਼ੋਨ ਵੱਲ ਵਧਣ ‎ਲੱਗੇ। ਨੋਟਾਂ ਨੂੰ ਮੇਜ਼ `ਤੇ ਟਿਕਾਉਣ ਤੋਂ ਪਹਿਲਾਂ, ਕੋਈ ਸਾਡੇ ਮੋਢਿਆਂ ਦੇ ਥਾਪੜੇ ਦੇਵੇ, ‎ਕੋਈ ਸਿਰ ਪਲੋਸੇ, ਤੇ ਕੋਈ ਸਾਨੂੰ ਜੱਫੀਆਂ ਪਾਈ ਜਾਵੇ। ਚਾਰ ਪੰਜ ਮਿੰਟਾਂ ਦੇ ‘ਧੱਕ-‎ਮੁਧੱਕੇ’ ਤੋਂ ਬਾਅਦ ਬਰਾਤੀਆਂ ਦੀ ਭੀੜ ਪਿਘਲ਼ ਕੇ ਆਪਣੇ ਆਪਣੇ ਮੰਜਿਆਂ ਵੱਲ ‎ਵਗ ਗਈ।

ਮੈਂ ਤਾਂ ਛੇਵੀਂ `ਚ ਹੁੰਦਿਆਂ ਹੀ ਵਾਹਵਾ ਕੱਦਾਵਰ ਹੋ ਗਿਆ ਸਾਂ, ਪਰ ਰਛਪਾਲ ‎ਉਮਰੋਂ ਨਿਆਣਾ ਹੋਣ ਕਰ ਕੇ ਮਾਈਕਰੋਫ਼ੋਨ ਤੋਂ ਨੀਵਾਂ ਰਹਿ ਗਿਆ। ਕਿਸੇ ਨੂੰ ਪਤਾ ‎ਨਹੀਂ ਕੀ ਸੁੱਝੀ ਕਿ ਅਗਲੇ ਛੰਦ ਦਾ ਗਾਇਨ ਸ਼ੁਰੂ ਹੋਣ ਤੋਂ ਪਹਿਲਾਂ ਦੋ ਪੱਕੀਆਂ ‎ਇੱਟਾਂ ਚੁੱਕ ਲਿਆਇਆ ਤੇ ਰਛਪਾਲ ਦੇ ਪੈਰਾਂ ਹੇਠ ਟਿਕਾਅ ਗਿਆ। ਪੰਦਰਾਂ ਕੁ ‎ਮਿੰਟਾਂ `ਚ ਹੀ ਸਾਰਾ ਪਿੰਡ ਧਰਮਸ਼ਾਲਾ `ਚ ਆ ਢੁੱਕਿਆ। ਡੇਢ ਕੁ ਘੰਟੇ `ਚ ਨੋਟਾਂ ‎ਦੀ ਬਰਸਾਤ ਦੇ ਆਲਮ `ਚ ਕੌਲਾਂ ਦਾ ਪ੍ਰਸੰਗ ਖ਼ਤਮ ਹੋਇਆ ਤਾਂ ਸਾਡੇ ਉਦਾਲ਼ੇ ‎ਪ੍ਰਸੰਸਕਾਂ ਦਾ ਝੁਰਮਟ ਸੀ ਤੇ ਮੇਜ਼ ਉੱਤੇ ਰੁਪਿਆਂ ਦਾ ਮੇਲਾ।

ਘਰ ਪਹੁੰਚੇ ਤਾਂ ਬਲਵੰਤ ਨੇ ਰੁਪਿਆਂ ਨਾਲ਼ ਭੁਕਾਨੇ ਵਾਂਗ ਫੁੱਲਿਆ ਖੀਸਾ ਬੇਬੇ ‎ਦੇ ਮੂਹਰੇ ਢੇਰੀ ਕਰ ਦਿੱਤਾ। ਉਦੋਂ ਦਾ ਇੱਕ ਰੁਪਿਆ ਅੱਜ ਦੇ ਤੀਹਾਂ-ਚਾਲ੍ਹੀਆਂ ਦੀ ‎ਪਿੱਠ ਲਵਾਉਂਦਾ ਸੀ। ਬੇਬੇ ਕਦੇ ਰੁਪਿਆਂ ਵੱਲ ਝਾਕੇ, ਤੇ ਕਦੇ ਸਾਡੇ ਵੱਲੀਂ। ਕੁੱਝ ‎ਪਲਾਂ ਬਾਅਦ ਉਸ ਨੇ ਬੁਲ੍ਹ ਸੰਗੋੜੇ ਤੇ ਉਸ ਦੇ ਮੱਥੇ `ਤੇ ਖੱਖਰ ਉੱਭਰਨ ਲੱਗੀ: ‎ਰੁਪਿਆਂ ਦੀ ਢੇਰੀ ਨੂੰ ਗੁਸੈਲੇ ਅੰਦਾਜ਼ `ਚ ਪਰ੍ਹੇ ਧਕਦਿਆਂ ਉਹ ਕੜਕੀ: ਇਹ ਕੀ ‎ਕੀਤੈ, ਹਰਾਮੀਓਂ? ਕੀਹਤੋਂ ਪੁੱਛ ਕੇ ਇਸ ਕੁੱਤੇ ਕੰਮ `ਚ ਪੈਗੇ ਐਂ? ਆ ਜਾਣ ਦਿਓ ‎ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ। ਖ਼ਬਰਦਾਰ ਜੇ ਅੱਜ ਤੋਂ ‎ਬਾਅਦ ਟਰੰਕੀ ਨੂੰ ਹੱਥ ਲਾਇਐ।

ਸਾਡੇ ਤਿੰਨਾਂ ਦੇ ਮੋਢੇ ਢਿਲ਼ਕ ਗਏ। ਅੱਧਾ ਘੰਟਾ ਪਹਿਲਾਂ ਸ੍ਰੋਤਿਆਂ ਤੋਂ ਖੱਟੀ ‎ਵਾਹ-ਵਾਹ ਨਾਲ ਦਗ਼ਣ ਲੱਗੇ ਚਿਹਰੇ ਬਾਪੂ ਵੱਲੋਂ ਕੀਤੀ ਜਾਣ ਵਾਲ਼ੀ ਸਂਭਾਵੀ ‎ਛਿਤਰੌਲ਼ ਦੇ ਡਰੋਂ ਪੀਲ਼ੇ ਪੈਣ ਲੱਗੇ। ਅਗਲੇ ਹੀ ਪਲ ਕੌਲਾਂ ਦੇ ਕਿੱਸੇ ਵਾਲ਼ੀ ਕਾਪੀ ‎ਟਰੰਕੀ `ਚ ਜਾ ਬਿਰਾਜੀ। ਬੇਬੇ ਨੇ ਟਰੰਕੀ ਨੂੰ ਸੰਦੂਕ ਦੇ ਹਵਾਲੇ ਕਰ ਕੇ ਸੰਦੂਕ ਦੇ ‎ਦਰਵਾਜ਼ੇ `ਤੇ ਜਿੰਦਰਾ ਠੋਕ ਦਿੱਤਾ। ਬਾਪੂ ਦੇ ਕਲਕੱਤਿਓਂ ਪਰਤਣ ਤੀਕ ਸਾਡੀ ‎ਕਵੀਸ਼ਰੀ ਸਹਿਮੀ ਰਹੀ।

ਮੇਰਾ ਪੱਕਾ ਯਕੀਨ ਹੈ ਕਿ ਮੇਰੇ ਵਾਂਗ ਹੀ ਹਰ ਵਿਅਕਤੀ ਨੂੰ ਕਦੇ-ਕਦਾਈਂ ਅਜੀਬੋ-ਗਰੀਬ ‎ਸੁਪਨਿਆਂ ਦੀ ਪ੍ਰੇਸ਼ਾਨੀ `ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਮੈਨੂੰ ਅਨੇਕਾਂ ਅਜੇਹੇ ਸੁਪਨੇ ਵਾਰ ਵਾਰ ਆਉਂਦੇ ਨੇ ‎ਜਿਨ੍ਹਾਂ `ਚੋਂ ਗੁਜ਼ਰਦਿਆਂ ਮੈਂ ਸਾਹੋ-ਸਾਹ ਅਤੇ ਪਸੀਨੋ-ਪਸੀਨੀ ਹੋ ਜਾਂਦਾ ਹਾਂ। ਕਈਆਂ ਸੁਪਨਿਆਂ `ਚ ‎ਵਰਤਿਆ ਵਰਤਾਰਾ ਏਨਾ ਕਰੂਰ, ਕਮੀਨਾ, ਤੇ ਗਲੀਜ਼ ਹੁੰਦਾ ਹੈ ਕਿ ਅਗਰ ਇਹ ਹਕੀਕਤ ਹੋਵੇ ਤਾਂ ‎ਸੁਪਨਾ ਲੈਣ ਵਾਲਾ ਇਨਸਾਨ ਖੁਦਕੁਸ਼ੀ ਕਰ ਜਾਵੇ।

ਵਾਰ ਵਾਰ ਦੁਹਰਾਏ ਜਾਂਦੇ ਇੱਕ ਸੁਪਨੇ `ਚ ਮੇਰਾ ਬਾਪ ਇੱਕ ਸ਼ਮਸ਼ਾਨਘਾਟ `ਚ ਮੁਰਦਾ ਹਾਲਤ ‎‎`ਚ ਪਿਆ ਹੈ। ਉਸ ਦਾ ਸਿਰ ਧੌਣ ਕੋਲੋਂ ਕੱਟਿਆ ਹੋਇਆ ਹੈ। ਡੌਲ਼ੇ ਮੋਢਿਆਂ ਤੋਂ ਵੱਢੇ ਹੋਏ ਨੇ ਅਤੇ ‎ਬਾਹਾਂ ਤੇ ਹੱਥ ਇੱਕ ਦੂਜੇ ਤੋਂ ਬੇਰਿਸ਼ਤ ਹੋਏ ਪਏ ਨੇ। ਹੇਠਾਂ ਲੱਕ ਕੋਲੋਂ ਧੜ, ਟੰਗਾਂ ਤੋਂ ਵੱਖ ਪਿਆ ਹੈ; ‎ਲੱਤਾਂ ਗੋਡਿਆਂ ਤੋਂ ਵੱਢ ਕੇ ਪਰ੍ਹੇ ਕੀਤੀਆਂ ਪਈਆਂ ਹਨ, ਤੇ ਪੈਰ ਗਿੱਟਿਆਂ ਤੋਂ ਅਲੱਗ ਨੇ। ਅਸੀਂ ਚਾਰੇ ‎ਭਰਾ ਅਤੇ ਸਾਡੇ ਕੁੱਝ ਦੋਸਤ ਬਾਪੂ ਦੇ ਵੱਢੇ ਹੋਏ ਅੰਗਾਂ ਨੂੰ ਆਪਣੀ ਆਪਣੀ ਥਾਂ `ਤੇ ਮਿਲ਼ਾ ਦੇਂਦੇ ਹਾਂ। ‎ਮੋਇਆ ਪਿਆ ਬਾਪੂ ਕਹਿੰਦਾ ਹੈ, ਮੈਨੂੰ ਇੱਕ ਵਾਰੀ ਬਾਹਾਂ ਦਾ ਸਹਾਰਾ ਦੇ ਕੇ ਉਠਾਲ਼ ਦਿਓ, ਫਿਰ ਮੈਂ ‎ਆਪੇ ਤੁਰਨ ਲੱਗ ਜਾਵਾਂਗਾ। ਅਸੀਂ ਜਦੋਂ ਵੱਢੇ ਹੋਏ ਸਰੀਰ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ‎ਕਦੇ ਬਾਂਹ ਗਿਰ ਜਾਂਦੀ ਹੈ, ਕਦੇ ਸਿਰ ਲੁੜਕ ਜਾਂਦਾ ਹੈ ਤੇ ਕਦੇ ਲੱਤ ਖਿਸਕ ਜਾਂਦੀ ਹੈ। ਆਖ਼ਿਰ ਲੰਮੀ ‎ਜੱਦੋ-ਜਹਿਦ ਤੋਂ ਬਾਅਦ ਬਾਪੂ ਨੂੰ ਪੈਰਾਂ `ਤੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਫ਼ਿਰ ਉਹ ਇੰਝ ਤੁਰਦਾ ਹੈ ‎ਜਿਵੇਂ ਤੰਦਾਂ ਦੇ ਖਿੱਚਣ ਨਾਲ ਲੱਕੜ ਦੀਆਂ ਪੂਤਲੀਆਂ ਹੁਝਕੇ ਜਿਹੇ ਮਾਰ ਕੇ, ਏਧਰ ਓਧਰ ਲੜ-‎ਖੜਾਉਂਦੀਆਂ ਨੇ। ਧੌਣ ਦਾ ਹੁਜਕਾ ਵਜਦਾ ਹੈ, ਲੱਕ ਪਿੱਛੇ ਨੂੰ ਧੱਕਿਆ ਜਾਂਦਾ ਹੈ, ਬਾਹਾਂ ਅੱਗੇ ਪਿੱਛੇ ‎ਝੋਲੇ ਖਾਂਦੀਆਂ ਨੇ, ਤੇ ਲੱਤਾਂ ਲੁੜਕੂੰ-ਲੁੜਕੂੰ ਕਰਦੀਆਂ ਨੇ। ਉਹ ਜਿਵੇਂ ਤੁਰਦਾ ਹੈ, ਓਂਵੇਂ ਸਿਰਫ਼ ਕੋਈ ‎ਲਾਸ਼ ਹੀ ਤੁਰ ਸਕਦੀ ਹੈ।

ਮੋਇਆ ਬਾਪੂ ਕਹਿੰਦਾ ਹੈ ਮੈਨੂੰ ਇੱਕ ਵਾਰ ਸਾਈਕਲ ਦੀ ਕਾਠੀ `ਤੇ ਬਿਠਾਅ ਦਿਓ, ਫੇਰ ਦੇਖਿਓ ‎ਮੇਰਾ ਸਾਈਕਲ ਧੂੜਾਂ ਪਟਦਾ ਕਿਵੇਂ ਜਾਂਦਾ ਹੈ। ਸਾਈਕਲ ਹਾਜ਼ਰ ਹੁੰਦਾ ਹੈ ਤੇ ਬਾਪੂ ਉਸ `ਤੇ ਸਵਾਰ ਹੋ ‎ਕੇ ਸਾਡੇ ਗਵਾਂਢੀ ਪਿੰਡ ਬੁੱਟਰ ਵਾਲੇ ਓਸ ਸੂਏ ਦੀ ਲਿੱਸੀ ਜਿਹੀ ਪਟੜੀ `ਤੇ ਹਵਾ ਨੂੰ ਕਟਦਾ ਜਾ ਰਿਹਾ ‎ਹੈ ਜਿਸ ਉੱਤੋਂ, ਦਸਵੀਂ `ਚ ਸਕੂਲ ਜਾਂਦਿਆਂ, ਮੈਂ ਆਪਣੇ ਹਮਜਮਾਤੀਆਂ ਨਾਲ਼ ਸੈਂਕੜੇ ਦਫ਼ਾ ਸਾਈਕਲ ‎ਸਵਾਰੀ ਕੀਤੀ।

ਜਿਸ `ਚ ਮੈਂ ਬਾਂਟਿਆਂ ਦੀ ਉਮਰ ਗੁਜ਼ਾਰੀ, ਸਾਡਾ ਉਹ ਜੱਦੀ ਘਰ ਮੇਰੇ ਸੁਪਨਿਆਂ ਦੇ ਆਸਮਾਨ ‎‎`ਚ ਚੰਦ ਵਾਂਗ ਜੜਿਆ ਹੋਇਆ ਹੈ: ਕਦੇ ਇਹ ਤੀਜ-ਚੌਥ ਦੇ ਦਾਤਰੀ-ਅਕਾਰ ਵਾਂਗ ਮੇਰੇ ਮੱਥੇ `ਚ ‎ਖੁੱਭ ਜਾਂਦਾ ਹੈ ਤੇ ਕਦੇ ਪੁੰਨਿਆਂ ਦਾ ਸੂਰਜਮੁਖੀ ਮੁਹਾਂਦਰਾ ਬਣ ਕੇ ਮੇਰੇ ਤਸੱਵਰ ਨੂੰ ਰੁਸ਼ਨਾਉਣ ਲਗਦਾ ‎ਹੈ। ਦੋ ਵੱਡ-ਅਕਾਰੀ ਕੋਠਿਆਂ ਅਤੇ ਹਰੇਕ ਸਾਲ ਸਾਉਣ-ਭਾਦੋਂ ਦੇ ਮੀਹਾਂ `ਚ ਕਿਰੂੰ ਕਿਰੂੰ ਕਰਦੀਆਂ ‎ਵਾਗਲੇ ਦੀਆਂ ਕੰਧਾ ਵਿਚਕਾਰ, ਬੇਚੈਨੀ ਭੋਗਦਾ, ਫ਼ੋੜੇਦਾਰ ਵਿਹੜਾ ਜਿਸ ਦੇ ਐਨ ਵਿਚਕਾਰ, ਕੁਕੜੀਆਂ ‎ਨੂੰ ਜਾਂਗਲੀ ਬਿੱਲੇ ਤੋਂ ਬਚਾਉਣ ਲਈ, ਕਿੱਕਰ ਦਾ ਇੱਕ ਲੰਮਾ, ਉੱਚ-ਕੱਦਾ, ਮੋਟਾ ਟਾਹਣ ਸਿੱਧਾ ਗੱਡ ‎ਕੇ, ਉਸ ਦੇ ਸਿਖ਼ਰ ਇੱਕ ਟੋਕਰਾ ਬੰਨ੍ਹਿਆਂ ਹੋਇਆ ਸੀ। ਹਰ ਸ਼ਾਮ ਅਸੀਂ ਚਾਰੇ ਭਰਾ ਕੁਕੜੀਆਂ ਨੂੰ ‎ਦਬੋਚ ਕੇ ਇਸ ਟੋਕਰੇ ਵੱਲ ਨੂੰ ਉਛਾਲਦੇ ਤੇ ਸਾਰੀਆਂ ਕੁਕੜੀਆਂ ਵਾਰੀ ਵਾਰੀ ਇਸ ਟੋਕਰੇ `ਚ ‎ਅਸਵਾਰ ਹੋ ਜਾਂਦੀਆਂ।

ਦੋ ਕੱਚਿਆਂ ਕੋਠਿਆਂ `ਚੋਂ ਇੱਕ ਨੰਬਰ `ਚ ਲੱਕੜ ਦੀ ਇੱਕ ਪੇਟੀ ਜਿਸ `ਚ ਰਜ਼ਾਈਆਂ, ਗੁਦੈਲੇ, ‎ਤੇ ਮੋਟੇ ਖੇਸ ਗਰਮੀਆਂ ਦੀ ਰੁੱਤ `ਚ ਲੰਮੇਂ ਨਿਸਲੇਵੇਂ (ਹਾਈਬਰਨੇਸ਼ਨ) ਵਿੱਚ ਸਿਥੱਲ ਹੋ ਕੇ ਪਏ ‎ਰਹਿੰਦੇ। ਇੱਕ ਦਾਦੇ-ਪੜਦਾਦਿਆਂ ਵੇਲੇ ਦਾ ਸੰਦੂਕ ਜਿਹੜਾ ਸਾਡੀਆਂ ਸਿਆਲੂ ਖੇਸੀਆਂ, ਬਾਪੂ ਦੇ ਕੋਟ ‎ਤੇ ਪੁਰਾਣੇ ਫ਼ੌਜੀ ਕੱਪੜਿਆਂ ਦੀ ਦੁਕਾਨ ਤੋਂ ਖਰੀਦੀ ਮੂੰਗੀਆ ਜਿਹੀ ਭਾਅ ਮਾਰਦੀ ਬਰਾਂਡੀ ਅਤੇ ਹੋਰ ‎ਨਿੱਕੇ-ਮੋਟੇ ਸਮਾਨ ਨੂੰ ਸਾਂਭੀ ਰਖਦਾ। ਇਸੇ ਕੋਠੇ `ਚ ਹੀ ਖਲ਼-ਵੜੇਵਿਆਂ ਤੇ ਕਣਕ ਦੀਆਂ ਬੋਰੀਆਂ ਤੇ ‎ਗੁੜ ਦੇ ਗੱਟੇ ਦਾ ਨਿਵਾਸ-ਅਸਥਾਨ ਸੀ। ਭਾਰੇ ਪਾਵਿਆਂ ਤੇ ਸਡੌਲ ਬਾਹੀਆਂ ਵਾਲਾ ਇੱਕ ਨਿਵਾਰੀ ‎ਪਲੰਘ ਵੀ, ਬਾਰੀਓਂ-ਸੱਖਣੇ ਇਸੇ ਕੋਠੇ ਦੀ ਵਿਰਲੀ ਜਿਹੀ ਪਰਜਾ ਦਾ ਹਿੱਸਾ ਸੀ। ਵਿਹੜੇ ਵੱਲ ਨੂੰ ‎ਖੁਲ੍ਹਦੇ ਬਾਰ ਵਾਲੇ ਇਸ ਕੋਠੇ ਦੀਆਂ ਕੰਧਾਂ ਸੌਣ ਭਾਦੋਂ `ਚ ਜਦੋਂ ਸਲ੍ਹਾਬ ਜਾਂਦੀਆਂ, ਮੇਰੀ ਮਾਂ ਨੂੰ, ਕੰਧਾਂ `ਚ ‎ਮੋਟੀਆਂ ਮੇਖਾਂ ਲਾ ਕੇ ਜੜੀਆਂ ਉਨ੍ਹਾਂ ਟਾਂਡਾਂ ਦੇ ਗਿਰਨ ਦਾ ਫ਼ਿਕਰ ਲੱਗ ਜਾਂਦਾ, ਜਿਨ੍ਹਾਂ ਉੱਪਰ ਮੂਧੇ ਮੂੰਹ ‎ਪਈਆਂ ਕੱਚ ਦੀਆਂ ਗਲਾਸੀਆਂ ਅਤੇ ਪਿੱਤਲ ਦੇ ਭਾਡਿਆਂ ਦੀ ਭੀੜ ਹੁੰਦੀ ਸੀ।

ਵਿੰਗ-ਤੜਿੰਗੇ ਸ਼ਤੀਰਾਂ-ਕੜੀਆਂ ਉੱਪਰ ਕਾਨਿਆਂ ਦੀ ਛੱਤ ਚੁੱਕੀ ਖਲੋਤੀਆਂ, ਕੱਚੀਆਂ ਇੱਟਾਂ ਨਾਲ ‎ਉਸਾਰੀਆਂ ਮੋਟੀਆਂ ਕੰਧਾਂ ਦਾ ਇੱਕੋ-ਇੱਕ ਫ਼ਾਇਦਾ ਇਹ ਸੀ ਕਿ ਇਨ੍ਹਾਂ ਅੰਦਰ ਨਾ ਤਾਂ ਗਰਮੀਆਂ ਵਿੱਚ ‎ਭੜਦਾਅ ਹੀ ਮਾਰਦੀ ਸੀ ਤੇ ਨਾ ਹੀ ਸਿਆਲਾਂ ਦੀ ਠਾਰੀ ਇਸ ਕੋਠੇ ਨੂੰ ਅੱਜ ਦੇ ਪਲਸਤਰੀ ਘਰਾਂ ਵਾਂਗ ‎ਫਰੀਜ਼ਰ `ਚ ਬਦਲ ਸਕਦੀ ਸੀ।

ਦੂਸਰਾ ਕੋਠਾ, ਦਿੱਖ-ਮੁਹਾਂਦਰੇ ਪੱਖੋਂ ਪੇਟੀਆਂ ਵਾਲੇ ਕੋਠੇ ਦਾ ਜੁੜਵਾਂ-ਭਰਾ ਹੀ ਸੀ; ਪਰ ਇਨ੍ਹਾਂ ‎ਦੋਹਾਂ ਦਰਮਿਆਨ ਇੱਕ ਫਰਕ ਤਾਂ ਇਹ ਸੀ ਕਿ ਦੂਸਰੇ ਨੂੰ ਦੋ ਦਰਵਾਜ਼ੇ ਲੱਗੇ ਹੋਏ ਸਨ: ਇੱਕ ‎ਬਾਹਰਲੀ ਗਲੀ ਵੱਲ ਨੂੰ ਤੇ ਦੂਸਰਾ ਅੰਦਰਲੇ ਪਾਸੇ ਵਿਹੜੇ ਵਿੱਚ ਨੂੰ। ਦੂਸਰਾ ਫ਼ਰਕ ਇਹ ਕਿ ਇਸ ‎ਕੋਠੇ ਦੇ ਐਨ ਵਿਚਕਾਰ, ਸਿਗਰਟਾਂ ਦੀ ਡੱਬੀ ਦੇ ਆਕਾਰ ਦੀਆਂ ਪੱਕੀਆਂ ਨਾਨਕਸ਼ਾਹੀ ਇੱਟਾਂ ਨਾਲ ‎ਉਸਾਰਿਆ ਇੱਕ ਮੋਟਾ ਥਮਲਾ ਸੀ ਜਿਸ ਨੂੰ ਜੱਫੀ `ਚ ਲੈਣ ਲਈ ਤਿੰਨ ਜਣਿਆਂ ਨੂੰ ਆਪਣੀਆਂ ਬਾਹਾਂ ‎ਜੋੜਨੀਆਂ ਪੈਂਦੀਆਂ ਸਨ। ਇਸ ਕੋਠੇ ਦੇ ਇੱਕ ਖੂੰਜੇ `ਚ ਇੱਕ ਮੱਝ ਤੇ ਇੱਕ ਗਊ ਦਾ ਟਿਕਾਣਾ ਸੀ, ਤੇ ‎ਪਸ਼ੂਆਂ ਦੇ ਟਿਕਾਣੇ ਦੇ ਲਾਗਲੇ ਖੂੰਜੇ `ਚ ਸਰਕੜੇ ਦੇ ਫਿੜਕੇ (ਡਿਵਾਇਡਰ) ਖੜ੍ਹੇ ਕਰ ਕੇ, ਤੂੜੀ ਲਈ ‎ਜਗ੍ਹਾ ਬਣਾਈ ਹੋਈ ਸੀ। ਕੋਠੇ ਦੇ ਬਚਦੇ ਅੱਧ `ਚ ਸਾਡੇ ਭੈਣ ਭਰਾਵਾਂ ਦੇ ਮੰਜੇ ਡਹਿੰਦੇ ਸਨ।

