You are here:ਮੁਖ ਪੰਨਾ»ਸੁਖਮਿੰਦਰ ਰਾਮਪੁਰੀ
ਸੁਖਮਿੰਦਰ ਰਾਮਪੁਰੀ

ਸੁਖਮਿੰਦਰ ਰਾਮਪੁਰੀ

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ।

ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ।

ਪੱਥਰ ਚੱਟ ਕੇ ਜੇ ਮੁੜੇ‎,‎ ਮੁੜਨੇ ਦਾ ਮੁੱਲ ਕੀ?

ਮੈਂ ਵਾਰ ਵਾਰ ਮੋੜਿਆ‎,‎ ਮੁੜਿਆ ਨਾ ਮੋੜਿਆ।

ਰਿਸ਼ਤਾ ਹਰੇਕ ਟੁੱਟਦਾ‎,‎ ਅਪਣੀ ਅਉਧ ਵਿਹਾਜ ਕੇ;

ਰਿਸ਼ਤਾ ਨਹੁੰ ਦੇ ਮਾਸ ਦਾ‎,‎ ਜਾਣਾ ਨਾ ਤੋੜਿਆ।

ਪਰਬਤ ਝੁਕਾਅ ਲਏ ਅਸੀਂ‎,‎ ਤਾਂ ਹਿੰਮਤਾਂ ਦੇ ਨਾਲ਼;

ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ।

ਹੋਏ ਜੋ ਪਸਤ ਹੌਸਲੇ‎,‎ ਸੁਰਜੀਤ ਹੋਣਗੇ‎,‎

ਜਾਣਾ ਵਿਅਰਥ ਨਾ ਲਹੂ‎,‎ ਦਿਲ ਦਾ ਨਿਚੋੜਿਆ।

ਸੋਚੀਂ ਪਿਆ ਮਨੁੱਖ ਸੌ ਵੇਲ਼ਾ ਵਿਚਾਰ ਦਾ‎,‎

ਦਿਲ ਨਾ ਗ਼ੁਲਾਮ ਸੋਚ ਦਾ‎,‎ ਜਾਣਾ ਨਾ ਤੋੜਿਆ।

ਬ੍ਰਹਿਮੰਡ ਵਾਂਗੂੰ ਫੈਲਦਾ‎,‎ ਤੇਰਾ ਪਿਆਰ ਨਿੱਤ;

ਮਨ ਵਿੱਚ ਤਿਰਾ ਪਿਆਰ ਮੈਂ ਜਿਓਂ-ਜਿਓਂ ਸੰਗੋੜਿਆ।

ਜਦ ਚਾਹਿਆ ਪਿਤਾ ਨੂੰ ਘੋੜਾ ਬਣਾ ਲਿਆ;

ਸੋਚਾਂ `ਚ ਹੁਣ ਵੀ ਅਮਰ ਏਂ‎,‎ ਬਚਪਨ ਦੇ ਘੋੜਿਆ।

ਹੌਲ਼ਾ ਪਿਆ ਫਿਰੇ ਕਿਵੇਂ ਕੀਖੋਂ ਵਲੈਤ ਵਿੱਚ;

ਸੁਖਮਿੰਦਰ ਤੂੰ ਹੁੱਬ `ਚ ਹੀ ਮੁੜਿਆ ਨਾ ਮੋੜਿਆ।

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ।

ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ।

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ।

ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ।

ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎

ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ।

ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎

ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ।

ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎

ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ।

ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎

ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ ਕੇ।

ਢੇਰੀ ਢਾਹ ਕੇ ਬਹਿਣ ਦਾ‎,‎ ਜੋ ਆਦੀ ਹੈ ਓਸ ਨੂੰ‎,‎

ਤੇਰੀ ਸੁਗੰਦ ਦਮ ਲਵਾਂਗਾ‎,‎ ਮੈਂ ਉਠਾਲ ਕੇ।

ਪੂਨਮ ਦਾ ਚੰਨ ਅਪਣੇ‎,‎ ਕੇਸਾਂ `ਚ ਟੁੰਗ ਕੇ‎,‎

ਇਤਰਾ ਰਹੀ ਏ ਰਾਤਰੀ‎,‎ ਮੈਨੂੰ ਦਿਖਾਲ ਕੇ।

ਸੁਖਮਿੰਦਰਾ ਉਹ ਲੋਕਤਾ ਦੇ‎,‎ ਬਣਨ ਗੇ ਚਿਰਾਗ;