ਗੌਰਮਿੰਟ ਕਾਲਜ ਲੁਧਿਆਣੇ ਤੋਂ ਐਮ ਏ ਕਰਨ ਤੋਂ ਬਾਅਦ, 1970 `ਚ ਜਦੋਂ ਮੈਂ ਕਸਬਾ ਸੁਧਾਰ ਦੇ ‎ਦਿਹਾਤੀ ਕਾਲਜ `ਚ ਲੈਕਚਰਰ ਲੱਗ ਗਿਆ ਤਾਂ ਪਿੰਡ ਵਿਚਲਾ ਇਹ ਪੁਰਾਣਾ ਘਰ ਛੱਡ ਕੇ ਭਾਂਵੇਂ ਅਸੀਂ ‎ਆਪਣੇ ਖੇਤ ਵਿੱਚ ਇੱਕ ਵਿਸ਼ਾਲ, ਪੱਕਾ ਘਰ ਉਸਾਰ ਲਿਆ, ਪਰ ਨਵ-ਮੁਹਾਂਦਰ ਨਵਾਂ ਘਰ ਸਾਡੇ ‎ਪੁਰਾਣੇ ਘਰ ਨੂੰ ਮੇਰੇ ਸੁਪਨਿਆਂ `ਚੋ ਹਾਲੇ ਤੀਕ ਵੀ ਖ਼ਾਰਜ ਨਹੀਂ ਕਰ ਸਕਿਆ।

ਮਲ-ਮੂਤਰ ਨਾਲ ਹੱਥ-ਪੈਰ ਤੇ ਕੱਪੜੇ ਲਿੱਬੜਣ, ਅਣਪਛਾਤੇ ਰਾਹਾਂ/ਮੁਕਾਮਾਂ `ਤੇ ਭਟਕਣ, ‎ਮੁਰਦਿਆਂ `ਚ ਘਿਰੇ ਹੋਣ, ਤੇ ਸੱਪਾਂ ਤੋਂ ਬਚਣ ਲਈ ਦੌੜਦਿਆਂ-ਹਫ਼ਦਿਆਂ ਬੇਵੱਸ ਹੋ ਜਾਣ ਵਰਗੇ ‎ਵਰਤਾਰੇ ਮੇਰੇ ਸੁਪਨਿਆਂ `ਚ ਵਾਰ ਵਾਰ ਵਰਤਦੇ ਨੇ, ਪਰ ਸਭ ਤੋਂ ਵੱਧ ਦੁਹਰਾਏ ਜਾਣ ਵਾਲੇ ਵਰਤਾਰੇ ‎ਹਨ ਮੇਰੇ ਬੂਟ ਤੇ ਜੁੱਤੀਆਂ ਗੁਆਚ ਜਾਣੇ ਅਤੇ ਸਿਰੋਂ-ਤੇੜੋਂ ਨੰਗੇ ਹੋ ਜਾਣਾ। ਕਦੇ ਮੈਂ ਗੁਰਦਵਾਰਿਆਂ `ਚ ‎ਆਪਣੀਆਂ ਗਵਾਚੀਆਂ ਜੁੱਤੀਆਂ ਲਭਦਾ ਲਭਦਾ ਪ੍ਰੇਸ਼ਾਨ ਹੋ ਰਿਹਾ ਹੁੰਦਾ ਹਾਂ, ਤੇ ਕਦੇ ਕਿਸੇ ਸਕੂਲ `ਚ ‎ਕੋਟ-ਪੈਂਟ ਤੇ ਨੈਕਟਾਈ `ਚ ਸਜਿਆ ਮੈਂ ਨੰਗੇ ਪੈਰੀਂ ਘੁੰਮ ਰਿਹਾ ਹੁੰਦਾ ਹਾਂ। ਨੰਗੇ ਪੈਰੀਂ ਹੀ ਪਖਾਨੇ ਦੀ ‎ਹਾਜਤ ਪੂਰੀ ਕਰਨ ਲਈ ਜਿੱਥੇ ਵੀ ਜਾਂਦਾ ਹਾਂ, ਉਥੇ ਮਨੁੱਖੀ ਗੰਦਗੀ ਖਿਲਰੀ ਹੁੰਦੀ ਹੈ ਜਿਹੜੀ ਮੇਰੇ ‎ਪੈਰਾਂ, ਹੱਥਾਂ ਤੇ ਕੱਪੜਿਆਂ ਨੂੰ ਚਿੰਬੜ ਜਾਂਦੀ ਹੈ। ਹਵਾਈ ਜਹਾਜ਼ `ਚ ਨੰਗੇ ਪੈਰੀਂ ਬੈਠੇ ਹੋਣਾ, ਬਜ਼ਾਰ ‎‎`ਚ ਜੁੱਤੀਓਂ ਬਗ਼ੈਰ ਹੀ ਤੁਰਦੇ ਹੋਣਾ, ਤੇ ਰੇਡੀਓ ਸਟੇਸ਼ਨ `ਤੇ ਨਗਨ ਹਾਲਤ ਵਿੱਚ ਗਾਉਣਾ ਮੇਰੇ ‎ਸੁਪਨਿਆਂ `ਚ ਵਾਰ ਵਾਰ ਵਾਪਰਨ ਵਾਲੀਆਂ ਘਟਨਾਵਾਂ ਨੇ।

ਸੁਪਨਿਆਂ ਦੀਆਂ ਜੜ੍ਹਾਂ ਦੇ ਜਗਿਆਸੂ ਅਕਸਰ ਕਹਿੰਦੇ ਨੇ ਕਿ ਸੁਪਨੇ ਸਾਡੇ ਜੀਵਨ ਵਿੱਚ ‎ਵਾਪਰੀਆਂ ਘਟਨਾਵਾਂ ਅਤੇ ਸਾਡੀਆਂ ਅਣਪੂਰਤ ਖ਼ਾਹਸ਼ਾਂ ਦੇ ਸਾਡੇ ਅਚੇਤ ਮਨ ਵਿੱਚ ਰਹਿ ਗਏ ‎ਪਰਛਾਵੇਂ ਹੁੰਦੇ ਨੇ ਜਿਹੜੇ ਚਿੱਬ-ਖੜਿੱਬੇ ਰੂਪ ਵਿੱਚ ਸਾਡੇ ਸੁਪਨਿਆਂ `ਚ ਉੱਗ ਆਉਂਦੇ ਨੇ। ਨਿੱਕਿਆਂ ‎ਹੁੰਦਿਆਂ ਨੂੰ, ਬਾਪੂ ਸਾਨੂੰ ਆਪਣੇ ਡੱਕਰੇ ਹੋ ਗਏ ਬਚਪਨ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ: ‎ਕਿਵੇਂ ਉਹਦੇ ਪਿਓ ਨੇ ਆਪਣੀ ਚੌਦਾਂ ਪੰਦਰਾਂ ਏਕੜ ਜੱਦੀ ਜ਼ਮੀਨ ਅਫੀਮ ਦੀਆਂ ਮੋਟੀਆਂ ਗੋਲੀਆਂ `ਚ ‎ਵੱਟ ਕੇ ਨਿਗਲ਼ ਲਈ, ਤੇ ਕਿਵੇਂ ਸਾਡਾ ਬਾਪ ਬਾਰਾਂ-ਤੇਰਾਂ ਸਾਲ ਦੀ ਉਮਰ `ਚ ਹੀ ਅਨਾਥ ਹੋ ਗਿਆ ਸੀ: ‎ਫ਼ਿਰ ਪੰਜ ਭੈਣਾਂ ਤੇ ਇੱਕ ਭਰਾ ਦੇ ਪਾਲਣ-ਪੋਸ਼ਣ ਅਤੇ ਵਿਆਹੁਣ-ਵਰਨ ਦਾ ਭਾਰਾ ਬੋਝ ਉਸ ਦੇ ਕੰਨ੍ਹੇ ‎‎`ਤੇ ਆ ਡਿੱਗਾ ਸੀ। ਬਾਪੂ ਵਾਰ ਵਾਰ ਬਿਆਨਦਾ ਕਿ ਕਿਵੇਂ ਘਰ `ਚ ਭੁਜਦੀ ਭੰਗ ਨੇ ਬਾਪੂ ਦਾ ਬਚਪਨ ‎ਲੂਹ ਸੁੱਟਿਆ, ਤੇ ਕਿਵੇਂ ਜ਼ਹੀਨ-ਬੁੱਧ ਸਾਡੇ ਬਾਪ ਨੂੰ ਸਕੂਲ `ਚ ਹਾਜ਼ਰੀ ਲਵਾਉਣਾ, ਅੱਧੀ ਛੁੱਟੀ ਘਰ ‎ਆਉਣਾ ਤੇ ਸਕੂਲ ਦੇ ਅੰਤ `ਤੇ ਪਹਾੜੇ ਗਾਉਣਾ ਨਸੀਬ ਹੀ ਨਾ ਹੋ ਪਾਇਆ। ਬਾਲੜੀ ਉਮਰੇ ਹੀ ਉਹ ‎ਸਵਖ਼ਤੇ ਉੱਠ ਕੇ ਮੱਝਾਂ ਗਾਈਆਂ ਦੀ ਦੇਖ-ਭਾਲ਼ ਕਰਦਾ, ਆਪਣੇ ਚਾਚੇ ਨਾਲ ਖੇਤ `ਚ ਮਿੱਟੀਓ-ਮਿੱਟੀ ‎ਹੁੰਦਾ, ਤੇ ਚਾਰਾ ਵੱਢਦਾ/ਕੁਤਰਦਾ। ਜਦੋਂ ਬਾਕੀ ਬੱਚੇ ਸਕੂਲ ਦੇ ਖ਼ਾਤਮੇ `ਤੇ ਛੱਪੜ `ਚ ਫੱਟੀਆਂ ਤੋਂ ‎ਪੂਰਨੇ ਧੋਂਦੇ, ਬਾਪੂ ਉਨ੍ਹਾਂ ਨੂੰ ਦੇਖ ਦੇਖ ਕੇ ਹਉਕੇ ਭਰਦਾ। ਇਸ ਲਈ ਮੇਰੇ ਸੁਪਨਿਆਂ `ਚ ਆਉਂਦਾ ਬਾਪੂ ‎ਦਾ ਡੱਕਰੇ ਹੋਇਆ ਸਰੀਰ ਸ਼ਾਇਦ ਉਸ ਦੀ ਬਚਪਨ ਤੋਂ ਹੀ ਡੱਕਰੇ ਹੋ ਗਈ ਜ਼ਿੰਦਗੀ ਦਾ ਪ੍ਰਤੀਬਿੰਬ ‎ਹੀ ਹੈ।

ਆਪਣੇ ਨੰਗ-ਪੈਰੇ ਹੋਣ ਦੇ ਸੁਪਨੇ ਦੀ ਤਹਿ ਤੀਕ ਜਾਂਦਿਆਂ ਮੈਨੂੰ ਬੀਤੀਆਂ ਘਟਨਾਵਾਂ ਦੇ ਅਚੇਤ ‎ਮਨ `ਚ ਰਹਿ ਗਏ ਪਰਛਾਵਿਆਂ ਵਾਲਾ ਕਥਨ ਯਕੀਨਯੋਗ ਜਾਪਣ ਲੱਗ ਜਾਂਦਾ ਹੈ। ਨੰਗੇ ਪੈਰਾਂ ਤੇ ‎ਜੁੱਤੀਆਂ ਗਵਾਚਣ ਦਾ ਸੁਪਨਾ ਮੈਨੂੰ ਅੱਧੀ ਸਦੀ ਪਿੱਛੇ ਮੇਰੇ ਪਿੰਡ `ਚ ਲੈ ਜਾਂਦਾ ਹੈ। ਮੋਗੇ ਸ਼ਹਿਰ ਤੋਂ ਦਸ ‎ਕਿਲੋਮੀਟਰ ਦੇ ਕੱਚੇ ਫਾਸਲੇ `ਤੇ ਵਸਿਆ ਮੇਰਾ ਪਿੰਡ ਜਿੱਥੇ ਨਾ ਬਿਜਲੀ ਦਾ ਨਾਮੋਨਿਸ਼ਾਨ ਤੇ ਨਾ ਕਿਸੇ ‎ਗਲੀ `ਤੇ ਪੱਕੀ ਇੱਟ ਦਾ ਪਰਛਾਵਾਂ। ਕੱਚੀਆਂ ਕੰਧਾਂ ਵਿਚਕਾਰ ਉਘੜ-ਦੁਘੜੇ ਵਲ-ਵਲੇਵੇਂ ਖਾ ਕੇ ਇੱਕ ‎ਦੂਜੀ ਨੂੰ ਕਟਦੀਆਂ-ਮਿਲਦੀਆਂ ਗਲੀਆਂ, ਤੇ ਗਲ਼ੀਆਂ ਦੇ ਐਨ ਵਿਚਕਾਰ ਕਾਲੇ ਰੰਗ ਦੇ ਚਿੱਕੜ ਦੀਆਂ ‎ਅਮੁੱਕ ਕਾਤਰਾਂ! ਪਿੰਡ ਦੇ ਧੁਰ-ਪੂਰਬ `ਚ ਅਖੀਰਲੀ ਗਲੀ ਉੱਪਰ ਸਾਡਾ ਘਰ! ਅਖ਼ੀਰਲੀ ਗਲ਼ੀ `ਚੋਂ ‎ਸਾਡੇ ਘਰ ਦੇ ਐਨ ਲਾਗਿਓਂ ਪਾਟ ਕੇ ਪਿੰਡ ਦੇ ਪੇਟ ਵੱਲ ਵਿੱਚ ਨੂੰ ਖੁਭਦੀ ਵਲੇਵੇਂਦਾਰ ਗਲੀ ਅਖ਼ੀਰ ‎ਪਿੰਡ ਨੂੰ ਦੋ ਫਾੜੀਆਂ `ਚ ਐਨ ਵਿਚਕਾਰੋਂ ਕੱਟ ਦੇਣ ਵਾਲੀ ਮੋਟੀ ਗਲੀ `ਚ ਜਾ ਰਲਦੀ ਸੀ। ‎ਵਿਚਕਾਰਲੀ ਗਲੀ ਦਾ ਪੱਛਮੀ ਸਿਰਾ ਗੁਰਦਵਾਰੇ ਦੇ ਦਰਵਾਜ਼ੇ `ਤੇ ਦਸਤਕ ਦੇ ਕੇ ਖ਼ਤਮ ਹੋ ਜਾਂਦਾ ਸੀ।

ਪੱਛਮ ਵਿੱਚ ਗੁਰਦਵਾਰੇ ਕੋਲ ਮੁਕਦੀ ਮੋਟੀ ਗਲੀ ਦੇ ਸਿਰੇ `ਤੇ ਕਾਟਵੇਂ ਲੋਟ ਇੱਕ ਗਲੀ ਸੀ ‎ਜਿਸ `ਤੇ ਉੱਤਰ ਵੱਲ ਨੂੰ ਮੁੜਦਿਆਂ ਪ੍ਰਾਇਮਰੀ ਸਕੂਲ `ਚ ਅੱਪੜ ਜਾਈਦਾ ਸੀ। ਸਾਡੇ ਘਰ ਤੋਂ ਸਕੂਲ ‎ਤੀਕਰ, ਤੀਜੀ `ਚ ਪੜ੍ਹਦੇ ਮੇਰੇ ਵਰਗੇ ਬੱਚੇ ਦੇ ਨਿੱਕੇ ਨਿੱਕੇ ਕਦਮਾਂ ਦਾ ਸਫ਼ਰ ਕੋਈ ਸੱਤ, ਅੱਠ ਮਿੰਟਾਂ ‎‎`ਚ ਮੁਕਦਾ ਸੀ।

ਜਿਸ ਦਿਨ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ ਉਹ ਜੇਠ ਹਾੜ ਦੀ ਲੱਟ ਲੱਟ ਬਲ਼ਦੀ ਲਮਕਵੀਂ ‎ਸੰਗਲੀ ਦੀ ਇੱਕ ਕੜੀ ਸੀ। ਪਹਿਲੀ ਆਥਣ ਮੈਂ ਪਿੰਡ ਦੀ ਸ਼ਾਮਲਾਟ ਦੇ ਮੈਦਾਨ `ਚ ਆਪਣੇ ਹਾਣੀਆਂ ‎ਨਾਲ ਕਬੱਡੀ ਖੇਲ੍ਹਣ ਗਿਆ ਆਪਣੀ ਜੁੱਤੀ ਗੁਆ ਆਇਆ ਸਾਂ। ਜੁੱਤੀ ਉੱਡ ਕੇ ਕਿਧਰੇ ਸੈਰ ਕਰਨ ‎ਨਹੀਂ ਚਲੀ ਗਈ ਸੀ; ਜ਼ਾਹਰ ਸੀ ਕਿ ਉਸ ਨੂੰ ਕਿਸੇ ਸ਼ਰਾਰਤੀ ਨੇ ਚੁਰਾ ਲਿਆ ਸੀ। ਜੇਠ ਹਾੜ ਦੀਆਂ ‎ਸਵੇਰਾਂ ਤਾਂ ਰਾਤ ਦੀਆਂ ਤ੍ਰੇਲਾਂ ਕਾਰਨ ਠਰੰਮੇਂ `ਚ ਹੁੰਦੀਆਂ ਨੇ; ਇਸ ਲਈ ਸਵੇਰੇ ਸਕੂਲ ਵੱਲ ਨੰਗੇ ਪੈਰੀਂ ‎ਜਾਂਦਿਆਂ ਮੈਨੂੰ ਬਹੁਤੀ ਤਕਲੀਫ਼ ਨਹੀਂ ਹੋਈ, ਪਰ ਛੁੱਟੀ ਹੋਣ `ਤੇ ਜਦੋਂ ਮੈਂ ਸਕੂਲੋਂ ਨਿੱਕਲਿਆ, ਤਾਂ ਸੂਰਜ ‎ਸਿਖ਼ਰ ਉੱਤੇ ਸੀ। ਕੰਧਾਂ `ਚੋਂ ਮਾਰਦਾ ਸੇਕ ਮੈਨੂੰ ਸਾੜਨ ਨੂੰ ਪੈਂਦਾ ਸੀ, ਤੇ ਧਰਤੀ ਤਵੇ ਵਾਂਗ ਤਪੀ ਹੋਈ ‎ਸੀ। ਮੇਰੀਆਂ ਨੰਗੀਆਂ ਤਲ਼ੀਆਂ ਜਦੋਂ ਭਖੀ ਹੋਈ ਧਰਤੀ `ਤੇ ਟਿਕੀਆਂ, ਤਾਂ ਮੈਂ ਤੜਫ਼ ਉੱਠਿਆ। ਬਾਕੀ ‎ਬੱਚਿਆਂ ਦੇ ਪੈਰਾਂ `ਚ ਜੁੱਤੀਆਂ ਹੋਣ ਕਾਰਨ ਉਹ ਦੁੜੰਗੇ ਮਾਰਦੇ ਤੇ ਹਸਦੇ-ਖੇਡਦੇ ਘਰਾਂ ਨੂੰ ਜਾ ਰਹੇ ‎ਸਨ, ਪਰ ਮੈਂ ਪੱਬਾਂ ਭਾਰ ਤੁਰ ਕੇ ਆਪਣੀਆਂ ਤਲੀਆਂ ਨੂੰ ਸੜਨ ਤੋਂ ਬਚਾਉਣ ਦੀ ਅਸਫ਼ਲ ਕੋਸ਼ਿਸ਼ ਕਰ ‎ਰਿਹਾ ਸਾਂ। ਕੁੱਝ ਕੁ ਕਦਮ ਤਪੀ ਹੋਈ ਧਰਤੀ `ਤੇ ਤੁਰਨ ਬਾਅਦ ਮੇਰੀਆਂ ਚੀਕਾਂ ਨਿੱਕਲ਼ ਗਈਆਂ ਤਾਂ ‎ਸਾਥੀਆਂ `ਚ ਹਾਸੜ ਮੱਚ ਉੱਠੀ। ਮੈਂ ਆਪਣੇ ਬਚਾਓ ਲਈ ਆਲ਼ੇ ਦੁਆਲੇ ਕਿਸੇ ਚੀਜ਼ ਦੀ ਤਾਲਾਸ਼ ‎ਕਰਨ ਲੱਗਾ। ਸਿਰ ਦੇ ਸਿਖ਼ਰਲਾ ਸੂਰਜ ਰਤਾ ਕੁ ਢਲ਼ ਗਿਆ ਹੋਣ ਕਾਰਨ ਕੰਧਾਂ ਦੇ ਕਦਮਾਂ `ਚ ਕਾਤਰ ‎ਕੁ ਛਾਂ ਉੱਗ ਆਈ ਸੀ। ਮਨ ਨੂੰ ਬਚਾਓ ਦੀ ਝੂਠੀ ਤਸੱਲੀ ਦੇਣ ਲਈ ਮੈਂ ਕੰਧਾਂ ਦੀ ਨਹੁੰ ਕੁ ਭਰ ਛਾਂ `ਤੇ ‎ਤੁਰ ਕੇ ਰੋਂਦਾ ਕੁਰਲਾਉਂਦਾ ਘਰ ਅੱਪੜਿਆ ਸਾਂ।

ਬਚਪਨ ਤੋਂ ਐਮ ਏ ਦੀ ਪੜ੍ਹਾਈ ਕਰਨ ਤੀਕਰ, ਤੇ ਫ਼ਿਰ ਕੈਨਡਾ `ਚ ਅਵਾਸ ਕਰਨ ਦੇ ਮੁਢਲੇ ‎ਦੌਰ ਦੌਰਾਨ, ਜ਼ਿੰਦਗੀ ਮੈਨੂੰ ਇੱਕ ਚੁਣੌਤੀ ਬਣ ਕੇ ਟੱਕਰਦੀ ਰਹੀ। ਜ਼ਿੰਦਗੀ ਦੇ ਮੁਢਲੇ ਵੀਹ ਪੱਚੀਆਂ ‎ਸਾਲਾਂ ਦਾ ਸਫ਼ਰ ਸੜਦੀਆਂ ਧਰਤੀਆਂ ਉੱਤੇ ਨੰਗੇ ਪੈਰੀਂ ਤੁਰਨ ਦੇ ਬਰਾਬਰ ਹੀ ਸੀ। ਸ਼ਾਇਦ ਇਸੇ ਲਈ ‎ਜੁੱਤੀ ਗੁਆਚਣ ਦਾ ਥੀਮ ਮੇਰੇ ਸੁਪਨਿਆਂ ਨੂੰ ਵਾਰ ਵਾਰ ਡੰਗਦਾ ਹੈ।

ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ‎ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ‎ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ‎ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ‎ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ‎ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ ‎ਖ਼ਾਸ ਸਮੇਂ ਅਤੇ ਹਾਲਾਤ ਵਿੱਚ ਕੋਈ ਹੁਨਰ ਵੱਧ ਸਲਾਹੁਤਾ ਅਤੇ ਮਾਣਤਾ ਪ੍ਰਾਪਤ ਕਰ ਲੈਂਦਾ ਹੈ।