ਸੂਰਜ ਦੀ ਸੋਚ ਰੱਖਦੇ ਜੋ‎,‎ ਮਸਤਕ ਵਿੱਚ ਪਾਲ਼ ਕੇ।

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ।

ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ।

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ।

ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ।

ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ।

ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ।

ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎

ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ।

ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎

ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ।

ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎

ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ।

ਰਹਿੰਦੇ ਹਾਂ ਧਰਤ `ਤੇ ਅਸੀਂ‎,‎ ਲਿੰਕਨ ਦੇ ਦੇਸ਼ ਵਿੱਚ‎,‎

ਕਹਿੰਦੇ ਨੇ ਭਾਰਤੀ ਅਸੀਂ‎,‎ ਬੰਦੇ ਪਤਾਲ਼ ਦੇ।

ਸੁਖਮਿੰਦਰਾ ਕੁੰਦਨ ਬਣੇ‎,‎ ਇੱਕ ਪਲ `ਚ ਹੀ ਅਸੀਂ‎,‎

ਬਲਿਹਾਰਿਆ ਲੋਹਾ ਗਿਆ‎,‎ ਤੇਰੇ ਖਿਆਲ ਦੇ।

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ।

ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ।

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎

ਹੋਵਾਂ ਮੈਂ ਆ ਕੇ ਦੱਸ ਤੂੰ‎,‎ ਕਿਉਂਕਰ ਮੁਥਾਜ ਤੇਰਾ।

ਕਾਇਰ ਵੀ ਹੋਣੀਆਂ ਦੀ‎,‎ ਜਦ ਸਾਣ ਤੇ  ਹੈ ਚੜ੍ਹਦਾ‎,‎

ਬਣਦਾ ਉਦੋਂ ਹੈ ਉਸ ਦਾ‎,‎ ਫੌਲਾਦ ਜਿਹਾ ਜੇਰਾ।

ਚੇਤਨ ਮਨੁੱਖ ਹੀ ਤਾਂ‎,‎ ਜੀਵਨ ਦਾ ਹਾਣ ਬਣਦੇ‎,‎

ਪੈਰਾਂ `ਚ ਵਾਟ ਹੁੰਦੀ‎,‎ ਸੋਚਾਂ ਦੇ ਵਿੱਚ ਸੁਵੇਰਾ।

ਮੈਂ ਜਿੰਦਗੀ ਨੂੰ ਤੇਰਾ‎,‎ ਨਾਂ ਲੈ ਕੇ ਹਾਕ ਮਾਰੀ‎,‎

ਉੰਝ ਬੋਲਿਆ ਕੋਈ ਨਾ‎,‎ ਪਰ ਗੂੰਜਿਆ ਚੁਫੇਰਾ।

ਅੱਖਾਂ `ਚੋਂ ਨੀਂਦ ਖੋਈ‎,‎ ਜਦ ਤੋਂ ਵਿਹਾਜ ਆਇਆ‎,‎