ਅੱਜ ਦੇ ਤਕਨੀਕੀ ਮਹੌਲ ਵਿੱਚ ਲਿਖਣ, ਪੜ੍ਹਨ, ਗਾਉਣ, ਕੰਪਿਊਟਰ, ਸਾਇੰਸ ਆਦਿਕ ‎ਵਿੱਚ ਪ੍ਰਬੀਨਤਾ ਜਾਂ ਮੈਡੀਕਲ ਸਾਇੰਸ ਦੀਆਂ ਬਰੀਕੀਆਂ ਵਿੱਚ ਮੁਹਾਰਤਾਂ ਨੂੰ ਉੱਤਮ ਹੁਨਰਾਂ `ਚ ‎ਸ਼ੁਮਾਰਿਆ ਜਾਂਦਾ ਹੈ, ਪਰ ਪੜ੍ਹਾਈ-ਲਿਖਾਈ ਅਤੇ ਹੋਰ ਪ੍ਰਵਾਣਤ ਖੇਤਰਾਂ `ਚ ‘ਮਾਹਰ’ ਲੋਕਾਂ ਦੀ, ‎ਕਿਸੇ ਜੰਗਲ਼ ਵਿੱਚ ਗਵਾਚੀ ਕੋਈ ਟੋਲੀ, ਅਗਰ ਕਹਿਰ ਦੀ ਸਰਦ ਰਾਤ `ਚ ਕਿਤੇ ਠੁਰਕ ਰਹੀ ‎ਹੋਵੇ ਤਾਂ ਉਸ ਖ਼ਾਸ ਹਾਲਤ ਵਿੱਚ, ਪੱਥਰਾਂ ਅਤੇ ਲੱਕੜੀਆਂ ਨੂੰ ਰਗੜ ਕੇ ਅੱਗ ਉਪਜਾਅ ਲੈਣ ‎ਦੀ ਮੁਹਾਰਤ ਰਖਦਾ ਕੋਈ ਅਸਲੋਂ ‘ਗੰਵਾਰ’ ਤੇ ‘ਜਾਂਗਲੀ’ ਸਮਝਿਆ ਜਾਂਦਾ ਵਿਅਕਤੀ ਵੀ, ‎‎‘ਮਾਹਰਾਂ’ ਨਾਲੋਂ ਵਧੇਰੇ ਹੁਨਰਮੰਦ ਹੋ ਗੁਜ਼ਰਦਾ ਹੈ। ਇੰਝ ਹੀ, ਅੱਜ ਦੇ ਯੁਗ `ਚ, ਅਸਮਾਨ ‎ਵਿੱਚ ਹਵਾਈ ਜਹਾਜ਼ਾਂ ਦੀਆਂ, ਮਛਲੀਆਂ ਵਾਂਗ ਤਾਰੀਆਂ ਲੁਆ ਦੇਣ ਵਾਲੇ ਪਾਈਲਾਟਾਂ ਦੇ ਹੁਨਰਾਂ ‎‎`ਤੇ ਹੈਰਾਨੀ ਜ਼ਾਹਰ ਕੀਤੀ ਜਾਂਦੀ ਹੈ, ਪਰ ਹਵਾਈ ਜਹਾਜ਼ ਦੀ ਈਜਾਦ ਤੋਂ ਪਹਿਲਾਂ ਵੀ ਤਾਂ ‎ਅਜੇਹੇ ਅਣਗਿਣਤ ਵਿਅਕਤੀ ਹੁੰਦੇ ਹੋਣਗੇ ਜਿਹੜੇ ਅਜੇਹੇ ਦੋ ਖੰਭਿਆਂ ਵਿਚਕਾਰ ਦੀ ਜਹਾਜ਼ ‎ਉਡਾਅ ਸਕਣ ਦੇ ਹੁਨਰੀ ਹੋ ਸਕਦੇ ਸਨ ਜਿਨ੍ਹਾਂ ਦਾ ਫ਼ਾਸਲਾ ਅਗਰ ਦੋ ਚਾਰ ਇੰਚ ਵੀ ਘਟਾਅ ‎ਦਿੱਤਾ ਜਾਂਦਾ ਤਾਂ ਜਹਾਜ਼ ਦੇ ਖੰਭ, ਖੰਭਿਆਂ ਨਾਲ ਘਸੜ ਕੇ, ਜਹਾਜ਼ ਨੂੰ ਭੁਆਂਟਣੀ ਦੇ ਦੇਂਦੇ, ਪਰ ‎ਉਸ ਵਕਤ ਕਿਉਂਕਿ ਹਵਾਈ ਜਹਾਜ਼ ਦਾ ਤਸੱਵਰ ਅਤੇ ਹੋਂਦ ਹੀ ਨਹੀਂ ਸਨ, ਇਸ ਲਈ ਉਨ੍ਹਾਂ ਦਾ ‎ਇਹ ਹੁਨਰ ਪੁੰਗਰ ਹੀ ਨਾ ਸਕਿਆ।

ਹਾਂ, ਮੈਂ ਆਪਣੇ ਇਸ ਵਿਸ਼ਵਾਸ਼ ਨੂੰ ਦੁਹਰਾਉਣ ਦੀ ਗ਼ੁਸਤਾਖ਼ੀ ਕਰਦਾ ਹਾਂ ਕਿ ਹਰ ‎ਸਧਾਰਨ-ਬੁੱਧ ਵਿਅਕਤੀ ਕੋਲ਼ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ।

ਇਸੇ ਸੰਦਰਭ ਵਿੱਚ ਇਹ ਗੱਲ ਵੀ ਸਹੀ ਹੈ ਕਿ ਕੁਦਰਤ ਨੇ ਭਾਵੇਂ ਹਰ ਵਿਅਕਤੀ ਨੂੰ ‎ਕਿਸੇ ਨਾ ਕਿਸੇ ਹੁਨਰ ਵਿੱਚ ਪਰਬੀਨ ਹੋਣ ਦੀ ਸੰਭਾਵਨਾ/ਗੁੰਜਾਇਸ਼ ਨਾਲ ਲੈਸ ਕੀਤਾ ਹੁੰਦਾ ਹੈ, ‎ਲੇਕਿਨ ਆਪਣੇ ਸੰਭਾਵੀ ਹੁਨਰ ਦੀ ਸ਼ਨਾਖ਼ਤ ਕਰ ਲੈਣੀ ਹਰ ਵਿਅਕਤੀ ਦੇ ਹਿੱਸੇ ਨਹੀਂ ‎ਆਉਂਦੀ। ਮਿਸਾਲ ਦੇ ਤੌਰ `ਤੇ, ਕਈਆਂ ਵਿੱਚ ਵਧੀਆ ਭਲਵਾਨ ਬਣ ਜਾਣ ਦੀ ਸਮਰੱਥਾ ਹੁੰਦੀ ‎ਹੈ, ਪਰ ਕਿਸੇ ਅਗਿਆਤ ਕਾਰਨ ਵੱਸ ਉਹ ਹਾਰਮੋਨੀਅਮ ਵਜਾਉਣ ਦੇ ਤਾਂਘੀ ਹੋ ਜਾਂਦੇ ਨੇ। ‎ਇਸ ਹਾਲਤ `ਚ ਉਨ੍ਹਾਂ ਦੀਆਂ ਉਂਗਲਾਂ, ਹਾਰਮੋਨੀਅਮ ਦੀਆਂ ਸੁਰਾਂ `ਚੋਂ ਧੁਨਾਂ ਉਭਾਰਨ ਦੀ ਥਾਂ, ‎ਉਨ੍ਹਾ ਦਾ ਮਿੱਧਣ-ਲਿਤੜਣ ਵੱਧ ਕਰਦੀਆਂ ਨੇ।

ਜਦੋਂ ਮੈਂ ਗਾਇਕੀ, ਸਾਜ਼ਿੰਦਗੀ ਅਤੇ ਸਾਹਿਤ ਰਚਨਾ ਨਾਲ਼ ਆਪਣੀ ਗੂੜ੍ਹੀ ਸਾਂਝ ਉੱਤੇ ‎ਨਜ਼ਰ ਮਾਰਦਾ ਹਾਂ ਤਾਂ ਮੈਨੂੰ ਜਾਪਦੈ ਮੇਰੇ ਅੰਦਰ ਲਫ਼ਜ਼ਾਂ ਨਾਲ ਖੇਡਣ ਅਤੇ ਸੁਰ-ਤਾਲ ਨਾਲ ‎ਇੱਕਮਿੱਕ ਹੋਣ ਦੇ ਥੋੜ੍ਹੇ-ਬਹੁਤੇ ਬੀਜ ਕੁਦਰਤ ਵੱਲੋਂ ਹੀ ਖਿਲਾਰੇ ਹੋਏ ਸਨ। ਇਹ ਬੀਜ ‎ਕੁਦਰਤ ਵੱਲੋਂ ਮੇਰੇ ਬਾਪੂ ਨੂੰ ਵੀ ਮਿਲੇ ਸਨ ਜਿਸ ਨੇ, ਹਰ ਸੂਖ਼ਮ ਕਲਾ ਨੂੰ ਮਸਲ਼ ਦੇਣ ਵਾਲੇ ‎ਕਠੋਰ ਹਾਲਾਤ ਵਿੱਚ ਘਿਰੇ ਹੋਣ ਦੇ ਬਾਵਜੂਦ, ਇਨ੍ਹਾਂ ਬੀਜਾਂ ਨੂੰ ਆਪਣੀ ਲਗਨ ਅਤੇ ਸਿਰੜ ‎ਨਾਲ਼ ਪੁੰਗਰਾਅ ਲਿਆ। ਬਾਪੂ ਕਵੀਸ਼ਰੀ ਲਿਖਣ/ਗਾਉਣ ਅਤੇ ਸੰਗੀਤ ਦਾ ਅਭਿਆਸੀ ਸੀ। ‎ਬਚਪਨ ਵੱਲ ਜਿੱਥੋਂ ਤੀਕ ਮੇਰੀ ਸੁਰਤ ਪਰਤਦੀ ਹੈ, ਓਦੋਂ ਤੋਂ ਹੀ ਸਾਡੇ ਥੁੜਾਂ ਭੋਗਦੇ ਘਰ `ਚ ‎ਕਵੀਸ਼ਰੀ ਦੀ ਰਚਨਾ ਦੇ ਰੂਪ ਵਿੱਚ ਕਾਵਿਕ ਲਫ਼ਜ਼ ਛਣਕਦੇ ਸਨ, ਗਾਇਕੀ ਦੀਆਂ ਲੈਆਂ ‎ਗੂੰਜਦੀਆਂ ਸਨ, ਅਤੇ ਢੱਡਾਂ ਦੇ ਤਾਲ ਥਪਥਪਾਂਦੇ ਸਨ।

ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਾ ਹਾਂ ਉਸ `ਚ ਅੱਜ ਵਾਲ਼ੀਆਂ ਸੀ ਡੀਜ਼ ਅਤੇ ‎ਕਸੈੱਟਾਂ ਦਾ ਹਾਲੇ ਤਸੱਵਰ ਵੀ ਨਹੀਂ ਸੀ ਜਨਮਿਆਂ। ਉਹ ‘ਤਵਿਆਂ’ ਦੇ ਤੌਰ `ਤੇ ਜਾਣੇ ਜਾਂਦੇ, ‎ਗਰਾਮੋਫ਼ੋਨ-ਮਸ਼ੀਨਾਂ `ਤੇ ਚਲਦੇ ਰੀਕਾਰਡਾਂ, ਅਤੇ ਬੌਲਦਾਂ ਦੇ ਗਲੀਂ ਪਾਈਆਂ ਜਾਂ ਮੰਦਰਾਂ `ਚ ‎ਲਟਕਦੀਆਂ ਟੱਲੀਆਂ ਦੀ ਸ਼ਕਲ ਦੇ ਵੱਡ-ਅਕਾਰੀ ਲਾਊਡਸਪੀਕਰਾਂ ਦਾ ਯੁੱਗ ਸੀ। ਸ਼ਾਦੀਆਂ, ‎ਅਖੰਡਪਾਠਾਂ, ਭੋਗਾਂ ਅਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਮੌਕੇ, ਇਹ ਲਾਊਡਸਪੀਕਰ, ਕੋਠਿਆਂ ਉੱਤੇ ਦੋ ‎ਮੰਜਿਆਂ ਦੇ ਸਿਰਹਾਣਿਆਂ ਨੂੰ ਤਿਕੋਣੀ ਸ਼ਕਲ ਵਿੱਚ ਜੋੜ ਕੇ, ਉਨ੍ਹਾਂ ਉੱਪਰ ਟੰਗ ਦਿੱਤੇ ਜਾਂਦੇ ‎ਸਨ। ਇਨ੍ਹਾਂ ਸਪੀਕਰਾਂ ਰਾਹੀਂ ਢਾਡੀਆਂ ਤੇ ਅਲਗੋਜ਼ਿਆਂ ਦੀ ਸੰਗਤ ਨਾਲ਼ ਕੀਤੀ ਗਾਇਕੀ ਦੇ ‎ਗਰਾਮੋਫ਼ੋਨ ਰੀਕਾਰਡ, ਕਈ- ਕਈ ਦਿਨ ਤੇ ਸਾਰੀ -ਸਾਰੀ ਦਿਹਾੜੀ ਸਾਰੇ ਪਿੰਡ ਦੇ ਕੰਨਾਂ `ਚ ‎‎‘ਪੰਪ’ ਕੀਤੇ ਜਾਂਦੇ ਸਨ। ਸਾਊਂਡ-ਬਾਕਸ ਦੇ ਨਾਮ ਨਾਲ਼ ਜਾਣੀ ਜਾਂਦੀ ਇੱਕ ਡੱਬੀ `ਚ ਕੱਸੀ ‎ਇੱਕ ਸੂਈ, ਮਹੀਨ ਸਿਆੜਾਂ `ਚ ਘਿਸੜ ਕੇ, ਮਸ਼ੀਨ ਉੱਤੇ ਘੁੰਮ ਰਹੇ ਰੀਕਾਰਡ `ਚੋਂ ਅਵਾਜ਼ ‎ਚੁਗਦੀ, ਅਤੇ ਐਂਪਲੀਫਾਇਰ ਦੇ ਇੱਕ ਗੁੰਝਲ਼ਦਾਰ ਸਿਸਟਮ ਵਿੱਚ ਦੀ ਗੁਜ਼ਾਰ ਕੇ ਕੋਠੇ ਉੱਪਰ ‎ਟੁੰਗੇ ‘ਹੋਰਨ’ ਰਾਹੀਂ ਦੂਰ - ਦੂਰ ਤੀਕਰ ਪਹੁੰਚਾਉਂਦੀ। ਬਚਪਨ ਉਮਰੇ, ਗਰਮੀਆਂ ਦੀ ਰੁੱਤੇ ‎ਆਪਣੇ ਕੋਠੇ ਉੱਤੇ ਮੰਜੇ `ਤੇ ਪਿਆਂ, ਰੀਕਾਰਡਾਂ ਰਾਹੀਂ ਸੁਣੀ ਤੂੰਬਿਆਂ ਦੀ ਤੁਣ- ਤੁਣ, ਅਲਗੋਜ਼ਿਆਂ ‎ਦੀ ‘ਫੂੰ-ਫੂੰ’ , ਸਰੰਗੀਆਂ ਦੀ `ਚੀਂ- ਚੀਂ’ ਅਤੇ ਢੱਡਾਂ ਦੀ ‘ਡੁੱਗ- ਡੁੱਗ, ਢੁੰਮ -ਢੁੰਮ’ ਮੇਰੇ ਕੰਨਾਂ ‎ਵਿੱਚ ਹੁਣ ਵੀ ਗੂੰਜਣ ਲੱਗ ਜਾਂਦੀ ਹੈ।

ਘਰ ਵਿੱਚ ਸੰਗੀਤ ਅਤੇ ਕਵੀਸ਼ਰੀ ਦਾ ਅਟੁੱਟ ਪਰਵਾਹ ਹੋਣ ਕਰ ਕੇ ਸੰਗੀਤ ਮੇਰੀ ‎ਸਿਮਰਤੀ `ਚ ਕਿਸੇ ਖ਼ਾਸ ਦਿਨ ਜਾਂ ਖਾਸ ਵਕਤ ਉੱਤੇ ਦਾਖ਼ਲ ਨਹੀਂ ਹੋਇਆ; ਇਹ ਤਾਂ ਹਵਾ ‎ਵਾਂਗ ਆਪ-ਮੁਹਾਰੇ ਹੀ ਮੇਰੇ ਦਿਲੋ-ਦਿਮਾਗ਼ `ਚ ਘੁਲ਼ ਗਿਆ ਸੀ, ਪਰ ਸੰਗੀਤ ਅਤੇ ਤਾਲ ਨਾਲ਼ ‎ਮੇਰਾ ਅਮਲੀ ਅਤੇ ਸੁਚੇਤ ਵਾਹ ਜਿਸ ਇਤਫ਼ਾਕ ਨਾਲ ਹੋਇਆ ਉਹ ਮੇਰੀਆਂ ਯਾਦਾਂ `ਚ ਕਦੇ ‎ਫਿੱਕਾ ਨਹੀਂ ਪਿਆ।

ਸਨ 1955 ਦੀ ਗੱਲ ਹੈ: ਉਮਰ ਦੇ ਨੌਵੇਂ ਪਾਏਦਾਨ `ਤੇ ਵਿਚਰਦਿਆਂ ਮੈਂ ਤੀਜੀ ਜਮਾਤ ‎ਦੀਆਂ ਕਿਤਾਬਾਂ ਨਾਲ ਸਿੱਝਣ ਲੱਗਿਆ ਸਾਂ। ਸਾਡੇ ਗਵਾਂਢੀ ਪਿੰਡ ਰਣੀਏਂ ਦਾ ਮਾਸਟਰ ਸ਼ਮਸ਼ੇਰ ‎ਸਿੰਘ ਕੁਰਸੀ `ਤੇ ਨਹੀਂ ਸਗੋਂ ਭੁੰਜੇ ਵਿਛਾਈ ਇੱਕ ਤਪੜੀ ਉੱਤੇ ਬੈਠਦਾ। ਉਹਦੇ ਸਾਹਮਣੇ ਮਧਰੇ ‎ਕੱਦ ਦੀ ਇੱਕ ਵਿਸ਼ਾਲ ਸੰਦੂਕੜੀ ਪਈ ਹੁੰਦੀ ਸੀ ਜਿਸ ਵਿੱਚ ਉਹ ਆਪਣੇ ਡਰੰਕ, ਕਲਮਾਂ, ‎ਸਿਆਹੀ ਦੀਆਂ ਦਵਾਤਾਂ, ਪੈਨਸਿਲਾਂ ਤੇ ਹੋਰ ਨਿੱਕੜ- ਸੁੱਕੜ ਦੇ ਨਾਲ਼ ਨਾਲ਼ ਹਰ ਰੋਜ਼ ‎ਆਉਂਦੀ-ਜਾਂਦੀ ਸਾਰੇ ਪਿੰਡ ਦੀ ਡਾਕ ਦਾ ਲੇਖਾ-ਜੋਖਾ ਵੀ ਰਖਦਾ। ਮੀਂਹ ਹੋਵੇ ਜਾਂ ਹਨ੍ਹੇਰੀ, ਗੜੇ ‎ਪੈਣ ਜਾਂ ਕੋਹਰਾ, ਉਹ ਚਾਰ, ਸਾਢੇ ਚਾਰ ਮੀਲ ਦਾ ਸਫ਼ਰ ਪੈਦਲ ਹੀ ਤੈਅ ਕਰ ਕੇ, ਸਕੂਲ ਸ਼ੁਰੂ ‎ਹੋਣ ਤੋਂ ਅੱਧਾ ਪੌਣਾਂ ਘੰਟਾ ਪਹਿਲਾਂ ਸਕੂਲ ਆ ਸਿਰ ਕਢਦਾ ਸੀ। ਸਵਖ਼ਤੇ ਸਕੂਲ ਪਹੁੰਚ ਕੇ ਉਹ ‎ਕਮਜ਼ੋਰ ਬੱਚਿਆਂ ਨੂੰ ਹਿਸਾਬ ਸਿਖਾਉਂਦਾ ਅਤੇ ਰਾਹ ਪੱਟ ਕੇ ਲਿਆਂਦੇ ਕਾਨਿਆਂ ਦੀਆਂ ਮਹੀਨ ‎ਕਲਮਾਂ ਘੜਦਾ।

ਭਾਦੋਂ ਦੀਆਂ ਧੁੱਪਾਂ ਨੇ ਆਪਣਾ ਕੇੜਾ ਚਾੜ੍ਹਨਾ ਸ਼ੁਰੂ ਕਰ ਦਿਤਾ ਸੀ ਪਰ ਨਾਲ ਹੀ ‎ਮੌਨਸੂਨ ਆ ਜਾਣ ਕਰ ਕੇ, ਬੂੰਦਾਬਾਂਦੀ ਨੇ ਗਰਮੀ ਨੂੰ ਹਵਾ `ਚੋਂ ਨਿਚੋੜਨਾ ਸ਼ੁਰੂ ਕਰ ਦਿੱਤਾ ਸੀ। ‎ਇੱਕ ਦਿਨ, ਦੋ ਦਿਨ, ਹਫ਼ਤਾ: ਬੂੰਦਾ-ਬਾਂਦੀ ਤੋਂ ਛੜਾਕਿਆਂ `ਚ ਅਨੁਵਾਦ ਹੋਈ ਬਾਰਸ਼ ਬੰਦ ਹੋਣ ‎ਦਾ ਨਾਮ ਹੀ ਨਾ ਲਵੇ। ਰਣੀਏਂ ਵਾਲ਼ਾ ਮਾਸਟਰ ਆਵਦੇ ਪਿੰਡ ਦੀ ਫ਼ਿਰਨੀ `ਤੇ ਠਾਠਾਂ ਮਾਰਦੇ ‎ਪਾਣੀ ਨੂੰ ਵੇਖ ਕੇ ਵਾਪਿਸ ਚਲਾ ਗਿਆ। ਸਾਡੇ ਪਿੰਡ ਮਿੱਟੀ ਦੇ ਬਨੇਰਿਆਂ ਤੋਂ ਬਾਹਰ ਨੂੰ ‎ਵਧਾਈਆਂ ਧੌਣਾਂ ਵਾਲ਼ੇ ਪਰਨਾਲੇ, ਛੱਤਾਂ ਦੇ ਅਥਾਹ ਪਾਣੀ ਨੂੰ ਸੰਭਾਲਣ ਤੋਂ ਤੋਬਾ ਕਰਨ ਲੱਗੇ। ‎ਹਰੇਕ ਘਰ ਦੇ ਪਰਨਾਲ਼ੇ `ਚੋਂ ਵਗਦੀਆਂ ਧਾਰਾਂ ਦਾ ਸ਼ਰਰ-ਸ਼ਰਰ ਦਾ ਸ਼ੋਰ ਸਾਰੇ ਪਿੰਡ ਵਿੱਚ ‎ਗੂੰਜਣ ਲੱਗਾ। ਛੱਤਾਂ ਪਹਿਲਾਂ ਸਿੰਮਣ ਲੱਗੀਆਂ, ਤੇ ਫ਼ੇਰ ਚੋਣ, ਤੇ ਆਖ਼ਿਰ ਲੰਗਾਰ ਹੋ ਕੇ ਮਘੋਰੇ ‎ਬਣਨ ਲੱਗੀਆਂ। ਕੋਠਿਆਂ ਦੀਆਂ ਕੱਚੀਆਂ ਕੰਧਾਂ ਧੁਰ-ਅੰਦਰ ਤੀਕ ਪਿਲਪਿਲੀਆਂ ਹੋ ਗਈਆਂ। ‎ਗਾਰੇ `ਚ ਤੂੜੀ ਮਿਲਾ ਕੇ, ਕੰਧਾਂ ਦੇ ਬਾਹਰਲੇ ਪਾਸੇ ਕੀਤੀ ਲਿਪਾਈ, ਲਿਓੜਾਂ-ਖਲੇਪੜਾਂ ਦੇ ਰੂਪ ‎‎`ਚ ਦਾਅੜ-ਦਾਅੜ ਕਿਰਨ ਲੱਗੀ। ਗਲ਼ੀਆਂ `ਚ ਹਰਲ-ਹਰਲ ਕਰਦਾ ਪਾਣੀ ਖਰੂਦੀ ‎ਸ਼ਰਾਬੀਆਂ ਵਾਂਗ ਬੂਹਿਆਂ `ਤੇ ਢੁੱਡਾਂ ਮਾਰਨ ਲੱਗਾ। ਸਾਰੇ ਪਿੰਡ `ਚ ਕੱਚੇ ਘਰਾਂ ਦੀਆਂ ਨੀਹਾਂ ‎ਫਿੱਸਣ ਲੱਗੀਆਂ।