ਹਾਸੇ‎,‎ ਜਿਨ੍ਹਾਂ ਦੇ ਨੈਣੀਂ‎,‎ ਹੰਝੂਆਂ ਦਾ ਹੈ ਬਸੇਰਾ।

ਸੋਚਾਂ `ਚ ਤੂੰ ਹੀ ਵਸਿਆ‎,‎ ਘੁੰਮ ਦੇਖਿਆ ਚੁਫੇਰਾ‎,‎

ਰਲ਼ਦਾ ਨਾ ਤੇਰੇ ਚਿਹਰੇ ਦੇ ਨਾਲ਼ ਕੋਈ ਚਿਹਰਾ।

ਝੂਠਾ ਜੇ ਸੱਚ ਬੋਲੇ‎,‎ ਮੰਨਦਾ ਨਾ ਸੱਚ ਕੋਈ‎,‎

ਸੱਚੇ ਦੇ ਝੂਠ ਦਾ ਵੀ‎,‎ ਵਿਸ਼ਵਾਸ ਹੈ ਘਨੇਰਾ।

ਤੈਨੂੰ ਹੀ ਯਾਦ ਕਰ-ਕਰ‎,‎ ਨ੍ਹੇਰਾ ਉਜਾਲਦਾ ਹਾਂ‎,‎

ਸੂਰਜ ਦੇ ਹੁੰਦਿਆਂ ਵੀ‎,‎ ਰਹਿੰਦਾ ਏ ਜਦ ਹਨ੍ਹੇਰਾ

ਸ਼ੀਸ਼ੇ `ਚ ਦੇਖਦਾ ਹਾਂ‎,‎ ਮੁੜ-ਮੁੜ ਕੇ ਦੇਖਦਾ ਹਾਂ‎,‎

ਮੈਂ ਦੇਖਦਾ ਹਾਂ ਜਦ ਵੀ‎,‎ ਦਿਸਦਾ ਏ ਅਕਸ ਤੇਰਾ।

ਉਸ ਥਾਂ ਤੇ ਹੀ ਖੜ੍ਹਾ ਹਾਂ‎,‎ ਜਿਸ ਥਾਂ ਤੂੰ ਆਖਿਆ ਸੀ‎,‎

ਮੈਂ ਬਿਰਛ ਬਣ ਗਿਆ ਹਾਂ‎,‎ ਤੂੰ ਮਾਰਿਆ ਨਾ ਫੇਰਾ।

ਮਾਣੇ ਖੁਸ਼ੀ ਗਮੀ ਵੀ‎,‎ ਹਾਮੀਂ ਸੰਘਰਸ਼ ਦਾ ਵੀ‎,‎

ਤੂੰ ਹੈਂ ਮੁਹੱਬਤਾਂ ਦਾ ਸੁਖਮਿੰਦਰਾ ਚਿਤੇਰਾ।

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎

ਹੋਵਾਂ ਮੁਥਾਜ ਤੇਰਾ‎,‎ ਕਿਉਂਕਰ ਮੁਥਾਜ ਤੇਰਾ।

ਆਜ਼ਾਦੀ ਸਾਨੂੰ ਨਹੀਂ‎,‎
ਉਨ੍ਹਾਂ ਨੂੰ ਮਿਲ਼ੀ ਸੀ‎,‎
ਲੁੱਟਾਂ ਖੋਹਾਂ ਕਰਨ ਲਈ‎,‎
ਘਪਲੇ ਘੁਟਾਲੇ‎,‎
ਬਲਾਤਕਾਰ‎,‎

ਤੇ ਕਤਲ ਕਰਨ ਲਈ।
ਗਣਤੰਤਰ ਦਿਵਸ ਵੀ‎,‎
ਉਨ੍ਹਾਂ ਦੇ ਲੇਖੇ ਹੈ।
ਉਸ ਪੋਥੀ ਦੇ ਕਾਇਦੇ ਕਾਨੂੰਨ‎,‎
ਸਾਡੇ ਲਈ ਹਨ।
ਸਜਾਵਾਂ ਸਾਡੇ ਲਈ‎,‎
ਜਰਮਾਨੇ ਸਾਡੇ ਲਈ‎,‎
ਫਾਹੇ ਸਾਡੇ ਲਈ।
ਉਹ ਸਭ ਕੁੱਝ ਕਰਕੇ ਵੀ‎,‎
ਉਸ ਪੋਥੀ ਦੀ‎,‎
ਕਿਸੇ ਧਾਰਾ ਦੀ ਓਟ ਵਿੱਚ‎,‎
ਛੁੱਤ ਜਾਂਦੇ ਹਨ।
ਦੇਸ ਦੇ ਹਰ ਪਰਾਂਤ ਦੀ‎,‎
ਅਸੈੰਬਲੀ ਵਿੱਚ‎,‎
ਦੇਸ ਦੀ ਪਾਰਲੀਮੈੰਟ ਵਿੱਚ‎,‎
ਇੱਕ ਤਿਹਾਈ‎,‎
ਲੁੱਟਾਂ ਖੋਹਾਂ‎,‎
ਘਪਲੇ ਘੁਟਾਲੇ ਕਰਨ ਵਾਲ਼ੇ‎,‎
ਬਲਾਤਕਾਰੀ ਤੇ ਕਾਤਲ ਬੈਠੇ ਹਨ।
ਉਹ ਸਾਡੀ ਲੁੱਟ ਲਈ‎,‎
ਨਵੇਂ ਕਾਨੂੰਨ ਬਣਾ ਕੇ‎,‎
ਉਸ ਪੋਥੀ `ਚ ਜੋੜਦੇ ਰਹਿੰਦੇ ਹਨ।
ਜਿਸ ਦੇ ਕਾਇਦੇ ਕਾਨੂੰਨ‎,‎
ਸਾਡੀ ਲੁੱਟ ਲਈ‎,‎

ਉਨ੍ਹਾਂ ਲਈ ਨਾਕਾਫੀ ਹਨ।
ਅਸੀਂ ਮੂਰਖ‎,‎
15 ਅਗਸਤ ਨੂੰ‎,‎
ਆਜ਼ਾਦੀ ਲਈ‎,‎
ਨਾਹਰੇ ਮਾਰਦੇ ਮਾਰਦੇ‎,‎
26 ਜਨਵਰੀ ਨੂੰ‎,‎
ਗਣਤੰਤਰ ਦੇ‎,‎
ਨਾਹਰੇ ਮਾਰਦੇ ਮਾਰਦੇ‎,‎
ਘਘਿਆ ਜਾਂਦੇ ਹਾਂ।
ਕਦੋਂ ਸਮਝਾਂਗੇ‎,‎
ਉਨ੍ਹਾਂ ਦੇ ਇਸ‎,‎
ਕੋਝੇ ਵਿਅੰਗ ਨੂੰ ਅਸੀਂ।