ਸਾਡੇ ਗਵਾਂਢੀ ਮਹਿਰੇ ਪਰਵਾਰ ਦੀ ਸਾਡੇ ਵਿਹੜੇ ਵੱਲ ਦੀ ਕੰਧ, ਬਨੇਰੇ ਵੱਲੋਂ ਸਾਡੇ ਵੱਲ ‎ਨੂੰ ਉੱਲਰਨ ਲੱਗੀ। ਲਗਾਤਾਰ ਵਰ੍ਹ ਰਹੇ ਮੀਂਹ ਦੇ ਸਤਾਏ ਮਹਿਰੇ ਪਰਵਾਰ ਦੀਆਂ ਦੋਵੇਂ ਜਵਾਨ ‎ਲੜਕੀਆਂ ਤੇ ਉਨ੍ਹਾਂ ਦੇ ਬਿਰਧ ਮਾਪੇ ਆਪਣੇ ਇਕਲੌਤੇ ਕੋਠੇ `ਚ ਕੁੰਗੜੇ ਬੈਠੇ ਸਨ। ਕੰਧ ਦੇ ਰਤਾ ‎ਕੁ ਉੱਲਰਦਿਆਂ ਹੀ ਛੱਤ ਦੀਆਂ ਕੜੀਆਂ ਤੇ ਕਾਨੇ ਕਰੜ-ਕਰੜ ਕਰਨ ਲੱਗੇ ਜਿਸ ਨੂੰ ‎ਸੁਣਦਿਆਂ ਸਾਰ ਮਹਿਰਾ ਪਰਵਾਰ `ਚ ਹਫ਼ੜਾ-ਦਫ਼ੜੀ ਮੱਚ ਉੱਠੀ। ਆਪਣੇ ਮੂਹਰਲੇ ਬੂਹੇ ਥਾਣੀ ‎ਦੌੜ ਕੇ ਸਾਡੇ ਪਰਲੇ ਦਰਵਾਜ਼ਿਓਂ ਉਹ ਸਾਡੇ ਵਿਹੜੇ `ਚ ਹਾਲੇ ਦਾਖ਼ਲ ਹੋਏ ਹੀ ਸਨ ਕਿ ਝੁਕੀ ‎ਹੋਈ ਕੰਧ ਧੜੰਮ ਕਰ ਕੇ ਸਾਡੇ ਵਿਹੜੇ ਵਿੱਚ ਖਿੰਡਰ ਗਈ। ਵਿਹੜੇ `ਚ ਡਾਢੇ ਬੁਖ਼ਾਰ ਵਾਂਗ ‎ਚੜ੍ਹਿਆ ਪਾਣੀ, ਛਿੱਟਿਆਂ ਦੇ ਰੂਪ ਵਿੱਚ ਤ੍ਰਭਕ ਕੇ ਸਾਡੀ ਵਾਗਲ਼ੇ ਵਾਲ਼ੀ ਕੰਧ ਦੇ ਉੱਪਰੋਂ ਦੀ ਹੁੰਦਾ ‎ਹੋਇਆ ਗਵਾਂਢੀਆਂ ਦੇ ਵਿਹੜੇ `ਚ ਜਾ ਡਿੱਗਿਆ। ਸ਼ਤੀਰੀਆਂ ਤੇ ਕੜੀਆਂ ਅਤੇ ਛੱਤ ਉੱਪਰਲੀ ‎ਗਿੱਲੀ ਮਿੱਟੀ ਨੇ ਮਹਿਰਿਆਂ ਦੇ ਮੰਜਿਆਂ-ਬਿਸਤਰਿਆਂ ਨੂੰ ਦਬੋਚ ਲਿਆ। ਉਨ੍ਹਾਂ ਦੀਆਂ ਦੋਵੇਂ ‎ਬਿੱਲੀਆਂ ਮੰਜੇ ਹੇਠੋਂ ਦੌੜ ਕੇ, ਉਨ੍ਹਾਂ ਦੀ ਡਿੱਗਣ ਤੋਂ ਬਚ ਗਈ ਕੰਧੋਲ਼ੀ `ਤੇ ਜਾ ਚੜ੍ਹੀਆਂ।

ਮਹਿਰਿਆਂ ਦੀ ਕੰਧ ਕਿਰਦਿਆਂ ਹੀ ਸਾਡੇ ਆਂਢ-ਗਵਾਂਢ ਦੇ ਕੱਚੇ ਘਰਾਂ ਦੇ ਸਭ ਵਸਨੀਕ ‎ਆਪਣੇ ਕੋਠਿਆਂ `ਚੋਂ ਮੰਜੇ-ਬਿਸਤਰੇ ਉਠਾਲ਼ ਕੇ, ਸਾਡੇ ਵਿਹੜੇ ਵੱਲ ਨੂੰ ਦੌੜਨ ਲੱਗੇ। ਮੰਜਿਆਂ ਦੇ ‎ਸਿਰ ਜੋੜ ਕੇ ਵਿਹੜੇ `ਚ ਤਿਕੋਣੀਆਂ ਝੁੱਗੀਆਂ ਉਸਾਰੀਆਂ ਜਾਣ ਲੱਗੀਆਂ। ਵੇਂਹਦਿਆਂ-‎ਵੇਂਹਦਿਆਂ, ਸਾਡੇ ਵਿਸ਼ਾਲ ਵਿਹੜੇ `ਚ ਪੰਦਰਾਂ ਵੀਹ ਝੁੱਗੀਆਂ ਦੀ ਇੱਕ ਬਸਤੀ ਉੱਗ ਆਈ। ‎ਮੀਂਹ ਤੋਂ ਬਚਾਅ ਲਈ ਗੁਦੈਲੇ ਤੇ ਰਜ਼ਾਈਆਂ ਨੂੰ ਤਿਕੋਣੀਆਂ ਝੁੱਗੀਆਂ `ਤੇ ਸੁੱਟਿਆ ਜਾਣ ਲੱਗਾ। ‎ਗੁੜ ਵਾਲੇ ਗੱਟੇ, ਆਟੇ ਵਾਲ਼ੇ ਪੀਪੇ, ਘਿਓ ਦੀਆਂ ਪੀਪੀਆਂ, ਲੂਣਦਾਨੀਆਂ ਤੇ ਦਾਲ਼ਾਂ ਦੇ ਕੁੱਜੇ, ‎ਆਂਢ-ਗਵਾਂਢ ਦੇ ਡਿਗੂੰ-ਡਿਗੂੰ ਕਰਦੇ ਕੋਠਿਆਂ `ਚੋਂ ਝੁੱਗੀਆਂ ਵੱਲ ਨੂੰ ਵਹੀਰਾਂ ਘੱਤਣ ਲੱਗੇ।

ਹੁਣ ਮਹਿਰਿਆਂ ਦੀ ਕੰਧ ਦੇ ਮਲਬੇ ਉੱਤੇ ਇੱਕ ਤਰਪਾਲ ਤਾਣ ਲਈ ਗਈ। ਕਈ ਜਾਣੇ ‎ਕਿਧਰੋਂ ਕੁੱਝ ਕੁ ਪੱਕੀਆਂ ਇੱਟਾਂ ਲੱਭ ਲਿਆਏ ਜਿਨ੍ਹਾਂ ਨੂੰ ਜੋੜ ਕੇ ਤਰਪਾਲ ਦੇ ਹੇਠ ਦੋ ਚੁੱਲ੍ਹੇ ‎ਉਸਾਰ ਲਏ ਗਏ। ਅੱਗ ਮਚਾਉਣ ਲਈ, ਮਹਿਰਿਆਂ ਦੀ ਛੱਤ ਦੇ ਮਲਬੇ `ਚੋਂ ਕਾਨੇਂ ਅਤੇ ‎ਕੜੀਆਂ ਧੂਹੇ ਜਾਣ ਲੱਗੇ। ਚੁੱਲ੍ਹਿਆਂ `ਚ ਅੱਗ ਦੇ ਪਰਗਟ ਹੁੰਦਿਆਂ ਹੀ ਤਰਪਾਲ ਹੇਠ ਔਰਤਾਂ ‎ਦਾ ਝੁਰਮਟ ਬੱਝ ਗਿਆ। ਇੱਕ ਵੱਡੇ ਪਤੀਲੇ `ਚ ਦਾਲ਼ ਉਬਲਣ ਲੱਗੀ ਤੇ ਕਈ ਪਰਾਤਾਂ `ਚ ‎ਚੂੜੀਆਂ ਵਾਲ਼ੇ ਹੱਥਾਂ ਦਾ ਗਿੱਲੇ ਆਟੇ ਨਾਲ਼ ਦੰਗਲ਼ ਹੋਣ ਲੱਿਗਆ। ਝੁੱਗੀਆਂ `ਚ ਵਿਲਕਦੇ ਮੇਰੇ ‎ਵਰਗੇ ਨਿਆਣਿਆਂ ਦੀਆਂ ਜਾੜ੍ਹਾਂ ਹੇਠ ਬੁਰਕੀਆਂ ਲੱਥਣ ਲੱਗੀਆਂ।

ਦੋ ਕੁ ਦਿਨਾਂ ਦੀ ਬਾਰਸ਼ੀ-ਝੰਬਾਈ ਤੋਂ ਬਾਅਦ ਬੱਦਲਾਂ ਦੀਆਂ ਤਿਊੜੀਆਂ `ਚ ਰਤਾ ਕੁ ‎ਨਰਮੀ ਝਲਕਣ ਲੱਗੀ। ਹੋਰ ਦੋ ਦਿਨ ਲੰਘੇ ਤਾਂ ਘਰਾਂ `ਚ ਵੜਿਆ ਗੋਡੇ- ਗੋਡੇ ਪਾਣੀ ਵਿਹੜਿਆਂ ‎ਦੀਆਂ ਛਾਉਣੀਆਂ ਖ਼ਾਲੀ ਕਰਨ ਲੱਗਿਆ। ਸਾਰੇ ਪਿੰਡ ਦੇ ਨੁਕਸਾਨੇ ਗਏ ਕੰਧਾਂ-ਕੋਠਿਆਂ ਦਾ ‎ਹਿਸਾਬ-ਕਿਤਾਬ ਲੱਗਣਾ ਸ਼ੁਰੂ ਹੋਇਆ। ਸਲ੍ਹਾਬੇ ਅਤੇ ਚਿੱਕੜ ਦਾ ਭਰਪੂਰ ਪਰਵਾਰ ‎ਵਿਹੜਿਆਂ ਦੀ ਝੋਲ਼ੀ `ਚ ਛੱਡ ਕੇ, ਪਾਣੀ ਹੋਰੀਂ ਗਲ਼ੀਆਂ `ਚ ਦੀ ਹੁੰਦੇ ਹੋਏ, ਖੇਤਾਂ ਵੱਲ ਨੂੰ ਪਰਤ ‎ਗਏ।

ਹੁਣ ਸਾਰੇ ਪਿੰਡ ਦੀਆਂ ਧੜੰਮ ਹੋ ਗਈਆਂ ਛੱਤਾਂ ਤੇ ਕੰਧਾਂ ਦਾ ਮਲਬਾ ਸਾਂਭਿਆ ਜਾਣ ‎ਲੱਗਾ। ਡਿਗਣੋਂ ਬਚ ਗਏ ਕੋਠਿਆਂ `ਚੋਂ ਭੈਅ ਫੁੰਕਾਰਨ ਲੱਗਿਆ, ਇਸ ਲਈ ਲੋਕ ਬਚ ਗਏ ‎ਕੋਠਿਆਂ ਦੇ ਨੇੜੇ ਹੋਣ ਤੋਂ ਵੀ ਤ੍ਰਭਕਣ ਲੱਗੇ। ਸਾਡੇ ਵਿਹੜੇ ਵਿੱਚ ਉੱਗ ਆਈ, ਮੰਜਿਆਂ ਨਾਲ਼ ‎ਬਣਾਈਆਂ ਝੁੱਗੀਆਂ ਦੀ ਬਸਤੀ ਜਿਵੇਂ ਦੀ ਤਿਵੇਂ ਕਾਇਮ ਰਹੀ।

ਖ਼ੁਸ਼ਕਿਸਮਤੀ ਨਾਲ਼ ਸਾਡੇ ਦੋ ਕੱਚੇ ਕੋਠਿਆਂ `ਚੋਂ ਇੱਕ ਕੋਠਾ ਹੜ੍ਹ ਤੇ ਮੀਂਹ ਦੇ ਕਹਿਰ ਤੋਂ ‎ਬਚ ਨਿਕਲ਼ਿਆ: ਬਚ ਵੀ ਏਨਾ ਨਿੱਕਲ਼ਿਆ ਉਸ ਵਿੱਚ ਬੇਖ਼ੌਫ਼ ਆਇਆ ਜਾਇਆ ਜਾ ਸਕਦਾ ‎ਸੀ।

ਏਸ ਭਿਆਨਕ ਹੜ੍ਹ ਤੋਂ ਕੁੱਝ ਕੁ ਮਹੀਨੇ ਪਹਿਲਾਂ ਮੇਰੇ ਬਾਪੂ ਅੰਦਰ ਸਰੰਗੀ ਸਿੱਖਣ ਦਾ ‎ਸ਼ੌਕ ਵਗਣ ਲੱਗ ਪਿਆ ਸੀ। ਪਰ ਹੜ੍ਹ ਦੇ ਦਿਨੀਂ, ਲਗਾਤਾਰ ਕਈ ਮਹੀਨੇ ਆਥਣ ਸਵੇਰ ਸਾਡੇ ‎ਘਰ `ਚ, ਚੂੰ ਚੂੰ ਦੀ ਰੌਣਕ ਲਗਾਉਣ ਵਾਲ਼ੀ ਸਰੰਗੀ, ਹੜ੍ਹ ਦੀ ਮਾਰ ਤੋਂ ਬਚ ਗਏ ਕੋਠੇ `ਚ ਇੱਕ ‎ਕਿੱਲੀ ਤੇ ਟੰਗੀ ਰਹੀ ਸੀ।

ਕਪਾਹਾਂ ਮੱਕੀਆਂ ਤੇ ਆਲੂਆਂ ਦੀਆਂ ਫ਼ਸਲਾਂ ਕਹਿਰਾਂ ਦੇ ਪਾਣੀ ਦੀ ਭੇਟ ਚੜ੍ਹ ਗਈਆਂ ‎ਸਨ। ਖੇਤਾਂ `ਚ ਹਾਲੇ ਵੀ ਗੋਡੇ- ਗੋਡੇ ਪਾਣੀ ਖਲੋਤਾ ਸੀ, ਇਸ ਲਈ ਕਿਸੇ ਵੀ ਮਰਦ ਨੂੰ ਖੇਤਾਂ `ਚ ‎ਜਾਣ ਦੀ ਕਾਹਲ਼ ਨਹੀਂ ਸੀ।

ਇੱਕ ਦਿਨ ਦੁਪਹਿਰੇ, ਜਦੋਂ ਵੱਖ- ਵੱਖ ਪਰਵਾਰਾਂ ਦੇ ਅਸੀਂ ਕਈ ਨਿਆਣੇ ਰੋਟੀਆਂ ਖਾ ਕੇ ‎ਵਿਹੜੇ `ਚ ‘ਝੁੱਗੀਆਂ’ ਉਦਾਲ਼ੇ ਖੇਡ ਰਹੇ ਸਾਂ, ਤਾਂ ਸਾਰਾ ਪਿੰਡ ਬਚੀਆਂ-ਖੁਚੀਆਂ ਇੱਟਾਂ, ਕੜੀਆਂ, ‎ਬਾਲਿਆਂ, ਤੇ ਸ਼ਤੀਰੀਆਂ ਨੂੰ ਸਾਂਭਣ `ਚ ਰੁੱਝਾ ਹੋਇਆ ਸੀ। ਡਿੱਗਣੋਂ ਬਚ ਗਈਆਂ ਪਰ ਮਘੋਰੇ ‎ਹੋ ਗਈਆਂ ਛੱਤਾਂ `ਤੇ ਮਿੱਟੀ ਪਾਈ ਜਾ ਰਹੀ ਸੀ। ਗਲ਼ੀਆਂ ਵੱਲ ਨੂੰ ਕਿਰ ਗਈਆਂ ਕੰਧਾਂ ਦੇ ‎ਮਲਬੇ ਨੂੰ ਇਧਰ ਓਧਰ ਉਠਾਲ਼ ਕੇ ਘਰਾਂ ਦੇ ਪਾਣੀ ਦੇ ਨਿਕਾਸ ਲਈ ਲਾਂਘੇ ਬਣਾਏ ਜਾ ਰਹੇ ‎ਸਨ।

ਅਚਾਨਕ ਹੀ, ਹੜ੍ਹ ਦੇ ਕਹਿਰ `ਚ ਸਾਬਤ ਖਲੋਤੇ ਰਹਿ ਗਏ ਸਾਡੇ ਕੋਠੇ `ਚ, ‘ਤੁੰਗ-‎ਤੁੰਗ, ਤੁੰਗ-ਤੁੰਗ’ ਹੋਣ ਲੱਗੀ। ਬਾਪੂ, ਸਲ੍ਹਾਬੇ ਨਾਲ਼ ਢਿੱਲੀ ਪੈ ਗਈ ਸਰੰਗੀ ਨੂੰ ਸੁਰ ਕਰ ਰਿਹਾ ‎ਸੀ। ਤਾਰਾਂ ਦੀ ਅਵਾਜ਼ ਨੂੰ ਇੱਕ ਦੂਜੇ ਦੇ ਬਿਲਕੁਲ ਹਾਣ ਦੀ ਕਰਨ ਲਈ ਬਾਪੂ ਕਦੇ ਇੱਕ ‎ਕਿੱਲੀ ਨੂੰ ਮਰੋੜਦਾ ਤੇ ਕਦੇ ਦੂਜੀ ਨੂੰ। ਮਰੋੜੇ ਖਾਂਦੀਆਂ ਕਿੱਲੀਆਂ `ਚੋਂ ਚਿਰੜ-ਚਿਰੜ ਦੀ ‎ਅਜੀਬ ਅਵਾਜ਼ ਨਿੱਕਲ਼ਦੀ ਤਾਂ ਮੈਨੂੰ ਇੰਝ ਲੱਗਾ ਜਿਵੇਂ ਸਰੰਗੀ ਬਾਪੂ ਦੀਆਂ ਹਰਕਤਾਂ `ਤੇ ‎ਇਤਰਾਜ਼ ਕਰ ਰਹੀ ਹੋਵੇ। ਫੇਰ ਉਹ ਪਹਿਲੀ ਉਂਗਲ਼ੀ ਨਾਲ ਤਾਰਾਂ ਨੂੰ ਤੁਣਕ -ਤੁਣਕ ਕੇ ਇੱਕ ‎ਦੂਜੀ ਦੀ ਪਿੱਚ ਸੁਣਦਾ। ਹੁਣ ਸਰੰਗੀ ਦੇ ਗਜ਼ ਨੂੰ ਬੰਨ੍ਹੇ ਘੁੰਗਰੂ ਛਣਕਣ ਲੱਗੇ। ਬਾਪੂ ਸਰੰਗੀ ਦੇ ‎ਗਜ਼ ਨਾਲ਼ ਬੰਨ੍ਹੇ, ਘੋੜੇ ਦੇ ਵਾਲ਼ਾਂ, ਨੂੰ ਬਰੋਜ਼ੇ ਦੀ ਟਿੱਕੀ ਉੱਤੇ ਘਸਾ ਰਿਹਾ ਸੀ। ਜਿਓਂ ਹੀ ਬਰੋਜ਼ੇ ‎ਨਾਲ਼ ਲੈਸ ਹੋਏ ਗਜ਼ ਨੇ ਸਰੰਗੀ ਦੀਆਂ ਤਾਰਾਂ ਨਾਲ ਘਸੜਵਾਂ ਸੰਪਰਕ ਕੀਤਾ, ਕੱਚੇ ਕੋਠੇ `ਚੋਂ ‎ਸੰਗੀਤ ਸਿੰਮਣ ਲੱਗਾ। ਸਰੰਗੀ ਦੀ ਹੂਕ ਸੁਣਦਿਆਂ ਹੀ ਮੇਰੇ ਹੱਥਾਂ `ਚੋਂ ਬਾਂਟੇ ਕਿਰਨ ਲੱਗੇ ਤੇ ‎ਮੇਰੇ ਪੈਰ ਕੱਚੇ ਕੋਠੇ ਵੱਲ ਨੂੰ ਖਿੱਚ੍ਹੇ ਜਾਣ ਲੱਗੇ।

ਜਦੋਂ ਨੂੰ ਮੈਂ ਕੋਠੇ ਦੇ ਦਰ `ਤੇ ਅੱਪੜਿਆ, ਕੁਰਸੀ `ਤੇ ਬੈਠਾ ਬਾਪੂ ਸਰੰਗੀ ਦੀ ਹੂਕ ਵਿੱਚ ‎ਪੂਰੀ ਤਰ੍ਹਾਂ ਇੱਕ-ਮਿੱਕ ਹੋ ਚੁੱਕਿਆ ਸੀ। ਉਸ ਦੀਆਂ ਸਰੂਰ `ਚ ਮੀਟੀਆਂ ਅੱਖਾਂ ਕੋਠੇ ਅੰਦਰ ‎ਮੇਰੇ ਦਾਖ਼ਲੇ ਤੋਂ ਬੇਖ਼ਬਰ ਰਹੀਆਂ। ਫ਼ਿਰ ਵਜਦ `ਚ ਆਇਆ ਬਾਪੂ ਗਾਉਣ ਲੱਗਿਆ: ‘ਪਟਣੇ ਦੇ ‎ਵਿੱਚ ਪਰਗਟ ਹੋਏ, ਦਸਮ ਪਾਤਸ਼ਾਹ ਸੋਢੀ!’ ਮਗਰੇ ਹੀ ਸਰੰਗੀ ਦੀਆਂ ਤਾਰਾਂ `ਚੋਂ ਬਾਪੂ ਦੀ ‎ਗਾਈ ਤਰਜ਼ ਗੂੰਜਣ ਲੱਗੀ। ਸਰੰਗੀ ਦੇ ਪੇਟ ਕੋਲ਼, ਗਜ਼, ਤਾਰਾਂ ਉੱਪਰ ਇੱਕ ਖ਼ਾਸ ਰਿਦਮ ਵਿੱਚ ‎ਅੱਗੇ ਪਿੱਛੇ ਜਾਂਦਾ। ਮੈਂ ਦੇਖਿਆ ਕਿ ਮੇਰਾ ਸਿਰ ਆਪ-ਮੁਹਾਰੇ ਹੀ, ਗਜ਼ ਦੀ ਅੱਗੇ-ਪਿੱਛੇ ਦੀ ‎ਹਰਕਤ ਦੇ ਨਾਲ਼ ਨਾਲ਼ ਖੱਬੇ-ਸੱਜੇ ਝੂਮਣ ਲੱਗਾ। ਬਾਪੂ ਸੰਗੀਤ ਵਿੱਚ ਡੂੰਘਾ ਹੀ ਡੂੰਘਾ ਲਹਿੰਦਾ ‎ਜਾ ਰਿਹਾ ਸੀ।

ਅਚਾਨਕ ਹੀ ਮੇਰੀਆਂ ਉਂਗਲਾਂ `ਚ ਹਰਕਤ ਟਪਕਣ ਲੱਗੀ। ਖੱਬੇ ਹੱਥ ਦੀ ਮੁੱਠੀ ਮੀਚੀ ‎ਗਈ ਤੇ ਸੱਜੇ ਹੱਥ ਦੀਆਂ ਉਂਗਲ਼ਾਂ, ਮੀਟੀ ਹੋਈ ਮੁੱਠੀ ਦੇ ਸਿਰ `ਤੇ ਸਰੰਗੀ ਦੇ ਤਾਲ ਵਿੱਚ ਠੱਕ-‎ਠੱਕ ਕਰਨ ਲੱਗੀਆਂ। ਬਾਪੂ ਦੀਆਂ ਅੱਖਾਂ ਧਤੂਰੇ `ਚ ਗੜੂੰਦ ਵਿਅਕਤੀ ਵਾਂਗ ਰਤਾ ਕੁ ‎ਖੁੱਲ੍ਹੀਆਂ। ਉਹਦਾ ਸਿਰ ਹਾਲੇ ਵੀ ਝੂਮੀ ਜਾ ਰਿਹਾ ਸੀ ਤੇ ਰਿਦਮ ਵਿੱਚ ਮੇਰੀ ਮੁੱਠੀ `ਤੇ ਵੱਜ ‎ਰਹੀਆਂ ਮੇਰੀਆਂ ਨਿਆਣੀਆਂ ਉਂਗਲਾਂ ਨੂੰ, ਉਹ ਬੜੇ ਅਚੰਭੇ ਨਾਲ ਦੇਖੀ ਜਾ ਰਿਹਾ ਸੀ।

ਫਿਰ ਲਗਾਤਾਰ ਚੱਲ ਰਹੀ ਸਰੰਗੀ ਦੀ `ਚੀਂ-ਚੀਂ, ਚੀਂ-ਚੀਂ, ਚੀਂ-ਚੀਂ, ਚੀਂ-ਚੀਂ’ ਇੱਕ ਦਮ ‎ਖ਼ਾਮੋਸ਼ ਹੋ ਗਈ। ਮੇਰੇ ਹੱਥਾਂ `ਤੇ ਗੱਡੀਆਂ ਬਾਪੂ ਦੀਆਂ ਅੱਖਾਂ ਦਾ ਸਰੂਰ ਨਰਮ ਹੋਣ ਲੱਗਾ ਅਤੇ ‎ਉਸ ਦੇ ਬੁੱਲ੍ਹ ਅਹਿਸਤਾ- ਅਹਿਸਤਾ ਪਾਸਿਆਂ ਵੱਲ ਨੂੰ ਖਿੱਚ੍ਹੇ ਜਾਣ ਲੱਗੇ। ਮੈਂ ਤ੍ਰਭਕ ਗਿਆ ਅਤੇ ‎ਮੇਰੀਆਂ ਉਂਗਲਾਂ ਲੁੜਕ ਗਈਆਂ।

‎“ਵਜਾਈ! ਵਜਾਈ ਚੱਲ!” ਬਾਪੂ ਦੀ ਅਵਾਜ਼ `ਚ ਹੁਕਮੀਆਂ ਤਰਲਾ ਸੀ। “ਉਏ ਤੂੰ ਤਾਂ ‎ਤਾਲ `ਚ ਵਜਾਉਂਦੈਂ!”‎

ਉਸ ਨੇ ਉੱਠ ਕੇ ਕਿੱਲੀ ਦੇ ਲਟਕਦੇ ਤਣੀਆਂ ਵਾਲੇ ਝੋਲ਼ੇ `ਚੋਂ ਇੱਕ ਢੱਡ ਕੱਢੀ ਤੇ ‎ਮੇਰੀਆਂ ਨਿੱਕੀਆਂ- ਨਿੱਕੀਆਂ ਉਂਗਲ਼ਾਂ `ਚ ਟਿਕਾਅ ਦਿੱਤੀ।

‎“ਇਸ ਨੂੰ ਵਜਾਅ!” ਬਾਪੂ ਦਾ ਹੁਕਮ ਹੋਇਆ।

ਸਰੰਗੀ ਦੀ ਚੂੰ ਚੂੰ ਪਹਿਲਾਂ ਵਾਲੀ ਰਿਦਮ ਵਿੱਚ ਹੀ ਫੇਰ ਸ਼ੁਰੂ ਹੋ ਗਈ। ਮੇਰੀਆਂ ‎ਉਂਗਲ਼ਾਂ ਸਹੀ ਤਾਲ ਵਿੱਚ ‘ਡੁੱਗ-ਡੁੱਗ, ਡਗ-ਡਗ; ਡੁੱਗ-ਡੁੱਗ, ਡਗ-ਡਗ’ ਕਰਨ ਲੱਗੀਆਂ। ‎ਇੱਕੋ ਘਾਟ ਸੀ ਕਿ ਮੈਨੂੰ ਢੱਡ ਦੀ ‘ਡੁੱਗ-ਡੁੱਗ’ ਦੀ ਮਰਦਾਨਾ ਆਵਾਜ਼ ਨੂੰ, ਢੱਡ ਦੀ ਤਣੀ ਨੂੰ ‎ਖਿੱਚ ਕੇ, ‘ਡੁੱਮ-ਡੁੱਮ’ ਵਾਲੀ ਮਦੀਨ ਅਵਾਜ਼ ਵਿੱਚ ਅਨੁਵਾਦਣਾ ਨਹੀਂ ਸੀ ਆਉਂਦਾ। ਕਈ ਮਿੰਟ ‎ਸਰੰਗੀ ਹੂਕਦੀ ਰਹੀ, ਤੇ ਢੱਡ ਸਹੀ ਤਾਲ ਵਿੱਚ ਡੁਗਡੁਗਾਉਂਦੀ ਰਹੀ।

ਉਸ ਦਿਨ ਤੋਂ ਬਾਅਦ ਹਰ ਰੋਜ਼ ਬਾਪੂ ਦੀ ਸਰੰਗੀ ਹੂਕਦੀ ਤੇ ਮੇਰੀਆਂ ਉਂਗਲ਼ਾਂ ਢੱਡ ਦੇ ‎ਮੜ੍ਹ ਉੱਤੇ ਹਰਕਤ ਕਰਦੀਆਂ। ਹੌਲ਼ੀ-ਹੌਲ਼ੀ ਮੈਂ ਢੱਡ ਦੀਆਂ ਸਾਰੀਆਂ ਸਿੱਧੀਆਂ ਅਤੇ ‎ਗੁੰਝਲ਼ਦਾਰ ਗਤਾਂ ਤੇ ਤਾਲ ਵਜਾਉਣ ਵਿੱਚ ਮੁਹਾਰਤ ਬਿਨਾਂ ਕਿਸੇ ਸਿਖਲਾਈ ਤੋਂ ਹੀ ਹਾਸਲ ਕਰ ‎ਲਈ।

ਗੀਤ-ਸੰਗੀਤ, ਸ਼ਾਇਰੀ, ਗਾਇਕੀ, ਤੇ ਚਿੱਤਰਕਾਰੀ ਆਦਿਕ ਸੂਖ਼ਮ ਹੁਨਰ ਅਸਲ ਵਿੱਚ ‎ਕੋਈ ਕੋਈ ਵਿਅਕਤੀ ਕੁਦਰਤ ਕੋਲ਼ੋਂ ਹੀ ਲੈ ਕੇ ਆਉਂਦਾ ਹੈ। ਮੈਂ ਪਿੰਗਲ ਜਾਂ ਆਰੂਜ਼ ਕਿਸੇ ‎ਉਸਤਾਦ ਤੋਂ ਬਾਕਾਇਦਗੀ ਨਾਲ ਕਦੇ ਨਹੀਂ ਸਿੱਖਿਆ, ਪਰ ਛੰਦਬੱਧ ਸ਼ਾਇਰੀ ਲਿਖਦੇ ਸਮੇਂ, ‎ਅਤੇ ਕੋਈ ਗ਼ਜ਼ਲ ਜਾਂ ਗੀਤ ਸਟੇਜ ਉੱਤੇ ਤਰੰਨੁਮ `ਚ ਪੜ੍ਹਦੇ ਸਮੇਂ ਬਾਪੂ ਦੀ ਹੜ੍ਹਾਂ ਦੇ ਦਿਨੀਂ ‎ਵਜਾਈ ਉਹੀ ਸਰੰਗੀ ਮੇਰੀ ਆਤਮਾ `ਚ ਹੂਕਦੀ ਹੁੰਦੀ ਹੈ। ਇੰਝ ਹੀ ਜਦੋਂ ਕਿਸੇ ਰੇਡੀਓ, ਟੇਪ ‎ਜਾਂ ਟੀ ਵੀ `ਚੋਂ ਉੱਠਦੀ ਸਰੰਗੀ ਦੀ ਹੂਕ ਮੇਰੇ ਕੰਨਾਂ `ਤੇ ਦਸਤਕ ਦੇਂਦੀ ਹੈ, ਤਾਂ ਮੇਰੀ ਆਤਮਾ `ਚ ‎ਢੱਡਾਂ ਦੀ ਡੁੱਗ-ਡੁੱਗ ਆਪ - ਮੁਹਾਰੇ ਹੀ ਛਲਕਣ ਲੱਗ ਜਾਂਦੀ ਹੈ।

ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ‎ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ‎ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ‎ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ‎ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ‎ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ‎ਦੀਆਂ ਸੰਘਣੀਆਂ ਲੜੀਆਂ, ਬੁੱਢੀ ਮੱਝ ਦੇ ਪਿਚਕ ਗਏ ਥਣਾਂ `ਚ ਵਟ ਗਈਆਂ ਸਨ।

ਕੰਮ ਤੋਂ ਹੋ ਗਈਆਂ ਜੁਲਾਈ-ਅਗਸਤ ਵਾਲੀਆਂ ਸਾਲਾਨਾ ਛੁੱਟੀਆਂ ਦਾ ਲਾਹਾ ਲੈਣ ਲਈ, ਇੱਕ ‎ਦਿਨ ਆਪਣੇ ਨਿਯਮ ਅਨੁਸਾਰ ਸਵਖ਼ਤੇ ਉੱਠ ਕੇ, ਮੈਂ ਆਪਣੇ ਕੰਪਿਊਟਰ ਨਾਲ ਛੇੜ-ਛਾੜ ਕਰ ‎ਰਿਹਾ ਸਾਂ ਕਿ ਅਚਾਨਕ ਹੀ ਮੇਰੀ ਸੱਜੀ ਵੱਖੀ `ਚ ਸੂਈ ਚੁਭਣ ਵਰਗਾ ਦਰਦ ਟਪਕਣ ਲੱਗਾ। ਪੰਜ ‎ਕੁ ਮਿੰਟਾਂ `ਚ ਹੀ, ਸੂਈ ਦੀ ਉਹ ਚੋਭ, ਕੰਡਿਆਲੀ ਮਧਾਣੀ `ਚ ਬਦਲ ਕੇ, ਮੇਰੇ ਜਿਸਮ ਤੇ ਦਿਮਾਗ਼ ਨੂੰ ‎ਰਿੜਕਣ ਲੱਗੀ। ਮੇਰੇ ਹਸਪਤਾਲ `ਚ ਪਹੁੰਚਣ ਤੋਂ ਪਹਿਲਾਂ, ਵੱਖੀ ਦੇ ਉਸ ਤਿੱਖੇ ਦਰਦ ਨੇ ਮੈਨੂੰ ‎ਆਂਡੇ ਵਾਂਗ ਫੈਂਟ ਸੁੱਟਿਆ।

ਐਮਰਜੰਸੀ ਵਾਰਡ `ਚ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਨ ਉਪਰੰਤ, ਨਰਸ ਨੇ ਮੈਨੂੰ ਵੇਟਿੰਗਰੂਮ ‎ਵੱਲ ਰੇੜ੍ਹ ਦਿੱਤਾ। ਮੇਰੇ ਦੋਵੇਂ ਹੱਥ ਵੱਖੀ ਉੱਤੇ ਦਰਦ ਵਾਲੀ ਥਾਂ ਤੋਂ ਲੱਥਣ ਦੀ ਹਿੰਮਤ ਨਹੀਂ ਸਨ ਕਰ ‎ਰਹੇ।

ਵੱਡ-ਅਕਾਰੀ ਵੇਟਿੰਗਰੂਮ ਵਿੱਚ, ਚਾਰੇ ਪਾਸੇ, ਕੰਧਾਂ ਨਾਲ ਢੋਅ ਲਾਈ ਖਲੋਤੇ, ਬੇਚੈਨ ਮਰੀਜ਼ਾਂ ‎ਦੀਆਂ ਕੁਮਲਾਈਆਂ ਨਿਗਾਹਾਂ ਮੇਰੇ ਵੱਲ ਪਲ ਕੁ ਲਈ ਉੱਲਰੀਆਂ ਤੇ ਮੁੜ ਆਪਣੇ ਆਪਣੇ ਦਰਦ `ਚ ‎ਗੁਆਚ ਗਈਆਂ। ਮੈਂ ਤਰਦੀ ਨਜ਼ਰੇ ਦੇਖਿਆ ਕਿ ਕਿਸੇ ਵੀ ਕੁਰਸੀ ਤੋਂ ਮੇਰੇ ਲਈ ‘ਜੀ ਆਇਆਂ’ ‎ਉੱਭਰਨ ਦੀ ਗੁੰਜਾਇਸ਼ ਨਹੀਂ ਸੀ। ਪੈਰ ਘੜੀਸਦਾ ਘੜੀਸਦਾ ਮੈਂ ਕਮਰੇ ਦੇ ਪਿਛਲੇਰੇ ਖੂੰਜੇ `ਚ ਫ਼ਰਸ਼ ‎‎`ਤੇ ਹੀ ਢੇਰੀ ਹੋ ਗਿਆ।

ਵੱਖੀ ਦਾ ਦਰਦ ਹਰ ਪਲ ਇੱਕ ਪੌੜੀ ਉਤਾਂਹ ਚੜ੍ਹੀ ਜਾ ਰਿਹਾ ਸੀ। ਫ਼ਰਸ਼ `ਤੇ ਬੈਠਿਆਂ ਮੈਂ ‎ਜਦੋਂ ਵਾਰ ਵਾਰ ਵੱਖੀ ਨੂੰ ਹੱਥਾਂ ਨਾਲ ਘੁੱਟਦਾ, ਤਾਂ ਮੇਰਾ ਮੱਥਾ ਆਪਣੇ-ਆਪ ਫਰਸ਼ ਵੱਲ ਝੁਕ ਜਾਂਦਾ, ‎ਤੇ ਮੇਰਾ ਧੜ ਖ਼ੁਦ-ਬਖ਼ੁਦ ਹੀ ਮੂੰਗਲੀ ਵਾਂਗ ਘੁੰਮ ਜਾਂਦਾ। ਪ੍ਰੰਤੂ ਲਮਕਵੇਂ ਅੰਦਾਜ਼ `ਚ ਨਿੱਕਲਦੀਆਂ, ‎ਮੇਰੀਆਂ ‘ਊ …ਫ਼, ਊ…ਫ਼’ ਦੀਆਂ ਦਬਵੀਆਂ ਹੂਕਾਂ ਤੇ ਪੀੜ ਨਾਲ ਮਾਰੂਥਲ ਹੋ ਗਏ ਮੇਰੇ ਬੁੱਲ੍ਹ ਕਿਸੇ ‎ਵੀ ਮਰੀਜ਼ ਨੂੰ ਪਿਘਲਾਉਣ `ਚ ਕਾਮਯਾਬ ਨਹੀਂ ਸਨ ਹੋ ਰਹੇ।

ਪੰਜੀਂ ਸੱਤੀਂ ਮਿੰਟੀਂ, ਕਚਹਿਰੀ `ਚ ਤਾਰੀਖ਼ ਭੁਗਤਣ ਆਇਆਂ ਨੂੰ ਵਜਦੀ ‘ਵਾਜ’ ਵਾਂਗ, ‎ਰੀਸੈਪਸ਼ਨ ਡੈਸਕ ਤੋਂ ਜਿਓਂ ਹੀ ਕਿਸੇ ਮਰੀਜ਼ ਦੇ ਨਾਮ ਦਾ ਅਵਾਜ਼ਾ ਉੱਠਦਾ, ਤਾਂ ਮੈਂ ਆਪਣੇ ਆਪ ਨੂੰ ‎ਜਲਦੀ ਹੀ ਬੈੱਡ `ਤੇ ਦੇਖਣ ਦਾ ਤਸੱਵਰ ਕਰਨ ਲੱਗ ਜਾਂਦਾ: ਪੀੜ ਮੱਠੀ ਹੋਈ ਮਹਿਸੂਸ ਹੋਣ ‎ਲਗਦੀ, ਤੇ ਮੱਥੇ ਨੂੰ ਤ੍ਰੇਲੀਆਂ ਤੋਂ ਪਲ ਕੁ ਲਈ ਕੁੱਝ ਕੁ ਰਾਹਤ ਮਿਲ ਜਾਂਦੀ।

ਮੇਰੀਆਂ ਜਗਦੀਆਂ-ਬੁਝਦੀਆਂ ਅੱਖਾਂ ਨੂੰ ਨਾ ਸਹਾਰਦੀ ਹੋਈ, ਵਾਰ ਵਾਰ ਮੇਰੇ ਮੱਥੇ ਤੋਂ ‎ਨੈਪਕਿਨ ਨਾਲ ਤ੍ਰੇਲੀਆਂ ਪੂੰਝਦੀ ਮੇਰੀ ਬੀਵੀ, ਅਚਾਨਕ ਹੀ, ਰਸੈਪਸ਼ਨ ਡੈਸਕ `ਤੇ ਜਾ ਧਮਕੀ!‎

‎‘ਮੇਰਾ ਹਸਬੰਡ ਦੋ ਘੰਟੇ ਤੋਂ ਪੀੜ ਨਾਲ ਤੜਫ਼ ਰਿਹੈ; ਨਾ ਤੁਸੀਂ ਉਸ ਨੂੰ ਪਾਣੀ ਪੀਣ ਦੇਂਦੇ ਹੋ, ਤੇ ‎ਨਾ ਹੀ ਕੋਈ ਦਰਦ-ਮਾਰ ਗੋਲੀ!’‎

‎‘ਤੁਹਾਡੇ ਹਸਬੰਡ ਨਾਲ ਸਾਨੂੰ ਢੇਰ ਹਮਦਰਦੀ ਐ,’ ਰੀਸੈਪਸ਼ਨ ਨਰਸ ਨਰਮੀ ਨਾਲ ਬੋਲੀ। ‎‎‘ਸਾਨੂੰ ਪਤੈ ਪਈ ਉਹ ਅਸਹਿ ਪੀੜ ਨਾਲ ਤੜਫ਼ ਰਿਹੈ, ਪਰ ਡਾਕਟਰ ਦੀ ਇਜਾਜ਼ਤ ਬਗ਼ੈਰ ਨਾ ਤਾਂ ‎ਅਸੀਂ ਉਸ ਨੂੰ ਕੋਈ ਡ੍ਰਿੰਕ ਦੇ ਸਕਦੇ ਹਾਂ ਤੇ ਨਾ ਹੀ ਕੋਈ ਦਰਦ-ਮਾਰ ਗੋਲੀ।’‎

‎‘ਉਸ ਦੀ ਵਾਰੀ ਕਦੋਂ ਆਵੇਗੀ?’‎

‎‘ਉਸ ਦੀ ਵਾਰੀ, ਵਾਰੀ ਸਿਰ ਆਵੇਗੀ।’‎

‎‘ਪਰ ਆਹ ਕੀ ਪਈ ਉਸ ਤੋਂ ਬਾਅਦ ਵਿੱਚ ਆਏ ਮਰੀਜ਼ਾਂ ਨੂੰ ਤੁਸੀਂ ਪਹਿਲਾਂ ਅੰਦਰ ਲਿਜਾਈ ‎ਜਾਂਦੇ ਹੋ?’‎

‎‘ਕਈ ਮਰੀਜ਼ ਸਾਨੂੰ ਜਲਦੀ ਅਟੈਂਡ ਕਰਨੇ ਪੈਂਦੇ ਨੇ। ਅਸੀਂ ਦੇਖ ਲਿਐ ਪਈ ਤੁਹਾਡੇ ਹਸਬੰਡ ਨੂੰ ‎ਕਿਡਨੀ-ਸਟੋਨ ਦਾ ਦਰਦ ਹੈ ਜਿਹੜਾ ਕਿ ਗਹਿਰਾ ਹੋਣ ਦੇ ਬਾਵਜੂਦ ਜਾਨਲੇਵਾ ਨਹੀਂ। ਪਹਿਲਾਂ ‎ਲਿਜਾਏ ਰਹੇ ਮਰੀਜ਼ਾਂ ਦੀ ਹਾਲਤ ਅਤਿਅੰਤ ਸੰਗੀਨ ਹੈ: ਕਿਸੇ ਦੇ ਜਿਸਮ `ਤੇ ਜ਼ਖ਼ਮ ਨੁੱਚੜ ਰਹੇ ਨੇ, ‎ਤੇ ਕਈਆਂ ਦੀਆਂ ਛਾਤੀਆਂ `ਚ ਦਰਦ ਹੋ ਰਿਹਾ ਐ; ਅਜੇਹੇ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਮੱਦਦ ਦੇਣ ‎ਦੀ ਪਹਿਲ ਦਿੱਤੀ ਜਾਂਦੀ ਐ।’‎

ਇਹ ਸ਼ਾਇਦ ਤਲਖ਼ ਮੁਦਰਾ `ਚ ਕੀਤੀ ਮੇਰੀ ਬੀਵੀ ਦੀ ਦਖ਼ਲਅੰਦਾਜ਼ੀ ਦਾ ਕ੍ਰਿਸ਼ਮਾ ਸੀ ਕਿ ‎ਅੱਧੇ ਕੁ ਘੰਟੇ `ਚ ਹੀ ਮੈਨੂੰ ਫ਼ਰਸ਼ ਤੋਂ ਉਠਾਅ ਕੇ, ਐਮਰਜੰਸੀ ਰੀਸੈਪਸ਼ਨ ਡੈਸਕ ਦੇ ਪਿਛਵਾੜੇ ਇੱਕ ‎ਬੈੱਡ ਉੱਤੇ ਲਿਟਾਅ ਦਿੱਤਾ ਗਿਆ ਪਰ ਡਾਕਟਰ ਦਾ ਚਿਹਰਾ ਦੇਖਣਾ ਮੈਨੂੰ ਚਾਰ ਕੁ ਘੰਟੇ ਬਾਅਦ ਹੀ ‎ਨਸੀਬ ਹੋਇਆ।

ਡਾਕਟਰ ਦੇ ਆਉਣ ਤੋਂ ਬਾਅਦ ਪਲਾਂ `ਚ ਹੀ ਮੇਰੀ ਵੱਖੀ ਐਕਸਰੇਅ ਮਸ਼ੀਨ ਦੇ ਕੈਮਰੇ ਹੇਠ ‎ਸੀ। ਐਕਸਰੇਅ ਤਸਵੀਰ ਨੂੰ ਗਹੁ ਨਾਲ ਦੇਖ ਕੇ ਡਾਕਟਰ ਨੇ ਮੈਨੂੰ ਦੱਸਿਆ ਕਿ ਇੱਕ ਮੋਟਾ ਸਟੋਨ, ‎ਗੁਰਦੇ `ਚੋਂ ਖਿਸਕ ਕੇ ਪਿਸ਼ਾਬ-ਬਲੈਡਰ ਵੱਲ ਨੂੰ ਜਾਂਦੀ ਨਾਲ਼ੀ ਵਿੱਚ ਚਲਾ ਗਿਆ ਸੀ। ਇਸ ਨੂੰ ‎ਕੱਢਣ ਲਈ ਇੱਕ ਸਾਧਾਰਣ ਆਪਰੇਸ਼ਨ ਦੀ ਜ਼ਰੂਰਤ ਸੀ ਜਿਸ ਲਈ ਸਮਾਂ ਰਾਤ ਦੇ ਨੌਂ ਵਜੇ ਦਾ ਤੈਅ ‎ਹੋਇਆ।

ਆਪਰੇਸ਼ਨ ਥੀਅਟਰ `ਚ, ਨਰਸ ਦੇ ਹੱਥਾਂ ਵਿੱਚ ਪਲਾਸਟਿਕ ਦੇ ਇੱਕ ਪੈਕਟ `ਚੋਂ ਖੁਲ੍ਹ ਰਹੀ ‎ਸੂਈ ਨੂੰ ਦੇਖ ਕੇ ਮੈਂ ਤ੍ਰਭਕ ਗਿਆ।

‎‘ਫ਼ਿਕਰ ਨਾ ਕਰ!’ ਨਰਸ ਮੁਸਕ੍ਰਾਈ। ‘ਇਹ ਸੂਈਆਂ ਤਾਂ ਮਰੀਜ਼ਾਂ ਦੀਆਂ ਨਾੜਾਂ `ਚ ਮੈਂ ਹਜ਼ਾਰਾਂ ‎ਵਾਰ ਚੋਭ ਚੁੱਕੀ ਹਾਂ। ਤੈਨੂੰ ਤਾਂ ਚੁਭਦੀ ਸੂਈ ਮਹਿਸੂਸ ਵ’ ਨੀ ਹੋਣੀ!’‎

ਤੇ ਉਸ ਨੇ ਇਨਟਰਾਵੀਨਸ ਦੀ ਸੂਈ ਮਲਕੜੇ ਜੇਹੇ ਮੇਰੇ ਖੱਬੇ ਹੱਥ ਦੇ ਬਾਹਰਲੇ ਪਾਸੇ ਇੱਕ ‎ਨਾੜ ਦੇ ਅੰਦਰ ਬਿਠਾਅ ਦਿੱਤੀ।

ਇੰਟਰਾਵੀਨਸ-ਸਟੈਂਡ ਤੋਂ ਲਟਕਦੀ ਗੁਲੂਕੋਜ਼ ਦੀ ਥੈਲੀ `ਚ ਬੁਲਬਲਿਆਂ ਨੇ ਹਰਕਤ ਕੀਤੀ, ਤੇ ‎ਮੈਨੂੰ ਆਪਣੇ ਲਹੂ `ਚ ਭਾਫ਼ ਦਾ ਛਲਕਾਅ ਜਿਹਾ ਮਹਿਸੂਸ ਹੋਇਆ।

ਅਗਲੇ ਹੀ ਪਲ, ਐਨਸਥੀਯਾ ਡਾਕਟਰ ਉਂਗਲ ਕੁ ਭਰ ਸਰਿੰਜ ਨੂੰ ਆਪਣੇ ਚਿਹਰੇ ਦੇ ‎ਸਾਹਮਣੇ ਲਿਆ ਕੇ ਮੁਸਕ੍ਰਾਇਆ।

‎‘ਮਿਸਟਰ ਗਿੱਲ, ਮੈਂ ਤੈਨੂੰ ਨੀਂਦ ਵਿੱਚ ਡੋਬਣ ਲੱਗਿਆ ਹਾਂ।’‎

‎‘ਐਨਸਥੀਯਾ ਰਾਹੀਂ ਨੀਂਦ `ਚ ਡੁੱਬਣ ਦਾ ਇਹ ਮੇਰਾ ਪਹਿਲਾ ਤਜਰਬਾ ਹੈ’ , ਮੈਂ ਆਖਿਆ। ‘ਮੈਂ ‎ਦੇਖਣਾ ਚਹੁੰਦਾ ਆਂ ਕਿ ਸੁਰਤ ਤੋਂ ਬਿਸੁਰਤੀ `ਚ ਦਾਖ਼ਲ ਹੁੰਦਿਆਂ ਕਿੰਝ ਮਹਿਸੂਸ ਹੁੰਦਾ ਐ।’‎

ਡਾਕਟਰ ਦੀ ਮੁਸਕ੍ਰਾਹਟ ਵਿਚਲੀ ਤਨਜ਼ ਦਾ ਬੋਧ ਮੈਨੂੰ ਸੁਰਤ ਆਉਣ ਤੋਂ ਬਾਅਦ ਹੋਇਆ।

ਸਰਿੰਜ ਦੀ ਸੂਈ, ਗੁਲੂਕੋਜ਼ ਦੀ ਥੈਲੀ `ਚੋਂ ਹੇਠਾਂ ਵੱਲ ਨੂੰ ਫੁਟਦੀ, ਪਲਾਸਟਿਕ ਦੀ ਨਾਲੀ ਵੱਲ ‎ਉੱਲਰੀ। ਪਲਾਸਟਿਕ ਦੀ ਨਾਲੀ ਨੇ ਬਿਨ-ਵਿਰੋਧ ਆਪਣੇ ਆਪ ਨੂੰ ਸੂਈ ਦੇ ਹਵਾਲੇ ਕਰ ਦਿੱਤਾ। ‎ਸਰਿੰਜ ਦੀ ਸ਼ਾਫ਼ਟ ਨੂੰ ਡਾਕਟਰ ਦੇ ਅੰਗੂਠੇ ਦੇ ਦਬਾਅ ਦੀ ਹੀ ਇੰਤਜ਼ਾਰ ਸੀ ਕਿ ਤਰਲ ਅਨੈਸਥੀਯਾ, ‎ਥੈਲੀ ਵਿੱਚੋਂ ਨਾਲੀ ਅੰਦਰ ਤੁਪਕ ਰਹੇ ਗੁਲੂਕੋਜ਼ ਨਾਲ, ਇੱਕਜਾਨ ਹੋਣ ਲੱਗਾ। ਦੋ ਕੁ ਸਕਿੰਟਾਂ ਤੋਂ ‎ਬਾਅਦ ਕੀ ਵਾਪਰਿਆ, ਮੈਨੂੰ ਯਾਦ ਨਹੀਂ।

ਜਦੋਂ ਮੈਂ ਬਿਹੋਸ਼ੀ ਦੀ ਬੁੱਕਲ਼ `ਚੋਂ ਬਾਹਰ ਨਿੱਕਲਿਆ, ਮੇਰਾ ਬੇਜਾਨ ਹੱਥ ਮੇਰੀ ਬੀਵੀ ਦੇ ਹੱਥ ‎ਵਿੱਚ ਸੀ। ਮੇਰਾ ਭਤੀਜਾ ਤੇ ਭਤੀਜ-ਨੂੰਹ ਮੇਰੇ ਬੈੱਡ ਦੇ ਸੱਜੇ ਪਾਸੇ ਗ਼ਮਗ਼ੀਨੀ `ਚ ਖਲੋਤੇ ਸਨ। ‎ਮੇਰੀ ਡੌਰ-ਭੌਰ ਝਾਕਣੀ ਨੇ ਉਨ੍ਹਾਂ ਨੂੰ ਹੋਰ ਉਦਾਸ ਕਰ ਦਿੱਤਾ।

‎‘ਆਪਰੇਸ਼ਨ ਕਦੋਂ ਹੋਣੈ?’ ਮੈਂ ਬੁੜਬੜਾਇਆ।

‎‘ਉਹ ਤਾਂ ਹੋ ਵੀ ਗਿਆ,’ ਮੇਰੀ ਬੀਵੀ ਘਗਿਆਈ ਅਵਾਜ਼ `ਚ ਬੋਲੀ।

‎‘ਅੱਛਾ?’ ਮੈਂ ਬੇਯਕੀਨੀ `ਚ ਬੋਲਿਆ। ‘ਕੀ ਟਾਇਮ ਐ ਹੁਣ?’‎

‎‘ਤੜਕੇ ਦੇ ਸਾਢੇ ਚਾਰ,’ ਮੇਰੇ ਭਤੀਜੇ ਨੇ ਦੱਸਿਆ।

‎‘ਹੈਂ?’ ਮੇਰੇ ਮੱਥੇ `ਤੇ ਸਿਆੜ ਉੱਭਰੇ। ‘ਏਨੀ ਸਵਖਤੇ ਤੁਸੀਂ ਕਿਵੇਂ ਆ ਗਏ।’‎

ਤਿੰਨਾਂ ਦੀਆਂ ਨਜ਼ਰਾਂ ਇੱਕ ਦੂਜੇ `ਚ ਟਕਰਾਅ ਕੇ ਫਰਸ਼ `ਤੇ ਕਿਰ ਗਈਆਂ। ਉਨ੍ਹਾਂ ਦੀ ਖ਼ਮੋਸ਼ੀ ‎ਲੋੜ ਤੋਂ ਵਧੇਰੇ ਲੰਮੇਰੀ ਹੋਣ ਲੱਗੀ।

ਡਾਕਟਰ ਨੇ ਬੁਲਾਇਆ ਸੀ,’ ਚੁੱਪ ਨੂੰ ਝੰਜੋੜਨ ਲਈ ਭਤੀਜਾ ਬੋਲਿਆ।

‎‘ਕਿਓਂ?’ ਮੈਂ ਡੂੰਘਾ ਸਾਹ ਲੈ ਕੇ ਪੁੱਛਿਆ।

‎‘ਆਪਰੇਸ਼ਨ … ਆਪਰੇਸ਼ਨ `ਚ ਗੜਬੜ ਹੋਗ`ੀ ਸੀ।’‎

‎‘ਗੜਬੜ?’ ਮੇਰੀਆਂ ਭਵਾਂ ਅੰਦਰ ਨੂੰ ਖਿੱਚੀਆਂ ਗਈਆਂ।

‎‘ਹਾਂ, ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ,’ ਮੇਰੀ ਬੀਵੀ ਦਾ ਗੱਚ ਉੱਛਲਣ ਦੇ ਕੰਢੇ ਹੋ ਗਿਆ ‎ਸੀ।

‎‘ਚਾਚਾ ਜੀ, ਡਾਕਟਰ ਤੋਂ ਗਲਤੀ ਨਾਲ ਤੁਹਾਡੀ ਉਹ ਨਾਲੀ ਕੱਟੀ ਗਈ ਜਿਹੜੀ ਪਿਸ਼ਾਬ ਨੂੰ ‎ਗੁਰਦੇ ਤੋਂ ਬਲੈਡਰ ਵੱਲ ਲਿਜਾਂਦੀ ਐ।’

‎ ‘ਫੇਰ ਕੀ ਕੀਤਾ ਡਾਕਟਰ ਨੇ?’ ਮੈਂ ਘਬਰਾਹਟ ਨਾਲ ਪੁੱਛਿਆ।

‎‘ਨਾਲੀ ਦੀ ਮੁਰੰਮਤ ਕਰਨ ਲਈ, ਤੁਹਾਡੇ ਪੇਟ `ਚ ਲਾਏ ਛੋਟੇ ਜਿਹੇ ਕੱਟ ਨੂੰ ਗਿੱਠ, ਸਵਾ ‎ਗਿੱਠ ਲੰਮਾਂ ਕਰਨਾ ਪਿਆ।’

ਮੇਰਾ ਹੇਠਲਾ ਬੁੱਲ੍ਹ ਦੰਦਾਂ ਵਿਚਕਾਰ ਜਾ ਬੈਠਾ। ਚਿੰਤਾ ਦੀਆਂ ਬਦਲੀਆਂ ਨੂੰ ਮੇਰੇ ਚਿਹਰੇ `ਤੇ ‎ਸੰਘਣੀਆਂ ਹੁੰਦੀਆਂ ਦੇਖ ਕੇ ਭਤੀਜਾ ਬੋਲਿਆ, ‘ਫ਼ਿਕਰ ਵਾਲੀ ਕੋਈ ਗੱਲ ਨਹੀਂ … ਡਾਕਟਰ ਨੇ ਲੰਮੀ ‎ਜੱਦੋ-ਜਹਿਦ ਕਰ ਕੇ ਨਾਲ਼ੀ ਜੋੜ ਦਿੱਤੀ ਐ, ਤੇ ਪਿਸ਼ਾਬ ਦੇ ਰਸਤਿਓਂ ਇੱਕ ਪਲਾਸਟਿਕ ਦੀ ਨਲ਼ਕੀ, ‎ਕੱਟੀ ਗਈ ਨਾਲੀ ਦੇ ਜੋੜ ਅੰਦਰ ਸਪੋਰਟ ਲਈ ਖਿਸਕਾਅ ਦਿੱਤੀ ਐ।’‎

ਹੁਣ ਮੇਰੇ ਅੰਦਰ ਮੇਰੇ ਜਣਨਅੰਗਾਂ ਉਦਾਲ਼ੇ ਗਿੱਲ ਜਿਹੀ ਹੋਣ ਦਾ ਅਹਿਸਾਸ ਜਾਗਿਆ। ਮੇਰਾ ‎ਹੱਥ ਜੰਘਾਂ ਵੱਲ ਨੂੰ ਖਿਸਕਣ ਲੱਗਾ। ਮੈਂ ਦੇਖਿਆ ਕਿ ਮੇਰਾ ਕੱਛਾ ਗ਼ਾਇਬ ਸੀ। ਜਣਨਅੰਗ ਨੂੰ ‎ਛੋਹੰਦਿਆਂ ਹੀ, ਮੇਰੀਆਂ ਉਂਗਲਾਂ ਫੁਰਤੀ ਨਾਲ ਕੰਬਲ ਤੋਂ ਬਾਹਰ ਆ ਗਈਆਂ। ਉਂਗਲਾਂ ਉਦਾਲੇ ਖ਼ੂਨ ‎ਦਾ ਗਾੜ੍ਹਾ ਲੇਪ ਦੇਖਦਿਆਂ ਹੀ ਮੇਰੀ ਬੀਵੀ ਤੜਫ਼ ਉੱਠੀ। ਭਤੀਜਾ ਫ਼ਟਾ-ਫ਼ਟ ਨਰਸ-ਕਾਊਂਟਰ ਵੱਲ ‎ਨੂੰ ਦੌੜਿਆ।

ਨਰਸ ਨੇ ਆਉਂਦਿਆਂ ਹੀ ਪੇਪਰ-ਟਾਵਲ ਮੇਰੇ ਹੱਥ ਉਦਾਲੇ ਲਪੇਟ ਕੇ, ਮੇਰਾ ਹੱਥ ਆਪਣੀਆਂ ‎ਫਿੱਕੀਆਂ ਗੁਲਾਬੀ ਉਂਗਲਾਂ `ਚ ਬੋਚ ਲਿਆ।

‎‘ਮਿਸਟਰ ਗਿੱਲੀ-ਬਿੱਲੀ,’ ਆਪਣੀਆਂ ਭੂਰੀਆਂ ਅੱਖਾਂ `ਚੋਂ ਦਿਲਾਸੇ ਦੀ ਭਰਪੂਰ ਫ਼ੁਹਾਰ ‎ਸੁਟਦਿਆਂ ਨਰਸ, ਮਜ਼ਾਕੀਆ ਅੰਦਾਜ਼ `ਚ ਛਣਕੀ। ‘ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਤੇਰੇ ਪੇਟ ‎ਅੰਦਰ ਡਾਕਟਰ ਨੂੰ ਕਾਫ਼ੀ ਕੱਟ-ਵੱਢ ਕਰਨੀ ਪਈ ਜਿਸ ਕਰ ਕੇ ਤੇਰੇ ਅੰਦਰੋਂ ਹਾਲੇ ਵੀ ਸਿੰਮ ਰਿਹਾ ‎ਖ਼ੂਨ, ਪਿਸ਼ਾਬ ਰਸਤਿਓਂ ਬਾਹਰ ਆਈ ਜਾ ਰਿਹਾ ਹੈ। ਜਿਓਂ ਜਿਓਂ ਜ਼ਖ਼ਮ ਆਠਰੇਗਾ, ਖ਼ੂਨ ਦਾ ‎ਸਿੰਮਣਾ ਰੁਕ ਜਾਵੇਗਾ।’‎

ਖੂਨ ਨਾਲ ਤਰ ਹੋ ਗਏ ਪੇਪਰ-ਟਾਵਲ ਨੂੰ ਗਾਰਬਿਜ-ਕੈਨ `ਚ ਸੁਟਦਿਆਂ, ਉਸ ਨੇ ਆਪਣੀਆਂ ‎ਨਜ਼ਰਾਂ ਮੇਰੀ ਪਤਨੀ ਵੱਲ ਫੇਰੀਆਂ।

‎ ‘ਮਿਸਿਜ਼ ਗਿੱਲ, ਤੁਸੀਂ ਸਾਰੇ ਇਸ ਕਮਰੇ `ਚੋਂ ਪੰਜ ਕੁ ਮਿੰਟ ਲਈ ਬਾਹਰ ਜਾਣ ਦੀ ਕਿਰਪਾ ਕਰ ‎ਸਕਦੇ ਓ?‎

ਬੀਵੀ, ਭਤੀਜੇ, ਤੇ ਉਸ ਦੀ ਪਤਨੀ ਦੇ ਬਾਹਰ ਹੁੰਦਿਆਂ ਹੀ ਨਰਸ ਨੇ ਬੈੱਡ ਉਦਾਲੇ ਪੜਦਾ ‎ਤਾਣ ਲਿਆ। ਅਗਲੇ ਪਲ ਉਸ ਨੇ ਨਿੱਕੇ ਨਿੱਕੇ, ਸਿਲ੍ਹੇ ਤੌਲੀਆਂ ਨਾਲ ਮੇਰੀਆਂ ਜੰਘਾਂ ਅਤੇ ਜਣਨ-‎ਅੰਗ ਦੇ ਆਲੇ-ਦੁਆਲੇ ਨੂੰ ਏਨੀ ਕੋਮਲਤਾ ਨਾਲ ਸਾਫ਼ ਕਰਨਾ ਸ਼ੁਰੂ ਕਰ ਦਿਤਾ ਜਿਵੇਂ ਮੈਂ ਉਸ ਦਾ ਨਵ-‎ਜੰਮਿਆਂ ਬੱਚਾ ਹੋਵਾਂ। ਮੇਰੇ ਸੂਖ਼ਮ ਅੰਗਾਂ ਦੀ ਸਫ਼ਾਈ ਕਰਦਿਆਂ ਉਹ ਦਿਲਾਸੀਆ ਅੰਦਾਜ਼ `ਚ ਬੋਲੀ ‎ਜਾ ਰਹੀ ਸੀ: ‘ਮਿਸਟਰ ਗਿੱਲ ਦਾ ਦਰਦ ਬੱਸ ਕੁੱਝ ਘੰਟਿਆਂ ਦਾ ਪ੍ਰਾਹੁਣਾ ਈ ਐ। ਮਿਸਟਰ ਗਿੱਲ ‎ਸਾਡਾ ਬਹਾਦਰ ‘ਬੱਚਾ’ ਐ। ਏਹ ਨੀ ਘਬਰਾਉਂਦਾ ਪੀੜਾਂ ਤੋਂ ਤੇ ਤਕਲੀਫ਼ਾਂ ਤੋਂ। ਏਹਨੇ ਬੱਸ ਕੁੱਝ ਈ ‎ਦਿਨਾਂ `ਚ ਠੀਕ ਹੋ ਕੇ ਦੌੜਨ ਲੱਗ ਜਾਣਾ ਐ! ਠੀਕ ਕਿਹਾ ਮੈਂ ਗਿੱਲ ਬੋਆਏ?’‎

ਫ਼ਿਰ, ਆਪਣੇ ਚਿੱਟੇ ਕੋਟ ਦੀ ਜੇਬ ਵਿੱਚੋਂ ਇੱਕ ਨੈਪਕਿਨ ਕੱਢ ਕੇ, ਉਸ ਨੇ ਮੇਰੇ ਮੱਥੇ, ਗੱਲ੍ਹਾਂ ‎ਅਤੇ ਮੂੰਹ `ਤੇ ਫੇਰ ਦਿੱਤਾ।

‎‘ਸਾਡਾ ਗਿੱਲ ‘ਬੋਆਏ’ ਹੁਣ ਹੱਸ ਕੇ ਦਿਖਾਏਗਾ,’ ਨਰਸ, ਮੇਰੇ ਨੱਕ ਨੂੰ ਆਪਣੇ ਅੰਗੂਠੇ ਅਤੇ ‎ਉਂਗਲੀ ਨਾਲ ਮਰੋੜਦਿਆਂ, ਬੋਲੀ।

ਮੇਰੇ ਬੁੱਲ੍ਹਾਂ `ਤੇ ਹਲਕੀ ਜਿਹੀ ਮੁਸਕ੍ਰਾਹਟ ਉਦੇ ਹੁੰਦਿਆਂ ਹੀ ਛਿਪ ਗਈ।

‎‘ਸ਼ਰਾਰਤੀ ਬੱਚਾ!’ ਮੇਰੇ ਕੰਬਲ਼ ਨੂੰ ਟਿਕਾਣੇ ਸਿਰ ਕਰਦਿਆਂ, ਨਰਸ ਨੇ ਮੇਰੀ ਦਾਹੜੀ ਨੂੰ ਥਪ-‎ਥਪਾਇਆ। ‘ਨਿੱਕੀ ਜੲ੍ਹੀ ਤਕਲੀਫ਼ ਤੋਂ ਈ ਉਦਾਸ ਹੋ ਗਿਐ, ਸਾਡਾ ਭੋਲੂ ਕਾਕਾ!’‎

ਮੈਨੂੰ ਜਾਪਿਆ ਮੈਂ ਇੱਕ ਪੋਤੜੇ `ਚ ਲਿਪਟਿਆ ਹੋਇਆ ਨਵ-ਜਨਮਿਆਂ ਬੱਚਾ ਸਾਂ ਤੇ ਇਹ ‎ਨਰਸ ਮੇਰੀ ਮਾਂ ਸੀ ਜਿਹੜੀ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।

ਪਰ ਇਹ ਮੇਰੀ ਮਾਂ ਨਹੀਂ।

ਫਿਰ ਕੌਣ ਹੈ ਇਹ?‎

‎‘ਕੌਣ ਹੈਂ ਤੂੰ?’ ਮੈਂ ਬੁੜਬੁੜਾਇਆ।

‎‘ਤੈਨੂੰ ਪਤਾ ਈ ਪਈ ਮੈਂ ਏਥੇ ਨਰਸ ਹਾਂ, ਮਿਸਟਰ ਗਿੱਲ, ਤੇਰੇ ਵਰਗੇ ਮਰੀਜ਼ਾਂ ਦੀ ਦੇਖ-ਭਾਲ਼ ‎ਲਈ!’‎

‎‘ਤੂੰ ਕਿਤੇ ਗੁਜਰੀ ਤਾਂ ਨਹੀਂ?’‎

‎‘ਗੋਜਰੀ? ਕੌਣ ਗੋਜਰੀ? ਕੀ ਕਹੀ ਜਾਂਦੈ ਸਾਡਾ ਗਾਲੜੀ ਮੁੰਡਾ?’‎

‎‘ਮੇਰੀ ਮਾਂ ਦਸਦੀ ਹੁੰਦੀ ਸੀ ਕਿ ਛੋਟੇ ਹੁੰਦਿਆਂ ਉਸ ਦੀਆਂ ਸਾਰੀਆਂ ਹਾਨਣਾਂ ਮੈਨੂੰ ‘ਇਕਬਾਲ’ ‎ਨਹੀਂ ਸਗੋਂ ‘ਗੁਜਰੀ ਵਾਲਾ’ ਹੀ ਕਹਿੰਦੀਆਂ ਸਨ।’‎

ਨਰਸ ਨੇ ਮੇਰੀ ਬੀਵੀ ਨੂੰ ਅੰਦਰ ਆਉਣ ਦਾ ਸੱਦਾ ਦੇ ਦਿੱਤਾ।

‎‘ਮਿਸਿਜ਼ ਗਿੱਲ, ਆਪਣਾ ‘ਗਿੱਲ ਬੋਆਏ’ ਕਹਿੰਦੈ ਮੈਂ ‘ਗੋਜਰੀ’ ਆਂ। ਹਾ, ਹਾ, ਹਾ!’ ਨਰਸ ਨੇ ‎ਮੇਰੇ ਸਿਰ ਨੂੰ ਥਪ-ਥਪਾਂਦਿਆਂ ਮੇਰੀ ਬੀਵੀ ਨੂੰ ਦੱਸਿਆ।

‎‘ਗੁਜਰੀ!’ ਮੇਰੀ ਬੀਵੀ ਉਦਾਸ ਮੁਦਰਾ `ਚ ਲਹਿ ਗਈ। ‘ਜਦੋਂ ਤੋਂ ਇਨ੍ਹਾਂ ਨੇ ਸੁਰਤ ਸੰਭਲ਼ੀ ਐ, ‎ਇਹ ਗੁਜਰੀ ਨੂੰ ਹੀ ਨੂੰ ਲਭਦੇ ਫਿਰਦੇ ਨੇ।’‎

‎‘ਅੱਛਾ!’ ਨਰਸ ਬਾਰੀ ਨਾਲ ਢੋਅ ਲਾ ਕੇ ਖਲੋ ਗਈ। ‘ਆਓ ਆਪਾਂ ਆਪਣੇ ਗਿੱਲ ਬੋਆਏ ਨੂੰ ‎ਸੁਣੀਏਂ। ਦੱਸ ਬਈ, ਗਿੱਲ ਬੋਆਏ, ਕੀ ਕਹਿੰਦਾ ਸੀ ਤੂੰ ਗੋਜਰੀ, ਗੋਜਰੀ।’‎

ਗਲੇ `ਚ ਉੱਭਰ ਆਈ ਜਕੜ ਦੇ ਰਤਾ ਕੁ ਢਿੱਲੀ ਹੁੰਦਿਆਂ ਹੀ ਮੈਂ ਬੋਲਣ ਲੱਗਾ: ਜਦੋਂ ਮੈਂ ‎ਜਨਮਿਆਂ ਸਾਂ ਤਾਂ ਇੱਕ ਔਰਤ ਸੀ ਗੁਜਰੀ, ਤੇ ਮੇਰੇ ਬਾਪ ਦਾ ਹਾਣੀ ਸੀ ਉਹਦਾ ਘਰਵਾਲਾ, ਸਮਦੂ। ‎ਇਨ੍ਹਾਂ ਨਾਲ ਸਾਡੀ ਕੰਧ ਵੀ ਸਾਂਝੀ ਸੀ ਤੇ ਦਿਲ ਵੀ। ਆਵਦੇ ਘਰ, ਸਾਰੀ ਦਿਹਾੜੀ ਖੱਡੀ ਬੁਣਦੇ ਸਮਦੂ ‎ਨੂੰ ਜਦੋਂ ਵੀ ਅੱਧੇ ਕੁ ਘੰਟੇ ਦੀ ਛੁੱਟੀ ਕਰਨ ਦੀ ਭਲ਼ ਉਠਦੀ ਤਾਂ ਉਹ ਹੁੱਕਾ ਚੁੱਕ ਕੇ ਸਾਡੇ ਘਰ ਆ ‎ਬੈਠਦਾ ਜਿੱਥੇ ਉਦ੍ਹੀ ਘਰਵਾਲੀ, ਗੁਜਰੀ, ਮੈਨੂੰ ਬੁੱਕਲ਼ `ਚ ਲੈ ਕੇ ਆਪਣਾ ਦੁੱਧ ਚੁੰਘਾਅ ਰਹੀ ਹੁੰਦੀ।

‎‘ਗੁਜਰੀ ਤੈਨੂੰ ਆਪਣਾ ਦੁੱਧ ਚੁੰਘਾਅ ਰਹੀ ਹੁੰਦੀ?’ ਨਰਸ ਨੇ ਅੱਖਾਂ ਸੁੰਗੇੜੀਆਂ।

‎‘ਜੀ ਹਾਂ, ਆਪਣਾ ਦੁੱਧ!’‎

‎‘ਉਹ ਕਿਓਂ?’‎

‎‘ਉਹ ਇਸ ਤਰ੍ਹਾਂ ਕਿ ਜਦੋਂ ਮੈਂ ਜਨਮਿਆਂ ਤਾਂ ਮੇਰੀ ਮਾਂ ਨੂੰ ਜਣੇਪੇ ਨਾਲ ਸਬੰਧਤ ਕੋਈ ਗੁਪਤ ‎ਰੋਗ ਲੱਗ ਗਿਆ ਜਿਸ ਨੇ ਉਸ ਦੀਆਂ ਛਾਤੀਆਂ `ਚ ਖੁਸ਼ਕੀ ਖਿਲਾਰ ਦਿੱਤੀ। ਮੈਂ ਭੁੱਖ ਨਾਲ ‎ਵਿਲਕਿਆ ਤਾਂ ਗਵਾਂਢਣ ਗੁਜਰੀ ਨੇ ਛਾਤੀ ਨਾਲ ਲਾ ਲਿਆ। ਜਿਓਂ ਹੀ ਮੇਰੇ ਬੁਲ੍ਹ ਉਸ ਦੇ ਪਿੰਡੇ ਨੂੰ ‎ਛੋਹ ਕੇ ਦੁੱਧ ਟਟੋਲਣ ਲੱਗੇ, ਉਸ ਦੀਆਂ ਛਾਤੀਆਂ ਛਲਕ ਉੱਠੀਆਂ। ਉਹਨੇ ਆਪਣੀ ਛਾਤੀ ਮੇਰੇ ਮੂੰਹ ‎ਵਿੱਚ ਟਿਕਾਅ ਕੇ ਮੇਰੀ ਵਿਲਕਣੀ ਨੂੰ ਜਿੰਦਰਾ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਗੁਜਰੀ ਦੀ ਗੋਦ ‎ਮੇਰਾ ਆਲ੍ਹਣਾ ਹੋ ਗਈ। ਮਾਂ ਦਸਦੀ ਹੁੰਦੀ ਸੀ ਪਈ ਉਹ ਸਵਖ਼ਤੇ ਹੀ ਸਾਡੇ ਘਰ ਆ ਛਣਕਦੀ: ‎ਆਪਣੀ ਬਰਸਾਤ ਹੋਈ ਛਾਤੀ ਮੇਰੇ ਬੁਲ੍ਹਾਂ `ਚ ਰੱਖ ਦੇਂਦੀ। ਮੈਨੂੰ ਰਜਾਅ ਕੇ, ਉਹ ਚਾਹ ਬਣਾਉਂਦੀ, ‎ਚੌਂਕਾ-ਚੁੱਲ੍ਹਾ ਸੰਵਾਰਦੀ, ਬਹੁਕਰ ਮਾਰਦੀ, ਦਾਲ਼ ਰਿੰਨ੍ਹਦੀ, ਰੋਟੀ ਪਕਾਉਂਦੀ, ਤੇ ਮੇਰੀ ਮਾਂ ਨੂੰ ਦਿਲਾਸੇ ‎ਦੇਂਦੀ। ਮੇਰੀ ਮਾਂ ਜੇ ਮੈਨੂੰ ਗੁਜਰੀ ਕੋਲੋਂ ਆਪਣੇ ਹੱਥਾਂ `ਚ ਪਕੜਣ ਲਈ ਬਾਹਾਂ ਉਲਾਰਦੀ, ਮੈਂ ‎ਕੁਰਲਾਉਣ ਲੱਗ ਜਾਂਦਾ। ਸਾਲ ਭਰ, ਦਿਨ ਰਾਤ ਗੁਜਰੀ ਨਾਲ਼ ਚਿੰਬੜੇ ਰਹਿਣ ਕਾਰਨ ਮੈਨੂੰ ਗੁਜਰੀ ‎ਹੀ ਮੇਰੀ ਮਾਂ ਜਾਪਣ ਲੱਗ ਪਈ।

‎‘ਜਦੋਂ ਮੈਂ ਡੇਢ ਕੁ ਸਾਲ ਦਾ ਹੋਇਆ, ਸੰਨ ਸੰਤਾਲੀ ਆਪਣੇ ਮੱਧ ਤੋਂ ਦੋ ਕੁ ਮਹੀਨੇ ਉਰੇ ਸੀ। ‎ਅਚਾਨਕ ਹੀ ਪਾਕਿਸਤਾਨ ਬਣਨ ਦੀਆਂ ਅਫ਼ਵਾਹਾਂ ਹਕੀਕਤ `ਚ ਬਦਲਣ ਲੱਗੀਆਂ। ਪਿੰਡ `ਚ ‎ਕਾਨਾਫ਼ੂਸੀ ਹੋਣ ਲੱਗੀ ਕਿ ਮੁਸਲਮਾਨਾਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪਵੇਗਾ। ਦਹਿਸ਼ਤਜ਼ਦਾ ‎ਮੁਸਲਮਾਨ ਪਰਵਾਰ ਅੰਦਰੋ ਅੰਦਰੀ ਪਿੰਡੋਂ ਨਿਕਲਣ ਦੀਆਂ ਤਿਆਰੀਆਂ ਕਰਨ ਲੱਗੇ। ਆਟੇ ਦੀਆਂ ‎ਵਾਧੂ ਬੋਰੀਆਂ ਪਿਸਣ ਲੱਗੀਆਂ, ਤੇ ਲੰਮੇ ਸਫ਼ਰ ਲਈ ਛੋਲੇ ਤੇ ਜੌਂ ਭੁੱਜਣ ਲੱਗੇ, ਮਿੱਟੀ ਦਾ ਤੇਲ, ‎ਲਾਲਟਣਾਂ, ਤੇ ਪਾਥੀਆਂ-ਲੱਕੜਾਂ ਗੱਡਿਆਂ `ਤੇ ਸਵਾਰ ਹੋਣ ਲੱਗੀਆਂ। ਗੱਡਿਆਂ ਉੱਪਰ ਬਾਂਸਾਂ ਦੇ ਵਿੱਢ ‎‎(ਫ਼ਰੇਮ) ਉਸਰਨ ਲੱਗੇ; ਗਧਿਆਂ ਘੋੜਿਆਂ `ਤੇ ਸਮਾਨ ਲੱਦਣ ਲਈ ਬੋਰੀਆਂ, ਖੁਰਜੀਆਂ `ਚ ‎ਬਦਲਣ ਲੱਗੀਆਂ। ਸਦੀਆਂ ਤੋਂ ਭਰਾਵਾਂ ਵਾਂਗ ਵਸਦੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਇੱਕ ਅਕਾਊ ‎ਖ਼ਾਮੋਸ਼ੀ ਤਣੀ ਜਾਣ ਲੱਗੀ।

ਸਮਦੂ ਤੇ ਗੁਜਰੀ ਇੱਕ ਦਿਨ ਉੱਤਰੇ ਹੋਏ ਚਿਹਰੇ ਲੈ ਕੇ ਮੇਰੀ ਮਾਂ ਕੋਲ ਆ ਬੈਠੇ: ਦਿਲਜੀਤ ‎ਕੁਰੇ, ਸੁਣਿਆਂ ਮੁਸਲਮਾਨਾਂ ਨੂੰ ਉੱਜੜਨਾ ਪੈਣੈ!‎

ਸੁਣਿਆਂ ਤਾਂ ਮੈਂ ਵੀ ਆ, ਮੇਰੀ ਮਾਂ ਉਦਾਸ ਅਵਾਜ਼ `ਚ ਬੋਲੀ।

ਸਾਨੂੰ ਬੇਔਲਾਦਿਆਂ ਨੂੰ ਵੀ ਉੱਜੜਨਾ ਪਵੇਗਾ? ਸਮਦੂ ਭਰੇ ਗਲੇ ਨਾਲ ਬੋਲਿਆ।

ਅਸੀਂ ਭਲਾ ਐਸ ਨਿਆਣੇ ਤੋਂ ਬਿਨਾ ਕਿਵੇਂ ਜੀਵਾਂਗੇ, ਸਿੱਲ੍ਹੀਆਂ ਅੱਖਾਂ ਨੂੰ ਝਮਕਦਿਆਂ, ਗੁਜਰੀ ਮੈਨੂੰ ‎ਆਪਣੀ ਛਾਤੀ ਨਾਲ ਘੁੱਟ ਕੇ ਬੋਲੀ।

ਸਾਨੂੰ ਕਿਸੇ ਤਰੀਕੇ ਬਚਾਵੋ ਏਸ ਉਜਾੜੇ ਤੋਂ!‎

ਤੇ ਅਖ਼ੀਰ ਮੁਸਲਮਾਨਾਂ ਦੇ ਉਜੜਣ ਦਾ ਦਿਨ ਆਣ ਢੁੱਕਾ। ਮੁਸਲਮਾਨ, ਆਪਣੇ ਉਜਾੜੇ ਦੇ ‎ਸਫ਼ਰ ਲਈ, ਗੱਡਿਆਂ, ਘੋੜਿਆਂ, ਤੇ ਗਧੀਆਂ ਉੱਤੇ ਰਾਸ਼ਨ ਲੱਦਣ ਵਿੱਚ ਮਸਰੂਫ਼ ਸਨ। ਨਾ ਉਹ ‎ਮੰਜੇ ਲਿਜਾ ਸਕਦੇ ਸਨ, ਨਾ ਕਣਕ ਦੀਆਂ ਬੋਰੀਆਂ, ਤੇ ਨਾ ਕੰਧਾਂ ਤੇ ਨਾ ਛੱਤਾਂ। ਜਿੰਨ੍ਹਾਂ ਦੇ ਘਰਾਂ `ਚ ‎ਹਵਾ ਵੀ ਸਿਰ ਝੁਕਾਅ ਕੇ ਵੜਦੀ ਸੀ, ਉਨ੍ਹਾਂ ਦੇ ਸਾਹਮਣੇ ਹੀ ਕੋਈ ਉਨ੍ਹਾਂ ਦੀਆਂ ਬੱਕਰੀਆਂ ਖੋਲ੍ਹ ਕੇ ‎ਆਪਣੇ ਘਰ ਨੂੰ ਤੁਰਿਆ ਜਾ ਰਿਹਾ ਸੀ, ਕੋਈ ਮੱਝਾਂ ਤੇ ਕੋਈ ਗਾਈਆਂ। ਕੋਈ ਵਿਹੜਿਆਂ `ਚ, ਕੁੜ-‎ਕੁੜ ਭੱਜਦੇ ਕੁੱਕੜਾਂ ਮਗਰ ਦੌੜੀ ਜਾ ਰਹੇ ਸਨ, ਤੇ ਕੋਈ ਦਾਤੀਆਂ-ਰੰਬੇ ਬੋਰੀਆਂ `ਚ ਥੁੰਨੀ ਜਾਂਦਾ ਸੀ। ‎ਮੰਜੇ, ਮੇਜ਼ ਤੇ ਕੁਰਸੀਆਂ, ਓਪਰਿਆਂ ਦੇ ਸਿਰਾਂ `ਤੇ ਅਸਵਾਰ ਹੋ ਕੇ, ਉੱਜੜਣ ਵਾਲਿਆਂ ਨੂੰ ਦੰਦੀਆਂ ‎ਚਿੜਾਅ ਰਹੇ ਸਨ।

ਅਸੀਂ ਨੀ ਜਾਣਾ, ਦਿਲਜੀਤ ਕੁਰੇ, ਪੜੇ-ਪਾਕਿਸਤਾਨ! ਗੁਜਰੀ ਨੇ ਐਲਾਨ ਕਰ ਦਿੱਤਾ।

ਬਾਪੂ, ਗੁਜਰੀ ਤੇ ਸਮਦੂ ਨੂੰ ਸਾਡੇ ਤੂੜੀ ਵਾਲੇ ਕੋਠੇ `ਚ ਬਿਠਾਅ ਆਇਆ।

ਤੁਸੀਂ ਨੀ ਹਿਲਣਾ ਏਥੋਂ, ਬਾਪੂ ਨੇ ਤਿਊੜੀਆ ਅੰਦਾਜ਼ `ਚ ਤਾਕੀਦ ਕੀਤੀ। ਭਾਵੇਂ ਮੀਂਹ ਆਵੇ, ‎ਭਾਵੇਂ ਮੁੜ੍ਹਕਾ, ਤੁਸੀਂ ਬੱਸ ਅੰਦਰੇ ਈ ਰਹਿਣੈ। ਏਥੇ ਈ ਥੋਨੂੰ ਰੋਟੀ ਆਊ ਤੇ ਏਥੇ ਈ ਦੁੱਧ-ਪਾਣੀ।

ਮੁਸਲਮਾਨਾਂ ਦੇ ਉੱਜੜਿਆਂ ਮਹੀਨਾ ਕੁ ਹੋਇਆ ਸੀ ਕਿ ਇੱਕ ਦਿਨ ਮਿਲਟਰੀ ਦੀਆਂ ਜੀਪਾਂ ‎ਪਿੰਡ `ਚ ਫੁੰਕਾਰਨ ਲੱਗੀਆਂ। ਲਾਲ ਪੱਗਾਂ ਸ਼ਿਕਾਰੀ ਕੁੱਤਿਆਂ ਵਾਂਗ ਮੁਸਲਮਾਨਾਂ ਨੂੰ ਸੁੰਘਦੀਆਂ ਫਿਰ ‎ਰਹੀਆਂ ਸਨ। ਕਿਸੇ ਨੇ ਠਾਣੇਦਾਰ ਦੇ ਕੰਨ `ਚ ਫੂਕ ਮਾਰ ਦਿੱਤੀ ਅਖ਼ੇ ਕਰਨੈਲ ਕਵੀਸ਼ਰ ਨੇ ਆਵਦੇ ‎ਘਰ `ਚ ਇੱਕ ਮੁਸਲਮਾਨ ਜੋੜਾ ਛੁਪਾਇਆ ਹੋਇਐ।

ਕਰਨੈਲ ਕਵੀਸ਼ਰ ਐ ਤੇਰਾ ਨਾਮ? ਦੇਹਲ਼ੀ ਵੜਦਿਆਂ ਠਾਣੇਦਾਰ ਗਰਜਿਆ।

ਜੀ ਹਾਂ, ਬਾਪੂ ਦੇ ਬੁਲ੍ਹ ਕੰਬੇ।

ਤੂੜੀ ਵਾਲਾ ਕੋਠਾ ਕਿਹੜਾ ਐ ਤੇਰਾ?‎

ਬਾਪੂ ਜਿੰਦਰਾ ਲੱਗੇ ਦਰਵਾਜ਼ੇ ਵੱਲ ਝਾਕਿਆ।

ਖੋਲ੍ਹ ਜਿੰਦਰਾ!‎

ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ `ਚ ਵੜੀ ਤਾਂ ਮੈਂ ਗੁਜਰੀ ਦੀਆਂ ਬਾਹਾਂ `ਚ ਸਾਂ।

ਮੈਨੂੰ ਹੱਥ ਨਾ ਲਾਇਓ, ਗਾਤਰੇ ਪਾਈ ਨਿੱਕੀ ਕਿਰਪਾਨ ਨੂੰ ਪੁਲਸੀਆਂ ਵੱਲ ਨੂੰ ਉਲਾਰਦਿਆਂ ‎ਸਮਦੂ ਗਰਜਿਆ। ਮੈਂ ਸਿੱਖ ਹੋ ਗਿਆਂ, ਸਿੱਖ।

ਤੈਨੂੰ ਜਬਰੀ ਸਿੱਖ ਬਣਾਇਆ ਗਿਐ! ਠਾਣੇਦਾਰ ਨੇ ਮੋੜਵੀਂ ਗਰਜ ਮਾਰੀ। ਸਿੱਧਾ ਹੋ ਕੇ ਜੀਪ ‎‎`ਚ ਬੈਠ ਨਹੀਂ ਤਾਂ …‎

ਠਾਣੇਦਾਰ ਦੀ ‘ਨਹੀਂ ਤਾਂ’ ਸੁਣਦਿਆਂ ਹੀ, ਸਿਪਾਹੀਆਂ ਦੀ ਧਾੜ ਸਮਦੂ ਤੇ ਗੁਜਰੀ ਉੱਤੇ ‎ਝਪਟੀ।

ਮੈਂ ਸਿੱਖਣੀ ਆਂ ਸਿੱਖਣੀ! ਗੁਜਰੀ ਕੁਰਲਾਈ। ਆਹ ਦੇਖੋ ਮੈਂ ਆਪਣੀ ਧਰਮ ਦੀ ਭੈਣ ਦਲਜੀਤੋ ‎ਦਾ ਮੁੰਡਾ ਗੋਦ ਲਿਐ!‎

ਗੁਜਰੀ ਵੱਲੋਂ ਘੁੱਟੇ ਜਾਣ ਨਾਲ ਮੇਰੀ ਲੇਰ ਨਿੱਕਲ ਗਈ।

ਸਿਪਾਹੀ ਗੁਜਰੀ ਨੂੰ ਮੇਰੇ ਸਮੇਤ ਧੂਹ ਕੇ ਜੀਪ ਕੋਲ ਲੈ ਗਏ।

ਛੱਡ ਦਿਓ ਅਬਲਾ ਨੂੰ, ਜਾਲਮੋ! ਮੇਰੀ ਮਾਂ ਦੀ ਲੇਰ ਨਿੱਕਲ਼ੀ। ਦੇਖਿਓ ਮੇਰਾ ਮੁੰਡਾ ਨਾ ਮਾਰ ‎ਦਿਓ!‎

ਛੱਡ ਦੇ ਮੁੰਡੇ ਨੂੰ, ਨੲ੍ਹੀਂ ਤਾਂ ਸਿਰ ਪਾੜਦੂੰ ਡੰਡੇ ਨਾ’ ਤੇਰਾ, ਡੰਡਾ ਉਲਾਰ ਕੇ ਠਾਣੇਦਾਰ ‎ਗਰਜਿਆ।

ਦੋ ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਂਹਾਂ ਮ੍ਰੋੜ ਕੇ ਮੈਨੂੰ ਉਸ ਦੀ ਬੁੱਕਲ਼ `ਚੋਂ ਤੋੜ ਲਿਆ।

ਏਨੀ ਵਾਰਤਾ ਦੱਸਣ ਤੋਂ ਬਾਅਦ ਮੈਂ ਆਪਣੇ ਗਲ਼ੇ `ਚ ਉੱਭਰ ਆਈ ਘੁਟਣ ਨਾਲ ਸਿੱਝਣ ‎ਲੱਗਾ।

ਕਮਰੇ `ਚ ਛਾਅ ਗਈ ਖ਼ਾਮੋਸ਼ੀ `ਚ ਮੇਰੀ ਬੀਵੀ ਦਾ ਹਟਕੋਰਾ ਕੰਬਿਆ।

‎‘ਕੀ ਬਣਿਆਂ ਗੁਜਰੀ ਦਾ ਫ਼ਿਰ?’ ਉਦਾਸ ਬੁੱਲ੍ਹਾਂ ਦੀ ਕੰਬਣੀ ਨੂੰ ਕਾਬੂ `ਚ ਰੱਖਣ ਦੀ ਕੋਸ਼ਿਸ਼ ‎ਕਰਦਿਆਂ ਨਰਸ ਨੇ ਪੁੱਛਿਆ। ‘ਕਿੱਥੇ ਗਈ ਫਿਰ ਵਿਚਾਰੀ ਗੋਜਰੀ?’‎

‎‘ਦਸ ਪੰਦਰਾਂ ਮੀਲ ਦੇ ਫਾਸਲੇ `ਤੇ ਬਣੇ ਮੁਸਲਮਾਨਾਂ ਦੇ ਕੈਂਪ ਤੀਕ ਪਹੁੰਚਣ ਤੋਂ ਪਹਿਲਾਂ ਹੀ ‎ਉਹ ਰੋਂਦੀ ਕੁਰਲਾਉਂਦੀ ਦਮ ਤੋੜ ਗਈ!’ ਹੇਠਲੇ ਬੁੱਲ੍ਹ ਨੂੰ ਦੰਦਾਂ `ਚ ਕਰਦਿਆਂ ਮੈਂ ਦੱਸਿਆ।

‎‘ਤੂੰ ਉਸ ਨੂੰ ਯਾਦ ਕਰਦੈਂ, ਮਿਸਟਰ ਗਿੱਲ?’‎

‎‘ਮੇਰੇ ਪਿੰਡ `ਚ ਮੇਰੀ ਮਾਂ ਦੀਆਂ ਹਾਨਣਾਂ ਮੈਨੂੰ ਇਕਬਾਲ ਦੇ ਤੌਰ ਤੇ ਘੱਟ ਅਤੇ ‘ਗੁਜਰੀਵਾਲੇ’ ‎ਦੇ ਤੌਰ `ਤੇ ਵੱਧ ਜਾਣਦੀਆਂ ਸਨ। ਬਚਪਨ `ਚ ਤਾਂ ਮੈਂ ਆਪਣੇ ਇਸ ਉੱਪ-ਨਾਮ ਬਾਰੇ ਬਹੁਤਾ ਕਦੇ ‎ਨਹੀਂ ਸੋਚਿਆ, ਪਰ ਜਿਉਂ ਜਿਉਂ ਮੈਂ ਉਮਰ ਦੀ ਚੜ੍ਹਾਈ ਚੜ੍ਹਦਾ ਗਿਆ ਤਾਂ ਇਹ ਗੱਲ ਮੈਨੂੰ ਡਾਢਾ ‎ਪ੍ਰੇਸ਼ਾਨ ਕਰਨ ਲੱਗੀ ਪਈ ਮੈਨੂੰ ਆਪਣਾ ਦੁੱਧ ਚੁੰਘਾਉਣ ਵਾਲੀ ਉਸ ਔਰਤ ਨੂੰ ਮੈਂ ਦੇਖ ਕਿਉਂ ਨਹੀਂ ‎ਸਕਿਆ। ਕਈ ਦਹਾਕਿਆਂ ਤੋਂ ਮੈਂ ਉਸ ਦਾ ਚਿਹਰਾ ਤੇ ਉਦ ਦੀਆਂ ਬਾਂਹਾਂ, ਉਸ ਦੀਆਂ ਉਂਗਲਾਂ ਤੇ ਉਸ ‎ਦੀਆਂ ਦੁੱਧੀਆਂ ਨੂੰ ਚਿਤਵਦਾ ਆ ਰਿਹਾ ਹਾਂ। ਇੱਕ ਵਾਰ ਮੈਂ ਪਾਕਿਸਤਾਨ ਗਿਆ, ਤਾਂ ਉਥੇ ਤੀਹ ਪੈਂਤੀ ‎ਸਾਲ ਦੀ ਹਰ ਔਰਤ `ਚੋਂ ਮੈਨੂੰ ਗੁਜਰੀ ਦਾ ਅਕਸ ਹੀ ਨਜ਼ਰ ਆਈ ਜਾਵੇ। ਫ਼ੇਰ ਮੈਂ ਕਦੇ ਕਦੇ ਇਹ ਵੀ ‎ਸੋਚਦਾਂ ਕਿ ਸ਼ਾਇਦ ਉਹ ਮਰੀ ਹੀ ਨਾ ਹੋਵੇ।’‎

‎‘ਪਰ ਤੇਰੇ ਪਿੰਡ ਦੇ ਬੰਦਿਆਂ ਨੇ ਦੱਸਿਆ ਸੀ ਪਈ ਉਹ ਤਾਂ ਦਮ ਤੋੜ ਗਈ ਸੀ।’‎

‎‘ਗੁਜਰੀਆਂ ਕਦੇ ਨਹੀਂ ਮਰਦੀਆਂ।’ ਮੈਂ ਘਗਿਆਈ ਆਵਾਜ਼ `ਚ ਬੋਲਿਆ। ‘ਉਹ ਵਾਰ ਵਾਰ ‎ਜਨਮਦੀਆਂ ਨੇ, ਹਰ ਮਹੱਲੇ `ਚ, ਹਰ ਸ਼ਹਿਰ `ਚ ਤੇ ਹਰ ਦੇਸ਼ `ਚ!’‎

ਨਰਸ ਨੇ ਆਪਣੇ ਨੈਪਕਿਨ ਨਾਲ ਮੇਰੀਆਂ ਅੱਖਾਂ ਤੋਂ ਸਿੱਲ੍ਹ ਪੂੰਝੀ। ਫੇਰ ਉਸ ਨੇ ਮੇਰੇ ਮੱਥੇ ਅਤੇ ‎ਦਾਹੜੀ `ਤੇ ਆਪਣਾ ਮੁਲਾਇਮ ਹੱਥ ਫੇਰਿਆ ਤੇ ਹੌਲੀ ਹੌਲੀ ਝੁਕਦਿਆਂ ਮੇਰੇ ਸਿਰ ਉੱਤੇ ਆਪਣੇ ਕੰਬਦੇ ਬੁੱਲ੍ਹ ‎ਟਿਕਾਅ ਦਿੱਤੇ। ਮੈਨੂੰ ਜਾਪਿਆ ਜਿਵੇਂ ਮੇਰੀ ਗੁਜਰੀ ਮੈਨੂੰ ਆਪਣੀ ਬੁੱਕਲ ਵਿੱਚ ਲੈਣ ਦੀ ਤਿਆਰੀ ਕਰ ਰਹੀ ‎ਹੋਵੇ।

ਪੰਜਾਬ ਦੇ ਮਸ਼ਹੂਰ ਸ਼ਹਿਰ ਮੋਗੇ ਤੋਂ ਚੜ੍ਹਦੇ ਪਾਸੇ ਦਸ ਬਾਰਾਂ ਕੁ ਕਿਲੋਮੀਟਰ ਦੇ ਰੇਤ ਤੇ ਚਿੱਕੜ ਭਰੇ ਕੱਚੇ ਰਸਤੇ ਜਾ ਕੇ ਇੱਕ ਪਿੰਡ ਆਉਂਦਾ ਸੀ ਜਿਸ ਨੂੰ ਰਾਮੂਵਾਲਾ ਨਵਾਂ ਦੇ ਨਾਮ ਨਾਲ਼ ਜਾਣਿਆਂ ਜਾਂਦਾ ਹੈ। ਇਹ ਪਿੰਡ ਹੁਣ ਭਾਵੇਂ ਬਿਜਲੀ, ਵਾਟਰਵਰਕਸ, ਸਕੂਲ ਅਤੇ ਪੱਕੀਆਂ ਗਲ਼ੀਆਂ-ਨਾਲ਼ੀਆਂ ਨਾਲ਼ “ਚਕਾਚੌਂਧ” ਕਰਨ ਲੱਗ ਪਿਆ ਹੈ ਪਰ ਜਿਸ ਸਮੇਂ ਇਕਬਾਲ ਨੇ ਇਸ ਪਿੰਡ `ਚ ਜਨਮ ਲਿਆ ਤਾਂ ਉਥੇ ਪੰਜ ਜਮਾਤਾਂ ਦਾ ਡੈਸਕ-ਮੇਜ਼ ਤੋਂ ਸੱਖਣਾ, ਭਾਂ-ਭਾਂ ਕਰਦਾ ਸਕੂਲ ਸੀ; ਪਿੰਡ ਦੀਆਂ ਕੱਚੀਆਂ ਕੰਧਾਂ ਵਿਚਕਾਰ ਗੋਡੇ-ਗੋਡੇ ਚਿੱਕੜ `ਚ ਪਲ਼ਦੇ ਮੱਛਰ ਦਾ ਅਮੁੱਕ ਹਜੂਮ ਸੀ। ਉਸ ਵਕਤ ਦੁਸ਼ਵਾਰੀਆਂ ਅਤੇ ਆਰਥਕ ਚੁਣੌਤੀਆਂ ਨਾਲ਼ ਜੂਝਦਾ ਉਸ ਦਾ ਬਾਪ ਕਵੀਸ਼ਰੀ `ਚ ਨਵੀਆਂ ਪਿਰਤਾਂ ਪਾਉਣ ਦੇ ਆਹਰ ਵਿੱਚ ਸੀ। ਘਰ ਵਿੱਚ ਉਸ ਸਮੇਂ ਪ੍ਰਸਿੱਧ ਅਗਾਂਹਵਧੂ ਰਿਸਾਲਾ ‘ਪ੍ਰੀਤਲੜੀ’ ਹਰ ਮਹੀਨੇ ਆਉਂਦਾ ਸੀ ਅਤੇ ਬਾਪੂ ਜੀ ਕਿਤਾਬਾਂ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਅਖ਼ਬਾਰਾਂ ਨਾਲ ਹਰ ਸਮੇਂ ਗੁਫ਼ਤਗੂ ਕਰਦੇ ਰਹਿੰਦੇ। ਅਜੇਹੇ ਮਹੌਲ ਨੇ ਇਕਬਾਲ ਨੂੰ ਬਚਪਨ ਤੋਂ ਹੀ ‘ਪੜ੍ਹਨ’ ਵੱਲ ਰੁਚਿਤ ਕਰ ਦਿੱਤਾ। ਉਸ ਦਾ ਵੱਡਾ ਭਰਾ ਬਲਵੰਤ ਰਾਮੂਵਾਲੀਆ ਬਚਪਨ ਤੋਂ ਹੀ ਜੱਥੇਬੰਦਕ ਸੁਭਾਅ ਵਾਲਾ ਸੀ; ਇਸ ਲਈ ਉਸ ਨੇ ਇਕਬਾਲ ਅਤੇ ਉਸ ਦੇ ਛੋਟੇ ਭਰਾ ਰਛਪਾਲ ਨੂੰ ਉਸ ਸਮੇਂ ਕਵੀਸ਼ਰੀ ਗਾਉਣ ਲਾ ਲਿਆ ਜਦੋਂ ਇਕਬਾਲ ਹਾਲੇ ਸੱਤਵੀਂ `ਚ ਪੜ੍ਹਦਾ ਸੀ ਅਤੇ ਛੋਟਾ ਰਛਪਾਲ (ਡਾਕਟਰ) ਪੰਜਵੀਂ ਜਮਾਤ `ਚ। ਕਵੀਸ਼ਰੀ ਰਾਹੀਂ ਕਮਾਈ ਢੇਰ ਸਾਰੀ ਮਾਇਆ ਨਾਲ ਤਿੰਨੇ ਭਰਾ ਜਿੱਥੇ ਘਰ ਦੀ ਆਰਥਕ ਮੰਦਹਾਲੀ ਨੂੰ ਸੰਵਾਰਨ `ਚ ਕਾਮਯਾਬ ਹੋਏ, ਉਥੇ ਪੜ੍ਹਾਈ ਦੀਆਂ ਫੀਸਾਂ ਦਾ ਸੰਸਾ ਵੀ ਮੁੱਕਿਆ ਰਿਹਾ। ਇਸ ਦੇ ਨਾਲ ਹੀ ਬਾਪੂ ਦੀ ਲਿਖੀ ਸਾਹਿਤਿਕ ਰੰਗ ਦੀ ਕਵੀਸ਼ਰੀ ਨੇ ਇਕਬਾਲ ਦੀ ਸਿਮਰਤੀ `ਚ ਕਵਿਤਾ ਦੇ ਬੀਜ ਵੀ ਖਿਲਾਰ ਦਿੱਤੇ। ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਅਤੇ ਦਸਵੀਂ, ਨਾਲ਼ ਲਗਦੇ ਪਿੰਡ ਬੁੱਟਰ ਦੇ ਸਕੂਲ ਤੋਂ ਪਾਸ ਕਰ ਕੇ ਉਹ ਮੋਗੇ ਦੇ ਡੀ ਐਮ ਕਾਲਜ `ਚ ਬੀ ਏ ਦਾ ਵਿਦਿਆਰਥੀ ਬਣਿਆ। ਐਮ ਏ ਅੰਗਰੇਜ਼ੀ ਲੁਧਿਆਣੇ ਦੇ ਗੌਰਮਿੰਟ ਕਾਲਜ ਤੋਂ ਪਾਸ ਕਰ ਕੇ ਖ਼ਾਲਸਾ ਕਾਲਜ ਸੁਧਾਰ ਵਿੱਚ ਲੈਕਚਰਰ ਜਾ ਲੱਗਿਆ। ਲੁਧਿਆਣੇ ਐਮ ਏ ਦੀ ਪੜ੍ਹਾਈ ਦੌਰਾਨ ਹੀ ਉਸ ਦੀ ਵਾਕਫ਼ੀ ਤੇ ਦੋਸਤੀ ਸੁੱਖਸਾਗਰ ਨਾਲ ਹੋਈ ਜਿਹੜੀ ਐਮ ਏ ਦੇ ਦੂਸਰੇ ਸਾਲ ਹੀ ਉਸ ਦੀ ਮੰਗੇਤਰ ਬਣ ਗਈ। ਉਹਨੇ ਇਕਬਾਲ ਨੂੰ ਦੋ ਜੋੜੀਆਂ ਬੇਟੀਆਂ ਦਾ ਤੋਹਫ਼ਾ ਬਖ਼ਸ਼ਿਆ ਜਿਨ੍ਹਾਂ `ਚੋਂ ਵੱਡੀ, ਸੁੱਖੀ, ਇੰਗਲੈਂਡ ਵਿੱਚ ਆਪਣੇ ਪਤੀ ਡੈਕੀ ਨਾਲ ਰਹਿੰਦੀ ਹੈ ਅਤੇ ਛੋਟੀ, ਕਿੰਨੂ, ਆਪਣੇ ਜੀਵਨ-ਸਾਥੀ ਗਰੈੱਗ ਨਾਲ ਟਰਾਂਟੋ `ਚ ਵਸਦੀ ਹੈ। ਕੈਨਡਾ `ਚ ਮੈਂ ਪੰਜ ਕੁ ਸਾਲ ਟਰਾਂਟੋ, ਵਾਟਰਲੂ, ਡਲਹਾਊਜ਼ੀ ਅਤੇ ਯੋਰਕ ਯੂਨੀਵਰਸਿਟੀਆਂ `ਚੋਂ ਵਿਦਿਆ ਪ੍ਰਾਪਤ ਕਰ ਕੇ, ਸੰਨ 1985 ਤੋਂ ਇਕਬਾਲ ਟਰਾਂਟੋ ਸ਼ਹਿਰ `ਚ ਵਿਦਿਆਕਾਰ ਵਜੋਂ ਕੰਮ ਕਰ ਰਿਹਾ ਹਾਂ।

ਕੈਨਡਾ ਉਹ 1975 ਦੇ ਅਖ਼ੀਰ ਵਿੱਚ ਆਇਆ। ਕਾਰਨ ਨਵੀਂ ਦੁਨੀਆਂ ਦੇਖਣ-ਮਾਣਨ ਦਾ ਝੱਲ ਹੀ ਸੀ। ਪਰ ਕੈਨਡਾ `ਚ ਪੈਰ ਪਾਉਂਦਿਆਂ ਹੀ ਉਸ ਦੀ ਪੜ੍ਹਾਈ ਅਤੇ ਡਿਗਰੀਆਂ ਰੁੰਡ-ਮਰੁੰਡ ਬਿਰਖ਼ ਵਾਂਗ ਹੋ ਗਈਆਂ। ਦੋ ਸਾਲ ਘੋਰ ਉਦਾਸੀ ਅਤੇ ਨਿਮੋਸ਼ੀ ਭੋਗਦਿਆਂ ਉਹ ਫੈਕਟਰੀ ਵਰਕਰ, ਆਰਾ-ਚਾਲਕ, ਟੈਕਸੀ ਡਰਾਇਵਰ ਅਤੇ ਦਰਬਾਨ ਵਜੋਂ ਵਿਚਰਿਆ। ਫਿਰ ਕੈਨਡਾ `ਚੋਂ ਵਿੱਿਦਆ ਪ੍ਰਾਪਤ ਕਰ ਕੇ, ਵਾਪਿਸ ਵਤਨ ਪਰਤ ਜਾਣ ਦੀ ਪਲੈਨ ਅਧੀਨ, ਟਰਾਂਟੋ ਤੋਂ ਸੌ ਕਿਲੋਮੀਟਰ ਦੂਰ ਇੱਕ ਨਿੱਕੇ ਜਿਹੇ ਸ਼ਹਿਰ ਵਾਟਰਲੂ ਦੀ ਯੂਨੀਵਰਸਿਟੀ `ਚ ਦਾਖ਼ਲ ਹੋ ਗਿਆ ਜਿੱਥੋਂ ਮਿਲੇ ਮਾਨਸਿਕ ਸਕੂਨ ਅਤੇ ਆਸ ਦੀਆਂ ਕਿਰਨਾਂ ਨੇ ਉਸ ਨੂੰ ਕੈਨਡਾ ਜੋਗਾ ਹੀ ਬਣਾ ਦਿੱਤਾ। ਕੈਨਡਾ ਦੀ ਸਫ਼ਾਈ, ਕਾਨੂੰਨ ਦੀ ਪਾਲਣਾ, ਦਫ਼ਤਰੀ ਕੰਮਾਂ-ਕਾਰਾਂ `ਚ ਸਿਫ਼ਾਰਸ਼ ਅਤੇ ਰਿਸ਼ਵਤਖੋਰੀ ਦੀ ਅਣਹੋਂਦ, ਅਤੇ ਅੱਗੇ ਵਧਣ ਲਈ ਅਮੁੱਕ ਮੌਕੇ ਆਦਿਕ ਨੇ ਉਸ ਨੂੰ ਮੋਹੀ ਰੱਖਿਆ। ਭਾਰਤ ਦੀ ਮਿੱਟੀ ਅਤੇ ਹਵਾ ਨਾਲ ਉਸ ਦਾ ਜਜ਼ਬਾਤੀ ਮੋਹ, ਇਥੋਂ ਦੇ ਰਾਜਨੀਤਕ ਗੰਧਲਾਅ, ਭ੍ਰਿਸ਼ਾਚਾਰ ਅਤੇ ਚੱਪੇ ਚੱਪੇ ਤੇ ਫੈਲਰੀ ਗੰਦਗੀ ਕਾਰਨ, ਹੌਲੀ ਹੌਲੀ ਪਤਲਾ ਪੈਂਦਾ ਗਿਆ। ਫਿਰ ਵੀ ਉਹ ਪਿਛਲੇ 23-24 ਸਾਲ ਤੋਂ ਹਰ ਵਰ੍ਹੇ ਜੁਲਾਈ-ਅਗਸਤ ਦੀਆਂ ਲੰਮੀਆਂ ਛੁੱਟੀਆਂ ਪੰਜਾਬ ਵਿੱਚ ਗੁਜ਼ਾਰਦਾ ਹੈ ਜਿੱਥੇ ਸਨੇਹੀਆਂ ਅਤੇ ਮਿੱਤਰਾਂ-ਰਿਸ਼ਤੇਦਾਰਾਂ ਨੂੰ ਮਿਲ ਕੇ ਬਾਗੋਬਾਗ ਰਹਿੰਦਾ ਹੈ, ਮਗਰ ਭਾਰਤ ਦੀ ਰਗ਼-ਰਗ਼ `ਚ ਢੇਰਾਂ ਦੇ ਢੇਰ ਪਈ ਗਰੀਬੀ, ਲਾਚਾਰੀ ਅਤੇ ਭ੍ਰਿਸ਼ਟਾਚਾਰ ਨੂੰ ਦੇਖ ਕੇ ਅਕਸਰ ਹੀ ਉਹ ਉਦਾਸ ਹੋ ਜਾਂਦਾ ਹੈ।

ਪੰਜਾਬੀ ਸਾਹਿਤ ਦੀ ਪ੍ਰੇਰਨਾ: ਉਸ ਦਾ ਪਿਤਾ, ਸ਼੍ਰੋਮਣੀ ਕਵੀਸ਼ਰ ਬਾਪੂ ਪਾਰਸ, ਨਵੇਕਲ਼ੇ ਅੰਦਾਜ਼ ਵਾਲੀ ਕਵੀਸ਼ਰੀ ਲਿਖਦਾ ਸੀ ਅਤੇ ਢੇਰਾਂ ਦੇ ਢੇਰ ਕਿਤਾਬਾਂ, ਰਿਸਾਲੇ, ਅਤੇ ਅਖ਼ਬਾਰ ਪੜ੍ਹਨ ਵਿੱਚ ਮਘਨ ਰਹਿੰਦਾ ਸੀ। ਇਕਬਾਲ ਨੇ ਪਿਤਾ ਦੀ ਕਵੀਸ਼ਰੀ ਇੱਕ ਪ੍ਰਫ਼ੈਸ਼ਨਲ ਗਾਇਕ ਬਣ ਕੇ ਗਾਈ ਅਤੇ ਮਾਣੀ ਹੈ। ਇਕਬਾਲ ਅੰਦਰ ਸਾਹਿਤ ਰਚਨਾ ਲਈ ਪ੍ਰੇਰਣਾ ਉਸ ਦੇ ਬਾਪ ਦੀ ਕਵੀਸ਼ਰੀ ਵਿੱਚੋਂ ਹੀ ਜਨਮੀ। ਦਸਵੀਂ ਗਿਆਰਵੀਂ `ਚ ਪੜ੍ਹਦਿਆਂ ਇਕਬਾਲ ਨੇ ਕਮਿਊਨਿਸਟ ਲਹਿਰ ਦੇ ਰੋਜ਼ਾਨਾ ਅਖ਼ਬਾਰ ‘ਨਵਾਂ ਜ਼ਮਾਨਾ’ ਦੇ ਪ੍ਰਭਾਵ ਅਧੀਨ ਕੁੱਝ ਕਹਾਣੀਆਂ ਅਤੇ ਤੁਕ-ਬੰਦਕ ਕਵਿਤਾਵਾਂ ਲਿਖੀਆਂ ਜਿਹੜੀਆਂ ਕਿ ਇਸ ਅਖ਼ਬਾਰ ਵਿੱਚ ਛਪਦੀਆਂ। ਡੀ ਐਮ ਕਾਲਜ ਮੋਗਾ `ਚ ਉਸ ਦਾ ਵਾਹ ਪ੍ਰੋ ਕਿਰਪਾਲ ਸਾਗਰ ਨਾਲ ਪਿਆ ਜਿਸ ਨੇ ਉਸ ਨੂੰ ਨਵੀਨ ਕਵਿਤਾ ਦਾ ਵਾਕਫ਼ ਬਣਾਇਆ ਅਤੇ ਕਵਿਤਾ ਲਿਖਣ ਲਈ ਪ੍ਰੇਰਿਆ। ਉਸ ਨੇ ਡਾਕਟਰ ਹਰਭਜਨ ਸਿੰਘ ਦੀ ਕਿਤਾਬ ‘ਤਾਰ ਤੁਪਕਾ’ ਅਤੇ ਤਾਰਾ ਸਿੰਘ ਕਾਮਲ ਦੀ ‘ਸਿੰਮਦੇ ਪੱਥਰ’ ਪੜ੍ਹੀਆਂ। ਇਕਬਾਲ ਮੰਨਦਾ ਹੈ ਕਿ ਹਰਭਜਨ ਸਿੰਘ ਤਾਂ ਉਸ ਦੇ ਪੱਲੇ ਨਹੀਂ ਪਿਆ, ਮਗਰ ਤਾਰਾ ਸਿੰਘ ਉਸ ਨੂੰ ਬੇਹੱਦ ਪਸੰਦ ਆਇਆ। ਫਿਰ ਜਦੋਂ ਐਮ ਏ ਕਰਨ ਲਈ ਉਹ ਗੌਰਮਿੰਟ ਕਾਲਜ ਲੁਧਿਆਣਾ `ਚ ਦਾਖ਼ਲ ਹੋਇਆ ਤਾਂ ਪੰਜਾਬ ਦੇ ਸਾਹਿਤਿਕ ਅਤੇ ਬੁੱਧੀਜੀਵੀ ਹਲਕਿਆਂ ਵਿੱਚ ਜੁਝਾਰ ਕਵਿਤਾ ਅਤੇ ਜੁਝਾਰ ਰਾਜਨੀਤਕ ਵਿਚਾਰਾਂ ਦੀ ਚੜ੍ਹਤ ਚੱਲ ਰਹੀ ਸੀ। ਜਵਾਨੀ `ਚ ਹੋਣ ਕਰ ਕੇ ਅਤੇ ਪਹਿਲਾਂ ਹੀ ਨਵਾਂ ਜ਼ਮਾਨਾ ਅਤੇ ਪ੍ਰੀਤ ਲੜੀ ਦੇ ਪ੍ਰਭਾਵ ਕਾਰਨ ਪ੍ਰਗਤੀਵਾਦੀ ਵਿਚਾਰਾਂ ਵੱਲ ਰੁਚਿਤ ਹੋਣ ਕਾਰਨ ਇਕਬਾਲ ਵੀ ਇਸ ਲਹਿਰ ਵੱਲ ਖਿੱਚਿਆ ਗਿਆ। ਕੁੱਝ ਚਿਰ ਸਮਕਾਲੀ ਕਵੀਆਂ (ਜਿੰਨ੍ਹਾਂ `ਚੋਂ ਬਹੁਤੇ ਹੁਣ ਉਸ ਨੂੰ ਬਹੁਤ ਹੀ ਪੇਤਲੇ ਜਿਹੇ ਲਗਦੇ ਨੇ) ਦੇ ‘ਵੱਗ’ ਵਿੱਚ ਗਵਾਚਿਆ ਰਿਹਾ ਪਰ ਛੇਤੀ ਹੀ ਆਪਣਾ ਇੱਕ ਵੱਖਰਾ ਅੰਦਾਜ਼ ਅਤੇ ਮੁਹਾਂਦਰਾ ਉਭਾਰਨ ਵਿੱਚ ਕਾਮਯਾਬ ਹੋ ਗਿਆ।

ਰਚਨਾ ਪ੍ਰਕਿਰਿਆ: ਕਾਵਿ-ਰਚਨਾ ਦੇ ਤੁਕਬੰਦਕ ਦੌਰ `ਚੋਂ ਨਿੱਕਲਦਿਆਂ ਹੀ ਇਕਬਾਲ ਇਹ ਸਮਝਣ ਵਿੱਚ ਕਾਮਯਾਬ ਹੋ ਗਿਆ ਕਿ ਰਚਨਾਕਾਰ ਲਈ ਮੌਲਿਕ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਉਸ ਦੀਆਂ ਮੁਢਲੇ ਸਿਖਾਂਦਰੂ ਦੌਰ ਦੀਆਂ ਕਵਿਤਾਵਾਂ ਦਾ ਮੁਹਾਂਦਰਾ ਵੀ ਨਵੇਕਲਾ ਹੋਣ ਦਾ ਪਰਤੱਖ ਯਤਨ ਜਾਪਦਾ ਹੈ। ਉਹ ਸ਼ਬਦਾਂ ਅਤੇ ਉਨ੍ਹਾਂ ਦੀ ਦਿਲਕਸ਼ ਜੜਤ ਦਾ ਆਸ਼ਕ ਹੈ, ਇਸੇ ਲਈ ਉਸ ਦੇ ਚਿਂਨ੍ਹ, ਉਪਮਾਵਾਂ ਅਤੇ ਅਲੰਕਾਰ ਤਾਜ਼ਗੀ ਦੀ ਭਾਅ ਮਾਰਦੇ ਮਹਿਸੂਸ ਹੁੰਦੇ ਨੇ। ਉਹ ਕਹਿੰਦਾ ਹੈ ਕਿ ਉਹ ਕਵਿਤਾ ਵਿੱਚ `ਸ਼ੋਰ`’ ਨੂੰ ਪਸੰਦ ਨਹੀਂ ਕਰਦਾ ਸਗੋਂ ਕਲਾਮਤਕ ਛੋਹਾਂ ਰਾਹੀਂ ਅਤੇ ਚਿਨ੍ਹਾਤਮਕ ਪੱਧਰ `ਤੇ ਆਪਣੀ ਗੱਲ ਕਾਵਿਕ ਰੰਗ ਵਿੱਚ ਕਹਿਣ ਦਾ ਯਤਨ ਕਰਦਾ ਹੈ। ਉਸ ਦੇ ਖ਼ਿਆਲ ਵਿੱਚ ਰਚਨਾ ਕਿਸੇ ਖ਼ਾਸ ਫ਼ਲਸਫ਼ੀ ਦਾ ਪ੍ਰਚਾਰ ਹੋਣ ਦੀ ਬਜਾਏ ਲੋਕਾਂ ਦੀਆਂ ਦੁਸ਼ਵਾਰੀਆਂ, ਲਾਚਾਰੀਆਂ, ਬੇਵਸੀਆਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਮਨੁੱਖ ਅੰਦਰਲੀ ਟੁੱਟ-ਭੱਜ ਦੀ ਪੇਸ਼ਕਾਰੀ ਵੀ ਹੋਣੀ ਚਾਹੀਦੀ ਹੈ। ਸ਼ੁਰੂ ਸ਼ੁਰੂ `ਚ ਉਸ ਨੂੰ ਸ਼ਿਵ ਕੁਮਾਰ ਸਟਾਇਲ ਦੀਆਂ ਉਮਪਾਵਾਂ ਤੇ ਅਲੰਕਾਰ ਪ੍ਰਭਾਵਤ ਕਰਦੇ ਸਨ, ਪਰ ਹੌਲੀ ਹੌਲੀ ਉਹ ਇਹ ਮਹਸਿੂਸ ਕਰਨ ਲੱਗ ਪਿਆ ਕਿ ਉਪਮਾਵਾਂ ਹੀ ਕਵਿਤਾ ਨਹੀਂ ਹੰਦੀਆਂ, ਸਗੋਂ ਉਪਮਾਵਾਂ ਤੋਂ ਨਿਰਲੇਪ ਕਵਿਤਾ ਵਧੇਰੇ ਸਮਰੱਥ ਹੁੰਦੀ ਹੈ। ਉਸ ਮੁਤਾਬਿਕ ਅਸਲ ਵਿੱਚ ਕਵਿਤਾ ਅੰਦਰ ਇੱਕ ਸ੍ਰੋਦੀ ਤੱਤ (ਲਿਰੀਕੈਲਿਟੀ) ਹੁੰਦੀ ਹੈ ਜਿਹੜੀ ਕਿਸੇ ਉਪਮਾ ਜਾਂ ਅਲੰਕਾਰ ਦੀਆਂ ਫੌਹੜੀਆਂ ਦੀ ਗੁਲਾਮ ਨਹੀਂ ਰਹਿੰਦੀ।

ਪਰਵਾਰ ਦਾ ਯੋਗਦਾਨ: ਇਕਬਾਲ ਸਵੀਕਾਰ ਕਰਦਾ ਹੈ ਕਿ ਸਾਹਿਤਿਕ ਸਫ਼ਰ ਵਿੱਚ ਉਸ ਦੀ ਸੁਪਤਨੀ ਸੁਖਸਾਗਰ ਦਾ ਅਥਾਹ ਮਿਲਵਰਤਣ ਹੈ। ਉਸ ਨੇ ਇਕਬਾਲ ਨੂੰ ਘਰ ਵਿੱਚ ਪੈਸੇ ਧੇਲੇ ਦੇ ਹਿਸਾਬ-ਕਿਤਾਬ ਅਤੇ ਸਮਾਜਕ ਲੈਣ-ਦੇਣ ਦੀਆਂ ਸਭ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਹੋਇਆ ਹੈ। ਸਾਹਿਤਿਕ ਪਿੜ ਵਿੱਚ ਉਹ ਜਿੰਨਾਂ ਕੁ ਕੱਦ ਕਾਠ ਉਭਾਰ ਸਕਿਆ ਹੈ, ਉਹ ਸੁਖਸਾਗਰ ਬਗ਼ੈਰ ਮੁਮਕਿਨ ਨਹੀਂ ਸੀ ਹੋਣਾ। ਉਹ ਤਾਲੀਮਯਾਫ਼ਤਾ ਅਤੇ ਠਰੰਮੇ ਵਾਲੀ ਔਰਤ ਹੈ ਜਿਹੜੀ ਇਕਬਾਲ ਦੇ ਹਰ ਵਕਤ ਪੜ੍ਹਨ-ਲਿਖਣ ਦੇ ਰੁਝੇਵਿਆਂ ਵਿੱਚ ਡੁੱਬੇ ਰਹਿਣ ਦੀ ਸ਼ਕਾਇਤ ਨਹੀਂ ਕਰਦੀ।

ਇਕਬਾਲ ਦੀ ਪਹਿਲੀ ਕਾਵਿ-ਪੁਸਤਕ `ਸੁਲਘਦੇ ਅਹਿਸਾਸ`1974 `ਚ ਛਪੀ ਤੇ ਉਸ ਤੋਂ ਬਾਅਦ ਛਪੀਆਂ ਅੱਧੀ ਦਰਜਣ ਕਾਵਿ-ਪੁਸਤਕਾਂ ਵਿੱਚ ਉਸ ਦਾ ਬਹੁ-ਚਰਚਿਤ ਕਾਵਿ-ਨਾਟਕ `ਪਲੰਘ-ਪੰਘੂੜਾ`ਵੀ ਹੈ। ਕਵਿਤਾ ਤੋਂ ਬਿਨਾ ਇਕਬਾਲ ਦੇ ਦੋ ਨਾਵਲ ਅੰਗਰੇਜ਼ੀ ਵਿੱਚ ਅਤੇ ਇੱਕ ਨਾਵਲ ਪੰਜਾਬੀ ਵਿੱਚ ਛਪੇ ਹਨ।

-ਸੰਪਾਦਕ